ਯਾਤਰਾ ਕੋਠੇ ਖੜਕ ਸਿੰਘ

ਮੇਰੇ ਛੋਟੇ-ਛੋਟੇ ਚਾਰ ਨਾਵਲ ਛਪ ਚੁੱਕੇ ਸਨ। ਉਹਨਾਂ ਵਿਚੋਂ ‘ਸੁਲਗਦੀ ਰਾਤ’ ਕਾਫੀ ਚਰਚਿਤ ਹੋਇਆ। ਪ੍ਰੋ : ਸੁਰਿੰਦਰ ਸਿੰਘ ਨਰੂਲਾ ਜਦੋਂ ਵੀ ਕਿਤੇ ਮਿਲਦੇ, ਆਖਦੇ, ‘ਅਣਖੀ, ਕੀ ਨਾਵਲੜੀਆਂ ਜਿਹੀਆਂ ਲਿਖੀ ਜਾਨੈਂ, ਕੋਈ ਵੱਡੇ ਕੈਨਵਸ ਵਾਲਾ ਨਾਵਲ ਲਿਖ। ਵੱਡੇ ਨਾਵਲ ਬਗੈਰ ਗਤੀ ਨਹੀਂ ਹੋਣੀ ਤੇਰੀ।
ਚਾਰੇ ਛੋਟੇ ਨਾਵਲ ਤੇ ਓਦੋਂ ਤੱਕ ਦੋ ਸੌ ਵਿਚੋਂ ਲਗਭਗ ਅੱਸੀ ਫੀ ਸਦੀ ਕਹਾਣੀਆਂ ਮੈਂ ਪੇਂਡੂ ਜ਼ਿੰਦਗੀ ਨੂੰ ਲੈ ਕੇ ਹੀ ਲਿਖੀਆਂ ਸਨ । ਮੈਂ ਸਾਰੀ ਉਮਰ ਪਿੰਡਾਂ ਵਿਚ ਰਿਹਾ। ਮੇਰਾ ਬਾਪ ਇਕ ਛੋਟਾ ਕਿਸਾਨ ਸੀ। ਕਿਸੇ ਸਮੇਂ ਮੈਂ ਖੁਦ ਵੀ ਖੇਤੀ ਦਾ ਕੰਮ ਕੀਤਾ ਸੀ । ਸਾਡੀ ਆਪਣੀ ਘਰ ਦੀ ਜਮੀਨ ਸੀ। ਛੋਟੇ ਕਿਸਾਨ ਲਈ ਖੇਤੀ ਦਾ ਕੰਮ ਇੱਕ ਪਹਾੜ ਹੈ। ਪਹਾੜ ਨਾਲ ਮੱਥਾ ਲਾਉਣ ਵਾਲੇ ਦਾ ਹਸ਼ਰ ਕੀ ਹੁੰਦਾ ਹੈ, ਸਭ ਨੂੰ ਪਤਾ ਹੈ। ਖੇਤੀ ਦਾ ਕੰਮ ਛੋਟੇ ਕਿਸਾਨ ਲਈ ਸੱਪ ਦੇ ਮੂੰਹ ਕਿਰਲੀ ਵਾਲੀ ਗੱਲ ਹੈ ਖਾਂਦੇ ਤਾਂ ਕੋਹੜੀ, ਛਡਦੈ ਤਾਂ ਕਲੰਕੀ । ਧੁਰ ਤੋਂ ਹੀ ਬਣੀ ਆਈ ਸੀ-ਜੱਟ ਖੇਤੀ ਕਰਦਾ ਵੀ ਮਰਦੈ, ਛੱਡ ਦੇਵੇ ਤਾਂ ਵੀ ਮਰਦੈ। ਬੱਸ, ਜੱਟਾ ਤੇਰੀ ਜੂਨ ਬੁਰੀ । ਤੇ ਫੇਰ ਜੱਟ ਨੂੰ ਰਾਜਨੀਤੀ, ਸਮਾਜ ਤੇ ਉਹਦੇ ਆਪਣੇ ਰੰਗੜਊ ਦੀਆਂ ਮਾਰਾਂ।ਚਾਹੁੰਦਾ ਮੈਂ ਵੀ ਸਾਂ ਕਿ ਪਿੰਡਾਂ ਦੇ ਜੀਵਨ ਦੀ ਭਰਪੂਰ ਪੇਸ਼ਕਾਰੀ ਤੇ ਛੋਟੇ ਕਿਸਾਨ ਦੀ ਦਸ਼ਾ ਦਾ ਬਹੁ-ਪਰਤੀ ਯਥਾਰਥ-ਚਿੱਤਰਨ ਐਨੇ ਵਿਸਥਾਰ ਤੇ ਡੂੰਘਿਆਈ ਵਿਚ ਕਰਾਂ ਕਿ ਮੈਨੂੰ ਮੁੜ-ਮੁੜ ਓਹੀ ਕਹਾਣੀਆਂ ਨਾ ਲਿਖਣੀਆਂ ਪੈਣ ਤੇ ਇਹ ਛੋਟੇ-ਛੋਟੇ ਨਾਵਲ।
ਵੱਡੇ ਕੈਨਵਸ ਦਾ ਨਾਵਲ ਲਿਖਣ ਲਈ ਦਿਮਾਗ ਵਿਚ ਕਹਾਣੀ ਦੀ ਇੱਕ ਤੰਦ ਮੈਂ ਫੜ ਲਈ। ਆਜ਼ਾਦੀ ਮਿਲਣ ਤੋਂ ਕੋਈ ਬਾਰਾਂ-ਤੇਰਾਂ ਸਾਲਾਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਜੱਟਾਂ ਦੀ ਇਕ ਨਵੀਂ ਸ਼੍ਰੇਣੀ ਸਿਰ ਚੁੱਕਣ ਲੱਗੀ। ਖੇਤੀ ਦੀਆਂ ਨਵੀਆਂ ਸਕੀਮਾਂ ਅਨੁਸਾਰ ਜੋ ਵੀ ਸਰਕਾਰੀ ਸਹੂਲਤਾਂ ਮਿਲਦੀਆਂ, ਸਭ ਏਸੇ ਸ਼੍ਰੇਣੀ ਦੇ ਘਰੀਂ ਪਹੁੰਚ ਜਾਂਦੀਆਂ। ਸੁਧਰੇ ਹੋਏ ਬੀਜਾਂ, ਬਣਾਉਟੀ ਖਾਦਾਂ, ਕੀੜੇ-ਮਾਰ ਦਵਾਈਆਂ ਤੇ ਵੱਡੇ-ਵੱਡੇ ਕਰਜ਼ਿਆਂ ਦਾ ਲਾਭ ਇਹਨਾਂ ਲੋਕਾਂ ਨੂੰ ਹੀ ਬਹੁਤਾ ਹੁੰਦਾ। ਉਹ ਰਾਜਨੀਤੀ ਵਿਚ ਵੀ ਪੈਰ ਧਰਨ ਲੱਗੇ। ਰਾਜ, ਸਰਕਾਰ ਕਾਂਗਰਸ ਦੀ ਹੁੰਦੀ ਤਾਂ ਉਹ ਚਿੱਟੀਆਂ ਪੱਗਾਂ ਬੰਨ੍ਹ ਲੈਂਦੇ ਤੇ ਜੇ ਸਰਕਾਰ ਅਕਾਲੀਆਂ ਦੀ ਬਣਦੀ ਤਾਂ ਪੱਗਾਂ ਦਾ ਰੰਗ ਨੀਲਾ ਹੋ ਜਾਂਦਾ। ਬੰਦੇ ਓਹੀ। ਪਿੰਡ ਦੇ ਸ਼ਾਹੂਕਾਰੇ ਦਾ ਕੰਮ ਵੀ ਇਹਨਾਂ ਨੇ ਸੰਭਾਲ ਲਿਆ। ਨਤੀਜਾ ਇਹ ਕਿ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਇਹਨਾਂ ਧਨੀ ਕਿਸਾਨਾਂ ਕੋਲ ਇਕੱਠੀਆਂ ਹੋਣ ਲੱਗੀਆਂ। ਇਹ ਧਨੀ ਕਿਸਾਨ ਜਾਗੀਰਦਾਰੀ ਦਾ ਦੂਜਾ ਰੂਪ ਬਣ ਕੇ ਸਾਹਮਣੇ ਆਉਣ ਲੱਗਿਆ। ਧਨੀ ਕਿਸਾਨ ਦਾ ਪੈਰ ਸ਼ਹਿਰ ਵੱਲ ਹੋਇਆ ਤੇ ਉਹਨੇ ਬੁਰਜੁਆ ਚਾਲਾਂ ਵੀ ਸਿੱਖ ਲਈਆਂ। ਉਹਦੇ ਕੋਲ ਟਰੈਕਟਰ ਵੀ ਆ ਚੁਕਿਆ ਸੀ। ਰਾਜਨੀਤਿਕ ਭ੍ਰਿਸ਼ਟਾਚਾਰ ਦੀ ਉਤਪਤੀ ਹੋਣ ਲੱਗੀ। ਇਕ ਪਾਸੇ ਜ਼ਮੀਨ- ਜਾਇਦਾਦ ਦੀ ਮਾਲਕੀ ਦੇ ਮੋਹ ਵਿਚ ਮਨੁੱਖੀ ਕਦਰਾਂ-ਕੀਮਤਾਂ ਟੁੱਟਣ ਲੱਗੀਆਂ। ਆਜ਼ਾਦੀ ਤੋਂ ਬਾਅਦ ਇਹ ਸਭ ਜੋ ਹੋਇਆ ਸੀ ਤੇ ਹੋ ਰਿਹਾ ਸੀ, ਇਹ ਮੈਂ ਆਪ ਅੱਖੀਂ ਦੇਖਿਆ ਤੇ ਹੱਡੀਂ ਹੰਢਾਇਆ ਸੀ।
ਨਾਵਲ ਦੇ ਬਹੁਤੇ ਪਾਤਰ ਜੋ ਮੇਰੇ ਦਿਮਾਗ ਵਿਚ ਸਨ, ਉਹ ਮੇਰੇ ਆਪਣੇ ਪਿੰਡ ਦੇ ਹੀ ਜਿਉਂਦੇ ਬੰਦੇ ਸਨ- ਔਰਤਾਂ ਤੇ ਮਰਦ । ਮਰ-ਮੁੱਕ ਚੁੱਕੇ ‘ ਬੰਦੇ ਵੀ ਮੇਰੇ ਨਾਲ ਸਨ। ਆਪਣੇ ਬਚਪਨ ਤੋਂ ਲੈ ਕੇ ਮੈਂ ਉਹਨਾਂ ਦੀ ਨੇੜਤਾ ਮਾਣੀ ਸੀ। ਕਈਆਂ ਨੂੰ ਅਥਾਹ ਪਿਆਰ ਕੀਤਾ ਸੀ, ਕਈਆਂ ਨੂੰ ਬੇਇੰਤਹਾ ਨਫਰਤ। ਜੀਅ ਕਰਦਾ-ਸਾਲੇ ਦੇ ਗੋਲੀ ਮਾਰਾਂ, ਪਾਪੀ ਦਾ ਘਰ ਫੂਕ ਦਿਆਂ। ਵਿਚੇ ਮੱਚ ਜਾਣ ਉਹਦੀਆਂ ਬਹੀਆਂ ਤੇ ਚੁਪੱਤੇ। ਪਹਿਲਾਂ-ਪਹਿਲਾਂ ਸੋਚਿਆ ਸੀ, ਆਪਦੇ ਪਿੰਡ ਨੂੰ ਹੀ ਨਾਵਲ ਦਾ ਘਟਨਾ-ਸਥਲ ਬਣਾ ਲਵਾਂ। ਪਰ ਫੇਰ ਦਿਮਾਗ ਵਿਚ ਆਇਆ, ਨਾਵਲ ਵਿਚ ਤਾਂ ਵੀਹ ਮਾੜੀਆਂ-ਚੰਗੀਆਂ ਗੱਲਾਂ ਆਉਣਗੀਆਂ। ਲੋਕ ਟੰਬੇ ਲੈ ਕੇ ਮਗਰ ਪੈ ਜਾਣਗੇ । ਕਿਸੇ ਦੀ ਨੂੰਹ-ਧੀ ਦਾ ਮੁਹਾਂਦਰਾ ਕਿਸੇ ਪਾਤਰ ਨਾਲ ਮਿਲ ਗਿਆ ਤਾਂ ਅਗਲੇ ਨੇ ਪਿੰਡ ਨਹੀਂ ਵੜਨ ਦੇਣਾ। ਪਿੰਡ ਵਿਚ ਤਾਂ ਮੇਰੀ ਜ਼ਮੀਨ-ਜਾਇਦਾਦ, ਸਭ ਕੁਝ ਹੈ। ਪਿੰਡ ਤਾਂ ਸਾਰੀ ਉਮਰ ਜਾਣ-ਆਉਣ ਰਹੇਗਾ।ਬਰਨਾਲੇ ਨੇੜੇ ਇਕ ਪਿੰਡ ਸੰਘੇੜਾ ਹੈ। ਮੈਂ ਸੰਘੇੜੇ ਉੱਤੇ ਅੱਖ ਧਰ ਲਈ। ਹਰ ਐਤਵਾਰ ਸੰਘੇੜੀਂ ਜਾਇਆ ਕਰਾਂ । ਗਿਆਨੀ ਹਰਬੰਸ ਸਿੰਘ ਮੇਰੇ ਨਾਲ ਹੁੰਦਾ। ਪਿੰਡ ਦਾ ਹਰ ਅਗਵਾੜ, ਹਰ ਗਲੀ ਘਰ-ਘਰ ਅਸੀਂ ਗਾਹ ਮਾਰਿਆ। ਜੱਟਾਂ, ਬਾਣੀਆਂ, ਹੋਰ ਜਾਤਾਂ ਤੇ ਚੂਹੜੇ-ਚਮਿਆਰਾਂ ਦੇ ਘਰੀ ਅਸੀ ਗਏ। ਜਾਣਕਾਰੀ ਮੈਂ ਨੋਟ ਕਰਦਾ ਰਿਹਾ। ਦੋ ਮਹੀਨੇ ਲਾ ਕੇ ਪਿੰਡ ਦਾ ਪੂਰਾ ਸਰਵੇਅ ਕਰ ਲਿਆ। ਪਰ ਫੇਰ ਮੈਂ ਡਰ ਗਿਆ, ਬਰਨਾਲਾ ਸੰਘੇੜਾ ਤਾਂ ਇੱਕੋ ਗੱਲ ਹੈ। ਬਰਨਾਲੇ ਤਾਂ ਮੈਂ ਸਾਰੀ ਉਮਰ ਰਹਿਣਾ ਹੈ। ਤੇ ਫੇਰ ਸਰਵੇਅ ਕਰਨ ਵੇਲੇ ਪਤਾ ਲੱਗਿਆ ਸੀ ਕਿ ਇਸ ਪਿੰਡ ਦੇ ਪੰਦਰਾਂ-ਵੀਹ ਘਰ ਮੈਨੂੰ ਬਹੁਤ ਜਾਣਦੇ ਹਨ। ਸਾਡਾ ਯਾਰ ਮਹੰਤ ਮਾਧਵਾ ਨੰਦ ਇਸੇ ਪਿੰਡ ਦੀ ਜਿੰਦ ਜਾਨ ਹੈ । ਧੌਲੇ ਵਾਲੇ ਉਲਾਂਭੇ ਸੰਘੇੜਿਆਂ ਵਿਚੋਂ ਵੀ ਉੱਠ ਖੜਨਗੇ। ਸੰਘੇੜਾ ਵੀ ਛੱਡ ਦਿੱਤਾ। ਫੇਰ ਮੇਰੀ ਨਿਗਾਹ ਦੂਰ ਦੇ ਪਿੰਡ ਭਾਈਰੂਪੇ ਉੱਤੇ ਗਈ। ਹੈ ਵੀ ਇਤਿਹਾਸਕ ਪਿੰਡ। ਹਰ ਐਤਵਾਰ ਮੈਂ ਓਥੇ ਜਾਣ ਲੱਗਿਆ। ਓਥੋਂ ਦਾ ਸਰਵੇਅ ਗਿਆਨੀ ਭਾਗ ਸਿੰਘ ਨੇ ਕਰਵਾਇਆ। ਸਾਈਕਲ ਲੈ ਕੇ ਮੈਂ ਨੇੜੇ ਦੇ ਪਿੰਡਾਂ ਵਿਚ ਵੀ ਜਾਂਦਾ । ਇਹ ਇਲਾਕਾ ਮੇਰਾ ਪਹਿਲਾਂ ਵੀ ਦੇਖਿਆ ਹੋਇਆ ਸੀ। ਪਿੰਡ ਜਲਾਲ ਮੇਰੀ ਭੈਣ ਵਿਆਹੀ ਹੋਈ ਸੀ। ਸੰਤਾਲੀ ਤੋਂ ਪਹਿਲਾਂ ਦੀਆਂ ਗੱਲਾਂ ਹਨ। ਭੈਣ ਕੋਲ ਜਦੋਂ ਮੈਂ ਜਾਂਦਾ, ਧੌਲਿਓਂ ਪੈਰੀਂ ਤੁਰ ਕੇ ਤਪੇ ਪਹੁੰਚਦਾ। ਓਥੋਂ ਰੇਲ-ਗੱਡੀ ਫੜਦਾ। ਰਾਮਪੁਰਾ ਫੂਲ ਜਾ ਉੱਤਰਦਾ। ਫੂਲ ਦਰਵਾਜ਼ੇ ਤੋਂ ਪਾਰ ਸੂਏ ਕੋਲ ਗੁਰਦੁਆਰੇ ਸਾਹਮਣੇ ਇੱਕ ਲਾਰੀ ਖੜ੍ਹੀ ਹੁੰਦੀ। ਇਹ ਲਾਰੀ ਪਿੰਡਾਂ ਵਿਚ ਦੀ ਹੁੰਦੀ ਦਿਆਲਪੁਰੇ ਤੱਕ ਜਾਂਦੀ। ਦਿਆਲਪੁਰੇ ਤੋਂ ਜਲਾਲ ਤੱਕ ਫੇਰ ਪੈਰੀਂ ਤੁਰਨਾ ਪੈਂਦਾ । ਉਹਨਾਂ ਦਿਨਾਂ ਵਿਚ ਸੜਕਾਂ ਦਾ ਨਾਂ-ਨਿਸ਼ਾਨ ਵੀ ਕਿਧਰੇ ਨਹੀਂ ਸੀ । ਲਾਰੀ ਕੱਚੇ ਰਾਹ ਚਲਦੀ। ਟਿਬਿਆਂ ਦੇ ਪਹੇ । ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਪਹੇ ਦੇ ਲੀਹੇ ਵਿਚੋਂ ਦੋ ਬੰਦੇ ਜਿੰਦਰੇ ਨਾਲ ਰੇਤਾ ਕੱਢਦੇ ਰਹਿੰਦੇ ਤਾਂ ਕਿ ਜਦੋਂ ਲਾਰੀ ਆਵੇ, ਉਹਦਾ ਜ਼ੋਰ ਨਾ ਲੱਗੇ। ਭਾਈਰੂਪਾ ਵੀ ਮੇਰੇ ਫਿੱਟ ਨਹੀਂ ਬੈਠਾ। ਓਥੋਂ ਗੱਲ ਇਹ ਨਿੱਕਲੀ ਕਿ ਪਿੰਡ ਦੀ ਸੱਤਰ ਫੀਸਦੀ ਵਸੋਂ ਖੋਖਰ ਰਾਜਪੂਤਾਂ (ਤਰਖਾਣਾਂ) ਦੀ ਹੈ ਤੇ ਜੱਟ ਸਿਰਫ਼ ਤੀਹ ਫੀਸਦੀ ਹਨ। ਤਰਖਾਣ ਚਾਹੇ ਜ਼ਮੀਨਾਂ ਵਾਲੇ ਹਨ ਤੇ ਤਰਖਾਣਾ ਕੰਮ ਨਹੀਂ ਕਰਦੇ, ਪਰ ਮੈਨੂੰ ਤਾਂ ਬਹੁ- ਗਿਣਤੀ ਜੱਟਾਂ ਦਾ ਪਿੰਡ ਚਾਹੀਦਾ ਸੀ। ਮੈਂ ਤਾਂ ਜੱਟ-ਕਿਸਾਨਾਂ ਬਾਰੇ ਨਾਵਲ ਲਿਖਣਾ ਸੀ। ਜੱਟ- ਕਿਸਾਨਾਂ ਦੀ, ਚਾਹੇ ਕੋਈ ਛੋਟਾ ਕਿਸਾਨ ਹੋਵੇ, ਚਾਹੇ ਧਨੀ ਕਿਸਾਨ, ਆਪਣੀ ਇੱਕ ਅਲੱਗ ਪਛਾਣ ਹੁੰਦੀ ਹੈ, ਇਕ ਅਲੱਗ ਪ੍ਰਵਿਰਤੀ।
ਬਰਨਾਲੇ ਤੋਂ ਬਾਜਾਖਾਨਾ ਰੋਡ ਜੇ ਜਾਈਏ ਤਾਂ ਭਦੌੜ ਤੋਂ ਅੱਗੇ ਸਲਾਬਤਪੁਰੇ ਦਾ ਬੱਸ ਅੱਡਾ ਆਉਂਦਾ ਹੈ। ਸਲਾਬਤਪੁਰੇ ਤੋਂ ਇਕ ਹੋਰ ਸੜਕ ਰਾਮਪੁਰਾ ਫੂਲ ਨੂੰ ਜਾਂਦੀ ਹੈ । ਇਸੇ ਸੜਕ ਉੱਤੇ ਹੀ ਹੈ ਭਾਈਰੂਪਾ। ਭਾਈਰੂਪੇ ਤੋਂ ਅੱਗੇ ਬੁਰਜ ਗਿੱਲਾਂ ਹੈ। ਬੁਰਜ ਗਿੱਲਾਂ ਤੋਂ ਇੱਕ ਲਿੰਕ ਸੜਕ ਸੇਲਬਰਾਹ ਪਿੰਡ ਤੱਕ ਜਾਂਦੀ ਹੈ ਤੇ ਸੇਲਬਰਾਹ ਤੋਂ ਇੱਕ ਲਿੰਕ ਸੜਕ ਭਾਈ ਰੂਪੇ ਨੂੰ ਮੁੜ ਆਉਂਦੀ ਹੈ। ਬੁਰਜ ਗਿੱਲਾਂ ਕੋਲ ਦੀ ਇੱਕ ਸੂਆ ਲੰਘਦਾ ਹੈ ਜੋ ਸੇਲਬਰਾਹ ਵੱਲ ਨਿੱਕਲ ਜਾਂਦਾ ਹੈ। ਇਸ ਸੂਏ ਕੋਲ ਭਾਈਰੂਪੇ ਵਾਲੇ ਪਾਸੇ ਮੈਂ ਇਕ ਕਲਪਿਤ ਪਿੰਡ ਵਸਾ ਦਿੱਤਾ। ਇਹਦਾ ਨਾਂ ਰੱਖਿਆ-ਕੋਠੇ ਖੜਕ ਸਿੰਘ।
ਕੋਠੇ ਖੜਕ ਸਿੰਘ ਮੇਰੇ ਦੇਖੇ-ਪਰਖੇ ਪਿੰਡਾਂ ਵਿਚੋਂ ਇੱਕ ਪ੍ਰਤੀਨਿਧ ਪਿੰਡ ਸੀ। ਇਸ ਪਿੰਡ ਦਾ ਮੈਂ ਆਪਣੇ ਦਿਮਾਗ ਵਿਚ ਇੱਕ ਨਕਸ਼ਾ ਬਣਾ ਲਿਆ ਤੇ ਨਾਵਲ ਲਿਖਣਾ ਸ਼ੁਰੂ ਕਰ ਦਿੱਤਾ। ਜਿਉਂ ਜਿਉਂ ਨਾਵਲ ਅੱਗੇ ਤੁਰਦਾ, ਪਿੰਡ ਦਾ ਨਕਸ਼ਾ ਹੋਰ ਉੱਘੜਦਾ ਜਾਂਦਾ।
ਦੋ-ਢਾਈ ਸਾਲ ਲੰਘ ਚੁੱਕੇ ਸਨ। ਜਦੋਂ ਤੋਂ ਨਾਵਲ ਲਿਖਣਾ ਸ਼ੁਰੂ ਕੀਤਾ ਸੀ, ਮੈਂ ਅਖ਼ਬਾਰ ਪੜ੍ਹਨਾ ਬੰਦ ਕਰ ਦਿੱਤਾ। ਰੇਡੀਓ-ਟੈਲੀਵਿਜ਼ਨ ਵੀ ਬੰਦ। ਬਰਨਾਲਿਓਂ ਬਾਹਰ ਕਿਧਰੇ ਘੱਟ ਹੀ ਜਾਂਦਾ। ਸਕੂਲ ਜਾ ਕੇ ਮਾਸਟਰਾਂ ਨਾਲ ਬੋਲਦਾ ਘੱਟ। ਉਹਨਾਂ ਦੀਆਂ ਵਕਤ-ਖਿਸਕਾਊਂ ਫ਼ਜ਼ੂਲ ਗੱਲਾਂ ਸੁਣਦਾ ਵੀ ਨਾ। ਘਰ ਵਿਚ ਆਏ ਮਹਿਮਾਨਾਂ ਨੂੰ ਥੋੜ੍ਹਾ ਵਕਤ ਦਿੰਦਾ। ਕੋਈ ਲੇਖਕ ਮਿੱਤਰ ਆਉਂਦਾ ਤਾਂ ਉਹਨੂੰ ਟਾਲਣ ਦੀ ਕੋਸ਼ਿਸ਼ ਕਰਦਾ। ਕਿਸੇ ਨੂੰ ਕੁਝ ਨਾ ਦੱਸਦਾ ਕਿ ਮੈਂ ਕੀ ਕਰ ਰਿਹਾ ਹਾਂ। ਸ਼ਰਾਬ ਕਦੇ ਵੀ ਨਾ ਪੀਂਦਾ । ਕਹਿ ਦਿੰਦਾ-ਛੱਡੀ ਹੋਈ ਐ। ਯਾਰ-ਮਿੱਤਰ ਆਉਣੋਂ ਹਟ ਗਏ। ਸੋਚਿਆ ਹੋਵੇਗਾ, ‘ਉਹ ਪੀਂਦਾ ਤਾਂ ਹੈ ਨੀ, ਉਹਦੇ ਕੋਲ ਜਾ ਕੇ ਕੀ ਕਰਨੈਂ ?
‘ਕੋਠੇ ਖੜਕ ਸਿੰਘ’ ਨੂੰ ਪਹਿਲਾਂ ਦੋ ਜਿਲਦਾਂ ਵਿਚ ਛਾਪਿਆ ਗਿਆ ਸੀ । ਪਹਿਲੀ ਜਿਲਦ ‘ਥੁੜੇ ਟੁੱਟੇ’ 1984 ਦੇ ਅਖੀਰ ਵਿਚ ਛਪੀ ਤੇ ਦੂਜੀ ਜਿਲਦ ‘ਹੱਕ ਸੱਚ’ 1985 ਦੇ ਅੱਧ ਵਿਚ ਜਾ ਕੇ। ਪੂਰਾ ਨਾਵਲ ‘ਕੋਠੇ ਖੜਕ ਸਿੰਘ’ ਵੀ 1985 ਦੇ ਅੱਧ ਵਿਚ ਹੀ ਛਪ ਗਿਆ ਸੀ।
ਇਕ ਤੱਥ ਸਪਸ਼ੱਟ ਹੈ ਕਿ ਮੇਰਾ ਮਿੱਤਰ ਗੁਰਬਚਨ ਸਿੰਘ ਭੁੱਲਰ ਜੇ ਦਿਲਚਸਪੀ ਨਾ ਲੈਂਦਾ ਤਾਂ ‘ਕੋਠੇ ਖੜਕ ਸਿੰਘ’ ਛਪ ਨਹੀਂ ਸਕਦਾ ਸੀ। ਸਾਰੇ ਨਾਵਲ ਦੀ ਪਰੂਫ-ਰੀਡਿੰਗ ਉਹਨੇ ਖ਼ੁਦ ਕੀਤੀ। ਨਾਵਲ ਦੇ ਹਰ ਭਾਗ ਦਾ ਖਰੜਾ ਪਹਿਲਾਂ ਉਹ ਆਪ ਪੜ੍ਹਦਾ ਤੇ ਫੇਰ ਪ੍ਰੈਸ ਨੂੰ ਦਿੰਦਾ। ਉਹਨੇ ਨਾਵਲ ਨੂੰ ਐਡਿੱਟ ਵੀ ਕੀਤਾ। ਉਹਨੂੰ ਕੋਈ ਫਿਕਰਾ ਚੰਗਾ ਨਾ ਲਗਦਾ ਤਾਂ ਉਹ ਕੱਟ ਦਿੰਦਾ। ਕਈ ਪੈਰੇ ਉਡਾ ਦਿੱਤੇ। ਕਿਤਾਬ ਦੀ ਸੈਟਿੰਗ ਵੀ ਓਸੇ ਨੇ ਕੀਤੀ।
‘ਕੋਠੇ ਖੜਕ ਸਿੰਘ’ ਨੇ ਕਈ ਹੈਰਾਨ-ਕੁੰਨ ਨਤੀਜੇ ਕੱਢੇ। ਪਹਿਲੀ ਜਿਲਦ ਦੀ ਕੀਮਤ ਤੀਹ ਰੁਪਏ ਸੀ ਤੇ ਦੂਜੀ ਦੀ ਪੈਂਤੀ ਰੁਪਏ। ਪੂਰਾ ਨਾਵਲ ਪੰਝੱਤਰ ਰੁਪਏ ਦਾ। 1984 ਦੇ ਅਖੀਰ ਤੋਂ ਲੈ ਕੇ 1985 ਦੇ ਅਖੀਰ ਤੱਕ ਇਕ ਸਾਲ ਦੇ ਅੰਦਰ-ਅੰਦਰ ਇਹ ਸਾਰਾ ਵਿਕ ਗਿਆ। ਪਬਲਿਸ਼ਰ ਦੇ ਸਟਾਕ ਵਿਚ ਨਾਵਲ ਦੀ ਇੱਕ ਵੀ ਕਾਪੀ ਬਾਕੀ ਨਹੀਂ ਬਚੀ। ਨਾ ਦੋਵੇਂ ਜ਼ਿਲਦਾਂ ਵਾਲੀ ਕੋਈ ਕਾਪੀ ਤੇ ਨਾ ਪੂਰੇ ਨਾਵਲ ਦੀ। 1986 ਵਿਚ ਇਕ ਹੋਰ ਪਬਲਿਸ਼ਰ ਨੇ ਨਾਵਲ ਦੀ ਦੂਜੀ ਐਡੀਸ਼ਨ ਛਾਪੀ। ਦੂਜੀ ਹੈਰਾਨੀ ਮੇਰੇ ਲਈ ਇਹ ਕਿ ਨਾਵਲ ਛਪਦੇ ਹੀ ਚਰਚਿਤ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਛਪੇ ਦਸ ਕਹਾਣੀ-ਸੰਗ੍ਰਹਿਆਂ ਤੇ ਚਾਰ ਨਾਵਲਾਂ ਬਾਰੇ ਕਦੇ ਵੀ ਐਨੀ ਚਰਚਾ ਨਹੀਂ ਹੋਈ ਸੀ। ਸਗੋਂ ਪੰਜਾਬੀ ਆਲੋਚਕਾਂ ਪ੍ਰਤੀ ਮੈਨੂੰ ਸ਼ਿਕਾਇਤ ਰਹਿੰਦੀ ਕਿ ਉਹ ਮੇਰੀਆਂ ਕਿਤਾਬਾਂ ਦੀ ਗੱਲ ਕਿਉਂ ਨਹੀਂ ਕਰਦੇ । ‘ਕੋਠੇ ਖੜਕ ਸਿੰਘ’ ਵਾਰੀ ਆਲੋਚਨਾ ਦਾ ਕੜ ਪਾਟ ਗਿਆ । ਸੱਤ ਅੱਠ ਖੋਜ-ਪੱਤਰ ਲਿਖੇ ਗਏ। ਯੂਨੀਵਰਸਿਟੀਆਂ ਵਿਚ ਇਸ ਨਾਵਲ ਨੂੰ ਖੋਜ ਦਾ ਵਿਸ਼ਾ ਬਣਾਇਆ ਜਾਣ ਲੱਗਿਆ।
ਦੋ ਮਾਅਰਕੇ ਹੋਰ ਵੀ ਹੋਏ। ਇੱਕ ਤਾਂ ਇਹ ਕਿ ਇਸ ਨਾਵਲ ਨੂੰ 1987 ਦਾ ਸਾਹਿਤ ਅਕਾਡਮੀ ਇਨਾਮ ਮਿਲ ਗਿਆ। ਦੂਜਾ ਇਹ ਕਿ ‘ਕੋਠੇ ਖੜਕ ਸਿੰਘ’ ਦਾ ਮੂਲ ਖਰੜਾ ਪੰਜਾਬੀ ਦੇ ਵਿਦਵਾਨ ਖੋਜੀ ਪ੍ਰੋ. ਪ੍ਰੀਤਮ ਸਿੰਘ ਦੇ ਘਰ ਪਟਿਆਲੇ ਸੰਭਾਲਿਆ ਪਿਆ ਹੈ। ਬਾਰਾਂ ਸਕੂਲੀ- ਕਾਪੀਆਂ ਦਾ ਬਸਤਾ । ਮਾਣ ਇਸ ਗੱਲ ਦਾ ਕਿ ਪ੍ਰੋਫੈਸਰ ਸਾਹਿਬ ਨੇ ਨਾਵਲ ਦਾ ਇਹ ਮੂਲ ਖਰੜਾ 1985 ਵਿਚ ਮੈਥੋਂ ਮੰਗ ਕੇ ਲੈ ਲਿਆ ਸੀ। ਉਹਨਾਂ ਕੋਲ ਹੋਰ ਪੰਜਾਬੀ ਲੇਖਕਾਂ ਦੀਆਂ ਲਿਖਤਾਂ ਦੇ ਮੂਲ-ਖਰੜੇ ਵੀ ਸੁਰੱਖਿਅਤ ਹਨ। ਉਹਨਾਂ ਦਾ ਸੁਪਨਾ ਹੈ ਕਿ ਪੰਜਾਬ ਵਿਚ ਕਦੇ ਕੋਈ ਅਜਿਹਾ ਅਜਾਇਬ ਘਰ ਬਣੇਗਾ ਜਿੱਥੇ ਪ੍ਰਸਿੱਧ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਦੇ ਮੂਲ-ਖਰੜੇ ਰੱਖੇ ਜਾਇਆ ਕਰਨਗੇ । ਉਹਨਾਂ ਕੋਲ ਪਏ ਮੂਲ-ਖਰੜੇ ਓਦੋਂ ਉਹ ਉਸ ਅਜਾਇਬ-ਘਰ ਨੂੰ ਦੇ ਦੇਣਗੇ। ਦੇਖਦੇ ਹਾਂ, ਪ੍ਰੋ. ਪ੍ਰੀਤਮ ਸਿੰਘ ਦੇ ਜੀਵਨ-ਕਾਲ ਵਿਚ ਅਜਿਹਾ ਅਜਾਇਬ ਘਰ ਕਦੋਂ ਬਣਦਾ ਹੈ ?
ਭਾਗ ਪਹਿਲਾ
1
ਸ਼ਰਾਧਾਂ ਦੇ ਦਿਨ ਸਨ।
ਨੌਵੇਂ ਸ਼ਰਾਧ ਸੇਲਬਰਾਹ ਦਾ ਮੇਲਾ ਭਰਦਾ। ਭਾਈ ਬਹਿਲੋ ਦੀ ਯਾਦ ਵਿਚ ਗੁਰਦੁਆਰੇ ਦੀ ਸ਼ਾਨ ਨੂੰ ਚਾਰ ਚੰਦ ਲੱਗ ਜਾਂਦੇ । ਅਖੰਡ ਪਾਠ ਦਾ ਭੋਗ ਪਾਇਆ ਜਾਂਦਾ। ਕੀਰਤਨ ਦਰਬਾਰ ਹੁੰਦਾ। ਕਵੀਸ਼ਰੀ ਜੱਥੇ ਆਪਣਾ ਜੌਹਰ ਦਿਖਾਉਂਦੇ। ਢਾਡੀ ਸਿੰਘ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਰੰਗ ਬੰਨ੍ਹ ਦਿੰਦੇ । ਦੁਪਹਿਰ ਵੇਲੇ ਹੀ ਦੁਕਾਨਾਂ ਸਜ ਜਾਂਦੀਆਂ। ਲੱਡੂ, ਜਲੇਬੀਆਂ ਤੇ ਪਕੌੜ। ਪਤਾਸੇ ਤੇ ਖੰਡ-ਖੇਡਣੇ। ਕਿਧਰੇ ਕੋਈ ਚੂੜੀਆਂ ਦੀ ਦੁਕਾਨ, ਕਿਧਰੇ ਟੱਲੀਆਂ, ਘੁੰਗਰੂਆਂ, ਘੁੰਗਰਾਲਾਂ ਤੇ ਗਾਨੀਆਂ ਵਿਕਦੀਆਂ। ਹਾਰ-ਸ਼ਿੰਗਾਰ ਦਾ ਚਲਾਊ ਮਾਲ । ਕਿਤੇ ਕੋਈ ਗੱਭਰੂ ਪੱਟ ਉੱਤੇ ਮੋਰਨੀ ਪਵਾ ਰਿਹਾ ਹੁੰਦਾ, ਮੁਟਿਆਰਾਂ ਦੀ ਮੰਡਲੀ ਦੀ ਮੰਡਲੀ ਬੈਠ ਜਾਂਦੀ ਤੇ ਉਹ ਹੱਥਾਂ ਉੱਤੇ ਚੰਦ ਖੁਣਵਾਉਂਦੀਆਂ।
ਆਥਣ ਢਲਣ ਲਗਦੀ ਤਾਂ ਢੱਡ-ਸਾਰੰਗੀ ਵਾਲੇ ਅਖਾੜਾ ਬੰਨ੍ਹ ਲੈਂਦੇ। ਤੇ ਫੇਰ ਘੋਲ-ਖੇਡ ਦੇ ਅਖਾੜੇ ਵੀ ਬੁਝਦੇ। ਸਾਰਾ ਪਿੰਡ ਮੇਲਾ ਹੀ ਬਣ ਉਠਦਾ। ਇਕ ਇਕ ਘਰ ਮੇਲਾ ਦੇਖਣ ਆਏ ਚਾਰ-ਚਾਰ, ਪੰਜ ਪੰਜ ਪ੍ਰਾਹੁਣੇ । ਸ਼ਰਾਬਾਂ ਦੇ ਦੌਰ ਚਲਦੇ। ਕਿਸੇ ਕਿਸੇ ਸਾਲ ਡਾਂਗ ਵੀ ਚੱਲ ਜਾਂਦੀ। ਦੋਵੇਂ ਧੜਿਆਂ ਵਿਚ ਫੱਟ ਖੁੱਲ੍ਹ ਜਾਂਦੇ । ਕੋਈ ਪਤਾ ਨਾ ਲਗਦਾ, ਕੀਹਦੇ ਕਿੰਨੀ ਲੱਗੀ। ਇਕੱਠ ਦੇ ਭਰੇ ਸਮੁੰਦਰ ਵਿਚ ਅਨੇਕਾਂ ਦਿਲ ਇਕ-ਦੂਜੇ ਦੀ ਤਾਂਘ ਵਿਚ ਭਿੱਜ ਜਾਂਦੇ। ਕੋਈ ਜੋੜਾ ਕਿਧਰੇ ਇਕ ਨਜ਼ਰ ਸਾਂਝੀ ਕਰ ਜਾਂਦਾ ਤਾਂ ਉਹਨਾਂ ਦੇ ਪੈਰਾਂ ਥੱਲੇ ਗੈਬੀ ਨਸ਼ੇ ਦੀ ਅੱਗ ਮੱਚ ਉਠਦੀ। ਆਲੇ- ਦੁਆਲੇ ਦੇ ਸਾਰੇ ਪਿੰਡ ਮੇਲਾ ਦੇਖਣ ਆਉਂਦੇ । ਇਕ ਪਾਸੇ ਤੋਂ ਲਾ ਕੇ ਦੁੱਲੇਵਾਲਾ, ਦਿਆਲਪੁਰਾ, ਛੰਨਾਂ ਗੁਲਾਬ ਸਿੰਘ, ਢਪਾਲੀ, ਧਿੰਗੜ, ਘੰਡਾ ਬੰਨਾ ਤੇ ਭਾਈ ਰੂਪਾ। ਦੂਜੇ ਪਾਸਿਓਂ ਜਲਾਲ, ਗੁੰਮਟੀ ਤੋਂ ਲੈ ਕੇ ਕੋਠੇ ਖੜਕ ਸਿੰਘ, ਬੁਰਜ ਗਿੱਲਾਂ, ਹਰਨਾਮ ਸਿੰਘ ਵਾਲਾ, ਕੌਲੋਕੇ ਤੇ ਸਧਾਣਿਆਂ ਤੱਕ ਦੇ ਲੋਕ ।
ਕੋਠੇ ਖੜਕ ਸਿੰਘ ਦੇ ਸਭ ਲੋਕ ਮੇਲੇ ਤੋਂ ਵਾਪਸ ਆ ਚੁੱਕੇ ਸਨ । ਕੰਧਾਂ ਦੇ ਪਰਛਾਵੇਂ ਲੰਮੇ ਹੋਏ ਤੇ ਫੇਰ ਅਸਮਾਨ ਉੱਤੋਂ ਹਨੇਰਾ ਉੱਤਰਨ ਲੱਗ ਪਿਆ। ਹੁਣ ਤੱਕ ਮੇਲੇ ਵਿਚ ਕਿਸੇ ਨੇ ਕੀ ਕਰਨਾ ਸੀ ? ਕਿਹਰ ਸਿੰਘ ਦਾ ਗਿੰਦਰ ਤਾਂ ਕਦੋਂ ਦਾ ਮੁੜ ਆਇਆ ਸੀ। ਉਹ ਤਾਂ ਇਕੱਲਾ ਹੀ ਬੱਸ ਪਿਛਲੇ ਪਹਿਰ ਜਿਹੇ ਗਿਆ ਸੀ। ਦੂਰੋਂ ਖੜ੍ਹੇ ਨੇ ਹੀ ਮੇਲੇ ਉੱਤੇ ਝਾਤ ਜਿਹੀ ਮਾਰੀ ਸੀ। ਪੰਜ ਪੈਸਿਆਂ ਦੇ ਪਤਾਸ਼ੇ ਲਏ ਸਨ। ਦੋ ਪਤਾਸ਼ੇ ਰੱਖ ਕੇ ਬਾਬੇ ਨੂੰ ਮੱਥਾ ਟੇਕਿਆ ਸੀ ਤੇ ਪਤਾਸ਼ਿਆਂ ਦਾ ਓਵੇਂ ਦਾ ਓਵੇਂ ਭਰਿਆ ਲਫ਼ਾਫ਼ਾ ਸਮੋਸੇ ਲੜ ਬੰਨ੍ਹ ਕੇ ਪਿੰਡ ਨੂੰ ਮੁੜ ਆਇਆ ਸੀ। ਐਨੇ ਨਾਲ ਹੀ ਜਿਵੇਂ ਉਹਦਾ ਚਿੱਤ ਰਾਜ਼ੀ ਹੋ ਗਿਆ ਹੋਵੇ । ਰਾਹ ਵਿਚ ਉਹਨੂੰ ਬੰਦੇ ਟੱਕਰਦੇ ਰਹੇ ਸਨ। ਹਰ ਕੋਈ ਪੁਛਦਾ ਸੀ, ‘ਬੱਸ ਗਿੰਦਰਾ ?’ ਉਹ ਹੱਸ ਕੇ ਜਵਾਬ ਦਿੰਦਾ, ‘ਬੱਸ, ਹੋਰ ਕੀ ? ਦੇਖ ਆਇਆ ਮੈਂ ਤਾਂ ਮੇਲੇ ਦਾ ਰੰਗ-ਢੰਗ।’ ਤੇ ਉਹ ਮੋੜਵਾਂ ਸਵਾਲ ਕਰਦਾ, ‘ਹੁਣ ਚੱਲਿਐਂ ਤੂੰ ?’ ਤੁਰਿਆ ਜਾਂਦਾ ਅਗਲਾ ਕਹਿੰਦਾ, ‘ਹੋਰ ਹੁਣ, ਮੇਲਾ ਅਸਲੀ ਤਾਂ ਅਹਿਓ-ਜੇ ਵੇਲੇ ਈ ਦੇਖਣ ਆਲਾ ਹੁੰਦੈ।’
ਗਿੰਦਰ ਆਪਣੇ ਘਰ ਦੀ ਦੇਹਲੀ ਟਪਦਾ ਤੇ ਗਲੀ ਦੇ ਮੋੜ ਉੱਤੇ ਜਾ ਕੇ ਝਾਕਣ ਲਗਦਾ। ਘੁਸਮੁਸੇ ਹਨੇਰੇ ਵਿਚ ਉਹਨੂੰ ਕੋਈ ਨਜ਼ਰ ਨਾ ਆਉਂਦਾ। ਉਹ ਵਾਪਸ ਘਰ ਮੁੜ ਆਉਂਦਾ ਤੇ ਵਰਾਂਢੇ ਵਿਚ ਮੰਜੇ ਉੱਤੇ ਪਏ ਆਪਣੇ ਬਿਰਧ ਬਾਪ ਕਿਹਰ ਸਿੰਘ ਨਾਲ ਫੋਕੀਆਂ ਜਿਹੀਆਂ ਗੱਲਾਂ ਮਾਰਨ ਲਗਦਾ।
‘ਗਿੰਦਰਾ ਭਾਈ, ਦੀਵਾ ਈ ਡੰਗ ਲੈ । ਵਸਦਿਆਂ ਦਾ ਘਰ ਐ। ਉਹ ਤਾਂ ਸਹੁਰੀ ‘, ਕਿਹਰ ਸਿੰਘ ਨੇ ਖੰਘੂਰ ਮਾਰ ਕੇ ਉਹਨੂੰ ਕਿਹਾ।
‘ਦੀਵਾ ਤਾਂ ਕਰ ਲੈਨਾਂ, ਬਾਪੂ । ਪਰ ਉਹ ਹੁਣ ਤਾਈਂ ਮੁੜੀ ਕਿਉਂ ਨਾ ? ਸਭ ਆ ਗੇ, ਉਹ ਕਿਉਂ ਅਟਕ ਗੀ? ਐਨਾ ਨ੍ਹੇਰਾ ?’ ਗਿੰਦਰ ਢਿੱਲਾ ਜਿਹਾ ਹੋ ਕੇ ਬਾਪੂ ਦੀਆਂ ਪੈਂਦਾਂ ਉੱਤੇ ਬੈਠ ਗਿਆ।
‘ਉਹਦਾ ਤਾਂ ਬਚੜਿਆ ਕੀ ਕਹਿ ਸਕਦੇ ਆਂ ਹੁਣ। ਚੋਰ ਦੀ ਮਾਂ, ਭਾਈ ਕੋਠੀ ‘ਚ ਮੂੰਹ।’ ਕਿਹਰ ਸਿੰਘ ਬੈਠਾ ਹੋ ਗਿਆ। ਉਹਦੀ ਆਵਾਜ਼ ਭਾਰੀ ਹੋ ਗਈ ਲਗਦੀ ਸੀ । ਪਰ ਗਿੰਦਰ ਉਹਦੀ ਰਮਜ਼ ਨਾ ਸਮਝਿਆ। ਉਹਨੇ ਤਾਂ ਸੋਚਿਆ ਹੋਵੇਗਾ, ਵੱਡੀ ਉਮਰ ਦਾ ਹੋਣ ਕਰਕੇ ਬੁੜ੍ਹਾ ਪਖੰਡ ਕਰਦਾ ਹੈ। ਪਰ ਉਹ ਬੁੜ੍ਹੇ ਦੇ ਢਿੱਡ ਦੇ ਵਰਮ ਨੂੰ ਕੀ ਜਾਣਦਾ ਸੀ । ਬੁੜ੍ਹਾ ਸਿਆਣਾ ਸੀ । ਉਹਨੇ ਕੋਈ ਸਪਸ਼ਟ ਗੱਲ ਮੁੰਡੇ ਨੂੰ ਕਦੇ ਨਹੀਂ ਆਖੀ ਸੀ । ਡਰਦਾ ਸੀ, ਘਰ ਦਾ ਕਲੇਸ਼ ਕਿਤੇ ਪੁਟ ਕੇ ਨਾ ਵਗਾਹ ਦੇਵੇ। ਕੀਹ ਐ, ਬਹੂ ਗੱਲੀਂ-ਬਾਤੀਂ ਹੀ ਸਮਝ ਜਾਵੇ। ਉਹ ਬਹੂ ਕੋਲ ਵੀ ਇੰਜ ਪਖਾਣੇ ਜਿਹੇ ਪਾਉਂਦਾ ਰਹਿੰਦਾ। ਆਪਣੀ ਜਾਣ ਵਿਚ ਉਹਨੂੰ ਸਿੱਖ-ਮੱਤ ਦਿੰਦਾ, ‘ਦੇਖ ਭਾਈ, ਹਰਨਾਮ ਕੁਰ, ਪੁੱਤ, ਹੁਣ ਤਾਂ ਤੂੰਈਂ ਘਰ ਦਾ ਬੰਨ੍ਹ ਐਂ । ਗਿੰਦਰ ਦੀ ਮਾਂ ਮਰੀ ਨੂੰ ਵੀਹ ਸਾਲ ਹੋ ਗੇ । ਐਡਾ ਕੁ ਸੀ ਏਹੇ ਨੌਂ-ਦਸ ਸਾਲਾਂ ਦਾ ਮਸਾਂ, ਨਿੱਕਾ ਜ੍ਹਾ ਬਲੂਰ। ਸੁੱਖਾਂ ਸੁਖਦੇ ਨੂੰ ਮੈਨੂੰ ਤਾਂ ਆਹ ਦਿਨ ਆਏ ਨੇ ਧੀਏ। ਤੂੰ ਆ ਗੀ, ਤਾਂ ਓਮੇਂ ਜਿਮੇਂ ਰੰਗ-ਭਾਗ ਲੱਗ ਗੇ। ਬੱਸ, ਸਿਆਣੀ ਬਣ।’ ਉਹ ਬੁੜ੍ਹੇ ਦੀਆਂ ਗੱਲਾਂ ਸੁਣਦੀ, ਪਰ ਕੋਈ ਜਵਾਬ ਨਾ ਦਿੰਦੀ। ਬੁੜ੍ਹੇ ਦੀ ਗੱਲ ਵਿਚਾਲੇ ਹੀ ਹੁੰਦੀ ਕਿ ਉਹ ਸੂਹਣ ਦੇ ਮੁੱਠੇ ਨਾਲ ਕੰਧ ਠੋਹਕਰਨ ਲੱਗ ਪੈਂਦੀ। ਬੁੜ੍ਹਾ ਆਪਣੇ-ਆਪ ਹੀ ਚੁੱਪ ਕਰ ਜਾਂਦਾ ਤੇ ‘ਵਾਖਰੂ-ਵਾਖਰੂ’ ਕਰਨ ਲਗਦਾ।
ਇਕ ਦਿਨ ਹਰਨਾਮੀ ਬਾਹਰਲੇ ਘਰੋਂ ਪਾਥੀਆਂ ਦਾ ਟੋਕਰਾ ਲੈਣ ਗਈ ਦੋ ਘੰਟੇ ਨਾ ਮੁੜੀ। ਬੁੜ੍ਹੇ ਨੇ ਥੋੜਾ ਜਿਹਾ ਤੱਤਾ ਹੋ ਕੇ ਪੁੱਛ ਲਿਆ, ‘ਐਨਾ ਚਿਰ ਲਾ ਤਾ ਭਾਈ। ਕਿੱਥੇ ਰਹੀ ਤੂੰ ?’
ਉਹਨੇ ਪਾਥੀਆਂ ਹਾਰੇ ਮੂਹਰੇ ਸੁੱਟੀਆਂ ਤੇ ਪੀੜ੍ਹੀ ਉੱਤੇ ਬੈਠੇ ਬੁੜ੍ਹੇ ਦੀ ਪਿੱਠ ਵਿਚ ਜ਼ੋਰ ਦੀ ਇਕ ਲੱਤ ਟਿਕਾਅ ਦਿੱਤੀ।‘ਤੂੰ ਦੱਸ ਮੇਰੀਆਂ ਕੀ ਰਾਖੀਆਂ ਕਰੇਂਗਾ, ਪਲੇਗ ਪੈਣਿਆ। ਸਿਵੇਂ ’ਚ ਲੱਤਾਂ ਨੇ ਤੇਰੀਆਂ। ਖ਼ਬਰ-ਦਾਰ, ਜੇ ਮੈਨੂੰ ਆਖੀ ਐ ਕੋਈ ਗੱਲ। ਸੰਘੀ ਘੁੱਟ ਕੇ ਮਾਰ ਦੂੰ।’
ਬੁੜ੍ਹਾ ਘੁੱਟ ਵੱਟ ਕੇ ਰਹਿ ਗਿਆ ਸੀ। ਗਿੰਦਰ ਉਸ ਦਿਨ ਸਵੇਰ ਦਾ ਹੀ ਰਾਮਪੁਰੇ ਗਿਆ ਹੋਇਆ ਹਾਲੇ ਤੱਕ ਮੁੜਿਆ ਨਹੀਂ ਸੀ। ਬੁੜ੍ਹੇ ਨੇ ਪੁੱਤ ਕੋਲ ਚੂੰ ਵੀ ਨਹੀਂ ਕੀਤੀ। ਬਹੂ ਸ਼ੇਰ ਬਣ ਬੈਠੀ। ਬੁੜ੍ਹੇ ਦੀ ਹੁਣ ਉਹਨੂੰ ਕੀ ਪਰਵਾਹ ਸੀ ? ਗਿੰਦਰ ਨੂੰ ਉਹ ਆਪਣੇ ਪਿਆਰ-ਜਾਲ ਵਿਚ ਭਲੋਅ ਕੇ ਰੱਖਦੀ। ਉਹਦੇ ਨਾਲ ਮੋਮੋ-ਠਗਣੀਆਂ ਮਾਰਦੀ ਰਹਿੰਦੀ। ਉਹਨੂੰ ਚਾਰ ਸਾਲ ਵਿਆਹੀ ਆਈ ਨੂੰ ਹੋ ਚੁੱਕੇ ਸਨ। ਅਜੇ ਤੱਕ ਨਿਆਣਾ-ਨਿੱਕਾ ਕੋਈ ਨਹੀਂ ਹੋਇਆ ਸੀ। ਗਿੰਦਰ ਨੇ ਵੀ ਕਦੇ ਪਰਵਾਹ ਨਹੀਂ ਕੀਤੀ ਸੀ। ਬੱਚੇ ਵਰਗੀ ਨਿਹਮਤ ਹਰਨਾਮੀ ਨੂੰ ਤਾਂ ਯਾਦ-ਚੇਤੇ ਹੀ ਨਹੀਂ ਸੀ। ਕਿਹਰ ਸਿੰਘ ਏਸ ਕਰਕੇ ਵੀ ਬਹੁਤ ਝੁਰਦਾ। ਬੱਤੀ ਨਾਲ ਬੱਤੀ ਲਗਦੀ ਨਾ ਦੇਖਕੇ ਉਹਨੂੰ ਦੁਨੀਆ ਹਨੇਰ ਜਾਪਦੀ।
ਗਿੰਦਰ ਨੂੰ ਇਹ ਪਤਾ ਨਹੀਂ ਸੀ ਕਿ ਉਹ ਕਿਹੜੀਆਂ ਕਿਹੜੀਆਂ ਤੀਵੀਆਂ ਨਾਲ ਮੇਲੇ ਗਈ ਸੀ। ਅਖੀਰ ਉਹਨੇ ਲੇਪਣ ਲਾਇਆ, ਜ਼ਰੂਰ ਉਹ ਗੁਵਾਂਢੀਆਂ ਦੀ ਬਹੂ ਨੰਦਕੁਰ ਨਾਲ ਗਈ ਹੋਵੇਗੀ। ਉਹਦੇ ਕੋਲ ਹੀ ਬਹੁਤਾ ਉਠਦੀ-ਬਹਿੰਦੀ ਹੈ। ਗਿੰਦਰ ਬਾਪੂ ਨੂੰ ਦੱਸੇ ਬਗੈਰ ਹੀ ਘਰੋਂ ਬਾਹਰ ਹੋ ਗਿਆ ਤੇ ਗਵਾਂਢੀਆਂ ਘਰ ਜਾ ਕੇ ਪੁੱਛਣ ਲੱਗਿਆ। ਵਿਹੜੇ ਵਿਚ ਬੈਠੇ ਚਾਰ ਜਣੇ ਘਰ ਦੀ ਕੱਢੀ ਦਾਰੂ ਪੀ ਰਹੇ ਸਨ । ਹਾੜਾ ਲਾ ਕੇ ਅੰਬ ਦੇ ਅਚਾਰ ਦੀਆਂ ਫਾੜੀਆਂ ਚੁਸਣ ਲਗਦੇ ਤੇ ਮੇਲੇ ਦੀਆਂ ਗੱਲਾਂ ਕਰਦੇ। ਕਿਸੇ ਨੂੰ ਗਾਲਾਂ ਕਢਦੇ ਤੇ ਕਿਸੇ ਦੀ ਤਾਰੀਫ਼ ਕਰਦੇ । ਤਾਰੀਫ਼ ਵੀ ਗਾਲ ਕੱਢ ਕੇ ਹੀ ਕਰਦੇ ‘ਭੈਣ ਦੇਣੇ ਦਾ, ਦਰਿਆ-ਦਿਲ ਬਹੁਤ ਐ। ਮਾੜਾ ਜਾ ਆਖਿਆ ਸੀ, ਝੱਟ ਫੜ ਲਿਆਇਆ ਠੇਕੇ ਦੀ ਬੋਤਲ | ਪੱਕਾ ਮਾਂ-ਯਾਵੇ, ਜਾਰਾਂ ਦਾ ਜਾਰ ਐ ਪੂਰਾ ‘ ਗਿੰਦਰ ਨੂੰ ਦੇਖ ਕੇ ਉਹ ਮੱਛਰ ਉੱਠੇ, ‘ਆ ਵਈ, ਬਾਈ ਜਗਿੰਦਰ ਸਿਆਂ। ਕੀ ਹਾਲ ਨੇ ਜੱਟੀਦਾਰਾ ? ਬਹਿ ਜਾ ਲਾ ਲੈ ਇਕ । ਚੰਗਿਆੜੇ ਚੰਗਿਆੜਾ ।’
‘ਬੱਸ, ਪੀਂਦੇ ਈ ਆਏ ਆਂ । ਤੁਸੀਂ ਕਰੋ ਐਸ਼ਾਂ । ਮੈਂ ਤਾਂ ਤਾਈ ਕੋਲ ਆਇਆਂ, ਕੰਮਐ ਇਕ । ਗਿੰਦਰ ਨੇ ਆਪਣੀ ਛਾਤੀ ਵਿਚ ਬਲਦੇ ਗੋਹੇ ਦਾ ਧੂੰਆਂ ਬਾਹਰ ਨਾ ਨਿੱਕਲਣ ਦਿੱਤਾ।
‘ਤੇਰੀ ਇੱਛਿਐ, ਲਾਣੇਦਾਰਾ ।’ ਇਕ ਜਣੇ ਨੇ ਸਿਰ ਘੁਮਾਇਆ ਤੇ ਉਹ ਫੇਰ ਮੇਲੇ ਵਿਚ ਜਾ ਵੜੇ।
ਪਰ੍ਹੇ ਛਤਣੇ ਥੱਲੇ ਚੁੱਲ੍ਹੇ ਕੋਲ ਬੈਠੀ ਤੌੜੀ ਵਿਚਲਾ ਦਿਨ ਦਾ ਦੁੱਧ ਵਧਾਉਂਦੀ ਤਾਈ ਕੋਲ ਉਹ ਚੁੱਪ ਕਰਕੇ ਜਾ ਬੈਠਾ ਤੇ ਉਹਦੇ ਕੰਨ ਕੋਲ ਮੂੰਹ ਕਰਕੇ ਪੁੱਛਣ ਲੱਗਿਆ, ‘ਤਾਈ, ਭਲਾ ਨੰਦਕੁਰ ਆਪਣੀ ਗਈ ਸੀ ਮੇਲੇ ?’
‘ਆ ਹੋ ਦੱਸ ?’
‘ਇਹਨੂੰ ਹੌਲੀਂ ਦੇ ਕੇ ਉਰ੍ਹਾਂ ਬੁਲਾ ਕੇ ਪੁੱਛ ਗਾਂ ਭਲਾ, ਇਹਦੇ ਨਾਲ ਸਾਡੇ ਆਲੀ ਵੀ मी ?’
ਤਾਈ ਦੀ ਨੂੰਹ ਮਹਿ ਦੀ ਧਾਰ ਕੱਢ ਕੇ ਹਟੀ ਹੀ ਸੀ ਤੇ ਹੁਣ ਕੱਟਰੂ ਨੂੰ ਚੁੰਘਾ ਰਹੀ ਸੀ। ਦੁੱਧ ਦੀ ਬਾਲਟੀ ਲੈ ਕੇ ਉਹ ਛਤਣੇ ਥੱਲੇ ਆਈ ਤਾਂ ਸੱਸ ਨੇ ਸੈਨਤ ਨਾਲ ਉਹਨੂੰ ਕੋਲ ਬਿਠਾ ਲਿਆ । ਪੁੱਛਿਆ, ‘ਕੁੜੇ ਬਹੂ, ਹਰਨਾਮੀ ਜਾਣੋ ਥੋਡੇ ਨਾਲ ਗਈ ਸੀ ?’
‘ਹਾਂ, ਮਾਂ ਜੀ। ਸਾਡੇ ਨਾਲ ਈ ਗਈ ਸੀ ਓਹੋ । ਕਿਉਂ ਕੀ ਗੱਲ ? ਨੂੰਹ ਨੇ ਫ਼ਿਕਰ ਕੀਤਾ।
‘ਥੋਡੇ ਨਾਲ ਨੀ ਮੁੜੀ ਫੇਰ ?’ ਸੱਸ ਨੇ ਅਗਲਾ ਸਵਾਲ ਕੀਤਾ।
ਗਿੰਦਰ ਦਾ ਸਾਰਾ ਸਰੀਰ ਕੰਨ ਬਣ ਕੇ ਪੱਬਾਂ ਭਾਰ ਬੈਠਾ ਹੋਇਆ ਸੀ ।
‘ਓਥੇ ਬਾਬੇ ਦੇ ਮੱਥਾ ਟੇਕਣ ਸਾਡੇ ਨਾਲ ਗਈ ਐ। ਮੇਲੇ ‘ਚ ਅਸੀਂ ਚੂੜੀਆਂ ਵੀ ਚੜ੍ਹਾਈਐਂ…’, ਨੂੰਹ ਭੁੱਟ ਭੁੱਟ ਬੋਲ ਕੇ ਦੱਸ ਰਹੀ ਸੀ।
‘ਹੌਲੀ ਬੋਲ, ਬਹਿ ਕੇ ਦੱਸ, ਸਮਾਰ ਕੇ, ‘ ਸੱਸ ਨੇ ਟੋਕਿਆ।
‘ਓਥੋਂ ਫੇਰ ਸ਼ਿਆਮੋ ਤੇ ਉਹ, ਪਤਾ ਨੀਂ ਕਦੋਂ, ਸਾਡੇ ਨਾਲੋਂ ਨਿੱਖੜ ਗੀਆਂ। ਫੇਰ ਨੀ ਪਤਾ ਭਾਈ। ਮੁੜਨ ਵੇਲੇ ਨਾ ਸਾਡੇ ਨਾਲ ਸ਼ਿਆਮੋ, ਨਾ ਹਰਨਾਮੀ’, ਨੂੰਹ ਨੇ ਸਾਰਖਰੀ ਆਖ ਦਿੱਤੀ ।
‘ਸ਼ਿਆਮੋ ਭਲਾਂ, ਪਰਤਾਪੇ ਕੀ ਸ਼ਿਆਮੋ ?’ ਗਿੰਦਰ ਦਾ ਮੱਥਾ ਠਣਕਿਆ।
‘ਹਾਂ ।’ ਘੁੰਡ ਵਿਚ ਹੀ ਨੂੰਹ ਨੇ ਸਿਰ ਹਿਲਾਇਆ।
ਗਿੰਦਰ ਦੇ ਪੱਬਾਂ ਥੱਲੇ ਜਿਵੇਂ ਅੱਗ ਮੱਚ ਪਈ ਹੋਵੇ। ‘ਫੇਰ ਤਾਂ ਸਰ ਗਿਆ ।’ ਗਿੰਦਰ ਮਨ ਵਿਚ ਹੀ ਕੂੜਿਆ ਤੇ ਤਾਈ ਕੋਲੋਂ ਉੱਠ ਕੇ ਦਬਾਸੱਟ ਉਹਨਾਂ ਦੇ ਘਰੋਂ ਬਾਹਰ ਹੋ ਗਿਆ।
ਨੂੰਹ ਸੱਸ ਕਿੰਨਾ ਹੀ ਚਿਰ ਘੁਸਰ-ਮੁਸਰ ਕਰਦੀਆਂ ਰਹੀਆਂ। ਸ਼ਰਾਬੀਆਂ ਵਿਚੋਂ ਇਕ ਬੋਲ ਗੜ੍ਹਕਿਆ, ‘ਬੇਬੇ, ਲਿਆ ਪਾ ਕੇ । ਬਣ ਗਿਆ ਹੋਣੈ । ਕੀ ਕਰੀਂ ਜਾਨੀਓਂ ?’ ਨਾਲ ਦੀ ਨਾਲ ਪੁੱਛਿਆ, ‘ਕੇਹਰੇ ਕਾ ਕੀ ਲੈਣ ਆਇਆ ਸੀ ?’
ਮਾਂ ਨੇ ਕੋਈ ਜਵਾਬ ਨਾ ਦਿੱਤਾ । ਖਲਪਾੜਾਂ ਦੀ ਅੱਗ ਉੱਤੇ ਬੱਕਰੇ ਦਾ ਮਾਸ ਰਿੱਝ ਰਿਹਾ। ਸੀ। ਛੰਨੇ ਵਿਚ ਚਾਰ-ਪੰਜ ਕੜਛੀਆਂ ਰਿਝਦੇ ਮਾਸ ਦੀਆਂ ਪਾ ਕੇ ਮਾਂ ਮੁੰਡਿਆਂ ਨੂੰ ਫੜਾ ਗਈ।
ਸ਼ਿਆਮੋ ਛੁਟੀ ਹੋਈ ਤੀਵੀਂ ਸੀ । ਸਾਰਾ ਪਿੰਡ ਉਹਦੀਆਂ ਕਰਤੂਤਾਂ ਨੂੰ ਜਾਣਦਾ ਸੀ। ਬਹੁਤ ਸਾਰੇ ਲੋਕ ਆਪਣੇ ਘਰ ਉਹਦਾ ਆਉਣਾ ਵੀ ਪਸੰਦ ਨਹੀਂ ਕਰਦੇ ਸਨ। ਜਿਸ ਘਰ ਵੀ ਉਹਦਾ ਆਉਣ ਜਾਣ ਹੋ ਜਾਂਦਾ, ਕੋਈ ਨਾ ਕੋਈ ਕਜੀਆ ਖੜ੍ਹਾ ਹੋਣਾ ਲਾਜ਼ਮੀ ਹੁੰਦਾ । ਪਤਾ ਨਹੀਂ, ਕਿਸੇ ਨੂੰ ਕੀ ਭਿੱਤੀ ਪੜ੍ਹਾ ਜਾਵੇ । ਪਤਾ ਨਹੀਂ, ਉਹਨਾਂ ਦੇ ਘਰ ਦੀ ਕੀ ਗੱਲ ਉਡਾ ਦੇਵੇ ਤੇ ਅਗਾਂਹ ਫੰਘਾਂ ਦੀਆਂ ਡਾਰਾਂ ਬਣ ਜਾਣ । ਉਹਨੇ ਕਈ ਵਸਦੇ ਘਰ ਉਜਾੜੇ ਸਨ । ਆਪਣਾ ਘਰ ਵੀ ਕਿਧਰੋਂ ਵਸਦਾ ਰੱਖਿਆ ਸੀ ? ਸਭ ਜਾਣਦੇ ਸਨ ਕਿ ਉਹਨੂੰ ਰੱਸੇ ਚੱਬਣ ਦੀ ਵਾਣ ਹੈ। ਏਸੇ ਦੁੱਖ ਦਾ ਮਾਰਿਆ ਉਹਦਾ ਗਊ ਆਦਮੀ ਫੌਜ ਵਿਚ ਭਰਤੀ ਜਾ ਹੋਇਆ ਸੀ। ਦੋ ਮੁੰਡੇ ਹਨ, ਲਾਲਾਂ ਵਰਗੇ। ਸੱਸ ਸਹੁਰਾ ਵੀ ਜਿਉਂਦੇ ਬੈਠੇ ਹਨ। ਮੁੰਡੇ ਤਾਂ ਨਿਆਣੇ ਨੇ, ਕੀ ਕਰਨ ਜੋਗੇ ਨੇ ਵਿਚਾਰੇ। ਸੱਸ-ਸਹੁਰੇ ਦੇ ਵਸੋਂ ਬਾਹਰੀ ਗੱਲ ਹੈ। ਜੀਹਨੇ ਆਦਮੀ ਨੂੰ ਕੁਝ ਨਹੀਂ ਸਮਝਿਆ, ਉਹਦਾ ਸੱਸ-ਸਹੁਰਾ ਕੀ ਲਗਦਾ ਹੈ। ਬੋਲਦੇ ਹਨ ਤਾਂ ਸੌ ਜੁੱਤੀ ਮਾਰਦੀ ਹੈ ਲਾਹ ਕੇ । ਇਕ ਧੱਤ ਜਿਹੜੀ ਦਾਰੂ ਪੀਣ ਦੀ ਉਹ ਲਾ ਬੈਠੀ, ਉਹ ਨਹੀਂ ਹੁਣ ਛੱਡੀ ਜਾਂਦੀ ਉਹਤੋਂ ਸਾਰੀ ਉਮਰ। ਇਹ ਤਾਂ ਹੱਡਾਂ ਦੇ ਨਾਲ ਹੀ ਜਾਊਗੀ। ਬੱਸ ਇਹ ਦਾਰੂ ਪੀਣ ਦਾ ਚਸਕਾ ਹੀ ਉਹਦੇ ਕੋਲੋਂ ਸਾਰਾ ਕੁਝ ਕਰਵਾਉਂਦਾ ਹੈ।
ਪਰਤਾਪੇ ਦਾ ਘਰ ਦੂਜੇ ਅਗਵਾੜ ਸੀ। ਗਿੰਦਰ ਗਲੀਆਂ ਵਿਚ ਦੀ ਲੰਘਿਆ ਜਾਂਦਾ ਸੋਚ ਰਿਹਾ ਸੀ, ਪਿਛਲੀ ਵਸਾਖੀ ਨੂੰ ਭਦੌੜ ਵੀ ਉਹ ਏਸੇ ਸ਼ਿਆਮੋ ਨਾਲ ਗਈ ਸੀ । ਉਹਨੇ ਸੋਚਿਆ, ਪਰ ਸ਼ਿਆਮੋ ਵਰਗੀ ਤੀਵੀਂ ਨਾਲ ਹਰਨਾਮੀ ਦਾ ਕੀ ਮੇਲ ? ਉਹ ਮਨ ਵਿਚ ਹੀ ਹਿਸਾਬ-ਕਿਤਾਬ ਜਿਹਾ ਲਾਉਂਦਾ ਜਾ ਰਿਹਾ ਸੀ ਕਿ ਉਹਦੀ ਹਰਨਾਮੀ ਸ਼ਿਆਮੋ ਨਾਲ ਕਿਵੇਂ ਰਲ ਗਈ? ਸ਼ਿਆਮੋ ਤਾਂ !… ਹਰਨਾਮੀ ਅਜਿਹੀ ਨਹੀਂ ਹੋ ਸਕਦੀ। ਇਕਦਮ ਉਹਦੇ ਦਿਮਾਗ ਵਿਚ ਕੋਈ ਭੜਾਕਾ ਜਿਹਾ ਪਿਆ—ਭਦੌੜ ਦੀ ਵਸਾਖੀ ਦੇਖਣ ਗਈਆਂ ਵੀ ਉਹ ਉਸ ਰਾਤ ਪਿੰਡ ਨਹੀਂ ਮੁੜੀਆਂ ਸਨ। ਹਰਨਾਮੀ ਨੇ ਦੱਸਿਆ ਸੀ ਕਿ ਹੰਢਿਆਏ ਤੋਂ ਓਥੇ ਭਦੌੜ ਉਹਦੀ ਇਕ ਸਹੇਲੀ ਵਿਆਹੀ ਹੋਈ ਹੈ; ਤਖਾਣਾਂ ਦੀ ਕੁੜੀ ਐ। ਉਹ ਖਹਿੜੇ ਪੈ ਗਈ ਸੀ। ਆਉਣ ਹੀ ਨਹੀਂ ਦਿੱਤਾ ਸੀ। ਅਖੇ-‘ਅੱਜ ਆਈ ਐਂ ਲੋਟ, ਅੱਜ ਨੀ ਜਾਣ ਦੇਣਾ ਮੈਂ । ਕੱਲੀ ਨਾਲੋਂ ਉਹਨੇ ਸ਼ਿਆਮੋ ਨੂੰ ਵੀ ਨਾਲ ਰੱਖ ਲਿਆ।’ ਨਾਲ ਦੀ ਨਾਲ ਗਿੰਦਰ ਦੇ ਮਨ ਵਿਚ ਮੈਲ ਆਈ ਉਹ ਕਿਹੜਾ ਆਪ ਭਦੌੜ ਜਾ ਕੇ ਪੁੱਛ ਕੇ ਆਇਆ ਸੀ, ਤਖਾਣਾਂ ਦੇ ਘਰ, ਬਈ ਉਹ ਸੱਚੀਂ ਰਹੀਆਂ ਉਥੇ ਜਾਂ ਕਿੱਥੇ ਰਹੀਆਂ।
ਬੁੜ੍ਹੀ ਰੋਟੀਆਂ ਪਕਾ ਰਹੀ ਸੀ ਤੇ ਚੁੱਲ੍ਹੇ ਮੂਹਰੇ ਬੈਠੇ ਦੋਵੇਂ ਪੋਤੇ ਤੇ ਪਰਤਾਪਾ ਬੁੜ੍ਹਾ ਰੋਟੀ ਖਾ ਰਹੇ ਸਨ। ਚੁੱਪ-ਚਾਪ। ਕੋਈ ਕੁਝ ਨਹੀਂ ਬੋਲ ਰਿਹਾ ਸੀ। ਗਿੰਦਰ ਨੇ ਜਾ ਕੇ ਪੁੱਛਿਆ ਤਾਂ ਬੁੜ੍ਹੀ ਨੇ ਹਥਲਾ ਪੇੜਾ ਪਰਾਤ ਵਿਚ ਰੱਖ ਕੇ ਤਵੇ ਉੱਤੇ ਮਚਦੀ ਰੋਟੀ ਉੱਥਲਦਿਆਂ ਪੋਲਾ ਜਿਹਾ ਬੋਲ ਕੱਢਿਆ, ‘ਨਾ ਭਾਈ, ਅਜੇ ਤਾਈਂ ‘ਤਾਂ ਮੁੜੀ ਨੀ।’ ਹਨੇਰੇ ਵਿਚ ਖੜ੍ਹਾ ਹੋਣ ਕਰਕੇ ਉਹਦਾ ਮੂੰਹ ਤਾਂ ਬੁੜ੍ਹੀ ਨੂੰ ਦਿਸਿਆ ਨਾ, ਬੋਲ ਪਛਾਣ ਕੇ ਉਹਨੇ ਪੁੱਛਿਆ, ‘ਜਗਿੰਦਰ ਸੂ ਐਂ ਭਾਈ ?’
‘ਹਾਂ ਅੰਮਾਂ, ਮੈਂ ਆਂ।’ ਉਹਨੇ ਹੋਰ ਨੇੜੇ ਹੋ ਕੇ ਜਵਾਬ ਦਿੱਤਾ।
‘ਵੇ ਪੁੱਤ…’, ਬੁੜ੍ਹੀ ਅੱਗੇ ਨਾ ਬੋਲ ਸਕੀ। ਇਕ ਲੰਮਾ ਹਉਕਾ ਹੀ ਲਿਆ।
‘ਬਹਿ ਜਾ ਭਾਈ, ਪੀੜ੍ਹੀ ਲੈ ਲੈ । ਖੜ੍ਹਾ ਕਿਉਂ ਐਂ ? ਰੋਟੀ ਛਕ ਲੈ, ਪੱਕੀ ਜਾਂਦੀ ਐ।’ ਪਰਤਾਪੇ ਨੇ ਡੂੰਘਾ ਜਿਹਾ ਬੋਲ ਕੱਢਿਆ। ਗਿੰਦਰ ਦਾ ਓਥੇ ਖੜ੍ਹਨ ਨੂੰ ਜੀਅ ਨਹੀਂ ਕੀਤਾ। ਉਹਨੀਂ ਪੈਰੀਂ ਵਾਪਸ ਆ ਗਿਆ।
ਘਰ ਮੁੜਿਆ ਤਾਂ ਸਰ੍ਹੋਂ ਦੇ ਤੇਲ ਦਾ ਦੀਵਾ ਬਾਲ ਕੇ ਉਹਦਾ ਪਿਓ ਪਰਾਂਤ ਵਿਚ ਆਟਾ ਛਾਣ ਰਿਹਾ ਸੀ। ਪੈੜਚਾਲ ਸੁਣ ਕੇ ਬੋਲਿਆ, ‘ਓਏ ਕਿਉਂ, ਲੱਗਿਆ ਕੋਈ ਪਤਾ-ਸੁਤਾ ?
‘ਨਾ, ਅਹਾਂ ਦੇ ਘਰ ਕਹਾਂ। ਕੋਈ ਉੱਘ-ਸੁੱਘ ਨੀ ਮਿਲੀ।’ ਗਿੰਦਰ ਵਰਾਂਡੇ ਦੇ ਬਾਰ ਵਿਚ ਡਰਨੇ ਵਾਂਗ ਗੱਡਿਆ ਖੜ੍ਹਾ ਸੀ ।
‘ਚੰਗਾ, ਧਾਰ ਕੱਢ ਮਹਿੰ ਦੀ। ਕਦੋਂ ਦੀ ਰਿੰਗੀ ਜਾਂਦੀ ਐ। ਮੈਂ ਰੋਟੀ ਲਾਹ ਦਿੰਨਾ। ਗੰਢੇ-ਅਚਾਰ ਨਾਲ ਸਿੱਟ੍ਰ ਲਾਂ ਗੇ ਅੰਦਰ ਦੋ-ਦੋ ਬੁਰਕੀਆਂ।’ ਬੁੱਢਾ ਜਿਵੇਂ ਸਭ ਕੁਝ ਭੁੱਲ ਜਾਣਾ ਚਾਹੁੰਦਾ ਹੋਵੇ।
2
ਰੋਟੀ-ਟੁੱਕ ਦਾ ਨਿਬੇੜ ਕੇ ਗਿੰਦਰ ਨੇ ਦੁੱਧ-ਬਾਧ ਦਾ ਕੰਮ ਸਮੇਟਿਆ ਤੇ ਮੰਜਾ ਵਿਛਾ ਕੇ ਵਰਾਂਢੇ ਵਿਚ ਬਾਪ ਦੇ ਕੋਲ ਹੀ ਪੈ ਗਿਆ। ਪਿਓ-ਪੁੱਤ ਦੋਵੇਂ ਚੁੱਪ ਸਨ। ਕੁਝ ਵੀ ਕਹਿਣ ਵਾਲਾ ਨਹੀਂ ਸੀ। ਹੁਣ ਤੱਕ ਉਹ ਬਥੇਰਾ ਕਵ੍ਹੀਰਾ ਕਰ ਚੁੱਕੇ ਸਨ। ਗੱਲ ਗੱਲ ਉੱਤੇ ਬੁੜ੍ਹਾ ਠੰਡਾ ਛਿੜਕਦਾ ਰਿਹਾ ਸੀ। ਨਾਲ ਦੀ ਨਾਲ ਸਮਝੌਤੀਆਂ ਵੀ ਦਿੱਤੀਆਂ ਸਨ । ਗਿੰਦਰ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ, ਉਹ ਕੀ ਕਰੇ, ਕੀ ਨਾ ਕਰੇ । ਉਹਨੂੰ ਜੱਗ ਦਾ ਡਰ ਬਹੁਤਾ ਸੀ। ਕੀ ਕਹੇਗੀ ਦੁਨੀਆ ? ਕਿਹਰੇ ਕੀ ਬਹੂ ਮੇਲੇ ਗਈ ਮੁੜੀ ਹੀ ਨਹੀਂ । ਸੌ-ਸੌ ਗੱਲਾਂ ਬਣਾਉਣਗੇ ਲੋਕ। ਬੁੜ੍ਹੇ ਨੇ ਸੋਚਾਂ-ਫ਼ਿਕਰਾਂ ਦਾ ਸਾਗਰ ਤਰਦਿਆਂ ਗਿੰਦਰ ਨੂੰ ਕਿਹਾ ਕਿ ਉਹ ਦੀਵੇ ਉੱਤੇ ਫੂਕ ਮਾਰ ਦੇਵੇ | ਸੌਂ ਜਾਵੇ । ਵਾਹਿਗੁਰੂ ਕਰਨ ਵਾਲਾ ਹੈ ਸਭ ਕੁਝ। ਓਸੇ ਦੇ ਹੱਥ ਡੋਰ ਹੈ।
ਹਨੇਰੇ ਵਿਚ ਆਪੋ-ਆਪਣੇ ਮੰਜਿਆਂ ਉੱਤੇ ਪਏ ਪਿਓ-ਪੁੱਤ ਚਾਹੇ ਬਿਲਕੁਲ ਚੁੱਪ ਸਨ, ਕੋਈ ਵਾਰਤਾਲਾਪ ਨਹੀਂ ਚੱਲ ਰਿਹਾ ਸੀ, ਪਰ ਦੋਵਾਂ ਦੇ ਅੰਦਰ ਇਕ ਤੂਫ਼ਾਨੀ ਸ਼ੋਰ ਉੱਠਿਆ ਹੋਇਆ ਸੀ। ਥੋੜੀ ਥੋੜੀ ਦੇਰ ਬਾਅਦ ਬੁੜ੍ਹਾ ਖੰਘਦਾ ਤੇ ‘ਵਾਖਰੂ-ਵਾਖਰੂ’ ਕਰਨ ਲਗਦਾ । ਗਿੰਦਰ ਨੂੰ ਨੀਂਦ ਨਹੀਂ ਆ ਰਹੀ ਸੀ । ਉਹ ਅੱਖਾਂ ਮੀਚਦਾ ਤਾਂ ਉਹਦੇ ਅੰਦਰੋਂ ਡਰਾਉਣੇ ਸੁਫ਼ਨੇ ਉੱਠਣ ਲਗਦੇ। ਉਹ ਝੱਟ ਹੀ ਅੱਖਾਂ ਖੋਲ੍ਹ ਦਿੰਦਾ ਤੇ ਪਾਸਾ ਬਦਲਦਾ। ਉਹਦੇ ਅੰਦਰੋਂ ਇਕ ਲੰਮਾ ਸਾਹ ਨਿਕਲ ਜਾਂਦਾ । ਪਿਆ-ਪਿਆ ਹੀ ਉਹ ਦੰਦ ਕਿਰਚਦਾ, ‘ਇਕ ਵਾਰੀ ਆਵੇ ਤਾਂ ਸਹੀ ਕੁੱਤੀ-ਰੰਨ, ਹੱਡ ਨਾ ਭੰਨੇ ਤਾਂ ਜਾਣੂ ਕੀ।’ ਪਰ ਦੂਜੇ ਬਿੰਦ ਹੀ ਉਹਦਾ ਨਿੱਜ ਬਿਖਰਨ ਲਗਦਾ ਤੇ ਉਹ ਲੋਕ-ਲਾਜ ਬਾਰੇ ਸੋਚਦਾ, ‘ਚੱਲ, ਆ ਈ ਜਾਵੇ । ਗੱਲ ਧਰੀ-ਢਕੀ ਰਹਿ ਜੇ ।’
ਵਿਹੜੇ ਵਿਚ ਆ ਕੇ ਉਹਨੇ ਤਾਰੇ ਦੇਖੇ। ਰਾਤ ਅੱਧੀ ਟੱਪ ਗਈ ਸੀ। ਉਹਨੇ ਪਾਣੀ ਪੀਤਾ ਤੇ ਮੰਜੇ ਉੱਤੇ ਆ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਿਆ । ਬੁੜ੍ਹਾ ਘੁਰਾੜੇ ਮਾਰ ਰਿਹਾ ਸੀ। ਗਿੰਦਰ ਜਾਗੋ-ਮੀਟੀ ਹੀ ਪਿਆ ਸੀ, ਅਧਸੁੱਤਾ ਜਿਹਾ। ਉਹਨੇ ਦਰਵਾਜ਼ੇ ਦਾ ਬਾਹਰਲਾ ਕੁੰਡਾ ਖੜਕਦਾ ਸੁਣਿਆ। ਉਹ ਉੱਠਣ ਲੱਗਿਆ । ਇਸ ਵਾਰ ਕੁੰਡਾ ਹੋਰ ਜ਼ੋਰ ਦੀ ਖੜਕਿਆ। ਉਹ ਬੁੜ੍ਹਕ ਕੇ ਬੈਠਾ ਹੋ ਗਿਆ, ਝੱਟ ਦੇ ਕੇ ਜੋੜੇ ਪਾਏ ਤੇ ਵਿਹੜੇ ਵਿਚ ਆ ਖੜ੍ਹਾ। ਸੋਚਣ ਲੱਗਿਆ, ਕੌਣ ਹੋਇਆ ਇਹ ਏਸ ਵੇਲੇ ? ਦਰਵਾਜ਼ੇ ਦਾ ਅੰਦਰਲਾ ਕੁੰਡਾ ਖੋਲ੍ਹੇ ਜਾਂ ਨਾ ? ਕਿਤੇ ਕੋਈ ਗ਼ੈਰ ਬੰਦੇ ਹੀ ਨਾ ਹੋਣ ? ਮੇਲੇ ਵਾਲੀ ਰਾਤ ਐ, ਕੀ ਪਤੈ ਕਿਸੇ ਦਾ, ਕੋਈ ਕੀ ਮਨ ਵਿਚ ਧਾਰ ਕੇ ਆਇਆ ਹੋਵੇ। ਤੀਜੀ ਵਾਰ ਕੁੰਡਾ ਫੇਰ ਖੜਕਿਆ ਤੇ ਇਕ ਮੱਧਮ ਜਿਹੀ ਜ਼ਨਾਨੀ ਆਵਾਜ਼ । ਗਿੰਦਰ ਦਾ ਨਾਂ ਲਿਆ ਸੀ। ਉਹ ਅਣਮੰਨੇ ਜਿਹੇ ਮਨ ਨਾਲ ਦਰਵਾਜ਼ੇ ਤੱਕ ਗਿਆ ਤੇ ਕੁੰਡਾ ਖੋਲ੍ਹ ਦਿੱਤਾ। ਦੋ ਜ਼ਨਾਨੇ ਆਕਾਰ ਖੜ੍ਹੇ ਸਨ। ਬੋਲੇ ਤੋਂ ਪਤਾ ਲੱਗਿਆ ਕਿ ਉਹ ਸ਼ਿਆਮੋ ਹੈ, ਦੂਜੀ ਦਾ ਉਹਨੇ ਆਪ ਅੰਦਾਜ਼ਾ ਲਾ ਲਿਆ।
ਸ਼ਿਆਮੋ ਆਪਣੇ-ਆਪ ਹੀ ਦੇਹਲੀ ਟੱਪ ਆਈ। ਧੀਮੇ ਬੋਲ ਵਿਚ ਹਰਨਾਮੀ ਨੂੰ ਆਖਿਆ, ‘ਲੰਘ ਆ ਅੰਦਰ ਹੁਣ, ਇਹ ਤੈਨੂੰ ਕੀ ਆਖੂ ਗਾ ? ਜਦੋਂ ਸਾਰੀ ਗੱਲ ਦੱਸੀ, ਕਾਹਨੂੰ ਬੋਲੂਗਾ ਏਹੇ ।’
ਗਿੰਦਰ ਸੁੰਨ ਜਿਹਾ ਬਣਿਆ ਓਵੇਂ ਦਾ ਓਵੇਂ ਦਰਵਾਜ਼ੇ ਵਿਚ ਖੜ੍ਹਾ ਸੀ। ਦੋਵੇਂ ਜਣੀਆਂ ਅੰਦਰ ਵਿਹੜੇ ਵਿਚ ਆਈਆਂ ਤੇ ਕੋਲੇ ਨਾਲ ਖੜ੍ਹਾ ਮੰਜਾ ਡਾਹ ਕੇ ਬੈਠ ਗਈਆਂ। ਮੱਝ ਖੜ੍ਹੀ ਹੋ ਗਈ ਤੇ ਦੋ ਵਾਰ ਮਿੰਨ੍ਹਾ-ਮਿੰਨ੍ਹਾ ਰੋਗੀ। ਅਣਹੋਣੀਆਂ ਨੂੰ ਸ਼ਾਇਦ ਪਸ਼ੂ ਵੀ ਭਾਂਪ ਜਾਂਦੇ ਹੋਣਗੇ।
‘ਗਿੰਦਰ ਸਿਆਂ, ਕੁੰਡਾ ਲਾ ਦੇ, ਭਾਈ, ਦਰਵਾਜ਼ੇ ਦਾ। ਸਾਡੇ ਕੋਲ ਆ ਜਾ ।’ ਸ਼ਿਆਮੋ ਨੇ ਦਬਵਾਂ ਜਿਹਾ ਬੋਲ ਕੱਢਿਆ।
ਗਿੰਦਰ ਨੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾਉਂਦਿਆਂ ਧਰਤੀ ਨਿਸ਼ਕਾਰੀ, ‘ਚੱਲ ਠੀਕ ਐ, ਆ ਤਾਂ ਗਈ ਘਰੇ ।’ ਇਕ ਬਿੰਦ ਉਹਨੇ ਇਹ ਵੀ ਸੋਚਿਆ ਕਿ ਹੁਣੇ ਫਹੁੜਾ ਚੁੱਕ ਲਵੇ ਤੇ ਕੁੱਤੀ ਜਾਤ ਦੇ ਮੌਰ ਭੰਨ ਸੁੱਟੇ। ਪਰ ਬਿਗਾਨੀ ਤੀਵੀਂ ਨਾਲ ਹੋਣ ਕਰਕੇ ਉਹਦੇ ਮਨ ਵਿਚੋਂ ਇਹ ਖ਼ਿਆਲ ਤੁਰੰਤ ਹੀ ਉੱਡ ਗਿਆ। ਮੰਜੇ ਤੋਂ ਆਪ ਉੱਠ ਕੇ ਸ਼ਿਆਮੋ ਗਿੰਦਰ ਕੋਲ ਆਈ ਤੇ ਹੌਲ਼ੀ ਹੌਲ਼ੀ ਦੱਸਣ ਲੱਗੀ, ‘ਕੀ ਕਰਦੀਆਂ ਭਾਈ, ਸਾਨੂੰ ਤਾਂ ਉਲਟਾ ਉਲਝਾਅ ਪੈ ਗਿਆ ਓਥੇ, ਡੁੱਬਣਾ। ਗੁੰਮਟੀ ਦੀ ਇਕ ਜਨਾਨੀ ਦੇ ਗਲ ‘ਚੋਂ ਕਿਸੇ ਨੇ ਸਿੰਗ-ਤਵੀਤ ਤੋੜ ਲੇ। ਪੁਲਸ ਤਾਂ ਸਾਡੇ ਖਹਿੜੇ ਪੈ ਗੀ।ਅਸੀਂ ਕੋਲੇ ਖੜ੍ਹੀਆਂ ਸੀ । ਜਨਾਨੀ ਵੀ ਹਿੰਡ ਨੂੰ ਪਿੱਛਾ ਨਾ ਦੇਵੇ, ਅਖੇ ਹਾਂ ਹਾਂ, ਇਹ ਤੀਮੀਆਂ ਈ ਮੇਰੇ ਗਲ ਕੋਲ ਹੋਈਆਂ ਸੀ। ਕਣ ਰਹਿ ਗੇ ਭਾਈ, ਗਿੰਦਰ ਸਿਆਂ, ਸਾਨੂੰ ਮਾਰਿਆ ਨੀ, ਕੁੱਟਿਆ ਨੀ ਪੁਲਸ ਨੇ, ਹੱਥ ਵੀ ਨੀ ਲਾਇਆ, ਪਰ ਕਸਰ ਕੋਈ ਨੀ ਛੱਡੀ । ਝਈਆਂ ਲੈ ਲੈ ਪਵੇ ਛੋਟਾ ਠਾਣੇਦਾਰ। ਟੁੱਟ ਜਾਣਾ। ਅਖ਼ੀਰ ਸੇਲਬਰਾਹ ਦੇ ਦੋ ਨੰਬਰਦਾਰਾਂ ਨੇ ਸਾਡੀ ਜਾਨ ਛੁਡਾਈ । ਅਸੀਂ ਤਾਂ ਜਾਣਦੀਆਂ ਵੀ ਨੀ ਸੀ ਵਚਾਰਿਆਂ ਨੂੰ । ਕਹਿੰਦੇ, ਇਹ ਬੁੜ੍ਹੀਆਂ ਕਿਤੇ ਅਹਿਓ ਜਾ ਕੰਮ ਕਰਨ ਆਲੀਆਂ ਦਿਸਦੀਆਂ ਨੇ ਥੋਨੂੰ ? ਸਾਡਾ ਪਿੰਡ ਪੁੱਛਿਆ, ਘਰ ਆਲਿਆਂ ਦੇ ਨਾਉਂ, ਕਿਹੜੀ ਜਾਤ ਦੀਓਂ । ਪੂਰੀ ਪੜਤਾਲ ਕੀਤੀ ਭਾਈ। ਨੰਬਰਦਾਰ ਵਚਾਰੇ, ਵਸਦਾ ਰਹੇ ਨਗਰ-ਖੇੜਾ ਉਹਨਾਂ ਦਾ, ਆਪ ਸਾਨੂੰ ਪਿੰਡ ਦੀਆਂ ਨਿਆਈਆਂ ਤੱਕ ਛੱਡ ਕੇ ਗਏ ਨੇ, ਜਿਉਣ ਜੋਗੇ। ਆਹ ਵੇਲਾ ਆ ਗਿਆ, ਦੇਖ ਲੈ। ਮੁਸੀਬਤ ਨਾ ਪਵੇ ਕਿਸੇ ਨੂੰ ਭਾਈ। ਇਹਦਾ ਕੋਈ ਕਸੂਰ ਨੀ ਵਚਾਰੀ ਦਾ। ਕਿਤੇ ਹਬਕ-ਦਬਕ ਕਰਦਾ ਫਿਰੇਂਗਾ ਇਹਨੂੰ । ਤੇ ਫੇਰ ਸ਼ਿਆਮੋ ਨੇ ਹਰਨਾਮੀ ਨੂੰ ਝਿੜਕੀ ਦਿੱਤੀ, ‘ਚੱਲ ਨੀ, ਪੈ ਅੰਦਰ ਜਾ ਕੇ। ਕਿਮੇਂ ਬੈਠੀ ਐਂ, ਡੱਡਰੀ ਜੀ।’ ਤੇ ਅਗਲੇ ਬਿੰਦ ਹੀ ਉਹਨੇ ਗਿੰਦਰ ਨੂੰ ਆਖਿਆ, ‘ਚੱਲ ਭਾਈ, ਹੁਣ ਮੈਨੂੰ ਵੀ ਘਰੇ ਛੱਡ ਆ। ਬੁੜ੍ਹਾ ਨਾ ਕੁਸ਼ ਕਹੇ ਮੈਨੂੰ । ਬੰਦੇ ਨੂੰ ਬੰਦਾ ਤਾਂ ਸਮਝਾ ਦਿੰਦਾ ਹੁੰਦੈ। ਤੂੰ ਤਾਂ ਸਿਆਣਾ ਸੀ, ਸਮਝ ਗਿਆ।’
ਗਿੰਦਰ ਉੱਤੇ ਸ਼ਿਆਮੋ ਦੀਆਂ ਗੱਲਾਂ ਦਾ ਕੁਝ ਕੁਝ ਅਸਰ ਹੋ ਗਿਆ ਸੀ। ਉਹਨੇ ਗੰਧਾਲਾ ਲਿਆ ਤੇ ਕੁੰਡਾ ਖੋਲ੍ਹ ਕੇ ਸ਼ਿਆਮੋ ਦੇ ਨਾਲ ਉਹਨੂੰ ਉਹਦੇ ਘਰ ਛੱਡਣ ਲਈ ਚੱਲ ਪਿਆ।
ਆਪਣੇ ਘਰ ਨੂੰ ਮੁੜਿਆ ਆਉਂਦਾ ਉਹ ਸੋਚ ਰਿਹਾ ਸੀ, ਸ਼ਿਆਮੋ ਵਿਚੋਂ ਜਿਵੇਂ ਸ਼ਰਾਬ ਦਾ ਮੁਸ਼ਕ ਮਾਰਦਾ ਹੋਵੇ, ਪਰ ਇਸ ਗੱਲ ਨੂੰ ਉਹਨੇ ਬਹੁਤਾ ਨਾ ਗੌਲਿਆ । ਸਭ ਨੂੰ ਪਤਾ ਸੀ ਕਿ ਉਹ ਪੀਂਦੀ ਹੈ।ਉਹਦੇ ਵਾਸਤੇ ਇਹ ਕੋਈ ਨਵੀਂ ਗੱਲ ਨਹੀਂ ਸੀ। ਉਹਦੇ ਸੱਸ-ਸਹੁਰਾ ਕੁਸਕੇ ਤੱਕ ਨਹੀਂ ਸਨ। ਸੱਸ ਨੇ ਉੱਠ ਕੇ ਕੁੰਡਾ ਖੋਲ੍ਹਿਆ ਸੀ। ਗਿੰਦਰ ਨਾਲ ‘ਚੰਗਾ ਭਾਈ, ਚੰਗਾ ਭਾਈ’ ਕੀਤਾ ਸੀ । ਸ਼ਿਆਮੋ ਦੜਦੜਾਉਂਦੀ ਅੰਦਰ ਸਬਾਤ ਵਿਚ ਜਾ ਵੜੀ ਸੀ। ਤੇ ਫੇਰ ਗਿੰਦਰ ਆਪ ਹੀ ਬੁੜ੍ਹੀ ਨੂੰ ਦੱਸ ਆਇਆ ਸੀ ਕਿ ਹਰਨਾਮੀ ਵੀ ਆ ਗਈ ਹੈ।
ਘਰ ਆ ਕੇ ਗਿੰਦਰ ਨੇ ਦੇਖਿਆ, ਹਰਨਾਮੀ ਵਿਹੜੇ ਵਿਚ ਹੀ ਉੱਤੇ ਖੇਸ ਲੈ ਕੇ ਅਲਾਣੀ ਮੰਜੀ ਉੱਤੇ ਪਈ ਹੋਈ ਹੈ। ਪਤਾ ਨਹੀਂ ਸੀ ਲੱਗ ਰਿਹਾ, ਉਹ ਜਾਗਦੀ ਹੈ ਜਾਂ ਸੌਂ ਗਈ ਹੈ।ਗਿੰਦਰ ਨੇ ਵੀ ਉਹਨੂੰ ਬੁਲਾਇਆ ਨਹੀਂ। ਸੋਚਿਆ, ਚੱਲ ਤੜਕੇ ਕਰਾਂਗੇ ਹੁਣ ਗੱਲ। ਅੱਧੀ ਰਾਤ ਐਵੇਂ ਝੱਜੂ ਪਵੇਗਾ। ਗਵਾਂਢੀ ਜਾਗ ਉੱਠਣਗੇ। ਉਹ ਵਰਾਂਡੇ ਵਿਚ ਆਪਣੇ ਮੰਜੇ ਉੱਤੇ ਗਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਉਹਦਾ ਜੀਅ ਸੀ, ਉਹ ਬਾਪੂ ਨੂੰ ਜਗਾ ਕੇ ਹਰਨਾਮੀ ਨੂੰ ਰੋਟੀ ਤਾਂ ਪੁੱਛ ਲਵੇ। ਦੋ ਰੋਟੀਆਂ ਬਚੀਆਂ ਪਈਆਂ ਸਨ । ਅਚਾਰ ਨਾਲ ਖਾ ਲਵੇਗੀ। ਓਥੇ ਕੀਹਨੇ ਦਿੱਤੀਆਂ ਹੋਣੀਆਂ ਨੇ ਇਹਨਾਂ ਨੂੰ ਪੋਲੀਆਂ । ਕੀ ਪਤਾ, ਕੀ ਕੱਮਕਲੀ ਕਰਕੇ ਆਈ ਹੈ। ਪਰ ਫੇਰ ਵੀ ਘਰ ਦਾ ਜੀਅ ਐ। ਦਰਦ ਤਾਂ ਫੇਰ ਵੀ ਆਉਂਦੈ। ਪਰ ਉਹਨੇ ਕੁਝ ਵੀ ਨਾ ਕੀਤਾ। ਅੱਖਾਂ ਮੀਚ ਲਈਆਂ। ਸੋਚਿਆ, ਆਪੇ ਨੀਂਦ ਆ ਜਾਵੇਗੀ।
ਤੜਕੇ ਉੱਠ ਕੇ ਗਿੰਦਰ ਨੇ ਆਪ ਹੀ ਚਾਹ ਬਣਾਈ। ਗੜਵੀ ਭਰ ਕੇ ਤੇ ਬਾਟੀ ਬਾਪੂ ਦੇ ਸਰ੍ਹਾਣੇ ਰੱਖ ਦਿੱਤੀ। ਦੋ ਬਾਟੀਆਂ ਵਿਚ ਬਾਕੀ ਦੀ ਚਾਹ ਪਾ ਲਈ। ਆਪਣੀ ਬਾਟੀ ਪੀ ਕੇ ਉਹਨੇ ਦੂਜੀ ਬਾਟੀ ਚੁੱਕੀ ਤੇ ਹਰਨਾਮੀ ਦੇ ਸਰ੍ਹਾਣੇ ਜਾ ਖੜ੍ਹਾ। ਮੋਹ ਜਿਹੇ ਨਾਲ ਬੋਲਿਆ, ‘ਲੈ ਉੱਠ ਖੜ੍ਹ। ਚਾਹ ਪੀ ਲੈ । ਪੀਣ ਵਾਲੀ ਈ ਐ।’
ਹਰਨਾਮੀ ਨੇ ਪਾਸਾ ਜਿਹਾ ਮਾਰਿਆ ਤੇ ਫੇਰ ਸਿੱਧੀ ਹੋ ਕੇ ਅਗਵਾੜੀ ਭੰਨੀ। ਉਹਦਾ ਸਰੀਰ ਟੁੱਟਿਆ ਪਿਆ ਸੀ । ਦੂਜੀ ਵਾਰ ਆਖਣ ਨਾਲ ਉਹ ਬੈਠੀ ਹੋ ਗਈ ਤੇ ਗਿੰਦਰ ਹੱਥੋਂ ਬਾਟੀ ਫੜਕੇ ਚਾਹ ਪੀਣ ਲੱਗੀ।
ਖਾਲੀ ਬਾਟੀ ਫੜਕੇ ਗਿੰਦਰ ਉਹਦੀ ਮੰਜੀ ਉੱਤੇ ਉਹਦੇ ਕੋਲ ਜਿਹੇ ਹੋ ਕੇ ਬੈਠ ਗਿਆ । ਕਿਸੇ ਮੋਹ ਜਿਹੇ ਵਿਚ ਆ ਕੇ। ਬੈਠਦਿਆਂ ਹੀ ਉਹਨੂੰ ਲੱਗਿਆ ਜਿਵੇਂ ਹਰਨਾਮੀ ਦੇ ਕਪੜਿਆਂ ਵਿਚੋਂ ਸ਼ਰਾਬ ਦੀ ਬੂ ਆ ਰਹੀ ਹੋਵੇ। ਉਹਨੇ ਹਰਨਾਮੀ ਨੂੰ ਆਖਿਆ, ‘ਉੱਠ ਖੜ੍ਹ ਹੁਣ, ਐਡਾ ਦਿਨ ਚੜ੍ਹਿਆ ਪਿਐ। ਬਾਹਰ ਜੰਗਲ ਪਾਣੀ ਜਾ ਆ।’
ਉਹ ਬੋਲੀ, ‘ਉਠਦੀ ਆਂ ਉੱਠਣ ਨੂੰ ਕੀਹ ਐ। ਉੱਠਣਾ ਈ ਐ।
ਗਿੰਦਰ ਨੇ ਉਹਦੇ ਸਿਰ ਉਤਲੇ ਦੁੱਪਟੇ ਦਾ ਲੜ ਫੜ ਕੇ ਸੁੰਘਿਆ ਤੇ ਕਹਿਣ ਲੱਗਿਆ, ‘ਇਹ ਸ਼ਰਾਬ ਵਰਗਾ ਮੁਸ਼ਕ ਜਾ ਕਿਉਂ ਮਾਰਦੈ ?’
‘ਐਮੇਂ ਲਗਦੈ ਤੈਨੂੰ। ਕਦੇ ਖਾਧੀ ਨਾ, ਪੀਤੀ ਨਾ, ਤੈਨੂੰ ਸ਼ਰਾਬਾਂ ਦਾ ਕੀ ਪਤੈ, ” ਉਹ ਬੋਲੀ।
‘ਹੋਰ ਤੈਨੂੰ ਪਤੈ ?” ਗਿੰਦਰ ਹੱਸ ਪਿਆ।
‘ਦੰਦ ਕੱਢ ਲੇ ।’ ਹਰਨਾਮੀ ਨੇ ਮੂੰਹ ਜਿਹਾ ਮਰੋੜਿਆ।
ਗਿੰਦਰ ਨੂੰ ਉਹਦਾ ਹੋਰ ਮੋਹ ਜਿਹਾ ਆਇਆ। ਵਰਾਂਢੇ ਵਿਚ ਚਾਹ ਪੀਣ ਬਾਅਦ ਬਾਪੂ ਫੇਰ ਮੰਜੇ ਉੱਤੇ ਪੈ ਗਿਆ ਸੀ। ਹੌਲ਼ੀ ਹੌਲ਼ੀ ਖੰਘ ਰਿਹਾ ਸੀ। ਉਹਦੇ ਵਲ ਝਾਤ ਜਿਹੀ ਮਾਰ ਕੇ ਗਿੰਦਰ ਹਰਨਾਮੀ ਵੱਲ ਅਹੁਲਿਆ। ਉਹਦਾ ਸਰੀਰ ਪੰਘਰਨ ਲੱਗਿਆ ਸੀ । ਮਗਰਲੇ ਪਾਸਿਓਂ ਹਰਨਾਮੀ ਦੇ ਮੋਢੇ ਉੱਤੋਂ ਦੀ ਸੱਜੀ ਬਾਂਹ ਪਾ ਕੇ ਖੱਬੇ ਹੱਥ ਨਾਲ ਉਹਨੇ ਉਹਦੀ ਠੋਡੀ ਫੜੀ ਤੇ ਉਹਦੀ ਗੱਲ੍ਹ ਨਾਲ ਆਪਣੀ ਗੱਲ੍ਹ ਲਾ ਦਿੱਤੀ। ਪਰ ਉਹ ਝੱਟ ਹੀ ਪਰ੍ਹਾਂ ਹੋ ਗਿਆ। ਹਰਨਾਮੀ ਨੇ ਖੁਦ ਹੀ ਮੋਢੇ ਝੰਜਕ ਕੇ ਉਹਨੂੰ ਵਰਜ ਦਿੱਤਾ ਸੀ। ਇਸ ਵਾਰ ਤਾਂ ਉਹਨੂੰ ਹੋਰ ਵੀ ਸ਼ੱਕ ਹੋਇਆ। ਹਰਨਾਮੀ ਦੇ ਮੂੰਹ ਤੇ ਨਾਸਾਂ ਵਿਚੋਂ ਕੋਈ ਗੰਦੀ ਜਿਹੀ ਹਵਾੜ ਆਈ ਸੀ। ਪਰ ਇਸ ਵਾਰ ਉਹਨੇ ਹਰਨਾਮੀ ਨੂੰ ਕੋਈ ਗੱਲ ਨਾ ਆਖੀ।
ਹਰਨਾਮੀ ਮੰਜੀ ਉੱਤੋਂ ਉੱਠੀ, ਆਪਣੀ ਜੁੱਤੀ ਪਾਈ ਤੇ ਟੰਗਣੇ ਉਤੋਂ ਦੂਜਾ ਦੁੱਪਟਾ ਸਿਰ ਉੱਤੇ ਲੈ ਕੇ ਕੁੜਤੀ-ਸਲਵਾਰ ਦੇ ਵਲ ਜਿਹੇ ਕੱਢਣ ਲੱਗੀ। ਬੁੜ੍ਹੇ ਨੇ ਸਿਰ ਭੰਵਾ ਕੇ ਉਹਦੇ ਵੱਲ ਦੇਖਿਆ। ਪਰ ਬੋਲਿਆ ਕੁਝ ਨਾ। ਪਾਣੀ ਦੀ ਗੜਵੀ ਭਰਕੇ ਹਰਨਾਮੀ ਘਰੋਂ ਬਾਹਰ ਹੋ ਗਈ।
ਗਿੰਦਰ ਦਾ ਜੀਅ ਕੀਤਾ ਕਿ ਉਹ ਕੱਕੇ ਰੇਤੇ ਦੀ ਢੇਰੀ ਕੋਲ ਪਏ ਚਾਹ ਵਾਲੇ ਭਾਂਡੇ ਮਾਂਜ ਲਵੇ। ਘਰ ਦੇ ਤੀਵੀਆਂ ਵਾਲੇ ਕੰਮ ਕਰਨ ਲੱਗਿਆਂ ਉਹਨੂੰ ਕਦੇ ਕੋਈ ਸ਼ਰਮ ਨਹੀਂ ਆਈ ਸੀ। ਇਕ ਆਦਤ ਬਣੀ ਹੋਈ ਸੀ, ਜੋ ਅਜੇ ਤੱਕ ਵੀ ਕਾਇਮ ਸੀ। ਹਰਨਾਮੀ ਤੋਂ ਪਹਿਲਾਂ ਉਹ ਆਪ ਹੀ ਤਾਂ ਚੁੱਲ੍ਹੇ * ਦਾ ਕੰਮ ਕਰਿਆ ਕਰਦਾ ਸੀ । ਬੁੜ੍ਹਾ ਵੀ ਕਰ ਲੈਂਦਾ ਸੀ। ਘਰ ਵਿਚ ਹੋਰ ਕੌਣ ਸੀ ਕਰਨ ਵਾਲਾ । ਬੁੜ੍ਹਾ ਹੌਲੀ ਹੌਲੀ ਮੰਜੇ ਤੋਂ ਉੱਠਿਆ । ਸੋਟੀ ਫੜ ਕੇ ਬਾਹਰ ਨੂੰ ਜਾਣ ਲੱਗਿਆ ਕਹਿੰਦਾ, ‘ਗਿੰਦਰਾ, ਆਖੀਂ-ਵੇਖੀਂ ਕੁਸ ਨਾ ਬਹੂ ਨੂੰ, ਐਮੇਂ ਕੜ੍ਹੀ ਘੋਲ ਬੈਠੇਗਾ। ਸਿਆਣਾ ਬਣੀਂ।
ਬੁੜ੍ਹੇ ਦੀ ਗੱਲ ਨੇ ਗਿੰਦਰ ਦੇ ਦਿਮਾਗ ਵਿਚ ਕੋਈ ਬੇਮਲੂਮਾ ਜਿਹਾ ਜਿਵੇਂ ਪਲੀਤਾ ਦਾਗ ਦਿੱਤਾ ਹੋਵੇ। ਭਾਂਡੇ ਮਾਂਜਣੇ ਛੱਡ ਕੇ ਉਹ ਅੰਦਰ ਟੰਗਣੇ ਕੋਲ ਗਿਆ ਤੇ ਹਰਨਾਮੀ ਦਾ ਰਾਤ ਵਾਲਾ ਦੁੱਪਟਾ ਹੱਥਾਂ ਵਿਚ ਫੜ ਕੇ ਸੁੰਘਣ ਲੱਗਿਆ। ਸ਼ਰਾਬ ਤੇ ਭੁੱਜੇ ਮਸਾਲੇ ਦੀ ਰਲੀ ਮਿਲੀ ਜਿਹੀ ਬੋਅ ਆ ਰਹੀ ਸੀ। ਵਿਹੜੇ ਵਿਚ ਆ ਕੇ ਉਹਨੇ ਦੁੱਪਟਾ ਆਪਣੇ ਦੋਵੇਂ ਹੱਥਾਂ ਵਿਚ ਫੈਲਾਅ ਲਿਆ। ਹਲਦੀ ਦੇ ਦਾਗ ਸਾਫ਼ ਨਜ਼ਰ ਆ ਰਹੇ ਸਨ। ਇਕੱਠਾ ਕਰਕੇ ਉਹਨੇ ਦੁਪੱਟੇ ਨੂੰ ਫੇਰ ਸੁੰਘਿਆ। ਉਹਨੇ ਸ਼ਰਾਬ ਕਦੇ ਪੀਤੀ ਨਹੀਂ ਸੀ ਤੇ ਨਾ ਹੀ ਮਾਸ ਖਾਧਾ ਸੀ । ਪਰ ਹਾਣੀ ਮੁੰਡਿਆਂ ਵਿਚ ਬੈਠ ਕੇ ਉਹਨੇ ਉਹ ਸ਼ਰਾਬ ਪੀਂਦੇ ਤੇ ਮਾਸ ਖਾਂਦੇ ਦੇਖੇ ਜ਼ਰੂਰ ਸਨ। ਚੁੱਲ੍ਹੇ ਉੱਤੇ ਰਿਝਦੇ ਮਾਸ ਦੀ ਬੋ ਤੋਂ ਉਹਦੀਆਂ ਨਾਸਾਂ ਵਾਕਫ ਸਨ। ਕਿਸੇ ਦੇ ਬਾਹਰਲੇ ਘਰ ਬੱਕਰਾ ਰਿਝ ਰਿਹਾ ਹੁੰਦਾ ਤੇ ਮੁੰਡਿਆਂ ਦੀ ਢਾਣੀ ਸ਼ਰਾਬ ਪੀ ਰਹੀ ਹੁੰਦੀ ਤਾਂ ਉਹ ਗਿੰਦਰ ਨੂੰ ਵੀ ਬੁਲਾ ਲੈਂਦੇ । ਵਿਹਲਾ ਬੈਠਾ ਉਹ ਸ਼ਰਾਬੀਆਂ ਨੂੰ ਪਾਣੀ-ਧਾਣੀ ਦਿੰਦਾ ਰਹਿੰਦਾ। ਬੋਤਲ ਵਿਚੋਂ ਸ਼ਰਾਬ ਉਹਨਾਂ ਦੀ ਕੌਲੀ ਵਿਚ ਪਾ ਦਿੰਦਾ। ਹੋਰ ਕੁਝ ਨਹੀਂ ਤਾਂ ਉਹਨੂੰ ਪਤੀਲੇ ਵਿਚ ਕੜਛੀ ਮਾਰਨ ਲਈ ਹੀ ਕਹਿ ਦਿੰਦੇ।
ਗਿੰਦਰ ਦੇ ਦਿਮਾਗ ਵਿਚ ਫਰਨ ਦੇ ਕੇ ਇਕ ਗੱਲ ਘੁੰਮ ਗਈ, ਹਰਨਾਮੀ ਨੇ ਕੱਲ੍ਹ ਮੇਲੇ ਵਿਚ ਸ਼ਿਆਮੋ ਨਾਲ ਰਲ ਕੇ ਸ਼ਰਾਬ ਪੀਤੀ ਹੈ ਤੇ ਮਾਸ ਵੀ ਖਾਧਾ ਹੈ। ਸ਼ਰਾਬ-ਮਾਸ ਵਾਲਾ ਮੂੰਹ ਜ਼ਰੂਰ ਹੀ ਉਹ ਇਸ ਦੁਪੱਟੇ ਨਾਲ ਪੂੰਝਦੀ ਰਹੀ ਹੋਵੇਗੀ। ਉਹਦਾ ਸਿਰ ਚਕਰਾਇਆ । ਕਲਜੁਗ ਐ। ਇਹ ਤਾਂ ਕਦੇ ਨਹੀਂ ਸੁਣਿਆ ਸੀ ਕਿ ਤੀਵੀਆਂ ਸ਼ਰਾਬ ਪੀਂਦੀਆਂ ਹੋਣ। ਪਿੰਡ ਵਿਚ ਅੱਗੇ ਤਾਂ ਇਕ ਸ਼ਿਆਮੋ ਸੀ, ਇਹ ਦੂਜੀ ਸ਼ਿਆਮੋ ਜੰਮ ਪਈ। ਉਹ ਵੀ ਉਹਦੇ ਆਪਣੇ ਘਰ। ਉਹਨੂੰ ਆਪਣੇ ਘਰ ਨਾਲ ਹੀ ਬੜੀ ਗਲਾਨੀ ਹੋਈ। ਉਹਦਾ ਜੀਅ ਕੀਤਾ ਕਿ ਉਹ ਆਪਣਾ ਗੰਧਾਲਾ ਹਰਨਾਮੀ ਦੀ ਵੱਖੀ ਵਿਚ ਖੋਭ ਦੇਵੇ। ਉਹਨੂੰ ਥਾਂ ਦੀ ਥਾਂ ਢੇਰੀ ਕਰ ਦੇਵੇ । ਜਾਂ ਆਪ ਖੂਹ ਵਿਚ ਛਾਲ ਮਾਰ ਦੇਵੇ। ਅਜਿਹੀ ਬਦਕਾਰ ਔਰਤ ਨਾਲੋਂ ਤਾਂ ਬੰਦਾ ਨਿੱਧਰਾ ਚੰਗਾ। ਇਸ ਨਾਲੋਂ ਤਾਂ ਬੰਦਾ ਸੱਖਣਾ ਹੀ ਮਰ ਜਾਵੇ। ਸੱਪ ਵਾਂਗ ਜ਼ਹਿਰ ਘੋਲਦਾ ਉਹ ਦਾਤੀ-ਰੱਸਾ ਲੱਭਣ ਲੱਗਿਆ। ਹੱਥ ਵਿਚ ਦਾਤੀ ਤੇ ਮੋਢੇ ਢੀਂਡੀ ਵਾਲਾ ਰੱਸਾ ਧਰ ਕੇ ਉਹ ਘਰੋਂ ਬਾਹਰ ਹੋ ਗਿਆ। ਦਰਵਾਜ਼ੇ ਦਾ ਬਾਰ ਵੀ ਨਾ ਭੇੜਿਆ।
ਖੇਤ ਜਾ ਕੇ ਉਹਨੇ ਕੱਖਾਂ ਦੀ ਭਰੀ ਵੱਢੀ ਰੱਸੇ ਨਾਲ ਭਰੀ ਬੰਨ੍ਹ ਕੇ ਦਾਤੀ ਵਿਚ ਹੀ ਗੱਡ ਦਿੱਤੀ। ਉਹਨੇ ਭਰੀ ਚੁੱਕਣ ਲਈ ਆਪਣਾ ਸਾਰਾ ਤਾਣ ਲਾ ਕੇ ਦੇਖਿਆ, ਪਰ ਭਰੀ ਚੁੱਕੀ ਨਾ ਗਈ। ਪਹਿਲਾਂ ਤਾਂ ਉਹ ਆਪ ਹੀ ਭਰੀ ਚੁੱਕ ਲੈਂਦਾ ਸੀ, ਇਕੋ ਝਟਕੇ ਨਾਲ। ਅੱਜ ਉਹਨੂੰ ਕੀ ਹੋ ਗਿਆ ? ਉਹ ਪਰ੍ਹਾਂ ਜਾ ਕੇ ਟਾਹਲੀ ਥੱਲੇ ਖਾਲ ਦੀ ਵੱਟ ਉੱਤੇ ਬੈਠ ਗਿਆ ਤੇ ਭਰੀ ਚੁਕਵਾਉਣ ਲਈ ਕਿਸੇ ਆਉਂਦੇ-ਜਾਂਦੇ ਨੂੰ ਉਡੀਕਣ ਲੱਗਿਆ।
3
ਹਰਨਾਮੀ ਦੋ ਭਾਈਆਂ ਦੀ ਇਕੱਲੀ ਭੈਣ ਸੀ। ਦੋਵਾਂ ਤੋਂ ਛੋਟੀ। ਦੋਵੇਂ ਭਰਾ ਵਿਆਹੇ ਹੋਏ ਸਨ। ਅਗਾਂਹ ਉਹਨਾਂ ਦੇ ਇਕ-ਇਕ, ਦੋ-ਦੋ ਜੁਆਕ ਸਨ । ਹਰਨਾਮੀ ਘਰ ਵਿਚ ਬਹੁਤਾ ਕੰਮ ਨਾ ਕਰਦੀ। ਸ਼ੁਰੂ ਤੋਂ ਹੀ ਉਹਨੂੰ ਚੰਗੇ ਕੱਪੜੇ-ਲੀੜੇ ਪਾਉਣ ਤੇ ਖੁੱਲ੍ਹਾ-ਡੁਲ੍ਹਾ ਖਾਣ-ਪੀਣ ਨੂੰ ਮਿਲਦਾ ! ਰੰਗ ਗੋਰਾ, ਪਰ ਕੱਦ ਮਧਰਾ ਸੀ । ਗਲ ਕਾਲੀ ਗਾਨੀ ਵਿਚ ਸੋਨੇ ਦੀ ਤਵੀਤੀ ਪਾ ਕੇ ਰਖਦੀ। ਹੱਥ ਨੂੰ ਰੋ ਪੌਂਚੀ ਬੰਨ੍ਹਦੀ। ਘਰ ਵਿਚ ਟਿਕ ਕੇ ਮਸਾਂ ਹੀ ਬੈਠਦੀ। ਸਾਰਾ ਦਿਨ ਲੋਕਾਂ ਦੇ ਕੌਲੇ ਕਛਦੀ ਰਹਿੰਦੀ। ਕਦੇ ਓਸ ਘਰ, ਕਦੇ ਓਸ ਘਰ। ਇਕੋ ਚਾਦਰ ਨੂੰ ਮਹੀਨਾ ਮਹੀਨਾ ਕਢਦੀ ਰਹਿੰਦੀ। ਅੱਖਾਂ ਵਿਚ ਲਿਅ ਪਾ ਕੇ ਰਖਦੀ। ਉਹਦੀਆਂ ਅੱਖਾਂ ਮੋਟੀਆਂ ਮੋਟੀਆਂ ਸਨ। ਗੋਲ-ਗੋਲ । ਕਾਗਜ਼ੀ ਲੱਖਾਂ ਦੀਵਚ ਆਅ ਵਿਚਾਲਿਓਂ ਚੀਰੀਆਂ ਦੋ ਫਾੜੀਆਂ। ਹਰਨਾਮੀ ਨੂੰ ਗੀਤ ਬੜੇ ਆਉਂਦੇ ਸਨ। ਬੋਲੀਆਂ ਤੇ ਸਪੇ। ਕਿਸੇ ਘਰ ਕੁੜੀ ਦੇ ਵਿਆਹ ਹੁੰਦਾ ਤਾਂ ਗੀਤ ਗਾਉਣ ਵਿਚ ਉਹ ਸਭ ਨੂੰ ਹੰਭਾਅ ਦਿੰਦੀ। ਬਰਾਤੀਆਂ ਨੂੰ ਘੜ-ਘੜ ਕੇ ਸਿੱਠਣੀਆਂ ਦਿੰਦੀ। ਉਹਦਾ ਬੋਲ ਸੁਣ ਕੇ ਬਰਾਤੀ ਰੋਟੀ ਛੱਡ ਕੇ ਬੈਠ ਜਾਂਦੇ । ਤੇ ਫੇਰ ਕੁੜੀ ਡੋਲੀ ਵਿਚ ਬੈਠਦੀ, ਬਾਰਾਤ ਤੁਰ ਜਾਂਦੀ ਤਾਂ ਮਗਰੋਂ ਕੁੜੀਆਂ ਗਿੱਧਾ ਪਾਉਂਦੀਆ ਤੇ ਨੱਚਦੀਆਂ। ਹਰਨਾਮੀ ਅੱਡੀਆਂ ਮਾਰ-ਮਾਰ ਅਗਲੇ ਦੇ ਵਿਹੜੇ ਦਾ ਪਾਣੀ ਕੱਢ ਦਿੰਦੀ। ਜ਼ਿਦ– ਜ਼ਿਦ ਕੇ ਬੋਲੀਆਂ ਪਾਉਂਦੀ । ਉਹ ਇਕੱਲੀ ਤੇ ਬਾਕੀ ਦੀਆਂ ਸਭ ਜਣੀਆਂ। ਮੇਲ ਵਿਚ ਆਈਆਂ ਤੀਵੀਆਂ ਤੇ ਬੰਦੇ ਹਰਨਾਮੀ ਦੇ ਅਸ਼ਕੇ ਜਾਂਦੇ ।
ਉਹਨਾਂ ਦਿਨਾਂ ਵਿਚ ਨਲਕਾ ਕਿਸੇ-ਕਿਸੇ ਘਰ ਹੀ ਹੁੰਦਾ। ਪਾਣੀ ਡੂੰਘੇ ਸਨ। ਨਲਕਾ ਲਵਾਉਣਾ ਹਰ ਕਿਸੇ ਦੀ ਪਹੁੰਚ ਵਿਚ ਨਹੀਂ ਸੀ। ਸੋ ਉਹਨਾਂ ਦੇ ਅਗਵਾੜ ਦੇ ਬਹੁਤੇ ਘਰ ਖੂਹ ਤੋਂ ਪਾਣੀ ਲਿਆਉਂਦੇ । ਖੂਹ ਦਾ ਪਾਣੀ ਸੀ ਵੀ ਮਿੱਠਾ । ਪੰਪਾਂ ਦੇ ਪਾਣੀ ਤਾਂ ਬਕਬਕੇ ਜਿਹੇ ਸਨ।
ਦੁੱਲਾ ਝਿਉਰ ਤੜਕੇ ਪਹੁ ਪਾਟਦੀ ਨਾਲ ਹੀ ਆਪਣਾ ਝੋਟਾ ਛੱਡ ਲੈਂਦਾ। ਇਕ-ਵਿੱਢੇ ਖੂਹ ਉੱਤੇ ਦੁਪਹਿਰ ਤੱਕ ਬੋਕਾ ਚਲਦਾ ਰਹਿੰਦਾ। ਦੋ ਘੰਟੇ ਆਥਣ ਨੂੰ ਵੀ ਝੋਟਾ ਜੁੜਦਾ। ਹਾੜ੍ਹ ਹੋਵੇ, ਸਿਆਲ ਹੋਵੇ, ਦੁੱਲੇ ਦਾ ਇਹ ਨਿਤਨੇਮ ਸੀ।
ਦੁੱਲੇ ਦੀ ਘਰਵਾਲੀ ਮਰ ਚੁੱਕੀ ਸੀ। ਉਹਦਾ ਇਕ ਮੁੰਡਾ ਸੀ, ਰੱਜਬ। ਸੱਤ ਅੱਠ ਸਾਲ ਦਾ। ਦੁੱਲੇ ਵਰਗਾ ਹੀ ਹੱਡਾਂ-ਪੈਰਾਂ ਦਾ ਖੁੱਲ੍ਹਾ। ਦੁੱਲਾ ਹਮੇਸ਼ਾ ਇਕ ਮੱਝ ਰੱਖਦਾ। ਰੋਟੀਆਂ ਆਪ ਹੀ ਪਕਾ ਲੈਂਦਾ । ਪਿਓ-ਪੁੱਤ ਖੁਲ੍ਹਾ ਖਾਂਦੇ-ਪੀਂਦੇ । ਜੱਟਾਂ ਦੇ ਘਰਾਂ ਤੋਂ ਦਾਣਾ-ਫੱਕਾ ਆ ਜਾਂਦਾ। ਪਿੜਾਂ ਵੇਲੇ ਤੁੜੀ ਦਾ ਉਹ ਕੋਠਾ ਭਰ ਲੈਂਦਾ। ਤੜਕੇ ਖੂਹ ਉੱਤੇ ਜਾਣ ਤੋਂ ਪਹਿਲਾਂ ਉਹ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਦਾ ਤੇ ਡੰਡ-ਬੈਠਕਾਂ ਕਢਦਾ। ਰੱਜਬ ਨੂੰ ਵੀ ਉਹ ਡੰਡ-ਬੈਠਕਾਂ ਕਢਵਾਉਂਦਾ । ਦੁੱਲੇ ਦਾ ਸਰੀਰ ਪਹਿਲਵਾਨਾਂ ਵਰਗਾ ਸੀ । ਉਹਦੀ ਇੱਛਾ ਸੀ, ਰੱਜਬ ਜਵਾਨ ਹੋ ਕੇ ਪਹਿਲਵਾਨ ਬਣੇ। ਸਾਰੇ ਪਿੰਡਾਂ ਵਿਚ ਉਹਦਾ ਨਾਂ ਉੱਘਾ ਹੋਵੇ।
ਦੁੱਲੇ ਨੇ ਦੂਜਾ ਵਿਆਹ ਨਹੀਂ ਕਰਵਾਇਆ ਸੀ। ਨੇੜੇ-ਤੇੜੇ ਦੇ ਪਿੰਡਾਂ ਵਿਚ ਹਿੰਦੂ ਝਿਉਰ ਤਾਂ ਬਹੁਤ ਸਨ, ਪਰ ਮੁਸਲਮਾਨ ਝਿਉਰਾ ਦਾ ਕਿਸੇ ਕਿਸੇ ਪਿੰਡ ਹੀ ਕੋਈ ਘਰ ਸੀ । ਰੱਜਬ ਨੂੰ ਉਹਦੀ ਮਾਂ ਦੋ ਸਾਲ ਦਾ ਛੱਡ ਕੇ ਮਰ ਗਈ ਸੀ। ਤੇ ਫੇਰ ਰੱਜਬ ਨੂੰ ਉਹਦੀ ਨਾਨੀ ਆਪਣੇ ਕੋਲ ਲੈ ਗਈ। ਚਹੁੰ-ਪੰਜਾਂ ਸਾਲਾਂ ਦਾ ਹੋਇਆ ਤਾਂ ਦੁੱਲਾ ਉਹਨੂੰ ਲੈ ਆਇਆ। ਦੁੱਲੇ ਦੀ ਉਮਰ ਉਸ ਵੇਲੇ ਪੈਂਤੀ- ਛੱਤੀ ਸਾਲ ਹੀ ਮਸਾਂ ਹੋਵੇਗੀ। ਪੂਰਾ ਜਵਾਨ ਸੀ । ਹੱਟਾ-ਕੱਟਾ। ਪਰ ਉਹ ਫਕੀਰੀ ਜੀਵਨ ਬਤੀਤ ਕਰਦਾ। ਉਹ ਗੁਰਮੁਖੀ ਪੜ੍ਹਿਆ ਹੋਇਆ ਸੀ । ਬਚਪਨ ਵਿਚ ਹੀ। ਸਾਧ ਦੇ ਡੇਰੇ ਜਾ ਕੇ ਪੜ੍ਹ ਗਿਆ ਸੀ। ਪੰਦਰਾਂ-ਸੋਲਾਂ ਸਾਲ ਦੀ ਉਮਰ ਹੋਈ ਤਾਂ ਵਾਰਸ ਸ਼ਾਹ ਦੀ ਹੀਰ ਲੈ ਆਇਆ। ਫੇਰ ਤਾਂ ਹੀਰ ਪੜ੍ਹਨਾ ਉਹਦਾ ਨਿੱਤ ਦਾ ਸ਼ੌਕ ਬਣ ਗਿਆ । ਰੱਜਬ ਦੀ ਮਾਂ ਮਰਨ ਬਾਅਦ ਤਾਂ ਉਹ ਵਾਰਸ ਦੀ ਹੀਰ ਨੂੰ ਕਿਸੇ ਧਾਰਮਿਕ ਗ੍ਰੰਥ ਵਾਗ ਪੜ੍ਹਦਾ । ਦੁਪਹਿਰੇ ਖੂਹ ਤੋਂ ਉੱਤਰ ਕੇ ਆਉਂਦਾ, ਰੋਟੀ-ਟੁੱਕ ਖਾ ਕੇ ਆਪਣੇ ਵਿਹੜੇ ਵਿਚ ਲੱਗੀ ਨਿੰਮ ਥੱਲੇ ਮੰਜੇ ਉੱਤੇ ਬੈਠ ਜਾਂਦਾ ਤੇ ਖੇਸ ਦਾ ਈਨੂ ਜਿਹਾ ਬਣਾ ਕੇ ਉੱਤੇ ਹੀਰ ਰੱਖ ਲੈਂਦਾ। ਪੂਰੇ ਵੈਰਾਗ ਵਿਚ ਆ ਕੇ ਇਕ ਬੈਂਤ ਪੜ੍ਹਦਾ। ਗਾ ਕੇ ਤੇ ਗਲਾ ਭਰ ਕੇ, ਜਿਵੇਂ ਉਹਦਾ ਦਿਲ ਰੋ ਰਿਹਾ ਹੋਵੇ। ਕੋਈ ਜਣਾ ਉਹਦੇ ਕੋਲ ਆ ਬੈਠਦਾ ਤਾਂ ਉਹ ਦੂਜੀ ਤੀਜੀ ਬੈਂਤ ਵੀ ਸੁਣਾ ਦਿੰਦਾ । ਕੋਈ ਬੈਂਤ ਕਿਤੋਂ, ਕੋਈ ਕਿਤੋਂ।
ਹੋਰ ਕੁੜੀਆਂ-ਬਹੂਆਂ ਦੇ ਨਾਲ ਹਰਨਾਮੀ ਵੀ ਪਾਣੀ ਦੇ ਤੌੜੇ ਢੋਂਦੀ। ਟਪੂੰ-ਟਪੂੰ ਕਰਦੀ ਫਿਰਦੀ। ਉਹਦਾ ਅੰਗ-ਅੰਗ ਟਪਦਾ ਸੀ । ਬੱਦਲਾਂ ਦੀ ਬਿਜਲੀ ਵਾਂਗ ਗੜ੍ਹਕਦੀ-ਥਿਰਕਦੀ ਫਿਰਦੀ ਰਹਿੰਦੀ। ਕਦੇ ਕਦੇ ਤਾਂ ਦੁੱਲੇ ਨੂੰ ਤੌੜਾ ਚੁਕਾਉਣ ਲਈ ਕਹਿ ਦਿੰਦੀ। ਕਦੇ-ਕਦੇ ਨਿੱਕੀ ਜਹੀ ਕੋਈ ਮਸ਼ਕਰੀਂ ਵੀ ਕਰ ਜਾਂਦੀ। ਹੌਲੀ ਦੇ ਕੇ, ਦੂਜੇ ਕਿਸੇ ਨੂੰ ਪਤਾ ਵੀ ਨਾ ਲਗਦਾ। ਪਹਿਲਾਂ ਪਹਿਲਾਂ ਤਾਂ ਦੁੱਲਾ ਸੋਚਦਾ ਹੀ ਹੀਂ ਸੀ। ਟਾਲ ਜਾਂਦਾ, ਕੁੜੀ-ਚਿੜੀ ਐ, ਉਮਰ ਦੀ ਵਾਣ-ਬੁੱਧ ਪੁਸੌਂਦੀ ਐ। ਪਰ ਕੁੜੀ ਦਾ ਖਿਆਲ ਅਛੋਪੋਲੇ ਹੀ ਦੁੱਲੇ ਦੇ ਹੱਡਾਂ ਵਿਚ ਬਾਰੀਕੀ ਤਾਪ ਵਾਂਗੂੰ ਟਿਕ ਗਿਆ। ਦਿਨਾਂ ਵਿਚ ਹੀ ਉਹਦਾ ਫਕੀਰੀ ਜੀਵਨ ਭੰਗ ਹੋ ਗਿਆ । ਫੇਰ ਤਾਂ ਦੁੱਲੇ ਦੇ ਘਰ ਪਹੁ ਪਾਟਦੀ ਨਾਲ ਹੀ ਚੁੱਲ੍ਹੇ ਦੀ ਅੱਗ ਦਾ ਚਾਨਣ ਦੇਖ ਕੇ ਹਰਨਾਮੀ ਆਪਣੇ ਘਰੋਂ ਉਠਦੀ। ਭਾਈ-ਭਰਜਾਈਆਂ ਤਾਂ ਅਜੇ ਸੁੱਤੇ ਹੀ ਪਏ ਹੁੰਦੇ ਤੇ ਉਹ ਤੌੜਾ ਲੈ ਕੇ ਖੂਹ ਉੱਤੇ ਪਹੁੰਚ ਜਾਂਦੀ । ਪਲਾਂ-ਛਿਣਾਂ ਬਾਅਦ ਹੀ ਦੁੱਲਾ ਖੂਹ ਉੱਤੇ ਆ ਜਾਂਦਾ। ਉਹਨਾਂ ਦਿਨਾਂ ਵਿਚ ਉਹਨੂੰ ਡੰਡ-ਬੈਠਕਾਂ ਭੁੱਲ ਗਈਆਂ ਸਨ । ਹਰ ਰੋਜ਼ ਹੀ ਖੂਹ ਉੱਤੇ ਆਉਣ ਵਾਲੀ ਹਰਨਾਮੀ ਦਾ ਪਹਿਲਾ ਘੜਾ ਹੁੰਦਾ। ਦੁੱਲੇ ਦੇ ਉੱਚੇ-ਉੱਚੇ ਬੋਲ ਹੰਢਿਆਏ ਪਿੰਡ ਦੇ ਦੂਜੇ ਪਾਸੇ ਵੀ ਸੁਣਦੇ। ਉਡਾਰ-ਉਮਰ ਉਹਦਾ ਰੱਜਬ ਹੁਣ ਕਿੱਲੀ ਛੱਡਣ ਲੱਗ ਪਿਆ ਸੀ। ਬੋਕਾ ਤੇ ਲੱਜ ਝੋਟੇ ਦੀ ਪਿੱਠ ਉੱਤੇ ਲੱਦ ਕੇ ਦੁੱਲਾ ਰੱਜਬ ਤੋਂ ਪਹਿਲਾਂ ਖੂਹ ਉੱਤੇ ਪਹੁੰਚ ਜਾਂਦਾ । ਆਉਂਦਾ ਹੋਇਆ ਰੱਜਬ ਨੂੰ ਜਗਾ ਆਉਂਦਾ। ਰਾਤ ਦਾ ਰੱਖਿਆ ਦੁੱਧ ਤੱਤਾ ਕਰਕੇ ਰੱਜਬ ਆਪ ਪੀਂਦਾ ਤੇ ਪਿਓ ਲਈ ਪਿੱਤਲ ਦੇ ਤੂੰਬੇ ਵਿਚ ਪਾ ਕੇ ਖੂਹ ਉੱਤੇ ਲੈ ਆਉਂਦਾ । ਰੱਜਬ ਹੈਰਾਨ ਵੀ ਹੁੰਦਾ ਹੋਵੇਗਾ ਕਿ ਹਰਨ ਮੀ ਸਭ ਤੋਂ ਪਹਿਲਾਂ ਹੀ ਓਥੇ ਕਿਉਂ ਖੜ੍ਹੀ ਹੁੰਦੀ ਹੈ। ਦੋਵੇਂ ਚੁਬੱਚੇ ਪਾਣੀ ਦੇ ਭਰ ਕੇ ਉਹ ਬੋਕਾ ਟੱਲ੍ਹ ਦਿੰਦੇ ਤੇ ਦੁੱਲਾ ਘਰ ਜਾ ਕੇ ਫਟਾ-ਫਟ ਮਹਿੰ ਦੀ ਧਾਰ ਕੱਢਦਾ ਤੇ ਰੋਟੀਆਂ ਲਾਹ ਦਿੰਦਾ। ਛੇਤੀ ਹੀ ਕਾਹਲ ਨਾਲ ਮੁੜ ਕੇ ਉਹ ਖੂਹ ਉੱਤੇ ਆ ਜਾਂਦਾ ਤੇ ਬੋਕਾ ਫੇਰ ਡੁੱਲ੍ਹਣ-ਭਰਨ ਨਗਦਾ।
ਹੁਣ ਹਰਨਾਮੀ ਪਹਿਲਾਂ ਵਾਂਗ ਟਪਦੀ-ਨਚਦੀ ਨਹੀਂ ਸੀ। ਚੁੱਪ-ਚੁੱਪ ਰਹਿੰਦੀ, ਜਿਵੇਂ ਹਰ ਵੇਲੇ ਹੀ ਕੁਝ ਸੋਚਦੀ ਰਹਿੰਦੀ ਹੋਵੇ। ਵੀਹ ਸਾਲਾਂ ਦੀ ਉਮਰ ਹੋ ਚੁੱਕੀ ਸੀ। ਉਹਦੀ ਭੂਆ ਧਿੰਗੜ ਵਿਆਹੀ ਹੋਈ ਸੀ। ਕਦੇ ਉਹ ਹੰਢਿਆਏ ਆਉਂਦੀ ਤਾਂ ਭਤੀਜੇ ਗਲ ਪੈ ਜਾਂਦੇ, ‘ਭੂਆ, ਸਾਥੋਂ ਤਾਂ ਕੰਮ ‘ਚ ਘਰੋਂ ਨਿਕਲਿਆ ਨੀ ਜਾਂਦਾ । ਨਾਮੀ ਦਾ ਕਰ ਕੁਛ ਤੂੰਹੀ। ਕੋਠੇ ਖੜਕ ਸਿੰਘ ਭੂਆ ਦੀ ਨਣਦ ਦੀ ਕੋਈ ਸਕੀਰੀ ਸੀ। ਸੋ ਹਰਨਾਮੀ ਦਾ ਰਿਸ਼ਤਾ ਓਥੇ ਕਰ ਦਿੱਤਾ। ਵਿਆਹ ਹੋ ਗਿਆ ਤੇ ਅਗਲੇ ਸਾਲ ਹੀ ਮੁਕਲਾਵਾ।
ਦੁੱਲੇ ਦਾ ਜਿਵੇਂ ਸੰਸਾਰ ਉੱਜੜ ਗਿਆ ਹੋਵੇ। ਉਹਦਾ ਕਿਧਰੇ ਵੀ ਦਿਲ ਨਾ ਲਗਦਾ। ਹੁਣ ਦਿਨ-ਚੜ੍ਹੇ ਉਠਦਾ ਤੇ ਖੂਹ ਉੱਤੇ ਜਾਂਦਾ। ਦੁਪਹਿਰ ਹੋਣ ਤੋਂ ਪਹਿਲਾਂ ਹੀ ਝੋਟਾ ਛੱਡ ਲਿਆਉਂਦਾ। ਅਗਵਾੜ ਦੇ ਲੋਕ ਹਾਲ-ਹਾਲ ਕਰਦੇ। ਤੀਵੀਆਂ ਉਹਦੇ ਨਾਲ ਬੇਸ਼ੱਕੀ ਕਰਦੀਆਂ, ‘ਦੁੱਲਿਆ, ਢਹਿ ਜਾਣਿਆ, ਕੋਈ ਪਰੇਤ ਚਿੰਮੜ ਗਿਆ ਤੈਨੂੰ ? ਘਰੇ ਪਾਣੀ ਦੀ ਤਿੱਪ ਨੀ ਤੇ ਤੂੰ ਇਹ ਕਤਾਬੜੀ ਲੈ ਕੇ ਬੈਠਾ ਰਹਿਨੈਂ। ਨਾ ਬੋਲਦੈਂ, ਨਾ ਗੱਲ ਕਰਦੈਂ, ਇਓਂ ਕਿਮੇ ਸਰ ਵੇ, ਖਾਣ-ਸੂਰਿਆ ?
ਉਹਨੂੰ ਕੋਈ ਸਮਝ ਨਾ ਆਉਂਦੀ, ਕੋਈ ਕੀ ਕਹਿ ਗਿਆ ਹੈ। ਤੜਕੇ ਉੱਠਣ ਸਾਰ ਉਹ ਹੀਰ ਫੜ ਲੈਂਦਾ ਤੇ ਗੁਣਨ-ਗੁਣਨ ਕਰਕੇ ਪੜ੍ਹਨ ਲਗਦਾ। ਹੁਣ ਉਹ ਗਾ ਕੇ ਨਹੀਂ ਪੜ੍ਹਦਾ ਸੀ। ਉਹਨੂੰ ਲਗਦਾ ਜਿਵੇਂ ਹੁਣ ਬੈਂਤ ਦਾ ਇਕ-ਇਕ ਲਫ਼ਜ਼ ਬਹੁਤਾ ਸਮਝ ਆ ਰਿਹਾ ਹੋਵੇ। ਐਨੀ ਸਮਝ ਉਹਨੂੰ ਕਦੇ-ਕਦੇ ਰੁਆ ਕੇ ਰੱਖ ਦਿੰਦੀ। ਦੁਪਹਿਰ ਵੇਲੇ ਵੀ ਹੀਰ ਪੜ੍ਹਦਾ ਤੇ ਆਥਣੇ ਖੂਹ ਤੋਂ ਆ ਕੇ ਵੀ ਹੀਰ ਲੈ ਕੇ ਬੈਠ ਜਾਂਦਾ । ਰੱਜਬ ਉਹਨੂੰ ਦੇਖ-ਦੇਖ ਹੈਰਾਨ ਹੁੰਦਾ। ਕੀ ਹੋ ਗਿਆ ਬਾਪੂ ਨੂੰ ?
ਹਰਨਾਮੀ ਮੁਕਲਾਵੇ ਬਾਅਦ ਪਿੰਡ ਨਹੀਂ ਆਈ ਸੀ । ਛੇ ਮਹੀਨੇ ਹੋ ਗਏ ਸਨ। ਇਕ ਦਿਨ ਫੇਰ ਉਹ ਆਈ ਤੇ ਦੁੱਲੇ ਨੂੰ ਮਿਲੀ । ਗਿਲੇ ਗੁਜ਼ਾਰੀਆਂ ਦਾ ਜਿਵੇਂ ਕੜ ਹੀ ਪਾਟ ਗਿਆ ਹੋਵੇ। ਘਟਿਆਂ ਤੱਕ ੲੈਠ ਕੇ ਦੋਵੇਂ ਗੱਲਾਂ ਕਰਦੇ ਰਹੇ । ਉਹ ਉਹਨੂੰ ਕਹਿ ਰਹੀ ਸੀ, ਤੂੰ ਕੋਠੇ ਆ ਜਾਇਆ ਕਰ। ਤੇਰਾ ਦਿਲ ਲਗਦਾ ਤਾਂ ਹੋਰ ਕੀ ਹੋ ਸਕਦਾ ਹੈ ਫੇਰ ? ਉਹ ਡਰਦਾ, ਬਿਗ ਨੇ ਪਿੰਡ ਉਹਦਾ ਕੌਣ ਹੈ? ਕੋਈ ਗੱਲ ਹੋ ਗਈ ਤਾਂ ਕਿਧਰ ਨੇ ਜਾਵੇਗਾ ? ਬਿਗਾਨੇ ਪਿੰਡ ਦੇ ਜੱਟ ਤਾਂ ਵੱਢ ਕੇ ਸੁੱਟ ਦੇਣਗੇ। ਹਰਨਾਮੀ ਸਮਝਾਉਂਦੀ ਕਿ ਉਹਨੇ ਕੋਈ ਕੁਝ ਨਹੀਂ ਕਹੇਗਾ। ਉਹਦਾ ਸਹੁਰਾ ਬੜਾ ਸ਼ਰੀਫ਼ ਛੱਡੋ ਘਰਵਾਲਾ ਬੜਾ ਸਾਧਾਰਨ | ਜਿਵੇਂ ਜੱਗ ਦੀ ਕੋਈ ਸੁਰਤ ਹੀ ਨਾ ਹੋਵੇ। ਉਹ ਚਾਹੁੰਦੀ ਕਿ ਵੱਲਾ ਦੂਜੇ-ਤੀਜੇ ਮਹੀਨੇ ਕੋਠੀ ਜ਼ਰੂਰ ਗੇੜਾ ਮਾਰ ਜਾਇਆ ਕਰੇ। ਨਹੀਂ ਤਾਂ ਉਹ ਕੱਟੀ ਹੋਈ ਸੁੱਕ ਕੇ ਮਰ ਜਾਵੇਗੀ। ਆਪਣੇ ਘਰ ਵਾਲੇ ਦਾ ਹਰਨਾਮੀ ਛੇ ਦਿਨ ਹੰਢਿਆਏ ਰਹੀ। ਉਹਦਾ ਪ੍ਰਾਹੁਣਾ ਉਹਨੂੰ ਆ ਕੇ ਲੈ ਗਿਆ ਸੀ।
ਹਰਨਾਮੀ ਗਈ ਤੇ ਦੁੱਲਾ ਫੇਰ ਉਦਾਸ ਰਹਿਣ ਲੱਗਿਆ। ਖੂਹ ਦਾ ਕੰਮ ਛੱਡਦਾ ਤਾਂ ਇਕ ਦਿਨ ਵਿਚ ਹੀ ਅਗਵਾੜ ਨੇ ਪਿੱਟ ਉੱਠਣਾ ਸੀ।ਰੱਜਬ ਬੋਕਾ ਫੜਨਾ ਨਹੀਂ ਸਿੱਖਿਆ ਸੀ। ਨਹੀਂ ਤਾਂ ਉਹਨੂੰ ਛੱਡ ਕੇ ਉਹ ਬੇਫ਼ਿਕਰ ਹੋ ਜਾਂਦਾ ਤੇ ਕੋਈ ਪੰਛੀ ਬਣ ਕੇ ਹਰਨਾਮੀ ਕੋਲ ਕੋਠੇ ਖੜਕ ਸਿੰਘ ਜਾ ਪਹੁੰਚਦਾ। ਪਰ ਉਹ ਰਹਿ ਕਿਵੇਂ ਸਕਦਾ ਸੀ। ਹਰਨਾਮੀ ਗਈ ਨੂੰ ਦੋ ਮਹੀਨੇ ਹੋ ਚੁੱਕੇ ਸਨ। ਉਹਨੇ ਰੱਜਬ ਨੂੰ ਰਾਤ ਨੂੰ ਹੀ ਦੱਸ ਦਿੱਤਾ ਕਿ ਉਹ ਅਗਲੇ ਦਿਨ ਸਵੇਰ ਦੀ ਗੱਡੀ ਕਿਧਰੇ ਜਾਵੇਗਾ। ਲੋਕ ਪੁੱਛਣ ਆਉਣ ਤਾਂ ਦੱਸ ਦੇਵੇ ਕਿ ਉਹ ਇਕ ਰਿਸ਼ਤੇਦਾਰੀ ਵਿਚ ਜ਼ਰੂਰੀ ਕੰਮ ਗਿਆ ਹੈ। ਫੱਗਣ ਦੀ ਰੁੱਤ ਸੀ। ਕਣਕਾਂ ਪੂਰੇ ਜੋਬਨ ਉੱਤੇ ਸਨ । ਉਹ ਸਦੇਹਾਂ ਹੀ ਜਾਗਿਆ ਤੇ ਮੂੰਹ-ਹਨੇਰੇ ਸਟੇਸ਼ਨ ਉੱਤੇ ਪਹੁੰਚ ਗਿਆ। ਗੱਡੀ ਆਉਣ ਵਿਚ ਤਾਂ ਅਜੇ ਇਕ ਘੰਟਾ ਬਾਕੀ ਸੀ। ਉਹ ਪਰ੍ਹਾਂ ਖੂੰਜੇ ਵਿਚ ਦੁਬਕਿਆ ਬੈਠਾ ਰਿਹਾ। ਉਹ ਜਾਣ ਕੇ ਹੀ ਐਨਾ ਸਦੇਹਾਂ ਘਰੋਂ ਤੁਰਿਆ ਸੀ ਤਾਂ ਜੋ ਪਿੰਡ ਦੇ ਕਿਸੇ ਬੰਦੇ ਨੂੰ ਪਤਾ ਨਾ ਲੱਗੇ ਕਿ ਉਹ ਕਿਧਰੇ ਬਾਹਰ ਜਾ ਰਿਹਾ ਹੈ। ਸੂਰਜ ਦੇ ਉਭਾਰ ਨਾਲ ਗੱਡੀ ਆਈ ਤੇ ਉਹ ਚੜ੍ਹ ਗਿਆ। ਰਾਮਪੁਰਾ ਫੂਲ ਉੱਤਰ ਕੇ ਉਹ ਮੰਡੀ ਵਿਚ ਗਿਆ ਤੇ ਤਾਂਗਾ ਲੈ ਲਿਆ । ਤਾਂਗੇ ਵਿਚ ਪੂਰੀ ਤਰ੍ਹਾਂ ਸਵਾਰੀਆਂ ਤੁੜੀਆਂ ਗਈਆਂ ਤਾਂ ਕੋਚਵਾਨ ਨੇ ਘੋੜੇ ਨੂੰ ਛਾਂਟਾ ਲਾਇਆ। ਫੂਲ ਜਾ ਕੇ ਤਾਂਗਾ ਰੁਕ ਗਿਆ । ਕੁਝ ਸਵਾਰੀਆਂ ਉੱਤਰੀਆਂ ਤੇ ਓਨੀਆਂ ਹੀ ਹੋਰ ਚੜ੍ਹ ਗਈਆਂ। ਸਧਾਣਿਆਂ ਦੇ ਪੁਲਾਂ ਉੱਤੇ ਸਾਰੀਆਂ ਸਵਾਰੀਆਂ ਉੱਤਰ ਕੇ ‘ ਆਪੋ-ਆਪਣੇ ਰਾਹੀਂ ਪੈ ਹੀਂ ਪੈ ਗਈਆਂ। ਸੁਧਾਣਿਆਂ ਦੇ ਘਰਾਟਾਂ ਤੋਂ ਕੋਠੇ ਖੜਕ ਸਿੰਘ ਮਸਾਂ ਦੋ-ਡੇਢ ਘੰਟੇ ਦੀ ਵਾਟ ਦੱਸੀ ਜਾਂਦੀ ਸੀ। ਦੁੱਲੇ ਨੇ ਤੇੜ ਦਾ ਚਾਦਰਾ ਲਾਹ ਕੇ ਮੋਢੇ ਧਰ ਲਿਆ। ਹੱਥ ਵਿਚਲੀ ਕੰਨ ਤੱਕ ਆਉਂਦੀ ਸੰਮਾਂ ਵਾਲੀ ਤੇਲ ਨਾਲ ਚੋਪੜੀ ਡਾਂਗ ਦੋਵੇਂ ਮੋਢਿਆਂ ਉੱਤੇ ਧਰ ਲਈ ਤੇ ਡਾਂਗ ਉੱਤੋਂ ਦੀ ਬਾਂਹਾਂ ਕੱਢ ਕੇ ਚੱਲ ਪਿਆ। ਰਾਹ ਵਿਚ ਇਕ ਪਿੰਡ ਕੋਲਕੇ ਆਇਆ। ਉਥੇ ਉਹਨੇ ਪਾਣੀ ਪੀਤਾ ਤੇ ਕੋਠਿਆਂ ਦਾ ਰਾਹ ਪੁੱਛ ਕੇ ਅੱਗੇ ਤੁਰ ਪਿਆ। ਗਿਆਰਾਂ ਬਾਰਾਂ ਵਜਦੇ ਨੂੰ ਉਹ ਆਰਾਮ ਨਾਲ ਕੋਠੀ ਪਹੁੰਚ ਗਿਆ।
ਹਰਨਾਮੀ ਦਾ ਸਹੁਰਾ ਰੋਟੀ ਖਾ ਕੇ ਸੱਥ ਵਿਚ ਗੱਲਾਂ ਮਾਰਨ ਜਾ ਬੈਠਾ ਸੀ । ਉਹਦਾ ਪਤੀ ਗਿੰਦਰ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਕਣਕ ਨੂੰ ਹਲਟ ਦਾ ਪਾਣੀ ਲਾਉਣ ਗਿਆ ਹੋਇਆ ਸੀ।
ਉਹ ਆਪ ਖੇਤ ਰੋਟੀ ਲਿਜਾਣ ਲਈ ਤਿਆਰੀ-ਬਿਆਰੀ ਕਰਦੀ ਫਿਰਦੀ ਸੀ। ਘਰ ਪੁੱਛ ਕੇ ਦੁੱਲਾ ਪਹੁੰਚ ਗਿਆ। ਹਰਨਾਮੀ ਖੜ੍ਹੀ ਦੀ ਖੜ੍ਹੀ ਦੇਖਦੀ ਰਹਿ ਗਈ। ਉਹ ਕਿੰਨੀ ਖੁਸ਼ ਸੀ। ਉਹਨੂੰ ਸੁਝਦਾ ਨਹੀਂ ਸੀ ਕਿ ਕੀ ਕਰੇ ਤੇ ਕੀ ਨਾ ਕਰੇ। ਅਖੀਰ ਹਰਨਾਮੀ ਨੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਬੰਦ ਕੀਤਾ ਤੇ ਅੰਦਰ ਸਬਾਤ ਵਿਚ ਆ ਕੇ ਮੰਜੇ ਉੱਤੇ ਦੁੱਲੇ ਕੋਲ ਬੈਠ ਗਈ। ਉਹ ਕਦੇ ਹੱਸਦੇ, ਕਦੇ ਉਦਾਸ ਹੁੰਦੇ ਤੇ ਕਦੇ ਚੁੱਪ-ਚਾਪ ਹੀ ਇਕ-ਦੂਜੇ ਵੱਲ ਅੱਖਾਂ ਪਾੜ-ਪਾੜ ਦੇਖਦੇ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਜਿਵੇਂ ਸਾਰੀਆਂ ਗੱਲਾਂ ਦੀ ਇਕੋ ਗੱਲ ਹੋਵੇ—ਪਲ-ਪਲ ਇਕ-ਦੂਜੇ ਦੇ ਕੋਲ ਰਹਿਣ ਦੀ ਤਮੰਨਾ …
ਦਾਲ ਬਚੀ ਪਈ ਸੀ। ਹਰਨਾਮੀ ਨੇ ਵੀ ਅਜੇ ਰੋਟੀ ਨਹੀਂ ਖਾਧੀ ਸੀ। ਆਪਣੇ ਹਿੱਸੇ ਦੀਆਂ ਦੋ-ਤਿੰਨ ਵੱਧ ਰੋਟੀਆਂ ਉਹਨੇ ਭੱਤੇ ਵਿਚ ਬੰਨ੍ਹ ਲਈਆਂ ਸਨ । ਚੁੱਲ੍ਹੇ ਵਿਚ ਅੱਗ ਹੈਗੀ ਸੀ। ਉਹਨੇ ਫਟਾਫਟ ਦੋ-ਤਿੰਨ ਲੱਪਾਂ ਆਟਾ ਛਾਣਿਆਂ ਤੇ ਨਵੇਂ ਸਿਰੇ ਅੱਗ ਮਚਾ ਕੇ ਰੋਟੀਆਂ ਪਕਾਉਣ ਲੱਗੀ । ਰੋਟੀ ਪਕਾ ਕੇ ਉਹਨੇ ਦਰਵਾਜ਼ੇ ਦਾ ਕੁੰਡਾ ਖੋਲਿਆ ਤੇ ਬਾਣੀਏ ਦੀ ਹੱਟ ਤੋਂ ਸ਼ੱਕਰ ਲੈ ਆਈ। ਵਰਾਂਢੇ ਵਿਚ ਬਿਠਾ ਕੇ ਦੁੱਲੇ ਨੂੰ ਰੋਟੀ ਖਵਾਈ। ਦਾਲ ਤੇ ਸ਼ੱਕਰ ਵਿਚ ਦੇਸੀ ਘਿਓ ਉਤੋਂ ਦੀ ਤੈਰਦਾ ਫਿਰਦਾ ਸੀ।
ਰੋਟੀ ਖਾ ਕੇ ਦੁੱਲਾ ਵਰਾਂਢੇ ਵਿਚ ਹੀ ਮੰਜੇ ਉੱਤੇ ਪੈ ਗਿਆ। ਖੇਤ ਨੂੰ ਰੋਟੀ ਲੈ ਕੇ ਜਾਂਦੀ ਸੱਥ ਵਿਚ ਉਹ ਬੁੜ੍ਹੇ ਨੂੰ ਦੱਸ ਗਈ ਕਿ ਹੰਢਿਆਏ ਤੋਂ ਬੰਦਾ ਆਇਆ ਹੈ । ਉਹ ਉਹਦੇ ਕੋਲ ਜਾ ਕੇ ਬੈਠ ਜਾਵੇ। ਗੱਲਾਂ ਕਰੇ ਉਹ ਇਕੱਲਾ ਬੈਠਾ ਬੁਰਾ ਮਹਿਸੂਸ ਕਰੇਗਾ। ਫੂਲ ਕੰਨੀਓਂ ਆਇਐ, ਅਗਾਂਹ ਜਾਣੈ। ਰੋਟੀ ਖਵਾ ਦਿੱਤੀ ਐ। ਬਿੰਦ-ਝੱਟ ਦਮ ਲਊ । ਫੇਰ ਚਲਿਆ ਜਾਊ।
ਖੇਤ ਜਾ ਕੇ ਉਹਨੇ ਗਿੰਦਰ ਨੂੰ ਵੀ ਦੁੱਲੇ ਬਾਰੇ ਦੱਸਿਆ। ਉਹਨੂੰ ਰੋਟੀ ਖਵਾ ਕੇ, ਆਪ ਰੋਟੀ ਖਾਣ ਲੱਗੀ।
ਦੁੱਲਾ ਬੁੜ੍ਹੇ ਨਾਲ ਅੱਧਾ-ਪੌਣਾ ਘੰਟਾ ਗੱਲਾਂ ਮਾਰ ਕੇ ਚਲਿਆ ਗਿਆ । ਮਗਰੋਂ ਦੀ ਬੁੜ੍ਹਾ ਕਹਿੰਦਾ, ‘ਚੰਗਾ ਭਾਈ, ਸ਼ਾਬਾਸ਼ੇ ਤੇਰੇ, ਮਿਲ ਗਿਆ । ਉਥੋਂ ਦੀ ਸੁੱਖ-ਸਾਂਦ ਦਾ ਪਤਾ ਲੱਗ ਗਿਆ। ਹਰਨਾਮ ਕੁਰ ਵੀ ਫ਼ਿਕਰ ਜਿਆ ਕਰਦੀ ਸੀ, ਮਾਪਿਆਂ ਦਾ । ਪਿੰਡ ਦਾ ਤਾਂ ਕੁੱਤਾ ਮਾਨ ਨੀ ਹੁੰਦਾ, ਭਾਈ ਤੂੰ ਤਾਂ ਬੰਦਾ ਐਂ। ਕਦੇ ਫੇਰ ਏਧਰ ਦੀ ਲੰਘੇ ਤਾਂ ਜ਼ਰੂਰ ਮਿਲ ਕੇ ਜਾਈਂ।’
4
ਝੰਡਾ ਤੇ ਅਰਜਣ ਦੇ ਭਰਾ ਸਨ। ਝੰਡਾ ਵੱਡਾ ਸੀ। ਦੋਵਾਂ ਵਿਚ ਦਸ ਸਾਲਾਂ ਦੀ ਵਿੱਥ ਹੋਵੇਗੀ। ਝੰਡਾ ਵਿਆਹਿਆ ਹੋਇਆ ਸੀ ਤੇ ਉਹਦੇ ਇਕ ਮੁੰਡਾ ਤੇ ਦੋ ਕੁੜੀਆਂ ਸਨ। ਅਰਜਣ ਨੂੰ ਸਾਕ ਨਹੀਂ ਹੋਇਆ ਸੀ। ਉਹਨਾਂ ਕੋਲ ਵੀਹ ਘੁਮਾਂ ਜ਼ਮੀਨ ਸੀ। ਅਰਜਣ ਦੇ ਹਿੱਸੇ ਦੀ ਦਸ ਘੁਮਾਂ ਬਣਦੀ ਸੀ। ਐਨੀ ਜ਼ਮੀਨ ਵਾਲੇ ਮੁੰਡੇ ਨੂੰ ਸਾਕ ਹੋਣਾ ਕੋਈ ਵੱਡੀ ਗੱਲ ਨਹੀਂ ਸੀ । ਪਰ ਅਰਜਣ ਦੇ ਚਾਲੇ ਮਾੜੇ ਸਨ। ਬਚਪਨ ਵਿਚ ਉਹ ਮਾਂ ਦਾ ਲਾਡਲਾ ਰੱਖਿਆ ਹੋਇਆ ਸੀ । ਕਦੇ ਕੋਈ ਕੰਮ ਨਹੀਂ ਕਰਵਾਉਂਦੀ ਸੀ। ਉਹਨੂੰ ਝੰਡੇ ਨਾਲੋਂ ਵੱਧ ਖਾਣ ਨੂੰ ਦਿੰਦੀ । ਬਾਹਰ ਖੇਡਣ ਗਿਆ ਕਿਸੇ ਨੂੰ ਕੁੱਟ-ਮਾਰ ਆਉਂਦਾ ਤਾਂ ਉਹ ਉਲਾਂਭਾ ਲੈ ਕੇ ਆਈ ਬੁੜ੍ਹੀ ਨੂੰ ਹੀ ਬੁਰਾ ਭਲਾ ਕਹਿੰਦੀ। ਹੌਲ਼ੀ ਹੌਲ਼ੀ ਉਹ ਵਿਗੜਦਾ ਗਿਆ। ਚੌਦਾਂ-ਪੰਦਰਾਂ ਸਾਲ ਦਾ ਹੋਇਆ ਤਾਂ ਖੇਤ ਮਹੀਆਂ ਲੈ ਕੇ ਵੀ ਨਾ ਜਾਇਆ ਕਰੇ। ਸੱਥ ਵਿਚ ਬੈਠ ਕੇ ਤਾਸ਼ ਖੇਡਿਆ ਕਰੇ । ਉਹਨਾਂ ਦਾ ਬਾਪ ਹੈ ਨਹੀਂ ਸੀ । ਬੁੜ੍ਹੀ ਸੀ ਇਕੱਲੀ। ਘਰ-ਖੇਤ ਦਾ ਸਾਰਾ ਕੰਮ-ਝੰਡਾ ਹੀ ਕਰਦਾ। ਉਹ ਬੜਾ ਹੀ ਸਾਊ ਮੁੰਡਾ ਮੰਨਿਆ ਜਾਂਦਾ । ਕਿਸੇ ਨਾਲ ਲੜਦਾ-ਬੋਲਦਾ ਵੀ ਨਹੀਂ ਸੀ।
ਅਰਜਣ ਥੋੜਾ ਜਿਹਾ ਹੋਰ ਉਡਾਰ ਹੋਇਆ ਤਾਂ ਸਾਧ ਦੇ ਡੇਰੇ ਜਾਣ ਲੱਗ ਪਿਆ। ਓਥੇ ਹੀ ਬੈਠਾ ਰਿਹਾ ਕਰੇ। ਸਾਧ ਨੇ ਪਲੇਸ ਲਿਆ। ਪਿੰਡ ਵਿਚ ਦੁੱਧ ਦਾ ਗਜਾ ਕਰਨ ਜਾਇਆ ਕਰੇ । ਦੁੱਧ ਤਾਂ ਘਰ ਵਿਚ ਵੀ ਹੈਗਾ ਸੀ। ਪਰ ਡੇਰੇ ਦੇ ਦੁੱਧ ਵਿਚੋਂ ਉਹਨੂੰ ਨਵਾਂ ਹੀ ਸੁਆਦ ਮਿਲਦਾ । ਦੁੱਧ ਦੇਣ ਵਾਲੇ ਘਰ ਮਖਣੀ ਦੀ ਗਰੋਲੀ ਵੀ ਦੇ ਦਿੰਦੇ ਸਨ। ਪਿੰਡ ਵਿਚੋਂ ਦੁੱਧ ਦੀਆਂ ਦੋ ਬਾਲਟੀਆਂ ਗਜਾ ਕਰਕੇ ਮੁੜਦੇ ਤਾਂ ਚੇਲਿਆਂ ਕੋਲ ਮਖਣੀ ਦਾ ਤੂੰਬਾ ਵੀ ਭਰਿਆ ਹੁੰਦਾ । ਤੜਕੇ ਵੇਲੇ ਸਾਧ ਤੇ ਉਹਦੇ ਚੇਲੇ ਦੁੱਧ ਕਾੜ੍ਹ ਕੇ ਪੀਂਦੇ। ਹਾਜ਼ਰੀ ਦੀ ਇਕ-ਇਕ ਬੇਸਣੀ ਰੋਟੀ ਵੀ ਮਿਲਦੀ । ਨਾਲ ਨੂੰ ਮਖਣੀ।
ਖਾਂਦਾ-ਪੀਂਦਾ, ਦੁੜੰਗੇ ਮਾਰਦਾ, ਅਰਜਣ ਸਾਧ ਦੇ ਡੇਰੇ ਵਿਚ ਹੀ ਬੈਠਾ ਰਹਿੰਦਾ। ਇਕ ਵਾਰੀ ਸਾਧ ਦੇ ਡੇਰੇ ਤਿੰਨ-ਚਾਰ ਮੱਲ ਆ ਕੇ ਰਹੇ। ਅਰਜਣ ਨੇ ਮੱਲਾਂ ਦੀਆਂ ਗੱਲਾਂ ਸੁਣੀਆਂ, ਉਹਨਾਂ ਦਾ ਖਾਣ- ਪੀਣ ਦੇਖਿਆ, ਤਾਂ ਉਹਨਾਂ ਨਾਲ ਹੀ ਉੱਠ ਤੁਰਿਆ। ਉਨ੍ਹਾਂ ਦੇ ਕੱਛੇ-ਜਾਂਘੀਏ ਸੰਭਾਲਣ ਉੱਤੇ ਹੋ ਗਿਆ। ਛੇ ਮਹੀਨੇ ਮੱਲਾਂ ਨਾਲ ਹੀ ਫਿਰਦਾ ਰਿਹਾ। ਕਸ਼ਤੀ ਕਰਨ ਦਾ ਸ਼ੌਕ ਵੀ ਜਾਗ ਪਿਆ। ਹੁਣ ਕਦੇ-ਕਦੇ ਉਹ ਮਾਂ ਕੋਲ ‘ਆਉਂਦਾ ਤੇ ਚੌੜ’ ਜਿਹੀ ਕਰਦਾ। ਮਾਂ ਤੋਂ ਦੋ ਸੇਰ ਰ ਬੰਦਾ ਲੈ ਲੈਂਦਾ । ਪੇਸ਼ਾਵਰ ਪਹਿਲਵਾਨਾਂ ਵਾਂਗ ਤੜਕੇ ਜੰਗਲ-ਪਾਣੀ ਜਾਣ ਪਿੱਛੋਂ ਤੱਤੇ ਘਿਓ ਦੀਆਂ ਘੁੱਟਾਂ ਭਰਦਾ ਤੇ ਡੰਡ ਬੈਠਕਾਂ ਕੱਢਣ ਲਗਦਾ। ਉਹਦਾ ਸਰੀਰ ਵੀ ਵਾਹਵਾ ਨਿੱਖਰ ਆਇਆ ਸੀ। ਪੱਠੇ ਮਜ਼ਬੂਤੇ ਡੰਗ ਸਨ। ਛਾਤੀ ਚੌੜੀ, ਡੋਲੇ ਕੁਕੜੀਆਂ ਵਾਲੇ ਤੇ ਪੱਟਾਂ ਉੱਤੇ ਘੁੱਗੀਆਂ ਪੈਂਦੀਆਂ ਸਨ। ਨਿਆਏ ਗਏ ਵਿਚ ਜਾ ਕੇ ਉਹ ਪਸੇਰੀ ਸੁਟਦਾ ਤੇ ਮੁਗਧਰ ਚੁਕਦਾ।
ਮਾਂ ਚਾਹੁੰਦੀ ਸੀ, ਅਰਜਣ ਨੂੰ ਵੀ ਸਾਕ ਹੋ ਜਾਵੇ । ਦੇਖਣ ਵਾਲੇ ਆਉਂਦੇ, ਮਾਂ ਉਹਨਾਂ ਦੀ ਪੂਰੀ ਖ਼ਾਤਰ-ਸੇਵਾ ਕਰਵਾਉਂਦੀ। ਪਰ ਕਿਸੇ ਨਾ ਕਿਸੇ ਤਰ੍ਹਾਂ ਝੰਡਾ ਵਿਚ ਦੀ ਢੁੱਚਰ ਮਾਰ ਜਾਂਦਾ । ਹੱਸ ਕੇ ਆਖਦਾ, ‘ਅਜੇ ਤਾਂ ਲੰਡੇ-ਚੌਰ ਈ ਐ ਏਹੇ । ਕੀ ਪਤਾ ਸਾਧ ਈ ਬਣ ਜੇ । ਕੰਮ ਤਾਂ ਕੋਈ ਕਰਦਾ ਨੀ, ਕੁੜੀ ਦੇ ਕੇ ਕੋਈ ਕੀ ਕਰੂ ਇਹਨੂੰ। ਇਹ ਤਾਂ ਮ੍ਹੀਨਾ-ਮ੍ਹੀਨਾ ਮੱਲਾਂ ਨਾਲ ਗਿਆ ਨੀ ਮੁੜਦਾ, ਉਹ ਸਾਡੇ ਕੋਲ ਬੈਠੀ ਕਰਮਾਂ ਨੂੰ ਰੋਇਆ ਕਰੂ। ਗਹਾਂ ਥੋਡੀ ਮਰਜ਼ੀ ਐ। । ਸਾਡੇ ਕੰਨੀਓਂ ਕੋਈ ਨਨਕਾਰੀ ਨੀ। ਫੇਰ ਉਹਦੇ ਨਾਲ ਗੱਲ ਕਰਲੋ । ਮਾਂ ਨੂੰ ਪੁੱਛ ਲੋ, ਜੇ ਜੁੰਮਾ ਓਟਦੀ ਐ। ਸਾਕ ਕਰਨ ਵਾਲੇ ਦੇ ਮਨ ਵਿਚ ਬੁਰੀ ਜਚ ਜਾਂਦੀ ਤੇ ਉਹ ਝੱਟ ਤਿਲ੍ਹਕ ਜਾਂਦਾ । ਮਾਂ ਦੀ ਕੋਈ ਵਾਹ ਨਾ ਚਲਦੀ। ਅਰਜਣ ਦੇ ਮਨ ਉੱਤੇ ਇਹਦਾ ਕੋਈ ਬਹੁਤਾ ਮਾੜਾ ਅਸਰ ਨਹੀਂ ਹੁੰਦਾ ਸੀ।
ਹੁਣ ਜਦੋਂ ਕਦੇ ਅਰਜਣ ਘਰੋਂ ਬਾਹਰ ਰਹਿ ਕੇ ਵਾਪਸ ਮੁੜਦਾ, ਉਹਨੂੰ ਬਹੁਤੇ ਦਿਨ ਲੱਗ ਜਾਂਦੇ ਤਾਂ ਉਹਦੀ ਭਰਜਾਈ ਉਹਦੇ ਨਾਲ ਬਹੁਤ ਲੜਦੀ। ਮਿੱਠਾ-ਮਿੱਠਾ ਝਿੜਕਦੀ। ਆਖਦੀ, ‘ਤੇਰਾ ਘਰੇ ਜੀਅ ਨੀ ਲਗਦਾ ਵਹਿੜਕਿਆ। ਬੂਬਨਿਆਂ ਮਗਰ ਫਿਰਦਾ ਰਹਿਨੈਂ । ਦੱਸ ਕੀ ਘੋਲ ਕੇ ਪਿਆ ‘ਤਾ ਤੈਨੂੰ ਉਹਨਾਂ ਨੇ ? ਜਾਂ ਕੋਈ ਹੋਰ ਰੋਗ ਦੱਸ ?’
ਉਹ ਹੱਸਦਾ ਰਹਿੰਦਾ। ਜਵਾਬ ਕੋਈ ਨਾ ਦਿੰਦਾ।
ਤੇ ਫੇਰ ਉਹ ਦਾਲ ਵਿਚ ਦੁੱਗਣਾ ਘਿਓ ਪਾ ਕੇ ਪੁੱਛਦੀ, ‘ਲਗਦੈ, ਕਿਸੇ ਚਾਟ ਤੇ ਐਂ, ਹਰਾਮੀਆ ?’
‘ਚਾਟ ਕੀ ਹੁੰਦੀ ਐ ?’ ਉਹ ਪੁੱਛਦਾ।
‘ਚਾਟ ਦਾ ਓਦੇਂ ਸੁਆਦ ਆਉ, ਜਿੱਦਣ ਟੰਗਾਂ ਤੋੜੀਆਂ ਕਿਸੇ ਨੇ ।’ ਤੇ ਫੇਰ ਹੌਲ਼ੀ ਦੇ ਕੇ ਸਮਝੌਤੀ ਦਿੰਦੀ, ‘ਮੈਂ ਹੈਗੀ ਆਂ, ਤੂੰ ਮੈਨੂੰ ਦੱਸ।’
‘ਕੀ ਦੱਸਾਂ ਤੈਨੂੰ ?” ਉਹ ਮੁਸਕੜੀਏਂ ਹੱਸਦਾ ਹੋਇਆ ਪੁੱਛਦਾ।
‘ਸਭ ਜਾਣਦੈਂ, ਬਸ਼ਰਮਾ। ਜਾਣਦੀ ਮੈਂ ਵੀ ਆਂ। ਜਿੱਦਣ ਫੜ ਲਿਆ ਨਾ ਮੈਂ, ਦੇ ਲਿਆ ਗੋਡਿਆਂ ਹੇਠ, ਪਸਲੀਆਂ ਤੋਰੂੰ ਤੇਰੀਆਂ।
‘ਜਾਨ ਹੈਗੀ ਤੇਰੇ ‘ਚ ਪਸਲੀਆਂ ਤੋੜਨ ਨੂੰ ?’
ਭੱਜ ਲੈ ।’ ‘ਸੱਚੀ-ਮੁੱਚੀਂ ਥੋੜਾ ਤੋੜਨੀਆਂ ਨੇ ਪਸਲੀਆਂ ਤੇਰੀਆਂ, ਤੇਰੇ ਸੰਗਲ ਪੌਣੇ, ਜਿੰਨਾ ਮਰਜ਼ੀ
‘ਸੰਗਲ ਤੂੰ ਪਾ ਚੁੱਕੀ।’
‘ਦੇਖ ਲੀਂ, ਤੂੰ ਤਕੜਾ ਕਿ ਮੈਂ ਤਕੜੀ।’
ਏਦਾਂ ਹੀ ਦਿਉਰ-ਭਰਜਾਈ ਚੋਹਲ-ਮੋਹਲ ਕਰਦੇ ਰਹਿੰਦੇ।
ਤੇ ਅਖੀਰ ਅਰਜਣ ਦੀ ਭਰਜਾਈ ਨੇ ਉਹਨੂੰ ਸੰਗਲ ਪਾ ਹੀ ਲਿਆ। ਉਹਨਾਂ ਦਿਨਾਂ ਵਿਚ ਹੀ ਮਾਂ ਦੀ ਮੌਤ ਹੋ ਗਈ। ਹੁਣ ਅਰਜਣ ਕਿਧਰੇ ਬਾਹਰ ਨਹੀਂ ਜਾਂਦਾ ਸੀ। ਪਹਿਲਵਾਨਾਂ ਦਾ ਖਹਿੜਾ ਛੱਡ ਦਿੱਤਾ । ਸਾਧ ਦੇ ਡੇਰੇ ਵੀ ਕਦੇ-ਕਦੇ ਹੀ ਜਾਂਦਾ । ਖੇਤ ਵੀ ਗੇੜਾ ਮਾਰਨ ਲੱਗ ਪਿਆ। ਪਰ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦਾ ਸੀ । ਭਰਜਾਈ ਉਹਨੂੰ ਪੂਰਾ ਬੰਨ੍ਹ ਕੇ ਰਖਦੀ। ਉਹਦਾ ਹਰ ਸ਼ੌਕ ਪੂਰਾ ਕਰਦੀ। ਉਹਨੂੰ ਖਾਣ-ਪੀਣ ਨੂੰ ਖੁੱਲ੍ਹਾ ਦਿੰਦੀ । ਝੰਡਾ ਉਹਨੂੰ ਕਿਸੇ ਕੰਮ ਲਈ ਕਹਿੰਦਾ ਤਾਂ ਟੋਕ ਦਿੰਦੀ, ‘ਇਹਨੇ ਕਦੇ ਪਹਿਲਾਂ ਕੀਤਾ ਹੋਵੇ ਤਾਂ ਹੁਣ ਕਰੇ । ਪਹਿਲਾਂ ਤਾਂ ਵਿਹਲਾ ਈ ਰੱਖਿਆ । ਹੁਣ ਕਿਧਰੋਂ ਲੱਲ੍ਹਰ ਲਾ ਦੂ ਇਹੇ ।
‘ਮੈਂ ਕਦੋਂ ਕਹਿਨਾਂ, ਬਈ ਇਹ ਹਲ ਦਾ ਮੁੰਨਾ ਫੜੇ। ਘੱਟ-ਘੱਟ ਨਿਆਣਾ ਤਾਂ ਫੜ ਲਿਆ ਕਰੇ ਰੋਟੀ ਪੱਕਣ ਵੇਲੇ। ਖੇਤ ਰੋਟੀ ਲੈ ਜਿਆ ਕਰੋ । ਮੈਂਸ ਨੂੰ ਟੋਭੇ ਨਮ੍ਹਾ ਲਿਆਇਆ ਕਰੇ । ਕਦੇ ਕਦੇ ਕੱਖਾਂ ਦੀ ਭਰੀ ਲਿਆ ਦਿਆ ਕਰੋ । ਕੀ ਘਸ ਜੂ ਇਹਦਾ ?” ਝੰਡਾ ਗੇੜ ਪਾ ਕੇ ਉਹਨੂੰ ਕੰਮਾਂ ਵਿਚ ਕਿਵੇਂ ਨਾ ਕਿਵੇਂ ਫਸਾਉਣਾ ਚਾਹੁੰਦਾ ਸੀ ।
ਅਰਜਣ ਮਨ ਦਾ ਮੌਜੀ ਸੀ । ਚਿੱਤ ਉੱਤੇ ਆਉਂਦਾ ਤਾਂ ਕੋਈ ਕੰਮ ਕਰ ਲੈਂਦਾ, ਨਹੀਂ ਤਾਂ ਘੇਸਲ ਮਾਰ ਜਾਂਦਾ । ਝੰਡਾ ਉਹਨੂੰ ਤਾੜ ਕੇ ਕਦੇ ਨਹੀਂ ਆਖਦਾ ਸੀ। ਜੇ ਕਦੇ ਉੱਚਾ ਬੋਲ ਵੀ ਪੈਂਦਾ, ਉਹ ਝੱਟ ਰੁੱਸ ਜਾਂਦਾ ਤੇ ਸਾਧ ਦੇ ਡੇਰੇ ਜਾ ਬੈਠਦਾ । ਭਰਜਾਈ ਮਨਾ ਲਿਆਉਂਦੀ ।
ਝੰਡਾ ਤੇ ਉਹਦੀ ਘਰਵਾਲੀ ਮੁੰਡੇ ਦੀ ਗੱਲ ਸੁਣ ਕੇ ਬੜੇ ਹੀ ਹੈਰਾਨ ਹੋਏ ਕਿ ਅਰਜਣ ਉਹਦਾ ਚਾਚਾ ਕਿਹਰੇ ਕੇ ਗਿੰਦਰ ਦੇ ਬਾਹਰਲੇ ਘਰ ਬੈਠਾ ਕਿਸੇ ਬੰਦੇ ਨਾਲ ਦਾਰੂ ਪੀ ਰਿਹਾ ਹੈ । ਘਰ ਆ ਕੇ ਉਹਨੇ ਭਰਜਾਈ ਤੋਂ ਰੋਟੀ ਮੰਗੀ ਤਾਂ ਉਹਨੇ ਰੋਟੀ ਥਾਲੀ ਵਿਚ ਪਾ ਕੇ ਦੇ ਦਿੱਤੀ ਤੇ ਉਹਦੇ ਵੱਲ ਸ਼ੱਕ-ਭਰੀਆਂ ਨਜ਼ਰਾਂ ਨਾਲ ਝਾਕਣ ਲੱਗੀ। ਉਹਨੂੰ ਪੁੱਛਿਆ ਕੁਝ ਨਹੀਂ। ਉਹ ਘਾਊਂ-ਮਾਊਂ ਜਿਹਾ ਬਣਿਆ ਰੋਟੀ ਖਾ ਰਿਹਾ ਸੀ । ਉਤਾਂਹ ਅੱਖ ਨਹੀਂ ਚੁਕਦਾ ਸੀ। ਝੰਡੇ ਨੇ ਉਹਨੂੰ ਦੇਖਿਆ ਤੇ ਉਹਦੇ ਕੋਲੋਂ ਦੂਰ ਹੋ ਗਿਆ। ਪਰ੍ਹਾਂ ਜਾ ਕੇ ਪਸ਼ੂਆਂ ਨੂੰ ਹਰੇ ਦੇ ਟੋਕਰੇ ਸੁੱਟਣ ਲੱਗਿਆ। ਅਰਜਣ ਨੇ ਰੋਟੀ ਖਾਧੀ ਤੇ ਕੁਰਲੀ ਜਿਹੀ ਕਰਕੇ ਚੁੱਪਚਾਪ ਆਪਣੇ ਮੰਜੇ ਉੱਤੇ ਜਾ ਪਿਆ । ਮੁੰਡਾ ਚਾਚਾ-ਚਾਚਾ ਕਰਕੇ ਉਹਦੇ ਉੱਤੇ ਲਿਟਣ ਲੱਗਿਆ । ਪਰ ਉਹ ਮੂੰਹੋਂ ਬੋਲਿਆ ਨਹੀਂ । ਮੁੰਡਾ ਕਹਿੰਦਾ, ‘ਚਾਚੇ ਨੂੰ ਤਾਂ ਨੀਂਦ भेंटी भे, घेघे ।’
ਝੰਡੇ ਤੇ ਬੰਤੋ ਨੇ ਆਪਸ ਵਿਚ ਅਰਜਣ ਬਾਰੇ ਕੋਈ ਗੱਲ ਨਾ ਕੀਤੀ। ਗੱਲ ਵੀ ਕੀ ਕਰਦੇ, ਸਾਫ਼ ਪਤਾ ਸੀ ਕਿ ਉਹ ਦਾਰੂ ਪੀ ਕੇ ਆਇਆ ਹੈ।
ਗਿੰਦਰ ਕੇ ਬਾਹਰਲੇ ਘਰ ਅਰਜਣ ਨਾਲ ਦਾਰੂ ਪੀਣ ਵਾਲਾ ਸੀ, ਗਿੰਦਰ ਕਾ ਹੀ ਗਵਾਂਢੀ-ਪ੍ਰੀਤਮ। ਪ੍ਰੀਤਮ ਜਿਸ ਦੀ ਬਹੂ ਨੰਦਕੁਰ ਸੀ । ਨੰਦਕੁਰ ਕੋਲ ਗਿੰਦਰ ਦੀ ਬਹੂ ਹਰਨਾਮੀ ਦਾ ਉੱਠਣ-ਬੈਠਣ ਸੀ। ਹਰਨਾਮੀ ਪ੍ਰੀਤਮ ਨੂੰ ਮਿੱਠੀਆਂ-ਮਿੱਠੀਆਂ ਮਸ਼ਕਰੀਆਂ ਕਰਦੀ ਰਹਿੰਦੀ। ਦਿਉਰ ਲਗਦਾ ਸੀ ਨਾ । ਪ੍ਰੀਤਮ ਉਹਨੂੰ ਜਵਾਬ ਤਾਂ ਕਰਦਾ ਪਰ ਆਪਣੀ ਬਹੂ ਕੋਲ ਹੋਣ ਕਰਕੇ ਸੰਗ ਜਾਂਦਾ। ਕਦੇ ਕਦੇ ਉਹ ਉਸ ਇਕੱਲੇ ਨੂੰ ਵੀ ਛੇੜਦੀ।
ਗਿੰਦਰ ਤਾਂ ਪੀਂਦਾ ਨਹੀਂ ਸੀ। ਉਹ ਉਸ ਦਿਨ ਬਾਹਰਲੇ ਘਰ ਵੀ ਨਹੀਂ ਸੀ। ਗਵਾਂਢ- ਮੱਥਾ ਹੋਣ ਕਰਕੇ ਪ੍ਰੀਤਮ ਆਪਣਾ ਘਰ ਸਮਝ ਕੇ ਹੀ ਓਥੇ ਬੈਠ ਗਿਆ ਸੀ । ਪ੍ਰੀਤਮ ਤੇ ਅਰਜਣ ਬਚਪਨ ਦੇ ਆੜੀ ਸਨ। ਇਕੱਠੇ ਖੇਡੇ ਸਨ। ਇਕੱਠਿਆਂ ਨੇ ਸ਼ਰਾਰਤਾਂ ਕੀਤੀਆਂ ਸਨ। ਲੜਦੇ- ਭਿੜਦੇ ਵੀ ਰਹੇ ਸਨ, ਪਰ ਦੋਸਤੀ ਵਿਚ ਫ਼ਰਕ ਨਹੀਂ ਪਿਆ ਸੀ। ਉਡਾਰ-ਉਮਰ ਤੋਂ ਹੀ ਉਹ ਕਦੇ ਕਦੇ ਚੋਰੀ-ਛੁਪੇ ਘੁੱਟ ਲਾ ਲਿਆ ਕਰਦੇ । ਪੀਂਦੇ ਤੇ ਮਗਰੋਂ ਗੁੜ ਖਾ ਲੈਂਦੇ । ਕਿਸੇ ਨੂੰ ਪੀਤੀ ਦਾ ਪਤਾ ਨਾ ਲੱਗਣ ਦਿੰਦੇ। ਹੁਣ ਪ੍ਰੀਤਮ ਜਦੋਂ ਦਾ ਵਿਆਹਿਆ ਗਿਆ ਸੀ, ਉਹ ਜ਼ਰੂਰ ਹੀ ਕਦੇ ਕਦੇ ਇਕੱਠੇ ਹੁੰਦੇ ਤੇ ਲਾਜ਼ਮੀ ਸ਼ਰਾਬ ਪੀਂਦੇ । ਉਸ ਰਾਤ ਅਰਜਣ ਘਰ ਨਹੀਂ ਜਾਂਦਾ ਸੀ। ਓਦੋਂ ਤਾਂ ਅਰਜਣ ਦੀ ਮਾਂ ਵੀ ਜਿਉਂਦੀ ਸੀ। ਉਹਤੋਂ ਮਗਰੋਂ ਉਹ ਭਰਾ-ਭਰਜਾਈ ਦੀ ਅੱਖ-ਸ਼ਰਮ ਰਖਦਾ ਆਇਆ ਸੀ। ਪਰ ਅੱਜ ਅਰਜਣ ਨੇ ਮਿਥ ਲਿਆ ਸੀ ਕਿ ਉਹ ਦਾਰੂ ਪੀ ਕੇ ਘਰ ਜਾ ਕੇ ਰੋਟੀ ਖਾਵੇਗਾ, ਆਪਣੇ ਘਰ ਜਾ ਕੇ ਪਵੇਗਾ। ਵੱਡੇ ਭਾਈ ਦਾ ਉਹਨੂੰ ਕਿਹੜਾ ਡਰ ਮਾਰਿਆ ਗਿਆ ਹੈ। ਭਰਜਾਈ ਤੋਂ ਤਾਂ ਡਰਨ ਦੀ ਲੋੜ ਹੀ ਕੋਈ ਨਹੀਂ ਸੀ।
ਉਸ ਦਿਨ ਗਿੰਦਰ ਕੇ ਬਾਹਰਲੇ ਘਰ ਦਾਰੂ ਪੀਂਦੇ ਪਹਿਲਾਂ ਤਾਂ ਉਹ ਖੇਤਾਂ ਦੀਆਂ ਗੱਲਾਂ ਕਰਦੇ ਰਹੇ। ਫੇਰ ਪ੍ਰੀਤਮ ਆਪਣੀ ਨੰਦਕੁਰ ਨੂੰ ਲੈ ਕੇ ਬੈਠ ਗਿਆ। ਅਰਜਣ ਨੇ ਬੰਤੋਂ ਭਾਬੀ ਦੀਆਂ ਗੱਲਾਂ ਸੁਣਾਈਆਂ। ਤੇ ਫੇਰ ਪ੍ਰੀਤਮ ਨੇ ਗਿੰਦਰ ਦੀ ਬਹੂ ਹਰਨਾਮੀ ਦੀ ਗੱਲ ਛੇੜ ਲਈ, ‘ਜਾਰ ਅਰਜਣਾ, ਤੀਮੀ ਤਾਂ ਗਿੰਦਰ ਦੀ ਐ। ਅੱਖ ਸਾਲੀ ਦੀ ਕਾਲਜਾ ਕੱਢ ਕੇ ਲੈ ਜਾਂਦੀ ਐ। ਮਸ਼ਕਰੀ ਵੀ ਕਰੂ, ਕੰਜਰ ਦੀ, ਬੱਸ ਸਮਝ ਲੈ ਹੱਡ ਤੇ ਨਹੇਰਨਾ ਮਾਰਦੀ ਐ ? ਬੰਦੇ ਨੂੰ ਬੋਲਣ ਜੋਗਾ ਨੀ ਛੱਡਦੀ।’
‘ਹੱਛਿਆ? ਗੱਲ ਤਾਂ ਕਰਾ ਫੇਰ। ਦੇਖੀਏ ਜੰਡੀ ਦਾ ਭੌਣ ।’ ਅਰਜਣ ਨੇ ਬੁੱਲ੍ਹਾਂ ਉੱਤੇ ਜੀਭ ਫੇਰੀ।
‘ਦੇਖ ਲਾਂ ਗੇ, ਆ ਜੀਂ ਕਦੇ । ਸਾਡੇ ਘਰ ਬੈਠਾਂਗੇ। ਥੋੜੀ-ਥੋੜੀ ਪੀ ਵੀ ਸਮਾਂ ਗੇ।’
‘ਥੋਡੇ ਘਰ ਉਹ ਕੀ ਕਰਨ ਔਂਦੀ ਐ ?’
‘ਕਰਨ ਕੀ ਔਣਾ ਸੀ, ਗਮਾਂਢ ਐ, ਨੰਦਕੁਰ ਕੋਲ ਉਹ ਤਾਂ ਗੇੜਾ ਮਾਰਦੀ ਈ ਰਹਿੰਦੀ।
‘ਕਿਤੇ ਨੰਦਕੁਰ ਨਾ ਜੁੱਤੀ ਕੱਢ ਲੇ ਤੈਨੂੰ ?
‘ਜੁੱਤੀ ਨੂੰ ਤੂੰ ਐਡਾ ਕੀ ਕਰੇਂਗਾ। ਤੈਨੂੰ ਤਾਂ ਬੱਸ ਦਖੌਣੀ ਐ ਉਹ। ਗਹਾਂ ਤੂੰ ਜਾਣ । ਇਕ- ਅੱਧ ਗੱਲ ਵੀ ਕਰ ਲੇਂ ਗਾ।’
‘ਅਇਓਂ ਕਰ ਲੈਂਦੀ ਐ ਗੱਲ ਬਗਾਨੇ ਬੰਦੇ ਨਾਲ ?’
‘ਹਾਂ, ਉਹ ਤਾਂ ਪੂਰੀ ਖੁੱਲ੍ਹੀ ਐ। ਤੂੰ ਦੇਖੀ ਤਾਂ ਸਹੀ ।’
‘ਤੂੰ ਨੀ ਛੇੜ ਕੇ ਦੇਖੀ ਕਦੇ ?’
‘ਮੈਂ, ਮੈਨੂੰ ਤਾਂ ਤੂੰ ਜਾਣਦਾ ਈ ਐਂ। ਮੇਰੇ ‘ਚ ਹਿੰਮਤ ਨੀ। ਏਸ ਗੱਲੋਂ ਮੈਂ ਤਾਂ ਮਿੱਟੀ ਆਂ।
ਹੱਸ-ਖੇਡ ਕਿੰਨਾ ਲਮਾਂ, ਇਹ ਨੀ ਮੈਥੋਂ ਹੁੰਦਾ। ਫੇਰ ਮੈਨੂੰ ਤਾਂ ਲੋੜ ਵੀ ਕਾਈ ਨੀ। ਜਿਉਂਦੀ ਰਹੇ ਮੇਰੀ ਨੰਦਕੁਰ।’
‘ਤਾਂ ਫੇਰ ਮੇਰਾ ਲਵਾ ਮੱਥਾ । ਦੇਖਦੇ ਆਂ।’ ਅਰਜਣ ਪੱਬਾਂ ਭਾਰ ਹੋ ਕੇ ਬੈਠ ਗਿਆ ।
‘ਓਏ, ਤੂੰ ਠੀਕ ਹੋ ਕੇ ਤਾਂ ਬੈਠ, ਤੂੰ ਤਾਂ ਹੁਣੇ ਈ, ਜਿਮੇਂ ਗੁੜ ਦੀ ਰੋੜੀ ਮੂੰਹ ‘ਚ ਪਾ ਲੈਣੀ ਹੋਵੇ। ਐਡੀ ਛੇਤੀ ਬਣਨ ਵਾਲਾ ਕੰਮ ਨੀ ਏਹੇ । ਮਿਨ੍ਹਤ ਕਰਨੀ ਪਊ ਖਾਸੀ ।’
ਉਸ ਦਿਨ ਗਿੰਦਰ ਕੇ ਬਾਹਰਲੇ ਘਰ ਦਾਰੂ ਪੀਂਦੇ ਉਹ ਫੇਰ ਹਰਨਾਮੀ ਦੀਆਂ ਗੱਲਾਂ ਕਰਦੇ ਰਹੇ। ਪ੍ਰੀਤਮ ਨੇ ਉਹਨੂੰ ਪੂਰਾ ਤਿਆਰ ਕਰ ਦਿੱਤਾ ਸੀ।
ਅਗਲੀ ਸਵੇਰ ਦਿਨ-ਚੜ੍ਹੇ ਅਰਜਣ ਮੰਜੇ ਤੋਂ ਉੱਠਿਆ। ਸਾਰਾ ਟੱਬਰ ਚਾਹ ਪੀ ਚੁਕਿਆ ਸੀ। ਉਹਨੇ ਆਪਣੇ ਭਤੀਜੇ ਹਰਦਿੱਤ ਦਾ ਨਾਂ ਲੈ ਕੇ ‘ਵਾਜ ਮਾਰੀ। ਹਰਦਿੱਤ ਤਾਂ ਕਦੋਂ ਦਾ ਚਾਹ ਪੀ ਕੇ ਘਰੋਂ ਬਾਹਰ ਹਾਣੀ ਮੁੰਡੇ-ਕੁੜੀਆਂ ਨਾਲ ਖੇਡਣ ਜਾ ਲੱਗਿਆ ਸੀ । ਉਹਨੇ ਇਕ ਵਾਜ ਹੋਰ ਮਾਰੀ ਤਾਂ ਬੰਤੋ ਬੋਲੀ, ‘ਆ ਗੀ ਜਾਗ ਕਾਕਾ ਜੀ ਨੂੰ ? ਦੱਸ ਕੀ ਆਖਣੈ ?’
‘ਚਾਹ।’ ਉਹ ਐਨਾ ਹੀ ਬੋਲਿਆ। ਅਜੇ ਤੱਕ ਮੰਜੇ ਉੱਤੇ ਹੀ ਮੱਥਾ ਫੜੀਂ ਬੈਠਾ ਸੀ।
‘ਹੁਣ ਜਰਾਂਦ ਕਰ ਦੋ ਮਿੰਟ । ਮਹਿੰ ਵਾਸਤੇ ਬੱਕਲੀਆਂ ਕੁੱਟ ਦਿਆਂ। ਫੇਰ ਦਿੰਨੀ ਆਂ ਚਾਹ ਬਣਾ ਕੇ । ਬੰਤੋ ਉਹਦੇ ਕੋਲ ਆਈ ਸੀ ਤੇ ਉਹਦੇ ਸਿਰ ਦੇ ਵਾਲਾਂ ਵਿਚ ਪਿਆਰ ਨਾਲ ਉਂਗਲਾਂ ਦਾ ਖਰਖਰਾ ਜਿਹਾ ਕਰ ਗਈ ਸੀ।
5
ਆਥਣ ਨੂੰ ਹੀ ਅਰਜਣ ਨੇ ਘਰ ਦੀ ਕੱਢੀ ਬੋਤਲ ਲਿਆਂਦੀ। ਸੁਆਦ ਦੇਖਣ ਲਈ ਉਹਦੇ ਵਿਚੋਂ ਇਕ ਕੌਲੀ ਪੀ ਵੀ ਲਈ। ਸ਼ਰਾਬ ਵਧੀਆ ਸੀ । ਉਹਨੂੰ ਤਰਾਰਾ ਜਿਹਾ ਆਇਆ ਤਾਂ ਉਹਨੇ ਇਕ ਕੌਲੀ ਹੋਰ ਲਾ ਲਈ । ਬੋਤਲ ਨੂੰ ਡੱਬ ਵਿਚ ਦੇ ਕੇ ਉਹ ਪ੍ਰੀਤਮ ਦੇ ਘਰ ਨੂੰ ਚੱਲ ਪਿਆ। ਪ੍ਰੀਤਮ ਖੇਤੋਂ ਆਇਆ ਸੀ ਤੇ ਤੱਤਾ ਪਾਣੀ ਲੈ ਕੇ ਹੱਥ-ਪੈਰ ਧੋ ਰਿਹਾ ਸੀ। ਮੱਘਰ ਦਾ ਮਹੀਨਾ ਸੀ। ਠੰਡ ਕਾਫ਼ੀ ਵਧ ਚੱਲੀ ਸੀ। ਦੀਵਾਲੀ ਹੁਣੇ ਲੰਘ ਕੇ ਗਈ ਸੀ। ਕਣਕਾਂ ਵਾਹਵਾ ਉੱਠ ਖੜੀਆਂ ਸਨ। ਪਾਣੀ ਦੇਣ ਤੇ ਗੁੱਡ-ਗੁਡਾਈ ਤੋਂ ਛੁੱਟ ਖੇਤਾਂ ਵਿਚ ਜੱਟਾਂ ਨੂੰ ਹੋਰ ਖਾਸ ਕੰਮ ਨਹੀਂ ਸਨ। ਉਸ ਦਿਨ ਪ੍ਰੀਤਮ ਹੁਰੀਂ ਕਣਕ ਗੁੱਡ ਕੇ ਆਏ ਸਨ । ਪਿਛਲੇ ਪਹਿਰ ਦੀ ਚਾਹ ਵੇਲੇ ਨੂੰ ਹੀ ਗੁੱਡਣ ਦਾ ਕੰਮ ਮੁੱਕ ਗਿਆ ਸੀ। ਕੱਖਾਂ ਦੀਆਂ ਭਰੀਆਂ ਬਣਾ ਕੇ ਤੇ ਨਿੱਕੀ-ਮੋਟੀ ਲੱਕੜ-ਤਿੰਬੜ ਲੈ ਕੇ ਉਹ ਪਿੰਡ ਨੂੰ ਆ ਗਏ ਸਨ।
ਦਰਵਾਜ਼ਿਓਂ ਅੰਦਰ ਹੋ ਕੇ ਅਰਜਣ ਨੇ ਖੰਘੂਰ ਮਾਰੀ । ਪ੍ਰੀਤਮ ਨੇ ਉਹਦਾ ਬੋਲ ਸਿਆਣ ਕੇ ਦੂਜੇ ਪਾਸੇ ਚੱਕੀ ਦੇ ਫੁੱਟੇ ਪੁੜ ਉੱਤੇ ਪੈਰ ਧੋਂਦਿਆਂ ਆਖਿਆ, ‘ਓਏ, ਆ ਜਾ। ਐਧਰ ਗਹਾਂ ਲੰਘ the
‘ਤਾਈ, ਰਾਜੀ ਐਂ ?’ ਅਰਜਣ ਨੇ ਪੁੱਛਿਆ।
‘ਆਹੋ ਭਾਈ, ਤੂੰ ਦੱਸ। ਭਰਾ-ਭਰਜਾਈ ਦਾ ਡੱਕਾ ਵੀ ਦੂਹਰਾ ਕਰ ਦਿੰਨਾ ਹੁੰਨੈ ਕਿ ਸਾਰਾ ਦਿਨ ਨੰਬਰਦਾਰੀ ਤੇ ਈ ਰਹਿਨੈਂ ?” ਪ੍ਰੀਤਮ ਦੀ ਮਾਂ ਨੇ ਹੱਸ ਕੇ ਕਿਹਾ।
‘ਭਰਜਾਈ ਦਾ ਤਾਂ ਪੂਰਾ ਪਾਣੀ ਭਰਦੈ।’ ਨੰਦਕੁਰ ਅਰਜਣ ਦੇ ਬੋਲਣ ਤੋਂ ਪਹਿਲਾਂ ਹੀ ਆਖ ਗਈ।
‘ਪਾਣੀ ਤਾ ਤੇਰਾ ਵੀ ਭਰਨ ਨੂੰ ਤਿਆਰ ਆਂ ਨੰਦਕੁਰ। ਬਿਨ-ਟਕਿਓਂ ਮਜੂਰੀ ਕਰਨ ਆਲਾਂ ਮੈਂ ਤਾਂ। ਤੂੰ ਹੁਕਮ ਕਰ, ਭਾਬੀ ਸਾਅਬ।’ ਅਰਜਣ ਦੀ ਗੱਲ ਸੁਣ ਕੇ ਨੂੰਹ-ਸੱਸ ਦੋਵੇਂ ਹੱਸਣ ਲੱਗੀਆਂ । ਤੇ ਫੇਰ ਸੱਸ ਨੇ ਨੂੰਹ ਨੂੰ ਆਖਿਆ ਕਿ ਉਹ ਕੈਂਧ ਨਾਲ ਖੜ੍ਹਾ ਮੰਜਾ ਅਰਜਣ ਦੇ ਬੈਠਣ ਨੂੰ ਡਾਹ ਦੇਵੇ। ਅਰਜਣ ਕਹਿੰਦਾ, ‘ਨਹੀਂ ਤਾਈ, ਅਸੀਂ ਤਾਂ ਬੈਠਕ ‘ਚ ਬੈਠਾਂਗੇ । ਇਕ ਗਿਲਾਸ ਤੇ ਪਾਣੀ ਦਾ ਗੜਵਾ ਦੇ ਦਿਓ ਸਾਨੂੰ ।’
ਨੰਦਕੁਰ ਪਾਣੀ ਦਾ ਗੜਵਾ ਤੇ ਗਲਾਸ ਬੈਠਕ ਵਿਚ ਧਰ ਗਈ।
ਸਮੋਸੇ ਨਾਲ ਮੂੰਹ ਪੂੰਝਦਾ ਪ੍ਰੀਤਮ ਬੈਠਕ ਵੱਲ ਜਾਣ ਲੱਗਿਆ ਤਾਂ ਨੰਦਕੁਰ ਨੇ ਅੱਖਾਂ ਵਿਚ ਹੀ ਉਹਨੂੰ ਘੂਰਿਆ।
ਮਾਂ ਕਹਿੰਦੀ, ‘ਪ੍ਰੀਤਮ, ਇਹ ਤਾਂ ਮਲੰਗ ਐ। ਤੂੰ ਵੀ ਹੁਣ ਇਹੀ ਕਿੱਤਿਆਂ ‘ਤੇ ਆ ਗਿਆ। ਸਿਆਣਾ ਬਣ ਕੇ ਚੱਲ।’
‘ਨਿੱਤ ਨਿੱਤ ਕੋਈ ਥੋੜਾ ਔਂਦਾ ਹੁੰਦੈ। ਅੱਜ ਪਤਾ ਨੀ ਕਿਮੇਂ ਆ ਗਿਆ । ਗਹਾਂ ਨੂੰ ਨਹੀਂ ਆਊ।’ ਪ੍ਰੀਤਮ ਨੇ ਬੁੜ੍ਹੀ ਤੇ ਬਹੂ ਦੋਵਾਂ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ।
ਬੈਠਕ ਵਿਚ ਪ੍ਰੀਤਮ ਆਇਆ ਤਾਂ ਅਰਜਣ ਕਹਿੰਦਾ, ‘ਤੀਮੀ ਤੋਂ ਬੜਾ ਭੈ ਖਾਨੈਂ ਓਏ। ਜੁੱਤੀਆਂ ਦਾ ਡਰ ਐ ਤਾਂ ਉਠ ਜਾਨਾਂ ਮੈਂ ।’ ਤਿੰਨ-ਟੰਗੀ ਉੱਤੇ ਡੱਬ ਵਿਚੋਂ ਕੱਢ ਕੇ ਰੱਖੀ ਪਈ ਬੋਤਲ ਉਹਨੇ ਚੁੱਕੀ ਤੇ ਖੜ੍ਹਾ ਹੋਣ ਲੱਗਿਆ।
ਪ੍ਰੀਤਮ ਕਹਿੰਦਾ, ‘ਓਏ, ਕਾਹਨੂੰ, ਕੰਜਰ ਦਿਆ ਪੁੱਤਾ, ਉਹ ਤਾਂ ਹੋਰ ਗੱਲ ਸੀ।ਘਰ ਦੀ ਗੱਲ ਐ ਕੋਈ। ਤੂੰ ਬਹਿ ਜਾ । ਤੇਰਾ ਘਰ ਐ ਜਾਰ । ਤੈਨੂੰ ਬੋਲਣ ਆਲਾ ਕੌਣ ਐ ਸਾਲਾ
ਉਹ ਪੀਣ ਲੱਗੇ। ਹਨੇਰਾ ਹੋ ਗਿਆ ਸੀ | ਲਾਲਟੈਨ ਜਗਾ ਕੇ ਨੰਦਕੁਰ ਬੈਠਕ ਵਿਚ ਰੱਖ ਗਈ।ਓਦੋਂ ਨੂੰ ਉਹ ਦੋ-ਦੋ ਕੌਲੀਆਂ ਅੰਦਰ ਸੁੱਟ ਚੁੱਕੇ ਸਨ। ਗੜਵੇ ਵਿਚੋਂ ਪਾਣੀ ਦਾ ਗਲਾਸ ਭਰਦੇ ਤੇ ਦਾਰੂ ਪੀਣ ਵੇਲੇ ਕੌਲੀ ਵਿਚ ਤਿੱਪ ਕੁ ਪਾਣੀ ਗਲਾਸ ਵਿਚੋਂ ਪਾ ਲੈਂਦੇ । ਗਲਾਸ ਵਿਚੋਂ ਹੀ ਪਾਣੀ ਦੀ ਘੁੱਟ ਭਰਦੇ ਤੇ ਅੰਬ ਦੇ ਅਚਾਰ ਦੀਆਂ ਫਾੜੀਆਂ ਚੂਸਣ ਲਗਦੇ। ਅਰਜਣ ਨੂੰ ਖਾਸੀ ਚੜ੍ਹ ਗਈ ਸੀ। ਆਖਰ ਉਹਨੇ ਗਿੰਦਰ ਦੀ ਬਹੂ ਦੀ ਗੱਲ ਛੇੜ ਲਈ। ਪ੍ਰੀਤਮ ਕਹਿੰਦਾ, ‘ਚੱਲੀਏ, ਉਹਨਾਂ ਦੇ। ਗਿੰਦਰ ਆ ਗਿਆ ਹੋਣੈ ਖੇਤੋਂ। ਗਿੰਦਰ ਨਾਲ ਕਣਕ ਦੀਆਂ ਗੱਲਾਂ ਕਰਨ ਬਹਾਨੇ ਜਾ ਐਨੇ ਆਂ । ਤੂੰ ਝਾਕਾ ਵੀ ਲੈ ਲੀਂ ।’
ਉਹ ਕੌਲੀ ਵਿਚ ਹੋਰ ਦਾਰੂ ਪਾਉਣ ਹੀ ਲੱਗੇ ਸਨ ਕਿ ਬੈਠਕ ਅੱਗੋਂ ਦੀ ਗਿੰਦਰ ਦੀ ਬਹੂ ਹਰਨਾਮੀ ਲੰਘਦੀ ਪ੍ਰੀਤਮ ਨੂੰ ਦਿਸੀ। ਉਹ ਝੱਟ ਬੋਲ ਉੱਠਿਆ, ‘ਲੈ ਬਈ ਮਿੱਤਰਾ, ਉਹ ਤਾਂ ਘਰੇ ਈ ਆ ਗਈ। ਹੁਣ ਬਿੰਦ-ਝੱਟ ਨੰਦਕੁਰ ਕੋਲ ਬੈਠੂ ਵੀ। ਛਿੱਟ-ਛਿੱਟ ਲਾ ਲੀਏ, ਫੇਰ ਬੇਬੇ ਕੋਲ ਚਲਦੇ ਆਂ। ਤੂੰ ਬੇਬੇ ਨੂੰ ਗੱਲੀਂ ਤੋਰ, ਇਹ ਤਾਂ ਆਪ ਈ ਛਿੜ ਪੂ। ਭੋਰਾ ਸੰਗ ਨੀ ਮੰਨਦੀ।’
ਥੋੜੀ-ਥੋੜੀ ਪੀ ਕੇ ਉਹ ਬੈਠਕ ਵਿਚੋਂ ਉੱਠੇ ਤੇ ਵਿਹੜੇ ਵਿਚ ਦੀ ਹੁੰਦੈ ਛਤਣੇ ਥੱਲੇ ਚੁੱਲ੍ਹੇ ਕੋਲ ਬੈਠੀਆਂ ਤਿੰਨਾਂ ਜਣੀਆਂ ਕੋਲ ਚਲੇ ਗਏ। ਪ੍ਰੀਤਮ ਕਹਿੰਦਾ, ‘ਮਾਂ ਮਾਤਾ-ਰਾਣੀਆਂ ਆਗੂ ਚੁੱਪ ਜਿਆ ਕਿਮੇਂ ਬੈਠੀਓਂ ?’
‘ਵੇ ਭਾਈ, ਮਹਿੰ ਨੂੰ ਦੋ ਵਾਰੀਂ ਦੇਖ ਚੁੱਕੀ ਆਂ, ਮਿਲਣ ‘ਚ ਈ ਨੀ ਔਂਦੀ। ਪਤਾ ਨੀ ਕੀ ਹੋ ਗਿਆ ਸੋੜ ਪੈਣੀ ਨੂੰ, ਸੋਚਦੀ ਆਂ, ਗੋਂਦੀ ਬਾਹਮਣ ਤੋਂ ਪਾਣੀ ਈ ਕਰਾ ਲਿਆਮਾਂ ।’ ਮਾਂ ਨੇ ਫਿਕਰ ਵਿਚ ਆਖਿਆ।
‘ਹਾਂ ਪਾਣੀ ਕਰੌਣ ਦੀ ਇਹਨੂੰ ਤਾਂ ਟਕ ਈ ਪੈ ਗੀ, ਮਾਂ । ਜਾਇਆ ਫੇਰ। ਨਹੀਂ ਤਾਂ ਨ੍ਹੇਰੇ ‘ਚ ਕੁੱਤੇ ਤੋਂ ਲੱਤ ਪੜਵਾਏਂਗੀ। ਲਾਲਟੈਣ ਲੈ ਜਾ ਬੈਠਕ ‘ਚੋਂ।’ ਪ੍ਰੀਤਮ ਨੇ ਕਿਹਾ।
‘ਚੰਗਾ ਫੇਰ, ਜਾ ਈ ਆਮਾਂ ।’ ਬੁੜ੍ਹੀ ਉੱਠੀ ਤੇ ਬੈਠਕ ਵੱਲ ਜਾਣ ਲੱਗੀ। ਜਾਂਦੀ ਜਾਂਦੀ ਕਹਿੰਦੀ, ‘ਤੁਸੀਂ ਕਿਉਂ ਉੱਠ ਖੜ੍ਹੇ ਵੇ ?”
‘ਬੱਸ ਊਈਂ । ਦਾਲ-ਦੂਲ ਪੁੱਛਦੇ ਆਂ, ਕੀ ਧਰੀ ਐ। ਬਾਹਰ ਨਿਆਈਆਂ ਕੰਨੀ ਗੇੜਾ ਮਾਰ ਕੇ ਔਨੇ ਆਂ ਅਸੀਂ ਤਾਂ ।’ ਪ੍ਰੀਤਮ ਨੇ ਬਹਾਨਾ ਕੀਤਾ।
ਬੁੜ੍ਹੀ ਘਰੋਂ ਬਾਹਰ ਹੋਈ ਤਾਂ ਉਹ ਛਤਣੇ ਕੋਲ ਮੰਜਾ ਡਾਹ ਕੇ ਬੈਠ ਗਏ । ਛਤਣੇ ਵਿਚ ਸਰ੍ਹੋਂ ਦੇ ਤੇਲ ਦਾ ਦੀਵਾ ਬਾਲ ਕੇ ਚਾਨਣ ਕੀਤਾ ਹੋਇਆ ਸੀ। ਪ੍ਰੀਤਮ ਨੇ ਹਰਨਾਮੀ ਨੂੰ ਛੇੜਿਆ, ‘ਤੂੰ ਕਿਮੇਂ ਰੁੱਸੀ ਦ੍ਹੀ ਬੈਠੀ ਐਂ। ਹਰਨਾਮ ਕਰੇ ?’
‘ਸਾਗ ਧਰਿਆ ਸੀ, ਸਾਗ ਦੀ ਬਾਟੀ ਦੇਣ ਆਈ ਆਂ। ਮੈਂ ਤੇ ਬੁੜ੍ਹੇ ਨੇ ਤਾਂ ਰੋਟੀ ਖਾ ਲੀ। ਉਹ ਅਜੇ ਆਇਆ ਨੀ ਖੇਤੋਂ।’ ਹਰਨਾਮੀ ਬੋਲੀ।
‘ਖੇਤ ਕੀ ਕਰਦੇ ਨੇ ਅਜ ? ਐਨਾ ਨ੍ਹੇਰਾ ਕਿਉਂ ਕਰਤਾ ?” ਪ੍ਰੀਤਮ ਨੇ ਪੁੱਛਿਆ।
‘ਕਣਕ ਗੁੱਡਦੇ ਸੀ। ਦਿਹਾੜੀਏ ਲੈ ਕੇ ਗਿਆ ਹੋਇਐ। ਨਬੇੜ ਕੇ ਈ ਆਊ, ਮੇਰੀ ਜਾਣ ‘ਚ।’ ਉਹਨੇ ਜਵਾਬ ਦਿੱਤਾ।
ਨੰਦਕੁਰ ਵਿਚ ਦੀ ਹੀ ਬੋਲ ਉੱਠੀ, ‘ਆਹਾ ਅਰਜਣ ਕਿਮੇਂ ਬਾਂਦਰ ਜਾ ਬਣਿਆ ਬੈਠੈ, ਮੁਟਕੜੀ ਮਾਰੀਂ ?’
‘ਨਹੀਂ, ਸੁਣੀ ਜਾਨਾਂ । ਮੈਂ ਤਾਂ ‘ਡੀਕੀ ਜਾਂਦਾ ਸੀ, ਬਈ ਭਾਬੀ ਕੁਸ ਉੱਚਰੂ ਗੀ।’ ਅਰਜਣ ਨੇ ਕੱਚਾ ਜਿਹਾ ਹੋ ਕੇ ਆਖਿਆ।
‘ਐਂ ਦਿਨ ਨੀ ਨਿੱਕਲਣੇ ਤੇਰੇ, ਵਿਆਹ ਕਰਵਾ ਲੈ। ਬੋਲ ਲਿਆਮਾਂ ਸਾਕ ? ਨੰਦਕੁਰ ਨੇ ਸਿਰੇ ਦੀ ਆਖ ਦਿੱਤੀ।
‘ਦਿਨ ਨਿੱਕਲਣ ਨੂੰ ਕੀਹ ਐ; ਜਿਉਂਦੀਆਂ ਰਹਿਣ ਭਰਜਾਈਆਂ ।’ ਅਰਜਣ ਦੇ ਜਵਾਬ ‘ਚ ਬੇਨਿਆਜ਼ਗੀ ਵਿਚ ਵਲ੍ਹੇਟਿਆ ਹਉਕੇ ਦਾ ਰੰਗ ਸੀ।
‘ਭਰਜਾਈਆਂ ਦਾ ਤੂੰ ਕੀ ਲਗਦੈਂ ? ਇਹ ਤਾਂ ਚੰਦ ਰੋਜ਼ ਦਾ ਮੇਲਾ ਹੁੰਦੈ। ਗੋਲਾ-ਧੰਦਾ ਕਰਦਾ ਰਹੇਂਗਾ ਤਾਂ ਟੁੱਕ ਮਿਲਦਾ ਰਹੂ, ਨਹੀਂ ਤਾਂ ਫਾੜ-ਫਾੜ ਪੈਣ ਗੀਆਂ ਇਕ ਦਿਨ । ਅੱਗੇ ਤੂੰ ਸਮਝ ਨਾ ਸਮਝ ।’ ਨੰਦਕੁਰ ਨੇ ਨਵੀਂ ਸਮਝੌਤੀ ਦਿੱਤੀ।
‘ਤੂੰ ਲਿਆ ਤਾਂ ਸਹੀ, ਇਹ ਕੋਈ ਜਵਾਬ ਦਿੰਦੈ ? ਕੁੜੀ ਦੱਸ ਕੌਣ ਐਂ ? ਜਾਂ ਐਮੇਂ ਈ ਮਗਜਾਲੀ ਮਾਰਦੀ ਐਂ ?’ ਪ੍ਰੀਤਮ ਨੇ ਗੰਭੀਰ ਹੋ ਕੇ ਕਿਹਾ।
‘ਭਾਈ ਦੀ ਸਹੁੰ, ਮੈਂ ਝੂਠ ਤਾਂ ਨੀ ਆਖਦੀ। ਆਹ ਖੜ੍ਹੇ ਮਲੂਕਾ । ਮੈਂ ਤਾਂ ਤੜਕੇ ਉਠ ਜਾਨੀ ਆਂ।’
‘ਕੀਹਦੀ ਗੱਲ ਕਰਦੀ ਐਂ ਤੂੰ ?’ ਪ੍ਰੀਤਮ ਨੇ ਪੁੱਛਿਆ।
‘ਆਪਣੀ ਸੁਰਜੀਤੋ ਦੀ।’
‘ਕਿਹੜੀ ਸੁਰਜੀਤੋ ?’
‘ਲੈ ਤੂੰ ਨੀ ਜਾਣਦਾ ? ਚਾਚਾ ਨੀ ਮੇਰਾ ਮਕੰਦ । ਮਕੰਦੇ ਦੀ ਘਰਵਾਲੀ ਸੰਤੀ ਦੀ ਭਤੀਜੀ ਐ ਸੁਰਜੀਤੋ । ਮਲੂਕੇ ਈ ਰਹਿੰਦੀ ਐ। ਉਹਨਾਂ ਦੇ ਕੋਈ ਜਵਾਕ-ਜੱਲਾ ਨੀ ਨਾ। ਉਹਨਾਂ ਨੇ ਈ ਪਾਲੀ ਐ। ਓਹੀ ਵਿਆਹ ਕਰਨਗੇ। ਚਾਚੀ ਸੰਤੀ ਤਾਂ ਜਮਾਂ ਨੀ ਮੋੜਦੀ ਮੇਰਾ ਆਖਾ ।’ ਨੰਦਕੁਰ ਪੈਰ ਰੱਖ ਕੇ ਗੱਲ ਕਰ ਰਹੀ ਸੀ।
‘ਓਏ ਭਾਈ ਸਭ ਠੀਕ ਐ । ਸਭ ਸੱਚ ਐ। ਕੋਈ ਨੀ ਕਰਾਂਗੇ ਗੱਲ ਤੇਰੇ ਨਾਲ ਵੀ, ਭਾਬੀ ਸਾਅਬ ।’ ਅਰਜਣ ਨੇ ਹਉਕਾ ਲਿਆ ਤੇ ਟਿਕਟਿਕੀ ਲਾ ਕੇ ਹਰਨਾਮੀ ਵੱਲ ਦੇਖਣ ਲੱਗਿਆ। ਹੌਲ਼ੀ ਦੇ ਕੇ ਕਹਿੰਦਾ, ‘ਏਸ ਭਾਬੀ ਦੀ ਵੀ ਕੋਈ ਗੱਲ ਸੁਣ ਲੋ । ਇਹਨੂੰ ਵੀ ਦੇ ਦਿਓ ਟੈਮ । ਜਾਂ ਟੇਲ ਤੇ ਈ ਲਾ ਰੱਖਣੈ ਵਚਾਰੀ ਨੂੰ ।’
‘ਪਹਿਲਾਂ ਏਸ ਰਕਾਨ ਦੀਆਂ ਤਾਂ ਮੁੱਕ ਲੈਣ। ਦਿਉਰ ਨੂੰ ਵਿਆਹੁਣ ਲੱਗੀ ਐ।’ ਹਰਨਾਮੀ ਨੇ ਨੰਦਕੁਰ ਵੱਲ ਇਕ ਪਲ ਝਾਕ ਕੇ ਅਰਜਣ ਦੀਆਂ ਅੱਖਾਂ ਵਿਚ ਅੱਖਾਂ ਗੱਡ ਦਿੱਤੀਆਂ।
‘ਲੈ ਕੁੜੇ, ਤੂੰ ਮਖੌਲ ਮੰਨ ਲਿਆ ਮੇਰੀ ਗੱਲ ਦਾ ?’ ਨੰਦਕੁਰ ਆਪਣੀ ਗੱਲ ਨੂੰ ਸਿਰੇ ਲਾਉਣਾ ਚਾਹੁੰਦੀ ਸੀ ।
ਐਨੇ ਚਿਰ ਨੂੰ ਬੁੜ੍ਹੀ ਗੜਵੀ ਲੈ ਕੇ ਆ ਗਈ । ਲਾਲਟੈਣ ਦੇ ਚਾਨਣ ਵਿਚ ਹਰਨਾਮੀ ਨੇ ਦੇਖਿਆ, ਮੁੰਡੇ ਦੀਆਂ ਗੱਲ੍ਹਾਂ ਉੱਤੇ ਮਾਸ ਚੜ੍ਹਿਆ ਹੋਇਆ ਹੈ। ਗਰਦਨ ਲੰਮੀ ਹੈ। ਹੱਥ ਗੋਰੇ ਹਨ। ਪਿੰਜਣੀ ਮੋਟੀ ਤੇ ਗਿੱਟਾ ਪਤਲਾ | ਛਾਤੀ ਭਾਰੀ ਤੇ ਮੋਢੇ ਚੌੜੇ ਚੌੜੇ। ਹਰਨਾਮੀ ਨੇ ਸੋਚਿਆ, ‘ਘਣ ਅਰਗਾ ਸਰੀਰ ਐ ਏਸ ਦਾ ਤਾਂ ।’
‘ਪੁੰਨ ਖੱਟ ਲੈ ਭੈਣੇ, ਕਿਸੇ ਜੱਟ ਦੀ ਧੀ ਦਾ । ਮੁੰਡਾ ਤਾਂ ਅਹਿਓ ਜਾ ਲੱਖਾਂ ‘ਚੋਂ ਇਕ ਮਸਾਂ ਟੱਕਰਦੈ।’ ਹਰਨਾਮੀ ਆਪਣੇ ਘਰ ਨੂੰ ਜਾਂਦੀ-ਜਾਂਦੀ ਨੰਦਕੁਰ ਨੂੰ ਆਖ ਗਈ।
ਅਰਜਣ ਇਕ ਹੱਥ ਨਾਲ ਮੁੱਛਾਂ ਨੂੰ ਵੱਟ ਦੇ ਰਿਹਾ ਸੀ। ਦਰਵਾਜ਼ੇ ਦੇ ਬਾਰ ਤੱਕ ਉਹਦੀ ਅੱਖ ਹਰਨਾਮੀ ਉੱਤੇ ਹੀ ਟਿਕੀ ਰਹੀ।
ਦੋਵੇਂ ਜਣੇ ਉੱਠ ਕੇ ਦੁਬਾਰਾ ਬੈਠਕ ਵਿਚ ਆ ਗਏ ਤੇ ਹੋਰ ਪੀਣ ਲੱਗੇ।
ਮੈਂਸ ਮਿਲ ਪਈ ਸੀ। ਦੁੱਧ ਦੀ ਬਾਲਟੀ ਲਿਆ ਕੇ ਛਤਣੇ ਵਿਚ ਰੱਖਦੀ ਬੁੜ੍ਹੀ ਨੰਦਕੁਰ ਨੂੰ ਬੋਲੀ, ‘ਕੁੜੇ, ਕੀ ਗੱਲਾਂ ਕਰਦੀਆਂ ਸੀ ਤੁਸੀਂ ਬੈਠੀਆਂ ਐਥੇ ਮੁੰਡਿਆਂ ਨਾਲ ?’
‘ਅਰਜਣ ਨੂੰ ਠੋਹਕਰਦੀ ਸੀ, ਮੈਂ ਤਾਂ । ਮੇਰੇ ਚਾਚੇ ਮਕੰਦੇ ਦੇ ਸਾਲੇ ਦੀ ਕੁੜੀ ਸੁਰਜੀਤੋ ਰਹਿੰਦੀ ਐ ਨਾ ਸਾਡੇ ਪਿੰਡ, ਉਹਦੀ ਖਾਤਰ ।’ ਉਹਨੇ ਦੱਸਿਆ।
ਬੁੜ੍ਹੀ ਕਹਿੰਦੀ, ‘ਕੀ ਕਹਿੰਦਾ ਫੇਰ, ਅਰਜਣ ?’
‘ਬੋਲਿਆ ਨੀ ਕੁਛ, ਬੁਝਾਰਤਾਂ ਜੀਆਂ ਪਾਈਂ ਗਿਐ। ਕੋਈ ਥਹੁ ਨੀ ਦਿੱਤਾ।’
‘ਤੂੰ ਤਾਂ ਕਮਲੀ ਐਂ ਪੁੱਤ। ਤੈਨੂੰ ਇਕੋ ਸੁਣਾਮਾਂ? ਕੋਈ ਜ਼ੋਰ ਲਾ ਲੇ, ਭਰਜਾਈ ਜਮਾਂ ਨੀ ਵਿਆਹੁੰਦੀ ਇਹਨੂੰ ।’ ਬੁੜ੍ਹੀ ਨੇ ਰਹੱਸ ਦੱਸਿਆ।
‘ਕਿਉਂ ਮਾਂ ?’
‘ਬੰਤੋ ਨੂੰ ਕੌਣ ਨੀ ਜਾਣਦਾ। ਉਹਨੇ ਪੁੱਤ ਦੀ ਵੀਹ ਘੁਮਾਂ ਵੀ ਤਾਂ ਕੱਠੀ ਰੱਖਣੀ ਐ। ਬੰਤੋਂ ਤਾਂ ਤੀਹੋ-ਕਾਲ ਇਹਨੂੰ ਆਪਣੇ ਚੁੱਲ੍ਹੇ ਉੱਤੇ ਈ ਰੱਖੂ ਸਾਰੀ ਉਮਰ ।’ ਸੱਸ ਨੇ ਖਰੀ ਸੁਣਾ ਦਿੱਤੀ।
ਨੰਦਕੁਰ ਦੇ ਕੰਨ ਖੁੱਲ੍ਹ ਗਏ । ਉਹਨੂੰ ਏਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ।
‘ਸਾਕਾਂ ਨੂੰ ਕੀ ਸਾਕ ਹੁੰਦਾ ਨੀ ਏਸ ਮੁੰਡੇ ਨੂੰ? ਦਸ ਘੁਮਾਂ ਜ਼ਮੀਨ ਦਾ ਮਾਲਕ ਐ। ਸਾਕ ਤਾਂ ਉੱਡ ਉੱਡ ਔਂਦੇ ਰਹੇ ਨੇ। ਕੋਈ ਦਸ ਜੱਟ ਆਏ ਹੋਣਗੇ। ਪਰ ਕਦੇ ਬੰਤੋ ਨੇ ਕੋਈ ਗੱਲ ਆਖ ‘ਤੀ, ਕਦੇ ਝੰਡੇ ਨੇ । ਏਸ ਮੁੰਡੇ ਨੂੰ ਆਪ ਪਤੈ। ਪਰ ਕੀ ਕਰੇ ਵਚਾਰਾ। ਅਕਲ ‘ਤੇ ਪੜਦਾ ਪਾਇਆ ਹੋਇਐ। ਸਕੰਜੇ ‘ਚ ਕਸ ਕੇ ਰੱਖਿਆ ਹੋਇਐ, ਬੰਤੋ ਬਦਕਾਰਨ ਦਾ ।’ ਬੁੜ੍ਹੀ ਨੂੰਹ ਅੱਗੇ ਅਰਜਣ ਦਾ ਰੁਦਨ ਕਰਨ ਲੱਗੀ।
ਬੋਤਲ ਜਦੋਂ ਮੁੱਕ ਗਈ ਤਾਂ ਉਹ ਦੋਵੇਂ ਓਥੋਂ ਉੱਠੇ ਤੇ ਮਤਾ ਜਿਹਾ ਪਕਾ ਕੇ ਗਿੰਦਰ ਦੇ ਦਰਵਾਜ਼ੇ ਵਿਚ ਜਾ ਖੜ੍ਹੇ। ਪ੍ਰੀਤਮ ਨੇ ਖ਼ਾਲੀ ਬੋਤਲ ਵਿਚ ਪਊਆ ਕੁ ਪਾਣੀ ਪਾ ਕੇ ਅਰਜਣ ਨੂੰ ਫੜਾ ਦਿੱਤਾ ਸੀ। ਉਹਨੇ ਬੋਤਲ ਡੱਬ ਵਿਚ ਟੰਗ ਲਈ ਸੀ। ਦਰਵਾਜ਼ੇ ਵਿਚੋਂ ਪ੍ਰੀਤਮ ਨੇ ਗਿੰਦਰ ਨੂੰ ਹਾਕ ਮਾਰੀ । ਉਹ ਰੋਟੀ ਖਾ ਕੇ ਹਟਿਆ ਸੀ ਤੇ ਪਿਓ ਨਾਲ ਕੋਈ ਝਗੜਾ ਜਿਹਾ ਕਰ ਰਿਹਾ ਸੀ । ਹਰਨਾਮੀ ਚੁੱਲ੍ਹੇ ਮੂਹਰੇ ਬੈਠੀ ਭਾਂਡੇ ਮਾਂਜ ਰਹੀ ਸੀ। ਗਿੰਦਰ ਨੇ ਵਿਹੜੇ ਵਿਚ ਆ ਕੇ ਪੁੱਛਿਆ, ‘ਕਿਹੜਾ ਐ ?’
‘ਕਿਹੜੇ ਨੂੰ ਤੂੰ ਕਦੋਂ ਪਛਾਣਦੈਂ, ਬਾਈ। ਹੋਰ ਫੇਰ? ਗੁੱਡ ‘ਤੀ ਸਾਰੀ ?’ ਪ੍ਰੀਤਮ ਨੇ ਪੁੱਛਿਆ। ਉਹ ਵੀ ਵਿਹੜੇ ਵਿਚ ਆ ਖੜ੍ਹੇ ਸਨ।
ਉਹ ਅਜੇ ਕਣਕ ਦੀਆਂ ਗੱਲਾਂ ਕਰ ਹੀ ਰਹੇ ਸਨ ਕਿ ਅੰਦਰੋਂ ਬੁੜ੍ਹੇ ਨੇ ਪ੍ਰੀਤਮ ਨੂੰ ਹਾਕ ਮਾਰ ਲਈ।
‘ਸੁਣਾ ਬਈ, ਚਾਚਾ ਕਿਹਰ ਸਿਆਂ, ਤੂੰ ਅੰਦਰੇ ਈ ਐਂ ?” ਪ੍ਰੀਤਮ ਨੇ ਉੱਚੇ ਬੋਲ ਵਿਚ ਕਿਹਾ।
‘ਹੋਰ ਭਾਈ, ਮੇਰਾ ਤਾਂ ਇਹੋ ਠਕਾਣੈ। ਪ੍ਰੀਤਮਾ, ਬਈ ਤੂੰ ਦੱਸ । ਗਿੰਦਰ ਲੜੀ ਜਾਂਦੈ ਮੇਰੇ ਨਾਲ। ਆਹ ਵੇਲਾ ਕਰ ‘ਤਾ ਖੇਤੋਂ ਔਣ ਨੂੰ । ਮੈਂ ਕਹਿਨਾਂ, ਇਕ ਦਿਹਾੜੀਆ ਹੋਰ ਲੈ ਜਾਂਦਾ । ਜਾਂ ਕੱਲ੍ਹ ਨੂੰ ਇਕ ਦਿਹਾੜੀਆਂ ਲਾ ਕੇ ਬਾਕੀ ਰਹਿੰਦੀ ਗੁੱਡੀ ਜਾਂਦੀ । ਪ੍ਰੈੱਸ ਰੋਗੀਂ ਜਾਂਦੀ ਐ। ਨਾ ਉਹਨੂੰ ਕੱਖ, ਨਾ ਧਾਰ ਕੱਢੀ ਐ ਕਿਸੇ ਨੇ। ਜਾਂ ਬਈ ਵਹੁਟੀ ਨੂੰ ਸਿਖਾਅ ਧਾਰ ਦਾ ਕੰਮ । ਮੈਂਸ ਹੱਥ ਪਵਾ ਰੱਖੀ ਐ। ਕਿਤੇ ਗਰਾਂ-ਘੋਹੀ ਵੀ ਜਾਣਾ ਪੈ ਜਾਂਦੈ, ਬੰਦੇ ਨੂੰ ।’ ਕਿਹਰ ਸਿੰਘ ਬੋਲਦਾ ਜਾ ਰਿਹਾ ਸੀ ।
ਦੋਵੇਂ ਜਣੇ ਅੰਦਰ ਬੁੜ੍ਹੇ ਕੋਲ ਹੀ ਜਾ ਬੈਠੇ । ਉਹਨਾਂ ਨੂੰ ਗੱਲਾਂ ਮਾਰਦੇ ਦੇਖ ਕੇ ਗਿੰਦਰ ਨੇ ਮੈਂਸ ਦੀ ਖੁਰਲੀ ਵਿਚ ਕੱਖ ਸੁੱਟੇ। ਉੱਤੇ ਜੌਂ-ਛੋਲਿਆਂ ਦਾ ਦਾਣਾ ਬਰੂਰ ਦਿੱਤਾ। ਮੈਂਸ ਮੂੰਹ ਮਾਰਨ ਲੱਗੀ । ਤੇ ਉਹ ਧਾਰ ਕੱਢਣ ਦੀ ਤਿਆਰੀ ਕਰਨ ਲੱਗ ਪਿਆ।
ਛੋਟੀ ਬਾਟੀ ਵਿਚ ਸਾਗ ਤੱਤਾ ਕਰਕੇ ਤੇ ਵਿਚ ਮਖਣੀ ਦਾ ਰੁੱਗ ਸੁੱਟ ਕੇ ਹਰਨਾਮੀ ਉਹਨਾਂ ਨੂੰ ਫੜਾ ਗਈ। ਇਕ ਚਮਚਾ ਵੀ। ਪਾਣੀ ਦੀ ਗੜਵੀ ਤੇ ਕੌਲੀ ਦੇਣ ਆਈ ਤਾਂ ਪ੍ਰੀਤਮ ਤੇ ਬੁੜ੍ਹਾ ਆਪਣੀਆਂ ਗੱਲਾਂ ਵਿਚ ਪੂਰੇ ਮਘੇ ਹੋਏ ਸਨ। ਦੋਵਾਂ ਦਾ ਮੂੰਹ ਪਰ੍ਹੇ ਸੀ। ਗੜਵੀ ਧਰਨ ਲੱਗੀ ਹਰਨਾਮੀ ਦੇ ਹੱਥ ਉੱਤੇ ਅਰਜਣ ਨੇ ਆਪਣਾ ਹੱਥ ਰੱਖ ਦਿੱਤਾ। ਉਹ ਕੁਝ ਨਾ ਬੋਲੀ, ਸਗੋਂ ਗੜਵੀ ਵਿਚ ਉਂਗਲ ਡੋਬ ਕੇ ਅਰਜਣ ਦੇ ਮੂੰਹ ਉੱਤੇ ਪਾਣੀ ਦੀਆਂ ਬੂੰਦਾਂ ਛਿੜਕ ਗਈ। ਦੋਵਾਂ ਨੇ ਗੱਲਾਂ ਕਰਦੇ ਕਰਦੇ ਸਾਗ ਖਾ ਲਿਆ। ਗੜਵੀ ਤੇ ਕੌਲੀ ਤਾਂ ਧਰੇ ਦੇ ਧਰੇ ਰਹਿ ਗਏ। ਬੋਤਲ ਵਿਚ ਪਾਣੀ ਪਾਇਆ ਸੀ ਕਿ ਉਹ ਗਿੰਦਰ ਨੂੰ ਸੁਲ੍ਹਾ ਮਾਰਨਗੇ । ਪ੍ਰੀਤਮ ਜਾਣਦਾ ਸੀ ਕਿ ਗਿੰਦਰ ਖਾਂਦਾ ਪੀਂਦਾ ਨਹੀਂ। ਪਰ ਇਹ ਨਾਟਕ ਜਿਹਾ ਅਰਜਣ ਨੇ ਹੀ ਖੇਡਣਾ ਸੀ। ਨਾਟਕ ਕਰਨ ਦੀ ਤਾਂ ਲੋੜ ਹੀ ਨਾ ਪਈ। ਉਹ ਦੋਵੇਂ ਉੱਠੇ ਤੇ ਵਿਹੜੇ ਵਿਚ ਆ ਗਏ।
‘ਚੱਲੇ ? ਗਿੰਦਰ ਨੇ ਪੁੱਛਿਆ।
‘ਹੋਰ ਹੁਣ ? ਤੂੰ ਤਾਂ ਗੱਲ ਈ ਨੀ ਕਰਦਾ । ਕੰਮ ਜੇ ਈ ਕਰਦਾ ਫਿਰਦੈਂ।’ ਪ੍ਰੀਤਮ ਨੇ ਨਿਹੋਰਾ ਮਾਰਿਆ।
‘ਧਾਰ ਨੂੰ ਕੁਵੇਲਾ ਹੋ ਗਿਆ, ਖੇਤੋਂ ਤਾਂ ਅਜੇ ਹੁਣ ਆਇਆ ਸੀ ।’ ਹਰਨਾਮੀ ਨੇ ਆਖਿਆ।
‘ਤੂੰ ਨੀ ਕੱਢਦੀ ਹੁੰਦੀ ?’ ਪ੍ਰੀਤਮ ਨੇ ਲਾਚੜ ਕੇ ਕਿਹਾ।
‘ਨਾ, ਮੈਂ ਤਾਂ ਕਦੇ ਉਹ ਹੱਸਣ ਲੱਗੀ।
‘ਵਾਹ ਨੀ ਤੇਰੇ, ਜੱਟ ਦੀ ਧੀ ਹੋ ਕੇ … ‘ ਪ੍ਰੀਤਮ ਜਾਂਦਾ ਜਾਂਦਾ ਕਹਿ ਗਿਆ ।
6
ਰਾਤ ਨੂੰ ਤਾਂ ਨੂੰਹ-ਸੱਸ ਚੁੱਪ ਰਹੀਆਂ, ਪਰ ਤੜਕੇ ਜਦੋਂ ਪ੍ਰੀਤਮ ਬੈਠਕ ਵਿਚੋ ਉੱਠਿਆ ਤਾਂ ਉਹ ਦੋਵੇਂ ਕੁੱਦ ਕੇ ਉਹਦੇ ਗਲ ਪੈ ਗਈਆਂ। ਨੰਦਕੁਰ ਕਹਿੰਦੀ, ‘ਉਹ ਮੁਸ਼ਟੰਡਾ ਐ। ਘਰ-ਬਾਰ ਛੱਡੀ ਫਿਰਦੈ। ਰੰਨ ਨੀ, ਕੰਨ ਨੀ। ਜਾਂ ਤਾਂ ਆਪ ਬਣ ਉਹਦੇ ਵਰਗਾ। ਤੇਰਾ ਉਹਦੇ ਨਾਲ ਕੀ ਮੇਲ ? ਨਿੱਤ ਡੱਫਣ ਬੈਠ ਜਾਨੈਂ।’
ਮਾਂ ਬੋਲੀ, ‘ਭਾਈ ਗਮਾਂਢ-ਮੱਥਾ ਐ। ਹਮਸਾਇਆ, ਮਾਂ-ਪਿਓ ਜਾਇਆ। ਦਾਰੂ ਪੀ ਕੇ ਸ਼ਰੀਕ ਦੇ ਘਰ ਜਾਣ ਦਾ ਕੀ ਕੰਮ? ਕੀਤੀ ਨਾ ‘ਲਾਂਭੇ ਆਲੀ ਗੱਲ।’
ਤੇ ਫੇਰ ਨੰਦਕੁਰ ਨੇ ਬਣਾ-ਸਵਾਰ ਕੇ ਆਖਿਆ, ‘ਖਬਰਦਾਰ, ਜੇ ਗਹਾਂ ਨੂੰ ਉਹ ਆਇਆ ਘਰੇ ।’
ਮਾਂ ਸਮਝਾਉਣ ਲੱਗੀ, ‘ਦੇਖ ਪੁੱਤ, ਅਗਲਾ ਵੀ ਇੱਜ਼ਤ ਧਰੌਂਦੈ ਕੋਈ। ਤੂੰ ਤਾਂ ਭੋਲੈਂ। ਕੀ ਪਤਾ, ਉਹ ਕਿਮੇਂ ਗਿਆ, ਉਹਨਾਂ ਦੇ ਘਰ? ਤੈਨੂੰ ਨਾਲ ਲੈ ਗਿਆ। ਜੇ ਭਲਾਂ ਕੋਈ ਖਰਾਬੀ ਆਲੀ ਗੱਲ ਹੋ ਜਾਂਦੀ। । ਤੂੰ ਵਾਧੂ ਦਾ ਵਿਚ ਧਰਿਆ ਗਿਆ ਹੁੰਦਾ । ਨਾਲੇ ਘਰ ਬੁਲਾ ਕੇ ਬਗਾਨੇ ਲੋਕਾਂ ਨੂੰ ਦਾਰੂ ਪਿਆਉਣ ਦਾ ਕੋਈ ਰਾਹ ਨੀ, ਭਾਈ। ਤੂੰ ਕਬੀਲਦਾਰ ਐਂ, ਪੁੱਤ। ਉਹਦਾ ਕੀਹ ਐ ਛੜੇ ਮਲੰਗ ਦਾ । ਗਹਾਂ ਨੂੰ ਆਵਦਾ ਪੜ੍ਹਿਆ ਵਚਾਰੀਂ, ਭਾਈ। ਤੈਨੂੰ ਹੁਣ ਦੱਸ ‘ਤਾ।’ ਬਹੂ ਤੇ ਮਾਂ ਦੀਆਂ ਗੱਲਾਂ ਦਾ ਪ੍ਰੀਤਮ ਉੱਤੇ ਡੂੰਘਾ ਅਸਰ ਹੋਇਆ। ਉਹਨੇ ਮਨ ਹੀ ਮਨ ਮਹਿਸੂਸ ਕੀਤਾ ਕਿ ਉਸ ਦਿਨ ਗਿੰਦਰ ਕੇ ਘਰ ਅਰਜਣ ਨੂੰ ਲੈ ਕੇ ਜਾਣਾ ਠੀਕ ਹੀ ਉਹਦੀ ਗ਼ਲਤੀ ਸੀ। ਉਹਨੇ ਕੀ ਲੈਣਾ ਹੈ, ਏਸ ਕੰਮ ਵਿਚੋਂ? ਅਰਜਣ ਨਾਲ ਦੋਸਤੀ ਹੈ ਤਾਂ ਰਾਹ-ਸਿਰ ਦੀ ਰੱਖੇ।
ਉਹਨੇ ਫ਼ੈਸਲਾ ਕੀਤਾ ਕਿ ਉਹ ਮੁੜ ਕੇ ਕਦੇ ਵੀ ਅਰਜਣ ਨੂੰ ਆਪਣੇ ਘਰ ਬੁਲਾ ਕੇ ਸ਼ਰਾਬ ਨਹੀਂ ਪਿਆਵੇਗਾ। ਤੇ ਨਾ ਹੀ ਕਦੇ ਉਹਦੇ ਨਾਲ ਹਰਨਾਮੀ ਦੀ ਗੱਲ ਤੋਰੇਗਾ। ਹਰਨਾਮੀ ਸਬੰਧੀ ਉਹਨੂੰ ਉਕਸਾਵੇਗਾ ਵੀ ਨਹੀਂ। ਗਿੰਦਰ ਕੇ ਘਰ ਮੁੜ ਕੇ ਜਾਣ ਦਾ ਤਾਂ ਸਵਾਲ ਹੀ ਨਹੀਂ। ਗਵਾਂਢ-ਮੱਥਾ ਹੈ, ਉਹਨੇ ਕੀ ਲੈਣਾ ਹੈ ਇਸ ਪੰਗੇ ਵਿਚੋਂ ? ਉਹਨੂੰ ਕੀ ਮਿਲੇਗਾ, ਅਰਜਣ ਦੀ ਯਾਰੀ ਹਰਨਾਮੀ ਨਾਲ ਪਵਾ ਕੇ ? ਉਸ ਦਿਨ ਗਿੰਦਰ ਕੇ ਬਾਹਰਲੇ ਘਰ ਐਵੇਂ ਸ਼ਰਾਬ ਦੇ ਨਸ਼ੇ ਵਿਚ ਉਹ ਹਰਨਾਮੀ ਦੀ ਗੱਲ ਉਹਦੇ ਕੋਲ ਤੋਰ ਬੈਠਾ ਸੀ। ਤੇ ਫੇਰ ਪਿਛਲੀ ਰਾਤ ਗਿੰਦਰ ਕੇ ਘਰ ਅਰਜਣ ਨੂੰ ਲਿਜਾ ਕੇ ਤਾਂ ਉਹਨੇ ਬਹੁਤ ਭਾਰੀ ਗ਼ਲਤੀ ਕੀਤੀ ਸੀ। ਹਰਨਾਮੀ ਭਾਵੇਂ ਕਿਹੋ ਜਿਹੀ ਹੋਵੇ, ਪਰ ਗਿੰਦਰ ਤੇ ਬੁੜ੍ਹੇ ਕਿਹਰ ਸਿੰਘ ਬਾਰੇ ਤਾਂ ਉਹਨੂੰ ਸੋਚਣਾ ਚਾਹੀਦਾ ਹੈ। ਪਿਛਲੀ ਰਾਤ ਉਹਨਾਂ ਦੇ ਘਰ ਸ਼ਰਾਬੀ ਹੋ ਕੇ ਗਏ, ਉਹ ਪਤਾ ਨਹੀਂ ਕਿੰਨਾ ਕੁ ਗਿਲਾ ਕਰੀਂ ਬੈਠੇ ਹੋਣਗੇ । ਓਸੇ ਵੇਲੇ ਆਪਣੇ ਹੀ ਘਰ ਵਿਚ ਉਹ ਕੀ ਬੋਲਦੇ ? ਚਾਚਾ ਕਿਹਰ ਸਿੰਘ ਕਹੇਗਾ ਤਾਂ ਜ਼ਰੂਰ ਕਦੇ, ਚਾਹੇ ਗੋਲ-ਮੋਲ ਢੰਗ ਨਾਲ ਹੀ ਕਹੇ। ਪ੍ਰੀਤਮ ਨੇ ਸੋਚਿਆ ਕਿ ਉਹ ਬਾਹਰ-ਬਾਹਰ ਹੀ ਅਰਜਣ ਨੂੰ ਮਿਲ ਲਿਆ ਕਰੇਗਾ। ਉਹਦੇ ਨਾਲ ਦੋਸਤੀ ਤਾਂ ਰੱਖੇਗਾ, ਪਰ ਦੂਰ ਦੂਰ ਦੀ। ਉਹਨੂੰ ਆਪ ਹੀ ਕਹਿ ਦੇਵੇਗਾ ਕਿ ਭਰਾਵਾ, ਹੁਣ ਤੂੰ ਜਾਣ, ਤੂੰ ਜਾਣ। ਮੈਨੂੰ ਵਿਚ ਨਾ ਲਿਆਈਂ ਕਿਸੇ ਗੱਲ ਦੇ। ਮੈਂ ਤਾਂ ਗਰੀਬ ਜਿਹਾ ਆਦਮੀ ਹਾਂ। ਐਵੇਂ ਐਵੇਂ ਵਿਚ ਹੀ ਮਾਰਿਆ ਜਾਵਾਂਗਾ। ਉਹਨੇ ਸੋਚਿਆ, ਸਗੋਂ ਉਹ ਅਰਜਣ ਨੂੰ ਸਮਝਾ ਦੇਵੇਗਾ ਕਿ ਉਹ ਹਰਨਾਮੀ ਵਾਲੇ ਰਾਹ ਨਾ ਪਵੇ। ਉਸ ਦਿਨ ਤਾਂ ਉਹਨੇ ਐਵੇਂ ਸ਼ੁਗਲ-ਸ਼ੁਗਲ ਵਿਚ ਹੀ ਗਿੰਦਰ ਕੇ ਬਾਹਰਲੇ ਘਰ ਗੱਲ ਛੇੜ ਲਈ ਸੀ ਤੇ ਸ਼ੁਗਲ ਸ਼ੁਗਲ ਵਿਚ ਹੀ ਉਹ ਉਹਨਾਂ ਦੇ ਘਰ ਦਾਰੂ ਪੀ ਕੇ ਚਲੇ ਗਏ ਸਨ। ਬੱਸ ਇਕ ਦਿਨ ਦਾ ਸ਼ੁਗਲ ਹੋ ਗਿਆ। ਇਹਤੋਂ ਵੱਧ ਨਹੀਂ। ਪਰ ਪ੍ਰੀਤਮ ਭੋਲੇ ਨੂੰ ਕੀ ਪਤਾ ਸੀ ਕਿ ਅਰਜਣ ਤਾਂ ਉਸ ਰਾਤ ਕੰਡੇ ਬੀਜ ਵੀ ਆਇਆ ਸੀ। ਉਹਦੇ ਮੂੰਹ ਉੱਤੇ ਹਰਨਾਮੀ ਨੇ ਗੜਵੀ ਵਿਚ ਉਂਗਲ ਡੋਬ ਕੇ ਛਿੱਟੇ ਕੀ ਮਾਰੇ ਸਨ, ਬੱਸ ਕਿਸੇ ਹੋਣੀ ਜਾਂ ਅਣਹੋਣੀ ਦਾ ਬੀ ਬੀਜਿਆ ਗਿਆ ।
ਤਿੰਨ-ਚਾਰ ਦਿਨਾਂ ਪਿੱਛੋਂ ਉਹ ਸੱਥ ਵਿਚ ਮਿਲੇ । ਲੋਕ ਖੁੰਢਾਂ ਉੱਤੇ ਬੈਠੇ ਧੁੱਪ ਸੇਕ ਰਹੇ ਸਨ । ਪ੍ਰੀਤਮ ਉਥੇ ਹੀ ਇਕ ਖੁੰਢ ਉੱਤੇ ਬੈਠਾ ਅਖ਼ਬਾਰ ਸੁਣ ਰਿਹਾ ਸੀ । ਚਾਰ ਜ਼ਮਾਤਾਂ ਪਾਸ ਫੌਜੀ ਪੈਨਸ਼ਨਰ ਮਿਲਖਾ ਸਿੰਘ ਉਰਦੂ ਦਾ ਅਖ਼ਬਾਰ ਪੜ੍ਹ ਕੇ ਸੁਣਾ ਰਿਹਾ ਸੀ । ਦੂਜੀ ਵੱਡੀ ਸੰਸਾਰ ਜੰਗ ਲੱਗੀ ਹੋਈ ਸੀ। ਹਿਟਲਰ ਤੇ ਚਰਚਲ ਦੇ ਨਾਂਵਾਂ ਨੂੰ ਹਰ ਪਿੰਡ ਜਾਣਦਾ ਸੀ । ਪੰਜਾਬ ਵਿਚੋਂ ਬੇਸ਼ੁਮਾਰ ਲੋਕ ਭਰਤੀ ਹੋ ਕੇ ਬਰਤਾਨੀਆ ਦੀ ਫੌਜ ਵਿਚ ਦੂਰ-ਦੁਰੇਡੇ ਦੇਸ਼ਾਂ ਦੀਆਂ ਧਰਤੀਆਂ ਉੱਤੇ ਲੜ ਰਹੇ ਸਨ। ਦੂਰ-ਦੁਰੇਡੇ ਦੇਸਾਂ ਵਿਚ ਲੱਗੀ ਹੋਈ ਲੜਾਈ ਦੀਆਂ ਖ਼ਬਰਾਂ ਜਦੋਂ ਏਧਰ ਅਖ਼ਬਾਰਾਂ ਵਿਚ
ਛਪਦੀਆਂ ਤਾਂ ਪਿੰਡਾਂ ਦੀਆਂ ਸੱਥਾਂ ਵਿਚ ਬੈਠ ਕੇ ਲੋਕ ਬੜੇ ਗਹੁ ਨਾਲ ਇਹ ਸੁਣਦੇ । ਉਹਨਾਂ ਦਿਨਾਂ ਵਿਚ ਅਖ਼ਬਾਰ ਪਿੰਡ ਵਿਚ ਆਉਂਦਾ ਵੀ ਤਾਂ ਮਸਾਂ ਇਕ-ਅੱਧ। ਰਾਮਪੁਰਾ ਮੰਡੀ ਤੋਂ ਕੋਈ ਜਣਾ ਅਖ਼ਬਾਰ ਲੈ ਆਉਂਦਾ । ਫੌਜੀ ਪੈਨਸ਼ਨਰ ਮਿਲਖਾ ਸਿੰਘ ਹੀ ਇਹ ਅਖ਼ਬਾਰ ਮੰਗਵਾਉਂਦਾ ।
ਅਰਜਣ ਦੂਰੋਂ ਆਉਂਦਾ ਜਦੋਂ ਹੀ ਪ੍ਰੀਤਮ ਨੂੰ ਦਿਸਿਆ, ਤਾਂ ਉਹ ਉਠ ਕੇ ਉਹਨੂੰ ਇਕ ਪਾਸੇ ਲੈ ਗਿਆ ਤੇ ਸਾਰੀ ਗੱਲ ਸਮਝਾਈ। ਕਹਿੰਦਾ, ‘ਭਰਾਵਾ, ਸਾਡੇ ਘਰ ਤਾਂ ਓਦਣ ਦਾ ਈ ਕਲੇਸ ਪਿਆ ਹੋਇਐ। ਤੂੰ ਬਖਸ਼ । ਮੈਂ ਤੇਰੀ ਕੈਲੀ ਗਊ ਆਂ । ਗੁੱਸਾ ਨਾ ਮੰਨੀਂ ।’
ਅਰਜਣ ਨੇ ਥੋੜੀ ਦੇਰ ਸੋਚਿਆ ਤੇ ਫੇਰ ਕਹਿਣ ਲੱਗਿਆ, ‘ਐਡੀ ਕਿਹੜੀ ਗੱਲ ਐ, ਪ੍ਰੀਤਮਾ। ਆਪਾਂ ਨਹੀਂ ਔਂਦੇ ਮੁੜ ਕੇ ਥੋਡੇ ਘਰ। ਨੰਦਕੁਰ ਤੇ ਤਾਈ ਨੂੰ ਕਾਹਨੂੰ ਨਰਾਜ ਕਰਨੈ ਐਮੇਂ।’
‘ਹੈ ਦੇਖ, ਮੰਨ ਗਿਆ ਨਾ ਗੁੱਸਾ !’ ਪ੍ਰੀਤਮ ਨੇ ਆਖਿਆ।
‘ਗੁੱਸਾ ਨੀ ਜਾਰ, ਮੈਂ ਤਾਂ ਸੱਚੀਓਂ ਕਹਿਨਾਂ।’ ਅਰਜਣ ਮੁਸਕਰਾਉਣ ਲੱਗਿਆ। ‘ਓਸ ਦਿਨ ਦਾਰੂ ‘ਪੀਤੀ ‘ਚ ਹੋ ਹੋਗੀ ਕਮੱਕਲੀ ਆਪਾਂ ਤੋਂ । । ਆਪਾਂ ਕੀ ਲੈਣਾ ਸੀ ਗਿੰਦਰ ਦੇ ਤਾਂ ਆਪ ਨਮੋਸ਼ੀ ਮੰਨੀ ਬੈਠਾਂ । ਓਦਣ ਦਾ ਈ ਝੋਰਾ ਕਰੀਂ ਜਾਨਾਂ ।’ ਘਰ तावे? मैं
ਐਨੀ ਗੱਲ ਕਰਕੇ ਉਹ ਪੈਨਸ਼ਨੀਏ ਕੋਲ ਆ ਬੈਠੇ ਤੇ ਉਹਦਾ ਅਖ਼ਬਾਰ ਸੁਣਨ ਲੱਗੇ। ਐਨਕ ਵਿਚ ਦੀ ਝਾਕ ਕੇ ਉਹਨੇ ਮੁੰਡਿਆਂ ਨੂੰ ਤਾੜਿਆ ਤੇ ਅਖ਼ਬਾਰ ਪੜ੍ਹਨਾ ਛੱਡ ਕੇ ਅਰਜਣ ਨੂੰ ਕਹਿਣ ਲੱਗਿਆ, ‘ਦੇਖਿਆ, ਗੱਭਰੂਆ, ਕਿੱਦਾਂ ਪਾ ਰਹੇ ਨੇ ਭਾਜੜਾਂ ਪੰਜਾਬੀ ਜੁਆਨ ਲੜਾਈ ‘ਚ ਦੁਸ਼ਮਣ ਨੂੰ ।
‘ਕਿਹੜਾ ਦੁਸ਼ਮਣ ?’ ਅਰਜਣ ਨੇ ਪੁੱਛ ਲਿਆ।
‘ਵਾਹ ਓਏ ਗੱਭਰੂਆ, ਪਤਾ ਨੀ ਤੈਨੂੰ ? ਅੰਗਰੇਜ਼ ਜਿੱਤ ਰਹੇ ਨੇ। ਜਰਮਨੀ ਹਾਰ ਰਿਹੈ। ਜਰਮਨ ਸਾਡਾ ਦੁਸ਼ਮਣ ਆ।’
‘ਸਾਡਾ ਦੁਸ਼ਮਣ ਕਿਮੇਂ ਹੋਇਆ ਚਾਚਾ ਸਿਆਂ, ਅੰਗਰੇਜ਼ਾਂ ਦਾ ਦੁਸ਼ਮਣ ਹੋਊ ?’ ਮੁੰਡੇ ਨੇ ਸੱਚੀ ਗੱਲ ਆਖੀ।
‘ਬਈ ਇੰਡੀਆ ਦੇ ਜੁਆਨ ਅੰਗਰੇਜ਼ ਵਾਸਤੇ ਈ ਲੜ ਰਹ ਨੇ ਜੰਗ ਦੇ ਮੈਦਾਨ ‘ਚ। ਅੰਗਰੇਜ਼ਾਂ ਦਾ ਦੁਸ਼ਮਣ ਸਾਡਾ ਦੁਸ਼ਮਣ ।’ ਮਿਲਖਾ ਸਿੰਘ ਉਹਨੂੰ ਸਮਝਾਉਣ ਲੱਗਿਆ।
‘ਸਾਡਾ ਦੁਸ਼ਮਣ ਤਾਂ ਅੰਗਰੇਜ਼ ਐ, ਚਾਚਾ ਸਿਆਂ, ਜਿਹੜਾ ਧਿੰਗੋਜ਼ੋਰੀ ਰਾਜ ਕਰਦੈ ਸਾਡੇ ‘ਤੇ | ਅਸੀਂ ਗ਼ੁਲਾਮ ਆਂ ਅੰਗਰੇਜ਼ਾਂ ਦੇ । ਆਪਣੀ ਫੌਜ ‘ਚ ਭਰਤੀ ਤਾਂ ਸਾਨੂੰ ਮੱਲੋਜ਼ੋਰੀ ਕੀਤਾ ਹੋਇਐ, ਅੰਗਰੇਜ਼ ਨੇ ।’ ਅਰਜਣ ਨੇ ਆਖਿਆ । ਉਹਨੇ ਮਿਲਖੀ ਬਾਣੀਏ ਦੀ ਹੱਟ ਉੱਤੇ ਇਕ ਦਿਨ ਇਹ ਸਭ ਗੱਲਾਂ ਸੁਣੀਆਂ ਸਨ। ਜਿਵੇਂ ਸੁਣੀਆਂ ਸਨ, ਓਵੇਂ ਹੀ ਇਥੇ ਹੁਣ ਕਹਿ ਦਿੱਤੀਆਂ। ਅਰਜਣ ਦੀਆਂ ਗੱਲਾਂ ਸੁਣ ਕੇ ਮਿਲਖਾ ਸਿੰਘ ਉਹਦੇ ਵੱਲ ਕੈਰੀਆਂ ਅੱਖਾਂ ਨਾਲ ਝਾਕਣ ਲੱਗਿਆ। ਫੇਰ ਨਹੀਂ ਉਹ ਬੋਲਿਆ। ਗੁਣਨ ਗੁਣਨ ਕਰਕੇ ਅਖ਼ਬਾਰ ਦੀ ਨਵੀਂ ਖ਼ਬਰ ਪੜ੍ਹਨ ਲੱਗਿਆ।
ਦੁਪਹਿਰ ਦਾ ਵੇਲਾ ਸੀ। ਪ੍ਰੀਤਮ ਉਸ ਦਿਨ ਖੇਤ ਨਹੀਂ ਗਿਆ ਸੀ। ਅਰਜਣ ਨੂੰ ਤਾਂ ਘਰ- ਬਾਹਰ ਦਾ ਕੰਮ ਹੁੰਦਾ ਹੀ ਕੋਈ ਨਹੀਂ ਸੀ। ਉਹ ਤਾਂ ਬੱਸ ਮਸਤ-ਮਲੰਗ ਸੀ । ਏਥੇ ਬੈਠ, ਉਥੇ ਬੈਠ। ਵੱਧ ਤੋਂ ਵੱਧ ਸਾਧ ਦਾ ਡੇਰਾ। ਹੋਰ ਨਹੀਂ ਤਾਂ ਗਲੀਆਂ ਦੇ ਚੱਕਰ, ਨਵੀਆਂ ਬਹੂਆਂ ਦੇ ਝਾਕੇ। ਲੁਕ- ਛਿਪ ਕੇ ਉਠਦੀਆਂ ਜਵਾਨੀਆਂ ਦੀ ਚਰਚਾ । ਪ੍ਰੀਤਮ ਸੱਥ ਵਿਚ ਬੈਠਾ ਰਿਹਾ ਤੇ ਅਰਜਣ ਪਤਾ ਨਹੀਂ ਕੀ ਸੋਚ ਕੇ ਓਥੋਂ ਉੱਠਿਆ ਤੇ ਆਪਣੇ ਘਰ ਨੂੰ ਚੱਲ ਪਿਆ।
ਪਰਤਾਪੇ ਕੀ ਸ਼ਿਆਮੋ ਉਹਦੇ ਨਾਲ ਖੁੱਲ੍ਹੀ ਸੀ । ਘਰ ਜਾ ਕੇ ਚਾਹ ਪੀਂਦਿਆਂ ਉਹਨੂੰ ਇਹ ਸਕੀਮ ਸੁੱਝੀ। ਕਿਵੇਂ ਨਾ ਕਿਵੇਂ ਸ਼ਿਆਮੋ ਨੂੰ ਵਿਚ ਪਾਇਆ ਜਾਵੇ । ਓਹੀ ਇਕ ਹੈ, ਜੋ ਵਿਧਾਂ ਮੇਲ ਸਕਦੀ ਹੈ। ਅਰਜਣ ਨੂੰ ਪਤਾ ਸੀ, ਸ਼ਿਆਮੋ ਨੇ ਪਹਿਲਾਂ ਵੀ ਦੋ-ਤਿੰਨ ਮੁੰਡਿਆਂ ਦਾ ਕੰਮ ਕੀਤਾ ਸੀ । ਜੇ ਕਿਸੇ ਕੁੜੀ ਜਾਂ ਬਹੂ ਵਲੋਂ ਜੁੱਤੀਆਂ ਵੀ ਪੈ ਜਾਂਦੀਆਂ, ਉਹ ਤਾਂ ਫੇਰ ਵੀ ਸ਼ਰਮ ਨਹੀਂ ਮੰਨਦੀ ਸੀ। ਬੱਸ ਖਾਣ ਦੀ ਕੁੱਤੀ ਸੀ । ਸ਼ਰਾਬ ਪੀਂਦੀ ਤੇ ਮਾਸ ਖਾਂਦੀ । ਰੁਪਈਏ ਵੀ ਲੈ ਲੈਂਦੀ । ਚਾਹ ਪੀ ਕੇ ਉਹ ਘਰੋਂ ਨਿਕਲਿਆ ਤੇ ਪਰਤਾਪੇ ਦੇ ਘਰ ਜਾ ਪਹੁੰਚਿਆ। ਦੋਵੇਂ ਮੁੰਡੇ ਤੇ ਪਰਤਾਪਾ ਬੁੜ੍ਹਾ ਖੇਤੋਂ ਨਹੀਂ ਮੁੜੇ ਸਨ। ਬੁੜ੍ਹੀ ਅਗਵਾੜ ਵਿਚ ਹੀ ਕਿਸੇ ਦੇ ਘਰ ਗਈ ਹੋਈ ਸੀ । ਸ਼ਿਆਮੋ ਇਕੱਲੀ ਸੀ ਤੇ ਚਰਖਾ ਕੱਤ ਰਹੀ ਸੀ।
ਪਹਿਲਾਂ ਤਾਂ ਅਰਜਣ ਉਹਨਾਂ ਦੇ ਵਿਹੜੇ ਵਿਚ ਖੜ੍ਹਾ ਰਿਹਾ ਤੇ ਫੇਰ ਦਿਲ ਕਰੜਾ ਕਰਕੇ ਆਖਿਆ, ‘ਭਾਬੀ ਸਾਅਬ, ਸਾਸਰੀਕਾਲ। ਤਾਈ ਕਿੱਥੇ ਗਈ ਐ ? ਦਿਸਦੀ ਨਹੀਂ।’
‘ਆ ਭਾਈ ਅਰਜਣਾ, ਕਿਮੇਂ ਆਇਆ ? ਬੁੜ੍ਹੀ ਤਾਂ ਕਿਸੇ ਦੇ ਬੈਠਣ ਗਈ ਐ। ਕੋਈ ਮਰਗ ਹੋ ਗੀ। ਬਹਿ ਜਾ, ਪੀੜੀ ਲੈ ਲੈ । ਖੜ੍ਹਾ ਕਿਉਂ ਐ।’ ਸ਼ਿਆਮੋ ਨੇ ਪੂਰਾ ਆਦਰ ਦਿਖਾਇਆ।
‘ਤਾਇਆ ਵੀ ਨੀ ਘਰੇ ? ਮੁੰਡੇ ?’ ਅਰਜਣ ਨੇ ਆਸਾ-ਪਾਸਾ ਜਿਹਾ ਦੇਖ ਕੇ ਪੁੱਛਿਆ।
‘ਸਭ ਖੇਤ ਗਏ ਐ।’ ਸ਼ਿਆਮੋ ਨੇ ਚਰਖਾ ਠੱਲ੍ਹ ਲਿਆ।
ਉਹ ਪੀੜ੍ਹੀ ਲੈ ਕੇ ਬੈਠ ਗਿਆ । ਕਹਿੰਦਾ, ‘ਮੈਂ ਤਾਂ ਫੌਜੀ ਦਾ ਪਤਾ ਲੈਣ ਆਇਆਂ । ਕੋਈ ਚਿੱਠੀ-ਚਪੱਠੀ ਔਂਦੀ ਐ ?’
‘ਫ਼ੌਜੀ ਤੇਰਾ ਨੌਂ-ਬਰ-ਨੌਂ। ਕੱਲ੍ਹ ਈ ਚਿੱਠੀ ਆਈ ਐ।’ ਉਹਨੇ ਦੱਸਿਆ ਤੇ ਅਰਜਣ ਵਲ ਗਹੁ ਨਾਲ ਦੇਖਣ ਲਗੀ।
‘ਕੋਈ ਪੈਸੇ-ਪੂਸੇ ਵੀ ਘੱਲ ਦਿੰਦੈ ਫ਼ੌਜੀ ਘਰ ਨੂੰ ਜਾਂ ਸਭ ਓਥੇ ਈ ਛਕ-ਛਕਾ ਜਾਂਦੈ ?
‘ਪੰਜਮੇਂ-ਛੀਮੇਂ ਮ੍ਹੀਨੇ ਕਦੇ ਆ ਈ ਜਾਂਦੈ ਮਨੀਆਰਡਰ, ਸੋ-ਪੰਜਾਹ ਦਾ । ਨਹੀਂ ਤਾਂ ਜਦੋਂ ਛੁੱਟੀ ਮਿਲਦੀ ਐ, ਕੱਠਾ ਪੈਸਾ ਲੈ ਔਂਦੈ। ਕਮਾਊ-ਪੁੱਤ ਐ। ਦੂਜਿਆਂ ਆਂਗੂੰ ਪਿੰਡ ਆ ਕੇ ਦਾਰੂ ਨੀ ਪੀਂਦਾ। ਦੇਖਿਐ ਕਦੇ ਉਹਨੂੰ ਦਾਰੂ ਪੀਂਦੇ ਨੂੰ ?’
‘ਦਾਰੂ ਪੀਣ ਨੂੰ ਆਪਾਂ ਥੋੜੇ ਆਂ, ਭਾਬੀ ਸਾਅਬ ।’ ਕਹਿ ਕੇ ਉਹ ਹੱਸ ਪਿਆ।
‘ਤੈਨੂੰ ਕਿਮੇਂ ਪਤਾ ਐ ਵੇ ?’ ਉਹ ਅੱਖਾਂ ਵਿਚ ਹੱਸ ਕੇ ਬੋਲੀ।
‘ਮੈਨੂੰ ਪਤੈ, ਤਾਂ ਕਹਿਨਾਂ। ਸੁਣਿਆ ਸੀ ਮੈਂ ।’
‘ਸਭ ਝੂਠ, ਕੋਈ ਕੁਸ ਆਖੀ ਜਾਵੇ ।’
‘ਨਹੀਂ, ਭਾਬੀ ਸਾਅਬ ।’ ਅਰਜਣ ਛੇਤੀ ਦੇ ਕੇ ਆਪਣੀ ਗੱਲ ਕਰਨੀ ਚਾਹੁੰਦਾ ਸੀ । ਪਰ ਉਹਨੂੰ ਝਿਜਕ ਜਿਹੀ ਪੈ ਗਈ ਸੀ।
ਤੇ ਫੇਰ ਸ਼ਿਆਮੋ ਨੇ ਆਪ ਹੀ ਪੁੱਛ ਲਿਆ, ‘ਤੂੰ ਆਇਆ ਦੱਸ ਕਿਮੇਂ ਐਂ? ਪਹਿਲਾਂ ਨਾ ਕਦੇ ਆ ਗਿਆ ਫ਼ੌਜੀ ਦਾ ਪਤਾ ਲੈਣ?”
‘ਨਹੀਂ ਸ਼ਿਆਮਕੁਰੇ, ਗੱਲ ਤਾਂ ਕੋਈ ਨੀ ।’ ਉਹ ਸੰਗ ਰਿਹਾ ਸੀ ।
‘ਨਹੀਂ, ਤੂੰ ਛੇਤੀ ਦੱਸ। ਬੁੜ੍ਹੀ ਔਣ ਵਾਲੀ ਐ।’ ਸ਼ਿਆਮੋ ਨੇ ਕਾਹਲ ਦਿਖਾਈ ਤੇ ਚਰਖੇ ਉੱਤੇ ਤੰਦ ਕੱਢਣ ਲੱਗੀ।
ਅਰਜਣ ਪੀੜ੍ਹੀ ਉੱਤੋਂ ਉੱਠਿਆ। ਉਹਨੇ ਫੱਟਾਂ ਦੀ ਕਸਣ ਨੂੰ ਹੱਥ ਪਾ ਕੇ ਚਰਖਾ ਖੜ੍ਹਾਅ ਲਿਆ । ਦਸਾਂ ਦਾ ਇਕ ਨੋਟ ਸ਼ਿਆਮੋ ਦੀ ਝੋਲੀ ਵਿਚ ਸੁੱਟ ਦਿੱਤਾ ਤੇ ਹੱਥ ਬੰਨ੍ਹ ਕੇ ਖੜ੍ਹ ਗਿਆ। ਇਕ ਪੈਰ ਚੁੱਕ ਕੇ ਦੂਜੇ ਪੈਰ ਉੱਤੇ ਰੱਖ ਲਿਆ। ਸਾਰਾ ਵਜੂਦ ਇਕ ਟੰਗ ਦੇ ਭਾਰ। ਉਹ ਸੁੰਨ ਦੀ ਸੁੰਨ ਬੈਠੀ ਹੋਈ ਸੀ। ਝੋਲੀ ਵਿਚੋਂ ਨੋਟ ਚੁੱਕ ਕੇ ਮੋੜਨ ਲੱਗੀ। ਉਹ ਕਹਿੰਦਾ, ‘ਇਹ ਤਾਂ ਰੱਖ।’
‘ਤਾ ਫੇਰ ਗੱਲ ਵੀ ਦੱਸ, ਤੂੰ ਚਾਹੁਨਾ ਕੀ ਐਂ?’
ਉਹ ਉਹਦੇ ਸਾਹਮਣੇ ਬੈਠ ਗਿਆ ਤੇ ਚਰਖੇ ਦੇ ਫੱਟਾਂ ਨੂੰ ਦੋਵੇਂ ਹੱਥ ਪਾ ਕੇ ਪੱਬਾਂ ਭਾਰ ਹੋ ਗਿਆ। ਉਹਦੇ ਕੋਲ ਕਿਹਰੇ ਕੀ ਬਹੂ ਹਰਨਾਮੀ ਦੀ ਗੱਲ ਕਰਨ ਲੱਗਿਆ।
7
ਝੰਡੇ ਕੇ ਘਰ ਦੇ ਪਿਛਲੇ ਪਾਸੇ ਇਕ ਬੈਠਕ ਬਣੀ ਹੋਈ ਸੀ । ਇਸ ਬੈਠਕ ਦਾ ਇਕ ਬਾਰ ਪਿਛਲੇ ਪਾਸੇ ਵੀ ਖੁਲ੍ਹਦਾ ਸੀ। ਪਿਛਲੇ ਪਾਸੇ ਮਕਾਨ ਕੋਈ ਨਹੀਂ ਸੀ । ਪਹਾ ਵਗਦਾ ਸੀ। ਪਹੇ ਦੇ ਨਾਲ ਨਾਲ ਰੂੜੀਆਂ ਦੇ ਢੇਰ ਸਨ। ਤੇ ਫੇਰ ਰੂੜੀਆਂ ਤੋਂ ਪਰ੍ਹੇ ਖੇਤ ਸ਼ੁਰੂ ਹੋ ਜਾਂਦੇ। ਨੇੜੇ ਦੇ ਇਹਨਾਂ ਖੇਤ ਨੂੰ ਨਿਆਈਆਂ ਆਖਿਆ ਜਾਂਦਾ। ਨਿਆਈਆਂ ਤੋਂ ਥੋੜ੍ਹੀ ਦੂਰੀ ਉੱਤੇ ਹੀ ਸੂਆ ਸੀ। ਇਹ ਸੁਆ ਪਿੰਡ ਦੇ ਦੱਖਣ-ਪੱਛਮ ਵੱਲ ਲੰਮੇ-ਲੋਟ ਵਹਿੰਦਾ ਸੀ। ਸ਼ਹਿਣੇ ਵਾਲੀ ਨਹਿਰ ਵਿਚੋਂ ਨਿਕਲ ਕੇ ਬੁਰਜ ਗਿੱਲਾਂ ਕੋਲ ਦੀ ਹੁੰਦਾ ਹੋਇਆ ਇਹ ਸੂਆ ਕੋਠੇ ਖੜਕ ਸਿੰਘ ਦੇ ਉੱਤੋਂ ਉੱਤੋਂ ਦੀ ਤੇ ਫੇਰ ਸੇਲਬਰਾਹ ਨੂੰ ਥੋੜ੍ਹਾ ਛੱਡ ਕੇ ਦੂਰ, ਨਥਾਣੇ ਵੱਲ ਨਿੱਕਲ ਜਾਂਦਾ।
ਪਹੇ ਉੱਤੇ 8 ਖੁਲ੍ਹਦਾ gen ਬਾਰ ਹਮੇਸ਼ਾ। ਰਹਿੰਦਾ। ਉਸ ਬੈਠਕ ਵਿਚ ਅਰਜਣ ਨੇ ਡੇਰਾ ਹੀ ਬੰਦ ਲਾ ਲਿਆ। ਓਥੇ ਹੀ ਪੈਂਦਾ-ਬੈਠਦਾ। ਉਹਦੇ ਯਾਰ-ਮਿੱਤਰ ਉਸ ਬੈਠਕ ਵਿਚ ਹੀ ਉਹਨੂੰ ਮਿਲਦੇ। ਝੰਡਾ ਤਾਂ ਕਦੇ ਹੀ ਓਥੇ ਆ ਕੇ ਖੜ੍ਹਦਾ।
ਅਗਵਾੜ ਦੀਆਂ ਜਨਾਨੀਆਂ ਮੂੰਹ ਹਨੇਰੇ ਘਰਾਂ ਵਿਚੋਂ ਉਠਦੀਆਂ ਤੇ ਪਾਣੀ ਦੀਆਂ ਗੜਵੀਆਂ ਲੈ ਕੇ ਰੂੜੀਆਂ ਵਿਚ ਜੰਗਲ-ਪਾਣੀ ਬੈਠ ਜਾਂਦੀਆਂ । ਬੰਦੇ ਨਿਆਈਆਂ ਵਿਚ ਜੰਗਲ- ਪਾਣੀ ਜਾਂਦੇ। ਹਰਨਾਮੀ ਚਾਰ ਵਜੇ ਜਾਗਦੀ ਤੇ ਪਾਣੀ ਦੀ ਗੜਵੀ ਲੈ ਕੇ ਰੂੜੀਆਂ ਵਿਚ ਆ ਜਾਂਦੀ। ਉਸ ਸਮੇਂ ਰੁੜੀਆਂ ਵਿਚ ਹੋਰ ਕੋਈ ਬੁੜ੍ਹੀ ਨਹੀਂ ਆਈ ਹੁੰਦੀ ਸੀ। ਕਿਹਰ ਸਿੰਘ, ਉਹਦਾ ਸਹੁਰਾ ਹੌਲੀ-ਹੌਲੀ ਖੰਘ ਰਿਹਾ ਹੁੰਦਾ ਤੇ ਵਾਰ-ਵਾਰ ਵਾਹਿਗੁਰੂ ਦਾ ਨਾਂ ਲੈਂਦਾ । ਗਿੰਦਰ ਅਜੇ ਜਾਗਿਆ ਨਹੀਂ ਹੁੰਦਾ ਸੀ। ਜੰਗਲ-ਪਾਣੀ ਜਾ ਕੇ ਉਹ ਮੁੜਦੀ ਤੇ ਫੇਰ ਚਾਹ ਬਣਾ ਕੇ ਬੁੜ੍ਹੇ ਤੇ ਗਿੰਦਰ ਨੂੰ ਦਿੰਦੀ। ਚਾਹ ਦੀ ਉਡੀਕ ਵਿਚ ਦੋਵੇਂ, ਪਿਓ-ਪੁੱਤ ਮੰਜਿਆਂ ਵਿਚੋਂ ਨਹੀਂ ਉਠਦੇ ਸਨ।
ਰੂੜੀਆਂ ਵਿਚ ਹੋ ਕੇ ਉਹ ਆਸਾ-ਪਾਸਾ ਜਿਹਾ ਦੇਖਦੀ ਤੇ ਅਰਜਣ ਦੀ ਬੈਠਕ ਦਾ ਬਾਰ ਖੜਕਾ ਦਿੰਦੀ। ਤੇ ਫੇਰ ਮੱਲਕ ਦੇ ਕੇ ਉਹਦੀ ਬੈਠਕ ਵਿਚੋਂ ਨਿਕਲਦੀ। ਪਤਾ ਵੀ ਨਾ ਲਗਦਾ, ਕਦੋਂ ਆਈ ਸੀ, ਕਦੋਂ ਚਲੀ ਗਈ । ਕਦੇ ਵੀ ਕਿਸੇ ਨੇ ਉਹਨੂੰ ਅਰਜਣ ਦੀ ਬੈਠਕ ਵਿਚੋਂ ਵੜਦੇ-ਨਿੱਕਲਦੇ ਨਹੀਂ ਦੇਖਿਆ ਸੀ। ਉਹ ਰੋਜ਼ ਹੀ ਅਰਜਣ ਦੀ ਬੈਠਕ ਵਿਚ ਆਉਂਦੀ।
ਹਰਨਾਮੀ ਸ਼ਿਆਮੋ ਕੋਲ ਤੇ ਅਰਜਣ ਦੀ ਭਰਜਾਈ ਬੰਤ ਦੇ ਘਰ ਵੀ ਗੇੜਾ ਮਾਰਦੀ ਰਹਿੰਦੀ। ਸ਼ਿਆਮੋ ਨਾਲ ਉਹਦਾ ਪੱਕਾ ਸਹੇਲਪੁਣਾ ਪੈ ਗਿਆ। ਇਕੱਠੀਆਂ ਬੈਠਕੇ ਦੋਵੇਂ ਹੱਸ ਹੱਸ ਗੱਲਾਂ ਕਰਦੀਆਂ। ਸ਼ਿਆਮੋ ਦੀ ਸੱਸ ਉਹਨਾਂ ਨੂੰ ਦੇਖ-ਦੇਖ ਖਿਝਦੀ, ਮੱਥੇ ਵੱਟ ਪਾਉਂਦੀ । ਪਰ ਬੋਲਦੀ ਕੁਝ ਨਾ । ਪਰ੍ਹਾਂ ਬੈਠੀ ਗਲੋਟੇ ਅਟੇਹਦੀ ਰਹਿੰਦੀ ਤੇ ਜਾਂ ਫੇਰ ਪੋਤਿਆਂ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲਗਦੀ। ਬੰਤੋ ਕੋਲ ਜਾ ਕੇ ਹਰਨਾਮੀ ਮੋਹ-ਪਿਆਰ ਦੀਆਂ ਗੱਲਾਂ ਮਾਰਦੀ। ਉਹਦੇ ਮੁੰਡੇ ਹਰਦਿੱਤ ਨੂੰ ਬੁੱਕਲ ਵਿਚ ਲੈ ਕੇ ਉਹਦੀਆਂ ਗੱਲ੍ਹਾਂ ਚੁੰਮਣ ਲਗਦੀ। ਹਰਦਿੱਤ ਨੂੰ ਆਪਣੇ ਘਰ ਲੈ ਜਾਂਦੀ ਤੇ ਉਹਨੂੰ ਉਂਗਲਾਂ ਵਿਚ ਚਿਉਂਦੇ ਘਿਓ ਵਾਲੀ ਚੂਰੀ ਕੁੱਟ ਕੇ ਖਵਾਉਂਦੀ। ਹਰਦਿੱਤ ਉਹਨੂੰ ਚਾਚੀ-ਚਾਚੀ ਕਰਦਾ ਰਹਿੰਦਾ ਤੇ ਗਲ ਨੂੰ ਬਾਹਾਂ ਦੀ ਗਲੱਫੜੀ ਪਾ ਕੇ ਉਹਨੂੰ ਨਘਿਆਸ ਦਿੰਦਾ ।
ਤੀਜੇ-ਚੌਥੇ ਮਹੀਨੇ ਦੁੱਲਾ ਵੀ ਕੋਠੀ ਗੇੜਾ ਮਾਰਦਾ। ਜਦੋਂ ਵੀ ਉਹਨੂੰ ਹੰਢਿਆਇਆ ਸੁੰਨਾ-ਸੁੰਨਾ ਲਗਦਾ, ਉਹ ਸਵੇਰ ਦੀ ਗੱਡੀ ਫੜਦਾ ਤੇ ਰਾਮਪੁਰਾ ਫੂਲ ਉੱਤਰ ਕੇ ਸਿਧਾਣਿਆਂ ਦੇ ਪੁਲਾਂ ਤੱਕ ਤਾਂਗਾ ਲੈਂਦਾ ਤੇ ਫੇਰ ਓਥੋਂ ਪੈਰੀਂ ਤੁਰਕੇ ਕੋਠੀ ਆ ਪਹੁੰਚਦਾ। ਕਿਹਰ ਸਿੰਘ ਨਾਲ ਉਹਨੇ ਪੂਰੀ ਲਿਹਾਜ਼ ਪਾ ਲਈ ਸੀ । ਗਿੰਦਰ ਵੀ ਉਹਨੂੰ ਚੰਗਾ ਬੁਲਾਉਂਦਾ। ਜਦੋਂ ਵੀ ਉਹ ਇਥੇ ਆਉਂਦਾ, ਕੋਈ ਨਾ ਕੋਈ ਬਹਾਨਾ ਬਣਾਉਂਦਾ। ਕਦੇ ਦੱਸਦਾ, ਉਹ ਭਾਈਰੂਪੇ ਕੰਮ ਆਇਆ ਸੀ। ਕਦੇ ਦੱਸਦਾ, ਉਹ ਦਿਆਲਪੁਰੇ ਜਾ ਰਿਹਾ ਹੈ। ਓਥੇ ਉਹਦੀ ਭੂਆ ਦੀ ਧੀ ਵਿਆਹੀ ਹੋਈ ਸੀ। ਕਹਿੰਦਾ, ਉਹਨੇ ਚੰਗੀ ਜਿਹੀ ਪ੍ਰੈੱਸ ਖਰੀਦਣੀ ਹੈ।ਸੁਣਿਆ ਹੈ ਇਹਨਾਂ ਪਿੰਡਾਂ ਵਿਚ ਚੰਗਾ ਪਸ਼ੂ ਮਿਲ ਜਾਂਦਾ ਹੈ। ਉਹ ਜਦੋਂ ਵੀ ਆਉਂਦਾ, ਆਨੀਂ-ਬਹਾਨੀਂ ਰਾਤ ਵੀ ਕੱਟ ਲੈਂਦਾ। ਪਰ ਫੇਰ ਉਹਨੂੰ ਲਗਦਾ ਰਹਿੰਦਾ ਕਿ ਹਰਨਾਮੀ ਹੁਣ ਉਹਨੂੰ ਐਨਾ ਨਹੀਂ ਚਾਹੁੰਦੀ। ਰੋਟੀ-ਪਾਣੀ ਦੀ ਸੇਵਾ ਤਾਂ ਚੰਗੀ ਕਰਦੀ ਪਰ ਉਹਨੂੰ ਇਕੱਲੀ ਮਿਲਣ ਤੋਂ ਸਦਾ ਹੀ ਟਲਦੀ ਰਹਿੰਦੀ। ਇਕ ਵਾਰੀ ਉਹਨੇ ਮਲਵੀਂ ਜਿਹੀ ਜੀਭ ਨਾਲ ਇਹ ਵੀ ਕਹਿ ਦਿੱਤਾ ਸੀ ਕਿ ਉਹ ਏਥੇ ਹੁਣ ਬਹੁਤਾ ਨਾ ਆਇਆ ਕਰੇ । ਪਿੰਡ ਦੇ ਲੋਕ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਨੇ । ਜੇ ਕਦੇ ਹਰਨਾਮੀ ਸਾਲ-ਛੇ ਮਹੀਨਿਆਂ ਬਾਅਦ ਹੰਢਿਆਏ ਜਾਂਦੀ ਤਾਂ ਦੁੱਲੇ ਨੂੰ ਮਿਲਣ ਦੀ ਐਨੀ ਤਾਂਘ ਨਾ ਕਰਦੀ। ਦੁੱਲੇ ਨੂੰ ਕਿਵੇਂ ਨਾ ਕਿਵੇਂ ਪਤਾ ਲੱਗ ਜਾਂਦਾ ਤਾਂ ਉਹ ਆਪ ਹੀ ਉਹਨੂੰ ਮਿਲਣ ਉਹਨਾਂ ਦੇ ਘਰ ਤੁਰ ਆਉਂਦਾ। ਉਹ ਉਹਦੇ ਨਾਲ ਉਤਲੇ ਮਨ ਗੱਲਾਂ ਕਰਦੀ । ਦੁੱਲਾ ਉਹਦੇ ਲਈ ਤੜਫ-ਤੜਫ ਜਾਂਦਾ। ਉਹਨੂੰ ਲਗਦਾ, ਜਿਵੇਂ ਹਰਨਾਮੀ ਉਹਦੇ ਕੋਲੋਂ ਖਹਿੜਾ ਛੁਡਾਉਣਾ ਚਾਹੁੰਦੀ ਹੋਵੇ।
ਹਰਨਾਮੀ ਨੇ ਅਰਜਣ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਦੇ ਪਿੰਡ ਦਾ ਇਕ ਝਿਉਰ ਪਰੇਤ ਬਣ ਕੇ ਉਹਦੇ ਮਗਰ ਪਿਆ ਹੋਇਆ ਹੈ, ਗਲੋਂ ਹੀ ਨਹੀਂ ਲਹਿੰਦਾ।
ਦੇ ਦੇ ‘ ਅਰਜਣ ਕਹਿੰਦਾ, ‘ਤਾਂ ਫੇਰ ਦੇਮਾਂ ਇਹਨੂੰ ਪਤਾ? ਜੇ ਸਾਲਾ ਮੁੜ ਕੇ ਕਦੇ ਕੋਠੀ ਲੱਤ ਵੀ
ਉਹ ਕਹਿੰਦੀ, ‘ਹਾਂ, ਮੈਂ ਤਾਂ ਪੂਰੀ ਜਿੱਚ ਆਂ ਇਹਤੋਂ ।’
ਦੁੱਲੇ ਦੀ ਸ਼ਕਲ ਅਰਜਣ ਨੇ ਪਹਿਲਾਂ ਦੇਖੀ ਹੋਈ ਸੀ। ਦੁਪਹਿਰ ਦਾ ਵੇਲਾ ਸੀ। ਉਹ ਪਿੰਡ ਵੜਿਆ ਹੀ ਸੀ ਕਿ ਕੁਦਰਤੋਂ ਹੀ ਆਪਣੇ ਅਗਵਾੜ ਦੀ ਸੱਥ ਵਿਚ ਬੈਠੇ ਅਰਜਣ ਨੇ ਉਹਨੂੰ ਦੇਖ ਲਿਆ। ਉਹਨੂੰ ਚੰਗੀ ਤਰ੍ਹਾਂ ਸਿਆਣ ਕੇ ਅਰਜਣ ਨੇ ਖੰਘੂਰਾ ਮਾਰਿਆ। ਦੁੱਲੇ ਨੇ ਕੰਨ ਚੁੱਕ ਕੇ ਉਹਦੇ ਵੱਲ ਦੇਖਿਆ। ਅਰਜਣ ਕਹਿੰਦਾ, ‘ਕਿੱਥੇ ਨੇ ਭਾਈ ਸਾਅਬ ਦੇ ਘਰ ?’
‘ਹੰਢਿਆਏ ।’
‘ਐਥੇ ਕੀਹਦੇ ਜਾਣੈ ?’
‘ਜਗਿੰਦਰ ਸਿਓਂ ਦੇ।’
‘ਕੌਣ ਹੁੰਨੈ ਤੂੰ ? ਕੀ ਜਾਤ ਐ ਤੇਰੀ ?’
‘ਸੱਕੇ ਹੁੰਨੇ ਆਂ ਅਸੀਂ।’
‘ਤੇਰੀ ਕੀ ਸਕੀਰੀ ਹੋਈ ਓਏ, ਸੁੱਲਿਆ, ਇਹਨਾਂ ਦੇ ਪਹਿਲਾਂ ਵੀ ਦੇਖਿਐ ਮੈਂ ਤੈਨੂੰ ਐਥੇ ਕਈ ਵਾਰੀਂ ।’ ਕਹਿਕੇ ਅਰਜਣ ਦੁੱਲੇ ਨੂੰ ਚਿੰਬੜ ਗਿਆ।
‘ਓਏ ਤੂੰ, ਓਏ ਤੂੰ’ ਕਰਦਾ ਦੁੱਲਾ ਪਿੱਛੇ ਹਟਦਾ ਜਾ ਰਿਹਾ ਸੀ। ਅਰਜਣ ਨੇ ਪੂਰਾ ਜ਼ੋਰ ਲਾਇਆ ਕਿ ਉਹਨੂੰ ਧਰਤੀ ਉੱਤੇ ਸੁੱਟ ਲਵੇ। ਦੁੱਲਾ ਫੇਰ ਵੀ ਤਕੜਾ ਸੀ । ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਸਨ । ਸਾਰੀ ਉਮਰ ਡੰਡ-ਬੈਠਕਾਂ ਕੱਢੀਆਂ ਸਨ । ਘੱਟ ਅਰਜਣ ਵੀ ਨਹੀਂ ਸੀ। ਉਹ ਵੀ ਪੂਰਾ ਤਕੜਾ ਸੀ । ਪਰ ਦਾਅ ਮਾਰ ਕੇ ਦੁੱਲੇ ਨੇ ਅਰਜਣ ਨੂੰ ਥੱਲੇ ਸੁੱਟ ਲਿਆ। ਟਕਿਆ ਕੇ ਦੋ ਧੌਲਾਂ ਉਹਦੀ ਗਰਦਨ ਉੱਤੇ ਧਰ ਦਿੱਤੀਆਂ। ਜ਼ੋਰ ਦੀ ਇਕ ਅੱਡੀ ਉਹਦੀ ਵੱਖੀ ਵਿਚ ਵੀ ਮਾਰੀ। ਅਰਜਣ ਫੁੜਕ ਕੇ ਰਹਿ ਗਿਆ। ਦੁੱਲੇ ਨੇ ਆਸਾ-ਪਾਸਾ ਦੇਖਿਆ। ਗੁੱਥਮ-ਗੁੱਥੀ ਹੁੰਦੇ ਉਹਨਾਂ ਨੂੰ ਪਿੰਡ ਦੇ ਕਿਸੇ ਬੰਦੇ ਨੇ ਨਹੀਂ ਦੇਖਿਆ ਸੀ। ਅਰਜਣ ਨੂੰ ਓਥੇ ਪਿਆ ਛੱਡ ਕੇ ਉਹ ਓਥੋਂ ਈ ਕਾਹਲੇ ਕਦਮੀਂ ਵਾਪਸ ਮੁੜ ਪਿਆ । ਓਥੇ ਉਸ ਪਿੰਡ ਵਿਚ ਉਹਦਾ ਕੌਣ ਸੀ ? ਬਿਗਾਨੇ ਪਿੰਡ ਵਿਚ ਉਹਨੂੰ ਤਾਂ ਹਰ ਕੋਈ ਕੋਸੇਗਾ। ਕੀ ਪਤਾ, ਕੀ ਕੀ ਗੱਲਾਂ ਬਣਨਗੀਆਂ ? ਗਿੰਦਰ ਦਾ ਜਾਂ ਉਹਦੇ ਪਿਓ ਕਿਹਰ ਸਿੰਘ ਦਾ ਉਹ ਕੀ ਲਗਦਾ ਸੀ ? ਹਰਨਾਮੀ ਉਹਦੇ ਨਾਲ ਕਿਸ ਰਿਸ਼ਤੇ ਦੀ ਹਾਮੀ ਭਰਗੀ? ਇਸ ਪਿੰਡੋਂ ਤਾਂ ਹੁਣ ਭੱਜਣਾ ਹੀ ਠੀਕ ਹੈ। ਕੌਲੋਕੇ ਜਾਣ ਦੀ ਥਾਂ ਉਹ ਸੇਲਬਰਾਹ ਦੇ ਰਾਹ ਪੈ ਗਿਆ ।
ਮੁੜ ਕੇ ਉਹ ਕਦੇ ਕੋਠੇ ਖੜਕ ਸਿੰਘ ਨਹੀਂ ਆਇਆ। ਹਰਨਾਮੀ ਕਦੇ ਹੰਢਿਆਏ ਗਈ ਤਾਂ ਉਹ ਉਹਨੂੰ ਮਿਲਣ ਉਹਨਾਂ ਦੇ ਘਰ ਨਹੀਂ ਗਿਆ। ਹਰਨਾਮੀ ਵੀ ਸਮਝ ਗਈ ਸੀ ਕਿ ਦੁੱਲੇ ਕੋਲੋਂ ਉਹਦਾ ਸਦਾ ਲਈ ਖਹਿੜਾ ਛੁੱਟ ਗਿਆ । ਕੀ ਲੈਣਾ ਸੀ ਉਹਨੇ ਦੁੱਲੇ ਤੋਂ, ਗੇਲੀ ਵਰਗਾ ਨਵਾਂ ਹੱਡ, ਉਹਦੇ ਉਤੋਂ ਮਰ ਮਰ ਜਾਣ ਵਾਲਾ ਅਰਜਣ ਉਹਦੇ ਹੱਥ ਵਿਚ ਸੀ।
ਉਸ ਦਿਨ ਦੁੱਲੇ ਨਾਲ ਹੋਈ ਹੱਥੋ-ਪਾਈ ਵਿਚ ਚਾਹੇ ਦੁੱਲੇ ਨੇ ਅਰਜਣ ਦੀ ਗੋਡੀ ਲਵਾ ਦਿੱਤੀ ਸੀ, ਉਹ ਉੱਠ ਨਹੀਂ ਸਕਿਆ ਸੀ, ਪਰ ਅੱਖਾਂ ਝਮਕ ਕੇ ਜਦੋਂ ਉਹਨੇ ਦੇਖਿਆ ਕਿ ਦੁੱਲਾ ਓਥੇ ਨਹੀਂ ਹੈ ਤਾਂ ਉਹਨੂੰ ਬਹੁਤ ਖੁਸ਼ੀ ਹੋਈ ਸੀ। ਉਹਨੂੰ ਚੰਗਾ ਚੰਗਾ ਲੱਗ ਰਿਹਾ ਸੀ ਕਿ ਉਹਨੇ ਦੁੱਲੇ ਨੂੰ ਪਿੰਡ ਭਜਾ ਦਿੱਤਾ ਹੈ। ਓਸੇ ਵੇਲੇ ਉਹ ਗਿੰਦਰ ਦੇ ਘਰ ਗਿਆ ਤੇ ਜਾ ਕੇ ਹਰਨਾਮੀ ਨੂੰ ਸਾਰੀ ਗੱਲ ਦੱਸੀ। ਇਹ ਵੀ ਦੱਸਿਆ ਕਿ ਉਹਦੀ ਧੌਣ ਤੇ ਵੱਖੀ ਵਿਚ ਦਰਦ ਹੈ। ਕਰੜੀਆਂ ਸੱਟਾਂ ਲੱਗੀਆਂ ਸਨ।
ਹਰਨਾਮੀ ਨੇ ਹਾਰੇ ਵਿਚ ਕੜ੍ਹਦਾ ਤੌੜੀ ਦਾ ਦੁੱਧ ਲਾਹਿਆ ਤੇ ਦੁੱਧ ਵਿਚ ਘਿਓ ਪਾ ਕੇ ਵੱਡਾ ਗਲਾਸ ਉਹਨੂੰ ਦਿੱਤਾ। ਐਨਾ ਦੁੱਧ ਉਹਤੋਂ ਪੀਤਾ ਨਹੀਂ ਜਾ ਰਿਹਾ ਸੀ । ਪੀਣ ਨੂੰ ਤਾਂ ਉਹ ਕੋਈ ਬਹੁਤਾ ਦੁੱਧ ਨਹੀਂ ਸੀ। ਇਸ ਨਾਲੋਂ ਤਾਂ ਉਹ ਦੁੱਗਣਾ ਦੁੱਧ ਪੀ ਜਾਂਦਾ ਹੁੰਦਾ, ਪਰ ਉਸ ਸਮੇਂ ਜਿਵੇਂ ਦੁੱਧ ਦੀ ਘੁੱਟ ਬਾਹਰ ਨੂੰ ਆ ਰਹੀ ਹੋਵੇ। ਉਹਦਾ ਕਾਲਜਾ ਫੜਕ-ਫੜਕ ਕਰਕੇ ਧੜਕ ਰਿਹਾ ਸੀ। ਹਰਨਾਮੀ ਉਹਨੂੰ ਵਾਰ-ਵਾਰ ਕਹਿ ਰਹੀ ਸੀ, ‘ਪੀ ਜਾ, ਸਾਰਾ ਪੀ ਜਾ, ਗਰਮੀ ਆ ਕੇ ਸਰੀਰ ਖੁੱਲ੍ਹ ਜੂ।’ ਤੇ ਫੇਰ ਉਹ ਕਹਿੰਦੀ, ‘ਕੌਣ ਕੀਤੀ ਢਹਿ ਜਾਣੇ ਨੇ। ਤੂੰ ਜਾੜ੍ਹਾਂ ਉਖੇੜ ਦਿੰਦਾ ਗਾਂ, ਟੁੱਟ ਜਾਣੇ ਦੀਆਂ? ਤੈਥੋਂ ਉਹ ਨਾਬਰ ਤਾਂ ਨੀ ਸੀ ?’
ਦੁੱਧ ਦੀ ਘੁੱਟ ਅੰਦਰ ਲੰਘਾ ਕੇ ਹਉਂਕਦਾ ਉਹ ਬੋਲਿਆ, ‘ਭੱਜ ਗਿਆ ਮੇਰਾ ਸਾਲਾ, ਝਿਉਰ। ਖੜ੍ਹਦਾ ਤਾਂ ਦੱਸਦਾ ਮੈਂ ਉਹਨੂੰ। ਪਰ ਹੁਣ ਨੀ ਕਦੇ ਵੜਦਾ ਉਹ ਏਸ ਪਿੰਡ। ਇਹ ਤਾਂ ਪੱਕ ਜਾਣ ਤੂੰ । ਮੁੜ ਕੇ ਆਇਆ ਤਾਂ ਟੰਗ ਵੱਢੂੰ ਕੁੱਤੇ ਝਿਉਰ ਦੀ।’
ਗਿੰਦਰ ਖੇਤ ਗਿਆ ਹੋਇਆ ਸੀ। ਵਰਾਂਢੇ ਵਿਚ ਕਿਹਰ ਸਿੰਘ ਪਿਆ ਸੀ। ਉਹ ਤਾਂ ਪਰ੍ਹਾਂ ਸਬਾਤ ਵਿਚ ਬੈਠੇ ਇਹ ਗੱਲਾਂ ਕਰ ਰਹੇ ਸਨ। ਬੁੜ੍ਹੇ ਨੂੰ ਕੋਈ ਪਤਾ ਨਹੀਂ ਸੀ। ਉਹਨੂੰ ਐਨੀ ਕੁ ਸੋਅ ਤਾਂ ਸੀ ਕਿ ਘਰ ਵਿਚ ਕੋਈ ਓਪਰਾ ਬੰਦਾ ਆਇਆ ਹੈ ਤੇ ਹਰਨਾਮੀ ਨਾਲ ਗੱਲਾਂ ਕਰ ਰਿਹਾ ਹੈ, ਪਰ ਇਹ ਸਮਝ ਨਹੀਂ ਸੀ ਕਿ ਕੀ ਗੱਲਾਂ ਕਰ ਰਿਹਾ ਹੈ ਤੇ ਨਾਲੇ ਹੁਣ ਹਰਨਾਮੀ ਸਹੁਰੇ ਦੀ ਪਰਵਾਹ ਵੀ ਕੋਈ ਨਹੀਂ ਕਰਦੀ ਸੀ। ਉਹ ਤਾਂ ਸਗੋਂ ਉਹਤੋਂ ਡਰਦਾ।ਸੋਚਦਾ—ਗੰਦੀ ਤੀਮੀ ਦਾ ਕੀਹ ਐ, ਧੌਲ- ਧੱਫਾ ਹੀ ਨਾ ਕਰ ਦੇਵੇ । ਹੁਣ ਕਿੱਥੇ ਐ ਉਹਦੇ ‘ਚ ਪਹੁੰਚ। ਉਹ ਤਾਂ ਇਕ ਮੁੱਕੀ ਦੀ ਮਾਰ ਵੀ ਨਹੀਂ।
ਕਦੇ-ਕਦੇ, ਜਿਸ ਦਿਨ ਅਰਜਣ ਦੀ ਭਰਜਾਈ ਬੰਤੋ ਕਿਸੇ ਰਿਸ਼ਤੇਦਾਰੀ ਵਿਚ ਮਿਲਣ ਗਈ ਹੁੰਦੀ ਜਾਂ ਕਦੇ ਕਿਸੇ ਸਕੀਰੀ ਵਿਚ ਕੋਈ ਵਿਆਹ ਹੁੰਦਾ ਤਾਂ ਅਰਜਣ ਘਰ ਹੀ ਰਹਿੰਦਾ। ਝੰਡਾ ਵੀ ਘਰ ਨਾ ਹੁੰਦਾ। ਉਸ ਦਿਨ ਅਰਜਣ ਦੀ ਬੈਠਕ ਵਿਚ ਸ਼ਿਆਮੋ ਆ ਜਾਂਦੀ। ਸ਼ਿਆਮੋ ਹਰਨਾਮੀ ਨੂੰ ਸੱਦ ਲਿਆਉਂਦੀ। ਉਹ ਤਿੰਨੇ ਦਾਰੂ ਪੀਂਦੇ।
ਸ਼ਿਆਮੋ ਗੁੱਟ ਹੋ ਕੇ ਪਰ੍ਹਾਂ ਮੰਜੇ ਉੱਤੇ ਪਾਸਾ ਮਾਰ ਕੇ ਪਈ ਰਹਿੰਦੀ। ਹਰਨਾਮੀ ਨੂੰ ਦਾਰੂ ਪੀਣ ਸ਼ਿਆਮੋ ਨੇ ਹੀ ਲਾਇਆ ਸੀ। ਆਥਣੇ ਜਿਹੇ ਮੂੰਹ-ਹੱਥ ਧੋ ਕੇ ਅਰਜਣ ਦੀ ਬੈਠਕ ਵਿਚੋਂ ਬਾਹਰ ਨਿੱਕਲਦੀਆਂ। ਮੂੰਹ ਵਿਚ ਸੌਂਫ ਪਾ ਕੇ ਜਾੜ੍ਹਾਂ ਥੱਲੇ ਚਬਦੀਆਂ ਰਹਿੰਦੀਆਂ, ਦੂਜੇ ਕਿਸੇ ਨੂੰ ਸ਼ਰਾਬ ਦਾ ਮੁਸ਼ਕ ਨਾ ਆਵੇ। ਉਹ ਬੰਦਿਆਂ ਵਾਂਗੂ ਥੋੜਾ ਸ਼ਰਾਬ ਪੀਂਦੀਆਂ। ਦੋ ਕੌਲੀਆਂ ਤੋਂ ਵੱਧ ਨਹੀਂ। ਸ਼ਿਆਮੋ ਤੀਜੀ ਕੌਲੀ ਕਦੇ ਕਦੇ ਚਾੜ੍ਹ ਜਾਂਦੀ। ਸ਼ਿਆਮੋ ਨੂੰ ਹਾਬ ਪੀਣ ਤੇ ਪੈਸੇ ਖਾਣ ਦੀ ਪੱਕੀ ਲੱਤ ਸੀ। ਉਹਦੀ ਇਸ ਕਮਜ਼ੋਰੀ ਤੋਂ ਅਰਜਣ ਫਾਇਦਾ ਚੁ ਠਾਉਂਦਾ। ਭਦੌੜ ਵਸਾਖੀ ਦੇ ਮੇਲੇ ਉੱਤੇ ਸ਼ਿਆਮੋ ਹਰ ਸਾਲ ਜਾਂਦੀ। ਸੇਲਬਰਾਹ ਦਾ ਮੇਲਾ ਤਾਂ ਉਹਨਾਂ ਦੇ ਜਮਾਂ ਗਵਾਂਢ ਵਿਚ ਸੀ। ਕੋਈ ਨਾ ਕੋਈ ਗਾਹਕ ਉਹ ਲੱਭ ਲੈਂਦੀ। ਪਿਛਲੀ ਵਾਰ ਭਦੌੜ ਅਰਜਣ ਤੇ ਹਰਨਾਮੀ ਦਾ ਮੇਲ ਉਹਨੇ ਕਰਵਾ ਦਿੱਤਾ। ਆਪ ਤਾਂ ਉਹ ਪਿੰਡ ਨੂੰ ਮੁੜ ਆਈ ਸੀ, ਪਰ ਅਰਜਣ ਤੇ ਹਰਨਾਮੀ ਦੇ ਰਾਤ ਰਹਿਣ ਦਾ ਪ੍ਰਬੰਧ ਉਹਨੇ ਭਦੌੜ ਪਿੰਡ ਵਿਚ ਹੀ ਕਿਸੇ ਦੇ ਘਰ ਕਰ ਦਿੱਤਾ ਸੀ। ਤੇ ਸੇਲਬਰਾਹ ਅੱਧੀ ਰਾਤ ਤੱਕ ਰਹਿਣ ਦਾ ਨਾਟਕ ਉਹਨੇ ਸੋਹਣਾ ਰਚ ਲਿਆ ਸੀ। ਪਿੰਡਾਂ ਵਿਚ ਥਾਂ-ਥਾਂ ਬਦਮਾਸ਼ਾਂ ਦੇ ਅੱਡੇ ਸਨ। ਸ਼ਿਆਮੋ ਨੂੰ ਹਰ ਅੱਡੇ ਦੀ ਭਿਣਕ ਸੀ। ਸੇਲਬਰਾਹ ਵੀ ਉਹਨੇ ਅਜਿਹਾ ਹੀ ਇਕ ਅੱਡਾ ਲੱਭਿਆ ਸੀ ਤੇ ਅੱਧੀ ਰਾਤ ਤੱਕ ਉਥੇ ਉਹਨਾਂ ਦਾ ਸ਼ੁਗਲ ਮੇਲਾ ਚਲਦਾ ਰਿਹਾ ਸੀ। ਇਕ ਮੀਲ ਦੀ ਵਿੱਥ ਉੱਤੇ ਸਾਰੀ ਰਾਤ ਠਹਿਰਨ ਦਾ ਕੀ ਮਤਲਬ? ਗਿੰਦਰ ਕੀ ਸੋਚੇਗਾ ? ਸ਼ਿਆਮੋ ਦਾ ਸਹੁਰਾ ਪਰਤਾਪਾ ਕੀ ਸੋਚੇਗਾ ? ਇਸੇ ਕਰਕੇ ਹੀ ਅਰਜਣ ਉਹਨਾਂ ਦੋਵਾਂ ਜਣੀਆਂ ਨੂੰ ਅੱਧੀ ਰਾਤ ਪਿੰਡ ਲੈ ਆਇਆ ਸੀ। ਗਿੰਦਰ ਕੇ ਘਰ ਆ ਕੇ ਫੇਰ ਗਿੰਦਰ ਨੂੰ ਨਾਲ ਲਿਜਾ ਕੇ ਸ਼ਿਆਮੋ ਨੇ ਆਪਣੇ ਘਰ ਜੋ ਨਾਟਕ ਖੇਡਿਆ ਸੀ, ਉਹਦਾ ਭੇਤ ਅਰਜਣ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਸੀ।
ਦੋ ਦਿਨ ਗੁੰਮ ਰਹਿ ਕੇ ਕਿਹਰ ਸਿੰਘ ਚਲਦਾ ਹੋਇਆ। ਉਹਦੀ ਉਮਰ ਐਨੀ ਵੱਡੀ ਨਹੀਂ ਸੀ। ਉਹਨੂੰ ਖੰਘ ਰਹਿੰਦੀ। ਦਸਾਂ ਕੁ ਸਾਲਾਂ ਤੋਂ ਉਹਨੇ ਫੀਮ ਖਾਣੀ ਸ਼ੁਰੂ ਕਰ ਦਿੱਤੀ ਸੀ। ਫੀਮ ਨਾਲ ਖੰਘ ਟਿਕੀ ਰਹਿੰਦੀ। ਖੈਰ, ਖੰਘ ਨਾਲ ਬੰਦਾ ਮਰਦਾ ਤਾਂ ਨਹੀਂ ਹੁੰਦਾ। ਉਹਦੇ ਸੱਥਰ ਉੱਤੇ ਲੋਕ ਗੱਲਾਂ ਕਰਦੇ ਕਿ ਉਹਨੂੰ ਤਾਂ ਗ਼ਮ ਹੀ ਚੁੱਕ ਕੇ ਲੈ ਗਿਆ।
ਗ਼ਮ ਕਾਹਦਾ, ਇਹ ਕੋਈ ਨਹੀਂ ਉੱਭਰ ਕੇ ਬੋਲਦਾ ਸੀ । ਇਹ ਸਭ ਨੂੰ ਪਤਾ ਸੀ ਕਿ ਕੁਝ ਸਾਲਾਂ ਤੋਂ ਉਹਦਾ ਉਕਰ-ਆਦਰ ਘਟ ਗਿਆ ਸੀ। ਗਿੰਦਰ ਦੀ ਬਹੂ ਨੂੰ ਕੋਈ ਬੱਚਾ ਨਹੀਂ ਹੋਇਆ ਸੀ। ਉਹ ਬਦਕਾਰ ਹੀ ਸਹੀ, ਪਰ ਕੋਈ ਚੁੰਆਂ ਤਾਂ ਜੰਮ ਦਿੰਦੀ । ਬੱਤੀ ਨਾਲ ਬੱਤੀ ਲੱਗ ਜਾਂਦੀ। ਜਿਸ ਦਿਨ ਤੋਂ ਹਰਨਾਮੀ ਨੇ ਉਹਦੀ ਪਿੱਠ ਉੱਤੇ ਲੱਤ ਮਾਰੀ ਉਹ ਘੁੱਟ ਵੱਟ ਕੇ ਰਹਿ ਗਿਆ। ਬੱਸ ਉਸ ਦਿਨ ਤੋਂ ਹੀ ਉਹਦਾ ਸਰੀਰ ਖੁਰਨ ਲੱਗ ਪਿਆ।
8
ਬੁੜ੍ਹੀਆਂ ਵਿਚ ਹੁੰਦੀ-ਹੁੰਦੀ ਗੱਲ ਬੰਤੋ ਕੋਲ ਵੀ ਪਹੁੰਚ ਗਈ ਕਿ ਜਦੋਂ ਕਦੇ ਉਹ ਸਾਕ- ਸਕੀਰੀ ਵਿਚ ਜਾਂਦੀ ਹੈ ਤਾਂ ਉਹਨਾਂ ਦੇ ਘਰ ਬੈਠਕ ਵਿਚ ਗਿੰਦਰ ਦੀ ਬਹੂ ਹਰਨਾਮੀ ਜ਼ਰੂਰ ਆਉਂਦੀ ਹੈ ਤੇ ਨਾਲ ਹੁੰਦੀ ਹੈ, ਪਰਤਾਪੇ ਕੀ ਬਦਕਾਰ ਸ਼ਿਆਮੋ। ਝੰਡੇ ਨੂੰ ਸਭ ਪਤਾ ਸੀ, ਪਰ ਉਹ ਜਾਣ ਕੇ ਹੀ ਘਰੋਂ ਟਲ ਜਾਂਦਾ । ਉਹਨੇ ਬੰਤੋ ਕੋਲ ਕਦੇ ਵੀ ਜ਼ਿਕਰ ਨਹੀਂ ਕੀਤਾ ਸੀ। ਝੰਡੇ ਦੇ ਚਿੱਤ ਵਿਚ ਪਤਾ ਨਹੀਂ ਕੀ ਸੀ, ਉਹ ਅਰਜਣ ਦੀਆਂ ਮਨ-ਆਈਆਂ ਨੂੰ ਗੌਲਦਾ ਹੀ ਨਹੀਂ ਸੀ।
ਬੰਤੋ ਨੇ ਸੁਣਿਆ ਤਾਂ ਉਹਨੂੰ ਅੱਗ ਲੱਗ ਗਈ। ਪਹਿਲਾਂ ਤਾਂ ਉਹ ਪਰਤਾਪੇ ਕੇ ਘਰ ਸ਼ਿਆਮੋ ਕੋਲ ਗਈ ਤੇ ਉਹਨੂੰ ਤੇਰ੍ਹਵੀਆਂ ਸੁਣਾ ਕੇ ਆਈ। ਫੇਰ ਹਰਖੀ ਹਰਖਾਈ ਨੇ ਕਿਹਰੇ ਕੇ ਘਰ ਵੱਲ ਮੂੰਹ ਕਰ ਲਿਆ। ਗਈ, ਤਾਂ ਧੁੱਸ ਦੇ ਕੇ ਉਹਨਾਂ ਦੇ ਅੰਦਰ ਵੜ ਗਈ। ਜਾਣ-ਸਾਰ ਭੂਸਰੇ ਸਾਨ੍ਹ ਵਾਂਗ ਵੜ੍ਹਕਾਂ ਮਾਰਨ ਲੱਗੀ, ‘ਕਿਉਂ ਕੁੜੇ ਹਰਨਾਮੀਏ, ਲੁੱਚੀਏ! ਕਿਉਂ ਸਾਡਾ ਘਰ ਪੱਟਣ ਨੂੰ ਲਿਐ ? ਵਸ ਲੈਣ ਦੇ ਦੋ ਦਿਨ। ਤੈਨੂੰ ਹੀਣਤ ਤਾਂ ਨੀ ਔਂਦੀ ਭੋਰਾ, ਉਥੇ ਜਾ ਕੇ ਹੱਡ ਚੂਸਦੀ ਐਂ ਤੇ ਮੂਤ ਪੀਨੀ ਐਂ। ਸਹੁਰੇ ਦੀ ਤਾਂ ਮਿੱਟੀ ‘ਚ ਮਲਿਆ ‘ਤੀ ਫੂਕ ‘ਤੀ ਦਾੜੀ ਕਿਹਰੇ ਕੰਜਰ ਦੀ, ਕੁਸ ਮਾਪਿਆਂ ਦੀ ਲੱਜ-ਸ਼ਰਮ ਈ ਰੱਖ ਲੈ।’
ਹਰਨਾਮੀ ਸੁਣੀ ਗਈ, ਸੁਣੀ ਗਈ ਤੇ ਫੇਰ ਆਖਰ ਉਹ ਵੀ ਬੋਲਣ ਲੱਗੀ, ‘ਦਾੜ੍ਹੀ ਫੂਕ ਤੂੰ ਆਵਦੇ ਖਸਮ ਦੀ, ਜਾਂ ਆਵਦੇ ਪਿਓ ਕੰਜਰ ਦੀ ਫੂਕ ਲੈ । ਸ਼ਰਮ ਨੀ ਔਂਦੀ ਢੱਟੀ ਨੂੰ, ਦੋ-ਦੋ ਖਸਮ ਹਢੋਂਦੀ ਐ। ਹੱਡ ਚੂਸਣ ਤੇਰੀਆਂ ਧੀਆਂ ਛੋਕਰੀਆਂ, ਉਹਨਾਂ ਨੂੰ ਪਿਆ ਮੂਤ। ਵਚਾਲਿਓਂ ਪਾੜ ਕੇ ਰੱਖ ਦੂੰ, ਮੈਨੂੰ ਬੋਲਣ ਨੂੰ ਮਰਦੀ ਐਂ। ਵਗ ਜਾ ਐਥੋਂ ਭਲੀ-ਪਤ ਨਾਲ, ਇੱਟ ਮਾਰ ਕੇ ਮੱਥਾ ਪਾੜ ਦੂੰ ਵਹਿਚਰ ਦਾ।’
ਇਕ ਹਟਦੀ ਤਾਂ ਦੂਜੀ ਬੋਲਣ ਲੱਗ ਪੈਂਦੀ। ਤੇ ਫੇਰ ਦੋਵੇਂ ਹੀ ਇਕੋ-ਸਾਹ ਬੋਲ ਰਹੀਆਂ ਸਨ । ਕਿਸੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ। ਜਿਵੇਂ ਦੋਵੇਂ ਜਣੀਆਂ ਲੋਕਾਂ ਨੂੰ ਹੀ ਆਪਣੀਆਂ ਗਾਲ਼ਾਂ ਸੁਣਾ ਰਹੀਆਂ ਹੋਣ। ਆਲੇ-ਦੁਆਲੇ ਦੇ ਘਰਾਂ ਦੀਆਂ ਤੀਵੀਆਂ, ਬੁੜ੍ਹੀਆਂ- ਕੁੜੀਆਂ ਆਪੋ-ਆਪਣੇ ਬਾਰਾਂ ਵਿਚ ਆ ਖੜ੍ਹੀਆਂ ਤੇ ਉਹਨਾਂ ਦੀ ਲੜਾਈ ਦਾ ਤਮਾਸ਼ਾ ਦੇਖ ਰਹੀਆਂ ਸਨ। ਕਈ ਜਣੀਆਂ ਆਪਣੇ ਘਰਾਂ ਦੀਆਂ ਪੌੜੀਆਂ ਚੜ੍ਹ ਕੇ ਬਨੇਰਿਆਂ ਉੱਤੇ ਜਾ ਖੜ੍ਹੀਆਂ। ਘਰ ਵਿਚ ਰਹਿ ਗਿਆ ਇਕੱਲਾ-ਦੁਕੱਲਾ ਕੋਈ ਬੰਦਾ ਵੀ ਲੜਾਈ ਸੁਣਨ ਲਈ ਗਲੀ ਵਿਚ ਆ ਖੜ੍ਹ ਸੀ। ਤੇ ਫੇਰ ਜਦੋਂ ਦੋਵੇਂ ਹੀ ਹੰਭਣ ਵਾਲੀਆਂ ਹੋ ਗਈਆਂ, ਪ੍ਰੀਤਮ ਦੀ ਮਾਂ ਘਰੋਂ ਬਾਹਰ ਨਿਕਲੀ। ਹਰਨਾਮੀ ਨੂੰ ਉਹਨੇ ਦਰਵਾਜ਼ੇ ਅੰਦਰ ਧੱਕਾ ਦੇ ਕੇ ਤਖਤਿਆਂ ਦਾ ਬਾਹਰਲਾ ਕੁੰਡਾ ਲਾ ਦਿੱਤਾ । ਬੰਤੋ ਨੂੰ ਬਾਂਹੋਂ ਫੜ ਕੇ ਉਹ ਉਹਦੇ ਘਰ ਨੂੰ ਲੈ ਗਈ। ਤੇ ਫੇਰ ਹੋਰ ਬੁੜ੍ਹੀਆਂ ਵੀ ‘ਨੀ ਜਾਣ ਦਿਓ ਪਰ੍ਹੇ, ਨੀ ਛੱਡੋ ਪਰ੍ਹੇ ਕਹਿਣ ਲੱਗ ਪਈਆਂ।
ਬੰਤੋ ਨੂੰ ਇਹ ਗੁੱਸਾ ਬਿਲਕੁਲ ਹੀ ਨਹੀਂ ਸੀ ਕਿ ਅਰਜਣ ਹਰਨਾਮੀ ਪਿੱਛੇ ਘਰ ਦਾ ਪੈਸਾ ਬਰਬਾਦ ਕਰਦਾ ਹੈ, ਉਹਨੂੰ ਤਾਂ ਮਚੇਵਾਂ ਇਹ ਸੀ ਕਿ ਉਹ ਉਹਦੇ ਆਪਣੇ ਹੱਥਾਂ ਵਿਚੋਂ ਕਿਉਂ ਨਿਕਲਦਾ ਜਾ ਰਿਹਾ ਹੈ । ਵਾਹ ਲਗਦੀ, ਹੁਣ ਉਹ ਘਰੋਂ ਬਾਹਰ ਨਾ ਜਾਂਦੀ। ਸਾਕ-ਸਕੀਰੀ ਵਿਚ ਮਸਾਂ ਹੀ ਜਾਂਦੀ। ਬੈਠਕ ਦੇ ਪਹੇ ਵੱਲ ਦੇ ਤਖਤਿਆਂ ਨੂੰ ਜਿੰਦਾ ਲਵਾ ਕੇ ਕੁੰਜੀ ਉਹਨੇ ਆਪਣੇ ਕੋਲ ਰੱਖ ਲਈ। ਉਹਦਾ ਫੇਰ ਵੀ ਦਿਲ ਨਾ ਖੜ੍ਹਿਆ ਤਾਂ ਤਖਤਿਆਂ ਦੇ ਅੰਦਰਲੇ ਪਾਸੇ ਵੱਡੀਆਂ ਵੱਡੀਆਂ ਮੇਖਾਂ ਨਾਲ ਲੰਮੇ-ਲੋਟ ਦੋ ਫੱਟੀਆਂ ਜੁੜਵਾ ਦਿੱਤੀਆਂ। ਉਹ ਝੰਡੇ ਨਾਲ ਨਿੱਤ ਕਲੇਸ਼ ਕਰਦੀ, ‘ਤੂੰ ਸੁਰਤ ਕਿਉਂ ਨੀ ਕਰਦਾ, ਬਗਾਨੀ ਤੀਮੀ ਦੇ ਢਿੱਡ ‘ਚ ਸਾਰਾ ਘਰ ਉਲੱਦੀ ਜਾਂਦੈ ਏਹੇ ? ਹੌਲ਼ੀ ਹੌਲ਼ੀ ਸਮਝਾਉਣ ਲਗਦੀ, ‘ਜਦੋਂ ਮੈਂ ਹੈਗੀ ਆਂ ਘਰੇ, ਇਹ ਓਸ ਕੰਜਰੀ ਨੂੰ ਕਿਉਂ ਸੱਦਦੈ ? ਉਹ ਕਿਧਰਲੀ ਆ ਗੀ ਹੂਰਾਂ ਪਰੀ ? ਓਹਤੋਂ ਤਾਂ ਬੇਰ ਲੈ ਕੇ ਖਾਣ ਨੂੰ ਜੀਅ ਨਾ ਕਰੇ ਕਿਸੇ ਦਾ।’
ਝੰਡੇ ਉੱਤੇ ਕੋਈ ਅਸਰ ਨਾ ਹੁੰਦਾ । ਉਹਦੀ ਇਕੋ ਗੱਲ, ‘ਮੁੰਡਾ-ਖੁੰਡੇ, ਹੱਸ-ਖੇਡ ਲੈਣ ਦੇ। ਆਪਣਾ ਕੀ ਜਾਂਦੈ ? ਕਿੰਨਾ ਕੁ ਖਰਾਬ ਕਰਦੂ ਘਰ ? ਅੱਧ ਦਾ ਮਾਲਕ ਐ। ਇਕ ਦਿਨ ਸਾਰੀ ਦਾ ਮਾਲਕ ਤੇਰੇ ਪੁੱਤ ਨੇ ਈ ਬਣ ਜਾਣੈ। ਤੂੰ ਡੂੰਘੀ ਸੋਚ।
ਅਰਜਣ ਦੀ ਬੈਠਕ ਵਿਚ ਹਰਨਾਮੀ ਦਾ ਆਉਣਾ ਬੰਦ ਹੋ ਗਿਆ, ਦਾਅ ਬਚਾ ਕੇ ਦੋ- ਚਾਰ ਵਾਰ ਉਹ ਪਰਤਾਪੇ ਕੇ ਘਰ ਮਿਲੇ ਸਨ । ਪਰ ਉਥੇ ਵੀ ਠੀਕ ਨਹੀਂ ਸੀ। ਕੋਈ ਮਸਾਂ ਹੀ ਅਜਿਹਾ ਦਿਨ ਮਿਲਦਾ, ਜਦੋਂ ਬੁੜ੍ਹਾ-ਬੁੜ੍ਹੀ ਘਰੋਂ ਬਾਹਰ ਹੁੰਦੇ। ਦੋਵੇਂ ਮੁੰਡੇ ਤਾਂ ਕਦੇ ਵੀ ਘਰ ਆ ਵੜਦੇ । ਤੇ ਫੇਰ ਮੇਲੇ ਕਿਹੜਾ ਨਿੱਤ-ਨਿੱਤ ਲਗਦੇ। ਪਿੰਡ ਵਿਚ ਹੋਰ ਠੋਹੀਆਂ ਵੀ ਉਹਨਾਂ ਨੇ ਜੋ ਬਣਾਈਆਂ ਸਨ, ਦੋ ਤਿੰਨ ਵਾਰ ਤੋਂ ਵੱਧ ਨਹੀਂ ਚੱਲੀਆਂ। ਅਖੀਰ ਅਰਜਣ ਨੇ ਗਿੰਦਰ ਕੇ ਘਰ ਹੀ ਆਉਣਾ ਜਾਣਾ ਸ਼ੁਰੂ ਕਰ ਦਿੱਤਾ। ਗਿੰਦਰ ਖੇਤ ਨੂੰ ਗਿਆ ਹੁੰਦਾ ਤਾਂ ਉਹ ਫੱਟ ਘਰ ਆ ਵੜਦਾ । ਇਹ ਸਿਲਸਿਲਾ ਕਈ ਮਹੀਨੇ ਚਲਦਾ ਰਿਹਾ। ਪਰ ਹੁਣ ਦਾਰੂ ਪੀਣ ਦਾ ਕੰਮ ਬੰਦ ਹੋ ਗਿਆ। ਸ਼ਿਆਮੋ ਅੱਡ ਦੁੱਖੀ ਸੀ। ਅਰਜਣ ਨੂੰ ਹੁਣ ਉਹਦੀ ਕੋਈ ਬਹੁਤੀ ਲੋੜ ਵੀ ਨਹੀਂ ਰਹਿ ਗਈ ਸੀ। ਉਹ ਨਾਰਾਜ਼ ਰਹਿੰਦੀ। ਕਿਸੇ ਨਾ ਕਿਸੇ ਤਰ੍ਹਾਂ ਗਿੰਦਰ ਦੇ ਕੰਨਾਂ ਵਿਚ ਇਹ ਗੱਲ ਪੈ ਗਈ ਕਿ ਅਰਜਣ ਚੋਰੀਓਂ ਉਹਨਾਂ ਦੇ ਘਰ ਆਉਂਦਾ ਹੈ। ਆਨੀਂ-ਬਹਾਨੀਂ ਉਹ ਹਰਨਾਮੀ ਉੱਤੇ ਖਿਝਣ ਲੱਗਿਆ। ਰੁੱਸ ਜਾਇਆ ਕਰੇ, ਰੋਟੀ ਨਾ ਖਾਂਦਾ। ਕਦੇ ਕਦੇ ਥਾਲ੍ਹੀ ਵਿਚ ਪਾਈ ਰੋਟੀ ਕੰਧ ਨਾਲ ਮਾਰਦਾ। ਖਾਹ-ਮਖਾਹ ਹੀ ਪਸ਼ੂਆਂ ਨੂੰ ਗਾਲ੍ਹਾਂ ਕੱਢਦਾ ਫਿਰਦਾ। ਐਵੇਂ ਹੀ ਕੋਈ ਹੋਰ ਬਹਾਨਾ ਬਣਾ ਕੇ ਉਹਨੇ ਹਰਨਾਮੀ ਨੂੰ ਦੋ ਵਾਰੀ ਕੁੱਟਿਆ ਵੀ। ਹਰਨਾਮੀ ਨੇ ਰੋ-ਰੋ ਕੇ ਅੱਖਾਂ ਲਾਲ ਕੀਤੀਆਂ ਸਨ । ਪੇਕੀਂ ਜਾ ਕੇ ਬੈਠਣ ਦਾ ਡਰਾਵਾ ਵੀ ਦਿੱਤਾ। ਪਰ ਗਿੰਦਰ ਦੇ ਮਨ ਵਿਚੋਂ ਗੱਲ ਨਿਕਲਦੀ ਨਹੀਂ ਸੀ। ਉਹਨੂੰ ਖੇਤ ਜਾਏ ਬਗੈਰ ਵੀ ਨਹੀਂ ਸਰਦਾ ਸੀ। ਦੋ ਵਾਰੀ ਖੇਤੋਂ ਕੰਮ ਛੱਡ ਕੇ ਉਹ ਅਚਾਨਕ ਹੀ ਘਰ ਆਇਆ ਸੀ ਪਰ ਘਰ ਵਿਚ ਅਰਜਣ ਉਹਨੂੰ ਨਹੀਂ ਮਿਲਿਆ । ਇਸ ਨਾਲ ਤਾਂ ਹਰਨਾਮੀ ਸੰਗੋਂ ਚੁਕੰਨੀ ਹੋ ਗਈ।
ਹਰਨਾਮੀ ਇਕ ਦਿਨ ਪਰਾਗਦਾਸ ਦੇ ਡੇਰੇ ਗਈ। ਡੇਰਾ ਪਿੰਡ ਤੋਂ ਬਾਹਰ-ਬਾਹਰ ਛਿਪਦੇ ਵਿਚ ਸੀ। ਇਸ ਪਿੰਡ ਵਿਚ ਪਰਾਗਦਾਸ ਆਏ ਨੂੰ ਦਸ-ਬਾਰਾਂ ਸਾਲ ਹੋ ਗਏ ਸਨ। ਜਦੋਂ ਉਹ ਆਇਆ ਸੀ ਤਾਂ ਇਕ ਪੁਰਾਣੇ ਆਵੇ ਉੱਤੇ ਉਹਨੇ ਧੂਣੀਆਂ ਤਾਪੀਆਂ ਸਨ। ਸਿਆਲ ਵਿਚ ਜਲਧਾਰਾ ਕੀਤਾ। ਫੇਰ ਤਾਂ ਪਿੰਡ ਦੇ ਲੋਕ ਆਮ ਹੀ ਉਹਦੇ ਕੋਲ ਆਉਣ ਲੱਗ ਪਏ । ਬੁੜ੍ਹੀਆਂ, ਬਹੂਆਂ ਤੇ ਮੁਟਿਆਰ ਕੁੜੀਆਂ ਵੀ। ਵਿਹਲੇ ਬੰਦੇ ਤਾਂ ਹਰ ਵੇਲੇ ਹੀ ਆਵੇ ਉੱਤੇ ਬੈਠੇ ਰਹਿੰਦੇ। ਰਾਤ ਨੂੰ ਵੀ ਓਥੇ ਹੀ ਸੌਂ ਜਾਂਦੇ। ਅੰਨ-ਪਾਣੀ ਖੁੱਲ੍ਹਾ ਮਿਲਦਾ ਸੀ। ਦੁੱਧ, ਚਾਹ, ਰੋਟੀਆਂ ਤੇ ਭਾਂਤ ਭਾਂਤ ਦੀਆਂ ਦਾਲਾਂ-ਸਬਜ਼ੀਆਂ । ਹੋਰ ਉਹਨਾਂ ਨੇ ਕੀ ਲੈਣਾ ਸੀ ? ਸਾਧ ਧਾਗਾ-ਤਵੀਤ ਵੀ ਕਰਦਾ। ਉਹਦੇ ਤਵੀਤਾਂ ਨਾਲ ਪਿੰਡਾਂ ਦੇ ਕਈ ਬੰਦੇ ਰਾਜੀ ਹੋਏ ਸਨ । ਸੋਕੇ ਨਾਲ ਮਰ ਰਹੇ ਜਵਾਕ ਬਚ ਰਹਿੰਦੇ। ਮਿਰਗੀ ਵਰਗੇ ਰੋਗ ਵੀ ਉਹਨੇ ਹਟਾ ਦਿੱਤੇ। ਕਿੰਨੀਆਂ ਹੀ ਜਵਾਨ ਕੁੜੀਆਂ ਤੇ ਬਹੂਆਂ ਵਿਚੋਂ ਭੂਤਾਂ ਕੱਢੀਆਂ। ਕੋਠੇ ਖੜਕ ਸਿੰਘ ਹੀ ਨਹੀਂ, ਆਲੇ-ਦੁਆਲੇ ਦੇ ਹੋਰ ਪਿੰਡਾਂ ਵਿਚ ਵੀ ਪਰਾਗਦਾਸ ਦਾ ਨਾਂ ਉੱਘਾ ਹੋ ਗਿਆ। ਲੋਕ ਉਹਨੂੰ ਚੜ੍ਹਾਵੇ ਚੜ੍ਹਾ ਕੇ ਜਾਂਦੇ । ਪਾਖਰ ਸਿੰਘ ਨੰਬਰਦਾਰ ਕੋਲ ਜ਼ਮੀਨ- ਜਾਇਦਾਦ ਬਹੁਤ ਸੀ। ਪਰ ਉਹਦੀ ਘਰਵਾਲੀ ਨੂੰ ਮੁੰਡਾ ਨਹੀਂ ਹੁੰਦਾ ਸੀ। ਤੀਜੇ ਸਾਲ ਕੁੜੀ ਜੰਮ ਪੈਂਦੀ। ਇਸ ਤਰ੍ਹਾਂ ਉਪਰੋ-ਥਲੀ ਪੰਜ ਕੁੜੀਆਂ ਜੰਮੀਆਂ। ਉਹਨੇ ਪਰਾਗਦਾਸ ਦੀ ਸ਼ਰਨ ਲੈ ਲਈ। ਇੱਕੀ ਤਵੀਤ ਦਿੱਤੇ ਪਰਾਗਦਾਸ ਨੇ। ਮੱਸਿਆ ਦੀ ਰਾਤ ਇਕ ਕਪੜੇ ਵਿਚ ਚੁਰਾਹੇ ਉੱਤੇ ਜਾ ਕੇ ਉਹ ਨ੍ਹਾਤੀ ਵੀ। ਚੌਲਾਂ ਦੇ ਕੜਾਹੇ ਕੱਢੇ । ਤੇ ਸੁੱਖ ਸੁੱਖੀ ਕਿ ਜੇ ਉਹਦੇ ਘਰ ਅਗਲੀ ਵਾਰ ਮੁੰਡਾ ਹੋ ਗਿਆ ਤਾਂ ਉਹ ਬਾਬਾ ਪਰਾਗਦਾਸ ਨੂੰ ਪੂਰਾ ਮੰਨੇਗਾ। ਕਰਨੀ ਰੱਬ ਦੀ ਮੁੰਡਾ ਹੀ ਜੰਮਿਆ । ਧੁੰਮਾਂ ਪੈ ਗਈਆਂ ਸਾਰੇ ਪਿੰਡ ਵਿਚ, ਪਰਾਗਦਾਸ ਦੇ ਤਵੀਤ ਦੀਆਂ । ਸਵਾ ਮਹੀਨੇ ਦਾ ਮੁੰਡਾ ਹੋਇਆ ਤਾਂ ਸਾਰਾ ਟੱਬਰ ਮੁੰਡੇ ਨੂੰ ਲੈ ਕੇ ਆਵੇ ਉੱਤੇ ਆਇਆ। ਮੁੰਡੇ ਨੂੰ ਪਰਾਗਦਾਸ ਦੇ ਚਰਨਾਂ ਵਿਚ ਰੱਖ ਦਿੱਤਾ। ਪਰਾਗਦਾਸ ਨੇ ਆਪਣੇ ਬਖਸ਼ਣਹਾਰ ਹੱਥਾਂ ਨਾਲ ਮੁੰਡੇ ਨੂੰ ਚੁੱਕਿਆ ਤੇ ਨੰਬਰਦਾਰਨੀ ਦੀ ਗੋਦੀ ਵਿਚ ਰੱਖਦਿਆਂ ਅਸ਼ੀਰਵਾਦ ਦਿੱਤੀ, ‘ਲੈ ਭਾਈ, ਕਾਕੇ ਦਾ ਮੱਥਾ ਦਸਦੈ, ਬਾਪ-ਦਾਦੇ ਦਾ ਨਾਉਂ ਉੱਚਾ ਕਰ । ਸੋ- ਬਰਸਾ ਹੋਊ।’ ਨੰਬਰਦਾਰ ਪਾਖਰ ਸਿੰਘ ਨੇ ਉਥੇ ਹੀ ਇਕ ਲੱਤ ਉੱਤੇ ਖੜ੍ਹ ਕੇ ਐਲਾਨ ਕੀਤਾ ਕਿ ਸੁਏ ਨਾਲ ਲਗਦੀ ਜ਼ਮੀਨ ਵਿਚੋਂ ਉਹਨੇ ਸੱਤ ਵਿਘੇ ਪੁੰਨ ਕੀਤੀ। ਉਥੇ ਡੇਰਾ ਬਣੂ ਸੰਤਾਂ ਦਾ। ਸੰਤ ਪਰਾਗਦਾਸ ਨੇ ਅੱਖਾਂ ਮੀਚੀਆਂ ਤੇ ਮੂੰਹ ਵਿਚ ਕੋਈ ਮੰਤਰ ਪੜ੍ਹਿਆ। ਫੇਰ ਅੱਖਾਂ ਖੋਲ੍ਹੀਆਂ। ਧੂਣੇ ਦੀ ਸੁਆਹ ਲੈ ‘ਕੇ ਨੰਬਰਦਾਰ ਦੇ ‘ਸਾਰੇ ਟੱਬਰ ਰ ਨੂੰ ‘ ਤਿਲ ਤਿਲਕ ਕੀਤਾ। ਆਵੇ ਉੱਤੇ ਬੈਠੀ ਸਾਰੀ ਸੰਗਤ ਵਿਚ ਲੱਡੂ ਵੰਡੇ ਗਏ। ਪਾਖਰ ਸਿੰਘ ਲੱਡੂਆਂ ਦਾ ਟੋਕਰਾ ਭਰ ਕੇ ਲਿਆਇਆ ਸੀ।
ਦੂਜੇ ਦਿਨ ਹੀ ਪਰਾਗਦਾਸ ਨੇ ਪਾਖਰ ਸਿੰਘ ਦੀ ਜ਼ਮੀਨ ਵਿਚ ਜਾ ਡੇਰੇ ਲਾਏ। ਪਿੰਡ ਵਿਚੋਂ ਮਾਇਆ ਆਉਣ ਲੱਗੀ। ਨੇੜੇ ਤੇੜੇ ਦੇ ਪਿੰਡਾਂ ਵਿਚ ਹੀ ਹੋਕਾ ਫਿਰ ਗਿਆ ਕਿ ਸੰਤ ਪਰਾਗਦਾਸ ਨਵਾਂ ਡੇਰਾ ਉਸਾਰ ਰਿਹਾ ਹੈ। ਸਿਆਲ ਦੀ ਰੁੱਤ ਸੀ । ਜਲਧਾਰੇ ਦਾ ਵੱਡਾ ਪ੍ਰੋਗਰਾਮ ਬਣ ਗਿਆ।
ਆਖਰੀ ਦਿਨ ਦੂਰੋਂ ਦੂਰੋਂ ਸਾਧ ਮੰਗਾਏ ਗਏ। ਵੱਡੇ ਵੱਡੇ ਢਿੱਡਾਂ ਵਾਲੇ ਤੇ ਸਿਰ ਉੱਤੇ ਟੋਕਰਾ-ਟੋਕਰਾ ਜਟਾਂ ਦਾ। ਨਰਸਿੰਘੇ ਵੱਜ ਰਹੇ ਸਨ। ਹਾਥੀਆਂ ਵਾਲੇ ਸਾਧਾਂ ਦਾ ਟੋਲਾ ਵੀ ਆਇਆ। ਕੋਠੇ ਖੜਕ ‘ ਸਿੰਘ ਦੇ ਘਰ-ਘਰ ਦਾ ਇਕ-ਇਕ ਤਿੱਪ ਦੁੱਧ ਪਰਾਗਦਾਸ ਦੇ ਡੇਰੇ ਪਹੁੰਚ ਗਿਆ | ਲਾਂਭ ਦੇ ਪਿੰਡਾਂ ਤੋਂ ਵੀ ਦੁੱਧ ਦੀਆਂ ਟੋਕਣੀਆਂ ਆਈਆਂ। ਖੀਰ-ਕੜਾਹ ਤੇ ਮਾਲ੍ਹ-ਪੂੜਿਆਂ ਦੇ ਖੁੱਲ੍ਹੇ ਗੱਫੇ ਵਰਤਾਏ ਗਏ। ਮੂੰਹ ਸਲੂਣਾ ਕਰਨ ਲਈ ਸਾਬਤ ਮੂੰਗੀ ਦੀ ਦਾਲ ਤੇ ਤਵੀ ਉੱਤੇ ਪੱਕੇ ਮੰਡੇ। ਸਾਰਾ ਦਿਨ ਮੇਲਾ ਲੱਗਿਆ ਰਿਹਾ। ਇਹ ਜਲਧਾਰਾ ਅਸਲ ਵਿਚ ਪਰਾਗਦਾਸ ਨੇ ਡੇਰਾ ਬਣਾਉਣ ਲਈ ਹੀ ਕੀਤਾ ਸੀ। ਕੋਠੇ ਖੜਕ ਸਿੰਘ ਦੇ ਜੱਟ-ਜਿਮੀਂਦਾਰਾਂ, ਬਾਣੀਆਂ ਤੇ ਹੋਰ ਸਭ ਜਾਤਾਂ ਨੇ ਆਪਣੀ ਆਪਣੀ ਪਹੁੰਚ ਅਨੁਸਾਰ ਮੱਥਾ ਟੇਕਿਆ। ਪਟੜੀ-ਫੇਰ ਦੇ ਪਿੰਡ ਵੀ ਚੜ੍ਹਾਵਾ ਚੜ੍ਹਾ ਕੇ ਗਏ । ਰੁਪਈਏ, ਕਣਕ ਦੀਆਂ ਬੋਰੀਆਂ, ਗੁੜ ਦੀਆਂ ਭੇਲੀਆਂ, ਕੱਪੜੇ, ਭਾਂਡੇ ਤੇ ਘਿਓ ਦੇ ਪੀਪੇ ।
ਤੇ ਫੇਰ ਦਸਾਂ-ਬਾਰਾਂ ਦਿਨਾਂ ਬਾਅਦ ਹੀ ਮਿਸਤਰੀ ਲੱਗ ਗਏ। ਦਿਹਾੜੀਆਂ ਦਾ ਕੰਮ ਮਜ੍ਹਬੀ-ਰਾਮਦਾਸੀਏ ਕਰਨ ਆਉਂਦੇ। ਕੋਠਿਆਂ ਦਾ ਘਰ-ਘਰ ਦਾ ਇਕ ਬੰਦਾ ਦਿਹਾੜੀ ਲਵਾ ਕੇ ਗਿਆ । ਰਾਮਪੁਰਾ ਮੰਡੀ ਦੇ ਠਾਕਰ ਮੱਲ ਸੇਠ ਨੇ ਇਕਵੰਜਾ ਬੋਰੀਆਂ ਸੀਮਿੰਟ ਭੇਜ ਦਿੱਤਾ। ਫੂਲ ਦੇ ਲਾਲਾ ਗੁੱਜਰ ਮੱਲ ਦਾ ਭੱਠਾ ਚਲਦਾ ਸੀ। ਗਿਆਰਾਂ ਹਜ਼ਾਰ ਇੱਟ ਉਹਨੇ ਭੇਜ ਦਿੱਤੀ। ਇਸ ਤਰ੍ਹਾਂ ਹੀ ਭਾਈਰੂਪੇ ਦੇ ਰਾਮ ਰੱਖਾ ਮੱਲ ਦੀ ਸਤਾਰਾਂ ਹਜ਼ਾਰ ਇੱਟ ਆ ਗਈ। ਭਦੌੜੀਆ ਸਰਦਾਰ ਇਕ ਦਿਨ ਮੱਥਾ ਟੇਕਣ ਆਇਆ, ਉਹਨੇ ਬਰਨਾਲੇ ਜਾ ਕੇ ਦਸ ਸ਼ਤੀਰੀਆਂ ਤੇ ਸੌ ਬਾਲਾ ਭੇਜ ਦਿੱਤਾ। ਸਵਾ ਮਣ ਪੱਕੀ ਛੋਲਿਆਂ ਦੀ ਦਾਲ ਵੀ। ਦੋ-ਤਿੰਨ ਮਹੀਨਿਆਂ ਵਿਚ ਸੇਲਬਰਾਹ ਵਾਲੇ ਪਾਸੇ ਸੱਤ ਕਮਰੇ ਬਣ ਗਏ। ਬੁਰਜ ਗਿੱਲਾਂ ਵਾਲੇ ਪਾਸੇ ਇਕ ਲੰਮੀ ਉੱਚੀ ਕੰਧ ਖਿੱਚ ਦਿੱਤੀ ਗਈ, ਜੀਹਦੇ ਇਕ ਸਿਰੇ ਉੱਤੇ ਦੋ ਕਮਰੇ ਤੇ ਵਿਚਕਾਰ ਵਰਾਂਢਾ ਛੱਤਿਆ ਗਿਆ। ਇਸ ਵਰਾਂਢੇ ਥੱਲੇ ਸੰਤਾਂ ਦਾ ਧੂਣਾ ਰੱਖਿਆ। ਵਰਾਂਢੇ ਦੇ ਸਾਹਮਣੇ ਵੱਡਾ ਵਿਹੜਾ-ਸੰਗਤਾਂ ਦੇ ਬੈਠਣ ਲਈ। ਕੋਠਿਆਂ ਵਾਲੀ ਵੱਖੀ ਵਿਚ ਲੰਗਰ- ਇਕ ਕਮਰਾ ਚੁੱਲ੍ਹੇ-ਚੌਂਕੇ ਵਾਲਾ ਤੇ ਨਾਲ ਲਗਦਾ ਕਮਰਾ ਰਾਸ਼ਣ-ਪਾਣੀ ਰੱਖਣ ਲਈ। ਡੇਰੇ ਤੋਂ ਐਨ ਵਿਚਕਾਰ ਖੂਹੀ ਲਾ ਕੇ ਹਲਟੀ ਲਾ ਦਿੱਤੀ ਗਈ। ਇਕ ਵੱਡੀ ਖੇਲ ਗਊਆਂ ਦੇ ਪਾਣੀ ਪੀਣ ਲਈ ਤੇ ਇਕ ਲੰਮਾ ਛੱਤਵਾਂ ਚੁਬੱਚਾ ਜਿਸ ਵਿਚ ਚਾਰ ਟੂਟੀਆਂ ਲਾਈਆਂ ਗਈਆਂ। ਡੇਰੇ ਵਿਚ ਰਹਿੰਦੀ ਸਾਰੀ ਸੰਗਤ ਇਹਨਾਂ ਟੂਟੀਆਂ ਥੱਲੇ ਨ੍ਹਾਉਂਦੀ। ਡੇਰੇ ਵਿਚ ਥਾਂ-ਥਾਂ ਉੱਤੇ ਨਿੰਮ, ਟਾਹਲੀ, ਬੋਹੜ ਤੇ ਪਿੱਪਲ ਦੇ ਦਰਖਤ ਲਾਏ ਗਏ। ਹਲਟੀ ਦੇ ਆਲੇ-ਦੁਆਲੇ ਕੇਲਿਆਂ ਦੇ ਬੂਟੇ ਲਾ ਦਿੱਤੇ ਗਏ। ਪਰਾਗਦਾਸ ਦਾ ਡੇਰਾ ਇਕ ਨਵਾਂ ਸੰਸਾਰ ਸੀ, ਜਿਸ ਵਿਚ ਆ ਕੇ ਬੰਦੇ ਨੂੰ ਸੁਖ ਦਾ ਸਾਹ ਮਿਲਦਾ ।
ਪਿੰਡ ਵਿਚ ਲੁਕਵੀਆਂ-ਲੁਕਵੀਆਂ ਗੱਲਾਂ ਇਹ ਵੀ ਹੁੰਦੀਆਂ ਕਿ ਸੰਤ ਪਰਾਗਦਾਸ ਦੂਰ ਆਪਣੇ ਪਿੰਡ ਕਾਹਨਗੜ੍ਹ ਵਿਚ ਆਪਣੇ ਭਤੀਜਿਆਂ ਨੂੰ ਪਾਲ ਰਿਹਾ ਹੈ। ਕਾਹਨਗੜ੍ਹ ਬਰੇਟਾ ਮੰਡੀ ਕੋਲ ਇਕ ਛੋਟਾ ਜਿਹਾ ਪਿੰਡ ਸੀ । ਪਰਾਗਦਾਸ ਉਥੋਂ ਦਾ ਸੀ । ਜੱਟਾਂ ਦੇ ਘਰ ਦਾ ਜਨਮ ਸੀ। ਦੋ ਭਰਾ ਸਨ। ਪਰਾਗਦਾਸ ਦਾ ਬਚਪਨ ਦਾ ਨਾਂ ਚੰਦਾ ਸਿੰਘ ਸੀ। ਜ਼ਮੀਨ ਥੋੜੀ ਸੀ। ਗੁਜ਼ਾਰਾ ਮਸਾਂ ਹੁੰਦਾ।
ਚੰਦਾ ਸਿੰਘ ਵੀਹ-ਬਾਈ ਸਾਲ ਦਾ ਹੋ ਗਿਆ ਸੀ, ਪਰ ਉਹਨੂੰ ਕੋਈ ਸਾਕ ਨਹੀਂ ਹੋ ਰਿਹਾ ਸੀ। ਪਿਓ ਅਮਲੀ ਸੀ। ਹਾਨੀਸਾਰ ਇਕ ਦਿਨ ਉਹ ਘਰੋਂ ਭੱਜਿਆ ਤੇ ਅੰਬਾਲੇ ਜਾ ਕੇ ਫੌਜ ਵਿਚ ਭਰਤੀ ਹੋ ਗਿਆ। ਓਥੇ ਪਰੇਡਾਂ ਕਰਦਾ ਔਖਾ ਹੋਇਆ ਤਾਂ ਭਗੌੜਾ ਹੋ ਗਿਆ। ਪੁਲਿਸ ਕਾਹਨਗੜ੍ਹ ਉਹਨੂੰ ਲੱਭਣ ਆਇਆ ਕਰੇ। ਕੁਝ ਮਹੀਨੇ ਤਾਂ ਸਾਕ-ਸਕੀਰੀਆਂ ਵਿਚ ਲੁਕ-ਛਿਪ ਕੇ ਲੰਘ ਗਏ। ਤੇ ਫੇਰ ਹਰਦੁਆਰ ਜਾ ਕੇ ਉਹ ਸਾਧ ਬਣ ਗਿਆ। ਸਿਰ ਦੀਆਂ ਜਟਾਂ ਵਧਾ ਲਈਆਂ। ਤੇੜ ਲੰਗੋਟੀ ਤੇ ਪੈਰਾਂ ਵਿਚ ਖੜਾਵਾਂ।ਗਲ ਭਗਵਾਂ ਚੋਲਾ। ਵਿਗੜਿਆ ਜੱਟ ਨਰਸਿੰਘਾ ਵਜਾਉਣ ਵਿਚ ਪੂਰਾ ਮਾਹਿਰ ਹੋ ਗਿਆ । ਬਹੁਤ ਸਾਲਾਂ ਬਾਅਦ ਕਾਹਨਗੜ੍ਹ ਆਇਆ ਤਾਂ ਮਾਂ-ਪਿਓ ਮਰ ਚੁਕੇ ਸਨ। ਛੋਟੇ ਭਰਾ ਨੇ ਵਿਆਹ ਤਾਂ ਕਰਵਾ ਲਿਆ ਸੀ, ਪਰ ਦੋ ਮੁੰਡੇ ਤੇ ਇਕ ਕੁੜੀ ਜੰਮ ਕੇ ਉਹ ਵੀ ਤੁਰਦਾ ਹੋਇਆ। ਭਰਜਾਈ ਜਵਾਨ-ਜਹਾਨ ਸੀ । ਮਸਾਂ ਘਰ ਤੋਰਦੀ। ਚੰਦਾ ਸਿੰਘ ਉਹਨੂੰ ਰੱਬ ਬਣ ਕੇ ਬਹੁੜਿਆ। ਉਹਨੇ ਭਰਜਾਈ ਨੂੰ ਵਚਨ ਦਿੱਤਾ ਕਿ ਉਹ ਭਤੀਜਿਆਂ ਦੀ ਪਰਵਰਿਸ਼ ਕਰੇਗਾ। ਉਹ ਹਫ਼ਤਾ ਭਰ, ਓਥੇ ਠਹਿਰਿਆ ਤੇ ਫੇਰ ਰਮਤਾ ਹੋ ਗਿਆ।
ਪਰਾਗਦਾਸ ਉਰਫ਼ ਚੰਦਾ ਸਿੰਘ ਕੋਠੇ ਖੜਕ ਸਿੰਘ ਤੋਂ ਹੁਣ ਵਰ੍ਹੇ-ਛਮਾਹੀਂ ਕਾਹਨਗੜ੍ਹ ਜਾਂਦਾ ਤੇ ਭਰਜਾਈ ਨੂੰ ਮਿਲ ਆਉਂਦਾ। ਕੁੜੀ ਵਿਆਹ ਦਿੱਤੀ। ਭਤੀਜੇ ਉਡਾਰ ਸਨ । ਕੋਠੀ ਤਾਂ ਇਹ ਗੱਲ ਵੀ ਮੂੰਹੋਂ-ਮੂੰਹ ਸੁਣੀ ਜਾ ਰਹੀ ਸੀ ਕਿ ਪਰਾਗਦਾਸ ਨੇ ਕਾਹਨਗੜ੍ਹ ਭਤੀਜਿਆਂ ਨੂੰ ਅੱਠ- ਦਸ ਘੁਮਾਂ ਜ਼ਮੀਨ ਵੀ ਲੈ ਦਿੱਤੀ ਹੈ।
ਹਰਨਾਮੀ ਡੇਰੇ ਗਈ ਤਾਂ ਸੰਤਾਂ ਦੇ ਧੂਣੇ ਅੱਗੇ ਅੱਠ-ਨੌਂ ਬੰਦੇ ਤੇ ਦੋ-ਤਿੰਨ ਬੁੜ੍ਹੀਆਂ ਬੈਠੀਆਂ ਸਨ। ਧੂਣੇ ਵਿਚੋਂ ਨਿੱਕਾ-ਨਿੱਕਾ ਧੂੰਆਂ ਉਠ ਰਿਹਾ ਸੀ। ਬੈਠੇ ਬੰਦਿਆਂ ਨਾਲ ਪਰਾਗਦਾਸ ਕੋਈ ਗੰਭੀਰ ਰਾਏ-ਮਸ਼ਵਰਾ ਕਰ ਰਿਹਾ ਸੀ। ਤੀਵੀਆਂ ਹੱਥ ਜੋੜੀਂ ਬੈਠੀਆਂ ਸਨ। ਮੂੰਹਾਂ ਦੇ ਇਕ ਪਾਸੇ ਚੁੰਨੀਆਂ ਦੇ ਪੱਲੇ ਕੀਤੇ ਹੋਏ। ਹਰਨਾਮੀ ਨੇ ਵੀ ਸਿਰ ਦਾ ਪੱਲਾ ਮੱਥੇ ਉੱਤੇ ਕਰ ਲਿਆ। ਸੰਤਾਂ ਦੇ ਚਰਨਾਂ ਵਿਚ ਇਕ ਰੁਪਈਆ ਮੱਥਾ ਟੇਕ ਕੇ ਉਹ ਵੀ ਬੁੜ੍ਹੀਆਂ ਕੋਲ ਜਾ ਬੈਠੀ।
9
ਪਰਾਗਦਾਸ ਦੇ ਧੂਣੇ ਤੋਂ ਇਕ-ਇਕ ਕਰਕੇ ਬੰਦੇ ਜਦੋਂ ਚਲੇ ਗਏ ਤਾਂ ਇਕੱਲੀ ਇਕੱਲੀ ਬੁੜ੍ਹੀ ਨੇ ਆਪਣਾ ਦੁੱਖ ਦੱਸਿਆ। ਉਹਦੇ ਕੋਲ ਇਕ ਡੱਬਾ ਸੀ ਜਿਸ ਵਿਚ ਕਈ ਪ੍ਰਕਾਰ ਦੇ ਤਵੀਤ ਬਣਾ-ਬਣਾ ਕੇ ਰੱਖੇ ਹੋਏ ਸਨ। ਅਲੱਗ-ਅਲੱਗ ਤਵੀਤਾਂ ਦੀਆਂ ਅਲੱਗ-ਅਲੱਗ ਥਹੀਆਂ ਜਿਹੀਆਂ ਜਿਵੇਂ ਬੈਂਕਾਂ ਵਾਲੇ ਨੋਟਾਂ ਦੀਆਂ ਥਹੀਆਂ ਬਣਾ ਕੇ ਰਖਦੇ ਹਨ। ਹਰ ਕਿਸੇ ਦਾ ਦੁਖ ਸੁਣ ਕੇ ਉਹ ਡੱਬੇ ਦਾ ਢੱਕਣ ਚੁੱਕਦਾ ਤੇ ਮਤਲਬ ਦੀ ਥਹੀ ਕੱਢ ਕੇ ਉਸ ਵਿਚੋਂ ਇਕ ਜਾਂ ਤਿੰਨ ਜਾਂ ਸੱਤ ਤਵੀਤ ਗਿਣ ਕੇ ਦੇ ਦਿੰਦਾ। ਕਿਸੇ ਨੂੰ ਤਵੀਤ ਨਾ ਦਿੰਦਾ ਤਾਂ ਧੂਣੇ ਦੀ ਸੁਆਹ ਦੀ ਪੁੜੀ ਬਣਾ ਕੇ ਦੇ ਦਿੰਦਾ। ਦੁਖੀ ਬੰਦਾ ਪਹਿਲਾਂ ਮੱਥਾ ਟੇਕਦਾ; ਇਕ ਰੁਪਈਆ, ਪੰਜ ਰੁਪਏ ਜਾਂ ਦਸ ਰੁਪਏ ਦਾ ਨੋਟ ਸੰਤਾਂ ਦੇ ਚਰਨਾਂ ਵਿਚ ਰਖਦਾ । ਮੱਥੇ ਦਾ ਮੁੱਲ ਸਾਹਮਣੇ ਰੱਖ ਕੇ ਹੀ ਪਰਾਗਦਾਸ ਤਵੀਤ ਦਿੰਦਾ । ਬਹੁਤੇ ਰੁਪਈਆਂ ਦਾ ਵਧੀਆ ਤਵੀਤ ਜਾਂ ਬਹੁਤੇ ਰੁਪਈਆਂ ਦੇ ਬਹੁਤੇ ਤਵੀਤ। ਪਰਾਗਦਾਸ ਦੀਆਂ ਲੰਮੀਆਂ ਭਾਰੀਆਂ ਸਿਰ ਦੀਆਂ ਜਟਾਂ, ਕੰਨਾਂ ਵਿਚ ਸੋਨੇ ਦੀਆਂ ਮੁੰਦਰਾਂ, ਗਲ ਭਗਵੇਂ ਰੰਗ ਦਾ ਲੰਮਾ-ਚੌੜਾ ਚੋਲਾ ਤੇ ਪੈਰਾਂ ਵਿਚ ਲੱਕੜ ਦੀਆਂ ਖੜਾਵਾਂ । ਧੂਣੇ ਉੱਤੇ ਬੈਠਣ ਵੇਲੇ ਉਹ ਆਪਣੀਆਂ ਖੜਾਵਾਂ ਨੂੰ ਇਕ ਪਾਸੇ ਲਾਹ ਕੇ ਰੱਖ ਦਿੰਦਾ। ਚੋਲੇ ਨੂੰ ਦੋ ਖੀਸੇ ਲਵਾ ਕੇ ਰਖਦਾ। ਮੱਥਾ ਟੇਕ ਕੇ ਅਗਲਾ ਰੁਪਈਏ ਧਰਦਾ ਤਾਂ ਉਹ ਝੱਟ ਉਹਨਾਂ ਨੂੰ ਚੁੱਕ ਕੇ ਖੀਸੇ ਵਿਚ ਪਾ ਲੈਂਦਾ। ਖੱਬੇ ਹੱਥ ਨਾਲ ਰੁਪਈਏ ਚੁੱਕੇ ਹੁੰਦੇ ਤਾਂ ਸੱਜੇ ਖੀਸੇ ਵਿਚ, ਸੱਜੇ ਹੱਥ ਨਾਲ ਰੁਪਈਏ ਚੁੱਕੇ ਹੁੰਦੇ ਤਾਂ ਖੱਬੇ ਖੀਸੇ ਵਿਚ। ਉਹ ਸਵੇਰੇ ਹੀ ਧੂਣੇ ਉੱਤੇ ਬੈਠ ਜਾਂਦਾ। ਬਾਰਾਂ ਵਜੇ ਉਠਦਾ । ਦੁਪਹਿਰ ਦੀ ਰੋਟੀ ਖਾ ਕੇ ਆਪਣੇ ਕਮਰੇ ਵਿਚ ਜਾ ਕੇ ਸੌਂ ਜਾਂਦਾ। ਕਮਰਾ ਰਾਜੇ ਦੇ ਮਹਿਲ ਵਰਗਾ ਸੀ, ਪਰ ਸੰਗਤ ਉਸ ਕਮਰੇ ਨੂੰ ਸੰਤਾਂ ਦੀ ‘ਕੁਟੀਆ’ ਕਹਿੰਦੀ। ਤਿੰਨ ਵਜੇ ਸੰਤ ਜਾਗਦੇ । ਬਦਾਮਾਂ ਦੀਆਂ ਗਿਰੀਆਂ ਪਾ ਕੇ ਉਬਾਲਿਆ ਦੁੱਧ ਪੀਂਦੇ। ਆਏ-ਗਏ ਬੰਦਿਆਂ ਨਾਲ ਗਿਆਨ-ਗੋਸ਼ਟ ਕਰਦੇ। ਪੰਜ ਵਜੇ ਧੂਣੇ ਉੱਤੇ ਫੇਰ ਜਾ ਬੈਠਦੇ ਤੇ ਲੋਕਾਂ ਦਾ ਕਸ਼ਟ ਨਿਵਾਰਣ ਕਰਦੇ। ਓਥੋਂ ਦਿਨ ਛਿਪੇ ਉਠਦੇ। ਉਹਨਾਂ ਦਾ ਖਾਸ ਚੇਲਾ ਰਾਤ ਨੂੰ ਜਦੋਂ ਉਹਨਾਂ ਕੋਲ ਇਕੱਲਾ ਬੈਠਦਾ ਤਾਂ ਬੱਕਰੀ ਦੇ ਥਣਾਂ ਵਾਂਗ ਭਰੇ ਦੋਵੇਂ ਖੀਸਿਆਂ ਨੂੰ ਪਰਾਗਦਾਸ ਹੱਥ ਪਾਉਂਦਾ। ਗੁਰੂ-ਚੇਲਾ ਕਾਫੀ ਦੇਰ ਤੱਕ ਨੋਟ ਗਿਣਦੇ ਰਹਿੰਦੇ।
ਸੰਤਾਂ ਦਾ ਇਹ ਖਾਸ ਚੇਲਾ ਕੋਠਿਆਂ ਦਾ ਹੀ ਇਕ ਜੱਟ ਸੀ। ਬਾਲ-ਬੱਚੇਦਾਰ। ਘਰ ਵਿਚ ਸਭ ਕੁਝ ਸੀ। ਮੁੰਡੇ ਖੇਤੀ ਦਾ ਕੰਮ ਕਰਦੇ ਸਨ । ਪਰ ਆਪ ਉਹ ਹਮੇਸ਼ਾ ਹੀ ਸਾਧ ਦੇ ਡੇਰੇ ਰਹਿੰਦਾ। ਡੇਰੇ ਵਿਚ ਉਹਨੂੰ ਚਰਨਦਾਸ ਆਖਿਆ ਜਾਂਦਾ । ਮਹੰਤ ਚਰਨਦਾਸ। ਪਰਾਗਦਾਸ ਨੂੰ ਸੰਤ ਆਖਦੇ। ਸੰਤ ਪਰਾਗਦਾਸ ਨੂੰ ਮਹੰਤ ਚਰਨਦਾਸ ਉੱਤੇ ਪੂਰਾ ਵਿਸ਼ਵਾਸ ਸੀ। ਹਰ ਕੰਮ ਚਰਨਦਾਸ ਦੀ ਸਲਾਹ ਨਾਲ ਹੁੰਦਾ ਤੇ ਪੈਸੇ-ਟਕੇ ਦਾ ਸਾਰਾ ਹਿਸਾਬ-ਕਿਤਾਬ ਵੀ ਚਰਨਦਾਸ ਕੋਲ ਹੀ ਰਹਿੰਦਾ।
ਦੋਵੇਂ -ਤਿੰਨੇ ਬੁੜ੍ਹੀਆਂ ਜਦੋਂ ਤਵੀਤ ਲੈ ਕੇ ਉੱਠ ਖੜ੍ਹੀਆਂ ਤਾਂ ਹਰਨਾਮੀ ਓਵੇਂ ਦੀ ਓਵੇਂ ਬੈਠੀ ਹੋਈ ਸੀ। ਪੱਲਾ ਕੀਤਾ ਹੋਇਆ। ਕੁਝ ਬੋਲਦੀ ਨਹੀਂ ਸੀ। ਅਖੀਰ ਸੰਤਾਂ ਨੇ ਪੁੱਛਿਆ, ‘ਤੂੰ ਭਾਈ, ਤੂੰ ਬੇਟਾ ??
‘ਮੈਂ ਤਾਂ ਬਾਬਾ ਜੀ, ਮੈਂ ਤਾਂ ਉਹ ਬੋਲਦੀ ਬੋਲਦੀ ਰੁਕ ਗਈ।
‘ਤੂੰ ਕੌਣ ਐਂ ਭਾਈ, ਕੀਹਦੇ ਘਰੋਂ ?’ ਪਰਾਗਦਾਸ ਨੇ ਪੁੱਛਿਆ।
‘ਮੈਂ ਦੇਖੀਂ ਨਾ, ਜਗਿੰਦਰ ਸੂੰ ਦੇ ਘਰੋਂ ਆਂ। ਕੇਹਰ ਸਿਓਂ ਦੀ ਨੂੰਹ । ਕੇਹਰ ਸਿਓਂ ਸਹੁਰਾ ਸੀ ਮੇਰਾ, ਉਹ ਤਾਂ ਗੁਜ਼ਰ ਗਿਆ, ਬਾਬਾ ਜੀ ।’
‘ਪਹਿਲਾਂ ਤਾਂ ਭਾਈ ਤੈਨੂੰ ਕਦੇ ਦੇਖਿਆ ਨੀ । ਮੇਰੀ ਜਾਣ ‘ਚ ਤੂੰ ਡੇਰੇ ਤਾਂ ਆਈ ਨੀ ਕਦੇ ਹੂੰ? ’
ਇਕ ਵਾਰੀ ਆਈ ਸੀ, ਬਾਬਾ ਜੀ। ਪਰਤਾਪ ਸਿਓਂ ਦੀ ਨੂੰਹ ਸ਼ਿਆਮਕੁਰ ਲੈ ਕੇ ਆਈ ਸੀ ਮੈਨੂੰ।
‘ਓਦੋਂ ਕੀ ਅਹੁਰ ਸੀ ਭਾਈ ਤੈਨੂੰ ?”
‘ਓਦੋਂ ਬਾਬਾ ਜੀ ਸਹੁਰਾ ਮੇਰਾ ਐਮੇਂ ਅਬਾ-ਤਬਾ ਬੋਲਦਾ ਰਹਿੰਦਾ। ਉਹਨੂੰ ਕਸਰ ਸੀ। ਓਦੋਂ ਗੁਰਚਰਨ ਸੂ ਨੂੰ ਕਹਿ ਕੇ ਤਵੀਤ ਲਿਆ ਸੀ।
‘ਗੁਰਚਰਨ ਸੂੰ ਨੀ ਬੇਟਾ, ਚਰਨਦਾਸ ਕਹੋ, ਮਹੰਤ ਚਰਨਦਾਸ ।’
‘ਹਾਂ, ਬਾਬਾ ਜੀ, ਚਰਨਦਾਸ ਨੇ ਦਵਾਇਆ ਸੀ ਤਵੀਤ ਥੋਡੇ ਕੋਲੋਂ। ਦਵਾਈ ਵੀ ਦਿੱਤੀ ਸੀ ਪੀਣ ਨੂੰ ।’
ਸੰਤ ਪਰਾਗਦਾਸ ਸਾਰੀ ਗੱਲ ਸਮਝ ਗਿਆ। ਉਹਨੇ ਪੁੱਛਿਆ, ‘ਹੱਛਾ ਭਾਈ, ਹੁਣ ਕੀ ਤਖਲੀਪ ਐ ਤੈਨੂੰ ?
‘ਹੁਣ ਓਹੀ ਕਸਰ ਉਹਦੇ ਪੁੱਤ ਨੂੰ ਐਂ, ਬਾਬਾ ਜੀ।’
‘ਕਿਮੇਂ ਬੋਲਦੈ, ਕੀ ਤਖਲੀਪ ਐ ਉਹਨੂੰ ?’
‘ਬੱਸ ਬਾਬਾ ਜੀ, ਗੱਲ ਕੋਈ ਵੀ ਨੀ ਹੁੰਦੀ। ਮੈਂਸ ਨੂੰ ਸੋਟੀਆਂ ਨਾਲ ਕੁੱਟਣ ਲੱਗ ਪੈਂਦੈ।
ਕਦੇ ਬੈਠਾ ਬੈਠਾ ਆਵਦਾ ਮੂੰਹ ਈ ਲਫੇੜਿਆਂ ਨਾਲ ਭੰਨ ਸਿਟਦੈ। ਸਿਰ ਦੇ ਵਾਲ ਪੁੱਟ ਲੈਂਦੈ। ਭਾਂਡੇ ਚਲਾ ਚਲਾ ਮਾਰਦੈ, ਕੰਧਾਂ ਨਾਲ। ਹੱਥ ‘ਚ ਡੰਡਾ ਆ ਜੇ, ਮੈਨੂੰ ਧੇਹ-ਧੇਹ। ਦੇਖੀਂ ਨਾ, ਮੈਨੂੰ ਤਾਂ ਲਗਦੈ, ਕਿਸੇ ਨੇ ਕਰਵਾ ’ਤਾ ਉਹਨੂੰ ਕੁਸ।’
‘ਤੂੰ ਕੀ ਚਾਹੁਨੀ ਐਂ ਫੇਰ, ਬੇਟਾ ?’
‘ਉਹਦਾ ਕੋਈ ਪੱਕਾ ‘ਲਾਜ ਕਰ ਦਿਓ, ਬਾਬਾ ਜੀ । ਬੱਸ ਬੋਲੇ ਨਾ। ਸਿੱਧਾ ਹੋ ਕੇ ਖੇਤ ਦਾ ਕੰਮ ਕਰੇ ।’
‘ਰਾਤ ਨੂੰ ਸੌਂ ਲੈਂਦੈ ?’
‘ਨਾਂਹ, ਦੇਖੀਂ ਨਾ, ਅੱਧੀ ਰਾਤ ਉਠ ਕੇ ਵਿਹੜੇ ‘ਚ ਫਿਰਨ ਲੱਗ ਪੂ। ਮੂੰਹ ‘ਚ ਪਤਾ ਨੀ ਕੀ ਕੀ ਬੋਲਦਾ ਫਿਰੂ। ਮੈਨੂੰ ਵੀ ਜਾਗ ਆ ਜਾਂਦੀ ਐ। ਡਰਦੀ ਰਹਿਨੀ ਆਂ, ਕਿਤੇ ਮੈਨੂੰ ਕੋਈ ਸੱਟ-ਫੇਟ ਈ ਨਾ ਕਰ ਦੇਵੇ ‘
‘ਠੀਕ ਐ, ਭਾਈ।’ ਪਰਾਗਦਾਸ ਨੇ ਖੰਘੂਰ ਮਾਰੀ। ਦੋ ਬੰਦੇ ਇਕ ਨੌਜਵਾਨ ਤੀਵੀਂ ਨੂੰ ਲੈ ਕੇ ਧੂਣੇ ਵੱਲ ਆ ਰਹੇ ਸਨ । ਪਰਾਗਦਾਸ ਕਹਿੰਦਾ, ‘ਜਾਹ ਬੇਟਾ, ਤੂੰ ਉੱਠ ਤੇ ਚਰਨਦਾਸ ਨੂੰ ਮਿਲ ਲੈ। ਤੇਰੇ ਘਰਆਲੇ ਦਾ ਪੱਕਾ ‘ਲਾਜ ਕਰ ਦਿਆਂਗੇ। ਬੋਲੂ ਵੀ ਨੀ ਤੇ ਰਾਤ ਨੂੰ ਨੀਂਦ ਵੀ ਆ ਜਿਆ ਕਰੂ ।’
ਹਰਨਾਮੀ ਨੇ ਮੱਥਾ ਟੇਕਿਆ ਤੇ ਓਥੋਂ ਉੱਠ ਖੜ੍ਹੀ। ਚਰਨਦਾਸ ਨੂੰ ਮਿਲੀ । ਉਹ ਉਹਨੂੰ ਇਕ ਪਾਸੇ ਲੈ ਗਿਆ ਤੇ ਸਾਰੀ ਗੱਲ ਸੁਣੀ। ਕਹਿਣ ਲੱਗਿਆ, ‘ਭਾਈ ਹਰਨਾਮਕੁਰੇ, ਤੂੰ ਕੱਲ੍ਹ ਆਥਣੇ ਗੇੜਾ ਮਾਰੀਂ । ਮੈਂ ਅੱਜ ਰਾਤ ਨੂੰ ਸੰਤਾਂ ਨਾਲ ਗੱਲ ਕਰੂੰਗਾ। ਤੂੰ ਫਿਕਰ ਨਾ ਕਰ। ਰੱਬ ਭਲੀ ਕਰੂਗਾ।’
ਉਹ ਡੇਰਿਓਂ ਮੁੜੀ ਜਾ ਰਹੀ ਸੀ ਤਾਂ ਰਾਹ ਵਿਚ ਉਹਨੂੰ ਅਰਜਣ ਮਿਲ ਗਿਆ। ਉਹ ਪਹੇ ਦੇ ਇਕ ਪਾਸੇ ਹੋ ਕੇ ਖੜ੍ਹ ਗਏ ਤੇ ਛੇਤੀ ਛੇਤੀ ਗੱਲਾਂ ਕਰਨ ਲੱਗੇ। ਹਰਨਾਮੀ ਨੇ ਸਾਰੀ ਗੱਲ ਦੱਸੀ। ਆਖਿਆ, ‘ਮੈਂ ਤਾਂ ਕਮਲੀ ਕੀਤੀ ਪਈ ਆਂ, ਜਾਏ ਖਾਣੇ ਦੇ ਨੇ। ਤੈਨੂੰ ਕੀ, ਭੋਗਦੀ ਤਾਂ ਮੈਂ ਆਂ।’
‘ਫੇਰ ਕੀ ਕਹਿੰਦੇ ਸੰਤ ?’
‘ਸੰਤਾਂ ਨੂੰ ਦੱਸ ਆਈ ਆਂ ਸਾਰੀ ਗੱਲ। ਕਹਿੰਦੇ, ਚਰਨਦਾਸ ਨੂੰ ਮਿਲ। ਉਹਨੂੰ ਵੀ ਮਿਲੀ ਆਂ। ਕਹਿੰਦਾ, ਕੱਲ ਨੂੰ ਆਥਣੇ ਆਈਂ । ਤਵੀਤ ਦੇਣਗੇ।’
‘ਚੰਗਾ, ਤੂੰ ਚੱਲ ਘਰ ਨੂੰ । ਮੈਂ ਕਰਦਾਂ ਗੱਲ ਚਰਨਦਾਸ ਨਾਲ ।’ ਅਰਜਣ ਡੇਰੇ ਨੂੰ ਆ ਗਿਆ। ਉਹ ਪਿੰਡ ਆ ਵੜੀ।
‘ਬਾਬਿਓ, ਗਿੰਦਰ ਦੀ ਬਹੂ ਆਈ ਸੀ ਥੋਡੇ ਕੋਲ। ਉਹਦਾ ਕਰੋ ਕਲਿਆਣ ਕੋਈ। ਉਹਨੇ ਤਾਂ, ਕੰਜਰ ਦੇ ਪੁੱਤ ਨੇ, ਸਾਹ ਲੈਣਾ ਵੀ ਦੁੱਭਰ ਕਰ ਰੱਖਿਐ ਵਚਾਰੀ ਦਾ ।’ ਅਰਜਣ ਨੇ ਪਾਸੇ ਲਿਜਾ ਕੇ ਚਰਨਦਾਸ ਨੂੰ ਆਖਿਆ।
‘ਲਾਜ ਹੋ ਜੂ ਭਤੀਜ, ਗੱਲ ਕਰ।’
‘ਗੱਲ ਕੀ ਕਰਨੀ ਐਂ, ਥੋਡੀ ਸੇਵਾ ਕਰਾ ਦਿੰਨੇ ਆਂ । ਤੂੰ ਸਿਆਣਾ ਈ ਐ। ਅਰਜਣ ਨੇ ਰਮਜ਼ ਮਾਰੀ।
ਤੇ ਫੇਰ ਰਾਤ ਨੂੰ ਡੇਰੇ ਆ ਕੇ ਅਰਜਣ ਚਰਨਦਾਸ ਨੂੰ ਸੌ ਰੁਪਏ ਦਾ ਇਕ ਨੋਟ ਫੜਾ ਗਿਆ। ਪਰਾਗਦਾਸ ਨੂੰ ਉਹ ਨਹੀਂ ਮਿਲਿਆ।
ਚਰਨਦਾਸ ਨੂੰ ਹਰਨਾਮੀ ਨਾਲ ਅਰਜਣ ਦੇ ਸਬੰਧਾਂ ਦਾ ਪਹਿਲਾਂ ਹੀ ਪਤਾ ਸੀ। ਪਿੰਡ ਵਿਚ ਉਡਦੀ ਉਡਦੀ ਗੱਲ ਹਰ ਕਿਸੇ ਦੇ ਕੰਨ ਤੱਕ ਪਹੁੰਚ ਜਾਂਦੀ ਹੈ । ਲੋਕ ਮੂੰਹੋਂ-ਮੂੰਹੀ ਗੱਲਾਂ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਡੰਡ ਕਦੇ ਹੀ ਕੋਈ ਪਾਉਂਦਾ ਹੈ। ਪਿੰਡ ਤਾਂ ਇਕ ਸਮੁੰਦਰ ਹੁੰਦਾ ਹੈ ਜਿਸ ਵਿਚ ਲੱਖਾਂ ਤੂਫਾਨ ਉਠਦੇ ਹਨ, ਪਰ ਸਮੁੰਦਰ ਫੇਰ ਵੀ ਸ਼ਾਂਤ ਦਾ ਸ਼ਾਂਤ ਰਹਿੰਦਾ ਹੈ।
ਦੂਜੇ ਦਿਨ ਆਥਣ ਵੇਲੇ ਹਰਨਾਮੀ ਡੇਰੇ ਆਈ। ਉਹ ਚਰਨਦਾਸ ਨੂੰ ਹੀ ਮਿਲੀ। ਚਰਨਦਾਸ ਨੇ ਤਿੰਨ ਤਵੀਤ ਤੇ ਇਕ ਡੰਗ ਪੀਣ ਵਾਲੀ ਦਵਾਈ ਸੰਤਾਂ ਤੋਂ ਉਹਦੀ ਖਾਤਰ ਪਹਿਲਾਂ ਹੀ ਲੈ ਰੱਖੀ ਸੀ। ਪੁੜੀ ਵਿਚ ਬੰਨ੍ਹੀ ਹੋਈ ਰਾਖ ਵੀ । ਇਕ ਤਵੀਤ ਰਾਤ ਦੀ ਰੋਟੀ ਤੋਂ ਬਾਅਦ ਤੌੜੀ ਦੇ ਦੁੱਧ ਵਿਚ ਘੋਲ ਕੇ ਪਿਆਉਣਾ ਸੀ। ਉਹਦਾ ਬਿਸਤਰਾ ਵਿਛਾਉਣ ਵੇਲੇ ਮੰਜੇ ਦੇ ਚਾਰੇ ਪਾਵਿਆਂ ਨੂੰ ਰਾਖ ਦਾ ਟਿੱਕਾ ਕਰਨਾ ਸੀ। ਚੌਥੇ ਦਿਨ ਦੁੱਧ ਵਿਚ ਤਵੀਤ ਦੀ ਥਾਂ ਦਵਾਈ ਘੋਲ ਕੇ ਪਿਆਉਣੀ ਸੀ। ਇਹ ਦਵਾਈ ਵੀ ਇਕ ਪੁੜੀ ਵਿਚ ਬੰਨ੍ਹੀ ਹੋਈ ਸੀ। ਰਾਖ ਵਰਗੀ ਹੀ ਕੋਈ ਚਿੱਟੀ ਚਿੱਟੀ ਜਿਹੀ ਚੀਜ਼। ਚਰਨਦਾਸ ਨੇ ਹਰਨਾਮੀ ਨੂੰ ਸਮਝਾਇਆ ਕਿ ਗਿੰਦਰ ਨੂੰ ਕਿਸੇ ਗੱਲ ਦਾ ਪਤਾ ਨਾ ਲੱਗੇ । ਸਭ ਕੁਝ ਚੋਰੀ ਚੋਰੀ ਕਰਨਾ ਹੈ।
ਦੁੱਧ ਤਾਂ ਉਹ ਨਿੱਤ ਹੀ ਰਾਤ ਨੂੰ ਰੋਟੀ ਤੋਂ ਬਾਅਦ ਪੀਂਦੇ । ਹਰਨਾਮੀ ਦੋ ਬਾਟੀਆਂ ਵਿਚ ਦੁੱਧ ਪਾ ਲੈਂਦੀ। ਰੋਟੀ ਖਾ ਕੇ ਗਿੰਦਰ ਮੰਜੇ ਉੱਤੇ ਲਿਟਿਆ ਪਿਆ ਹੁੰਦਾ ਜਾਂ ਪ੍ਰੈੱਸ ਦੀ ਖੁਰਲੀ ਵਿਚ ਹੱਥ ਮਾਰਨ ਜਾਂਦਾ । ਉਹ ਚੁੱਪ ਕਰਕੇ ਉਹਦੀ ਬਾਟੀ ਵਿਚ ਤਵੀਤ ਘੋਲਦੀ ਤੇ ਕਾਗਜ਼ ਚੁੱਲ੍ਹੇ ਵਿਚ ਸੁੱਟ ਦਿੰਦੀ । ਆਪਣੀ ਬਾਟੀ ਦਾ ਦੁੱਧ ਦਬਾਸਟ ਪੀ ਲੈਂਦੀ। ਉਹਨੂੰ ਕਹਿੰਦੀ ਕਿ ਉਹ ਬਾਟੀ ਚੁੱਕ ਲਵੇ, ਨਹੀਂ ਤਾਂ ਦੁੱਧ ਠੰਡਾ ਹੋ ਕੇ ਪਾਣੀ ਬਣ ਜਾਵੇਗਾ । ਦਵਾਈ ਪਿਆਉਣ ਵਾਲੇ ਦਿਨ ਵੀ ਉਹਨੇ ਇਸ ਤਰ੍ਹਾਂ ਹੀ ਕੀਤਾ। ਮੰਜੇ ਉੱਤੇ ਗਿੰਦਰ ਦਾ ਬਿਸਤਰਾ ਵਿਛਾਉਂਦੀ ਉਹ ਪਤਾ ਨਹੀਂ ਕਿਹੜੇ ਵੇਲੇ ਰਾਖ ਦੇ ਟਿੱਕੇ ਮੰਜੇ ਦੇ ਚਾਰੇ ਪਾਵਿਆਂ ਨੂੰ ਲਾ ਜਾਂਦੀ।
ਪਹਿਲੇ ਤਵੀਤ ਨਾਲ ਹੀ ਗਿੰਦਰ ਦੂਜੇ ਦਿਨ ਬੋਲਿਆ ਨਹੀਂ। ਤੇ ਫੇਰ ਚੌਥੇ ਦਿਨ ਦਵਾਈ ਦੇਣ ਤੋਂ ਬਾਅਦ ਤਾਂ ਬਿਲਕੁਲ ਹੀ ਸੁਧਰ ਗਿਆ। ਚੁੱਪ-ਚਾਪ ਕੰਮ ਕਰਦਾ ਫਿਰਦਾ ਰਹਿੰਦਾ। ਖੇਤ ਜਾਂਦਾ। ਪਹਿਲਾਂ ਵਾਂਗ ਘਰ ਵਿਚ ਝੱਜੂ ਨਾ ਪਾਉਂਦਾ । ਰਾਤ ਨੂੰ ਮੰਜੇ ਤੋਂ ਉੱਠ ਕੇ ਵਿਹੜੇ ਵਿਚ ਫਿਰਦਾ ਵੀ ਨਾ। ਹਰਨਾਮੀ ਸੰਤ ਪਰਾਗਦਾਸ ਦੇ ਤਵੀਤਾਂ ਨੂੰ ਅਸਚਰਜ ਮੰਨ ਗਈ।
ਇਕ ਦਿਨ ਆਥਣ ਵੇਲੇ ਸੱਥ ਵਿਚ ਬੈਠਾ ਉਹ ਉੱਚੀ ਉੱਚੀ ਬੋਲਣ ਲੱਗ ਪਿਆ। ਕਿਸੇ ਨੂੰ ਕੋਈ ਸਮਝ ਨਾ ਆਈ ਕਿ ਉਹ ਕੀ ਬੋਲ ਰਿਹਾ ਹੈ। ਬੱਸ ਇਕੋ ਸਾਹ ਬੋਲੀ ਜਾ ਰਿਹਾ ਸੀ। ਮੂੰਹ ਵਿਚੋਂ ਝੱਗ ਜਿਹੀ ਵੀ ਸੁੱਟ ਰਿਹਾ ਸੀ । ਤੇ ਫੇਰ ਇਕਦਮ ਚੁੱਪ ਹੋ ਕੇ ਉਹ ਧਰਤੀ ਉੱਤੇ ਲਿਟ ਗਿਆ। ਔਖੇ ਔਖੇ ਸਾਹ ਲੈ ਕੇ ਅੱਖਾਂ ਮੀਚ ਲਈਆਂ। ਸੱਥ ਵਿਚ ਹੋਰ ਬੰਦੇ ਵੀ ਬੈਠੇ ਹੋਏ ਸਨ। ਝੰਡੇ ਦਾ ਮੁੰਡਾ ਹਰਦਿੱਤ ਭੱਜ ਕੇ ਪਾਣੀ ਲਿਆਇਆ। ਦੋ ਜਣਿਆਂ ਨੇ ਉਹਨੂੰ ਬੈਠਾ ਕੀਤਾ। ਪਾਣੀ ਦੀ ਕੌਲੀ ਮੂੰਹ ਨੂੰ ਲਾਈ। ਉਹਨੇ ਪਾਣੀ ਪੀ ਲਿਆ ਤੇ ਅੱਖਾਂ ਝਮਕਣ ਲੱਗਿਆ। ਇਕ ਬੰਦੇ ਨੇ ਗੜਵੀਂ ਵਿਚੋਂ ਪਾਣੀ ਦੀ ਉਂਜਲ ਭਰ ਕੇ ਉਹਦਾ ਮੂੰਹ ਧੋ ਦਿੱਤਾ । ਉਹਨੂੰ ਸੁਰਤ ਆ ਗਈ ਸੀ । ਉਹ ਖੜ੍ਹਾ ਹੋਇਆ ਤੇ ‘ਵਾਖਰੂ-ਵਾਖਰੂ’ ਕਰਨ ਲੱਗਿਆ । ਪਾਣੀ ਪਿਆਉਣ ਵਾਲੇ ਬੰਦੇ ਨੇ ਉਹਦੇ ਕਪੜੇ ਝਾੜ ਦਿੱਤੇ। ਤੇ ਬਾਹੋਂ ਫੜ ਕੇ ਉਹਨੂੰ ਘਰ ਛੱਡਣ ਤੁਰ ਪਿਆ।
ਗਿੰਦਰ ਦੀ ਇਹ ਹਾਲਤ ਸੁਣ ਕੇ ਆਂਢਣਾਂ-ਗੁਆਂਢਣਾਂ ਉਹਨਾਂ ਦੇ ਘਰ ਆ ਗਈਆਂ। ਉਹਦਾ ਹਾਲ ਪੁੱਛਣ ਲੱਗੀਆਂ । ਹਰਨਾਮੀ ਉਤਲੇ ਮਨੋਂ ਡੁਸਕਦੀ ਫਿਰ ਰਹੀ ਸੀ। ਕਦੇ ਉਹਦੀਆਂ ਲੱਤਾਂ ਘੁੱਟਦੀ ਤੇ ਕਦੇ ਸਿਰ। ਬਿੰਦੇ-ਬਿੰਦੇ ਪੁੱਛਦੀ, ‘ਚਾਹ ਕਰਾਂ ?’ ਫ਼ਫੜੇ ਕਰਨ ਲੱਗੀ, ‘ਪਤਾ ਨੀ, ਕਿਹੜੀ ਚੰਦਰੀ ਵਾਦ ਪੈ ਗੀ ਮੇਰੇ ਘਰ ਨੂੰ ! ਕਿੱਥੋਂ ਗਰਹਿ ਡਿੱਗਿਐ ! ਹੇ ਪਰਮਾਤਮਾ!’
‘ਗਿੰਦਰ ਤਾਂ, ਭਾਈ ਕਿੱਦਣ ਦਾ ਚੁੱਪ-ਕੀਤਾ ਜਾ ਮੈਂ ਦੇਖੀਂ ਜਾਨੀ ਆਂ । ਅੱਗੇ ਤਾਂ ਬੋਲਦਾ- ਚਾਲਦਾ ਵੀ ਸੁਣਦਾ। ਚਹੁੰ-ਪੰਜਾਂ ਦਿਨਾਂ ਦਾ ਖਬਰੈ ਕੀ ਪਹਿਰ ਗਿਆ ਚੰਦਰੇ ਨੂੰ ।’ ਪ੍ਰੀਤਮ ਦੀ ਮਾਂ ਝੋਰਾ ਕਰਨ ਲੱਗੀ।
ਨੰਦਕੁਰ ਨੇ ਸਲਾਹ ਦਿੱਤੀ, ‘ਕੁੜੇ ਹਰਨਾਮਕੁਰੇ, ਇਹਨੂੰ ਤਾਂ ਡੇਰੇ ਲੈ ਜਾ ਸੰਤਾਂ ਦੇ, ਝਟ ਦੇ ਕੇ। ਜਾਂ ਐਥੇ ਘਰੇ ਸੱਦ ਲੈ ਮਹੰਤ ਚਰਨਦਾਸ ਨੂੰ । ਹਥੌਲਾ ਪਾ ਜੂ। ਬਹਿੰਦਾ ‘ਰਾਮ ਆ ਜੂ, ਭੈਣੇ ।’
ਤੇ ਪ੍ਰੀਤਮ ਜਦੋਂ ਆਥਣੇ ਘਰ ਆਇਆ, ਨੂੰਹ-ਸੱਸ ਨੇ ਉਹਨੀਂ ਪੈਰੀਂ ਉਹਨੂੰ ਸਾਧ ਦੇ ਡੇਰੇ ਭੇਜ ਦਿੱਤਾ।ਚਰਨਦਾਸ ਨੇ ਆ ਕੇ ਹਥੌਲਾ ਕੀਤਾ। ਗਿੰਦਰ ਚੁੱਪ-ਚਾਪ ਮੰਜੇ ਉਤੇ ਟਿਕਿਆ ਪਿਆ ਸੀ। ਛਾਤੀ ਉੱਤੇ ਹੱਥ ਜੋੜ ਰੱਖੇ ਸਨ। ਉਤਾਂਹ ਆਸਮਾਨ ਵਲ ਝਾਕ ਰਿਹਾ ਸੀ। ਅੱਖਾਂ ਟੱਡੀਆਂ ਹੋਈਆਂ, ਜਿਵੇਂ ਕੁਝ ਅਦਿੱਖ ਦੇਖ ਰਿਹਾ ਹੋਵੇ।
10
ਹੌਲੀ ਹੌਲੀ ਗਿੰਦਰ ਖੇਤ ਦਾ ਕੰਮ ਛੱਡਣ ਲੱਗ ਪਿਆ। ਖੇਤ ਜਾਵੇ ਵੀ ਤਾਂ ਟਾਹਲੀ ਥੱਲੇ ਖਾਲ ਦੀ ਵੱਟ ਉੱਤੇ ਬੈਠਾ ਰਿਹਾ ਕਰੇ । ਘੰਟਿਆ-ਬੱਧੀ ਕੁਝ ਸੋਚਦਾ ਰਹਿੰਦਾ। ਖੇਤ ਨੇੜੇ ਪਹੇ ਵਿਚ ਦੀ ਲੰਘਣ ਵਾਲੇ ਉਹਨੂੰ ਇੰਜ ਬੈਠਾ ਦੇਖ ਕੇ ਹੱਸਦੇ । ਉਹ ਤਾਂ ਹੱਸਣ ਵਾਲਿਆਂ ਵਲ ਵੀ ਨਹੀਂ ਦੇਖਦਾ ਸੀ। ਤੇ ਫੇਰ ਹੌਲੀ ਹੌਲੀ ਲੋਕ ਉਹਦੀਆਂ ਗੱਲਾਂ ਕਰਨ ਲੱਗੇ। ਗੰਭੀਰ ਗੱਲਾਂ। ਫੇਰ ਕੋਈ ਹੱਸਦਾ ਵੀ ਨਾ। ਉਹਦੀ ਗੱਲ ਕਰਦੇ ਤਾਂ ਆਪਣੇ ਆਪ ਹੀ ਗੱਲ ਉਹਦੀ ਬਹੂ ਹਰਨਾਮੀ ਉੱਤੇ ਆ ਜਾਂਦੀ। ਤੇ ਫੇਰ ਗੱਲ ਅਰਜਣ ਵਿਚੋਂ ਦੀ ਲੰਘ ਕੇ ਝੰਡੇ ਦੇ ਘਰ ਜਾ ਵੜਦੀ। ਅਰਜਣ ਨੂੰ ਲੈ ਕੇ ਝੰਡੇ ਤੇ ਬੰਤੋਂ ਵਿਚ ਹੁੰਦੀ ਲੜਾਈ ਦੀ ਗੱਲ ਵੀ ਛਿੜਦੀ।
ਉਸ ਸਾਲ ਕਣਕ ਦੀ ਵਾਢੀ ਵੀ ਹੰਢਿਆਏ ਵਾਲੇ ਕਰਕੇ ਗਏ। ਹਰਨਾਮੀ ਦਾ ਇਕ ਭਤੀਜਾ ਓਥੇ ਰਹਿ ਪਿਆ ਤੇ ਦਿਹਾੜੀਏ ਲਾ ਕੇ ਕਣਕ ਕਢਵਾ ਦਿੱਤੀ। ਸੁਏ ਦਾ ਪਾਣੀ ਮਿਲਿਆ ਤਾਂ ਦੋ ਘੁਮਾਂ ਕਣਕ ਦਾ ਵੱਢ ਰਮਾ ਕੇ ਕਪਾਹ ਬਿਜਵਾ ਦਿੱਤੀ। ਹਰਨਾਮੀ ਨਹੀਂ ਚਾਹੁੰਦੀ ਸੀ ਕਿ ਉਹਦਾ ਭਤੀਜਾ ਇਥੇ ਹੀ ਟਿਕਿਆ ਰਹੇ। ਜਿੰਨੇ ਦਿਨ ਭਤੀਜਾ ਰਿਹਾ, ਉਹਦਾ ਤਾਂ ਘਰੋਂ ਬਾਹਰ ਜਾਣਾ ਬੰਦ ਹੋ ਗਿਆ। ਓਨੇਂ ਦਿਨ ਅਰਜਣ ਵੀ ਉਹਨਾਂ ਦੇ ਘਰ ਨਾ ਆਇਆ। ਭਤੀਜਾ ਚਲਿਆ ਗਿਆ ਤਾਂ ਹਰਨਾਮੀ ਦਾ ਵੱਡਾ ਭਾਈ ਸੰਤਾ ਆ ਗਿਆ। ਸੂਏ ਦੇ ਪਾਣੀ ਦੀ ਦੂਜੀ ਵਾਰੀ ਨਾਲ ਉਹਨੇ ਇਕ ਘੁਮਾਂ ਮੱਕੀ ਬਿਜਵਾ ਦਿੱਤੀ। ਇਕ ਘੁਮਾਂ ਚਰੀ ਵੀ। ਗਿੰਦਰ ਕੋਲ ਸਾਰੀ ਅੱਠ ਘੁਮਾਂ ਪੈਲੀ ਸੀ । ਸਾਰੀ ਦੀ ਸਾਰੀ ਜ਼ਮੀਨ ਨੂੰ ਪਾਣੀ ਲਗਦਾ ਸੀ । ਸੀ ਵੀ ਇਕੋ ਥਾਂ । ਚਾਰ ਘੁਮਾਂ ਪੈਲੀ ਸਾਨਵੀਂ ਰੱਖ ਲਈ, ਅਗਲੇ ਸਾਲ ਕਣਕ ਬੀਜਣ ਲਈ।
ਗਿੰਦਰ ਤਾਂ ਬੱਸ ਹੁਣ ਘਰੇ ਦੋ ਵੇਲੇ ਦੀ ਰੋਟੀ ਖਾਣ ਆਉਂਦਾ। ਦੋ ਵੇਲੇ ਚਾਹ ਪੀ ਜਾਂਦਾ । ਖੇਤ ਜਾਣਾ ਉਹਨੂੰ ਯਾਦ ਹੀ ਨਹੀਂ ਸੀ। ਸੰਤਾ ਉਹਨੂੰ ਪਰਾਗਦਾਸ ਦੇ ਡੇਰੇ ਲੈ ਕੇ ਗਿਆ। ਪਰਾਗਦਾਸ ਨੇ ਉਹਨੂੰ ਦੇਖਿਆ ਤਾਂ ਹੱਸ ਪਿਆ। ਆਖਿਆ, ‘ਇਹ ਤਾਂ ਵਿਰੱਕਤ ਹੋ ਗਿਐ। ਇਹਨੂੰ ਤਾਂ ਹੁਣ ਸਾਡੇ ਕੋਲ ਈ ਛੱਡ ਜੋ । ਸੰਤੇ ਨੇ ਅੱਖਾਂ ਭਰ ਲਈਆਂ! ਕਹਿੰਦਾ, ‘ਸਾਡੀ ਕੁੜੀ ਦਾ ਘਰ ਪੱਟਿਆ ਗਿਆ। ਮਹਾਰਾਜ, ਇਹ ਤਾਂ ਮੌਜਾਂ ‘ਚ ਹੋ ਗਿਐ। ਕੁੜੀ ਦੇ ਗਹਾਂ ਕੋਈ ਨਿੱਕਾ-ਨਿਆਣਾ ਵੀ ਨੀ, ਬਈ ਘਰ ਸਾਂਭ ਲੂ। ਘਰ ‘ਚ ਬੰਦਾ ਤਾਂ ਕੋਈ ਹੋਵੇ। ਇਹੀ ਸੀ, ਇਹ ਐਂ ਬਣਿਆ ਫਿਰਦੈ।’ ਸੰਤੇ ਨੇ ਪੰਜ ਰੁਪਏ ਮੱਥਾ ਟੇਕਿਆ ਸੀ। । ਪਰਾਗਦਾਸ ਨੇ ਦੋ ਤਵੀਤ ਦੇ ਦਿੱਤੇ। ਆਖਿਆ, ‘ਖਰਾਬੀ ਕੋਈ ठी ਕਰਦਾ ਏਹੇ। ਬੱਸ ਧਿਆਨ-ਮਗਨ ਹੋ ਗਿਐ। ਕੰਮ ਨੂੰ ਹੱਥ ਪਵਾਉਂਗੇ ਤਾਂ ਇਹਦੀ ਹਾਲਤ ਖਰਾਬ ਹੋਣ ਦਾ ਡਰ ਐ। ਬੱਸ ਇਹਨੂੰ ਆਪਣੀ ਮੌਜ ‘ਚ ਈ ਰਹਿਣ ਦਿਓ। ਪਰਮਾਤਮਾ ਭਲੀ ਕਰੂ । ਇਹ ਤਵੀਤ ਇਕ ਅੱਜ ਪਿਆ ਦਿਓ, ਦੂਜਾ ਸੱਤ ਦਿਨਾਂ ਪਿੱਛੋਂ । ਖੂਹ ਦੇ ਪਾਣੀ ਨਾਲ। ਇਹਦਾ ਦੁੱਧ ਪੀਣਾ ਬੰਦ ਕਰ ਦਿਓ।’
‘ਇਹਦਾ ਮਤਲਬ ਮਹਾਰਾਜ ?’ ਸੰਤੇ ਨੇ ਪੁੱਛ ਲਿਆ।
‘ਦੁੱਧ ਮਾੜੈ ਇਹਨੂੰ ।’ ਪਰਾਗਦਾਸ ਬੋਲਿਆ। ਤੇ ਫੇਰ ਕੋਲ ਬੈਠੇ ਗਿੰਦਰ ਦੇ ਮੱਥੇ ਨੂੰ ਧੂਣੇ ਦੀ ਰਾਖ ਲਾ ਦਿੱਤੀ। ਇਕ ਚੂੰਢੀ ਭਰਕੇ ਉਹਦੀ ਜੀਭ ਉੱਤੇ ਰੱਖੀ। ਇਕ ਚੂੰਢੀ ਉਹਦੇ ਸਿਰ ਉੱਤੇ ਬਰੂਰ ਦਿੱਤੀ। ਆਖਿਆ, ‘ਜਾਓ ਹੁਣ ਘਰ ਨੂੰ। ਪਰਮਾਤਮਾ ਭਲੀ ਕਰੂਗਾ । ਲੈ ਜੋ ਗਿੰਦਰ ਸੂੰ ਨੂੰ।
ਸੰਤਾ ਦੋ ਦਿਨ ਹੋਰ ਰਹਿ ਕੇ ਚਲਿਆ ਗਿਆ। ਉਹ ਕਿੰਨੇ ਕੁ ਦਿਨ ਏਥੇ ਟਿਕਿਆ ਬੈਠਾ ਰਹਿ ਸਕਦਾ ? ਆਖ਼ਰ ਉਹਦਾ ਵੀ ਕੋਈ ਘਰ-ਬਾਰ ਸੀ। ਭੈਣ ਦੇ ਦੁੱਖ ਨੂੰ ਉਹ ਕੀ ਕਰ ਸਕਦਾ ਸੀ ? ਜਾਂਦਾ ਹੋਇਆ ਕਹਿ ਗਿਆ, ‘ਨਾਮੋ, ਸਮਝ ਨਾਲ ਰਹੀਂ ਕੁੜੀਏ। ਗਿੰਦਰ ਸੂੰ ਠੀਕ ਹੋਜੂਗਾ। ਫਿਕਰ ਨਾ ਕਰੀਂ ਬਹੁਤਾ। ਘਰ ਨੂੰ ਸੰਭਾਲ ਤੂੰ । ਇਹ ਤਾਂ ਗਰਹਿ ਹੁੰਦੈ। ਟਲ ਜੂ ਕਦੇ।’
ਗਿੰਦਰ ਪਤਾ ਨਹੀਂ ਕਿੱਥੋਂ ਦੋ-ਤਿੰਨ ਪੋਥੀਆਂ ਲੈ ਆਇਆ। ਖੱਦਰ ਦੇ ਕਪੜੇ ਵਿਚ ਉਹਨਾਂ ਨੂੰ ਸਕੂਲੀ ਮੁੰਡਿਆਂ ਦੇ ਬਸਤੇ ਵਾਂਗ ਬੰਨ੍ਹ ਲਿਆ। ਲੋਕ ਦੇਖਦੇ, ਉਸ ਬਸਤੇ ਨੂੰ ਮੋਢੇ ਧਰ ਕੇ ਉਹ ਸਵੇਰੇ ਸਵੇਰੇ ਪਹੇ ਪੈ ਕੇ ਸੂਏ ਵੱਲ ਜਾ ਰਿਹਾ ਹੁੰਦਾ। ਓਥੇ ਜਾ ਕੇ ਉਹ ਪੁਲ ਉੱਤੇ ਬੈਠ ਜਾਂਦਾ ਤੇ ਸੂਏ ਦੇ ਵਗਦੇ ਪਾਣੀ ਵੱਲ ਝਾਕੀ ਜਾਂਦਾ ਰਹਿੰਦਾ। ਪੁਲ ਤੋਂ ਉੱਠ ਕੇ ਪਰਾਗਦਾਸ ਦੇ ਡੇਰੇ ਆ ਜਾਂਦਾ ! ਪਰਾਗਦਾਸ ਦੇ ਧੂਣੇ ਤੱਕ ਨਾ ਜਾਂਦਾ । ਬੱਸ ਏਧਰ-ਓਧਰ ਘੁੰਮ ਕੇ ਤੇ ਹਲਟੀ ਦੇ ਚੁਬੱਚੇ ਦੀ ਟੂਟੀ ਦਾ ਪਾਣੀ ਪੀ ਕੇ ਡੇਰਿਓਂ ਬਾਹਰ ਹੋ ਜਾਂਦਾ । ਕਦੇ ਜੀਅ ਕਰਦਾ ਤਾਂ ਮੰਗ ਕੇ ਡੇਰੇ ਦੇ ਲੰਗਰ ਦੀ ਰੋਟੀ ਖਾ ਲੈਂਦਾ ਤੇ ਤੁਰ ਜਾਂਦਾ ।
ਜਦੋਂ ਵੀ ਉਹ ਆਉਂਦਾ, ਉਹਨੂੰ ਕੋਈ ਬੁਲਾਉਂਦਾ ਨਹੀਂ ਸੀ। ਕਦੇ ਚਰਨਦਾਸ ਉਹਨੂੰ ਸੈਨਤ ਨਾਲ ਇਕ ਪਾਸੇ ਤਖ਼ਤਪੋਸ਼ ਉੱਤੇ ਬਿਠਾ ਲੈਂਦਾ। ਉਹ ਰੋਟੀ ਮੰਗਦਾ ਤਾਂ ਰੋਟੀ ਦੇ ਦਿੰਦੇ, ਨਹੀਂ ਤਾਂ ਉਹ ਥੋੜਾ ਚਿਰ ਬੈਠ ਕੇ ਤੁਰ ਜਾਂਦਾ। ਉਹ ਕਿਸੇ ਥਾਂ ਵੀ ਬਸਤਾ ਖੋਲ੍ਹ ਕੇ ਬੈਠ ਜਾਂਦਾ । ਸੂਏ ਦੇ ਪੁਲ ਉੱਤੇ, ਡੇਰੇ ਵਿਚ, ਪਹੇ ਵਿਚ ਹੀ ਕਿਸੇ ਦਰਖਤ ਥੱਲੇ ਜਾਂ ਸੱਥ ਵਿਚ ਖੁੰਢ ਉੱਤੇ ਬੈਠਾ । ਇਕ ਦਿਨ ਫਲ੍ਹੇਵਾਰਗੇ ਛੋਟੇ ਛੋਟੇ ਮੁੰਡੇ ਉਹਨੂੰ ਦੇਖਣ ਲੱਗੇ ਕਿ ਉਹ ਬਸਤਾ ਖੋਲ੍ਹ ਕੇ ਉਹਦੇ ਵਿਚਲੀਆਂ ਪੋਥੀਆਂ ਦਾ ਕੀ ਕਰਦਾ ਹੈ। ਦੋ ਪੋਥੀਆਂ ਸਨ ਤੇ ਇਕ ਕੋਰੀ ਕਾਪੀ। ਇਕ ਨਿੱਕੀ ਜਿਹੀ ਪੈਨਸਿਲ। ਪਹਿਲਾਂ ਤਾਂ ਉਹਨੇ ਇਕ-ਇਕ ਕਰਕੇ ਦੋਵੇਂ ਪੋਥੀਆਂ ਖੋਲੀਆਂ। ਨਿਗਾਹ ਟਿਕਾ ਕੇ ਇੰਜ ਦੇਖਣ ਲੱਗਿਆ ਜਿਵੇਂ ਉਹ ਪੜ੍ਹ ਸਕਦਾ ਹੋਵੇ । ਮੂੰਹ ਵਿਚ ਗੁਣਨ-ਗੁਣਨ ਜਿਹੀ ਵੀ ਕੀਤੀ। ਪੈਨਸਿਲ ਦੇ ਟੋਟੇ ਨੂੰ ਥੁੱਕ ਲਾ ਕੇ ਕੋਰੀ ਕਾਪੀ ਉੱਤੇ ਲਕੀਰਾਂ ਜਿਹੀਆਂ ਕੱਢਣ ਲੱਗ ਪਿਆ ਜਿਵੇਂ ਕੁਝ ਲਿਖ ਰਿਹਾ ਹੋਵੇ। ਮੁੰਡੇ ਉਹਨੂੰ ਦੇਖੀਂ ਗਏ ਤੇ ਮੁਸਕਰਾਉਂਦੇ ਰਹੇ । ਉੱਚਾ ਹਾਸਾ ਕੋਈ ਨਾ ਹੱਸਿਆ।
ਸੰਤੇ ਦੇ ਜਾਣ ਬਾਅਦ ਦੋ-ਢਾਈ ਮਹੀਨਿਆਂ ਪਿੱਛੋਂ ਹਰਨਾਮੀ ਨੇ ਦੋਵੇਂ ਬਲਦ ਵੇਚ ਦਿੱਤੇ। ਹੁਣ ਘਰ ਵਿਚ ਸਿਰਫ ਇਕ ਪਸ਼ੂ ਰਹਿ ਗਿਆ-ਮੈਂਸ । ਪਾਲੀ ਤਾਂ ਉਹਨਾਂ ਦੇ ਘਰ ਵਿਚ ਪਹਿਲੇ ਦਿਨੋਂ ਰਹਿੰਦਾ। ਹੁਣ ਪਾਲੀ ਹੀ ਖੇਤੋਂ ਕੱਖ ਲਿਆਉਂਦਾ । ਹਰਨਾਮੀ ਤੇ ਉਹ ਮਸ਼ੀਨ ਉੱਤੇ ਕੱਖ ਕੁਤਰ ਲੈਂਦੇ । ਗੋਹੇ-ਕੂੜੇ ਦਾ ਕੰਮ ਪਹਿਲਾਂ ਵੀ ਹਰਨਾਮੀ ਕਰਦੀ ਸੀ, ਹੁਣ ਵੀ ਕਰ ਲੈਂਦੀ। ਪ੍ਰੈੱਸ ਦੀ ਧਾਰ ਕਢਦੀ ਤੇ ਦੁੱਧ ਰਿੜ੍ਹਕਦੀ। ਘਿਓ ਜਿਹੜਾ ਬਲ੍ਹਣੀ ਵਿਚ ਜੋੜਦੀ, ਅਰਜਣ ਦੇ ਢਿੱਡ ਵਿਚ ਜਾਂਦਾ। ਪੰਰਦ੍ਰਵੇਂ-ਵੀਹਵੇਂ ਦਿਨ ਹੀ ਡੋਲੂ ਭਰ ਕੇ ਉਹਨੂੰ ਫੜਾ ਦਿੰਦੀ। ਪਿਛਲੇ ਪਹਿਰ ਤੌੜੀ ਦਾ ਸੂਹਾ-ਸੂਹਾ ਦੁੱਧ ਲੁਹਾ ਕੇ ਵੀ ਉਹ ਪੀ ਕੇ ਜਾਂਦਾ । ਹੁਣ ਤਾਂ ਉਹਨਾਂ ਦੇ ਘਰ ਅਰਜਣ ਦਾ ਆਮ ਹੀ ਆਉਣ-ਜਾਣ ਸੀ। ਆਂਢੀ-ਗੁਆਂਢੀ ਵੀ ਕੋਈ ਨਹੀਂ ਬੋਲਦਾ ਸੀ। ਕੀ ਲੈਣਾ ਸੀ ਕਿਸੇ ਨੇ ਬੋਲ ਕੇ ? ਪ੍ਰੀਤਮ ਦੀ ਮਾਂ ਕਹਿੰਦੀ ਹੁੰਦੀ, ‘ਆਪਾਂ ਨੂੰ ਕੀ ਭਾਈ ਆਵਦੇ ਬਰ੍ਹਮ ‘ਚ ਕੋਈ ਕਿਮੇਂ ਰਹੇ । ਆਪਾਂ ਨੂੰ ਤਾਂ ਨਾ ਚੰਗਾ, ਨਾ ਮਾੜਾ। ਚੁੱਪ ਈ ਭਲੀ ਐ।
ਗਿੰਦਰ ਜੇ ਘਰ ਵਿਚ ਬੈਠਾ ਹੁੰਦਾ ਤਾਂ ਅਰਜਣ ਸੰਗਦਾ ਨਾ । ਉਹਦਾ ਹੁਣ ਉਹਨੂੰ ਕੀ ਡਰ ਸੀ ? ਅਰਜਣ ਆਉਂਦਾ ਤੇ ਉਹਨੂੰ ਬੁਲਾਉਂਦਾ, ‘ਜਗਿੰਦਰ ਸਿਆਂ, ਸਾਸਰੀਕਾਲ ਬਾਈ।’
ਗਿੰਦਰ ਇਕ ਪਲ ਅੱਖਾਂ ਪੁਟਦਾ ਤੇ ਜਵਾਬ ਦਿੰਦਾ, ‘ਛੱਛਰੀਕਾਰ’ । ਬੱਸ ਇਹਤੋਂ ਵੱਧ ਨਾ ਬੋਲਦਾ। ਨੀਵੀਂ ਪਾ ਲੈਂਦਾ। ਪੋਥੀ ਫਰੋਲ-ਫਰੋਲ ਦੇਖਦਾ ਰਹਿੰਦਾ। ਹਰਨਾਮੀ ਤੇ ਅਰਜਣ ਮੁਸਕੜੀਏਂ ਹੱਸਣ ਲਗਦੇ। ਅਰਜਣ ਇਕ ਦਿਨ ਕਹਿਣ ਲੱਗਿਆ, ‘ਹੁਣ ਦੇਖ ਸਾਲਾ ਕਿਮੇਂ ਮਾਊਂ ਜਾ ਬਣਿਆ ਬੈਠੈ।
‘ਇਹਨੇ ਥੋੜੀਆਂ ਜਧਖਧੀਆਂ ਕੀਤੀਆਂ ਨੇ ਮੇਰੇ ਨਾਲ? ਹੁਣ ਭੋਗੇ, ਰੋਵੇ ਕਰਮਾਂ ਨੂੰ ।’ ਹਰਨਾਮੀ ਨੇ ਬੁੱਲ੍ਹ ਕੱਢੇ।
ਗਿੰਦਰ ਹੋਰ ਵੀ ਮਸਤ-ਮਲੰਗ ਬਣ ਗਿਆ। ਪੋਥੀਆਂ ਵਾਲਾ ਬਸਤਾ ਪਤਾ ਨਹੀਂ ਕਿਥੇ ਸੁੱਟ ਦਿੱਤਾ । ਕਾਲੀ ਪੱਗ ਬੰਨ੍ਹ ਲਈ। ਖੱਟੇ ਰੰਗ ਦਾ ਕੁੜਤਾ ਪਾ ਲਿਆ। ਤੇੜ ਚਿੱਟਾ ਪਜਾਮਾ ਥਾਂ ਥਾਂ ਤੋਂ ਫਟਿਆ ਹੋਇਆ । ਨਾਲਾ ਗੋਡਿਆਂ ਤੱਕ ਲਮਕਦਾ । ਪੈਰਾਂ ਵਿਚ ਟੁੱਟੇ ਛਿੱਤਰ। ਖੱਟੇ ਕੁੜਤੇ ਨੂੰ ਥਾਂ ਥਾਂ ਟਾਕੀਆਂ ਲਾਈਆਂ ਹੋਈਆਂ । ਕਾਲੀਆਂ, ਚਿੱਟੀਆਂ ਤੇ ਲਾਲ ਟਾਕੀਆਂ। ਹੱਥ ਨਾਲ ਸਿਉਂਤੀਆਂ ਹੋਈਆਂ। ਦੋਵੇਂ ਹੱਥਾਂ ਵਿਚ ਦੋ ਦੋ ਲੋਹੇ ਦੇ ਕੜੇ, ਰਬੜ ਦੀਆਂ ਚੂੜੀਆਂ ਤੇ ਦੋਵੇਂ ਹੱਥਾਂ ਦੀਆਂ ਉਂਗਲਾਂ ਵਿਚ ਪਿੱਤਲ ਦੀਆਂ ਛਾਪਾਂ । ਕਾਲੀ ਪੱਗ ਦੇ ਉੱਤੋਂ ਦੀ ਖੱਟੀ ਢਾਠੀ ਬੰਨ੍ਹੀ ਹੋਈ। ਹੱਥ ਵਿਚ ਬਾਂਸ ਦੀ ਲੰਮੀ ਸੋਟੀ ਵਾਲਾ ਟਾਕੂਆ । ਸੋਟੀ ਉੱਤੇ ਤਾਂਬੇ ਦੀਆਂ ਤਾਰਾਂ ਦੇ ਬੰਦ ਮਾਰੇ ਹੋਏ। ਦੋ ਬੰਦ ਮੋਰ ਦੇ ਖੰਭਾਂ ਨਾਲ ਵੀ। ਇਕ ਹੱਥ ਵਿਚ ਲੋਹੇ ਦੀ ਤਾਰ ਦੇ ਵੰਗਣੇ ਵਾਲਾ ਟੀਨ ਦਾ ਡੱਬਾ। ਡੱਬੇ ਨੂੰ ਕੱਕੇ ਰੇਤੇ ਨਾਲ ਐਨ ਸਫੈਦ ਚਿੱਟਾ ਮਾਂਜ ਕੇ ਰਖਦਾ। ਜਿੱਥੋਂ ਕਿਤੋਂ ਵੀ ਚਾਹ ਮਿਲਦੀ, ਲੱਸੀ ਮਿਲਦੀ, ਉਹ ਡੱਬੇ ਵਿਚ ਪਵਾ ਕੇ ਪੀ ਲੈਂਦਾ। ਨਹੀਂ ਤਾਂ ਉਹਦੇ ਵਿਚ ਥੋੜਾ-ਘਣਾ ਪਾਣੀ ਜ਼ਰੂਰ ਰਖਦਾ। ਸੱਥ ਵਿਚ, ਡੇਰੇ ਜਾ ਕੇ ਜਾਂ ਸੂਏ ਦੇ ਪੁਲ ਉੱਤੇ ਬੈਠਾ ਉਹ ਹੋਰ ਕੁਝ ਨਾ ਕਰ ਰਿਹਾ ਹੁੰਦਾ ਤਾਂ ਡੱਬੇ ਵਿਚੋਂ ਘੁੱਟ ਪਾਣੀ ਹੀ ਪੀ ਲੈਂਦਾ ।
ਗਿੰਦਰ ਨੂੰ ਹੁਣ ਬੋਲਣ ਦੀ ਬਹੁਤ ਆਦਤ ਪੈ ਗਈ ਸੀ। ਪਿੰਡ ਦੀਆਂ ਗਲੀਆਂ ਵਿਚ ਉਹ ਦੁਪਹਿਰੇ ਹੀ ਹੀਰ ਦੀਆਂ ਕਲੀਆਂ ਲਾਉਂਦਾ ਫਿਰਦਾ। ਸੱਥ ਵਿਚ ਖੜ੍ਹ ਕੇ ਬੋਲੀ ਪਾ ਦਿੰਦਾ। ਉਹਨੇ ਆਪਣੇ ਹੀ ਢੰਗ ਦੀ ਕਵੀਸ਼ਰੀ ਜੋੜ ਰੱਖੀ ਸੀ । ਉਹ ਇਕ ਟੱਪਾ ਹੀ ਬੋਲਦਾ ਤਾਂ ਸੁਣਨ ਵਾਲੇ ਉਹਨੂੰ ਦਾਦ ਦਿੰਦੇ । ਊਟ-ਪਟਾਂਗ ਤੁਕਾਂ ਜੋੜਦਾ ਰਹਿੰਦਾ। ਹੋਰ ਨਹੀਂ ਤਾਂ ‘ਹੋ ਗਬਿੰਦੀਏ’ ਹੀ ਕਰਦਾ ਰਹਿੰਦਾ। ਉਹਦਾ ਕਮਲ ਸੁਣ ਕੇ ਕੁਝ ਲੋਕ ਹੱਸਦੇ, ਕੋਈ ਗੰਭੀਰ ਹੋ ਜਾਂਦਾ ਤੇ ਕੋਈ ਕੋਈ ਉਹਨੂੰ ਗਾਲ੍ਹਾਂ ਕੱਢਣ ਲਗਦਾ, ‘ਘਰ ਤਾਂ ਸਾਂਭਿਆ ਨੀ ਗਿਆ ਕੁਤੜਿਆ, ਹੁਣ ਢੋਲੇ ਲੌਣ ‘ਤੇ ਹੋ ਗਿਐਂ। ਨਹੀਂ ਲਾਹ ਦੇ ਗਾਟਾ ਝੰਡੇ ਕੇ ਦਾ। ਬਗਾਨਾ ਪੁੱਤ ਤੀਮੀਂ ਦੱਬੀ ਬੈਠੈ, ਸਾਲਿਆ ਤੇਰਾ ਰਹਿ ਕੀ ਗਿਆ ਓਏ । ਖੁਸਰਾ ! ਮਾਂ ਯਾਵਾ!’
ਗਿੰਦਰ ਕੋਈ ਜਵਾਬ ਨਾ ਦਿੰਦਾ। ਉਹਨੂੰ ਤਾਂ ਚੜ੍ਹੀ-ਲੱਥੀ ਦੀ ਕੋਈ ਸ਼ਰਮ ਹੀ ਨਹੀਂ ਰਹਿ ਗਈ ਸੀ । ਉਹਦੇ ਦਿਮਾਗ ਵਿਚ ਤਾਂ ਕੋਈ ਆਉਂਦੀ ਹੀ ਨਹੀਂ ਸੀ। ਉਹ ਸੋਚਣ ਵਾਲਾ ਹੁੰਦਾ ਤਾਂ ਗੱਲ ਹੀ ਕਾਹਦੀ ਸੀ । ਪਰ ਉਹ ਸੋਚ ਕੇ ਕਰਦਾ ਵੀ ਕੀ ? ਉਹਦੀਆਂ ਸਾਰੀਆਂ ਸੋਚਾਂ ਤਾਂ ਬਦਕਾਰ ਤੀਵੀਂ ਨੇ ਮਿੱਟੀ ਵਿਚ ਮਿਲਾ ਦਿੱਤੀਆਂ ਸਨ। ਸਾਰਾ ਘਰ ਹੀ ਉਜਾੜ ਕੇ ਰੱਖ ਦਿੱਤਾ ਸੀ। ਜਿਸਮ ਦੀ ਅੱਗ ਵਿਚ ਬਲਦੀ ਉਹ ਤਾਂ ਕਦੋਂ ਦੀ ਭੁੱਲ ਗਈ ਸੀ ਕਿ ਵਿਆਹੁਤਾ ਜੀਵਨ ਕੀ ਹੁੰਦਾ ਹੈ ? ਪਤੀ ਕੀ ਚੀਜ਼ ਹੈ ? ਢਿੱਡੋਂ-ਕੱਢੀ ਔਲਾਦ ਦਾ ਕੀ ਮਹੱਤਵ ਹੈ ? ਇਕ ਜਿਸਮ ਦੀ ਭੁੱਖ ਉਹਨੂੰ ਯਾਦ ਸੀ। ਦੁਨੀਆਂ ਦੀ ਹੋਰ ਕੋਈ ਚੀਜ਼ ਉਹਦੇ ਲਈ ਮਹੱਤਵ ਨਹੀਂ ਰਖਦੀ ਸੀ।
ਪਹਿਲਾਂ ਪਹਿਲਾਂ ਉਹਦੀ ਕੀਕਨਿਆਂ ਵਰਗੀ ਹਾਲਤ ਦੇਖ ਕੇ ਪਿੰਡ ਦੇ ਛੋਟੇ ਛੋਟੇ ਮੁੰਡੇ ਛੇੜਨ ਪੈਂਦੇ । ਉਹਦੇ ਮਗਰ ਉੱਠ ਤੁਰਦੇ । ਉਹਦੇ ਵੱਲ ਰੋੜੇ ਵਗਾਹ ਵਗਾਹ ਮਾਰਦੇ। ਪਰ ਜਦੋਂ ਤੋਂ ਇਕ ਮੁੰਡੇ ਦੀ ਬਾਂਹ ਮਰੋੜਾ ਦੇ ਕੇ ਉਹਨੇ ਤੋੜ ਦਿੱਤੀ ਸੀ, ਉਹਤੋਂ ਬਾਅਦ ਉਹਨੂੰ ਛੇੜਦਾ ਕੋਈ ਨਹੀਂ ਸੀ। ਕਮਲੇ ਦਾ ਕੀ ਪਤਾ, ਕਿਸ ਵੇਲੇ ਗੁੱਸਾ ਚੜ੍ਹ ਜਾਵੇ ਤੇ ਕਿਹੜੇ ਮੁੰਡੇ ਦੀ ਲੱਤ-ਬਾਂਹ ਭੰਨ ਦੇਵੇ ਜਾਂ ਕੋਈ ਹੋਰ ਸੱਟ-ਫੇਟ ਕਰ ਦੇਵੇ । ਟਕੂਆ ਤਾਂ ਉਹਦੇ ਕੋਲ ਹਰ ਵੇਲੇ ਹੁੰਦਾ ਹੀ ਸੀ। ਜਿਸ ਮੁੰਡੇ ਦੀ ਗਿੰਦਰ ਨੇ ਬਾਂਹ ਤੋੜੀ ਸੀ, ਉਹਦੇ ਪਿਓ ਨੂੰ ਗੁੱਸਾ ਤਾਂ ਬਹੁਤ ਚੜ੍ਹਿਆ, ਪਰ ਉਹ ਕੀ ਕਰਦਾ ? ਜਿਹੋ- ਜਿਹਾ ਕੋਈ ਪਸ਼ੂ ਕੁੱਟ ਲਿਆ। ਓਹੋ ਜਿਹਾ ਗਿੰਦਰ ਕੁੱਟ ਲਿਆ। ਕਮਲਿਆਂ ਦਾ ਕੀ ਕੁੱਟਣ-ਮਾਰਨ ਜਾਂ ਉਹਨਾਂ ਨੂੰ ਕੀ ਸਮਝਾਇਆ ਜਾ ਸਕਦਾ ਹੈ ? ਉਹਨੇ ਮੁੰਡੇ ਦੀ ਬਾਂਹ ਕਿਸੇ ਸਿਆਣੇ ਤੋਂ ਚੜ੍ਹਵਾਈ ਤੇ ਅਗਾਂਹ ਤੋਂ ਦੂਜੇ ਮੁੰਡਿਆਂ ਨੂੰ ਵੀ ਵਰਜ ਦਿੱਤਾ ਕਿ ਉਹ ਗਿੰਦਰ ਕਮਲੇ ਨੂੰ ਨਾ ਛੇੜਿਆ ਕਰਨ।
ਗਰਮੀਆਂ ਦੇ ਦਿਨ ਸਨ। ਜੇਠ-ਹਾੜ੍ਹ ਦਾ ਮਹੀਨਾ । ਸੂਏ ਦਾ ਪਾਣੀ ਬੰਦ ਸੀ । ਪੁਲ ਕੋਲ ਪਾਣੀ ਖੜਾ ਸੀ । ਪੁਲ ਥੱਲੇ ਡੂੰਘਾ ਟੋਆ ਹੋਣ ਕਰਕੇ ਸੂਆ ਬੰਦ ਹੋਣ ਵੇਲੇ ਵੀ ਇਥੇ ਪਾਣੀ ਖੜ੍ਹਾ ਰਹਿੰਦਾ । ਪੰਦਰਾਂ-ਪੰਦਰਾਂ, ਵੀਹ-ਵੀਹ ਦਿਨ ਸੁਕਦਾ ਨਹੀਂ ਸੀ । ਇਕ ਦਿਨ ਨਾਜਰ ਸਵੇਰੇ ਪੁਲ ਉੱਤੋਂ ਦੀ ਲੰਘ ਕੇ ਪਿੰਡ ਨੂੰ ਆ ਰਿਹਾ ਸੀ। ਕੀ ਦੇਖਦਾ ਹੈ, ਕਿ ਗਿੰਦਰ ਪਾਣੀ ਦੇ ਕਿਨਾਰੇ ਟੇਢਾ ਜਿਹਾ ਹੋਇਆ ਪਿਆ ਹੈ। ਉਹਨੇ ਬੋਲ ਮਾਰਿਆ, ਪਰ ਉਹ ਤਾਂ ਹਿੱਲਿਆ ਹੀ ਨਾ । ਦੂਜਾ ਬੋਲ ਮਾਰਿਆ, ਤਾਂ ਵੀ ਨਾ ਕੁਸਕਿਆ। ਤੀਜੇ ਬੋਲ ਨੂੰ ਉਹਨੇ ਕੱਚਾ ਡਲਾ ਚੁੱਕ ਕੇ ਉਹਦੇ ਵੱਲ ਵਗਾਹ ਮਾਰਿਆ। ਉਹ ਤਾਂ ਫੇਰ ਵੀ ਥਾਂ ਦੀ ਥਾ, ਚੁੱਪ-ਚਾਪ ਢੇਰੀ ਜਿਹੀ ਬਣਿਆ ਪਿਆ ਹੋਇਆ ਸੀ । ਸੂਏ ਵਿਚ ਜਾ ਕੇ ਉਹਨੇ ਗਿੰਦਰ ਨੂੰ ਹਲੂਣਿਆ, ਉਹ ਬੇਸੁਰਤ ਸੀ। ਨਬਜ਼ ਟੋਹ ਕੇ ਦੇਖੀ, ਸਾਹ ਹੈਗੇ ਸਨ। ਉਹਨੇ ਟੋਏ ਵਿਚੋਂ ਉਂਜਲ ਨਾਲ ਪਾਣੀ ਉਹਦੇ ਮੂੰਹ ਵਿਚ ਪਾ ਦਿੱਤਾ। ਇਕ ਉਂਜਲ ਹੋਰ। ਉਹਨੂੰ ਸਾਹ ਆਉਣ ਲੱਗਿਆ । ਇਕ ਬੁੱਕ ਭਰ ਕੇ ਪਾਣੀ ਉਹਦੇ ਮੂੰਹ ਉੱਤੇ ਪਾਇਆ। ਇਕ ਬੁੱਕ ਹੋਰ ਮੱਥੇ ਉੱਤੇ ਤਤੀਰੀ ਬੰਨ੍ਹ ਕੇ ਵੀ। ਗਿੰਦਰ ਨੂੰ ਸੁਰਤ ਆ ਗਈ। ਉਹ ਬੈਠ ਗਿਆ ਤੇ ਔਖੇ ਔਖੇ ਸਾਹ ਲੈਣ ਲੱਗਿਆ। ‘ਐਥੇ ਪਿਆ ਐਂ ਓਏ ?’ ਨਾਜਰ ਨੇ ਪੁੱਛਿਆ। ਉਹਨੇ ਅੱਖਾਂ ਖੋਲ੍ਹ ਲਈਆਂ। ਕਹਿੰਦਾ, ‘ਬਾਈ, ਨੀਂਦ ਬੜੀ ਆਈ।’
‘ਸਾਲਾ ਨੀਂਦਾ ਦਾ । ਤੂੰ ਤਾਂ ਮਰਿਆ ਪਿਆ ਸੀ, ਕੰਜਰ ਦਿਆ। ਉੱਠ, ਚੱਲ ਘਰ ਛੱਡ ਕੇ ਆਮਾਂ ਤੈਨੂੰ ।’ ਨਾਜ਼ਰ ਨੇ ਉਹਦੀ ਬਾਂਹ ਫੜ ਲਈ।
‘ਕਿਹੜਾ ਘਰ ਬਾਈ ?’ ਉਹ ਨਾਜਰ ਦੇ ਮੂੰਹ ਵੱਲ ਡੌਰ-ਭੌਰ ਜਿਹਾ ਝਾਕ ਰਿਹਾ ਸੀ।
‘ਤੇਰਾ ਘਰ, ਹੋਰ ਕਿਹੜਾ। ਚੱਲ, ਹਰਨਾਮੀ ਕੋਲ ਛੱਡ ਦਿਆਂ ਤੈਨੂੰ। ਉਹਨੇ ਗਿੰਦਰ ਨੂੰ ਬਾਹੋਂ ਫੜ ਕੇ ਖੜ੍ਹਾ ਕਰ ਲਿਆ । .
‘ਹਰਨਾਮੀ ?’ ਗਿੰਦਰ ਦੇ ਮੂੰਹੋਂ ਖਿੰਡ-ਖਿੰਡ ਕੇ ਬੋਲ ਨਿੱਕਲਿਆ।
‘ਹਰਨਾਮੀ ? ਤੇਰੀ ਬਹੂ, ਸਾਲਿਆ।’
‘ਬਹੂ’ ਦਾ ਨਾਉਂ ਸੁਣ ਕੇ ਗਿੰਦਰ ਦੇ ਮੂੰਹ ਉੱਤੇ ਬੇਮਲੂਮੀ ਜਿਹੀ ਮੁਸਕਰਾਹਟ ਆ ਗਈ।
ਨਾਜਰ ਕਹਿੰਦਾ, ‘ਹਾਂ, ਤੇਰੀ ਬਹੂ ਕੋਲ, ਹਰਨਾਮੀ ਕੋਲ ਚਲਦੇ ਆਂ। ਚੱਲ, ਤੁਰਿਆ ਚੱਲ ਛੇਤੀ ਛੇਤੀ।’ ਉੱਖੜੀਆਂ ਉੱਖੜੀਆਂ ਜਿਹੀਆਂ ਗੱਲਾਂ ਕਰਦੇ ਉਹ ਪਿੰਡ ਪਹੁੰਚ ਗਏ। ਤੇ ਫੇਰ ਨਾਜਰ ਉਹਨੂੰ ਉਹਨਾਂ ਦੇ ਘਰ ਲੈ ਆਇਆ। ਹਰਨਾਮੀ ਇਕੱਲੀ ਸੀ। ਚਾਹ ਬਣਾ ਕੇ ਹਟੀ ਸੀ। ਪੀਣ ਦੀ ਤਿਆਰੀ ਕਰ ਰਹੀ ਸੀ।
ਗਿੰਦਰ ਨੂੰ ਉਹਨੇ ਮੰਜੇ ਉੱਤੇ ਲਿਟਾ ਦਿੱਤਾ ਤੇ ਹਰਨਾਮੀ ਨੂੰ ਕਹਿਣ ਲੱਗਿਆ, ‘ਇਹਨੂੰ ਪਤੰਦਰ ਨੂੰ ਸਾਂਭ ਤਾਂ ਲਿਆ ਕਰ। ਸੂਏ ਵਿਚੋਂ ਕੱਢ ਕੇ ਲਿਆਇਆਂ। ਪਤਾ ਨੀ ਕਿਹੜੇ ਵੇਲਿਆਂ ਦਾ ਪਿਆ ਹੋਣੈ ਉਥੇ । ਕੋਈ ਕੋਈ ਸਾਹ ਵਗਦਾ ਸੀ। ਫੇਰ ਵੀ ਸਿਰ ਦਾ ਸਾਈਂ ਐਂ ਤੇਰਾ, ਲਾਮਾਂ ਲਈਆਂ ਨੇ, ਕੁਸ ਤਾਂ ਸ਼ਰਮ-ਹਯਾ ਕਰ ।’
‘ਮੈਂ ਕੀ ਅੱਗ ਲਾਮਾਂ ਇਹਨੂੰ । ਚੱਜ ਦਾ, ਨਾ ਹਾਲ ਦਾ । ਰਿੱਛ ਮੱਥੇ ਮਾਰਿਆ ਮੇਰੇ। ਇਹਦਾ ਤਾਂ ਨਿੱਤ ਦਾ ਇਹੀ ਹਾਲ ਐ। ਅੱਜ ਨੀ ਮਰਿਆ, ਕੱਲ ਨੂੰ ਮਰਜੂ।
‘ਊਈਂ ਜਾ ਬੈਠ ਕਿਸੇ ਦੇ । ਇੱਚੜਾਂ ਜੀਆਂ ਕਾਹਨੂੰ ਭੇੜਦੀ ਐਂ। ਸਿੱਧੀ ਹੋ ਕੇ ਰੰਨ ਬਣ ਜੀਹਦੀ ਬਣਨੈ।’ ਨਾਜਰ ਮੁਸਕਰਾਇਆ।
‘ਰੰਨ ਤਾਂ ਤੇਰੀ ਬਣ ਜਾਨੀ ਆਂ, ਕਰ ਗੱਲ। ਲਵਾ ‘ਗੁਠਾ ਵਸਾਅ ਮੈਨੂੰ ਆਵਦੇ । ਇਹ ਰਿੱਛ ਤਾਂ ਮਗਰੋਂ ਲਹੂ।’ ਹਰਨਾਮੀ ਵੀ ਹੱਸਣ ਲੱਗੀ। ਤੇ ਫੇਰ ਉਹਨੇ ਨਾਜਰ ਨੂੰ ਪੀੜ੍ਹੀ ਦੇ ਦਿੱਤੀ। ਬਾਟੀ ਵਿਚ ਚਾਹ ਪਾ ਲਿਆਈ। ਕਹਿੰਦੀ, ‘ਲੈ ਚਾਹ ਪੀ ਪਹਿਲਾਂ, ਦਿਉਰ ਮੇਰਿਆ। ਮਗਰੋਂ ਲੜ ਲੀਂ ।’ ਇਕ ਬਾਟੀ ਵਿਚ ਆਪ ਚਾਹ ਪੀਣ ਲੱਗੀ।
ਨਾਜਰ ਨੇ ਬਾਟੀ ਫੜ ਕੇ ਗਿੰਦਰ ਨੂੰ ਹਾਕ ਮਾਰੀ, ‘ਗਿੰਦਰਾ, ਲੈ ਫੜ ਓਏ ਚਾਹ ਪੀ ਲੈ ।’
ਉਹ ਕਹਿੰਦੀ, ‘ਵੇ ਤੂੰ ਪੀ ਲੈ ਚੁੱਪ ਕਰਕੇ, ਕੋਈ ਨੀ, ਇਹਨੂੰ ਦੁਬਾਰਾ ਕਰ ਦਿੰਨੀ ਆਂ ਮੈਂ। ਅਜੇ ਤਾਂ ਚੁੱਲ੍ਹੇ ‘ਚ ਅੱਗ ਹੈਗੀ ਐ। ਐਨਾ ਹੇਰਵਾ ਨਾ ਕਰ ਗਿੰਦਰ ਦਾ।’
ਨਾਜਰ ਨੇ ਚਾਹ ਪੀਤੀ ਤੇ ਹਰਨਾਮੀ ਨਾਲ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਮਾਰ ਕੇ ਘਰ ਨੂੰ ਆ ਗਿਆ।
11
ਨਾਜਰ ਕਈ ਦਿਨਾਂ ਤੱਕ ਸੋਚਦਾ ਰਿਹਾ। ਇਕ ਗੱਲ ਉਹਦੇ ਦਿਮਾਗ ਦੇ ਖਾਨੇ ਵਿਚ ਨਹੀਂ ਵੜਦੀ ਸੀ ਕਿ ਗਿੰਦਰ ਦੀ ਬਹੂ ਹਰਨਾਮੀ ਉਹਦੇ ਘਰ ਆ ਕੇ ਕਿਵੇਂ ਵਸ ਸਕਦੀ ਹੈ ? ਕਦੇ ਕਦੇ ਉਹ ਇਸ ਗੱਲ ਨੂੰ ਬੜੀ ਹੀ ਗੰਭੀਰਤਾ ਵਿਚ ਲੈ ਜਾਂਦਾ ਤੇ ਸੁੰਨ ਜਿਹਾ ਹੋ ਕੇ ਆਪਣੇ ਮਨ ਦੇ ਪੰਛੀ ਨੂੰ ਖੁੱਲ੍ਹੇ ਆਕਾਸ਼ ਵਿਚ ਛੱਡ ਦਿੰਦਾ। ਉਹਦਾ ਤਾਂ ਜੀਵਨ ਹੀ ਪਲਟ ਸਕਦਾ ਹੈ ਜੇ ਹਰਨਾਮੀ ਵਰਗੀ ਤੀਵੀਂ ਉਹਦੇ ਘਰ ਆ ਵਸੇ। ਪਰ ਕਦੇ ਹਰਨਾਮੀ ਦੀਆਂ ਉਸ ਦਿਨ ਦੀਆਂ ਗੱਲਾਂ ਉਹਨੂੰ ਫੋਕੀਆਂ ਚਹੇਡਾਂ ਹੀ ਜਾਪਦੀਆਂ। ਅਜਿਹੇ ਅਹਿਸਾਸ ਵਿਚ ਉਹ ਉਹਨੂੰ ਮਨ ਹੀ ਮਨ ਗਾਲਾਂ ਕੱਢਣ ਲਗਦਾ, ‘ਕੁੱਤੀ ਰੰਨ ਦਾ ਕੀ ਵਸਾਹ, ਐਮੇਂ ਬਕਦੀ ਹੋਣੀ ਐ। ਜੀਹਨੇ ਲਾਹ ‘ਤੀ ਲੋਈ, ਉਹਦਾ ਕੀ ਕਰੂਗਾ ਕੋਈ। ਜੀਹਨੂੰ ਵੀ ਜੋ ਮਰਜੀ ਕਹੀਂ ਜਾਵੇ, ਉਹਨੂੰ ਕੌਣ ਐ ਰੋਕਣ ਆਲਾ ।’
ਉਹਨੂੰ ਹਰਨਾਮੀ ਦੀ ਜ਼ਿੰਦਗੀ ਉੱਤੇ ਤਰਸ ਆਉਂਦਾ। ਉਹਦੇ ਨਾਲ ਹਮਦਰਦੀ ਜਾਗਣ ਲਗਦੀ। ਉਹ ਸੋਚਦਾ, ਉਹਦਾ ਪਤੀ ਤਾਂ ਕਮਲਾ ਹੋਇਆ ਫਿਰਦਾ ਹੈ, ਘਰ-ਬਾਰ ਦੀ ਸੁਰਤ ਨਹੀਂ, ਹੋਰ ਉਹ ਕੀ ਕਰੇ ਵਿਚਾਰੀ? ਅਜਿਹੇ ਉੱਜੜੇ ਘਰ ਵਿਚ ਉਹਦਾ ਜੀਅ ਕਿਵੇਂ ਲੱਗੇ ? ਉਹ ਦੂਜੇ ਬੰਦਿਆਂ ਦਾ ਆਸਰਾ ਨਾ ਤੱਕੇ ਤਾਂ ਕਿੱਧਰ ਜਾਵੇ ? ਐਡੀ ਵੱਡੀ ਡੇਢ ਮਣ ਦੀ ਦੇਹ ਨੂੰ ਕਿਵੇਂ ਤਾਂ ਸਮੇਟੇ ਹੀ ? ਉਹ ਸੋਚਦਾ, ਚੱਜ ਦਾ ਕੋਈ ਪਤੀ ਤਾਂ ਉਹਦੇ ਲਈ ਸੁਫਨਾ ਬਣ ਕੇ ਹੀ ਰਹਿ ਗਿਆ ਹੈ। ਚੱਜ ਦੇ ਪਤੀ ਦਾ ਸੰਕਲਪ ਜਦੋਂ ਹੀ ਨਾਜਰ ਦੇ ਮਨ ਵਿਚ ਆਉਂਦਾ ਤਾਂ ਉਹ ਆਪਣੇ ਬਾਰੇ ਸੋਚਣ ਲਗਦਾ। ਉਹ ਸੋਚਦਾ, ਜੇ ਉਹ ਹਰਨਾਮੀ ਦਾ ਪਤੀ ਹੋਵੇ ਤਾਂ ਉਹਨੂੰ ਸੁਰਗ ਦੇ ਝੂਟੇ ਕਿਹੜਾ ਨਾ ਦਿਵਾ ਦੇਵੇ। ਇਕ ਵਾਰ ਤਾਂ ਹਰਨਾਮੀ ਰਾਜ ਕਰੇ ਰਾਜ ।
ਨਾਜਰ ਨੂੰ ਪਿੰਡ ਵਿਚ ਭੇਡਾਂ ਵਾਲਾ ਨਾਜਰ ਕਰਕੇ ਜਾਣਿਆ ਜਾਂਦਾ । ਉਹਨਾਂ ਨੂੰ ਭੇਡਾਂ ਵਾਲੇ ਹੀ ਆਖਦੇ । ਨਾਜਰ ਦਾ ਬਾਪ ਮੈਂਗਲ ਵੀ ਭੇਡਾਂ ਪਾਲਦਾ ਹੁੰਦਾ। ਮੈਂਗਲ ਦੇ ਦੋ ਮੁੰਡੇ ਸਨ। ਦੋਵੇਂ ਛੜੇ। ਵੱਡਾ ਖਜ਼ਾਨ ਪੁਲਿਸ ਵਿਚ ਭਰਤੀ ਹੋ ਗਿਆ ਸੀ। ਕਦੇ ਕਦੇ ਪਿੰਡ ਆਉਂਦਾ। ਮੈਂਗਲ ਆਪ ਤਾਂ ਹੁਣ ਬੁੜ੍ਹਾ ਹੋ ਗਿਆ ਸੀ, ਨਾਜਰ ਹੀ ਭੇਡਾਂ ਦੇ ਇੱਜੜ ਨੂੰ ਸੰਭਾਲਦਾ। ਉਹਨਾਂ ਕੋਲ ਜ਼ਮੀਨ ਬਹੁਤੀ ਨਹੀਂ ਸੀ। ਮਸਾਂ ਤਿੰਨ-ਚਾਰ ਘੁਮਾਂ। ਜ਼ਮੀਨ ਥੋੜੀ ਹੋਣ ਕਰਕੇ ਹੀ ਖਜ਼ਾਨ ਨੂੰ ਸਾਕ ਨਹੀਂ ਹੋਇਆ ਸੀ। ਤੇ ਹੁਣ ਨਾਜਰ ਵੀ ਲਗਭਗ ਐਵੇਂ ਰਹਿ ਗਿਆ ਸੀ। ਨਾਜਰ ਦੀ ਉਮਰ ਤੀਹ ਸਾਲ ਤੋਂ ਉੱਤੇ ਸੀ। ਜੱਟ ਦੇ ਪੁੱਤ ਨੂੰ ਵੀਹ ਸਾਲ ਦੇ ਨੇੜੇ-ਤੇੜੇ ਸਾਕ ਹੋ ਜਾਵੇ ਤਾਂ ਹੋ ਜਾਵੇ, ਨਹੀਂ ਤਾਂ ਫੇਰ ਛੜਾ ਹੀ ਰਹਿ ਜਾਂਦਾ ਹੈ।ਉਹਨਾਂ ਨੂੰ ਸਾਕ ਨਾ ਹੋਣ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਭੇਡਾਂ ਚਾਰਦੇ ਸਨ। ਭੇਡਾਂ ਰੱਖਣ ਵਾਲੇ ਨੂੰ ਪਿੰਡ ਵਿਚ ਨਖਿੱਧ ਗਿਣਿਆ ਜਾਂਦਾ । ਲੋਕ ਸਮਝਦੇ ਸਨ, ਭੇਡਾਂ- ਬੱਕਰੀਆਂ ਪਾਲਣਾ ਜੱਟਾਂ ਦੇ ਚੰਗੇ ਘਰਾਂ ਦਾ ਕੰਮ ਨਹੀਂ। ਇਹ ਕਿੱਤਾ ਤਾਂ ਚੂਹੜੇ-ਚਮਿਆਰਾਂ ਨੂੰ ਹੀ ਚੰਗਾ ਲਗਦਾ ਹੈ।
ਪਿੰਡ ਤੋਂ ਬਾਹਰ-ਵਾਰ ਉਹਦਾ ਭੇਡਾਂ ਦਾ ਵਾੜਾ ਸੀ । ਮਿੱਟੀ ਦੀ ਭੜੀਅ ਪਾ ਕੇ ਬੇਰੀ ਦੇ ਕੰਡੇਦਾਰ ਝਾਫਿਆਂ ਦੀ ਉੱਚੀ ਉੱਚੀ ਵਾੜ। ਵਾੜ ਉਤੋਂ ਦੀ ਕੋਈ ਪਸ਼ੂ ਟੱਪ ਕੇ ਅੰਦਰ ਵਾੜੇ ਵਿਚ ਨਹੀਂ ਜਾ ਸਕਦਾ ਸੀ। ਨਾਜਰ ਦੇ ਇੱਜੜ ਨੂੰ ਕਦੇ ਬਘਿਆੜ ਵੀ ਨਹੀਂ ਪਿਆ ਸੀ। ਵਾੜੇ ਦੇ ਇਕ ਪਾਸੇ ਤਿੰਨ ਕੰਧਾਂ ਕੱਚੀ ਇੱਟ ਦੀਆਂ ਕੱਢ ਕੇ ਉਤੇ ਸਰਕੜੇ ਦੇ ਕਾਨਿਆਂ ਦੀ ਮਜ਼ਬੂਤ ਕੁੱਲੀ ਬੰਨ੍ਹੀ ਹੋਈ ਸੀ। ਬਾਰ ਉੱਤੇ ਲੱਕੜ ਦਾ ਇਕ ਤਖਤਾ ਲੱਗਿਆ ਹੋਇਆ। ਜਿੰਦਾ-ਕੁੰਡਾ ਲਗਦਾ।
ਨਾਜਰ ਦੇ ਯਾਰ-ਬੇਲੀ ਕਦੇ ਕਦੇ ਘਰ ਦੀ ਕੱਢੀ ਸ਼ਰਾਬ ਏਸ ਕੁੱਲੀ ਵਿਚ ਬੈਠ ਕੇ ਪੀਂਦੇ ।ਕੁੱਲੀ ਖਾਸੀ ਲੰਮੀ-ਚੌੜੀ ਸੀ। ਕਦੇ ਕਦੇ ਉਹ ਬੱਕਰਾ ਵੀ ਵੱਢ ਲੈਂਦੇ ਤੇ ਖਲਪਾੜਾਂ ਦੀ ਤੇਜ਼ ਅੱਗ ਉੱਤੇ ਮਾਸ ਰਿੰਨ੍ਹਦੇ। ਜੰਗੀਰਾ ਪੂਰੀ ਸੇਵਾ ਕਰਦਾ। ਉਹਨੂੰ ਮੁਫ਼ਤ ਦੀ ਸ਼ਰਾਬ ਪੀਣ ਨੂੰ ਮਿਲ ਜਾਂਦੀ ਤੇ ਰੱਜਵਾਂ ਮਾਸ।
ਜੰਗੀਰਾ ਨਾਈਆਂ ਦਾ ਮੁੰਡਾ ਸੀ। ਉਹਦਾ ਪਿਉ ਮਰਿਆ ਹੋਇਆ ਸੀ। ਮਾਂ ਜਿਉਂਦੀ ਸੀ। ਲੋਕਾਂ ਦੇ ਘਰ ਦਾ ਗੋਲਾ-ਧੰਦਾ ਕਰਦੀ। ਸਿਰ ਗੁੰਦਣ ਦਾ ਕੰਮ। ਵਿਆਹਾਂ ਤੇ ਮਰਨਿਆਂ ਉੱਤੇ ਮਾਂ ਨਾਲ ਜੰਗੀਰਾ ਵੀ ਭਾਂਡੇ ਮਾਂਜਣ ਜਾਂਦਾ। ਉਹ ਪਿੰਡ ਵਿਚ ਸੱਦੇ ਦੇਣ ਦਾ ਕੰਮ ਕਰਦੀ। ਉਹ ਦੂਰ- ਨੇੜੇ ਦੇ ਪਿੰਡਾਂ ਵਿਚ ਵਿਆਹ ਦੀਆਂ ਗੰਢਾਂ ਤੇ ਮੌਤ ਦੀਆਂ ਸੁਨੌਣੀਆਂ ਦੇ ਕੇ ਆਉਂਦਾ। ਖੇਤਾਂ ਵਿਚ ਜੱਟਾਂ ਨਾਲ ਕੰਮ ਕਰਵਾਉਣ ਚਲਿਆ ਜਾਂਦਾ । ਦਾਣੇ ਲੈ ਲੈਂਦਾ ਜਾਂ ਹਰੇ ਕੱਖ । ਉਹਨਾਂ ਦੇ ਘਰ ਵਿਚ ਪ੍ਰੈੱਸ ਵੀ ਰੱਖੀ ਹੋਈ ਸੀ। ਨਾਈਆਂ ਦਾ ਇਹ ਚੰਗਾ ਘਰ ਸੀ। ਜੰਗੀਰਾ ਮੰਗਿਆ ਹੋਇਆ ਤਾਂ ਸੀ ਪਰ ਅਜੇ ਵਿਆਹ ਨਹੀਂ ਹੋਇਆ ਸੀ। ਉਹਨਾਂ ਦੇ ਘਰ ਸ਼ਾਮ ਨੂੰ ਵੀ ਰੋਟੀ ਪਕਦੀ, ਜਦੋਂ ਕਿ ਜੱਟਾਂ ਦੇ ਚੰਗੇ ਚੰਗੇ ਘਰਾਂ ਵਿਚ ਵੀ ਗਰਮੀਆਂ ਵਿਚ ਮੱਕੀ ਦਾ ਦਲੀਆ ਬਣਦਾ ਤੇ ਖੱਟੀ ਲੱਸੀ ਨਾਲ ਖਾਧਾ ਜਾਂਦਾ, ਸਰਦੀਆਂ ਵਿਚ ਮੋਠ-ਬਾਜਰੇ ਦੀ ਖਿਚੜੀ ਤੇ ਨਾਲ ਖੱਟੀ ਲੱਸੀ । ਕਈ ਘਰ ਖੱਟੀ ਲੱਸੀ ਵਿਚ ਮਹਿੰ ਦੇ ਦੁੱਧ ਦੀਆਂ ਧਾਰਾਂ ਮਾਰ ਕੇ ਤਿਉੜ ਬਣਾ ਲੈਂਦੇ । ਤਿਉੜ ਨਾਲ ਖਾਧਾ ਮੱਕੀ ਦਾ ਅੰਨ ਜਾਂ ਮੌਠ-ਬਾਜਰੇ ਦੀ ਖਿਚੜੀ ਨੂੰ ਛੱਤੀ ਪਦਾਰਥ ਗਿਣਦੇ। ਆਥਣ ਵੇਲੇ ਰੋਟੀ ਤਾਂ ਵਡੇ ਘਰਾਂ ਵਿਚ ਹੀ ਪਕਦੀ। ਸਿਆਲਾਂ ਵਿਚ ਮੱਕੀ ਜਾਂ ਬਾਜਰੇ ਦੀ ਰੋਟੀ ਤੇ ਹਾੜਾਂ ਵਿਚ ਕਣਕ ਪਕਾਈ ਜਾਂਦੀ। ਛੋਟੇ ਘਰਾਂ ਵਿਚ ਸਵੇਰ ਵੇਲੇ ਜੌਂ-ਛੋਲਿਆਂ ਦੀਆਂ ਰੋਟੀਆਂ ਪਕਦੀਆਂ । ਬੇਰੜੇ ਦੀਆਂ ਰੋਟੀਆਂ।
ਨਾਜਰ ਦੇ ਵਾੜੇ ਵਿਚ ਇਕ ਰਾਤ ਭਾਈਰੂਪੇ ਵਾਲਾ ਘੀਚਰ ਓਪਰੀ ਔਰਤ ਵੀ ਲੈ ਆਇਆ ਸੀ। ਉਸ ਰਾਤ ਤਾਂ ਪੂਰੀ ਸ਼ਰਾਬ ਉੱਡੀ ਤੇ ਬੱਕਰਾ ਬਣਿਆ। ਘੀਚਰ ਇਲਾਕੇ ਦਾ ਪੂਰਾ ਬਦਮਾਸ਼ ਸੀ। ਉਹਦਾ ਕੰਮ ਸੀ ਤੀਵੀਆਂ ਕੱਢ ਕੇ ਲਿਆਉਣਾ ਤੇ ਚੰਗਾ ਨਾਮਾ ਲੈ ਕੇ ਅਗਾਂਹ ਥੁੜੇ- ਟੁੱਟੇ ਲੋਕਾਂ ਕੋਲ ਵੇਚ ਦੇਣਾ। ਪਿੰਡ ਪਿੰਡ ਉਹਦੀਆਂ ਠੋਹੀਆਂ ਸਨ। ਪਿੰਡਾਂ ਦੇ ਆਦੀ ਛੜੇ ਘੀਚਰ ਨੂੰ ਉਡੀਕਦੇ ਰਹਿੰਦੇ।
ਨਾਜਰ ਨੂੰ ਹਰਨਾਮੀ ਨਾਲ ਅਰਜਣ ਦੇ ਸਬੰਧਾਂ ਦਾ ਪਤਾ ਸੀ। ਹੁਣ ਤਾਂ ਸਾਰਾ-ਪਿੰਡ ਏਸ ਗੱਲ ਨੂੰ ਜਾਣਦਾ ਸੀ। ਅਰਜਣ ਦੀ ਭਰਜਾਈ ਬੰਤੋ ਰੋ-ਪਿੱਟ ਕੇ ਤੇ ਹੰਭ ਕੇ ਬੈਠ ਗਈ ਸੀ। ਹੁਣ ਉਹਦਾ ਕੋਈ ਜ਼ੋਰ ਨਹੀਂ ਚਲਦਾ ਸੀ। ਅਰਜਣ ਉਹਦੇ ਹੱਥਾਂ ਵਿਚੋਂ ਨਿਕਲ ਚੁਕਿਆ ਸੀ। ਝੰਡੇ ਦੇ ਮਨ ਉਤੇ ਕੋਈ ਅਸਰ ਨਹੀਂ ਸੀ। ਪਰ ਅੰਦਰੋਂ ਉਹ ਖੁਸ਼ ਜ਼ਰੂਰ ਸੀ ਕਿ ਅਰਜਣ ਕਿਹਰੇ ਦੀ ਨੂੰਹ ਵਿਚ ਉਲਝਿਆ ਰਹਿੰਦਾ ਹੈ। ਚੰਗਾ ਹੈ, ਘਰ ਨਹੀਂ ਆਉਂਦਾ ਤੇ ਘਰ ਨੂੰ ਖਰਾਬ ਨਹੀਂ ਕਰਦਾ । ਹੁਣ ਤਾਂ ਦਾਰੂ-ਦੱਪਾ ਵੀ ਉਹ ਹਰਨਾਮੀ ਦੇ ਸਿਰੋਂ ਹੀ ਪੀਂਦਾ ਸੀ । ਉਹਨੂੰ ਡਰਾ-ਧਮਕਾ ਛਡਦਾ। ਉਹਨੇ ਦੋ ਵਾਰੀਂ ਹਰਨਾਮੀ ਨੂੰ ਕੁੱਟ ਵੀ ਦਿੱਤਾ ਸੀ। ਪਰ ਕੁਝ ਦਿਨਾਂ ਬਾਅਦ ਹੀ ਉਹ ਓਹੋ-ਜਿਹੀ ਹੋ ਜਾਂਦੀ ਰਹੀ ਸੀ। ਹਰਨਾਮੀ ਹੁਣ ਵਾਹੀ ਵੀ ਨਹੀਂ ਕਰਵਾਉਂਦੀ ਸੀ। ਘਰ ਵਿਚ ਇਕ ਪ੍ਰੈੱਸ ਪਹਿਲਾਂ ਵਾਂਗ ਹੀ ਕਾਇਮ ਸੀ। ਸੱਤ ਘੁਮਾਂ ਜ਼ਮੀਨ ਉਹ ਠੇਕੇ ਉੱਤੇ ਦੇ ਦਿੰਦੀ। ਇਕ ਘੁਮਾਂ ਵਿਚ ਠੇਕੇ ਵਾਲਿਆਂ ਤੋਂ ਹਰਾ ਬਿਜਵਾ ਲੈਂਦੀ। ਇਕ ਕਿਆਰਾ ਚਾਰਾ, ਇਕ ਕਿਆਰਾ ਮੱਕੀ, ਦੋ ਕਿਆਰੇ ਚਰੀ ਦੇ। ਤੂੜੀ ਵੀ ਠੇਕੇ ਵਾਲਿਆਂ ਤੋਂ ਲੈਣੀ ਕਰ ਲੈਂਦੀ । ਇਕ ਮੈਂਸ ਤੋਂ ਇਹ ਸਭ ਕੁਝ ਮੁਕਦਾ ਨਹੀਂ ਸੀ।
ਨਾਜਰ ਇਕ ਦਿਨ ਹਰਨਾਮੀ ਦੇ ਘਰ ਗਿਆ । ਸਿਆਲਾਂ ਦੀ ਰੁੱਤ ਸੀ। ਮਿੱਠੀ ਮਿੱਠੀ ਠੰਡ ਅਜੇ ਪੈਣ ਹੀ ਲੱਗੀ ਸੀ। ਦੁਪਹਿਰ ਦਾ ਵੇਲਾ ਸੀ। ਕੱਤੇ ਦਾ ਮਹੀਨਾ । ਬਹੁਤੇ ਲੋਕ ਖੇਤਾਂ ਵਿਚ ਸਨ। ਘਰਾਂ ਵਿਚ ਤਾਂ ਵਿਹਲੇ ਬੰਦੇ ਸਨ। ਜਾਂ ਫੇਰ ਬੁੱਢੇ-ਬੁੱਢੀਆਂ ਤੇ ਬੀਮਾਰ ਲੋਕ । ਇਸ ਰੁੱਤ ਵਿਚ ਖੇਤੀ ਕਰਨ ਵਾਲੇ ਲੋਕਾਂ ਨੂੰ ਐਨਾ ਕੰਮ ਹੁੰਦਾ ਹੈ ਕਿ ਮਰਨ ਦੀ ਵਿਹਲ ਵੀ ਨਹੀਂ ਮਿਲਦੀ। ਪੰਜਾਬ ਦੇ ਪਿੰਡਾਂ ਵਿਚ ਆਮ ਕਹਾਵਤ ਹੈ ਕਿ ਕੱਤੇ ਦੇ ਮਹੀਨੇ ਕਿਸੇ ਜੱਟ ਦੀ ਮਾਂ ਮਰ ਗਈ। ਉਹਨੇ ਬੁੜ੍ਹੀ ਦੀ ਲੱਥ ਨੂੰ ਭੜੋਲੇ ਵਿਚ ਪਾ ਕੇ ਰੱਖ ਲਿਆ, ਅਖੇ ਅਜੇ ਨਹੀਂ ਫੂਕੀ ਜਾਂਦੀ, ਵਿਹਲ ਮਿਲੀ ਤੋਂ ਫੂਕਾਂਗੇ।
ਹਰਨਾਮੀ ਰੋਟੀ ਖਾ ਕੇ ਹਟੀ ਸੀ ਤੇ ਹੁਣ ਭਾਂਡੇ ਮਾਂਜ ਰਹੀ ਸੀ । ਦਾਲ ਵਾਲਾ ਤਪਲਾ ਧੋ ਕੇ ਧੁੱਪੇ ਰੱਖ ਦਿੱਤਾ ਸੀ। ਗਿੰਦਰ ਘਰ ਨਹੀਂ ਸੀ । ਨਾਜਰ ਨੇ ਜਾਂਦੇ ਹੀ ਹਰਨਾਮੀ ਨੂੰ ਫਤਹਿ ਬੁਲਾਈ, ਭਾਬੀ ਸਾਅਬ ਜੀ, ਸਾਸਰੀਕਾਲ । ਤਕੜੀ ਐਂ ?
‘ਆਹੋ, ਆ ਜਾ ਬਹਿ ਜਾ। ਰੋਟੀ ਖਾਏਂਗਾ ?’ ਹਰਨਾਮੀ ਨੇ ਬਾਟੀ ਵਿਚ ਹੱਥ ਫੇਰਨਾ ਛੱਡ ਦਿੱਤਾ।
‘ਬੱਸ, ਰੋਟੀ ਤਾਂ ਕਦੋਂ ਦਾ ਖਾਈਂ ਫਿਰਦਾਂ ਮੈਂ ?’
‘ਚੰਗਾ, ਪੀੜ੍ਹੀ ਲੈ ਲੈ । ਬੈਠ। ਚਾਹ ਕਰਦੇ ਆਂ।’
ਉਹ ਪੀੜ੍ਹੀ ਲੈ ਕੇ ਉਹਦੇ ਕੋਲ ਹੀ ਬੈਠ ਗਿਆ। ਪੁੱਛਿਆ, ‘ਗਿੰਦਰ ਕਿੱਧਰ ਗਿਆ ?’
‘ਕੋਈ ਪਤਾ ਨੀ । ਚਾਰ ਦਿਨ ਹੋਗੇ। ਪਤਾ ਨੀ ਮਰ ਗਿਆ, ਪਤਾ ਨੀ ਹੈਗਾ।’
‘ਮਰ ਗਿਆ ਹੁੰਦਾ ਤਾਂ ਪਤਾ ਨਾ ਲਗਦਾ ?’
‘ਡੇਰੇ ਬੈਠਾ ਹੋਣੈ। ਘਰ ਤਾਂ ਉਹ ਆਵੇ, ਨਾ ਆਵੇ ਕੀ ਰੇਜ ਐ।’ ਹਰਨਾਮੀ ਨੇ ਬੁੱਲ੍ਹ ਕੱਢੇ ।
‘ਇਕ ਗੱਲ ਪੁੱਛਾਂ ਤੈਨੂੰ ?’ ਨਾਜਰ ਉਹਦੇ ਵਲ ਪੂਰਾ ਝੁਕਿਆ ਹੋਇਆ ਸੀ।
‘ਪੁੱਛ, ਜਿੰਨੀਆਂ ਮਰਜੀ ਪੁੱਛ, ਇਕ ਕਿਉਂ ?’
‘ਓਦਣ ਮੈਂ ਆਇਆ ਸੀ ਨਾ ਘਰੇ, ਤੂੰ ਉਹ ਗੱਲਾਂ ਸੱਚੇ ਦਿਲੋਂ ਆਖੀਆਂ ਸੀ?’
‘ਕਿਹੜੀਆਂ ? ਮੇਰੇ ਤਾਂ ਹੁਣ ਜਾਦ ਨੀ ।’
‘ਅਖੇ ਰੰਨ ਤਾਂ ਤੇਰੀ ਬਣ ਜਾਨੀ ਆਂ | ਲਵਾਅ ‘ਗੂਠਾ’ ਵਸਾਅ ਮੈਨੂੰ ਆਵਦੇ। ਆ ਗਿਆ ਜਾਦ ?’
‘ਹੱਛਿਆ, ਹੱਛਿਆ। ਹਾਂ, ਸੱਚੇ ਦਿਲੋਂ ਆਖਦੀ ਸੀ। ਦੇਖੀਂ ਨਾ, ਹੁਣ ਵੀ ਦੱਸ ਲੈ, ਕੀ ਸਲਾਹ ਐ ਤੇਰੀ ?’
ਨਾਜਰ ਸਿਰ ਫੜ ਕੇ ਬੈਠ ਗਿਆ। ਅਗਲੇ ਪਲ ਕਹਿੰਦਾ, ‘ਨਾ, ਸਭ ਝੂਠ। ਮੇਰੇ ਕਦੋਂ ਜਾਨੀ ਐਂ ਤੂੰ ?
‘ਕਿਉਂ ?’
‘ਝੰਡੇ ਕਾ ਅਰਜਣ ਕਿਮੇਂ ਛੱਡ ਦੂ ਤੈਨੂੰ ? ਸੱਚੀ ਆਖਦਾਂ, ਗੁੱਸਾ ਤਾਂ ਕਰੀਂ ਨਾ। ਕੁੱਲ ਜਹਾਨ ਨੂੰ ਮਲੂਮ ਐ।
‘ਦੇਖੀਂ ਨਾ, ਮੈਂ ਕਿਹੜਾ ਮੁੱਕਰਦੀ ਆਂ। ਠੀਕ ਈ ਆਖਦੈਂ ਤੂੰ। ਪਰ ਉਹ ਤਾਂ ਚੰਮ ਦਾ ਭਾਈਵਾਲ ਐ, ਜਿੰਨਾ ਮਰਜੀ ਲਾਹ ਲੇ ।’
‘ਮੈਂ ਸਮਝਿਆ ਨੀ।’
‘ਉਹ ਘਰ ਤਾਂ ਨੀ ਵਸਾਅ ਸਕਦਾ ਮੈਨੂੰ । ਦੇਖੀਂ ਨਾ, ਫੇਰ ਕੀ ਆਸਰਾ ਓਸਦਾ ?”
‘ਕਿਉਂ, ਹੁਣ ਕੋਈ ਕਸਰ ਐ ਘਰ ਵਸਣ ਆਲੀ? ਗੁੱਸਾ ਨਾ ਕਰੀਂ, ਉਹ ਤਾਂ ਰਹਿੰਦਾ ਈ ਤੇਰੇ ਘਰ ਐ। ਮੈਂ ਤਾਂ ਡਰਦਾਂ, ਕਿਧਰੋਂ ਹੁਣ ਵੀ ਨਾ ਆ ਜੇ ।’
‘ਜੇ ਐਨਾ ਡਰ ਐ ਤਾਂ ਆਇਆ ਕਾਹਨੂੰ ਐਂ ਐਥੇ?’
‘ਬੱਸ, ਮੈਂ ਤਾਂ ਤੇਰੇ ਬੋਲਾਂ ਦਾ ਬੰਨ੍ਹਿਆ ਆ ਗਿਆ। ਮੈਂ ਤਾਂ ਐਨੇ ਦਿਨ ਇਹੀ ਚਿਤਮਣੀ ਲਾਈਂ ਰੱਖੀ ਐ ਮਨ ਨੂੰ, ਬਈ ਹਰਨਾਮੀ ਸੱਚ ਕਹਿੰਦੀ ਐ ਜਾਂ ਝੂਠ ? ਸੱਚ ਤਾਂ ਮੈਨੂੰ ਆਇਆ ਨੀ। ਪਰ ਪਤਾ ਨੀ ਕਿਉਂ, ਮੈਂ ਤਾਂ ਕਸਰ ਜੀ ਆਲਿਆਂ ਵਾਂਗੂੰ ਆ ਗਿਆ ਅੱਜ ਤੇਰੇ ਕੋਲ।
ਆ ਗਿਆ ਤਾਂ ਕਰ ਹਿੰਮਤ। ਦੇਖੀਂ ਨਾ, ਦਖਾਅ ਸੂਰਮਗਤੀ।’
‘ਤਕੜੇ ਬੰਦੇ ਨਾਲ ਮੱਥਾ ਲੌਣਾ ਔਖੈ, ਭਾਈ। ਊਂ ਜੇ ਤੂੰ ਕਹੇਂ ਆਵਦੇ ਮੂੰਹੋਂ, ਤਾਂ ਦੇਖ ਲੈਨੇ ਆਂ। ਹੂੰ ?
‘ਦੇਖੀਂ ਨਾ, ਮੈਂ ਤਾਂ ਉਹਦੇ ਘਰ ਜਾਣ ਨੂੰ ਵੀ ਤਿਆਰ ਸੀ, ਚੰਦਰੇ ਦੇ । ਪਰ ਉਹ ਮੰਨੇ ਵੀ। ਕਹਿੰਦਾ, ਘਰੇ ਨੀ ਮੈਂ ਤੈਨੂੰ ਵਸਾਅ ਸਕਦਾ । ਬੱਸ, ਏਸ ਤਰ੍ਹਾਂ ਔਣ-ਜਾਣ ਈ ਠੀਕ ਐ। ਤੂੰ ਸਿਆਣੇ, ਏਸ ਔਂਣ-ਜਾਣ ‘ਚ ਕੀ ਧਰਿਆ ਪਿਐ। ਇਹ ਤਾਂ ਓਨਾਂ ਚਿਰ ਈ ਐ, ਜਿੰਨਾ ਚਿਰ ਦੇਹ ਕੈਮ ਐ। ਫੇਰ ਕੌਣ ਸਿਆਣਦੈ ਕਿਸੇ ਨੂੰ।
‘ਨਾ ਉਹ ਚਾਹੁੰਦਾ ਕਿਉਂ ਨੀ ਤੈਨੂੰ ਲੈ ਕੇ ਜਾਣ ਨੂੰ ?”
‘ਉਹ ਵੀ ਕੀ ਕਰੇ, ਭਰਾ-ਭਰਜਾਈ ਨੀ ਚਾਹੁੰਦੇ ਬਈ ਉਹਦੇ ਘਰ ਕੋਈ ਤੀਮੀਂ ਆਵੇ। ਦਸ ਘੁਮਾਂ ਜਮੀਨ ਦਾ ਹੱਕੀ ਐ ਅਰਜਣ। ਦੇਖੀਂ ਨਾ, ਡਰਦੇ ਐ, ਤੀਮੀਂ ਆ ਗੀ ਤਾਂ ਜਵਾਕ ਵੀ ਜੰਮੂ। ਬੱਸ ਉਹਨੂੰ ਤਾਂ ਲੰਡੇ-ਚੌਰ ‘ਤੇ ਰੱਖ ਕੇ ਰਾਜੀ ਨੇ, ਉਹਦੇ ਭਰਾ-ਭਰਜਾਈ।’
‘ਤਾਂ ਫੇਰ ਛੱਡ ਖਹਿੜਾ ਸਾਲੇ ਬਲ੍ਹਟ ਜੇ ਦਾ । ਕੀ ਲੈਣੇਂ ਤੈਂ ਉਹਤੋਂ” ਨਾਜਰ ਨੇ ਸੁਝਾਓ ਦਿੱਤਾ।
‘ਮੈਂ ਤਾਂ ਛੱਡ ਦਿੰਨੀ ਆਂ, ਉਹਦਾ ਕੀ ਪਤਾ ਛੱਡੂ ਜਾਂ ਨਹੀਂ। ਬੁਰਿਆਰ ਬਹੁਤ ਐ, ਟੁੱਟ ਜਾਣਾ। ਡਰਾ-ਧਮਕਾ ਕੇ ਰਖਦੈ ਮੈਨੂੰ। ਅਖੇ ਹੋਰ ਕਿਸੇ ਨਾਲ ਗੱਲ ਕੀਤੀ ਐ ਤਾਂ ਲੱਤਾਂ ਵੱਢ ਦੂੰ। ਜਿਮੇਂ ਮੈਂ ਉਹਦੀ ਖਰੀਦੀ ਹੋਈ ਹੋਮਾਂ । ਦੇਖ ਲੈ।’
‘ਤੂੰ ਵਚਨ ਦੇਹ। ਉਹਦੀ ਹੈਂਕੜੀ ਨੂੰ ਤਾਂ ਅਸੀਂ ਦੇਖ ਲਾਂ ਗੇ । ਤੂੰ ਸਿੱਧੀ ਚਾਹੀਂਦੀ ਐਂ।’
‘ਮੈਂ ਤਾਂ ਜਮਾਂ ਸਿੱਧੀ ਆਂ। ਮੈਨੂੰ ਤਾਂ ਉਹ ਬੰਦਾ ਚਾਹੀਦੈ ਜਿਹੜਾ ਮੈਨੂੰ ਘਰੇ ਵਸਾਵੇ। ਅਰਜਣ ਤਾਂ ਕੁੱਤੈ, ਬੱਸ ਮਾਸ ਚੂੰਡਣ ਜਾਣਦੈ। ਮੈਂ ਘਰ ਵੀ ਸਾਰਾ ਖਵਾ ‘ਤਾ ਉਹਨੂੰ । ਸਾਰਾ ਘਿਉ ਉਹਦੇ ਢਿੱਡ ‘ਚ ਗਿਐ। ਦਾਰੂ ਨੂੰ ਪੈਸੇ ਮੰਗੂ ਤਾਂ ਕਦੇ ਜਵਾਬ ਨੀ ਦਿੱਤਾ। ਚਾਹੇ ਔਖੀ ਹੋਮਾਂ, ਸਖਾਲੀ ਹੋਮਾਂ।’
ਨਾਜਰ ਪੀੜ੍ਹੀ ਉੱਤੇ ਓਥੇ ਬੈਠਾ ਇਕ ਡੱਕਾ ਚੁੱਕ ਕੇ ਹੱਥਾਂ ਵਿਚ ਪੂਣੀ ਵੱਟਣ ਵਾਂਗ ਘੁਮਾਉਂਦਾ ਰਿਹਾ। ਭਾਂਡੇ ਮਾਂਜਣ ਪਿੱਛੋਂ ਹਰਨਾਮੀ ਨੇ ਚਾਹ ਧਰ ਲਈ। ਦੋ ਬਾਟੀਆਂ ਵਿਚ ਚਾਹ ਪਾ ਕੇ ਉਹ ਪੀ ਰਹੇ ਸਨ ਕਿ ਖੇਤੋਂ ਪਾਲੀ ਕੱਖਾਂ ਦੀ ਭਰੀ ਲੈ ਕੇ ਆ ਗਿਆ। ਉਹਨੇ ਭਰੀ ਸੁੱਟੀ ਤੇ ਇੱਟ ਉੱਤੇ ਬੈਠ ਕੇ ਆਪਣੀ ਗਰਦਨ ਸਹਿਲਾਉਣ ਲੱਗਿਆ। ਫੇਰ ਪੱਗ ਉਤਾਰ ਲਈ। ਸਿਰ ਉੱਤੇ ਹੱਥ ਫੇਰਿਆ ਤੇ ਪੱਗ ਦੇ ਵਲ ਜਿਹੇ ਕੱਢ ਕੇ ਉਹਨੂੰ ਦੁਬਾਰਾ ਲੜਾਂ ਨੂੰ ਭੈਣ-ਚਿਣ ਕੇ ਬੰਨ੍ਹਣ ਲੱਗਿਆ। ਜਿਵੇਂ ਸੋਚ ਰਿਹਾ ਹੋਵੇ ਤੇ ਹੈਰਾਨ ਹੁੰਦਾ ਹੋਵੇ ਕਿ ਅੱਜ ਅਰਜਣ ਦੀ ਥਾਂ ਇਹ ਨਵਾਂ ਬੰਦਾ ਨਾਜਰ ਕਿਵੇਂ ਉਸ ਘਰ ਵਿਚ ਧਰਨਾ ਦੇਈ ਬੈਠਾ ਹੈ ?
ਹਰਨਾਮੀ ਨੇ ਪਤੀਲੇ ਦੀ ਬਚੀ ਪਈ ਥੋੜੀ ਜਿਹੀ ਚਾਹ ਵਿਚ ਇਕ ਪਲਾ ਤੌੜੀ ਦਾ ਦੁੱਧ ਪਾਇਆ ਤੇ ਬਾਟੀ ਭਰ ਕੇ ਪਾਲੀ ਨੂੰ ਤੜਾ ਦਿੱਤੀ । ਉਹਦੇ ਨਾਲ ਖੇਤ ਦੀਆਂ ਗੱਲਾਂ ਕਰਨ ਲੱਗੀ।
ਘਰੋਂ ਬਾਹਰ ਜਾਂਦਾ ਨਾਜਰ ਪਾਲੀ ਨੂੰ ਕਹਿੰਦਾ, ‘ਭਰੀ ਤਾਂ ਕੁਸ ਨੀ ਓਏ ਛੋਟਿਆ, ਕੁਸ ਤਾਂ ਕੱਖ ਪਾ ਕੇ ਲਿਆਇਆ ਕਰ। ਐਨੇ ਕੁ ਕੱਖਾਂ ਨਾਲ ਕੀ ਹੁੰਦਾ ਹੋਊ ਓਏ ਮੈਂਸ ਨੂੰ ?
ਪਾਲੀ ਬੋਲਿਆ, ‘ਹੋਰ ਫੇਰ, ਜਿੰਨੀ ਕੁ ਚੱਕੀ ਜਾਂਦੀ ਐ, ਲੈ ਔਨਾਂ। ਏਦੂੰ ਬਹੁਤੀ ਚੱਕੀ ਹੀ ਨਹੀਂ ਜਾਂਦੀ ਮੈਥੋਂ ।
ਹਰਨਾਮੀ ਪਾਲੀ ਦੀ ਗੱਲ ਉੱਤੇ ਨਿੱਕਾ ਨਿੱਕਾ ਹੱਸਣ ਲੱਗੀ। ਨਾਜਰ ਵੀ ਹੱਸਦਾ ਹੱਸਦਾ ਚਲਿਆ ਗਿਆ ।
12
ਅਰਜਣ ਨੂੰ ਪਤਾ ਨਹੀਂ ਕਿੱਥੋਂ ਸੋਅ ਹੋ ਗਈ ਕਿ ਨਾਜਰ ਹਰਨਾਮੀ ਕੋਲ ਗਿਆ ਸੀ ਤੇ ਖਾਸਾ ਚਿਰ ਬੈਠਾ ਗੱਲਾਂ ਕਰਦਾ ਰਿਹਾ ਹੈ। ਉਹ ਦੂਜੇ ਦਿਨ ਹੀ ਹਰਨਾਮੀ ਦੇ ਪਾਲੀ ਨੂੰ ਫੜ ਕੇ ਬੈਠ ਗਿਆ । ਪਾਲੀ ਸਵੇਰੇ ਸਵੇਰੇ ਖੇਤ ਨੂੰ ਕੱਖ ਲੈਣ ਜਾ ਰਿਹਾ ਸੀ। ਉਹ ਪਹੇ ਵਿਚ ਟੱਕਰ ਗਏ ਸਨ। ਅਰਜਣ ਨੇ ਪਾਲੀ ਦੀ ਬਾਂਹ ਫੜੀ ਤੇ ਉਹਨੂੰ ਪਹੇ ਦੀ ਭੜੀਂਅ ਟਪਾ ਕੇ ਖੇਤ ਵਿਚ ਟਾਹਲੀ ਥੱਲੇ ਲੈ ਗਿਆ। ਉਹਤੋਂ ਉਧਰਿਆ-ਉਧਰਿਆ ਕੇ ਗੱਲਾਂ ਪੁੱਛਣ ਲੱਗਿਆ । ‘ਕੱਲ੍ਹ ਉਹ ਕਦੋਂ ਆਇਆ ਸੀ ਘਰ ?’
‘ਐਂ ਤਾਂ ਪਤਾ ਨੀ, ਮੈਂ ਜਦੋ ਕੱਖਾਂ ਦੀ ਭਰੀ ਲੈ ਕੇ ਗਿਆਂ, ਉਹ ਘਰੇ ਬੈਠਾ ਸੀ।’
‘ਹਰਨਾਮੀ ਤੇ ਨਾਜਰ ਕੀ ਗੱਲਾਂ ਕਰੀਂ ਜਾਂਦੇ ਸੀ, ਜਦੋਂ ਤੂੰ ਗਿਐਂ ?
‘ਜਦੋਂ ਮੈਂ ਭਰੀ ਸਿੱਟੀ ਨਾ, ਉਹ ਚਾਹ ਪੀਈਂ ਜਾਂਦੇ ਸੀ। ਗੱਲ ਕਰਦੇ ਤਾਂ ਕੋਈ ਦੀਂਹਦੇ ਨੀ ਸੀ । ਚੁੱਪ ਨ੍ਹੇ ਬੈਠੇ ਸੀ ।
‘ਫੇਰ ਉਹ ਗਿਆ ਕਦੋਂ ?’
‘ਓਦੀਂ ਬੱਸ ਵਗ ਗਿਆ। ਮੈਨੂੰ ਵੀ ਚਾਹ ਦੇ ‘ਤੀ ਹਰਨਾਮੀ ਨੇ । ਮੈਂ ਬਾਟੀ ਮੂੰਹ ਨੂੰ ਲਾਈ ਈ ਸੀ। ਮੈਨੂੰ ਕਹਿੰਦਾ-ਅਖੇ ਭਰੀ ਤਾਂ ਕੁਸ਼ ਨੀ ਓਏ ਛੋਟਿਆ। ਐਨੇ ਕੁ ਕੱਖਾਂ ਨਾਲ ਕੀ ਹੁੰਦਾ ਹੋਊ।
‘ਫੇਰ ਤੈਂ ਕੀ ਆਖਿਆ ?’
‘ਮੈਂ ਆਖਿਆ-ਜਿੰਨੀ ਕੁ ਚੱਕੀ ਜਾਂਦੀ ਐ, ਲੈ ਔਨਾਂ। ਫੇਰ ਨੀ ਬੋਲਿਆ, ਹੱਸਦਾ ਹੱਸਦਾ ਵਗ ਗਿਆ।’
‘ਪਹਿਲਾਂ ਵੀ ਕਦੇ ਆਇਐ ਘਰੇ ?’
‘ਨਾ, ਪਹਿਲਾਂ ਤਾਂ ਕਦੇ ਮੈਂ ਦੇਖਿਆ ਨੀ ਉਹਨੂੰ। ਖਾਸਾ ਚਿਰ ਹੋ ਗਿਆ, ਇਕ ਵਾਰੀ ਗਿੰਦਰ ਨੂੰ ਘਰ ਛੱਡਣ ਆਇਆ ਸੀ।’
‘ਕਿਉਂ, ਕੀ ਹੋ ਗਿਆ ਸੀ ਗਿੰਦਰ ਨੂੰ ?’
‘ਇਹ ਤਾਂ ਪਤਾ ਨੀ, ਸੂਏ ਤੋਂ ਲੈ ਕੇ ਆਇਆ ਸੀ ਉਹਨੂੰ।
‘ਓਦਣ ਵੀ ਬੈਠਾ ਰਹਿਆ ਹੋਣੈ ਹਰਨਾਮੀ ਕੋਲ ?’
‘ਹਾਂ, ਓਦਣ ਵੀ ਗੱਲਾਂ ਜੀਆਂ ਮਾਰ ਕੇ ਗਿਆ ਸੀ।’
‘ਹੁਣ ਦੂਜੀ ਵਾਰ ਕਿਉਂ ਆਇਆ ਸੀ, ਸਾਲਾ, ਭੇਡਾਂ ਦਾ ਗੂੰਹ ?’
‘ਇਹ ਤਾਂ ਬਾਈ ਸਿਆਂ ਪਤਾ ਨੀ, ਹਰਨਾਮੀ ਨੂੰ ਪਤਾ ਹੋਊ ।’ ਪਾਲੀ ਖੜ੍ਹਾ ਹੋ ਗਿਆ। ਉਹਨੂੰ ਵਿਚਲੀ ਗੱਲ ਦਾ ਕੋਈ ਪਤਾ ਨਹੀਂ ‘ਸੀ। ਉਹਨੇ ਖੇਤ ਜਾਣ ਦੀ ‘ਕਾਹਲ ਦਿਖਾਈ।
‘ਚੰਗਾ, ਜਿੱਦਣ ਫੇਰ ਆਇਆ ਨਾ ਕਦੇ ਓਹੋ; ਬਿੜਕ ਰੱਖੀਂ, ਮੈਨੂੰ ਦੱਸੀਂ । ਤੂੰ ਤਾਂ ਘਰਦਾ ਮੁੰਡੈਂ। ਤੈਨੂੰ ਇਕ ਦਿਨ ਦਾਰੂ ਪਿਆਉਣੀ ਐ।’
‘ਬੱਸ, ਦਾਰੂ ਤਾਂ ਮੈਂ ਪੀਂਦਾ ਈ ਨੀ ਹੁੰਦਾ । ਊਂ ਤੈਨੂੰ ਦੱਸ ਦੂੰ, ਜਿੱਦਣ ਫੇਰ ਆਇਆ ਨਾਜਰ ਕਦੇ । ਪਾਲੀ ਖੇਤ ਨੂੰ ਤੁਰ ਗਿਆ।
ਓਥੋਂ ਚੱਲ ਕੇ ਅਰਜਣ ਆਪਣੀ ਬੈਠਕ ਵਿਚ ਆਇਆ। ਅਜੇ ਤਾਂ ਸੂਰਜ ਵੀ ਉੱਚਾ ਨਹੀਂ ਹੋਇਆ ਸੀ । ਬੋਤਲ ਵਿਚ ਬਚੀ ਪਈ ਸ਼ਰਾਬ ਉਹਨੇ ਕੌਲੀ ਵਿਚ ਪਾ ਲਈ। ਬਗੈਰ ਪਾਣੀ ਹੀ ਪੀ ਗਿਆ। ਉੱਤੋਂ ਦੀ ਇਕ ਘੁੱਟ ਪਾਣੀ ਦੀ ਭਰ ਲਈ ਬੱਸ । ਮੰਜੇ ਉੱਤੇ ਬੈਠਾ ਕੁਝ ਨਾ ਕੁਝ ਸੋਚਦਾ ਰਿਹਾ। ਉਹਨੂੰ ਮੁੜ ਮੁੜ ਗੁੱਸਾ ਚੜ੍ਹਦਾ-ਕੁੱਤੀ ਰੰਨ, ਉਹਨੂੰ ਜਾਣ ਕੇ ਨਾ ਕਿਤੇ ਸੱਦਦੀ ਹੋਵੇ। ਉਹਦਾ ਜੀਅ ਕਰਦਾ ਕਿ ਉਹ ਹਰਨਾਮੀ ਕੋਲ ਹੁਣੇ ਜਾਵੇ ਤੇ ਉਹਨੂੰ ਸ਼ਾਂਤੀ ਨਾਲ ਪੁੱਛੇ ਕਿ ਭੇਡਾਂ ਵਾਲਾ ਉਹਦੇ ਕੋਲ ਕਿਉਂ ਆਉਂਦਾ ਹੈ। ਸਿੱਧਾ ਮੈਨੂੰ ਆਖ ਦੇਵੇ ਕਿ ਹੁਣ ਮੈਂ ਨਾ ਜਾਇਆ ਕਰਾਂ ਉਹਦੇ ਕੋਲ। ਦੂਜੇ ਬਿੰਦ ਉਹਨੂੰ ਨਾਜਰ ਉੱਤੇ ਹਰਖ ਆਉਣ ਲਗਦਾ-ਹਰਨਾਮੀ ਨਾਲ ਮੇਰੀ ਯਾਰੀ ਨੂੰ ਤਾਂ ਸਾਰਾ ਪਿੰਡ ਜਾਣਦਾ ਹੈ। ਇਹ ਕੋਈ ਲੁਕੀ-ਛਿਪੀ ਗੱਲ ਐ ਕਿਤੇ? ਫੇਰ ਨਾਜਰ ਨਹੀਂ ਜਾਣਦਾ ? ਜੇ ਉਹ ਜਾਣਦਾ ਹੈ ਤਾਂ ਮੇਰੇ ਉੱਤੋਂ ਦੀ ਕਿਉਂ ਜਾਂਦਾ ਹੈ ਹਰਨਾਮੀ ਦੇ ਘਰ ? ਉਹਨੂੰ ਮੇਰਾ ਨਹੀਂ ਪਤਾ ? ਉਹ ਸਮਝਦਾ ਕੀਹ ਐ ਮੈਨੂੰ ? ਮੈਂ ਤਾਂ ਜਾੜ੍ਹਾਂ ਕੱਢ ਕੇ ਰੱਖ ਦਿਊਂ ਮੇਰੇ ਸਾਲੇ ਦੀਆਂ।
ਉਹਨੇ ਇਕ ਕੌਲੀ ਹੋਰ ਚਾੜ੍ਹ ਲਈ। ਉਹਦੀ ਭਤੀਜੀ ਲੂਣ ਵਾਲੀਆਂ ਬੇਸਣੀਆਂ ਦੋ ਰੋਟੀਆਂ, ਧਾਲੀ ਵਿਚ ਮਖਣੀ ਦਾ ਰੁੱਗ ਤੇ ਖੱਟੀ ਲੱਸੀ ਦਾ ਕੰਗਣੀ ਵਾਲਾ ਵੱਡਾ ਗਲਾਸ ਲੈ ਆਈ। ਕਹਿੰਦੀ, ‘ਚਾਚਾ, ਹਾਜਰੀ ਖਾ ਲੈ । ਹੁਣੇ ਖਾ ਲੈ । ਫੇਰ ਰੋਟੀਆਂ ਠੰਡੀਆਂ ਹੋ ਜਾਣਗੀਆਂ । ਬੇਬੇ ਨੇ ਆਖਿਐ।’
ਕੁੜੀ ਦੀ ਗੱਲ ਉੱਤੇ ਉਹ ਥੋੜਾ ਜਿਹਾ ਮੁਸਕਰਾਇਆ, ਪਰ ਉਹਦੇ ਦਿਮਾਗ ਵਿਚ ਨਾਜਰ ਓਵੇਂ ਬੈਠਾ ਹੋਇਆ ਸੀ। ਉਹ ਮੰਜੇ ਉੱਤੇ ਟੇਢਾ ਹੋ ਗਿਆ ਤੇ ਹਰਨਾਮੀ ਸਬੰਧੀ ਹੋਰ ਸੋਚਣ ਲੱਗਿਆ, ‘ਕੰਜਰ ਦੀ ਜਾਤ ਖਾਤਰ ਮੈਂ ਤਾ ਲੁਟਾ ‘ਤ ਆਪਣੇ ਆਪ ਨੂੰ, ਤੇ ਉਹ ਨਵਾਂ ਖਸਮ ਕਰਨ ਨੂੰ ਫਿਰਦੀ ਐ। ਸਮਝਦੀ ਕੀਹ ਐ, ਮੈਂ ਤਾਂ ਟੰਗਾਂ ਤੋੜ ਦੂੰ। ਤੇ ਫੇਰ ਉਹਨੂੰ ਲੱਗਿਆ, ਹਰਨਾਮੀ ਦਾ ਕੋਈ ਕਸੂਰ ਨਹੀਂ ਹੋਵੇਗਾ। ਜੀਹਨੇ ਮੇਰੀ ਖਾਤਰ ਆਪਣਾ ਆਦਮੀ ਛੱਡ ਦਿੱਤਾ, ਸਾਧ ਤੋਂ ਕਮਲਾ ਕਰਵਾ ਦਿੱਤਾ, ਔਹ ਫਿਰਦਾ ਹੈ ਪਾਗ਼ਲ ਬਣਿਆ, ਉਹ ਮੈਨੂੰ ਛੱਡ ਕੇ ਹੁਣ ਹੋਰ ਕਿਸੇ ਦੀ ਬੁੱਕਲ ਵਿਚ ਨਹੀਂ ਜਾ ਸਕਦੀ। ਇਹ ਤਾਂ ਲੋਕ ਹੀ ਕੰਜਰ ਨੇ । ਉਤੋਂ ਦੀ ਕਾਠੀ ਪਾਉਣ ਨੂੰ ਫਿਰਦੇ ਐ। ਬੋਤਲ ਵਿਚ ਬਾਕੀ ਰਹਿੰਦੀ ਇਕ ਕੌਲੀ ਵੀ ਉਹਨੇ ਪੀ ਲਈ ਤੇ ਮਖਣੀ ਨਾਲ ਰੋਟੀ ਖਾਣ ਲੱਗਿਆ। ਲੱਸੀ ਨਹੀਂ ਪੀਤੀ। ਹਰਦਿੱਤ ਨੂੰ ਹਾਕ ਮਾਰੀ । ਉਹ ਘਰ ਨਹੀਂ ਹੋਵੇਗਾ। ਕੈਲੋ ਆਈ ਤੇ ਪੁੱਛਿਆ, ‘ਕੀ ਐ ਚਾਚਾ ?’ ਉਹਨੇ ਪਾਣੀ ਦੀ ਗੜਵੀ ਮੰਗਵਾਈ ਤੇ ਉਂਜਲ ਨਾਲ ਪਾਣੀ ਪੀ ਕੇ ਓਥੇ ਹੀ ਮੰਜੇ ਉਤੇ ਟੇਢਾ ਹੋ ਗਿਆ। ਉਤੋਂ ਦੀ ਖੇਸ ਲੈ ਕੇ ਮੂੰਹ-ਸਿਰ ਢੱਕ ਲਿਆ। ਥੋੜੀ ਦੇਰ ਬਾਆਦ ਉਹਨੂੰ ਨੀਂਦ ਆਉਣ ਲੱਗੀ।
ਦੁਪਹਿਰ ਰੋਟੀ ਉਹਨੇ ਨਹੀਂ ਖਾਧੀ। ਕੈਲੋ ਨੇ ਬੈਠਕ ਵਿਚ ਆ ਕੇ ਹਾਕਾਂ ਮਾਰੀਆਂ, ਪਰ ਉਹ ਜਾਗਿਆ ਨਹੀਂ। ਪਿਛਲੇ ਪਹਿਰ ਉਠਿਆ। ਪਾਣੀ ਲੈ ਕੇ ਮੂੰਹ-ਹੱਥ ਧੋਤਾ। ਪੱਗ ਤੇ ਚਾਦਰਾ ਖੋਲ੍ਹ ਕੇ ਦੁਬਾਰਾ ਬੰਨ੍ਹੇ । ਹੱਥ ਵਿਚ ਗੰਡਾਸਾ ਲੈ ਕੇ ਘਰੋਂ ਬਾਹਰ ਹੋ ਗਿਆ। ਸੱਥ ਵਿਚ ਖੁੰਢ ਉੱਤੇ ਬੈਠਾ ਰਿਹਾ। ਦਿਨ ਛਿਪਣ ਲੱਗਿਆ ਤਾਂ ਘੁੱਦੇ ਝਿਉਰ ਦੇ ਘਰ ਨੂੰ ਹੋ ਲਿਆ । ਉਹ ਘਰ ਹੀ ਸੀ। ਕਹਿੰਦਾ, ‘ਘੁੱਦਿਆ, ਹੈ ਕੋਈ ਅਧੀਆ-ਪਊਆ ?’
‘ ਹਾਂ,ਬੋਲ ?’
‘ਇਕ ਅਧੀਆ ਦੇ ਦੇ ਫੇਰ । ਦੇਈਂ ਚੰਗਾ। ਪੈਸੇ ਮਨਮਰਜੀ ਦੇ ਲੈ ਲੈ ।’
‘ਦਾਰੂ ਤਾਂ ਅਰਜਣਾ ਪਹਿਲੇ ਤੋੜ ਦੀ ਐ। ਕੱਲ੍ਹ ਈ ਕੱਢੀ ਸੀ। ਫੈਬੇ ਨੂੰ ਅੱਗ ਲਗਦੀ ਐ। ਦੇਖ ਲੈ ਚਾਹੇ ।’
ਅਧੀਆ ਉਹਨੇ ਡੱਬ ਵਿਚ ਟੰਗਿਆ ਤੇ ਹਰਨਾਮੀ ਦੇ ਘਰ ਆ ਗਿਆ। ਉਹ ਰੋਟੀ ਪਕਾਉਣ ਦਾ ਆਹਰ ਜਿਹਾ ਕਰ ਰਹੀ ਸੀ। ਚੌਤਰੇ ਤੋਂ ਥੋੜਾ ਜਿਹਾ ਹਟਵਾਂ ਛੋਟਾ ਪਾਲੀ ਖੜ੍ਹਾ ਸੀ। ਨਾਲ ਦੀ ਨਾਲ ਉਹ ਪਾਲੀ ਨਾਲ ਕੋਈ ਗੱਲ ਵੀ ਕਰਦੀ ਜਾ ਰਹੀ ਸੀ। ਦਰਵਾਜ਼ੇ ਵਿਚ ਆ ਕੇ ਅਰਜਣ ਨੇ ਖੰਘੂਰ ਮਾਰੀ।
‘ਆ ਗਿਆ ਵਰੀ ਦਾ ਤਿਉਰ ?’ ਹਰਨਾਮੀ ਹੱਸੀ । ਪਾਲੀ ਵੀ ਹੱਸਣ ਲਗਿਆ।
‘ਸਾਲਿਓ, ਹੱਸੀਂ ਕੀ ਜਾਨੇ ਓਂ ਓਏ ?’ ਅਰਜਣ ਨੇ ਭੋਲਾ ਜਿਹਾ ਬਣ ਕੇ ਪੁੱਛਿਆ। ਹਰਨਾਮੀ ਉਹਦੇ ਕੋਲ ਆਈ ਤੇ ਉਹਦਾ ਮੂੰਹ ਸੁੰਘਣ ਲੱਗੀ। ਉਹ ਕਹਿੰਦਾ, ‘ਪੀਤੀ ਨੀ, ਪੀਣੀ ਐ, ਕੌਲੀ-ਭਾਂਡਾ ਦੇਹ ਕੋਈ।’
ਉਹ ਉਹਨੂੰ ਬਾਹੋਂ ਫੜ ਕੇ ਬੈਠਕ ਵਿਚ ਲੈ ਗਈ। ਬੈਠਕ ਵਿਚ ਲਾਲਟੈਣ ਜਗਾ ਦਿੱਤੀ। ਦੂਜੀ ਵਾਰ ਆਈ ਤਾਂ ਪਾਣੀ ਦੀ ਗੜਵੀ ਤੇ ਕੋਲੀ ਦੇ ਗਈ। ਜਾਣ ਲੱਗੀ ਤਾਂ ਅਰਜਣ ਨੇ ਉਹਨੂੰ ਬਾਹੋਂ ਫੜ ਲਿਆ। ਕਹਿੰਦਾ, ‘ ਇਕ ਛਿੱਟ ਲੈ ਵੀ ਜਾਹ। ਨਾਲੇ ਇਕ ਗੱਲ ਕਰਨੀ ਐਂ ਤੇਰੇ ਨਾਲ ।’
‘ਗੱਲਾਂ ਜਿੰਨੀਆਂ ਮਰਜੀ, ਗੱਲਾਂ ਕਰਨ ‘ਤੇ ਈ ਆਂ। ਮੈਂ ਰੋਟੀ ਪਕਾ ਲਾਂ ਪਹਿਲਾਂ । ਪਾਲੀ ਨੂੰ ਰੋਟੀ ਦੇਣੀ ਐ।’
‘ਖਿਚੜੀ ਨੀ ਪਈ? ਖਿਚੜੀ ਦੀ ਬਾਟੀ ਭਰ ਤੇ ਤੁਰਦਾ ਕਰ ਪਾਲੀ ਨੂੰ ।
‘ਅੱਜ ਖਿਚੜੀ ਧਰਨ ਈ ਨੀ ਹੋਈ। ਮਖਿਆ, ਚੱਲ ਰੋਟੀਆਂ ਲਾਹ ਲੈਨੀ ਆਂ ਦੋ ਦੋ। ਕਿਹੜਾ ਵੱਡਾ ਗਾਹੜ ਐ ਕੋਈ।’
ਇਕ ਕੌਲੀ ਹਰਨਾਮੀ ਨੂੰ ਦੇ ਕੇ ਇਕ ਕੌਲੀ ਅਰਜਣ ਨੇ ਆਪ ਪੀ ਲਈ। ਉਹ ਬੈਠਕ ਵਿਚ ਹੀ ਬੈਠਾ ਰਿਹਾ ਤੇ ਕੋਈ ਗੀਤ ਜਿਹਾ ਗਾਉਣ ਲੱਗਿਆ । ਹਰਨਾਮੀ ਚੁੱਲ੍ਹੇ ਕੋਲ ਗਈ ਤੇ ਅੱਗ ਮਚਾ ਕੇ ਰੋਟੀ ਪਕਾਉਣ ਲੱਗੀ । ਸਾਬਤ ਮੂੰਗੀ ਦੀ ਦਾਲ ਉਹਨੇ ਹਾਰੇ ਧਰ ਰੱਖੀ ਸੀ । ਦਾਲ ਘੋਟ ਕੇ ਪਾਲੀ ਦੀ ਬਾਟੀ ਵਿਚ ਦੋ ਕੜਛੀਆਂ ਪਾਈਆਂ ਤੇ ਤਿੰਨ ਮੰਨਾਂ ਵਰਗੀਆਂ ਰੋਟੀਆਂ ਉਹਦੇ ਹੱਥਾਂ ਉਤੇ ਰੱਖ ਦਿੱਤੀਆਂ । ਥੋੜਾ ਜਿਹਾ ਆਟਾ ਉਹਨੇ ਪਰਾਂਤ ਵਿਚ ਹੋਰ ਗੁੰਨ੍ਹ ਲਿਆ। ਛੇ-ਸੱਤ ਰੋਟੀਆਂ ਲਾਹ ਲਈਆਂ । ਪਾਲੀ ਨੇ ਰੋਟੀ ਖਾ ਕੇ ਪਾਣੀ ਮੰਗਿਆ। ਹਰਨਾਮੀ ਨੇ ਉਹਦੀ ਦਾਲ ਨਾਲ ਲਿੱਬੜੀ ਬਾਟੀ ਪਾਣੀ ਦੀ ਭਰ ਦਿੱਤੀ ਤੇ ਫੇਰ ਤੌੜੀ ਦਾ ਦੁੱਧ ਰਿੜਕਣੇ ਵਿਚ ਵਧਾਉਣ ਲੱਗੀ । ਪਾਲੀ ਨੂੰ ਕਹਿੰਦੀ, ‘ਦੁੱਧ ਪੀ ਕੇ ਜਾਈਂ ਵੇ । ਪ੍ਰੈੱਸ ਦੀ ਸੰਨ੍ਹੀ ਦੇਖ, ਖਾ ਲੀ ? ਫੇਰ ਧਾਰ ਕਢਦੀ ਆਂ ਮੈਂ ।’
ਪਾਲੀ ਭੈਂਸ ਦੀ ਖੁਰਲੀ ਵਿਚ ਨਿਗਾਅ ਮਾਰ ਕੇ ਆਇਆ ਤੇ ਕਹਿੰਦਾ, ‘ਬੱਸ ਖਾ ਲੀ ਸਮਝ । ਬਾਲਟੀ ਤਿਆਰ ਕਰ, ਧਾਰ ਨੂੰ ।
ਉਹਨੇ ਇਕ ਕੌਲੀ ਵਿਚ ਦਾਲ ਪਾਈ, ਵਿਚ ਮਖਣੀ ਪਾ ਕੇ ਤੇ ਇਕ ਚਮਚਾ ਰੱਖ ਕੇ ਉਹ ਪਾਲੀ ਨੂੰ ਕਹਿੰਦੀ, ‘ਤੂੰ ਖੜ੍ਹਾ ਰਹਿ ਐਥੇ ਈ ਚੌਂਤਰੇ ਕੋਲ। ਕੁੱਤੇ-ਬਿੱਲੀ ਤੋਂ ਨਿਗਾਅ ਰੱਖੀਂ, ਮੈਂ ਔਨੀ ਆਂ।’
ਉਹ ਬੈਠਕ ਵਿਚ ਗਈ ਤਾਂ ਅਰਜਣ ਨੇ ਕੌਲੀ ਵਿਚ ਦਾਰੂ ਪਾਉਣ ਲਈ ਅਧੀਆ ਫੜਿਆ ਹੋਇਆ ਸੀ। ਆਪ ਪੀ ਕੇ ਉਹਨੇ ਇਕ ਕੌਲੀ ਹਰਨਾਮੀ ਨੂੰ ਭਰ ਦਿੱਤੀ। ਉਹ ਕਹਿੰਦੀ, ‘ਨਹੀਂ, ਮੈਂ ਤਾਂ ਬੱਸ ਤੂੰ ਪੀ। ਆਹ ਦਾਲ ਪਈ ਐ। ਮੈਂ ਤਾਂ ਧਾਰ ਕੱਢਣੀ ਐ ਹਾਲੇ। ਪਾਲੀ ਗਿਆ ठी।’
ਅਰਜਣ ਨੇ ਉਹਦੀ ਬਾਂਹ ਫੜਨੀ ਚਾਹੀ। ਪਰ ਉਹ ਤਾਂ ਹਵਾ ਦੇ ਬੁੱਲੇ ਵਾਂਗ ਬੈਠਕ ਵਿਚੋਂ ਬਾਹਰ ਨਿਕਲ ਗਈ ਸੀ। ਦੋ ਚਮਚੇ ਮੂੰਹ ਵਿਚ ਪਾ ਕੇ ਅਰਜਣ ਨੇ ਦਾਲ ਦਾ ਸੁਆਦ ਦੇਖਿਆ।
ਦਾਰੂ ਬਹੁਤ ਤਿੱਖੀ ਸੀ। ਕੌਲੀ ਵਿਚ ਪਾਈ ਦਾਰੂ ਉਹਨੇ ਓਵੇਂ ਪਈ ਰਹਿਣ ਦਿੱਤੀ। ਦਾਲ ਵਾਲੀ ਕੌਲੀ ਵੱਡੀ ਸੀ। ਦਾਲ ਵਾਲੀ ਕੌਲੀ ਨਾਲ ਦਾਰੂ ਵਾਲੀ ਕੌਲੀ ਢੱਕ ਦਿੱਤੀ ।
ਹਰਨਾਮੀ ਨੇ ਪ੍ਰੈੱਸ ਦੀ ਧਾਰ ਕੱਢੀ। ਰਿੜਕਣੇ ਵਿਚ ਕੱਚਾ ਦੁੱਧ ਪਾ ਦਿੱਤਾ । ਪਤੀਲੇ ਵਿਚ ਰੱਖੇ ਪੱਕੇ ਦੁੱਧ ਵਿਚ ਹੁਣ ਦੀ ਕੱਢੀ ਧਾਰ ਦਾ ਥੋੜਾ ਜਿਹਾ ਦੁੱਧ ਪਾਇਆ ਤੇ ਪਤੀਲਾ ਚੁੱਲ੍ਹੇ ਉਤੇ ਧਰ ਦਿਤਾ। ਵਿਚ ਦੋ ਰੋੜੀਆਂ ਗੁੜ ਦੀਆਂ ਸੁੱਟ ਦਿੱਤੀਆਂ। ਹੇਠ ਤੇਜ਼ ਅੱਗ ਮਚਾ ਦਿੱਤੀ । ਬਾਕੀ ਰਹਿੰਦਾ ਕੱਚਾ ਦੁੱਧ ਡੋਲੂ ਭਰ ਕੇ ਉਹਨੇ ਵਰਾਂਢੇ ਵਿਚ ਕਿੱਲੇ ਉੱਤੇ ਟੰਗ ਦਿੱਤਾ, ਤੜਕੇ ਦੀ ਚਾਹ ਵਾਸਤੇ। ਚੁੱਲ੍ਹੇ-ਧਰਿਆ ਕੱਚਾ-ਪੱਕਾ ਦੁੱਧ ਜਦੋਂ ਉਬਾਲਾ ਖਾ ਗਿਆ ਤਾਂ ਪਤੀਲਾ ਉਹਨੇ ਥੱਲੇ ਲਾਹ ਲਿਆ ਤੇ ਦੋ ਪਲੇ ਭਰਕੇ ਪਾਲੀ ਦੀ ਬਾਟੀ ਵਿਚ ਪਾਏ । ਪਾਲੀ ਤੱਤਾ-ਤੱਤਾ ਦੁੱਧ ਸੜ੍ਹਾਕੇ ਮਾਰ-ਮਾਰ ਪੀਣ ਲੱਗਿਆ।
ਰਿੜਕਣਾ ਸੰਭਾਲ ਕੇ ਉਹਨੇ ਰੋਟੀਆਂ ਨੂੰ ਪੋਣੇ ਵਿਚ ਵਲ੍ਹੇਟਿਆ ਤੇ ਛਾਬੇ ਵਿਚ ਧਰ ਕੇ ਉਹਨੂੰ ਆਲੇ ਵਿਚ ਰੱਖ ਦਿੱਤਾ। ਆਲੇ ਨੂੰ ਕੁੰਡਾ ਲਾ ਦਿੱਤਾ ਤੇ ਕੁੰਡੇ ਵਿਚ ਢੀਂਡੀ ਵੀ ਅੜਾ ਦਿੱਤੀ। ਦਾਲ ਵਾਲਾ ਤਪਲਾ ਚੁੱਲ੍ਹੇ ਮੂਹਰੇ ਅੱਗ ਕੱਢ ਕੇ ਰੱਖ ਦਿੱਤਾ। ਦੁੱਧ ਵਾਲੇ ਪਤੀਲੇ ਨੂੰ ਵਰਾਂਢੇ ਵਿਚ ਰੱਖਿਆ। ਉੱਤੇ ਪਰਾਂਤ ਰੱਖ ਕੇ ਦੋ ਡਬਲ ਇੱਟਾਂ ਧਰ ਦਿੱਤੀਆਂ ।
ਪਾਲੀ ਘਰ ਨੂੰ ਗਿਆ ਤਾਂ ਉਹ ਬੈਠਕ ਵਿਚ ਅਰਜਣ ਕੋਲ ਆ ਬੈਠੀ। ਅਰਜਣ ਨੇ ਢੱਕੀ ਪਈ ਕੌਲੀ ਦੀ ਸ਼ਰਾਬ ਪੀ ਲਈ ਸੀ । ਹੁਣ ਉਹ ਚੁੱਪ ਕੀਤਾ ਛੱਤਣ ਵੱਲ ਝਾਕੀਂ ਜਾ ਰਿਹਾ ਸੀ।
‘ਹੁਣ ਦੱਸ ਕੀ ਐ ?’ ਹਰਨਾਮੀ ਉਹਦੇ ਮੰਜੇ ਉੱਤੇ ਹੀ ਉਹਦੇ ਨਾਲ ਘੁਸੜ ਕੇ ਬੈਠ ਗਈ।
ਅਰਜਣ ਠੀਕ ਹੋ ਕੇ ਬਹਿ ਗਿਆ। ਕੌਲੀ ਵਿਚ ਉਹਨੇ ਦਾਰੂ ਪਾਈ । ਵਿਚ ਥੋੜਾ ਪਾਣੀ ਪਾ ਕੇ ਕੌਲੀ ਹਰਨਾਮੀ ਨੂੰ ਫੜਾ ਦਿੱਤੀ। ਉਹਨੇ ਪੀ ਲਈ ਤੇ ਧੁੜਧੜੀ ਲਈ। ਕਹਿੰਦੀ, ਕੌੜੀ ਐ। ਇਕ ਚਮਚਾ ਦਾਲ ਦਾ ਮੂੰਹ ਵਿਚ ਪਾ ਕੇ ਅਰਜਣ ਵੱਲ ਹਸਰਤ-ਭਰੀਆਂ ਨਜ਼ਰਾਂ ਨਾਲ ਝਾਕਣ ਲੱਗੀ। ਹਰਨਾਮੀ ਦੀਆਂ ਅੱਖਾਂ ਵਿਚ ਪਿਆਜੀ ਰੰਗ ਉੱਤਰ ਆਇਆ ਸੀ।
ਇਕ ਕੌਲੀ ਅਰਜਣ ਨੇ ਆਪਣੇ ਲਈ ਪਾ ਲਈ। ਪੀ ਕੇ ਸੁੱਕਾ ਸੁੱਕਾ ਖੰਘਣ ਲੱਗਿਆ। ਅਧੀਆ ਹੁਣ ਖਾਲੀ ਸੀ। ਉਹ ਹਰਨਾਮੀ ਤੋਂ ਦੂਰ ਹੋ ਕੇ ਬੈਠ ਗਿਆ। ਪੁੱਛਣ ਲੱਗਿਆ, ‘ਕੱਲ੍ਹ ਨਾਜਰ ਆਇਆ ਸੀ ਐਥੇ ?’
‘ਕਿਹੜਾ ਨਾਜਰ ?’ ਹਰਨਾਮੀ ਨੇ ਅੱਖਾਂ ਛੋਟੀਆਂ ਕਰਕੇ ਹੈਰਾਨੀ ਜਿਹੀ ਦਿਖਾਈ।
‘ਨਾਜਰ ਨੀ ਜਾਣਦੀ, ਭੇਡਾਂ ਆਲਾ, ਮੈਂਗਲ ਕਾ ?’
‘ਹੱਛਿਆ, ਹੱਛਿਆ, ਓਹੋ ? ਮਖਿਆ, ਪਤਾ ਨੀ ਕਿਹੜੇ ਨਾਜਰ ਦੀ ਗੱਲ ਕਰਦੈ। ਹਾਂ, ਆਇਆ ਸੀ ਕੱਲ੍ਹ ।’
‘ਕੀ ਕਹਿੰਦਾ ਸੀ ?’ ਅਰਜਣ ਮੀਸਣਾ ਬਣ ਕੇ ਬੈਠਾ ਹੋਇਆ ਸੀ । ਗੋਡੇ ਇੱਕਠੇ ਕਰਕੇ ਉਤੋਂ ਦੀ ਬਾਹਾਂ ਵਲ ਲਈਆਂ ਸਨ। ਠੋਡੀ ਨੂੰ ਇਕ ਗੋਡੇ ਨਾਲ ਵਾਰ-ਵਾਰ ਘਸਾ ਰਿਹਾ ਸੀ।
‘ਬੱਸ, ਊਈਂ ਆ ਗਿਆ, ਵਚਾਰਾ। ਦੇਖੀਂ ਨਾ, ਕਹਿਣਾ ਕੀ ਸੀ ਉਹਨੇ ?’
‘ਵਚਾਰਾ ? ਉਹ ਵਚਾਰੈ, ਭੈਣ ਗੜ੍ਹਾਵਾ ?’
‘ਕਿਉਂ, ਤੈਨੂੰ ਕੀ ਸ਼ੱਕ ਹੋ ਗਿਆ ਉਹਦੇ ‘ਤੇ ?’
‘ਤੂੰ ਨੀ ਜਾਣਦੀ, ਉਹ ਤਾਂ ਪੱਕਾ ਕੰਜਰ ਐ, ਭੈਣ ਦਾ ਜਾਰ।’
‘ਹੱਛਾ ?’
‘ਨਾ ਤੈਨੂੰ ਕਹਿੰਦਾ ਕੀ ਸੀ ? ਕਿਉਂ ਆਇਆ ਸੀ ?’
‘ਕਹਿਣਾ ਕੀ ਸੀ, ਬੱਸ ਗਿੰਦਰ ਦਾ ਹਾਲ-ਚਾਲ ਪੁੱਛਦਾ ਰਹਿਆ। ਹੋਰ ਤਾਂ ਕੁਸ ਨੀ ਆਖਿਆ ਮੈਨੂੰ । ਬੱਸ, ਥੋੜਾ ਚਿਰ ਈ ਬੈਠਾ ਸੀ ਉਹ ਤਾਂ।’
ਅਰਜਣ ਉਹਦੇ ਚਿਹਰੇ ਵੱਲ ਲਗਾਤਾਰ ਝਾਕੀਂ ਜਾ ਰਿਹਾ ਸੀ । ਉਹਦੇ ਚਿਹਰੇ ਤੋਂ ਉਹ ਕੁਝ ਜਾਣਨਾ ਚਾਹੁੰਦਾ ਸੀ । ਚਾਹੁੰਦਾ ਸੀ, ਗੱਲਾਂ ਵਿਚੋਂ ਹੀ ਕੋਈ ਗੱਲ ਨਿੱਕਲ ਆਵੇ । ਪਰ ਹਰਨਾਂਮੀ ਵੀ ਪੱਕੀ ਸੀ। ਉਹਨੇ ਇਸ ਤਰ੍ਹਾਂ ਗੱਲਾਂ ਕੀਤੀਆਂ ਜਿਵੇਂ ਨਾਜਰ ਦਾ ਉਹਦੇ ਘਰ ਆਉਣਾ ਕੋਈ ਖਾਸ ਗੱਲ ਨਾ ਹੋਵੇ ।
ਥੋੜਾ ਚਿਰ ਹੋਰ ਬੈਠ ਕੇ ਉਹ ਬੈਠਕ ਵਿਚੋਂ ਉੱਠੀ ਤੇ ਕਹਿੰਦੀ, ‘ਬੱਸ, ਹੋਰ ਤਾਂ ਨੀ पीटी ?’
‘ਹੋਰ ਕਿੱਥੇ ਐ ਹੁਣ ? ਅਧੀਆ ਲਿਆਂਦਾ ਸੀ, ਮੁੱਕ ਗਿਆ।’
‘ਪੀਣੀ ਐਂ ਤਾਂ ਲਿਆ ਦਿੰਨੀ ਆਂ। ਓਦਣ ਦੀ ਪਊਆ ਕੁ ਬਚੀ ਪਈਐ ਬੋਤਲ ‘ਚ।’
‘ਹੱਛਾ, ਅਜੇ ਤਾਈਂ ਰੱਖੀਂ ਬੈਠੀ ਐਂ ? ਮੈਂ ਤਾਂ ਸਮਝਿਆ, ਤੂੰ ਡੱਫ ਗੀ ਹੋਮੇਂਗੀ।’
‘ਮੈਂ ’ਕੱਲੀ ਕਦੇ ਨੀ ਪੀਂਦੀ ਹੁੰਦੀ, ਚਾਹੇ ਸੌ ਬੋਤਲ ਪਈ ਹੋਵੇ । ਤੈਨੂੰ ਕਿਹੜਾ ਪਤਾ ਨੀ ।
ਇਹ ਤਾਂ ਬੱਸ ਤੂੰ ਈ ਐਂ, ਜੀਹਦੇ ਹੱਥੋਂ ਲੈ ਕੇ ਪੀਣ ਨੂੰ ਜੀਅ ਕਰਦਾ ਰਹਿੰਦੈ। ਐਮੇਂ ਓਸ ਸ਼ਿਆਮੋ ਕੰਜਰੀ ਨੇ ਚਸਕਾ ਪਾ ‘ਤਾ ਮੈਨੂੰ।’
‘ਚੰਗਾ, ਚੱਕ ਲਿਆ ਫੇਰ, ਕਿੱਥੇ ਐ ਬੋਤਲ ।’
ਉਹ ਸਬਾਤ ਵਿਚ ਪਈ ਬੋਤਲ ਲੈ ਆਈ। ਕਹਿਣ ਲੱਗੀ, ‘ਮੈਂ ਤਾਂ ਬੱਸ। ਤੂੰ ਪੀ ਲੈ, ਜਿੰਨੀ ਕੁ ਲੋੜ ਐ।’
‘ਇਕ ਕੌਲੀ ਤਾਂ ਲੈ । ਹੋਰ ਫੇਰ ਨਾ ਪੀਈਂ ਬੇਸ਼ੱਕ ।’ ਉਹਨੇ ਮੱਲੋ-ਮੱਲੀ ਇਕ ਕੌਲੀ ਭਰ ਕੇ ਹਰਨਾਮੀ ਅੱਗੇ ਕਰ ਦਿੱਤੀ।
ਕੌਲੀ ਖਾਲੀ ਕਰਕੇ ਉਹ ਰੋਟੀ ਲੈਣ ਲਈ ਚੌਂਤਰੇ ਉੱਤੇ ਆ ਗਈ। ਦੋ ਕੌਲੀਆਂ ਵਿਚ ਦਾਲ ਪਾਈ, ਵਿਚ ਖਾਸੀ ਮਖਣੀ। ਇਕ ਥਾਲੀ ਵਿਚ ਸਾਰੀਆਂ ਰੋਟੀਆਂ ਰੱਖ ਕੇ ਬੈਠਕ ਵਿਚ ਲੈ ਆਈ। ਅਰਜਣ ਕੌਲੀ ਚਾੜ੍ਹ ਚੁੱਕਿਆ ਸੀ। ਉਹਨੂੰ ਖਾਸਾ ਨਸ਼ਾ ਹੋ ਚੱਲਿਆ ਸੀ। ਰੋਟੀ ਖਾਂਦੇ ਉਹਨੇ ਇਕ ਕੌਲੀ ਹੋਰ ਭਰ ਲਈ। ਹਰਨਾਮੀ ਨੂੰ ਕਹਿੰਦਾ, ‘ਅੱਧੀ ਤੂੰ ਲੈ ਲੈ ।’
ਉਹ ਕਹਿੰਦੀ, ‘ਰਾਮ ਰਾਮ ਕਰ। ਐਨੀ ਮੈਥੋਂ ਕਿੱਥੇ ਝੱਲੀ ਜਾਂਦੀ ਐ । ਮੇਰੇ ਤਾਂ ਐਨੀ ਨਾਲ ਈ ਪੈਰ ਥਿੜਕਦੇ ਫਿਰਦੇ ਐ।’
ਰੋਟੀ ਖਾ ਕੇ ਉਹ ਬੈਠ ਗਏ। ਅਰਜਣ ਪੁੱਛਣ ਲੱਗਿਆ, ‘ਭਾਂਡਾ-ਟੀਂਡਾ ਸਾਂਭ ‘ਤਾ मङ ?’
‘ਉਹ ਤਾ ਤੜਕੇ ਦੇਖਿਆ ਜਾਊ ਹੁਣ। ਦੇਖੀ ਨਾ, ਤੂੰ ਆਇਓਂ ਦੱਸ, ਬਈ ਪੈਣਾ ਐਥੇ ਈ ਐ ਕਿ ਜਾਏਂਗਾ ?’
‘ਜਾਣਾ ਮੈਂ ਹੁਣ ਕਿੱਧਰ ਐਂ? ਹੁਣ ਤਾਂ ਆ ਗਿਆ ਮੈਂ ਜਿੱਥੇ ਔਣਾ ਸੀ, ਹੁਣ ਹੋਰ ਢੋਈ ਕਿਥੇ।’
ਹਰਨਾਮੀ ਮੰਜਾ ਵਿਛਾਉਣ ਲੱਗੀ। ਅਰਜਣ ਆਪਣੇ ਮੰਜੇ ਤੋਂ ਖੜ੍ਹਾ ਹੋ ਗਿਆ। ਤੇ ਲੋਰ ਜਿਹੇ ਵਿਚ ਆ ਕੇ ਹਰਨਾਮੀ ਨੂੰ ਛੇੜਨ ਲੱਗਿਆ। ਕਹਿੰਦਾ, ‘ਕੰਜਰ ਦੀਏ, ਧੋਖਾ ਨਾ ਦੇ ਜੀਂ ਕਿਤੇ। ਹੁਣ ਤਾਂ ਹੋਰ ਬੰਦੇ ਵੀ ਔਣ ਲੱਗ ਪੇ ਤੇਰੇ ਕੋਲ।’
ਉਹ ਲਾਚੜ ਗਈ ਸੀ। ਕਹਿੰਦੀ ‘ਕਿਉਂ, ਤੂੰ ਕੱਲੇ ਨੇ ਠੇਕਾ ਲਿਆ ਹੋਇਆ ਮੇਰਾ ?’
‘ਹੋਰ ਕਿਤੇ ਨਹੀਂ। ਮੇਰਾ ਸਾਲਾ ਕੋਈ ਹੱਥ ਲਾ ਕੇ ਤਾਂ ਦੇਖੇ ਤੈਨੂੰ।’
‘ਐਡਾ ਆ ਗਿਆ ਤੂੰ ਸੂਰਮਾ ?
‘ਹਾਂ, ਦੇਖ ਲੀਂ ਫੇਰ।’
‘ਠੇਕਾ ਲਿਆ ਹੋਇਐ ਤਾਂ ਲੈ ਚੱਲ ਮੈਨੂੰ ਆਵਦੇ ਘਰ । ਵਸਾਅ ਮੈਨੂੰ ਆਵਦੇ। ਲੱਤਾਂ ‘ਚ ਪੂਛ ਕਾਹਨੂੰ ਚੀੜਦੈਂ ਫੇਰ ?’
‘ਘਰੇ ਕਿਮੇਂ ਲੈ ਜਾਂ ਤੈਨੂੰ ? ਕੀ ਪਤੈ ਤੇਰਾ ? ਖਬਰੈ, ਕਿੰਨੇ ਕੁ ਦੇਖੇ ਹੋਣਗੇ ਤੂੰ ਪਹਿਲਾਂ ਮੇਰੇ ਅਰਗੇ। ਅਜੇ ਵੀ ਕੀ ਪਤੈ ?’
ਔਰਤ ਕਿੰਨੀ ਵੀ ਬਦਕਾਰ ਹੋਵੇ, ਅਜਿਹਾ ਮਿਹਣਾ ਕਦੇ ਨਹੀਂ ਝਲਦੀ। ਕਹਿੰਦੀ, ‘ਤਾਂ ਫੇਰ ਨਾਜਰ ਦਾ ਕੀ ਡਰ ਐ ਤੈਨੂੰ ?
ਇਕਦਮ ਅਰਜਣ ਦੇ ਕੰਨ ਖੜ੍ਹੇ ਹੋ ਗਏ। ਕਹਿੰਦਾ, ‘ਹਾਂ, ਇਹੀ ਤਾਂ ਕਹੋਣਾ ਸੀ ਤੈਥੋਂ। ਇਹਦਾ ਮਤਲਬ ਹੁਣ ਉਹ ਵੀ…’
‘ਹਾਂ, ਉਹ ਵੀ ਤਾਂ.. ਉਹ ਵੀ ਸਹੀ। ਤੇਰੇ ਕੱਲੇ ਦੀ ਮੈਂ ਬੈ ਤਾਂ ਨੀ ਕਰਾਈ ਹੋਈ ?” ਉਹ ਅਣਜਾਣੇ ਹੀ ਕਿਸੇ ਲੋਰ ਜਿਹੇ ਵਿਚ ਆ ਕੇ ਆਖ ਗਈ।
ਚੰਗਾ-ਭਲਾ ਗੱਲਾਂ ਕਰਦਾ ਉਹ ਭਖ ਉੱਠਿਆ। ਢਿੱਲਾ ਜਿਹਾ ਕਰਕੇ ਇਕ ਥੱਪੜ ਹਰਨਾਮੀ ਦੇ ਕੰਨ ਉੱਤੇ ਜੜ ਦਿਤਾ। ਕੜਕਿਆ, ‘ਮੈਂ ਤਾਂ ਜਾਨ ਕੱਢ ਕੇ ਰੱਖ ਦੂੰ, ਸਾਲੇ ਮੇਰੇ ਦੀਏ । ਸੜ੍ਹਾਂ ਖਿੱਚ ਦੂੰ ਤੇਰੀਆਂ।’ ਉਹਨੇ ਇਕ ਮੁੱਕਾ ਵੱਟ ਕੇ ਉਹਦੀ ਵੱਖੀ ਵਿਚ ਮਾਰਿਆ।
ਉਹ ਥੱਲੇ ਡਿੱਗ ਪਈ। ਵੱਖੀ ਘੁੱਟਣ ਲੱਗੀ। ਉਹਦੇ ਕੋਲੋਂ ਰੋਇਆ ਨਹੀਂ ਜਾ ਰਿਹਾ ਸੀ। ਜੱਫੀ ਭਰਕੇ ਅਰਜਣ ਨੇ ਉਹਨੂੰ ਮੰਜੇ ਉੱਤੇ ਸੁੱਟ ਲਿਆ। ਲਾਲਟੈਣ ਦੀ ਬੱਤੀ ਨੀਵੀਂ ਕਰ ਦਿਤੀ। ਮੋਹ ਦਾ ਦਿਖਾਵਾ ਜਿਹਾ ਕਰਕੇ ਪੁੱਛਣ ਲੱਗਿਆ, ‘ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾ ਆਈ ਸੀ ?’
13
ਅਰਜਣ ਵੱਡੇ ਤੜਕੇ ਉੱਠ ਕੇ ਆਪਣੇ ਘਰ ਨੂੰ ਚਲਿਆ ਗਿਆ । ਥੋੜੀ ਦੇਰ ਬਾਅਦ ਹੀ ਹਰਨਾਮੀ ਉੱਠੀ । ਪਾਣੀ ਦੀ ਗੜਵੀ ਭਰੀ ਤੇ ਦਰਵਾਜ਼ੇ ਦਾ ਬਾਹਰਲਾ ਕੁੰਡਾ ਲਾ ਕੇ ਬਾਹਰ ਨੂੰ ਚੱਲ ਪਈ। ਉਹ ਸਿੱਧੀ ਨਾਜਰ ਦੇ ਵਾੜੇ ਪਹੁੰਚੀ। ਕੁੱਲੀ ਵਿਚ ਉਹ ਹੈਗਾ ਸੀ ਤੇ ਇਕੱਲਾ ਸੀ। ਹਰਨਾਮੀ ਜਾਣਸਾਰ ਬੂਕਣ ਲੱਗ ਪਈ । ਨਾਜਰ ਸੁਣਦਾ ਰਿਹਾ। ਫੇਰ ਪੁੱਛਿਆ, ‘ਗੱਲ ਵੀ ਦੱਸ ਕੋਈ ? ਠੀਕ ਹੋ ਕੇ ਬੈਠ।
ਉਹਨੇ ਅੱਖਾਂ ਪੂੰਝੀਆਂ। ਸਾਹ ਖਿੱਚ-ਖਿੱਚ ਦੱਸਣ ਲੱਗੀ, ‘ਮੇਰੇ ਤਾਂ ਵਾਦ ਪੈ ਗਿਆ ਕਬੀਅ, ਜਾਨ ਲੈ ਕੇ ਛੱਡੂ ਮੇਰੀ।’
‘ਕੀਹਦੀ ਗੱਲ ਕਰਦੀ ਐਂ ? ਗਿੰਦਰ ?’
‘ਉਹ ਨੀ, ਝੰਡੇ ਕਾ। ਅਰਜਣ, ਟੁੱਟ ਜਾਣਾ। ਮੈਂ ਤਾਂ ਕਹਿਨੀ ਆਂ ਪਲੇਗ ਨਿੱਕਲੇ, ਜਿਹੜੀ ਕੀਤੀ ਐ ਮੇਰੇ ਨਾਲ ।’
‘ਰਾਤ ਤੇਰੇ ਕੋਲ ਸੀ ਉਹ?’
‘ਹਾਂ, ਓਥੇ ਈ ਅੱਗ ਲਗਦਾ ਸੀ । ਹਾਂ ਹਾਂ ਅਖੇ, ਨਾਜਰ ਔਂਦੈ ਤੇਰੇ ਕੋਲ। ਮੇਰੇ ਤਾਂ ਆਹ ਵੱਖੀ ‘ਚ ਮਾਰਿਆ ਕੁਸ, ਢਹਿ ਜਾਣੇ ਨੇ । ਪਤਾ ਨੀ ਕੀ ਮਾਰਿਐ।’
‘ਕੋਈ ਨੀ, ਇਹਦਾ ‘ਲਾਜ ਵੀ ਕਰ ਲਾਂ ਗੇ, ਤੂੰ ਚੁੱਪ ਹੋ ਜਾ ਬੱਸ । ਐਮੇਂ ਕਾਹਨੂ ਅੱਖਾਂ ਗਾਲਦੀ ਐਂ ?’
ਨਾਜਰ ਉਠਿਆ। ਕਹਿੰਦਾ, ‘ਪਹਿਲਾਂ ਚਾਹ ਕਰਦੇ ਆਂ । ਤੂੰ ਵੀ ਪੀ ਲੀਂ ਬੁੱਕ । ਠੀਕ ਹੋ ਕੇ ਬੈਠ ਜਾ । ਖੇਸ ਲੈ ਲੈ ਉੱਤੇ । ਕੁੰਗੜੀ ਜੀ ਬੈਠੀ ਐਂ। ਪੈ ਜਾ, ਜੇ ਪੈਣੇਂ
ਧਰਤੀ ਵਿਚ ਟੋਆ ਪੁੱਟ ਕੇ ਕੱਚੇ ਡਲਿਆਂ ਦੇ ਬਣਾਏ ਚੁੱਲ੍ਹੇ ਉੱਤੇ ਨਾਜਰ ਨੇ ਪਤੀਲੀ ਵਿਚ ਇਕ ਗੜਵੀ ਪਾਣੀ ਦੀ ਪਾ ਕੇ ਚਾਹ ਧਰ ਦਿੱਤੀ। ਇਕ ਪਾਸੇ ਤਿਲਾਂ ਦੇ ਸੱਲਰੇ, ਕੜਬ ਦੇ ਟਾਂਡੇ, ਗੁਆਰੇ ਦੇ ਡੰਡਲ ਤੇ ਕਪਾਹ ਦੀਆਂ ਛਟੀਆਂ ਦਾ ਰਲਿਆ-ਮਿਲਿਆ ਜਿਹਾ ਢੇਰ ਲਾਇਆ ਹੋਇਆ ਸੀ। ਇਕ ਰੁੱਗ ਭਰ ਕੇ ਉਹਨੇ ਚੁੱਲ੍ਹੇ ਵਿਚ ਸੁੱਟਿਆ ਤੇ ਅੱਗ ਮਚਾ ਦਿਤੀ। ਪਤੀਲੀ ਦੇ ਪਾਣੀ ਵਿਚ ਚਾਹ ਦੀ ਪੱਤੀ ਸੁੱਟ ਕੇ ਉੱਤੇ ਢੱਕਣ ਦੇ ਦਿਤਾ। ਚਾਹ ਉੱਬਲੇ ਤੋਂ ਉਹਨੇ ਇਕ ਰੁੱਗ ਚੁੱਲ੍ਹੇ ਵਿਚ ਹੋਰ ਸੁੱਟਿਆ ਤੇ ਪਤੀਲੀ ਵਿਚ ਗੁੜ ਦੀਆਂ ਰੋੜੀਆਂ ਪਾ ਦਿੱਤੀਆਂ । ਗੜਵੀ ਵਿਚ ਪਾਣੀ ਲੈ ਕੇ ਉਹ ਭੇਡਾਂ ਦੇ ਛਤਣੇ ਥੱਲੇ ਗਿਆ । ਬੱਕਰੀ ਨੂੰ ਕੰਨੋਂ ਫੜ ਕੇ ਖੜ੍ਹੀ ਕੀਤਾ। ਥਣਾਂ ਉੱਤੇ ਪਾਣੀ ਦੇ ਛਿੱਟੇ ਮਾਰ ਕੇ ਗੜਵੀਂ ਵਿਚ ਦੁੱਧ ਚੋਅ ਲਿਆ। ਵਾਪਸ ਆਇਆ ਤਾਂ ਪਤੀਲੀ ਵਿਚ ਚਾਹ ਦਾ ਪਾਣੀ ਗਰਨਾਟੇ ਮਾਰੀਂ ਜਾਂਦਾ ਸੀ। ਬਿੰਦੇ-ਬਿੰਦੇ ਡੂੰਡਾ ਉਠਦਾ । ਦੁੱਧ ਦੀ ਸਾਰੀ ਗੜਵੀ ਉਹਨੇ ਪਤੀਲੀ ਵਿਚ ਉਲੱਦ ਦਿਤੀ । ਬਾਲਣ ਦਾ ਇਕ ਝੋਕਾ ਹੋਰ ਲਾ ਦਿਤਾ । ਜਦੋਂ ਐਨ ਉੱਬਲ ਗਈ ਤਾਂ ਪਤੀਲੀ ਉਹਨੇ ਥੱਲੇ ਲਾਹ ਲਈ ਤੇ ਦੋ ਬਾਟੀਆਂ ਚਾਹ ਦੀਆਂ ਭਰ ਲਈਆਂ। ਮੰਜੇ ਉੱਤੋਂ ਉੱਠ ਕੇ ਹਰਨਾਮੀ ਉਹਦੇ ਕੋਲ ਚੁੱਲ੍ਹੇ ਲੌਣੇ ਆ ਬੈਠੀ ਸੀ। ਦੋਵੇਂ ਜਣੇ ਘੁੱਟੀਂ-ਘੁੱਟੀਂ ਚਾਹ ਪੀਣ ਲੱਗੇ। ਘੁੱਟਾਂ ਭਰਦੇ ਇਕ ਦੂਜੇ-ਵੱਲ ਦੇਖ ਲੈਂਦੇ । ਚੁੱਲ੍ਹੇ ਦੀ ਅੱਗ ਦੇ ਘੁਸ-ਮੁਸੇ ਚਾਨਣ ਵਿਚ ਉਹਨਾਂ ਦੀਆਂ ਅੱਖਾਂ ਬੇਸ਼ੁਮਾਰ ਗੱਲਾਂ ਕਰਦੀਆਂ।
ਪਹੁ ਪਾਟ ਚੁੱਕੀ ਸੀ। ਨਾਜਰ ਨੇ ਸੋਚ-ਸੋਚ ਕੇ ਹਰਨਾਮੀ ਸਾਹਮਣੇ ਇਕ ਤਜਵੀਜ਼ ਰੱਖੀ, ‘ਤੂੰ ਇਕ ਦਿਨ ਉਹਨੂੰ ਆਪਣੇ ਘਰੇ ਬੁਲਾਅ। ਰਾਤ ਰੱਖ ਉਹਨੂੰ, ਜਿਮੇਂ ਹੁਣ ਰਹਿ ਕੇ ਗਿਐ। ਊ ਹੂੰ, ਸਾਰੀ ਰਾਤ ਨੀ, ਅੱਧੀ ਰਾਤ ਉਹਨੂੰ ਕਿਮੇਂ ਨਾ ਕਿਮੇਂ ਘਰੋਂ ਬਾਹਰ ਕਰਦੇ। ਪਰ ਓਸ ਵੇਲੇ ਉਹਦੀ ਦਾਰੂ ਪੂਰੀ ਪੀਤੀ ਹੋਵੇ। ਓਦੂੰ ਪਿੱਛੋਂ ਅਸੀਂ ਜਾਣੀਏ, ਅਸੀਂ ਜਾਣੀਏ। ਮੁੜ ਕੇ ਨੀ ਤੇਰੇ ਕੋਲ ਔਂਦਾ ਫੇਰ।’ ਤੇ ਫੇਰ ਨਾਜਰ ਨੇ ਹਰਨਾਮੀ ਦਾ ਹੱਥ ਆਪਣੇ ਹੱਥ ਵਿਚ ਲੈ ਕੇ ਸਹੁੰ ਖਾਧੀ, ‘ਤੇਰਾ ਮੇਰਾ ਧਰਮ ਰਹਿਆ, ਤੈਨੂੰ ਆਵਦੇ ਘਰ ਵਸਾਊਂ।’
‘ਦੇਖੀ ਨਾ, ਪਰ ਪਹਿਲਾਂ ਅਰਜਣ ਦਾ ਕੰਡਾ ਕੱਢੇਗਾ, ਤਾਂ ਈ ਨਾ ।’ ਹਰਨਾਮੀ ਨੇ ਨਾਜਰ ਦਾ ਹੱਥ ਘੁੱਟਿਆ।
‘ਬੱਸ, ਹੁਣ ਤੂੰ ਦੇਖੇਂਗੀ, ਕੀ ਕਰਦੇ ਆਂ ਅਸੀ।’ ਨਾਜਰ ਨੇ ਪੂਰੀ ਦਿਲਚਸਪੀ ਦਿਖਾਈ।
ਉਹ ਕੁੱਲੀ ਵਿਚੋਂ ਬਾਹਰ ਨਿਕਲੀ। ਵਾੜੇ ਦੇ ਬਾਰ ਮੂਹਰੇ ਆ ਕੇ ਆਸਾ-ਪਾਸਾ ਜਿਹਾ ਦੇਖਿਆ। ਤੁਰਦੇ-ਫਿਰਦੇ ਬੰਦਿਆਂ ਦੇ ਆਕਾਰ ਦਿਸਣ ਲੱਗ ਪਏ ਸਨ । ਭਰੀ-ਭਰਾਈ ਪਾਣੀ ਦੀ ਗੜਵੀ ਹੱਥ ਵਿਚ ਲੈ ਕੇ ਉਹ ਅੱਖ ਦੇ ਫੋਰ ਵਿਚ ਹੀ ਰੂੜੀਆਂ ਵਿਚ ਕਿਧਰੇ ਛਿਪਣ ਹੋ ਗਈ।
ਓਸ ਦਿਨ ਨਾਜਰ ਭੇਡਾਂ ਦਾ ਇੱਜੜ ਭਾਈਰੂਪੇ ਵੱਲ ਲੈ ਗਿਆ । ਪਹੇ ਪਹੇ ਜਾ ਕੇ ਇੱਜੜ ਵੱਡੇ ਬੋਹੜ ਕੋਲ ਇਕ ਖਾਲੀ ਵਾਹਣ ਵਿਚ ਬਿਠਾ ਦਿੱਤਾ। ਕੁਝ ਭੇਡਾਂ ਏਧਰ-ਓਹਰ ਝਾੜੀਆਂ ਉੱਤੇ ਮੂੰਹ ਮਾਰਨ ਲੱਗੀਆਂ। ਉਹਦੇ ਨਾਲ ਚੂਹੜਿਆਂ ਦਾ ਮੁੰਡਾ ਪਾਲੀ ਰਲਿਆ ਹੋਇਆ ਸੀ। ਦੁਪਹਿਰ ਦੀ ਰੋਟੀ ਉਹ ਨਾਲ ਹੀ ਪੱਲੇ ਬੰਨ੍ਹ ਕੇ ਲੈ ਜਾਂਦੇ । ਕੁਝ ਅਚਾਰ ਤੇ ਗੰਢੇ ਵੀ। ਗੁੜ-ਚਾਹ ਵੀ ਨਾਲ ਰਖਦੇ। ਨਾਜਰ ਕੋਲ ਇਕ ਸੱਜਰ-ਸੂਈ ਬੱਕਰੀ ਸੀ । ਬੱਕਰੀ ਦਾ ਕੀ ਹੁੰਦੈ, ਜਦੋਂ ਮਰਜੀ ਫੜੋ ਤੇ ਚੋ ਲਵੋ। ਬੱਕਰੀ ਦੇ ਦੋ ਮੇਮਣੇ ਸਨ। ਉਹਨਾਂ ਨੂੰ ਦੁੱਧ ਦਾ ਰਜਾ ਕੇ ਉਹ ਵਾੜੇ ਵਿਚ ਹੀ ਟੋਕਰੇ ਥੱਲੇ ਦੇ ਜਾਂਦਾ। ਭੇਡਾਂ ਨਾਲ ਇਕ ਕੁੱਤਾ ਵੀ ਰਹਿੰਦਾ-ਬਘਿਆੜ ਵਰਗੇ ਮੂੰਹ ਵਾਲਾ ਕੌੜ। ਲੋਕਾਂ ਦੇ ਖਾਲੀ ਵਾਹਣਾਂ ਤੇ ਵੱਢਾਂ ਵਿਚ ਭੇਡਾਂ ਨੂੰ ਚਾਰਦੇ-ਹੱਕਦੇ ਉਹ ਦੁਪਹਿਰ ਤੱਕ ਕਿਸੇ ਦੇ ਖਾਲੀ ਵਾਹਣ ਵਿਚ ਜਾ ਕੇ ਇੱਜੜ ਬਿਠਾ ਦਿੰਦੇ । ਪਿਛਲੇ ਪਹਿਰ ਦੀ ਚਾਹ ਬਣਾਉਂਦੇ ਤੇ ਪੀ ਕੇ ਫੇਰ ਇੱਜੜ ਨੂੰ ਪਿੰਡ ਵੱਲ ਹੱਕ ਲੈਂਦੇ। ਦਿਨ ਦੇ ਛਿਪਾਅ ਨਾਲ ਪਿੰਡ ਆ ਵੜਦੇ। ਕਦੇ ਕਦੇ ਕੋਈ ਜ਼ਿਮੀਂਦਾਰ ਨਾਜਰ ਦੇ ਇੱਜੜ ਨੂੰ ਆਪਣੇ ਵਾਹਣ ਵਿਚ ਦੋ-ਦੋ, ਤਿੰਨ-ਤਿੰਨ ਰਾਤਾਂ ਵੀ ਬਿਠਾਉਂਦਾ। ਵਾਹਣ ਵਿਚ ਪਿਆ ਭੇਡਾਂ ਦੇ ਇੱਜੜ ਦਾ ਰੇਹ ਬਹੁਤ ਉੱਤਮ ਗਿਣਿਆ ਜਾਂਦਾ। ਕੋਈ ਕੋਈ ਜ਼ਿਮੀਦਾਰ ਤਾਂ ਆਪਣੇ ਖੇਤ ਵਿਚ ਦੋ-ਦੋ, ਤਿੰਨ-ਤਿੰਨ ਇੱਜੜ ਇੱਕਠੇ ਬਿਠਾਉਂਦੇ। ਫੇਰ ਫਸਲ ਹੁੰਦੀ, ਬੱਸ ਛੱਡ ਦਿਓ ਗੱਲਾਂ। ਪਰ ਖੇਤਾਂ ਵਿਚ ਇੰਜ ਰਾਤ ਨੂੰ ਇੱਜੜ ਬਿਠਾਉਣਾ ਬੜਾ ਖ਼ਤਰਨਾਕ ਸਮਝਿਆ ਜਾਂਦਾ । ਕਈ ਕਈ ਆਦਮੀਆਂ ਦਾ ਪਹਿਰਾ ਰੱਖਣਾ ਪੈਂਦਾ। ਬਘਿਆੜ ਪੈਣ ਦਾ ਡਰ ਰਹਿੰਦਾ। ਚੋਰੀ ਕਰਨ ਵਾਲੇ ਵੀ ਖੈਰ ਨਾ ਗੁਜ਼ਾਰਦੇ। ਵੱਡੀ ਉਮਰ ਦੇ ਲੇਲੇ ਉਡਾ ਲਏ ਜਾਂਦੇ । ਲੜਾਈਆਂ ਹੋ ਪੈਂਦੀਆਂ । ਖੂਨ-ਖ਼ਰਾਬਾ ਠਲ੍ਹਿਆ ਨਾ ਜਾਂਦਾ। ਇੱਜੜ ਬਿਠਾਈ ਦਾ ਜ਼ਿਮੀਦਾਰ ਨੇ ਮੁਆਵਜ਼ਾ ਦੇਣਾ ਹੁੰਦਾ। ਭੇਡਾਂ ਦੀ ਗਿਣਤੀ ਤੇ ਰਾਤਾਂ ਦੇ ਹਿਸਾਬ ਨਕਦ ਰਪਈਏ।
ਉਸ ਦਿਨ ਪਿਛਲੇ ਪਹਿਰ ਦੀ ਚਾਹ ਪੀ ਕੇ ਨਾਜਰ ਨੇ ਇੱਜੜ ਨੂੰ ਬੈਠਾ ਹੀ ਰਹਿਣ ਦਿੱਤਾ। ਪਾਲੀ ਨੂੰ ਆਖਿਆ ਕਿ ਉਹ ਭੇਡਾਂ ਦੀ ਤਕੜਾਈ ਰੱਖੇ । ਆਪ ਉਹ ਭਾਈਰੂਪੇ ਦੇ ਰਾਹ ਪੈ ਗਿਆ। ਕਹਿੰਦਾ ‘ਬੱਸ ਹੁਣੇ ਆਇਆ ਮੁੜ ਕੇ । ਘੰਟਾ ਮਸਾਂ ਲਾਊਂਗਾ।’
ਭਾਈਰੂਪਾ ਓਥੋਂ ਮਸਾਂ ਇਕ ਕੋਹ ਸੀ। ਉਹ ਜਾਂਦਾ ਹੀ ਘੀਚਰ ਦੇ ਘਰ ਗਿਆ। ਸਬੱਬ ਨਾਲ ਹੀ ਉਹ ਘਰੈ ਮਿਲ ਗਿਆ। ਨਹੀਂ ਤਾਂ ਹਮੇਸ਼ਾ ਹੀ ਉਹ ਕਿਧਰੇ ਨਾ ਕਿਧਰੇ ਟਿੱਭਿਆ ਰਹਿੰਦਾ। ਪਿੰਡ ਆਉਂਦਾ ਤਾਂ ਇਕ-ਦੋ ਰਾਤਾਂ ਮਸਾਂ ਕਟਦਾ। ਉਹ ਤਾਂ ਪਿੰਡਾਂ ਵਿਚ ਹੀ ਫਿਰਦਾ-ਤੁਰਦਾ ਰਹਿੰਦਾ। ਆਪਣਾ ਇਲਾਕਾ ਛੱਡ ਕੇ ਦੂਰ ਦੂਰ ਦੇ ਪਿੰਡਾਂ ਵਿਚ ਜਾਂਦਾ। ਤੀਵੀਂ ਖਿਸਕਾਉਣਾ ਉਹਦੇ ਖੱਬੇ ਹੱਥ ਦਾ ਕਰਤੱਵ ਸੀ। ਬੱਸ ਉਹਨੂੰ ਐਨੀ ਕੁ ਭਿਣਕ ਪੈ ਜਾਵੇ ਕਿ ਤੀਵੀਂ ਦੀ ਆਪਣੇ ਆਦਮੀ ਨਾਲ ਬਣਦੀ ਨਹੀਂ ਜਾਂ ਉਹਦਾ ਆਦਮੀ ਕਮਜ਼ੋਰ ਹੈ, ਉਹ ਦੋ ਦਿਨ ਤੋਂ ਵੱਧ ਨਹੀਂ ਲਾਉਂਦਾ ਸੀ। ਅਗਲੇ ਦੇ ਘਰ ਹੀ ਨਹੀਂ ਦਿਲਾਂ ਵਿਚ ਡੂੰਘਾ ਜਾ ਉੱਤਰਦਾ। ਪੱਕਾ ਯਕੀਨ ਬੰਨ੍ਹਾ ਦਿੰਦਾ ਕਿ ਉਹ ਘਰ ਦਾ ਹੀ ਬੰਦਾ ਹੈ। ਮਿੱਠਾ-ਪਿਆਰਾ ਹੱਦੋਂ ਵੱਧ। ਆਪ ਵੀ ਸੋਹਣਾ-ਸੁੱਣਖਾ ਬਹੁਤ ਸੀ। ਹੱਡਾਂ ਦਾ ਤਕੜਾ ਵੀ ਸੀ। ਡਾਂਗ ਵਾਹੁਣੀ ਜਾਣਦਾ ਸੀ। ਕੋਲ ਗੰਡਾਸੀ ਰਖਦਾ। ਨਾਜਰ ਨੂੰ ਸਿਆਣ ਕੇ ਉਹ ਉਹਨੂੰ ਆਪਣੇ ਬਾਹਰਲੇ ਘਰ ਲੈ ਗਿਆ। ਓਥੇ ਬੈਠਕ ਵਿਚ ਬਿਠਾ ਕੇ ਉਹਦੀ ਸਾਰੀ ਗੱਲ ਸੁਣੀ ਤੇ ਪੂਰਾ ਦਿਲ ਧਰਾਇਆ।
ਨਾਜਰ ਕਹਿੰਦਾ, ‘ਵੱਡੇ ਭਾਈ, ਮੈਂ ਤਾਂ ਤੇਰੇ ਰੱਖਣ ਦਾਂ। ਤੇਰੀ ਕਿਰਪਾ ਨਾਲ ਮੇਰਾ ਕੰਮ ਬਣ ਜੂ। ਤੂੰ ਤਾਂ ਛੱਤੀਆਂ ਪੱਤਣਾਂ ਦਾ ਤਾਰੂ ਐਂ। ਲਾ ਦੇ ਬੱਸ ਦਮਰਦਾ।’
ਘੀਚਰ ਕਹਿੰਦਾ, ‘ਫਿਕਰ ਨਾ ਕਰ, ਤੂੰ ਜਾਹ। ਮੈਂ ਇਕ ਬੰਦਾ ਵੀ ਨਾਲ ਲੈ ਕੇ ਆਉਂ। ਹੱਡ-ਗੋਡੇ ਤੋੜ ਦਿਆਂਗੇ ਸਾਲੇ ਦੇ। ਆਹਰੀ ਕਰ ਕੇ ਰੱਖ ਦਿਆਂਗੇ ਜੇ ਮੁੜ ਕੇ ਝਾਕ ਗਿਆ ਥੋਡੀ
ਹਵਾ ਕੰਨੀ ਵੀ, ਤਾਂ ਮੈਨੂੰ ਘੀਚਰ ਕੀਹਨੇ ਆਖਣੈ।’
‘ਵੱਡੇ ਭਾਈ, ਮੈਂ ਸੇਵਾ ਤੇਰੀ ਪੂਰੀ ਕਰੂੰ। ਜਿੰਨਾ ਮਰਜ਼ੀ ਡੰਡ ਲਾ ਦੀਂ ਸਭ ਭਰੂੰ । ਲੈ ਫੇਰ, ਮੈਂ ਡੀਕ ਰੱਖੂੰ ਤੇਰੀ। ਲੈ, ਮੈਂ ਤਾਂ ਚੱਲਿਆ ਫੇਰ ।’ ਨਾਜਰ ਨੇ ਚਾਹ ਵੀ ਨਹੀਂ ਪੀਤੀ। ਉਹਨੀਂ ਪੈਰੀਂ ਵਾਪਸ ਆ ਗਿਆ।
ਇੱਜੜ ਕੋਲ ਆਇਆ ਤਾਂ ਪਾਲੀ ਮੁੰਡਾ ਉਹਨੂੰ ਉਡੀਕੀ ਜਾਂਦਾ ਸੀ । ਭੇਡਾਂ ਉੱਠ-ਉੱਠ ਭਜਦੀਆਂ। ਉਹ ਮਸਾਂ ਰੋਕ-ਰੋਕ ਰਖਦਾ। ਇਕੱਲਾ ਜਣਾ । ਨਾਜਰ ਆਇਆ ਤਾਂ ਉਹਨਾਂ ਨੇ ਇੱਜੜ ਨੂੰ ਸਿੱਧਾ ਪਹੇ ਪਾ ਲਿਆ। ਰਾਹ ਵਿਚ ਕਿਤੇ ਨਹੀਂ ਸਸਤਾਏ। ਆਥਣ ਵੀ ਕਾਫੀ ਹੋ ਗਿਆ ਸੀ।
ਪਿੰਡ ਆ ਕੇ ਉਹਨੇ ਰਾਤ ਨੂੰ ਜੰਗੀਰੇ ਨਾਈ ਨਾਲ ਗੱਲ ਕੀਤੀ। ਨਾਈ ਪਹਿਲਾਂ ਤਾਂ ਡਰਿਆ, ਫੇਰ ਹੌਸਲਾ ਦਿਖਾ ਗਿਆ। ਕਹਿੰਦਾ, ‘ਜਿੱਥੇ ਮਰਜੀ ਝੋਕ ਦੇ, ਜਾਨ ਲਾ ਦੂੰ। ਜਾਰੀ ਐ, ਚਰੀ ਦਾ ਵੱਢ ਨੀ।’
ਨਾਜਰ ਤੇ ਅਰਜਣ ਕਦੇ ਵੀ ਸਾਹਮਣੋ-ਸਾਹਮਣੀ ਨਹੀਂ ਹੋਏ ਸੀ । ਨਾਜਰ ਨੂੰ ਜੇ ਕਦੇ ਅਰਜਣ ਸਾਹਮਣੇ ਆਉਂਦਾ ਦਿਸ ਜਾਂਦਾ ਤਾਂ ਉਹ ਹੋਰ ਪਾਸੇ ਹੀ ਟਲ ਜਾਂਦਾ । ਜੇ ਨਾਜਰ ਸਾਹਮਣੇ ਪੈਂਦਾ, ਤਾਂ ਵੀ ਨਾਜਰ ਹੀ ਟਲਦਾ। ਅਰਜਣ ਆਪਣੀ ਸੂਰਮਗਤੀ ਉੱਤੇ ਘੁਮੰਡ ਕਰਦਾ। ਉਹਨੂੰ ਮਾਣ ਸੀ ਕਿ ਉਹਦੇ ਜਿੰਨਾ ਜ਼ੋਰ ਹੋਰ ਕਿਸੇ ਵਿਚ ਨਹੀਂ। ਨਾਜਰ ਵਰਗਿਆਂ ਨੂੰ ਤਾਂ ਉਹ ਦੋ-ਦੋ ਨੂੰ ਗਲੋਂ ਫੜ ਕੇ ਭੜਿਆ-ਭੜਿਆ ਕੇ ਕਿਹੜਾ ਨਾ ਮਾਰ ਦੇਵੇ। ਨਾਜਰ ਨੂੰ ਉਹ ਨਜ਼ਰਾਂ ਥੱਲੇ ਹੀ ਦਬਾ ਕੇ ਰੱਖਣਾ ਚਾਹੁੰਦਾ ਸੀ। ਉਹਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਉਹਨੇ ਜਦੋਂ ਹਰਨਾਮੀ ਨੂੰ ਐਨਾ ਤਾੜ ਦਿੱਤਾ ਹੈ, ਐਨਾ ਵਰਜ ਦਿੱਤਾ ਹੈ ਤਾਂ ਹੁਣ ਉਹ ਕਾਹਨੂੰ ਨਾਜਰ ਦੇ ਲਵੇ ਲੱਗੇਗੀ। ਇਕ ਦਿਨ ਫੇਰ ਜਾ ਕੇ ਅਰਜਣ ਨੇ ਹਰਨਾਮੀ ਨੂੰ ਠੋਹਕਰਿਆ ਸੀ। ਉਹ ਕਹਿੰਦੀ, ‘ਤੈਨੂੰ ਤਾਂ ਐਵੇਂ ਵਹਿਮ ਹੋ ਗਿਆ। ਉਹ ਪਤਾ ਨੀ ਕਿਮੇਂ ਇਕ ਦਿਨ ਭੁੱਲ-ਭੁਲੇਖੇ ਐਥੇ ਘਰ ਆ ਗਿਆ । ਹੁਣ ਆਇਆ ਕਦੇ ਤਾਂ ਮੈਂ ਸਮਝਾ ਦੂੰਗੀ, ਬਈ ਗਹਾਂ ਨੂੰ ਨਾ ਆਵੇ । ਮੈਂ ਕੀ ਲੈਣੇਂ ਉਹਦੇ ਤੋਂ ?’
ਅਰਜਣ ਨੂੰ ਇਹ ਵੀ ਯਕੀਨ ਸੀ ਕਿ ਹਰਨਾਮੀ ਉਹਤੋਂ ਪੂਰਾ ਡਰਦੀ ਹੈ। ਉਹ ਪੂਰੀ ਹੈਂਕੜ ਰਖਦਾ। ਗੁਮਾਨ ਵਿਚ ਰਹਿੰਦਾ ਕਿ ਜਿਸ ਤੀਵੀਂ ਕੋਲ ਉਹਦਾ ਆਉਣ-ਜਾਣ ਹੈ, ਓਥੇ ਨਾਜਰ ਵਰਗੇ ਨੇ ਜਾ ਕੇ ਪੰਗਾ ਤਾਂ ਨਹੀਂ ਲੈਣਾ। ਉਹਨੂੰ ਵੀ ਆਪਣੀ ਜਾਨ ਲੋੜੀਂਦੀ ਹੈ।
ਇਕ ਦਿਨ ਅਰਜਣ ਸੱਥ ਵਿਚ ਖੁੰਢ ਉੱਤੇ ਬੈਠਾ ਮਿਲਖਾ ਸੂੰ ਫ਼ੌਜੀ ਦੀਆਂ ਗੱਲਾਂ ਸੁਣ ਰਿਹਾ ਸੀ। ਸਵੇਰ ਦਾ ਸਮਾਂ ਸੀ: ਧੁੱਪਾਂ ਅਜੇ ਚੜ੍ਹੀਆਂ ਹੀ ਸਨ। ਨਾਜਰ ਇੱਜੜ ਛੱਡ ਕੇ ਖੇਤਾਂ ਨੂੰ ਅੱਜ ਨਹੀਂ ਗਿਆ ਸੀ। ਉਹਨੂੰ ਪਿੰਡ ਵਿਚ ਕੋਈ ਕੰਮ ਹੋਵੇਗਾ। ਅਰਜਣ ਨੂੰ ਦੂਰੋਂ ਆਉਂਦਾ ਦਿੱਸਿਆ। ਇਕ ਬਿੰਦ ਝਾਕ ਕੇ ਉਹਨੇ ਫੇਰ ਆਪਣਾ ਧਿਆਨ ਫੌਜੀ ਦੀਆਂ ਗੱਲਾਂ ਵੱਲ ਕਰ ਲਿਆ। ਫੌਜੀ ਕਿਸੇ ਅੰਗ੍ਰੇਜ਼ ਅਫਸਰ ਦੀ ਗੱਲ ਸੁਣਾ ਰਿਹਾ ਸੀ। ਕਿਵੇਂ ਉਹ ਉਹਦੇ ਉੱਤੇ ਮਿਹਰਬਾਨ ਸੀ । ਸਾਹਿਬ ਦੀ ਮੇਮ ਉਹਦੇ ਉੱਤੇ ਕਿੰਨਾਂ ਯਕੀਨ ਰਖਦੀ ਸੀ। ਨਾਜਰ ਜਦੋਂ ਉਹਨਾਂ ਦੇ ਕੋਲ ਦੀ ਨੀਵੀ ਜਿਹੀ ਪਾ ਕੇ ਦਬਾਸੱਟ ਲੰਘ ਗਿਆ ਤਾਂ ਮਗਰੋਂ ਅਰਜਣ ਉਹਦੀ ਪਿੱਠ ਵਲ ਝਾਕਿਆ ਤੇ ਖੰਘੂਰ ਮਾਰ ਦਿੱਤੀ। ਖੰਘੂਰ ਮਾਰ ਕੇ ਅੱਖਾਂ ਵਿਚ ਹੀ ਮੁਸਕਰਾਇਆ। ਨਾਜਰ ਨੇ ਮੁੜ ਕੇ ਨਹੀਂ ਦੇਖਿਆ ਤੇ ਨਾ ਹੀ ਆਪਣੀ ਚਾਲ ਵਿਚ ਕੋਈ ਫਰਕ ਪਾਇਆ। ਅਰਜਣ ਨੇ ਹੌਲੀ ਦੇ ਕੇ ਪਰ ਚੱਬ ਕੇ ਗਾਲ ਕੱਢੀ, ‘ਸਾਲਾ, ਵੱਡਾ ਆਸ਼ਕ!’
ਫ਼ੌਜ਼ੀ ਗੱਲ ਕਰਦਾ ਕਰਦਾ ਰੁਕ ਗਿਆ।
ਅਰਜਣ ਨੇ ਹੁੰਗਾਰਾ ਭਰਿਆ, ‘ਹੱਛਿਆ, ਫੇਰ? ਕੀ ਕਹਿੰਦੀ ਮੇਮ ?’
‘ਬੱਸ ਜੀ, ਜਦੋਂ ਮੇਰੇ ‘ਤੇ ਮੇਮ ਨੂੰ ਪੱਕਾ ਜਕੀਨ ਹੋ ਗਿਆ, ਮੈਂ ਤਾਂ ਸਿੱਟ ‘ਤੀ ਛਫਾਰਛ। ਅਗਲੇ ਮੀਨੇ ਮੈਨੂੰ ਪੰਜ ਰੁਪਈਏ ਤਰੱਕੀ ਮਿਲਗੀ। ਪਰੇਟ ਮਾਫ ।’
‘ਵਾਹ ਬਈ, ਫ਼ੌਜੀ ਸਿਆਂ । ਫੇਰ ਤਾ ਹੁੱਦੇ ਨੂੰ ਪਹੁੰਚ ਗਿਆ ਤੂੰ ।’ ਅਰਜਣ ਨੇ ਕਿਹਾ ਤੇ ਓਥੋਂ ਉੱਠ ਖੜ੍ਹਾ। । ਉਹ ਗਿਆ ‘ ਤਾਂ ਫ਼ੌਜੀ ਨਵੇਂ ਆਏ ਬੰਦੇ ਨੂੰ ਨਵੀਂ ਗੱਲ ਸੁਣਾਉਣ ਲੱਗਿਆ।
14
ਸਾਰਾ ਪਿੰਡ ਘੂਕ ਸੁੱਤਾ ਹੋਇਆ ਸੀ । ਚੜ੍ਹਦੇ ਪੋਹ ਦੀ ਕਾਲੀ-ਬੋਲੀ ਰਾਤ। ਦੂਰ ਕਿਤੋਂ ਕੁੱਤਾ ਭੌਂਕਣ ਦੀ ਆਵਾਜ਼ ਆਉਂਦੀ ਤੇ ਫੇਰ ਖਾਮੋਸ਼ੀ ਛਾ ਜਾਂਦੀ । ਨਿੱਤ ਦਾ ਕੰਮ ਮੁਕਾ ਕੇ ਤੇ ਰੋਟੀ ਪਾਣੀ ਖਾ-ਪੀ ਕੇ, ਪਾਲੀ ਘਰ ਨੂੰ ਤੁਰ ਗਿਆ ਤਾਂ ਅਰਜਣ ਹਰਨਾਮੀ ਦੇ ਘਰ ਚੁੱਪ-ਕੀਤਾ ਜਾ ਵੜਿਆ। ਅੱਜ ਤਾਂ ਹਰਨਾਮੀ ਨੇ ਆਖ ਕੇ ਉਹਨੂੰ ਘਰ ਬੁਲਾਇਆ ਸੀ । ਪਾਲੀ ਦੇ ਜਾਣ ਬਾਅਦ ਹੀ ਉਹ ਬੈਠਕ ਵਿਚ ਬੈਠ ਕੇ ਦਾਰੂ ਪੀਣ ਲੱਗੇ । ਰੋਟੀ-ਟੁੱਕ ਪਕਾ ਕੇ ਹਰਨਾਮੀ ਨੇ ਆਲੇ ਵਿਚ ਸੰਭਾਲ ਦਿੱਤਾ ਸੀ। ਤੇ ਦੁੱਧ-ਬਾਧ ਵੀ ਠਿਕਾਣੇ ਲਾ ਦਿੱਤਾ ਸੀ। ਉਹ ਨਿਸਚਿੰਤ ਹੋ ਕੇ ਹੀ ਬੈਠਕ ਵਿਚ ਆਏ ਸਨ। ਨਾ ਕਿਸੇ ਦਾ ਟੋਕ-ਟਕਈਆ ਤੇ ਨਾ ਡਰ-ਭੈ। ਅਰਜਣ ਬੈਠਕ ਵਿਚ ਬੈਠਾ ਇਉਂ ਪੀ ਰਿਹਾ ਸੀ ਜਿਵੇਂ ਸਹੁਰੇ-ਘਰ ਬੈਠਾ ਹੋਵੇ। ਹਰਨਾਮੀ ਉਹਦੇ ਕੋਲ ਬੈਠੀ, ਲਗਦਾ ਸੀ, ਜਿਵੇਂ ਅਰਜਣ ਦੀ ਹੀ ਘਰਵਾਲੀ ਹੋਵੇ। ਪਰ ਘਰਵਾਲੀਆਂ ਦਾਰੂ ਕਦੋਂ ਪੀਦੀਆਂ ਹੁੰਦੀਆਂ ਨੇ ? ਗਈ ਰਾਤ ਤੱਕ ਉਹ ਦਾਰੂ ਪੀਂਦੇ ਰਹੇ | ਤੇ ਫੇਰ ਰੋਟੀ ਖਾਣ ਲੱਗੇ ।
ਉਸ ਦਿਨ ਹਰਨਾਮੀ ਨੇ ਆਪ ਬੋਤਲ ਮੰਗਵਾ ਕੇ ਰੱਖੀ ਸੀ। ਪਹਿਲੇ ਤੋੜ ਦੀ, ਬਹੁਤ ਵਧੀਆ ਸ਼ਰਾਬ, ਕਾਲਜਾ ਚੀਰਦੀ ਜਾਂਦੀ। ਅੰਦਰ ਡਿਗਦੀ ਤਾਂ ਸਿਰ ਨੂੰ ਭਬੂਕਾ ਜਿਹਾ ਚੜ੍ਹਦਾ। ਅਰਜਣ ਖਾਸੀ ਪੀ ਗਿਆ ਸੀ । ਰੋਟੀ ਖਾਣ ਬਾਅਦ ਉਹ ਪੈ ਗਏ । ਉੱਠ ਕੇ ਹਰਨਾਮੀ ਕਹਿੰਦੀ, ਮੈਨੂੰ ਤਾਂ ਚੜ੍ਹੀ ਈ ਨੀ । ਪਾਣੀ ਜਾ ਲੱਗਿਆ, ਜਾਏ ਖਾਣੇ ਦਾ। ਤੂੰ ਵੀ ਕਿਹੜੀ ਪੀਤੀ ਐ। ਮੈਨੂੰ ਤਾਂ ਲੱਗਦਾ ਨੀ, ਤੇਰੀ ਪੀਤੀ ਹੋਵੇ।
ਬੌਦਲਿਆ ਜਿਹਾ ਅਰਜਣ ਕਹਿੰਦਾ, ‘ਨੀ ਕੰਜਰ ਦੀਏ, ਲਿਆ ਹੋਰ ਪੀ ਲੈਨੇ ਆਂ। ਨਹੀਂ ਚੜ੍ਹੀ, ਹੋਰ ਚੜ੍ਹਾ ਲੈਨੇ ਆਂ । ਕਿਤੋਂ ਲੈਣ ਜਾਣੀ ਐ। ਲਿਆ ਭਲਾ ਬੋਤਲ। ਦੇਖੀਏ ਕਿੰਨੀ ਕੁ ਪਈ ਐ ?’
ਲਾਲਟੈਣ ਦੀ ਬੱਤੀ ਉੱਚੀ ਕਰਕੇ ਉਹ ਬੋਤਲ ਚੁੱਕ ਲਿਆਈ। ਪਾਣੀ ਦੀ ਗੜਵੀ ਤੇ ਕੌਲੀ ਵੀ।
ਇਕ ਕੌਲੀ ਭਰ ਕੇ ਪਹਿਲਾਂ ਅਰਜਣ ਨੇ ਪੀਤੀ । ਪਾਸਾ ਜਿਹਾ ਭਮਾ ਕੇ ਹਰਨਾਮੀ ਨੇ ਤਿੱਪ ਕੁ ਆਪ ਨੂੰ ਪਾ ਲਈ ਤੇ ਕਾਫੀ ਸਾਰਾ ਪਾਣੀ ਪਾ ਕੇ ਪੀ ਗਈ। ਮੂੰਹ ਨਾਲ ਸ਼ੂ-ਸ਼ੂ ਕੀਤਾ। ਉਹ ਵਿਹੜੇ ਵਿਚ ਗਈ ਤੇ ਫੇਰ ਲਾਲਟੈਣ ਲਿਜਾ ਕੇ ਮੱਝ ਨੂੰ ਦੇਖਣ ਲੱਗੀ। ਮੱਝ ਬੈਠੀ ਸੀ ਤੇ ਆਰਾਮ ਨਾਲ ਸੁੱਤੀ ਹੋਈ ਸੀ। ਬੈਠਕ ਵਿਚ ਆ ਕੇ ਉਹਨੇ ਫੇਰ ਬੋਤਲ ਚੁੱਕ ਲਈ। ਕੌਲੀ ਵਿਚ ਤਿੱਪ ਕੁ ਸ਼ਰਾਬ ਹੋਰ ਪਾਈ ਤੇ ਪਾਣੀ ਪਾ ਕੇ ਪੀਣ ਲੱਗੀ। ਅਰਜਣ ਨੇ ਪੁੱਛਿਆ, ‘ਕੀ ਕਰਦੀ ਐਂ ?” ਉਹ ਮੰਜੇ ਉੱਤੇ ਪਿਆ ਹੋਇਆ ਸੀ । ਕੌਲੀ ਭਰ ਕੇ ਹਰਨਾਮੀ ਨੇ ਉਹਦੇ ਅੱਗੇ ਕਰ ਦਿੱਤੀ ਤੇ ਕਿਹਾ, ‘ਲੈ ਫੜ, ਪੀ ਜਾ ।
‘ਕਿਉਂ, ਐਡੀ ਛੇਤੀ ਕਿਉਂ ?
‘ਬੱਸ ਪੀ, ਤੇ ਜਾਹ।’
‘ਜਾਹ ਕਿਉਂ ?’ ਉਹ ਕੌਲੀ ਫੜ ਕੇ ਪੀਣ ਲੱਗਿਆ।
‘ਦੇਖੀਂ ਨਾ, ਮੈਂ ਹੁਣੇ ਵਿਹੜੇ ‘ਚ ਜਾ ਕੇ ਆਈ ਆਂ। ਗੁਆਂਢੀਆਂ ਦੇ ਘਰ ਰੌਲਾ ਪਈ ਜਾਂਦੈ। ਆਪਣਾ ਬਾਰ ਖੜਕਾ ਕੇ ਵੀ ਗਏ ਨੇ । ਕੋਈ ਬਿੜਕਾਂ ਜੀਆਂ ਲੈਂਦਾ ਫਿਰਦੈ। ਤੂੰ ਘਰ ਨੂੰ ਵਗ ਜਾ ਆਵਦੇ। ਦੇਖੀਂ ਨਾ, ਕਿਤੇ ਐਥੇ ਆ ਕੇ ਕੋਈ ਸੱਟ-ਫੇਟ ਨਾ ਕਰਦੇ ਤੈਨੂੰ ।’
‘ਸੱਟ-ਫੇਟ ਕਿਹੜਾ ਕਰਦੂ ਸਾਲਾ ਮੈਨੂੰ ? ਕਿਸੇ ਦੀ ਕੀ ਮਜਾਲ ਐ ? ਗੁਆਂਢੀ ਪ੍ਰੀਤਮ ਹੋਰੀਂ ਈ ਨੇ ਨਾ। ਪ੍ਰੀਤਮ ‘ਚ ਕਿਹੜੀ ਤਾਕਤ ਐ, ਮੇਰੇ ਕੰਨੀ ਝਾਕ ਜਾਣ ਦੀ ?’
‘ਤੈਨੂੰ ਨੀ ਪਤਾ ਅਰਜਣਾ । ਅੱਜ ਤੜ੍ਹਕੇ-ਤੜ੍ਹਕੇ ਬਥੇਰਾ ਜੈਬਰਾ ਪਿਆ । ਪ੍ਰੀਤਮ ਦੀ ਮਾਂ ਨੇ ਸੌ ਸੌ ਮੇਹਣਾ ਦਿੱਤਾ ਮੈਨੂੰ । ਅਖੇ ਤੂੰ ਸਾਡੇ ਧੀਆਂ ਪੁੱਤਾਂ ਨੂੰ ਵੀ ਵਗਾੜੇਂਗੀ।’ ਹਰਨਾਮੀ ਨੇ ਮਨੋਂ ਜੋੜ ਕੇ ਹੀ ਗੱਲ ਆਖ ਦਿੱਤੀ।
‘ਤੂੰ ਆਪ ਈ ਕਿਉਂ ਨੀ ਆਖ ਦਿੰਦੀ, ਬਈ ਜਾਹ ? ਲੋਕਾਂ ਦੇ ਪਖਾਣੇ ਜੇ ਕੀ ਪੌਨੀ ਐਂ ? ਲੈ ਉਠ ਜਾਨਾਂ। ਐਂ ਕਿਉਂ ਨੀ ਆਖ ਦਿੰਦੀ, ਬਈ ਹੁਣ…’
‘ਆਖਿਆ ਵਿਆ ਈ ਐ, ਮੈਂ ਤਾਂ ਗੁਆਂਢ ‘ਚ ਵਸਣੈ। ਤੇਰਾ ਕੀਹ ਐ ??
‘ਚੰਗਾ ਚੰਗਾ, ਭੈਣ ਦੇ ਜਾਰ ਦੀ । ਕੁੱਤੀ ਤੀਮੀ। ਚੱਲ ਓਏ ਅਰਜਣ ਸਿਆਂ ਸਰਦਾਰਾ। ਦੇਖ ਲੀਆਂ ਚਗਲਾਂ ਤੋਂ ਵੀ।’ ਉਹ ਉੱਠ ਕੇ ਖੇਸ ਦੀ ਬੁੱਕਲ ਮਾਰਨ ਲੱਗਿਆ।
ਬੋਤਲ ਵਿਚ ਦੋ ਕੁ ਕੌਲੀਆਂ ਬਾਕੀ ਸੀ । ਹਰਨਾਮੀ ਨੇ ਬੋਤਲ ਉਹਦੇ ਹੱਥ ਫੜਾ ਦਿੱਤੀ। ਕਹਿੰਦੀ, ‘ਆਹ ਵੀ ਲੈ ਜਾ।’
‘ਲਿਆ ਫੜਾਅ । ਇਹਦੇ ‘ਚ ਹੁਣ ਕੀਹ ਐ।’ ਉਹਨੇ ਬੋਤਲ ਮੂੰਹ ਨੂੰ ਲਾਈ ਤੇ ਸੁੱਕੀ ਹੀ ਪੀ ਗਿਆ। ਬੈਠਕ ਦਾ ਬੀਹੀ ਵੱਲ ਦਾ ਕੁੰਡਾ ਖੋਲ੍ਹਿਆ ਤੇ ਬਾਹਰ ਹੋ ਕੇ ਖਾਲੀ ਬੋਤਲ ਕੰਧ ਨਾਲ ਮਾਰੀ । ਗੰਡਾਸੀ ਨੂੰ ਧਰਤੀ ਉੱਤੇ ਖੜਕਾਉਂਦਾ ਉਹ ਓਥੋਂ ਚੱਲ ਪਿਆ। ਥੁਕਦਾ-ਖੰਘਦਾ ਜਿਹਾ।
ਓਧਰ ਨਾਜਰ ਦੇ ਵਾੜੇ ਵਿਚ ਉਹ ਖਾਸਾ ਹਨੇਰਾ ਜਿਹਾ ਹੋਏ ਤੋਂ ਪੀਣ ਲੱਗੇ ਸਨ । ਨਾਜਰ ਦਾ ਪਾਲੀ ਹੌਲੀ ਦੇ ਕੇ ਬਿੜਕ ਲੈ ਆਇਆ ਸੀ ਕਿ ਅਰਜਣ ਹਰਨਾਮੀ ਦੇ ਘਰ ਹੀ ਹੈ ਤੇ ਦਾਰੂ ਪੀ ਰਿਹਾ ਹੈ।
ਘੀਚਰ ਭਾਈਰੂਪੇ ਤੋਂ ਦਿਨ-ਛਿਪੇ ਕੋਠੀ ਆਇਆ ਸੀ। ਉਹਦੇ ਨਾਲ ਭਾਈਰੂਪੇ ਦਾ ਹੀ ਤਰਖਾਣਾਂ ਦਾ ਮੁੰਡਾ ਸੀ, ਐਡਾ-ਵੱਡਾ ਚੋਬਰ ਜਵਾਨ। ਭਰਵਾਂ ਸਰੀਰ । ਪੂਰਾ ਤਕੜਾ । ਝੋਟੇ ਜਿੰਨਾ ਜੋਰ। ਉਤਰਦੀ ਦਾੜ੍ਹੀ। ਐਡੀ ਐਡੀ ਮੋਟੀ ਕਾਲੀ ਅੱਖ । ਕੰਨਾਂ ਵਿਚ ਸੋਨੇ ਦੀਆਂ ਮੁੰਦਰਾਂ । ਕੋਲ ਕਿਰਪਾਨ ਰਖਦਾ। ਘੀਚਰ ਦਾ ਉਹ ਪੱਕਾ ਯਾਰ ਸੀ। ਦੂਰ ਕਿਸੇ ਪਿੰਡ ਕੋਈ ਤੀਵੀਂ ਜਾਲ ਵਿਚ ਫਸਾਉਣੀ ਹੁੰਦੀ ਤਾਂ ਘੀਚਰ ਕੈਲੂ ਨੂੰ ਲੈ ਜਾਂਦਾ । ਕੈਲੂ ਉੱਤੇ ਤਾਂ ਕੋਈ ਵੀ ਤੀਵੀਂ ਤੜਫ-ਤੜਫ ਡਿਗਦੀ। ਇਕ ਵਾਰ ਘਰੋਂ ਉੱਖੜੀ ਤੀਵੀਂ ਘੀਚਰ ਦੇ ਹੱਥ ਆ ਜਾਂਦੀ ਤਾਂ ਉਹਨੂੰ ਕਿਧਰੇ ਦੀ ਕਿਧਰੇ ਚਲਾ ਦਿੰਦਾ । ਮੁੜ ਕੇ ਉਹਦੇ ਪੈਰ ਹੀ ਨਹੀਂ ਲੱਗਣ ਦਿੰਦਾ ਸੀ।
ਉਸ ਦਿਨ ਨਾਜਰ ਨੇ ਬੱਕਰਾ ਵੱਢਿਆ। ਕੁੱਲੀ ਵਿਚ ਹੀ ਬਣਾ ਲਿਆ। ਸਾਰਾ ਸਾਮਾਨ ਜੰਗੀਰਾ ਨਾਈ ਲੈ ਆਇਆ। ਓਸੇ ਨੇ ਬੱਕਰਾ ਵੱਢਿਆ, ਓਸੇ ਨੇ ਚੁੱਲ੍ਹੇ ਉੱਤੇ ਬਣਾਇਆ। ਨਾਜਰ ਤੋਂ ਪੈਸੇ ਲੈ ਕੇ ਅੱਗ ਵਰਗੀਆਂ ਦੋ ਬੋਤਲਾਂ ਵੀ ਜੰਗੀਰਾਂ ਲੈ ਆਇਆ ਸੀ। ਘਰ ਦੀ ਕੱਢੀ ਸ਼ਰਾਬ। ਸਰਵਣ ਟੁੰਡਾ ਵਧੀਆ ਸ਼ਰਾਬ ਕਢਦਾ। ਪੁਲਿਸ ਵਾਲਿਆਂ ਨਾਲ ਮਿਲਿਆ ਹੋਇਆ ਸੀ। ਹਰ ਮਹੀਨੇ ਉਹਨਾਂ ਨੂੰ ਪੈਸੇ ਦੇ ਕੇ ਆਉਂਦਾ। ਜੇ ਦੋ-ਚਾਰ ਮਹੀਨੇ ਲੰਘ ਜਾਂਦੇ ਤਾਂ ਪੁਲਿਸ ਵਾਲੇ ਅਚਾਨਕ ਹੀ ਇਕ ਦਿਨ ਆਉਂਦੇ ਤੇ ਉਹਦਾ ਤੌੜਾ ਫੜ ਲੈਂਦੇ । ਛਿੱਤਰ-ਪੌਲਾ ਵੀ ਕਰਦੇ । ਤੋੜਾ ਚੁਕਵਾ ਕੇ ਸਰਵਣ ਨੂੰ ਫੂਲ ਲੈ ਜਾਂਦੇ । ਤੇ ਫੇਰ ਪੈਸੇ ਲੈ ਕੇ ਛੱਡ ਦਿੰਦੇ । ਨਾਜਾਇਜ਼ ਸ਼ਰਾਬ ਕੱਢਣ ਦੇ ਕੇਸ ਵਿਚ ਉਹਨੇ ਦੋ ਵਾਰੀ ਤਿੰਨ-ਤਿੰਨ ਮਹੀਨਿਆਂ ਦੀ ਕੈਦ ਕੱਟੀ ਸੀ ਤੇ ਜੁਰਮਾਨਾ ਭਰਿਆ ਸੀ। ਪੁਲੀਸ ਦੀ ਕੁੱਟ-ਮਾਰ ਤੋਂ ਉਹ ਨਹੀਂ ਡਰਦਾ ਸੀ, ਜੁਰਮਾਨੇ ਤੋਂ ਵੀ ਨਹੀਂ। ਬੱਸ ਕੈਦ ਨੂੰ ਮਾੜੀ ਸਮਝਦਾ। ਕੈਦ ਨਾਲ ਉਹਦਾ ਧੰਦਾ ਰੁਕ ਜਾਂਦਾ । ਪੈਸਿਆਂ ਦਾ ਘਾਟਾ ਪੈਂਦਾ । ਇਸ ਲਈ ਉਹ ਪੁਲਿਸ ਵਾਲਿਆਂ ਨੂੰ ‘ਮਹੀਨਾ’ ਦੇਣਾ ਹੀ ਚੰਗਾ ਸਮਝਦਾ। ਪਰ ਕਦੇ ਕਦੇ ਉਹਤੋਂ ਘੌਲ ਹੋ ਜਾਂਦੀ ਤੇ ਇਕ-ਦੋ ਮਹੀਨੇ ਖੁੰਝ ਜਾਂਦੇ। ਕੋਈ ਨਵਾਂ ਥਾਣੇਦਾਰ ਬਦਲ ਕੇ ਆਉਂਦਾ, ਉਹ ਤਾਂ ਜ਼ਰੂਰ ਹੀ ਉਹਨੂੰ ਆ ਕੇ ਢਾਹ ਲੈਂਦਾ। ਪੱਕਾ ਮਹੀਨਾ ਬੰਨ੍ਹ ਕੇ ਫੇਰ ਹੀ ਉਹਦਾ ਖਹਿੜਾ ਛਡਦਾ। ਹਰ ਨਵਾਂ ਬਦਲ ਕੇ ਆਇਆ ਥਾਣੇਦਾਰ ਆਪਣੇ ਪੰਜ ਰੁਪਏ ਵਧਾ ਲੈਂਦਾ। ਪਿੰਡ ਵਿਚ ਦਾਰੂ ਕੱਢਣ ਵਾਲੇ ਹੋਰ ਬੰਦੇ ਵੀ ਸਨ, ਪਰ ਸਰਵਣ ਟੁੰਡਾ ਸਭ ਨਾਲੋਂ ਸਿਰੇ ਸੀ। ਪੈਸੇ ਠੋਕ-ਵਜਾ ਕੇ ਦੂਜਿਆਂ ਨਾਲੋਂ ਵੱਧ ਲੈਂਦਾ । ਉਧਾਰ ਨਹੀਂ ਕਰਦਾ ਸੀ। ਪਰ ਉਹਦੀ ਸ਼ਰਾਬ ਖਰੀ ਹੁੰਦੀ। ਮਜਾਲ ਹੈ ਵਿਚੋਂ ਲਾਹਣ ਦਾ ਮੁਸ਼ਕ ਮਾਰਦਾ ਹੋਵੇ ਜਾਂ ਗੰਧਲੀ ਹੋਵੇ ਜਾਂ ਨਸ਼ਾ ਘੱਟ ਦਿੰਦੀ ਹੋਵੇ। ਦੇਖਣ ਨੂੰ ਨਿਰਮਲ ਪਾਣੀ ਵਰਗੀ ਦਾਰੂ ਹੁੰਦੀ ਸਰਵਣ ਦੀ, ਪਰ ਨਸ਼ਾ ਲੋਹੜੇ ਦਾ। ਬੋਤਲ ਹਿਲਾ ਕੇ ਦੋਖੋ ਤਾ ਦਾਰੂ ਉੱਤੇ ਕੰਗਣੀ ਬਝਦੀ। ਰੂੰ ਦਾ ਫੰਬਾ ਸੁੱਟੀਂਦਾ ਤਾਂ ਇਕਦਮ ਥਲੇ ਜਾਂਦਾ। ਉਂਗਲ ਡੋਬ ਕੇ ਅੱਗ ਦਿਖਾਈ ਜਾਂਦੀ ਤਾਂ ਦਾਰੂ ਸਪਿਰਟ ਵਾਂਗ ਮੱਚ ਉਠਦੀ। ਦਾਰੂ ਦਾ ਸਰਕਾਰੀ ਠੇਕਾ ਕੋਠੀ ਨਹੀਂ ਸੀ। ਕਿਸੇ ਨੂੰ ਲੋੜ ਹੁੰਦੀ ਤਾਂ ਭਾਈਰੂਪੇ ਜਾਣਾ ਪੈਂਦਾ। ਠੇਕੇ ਵਾਲੈ ਤਾਂ ਪਾਣੀ ਵੇਚਦੇ। ਦਰੋਗੇ ਨੂੰ ਪੈਸੇ ਦੇ ਕੇ ਕਦੇ ਕਦੇ ਠੇਕੇਦਾਰ ਵੀ ਆਲੇ-ਦੁਆਲੇ ਦੇ ਪਿੰਡਾਂ ਵਿਚ ਛਾਪੇ ਮਰਵਾ ਦਿੰਦਾ। ਪਰ ਪੁਲਿਸ ਨਾਲ ਮਿਲੇ ਇਕ ਦਿਨ ਪਹਿਲਾਂ ਹੀ ਪਿੰਡ ਛੱਡ ਜਾਂਦੇ। ਦਾਰੂ ਕੱਢਣ ਦਾ ਸਮਾਨ ਤੇ ਤੌੜੇ ਧਰਤੀ ਵਿਚ ਕਿਧਰੇ ਦੱਬ ਦਿੰਦੇ ।
ਘੀਚਰ ਤੇ ਕੈਲੂ ਨਾਜਰ ਦੇ ਅੰਦਰਲੇ ਘਰ ਆ ਕੇ ਸਬਾਤ ਵਿਚ ਬੈਠ ਗਏ ਸਨ । ਖਾਸਾ ਹਨੇਰਾ ਹੋਣ ਉੱਤੇ ਹੀ ਉਹ ਵਾੜੇ ਵਿਚ ਆਏ ਸਨ। ਕੁੱਲੀ ਵਿਚ ਬੈਠ ਕੇ ਚਾਰ ਜਣੇ ਦਾਰੂ ਪੀਣ ਲੱਗੇ ਸਨ। ਦਾਰੂ ਪੀਂਦੇ ਤੇ ਮਾਸ ਦੀਆਂ ਬੋਟੀਆਂ ਚੂੰਡਣ ਲਗਦੇ । ਬੱਕਰਾ ਬਹੁਤ ਸੁਆਦ ਬਣਿਆ ਸੀ। ਘੀਚਰ ਕਹਿੰਦਾ, ‘ਕੰਜਰ ਦਿਆ ਨਾਈਆ, ਵਿਚ ਕੀ ਪਾ ਕੇ ਦਿੰਨੈ ਓਏ ? ਹੱਡੀ ਸਿੱਟਣ ਨੂੰ ਜੀਅ ਨੀ ਕਰਦਾ।’
‘ਘਿਓ ਬਣਾਵੇ ਤੋਰੀਆਂ, ਵੱਡੀ ਬਹੂ ਦਾ ਨਾਂ। ਇਹ ਤਾਂ ‘ਮਾਲ’ ਦੀ ਕਰਾਮਤ ਐ ਘੀਚਰ ਸਿਆਂ। ਜੋ ਚੀਜ਼ ਦੇ ‘ਤੀ, ਬਣਗੀ। ਮੈਂ ਕੀਹਦਾ ਪਾਣੀਹਾਰ ਆਂ । ਮੇਰੀ ਤਾਂ ਬਾਈ ਜੀ, ਕੜਛੀ ਈ ਕੜਛੀ ਐ।’ ਜੰਗੀਰਾਂ ਹਸਣ ਲੱਗਿਆ।
ਘੀਚਰ ਨੇ ਹੱਥ ਉੱਤੇ ਬੰਨ੍ਹੀ ਘੜੀ ਦੇਖੀ। ਗਿਆਰਾਂ ਵੱਜਣ ਵਾਲੇ ਸਨ। ਉਹਨੇ ਨਾਜਰ ਨੂੰ ਕਿਹਾ ਕਿ ਉਹ ਆਪਣਾ ਪਾਲੀ ਭੇਜ ਕੇ ਦੁਸ਼ਮਣ ਦਾ ਪਤਾ ਮੰਗਵਾ ਲਵੇ। ਨਾਜਰ ਨੇ ਪਾਲੀ ਨੂੰ ਕਿਹਾ ਕਿ ਉਹ ਗਿੰਦਰ ਦੀ ਬੈਠਕ ਦੇ ਬੀਹੀ ਵੱਲ ਖੁਲ੍ਹਦੇ ਬਾਰ ਉੱਤੇ ਨਜ਼ਰ ਰੱਖੇ। ਓਥੇ ਜਾ ਕੇ ਕਿਤੇ ਲੁਕ ਕੇ ਬੈਠ ਜਾਵੇ। ਜਦੋਂ ਹੀ ਅਰਜਣ ਬੈਠਕ ਤੋਂ ਬਾਹਰ ਹੋਵੇ, ਉਹ ਭੱਜ ਕੇ ਆ ਕੇ ਵਾੜੇ ਵਿਚ ਉਹਨਾਂ ਨੂੰ ਦੱਸ ਦੇਵੇ। ਨਾਜਰ ਨੇ ਹਰਨਾਮੀ ਨਾਲ ਇਹ ਪੱਕੀ ਗੱਲ ਕੀਤੀ ਹੋਈ ਸੀ ਕਿ ਉਹ ਅਰਜਣ ਨੂੰ ਬੈਠਕ ਵਾਲੇ ਬਾਰ ਵਿਚੋਂ ਦੀ ਹੀ ਘਰੋਂ ਬਾਹਰ ਕਰੇਗੀ। ਨਾਜਰ ਦੇ ਪਾਲੀ ਨੇ ਖਾਖੀ ਖੇਸ ਦੀ ਬੁੱਕਲ ਮਾਰੀ ਤੇ ਗਿੰਦਰ ਦੀ ਬੈਠਕ ਤੋਂ ਥੋੜ੍ਹਾ ਜਿਹਾ ਹਟ ਕੇ ਛਟੀਆਂ ਦੇ ਢੇਰ ਉਹਲੇ ਜਾ ਬੈਠਾ । ਇਹ ਛਟੀਆਂ ਦਾ ਢੇਰ ਬਾਬੇ ਕਿਆਂ ਦੇ ਵਿਹੜੇ ਵਿਚ ਲੱਗਿਆ ਹੋਇਆ ਸੀ। ਬੀਹੀ ਵਿਚ ਕੱਚੇ ਡਲਿਆਂ ਦੀ ਲਕ-ਲਕ ਉੱਚੀ ਕੰਧ ਸੀ। ਛਟੀਆਂ ਦੇ ਦੂਜੇ ਪਾਸੇ ਸਬਾਤ ਦੀ ਉੱਚੀ ਕੰਧ। ਓਥੇ ਬੈਠਾ ਪਾਲੀ ਕਿਸੇ ਨੂੰ ਦਿਸਦਾ ਨਹੀਂ ਸੀ। ਨਾ ਬੀਹੀ ਵਿਚ ਦੀ ਲੰਘਣ ਵਾਲੇ ਨੂੰ ਤੇ ਨਾ ਹੀ ਬਾਬੇ ਕਿਆਂ ਦੇ ਕਿਸੇ ਘਰ ਵਾਲੇ ਨੂੰ । ਜਦੋਂ ਹੀ ਬੈਠਕ ਦਾ ਬਾਰ ਖੜਕਿਆ, ਉਹ ਖੜ੍ਹਾ ਹੋ ਗਿਆ। ਅਰਜਣ ਬਾਹਰ ਨਿਕਲਿਆ ਤੇ ਲੜਖੜਾਉਂਦਾ ਤੁਰਨ ਲੱਗਿਆ। ਪਾਲੀ ਨੇ ਕੱਚੀ ਕੰਧ ਉੱਤੋਂ ਦੀ ਥਬੂਕਾ ਮਾਰਿਆ ਤੇ ਕਾਹਲੇ ਕਦਮੀਂ ਨਾਜਰ ਦੇ ਵਾੜੇ ਨੂੰ ਚੱਲ ਪਿਆ।
ਨਾਜਰ ਦੇ ਹੱਥ ਵਿਚ ਗੰਡਾਸਾ ਸੀ, ਜੰਗੀਰੇ ਕੋਲ ਸੰਮਾਂ ਵਾਲੀ ਡਾਂਗ। ਘੀਚਰ ਨੇ ਕੰਨ ਤੱਕ ਆਉਂਦੀ ਆਪਣੀ ਸੋਟੀ ਹੱਥ ਵਿਚ ਲੈ ਲਈ ਤੇ ਕੈਲੂ ਨੇ ਕਿਰਪਾਨ ਨੂੰ ਹੱਥ ਪਾ ਲਿਆ । ਚਾਰੇ ਜਣੇ ਦਬਾਸੱਟ ਵਾੜੇ ਵਿਚੋਂ ਬਾਹਰ ਹੋਏ । ਪਾਲੀ ਕੁੱਲੀ ਵਿਚ ਹੀ ਰਿਹਾ। ਦੜਦੜਾਉਂਦੇ ਉਹ ਪਹੇ ਉੱਤੇ ਆਏ ਤੇ ਰੂੜੀਆਂ ਦੇ ਟੋਇਆਂ ਵਿਚ ਦੜ ਕੇ ਬੈਠ ਗਏ । ਸਾਹ ਰੋਕ ਕੇ ਉਹ ਅਰਜਣ ਦੀ ਉਡੀਕ ਕਰਨ ਲੱਗੇ।
ਨਾਜਰ ਉਹਨਾਂ ਨੂੰ ਵਾਰ ਵਾਰ ਸਮਝਾਉਂਦਾ ਰਿਹਾ ਸੀ ਕਿ ਅਰਜਣ ਜਰਵਾਣਾ ਬਹੁਤ ਹੈ। ਇੱਕਲੇ-ਦੁੱਕਲੇ ਤੋਂ ਉਹਨੇ ਮਾਰ ਨਹੀਂ ਖਾਣੀ । ਇਕੱਲੇ ਨੂੰ ਤਾਂ ਉਹ ਟੇਢਾ ਕਰ ਦੇਵੇਗਾ, ਚਾਹੇ ਕਿੰਨਾ ਵੀ ਨਸ਼ੇ ਵਿਚ ਹੋਵੇ। ਉਹ ਚਾਰੇ ਜਣੇ ਇੱਕਠਾ ਵਾਰ ਕਰਨ, ਤਦ ਹੀ ਗੱਲ ਬਣੇਗੀ। ਜੰਗੀਰਾ ਨਾਜਰ ਦੀ ਗੱਲ ਦਾ ਹੁੰਗਾਰਾ ਭਰਦਾ ਪਰ ਘੀਚਰ ਮੁਸਕਰਾਉਣ ਲਗਦਾ। ਆਖਦਾ, ‘ਓਏ, ਐਡਾ ਸਾਲਾ ਕੀ ਉਹ ਹਾਥੀ ਐ। ਤੂੰ ਹੱਥ ਦੇਖੀਂ । ਇਕੋ ਨਾਲ ਚਿੱਤ ਨਾ ਪਿਆ ਹੋਇਆ ਤਾਂ ਕਹੀਂ।’
ਨਾਜਰ ਨੇ ਇਹ ਵੀ ਆਖਿਆ ਹੋਇਆ ਸੀ, ‘ਅਰਜਣ ਦੀਆਂ ਲੱਤਾਂ ਤੋੜਨੀਆਂ ਨੇ ਬੱਸ ਸਕੜੇਜਾਂ ਭੰਨ ਦਿਓ। ਲੱਤਾਂ ਦਾ ਆਰੀ ਹੋ ਕੇ ਸਾਲਾ ਬੈਠਾ ਰਹੇ ਘਰੇ । ਜਾਨੋ ਨੀ ਮਾਰਨਾ ਦੇਖਿਓ ਕਿਤੇ।’
ਪਹੇ ਵੱਲ ਖੁਲ੍ਹਦੇ ਬੈਠਕ ਦੇ ਬਾਰ ਨੂੰ ਅੰਦਰੋਂ ਮੇਖਾਂ ਨਾਲ ਲੱਗੀਆਂ ਫੱਟੀਆਂ ਹੁਣ ਅਰਜਣ ਨੇ ਪੁਟਵਾ ਦਿੱਤੀਆਂ ਸਨ। ਬਾਰ ਖੁਲ੍ਹਦਾ ਹੋ ਗਿਆ ਸੀ। ਅਰਜਣ ਦੀ ਭਰਜਾਈ ਫੇਰ ਉਹਦੀ ਐਨੀ ਤਕੜਾਈ ਨਾ ਰਖਦੀ। ਤੇ ਨਾਲੇ ਹਰਨਾਮੀ ਓਥੇ ਬੈਠਕ ਵਿਚ ਕਦੇ ਆਉਂਦੀ ਵੀ ਨਹੀਂ ਸੀ। ਜਦੋਂ ਜਾਂਦਾ, ਉਹ ਹਰਨਾਮੀ ਦੇ ਘਰ ਹੀ ਜਾਂਦਾ ।
ਪਹੇ ਦੇ ਮੋੜ ਉੱਤੇ ਆ ਕੇ ਅਰਜਣ ਨੇ ਸੰਘ ਘਰੋੜ ਕੇ ਥੁੱਕਿਆ। ਗੰਡਾਸੀ ਦਾ ਇਕ ਵਾਰ ਅੱਕ ਦੇ ਬੂਝੇ ਉੱਤੇ ਕਰ ਦਿਤਾ ਤੇ ਕੋਈ ਗਾਲ ਕੱਢੀ। ਉਹਨਾਂ ਨੇ ਸਿਰ ਚੁੱਕ ਲਏ। ਸਾਹ ਰੋਕ ਲਏ ਤੇ ਪੱਬਾਂ ਭਾਰ ਹੋ ਕੇ ਬੈਠ ਗਏ ।
ਨਸ਼ੇ ਦੇ ਹਿਲੋਰੇ ਨਾਲ ਅਰਜਣ ਧੱਕਾ ਜਿਹਾ ਖਾ ਕੇ ਪਹੇ ਦੇ ਕਦੇ ਸੱਜੇ ਹੱਥ ਢੁੱਡ ਜਿਹੀ ਮਾਰਦਾ ਤੇ ਅੱਗੇ ਵਧ ਜਾਂਦਾ, ਕਦੇ ਖੱਬੇ ਹੱਥ । ਪਹੇ ਦੇ ਵਿਚਕਾਰ ਚਲਦਾ ਤਾਂ ਉਹਦੀ ਦੇਹ ਖਿੰਡ ਖਿੰਡ ਜਾਂਦੀ। ਗੰਡਾਸੀ ਨੂੰ ਧਰਤੀ ਉੱਤੇ ਮਾਰ ਕੇ ਤੁਰਦਾ । ਪਰ ਪਹੇ ਵਿਚ ਤਾਂ ਰੇਤਾ ਹੀ ਰੇਤਾ ਸੀ। ਗੰਡਾਸੀ ਰੇਤੇ ਵਿਚ ਖੜਕਾ ਕਰਦੀ।
ਜਦੋਂ ਹੀ ਬੈਠਕ ਵੱਲ ਉਹਨੇ ਮੂੰਹ ਕੀਤਾ, ਚਾਰੇ ਜਣੇ ਬੱਦਲ ਦੀ ਵਾਛੜ ਵਾਂਗ ਉਹਦੇ ਉੱਤੇ ਵਰ੍ਹ ਪਏ। ਉਹ ਧਰਤੀ ਉੱਤੇ ਡਿੱਗ ਪਿਆ।ਮੂੰਹੋਂ ਕੋਈ ਆਵਾਜ਼ ਨਹੀਂ ਨਿਕਲ ਸਕੀ। ਕੈਲੂ ਨੇ ਉਹਦੀ ਵੱਖੀ ਵਿਚ ਨੰਗੀ ਕਿਰਪਾਨ ਖੋਭ ਦਿੱਤੀ। ਜੰਗੀਰੇ ਨੇ ਸਿਰ ਉੱਤੇ ਡਾਂਗ ਦੇ ਦੋ ਵਾਰ ਕਰ ਦਿੱਤੇ। ਘੀਚਰ ਨੇ ਤਾਂ ਬੱਸ ਇਕੋ ਵਾਰ ਉਹਦੇ ਗਿੱਟਿਆਂ ਉੱਤੇ ਕੀਤਾ ਸੀ ਤੇ ਥੱਲੇ ਡੇਗ ਲਿਆ ਸੀ। ਤੇ ਫੇਰ ਡਿੱਗੇ ਪਏ ਦੀਆਂ ਹੀ ਨਾਜਰ ਨੇ ਉਹਦੀਆਂ ਲੱਤਾਂ ਛੱਲੀਆਂ ਵਾਂਗ ਕੁੱਟ ਦਿੱਤੀਆਂ ਸਨ।
ਘੀਚਰ ਦੇ ਕਹਿਣ ਉੱਤੇ ਉਹਨਾਂ ਨੇ ਪੱਕੇ ਰੋੜੇ ਵਗਾਹ-ਵਗਾਹ ਝੰਡੇ ਦੇ ਵਿਹੜੇ ਵਿਚ ਮਾਰੇ ਸਨ । ਦੋ ਰੋੜੇ ਬੈਠਕ ਦੇ ਤਖਤਿਆਂ ਵਿਚ ਵੀ, ਤਾਂ ਜੋ ਖੜਕਾ ਹੋਇਆ ਸੁਣ ਕੇ ਝੰਡੇ ਦਾ ਟੱਬਰ ਜਾਗ ਪਵੇ ਤੇ ਉਹ ਬਾਰ ਖੋਲ੍ਹ ਕੇ ਪਹੇ ਉੱਤੇ ਆ ਕੇ ਅਰਜਣ ਨੂੰ ਸੰਭਾਲ ਲੈਣ।
15
ਤੜਕੇ ਨੂੰ ਸਾਰੇ ਪਿੰਡ ਵਿਚ ਹਾਹਾਕਾਰ ਮੱਚ ਗਈ। ਜੀਅ-ਜੀਅ ਅਰਜਣ ਦੀ ਲੋਥ ਨੂੰ ਦੇਖਣ ਆਇਆ। ਰਾਤ ਜਦੋਂ ਨਾਜਰ ਦੀ ਪਾਰਟੀ ਨੇ ਝੰਡੇ ਦੇ ਵਿਹੜੇ ਵਿਚ ਰੋੜੇ ਮਾਰੇ ਸਨ ਤੇ ਦੋ ਰੋੜੇ ਬੈਠਕ ਦੇ ਤਖਤਿਆਂ ਵਿਚ ਵੀ ਠੋਕ ਦਿੱਤੇ ਸਨ, ਤਾਂ ਐਨੇ ਖੜਕੇ ਨੂੰ ਸੁਣ ਕੇ ਵੀ ਉਹਨਾਂ ਦੇ ਘਰ ਦਾ ਕੋਈ ਜਾਗਿਆ ਨਹੀਂ ਸੀ। ਸਿਆਲ ਦੀ ਰੁੱਤ ਸੀ । ਉਹ ਸਭ ਅੰਦਰ ਸਬਾਤ ਵਿਚ ਸੁੱਤੇ ਹੋਏ ਸਨ। ਝੰਡੇ ਨੂੰ ਜਾਂ ਬੰਤੋ ਨੂੰ ਜਾਗ ਆਈ ਵੀ ਹੋਵੇਗੀ ਤਾਂ ਉਹਨਾਂ ਨੇ ਸਮਝ ਲਿਆ ਹੋਵੇਗਾ ਕਿ ਅਰਜਣ ਹੈ। ਉਹ ਤਾਂ ਨਿੱਤ ਹੀ ਖੜਕਾ-ਦੜਕਾ ਕਰਦਾ ਰਹਿੰਦਾ ਹੈ। ਬੈਠਕ ਦਾ ਬਾਰ ਦੱਬ ਕੇ ਖੜਕਾਉਣਾ ਜਾਂ ਵਿਹੜੇ ਵਿਚ ਕੋਈ? ਚੀਜ਼, ਜੋ ਵੀ ਹੱਥ ਆਵੇ, ਵਗਾਹ ਮਾਰਨਾ ਉਹਦਾ। ‘ ਤਾਂ ਨਿੱਤ ਦਾ ਨਿੱਤ ਸ਼ਰਾਬ ਪੀਂਦਾ, ਨਿੱਤ ਖਰੂਦ । ਸੋਤੇ ਘਰ ਮੁੜਦਾ। ‘ਹੀ ਕੰਮ ਸੀ।
ਸਵੇਰੇ ਜਦੋਂ ਸਦੇਹਾਂ ਉੱਠ ਕੇ ਬੰਤੋ ਨੇ ਚੁੱਲੇ ਵਿਚ ਅੱਗ ਬਾਲੀ ਤਾਂ ਬਾਹਰ ਪਹੇ ਉੱਤੇ ਉਹਨੂੰ ਲੋਕਾਂ ਦਾ ਰੋਲਾ ਸੁਣਿਆ। ਉਹਨੇ ਬਿੜਕ ਲਈ। ਬੰਦੇ ਉੱਚੀ ਉੱਚੀ ਬੋਲ ਰਹੇ ਸਨ । ਉਹਨੇ ਚੁੱਲ੍ਹੇ ਉੱਤੇ ਪਾਣੀ ਦੀ ਟੋਕਣੀ ਧਰ ਕੇ ਝੰਡੇ ਨੂੰ ਅੰਦਰੋਂ ਜਾ ਜਗਾਇਆ। ਕਹਿਣ ਲੱਗੀ, ‘ਹਰਦਿੱਤ ਦਾ ਪਿਓ, ਦੇਖੀਂ ਗਾਂ ਉੱਠ ਕੇ। ਬਾਹਰ ਐਧਰ ਪਹੇ ਕੰਨੀਂ ਰੌਲਾ ਜਾ ਕੀ ਪਈ ਜਾਂਦੈ ?’
ਉਹ ਉੱਠਿਆ, ਜੋੜੇ ਪਾਏ ਤੇ ਸਿਰ ਉੱਤੇ ਸਮੋਸਾ ਵਲ੍ਹੇਟ ਕੇ ਖੇਸ ਦੀ ਬੁੱਕਲ ਮਾਰ ਲਈ। ਬੈਠਕ ਵਿਚ ਗਿਆ। ਓਥੇ ਅਰਜਣ ਨਹੀਂ ਸੀ। ਉਹਨੇ ਸੋਚਿਆ, ਰਾਤ ਉਹ ਆਇਆ ਨਹੀਂ ਹੋਵੇਗਾ। ਓਧਰ ਕਿਧਰੇ ਕਿਸੇ ਦੇ ਘਰ ਸੌਂ ਗਿਆ ਹੋਵੇਗਾ। ਹਰਨਾਮੀ ਕੋਲ ਪੈ ਗਿਆ ਹੋਵੇਗਾ। ਝੰਡੇ ਨੂੰ ਪਤਾ ਸੀ ਕਿ ਅਰਜਣ ਬਹੁਤੀਆਂ ਰਾਤਾਂ ਹਰਨਾਮੀ ਦੇ ਘਰ ਕਟਦਾ ਹੈ । ਬੈਠਕ ਦੇ ਪਹੇ ਵਾਲੇ ਬਾਰ ਨੂੰ ਅਰਲ ਲੱਗੀ ਹੋਈ ਸੀ। ਅਰਲ ਡੇਗ ਕੇ ਉਹਨੇ ਬਾਰ ਖੋਲ੍ਹਿਆ। ਬਾਹਰ ਲੋਕਾਂ ਦਾ ਪੂਰਾ ਇਕੱਠ ਸੀ। ਅੰਦਾਜ਼ੇ ਲੱਗ ਰਹੇ ਸਨ ਕਿ ਇਹ ਲੋਥ ਹੈ ਕੀਹਦੀ? ਬਹੁਤਿਆਂ ਦਾ ਅਨੁਮਾਨ ਸੀ ਕਿ ਇਹ ਅਰਜਣ ਹੋ ਸਕਦਾ ਹੈ । ਕੋਈ ਕਹਿੰਦਾ ਸੀ, ‘ਨਹੀਂ, ਉਹ ਨਹੀਂ। ਉਹਦਾ ਤਾਂ ਮੂੰਹ ਹੀ ਨਹੀਂ ਇਹ। ਕਪੜਿਆਂ ਤੋਂ ਵੀ ਕੀ ਪਤਾ ਲਗਦਾ। ਕਪੜੇ ਤਾਂ ਉਹ ਨਿੱਤ ਬਦਲਦਾ ਸੀ। ਉਹਦੀ ਗੰਡਾਸੀ ਦੀ ਪਹਿਚਾਣ ਵੀ ਕਿਸੇ ਕਿਸੇ ਨੂੰ ਸੀ, ਜੋ ਉਹਦੇ ਕੋਲ ਹੀ ਪਰ੍ਹਾਂ ਡਿੱਗੀ ਪਈ ਸੀ। ਲੋਕਾਂ ਦੇ ਝੁੰਗਲਮਾਟੇ ਨੂੰ ਦੋਵੇਂ ਹੱਥਾਂ ਨਾਲ ਪਰ੍ਹੇ ਹਟਾ ਕੇ ਝੰਡਾ ਲੋਥ ਉੱਤੇ ਜਾ ਝੁਕਿਆ। ਉਹਦੇ ਹੱਥ, ਉਹਦੇ ਪੱਟ-ਗੋਡੇ ਟੋਹ-ਟੋਹ ਦੇਖੇ। ਛਾਤੀ ਨੰਗੀ ਕੀਤੀ ਤੇ ਚੇਹਰੇ ਉੱਤੋਂ ਮਿੱਟੀ ਝਾੜੀ। ਅਰਜਣ ਹੀ ਸੀ, ਹੋਰ ਕੌਣ ਸੀ ? ਥਾਂ-ਥਾਂ ਲਹੂ ਦੇ ਦਾਗ ਸਨ। ਮੱਥਾ ਪਾਟਿਆ ਹੋਇਆ ਸੀ। ਵੱਖੀ ਕੋਲੋਂ ਕੁੜਤਾ ਲਹੂ ਨਾਲ ਗਾਰੇ ਵਾਂਗ ਗੜੁੱਚ ਸੀ। ਗੋਡਿਆ ਤੋਂ ਥੱਲੇ ਸੁਕੜੰਜਾਂ ਜਮਾਂ ਭੰਨੀਆਂ-ਤੋੜੀਆਂ ਪਈਆਂ ਸਨ। ਉਹ ਧਾਹ ਮਾਰ ਕੇ ਅਰਜਣ ਦੀ ਹਿੱਕ ਉੱਤੇ ਲਿਟ ਗਿਆ। ‘ਹਾਏ ਓਏ ਭਰਾਵਾ, ਇਹ ਕੀ ਕਰ ਲਿਆ ਤੈਂ ?’ ਉੱਤੇ ਖੜ੍ਹੇ ਲੋਕ ਭੰਵਤਰੀਆਂ ਅੱਖਾਂ ਨਾਲ ਝਾਕੀ ਜਾ ਰਹੇ ਸਨ। ਡਰਾਕਲ ਤਾਂ ਓਥੋਂ ਭੱਜ ਨਿਕਲੇ। ਸੱਤ-ਅੱਠ ਜਣੇ ਖੜ੍ਹੇ ਰਹੇ। ਤੇ ਫੇਰ ਦੋ ਜਣਿਆਂ ਨੇ ਝੰਡੇ ਦੀਆਂ ਬਾਹਾਂ ਫੜੀਆਂ। ਉਹਨੂੰ ਖੜ੍ਹਾ ਕਰ ਲਿਆ। ਬੈਠਕ ਵਿਚ ਲੈ ਗਏ । ਉਹਦਾ ਦਿਲ ਖੜ੍ਹਾਉਣ ਲੱਗੇ । ‘ਇਹਦੇ ‘ਚ ਮੁੜ ਕੇ ਸਾਹ ਤਾਂ ਪੈਂਦੇ ਨੀ। ਪਤਾ ਨੀ ਕੀਹਨੇ ਵਾਰਦਾਤ ਕੀਤੀ ਐ। ਉੱਠ, ਤਕੜਾ ਹੋ। ਫੂਲ ਨੂੰ ਬੰਦੇ ਭੇਜਦੇ ਆਂ, ਪੁਲਸ ਕੋਲ | ਹੁਣ ਇਹਦੀ ਮਿੱਟੀ ਤਾਂ ਸਮੇਟੀਏ । ਮਗਰੋਂ ਕਰਾਂਗੇ, ਚਾਰਾਜੋਈ।’
ਓਧਰ ਘੀਚਰ ਤੇ ਕੈਲੂ ਰਾਤ ਨੂੰ ਹੀ ਭਾਈਰੂਪੇ ਨੂੰ ਤੁਰ ਗਏ ਸਨ। ਨਾਜਰ ਦੇ ਵਾੜੇ ਵਿਚ ਬਿੰਦ ਦੀ ਬਿੰਦ ਗਏ ਓਥੋਂ ਕੁੱਲੀ ਵਿਚੋਂ ਆਪਣਾ ਲੀੜਾ-ਕਪੜਾ ਚੁੱਕ ਕੇ ਖੇਸਾਂ ਦੀਆਂ ਬੁੱਕਲਾਂ ਮਾਰੀਆਂ ਤੇ ਚੱਲ ਪਏ। ਘੀਚਰ ਕਹਿੰਦਾ, ‘ਲੈ ਬਈ, ਨਾਜਰ ਸਿਆਂ, ਤੇਰਾ ਕੰਮ ਕਰ ’ਤਾ। ਹੁਣ ਮੁੜ ਕੇ ਨੀ ਉੱਠ ਸਕਦਾ ਮੰਜੇ ‘ਚੋਂ । ਵਿੱਚੇ ਹੀ ਜੰਗਲ-ਪਾਣੀ ਕਰਿਆ ਕਰੂ, ‘ਪੁੱਤ ਮੇਰਾ।’
ਨਾਜਰ ਨੇ ਹੱਥ ਜੋੜੇ ਸਨ, ‘ਮੈਂ ਵੀ ਥੋਡਾ ਹੱਕ ਨੀ ਰਖਦਾ, ਘੀਚਰ ਸਿਆਂ। ਪੂਰਾ ਦੇਣ ਦੇਊਂ ਆਪਾਂ ਫੇਰ ਸਮਝਾਂਗੇ। ਜਕੀਨਾ ਰੱਖੀਂ ।’
ਨਾਜਰ ਤੇ ਜੰਗੀਰ ਨੇ ਕੁੱਲੀ ਵਿਚ ਬੈਠ ਕੇ ਦੋ-ਦੋ ਕੌਲੀਆਂ ਦਾਰੂ ਪੀਤੀ ਤੇ ਓਥੇ ਇਕ ਮੰਜੇ ਉੱਤੇ ਪੈ ਗਏ। ਉਹਨੇ ਜੰਗੀਰੇ ਨੂੰ ਘਰ ਨਹੀਂ ਜਾਣ ਦਿੱਤਾ ਸੀ। ਕਹਿੰਦਾ, ‘ਐਸ ਵੇਲੇ ਬੁੜ੍ਹੀ ਕਿੱਥੇ ਉੱਠੂ, ਕੁੰਡਾ ਖੋਲ੍ਹਦੀ ਫਿਰੂ । ਤੂੰ ਐਥੇ ਈ ਪੈ ਜਾ । ਤੜਕੇ ਸਦੇਹਾਂ ਉੱਠ ਕੇ ਵਗ ਜੀ । ਆਪਾਂ ਕਾਰਾ ਕਰ ਤਾਂ ਆਏ, ਪਰ ਮੇਰਾ ਦਿਲ ਨੀ ਖੜ੍ਹਦਾ। ਤੂੰ ਮੇਰੇ ਨਾਲ ਪੈ ਜਾ।’
ਪਾਲੀ ਭੁੰਜੇ ਹੀ ਪੱਲੜ ਸੁੱਟ ਕੇ ਤੇ ਉਤੇ ਆਪਣਾ ਗੁੱਦੜ ਲੈ ਕੇ ਸੌਂ ਗਿਆ ਸੀ। ਉਹਨੂੰ ਕੋਈ ਪਤਾ ਨਹੀਂ ਲਗਿਆ ਸੀ, ਉਹ ਕਦੋਂ ਆਏ, ਕੀ ਕਰਕੇ ਆਏ, ਕੀ ਗੱਲਾਂ ਕੀਤੀਆਂ ਤੇ ਕਦੋਂ ਪੈ ਗਏ।
ਅਗਲੇ ਦਿਨ ਨਾਜਰ ਨੇ ਇੱਜੜ ਨਹੀਂ ਛੱਡਿਆ। ਪਾਲੀ ਨੂੰ ਆਖਿਆ ਕਿ ਉਹ ਵਾੜੇ ਵਿਚ ਹੀ ਰਹੇ। ਨਾਜਰ ਆਪ ਪਿੰਡ ਵਿਚ ਹੀ ਕਿਧਰੇ ਗੁੰਮ ਹੋ ਗਿਆ । ਬਿੜਕਾਂ ਲੈਂਦਾ ਫਿਰਦਾ ਰਿਹਾ। ਕਿਧਰੇ ਉਹਦਾ ਨਾਂ ਤਾਂ ਨਹੀਂ ਕੋਈ ਲੈ ਰਿਹਾ? ਦੁਪਹਿਰ ਵੇਲੇ ਤੱਕ ਥਾਣਾ ਚੜ੍ਹ ਕੇ ਆ ਗਿਆ। ਨੰਬਰਦਾਰ ਪਾਖਰ ਸਿੰਘ ਨੇ ਚੌਕੀਦਾਰ ਨੂੰ ਫੂਲ ਭੇਜ ਦਿੱਤਾ ਸੀ । ਥਾਣੇਦਾਰ ਕਸਿਆ-ਕਸਾਇਆ ਆਇਆ। ਉਹਦੇ ਨਾਲ ਛੇ ਸਿਪਾਈ ਸਨ । ਥਾਣੇਦਾਰ ਤਾਂ ਲੋਥ ਕੋਲ ਕੁਰਸੀ ਡਾਹ ਕੇ ਬੈਠ ਗਿਆ। ਪਿੰਡ ਦੇ ਸਾਰੇ ਨੰਬਰਦਾਰ ਬੁਲਾ ਲਏ। ਸਿਪਾਹੀ ਪਿੰਡ ਵਿਚ ਜਾ ਕੇ ਗਲੀਆਂ ਕੱਛਣ ਲੱਗੇ। ਹਬਕ-ਦਬਕ ਕੀਤੀ। ਦਸ-ਨੰਬਰੀਆਂ ਨੂੰ ਘਰਾਂ ਵਿਚ ਜਾ ਕੇ ਫੜ ਲਿਆ। ਧਕੇ ਮਾਰ-ਮਾਰ ਉਹਨਾਂ ਨੂੰ ਥਾਣੇਦਾਰ ਕੋਲ ਲੈ ਆਏ।
ਪਿੰਡ ਦੇ ਪੰਜ ਬੰਦੇ ਦਸ ਨੰਬਰ ਵਿਚ ਸਨ । ਪੰਜਾਂ ਨੂੰ ਬਿਠਾ ਕੇ ਥਾਣੇਦਾਰ ਕਹਿੰਦਾ, ‘ਕਾਤਲ ਥੋਡੇ ‘ਚ ਐ। ਹੁਣ ਦੱਸ ਦਿਓ । ਇਕਬਾਲ ਕਰ ਲੋ, ਬੱਚਤ ਹੋ ਸਕਦੀ ਐ। ਨਹੀਂ ਤਾਂ ਕੇਸ ਚੱਲ ਕੇ ਸਿੱਧੀ ਫਾਂਸੀ ਮਿਲੂ । ਸਮਝਦੇ ਓਂ ਨਹੀਂ ?’
ਪੰਜੇ ਜਾਣੇ ਧਰਤੀ ਉੱਤੇ ਲਕੀਰਾਂ ਕੱਢ ਰਹੇ ਸਨ। ਹਰ ਕੋਈ ਸੋਚ ਰਿਹਾ ਸੀ, ਇਹ ਵਾਰਦਾਤ ਕਰਨ ਵਾਲਾ ਹੋਇਆ ਕੌਣ ?
ਹਰਨਾਮੀ ਦਾ ਸਾਰੇ ਪਿੰਡ ਨੂੰ ਪਤਾ ਸੀ ਕਿ ਅਰਜਣ ਉਹਦੇ ਕੋਲ ਜਾਂਦਾ-ਆਉਂਦਾ ਹੈ। ਪਾਖਰ ਸਿੰਘ ਨੇ ਥਾਣੇਦਾਰ ਨੂੰ ਕੰਨ ਵਿਚ ਦੱਸਿਆ ਤਾਂ ਦੋ ਸਿਪਾਹੀ ਭੇਜ ਕੇ ਥਾਣੇਦਾਰ ਨੇ ਹਰਨਾਮੀ ਨੂੰ ਬੁਲਾ ਲਿਆ । ਉਹ ਰੋਈ ਜਾ ਰਹੀ ਸੀ। ਬੋਲਦੀ ਕੁਝ ਨਹੀਂ ਸੀ। ਪਿੰਡ ਦੇ ਇੱਕਠ ਤੋਂ ਉਹਨੂੰ ਪੂਰੀ ਸ਼ਰਮ ਆ ਰਹੀ ਸੀ। ਆਉਣ-ਸਾਰ ਪਹਿਲਾਂ ਉਹਨੇ ਪਾਖਰ ਨੰਬਰਦਾਰ ਦੇ ਪੈਰ ਫੜੇ, ‘ਬਾਬਾ ਜੀ, ਥੋਡੇ ਰੱਖਣ ਦੀ ਆਂ। ਮੇਰਾ ਕੋਈ ਕਸੂਰ ਨੀ। ਆਇਆ ਜ਼ਰੂਰ ਸੀ ਇਹ ਮੇਰੇ ਕੋਲ। ਪਰ ਮੈਨੂੰ ਏਸ ਭਾਣੇ ਦਾ ਕੋਈ ਇਲਮ ਨੀ।’
ਪਾਖਰ ਨੇ ਉਹਨੂੰ ਹੱਥ ਨਾਲ ਪਰ੍ਹਾਂ ਹਟਾਇਆ। ਕਹਿਣ ਲੱਗਿਆ, ‘ਸਹੁਰੀਏ, ਮੈਨੂੰ ਕਿਉਂ ਭਾਰ ਚੜ੍ਹੋਨੀ ਐਂ। ਔਧਰ ਗੱਲ ਕਰ, ਥਾਣੇਦਾਰ ਸਾਅਬ ਨਾਲ…
ਥਾਣੇਦਾਰ ਉਹਨੂੰ ਕਹਿੰਦਾ, ‘ਹਰਨਾਮ ਕੌਰ, ਅਰਜਣ ਸਿੰਘ ਕੱਲ੍ਹ ਰਾਤ ਆਇਆ ਤੇਰੇ वेल ?’
ਉਹ ਬੋਲੀ ਨਹੀਂ। ਹੱਥ ਜੋੜ ਕੇ ਖੜ੍ਹੀ ਰਹੀ। ਮੂੰਹ ਉੱਤੇ ਪੱਲਾ ਕਰ ਲਿਆ।
‘ਤੇਰੀ ਹੋਰ ਕਿਸ ਨਾਲ ਗੱਲਬਾਤ ਐ ਪਿੰਡ ਵਿਚ ?’
‘ਕਿਸੇ ਨਾਲ ਨਹੀਂ, ਮਾਪਿਆ ।
ਥਾਣੇਦਾਰ ਨੇ ਝਿੜਕ ਕੇ ਹਰਨਾਮੀ ਨੂੰ ਪਰ੍ਹਾਂ ਬਿਠਾ ਦਿੱਤਾ। ਕਹਿੰਦਾ, ‘ਫੂਲ ਲਿਜਾ ਕੇ ਸਭ ਕੱਢ ਲਾਂ ਗੇ ਤੇਰੇ ‘ਚੋਂ। ਤੂੰ ਈਂ ਜੜ ਐਂ ।
ਬਦਮਾਸ਼ਾਂ ਨੂੰ ਪੁੱਛਣ ਲੱਗਿਆ, ‘ਸੱਚ ਦੱਸ ਦਿਓ। ਥੋਡੇ ‘ਚੋਂ ਕੀਹਦੀ ਗਿੱਟ ਮਿਟ ਐ ਏਸ ਔਰਤ ਨਾਲ ?’
ਪੰਜਾਂ ਨੇ ਵਾਰੀ-ਵਾਰੀ ਕੰਨਾਂ ਨੂੰ ਹੱਥ ਲਾਇਆ, ‘ਨਾ ਸਰਦਾਰ ਜੀ, ਤੁਸੀਂ ਸਭ ਜਾਣੀ- ਜਾਣ ਓਂ । ਪਰ ਏਸ ਰਾਹ ਤਾਂ ਅਸੀਂ ਕਦੇ ਪਏ ਈ ਨੀ।’
‘ਚੰਗਾ, ਨੰਬਰਦਾਰ ਸਾਅਬ, ਲਾਸ਼ ਨੂੰ ਪਵਾਓ ਗੱਡੇ ‘ਚ। ਸਾਰੇ ਨੰਬਰਦਾਰ ਚੱਲੋ ਮੇਰੇ ਨਾਲ ।’ ਬਦਮਾਸ਼ਾਂ ਨੂੰ ਕਹਿੰਦਾ, ‘ਤੁਸੀਂ ਵੀ ਪੰਜੇ । ਉਥੇ ਜਾ ਕੇ ਕਰਦਾਂ ਗੱਲ ਥੋਡੇ ਨਾਲ। ਹਰਾਮਜਾਦਿਓ, ਆਪੇ ਬਕੋਂਗੇ।’ ਤੇ ਫੇਰ ਹਰਨਾਮੀ ਵੱਲ ਇਸ਼ਾਰਾ ਕੀਤਾ, ‘ਇਹਨੂੰ ਵੀ ਲੈ ਕੇ ਜਾਣੇਂ।’
ਨੰਬਰਦਾਰ ਤੋਂ ਦੂਰ ਬੈਠੇ ਪਿੰਡ ਦੇ ਲੋਕਾਂ ਵਿਚ ਘੁਸਰ-ਮੁਸਰ ਹੋਣ ਲੱਗੀ। ਪੁਲਿਸ ਵਲੋਂ ਪਿੰਡ ਦੀ ਕਿਸੇ ਔਰਤ ਨੂੰ ਫੜ ਕੇ ਲਿਜਾਣ ਦੀ ਗੱਲ ਪਹਿਲਾਂ ਕਦੇ ਕਿਸੇ ਨੇ ਨਹੀਂ ਸੁਣੀ। ਵਿਚੇ-ਵਿਚ ਤਰ੍ਹਾਅ-ਤਰ੍ਹਾਅ ਹੋਣ ਲੱਗੀ।
ਝੰਡੇ ਨੇ ਗੱਡਾ ਜੋੜਿਆ ਤੇ ਅਰਜਣ ਉੱਤੋਂ ਚਿੱਟਾ ਖੇਸ ਲਾਹ ਕੇ ਲੋਥ ਨੂੰ ਦੋ ਜਣਿਆਂ ਨੇ ਗੱਡੇ ਵਿਚ ਰੱਖ ਦਿੱਤਾ। ਪਹਿਲਾਂ ਵਾਂਗ ਹੀ ਓਸੇ ਖੇਸ ਨਾਲ ਲੋਥ ਢੱਕ ਦਿੱਤੀ। ਝੰਡੇ ਦਾ ਸੀਰੀ ਗੱਡ ਦੇ ਪੱਟ ਬੈਠਾ । ਝੰਡਾ ਲੋਥ ਦੇ ਸਰ੍ਹਾਣੇ ਬੈਠ ਗਿਆ। ਸਲਾਹ-ਮਸ਼ਵਰਾ ਕਰਨ ਲੱਗੇ। ਤੇ ਫੇਰ ਨੰਬਰਦਾਰ ਪਾਖਰ ਸਿੰਘ ਥਾਣੇਦਾਰ ਨੂੰ ਕਹਿੰਦਾ, ‘ਸਰਦਾਰ ਜੀ, ਹਰਨਾਮੀ ਨੂੰ ਤਾਂ ਕਾਹਨੂੰ ਲਿਜਾਣੈ। ਇਹਨੇ ਕਿੱਧਰ ਭੱਜ ਜਾਣੈ। ਜਦੋਂ ਮਰਜ਼ੀ ਸਾਥੋਂ ਲੈ ਲਿਓ। ਅਸੀਂ ਜਿੰਮੇਦਾਰ ਆਂ ਇਹਦੇ। ਪਿੰਡ ਦੀ ਆਣ ਮਾਰੀਂ ਦੀ ਐ। ਇਹਨੂੰ ਫੂਲ ਲੈ ਕੇ ਨਾ ਜਾਓ । ਜਦੋਂ ਥੋਨੂੰ ਲੋੜ ਪਈ, ਅਸੀਂ ਆਪ ਪੇਸ਼ ਕਰ ਦਿਆਂਗੇ। ਮੁਕੱਦਮਾ ਤਾਂ ਹੁਣ ਚੱਲੂਗਾ ਈ।’
ਥਾਣੇਦਾਰ ਮੰਨ ਗਿਆ। ਹਰਨਾਮੀ ਓਥੋਂ ਡਿਗਦੀ-ਢਹਿੰਦੀ ਆਪਣੇ ਘਰ ਆ ਗਈ।
ਥਾਣੇਦਾਰ ਆਪਣੇ ਘੋੜੇ ਉੱਤੇ ਚੜ੍ਹ ਗਿਆ। ਅੱਗੇ-ਅੱਗੇ ਗੱਡਾ ਜਿਸ ਵਿਚ ਲੋਥ ਦੇ ਨਾਲ ਝੰਡਾ ਤੇ ਨੰਬਰਦਾਰ ਬੈਠੇ ਸਨ। ਚੁੱਪ ਕੀਤੇ, ਮੂੰਹਾਂ ਉੱਤੇ ਮੁਰਦੇ-ਹਾਣੀ ਛਾਈ ਹੋਈ ਸੀ। ਗੱਡੇ ਦੇ ਮਗਰ-ਮਗਰ ਥਾਣੇਦਾਰ ਦਾ ਘੋੜਾ ਤੇ ਉਹ ਤੋਂ ਬਾਅਦ ਪੰਜੇ ਦਸ ਨੰਬਰੀਏ ਤੇ ਛੇ ਸਿਪਾਹੀ। ਕੌਲੋਕੇ ਜਾ ਕੇ ਥਾਣੇਦਾਰ ਨੇ ਦੋ ਬੁੱਢੇ ਸਿਪਾਹੀ ਗੱਡੇ ਵਿਚ ਬਿਠਾ ਦਿੱਤੇ। ਕੌਲੋਕੇ ਵਿਚ ਦੀ ਲੋਥ ਲੰਘੀ ਤਾਂ ਬੁੜ੍ਹੀਆਂ-ਕੁੜੀਆਂ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਦੇਖਣ ਲੱਗੀਆਂ। ਪਿੰਡ ਦੇ ਲੋਕ ਰਾਹਾਂ ਉੱਤੇ ਖੜ੍ਹ ਗਏ। ਬੱਸ ਝਾਕੀਂ ਜਾ ਰਹੇ ਸਨ। ਕੋਈ ਪੁਛਦਾ ਕੁਝ ਨਹੀਂ ਸੀ। ਜਣਾ-ਖਣਾ ਥਾਣੇਦਾਰ ਨੂੰ ਫਤਿਹ ਬੁਲਾਉਂਦਾ ! ਸਿਧਾਣਿਆਂ ਦੇ ਪੁਲਾਂ ਉੱਤੇ ਸਾਰੇ ਥੋੜ੍ਹਾ ਚਿਰ ਸਸਤਾਏ । ਤਾਂਗਿਆਂ ਵਾਲੇ ਤੇ ਏਧਰ- ਓਧਰ ਖੜ੍ਹੀਆਂ ਸਵਾਰੀਆਂ ਗੱਡੇ ਵੱਲ ਦੇਖਣ ਲੱਗੀਆਂ। ਸਭ ਦੂਰ ਖੜ੍ਹੇ ਹੀ ਗੱਲਾਂ ਕਰਦੇ। ਤਰ੍ਹਾਂ- ਤਰ੍ਹਾਂ ਦੇ ਅਨੁਮਾਨ ਲਾਏ ਜਾ ਰਹੇ ਸਨ ।
ਫੂਲ ਜਾ ਕੇ ਥਾਣੇ ਵਿਚ ਝੰਡੇ ਵਲੋਂ ਸਾਰੀ ਰਿਪੋਰਟ ਲਿਖਵਾਈ ਗਈ। ਤੇ ਫੇਰ ਪੁਲਿਸ ਵਾਲਿਆਂ ਨੇ ਹਸਪਤਾਲ ਵਿਚ ਲਾਸ਼ ਦਾ ਪੋਸਟ-ਮਾਰਟਮ ਕਰਵਾਇਆ।
ਅੱਧੀ ਰਾਤ ਜਾ ਕੇ ਲੋਥ ਕੋਠੀ ਪਹੁੰਚੀ। ਸਾਰੇ ਨੰਬਰਦਾਰ ਤੇ ਝੰਡਾ ਵਾਪਸ ਆ ਗਏ ਸਨ। ਪੰਜੇ ਬਦਮਾਸ਼ਾਂ ਨੂੰ ਪੁਲਿਸ ਵਾਲਿਆਂ ਨੇ ਹਿਰਾਸਤ ਵਿਚ ਫੂਲ ਹੀ ਰੱਖ ਲਿਆ ਸੀ।
ਤੜਕੇ ਸਦੇਹਾਂ ਹੀ ਅਰਜਣ ਦਾ ਦਾਹ-ਸੰਸਕਾਰ ਕਰ ਦਿੱਤਾ ਗਿਆ। ਸ਼ਰੀਕੇ ਦੀਆਂ ਬੁੜ੍ਹੀਆਂ ਨੇ ਉੱਚੇ-ਉੱਚੇ ਵੈਣ ਪਾਏ। ਬੰਤੋ ਹਾਲੋ-ਬੇਹਾਲ ਹੋਈ ਫਿਰਦੀ ਰਹੀ। ਝੰਡਾ ਬਿੰਦੇ-ਬਿੰਦੇ ਹੰਝੂ ਸੁੱਟਣ ਲੱਗ ਪੈਂਦਾ। ਬੈਠਕ ਵਿਚੋਂ ਸਾਰਾ ਸਮਾਨ ਚੁੱਕ ਕੇ ਸੱਥਰ ਵਿਛਾ ਦਿੱਤਾ ਗਿਆ। ਹੜੇ ਵਿਚ ਧੁੱਪੇ ਪਟੀਆਂ ਵਿਛਾ ਦਿੱਤੀਆਂ। ਸਬਾਤ ਵਿਚ ਵੀ ਸੱਥਰ ਦੇ ਕਪੜੇ ਵਿਛੇ ਹੋਏ ਸਨ । ਬੁੜ੍ਹੀਆਂ ਸਬਾਤ ਵਿਚ ਬੈਠ ਕੇ ਅਫਸੋਸ ਕਰਦੀਆਂ। ਬੰਦੇ ਵਿਹੜੇ ਵਿਚ ਤੇ ਬੈਠਕ ਵਿਚ ਆ ਕੇ ਬੈਠਦੇ । ਚੁੱਲ੍ਹੇ ਉੱਤੇ ਚਾਹ ਦੀ ਟੋਕਣੀ ਧਰ ਦਿੱਤੀ ਗਈ। ਜਿਹੜਾ ਵੀ ਕੋਈ ਦੂਰੋਂ-ਨੇੜਿਉਂ ਅਫ਼ਸੋਸ ਕਰਨ ਆਉਂਦਾ, ਸਭ ਨੂੰ ਚਾਹ ਦਾ ਗਲਾਸ ਦਿੱਤਾ ਜਾਂਦਾ।
ਓਧਰ ਅਰਜਣ ਦੀ ਮੌਤ ਹੋਈ ਸੁਣ ਕੇ ਨਾਜਰ ਭਾਈਰੂਪੇ ਨੂੰ ਭੱਜ ਗਿਆ ਸੀ। ਜਾ ਕੇ ਘੀਦਰ ਨੂੰ ਲੱਭਿਆ ਸੀ। ਪਰ ਉਹ ਤਾਂ ਪਿੰਡ ਵਿਚ ਹੈ ਹੀ ਨਹੀਂ ਸੀ। ਕੈਲੂ ਵੀ ਓਥੇ ਨਹੀਂ ਮਿਲਿਆ। ਦੋ ਦੇ ਘਰਾਂ ਤੋਂ ਪਤਾ ਕੀਤਾ, ਪਰ ਕਿਸੇ ਨੇ ਕੁਝ ਨਹੀਂ ਦੱਸਿਆ। ਨਾਜਰ ਅਗਾਂਹ ਦਿਆਲਪੁਰੇ ਨੂੰ ਤੁਰ ਪਿਆ । ਘੀਚਰ ਜਦੋਂ ਵੀ ਕਦੇ ਉਹਨੂੰ ਮਿਲਿਆ ਸੀ, ਦਿਆਲਪੁਰੇ ਦੀਆਂ ਗੱਲਾਂ ਕਰਦਾ ਹੁੰਦਾ। ਓਥੇ ਤੇਜੋ ਨਾਂ ਦੀ ਇਕ ਜ਼ਨਾਨੀ ਸੀ । ਜਾਤ ਝਿਊਰੀ । ਬੜੀ ਦਲੇਰ ਤੀਵੀਂ ਸੀ। ਘੀਚਰ ਦੀ ਇਕ ਠੋਹੀ ਤੇਜੋ ਵੀ ਸੀ। ਉਹ ਦਿਆਲਪੁਰੇ ਜਾ ਕੇ ਸਿੱਧਾਂ ਤੇਜੋ ਦੇ ਘਰ ਗਿਆ। ਘੀਚਰ ਤੇ ਕੈਲੂ ਓਥੇ ਹੀ ਸਨ। ਤੇਜੋ ਦੇ ਟੁੱਟੇ ਜਿਹੇ ਕੋਠੜੇ ਵਿਚ ਸੁੱਤੇ ਹੋਏ ਸਨ। ਉਹ ਜਾਣ-ਬੁੱਝ ਕੇ ਹੀ ਇਥੇ ਆ ਪਏ ਸਨ। ਵਾਰਦਾਤ ਕਰਕੇ ਉਹ ਆਮ ਤੌਰ ਉੱਤੇ ਭਾਈਰੂਪੇ ਨਹੀਂ ਜਾਂਦੇ ਹਨ। ਏਧਰ-ਓਧਰ ਦੂਜੀਆਂ ਠੇਹੀਆਂ ਵਿਚ ਜਾ ਵੜਦੇ। ਤੇਜੋ ਨੂੰ ਉਹਨਾਂ ਨੇ ਕਹਿ ਰੱਖਿਆ ਸੀ ਕਿ ਜੇ ਕੋਠੇ ਖੜਕ ਸਿੰਘ ਤੋਂ ਨਾਜਰ ਜਾਂ ਜੰਗੀਰਾ ਨਾਂ ਦਾ ਬੰਦਾ ਆਵੇ ਤਾਂ ਉਹ ਉਹਨੂੰ ਉਹਨਾਂ ਕੋਲ ਅੰਦਰ ਭੇਜ ਦੇਵੇ । ਹੋਰ ਕਿਸੇ ਨੂੰ ਉੱਘ- ਸੁੱਘ ਨਹੀਂ ਦੇਣੀ।
ਨਾਜਰ ਜਾਂਦਾ ਹੀ ਪਿੱਟਣਾ ਪਾ ਕੇ ਬੈਠ ਗਿਆ, ‘ਉਹ ਤਾਂ ਮਰ ਗਿਆ ਸਾਲਿਓ। ਹੁਣ ਦੱਸੋ ਮੈਂ ਕਿੱਧਰ ਜਾਮਾਂ ? ਕੀ ਬਣੂ ਮੇਰਾ ? ਆਖਰ ਨੂੰ ਮੇਰੇ ਨਾਂ ਈ ਪੈਣੈ ਉਹ ਤਾਂ ।’
‘ਮਰ ਗਿਆ ? ਹੱਛਿਆ ? ਦੋਵੇਂ ਜਣੇ ਛਾਲ ਮਾਰ ਕੇ ਆਪਣੇ ਮੰਜਿਆਂ ਤੋਂ ਖੜੇ ਹੋ ਗਏ।
ਦੋ-ਡੇਢ ਘੰਟਾ ਤਿੰਨਾਂ ਦੀ ਘੁਸਰ-ਮੁਸਰ ਹੁੰਦੀ ਰਹੀ। ਵਿਚ ਦੀ ਤੇਜੋ ਉਹਨਾਂ ਨੂੰ ਚਾਹ ਕਰਕੇ ਪਿਆ ਗਈ। ਉਹ ਤਿੰਨੇ ਗੱਲਾਂ ਕਰਦੇ ਰਹੇ ਤੇ ਤੇਜੋ ਘਰ ਦੇ ਬਾਰ ਮੂਹਰੇ ਬੈਠ ਕੇ ਕੁਨਾਲੀ ਵਿਚ ਕਪੜੇ ਧੋਂਦੀ ਰਹੀ। ਕੋਈ ਬੁੜ੍ਹੀ ਤੇਜੋ ਕੋਲ ਬਿੰਦ ਦੀ ਬਿੰਦ ਖੜ੍ਹਦੀ-ਬੈਠਦੀ ਤਾਂ ਉਹ ਉਹਦੇ ਨਾਲ ਹੱਸ-ਹੱਸ ਗੱਲਾਂ ਕਰਨ ਲੱਗ ਪੈਂਦੀ।
ਅਖੀਰ ਘੀਚਰ ਨੇ ਫੈਸਲਾ ਦਿੱਤਾ ਕਿ ਨਾਜ਼ਰ ਜੰਗੀਰੇ ਤੋਂ ਕਤਲ ‘ਕਬੂਲ’ ਕਰਵਾ ਦੇਵੇ। ਇਕ-ਦੋ ਗਵਾਹ ਮੁਕੱਦਮੇ ਵਿਚ ਅਜਿਹੇ ਪਵਾਏ ਜਿਹੜੇ ਕਚਹਿਰੀ ਵਿਚ ਜਾ ਕੇ ਸਾਫ ਮੁੱਕਰ ਜਾਣ। ਪੈਸਾ ਮੁਕੱਦਮੇ ਉੱਤੇ ਨਾਜਰ ਆਪ ਲਾਵੇ। ਚਾਹੇ ਘਰ-ਬਾਰ ਸਾਰਾ ਵੀ ਕਿਉਂ ਨਾ ਵਿਕ ਜਾਵੇ । ਡਰਾਵਾ ਦੇ ਕੇ ਹਰਨਾਮੀਂ ਤੋਂ ਪੈਸੇ ਲਏ ਜਾਣ। ਕੁਝ ਕਰਨਾ ਪਵੇ, ਜੰਗੀਰੇ ਨੂੰ ਫਾਹਾ ਨਾ ਲੱਗੇ । ਘੀਚਰ ਨੇ ਇਹ ਵੀ ਆਖ ਦਿੱਤਾ ਕਿ ਜੇ ਉਹਦਾ ਜਾਂ ਕੈਲੂ ਦਾ ਨਾਂ ਵਿਚ ਆ ਗਿਆ ਤਾਂ ਫੇਰ ਨਾਜਰ, ਜੰਗੀਰੇ ਤੇ ਹਰਨਾਮੀ ਦੀ ਖੈਰ ਨਹੀਂ। ਉਹਨਾਂ ਨੂੰ ਇਉਂ ਕਰਨਾ ਵੀ ਆਉਂਦਾ ਹੈ।
16
ਜਿਸ ਦਿਨ ਪੁਲਿਸ ਅਰਜਣ ਦੀ ਲੋਥ ਫੂਲ ਨੂੰ ਲੈ ਕੇ ਗਈ, ਹਰਨਾਮੀ ਨੇ ਦਿਨ-ਛਿਪੇ ਜਿਹੇ ਆਪਣੇ ਪਾਲੀ ਨੂੰ ਨਾਜਰ ਦੇ ਵਾੜੇ ਭੇਜਿਆ। ਉਹ ਅਜੇ ਭਾਈਰੂਪੇ ਤੋਂ ਮੁੜਿਆ ਨਹੀਂ ਸੀ। ਛੋਟਾ ਨਾਜਰ ਦੇ ਪਾਲੀ ਨੂੰ ਸੁਨੇਹਾ ਦੇ ਆਇਆ ਕਿ ਜਦੋਂ ਹੀ ਉਹ ਆਵੇ ਤਾਂ ਉਹ ਘਰ ਆ ਕੇ ਹਰਨਾਮੀ ਨੂੰ ਮਿਲੇ । ਬਹੁਤ ਜ਼ਰੂਰੀ ਕੰਮ ਹੈ। ਨਾਜਰ ਦਾ ਪਾਲੀ ਤਾਂ ਪਹਿਲਾਂ ਹੀ ਡਰਿਆ ਬੈਠਾ ਸੀ। ਉਹ ਤਾਂ ਫਸਣਗੇ ਹੀ, ਵਿਚ ਉਹ ਵੀ ਅੜੰਗਿਆ ਜਾਵੇਗਾ। ਉਹਨੂੰ ਤਾਂ ਸਾਰੀ ਗੱਲ ਦਾ ਪਤਾ ਸੀ। ਉਹ ਸੋਚਦਾ, ਕੰਜਰ ਦੇ ਕਮਲੇ ਜੱਟਾਂ ਨੇ ਉਹਨੂੰ ਮਾਰ ਕਿਉਂ ਦਿੱਤਾ ? ਓਦੋਂ ਤਾਂ ਉਹ ਉਹਦੀਆਂ ਲੱਤਾਂ ਤੋੜਨ ਦੀਆਂ ਗੱਲਾਂ ਹੀ ਕਰਦੇ ਸਨ। ਫੇਰ ਇਹ ਕੀ ਉਹਨਾਂ ਦੇ ਦਿਲਾਂ ਵਿਚ ਆਈ ਪਾਪੀਆਂ ਦੇ, ਬੰਦਾ ਉਂਜ ਹੀ ਖਪਾ ਦਿੱਤਾ ?
ਦਿਨ-ਛਿਪੇ ਨਾਜਰ ਵਾੜੇ ਵਿਚ ਆਇਆ। ਉਹਦਾ ਚੇਹਰਾ ਉੱਤਰਿਆ ਹੋਇਆ ਸੀ। ਪਾਲੀ ਅੰਦਰਲੇ ਘਰ ਬੁੜ੍ਹੇ-ਬੁੜ੍ਹੀ ਕੋਲ ਰੋਟੀ ਖਾਣ ਗਿਆ ਹੋਇਆ ਸੀ । ਪਾਲੀ ਆਇਆ ਤਾਂ ਉਹਨੇ ਉਹਦੇ ਕੋਲੋਂ ਪਿੰਡ ਦਾ ਹਾਲ-ਚਾਲ ਪੁੱਛਿਆ, ‘ਮਗਰੋਂ ਹੋਰ ਕੋਈ ਗੱਲ ਤਾਂ ਨੀ ਸੁਣੀ ਪਿੰਡ ‘ਚ ?’
ਪਾਲੀ ਕਹਿੰਦਾ, ‘ਨਾ ਸੁਣੀ ਨੀ ਕੋਈ। ਨਾ ਈ ਮੈਂ ਪਿੰਡ ‘ਚ ਗਿਆਂ। ਏਥੇ ਵਾੜੇ ‘ਚ ਈ ਰਹਿਆ ਸਾਰਾ ਦਿਨ ਮੈਂ ਤਾਂ ।’ ਤੇ ਫੇਰ ਉਹਨੇ ਦੱਸਿਆ ਕਿ ਹਰਨਾਮੀ ਦਾ ਪਾਲੀ ਛੋਟਾ ਆਇਆ ਸੀ। ਹਰਨਾਮੀ ਮਿਲਣਾ ਚਾਹੁੰਦੀ ਹੈ।
ਪਹਿਲਾਂ ਤਾਂ ਘਰ ਜਾ ਕੇ ਨਾਜਰ ਨੇ ਰੋਟੀ ਖਾਧੀ। ਬੁੜ੍ਹਾ-ਬੁੜ੍ਹੀ ਉਹਦੇ ਮੂੰਹ ਵੱਲ ਝਾਕਦੇ ਰਹੇ। ਪੁੱਛਿਆ ਕੁਝ ਨਹੀਂ। ਬੁੜ੍ਹੇ-ਬੁੜ੍ਹੀ ਨੇ ਪਾਲੀ ਕੋਲੋਂ ਸਭ ਸੁਣ ਲਿਆ ਸੀ । ਬੁੜ੍ਹਾ-ਬੁੜ੍ਹੀ ਤਾਂ ਆਪ ਫਿਕਰਮੰਦ ਸਨ। ਨਾਜਰ ਘਰੋਂ ਬਾਹਰ ਹੋਣ ਲੱਗਿਆ ਤਾਂ ਮੈਂਗਲ ਖੰਘ ਕੇ ਉਹਨੂੰ ਕਹਿੰਦਾ, ‘ਓਏ ਨਾਜਰਾ, ਸਾਰੀ ਗੱਲ ਦੀ ਰਮਜ ਆ ਗੀ ਮੇਰੇ ਕੋਲ । ਝੋਟਿਆਂ-ਢੱਟਿਆਂ ‘ਤੇ ਭੀੜਾਂ-ਸੰਘੀੜਾਂ ਪੈਂਦੀਆਂ ਈ ਹੁੰਦੀਆਂ ਨੇ। ਤਕੜਾ ਹੋ ਕੇ ਚੱਲੀਂ, ਸਮਝ ਕਰੀਂ। ਪੈਸੇ ਕੰਨੀਓ ਹੱਥ ਨਾ ਖਿੱਚੀਂ। ਰੱਬ ਭਲੀ ਕਰੂ, ਭਾਈ।
ਮਾਂ ਨੇ ਦਿਲਾਸਾ ਦਿੱਤਾ, ‘ਜਿਹੜੀ ਕਮੱਕਲੀ ਹੋਣੀ ਸੀ, ਉਹ ਤਾਂ ਭਾਈ ਹੋ ਗਈ। ਹੁਣ ਸਮਝ ਕਰੋ, ਡੱਡੇ, ਆਵਦੀ। ਇਹ ਸਰਕਾਰਾਂ ਦੇ ਬੜੇ ਪੰਗੇ ਹੁੰਦੇ ਐ, ਭਾਈ। ਇਹਦੇ ‘ਚ ਤਾਂ ਕੋਈ ਆਵੇ ਨਾ । ਸੰਸਾ ਨਾ ਕਰੀਂ ਭੋਰਾ । ਪਰਮਾਤਮਾ ‘ਤੇ ਨਿਹਚਾ ਰੱਖੀਂ।’
ਆਪਣੇ ਘਰੋਂ ਉਹ ਪਹਿਲਾਂ ਤਾਂ ਵਾੜੇ ਵਿਚ ਆਇਆ। ਪਾਲੀ ਨੂੰ ਗੱਲ ਸਮਝਾਈ, ਜੇ ਕੋਈ ਉਹਨੂੰ ਪੁੱਛਣ ਆਵੇ ਤਾਂ ਉਹ ਕਹੇ ਕਿ ਉਹ ਤਾਂ ਇਥੇ ਨਹੀਂ, ਪਾਸੇ ਗਿਆ ਹੋਇਆ ਹੈ। ਤੇ ਫੇਰ ਉਹ ਹਰਨਾਮੀ ਦੇ ਘਰ ਜਾ ਬੈਠਾ । ਖਾਸਾ ਹਨੇਰਾ ਹੋ ਗਿਆ ਸੀ। ਹਰਨਾਮੀ ਨੇ ਪ੍ਰੀਤਮ ਕੇ ਘਰੋਂ ਦੋ ਬੁਰਕੀਆਂ ਖਿਚੜੀ ਲਿਆਂਦੀ ਸੀ ਤੇ ਦਿਨ ਦੇ ਦੁੱਧ ਵਿਚ ਘੋਲ ਕੇ ਘੁੱਟਾਂ ਭਰ ਲਈਆਂ ਸਨ। ਉਹਨੂੰ ਖਾਣਾ-ਪੀਣਾ ਕੁਝ ਵੀ ਨਹੀਂ ਸੁੱਝ ਰਿਹਾ ਸੀ। ਬੈਠਦਿਆਂ ਹੀ ਉਹ ਨਾਜਰ ਦੇ ਗਲ ਪੈ ਗਈ, ‘ਤੂੰ ਇਹ ਕੀ ਕੀਤਾ ? ਬੰਦੇ ਨੂੰ ਜਾਨੋਂ ਮਾਰਨ ਦੀ ਕੀ ਲੋੜ ਸੀ? ਸੱਟ-ਫੇਟ ਬਹੁਤ ਸੀ। ਹੁਣ ਸਾਰੇ ਬੁੱਝ ਜਾਂ ਗੇ। ਸਭ ਨੂੰ ਲੱਗੂ ਫਾਹਾ ਦੇਖ ਲੀਂ, ਤੇਰੇ ਸਾਹਮਣੇ ਐ।’
ਉਹ ਕਹਿੰਦਾ, ‘ਮੈਨੂੰ ਤਾਂ ਪਤਾ ਈ ਨੀ ਸੀ, ਬਈ ਗੱਲ ਐਥੋਂ ਤਾਈਂ ਪਹੁੰਚ ਜੂ ਗੀ। ਭਾਈਰੂਪੇ ਆਲਿਆਂ ਨੂੰ ਬਥੇਰਾ ਸਮਝਾਇਆ ਸੀ ਪਹਿਲਾਂ, ਬਈ ਦੇਖਿਓ ਕੰਜਰ ਦੇ ਪੁੱਤੋ, ਸੱਟਾਂ ਈ ਮਾਰਨੀਆਂ ਨੇ। ਪਰ ਖ਼ਬਰੈ, ਸਾਲੇ ਮੇਰੇ, ਕੀ ਮਥੀਂ ਫਿਰਦੇ ਸੀ। ਪਤਾ ਨੀ ਕੀ ਗੁੱਝੀ ਮਾਰ ਮਾਰ ਗੇ ? ਮੈਨੂੰ ਤਾਂ ਤੜਕੇ ਜਾ ਕੇ ਈ ਪਤਾ ਲੱਗਿਆ, ਬਈ ਉਹ ਮਰ ਗਿਐ, ਐਨਾ ਤਾਂ ਮੈਂ ਸੋਚਿਆ ਵੀ ਨੀ मी।’
ਹਰਨਾਮੀ ਕਹਿੰਦੀ, ‘ਹੁਣ ਫੇਰ? ਕੀ ਕਰਨੈ ਹੁਣ ?
ਉਹ ਮਿੱਟੀ ਖੁਰਲਣ ਲੱਗ ਪਿਆ। ‘ਕਰਨਾ ਕੀਹ ਐ, ਪੈਸੇ ਦੀ ਖੇਡ ਐ ਸਾਰੀ। ਪੈਸਾ ਝੋਕਣਾ ਪਊ। ਪੈਸਾ ਈ ਕੱਢੂ ਹੁਣ ਤਾਂ ਅੜਿਆ ਗੱਡਾ। ਨਹੀਂ ਤਾਂ ਸਾਰੇ ਮਾਰੇ ਜਾਮਾਂਗੇ। ਵਿੱਚੇ ਤੂੰ ਕਿਹੜਾ ਬਚ ਰਹੇਂਗੀ।’
‘ਮੈਨੂੰ ਦੱਸ, ਕੀ ਕਰਾਂ ਮੈਂ ?” ਉਹ ਬੋਲੀ।
‘ਤੂੰ ਸਭ ਕਰ ਸਕਦੀ ਐ। ਜਮੀਨ-ਜੈਦਾਤ ਦੀ ਮਾਲਕ ਐਂ। ਪੈਰਬਹੀ ਅਸੀਂ ਕਰਾਂਗੇ ਈ।’ ਨਾਜਰ ਨੇ ਸੋਝੀ ਦਿੱਤੀ।
ਕੰਨ ਦੀ ਟੂਮ-ਛੱਡ ਕੇ ਬਾਕੀ ਸਾਰੇ ਗਹਿਣੇ ਹਰਨਾਮੀ ਅੰਦਰੋਂ ਸੰਦੂਖ ਵਿਚੋਂ ਕੱਢ ਲਿਆਈ। ਪੋਟਲੀ ਬੰਨ੍ਹ ਕੇ ਨਾਜਰ ਨੂੰ ਕਹਿੰਦੀ, ‘ਆਹ ਫੜ, ਜਿੱਥੇ ਮਰਜੀ ਵੇਚ-ਵੱਟ, ਜਿੰਨਾ ਜੀਅ ਕਰਦੈ ਲਾ। ਹੋਰ ਕਹੇਂਗਾ, ਹੋਰ ਸਹੀ, ਕਸਰ ਨਾ ਰਹਿ ਜੇ ਕੋਈ।’
‘ਬੱਸ ਠੀਕ ਐ। ਹੁਣ ਮਾਰ ਨੀ ਖਾਂਦੇ। ਮੈਂ ਵੀ ਤਾਂ ਲਾਊਗਾ। ਭੇਡਾਂ ਵੇਚ ਦੂੰ ਸਾਰੀਆਂ। ਭਾਈਰੂਪੇ ਆਲਾ ਵੀ ਕਰੂ ਕੋਈ ਕਰਾਮਾਤ, ਬਦਮਾਸ਼ ਕਹਿੰਦੇ । ਨਾਜਰ ਓਥੋਂ ਉੱਠ ਆਇਆ। ਗਹਿਣਿਆਂ ਦੀ ਪੋਟਲੀ ਘਰ ਮਾਂ ਨੂੰ ਸੰਭਾਲ ਕੇ ਆਪ ਜੰਗੀਰੇ ਕੋਲ ਗਿਆ। ਉਹ ਅੰਦਰ ਸਬਾਤ ਵਿਚ ਪਿਆ ਹੋਇਆ ਸੀ। ਮਾਂ ਚੁੱਲ੍ਹੇ ਮੂਹਰੇ ਬੈਠੀ ਭਾਂਡੇ ਮਾਂਜ ਰਹੀ ਸੀ। ਨਾਜਰ ਨੇ ਹੌਲੀ ਦੇ ਕੇ ਬੋਲ ਮਾਰਿਆ ਤਾਂ ਉਹ ਬੁੜ੍ਹਕ ਕੇ ਮੰਜੇ ਤੋਂ ਉੱਠਿਆ ਤੇ ਝੱਟ ਦੇ ਕੇ ਵਿਹੜੇ ਵਿਚ ਆ ਗਿਆ। ਨਾਜਰ ਕਹਿੰਦਾ, ‘ਚੱਲ, ਅੰਦਰ ਬੈਠ ਕੇ ਈ ਗੱਲ ਕਰਦੇ ਆਂ।’
ਬੁੜ੍ਹੀ ਚੁੱਲ੍ਹੇ ਮੂਹਰੇ ਬੈਠੀ ਰਹੀ। ਉਹ ਅੰਦਰ ਸਬਾਤ ਵਿਚ ਮੰਜੇ ਉੱਤੇ ਬੈਠ ਕੇ ਗੱਲਾਂ ਕਰਨ ਲੱਗੇ । ਜਿਵੇਂ ਆਪਣੇ ਆਪ ਨੂੰ ਹੀ ਸਮਝਾ ਰਹੇ ਹੋਣ।
ਅਖੀਰ ਨਾਜਰ ਕਹਿੰਦਾ, ‘ਦੇਖ, ਭਾਈ ਜੰਗੀਰ ਸਿਆਂ । ਪਤਾ ਲੱਗਣੋਂ ਤਾਂ ਰਹਿੰਦਾ ਨੀ । ਅੱਜ ਨੀ, ਕੱਲ੍ਹ ਨੂੰ ਕਰ ਦੂ ਕੋਈ ਮੁਕਬਰੀ ਫੂਲ ਪੁਲਸ ਦੇ ਜਾ ਕੇ । ਤੈਨੂੰ ਪਤੈ ਨਾਲੇ ਚੰਗਾ ਭਲਾ ਕੋਠਿਆਂ ਦੀ ਮੋੜ੍ਹੀ ਦਾ । ਚਾਰੇ ਬੱਝ ਜਾਮਾਂਗੇ । ਇਕ ‘ਲਾਜ ਤਾਂ ਹੈਗਾ।’
‘वी ?’
‘‘ਤੇਰੇ ਕਰਨ ਦੀ ਗੱਲ ਐ।’
‘रॅम दी।’
‘ਤੂੰ ਕਰ ‘ਕਬਾਲ । ਮੈਂ ਪੈਸਾ ਲਾਊਂ । ਭਾਈਰੂਪੇ ਆਲਿਆਂ ਨੂੰ ਪਾਸੇ ਰਖਦੇ ਆਂ। ਊਂ ਬਥੇਰਾ ਕਰਨਗੇ ਮੱਦਤ ਆਪਣੀ। ਬੰਦੇ ਅਮਾਨ ਵਾਲੇ ਐ।
‘ਮੈਂ ਕਰ ਲਾਂ ‘ਕਬਾਲ ?’
‘ਹੋਰ ?’
‘ਤੂੰ ਕਿਉਂ ਨੀ ਕਰਦਾ ?”
‘ਹਾਂ, ਮੈਂ ਕਰ ਲੈਨਾਂ । ਤੂੰ ਲਾ ਫੇਰ ਪੈਸਾ । ਪੈਸਾ ਤਾਂ ਪਾਣੀ ਆਂਗੂੰ ਬਹੌਣਾ ਪਉ | ਦੇਖ ਲੈ, ਇਹ ਤਾਂ ਤੂੰ ਕਰ ਜਾਂ ਮੈਂ ਕਰਦਾਂ । ਭਾਈਰੂਪੇ ਆਲੇ ਤਾਂ ਗਏ ਛੁੱਤ। ਉਹਨਾਂ ਨੇ ਲੈਣਾ ਵੀ ਕੀਹ ਐ। ਹੁਣ ਤਾਂ ਆਪਣੇ ਗਲ ਈ ਪਊ ਇਹ ਕਤਲ ।
‘ਹਰਨਾਮੀ ਲਾਊ ਪੈਸਾ?
‘ਬੱਲੇ ਓ ਤੇਰੇ । ਚੱਲ ਦਖਾਮਾਂ । ਟੂਮਾਂ ਕੱਢ ਕੇ ਸਾਰੀਆਂ ਦੇ ‘ਤੀਆਂ, ਸ਼ੇਰ ਦੀ ਬੱਚੀ ਨੇ। ਪੋਟਲੀ ਬੰਨ੍ਹੀ ਪਈ ਐ ਘਰੇ। ਕਹਿੰਦੀ, ਹੋਰ ਮੰਗ ਜਿੰਨਾ ਮੰਗਣੇ । ਉਹ ਤਾਂ ਮੇਰੇ ‘ਤੇ ਜਾਨ ਕਿਹੜਾ ਨਹੀਂ ਵਾਰ ਦੂ। ਬੜੀ ਦਲੇਰ ਜੱਟੀ ਐ। ਮੇਰੀਆਂ ਸੱਠ ਭੇਡਾਂ ਨੇ ਨਾ, ਸੱਠੇ ਵੇਚ ਦੂੰ। ਕੱਲ੍ਹ ਨੂੰ ਈ ਵੇਚੀਆਂ ਲੈ।’
‘ਹੱਛਿਆ, ਦੇਖ ਲੈ ਭਰਾਵਾ। ਐਮੇਂ ਨਾ ਫਾਹੇ ਲਵਾ ਦੀ ਬੁੜ੍ਹੀ ਦਾ ‘ਕੱਲਾ ਪੁੱਤ ਆਂ।’
‘ਮਖਿਆ, ਇਕ ਦਿਨ ਦੀ ਸਜਾ ਵੀ ਜੇ ਹੋਗੀ ਤਾਂ ਮੂੰਹ ‘ਤੇ ਥੁੱਕ ਦੀਂ, ਫ਼ਾਹੇ ਦੀ ਗੱਲ ਛੱਡ ਪਰ੍ਹੇ । ਦੋ ਗਵਾਹ ਅਹਿਓ ਜੇ ਖੜ੍ਹੇ ਕਰਾਂਗੇ, ਜਾਂਦੇ ਈ ਮੁੱਕਰ ਜਾਣਗੇ । ਮੂੰਹ ‘ਚ ਹੱਡ ਦੇਮਾਂਗੇ। ਮੁੱਕਰਨਗੇ ਕਿਮੇਂ ਨਾ ? ਪੁਲਸ ਆਲਿਆ ਨੂੰ ਵੀ ਅੰਨ੍ਹਾ ਕਰ ਦਿਆਂਗੇ ਪੈਸੇ ਨਾਲ ।’
ਖਾਸੀ ਲੰਮੀ ਜੇ-ਜੱਕ ਤੋਂ ਬਾਅਦ ਜੰਗੀਰਾ ‘ਕਬੂਲ ‘ ਕਰਨਾ ਮੰਨ ਗਿਆ।
ਦੂਜੇ ਦਿਨ ਆਥਣ ਤਾਈਂ ਤਾਂ ਨਾਜਰ ਕਿਧਰੇ ਟਲਿਆ ਰਿਹਾ। ਰਾਤ ਨੂੰ ਉਹ ਨੰਬਰਦਾਰ ਪਾਖਰ ਸਿੰਘ ਦੇ ਘਰ ਗਿਆ । ਪਾਖਰ ਪਹਿਲਾਂ ਹੀ ਬੋਲ ਪਿਆ, ‘ਮੁੰਡਿਆ, ਕਸੂਤੇ ਫਸ ਗੇ ਓਏ। ਮੈਂ ਤਾਂ ਹੋਰ ਈ ਸੁਣੀ ਐ। ਪਰ ਖੈਰ ਆ ਜਾ ਬਹਿ ਜਾ। ਗੱਲ ਕਰ, ਕਿੱਕੂ ਕਰਨੀ ਐਂ ?”
‘ਕਰਨੀ ਕੀਹ ਐ, ਚਾਚਾ, ਤੈਨੂੰ ਪਤਾ ਈ ਐ, ਐਨਾ ਤਾਂ ਅਸੀਂ ਮਥਿਆ ਈ ਨੀ ਸੀ। ਮੈਂ ਕੀ ਆਖਾਂ, ਤੂੰ ਸੁਣ ਲਿਆ ਹੋਣੈ ਸਭ, ਕਿਤੋਂ ਨਾ ਕਿਤੋਂ । ਤੈਥੋਂ ਕੀ ਭੁੱਲਿਆ ਹੋਇਐ।’
‘ਫੇਰ?’ ਨੰਬਰਦਾਰ ਉਹਨੂੰ ਟੱਬਰ ਦੇ ਬੰਦਿਆਂ ਤੋਂ ਚੋਰੀਓਂ ਪਰ੍ਹੇ ਜਿਹੇ ਵਿਹੜੇ ਵਿਚ ਲੈ ਗਿਆ।
‘ਇਕ ਵਿਉਂਤ ਬਣਦੀ ਐ, ਜੇ ਮਨਜੂਰ ਕਰੇਂ, ਚਾਚਾ।’
‘ਹਾਂ, ਦੱਸ।’
‘ਜੰਗੀਰਾ ‘ਕਬਾਲ ਕਰੂਗਾ। ਉਹਨੂੰ ਪੇਸ਼ ਕਰ ਦੇ । ਮੈਂ ਪੈਸਾ ਲਾਊਂ । ਚਾਹੇ ਸਾਰਾ ਘਰ-ਬਾਰ दिव ने।’
‘ਹੱਛਿਆ, ਫੇਰ ਤਾਂ ਗੱਲ ਬਣੀ ਪਈ ਐ । ਪਰ ਐਂ ਦੱਸ, ਮਰਿਆ ਉਹ ਤੇਰੀ ਸੱਟ ਨਾਲ ?’
‘ਓਦੋਂ ਪਤਾ ਈ ਨੀ ਲੱਗਿਆ, ਭੈਣ ਦੇਣੇ ਦਾ, ਕੀਹਦੀ ਕਿੱਥੇ ਵੱਜੀ। ਨਾਲੇ ਅਸੀਂ ਕਿਹੜਾ ਮਾਰਨਾ ਮਥਿਆ ਸੀ । ਇਹ ਤਾਂ ਚਾਣਚੱਕ ਈ ਹੋ ਗੀ ।’ ਨਾਜਰ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਨਾਲ ਭਾਈਰੂਪੇ ਵਾਲੇ ਘੀਚਰ ਤੇ ਕੈਲੂ ਵੀ ਸਨ । ਪਿੰਡ ਵਿਚ ਸ਼ਾਇਦ ਨਾਜਰ ਤੇ ਪਾਲੀ ਤੋਂ ਬਿਨਾਂ ਹੋਰ ਕਿਸੇ ਨੂੰ ਪਤਾ ਹੀ ਨਹੀਂ ਸੀ ਜਾਂ ਬੱਸ ਹਰਨਾਮੀ ਜਾਣਦੀ ਸੀ।
ਨੰਬਰਦਾਰ ਪੁੱਛਣ ਲੱਗਿਆ, ‘ਤੀਮੀ ਨਾਲ ਐ ਤੇਰੇ ?
‘ਉਹ ਤਾਂ ਜਮ੍ਹਾਂ ਪੱਕੀ ਐ, ਚਾਚਾ। ਉਹ ਨੀ ਜਮਕਦੀ। ਪੂਰਾ ਪੈਸਾ ਲਾਊ ਆਪਣੀ ਖਾਤਰ।’
‘ਮੈਨੂੰ ਅੱਜ ਆਥਣੇ ਈ ਬਿੜਕ ਮਿਲੀ ਐ । ਦੱਸਾਂ ਤੈਨੂੰ ? ਕੱਲ੍ਹ ਨੂੰ ਪੁਲਸ ਆਉ, ਥੋਨੂੰ ਲੈਣ। ਓਥੇ ਸਾਰੀ ਗੱਲ ਪਹੁੰਚਗੀ।’
‘ਇਹ ਕੀਹਨੇ ਕੀਤੀ ਮੁਕਬਰੀ, ਚਾਚਾ ?’
‘ਕਿਸੇ ਨੇ ਕੀਹਨੇ ਕਰਨੀ ਸੀ, ਝੰਡਾ ਸਭ ਦੱਸ ਆਇਆ। ਆਹ ਹੁਣੇ ਆ ਕੇ ਗਿਐ ਮੇਰੇ ਕੋਲ। ਤੈਨੂੰ, ਜੰਗੀਰੇ ਨੂੰ ਤੇ ਤੀਮੀ ਨੂੰ, ਤਿੰਨਾਂ ਨੂੰ ਲੈ ਕੇ ਜਾਊ ਪੁਲਸ ।’
‘ਫੇਰ ਕਿਮੇਂ ਕਰੀਏ ?
‘ਕੱਲ੍ਹ ਨੂੰ ਤਾਂ ਟਲੋ ਤੁਸੀਂ। ਉਹਨੂੰ ਕੁਤੜੀ ਨੂੰ ਵੀ ਸਮਝਾ ਦੇ ਜਾ ਕੇ। ਐਧਰ-ਔਧਰ ਕਿਸੇ ਦੇ ਘਰੇ ਜਾ ਕੇ ਬੈਠ ਜਾਵੇ । ਪਿੱਛੋਂ ਰੈ-ਮਸ਼ਵਰਾ ਕਰਕੇ ਪੇਸ਼ ਕਰਾਂਗੇ ਜੰਗੀਰੇ ਨੂੰ ।’
ਸੌ-ਸੌ ਦੇ ਨੋਟ ਜੇਬ ਵਿਚੋਂ ਕੱਢ ਕੇ ਨਾਜਰ ਨੇ ਨੰਬਰਦਾਰ ਨੂੰ ਫੜਾਏ । ਆਖਿਆ, ‘ਚਾਚਾ, ਲੈ ਇਹ। ਕੱਲ੍ਹ ਨੂੰ ਜਦੋਂ ਆਏ ਪੁਲਸ ਆਲੇ, ਉਹਨਾਂ ਨੂੰ ਟਕਿਆ ਦੀਂ। ਫੇਰ ਦੱਸ, ਕਦੋਂ ਆਮਾਂ ਤੇਰੇ ਕੋਲ ?’
‘ਤੂੰ ਨਾ ਆਈ, ਮੈਂ ਆਪ ਈ ਦਸੂੰ ਤੈਨੂੰ । ਘਰੇ ਬੁੜ੍ਹੀ ਨੂੰ ਕਹਿ ਜੀਂ, ਜਿੱਥੇ ਹੋਏਂਗਾ।’
ਅਗਲੇ ਦਿਨ ਦੁਪਹਿਰ ਨੂੰ ਪੰਜੇ ਬਦਮਾਸ਼ ਪਿੰਡ ਆ ਵੜੇ। ਪੰਜੇ ਨਾਜਰ ਉੱਤੇ ਦੰਦ ਵੱਢ ਰਹੇ ਸਨ । ਉਹਨਾਂ ਨੂੰ ਸਾਰੀ ਵਾਰਦਾਤ ਦਾ ਪਤਾ ਲੱਗ ਚੁੱਕਿਆ ਸੀ। ਫੂਲ ਲਿਜਾ ਕੇ ਥਾਣੇਦਾਰ ਨੇ ਉਹਨਾਂ ਪੰਜਾਂ ਨੂੰ ਇਕੱਲਾ ਇਕੱਲਾ ਕਰਕੇ ਡਰਾਇਆ-ਧਮਕਾਇਆ ਸੀ। ਛਿੱਤਰ-ਪੌਲਾ ਵੀ ਜ਼ਰੂਰ ਕੀਤਾ ਹੋਵੇਗਾ। ਪਰ ਉਹਨਾਂ ਵਿਚੋਂ ਕੀ ਨਿਕਲਣਾ ਸੀ? ਨੰਬਰਦਾਰ ਪਾਖਰ ਸਿੰਘ ਕੋਲ ਜਾ ਕੇ ਭਰੀ ਸੱਥ ਵਿਚ ਸੁਦਾਗਰ ਕਹਿੰਦਾ, ‘ਨੰਬਰਦਾਰਾ, ਕਿੱਥੇ ਐ ਓਹੋ, ਮੈਂਗਲ ਦਾ, ਭੈਣ ਦਾ ਜਾਰ, ਵੱਡਾ ਬਦਮਾਸ਼ ? ਗੰਦੀ ਤੀਮੀ ਪਿੱਛੇ ਸਾਡੇ ਚਿੱਤੜ ਐਮੇਂ-ਐਮੇਂ ਈ ਕੁਟਵਾ ‘ਤੇ ।’
ਨੰਬਰਦਾਰ ਹੱਸਣ ਲੱਗ ਪਿਆ। ਕਹਿੰਦਾ, ‘ਦੇਖਿਆ ਫੇਰ। ਪੁਲਸ ਦਾ ਕੰਮ ਇਹੀ ਐ। ਚੋਰ ਦੇ ਭਲਾਮੇ ਸਾਧ ਮਾਰੇ ਗਏ ।’
‘ਸਾਧ’ ਸ਼ਬਦ ਸੁਣ ਕੇ ਸੱਥ ਵਿਚ ਬੈਠੇ ਸਾਰੇ ਬੰਦੇ ਹੱਸਣ ਲੱਗੇ ।
‘ਨਾ, ਮੈਂ ਕਹਿਨਾਂ, ਪਿਓ ਨੇ ਤਾਂ ਕਦੇ ਚੂਹੀ ਨੀ ਸੀ ਮਾਰੀ, ਇਹ ਨਾਜਰੀਆ ਕਿਧਰੋਂ ਜੰਮ ਪਿਆ ? ਤੇ ਨਾਲੇ ਔਹ ਦੇਖ ਨੌਟਾ ।’
‘ਇਹ ਤਾਂ ਦਲੇਰੀ ਐ ਸੁਦਾਗਰ ਸਿਆਂ । ਬਦਮਾਸ਼ੀ ਥੋਨੂੰ ਲਿਖ ਕੇ ਤਾਂ ਨੀ ਦਿੱਤੀ ਹੋਈ। ਤੁਸੀਂ ਕੀਤਾ ਕਦੇ, ਕੋਈ ਕਤਲ ? ਔਹ ਦੇਖ ਲੈ । ਤੁਸੀਂ ਤਾਂ ਲੋਕਾਂ ਦੇ ਭਾਂਡੇ ਚੁੱਕਣ ਜਾਂ ਮਹੀਆਂ ਗਾਈਆਂ ਖੋਲ੍ਹਣ ‘ਤੇ ਈ ਰਹੇ । ਸੱਚੀ ਗੱਲ ਐ।’ ਪਾਖਰ ਨੇ ਸੁਦਾਗਰ ਦਾ ਮਖੌਲ ਉਡਾਇਆ।
ਉਹ ਹਰਖ ਕੇ ਬੋਲਿਆ, ‘ਤੀਮੀਆਂ ਆਲੇ ਗੰਦੇ ਕੰਮ ਨੀ ਕੀਤੇ ਅਸੀਂ, ਨੰਬਰਦਾਰਾ, ਜੋ ਵੀ ਕੀਤਾ, ਪਿੰਡ ਤਾਂ ਕੀ ‘ਲਾਕਾ ਛੱਡ ਕੇ ਕੀਤਾ। ਇਹਨਾਂ ਨਮੇਂ ਬਦਮਾਸ਼ਾਂ ਨੇ ਪਿੰਡ ‘ਚ ਈ ਗੂੰਹ ਖਾ ਲਿਆ ।’ ਬੁੜ-ਬੁੜ ਕਰਦਾ ਸੁਦਾਗਰ ਸੱਥ ਛੱਡ ਗਿਆ।
ਲੋਕ ਸੱਥ ਵਿਚ ਬੈਠੇ ਗੱਲਾਂ ਕਰੀਂ ਜਾ ਰਹੇ ਸਨ। ਪਾਖਰ ਵੀ ਓਥੇ ਹੀ ਸੀ । ਉਹ ਇਕ ਮੁੰਡੇ ਨੂੰ ਨਾਲ ਲੈ ਕੇ ਆਪਣੀ ਬਾਰਾਂ-ਬੋਰ ਦੀ ਦੁਨਾਲੀ ਬੰਦੂਕ ਪੁਲਥਰੂ ਨਾਲ ਸਾਫ਼ ਕਰਨ ਲੱਗ ਪਿਆ ਸੀ। ਤੇ ਫੇਰ ਜਦੋਂ ਸੱਥ ਵਿਚ ਦੋ-ਚਾਰ ਬੰਦੇ ਹੀ ਰਹਿ ਗਏ ਤੇ ਨੰਬਰਦਾਰ ਘਰ ਨੂੰ ਜਾਣ ਲੱਗਿਆ, ਬੁਰਜ ਗਿੱਲਾਂ ਦੇ ਰਾਹ ਵਲੋਂ ਸਭ ਨੇ ਦੇਖਿਆ ਚਾਰ ਘੋੜਸਵਾਰ ਆ ਰਹੇ ਸਨ। ਮੋਢੇ ਪੱਕੀਆਂ ਰਫਲਾਂ ਲਟਕਾ ਰੱਖੀਆਂ ਸਨ।
ਸਭ ਤੋਂ ਪਹਿਲਾਂ ਉਹ ਨਾਜਰ ਦੇ ਘਰ ਗਏ । ਸਾਰਾ ਅੰਦਰ-ਬਾਹਰ ਦੇਖਿਆ। ਸੰਦੂਖ ਥੱਲੇ, ਮੰਜਿਆਂ ਹੇਠ, ਤੂੜੀ ਵਾਲੇ ਕੋਠੇ ਵਿਚ ਥਾਂ ਥਾਂ ਜਾ ਕੇ ਸੋਟੀਆਂ ਮਾਰੀਆਂ। ਮੈਂਗਲ ਦੇ ਮੂੰਹ ਉੱਤੇ ਥੱਪੜ ਮਾਰਿਆ। ਉਹਦਾ ਸਾਫਾ ਲਹਿ ਕੇ ਡਿੱਗ ਪਿਆ। ਬੁੜ੍ਹੀ ਦੀ ਗੁੱਤ ਪੁੱਟ ਦਿੱਤੀ। ਦੋ ਜਣਿਆਂ ਨੇ ਜੰਗੀਰੇ ਨਾਈ ਦੇ ਘਰ ਛਾਪਾ ਮਾਰਿਆ । ਦੋ ਜਣੇ ਓਧਰ ਹਰਨਾਮੀ ਦੇ ਘਰ ਗਏ। ਉਹ ਘਰ ਵਿਚ ਨਹੀਂ ਸੀ। ਪਤਾ ਨਹੀਂ ਕਿੱਥੇ ਜਾ ਕੇ ਲੁੱਕ ਗਈ ਸੀ। ਬਾਰ-ਦਰਵਾਜ਼ੇ ਸਭ ਖੁੱਲ੍ਹੇ ਪਏ ਸਨ। ਮੈਂਸ ਖੁਰਲੀ ਉੱਤੇ ਖੜ੍ਹੀ ਰਿੰਗ ਰਹੀ ਸੀ। ਪੁਲਿਸ ਦੀਆਂ ਲਾਲ-ਨੀਲੀਆਂ ਪਗੜੀਆਂ ਦੇਖ ਕੇ ਉਹ ਸੰਗਲ ਤੁੜਾਉਣ ਲੱਗੀ।
ਨਾਜਰ ਦੇ ਪਿਓ ਤੇ ਮਾਂ ਦਾ ਬੁਰਾ ਹਾਲ ਸੀ। ਜੰਗੀਰੇ ਦੀ ਮਾਂ ਵੀ ਹਿਲਦੇ ਸਿਰ ਨਾਲ ਬਦਹਵਾਸ ਹੋਈ ਬੈਠੀ ਸੀ । ਪੁਲਿਸ ਤਿੰਨਾਂ ਨੂੰ ਫੜ ਕੇ ਸੱਥ ਵਿਚ ਲੈ ਆਈ। ਬਿੰਦੇ ਬਿੰਦੇ ਥਾਣੇਦਾਰ ਉਹਨਾਂ ਨੂੰ ਗੰਦੀਆਂ ਗਾਲਾਂ ਕੱਢਦਾ ਤੇ ਬੂਟਾਂ ਦੇ ਠੁੱਡੇ ਮਾਰਦਾ। ਪਿੰਡ ਦੇ ਸਾਰੇ ਨੰਬਰਦਾਰ ਹੱਥ ਬੰਨ੍ਹੀ ਖੜ੍ਹੇ ਸਨ । ਪੰਜੇ ਬਦਮਾਸ਼ ਹਾਜ਼ਰ ਸਨ। ਤੇ ਫੇਰ ਇਕ ਘਰ ਵਿਚ ਅੰਦਰ ਲਿਜਾ ਕੇ ਪਾਖਰ ਨੰਬਰਦਾਰ ਨੇ ਥਾਣੇਦਾਰ ਦੀ ਜੇਬ ਵਿਚ ਸੌ ਰੁਪਈਆ ਪਾ ਦਿੱਤਾ। ਆਖਿਆ, ‘ਤੁਸੀਂ ਜਾਓ ਹਜੂਰ । ਕੱਲ੍ਹ ਨੂੰ ਤੜਕੇ ਅਸੀਂ ਮੁਜਰਮ ਪੇਸ਼ ਕਰ ਦਿਆਂਗੇ। ਫੂਲ ਆਪ ਆ ਕੇ ।’
ਥਾਣੇਦਾਰ ਢਿੱਲਾ ਹੋ ਗਿਆ। ਸੱਥ ਵਿਚ ਆ ਕੇ ਉਹਨੇ ਬੁੜ੍ਹਾ ਤੇ ਦੋਵੇਂ ਬੁੜ੍ਹੀਆਂ ਘਰਾਂ ਨੂੰ ਤੋਰ ਦਿੱਤੇ। ਨੰਬਰਦਾਰਾਂ ਨੂੰ ਮੰਜਿਆਂ ਉੱਤੇ ਬਿਠਾ ਲਿਆ। ਬਦਮਾਸ਼ ਬੰਦੇ ਏਧਰ-ਓਧਰ ਜਾ ਕੇ ਘਰਾਂ ਵਿਚੋਂ ਦੁੱਧ ਦੇ ਜੱਗ ਤੱਤੇ ਕਰਵਾ ਲਿਆਏ। ਪੁਲਿਸ ਵਾਲਿਆਂ ਦੀ ਜਵਾਈਆਂ ਵਾਂਗ ਸੇਵਾ ਹੋਣ ਲੱਗੀ । ਛੋਲੇ ਖਾਣ ਲਈ ਘੋੜਿਆਂ ਦੇ ਕੰਡਿਆਲੇ ਖੋਲ੍ਹ ਦਿੱਤੇ ਗਏ।
17
ਪਹੁ ਪਾਟਣ ਤੋਂ ਪਹਿਲਾਂ ਹੀ ਨੰਬਰਦਾਰ ਪਾਖਰ ਸਿੰਘ ਜੰਗੀਰੇ ਨੂੰ ਲੈ ਕੇ ਪਿੰਡੋਂ ਤੁਰ ਪਿਆ। ਸਿਧਾਣਿਆਂ ਦੇ ਪੁਲ ਉੱਤੇ ਜਾ ਕੇ ਲੋਅ ਲੱਗੀ। ਥੋੜ੍ਹੇ ਚਿਰ ਬਾਅਦ ਫੂਲ ਵਲੋਂ ਇਕ ਖਾਲੀ ਤਾਂਗਾ ਆ ਗਿਆ। ਜੰਗੀਰੇ ਨੇ ਸਾਫੇ ਉੱਤੋਂ ਦੀ ਸਮੋਸੇ ਦਾ ਮੰਡਾਸਾ ਮਾਰ ਕੇ ਲੜ ਨਾਲ ਮੂੰਹ ਢਕਿਆ ਹੋਇਆ ਸੀ। ਅੱਖਾਂ ਹੀ ਅੱਖਾਂ ਨੰਗੀਆਂ ਸਨ। ਹੱਥ ਵਿਚ ਕੋਈ ਹਥਿਆਰ ਨਹੀਂ ਸੀ। ਖਾਲੀ ਸੋਟੀ ਵੀ ਨਹੀਂ। ਪਾਖਰ ਕੋਲ ਦੁਨਾਲੀ ਬੰਦੂਕ ਸੀ। ਹੋਰ ਸਵਾਰੀ ਪਤਾ ਨਹੀਂ ਕਦੋਂ ਆਉਂਦੀ । ਉਹਨਾਂ ਨੇ ਸਾਲਮ ਤਾਂਗਾ ਹੀ ਕਰ ਲਿਆ।
ਫੁਲ ਜਾ ਕੇ ਦਰਵਾਜ਼ਿਉਂ ਅੰਦਰ ਉਹ ਇਕ ਚਾਹ ਦੀ ਦੁਕਾਨ ਵਿਚ ਛੁਪੇ ਬੈਠੇ ਰਹੇ। ਦੁਕਾਨਦਾਰ ਤੋਂ ਦੋ ਬਾਟੀਆਂ ਚਾਹ ਦੀਆਂ ਬਣਵਾਈਆਂ। ਵਿਚ ਡਬਲ-ਰੋਟੀਆਂ ਸੁੱਟ ਲਈਆਂ। ਚਾਹ ਪੀ ਕੇ ਏਧਰ-ਓਧਰ ਦੀਆਂ ਗੱਲਾਂ ਮਾਰਨ ਲੱਗ ਪਏ। ਕੋਈ ਕੋਈ ਗੱਲ ਉਹ ਘੁਸਰ-ਮੁਸਰ ਜਿਹੀ ਕਰਕੇ ਹੀ ਕਰ ਲੈਂਦੇ। ਜਿਵੇਂ ਆਵਾਜ਼ਾਂ ਦਾ ਸਬੰਧ ਇਕ-ਦੂਜੇ ਦੇ ਕੰਨਾਂ ਨਾਲ ਹੀ ਹੋਵੇ।
ਦੁਕਾਨਦਾਰ ਸਮਝ ਗਿਆ ਹੋਵੇਗਾ ਕਿ ਉਹ ਕਚਹਿਰੀਆਂ ਵਾਲੇ ਬੰਦੇ ਹਨ। ਦਸ ਵੱਜਣਗੇ ਤਾਂ ਚਲੇ ਜਾਣਗੇ। ਬੈਠੇ ਰਹਿਣ, ਕੀ ਹਰਜ ਹੈ। ਬੈਠਣਗੇ ਤਾਂ ਚਾਹ-ਪਾਣੀ ਹੋਰ ਪੀਣਗੇ। ਦੁਕਾਨਦਾਰੀ ਲਈ ਤਾਂ ਇਹ ਫਾਇਦੇ ਵਾਲੀ ਹੀ ਗੱਲ ਹੈ। ਦੁਕਾਨਦਾਰ ਨੂੰ ਕੀ ਪਤਾ ਕਿ ਉਹਨਾਂ ਵਿਚ ਇਕ ਬੰਦਾ ਕਾਤਲ ਹੈ ਤੇ ਨਾਜ਼ਮ ਦੀ ਕਚਹਿਰੀ ਵਿਚ ਪੇਸ਼ ਹੋਣ ਆਇਆ ਹੈ। ਦੁਕਾਨ ਵਿਚ ਪੁਲਿਸ ਦਾ ਛਾਪਾ ਵੀ ਪੈ ਸਕਦਾ ਹੈ।
ਨੌਂ ਕੁ ਵਜੇ ਉਹ ਦੁਕਾਨ ਵਿਚੋਂ ਉੱਠੇ ਤੇ ਖੇਸਾਂ ਦੇ ਝੁੰਬੜ ਜਿਹੇ ਮਾਰ ਕੇ ਵਕੀਲ ਦੇ ਘਰ ਜਾ ਪਹੁੰਚੇ। ਘੁੱਟਵੇਂ ਸਫੈਦ ਪਾਜਾਮੇ ਤੇ ਬਿਸਕੁਟੀ ਰੰਗ ਦੀ ਗਰਮ ਅਚਕਨ ਵਾਲਾ ਕੰਨਾਂ ਤੋਂ ਬੋਲਾ ਵਕੀਲ ਸ਼ੀਸ਼ੇ ਅੱਗੇ ਖੜ੍ਹ ਕੇ ਸਿਰ ਦੇ ਵਾਲ ਵਾਹ ਰਿਹਾ ਸੀ। ਦੋਵਾਂ ਨੇ ਫਤਿਹ ਬੁਲਾਈ। ਕੁੱਲੇ ਵਾਲੀ ਪਗੜੀ ਸਿਰ ਉੱਤੇ ਰੱਖਣ ਤੋਂ ਪਹਿਲਾਂ ਉਹਨੇ ਉਹਨਾਂ ਦੀ ਗੱਲ ਸੁਣੀ। ਨਾਜ਼ਮ ਦੀ ਕਚਹਿਰੀ ਵਿਚ ਜੰਗੀਰੋ ਨੂੰ ਪੇਸ਼ ਕਰਨ ਦਾ ਕੇਸ ਫਟਾ-ਫਟ ਤਿਆਰ ਕੀਤਾ। ਆਪਣੀ ਫੀਸ ਲੈ ਲਈ। ਦੋਵਾਂ ਲਈ ਅੰਦਰ ਚਾਹ ਨੂੰ ਆਖ ਆਇਆ। ਤੇ ਫੇਰ ਸਿਰ ਉੱਤੇ ਇਕ ਵਾਰ ਦੁਬਾਰਾ ਕੰਘੀ ਫੇਰ ਕੇ ਪਗੜੀ ਧਰ ਲਈ।
ਐਨ ਦਸ ਵਜੇ ਵਕੀਲ ਨੰਬਰਦਾਰ ਤੇ ਜੰਗੀਰੇ ਨੂੰ ਲੈ ਕੇ ਨਾਜ਼ਮ ਦੀ ਚਹਿਰੀ ਨੂੰ ਚੱਲ ਪਿਆ। ਮੁਣਸ਼ੀ ਕਿਤਾਬਾਂ ਤੇ ਫਾਈਲਾਂ ਚੁੱਕ ਕੇ ਪਹਿਲਾਂ ਹੀ ਆਪਣੇ ਅੱਡੇ ਉੱਤੇ ਜਾ ਬੈਠਾ ਸੀ।
ਪੁਲਿਸ ਵਾਲਿਆਂ ਨੂੰ ਤਾਂ ਪਤਾ ਵੀ ਨਾ ਲੱਗਿਆ ਕਿ ਨੰਬਰਦਾਰ ਕਦੋਂ ਆ ਗਿਆ ਹੈ ਤੇ ਕਦੋਂ ਜੰਗੀਰੇ ਨੂੰ ਨਾਜ਼ਮ ਦੀ ਕਚਹਿਰੀ ਵਿਚ ਪੇਸ਼ ਕਰ ਦਿੱਤਾ ਗਿਆ। ਨਾਜ਼ਮ ਨੇ ਵਕੀਲ ਦੀ ਗੱਲ ਸੁਣੀ। ਜੰਗੀਰੇ ਦਾ ਬਿਆਨ ਕਲਮਬੰਦ ਕੀਤਾ। ਨੰਬਰਦਾਰ ਪਾਖਰ ਸਿੰਘ ਦੀ ਗਵਾਹੀ ਪਵਾਈ। ਤੇ ਥਾਣੇ ਵਿਚ ਰੁੱਕਾ ਭੇਜ ਕੇ ਹੱਥਕੜੀ ਵਾਲੇ ਮੰਗਵਾ ਲਏ। ਜੰਗੀਰੇ ਦੀ ਗਰਿਫਤਾਰੀ ਹੋ ਗਈ।
ਮੁੱਕਦਮਾ ਪੇਸ਼ ਹੋਇਆ ਤਾਂ ਜੰਗੀਰੇ ਨੇ ਕਬੂਲ ਕਰ ਲਿਆ ਕਿ ਕਤਲ ਉਸ ਇਕੱਲੇ ਨੇ ਹੀ ਕੀਤਾ। ਹਥਿਆਰ ਗੰਡਾਸਾ ਸੀ। ਝੰਡੇ ਨੇ ਦੋ ਗਵਾਹ ਪੇਸ਼ ਕਰ ਦਿੱਤੇ । ਇਕ ਸੀ ਨੰਬਰਦਾਰ ਪਾਖਰ ਸਿੰਘ ਤੇ ਦੂਜਾ ਪ੍ਰੀਤਮ। ਝੰਡੇ ਨੇ ਇਹ ਵੀ ਲਿਖਵਾਇਆ ਕਿ ਕਤਲ ਵਿਚ ਹੱਥ ਨਾਜਰ ਸਿੰਘ ਪੁੱਤਰ ਮੈਂਗਲ ਸਿੰਘ ਦਾ ਵੀ ਹੈ ਤੇ ਕਤਲ ਦਾ ਕਾਰਨ ਹੈ ਹਰਨਾਮ ਕੌਰ ਪਤਨੀ ਜੋਗਿੰਦਰ ਸਿੰਘ।
ਪਹਿਲੀ ਪੇਸ਼ੀ ਉੱਤੇ ਨਾਜ਼ਮ ਨੇ ਨਾਜਰ ਸਿੰਘ ਤੇ ਹਰਨਾਮ ਕੌਰ ਦੀ ਗਰਿਫਤਾਰੀ ਦਾ ਹੁਕਮ ਦਿੱਤਾ। ਵਾਰੰਟ ਲੈ ਕੇ ਪੁਲਿਸ ਗਈ ਅਤੇ ਦੋਵਾਂ ਨੂੰ ਗਰਿਫਤਾਰ ਕਰ ਲਿਆਈ।
ਹਰਨਾਮੀ ਤੋਂ ਟੂਮਾਂ ਦੀ ਪੋਟਲੀ ਲਿਆਉਣ ਬਾਅਦ ਦੂਜੇ ਦਿਨ ਸਦੇਹਾਂ ਹੀ ਨਾਜਰ ਨੇ ਬੁੜ੍ਹੇ ਮੈਂਗਲ ਤੇ ਬੁੜ੍ਹੀ ਨੂੰ ਭਾਈਰੂਪੇ ਸੁਨਿਆਰ ਕੋਲ ਭੇਜਿਆ ਸੀ। ਸੁਨਿਆਰ ਨੇ ਸੋਨੇ ਦੀ ਪਰਖ ਕੀਤੀ ਸੀ। ਸੋਨਾ ਖਰਾ ਸੀ। ਤੇ ਫੇਰ ਸੁਨਿਆਰ ਦੇ ਪੁਹਾਰੇ ਉੱਤੇ ਹੀ ਟੂਮਾਂ ਵੇਚਣ ਲਈ ਪਿੰਡ ਦੇ ਇਕ ਬਾਣੀਏ ਨੂੰ ਬੁਲਾਇਆ ਗਿਆ ਸੀ । ਬਾਣੀਏ ਨੇ ਸਾਰੀਆਂ ਟੂਮਾਂ ਖਰੀਦ ਲਈਆਂ ਸਨ । ਜਿੰਨਾ ਭਾਅ ਸੁਨਿਆਰ ਨੇ ਦੱਸਿਆ, ਬੁੜ੍ਹੇ-ਬੁੜ੍ਹੀ ਨੇ ਮੰਨ ਲਿਆ। ਸਾਰੀਆਂ ਟੂਮਾਂ ਜੋਖ ਵਿਚ ਚੌਦਾਂ ਤੋਲੇ ਬਣੀਆਂ ਸਨ। ਚਾਰ ਰੱਤੀ ਤੋਲਾ ਕੱਟ ਕੇ ਬਾਕੀ ਜਿੰਨਾਂ ਤੋਲ ਬਣਿਆ, ਉਹਦੇ ਰੁਪਏ ਬਾਣੀਏ ਨੇ ਨਕਦ ਓਥੇ ਲਿਆ ਫੜਾਏ । ਥਹੀਆਂ ਬੰਨ੍ਹ ਕੇ ਰੁਪਏ ਬੁੜ੍ਹੇ ਨੇ ਤੇੜ ਵਾਲੀ ਚਾਦਰ ਦੇ ਲੜ ਵਿਚ ਵਲ੍ਹੇਟ ਲਏ ਤੇ ਲੜ ਡੱਬ ਵਿਚ ਦੇ ਲਿਆ। ਉੱਤੋਂ ਦੀ ਲੱਕ ਨੂੰ ਸਮੋਸਾ ਬੰਨ੍ਹ ਲਿਆ। ਦੁਪਹਿਰ ਤੱਕ ਬੁੜ੍ਹਾ-ਬੁੜ੍ਹੀ ਕੋਠੀ ਆ ਵੜੇ ਸਨ।
ਛੇੜਾ ਤਾਂ ਛਿੜ ਚੁੱਕਿਆ ਸੀ । ਨਾਜਰ ਨੇ ਭੇਡਾਂ ਦਾ ਸੌਦਾ ਵੀ ਕਰ ਲਿਆ। ਸੱਠ ਦੀਆਂ ਸੱਠ ਭੇਡਾਂ ਵੇਚ ਦਿੱਤੀਆਂ । ਵਾੜਾ ਖਾਲੀ ਹੋ ਗਿਆ। ਪਿੰਡ ਦੇ ਹੀ ਚੰਨਣ ਸਿੰਘ ਨੇ ਇਹ ਭੇਡਾਂ ਨਾਜਰ ਦੇ ਪਾਲੀ ਦੇ ਬਾਪ ਨਾਲ ਮਿਲ ਕੇ ਲੈ ਲਈਆਂ ਸਨ, ਪਹਿਲਾਂ ਤਾਂ ਇਕ ਰਾਤ ਲਈ ਚੰਨਣ ਸਾਰੀਆਂ ਭੇਡਾਂ ਨੂੰ ਆਪਣੇ ਘਰ ਲੈ ਗਿਆ, ਪਰ ਦੂਜੇ ਦਿਨ ਹੀ ਉਹਨੇ ਮੈਂਗਲ ਨਾਲ ਗੱਲ ਕੀਤੀ। ਨਾਜਰ ਦਾ ਵਾੜਾ ਛੇ ਮਹੀਨਿਆਂ ਲਈ ਲੈ ਲਿਆ। ਨਾਜਰ ਨੇ ਹੁਣ ਵਾੜੇ ਦਾ ਕੀ ਕਰਨਾ ਸੀ। ਕੁੱਲੀ ਵੀ ਕਿਸੇ ਕੰਮ ਨਹੀਂ ਆਉਣੀ ਸੀ । ਹੁਣ ਤਾਂ ਕੀ ਪਤਾ ਸੀ, ਉਹਨੂੰ ਕਿੱਥੇ ਕਿੱਥੇ ਭੌਂਕਣਾ ਪੈਣਾ ਸੀ। ਮੈਂਗਲ ਨੇ ਚੰਨਣ ਤੋਂ ਵਾੜੇ ਦੇ ਪੈਸੇ ਤੁਰਤ ਨਹੀਂ ਮੰਗੇ। ਕਹਿੰਦਾ, ‘ਹਾਲੇ ਪੈਸਿਆਂ ਨੂੰ ਕੀਹ ਐ। ਜਦੋਂ ਲੋੜ ਹੋਈ ਲੈ ਲਾਂ ਗੇ।’
ਸੋ ਪਹਿਲਾਂ ਵਾਂਗ ਹੀ ਭੇਡਾਂ ਆਪਣੇ ਠਿਕਾਣੇ ਉੱਤੇ ਆ ਗਈਆਂ। ਓਹੀ ਪਾਲੀ । ਪਰ ਕੁੱਲੀ ਵਿਚ ਰਾਤ ਨੂੰ ਪਾਲੀ ਦਾ ਪਿਓ ਘੁੱਕਰ ਮਜ਼ਹਬੀ ਸੌਣ ਲੱਗਿਆ। ਪਿਓ-ਪੁੱਤ ਦੋਵੇਂ ਭੇਡਾਂ ਦਾ ਇੱਜੜ ਛੇੜਦੇ। ਚੰਨਣ ਨੇ ਤਾਂ ਪੈਸੇ ਹੀ ਦੋ-ਤਿਹਾਈ ਦੇ ਦਿੱਤੇ ਸਨ । ਸਾਰੀ ਸਾਂਭ-ਸੰਭਾਈ ਘੁੱਕਰ ਦੇ ਜਿੰਮੇ ਪੈ ਗਈ। ਪਰ ਮਾਲ ਵਿਚ ਚੰਨਣ ਤੇ ਘੁੱਕਰ ਦਾ ਅੱਧੋ-ਅੱਧ ਹੋ ਗਿਆ।
ਸਾਰਾ ਰੁਪਈਆ ਨਾਜਰ ਦੇ ਕਹਿਣ ਉੱਤੇ ਮੈਂਗਲ ਨੇ ਮੁਕੰਦੀ ਮੱਲ ਸੇਠ ਕੋਲ ਅਮਾਨਤ ਵਜੋਂ ਫੜਾ ਦਿੱਤਾ। ਕਹਿੰਦਾ, ‘ਲੈ ਬਈ ਸੇਠਾ, ਤੂੰ ਸਾਂਭ ਏਸ ਸਾਰੀ ਮਾਇਆ ਨੂੰ ਤਾਂ। ਮੇਰੇ ਕੋਲ ਕੀਹਨੇ ਛੱਡਣੈ ਐਨਾ ਧਨ। ਜਿਉਂ ਜਿਉਂ ਲੋੜ ਪੈਂਦੀ ਜਾਊ, ਲੈ ਲੈ ਵਰਤੀਂ ਜਾਮਾਂਗੇ ।’
‘ਮੈਂਗਲ ਸਿਆਂ, ਤੇਰੀ ਚੀਜ ਐ, ਜਦੋਂ ਮਰਜੀ ਫੜ ਲੀਂ । ਇਹ ਤਾਂ ਬੰਕ ‘ਚ ਪਏ ਸਮਝ। ਇਹ ਮੁੱਕ ਗੇ, ਹੋਰ ਲੈ ਲੀਂ । ਪਰਵਾਹ ਐ ਤੈਨੂੰ ਕੋਈ, ਜੈਦਾਤ ਦਾ ਮਾਲਕ ਐਂ।’ ਮੁਕੰਦੀ ਨੇ ਤਸੱਲੀ ਦਿੱਤੀ ਸੀ।
ਨਾਜ਼ਮ ਦੀ ਕਚਹਿਰੀ ਵਿਚ ਸਾਰਾ ਮੁਕੱਦਮਾ ਤਿਆਰ ਹੋ ਗਿਆ। ਗਵਾਹੀਆਂ ਭੁਗਤ ਗਈਆਂ। ਝੰਡੇ ਨੇ ਆਪਣੀ ਜਾਣ ਵਿਚ ਪੂਰਾ ਜ਼ੋਰ ਲਾਇਆ ਸੀ। ਪਰ ਪੁਲਿਸ ਵਾਲੇ ਉਹਦੇ ਉੱਤੇ ਦੰਦ ਵਢਦੇ ਸਨ। ਉਹ ਜੇਬ ਵਿਚੋਂ ਮਸਾਂ ਪੈਸਾ ਕਢਦਾ। ਪਿੰਡ ਦੇ ਨੰਬਰਦਾਰਾਂ ਨੂੰ ਫੂਲ ਲਿਆ ਕੇ ਚਾਹ ਪਿਆਉਂਦਾ ਤਾਂ ਉਹਦਾ ਦਿਲ ਘਟਦਾ। ਉਹ ਸਮਝਦਾ ਸੀ ਕਿ ਨੰਬਰਦਾਰ ਪਾਖਰ ਸਿੰਘ ਤਾਂ ਸੱਚਾ ਬੰਦਾ ਹੈ। ਉਹ ਤਾਂ ਸੱਚ ਆਖੂ, ਜਿੱਥੇ ਆਖੂ। ਪ੍ਰੀਤਮ ਨੂੰ ਉਹ ਉਲਟੀ ਪੱਟੀ ਪੜ੍ਹਾਉਂਦਾ ਤਾਂ ਜੋ ਉਹ ਉਹਦੇ ਨਾਲ ਬੱਝਿਆ ਰਹੇ । ਉਹਨੂੰ ਉਹ ਸਿਖਾਉਂਦਾ ਕਿ ਜੇ ਗਿੰਦਰ ਦਾ ਘਰ ਉੱਜੜ ਜਾਵੇ ਤਾਂ ਪ੍ਰੀਤਮ ਦੀਆਂ ਪੌ-ਬਾਰਾਂ ਨੇ । ਅੱਠ ਘੁਮਾਂ ਜ਼ਮੀਨ ਹੱਕੀਆਂ ਨੂੰ ਹੀ ਮਿਲੇਗੀ । ਪ੍ਰੀਤਮ ਗਿੰਦਰ ਦਾ ਹੱਕੀ ਸੀ। ਝੰਡਾ ਸਮਝੌਤੀ ਦਿੰਦਾ ਕਿ ਜੇ ਹਰਨਾਮੀ ਨੂੰ ਕੈਦ ਹੋ ਜਾਵੇ ਤਾਂ ਜੇਲ੍ਹ ਵਿਚ ਸੜ ਕੇ ਮਰ ਜਾਵੇਗੀ। ਗਿੰਦਰ ਦਾ ਕੀ ਪਤਾ, ਐਨਾ ਚਿਰ ਹੋ ਗਿਆ, ਦੇਖਿਆ ਹੀ ਨਹੀਂ ਕਿਸੇ ਨੇ। ਮਰ-ਖਪ ਗਿਆ ਹੋਵੇਗਾ ਕਿਧਰੇ । ਗਿੰਦਰ ਦਾ ਘਰ ਤਾਂ ਉੱਜੜਿਆ ਹੀ ਚੰਗਾ।
ਨਾਜਰ ਦੇ ਪਿਓ ਮੈਂਗਲ ਨੇ ਅੰਦਰ-ਖਾਤੇ ਨੰਬਰਦਾਰ ਪਾਖਰ ਸਿੰਘ ਨੂੰ ਆਪਣਾ ਕਾਰ- ਮੁਖਤਿਆਰ ਟਿੱਕਿਆ ਹੋਇਆ ਸੀ। ਪਾਖਰ ਮੰਨਿਆ-ਦੰਨਿਆ ਬੰਦਾ ਸੀ। ਕਚਹਿਰੀਆਂ ਦਾ ਵਾਕਿਫ ਤੇ ਪੁਲਿਸ ਵਾਲਿਆਂ ਦੀ ਰਗ-ਰਗ ਨੂੰ ਜਾਣਦਾ ਸੀ । ਜਿੰਨੇ ਪੈਸੇ ਪਾਖਰ ਮੰਗਦਾ, ਮੈਂਗਲ ਮੁਕੰਦੀ ਕੋਲੋਂ ਲਿਆ ਕੇ ਉਹਨੂੰ ਫੜਾ ਦਿੰਦਾ । ਹਮੇਸ਼ਾ ਇਹੀ ਜ਼ੋਰ ਦਿੰਦਾ, ‘ਦੇਖੀਂ ਨੰਬਰਦਾਰਾ, ਕਿਤੇ ਆਪਣੇ ਨਾਜਰ ਨੂੰ ਕੈਦ ਨਾ ਹੋ ਜੇ । ਨਾਈ ਦੀ ਬੱਚਤ ਵੀ ਕਰੀਂ। ਲਾਗੀ ਐ ਆਪਣਾ। ਅੱਗੇ ਉਹਦੇ ਕਰਮ ।
ਨੰਬਰਦਾਰ ਪਾਖਰ ਸਿੰਘ ਨੇ ਪੁਲਿਸ ਨੂੰ, ਨਾਜ਼ਮ ਦੀ ਕਚਹਿਰੀ ਦੇ ਮੁਣਸ਼ੀਆਂ ਨੂੰ ਤੇ ਹਸਪਤਾਲ ਵਾਲਿਆਂ ਨੂੰ ਦੋਵੇਂ ਮੁੰਡਿਆਂ ਦੀ ਬੱਚਤ ਵਾਸਤੇ ਪੈਸੇ ਝੋਕ ਦਿੱਤੇ ਸਨ। ਕਰ ਕਰਾਕੇ ਹਰਨਾਮੀ ਨੂੰ ਜ਼ਮਾਨਤ ਉੱਤੇ ਛੁਡਵਾ ਲਿਆ ਸੀ। ਪਰ ਹਰ ਤਰੀਕ ਉੱਤੇ ਉਹਨੂੰ ਫੂਲ ਆਉਣਾ ਪੈਂਦਾ । 1
ਮੁਕੱਦਮਾ ਤਿਆਰ ਕਰਕੇ ਨਾਜ਼ਮ ਨੇ ਨਾਭੇ ਭੇਜ ਦਿੱਤਾ। ਹੁਣ ਨਾਭੇ ਤਰੀਕਾਂ ਪੈਣ ਲੱਗੀਆਂ। ਹਰ ਤਰੀਕ ਉੱਤੇ ਝੰਡਾ, ਮੈਂਗਲ, ਨੰਬਰਦਾਰ ਪਾਖਰ, ਪ੍ਰੀਤਮ, ਹਰਨਾਮੀ ਤੇ ਪਿੰਡ ਦੇ ਦੋ-ਦੋ ਹੋਰ ਬੰਦੇ ਇਕੱਠ ਬੰਨ੍ਹ ਕੇ ਜਾਂਦੇ। ਭਾਵੇਂ ਉਹ ਦੋ ਧੜੇ ਸਨ। ਪਿੰਡੋਂ ਦੋ ਬਣ ਕੇ ਹੀ ਤੁਰਦੇ। ਸਿਧਾਣਿਆਂ ਦੇ ਪੁਲਾਂ ਤੋਂ ਰਾਮਪੁਰਾ ਸਟੇਸ਼ਨ ਤੱਕ ਦੋ ਅੱਡ ਅੱਡ ਤਾਂਗਿਆਂ ਵਿਚ ਜਾਂਦੇ । ਇਕ ਵਿਚ ਝੰਡਾ, ਨੰਬਰਦਾਰ, ਪ੍ਰੀਤਮ ਤੇ ਉਹਨਾਂ ਦੇ ਹਮਾਇਤੀ। ਦੂਜੇ ਤਾਂਗੇ ਵਿਚ ਮੈਂਗਲ, ਉਹਦੇ ਹਮਾਇਤੀ, ਹਰਨਾਮੀ ਤੇ ਜੰਗੀਰੇ ਨਾਈ ਦਾ ਕੋਈ ਰਿਸ਼ਤੇਦਾਰ। ਕਦੇ ਕਦੇ ਹਰਨਾਮੀ ਮੁਲਾਕਾਤ ਵਾਸਤੇ ਜੰਗੀਰੇ ਦੀ ਮਾਂ ਨੂੰ ਨਾਲ ਲੈ ਜਾਂਦੀ। ਰਾਮਪੁਰੇ ਜਾ ਕੇ ਉਹ ਛੇ ਵਜੇ ਦੀ ਗੱਡੀ ਚੜ੍ਹ ਜਾਂਦੇ। ਕਦੇ ਕਦੇ ਇਕੋ ਡੱਬੇ ਵਿਚ। ਡੱਬੇ ਵਿਚ ਬੈਠੇ ਦੋਵੇਂ ਧੜੇ ਕਦੇ ਆਪੋ ਵਿਚ ਗੱਲਾਂ ਵੀ ਕਰਦੇ । ਮੁਕਦੱਮਾ ਛਿੜ ਗਿਆ ਤਾਂ ਕੀ ਸੀ, ਸੀ ਤਾਂ ਇਕੋ ਪਿੰਡ ਦੇ । ਇਕੋ ਮਿੱਟੀ ਦੇ ਬਣੇ ਹੋਏ।
ਕਤਲ ਹੋਣ ਦੀ ਨਿੱਕੀ-ਨਿੱਕੀ ਗੱਲ ਵੀ ਪੁਲਿਸ ਵਾਲਿਆਂ ਕੋਲ ਪਹੁੰਚ ਚੁੱਕੀ ਸੀ। ਕਿਵੇਂ ਹਰਨਾਮੀ ਨੇ ਅਰਜਣ ਨੂੰ ਦਾਰੂ ਪਿਆ ਕੇ ਅੱਧੀ ਰਾਤ ਘਰੋਂ ਕੱਢਿਆ ਤੇ ਕਿਵੇਂ ਨਾਜਰ ਦੇ ਵਾੜੇ ਵਿਚ ਚਾਰ ਜਣਿਆਂ ਨੇ ਬੱਕਰਾ ਰਿੰਨ੍ਹਿਆ ਤੇ ਦਾਰੂ ਪੀਤੀ। ਅਰਜਣ ਦੀ ਬੈਠਕ ਅੱਗੇ ਜਾ ਕੇ ਪਹੇ ਉੱਤੇ ਕਿਵੇਂ ਚਹੁੰ ਜਣਿਆਂ ਨੇ ਉਹਦਾ ਕਤਲ ਕੀਤਾ। ਕੀਹਦੇ ਕੋਲ ਕਿਹੜਾ ਸੰਦ ਸੀ । ਕੀਹਨੇ ਕਿੱਥੇ ਵਾਰ ਕੀਤਾ। ਸੋ ਲਾਜ਼ਮੀ ਸੀ ਕਿ ਭਾਈਰੂਪੇ ਵਾਲੇ ਘੀਚਰ ਤੇ ਉਹਦੇ ਚੇਲੇ ਕੈਲੂ ਨੂੰ ਮੁਕੱਦਮੇ ਵਿਚ ਧਰ ਲਿਆ ਜਾਂਦਾ । ਪਰ ਘੀਚਰ ‘ਖਿਲ੍ਹਿਆ’ ਹੋਇਆ ਬਦਮਾਸ਼ ਸੀ। ਪਤਾ ਲਗਦੇ ਹੀ ਉਹ ਇਕ ਦਿਨ ਫੂਲ ਗਏ ਸਨ ਤੇ ਥਾਣੇਦਾਰ ਨੂੰ ਪੈਸੇ ਦੇ ਕੇ ਕੇਸ ਵਿਚ ਆਪਣਾ ਦੋਹਾਂ ਦਾ ਨਾਂ ਨਹੀਂ ਪੈਣ ਦਿੱਤਾ ਸੀ।
ਸਿਧਾਣਿਆਂ ਦੇ ਪੁਲ ਤੋਂ ਹਰਨਾਮ ਸਿੰਘ ਵਾਲੇ ਰਾਹ ਭਾਈਰੂਪੇ ਨੂੰ ਆਉਂਦੇ ਘੀਚਰ ਤੇ ਕੈਲੂ ਗੱਲਾਂ ਕਰਨ ਲੱਗੇ। ਕੈਲੂ ਪੁੱਛਣ ਲੱਗਿਆ, ‘ਕਿਉਂ ਬਾਈ, ਆਪਾਂ ਨੂੰ ਏਸ ਕਤਲ ‘ਚੋਂ ਕੀ ਮਿਲਿਆ ? ਜੇ ਸੋਚੀਏ, ਆਪਣੀ ਕਿਹੜੀ ਦੁਸ਼ਮਣੀ ਸੀ ਭਲਾ ਅਰਜਣ ਨਾਲ ?’
ਘੀਚਰ ਕਹਿੰਦਾ, ‘ਲੈਣਾ ਕੀ ਹੁੰਦੈ, ਕਰਨੈਲ ਸਿਆਂ। ਆਪਾਂ ਜਾਰੀ ਪੁਗਾ ‘ਤੀ ਨਾਜਰ ਨਾਲ । ਜਿਹੜਾ ਆਪਾਂ ਇਹ ਤੀਮੀਆਂ ਕੱਢ ਕੇ ਵੇਚ ਦਿੰਨੇ ਆਂ, ਇਹਦੇ ‘ਚੋਂ ਵੀ ਕੀ ਮਿਲਦੈ ਆਪਾਂ ਨੂੰ । ਤੀਮੀ ਨਾਲ ਖੇਹ-ਖਰਾਬ ਹੋ ਲੈਨੇ ਆਂ, ਬੱਸ। ਪੈਸੇ ਜਿਹੜੇ ਹੱਥ ਲਗਦੇ ਨੇ, ਖਾ-ਪੀ ਜਾਨੇ ਆਂ। ਜੈਦਾਤਾਂ ਤਾਂ ਬਣਾਈਆਂ ਲਗਦੀਆਂ ਨੀ।
‘ਉਹ ਤਾਂ ਠੀਕ ਐ, ਬਾਈ। ਜੀਹਦੇ ਆਪਾਂ ਘਰ ਵਹੌਨੇ ਆਂ, ਉਹ ਤਾਂ ਹਸਾਨ ਮੰਨਦਾ ਈ ਐ ਨਾ ਆਪਣਾ । ਇਹ ਨਾਜਰ ਕੀ ਗੁਣ ਜਾਣੂ ?’
‘ਬੰਦੇ ਨੂੰ ਬੰਦੇ ਤਾਈਂ ਸੌ ਕੰਮ ਪੈਂਦੈ। ਛੁੱਟ ਕੇ ਆਊ ਤਾਂ ਕਰ ਲਾਂ ਗੇ ਖਰਾ ਪੁੱਤ ਮੇਰੇ ਨੂੰ।
‘ਛੁੱਟਣ ਦਾ ਵੀ ਕੀ ਪਤੈ, ਬਾਈ। ਖਬਰੈ ਫਾਹੇ ਈ ਲਗੇ ਜੇ।’
‘ਫਾਹੇ ਨਾਜਰ ਨੀ ਲਗਦਾ, ਕੈਦ ਬਸ਼ੱਕ ਹੋ ਜੇ। ਨਾਈ ਦਾ ਪਤਾ ਨੀ । ‘ਕਬਾਲ ਕਰ ਲਿਆ ਨਾ ਸਹੁਰੇ ਮੇਰੇ ਨੇ । ਸਾਲਾ ਐਮੇਂ ਦਾ ਨਾ ਮਾਰਿਆ ਜਾਵੇ ।’ ਘੀਚਰ ਨੇ ਜੰਗੀਰੇ ਦਾ ਝੋਰਾ ਕੀਤਾ। ਤੇ ਫੇਰ ਚਾਣਚੱਕ ਜਿਵੇਂ ਉਹਦੇ ਦਿਮਾਗ ਵਿਚ ਕੋਈ ਗੱਲ ਆ ਗਈ ਹੋਵੇ । ਕਹਿੰਦਾ, ‘ਅੱਜ ਹਰਨਾਮੀ ਨੂੰ ਨਾ ਮਿਲ ਚੱਲੀਏ ? ਉਹਦਾ ਦੁੱਖ-ਸੁੱਖ ਵੀ ਸੁਣ ਚਲਦੇ ਆਂ।’
ਕੈਲੂ ਕਹਿੰਦਾ, ‘ਚੱਲ ਫੇਰ । ਪਾਧਾ ਕੀ ਪੁਛਦੈਂ। ਹਰਨਾਮ ਆਲੇ ਜਾ ਕੇ ਕੀ ਲੈਣੈ। ਐਥੋਂ ਈ ਕੌਲੋਕਿਆਂ ਨੂੰ ਸਿਧੇ ਹੋ ਲੈਨੇ ਆਂ । ਕੋਠਿਆਂ ਨੂੰ ਈ ਚਲਦੇ ਆਂ ਸਿੱਧੇ । ਤੀਮੀਂ ਤਾਂ ਦਲੇਰ ਐ। ਬੋਤਲ ਕੱਢ ਕੇ ਮੂਹਰੇ ਨਾ ਰੱਖ ‘ਤੀ ਤਾਂ ਕਹਿ ਦੀਂ।’
ਉਹ ਕੋਠੀ ਪਹੁੰਚੇ ਤੇ ਗਿੰਦਰ ਦਾ ਘਰ ਪੁੱਛ ਕੇ ਹਰਨਾਮੀ ਨੂੰ ਸਤਿ ਸ੍ਰੀ ਅਕਾਲ ਜਾ ਬੁਲਾਈ। ਉਹ ਘਰ ਹੀ ਸੀ ਤੇ ਚੌਂਤਰੇ ਉੱਤੇ ਬੈਠੀ ਸਿਰ ਦੇ ਵਾਲਾਂ ਨੂੰ ਖੁਰਕ ਰਹੀ ਸੋਚਾਂ ਵਿਚ ਡੁੱਬੀ ਹੋਈ ਸੀ। ਉਹਨੇ ਘੀਚਰ ਤੇ ਕੈਲੂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਹਨਾਂ ਦਾ ਨਾਂ ਜ਼ਰੂਰ ਜਾਣਦੀ ਸੀ। ਇਹ ਵੀ ਕਿ ਉਹ ਨਾਜਰ ਦੇ ਪੱਕੇ ਯਾਰ ਹਨ। ਕਤਲ ਵਿਚ ਉਹਨਾਂ ਦਾ ਪੂਰਾ ਹੱਥ ਹੈ। ਜਦੋਂ ਹੀ ਉਹਨਾ ਨੇ ਆਪਣੇ ਬਾਰੇ ਦੱਸਿਆ, ਹਰਨਾਮੀ ਛਾਲ ਮਾਰਨ ਵਾਂਗ ਉੱਠੀ ਤੇ ਉਹਨਾਂ ਲਈ ਵਰ੍ਹਾਂਢੇ ਵਿਚ ਮੰਜਾ ਡਾਹ ਦਿੱਤਾ। ਚੁੱਲ੍ਹੇ ਉੱਤੇ ਚਾਹ ਧਰ ਦਿੱਤੀ। ਉਹਨਾਂ ਤੋਂ ਨਾਜਰ ਦਾ ਹਾਲ- ਚਾਲ ਪੁੱਛਣ ਲੱਗੀ।
ਪਿੰਡ ਦੀ ਸੱਥ ਵਿਚ ਗੱਲਾਂ ਹੁੰਦੀਆਂ ਕਿ ਨਾਜਰ ਤੇ ਜੰਗੀਰਾ ਹੁਣ ਬਚ ਨਹੀਂ ਸਕਦੇ। ਫ਼ੌਜੀ ਮਿਲਖਾ ਸਿੰਘ ਮਹਾਰਾਜਾ ਪਰਤਾਪ ਸਿੰਘ ਦੇ ਇਨਸਾਫ ਦੀਆਂ ਸਿਫਤਾਂ ਕਰਦਾ। ਕਹਿੰਦਾ, ‘ਮਹਾਰਾਜਾ ਹੀਰਾ ਸੂੰ ਆਪਣੇ ਜਮਾਨੇ ਦਾ ਜਹਾਂਗੀਰ ਸੀ ਇਕ ਤਰ੍ਹਾਂ ਨਾਲ । ਉਹਦੇ ਇਨਸਾਫ ਦੀ ਤੱਕੜੀ ਦਾ ਕੀ ਕਹਿਣਾ ਜੀ । ਇਹ ਪਰਤਾਪ ਨੂੰ ਓਸੇ ਦੀ ਅਣਸ ਐ। ਲੱਗਣੇ ਤਾਂ ਫਾਂਸੀ ਚਾਹੀਏ, ਫੇਰ ਦੇਖੋ |’
‘ਮੈਂ ਕਹਿਨਾ, ਤੀਮੀ ਨੂੰ ਲੈਣ ਫਾਹੇ । ਹੋਰ ਕਿਸੇ ਨੂੰ ਕੁਛ ਨਾ ਕਹਿਣ। ਓਹੀ ਜੜ ਐ, ਡੈਣ। ਪਹਿਲਾਂ ਤਾਂ ਅਰਜਣ ਲੈ ਲਿਆ, ਹੁਣ ਇਹਨਾਂ ਦੋਹਾਂ ਨੂੰ ਲਊ। ਕੋਈ ਕਚੀਚੀ ਵੱਟ ਕੇ ਗੱਲ ਕਰਦਾ।
‘ਪਹਿਲਾਂ ਗਿੰਦਰ ਨੀ ਲੈ ਗਿਆ । ਪਤਾ ਨੀ ਕਿੱਥੇ ਐ, ਵਚਾਰਾ। ਕੀ ਪਤਾ ਹੈਗਾ ਵੀ ਜਾਂ ਮਰ-ਖਪ ਗਿਆ ਕਿਧਰੇ?’ ਦੂਜਾ ਕੋਈ ਬੋਲ ਉੱਚਾ ਕਰਦਾ।
ਤੇ ਫੇਰ ਸਭ ਜਣੇ ਗਿੰਦਰ ਦੀਆਂ ਗੱਲਾਂ ਕਰਨ ਲਗਦੇ। ਕੋਈ ਵੱਡੀ ਉਮਰ ਦਾ ਬੰਦਾ ਗਿੰਦਰ ਦੇ ਪਿਓ ਕਿਹਰ ਸਿੰਘ ਦੀ ਗੱਲ ਛੇੜ ਲੈਂਦਾ। ਉਹਦੀ ਸ਼ਰਾਫਤ ਦੇ ਕਿੱਸੇ ਲੈ ਬਹਿੰਦਾ। ਕਿੰਨਾ ਨੇਕ ਸੀ ਕਿਹਰ ਸਿੰਘ। ਹਮੇਸ਼ਾ ਕਮਾਈ ਵੱਲ ਧਿਆਨ ਰਖਦਾ। ਪਰ ਜਿਸ ਦਿਨ ਦੀ ਹੰਢਿਆਏ ਵਾਲੀ ਆਈ ਸੀ। ਘਰ ਉੱਜੜਨਾ ਸ਼ੁਰੂ ਹੋ ਗਿਆ। ਤੇ ਫੇਰ ਨਵੇਂ ਮੁੰਡੇ ਗਿੰਦਰ ਦੇ ਕਮਲ ਦੀਆਂ ਗੱਲਾਂ ਲੈ ਬੈਠਦੇ। ਗੱਲਾਂ ਕਰ ਕਰ ਹਸਦੇ। ਵੱਡੀ ਉਮਰ ਦਾ ਕੋਈ ਬੰਦਾ ਕਹਿੰਦਾ, ‘ਓਏ ਉਹਦਾ ਕੀ ਕਸੂਰ ਸੀ ਅਣਹੋਏ ਦਾ, ਬੁੱਧ ਫਿਰ ਗੀ ਨਕੜਮੇ ਦੀ। ਸਾਰਾ ਪਿੰਡ ਜਾਣਦੈ, ਤੀਮੀਂ ਨੇ ਕੀਤਾ ਸਭ ।’
18
ਨਾਭੇ ਕੋਰਟ ਵਿਚ ਜਾ ਕੇ ਨੰਬਰਦਾਰ ਪਾਖਰ ਸਿੰਘ ਨੇ ਆਪਣੇ ਬਿਆਨ ਬਦਲ ਲਏ। ਅਖੇ, ਜੰਗੀਰ ਸਿੰਘ ਐਵੇਂ, ਡਰਦਾ ਮਾਰਿਆ ਕਬੂਲ ਕਰ ਗਿਆ ਹੈ। ਜਾਂ ਕੋਈ ਲਾਲਚ ਦਿੱਤਾ ਲਗਦਾ ਹੈ ਇਹਨੂੰ। ਕਤਲ ਜੰਗੀਰ ਸਿੰਘ ਦੇ ਹੱਥੋਂ ਨਹੀਂ ਹੋਇਆ। ਜੰਗੀਰ ਸਿੰਘ ਝੂਠ ਬੋਲਦਾ ਹੈ । ਵਗੈਰਾ ਵਗੈਰਾ…
ਪ੍ਰੀਤਮ ਵੀ ਮੁੱਕਰ ਗਿਆ, ‘ਹਨੇਰਾ ਸੀ ਹਜ਼ੂਰ। ਬੰਦੇ ਤਾਂ ਦੇਖੋ ਮੈਂ ਅਰਜਣ ਸਿੰਘ ਉੱਤੇ ਵਾਰ ਕਰਦੇ । ਪਰ ਇਹ ਪਤਾ ਨਹੀਂ, ਉਹ ਕਿੰਨੇ ਸਨ। ਕੌਣ ਕੌਣ ਸਨ, ਮੈਨੂੰ ਤਾਂ ਇਹ ਵੀ ਪਹਿਚਾਣ ਨਹੀਂ। ਜੰਗੀਰ ਸਿੰਘ ਕੱਲਾ ਨਹੀਂ ਮਾਰ ਸਕਦਾ ਹਜ਼ੂਰ, ਅਰਜਣ ਸਿੰਘ ਨੂੰ ।
ਹਰਨਾਮੀ ਕਹਿੰਦੀ, ‘ਅਰਜਣ ਸਿੰਘ ਮੇਰੇ ਘਰੋਂ ਸ਼ਰਾਬ ਤਾਂ ਪੀ ਕੇ ਗਿਆ ਉਸ ਰਾਤ, ਪਰ ਅੱਗੇ ਜਾ ਕੇ ਕੀ ਹੋਇਆ, ਮੈਨੂੰ ਕੋਈ ਇਲਮ ਨਹੀਂ। ਨਾਜਰ ਸਿੰਘ ਨਾਲ ਮੇਰੇ ਕੋਈ ਸੰਬੰਧ ਨਹੀਂ। ਮੈਂ ਤਾਂ ਉਹਦਾ ਇਲਾਜ ਕਰਵਾ ਰਹੀ ਸੀ। ਉਹ ਰਾਜੀ-ਬਾਜੀ ਰਹਿੰਦਾ, ਤਾਂ ਕਾਹਨੂੰ ਪਹੁੰਚਦੀ ਮੈਂ ਏਸ ਮੁਸੀਬਤ ਨੂੰ ।
ਜੰਗੀਰਾ ਹੁਣ ਵੀ ਕਬੂਲ ਕਰ ਰਿਹਾ ਸੀ । ਪਰ ਬਿਆਨ ਦੇਣ ਵੇਲੇ ਉਹ ਰੋਣ ਲੱਗ ਪੈਂਦਾ। ਥਰਥਰ ਕੰਬਦਾ । ਜੱਜ ਪੁਛਦਾ, ‘ਤੂੰ ਇਕੱਲੇ ਨੇ ਕੀਤੀ ਇਹ ਵਾਰਦਾਤ ?’
ਉਹ ਸਿਰ ਝੁਕਾ ਕੇ ‘ਹੂੰ’ ਆਖਦਾ।
ਜੱਜ ਪੁਛਦਾ, ‘ਤੇਰੇ ਨਾਲ ਹੋਰ ਕੌਣ ਸੀ ?’ ਜੰਗੀਰਾ ਚੁੱਪ ਰਹਿੰਦਾ ਤੇ ਨੀਵੀਂ ਪਾ ਲੈਂਦਾ।
ਝੰਡੇ ਦਾ ਓਹੋ ਬਿਆਨ, ‘ਮਹਾਰਾਜ, ਮੇਰੇ ਛੋਟੇ ਭਾਈ ਅਰਜਣ ਸਿੰਘ ਨਾਲ ਏਸ ਜਨਾਨੀ ਹਰਨਾਮ ਕੌਰ ਦੇ ਨਜਾਇਜ਼ ਸਬੰਧ ਸਨ । ਬਾਅਦ ਵਿਚ ਇਹ ਨਾਜਰ ਸਿੰਘ ਨਾਲ ਫਸ ਗਈ ਤੇ ਮੇਰਾ ਭਰਾ ਮਰਵਾ ਦਿਤਾ। ਕਤਲ ਕੀਹਨੇ ਕੀਤਾ। ਇਹ ਜੰਗੀਰ ਸਿੰਘ ਖੁਦ ਮੰਨ ਹੀ ਰਿਹਾ ਹੈ। ਇਹਦੇ ਵਿਚ ਨਾਜਰ ਸਿੰਘ ਦਾ ਵੀ ਹੱਥ ਹੈ। ਜਨਾਨੀ ਦਾ ਕਸੂਰ ਪੂਰਾ ਹੈ । ਹਰਨਾਮ ਕੌਰ ਨੇ ਹੀ ਮੇਰੇ ਭਰਾ ਨੂੰ ਮਰਵਾਇਆ ਹੈ।’
ਝੰਡੇ ਨੇ ਆਪਣੇ ਵਕੀਲ ਨੂੰ ਥੋੜੇ ਹੀ ਪੈਸੇ ਦਿਤੇ ਸਨ। ਇਸ ਲਈ ਉਹ ਸੰਵਾਰ ਕੇ ਮੁਕੱਦਮਾ ਨਹੀਂ ਝਗੜ ਰਿਹਾ ਸੀ। ਐਵੇਂ ਜ਼ਾਬਤਾ-ਕਾਰਵਾਈ ਕਰਦਾ । ਫੂਲ ਦੀ ਪੁਲਿਸ ਨੂੰ ਵੀ ਝੰਡੇ ਨੇ ਪੈਸੇ ਨਹੀਂ ਖਵਾਏ ਸਨ। ਕੋਠੇ ਖੜਕ ਸਿੰਘ ਤੋਂ ਚੱਲ ਕੇ ਨਾਭੇ ਤੱਕ ਆਏ ਪਿੰਡ ਦੇ ਬੰਦਿਆਂ ਦਾ ਉਹ ਭਾੜਾ-ਕਿਰਾਇਆ ਹੀ ਮਸਾਂ ਖਰਚਦਾ, ਉਹਨਾਂ ਦੀ ਸੇਵਾ ਹੱਥ ਘੁੱਟ ਕੇ ਕਰਦਾ।ਰੋਟੀਆਂ ਪਿੰਡੋਂ ਹੀ ਨਾਲ ਪਕਵਾ ਲਿਆਉਂਦਾ। ਨਾਲ ਨੂੰ ਅੰਬ ਦਾ ਅਚਾਰ ਤੇ ਗੰਢੇ। ਨਾਭੇ ਉਹਨਾਂ ਨੂੰ ਮੁਸ਼ਕਲ ਨਾਲ ਇਕ ਵਾਰੀਂ ਚਾਹ ਪਿਆਉਂਦਾ । ਝੰਡਾ ਤਾਂ ਕਿਸੇ ਮੁਣਸ਼ੀ-ਚਪੜਾਸੀ ਦਾ ਹੱਥ ਵੀ ਜੂਠਾ ਨਹੀਂ ਕਰਦਾ ਸੀ।
ਓਧਰ ਨਾਜਰ ਦੀ ਪਾਰਟੀ ਨੇ ਖੁੱਲ੍ਹੇ ਹੱਥ ਰੱਖੇ ਹੋਏ ਸਨ। ਉਹਨਾਂ ਦਾ ਮੁਕੱਦਮਾ ਝਗੜਨ ਲਈ ਫੂਲ ਤੋਂ ਹੀ ਬੋਲਾ ਵਕੀਲ ਆਉਂਦਾ। ਉਹਨੂੰ ਮੂੰਹ-ਮੰਗਵੇਂ ਪੈਸੇ ਦਿਤੇ ਹੋਏ ਸਨ। ਨੰਬਰਦਾਰ ਪਾਖਰ ਸਿੰਘ ਹਰ ਕਿਸੇ ਦੀ ਪੂਰੀ ਸੇਵਾ ਕਰਦਾ। ਮੁਣਸ਼ੀ-ਚਪੜਾਸੀ ਉਹਨੇ ਖ਼ੁਸ਼ ਕਰ ਰੱਖੇ ਸਨ। ਫੂਲ ਤੋਂ ਪੁਲਿਸ ਦਾ ਕੋਈ ਬੰਦਾ ਨਾਭਾ ਕੋਰਟ ਵਿਚ ਆਉਂਦਾ, ਤਾਂ ਨੰਬਰਦਾਰ ਉਹਨੂੰ ਰੋਟੀ-ਪਾਣੀ ਖਵਾ-ਪਿਆ ਕੇ ਜਾਣ ਦਿੰਦਾ। ਉਹਦੀ ਜੇਬ ਵਿਚ ਪੰਜਾਂ-ਦਸਾਂ ਦਾ ਨੋਟ ਵੀ ਪਾ ਦਿੰਦਾ।
ਜੱਜ ਦੀ ਸਮਝ ਵਿਚ ਕੁਝ ਨਹੀਂ ਆ ਰਿਹਾ ਸੀ। ਫੂਲ ਤੋਂ ਨਾਜ਼ਮ ਨੇ ਕੀ ਮੁਕੱਦਮਾ ਬਣਾ ਕੇ ਤੋਰਿਆ ਸੀ ਤੇ ਏਥੇ ਨਾਭੇ ਆ ਕੇ ਮੁਕੱਦਮੇ ਦੀ ਕੀ ਸ਼ਕਲ ਬਣ ਗਈ ਸੀ। ਘਬਰਾਹਟ ਜਿਹੀ ਵਿਚ ਉਹਨੇ ਆਪਣਾ ਫ਼ੈਸਲਾ ਸੁਣਾ ਦਿਤਾ।
ਜੰਗੀਰ ਸਿੰਘ ਨੂੰ ਚੌਦਾਂ ਸਾਲ ਸਖ਼ਤ ਕੈਦ।
ਨਾਜ਼ਰ ਸਿੰਘ ਨੂੰ ਸੱਤ ਸਾਲ।
ਤੇ ਹਰਨਾਮ ਕੌਰ ਨੂੰ ਦੋ ਸਾਲ ਕੈਦ ਸਖਤ।
ਤਿੰਨਾਂ ਨੂੰ ਓਥੋਂ ਹੀ ਜੇਲ੍ਹ ਭੇਜ ਦਿਤਾ ਗਿਆ। ਬਾਕੀ ਸਾਰੇ ਬੰਦੇ ਆਥਣ ਦੀ ਗੱਡੀ ਨਾਭਿਓਂ ਚੜ੍ਹੇ ਤੇ ਦਿਨ ਛਿਪਦੇ ਨੂੰ ਰਾਮਪੁਰੇ ਆ ਉੱਤਰੇ। ਦੋ ਤਾਂਗੇ ਲੈ ਕੇ ਸਧਾਣਿਆਂ ਦੇ ਪੁਲ ਉੱਤੇ ਪਹੁੰਚ ਗਏ। ਓਥੋਂ ਕੌਲੋਕਿਆਂ ਦੇ ਰਾਹ ਦੋ ਟੋਲੀਆਂ ਵਿਚ ਤੁਰਨ ਲੱਗੇ। ਕੋਈ ਵੀ ਕਿਸੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਸੀ । ਚੁੱਪ-ਚਾਪ ਹੀ ਤੁਰੇ ਜਾ ਰਹੇ ਸਨ—ਛੇਤੀ ਛੇਤੀ। ਹਨੇਰਾ ਹੋ ਚੱਲਿਆ ਸੀ । ਉਹ ਖਾਊ-ਪਿਉ ਵੇਲੇ ਨੂੰ ਕੋਠੀ ਪਹੁੰਚ ਜਾਣਾ ਚਾਹੁੰਦੇ ਸਨ।
ਦੂਜੇ ਦਿਨ ਪਿੰਡ ਵਿਚ ਗੱਲਾਂ ਹੋਣ ਲੱਗੀਆਂ। ਦੋਵੇਂ ਧੜੇ ਹੀ ਨਿਰਾਸ਼ ਸਨ। ਝੰਡੇ ਦਾ ਧੜਾ ਕਹਿੰਦਾ ਸੀ, ‘ਹੱਕ-ਇਨਸਾਫ ਤਾਂ ਫੇਰ ਮੰਨਦੇ, ਜੇ ਨਾਜਰ ਤੇ ਨਾਈ ਨੂੰ ਫਾਂਸੀ ਲਗਦੀ।’ ਮੈਂਗਲ ਦਾ ਧੜਾ ਕਹਿੰਦਾ, ‘ਐਨਾ ਜ਼ੋਰ ਲਾਇਆ, ਤੀਮੀ ਦੀਆਂ ਟੂਮਾ ਤੇ ਨਾਜਰ ਦੀਆਂ ਸਾਰੀਆਂ ਭੇਡਾਂ ਵਿਕ ਗੀਆਂ। ਜਿਹੜੀ ਚਾਰ ਘਮਾਂ ਪੈਲੀ ਸੀ, ਉਹ ਵੀ ਗਹਿਣੇ ਟਿਕ ਗੀ। ਲੱਜਤ ਤਾਂ ਫੇਰ ਔਦੀ, ਜੇ ਨਾਜਰ ਤੇ ਨਾਈ ਛੁੱਤ ਜਾਂਦੇ ।’
ਹਰਨਾਮੀ ਬਾਰੇ ਪਿੰਡ ਕਲਪਦਾ, ‘ਗੰਦੀ ਤੀਮੀ ਨੇ ਸਭ ਪੱਟ ਕੇ ਵਗਾਹ ‘ਤੇ।’ ਕੋਈ ਕਹਿੰਦਾ, ‘ਇਹਨੂੰ ਠੁਕਣੀ ਚਾਹੀਦੀ ਸੀ ਵੀਹ-ਸਾਲੀ।’ ਕੋਈ ਹੋਰ ਦੰਦ ਚਬਦਾ, ‘ਫਾਹਾ ਤਾਂ ਇਹਨੂੰ ਲਗਦਾ। ਇਹੀ ਤਾਂ ਜੜ ਸੀ, ਸਾਰੀ ਕਲ੍ਹਾ ਦਾ ਮੂਲ’ ਕੋਈ ਹੋਰ ਹੱਸਣ ਲਗਦਾ, ‘ਓਏ ਇਹਨੇ ਤਾਂ ਪਰਤਾਪੇ ਕੀ ਸ਼ਿਆਮੋ ਵੀ ਮਾਤ ਪਾ ‘ਤੀ। ਉਹਨੇ ਤਾਂ ਇਹਾ-ਜਾ ਕੁਸ ਕੀਤਾ ਈ ਨੀ ਸੀ, ਜਿਹੜਾ ਇਹਨੇ ਆਹ ਨਮਾਂ ਚੰਦ ਚਾੜ੍ਹ ‘ਤਾ।’
ਤੇ ਫੇਰ ਕੁਝ ਦਿਨਾਂ ਬਾਅਦ ਹੀ ਦੋਵੇ ਧੜੇ ਸੰਤੁਸ਼ਟ ਨਜ਼ਰ ਆਉਣ ਲੱਗੇ । ਝੰਡੇ ਦਾ ਧੜਾ ਕਹਿਣ ਲੱਗਿਆ, ‘ਚੌਦਾਂ ਸਾਲ ਨੂੰ ਠੋਕ ‘ਤਾ ਨਾਈ, ਐਦੂੰ ਵੱਧ ਕੀ ਹੋ ਜਾਂਦਾ ਉਹਨੂੰ । ਫਾਂਸੀ ਕਿਥੇ ਲੱਗਣੀ ਸੀ । ਪਾਖਰ ਤੇ ਪ੍ਰੀਤਮ ਦੀ ਬੇੜੀ ਬਹਿ ਗੀ। ਨਾਜਰ ਤੇ ਹਰਨਾਮੀ ਕਿਹੜਾ ਸੁੱਕੇ ਰਹਿ ਗੇ ਫੇਰ। ਔਹ ਬੈਠੇ ਐ ਨਾਭੇ ਦੀ ਜੇਲ੍ਹ ‘ਚ ਹਵਾ ਖਾਂਦੇ ।’ ਮੈਂਗਲ ਦਾ ਧੜਾ ਆਖਦਾ, ‘ਚਲੋ, ਅਜੇ ਵੀ ਬੱਚਤ ਰਹਿ ਗੀ। ਦੋਮਾਂ ਮੁੰਡਿਆਂ ਨੂੰ ਫਾਹਾ ਲੱਗ ਜਾਦਾ, ਫੇਰ ਕੀ ਕਿਸੇ ਦੀ ਪੂਛ ਫੜ ਲੈਂਦੇ। ਚੌਦਾਂ ਤੇ ਸੱਤ ਸਾਲ ਨਾ ਗਿਣੋ, ਅੱਧ ਲਾਓ। ਸੱਤ-ਅੱਠ ਸਾਲਾਂ ਨੂੰ ਜੰਗੀਰਾ ਆਇਆ ਲੈ । ਨਾਜਰ ਤਾਂ ਸਾਰੇ ਤਿੰਨ ਸਾਢੇ ਤਿੰਨ ਕੱਟੂ ਮਸਾਂ ।’
ਅਪੀਲ ਕਰਨ ਲਈ ਕੋਈ ਮੈਂਗਲ ਨੂੰ ਸੁਝਾਓ ਦਿੰਦਾ ਤਾਂ ਉਹ ਆਖਦਾ, ‘ਰਾਜੇ ਦੇ ਮਨ ਦਾ ਕੀ ਪਤਾ, ਕੈਦ ਨੂੰ ਰੋਂਦੇ, ਕਿਤੇ ਦੋਮਾਂ ਨੂੰ ਫਾਹਾ ਈ ਨਾ ਸੁਣਾ ਦੇਵੇ। ਊਂ ਸੁਣਦੇ ਆਂ ਉਹਦੇ ਵਰਗਾ ਦਿਆਲੂ ਵੀ ਕੋਈ ਨੀ। ਹੀਰਾ ਸੂੰ ਦਾ ਪੋਤਾ ਐ, ਫੇਰ ਵੀ। ਪਰ ਰਾਜਿਆਂ ਦੇ ਵਹਿਣ ਹੁੰਦੇ ਐ, ਉਹਨਾਂ ਨੂੰ ਕੌਣ ਟੋਕਣ ਆਲਾ।’
ਝੰਡਾ ਅਪੀਲ ਲਈ ਕੋਈ ਸੋਚਦਾ ਤੱਕ ਵੀ ਨਹੀਂ ਸੀ । ਕਹਿੰਦਾ ਸੀ, ‘ਮਹਾਰਾਜਾ ਪਰਤਾਪ ਸਿਓਂ ਦਾ ਕੋਈ ਵਸਾਹ ਨੀ । ਮਨ ਉਤੇ ਆਈ ਤਾਂ ਕੀ ਪਤਾ ਕੈਦ ਵੀ ਤੋੜ ਦੇਵੇ।’
ਦੋਵੇ ਧਿਰਾਂ ਡੇਰੇ ਜਾ ਕੇ ਸੰਤ ਪਰਾਗਦਾਸ ਨੂੰ ਚੜ੍ਹਾਵਾ ਚੜ੍ਹਾ ਕੇ ਆਈਆਂ । ਸੰਤ ਪਰਾਗਦਾਸ ਨੇ ਦੋਵਾਂ ਦਾ ਦਿਲ ਧਰਾਇਆ। ਨਾਭਿੳਂ ਫ਼ੈਸਲਾ ਸੁਣ ਕੇ ਆਉਣ ਬਾਅਦ ਦੂਜੇ ਦਿਨ ਸਵੇਰੇ ਹੀ ਝੰਡਾ ਟੱਬਰ ਨੂੰ ਲੈ ਕੇ ਡੇਰੇ ਗਿਆ ਸੀ। ਉਸੇ ਦਿਨ, ਆਥਣ ਨੂੰ ਮੈਂਗਲ, ਨਾਜਰ ਦੀ ਮਾਂ, ਜੰਗੀਰੇ ਦੀ ਮਾਂ ਤੇ ਹੋਰ ਲੋਕ ਸੰਤ ਪਰਾਗਦਾਸ ਨੂੰ ਮੰਨ ਕੇ ਆਏ। ਨੰਬਰਦਾਰ ਪਾਖਰ ਸਿੰਘ ਤੇ ਪ੍ਰੀਤਮ ਵੀ ਉਹਨਾਂ ਦੇ ਨਾਲ ਗਏ।
ਦੋਵੇ ਧਿਰਾਂ ਨੇ ਫੇਰ ਸੇਲਬਰਾਹ ਜਾ ਕੇ ਭਾਈ ਬਹਿਲੋ ਦੇ ਗੁਰਦੁਆਰੇ ਪ੍ਰਸਾਦ ਵੰਡਿਆ । ਭਾਈਰੂਪੇ ਬਾਬੇ ਦੇ ਲੰਗਰ ਵੀ ਉਹ ਗਏ।
ਵਿਚੇ ਵਿਚ ਪਿੰਡ ਦੇ ਲੋਕ ਕੰਨ ਨਾਲ ਮੂੰਹ ਲਾ ਕੇ ਗੱਲ ਕਰਦੇ, ‘ਝੰਡਾ ਤਾਂ ਹੋਰ ਸੁਖਾਂ ਤਾਰਦਾ ਫਿਰਦੈ। ਦੁੱਗਣੀ ਦਾ ਮਾਲਕ ਬਣ ਗਿਐ। ਨਾਜਰ, ਜੰਗੀਰੇ ਤੇ ਤੀਮੀ ਨੂੰ ਕੈਦ ਹੁੰਦੀ ਜਾਂ ਫਾਂਸੀ, ਉਹਨੂੰ ਕੀ ਸੀ? ਉਹਦੇ ਤਾਂ ਲੋਟ ਆ ਗਿਆ, ਭਾਈ। ਸਰੀਕ ਉੱਜੜਿਆ, ਵਿਹੜਾ ਮੋਕਲਾ । ਸਰਦਾਰ ਕੀ ਰੀਸ ਕਰੂ ਕੋਈ ਹੁਣ ਉਹਦੀ। ਗਹਾਂ ਵੀ ‘ਕੱਲਾ ਪੁੱਤ ਐ। ਵੀਹ ਘੁਮਾਂ ਥੋੜੀ ਹੁੰਦੀ ਐ ਕਿਤੇ।
ਗਵਾਂਢੀ ਤਾਂ ਇਹ ਘੋਰ-ਮਸੋਰਾ ਕਰਦੇ ਸਨ, ‘ਅਰਜਣ ਦੀ ਮੌਤ ਆਲੇ ਦਿਨ ਉਹਦੀ ਲੋਥ ਤਾਂ ਫੂਲ ਨੂੰ ਲੈ ਗੇ ਤੇ ਘਰ ‘ਚ ਬੰਤੋ ਨੇ ਗੁਲਗੁਲੇ ਪਕਾਏ। ਤੇਲ ਦਾ ਮੁਸਕ ਔਣੋਂ ਰਹਿੰਦੈ ਕਿਤੇ।
ਬੰਤੋ ਤੇ ਜੁਆਕਾਂ ਨੇ ਗੁਲਗੁਲੇ ਖਾਧੇ, ਉਹ ਆਪ ਕਾਲੇ ਕੁੱਤੇ ਨੂੰ ਗੁਲਗਲੇ ਪਾ ਕੇ ਆਈ। ਕੱਲਰਾਂ ਆਲੇ ਜੰਡ ਦੀਆਂ ਜੜਾਂ ‘ਚ ਗੁਲਗਲੇ ਤੇ ਪਤਾਸੇ ਰੱਖ ਕੇ ਬੰਤੋ ਨੇ ਮੱਥਾ ਟੇਕਿਐ। ਗੁਲਗਲੇ ਤੇ ਪਤਾਸੇ ਉਹ ਮਰਾਸੀਆਂ ਦੇ ਘਰ ਦੇ ਕੇ ਆਈ ਐ।’
ਹਰਨਾਮੀ ਜਦੋਂ ਵੀ ਪਹਿਲਾਂ ਕਦੇ ਘਰੋਂ ਬਾਹਰ ਜਾਂਦੀ, ਫੂਲ ਗਈ ਤੇ ਫੇਰ ਨਾਭੇ ਜਾਂਦੀ ਰਹੀ, ਉਹ ਘਰ ਦੇ ਬਾਰ ਦੀਆਂ ਕੁੰਜੀਆਂ ਪ੍ਰੀਤਮ ਕੇ ਘਰ ਫੜਾ ਜਾਂਦੀ । ਮੈਂਸ ਨੂੰ ਵੀ ਓਹੀ ਸੰਭਾਲਦੇ। ਕੱਖ ਕੰਡਾ ਓਹੀ ਪਾਉਂਦੇ। ਧਾਰ ਵੀ ਕਢਦੇ । ਪਾਲੀ ਨੂੰ ਰੋਟੀ । ਹੁਣ ਜਦੋਂ ਹਰਨਾਮੀ ਨੂੰ ਕੈਦ ਬੋਲ ਗਈ ਤਾਂ ਪ੍ਰੀਤਮ ਨੇ ਪ੍ਰੈੱਸ ਆਪਣੇ ਘਰ ਲਿਆ ਬੰਨ੍ਹੀ। ਬੈਠਕ ਤੇ ਸਬਾਤ ਨੂੰ ਜਿੰਦਾ ਤੇ ਦਰਵਾਜ਼ੇ ਦੇ ਬਾਰ ਨੂੰ ਵੀ ਜਿੰਦਾ-ਕੁੰਜੀਆਂ ਘਰ ਰੱਖ ਲਈਆਂ। ਘਰ ਦਾ ਅੰਦਰਲਾ ਸਾਮਾਨ ਕਿਤੋਂ ਨਹੀਂ ਛੇੜਿਆ। ਲੀੜਾ- ਕਪੜਾ, ਮੰਜਾ-ਪੀੜ੍ਹੀ, ਸੰਦੂਖ, ਭਾਂਡੇ ਸਭ ਓਵੇਂ ਦਾ ਓਵੇਂ ਅੰਦਰ ਪਿਆ ਹੋਇਆ ਸੀ । ਹਰਨਾਮੀ ਦੇ ਬਾਹਰਲੇ ਘਰ ਨੂੰ ਪ੍ਰੀਤਮ ਵਰਤਣ ਲੱਗਿਆ।
ਹੰਢਿਆਏ ਵਾਲਿਆਂ ਨਾਲ ਹਰਨਾਮੀ ਦੀ ਬਣਦੀ ਨਹੀਂ ਸੀ। ਜਦੋਂ ਗਿੰਦਰ ਕਮਲਾ ਹੋ ਕੇ ਘਰੋਂ ਨਿਕਲਿਆ ਫਿਰਦਾ ਸੀ ਤੇ ਅਰਜਣ ਨੇ ਉਹਦੇ ਘਰ ਸ਼ਰ੍ਹੇ-ਆਮ ਆਉਣਾ ਸ਼ੁਰੂ ਕਰ ਦਿਤਾ ਸੀ, ਉਹਨਾਂ ਦਿਨਾਂ ਵਿਚ ਹੀ ਹਰਨਾਮੀ ਦਾ ਵੱਡਾ ਭਾਈ ਸੰਤਾ ਕੋਠੀ ਆਇਆ ਸੀ ਤੇ ਹਰਨਾਮੀ ਨੂੰ ਸਮਝਾਉਣ ਲੱਗਿਆ ਸੀ ਕਿ ਉਹਨੇ ਸਹੁਰੇ ਦੀ ਇਜ਼ਤ ਤਾਂ ਪੁੱਟ ਦਿਤੀ। ਉਹਦੀ ਦਾੜ੍ਹੀ ਤਾਂ ਮੁੰਨ ਦਿਤੀ, ਗੱਲ ਹੰਢਿਆਏ ਤੱਕ ਅਜੇ ਨਹੀਂ ਪਹੁੰਚੀ, ਹੁਣ ਮਾਪਿਆਂ ਦੀ ਆਣ ਤਾਂ ਰਖੱ ਲਵੇ। ਉਹਦੇ ਧੌਲਿਆਂ ਵਿਚ ਕਿਉਂ ਖੇਹ ਪਾਉਂਦੀ ਹੈ ? ਹਰਨਾਮੀ ਨੀਵੀਂ ਹੋਣ ਦੀ ਥਾਂ ਸਗੋਂ ਤਿੜਕ ਪਈ ਸੀ, ‘ਐਨੇ ਸਾਲਾਂ ਦੀ ਹੋ ਕੇ ਪਿਓ ਦੇ ਘਰੋਂ ਆ ਗੀ, ਚੁੰਨੀ ਨੂੰ ਦਾਗ ਨਾ ਲੱਗਣ ਦਿਤਾ, ਅੱਜ ਮੈਂ ਮਾੜੀ ਹੋਗੀ ? ਕਿਹੜਾ ਪੁੱਤ-ਪਿੱਟਾ ਕਹਿੰਦੈ ਮੈਨੂੰ। ਮੇਰੇ ਕੰਨੀ ਝਾਕ ਕੇ ਤਾਂ ਦਖਾਵੇ ਕੋਈ। ਐਮੇਂ ਸ਼ਰੀਕ ਗੱਲਾਂ ਬਲੌਂਦੇ ਐ ਮੇਰੀਆਂ। ਜਾ ਜਾ ਥੋਡੇ ਕੋਲ ਚੁਗਲੀਆਂ ਕਰਦੇ ਨੇ । ਮੇਰੇ ਮੂੰਹ ਤੇ ਲਿਆ ਕਿਸੇ ਨੂੰ, ਪਾੜਾਂ ਖਾਖਾਂ ਉਹਦੀਆਂ। ਐਮੇਂ ਓਥੇ ਬੈਠਾ ਸੁਣੀਂ ਜਾਨੈ ਲੋਕਾਂ ਦੀਆਂ । ਦੋਸ ਲੌਨੈ ਮੇਰੇ ‘ਤੇ ‘
ਉਹ ਗੁਸੇ ਨਹੀਂ ਹੋਇਆ। ਧੀਰਜ ਨਾਲ ਕਹਿਣ ਲੱਗਿਆ, ‘ਦੁਨੀਆਂ ਝੂਠ ਨੀ ਕਹਿੰਦੀ ਹੁੰਦੀ, ਨਾਮੋ । ਜੇ ਕਿਸੇ ਨੇ ਅੱਖੀਂ ਦੇਖਿਆ, ਕੰਨੀ ਸੁਣਿਆ ਹੁੰਦੈ, ਤਾਂ ਈ ਗਹਾਂ ਬਣਦੀ ਐ ਗੱਲ।’
ਨਾ ਚਾਹ, ਨਾ ਪਾਣੀ, ਨਾ ਰੋਟੀ, ਨਾ ਟੁੱਕ। ਹਰਨਾਮੀ ਸੂਈ ਕੁੱਤੀ ਵਾਂਗ ਭੱਜ ਕੇ ਉਹਨੂੰ ਪਈ, ‘ਚੌਰ-ਦਾੜ੍ਹੀਆ, ਸ਼ਰਮ ਤਾਂ ਨੀ ਔਂਦੀ ਤੈਨੂੰ ਕੁਸ਼ ? ਮੈਨੂੰ ਦੂਸ਼ਣ ਲੌਨੈ, ਤੇਰੇ ਆਵਦੇ ਕੀ ਧੀਆਂ ਨੀ ? ਉਹਨਾਂ ਨੂੰ ਸੰਭਾਲ ਜਾ ਕੇ। ਮੈਨੂੰ ਮੱਤਾਂ ਦੇਣ ਆਇਐਂ।’ ਤੇ ਫੇਰ ਉਹ ਇਕਦਮ ਢੈਲੀ ਹੋ ਗਈ। ਬੱਚਿਆਂ ਵਾਂਗ ਹੁਭਕੀਆਂ ਲੈ ਲੈ ਰੋਣ ਲੱਗੀ।
ਫੇਰ ਤਾਂ ਵੱਡੇ ਭਾਈ ਨੇ ਪੰਜ, ਨਾ ਤਿੰਨ, ਕੁਝ ਨਹੀਂ ਆਖਿਆ। ਮੋਢੇ ਉਤਲੇ ਸਮੋਸੇ ਦੇ ਲੜ ਨਾਲ ਅੱਖਾਂ ਦੇ ਕੋਏ ਪੂੰਝਣ ਲੱਗਿਆ। ਮਰਿਆਂ ਵਾਂਗ ਉਹਦੇ ਘਰੋਂ ਉੱਠਿਆ ਤੇ ਐਨਾ ਕਹਿ ਕੇ ਤੁਰ ਆਇਆ, ‘ਚੰਗਾ ਕੁੜੀਏ, ਅਸੀਂ ਤੇਰੇ ਕੰਨੀਓਂ ਮਰ ਗੇ, ਤੂੰ ਸਾਡੇ ਕੰਨੀਓਂ ਮਰ ਗੀ।’
ਉਹ ਮਗਰੋਂ ਕਹਿੰਦੀ, ‘ਚੰਗਾ ਚੰਗਾ, ਨਾ ਆਇਓ ਮੇਰੀ ਮਕਾਣ, ਮੇਰੇ ਮਰੀ ਤੋਂ।’ਤੇ ਫੇਰ ਬੂਲ੍ਹਣ ਲੱਗ ਪਈ।
ਉਹ ਗਲੀ ਦਾ ਮੋੜ ਟੱਪ ਚੁੱਕਿਆ ਸੀ । ਮੁੜ ਕੇ ਕਦੇ ਕੋਠੇ ਖੜਕ ਸਿੰਘ ਨਹੀਂ ਆਇਆ ਸੀ। ਹੰਢਿਆਏ ਦਾ ਕਦੇ ਵੀ ਕੋਈ ਉੱਥੇ ਨਹੀਂ ਗਿਆ ਸੀ। ਉਹ ਮਰਦੀ ਹੈ ਜਾਂ ਜਿਉਂਦੀ, ਉਹਨਾਂ ਨੂੰ ਕੋਈ ਫਿਕਰ ਨਹੀਂ ਰਹਿ ਗਿਆ ਸੀ।
ਹੁਣ ਜਦੋਂ ਅਰਜਣ ਦੇ ਕਤਲ-ਕੇਸ ਵਿਚ ਹਰਨਾਮੀ ਨੂੰ ਦੋ ਸਾਲ ਦੀ ਕੈਦ ਹੋਈ ਤਾਂ ਵੀ ਹੰਢਿਆਏ ਦਾ ਕੋਈ ਓਥੇ ਨਾ ਆਇਆ। ਉਹ ਕੋਠੀ ਆਉਣਾ ਤਾਂ ਉਂਜ ਹੀ ਆਪਣੀ ਹੱਤਕ ਸਮਝਦੇ ਸਨ। ਹੰਢਿਆਏ ਵਾਲਿਆਂ ਨੇ ਗਿੰਦਰ ਬਾਰੇ ਵੀ ਕਦੇ ਨਹੀਂ ਸੋਚਿਆ ਸੀ । ਉਹਦੀ ਕਦੇ ਭਾਲ ਨਹੀਂ ਕੀਤੀ ਸੀ। ਹੰਢਿਆਏ ਵਾਲਿਆਂ ਨੇ ਤਾਂ ਇਹੀ ਮਨ ਨੂੰ ਸਮਝਾ ਲਿਆ ਸੀ ਕਿ ਹਰਨਾਮੀ ਉਹਨਾਂ ਦੇ ਘਰ ਕਦੇ ਜੰਮੀ ਹੀ ਨਹੀਂ ਸੀ।
ਕੈਦ ਹੋਣ ਤੋਂ ਦੋ ਮਹੀਨੇ ਪਿਛੋਂ ਪ੍ਰੀਤਮ ਨਾਭੇ ਮੁਲਾਕਾਤ ਕਰਨ ਗਿਆ। ਜਾਂਦਾ ਹੋਇਆ ਨਾਜਰ ਤੇ ਜੰਗੀਰੇ ਵਾਸਤੇ ਉਹਨਾਂ ਦੇ ਘਰਾਂ ਤੋਂ ਨਿੱਕ-ਸੁੱਕ ਵੀ ਲੈ ਗਿਆ। ਹਰਨਾਮੀ ਵਾਸਤੇ ਖਾਸਾ ਕੁਝ ਆਪਣੇ ਘਰੋਂ ਲੈ ਕੇ ਗਿਆ। ਖੋਏ ਦੀਆਂ ਪਿੰਨੀਆਂ, ਗੁੜ, ਭੁੰਨੇ ਹੋਏ ਛੋਲੇ ਤੇ ਮੱਠੀਆਂ। ਨ੍ਹਾਉਣ ਦੀਆਂ ਸਾਬਣਾਂ ਤੇ ਸਰ੍ਹੋਂ ਦੇ ਤੇਲ ਦੀ ਬੋਤਲ। ਅਸਲ ਵਿਚ ਤਾਂ ਉਹ ਹਰਨਾਮੀ ਨੂੰ ਮਿਲਣ ਹੀ ਗਿਆ ਸੀ, ਤਾਂ ਜੋ ਉਹਨੂੰ ਪੁੱਛ ਲਵੇ ਕਿ ਅਗਲੇ ਸਾਲ ਲਈ ਉਹਦੀ ਜ਼ਮੀਨ ਕੀਹਨੂੰ ਦੇਣੀ ਹੈ ? ਹਿੱਸੇ ਉੱਤੇ ਦੇਣੀ ਹੈ ਜਾਂ ਠੇਕੇ ਉੱਤੇ ?
ਹਰਨਾਮੀ ਕਹਿੰਦੀ, ‘ਦੂਜੇ ਕਿਸੇ ਨੂੰ ਹਿੱਸੇ-ਠੇਕੇ ‘ਤੇ ਦੇਣ ਦੀ ਕੀ ਲੋੜ ਐ, ਪ੍ਰੀਤਮਾ ? ਤੁਸੀਂ ਈ ਵਾਹੋ-ਬੀਜੋ, ਵੇਚੋ-ਵੱਟੋ, ਕੁਸ ਵੀ ਕਰੋ, ਤੁਸੀਂ ਕਿਹੜਾ ਓਪਰੇ ਓਂ ਭਾਈ ?’
ਹਰਨਾਮੀ ਦੀ ਗੱਲ ਸੁਣ ਕੇ ਪ੍ਰੀਤਮ ਮਚਲਾ ਹੋ ਗਿਆ। ਕਹਿੰਦਾ, ‘ਦੇਖ ਭਾਬੀ ਸਾਅਬ, ਜਿਹੜੀ ਤੇਰੇ ਨਾਲ ਕਰ ‘ਤੀ, ਇਹ ਤਾਂ ਕੁਦਰਤ ਨੇ ਕਰ ‘ਤੀ, ਇਹਦੇ ‘ਚ ਹੁਣ ਬੰਦੇ ਦਾ ਤਾਂ ਕੋਈ ਉਜਰ ਨੀ, ਕੋਈ ਜੋਰ ਨੀ ਚਲਦਾ। ਪਰ ਔਹ ਉੱਤੇ ਜਾਣਦੈ, ਅਸੀਂ ਤੇਰਾ ਕਦੇ ਮਾੜਾ ਨੀ ਚਿਤਮਿਆ। ਮਾਂ ਤਾਂ ਤੈਨੂੰ ਜਾਦ ਕਰ-ਕਰ ਰੋਂਦੀ ਰਹਿੰਦੀ ਐ। ਨੰਦਕੁਰ ਸਾਰਾ ਦਿਨ ਤੇਰੀਆਂ ਗੱਲਾਂ ਈ ਕਰੀਂ ਜਾਊ। ਤੂੰ ਜਦੋਂ ਆਮੇਂਗੀ, ਆਨੇ-ਆਨੇ ਦਾ ਸ੍ਵਾਬ ਲੈ ਲੀਂ । ਮੈਂਸ ਤੇਰੀ ਆਵਦੇ ਪਸੂਆਂ ਨਾਲੋਂ ਵੱਧ ਰੱਖਾਂਗੇ, ਤੂੰ ਜਕੀਨ ਕਰੀਂ, ਧਰਮ ਨਾਲ ਕਹਿਨਾਂ।’
ਢਿੱਡੋਂ ਉਹ ਬਹੁਤ ਖੁਸ਼ ਹੋਇਆ। ਉਹਨੇ ਸੋਚਿਆ, ਉਹ ਤਾਂ ਫੋਕੀ ਸੁਲ੍ਹਾ ਮਾਰਨ ਆਇਆ ਸੀ। ਨਹੀਂ ਤਾਂ ਹਰਨਾਮੀ ਦੀ ਅੱਠ ਘੁਮਾਂ ਉਹਨੇ ਕੀਹਨੂੰ ਦੇਣੀ ਸੀ ਹਿੱਸੇ-ਠੇਕੇ ਉੱਤੇ। ਆਪ ਹੀ ਵਾਹੁਣੀ-ਬੀਜਣੀ ਸੀ। ਐਨੀ ਜ਼ਮੀਨ ਮਿਲਦੀ ਐ ਭਲਾਂ ਕਿਧਰੇ ?
19
ਹਰਨਾਮੀ ਦੀ ਕੈਦ ਖਤਮ ਹੋਣ ਵਾਲੀ ਸੀ । ਪ੍ਰੀਤਮ ਪੰਦਰਾਂ-ਵੀਹ ਦਿਨ ਪਹਿਲਾਂ ਉਹਦੀ ਮੁਲਾਕਾਤ ਲਈ ਨਾਭੇ ਗਿਆ । ਜਾਂਦਾ ਹੋਇਆ ਉਹ ਉਹਦੇ ਲਈ ਨਵੀਂ ਕੁੜਤੀ-ਸਲਵਾਰ ਸੰਵਾ ਕੇ ਲੈ ਗਿਆ। ਉੱਤੇ ਨੂੰ ਇਕ ਦੁਪੱਟਾ ਵੀ। ਪੈਰਾਂ ਲਈ ਜੁੱਤੀ। ਮੁੜਦਾ ਹੋਇਆ ਪੁੱਛਣ ਲੱਗਿਆ, ‘ਛੁੱਟਣ ਵਾਲੇ ਦਿਨ ਆਮਾਂ ਮੈਂ ਤੈਨੂੰ ਲੈਣ ਐਥੇ ?
‘ਨਾ, ਲੋੜ ਤਾਂ ਕੋਈ ਨੀ। ਮੈਨੂੰ ਕੀ ਹੁੰਦੈ ? ਐਥੋਂ ਗੱਡੀ ਚੜ੍ਹ ਕੇ ਰਾਮਪੁਰੇ ਜਾ ਉਤਰੂੰ ਗੀ। ਓਥੋਂ ਸੁਧਾਣਿਆਂ ਤਾਈਂ ਤਾਂਗਾ ਲੈ ਲੂੰ । ਦੇਖੀਂ ਨਾ, ਪੁਲਾਂ ‘ਤੇ ਆ ਜੀ, ਜੇ ਔਣਾ ਹੋਇਆ। ਕੀਹ ਐ, ਨ੍ਹੇਰਾ ਬਹੁਤਾ ਹੋ ਜਾਂਦੈ। ਉੱਠ ਲੈ ਆਈਂ।’
ਉਹ ਕਹਿੰਦਾ, ‘ਸਧਾਣੀਂ ਕਿਉਂ, ਰਾਮਪੁਰੇ ਈ ਆ ਜੂੰ ਸਿੱਧਾ, ਟੇਸਣ ‘ਤੇ। ਪਿੰਡ ਨੂੰ ਚੱਲ ਵੜਾਂਗੇ।’
‘ਚੰਗਾ ਤੇਰੀ ਸਲਾਹ ਐ। ਪਰ ਨਾਭੇ ਤਾਂ ਨਾ ਆਈਂ। ਐਥੇ ਆ ਕੇ ਕੀ ਕਰਨੈਂ । ਮੈਂ ਆਪੇ ਚੜ੍ਹ ਜੂੰ ਗੱਡੀ ਤਾਂ।’
‘ਦਿਨ ਕਿਹੜੈ, ਛੁੱਟਣ ਦਾ ?’
‘ਤਰੀਕ ਦੋ ਚੇਤ ਐ। ਦਿਨ ਬੁੱਧਵਾਰ । ਪੱਕਾ ਪਤਾ ਫੇਰ ਕਰ ਲੈਨੀ ਆਂ, ਦਫ਼ਤਰੋਂ। ਆ ।
ਉਹ ਪ੍ਰੀਤਮ ਨੂੰ ਨਾਲ ਲੈ ਕੇ ਜੇਲ੍ਹ ਦੇ ਦਫ਼ਤਰ ਗਈ ਤੇ ਓਥੋਂ ਪੁੱਛਣ ਲੱਗੀ। ਠੀਕ ਸੀ, ਤਰੀਕ ਦੋ ਚੇਤ ਤੇ ਦਿਨ ਬੁੱਧਵਾਰ ਹੀ ਸੀ।
ਦੋ ਚੇਤ ਵੀ ਆ ਗਿਆ। ਪ੍ਰੀਤਮ ਉੱਠ ਲੈ ਕੇ ਸਦੇਹਾਂ ਹੀ ਰਾਮਪੁਰੇ ਆ ਗਿਆ । ਬਾਰਾਂ ਵਾਲੀ ਗੱਡੀ ਦਾ ਅੰਦਾਜ਼ਾ ਜਿਹਾ ਰੱਖ ਕੇ। ਉੱਠ ਉਹਨੇ ਇਕ ਆੜ੍ਹਤੀਏ ਦੀ ਦੁਕਾਨ ਅੱਗੇ ਪਿੱਪਲ ਥੱਲੇ ਖੜ੍ਹਾਅ ਦਿੱਤਾ । ਮੁਹਾਰ ਨੀਵੇਂ ਡਾਹਣੇ ਨਾਲ ਬੰਨ੍ਹ ਦਿਤੀ। ਮੂਹਰੇ ਪੱਲੀ ਵਿਚ ਛੋਲਿਆਂ ਦਾ ਨੀਰਾ ਰੱਖ ਦਿਤਾ। ਮੁਹਾਰ ਲੰਮੀ ਰੱਖੀ ਤਾਂ ਜੋ ਉੱਠ ਗਰਦਨ ਝੁਕਾ ਕੇ ਨੀਰਾ ਖਾਂਦਾ ਰਹੇ ਜਾਂ ਕੀਹ ਐ ਬੈਠ ਹੀ ਜਾਵੇ ਤਾਂ ਉਹਦੇ ਨੱਕ ਨੂੰ ਜਰਬ ਨਾ ਜਾਵੇ । ਪਾਖੜਾ ਲਾਹ ਕੇ ਪਰ੍ਹੇ ਰੱਖ ਦਿਤਾ। ਲਾਲੇ ਦੀ ਨਜ਼ਰ ਹੇਠ। ਆੜ੍ਹਤੀਆ ਕਹਿੰਦਾ, ‘ਸਾਰ ਜੀ, ਖੜ੍ਹਾ ਰਹਿਣ ਦੇ ਜਾਨਵਰ ਨੂੰ, ਜਿੰਨਾ ਚਿਰ ਤੇਰੀ ਮਰਜੀ। ਬੱਸ ਜਾਂਦਾ ਹੋਇਆ ਦੱਸ ਜੀਂ । ਤੂੰ ਸਿਆਣਾ ਐਂ। ਹੋਰ ਪਾਣੀ- ਧਾਣੀ ਦੱਸ । ਚਾਹ ਕਰਾਈਏ ?’
‘ਨਹੀਂ ਸੇਠਾ, ਚਾਹ ਤਾਂ ਪਿੰਡੋਂ ਈ ਛਕ ਕੇ ਆਇਆਂ। ਬੱਸ ਜਿਉਂਦਾ ਰਹਿ। ਮੈਂ ਟੇਸਣ ‘ਤੇ ਚੱਲਿਆਂ ।’
‘ਔਣੈ ਕਿਸੇ ਨੇ ? ਸਾਰਨੀ ਨੇ ਔਣਾ ਹੋਊ ?’
‘ਨਹੀਂ, ਗਿੰਦਰ ਦੀ ਬਹੂ ਐ ਨਾ, ਹਰਨਾਮੀ। ਅੱਜ ਛੁੱਟ ਕੇ ਆ ਰਹੀ ਐ, ਨਾਭਿਓਂ।’
‘ਹਲਾ ? ਉਹਦੀ ਖਾਤਰ ਪੋਹਣ ਲੈ ਕੇ ਆਇਐਂ। ਚੰਗਾ ਭਾਈ, ਚੰਗਾ ਚੰਗਾ।’
ਉਹ ਸਟੇਸ਼ਨ ਉੱਤੇ ਗਿਆ, ਕੋਈ ਕੋਈ ਸਵਾਰੀ ਏਧਰ-ਓਧਰ ਬੈਠੀ ਹੋਈ ਸੀ। ਐਨੀਆਂ ਘੱਟ ਸਵਾਰੀਆਂ ਕਿਉਂ ਨੇ ? ਉਹਨੇ ਲੇਪਣ ਲਾਇਆ ਕਿ ਗੱਡੀ ਆਉਣ ਵਿਚ ਅਜੇ ਚਿਰ ਹੋਵੇਗਾ। ਓਦੋਂ ਤੱਕ ਸਵਾਰੀਆਂ ਵਧ ਜਾਣਗੀਆਂ। ਪਰ ਉਹਦੇ ਮਨ ਵਿਚ ਆਈ, ਕਿਤੇ ਗੱਡੀ ਲੰਘ ਹੀ ਨਾ ਗਈ ਹੋਵੇ। ਇਕਾ-ਦੁੱਕਾ ਸਵਾਰੀਆਂ ਐਵੇਂ ਹੀ ਨਾ ਬੈਠੀਆਂ ਹੋਣ । ਕਾਹਲਾ ਪੈ ਕੇ ਉਹਨੇ ਇਕ ਬੁੜ੍ਹੀ ਤੋਂ ਪੁੱਛਿਆ, ‘ਮਾਈ ਬਾਰਾਂ ਆਲੀ ਗੱਡੀ ਆਈ ਤਾਂ ਨੀ ਅਜੇ ?’
‘ਨਾ ਭਾਈ, ਅਜੇ ਕਿੱਥੇ, । ਹਾਲੇ ਤਾਂ ਚਿਰ ਪਿਐ ਗੱਡੀ ਔਣ ‘ਚ। ਟਿਕਟਾਂ ਆਲੀ ਖਿੜਕੀ ਵੀ ਨੀ ਖੁੱਲ੍ਹੀ ਹਾਲੇ ਤਾਂ।’
‘ਇਹ ਤਾਂ ਛੱਡ ਦੇ ਗੱਲ। ਖਿੜਕੀ ਤਾਂ ਮੌਕੇ ‘ਤੇ ਈ ਖੋਲ੍ਹਦੈ ਇਹ ਬਾਬੂ। ਟਿਕਟਾਂ ਲੈਣ ਆਲੇ ਖੜ੍ਹੇ ਪੈਰ ਵਢਾਈਂ ਜਾਣਗੇ । ਕੋਈ ਚੜ੍ਹਨੋਂ ਰਹਿ ਜੇ, ਪਿਆ ਰਹਿ ਜੇ । ਕੋਲ ਬੈਠੀ ਇਕ ਹੋਰ ਬੁੜ੍ਹੀ ਨੇ ਆਖਿਆ।
ਪ੍ਰੀਤਮ ਦਾ ਦਿਲ ਠਿਕਾਣੇ ਆ ਗਿਆ ਤੇ ਉਹ ਉਹਨਾਂ ਬੁੜ੍ਹੀਆਂ ਕੋਲ ਬੈਠ ਕੇ ਹੀ ਗੱਲਾਂ ਮਾਰਨ ਲੱਗਿਆ। ਥੋੜ੍ਹੇ ਚਿਰ ਪਿੱਛੋਂ ਘੰਟੀ ਖੜਕੀ ਤੇ ਟਿਕਟਾਂ ਵਾਲੀ ਖਿੜਕੀ ਖੁੱਲ ਗਈ। ਲੋਕ ਟਿਕਟਾਂ ਲੈਣ ਲੱਗੇ। ਸਵਾਰੀਆਂ ਪਲੋ-ਪਲ ਵਧਦੀਆਂ ਜਾ ਰਹੀਆਂ ਸਨ। ਦੋਵੇਂ ਬੁੜ੍ਹੀਆਂ ਉਹਦੇ ਕੋਲੋਂ ਉੱਠ ਕੇ ਟਿਕਟਾਂ ਲੈਣ ਚਲੀਆਂ ਗਈਆਂ। ਉਹ ਮਨ ਵਿਚ ਹਰਨਾਮੀ ਬਾਰੇ ਸੋਚਣ ਲੱਗਿਆ। ਕੈਦ ਭੁਗਤਣ ਤੋਂ ਬਾਅਦ ਹੁਣ ਹਰਨਾਮੀ ਸੰਭਲ ਕੇ ਰਹੇਗੀ । ਹੁਣ ਕਾਹਨੂੰ ਉਹ ਪੰਗਿਆਂ ਵਿਚ ਪਵੇਗੀ। ਹੁਣ ਤਾਂ ਉਹ ਘਰ ਵਿਚ ਰਿਹਾ ਕਰੇਗੀ। ਨਾਜਰ ਅਜੇ ਕਈ ਸਾਲਾਂ ਨੂੰ ਜੇਲ੍ਹ ਵਿਚੋਂ ਛੁੱਟ ਕੇ ਆਵੇਗਾ। ਪ੍ਰੀਤਮ ਸੋਚ ਰਿਹਾ ਸੀ ਕਿ ਉਹ ਹਰਨਾਮੀ ਨਾਲ ਬਣਾ ਕੇ ਰੱਖੇਗਾ। ਉਹਦੀ ਪੂਰੀ ਸੇਵਾ ਕਰੇਗਾ। ਉਹਦੇ ਨਾਲ ਹਮੇਸ਼ਾ ਹੀ ਮਿੱਠਾ-ਪਿਆਰਾ ਬਣ ਕੇ ਰਹੇਗਾ । ਸਾਰੀ ਉਮਰ ਉਹਨੂੰ ਖਾਵੇਗਾ । ਉਹਦੀ ਜ਼ਮੀਨ ਹੁਣ ਹੋਰ ਕਿਸੇ ਜੱਟ ਕੋਲ ਨਹੀਂ ਜਾਣ ਦੇਵੇਗਾ। ਜ਼ਮੀਨ ਵਿਚੋਂ ਐਨੀ ਪੈਦਾਇਸ਼ ਆਉਂਦੀ ਹੈ। ਅੱਠ ਘੁਮਾਂ ਥੋੜ੍ਹੀ ਹੁੰਦੀ ਹੈ ਕਿਤੇ। ਝੋਟੇ ਦੇ ਸਿਰ ਵਰਗੀ ਤਕੜੀ ਜ਼ਮੀਨ ਹੈ। ਇਹੋ ਜਿਹੀ ਉਪਜਾਊ ਜ਼ਮੀਨ ਵਿਚੋਂ ਤਾ ਚਾਹੇ ਬੰਦਾ ਹਰਾ ਕਰ ਲਵੇ ਕੋਈ। ਗਿੰਦਰ ਤਾਂ ਹੁਣ ਮੁੜਦਾ ਨਹੀਂ। ਹਰਨਾਮੀ ਵੀ ਕੋਈ ਜਵਾਕ ਜੰਮਣੋਂ ਰਹੀ। ਐਨੇ ਸਾਲ ਲੰਘ ਗਏ, ਕੋਈ ਵੇਲ-ਤੂਮੜੀ ਨਹੀਂ ਲੱਗੀ, ਹੁਣ ਕਿਧਰੋਂ ਖੇਡਣਗੇ ਇਹਦੇ ਘਰ ਲੂਲ੍ਹਾਂ ਵਾਲੇ । ਇਹਨੇ ਤਾਂ ਏਵੇਂ-ਜਿਵੇਂ ਨਿੱਧਰੀ ਰਹਿਣਾ ਹੈ। ਖਾਣਾ-ਪੀਣਾ ਤੇ ਐਸ਼ ਕਰਨੀ ਹੈ। ਪ੍ਰੀਤਮ ਨੇ ਪੱਕੀ ਮਨ ਵਿਚ ਧਾਰ ਲਈ ਕਿ ਉਹ ਹਰਨਾਮੀ ਨੂੰ ਐਸ਼ ਕਰਵਾਏਗਾ। ਆਪ ਔਖਾ ਰਹੇ, ਸੁਖਾਲਾ ਰਹੇ। ਪਰ ਉਹਦੀ ਅੱਠ ਘੁਮਾਂ ਹੱਥੋਂ ਨਹੀਂ ਜਾਣ ਦੇਵੇਗਾ। ਪ੍ਰੀਤਮ ਦੂਰ ਦੀ ਸੋਚਣ ਲੱਗਿਆ, ਗਿੰਦਰ ਦਾ ਹੱਕੀ ਸਭ ਤੋਂ ਨੇੜੇ ਦਾ ਵੀ ਤਾਂ ਉਹ ਆਪ ਹੀ ਹੈ। ਆਖਰ ਨੂੰ ਇਹ ਜ਼ਮੀਨ ਉਹਦੇ ਕੋਲ ਹੀ ਆਉਣੀ ਹੈ । ਪਰ ਜਿੰਨਾ ਚਿਰ ਹਰਨਾਮੀ ਜਿਉਂਦੀ ਹੈ, ਕਿਉਂ ਨਾ ਹਰਨਾਮੀ ਨੂੰ ਖਾਧਾ-ਪੀਤਾ ਜਾਵੇ । ਉਹਨੂੰ ਇਕ ਹੰਢਿਆਏ ਵਾਲਿਆਂ ਦਾ ਡਰ ਹੈ ਬੱਸ। ਉਹਨੇ ਸੋਚਿਆ, ਉਹ ਹਮੇਸ਼ਾ ਹੀ ਹੰਢਿਆਏ ਵਾਲਿਆਂ ਨਾਲੋਂ ਹਰਨਾਮੀ ਨੂੰ ਪਾੜ ਕੇ ਰੱਖੇਗਾ। ਸਾਲੇ ਹੰਢਿਆਏ ਵਾਲੇ ਨਾ ਕਿਤੇ ਹਰਨਾਮੀ ਕੋਲ ਆ ਕੇ ਰਹਿਣ ਲੱਗ ਪੈਣ? ਲਾਲਚ ਕੀਹਨੇ ਤਿਆਗਿਆ ਹੈ ? ਪਰ ਨਹੀਂ, ਹੰਢਿਆਏ ਵਾਲੇ ਨਹੀਂ ਹੁਣ ਆਉਂਦੇ। ਸੰਤਾ ਇਕ ਵਾਰੀਂ ਤੋੜ- ਵਿਛੋੜਾ ਕਰ ਗਿਆ ਹੈ, ਹੁਣ ਨਹੀਂ ਉਹਨਾਂ ਦਾ ਕੋਈ ਆਉਂਦਾ। ਹੁਣ ਤਾਂ ਇਹ ਜ਼ਮੀਨ ਸ਼ਰੀਕਾਂ ਨੇ ਹੀ, ਭਾਵ ਉਹਨੇ ਹੀ ਵਾਹੁਣੀ-ਬੀਜਣੀ ਹੈ।
ਪ੍ਰੀਤਮ ਦੇ ਮਨ ਵਿਚ ਲੱਡੂ ਫੁੱਟ ਰਹੇ ਸਨ। ਉਹਨੂੰ ਸੁਫਨੇ ਵਾਗੂੰ ਦਿਖਾਈ ਦੇਣ ਲੱਗਿਆ, ਜਿਵੇਂ ਨੰਦਕੁਰ ਹਰਨਾਮੀ ਦੇ ਕਪੜੇ ਧੋਣ ਲਈ ਆਪਣੇ ਘਰ ਚੁੱਕ ਲਿਆਈ ਹੋਵੇ। ਜਿਵੇਂ ਨੰਦਕੁਰ ਹਰਨਾਮੀ ਦੇ ਘਰ ਦਾ ਮਿੱਟੀ-ਗਾਰੇ ਦਾ ਕੰਮ ਕਰ ਰਹੀ ਹੋਵੇ। ਉਹਦੀ ਸਬਾਤ ਵਿਚ ਤਲੀ ਦੇ ਰਹੀ ਹੋਵੇ, ਕੰਧਾਂ ਉੱਤੇ ਪਾਂਡੂ ਫੇਰ ਰਹੀ ਹੋਵੇ ਤੇ ਛੱਤਾਂ ਲਿੱਪ ਰਹੀ ਹੋਵੇ। ਜਿਵੇਂ ਨੰਦਕੁਰ ਹਰਨਾਮੀ ਨੂੰ ਆਪਣੇ ਚੁੱਲ੍ਹੇ ਉੱਤੇ ਹੀ ਲੈ ਆਈ ਹੋਵੇ। ਉਹਨੂੰ ਰੋਟੀ ਪਕਾ ਕੇ ਖਵਾ ਰਹੀ ਹੋਵੇ। ਇਹਨਾਂ ਹੀ ਸੋਚਾਂ ਵਿਚ ਪ੍ਰੀਤਮ ਪਿਆ ਹੋਇਆ ਸੀ ਕਿ ਗੱਡੀ ਆ ਗਈ। ਸਟੇਸ਼ਨ ਉੱਤੇ ਲੋਕਾਂ ਦੀ ਕੁਰਬਲ-ਕੁਰਬਲ ਹੋਣ ਲੱਗੀ। ਕੋਈ ਉੱਤਰ ਰਿਹਾ ਸੀ, ਕੋਈ ਚੜ੍ਹ ਰਿਹਾ ਸੀ। ਲੋਕ ਏਧਰ-ਓਧਰ ਭੱਜੇ ਫਿਰ ਰਹੇ ਸਨ। ਜਵਾਕਾਂ ਦਾ ਚੀਂਘ-ਚੰਘਿਆੜਾ । ਤੀਵੀਆਂ ਦੀਆਂ ਉੱਚੀਆਂ ਹਾਕਾਂ । ਬੰਦਿਆਂ ਦੀਆਂ ਤੀਵੀਆਂ ਨੂੰ ਗਾਲਾਂ। ਗਠੜੀਆਂ ਦੀ ਸੰਭਾਲ।
ਪ੍ਰੀਤਮ ਨੂੰ ਹਰਨਾਮੀ ਕਿਧਰੇ ਨਹੀਂ ਦਿਸੀ। ਗੱਡੀ ਚਲੀ ਵੀ ਗਈ। ਪਲੇਟ-ਫਾਰਮ ਖਾਲੀ ਹੋਣ ਲੱਗਿਆ। ਉਹਨੇ ਮੁਸਾਫਰਖ਼ਾਨੇ ਵਿਚ ਜਾ ਕੇ ਦੇਖਿਆ, ਏਧਰ-ਓਧਰ ਬਾਹਰ ਨਿਕਲ ਕੇ ਨਜ਼ਰ ਮਾਰੀ । ਤੇ ਫੇਰ ਉਹ ਮੰਡੀ ਵਾਲੇ ਗੇਟ ਵੱਲ ਆ ਗਿਆ। ਕੀਹ ਐ ਕਿਸੇ ਪਾਸੇ ਦੀ ਲੰਘ ਕੇ ਓਥੇ ਹੀ ਜਾ ਖੜ੍ਹੀ ਹੋਵੇ। ਪਰ ਨਾ, ਉਹ ਤਾਂ ਕਿਤੇ ਵੀ ਨਹੀਂ ਸੀ। ਇਕ ਵਾਰ ਉਹ ਆੜ੍ਹਤੀਏ ਦੀ ਦੁਕਾਨ ਉੱਤੇ ਵੀ ਗਿਆ।ਪੁੱਛਣ ਲੱਗਿਆ, ‘ਹਰਨਾਮੀ ਏਥੇ ਤਾਂ ਨੀ ਆਈ, ਸੇਠਾ ?’
ਬਾਣੀਆ ਕਹਿੰਦਾ, ‘ਓਏ ਪ੍ਰੀਤਮ ਸਿਆਂ, ਗੱਡੀ ‘ਚੋਂ ਉੱਤਰੀ ਈ ਨੀ ਹੋਣੀ ਹਰਨਾਮਕੁਰ। ਆਥਣ ਦੀ ਗੱਡੀ ਆਉ ਹੁਣ। ਬੈਠ, ਆਥਣ ਤੱਕ ਹੋਰ ਇੰਤਜਾਰ ਕਰ। ਰੋਟੀ -ਪਾਣੀ ਖਾ-ਪੀ। ਮੰਗਾਮਾਂ ਘਰੋਂ ਰੋਟੀ ?’
‘ਨਹੀਂ ਸੇਠਾ, ਰੋਟੀ ਤਾਂ ਰਹਿਣ ਦੇ। ਕੋਈ ਭੁੱਖ ਨੀ ਹਾਲੇ । ਪਿੰਡੋਂ ਖਾ ਕੇ ਤੁਰਿਆ ਸੀ। ਪਰ ਉਹ ਆਈ ਕਿਉਂ ਨਾ ? ਅੱਜ ਤਾਂ ਪੱਕੀ ਤਰੀਕ ਸੀ। ਭਲਾ, ਅੱਜ ਦੋ ਚੇਤ ਈ ਐ ?’
‘ਹਾਂ, ਦੋ ਚੇਤ, ਪੱਕਾ ਇੱਟ ਅਰਗਾ। ਓਏ ਪ੍ਰੀਤਮ ਸਿਆਂ, ਤੂੰ ਸੰਸਾ ਨਾ ਕਰ । ਆਥਣ ਦੀ ਗੱਡੀ ‘ਡੀਕ। ਆ ਬਹਿ ਜਾ। ਗੱਦੀ ‘ਤੇ ਆ ਜਾ। ਪੈ ਜਾ। ਰਾਮ ਕਰ ਲੈ । ਜਾਨਵਰ ਨੂੰ ਪਾਣੀ-ਧਾਣੀ ਪਿਆ ‘ਤਾ ?’
ਉੱਠ ਨੇ ਛੋਲਿਆਂ ਦਾ ਸਾਰਾ ਨੀਰਾ ਖਾ ਲਿਆ ਸੀ ਤੇ ਹੁਣ ਵੱਖੀ-ਪਰਨੇ ਟੇਢਾ ਹੋ ਕੇ ਲਿਟਿਆ ਪਿਆ ਸੀ । ਦੁਕਾਨ ਤੋਂ ਬਾਲਟੀ ਲੈ ਕੇ ਉਹਨੇ ਪਾਣੀ ਦੀ ਭਰੀ ਤੇ ਉੱਠ ਨੂੰ ਉਠਾ ਕੋ ਤੁਅਰਰ-ਤੁਅਰਰ’ ਕਰਨ ਲੱਗਿਆ । ਖਾਲੀ ਬਾਲਟੀ ਦੁਕਾਨ ਵਿਚ ਰੱਖ ਕੇ ਉਹ ਇਕ ਢਾਬੇ ਉੱਤੇ ਗਿਆ ਤੇ ਛੋਲੇ-ਮਾਹਾਂ ਦੀ ਦਾਲ ਨੂੰ ਤੜਕਾ ਲਵਾ ਕੇ ਚਾਰ ਤੰਦੂਰੀ ਰੋਟੀਆਂ ਖਾ ਲਈਆਂ। ਰੱਜ ਕੇ ਪਾਣੀ ਪੀ ਲਿਆ। ‘ਕਰਿਆੜ ਤਾਂ ਐਮੇਂ ਸੁਲਾਹ ਮਾਰਦਾ ਸੀ, ਕਿਹੜੀਆਂ ਖਵੌਣੀਆਂ ਸੀ ਦੋੜਾਂ ਉਹਨੇ ?’ ਮਨ ਵਿਚ ਹੀ ਹੱਸਦਾ ਉਹ ਫੇਰ ਆੜ੍ਹਤੀਏ ਦੀ ਦੁਕਾਨ ਉੱਤੇ ਆ ਗਿਆ । ਬਾਣੀਏ ਤੋਂ ਚੌਕੜੇ ਦੀ ਮੰਜੀ ਲੈ ਕੇ ਉਹਨੇ ਉੱਠ ਕੋਲ ਹੀ ਲੇਟ ਮਾਰ ਲਈ।
ਆਥਣ ਦੀ ਗੱਡੀ ਰਾਮਪੁਰੇ ਸੱਤ ਵਜੇ ਪਹੁੰਚਦੀ। ਦਿਨ ਛਿਪ ਚੁੱਕਿਆ ਹੁੰਦਾ । ਬਾਰਾਂ ਵਾਲੀ ਗੱਡੀ ਵਾਂਗ ਹੀ ਉਹਨੇ ਆਥਣ ਦੀ ਗੱਡੀ ਵੀ ਦੇਖੀ। ਪਰ ਹਰਨਾਮੀ ਕਿਧਰੇ ਨਹੀਂ ਸੀ। ਉਹਨੂੰ ਬੜਾ ਸੰਸਾ ਹੋਇਆ, ਉਹ ਆਖ਼ਰ ਆਈ ਕਿਉਂ ਨਾ ? ਬਹੁਤ ਨਿਰਾਸ਼ ਜਿਹਾ ਹੋ ਕੇ ਉਹ ਆੜ੍ਹਤੀਏ ਦੇ ਆਇਆ ਤੇ ਪਿੱਪਲ ਨਾਲੋਂ ਉੱਠ ਖੋਲ੍ਹ ਕੇ ਪਿੰਡ ਨੂੰ ਚੱਲ ਪਿਆ । ਸਾਰੇ ਰਾਹ ਉਹਨੂੰ ਇਹੀ ਸਮਝ ਨਾ ਆਈ ਕਿ ਆਖਰ ਜੇਲ੍ਹ ਵਾਲਿਆਂ ਨੇ ਹਰਨਾਮੀ ਨੂੰ ਛੱਡਿਆ ਕਿਉਂ ਨਾ ?
ਓਧਰ ਘੀਚਰ ਹੋਰਾਂ ਨੂੰ ਪਤਾ ਨਹੀਂ ਕਿੱਥੋਂ ਕੰਨਾਂ ਵਿਚ ਭਿਣਕ ਪੈ ਗਈ ਸੀ ਕਿ ਹਰਨਾਮੀ ਦੋ ਚੇਤ ਨੂੰ ਛੁੱਟ ਕੇ ਆ ਰਹੀ ਹੈ। ਕੈਲੂ ਨੂੰ ਨਾਲ ਲੈ ਕੇ ਉਹ ਬਰਨਾਲੇ ਦੇ ਸਟੇਸ਼ਨ ਉੱਤੇ ਦੋ ਚੇਤ ਨੂੰ ਸਦੇਹਾਂ ਹੀ ਆ ਬੈਠਾ । ਘੀਚਰ ਨੂੰ ਪਤਾ ਸੀ ਕਿ ਉਹ ਬਾਰਾਂ ਵਾਲੀ ਗੱਡੀ ਨਾਭੇ ਤੋਂ ਆਵੇਗੀ। ਸਵੇਰੇ ਛੇ ਵਜੇ ਦੀ ਗੱਡੀ ਨਹੀਂ ਆ ਸਕਦੀ। ਬਾਰਾਂ ਦੀ ਗੱਡੀ ਹੀ ਆਵੇਗੀ। ਬਾਰਾਂ ਦੀ ਨਹੀਂ ਤਾਂ ਆਥਣ ਦੀ ਗੱਡੀ। ਬਾਰਾਂ ਦੀ ਗੱਡੀ ਆਈ। ਉਹਨਾਂ ਦੋਵਾਂ ਨੇ ਫਿਰ-ਤੁਰ ਕੇ ਫਟਾ-ਫਟ ਸਾਰੇ ਡੱਬੇ ਅੰਦਰ ਝਾਕ-ਝਾਕ ਦੇਖੇ । ਬਰਨਾਲੇ ਗੱਡੀ ਨੇ ਵਾਹਵਾ ਚਿਰ ਰੁਕਣਾ ਸੀ। ਬਿਲਟੀ ਦਾ ਮਾਲ ਚੜ੍ਹਦਾ ਹੈ ਤੇ ਉੱਤਰਦਾ ਹੈ। ਕਿਸੇ ਵੀ ਡੱਬੇ ਵਿਚ ਹਰਨਾਮੀ ਨਹੀਂ ਸੀ । ਘੀਚਰ ਕਹਿੰਦਾ, ‘ਹੁਣ ਆਥਣ ਦੀ ਗੱਡੀ ਵੀ ‘ਡੀਕ ਲੀਏ ।’
‘ਕਿਸੇ ਖੂੰਜੇ ਲੱਗ ਕੇ ਨਾ ਬੈਠੀ ਹੋਵੇ ਕਿਤੇ। ਆਪਣੀ ਨਿਗਾ ਕੀਹ ਐ ਨਾ ਪਈ ਹੋਵੇ।’ ਕੈਲੂ ਨੇ ਕਿਹਾ।
‘ਨਹੀਂ, ਖੂੰਜੇ ਲੱਗ ਕੇ ਬੈਠਣ ਆਲੀ ਨੀ ਓਹੋ। ਉਹ ਤਾਂ ਗੜਾ ਚੱਕ ਕੇ ਬਹਿੰਦੀ ਐ, ਪੁੱਤ ਮੇਰੇ ਦੀ ਐਧਰ-ਓਧਰ ਝਾਕੀਂ ਜਾਂਦੀ ਹੋਊ। ਹੁੰਦੀ ਤਾਂ ਦਿਸਦੀ ਨਾ ਆਪਾਂ ਨੂੰ ? ਆਥਣ ਦੀ ਗੱਡੀ ਹੁਣ ਲਾਜਮੀ ਆਉ | ਦੇਖ ਲੀਂ, ਪੱਕੀ ਗੱਲ ਐ। ਘੀਚਰ ਆਖ ਰਿਹਾ ਸੀ।
ਬਾਰਾਂ ਵਾਲੀ ਗੱਡੀ ਲੰਘਾ ਕੇ ਉਹ ਮੁਸਾਫਰਖਾਨੇ ਵਿਚ ਨਹੀਂ ਬੈਠੇ। ਓਥੋਂ ਛੇਤੀ ਹੀ ਟਲ ਗਏ । ਸੰਧੂਆਂ ਦੇ ਅਗਵਾੜ ਜਾ ਕੇ ਦਰਵਾਜ਼ਿਓ ਅੰਦਰ ਅੱਕੀ ਬੁੜ੍ਹੀ ਦੇ ਘਰ ਜਾ ਬੈਠੇ । ਰੋਟੀ ਖਾਧੀ ਤੇ ਮੰਜੇ ਡਾਹ ਕੇ ਪੈ ਗਏ। ਅੱਕੀ ਕੈਲੂ ਦੀ ਭੂਆ ਸੀ। ਪੁੱਤ-ਧੀ ਕੋਈ ਨਹੀਂ ਸੀ। ਕੈਲੂ ਦਾ ਫੁੱਫੜ ਵੀ ਗੁਜ਼ਰ ਚੁੱਕਿਆ ਸੀ। ਭੁਆ ਨੇ ਵਾਹ ਲਗਦੀ ਚੰਗੀ ਰੋਟੀ ਖਵਾਈ ਤੇ ਭਾਈਰੂਪੇ ਦਾ ਪੂਰਾ ਹਾਲ- ਚਾਲ ਪੁੱਛਿਆ। ਸਭ ਦੀ ਸੁੱਖ-ਸਾਂਦ ਦਾ ਪਤਾ ਕੀਤਾ।
ਆਥਣ ਦੀ ਗੱਡੀ ਬਰਨਾਲੇ ਸਾਢੇ-ਛੇ ਦੇ ਨੇੜੇ-ਤੇੜੇ ਪਹੁੰਚਦੀ। ਉਹ ਪੰਜ ਵਜੇ ਹੀ ਘਰੋਂ ਚੱਲ ਪਏ। ਚੋਰਾਂ-ਯਾਰਾਂ ਨੂੰ ਘੜੀ ਬਗੈਰ ਕਦੋਂ ਸਰਦਾ ਹੈ । ਘੀਚਰ ਕੋਲ ਇਕ ਬਹੁਤ ਪੁਰਾਣੀ ਗੁੱਟ- ਘੜੀ ਸੀ। ‘ਵੈਸਟ ਐਂਡ ਵਾਚ’ ਕੰਪਨੀ ਦੀ । ਸੇਖੇ ਵਾਲੇ ਫਾਟਕ ਉੱਤੇ ਆ ਕੇ ਉਹ ਸਟੇਸ਼ਨ ਵੱਲ ਨੂੰ ਹੌਲੀ-ਹੌਲ਼ੀ ਚੱਲਣ ਲੱਗੇ। ਗੱਡੀ ਦੇ ਸਿਗਨਲਾਂ ਵੱਲ ਮੁੜ ਮੁੜ ਝਾਕਦੇ ਹੋਏ। ਆਖ਼ਰ ਸਟੇਸ਼ਨ ਉੱਤੇ ਆ ਕੇ ਇਕ ਬੈਂਚ ਉੱਤੇ ਬੈਠ ਗਏ। ਚੁੱਪ-ਚੁਪੀਤੇ ਜਿਹੇ ਹੀ। ਪਲੇਟਫਾਰਮ ਉੱਤੇ ਕੋਈ ਕੋਈ ਸਵਾਰੀ ਸੀ। ਘੀਚਰ ਨੇ ਬਾਰਾਂ ਵਜੇ ਵਾਲੀ ਗੱਡੀ ਦੀਆਂ ਟਿਕਟਾਂ ਜੇਬ ਵਿਚੋਂ ਕਢੀਆਂ ਤੇ ਉਹਨਾਂ ਨੂੰ ਪਾੜ ਕੇ ਸੁੱਟਣ ਲੱਗਿਆ। ਕੈਲੂ ਕਹਿੰਦਾ, ‘ਇਹ ਕਿਉਂ ਪਾੜ ’ਤੀਆਂ ? ਹੁਣ ਵੀ ਇਹੀ ਕੰਮ ਆ ਜਾਂਦੀਆਂ ।’
‘ਹੱਛਾ ? ਮੈਂ ਕਹਿਨਾਂ ਨਮੀਆਂ ਨੀ ਲੈਣੀਆਂ ਪੈਣਗੀਆਂ ?’ ‘ਨਮੀਆਂ ਦੀ ਕੀ ਲੋੜ ਐ, ਤਰੀਕ ਤਾਂ ਓਹੀ ਪਾਈ ਹੋਊਗੀ।’
‘ਚੱਲ, ਹੁਣ ਤਾਂ ਗਈਆਂ । ਨਮੀਆਂ ਲੈਨੇ ਆਂ । ਤਪੇ ਈ ਜਾਣੈ, ਕੀ ਦੋਲੇ ਲੱਗਣ ਗੇ।’ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਖਾਸਾ ਸਮਾਂ ਲੰਘ ਗਿਆ। ਪਲੇਟਫਾਰਮ ਉੱਤੇ ਹੋਰ ਸਵਾਰੀਆਂ ਵਧਣ ਲੱਗੀਆਂ। ਤੇ ਫੇਰ ਟਿਕਟਾਂ ਵਾਲੀ ਖਿੜਕੀ ਖੁੱਲ੍ਹਣ ਦੀ ਘੰਟੀ ਹੋ ਗਈ। ਉਹ ਟਿਕਟਾਂ ਲੈ ਆਏ।
ਗੱਡੀ ਆ ਕੇ ਰੁਕੀ। ਸਾਹਮਣੇ ਵਾਲੇ ਡੱਬੇ ਵਿਚ ਹਰਨਮੀ ਬੈਠੀ ਹੋਈ ਸੀ। ਖਿੜਕੀ ਦੇ ਨਾਲ ਹੀ ਬੈਠੀ ਸੀ। ਮੁਤਰ-ਮੂਤਰ ਬਾਹਰ ਵੱਲ ਝਾਕ ਰਹੀ ਸੀ । ਘੀਚਰ ਤੇ ਕੈਲੂ ਨੂੰ ਉਹਨੇ ਵੀ ਪਛਾਣ ਲਿਆ। ਉਹਨੇ ਹੱਥ ਮਾਰ ਕੇ ਦੋਵਾਂ ਨੂੰ ਬੁਲਾਇਆ।
‘ਤੂੰ ਹਰਨਾਮਕੁਰੇ ?’ ਘੀਚਰ ਨੇ ਕਾਹਲ ਨਾਲ ਉਹਦੇ ਕੋਲ ਜਾ ਕੇ ਖਿੜਕੀ ਤੋਂ ਬਾਹਰ ਖੜ੍ਹੇ ਹੀ ਪੁੱਛਿਆ।
‘ਮੈਂ ਆ ਗੀ ਬੱਸ। ਅੱਜ ਦੁਪਹਿਰੇ ਛੁੱਟੀ ਮਿਲੀ।’ ਉਹਨੇ ਦੱਸਿਆ।
‘ਅੱਛਿਆ, ਮੁੱਕ ਵੀ ਗਈ ਜੇਲ੍ਹ ?’ ਘੀਚਰ ਨੇ ਹੈਰਾਨ ਜਿਹਾ ਹੋ ਕੇ ਪੁੱਛਿਆ। ਕੈਲੂ ਉਹਦੇ ਕੋਲ ਹੀ ਖੜ੍ਹਾ ਮੁਸਕਰਾ ਰਿਹਾ ਸੀ।
ਹਰਨਾਮੀ ਕਹਿੰਦੀ, ‘ਤੁਸੀਂ ਕਿੱਧਰ ? ਕਿਹੜੀ ਮਾਰ ‘ਤੇ ਫਿਰਦੇ ਓਂ ?’
‘ਅਸੀਂ ਤਾਂ ਐਥੇ ਬਰਨਾਲੇ ਆਏ ਸੀ। ਕੰਮ ਸੀ ਇਕ । ਤਪੇ ਨੂੰ ਚੱਲੇ ਆ।’ ਘੀਚਰ ਨੇ ਦੱਸਿਆ।
‘ਆਓ, ਬੈਠੋ ਫੇਰ। ਬਾਹਰ ਕਾਹਨੂੰ ਖੜ੍ਹੇ ਓਂ ? ਗੱਡੀ ਤਾਂ ਚੱਲਣ ਆਲੀ ਐ। ਅੰਦਰ ਆ ਜੋ, ਬੈਠਣ ਨੂੰ ਥਾਂ ਹੈਗੀ ਐ।’ ਹਰਨਾਮੀ ਨੇ ਕਿਹਾ।
ਉਹ ਗੱਡੀ ਚੜ੍ਹੇ ਤੇ ਹਰਨਾਮੀ ਦੇ ਕੋਲ ਹੀ ਬੈਠ ਗਏ। ਘੀਚਰ ਉਹਦਾ ਹਾਲ-ਚਾਲ ਪੁੱਛਣ ਲੱਗਿਆ। ਕਹਿੰਦਾ, ‘ਅੱਗੇ ਨਾਲੋਂ ਲਿੱਸੀ ਹੋਈ ਦਿਸਦੀ ਐਂ। ਨਿੱਕਾ ਜਾ ਮੂੰਹ ਨਿਕਲ ਆਇਆ। ਬਮਾਰ-ਠਮਾਰ ਰਹੀ ਐਂ ਕਿਤੇ ?’
‘ਜੇਲ੍ਹ ਦਾ ਤੈਨੂੰ ਪਤਾ ਈ ਐ ਘੀਚਰਾ, ਓਥੇ ਕਿਹੜਾ ਨਾਨਕੇ ਹੁੰਦੇ ਐ। ਦੇਖੀਂ ਨਾ, ਕੱਚੀਆਂ ਰੋਟੀਆਂ, ਡਭਕਲ ਪਾਣੀ ਆਲੀ ਦਾਲ। ਹਾੜ੍ਹਾਂ ‘ਚ ਮੱਛਰ ਤੇ ਸਿਆਲਾਂ ‘ਚ ਖਟਮਲ ਰਾਤ ਨੂੰ ਸੌਣ ਨੀ ਦਿੰਦੇ। ਪਾਣੀ ਕਿਹੜਾ ਚੱਜ ਦਾ ਦਿੰਦੇ ਐ ਪੀਣ ਨੂੰ, ਕੁੱਤੇ ਦੇ ਬੀ।’
‘ਕੋਈ ਨਾ, ਬਥੇਰਾ ਹੋਜੇਂਗੀ ਤਕੜੀ, ਦੁੱਧ ਪੀ ਪੀ। ਜਿਹੜਾ ਕਸ਼ਟ ਸੀ, ਕੱਟਿਆ ਗਿਆ।’ ਕੈਲੂ ਨੇ ਹਰਨਾਮੀ ਦਾ ਪੈਰ ਘੁੱਟਿਆ।
ਕੈਲੂ ਦਾ ਹੱਥ ਲੱਗਣ ਨਾਲ ਜਿਵੇਂ ਉਹਦੀ ਜਾਨ ਸੂਤੀ ਗਈ ਹੋਵੇ । ਉਹ ਸੂਤ ਜਿਹੀ ਹੋ ਕੇ ਬੈਠ ਗਈ । ਲੱਤਾਂ ਬੈਂਚ ਤੋਂ ਥੱਲੇ ਕਰ ਲਈਆਂ।
‘ਰਾਮਪੁਰੇ । ਪ੍ਰੀਤਮ ਆਇਆ ਖੜ੍ਹਾ ਹੋਣੈ, ਟੇਸਣ ‘ਤੇ।’ ਡੀਕੀਂ ਜਾਂਦਾ ਹੋਓਗਾ ਮੈਨੂੰ। ਕੋਈ ਪੋਹਣ ਲੈ ਕੇ ਵੀ ਆਇਆ ਹੋਊ ।’
‘ਰਾਮਪੁਰੇ ਜਾਂਦੀ ਨੂੰ ਤਾਂ ਨ੍ਹੇਰਾ ਹੋ ਜੂ ਤੈਨੂੰ। ਪ੍ਰੀਤਮ ਓਸ ਵੇਲੇ ਤਾਈਂ ਕਿੱਥੇ ਖੜ੍ਹਾ ਹੋਊ। ਆਇਆ ਹੋਣੈ ਤਾਂ ਬਾਰਾਂ ਆਲੀ ਗੱਡੀ ‘ਡੀਕ ਕੇ ਮੁੜ ਗਿਆ ਹੋਊ ਪਿੰਡ ਨੂੰ । ਹੁਣ ਨੀ ਹੋਣਾ ਓਹੋ। ਤੂੰ ਐਥੇ ਸਾਡੇ ਨਾਲ ਤਪੇ ਈ ਉੱਤਰ ਜਾ। ਢਿਲਮੀਂ ਜਾ ਕੇ ਰਹਾਂਗੇ । ਓਥੇ ਸੇਵਾ ਪੂਰੀ ਹੋਊ। ਤੇਰਾ ਥਕੇਮਾਂ ਲਾਹ ਦਿਆਂਗੇ ਸਾਰਾ। ਤੜਕੇ ਤੈਨੂੰ ਪਿੰਡ ਛੱਡ ਆਮਾਂਗੇ, ਕੋਠੇ। ਅਸੀਂ ਵੀ ਭਾਈਰੂਪੇ ਜਾਣਾ ਈ ਐ।’ ਘੀਚਰ ਨੇ ਮੋਹ ਜਿਹੇ ਵਿਚ ਆ ਕੇ ਹਰਨਾਮੀ ਨੂੰ ਇਹ ਸਭ ਆਖਿਆ।
ਹਰਨਾਮੀ ਕੈਲੂ ਦੇ ਮੂੰਹ ਵੱਲ ਝਾਕੀ ਜਾ ਰਹੀ ਸੀ। ਐਨਾ ਚਿਰ ਉਹ ਜੇਲ੍ਹ ਵਿਚ ਨਰਕ ਭੋਗ ਕੇ ਆਈ ਸੀ। ਉਹ ਕੋਲ੍ਹ ਵਰਗੇ ਮੁੰਡੇ ਦੇ ਤਾਂ ਹੁਣੇ ਹੀ ਭਰਿੰਡ ਬਣ ਕੇ ਲੜ ਜਾਣਾ ਚਾਹੁੰਦੀ ਸੀ। ਉਹ ਘੀਚਰ ਦੀ ਗੱਲ ਮੰਨ ਗਈ। ਉਹ ਤਪੇ ਉੱਤਰ ਗਏ । ਸਟੇਸ਼ਨ ਤੋਂ ਹੀ ਸਿੱਧੇ ਢਿਲਮਾਂ ਦੇ ਰਾਹ ਪੈ ਗਏ । ਦਿਨ ਛਿਪ ਚੁੱਕਿਆ ਸੀ।
20
ਪ੍ਰੀਤਮ ਨੂੰ ਲੋਕ ਪੁਛਦੇ, ‘ਕਿਉਂ ਬਈ ਹਰਨਾਮੀ ਦਾ ਕੀ ਬਣਿਆ ? ਉਹਦੀ ਕੈਦ ਮੁੱਕੀ ਨੀ ਹਾਲੇ ?’ ਕੋਈ ਕਹਿੰਦਾ, ‘ਪ੍ਰੀਤਮਾ, ਨਾਭਿਓਂ ਜਾ ਕੇ ਪਤਾ ਤਾਂ ਲੈ, ਛੱਡਿਆ ਕਿਉਂ ਨੀ ਉਹਨੂੰ ??
ਚਾਰ ਦਿਨ ਲੰਘੇ ਤਾਂ ਪ੍ਰੀਤਮ ਨੂੰ ਅੱਚਵੀ ਹੋਣ ਲੱਗੀ । ਉਹਦੇ ਦਿਮਾਗ ਵਿਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਸਨ। ਕਦੇ ਉਹ ਸੋਚਦਾ, ਉਹਦੀ ਕੈਦ ਕਿਤੇ ਪੰਦਰਾਂ-ਵੀਹ ਦਿਨ ਵਧ ਨਾ ਗਈ ਹੋਵੇ। ਜੇਲ੍ਹ ਵਿਚ ਉਹਨੇ ਕੋਈ ਖੁਨਾਮੀ ਕਰ ਲਈ ਹੋਵੇਗੀ। ਕਦੇ ਉਹਨੂੰ ਲਗਦਾ ਕਿ ਦੋ ਚੇਤ ਗ਼ਲਤ ਤਰੀਕ ਹੋਵੇਗੀ। ਕੈਦੋਂ ਛੁੱਟਣ ਦੀ ਕੋਈ ਅਗਲੀ ਤਰੀਕ ਹੈ। ਓਸ ਦਿਨ ਐਵੇਂ ਜੇਲ੍ਹ ਦੇ ਦਫਤਰ ਵਾਲਿਆਂ ਨੇ ਉਹਨੂੰ ਟਰਕਾ ਦਿਤਾ। ਹਰਨਾਮੀ ਤੋਂ ਕੋਈ ਪਾਂਜਾ-ਛਿੱਕਾ ਭਾਲਦੇ ਹੋਣਗੇ, ਬਘਿਆੜ । ਕਦੇ ਉਹਦੇ ਮਨ ਵਿਚ ਬੁਰਾ ਖਿਆਲ ਆਉਂਦਾ, ਹਰਨਾਮੀ ਨੂੰ ਰਾਹ ਵਿਚ ਹੀ ਨਾ ਕਿਸੇ ਨੇ ਕੁਝ ਕਰ ਦਿਤਾ ਹੋਵੇ । ਇਸ ਬੁਰੇ ਖਿਆਲ ਦਾ ਉਹਦੇ ਦਿਮਾਗ਼ ਵਿਚ ਪਟਾਖਾ ਜਿਹਾ ਪੈਂਦਾ ਤੇ ਉਹ ਝੱਟ ਇਕ ਹੋਰ ਖਿਆਲ ਨੂੰ ਲੈ ਬਹਿੰਦਾ-ਹਰਨਾਮੀ ਦਾ ਸਿਆਪਾ ਜੇ ਮੁੱਕ ਹੀ ਜਾਵੇ ਤਾਂ ਉਹ ਅੱਠ ਘੁਮਾਂ ਦਾ ਮਾਲਕ ਬਣ ਸਕਦਾ ਹੈ । ਪਰ ਦੂਜੇ ਬਿੰਦ ਹੀ ਉਹ ਸਿਰ ਨੂੰ ਝਟਕਾ ਜਿਹਾ ਮਾਰਦਾ ਤੇ ਹਰਨਾਮੀ ਬਾਰੇ ਪਹਿਲਾਂ ਵਾਂਗ ਹੀ ਆਮ ਜਿਹਾ ਸੋਚਣ ਲਗਦਾ।
ਦਸ ਦਿਨ ਹੋਰ ਉਡੀਕ ਕੇ ਪ੍ਰੀਤਮ ਨੇ ਨੰਬਰਦਾਰ ਪਾਖਰ ਸਿੰਘ ਨੂੰ ਨਾਲ ਲਿਆ ਤੇ ਰਾਮਪੁਰੇ ਤੋਂ ਸਵੇਰ ਦੀ ਗੱਡੀ ਚੜ੍ਹ ਕੇ ਉਹ ਨਾਭੇ ਜਾ ਪਹੁੰਚੇ । ਜੇਲ੍ਹ ਵਿਚੋਂ ਪਤਾ ਕੀਤਾ। ਹਰਨਾਮੀ ਤਾਂ ਦੋ ਚੇਤ ਨੂੰ ਹੀ ਗਿਆਰਾਂ-ਬਾਰਾਂ ਵਜੇ ਛੱਡ ਦਿਤੀ ਗਈ ਸੀ । ਉਹਨਾਂ ਦੀਆਂ ਗੱਲਾਂ ਸੁਣ ਕੇ ਜੇਲ੍ਹ ਵਾਲੇ ਵੀ ਹੈਰਾਨ ਹੋਏ। ਤੇ ਫੇਰ ਪ੍ਰੀਤਮ ਤੇ ਪਾਖਰ ਨੇ ਅਰਜ਼ੀ ਦੇ ਕੇ ਨਾਜਰ ਤੇ ਜੰਗੀਰੇ ਦੀ ਮੁਲਾਕਾਤ ਦਾ ਪ੍ਰਬੰਧ ਕਰ ਲਿਆ। ਜੇਲ੍ਹ ਵਾਲਿਆਂ ਦੀ ਮੁੱਠੀ ਤਾਂ ਗਰਮ ਕਰਨੀ ਹੀ ਪਈ। ਜੰਗੀਰੇ ਨੇ ਕੋਈ ਹੈਰਾਨੀ ਪ੍ਰਗਟ ਨਾ ਕੀਤੀ। ਨਾ ਤੀ। ਨਾ ਹੀ ਉਹਨੂੰ ਕੋਈ ਫ਼ਿਕਰ ਸੀ, ਹਰਨਾਮੀ ਦਾ। । ਉਹ ਤਾਂ ‘ ਸਗੋਂ ਕਹਿੰਦਾ, ‘ਗੰਦੀ ਤੀਮੀ ਖਾਤਰ ਆਹ ਬੈਠੇ ਆਂ, ਦੋਜਕ ਨੂੰ ਫੜੇ। ਐਮੇਂ ਨਾਜਰ ਮਗਰ ਲੱਗ ਕੇ ਮੈਂ ਆਵਦੀ ਪੱਟੀ ਮੇਸ ਕਰਾ ਲੀ। ਅਜੇ ਵੀ ਸ਼ੁਕਰ ਐ ਰੱਬ ਦਾ, ਜਿਉਂਦਾ ਤਾਂ ਹੈਗਾਂ ।’ ਤੇ ਫੇਰ ਉਹਨੇ ਨੰਬਰਦਾਰ ਤੋਂ ਆਪਣੀ ਮਾਂ ਦਾ ਹਾਲ-ਚਾਲ ਪੁੱਛਿਆ। ਕਿਹਾ ਕਿ ਪਿੰਡ ਵਾਲੇ ਉਹਦੇ ਸਿਰ ਉੱਤੇ ਹੱਥ ਰੱਖਣ। ਓਥੇ ਉਹਨਾਂ ਦਾ ਹੋਰ ਕੌਣ ਹੈ, ਗਰੀਬਾਂ ਦਾ । ਉਹ ਕੈਦੋਂ ਛੁੱਟ ਕੇ ਆਇਆ ਤਾਂ ਸਭ ਸੰਭਾਲ ਲਵੇਗਾ।
ਨਾਜਰ ਉਹਨਾਂ ਦੀ ਗੱਲ ਸੁਣ ਕੇ ਹੈਰਾਨ-ਪਰੇਸ਼ਾਨ ਰਹਿ ਗਿਆ। ਫ਼ਿਕਰ ਕਰਨ ਲੱਗਿਆ, ‘ਆਖਰ ਗਈ ਕਿੱਧਰ, ਕੰਜਰ ਦੀ? ਕਿਤੇ ਕੋਈ ਹੋਰ ਨਾ ਰਾਹ ‘ਚੋਂ ਈ ਉਹਨੂੰ ਖਿਸਕਾ ਕੇ ਲੈ ਗਿਆ ਹੋਵੇ । ਤੀਮੀ ਦਾ ਕੀਹ ਐ, ਗੁੜ ਦੀ ਰੋੜੀ ਹੁੰਦੀ ਐ, ਜਿਹੜਾ ਮੂੰਹ ‘ਚ ਪਾ ਲੇ, ਓਸੇ ਦੀ।’ ‘ਤੇ ਫੇਰ ਉਹ ਗੁੱਸੇ ਹੋਇਆ, ‘ਪ੍ਰੀਤਮਾ। ਇਹ ਤੇਰਾ ਕਸੂਰ ਐ ਸਾਰਾ। ਤੂੰ ਦੋ ਚੇਤ ਨੂੰ ਐਥੋਂ ਆਪ ਲੈ ਕੇ ਜਾਣਾ ਸੀ ਉਹਨੂੰ ।
ਪ੍ਰੀਤਮ ਕਹਿੰਦਾ, ‘ਓਏ ਪਤੰਦਰਾ, ਮੈਂ ਤਾਂ ਆਖਿਆ ਸੀ ਉਹਨੂੰ । ਕਹਿੰਦੀ, ਨਾ ਕੋਈ ਲੋੜ ਨੀ । ਮੈਂ ਆਪੇ ਆ ਜੂੰ । ਤੂੰ ਰਾਮਪੁਰੇ ਮੂਹਰੇ ਆ ਜੀ । ਮੈਂ ਤਾਂ ਉੱਠ ਲੈ ਕੇ ਆਇਆ। ਸਾਰਾ ਦਿਨ ‘ਡੀਕਿਆ। ਬਾਰਾਂ ਆਲੀ ਗੱਡੀ ਂਡੀਕੀ, ਆਥਣ ਦੀ ਗੱਡੀ ਵੀ ਲੰਘਾ ਕੇ ਗਿਆ। ਪਰ ਕੀ ਸਮਝੀਏ ਹੁਣ ਭਾਈ, ਕੁਦਰਤ ਰੱਬ ਦੀ। ਮੇਰਾ ਕਸੂਰ ਕਾਹਦਾ? ਕੋਈ ਪੇਸ਼ ਨੀ ਜਾਂਦੀ। ਨਾਲੇ ਪਹਿਲਾਂ ਆ ਕੇ ਗਿਆਂ ਮੈਂ ਨਾਭੇ । ਸਾਰੀ ਗੱਲ ਕਰਕੇ ਗਿਆਂ।’
ਕੋਠੇ ਖੜਕ ਸਿੰਘ ਵਿਚੋਂ ਗੱਲ ਨਿੱਕਲ ਕੇ ਪਟੜੀ-ਫੋਰ ਪਿੰਡਾਂ ਤੱਕ ਵੀ ਪਹੁੰਚ ਗਈ ਕਿ ਓਥੋਂ ਦੀ ਇਕ ਜਨਾਨੀ ਹਰਨਾਮੀ ਕਤਲ ਦੇ ਮੁਕੱਦਮੇ ਵਿਚ ਕੈਦ ਭੁਗਤ ਕੇ ਵਾਪਸ ਆਈ ਪਿੰਡ ਨਹੀਂ ਅੱਪੜੀ। ਕੋਠੇ ਤਾਂ ਇਹ ਗੱਲ ਹਰ ਮੂੰਹ ਉੱਤੇ ਸੀ । ਬੁੜ੍ਹੀਆਂ ਇਕੱਠੀਆਂ ਹੋ ਕੇ ਬੈਠਦੀਆਂ ਤਾਂ ਇਹੋ ਗੱਲ ਕਰਦੀਆਂ। ਕੋਈ ਇਕ ਮਹੀਨੇ ਪਿਛੋਂ ਹਵਾ ਆਈ ਕਿ ਹਰਨਾਮੀ ਹੈਗੀ। ਸੰਗਤ ਮੰਡੀ ਵੱਲ ਪਿੰਡ ਡੂਮ-ਆਲੀ ਵਿਚ ਹੈ। ਇਕ ਫੌਜੀ ਪੈਨਸ਼ਨੀਏ ਦੇ ਘਰ। ਫੌਜੀ ਸੰਤਾਲੀ-ਅਠਤਾਲੀ ਸਾਲ ਦੀ ਉਮਰ ਦਾ ਹੈ। ਸਾਰਾ ਪਿੰਡ ਸੋਚਦਾ ਸੀ, ਓਥੇ ਕਿਵੇਂ ਪਹੁੰਚੀ ਉਹ? ਐਨੀ ਜ਼ਮੀਨ- ਜਾਇਦਾਦ ਦੀ ਮਾਲਕ, ਘਰ ਕਿਉਂ ਤਿਆਗ ਦਿੱਤਾ ਚੰਦਰੀ ਨੇ ? ਸਿਆਣੇ ਬੁੜ੍ਹੇ ਤੱਤ ਨਿਤਾਰਦੇ, ‘ਜੀਹਨੇ ਲਾਹ ‘ਤੀ ਲੋਈ, ਕੀ ਕਰੂਗਾ ਕੋਈ। ਜੀਹਦੇ ਕੋਲੋਂ ਆਵਦਾ ਖਸਮ ਨਾ ਸੰਭਾਲਿਆ ਗਿਆ, ਉਹਨੂੰ ਜਮੀਨ-ਜੈਦਾਤ ਦਾ ਵੀ ਕੀ ਮੋਹ ? ਬਗਾਨੀ ਚਾਟ ਕਦੋਂ ਰਹਿਣ ਦਿੰਦੀ ਐ ਇਕ ਥਾਂ ਜਨਾਨੀ ਨੂੰ, ਨਾਭਿਓਂ ਈ ਕੁੰਡੀ ਲਾ ਕੇ ਲੈ ਗਿਆ ਕੋਈ।’ ਕੋਈ ਦਾਨੀ ਬੁੜ੍ਹੀ ਆਖਰੀ ਗੱਲ ਆਖਦੀ, ‘ਨੀ ਜਿਹੜੀ ਆਵਦੀ ਗੱਦੀਓਂ ਈ ਲਹਿ ਗੀ, ਉਹਨੂੰ ਹੋਰ ਕਿੱਥੇ ਢੋਈ ਮਿਲੂ।’
ਤੇ ਫੇਰ ਸੱਚ ਸਾਹਮਣੇ ਆ ਗਿਆ। ਕੋਠਿਆਂ ਦੀ ਸੱਥ ਵਿਚ ਭਾਈਰੂਪੇ ਵਾਲੇ ਘੀਚਰ ਦੀਆਂ ਗੱਲਾਂ ਹੋਣ ਲੱਗੀਆਂ। ਲੋਕ ਲਾਹਣਤਾਂ ਪਾਉਂਦੇ, ‘ਬਈ, ਇਹ ਕੰਮ ਤਾਂ ਮਾੜਾ ਕੀਤਾ ਘੀਚਰ ਨੇ। ਦੂਰ ਦੇ ਪਿੰਡਾਂ ‘ਚ ਲੱਖ ਕਰੀਂ ਜਾਂਦਾ, ਗਮਾਂਢ-ਮਥੇ ਇਹ ਕਰਤੂਤ ਨੀ ਸੀ ਖੰਡਿਉਣੀ | ਕਿੰਨੀ ਮਾੜੀ ਸੀ ਹਰਨਾਮੀ, ਕਾਰੇ-ਹੱਥੀ ਸੀ, ਮੰਨਿਆ, ਪਰ ਸੀ ਤਾਂ ਫੇਰ ਵੀ ਨੱਗਰ-ਖੇੜੇ ਦੀ ਨੂੰਹ।’
ਕੋਈ ਦਸਦਾ, ‘ਓਏ ਤੀਮੀ ਦੀ ਜਾਤ ਦਾ ਥੋਨੂੰ ਪਤਾ ਈ ਐ। ਚੋਬਰ ਮੁੰਡਾ ਦੇਖ ਕੇ ਡੁੱਲ ਗੀ ਕੈਲੂ ‘ਤੇ । ਮਗਰ ਲਾ ਲੀ ਉਹਨਾਂ ਨੇ। ਘੀਚਰ ਦਾ ਥੋਨੂੰ ਪਤਾ ਈ ਐ। ਇਹੀ ਤਾਂ ਢਕਵੰਜ ਐ ਉਹਦਾ ।’ ਕੇਰਾਂ ਕਾਬੂ ਕਰਕੇ ਫੇਰ ਨੀ ਭੱਜਣ ਦਿੰਦਾ ਉਹ। ਬੱਸ ਫੇਰ ਚਲਦੀ ਕਰ ਦਿੰਦੈ।’ ਤੇ ਫੇਰ ਉਹ ਸੱਜੇ ਹੱਥ ਦੀ ਚੁਟਕੀ ਮਾਰਦਾ, ‘ਤੀਮੀ ਵੇਚਣ ਨੂੰ ਤਾਂ ਐਨਾ ਚਿਰ ਈ ਲੌਂਦੈ ਘੀਚਰ।’
ਦੂਜਾ ਕਹਿੰਦਾ, ‘ਨੂੰਹ ਨੂੰ ਕੀ ਕਰੀਏ ਹੁਣ ? ਆਪ ਪੰਗੇ ਲਊਗੀ ਤਾਂ ਮਰੇ ਪਰ੍ਹੇ । ਪਿੰਡ ਕੀ ਜੱਫਾ ਪਾ ਕੇ ਰੱਖ ਲੇ ਉਹਨੂੰ।
ਪ੍ਰੀਤਮ ਘੀਚਰ ਕੋਲ ਭਾਈਰੂਪੇ ਗਿਆ। ਪਹਿਲਾਂ ਤਾਂ ਉਹ ਮੰਨੇ ਹੀ ਨਾ, ਪਰ ਫੇਰ ਜਦੋਂ ਪ੍ਰੀਤਮ ਨੇ ਵਿਚਲੀ ਗੱਲ ਦੱਸੀ ਤਾਂ ਉਹ ਭੁੱਟ ਭੁੱਟ ਸਭ ਦੱਸੀਂ ਗਿਆ। ਸਾਰੀ ਕਹਾਣੀ ਸੁਣਾਈ। ਪ੍ਰੀਤਮ ਨੇ ਪੁੱਛਿਆ, ‘ਪੱਕਾ ਕੰਮ ਕਰਕੇ ਆਇਐਂ, ਕਿਤੇ ਆ ਨਾ ਜਾਵੇ ?’
‘ਨਹੀਂ, ਹੁਣ ਨੀ ਮੁੜ ਸਕਦੀ ਓਹੋ। ਹੁਣ ਤਾਂ ਇਹਦੀਆਂ ਹੱਡੀਆਂ ਈ ਗੰਗਾ-ਫੁੱਲ ਪੈਣਗੀਆਂ। ਹੈਂ ਪ੍ਰੀਤਮਾ, ਫੇਰ ਤਾਂ ਅਸੀਂ ਤੇਰਾ ਈ ਕੰਮ ਕੀਤੈ ਏਹੇ । ਲਿਆ ਫੇਰ ਖਵਾ-ਪਿਆ ਅੱਜ ਤਾਂ ਕੁਸ।’
‘ਖਾਣ-ਪੀਣ ਦਾ ਪੂਰਾ ਕਰੂੰ ਬਾਈ, ’ਕੇਰਾਂ ਗੱਲ ਸਿਰੇ ਲੱਗ ’ਜੇ । ਤੂੰ ਅੱਜ ਕਹੇਂ, ਅੱਜ ਖਾ ਲੈ ਜੋ ਖਾਣੈ। ਬੋਤਲ ਤਾਂ ਲੈ ਐਨਾਂ ਮੈਂ ਠੇਕੇ ਤੋਂ ਹੁਣੇ ਜਾ ਕੇ।
ਪ੍ਰੀਤਮ ਬੋਤਲ ਲੈ ਆਇਆ ਤੇ ਉਹ ਪੀਣ ਲੱਗੇ। ਉਹ ਫੇਰ ਪੁੱਛੀ ਜਾਵੇ, ‘ਘੀਚਰ ਸਿਆਂ, ਕੱਚਾ ਕੰਮ ਤਾਂ ਨੀ ? ਹੁਣ ਤਾਂ ਨੀ ਹਿਲਦੀ ਓਥੋਂ ?’
‘ਓਏ ਤੈਨੂੰ ਕਹਿ ‘ਤਾ ਇਕ ਆਰੀਂ ਨਹੀਂ ਹਿਲਦੀ। ਹਿੱਲ ਕਿਮੇਂ ਜਾਊ ? ਫ਼ੌਜੀ ਕੋਲ ਪੱਕੀ ਰਫ਼ਲ ਐ, ਗਿਆਰਾਂ ਗੋਲੀ ਦੀ । ਗਿਆਰਾਂ ਦੀਆਂ ਗਿਆਰਾਂ ਵਿਚ ਦੀ ਕਢ ਦੂ । ਫੌਜੀ ਤਾਂ ਜਮਾਂ ਵਸਾਹ ਨੀ ਖਾਦਾ ਉਹਦਾ। ਰਾਤ ਨੂੰ ਮੰਜਾ ਚੀਕੇ ਤੋਂ ਵੀ ਉੱਠ ਕੇ ਬੈਠਾ ਹੋ ਜਾਂਦੈ। ਡੂਮ-ਆਲੀ ਦੇ ਲੋਕ ਖੁਸ਼ ਨੇ ਫੌਜੀ ‘ਤੇ | ਸਾਰਾ ਪਿੰਡ ਉਹਦਾ ਪੱਖੀ ਐ। ਤੀਮੀ ਕਿਮੇਂ ਹਿੱਲ ਜੂ?”
ਹਨੇਰੇ ਹੋਏ ਪ੍ਰੀਤਮ ਕੋਠੀ ਵੜਿਆ। ਤੜਕੇ ਉੱਠ ਕੇ ਉਹ ਨੰਬਰਦਾਰ ਪਾਖਰ ਸਿੰਘ ਕੋਲ ਗਿਆ। ਕਹਿੰਦਾ, ‘ਨੰਬਰਦਾਰਾ, ਮੇਰਾ ਬੱਸ ਆਹ ਕੰਮ ਕਰਾ ਦੇ। ਅੜਿਆ ਗੱਡਾ ਕੱਢ ਦੇ। ਸਾਰੀ ਉਮਰ ਤੇਰੇ ਪੈਰ ਧੋ ਧੋ ਪੀਊਂਗਾ।’
ਉਹ ਕਹਿੰਦਾ, ‘ਇਹ ਭਾਈ ਕੋਈ ਛੋਟਾ ਕੰਮ ਤਾਂ ਹੈ ਨੀ । ਅੱਠ ਘੁਮਾਂ ਜ਼ਮੀਨ ਦਾ ਮਾਮਲਾ ਐ। ਫੇਰ ਇਹ ਤੋਂ ਵੱਡਾ ਕੰਮ ਤਾਂ ਗਿੰਦਰ ਦਾ ਐ। ਕੀ ਪਤੈ, ਉਹ ਕਿਧਰੇ ਸੱਚੀਂ ਮਰ-ਖਪ ਗਿਆ ਜਾਂ ਜਿਉਂਦਾ ਬੈਠੈ ਕਿਤੇ ।’
‘ਇਹੀ ਤਾਂ ਵੱਡਾ ਕੰਮ ਐ, ਜਿਹੜਾ ਕਰੌਣੈ ਆਪਾਂ । ਤੂੰ ਚੱਲ ਕੇ ਦੇਹ ਗਵਾਹੀ, ਬਈ ਗਿੰਦਰ ਅੱਠ ਸਾਲ ਹੋ ਗੇ ਪਿੰਡ ਨੀ ਆਇਆ, ਮਰ ਗਿਆ ਕਿਧਰੇ।’
‘ਅੱਠ ਸਾਲ ਕਿਮੇਂ ਬਣੇ ? ਅੱਠ ਤਾਂ ਉਹਦੇ ਵਿਆਹ ਨੂੰ ਮਸਾਂ ਹੋਏ ਹੋਣਗੇ।
‘ਵਿਆਹ ਨੂੰ ਤਾਂ ਅੱਠ ਤੋਂ ਉੱਤੇ ਹੋਗੇ। ਮੇਰਾ ਸਾਰਾ ਸ੍ਵਾਬ ਲਾਇਆ ਵਿਐ।’
‘ਫੇਰ ? ਵਿਆਹ ਤੋਂ ਬਾਅਦ ਉਹ ਦੋ-ਤਿੰਨ ਸਾਲ ਤਾਂ ਚੰਗਾ ਭਲਾ ਸੀ। ਕਮਲਾ ਹੋ ਕੇ ਵੀ ਦੋ ਸਾਲ ਏਥੇ ਈ ਧੱਕੇ ਖਾਂਦਾ ਫਿਰਦਾ ਰਹਿਐ। ਪਿੰਡੋਂ ਨਿਕਲੇ ਨੂੰ ਮੇਰੀ ਜਾਣ ‘ਚ ਚਾਰ ਸਾਲ ਹੋਗੇ ਐ
‘ਲੈ, ਉਹਦਾ ਕੀ ਰਕਾਟ ਐ ਕੋਈ। ਲਖਾ ਦਿਆਂਗੇ, ਬਈ ਵਿਆਹ ਕਰਾ ਕੇ ਈ ਦਮਾਕ ‘ਚ ਫਰਕ ਆ ਗਿਆ ਸੀ ਤੇ ਘਰੋਂ ਨਿਕਲ ਗਿਆ। ਮੁੜ ਕੇ ਪਿੰਡ ਨੀ ਵੜਿਆ। ਜਿਉਂਦਾ ਹੁੰਦਾ ਤਾਂ ਕਦੇ ਤਾਂ ਔਂਦਾ ਪਿੰਡ। ਜਾਂ ਕਿਸੇ ਨੇ ਕਦੇ ਤਾਂ ਕਿਤੇ ਦੇਖਿਆ ਹੁੰਦਾ। ਉਹਦੀ ਕੋਈ ਉੱਘ-ਸੁੱਘ ਨੀ, ਮਰ ਗਿਐ ਕਿਧਰੇ ਬੱਸ।’
ਨੰਬਰਦਾਰ ਪਾਖਰ ਸਿੰਘ ਤੇ ਪ੍ਰੀਤਮ ਪਰਾਗਦਾਸ ਦੇ ਡੇਰੇ ਗਏ । ਸੰਤਾਂ ਨੂੰ ਸਾਰੀ ਗੱਲ ਸੁਣਾਈ। ਪਰਾਗਦਾਸ ਨੇ ਅਸ਼ੀਰਵਾਦ ਦਿੱਤਾ, ‘ਜਾਓ ਬੇਟਾ ਪ੍ਰੀਤਮ ਸਿੰਘ, ਤੇਰਾ ਨਕਸ਼ੱਤਰ ਦਸਦੈ ਤੂੰ ਸੰਪਤੀ ਦਾ ਸੁਆਮੀ ਬਣਨੈ। ਤੇਰਾ ਕਾਰਜ ਰਾਸ ਆਊਗਾ, ਭਾਈ। ਬੋਲ, ਡੇਰੇ ਨੂੰ ਕੀ ਦਾਨ ਕਰੇਂਗਾ?’
‘ਮੈਂ ਉਹਦੇ ‘ਚੋਂ ਦੋ ਬਿੱਘੇ ਪੈਲੀ ਡੇਰੇ ਦੇ ਨਾਉਂ ਲਵਾਦੂੰ, ਮ੍ਹਾਰਾਜ। ਹੋਰ ਦੱਸੋ ?’
‘ਠੀਕ ਐ, ਬਾਬੇ ਚਰਨਦਾਸ ਨੂੰ ਨਾਲ ਲੈ ਜਾਇਓ, ਭਾਈ ਨੰਬਰਦਾਰ। ਇਹਦੀ ਗਵਾਹੀ ਪਵਾਓ, ਤੂੰ ਵੀ ਗਵਾਹੀ ਦੇਹ। ਬੱਸ ਕਿ ਜੋਗਿੰਦਰ ਸਿੰਘ ਕਾਲ-ਵੱਸ ਹੋ ਗਿਆ, ਕਿਧਰੇ ਜਾ ਕੇ। ਅੱਠ ਸਾਲਾਂ ਤੋਂ ਲਾਪਤਾ ਹੈ।’ ਪਰਾਗਦਾਸ ਨੇ ਪੂਰਾ ਰਾਹ ਖੋਲ੍ਹ ਦਿੱਤਾ।
‘ਹਾਂ, ਮ੍ਹਾਰਾਜ। ਹਰਨਾਮੀ ਦੇਖ ਲੋ ਜਾ ਕੇ ਬੈਠ ਗਈ ਐ, ਡੂਮ-ਆਲੀ। ਉਹਦਾ ਹੁਣ ਏਥੇ ਕੀ ਰਹਿ ਗਿਆ ?’ ਨੰਬਰਦਾਰ ਨੇ ਆਖਿਆ।
‘ਹਾਂ ਭਾਈ, ਹਰਨਾਮਕੁਰ ਤਾਂ ਪਹੁੰਚ ਗੀ ਠਿਕਾਣੇ ‘ਤੇ। ਜ਼ਮੀਨ-ਜੈਦਾਦ ‘ਚ ਹੁਣ ਉਹਦਾ ਕੋਈ ਹਿੱਸਾ ਨੀ।’ ਪਰਾਗਦਾਸ ਬੋਲਿਆ।
ਤੇ ਫੇਰ ਪ੍ਰੀਤਮ ਨੇ ਆਪਣੀ ਦੋ ਘੁਮਾਂ ਜ਼ਮੀਨ ਝੰਡੇ ਕੋਲ ਗਹਿਣੇ ਧਰ ਦਿੱਤੀ। ਦੋ ਹਜ਼ਾਰ ਰੁਪਈਆ ਲੈ ਲਿਆ।
ਪ੍ਰੀਤਮ ਨੇ ਨੰਬਰਦਾਰ ਨੂੰ ਨਾਲ ਲਿਜਾ ਕੇ ਸਾਰੀ ਗੰਢ-ਤੁੱਪ ਕਰ ਲਈ। ਇਕ ਹਜ਼ਾਰ ਰੁਪਿਆ ਤਹਿਸੀਲਦਾਰ ਨੂੰ ਦੇਣਾ ਕਰ ਲਿਆ। ਪੰਜ ਸੌ ਰੁਪਿਆ ਪਟਵਾਰੀ ਤੇ ਕਾਨੂੰਗੋ ਖਾ ਗਏ।
ਬਾਣੇਦਾਰ ਨੂੰ ਵੀ ਖੁਸ਼ ਕਰ ਦਿੱਤਾ । ਫੂਲ ਇੰਤਕਾਲ ਹੋ ਗਿਆ। ਨੰਬਰਦਾਰ ਪਾਖਰ ਸਿੰਘ ਤੇ ਚਰਨਦਾਸ ਉਰਫ ਗੁਰਚਰਨ ਸਿੰਘ ਨੇ ਗਵਾਹੀ ਦਿਤੀ। ਪ੍ਰੀਤਮ ਅੱਠ ਘੁਮਾਂ ਦਾ ਮਾਲਕ ਬਣ ਗਿਆ। ਉਹਨੇ ਅੰਦਰੋਂ-ਅੰਦਰੀ ਨੰਬਰਦਾਰ ਨੂੰ ਵੀ ਪੂਰਾ ਖੁਸ਼ ਕੀਤਾ ਸੀ। ਇੰਤਕਾਲ ਵਾਲੇ ਦਿਨ ਪ੍ਰੀਤਮ ਦੇ ਘਰ ਬੱਕਰਾ ਵੱਢਿਆ ਗਿਆ ਤੇ ਪੂਰੀ ਸ਼ਰਾਬ ਉੱਡੀ । ਪੀਣ ਵਾਲਿਆਂ ਵਿਚ ਨੰਬਰਦਾਰ ਪਾਖਰ ਸਿੰਘ, ਝੰਡਾ, ਭਾਈਰੂਪੇ ਵਾਲੇ ਦੋਵੇਂ ਜੋਟੀਦਾਰ, ਘੀਚਰ ਤੇ ਕੈਲੂ ਵੀ ਸਨ । ਸਾਰੇ ਅਗਵਾੜ ਵਿਚ ਕੜਾਹ ਫੇਰਿਆ ਗਿਆ।
ਕੁਝ ਦਿਨਾਂ ਬਾਅਦ ਦੋ ਵਿੱਘੇ ਜ਼ਮੀਨ ਪ੍ਰੀਤਮ ਨੇ ਡੇਰੇ ਦੇ ਨਾਂ ਪੁੰਨ ਕਰ ਦਿਤੀ।
ਸਮਾਂ ਵੀ ਅਜੀਬ ਰੰਗ ਬਦਲਦਾ ਹੈ। ਝੰਡੇ ਨੂੰ ਸ਼ਾਇਦ ਯਾਦ ਤੱਕ ਵੀ ਨਹੀਂ ਰਹਿ ਗਿਆ ਹੋਵੇਗਾ ਕਿ ਉਹਦੇ ਛੋਟੇ ਭਰਾ ਅਰਜਣ ਦੇ ਕਤਲ ਕੇਸ ਵਿਚ ਨੰਬਰਦਾਰ ਪਾਖਰ ਸਿੰਘ ਤੇ ਪ੍ਰੀਤਮ ਗਵਾਹ ਬਣੇ ਸਨ। ਫੇਰ ਨਾਭੇ ਜਾ ਕੇ ਆਪਣੇ ਬਿਆਨਾਂ ਤੋਂ ਮੁੱਕਰ ਗਏ ਸਨ। ਉਥੇ ਜਾ ਕੇ ਉਟ- ਪਟਾਂਗ ਬਿਆਨ ਦਿਤੇ ਸਨ, ਜਿਸ ਕਰਕੇ ਇਕਬਾਲ ਕਰਨ ਵਾਲੇ ਜੰਗੀਰੇ ਨੂੰ ਚੌਦਾਂ ਸਾਲ ਦੀ ਕੈਦ ਮਸਾਂ ਹੋਈ ਸੀ। ਨਾਜਰ ਨੂੰ ਇਹਤੋਂ ਵੀ ਘੱਟ । ਜੇ ਪਾਖਰ ਤੇ ਪ੍ਰੀਤਮ ਨੇ ਠੋਕ ਕੇ ਗਵਾਹੀ ਦਿਤੀ ਹੁੰਦੀ ਤੇ ਜੇ ਝੰਡਾ ਪੂਰਾ ਪੈਸਾ ਖਰਚਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਨਾਜਰ ਤੇ ਜੰਗੀਰਾ ਦੋਵੇਂ ਹੀ ਫਾਂਸੀ ਨਾ ਲਗਦੇ। ਹੁਣ ਹਾਲ ਇਹ ਸੀ ਕਿ ਉਹਨਾਂ ਹੀ, ਨੰਬਰਦਾਰ ਪਾਖਰ ਤੇ ਪ੍ਰੀਤਮ ਨਾਲ ਝੰਡਾ ਸ਼ਰਾਬਾਂ ਪੀਂਦਾ ਫਿਰਦਾ ਸੀ। ਉਹਨੂੰ ਤਾਂ ਵੱਡਾ ਗੁਮਾਨ ਇਹੀ ਸੀ ਕਿ ਉਹਨੇ ਪ੍ਰੀਤਮ ਦੀ ਦੋ ਘੁਮਾਂ ਜ਼ਮੀਨ ਦੋ ਹਜ਼ਾਰ ਦੇ ਕੇ ਗਹਿਣੇ ਲੈ ਲਈ ਸੀ । ਸ਼ਰੀਕ ਦੇ ਉੱਤੋਂ ਦੀ ਹੋ ਗਿਆ ਹੈ। ਆਪਣੀ ਜ਼ਮੀਨ-ਜਾਇਦਾਦ ਨੂੰ ਵਧਾਉਣਾ ਸ਼ੁਰੂ ਕਰ ਦਿਤਾ ਹੈ । ਹੁਣ ਅਰਜਣ ਦੀ ਮੌਤ ਉਹਨੂੰ ਕਿੱਥੇ ਯਾਦ ਰਹਿ ਗਈ ਹੋਵੇਗੀ। ਜਾਇਦਾਦ ਦੇ ਲਾਲਚ ਵਿਚ ਬੰਦਾ ਆਪਣੇ ਰਿਸ਼ਤਿਆਂ ਨੂੰ ਵੀ ਕਿਵੇਂ ਭੁੱਲਣ ਲਗਦਾ ਹੈ।
21
ਨਾਜਰ ਕੈਦ ਤੋਂ ਛੁੱਟ ਕੇ ਪਿੰਡ ਆਇਆ ਤਾਂ ਉਹਨੂੰ ਮਹਿਸੂਸ ਹੋਇਆ ਜਿਵੇਂ ਕੋਠੇ ਖੜਕ ਸਿੰਘ ਇਕ ਉਜਾੜ ਬੀਆਬਾਨ ਹੋਵੇ । ਉਹਦੇ ਮਾਂ-ਬਾਪ ਸਿਰੇ ਦੀ ਆਰਥਕ ਤੰਗੀ ਵਿਚ ਦਿਨ ਕੱਟ ਰਹੇ ਸਨ। ਉਹਨੂੰ ਉਹ ਤੁਰਦੇ-ਫਿਰਦੇ ਪਿੰਜਰ ਜਿਹੇ ਹੀ ਜਾਪੇ। ਜਿਵੇਂ ਮਸਾਂ ਹੀ ਸਾਹ ਵਰੋਲ ਰਹੇ ਹੋਣ। ਉਹਨਾਂ ਦੇ ਭੇਡਾਂ ਵਾਲੇ ਵਾੜੇ ਉੱਤੇ ਅਗਲਿਆਂ ਨੇ ਪੱਕਾ ਕਬਜ਼ਾ ਹੀ ਜਮਾ ਲਿਆ ਲਗਦਾ ਸੀ। ਜ਼ਮੀਨ ਜਿਹੜੀ ਤਿੰਨ-ਚਾਰ ਘੁਮਾਂ ਸੀ, ਗਹਿਣੇ ਤਾਂ ਉਹ ਮੁਕੱਦਮਾ ਚੱਲਣ ਵੇਲੇ ਹੀ ਟਿਕ ਗਈ ਸੀ, ਹੁਣ ਓਸੇ ਜ਼ਮੀਨ ਉੱਤੇ ਬੁੜ੍ਹੇ-ਬੁੜ੍ਹੀ ਨੇ ਜੱਟ ਤੋਂ ਹੋਰ ਪੈਸਾ ਚੜ੍ਹਵਾ ਲਿਆ ਸੀ । ਖਾਂਦੇ ਕਿੱਥੋਂ? ਉਹ ਜੰਗੀਰੇ ਦੇ ਘਰ ਗਿਆ। ਬੁੜ੍ਹੀ ਨੂੰ ਜੰਗੀਰੇ ਦੀ ਸੁਖ-ਸਾਂਦ ਦੱਸੀ । ਬੁੜ੍ਹੀ ਘੁੱਟ ਭਰ ਕੇ ਹੀ ਰਹਿ ਗਈ। ਨਾਜਰ ਵੱਲ ਮੀਚੀਆਂ ਮੀਚੀਆਂ ਅੱਖਾਂ ਨਾਲ ਦੇਖ ਰਹੀ ਸੀ। ਉਹ ਚਾਹੁੰਦੀ ਸੀ, ਮਰਨ ਤੋਂ ਪਹਿਲਾਂ ਇਕ ਵਾਰ ਉਹ ਜੰਗੀਰੇ ਦਾ ਮੂੰਹ ਦੇਖ ਲਵੇ । ਉਹਦੇ ਮਰਨ ਲੱਗੀ ਦੇ ਮੂੰਹ ਵਿਚ ਪਾਣੀ ਉਹਦਾ ਪੁੱਤ ਜੰਗੀਰਾ ਹੀ ਪਾਵੇ | ਤਦ ਹੀ ਉਹਦੇ ਪ੍ਰਾਣ ਨਿਕਲਣਗੇ । ਉਹਦੀ ਅਰਥੀ ਨੂੰ ਉਹਦੇ ਜੰਗੀਰੇ ਦਾ ਹੱਥ ਜ਼ਰੂਰ ਲੱਗੇ। ਬੁੜ੍ਹੀ ਤੋਂ ਹੁਣ ਲੋਕਾਂ ਦੇ ਘਰਾਂ ਦਾ ਕੰਮ ਨਹੀਂ ਹੁੰਦਾ ਸੀ । ਬਹੁਤ ਬਿਰਧ ਸੀ। ਪੁਰਾਣੀਆਂ ਲਿਹਾਜ਼ਾਂ ਵਾਲੇ ਘਰਾਂ ਵਿਚ ਉਹ ਜਾਂਦੀ ਤੇ ਖਾਣ-ਪੀਣ ਨੂੰ ਮੰਗ-ਪਿੰਨ ਲਿਆਉਂਦੀ। ਦਿਨ ਨਿੱਕਲ ਰਹੇ ਸਨ।
ਨਾਜਰ ਸੱਥ ਵਿਚ ਗਿਆ । ਪਹਿਲਾਂ ਵਾਲੀ ਰੌਣਕ ਨਹੀਂ ਸੀ। ਚਾਹੇ ਪਹਿਲਾਂ ਵਾਂਗ ਹੀ ਮਿਲਖਾ ਸਿੰਘ ਫੌਜੀ ਐਨਕ ਲਾ ਕੇ ਕੋਲ ਬੈਠਿਆਂ ਨੂੰ ਅਖ਼ਬਾਰ ਪੜ੍ਹ-ਪੜ੍ਹ ਸੁਣਾ ਰਿਹਾ ਸੀ ਪਰ ਲੋਕਾਂ ਵਿਚ ਉਹ ਹੁੰਗਾਰਾ ਨਹੀਂ ਸੀ। ਸੁਣਨ ਵਾਲੇ ਮਿਲਖੇ ਨਾਲ ਬਹਿਸ ਨਹੀਂ ਕਰਦੇ ਸਨ। ਨਾ ਹੀ ਮਿਲਖਾ ਅੰਗਰੇਜ਼ਾਂ ਦੇ ਗੁਣ ਗਾਉਂਦਾ। ਹਾੜ੍ਹ ਦਾ ਮਹੀਨਾ ਸੀ। ਖੇਤਾਂ ਵਿਚ ਬਰਨਾ ਉੱਡ ਰਹੀ ਸੀ। ਤੱਤੀਆਂ ਹਵਾਵਾਂ ਬੇਰਹਿਮ ਹੋ ਕੇ ਚਲਦੀਆਂ ਤੇ ਸ਼ੂਕਦੀਆਂ । ਰੁੱਖ ਚੁਗਲੀਆਂ ਕਰਦੇ । ਸਾਰਾ ਦਿਨ ਟਿੱਬਿਆਂ ਦੀ ਰੇਤ ਭੱਠ ਵਾਂਗ ਤਪਦੀ। ਮੀਹਾਂ ਦੀ ਉਡੀਕ ਵਿਚ ਲੋਕ ਪਿੱਪਲਾਂ ਥੱਲੇ ਬੈਠ ਕੇ ਕਹਾਣੀਆਂ ਛੇੜਦੇ। ਦੂਰ ਆਕਾਸ਼ ਵਿਚ ਕਿਧਰੇ ਕੋਈ ਬੱਦਲੀ ਚਮਕਦੀ ਤਾਂ ਉਹ ਉਹਨੂੰ ਸੈਨਤਾਂ ਨਾਲ ਬੁਲਾਉਂਦੇ … ਕਿਹੜੇ ਦੇਸੋਂ ਆਈ ਬੱਦਲੀਏ…
ਦਿਨ ਢਲਦਾ, ਸੂਰਜ ਰਾਤ ਦੇ ਘਰ ਵੱਲ ਦੌੜਨ ਲਗਦਾ। ਫ਼ਿਜ਼ਾ ਵਿਚ ਸੌਖੇ ਸਾਹਾਂ ਦੀ ਪੂੰਜੀ ਜਮ੍ਹਾਂ ਹੋਣ ਲਗਦੀ। ਲੋਕ ਵਿਹੜਿਆਂ ਵਿਚ ਪਾਣੀ ਦਾ ਛਿੜਕਾਅ ਕਰਕੇ ਬੈਠ ਜਾਂਦੇ । ਸੱਥ ਵਿਚ ਪਿੰਡ ਦਾ ਖ਼ਬਰਨਾਮਾ ਮੂੰਹੋਂ-ਮੂੰਹ ਅੱਗੇ ਤੁਰਦਾ।
ਉਸ ਦਿਨ ਨਾਜਰ ਨੇ ਸੱਥ ਦੇ ਲੋਕਾਂ ਨੂੰ ਫਤਹਿ ਬੁਲਾਈ ਤਾਂ ਉਹ ਉਹਦੇ ਵਲ ਉਦਾਸ ਨਜ਼ਰਾਂ ਨਾਲ ਦੇਖਣ ਲੱਗੇ। ਝੱਟ ਕਿਸੇ ਨੇ ਭਿੱਜੇ ਬੋਲਾਂ ਵਿਚ ਪੁੱਛਿਆ, ‘ਆ ਗਿਆ ਭਾਈ ਨਾਜਰ ਸੂੰ, ਕਦੋਂ ਆਇਐਂ ?’
‘ਰਾਤ ਆ ਗਿਆ ਸੀ ਮੈਂ ਤਾਂ।’ ਉਹਨੇ ਖੁੰਢ ਉੱਤੇ ਬੈਠ ਕੇ ਸਭ ਦੇ ਚੇਹਰਿਆਂ ਵੱਲ ਨਜ਼ਰਾਂ ਘੁਮਾਈਆਂ।
ਮਿਲਖਾ ਸਿੰਘ ਐਨਕਾਂ ਉੱਤੋਂ ਦੀ ਝਾਕ ਕੇ ਪੁੱਛਣ ਲੱਗਿਆ, ‘ਨਾਜਰ ਸਿੰਘ, ਹੋਰ ਤਾਂ ਤਕੜਾ ਹੈਂ ਜੁਆਨ ? ਕੱਲ੍ਹ ਮਿਲ ਗਈ ਛੁੱਟੀ ਫੇਰ? ਹੋਰ ਸਿਹਤ ਕੈਸੀ ਹੈ ?’
‘ਸਭ ਠੀਕ ਐ ਫੌਜੀਆ। ਆਵਦੀ ਸੁਣਾਅ? ਕੀ ਕਹਿੰਦੀ ਐ ਲੜਾਈ ?’
‘ਲੜਾਈ ਤਾਂ ਖਤਮ ਭਾਈ । ਹਿਟਲਰ ਹਾਰ ਗਿਆ। ਜ਼ਹਿਰ ਖਾ ਲਈ। ਓਧਰ ਚਰਚਲ ਵੀ ਗਿਆ। ਨਵੀਂ ਸਰਕਾਰ ਬਣ ਗਈ। ਐਟਲੀ ਬੈਠੈ ਗੱਦੀ ‘ਤੇ ਹੁਣ।’
ਪੁੱਛਿਆ। ‘ਇਹ ਨਮਾਂ ਜਿਹੜਾ ਬੈਠੈ ਗੱਦੀ ‘ਤੇ, ਇਹ ਕਰੂ ਕੁਸ਼ ਫੈਦਾ ਹਿੰਦੋਸਤਾਨ ਨੂੰ ?’ ਨਾਜਰ ਨੇ
ਸੱਥ ਵਿਚ ਲੋਕ ਨਾਜਰ ਵਲ ਝਾਕੀ ਜਾ ਰਹੇ ਸਨ । ਇਕ ਬੁੱਢਾ ਵਿਚੋਂ ਹੀ ਬੋਲ ਪਿਆ, ‘ਜੇਲ੍ਹ ਜਾ ਕੇ ਖਾਸਾ ਸਿਆਣਾ ਹੋ ਗਿਆ ਲਗਦੈਂ ਬਈ ਤੂੰ ਤਾਂ । ਪੜ੍ਹਿਆਂ-ਲਿਖਿਆਂ ਬੰਦਿਆਂ ਆਂਗੂ ਗੱਲਾਂ ਕਰਦੈਂ। ਹੂੰ ?”
ਨਾਜਰ ਮੁਸਕਰਾ ਪਿਆ।
ਫੌਜੀ ਕਹਿੰਦਾ, ‘ਜੇਲ੍ਹ ਵੀ ਤਾਂ ਇਕ ਸਕੂਲ ਹੁੰਦੈ। ਓਥੇ ਕਿਸਮ ਕਿਸਮ ਦੇ ਬੰਦਿਆਂ ਨਾਲ ਵਾਹ ਪੈਂਦੈ। ਬੰਦਿਆਂ ‘ਚ ਜਾ ਕੇ ਅਕਲ ਤਾਂ ਆ ਈ ਜਾਂਦੀ ਐ। ਇਹੀ ਹਾਲ ਫੌਜ ਦਾ ਐ। ਫੌਜ ‘ਚ ਜਾ ਕੇ ਅਨਪੜ੍ਹ ਬੰਦੇ ਪੜ੍ਹਨਾ-ਲਿਖਣਾ ਸਿੱਖ ਜਾਂਦੇ ਐ। ਪੂਰੀ ਲਿਆਕਤ ਮਿਲਦੀ ਐ।’
ਨਾਜਰ ਨੂੰ ਸੱਥ ਵਾਲੀਆਂ ਗੱਲਾਂ ਵਿਚ ਬਹੁਤੀ ਦਿਲਚਸਪੀ ਨਹੀਂ ਸੀ। ਉਹ ਉਥੋਂ ਉਠਿਆ ਤੇ ਆਪਣੇ ਵਾੜੇ ਵਿਚ ਚਲਿਆ ਗਿਆ । ਘੁੱਕਰ ਮਜ਼ਹਬੀ ਤੇ ਉਹਦਾ ਮੁੰਡਾ ਭੇਡਾਂ ਨੂੰ ਸੰਭਾਲ ਰਹੇ ਸਨ । ਘੁੱਕਰ ਨਾਜਰ ਨੂੰ ਦੇਖ ਕੇ ਖਿੜ ਉੱਠਿਆ, ‘ਆ ਬਈ ਨਾਜਰ ਸਿਆਂ, ਕੀ ਹਾਲ ਐ ਤੇਰੇ ? ਸੁਣ ਤਾਂ ਮੈਂ ਲਿਆ ਸੀ, ਬਈ ਤੂੰ ਆ ਗਿਐਂ। ਸੋਚਦਾ ਸੀ, ਬਈ ਆਊ ਤਾਂ ਸਹੀ, ਗੇੜਾ ਤਾਂ ਮਾਰੂ ਜ਼ਰੂਰ ਵਾੜੇ ‘ਚ।’
ਨਾਜਰ ਪੁਛਣ ਲੱਗਿਆ, ‘ਚੰਨਣ ਨਾਲ ‘ਕੱਠ ਠੀਕ ਨਿਭੀ ਜਾਂਦੈ ?
ਘੁੱਕਰ ਕਹਿੰਦਾ, ‘ਹਾਂ, ਅਜੇ ਤਾਈਂ ਤਾਂ ਕੋਈ ਫਰਕ ਨੀ, ਕੱਲ੍ਹ ਦਾ ਪਤਾ ਨੀ। ਚੰਨਣ ਦਾ ਸੁਭਾਅ ਚੰਗੇ। ਕਸਰ ਮੈਂ ਵੀ ਕੋਈ ਨੀ ਰੱਖੀ ਕਦੇ । ਪੂਰੀ ਦੇਹ ਵੇਲੀ ਦੀ ਐ। ਦੋ ਪੈਸੇ ਦਾ ਹਰਜ ਆਪ ਡੋਲ ਲਈਂਦੈ, ਚੰਨਣ ਨੂੰ ਅਜਾਅ ਨੀ ਜਾਣ ਦਿਤੀ ਕਦੇ। ਬੱਸ ਵੇਲਾ ਪੂਰਾ ਹੋਈਂ ਜਾਂਦੈ, ਨਾਜਰ ਸਿਆਂ । ਤੇਰੀ ਕਿਰਪਾ ਐ। भै। ट्वचे ‘ ਪਏ ਹੋਏ ਆਂ।’
ਨਾਜਰ ਨੇ ਘੁੱਕਰ ਦੇ ਮੁੰਡੇ ਨੂੰ ਪੈਸੇ ਫੜਾਏ ਤੇ ਕਿਹਾ ਕਿ ਉਹ ਸਰਵਣ ਟੁੰਡੇ ਦਿਓਂ ਇਕ ਬੋਤਲ ਫੜ ਲਿਆਵੇ । ਉਹਦਾ ਨਾਂ ਲਵੇ | ਫੇਰ ਚੰਗੀ ਦਾਰੂ ਦੇਵੇਗਾ ਉਹ। ਘੁੱਕਰ ਤੇ ਨਾਜਰ ਪਿੰਡ ਦੀਆਂ ਗੱਲਾਂ ਕਰਨ ਲੱਗੇ। ਐਨੇ ਨੂੰ ਮੁੰਡਾ ਬੋਤਲ ਲੈ ਕੇ ਆ ਗਿਆ। ਸਰਵਣ ਨੇ ਪੈਸੇ ਨਹੀਂ ਲਏ ਸਨ। ਕਹਿੰਦਾ, ‘ਇਹ ਬੋਤਲ ਨਾਜਰ ਦੇ ਔਣ ਦੀ ਖੁਸ਼ੀ ‘ਚ ਲੈ ਜਾ। ਪੈਸੇ ਤਾਂ ਫੇਰ ਸਾਰੀ ਉਮਰ ਈ ਲੈਣੇ ਐ।’ ਸੁਣ ਕੇ ਨਾਜਰ ਜਿਵੇਂ ਗਿੱਠ ਉੱਚਾ ਹੋ ਗਿਆ ਹੋਵੇ।
ਘੁੱਕਰ ਤੇ ਉਹ ਪੀਣ ਬੈਠ ਗਏ । ਘੁੱਕਰ ਕੋਲ ਆਪਣਾ ਸਿਲਵਰ ਦਾ ਕੌਲਾ ਹੈਗਾ ਸੀ। ਨੇੜੇ ਦੇ ਇਕ ਘਰੋਂ ਨਾਜਰ ਪਿੱਤਲ ਦੀ ਕੌਲੀ ਮੰਗ ਲਿਆਇਆ । ਪਾਣੀ ਦੀ ਛੋਟੀ ਬਾਲਟੀ ਤੇ ਵਿਚ ਗੜਵੀ ਵੀ ਸੁੱਟ ਲਿਆਇਆ।
ਦੋ-ਦੋ ਹਾੜੇ ਲਾ ਕੇ ਉਹ ਪਿਛਲੀਆਂ ਗੱਲਾਂ ਕਰਨ ਲੱਗੇ । ਘੁੱਕਰ ਨੇ ਹਰਨਾਮੀ ਦਾ ਨਾਂ ਲਿਆ ਤਾਂ ਨਾਜਰ ਘਾਊਂ-ਮਾਊਂ ਜਿਹਾ ਬਣ ਕੇ ਬੈਠ ਗਿਆ । ਘੁੱਕਰ ਨੂੰ ਕਿਹੜਾ ਗੱਲ ਦਾ ਪਤਾ ਨਹੀਂ ਸੀ। ਪਿੰਡ ਵਿਚ ਕੌਣ ਨਹੀਂ ਜਾਣਦਾ ਸੀ ? ਨਾਜਰ ਨੇ ਹਰਨਾਮੀ ਖਾਤਰ ਹੀ ਤਾਂ ਆਪਣੀ ਸਾਰੀ ਜ਼ਿੰਦਗੀ ਤਬਾਹ ਕਰ ਲਈ ਸੀ ਤੇ ਉਹ ਅੱਜ! ਘੁੱਕਰ ਨੂੰ ਲੱਗਿਆ ਜਿਵੇਂ ਹਰਨਾਮੀ ਦੀ ਗੱਲ ਛਿੜਨ ਨਾਲ ਨਾਜਰ ਦਾ ਕਾਲਜਾ ਛਿੱਲਿਆ ਗਿਆ ਹੋਵੇ। ਉਹਨੇ ਚਿੱਤ ਵਿਚ ਹੀ ਝੋਰਾ ਕੀਤਾ, ਕਾਹਨੂੰ ਛੇੜਨੀ ਸੀ ਐਸ ਵੇਲੇ ਓਸ ਗੰਦੀ ਤੀਵੀਂ ਦੀ ਗੱਲ ?
ਆਖਰ ਨਾਜਰ ਨੇ ਭੜਾਸ ਕੱਢੀ, ‘ਕੋਈ ਪੇਸ਼ ਨੀ ਜਾਂਦੀ, ਘੁੱਕਰਾ । ਜੀਹਦੀ ਖਾਤਰ ਕਤਲ ਵੀ ਕੀਤਾ, ਔਹ ਜਾ ਬੈਠੀ, ਜਿਮੇਂ ਅਸੀਂ ਤਾਂ ਗੂੰਹ-ਮੂਤ ਈ ਹੋਗੇ।’
ਘੁੱਕਰ ਕਹਿੰਦਾ, ‘ਇਹ ਤੀਮੀ ਦੀ ਜਾਤ ਅਹਿਓ-ਜੀ ਈ ਹੁੰਦੀ ਐ, ਜਾਰ। ਬੱਡਿਆਂ ਬੱਡਿਆਂ ਨੂੰ ਸਮਝ ਨੀ ਆਈ ਇਹਦੀ ਤਾਂ । ਆਪਾਂ ਤਾਂ ਬਚਾਰੇ ਕੀਹਦੇ ਪਾਣੀ-ਹਾਰ-ਆਂ। ਜਿਹੜੀ ਹੋ ਗੀ ਹੁਣ ਛੱਡ ਪਰ੍ਹੇ । ਕਾਹਨੂੰ ਮਨ ਭਾਰੀ ਕੀਤੈ। ਅਗੇ ਦੀ ਸੋਚ ਭਾਈ ਹੁਣ ਤਾਂ।’
ਨਾਜਰ ਨੇ ਨੱਕ ਸਿਣਕਿਆ। ਤੇ ਫੇਰ ਤੇੜ ਦੇ ਚਾਦਰੇ ਨਾਲ ਮੂੰਹ ਸਾਫ ਕਰਕੇ ਆਖਣ ਲੱਗਿਆ, ‘ਔਧਰ ਲੋਕਾਂ ਨੂੰ ਮੌਜਾਂ ਹੋ ਗੀਆਂ। ਸਰਦਾਰ ਬਣ ਕੇ ਬਹਿਗੇ ਧੀ ਦੋ ਜਾਰ।ਝੰਡੇ ਨੇ ਦੁੱਗਣੀ ਜਮੀਨ ਬਣਾ ਲੀ । ਪ੍ਰੀਤਮ ਅੱਠ ਘੁਮਾਂ ਬੁੱਕ-ਲੱਕ ‘ਚ ਈ ਲੈ ਗਿਆ। ਉਹਨਾਂ ਦੇ ਕੀ ਜਾਦ ਐ ਭਾਈ ਕੋਈ ਗੱਲ ।
ਘੁੱਕਰ ਕਹਿੰਦਾ, ‘ਇਹ ਜੈਦਾਤ ਬੜੀ ਸ਼ੈਅ ਐ ਭਾਈ। ਨਾ ਕੋਈ ਭਰਾ ਐ ਕਿਸੇ ਦਾ, ਨਾ ਸਾਕ-ਸਬੰਧੀ। ਇਹ ਤਾਂ ਸਾਮ੍ਹਣੇ ਹੋ ਗੀ। ਝੰਡੇ ਨੂੰ ਭਾਈ ਮਰੇ ਦਾ ਕੋਈ ਦੁੱਖ ਨੀ, ਦਸ ਘੁਮਾਂ ਦਾ ਚਾਅ ਅੰਤਾਂ ਦਾ । ਥੋਨੂੰ ਕਿਸੇ ਨੂੰ ਫਾਹਾ ਲੱਗ ਜਾਂਦਾ, ਚੌਦਾਂ ਸਾਲ ਹੋ ਗੀ ਜਾਂ ਸੱਤ ਸਾਲੀ, ਝੰਡੇ ਨੂੰ ਇਕੋ ਗਲ ਸੀ। ਤੁਸੀਂ ਬਰੀ ਹੋ ਜਾਂਦੈ, ਉਹਨੂੰ ਤਾਂ ਫੇਰ ਵੀ ਕੋਈ ਰੰਜ ਨਾ ਹੁੰਦਾ।’
‘ਸਰੀਕ ਉੱਜੜਿਆ, ਵਿਹੜਾ ਮੋਕਲਾ। ਪ੍ਰੀਤਮ ਨੇ ਕੌਣ ਕੀਤੀ ਦੇਖ। ਜਿਮੇਂ ਹਰਨਾਮੀ ਨੂੰ ਕਢਵਾ ਕੇ ਈ ਰਾਜੀ ਸੀ ਉਹ। ਹੋਰ ਦੇਖ, ਗਿੰਦਰ ਜਿਉਂਦਾ ਈ ਮਰਵਾ ’ਤਾ। ਕੀਹਨੂੰ ਪਤੈ, ਬਈ ਉਹ ਮਰ ਗਿਐ। ਕਿਸੇ ਨੇ ਕੀ ਉਹਦੀ ਲੋਥ ਦੇਖੀ ਐ। ਅਹੇ-ਜੇ ਗੁਆਹੀਆਂ ਦੇਣ ਆਲੇ ਉੱਠ ਖੜ੍ਹੇ, ਹੱਡੀ-ਚੂਸ। ਗੂੰਹ ਖਾ ਕੇ ਬੋਲਣ ਆਲੇ ਹੋਗੇ । ਸਰਕਾਰ ਵੀ ਤਾਂ ਅੰਨ੍ਹੀ ਐ। ਤਸੀਲਦਾਰ, ਪਟਵਾਰੀ, ਪੁਲਸੀਏ, ਸਭ ਪੈਸੇ ਦੇ ਭਾਈਵਾਲ ਨੇ। । ਕਿਹੜੇ ਇਨਸਾਫ ਨੇ ਸਾਲੇ ‘ ਏਥੇ ? ਤੇ ਔਹ ਬੂਬਨਾ ਦੇਖ, ਪਰਾਗਦਾਸ। ਢਿੱਡ ਫਲਾਈਂ ਬੈਠੈ । ਪਿੰਡ ਨੂੰ ਫੁੱਦੂ ਬਣਾ ਰੱਖਿਐ। ਸਭ ਤੋਂ ਪਹਿਲਾਂ ਤਾਂ ਉਹਦੇ ਢਿੱਡ ‘ਚ ਗੋਲੀ ਦਾਗੇ। ਭੈਣ ਦਾ ਖਸਮ ਨਾ ਹੋਵੇ, ਪਖੰਡੀ।’ ਨਾਜਰ ਦਾ ਮੂੰਹ ਜਿਵੇਂ ਅੱਗ ਉਗਲੱਛ ਰਿਹਾ ਹੋਵੇ।
ਕੁਝ ਦਿਨਾਂ ਬਾਅਦ ਹੀ ਨਾਜਰ ਸੰਭਲਣ ਲੱਗਿਆ। ਉਹਨੇ ਕਿਵੇਂ ਨਾ ਕਿਵੇਂ ਕਰਕੇ ਚੰਨਣ ਨਾਲ ਭੇਡਾਂ ਵਿਚ ਸੀਰ ਪਾ ਲਿਆ । ਹੁਣ ਪਹਿਲਾਂ ਵਾਂਗ ਹੀ ਘੁੱਕਰ ਦਾ ਮੁੰਡਾ ਤੇ ਨਾਜਰ ਭੇਡਾਂ ਦਾ ਇੱਜੜ ਛੱਡ ਕੇ ਖੇਤਾਂ ਨੂੰ ਜਾਂਦੇ । ਜਿਵੇਂ ਪਹਿਲਾਂ ਵਾਲੀ ਜ਼ਿੰਦਗੀ ਕੁਝ ਕੁਝ ਵਾਪਸ ਮੁੜ ਆਈ ਹੋਵੇ । ਘੁੱਕਰ ਆਪਣੇ ਮੁੰਡੇ ਨੂੰ ਭੇਡਾਂ ਦਾ ਕੰਮ ਸੰਭਾਲ ਕੇ ਆਪ ਹੋਰ ਕਿਸੇ ਕੰਮ ਵਿਚ ਪੈ ਗਿਆ ਸੀ। ਭੇਡਾਂ ਵਿਚ ਉਹਦਾ ਹਿੱਸਾ ਪਹਿਲਾਂ ਵਾਂਗ ਹੀ ਕਾਇਮ ਸੀ।
ਹੁਣ ਨਾ ਤਾਂ ਨਾਜਰ ਨੂੰ ਆਪਣੇ ਵੱਡੇ ਭਾਈ ਖਜ਼ਾਨ ਉੱਤੇ ਕਦੇ ਗੁੱਸਾ ਆਇਆ ਸੀ ਤੇ ਨਾ ਹੀ ਉਹ ਝੰਡੇ ਜਾਂ ਪ੍ਰੀਤਮ ਨੂੰ ਦੇਖ ਕੇ ਖਿਝਦਾ। ਉਹਦਾ ਭਾਈ ਖਜ਼ਾਨ ਪੁਲਿਸ ਵਿਚ ਪਤਾ ਨਹੀਂ ਕਿਹੜੇ ਥਾਣੇ ਵਿਚ ਸੀ। ਨਾ ਤਾਂ ਉਹ ਕਤਲ ਦੇ ਮੁਕੱਦਮੇ ਵੇਲੇ ਕਦੇ ਪਿੰਡ ਆਇਆ ਤੇ ਨਾ ਹੀ ਕਦੇ ਨਾਭੇ ਉਹਦੀ ਮੁਲਾਕਾਤ ਨੂੰ ਗਿਆ। ਮਾਂ ਦਸਦੀ, ਉਹਨੇ ਤਾਂ ਬੱਸ ਸਾਲ ਵਿਚ ਇਕ-ਅੱਧ ਵਾਰ ਹੀ ਕਦੇ ਪਿੰਡ ਗੇੜਾ ਮਾਰਿਆ ਸੀ। ਨਾਜਰ ਦੀ ਕੈਦ ਬਾਰੇ ਮਾਂ ਨੇ ਗੱਲ ਛੇੜੀ ਤਾਂ ਉਹਨੇ ਮਾੜਾ-ਮੋਟਾ ਪੁੱਛ ਲਿਆ। ਨਹੀਂ ਤਾਂ ਉਹ ਨਾਜਰ ਦਾ ਜ਼ਿਕਰ ਕਰਕੇ ਵੀ ਰਾਜ਼ੀ ਨਹੀਂ ਸੀ। ਨਾਜਰ ਹੁਣ ਸੋਚਦਾ- ਕਿੰਨਾ ਲਹੂ ਸਫੈਦ ਹੋ ਗਿਆ ਹੈ ਸੰਸਾਰ ਦਾ। ਭਰਾ ਭਰਾਵਾਂ ਨੂੰ ਵੀ ਨਹੀਂ ਸਿਆਣਦੇ।
ਆਪਣੇ ਚਿੱਤ ਵਿਚ ਹੀ ਉਹਨੂੰ ਹਾਸਾ ਆਉਂਦਾ। ਝੰਡੇ ਕੋਲੋਂ ਉਹਨੂੰ ਡਰਨਾ ਚਾਹੀਦਾ ਸੀ, ਪਰ ਝੰਡਾ ਉਹਦੇ ਕੋਲੋਂ ਡਰਦਾ। ਜਦੋਂ ਵੀ ਕਦੇ -ਕਦਾਈਂ ਉਹਨਾਂ ਦਾ ਸਾਹਮਣਾ ਹੁੰਦਾ ਤਾਂ ਝੰਡਾ ਆਪ ਹੀ ਹੋਰ ਪਾਸੇ ਟਲ ਜਾਂਦਾ । ਇਹ ਤਾਂ ਕੋਈ ਸੁਫਨੇ ਵਿਚ ਵੀ ਨਹੀਂ ਸੋਚ ਸਕਦਾ ਸੀ ਕਿ ਝੰਡਾ ਆਪਣੇ ਭਰਾ ਦੇ ਕਤਲ ਦਾ ਕਦੇ ਕਿਸੇ ਤੋਂ ਬਦਲਾ ਲਵੇਗਾ। ਭਰਾ ਦੇ ਬਦਲੇ ਵਿਚ ਉਹਨੂੰ ਦਸ ਘੁਮਾਂ ਜ਼ਮੀਨ ਮਿਲ ਗਈ ਸੀ, ਹੋਰ ਉਹਨੇ ਕੀ ਲੈਣਾ ਸੀ ? ਉਹਦੇ ਲਈ ਤਾਂ ਇਹੀ ਸਭ ਕੁਝ ਸੀ।
ਪ੍ਰੀਤਮ ਨਾਲ ਹੁਣ ਉਹਨੂੰ ਬਹੁਤੀ ਘਰੋੜ ਨਹੀਂ ਰਹੀ ਸੀ। ਉਹ ਮਿਲਦੇ ਤਾਂ ਰਸਮੀ ਜਿਹੀਆ ਗੱਲਾਂ ਵੀ ਕਰ ਲੈਂਦੇ । ਪ੍ਰੀਤਮ ਹੀ ਉਹਨੂੰ ਜਾਣ-ਬੁੱਝ ਕੇ ਬੁਲਾ ਲੈਂਦਾ । ਨਾਜਰ ਨੂੰ ਉਹਦੀ ਚਲਾਕੀ ਦਾ ਪਤਾ ਸੀ । ਅੱਠ ਘੁਮਾਂ ਦਾ ਮਾਲਕ ਬਣ ਜਾਣ ਕਰਕੇ ਉਹ ਜਣੇ-ਖਣੇ ਨਾਲ ਮਿਠਾ- ਪਿਆਰਾ ਹੋ ਕੇ ਰਹਿੰਦਾ।
ਨੰਬਰਦਾਰ ਪਾਖਰ ਸਿੰਘ ਉਹਨੂੰ ਬੁਲਾਉਂਦਾ ਤਾਂ ਲਗਦਾ ਜਿਵੇਂ ਜਾਣ-ਬੁਝ ਕੇ ਹੀ ਉਹਨੂੰ ਮੋਹ ਦਿਖਾ ਰਿਹਾ ਹੋਵੇ। ਪਰ ਨਾਜਰ ਨੂੰ ਉਹ ਅੰਦਰੋਂ ਖਚਰਾ ਹੀ ਜਾਪਦਾ। ਮਿੱਠਾ-ਲੁੱਚਾ ਜਿਹਾ। ਕਚਹਿਰੀਆਂ ਦਾ ਸਿਆਣੂ ਹੋਣ ਦੇ ਇਵਜ਼ ਵਿਚ ਉਹ ਮੁਕੱਦਮਿਆਂ ਵਿਚ ਫਸੇ ਲੋਕਾਂ ਨੂੰ ਚੂੰਡ-ਚੂੰਡ ਖਾਂਦਾ ਰਹਿੰਦਾ। ਏਸੇ ਦਲਾਲਪੁਣੇ ਦੀ ਖੱਟੀ ਖਾਂਦਾ। ਝੂਠੀ-ਸੱਚੀ ਗਵਾਹੀ ਦੇਣ ਨੂੰ ਤਾਂ ਉਹ ਤਿਆਰ ਹੀ ਰਹਿੰਦਾ। ਨਿੱਕੀਆਂ ਨਿੱਕੀਆ ਅੱਖਾਂ। ਚੂਹੇ ਜਿਹੀਆਂ ਮੁੱਛਾਂ । ਉਹ ਮੁਸਕਰਾਉਂਦਾ ਤਾਂ ਉਹਦੀਆਂ ਚੂਹੇ-ਮੁੱਛਾਂ ਫਰਕਣ ਲਗਦੀਆਂ। ਅਜਿਹੇ ਸਮੇਂ ਉਹ ਬੜਾ ਖਤਰਨਾਕ ਜਾਪਦਾ।
ਅਗਲੇ ਸਾਲ ਘੁੱਕਰ ਨੇ ਆਪਣੇ ਹਿੱਸੇ ਦੀਆਂ ਭੇਡਾਂ ਵੰਡ ਲਈਆਂ। ਆਪਣੇ ਮੁੰਡੇ ਨੂੰ ਨਾਲ ਲਾ ਕੇ ਖ਼ੁਦ ਇੱਜੜ ਛੇੜਨ ਲੱਗਿਆ। ਨਾਜਰ ਤੇ ਚੰਨਣ ਸਾਂਝੀਦਾਰ ਬਣੇ ਰਹੇ । ਇਸ ਸਾਲ ਨਾਜਰ ਨੇ ਆਪਣੇ ਵਾੜੇ ਨੂੰ ਵੀ ਕਬਜ਼ੇ ਵਿਚ ਕਰ ਲਿਆ।
ਹਾਲਾਤ ਛੇਤੀ ਛੇਤੀ ਬਦਲਦੇ ਜਾ ਰਹੇ ਸਨ । ਪੰਦਰਾਂ-ਵੀਹ ਦਿਨਾਂ ਦੇ ਫਰਕ ਨਾਲ ਹੀ ਦੋਵੇਂ ਬੁੜ੍ਹੀਆਂ ਮਰ ਗਈਆਂ। ਪਹਿਲਾਂ ਜੰਗੀਰੇ ਦੀ ਮਾਂ ਤੇ ਫੇਰ ਨਾਜਰ ਦੀ ‘ਮਾਂ । ਫੂਲ ਜਾ ਕੇ ‘ਕੇ ਨਾਜਰ ਨੇ ਖਜ਼ਾਨ ਬਾਰੇ ਪਤਾ ਕੀਤਾ। ਭੋਗ ਵਾਲੇ ਦਿਨ ਤਾਂ ਆ ਜਾਵੇ। ਆਖਰ ਮਾਂ ਸੀ ਫੇਰ ਵੀ। ਖਜ਼ਾਨ ਧਨੌਲੇ ਥਾਣੇ ਵਿਚ ਸੀ। ਨਾਜਰ ਨੇ ਬੰਦਾ ਭੇਜ ਦਿੱਤਾ । ਉਹ ਭੋਗ ਤੋਂ ਦੋ ਦਿਨ ਪਹਿਲਾਂ ਆ ਗਿਆ। ਸਾਰਾ ਪਿੰਡ ਹੈਰਾਨ ਰਹਿ ਗਿਆ। ਖ਼ਜ਼ਾਨ ਨਾਲ ਇਕ ਪੂਰਬਣੀ ਵੀ ਸੀ। ਟੁੱਟੀ-ਫੁੱਟੀ ਪੰਜਾਬੀ ਬੋਲਦੀ। ਕਮੀਜ਼-ਸਲਵਾਰ ਪਹਿਨਦੀ ਤੇ ਸਿਰ ਉੱਤੇ ਦੁਪੱਟਾ । ਉਹਨੂੰ ਦੁਪੱਟੇ ਦੀ ਬੁੱਕਲ ਨਹੀਂ ਮਾਰਨੀ ਆਉਂਦੀ ਸੀ । ਦੁਪੱਟੇ ਦੀ ਬੁੱਕਲ ਵੀ ਉਹ ਖੇਸ ਦੀ ਬੁੱਕਲ ਵਾਂਗ ਮਾਰਦੀ । ਸਲਵਾਰ ਪਾਉਣੀ ਨਹੀਂ ਆਉਂਦੀ ਸੀ। ਨੇਫੇ ਦੇ ਵਲ ਕਿਧਰੇ ਦੇ ਕਿਧਰੇ ਕਰ ਲੈਂਦੀ। ਖੈਰ ਤੀਵੀਂ ਤਾਂ ਸੀ ਕਿਹੋ ਜਿਹੀ ਵੀ ਸੀ। ਖਜ਼ਾਨ ਨੇ ਦੱਸਿਆ ਕਿ ਉਹ ਤਾਂ ਦੋ ਸਾਲਾਂ ਤੋਂ ਉਹਦੇ ਕੋਲ ਹੈ।
ਦੇਸ ਦੀ ਵੰਡ ਹੋ ਚੁੱਕੀ ਸੀ। ਏਧਰਲੇ ਪੰਜਾਬ ਦੇ ਮੁਸਲਮਾਨ ਧੜਾ-ਧੜ ਪਾਕਿਸਤਾਨ ਨੂੰ ਜਾ ਰਹੇ ਸਨ। ਬਹੁਤ ਸਾਰੇ ਏਧਰ ਹੀ ਮਾਰ ਦਿੱਤੇ ਗਏ ਸਨ । ਉਹਨਾਂ ਦਾ ਘਰ-ਬਾਰ ਸਭ ਲੁੱਟ ਲਿਆ ਗਿਆ ਸੀ। ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਸੀ। ਛੜੇ ਲੋਕਾਂ ਨੇ ਮੁਸਲਮਾਨ ਤੀਵੀਆਂ ਆਪਣੇ ਘਰਾਂ ਵਿਚ ਵਸਾ ਲਈਆਂ ਸਨ । ਇਸ ਤਰ੍ਹਾਂ ਹੀ ਪਾਕਿਸਤਾਨੀ ਪੰਜਾਬ ਦੇ ਸਿੱਖ ਤੇ ਹਿੰਦੂ ਏਧਰਲੇ ਪੰਜਾਬ ਵਿਚ ਧੜਾਧੜ ਆ ਰਹੇ ਸਨ । ਜੋ ਵੀ ਪਿੰਡ ਜਾਂ ਸ਼ਹਿਰ ਦੇਖਿਆ, ਓਥੇ ਹੀ ਡੇਰਾ ਲਾ ਦਿੱਤਾ। ਹਫੜਾ-ਦਫੜੀ ਮਚ ਉੱਠੀ ਸੀ। ਕੋਈ ਪਤਾ ਨਹੀਂ ਲੱਗ ਰਿਹਾ ਸੀ, ਕੌਣ ਕੀਹਨੂੰ ਮਾਰ ਗਿਆ ਹੈ ਜਾਂ ਕੋਈ ਕਿੱਥੇ ਗਿਆ, ਮੁੜ ਕੇ ਕਿਉਂ ਨਹੀਂ ਆਇਆ। ਲੋਕ ਬਹੁਤਾ ਕਰਕੇ ਪਿੰਡੋਂ ਬਾਹਰ ਨਾ ਨਿਕਲਦੇ। ਲੁਟੇਰਿਆਂ ਨੂੰ ਹੀ ਵਢ ਦਿੱਤਾ ਜਾਂਦਾ। ਆਵਾਰਾ ਫਿਰਦਾ ਆਦਮੀ ਲੁਟੇਰਾ ਸਮਝਿਆ ਜਾਂਦਾ। ਚੋਰਾਂ ਦੇ ਭੁਲਾਵੇਂ ਸਾਧ ਹੀ ਮਾਰੇ ਗਏ। ਦੁਨੀਆਂ ਵਿਚ ਕੋਈ ਮੋਹ-ਪਿਆਰ ਨਹੀਂ ਰਹਿ ਗਿਆ ਸੀ। ਸਦੀਆਂ ਤੋਂ ਇਕੱਠੇ ਰਹਿ ਰਹੇ ਮਨੁੱਖ ਹਿੰਦੂ-ਸਿੱਖ ਤੇ ਮੁਸਲਮਾਨ ਬਣ ਗਏ ਸਨ। ਏਧਰਲੇ ਪੰਜਾਬ ਦੀਆਂ ਬੇਸਹਾਰਾ ਮੁਸਲਮਾਨ ਔਰਤਾਂ ਆਵਾਰਾ ਗਊਆਂ-ਮੱਝਾਂ ਨਾਲੋਂ ਵੱਧ ਨਹੀਂ ਰਹਿ ਗਈਆਂ ਸਨ। ਅਜਿਹੇ ਹਾਲਾਤ ਵਿਚ ਨਾਜਰ ਦਾ ਮਨ ਉਛਾਲੇ ਖਾਂਦਾ । ਉਹ ਸੋਚਦਾ, ਕਿਸੇ ਮੁਸਲਮਾਨ ਔਰਤ ਨੂੰ ਹੀ ਘਰ ਵਸਾ ਲਵੇ। ਰੋਟੀ ਤਾਂ ਪਕਦੀ ਹੋਵੇ। ਸੰਸਾਰ ਤਾਂ ਅਗਾਂਹ ਤੁਰੇ । ਜ਼ਿੰਦਗੀ ਦੇ ਅਰਥ ਤਾਂ ਉੱਘੜਨ। ਕੋਈ ਤਾਂ ਦਿਲਚਸਪੀ ਹੋਵੇ। ਜ਼ਿੰਦਗੀ ਨੂੰ ਲਾਰਾ ਤਾਂ ਮਿਲੇ । ਪਰ ਨਹੀਂ, ਅਜਿਹਾ ਕਰਨਾ ਉਹਨੂੰ ਬੁਜ਼ਦਿਲੀ ਲੱਗਿਆ। ਆਵਾਰਾ ਪਸ਼ੂ ਜਿਹੀ ਬੇਗਾਨੀ ਔਰਤ ਘਰ ਲਿਆ ਬਹਾਉਣੀ ਵੀ ਕੋਈ ਸੂਰਮਗਤੀ ਹੈ।
ਤੀਵੀਂ ਦਾ ਖਿਆਲ ਉਹਦੇ ਜ਼ਿਹਨ ਨਾਲ ਟਕਰਾਉਂਦਾ ਤਾਂ ਉਹਨੂੰ ਫੱਟ ਹਰਨਾਮੀ ਯਾਦ ਆਉਂਦੀ। ਹਰਨਾਮੀ ਵਿਚ ਉਹਨੂੰ ਪੂਰੀ ਔਰਤ ਦੇ ਲੱਛਣ ਦਿਸਣ ਲਗਦੇ। ਉਹ ਚਿੱਤ ਨੂੰ ਦਲੀਲ ਦੇ ਕੇ ਸਮਝਾਉਂਦਾ ਕਿ ਹਰਨਾਮੀ ਆਪਣੀ ਮਰਜ਼ੀ ਨਾਲ ਡੂਮ-ਆਲੀ ਜਾ ਕੇ ਨਹੀਂ ਬੈਠੀ, ਉਹਨੂੰ ਜ਼ਬਰਦਸਤੀ ਓਥੇ ਨੁੜ ਕੇ ਰੱਖਿਆ ਹੋਇਆ ਹੈ। ਪੈਸੇ ਦੇ ਲਾਲਚ ਵਿਚ ਘੀਚਰ ਕਸਾਈ ਨੇ ਹਰਨਾਮੀ ਵਰਗੀ ਗਊ ਤੀਵੀਂ ਜ਼ਿਬਾਹ ਕਰਕੇ ਸੁੱਟ ਦਿੱਤੀ।
ਨਾਜਰ ਦੇ ਮਨ ਵਿਚ ਬੁਰਿਆਈ ਉਠਦੀ ਕਿ ਉਹ ਭਾਈਰੂਪੇ ਜਾ ਕੇ ਘੀਚਰ ਤੇ ਕੈਲੂ ਦੋਵਾਂ ਨੂੰ ਵੱਢ ਆਵੇ। ਚੁੱਪ ਕਰਕੇ ਹੀ ਉਹਨਾਂ ਨੂੰ ਖਤਮ ਕਰ ਦੇਵੇ। ਦੇਸ ਵਿਚ ਰੌਲਾ ਤਾਂ ਪਿਆ ਹੋਇਆ ਹੈ। ਕੌਣ ਪੁਛਦਾ ਹੈ, ਕੌਣ ਕੀਹਨੂੰ ਮਾਰ ਕੇ ਸੁੱਟ ਗਿਆ ਹੈ। ਭਾਈਰੂਪੇ ਦੇ ਲੋਕ ਤਾਂ ਇਹੀ ਸਮਝਣਗੇ ਕਿ ਕੋਈ ਉਹਨਾਂ ਦਾ ਸਾਥੀ ਹੀ ਉਹਨਾਂ ਨੂੰ ਮਾਰ ਗਿਆ ਹੈ। ਕਿਸੇ ਲੁੱਟ-ਖਸੁੱਟ ਦਾ ਕੋਈ ਝਗੜਾ ਹੋਵੇਗਾ। ਉਹ ਦੰਦ ਪੀਂਹਦਾ, ਘੀਚਰ ਹੋਰਾਂ ਨੇ ਹੀ ਹਰਨਾਮੀ ਨੂੰ ਖਪਾ ਦਿੱਤਾ ਹੈ। ਵੱਡੇ ਬਦਮਾਸ਼ । ਸਮਝਦੇ ਕੀ ਨੇ, ਆਪਣੇ ਆਪ ਨੂੰ ? ਟੱਕਰਿਆ ਨਹੀਂ ਨਾ ਕੋਈ ਡਾਂਗ ਵਾਲਾ। ਪਰ ਫੇਰ ਉਹ ਸੋਚਣ ਲਗਦਾ ਕਿ ਘੀਚਰ-ਕੈਲੂ ਦੇ ਮਾਰਨ ਨਾਲ ਉਹਨੂੰ ਕੀ ਮਿਲ ਜਾਵੇਗਾ। ਹਰਨਾਮੀ ਤਾਂ ਮਿਲ ਨਹੀਂ ਸਕਦੀ। ਉਹਨਾਂ ਦੇ ਮਾਰਨ ਨਾਲ ਤਾਂ ਉਹ ਸਗੋਂ ਹੋਰ ਦੁੱਖਾਂ ਵਿਚ ਫਸ ਜਾਵੇਗਾ।ਕੀ ਪਤਾ, ਕੀ ਨਤੀਜਾ ਨਿਕਲੇ ? ਅਰਜਣ ਦੇ ਮਾਰਨ ਨਾਲ ਵੀ ਕਿਹੜੀ ਮੁਸ਼ਕਿਲ ਹੱਲ ਹੋ ਗਈ? ਫਾਇਦਾ ਉਠਾਉਣ ਵਾਲੇ ਫਾਇਦਾ ਉਠਾ ਗਏ । ਨਾ ਅਰਜਣ ਕਤਲ ਹੁੰਦਾ, ਨਾ ਘੀਚਰ-ਕੈਲੂ ਦਾ ਸਬੰਧ ਹਰਨਾਮੀ ਨਾਲ ਜੁੜਦਾ ਤੇ ਨਾ ਫੇਰ ਉਹ ਹਰਨਾਮੀ ਨਾਲ ਇਹ ਤੇਰ੍ਹਵੀਂ ਕਰਦੇ । ਸਭ ਕੁਝ ਛੱਡ ਕੇ ਉਹਦੀ ਸੋਚ ਹਰਨਾਮੀ ਉੱਤੇ ਆ ਕੇ ਠਹਿਰ ਜਾਂਦੀ। ਹਰਨਾਮੀ ਨੂੰ ਮਿਲਣ ਲਈ ਉਹਦਾ ਜ਼ਿਹਨ ਫੋਕੇ ਪਾਣੀ ਵਾਂਗ ਰਿੱਝਣ ਲਗਦਾ। ਕਿਵੇਂ ਕੀਤਾ ਜਾਵੇ, ਉਹਦੀ ਕੋਈ ਵਾਹ ਨਾ ਜਾਂਦੀ। ਕੋਈ ਬਾਨ੍ਹਣੂ ਨਹੀਂ ਬੱਝ ਰਿਹਾ ਸੀ। ਅਖ਼ੀਰ ਉਹਨੇ ਫੈਸਲਾ ਕੀਤਾ, ਇਕ ਵਾਰੀ ਹਰਨਾਮੀ ਦਾ ਮੂੰਹ ਤਾਂ ਦੇਖ ਲਵਾਂ ਕੀ ਪਤਾ, ਉਹਦਾ ਕੀ ਹਾਲ ਹੈ ? ਕੀ ਪਤਾ, ਉਹ ਕਿਹੜੇ ਦੁੱਖਾਂ ਦੇ ਕਾਲੇ ਜੰਗਲ ਵਿਚ ਗੁਜ਼ਰ ਰਹੀ ਹੋਵੇ ? ਹਰਨਾਮੀ ਦੇ ਪੈਰਾਂ ਵਿਚ ਪਈਆਂ ਬੇੜੀਆਂ ਦੀ ਤਾਕਤ ਨੂੰ ਉਹ ਜੋਹ ਕੇ ਦੇਖਣਾ ਚਾਹੁੰਦਾ ਸੀ । ਕੀ ਪਤਾ, ਬੇੜੀਆਂ ਟੁੱਟ ਹੀ ਜਾਣ। ਫੇਰ ਤਾਂ ਹਰਨਾਮੀ ਆਜ਼ਾਦ ਹੋ ਸਕਦੀ ਹੈ। ਆਜ਼ਾਦ ਹੋ वे…
22
ਨਾਜਰ ਨੇ ਕੁੜਤਾ-ਚਾਦਰਾ ਰਾਤ ਨੂੰ ਹੀ ਧੋ ਕੇ ਸੁਕਣੇ ਪਾ ਦਿਤੇ ਸਨ । ਨੋਕਾਂ ਵਾਲੀ ਦੁਖੱਲੀ ਜੁੱਤੀ ਨੂੰ ਸਰ੍ਹੋਂ ਦੇ ਤੇਲ ਨਾਲ ਚੋਪੜ ਕੇ ਰਖ ਦਿਤਾ ਸੀ। ਟਸਰੀ ਪੱਗ ਦੇ ਵਲ ਕੱਢ ਕੇ ਸਿਰਹਾਣੇ ਥੱਲੇ ਦੇ ਲਿਆ ਸੀ । ਤੜਕੇ ਉੱਠ ਕੇ ਉਹਨੇ ਕੁੜਤੇ ਦੀ ਜੇਬ ਵਿਚ ਰੁਪਈਏ ਪਾਏ। ਰੁਪਈਆਂ ਦੀ ਤਹਿ ਨੂੰ ਇਕ ਮੋਮੀ ਕਾਗਜ਼ ਦੇ ਲਫਾਫੇ ਵਿਚ ਵਲ੍ਹੇਟ ਲਿਆ ਸੀ। ਜੇਬ ਉੱਤੇ ਬਕਸੂਆ ਲਾ ਲਿਆ। ਹੱਥ ਵਿਚ ਇਕ ਸਧਾਰਨ ਜਿਹੀ ਬਾਂਸ ਦੀ ਸੋਟੀ ਫੜ ਲਈ। ਬੱਕਰੀ ਦੇ ਦੁੱਧ ਦੀ ਦੀ ਚਾਹ ਦੋ ਪੀ ਕੇ ਉਹ ਸਦੇਹਾਂ ਹੀ ਪਿੰਡੋਂ ਤੁਰ ਪਿਆ। ਸਧਾਣਿਆਂ ਦੇ ਪੁਲ ‘ਤੇ ਜਾ ਕੇ ਤਾਂਗਾ ਲਿਆ। ਇਹਨਾਂ ਦਿਨਾਂ ਵਿਚ ਕੋਈ ਕੋਈ ਤਾਂਗਾ ਚਲਦਾ । ਮੁਸਲਮਾਨ ਨਹੀਂ ਰਹੇ ਸਨ। ਹਿੰਦੂ-ਸਿੱਖ ਕੋਈ ਕੋਈ ਤਾਂਗਾ ਵਾਹੁੰਦਾ। ਉਹ ਵੀ ਡਰਦੇ ਡਰਦੇ, ਕਿਧਰੇ ਕੋਈ ਹਾਦਸਾ ਨਾ ਵਾਪਰ ਜਾਏ। ਜ਼ਮਾਨਾ ਨਾਜ਼ਕ ਹੈ। ਸਵਾਰੀਆਂ ਵੀ ਕਿਹੜੀਆਂ ਮਿਲਦੀਆਂ ਸਨ। ਕੋਈ ਕੋਈ ਹੀ ਘਰੋਂ ਬਾਹਰ ਸਫ਼ਰ ਉੱਤੇ ਨਿਕਲਦਾ।
ਰਾਮਪੁਰਾ ਫੂਲ ਦੇ ਸਟੇਸ਼ਨ ਉੱਤੇ ਜਾ ਕੇ ਉਹਨੇ ਬਠਿੰਡਾ ਨੂੰ ਜਾਣ ਵਾਲੀ ਗੱਡੀ ਦਾ ਸਮਾਂ ਪੁੱਛਿਆ। ਗੱਡੀ ਇਥੇ ਬਾਰਾਂ ਵਜੇ ਪਹੁੰਚਦੀ। ਅਜੇ ਤਾਂ ਬਾਰਾਂ ਵੱਜਣ ਵਿਚ ਡੇਢ-ਦੋ ਘੰਟੇ ਬਾਕੀ ਪਏ ਸਨ। ਗੱਡੀ ਦੇ ਵਕਤ ਦਾ ਚਾਹੇ ਉਹਨੂੰ ਪਹਿਲਾਂ ਹੀ ਪਤਾ ਸੀ, ਪਰ ਉਹ ਊਂ ਹੀ ਸਟੇਸ਼ਨ ਉੱਤੇ ਆ ਗਿਆ ਸੀ । ਉਹ ਆਪਣੇ ਪਿੰਡ ਵਾਲੇ ਆੜ੍ਹਤੀਆਂ ਦੇ ਗਿਆ ਤੇ ਮੰਜਾ ਲੈ ਕੇ ਪੈ ਗਿਆ ਸੀ। ਮਨ ਵਿਚ ਸਕੀਮਾਂ ਜਿਹੀਆਂ ਬਣਾਉਂਦਾ ਰਿਹਾ।
ਉਹ ਇਕ ਸਕੀਮ ਬਣਾਉਂਦਾ ਤੇ ਆਪੇ ਹੀ ਢਾਹ ਦਿੰਦਾ। ਉਹਦੇ ਜ਼ਿਹਨ ਵਿਚ ਰੇਤ ਦੇ ਬੁਰਜ ਜਿਹੇ ਉੱਭਰਦੇ-ਢਹਿੰਦੇ ਜਾ ਰਹੇ ਸਨ। ਉਹਨੂੰ ਹਰਨਾਮੀ ਦੇ ਨਾਂ ਉੱਤੇ ਸੁਖ ਦਾ ਅਹਿਸਾਸ ਹੁੰਦਾ। ਪਰ ਹਰਨਾਮੀ ਨੂੰ ਮਿਲਣ ਲਈ ਆਪਣੀ ਜਾਨ ਖ਼ਤਰੇ ਵਿਚ ਪਾਉਣ ਦਾ ਖਿਆਲ ਉਹਦੇ ਵਜੂਦ ਨੂੰ ਝੰਜੋੜਾ ਜਿਹਾ ਦੇ ਜਾਂਦਾ । ਉਹ ਡਰ ਉਠਦਾ ਤੇ ਮੁੜ ਕੇ ਸਾਹਸ ਇਕੱਠਾ ਕਰਨ ਵਿਚ ਰੁੱਝ ਜਾਂਦਾ। ਆੜ੍ਹਤੀਏ ਨੇ ਉਹਨੂੰ ਰੋਟੀ-ਟੁੱਕ ਤੇ ਪਾਣੀ-ਧਾਣੀ ਪੁੱਛਿਆ। ਉਹ ਕਹਿੰਦਾ, ‘ਬੱਸ ਲਾਲਾ ਜੀ, ਪਿੰਡੋਂ ਈ ਟੈਟ ਹੋ ਕੇ ਆਏ ਆਂ। ਕਾਸੇ ਦੀ ਲੋੜ ਨੀ।’
‘ਲੌਣੇ ਜਾਂਦਾ ਲਗਦੈਂ। ਟਹੁਰ ਤਾਂ ਬੜੀ ਕੱਢੀ ਐ, ਸਾਰਾ। ਪੂਰੀ ਡਿਫ਼ਰ ਐ ਅੱਜ ਤਾਂ’ ਬਾਣੀਏ ਨੇ ਦੰਦ ਕੱਢੇ।
ਨਾਜਰ ਵੀ ਮੁਸਕਰਾਉਣ ਲੱਗਿਆ, ‘ਟਹਰ ਕਾਹਦੀ ਐ, ਲਾਲਾ ਜੀ, ਭੇਡਾਂ ਦੇਖਣ ਚੱਲਿਆਂ, ਐਧਰ ਬਠਿੰਡੇ ਕੰਨੀ। ਕੋਈ ਸੌਦਾ ਵਜ ਗਿਆ ਤਾਂ ਦੇਖਾਂਗੇ । ਨਹੀਂ ਤਾਂ ਵਾਹ ਭਲੀ।’
‘ਤੂੰ ਤਾਂ ਕਮਲਾ ਐਂ, ਨਾਜਰ ਸਿਆਂ। ਕਿਸੇ ਮੁਸਲੇ ਦਾ ਇੱਜੜ ਲੁੱਟ ਲੈਂਦਾ । ਹੁਣ ਤਾਂ ਲੁੱਟਾਂ ਪਈਆਂ ਹੋਈਆਂ ਸੀ। ਤੂੰ ਤਾਂ ਬੇਅਕਲ ਐਂ, ਜਿਹੜਾ ਪੈਸੇ ਲਾ ਕੇ ਮਾਲ ਲੈਣ ਚੱਲਿਐਂ।’
ਨਾਜਰ ਨੇ ਮਨ ਵਿਚ ਆਖਿਆ, ‘ਲੁੱਟ ਦਾ ਮਾਲ ਕਿੱਥੇ ਕਰਮਾਂ ‘ਚ ਭੋਲਿਆ, ਏਥੇ ਤਾਂ ਜਿੰਦ ਵੇਚ ਕੇ ਕਿਸੇ ਨੂੰ ਮੁੱਲ ਲੈਣ ਚੱਲਿਆਂ।’ ਪਰ ਉਹਨੇ ਉੱਚਾ ਬੋਲ ਕੇ ਆੜ੍ਹਤੀਏ ਨੂੰ ਜਵਾਬ ਦਿੱਤਾ, ‘ਐਨੀ ਪਹੁੰਚ ਕਿੱਥੇ ਸੇਠਾ, ਹੱਕ ਦਾ ਜਿਹੜਾ ਮਿਲੇ, ਓਹੀ ਬਹੁਤ ਐ।’
ਗੱਲਾਂ ਕਰਦੇ ਕਰਦੇ ਉਹਨੂੰ ਖਾਸਾ ਚਿਰ ਬੀਤ ਗਿਆ। ਢਾਬੇ ਉੱਤੇ ਜਾ ਕੇ ਉਹਨੇ ਚਾਹ ਦੀ ਬਾਟੀ ਪੀਤੀ। ਗੱਡੀ ਦਾ ਸਮਾਂ ਹੋ ਰਿਹਾ ਸੀ। ਉਹ ਸਟੇਸ਼ਨ ਉੱਤੇ ਗਿਆ। ਬਠਿੰਡੇ ਦੀ ਟਿਕਟ ਲੈ ਲਈ।
ਬਠਿੰਡੇ ਦੇ ਸਟੇਸ਼ਨ ਉੱਤੇ ਜਾ ਕੇ ਉਹਨੇ ਏਧਰ-ਓਧਰ ਬੈਠੇ ਲੋਕਾਂ ਤੋਂ ਡੂਮ-ਆਲੀ ਪਿੰਡ ਬਾਰੇ ਪੁੱਛਿਆ। ਕੋਈ ਕੁਝ ਦੱਸ ਰਿਹਾ ਸੀ ਤੇ ਕੋਈ ਕੁਝ । ਪਰ ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਪਥਰਾਲੇ ਦੇ ਸਟੇਸ਼ਨ ਉੱਤੇ ਜਾ ਕੇ ਉੱਤਰੀਂਦਾ ਹੈ। ਓਥੋਂ ਡੂਮ-ਆਲੀ ਨੇੜੇ ਹੀ ਹੈ।
ਨਾਜਰ ਏਧਰਲੇ ਪਿੰਡਾਂ ਵੱਲ ਕਦੇ ਨਹੀਂ ਆਇਆ ਸੀ । ਨਾ ਹੀ ਬਠਿੰਡੇ ਤੋਂ ਅਗਾਂਹ ਗੱਡੀ ਰਾਹੀਂ ਕਿਧਰੇ ਉਹ ਗਿਆ ਸੀ। ਸੰਗਤ ਮੰਡੀ ਵੱਲ ਜਾਣ ਵਾਲੀ ਗੱਡੀ ਤਿਆਰ ਖੜ੍ਹੀ ਸੀ। ਉਹ ਟਿਕਟਾਂ ਵਾਲੀ ਖਿੜਕੀ ਉੱਤੇ ਗਿਆ ਤੇ ਪਥਰਾਲੇ ਦੀ ਟਿਕਟ ਲੈ ਲਈ।
ਪਥਰਾਲੇ ਦੇ ਸਟੇਸ਼ਨ ਉੱਤਰ ਕੇ ਉਹਨੂੰ ਪਤਾ ਲੱਗਿਆ ਕਿ ਡੂਮ-ਆਲੀ ਤਾਂ ਇਥੋਂ ਖਾਸੀ ਦੂਰ ਹੈ। ਸਟੇਸ਼ਨ ਦੇ ਬਾਹਰ-ਬਾਰ ਇਕ ਚਾਹ ਦੀ ਦੁਕਾਨ ਸੀ। ਕੱਚੀਆਂ ਕੰਧਾਂ ਕੱਢ ਕੇ ਸਰਕੜੇ ਦਾ ਛੱਪਰ । ਮੂਹਰੇ ਇਕ ਚੌਕੜੀ ਬਣਾ ਕੇ ਵਿਚ ਚਾਹ ਵਾਲੀ ਭੱਠੀ ਕੱਢੀ ਹੋਈ। ਕੋਈ ਕੋਈ ਰਾਹੀ-ਪਾਂਧੀ ਚਾਹ ਪੀਣ ਆਉਂਦਾ। ਖੋਦੀ ਦਾੜ੍ਹੀ ਤੇ ਖੁਰਪੀ ਵਰਗੇ ਮੂੰਹ ਵਾਲਾ ਬਿੰਦੇ-ਬਿੰਦੇ ਨੱਕ ਦਾ ਸੜ੍ਹਾਕਾ ਮਾਰਦਾ ਇਕ ਅਮਲੀ ਜਿਹਾ ਬੰਦਾ ਚਾਹ ਬਣਾਉਂਦਾ। ਨਾਜਰ ਨੇ ਉਹਦੇ ਕੋਲੋਂ ਚਾਹ ਦਾ ਗਲਾਸ ਪੀਤਾ। ਪਿੱਤਲ ਦਾ ਗਲਾਸ। ਉਹਦੇ ਕੋਲੋਂ ਹੀ ਡੂਮ-ਆਲੀ ਦਾ ਰਾਹ ਪੁੱਛਿਆ। ਅੱਸੂ-ਕੱਤੇ ਦੀ ਰੁੱਤ ਸੀ। ਮੌਸਮ ਵਿਚ ਸੁਖਾਵਾਂਪਣ ਉੱਤਰ ਆਇਆ ਸੀ। ਉਸ ਵੇਲੇ ਦਿਨ ਦੇ ਢਾਈ-ਤਿੰਨ ਵਜੇ ਦਾ ਵੇਲਾ ਹੋਵੇਗਾ। ਉਹਨੇ ਪਿੱਛਿਓਂ ਚਾਦਰੇ ਦਾ ਰੁੱਗ ਭਰਕੇ ਬੰਨ੍ਹ ਵਿਚ ਟੰਗਿਆ ਤੇ ਮੋਢੇ ਉੱਤੋਂ ਦੀ ਥੁੱਕ ਕੇ ਕਾਹਲੇ ਕਦਮਾਂ ਨਾਲ ਡੂਮ-ਆਲੀ ਦੇ ਰਾਹ ਪੈ ਗਿਆ।
ਪਹੁੰਚਿਆ ਤਾਂ ਦਿਨ ਛਿਪ ਚੁੱਕਿਆ ਸੀ। ਖੇਤਾਂ ਵੱਲੋਂ ਡੰਗਰ-ਪਸ਼ੂ ਘਰਾਂ ਨੂੰ ਮੁੜ ਰਹੇ ਸਨ। ਪਿੰਡ ਵਿਚੋਂ ਇਕ ਸ਼ੋਰ ਜਿਹਾ ਉੱਠ ਰਿਹਾ ਸੀ । ਉਹਨੇ ਹੌਲੀ ਦੇ ਕੇ ਕਿਸੇ ਤੋਂ ਪੁੱਛਿਆ, ‘ਐਥੇ ਕਿਸੇ ਕੋਲ ਭੇਡਾਂ ਦਾ ਇੱਜੜ ਹੈਗਾ ?’
ਦੱਸਣ ਵਾਲਾ ਕਹਿੰਦਾ, ‘ਹਾਂ, ਪਿੰਡ ਦੇ ਪਰਲੇ ਪਾਸੇ ਵਗ ਜਾ। ਚੂਹੜਿਆਂ-ਵਿਹੜੇ ਘੋਤੂ ਦਾ ਘਰ ਪੁੱਛ ਲੀਂ। ਉਹਦੇ ਕੋਲ ਐ ਭੇਡਾਂ।’
ਨਾਜਰ ਨੇ ਘੋਤੂ ਦੇ ਘਰ ਜਾ ਕੇ ਹਾਕ ਮਾਰੀ । ਇਕ ਬੁੜ੍ਹੀ ਹੱਥ ਵਿਚ ਤੂਤ ਦੀ ਛਟੀ ਲੈ ਕੇ ਹੌਲੀ ਹੌਲੀ ਤੁਰਦੀ ਬਾਰ ਵਿਚ ਆਈ ਤੇ ਦੱਸਣ ਲੱਗੀ, ‘ਉਹ ਤਾਂ ਭਾਈ ਵਾੜੇ `ਚ ਹੋਣੇ। ਇੱਜੜ ਲੈ ਆਇਆ ਹੋਊ ਬਾਹਰੋਂ। ਘਰੇ ਤਾਂ ਹਾਲੇ ਆਇਆ ਨੀ ।’ ਤੇ ਫੇਰ ਅੱਖਾਂ ਉੱਤੇ ਇਕ ਹੱਥ ਦਾ ਛੱਪਰ ਜਿਹਾ ਬਣਾ ਕੇ ਪੁੱਛਿਆ, ‘ਤੂੰ ਕਿਹੜਾ ਹੋਇਆ, ਭਾਈ ?’
ਨਾਜਰ ਕੀ ਜਵਾਬ ਦਿੰਦਾ। ਐਨਾ ਹੀ ਆਖਿਆ, ‘ਮੈਂ ਤਾਂ ਮਾਈ, ਪਾਸਿਓਂ ਆਂ। ਘੋਤੂ ਨਾਲ ਭੇਡਾਂ ਦੀ ਗੱਲ ਕਰਨੀ ਐ। ਮੇਰੇ ਨਾਲ ਕੋਈ ਮੁੰਡਾ ਭੇਜ ਦਿਓ। ਮੈਨੂੰ ਵਾੜੇ ਦਾ ਪਤਾ ਨੀ।’
‘ਮੁੰਡਾ ਭੇਜਣ ਨੂੰ ਕੀਹ ਐ, ਭਾਈ। ਔਹ ਦੇਖ ਸਾਮ੍ਹਣੇ, ਟੋਭਾ ਐ। ਸਿੱਧਾ ਟੋਭੇ ਨੂੰ ਹੋ ਜਾ। ਸੱਜੇ ਹੱਥ ਵਾੜਾ ਐ। ਓਥੇ ਜਾ ਕੇ ਤੈਨੂੰ ਆਪੇ ਈ ਪਤਾ ਲਗ ਜੂ। ਭੇਡਾਂ ਮਿਆਂਕੀ ਜਾਂਦੀਆਂ ਹੋਣਗੀਆਂ।’
ਬੁੜ੍ਹੀ ਨੇ ਸਮਝਾਇਆ ਤੇ ਛਟੀ ਨਾਲ ਧਰਤੀ ਉੱਤੇ ਠਕ-ਠਕ ਕਰਦੀ ਉਹ ਅੰਦਰ ਨੂੰ ਮੁੜ ਗਈ।
ਨਾਜਰ ਨੇ ਵਾੜਾ ਲੱਭ ਲਿਆ। ਅੰਦਰ ਦੋ ਬੰਦੇ ਸਨ । ਇਕ ਪੰਦਰਾਂ-ਸੋਲਾਂ ਸਾਲ ਦਾ ਉਡਾਰ ਜਿਹਾ ਮੁੰਡਾ ਤੇ ਦੂਜਾ ਖਾਸਾ ਵੱਡਾ ਆਦਮੀ ਲਗਦਾ ਸੀ। ਇਹੀ ਘੋਤੂ ਹੋਵੇਗਾ, ਉਹਨੇ ਲੇਪਣ ਲਾਇਆ। ਵਾੜੇ ਦੇ ਖਿੜਕੋਂ ਅੰਦਰ ਜਾ ਕੇ ਉਹ ਖੰਘਿਆ ਤੇ ਉੱਚੀ ਦੇ ਕੇ ਬੋਲਿਆ, ‘ਭਾਈ ਸਾਹਬ
ਘੋਤੂ ਨੇ ਕੰਨ ਚੁੱਕੇ ਤੇ ਫੇਰ ਹਥਲਾ ਕੰਮ ਛੱਡ ਕੇ ਨਾਜਰ ਕੋਲ ਆ ਗਿਆ। ਪੁੱਛਣ ਲੱਗਿਆ, ‘ਆ ਭਾਈ, ਕਿਮੇਂ ਆਇਐਂ?’ ਨਾਲ ਦੀ ਨਾਲ ਮੂੰਹ ਨੇੜੇ ਕਰਕੇ ਉਹ ਨਾਜਰ ਨੂੰ ਪਛਾਨਣ ਲੱਗਿਆ।
‘ਮੈਂ ਤਾਂ ਭਾਈ ਸਾਅਬ, ਐਧਰੋਂ ਫਿਰਦਾ ਤੁਰਦਾ ਈ ਆਇਆਂ, ਏਥੇ ਆ ਕੇ ਰਾਤ ਪੈ ਗੀ। ਕੋਈ ਭੇਡਾਂ ਹਨ ਬਕਾਊ ?’
‘ਹੱਛਿਆ। ਕਿਹੜਾ ਪਿੰਡ ਐ ਭਾਈ ਸਾਹਬ ਦਾ ? ਕਿੰਨੇ ਕੁ ਨਗ ਲੈਣੇ ਨੇ ? ਔਹ ਮੰਜਾ ਪਿਐ, ਬਹਿ ਜਾ।’
‘ਪਿੰਡ ਤਾਂ ਮੇਰਾ ਐਧਰ ਭਾਗੂ ਐ । ਫੂਸ ਮੰਡੀ ਦਾ ਟੇਸਣ ਲਗਦੈ। ਬਠਿੰਡੇ ਕੋਲ। ਕੁਸ ਨਗ ਪਹਿਲਾਂ ਹੈਗੇ ਐ ਮੇਰੇ ਕੋਲ, ਪੂਰਾ ਢਾਣਸ ਈ ਕਰ ਲੀਏ ।’ ਨਾਜਰ ਨੇ ਗੱਲ ਬਣਾ ਲਈ।
‘ਠਹਿਰ ’ਕੇਰਾਂ, ਮੈਂ ਇਹਨਾਂ ਪੁੱਤ ਖਾਣੇ ਦੀਆਂ ਨੂੰ ਲੋਟ ਕਰ ਲਾਂ। ਹੁਣ ਆਏ ਆਂ ਨਾ ਅਸੀਂ ਬਾਹਰੋਂ । ਤੂੰ ਬੈਠ, ਔਹ ਮੰਜਾ ਪਿਐ।’
ਉਹ ਮੰਜੇ ਉੱਤੇ ਜਾ ਬੈਠਾ ਤੇ ਘੋਤੂ ਨੂੰ ਫਿਰਦਾ-ਤੁਰਦਾ ਦੇਖਣ ਲੱਗਿਆ। ਉਹ ਬਿੰਦੇ-ਬਿੰਦੇ ਮੁੰਡੇ ਨੂੰ ਤਾੜਦਾ, ਵਿਚ ਦੀ ਕੋਈ ਗਾਲ ਵੀ ਕੱਢ ਦਿੰਦਾ। ਲੇਲੇ ਭੇਡਾਂ ਨੂੰ ਢੁੱਡਾਂ ਮਾਰ ਮਾਰ ਚੁੰਘ ਰਹੇ ਸਨ । ਉਹ ਪੱਸਮੀਆਂ ਖੜ੍ਹੀਆਂ ਹਉਂਕ ਰਹੀਆਂ ਸਨ।
ਕੰਮ ਮੁਕਾ ਕੇ ਘੋਤੂ ਨਾਜਰ ਕੋਲ ਆ ਖੜ੍ਹਾ ਤੇ ਉਹਨੂੰ ਪਾਣੀ-ਧਾਣੀ ਪੁੱਛਣ ਲੱਗਿਆ ਤੇ ਕਿਹਾ, ‘ਕੌਣ ਬਰਾਦਰੀ ਦਾ ਹੁੰਨੈ ਭਾਈ।
‘ਰਾਜੇ ਹੁੰਨੇ ਆਂ ਉਹਨੇ ਜਵਾਬ ਦਿੱਤਾ।
‘ਫੇਰ ਤਾਂ ਤੂੰ ਸਾਡੇ ਘਰ ਦਾ ਅੰਨ-ਪਾਣੀ ਖਾਣਾ ਨੀ । ਮਜ੍ਹਬੀਆਂ ਦਾ ਕੌਣ ਖਾਂਦੈ! ਚੱਲ ਕੋਈ ਨੀ, ਕਿਸੇ ਜਿਮੀਂਦਾਰ ਦੇ ਘਰ ਰਾਤ ਕਟਾ ਦਿਆਂਗੇ ਤੇਰੀ । ਤੂੰ ਐਂ ਕਰ। ਉੱਠ। ਰੋਟੀ ਟੁੱਕ ਦਾ ਵੇਲਾ ਐ। ਪਹਿਲਾਂ ਤੇਰਾ ਠਕਾਣਾ ਕਰ ਦਿਆਂ । ਤੜਕੇ ਕਰਾਂਗੇ ਗੱਲ।’ ਘੋਤੂ ਨੇ ਮੁੰਡੇ ਨੂੰ ਦੋ-ਚਾਰ ਗੱਲਾਂ ਸਮਝਾਈਆਂ ਤੇ ਨਾਜਰ ਨੂੰ ਵਾੜੇ ਵਿਚੋਂ ਉਠਾ ਕੇ ਜੱਟਾਂ ਦੇ ਘਰਾਂ ਵੱਲ ਲੈ ਆਇਆ। ਰਾਹ ਵਿਚ ਕਹਿਣ ਲੱਗਿਆ, ‘ਨਾਈਆਂ ਦਾ ਘਰ ਤਾਂ ਸਾਡੇ ਪਿੰਡ ‘ਚ ਇਕੋ ਈ ਐ । ਉਹਨਾਂ ਨੇ ਤੈਨੂੰ ਰੱਖ ਨੀ ਸਕਣਾ। ਬੰਦੇ ਕੁਸ ਐਸੇ ਵੈਸੇ ਈ ਨੇ।’ ਫੇਰ ਹੱਸ ਕੇ ਪੁੱਛਣ ਲੱਗਿਆ, ‘ਦਾਰੂ ਛਕ ਲੈਨੈ ?
ਨਾਜਰ ਨੇ ਪੁੱਛਿਆ, ‘ਕੀ ਮਤਲਬ ?’
‘ਬੋਤਲ ਮੈਂ ਲੈ ਦਿੰਨਾਂ, ਤਕੜਾ ਜੁਆਨ ਦੀਹਨੈਂ, ਮਾੜਾ ਜਾ ਉਰਮਾ ਕਰੀਂ, ਪੂਰੀ ਸੇਵਾ ਹੋਊ।’
‘ਮੈਂ ਸਮਝਿਆ ਨੀ ਜਾਰ । ਪਰ ਗੱਲ ਸੁਣ’, ਨਾਜਰ ਘੋਤੂ ਦੇ ਕੰਨ ਵਿਚ ਕਹਿਣ ਲੱਗਿਆ, ‘ਮੈਨੂੰ ਨਾਈਆਂ-ਜੱਟਾਂ ਦਾ ਕੋਈ ਹੇਰਵਾ ਨੀ, ਮੈਂ ਤਾਂ ਤੇਰੇ ਕੋਲ ਹੀ ਰਹਿ ਪੂੰ। ਕਿਸੇ ਨੂੰ ਕੀ ਪਤਾ ਲਗਦੈ। ਮੈਨੂੰ ਤਾਂ ਕੋਈ ਸੰਗੇਤ ਨੀ।
ਨਾਜਰ ਚਾਹੁੰਦਾ ਸੀ ਕਿ ਉਹ ਰਾਤ ਨੂੰ ਘੋਤੂ ਕੋਲ ਹੀ ਰਹੇ ਤੇ ਗੱਲੀਂ ਗੱਲੀਂ ਉਹਤੋਂ ਹਰਨਾਮੀ ਦਾ ਕੋਈ ਭੇਤ-ਛੇਤ ਹੀ ਲਵੇ । ਤੜਕੇ ਤੱਕ ਉਹਨੂੰ ਮਿਲਣ ਦੀ ਕੋਈ ਵਿਉਂਤ ਬਣਾਵੇ।
ਪਰ ਘੋਤੂ ਨੇ ਖੋਲ੍ਹ ਕੇ ਆਖ ਦਿੱਤਾ, ‘ਐਥੇ ਇਕ ਹੌਲਦਾਰ ਐ, ਫੌਜੀ। ਦਸੌਂਧਾ ਸੂੰ। ਆਪ ਤਾਂ ਬੁੱਢਾ ਖੋਸੜ ਐ। ਮੁੱਲ ਦੀ ਤੀਮੀ ਐ ਉਹਦੇ ਘਰ। ਫੌਜੀ ਤੇ ਤੀਮੀ ਦੋਨੋਂ ਦਾਰੂ ਦੇ ਪਿਆਕ ਐ। ਤੂੰ ਬੋਤਲ ਲੈ ਜਾ । ਬੱਸ ਨਜਾਰਾ ਈ ਐ । ਓਥੇ ਤਾਂ ਖੁਲ੍ਹਾ ਈ ਕੰਮ ਐ। ਕੋਈ ਜਾਓ । ਬੱਸ ਇਕ ਬੋਤਲ ਦੀ ਮਾਰ ਐ। ਬੋਤਲ ਤੈਨੂੰ ਮੈਂ ਲੈ ਦਿੰਨਾਂ । ਫੇਰ ਵੀ ਕਸਬੀ ਭਰਾ ਐਂ।’
ਨਾਜਰ ਦੇ ਕੰਨ ਜਿਹੇ ਉੱਘੜਨ ਲੱਗੇ, ‘ਕਿਤੇ ਮੁੱਲ ਦੀ ਇਹ ਤੀਮੀ ਹਰਨਾਮੀ ਈ ਨਾ
ਹੋਵੇ।
ਉਹ ਮੰਨ ਗਿਆ।
ਘਰ ਹੀ ਘੋਤੂ ਕੋਲ ਰੂੜੀ-ਮਾਰਕਾ ਇਕ ਤੇਜ਼-ਤਰਾਰ ਬੋਤਲ ਪਈ ਹੋਈ ਸੀ । ਨਾਜਰ ਨੂੰ ਲੈ ਕੇ ਉਹ ਫੌਜੀ ਦੇ ਘਰ ਗਿਆ ਤੇ ਜਾ ਸਤਿ ਸ੍ਰੀ ਅਕਾਲ ਬੁਲਾਈ। ਕਹਿੰਦਾ, ‘ਹੌਲਦਾਰਾ, ਇਕ ਭਾਈਵੰਦ ਆਇਐ। ਪਾਸਲੇ ਪਿੰਡ ਦਾ ਐ। ਆਪਣਾ ਈ ਆਦਮੀ ਐ। ਰਾਤ ਰਹੂ ਤੇਰੇ ਕੋਲ। ਰਾਜਾ ਐ। ਮੈਂ ਤਾਂ ਰੱਖ ਨੀ ਸਕਦਾ।’ ਤੇ ਨਾਲ ਹੀ ਘੋਤੂ ਨੇ ਫੌਜੀ ਮੂਹਰੇ ਲੋਹੇ ਦੀ ਕੁਰਸੀ ਉੱਤੇ ਡੱਬ ‘ਚੋਂ ਕੱਢ ਕੇ ਬੋਤਲ ਰੱਖ ਦਿੱਤੀ।
ਹੌਲਦਾਰ ਖਿੜ ਉੱਠਿਆ। ਕਹਿੰਦਾ, ‘ਵੈੱਲ ਜੁਆਨ, ਬਹਿ ਜੋ । ਮੰਜਾ ਲੈ ਲੋ।’
ਘੋਤੂ ਕਹਿੰਦਾ, ‘ਤੂੰ ਬੈਠ ਭਾਈ ਸਾਹਬ । ਮੈਂ ਤਾਂ ਪੀਤੀ ਨੀ ਕਦੇ । ਤੜਕੇ ਗੱਲ ਕਰਾਂਗੇ। ਚੰਗਾ, ਮੈਂ ਚਲਦਾਂ।’ ਜਾਂਦਾ-ਜਾਂਦਾ ਘੋਤੂ ਨਾਜਰ ਦਾ ਮੋਢਾ ਘੁਟ ਗਿਆ।
ਹਰਨਾਮੀ ਪਰ੍ਹੇ ਚੁੱਲ੍ਹੇ ਮੂਹਰੇ ਕੋਈ ਕੰਮ-ਧੰਦਾ ਕਰਦੀ ਫਿਰਦੀ ਸੀ। ਫੌਜੀ ਨੇ ਹਾਕ ਮਾਰੀ, ‘ਹਰਨਾਮਕੁਰ, ਲਾਲਟਣ ਦੇ ਜਾ ਸਾਨੂੰ। ਪਾਣੀ ਦਾ ਡੋਲਣਾ ਤੇ ਇਕ ਕੱਪ ਵੀ।’
‘ਹਰਨਾਮਕੁਰ’ ਦਾ ਨਾਂ ਸੁਣਦੇ ਸਾਰ ਹੀ ਨਾਜਰ ਦੇ ਸਰੀਰ ਵਿਚ ਇਕ ਲਾਟ ਜਿਹੀ ਫਿਰ ਗਈ। ਪਰ ਹਾਲੇ ਉਹਨੇ ਆਪਣੇ ਆਪ ਨੂੰ ਛੁਪਾਈਂ ਰੱਖਣਾ ਹੀ ਠੀਕ ਸਮਝਿਆ। ਸਾਫੇ ਦੇ ਲੜ ਨਾਲ ਮੂੰਹ ਢਕ ਲਿਆ। ਅੱਖਾਂ ਹੀ ਨੰਗੀਆਂ ਰੱਖੀਆਂ। ਨੀਵੀਂ ਪਾ ਕੇ ਬੈਠ ਗਿਆ । ਉਹ ਲਾਲਟੈਣ ਲੈ ਕੇ ਆਈ ਤਾਂ ਨਾਜਰ ਨੂੰ ਘੇਰ ਜਿਹੀ ਚੜ੍ਹਨ ਲੱਗੀ। ਪਰ ਉਹ ਡੋਲਿਆ ਨਹੀਂ । ਉਹਨੂੰ ਕਾਲਜੇ ਤੱਕ ਮਹਿਸੂਸ ਹੋਇਆ ਜਿਵੇਂ ਹਰਨਾਮੀ ਉਹਨੂੰ ਬੜੇ ਧਿਆਨ ਨਾਲ ਦੇਖ-ਪਰਖ ਗਈ ਹੋਵੇ।
ਲੋਹੇ ਦੀ ਕੁਰਸੀ ਵਿਚਾਲੇ ਰੱਖ ਕੇ ਉਹਨਾਂ ਨੇ ਕੋਲੋ-ਕੋਲੀ ਮੰਜੇ ਕਰ ਲਏ ਤੇ ਪੀਣ ਲੱਗੇ। ਦੂਜੀ ਵਾਰ ਹਰਨਾਮੀ ਆਈ ਤੇ ਛੋਲਿਆਂ ਦੀ ਦਾਲ ਦਾ ਕਟੋਰਾ ਦੇ ਗਈ। ਵਿਚ ਦੋ ਚਮਚੇ।
ਕੱਪੀ ਵਿਚ ਦਾਰੂ ਨਾਜਰ ਹੀ ਪਾਉਂਦਾ । ਹੌਲਦਾਰ ਨੂੰ ਉਹ ਕੁਝ ਭਰਵੀਂ ਕੱਪੀ ਦਿੰਦਾ। ਤਿੰਨ-ਤਿੰਨ ਕੱਪੀਆਂ ਜਦੋਂ ਉਹ ਪੀ ਚੁੱਕੇ ਤਾਂ ਹੌਲਦਾਰ ਨਾਜਰ ਨੂੰ ਕਹਿੰਦਾ, ‘ਇਕ ਕੱਪੀ ਹਰਨਾਮਪੁਰ ਨੂੰ ਦੇ ਆ। ਉਹਨੂੰ ਸਾਹ ਜਾ ਰਹਿੰਦੈ। ਦਮ ਟਿਕਿਆ ਰਹੂ।’
ਕੱਪੀ ਵਿਚ ਦਾਰੂ ਪਾ ਕੇ ਨਾਜਰ ਸੋਚੀਂ ਪੈ ਗਿਆ। ਭੇਤ ਦਾ ਕੜ ਪਾਟਣ ਵਾਲਾ ਸੀ। ਪਰ ਉਹਨੇ ਹੌਸਲਾ ਇਕੱਠਾ ਕੀਤਾ ਤੇ ਹੱਥ ਵਿਚ ਕੱਪੀ ਫੜ ਕੇ ਚੁੱਲੇ ਉੱਤੇ ਰੋਟੀਆਂ ਪਕਾ ਰਹੀ ਹਰਨਾਮੀ ਵੱਲ ਚੱਲ ਪਿਆ। ਚਿਹਰਾ ਪਹਿਲਾਂ ਵਾਂਗ ਹੀ ਸਾਫੇ ਦੇ ਲੜ ਨਾਲ ਢਕੀਂ ਰੱਖਿਆ। ਉਹਨੇ ਸੋਚਿਆ, ਹਰਨਾਮੀ ਦੇ ਕੱਪੀ ਪੀ ਜਾਣ ਤੋਂ ਬਾਅਦ ਹੀ ਉਹ ਆਪਣੇ ਚੇਹਰੇ ਉੱਤੋਂ ਪਰਦਾ ਹਟਾਵੇਗਾ। ਕੱਪੀ ਹਰਨਾਮੀ ਨੇ ਫੜ ਲਈ ਤੇ ਬੁੱਲ੍ਹਾਂ ਨੂੰ ਲਾਉਣ ਹੀ ਲੱਗੀ ਸੀ ਕਿ ਨਾਜਰ ਨੇ ਚੇਹਰਾ ਨੰਗਾ ਕਰ ਲਿਆ। ਚੁੱਲ੍ਹੇ ਦੀ ਲਟਲਟ ਬਲਦੀ ਅੱਗ ਦੇ ਚਾਨਣ ਵਿਚ ਹਰਨਾਮੀ ਨੇ ਨਾਜਰ ਦਾ ਚੇਹਰਾ ਦੇਖਿਆ। ਕੱਪੀ ਉਹਦੇ ਹੱਥੋਂ ਡਿੱਗ ਪਈ ਤੇ ਉਹ ਬੂਹ ਕਹਿ ਕੇ ਖੜ੍ਹੀ ਹੋ ਗਈ। ਖੜ੍ਹੀ ਦੀ ਖੜ੍ਹੀ ਕੰਬੀ ਜਾਵੇ । ਨਾਜਰ ਨੇ ਉਹਦਾ ਹੱਥ ਫੜ ਕੇ ਘੁੱਟ ਦਿਤਾ। ਕਹਿਣ ਲੱਗਿਆ, ‘ਤੂੰ ਘਾਬਰ ਨਾ । ਮੈਂ ਤਾਂ ਤੈਨੂੰ ਈ ਮਿਲਣ ਆਇਆਂ।’ ਤੇ ਫੇਰ ਨਾਜਰ ਵਾਹ ਜਹਾਨ ਦੀ ਲਾ ਹਟਿਆ, ਹਰਨਾਮੀ ਨੇ ਦਾਰੂ ਨਹੀਂ ਪੀਤੀ। ਬੱਸ ਗੁੱਝਾ ਗੁੱਝਾ ਹੀ ਰੋਂਦੀ ਜਾਵੇ | ਰੋਟੀਆਂ ਪਕਾ ਲਈਆਂ।
ਜਿਵੇਂ ਘੋਤੂ ਨੇ ਉਹਨੂੰ ਖੜ੍ਹਾਇਆ ਸੀ, ਨਾਜਰ ਨੇ ਹੌਲਦਾਰ ਨੂੰ ਪੂਰਾ ਗੁੱਟ ਕਰ ਦਿਤਾ। ਉਹਨੇ ਤਾਂ ਰੋਟੀ ਵੀ ਮਸਾਂ ਖਾਧੀ। ਹੌਲਦਾਰ ਨੂੰ ਵਰਾਂਢੇ ਵਿਚ ਬਿਸਤਰੇ ਉੱਤੇ ਪਾ ਕੇ ਉਹ ਨਾਜਰ ਨੂੰ ਖੁਲ੍ਹਵਾਰੇ ਛਤਨੇ ਥੱਲੇ ਲੈ ਗਈ। ਮੰਜੇ ਉੱਤੇ ਬਹਿ ਕੇ ਰੋ-ਰੋ ਉਹਨੂੰ ਆਪਣਾ ਹਾਲ ਦੱਸਣ ਲੱਗੀ। ਕਹਿੰਦੀ, ‘ਮੈਨੂੰ ਤਾਂ ਏਸ ਧੌਲ-ਦਾੜ੍ਹੀਏ ਨੇ ਕੰਜਰੀਆਂ ਤੋਂ ਵੱਧ ਬਣਾ ਕੇ ਰੱਖ ‘ਤਾ । ਬੱਸ ਇਕ ਦਾਰੂ ਦੀ ਠੂਠੀ ਚਾਹੀਦੀ ਐ ਇਹਨੂੰ ਤਾਂ । ਪਤਾ ਨੀ ਕਿੰਨੇ ਕੁ ਆ ਆ ਗਏ ਨੇ । ਐਦੂੰ ਤਾਂ ਮਰ ਈ ਜਾਮਾਂ ਮੈਂ ।
ਮੈਨੂੰ ਗਾਰ ‘ਚੋਂ ਲੈ ਜਾ ਕੱਢ ਕੇ । ਮੈਂ ਤੇਰਾ ਗੁਣ ਨੀ ਭੁਲੌਂਦੀ, ਸਾਰੀ ਉਮਰ ।’
ਉਹ ਕਹਿੰਦਾ, ‘ਲੈ ਤਾਂ ਜਾਨਾਂ । ਪਰ ਕੋਠੀ ਜਾ ਕੇ ਵੀ ਤੇਰਾ ਕੀ ਪਤੈ।’
ਉਹਨੇ ਹੱਥ ਜੋੜੇ, ‘ਨਾ, ਬੱਸ ਹੁਣ । ਬਹੁਤ ਦੇਖ ਲਿਆ ਮੈਂ । ਕੱਚੇ ਕੋੜ੍ਹ ‘ਚੋਂ ਮੈਨੂੰ ਕੱਢ ਦੇ। ਕਈ ਵਾਰੀਂ ਸਲਾਹ ਬਣਾਈ ਐ, ਬਈ ਕੋਈ ਖੂਹ-ਟੋਭਾ ਗੰਦਾ ਕਰ ਦਿਆਂ। ਪਰ ਪਤਾ ਨੀ, ਫੇਰ ਵੀ ਕਿਹੜੀ ਆਸ ਨੂੰ ਲੈ ਕੇ ਜਿਉਂਦੀ ਬੈਠੀ ਆਂ । ਤੂੰ ਲੈ ਚੱਲ ਬੱਸ ਮੈਨੂੰ । ਤੂੰ ਤਾਂ ਰੱਬ ਨੇ ਭੇਜਿਐਂ।’
‘ਇਹਨੇ ਕੋਈ ਉਜਰ ਕੀਤਾ ਕੋਠੀ ਆ ਕੇ, ਫੇਰ ? ਪਤਾ ਤਾਂ ਇਕ ਦਿਨ ਲੱਗ ਈ ਜਾਣੈ। ਫੇਰ ਕਿਮੇਂ ਕਰੇਂਗੀ?’
‘ਨਾ, ਇਹ ਕੁਸ ਨੀ ਕਰ ਸਕਦਾ। ਇਹ ਤਾਂ ਮਿੱਟੀ ਐ। ਕਿਹੜੀ ਜਾਨ ਐ ਇਹਦੇ ‘ਚ ? ਇਹਦੇ ਤਾਂ ਆਖੇ ਵੀ ਕੌਣ ਲੱਗੂ ?’
ਵਰਾਂਢੇ ਵਿਚ ਹੌਲਦਾਰ ਘੋੜੇ ਵੇਚ ਕੇ ਸੁੱਤਾ ਹੋਇਆ ਸੀ। ਉੱਚੇ ਘੁਰਾੜੇ ਕੰਧਾਂ ਨਾਲ ਟਕਰਾ ਕੇ ਘਰ ਦੇ ਸਾਰੇ ਵਾਤਾਵਰਣ ਵਿਚ ਫੈਲੇ ਹੋਏ ਸਨ | ਅੱਧੀ ਰਾਤ ਤੱਕ ਉਹਨਾਂ ਦੀਆਂ ਗੱਲਾਂ ਚਲਦੀਆਂ ਰਹੀਆਂ। ਤੇ ਫੇਰ ਹਰਨਾਮੀ ਉੱਠੀ। ਟਰੰਕ ਖੋਲ੍ਹ ਕੇ ਆਪਣੀਆਂ ਸਾਰੀਆਂ ਟੂਮਾਂ ਕੱਢ ਲਈਆਂ। ਹੱਥ-ਨੱਕ-ਕੰਨਾਂ ਤੇ ਸਿਰ ਦੀਆਂ ਟੀਮਾਂ। ਗਹਿਣਿਆਂ ਨਾਲ ਫੌਜੀ ਉਹਨੂੰ ਪੂਰਾ ਸ਼ੰਗਾਰ ਕੇ ਰੱਖਦਾ ਹੁੰਦਾ। ਕਿੱਲੇ ਟੰਗੀ ਪਈ ਬਰਾਂਢੀ ਦੀ ਜੇਬ ਵਿਚੋਂ ਉਹਨੇ ਹੌਲਦਾਰ ਦਾ ਬਟੂਆ ਵੀ ਕੱਢ ਲਿਆ। ਦੋ ਦਿਨ ਪਹਿਲਾਂ ਉਹ ਤਿੰਨ ਮਹੀਨਿਆਂ ਦੀ ਇਕੱਠੀ ਪੈਨਸ਼ਨ ਲੈ ਕੇ ਆਇਆ ਸੀ ।
ਕੁੱਤੇ ਭੌਂਕਦੇ ਰਹੇ ਤੇ ਉਹ ਹਵਾ ਦੇ ਬੁੱਲੇ ਵਾਂਗ ਪਿੰਡੋਂ ਬਾਹਰ ਹੋ ਗਏ। ਲੋਈ ਪਾਟਦੀ ਨੂੰ ਪਥਰਾਲੇ ਦੇ ਸਟੇਸ਼ਨ ਉੱਤੇ ਜਾ ਪਹੁੰਚੇ। ਸੂਰਜ ਦੇ ਉਭਾਰ ਨਾਲ ਗੱਡੀ ਆਈ ਤੇ ਉਹ ਚੜ੍ਹ ਕੇ ਬਠਿੰਡੇ ਆ ਉੱਤਰੇ। ਬਠਿੰਡੇ ਤੋਂ ਗੱਡੀ ਬਦਲ ਕੇ ਰਾਮਪੁਰਾ ਫੂਲ ਤੇ ਫੇਰ ਦਿਨ ਛਿਪਦੇ ਨੂੰ ਕੋਠੇ ਖੜਕ ਸਿੰਘ। ਤੜਕੇ ਨੂੰ ਸਾਰੇ ਪਿੰਡ ਵਿਚ ਬੱਲੇ ਬੱਲੇ ਹੋ ਗਈ।
ਹਰਨਾਮੀ ਨਾਜਰ ਦੇ ਘਰ ਅੰਦਰ ਹੀ ਦੜੀ ਬੈਠੀ ਰਹਿੰਦੀ। ਦਿਨ ਚੜ੍ਹਨ ਤੋਂ ਪਹਿਲਾਂ ਹਨੇਰੇ-ਹਨੇਰੇ ਬਾਹਰ ਜੰਗਲ-ਪਾਣੀ ਜਾ ਆਉਂਦੀ । ਤੇ ਫੇਰ ਬਾਕੀ ਸਾਰਾ ਦਿਨ ਘਰ ਵਿਚ।
ਨਾਜਰ ਦਾ ਪਿਓ ਮੈਂਗਲ ਸਿੰਘ ਹਰਨਾਮੀ ਦੀ ਰਾਖੀ ਬੈਠਦਾ। ਪਿੰਡ ਦੀਆਂ ਬੁੜ੍ਹੀਆਂ ਹਰਨਾਮੀ ਨੂੰ ਆ ਕੇ ਮਿਲਦੀਆਂ ਤੇ ਉਹਦੇ ਨਾਲ ਗੱਲਾਂ ਕਰਦੀਆਂ। ਹਰ ਕੋਈ ਇਹੀ ਸਲਾਹ ਦਿੰਦੀ, ‘ਚੰਗਾ ਭੈਣੇ, ਆਖਰ ਨੂੰ ਠਕਾਣੇ ਪਹੁੰਚ ਗੀ । ਹੁਣ ਟਿਕ। ਸਿੱਧੀਆਂ ਨੀਤਾਂ ਨੂੰ ਸਭ ਰੰਗ-ਭਾਗ ਲੱਗ ਜਾਣਗੇ ।’
ਪਤਾ ਨਹੀਂ ਕਿਸੇ ਨੇ ਕਿਵੇਂ ਪੈੜ ਦੱਬੀ, ਕੋਈ ਦੋ ਮਹੀਨਿਆਂ ਪਿੱਛੋਂ ਹੌਲਦਾਰ ਦਸੌਂਧਾ ਸਿੰਘ ਡੂਮ-ਆਲੀ ਦੀ ਪੰਚਾਇਤ ਲੈ ਕੇ ਆ ਗਿਆ । ਪੰਚਾਇਤ ਵਿਚ ਕਿਹੜਾ ਕੋਈ ਭਲਾ-ਮਾਣਸ ਸੀ। ਸਭ ਫੌਜੀ ਦੇ ਖਾਊ-ਖਵਾਊ ਯਾਰ ਸਨ। ਹਰਨਾਮੀ ਉਹਨਾਂ ਸਭ ਨੂੰ ਨਫ਼ਰਤ ਕਰਦੀ ਸੀ। ਕੋਠਿਆਂ ਦੀ ਪੰਚਾਇਤ ਵੀ ਜੁੜ ਗਈ। ਹਰਨਾਮੀ ਨੇ ਚੁੰਨੀ ਲਾਹ ਕੇ ਕੋਠਿਆਂ ਦੀ ਪੰਚਾਇਤ ਦੇ ਪੈਰਾਂ ਵਿਚ ਧਰ ਦਿੱਤੀ। ਕਹਿੰਦੀ, ‘ਮੈਂ ਥੋਡੀ ਕੈਲੀ ਗਊ ਆਂ। ਚਾਹੇ ਮਾਰੋ, ਚਾਹੇ ਰੱਖੋ। ਪਹਿਲਾਂ ਮੈਥੋਂ ਲੱਖ ਖਨਾਮੀ ਹੋ ਗੀ ਹੋਊ। ਪਰ ਹੁਣ ਮੈਂ ਨਾਜਰ ਦੇ ਰਹੂੰਗੀ। ਅੱਗੇ ਨੂੰ ਜੇ ਮੈਂ ਮਾੜੇ ਰਾਹ ਪਈ ਤਾਂ ਬੇਸ਼ੱਕ ਸਿਰ ਮੁੰਨ ਦਿਓ ਮੇਰਾ। ਪਰ ਏਸ ਬੁੱਢੜੇ ਨਾਲ ਮੈਨੂੰ ਨਾ ਤੋਰਿਓ। ਮੇਰੀ ਲਾਜ ਰੱਖ ਲੋ।
ਉਹਦੀ ਹਾਏ-ਕਲਾਪ ਸੁਣ ਕੇ ਕੋਠਿਆਂ ਦੀ ਪੰਚਾਇਤ ਪੰਘਰ ਗਈ। ਕਹਿੰਦੇ, ‘ਓਏ ਨੂੰਹ ਐ ਪਿੰਡ ਦੀ। ਫੇਰ ਵੀ ਨਿਉਂ-ਜੜ ਐ ਆਪਣੀ। ਨਾਜਰ ਕੀ ਦੂਜਾ ਐ ਕੋਈ । ਇਹ ਬਗਾਨੇ ਪਿੰਡ ਦਾ ਜੱਟ ਆਪਣਾ ਕੀ ਲਗਦੈ ?’
ਤੇ ਫੇਰ ਇਕ ਜਣਾ ਖੜ੍ਹਾ ਹੋ ਕੇ ਡੂਮ-ਆਲੀ ਦੀ ਪੰਚਾਇਤ ਨੂੰ ਕਹਿੰਦਾ, ‘ਇਹਨੇ ਤਾਂ ਭਰਾਵੋ ਜਿੱਥੇ ਔਣਾ ਸੀ ਆ ਗਈ । ਹੁਣ ਇਹ ਸਾਡੀ ਆਣਇੱਜਤ ਐ। ਸਾਡੀ ਸਰਨ ਪੈ ਗੀ, ਬੱਸ ਸਾਡੀ ਈ ਹੋ ਗੀ। ਤੁਸੀ ਜਾਓ, ‘ਰਾਮ ਕਰੋ।’
ਬੁੱਢਾ ਹੌਲਦਾਰ ਅੱਖਾਂ ਭਰ ਆਇਆ। ਕਹਿੰਦਾ, ‘ਮੇਰੀ ਦਿਨ-ਕਟੀ ਮੁਸ਼ਕਲ ਐ। ਮੈਂ ਤਾਂ ਆਖਰ ਨੂੰ ਮਸਾਂ ਹੂਲਾ ਫੱਕਿਆ ਸੀ ਏਹੇ। ਨਹੀਂ ਤੋਰਦੀ ਪੰਚੈਤ ਹਰਨਾਮਕੁਰ ਨੂੰ; ਤਾਂ ਮੈਂ ਤਾਂ ਬਚਦਾ ठी।’
‘ਤੂੰ ਕੱਲ੍ਹ ਨੂੰ ਮਰਦਾ, ਅੱਜ ਮਰ ਜਾ। ਹੁਣ ਮਰ ਜਾ, ਕੰਜਰਾ। ਤੇਰੇ ਆਵਦੇ ‘ਚ ਵੀ ਹੈ ਕੋਈ ਤੰਤ, ਮੈਥੋਂ ਕੰਜਰੀਆਂ ਆਲਾ ਪੇਸ਼ਾ ਕਰੌਨੈਂ ? ਮੇਰੀ ਖੱਟੀ ਖਾਨੈਂ । ਦਾੜ੍ਹੀ ਲੈ ਕੇ ਤੁਰ ਜਾ ਘਰ ਨੂੰ। ਬੈਠਾ ਰਹਿ ਆਵਦੇ ਖੁੱਡੇ ’ਚ।’ ਚੁੰਨੀ ਸਿਰ ਉੱਤੇ ਲੈ ਕੇ ਹਰਨਾਮੀ ਸ਼ੀਹਣੀ ਬਣੀ ਖੜ੍ਹੀ ਸੀ ।
ਦਸੌਂਧਾ ਸਿੰਘ ਅੱਖਾਂ ਪੂੰਝ ਕੇ ਚੁੱਪ ਹੋ ਗਿਆ। ਫੇਰ ਕਹਿੰਦਾ, ‘ਚੰਗਾ, ਗਹਿਣਾ-ਗੱਟਾ ਜਿਹੜਾ ਲਿਆਈਂ ਐਂ, ਉਹ ਤਾਂ ਦੇ ਦੇ ।’
ਕੋਠਿਆਂ ਵਾਲੇ ਕਹਿੰਦੇ, ‘ਸਭ ਝੂਠ। ਤੇਰਾ ਕੋਈ ਗਹਿਣਾ-ਗੱਟਾ ਨੀ ਇਹਦੇ ਕੋਲ। ਐਨੇ ਸਾਲ ਇਹਦੀ ਖੇਹ-ਖਰਾਬੀ ਕਰਵੋਂਦਾ ਰਿਹੈਂ, ਉਹਦਾ ਮੁੱਲ ਕੌਣ ਦਿਉ, ਭਲਿਆ ਮਾਣਸਾ ?’
ਕੋਠਿਆਂ ਦੀ ਪੰਚਾਇਤ ਨੇ ਡੂਮ-ਆਲੀ ਤੋਂ ਫੌਜੀ ਨਾਲ ਆਏ ਬੰਦਿਆਂ ਨੂੰ ਚਾਹ-ਪਾਣੀ ਪੁੱਛਿਆ। ਉਹ ਕਹਿੰਦੇ, ‘ਨਾ ਭਾਈ ਸਾਹਬ, ਸਾਡਾ ਹੁਣ ਚਾਹ-ਪਾਣੀ ਕਾਹਦਾ ਪੀਣ ਐ।’
ਫੌਜੀ ਦੀ ਢਾਣੀ ਨਿਰਾਸ਼ ਵਾਪਸ ਮੁੜ ਗਈ। ਉਹਨਾਂ ਦਾ ਕੋਈ ਜ਼ੋਰ ਨਹੀਂ ਚੱਲਿਆ ਸੀ। ਉਹਨਾਂ ਦੀ ਕੀ ਪੁਗਦੀ, ਤੀਵੀਂ ਵੱਲ ਤਾਂ ਸਾਰਾ ਪਿੰਡ ਹੋਇਆ ਬੈਠਾ ਸੀ।
ਡੂਮ-ਆਲੀ ਵਾਲੇ ਜਦੋਂ ਪਿੰਡੋਂ ਬਾਹਰ ਹੋ ਗਏ ਤਾਂ ਕੋਠਿਆਂ ਦੀ ਪੰਚਾਇਤ ਨਾਜਰ ਨੂੰ ਕਹਿਣ ਲੱਗੀ, ‘ਤੂੰ ਭੋਰਾ ਨਾ ਘਾਬਰੀਂ ਓਏ ਮੁੰਡਿਆਂ।ਗਹਾਂ ਤਾਈਂ ਵੀ ਅਸੀਂ ਤੇਰੇ ਨਾਲ ਆਂ। ਪੂਰਾ ਝਗੜਾਂ ਗੇ ।’ ਹਰਨਾਮੀ ਨੂੰ ਉਹ ਕਹਿੰਦੇ, ‘ਭਲੀਮਾਣਸ ਬਣ ਕੇ ਹੁਣ ਟਿਕ ਕੇ ਬੈਠ ਨਾਜਰ ਦੇ ਘਰ। ਬਥੇਰੇ ਰੰਗ-ਢੰਗ ਦੇਖ ਲੈ ਤੈਂ ਵੀ। ਅਜੇ ਵੀ ਨੀ ਰੱਜੀ, ਤਾਂ ਹੁਣ ਕੀ ਆਖੀਏ ਤੈਨੂੰ। ਦਿਨ ਕੱਟ ਸਹੁਰੀਏ।’
ਕੋਠਿਆਂ ਨੇ ਨਾਜਰ ਨੂੰ ਪੂਰਾ ਸਹਾਰਾ ਦਿੱਤਾ। ਸੇਲਬਰਾਹ ਨਾਜਰ ਹਰਨਾਮੀ ਨੂੰ ਨਾਲ ਲੈ ਗਿਆ ਤੇ ਗੁਰਦੁਆਰੇ ਜਾ ਕੇ ਦੇਗ ਕਰਵਾਈ। ਭਾਈਰੂਪੇ ਵੀ ਉਹ ਸੁੱਖ ਦੇ ਕੇ ਆਏ।
ਹਰਨਾਮੀ ਨੇ ਆਪਣੀਆਂ ਸਾਰੀਆਂ ਟੀਮਾਂ ਵੇਚ ਦਿੱਤੀਆਂ । ਨਾਜਰ ਦੀ ਤਿੰਨ ਚਾਰ ਘੁਮਾਂ ਗਹਿਣੇ ਧਰੀ ਜ਼ਮੀਨ ਉਹਨਾਂ ਨੇ ਛੁਡਵਾ ਲਈ। ਨਾਜਰ ਨੇ ਆਪਣੇ ਹਿੱਸੇ ਦੀਆਂ ਭੇਡਾਂ ਵੀ ਵੇਚ ਦਿੱਤੀਆਂ। ਕੁਝ ਹੋਰ ਜ਼ਮੀਨ ਹਿੱਸੇ ਉੱਤੇ ਲੈ ਕੇ ਉਹ ਵਾਹੀ ਕਰਨ ਲੱਗਿਆ।
ਭਾਗ ਦੂਜਾ
1
ਅੱਸੂ ਦੇ ਨਰਾਤਿਆਂ ਦੀ ਰੁੱਤ ਸੀ। ਤੜਕੇ ਦਾ ਤਾਰਾ ਚੜ੍ਹਨ ਨਾਲ ਹੀ ਮੱਲਣ ਆਪਣੇ ਮੰਜੇ ਉੱਤੋਂ ਉੱਠਿਆ। ਹਾਰੇ ਵਿਚ ਗੋਹਿਆਂ ਦੀ ਅੱਗ ਉੱਤੇ ਰੱਖੇ ਪਤੀਲੇ ਵਿਚ ਰਾਤ ਦੇ ਦੁੱਧ ਦੀ ਅੱਧੀ ਗੜਵੀ ਪਾਈ ਤੇ ਪਤੀਲੇ ਉੱਤੇ ਢੱਕਣ ਓਵੇਂ ਦਾ ਓਵੇਂ ਦੇ ਦਿੱਤਾ। ਉਹ ਰਾਤ ਨੂੰ ਹੀ ਹਾਰੇ ਦੀ ਭੁੱਬਲ ਉੱਤੇ ਦੋ ਪਾਥੀਆਂ ਭੰਨ ਕੇ ਰੱਖਦਾ ਤੇ ਉੱਤੇ ਪਤੀਲਾ ਧਰ ਦਿੰਦਾ। ਪਤੀਲੇ ਦੇ ਪਾਣੀ ਵਿਚ ਗੁੜ ਤੇ ਚਾਹ ਰਾਤ ਨੂੰ ਹੀ ਪਾ ਦਿੰਦਾ। ਪਤੀਲੇ ਉੱਤੇ ਢੱਕਣ ਰੱਖ ਦਿੰਦਾ। ਸਾਰੀ ਰਾਤ ਚਾਹ-ਗੁੜ ਦਾ ਪਾਣੀ ਕੜੀਂ ਜਾਂਦਾ । ਖੇਤ ਨੂੰ ਜਾਣ ਵੇਲੇ ਤੜਕੇ ਬੱਸ ਉਹ ਉਹਦੇ ਵਿਚ ਦੁੱਧ ਹੀ ਮਿਲਾਉਂਦਾ। ਇਸ ਤਰ੍ਹਾਂ ਦੀ ਹੁੰਦੀ ਸੀ ਮੱਲਣ ਦੀ ਚਾਹ। ਤੜਕੇ ਉੱਠ ਕੇ ਪਹਿਲਾਂ ਚਾਹ ਦੇ ਫੰਢੇ ਉਬਾਲਣ ਤੇ ਫੇਰ ਗੁੜ ਪਾ ਕੇ ਉਬਾਲਾ ਦੇਣ ਦਾ ਟਟਵੈਹ ਉਹਤੋਂ ਨਹੀਂ ਹੁੰਦਾ ਸੀ।
ਚੁੱਲ੍ਹੇ ਵਿਚ ਅੱਗ ਮਚਾ ਕੇ ਉਹਨੇ ਹਾਰੇ ਵਿਚਲਾ ਪਤੀਲਾ ਚੁੱਲ੍ਹੇ ਉੱਤੇ ਧਰ ਦਿੱਤਾ ਤੇ ਆਪ ਥਾਲੀ ਵਿਚ ਆਟਾ ਗੁੰਨ੍ਹਣ ਲੱਗ ਪਿਆ । ਲੂਣ ਪਾ ਕੇ ਮੰਨਾਂ ਵਰਗੀਆਂ ਚਾਰ ਪਾਣੀ-ਹੱਥ ਦੀਆਂ ਰੋਟੀਆਂ ਲਾਹ ਲਈਆਂ। ਰੋਟੀਆਂ ਨੂੰ ਪੋਣੇ ਵਿਚ ਧਰ ਦੇ ਵਿਚ ਦੋ ਗੰਢੇ ਤੇ ਅੰਬ ਦੇ ਅਚਾਰ ਦੀ ਇਕ ਫਾੜੀ ਰੱਖ ਲਈ।
ਮੱਲਣ ਚੋਪੜੀ ਰੋਟੀ ਨਹੀਂ ਖਾਂਦਾ ਸੀ। ਨਾ ਦਾਲ-ਸਬਜ਼ੀ ਵਿਚ ਕਦੇ ਘਿਓ ਪਾਉਂਦਾ। ਕਦੇ ਕਦੇ ਉਹਦਾ ਚਿੱਤ ਕਰਦਾ ਤਾਂ ਸਿਆਲਾਂ ਵਿਚ ਜੰਮੇ ਹੋਏ ਘਿਓ ਦੀਆਂ ਡਲੀਆਂ ਨਾਲ ਰੋਟੀ ਖਾਂਦਾ।
ਰੋਟੀਆਂ ਦੀ ਪੋਟਲੀ ਨੂੰ ਉਹਨੇ ਸਮੋਸੇ ਲੜ ਬੰਨ੍ਹਿਆ ਤੇ ਕਿੱਲੇ ਟੰਗ ਦਿੱਤਾ । ਪਤੀਲੇ ਵਿਚੋਂ ਪਲੇ ਨਾਲ ਚਾਹ ਦੀ ਬਾਟੀ ਭਰੀ ਤੇ ਪੀ ਲਈ। ਖੁਰਲੀ ਕੋਲ ਜਾ ਕੇ ਦੇਖਿਆ, ਬਲਦਾਂ ਦੇ ਅੱਧੇ ਕੱਖ ਰਹਿੰਦੇ ਸਨ। ਉਹਨੇ ਬਲਦਾਂ ਦੀਆਂ ਬੂਥਾਂ ਪਰ੍ਹੇ ਹਟਾ ਕੇ ਕੱਖਾਂ ਵਿਚ ਹੱਥ ਮਾਰਿਆ ਤੇ ਉਹਨਾਂ ਦੀਆਂ ਪਿੱਠਾਂ ਥਾਪੜੀਆਂ। ਉਹ ਫੇਰ ਕਾਹਲੀ ਨਾਲ ਕੱਖ ਖਾਣ ਲੱਗੇ । ਕਾਲੇ ਰੰਗ ਦੇ ਬਾਂਡੇ ਬਲਦ ਨੂੰ ਉਹਨੇ ਗਾਲ੍ਹ ਕੱਢੀ। ਉਹਨੂੰ ਸਿਰ ਹੁਰਕਣ ਦੀ ਵਾਣ ਸੀ। ਕੁੱਤੇ-ਬਿੱਲੀਆਂ ਤੇ ਕਾਂ-ਚਿੜੀਆਂ ਨੂੰ ਵੀ ਹੁਰਕਦਾ ਰਹਿੰਦਾ। ਦੂਜਾ, ਬੱਗਾ ਬਲਦ ਸੀਲ ਸੀ। ਕਾਲੇ ਨਾਲੋਂ ਵੱਡਾ ਕੱਦ, ਜ਼ੋਰ ਵੀ ਬਹੁਤਾ; ਜਵਾਕ ਉਹਦੇ ਸਿੰਗਾਂ ਨਾਲ ਖੇਡਦੇ।
ਚਾਹ ਦੀ ਦੂਜੀ ਬਾਟੀ ਪੀਤੀ, ਮੋਢੇ ਰੋਟੀਆਂ ਵਾਲਾ ਸਮੋਸਾ ਸੁੱਟਿਆ, ਕਿੱਲਿਆਂ ਨਾਲੋਂ ਬਲਦ ਖੋਲ੍ਹ ਕੇ ਉਹਨਾਂ ਦੇ ਗਲਾਂ ਵਿਚ ਪੰਜਾਲੀ ਪਾਈ ਤੇ ਪੰਜਾਲੀ ਨਾਲ ਹਲ ਬੰਨ੍ਹ ਕੇ ਉਹ ਖੇਤ ਨੂੰ ਤੁਰ ਪਿਆ । ਪਹੁ ਅਜੇ ਪਾਟੀ ਨਹੀਂ ਸੀ ।
ਪਹੇ ਪਹੇ ਜਾ ਰਿਹਾ ਮੱਲ੍ਹਣ ਸੋਚ ਰਿਹਾ ਸੀ ਕਿ ਅੱਜ ਦੁਪਹਿਰ ਤੱਕ ਉਹ ਬਾਕੀ ਰਹਿੰਦੀ ਸਾਰ। ਜ਼ਮੀਨ ਵਾਹ ਦੇਵੇਗਾ। ਤਿੰਨ ਵਾਹਾਂ ਪਹਿਲਾਂ ਪਾ ਕੇ, ਤਿੰਨੇ ਵਾਰ ਜ਼ਮੀਨ ਸੁਹਾਗ ਦਿੱਤੀ ਸੀ। ਇਹ ਚੌਥੀ ਵਾਹ ਸੀ। ਧਰਤੀ ਵਿਚ ਖੱਬਲ ਦੀਆਂ ਜੜ੍ਹਾਂ ਜਿਹੜੀਆਂ ਉੱਤੇ ਆ ਗਈਆਂ ਸਨ. ਉਹਨੇ ਆਪਣੀ ਘਰਵਾਲੀ, ਦੋਵੇਂ ਮੁਟਿਆਰ ਕੁੜੀਆਂ ਤੇ ਛੋਟੇ ਮੁੰਡੇ ਨੂੰ ਨਾਲ ਲਾ ਕੇ ਸਾਰੇ ਖੇਤ ਵਿਚੋਂ ਭੋਰਾ ਭੋਰਾ ਕਰਕੇ ਚੁਗ ਦਿੱਤੀਆਂ ਸਨ । ਦੂਜੀ ਵਾਹ ਨੂੰ ਤਾਂ ਛੱਡਿਆ ਹੀ ਕੱਖ ਨਹੀਂ ਸੀ। ਤੇ ਹੁਣ ਚੌਥੀ ਵਾਹ ਵੇਲੇ ਤਾਂ ਖੇਤ ਦੀ ਮਿੱਟੀ ਬਰੀਕ ਰੋੜੀ ਦੀ ਸ਼ੱਕਰ ਵਰਗੀ ਬਣੀ ਲਗਦੀ ਸੀ । ਦਸ ਘੁਮਾਂ ਦਾ ਇਕੱਠਾ ਖੇਤ ਸੀ। ਉਹ ਸੋਚ ਰਿਹਾ ਸੀ, ਹੁਣ ਸੁਹਾਗੀ ਮਾਰਕੇ ਉਹ ਖੇਤ ਨੂੰ ਤਿਆਰ-ਬਰ-ਤਿਆਰ ਰੱਖ ਦੇਵੇਗਾ। ਉਤਲੀ ਮਿੱਟੀ ਵਿਚ ਜੰਮਣ-ਸ਼ਕਤੀ ਇਕੱਠੀ ਹੋ ਜਾਵੇਗੀ। ਗਿੱਲ ਉਤਾਂਹ ਚੜ੍ਹ ਆਵੇਗੀ। ਤੇ ਫੇਰ ਮੌਕਾ ਲਗਦੇ ਹੀ ਉਹ ਅਗੇਤੀ ਕਣਕ ਬੀਜ ਦੇਵੇਗਾ। ਇਸ ਵਾਰ ਉਹਦੇ ਕੋਲ ਕਣਕ ਦਾ ਬੀ ਨਹੀਂ ਸੀ। ਪਰ ਉਹਨੇ ਬੀ ਵਾਸਤੇ ਕਣਕ ਝੰਡੇ ਤੋਂ ਪਹਿਲਾਂ ਹੀ ਪੁੱਛ ਰੱਖੀ ਸੀ। ਝੰਡਾ ਉਹਦਾ ਆਪਣਾ ਹੀ ਬੰਦਾ ਸੀ। ਉਹਦੇ ਘਰ ਦੀ ਕਣਕ ਹੁੰਦੀ ਵੀ ਵਧੀਆ। ਮੋਟੇ ਮੋਟੇ ਦਾਣਿਆਂ ਵਾਲੀ । ਮੱਲਣ ਨੂੰ ਇਸ ਗੱਲ ਦਾ ਡੱਕਾ ਵੀ ਹੰਦੇਸਾ ਨਹੀਂ ਸੀ ਕਿ ਝੰਡਾ ਸਵਾਈ ਲਾਵੇਗਾ। ਕਈਆਂ ਨੂੰ ਉਹ ਡੂਢੀ ਲਾਉਂਦਾ ਹੈ। ਝੰਡੇ ਨਾਲ ਉਹਦਾ ਘਰ ਦਾ ਸਬੰਧ ਹੈ। ਇਸੇ ਕਰਕੇ ਤਾਂ ਉਹ ਉਹਨੂੰ ਸਵਾਈ ਲਾਵੇਗਾ। ਪਿੜਾਂ ਵੇਲੇ ਉਹ ਸਵਾਈ ਕਣਕ ਮੋੜ ਦੇਵੇਗਾ। ਕੀ ਫ਼ਰਕ ਪੈਂਦਾ ਹੈ ? ਦਸ ਘੁਮਾਂ ਕਣਕ ਵਿਚੋਂ ਤਾਂ ਦਾਣਿਆਂ ਦੇ ਢੇਰ ਲੱਗ ਜਾਣਗੇ।
ਟਾਹਲੀ ਵਾਲਾ ਖੇਤ ਘੰਡਾਬੰਨੇ ਦੀ ਜੂਹ ਨਾਲ ਜਾ ਲਗਦਾ। ਇਹ ਦੂਰ ਸੀ। ਖੇਤ ਜਾਣ ਲਈ ਮੱਲਣ ਨੂੰ ਖਾਸਾ ਸਦੇਹਾਂ ਉੱਠਣਾ ਪੈਂਦਾ । ਉਹਦਾ ਦੂਜਾ ਖੇਤ ਤਾਂ ਪਿੰਡ ਦੇ ਨਾਲ ਹੀ ਸੀ। ਇਸ ਖੇਤ ਨੂੰ ਉਹ ਭਾਈਰੂਪੇ ਆਲਾ ਖੇਤ ਆਖਦੇ । ਪਰ ਇਹ ਥੋੜਾ ਸੀ। ਸਾਰਾ ਹੀ ਛੀ ਘੁਮਾਂ । ਮੱਲਣ ਸੋਚਦਾ, ਭਾਈਰੂਪੇ ਆਲਾ ਖੇਤ ਜੇ ਦਸ ਘੁਮਾਂ ਹੁੰਦਾ ਤਾਂ ਕਿੰਨਾ ਚੰਗਾ ਸੀ। ਜਾਂ ਸਾਰੀ ਦੀ ਸਾਰੀ, ਸੋਲਾ ਘੁਮਾਂ ਹੀ ਭਾਈਰੂਪੇ ਆਲੇ ਖੇਤ ਦੀ ਪੈਲੀ ਹੁੰਦੀ, ਫੇਰ ਤਾਂ ਉਹ ਬਹੁਤ ਸੁਖਾਲਾ ਰਹਿੰਦਾ। ਟਾਹਲੀ ਵਾਲਾ ਖੇਤ ਤਾਂ ਬਹੁਤ ਦੂਰ ਸੀ। ਜਿਵੇਂ ਦੂਜੇ ਪਿੰਡ ਦੀ ਜ਼ਮੀਨ ਹੋਵੇ। ਟਾਹਲੀ ਵਾਲੇ ਖੇਤ ਦੀ ਜ਼ਮੀਨ ਬਹੁਤ ਨਰੋਈ ਸੀ। ਭਾਈਰੂਪੇ ਵਾਲੇ ਖੇਤ ਦੀ ਜ਼ਮੀਨ ਐਨੀ ਨਰੋਈ ਨਹੀਂ ਸੀ। ਇਹ ਜ਼ਮੀਨ ਰੇਸਲੀ ਸੀ। ਕਪਾਹ ਦੀ ਫਸਲ ਇਸ ਵਿਚ ਘੱਟ ਹੁੰਦੀ। ਕਣਕ ਵੀ ਘੱਟ ਹੀ ਹੁੰਦੀ । ਏਥੇ ਤਾਂ ਉਹ ਪਸ਼ੂਆਂ ਵਾਸਤੇ ਚਾਰਾ ਬੀਜ ਕੇ ਰੱਖਦਾ। ਚਰੀ, ਗੁਆਰਾ ਤੇ ਮੱਕੀ। ਪਿੰਡ ਨੇੜੇ ਹੋਣ ਕਰਕੇ ਮੱਕੀ ਦੀਆਂ ਛੱਲੀਆਂ ਦੀ ਰਾਖੀ ਵੀ ਹੋ ਜਾਂਦੀ। ਦੋਵਾਂ ਖੇਤਾਂ ਨੂੰ ਹੀ ਕੱਸੀ ਦਾ ਪਾਣੀ ਲਗਦਾ।
ਹੁਣ ਟਾਹਲੀ ਵਾਲੇ ਖੇਤ ਨੂੰ ਜਾ ਰਿਹਾ ਮੱਲਣ ਸੋਚ ਰਿਹਾ ਸੀ ਕਿ ਐਤਕੀਂ ਕਣਕ ਦੀ ਫਸਲ ਵਿਚੋਂ ਉਹ ਮਕੰਦੀ ਮੱਲ ਦਾ ਸਾਰਾ ਪੈਸਾ ਮੋੜ ਦੇਵੇਗਾ। ਵੱਡੀ ਕੁੜੀ ਲੱਖੋ ਦੇ ਵਿਆਹ ਵੇਲੇ ਜਿਹੜਾ ਰੁਪਈਆ ਵਿਆਜ ਉੱਤੇ ਉਹਨੇ ਲਿਆ ਸੀ, ਉਹਦੇ ਵਿਚੋਂ ਦੋ ਹਜ਼ਾਰ ਮੁਕੰਦੀ ਮੱਲ ਦਾ ਅਜੇ ਰਹਿੰਦਾ ਸੀ।
ਕੱਸੀ ਦੇ ਪੁਲ ਉੱਤੇ ਜਾ ਕੇ ਉਹਨੇ ਬਲਦਾਂ ਨੂੰ ਬੁਸ਼ਕਰ ਮਾਰੀ । ਉਹ ਖੜ੍ਹੇ ਗਏ। ਉਹਨਾਂ ਨੂੰ ਥਾਂ ਦੀ ਥਾਂ ਖੜ੍ਹੇ ਛੱਡ ਕੇ ਉਹ ਪੁਲ ਦੇ ਇਕ ਪਾਸੇ ਨੀਵੀਂ ਜਗ੍ਹਾ ਉੱਤੇ ਪਿਸ਼ਾਬ ਕਰਨ ਜਾ ਬੈਠਾ । ਮਨ ਵਿਚ ਹੀ ਕਹਿਣ ਲੱਗਿਆ, ‘ਔਖੇ ਤਾਂ ਤਿੰਨ ਸਾਲ ਹੋ ਲੇ, ਵਿਆਜੂ ਪੈਸਾ ਮੋੜਨ ‘ਚ ਈ ਰਹੇ, ਪਰ ਕੁੜੀ ਦਾ ਵਿਆਹ ਤਾਂ ਫੰਨੇ ਕੀਤਾ ਨਾ। ਕੇਰਾਂ ਤਾਂ ਮੰਨਗੇ ਸ਼ਰੀਕ। ਸਾਲਾ ਅੱਖ ਕਿਹੜਾ ਚੁਕਦੈ ਸਾਮ੍ਹਣੇ ਕੋਈ। ਸਾਰੇ ਗਵਾੜ ਦੀ ਪਿੱਠ ਲਾ ’ਤੀ। ਪਰੌਣੇ ਨੂੰ ਕੈਂਠਾ, ਘੋੜੀ ਤੇ ਜੋੜੀ। ਕੁੜੀ ਨੂੰ ਕਿੰਨਾ ਲਟਰ-ਪਟਰ ਦਿੱਤੈ। ਸਾਰੀਆਂ ਟੂਮਾਂ ਪਾਈਆਂ । ਤੇ ਮੈਂਸ ਦਿੱਤੀ, ਸੱਜਰ-ਸੂਈ, ਦੁੱਧ ਪੀਣ ਨੂੰ। ਕਿਹੜਾ ਸਾਲਾ ਦੇ ਦੂ ਐਨਾ ਕੁਸ਼। ਕੇਰਾਂ ਤਾਂ ਨਾਮਾਜਾਦੀ ਕਰ ‘ਤੀ ਨਾ ਸਾਰੇ ਪਵੇਹੇ ‘ਚ।’
ਕਿਸੇ ਲੋਰ ਜਿਹੇ ਵਿਚ ਆ ਕੇ ਉਹਨੇ ਬਲਦਾਂ ਨੂੰ ਛੇੜਿਆ। ਕਾਲਾ ਇਕ ਵਾਰ ਆਪਣੀ ਵਾਣ-ਬੁੱਧ ਅਨੁਸਾਰ ਹਰਕਿਆ ਤੇ ਫੇਰ ਸਿਰ ਝੁਲਾਉਂਦਾ ਸਿੱਧਾ ਹੋ ਕੇ ਚੱਲਣ ਲੱਗਿਆ। ਬੱਗਾ ਮਸਤ ਚਾਲ ਤੁਰਿਆ ਜਾ ਰਿਹਾ ਸੀ। ਮੱਲਣ ਚਿੱਤ ਵਿਚ ਵਿਉਂਤਾਂ ਬਣਾਉਣ ਲੱਗਿਆ ਕਿ ਮੁਕੰਦੀ ਮੱਲ ਦਾ ਦੋ ਹਜ਼ਾਰ ਤਾਂ ਉਹ ਐਤਕੀਂ ਦੀ ਹਾੜ੍ਹੀ ਵੇਲੇ ਲਾਹ ਹੀ ਦੇਵੇਗਾ। ਬੁੜ੍ਹਾ ਮਰਨ-ਕਿਨਾਰੇ ਹੈ, ਉਹ ਬੁੜ੍ਹੇ ਦਾ ਹਕਾਮਾ ਫੱਟੇ-ਚੁੱਕ ਕਰੇਗਾ। ਫੇਰ ਵੀ ਰਸਾਲਦਾਰ ਕਰਮ ਸਿੰਘ ਦਾ ਨਾਂ ਹੈ ਕੋਈ।
ਮੱਲਣ ਦਾ ਬੁੱਢਾ ਬਾਪ ਰਸਾਲਦਾਰ ਕਰਮ ਸਿੰਘ ਅਜੇ ਜਿਉਂਦਾ ਸੀ। ਅੱਸੀ ਤੋਂ ਉੱਤੇ ਦੀ ਉਮਰ ਸੀ। ਪਹਿਲੀ ਵੱਡੀ ਸੰਸਾਰ ਜੰਗ ਵਿਚ ਉਹ ਲੜਿਆ ਸੀ । ਫਾਹੀ ਫੂਹੀ ਕਰਕੇ ਪੈਸਾ ਜੋੜਿਆ। ਰਿਟਾਇਰ ਹੋਇਆ ਤਾਂ ਰੁਪਈਏ ਇਕੱਠੇ ਕਰਕੇ ਇਕ ਟਾਹਲੀ ਵਾਲਾ ਖੇਤ ਲੈ ਲਿਆ। ਓਦੋਂ ਇਥੇ ਕੀ ਸੀ ? ਅੱਕ, ਝਾੜ-ਮਲੇ, ਬੂਈਆਂ ਤੇ ਕਿੱਕਰਾਂ, ਜੰਡ, ਫਲਾਹੀਆਂ ਦੀ ਧਰਤੀ ਸੀ ਇਹ। ਕਿਤੋਂ ਉੱਚੀ, ਕਿਤੋਂ ਨੀਵੀਂ। ਰਸਾਲਦਾਰ ਨੇ ਕਹੀ ਫੜ ਕੇ ਦੋ ਸਾਲ ਦੇਹ ਵੇਲੀ | ਮਿੱਟੀ ਨਾਲ ਮਿੱਟੀ ਹੋਇਆ, ਭੁੱਖਾਂ-ਤੇਹਾਂ ਝੱਲੀਆਂ ਤੇ ਫੇਰ ਕਿਤੇ ਜਾ ਕੇ ਇਸ ਜ਼ਮੀਨ ਨੂੰ ਹਲ ਹੇਠ ਲਿਆਂਦਾ। ਲੋਕ ਕਹਿੰਦੇ ਸਨ, ਰਸਾਲਦਾਰ ਤਾਂ ਭੂਤ ਐ ਕੋਈ । ਨਾ ਅਕਦਾ ਹੈ, ਨਾ ਥਕਦਾ ਹੈ, ਦਿਨ ਰਾਤ ਲੱਗਿਆ ਰਹਿੰਦਾ ਹੈ। ਉਹਨੂੰ ਕੋਈ ਪਤਾ ਨਹੀਂ, ਦਿਨ ਕਦੋਂ ਚੜ੍ਹਦਾ ਹੈ, ਕਦੋਂ ਲਹਿੰਦਾ ਹੈ। ‘ । ਕਰਾਹ ਲਵਾ ਕੇ ਧਰਤੀ ਪੱਧਰ ਕਰਵਾ ਲਈ। ਪਹਿਲੇ ਸਾਲ ਸਾਰੀ ਭੋਇਂ ਵਿਚ ਹੀ ਛੋਲੇ ਬੀਜ ਦਿੱਤੇ । ਤੇ ਫੇਰ ਛੋਲੇ ਹੋਏ, ਬੋਹਲਾਂ ਦੇ ਬੋਹਲ ਲੱਗ ਗਏ । ਫੌਜੀ ਬੰਦਾ ਸੀ, ਸਿਰੜੀ ਪੱਕਾ, ਫਿਰ ਤੁਰ ਕੇ ਜ਼ਮੀਨ ਨੂੰ ਕੱਸੀ ਦਾ ਪਾਣੀ ਵੀ ਲਵਾ ਲਿਆ। ਇਕ ਵਾਰੀ ਤਾਂ ਧੁੰਮਾਂ ਪਾ ਦਿੱਤੀਆਂ ਰਸਾਲਦਾਰ ਨੇ ਵਾਹੀ ਦੀਆਂ । ਸਾਰੀ ਉਮਰ ਉਹਨੇ ਦੇਹ ਤੋੜ ਕੇ ਕੰਮ ਕੀਤਾ। ਆਪਣੇ ਬਾਪ ਨਿੱਕਾ ਸਿੰਘ ਦੇ ਸਭ ਧੋਣੇ ਧੋ ਦਿੱਤੇ ਸਨ।
ਪਰ ਰਸਾਲਦਾਰ ਕਰਮ ਸਿੰਘ ਫੋਕੇ ਸਮਾਜਕ ਰਸਮ-ਰਿਵਾਜ਼ਾਂ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ। ਕਹਿੰਦਾ ਹੁੰਦਾ, ‘ਇਹ ਸਭ ਫਜ਼ੂਲ-ਖਰਚੀਆਂ ਨੇ । ਬੰਦਾ ਰੋਟੀ ਚੱਜ ਦੀ ਖਾਂਦਾ ਹੋਵੇ ਤਾਂ ਲੋਕ ਵੀ ਉਸ ਦੀ ਇੱਜਤ ਕਰਨਗੇ।’ ਉਹਦਾ ਬਾਪ ਮਰਿਆ ਤਾਂ ਉਹਨੇ ਬੜੀ ਸੰਕੋਚ ਨਾਲ ਖਰਚ ਕੀਤਾ । ਸ਼ਰੀਕੇ ਵਾਲੇ ਦੋ-ਚਾਰ ਮਹੀਨੇ ਗੱਲਾਂ ਕਰਕੇ ਚੁੱਪ ਹੋ ਗਏ । ਪਰ ਹੁਣ ਮੱਲਣ ਸੋਚ ਰਿਹਾ ਸੀ ਕਿ ਉਹ ਆਪਣੇ ਰਸਾਲਦਾਰ ਪਿਓ ਦਾ ਨਾਂ ਉੱਘਾ ਕਰੇਗਾ। ਮੱਲਣ ਦਾ ਦਾਦਾ ਮਰਿਆ ਤਾਂ ਉਹਦੀ ਉਮਰ ਛੋਟੀ ਹੀ ਸੀ। ਪਤਾ ਵੀ ਨਹੀਂ ਲੱਗਿਆ ਸੀ ਕਿ ਨਿੱਕਾ ਸਿੰਘ ਮਰ ਗਿਆ ਹੈ । ਨਾ ਲੱਡੂ ਪੱਕੇ, ਨਾ ਪੁੰਨ-ਦਾਨ ਕੀਤਾ ਗਿਆ।
ਉਹ ਖੇਤ ਪਹੁੰਚਿਆ ਤਾਂ ਚਿੱਟਾ ਦਿਨ ਚੜ੍ਹ ਆਇਆ ਸੀ । ਬਲਦ ਖੜ੍ਹਾ ਕੇ ਉਹਨੇ ਰੋਟੀ ਵਾਲਾ ਸਮੋਸਾ ਤੂਤ ਦੀ ਮੋਟੀ ਡਾਹਣੀ ਨਾਲ ਬੰਨ੍ਹ ਦਿੱਤਾ । ਪੰਜਾਲੀ ਨਾਲੋਂ ਹਲ ਖੋਲ੍ਹ ਕੇ ਸਿੱਧਾ ਕੀਤਾ । ਪੰਜਾਲੀ ਦੇ ਦੇ ਜੂਲੇ ਨਾਲ ਹਲ ਦਾ ਨਾੜ ਕਸ ਕੇ ਬੰਨ੍ਹਿਆ ਤੇ ਚਓ ਨੂੰ ਕੁਹਾੜੀ ਦੇ ਪੀਨ ਨਾਲ ਚੰਗੀ ਤਰ੍ਹਾਂ ਠੋਕ ਲਿਆ। ਵਾਹਿਗੁਰੂ ਦਾ ਨਾਂ ਲੈ ਕੇ ਬਲਦ ਛੇੜ ਦਿੱਤੇ । ਲੰਮੀ ਰਾਹੁਲ ਵਗਲ ਲਈ। ਤੇ ਫੇਰ ਓਰੇ ਉੱਤੇ ਓਰਾ ਚੜ੍ਹਨ ਲੱਗਿਆ । ਖੇਤ ਕੋਲ ਦੀ ਡੰਡੀ ਡੰਡੀ ਇਕ ਨਵਾਂ ਵਿਆਹਿਆ ਜੋੜਾ ਜਾ ਰਿਹਾ ਸੀ। ਕੋਈ ਘੰਡਾਬੰਨੇ ਤੋਂ ਬਹੂ ਲੈ ਕੇ ਭਾਈਰੂਪੇ ਨੂੰ ਜਾ ਰਿਹਾ ਹੋਵੇਗਾ। ਕੋਠਿਆਂ ਦਾ ਮੁੰਡਾ ਤਾਂ ਉਹ ਲਗਦਾ ਨਹੀਂ ਸੀ। ਹੋ ਸਕਦਾ ਹੈ, ਭਾਈਰੂਪੇ ਦਾ ਵੀ ਨਾ ਹੋਵੇ। ਅਗਾਂਹ ਕਿਤੋਂ ਦਾ ਹੋਵੇ।ਪਰ ਉਹ ਘੰਡਾਬੰਨੇ ਵੱਲੋਂ ਆ ਰਹੇ ਸਨ । ਸਾਫ਼ ਸੀ ਕਿ ਉਹ ਓਥੋਂ ਦੀ ਹੀ ਕੁੜੀ ਸੀ। ਮੁੰਡੇ ਨੇ ਸਿਰ ਉੱਤੇ ਗੰਢੜੀ ਚੁਕੀ ਹੋਈ ਸੀ ਤੇ ਬਹੂ ਮਗਰ ਮਟਾਕ ਮਟਾਕ ਪੈਰ ਧਰਦੀ ਤੁਰੀ ਜਾ ਰਹੀ ਸੀ। ਮੱਲਣ ਦੇ ਚਿੱਤ ਵਿਚ ਉਛਾਲ ਆਇਆ ਤਾਂ ਉਹ ਉੱਚੀ ਹੇਕ ਕੱਢ ਕੇ ਬੋਲ ਉਠਿਆ, ‘ਪੱਟ ਫੁੱਲ ਗੇ ਤੁਰਿਆ ਨਾ ਜਾਵੇ, ਭਾਰ ਗਰਾਰੇ ਦਾ।’ ਉਹਨੇ ਇਕ ਹੇਕ ਹੋਰ ਲਾਈ, ‘ਤੇਰਾ ਡਿੱਗਿਆ ਰੁਮਾਲ ਫੜਾਮਾਂ, ਡੰਡੀ ਡੰਡੀ ਜਾਣ ਵਾਲੀਏ।’
ਹਾਲੀ ਦੀ ਬੋਲੀ ਸੁਣ ਕੇ ਮੁੰਡੇ ਦੇ ਪੈਰਾਂ ਥੱਲੇ ਅੱਗ ਮੱਚ ਉੱਠੀ ਤੇ ਉਹ ਤੇਜ਼ ਤੇਜ਼ ਤੁਰਨ ਲੱਗਿਆ । ਬਹੂ ਦਾ ਜਿਵੇਂ ਕੰਨ ਰਸ ਗਿਆ ਹੋਵੇ। ਉਹਦੇ ਪੱਬ ਜੰਮ ਜੰਮ ਕੇ ਧਰਤੀ ਉੱਤੇ ਟਿਕਣ ਲੱਗੇ। ਤੇ ਫੇਰ ਗਰਦਨ ਭਮਾ ਕੇ ਮੁੰਡੇ ਨੇ ਪਿੱਛੇ ਰਹਿ ਗਈ ਬਹੂ ਨੂੰ ਕੁਝ ਆਖਿਆ। ਮੱਲਣ ਖਿਲਬਿਲੀਆਂ ਹੋ ਉਠਿਆ। ਉਹਨੇ ਬੱਗੇ ਨੂੰ ਪਰਾਣੀ ਲਾਈ, ‘ਐ ਤੈਨੂੰ ਸੋੜ ਲੈ ਜੇ ‘
ਸੂਰਜ ਸਿਰ ਉੱਤੇ ਆ ਖੜ੍ਹਾ ਸੀ। ਉਹਨੂੰ ਭੁੱਖ ਵੀ ਬੜੀ ਤੇਜ਼ ਲੱਗ ਆਈ। ਬਲਦਾਂ ਨੂੰ ਥਾਂ ਦੀ ਥਾਂ ਖੜ੍ਹਾਇਆ ਤੇ ਪੰਜਾਲੀ ਵਿਚੋਂ ਅਰਲੀਆਂ ਕੱਢ ਦਿੱਤੀਆਂ। ਬਲਦਾਂ ਨੂੰ ਬਾਹਰ ਕੱਢ ਕੇ ਉਹਨੇ ਸਣੇ ਪੰਜਾਲੀ ਹਲ ਨੂੰ ਨੀਵਾਂ ਕਰ ਦਿੱਤਾ । ਬਲਦਾਂ ਦੀਆਂ ਨੱਥਾਂ ਵਿਚੋਂ ਰੱਸਾਂ ਖੋਲ੍ਹ ਦਿੱਤੀਆਂ ਤੇ ਉਹਨਾਂ ਨੂੰ ਖਾਲਾਂ ਦੀਆਂ ਵੱਟਾਂ ਉੱਤੇ ਖੁੱਲ੍ਹਾ ਚਰਨ ਛੱਡ ਦਿੱਤਾ। ਝੂੰਬੀ ਵਿਚ ਜਾ ਕੇ ਤੌੜਾ ਚੁਕਿਆ ਤੇ ਗਵਾਂਢੀ ਖੇਤ ਦੇ ਖੂਹ ਉੱਤੋਂ ਠੰਡੇ ਪਾਣੀ ਦਾ ਭਰ ਲਿਆਂਦਾ। ਗੰਢੇ ਨੂੰ ਗੋਡੇ ਦੀ ਚੱਪਣੀ ਉੱਤੇ ਮੁੱਕੀ ਮਾਰ ਕੇ ਭੰਨਿਆ ਤੇ ਰੋਟੀ ਖਾਣ ਲੱਗ ਪਿਆ । ਉਹ ਲਸੂੜੇ ਦੀ ਛਾਂ ਥੱਲੇ ਉੱਚੇ ਥਾਂ ਬੈਠਾ ਅਣਵਾਹੇ ਵਾਹਣ ਵਲ ਝਾਕੀਂ ਜਾ ਰਿਹਾ ਸੀ। ਬੁਰਕੀ ਮੂੰਹ ਵਿਚ ਪਾ ਕੇ ਜਾੜ੍ਹਾਂ ਥੱਲੇ ਚਿੱਥਣ ਲਗਦਾ ਤਾਂ ਉਹਦੀ ਪੁੜਪੁੜੀ ਦੀਆਂ ਨਾੜਾਂ ਉੱਤੇ ਥੱਲੇ ਹੁੰਦੀਆਂ। ਉਹਨੇ ਅੰਦਾਜ਼ਾ ਲਾਇਆ ਕਿ ਚਾਹ ਪੀ ਕੇ ਉਹ ਅੱਜ ਸਾਰਾ ਖੇਤ ਨਿਬੇੜ ਦੇਵੇਗਾ। ਅੱਜ ਤਾਂ ਉਹ ਸਦੇਹਾਂ ਹੀ ਵਿਹਲਾ ਹੋ ਜਾਵੇਗਾ। ਜੇ ਉਹ ਦਿਨ ਖੜ੍ਹੇ ਪਿੰਡ ਪਹੁੰਚ ਗਿਆ ਤਾਂ ਜਾ ਕੇ ਕੇਸੀਂ ਨ੍ਹਾਵੇਗਾ। ਉਹਨੂੰ ਸਿਰ ਨਾਤੇ ਨੂੰ ਪੰਦਰਾਂ-ਵੀਹ ਦਿਨ ਹੋ ਗਏ ਸਨ। ਸਿਰ ਵਿਚ ਕਰ ਉੱਠ ਆਈ ਸੀ। ਖੁਰਕ ਹੁੰਦੀ ਰਹਿੰਦੀ। ਵਾਲਾਂ ਵਿਚ ਉਂਗਲਾਂ ਫੇਰ ਕੇ ਉਹ ਖੁਰਕ ਕਰਦਾ।
ਰੋਟੀ ਖਾ ਕੇ ਉਹਨੇ ਤੌੜੇ ਵਿਚੋਂ ਪਾਣੀ ਦਾ ਕਰਮੰਡਲ ਭਰਿਆ ਤੇ ਮੂੰਹ ਨੂੰ ਹੱਥ ਲਾ ਕੇ ਪੀਣ ਲੱਗਿਆ। ਉਹ ਤਾਂ ਸਾਰਾ ਕਰਮੰਡਲ ਹੀ ਪੀ ਗਿਆ। ਉਹਨੂੰ ਜਿਵੇਂ ਸੁਰਤ ਜਿਹੀ ਆ ਗਈ ਹੋਵੇ।
ਅੱਖਾਂ ਜਿਵੇਂ ਖੁੱਲ੍ਹ ਗਈਆਂ ਹੋਣ। ਉਹਦਾ ਜੀਅ ਕੀਤਾ, ਉਹ ਲਸੂੜੇ ਥੱਲੇ ਬਿੰਦ-ਝੱਟ ਸਸਤਾ ਲਵੇ। ਬਲਦ ਵੀ ਮੂੰਹ ਮਾਰ ਲੈਣਗੇ । ਉਹਨੇ ਧਰਤੀ ਨਾਲ ਪਿੱਠ ਲਾਈ ਹੀ ਸੀ ਕਿ ਉਹਨੂੰ ਪੰਜਾਲੀ ਦੇ ਨਾੜ ਦਾ ਖਿਆਲ ਆ ਗਿਆ। ਸਾਲਾ ਕੋਈ ਕੁੱਤਾ ਕਿੱਧਰੋਂ ਆ ਕੇ ਨਾੜ ਨੂੰ ਕੱਟ ਨਾ ਜਾਵੇ। ਇਕ ਦਿਨ ਉਹਦੇ ਨਾਲ ਏਵੇਂ-ਜਿਵੇਂ ਹੋਈ ਸੀ। ਉਹ ਉੱਠਿਆ ਤੇ ਹਲ ਨੂੰ ਪੰਜਾਲੀ ਨਾਲ ਬੰਨ੍ਹਣ ਵਾਲਾ ਚੰਮ ਦਾ ਨਾੜ ਖੋਲ੍ਹ ਲਿਆਇਆ। ਨਾੜ ਨੂੰ ਅੰਦਰ ਝੁੰਬੀ ਵਿਚ ਲਿਜਾ ਕੇ ਕਿੱਲੇ ਉੱਤੇ ਟੰਗ ਦਿੱਤਾ। ਝੂੰਬੀ ਦੇ ਸਰਕੜੇ ਵਿਚ ਧੁੰਨ ਕੇ ਰੱਖੀ ਗੁੜ-ਚਾਹ ਦੀ ਪੋਟਲੀ ਨੂੰ ਕੱਢ ਕੇ ਵੀ ਉਹਨੇ ਦੇਖਿਆ, ਅੱਜ ਜੋਗਾ ਸਮਾਨਾ ਹੈਗਾ ਸੀ। ਉਹ ਲਸੂੜੇ ਥੱਲੇ ਸਮੋਸਾ ਵਿਛਾ ਕੇ ਪੈ ਗਿਆ। ਉਹਦੀਆਂ ਪਲਕਾਂ ਭਾਰੀ ਹੋਣ ਲੱਗੀਆਂ। ਥੋੜ੍ਹੇ ਚਿਰ ਵਿਚ ਹੀ ਉਹਨੇ ਅੱਖਾਂ ਮੀਚ ਲਈਆਂ ਤੇ ਮੂੰਹ ਟੱਡ ਕੇ ਘੁਰਾੜੇ ਮਾਰਨ ਲੱਗਿਆ।
ਆਪਣੇ ਜਾਣੇ ਉਹਨੇ ਬਿੰਦ-ਝੱਟ ਹੀ ਅੱਖ ਲਾਈ ਹੋਵੇਗੀ ਕਿ ਉਹ ਉੱਠ ਕੇ ਬੈਠਾ ਹੋ ਗਿਆ। ਉਹਨੂੰ ਡਰ ਸੀ, ਕਿਤੇ ਬਲਦ ਦੂਰ ਕਿਧਰੇ ਨਾ ਨਿਕਲ ਗਏ ਹੋਣ।ਬੱਗਾ ਤਾਂ ਸਾਹਮਣੇ ਖਾਲ ਵਿਚ ਖੜ੍ਹਾ ਸੀ, ਪਰ ਕਾਲਾ ਕਿਧਰੇ ਨਹੀਂ ਦਿਸਦਾ ਸੀ। ਉਹਨੇ ਉੱਠ ਕੇ ਦੇਖਿਆ, ਉਹ ਦੂਰ ਜੰਡੀ ਥੱਲੇ ਜਾ ਬੈਠਾ ਸੀ ।
ਮੱਲਣ ਦੇ ਚਿੱਤ ਵਿਚ ਆਈ, ਹੁਣ ਕੀ ਪੈਣਾ ਹੈ । ਸੂਰਜ ਤਾਂ ਕਦੋਂ ਦਾ ਟੇਢਾ ਹੋ ਗਿਆ ਹੈ। ਧਰਤੀ ਵਿਚ ਟੋਆ ਪੁੱਟ ਕੇ ਬਣਾਏ ਚੁੱਲ੍ਹੇ ਦੇ ਕੱਚੇ ਡਲਿਆਂ ਨੂੰ ਉਹਨੇ ਸੂਤ ਕੀਤਾ ਤੇ ਟੋਏ ਵਿਚੋਂ ਸੁਆਹ ਬਾਹਰ ਕੱਢ ਕੇ ਅੱਗ ਬਾਲ ਲਈ। ਝੂੰਬੀ ਵਿਚੋਂ ਸੜੀ-ਬਲੀ ਤੇ ਚਿੱਬ-ਖੜਿੱਬੀ ਸਿਲਵਰ ਦੀ ਪਤੀਲੀ ਲਿਆਂਦੀ। ਪਾਣੀ ਨਾਲ ਅੰਦਰੋਂ ਧੋਤੀ ਤੇ ਵਿਚ ਆਪਣੀ ਚਾਹ ਜੋਗਾ ਪਾਣੀ ਪਾ ਕੇ ਉਹਨੂੰ ਚੁੱਲ੍ਹੇ ਉੱਤੇ ਧਰ ਦਿੱਤਾ। ਤੂੰਬੀ ਦੇ ਛੱਪਰ ਵਿਚੋਂ ਚਾਹ-ਗੁੜ ਲਿਆ ਕੇ ਵੀ ਪਾ ਦਿੱਤਾ। ਨੇੜੇ ਹੀ ਮਲਿਆਂ ਕੋਲ ਬੱਕਰੀਆਂ ਫਿਰ ਰਹੀਆਂ ਸਨ। ਝਿਉਰਾਂ ਦਾ ਮੁੰਡਾ ਕਿੱਕਰ ਥੱਲੇ ਬੈਠਾ ਧਰਤੀ ਉੱਤੇ ਮਿੱਟੀ ਦੀ ਢੇਰੀ ਬਣਾ ਕੇ ਉਹਨੂੰ ਸੋਟੀਆਂ ਮਾਰ-ਮਾਰ ਖੇਡ ਰਿਹਾ ਸੀ। ਗਲਾਸ ਲੈ ਕੇ ਮੱਲਣ ਗਿਆ ਤੇ ਮੁੰਡੇ ਨੂੰ ਕਹਿੰਦਾ, ‘ਕਿਹੜੀ ਚੋਮਾਂ ਓਏ ?’
ਮੁੰਡਾ ਬੋਲਿਆ, ‘ਜਿਹੜੀ ਮਰਜੀ ਦੇਖ ਲੈ, ਮਾਮਾ। ਜੁੱਟੀ ਆਲੀ ਕੋਈ ਦੇਖ ਲੈ।’
‘ਚੱਲ ਨਾਲੇ ਚਾਹ ਦੀ ਘੁੱਟ ਪੀ ਲੈ ।’ ਕਹਿ ਕੇ ਮੱਲਣ ਨੇ ਇਕ ਬੱਕਰੀ ਦਾ ਕੰਨ ਫੜਿਆ ਤੇ ਫੇਰ ਉਹਦੀ ਲੱਤ ਫੜ ਕੇ ਗਲਾਸ ਵਿਚ ਧਾਰਾਂ ਮਾਰਨ ਲੱਗਿਆ | ਅੱਧਾ ਗਲਾਸ ਕਰਕੇ ਉਹ ਉੱਠ ਖੜ੍ਹਾ । ਬੱਕਰੀ ਮੈਂ-ਮੈਂ ਕਰਦੀ ਥਾਏਂ ਖੜ੍ਹੀ ਰਹੀ।
ਮੱਲਣ ਨੇ ਉਹਨੂੰ ਦੁਬਾਰਾ ਚਾਹ ਨੂੰ ਕਿਹਾ ਤਾਂ ਮੁੰਡਾ ਕਹਿੰਦਾ, ‘ਚਾਹ ਨੂੰ ਕੀਹ ਐ, ਮਾਮਾ।
ਚਾਹ ਤਾਂ ਹੁਣ ਪਿੰਡ ਜਾ ਕੇ ਈ ਪੀਮਾਂਗੇ। ਆਹ ਖੜ੍ਹੇ ਪਿੰਡ। ਹੁਣ ਚਲਦੇ ਆਂ, ਚੱਲਣ ਦਾ ਵੇਲਾ ਹੋ ਗਿਆ ਬੱਸ।’
ਮੁੰਡਾ ਘੰਡਾਬੰਨੇ ਦਾ ਸੀ । ਕੋਠੇ ਉਹਦੇ ਨਾਨਕੇ ਸਨ ।
ਚਾਹ ਪੀ ਕੇ ਮੱਲਣ ਨੇ ਬਲਦ ਜੋੜ ਲਏ। ‘ਚੱਲ ਓਏ ਕਾਲਿਆ, ਚੱਲ ਓਏ ਬੱਗਿਆ। ਬੱਲੇ ਬਈ ਸ਼ੇਰੋ। ਨਹੀਂ ਰੀਸਾਂ। ਰੇਲ-ਗੱਡੀ ਨੇ ਮੇਰੇ ਦੂਲੇ । ਮੋਹ-ਭਿੱਜੇ ਬੋਲ ਉਚਾਰਦਾ ਮੱਲਣ ਓਰੇ ਕੱਢਣ ਲੱਗਿਆ।
ਉਹਨੇ ਦਸ ਕੁ ਓਰੇ ਹੀ ਲਿਆਂਦੇ ਹੋਣਗੇ ਕਿ ਘੰਡਾਬੰਨੇ ਦਾ ਗਊਆਂ ਦਾ ਵੱਗ ਧੂੜ ਉਡਾਉਂਦਾ ਪਿੰਡ ਨੂੰ ਮੁੜਿਆ ਜਾਂਦਾ ਉਹਨੂੰ ਦਿੱਸਿਆ । ਪੰਜਾਹ-ਸੱਠ ਗਊਆਂ-ਵੱਛੀਆਂ ਤੇ ਇਕ ਢੱਠਾ ਗਊਆਂ ਨਾਲੋਂ ਗਿੱਠ ਉੱਚਾ ਕੱਦ, ਵੰਨ ਉੱਭਰਵੀਂ, ਰੰਗ ਕਾਲਾ । ਇਕ ਗੋਰੀ ਵਹਿੜ ਦੇ ਮਗਰ ਮਗਰ ਤੁਰਿਆ ਜਾ ਰਿਹਾ ਸੀ । ਹੁੱਕਾ ਪੀਂਦਾ ਇਕ ਬੰਦਾ ਵੱਗ ਦੇ ਮੂਹਰੇ ਮੂਹਰੇ ਤੇ ਇਕ ਜਣਾ ਮਗਰ ਮਗਰ ਹੋ-ਹੋ ਕਰਦੇ ਜਾ ਰਹੇ ਸਨ । ਵੱਗ ਨੂੰ ਦੇਖ ਕੇ ਮੱਲਣ ਦੇ ਬਲਦਾਂ ਨੇ ਕੰਨ ਚੁੱਕੇ ਤੇ ਹੌਲ਼ੀ ਹੌਲ਼ੀ ਚੱਲਣ ਲੱਗੇ। ਮੱਲਣ ਨੇ ਦੋਵਾਂ ਦੇ ਇਕ ਇਕ ਪੁਰਾਣੀ ਮਾਰੀ ਤਾਂ ਉਹ ਪਹਿਲਾਂ ਵਾਂਗ ਹੀ ਤੱਤੇ ਹੋ ਕੇ ਤੇਜ਼ ਚੱਲ ਪਏ। ਚਾਲ
ਹੁਣ ਤਾਂ ਇਕ ਰਾਹਲ ਹੀ ਬਾਕੀ ਸੀ। ਮੱਲਣ ਨੇ ਗੋਕਿਆਂ ਦੀਆਂ ਪੂਛਾਂ ਮਰੋੜੀਆਂ। ਦਿਨ ਖਾਸਾ ਢਲ ਚੱਲਿਆ ਸੀ। ਰਾਹਲ ਪੂਰੀ ਕਰਕੇ ਉਹਨੇ ਹਲ ਦਾ ਨਾੜ ਖੋਲ੍ਹਿਆ। ਉਲਟਾ ਕਰਕੇ ਹਲ ਨੂੰ ਪੰਜਾਲੀ ਨਾਲ ਬੰਨ੍ਹਿਆ। ਭਾਂਡਾ-ਟੀਂਡਾ ਸਾਂਭ ਕੇ ਲੀੜਾ-ਕੱਪੜਾ ਚੁੱਕ ਲਿਆ । ਜੋ ਤੂੰਬੀ ਵਿਚ ਰੱਖਣਾ ਸੀ, ਰੱਖ ਦਿੱਤਾ। ਤੇ ਫੇਰ ਬਲਦਾਂ ਨੂੰ ਪਹੇ ਪਾ ਲਿਆ। ਪਿੰਡ ਨੂੰ ਮੁੜ ਰਿਹਾ ਮੱਲਣ ਕੁਝ ਵੀ ਨਹੀਂ ਸੋਚ ਰਿਹਾ ਸੀ । ਹੁਣ ਤਾਂ ਉਹਦੇ ਦਿਮਾਗ ਵਿਚ ਇਕੋ ਗੱਲ ਸੀ ਕਿ ਉਹ ਦਿਨ ਖੜ੍ਹੇ-ਖੜ੍ਹੇ ਜਾ ਕੇ ਕੇਸੀਂ ਨਾ ਲਵੇ ।
2
ਘਰ ਪਹੁੰਚ ਕੇ ਮੱਲਣ ਨੇ ਪੰਜਾਲੀ ਨਾਲੋਂ ਹਲ ਖੋਲ੍ਹਿਆ ਤੇ ਉਹਨੂੰ ਕੰਧ ਨਾਲ ਖੜ੍ਹਾ ਕਰ ਦਿੱਤਾ। ਬਲਦਾਂ ਦੇ ਗਲਾਂ ਵਿਚੋਂ ਪੰਜਾਲੀ ਲਾਹੀ ਤਾਂ ਉਹ ਸ਼ੂਟ ਵੱਟ ਕੇ ਖੁਰਲੀਆਂ ਉੱਤੇ ਜਾ ਖੜ੍ਹੇ । ਖੁਰਲੀਆਂ ਵਿਚ ਪਈ ਸੁੱਕੀ ਤੂੜੀ ਨੂੰ ਮੂੰਹ ਮਾਰਨ ਲੱਗੇ। ਕਿੱਲਿਆਂ ਨਾਲ ਬਲਦਾਂ ਦੇ ਰੱਸੇ ਬੰਨ੍ਹਦਿਆਂ ਮੱਲਣ ਨੇ ਮੀਤੋ ਨੂੰ ਹਾਕ ਮਾਰੀ ਤੇ ਕਿਹਾ ਕਿ ਉਹ ਚੁੱਲ੍ਹੇ ਪਾਣੀ ਤੱਤਾ ਧਰ ਦੇਵੇ । ਅੱਗ ਦਾ ਝੋਕਾ ਸੰਵਾਰ ਕੇ ਲਾਵੇ। ਉਹਨੇ ਸਿਰ ਨੌਣਾ ਹੈ। ਰਿੜਕਣੇ ਵਿਚ ਬਚੀ ਪਈ ਖੱਟੀ ਲੱਸੀ ਵੀ ਦੇਖੇ । ਨਹੀਂ ਤਾਂ ਇਕ ਛੰਨਾ ਗਵਾਂਢੀਆਂ ਦੇ ਘਰੋਂ ਮੰਗ ਲਿਆਵੇ ।
ਟੋਕਣੀ ਭਰ ਕੇ ਕੁੜੀ ਨੇ ਚੁੱਲ੍ਹੇ ਉੱਤੇ ਰੱਖੀ ਤੇ ਅੱਗ ਮਚਾਉਣ ਲੱਗੀ । ਮੱਲਣ ਨੇ ਬਲਦਾਂ ਦੀ ਖੁਰਲੀ ਸਾਫ਼ ਕੀਤੀ ਤੇ ਫੇਰ ਉਹਨਾਂ ਮੂਹਰੇ ਨਵੇਂ ਕੱਖ ਲਿਆ ਕੇ ਪਾ ਦਿੱਤੇ। ਸਣੇ ਹਲ-ਪੰਜਾਲੀ ਪਾਣੀ ਉਹ ਟੋਭੇ ਤੋਂ ਹੀ ਪੀ ਆਏ ਸਨ।
ਝਲਾਨੀ ਵਿਚੋਂ ਧੂੰਆਂ ਨਿੱਕਲ ਕੇ ਅਸਮਾਨ ਨੂੰ ਚੜ੍ਹਨ ਲੱਗਿਆ। ਮੱਲਣ ਵਿਹੜੇ ਵਿਚ ਪੀੜ੍ਹੀ ਉੱਤੇ ਬੈਠ ਗਿਆ ਤੇ ਕੁੜੀ ਨੂੰ ਪੁੱਛਿਆ, ‘ਮੀਤੋ, ਤੇਰੀ ਮਾਂ ਕਿੱਥੇ ਐ?
‘ਉਹ ਤਾਂ ਬਾਪੂ ਗਿੱਲਾਂ ਦੇ ਗਈ ਐ। ਕੋਈ ਆਇਆ ਵਿਆ ਐ ਉਹਨਾਂ ਦੇ । ਬੁਲਾਇਆ ਸੀ ਮਾਂ ਨੂੰ ।’ ਕੁੜੀ ਨੇ ਸਾਧਾਰਨ ਜਿਹਾ ਜਵਾਬ ਦਿੱਤਾ।
ਪਰ ਮੱਲਣ ਦਾ ਦਿਲ ਧੜਕਿਆ, ‘ਕਿਤੇ ਪਰੌਣਾ ਨਾ ਹੋਵੇ ਉਹਨਾਂ ਦਾ ?
ਗਿੱਲਾਂ ਦੀ ਕੁੜੀ ਮਰਾਝ ਵਿਆਹੀ ਹੋਈ ਸੀ। ਪੁੱਤਾਂ-ਧੀਆਂ ਵਾਲੀ ਸੀ । ਪ੍ਰਾਹੁਣਾ ਆਮ ਹੀ ਕੋਠੇ ਆਉਂਦਾ-ਜਾਂਦਾ। ਸਿਆਣਾ ਤੇ ਮੰਨਿਆ-ਦੰਨਿਆ ਬੰਦਾ ਸੀ। ਉਹਦਾ ਵੱਡਾ ਭਾਈ ਧੂਰਕੋਟ ਵਿਆਹਿਆ ਹੋਇਆ ਸੀ। ਵੱਡੇ ਭਾਈ ਦੇ ਸਾਲੇ ਦੇ ਮੁੰਡੇ ਨੂੰ ਉਹ ਮੱਲਣ ਦੀ ਵਿਚਕਾਰਲੀ ਕੁੜੀ ਮੀਤੋ ਦਾ ਸਾਕ ਲੈ ਗਿਆ ਸੀ। ਧੂਰਕੋਟ ਵਾਲਾ ਜੱਟ ਤਕੜਾ ਡਾਂਡੇ-ਖਾਂਡੇ ਵਾਲਾ ਕਿਰਸਾਣ ਸੀ। ਵੱਡੀ ਕੁੜੀ ਲੱਖੋ, ਜਿਹੜੀ ਭੈਣੀ ਬਾਘੇ ਵਿਆਹੀ ਹੋਈ ਸੀ, ਦੇ ਵਿਆਹ ਵੇਲੇ ਗਿੱਲਾਂ ਦਾ ਮਰਾਝ ਵਾਲਾ ਪ੍ਰਾਹੁਣਾ ਇਥੇ ਹੀ ਸੀ। ਉਹਨੇ ਲੱਖੋ ਦੀ ਖੱਟ ਦੇਖੀ ਸੀ। ਕਿੰਨਾਂ ਦੇਣ ਦਿੱਤਾ ਸੀ, ਮੱਲਣ ਨੇ। ਮਰਾਝੀਆ ਤਾਂ ਦੰਗ ਰਹਿ ਗਿਆ। ਲੱਖੋ ਦੀ ਖੱਟ ਉੱਤੇ ਮੱਲਣ ਨੇ ਫੜ੍ਹ ਮਾਰੀ ਸੀ, ‘ਤਿੰਨ ਨੇ, ਤਿੰਨਾਂ ਨੂੰ ਐਨਾ ਈ ਦੇਊਂ । ਛੱਪਰੀ ਦਾ ਭਾਮੇਂ ਕੱਖ ਨਾ ਰਹੇ।
ਵੱਡੇ ਭਾਈ ਦੇ ਸਾਲੇ ਨਾਲ ਉਹਦੀ ਚੰਗੀ ਸੱਥਰੀ ਪੈਂਦੀ ਸੀ। ਉਹਦੇ ਮਨ ਵਿਚ ਓਸੇ ਦਿਨ ਤਾਰ ਵੱਜੀ ਸੀ, ਕਿਉਂ ਨਾ ਵਿਚਕਾਰਲੀ ਮੀਤੋ ਦਾ ਸਾਕ ਉਹ ਧੂਰਕੋਟੀਆਂ ਦੇ ਲੈ ਜਾਵੇ ।
ਗਿੱਲਾਂ ਨਾਲ ਰਸਾਲਦਾਰ ਕਿਆਂ ਦੇ ਟੱਬਰ ਦਾ ਪੂਰਾ ਮੋਹ ਸੀ। ਖੇਤੀ-ਪੱਤੀ ਵਿਚ ਇਕ- ਦੂਜੇ ਨਾਲ ਵਿੜ੍ਹੀ ਉੱਤੇ ਜਾਂਦੇ, ਦੁੱਖ-ਸੁੱਖ ਵੰਡਾਉਂਦੇ ਤੇ ਓਧਰੋ-ਓਧਰੀ ਪੱਖ ਪੂਰਦੇ ਸਨ। ਮਰਾਝ ਵਾਲੇ ਪ੍ਰਾਹੁਣੇ ਨੇ ਮੀਤੋ ਦਾ ਸਾਕ ਮੰਗਿਆ ਸੀ ਤਾਂ ਮੱਲਣ ਨੇ ਹੁੱਬ ਕੇ ਆਖਿਆ ਸੀ, ‘ਐਦੂੰ ਹੋਰ ਕੀ ਚਾਹੀਦੈ ਸਰਦਾਰ ਜੀ, ਸਿੱਧੂਆਂ ਦੇ ਸਾਕਾਂ ਨਾਲ ਸਾਡਾ ਸਾਕ ਜੁੜਦੈ । ਵੀਹ ਸਾਲ ਹੋ ਗੇ ਤੈਨੂੰ ਔਂਦੇ-ਜਾਂਦੇ ਨੂੰ । ਤੂੰ ਸਾਡਾ ਘਰ-ਬਾਰ ਤਾਂ ਦੇਖਿਆ ਈ ਹੋਇਐ। ਉਹਨਾਂ ਦਾ ਸਾਨੂੰ ਪਤਾ ਨੀ । ਤੇਰਾ ਚਿੱਤ ਜੇ ਆਇਓਂ ਈ ਰਾਜੀ ਐ, ਤੈਨੂੰ ਠੀਕ ਲਗਦੈ ਤਾਂ ਰੁਪਈਆ ਚਾਹੇ ਅੱਜ ਫੜ ਲੈ। ਅਸੀਂ ਤਾਂ ਨਾ ਮੁੰਡਾ ਦੇਖਣੈ ਤੇ ਨਾ ਮੁੰਡੇ ਦੇ ਪਿਓ ਦਾ ਘਰ-ਬਾਰ । ਤੂੰ ਜਾਣ, ਤੂੰ ਜਾਣ। ਹਾਰ ਪੈਣਗੇ ਤਾਂ ਤੇਰੇ, ਜੁੱਤੀਆਂ ਪੈਣਗੀਆਂ ਤਾਂ ਤੇਰੇ ।’
ਤੇ ਫੇਰ ਇਕ ਦਿਨ ਮੱਲਣ ਤੇ ਮਰਾਝ ਵਾਲਾ ਗਿੱਲਾਂ ਦਾ ਪਹਾਹੁਣਾ ਗੁਰਦੇਵ ਸਿੰਘ ਧੂਰਕੋਟ ਗਏ ਸਨ। ਜੱਟ ਦਾ ਹਵੇਲੀ ਜਿੱਡਾ ਘਰ । ਲੰਮਾ-ਚੌੜਾ ਦਰਵਾਜ਼ਾ । ਮੋਟੇ-ਮੋਟੇ ਸਰੀਏ ਪਾ ਕੇ ਤਿੰਨ ਡਾਟਾਂ ਉੱਤੇ ਟੈਲਾਂ-ਬਾਲਿਆਂ ਦੀ ਛੱਤ । ਦਰਵਾਜ਼ੇ ਦਾ ਕਿਲੇਨੁਮਾ ਮਹਿਰਾਬੀ ਬਾਰ। ਚੌੜਾ ਵਿਹੜਾ ਤੇ ਮਗਰ ਲੰਮਾ ਵਰਾਂਢਾ ਪਾ ਕੇ ਚਾਰ ਸਬਾਤਾਂ। ਵਿਹੜੇ ਵਿਚ ਇਕ ਪਾਸੇ ਲੰਮੀ ਇੱਟਾਂ- ਸੀਮਿੰਟ ਦੀ ਪੱਕੀ ਖੁਰਲੀ। ਚਾਰ ਬਲਦ, ਇਕ ਉੱਠ ਤੇ ਦੋ ਪ੍ਰੈੱਸਾਂ । ਉਹ ਤਿੰਨ ਭਾਈ ਸਨ । ਬੁੜ੍ਹਾ-ਬੁੜ੍ਹੀ ਵੀ ਜਿਉਂਦੇ ਸਨ। ਇਕੱਠਾ ਟੱਬਰ । ਜ਼ਮੀਨ-ਜਾਇਦਾਦ ਦਾ ਕੋਈ ਅੰਤ ਨਾ । ਮੱਲਣ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਮੁੰਡਾ ਕਬੂਤਰ ਵਰਗਾ। ਮੀਤੋ ਨਾਲ ਉਹਦਾ ਪੂਰਾ ਮੇਲ ਸੀ। ਜੋੜੀ ਤਾਂ ਬਣ ਬਣ ਉੱਠੂ, ਮੱਲਣ ਨੇ ਟਿਕਟਿਕੀ ਲਾ ਕੇ ਮੁੰਡੇ ਦੀ ਸ਼ਕਲ ਦੇਖੀ। ਓਥੇ ਹੀ ਹਾਂ ਕਰ ਦਿੱਤੀ । ਰਾਤ ਨੂੰ ਉਹ ਧੂਰਕੋਟ ਹੀ ਰਹੇ। ਸਾਰੇ ਟੱਬਰ ਦੀਆਂ ਗੱਲਾਂ ਸੁਣੀਆਂ, ਗੱਲਾਂ ਕੀਤੀਆਂ। ਗੁਰਦੇਵ ਸਿੰਘ ਦੇ ਮੂੰਹੋਂ ਮੱਲਣ ਦਾ ਦੇਣ-ਲੈਣ ਸੁਣ ਕੇ ਉਹ ਮੰਨ ਗਏ । ਸਾਲੇ ਨੂੰ ਭਣੋਈਏ ਦੇ ਭਰਾ ਉੱਤੇ ਪੂਰੀ ਮਾਤਬਰੀ ਸੀ। ਦਸ ਦਿਨਾਂ ਦੇ ਅੰਦਰ-ਅੰਦਰ ਹੀ ਮੱਲਣ ਨਿੱਕ-ਸੁੱਕ ਲਿਆ ਕੇ ਧੂਰਕੋਟ ਮੀਤੋ ਦਾ ਮੰਗਣਾ ਕਰ ਗਿਆ।
ਧੂਰਕੋਟ ਕੁੜੀ ਮੰਗ ਕੇ ਮੱਲਣ ਬਾਹਰੋਂ ਤਾਂ ਬਹੁਤ ਖੁਸ਼ ਸੀ। ਸ਼ਰੀਕੇ-ਕਬੀਲੇ ਵਿਚ ਹੁੱਬ-ਹੁੱਬ ਗੱਲਾਂ ਕਰਦਾ । ਪਰ ਅੰਦਰੋਂ ਉਹਦੀ ਜਾਨ ਕੜਿੱਕੀ ਵਿਚ ਆ ਗਈ ਲਗਦੀ ਸੀ । ਲੱਖੋ ਵੇਲੇ ਤਾਂ ਘਰ ਵਿਚ ਵੀ ਕੁਝ ਗਿੱਲ ਸੀ। ਓਦੋਂ ਤਾਂ ਰੁਪਈਆ ਦਿਲ ਖੋਲ੍ਹ ਕੇ ਵਿਆਜੂ ਚੁੱਕ ਲਿਆ ਸੀ। ਬੱਲੇ-ਬੱਲੇ ਤਾਂ ਹੋ ਗਈ ਸੀ। ਪਰ ਉਹੀ ਜਾਣਦਾ ਸੀ ਕਿ ਤਿੰਨ ਸਾਲ ਕਿਵੇਂ ਔਖਾ ਰਿਹਾ । ਮਸਾਂ ਕਿਤੇ ਜਾ ਕੇ ਵਿਆਜੂ ਪੈਸੇ ਦਾ ਜੂੜ ਵੱਢਿਆ ਸੀ। ਅਜੇ ਵੀ ਦੋ ਹਜ਼ਾਰ ਮੁਕੰਦੀ ਮੱਲ ਦਾ ਬਾਕੀ ਸੀ। ਇਹ ਦੋ ਹਜ਼ਾਰ ਤਾਂ ਉਹਨੇ ਕਣਕ ਕੱਢ ਕੇ ਹੀ ਲਾਹ ਦੇਣਾ ਸੀ । ਪਰ ਅੱਜ ਕੁੜੀ ਮੂੰਹੋਂ ਉਹਦੀ ਮਾਂ ਦਾ ਗਿੱਲਾਂ ਦੇ ਘਰ ਜਾਣਾ ਸੁਣ ਕੇ ਉਹ ਡਰ ਜਿਹਾ ਗਿਆ, ‘ਪਰੌਣਾ ਕਿਤੇ ਵਿਆਹ ਲੈਣ ਨਾ ਆ ਗਿਆ ਹੋਵੇ!’
ਉਹੀ ਗੱਲ ਹੋਈ। ਉਹ ਕੇਸੀਂ ਨ੍ਹਾ ਕੇ ਮੋਢਿਆਂ ਉੱਤੇ ਵਾਲ ਖਲਿਆਰਦਾ ਦਰਵਾਜ਼ੇ ਮੂਹਰੇ ਆ ਖੜ੍ਹਾ । ਓਧਰੋਂ ਮੀਤੋ ਦੀ ਮਾਂ ਵੀ ਗਲੀ ਦੇ ਮੋੜ ਉੱਤੇ ਆਉਂਦੀ ਉਹਨੂੰ ਦਿਸੀ। ਸਿਰ ਨੀਵਾਂ ਕਰਕੇ ਉਹਨੇ ਵਾਲਾਂ ਨੂੰ ਫੇਰ ਪਰਛੰਡਾ ਜਿਹਾ ਮਾਰਿਆ। ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਫੁਹਾਰਾਂ ਬਣ ਕੇ ਧਰਤੀ ਉੱਤੇ ਝੜ ਗਈਆਂ। ਉਹਨੇ ਝਟਕਾ ਮਾਰ ਕੇ ਪਿੱਠ ਪਿੱਛੇ ਵਾਲ ਸੁੱਟੇ ਤਾਂ ਉਹ ਨੇੜੇ ਆ ਗਈ ਸੀ। ਕਹਿੰਦੀ, ‘ਆਹ ਵੇਲਾ ਐ ਕੋਈ ਸਿਰ ਨੌਣ ਦਾ ? ਨੌਣਾ ਈ ਸੀ ਤਾਂ ਸਦੇਹਾਂ ਘਰ . ਵੜਦਾ । ਹੁਣ ਸਿਰ ਸੁੱਕੂ ਕਦੋਂ ?’
‘ਸਿਰ ਤਾਂ ਸੁਕਦਾ ਫਿਰੂ, ਤੂੰ ਗਿੱਲਾਂ ਦੇ ਗਈ ਸੀ ?’
‘ਹਾਂ, ਓਥੋਂ ਈ ਆਈ ਆਂ । ਗੁਰਦੇਵ ਸੂੰ ਆਇਆ ਵਿਆ ਐ।’
‘ਕੀ ਬੋਲਦੈ ?’
‘ਧੂਰਕੋਟ ਆਲਿਆਂ ਦਾ ਸਨੇਹਾ ਲਿਆਇਐ। ਸੁਣ ਲੀਂ । ਰੋਟੀ ਖਾ ਕੇ ਆਊ ਤੇਰੇ ਕੋਲ ਆਪ ਹੀ ਉਹ।’
‘ਨਾ, ਕਹਿੰਦਾ ਕੀ ਐ? ਵਿਆਹ ਮੰਗਦੇ ਹੋਣਗੇ ਧੂਰਕੋਟੀਏ ?’ ਧੜਕਦੇ ਦਿਲ ਨਾਲ ਉਹ ਪਤਨੀ ਦੇ ਮਗਰ ਹੋ ਲਿਆ।
‘ਵਿਆਹ ਬੱਸ, ਹੋਰ ਕੀ!’ ਚੰਦਕੁਰ ਨੇ ਸਾਧਾਰਨ ਹੀ ਕਿਹਾ ਤੇ ਚੁੱਲ੍ਹੇ ਮੂਹਰੇ ਆਟਾ ਗੁੰਨ੍ਹ ਰਹੀ ਮੀਤੋ ਵਲ ਝਾਕ ਕੇ ਮੁਸਕਰਾਈ।
ਕੁੜੀ ਸ਼ਰਮਾ ਗਈ ਸੀ। ਦੰਦਾਂ ਹੇਠ ਬੁੱਲ੍ਹ ਦੱਬ ਕੇ ਆਟੇ ਨੂੰ ਮੁੱਕੀ ਦੇਣ ਲੱਗੀ।
ਮੱਲਣ ਜਿਵੇਂ ਪੰਘਰ ਕੇ ਰਹਿ ਗਿਆ ਹੋਵੇ। ਉਹ ਥਾਂ ਦੀ ਥਾਂ ਪੀੜ੍ਹੀ ਉੱਤੇ ਬੈਠ ਗਿਆ। ਚੰਦਕੁਰ ਨੂੰ ਕਹਿੰਦਾ, ‘ਇਹ ਕੋਈ ਰੁੱਤ ਐ ਵਿਆਹ ਦੀ। ਹੱਥ ਨਾ ਪੱਲੇ, ਬਜ਼ਾਰ ਖੜ੍ਹੀ ਹੱਲੇ। ਨਾ ਓਧਰ, ਨਾ ਓਧਰ ।’
‘ਜਿਮੇਂ ਲੱਖੋ ਵੇਲੇ ਕੀਤਾ, ਓਮੇਂ ਜਿਮੇਂ ਹੁਣ ਕਰਾਂਗੇ। ਸ਼ੁਕਰ ਐ ਮੈਂ ਤਾਂ ਕਹਿਨੀ ਆਂ, ਕੁੜੀ ਬਾਰੋਂ ਉੱਠੇ । ਇਹ ਜਾਵੇ ਤਾਂ ਤੀਜੀ ਦਾ ਕੁਸ ਕਰੀਏ । ਜ਼ਮਾਨਾ ਕਿਹੜੈ ਉੱਤੋਂ ? ਧੀ ਤਾਂ ਆਵਦੇ ਘਰ ਈ ਚੰਗੀ।’ ਚੰਦਕੁਰ ਖੁਸ਼ ਸੀ।
ਜੀਤੋ ਨੇ ਵਾੜੇ ਵਿਚੋਂ ਲੱਕੜਾਂ ਦੀ ਭਰੀ ਲਿਆ ਕੇ ਸੁੱਟੀ। ਬਲਕਾਰ ਨੇ ਪੁਰਾਣੀ ਵਾੜ ਦੀਆਂ ਮੋੜ੍ਹੀਆਂ ਵਿਚੋਂ ਹੱਥ-ਹੱਥ, ਡੇਢ-ਡੇਢ ਹੱਥ ਦੇ ਡੰਡੇ ਜਿਹੇ ਵੱਢ ਕੇ ਉਹਨੂੰ ਦਿੱਤੇ ਸਨ। ਬਾਅਦ ਵਿਚ ਕੰਡਿਆਂ ਵਾਲੀਆਂ ਡਾਹਣੀਆਂ ਉਹਨੇ ਇਕ ਮੋਟੇ ਸੋਟੇ ਨਾਲ ਕੁੱਟੀਆਂ ਸਨ। ਉਹਨਾਂ ਦਾ ਮਲੀਦਾ ਜਿਹਾ ਬਣਾ ਕੇ ਦੋੜੇ ਵਿਚ ਪੰਡ ਬੰਨ੍ਹੀ ਸੀ ਤੇ ਘਰ ਨੂੰ ਚੁੱਕ ਲਿਆਇਆ ਸੀ। ਕਹਿੰਦਾ, ‘ਇਕ ਰੁੱਗ ਚੁੱਲ੍ਹੇ ‘ਚ ਸਿੱਟੇ, ਭਾਂਬੜ ਨਿੱਕਲੂ। ਡੱਬੀ ਦੀਆਂ ਸੀਖਾਂ ਅਰਗਾ ਮਸਾਲਾ ਹੁੰਦੈ ਇਹਨਾਂ ‘ਚ।’
ਹਾਰੇ ਵਿਚੋਂ ਤਪਲਾ ਕੱਢ ਕੇ ਜੀਤੋ ਦਾਲ ਘੋਟਣ ਲੱਗੀ । ਚੰਦਕੁਰ ਨੇ ਰਿੜਕਣੇ ਵਿਚ ਤੌੜੀ ਦਾ ਦੁੱਧ ਵਧਾ ਲਿਆ। ਮੀਤੋ ਰੋਟੀਆਂ ਲਾਹ ਰਹੀ ਸੀ।
ਬਲਕਾਰ ਜੀਤੋ ਨੂੰ ਕਹਿੰਦਾ, ‘ਕੀ ਹੋਇਐ ਨੀ ਤੈਨੂੰ ਦੰਦ ਕੱਢੀ ਜਾਨੀਂ ਐਂ ?’
”ਮੈਨੂੰ ਨੀ !’ ਉਹ ਖੁੱਲ੍ਹ ਕੇ ਹੱਸੀ।
‘ਹੋਰ ਕੀਹਨੂੰ ?’ ਬਲਕਾਰ ਦੋਵਾਂ ਵਲ ਗਹੁ ਨਾਲ ਦੇਖਣ ਲੱਗਿਆ।
‘ਆਹ ਭੈਣ ਜੀ ਨੂੰ ਪੁੱਛ ਲੈ। ਇਹਦਾ ਵਚੋਲਾ ਆਇਆ ਵਿਆ ਐ। ਫੁੱਫੜ ਮਰਾਝ ਆਲਾ ।’ ਜੀਤੋ ਨੇ ਗੋਡਿਆਂ ਵਿਚ ਮੂੰਹ ਦੇ ਲਿਆ।
ਪੇੜਾ ਕਰਦੀ ਮੀਤੋ ਜੀਤੋ ਵਲ ਅਹੁਲੀ ਤੇ ਇਕ ਕਸਵੀਂ ਮੁੱਕੀ ਉਹਦੀ ਪਿੱਠ ਉੱਤੇ ਧਰ ਦਿੱਤੀ, ‘ਹਰਾਂਬੜ, ਬੋਲਣੋਂ ਨੀ ਹਟਦੀ।’
‘ਹੂੰ, ਇਹ ਗੱਲ ਐ।’ ਬਲਕਾਰ ਨੇ ਆਖਿਆ ਤੇ ਪਲ ਛਿਣ ਦੀ ਮੁਸਕਾਣ ਬੁੱਲ੍ਹਾਂ ਉੱਤੇ ਲਿਆ ਕੇ ਬਾਪੂ ਕੋਲ ਜਾ ਖੜ੍ਹਾ । ਨਵਾਂ ਝੱਗਾ ਸਮਾਉਣ ਲਈ ਅਰਜੋਈਆਂ ਜਿਹੀਆਂ ਕਰਨ ਲੱਗਿਆ।
ਮੱਲਣ ਪੀੜ੍ਹੀ ਤੋਂ ਉੱਠਿਆ ਤੇ ਇਕ ਲੱਪੜ ਮੁੰਡੇ ਦੇ ਕੰਨ ਉੱਤੇ ਜੜ ਦਿੱਤਾ। ਕਹਿੰਦਾ, ‘ਸਾਲਾ ਝੱਗੇ ਦਾ, ਦੇਮਾਂ ਤੋਸ਼ਕਾਂ ? ਐਧਰ ਅੱਡ ਜਾਨ ਨੂੰ ਬਣੀ ਪਈ ਐ, ਇਹ ਭਾਲਦੇ ਝੱਗੇ ਹੁਣ ।’
ਮੁੰਡਾ ਕੰਨ ਵਲ੍ਹੇਟ ਕੇ ਬਾਹਰ ਨੂੰ ਤੁਰ ਗਿਆ ਤੇ ਬੀਹੀ ਦੇ ਜਵਾਕਾਂ ਵਿਚ ਖੇਡਣ ਤੇ ਨੱਚਣ-ਟੱਪਣ ਲੱਗ ਪਿਆ।
ਚੰਦਕੁਰ ਜੀਤੋ ਨੂੰ ਕਹਿੰਦੀ, ‘ਕੁੜੇ, ਪਹਿਲਾਂ ਬਾਬੇ ਨੂੰ ਰੋਟੀ ਦੇ ਆ, ਲਹਿੰਦੀ ਲਹਿੰਦੀ। ਠੰਡੀ ਰੋਟੀ ਕਹਿੰਦਾ ਚੱਬੀ ਨੀ ਜਾਂਦੀ। ਰੋਟੀ ਚੋਪੜੀਂ ਨਾ ਬਾਬੇ ਦੀ। ਬਾਟੀ ‘ਚ ਇਕ ਕੜਛੀ ਦਾਲ ਦੀ ਪਾ ਕੇ ਦੋ ਰੋਟੀਆਂ ਦੇ ਆ। ਪਾਣੀ ਦਾ ਡੋਲਣਾ ਵੀ ਰੱਖ ਦੀਂ।’
ਰਸਾਲਦਾਰ ਬਹੁਤ ਬੁੱਢਾ ਹੋ ਚੁੱਕਿਆ ਸੀ। ਪਰ ਦੰਦ ਅਜੇ ਕਾਇਮ ਸਨ। ਨਜ਼ਰ ਵੀ ਹੈਗੀ ਸੀ। ਵੱਡਾ ਨੁਕਸ ਗੋਡਿਆਂ ਦਾ ਸੀ। ਗੋਡੇ ਤਾਂ ਲਗਭਗ ਖੜ੍ਹ ਹੀ ਗਏ ਸਨ। ਵਿੰਗੇ ਹੋ ਕੇ ਬਾਹਰ ਨੂੰ ਨਿੱਕਲ ਆਏ ਸਨ । ਸੋਟੀ ਫੜ ਕੇ ਰਸਾਲਦਾਰ ਮਸਾਂ ਹੀ ਵਿਹੜੇ ਵਿਚ ਫਿਰ-ਤੁਰ ਸਕਦਾ। ਉਹਦੇ ਕੋਲੋਂ ਹੁਣ ਬਾਹਰ ਨਿਆਈਂ ਵਿਚ ਪਹਿਲਾਂ ਵਾਂਗ ਜੰਗਲ-ਪਾਣੀ ਨਹੀਂ ਜਾਇਆ ਜਾਂਦਾ ਸੀ। ਘਰ ਵਿਚ ਹੀ ਵਿਹੜੇ ਦੇ ਇਕ ਪਾਸੇ ਮੱਲਣ ਨੇ ਉਹਦੇ ਲਈ ਇਕ ਓਟਾ ਜਿਹਾ ਬਣਾ ਦਿੱਤਾ ਸੀ। ਓਥੇ ਹੀ ਰਸਾਲਦਾਰ ਜੰਗਲ-ਪਾਣੀ ਬੈਠਦਾ । ਚੰਦਕੁਰ ਜਾਂ ਕੋਈ ਕੁੜੀ ਕਹੀ ਉੱਤੇ ਬੁੜ੍ਹੇ ਦਾ ਗੰਦਾ ਪਾਉਂਦੀ ਤੇ ਬਾਰ ਮੂਹਰੇ ਲੱਗੀ ਰੂੜ੍ਹੀ ਉੱਤੇ ਸੁੱਟ ਦਿੰਦੀ। ਸਾਰਾ ਸਾਰਾ ਦਿਨ ਰਸਾਲਦਾਰ ਕਰਮ ਸਿੰਘ ਬੈਠਕ ਵਿਚ ਪਿਆ ਰਹਿੰਦਾ। ਆਏ-ਗਏ ਨਾਲ ਬੈਠਾ ਹੋ ਕੇ ਗੱਲਾਂ ਕਰਦਾ। ਅੰਗਰੇਜ਼ਾਂ ਦੀਆਂ ਗੱਲਾਂ ਸੁਣਾਉਂਦਾ। ਲੜਾਈ ਦੀ ਹਿਸਟਰੀ ਤੋਰ ਲੈਂਦਾ । ਫੌਜ ਦੀਆਂ ਗੱਲਾਂ ਵਿਚ ਪਾਣੀ ਬਹੁਤ ਪਾਉਂਦਾ । ਸੁਣਨ ਵਾਲੇ ਨੂੰ ਆਪਣੇ-ਆਪ ਨਾਲ ਹੀ ਅਕੇਵਾਂ ਹੋਣ ਲਗਦਾ। ਰਸਾਲਦਾਰ ਨੂੰ ਯਾਦ ਨਹੀਂ ਰਹਿੰਦਾ ਸੀ। ਇਕੋ ਆਦਮੀ ਨੂੰ ਇਕੋ ਗੱਲ ਉਹਨੇ ਕਈ ਵਾਰ ਸੁਣਾਈ ਸੀ। ਮਿਲਖਾ ਸਿੰਘ ਉਹਦੇ ਕੋਲ ਬੈਠਕ ਵਿਚ ਅਕਸਰ ਹੀ ਆ ਕੇ ਬੈਠਦਾ । ਫੌਜੀ ਪੈਨਸ਼ੀਆ ਮਿਲਖਾ ਸਿੰਘ ਆਪਣੀਆਂ ਸੁਣਾਉਣ ਲੱਗਦਾ ਤਾਂ ਰਸਾਲਦਾਰ ਓਨਾਂ ਹੀ ਹੁੰਗਾਰਾ ਭਰਦਾ। ਪਰ ਮਿਲਖਾ ਸਿੰਘ ਛੇਤੀ ਹੀ ਥੱਕ ਜਾਂਦਾ । ਉਹਨੂੰ ਉੱਚਾ ਬੋਲਣਾ ਪੈਂਦਾ ਸੀ। ਰਸਾਲਦਾਰ ਦੇ ਕੰਨ ਵੀ ਜਵਾਬ ਦੇ ਗਏ ਸਨ। ਉਹਦੇ ਕੰਨ ਕੋਲ ਮੂੰਹ ਕਰਕੇ ਬੋਲਣਾ ਪੈਂਦਾ।
ਬੈਠਕ ਵਿਚ ਟੀਨ ਦੇ ਛੋਟੇ ਲੰਪ ਦਾ ਚਾਨਣ ਸੀ। ਮੱਲਣ ਬੈਠਕ ਵਿਚ ਗਿਆ ਤਾਂ ਬੁੜ੍ਹਾ ਆਖਰੀ ਬੁਰਕੀ ਬਾਟੀ ਨਾਲ ਪੂੰਝ ਕੇ ਮੂੰਹ ਵਿਚ ਪਾ ਰਿਹਾ ਸੀ। ਮੱਲਣ ਨੇ ਪੁੱਛਿਆ, ‘ਬਾਪੂ ਜੀ ਹੋਰ हलवा ?’
ਰਸਾਲਦਾਰ ਖੰਘਿਆ ਤੇ ਕਹਿੰਦਾ, ‘ਬੱਸ ਭਾਈ, ਹੋਰ ਨੀ ਲੋੜ।’
‘ਭੁੱਖ ਘੱਟ ਗੀ ਲਗਦੀ ਐ ਥੋਡੀ। ਅੱਗੇ ਤਾਂ ਤਿੰਨ ਰੋਟੀਆਂ ਖਾ ਲੈਂਦੇ ਸੀ।’
‘ਹਾਂ, ਹੁਣ ਤਾਂ ਦੋ ਈ ਬਹੁਤੀਆਂ ਲਗਦੀਆਂ ਨੇ। ਚਲੋ, ਠੀਕ ਐ। ਕੀ ਲੈਣੈ ਬਹੁਤਾ ਖਾ ਕੇ। ਕੀ ਪਿਐ, ਬਹੁਤੇ ਅੰਨ ‘ਚ । ਵਕਾਰ ਈ ਪੈਦਾ ਹੁੰਦੇ ਐ, ਸਰੀਰ ‘ਚ ।’ ਬਾਟੀ ਵਿਚ ਡੋਲਣੇ ਦਾ ਪਾਣੀ ਪਾ ਕੇ ਰਸਾਲਦਾਰ ਪੀਣ ਲੱਗਿਆ।
‘ਦੇਖੀਂ, ਹੋਰ ਨਾ ਕਿਤੇ ‘ ਬੁਰੀ ਚਿਤਵ ਕੇ ਮੱਲਣ ਨੇ ਮਨ ਵਿਚ ਹੀ ਫ਼ਿਕਰ ਕੀਤਾ। ਤੇ ਪਿਓ ਕੋਲੋਂ ਹਿੱਲ ਕੇ ਸਬਾਤ ਵਿਚ ਆ ਗਿਆ । ਜੀਤੋ ਥਾਲੀ ਵਿਚ ਰੋਟੀ ਪਾ ਕੇ ਲੈ ਆਈ । ਮੱਲਣ ਕਹਿੰਦਾ, ‘ਠਹਿਰ ਜਾ ਕੁੜੀਏ ਹਾਲੇ। ਕੀਹ ਐ’ ਤੇ ਫੇਰ ਚੰਦਕੁਰ ਨੂੰ ਪੁੱਛਣ ਲੱਗਿਆ, ‘ਕਦੋਂ’ ਕੁ ਕਹਿੰਦਾ ਸੀ ਗੁਰਦੇਵ ਸੂੰ ਘਰ ਔਣ ਨੂੰ ?
ਉਹ ਕਹਿੰਦੀ, ‘ਰੋਟੀ-ਟੁੱਕ ਖਾ ਕੇ ਆਊ ਹੁਣ ।’
‘ਮੈਂ ਕਹਿਨਾਂ, ਬਲਕਾਰ ਨੂੰ ਭੇਜ ਕੇ ਬੁਲਾ ਨਾ ਲਈਏ ? ਐਥੇ ਈ ਖਾ ਲੈਂਦਾ ਰੋਟੀ ਤਾਂ। ਕੋਈ ਗੁੱਲ ਜੇ ਆਲੀ ਮੰਗਾ ਲੈਂਦੇ, ਟੁੰਡੇ ਦਿਓਂ।’
‘ਤੇਰੀ ਮਰਜ਼ੀ ਐ। ਬੁਲਾਮਾਂ ਬਲਕਾਰ ਨੂੰ ?”
ਉਹਨੇ ਹੱਥ ਦੀ ਇਕ ਉਂਗਲ ਨਾਲ ਸਿਰ ਵਿਚ ਖੁਰਕ ਕੀਤੀ ਤੇ ਕਹਿੰਦਾ, ‘ਹਾਂ।’
ਬਲਕਾਰ ਨੇ ਆ ਕੇ ਦੱਸਿਆ, ‘ਫੁੱਫੜ ਤਾਂ ਰੋਟੀ ਖਾਈ ਜਾਂਦਾ ਸੀ । ਕਹਿੰਦਾ, ਔਨਾਂ ਹੁਣੇ।’
ਉਹ ਬੀਹੀ ਵੱਲ ਹੀ ਫੇਰ ਭੱਜ ਗਿਆ । ਜੀਤੋ ਹਾਕਾਂ ਮਾਰਦੀ ਰਹਿ ਗਈ, ‘ਵੇ ਚੰਦਰਿਆ, ਰੋਟੀ ?’ ਮੱਲਣ ਨੇ ਆਖਰੀ ਬੁਰਕੀ ਮੂੰਹ ਵਿਚ ਪਾਈ ਸੀ ਕਿ ਗੁਰਦੇਵ ਸਿੰਘ ਨੇ ਵਿਹੜੇ ਵਿਚ ਆ ਕੇ ਖੰਘੂਰ ਮਾਰੀ।
3
ਵਰਾਂਢੇ ਵਿਚ ਦੋ ਮੰਜੇ ਡਾਹ ਕੇ ਉਹ ਬੈਠ ਗਏ । ਗੁਰਦੇਵ ਸਿੰਘ ਵਾਸਤੇ ਚੰਦਕੁਰ ਨੇ ਦਰੀ ਵਿਛਾ ਦਿੱਤੀ ਸੀ।ਉੱਤੇ ਵਿਛਾਉਣ ਨੂੰ ਫੁੱਲਾਂ ਕੱਢੀ ਚਾਦਰ ਤੇ ਸਿਰਹਾਣਾ ਵੀ ਦੇ ਦਿੱਤਾ।ਉਹ ਨਹੀਂ ਨਹੀਂ ਕਰਦਾ ਰਿਹਾ। ਕਹਿੰਦਾ ਸੀ, ‘ਮੈਨੂੰ ਕੀ ਐ, ਮੈਂ ਤਾਂ ਹੁਣ ਪਰਾਣ ਪੈ ਗਿਆ। ਨਮੇਂ ਪਰੌਣਿਆਂ ਨੂੰ ਸੋਭਦੀਆਂ ਨੇ ਇਹ ਚੀਜ਼ਾਂ ।’
ਚੰਦਕੁਰ ਕਹਿੰਦੀ, ‘ਲੈ ਭਾਈ, ਪਰਾਣ ਕਿਉਂ ਸੁੱਖੀਂ-ਸਾਂਦੀਂ । ਪਰੌਣਾ ਤਾਂ ਪਰੌਣਾ ਈ ਰਹਿੰਦੈ, ਚਾਹੇ ਸੌ ਸਾਲ ਦਾ ਹੋ ਜੇ। ਸਾਡੇ ਵਾਸਤੇ ਤਾਂ ਤੂੰ ਚੰਦ-ਸੂਰਜ ਦੀਆਂ ਕਿਰਨਾਂ ਐਂ ਭਾਈ।’
ਉਹ ਹੱਸ ਕੇ ਕਹਿਣ ਲੱਗਿਆ, ‘ਹੁਣੇ ਕਹਿਨੀ ਐ ਚੰਦਕੁਰੇ, ਕੁੜੀ ਵਿਆਹੀ ਤੋਂ ਫੇਰ ਤਾਂ ਜੁੱਤੀ ਵੀ ਨੀ ਮਾਰਨੀ ਸਿਰ ‘ਚ। ਫੇਰ ਤਾਂ ਤੂੰ ਕੌਣ, ਮੈਂ ਕੌਣ। ਫੇਰ ਤਾਂ ਧੂਰਕੋਟ ਆਲਿਆਂ ਦਾ ਜੋਰਾ- ਪਹਿਰਾ ਹੋ ਜੂ।
ਉਹ ਬੋਲੀ, ‘ਨਾ ਵੀਰਾ, ਤੂੰ ਪਹਿਲਾਂ, ਉਹ ਮਗਰੋਂ। ਤੇਰੀ ਥਾਂ, ਤੇਰੇ ਥਾਂ, ਉਹਦੀ ਥਾਂ, ਉਹਦੇ ਥਾਂ । ਸਾਨੂੰ ਤਾਂ ਤੂੰ ਰੱਬ-ਪਰਮੇਸਰ ਐਂ, ਜਿਹੜਾ ਕੁੜੀ ਨੂੰ ਪੱਲੇ ਪਾ ਕੇ ਲੈ ਗਿਆ।’
‘ਚੰਗਾ, ਦੇਖ ਲਾਂਗੇ ਭੈਣੇ । ਹਾਲਾ ਤੇ ਪਾਲਾ ਕੋਲ ਕੋਲ ਦੀ ਤਾਂ ਜਾਂਦੇ ਨੀ। ਆਹ ਦੋ ਮ੍ਹੀਨਿਆਂ ਦੀ ਗੱਲ ਐ। ਦੰਦਾਂ ‘ਚ ਜੀਭ ।’
ਗੁਰਦੇਵ ਸਿੰਘ ਤੇ ਚੰਦਕੁਰ ਦੀ ਵਾਰਤਾਲਾਪ ਸੁਣ ਕੇ ਮੱਲਣ ਹੋਰ ਵੀ ਪਿਚਕ ਗਿਆ। ਉਹਨੂੰ ਪੱਕਾ ਯਕੀਨ ਹੋ ਗਿਆ ਕਿ ਵਿਆਹ ਲੈਣ ਹੀ ਆਇਆ ਹੈ। ਉਹਨੇ ਸੰਘ ਘਰੋੜ ਕੇ ਪਰ੍ਹਾਂ ਥੁੱਕਿਆ ਤੇ ਮੁੱਛਾਂ ਨੂੰ ਵੱਟ ਜਿਹਾ ਦੇਣ ਲੱਗਿਆ। ਪਹਿਲਾਂ ਤਾਂ ਉਹ ਮੀਂਹ-ਪਾਣੀ ਤੇ ਫਸਲਾਂ ਦੀਆਂ ਗੱਲਾਂ ਕਰਦੇ ਰਹੇ। ਮੱਲਣ ਦਿਲ ਜਮਾ ਕੇ ਜਵਾਬ ਦਈਂ ਜਾਂਦਾ ਸੀ । ਉਹਨੂੰ ਧੁੜਕੂ ਜਿਹਾ ਲੱਗਿਆ ਹੋਇਆ ਸੀ, ਪ੍ਰਾਹੁਣੇ ਨੇ ਵਿਆਹ ਦੀ ਗੱਲ ਹੁਣ ਛੇੜੀ, ਹੁਣ ਛੇੜੀ। ਤੇ ਫੇਰ ਗੁਰਦੇਵ ਸਿੰਘ ਨੇ ਪੁੱਛਿਆ, ‘ਕਣਕ ਬੀਜ ਲੀ ?’
‘ਹਾਲੇ ਕਿੱਥੇ। ਅਜੇ ਤਾਂ ਚੌਥੀ ਵਾਹ ਅਜ ਮੁਕਾਈ ਐ । ਹੁਣ ਕਿਤੇ ਜਾ ਕੇ ਮੂੰਹ-ਸਿਰ ਜਾ ਬਣਿਐ ਜ਼ਮੀਨ ਦਾ। ਬੱਸ ਕਲ੍ਹ ਪਰਸੋਂ ਝੋਲੀ ਬੰਨੂਗਾ। ਕੇਰਾਂ ਈ ਬੀਜ ਦੇਣੀ ਐ, ਸਾਰੀ ਦੀ ਸਾਰੀ ।ਮਿੱਲਣ ਨੇ ਹੌਸਲਾ ਦਿਖਾਇਆ।
‘ਕਿੰਨੀ ਭੋਇਂ ਰੱਖੀ ਐ ਕਣਕ ਨੂੰ ? ਗੁਰਦੇਵ ਸਿੰਘ ਨੇ ਕੋਈ ਅੰਦਾਜ਼ਾ ਜਿਹਾ ਲਾਉਣਾ ਚਾਹਿਆ।
‘ਸਾਰਾ ਖੇਤ ਈ ਟਾਹਲੀ ਆਲਾ । ਦਸ ਘੁਮਾਂ ਦੀ ਦਸ ਘੁਮਾਂ । ਐਨ ਬਣਾਈ ਪਈ ਐ, ਮਾਂਜੇ ਥਾਲ ਅਰਗੀ।’ ਮੱਲਣ ਨੇ ਮੁੱਛਾਂ ਨੂੰ ਵਟਾ ਦਿੱਤਾ।
‘ਫੇਰ ਤਾਂ ਬਹੁਤ ਕਣਕ ਹੋ ਜੂ ਐਦਕੀਂ ਦੀ । ਜ਼ਮੀਨ ਵੀ ਚੰਗੀ ਐ ਉਹ ਤਾਂ । ਫਸਲ ਦੇਣ ਵਾਲੀ ਧਰਤੀ ਐ।’
‘ਹਾਂ, ਡਾਕਰ ਐ। ਦਾਣਾ ਦਾਣਾ ਹਰਾ ਹੁੰਦੈ। ਫ਼ਸਲ ਮੱਲਦੀ ਵੀ ਬਹੁਤ ਐ। ਝਾੜ ਦਾ ਅੰਤ ਨੀ ਰਹਿੰਦਾ। ਰੂੜੀ ਪਾਏ ਤੋਂ ਤਾਂ ਗੇੜਾ ਖਾ ਕੇ ਐਂ ਉਠਦੀ ਐ ਕਣਕ, ਕਾਲੀ ਘਟ ਅਰਗੀ।’
‘ਚੰਗੈ ਭਾਈ, ਚੰਗਾ ਚੰਗਾ। ਕਣਕ ਦਾ ਵਾਹਣ ਤਾਂ ਐਦਕੀਂ ਧੂਰਕੋਟ ਆਲਿਆਂ ਨੇ ਵੀ ਬੜਾ ਬਣਾਇਐ। ਉਹਨਾਂ ਨੇ ਤਾਂ ਬੀਜ ‘ਤੀ।’
‘ਕਿੰਨੇ ਘੁਮਾਂ ਬੀਜੀ ਐ ?
‘ਉਹਨਾਂ ਨੇ ਵੀ ਤੇਰੇ ਆਂਗੂ ਸਾਰੇ ਦਾ ਸਾਰਾ ਖੇਤ ਬੀਜ ‘ਤਾ । ਕਾਹਨੇਕਿਆਂ ਨਾਲ ਲਗਦੀ ਤੀਹ ਘੁਮਾਂ ਇਕੋ ਥਾਂ ਐਂ, ਤੈਨੂੰ ਪਤਾ ਈ ਐ। ਉਦੋਂ ਦਖਾ ਕੇ ਨੀ ਸੀ ਲਿਆਇਆ ਮੈਂ ਤੈਨੂੰ ਉਹ ਜਮੀਨ ?’
‘ਜਮੀਨ ਦਾ ਤਾਂ ਕੀ ਅੰਤ ਐ। ਝੋਟੇ ਦੇ ਸਿਰ ਅਰਗੀ ਐ ਕੇਰਾਂ, ਮਾਰ ਫੜ ਕੇ।’ ਧੂਰਕੋਟ ਵਾਲਿਆਂ ਦੀ ਜਮੀਨ ਦਾ ਆਪਣੀ ਜਮੀਨ ਨਾਲ ਮੁਕਾਬਲਾ ਕਰਕੇ ਇਕ ਤਰ੍ਹਾਂ ਨਾਲ ਉਹਦਾ ਆਪਣਾ ਸਿਰ ਜਿਵੇਂ ਧਰਤੀ ਵਿਚ ਹੀ ਗੱਡਿਆ ਗਿਆ ਹੋਵੇ । ਇਕ ਬਿੰਦ ਉਹਦੇ ਮਨ ਵਿਚ ਆਈ, ਮੱਥਾ ਤਾਂ ਵੱਡਿਆਂ ਨਾਲ ਹੀ ਲਾ ਲਿਆ। ਹਾਥੀਆਂ ਨਾਲ ਵਾਹ ਪਾ ਕੇ ਬਾਰ ਭੀੜੇ ਰੱਖਿਆਂ ਨਹੀਂ ਸਰਨਾ। ਕਿਵੇਂ ਵੀ ਅੱਕ ਤਾਂ ਚੱਬਣਾ ਹੀ ਪਵੇਗਾ। ਹੁਣ ਫਸ ਗਈ ਤਾਂ ਫੜਕਣ ਕੀ? ਉਹਨੇ ਸੋਚਿਆ, ਪਰ ਜੇ ਆਪ ਤੋਂ ਛੋਟੇ ਜਾਂ ਘੱਟੋ-ਘੱਟ ਬਰਾਬਰ ਦੇ ਨਾਲ ਹੀ ਸਬੰਧ ਜੋੜਦਾ ਤਾਂ ਕਿੰਨਾ ਸੁਖਾਲਾ ਰਹਿਣਾ ਸੀ। ਸੂਤ ਸਿਰ ਦਾ ਖ਼ਰਚ ਹੁੰਦਾ। ਹੁਣ ਧੂਰਕੋਟ ਵਾਲਿਆਂ ਨੂੰ ਕਿੰਨਾ ਵੀ ਦੇਵਾਂ, ਨੱਕ ਬੁੱਲ ਤਾਂ ਫੇਰ ਵੀ ਕੱਢਣਗੇ। ਵੱਡਿਆਂ ਦਾ ਢਿੱਡ ਕੌਣ ਭਰ ਸਕਿਆ ਹੈ ? ਭੈਣੀ ਬਾਘੇ ਵਾਲੇ ਹੁਣ ਵੀ ਮੋਟਾ ਮੂੰਹ ਰਖਦੇ ਨੇ । ਥੋੜ੍ਹਾ ਦੇਣ ਦਿੱਤਾ ਸੀ ਉਹਨਾਂ ਨੂੰ ?
ਖਿਆਲਾਂ ਖਿਆਲਾਂ ਵਿਚ ਹੀ ਜਿਵੇਂ ਮੱਲਣ ਦੀ ਪੀਨਕ ਲੱਗ ਗਈ ਹੋਵੇ। ਉਹਨੇ ਸੁੱਤਾ ਪਿਆ ਉੱਠ ਕੇ ਬੋਲਣ ਵਾਲੇ ਵਾਂਗ ‘ਹੂੰ’ ਆਖਿਆ। ਗੁਰਦੇਵ ਸਿੰਘ ਪਤਾ ਨਹੀਂ ਕੀ ਪੁੱਛ ਰਿਹਾ ਸੀ।
‘ਨੀਂਦ ਆ ਗੀ?’ ਗੁਰਦੇਵ ਸਿੰਘ ਹੱਸਣ ਲੱਗ ਪਿਆ। ਤੇ ਫੇਰ ਕਹਿੰਦਾ, ‘ਚੱਲ ਹੁਣ ਮਤਲਬ ਦੀ ਗੱਲ ਕਰੀਏ। ਗੱਲ ਇਹ ਐ ਭਾਈ, ਬਈ ਧੂਰਕੋਟ ਆਲਿਆਂ ਦੀ ਰਹਿੰਦੀ ਐ ਬੁੜ੍ਹੀ ਬਮਾਰ। ਪਤਾ ਨੀ ਕਦੋਂ ਪੂਰੀ ਹੋ ਜੇ। ਕਦੋਂ ਸਾਹ ਇੱਕਲ ਜਾਣ । ਉਹ ਹਿੰਡ ਪਈ ਹੋਈ ਐ। ਅਖੇ ਪੋਤੇ ਦਾ ਵਿਆਹ ਦੇਖ ਕੇ ਮਰਨੈਂ। ਇਹ ਆਖਰੀ ਵਿਆਹ ਐ ਘਰ ‘ਚ। ਤੈਨੂੰ ਪਤਾ ਈ ਐ, ਤਿੰਨੇ ਭਾਈਆਂ ਦੇ ਸਾਰੇ ਜਵਾਕਜੱਲੇ ਵਿਆਹੇ ਗਏ। ਛੋਟੇ ਦਾ ਇਹੀ ਮੁੰਡਾ ਰਹਿੰਦੈ, ਬੱਸ ਆਪਣੇ ਆਲਾ ।’
‘ਹਾਂ, ਵੱਡੇ ਦੇ ਤਾਂ ਇਕ ਕੁੜੀ ਈ ਸੀ। ਵਿਚਾਲਲੇ ਦੇ ਦੋ ਮੁੰਡੇ, ਦੋਮੇਂ ਵਿਆਹੇ ਹੋਏ ਐ। ਇਹ ਛੋਟੇ ਦੇ ਇਕ ਕੁੜੀ, ਇਕ ਮੁੰਡਾ। ਕੁੜੀ ਪਰ ਸਾਲ ਵਿਆਹ ‘ਤੀ ਸੀ, ਹੁਣ ਸਮਝ ਬੱਸ ਇਹੀ ਮੁੰਡਾ ਰਹਿੰਦੈ, ਸਾਰੇ ਪਰਵਾਰ ‘ਚੋਂ ।’ ਮੱਲਣ ਨੇ ਅਲਸਾਏ ਜਿਹੇ ਬੋਲ ਵਿਚ ਧੂਰਕੋਟ ਵਾਲਿਆਂ ਦਾ ਸਾਰਾ ਲੇਖਾ ਜੋਖਾ ਕਰ ਦਿੱਤਾ ।
ਤੂੰ ਤਾਂ ਇਕ ਇਕ ਨੂੰ ਉਂਗਲਾਂ ‘ਤੇ ਗਿਣੀਂ ਬੈਠੇ ਬਈ, ਕਮਾਲ ਐ ਤੇਰੇ ਮਗਜ ਦਾ। ਗੁਰਦੇਵ ਸਿੰਘ ਹੱਸਣ ਲੱਗ ਪਿਆ। ਚੰਦਕੁਰ ਸੱਜਰਾ ਦੁੱਧ ਤੱਤਾ ਕਰਕੇ ਤੇ ਵਿਚ ਖੰਡ ਘੋਲ ਕੇ ਦੋ ਛੰਨੇ ਭਰ ਲਿਆਈ। ਇਕ ਇਕ ਛੰਨਾ ਦੋਵੇਂ ਹੱਥਾਂ ਵਿਚ ਫੜ ਕੇ, ਕਹਿੰਦੀ, ‘ਪੀਣ ਆਲਾ ਐ, ਠਾਰ ਕੇ ਲਿਆਈ ਆਂ ਪਹਿਲਾਂ ਈ।’
ਗੁਰਦੇਵ ਸਿੰਘ ‘ੳਹੋ, ੳਹੋ’ ਕਰਨ ਲੱਗਿਆ। ਕਹਿੰਦਾ, ‘ਐਨਾ ਦੁੱਧ ਭਾਈ ਚੰਦਕੁਰੇ, ਅੰਦਰ ਕਿਮੇਂ ਸਿੱਟਾਂਗੇ ? ਰੋਟੀ ਤਾਂ ਗ਼ਲ ਤਾਈਂ ਆਈ ਪਈ ਐ।’
‘ਇਹ ਤਾਂ ਰੋਟੀ ਨੂੰ ਥੱਲੇ ਮਾਰੂ ਵੀਰਾ । ਪੀ ਲੋ, ਕਿਹੜਾ ਦੁੱਧ ਐ ਏਹੇ, ਚੂਲੀ ਚੂਲੀ ਤਾਂ ਹੈ। ਚੰਦਕੁਰ ਜਾਂਦੀ ਜਾਂਦੀ ਕਹਿ ਗਈ। ਦੁੱਧ ਦੀ ਘੁੱਟ ਭਰ ਕੇ ਮੱਲਣ ਪੁੱਛਣ ਲੱਗਿਆ, ‘ਉਂ ਖਾਸਾ ਜੋਰ ਦੇ ਕੇ ਉਹਨਾਂ ਨੇ ਵਿਆਹ ਮੰਗਿਐ?’
‘ਹੋਰ! ਏਸੇ ਕਰਕੇ ਤਾਂ ਆਇਆਂ ਮੈਂ ਕੰਮ ਛੱਡ ਕੇ। ਮੈਂ ਆਪ ਵੀ ਤਾਂ ਬੀਜਣੀ ਐ ਅਜੇ । ਧੂਰਕੋਟ ਆਲਿਆਂ ਨੇ ਬੁੜ੍ਹਾ ਭੇਜਿਆ ਸੀ ਮੇਰੇ ਕੋਲ ਮਰਾਝ। ਮੈਂ ਆਖਿਆ, ਜਾਨੇ ਆਂ ਭਾਈ। ਵਚੋਲਗੀਰੀ ਤਾਂ ਉੱਖਲੀ ‘ ਚ ਸਿਰ ਹੁੰਦੈ। ਡਰ ਕਾਹਦਾ।’
‘ਲੈ, ਹੈ ਕਮਲਾ। ਉੱਖਲੀ ‘ਚ ਸਿਰ ਆਲੀ ਕਿਹੜੀ ਗੱਲ ਆਖੀ ਏਹੇ ? ਜਿਮੇਂ ਆਖੇਂਗਾ, ਕਰਾਂਗੇ । ਬੋਲ, ਦੇਹ ਹੁਕਮ । ਮੱਲਣ ਨੇ ਜੇਰਾ ਕਰਕੇ ਜਿਵੇਂ ਖੁਲ੍ਹਾ ਰੱਸਾ ਛੱਡ ਦਿੱਤਾ ਹੋਵੇ।
‘ਬੱਸ, ਹੁਕਮ ਸਮਝ ਲੈ, ਚਾਹੇ ਅਰਜ ਆਖ ਲੈ, ਰਿਸ਼ਤੇਦਾਰਾ, ਤੂੰ ਰਾਜੀ ਚਾਹੀਦੈਂ। ਤੂੰ ਈ ਦੱਸ, ਕਦੋਂ ਕਰਨੈਂ ਵਿਆਹ ?’
‘ਜਦੋਂ ਦਾ ਆਖੇਂ। ਕੱਲ ਦਾ ਕਹੇਂ, ਕਲ੍ਹ ਨੂੰ ਲੈ ਕੇ ਆ ਜੋ ਜੰਨ। ਵਜਾ ਦਿੳ ਬਾਜੇ, ਅਖੇ ਵੱਜ ਰਹੀਆਂ ਬੰਸਰੀਆਂ ।’ ਮੱਲਣ ਨੇ ਬੇਸੁੱਧ ਜਿਹਾ ਹੋ ਕੇ ਉਤੋਂ ਉਤੋਂ ਦਲੇਰੀ ਦਿਖਾਈ।
‘ਨਾ ਜਦੋਂ ਤੋਂ ਤੂੰ ਸੂਤ। ਸਮਝੇਂ। ਦਵਾਲੀ ਪਿੱਛੋਂ ਮੱਘਰ ਦਾ ਕਰ ਲੈ। ਨਹੀਂ ‘ ਤਾਂ ਮਾਘ ਫੱਗਣ ਦਾ ਕਰ ਲੈ। ਚੇਤ ਤਾਈਂ ਜਾਣੈ, ਤਾਂ ਵੀ ਦੇਖ ਲੈ।’ ਗੁਰਦੇਵ ਸਿੰਘ ਨੇ ਖੁਲ੍ਹੀਆਂ ਛੋਟਾਂ ਦੇ ਰੱਖੀਆਂ ਸਨ।
‘ਚੰਦਕੁਰ ਨੂੰ ਪੁੱਛ ਲੈਨੇ ਆਂ ।’ ਮੱਲਣ ਨੇ ਉਹਨੂੰ ਹਾਕ ਮਾਰੀ। ਉਹ ਸਿਰ ਦੇ ਪੱਲੇ ਨਾਲ ਨੱਕ ਨੂੰ ਘੁਟਦੀ-ਪੂੰਝਦੀ ਉਹਨਾਂ ਕੋਲ ਆਈ ਤੇ ਕਹਿਣ ਲੱਗੀ, ‘ਕੀ ਐ ?’
‘ਹੋਣਾ ਕੀ ਐ। ਦੱਸ ਫੇਰ ਕਦੋਂ ਦਾ ਕਹਿ ਦੀਏ ?’ ਮੱਲਣ ਨੇ ਕਿਹਾ ।
‘ਜਦੋਂ ਤੈਨੂੰ ਲੋਟ ਲਗਦੈ। ਨਹੀਂ, ਵੀਰ ਜਿਮੇਂ ਕਹਿੰਦੈ, ਇਹਨੂੰ ਪੁੱਛ ਲੋ। ਆਪਾਂ ਕਿਤੇ ਭੱਜੇ ਵੇ ਆਂ ਵੀਰ ਤੋਂ ?’
ਹਿਸਾਬ ਜਿਹਾ ਲਾ ਕੇ ਮੱਲਣ ਆਖਣ ਲੱਗਿਆ, ‘ਮੱਘਰ ਤਾਂ ਆਇਆ ਈ ਪਿਐ। ਮੱਘਰ ‘ਚ ਕਿਹੜਾ ਗੋਡੇ ਨੇ । ਤੂੰ ਸਿਆਣਾ ਐਂ, ਤਿਆਰੀ -ਬਿਆਰੀ ਤਾਂ ਫੇਰ ਵੀ ਕਰਨੀ ਈ ਕਰਨੀ ਐ। ਪੋਹ ਲੰਘਾ ਕੇ ਕਰ ਲੈਨੇ ਆਂ । ਮਾਘ ਦਾ ਕਰ ਲੋ ਜਾਂ ਫੱਗਣ ਦਾ ਕਰ ਲੋ । ਊਂ ਫੱਗਣ ਦੀ ਰੁੱਤ ਠੀਕ ਹੁੰਦੀ ਐ। ਪਾਲਾ ਚੱਕਿਆ ਜਾਂਦੈ, ਫੱਗਣ ਠੀਕ ਐ।’
‘ਹਾਂ, ਫੱਗਣ ‘ਚ ਊਂ ਵੀ ਵਿਹਲ ਈ ਹੁੰਦੀ ਐ। ਰਾਮ ਨਾਲ ਸਾਰਾ ਕੰਮ ਕਿਉਂਟ ਲਾਂ ਗੇ।’ ਗੁਰਦੇਵ ਸਿੰਘ ਨੇ ਹਾਮੀ ਭਰੀ।
ਕੋਲ ਖੜ੍ਹੀ ਚੰਦਕੁਰ ਵੀ ਆਖਣ ਲੱਗੀ, ‘ਮਾਘ ਫੱਗਣ ਚੇਤ ਤਿੰਨਾਂ ਮ੍ਹੀਨਿਆਂ ਚੋਂ ਕੋਈ ਦਿਨ ਨਿੱਕਲ ਆਵੇ । ਠੀਕ ਈ ਠੀਕ ਐ। ਬਾਖਰੂ ਦੀ ਮਿਹਰ ਚਾਹੀਦੀ ਐ ਬੱਸ। ਤੜਕੇ ਗੋਂਦੀ ਨੂੰ ਪੁੱਛ ਲਾਂ ਗੇ।’
ਮੱਲਣ ਨੇ ਦਿਮਾਗ਼ ਲੜਾਇਆ, ‘ਮਨਾਂ, ਪੈਸੇ ਬੰਕ ’ਚ ਤਾਂ ਰੱਖੇ ਨੀ ਹੋਏ। ਨਾ ਮੋਰਨੀ ਸੌਦੀ ਐ ਕੋਈ। ਫਸਲ ਵੀ ਕਿਤੇ ਜੇਠ ‘ਚ ਜਾ ਕੇ ਹੱਥ ਪਊ। ਪੈਸੇ ਤਾਂ ਵਿਆਜੂ ਈ ਲੈਣੇ ਪੈਣਗੇ। ਐਜ ਲੈ ਲੀਏ, ਕੱਲ੍ਹ ਲੈ ਲੀਏ। ਕੀ ਪਤੈ, ਜਮੀਨ ਗਹਿਣੇ ਧਰਨੀ ਪੈ ਜੇ । ਉਹਨੇ ਇਕ ਦਲੇਰੀ ਹੋਰ ਦਿਖਾਈ, ‘ਗੋਂਦੀ ਨੂੰ ਪੁੱਛਣ ਨੂੰ ਕੀ ਐ। ਕਹੋ, ਪੁੱਤਰਾ ਲੈ ਆਵੇ ਤੇ ਵਿਆਹ ਦਾ ਦਿਨ ਕੱਢ ਕੇ ਪਰ੍ਹੇ ਕਰੇ। ਗੁਰਦੇਵ ਸੂੰ ਦੇ ਹੱਥ ਈ ਭੇਜ ਦਿੱਨੇ ਆਂ, ਵਿਆਹ ਦੀ ਚਿੱਠੀ।’
ਦੂਜੇ ਦਿਨ ਮੱਲਣ ਖੇਤ ਨਹੀਂ ਗਿਆ। ਸਵੇਰੇ ਸਵੇਰੇ ਹੀ ਗੋਂਦੀ ਬਾਹਮਣ ਨੂੰ ਘਰ ਬਲਾਇਆ। ਆਖਿਆ, ਪੱਤਰਾਂ ਲੈ ਕੇ ਆਵੇ। ਗੁਰਦੇਵ ਸਿੰਘ ਵੀ ਤੜਕੇ ਹੀ ਆ ਬੈਠਾ ਸੀ। ਅੱਖਾਂ ਉੱਤੇ ਟੁੱਟੀ ਕਮਾਣੀ ਵਾਲੀ ਐਨਕ ਚੜ੍ਹਾ ਕੇ ਗੋਂਦੀ ਨੇ ਗੋਵਿੰਦ ਬੱਲਭ ਦੀ ਜੰਤਰੀ ਤੋਂ ਡੋਰ ਖੋਲ੍ਹੀ ਤੇ ਲਗਨ ਦੇਖਣ ਲੱਗਿਆ। ਫੱਗਣ ਦਾ ਸਾਹਾ ਨਿਕਲਿਆ। ਤਿੰਨ ਫੱਗਣ, ਦਿਨ ਬੁੱਧਵਾਰ । ਮੱਲਣ ਸਿੰਘ ਵਲੋਂ ਵਿਆਹ ਦੀ ਚਿੱਠੀ ਮੋਟੇ ਮੋਟੇ ਪੰਜਾਬੀ ਅੱਖਰਾਂ ਵਿਚ ਗੋਂਦੀ ਨੇ ਲਿਖ ਦਿੱਤੀ। ਹਲਦੀ ਘਸਾ ਕੇ ਚਿੱਠੀ ਉੱਤੇ ਪਾਣੀ ਦੇ ਛਿੱਟੇ ਮਾਰ ਦਿੱਤੇ। ਕਾਗਜ਼ ਦੀ ਪੂਣੀ ਜਿਹੀ ਵੱਟ ਕੇ ਉੱਤੇ ਸ਼ਗਨਾਂ ਦੀ ਲਾਲ ਖੰਮ੍ਹਣੀ ਬੰਨ੍ਹ ਦਿੱਤੀ । ਗੁਰਦੇਵ ਸਿੰਘ ਦੇ ਹੱਥ ਚਿੱਠੀ ਫੜਾ ਕੇ ਮੱਲਣ ਨੇ ਆਖਿਆ, ‘ਆਹ ਚੱਕ, ਸਰਦਾਰ ਜੀ, ਤਿੰਨ ਫੱਗਣ ਨੂੰ ਆ ਜਿਓ ਸੁੱਖ ਨਾਲ । ਹੁਣ ਤਾਂ ਖ਼ੁਸ਼ ਓਂ ਪੂਰੇ ?’
‘ਖ਼ੁਸ਼ ਤਾਂ ਸਾਰੇ ਈ ਆਂ। ਵਿਆਹ ਤਾਂ ਵਿਆਹ ਈ ਹੁੰਦੈ । ਪਰ ਵਚੋਲਾ ਤਾਂ ਖ਼ੁਸ਼ ਓਦੋਂ ਹੁੰਦੈ, ਜਦੋਂ ਮੁੰਡੇ ਆਲੇ ਵੀ ਖ਼ੁਸ਼, ਕੁੜੀ ਆਲੇ ਵੀ ਖ਼ੁਸ਼।’
‘ਅਸੀ ਤਾਂ ਖ਼ੁਸ਼ ਈ ਖ਼ੁਸ਼ ਆਂ, ਗੁਰਦੇਵ ਸਿਆਂ, ਜਿਮੇਂ ਕਹੇਂਗਾ, ਓਮੇਂ ਕਰੀਂ ਜਾਮਾਂਗੇ। ਜੱਟ
ਦੀ ਖ਼ੁਸ਼ੀ ਦਾ ਤੈਨੂੰ ਪਤਾ ਹੋਊ।’
‘ਓਏ, ਉਹ ਆਪਾਂ ਤੋਂ ਕੀ ਬਾਹਰ ਐ। ਜਿਮੇਂ ਕਰ ਦਿਆਂਗੇ, ਉਹਨੇ ਨੀ ਬੋਲਣਾ। ਉਹ ਤਾਂ ਖ਼ੁਸ਼ ਈ ਖ਼ੁਸ਼ ਐ। ਤੂੰ ਹੁਣ ਐਂ ਦੱਸ, ਬਈ ਜੰਨ ਕਿੰਨੇ ਬੰਦੇ ਲੈ ਕੇ ਆਈਏ ?’
‘ਜਿੰਨੇ ਮਰਜੀ। ਭਾਮੇਂ ਸਾਰਾ ਧੂਰਕੋਟ ਲੈ ਆਉ । ਇਹ ਤਾਂ ਤੂੰ ਦੇਖਣੇਂ, ਗੁਰਦੇਵ ਸਿਆਂ। ਜਿੰਨੇ ਲੈ ਆਏਂਗਾ, ਝੱਲਾਂਗੇ।’
‘ਮੇਰੀ ਸੁਣਦੈਂ ਫੇਰ ?’
‘ਹਾਂ ਦੱਸ।’
‘ਬੰਦੇ ਸਾਰੇ ਪੰਜਾਹ ਤੋਂ ਨੀ ਵਧਦੇ। ਜਵਾਕ-ਜੱਲੇ ਦਾ ਗਿਣਨਾ ਕੀ ਐ। ਬੱਸ ਠੀਕ ਐ 억?’
‘ਜਦੋਂ ਇਕ ਕਹਿ ‘ਤੀ ਤੈਨੂੰ, ਬਈ ਤੂੰ ਆਵਦੀ ਮਰਜੀ ਵਰਤ। ਬੱਸ ਠੀਕ ਐ। ਦਸ ਵੱਧ ਜਾਣ ਤਾਂ ਵੀ ਕੀ ਐ। ਜਿੱਥੇ ਕੱਟੀਆਂ ਦਾ, ਉਥੇ ਵੱਛੀਆਂ ਦਾ।’
ਚਿੱਠੀ ਲੈ ਕੇ ਗੁਰਦੇਵ ਸਿੰਘ ਚਲਿਆ ਗਿਆ।
ਮੱਲਣ ਖੇਤ ਨਹੀਂ ਗਿਆ। ਨਾ ਹੀ ਪਿੰਡ ਵਿਚ ਕਿਧਰੇ ਨਿਕਲਿਆ। ਦੁਪਹਿਰ ਦੀ ਰੋਟੀ ਖਾਧੀ ਤੇ ਚਾਦਰਾ ਲੈ ਕੇ ਮੰਜੇ ਉੱਤੇ ਪੈ ਗਿਆ। ਉਹਨੂੰ ਨੀਂਦ ਵੀ ਨਹੀਂ ਆਈ। ਚੰਦਕੁਰ ਉਹਦੇ ਫਿਕਰ ਨੂੰ ਜਾਣਦੀ ਸੀ। ਉਹ ਘਰ ਵਿਚ ਏਧਰ-ਓਧਰ ਚੁੱਪ-ਚਾਪ ਹੀ ਫਿਰ -ਤੁਰ ਰਹੀ ਸੀ। ਕੁੜੀਆਂ ਕੋਲ ਆਉਂਦੀ ਤਾਂ ਹੱਸਣ ਲਗਦੀਆਂ। ਉਹਨਾਂ ਨੂੰ ਝਿੜਕਦੀ, ‘ਕਿਉਂ ਚਰਚੋਲ੍ਹਰ ਪਾਇਐ, ਕੁੜੀਉ। ਥੋਡੇ ਪਿਓ ਦਾ ਚਿੱਤ ਠੀਕ ਨੀ। ਐਮੇਂ ਨਾ ਦੰਦ ਕੱਢੀ ਜਾਹ ਨੀ ਜੀਤੋ ਮਰੀਏ।’
ਮਾਂ ਏਧਰ-ਉਧਰ ਹੁੰਦੀ ਤਾਂ ਜੀਤੋ ਮੀਤੋ ਦੀ ਵੱਖੀ ਵਿਚ ਚੂੰਢੀਆਂ ਵੱਢਣ ਲਗਦੀ, ‘ਨੀ ਮੀਤੋ, ਨੀ ਮੀਤੋ, ਬੀਬੀ ਹੋਈ ਐ ਪਰਾਈ।’
ਮੀਤੋਂ ਉੱਤੋਂ ਉੱਤੋਂ ਖਿਝਦੀ ਪਰ ਮੁਸਕੜੀਏਂ ਹੱਸਣ ਲਗਦੀ। ਬਲਕਾਰ ਸਕੂਲੋਂ ਆਇਆ ਤਾਂ ਜੀਤੋ ਨੇ ਉਹਨੂੰ ਸਣੇ ਬਸਤਾ -ਫੱਟੀ ਗੋਦੀ ਚੁੱਕਲਿਆ। ਕਿਲਕਾਰੀ ਮਾਰ ਕੇ ਬੋਲੀ, ‘ਵੇ ਬਿੱਲੂ, ਵਿਆਹ ਆਪਣੀ ਮੀਤੋ ਦਾ ।’
‘ਕਿਥੇ ਐ ?’ ਉਹ ਭਮੱਤਰਿਆ ਜਿਹਾ ਬੋਲਿਆ।
‘ਵੇ ਹੋਊਗਾ ਹਾਲੇ ਤਾਂ, ਕਮੂਤਾ। ਅੱਜ ਕਿਥੇ ਹੋਣਾ ਸੀ । ਫੱਗਣ ‘ਚ ਹੋਊਗਾ। ਆਹਾ ਜੀ ਆਹਾ, ਗੀਤ ਗਾਮਾਂਗੇ।’ ਉਹਨੂੰ ਗੋਦੀਓਂ ਲਾਹ ਕੇ ਜੀਤੋ ਟੱਪਣ ਲੱਗੀ।
ਬਲਕਾਰ ਮਾਂ ਵੱਲ ਹੋਇਆ ਤੇ ਕਹਿੰਦਾ, ‘ਲੱਡੂ ਪਕਾਮਾਂਗੇ ਮਾਂ ?’
‘ਵੇ ਜਾਹ ਸਿੱਧਰਾ। ਲੱਡੂ, ਜਲੇਬੀਆਂ, ਪਕੌੜੇ, ਬਰਫੀ, ਬਾਲੋਸ਼ਾਹੀ ਸਭ ਕੁਸ ਕਰਾਂਗੇ, ਜਿਹੜਾ ਵਿਆਹ ‘ਚ ਹੁੰਦੈ।’
ਟੱਬਰ ਦੇ ਭਾਅ ਦਾ ਜਿਵੇਂ ਅੱਜ ਹੀ ਮੀਤੋ ਦਾ ਵਿਆਹ ਹੋਵੇ।
ਸਿਰ ਦੀ ਚੁੰਨੀ ਦਾ ਪੱਲਾ ਮੂੰਹ ਵਿਚ ਲੈ ਕੇ ਚੰਦਕੁਰ ਬੈਠਕ ਵਿਚ ਗਈ ਤੇ ਸੁਹਰੇ ਨੂੰ ਉੱਚੀ ਉੱਚੀ ਬੋਲ ਕੇ ਦੱਸਣ ਲੱਗੀ, ‘ਮੀਤੋਂ ਦਾ ਵਿਆਹ ਕਢਵਾ ਕੇ ਲੈ ਗਿਆ, ਬਾਬਾ ਜੀ, ਵਚੋਲਾ।’
‘ਹਲਾ ? ਕਦੋਂ ਆਇਆ ਸੀ, ਭਾਈ ਉਹ? ਮਿਲ ਕੇ ਤਾਂ ਗਿਆ ਨੀ।’
‘ਰਾਤ ਆਇਆ ਸੀ, ਬਾਬਾ ਜੀ, ਅੱਜ ਗਿਐ।’
‘ਚੰਗਾ ਭਾਈ, ਚੰਗਾ ਚੰਗਾ। ਧਰਤੀ ਨਸਕਾਰ ਭਾਈ। ਧੀ ਤਾਂ ਘਰੋਂ ਵਿਦਾ ਹੋਈ ਚੰਗੀ ਐ
ਪਿਛਲੇ ਪਹਿਰ ਦੀ ਚਾਹ ਪੀ ਕੇ ਮੱਲਣ ਚੰਦਕੁਰ ਨਾਲ ਗੱਲੀਂ ਪੈ ਗਿਆ। ਤੀਵੀਂ -ਆਦਮੀ ਫਿਕਰ ਕਰਨ ਲੱਗੇ ਕਿ ਕੀ ਢਾਣਸ ਬਣਾਇਆ ਜਾਵੇ । ਚਾਰ ਮਹੀਨੇ ਤਾਂ ਲੰਘੇ ਸਮਝ । ਇਸ ਵਾਰ ਤਾਂ ਸੋਨਾ ਵੀ ਲੈਣਾ ਹੈ। ਕੁੜੀ ਦਾ ਨੱਕ, ਕੰਨ, ਗਲ ਤੇ ਸਿਰ, ਹੱਥ ਤਾਂ ਕਿਵੇਂ ਢੱਕਣੇ ਹੀ ਪੈਣਗੇ। ਦਰੀਆਂ -ਖੇਸ ਚਾਹੇ ਚੰਦਕੁਰ ਬਣਾਈ ਬੈਠੀ ਸੀ, ਸੂਟਾਂ ਦੇ ਕਪੜੇ ਵੀ ਉਹ ਚੋਰੀਓਂ –ਛਪੋਰੀਓਂ ਪਿੰਡ ਵਿਚ ਆਏ ਡੱਗੀ ਵਾਲਿਆਂ ਤੋਂ ਖਰੀਦ ਲੈਂਦੀ ਰਹੀ ਸੀ । ਪਰ ਅਜੇ ਤਾਂ ਬਹੁਤ ਕੁਝ ਸੀ ਜਿਹੜਾ ਮੰਡੀ ਜਾ ਕੇ ਮੁੱਲ ਲਿਆਉਣ ਵਾਲਾ ਸੀ । ਸੀਧੇ-ਪੱਤੇ ਉੱਤੇ ਹੀ ਹਜ਼ਾਰਾਂ ਰੁਪਏ ਲੱਗ ਜਾਣਗੇ । ਬਰਾਤੀਆਂ ਦੀ ਪੂਰੀ ਸੇਵਾ ਨਾ ਕੀਤੀ ਗਈ ਤਾਂ ਸਾਰੀ ਉਮਰ ਵਾਸਤੇ ਧੂਰਕੋਟ ਵਾਲੇ ਮੂੰਹ ਕਾਲਸ ਮਲ ਦੇਣਗੇ। ਫੇਰ ਵੀ ਰਸਾਲਦਾਰ ਕਰਮ ਸਿੰਘ ਦਾ ਘਰ ਹੈ। ਪਿੰਡ ਵਿਚ ਗੱਲ ਤੁਰਨੀ ਚਾਹੀਦੀ ਹੈ। ਅਖੀਰ ਪਤੀ ਪਤਨੀ ਨੇ ਗੱਲ ਮੁਕਾਈ ਕਿ ਪੈਸਾ ਤਾਂ ਹੱਥਾਂ ਦੀ ਮੈਲ ਹੈ। ਵਿਆਹ ਸਿਰੇ-ਸੱਟ ਕਰਾਂਗੇ। ਵਿਆਜੂ ਪੈਸਾ ਸਿਰ ਚੜ੍ਹ ਜਾਏਗਾ ਤਾਂ ਕੀ। ਫਸਲਾਂ ਚੰਗੀਆਂ ਲਗਦੀਆਂ ਰਹੀਆਂ ਤਾਂ ਉਹ ਸਾਲ ਦੇ ਸਾਲ ਪੈਸਾ ਸਿਰੋਂ ਉਤਾਰਦਾ ਜਾਵੇਗਾ। ਜਦੋਂ ਜ਼ਮੀਨ ਦੇ ਮਾਲਕ ਹਾਂ ਤਾਂ ਫਿਕਰ ਕਾਹਦਾ ? ਜੱਟ ਕੋਲ ਦੋ ਸੇਰ ਮਿੱਟੀ ਹੋਣੀ ਚਾਹੀਦੀ ਹੈ, ਫੇਰ ਉਹ ਕਿਸੇ ਦੇ ਲੈਣ ਦਾ ਨਹੀਂ। ਜ਼ਮੀਨ ਦੇ ਸਿਰ ਉੱਤੇ ਤਾਂ ਚਾਹੇ ਜੱਟ ਕਿੱਡਾ ਵੱਡਾ ਖੂਹ ਪੁੱਟ ਲਵੇ। ਜ਼ਮੀਨ ਤਾਂ ਜੱਟ ਦੀ ਟਕਸਾਲ ਹੁੰਦੀ ਹੈ। ਸੋਨਾ ਉਗਲਦੀ ਹੈ। ਜ਼ਮੀਨ ਵਿਚ ਤਾਂ ਚਾਹੇ ਕੋਈ ਬੰਦਾ ਹਰਾ ਕਰ ਲਵੇ ।
4
ਮੱਲਣ ਦਾ ਸੀਰੀ ਚਾਰ ਦਿਨਾਂ ਤੋਂ ਕੰਮ ਉੱਤੇ ਨਹੀਂ ਆਇਆ ਸੀ। ਉਹਦੀ ਸਾਲੀ ਦੇ ਮੁੰਡੇ ਦਾ ਵਿਆਹ ਸੀ ਤੇ ਉਹਦਾ ਸਾਰਾ ਟੱਬਰ ਗਿਆ ਸੀ। ਪੰਜਵੇਂ ਦਿਨ ਤੜਕੇ ਸਦੇਹਾਂ ਹੀ ਉਹ ਆਇਆ ਤੇ ਆਲੇ ਵਿਚ ਪਈ ਆਪਣੀ ਪਿੱਤਲ ਦੀ ਬਾਟੀ ਚੁੱਕ ਕੇ ਬੈਠ ਗਿਆ । ਜੀਤੋ ਨੇ ਉਹਨੂੰ ਚਾਹ ਪਾ ਦਿੱਤੀ । ਮੱਲਣ ਉਹਨੂੰ ਸਾਲੀ ਦਾ ਹਾਲ-ਚਾਲ ਪੁੱਛਣ ਲੱਗਿਆ। ਤੇਜੂ ਇਕ ਘੁੱਟ ਚਾਹ ਦੀ ਭਰਦਾ ਤੇ ਵਿਆਹ ਦੀਆਂ ਗੱਲਾਂ ਦੱਸਦਾ ਤੁਰਿਆ ਜਾਂਦਾ-ਮੱਲਕ ਮੱਲਕ ਬੋਲਦਾ। ਪੀ ਕੇ ਤੇਜੂ ਨੇ ਬਾਟੀ ਵਿਚ ਮਿੱਟੀ ਪਾਈ ਤੇ ਉਹਨੂੰ ਰਗੜ-ਰਗੜ ਕੇ ਮਾਂਜਣ ਲੱਗਿਆ। ਆਲੇ ਵਿਚ ਬਾਟੀ ਰੱਖ ਕੇ ਉਹਨੇ ਪੁੱਛਿਆ, ‘ਅੱਜ ਫੇਰ ?’
‘ਟਾਹਲੀ ਆਲਾ ਸਾਰਾ ਸੁਹਾਗਿਆ ਪਿਐ। ਕੱਲ੍ਹ ਨੂੰ ਬਿਜਾਈ ਕਰਾਂਗੇ । ਚੱਲ ਆਪਾਂ ਝੰਡੇ ਦੇ ਚਲਦੇ ਆਂ। ਗੱਲ ਮੇਰੀ ਕੀਤੀ ਵੀ ਐ। ਬੀ ਤੁਲਾ ਲਿਆਈਏ, ਸਦੇਹਾਂ ਸਦੇਹਾਂ। ਫੇਰ ਉਹਦਾ ਪਤਾ ਨੀ, ਕਦੋਂ ਕਿੱਧਰ ਉਠ ਜੇ ।’ ਮੱਲਣ ਨੇ ਕਿਹਾ ਤੇ ਉਹ ਦੋ ਪੁਰਾਣੀਆਂ ਬੋਰੀਆਂ ਲੈ ਕੇ ਝੰਡੇ ਦੇ ਘਰ ਵੱਲ ਤੁਰ ਪਏ ।
ਝੰਡਾ ਘਰ ਹੀ ਸੀ। ਤੱਰੜੀ-ਪਸੇਰੀ ਲੈ ਕੇ ਉਹ ਆਪ ਬੀ ਤੋਲਣ ਬੈਠ ਗਿਆ । ਇਕ ਬੋਰੀ ਵਿਚ ਦੋ ਮਣ ਕਣਕ ਪਵਾ ਕੇ ਮੱਲਣ ਨੇ ਬੋਰੀ ਦਾ ਮੂੰਹ ਬੰਨ੍ਹਿਆ ਤੇ ਤੇਜੂ ਨੂੰ ਚੁਕਵਾ ਦਿੱਤੀ। ਦੂਜੀ ਬੋਰੀ ਵਿਚ ਦੋ ਮਣ ਹੋਰ ਪਵਾਈ ਤੇ ਮੂੰਹ ਬੰਨ੍ਹ ਲਿਆ। ਹੋਰ ਦੋ ਮਣ ਜੋਖ ਕੇ ਝੰਡੇ ਨੇ ਭੁੰਜੇ ਹੀ ਢੇਰੀ ਲਾ ਦਿੱਤੀ। ਸਬਾਤ ਵਿਚ ਤਲੀ ਦਿੱਤੀ ਹੋਈ ਸੀ। ਕਣਕ ਵਿਚ ਭੋਰਾ ਵੀ ਰੇਤਾ ਰਲਣ ਦਾ ਡਰ ਨਹੀਂ ਸੀ। ਸੀਰੀ ਮੁੜ ਕੇ ਆਇਆ ਤਾਂ ਉਹਨੇ ਖਾਲੀ ਬੋਰੀ ਵਿਚ ਤੋਲ ਕੇ ਰੱਖੀ ਦੋ ਮਣ ਪਾ ਲਈ। ਝੰਡਾ ਪੁੱਛਣ ਲੱਗਿਆ, ‘ਲੈ ਛੀ ਮਣ ਹੋ ਗੀ, ਬਹੁਤ ਐ?
‘ਹਾਂ, ਛੀ ਮਣ ਤਾਂ ਵਾਧੂ ਐ, ਦਸ ਘੁਮਾਂ ਨੂੰ । ਮੁਕਦੀ ਨੀ, ਬਚ ਬਸ਼ੱਕ ਜਾਵੇ ।’ ‘ਹੋਰ ਕਹੇਂ, ਹੋਰ ਤੋਲ ਦਿੰਨਾਂ ਹੁਣ ਤਾਂ ਦੱਸ ਦੇ।
‘ਨਹੀਂ, ਹੋਰ ਨੀ। ਬੱਸ ਜਿਉਂਦਾ ਰਹਿ।’ ਸਿਰਾਂ ਉੱਤੇ ਬੋਰੀਆਂ ਚੁੱਕ ਕੇ ਮੱਲਣ ਤੇ ਤੇਜੂ ਘਰ ਨੂੰ ਚੱਲ ਪਏ। ਜਾਂਦਿਆਂ ਨੂੰ ਝੰਡਾ ਕਹਿੰਦਾ, ‘ਚੰਗਾ, ਮੱਲਣਾ ਫੇਰ। ਆਥਣੇ ਮੁਕੰਦੀ ਦੀ ਹੱਟ’ਤੈ ਆ ਜੀਂ। ਬਹੀ ਲੈ ਚੱਲਾਂਗੇ। ਲਿਖਤ ਕਰ ਲਾਂ ਗੇ, ਚੰਗੀ ਰਹਿੰਦੀ ਐ। ਸਵਾਈ ਲਾਊਂ ਤੈਨੂੰ। ਡੂਢੀ ਨੂੰ ਹੋਰ ਬਹੁਤ ਨੇ । ਚੰਗਾ ?’
‘ਸਾਬਾਸ਼ੇ ਭਾਈ ਤੇਰੇ। ਅਰਥ ਸਾਰ ‘ਤਾ ਜਿਹੜਾ। ਮੈਂ ਘਰੇ ਈ ਆਂ ਅੱਜ। ਜਦੋਂ ਮਰਜੀ ਹਾਕ ਮਾਰ ਲੀਂ। ਮੁੰਡਾ ਭੇਜ ਦੀਂ ਕੋਈ। ਮਕੰਦੀ ਦੇ ਆ ਜੂੰ ਮੈਂ ।
ਛੀ ਮਣ ਦੀ ਛੀ ਮਣ ਵਰਾਂਢੇ ਵਿਚ ਸੁੱਟ ਕੇ ਮੱਲਣ ਨੇ ਚੰਦਕੁਰ ਨੂੰ ਆਖਿਆ ਕਿ ਉਹ ਦੋ ਕੁ ਮਣ ਅੱਜ ਆਥਣ ਨੂੰ ਹੀ ‘ਅੱਛੀ’ ਕਰ ਦੇਵੇ। ਦੋਵਾਂ ਕੁੜੀਆਂ ਨੂੰ ਨਾਲ ਲਾ ਲਵੇ । ਸੰਵਾਰ ਕੇ ਛੱਡੇ ਕਣਕ। ਮਿਰਮਿਰੀ ਦਾ ਭੋਰਾ ਵੀ ਵਿਚ ਨਾ ਰਹੇ।
ਦਿਨ ਛਿਪੇ ਜਿਹੇ ਇਕ ਮੁੰਡਾ ਮੱਲਣ ਨੂੰ ਲੈਣ ਆ ਗਿਆ। ਉਹਨੂੰ ਮੁਕੰਦੀ ਦੀ ਦੁਕਾਨ ਉੱਤੇ ਬੁਲਾਆਿ ਗਿਆ ਸੀ। ਉਹ ਸਮਝ ਗਿਆ। ਝੰਡੇ ਦੀ ਬਹੀ ਉੱਤੇ ਮੁਕੰਦੀ ਨੇ ਲਿਖਤ ਕੀਤੀ ਤੇ ਮੱਲਣ ਦਾ ਗੂਠਾ ਲਵਾ ਲਿਆ । ਹਾੜ੍ਹੀ ਨੂੰ ਸਾਢੇ ਸੱਤ ਮਣ ਕਣਕ ਲੈਣੀ ਕਰ ਲਈ।
ਗੂਠਾ ਲਾ ਕੇ ਮੱਲਣ ਨੇ ਧਰਤੀ ਉੱਤੇ ਘਸਾਇਆ ਤੇ ਮੁੰਕਦੀ ਨੂੰ ‘ਰਾਮ-ਰਾਮ’ ਬੁਲਾ ਕੇ ਘਰ ਨੂੰ ਆ ਗਿਆ। ਉਹਦਾ ਚਿੱਤ ਬਹੁਤ ਖਰਾਬ ਸੀ। ਉਹਨਾਂ ਦੇ ਘਰ ਵਿਚ ਇਹ ਪਹਿਲੀ ਵਾਰ ਹੋਇਆ ਸੀ ਕਿ ਉਹਨਾਂ ਕੋਲ ਬੀ ਪਾਉਣ ਲਈ ਵੀ ਕਣਕ ਨਹੀਂ ਰਹਿ ਗਈ ਸੀ। ਨਵੀਂ ਕਣਕ ਤਾਂ ਅਜੇ ਸੱਤ ਮਹੀਨਿਆਂ ਨੂੰ ਘਰ ਆਉਣੀ ਸੀ। ਸੱਤ ਮਹੀਨਿਆਂ ਲਈ ਢਿੱਡ ਦਾ ਬੇਦੋਬਸਤ ਕਰਨਾ ਵੀ ਜ਼ਰੂਰੀ ਸੀ। ਉਹਨੇ ਚੁੱਪ ਕੀਤੇ ਨੇ ਆਥਣ ਦੀ ਰੋਟੀ ਖਾਧੀ ਤੇ ਬੈਠਕ ਵਿਚ ਪਿਉ ਕੋਲ ਬੈਠ ਕੇ ਏਧਰ-ਉਧਰ ਦੀਆਂ ਦੋ-ਚਾਰ ਗੱਲਾਂ ਕੀਤੀਆਂ। ਲੰਪ ਡੰਗ ਦਿੱਤਾ। ਜੀਤੋ ਬਾਬੇ ਖਾਤਰ ਰੋਟੀ ਲੈ ਆਈ ਤਾਂ ਉਹ ਆਪਣੇ ਪਿਉ ਦੇ ਉਦਾਸ ਚੇਹਰੇ ਨੂੰ ਦੇਖ ਕੇ ਚੁੱਪ-ਕੀਤੀ ਹੀ ਮੁੜ ਗਈ। ਜਾ ਕੇ ਮਾਂ ਨੂੰ ਕਿਹਾ, ‘ਬਾਪੂ ਦਾ ਦੁਖਦੈ ਕੁਸ, ਮਾਂ ?
ਚੰਦਕੁਰ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਮੱਲਣ ਦੇ ਅੰਦਰਲੇ ਰੋਗ ਨੂੰ ਭਲੀ-ਭਾਂਤ ਜਾਣਦੀ ਸੀ। ਮਾਂ ਦੇ ਚੁੱਪ ਚਿਹਰੇ ਨੂੰ ਦੇਖਕੇ ਮੀਤੋ ਵੀ ਫਿਕਰਮੰਦ ਜਹੀ ਹੋ ਗਈ। ਉਹਦੇ ਬੁੱਲ੍ਹਾਂ ਉਤਲਾ ਪਹਿਲਾਂ ਵਾਲਾ ਚਾਅ ਪਤਾ ਨਹੀਂ ਕਿਧਰ ਉੱਡ ਗਿਆ।
ਖਾਉ-ਪੀਉ ਵੇਲਾ ਟਪਾ ਕੇ ਡੂੰਘੇ ਹਨੇਰੇ ਮੱਲਣ ਅਗਵਾੜ ਵਿਚ ਗਿਆ। ਕਈ ਘਰਾਂ ਵਿਚ ਜਾ ਕੇ ਪੁੱਛਿਆ। ਹਰ ਕੋਈ ਕਹਿ ਰਿਹਾ ਸੀ ਕਿ ਉਹਨਾਂ ਨੇ ਆਪ ਕੱਲ੍ਹ ਨੂੰ ਬਿਜਾਈ ਕਰਨ ਜਾਣਾ ਹੈ। ਮੱਲਣ ਚਾਹੁੰਦਾ ਸੀ, ਦੋ ਹਲ ਹੋਰ ਬਿੜ੍ਹੀ ਉੱਤੇ ਲਵੇ ਤਾਂ ਜੋ ਬਿਜਾਈ ਦਾ ਕੰਮ ਛੇਤੀ ਨਿੱਬੜੇ। ਵਾਹ-ਸੰਵਾਰ ਕੇ ਦਸ ਦੀ ਦਸ ਘੁਮਾਂ ਜ਼ਮੀਨ ਸੁਹਾਗੀ ਪਈ ਸੀ। ਅਖ਼ੀਰ ਪ੍ਰੀਤਮ ਆਪਣਾ ਹਲ ਦੇਣ ਲਈ ਮੰਨ ਗਿਆ। ਉਹਨੇ ਆਪ ਹੀ ਜਾਣਾ ਸੀ । ਦੂਜਾ ਹਲ ਨਾਜਰ ਦਾ ਹੋ ਗਿਆ। ਨਾਜਰ ਦੇ ਤਾਂ ਸੀਰੀ ਵੀ ਨਹੀਂ ਸੀ। ਥੋੜੀ ਜ਼ਮੀਨ ਸੀ, ਸੀਰੀ ਉਹਨੇ ਕੀ ਕਰਨਾ ਸੀ। ਕੁਝ ਹੋਰ ਜ਼ਮੀਨ ਹਿੱਸੇ ਜਾਂ ਠੇਕੇ ਉੱਤੇ ਲੈ ਕੇ ਉਹ ਆਪਣੀ ਕਬੀਲਦਾਰੀ ਤੋਰੀਂ ਜਾਂਦਾ। ਉਹਨੇ ਬਿਜਾਈ ਦਾ ਕੰਮ ਮੁਕਾ ਲਿਆ ਸੀ।
ਤੜਕੇ ਨੂੰ ਸਦੇਹਾਂ ਉੱਠ ਕੇ ਤਿੰਨ ਹਲ ਮੱਲਣ ਦੇ ਟਾਹਲੀ ਵਾਲੇ ਖੇਤ ਪਹੁੰਚ ਗਏ । ਤੇਜੂ ਪੂਰਾ ਹਲੀਆ ਸੀ। ਬੰਦਾ ਵੀ ਕਾਢੂ ਸੀ। ਪਹਿਲੀ ਝੋਲੀ ਉਹਨੇ ਭਰੀ। ਉਹਦੇ ਮਗਰ ਪ੍ਰੀਤਮ ਤੇ ਪ੍ਰੀਤਮ ਮਗਰ ਨਾਜਰ ਦਾ ਹਲ। ਮੱਲਣ ਖ਼ੁਦ ਬੀ ਦੀ ਬੋਰੀ ਚੁੱਕ ਕੇ ਲੈ ਕੇ ਗਿਆ । ਹਾਲੀਆਂ ਨੂੰ ਪਾਣੀ-ਧਾਣੀ ਦੇਣ, ਚਾਹ ਕਰਨ ਤੇ ਸਲਾਹ-ਬਲਾਹ ਲਈ ਉਹਦਾ ਖੇਤ ਵਿਚ ਰਹਿਣਾ ਜ਼ਰੂਰੀ ਸੀ। ਦੁਪਹਿਰ ਦੀ ਰੋਟੀ ਚੰਦਕੁਰ ਤੇ ਜੀਤੋ ਲੈ ਕੇ ਆਈਆਂ। ਹਨੇਰਾ ਹੋਣ ਤੱਕ ੳਹਨਾਂ ਨੇ ਅੱਧਾ ਖੇਤ ਬੀਜ ਦਿੱਤਾ। ਮੱਲਣ ਨੇ ਦੂਜੇ ਦਿਨ ਲਈ ਵੀ ਪ੍ਰੀਤਮ ਤੇ ਨਾਜਰ ਮੂਹਰੇ ਹੱਥ ਜੋੜੇ। ਉਹ ਮੰਨ ਗਏ। ਕਹਿੰਦੇ, ‘ਹੁਣ ਆ ਗਏ ਆਂ ਤਾਂ ਕੰਮ ਸਿਰੇ ਲਾ ਕੇ ਈ ਜਾਮਾਂ ਗੇ।’
ਭਾਈਰੂਪੇ ਵਾਲੇ ਖੇਤ ਵਿਚ ਦੋ ਘੁਮਾਂ ਦੀ ਕਪਾਹ ਚੁਗ ਕੇ ਉਹਨਾਂ ਨੇ ਸਬਾਤ ਵਿਚ ਇਕ ਖੂੰਜੇ ਢੇਰ ਲਾ ਕੇ ਰੱਖ ਲਈ ਸੀ। ਹੁਣ ਇਸ ਥਾਂ ਗੋਡੇ ਗੰਡੇ ਚਾਰਾ ਖੜ੍ਹਾ ਸੀ। ਖਪਰਿਆਂ ਨਾਲ ਛਟੀਆਂ ਵੱਢ ਕੇ ਉਹ ਗੱਡਾ ਭਰਦੇ ਤੇ ਪਿੰਡ ਲਿਆ ਕੇ ਵਾੜੇ ਵਿਚ ਢੇਰ ਲਾਉਂਦੇ ਜਾਂਦੇ। ਛਟੀਆਂ ਵੱਢਣ ਵਾਲੇ ਦਿਨ ਬਲਕਾਰ ਵੀ ਖੇਤ ਨੂੰ ਚਲਿਆ ਗਿਆ। ਉਸ ਦਿਨ ਛੁਟੀ ਸੀ, ਸਕੂਲ ਵਿਚ। ਤੇਜੂ ਦੇ ਦੋਵੇਂ ਮੁੰਡੇ ਵੀ ਖੇਤ ਗਏ।ਉਹਦੇ ਹਾਣੀ ਸਨ, ਪਰ ਉਹ ਪੜ੍ਹਦੇ ਨਹੀਂ ਸਨ। ਉਹਨਾਂ ਦਿਨਾਂ ਵਿਚ ਚਮਿਆਰ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਐਨਾ ਗਹੁ ਨਹੀਂ ਕਰਦੇ ਸਨ। ਜਵਾਕ ਥੋੜਾ ਜਿਹਾ ਵੀ ਉਡਾਰ ਹੁੰਦਾ ਤਾਂ ਝਟ ਉਹਨੂੰ ਮਹੀਆਂ ਮਗਰ ਲਾ ਦਿੱਤਾ ਜਾਂਦਾ। ਹੋਰ ਨਹੀਂ ਤਾਂ ਬੱਕਰੀ ਚਾਰ ਕੇ ਹੀ ਲਿਆਉਂਦਾ। ਬਲਕਾਰ ਦੂਜੀ ਜਮਾਤ ਵਿਚ ਪੜ੍ਹਦਾ ਸੀ। ਕਦੇ ਕਦੇ ਤੇਜੂ ਦੇ ਮੁੰਡੇ ਮੱਲਣ ਦੇ ਘਰ ਆਉਂਦੇ ਤੇ ਬਲਕਾਰ ਨਾਲ ਖੇਡਣ ਲਗਦੇ। ਉਹ ਬਸਤਾ ਖੋਲ੍ਹੀ ਬੈਠਾ ਹੁੰਦਾ ਤਾਂ ਉਹ ਬਿਟਰ-ਬਿਟਰ ਉਹਦੀਆਂ ਕਿਤਾਬਾਂ-ਕਾਪੀਆਂ, ਕਲਮ-ਪੈਨਸਲ, ਸਿਆਹੀ ਦੀ ਦਵਾਤ ਤੇ ਸਲੇਟ-ਫੱਟੀ ਵਲ ਝਾਕਦੇ ਰਹਿੰਦੇ। ਉਹਨੂੰ ਸਕੂਲ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਪੁਛਦੇ। ਇਕ ਦਿਨ ਬਲਕਾਰ ਨੇ ਖੁੱਚਾਂ ਹੇਠ ਦੀ ਬਾਂਹਾਂ ਕੱਢ ਕੇ ਕੰਨ ਫੜੇ ਤਾਂ ਉਹ ਦੇਖ ਕੇ ਹੈਰਾਨ ਹੀ ਰਹਿ ਗਏ। ਘਰ ਜਾ ਕੇ ਬਲਕਾਰ ਵਾਂਗ ਕੰਨ ਫੜ ਫੜ ਖੇਡਣ ਦੀ ਮਸ਼ਕ ਕਰਨ ਲੱਗੇ । ਉਹਨਾਂ ਦੀ ਮਾਂ ਪੁੱਛਦੀ ਸੀ, ‘ਵੇ ਖਰੂਦੀਉ, ਇਹ ਕੀ ਨਮੀਂ ਘਤਿੱਤ ਸਿੱਖ ਕੇ ਆਏ ਉਂ ?’
ਅੱਜ ਜਦੋਂ ਖੇਤ ਵਿਚ ਛਟੀਆਂ ਵੱਢੀਆਂ ਜਾ ਰਹੀਆਂ ਸਨ, ਉਹ ਤਿੰਨੇ ਜਣੇ ਚਾਰੇ ਵਿਚ ਭੱਜੇ ਫਿਰਦੇ ਸਨ। ਮੱਲਣ ਕਈ ਵਾਰੀਂ ੳਹਨਾਂ ਨੂੰ ਝਿੜਕ ਚੁੱਕਿਆ ਸੀ। ‘ਸਾਲਿਓ, ਕੰਜਰ ਦੇ ਪੁੱਤੋ, ਚਾਰਾ ਮਿੱਧ ‘ਤਾ ਸਾਰਾ । ਹਟਦੇ ਨੀ ਤੁਸੀਂ ? ਤੇਜੂ ਨੇ ਆਪਣੇ ਵੱਡੇ ਮੁੰਡੇ ਦੇ ਕੰਨ ਉੱਤੇ ਚਪੇੜ ਮਾਰੀ। ਪਰ ਨਾ, ਉਹ ਤਾਂ ਗਾਲਾਂ-ਝਿੜਕਾਂ ਨੂੰ ਗੌਲਦੇ ਹੀ ਨਹੀਂ ਸਨ।
ਅਸਲ ਵਿਚ ਗੱਲ ਇਹ ਸੀ ਕਿ ਬਲਕਾਰ ਦਾ ਗੀਝਾ ਕੌਡੀਆਂ ਨਾਲ ਭਰਿਆ ਹੋਇਆ ਸੀ। ਤੇਜੂ ਦੇ ਮੁੰਡਿਆਂ ਨੇ ਉਹਤੋਂ ਕੌਡੀਆਂ ਮੰਗੀਆਂ। ਉਹ ਦਿੰਦਾ ਨਹੀਂ ਸੀ। ਉਹਨਾਂ ਨਾਲ ਕੌਡੀਏਂ ਉਹ ਖੇਡਦਾ ਵੀ ਨਹੀਂ ਸੀ। ਉਹਨੂੰ ਡਰ ਸੀ, ਉਹ ਜਿੱਤ ਜਾਣਗੇ। ਤੇ ਹੁਣ ਉਹ ਅੱਗੇ ਅੱਗੇ ਭਜਦਾ ਤੇ ਤੇਜੂ ਦੇ ਮੁੰਡੇ ਉਹਦੇ ਪਿੱਛੇ ਪਿੱਛੇ। ਬਲਕਾਰ ਭਜਦਾ ਤਾਂ ਕੌਡੀਆਂ ਉਹਦੇ ਗੀਝੇ ਵਿਚੋਂ ਛਲਕ ਕੇ ਬਾਹਰ ਡਿਗਦੀਆਂ। ਤੇਜੂ ਦੇ ਮੁੰਡੇ ਨਾਲ ਦੀ ਨਾਲ ਅੱਖ ਬਚਾ ਕੇ ਕੌਡੀਆਂ ਚੁਗਦੇ ਜਾਂਦੇ । ਉਹ ਉਹਨੂੰ ਰੜੇ ਮੈਦਾਨ ਵੱਲ ਘੇਰ ਕੇ ਲਿਆਉਂਦੇ ਤਾਂ ਜੋ ਗੀਝਿਓਂ ਡਿੱਗੀਆਂ ਕੌਡੀਆਂ ਸਾਰੀਆਂ ਦੀਆਂ ਸਾਰੀਆਂ ਉਹ ਆਸਨੀ ਨਾਲ ਚੁਗ ਸਕਣ। ਪਰ ਉਹ ਫੇਰ ਗੇੜਾ ਖਾ ਕੇ ਚਾਰੇ ਦੇ ਕਿਆਰਿਆਂ ਵਿਚ ਭੱਜਣ ਲਗਦਾ। ਲੱਖ ਗੀਝੇ ਨੂੰ ਹੱਥ ਪਾਉਂਦਾ, ਪਰ ਕੌਡੀਆਂ ਫੇਰ ਵੀ ਕਿਰ ਜਾਂਦੀਆਂ । ਹੰਭ ਕੇ ਉਹ ਵੱਟ ਉੱਤੇ ਬੈਠਾ ਤਾਂ ਦੇਖਿਆ ਕਿ ਕੌਡੀਆਂ ਦਾ ਤਾਂ ਅੱਧਾ ਗੀਝਾ ਰਹਿ ਗਿਆ ਹੈ। ਪਰ ਉਹਨੂੰ ਪਤਾ ਨਹੀਂ ਸੀ ਕਿ ਉਹਦੇ ਨਾਲ ਕੀ ਠੱਗੀ ਵਾਪਰ ਗਈ ਹੈ । ਤੇਜੂ ਦੇ ਮੁੰਡੇ ਹੱਸਦੇ ਸਨ ਤੇ ਹੱਸੀਂ ਹੀ ਜਾ ਰਹੇ ਸਨ।
‘ਮੱਲਣ ਸਿਆਂ, ਕਪਾਹ ਆਲੀ ਜ਼ਮੀਨ ਤਾਂ ਇਹ ਹੈ ਨੀ। ਐਮੇਂ ਧੱਕਾ ਕਰਦੇ ਆਂ ਆਪਾਂ, ਹਰ ਸਾਲ ਈ। ਛਟੀਆਂ ਸਾਲੀਆਂ ‘ਚ ਜਮਾਂ ਈ ਜਾਨ ਨੀ। ਤੇਜੂ ਕਹਿ ਰਿਹਾ ਸੀ।
‘ਕਪਾਹ ਵੀ ਕਿਹੜੀ ਹੋਈ ਐ। ਛਟੀਆਂ ‘ਚ ਜਾਨ ਹੋਵੇ ਤਾਂ ਕਪਾਹ ਵੀ ਹੋਵੇ ।’ਮਿੱਲਣ ਬੋਲਿਆ।
‘ਹੋਰ, ਉਹੀ ਤਾਂ ਮੈਂ ਕਹਿਨਾ। ਛੱਡੋ ਖਹਿੜਾ ਕਪਾਹ ਦਾ, ਕੁਸ ਹੋਰ ਬੀਜ ਲਿਆ ਕਰੀਏ।’
‘ਬੱਸ, ਹੁਣ ਨੀ ਬੀਜਦੇ ਕਪਾਹ। ਤੇਰੀ ਮੰਨ ਲੀ।’
ਭਾਈਰੂਪੇ ਵਾਲੇ ਖੇਤ ਵਿਚ ਦੋ ਘੁਮਾਂ ਮੱਕੀ ਵੀ ਸੀ। ਖਾਸੀ ਹੋਈ ਖੜ੍ਹੀ ਸੀ। ਬਾਕੀ ਦੇ ਦੋ ਘੁਮਾਂ ਵਿਚ, ਇਕ ਘੁਮਾਂ ਇੱਖ ਤੇ ਇਕ ਘੁਮਾਂ ਵਿਚ ਹੁਣ ਛੋਲੇ ਬੀਜ ਰੱਖੇ ਸਨ। ਮਾਰੂ ਛੋਲੇ। ਇਹ ਇਕ ਘੁਮਾਂ ਥਾਂ ਕੁਝ ਉੱਚੀ ਸੀ । ਪਾਣੀ ਮਸਾਂ ਚੜ੍ਹਦਾ। ਸੋ ਇਸ ਵਿਚ ਮੱਲਣ ਹਰ ਸਾਲ ਛੋਲੇ ਬੀਜਦਾ ਜਾਂ ਸਰ੍ਹੋਂ। ਥੋੜੇ ਘਣੇ ਛੋਲੇ ਤੇ ਸਰ੍ਹੋਂ ਹਰ ਕਿਰਸਾਣੀ-ਘਰ ਵਿਚ ਹੋਣੇ ਲਾਜ਼ਮੀ ਸਨ। ਨਾ ਦਾਲ ਬਿਨਾਂ ਸਰਦਾ ਤੇ ਨਾ ਤੇਲ ਬਗੈਰ ਹੀ।
ਖੇਤੀ-ਪੱਤੀ ਦੇ ਸਾਰੇ ਮੋਟੇ ਕੰਮ ਮੁਕਾ ਕੇ ਮੱਲਣ ਮੀਤੋ ਦੇ ਵਿਆਹ ਬਾਰੇ ਸੋਚਣ ਲੱਗਿਆ । ਅਜੇ ਤਾਂ ਕੁਝ ਵੀ ਨਹੀਂ ਬਣਾਇਆ ਸੀ। ਕੁਝ ਵੀ ਨਹੀਂ ਖਰੀਦਿਆ ਸੀ । ਸਾਰਾ ਕੁਝ ਹੀ ਕਰਨ ਵਾਲਾ ਰਹਿੰਦਾ ਸੀ। ਉੱਤੋਂ ਦਿਨ ਚੜ੍ਹਦੇ ਆ ਰਹੇ ਸਨ। ਦੀਵਾਲੀ ਕਦੋਂ ਦੀ ਲੰਘ ਗਈ ਸੀ। ਲੋਹੜੀ ਆਉਣ ਵਾਲੀ ਸੀ।
ਲੋਹੜੀ ਵਾਲੇ ਦਿਨ ਉਹ ਸਦੇਹਾਂ ਹੀ ਮੁਕੰਦੀ ਮੱਲ ਦੀ ਹੱਟ ਉੱਤੇ ਜਾ ਬੈਠਾ। ਮੁਕੰਦੀ ਪੁੱਛਣ ਲੱਗਿਆ, ‘ਕੀ ਗੱਲ, ਮੱਲਣਾ, ਅੱਜ ਸਦੇਹਾਂ ਈ ਕਿਮੇਂ ਦਰਸ਼ਨ ਦਿੱਤੇ ? ਲੋਹੜੀ ਦਾ ਦਿਨ ਐ, ਸਰਦਾਰਨੀ ਨੇ ਭੂਤ-ਪਿੰਨੇ ਨੀ ਦਿੱਤੇ ਬਣਾ ਕੇ ?’
‘ਭੂਤ-ਪਿੰਨੇ, ਤਿਲਾਂ ਦੇ ਤਲੋਏ, ਬਾਜਰੇ ਤੇ ਜੁਆਰ ਦੀਆਂ ਖਿੱਲਾਂ ਦਾ ਲਟਾ-ਪਟਾ ਕਿੰਨਾ ਈ ਕੁਸ ਬਣਾਈ ਬੈਠੀ ਐ ਉਹ ਤਾਂ, ਪਰ ਕੰਜਰ ਦਾ ਦਿਲ ਈ ਨੀ ਕਰਦਾ ਕੁਸ ਖਾਣ ਨੂੰ ।’ ਮੱਲਣ ਨੇ ਢਿੱਲੇ ਬੋਲ ਕੱਢੇ।
‘ਤਾਂ ਕੋਈ ਅੰਦਰਲੀ ਬਮਾਰੀ ਹੋਊ ਭਾਈ। ਨਹੀਂ ਤਾਂ ..’
‘ਅੰਦਰਲੀ ਬਮਾਰੀ ਦਾ ਤੈਨੂੰ ਨੀ ਪਤਾ ?’
‘ਨਾ ਬਈ ਮੱਲਣ ਸਿਆਂ, ਦੇਵੀ ਸਹੁੰ। ਰੱਬ ਦੇਖਦੈ ਉੱਤੇ, ਮੈਨੂੰ ਕੋਈ ਇਲਮ ਨੀ। ਹੁੱਕੇ ਉੱਤੇ ਚਿਲਮ ਧਰ ਕੇ ਮੁਕੰਦੀ ਨੇ ਨੜੀ ਮੂੰਹ ਵਿਚ ਲੈ ਲਈ ਤੇ ਮੱਲਣ ਵੱਲ ਖੋਜ-ਭਰੀਆਂ ਅੱਖਾਂ ਨਾਲ ਝਾਕਣ ਲੱਗਿਆ।
ਵਿਚੋਲਾ ਵਿਆਹ ਕਢਾ ਕੇ ਲੈ ਗਿਐ। ਗਲ-ਘਰੜਾ ਦੇ ਕੇ ਵਿਆਹ ਲਿਐ ਜੱਟ ਨੇ, ਏਨੀਂ ਛੇਤੀ।
‘ਫੇਰ ਕੀ ਫਿਕਰ ਹੋ ਗਿਆ ਤੈਨੂੰ। ਜੈਦਾਤ ਦਾ ਮਾਲਕ ਐਂ। ਸੋਲਾਂ ਘੁਮਾਂ ਤਾਂ ਕਿਸੇ ਕਹਿੰਦੇ-ਕਹਿੰਦੇ ਜੱਟ ਕੋਲ ਮਸਾਂ ਹੁੰਦੀ ਐ। ਕੋਈ ਹੋਰ ਕਾਣ-ਮੀਣ ਐ ਤਾਂ ਦੱਸ ਦੇ ਭਾਈ। ਜਿੰਨੇ ਜੋਗੇ ਹੈਗੇ ਆਂ, ਲਾ ਦਿਆਂਗੇ ਜੋਰ ।’
‘ਇਹੀ ਤਾਂ ਗੱਲ ਕਰਦਾਂ ਤੇਰੇ ਕੋਲ। ਤਾਂ ਹੀ ਤਾਂ ਆਇਆਂ ਮੈਂ। ਫੇਰ ਤਾਂ ਲੋਹੜੀ ਆਲੇ ਗੁੜ ਲੈ ਕੇ ਆ ਬੈਠਣਗੇ ਤੇਰੇ ਕੋਲ। ਗੱਲ ਸੁਣ ਲੈ ਮੇਰੀ। ਅਖੇ, ਸ਼ਾਹ ਬਿਨਾ ਪਤ ਨੀ । ਰੁਪਈਆ ਚਾਹੀਂਦੇ ਛੀ ਹਜਾਰ ।’
‘ਛੀ ਹਜਾਰ ? ਛੀ ਹਜਾਰ ਤਾਂ ਡੀਕਰੀਆਂ ਨੀ ਕੱਠੀਆਂ ਹੁੰਦੀਆਂ ਕਿਤੋਂ। ਰਾਮ-ਰਾਮ ਕਰ, ਐਨਾ ਤਾਂ ਮੁਸ਼ਕਲ ਐ ਭਾਈ। ਘੱਟ ਨਾਲ ਨੀ ਸਰਦਾ ?’
‘ਨਾ, ਮੇਰਾ ਸਾਰਾ ਸ੍ਵਾਬ ਲਾਇਆ ਵਿਆ ਐ। ਛੀ ਹਜਾਰ ਦਾ ਤਾਂ ਸਿਉਨਾ ਆਉ ਕੱਲਾ। ਬਾਕੀ ਹੋਰ ਵੀਹ ਖਰਚ ਨੇ । ਤੂੰ ਛੀ ਹਜਾਰ ਕਰ ਦੇ । ਬਾਕੀ ਮੈਂ ਕਿਤੋਂ ਹੋਰ ਕਰੂੰ । ਹੂਲਾ ਤਾਂ ਫੱਕਣਾ ਈ ਪਊ।’
ਸੋਚ ਸੋਚ ਕੇ ਮੁਕੰਦੀ ਨੇ ਹਿਸਾਬ ਜਿਹਾ ਲਾਇਆ ਤੇ ਚੁੱਪ ਹੀ ਕਰ ਗਿਆ । ਬਗਲੇ ਵਾਂਗ ਅੱਖਾਂ ਮੀਚ ਲਈਆਂ।
ਮੱਲਣ ਨੇ ਹੱਥਾਂ ਵਿਚ ਲਏ ਡੱਕੇ ਨੂੰ ਧਰਤੀ ਉੱਤੇ ਸੁੱਟਿਆ ਤੇ ਕਹਿੰਦਾ, ‘ਫੇਰ ?’
ਮੁਕੰਦੀ ਨੇ ਅੱਖਾਂ ਉਘੇੜੀਆਂ ਤੇ ਪੁੱਛਿਆ, ‘ਰਕਮ ਚਾਹੀਂਦੀ ਕਿੱਦਣ ਐਂ ?
‘ਬੱਸ, ਕੱਲ੍ਹ ਨੂੰ ਕਰ ਚਾਹੇ, ਪਰਸੋਂ ਕਰ ਦੇ, ਚੌਥੇ ਛੇਤੀ ਤੋਂ ਛੇਤੀ ਚਾਹੀਦੇ ਨੇ ਪੈਸੇ ਤਾਂ। ਇਹ ਮੇਰੇ ਸਾਲੇ ਦੀ ਸਿਉਨਾ ਚੀਜ ਈ ਐਸੀ ਐ, ਨਗਦ ਦਿਉ ਤਾਂ ਮਿਲਦੀ ਐ। ਉਧਾਰ-ਸੁਧਾਰ ਵਾਲੀ ਚੀਜ ਹੁੰਦੀ ਤਾਂ ਹੋਰ ਗੱਲ ਸੀ।’
‘ਪਹਿਲਾਂ ਵੀ ਦੋ ਹਜਾਰ ਦਾ ਨਾਮਾ ਚਲਦੈ।’
‘ਹਾਂ, ਉਹ ਤਾਂ ਖਰਾ ਦੁੱਧ ਅਰਗਾ। ਓਏ, ਉਹ ਤਾਂ ਐਤਕੀਂ ਜੂੜ ਵੱਡ ‘ਤਾ ਹੁੰਦਾ। ਕਣਕ ਦੇਖੀਂ ਤੂੰ ਗਰੇ ਲੱਗ ਜਾਣਗੇ। ਦਸ ਘੁਮਾਂ ਬੀਜੀ ਐ। ਪਰ ਆਹ ਭਾਣੇ ਦਾ ਕੀ ਪਤਾ ਸੀ, ਵਿਆਹ रा।’
ਅੱਖਾਂ ਜਿਹੀਆਂ ਮੀਚ ਕੇ ਮੁਕੰਦੀ ਨੇ ਪੁੱਛਿਆ, ‘ਗਹਿਣੇ ਕਿਥੋਂ ਬਣਮੌਣੇ ਨੇ ? ਰਾਮਪੁਰਿਉਂ ਜਾਂ ਭਾਈਰੂਪਿਉਂ ?’
‘ਭਾਈਰੂਪੇ ਆਲੇ ਸੁਨਿਅਰ ਈ ਠੀਕ ਨੇ। ਨਾਲੇ ਵਾਹ ਐ ਪਹਿਲੇ ਦਿਨੋਂ। ਬੰਦੇ ਵੀ ਮਾਨ ਦਾਰ ਨੇ ‘
‘ਮਾਨਦਾਰੀ ਦੀ ਤਾਂ ਛੱਡ ਦੇ ਗੱਲ, ਸੁਨਿਆਰ ਨੇ ਤਾਂ ਮਾਂ ਦੇ ਹੱਸ ਚੋਂ ਸਿਊਨਾ ਰੱਖ ਲਿਆ ਸੀ । ਪਰ ਠੀਕ ਐ, ਤੇਰਾ ਉਹਨਾਂ ਕੋਲ ਜਕੀਨਾ ਬੱਝਿਆ ਵਿਆ ਐ, ਤਾਂ ਭਾਈਰੂਪੇ ਠੀਕ ਐ। ਤੂੰ ਐ ਕਰੀ ..’
ਮੱਲਣ ਪੱਬਾਂ ਾਰ ਹੋ ਕੇ ਬੈਠ ਗਿਆ । ਉਹਦੀਆਂ ਅੱਖਾਂ ਵਿਚ ਪੂਰਾ ਚਾਨਣ ਸੀ। ਕਹਿੰਦਾ, ‘ ਅਛਿਆ ।’
‘ਤੜਕੇ ਤਾਂ ਮਾਘੀ ਐ। ਤਿਹਾਰ ਦੇ ਦਿਨ ਕਾਹਨੂੰ ਐਮੇਂ ਪਰਸੋਂ ਨੂੰ ਆ ਜੀਂ ਸਦੇਹਾਂ ਈ। ਲਿਖਤ ਕਰ ਲਾਂ ਗੇ ਬਹੀ ‘ਤੇ’ ਪਹਿਲਾਂ ਵਾਲਾ ਦੋ ਹਜ਼ਾਰ ਵੀ ਵਿਚੇ ਪਾ ਲਾਂ ਗੇ । ਦੁਪਹਿਰ ਨੂੰ ਚੱਲਾਂ ਗੇ, ਭਾਈਰੂਪੇ। ਉਥੇ ਛੀ ਹਜ਼ਾਰ ਤੈਨੂੰ ਖਰਾ ਕਰ ਦਿਆਂਗੇ । ਰਕਮ ਮੇਰੀ ਉਥੇ ਪਈ ਐ, ਕਿਸੇ ਮਾਤਬਰ ਬੰਦੇ ਕੋਲ। ਰਿਸ਼ਤੇਦਾਰ ਈ ਐ ਆਪਣਾ ।’ ਤੇ ਫੇਰ ਹੌਲੀ ਜਿਹੇ ਮੱਲਣ ਦੇ ਨੇੜੇ ਮੂੰਹ ਕਰਕੇ ਉਹਨੇ ਕਿਹਾ, ‘ਮੈਂ ਆਵਦੇ ਕੋਲ ਨੀ ਰਖਦਾ ਹੁੰਦਾ। ਤੈਨੂੰ ਪਤੈ, ਜਮਾਨਾ ਕਿਹੜੇ।’ ਮੁਕੰਦੀ ਨੇ ਕਰੇੜਾ-ਖਾਧੇ ਦੰਦ ਕੱਢੇ ਤੇ ਆਖਿਆ, ‘ਦੋ ਗਵਾਹ ਲਿਆਈਂ, ਚੰਗੇ ਹੁੰਦੇ ਐ। ਪੱਕਾ ਕੰਮ ਹੋ ਜਾਂਦੈ ਗਵਾਹੀ ਪੈ ਕੇ ।’
‘ਚੱਲ, ਅੱਧਾ ਫਿਕਰ ਤਾਂ ਮੁੱਕਿਆ ।’ ਸੋਚ ਕੇ ਮੱਲਣ ਮੁਕੰਦੀ ਦੀ ਹੱਟ ਤੋਂ ਉੱਠ ਆਇਆ। ਸੱਥ ਵਿਚ ਲੋਹੜੀ ਦੀਆਂ ਲਾਟਾਂ ਉੱਠ ਰਹੀਆਂ ਸਨ । ਜੁੱਤੀ ਲਾਹ ਕੇ ਉਹਨੇ ਇਕ ਇਕ ਪੈਰ ਸੇਕਿਆ। ਘਰ ਦਾ ਬਾਰ ਵੜਦਿਆਂ ਉਹਦਾ ਜੀਅ ਕੀਤਾ ਉਹ ਲਲਕਾਰਾ ਮਾਰ ਕੇ ਚੰਦਕੁਰ ਨੂੰ ਆਪਣੀ ਖੁਸ਼ੀ ਦੱਸੇ ।
5
ਝੰਡੇ ਨੇ ਆਪਣੀਆਂ ਦੋਵੇਂ ਕੁੜੀਆਂ ਵਿਆਹ ਦਿੱਤੀਆਂ ਸਨ । ਮੁੰਡਾ, ਹਰਦਿੱਤ ਵੀ ਵਿਆਹ ਲਿਆ ਸੀ। ਹਰਦਿੱਤ ਦੀ ਬਹੂ ਕੋਲ ਅਗਾਂਹ ਇਕ ਕੁੜੀ ਵੀ ਹੋ ਚੁੱਕੀ ਸੀ। ਹਰਦਿੱਤ ਦਾ ਵਿਆਹ ਸਤਾਰਾਂ-ਅਠਾਰਾਂ ਸਾਲ ਦੀ ਉਮਰ ਵਿਚ ਹੀ ਕਰ ਦਿੱਤਾ ਗਿਆ ਸੀ। ਖਾਸਾ ਹੁੰਦੜਹੇਲ ਸੀ। ਦਾਜ ਲੈਣ ਵਿਚ ਝੰਡੇ ਨੇ ਜੱਟ ਨੂੰ ਖੁੰਘਲ ਕਰ ਦਿਤਾ ਸੀ। ਚੰਨਣਵਾਲ ਜੰਨ ਗਈ ਤਾਂ ਬਹੁਤ ਥੋੜੇ ਬੰਦੇ ਸਨ । ਸਾਰੇ ਰਿਸ਼ਤੇਦਾਰ ਹੀ ਲਗਭਗ । ਸ਼ਰੀਕੇ-ਕਬੀਲੇ ਵਾਲੇ ਤਾਂ ਪੰਜ-ਸੱਤ ਮਸਾਂ ਸਨ। ਝੰਡਾ ਕਹਿੰਦਾ, ਅਗਲਿਆਂ ਨੇ ਬਹੁਤੀ ਬਰਾਤ ਨਹੀਂ ਸੱਦੀ। ਅਸਲ ਵਿਚ ਗੱਲ ਇਹ ਸੀ ਕਿ ਝੰਡੇ ਨੂੰ ਲਾਲਚ ਸੀ ਕਿ ਜਿੰਨੀ ਬਰਾਤ ਥੋੜੀ ਹੋਵੇਗੀ, ੳਨਾਂ ਹੀ ਦੇਣ ਬਹੁਤਾ ਦਿਤਾ ਜਾਵੇਗਾ । ਜੱਟ ਦੀ ਸਮਝੌਤੀ ਉਹਨੂੰ ਯਾਦ ਸੀ, ‘ਸਰਦਾਰ ਜੀ, ਬੰਦੇ ਘੱਟ ਲਿਆਉਂਗੇ ਤਾਂ ਸੇਵਾ ਚੰਗ਼ੀ ਹੋ ਜੂ। ਅਸੀਂ ਤਾਂ ਲੌਣੈ। ਬਰਾਤ ਦੀ ਸੇਵਾ’ਤੇ ਨਾ ਲੱਗਿਆ ਤਾਂ ਥੋਡੇ ਘਰ ਆ ਜਾਣੈ।’ ਸ਼ਰੀਕੇ-ਕਬੀਲੇ ਦਾ ਉਹਨੂੰ ਕੀ ਸੀ। ਉਹ ਆਪ ਮਸਾਂ ਹੀ ਕਿਸੇ ਦੀ ਬਰਾਤ ਵਿਚ ਜਾਂਦਾ ਤੇ ਨਾ ਹਰਦਿੱਤ ਨੂੰ ਜਾਣ ਦਿੰਦਾ। ਦੋਵੇਂ ਪਿਓ-ਪੁੱਤ ਦਾਰੂ ਨਹੀਂ ਪੀਂਦੇ ਸਨ।
ਆਪਣੇ ਨਾਲ ਇਕ ਸੀਰੀ ਤਾਂ ਝੰਡਾ ਪਹਿਲੇ ਦਿਨੋਂ ਰਖਦਾ। ਹੁਣ ਜਦੋਂ ਹਰਦਿੱਤ ਹਾਲੀ ਬਣ ਗਿਆ, ਉਹਨੇ ਸੀਰੀ ਨੂੰ ਫੇਰ ਵੀ ਰੱਖੀਂ ਰੱਖਿਆ। ਗੱਲ ਇਹ ਸੀ ਕਿ ਝੰਡਾ ਆਪ ਹੁਣ ਖੇਤ ਦੇ ਕੰਮ ਵਿਚ ਘੱਟ ਹੱਥ ਪਾਉਂਦਾ । ਪਿੰਡ ਵਿਚ ਉਹਨੂੰ ਬਹੁਤ ਕੰਮ ਰਹਿੰਦੇ। ਉਹਦੇ ਤਾਂ ਜੋੜ-ਤੋੜ ਹੀ ਨਹੀਂ ਮੁਕਦੇ ਸਨ। ਇੰਜ ਵਿਹਲਾ ਜਿਹਾ ਰਹਿਣ ਉੱਤੇ ਹਰਦਿੱਤ ਉਹਦੇ ਨਾਲ ਗੁੱਸੇ ਨਹੀਂ ਹੁੰਦਾ ਸੀ।
ਸਗੋਂ ਖ਼ੁਸ਼ ਸੀ। ਇਹ ਉਹਦੇ ਵਿਹਲਾ ਰਹਿਣ ਦੀ ਹੀ ਖੱਟੀ ਸੀ ਕੀ ਉਹਨੇ ਪਿਛਲੇ ਥੋੜੇ ਸਾਲਾਂ ਵਿਚ ਹੀ ਦਸ ਘੁਮਾਂ ਜ਼ਮੀਨ ਹਰਦਿੱਤ ਨੂੰ ਗਹਿਣੇ ਲੈ ਕੇ ਦਿੱਤੀ ਸੀ । ਝੰਡਾ ਮੁਕੰਦੀ ਬਾਣੀਏ ਦੀ ਹੱਟ ਉੱਤੇ ਜਾ ਬੈਠਦਾ। ਉਥੇ ਸਾਰਾ ਅਗਵਾੜ ਆਉਂਦਾ। ਸਾਰੇ ਘਰਾਂ ਦੀਆਂ ਗੱਲਾਂ ਮੁਕੰਦੀ ਦੀ ਹੱਟ ਉੱਤੇ ਪਹੁੰਚ ਜਾਂਦੀਆਂ । ਮੁਕੰਦੀ ਤੇ ਝੰਡਾ ਰਲ ਕੇ ਧੰਦਾ ਚਲਾਉਂਦੇ। ਮੁਕੰਦੀ ਥੁੜੇ-ਟੁੱਟੇ ਜੱਟਾਂ ਨੂੰ ਵਿਆਜੂ ਪੈਸੇ ਦਿੰਦਾ। ਚੂਹੜੇ-ਚਮਿਆਰਾਂ ਨੂੰ ਵੀ ਉਹ ਪੈਸੇ ਦਿੰਦਾ ਪਰ ਥੋੜੇ । ਛੋਟੀਆਂ ਜਾਤਾਂ ਨੂੰ ਉਹ ਸੌ ਰੁਪਏ ਤੋਂ ਵੱਧ ਨਹੀਂ ਦਿੰਦਾ ਸੀ। ਝੰਡਾ ਥੁੜੇ ਟੁਟੇ ਜੱਟਾਂ ਦੀ ਜ਼ਮੀਨ ਗਹਿਣੇ ਲੈਂਦਾ। ਆਪਣਾ ਰੁਪਈਆ ਉਹ ਮੁਕੰਦੀ ਨੂੰ ਫੜਾ ਕੇ ਰਖਦਾ । ਉਹੀ ਉਹਦਾ ਹਿਸਾਬ ਕਿਤਾਬ ਰਖਦਾ ਤੇ ਬਹੀ ਉੱਤੇ ਲਿਖਤ ਕਰਨ ਦਾ ਕੰਮ ਵੀ ਕਰ ਦਿੰਦਾ।
ਹਰਦਿੱਤ ਦਾ ਚਾਚਾ ਅਰਜਣ ਜਦੋਂ ਦਾ ਕਤਲ ਹੋਇਆ ਸੀ, ਉਹਨਾਂ ਕੋਲ ਵੀਹ ਘੁਮਾਂ ਪੈਲੀ ਇੱਕਠੀ ਘਰ ਦੀ ਹੋ ਗਈ ਸੀ। ਹੁਣ ਦਸ ਘੁਮਾਂ ਗਹਿਣੇ ਲੈ ਕੇ ਤੀਹ ਘੁਮਾਂ ਜ਼ਮੀਨ ਦੀ ਵਾਹੀ ਸੀ । ਤੀਹ ਘੁਮਾਂ ਤਾਂ ਫੰਨੇ ਜ਼ਮੀਨ ਹੁੰਦੀ । ਹਰਦਿੱਤ ਚਾਰ ਬਲਦ ਤੇ ਇਕ ਉੱਠ ਰਖਦਾ । ਦੋ ਹਲਾਂ ਦੀ ਵਾਹੀ। ਉੱਠ ਗੱਡੇ ਦੇ ਕੰਮ ਵਿਚ ਬੀਂਡੀ ਜੁੜਦਾ । ਕਿਧਰੇ ਆਉਣ-ਜਾਣ ਲਈ ਪੋਹਣ ਦੇ ਕੰਮ ਵੀ ਆਉਂਦਾ। ਉਹਨਾਂ ਦੇ ਘਰ ਦੋ ਮੱਝਾਂ ਰਹਿੰਦੀਆਂ। ਇਕ ਹਮੇਸ਼ਾ ਦੁੱਧ ਦਿੰਦੀ। ਇਕ ਸੂਈ ਹੁੰਦੀ ਤਾਂ ਦੂਜੀ ਗੱਭਣ ਹੋ ਜਾਂਦੀ। ਜਦੋਂ ਨੂੰ ਸੂੰਦੀ, ਪਹਿਲੀ ਗੱਭਣ ਹੋ ਜਾਂਦੀ । ਇੰਜ ਹਮੇਸ਼ਾ ਇਹ ਸਿਲਸਿਲਾ ਚਲਦਾ ਰਹਿੰਦਾ। ਘਰ ਵਿਚ ਖਾਣ-ਪੀਣ ਨੂੰ ਘਿਉ-ਦੁੱਧ ਆਮ ਸੀ। ਝੰਡਾ ਤੇ ਬੰਤੋ ਸਰਦਾਰੀ ਕਰਦੇ।
ਉਹਨਾਂ ਦਾ ਸੀਰੀ ਦੇਬੂ ਚਮਿਆਰ ਕਈ ਵਰ੍ਹਿਆਂ ਤੋਂ ਉਹਨਾਂ ਦੇ ਨਾਲ ਸੀ । ਦੂਜੇ ਸੀਰੀਆਂ ਵਿਚ ਬੈਠ ਕੇ ਉਹ ਗੱਲ ਕਰਦਾ, ‘ਖਾਣ-ਪੀਣ ਨੂੰ ਚਾਹੇ ਹੱਥ ਘੁਟਦੇ ਨੇ, ਰੁੱਖੇ ਵੀ ਬੜੇ ਨੇ ਕੰਜਰ ਦੇ, ਪਰ ਦਾਣੇ ਕੁੱਲ ਸੀਰੀਆਂ ਨਾਲੋਂ ਵੱਧ ਔਂਦੇ ਨੇ ਮੈਨੂੰ । ਸ੍ਵਾਬ ਲਾ ਕੇ ਦੇਖ ਲੌ । ਇਹੀ ਕਾਰਨ ਸੀ ਕਿ ਉਹ ਹਮੇਸ਼ਾ ਹੀ ਝੰਡੇ ਨਾਲ ਸੀਰ ਕਰਦਾ । ਕੰਮ ਵਿਚ ਉਹਨੂੰ ਪੂਰਾ ਔਖਾ ਹੋਣਾ ਪੈਦਾ । ਝੰਡਾ ਨਾ ਦਿਨ ਦੇਖਦਾ, ਨਾ ਰਾਤ। ਦੱਬੀ ਫਿਰਦਾ ਰਹਿੰਦਾ। ਆਪ ਵੀ ਤਾਂ ਪਸ਼ੂਆਂ ਵਰਗਾ ਬੰਦਾ ਸੀ। ਹਰਦਿੱਤ ਨੂੰ ਵੀ ਉਹਨੇ ਏਸੇ ਢਬ ਪਾ ਲਿਆ ਸੀ ।
ਇਕ ਗੱਲ ਝੰਡੇ ਨੂੰ ਪਤਾ ਨਹੀਂ ਕੌਣ ਦੱਸ ਗਿਆ। ਦੇਸ ਵਿਚ ਪਹਿਲੀਆਂ ਆਮ ਚੋਣਾਂ ਹੋਈਆਂ ਤਾਂ ਉਹਨੇ ਕਾਂਗਰਸੀ ਉਮੀਦਵਾਰ ਦਾ ਪੱਖ ਕੀਤਾ। ਦੇਸ ਨਵਾਂ ਨਵਾਂ ਆਜ਼ਾਦ ਹੋਇਆ ਸੀ। ਇਹ ਗੱਲ ਹਰ ਮੂੰਹ ਉੱਤੇ ਸੀ ਕਿ ਕਾਂਗਰਸ ਪਾਰਟੀ ਨੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਕੱਢਿਆ ਹੈ। ਗੁਲਾਮੀਂ ਦਾ ਜੂਲਾ ਤੋੜ ਕੇ ਆਜ਼ਾਦੀ ਲਿਆਂਦੀ ਹੈ। ਹੁਣ ਅੰਗਰੇਜ਼ਾਂ ਦੀ ਥਾਂ ਇਹ ਕਾਂਗਰਸੀ ਲੋਕ ਹੀ ਰਾਜ ਕਰਨਗੇ। ਦੂਜੀਆਂ ਪਾਰਟੀਆਂ ਤਾਂ ਐਵੇਂ ਲੱਤ ਅੜਾਉਂਦੀਆਂ ਹਨ।
ਰਾਜ-ਭਾਗ ਵਿਚੋਂ ਹਿੱਸਾ ਵੰਡਾਉਣਾ ਚਾਹੁੰਦੀਆਂ ਹਨ । ਕਾਂਗਰਸੀ ਉਮੀਦਵਾਰ, ਜਿਹੜਾ ਇਕ ਪੁਰਾਣਾ ਪਰਜਾ ਮੰਡਲੀਆ ਵੀ ਸੀ, ਦੀ ਕੁਰਬਾਨੀ ਬਹੁਤ ਸੀ। ਇਹ ਪੱਕੀ ਉਮੀਦ ਸੀ ਕਿ ਉਹ ਐਮ. ਐਲ. ਏ. ਬਣ ਕੇ ਵਜ਼ੀਰ ਵੀ ਜ਼ਰੂਰ ਬਣੇਗਾ। ਪੜ੍ਹਿਆ-ਲਿਖਿਆ ਬੰਦਾ ਸੀ। ਸਟੇਜ ਦਾ ਸਿਰਕੱਢ
ਬੁਲਾਰਾ ਵੀ। ਦੂਜੇ ਹਲਕਿਆਂ ਦੇ ਕਾਂਗਰਸੀ ਉਮੀਦਵਾਰ ਉਹਦੀ ਇੱਜ਼ਤ ਕਰਦੇ ਸਨ। ਉਹਨੇ ਅੰਗਰੇਜ਼ਾਂ ਤੇ ਮਹਾਰਾਜੇ ਦੀਆਂ ਜੇਲ੍ਹਾਂ ਵਿਚ ਕਿੰਨੇ ਕਿੰਨੇ ਸਾਲ ਕਾਲ-ਕੋਠੜੀਆਂ ਦੇ ਤਸੀਹੇ ਝੱਲੇ ਸਨ। ਤੇ ਹੁਣ ਸਾਰਾ ਇਲਾਕਾ ਇਸ ਬੁਢੇ ਬਾਬੇ ਦੀ ਮਦਦ ਲਈ ਉਲਰਿਆਂ ਪਿਆ ਸੀ। ਝੰਡੇ ਦਾ ਮੁੰਡਾ ਹਰਦਿੱਤ ਬਾਬੇ ਦੀ ਸਪਰੋਟ ਲਈ ਜੀਪ ਵਿਚ ਚੜ੍ਹ ਕੇ ਏਧਰ-ਉਧਰ ਪਿੰਡਾਂ ਵਿਚ ਜਾਂਦਾ। ਝੰਡਾ ਆਪ ਵੀ ਸਾਰੀਆਂ ਸਾਕ-ਸਕੀਰੀਆਂ ਵਿਚ ਜਾ ਕੇ ਆਇਆ। ਝੰਡੇ ਤੇ ਹਰਦਿੱਤ ਨੇ ਸਿਰਾਂ ਉੱਤੇ ਚਿੱਟੀਆਂ ਪੱਗਾਂ ਬੰਨ੍ਹ ਲਈਆਂ ਸਨ। ਝੰਡੇ ਨੇ ਤਾਂ ਸਗੋਂ ਖੱਦਰ ਦੀ ਚਿੱਟੀ ਪੱਗ ਬੰਨ੍ਹੀ। ਚੋਣ-ਫੰਡ ਵਿਚ ਚੋਰੀਉਂ ਪਰ ਪਾਬੇ ਨੂੰ ਜਤਾਅ ਕੇ ਝੰਡੇ ਨੇ ਸੌ ਸੌ ਦੇ ਪੰਜ ਨੋਟ ਦਿਤੇ ਸਨ।ਬਾਬੇ ਦੇ ਵਿਰੁੱਧ ਕਮਿਊਨਿਸਟਾਂ ਤੇ ਅਕਾਲੀਆਂ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਸਨ। ਪਰ ਉਹਨਾਂ ਦਾ ਬਹੁਤ ਘੱਟ ਪਰਚਾਰ ਹੋਇਆ ਸੀ। ਅਖੀਰ ਬਾਬਾ ਹੀ ਜਿੱਤਿਆ। ਸਾਰੇ ਇਲਾਕੇ ਵਿਚ ਖੁਸ਼ੀਆਂ ਮਨਾਈਆਂ ਗਈਆਂ। ਪਰ ਪੈਪਸੂ ਦੇ ਮੰਤਰੀ-ਮੰਡਲ ਵਿਚ ਬਾਬੇ ਦਾ ਨਾਂ ਕਿਧਰੇ ਵੀ ਨਹੀਂ ਆਇਆ। ਉਹਦੀ ਥਾਂ ਉੱਤੇ ਇਕ ਨਵਾਂ ਬਣਿਆ ਨੌਜਵਾਨ ਕਾਂਗਰਸੀ ਐਮ.ਐਲ. ਏ. ਪੈਸੇ ਦੇ ਜ਼ੋਰ ਨਾਲ ਵਜ਼ੀਰ ਬਣ ਗਿਆ ਸੀ। ਬਾਬੇ ਦੇ ਤਿਆਗ ਸਦਕਾ ਹੀ ਅਜਿਹਾ ਹੋ ਸਕਿਆ ਸੀ। ਨੌਜਵਾਨ ਐਮ.ਐਲ.ਏ. ਨੇ ਪਿੰਡਾਂ ਦੀਆਂ ਪੰਚੈਤਾਂ ਇਕੱਠੀਆਂ ਕਰਕੇ ਬਾਬੇ ਦੇ ਪੈਰਾਂ ਉੱਤੇ ਆਪਣੀ ਪੱਗ ਰੱਖੀ ਸੀ । ਬਾਬਾ ਸਿਰੜ ਦਾ ਪੱਕਾ ਸੀ ਪਰ ਤਿਆਗੀ ਵੀ ਹੱਦ ਦਰਜੇ ਦਾ| ਅਖੀਰ ਪੰਚੈਤਾਂ ਦਾ ਆਖਾ ਮੰਨ ਕੇ ਉਹਨੇ ਨੌਜਵਾਨ
ਮੁੰਡੇ ਨੂੰ ਅਸ਼ੀਰਵਾਦ ਦੇ ਦਿਤੀ। ਸਗੋਂ ਉਹਨੂੰ ਵਜ਼ੀਰ ਬਣਵਾਉਣ ਲਈ ਬਾਬਾ ਆਪ ਉਹਦੇ ਨਾਲ ਦਿੱਲੀ ਗਿਆ।
ਚੋਣਾਂ ਤੋਂ ਬਾਅਦ ਵੀ ਮਹੀਨਿਆਂ ਤੱਕ ਝੰਡੇ ਦੇ ਘਰ ਉੱਤੇ ਜੰਗਲੇ ਨਾਲ ਬੰਨ੍ਹਿਆ ਤਰੰਗਾ ਝੰਡਾ ਲਹਿਰਾਉਂਦਾ ਰਿਹਾ। ਨੌਜਵਾਨ ਐਮ.ਐਲ.ਏ. ਹਰਦਿਲ ਸਿੰਘ ਵਜ਼ੀਰ ਬਣ ਕੇ ਪਿੰਡਾਂ ਵਿਚ ਲੋਕਾਂ ਦਾ ਧੰਨਵਾਦ ਕਰਨ ਆਇਆ। ਬਾਬਾ ਵੀ ਉਹਦੇ ਨਾਲ ਹੁੰਦਾ । ਬਾਬਾ ਵਧਾਅ-ਚੜਾ ਕੇ ਹਰਦਿਲ ਸਿੰਘ ਦੀ ਤਾਰੀਫ ਕਰਦਾ। ਤੇ ਹਰਦਿਲ ਸਿੰਘ ਵਾਰ-ਵਾਰ ਦੱਸਦਾ ਕਿ ਬਾਬੇ ਦੀ ਕਿਰਪਾ ਨਾਲ ਹੀ ਉਹ ਇਸ ਪਦਵੀ ਉੱਤੇ ਪਹੁੰਚਿਆ ਹੈ । ਕੋਠੇ ਖੜਕ ਸਿੰਘ ਉਹ ਆਏ । ਝੰਡੇ ਨੇ ਉਹਨਾਂ ਦੀ ਰੋਟੀ-ਪਾਣੀ ਦਾ ਸਾਰਾ ਇੰਤਜ਼ਾਮ ਆਪਣੇ ਘਰ ਕੀਤਾ। ਪੰਜਾਹ ਬੰਦਿਆਂ ਦੀ ਰੋਟੀ ਬਣੀ ਹੋਵੇਗੀ। ਜਿਵੇਂ ਝੰਡੇ ਦੇ ਘਰ ਕਿਸੇ ਮੁੰਡੇ-ਕੁੜੀ ਦਾ ਵਿਆਹ ਹੋਵੇ। ਪਿੰਡ ਵਿਚ ਗੱਲਾਂ ਹੋਣ ਲੱਗੀਆਂ, ਵਜ਼ੀਰ ਤੋਂ ਕੋਈ ਕੰਮ ਲੈਣਾ ਹੋਵੇਗਾ ਝੰਡੇ ਨੇ, ਨਹੀ ਤਾਂ ਕਿਸੇ ਦੀ ਵੱਢੀ ਉਂਗਲੀ ਉੱਤੇ ਮੂਤਣ ਨੂੰ ਤਿਆਰ ਨਹੀਂ ਇਹ। ਐਨਾ ਖਰਚ ਕਿਸੇ ਗੱਲ ਨੂੰ ਹੀ ਕੀਤਾ ਹੈ । ਲੋਕਾਂ ਦੀ ਗੱਲ ਸੀ ਵੀ ਸੱਚ । ਝੰਡਾ ਸਰਕਾਰੇ-ਦਰਬਾਰੇ ਆਪਣੀ ਪੈਂਠ ਬਣਾਉਣ ਦੀ ਤਿਆਰੀ ਵਿਚ ਸੀ। ਹੁਣ ਤਾਂ ਇਹ ਵਜ਼ੀਰ ਹੀ ਰਾਜੇ-ਮਹਾਰਾਜਿਆਂ ਦੀ ਥਾਂ ਲੈਣਗੇ । ਇਹਨਾਂ ਨਾਲ ਬਣਾ ਕੇ ਹੀ ਬੰਦਾ ਉੱਚਾ ਉੱਠ ਸਕੇਗਾ। ਕੰਮ ਚਾਹੇ ਕੋਈ ਨਾ ਹੀ ਪਵੇ, ਉਂਜ ਹੀ ਨਾਮਾਜਾਦੀ ਸੀ ਕਿ ਝੰਡਾ ਸਿੰਘ ਦੇ ਘਰ ਆ ਕੇ ਹਰਦਿਲ ਸਿੰਘ ਵਜ਼ੀਰ ਨੇ ਰੋਟੀ ਖਾਧੀ । ਉਹਦੇ ਨਾਲ ਹੋਰ ਕਿੰਨੇ ਹੀ ਜਣੇ ਸਨ । ਖੱਦਰ ਦੇ ਚਿੱਟੇ ਪਾਜਾਮੇ-ਕੁੜਤੇ ਤੇ ਖੱਦਰ ਦੀਆਂ ਹੀ ਚਿੱਟੀਆਂ ਪੱਗਾਂ । ਮੁੱਛਾਂ ਨੂੰ ਵੱਟ ਦਿਤੇ ਤੇ ਦਾੜ੍ਹੀਆਂ ਉੱਤੇ ਢਾਠੀਆਂ ਬੰਨ੍ਹੀਆਂ ਹੋਈਆਂ। ਲਗਦਾ ਸੀ ਜਿਵੇਂ ਉਹ ਵੀ ਵਜ਼ੀਜ ਹੀ ਹੋਣ। ਪੂਰੇ ਰੋਅਬ-ਦਾਬ ਵਾਲੇ । ਇਕ ਬਾਬਾ ਸੀ ਬੱਸ, ਜਿਸ ਵਿਚ ਪੁਰੀ ਹਲੀਮੀ ਸੀ। ਲਗਦਾ ਸੀ ਜਿਵੇਂ ਉਹ ਇਹਨਾਂ ਕੱਲ੍ਹ ਦੇ ਬਣੇ ਕਾਂਗਰਸੀ ਛੋਕਰਿਆਂ ਵਿਚ ਬੱਸ ਬੱਸ ਐਵੇਂ ਹੀ ਆ ਫਸਿਆ ਹੋਵੇ।
ਤੇ ਫੇਰ ਝੰਡਾ ਸਿੰਘ ਨੇ ਪਟਿਆਲੇ ਦਾ ਚੱਕਰ ਵੀ ਮਾਰ ਲਿਆ। ਹਰਦਿਲ ਸਿੰਘ ਨੇ ਉਹਨੂੰ ਬਹੁਤ ਜ਼ੋਰ ਲਾਇਆ ਸੀ ਕਿ ਉਹ ਉਸ ਰਾਤ ਉਹਦੀ ਕੋਠੀ ਚੱਲ ਕੇ ਠਹਿਰੇ। ਉਹਦੇ ਕੋਲ ਸ਼ਹਿਰੀਆਂ ਵਾਲੀ ਫੋਕੀ ਆਉ-ਭਾਗਤ ਨਹੀਂ, ਪਿੰਡਾਂ ਵਾਲਾ ਹੀ ਖੁੱਲ੍ਹਾ ਕੰਮ ਹੈ। ਕੋਠੀ ਵਿਚ ਨਿੱਤ ਪਿੰਡਾਂ ਤੋਂ ਆਏ ਪੰਦਰਾਂ-ਪੰਦਰਾਂ ਵੀਹ-ਵੀਹ ਆਦਮੀ ਠਹਿਰਦੇ ਹਨ। ਖੁੱਲ੍ਹਾ ਲੰਗਰ ਚਲਦਾ ਹੈ । ਦਾਰੂ ਪੀਣ ਵਾਲਿਆਂ ਨੂੰ ਦਾਰੂ ਵੀ ਮਿਲਦੀ ਹੈ। ਪਰ ਝੰਡਾ ਸਿੰਘ ਹੱਥ ਬੰਨ੍ਹ ਕੇ ਸਿਰ ਹੀ ਮਾਰਦਾ ਰਿਹਾ, ‘ਨਾ ਮ੍ਹਾਰਾਜ, ਦਾਰੂ ਤਾਂ ਕਦੇ ਮੂੰਹ ’ਤੇ ਨੀ ਧਰੀ ਮੈਂ। ਹੋਰ ਵੀ ਕੋਈ ਚਾਹਨਾ ਨੀ। ਬੱਸ ਜਿਉਂਦੇ ਰਹੋ। ਆਹ ਇਕ ਕਰਵਾ ਦਿਉ। ਹਰਦਿੱਤ ਸਿਉਂ ਗਲ ਪਿਆ ਹੋਇਐ।’ ਤੇ ਫੇਰ ਕਹਿੰਦਾ, ‘ਮੈ ਤਾਂ ਆਖਿਆ ਸੀ, ਕੀ ਕਰਨੀ ਐ ਇਹ ਦਮੂਖ ਤੈਂ ? ਆਪਣੀ ਕਿਹੜਾ ਦੁਸ਼ਮਣੀ ਐ ਕਿਸੇ ਨਾਲ । ਪਰ ਕਹਿੰਦਾ, ਆਪਾਂ ਕੋਈ ਬੰਦਾ ਥੋੜਾ ਮਾਰਨੈ, ਬੱਸ ਠੁੱਕ ਰਹਿੰਦੀ ਐ। ਲਉ ਦੱਸੋ, ਚੰਗੀ ਠੁੱਕ ਐ ਬਈ ਏਹੇ ।’ ਹਰਦਿਲ ਸਿੰਘ ਨੇ ਉਹਨੂੰ ਆਖਿਆ, ‘ਝੰਡਾ ਸਿਆਂ, ਮੈਂ ਹਫਤੇ-ਦਸ ਦਿਨਾਂ ਤੱਕ ਰਾਮਪੁਰੇ ਆਊਂਗਾ। ਤੂੰ ਪਤਾ ਰੱਖੀਂ। ੳਥੇ ਭੇਜ ਦੀਂ ਹਰਦਿਤ ਨੂੰ । ਡੀ. ਐਸ. ਪੀ. ਸਾਮ੍ਹਣੇ ਕਰਦੂੰ ਮੈਂ ਉਹਨੂੰ । ਇਹ ਬੰਦੂਕ ਦਾ ਲਸੰਸ ਕੋਈ ਵੱਡੀ ਗੱਲ ਨੀ। ਬਣ ਜੂ ਗਾ।
ਝੰਡਾ ਸਿੰਘ ਸਵੇਰ ਦੀ ਗੱਡੀ ਗਿਆ ਸੀ, ਆਥਣ ਦੀ ਗੱਡੀ ਵਾਪਸ ਰਾਮਪੁਰਾ ਫੂਲ ਆ ਗਿਆ। ਉਸ ਰਾਤ ਉਹ ਆਪਣੇ ਪਿੰਡ ਵਾਲੇ ਆੜ੍ਹਤੀਆਂ ਦੀ ਹੱਟ ਉੱਤੇ ਹੀ ਠਹਿਰ ਗਿਆ। ਉਹਨਾਂ ਕੋਲ ਜਾਣ ਤੋਂ ਪਹਿਲਾਂ ਹੀ ਢਾਬੇ ਉੱਤੇ ਰੋਟੀ ਖਾਧੀ ਤੇ ਫੇਰ ਉਹਨਾਂ ਦੀ ਹੱਟ ਮੂਹਰੇ ਮੰਜਾ ਲੈ ਕੇ ਪੈ ਗਿਆ। ਜੇਠ-ਹਾੜ੍ਹ ਦਾ ਮਹੀਨਾ ਸੀ। ਹੇਠਾਂ-ਉੱਤੇ ਲਈ ਕੱਪੜੇ ਦੀ ਲੋੜ ਹੀ ਨਹੀਂ ਸੀ। ਸਵੇਰੇ ਸਦੇਹਾਂ ਉੱਠ ਕੇ ਉਹ ਲੰਮੇ-ਪਤਲੇ ਨੌਜਵਾਨ ਕਾਂਗਰਸੀ ਵਰਕਰ ਦੇ ਘਰ ਗਿਆ। ਉਹਨੂੰ ਬੇਨਤੀ ਕੀਤੀ ਕਿ ਹੁਣ ਜਦੋਂ ਵੀ ਹਰਦਿਲ ਸਿੰਘ ਏਥੇ ਰਾਮਪੁਰੇ ਆਵੇ ਤਾਂ ਉਹ ਇਕ ਦਿਨ ਪਹਿਲਾਂ ਉਹਨੂੰ ਕੋਠਿਆਂ ਦੇ ਕਿਸੇ ਬੰਦੇ ਹੱਥ ਸਨੇਹਾ ਜ਼ਰੂਰ ਭੇਜ ਦੇਵੇ। ਉਹਨੂੰ ਹਰਦਿਲ ਸਿੰਘ ਤਾਈਂ ਇਕ ਖਾਸ ਕੰਮ ਹੈ।
ਨੌਜਵਾਲ ਕਾਂਗਰਸੀ ਵਰਕਰ ਨੇ ਝੰਡਾ ਸਿੰਘ ਨੂੰ ਚਾਹ-ਪਾਣੀ ਪਿਆਇਆ ਤੇ ਉਹਦਾ ਨਾਂ ਆਪਣੀ ਡਾਇਰੀ ਵਿਚ ਨੋਟ ਕਰ ਲਿਆ। ਉਹਦਾ ਪਿੰਡ ਵੀ ਆਖਿਆ, ‘ਝੰਡਾ ਸਿਉਂ ਜੀ, ਤੁਸੀਂ ਫਿਕਰ ਨਾ ਕਰੋ। ਹਰਦਿਲ ਸਿੰਘ ਨੇ ਜਿਸ ਦਿਨ ਔਣਾ ਹੋਇਆ ਇਕ ਦਿਨ ਪਹਿਲਾਂ ਥੋਡੇ ਪਿੰਡ ਦੇ ਆੜ੍ਹਤੀਏ ਨੂੰ ਮੈਂ ਆਪ ਦੁਕਾਨ ‘ਤੇ ਜਾ ਕੇ ਦੱਸ ਆਉਂ । ਆੜ੍ਹਤੀਏ ਕੋਲ ਤਾਂ ਕਠਿਆਂ ਤੋਂ ਕੋਈ ਨਾ ਕੋਈ ਨਿੱਤ ਔਂਦਾ ਈ ਰਹਿੰਦੇ ਕਿਸੇ ਨਾ ਕਿਸੇ ਕੰਮ।
ਹਰਦਿਲ ਸਿੰਘ ਜਿਸ ਦਿਨ ਰਾਮਪੁਰੇ ਆਇਆ, ਝੰਡਾ ਸਿੰਘ ਸੁਨੇਹਾ ਸੁਣ ਕੇ ਆ ਗਿਆ। ਡੀ.ਐਸ. ਪੀ. ਸਾਹਮਣੇ ਉਹਨੂੰ ਪੇਸ਼ ਕਰ ਦਿਤਾ ਗਿਆ। ਡੀ.ਐਸ.ਪੀ. ਹਰਦਿਲ ਸਿੰਘ ਨੂੰ ਕਹਿੰਦਾ, ‘ਸਰਦਾਰ ਜੀ, ਝੰਡਾ ਸਿੰਘ ਨਾਂ ਦਾ ਕੋਈ ਬੰਦਾ ਸਾਡੇ ਕਾਗਜ਼ਾਂ ਵਿਚ ਨਹੀਂ। ਇਹਨੂੰ ਬੰਦੂਕ ਕਾਹਦੇ ਵਾਸਤੇ ਚਾਹੀਦੀ ਐ ? ਕੀਹਦੇ ਡਰ ਤੋਂ ਇਹ ਬੰਦੂਕ ਲੈਂਦੇ ?’
‘ਦੁਸ਼ਮਣੀ ਦੀ ਗੱਲ ਨਹੀਂ ਡੀ. ਐਸ. ਪੀ ਸਾਅਬ, ਝੰਡਾ ਸਿੰਘ ਦੇ ਮੁੰਡੇ ਹਰਦਿਤ ਸਿੰਘ ਨੂੰ ਬਾਰਾਂ ਬੋਰ ਦੀ ਦੁਨਾਲੀ ਦਾ ਲਾਇਸੈਂਸ ਮਿਲਣਾ ਚਾਹੀਦੇ। ਬਸ।’
ਹਰਦਿਲ ਸਿੰਘ ਦੀਆਂ ਗਹਿਰੀਆਂ ਲੱਖਾਂ ਦੇਖ ਕੇ ਡੀ. ਐਸ. ਪੀ. ਨੇ ਸਲੂਟ ਮਾਰਿਆ, ‘ਜੀ ਸਾਅਬ ।’
ਤੇ ਫੇਰ ਹਰਦਿਲ ਸਿੰਘ ਹੱਸ ਕੇ ਬੋਲਿਆ, ‘ਜੱਟ ਦੀ ਦੁਸ਼ਮਣੀ ਕੀਹਦੇ ਨਾਲ ਨੀ ਹੁੰਦੀ ? ਜੱਟ ਦਾ ਤਾਂ ਹਰ ਕੋਈ ਦੁਸ਼ਮਣ ਐ।
ਕੋਠੇ ਖੜਕ ਸਿੰਘ ਵਿਚ ਝੰਡਾ ਸਿੰਘ ਦੀ ਬਹੁਤ ਮਸ਼ਹੂਰੀ ਹੋ ਗਈ। ਹਰ ਕੋਈ ਕਹਿੰਦਾ, ‘ਝੰਡਾ ਸਿਉਂ ਦੀ ਹਰਦਿਲ ਸਿਉਂ ਵਜੀਰ ਨਾਲ ਪੂਰੀ ਬਣਦੀ ਐ। ਉਹਦੇ ਕੋਲੋਂ ਤਾਂ ਇਹ ਜਿਹੜਾ ਮਰਜੀ ਕੰਮ ਕਰਵਾ ਲਵੇ।’
ਹਰਦਿੱਤ ਜਦੋਂ ਕਦੇ ਰਾਮਪੁਰੇ ਮੰਡੀ ਜਾਂਦਾ ਤਾਂ ਮੋਢੇ ਦੁਨਾਲੀ ਰਖਦਾ । ਕੁੜਤੇ ਦੇ ਗੀਝੇ ਵਿਚ ਚਾਰ-ਪੰਜ ਕਾਰਤੂਸ। ਰਿਸ਼ਤੇਦਾਰੀ ਵਿਚ ਵੀ ਉਹ ਬੰਦੂਕ ਲੈ ਕੇ ਜਾਂਦਾ । ਪਰ ਆਪਣੇ ਪਿੰਡ ਵਿਚ ਜਾਂ ਖੇਤ ਬੰਦੂਕ ਨਹੀਂ ਲਿਜਾਂਦਾ ਸੀ।
ਪਿੰਡ ਦੇ ਲੋਕ ਗੱਲਾਂ ਕਰਦੇ ‘ਦੱਸੋ, ਭਲਾਂ ਬਈ, ਝੰਡੇ ਦੇ ਮੁੰਡੇ ਨੂੰ ਪਸੇਰੀ ਭਾਰ ਚੁੱਕੇ ਬਿਨਾਂ ਜੰਗਲ ਨੀ ਉੱਤਰਦਾ ? ਕਿਸੇ ਨਾਲ ਲਾਗ ਨੀ, ਡਾਟ ਨੀ। ਕਦੇ ਕੋਈ ਬੋਲ-ਬੁਲਾਰਾ ਨੀ ਹੋਇਆ ਕਿਸੇ ਨਾਲ। ਐਮੇਂ ਵਾਧੂ ਦੀਆਂ ਬੜ੍ਹਕਾਂ ਮਾਰਦਾ ਫਿਰਦੇ । ਇਹਨੂੰ ਖੜ੍ਹਾ ਕੇ ਪੁੱਛੇ ਕੋਈ, ਬਈ ਚਲੌਣ ਦੀ ਹਿਮਤ ਹੈ ਗੀ ਐ ? ਚਿੜੀ ਜਿੰਨਾ ਦਿਲ ਨੀ, ਚੱਕੀ ਫਿਰਦੇ ਤਪੜਾ।’
6
ਮੁਕੰਦੀ ਦੇ ਛੀ ਹਜ਼ਾਰ ਨਾਲ ਸਾਰੇ ਗਹਿਣੇ ਬਣ ਗਏ ਸਨ । ਪ੍ਰਾਹੁਣੇ ਨੂੰ ਕੈਂਠਾ ਤੇ ਜੋੜੀ ਵੀ। ਲਿਖਤ ਕਰਨ ਵਾਲੇ ਦਿਨ ਹੀ ਮੁਕੰਦੀ ਮੱਲਣ ਨਾਲ ਭਾਈਰੂਪੇ ਗਿਆ ਸੀ। ਗਹਿਣਿਆਂ ਦੀ ਤਫਸੀਲ ਸੁਨਿਆਰ ਦੇ ਚੁਪੱਤੇ ਉੱਤੇ ਲਿਖਵਾਈ ਸੀ । ਮੁਕੰਦੀ ਨੇ ਗਿਣ-ਗਿਣ ਕੇ ਚਾਰ ਹਜ਼ਾਰ ਸੁਅਿਨਾਰ ਨੂੰ ਫੜਾਇਆ ਸੀ ਤੇ ਉਹ ਕੋਠਿਆਂ ਨੂੰ ਵਾਪਸ ਆ ਗਏ ਸਨ। ਦੋ ਹਜ਼ਾਰ ਦਸ ਦਿਨਾਂ ਬਾਅਦ ਦੇਣਾ ਕੀਤਾ ਸੀ। ਵਿਚੋਂ ਗਹਿਣਿਆਂ ਦੀ ਘੜਾਈ-ਬਣਾਈ। ਤੇ ਫੇਰ ਇਕਰਾਰ ਵਾਲੇ ਦਿਨ। ਉਹ ਦੋਵੇਂ ਭਾਈਰੂਪੇ ਗਏ। ਇਕੱਲੀ ਇਕੱਲੀ ਟੂਮ ਤੁਲਵਾਈ। ਮੱਲਣ ਆਪਣੇ ਘਰ ਦੀ ਬਹੀ ਨਾਲ ਲੈ ਗਿਆ ਸੀ । ਉਹਦੀ ਬਹੀ ਉੱਤੇ ਇਕ ਇਕ ਟੂਮ ਦਾ ਵਜ਼ਨ ਲਿਖ ਕੇ ਸਾਰੀਆਂ ਟੂਮਾਂ ਦੇ ਵਜ਼ਨ ਦਾ ਜੋੜ ਕਰ ਦਿੱਤਾ ਗਿਆ। ਸੁਨਿਆਰ ਨੇ ਲਿਖਿਆ ਕਿ ਇਹ ਟੂਮਾਂ ਚਾਰ ਰੱਤੀ ਤੇਲ ਦੀ ਘਸਾਈ ਕੱਟ ਕੇ ਕਦੋਂ ਵੀ ਵਾਪਸ ਮੋੜੀਆਂ ਜਾ ਸਕਦੀਆਂ ਹਨ। ਸਾਰੀਆਂ ਟੂਮਾਂ ਦਾ ਜੋੜ ਕਰਨ ਵੇਲੇ ਸਣੇ ਘੜਾਈ- ਬਣਵਾਈ ਛੀ ਹਜ਼ਾਰ ਤੋਂ ਇਕ ਸੌ ਸੱਠ ਰੁਪਏ ਵਧਦੇ ਸਨ। ਮੁਕੰਦੀ ਨੇ ਰੌਲਾ ਪਾਇਆ ਤੇ ਬਾਣੀਆਂ ਵਾਲੀ ਜਿਰਾਹ ਕੀਤੀ ਤਾਂ ਸੁਨਿਆਰ ਨੇ ਸੱਠ ਰੁਪਏ ਛੱਡ ਦਿਤੇ। ਇਕ ਸੌ ਰੁਪਿਆ ਵਾਧੂ ਮੁਕੰਦੀ ਨੇ ਸੁਨਿਆਰ ਨੂੰ ਆਪਣੇ ਕੋਲੋਂ ਦੇ ਦਿਤਾ। ਇਹ ਸੌ ਰੁਪਿਆ ਕਿਸੇ ਲਿਖਤ ਵਿਚ ਨਹੀਂ ਸੀ। ਮੱਲਣ ਨੇ ਹੱਥ-ਉਧਾਰ ਮੁਕੰਦੀ ਦਾ ਦੇਣਾ ਸੀ ।
ਸਾਰੀਆਂ ਟੂਮਾਂ ਅੱਲਗ ਅੱਲਗ ਹਰੇ ਪਤੰਗੀ ਕਾਗਜ਼ਾਂ ਵਿਚ ਵਲ੍ਹੇਟ ਕੇ ਤੇ ਫੇਰ ਗੱਤੇ ਦੇ ਇਕ ਡੱਬੇ ਵਿਚ ਪਾ ਕੇ ਉੱਤੋਂ ਦੀ ਸੀੜ ਨਾਲ ਬੰਨ੍ਹ ਕੇ ਸੁਨਿਆਰ ਨੇ ਮੱਲਣ ਦੇ ਸਮੋਸੇ ਲੜ ਡੱਬਾ ਬੰਨ੍ਹ ਦਿੱਤਾ। ਮੱਲਣ ਨੇ ਸਮੋਸੇ ਦੀ ਗੰਢ ਉੱਤੋਂ ਦੀ ਦੂਜਾ ਲੜ ਵੀ ਵਲ੍ਹੇਟਿਆ ਤੇ ਪੋਟਲੀ ਜਿਹੀ ਬਣਾ ਕੇ ਉਹਨੂੰ ਜਵਾਕ ਵਾਂਗੂ ਹੱਥਾਂ ਵਿਚ ਚੁੱਕ ਲਿਆ । ਮੁਕੰਦੀ ਕਹਿੰਦਾ, ‘ਇਉਂ ਨੀ ਠੀਕ । ਇਉਂ ਤਾਂ ਬੁਰਾ ਜਾ ਲਗਦੈ। ਏਸ ਨੂੰ ਕੱਛ ਵਿਚ ਲੈ ਲੈ।’
ਟੂਮਾਂ ਲੈ ਕੇ ਉਹ ਪਿੰਡ ਆ ਵੜੇ। ਬਾਰ ਅੜਾ ਕੇ ਚੰਦਕੁਰ ਤੇ ਦੋਵੇਂ ਕੁੜੀਆਂ ਡੱਬੇ ਵਿਚੋਂ ਹਰੇ ਕਾਗਜ਼ ਖੋਲ੍ਹ-ਖੋਲ੍ਹ ਟੂਮਾਂ ਦੇਖਣ ਲੱਗੀਆਂ। ਜਿਵੇਂ ਚਾਨਣ ਹੋਇਆ ਪਿਆ ਹੋਵੇ। ਤੇ ਫੇਰ ਟੂਮਾਂ ਵਾਲਾ ਡੱਬਾ ਚੰਦਕੁਰ ਨੇ ਸੰਦੂਕ ਵਿਚ ਛੁਪਾ ਕੇ ਰੱਖ ਦਿੱਤਾ। ਸੰਦੂਕ ਨੂੰ ਜਿੰਦਾ ਲਾ ਦਿੱਤਾ । ਜਿੰਦੇ ਨੂੰ ਇਕ ਵਾਰ ਖਿੱਚ ਕੇ ਦੇਖਿਆ ਤੇ ਕੁੰਜੀ ਆਪਣੀ ਸੁੱਥਣ ਦੇ ਨਾਲੇ ਨਾਲ ਬੰਨ ਲਈ।
ਹੁਣ ਬਾਕੀ ਰਹਿ ਗਈ ਦੂਜੀ ਕੁੱਲ ਚੀਜ-ਵਸਤ। ਕੁੜੀ ਦੇ ਸੂਟ, ਹੋਰ ਲੀੜਾ ਕੱਪੜਾ ਤੇ ਲੱਕੜ ਦੀ ਵੱਡੀ ਪੇਟੀ | ਘੋੜੀ ਦੇ ਪੈਸੇ ।
ਘਰੇ ਖਾਣ ਨੂੰ ਕਣਕ ਤਾਂ ਬੀਜ-ਬਿਜਾਈ ਵੇਲੇ ਹੀ ਮੁੱਕ ਗਈ ਸੀ । ਤੇ ਹੁਣ ਲੋਹੜੀ ਤੱਕ ਉਹਨਾਂ ਦੋ ਬੋਰੀਆਂ ਨਾਲ ਡੰਗ ਟੱਪ ਗਿਆ, ਜਿਹੜੀਆਂ ਕਪਾਹ ਵੇਚ ਕੇ ਮੱਲਣ ਨੇ ਨਕਦ ਪੈਸਿਆਂ ਦੀਆਂ ਮੁੱਲ ਲਈਆਂ ਸਨ। ਦੇਣ ਵਾਲੇ ਨੇ ਚੁੱਕਵਾਂ ਭਾਅ ਲਾਇਆ ਸੀ । ਕਪਾਹ ਦੇ ਵੱਟੇ ਬਾਕੀ ਪੈਸੇ ਘਰ ਦੀ ਕਬੀਲਦਾਰੀ ਵਿਚ ਏਧਰ-ਉਧਰ ਖੁੱਡੀਂ ਵੜ ਗਏ ਸਨ। ਉਹਨੇ ਅੱਟਾ-ਸੱਟਾ ਹਿਸਾਬ ਲਾਇਆ ਕਿ ਜੇ ਦੋ ਹਜ਼ਾਰ ਰੁਪਿਆ ਜੰਨ ਦੀ ਰੋਟੀ ਤੇ ਵਿਆਹ ਦੇ ਖਰਚਾਂ ਲਈ ਗਿਣ ਲਿਆ ਜਾਵੇ, ਘਰੇ ਖਾਣ ਨੂੰ ਉਦੋਂ ਤੱਕ ਦੀ ਕਣਕ ਤੇ ਵਿਆਹ ਖਾਤਰ ਕਣਕ ਦਾ ਮੁੱਲ ਵੀ ਵਿਚ ਪਾ ਲਿਆ ਜਾਵੇ, ਪੰਜ ਹਜ਼ਾਰ ਚੀਜ-ਵਸਤ ਦਾ, ਤਾਂ ਕੁੱਲ ਅੱਠ ਹਜ਼ਾਰ ਨਾਲ ਸਰੇਗਾ । ਇਹ ਅੱਠ ਹਜ਼ਾਰ ਹੋਰ ਕਿਧਰੋਂ ਨਹੀਂ ਪੈਦਾ ਹੋਣਾ। ਮੱਲਣ ਨੇ ਕਸੀਸ ਜਿਹੀ ਵੱਟ ਕੇ ਫੈਸਲਾ ਕੀਤਾ, ਹੁਣ ਤਾਂ ਦੋ ਘੁਮਾਂ ਧਰ ਹੀ ਦਿੱਤੀ ਜਾਵੇ । ਆਪੇ ਕਮਾਈ ਕਰਕੇ ਛੁਡਾ ਲਵਾਂਗੇ। ਹਾੜ੍ਹੀ ਦੀ ਫਸਲ ਵੀ ਤਾਂ ਸਿਰ ਉੱਤੇ ਪਈ ਹੈ। ਇਸ ਵਾਰ ਦੋ ਸੌ ਮਣ ਤੋਂ ਘੱਟ ਨਹੀਂ ਹੋਣੀ ਕਣਕ। ਪਰ ਇਸ ਨਾਲ ਸਾਰਾ ਕਰਜ਼ਾ ਤਾਂ ਉੱਤਰਨਾ ਨਹੀਂ। ਚੱਲੋ ਖੈਰ, ਕੁਝ ਤਾਂ ਮੁਕੰਦੀ ਦਾ ਮੋੜਾਂਗੇ ਹੀ। ਨਾ ਵੀ ਮੋੜਿਆ ਤਾਂ ਵਿਆਹ ਪਿੱਛੋਂ ਘਰ ਦੀ ਕਬੀਲਦਾਰੀ ਤਾਂ ਵਧੀਆ ਸੰਢੀ ਜਾਵੇਗੀ।
ਦਿਲ ਉੱਤੇ ਪੱਥਰ ਰੱਖ ਕੇ ਮੱਲਣ ਝੰਡੇ ਦੇ ਘਰ ਗਿਆ। ਦਿਨ ਦੇ ਛਿਪਾਅ ਦਾ ਵੇਲਾ ਸੀ। ਸੱਥ ਵਿਚ ਲੋਕ ਧੂਣੀ ਪਾਈਂ ਬੈਠੇ ਸਨ। ਪੰਜ-ਸੱਤ ਬੰਦੇ ਜਿਨ੍ਹਾਂ ਵਿਚ ਜਵਾਕ ਵੀ ਸਨ, ਅੱਗ ਸੇਕ ਰਹੇ ਸਨ। ਦੋ ਬੰਦੇ ਪਰ੍ਹਾਂ ਖੁੰਢ ਕੋਲ ਗਰ੍ਹਨੇ ਕੱਢ ਰਹੇ ਸਨ। ਉਹ ਕਿਸੇ ਦੀ ਗੱਲ ਵੀ ਕਰੀ ਜਾ ਰਹੇ ਸਨ। ਮੱਲਣ ਆਪਣੇ ਘਰੋਂ ਆਇਆ ਸੀ ਤੇ ਸੜਸੜਾਉਂਦਾ ਸੱਥ ਵਿਚ ਦੀ ਲੰਘ ਗਿਆ ਸੀ। ਉਹਨੂੰ ਮਹਿਸੂਸ ਹੋਇਆ ਸੀ ਕਿ ਸੱਥ ਵਿਚ ਬੈਠੇ ਕਿਸੇ ਵੀ ਬੰਦੇ ਨੇ ਉਹਨੂੰ ਨਹੀ ਦੇਖਿਆ । ਧੂਣੀ ਸੇਕਣ ਵਾਲੇ ਆਪਣੇ ਧਿਆਨ ਵਿਚ ਮਗਨ ਸਨ ਤੇ ਗਰ੍ਹਨੇ ਕੱਢਣ ਵਾਲੇ ਆਪਣੀ ਗੱਲ ਵਿਚ ਗੁਆਚੇ ਹੋਏ। ਦੂਰ ਜਾ ਕੇ ਉਹਨੇ ਸੱਥ ਵੱਲ ਮੁੜ ਕੇ ਵੀ ਦੇਖਿਆ ਸੀ। ਉਹਦੇ ਵੱਲ ਕੋਈ ਨਹੀਂ ਝਾਕ ਰਿਹਾ ਸੀ। ਇਸ ਬਚਾਉ ਜਿਹੇ ਵਿਚ ਉਹਦੇ ਮਨ ਨੂੰ ਕੁਝ ਕੁਝ ਤਸੱਲੀ ਮਹਿਸੂਸ ਹੋਈ।
ਝੰਡਾ ਘਰ ਨਹੀਂ ਸੀ। ਹਰਦਿੱਤ ਆਪਣੇ ਪਾਲੀ ਨੂੰ ਨਾਲ ਲਾ ਕੇ ਬੰਦੂਕ ਸਾਫ ਕਰ ਰਿਹਾ ਸੀ। ਮੱਲਣ ਗਿਆ ਤਾਂ ਹਰਦਿੱਤ ਬੰਦੂਕ ਦੀ ਨਾਲੀ ਵਿਚ ਅੱਖ ਦੱਬ ਕੇ ਝਾਕਦਾ ਹੋਇਆ ਪੁੱਛਣ ਲੱਗਿਆ, ‘ਆ ਬਈ ਚਾਚਾ ਸਿਆਂ । ਕਿੱਧਰ?’
ਮੱਲਣ ਨੇ ਸਾਧਾਰਨ ਹੀ ਗੱਲ ਤੋਰੀ।
‘ਚਲਾਈ ਤਾਂ ਕਦੇ ਹੈਨ੍ਹੀ, ਇਹਨੂੰ ਇਉਂ ਸਾਫ ਕਰਨ ਨੂੰ ਕੀ ਲੱਗਿਆ ?’
‘ਚਲਾਉ, ਚਾਹੇ ਨਾ ਚਲਾਉ, ਸਾਫ਼ ਤਾਂ ਇਹ ਰੱਖਣੀ ਪੈਂਦੀ ਐ । ਲੋਹਾ ਐ ਫੇਰ ਵੀ। ਪਿਆ ਪਿਆ ਹੀ ਜੰਗਾਲ ਖਾ ਜਾਂਦੈ। ਸਮਝੇ ਚਾਚਾ ਸਿਉਂ ਜੀ?’ ਹਰਦਿੱਤ ਚਾਂਭਲਿਆ ਜਿਹਾ ਬੋਲ ਰਿਹਾ ਸੀ।
‘ਤੇਰਾ ਪਿਉ ਨ੍ਹੀ ਦੀਂਹਦਾ ਕਿਧਰੇ । ਘਰੇ ਈ ਐ?’ ਮੱਲਣ ਨੇ ਮਤਲਬ ਦੀ ਗੱਲ ਹਰਦਿੱਤ ਨੂੰ ਪੁੱਛੀ।
‘ਬਾਪੂ ? ਬੈਠਕ ‘ਚ ਪਿਐ। ਕਿਉਂ ਕੰਮ ਐ ਕੋਈ ?’ ਹਰਦਿੱਤ ਮੱਲਣ ਵੱਲ ਗੁੱਝੀਆਂ ਅੱਖਾਂ ਨਾਲ ਝਾਕਣ ਲੱਗਿਆ।
‘ਕੰਮ ਵੀ ਹੈਗਾ।’
‘ਵਗ ਜਾ, ਕੱਲਾ ਈ ਐ ਬੈਠਕ ‘ਚ ।’
ਮੱਲਣ ਬੈਠਕ ਵਿਚ ਗਿਆ। ਝੰਡਾ ਭੂਰੇ ਦੀ ਬੁੱਕਲ ਮਾਰੀਂ ਬੈਠਾ ਸੀ । ਕੁਝ ਸੋਚ ਰਿਹਾ ਸੀ। ਮੱਲਣ ਨੂੰ ਦੇਖ ਕੇ ਉਹਨੇ ਆਪਣੀ ਪੱਗ ਠੀਕ ਕੀਤੀ ਤੇ ਉਹਦਾ ਹਾਲ-ਚਾਲ ਪੁੱਛਿਆ।
ਨਾਲ ਲਗਦੇ ਮੰਜੇ ਉੱਤੇ ਮੱਲਣ ਝੰਡੇ ਕੋਲ ਬੈਠ ਗਿਆ।
‘ਕਿਮੇਂ ਔਣ ਹੋਇਆ ?’ ਝੰਡੇ ਨੇ ਪੁੱਛਿਆ ।
‘ਔਣਾ ਤਾਂ, ਬੱਸ ਝੰਡਾ ਸਿਆਂ, ਛੱਡ ਦੇ ਗੱਲ। ਔਖੇ ਬਹੁਤ ਆਂ। ਕੁੜੀ ਦਾ ਵਿਆਹ ਆ ਗਿਆ। ਕੋਲ ਕੁਸ਼ ਹੈ ਨੀ । ਨੱਕ ਤਾਂ ਰੱਖਣਾ ਈ ਪਊ।’
‘ਲੈ, ਹੈ ਦੇਖ। ਨੱਕ ਕਿਮੇਂ ਨਾ ਰੱਖੇਂ ਬਈ ਤੂੰ, ਜੈਦਾਤ ਦਾ ਮਾਲਕ ਐਂ। ਜਿੰਨੇ ਜੋਗੇ ਹੈ ਗੇ ਆਂ, ਸੇਵਾ ਦੱਸ ?’ ਝੰਡੇ ਨੇ ਭੂਰਾ ਪਰ੍ਹੇ ਹਟਾ ਕੇ ਸਿਰ ਤੋਂ ਪੱਗ ਲਾਹੀ ਤੇ ਉਹਦੇ ਵਲ ਕੱਢ ਕੇ ਉਹਨੂੰ ਦੁਬਾਰਾ ਬੰਨ੍ਹਣ ਲੱਗਿਆ।
‘ਹੋਰ ਫੇਰ, ਤਾਂ ਹੀ ਆਇਆਂ ਮੈਂ । ਰੁਪਈਆ ਅੱਠ ਹਜ਼ਾਰ ਚਾਹੀਦੈ। ਕਿਮੇਂ ਕਰ, ਮੇਰਾ ਬੇੜਾ ਬੰਨੇ ਲਾ ।’
‘ਐਨਾ ਰੁਪਈਆ ? ਐਨੀ ਮਾਇਆ ਕਿਥੋਂ ਬਣੂ ਮੱਲਣ ਸਿਆਂ ?’
‘ਕਿਤੋਂ ਕਰ, ਚਾਹੇ ਕਾਲੇ ਚੋਰ ਤੋਂ ਲਿਆ ਕੇ ਦੇਹ। ਵਿਆਜ ਖਰਾ ਦੁੱਧ ਅਰਗਾ ਲਾ, ਜਿਹੜਾ ਰਾਹ ਐ।’
‘ਵਿਆਜ ? ਵਿਆਜੂ ਪੈਸਾ ਤਾਂ ਆਪਾਂ ਕਦੇ ਦਿੱਤਾ ਨੀਂ ਮੱਲਣ ਸਿਆਂ।’
‘ਹੋਰ ਫੇਰ ?’
‘ਭੋਇਂ, ਤੇਰਾ ਚਿੱਤ ਮੰਨਦੈ ਤਾਂ ਕਰ ਲਾਂ ਗੇ।’
‘ਜਮੀਨ ਗਹਿਣੇ ?’
‘ ਹਾਂ ।’
ਜ਼ਮੀਨ ਗਹਿਣੇ ਧਰਨ ਦਾ ਫੈਸਲਾ ਕਰਕੇ ਹੀ ਚਾਹੇ ਉਹ ਘਰੋਂ ਤੁਰਿਆ ਸੀ ਪਰ ਸ਼ਰੀਕ ਦੇ ਮੂੰਹੋਂ ‘ਗਹਿਣੇ’ ਦਾ ਸ਼ਬਦ ਸੁਣ ਕੇ ਉਹਨੂੰ ਇਕ ਝਟਕਾ ਲੱਗਿਆ। ਜ਼ਮੀਨ ਗਹਿਣੇ ਦੇਣ ਦਾ ਖਿਆਲ ਮੱਲਣ ਦੇ ਸਰੀਰ ਵਿਚ ਦੀ ਬਿਜਲੀ ਦੀ ਤਾਰ ਵਾਂਗ ਲੰਘ ਗਿਆ। ਜ਼ਮੀਨ ਗਹਿਣੇ ਤੇ ਉਹ ਵੀ ਸ਼ਰੀਕ ਨੂੰ ? ਉਹਨੂੰ ਧੁੜਧੜੀ ਆਈ। ਉਹ ਸੋਚਾਂ ਵਿਚ ਪੈ ਗਿਆ। ਨੀਵੀਂ ਪਾ ਕੇ ਟੇਢਾ ਜਿਹਾ ਝਾਕਣ ਲੱਗ ਪਿਆ। ਪਰ ਹੋਰ ਰਾਹ ਵੀ ਕੋਈ ਨਹੀਂ ਸੀ।
ਝੰਡੇ ਨੇ ਭੂਰੇ ਦੀ ਬੁੱਕਲ ਖੋਲ੍ਹੀ ਤੇ ਮੰਜੇ ਤੋਂ ਥੱਲੇ ਲੱਤਾਂ ਲਮਕਾ ਕੇ ਬੈਠ ਗਿਆ। ਕਹਿਣ ਲੱਗਿਆ, ‘ਵਿਆਜ ‘ਤੇ ਪੈਸਾ ਤਾਂ ਬਾਣੀਏ-ਬਕਾਲ ਦਿੰਦੇ ਨੇ । ਵਿਆਜ ‘ਤੇ ਈ ਲੈਣੇਂ ਤਾਂ ਕਿਸੇ ਮਹਾਜਨ ਨੂੰ ਪੁੱਛ ਲੈ। ਆਪਾਂ ਜੱਟਾਂ ਨੂੰ ਵਿਆਜੂ ਪੈਸਾ ਦੇਣਾ ਕੀ ਆਖੇ। ਤੇ ਨਾਲੇ ਮੈਂ ਕਿਹੜਾ ਘਰੋਂ ਕੱਢ ਕੇ ਦੇ ਦੂੰ ਤੈਨੂੰ ਰੋਕੜੀ। ਮੈਂ ਵੀ ਤਾਂ ਏਧਰੋਂ-ਉਧਰੋਂ ਈ ਕੱਠਾ ਕਰੂੰ ਪੈਸਾ । ਕੀ ਪਤਾ, ਥੋੜਾ-ਘਣਾ ਕਿਸੇ ਬਾਣੀਏ ਤੋਂ ਈ ਵਿਆਜ ਤੇ ਫੜਾਂ ।’ ਫੇਰ ਪੁੱਛਿਆ, ‘ਤੈਨੂੰ ਚਾਹੀਂਦਾ ਕਿਨੈ ?’
-‘ਦਸਿਆ ਤਾਂ ਹੈ, ਅੱਠ ਹਜ਼ਾਰ ।’
‘ਤਾਂ ਫਿਰ ਸਿੱਧੀ ਗੱਲ ਐ, ਦੋ ਘੁਮਾਂ ‘ਤੇ ਕਰ ਲਾਂਗੇ। ਅੱਠ ਹਜਾਰ ਖਰਾ ਕਰੀਂ । ਕਿਤੋਂ ਕਰਾਂ, ਇਹ ਮੇਰਾ ਕੰਮ ਐ । ਤੂੰ ਆਵਦਾ ਧੰਦਾ ਸਾਰ।’
ਸੋਚ ਸੋਚ ਕੇ ਮੱਲਣ ਕਹਿਣ ਲੱਗਿਆ, ‘ਇਕ ਗੱਲ ਐ, ਝੰਡਾ ਸਿਆਂ।’
‘ਕੀ ? ਉਹ ਵੀ ਦੱਸ ਲੈ।’
‘ਚੱਲ, ਜਮੀਨ ਈ ਲੈ ਲੈ ਫੇਰ। ਜਦੋਂ ਸਰਦਾ ਨੀ, ਹੋਰ ਕਿਮੇਂ ਕਰੀਏ। ਜਦੋਂ ਹੱਥ ਨੀ ਪੈਂਦਾ ਹੋਰ ਕਿਧਰੇ । ਟਾਹਲੀ ਆਲੇ ‘ ਚੋਂ ਦੇ ਦਿੰਨਾਂ । ਪਰ ਜਮੀਨ ਮੇਰੇ ਕੋਲ ਈ ਰਹਿਣ ਦੇਈਂ ਵਾਹੂੰ- ਬੀਜੂੰ ਮੈਂ ਈ । ਫਸਲ ਦਾ ਹਿੱਸਾ ਲੈਂਦਾ ਰਹੀਂ, ਜਿਹੜਾ ਰਾਹ ਐ ਦੁਨੀਆਂ ਦਾ ।’
‘ਹਾਂ, ਇਹ ਤੇਰੀ ਖੁਸ਼ੀ ਐ। ਹੁਣ ਤੂੰ ਈ ਰੱਖ ਚਾਹੇ, ਹਾੜ੍ਹੀ ਤਾਈਂ। ਦੋ ਘੁਮਾਂ ਚੋਂ ਜਿੰਨੀ ਹਿੱਸੇ ਦੀ ਕਣਕ ਬਣੀ, ਦੇ ਦੀਂ । ਅਗਲੇ ਸਾਲ ਵੀ ਤੈਨੂੰ ਦੇ ਦੂੰ। ਚੰਗੀ ਫਸਲ ਦਿੰਦਾ ਰਹੇਂਗਾ ਤਾਂ ਤੂੰ ਈ ਰੱਖੀਂ। ਪਰ ਮੇਰੀ ਮਰਜੀ ਹੋਈ ਤਾਂ ਬਦਲ ਵੀ ਦੇਊਂ । ਪੱਕਾ ਨੀ, ਬਈ ਤੂੰ ਦਸ ਸਾਲ ਜਮੀਨ ਛਡਾਮੇਂ ਵੀ ਨਾ ਤੇ ਕਬਜਾ ਵੀ ਆਵਦਾ ਈ ਰੱਖੇਂ।’
ਮੱਲਣ ਦੇ ਦਿਮਾਗ ਵਿਚ ਕੁੜੀ ਦਾ ਵਿਆਹ ਸੀ। ਹੋਰ ਸਭ ਛੱਡ ਕੇ ਉਹਨੇ ਗੱਲ ਤੋੜੀ, ‘ਚੰਗਾ ਠੀਕ ਐ, ਸਭ ਠੀਕ ਐ, ਅੱਠ ਹਜਾਰ ਦਾ ਪਰਬੰਧ ਪੰਜ ਚਾਰ ਦਿਨਾਂ ‘ਚ ਈ ਕਰਦੇ। ਜਮੀਨ ਜਦੋਂ ਮਰਜੀ ਲਖਾ ਲੈ । ਦੋ ਘੁਮਾ ਤੇਰੀ ਹੋ ਚੁੱਕੀ।’
‘ਜਮੀਨ ਤਾਂ ਲਖਾ ਲਾਂ ਗੇ, ਜਮੀਨ ਤਾਂ ਕਿਧਰੇ ਨੀ ਭੱਜੀ ਜਾਂਦੀ। ਉਹ ਤਾਂ ਹੋ ਜੂ। ਚੰਗਾ, ਫੇਰ ਮੈਂ ਕੱਲ੍ਹ ਨੂੰ ਈ ਕਣਕ ਦਾ ਗੱਡਾ ਭਰਦਾਂ, ਰਾਮਪੁਰੇ ਨੂੰ । ਉਥੋਂ ਆੜ੍ਹਤੀਏ ਤੋਂ ਪੈਸੇ ਵੀ ਪੁੱਛ ਆਊਂ। ਪਰਸੋਂ ਜਾਂ ਖਰੀਖਤ ਚੌਥ ਤੇਰਾ ਅੱਠ ਹਜਾਰ ਪੱਲੇ ਪਾ ਦੂੰ । ਤੂੰ ਬੇਸੰਸ ਹੋ ਜਾ ਢੋਲਿਆਂ ਦੀਆਂ ਲਾ।’ ਝੰਡੇ ਨੇ ਮੱਲਣ ਦਾ ਦਿਲ ਹੁਸ਼ਿਆਰੀ ਨਾਲ ਧਰਾਇਆ।
ਮੱਲਣ ਦੇ ਚੇਹਰੇ ਉੱਤੇ ਘਸਮੈਲੀ ਜਿਹੀ ਖੁਸ਼ੀ ਜਗੂੰ-ਬੁਝੇ ਕਰਦੀ ਖਿੰਡ ਉਂਠੀ। ਉਹਦੇ ਸੁਫਨਿਆਂ ਨੂੰ ਜਿਵੇ ਸ਼ਕਲ ਮਿਲ ਗਈ ਹੋਵੇ। ੳਹੁ ਮੰਜੇ ਤੋਂ ਉੱਠ ਕੇ ਘਰ ਨੂੰ ਜਾਣ ਲੱਗਿਆ । ਝੰਡਾ ਕਹਿੰਦਾ, ‘ਇਹ ਤਾਂ ਤੈਨੂੰ ਪਤਾ ਐ, ਬਈ ਅੱਠ ਹਜਾਰ ਮੇਰੇ ਕੋਲ ਹੈ ਨੀ । ਕੁਸ ਤਾਂ ਕਣਕ ਪਾ ਕੇ ਰਾਮਪੁਰਿਉਂ ਲੈ ਆਊਂ । ਬਾਕੀ ਤਾਂ ਫੇਰ ਮੈਨੂੰ ਬਾਣੀਏ ਤੋਂ ਵਿਆਜੂ ਈ ਫੜਨਾ ਪਊ। ਖੈਰ ਕਿਮੇਂ ਕਰਾਂ, ਮੈਂ ਤੇਰਾ ਅੱਠ ਹਜਾਰ ਪੂਰਾ ਕਰੂੰ । ਪਰ ਭਾਈ, ਸਾਰੀ ਰਕਮ ਤੇ ਦਸ ਰੁਪਈਏ ਸੈਂਕੜਾ ਵਧਾਰਾ ਲੱਗੂ । ਸਾਰੀ ਦੁਨੀਆਂ ਇਹ ਕਰਦੀ ਐ । ਹੁਣ ਦੱਸ ‘ਤਾ ਤੈਨੂੰ। ਫੇਰ ਨਾ ਕਹੀਂ।
ਮੱਲਣ ਦੇ ਚੇਹਰੇ ਉੱਤੇ ਉਦਾਸੀ ਦੀ ਇਕ ਪਰਤ ਜਿਹੀ ਚੜ੍ਹ ਗਈ। ਉਹਦੀਆਂ ਅੱਖਾਂ ਵਿਚ ਗਮੀ ਉੱਤਰਨ ਲੱਗੀ। ਪਰ ਇਸ ਗ਼ਮੀ ਵਿਚ ਇਕ ਖੱਸੀ ਜਿਹਾ ਵਿਦਰੋਹ ਵੀ ਸੀ। ਵਖਤ ਪਿਆ ਹੈ ਤਾਂ ਜੱਟ ਦੇ ਨਖਰੇ ਦੇਖੋ। ਉਹਨੇ ਮਨ ਵਿਚ ਸੋਚਿਆਕਹਿ ਦੇਵੇ, ‘ਦੋ ਘੁਮਾਂ ਜਮੀਨ ਦੀ ਫਸਲ ਨੀ ਖਾਏਂਗਾ ਤੂੰ ? ਪਰ ਉਹ ਕੁਝ ਵੀ ਆਖ ਨਾ ਸਕਿਆ। ਜੱਟ ਦਾ ਕੀ ਐ, ਕਿਤੇ ਜਵਾਬ ਹੀ ਨਾ ਦੇ ਦੇਵੇ । ਹੋਰ ਕਿੱਥੇ ਬਣੇਗੀ ਐਨੀ ਰਕਮ? ਅੱਠ ਹਜ਼ਾਰ ਪੱਲੇ ਪੈ ਜਾਵੇ ਤਾਂ ਕੁੜੀ ਦੇ ਵਿਆਹ ਦਾ ਫਿਕਰ ਤਾਂ ਮੁੱਕੇ । ਉਹਨੇ ਬੈਠਕ ਦੀ ਚੁਗਾਨ ਨੂੰ ਹੱਥ ਪਾ ਕੇ ਆਖਿਆ, ‘ਉਹ ਤਾਂ ਠੀਕ ਐ, ਝੰਡਾ ਸਿਆਂ। ਵਧਾਰਾ ਲੌਣੈ, ਵਧਾਰਾ ਲਾ ਲੀਂ। ਮੇਰੇ ਨਾਲ ਕਿਹੜਾ ਤੂੰ ਅੱਡ ਵਿਹਾਰ ਕਰੇਂਗਾ। ਜਿਮੇਂ ਕਰਨੈਂ ਕਰ ਲੀ।’ ਤੇ ਫੇਰ ਸਾਰੀ ਗੱਲ ਭੁਲਾ ਕੇ ਪੁੱਛਿਆ, ‘ਪਰਸੋਂ ਨੂੰ ਆਮਾਂ ਜਾਂ ਚੌਥੇ ?
ਝੰਡਾ ਵੀ ਮੰਜੇ ਤੋਂ ਉੱਠਿਆ ਤੇ ਖੰਘੂਰ ਜਿਹੀ ਮਾਰ ਕੇ ਕਹਿੰਦਾ, ‘ਪਰਸੋਂ ਆਥਣੇ ਪਤਾ ਕਰ ਲੀਂ। ਘਰ ਆ ਕੇ। ਨਹੀਂ ਤਾਂ ਮੈ ਤੈਨੂੰ ਆਪ ਈ ਦੱਸ ਆਊਂ ।’ ਗਿੱਲਾ-ਸੁੱਕਾ ਜਿਹਾ ਮਨ ਲੈ ਕੇ ਮੱਲਣ ਨੇ ਬੈਠਕ ਦੀ ਦੇਹਲੀ ਤੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਹਰਦਿੱਤ ਦੀ ਮਾਂ ਡੋਲੂ ਦੁੱਧ ਦਾ ਤੇ ਦੋ ਖਾਲੀ ਬਾਟੀਆਂ ਲੈ ਕੇ ਆ ਖੜ੍ਹੀ। ਕਹਿੰਦੀ, ‘ਭਾਈ ਮੱਲਣਾ, ਦੁੱਧ ਦੀ ਘੁੱਟ ਪੀ ਕੇ ਜਾਈਂ ਹੁਣ। ਆ ਜਾ ਬਹਿ ਜਾ ਹੁਣ।’
‘ਬੱਸ ਬੰਤ ਕੁਰੇ, ਦੁੱਧ ਨੂੰ ਤਾਂ ਕੀ ਐ। ਰੱਜੇ ਫਿਰਦੇ ਆਂ।’
‘ਨਹੀ, ਆ ਜਾ ।’ ਬੰਤੋ ਨੇ ਗੇਰੂ ਗੰਗਾ ਕਾੜ੍ਹਨੀ ਦਾ ਦੁੱਧ ਦੋਵਾਂ ਬਾਟੀਆਂ ਵਿਚ ਪਾਇਆ ਤੇ ਇਕ ਇਕ ਬਾਟੀ ਝੰਡੇ ਤੇ ਮੱਲਣ ਦੇ ਹੱਥ ਫੜਾ ਦਿੱਤੀ। ਕੋਸਾ ਕੋਸਾ ਦੁੱਧ ਉਹ ਘੁੱਟੀਂ ਘੁੱਟੀਂ ਪੀਣ ਲੱਗੇ । ਬੰਤੋ ਚਲੀ ਗਈ । ਬਾਟੀਆਂ ਖ਼ਾਲੀ ਕਰਕੇ ਦੋਵਾਂ ਨੇ ਅੱਖ ਨਹੀਂ ਮਿਲਾਈ। ਘਰ ਨੂੰ ਜਾ ਰਿਹਾ ਮੱਲਣ ਮਹਿਸੂਸ ਕਰਦਾ ਸੀ ਜਿਵੇਂ ਝੰਡੇ ਦੇ ਘਰ ਦਾ ਦੁੱਧ ਉਹਦੇ ਦਿਲ ਉੱਤੇ ਪਿਆ ਹੀ ਰਹਿ ਗਿਆ ਹੋਵੇ। ਸੱਥ ਵਿਚ ਪਹਿਲਾਂ ਵਾਂਗ ‘ ਹੀ ਬੰਦੇ’ ਬੈਠੇ ਹੋਏ ਸਨ। ਧੂਣੀ ਦੁਆਲੇ ਗੱਲਾਂ ਕਰ ਰਹੇ ਜੁਆਕ। ਖੁੰਢਾਂ ਉੱਤੇ ਖੇਸਾਂ ਦੀਆਂ ਬੁੱਕਲਾਂ ਮਾਰ ਕੇ ਬੈਠੇ ਬੁੱਢੇ । ਇਸ ਵਾਰ ਵੀ ਉਹ ਅੱਖ ਬਚਾ ਕੇ ਲੰਘ ਗਿਆ। ਪਰ ਹੁਣ ਹਨੇਰਾ ਉੱਤਰ ਆਇਆ ਸੀ । ਮੱਲਣ ਦਾ ਚੇਹਰਾ ਤਾਂ ਕਿਸੇ ਨੂੰ ਦਿਸਿਆ ਹੀ ਨਹੀਂ ਹੋਵੇਗਾ।
ਘਰ ਜਾ ਕੇ ਉਹਨੇ ਦੇਖਿਆ, ਝਲਾਨੀ ਵਿਚ ਚੁੱਲ੍ਹੇ ਮੂਹਰੇ ਸਾਰਾ ਟੱਬਰ ਬੈਠਾ ਹੋਇਆ ਸੀ। ਮੀਤੋ ਰੋਟੀ ਪਕਾ ਰਹੀ ਸੀ। ਜੀਤੋ ਤੇ ਬਲਕਾਰ ਉੱਚਾ ਉੱਚਾ ਬੋਲ ਕੇ ਕੋਈ ਗੱਲ ਕਰ ਰਹੇ ਸਨ। ਮੱਲਣ ਦੀ ਪੈੜ-ਚਾਲ ਸੁਣ ਕੇ ਚੰਦਕੁਰ ਕੋਈ ਭਾਂਡਾ ਮਾਂਜਦੀ ਚੀਕ ਕੇ ਬੋਲੀ, ‘ਚੁੱਪ ਵੇ, ਲਗਦੈ ਥੋਡਾ ਪਿਉ ਐ।’
ਸਾਰੇ ਜਣੇ ਮੱਲਣ ਦੇ ਮੂੰਹ ਵੱਲ ਦੇਖਣ ਲੱਗੇ। ਉਹ ਝਲਾਨੀ ਵਿਚ ਇਕ ਖੂੰਜੇ ਲੱਗ ਕੇ ਬੈਠ ਗਿਆ। ਬੋਲਿਆ ਕੁਝ ਨਹੀਂ। ਅਖੀਰ ਚੰਦਕੁਰ ਨੇ ਹੀ ਪੁੱਛਿਆ, ‘ਰੋਟੀ ਦੇਮਾਂ ਤੱਤੀ -ਤੱਤੀ?’
ਉਹ ਕਹਿੰਦਾ, ‘ਇਹਨਾਂ ਨੂੰ ਖੁਆ ’ਤੀ?’
‘ਹਾਂ, ਇਹ ਤਾਂ ਖਾ ਚੁੱਕੇ ।’ ਕਹਿਕੇ ਚੰਦਕੁਰ ਤਪਲੇ ਵਿਚੋਂ ਸਾਗ ਦੀ ਡੋਈ ਭਰ ਕੇ ਥਾਲੀ ਦੇ ਇਕ ਪਾਸੇ ਪਾਉਣ ਲੱਗੀ। ਮੀਤੋਂ ਨੇ ਮੱਕੀ ਦੀਆਂ ਦੋ ਰੋਟੀਆਂ ਦੇ ਚਾਰ ਖੰਨੇ ਬਣਾਏ ਤੇ ਥਾਲੀ ਵਿਚ ਧਰ ਦਿੱਤੇ। ਇਕ ਹੱਥ ਉੱਤੇ ਥਾਲੀ ਰੱਖ ਕੇ ਦੂਜੇ ਹੱਥ ਨਾਲ ਮੱਲਣ ਚੁੱਪ-ਚਾਪ ਹੀ ਰੋਟੀ ਖਾਣ ਲੱਗਿਆ। ਥਾਲੀ ਤੱਤੀ ਲੱਗੀ ਤਾਂ ਉਹਨੇ ਥੱਲੇ ਸਮੋਸੇ ਦਾ ਲੜ ਦੇ ਲਿਆ। ਘਿਉ ਦੀਆਂ ਕੰਕਰਾਂ ਪਾਣੀ ਤੋਂ ਨਿਤਾਰ ਕੇ ਚੰਦਕੁਰ ਨੇ ਉਹਦੇ ਸਾਗ ਉੱਤੇ ਰੱਖੀਆਂ ਤਾਂ ਉਹ ਬੇਧਿਆਨਾ ਜਿਹਾ ਹੀ ਘਿਓ ਨੂੰ ਤੱਤੇ ਸਾਗ ਵਿਚ ਰਲਾਉਣ ਲੱਗ ਪਿਆ। ਛੋਟੇ ਮੁੰਡਾ-ਕੁੜੀ ਪਿਓ ਦੇ ਗੰਭੀਰ ਚੇਹਰੇ ਨੂੰ ਦੇਖ ਕੇ ਝਲਾਨੀ ਵਿਚੋਂ ਉੱਠੇ ਤੇ ਸਬਾਤ ਵਿਚ ਜਾ ਕੇ ਹੌਲ਼ੀ ਹੌਲ਼ੀ ਇਕ ਦੂਜੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ।
7
ਤੀਜੇ ਦਿਨ ਆਥਣ ਨੂੰ ਝੰਡਾ ਮੱਲਣ ਦੇ ਘਰ ਆ ਕੇ ਆਖ ਗਿਆ ਕਿ ਰਕਮ ਤਿਆਰ ਹੈ । ਉਹ ਅਗਲੇ ਦਿਲ ਸਵੇਰੇ ਹੀ ਮੁਕੰਦੀ ਬਾਣੀਏ ਦੀ ਹੱਟ ਉੱਤੇ ਆ ਕੇ ਲਿਖਤ ਕਰਵਾ ਦੇਵੇ ਤੇ ਅੱਠ ਹਜ਼ਾਰ ਖਰਾ ਕਰੇ। ਦੋ ਗਵਾਹ ਵੀ ਲਿਆਵੇ ।
ਰਾਤ ਨੂੰ ਚੰਦਕੁਰ ਤੇ ਮੱਲਣ ਤੀਵੀਂ-ਆਦਮੀ ਦੋਵੇਂ ਝੇੜਾ ਕਰਦੇ ਰਹੇ ਕਿ ਜ਼ਮੀਨ ਗਹਿਣੇ ਧਰਨ ਨਾਲ ਕਿੰਨੀ ਬਦਨਾਮੀ ਹੋਵੇਗੀ। ਇਹ ਗੱਲ ਗੁੱਝੀ-ਛਿਪੀ ਤਾਂ ਰਹੇਗੀ ਨਹੀਂ। ਇਕ ਦਿਨ ਤਾਂ ਲੋਕਾਂ ਨੂੰ ਪਤਾ ਲੱਗ ਹੀ ਜਾਵੇਗਾ। ਲੋਕ ਪਤਾ ਨਹੀਂ ਕੀ ਕੀ ਗੱਲਾਂ ਕਰਨਗੇ। ਕਹਿਣਗੇ—ਰਸਾਲਦਾਰ ਕਰਮ ਸਿੰਘ ਦਾ ਨਾਂ ਮਿੱਟੀ ਵਿਚ ਮਿਲਾ ਦਿੱਤਾ ਉਹਦੇ ਮੁੰਡੇ ਨੇ । ਪੁੱਤ ਬਣਾਉਂਦਾ ਹੈ, ਗੰਵਾਉਂਦਾ ਨਹੀਂ ਹੁੰਦਾ। ਚੰਦਕੁਰ ਨੇ ਉਹਦਾ ਦਿਲ ਧਰਾਇਆ, ਉਹ ਝੋਰਾ ਨਾ ਕਰੇ। ਕੁੜੀ ਦਾ ਵਿਆਹ ਵੱਡੀ ਚੀਜ਼ ਹੈ। ਪੈਸਾ ਤਾਂ ਹੱਥਾਂ ਦੀ ਮੈਲ ਹੈ । ਵਾਹਿਗੁਰੂ ਭਲੀ ਕਰੇਗਾ। ਉਹ ਕਮਾਈ ਕਰਨਗੇ ਤੇ ਇਹ ਦੋ ਘੁਮਾਂ ਛੁਡਾ ਲੈਣਗੇ। ਉਹਨਾਂ ਦਾ ਰੱਬ ਵੇਚਿਆ ਹੋਇਆ ਤਾਂ ਨਹੀਂ ਕਿ ਉਹ ਉਹਨਾਂ ਦੀ ਫਰਿਆਦ ਨਹੀਂ ਸੁਣੇਗਾ। ਭੀੜਾਂ-ਸੰਘੀੜਾਂ ਤਾਂ ਰਾਜੇ-ਰਾਣਿਆਂ ਉੱਤੇ ਵੀ ਪੈਂਦੀਆਂ ਆਈਆਂ ਨੇ। ਜ਼ਮੀਨ ਤਾਂ ਜੱਟ ਲਈ ਸੋਨਾ ਹੁੰਦੀ ਹੈ। ਜਦੋਂ ਮਰਜ਼ੀ ਭੰਨਾ ਲਓ। ਜ਼ਮੀਨ ਜੱਟ ਦੀ ਮਾਂ ਹੁੰਦੀ ਹੈ। ਜੱਟ ਇਹਨੂੰ ਕਿੰਨਾ ਖੱਜਲ-ਖੁਆਰ ਕਰੇ, ਇਹ ਫੇਰ ਵੀ ਪੁੱਤ ਉੱਤੇ ਠੰਡਾ ਹੀ ਛਿੜਕਦੀ ਹੈ, ਉਹਨੂੰ ਵਰ ਦਿੰਦੀ ਹੈ। ਜ਼ਮੀਨ ਨੂੰ ਤਾਂ ਬੱਸ ਵੇਚੇ ਨਾ ਹੋਰ ਕੁਝ ਕਰੀ ਜਾਵੇ। ਜ਼ਮੀਨ ਤਾਂ ਜੱਟ ਦਾ ਧੋਰਾ ਹੈ । ਇਹੀ ਤਾਂ ਜੱਟ ਦਾ ਵੱਡਾ ਸਹਾਰਾ ਹੈ। ਏਸ ਜ਼ਮੀਨ ਕਰਕੇ ਤਾਂ ਉਹ ਜੱਟ ਹੈ । ਸਾਰੀਆਂ ਕੌਮਾਂ ਦਾ ਸਰਤਾਜ। ਸਭ ਦਾ ਸ਼ਹਿਣਸ਼ਾਹ।
ਮੱਲਣ ਆਪ ਵੀ ਦਿਲ ਧਰ ਗਿਆ। ਉਹ ਕਹਿੰਦਾ, ਵੱਡੀ ਕੁੜੀ ਲੱਖੋ ਦੇ ਵਿਆਹ ਵੇਲੇ ਐਨਾ ਖਰਚ ਕੀਤਾ ਸੀ, ਹੁਣ ਮੀਤੋ ਵੇਲੇ ਹੱਥ ਘੁੱਟਣਾ ਤਾਂ ਬੜਾ ਭੈੜਾ ਲਗਦਾ ਹੈ। ਓਹੀ ਨੱਕ ਰੱਖਾਂਗੇ। ਮੀਤੋ ਉੱਤੇ ਵੀ ਓਨਾ ਹੀ ਖਰਚ ਕਰਾਂਗੇ। ਸ਼ਰੀਕ ਕੀ ਆਖਣ ਗੇ ਸਾਲੇ, ਬਈ ਹੁਣ ਦੂਜੀ ਕੁੜੀ ਵੇਲੇ ਫੂਕ ਨਿੱਕਲ ਗਈ। ਸ਼ਰੀਕਾਂ ਮੂਹਰੇ ਨੀਵਾਂ ਨਹੀਂ ਹੋਣਾ, ਚਾਹੇ ਛੱਪਰੀ ਦਾ ਕੱਖ ਨਾ ਰਹੇ। ਦੋ ਘੁਮਾਂ ਦਾ ਕੀ ਐ, ਤਿੰਨ-ਚਾਰ ਸਾਲਾਂ ਵਿਚ ਹੀ ਕਮਾਈ ਕਰਕੇ ਛੁਡਾ ਲਵਾਂਗੇ। ਕਿਸੇ ਨੂੰ ਪਤਾ ਤੱਕ ਵੀ ਨਹੀਂ ਲੱਗਣਾ ਕਿ ਜ਼ਮੀਨ ਗਹਿਣੇ ਧਰੀ ਸੀ। ਜਦੋਂ ਵਾਹੁਣੀ-ਬੀਜਣੀ ਆਪਾਂ ਹੀ ਹੈ। ਝੰਡੇ ਨੂੰ ਚੰਗੀ ਫਸਲ ਦੇਵਾਂਗੇ ਤਾਂ ਉਹ ਹੋਰ ਕਿਸੇ ਨੂੰ ਕਿਉਂ ਦੇਵੇਗਾ ਇਹ ਦੋ ਘੁਮਾਂ ?
ਮੱਲਣ ਨੇ ਇਕ ਗੱਲ ਚੰਦਕੁਰ ਨਾਲ ਹੋਰ ਵੀ ਸਾਂਝੀ ਕੀਤੀ। ਉਹ ਇਹ ਕਿ ਜੇ ਉਹ ਕੁੜੀਆਂ ਉੱਤੇ ਐਨਾ ਖਰਚ ਨਹੀਂ ਕਰਨਗੇ ਤਾਂ ਉਹਨਾਂ ਦੇ ਬਲਕਾਰ ਉੱਤੇ ਕੋਈ ਜੱਟ ਐਨਾ ਖਰਚ ਕਿਵੇਂ ਕਰੇਗਾ? ਕੁੜੀਆਂ ਨੂੰ ਜੋ ਦੇਵਾਂਗੇ, ਉਹ ਬਲਕਾਰ ਵੇਲੇ ਠੋਕ-ਵਜਾ ਕੇ ਲੈ ਲਵਾਂਗੇ ।
ਦੂਜੇ ਦਿਨ ਸਵੇਰੇ ਸਦੇਹਾਂ ਹੀ ਘਰੀਂ ਜਾ ਕੇ ਮੱਲਣ ਨੇ ਦੋ ਨਜ਼ੀਕੀ ਬੰਦੇ ਤਿਆਰ ਕੀਤੇ ਤੇ ਉਹਨਾਂ ਨੂੰ ਮੁਕੰਦੀ ਦੀ ਹੱਟ ਉੱਤੇ ਲੈ ਆਇਆ। ਮੁਕੰਦੀ ਨੇ ਮੁੰਡਾ ਭੇਜ ਕੇ ਝੰਡੇ ਨੂੰ ਵੀ ਘਰੋਂ ਬੁਲਾ ਲਿਆ। ਹੱਟ ਉੱਤੇ ਇੱਕਾ-ਦੁੱਕਾ ਲੋਕ ਆ-ਜਾ ਰਹੇ ਸਨ । ਮੱਲਣ ਕਹਿੰਦਾ, ‘ਸੇਠਾ, ਆਪਾਂ ਉੱਤੇ ਚੁਬਾਰੇ ਵਿਚ ਨਾ ਵਗ ਜੀਏ ? ਪੜਦਾ ਰੱਖ ਲੀਏ। ਐਥੇ ਥੱਲੇ ਤਾਂ ਬੱਤੀ ਸੌ ਔਂਦਾ-ਜਾਂਦੈ।’
ਮੁਕੰਦੀ ਬੋਲਿਆ, ‘ਹਾਂ, ਲੈ ਬਈ, ਸਿਆਣੀ ਆਖੀ ਤੈਂ ਤਾਂ । ਮੈਂ ਤਾਂ ਆਪ ਖ਼ੁਸ਼ ਆਂ, ਏਸ ਗੱਲ ‘ਤੇ। ਤੁਸੀਂ ਉੱਤੇ ਚੱਲੋ, ਚਾਰੇ ਜਣੇ । ਮੈਂ ਔਨਾਂ, ਕਲਮ-ਦਵਾਤ ਲੈ ਕੇ ਥੋਡੇ ਪਿੱਛੇ ਪਿੱਛੇ ।’
ਉਹ ਤਿੰਨੇ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਲੱਗੇ। ਮੁਕੰਦੀ ਨੇ ਮੁੰਡੇ ਨੂੰ ਕਿਹਾ ਕਿ ਉਹ ਹੁੱਕਾ ਤਾਜ਼ਾ ਕਰ ਲਿਆਵੇ। ਚਿਲਮ ਵਿਚ ਨਵਾਂ ਤਮਾਖੂ ਪਾ ਕੇ ਅੱਗ ਵੀ ਧਰ ਲਵੇ। ਝੰਡਾ ਪੌੜੀਆਂ ਹੇਠਾਂ ਮੁਕੰਦੀ ਕੋਲ ਖੜ੍ਹਾ ਸੀ । ਪੁੱਛਣ ਲੱਗਿਆ, ‘ਤਿੰਨ ਤਾਂ ਮੈਂ ਲੈ ਆਇਆ, ਤੂੰ ਪੰਜ ਕਰ ਲਿਆ ਸੀ ?’
ਉਹ ਕਹਿੰਦਾ, ‘ਲੈ ਹੈ ਹੁਣ । ਆਪਾਂ ਕਿਤੋਂ ਲੈਣ ਜਾਣੇ ਐਂ। ਤੂੰ ਚੱਲ ਉੱਤੇ । ਮੈਂ ਹੁੱਕਾ ਲੈ ਕੇ ਔਨਾਂ ਤੇ ਘਰੋਂ ਰਕਮ ਵੀ ਚੱਕ ਲਿਆਊਂ।’
ਝੰਡਾ ਪੌੜੀਆਂ ਚੜ੍ਹ ਗਿਆ।
ਥੋੜੀ ਦੇਰ ਬਾਅਦ ਹੀ ਮੁਕੰਦੀ ਝੰਡੇ ਦੀ ਬਹੀ ਉੱਤੇ ਮੱਲਣ ਦੇ ਦੋ ਘੁਮਾਂ ਟਾਹਲੀ ਵਾਲੇ ਖੇਤ ਨੂੰ ਗਹਿਣੇ ਧਰਨ ਦੀ ਲਿਖਤ ਕਰ ਰਿਹਾ ਸੀ। ਮੱਲਣ ਨੀਵੀਂ ਪਾ ਕੇ ਮੰਜੇ ਉੱਤੇ ਬੈਠਾ ਸੀ। ਗਵਾਹ ਉਹਦੇ ਵੱਲ ਟਿਕਟਿਕੀ ਲਾ ਕੇ ਤਰਸ-ਭਰੀਆਂ ਨਜ਼ਰਾਂ ਨਾਲ ਝਾਕੀਂ ਜਾ ਰਹੇ ਸਨ । ਝੰਡਾ ਚੌੜਾ ਹੋਇਆ ਬੈਠਾ ਸੀ । ਉਹਨੇ ਖੱਦਰ ਦੇ ਕੁੜਤੇ ਦੀ ਅੰਦਰਲੀ ਜੇਬ ਨੂੰ ਬਕਸੂਆ ਲਾ ਕੇ ਉੱਤੋਂ ਦੀ ਸਮੋਸਾ ਸੁੱਟਿਆ ਹੋਇਆ ਸੀ। ਉਹ ਵਾਰ-ਵਾਰ ਦਾੜ੍ਹੀ ਵਿਚ ਖੁਰਕ ਕਰਦਾ ਤੇ ਕਣੱਖਾ ਜਿਹਾ ਦੂਜਿਆਂ ਵੱਲ ਝਾਕਦਾ ।
ਮੁਕੰਦੀ ਹੁੱਕੇ ਦੀ ਘੁੱਟ ਲੈਂਦਾ ਤੇ ਪਿੱਤਲ ਦੀ ਦਵਾਤ ਵਿਚੋਂ ਸਿਆਹੀ ਦਾ ਡੋਭਾ ਲੈ ਕੇ ਕਲੱਮੇ ਨਾਲ ਬਹੀ ਉੱਤੇ ਲਿਖਣ ਲਗਦਾ। ਅੱਠ ਹਜ਼ਾਰ ਨਕਦ ਦੇ ਦਸ ਰੁਪਏ ਸੈਂਕੜਾ ਵਧਾਰਾ ਲਾ ਕੇ ਅੱਠ ਹਜ਼ਾਰ ਅੱਠ ਸੌ ਦੀ ਲਿਖਤ ਕੀਤੀ ਗਈ। ਘੰਡਾਬੰਨੇ ਕੋਲ ਟਾਹਲੀ ਵਾਲੇ ਖੇਤ ਦਾ ਵੇਰਵਾ ਪਾ ਕੇ ਦੋ ਘੁਮਾਂ ਜ਼ਮੀਨ ਗਹਿਣੇ ਲਿਖੀ ਗਈ। ਖੇਤ ਦੇ ਇਕ ਪਾਸਿਓਂ ਦੋ ਘੁਮਾਂ । ਪਹਿਲਾਂ ਮੱਲਣ ਨੇ ਗੂਠਾ ਲਾਇਆ, ਫੇਰ ਗਵਾਹਾਂ ਦੇ ਦੋਵੇਂ ਗੂਠੇ ਤੇ ਫੇਰ ਝੰਡੇ ਦਾ ਗੂਠਾ ਵੀ ਮੁਕੰਦੀ ਨੇ ਲੇਖਾਕਾਰ ਵਜੋਂ ਆਪਣਾ ਨਾਂ ਪਹਿਲਾਂ ਹੀ ਲਿਖ ਦਿੱਤਾ ਸੀ। ਆਪਣੇ ਵਾਲਾ ਤਿੰਨ ਹਜ਼ਾਰ ਝੰਡੇ ਨੇ ਮੁਕੰਦੀ ਨੂੰ ਫੜਾ ਦਿੱਤਾ। ਤੇ ਫੇਰ ਸੌ ਸੌ ਦਾ ਇਕ ਇਕ ਨੋਟ ਗਿਣ-ਗਿਣ ਅੱਸੀ ਨੋਟ ਮੁਕੰਦੀ ਨੇ ਮੱਲਣ ਨੂੰ ਫੜਾਏ। ਗਵਾਹ ਅੱਖਾਂ ਪਾੜ-ਪਾੜ ਨੋਟਾਂ ਵੱਲ ਝਾਕੀ ਜਾ ਰਹੇ ਸਨ । ਝੰਡਾ ਮੁਕੰਦੀ ਦੇ ਨਾਲ ਨਾਲ ਹੀ ਆਪਣੇ ਹਿਸਾਬ ਅਨੁਸਾਰ ਨੋਟ ਗਿਣਦਾ ਜਾ ਰਿਹਾ ਸੀ । ਮੱਲਣ ਬੇਸੁਰਤ ਜਿਹਾ ਹੋ ਕੇ ਬੈਠਾ ਸੱਜੇ ਹੱਥ ਨਾਲ ਨੋਟ ਫੜਦਾ ਤੇ ਖੱਬੇ ਵਿਚ ਉਹਨਾਂ ਦੀ ਥਹੀ ਬਣਾਈ ਜਾਂਦਾ । ਆਪਣੇ ਹਿਸਾਬ ਨਾਲ ਮੱਲਣ ਨੇ ਸਾਰੇ ਨੋਟ ਇਕ ਵਾਰੀ ਫੇਰ ਗਿਣੇ ਤੇ ਉਹਨਾਂ ਦੀ ਥਹੀ ਬਣਾ ਕੇ ਮੁਕੰਦੀ ਦੀ ਡੋਰ ਨਾਲ ਉਹਨੂੰ ਬੰਨ੍ਹ ਲਿਆ। ਚਾਦਰੇ ਦੇ ਲੜ ਵਿਚ ਥਹੀ ਨੂੰ ਵਲ੍ਹੇਟਿਆ ਤੇ ਡੱਬ ਵਿਚ ਦੇ ਲਿਆ।ਝੰਡੇ ਨੇ ਆਪਣੀ ਬਹੀ ਸਮੋਸੇ ਵਿਚ ਵਲ੍ਹੇਟ ਕੇ ਕੱਛ ਵਿਚ ਦੇ ਲਈ। ਸਾਰੇ ਹੀ ਪੌੜੀਆਂ ਉੱਤਰਨ ਲੱਗੇ। ਕਿਸੇ ਵੀ ਚੇਹਰੇ ਉੱਤੇ ਰੌਣਕ ਨਹੀਂ ਸੀ। ਉਹ ਤਿੰਨੇ ਚਲੇ ਗਏ ਤਾਂ ਝੰਡਾ ਤੇ ਮੁਕੰਦੀ ਅੱਖਾਂ ਵਿਚ ਹੀ ਗੁੱਝਾ ਗੁੱਝ ਮੁਸਕਰਾ ਕੇ ਗੱਲਾਂ ਕਰਨ ਲੱਗੇ।
ਘਰ ਆ ਕੇ ਮੱਲਣ ਨੇ ਨੋਟਾਂ ਦੀ ਥਹੀ ਚੰਦਕੁਰ ਨੂੰ ਫੜਾਈ ਤੇ ਆਖਿਆ ਕਿ ਉਹ ਇਹਨੂੰ ਸੰਦੂਖ ਵਿਚ ਕਿਤੇ ਸੰਭਾਲ ਕੇ ਰੱਖ ਦੇਵੇ। ਵਿਆਹ ਨੇੜੇ ਆ ਰਿਹਾ ਸੀ। ਹੁਣ ਤਾਂ ਇਹ ਚੱਲੀ ਹੀ ਜਾਣੇ ਹਨ। ਦਿਨਾਂ ਵਿਚ ਹੀ ਮੁੱਕ ਜਾਣਗੇ।
ਸੰਦੂਕ ਵਿਚ ਪਏ ਨੋਟਾਂ ਨੂੰ ਧਿਆਨ ਵਿਚ ਲਿਆ ਕੇ ਤੀਵੀਂ-ਆਦਮੀ ਦੱਬੇ ਦੱਬੇ ਹੰਕਾਰ ਦੀਆਂ ਗੱਲਾਂ ਕਰਨ ਲੱਗੇ। ਚੰਦਕੁਰ ਕਹਿੰਦੀ, ‘ਹੁਣ ਕਾਸੇ ਦਾ ਫਿਕਰ ਨੀ । ਸਾਰੇ ਧੰਦੇ ਕਿਉਂਟੇ ਜਾਣਗੇ।’
ਮੱਲਣ ਖੁਸ਼ਕ ਹਾਸਾ ਹੱਸਿਆ, ‘ਕੇਰਾਂ ਤਾਂ ਬੱਲੇ ਬੱਲੇ ਕਰਾ ਦਿਆਂਗੇ। ਵਿਆਹ ਪੂਰਾ ਚੱਕਮਾ ਕਰਨੈਂ। ਭੈਣ ਮਰੌਂਦਾ, ਦੇਖੀ ਜਾਊ, ਪਿੱਛੋਂ ਜਿਹੜੀ ਬਣੂ।
ਉਸ ਦਿਨ ਮੱਲਣ ਖੇਤ ਨਹੀਂ ਗਿਆ । ਟਾਹਲੀ ਵਾਲੇ ਖੇਤ ਨੂੰ ਪਾਣੀ ਮਿਲਿਆ ਹੋਇਆ ਸੀ। ਸੀਰੀ ਹੀ ਅੱਧੀ ਰਾਤ ਤੋਂ ਪਾਣੀ ਲਾ ਰਿਹਾ ਸੀ। ਕੱਸੀ ਭਰ ਕੇ ਨਹੀਂ ਆਈ ਸੀ । ਸੋ ਇਸ ਵਾਰ ਪਾਣੀ ਲਾਉਣ ਦਾ ਕੰਮ ਇਕੱਲਾ ਬੰਦਾ ਹੀ ਕਰ ਸਕਦਾ ਸੀ। ਮੱਲਣ ਦੁਪਹਿਰੇ ਜਿਹੇ ਭਾਈਰੂਪੇ ਵਾਲੇ ਖੇਤ ਗਿਆ ਸੀ ਤੇ ਕੱਖਾਂ ਦੀ ਭਰੀ ਵੱਢ ਕੇ ਸਿਰ ਉੱਤੇ ਚੁੱਕ ਲਿਆਇਆ ਸੀ। ਆਥਣੇ ਜਿਹੇ ਉਹਦੇ ਨਾਲ ਬਲਕਾਰ ਤੇ ਤੇਜੂ ਦੇ ਦੋਵੇਂ ਮੁੰਡੇ ਚਲੇ ਗਏ ਸਨ । ਉਹ ਵੀ ਨਿੱਕੀਆਂ ਨਿੱਕੀਆਂ ਭਰੀਆਂ ਚੁੱਕ ਲਿਆਏ ਸਨ। ਤੇ ਫੇਰ ਤਿੰਨਾਂ ਜਵਾਕਾਂ ਨੇ ਖੇਡ ਖੇਡ ਵਿਚ ਹੀ ਮਸ਼ੀਨ ਉੱਤੇ ਕੱਖ ਕੁਤਰ ਲਏ ਸਨ ਤੇ ਕੰਮ ਮੁਕਦਾ ਕੀਤਾ ਸੀ।
ਵਿਹੜੇ ਵਿਚ ਏਧਰ-ਓਧਰ ਫਿਰਦਾ-ਤੁਰਦਾ ਤੇ ਦਿਮਾਗ ਵਿਚ ਕੋਈ ਸਕੀਮਾਂ ਜਿਹੀਆਂ ਬਣਾਉਂਦਾ ਮੱਲਣ ਬੈਠਕ ਵਿਚ ਬਾਪੂ ਕੋਲ ਗਿਆ। ਬਾਪੂ ਨੂੰ ਮੀਤੋ ਦੇ ਵਿਆਹ ਬਾਰੇ ਪਤਾ ਸੀ। ਪੁੱਛਣ ਲੱਗਿਆ, ‘ਮੱਲਣ ਸੂੰ ਭਾਈ, ਮੀਤੋ ਦੇ ਵਿਆਹ ‘ਚ ਕਿੰਨੇ ਦਿਨ ਬਾਕੀ ਰਹਿਗੇ ?’
‘ਇਕ ਮ੍ਹੀਨੇ ਤੋਂ ਘੱਟ ਈ ਰਹਿਗੇ ਦਿਨ ਤਾਂ। ਦਿਨ ਕਿਹੜੇ, ਆਇਆ ਵਿਆਹ ਤਾਂ।’ ਮੱਲਣ ਨੇ ਬੁੜ੍ਹੇ ਕੋਲ ਮੰਜੇ ਉੱਤੇ ਬੈਠਦਿਆਂ ਆਖਿਆ।
‘ਚੰਗਾ ਕਰੀਂ, ਭਾਈ, ਵਿਆਹ। ਮੋਕਲਾ ਰੱਖੀਂ ਹੱਥ । ਮਹਿਮਾ ਚਾਹੀਦੀ ਐ ਬੰਦੇ ਦੀ। ਸਭ ਰੰਗ-ਭਾਗ ਲੱਗ ਜਾਂਦੇ ਐ, ਸਿੱਧੀਆਂ ਨੀਤਾਂ ਨੂੰ ।’ ਰਸਾਲਦਾਰ ਨੇ ਹਲਾਸ਼ੇਰੀ ਦਿੱਤੀ।
‘ਫ਼ਿਕਰ ਨਾ ਕਰ ਬਾਪੂ | ਫੱਟੇ ਚੱਕ ਦਿਆਂਗੇ। ਵਧੀਆ ਵਿਆਹ ਕਰਾਂਗੇ। ਸਾਰੇ ਵਿਆਹ ਚੱਕਮੇਂ ਕਰਾਂਗੇ।’
‘ਕਿੱਕੂੰ ਕਿਤੈ ਫੇਰ ?’
‘ਸਿਉਨਾ ਤਾਂ ਲੈ ਲਿਆ। ਸੀਧਾ-ਪੱਤਾ ਪੰਜ-ਚਾਰ ਦਿਨ ਪਹਿਲਾਂ ਲੈ ਆਮਾਂਗੇ। ਦੋ-ਚਾਰ ਦਿਨਾਂ ਤੱਕ ਕੱਪੜਾ-ਲੀੜਾ ਲੈਣ ਜਾਣੈ ਹੁਣ । ਸਭ ਹੋ ਜੂ । ਸਾਰਾ ਢਾਣਸ ਬਣਾਇਆ ਹੋਇਐ ਮੇਰਾ ।’
‘ਲੀੜਾ-ਕੱਪੜਾ ਤੇ ਸੀਧਾ ਤਾਂ ਰਾਮਪੁਰਿਓਂ ਈ ਲਿਆਮੇਂਗਾ ਫੇਰ ?’
‘ਹਾਂ, ਰੋਕ ਈ ਲਿਆਮਾਂਗੇ ਕੁੱਲ ਚੀਜ।’
‘ਚੰਗਾ ਭਾਈ, ਚੰਗਾ ਚੰਗਾ । ਇਹ ਨਾਮਾਜਾਦੀ ਹੁੰਦੀ ਐ। ਊਂ ਬਹੁਤਾ ਖਰਚ ਵੀ ਨਾ ਕਰੀਂ। ਆਵਦੀ ਸਮੱਸਿਆ ਦੇਖੀਂ । ਲੋਕਾਂ ਦਾ ਮੂੰਹ ਨੀ ਫੜ ਲੈਣਾ। ਕਿੰਨਾ ਕਰ ਲੀਂ, ਅਗਲੇ ਤਾਂ ਫੇਰ ਵੀ ਨੁਕਸ ਕੱਢਣਗੇ। ਸਮਝ ਕਰੀਂ।’
‘ਨਹੀਂ ਬਾਪੂ, ਸੂਤ-ਸਿਰ ਈ ਕਰਾਂਗੇ ਸਾਰਾ ਕੁਸ਼। ਐਂ ਕੀ ਰੁਪਈਏ ਝਾੜੀਂ ਲਗਦੇ ਐ। ਮਸਾਂ ਤਾਂ ਕੀਤੈ ਪਰਬੰਧ ਰੁਪਈਆਂ ਦਾ ।’
‘ਕਿਮੇਂ ਕੀਤਾ ਫੇਰ ?’
‘ਬੱਸ, ਕਿਮੇਂ ਕਰ ਲਿਆ ਕਿਮੇਂ ਨਾ ਕਰ ਲਿਆ। ਸਾਰਾ ਸਰ ਜੂ।’
‘ਵਿਆਜੂ ਪੈਸਾ ਬੇਸ਼ੱਕ ਚੱਕ ਲੀਂ। ਬਾਣੀਆ ਤਾਂ ਖੂਹ ‘ਚ ਇੱਟ ਹੁੰਦੀ ਐ। ਕੋਈ ਗੱਲ ਨੀ ਨਿਕਲਦੀ। ਜ਼ਮੀਨ ਨਾ ਧਰ ਬੈਠੀ ਕਿਤੇ। ਜ਼ਮੀਨ ਗਹਿਣੇ ਧਰਨ ਦਾ ਬਹੁਤ ਵੱਡਾ ਮੇਣਾ ਐਂ।’
‘ਮ੍ਹਣਾ ਤਾਂ ਕਾਹਦੈ, ਬਾਪੂ। ਜੀਹਦੇ ਜਮੀਨ ਹੋਊ, ਓਹੀ ਗਹਿਣੇ ਧਰੂ । ਨੰਗ ਕੀ ਧਰ ਦੂ ਜੀਹਦੇ ਹੈ ਈ ਨਹੀਂ ?’
‘ਉਹ ਤਾਂ ਠੀਕ ਐ, ਪਰ
‘ਦੇਖ ਬਾਪੂ, ਦੱਸ ਦਿੰਨਾਂ ਤੈਨੂੰ ! ਛੀ ਹਜਾਰ ਤਾਂ ਵਿਆਜੂ ਲਿਆ ਐ ਮੁਕੰਦੀ ਤੋਂ। ਦੋ ਘੁਮਾਂ ਝੰਡੇ ਨੂੰ ਦੇ ’ਤੀ, ਅੱਠ ਹਜਾਰ ਦੀ। ਚੌਦਾਂ ਹਜਾਰ ਨਾਲ ਸਾਰਾ ਡੰਗ ਟੱਪ ਜੂ। ਐਨੇ ਬਿਨਾਂ ਸਰਦਾ ਨੀ मी।’
‘ਹਲਾ, ਜਮੀਨ ਗਹਿਣੇ ਧਰ ‘ਤੀ?’
‘ਹਾਂ, ਇਹ ਕੋਈ ਮ੍ਹਣਾ ਨੀ ਬਾਪੂ। ਦੋ ਸਾਲਾਂ ਨੂੰ ਛੁਡਾ ਲਾਂ ਗੇ । ਪੈਸਾ ਤਾਂ ਹੱਥਾਂ ਦੀ ਮੈਲ ਐ। ਕਮਾਈ ਪੂਰੀ ਕਰਨੀ ਐ ਗਹਾਂ ਨੂੰ ।’
‘ਕਿਹੜੀ ਧਰੀ ਐ, ਭਾਈਰੂਪੇ ਆਲੀ ?’
‘ਨਹੀਂ, ਓਧਰੋਂ ਦਿੱਤੀ ਐ, ਟਾਹਲੀ ਆਲੇ ਖੇਤੋਂ ।’
‘ਹਲਾ ? ਚੰਗਾ ਭਾਈ।’
ਤੇ ਫੇਰ ਮੱਲਣ ਵਿਆਹ ਦੀਆਂ ਹੋਰ ਗੱਲਾਂ ਦਸਦਾ ਰਿਹਾ । ਬੁੜ੍ਹਾ ਹੁੰਗਾਰਾ ਨਹੀਂ ਭਰਦਾ ਸੀ। ਮੱਲਣ ਕੋਈ ਗੱਲ ਪੁੱਛਦਾ ਤਾਂ ਵੀ ਉਹ ਜਵਾਬ ਨਾ ਦਿੰਦਾ । ਗੁੰਮ-ਸੁੰਮ ਬਣ ਕੇ ਹੀ ਬੈਠ ਗਿਆ।
ਜੀਤੋ ਬਾਬੇ ਖਾਤਰ ਰੋਟੀ ਲੈ ਕੇ ਆਈ। ਉਹਨੇ ਲੋਹੇ ਦੀ ਕੁਰਸੀ ਉੱਤੇ ਥਾਲੀ ਰਖਵਾ ਤਾਂ ਲਈ, ਪਰ ਅੱਧੀ ਰੋਟੀ ਖਾ ਕੇ ਹੀ ਜਿਵੇਂ ਉਹ ਰੱਜ ਗਿਆ ਹੋਵੇ। ਆਲੂ-ਗੋਭੀ ਦੀ ਭਾਜੀ ਬਹੁਤ ਸੁਆਦ ਬਣੀ ਹੋਈ ਸੀ। ਆਲੂ-ਗੋਭੀ ਤਾਂ ਉਹ ਚਾਹ ਕੇ ਖਾਂਦਾ ਹੁੰਦਾ। ਸਗੋਂ ਕਦੇ ਕਦੇ ਕਹਿ ਕੇ ਆਲੂ-ਗੋਭੀ ਬਣਵਾਉਂਦਾ। ਦੋ ਫੁਲਕੇ ਵੱਧ ਖਾ ਜਾਇਆ ਕਰਦਾ। ਅੱਜ ਉਹਨੂੰ ਪਤਾ ਨਹੀਂ ਕੀ ਹੋ ਗਿਆ ਸੀ। ਉਹਨੇ ਗੜਵੀ ਵਿਚੋਂ ਪਾਣੀ ਲੈ ਕੇ ਹੱਥ ਧੋ ਲਏ ਤੇ ਕੁਰਲੀ ਕਰ ਲਈ। ਸਮੋਸੇ ਨਾਲ ਹੱਥ-ਮੂੰਹ ਪੂੰਝ ਕੇ ‘ਵਾਖਰੂ-ਵਾਖਰੂ’ ਕਰਨ ਲੱਗ ਪਿਆ।
ਮੰਜੇ ਉੱਤੇ ਪਏ-ਪਏ ਉਹਨੂੰ ਯਾਦ ਆਇਆ, ਪੈਨਸ਼ਨ ਆ ਕੇ ਇਹ ਦਸ ਘੁਮਾਂ ਜ਼ਮੀਨ ਉਹਨੇ ਕਿਵੇਂ ਔਖ ਵਿਚ ਖਰੀਦੀ | ਫ਼ੌਜ ਵਿਚ ਜੋੜਿਆ ਸਾਰਾ ਪੈਸਾ ਲਾ ਦਿੱਤਾ ਸੀ। ਘਰ ਦੀ ਬਾਕੀ ਕੁੱਲ ਰਿਣੀ-ਚਿਣੀ ਵੀ। ਇਹ ਖੇਤ ਅੱਕ, ਝਾੜ-ਮਲ੍ਹਿਆਂ, ਬੂਈਆਂ, ਕਿੱਕਰਾਂ, ਜੰਡ ਤੇ ਫਲਾਹੀਆਂ ਦਾ ਇਕ ਜੰਗਲ ਹੀ ਤਾਂ ਸੀ। ਕਿਤੋਂ ਉੱਚੀ ਧਰਤੀ, ਕਿਤੋਂ ਨੀਵੀਂ। ਕਹੀ ਫੜ ਕੇ ਉਹਨੇ ਇਕ ਯੁੱਧ ਲੜਿਆ ਸੀ। ਸੰਸਾਰ ਜੰਗ ਵਰਗਾ ਹੀ ਯੁੱਧ। ਦੋ ਸਾਲਾਂ ਵਿਚ ਕੁਲ ਦਰਖਤ ਧਰਤੀ ਵਿਚੋਂ ਪੁੱਟ ਦਿੱਤੇ ਸੀ। ਜ਼ਮੀਨ ਪੱਧਰ ਬਣਾ ਦਿੱਤੀ ਸੀ। ਰਸਾਲਦਾਰ ਨੂੰ ਲੱਗ ਰਿਹਾ ਸੀ ਕਿ ਟਾਹਲੀ ਵਾਲੇ ਖੇਤ ਦੀ ਇਹ ਦਸ ਘੁਮਾਂ ਧਰਤੀ ਉਹਨੇ ਜਿਵੇਂ ਕਦੇ ਆਪਣੇ ਸਰੀਰ ਵਿਚੋਂ ਪੈਦਾ ਕੀਤੀ ਹੋਵੇ। ਉਹਦੇ ਮੁੰਡੇ ਮੱਲਣ ਨੇ ਹੁਣ ਦੋ ਘੁਮਾਂ ਜ਼ਮੀਨ ਗਹਿਣੇ ਧਰ ਕੇ ਜਿਵੇਂ ਉਹਦੇ ਸਰੀਰ ਦੇ ਕਿਸੇ ਅੰਗ ਨੂੰ ਕੱਟ ਦਿੱਤਾ ਹੋਵੇ।
ਰਸਾਲਦਾਰ ਦਾ ਜੀਵਨ ਭਰ ਦਾ ਤਜਰਬਾ ਸੀ। ਉਹਨੂੰ ਪਤਾ ਸੀ ਕਿ ਜੱਟ ਦੀ ਇਕ ਵਾਰ ਗਹਿਣੇ ਟਿਕੀ ਜ਼ਮੀਨ ਮੁੜਕੇ ਕਦੇ ਨਹੀਂ ਛੁਟਦੀ। ਜੇ ਜੱਟ ਦੀਆਂ ਲੋੜਾਂ ਮੁੱਕਣ ਤਾਂ ਜ਼ਮੀਨ ਛੁੱਟੇ।
ਗਹਿਣੇ ਦੀ ਜ਼ਮੀਨ ਉੱਤੇ ਤਾਂ ਸਗੋਂ ਹੋਰ ਪੈਸਾ ਵਧਣ ਲਗਦਾ ਹੈ। ਜਿਉਂ ਜਿਉਂ ਜੱਟ ਦੀਆਂ ਗਰਜ਼ਾਂ ਵਧਦੀਆਂ ਜਾਂਦੀਆਂ ਹਨ, ਗਹਿਣੇ ਦਾ ਪੈਸਾ ਵੀ ਵਧਦਾ ਜਾਂਦਾ ਹੈ। ਗਹਿਣੇ ਵਾਲੀ ਜ਼ਮੀਨ ਦੇ ਨਾਲ ਲਗਦੀ ਜ਼ਮੀਨ ਵੀ ਫੇਰ ਗਹਿਣੇ ਟਿਕਣ ਲਗਦੀ ਹੈ। ਰਸਾਲਦਾਰ ਨੂੰ ਪੱਕਾ ਯਕੀਨ ਹੋ ਗਿਆ ਲਗਦਾ ਸੀ ਕਿ ਜਿਉਂ ਜਿਉਂ ਵਰ੍ਹੇ ਬੀਤਦੇ ਜਾਣਗੇ, ਟਾਹਲੀ ਵਾਲਾ ਖੇਤ ਗਹਿਣੇ ਪੈਂਦਾ ਜਾਵੇਗਾ। ਇਕ ਦਿਨ ਸਾਰਾ ਖੇਤ ਹੀ ਦੂਜੇ ਦੇ ਢਿੱਡ ਵਿਚ ਜਾ ਪਵੇਗਾ। ਤੇ ਅਖੀਰ ਇਕ ਦਿਨ ਅਜਿਹਾ ਵੀ ਆਵੇਗਾ, ਜਦੋਂ ਮੱਲਣ ਇਸ ਦਸ ਘੁਮਾਂ ਨੂੰ ਬੈ ਕਰਕੇ ਸਿਰਫ ਛੇ ਘੁਮਾਂ ਭਾਈਰੂਪੇ ਵਾਲੇ ਖੇਤਾਂ ਦਾ ਮਾਲਕ ਹੀ ਰਹਿ ਜਾਵੇਗਾ। ਰਸਾਲਦਾਰ ਨੂੰ ਮਹਿਸੂਸ ਹੋਇਆ ਜਿਵੇਂ ਉਹਦਾ ਖੇਤ ਗਹਿਣੇ ਨਾ ਟਿਕਿਆ ਹੋਵੇ, ਸਗੋਂ ਉਹਦਾ ਆਪਣਾ ਸਰੀਰ ਕਿਸੇ ਡੈਣ ਨੇ ਖਾ ਲਿਆ ਹੋਵੇ।
ਰਸਾਲਦਾਰ ਤੋਂ ਸਵੇਰੇ ਉੱਠਿਆ ਨਾ ਗਿਆ। ਜੀਤੋ ਨੇ ਹਾਕਾ ਮਾਰੀਆਂ, ਉਹਨੇ ਮਸਾਂ ਹੀ ਅੱਖਾਂ ਖੋਲ੍ਹੀਆਂ। ਨਹੀਂ ਤਾਂ ਪਹਿਲਾਂ ਉਹ ਆਪ ਹੀ ਸਵੇਰੇ ਸਵੇਰੇ ਜਾਗ ਪੈਂਦਾ । ਜੰਗਲ-ਪਾਣੀ ਜਾ ਆਉਂਦਾ। ਦਾਤਣ ਕਰ ਲੈਂਦਾ। ਮੂੰਹ-ਹੱਥ ਧੋ ਕੇ ਬਾਣੀ ਪੜ੍ਹਨ ਲਗਦਾ। ਐਨੇ ਨੂੰ ਘਰ ਵਿਚ ਚਾਹ ਬਣ ਚੁੱਕੀ ਹੁੰਦੀ। ਪਰ ਅੱਜ ਜੀਤੋ ਚਾਹ ਲੈ ਕੇ ਆਈ, ਤਾਂ ਉਹ ਓਵੇਂ ਦਾ ਓਵੇਂ ਪਿਆ ਹੋਇਆ ਸੀ। ਬੇਜਾਨ ਜਿਹਾ। ਜਿਵੇਂ ਉਹਦੇ ਸਰੀਰ ਵਿਚ ਕੋਈ ਵੀ ਤਾਣ ਨਾ ਰਹਿ ਗਿਆ ਹੋਵੇ।
8
ਉਹਨਾਂ ਦਿਨਾਂ ਵਿਚ ਇਕ ਲਾਰੀ ਰਾਮਪੁਰੇ ਨੂੰ ਚਲਦੀ ਹੁੰਦੀ। ਇਹ ਲਾਰੀ ਦਿਆਲਪੁਰੇ ਤੋਂ ਸਵੇਰੇ ਹੀ ਛੇ ਵਜੇ ਤੁਰਦੀ। ਦਿਆਲਪੁਰੇ ਤੋਂ ਭਾਈਰੂਪਾ, ਭਾਈਰੂਪੇ ਤੋਂ ਕੋਠੇ ਖੜਕ ਸਿੰਘ, ਫੇਰ ਬੁਰਜ ਗਿੱਲਾਂ, ਹਾਕਮ ਸਿੰਘ ਵਾਲਾ, ਸਧਾਣਿਆਂ ਦੇ ਪੁਲ ਤੇ ਫੇਰ ਪੁਲਾਂ ਤੋਂ ਸੜਕ ਪੈ ਕੇ ਫੂਲ ਪਹੁੰਚਦੀ। ਫੂਲ ਤੋਂ ਰਾਮਪੁਰਾ ਮੰਡੀ। ਰਾਮਪੁਰੇ ਬਾਰਾਂ ਵਾਲੀ ਗੱਡੀ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਂਦੀ। ਉਧਰੋਂ ਫੇਰ ਚਾਰ ਵਜੇ ਚਲਦੀ ਤੇ ਹਨੇਰੇ ਹੋਏ ਦਿਆਲਪੁਰੇ ਆਉਂਦੀ। ਇਸ ਲਾਰੀ ਦਾ ਬੜਾ ਸੁਖ ਸੀ। ਪਿੰਡਾਂ ਦੇ ਲੋਕ ਘਰ ਦੀਆਂ ਜ਼ਰੂਰੀ ਚੀਜ਼ਾਂ ਖਰੀਦਣ ਲਈ ਰਾਮਪੁਰੇ ਜਾਂਦੇ । ਸਵੇਰੇ ਜਾ ਕੇ ਆਥਣ ਨੂੰ ਘਰ ਆ ਵੜਦੇ। ਤੀਵੀਆਂ-ਮਾਨੀਆਂ ਇਕੱਲੀਆਂ ਵੀ ਚਲੀਆਂ ਜਾਂਦੀਆਂ। ਲਾਰੀ ਦੀ ਛੱਤ ਉੱਤੇ ਸਾਮਾਨ ਲੱਦ ਦਿੱਤਾ ਜਾਂਦਾ। ਜਿੱਥੇ-ਜਿੱਥੇ ਲਾਰੀ ਠਹਿਰਦੀ, ਸਵਾਰੀਆਂ ਆਪੋ-ਆਪਣਾ ਸਾਮਾਨ ਉਤਾਰਦੀਆਂ ਚਲੀਆਂ ਜਾਂਦੀਆਂ। ਡਰਾਈਵਰ ਦੀ ਪਿੱਠ ਨਾਲ ਇਕ ਕੈਬਿਨ ਜਿਹਾ ਹੁੰਦਾ ਜਿਸ ਵਿਚ ਦੋ ਬੈਂਚ ਲੱਗੇ ਹੁੰਦੇ। ਇਸ ਕੈਬਿਨ ਵਿਚ ਜ਼ਨਾਨਾ ਸਵਾਰੀ ਬੈਠਦੀ। ਪਿਛਲੇ ਹਿੱਸੇ ਵਿਚ ਇਕ ਬੈਂਚ ਚੌੜੇ-ਲੋਟ ਤੇ ਦੋ ਬੈਂਚ ਲੰਮੇ-ਲੋਟ ਲੱਗੇ ਹੁੰਦੇ । ਇਸ ਵਿਚ ਮਰਦਾਨਾ ਸਵਾਰੀਆਂ ਬੈਠਦੀਆਂ। ਬੈਂਚਾਂ ਤੋਂ ਥੱਲੇ ਵੀ ਲੋਕ ਤੂੜ ਕੇ ਬੈਠ ਜਾਂਦੇ । ਦਿਆਲਪੁਰੇ ਤੋਂ ਤਾਂ ਲਾਰੀ ਸਮੇਂ-ਸਿਰ ਚੱਲ ਪੈਂਦੀ, ਪਰ ਰਾਮਪੁਰੇ ਤੋਂ ਇਹਦੇ ਮੁੜ ਕੇ ਚੱਲਣ ਦਾ ਕੋਈ ਵੇਲਾ ਨਹੀਂ ਸੀ। ਕਹਿਣ ਨੂੰ ਹੀ ਚਾਰ ਵਜੇ ਦਾ ਸਮਾਂ ਸੀ। ਪਰ ਓਥੋਂ ਤਾਂ ਉਦੋਂ ਹੀ ਚਲਦੀ, ਜਦੋਂ ਇਕ ਵੀ ਸਵਾਰੀ ਕੋਈ ਬਾਕੀ ਨਾ ਰਹਿ ਗਈ ਹੁੰਦੀ। ਸੂਏ ਕੋਲ ਗੁਰਦੁਆਰੇ ਸਾਹਮਣੇ ਰਬੜ ਦੇ ਹਾਰਨ ਦੀ ਪੌਂ-ਪੌਂ ਹੁੰਦੀ ਰਹਿੰਦੀ। ਸਧਾਣਿਆਂ ਦੇ ਪੁਲ ਤੋਂ ਦਿਆਪੁਰੇ ਤੱਕ ਲਾਰੀ ਦਾ ਕੱਚਾ ਰਾਹ ਸੀ। ਪਹਿਆਂ ਵਿਚ ਰੇਤਾ ਹੀ ਰੇਤਾ ਹੁੰਦਾ। ਹਰ ਦੋ ਪਿੰਡਾਂ ਵਿਚਕਾਰ ਦੋ ਬੰਦੇ ਜਿੰਦਰਾ ਲੈ ਕੇ ਕੰਮ ਕਰਦੇ । ਲਾਰੀ ਆਉਣ ਤੋਂ ਪਹਿਲਾਂ ਦੋਵੇਂ ਵਕਤ ਉਹ ਲੀਹਿਆਂ ਵਿਚੋਂ ਰੇਤਾ ਕਢਦੇ। ਫੇਰ ਵੀ ਕਿਸੇ ਥਾਂ ਲਾਰੀ ਅੜ ਜਾਂਦੀ ਤਾਂ ਸਵਾਰੀਆਂ ਥੱਲੇ ਉੱਤਰ ਕੇ ਧੱਕਾ ਲਾਉਂਦੀਆਂ ਤੇ ਗਹਾਂ ਜਾ ਕੇ ਫੇਰ ਚੜ੍ਹ ਜਾਂਦੀਆਂ।
ਮੱਲਣ ਤੇ ਚੰਦਕੁਰ ਨੇ ਸਲਾਹ ਬਣਾਈ ਕਿ ਲੀੜਾ-ਕੱਪੜਾ ਤਾਂ ਦੋ ਦਿਨ ਪਛੜ ਕੇ ਖਰੀਦ ਲਿਆ ਜਾਵੇਗਾ, ਪਹਿਲਾਂ ਖੰਡ ਤੇ ਘਿਉ ਲਿਆ ਕੇ ਘਰ ਰੱਖ ਦਿੱਤਾ ਜਾਵੇ। ਕੰਟਰੋਲ ਦਾ ਜ਼ਮਾਨਾ ਹੈ। ਕੀ ਪਤਾ, ਫੇਰ ਇਹ ਚੀਜ਼ਾਂ ਮੌਕੇ ਉੱਤੇ ਨਾ ਮਿਲਣ। ਕੋਠੇ ਖੜਕ ਸਿੰਘ ਸਵੇਰੇ ਲਾਰੀ ਸੱਤ ਕੁ ਵਜੇ ਪਹੁੰਚਿਆ ਕਰਦੀ ਸੀ। ਉਹਨਾਂ ਨੇ ਦੋ ਹਜ਼ਾਰ ਰੁਪਿਆ ਜੇਬ ਵਿਚ ਪਾਇਆ ਤੇ ਲਾਰੀ ਵਿਚ ਜਾ ਬੈਠੇ । ਉਸ ਦਿਨ ਪ੍ਰੀਤਮ ਦਾ ਗੱਡਾ ਦੋ-ਤਿੰਨ ਘਰਾਂ ਦੀ ਕਣਕ ਲੈ ਕੇ ਰਾਮਪਰੇ ਨੂੰ ਗਿਆ ਸੀ । ਚਾਰ ਬੋਰੀਆਂ ਪ੍ਰੀਤਮ ਦੀਆਂ ਆਪਣੀਆਂ ਸਨ । ਪ੍ਰੀਤਮ ਨੇ ਮੰਡੀਓਂ ਖਲ-ਵੜੇਵੇਂ ਲੈ ਕੇ ਆਉਣੇ ਸਨ। ਮੱਲਣ ਨੇ ਪ੍ਰੀਤਮ ਨਾਲ ਗੱਲ ਕੀਤੀ ਸੀ ਕਿ ਉਹ ਮੁੜਦਾ ਹੋਇਆ ਉਹਨਾਂ ਦੇ ਘਿਓ ਦੇ ਪੀਪੇ ਤੇ ਖੰਡ ਦੀਆਂ ਬੋਰੀਆਂ ਵੀ ਚੁੱਕ ਲਿਆਵੇ ।
ਰਾਮਪੁਰੇ ਪਹੁੰਚ ਕੇ ਪਹਿਲਾਂ ਉਹ ਆਪਣੇ ਪਿੰਡ ਵਾਲੇ ਆੜ੍ਹਤੀਏ ਦੀ ਦੁਕਾਨ ਉੱਤੇ ਗਏ ! ਦੁਕਾਨ ਅਗੇ ਕੋਈ ਕੋਈ ਢੇਰੀ ਕਣਕ ਦੀ ਲੱਗੀ ਹੋਈ ਸੀ । ਕੋਈ ਕੋਈ ਢੇਰੀ ਛੋਲਿਆਂ ਦੀ ਵੀ । ਕੋਈ ਕੋਈ ਜੱਟ ਹੀ ਇਸ ਮੌਸਮ ਵਿਚ ਦਾਣੇ ਵੇਚਣ ਆਉਂਦਾ। ਵੱਡੇ ਘਰ ਤਾਂ ਇਸ ਮੌਸਮ ਵਿਚ ਆਪਣੀਆਂ ਕਣਕਾਂ ਥੁੜੇ-ਟੁੱਟੇ ਜੱਟਾਂ ਨੂੰ ਡੂਢੀਆਂ-ਸਵਾਈਆਂ ਉੱਤੇ ਦੇ ਦਿੰਦੇ ਜਾਂ ਚੂਹੜੇ- ਚਮਿਆਰਾਂ ਨੂੰ ਮਹਿੰਗੇ ਭਾਅ ਵੇਚਦੇ। ਜਿਨ੍ਹਾਂ ਛੋਟੇ ਘਰਾਂ ਕੋਲ ਥੋੜੀ ਮੋਟੀ ਕਣਕ ਵਾਧੂ ਹੁੰਦੀ ਤੇ ਉਹਨਾਂ ਨੇ ਹੋਰ ਗਰਜ਼ਾਂ ਪੂਰੀਆਂ ਕਰਨੀਆਂ ਹੁੰਦੀਆਂ, ਉਹ ਕਣਕ ਨੂੰ ਮੰਡੀ ਜਾ ਕੇ ਵੇਚਦੇ। ਡੂਢੀ- ਸਵਾਈ ਉੱਤੇ ਦਾਣੇ ਦੇਣ ਦਾ ਧੰਦਾ ਉਹਨਾਂ ਕੋਲੋਂ ਨਹੀਂ ਚਲਦਾ ਸੀ । ਦੋ ਪਸੇਰੀਆਂ, ਚਾਰ ਪਸਰੀਆਂ ਜਾਂ ਮਣ-ਧੌਣ ਵੇਚਣ ਦਾ ਝੰਜਟ ਵੀ ਉਹ ਨਾ ਸਹੇੜਦੇ। ਪਿੰਡ ਦੇ ਬਾਣੀਏ ਨੂੰ ਕਣਕ ਵੇਚੀ ਜਾਂਦੀ ਤਾਂ ਉਹ ਥੁੱਕ-ਲੁੱਕ ਦੇ ਭਾਅ ਲੁੱਟਣ ਦਾ ਕੰਮ ਕਰਦਾ। ਸੋ ਇਹਤੋਂ ਚੰਗਾ ਇਹ ਹੁੰਦਾ ਕਿ ਉਹ ਮੰਡੀ ਜਾਣ, ਕਣਕ ਵੇਚਣ, ਪੈਸੇ ਨਕਦ ਲੈ ਕੇ ਆਪਣਾ ਸੌਦਾ-ਸੂਤ ਖਰੀਦ ਲਿਆਉਣ।
ਖੁੱਲੇ ਭਾਅ ਖੰਡ ਤੇ ਘਿਓ ਕਿਧਰੇ ਵੀ ਨਹੀਂ ਮਿਲਦੇ ਸਨ। ਆੜ੍ਹਤੀਆ ਸਭ ਚੋਰ- ਮੋਰੀਆਂ ਜਾਣਦਾ ਸੀ। ਪਰ ਉਹਨੇ ਪਹਿਲੇ ਬੋਲ ਤਾਂ ਜਵਾਬ ਦੇ ਦਿੱਤਾ। ਕਹਿੰਦਾ, ‘ਮੁਸ਼ਕਿਲ ਐ ਭਾਈ, ਜੇ ਈ ਬਣੇ ਗੱਲ।’ ਮੱਲਣ ਤੇ ਚੰਦਕੁਰ ਲੇਲ੍ਹੜੀਆਂ ਜਿਹੀਆਂ ਕੱਢਣ ਲੱਗੇ ਤਾਂ ਉਹ ਬੋਲਿਆ, ‘ਦੇਖ ਲੈਨੇ ਆਂ ਕੋਸ਼ਸ਼ ਕਰਕੇ। ਕੀਹ ਐ, ਕਿਸੇ ਦੇ ਮਨ ਮਿਹਰ ਪੈ ਜੇ।’ ਅਜਿਹਾ ਕਰਨ ਨਾਲ ਦੋਵੇਂ ਧਿਰਾਂ ਖੁਸ਼ ਹੁੰਦੀਆਂ ਸਨ। ਦੇਣ ਵਾਲੇ ਦੀ ‘ਬਲੈਕ’ ਖੜ੍ਹੀ ਹੁੰਦੀ ਤੇ ਲੈਣ ਵਾਲਾ ਕੰਮ ਬਣ ਗਿਆ ਦੇਖ ਕੇ ਬਾਗੋ-ਬਾਗ | ਸਾਰੀ ਉਮਰ ਗੁਣ ਗਾਉਣੇ ਸਨ। ਉਹ ਧੋਤੀ ਦਾ ਲੜ ਕਸ ਕੇ ਦੁਕਾਨ ਵਿਚੋਂ ਨਿੱਕਲਿਆ ਤੇ ਏਧਰ-ਓਧਰ ਬਾਜ਼ਾਰ ਵਿਚ ਗੁਆਚ ਗਿਆ । ਵਾਪਸ ਆ ਕੇ ਉਹਨੇ ਮੱਲਣ ਤੋਂ ਪੈਸੇ ਫੜੇ ਤੇ ਕਹਿੰਦਾ, ‘ਚੱਲ; ਗੱਡੇ ਆਲੇ ਨੂੰ ਲਿਆ, ਕਿੱਥੇ ਐ। ਹੁਣ ਚਿਰ ਨਾ ਲਾ ਤੂੰ ਕੇਰਾਂ।’
ਮੱਲਣ ਤੇ ਚੰਦਕੁਰ ਦੀ ਅੱਡੀ ਨਹੀਂ ਲੱਗ ਰਹੀ ਸੀ। ਮੱਲਣ ਨੇ ਪ੍ਰੀਤਮ ਨੂੰ ਲੱਭ ਲਿਆਂਦਾ। ਦੁਕਾਨ ਦੇ ਪਿਛਲੇ ਪਾਸੇ ਸੁੰਨੀ ਗਲੀ ਵਿਚ ਗੱਡਾ ਲਿਆਂਦਾ ਗਿਆ। ਅੱਖ ਦੇ ਫੋਰ ਵਿਚ ਹੀ ਬਾਣੀਏ ਨੇ ਛੀ ਪੀਪੇ ਘਿਓ ਦੇ ਚੁਕਵਾ ਦਿੱਤੇ। ਕਹਿੰਦਾ, ‘ਪੀਪਿਆਂ ਉੱਤੇ ਦੌੜੇ ਜਾਂ ਪੱਲੀਆਂ ਸਿੱਟ ਲੋ ਤੇ ਜਾਓ। ਖੜ੍ਹੇ ਨਾ ਏਥੇ ।’
ਏਦਾਂ ਹੀ ਇਕ ਹੋਰ ਬਾਣੀਏ ਨੇ ਕੀਤਾ। ਬੋਰੀਆਂ ਖੰਡ ਦੀਆਂ ਗੱਡੇ ਵਿਚ ਫਟਾ-ਫਟ ਧਰ ਲਈਆਂ ਗਈਆਂ । ਪ੍ਰੀਤਮ ਆਪਣਾ ਸਾਮਾਨ ਪਹਿਲਾਂ ਹੀ ਖਰੀਦੀ ਬੈਠਾ ਸੀ। ਉਹ ਲਾਰੀ ਤੋਂ ਕਦੋਂ ਦਾ ਪਹਿਲਾਂ ਮੰਡੀ ਆ ਚੁਕਿਆ ਸੀ। ਆਉਂਦੇ ਹੀ ਕਣਕ ਦੀ ਬੋਲੀ ਲੱਗ ਗਈ ਸੀ। ਉਥੋਂ ਹੀ ਉਹਨੇ ਬਲਦਾਂ ਨੂੰ ਇਕ-ਇਕ ਪੁਰਾਣੀ ਲਾਈ ਤੇ ਮੰਡੀਓਂ ਬਾਹਰ ਨਿਕਲ ਪਿਆ । ਸੂਏ ਦਾ ਪੁਲ ਟੱਪ ਕੇ ਉਹ ਗੱਡੇ ਵਿਚ ਰੱਖੇ ਸਮਾਨ ਦੀ ਨਿਰਖ-ਪਰਖ ਜਿਹੀ ਕਰਨ ਲੱਗਿਆ । ਸਾਰਾ ਸਾਮਾਨ ਠੀਕ ਟਿਕਿਆ ਹੋਇਆ ਸੀ। ਮੱਲਣ ਤੇ ਚੰਦਕੁਰ ਵੀ ਗੱਡੇ ਵਿਚ ਹੀ ਬੈਠ ਗਏ ਸਨ । ਲਾਰੀ ਉੱਤੇ ਪੈਸੇ ਲਾਉਣ ਦਾ ਕੀ ਮਤਲਬ? ਗੱਡੇ ਵਿਚ ਬੈਠਣ ਨਾਲ ਸਾਮਾਨ ਵੱਲ ਵੀ ਨਜ਼ਰ ਰਹੇਗੀ । ਸੜਕ ਸੜਕ ਜਾ ਰਹੇ ਉਹ ਬਾਣੀਆਂ ਦੀਆ ਗੱਲਾਂ ਕਰਕੇ ਹੱਸ ਰਹੇ ਸਨ। ਚੰਦਕੁਰ ਆੜ੍ਹਤੀਏ ਦੀ ਨਕਲ ਉਤਾਰ ਕੇ ਦੋਵਾਂ ਨੂੰ ਹਸਾ ਰਹੀ ਸੀ।
ਦਿਨ ਦੇ ਛਿਪਾਅ ਨਾਲ ਗੱਡਾ ਪਿੰਡ ਪਹੁੰਚਿਆ । ਰਸਾਲਾਦਾਰ ਕਰਮ ਸਿੰਘ ਦੀ ਹਾਲਤ ਬਹੁਤ ਖ਼ਰਾਬ ਸੀ। ਸਵੇਰੇ ਚਾਹ ਦੀਆਂ ਦੋ ਘੁੱਟਾਂ ਤਾਂ ਉਹਨੇ ਲੈ ਲਈਆਂ ਸਨ, ਪਰ ਦੁਪਹਿਰ ਦੀ ਰੋਟੀ ਵੇਲੇ ਨਹੀਂ ਉਠਿਆ। ਸੁਰਤ ਤਾਂ ਸੀ, ਪਰ ਰੋਟੀ ਖਾਣ ਲਈ ਮੰਨਿਆ ਨਹੀਂ। ਜੀਤੋ ਓਵੇਂ ਦੀ ਓਵੇਂ ਰੋਟੀ ਵਾਲੀ ਥਾਲੀ ਮੋੜ ਕੇ ਲੈ ਗਈ ਸੀ । ਪਿਛਲੇ ਪਹਿਰ ਦੀ ਚਾਹ ਵੇਲੇ ਤਾਂ ਉਹ ਬੋਲਿਆ ਵੀ ਨਹੀਂ। ਚਾਹ ਕਾਹਦੀ ਪੀਣੀ ਸੀ। ਤੇ ਹੁਣ ਆਥਣ ਹੋ ਚੁੱਕਿਆ ਸੀ । ਜੀਤੋ, ਮੀਤੋ ਤੇ ਬਲਕਾਰ ਤਿੰਨਾਂ ਨੇ ਉਹਨੂੰ ਉਹਦੇ ਹੱਥ-ਪੈਰ ਹਿਲਾ-ਹਿਲਾ ਬੁਲਾਇਆ ਸੀ, ਪਰ ਉਹ ਤਾਂ ਬੋਲਦਾ ਹੀ ਨਹੀਂ ਸੀ । ਹਾਕ ਮਾਰੀ ਤੋਂ ਮਾਮੂਲੀ ਜਿਹੀਆਂ ਅੱਖਾਂ ਪੁਟਦਾ ਤੇ ਬੱਸ। ਉਹਦੇ ਹੱਥ ਦੀ ਨਬਜ਼ ਚੱਲ ਰਹੀ ਸੀ। ਪਰ ਉਹ ਇਕ ਥਾਂ ਹੀ ਆਕੜਿਆ ਜਿਹਾ ਪਿਆ ਹੋਇਆ ਸੀ । ਹੁਣ ਕੋਈ ਸੁਰਤ ਨਹੀਂ ਸੀ। ਤੇ ਫੇਰ ਜਦੋਂ ਮੱਲਣ ਤੇ ਚੰਦਕੁਰ ਘਰ ਪਹੁੰਚੇ, ਗੱਡੇ ਵਿਚੋਂ ਸਾਮਾਨ ਲੁਹਾਇਆ, ਤਿੰਨਾਂ ਬੱਚਿਆਂ ਨੇ ਇਕੱਠੇ ਹੀ ਬੋਲ ਬੋਲ ਬਾਬੇ ਦੀ ਮਾੜੀ ਹਾਲਤ ਦੱਸੀ । ਮਲੱਣ ਤੇ ਚੰਦਕੁਰ ਬੈਠਕ ਵਿਚ ਗਏ। ਬੁੜ੍ਹੇ ਨੂੰ ਦਮ- ਕਸੀ ਲੱਗੀ ਹੋਈ ਸੀ । ਮੁਸ਼ਕਿਲ ਨਾਲ ਹੀ ਖਿੱਚਵਾਂ ਸਾਹ ਆ ਰਿਹਾ ਸੀ। ਢਿੱਡ ਜਿਵੇਂ ਲੁਹਾਰ ਦੀ ਧੌਕਣੀ ਹੋਵੇ । ਅੱਖਾਂ ਖੁਲ੍ਹੀਆਂ ਸਨ। ਆਂਡੇ ਰੀਠਿਆਂ ਵਾਂਗ ਅਹਿੱਲ ਤੇ ਬੇਜਾਨ । ਮੱਲਣ ਨੇ ਬੁਲਾਇਆ। ਉਹਨੂੰ ਤਾਂ ਭੋਰਾ ਵੀ ਸੁਰਤ ਨਹੀਂ ਸੀ । ਮੱਲਣ ਭੱਜ ਕੇ ਪਿੰਡ ਦੇ ਸਿਆਣੇ ਕੋਲ ਗਿਆ। ਸਿਆਣਾ ਨਾਲ ਹੀ ਤੁਰ ਆਇਆ। ਦੇਖ ਕੇ ਉਹਨੇ ਦੱਸਿਆ ਕਿ ਇਹਨੂੰ ਗੁੱਗਲ ਦੀ ਧੂਫ ਦਿਓ। ਪਤਾਸੇ ਵਿਚ ਪਾ ਕੇ ਅੰਮ੍ਰਿਤਧਾਰੇ ਦੀਆਂ ਬੂੰਦਾਂ ਦਿੱਤੀਆਂ ਗਈਆਂ। ਪਰ ਉਹਨੂੰ ਸੁਰਤ ਹੋਵੇ ਤਾਂ ਮੂੰਹ ਖੋਲ੍ਹੇ । ਦੋ ਜਣੇ ਉਹਦੀਆਂ ਲੱਤਾਂ-ਬਾਂਹਾਂ ਫੜ ਕੇ ਦੇਸੀ ਘਿਓ ਦੀਆਂ ਮਾਲਸ਼ਾਂ ਕਰਨ ਲੱਗੇ। ਤਾਲੂਏ ਉੱਤੇ ਘਿਓ ਝੱਸਿਆ। ਘਿਓ ਦਾ ਹੱਥ ਲਾ ਕੇ ਹੀ ਸਿਆਣੇ ਨੇ ਕਾਲਜਾ ਮਲਿਆ। ਵੱਖੀਆਂ ਦੀ ਹਵਾ ਕੱਢੀ। ਬੁੜ੍ਹੇ ਦਾ ਸਾਹ ਕੁਝ ਕੁਝ ਟਿਕ ਗਿਆ।
ਉਸ ਦਿਨ ਘਰ ਵਿਚ ਰਾਤ ਦੀ ਰੋਟੀ ਨਹੀਂ ਪੱਕੀ। ਸਾਰਾ ਟੱਬਰ ਅੱਧੀਰਾਤ ਤੱਕ ਬੁੜ੍ਹੇ ਦੇ ਓਹੜ-ਪੋਹੜ ਵਿਚ ਲੱਗਿਆ ਰਿਹਾ। ਆਂਢ-ਗੁਆਂਢ ਵਿਚੋਂ ਬੁੜ੍ਹੇ-ਬੜ੍ਹੀਆਂ ਬੈਠਕ ਵਿਚ ਆ ਕੇ ਬੈਠ ਗਏ। ਰਸਾਲਦਾਰ ਦੇ ਚੰਗੇ ਸੁਭਾਅ ਦੀਆਂ ਗੱਲਾਂ ਕਰਨ ਲੱਗੇ । ਵੱਡੇ ਤੜਕੇ ਉਹਦੇ ਪ੍ਰਾਣ-ਪੰਛੀ ਉੱਡੇ ਗਏ। ਬੁੜ੍ਹੀਆਂ ਨੇ ਉੱਚੇ ਬੋਲ ਕੱਢੇ । ਮੱਲਣ ਨੇ ਧਰਤੀ ਹਿਲਾ ਦੇਣ ਵਾਲੀ ਧਾਹ ਮਾਰੀ। ਜੀਤੋ ਤੇ ਮੀਤੋ ਚਾਂਗਾਂ ਮਾਰਨ ਲੱਗੀਆਂ। ਤੇ ਫੇਰ ਥੋੜੀ ਦੇਰ ਬਾਅਦ ਚੁੱਪ-ਚਾਂ ਹੋ ਗਈ। ਰਸਲਦਾਰ ਦਾ ਮਿਰਤਕ ਸਰੀਰ ਭੁੰਜੇ ਲਾਹਿਆ ਪਿਆ ਸੀ । ਹਰ ਕੋਈ ਉਹਦੀਆਂ ਗੱਲਾਂ ਕਰ ਰਿਹਾ ਸੀ। ਦਿਨ ਚੜ੍ਹੇ ਮੱਲਣ ਨੇ ਇਕ ਬੰਦਾ ਤਖਾਣ ਦੇ ਘਰ ਭੇਜਿਆ ਤੇ ਕਿਹਾ ਕਿ ਉਹ ਆਰਾ ਲੈ ਕੇ ਆਪ ਆ ਜਾਵੇ। ਘਰ ਦੇ ਬਾਰ ਮੂਹਰੇ ਦੋ ਜਣੇ ਲੱਕੜਾਂ ਚੀਰਨ ਲੱਗੇ। ਸਾਰੀਆਂ ਸਾਕ-ਸਕੀਰੀਆਂ ਵੱਲ ਬੰਦੇ ਭੇਜ ਦਿੱਤੇ ਗਏ । ਦੁਪਹਿਰ ਤੱਕ ਲਗਭਗ ਸਾਰੀਆਂ ਹੀ ਨੇੜੇ ਦੀਆਂ ਰਿਸ਼ਤੇਦਾਰੀਆਂ ਆ ਗਈਆਂ। ਤੇ ਫੇਰ ਰਸਾਲਦਾਰ ਦਾ ਦਾਹ-ਸੰਸਕਾਰ ਕਰ ਦਿੱਤਾ ਗਿਆ।
ਖ਼ਬਰ ਸੁਣ ਕੇ ਮਰਾਝ ਵਾਲਾ ਗੁਰਦੇਵ ਸਿੰਘ ਗੋਡਾ ਨਿਵਾਉਂਣ ਆਇਆ ਤਾਂ ਪਹਿਲੀ ਗੱਲ ਮੱਲਣ ਨੇ ਉਹਦੇ ਨਾਲ ਇਹੀ ਕੀਤੀ ਕਿ ਕੁੜੀ ਦਾ ਵਿਆਹ ਦੋ ਮਹੀਨੇ ਪਿੱਛੇ ਪਾ ਦਿੱਤਾ ਜਾਵੇ। ਗੁਰਦੇਵ ਸਿੰਘ ਤਾਂ ਪਹਿਲਾਂ ਹੀ ਇਹ ਕਹਿਣ ਵਾਲਾ ਸੀ। ਸਭ ਨੂੰ ਪਤਾ ਸੀ ਕਿ ਹੁਣ ਐਡੀ ਛੇਤੀ ਵਿਆਹ ਕਿਵੇਂ ਹੋ ਸਕਦਾ ਹੈ। ਕੁਝ ਦਿਨਾਂ ਬਾਅਦ ਗੁਰਦੇਵ ਸਿੰਘ ਧੂਰਕੋਟ ਗਿਆ ਤੇ ਵਿਆਹ ਪਿੱਛੇ ਪਵਾ ਆਇਆ। ਤਿੰਨ ਫੱਗਣ ਦੀ ਥਾਂ ਦਸ ਹਾੜ੍ਹ ਦਾ। ਮੱਲਣ ਨੇ ਤਾਂ ਬਿਨਾਂ ਸੋਚੇ- ਸਮਝੇ ਹੀ ਦੋ ਮਹੀਨੇ ਪਿੱਛੇ ਪਾਉਣ ਦੀ ਗੱਲ ਕੀਤੀ ਸੀ। ਪਰ ਗੁਰਦੇਵ ਸਿੰਘ ਨੇ ਆਪ ਹੀ ਸਾਰੇ ਹਾਲਾਤ ਨੂੰ ਘੋਖਿਆ-ਪਰਖਿਆ ਸੀ। ਦੋ ਮਹੀਨੇ ਦਾ ਮਤਲਬ ਸੀ, ਵਸਾਖ ਦਾ ਮਹੀਨਾ। ਵਸਾਖ ਮਹੀਨਾ ਤਾਂ ਬੜਾ ਰੁਝੇਵਿਆਂ-ਭਰਿਆ ਹੁੰਦਾ ਹੈ। ਹਾੜ੍ਹੀ ਦੀ ਫਸਲ ਵੱਢਣ ਤੇ ਕੱਢਣ ਦਾ ਮਹੀਨਾ। ਜੇਠ ਵਿਚ ਵੀ ਕੀਹਨੂੰ ਵਿਹਲ ਹੁੰਦੀ ਹੈ। ਬਹੁਤੇ ਘਰ ਤਾਂ ਜੇਠ ਵਿਚ ਜਾ ਕੇ ਹੀ ਕਣਕਾਂ ਕਢਦੇ ਹਨ। ਤੇ ਨਾਲੇ ਜੇਠ ਮਹੀਨੇ ਵਿਚ ਕਪਾਹਾਂ ਬੀਜਣ ਦਾ ਸਿਲਸਿਲਾ ਵੀ ਛਿੜ ਜਾਂਦਾ ਹੈ। ਸੋਚ ਸੋਚ ਕੇ ਤੇ ਧੂਰਕੋਟ ਵਾਲਿਆਂ ਦੀ ਸਲਾਹ ਨਾਲ ਹੀ ਉਹਨੇ ਹਾੜ੍ਹ ਦਾ ਵਿਆਹ ਕਢਵਾਇਆ ਸੀ। ਧੂਰਕੋਟ ਵਾਲਿਆਂ ਨੇ ਇਕ ਅੰਦਾਜ਼ਾ ਹੋਰ ਵੀ ਲਾਇਆ, ਜੋ ਬਹੁਤ ਠੀਕ ਸੀ। ਉਹ ਇਹ ਕਿ ਬੁੜ੍ਹੇ ਦੇ ਹਕਾਮੇ ਉੱਤੇ ਮੱਲਣ ਪੈਸਾ ਖਰਚ ਕਰਕੇ ਐਡੀ ਛੇਤੀ ਕੁੜੀ ਦੇ ਵਿਆਹ ਲਈ ਪ੍ਰਬੰਧ ਕਿਵੇਂ ਕਰ ਸਕੇਗਾ ? ਹਕਾਮੇ ਤੋਂ ਥੋੜੀ ਵਿੱਥ ਪਾ ਕੇ ਹੀ ਵਿਆਹ ਕਢਵਾਇਆ ਜਾਵੇ ਤਾਂ ਮੱਲਣ ਥੋੜਾ ਹੱਥ ਸੁਖਾਲਾ ਕਰ ਸਕੇਗਾ। ਉਹਨਾਂ ਨੂੰ ਤਾਂ ਫ਼ਾਇਦਾ ਹੀ ਫ਼ਾਇਦਾ ਹੈ।
ਗੁਰੂ ਗ੍ਰੰਥ ਸਾਹਿਬ ਦਾ ਸਾਧਾਰਨ ਪਾਠ ਰਖਵਾ ਦਿੱਤਾ ਗਿਆ । ਬੈਠਕ ਦਾ ਸਾਰਾ ਲੁਕਾ- ਤੁਕਾ ਬਾਹਰ ਕੱਢ ਕੇ ਪਹਿਲਾਂ ਕੰਧਾਂ ਨੂੰ ਪਾਂਡੂ ਫੇਰ ਦਿੱਤਾ ਗਿਆ ਸੀ ਤੇ ਫੇਰ ਫ਼ਰਸ਼ ਨੂੰ ਤਲੀ। ਸ਼ਰਧਾਲੂ ਲੋਕ ਬੈਠਕ ਵਿਚ ਆ ਕੇ ਪਾਠ ਸੁਣਦੇ।
ਪਿੰਡ ਦੇ ਲੋਕ ਸਾਰਾ ਦਿਨ ਸੱਥਰ ਉੱਤੇ ਬੈਠਣ ਆਉਂਦੇ ਰਹਿੰਦੇ। ਵਰਾਂਢੇ ਵਿਚ ਲੰਮੇ- ਲੋਟ ਪਟੀਆਂ ਵਿਛਾ ਦਿੱਤੀਆਂ ਗਈਆਂ ਸਨ । ਹਰ ਆਏ ਗਏ ਨੂੰ ਚਾਹ ਦਾ ਗਲਾਸ ਦਿੱਤਾ ਜਾਂਦਾ ।
ਕੁੱਲ ਸਾਕ-ਸਕੀਰੀ ਮਕਾਣ ਆਈ।
ਭੋਗ ਵਾਲੇ ਦਿਨ ਵਿਆਹ ਵਰਗਾ ਵਾਤਾਵਰਣ ਸੀ। ਗਰੀਬ-ਗੁਰਬਿਆਂ ਤੇ ਮਾੜ- वेली ਮੰਗਤ ਲਈ ਚੌਲਾਂ ਦੇ ਕੜਾਹੇ ਕੱਢੇ ਗਏ। ਹਲਵਾਈ ਬੁਲਾ ਕੇ ਲੱਡੂ ਪਕਾਏ ਗਏ । ਗਦੌੜਾ ਵੀ ਪੱਕਿਆ। ਗੁਰੂ ਗ੍ਰੰਥ ਸਾਹਿਬ ਦੇ ਭੋਗ ਤੋਂ ਪਹਿਲਾਂ ਪਿੰਡ ਦੇ ਸਾਰੇ ਬਾਹਮਣਾਂ ਨੂੰ ਬ੍ਰਹਮ-ਭੋਜ ਦਿੱਤਾ ਗਿਆ । ਹਰ ਘਰ ਨੂੰ ਅੱਠ ਲੱਡੂ, ਮੂੰਗੀ ਦੀ ਦਾਲ ਤੇ ਆਲੂ-ਛੋਲਿਆਂ ਦੀ ਸਬਜ਼ੀ ਇਕ ਇਕ ਅਤੇ ਚਾਰ ਪੂਰੀਆਂ। ਪਿੰਡ ਵਿਚ ਚਾਲੀ ਘਰ ਬਾਹਮਣਾਂ ਦੇ ਸਨ। ਨਿਉਂਦਾ ਦਿੱਤਾ ਤੇ ਉਹ ਕੱਛਾਂ ਵਿਚ ਥਾਲੀਆਂ ਲੈ ਕੇ ਆ ਉੱਤਰੇ। ਬੁੜ੍ਹੇ-ਬੜ੍ਹੀਆਂ, ਬਾਹਮਣਾਂ ਦੀਆਂ ਬਹੂਆਂ ਤੇ ਕੁੜੀਆਂ। ਸਾਰੇ ਪਿੰਡ ਵਿਚ ਗਦੌੜਾ ਫੇਰਿਆ ਗਿਆ। ਹਰ ਘਰ ਨੂੰ ਚਾਰ-ਚਾਰ ਲੱਡੂ ਵੀ। ਚਾਰ ਸੌ ਤੋਂ ਉੱਤੇ ਦਿਹਲੀ ਦਾ ਪਿੰਡ ਮੀ, ਕੋਠੇ ਖੜਕ ਸਿੰਘ। ਭੋਗ ਉੱਤੇ ਸਾਰਾ ਪਿੰਡ ਆਇਆ। ਬਾਬੇ ਦੇ ਪ੍ਰਸ਼ਾਦ ਤੋਂ ਬਾਅਦ ਜਾਣ ਵਾਲੇ ਨੂੰ ਲੱਡੂਆਂ ਦਾ ਲਫ਼ਾਫ਼ਾ ਵੀ ਦਿੱਤਾ ਜਾਂਦਾ। ਰਿਸ਼ਤੇਦਾਰਾਂ ਨੂੰ ਤੱਕੜੀ ਨਾਲ ਤੋਲ ਤੇਲ ਲੱਡੂ ਦਿੱਤੇ ਗਏ। ਕੋਠੇ ਖੜਕ ਸਿੰਘ ਤਾਂ ਕੀ, ਨੇੜ-ਪਵੇਹੇ ਵਿਚ ਵੀ ਰਸਾਲਦਾਰ ਕਰਮ ਸਿੰਘ ਦੇ ਹਕਾਮੇ ਦੀ ਬੱਲੇ-ਬੱਲੇ ਹੋਣ ਲੱਗੀ। ਲੋਕ ਮੱਲਣ ਦੇ ਧਰਮਾਤਮਾ ਹੋਣ ਦੀਆਂ ਗੱਲਾਂ ਕਰਦੇ। ‘ਚੰਗਾ ਈ ਐ ਭਾਈ, ਜਿੰਨਾ ਆਵਦੇ ਹੱਥ ਨਾਲ ਪੁੰਨ-ਦਾਨ ਹੋ ਜੇ। ਅਗਲੀ ਦਰਗਾਹ ‘ਚ ਤਾਂ ਇਹੀ ਚੀਜ ਜਾਂਦੀ ਐ ਨਾਲ। ਕਿਸੇ ਪੁੱਤ ਨੇ ਨਾਲ ਨੀ ਜਾਣਾ, ਧੀ ਨੇ ਨੀ ਜਾਣਾ, ਬੰਦੇ ਦੀ ਨੇਕੀ ਨਾਲ ਜਾਂਦੀ ਐ। ਹੋਰ ਸਭ ਕੁਸ ਏਥੇ ਈ ਰਹਿ ਜਾਂਦੈ।’
ਕੋਈ ਆਖਦਾ, ‘ਓਹੀ ਕਰ ਸਕਦੈ ਭਾਈ, ਐਨਾ ਕੁਸ, ਜੀਹਦੇ ਅੰਦਰ ਗਿੱਲ ਹੋਊ। ਮਾੜਾ-ਧੀੜਾ ਕੀ ਕਰ ਲੂ। ਓਹੀ ਕਰੂ, ਜੀਹਦੀ ਕੋਠੀ ‘ਚ ਦਾਣੇ ਹੋਣਗੇ।’
ਤੇ ਕੋਈ ਹੌਲੀ ਦੇ ਕੇ ਭਾਂਡਾ ਭੰਨਦਾ, ‘ਅੰਦਰਲੀ ਗਿੱਲ ਨੂੰ ਤਾਂ ਜਾਣਦੇ ਆਂ ਇਹਦੀ ਨੂੰ। ਝੰਡੇ ਦੀ ਬਹੀ ਦੇਖ ਲੋ ਜਾ ਕੇ, ਜੀਹਨੇ ਦੇਖਣੀ ਐ। ਸਰੀਕਾਂ ‘ਤੇ ਰੋਅਬ ਪੌਂਦੈ। ਐਂ ਧੌਂਸ ਨੀ ਖੜ੍ਹੀ ਹੁੰਦੀ। ਚੋਰੀ ਦੇ ਪੁੱਤ ਗੱਭਰੂ ਹੋਏ ਐ ਕਦੇ।’
ਤੇ ਫੇਰ ਗੱਲ ਨੂੰ ਮੋੜਾ ਪੈਣ ਲਗਦਾ, ‘ਆਵਦਾ ਘਰ ਗਾਲ ਕੇ ਨੱਕ ਰੱਖਿਆ ਤਾਂ ਕਾਹਦਾ ਰੱਖਿਆ। ਇਕ ਦਿਨ ਨੱਕ ਈ ਨੱਕ ਰਹਿ ਜੂ ਪੱਲੇ । ਅਜੇ ਤਾਂ ਕੁੜੀ ਦਾ ਵਿਆਹ ਪਿਐ ਸਿਰ ‘ਤੇ। ਇਕ ਹੋਰ ਐ, ਓਦੂੰ ਛੋਟੀ, ਦੇਖ ਲਾਂ ਗੇ ਇਹਨੂੰ; ਇਕੋ ਲੱਤ ਜਾਂਦ ਨੂੰ ।
ਅੱਠ ਹਜ਼ਾਰ ਜਿਹੜਾ ਝੰਡੇ ਤੋਂ ਲਿਆ ਸੀ, ਸਾਰਾ ਬੁੜ੍ਹੇ ਦੇ ਹਕਾਮੇ ਉੱਤੇ ਲੱਗ ਗਿਆ। ਕੁੜੀ ਦਾ ਵਿਆਹ ਸਿਰ ਉੱਤੇ ਪਿਆ ਸੀ। ਮਲੱਣ ਸੀਰੀ ਨੂੰ ਲੈ ਕੇ ਟਾਹਲੀ ਵਾਲੇ ਖੇਤ ਜਾਂਦਾ ਤੇ ਉਹ ਦੋਵੇਂ ਚੁੱਪ-ਚੁਪੀਤੇ ਹੀ ਕਣਕ ਗੁੱਡਣ ਲਗਦੇ। ਉਹਨਾਂ ਦਰਮਿਆਨ ਕਦੇ ਕਦੇ ਹੀ ਕੋਈ ਗੱਲ ਹੁੰਦੀ। ਸੀਰੀ ਸੋਚਦਾ ਰਹਿੰਦਾ, ‘ਜਮੀਨਾਂ ਆਲੇ ਲੋਕ ਕਿਹੜਾ ਸੁਖੀ ਨੇ । ਐਮੇਂ ਫੋਕਾ ਈ ਜੱਟ ਦਾ ਰੰਗੜਊ ਹੁੰਦੈ, ਅੰਦਰੋਂ ਤਾਂ ਪੋਲ ਈ ਪੋਲ ਐ। ਅਖੇ-ਰਸਾਲਦਾਰ ਕੇ ਬਈ ਰਸਾਲਦਾਰ ਕੇ। ਆਹ ਧਰ ਲਿਆ ਵਾਢਾ ਵਾਹਣ ਨੂੰ । ਚੱਲ, ਆਪਾਂ ਨੂੰ ਕੀ? ਅਗਲੇ ਸਾਲ ਹੋਰ ਕਿਸੇ ਨਾਲ ਹਲ ਜਾਂ ਗੇ।’ ਤੇ ਫੇਰ ਤੇਜੂ ਅੰਦਾਜ਼ਾ ਲਾਉਣ ਲਗਦਾ ਕਿ ਉਹਨੂੰ ਹਾੜ੍ਹੀ ਦੇ ਕਿੰਨੇ ਕੁ ਦਾਣੇ ਏਸ ਵਾਰ ਆ ਜਾਣਗੇ।
‘ਕਿਉਂ ਤੇਜੂ ਕਿੰਨੀ ਕੁ ਕਣਕ ਹੋ ਜੂ ਤੇਰੀ ਤੱਕ ’ਚ ?’ ਮੱਲਣ ਵੀ ਆਪਣੇ ਦਿਮਾਗ ਵਿਚ ਜਿਵੇਂ ਇਹੀ ਸੋਚ ਰਿਹਾ ਹੁੰਦਾ।
ਤੇਜੂ ਕਸੀਆ ਠੱਲ੍ਹ ਕੇ ਖੜ੍ਹ ਜਾਂਦਾ ਤੇ ਸਾਰੇ ਖੇਤ ਵੱਲ ਤਰਦੀ-ਤਰਦੀ ਨਜ਼ਰ ਮਾਰਦਾ। ਆਖਦਾ, ‘ਕੀ ਕਹਿ ਸਕਦੇ ਆਂ। ਦੇਖੋ।’
ਤੇਜੂ ਆਪਣੇ ਚਿੱਤ ਵਿਚ ਹੀ ਪੂਰੇ ਦਸ ਘੁਸਾਂ ਦਾ ਅੰਦਾਜ਼ਾ ਲਾਉਂਦਾ। ਉਹਨੂੰ ਹਿੱਸਾ ਤਾਂ ਦਸ ਘੁਮਾਂ ਦਾ ਹੀ ਮਿਲਣਾ ਸੀ । ਪਰ ਮੱਲਣ ਅੱਠ ਘੁਮਾਂ ਬਾਰੇ ਸੋਚਦਾ ਸੋਚਦਾ ਦੋ ਘੁਮਾਂ ਦਾ ਝੋਰਾ ਕਰਨ ਲਗਦਾ। ਉਹ ਅੰਦਰੇ ਅੰਦਰ ਕੁੜ੍ਹਦਾ, ‘ਬਾਪੂ ਜੇ ਨਾ ਮਰਦਾ ਤਾਂ ਹਾੜ੍ਹੀ ਦੀ ਫਸਲ ਵੇਚ ਕੇ ਇਹ ਦੋ ਘੁਮਾਂ ਤਾਂ ਬੇਸ਼ਕ ਛੁਡਾ ਈ ਲੈਂਦੇ । ਐਸ ਵਿਕ ਜਾਂਦੀ। ਥੋੜਾ-ਘਣਾ ਰੁਪਈਆ ਹੋਰ ਮੁਕੰਦੀ ਤੋਂ ਵਿਆਜੂ ਲੈ ਲੈਂਦੇ । ਐਸ ਸਾਲ ਔਖੇ ਹੋ ਲੈਂਦੇ, ਹੋਰ ਕੀ ? ਅੱਠ ਹਜ਼ਾਰ ਜਿਹੜਾ ਬਾਪੂ ਉੱਤੇ ਲੱਗ ਗਿਆ, ਉਹਦੇ ਨਾਲ ਕੁੜੀ ਦਾ ਵਿਆਹ ਫੰਨੇ ਹੋ ਜਾਂਦਾ । ਫੱਕੀ ਉੱਡ ਜਾਂਦੀ ਕੇਰਾਂ ਤਾਂ । ਉਹ ਸੋਚਦਾ, ਦੋ ਘੁਮਾਂ ਜੇ ਭਲਾ ਨਾ ਵੀ ਛੁਟਦੀ, ਤਾਂ ਹਾੜ੍ਹੀ ਦੀ ਫਸਲ ਵੇਚ ਕੇ ਮੁਕੰਦੀ ਦਾ ਅੱਧ ਤਾਂ ਨਿੱਬੜ ਜਾਂਦਾ। ਹੁਣ ਤਾਂ ਨਾ ਓਸ ਪਾਸੇ, ਨਾ ਓਸ ਪਾਸੇ, ਵਿਚਾਲੇ ਲਟਕਦੇ ਰਹਿ ਗਏ।’
ਤੇ ਫੇਰ ਜਦੋਂ ‘ਮੱਲਣ ਸਿਆਂ’ ਕਹਿ ਕੇ ਤੇਜੂ ਉਹਦੇ ਨਾਲ ਕੋਈ ਹੋਰ ਗੱਲ ਕਰਦਾ ਤਾਂ ਉਹ ਚੌੜਾ ਜਿਹਾ ਹੋ ਜਾਂਦਾ। ਉਹਦੇ ਵਿਚ ਉਹਦਾ ਅੰਦਰਲਾ ਜੱਟ ਜਾਗ ਪੈਂਦਾ। ਉਹ ਹੌਸਲਾ ਰੱਖ ਕੇ ਬੋਲਣ ਲਗਦਾ। ਗੱਲਾਂ ਵਿਚੋਂ ਗੱਲ ਉਠਦੀ ਤਾਂ ਮੱਲਣ ਧੌਣ ਅਕੜਾ ਕੇ ਆਖਦਾ, ‘ਪੈਸੇ ਦਾ ਕੀਹ ਐ, ਪੈਸਾ ਤਾਂ ਔਂਦਾ ਰਹਿੰਦੈ ਜਾਂਦਾ ਰਹਿੰਦੈ। ਖਰਚ ਕਰਨ ਨੂੰ ਦਿਲ ਚਾਹੀਦੈ। ਮਾੜੇ ਦਿਲ ਆਲਾ ਤਾਂ ਦੁਆਨੀ ਨੀ ਲਾ ਸਕਦਾ । ਜਮੀਨ ਗਹਿਣੇ ਧਰਨ ਦਾ ਕੋਈ ਮ੍ਹਣਾ ਨੀ । ਜੀਹਦੇ ਕੋਲ ਹੋਊ, ਓਹੀ ਧਰੂ। ਨੰਗ ਕੀ ਗਹਿਣੇ ਧਰ ਦੂ । ਦੇਖਿਆ, ਹਕਾਮਾ ਕੀਤਾ । ਹੁਣ ਸਰੀਕ ਸਾਲਾ ਕੋਈ ਬੋਲ ਨੀ ਸਕਦਾ । ਬੋਲ ਸਕਦੈ?’
ਤੇ ਫੇਰ ਉਹ ਹੋਰ ਹੌਸਲਾ ਦਿਖਾਉਂਦਾ, ‘ਹੁਣ ਕੁੜੀ ਦਾ ਵਿਆਹ ਵੀ ਦੇਖ ਲੀਂ। ਸਰੀਕ ਤਾਂ ਧੀ ਦੇ ਜਾਰ ਚਾਂਭੜਾਂ ਪੌਂਦੇ ਹੋਦਗੇ, ਚੰਗਾ ਹੋਇਆ ਵਿਆਹ ਧਰੇ ਤੋਂ ਬੁੜ੍ਹਾ ਮਰ ਗਿਆ। ਪਰ ਇਹ ਨੀ ਪਤਾ, ਇਹ ਮੱਲਣ ਸਿਓਂ ਐ। ਇਕ ਕੀ ਭਾਮੇਂ ਦੋ ਬੁੜ੍ਹੇ ਮਰ ਜਾਂਦੇ, ਕੁੜੀ ਦਾ ਵਿਆਹ ਤਾਂ ਓਡੋ- ਕੈਡ ਈ ਹੋਊਗਾ। ਤੂੰ ਦੇਖੀਂ ਸਹੀ, ਮੁਸਲੀ ਅੰਨ੍ਹੀ ਕਰ ਦਿਆਂਗੇ। ਪੈਸਾ ਤਾਂ ਸਾਲਾ ਹੱਥਾਂ ਦੀ ਮੈਲ ਐ। ਆਪੇ ਦੇਊ ਸੱਚਾ ਪਾਸ਼ਾ।’ ਤੇ ਫੇਰ ਮਨ ਵਿਚ ਹੀ ਕਹਿਣ ਲਗਦਾ, ‘ਓਹੀ ਐ ਕਰਨ ਆਲਾ, ਓਹੀ ਸਮਾਰੂ ਸਾਰੇ ਕਾਜ ।’
9
ਰਸਾਲਦਾਰ ਦੇ ਪੂਰਾ ਹੋਣ ਦੀ ਖ਼ਬਰ ਸੁਣ ਕੇ ਝੰਡਾ ਓਸੇ ਵੇਲੇ ਮੱਲਣ ਦੇ ਘਰ ਆਇਆ ਸੀ। ਦਾਹ-ਸੰਸਕਾਰ ਤੱਕ ਉਹਨਾਂ ਦੇ ਘਰ ਹੀ ਰਿਹਾ। ਨਿੱਕੇ ਤੋਂ ਨਿੱਕੇ ਕੰਮ ਵਿਚ ਵੀ ਹੱਥ ਵਟਾਉਂਦਾ। ਨਿੱਕੀਆਂ ਨਿੱਕੀਆਂ ਸਲਾਹਾਂ ਦਿੰਦਾ। ਆਏ-ਗਏ ਨੂੰ ਸਾਂਭਦਾ, ਬਿਠਾਉਂਦਾ। ਜਿਵੇਂ ਮੱਲਣ ਦੇ ਘਰ ਦਾ ਹੀ ਕੋਈ ਬੰਦਾ ਹੋਵੇ। ਜਿਵੇਂ ਹਰੇਕ ਗੱਲ ਦੀ ਚਿੰਤਾ ਉਸੇ ਨੂੰ ਹੋਵੇ।
ਤੇ ਫੇਰ ਨਿੱਤ ਉਹ ਸੱਥਰ ਉੱਤੇ ਆ ਕੇ ਬੈਠਦਾ। ਆਪਣੇ ਆਪ ਹੀ ਮੱਲਣ ਨੂੰ ਸਲਾਹਾਂ ਦਿੰਦਾ। ਭੋਗ ਤੋਂ ਇਕ ਦਿਨ ਪਹਿਲਾਂ ਉਹ ਮੱਲਣ ਨੂੰ ਇਕ ਖੂੰਜੇ ਵਿਚ ਲੈ ਗਿਆ ਤੇ ਕਹਿਣ ਲੱਗਿਆ, ‘ਮੱਲਣ ਸਿਆਂ, ਨਿੱਕਾ ਨਾ ਕੱਤੀਂ, ਹੱਥ ਖੁਲ੍ਹਾ ਰਖੀਂ । ਇਹ ਖਾਨਦਾਨ ਦੀ ਇੱਜਤ ਹੁੰਦੀ ਐ। ਪੈਸਿਆਂ ਕੰਨੀਓਂ ਸੰਗੀਂ ਨਾ । ਅਸੀਂ ਭਾਈ-ਭਰਾ ਕਾਹਦੇ ਵਾਸਤੇ ਆਂ। ਜੇ ਮੌਕੇ ‘ਤੇ ਦਮਰਦਾ ਨੀ ਲਾਮਾਂਗੇ । ਮੂੰਹ ਪਾੜ ਕੇ ਕਹਿ ਦੇ, ਜੇ ਹੋਰ ਪੈਸੇ ਚਾਹੀਂਦੇ ਨੇ। ਮੈਂ ਕਿਤੋਂ ਲਿਆਮਾਂ, ਤੇਰਾ ਅਰਥ ਸਾਰੂੰ।’
ਮੱਲਣ ਨੇ ਆਖਿਆ, ‘ਨਹੀਂ, ਝੰਡਾ ਸਿਆਂ। ਪੈਸਾ ਤਾਂ ਘਰ ‘ਚ ਵਾਧੂ ਪਿਐ। ਐਨਾ ਤਾਂ ਲੱਗਣਾ ਵੀ ਨੀ । ਹੁਣ ਤਾਂ ਸਭ ਸਰਜੂ।’ ਪਰ ਨਾਲ ਦੀ ਨਾਲ ਕਿਹਾ, ‘ਗਹਾਂ ਕੁੜੀ ਦਾ ਵਿਆਹ ਸਿਰ ‘ਤੇ ਐ। ਓਦੋ ਤੈਨੂੰ ਖੇਚਲ ਜ਼ਰੂਰ ਦਿਆਂਗੇ ।’
‘ਲੈ ਹੈ ਕਮਲਾ । ਇਹ ਤਾਂ ਘਰ ਦੀ ਗੱਲ ਐ। ਜਿੰਨਾ ਕਹੇਂਗਾ, ਹਾਜਰ ਕਰੂੰ ।’ ਫੱਗਣ ਲੰਘੇ ਤੋਂ ਮੱਲਣ ਨੂੰ ਕੁੜੀ ਦੇ ਵਿਆਹ ਦਾ ਫਿਕਰ ਪੈ ਗਿਆ । ਟਾਹਲੀ ਵਾਲੇ ਖੇਤ ਦੀ ਕਣਕ ਮਾਰੋ-ਮਾਰ ਖੜ੍ਹੀ ਸੀ। ਉਹ ਖੇਤ ਵਿਚ ਜਾ ਕੇ ਖੜ੍ਹਦਾ ਤਾਂ ਉਹਦੀ ਰੂਹ ਖ਼ੁਸ਼ ਹੋ ਜਾਂਦੀ। ਪਰ ਝੂਰਦਾ ਵੀ, ‘ਕੰਜਰ ਦੀਆਂ ਕਬੀਲਦਾਰੀਆਂ ਨੇ ਮਾਰ ਲੇ। ਨਹੀਂ ਤਾਂ ਅਹਿਓ ਸ੍ਰੀ ਕਣਕ ਕਿਹੜੇ ਜੱਟ ਦੀ ਹੋਊ। ਹੋਰ ਖਰਚ ਨਾ ਹੋਣ, ਤਾਂ ਸਾਰਾ ਸਾਲ ਈ ਬੁਖਾਰੀਆਂ ਭਰੀਆਂ ਰਹਿਣ। ਘਰ ਦੇ ਖਰਚਾਂ ਨੂੰ ਖੁੱਲ੍ਹ-ਖੇਡ ਰਹੇ।’ ਤੇ ਫੇਰ ਉਹ ਕੁੜ੍ਹਦਾ, ‘ਬੁੜ੍ਹੇ ਦੇ ਮਰਨ ਨੇ ਪਟੀਮੇਸ ਕਰ ‘ਤੀ। ਨਹੀਂ ਤਾਂ ਕੀਹਦੇ ਲੈਣ ਦਾ ਸੀ ਮੈਂ ।
ਮੱਲਣ ਨੇ ਗਿਣਤੀ-ਮਿਣਤੀ ਜਿਹੀ ਕਰਕੇ ਫੈਸਲਾ ਕੀਤਾ ਕਿ ਵਿਆਹ ਤਾਂ ਹਾੜ੍ਹ ਦਾ ਹੈ, ਓਦੋਂ ਤੱਕ ਕਣਕ ਨਿੱਕਲ ਜਾਵੇਗੀ, ਵਰਤਣ ਜੋਗੀ ਘਰ ਰੱਖ ਕੇ ਬਾਕੀ ਸਾਰੀ ਮੰਡੀ ਵੇਚ ਆਵਾਂਗੇ। ਕਣਕ ਦੀ ਵੱਟਤ ਨਾਲ ਤਾਂ ਵਿਆਹ ਦਾ ਸਾਰਾ ਟਾਪੂ ਟੱਪ ਜਾਵੇਗਾ। ਵਿਆਹ ਤੋਂ ਪਹਿਲਾਂ ਕੁੜੀ ਦੇ ਲੀੜੇ-ਕੱਪੜੇ ਲਈ ਚਾਰ ਕੁ ਹਜ਼ਾਰ ਰੁਪਈਆ ਫੜ ਲਿਆ ਜਾਵੇ।
ਚਾਰ ਹਜ਼ਾਰ ਕੀਹਤੋਂ ਲਵੇ ? ਕੀ ਇਕ ਘੁਮਾਂ ਹੋਰ ਦੇਣੀ ਪਵੇਗੀ ਜਾਂ ਮੁਕੰਦੀ ਤੋਂ ਵਿਆਜੂ ਲਿਆ ਜਾਵੇ ? ਉਹਨੇ ਸੋਚਿਆ, ਵਿਆਜੂ ਪੈਸਾ ਤਾਂ ਮਿਲ ਹੀ ਜਾਵੇਗਾ। ਬਾਣੀਏ ਦਾ ਕੀ ਹੈ, ਉਹਨੇ ਤਾਂ ਵਿਆਜ ਲੈਣਾ ਹੈ । ਉਹਦਾ ਪੈਸਾ ਤਾਂ ਵਿਆਜ ਉੱਤੇ ਹੀ ਚੱਲਣਾ ਹੈ। ਕਿਸੇ ਨੂੰ ਵੀ ਦੇ ਦੇਵੇ । ਤੇ ਉਹ ਚੰਗੀ ਜ਼ਮੀਨ ਵਾਲੇ ਜੱਟ ਨੂੰ ਤਾਂ ਭੱਜ ਕੇ ਪੈਸਾ ਦਿੰਦਾ ਹੈ । ਪਰ ਉਹਨੇ ਝੋਰਾ ਕੀਤਾ, ਅੱਠ ਹਜ਼ਾਰ ਪਹਿਲਾਂ ਵੀ ਤਾਂ ਉਹਦਾ ਵਿਆਜੂ ਹੈ। ਚਾਰ ਹਜ਼ਾਰ ਹੋਰ ਲੈ ਲਿਆ ਤਾਂ ਵਿਆਜ ਮੂੰਹੋਂ ਪੱਟੇ ਜਾਵਾਂਗੇ। ਐਨੇ ਪੈਸਿਆਂ ਦਾ ਵਿਆਜ ਤਾਂ ਜੜਾਂ ਉਖੇੜ ਕੇ ਰੱਖ ਦੇਵੇਗਾ। ਇਕ ਘੁਮਾਂ ਜ਼ਮੀਨ ਗਹਿਣੇ ਧਰਨੀ ਠੀਕ ਹੈ! ਜੀਤੋ ਦਾ ਵਿਆਹ ਪਤਾ ਨਹੀਂ ਕਦੋਂ ਕਰਾਂਗੇ। ਅਜੇ ਤਾਂ ਕਿਧਰੇ ਮੰਗੀ ਵੀ ਨਹੀਂ। ਉਹਦੇ ਵਿਆਹ ਤੱਕ ਤਿੰਨੇ ਘੁਮਾਂ ਛੁਡਾ ਲਵਾਂਗੇ। ਸਿੱਧੀ ਨੀਤ ਨਾਲ ਕਮਾਈ ਕਰਾਂਗੇ। ਆਪਣਾ ਰੱਬ ਸਾਲਾ ਵੇਚਿਆ ਤਾਂ ਨਹੀਂ ਹੋਇਆ।
ਖੁੱਲੇ ਖੁੱਲੇ ਚੇਤ ਦੇ ਦਿਨ। ਨਾ ਗਰਮੀ, ਨਾ ਠਾਰੀ। ਕਣਕਾਂ ਪੂਰੇ ਜੋਬਨ ਉੱਤੇ ਸਨ। ਬੱਲੀਆਂ ਦੀ ਕੁੱਖ ਵਿਚ ਮੋਤੀਆਂ ਜਿਹੇ ਦਾਣੇ ਪੱਕ ਰਹੇ ਸਨ। ਘਰਾਂ ਵਿਚ ਸੁਆਣੀਆਂ ਕੰਧਾਂ ਨੂੰ ਪਾਂਡੂ ਦਾ ਪੋਚਾ ਦਿੰਦੀਆਂ, ਸਬਾਤਾਂ ਵਿਚ ਤਲੀਆਂ ਫੇਰਦੀਆ ਤੇ ਛੱਤਾਂ ਨੂੰ ਲਿੱਪ ਰਹੀਆਂ ਸਨ। ਸਵੇਰ ਵੇਲੇ ਠੰਡੀ ਠੰਡੀ ਪੁਰੇ ਦੀ ਵਾਅ ਵਗਦੀ ਤੇ ਵਾਤਾਵਰਣ ਵਿਚ ਹਰਿਆਵਲ ਦਾ ਦ੍ਰਿਸ਼ ਅੱਖਾਂ ਨੂੰ ਚੰਗਾ ਚੰਗਾ ਲਗਦਾ। ਕਿਸਾਨ ਕਣਕਾਂ ਦੀ ਚੜ੍ਹਤ ਨੂੰ ਦੇਖਕੇ ਚਾਂਭੜਾਂ ਪਾਉਂਦੇ। ਹਰ ਕੋਈ ਇਸ ਆਸ ਉੱਤੇ ਜਿਉਂਦਾ ਕਿ ਇਸ ਵਾਰ ਉਹਦੀ ਬੁਖਾਰੀ ਅੰਨ ਨਾਲ ਭਰ ਜਾਵੇਗੀ ਤੇ ਉਹਨੂੰ ਸਾਰਾ ਸਾਲ ਟੱਬਰ ਦੇ ਢਿੱਡ ਦਾ ਫ਼ਿਕਰ ਨਹੀਂ ਰਹੇਗਾ। ਮਾਹੌਲ ਵਿਚ ਖੁਸ਼ਬੋਈਆਂ ਨੱਚ ਉੱਠੀਆਂ ਸਨ। ਪਰ ਮੱਲਣ ਲਈ ਇਹ ਚੇਤ ਤਪਦੇ ਭੱਠਾਂ ਦਾ ਮਹੀਨਾ ਸੀ। ਉਹਦੇ ਮੱਥੇ ਨੂੰ ਭਖ ਚੜ੍ਹਦੀ ਤੇ ਕਾਲਜਾ ਖੁਰਚੀਂਦਾ। ਕਣਕ ਦੀ ਆਮਦ ਦਾ ਚਾਅ ਤਾਂ ਵਿਚੇ ਮੁਰਝਾ ਕੇ ਰਹਿ ਜਾਂਦਾ। ਕੁੜੀ ਦੇ ਵਿਆਹ ਦੀ ਸੋਚ ਉਹਦੇ ਹੱਡਾਂ ਨੂੰ ਖੋਰਦੀ।
ਉਹ ਝੰਡੇ ਦੇ ਘਰ ਗਿਆ। ਬੈਠਕ ਵਿਚ ਉਹਦੇ ਕੋਲ ਗੋਂਦੀ ਬਾਹਮਣ ਬੈਠਾ ਹੋਇਆ ਸੀ। ਸਵੇਰ ਦਾ ਵੇਲਾ ਸੀ । ਮੱਲਣ ਨੇ ਸੋਚਿਆ, ਉਹ ਕੋਈ ‘ਪੁੱਛਿਆ’ ਦੇਣ ਆਇਆ ਹੈ। ਪਰ ਨਹੀਂ ਉਹਦੇ ਕੋਲ ‘ਪੱਤਰਾ ਨਹੀਂ ਸੀ। ਮੋਢੇ ਲਾਲ ਪਰਨਾ ਸੀ। ਮੱਥੇ ਤੇ ਤਿਲਕ ਤੇ ਜਾਲਖੀ ਧੋਤੀ ਦਾ ਲਾਂਗੜ ਮਾਰਿਆ ਹੋਇਆ। ਉਹ ਤਾਂ ਝੰਡੇ ਦੇ ਪੈਂਦੀਂ ਬੈਠਾ ਉਹਦੀਆਂ ਮਿੰਨਤਾਂ ਜਿਹੀਆਂ ਕਰ ਰਿਹਾ ਸੀ। ਮੱਲਣ ਨੇ ਗੋਂਦੀ ਨੂੰ ‘ਮਾਰਾਜ’ ਬੁਲਾਈ ਤਾਂ ਉਹ ‘ਮਾਰਾਜ’ ਮੰਨ ਕੇ ਚੁਪ ਕਰ ਗਿਆ। ਅੱਖਾਂ ਉੱਤੇ ਜ਼ੋਰ ਦਿੱਤਾ। ਮੱਥੇ ਉੱਤੇ ਬੋਝ ਪਾ ਲਿਆ। ਜਿਵੇਂ ਮੱਲਣ ਦਾ ਆਉਣਾ ਉਹਨੂੰ ਬੁਰਾ ਲੱਗਿਆ ਹੋਵੇ। ਝੰਡਾ ਕਹਿੰਦਾ, ‘ਆ ਬਈ ਮੱਲਣ ਸਿਆਂ, ਬਹਿ ਜਾ ।’
ਮੱਲਣ ਨੇ ਗੋਂਦੀ ਦੇ ਮੂੰਹ ਦਾ ਮਸੋਸਿਆ ਰੱਥ ਦੇਖਿਆ ਤਾਂ ਉਹ ਬੈਠਕ ਦੀ ਦੇਹਲੀਓਂ ਅੰਦਰ ਹੀ ਨਹੀਂ ਹੋਇਆ। ਕਹਿੰਦਾ, ‘ਬੱਸ ਮੈਂ ਤਾਂ ਸੁਤੇ ਈ ਆਇਆ ਸੀ। ਤੁਸੀਂ ਕਰੋ ਗੱਲਾਂ ।’ ਤੇ ਉਹ ਬੰਤੋ ਕੋਲ ਜਾ ਕੇ ਬੈਠ ਗਿਆ । ਬੰਤੋ ਹਰਦਿੱਤ ਦੀ ਕੁੜੀ ਨੂੰ ਲੋਰੀਆਂ ਦੇ ਕੇ ਖਢਿਆ ਰਹੀ ਸੀ। ਹਰਦਿੱਤ ਦੀ ਬਹੂ ਸਵੇਰ ਦੀ ਹਾਜ਼ਰੀ ਪਕਾ ਰਹੀ ਸੀ । ਮੱਲਣ ਬੰਤੋ ਨਾਲ ਮੌਸਮ ਦੀਆਂ ਗੱਲਾਂ ਕਰਨ ਲੱਗਿਆ। ਬੰਤੋ ਨੇ ਉਹ ਦੀ ਫਸਲ-ਬਾੜੀ ਦਾ ਹਾਲ-ਚਾਲ ਪੁੱਛਿਆ। ਤੇ ਫੇਰ ਬੰਤੋ ਨੇ ਗੱਲ ਤੋਰੀ, ‘ਕਿਮੇਂ ਆਇਆ ਸੀ ਤੂੰ ?’
‘ਬੱਸ, ਬੰਤੋ, ਕੰਮ ਸੀ ਇਕ ਝੰਡਾ ਸੁੰ ਤਾਈਂ । ਗੋਂਦੀ ਬੈਠੈ । ਮਖਿਆ, ਉਹਨਾਂ ਨੂੰ ਗੱਲ ਕਰ ਲੈਣ ਦੇ।’
‘ਹਾਂ, ਗੋਂਦੀ ਤਾਂ ਸਦੇਹਾਂ ਦਾ ਈ ਕੋਈ ਜੈਬਰਾ ਪਾਈਂ ਬੈਠੈ । ਪਤਾ ਨੀ ਕੀ ਗੱਲ ਐ। ਮੈਨੂੰ ਲਗਦੈ, ਦਾਣੇ ਮੰਗਦੈ। ਦਵਾਲੀ ਵੇਲੇ ਦੋ ਬੋਰੀਆਂ ਲੈ ਗਿਆ ਸੀ, ਹੁਣ ਹੋਰ ਮੰਗਦਾ ਹੋਣੈ, ਹੋਰ ਕੀਹ मैं।’
ਬੰਤੋ ਦੀ ਰਮਜ਼ ਸੁਣ ਕੇ ਮੱਲਣ ਉਹਨਾਂ ਦੇ ਘਰੋਂ ਟਲ ਆਇਆ। ਸੋਚਿਆ, ਗੋਂਦੀ ਨੂੰ ਜਾ ਲੈਣ ਦੇ, ਫੇਰ ਦੁਪਹਿਰੇ ਦੇਖੀ ਜਾਵੇਗੀ। ਹੁਣ ਗੋਂਦੀ, ਕੀ ਪਤਾ, ਕਦੋਂ ਹਿੱਲੇ ਏਥੋਂ। ਧਰਨਾ ਮਾਰੀਂ ਬੈਠੈ।
ਦੁਪਹਿਰ ਵੇਲੇ ਮੱਲਣ ਫੇਰ ਝੰਡੇ ਕੋਲ ਆਇਆ। ਉਹ ਬੈਠਕ ਵਿਚ ਪਿਆ ਸੀ । ਹਰਦਿੱਤ ਘਰ ਨਹੀਂ ਸੀ। ਆਉਂਦੇ ਹੀ ਮੱਲਣ ਨੇ ਗੱਲ ਤੋਰ ਲਈ, ‘ਝੰਡਾ ਸਿਆਂ, ਹੁਣ ਕਰ ਕੁਸ, ਵਿਆਹ ਤਾਂ ਆ ਗਿਆ ਨੇੜੇ।’
ਅਗਵਾੜੀ ਜਿਹੀ ਭੰਨ ਕੇ ਝੰਡਾ ਬੈਠਾ ਹੋ ਗਿਆ। ਪੁੱਛਣ ਲੱਗਿਆ, ‘ਕਦੋਂ ਦਾ ਐ ਵਿਆਹ ਕੁੜੀ ਦਾ ?’
‘ਦਸ ਹਾੜ੍ਹ ।’
ਫੇਰ ਤਾਂ ਥੋੜੇ ਦਿਨ ਈ ਰਹਿ ਗੇ ਸਮਝ ।’
‘ਹੋਰ, ਤਾਂਹੀਂ ਤਾਂ ਆਇਆਂ। ਦਿਨਾਂ ਜਾਂਦਿਆਂ ਦਾ ਕੀ ਪਤਾ ਲਗਦੈ।’ ਤੇ ਫ਼ੇਰ ਮੱਲਣ ਨੇ ਸਕੀਮ ਜਿਹੀ ਸਮਝਾਈ, ‘ਦੇਖ, ਵਿਆਹ ਦੇ ਰੋਟੀ-ਟੁੱਕ ਤੇ ਕਾਰਾਂ-ਵਿਹਾਰਾ ਦਾ ਖਰਚ ਮੈਂ ਘਰੋਂ ਸਾਰ ਲੂੰ । ਕਣਕ ਨਿੱਕਲ ਆਊ ਪਹਿਲਾਂ ਪਹਿਲਾਂ। ਹੁਣ ਲੀੜਾ-ਕੱਪੜਾ ਲੈਣੈ ਕੁੜੀ ਦਾ । ਪੰਜ ਤੋਂ ਘੱਟ ਨੀ ਸਰਨਾ। ਪੰਜ ਹਜਾਰ ਦੇਹ। ਜਿਮੇਂ ਕਰਨੈਂ, ਕਰ ਲੈ। ਵਿਆਜੂ ਲਿਖਣੈ, ਵਿਆਜੂ ਲਿਖ ਲੈ। ਨਹੀਂ ਤਾਂ ਫੇਰ ਇਕ ਘੁਮਾਂ ਹੋਰ ਲਖਿਆਂ ਦਿੰਨਾਂ।’
ਵਿਆਜੂ ਪੈਸੇ ਦੀ ਤਾਂ ਤੈਨੂੰ ਪਹਿਲਾਂ ਦੱਸੀ ਸੀ। ਬਈ ਮੈਂ ਇਹ ਕੰਮ ਨੀ ਕਰਨਾ । ਇਹ ਤਾਂ ਬਾਣੀਆਂ-ਬਕਾਲਾਂ ਨੂੰ ਈ ਸੋਭਦੈ। ਜੱਟਾਂ ਨੂੰ ਵਿਆਜੂ ਪੈਸਾ ਦੇਣਾ ਕੀ ਆਖੇ। ਜਮੀਨ ਦੀ ਕਰ गॅल।’
‘ਚੱਲ ਜਮੀਨ ਸਹੀ ਫੇਰ।’
‘ਪਰ ਇਕ ਗੱਲ ਐ। ਤੂੰ ਆਪ ਸਿਆਣਾ ਐਂ, ਮੱਲਣਾ, ਇਕ ਘੁਮਾਂ ਉਤੇ ਹੁਣ ਪੰਜ ਨੀ ਮਿਲਣਾ ।’
‘ਕਿਉਂ ?’
‘ਦੇਖ; ਪਹਿਲਾਂ ਤੈਨੂੰ ਦੋ ਘੁਮਾਂ ਉੱਤੇ ਅੱਠ ਦਿੱਤਾ ਨਾ ਜਿਹੜਾ, ਉਹ ਬਹੁਤਾ ਦਿੱਤਾ ਗਿਆ। ਓਦੋਂ ਤਾਂ ਮੈਂ ਬੋਲਿਆ ਨੀ । ਬਈ ਚਲੋ, ਜਾਣ ਦਿਓ। ਦੋ ਘੁਮਾਂ ਉੱਤੇ ਅੱਠ ਤਾਂ ਬਹੁਤ ਜਾਦੇ ਸੀ । ਇਹ ਗਹਿਣਾ ਤਾਂ ਬੈ ਦੇ ਭਾਅ ਨੂੰ ਪਹੁੰਚ ਗਿਆ ਸਮਝ । ਤੂੰ ਆਪ ਸੋਚ ਲੈ।’
‘ਹੋਰ ਫਿਰ ਕਿਮੇਂ ਕਰੇਂਗਾ?’
‘ਵਾਹਣ ਦੇਹ ਦੋ ਘੁਮਾਂ, ਉਹਦੇ ਨਾਲ ਲਗਦਾ ਈ। ਪੰਜ ਹਜ਼ਾਰ ਲੈ ਤੇ ਪਹਿਲਾਂ ਵਾਲੀ ਰਕਮ ਵਿਚ ਪਾ ਕੇ ਚਾਰ ਘੁਮਾਂ ‘ਕੱਠਾ ਲਖਿਆ ਦੇ। ਪਹਿਲਾਂ ਆਲਾ ਭਾਂਗਾ ਵੀ ਨਿੱਕਲ ਜੂ ਨਾਲੇ ।’
‘ਤੇਰੀ ਮਰਜੀ ਐ, ਝੰਡਾ ਸਿਆਂ, ਦੋ ਘੁਮਾਂ ਬਹੁਤੀ ਐ ਪੰਜ ਹਜ਼ਾਰ ‘ਚ।’
‘ਓਏ ਪੱਟੂਆ, ਤੂੰ ਪਹਿਲਾਂ ਅੱਠ ਮਾਂਜ ਕੇ ਲੈ ਗਿਆ, ਦੋ ਘੁਮਾਂ ‘ਤੇ ਈ। ਦੋ ਘੁਮਾਂ ‘ਤੇ ਓਦੋਂ ਅੱਠ ਸੀ, ਹੁਣ ਪੰਜ ਸਮਝ। ਕੋਈ ਬਹੁਤਾ ਫਰਕ ਤਾਂ ਨੀ।’
ਮੱਲਣ ਦਾ ਦਿਮਾਗ ਚਕਰਾਉਣ ਲੱਗਿਆ। ਉਹਦਾ ਕਾਲਜਾ ਢੇਰੀ ਹੋ ਕੇ ਰਹਿ ਗਿਆ। ਉਹਨੇ ਗਿਣਤੀ-ਮਿਣਤੀ ਕੀਤੀ, ‘ਫੇਰ ਤਾਂ ਅੱਧ ਗਿਆ ਟਾਹਲੀ ਆਲੇ ਦਾ।’ ਪਰ ਮਗਜ਼ ਉੱਤੇ ਬੋਝ ਪਾ ਕੇ ਮਨ ਵਿਚ ਹੀ ਚਿਤਾਰਿਆ, ‘ਕੁੜੀ ਦਾ ਵਿਆਹ ਤਾਂ ਕਰਨਾ ਈ ਐ ਆਖਰ। ਇਹ ਤਾਂ ਟਲਦਾ ਨੀ। ਹੋਰ ਪੰਜ ਹਜਾਰ ਬਣੇ ਵੀ ਕਿਮੇ। ਐਨੇ ਬਿਨਾਂ ਸਰਦਾ ਵੀ ਹੈ ਨੀ । ਮਨਾਂ ਹੋ ਤਕੜਾ। ਮਾਰ ਛਾਲ । ਦੇਖੀ ਜਾਉ, ਜਿਹੜੀ ਬੀਤੂ।’ ਉਹਨੇ ਭਿੱਜਿਆ ਜਿਹਾ ਬੋਲ ਕੱਢਿਆ, ‘ਚੰਗਾ ਤੇਰੀ ਮਰਜੀ। ਦੋ ਘੁਮਾਂ ਲਖਿਆ ਲੈ । ਹੁਣ ਸਰਦਾ ਨੀ ਜਦੋਂ।’
‘ਇਕ ਗੱਲ ਹੋਰ ਵੀ ਹੁਣੇ ਕਰ ਦਿੰਨਾਂ। ਖਰੀ ਗੱਲ ਐ, ਪਰ ਚਾਹੇ ਲੱਗ ਤੈਨੂੰ ਕੌੜੀ। ਰਾਹ-ਸਿਰ ਦੀ ਗੱਲ ਐ। ਮੇਰੇ ਅੰਦਰ ਤਾਂ ਪੈਸੇ ਪਏ ਨੀ। ਮੈਂ ਵੀ ਤਾਂ ਗਹਾਂ ਕਿਸੇ ਬਾਣੀਏ ਤੋਂ ਵਿਆਜੂ ਈ ਲੈ ਕੇ ਦੇਊਂ। ਮੁਕੰਦੀ ਤੋਂ ਲਮਾਂ, ਰਾਮਪੁਰਿਓਂ ਆੜ੍ਹਤੀਏ ਤੋਂ ਲਿਆਮਾਂ, ਕਿਤੋਂ ਲਿਆਮਾਂ । ਚਾਹੈ ਕਾਲੇ ਚੋਰ ਤੋਂ ਲਿਆਮਾਂ। ਤੇਰਾ ਪੂਰਾ ਕਰੂੰ ਪੰਜ ਦਾ ਪੰਜ । ਦੇਖ, ਪਹਿਲਾਂ ਆਂਗੂੰ ਈ ਦਸ ਰੁਪਈਏ ਸੈਂਕੜਾ ਵਧਾਰਾ ਲੱਗੂ। ਤੇ ਦੂਜੀ ਗੱਲ, ਬਜਿਆਈ ਵੇਲੇ ਜਿਹੜੀ ਛੀ ਮਣ ਕਣਕ ਬੀਜਣ ਨੂੰ ਤੂੰ ਲੈ ਗਿਆ ਸੀ, ਉਹਦੀ ਸਵਾਈ ਤਾਂ ਹੁਣ ਹਾੜ੍ਹੀ ਨੂੰ ਮੁੜਦੀ ਦੀਂਹਦੀ ਨੀ। ਉਹਦੇ ਪੈਸੇ ਵੀ ਵਿਚੋ ਲਾ ਲੈਨੇ ਆਂ। ਠੀਕ ਐ ਨਾਂ ?’
‘ਤੇਰੀ ਸਭ ਮੰਨਜੂਰ ਐ, ਝੰਡਾ ਸਿਆਂ। ਤੂੰ ਮੈਨੂੰ ਦਿਨ ਦੱਸ, ਕਿੱਦਣ ਦਏਂਗਾ ਰਕਮ ? ਗੱਲ ਮੁਕਦੀ ਹੋਵੇ।
‘ਪਰਸੋਂ ਨੂੰ ਹਾਜਰ ਕਰ ਦੂੰ। ਬਹੁਤੇ ਦਿਨ ਨੀ ਲੌਂਦਾ। ਕੱਲ੍ਹ ਨੂੰ ਈ ਰਾਮਪੁਰੇ ਜਾ ਔਨਾਂ ਤੇ ਕਰਦਾਂ ਕੁਸ।’
ਤੀਜੇ ਦਿਨ ਮੁਕੰਦੀ ਦੀ ਹੱਟ ਉੱਤੇ ਝੰਡੇ ਦੀ ਬਹੀ ਵਿਚ ਲਿਖਤ ਕੀਤੀ ਗਈ ਕਿ ਮੱਲਣ ਸਿੰਘ ਆਪਣੇ ਟਾਹਲੀ ਵਾਲੇ ਖੇਤ ਦੀ ਚਾਰ ਘੁਮਾਂ ਜ਼ਮੀਨ ਝੰਡਾ ਸਿੰਘ ਨੂੰ ਗਹਿਣੇ ਦਿੰਦਾ ਹੈ। ਅੱਠ ਹਜ਼ਾਰ ਅੱਠ ਸੌ ਪਹਿਲਾਂ ਵਾਲਾ, ਪੰਜ ਹਜ਼ਾਰ ਪੰਜ ਸੌ ਹੁਣ ਵਾਲਾ ਤੇ ਅੱਟਾ-ਸੱਟਾ ਦੋ ਸੌ ਰੁਪਈਆ ਸਵਾਈ ਉੱਤੇ ਲਈ ਛੀ ਮਣ ਕਣਕ ਦਾ ਲਾ ਕੇ ਕੁੱਲ ਰਕਮ ਸਾਢੇ ਚੌਦਾਂ ਹਜ਼ਾਰ ਲਿਖੀ ਗਈ। ਦੋ ਘੁਮਾਂ ਗਹਿਣੇ ਦੀ ਪਹਿਲਾਂ ਕੀਤੀ ਲਿਖਤ ਰੱਦ ਕਰਕੇ ਇਹ ਚਾਰ ਘੁਮਾਂ ਦੀ ਨਵੀਂ ਲਿਖਤ ਕਰ ਦਿੱਤੀ ਗਈ। ਪੰਜ ਹਜ਼ਾਰ ਦੇ ਪੰਜਾਹ ਨੀਲੇ ਨੋਟ ਸਮੋਸੇ ਲੜ ਬੰਨ੍ਹ ਕੇ ਮੱਲਣ ਘਰ ਨੂੰ ਆ ਗਿਆ। ਉਹਨੇ ਨੋਟਾਂ ਦੀ ਥੱਬੀ ਚੰਦਕੁਰ ਨੂੰ ਫੜਾਈ ਤੇ ਲੀੜਾ-ਕੱਪੜਾ ਖਰੀਦਣ ਬਾਰੇ ਉਹਦੇ ਨਾਲ ਸਲਾਹਾਂ ਕਰਨ ਲੱਗਿਆ।
ਪਿੰਡ ਵਿਚ ਗਹਿਣੇ ਦੀ ਜ਼ਮੀਨ ਦਾ ਐਨਾ ਭਾਅ ਨਹੀਂ ਸੀ। ਚਾਰ ਘੁਮਾਂ ਲਈ ਸਾਢੇ ਚੌਦਾਂ ਹਜ਼ਾਰ ਬਹੁਤ ਜ਼ਿਆਦਾ ਸੀ । ਪਰ ਝੰਡਾ ਕਮਲਾ ਨਹੀਂ ਸੀ। ਉਹਨੇ ਜਾਣ ਕੇ ਹੀ ਵੱਧ ਰਕਮ ਦਿੱਤੀ ਸੀ। ਉਹਨੂੰ ਪੱਕਾ ਯਕੀਨ ਸੀ ਕਿ ਸਾਢੇ ਚੌਦਾਂ ਹਜ਼ਾਰ ਇਕੱਠਾ ਮੱਲਣ ਨਹੀਂ ਦੇ ਸਕੇਗਾ। ਦਰਮਿਆਨੇ ਕਿਸਾਨ ਦੀ ਜ਼ਮੀਨ ਇਕ ਵਾਰੀ ਗਹਿਣੇ ਟਿਕ ਜਾਵੇ ਤਾਂ ਮੁੜ ਕੇ ਸਾਰੀ ਉਮਰ ਨਹੀਂ ਛੁਟਦੀ। ਤੇ ਜੇ ਗਹਿਣਾ ਕਰੜਾ ਹੋਵੇ, ਫੇਰ ਤਾਂ ਛੁੱਟਣੀ ਹੀ ਕੀ ਹੋਈ। ਮੱਲਣ ਦਾ ਟਾਹਲੀ ਵਾਲਾ ਖੇਤ ਉਂਜ ਵੀ ਬਹੁਤ ਤਕੜਾ ਸੀ। ਜ਼ਮੀਨ ਉਪਜਾਊ ਸੀ । ਕੱਸੀ ਦਾ ਪਾਣੀ ਲਗਦਾ। ਜ਼ਮੀਨ ਤਾਂ ਬੱਸ ਰਸਾਇਣ ਸੀ। ਸੋਨਾ ਹੀ ਹਰਾ ਹੁੰਦਾ ।
ਪੈਸੇ ਕਿਸੇ ਬਾਣੀਏ ਤੋਂ ਵਿਆਜੂ ਲੈ ਕੇ ਦੇਣ ਦੀ ਗੱਲ ਐਵੇਂ ਬੱਸ ਇਕ ਓਹਲਾ ਸੀ, ਇਕ ਚਲਾਕੀ। ਝੰਡੇ ‘ ਕੋਲ ਘਰ ਵਿਚ’ ‘ ਹੀ ਪੈਸਾ ਹੁੰਦਾ। ਸੀ। ਉਹ ਆਪਣਾ ਰੁਪਈਆ ਮੁਕੰਦੀ ਨੂੰ ‘ ਫੜਾ ਕੇ ਰਖਦਾ। ਆਪਣੇ ਘਰ ਵਿਚ ਨਹੀਂ ਰਖਦਾ ਸੀ । ਬਾਣੀਏ ਨੂੰ ਇਹ ਲਾਲਚ ਸੀ ਕਿ ਉਹ ਉਹਦੇ ਪੈਸੇ ਨੂੰ ਥੁੱਕ-ਲੱਕ ਵਿਚ ਹੀ ਵਰਤਦਾ ਰਹਿੰਦਾ। ਜਦੋਂ ਕਦੇ ਝੰਡੇ ਨੂੰ ਜ਼ਰੂਰਤ ਪੈਂਦੀ, ਹਾਜ਼ਰ ਕਰ ਦਿੰਦਾ। ਅਗਵਾੜ ਦੇ ਲੋਕ ਗੱਲਾਂ ਕਰਦੇ, ‘ਝੰਡੇ ਦੇ ਘਰ ਤਾਂ ਕੋਈ ਗੁਪਤੀ ਮਸ਼ੀਨ ਰੱਖੀ ਲਗਦੀ ਐ। ਜਮੀਨ ਗਹਿਣੇ ਲੈਣ ਵੇਲੇ ਫੱਟ ਤਾਜੇ ਤਾਜੇ ਨੋਟ ਹਾਜਰ ਕਰ ਦਿੰਦੈ। ਪਤਾ ਨੀ ਕੰਜਰ ਕਿੱਥੋਂ
ਕਢਦੈ ਐਨੀਆਂ ਪਰਚੀਆਂ!’
ਕੋਈ ਕਹਿਣ ਲਗਦਾ, ‘ਭਾਈ, ਗਿੱਲ ਨਾਲ ਗਿੱਲ ਰਲੀਂ ਜਾਂਦੀ ਐ। ਪਹਿਲਾਂ ਤਾਂ ਭਰਾ ਦੀ ਜ਼ਮੀਨ ਮਿਲ ਗੀ, ਦਸ ਤੋਂ ਵੀਹ ਘੁਮਾਂ ਬਣਗੀ। ਫੇਰ ਹੁਣ ਦੇਖ ਲੋ ਗਹਿਣੇ ਦੀ ਕਿੰਨੀ ਐ। ਸਾਰੀ ਧਰਤੀ ਦੀ ਪਦੇਸ਼ ਅੰਦਰ ਡਿਗਦੀ ਐ। ਹੁਣ ਤਾਂ ਕੋਈ ਕੁੜੀ ਦਾ ਵਿਆਹ ਨੀ ਕਰਨਾ, ਮੁੰਡੇ ਦਾ ਵਿਆਹ ਨੀ ਕਰਨਾ।’
ਤੇ ਫੇਰ ਕੋਈ ਹੌਲੀ ਦੇ ਕੇ ਆਖਦਾ, ‘ਫੱਤੂ ਘਮਿਆਰ ਦਾ ਜਿਹੜਾ ਸਿਉਨਾ ਰੱਖਿਆ ਇਹਨੇ, ਉਹ ਨੀ ਕਿਸੇ ਦੇ ਜਾਦ ? ਫੱਤੂ ਦਾ ਮਾਰ ਫੜ ਕੇ ਐਡਾ ਪਰਵਾਰ, ਚਾਰ ਨੂੰਹਾਂ । ਗਧਿਆਂ ਦਾ ਵਪਾਰ ਕਰਦਾ। ਦੋ ਮੁੰਡੇ ਉਹਨੇ ਪੜਾਅ ਵੀ ਲਏ ਸੀ। ਇਕ ਪਟਵਾਰੀ ਤੇ ਇਕ ਛੋਟਾ ਠਾਣੇਦਾਰ ਸੀ। ਹੱਲਿਆਂ ਵੇਲੇ ਉਹਦੀਆਂ ਤਿੰਨੇ ਧੀਆਂ ਤੇ ਜਮਾਈ ਵੀ ਐਥੇ ਈ ਆ ਗੇ ਸੀ । ਜਮਾਈ ਵੀ ਖੱਬੀਖਾਨ ਸੀਗੇ । ਜਮਾਈ ਕਿਹੜਾ ਘੱਟ ਸੀ । ਚਾਰੇ ਨੂੰਹਾਂ; ਤਿੰਨੇ ਧੀਆਂ ਤੇ ਆਪਣੀ ਘਰ-ਆਲੀ ਦਾ ਟੂਮ-ਛੱਲਾ ਸਾਰਾ ਲਾਹ ਕੇ ਫੱਤੂ ਨੇ ਝੰਡੇ ਨੂੰ ਫੜਾ ‘ਤਾ। ਮਾਤਬਰੀ ਸੀ ਭਾਈ ਝੰਡੇ ‘ਤੇ। ਕਹਿੰਦਾ, ਲੈ ਝੰਡਿਆ, ਜਿਉਂਦੇ ਰਹੇ ਤਾਂ ਲੈ ਲਾਂ ਗੇ, ਨਹੀਂ ਤਾਂ ਰੱਬ ਰਾਜੀ।’ ਤੇ ਫੇਰ ਦੱਸਣ ਵਾਲਾ ਬੋਲਦਾ, ‘ਝੰਡੇ ਨੇ ਪਤੈ ਕੀ ਆਖਿਆ? ਕਹਿੰਦਾ, ਫਤਿਹ ਦੀਨਾ, ਤੇਰੀ ਅਮਾਨਤ ਮੇਰੇ ਕੋਲ ਐ। ਅਗਲੀ ਦਰਗਾਹ ‘ਚ ਲੈ ਲੀਂ ਭਾਮੇਂ। ਤੇ ਫੇਰ ਪਤੈ ਕੀ ਹੋਇਆ ? ਅੱਧੀ ਰਾਤ ਭਾਈ ਘੁਮਿਆਰਾਂ ਦਾ ਟੱਬਰ ਪਿੰਡ ਛੱਡ ਗਿਆ। ਝੰਡੇ ਨੇ ਪਹਿਲਾਂ ਈ ਗੁੰਡਿਆਂ-ਬਦਮਾਸ਼ਾ ਨਾਲ ਗੱਲ ਕਰ ਰੱਖੀ ਸੀ। ਝੱਟ ਮਗਰ ਲਾ ‘ਤੇ । ਬੱਸ ਜੀ ਫੇਰ, ਘੁਮਿਆਰਾਂ ਦਾ ਸਾਰਾ ਟੱਬਰ ਅਗਲਿਆਂ ਨੇ ਭਾਈਰੂਪੇ ਦੀ ਹੱਦ ਨੀ ਟੱਪਣ ਦਿੱਤਾ। ਸਾਰੇ ਦੇ ਸਾਰੇ ਪਾਰ ਬੁਲਾ ਦਿੱਤੇ ਤੇ ਸਭ ਕੁਛ ਇਹਦੇ ਕੋਲੇ ਰਹਿ ਗਿਆ।’
10
ਅਖੀਰ ਢਾਈ ਢਾਈ ਮਣ ਦੀਆਂ ਦੋ ਬੋਰੀਆਂ ਗੋਂਦੀ ਲੈ ਕੇ ਹੀ ਹਿੱਲਿਆ। ਪੰਜ ਮਣ ਦੀਵਾਲੀ ਵੇਲੇ ਡੂਢੀ ਉੱਤੇ ਲਈ ਸੀ ਤੇ ਹੁਣ ਇਹ ਪੰਜ ਮਣ ਵੀ ਡੂਢੀ ਉੱਤੇ ਹੀ ਸੀ। ਨਵੀਂ ਕਣਕ ਆਉਣ ਵਿਚ ਚਾਹੇ ਦੋ ਮਹੀਨੇ ਹੀ ਰਹਿੰਦੇ ਸਨ, ਪਰ ਕੀ ਕਰਦਾ ਗੋਂਦੀ, ਹੋਰ ਕਿਧਰੇ ਵੀ ਹੱਥ ਨਹੀਂ ਪੈਂਦਾ ਸੀ। ਢਿੱਡ ਨੂੰ ਝੁਲਕਾ ਤਾਂ ਕਿਤੋਂ ਦੇਣਾ ਹੀ ਸੀ। ਝੰਡੇ ਨੂੰ ਸ਼ਿਕਾਇਤ ਇਹ ਸੀ ਕਿ ਗੋਂਦੀ ਨੇ ਦੋ ਘੁਮਾਂ ਜ਼ਮੀਨ ਗਹਿਣੇ ਤਾਂ ਮਿਲਖੇ ਫ਼ੌਜੀ ਨੂੰ ਦੇ ਦਿੱਤੀ ਤੇ ਦਾਣੇ ਹੁਣ ਉਹਦੇ ਕੋਲੋਂ ਭਾਲਦਾ ਹੈ। ਜੀਹਦੇ ਕੋਲ ਗਹਿਣੇ ਧਰੀ ਹੈ, ਓਸੇ ਤੋਂ ਲਵੇ ਦਾਣੇ । ਪਰ ਮਿਲਖਾ ਐਨਾ ਤਕੜਾ ਜੱਟ ਨਹੀਂ ਸੀ। ਪਤਾ ਨਹੀਂ ਕਿਵੇਂ ਫੂਹੀ ਫੂਹੀ ਕਰਕੇ ਉਹਨੇ ਪੈਸੇ ਜੋੜੇ ਸਨ ਤੇ ਆਪਣੇ ਮੁੰਡੇ ਕਰਨੈਲ ਨੂੰ ਇਹ ਦੋ ਘੁਮਾਂ ਚਾਰ ਹਜ਼ਾਰ ਵਿਚ ਗਹਿਣੇ ਲੈ ਕੇ ਦਿੱਤੀ ਸੀ। ਡੂਢੀਆਂ-ਸਵਾਈਆਂ ਉੱਤੇ ਦਾਣੇ ਦੇਣ ਦੀ ਪਹੁੰਚ ਉਹਦੇ ਵਿਚ ਨਹੀਂ ਸੀ। ਮਿਲਖੇ ਦੀ ਆਪਣੀ ਜ਼ਮੀਨ ਥੋੜ੍ਹੀ ਸੀ । ਹੁਣ ਕਰਨੈਲ ਦਾ ਹਲ ਜੁੜਦਾ ਹੋ ਗਿਆ। ਫ਼ੌਜੀ ਦਾ ਘਰ । ਹਰ ਗੱਲ ਸਕੀਮ ਅਨੁਸਾਰ ਕੀਤੀ ਜਾਂਦੀ। ਦੋ-ਚਾਰ ਘੁਮਾਂ ਉਹ ਹਿੱਸੇ ਜਾਂ ਠੇਕੇ ਉੱਤੇ ਵੀ ਲੈ ਲੈਂਦਾ। ਘਰ ਦੀ ਕਬੀਲਦਾਰੀ ਵਾਹਵਾ ਚੱਲ ਪਈ ਸੀ । ਹੁਣ ਉਹ ਦਾਣੇ ਕਿਸੇ ਤੋਂ ਲੈ ਕੇ ਨਹੀਂ ਖਾਂਦੇ ਸਨ। ਮਿਲਖਾ ਹਰ ਗੱਲ ਵਿਚ ਸੰਕੋਚ ਵਰਤਦਾ। ਫੋਕੀ ਦਿਖਾਵਾਬਾਜ਼ੀ ਉਹਨੂੰ ਪਸੰਦ ਨਹੀਂ ਸੀ। ਉਹਦੀ ਘਰਵਾਲੀ ਉਹਤੋਂ ਡਰ ਕੇ ਰਹਿੰਦੀ। ਕਰਨੈਲ ਦੀ ਬਹੂ ਦੀ ਤਾਂ ਪੁਗਦੀ ਨਹੀਂ ਸੀ। ਕਰਨੈਲ ਆਪ ਪਿਓ ਦੇ ਸੁਭਾਅ ਉੱਤੇ ਗਿਆ।
ਗੋਂਦੀ ਕੋਲ ਬਾਰਾਂ ਘੁਮਾਂ ਜ਼ਮੀਨ ਸੀ। ਗੋਂਦੀ ਦਾ ਪਿਓ ਖੇਤੀ ਦਾ ਕੰਮ ਕਰਦਾ ਹੁੰਦਾ। ਉਹਦਾ ਤਾਂ ਸੋਹਣਾ ਜੂਨ-ਗੁਜਾਰਾ ਹੁੰਦਾ ਰਿਹਾ ਸੀ। ਉਹ ਬਾਹਮਣ ਘੱਟ ਤੇ ਜੱਟ ਬਹੁਤਾ ਸੀ। ਬਾਹਮਣਾਂ ਵਾਲੇ ਪਖੰਡਾਂ ਵਿਚ ਨਹੀਂ ਪਿਆ। ਨਾ ਹੀ ਜੱਟਾਂ ਦੇ ਘਰਾਂ ਤੋਂ ਮੰਗ ਖਾਣ ਦੀ ਝਾਕ ਰਖਦਾ। ਖੇਤ ਵੱਲ ਹੀ ਉਹਦਾ ਧਿਆਨ ਸੀ। ਦੋ ਬਲਦ ਤੇ ਇਕ ਮੱਝ ਰਖਦਾ। ਸਰੀਰ ਦਾ ਤਕੜਾ ਸੀ। ਉਹਨੇ ਜ਼ਮੀਨ ਨੂੰ ਕਰੜੀ ਕਦੇ ਨਹੀਂ ਸੀ ਹੋਣ ਦਿੱਤਾ। ਪੋਲੀ ਬਣਾ ਕੇ ਰਖਦਾ । ਫਸਲ ਵੀ ਚੰਗੀ ਹੁੰਦੀ। ਉਹ ਤਾਂ ਦਿਨ ਹੀ ਚੰਗੇ ਸਨ। ਗੋਂਦੀ ਦੇ ਪਿਓ ਨੂੰ ਲੋਕ ਜੱਟ-ਬਾਹਮਣ ਆਖਦੇ । ਨਾ ਉਹਨੇ ਕਦੇ ਜਨਿਊ ਪਾਇਆ ਤੇ ਨਾ ਮੱਥੇ ਤਿਲਕ। ਤੇੜ ਕੁਹਾਈ ਪਾ ਕੇ ਰਖਦਾ। ਖੱਦਰ ਦਾ ਕੁੜਤਾ। ਸਿਰ ਉੱਤੇ ਜਾਲਖੀ ਮਲਮਲ ਦਾ ਸਾਫਾ। ਪੈਰਾਂ ਵਿਚ ਖੱਲ-ਧੌੜੀ ਦੀ ਮੋਡੀ ਜੁੱਤੀ। ਸਿਰ-ਮੂੰਹ ਘੋਨ-ਮੋਨ ਬਣਾ ਕੇ ਰਖਦਾ। ਨ੍ਹਾਉਂਦਾ ਕਦੇ ਕਦੇ। ਰਾਤ ਨੂੰ ਰੋਟੀ ਖਾਣ ਬਾਅਦ ਕੱਚਾ ਦੁੱਧ ਉਬਾਲ ਕੇ ਤੇ ਵਿਚ ਖਾਸਾ ਸਾਰਾ ਗੁੜ ਪਾ ਕੇ ਪੀਣਾ ਉਹਦੇ ਲਈ ਅੰਮਿ੍ਤ ਸੀ। ਘਿਓ ਪੂਰਾ ਖਾਂਦਾ । ਬਲਦਾਂ ਨੂੰ ਘਿਓ ਚਾਰਦਾ। ਉਹਦੀਆਂ ਬਾਹਾਂ ਵਿਚ ਲੋਹੇ ਦੀ ਸੱਬਲ ਵਰਗੀ ਤਾਕਤ ਸੀ।
ਪਰ ਗੋਂਦੀ ਨਿਰਾ ਬਾਹਮਣ ਦਾ ਬਾਹਮਣ। ਤੇੜ ਵਿਚ ਲੜ ਟੰਗਵੀਂ ਧੋਤੀ, ਗਲ ਚਿੱਟੇ ਲੱਠੇ, ਚਿੱਟੀ ਪਾਪਲਿਨ ਜਾਂ ਚਿੱਟੀ ਮਲਮਲ ਦਾ ਕੁੜਤਾ। ਕੇਸ-ਦਾੜ੍ਹੀ ਰੱਖ ਕੇ ਮਲਮਲ ਦੀ ਪੱਗ ਬੰਨ੍ਹਦਾ। ਪਿੱਛੇ ਪੱਗ ਦਾ ਲੜ ਟੰਗ ਲੈਂਦਾ। ਹਮੇਸ਼ ਹੀ ਪੱਗ ਨੂੰ ਖੱਟਾ ਰੰਗ ਦਿਵਾ ਕੇ ਰਖਦਾ। ਪੈਰਾਂ ਵਿਚ ਪਊਏ। ਮੱਥੇ ਚੰਦਨ ਦਾ ਤਿਲਕ ਲਾਉਂਦਾ। ਜਿੱਥੇ ਕਿਤੇ ਬੈਠਦਾ, ਬੀੜੀ ਪੀਂਦਾ। ਬੀੜੀਆਂ ਦਾ ਬੰਡਲ ਤੇ ਸੀਖਾਂ ਵਾਲੀ ਡੱਬੀ ਕੁੜਤੇ ਦੇ ਗੀਝੇ ਵਿਚ ਪਾ ਕੇ ਰਖਦਾ। ਮੋਢੇ ਲਾਲ ਪਰਨਾ ਤੇ ਕੱਛ ਵਿਚ ਪੱਤਰਾ| ਗੋਵਿੰਦ- ਬੱਲਭ ਦਾ।
ਗੋਂਦੀ ਦੇ ਪਿਓ ਨੇ ਹੀ ਉਹਨੂੰ ਬਰਨਾਲੇ ਦੀ ਰਿਸ਼ੀਕੁਲ ਪਾਠਸ਼ਾਲਾ ਵਿਚ ਸੰਸਕ੍ਰਿਤ ਦੀ ਪੜ੍ਹਾਈ ਲਈ ਭੇਜਿਆ ਸੀ। ਉਹਦਾ ਪਿਓ ਚਾਹੁੰਦਾ ਹੋਵੇਗਾ ਕਿ ਉਹ ਪੜ੍ਹ-ਲਿਖ ਕੇ ਵੱਡਾ ਪੰਡਤ ਬਣ ਜਾਵੇ ਤੇ ਮੌਜਾਂ ਕਰੇ। ਜ਼ਰੂਰ ਉਹਦਾ ਪਿਓ ਖੇਤੀ ਦੇ ਕੰਮ ਵਿਚ ਦੁਖੀ ਰਹਿੰਦਾ ਹੋਵੇਗਾ। ਏਸੇ ਕਰਕੇ ਉਹਨੇ ਆਪਣੇ ਮੁੰਡੇ ਨੂੰ ਸੰਸਕ੍ਰਿਤ ਦੀ ਪੜ੍ਹਾਈ ਲਈ ਰਿਸ਼ੀ ਕੁਲ ਭੇਜਿਆ ਸੀ। ਪਰ ਉਹਨੂੰ ਕੀ ਪਤਾ ਸੀ ਕਿ ਉਹਦਾ ਇਕੋ-ਇਕ ਮੁੰਡਾ ਗੋਬਿੰਦ ਰਾਮ ਦੋਵੇਂ ਪਾਸਿਆਂ ਤੋਂ ਹੀ ਮਾਰਿਆ ਜਾਵੇਗਾ। ਖੇਤੀ ਫੇਰ ਉਹਤੋਂ ਹੋ ਨਹੀਂ ਸਕੇਗੀ ਤੇ ਵੱਡਾ ਪੰਡਤ ਉਹ ਬਣ ਨਹੀਂ ਸਕੇਗਾ। ਵੱਡਾ ਪੰਡਤ ਬਣਨ ਤੋਂ ਉਹਦਾ ਭਾਵ ਖ਼ਬਰੈ ਕੀ ਸੀ। ਸ਼ਾਇਦ ਵੱਡਾ ਪੰਡਤ ਉਹ ਉਹਨੂੰ ਸਮਝਦਾ ਹੋਵੇਗਾ ਜਿਹੜਾ ਰਾਮਾਇਣ-ਮਹਾਂਭਾਰਤ ਦੀ ਕਥਾ ਕਰੇ। ਕਥਾਵਾਚਕਾਂ ਨੂੰ ਪੂਰੀ ਕਮਾਈ ਹੁੰਦੀ ਹੈ। ਪਰ ਗੋਂਦੀ ਤਾਂ ਕੋਠੇ ਖੜਕ ਸਿੰਘ ਦਾ ਮੰਗ- ਖਾਣਾ ਬਾਹਮਣ ਬਣ ਕੇ ਹੀ ਰਹਿ ਗਿਆ। ਪਾਈਆ-ਪਾਈਆ ਦਾਣਿਆਂ ਖਾਤਰ ਕੱਛ ਵਿਚ ਪੱਤਰਾ ਲੈ ਕੇ ਜੱਟਾਂ ਦੇ ਘਰਾਂ ਵਿਚ ਜਭਕਦਾ ਫਿਰਦਾ। ਅਖੇ, ਗੋਂਦੀ ‘ਪੁੱਛਿਆਂ’ ਦਿੰਦਾ ਹੈ।ਉਹਨੇ ਤਾਂ ਆਪਣੇ-ਆਪ ਨੂੰ ਵੀ ‘ਪੁੱਛਿਆ’ ਦਿੱਤੀ ਹੋਵੇਗੀ। ਜਾਹ, ਜਮੀਨ ਦਾ ਮਾਲਕ ਹੋ ਕੇ ਵੀ ਲੋਕਾਂ ਦੇ ਘਰੋਂ ਮੰਗੇਂ ਖਾਏਂਗਾ।
ਗੋਂਦੀ ਦੇ ਅਗਾਂਹ ਚਾਰ ਕੁੜੀਆਂ ਤੇ ਇਕ ਮੁੰਡਾ ਹੋਇਆ। ਵੱਡੀ ਕੁੜੀ ਤੋਂ ਬਾਅਦ ਮੁੰਡਾ ਜੰਮਿਆ ਸੀ। ਪਰ ਪਤਾ ਨਹੀਂ ਕਿਉਂ ਗੋਂਦੀ ਨੇ ਫੇਰ ਵੀ ਤਿੰਨ ਕੁੜੀਆਂ ਹੋਰ ਜੰਮ ਦਿੱਤੀਆਂ ਸਨ। ਇਕ ਕੁੜੀ ਤੇ ਇਕ ਮੁੰਡਾ ਬਹੁਤ ਸਨ | ਫੇਰ ਬੱਸ ਕਰਦਾ। ਪਰ ਕੀ ਪਤਾ, ਉਹ ਹੋਰ ਮੁੰਡਾ ਚਾਹੁੰਦਾ ਹੋਵੇ। ਪੁੱਛਣ ਵਾਲਾ ਹੋਵੇ, ਹੋਰ ਮੁੰਡੇ ਨੂੰ ਕਿਧਰਲੀ ਜਾਇਦਾਦ ਬੁਸੀ ਜਾਂਦੀ ਸੀ। ਗੋਂਦੀ ਵਿਧਾਤਾ ਉੱਤੇ ਡੋਰਾਂ ਛੱਡ ਦੇਣ ਵਾਲਾ ਵਿਅਕਤੀ ਸੀ । ਜੋ ਕਰ ਰਿਹਾ ਹੈ, ਪਰਮਾਤਮਾ ਠੀਕ ਕਰ ਰਿਹਾ ਹੈ। ਇਹ ਮੁੰਡੇ-ਕੁੜੀਆਂ ਤਾਂ ਰੱਬ ਦੀ ਦੇਣ ਹਨ। ਇਸ ਸ੍ਰਿਸ਼ਟੀ ਵਿਚ ਆ ਜਾਂਦੇ ਹਨ।
ਚਾਰੇ ਕੁੜੀਆਂ ਕਿਵੇਂ ਨਾ ਕਿਵੇਂ ਕਰਕੇ ਤੇ ਥੋੜਾ-ਬਹੁਤਾ ਲੀੜਾ-ਕੱਪੜਾ ਤੇ ਟੂਮ-ਛੱਲਾ ਦੇ-ਦਿਵਾ ਕੇ ਉਹਨੇ ਵਿਆਹ ਦਿੱਤੀਆਂ ਸਨ। ਗਰੀਬ ਘਰਾਂ ਵਿਚ ਵਿਆਹੀਆਂ ਸਨ। ਗਰੀਬ ਘਰ ਤਾਂ ਏਸ ਕਰਕੇ ਭਾਲੇ ਸਨ ਕਿ ਤੰਗ ਨਾ ਕਰਨ। ਪਰ ਹੁਣ ਹਾਲ ਇਹ ਸੀ, ਕੋਈ ਨਾ ਕੋਈ ਕੁੜੀ ਕੋਠੀ ਆ ਕੇ ਹੀ ਬੈਠੀ ਰਹਿੰਦੀ ਤੇ ਮਾਂ ਕੋਲੋਂ ਕੁਝ ਨਾ ਕੁਝ ਲੈ ਕੇ ਜਾਣ ਦੀ ਝਾਕ ਰਖਦੀ । ਹਰ ਸਾਲ ਕਿਸੇ ਨਾ ਕਿਸੇ ਕੁੜੀ ਦੇ ਜਵਾਕ ਜੰਮਦਾ । ਬਹੁਤੇ ਜਾਵਕ ਤਾਂ ਜੰਮਦੇ ਹੀ ਕੋਠੀ ਆ ਕੇ । ਮਾਂ ਚੋਰੀ- ਛੁਪੇ ਏਸੇ ਕੋਸ਼ਿਸ਼ ਵਿਚ ਰਹਿੰਦੀ ਕਿ ਧੀ ਨੂੰ ਵੱਧ ਤੋਂ ਵੱਧ ਦਿੱਤਾ ਜਾਵੇ । ਬਾਹਮਣੀ ਖੁਸ਼ ਰਹੇ।
ਗੋਂਦੀ ਦੇ ਅੰਦਰੋਂ ਹੀ ਕੋਈ ਆਵਾਜ਼ ਆਈ ਸੀ ਕਿ ਨਾ ਤਾਂ ਖੇਤੀ ਦੇ ਕੰਮ ਵਿਚ ਕੁਝ ਪਿਆ ਹੈ ਤੇ ਨਾ ਪੰਡਤਾਂ ਵਾਲੇ ਕੰਮ ਵਿਚ । ਕਿਉਂ ਨਾ ਮੁੰਡੇ ਨੂੰ ਪੜ੍ਹਾਇਆ ਜਾਵੇ । ਉਹ ਦਸ ਜਮਾਤਾਂ ਪਾਸ ਕਰੇ ਤਾਂ ਕੋਈ ਅਫਸਰ ਬਣ ਜਾਵੇ । ਲੋਕਾਂ ਨੂੰ ਲੁੱਟੇ । ਅੰਨ੍ਹੀ ਕਮਾਈ ਕਰੇ । ਸੋ ਬੱਦਰੀ ਨਾਰਾਇਣ ਪਹਿਲਾਂ ਤਾਂ ਚਾਰ ਜਮਾਤਾਂ ਤੱਕ ਪਿੰਡ ਦੇ ਸਕੂਲ ਵਿਚ ਹੀ ਪੜ੍ਹਿਆ। ਫੇਰ ਅੱਠਵੀਂ ਜਮਾਤ ਭਾਈਰੂਪੇ ਤੋਂ ਪਾਸ ਕੀਤੀ। ਤੇ ਫੇਰ ਫੂਲ ਦੇ ਹਾਈ ਸਕੂਲ ਵਿਚੋਂ ਦਸਵੀਂ ਕਰ ਲਈ। ਗੋਂਦੀ ਨੇ ਉਹਨੂੰ ਇਕ ਸਾਈਕਲ ਲੈ ਦਿੱਤਾ ਸੀ। ਉਹ ਨਿੱਤ ਫੂਲ ਪੜ੍ਹਨ ਜਾਂਦਾ। ਸਧਾਣਿਆਂ ਦੇ ਪੁਲ ਤੱਕ ਕੱਚਾ ਰਾਹ ਸੀ। ਕਿਤੇ ਸਾਈਕਲ ਚਲਦਾ, ਕਿਤੇ ਨਾ ਚਲਦਾ। ਪਰ ਸਧਾਣਿਆਂ ਦੇ ਪੁਲ ਤੋਂ ਫੂਲ ਤੱਕ ਤਾਂ ਪੱਕੀ ਸੜਕ ਸੀ। ਬੱਦਰੀ ਸਾਈਕਲ ਦਾ ਬੰਬੂਕਾਟ ਬਣਾ ਦਿੰਦਾ। ਬੱਦਰੀ ਚਾਹੁੰਦਾ ਸੀ, ਦਸਵੀਂ ਤੋਂ ਬਾਅਦ ਉਹ ਹੋਰ ਵੀ ਪੜ੍ਹੇ। ਬਠਿੰਡੇ ਜਾਂ ਮੋਗੇ ਕਾਲਜ ਵਿਚ ਦਾਖਲ ਹੋ ਜਾਵੇ। ਪਰ ਗੋਂਦੀ ਉਹਨੂੰ ਹੁਣੇ ਅਫਸਰ ਬਣਿਆ ਦੇਖਣਾ ਚਾਹੁੰਦਾ ਸੀ। ਉਹ ਕਹਿੰਦਾ, ‘ਕਾਲਜਾਂ ‘ਚ ਪੜ੍ਹਣ ਦੀ ਪਹੁੰਚ ਆਪਣੇ ‘ਚ ਕਿੱਥੇ ਐ। ਤੈਨੂੰ ਕੋਈ ਨੌਕਰੀ ਲੈ ਦਿੰਨੇ ਆਂ। ਮੌਜਾਂ ਕਰੇਂਗਾ।’
ਪੈਰਾਂ ਵਿਚ ਪਊਏ, ਮੋਢੇ ਲਾਲ ਪਰਨਾ ਤੇ ਮੱਥੇ ਤਿਲਕ ਲਾ ਕੇ ਗੋਂਦੀ ਬਹੁਤ ਘੁੰਮਿਆ- ਫਿਰਿਆ। ਜੇਬ ਵਿਚ ਅਲੈਚੀਆਂ ਦੀ ਪੁੜੀ ਰਖਦਾ। ਜਿਸ ਅਫਸਰ ਕੋਲ ਵੀ ਜਾਂਦਾ, ਹੱਥ ਜੋੜ ਕੇ ਖੜ੍ਹ ਜਾਂਦਾ। ਅਫਸਰ ਉਹਦਾ ਚੇਹਰਾ ਦੇਖਕੇ ਮੁਸਕਰਾਉਂਦਾ। ਗੋਂਦੀ ਚੇਹਰੇ-ਮੋਹਰੇ ਤੋਂ ਹੀ ਬਾਹਮਣ ਲਗਦਾ। ਅਫਸਰ ਪੁਛਦਾ, ‘ਸੁਣਾਓ ਦੇਵਤਾ, ਕਿੱਦਾਂ ?’ ਗੋਂਦੀ ਸੋਚਦਾ, ਇੱਥੇ ਕੰਮ ਜ਼ਰੂਰ ਬਣੇਗਾ। ਉਹ ਜੇਬ ਵਿਚੋਂ ਅਲੈਚੀਆਂ ਦੀ ਪੁੜੀ ਕਢਦਾ ਤੇ ਅਫਸਰ ਅੱਗੇ ਪੇਸ਼ ਕਰ ਦਿੰਦਾ। ਅਫਸਰ ਇਕ ਅਲੈਚੀ ਚੁੱਕ ਕੇ ਮੂੰਹ ਵਿਚ ਪਾਉਂਦਾ ਤੇ ਫੇਰ ਮੁਸਕਰਾਉਂਦਾ। ਗੋਂਦੀ ਅਰਜ਼ ਕਰਦਾ, ‘ਮਹਾਰਾਜ, ਇਹ ਲਟਕਾ ਐ ਮੇਰਾ, ਬੱਦਰੀ ਨਾਰਾਇਣ । ਇਸ ਦੀ ਨਿਯੁਕਤੀ ਹੋ ਜਾਵੇ।
ਅਫਸਰ ਬੱਦਰੀ ਨਾਰਾਇਣ ਨੂੰ ਸਵਾਲ ਕਰਦਾ, ‘ਹਾਂ ਬਈ ਜੁਆਨ, ਕਿੰਨੀਆਂ ਜਮਾਤਾਂ ਪਾਸ ਕੀਤੀਆਂ ਨੇ ?’
‘ਮੈਟਰਿਕ ਜੀ।’ ਉਹ ਬੋਲਦਾ।
ਤੇ ਫੇਰ ਅਫਸਰ ਕੋਈ ਮਾਕੂਲ ਜਿਹਾ ਜਵਾਬ ਦੇ ਕੇ ਆਪਣੇ ਕੰਮ ਵਿਚ ਰੁਝ ਜਾਂਦਾ। ਗੋਂਦੀ ਦੀ ਹੋਰ ਗੱਲ ਸੁਣਦਾ ਹੀ ਨਾ। ਪਿਓ-ਪੁੱਤ ਨਿਰਾਸ਼ ਹੋ ਕੇ ਦਫ਼ਤਰੋਂ ਬਾਹਰ ਨਿਕਲ ਆਉਂਦੇ। ਗੋਂਦੀ ਬੀੜੀ ਸੁਲਾਗਾਉਣ ਲਗਦਾ। ਬੱਦਰੀ ਨਰਇਣ ਨੂੰ ਬੜੀ ਖਿਝ ਚੜ੍ਹਦੀ। ਅਫਸਰ ਉੱਤੇ ਘੱਟ ਤੇ ਆਪਣੇ ਬਾਹਮਣ ਬਾਪ ਉੱਤੇ ਬਹੁਤੀ। ਉਹ ਐਵੇਂ ਵਾਧੂ ਹੀ ਮੁੰਡੇ ਨੂੰ ਥਾਂ ਥਾਂ ਘੁੰਮਾਈਂ ਫਿਰਦਾ ਸੀ।
ਕਿਤੇ ਵੀ ਕੋਈ ਨੌਕਰੀ ਨਾ ਮਿਲਦੀ ਦੇਖ ਕੇ ਅਖੀਰ ਮੁੰਡੇ ਨੇ ਫਰੀਦਕੋਟ ਤੋਂ ਸਕੂਲ- ਟੀਚਰ ਦੀ ਟਰੇਨਿੰਗ ਕਰ ਲਈ। ਤੇ ਫੇਰ ਛੀ ਮਹੀਨੇ ਬਠਿੰਡੇ ਦੇ ਚੱਕਰਾਂ ਵਿਚ ਛਿੱਤਰ ਤੁੜਾ ਤੁੜਾ ਨੌਕਰੀ ਲੈ ਲਈ। ਇਕ ਪ੍ਰਾਇਮਰੀ ਸਕੂਲ ਵਿਚ ਆਧਿਆਪਕ ਲੱਗ ਗਿਆ। ਇਹ ਪ੍ਰਾਇਮਰੀ ਸਕੂਲ ਉਹਨਾਂ ਦੇ ਪਿੰਡ ਤੋਂ ਬਹੁਤ ਦੂਰ ਝੁਨੀਰ ਕੋਲ ਘੁੱਦੂਵਾਲੇ ਦਾ ਸੀ। ਉਹ ਸ਼ਨਿਚਰਵਾਰ ਵਾਲੇ ਦਿਨ ਪਿੰਡ ਆਉਂਦਾ ਤੇ ਸੋਮਵਾਰ ਨੂੰ ਸਵੇਰੇ ਸਕੂਲ ਚਲਿਆ ਜਾਂਦਾ। ਘੁੱਦੂਵਾਲੇ ਪਿੰਡ ਵਿਚ ਹੀ ‘ਰਿਹਾਇਸ਼ ਰੱਖ ਲਈ। ਸਕੂਲ ਧਰਮਸ਼ਾਲਾ ਵਿਚ ਸੀ । ਦੋ ਕਮਰੇ ਜਿੰਦਾ-ਕੁੰਡਾ ਲੱਗਣੇ ਵਾਲੇ ਸਨ। ਖੁੱਲ੍ਹਾ ਵਿਹੜਾ ਤੇ ਲੋਹੇ ਦਾ ਗੇਟ। ਵਿਹੜੇ ਵਿਚ ਬੈਠ ਕੇ ਪਿੰਡ ਦੇ ਮੁੰਡੇ-ਕੁੜੀਆਂ ਪੜ੍ਹਦੇ। ਗਰਮੀਆਂ ਵਿਚ ਕਮਰਿਆਂ ਅੱਗੇ ਬਣੇ ਵਰਾਂਢੇ ਵਿਚ ਬੈਠਦੇ। ਇਕ ਕਮਰੇ ਵਿਚ ਸਕੂਲ ਦਾ ਸਾਮਾਨ ਪਿਆ ਰਹਿੰਦਾ। ਇਕ ਮੇਜ਼, ਦੋ ਕੁਰਸੀਆਂ, ਇਕ ਬਲੈਕ- ਬੋਰਡ ਤੇ ਚਾਰ-ਪੰਜ ਤੱਪੜ। ਇਕ ਅਲਮਾਰੀ ਵਿਚ ਸਕੂਲ ਦੇ ਰਜਿਸਟਰ। ਉਹਦਾ ਆਪਣਾ ਮੰਜਾ-ਬਿਸਤਰਾ ਵੀ ਓਸੇ ਕਮਰੇ ਵਿਚ ਹੁੰਦਾ। ਉਸ ਕਮਰੇ ਦੀ ਦੂਜੀ ਅਲਮਾਰੀ ਵਿਚ ਉਹ ਚਾਹ ਦਾ ਸਾਮਾਨ ਰਖਦਾ। ਖੰਡ ਦੀ ਪੀਪੀ ਤੇ ਚਾਹ ਪੱਤੀ ਦਾ ਪੈਕਟ । ਸੀਖਾਂ ਵਾਲੀ ਡੱਬੀ। ਮਿੱਟੀ ਦੇ ਤੇਲ ਦੀ ਬੋਤਲ ਤੇ ਹਵਾ ਭਰਨ ਵਾਲਾ ਸਟੋਵ। ਰੋਟੀ ਉਹਨੇ ਕਦੇ ਨਹੀਂ ਪਕਾਈ ਸੀ। ਇਕੱਲਾ ਜਣਾ ਸੀ। ਸਵੇਰੇ-ਸ਼ਾਮ ਮੁੰਡਿਆਂ ਦੇ ਘਰਾਂ ਤੋਂ ਰੋਟੀ ਆ ਜਾਂਦੀ। ਉਹ ਪਹਿਲੀ ਜਮਾਤ ਦੇ ਮੁੰਡਿਆਂ ਤੋਂ ਰੋਟੀ ਨਹੀਂ ਮੰਗਵਾਉਂਦਾ ਸੀ। ਦੂਜੀ ਤੋਂ ਚੌਥੀ ਤੱਕ ਦੇ ਮੁੰਡਿਆਂ ਦੀ ਵਾਰੀ ਬੰਨ੍ਹੀ ਹੋਈ ਸੀ। ਇਕ ਮੁੰਡਾ ਤੜਕੇ, ਇਕ ਮੁੰਡਾ ਆਥਣੇ । ਸੋਮਵਾਰ ਨੂੰ ਬੱਦਰੀ ਪਹੁ ਪਾਟਣ ਤੋਂ ਵੀ ਪਹਿਲਾਂ ਉੱਠ ਕੇ ਸਧਾਣਿਆਂ ਦੇ ਪੁਲ ਤੱਕ ਤੁਰ ਕੇ ਜਾਂਦਾ । ਓਥੋਂ ਤਾਂਗਾ ਲੈ ਕੇ ਰਾਮਪੁਰਿਓਂ ਗੱਡੀ ਜਾ ਫੜਦਾ। ਬਠਿੰਡੇ ਤੋਂ ਮਾਨਸਾ ਤੱਕ ਜਾਣ ਵਾਲੀ ਵੱਡੀ ਉਹਨੂੰ ਨਾਲ ਦੀ ਨਾਲ ਮਿਲ ਜਾਂਦੀ । ਮਾਨਸਾ ਉਹਦਾ ਸਾਈਕਲ ਰੱਖਿਆ ਹੁੰਦਾ। ਮਾਨਸਾ ਤੋਂ ਝੁਨੀਰ ਵਿਚ ਦੀ ਹੁੰਦੀ ਹੋਈ ਸਰਦੂਲਗੜ੍ਹ ਤੱਕ ਕੱਚੀ ਸੜਕ ਬਣ ਚੁਕੀ ਸੀ। ਝੁਨੀਰ ਜਾ ਕੇ ਉਹ ਘੁੱਦੂਵਾਲੇ ਪਹੁੰਚ ਜਾਂਦਾ। ਕਾਫੀ ਦੇਰ ਨਾਲ ਪਹੁੰਚਦਾ। ਮੁੰਡੇ-ਕੁੜੀਆਂ ਬੈਠੇ ਆਪ ਹੀ ਪੜ੍ਹ ਰਹੇ ਹੁੰਦੇ । ਜਮਾਤਾਂ ਵਿਚ ਥੋੜੇ ਥੋੜੇ ਤਾਂ ਮੁੰਡੇ ਸਨ। ਮਨੀਟਰ ਹੀ ਕੰਮ ਕਰਵਾਉਂਦੇ ਰਹਿੰਦੇ । ਮਾਸਟਰ ਨੇ ਆਉਣਾ ਹੀ ਹੁੰਦਾ । ਸ਼ਰਾਰਤਾਂ ਕਰਨ ਵਾਲੇ ਮੁੰਡਿਆਂ ਦੇ ਨਾਂ ਮਨੀਟਰ ਲਿਖ ਕੇ ਰਖਦਾ। ਮਾਸਟਰ ਆਉਂਦਾ ਤਾਂ ਉਹਨਾਂ ਦੇ ਪੁੱਠੇ ਕੰਨ ਫੜਵਾਏ ਜਾਂਦੇ । ਸੋਮਵਾਰ ਵਾਲੇ ਦਿਨ ਦੋ ਨੰਬਰ ਜਾਣ ਦੀ ਛੁੱਟੀ ਬਹਾਨੇ ਮੁੰਡੇ ਮਾਸਟਰ ਨੂੰ ਦੂਰੋਂ ਆਉਂਦਾ ਦੇਖਣ ਬਾਹਰ ਨਿਕਲਦੇ । ਸੋਮਵਾਰ ਨੂੰ ਉਹ ਦੇਰ ਨਾਲ ਆਉਂਦਾ ਤੇ ਸ਼ਨਿਚਰਵਾਰ ਨੂੰ ਦੋ ਘੰਟੇ ਪੜ੍ਹਾ ਕੇ ਹੀ ਚਲਿਆ ਜਾਂਦਾ । ਪਰ ਇੰਜ ੳਹਨੇ ਪੰਜ-ਛੇ ਮੀਹਨੇ ਹੀ ਕੀਤਾ। ਫੇਰ ਪੰਦਰਾਂ ਦਿਨਾਂ ਬਾਅਦ ਜਾਣ ਲੱਗਿਆ। ਤੇ ਫੇਰ ਮਹੀਨੇ ਪਿੱਛੋਂ। ਹੁਣ ਮਹੀਨੇ ਪਿੱਛੋਂ ਜਾਣਾ ਤਾਂ ਉਹਦਾ ਪੱਕਾ ਹੀ ਸੀ । ਤਨਖ਼ਾਹ ਮਿਲਦੀ ਤਾਂ ਉਹ ਇਕ ਗੇੜਾ ਪਿੰਡ ਦਾ ਜ਼ਰੂਰ ਮਾਰਦਾ। ਘਰਦਿਆਂ ਨੂੰ ਤਨਖ਼ਾਹ ਦੇ ਕੁਝ ਪੈਸੇ ਦੇ ਆਉਂਦਾ।
ਘੁਦੂਵਾਲੇ ਬੱਦਰੀ ਨਾਰਾਇਣ ਨੂੰ ਵਿਹਲ ਹੀ ਵਿਹਲ ਸੀ। ਚਾਰ-ਪੰਜ ਘੰਟੇ ਮੁੰਡੇ-ਕੁੜੀਆਂ ਨੂੰ ਪੜ੍ਹਾ ਕੇ ਉਹ ਧਰਮਸ਼ਾਲਾ ਦੇ ਕਮਰੇ ਵਿਚ ਸਾਰਾ ਦਿਨ ਪਿਆ ਰਹਿੰਦਾ। ਪਿੰਡ ਵਿਚ ਉਹ ਘੱਟ ਹੀ ਜਾਂਦਾ। ਪਿੰਡ ਦੇ ਲੋਕ ਉਹਦੇ ਕੋਲ ਆਉਂਦੇ ਰਹਿੰਦੇ। ਬੁੱਢੇ, ਜਵਾਨ ਤੇ ਅਣਪੜ੍ਹ ਛੋਟੇ ਮੁੰਡੇ।ਉਹਨਾਂ
ਨਾਲ ਵੀ ਉਹ ਸਾਰਾ ਦਿਨ ਕੀ ਗੱਲਾਂ ਮਾਰ ਸਕਦਾ। ਉਹਨੇ ਗਿਆਨੀ ਦਾ ਇਮਤਿਹਾਨ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਗਿਆਨੀ ਤੋਂ ਬਾਅਦ ਐਫ਼.ਏ. ਦੀ ਅੰਗਰੇਜ਼ੀ। ਤੇ ਫੇਰ ਬੀ. ਏ. ਦੀ ਅੰਗਿਰੇਜ਼ੀ। ਬੀ.ਏ. ਦੀ ਅੰਗਰੇਜ਼ੀ ਤੋਂ ਬਾਅਦ ਡਿਗਰੀ ਲੈਣ ਲਈ ਇਕਨਾਮਿਕਸ ਦਾ ਸਬਜੈਕਟ ਪੜ੍ਹਨ ਲੱਗਿਆ। ਇਕਨਾਮਿਕਸ ਪੜ੍ਹਦਿਆਂ ਉਹਨੂੰ ਇਹ ਵਿਸ਼ਾ ਬੜਾ ਹੀ ਦਿਲਚਸਪ ਲੱਗਿਆ। ਇਸ ਵਿਚ ਤਾਂ ਦੇਸ ਦੀ ਅਮੀਰੀ-ਗਰੀਬੀ ਦੀਆਂ ਗੱਲਾਂ ਵੀ ਸਨ । ਉਹਨੇ ਇਕਨਾਮਿਕਸ ਦੀਆਂ ਹੋਰ ਕਿਤਾਬਾਂ ਵੀ ਪੜ੍ਹੀਆਂ। ਇਕ ਰਾਤ ਉਹਦੇ ਕੋਲ ਮਾਨਸਾ ਦਾ ਇਕ ਕਾਮਰੇਡ ਆ ਕੇ ਠਹਿਰਿਆ। ਕਾਮਰੇਡ ਨਾਲ ਗੱਲ ਛਿੜੀ ਤਾਂ ਕਾਮਰੇਡ ਨੇ ਉਹਦੀ ਦਿਲਚਸਪੀ ਦੇਖ ਕੇ ਉਹਨੂੰ ਹੋਰ ਕਿੰਨੀਆਂ ਹੀ ਗੱਲਾਂ ਸਮਝਾਈਆਂ। ਜਾਂਦਾ ਹੋਇਆ ਤੜਕੇ ਉਹਨੂੰ ਦੋ ਕਿਤਾਬਾਂ ਦੇ ਗਿਆ। ਇਹ ਪੰਜਾਬੀ ਵਿਚ ਅਨੁਵਾਦ ਕੀਤੀਆਂ ਹੋਈਆਂ ਕਿਤਾਬਾਂ ਸਨ। ਰੂਸੀ ਕਿਤਾਬਾਂ । ਇਹ ਪੜ੍ਹ ਕੇ ਬੱਦਰੀ ਨਾਰਾਇਣ ਦੀਆਂ ਤਾਂ ਜਿਵੇਂ ਅੱਖਾਂ ਖੁੱਲ੍ਹ ਗਈਆਂ ਹੋਣ। ਉਹਨੂੰ ਆਮ ਲੋਕਾਂ ਦੀ ਜਹਾਲਤ ਸਮਝ ਆਉਣ ਲੱਗੀ। ਤੇ ਫੇਰ ਉਹਨੇ ਹੋਰ ਰੂਸੀ ਕਿਤਾਬਾਂ ਦੇ ਪੰਜਾਬੀ ਅਨੁਵਾਦ ਲਿਆ ਕੇ ਪੜ੍ਹੇ। ਕਾਮਰੇਡ ਨੂੰ ਮਿਲਣ ਲਈ ਉਹ ਕਦੇ ਕਦੇ ਮਾਨਸਾ ਵੀ ਜਾਂਦਾ ।
ਉਹਨੇ ਦੋ ਸਾਲਾਂ ਦੇ ਸਮੇਂ ਵਿਚ ਹੀ ਰੂਸ ਦਾ ਢੇਰ ਸਾਰਾ ਸਮਾਜਵਾਦੀ ਸਾਹਿਤ ਪੜ੍ਹ ਲਿਆ । ਬੀ.ਏ ਦੀ ਇਕਲਾਮਿਕਸ ਤਾਂ ਵਿੱਚੇ ਹੀ ਰਹਿ ਗਈ। ਉਹਨੂੰ ਲਗਦਾ ਜਿਵੇਂ ਮਾਰਕਸ ਸੰਸਾਰ ਭਰ ਦੇ ਗੁਰੂਆਂ ਦਾ ਗੁਰੂ ਹੋਵੇ। ਗੋਰਕੀ, ਚੈਖਵ, ਤੁਰਗਨੇਵ, ਟਾਲਸਟਾਏ, ਦਸਤੋਵਸਕੀ ਤੇ ਸ਼ੋਲੋਖੋਵ ਜਿਵੇਂ ਉਹਦੇ ਆਪਣੇ ਦੇਸ ਬਾਰੇ ਹੀ ਕਹਾਣੀਆਂ ਸੁਣਾ ਰਹੇ ਹੋਣ। ਤੇ ਫੇਰ ਇਲਾਕੇ ਦੇ ਪਾਰਟੀ ਵਰਕਰ ਉਹਦੇ ਕੋਲ ਆ ਕੇ ਰਾਤਾਂ ਕਟਦੇ | ਅੱਧੀ ਅੱਧੀ ਰਾਤ ਬੱਦਰੀ ਨਾਰਾਇਣ ਉਹਨਾਂ ਨਾਲ ਰਾਜਨੀਤਕ ਬਹਿਸਾਂ ਕਰਦਾ। ਘੁੱਦੂਵਾਲੇ ਦੇ ਲੋਕ ਮਾਸਟਰ ਕੋਲ ਰਾਤ-ਬਰਾਤੇ ਆਏ-ਗਏ ਬੰਦਿਆਂ ਦੀ ਪੂਰੀ ਬਿੜਕ ਰਖਦੇ । ਮਾਸਟਰ ਦੀ ਪਿੱਠ ਪਿੱਛੇ ਕੋਸਦੇ ਵੀ, ਪਰ ਉਹਨੂੰ ਕੋਈ ਕਹਿੰਦਾ ਕੁਝ ਨਾ। ਉਹਨੂੰ ਕੋਈ ਆਖਦਾ ਵੀ ਕੀ, ਮੁੰਡੇ-ਕੁੜੀਆਂ ਨੂੰ ਪੜ੍ਹਾਉਣ ਵੇਲੇ ਉਹ ਪੂਰੀ ਮਿਹਨਤ ਕਰਦਾ। ਉਹਦੇ ਵਿਚ ਹੋਰ ਕੋਈ ਵੀ ਨੁਕਸ ਨਹੀਂ ਸੀ, ਜੀਹਦਾ ਲੋਕ ਰੌਲਾ ਪਾਉਂਦੇ ।
11
ਗੋਂਦੀ ਆਪਣੀ ਜ਼ਮੀਨ ਹਿੱਸੇ ਉੱਤੇ ਦੇ ਕੇ ਰਖਦਾ। ਬੁਰਜ ਗਿੱਲਾਂ ਵਾਲੇ ਪਾਸੇ ਬਾਰਾਂ ਘੁਮਾਂ ਦਾ ਇਹ ਇਕੋ ਟੱਕ ਸੀ। ਜਦੋਂ ਤੋਂ ਉਹਦੇ ਮਾਂ-ਪਿਓ ਮਰੇ ਸਨ, ਓਦੋਂ ਤੋਂ ਹੀ ਉਹ ਘਰ ਵਿਚ ਇਕ ਗਊ ਲਵੇਰੀ ਰਖਦਾ। ਮਾਂ-ਬਾਪ ਦੇ ਜਿਉਂਦਿਆਂ ਤਾਂ ਮੈਂਸ ਹੁੰਦੀ। ਉਹਦਾ ਪਿਓ ਜਦੋਂ ਬੁੜ੍ਹਾ ਹੋ ਗਿਆ ਸੀ ਤੇ ਖੇਤੀ ਦਾ ਕੰਮ ਛੱਡ ਦਿਤਾ ਸੀ, ਕਬੀਲਦਾਰੀ ਗੋਂਦੀ ਦੇ ਸਿਰ ਆ ਪਈ ਸੀ, ਓਦੋਂ ਤੋਂ ਹੀ ਇਹ ਘਰ ਇਕ ਕਿਸਾਨ ਦੇ ਘਰ ਤੋਂ ਪੱਤਰਾ ਵਾਚਣ ਵਾਲੇ ਬਾਹਮਣ ਦੇ ਘਰ ਵਿਚ ਤਬਦੀਲ ਹੋਣਾ ਸ਼ੁਰੂ ਹੋ ਗਿਆ ਸੀ। ਪਹਿਲਾਂ ਬਲਦ ਵਿਕੇ, ਫੇਰ ਖੇਤੀ-ਬਾੜੀ ਦੇ ਸੰਦ ਵਿਕਣ ਲੱਗੇ। ਗੋਂਦੀ ਦੇ ਪਿਓ ਦੀਆਂ ਅੱਖਾਂ ਸਾਹਮਣੇ ਹੀ ਸੰਦ ਵਿਕਦੇ। ਸਭ ਤੋਂ ਪਹਿਲਾਂ ਗੱਡਾ ਵਿਕਿਆ, ਹਲ ਗਿਆ, ਪੰਜਾਲੀ ਗਈ ਤੇ ਫੇਰ ਸਲੰਘਾਂ-ਤੰਗਲੀਆਂ ਤੇ ਜਿੰਦਰਾ । ਉਹਦੀਆਂ ਅੱਖਾਂ ਵਿਚ ਖੂਨ ਉੱਤਰਦਾ, ਮੱਥਾ ਤਪਣ ਲਗਦਾ, ਕਾਲਜੇ ਖੋਹ ਪੈਂਦੀ। ਪਰ ਉਹ ਚੁੱਪ-ਕੀਤਾ ਹੀ ਝਾਕਦਾ ਰਹਿ ਜਾਂਦਾ । ਕੋਈ ਪੇਸ਼ ਨਾ ਜਾਂਦੀ । ਜਿਵੇਂ ਕੋਈ ਉਹਦੇ ਅੰਗ ਕੱਟ ਕੱਟ ਵੇਚ ਰਿਹਾ ਹੋਵੇ।
ਗੋਂਦੀ ਤਿੰਨ ਸਾਲਾਂ ਤੋਂ ਵੱਧ ਲਗਾਤਾਰ ਕਿਸੇ ਜੱਟ ਨੂੰ ਜ਼ਮੀਨ ਨਾ ਦਿੰਦਾ। ਉਹਨੂੰ ਕਿਸੇ ਨੇ ਕਾਨੂੰਨ ਦੱਸਿਆ ਸੀ ਕਿ ਜੇ ਤਿੰਨ ਸਾਲਾਂ ਤੋਂ ਵੱਧ ਕਿਸੇ ਇਕ ਕੋਲ ਜ਼ਮੀਨ ਦੀ ਗਿਰਦਾਵਰੀ ਹੁੰਦੀ ਰਹੇ ਤਾਂ ਉਹ ਜ਼ਮੀਨ ਦੱਬ ਸਕਦਾ ਹੈ। ਪਤਾ ਨਹੀਂ, ਇਹ ਕਾਨੂੰਨ ਹੈਗਾ ਸੀ ਜਾਂ ਨਹੀਂ, ਪਰ ਗੋਂਦੀ ਨੂੰ ਡਰ ਜ਼ਰੂਰ ਸੀ। ਕੀ ਪਤਾ ਜੱਟਾਂ ਦਾ, ਫੇਰ ਕੀਹਨੇ ਪੁੱਛਣਾ ਹੈ। ਜੱਟ ਜੱਟਾਂ ਦੇ, ਭੋਲੂ ਨਾਰਾਇਣ ਦਾ ।
ਉਹਦੀ ਜ਼ਮੀਨ ਹਿੱਸੇ ਉੱਤੇ ਲੈਣ ਲਈ ਇਕ ਸਾਲ ਪਹਿਲਾਂ ਹੀ ਦੂਜਾ ਜੱਟ ਉਹਦੇ ਘਰ ਗੇੜੇ ਮਾਰਨੇ ਸ਼ੁਰੂ ਕਰ ਦਿੰਦਾ। ਜਿਹੜਾ ਵੀ ਕੋਈ ਗੋਂਦੀ ਨੂੰ ਬਹੁਤੀ ‘ਮਾਰਾਜ’ ਬੁਲਾਉਂਦਾ, ਉਹ ਚੌਥੇ ਸਾਲ ਓਸੇ ਨੂੰ ਜ਼ਮੀਨ ਦੇ ਦਿੰਦਾ।
ਦੂਜੇ ਜੱਟ ਉਹਨੂੰ ਸਿਖਾਉਣ ਲਗਦੇ, ‘ਪੰਡਤਾ, ਖੇਤ ਦਾ ਗੇੜਾ-ਫੇੜਾ ਰੱਖਿਆ ਕਰ । ਹਿੱਸੇ-ਆਲਾ ਤਾਂ ਚੂਹੀ ਆਂਗੂੰ ਕੁਤਰਦਾ ਰਹਿੰਦੈ।’ ਸਿੱਖਿਆ-ਸਿਖਾਇਆ ਉਹ ਖੇਤ ਜਾਂਦਾ, ਤਾਂ ਅਗਲਾ ਹੱਥਲਾ ਕੰਮ ਛੱਡ ਕੇ ਉਹਦੇ ਪੈਰਾਂ ਨੂੰ ਹੱਥ ਲਾਉਂਦਾ। ਬੈਠਣ ਲਈ ਕੁਝ ਦੇ ਕੇ ਗੋਂਦੀ ਦੀਆਂ ਤਾਰੀਫ਼ਾਂ ਕਰਨ ਲਗਦਾ। ਆਪਣੇ-ਆਪ ਵਿਚ ਚੌੜਾ ਹੋਇਆ ਉਹ ਖੇਤ ਦੀ ਫਸਲ ਵੱਲ ਤਾਂ ਝਾਕਦਾ ਹੀ ਨਾ।
ਤੇ ਫੇਰ ਹਾੜ੍ਹੀ ਦੀ ਵਾਢੀ ਵੇਲੇ ਬੱਦਰੀ ਦੀ ਮਾਂ ਉਹਨੂੰ ਖੇਤ ਭੇਜਦੀ ਤੇ ਤਾੜਦੀ ‘ਦੇਖ ਤਾਂ ਆ, ਕਿੰਨੀ ਫਸਲ ਹੋਈ ਐ ?’ ਉਹ ਸੁਭਾਇਕੀ ਜਿਹਾ ਖੇਤ ਗੇੜਾ ਮਾਰਦਾ ਤੇ ਵਢਾਵਿਆਂ ਨਾਲ ਗੱਲਾਂ ਕਰਕੇ ਮੁੜ ਆਉਂਦਾ। ਉਹਨੂੰ ਕੋਈ ਤੱਕ ਨਾ ਹੁੰਦੀ ਕਿ ਕਣਕ ਕਿੰਨੀ ਕੁ ਹੋ ਜਾਵੇਗੀ। ਪਿੜਾਂ ਵਿਚ ਕਣਕ ਦਾ ਲਾਂਗਾ ਲਿਆ ਕੇ ਸੁੱਟਿਆ ਜਾਂਦਾ ਤਾਂ ਉਹ ਉਸ ਦਿਨ ਹੀ ਪਤਾ ਲੈਂਦਾ ਜਦੋਂ ਕਣਕ ਵੰਡਣੀ ਹੁੰਦੀ। ਉਹਦੀ ਘਰਵਾਲੀ ਕੋਈ ਗੱਲ ਆਖਦੀ ਜਾਂ ਕੋਈ ਹੋਰ ਬੰਦਾ ਉਹਨੂੰ ਕੋਈ ਗੱਲ ਸਮਝਾਉਂਦਾ ਤਾਂ ਉਹ ਉਲਟਾ ਜਵਾਬ ਦਿੰਦਾ, ‘ਮੈਂ ਨਹੀਂ ਦੇਖਦਾ ਤਾਂ ਉੱਤੇ ਪਰਮਾਤਮਾ ਤਾਂ ਦੇਖਦੈ। ਐਸੀ ਗੱਲ ਹੋ ਈ ਨਹੀਂ ਸਕਦੀ । ਬੰਦੇ ਵਿਸ਼ਵਾਸ ਵਾਲੇ ਨੇ । ਇਸ ਤਰ੍ਹਾਂ ਨਹੀਂ ਕਰਨ ਵਾਲੇ। ਸੱਜਣ ਪੁਰਸ਼ ਨੇ।’
ਗੋਂਦੀ ਭੋਲ਼ੇ ਨੂੰ ਕੀ ਪਤਾ ਕਿ ਲਾਂਗੇ ਦਾ ਗੱਡਾ ਤਾਂ ਰਾਤੋ-ਰਾਤ ਹੀ ਕਿਸੇ ਹੋਰ ਪਿੜ ਵਿਚ ਪੁਚਾਇਆ ਜਾ ਸਕਦਾ ਹੈ। ਜਾਂ ਖੇਤ ਵਿਚ ਹੀ ਥੋੜੀ-ਘਣੀ ਕਣਕ ਟੰਬਿਆਂ ਨਾਲ ਕੁੱਟ-ਕੁੱਟ ਕੱਢ ਲਈ ਜਾਂਦੀ ਹੈ। ਜਾਂ ਕਣਕ ਦਾ ਬੋਹਲ ਕਿਹੜਾ ਆਪ ਬੋਲਦਾ ਹੈ ਕਿ ਉਹਦੇ ਵਿਚੋਂ ਪੰਜ- ਸੱਤ ਬੋਰੀਆਂ ਰਾਤ ਦੇ ਓਹਲੇ ਵਿਚ ਚੁੱਪ ਕਰਕੇ ਖਿਸਕਾ ਲਈਆਂ ਗਈਆਂ ਹਨ।
ਜਿੰਨੀ ਕਣਕ ਅਗਲਾ ਆਪਣੇ ਈਮਾਨ ਨਾਲ ਦਿੰਦਾ, ਉਹ ਪਿੜਾਂ ਵਿਚੋਂ ਚੁਕਵਾ ਲਿਆਉਂਦਾ। ਪਿੜਾਂ ਵਿਚ ਵੀ ਕਾਹਨੂੰ ਜਾਂਦਾ, ਜੱਟ ਆਪ ਹੀ ਗੱਡੇ ਵਿਚ ਪਾ ਕੇ ਉਹਦੇ ਘਰ ਛੱਡ ਜਾਂਦਾ । ਕਮਾਲ ਦੀ ਗੱਲ, ਓਹੀ ਜੱਟ ਹਾੜ੍ਹੀ ਦੇ ਦਾਣਿਆਂ ਵਿਚੋਂ ਮਣ ਦੋ ਮਣ ਦਾਣੇ ਗੋਂਦੀ ਦੇ ਘਰ ‘ਰਿੜੀ’ ਵਜੋਂ ਵੀ ਸੁੱਟ ਜਾਂਦਾ । ਗੋਂਦੀ ਨੂੰ ਆਪਣੀ ਜ਼ਮੀਨ ਵਿਚੋਂ ਆਈ ਕਣਕ ਦਾ ਐਨਾ ਹੌਸਲਾ ਨਾ ਹੁੰਦਾ, ਜਿੰਨਾਂ ਅਭਿਮਾਨ ਉਹਨੂੰ ਇਸ ‘ਰਿੜੀ’ ਦਾ ਹੁੰਦਾ ਸੀ। ਉਹ ਸੋਚਦਾ, ਜੱਟ ਉਹਦੀ ਕਿੰਨੀ ‘ਮੰਨਤਾ’ ਕਰਦੇ ਹਨ।
ਬਹੁਤਾ ਕਰਕੇ ਗੋਂਦੀ ਦੀ ਜ਼ਮੀਨ ਪ੍ਰੀਤਮ, ਮਿਲਖੇ ਫੌਜੀ ਦਾ ਮੁੰਡਾ ਕਰਨੈਲ ਜਾਂ ਨਾਜਰ ਵਾਹੁੰਦਾ। ਪ੍ਰੀਤਮ ਦੀ ਮਾਂ ਗੋਂਦੀ ਕੇ ਘਰ ਕਦੇ ਗੇੜਾ ਮਾਰਦੀ। ਗੋਂਦੀ ਦੇ ਘਰਵਾਲੀ ਕਸ਼ੱਲਿਆ ਉਹਦੇ ਨਾਲ ਗੱਲੀਂ ਪੈ ਜਾਂਦੀ ਤੇ ਚਾਹ ਧਰ ਲੈਂਦੀ। ਪਰ ਪ੍ਰੀਤਮ ਦੀ ਮਾਂ ਚਾਹ ਦੀ ਬਾਟੀ ਚੁਕਦੀ ਹੀ ਨਾ। ਆਖਦੀ, ‘ਨਾ ਅੰਮਾਂ ਜੀ, ਪੰਡਤਾਂ ਦੇ ਘਰ ਦਾ ਨੀ ਮੈਂ ਖਾ-ਪੀ ਸਕਦੀ। ਐਮੇਂ ਦੋਸ ਚੜ੍ਹਣੋਂ। ਪੰਡਤਾਂ ਨੂੰ ਖਵਾਈਂਦਾ ਹੁੰਦੈ ਕਿ ਖਾਈਂਦਾ ਹੁੰਦੈ ?’ ਪਰ ਕਸ਼ੱਲਿਆ ਮੱਲੋ-ਮੱਲੀ ਉਹਨੂੰ ਚਾਹ ਪਿਆ ਦਿੰਦੀ। ਆਖਦੀ, ‘ਚੰਗਾ ਹੁਣ ਤਾਂ ਬਣ ਗੀ। ਮੈਂ ਤਾਂ ਤੇਰੇ ਕਰਕੇ ਈ ਬਣਾਈ ਸੀ । ਹੁਣ ਪੀ ਲੈ, ਫੇਰ ਨਾ ਕਦੇ ਪੀਈਂ ।’ ਉਹ ਪੀ ਲੈਂਦੀ ਪਰ ਓਸੇ ਵੇਲੇ ਆਪਣੇ ਘਰੋਂ ਤੌੜੀ ਵਿਚੋਂ ਲਾਹ ਕੇ ਤੱਤੇ ਦੁੱਧ ਦੀ ਗੜਵੀ ਦੇ ਜਾਂਦੀ। ਬਾਹਮਣਾਂ ਦੇ ਘਰ ਦੇ ਖਾਧੇ ਦਾ ਦੋਸ਼ ਉਤਾਰ ਲੈਂਦੀ। ਪਰ ਇਹ ਸਭ ਪਖੰਡ ਸੀ। ਪਿਛਲੇ ਸਾਲ ਜਦੋਂ ਪ੍ਰੀਤਮ ਕੋਲ ਗੋਂਦੀ ਦੀ ਜ਼ਮੀਨ ਸੀ, ਚਾਰ ਘੁਮਾਂ ਮੱਕੀ ਬੀਜੀ ਹੋਈ ਸੀ। ਪਹਿਲਾਂ ਤਾਂ ਵਿਚੋਂ ਵਿਚੋਂ ਖੱਸੀ ਟਾਂਡੇ ਪ੍ਰੀਤਮ ਨੇ ਘਰ ਲਿਆ ਕੇ ਕੁਤਰਾ ਕਰਕੇ ਆਪਣੇ ਪਸੂਆਂ ਨੂੰ ਚਾਰੇ । ਜਦੋਂ ਕਿ ਗੋਂਦੀ ਦੇ ਘਰ ਵੀ ਤਾਂ ਗਊ ਖੜ੍ਹੀ ਸੀ । ਗਊ ਖਾਤਰ ਤਾਂ ਮੱਕੀ ਦਾ ਹਰਾ ਇਕ ਦਿਨ ਵੀ ਨਾ ਆਇਆ। ਫੇਰ ਛੱਲੀਆਂ ਪੱਕੀਆਂ ਤਾਂ ਦੋ ਵਾਰ ਹੀ ਪ੍ਰੀਤਮ ਦੀ ਮਾਂ ਗੋਂਦੀ ਦੇ ਘਰ ਛੱਲੀਆਂ ਦੇ ਕੇ ਗਈ, ਉਹ ਵੀ ਇਕ ਵਾਰੀਂ ਦਸ ਛੱਲੀਆਂ ਤੇ ਇਕ ਵਾਰੀਂ ਪੰਦਰਾਂ ਛੱਲੀਆਂ, ਜਦੋਂ ਕਿ ਪ੍ਰੀਤਮ ਦੇ ਘਰ ਕੱਖਾਂ ਦੀਆਂ ਭਰੀਆਂ ਵਿਚ ਛੁਪਾ ਕੇ ਨਿੱਤ ਛੱਲੀਆਂ ਲਿਆਂਦੀਆਂ ਜਾਂਦੀਆਂ। ਆਥਣ- ਉੱਗਣ ਪ੍ਰੀਤਮ ਕੇ ਜਵਾਕ ਛੱਲੀਆਂ ਚਬਦੇ। ਤੋੜੀਆਂ ਹੋਈਆਂ ਛੱਲੀਆਂ ਵਾਲੇ ਟਾਂਡੇ ਵੀ ਕੱਖਾਂ ਦੀ ਭਰੀ ਵਿਚ ਛੁਪਾ ਕੇ ਲਿਆਂਦੇ ਜਾਂਦੇ । ਤੇ ਫੇਰ ਪੱਕ ਚੁੱਕੀ ਮੱਕੀ ਦੇ ਛੇਰ ਲੱਗੇ। ਛੌਰਾਂ ਵਿਚੋਂ ਵੀ ਛੱਲੀਆਾ ਗਾਇਬ ਹੁੰਦੀਆਂ ਰਹੀਆਂ। ਪ੍ਰੀਤਮ ਕੇ ਜਵਾਕ ਤਾਂ ਨਿੱਤ ਭੱਠੀ ਉੱਤੇ ਮੱਕੀ ਦੇ ਦਾਣੇ ਭੁੰਨਾਉਣ ਜਾਂਦੇ । ਗੱਲ ਕੀ ਮੱਕੀ ਨਿੱਕਲੀ ਤਾਂ ਅੱਧ ਦੀ ਥਾਂ ਉਹਦਾ ਚੌਥਾ ਹਿੱਸਾ ਮਸਾਂ ਗੋਂਦੀ ਦੇ ਘਰ ਆਇਆ। ਪ੍ਰੀਤਮ ਦੀ ਮਾਂ ਨੂੰ ਕੀ ਇਸ ਸਭ ਕਾਸੇ ਦਾ ਪਤਾ ਨਹੀਂ ਸੀ ? ਕੀ ਗੋਂਦੀ ਬਾਹਮਣ ਦੇ ਖੇਤ ਵਿਚ ਬੀਜੀ ਮੱਕੀ ਵਿਚੋਂ ਗੋਂਦੀ ਦੇ ਹਿੱਸੇ ਦੀ ਚੋਰੀ ਕੋਈ ਦੋਸ਼ ਨਹੀਂ ਸੀ ? ਪਰ ਗੋਂਦੀ ਨੂੰ ਵਿਸ਼ਵਾਸ ਸੀ ਕਿ ਉਹਦੇ ਘਰ ਦਾ ਕੋਈ ਨਹੀਂ ਖਾਂਦਾ । ਲੋਕ ਉਹਦੀ ‘ਮੰਨਤਾ’ ਕਰਦੇ ਹਨ। ਉਹਨੂੰ ‘ਮਾਰਾਜ’ ਬੁਲਾਉਂਦੇ ਹਨ।
ਹਾੜ੍ਹੀ ਦੇ ਦਾਣੇ ਖੇਤ ਵਿਚੋਂ ਜਿਹੜੇ ਗੋਂਦੀ ਨੂੰ ਆਉਂਦੇ, ਉਹ ਵੇਚ-ਵੱਟ ਲੈਂਦਾ। ਪੈਸੇ ਘਰ ਦੀ ਕਬੀਲਦਾਰੀ ਵਿਚ ਖਰਚ ਹੋ ਜਾਂਦੇ। ਕੁੜੀ ਕੋਈ ਨਾ ਕੋਈ ਆਈ ਰਹਿੰਦੀ। ਖਾਣ ਨੂੰ ਰੱਖੀ ਕਣਕ ਤਾਂ ਛੇਤੀ ਹੀ ਮੁੱਕ ਜਾਂਦੀ । ਤੇ ਫੇਰ ਡੂਢੀ-ਸਵਾਈ ਉੱਤੇ ਦਾਣੇ ਲੈ ਲੈ ਖਾਂਦੇ। ਪੱਤਰਾ ਦੇਖਣ ਤੇ ਹੋਰ ਪੁੰਨ-ਦਾਨ ਦਾ ਐਨਾ ਕੁਝ ਕਿੰਨਾ ਕੁ ਆਉਂਦਾ। ਉਹ ਤਾਂ ਐਵੇਂ ਚਹੇਡਾਂ ਸਨ, ਜੀਹਨੂੰ ਗੋਂਦੀ ਆਪਣੀ ‘ਕਮਾਈ’ ਸਮਝਦਾ। ਸੌਣੀ ਦੀ ਫਸਲ ਤਾਂ ਉਹਦੇ ਪੱਲੇ ਘੱਟ ਹੀ ਪੈਂਦੀ। ਲੋਕ ਉਹਨੂੰ ਸਲਾਹ ਦਿੰਦੇ, ‘ਪੰਡਤਾ, ਖੋਤੋਂ ਆਈ ਫ਼ਸਲ ਜੇ ਤੂੰ ਵੇਚ ਈ ਲੈਣੀ ਹੁੰਦੀ ਐ ਤਾਂ ਜ਼ਮੀਨ ਨੂੰ ਠੇਕੇ ‘ਤੇ ਈ ਦੇ ਦਿਆ ਕਰ। ਹਿੱਸੇ ਆਲੇ ਤੋਂ ਤੂੰ ਲੈਨਾਂ ਵੀ ਕੀਹ ਐਂ ?’
ਉਹ ਜਵਾਬ ਦਿੰਦਾ, ‘ਵਾਹ ਬਈ ਵਾਹ, ਹਿੱਸੇ ’ਤੇ ਦੇਣ ਨਾਲ ਖੇਤ ਜਾ ਆਈਂਦੈ ਆਵਦੇ। ਠੇਕੇ ‘ਤੇ ਦੇ ਕੇ ਫੇਰ ਕੀ ਲੈਣਾ ਹੁੰਦੈ ?’
‘ਖੇਤ ਤਾਂ ਪੰਡਤਾ ਤੂੰ ਬੜਾ ਜਾਨੈਂ, ਮਾਰ ਕੇ ।’
‘ਜਾਂਦਾ ਕਿਉਂ ਨੀ, ਕਦੇ ਕਦੇ ਤਾਂ ਜਾਨਾਂ ਈ ਆਂ।’
‘ਜਾਨੈਂ ਤਾਂ ਪੂਰੇ ਦਾਣੇ ਲਿਆ ਕਰ ਅਗਲੇ ਤੋਂ। ਐਥੇ ਕੱਛ ‘ਚ ਪੱਤਰਾ ਜ੍ਹਾ ਦੇ ਕੇ ਲੋਕਾਂ ਦੇ ਘਰੀਂ ਫਿਰਦਾ ਰਹਿਨੈਂ।’ ਗੱਲ ਕਹਿਣ ਵਾਲਾ ਉਹਨੂੰ ਪੂਰਾ ਚਕਰਿਆਂਉਂਦਾ।
ਗੋਂਦੀ ‘ਹਰੀਓਮ’ ਬੋਲਦਾ ਤੇ ਅਗਾਂਹ ਤੁਰ ਜਾਂਦਾ।
ਉਹਦੀ ਪਿੱਠ ਪਿੱਛੇ ਸੱਥ ਵਿਚ ਲੋਕ ਗੱਲਾਂ ਕਰਦੇ। ਕੋਈ ਆਖਦਾ, ‘ਜਿਮੇਂ ਐਨੀ ਜ਼ਮੀਨ ਐ ਇਹਦੇ ਕੋਲ, ਆਪ ਵਾਹੀ ਕਰੇ, ਮੌਜਾਂ ਕਰੇ ਇਹ ਤਾਂ।’
‘ਵਾਹੀ ਨਾ ਕਰੂ ਏਹੇ। ਜੀਹਨੂੰ ਮੰਗ ਖਾਣ ਦਾ ਭੁਸ ਪੈ ਗਿਆ, ਉਹ ਨੀ ਫੇਰ ਡੱਕਾ ਤੋੜਦਾ। ਨਾਲੇ ਸਾਰੀ ਉਮਰ ਤਾਂ ਵਿਹਲਾ ਰਹਿਐ, ਹੁਣ ਇਹਦੇ ਹੱਡਾਂ ‘ਚ ਜਾਨ ਕਿੱਥੇ ਐ’ ਦੂਜਾ ਬੋਲ ਉਠਦਾ।
‘ਓਏ, ਇਹ ਤਾਂ ਭਾਈ ਕਰਦੇ ਦਾ ਕਿੱਤਾ ਐ। ਗੋਂਦੀ ਦਾ ਪਿਓ ਕਿਹੜਾ ਬਾਹਮਣ ਨੀ ਸੀ। ਪਰ ਉਹ ਕਿਰਸਾਣ ਪੂਰਾ ਸੀ। ਧਰਤੀ ਉਹਦੇ ਮੂਹਰੇ ਬੋਲਦੀ ਸੀ। ਅਹਿਓ ਜਾ ਸਿਆਣਾ ਹਲੀਆਂ ਮੈਂ ਨੀ ਕਦੇ ਦੇਖਿਆ। ਹਮੇਸ਼ਾ ਕਮਾਈ ਕੰਨੀ ਧਿਆਨ। ਵਾਧੂ ਖਰਚ ਨੀ ਕਰਨਾ, ਕਹਿੰਦਾ ਹੁੰਦਾ, ਕਿਰਸਾਣ ਕਿਰਸ । ਜਿਹੜਾ ਕਿਰਸ ਕਰੇ ਉਹ ਕਿਰਸਾਣ, ਬਈ ਬੱਲੇ ਬੱਲੇ ।’ ਗੋਂਦੀ ਦੇ ਪਿਓ ਨੂੰ ਜਾਣਦਾ ਕੋਈ ਬੰਦਾ ਉਹਦੀ ਤਾਰੀਫ਼ ਕਰਨ ਲਗਦਾ।
ਤੇ ਫੇਰ ਵਿਚੋਂ ਹੀ ਕੋਈ ਤੇਜ਼-ਤਰਾਰ ਆਵਾਜ਼ ਉਠਦੀ, ‘ਐਂ ਕਿਉਂ ਨੀ ਕਹਿੰਦੇ ਬਈ ਜ਼ਮੀਨ ਜੱਟ ਦੀ। ਇਹ ਨਾਈ, ਬਾਹਮਣ, ਛੀਂਬੇ, ਝਿਉਰ ਕੀ ਜਾਣਨ ਜ਼ਮੀਨ ਦੀ ਸਾਰ । ਜੀਹਨੂੰ ਜ਼ਮੀਨ ਦੀ ਕਦਰ ਈ ਨੀ, ਉਹ ਇਦੇ ‘ਚੋਂ ਕੀ ਕੱਢ ਲੂ।’
ਚੌਥੀ ਕੁੜੀ ਦੇ ਵਿਆਹ ਵੇਲੇ ਗੋਂਦੀ ਨੇ ਆਪਣੀ ਦੋ ਘੁਮਾਂ ਜ਼ਮੀਨ ਚਾਰ ਹਜ਼ਾਰ ਰੁਪਏ ਵਿਚ ਮਿਲਖੇ ਫ਼ੌਜੀ ਨੂੰ ਗਹਿਣੇ ਧਰੀ ਸੀ। ਬੱਦਰੀ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ। ਵਿਆਹ ਤੋਂ ਬਾਅਦ ਹੀ ਪਤਾ ਲੱਗਿਆ। ਉਹ ਬਹੁਤ ਗੁੱਸੇ ਹੋਇਆ। ਉਹਨੂੰ ਬੜੀ ਹੀਣਤ ਆਈ।
ਉਹ ਪਿਓ ਨੂੰ ਪੁਛਣ ਲੱਗਿਆ, ‘ਪਹਿਲਾਂ ਤਿੰਨ ਕੁੜੀਆਂ ਦੇ ਵਿਆਹ ਕੀਤੇ, ਓਦੋਂ ਤਾਂ ਟਿਕੀ ਨਾ ਜ਼ਮੀਨ ਗਹਿਣੇ, ਹੁਣ ਚੌਥੀ ਵੇਲੇ ਕੀ ਹੋ ਗਿਆ ਤੈਨੂੰ ? ਬਾਰਾਂ ਘੁਮਾਂ ਦੀ ਕਿਧਰ ਜਾਂਦੀ ਐ ਫਸਲ ? ਮੈਂ ਜਿਹੜਾ ਹਰ ਮੀਨ੍ਹੇ ਫੜਾ ਜਾਨਾਂ, ਕਦੇ ਦੋ ਸੌ, ਕਦੇ ਤਿੰਨ ਸੌ, ਉਹ ਕਿਧਰ ਗਿਆ ? ਕਾਸਨੂੰ ਦਿੰਦਾ ਸੀ ਮੈਂ ਉਹ ਪੈਸਾ ?”
ਗੋਂਦੀ ਢੈਲਾ ਹੋ ਕੇ ਬੋਲਿਆ, ‘ਮੈਂ, ਭਾਈ, ਕਿਹੜਾ ਲੱਡੂ ਲੈ ਲੈ ਖਾਨਾਂ । ਸ਼ਰਾਬ ਮੈਂ ਨੀ ਪੀਂਦਾ, ਫੀਮ ਮੈਂ ਨੀ ਖਾਂਦਾ, ਹੋਰ ਕੋਈ ਐਬ ਐ ਮੈਨੂੰ, ਤਾਂ ਦੱਸ ਦੇ। ਮੈਂ ਤਾਂ, ਭਾਈ, ਲਿਆ-ਲਿਆ ਦਿੰਨਾਂ ਸਗਾਂ ਦੀ। ਜਿੰਨੀ ਕੁ ਵਿਦਿਆ ਔਂਦੀ ਐ ਉਹਦੇ ਜੋਰ ‘ਤੇ ਖੱਟੀਂ ਜਾਨਾਂ।’
‘ਸੁਆਹ ਪੜ੍ਹੀ ਐ ਵਿੱਦਿਆ ਤੂੰ। ਤੇਰੇ ਨਾਲੋਂ ਤਾਂ ਅਣਪੜ੍ਹ ਮੰਗਤੇ ਚੰਗੇ ਹੋਣਗੇ। ਮੰਗ ਕੇ ਖਾਂਦੇ ਨੇ, ਸੌਂ ਰਹਿੰਦੇ ਐ । ਨਾ ਫਿਕਰ, ਨਾ ਫਾਕਾ। ਮੰਗਤਿਆਂ ਤੋਂ ਵੱਧ ਤੂੰ ਹੈਂ ਕੀ? ਇਹੀ ਚਾਲਾ ਫੜਨਾ ਸੀ, ਤਾਂ ਨਾ ਜੰਮਦਾ ਮੁੰਡੇ-ਕੁੜੀਆਂ। ਛੜਾ-ਮਲੰਗ ਰਹਿੰਦਾ । ਵਿਆਹ ਕਾਹਨੂੰ ਕਰਵਾਇਆ ਸੀ ?’ਬੱਦਰੀ ਜਿਵੇਂ ਹੋਸ਼ ਗੰਵਾ ਬੈਠਾ ਹੋਵੇ। ਉਹਦੀਆਂ ਨਾਸਾਂ ਫਰਕਣ ਲੱਗੀਆਂ।
‘ਓਏ, ਮੈਂ ਤੈਨੂੰ ਜੰਮਿਐਂ ਕਿ ਤੂੰ ਮੈਨੂੰ ਜੰਮਿਆ ਸੀ ? ਤੂੰ ਗੱਲਾਂ ਕੀ ਕਰਦੈਂ ? ਤੂੰ ਬਹੁਤਾ ਸਿਆਣਾ ਐਂ ? ਅਖੇ, ਪੜ੍ਹ ਗਿਆ ਮੈਂ ਚੌਦਾਂ ਜਮਾਤਾਂ। ਓਏ, ਤੇਰੀਆਂ ਤਾਂ ਸਾਰੀਆਂ ਖੂਹ ‘ਚ ਪੈ ਗੀਆਂ। ਤੈਨੂੰ ਪਤਾ ਕੀ ਐ, ਕਬੀਲਦਾਰੀ ਦਾ । ਮਾਰੀਂ ਜਾਂਦੈ ਗੱਲਾਂ । ਨਾ ਅਕਲ, ਨਾ ਮੌਤ।’ ਗੋਂਦੀ ਅਜੇ ਵੀ ਸੰਭਲ ਕੇ ਗੱਲ ਕਰ ਰਿਹਾ ਸੀ।
ਇਕ ਬਿੰਦ ਦੋਵੋਂ ਚੁੱਪ ਹੋਏ । ਬੱਦਰੀ ਦੀ ਮਾਂ ਉਹਨਾਂ ਦਾ ਉੱਚਾ ਬੋਲ ਸੁਣ ਕੇ ਭੱਜੀ ਉਹਨਾਂ ਕੋਲ ਆਈ। ਕਹਿਣ ਲੱਗੀ, ‘ਵੇ ਫੋਟ ਥੋਡੇ, ਪਿਓ-ਪੁੱਤ ਈ ਖਹਿਬੜੀ ਜਾਨੇ ਓਂ। ਕੀ ਪਹਿਰ ਗਿਆ ਧੋਨੂੰ ??
ਮਾਂ ਦੀ ਗੱਲ ਅਣਸੁਣੀ ਕਰਕੇ ਬੱਦਰੀ ਸਹਿਜ-ਭਾਅ ਨਾਲ ਬੋਲਿਆ, ‘ਅੱਛਾ ਆਇਓਂ ਦੱਸ ਬਾਪੂ ਪਈ ਤੂੰ ਕਹਿਨੈਂ ਨਾ ਕਿ ਅਸੀਂ ਉੱਤਮ ਜਾਤ ਆਂ। ਜਦੋਂ ਕਿਸੇ ਜੱਟ ਦੇ ਘਰ ਵਿਆਹ ਹੁੰਦੈ, ਮੁੰਡੇ ਦਾ ਹੋਵੇ, ਕੁੜੀ ਦਾ ਹੋਵੇ, ਲਾਗ ਲੈਣ ਵੇਲੇ ਦੂਜੇ ਲਾਗੀਆਂ ਦੇ ਨਾਲ ਈ ਮਾਂ ਖੜ੍ਹੀ ਹੁੰਦੀ ਐ, ਚੁੰਨੀ ਦਾ ਪੱਲਾ ਅੱਡੀਂ। ਨਾਈਆਂ, ਤਖਾਣਾਂ, ਝਿਉਰਾਂ, ਮਰਾਸੀਆਂ ਤੇ ਚੂਹੜੇ-ਚਮਿਆਰਾਂ, ਵਗਾਰੀਆਂ ਵਿਚ ਇਕ ਇਹ ਨੀ ਹੁੰਦੀ ? ਫੇਰ ਉੱਚੀ ਜਾਤ ਕਿਮੇਂ ਹੋਈ ਬਈ ਥੋਡੀ ?’
ਕੁਸ਼ੱਲਿਆ ਬੋਲੀ, ‘ਬੱਦਰੀ, ਤੂੰ ਤਾਂ ਹੁਣ ਐਮੇ ਭਖਿਆ ਬੈਠੈ । ਇਹ ਤਾਂ ਭਾਈ ਕਰਮ ਐਂ ਆਪਣਾ । ਦਾਨ ਲੈਣਾ ਬਰ੍ਹਾਮਣ ਦਾ ਕਰਮ ਹੁੰਦੈ। ਸਾਸਤਰਾਂ ‘ਚ ਲਿਖਿਆ ਵਿਐ। ਜਾਂ ਤਾਂ ਨਹੀਂ ਲਿਖਿਆ ਸਾਸਤਰਾਂ ‘ਚ?’
ਬੱਦਰੀ ਦੀ ਹਾਸੀ ਨਿਕਲ ਗਈ । ਕਹਿੰਦਾ, ‘ਤੂੰ ਬੇਬੇ, ਕਿਹੜੇ ਗ੍ਰੰਥ ਪੜ੍ਹੀ ਹੋਈ ਐਂ ? ਐਮੇਂ ਭਕਾਈ ਮਾਰੀਂ ਜਾਨੀ ਐਂ।’
ਗੋਂਦੀ ਨੇ ਆਪਣੇ ਸੱਜੇ ਹੱਥ ਦਾ ‘ਗੂਠਾ ਚੀਚੀ ਦੇ ਪਹਿਲੇ ਵਾਢੇ ਉੱਤੇ ਧਰਿਆ ਤੇ ਬੋਲਣ ਲੱਗਿਆ, ‘ਲਿਖਿਆ ਕਿਉਂ ਨੀ ? ਬ੍ਰਾਹਮਣ ਦੇ ਛੇ ਕਰਤੱਵ ਹੈਂ ਸ਼ਿਖਸ਼ਾ ਲੇਨਾ ਔਰ ਦੇਨਾ | ਯੱਗਯ ਕਰਨਾ ਔਰ ਕਰਵਾਨਾ । ਔਰ ਜਾ ਕਰਕੇ ਦਾਨ ਲੇਨਾ ਔਰ ਦਾਨ ਦੇਨਾ।’
‘ਨਹੀਂ, ਅੱਜ ਨੀ ਚਲਦੀ ਥੋਡੀ ਇਹ ਪੰਡਤਾਈ। ਇਹ ਜੁੱਗ ਤਾਂ ਹੱਥਾਂ ਨਾਲ ਕੰਮ ਕਰਨ ਵਾਲਿਆਂ ਦਾ ਐ। ਪੰਡਤ-ਪੁੰਡਤ ਕੋਈ ਚੀਜ ਨੀ । ਕੰਮ ਕਰੋ ਤੇ ਖਾਓ। ਥੋਡੇ ਮਗਰ ਹੁਣ ਹੋਈ ਨੀ ਲਗਦਾ। ਲੋਕ ਸਿਆਣੇ ਹੋ ਗੇ।’ ਬੱਦਰੀ ਨਰਾਇਣ ਅਸਲੋਂ ਹੀ ਪੰਡਤਾਈ ਪ੍ਰਥਾ ਦੇ ਵਿਰੁੱਧ ਬੋਲ ਰਿਹਾ ਸੀ।
‘ਜੋ ਮੰਨਦੇ ਨੇ, ਭਾਈ, ਉਹ ਤਾ ਅੱਜ ਵੀ ਮੰਨਦੇ ਨੇ । ਜਿਹੜੇ ਨਹੀਂ ਮੰਨਦੇ, ਨਾ ਮੰਨਣ। ਤੂੰ ਨਾ ਮੰਨ । ਤੂੰ ਨਾ ਜਾਈਂ ਕਦੇ ਕਿਸੇ ਦੇ ।’
‘ਮੈਂ ਤਾਂ ਜੁੱਤੀ ਨੀ ਮਾਰਦਾ ਏਸ ਕੁੱਤੇ-ਕੰਮ ਦੇ।’
‘ਪੜ੍ਹਾਅ ’ਤਾ, ਤਾਈਂ ਔਂਦੀਆਂ ਨੇ ਨਾ ਗੱਲਾਂ ਹੁਣ। ਕਿਮੇਂ ਮੜਾਕ-ਮੜਾਕ ਮਗਜਾਲੀ ਮਾਰੀ ਐ। ਕਿਮੇਂ ਨਾ ਜਾਈਏ ਜਜਮਾਨਾਂ ਦੇ, ਦੱਸ। ਅੱਜ ਦੀ ਘੜੀ ਤਾਂ ਸਾਰਾ ‘ਗਵਾੜ ਸਾਹਾਂ ਦਾ ਦਮਾਨਾ ਐ।’ ਬੱਦਰੀ ਦੀ ਮਾਂ ਫੇਰ ਦਲੀਲਾਂ ਉੱਤੇ ਉੱਤਰ ਆਈ।
‘ਜਜਮਾਨ ਜੈਦਾਤ ਨੇ ਆਪਣੀ। ਇਹੀ ਤਾਂ ਅਸਲੀ ਜੈਦਾਤ ਐ, ਬ੍ਰਾਹਮਣਾਂ ਦੀ । ਗੋਂਦੀ ਹੁਣ ਹੌਸਲੇ ਨਾਲ ਬੋਲਣ ਲੱਗ ਪਿਆ।
‘ਜਜਮਾਨਾਂ ਦੀ ਜੈਦਾਤ ਦੇ ਸਿਰ ‘ਤੇ ਈ ਜ਼ਮੀਨ ਨੂੰ ਵਾਢਾ ਧਰ ਲਿਆ ਨਾ। ਅਸ਼ਕੇ, ਪਿਤਾ ਜੀ, ਥੋਡੇ।’ ਬੱਦਰੀ ਵਿਅੰਗ ਦਾ ਤੀਰ ਮਾਰ ਕੇ ਮੁਸਕਰਾਇਆ।
‘ਹਾਂ, ਯਜਮਾਨ-ਪਰੋਹਤ ਦਾ ਰਿਸ਼ਤਾ ਤਾਂ ਐਸਾ ਹੈ। ਪਰੋਹਤ ਯੁੱਗਾਂ ਤੱਕ ਯਜਮਾਨ ਨੂੰ ਖਾਂਦੈ। ਇਹ ਰਿਸ਼ਤਾ ਨਾ ਟੁੱਟੇ, ਨਾ ਮੁੱਕੇ, ਨਾ ਵੇਚਿਆ ਜਾਵੇ। ਰਹਿੰਦੀ ਦੁਨੀਆ ਤਕ ਇਹ ਚੱਲਣੈ। ਇਹ ਅਮਰ ਰਿਸ਼ਤਾ ਐ।’ ਗੋਂਦੀ ਨੇ ਹਿੱਕ ਉੱਤੇ ਹੱਥ ਮਾਰਿਆ।
‘ਨੀਕ ਐ, ਕ੍ਰਿਸ਼ਨ ਜੀ ਅਰਜੁਣ ਨੂੰ ਉਪਦੇਸ਼ ਦੇ ਰਹੇ ਐ, ਆਤਮਾ ਅਮਰ ਹੈ।’ ਬੱਦਰੀ ਹੱਸ ਕੇ ਉਠ ਖੜ੍ਹਾ।
ਦੁਪਹਿਰ ਦਾ ਵੇਲਾ ਸੀ। ਬੱਦਰੀ ਨੇ ਘੁੱਦੂਵਾਲੇ ਨੂੰ ਜਾਣਾ ਸੀ। ਮਾਂ ਨੇ ਚਾਹ ਬਣਾਈ ਤੇ ਤਿੰਨੇ ਜਣੇ ਬਹਿ ਕੇ ਪੀਣ ਲੱਗੇ । ਬੱਦਰੀ ਨੂੰ ਮੁੱਢ ਤੋਂ ਆਦਤ ਸੀ, ਉਹ ਤੌਲੀਏ ਦੀ ਥਾਂ ਖੱਦਰ ਦਾ ਦੁਪੱਟਾ ਵਰਤਦਾ। ਦੋ ਦੁਪੱਟੇ ਰਖਦਾ। ਸਿਰਿਆਂ ਤੋਂ ਲੜ੍ਹਿਆ ਕੇ । ਸਾਬਣ ਲਾ ਕੇ ਥਾਪੇ ਨਾਲ ਕੁੱਟ ਕੁੱਟ ਧੋਂਦਾ। ਨੀਲ ਵੀ ਦਿੰਦਾ। ਚਿੱਟੇ ਦੁੱਧ ਦੁਪੱਟੇ । ਇਕ ਮੈਲਾ ਹੁੰਦਾ ਤਾਂ ਦੂਜਾ ਕੱਢ ਕੇ ਮੈਲੇ ਨੂੰ ਧੋ ਕੇ ਸੁੱਕਣੇ ਪਾ ਦਿੰਦਾ। ਜਾਣ ਲੱਗਿਆਂ ਉਹਨੇ ਮਾਂ ਤੋਂ ਚਾਰ ਗਜ਼ ਖੱਦਰ ਮੰਗਿਆ। ਮਾਂ ਨੇ ਦੋ ਦੋ ਗਜ਼ ਦੇ ਦੋ ਟੋਟੇ ਦੇ ਦਿੱਤੇ। ਝੋਲੇ ਵਿਚ ਪਾਉਣ ਤੋਂ ਪਹਿਲਾਂ ਬੱਦਰੀ ਪੁੱਛਣ ਲੱਗਿਆ, ‘ਇਹ ਕਿੱਥੋਂ ਆਇਆ ਸੀ ਖੱਦਰ, ਮਾਂ ?’
ਉਹ ਝੱਟ ਦੇ ਕੇ ਕਹਿੰਦੀ, ‘ਈਸਰ ਬੁੜ੍ਹਾ ਮਰ ਗਿਆ ਨਾ। ਉਹਦੇ ਭੋਗ ‘ਤੇ ਦਿੱਤਾ ਸੀ ਉਹਨਾ ਨੇ।’
‘ਚੱਕ ਫੇਰ, ਇਹ ਨੀ ਲੈਂਦਾ ਮੈਂ । ਘਰ ਦੀ ਤਾਣੀ ਦਾ ਕੋਈ ਚਾਰ ਗਜ਼ ਹੈ ਗਾ ਤਾਂ ਦੇ ਦੇ। ਰਿਸ਼ਤੇਦਾਰੀ ‘ਚੋਂ ਆਇਆ ਹੋਵੇ, ਉਹ ਵੀ ਠੀਕ ਐ। ਇਹ ਜਜਮਾਨਾਂ ਦੇ ਘਰੋਂ ਆਈ ਚੀਜ਼ ‘ਚੋਂ ਤਾਂ ਮੈਨੂੰ ਸੁਗ ਜੀ ਔਂਦੀ ਐ।’
‘ਪਹਿਲਾਂ ਜਜਮਾਨਾ ਦੇ ਘਰਾਂ ਤੋਂ ਆਇਆ ਈ ਵਰਤਦਾ ਰਹਿਐਂ, ਮਰ-ਜਾਣਿਆ। ਹੁਣ ਦੱਸ ਕੀ ਪਲੇਗ ਪੈਂਦੀ ਐ ਤੈਨੂੰ।
‘ਬੱਸ ਹੁਣ, ਪਲੇਗ ਈ ਪੈਂਦੀ ਐ। ਮੈਂ ਨੀ ਲੈਣਾ ਏਹੇ। ਰੱਖ ਲੈ ਇਹਨੂੰ ਸਾਂਭ ਕੇ ਆਬਦੇ ਸੰਦੂਕ ਵਿਚ ਈ।’
ਕਸ਼ੱਲਿਆ ਗਾਲਾਂ ਕਢਦੀ ਰਹੀ ਤੇ ਬੱਦਰੀ ਘਰੋਂ ਬਾਹਰ ਹੋ ਗਿਆ। ਗੋਂਦੀ ਸੋਚ ਰਿਹਾ ਸੀ, ਮੁੰਡੇ ਨੂੰ ਕਿਤੇ ਕੋਈ ਕਸਰ ਤਾਂ ਨਹੀਂ ਚਿੰਬੜ ਗਈ ?
12
ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ। ਜ਼ਮੀਨਾਂ ਦੀ ਮੁਰੱਬਾਬੰਦੀ ਸ਼ੁਰੂ ਹੋ ਚੁੱਕੀ ਸੀ। ਪਿੰਡਾਂ ਵਿਚ ਪਟਵਾਰੀ ਗਿਰਝਾਂ ਵਾਂਗ ਆ ਉੱਤਰੇ ਸਨ। ਹਰ ਪਿੰਡ ਵਿਚ ਹੀ ਕਿਸੇ ਨਾ ਕਿਸੇ ਘਰ ਦੀ ਪੱਕੀ ਬੈਠਕ ਪਟਵਾਰਖਾਨਾ ਬਣੀ ਹੁੰਦੀ। ਭੁੰਜੇ ਦਰੀ ਉੱਤੇ ਪਟਵਾਰੀ ਲੋਕ ਆਪਣੀਆਂ ਲੱਕੜ ਦੀਆਂ ਡੈਸਕੀਆਂ ਲੈ ਕੇ ਬੈਠਦੇ । ਜ਼ਮੀਨਾਂ ਦੇ ਨਕਸ਼ੇ ਬਣਦੇ। ਅਨੇਕਾਂ ਰਜਿਸਟਰਾਂ ਵਿਚ ਪਤਾ ਨਹੀਂ ਕੀ ਕੁਝ ਲਿਖਿਆ ਜਾ ਰਿਹਾ ਸੀ। ਜ਼ਮੀਨਾਂ ਦੀਆਂ ਕੀਮਤਾਂ ਪੈ ਚੁੱਕੀਆਂ ਸਨ । ਜੱਟ ਦੁੱਧਾਂ ਦੀਆਂ ਗੜਵੀਆਂ ਲੈ ਕੇ ਆਉਂਦੇ ਤੇ ਪਟਵਾਰੀਆਂ ਦੇ ਕੰਨਾਂ ਕੋਲ ਬੈਠ ਕੇ ਘੁਸਰ-ਮੁਸਰ ਕਰਦੇ। ਸ਼ੀਂਹ ਬਣੇ ਸ਼ਹਿਰੀਏ ਪਟਵਾਰੀ ਉੱਚਾ ਉੱਚਾ ਬੋਲ ਕੇ ਉਹਨਾਂ ਦੀ ਗੱਲ ਸੁਣਦੇ । ਗੱਲ ਬਣਦੀ ਲਗਦੀ ਤਾਂ ਦੂਜੇ ਪਾਸੇ ਜਾ ਕੇ ਜੱਟ ਦੀ ਗੱਲ ਸੰਵਾਰ ਕੇ ਸੁਣ ਲਈ ਜਾਂਦੀ। ਰਾਤ ਨੂੰ ਪੀਤੀ ਜਾਂਦੀ ਤੇ ਮੁਰਗੇ ਤਲੇ ਜਾਂਦੇ । ਜਿਨ੍ਹਾਂ ਨੇ ਪਟਵਾਰੀਆਂ ਨਾਲ ਗੱਲ ਕਰ ਲਈ ਹੁੰਦੀ ਉਹ ਚਿੱਤ ਚਿੱਤੋਂ ਖਿੜੇ ਖਿੜੇ ਪਰ ਉਤੋਂ ਚੁੱਪ- ਚਾਪ ਜਿਹੇ ਰਹਿੰਦੇ। ਕੋਈ ਪਟਵਾਰੀਆਂ ਕੋਲ ਨਾ ਗਿਆ ਹੁੰਦਾ, ਚੁੱਪ-ਚਾਪ ਤਾਂ ਉਹ ਵੀ ਰਹਿੰਦਾ। ਉਹਦੀਆਂ ਤਾਂ ਰੱਬ ਉੱਤੇ ਹੀ ਡੋਰੀਆਂ ਹੁੰਦੀਆਂ ਸਨ। ਪਟਵਰੀ ਸੋਚਦੇ, ਜਾਂ ਤਾਂ ਕੋਈ ਰੰਘੜ ਹੈ ਜਾਂ ਫੇਰ ਬਾਰਾਂ-ਮੁੱਠੀਆ ਹੈ। ਕੋਠੇ ਖੜਕ ਸਿੰਘ ਵਾਲਿਆਂ ਨੇ ਪਟਵਾਰੀਆਂ ਨੂੰ ਪਿੰਡ ਦੀ ਪੱਕੀ ਧਰਮਸ਼ਾਲਾ ਦੇ ਦਿੱਤੀ ਸੀ। ਹੋਰ ਕੋਈ ਜਾਵੇ ਨਾ ਜਾਵੇ, ਝੰਡਾ ਰਾਤ ਨੂੰ ਡਾਲੀ-ਬੰਨ੍ਹਵਾਂ ਸੇਰ ਸਾਰਾ ਕੱਚਾ ਦੁੱਧ ਡੋਲਣੇ ਵਿਚ ਪਾ ਕੇ ਧਰਮਸ਼ਾਲਾ ਵਿਚ ਦੇ ਕੇ ਜਾਂਦਾ । ਦੁੱਧ ਦੇਣ ਆਇਆ ਉਹ ਪਟਵਾਰੀਆਂ ਨਾਲ ਗੱਲਾਂ ਵੀ ਮਾਰ ਜਾਂਦਾ । ਪਟਵਾਰੀਆਂ ਦੀਆਂ ਗੱਲਾਂ ਤੋਂ ਉਹਨੂੰ ਹੋਰ ਲੋਕਾਂ ਦੇ ਟੱਕਾਂ ਦਾ ਵੀ ਥਹੁ- ਪਤਾ ਲਗਦਾ ਰਹਿੰਦਾ। ਸਵੇਰ ਵੇਲੇ ਝੰਡਾ ਹਰਦਿੱਤ ਨੂੰ ਦਹੀਂ ਦਾ ਡੋਲੂ ਦੇ ਕੇ ਪਟਵਾਰੀਆਂ ਕੋਲ ਭੇਜਦਾ।
ਧਰਮਸ਼ਾਲਾ ਵਿਚ ਗੋਂਦੀ ਵੀ ਕਦੇ ਕਦੇ ਗੇੜਾ ਮਾਰਦਾ । ਉਹ ਪਟਵਾਰੀਆਂ ਨੂੰ ‘ਜੈਹੋ- ਜੈਹੋ’ ਕਰਦਾ। ਕੱਛ ਵਿਚ ਸਦਾ ਵਾਂਗ ਹੀ ਪੱਤਰਾ, ਮੋਢੇ ਲਾਲ ਪਰਨਾ । ਪਟਵਾਰੀਆਂ ਤੋਂ ਨਾ ਉਹਨੇ ਕੁਝ ਪੁੱਛਿਆ ਸੀ ਤੇ ਨਾ ਪਟਵਾਰੀਆਂ ਨੇ ਆਪ ਉਹਨੂੰ ਜ਼ਮੀਨ ਬਾਰੇ ਕੁਝ ਦੱਸਿਆ ਸੀ। ਜਦੋਂ ਵੀ ਕਦੇ ਗੋਂਦੀ ਧਰਮਸ਼ਾਲਾ ਵਿਚ ਅਉਂਦਾ, ਪਟਵਾਰੀ ਉਹਨੂੰ ਦੇਖ ਕੇ ਹੱਸਣ ਲਗਦੇ। ਕੋਈ ਪਟਵਾਰੀ ਪੰਡਤ ਜੀ’ ਕਹਿ ਕੇ ਉਹਨੂੰ ‘ਮਾਰਾਜ’ ਵੀ ਬੁਲਾ ਦਿੰਦਾ। ਗੋਂਦੀ ਖੁਸ਼ ਹੋ ਜਾਂਦਾ। ਗੋਂਦੀ ਨੂੰ ਤਾਂ ਜਿਵੇਂ ‘ਮਾਰਾਜ’ ਚਾਹੀਦੀ ਸੀ। ਜ਼ਮੀਨ ਦੇ ਚਾਹੇ ਚਾਰ ਟੱਕ ਕਿਉਂ ਨਾ ਬਣਦੇ ਫਿਰਨ । ਉਹਨੂੰ ਭੁਲੇਖਾ ਸੀ ਕਿ ਪਟਵਾਰੀ ਵੀ ਉਹਦਾ ਮਾਨ-ਤਾਨ ਕਰਦੇ ਹਨ।
ਲਗਭਗ ਸਭ ਜ਼ਿਮੀਂਦਾਰਾਂ ਨੇ ਆਪਣੇ ਆਪਣੇ ਖੇਤਾਂ ਵਿਚੋਂ ਦਰਖ਼ਤ ਵੱਢ ਲਏ ਸਨ। ਕਿੱਕਰਾਂ, ਬੇਰੀਆਂ ਤੇ ਟਾਹਲੀਆਂ। ਕਿਤੇ ਕਿਤੇ ਕੋਈ ਪਿੱਪਲ ਜਾਂ ਬੋਹੜ ਖੜ੍ਹਾ ਰਹਿ ਗਿਆ ਸੀ । ਲੋਕ ਡਰਦੇ ਸਨ, ਕੀ ਪਤਾ ਕੀਹਦੀ ਜ਼ਮੀਨ ਕੀਹਦੇ ਟੱਕ ਵਿਚ ਚਲੀ ਜਾਵੇ।
ਪਿੰਡਾਂ ਵਿਚ ਬਲਾਕ ਵਿਕਾਸ ਸਕੀਮਾਂ ਵੀ ਸ਼ੁਰੂ ਹੋ ਚੁੱਕੀਆ ਸਨ । ‘ਸਫੈਦਾ’ ਨਾਂ ਦਾ ਇਕ ਨਵਾਂ ਦਰਖ਼ਤ ਲੋਕਾਂ ਨੇ ਦੇਖਿਆ ਸੀ। ਇਹ ਦਰਖ਼ਤ ਬਲਾਕ ਵਿਕਾਸ ਵਾਲੇ ਲੈ ਕੇ ਆਏ । ਕਹਿ ਰਹੇ ਸਨ ਕਿ ਸਫੈਦਾ ਆਪਣੇ ਖੇਤਾਂ ਵਿਚ ਲਾਓ। ਸ਼ੁਰੂ ਸ਼ੁਰੂ ਵਿਚ ਪੇਂਡੂ ਲੋਕਾਂ ਨੇ ਇਸ ਦਰਖ਼ਤ ਵੱਲ ਕੋਈ ਧਿਆਨ ਨਹੀਂ ਦਿੱਤਾ। ਫੇਰ ਵੀ ਸਕੂਲਾਂ ਦੇ ਖੇਡ-ਮੈਦਾਨਾਂ ਵਿਚ ਸਫੈਦੇ ਦੇ ਰੁੱਖ ਆਮ ਹੀ ਲਾ ਦਿੱਤੇ ਗਏ। ਸੂਏ ਕੱਸੀਆਂ ਦੀਆਂ ਪਟੜੀਆਂ ਦੇ ਨਾਲ ਨਾਲ ਵੀ।
ਪਿੰਡਾਂ ਦੇ ਲੋਕ ਤਾਂ ਮਖੌਲ ਕਰਦੇ, ‘ਸਾਲਿਓ, ਇਹ ਵੀ ਕੋਈ ਦਰਖ਼ਤ ਐ ? ਨਾ ਫਲ ਦਿੰਦੈ, ਨਾ ਛਾਂ । ਸਿੱਧਾ ਈ ਸਿੱਧਾ ਵਧੀ ਜਾਊ, ਜਿਮੇਂ ਅਸਮਾਨ ਨੂੰ ਹੱਥ ਲੌਣਾ ਹੋਵੇ।’
ਸਭ ਤੋਂ ਵੱਧ ਹੈਰਾਨੀ ਤਾਂ ਸੜਕਾਂ ਦੀ ਹੋਈ। ਜਿਨ੍ਹਾਂ ਰੋਹੀਆਂ ਵਿਚ ਕਦੇ ‘ਹਾ’ ਬੋਲਦੇ ਹੁੰਦੇ, ਡਰਦਾ ਇਕੱਲਾ-ਦੁਕੱਲਾ ਓਥੋਂ ਦੀ ਕਦੇ ਮਸਾਂ ਹੀ ਲੰਘਦਾ, ਉਹਨਾਂ ਟਿੱਬਿਆਂ, ਥੂਰਾਂ, ਝਾੜ- ਮਲਿਆਂ ਨੂੰ ਪੁੱਟ ਕੇ ਸੜਕਾਂ ਕੱਢ ਦਿੱਤੀਆਂ ਗਈਆਂ। ਬਰਨਾਲੇ ਤੋਂ ਇਕ ਲੰਮੀ ਸੜਕ ਮਾਨਸਾ ਵਿਚ ਦੀ ਸਰਦੂਲਗੜ੍ਹ ਤਕ ਨਿਕਲ ਗਈ ਸੀ। ਹੰਢਿਆਏ ਤੋਂ ਇਕ ਸੜਕ ਬਠਿੰਡੇ ਨੂੰ ਨਿੱਕਲ ਗਈ। ਮਾਨਸਾ ਤੇ ਬਠਿੰਡੇ ਵਾਲੀਆਂ ਸੜਕਾਂ ਹੰਢਿਆਏ ਜਿੱਥੇ ਮਿਲਦੀਆਂ ਸਨ, ਉਸ ਥਾਂ ਨੂੰ ਲੋਕ ਆਪੇ ਹੀ ਕੁਝ ਸਮੇਂ ਵਿਚ ਹੰਢਿਆਏ ਦੀ ਤਿੰਨ-ਕੋਨੀ ਕਹਿਣ ਲੱਗ ਪਏ ਸਨ । ਬਰਨਾਲੇ ਤੋਂ ਹੀ ਇਕ ਹੋਰ ਸੜਕ ਰਾਏਕੋਟ ਨੂੰ ਤੇ ਇਕ ਹੋਰ ਸੜਕ ਬਿਲਾਸਪੁਰ ਤੇ ਬੱਧਣੀ ਵਿਚ ਦੀ ਮੋਗੇ ਤਕ ਚਲੀ ਗਈ ਸੀ। ਬਰਨਾਲੇ ਤੋਂ ਹੀ ਭਦੌੜ ਤੇ ਅਗਾਂਹ ਭਗਤੇ ਤੇ ਜਲਾਲ ਵਿਚ ਦੀ ਬਾਜੇਖਾਨੇ ਨੂੰ ਇਕ ਸੜਕ ਨਿਕਲ ਗਈ ਸੀ। ਮੋਗੇ ਤੇ ਬਾਜੇਖਾਨੇ ਵਾਲੀਆਂ ਸੜਕਾਂ ਪੱਖੋਕੇ ਪਿੰਡ ਨੇੜੇ ਮਿਲਦੀਆਂ ਸਨ। ਸੋ ਇੱਥੇ ਬਣ ਗਈ ਪੱਖੋਕੇ ਤਿੰਨ-ਕੋਣੀ। ਬਹੁਤ ਸਾਲਾਂ ਬਾਅਦ ਹੰਢਿਆਏ ਦੀ ਤਿੰਨ-ਕੋਣੀ ਤੋਂ ਸੰਗਰੂਰ ਸੜਕ ਨੂੰ ਮਿਲਾਉਂਦਾ ਇਕ ਬਾਈ-ਪਾਸ ਦਾ ਟੋਟਾ ਕੱਢ ਦਿੱਤਾ ਗਿਆ ਤਾਂ ਹੰਢਿਆਏ ਦੀ ਤਿੰਨ-ਕੋਣੀ ਨੂੰ ਕੈਂਚੀਆਂ ਕਹਿਣ ਲੱਗੇ। ਏਦਾਂ ਹੀ ਪੱਖੋਕੇ ਤਿੰਨ-ਕੋਣੀ ਤੋਂ ਇਕ ਸੜਕ ਤਪੇ ਨੂੰ ਨਿਕਲ ਗਈ ਤੇ ਇਹ ਪੱਖੋ ਦੀਆਂ ਕੈਂਚੀਆਂ ਬਣ ਗਈਆਂ। ਭਦੌੜ ਤੋਂ ਅੱਗੇ ਸਲਾਬਤਪੁਰਾ ਰਾਮਪੁਰਾ ਮੰਡੀ ਨਾਲ ਮਿਲ ਗਿਆ। ਇਸ ਸੜਕ ਉੱਤ ਹੀ ਭਾਈਰੂਪਾ, ਬੁਰਜ ਗਿੱਲਾਂ ਤੇ ਅਗਾਂਹ ਹਰਨਾਮ ਸਿੰਘ ਵਾਲਾ ਪਿੰਡ ਆ ਗਏ। ਭਾਈਰੂਪੇ ਤੋਂ ਇਕ ਟੋਟਾ ਸੇਲਬਰਾਹ ਨੂੰ ਨਿਕਲ ਗਿਆ ਤੇ ਅਗਾਂਹ ਸੇਲਬਰਾਹ ਤੋਂ ਕੌਲੋਕੇ ਵਿਚ ਦੀ ਹਰਨਾਮ ਸਿੰਘ ਵਾਲੇ ਨੂੰ ਹੀ ਜਾ ਮਿਲਿਆ । ਬਾਅਦ ਵਿਚ ਜਦੋਂ ਬਸਾਂ ਚਲਣ ਲੱਗੀਆਂ ਤਾਂ ਕੋਠੇ ਖੜਕ ਸਿੰਘ ਦੇ ਲੋਕ ਭਾਈਰੂਪੇ ਦੇ ਅੱਡੇ ਉਤੇ ਆ ਕੇ ਬੱਸਾਂ ਲੈਂਦੇ। ਬੁਰਜ ਗਿੱਲਾਂ ਤੇ ਸੇਲਬਾਰਾਹ ਦੇ ਅੱਡੇ ਵੀ ਉਹਨਾਂ ਨੂੰ ਇਕੋ ਜਿੰਨੀ ਦੂਰ ਸਨ । ਪਰ ਬਹੁਤੇ ਲੋਕ ਭਾਈਰੂਪੇ ਹੀ ਆਉਂਦੇ।
ਪਿੰਡਾਂ ਦੇ ਲੋਕਾਂ ਲਈ ਬੱਸ ਨਾਂ ਦੀ ਚੀਜ਼ ਵੀ ਇਕ ਅਜੂਬਾ ਸੀ । ਉਹਨਾਂ ਨੇ ਤਾਂ ਲਾਰੀ ਦੇਖੀ ਸੀ। ਇਹ ਬੱਸ ਤਾਂ ਨਵੀਂ ਹੀ ਚੀਜ਼ ਸੀ ਕੋਈ। ਬਹੁਤੀਆਂ ਸਵਾਰੀਆਂ ਨੂੰ ਪਤਾ ਹੀ ਨਾ ਲਗਦਾ ਕਿ ਬੱਸ ਦਾ ਇੰਜਣ ਮੂਹਰੇ ਲੱਗਿਆ ਹੈ ਜਾਂ ਮਗਰ । ਜਾਂ ਬੱਸ ਦਾ ਮੂੰਹ ਕਿਹੜੇ ਪਾਸੇ ਹੈ। ਡਰਾਈਵਰ ਕੋਲ ਆ ਕੇ ਬੁੜ੍ਹੀ ਆਖਦੀ, ‘ਵੇ ਭਾਈ ਖੋਲ੍ਹੀ ਅਲਮਾਰੀ, ਮੈਂ ਚੜ੍ਹਨੈ। ’ਤੇ ਫੇਰ ਬੱਸ ਅੰਦਰੋਂ ਕਿੰਨੀ ਲੰਮੀ-ਚੌੜੀ ਸੀ। ਵਿਚ ਬੈਠ ਕੇ ਜੱਟ ਬੋਲਦੇ, ‘ਭੈਣ ਦੀ ਪੈ ਗਿਆ, ਆਹ ਤਾਂ ਸਬਾਤ ਨੂੰ ਈ ਪਹੀਏ ਲਾ ‘ਤੇ, ਕੰਜਰ ਦਿਆਂ ਨੇ ।’
ਖੂਹਾਂ ਉੱਤੇ ਹਲਟਾਂ ਦਾ ਰਿਵਾਜ ਘਟਣ ਲੱਗਿਆ। ਇੱਜਣ ਵਾਲੇ ਪਾਣੀ ਦੇ ਪੰਪ ਲਾਏ ਜਾ ਰਹੇ ਸਨ। ਖੂਹ ਦੇ ਬੋਰ ਦੀ ਥਾਂ ਹੁਣ ਸਿੱਧਾ ਹੀ ਧਰਤੀ ਵਿਚ ਬੋਰ ਕਰਕੇ ਪੰਪਿੰਗ-ਸੈੱਟ ਲਾ ਦਿੱਤਾ ਜਾਂਦਾ । ਬਿਜਲੀ ਦੀਆਂ ਮੋਟਰਾਂ ਲੱਗੀਆਂ ਤਾਂ ਪੰਪਿੰਗ-ਸੈੱਟ ਨੂੰ ਟਿਊਬਵੈਲ ਆਖਿਆ ਜਾਣ ਲੱਗਿਆ। ਅਸਲ ਵਿਚ ਤਾਂ ਪਿੰਡਾਂ ਦੇ ਲੋਕ, ਨਾ ਕੋਈ ਪੰਪਿੰਗ ਸੈੱਟ ਬੋਲਦਾ ਸੀ, ਨਾ ਟਿਊਬਬੈੱਲ, ਬੰਬਾ ਆਖਦੇ । ਛੋਟੇ ਬੋਰ ਨੂੰ ਬੰਬੀ। ਤੇ ਫੇਰ ‘ਮੋਟਰ’ ਤੇ ‘ਇੰਜਣ ਹੀ ਆਖਣ ਲੱਗੇ। ਮੋਟਰ ਦਾ ਪਾਣੀ, ਇੰਜਣ ਦਾ ਪਾਣੀ ਜਾਂ ਫੇਰ ਬੋਰ ਦਾ ਪਾਣੀ ਵੀ।
ਨਵੇਂ ਹਲ, ਨਵੇਂ ਬੀਜ, ਬਣਾਉਟੀ ਖਾਦਾਂ ਤੇ ਟਰੈਕਟਰਾਂ-ਟਰਾਲੀਆਂ ਦੀ ਆਮਦ ਨਾਲ ਪਿੰਡਾਂ ਵਿਚ ਇਕ ਨਵਾਂ ਹੀ ਉਤਸ਼ਾਹ ਜਾਗਿਆ। ਵੱਡੀ ਉਮਰ ਦੇ ਲੋਕ ਅੱਖਾਂ ਉਤੇ ਹੱਥ ਕਰਕੇ ਹੈਰਾਨੀ ਨਾਲ ਦੁਨੀਆਂ ਨੂੰ ਦੇਖਦੇ ਤੇ ਚੁੱਪ ਹੀ ਕਰ ਰਹਿੰਦੇ। ਪਿੰਡ ਪਿੰਡ ਸਕੂਲ ਖੁਲ੍ਹਦੇ ਜਾ ਰਹੇ ਸਨ। ਪ੍ਰਾਇਮਰੀਆਂ ਤੋਂ ਮਿਡਲ, ਮਿਡਲਾਂ ਤੋਂ ਹਾਈ। ਕੁੜੀਆਂ ਮਾਸਟਰਾਣੀਆਂ ਬਣ ਕੇ ਪਿੰਡਾਂ ਵਿਚ ਆਉਣ ਲੱਗੀਆਂ। ਬੁੜ੍ਹੇ-ਬੁੜ੍ਹੀਆਂ ਤਰਾਹ-ਤਰਾਹ ਕਰਨ ਲੱਗੇ, ‘ਲੋਹੜਾ ਐ ਬਈ, ਹੱਦ ਹੋ ਗੀ। ਭਲੇ ਘਰਾਂ ਦੀਆਂ ਤਾਂ ਲਗਦੀਆਂ ਨੀ। ਕਿਮੇਂ ਨੰਗੇ, ਮੂੰਹ-ਸਿਰ ਪਹਿਨ-ਪੱਚਰ ਕੇ ਔਂਦੀਆਂ ਨੇ। ਭੋਰਾ ਸ਼ਰਮ ਨਾ ਰਹਿ ਗੀ ਭਾਈ ਹੁਣ ਤਾਂ । ਇਕ ਗੁੱਤ ਹੁੰਦੀ ਸੀ, ਗੁੱਤ ਦਾ ਵੀ ਦੁਸਾਂਗੜ ਜਾ ਹੋ ਗਿਆ। ਗਰਕਣ ‘ਤੇ ਆਈ ਐ ਦੁਨੀਆ। ਹੋਰ ਕੀ।
ਸੜਕਾਂ ਕੀ ਨਿੱਕਲੀਆਂ, ਸ਼ਹਿਰ ਪਿੰਡ ਵੱਲ ਆਉਣ ਲੱਗਿਆ । ਤੇ ਪਿੰਡ ਸ਼ਹਿਰ ਨੂੰ ਭੱਜ ਨਿੱਕਲਿਆ। ਕੋਠੇ ਖੜਕ ਸਿੰਘ ਵਿਚ ਬਾਣੀਏ ਦੀ ਹੱਟ ਉੱਤੇ ਜਦੋਂ ਇਕ ਦਿਨ ਬੱਤਿਆਂ ਦੀ ਪੇਟੀ ਤੇ ਬੋਰੀ ਵਿਚ ਵਲ੍ਹੇਟੀ ਬਹਫ਼ ਆ ਟਿਕੀ ਤਾਂ ਪਿੰਡ ਵਿਚ ਗੱਲਾਂ ਹੋਣ ਲੱਗੀਆਂ, ‘ਆਹ ਤਾਂ, ਐਥੇ ਈ ਪਟਿਆਲਾ ਸ਼ਹਿਰ ਬਣ ਗਿਆ ਬਈ।’
ਮੁਰੱਬਾਬੰਦੀ ਦੇ ਨਵੇਂ ਰਾਹ ਨਿੱਕਲ ਗਏ ਸਨ। ਪਿੰਡਾਂ ਦੇ ਆਲੇ-ਦੁਆਲੇ ਫਿਰਨੀਆਂ ਛੱਡ ਕੇ ਬਾਹਰ ਪਲਾਂਟ ਕੱਟ ਦਿੱਤੇ ਗਏ ਸਨ। ਘਰ ਪਾਉਣ ਲਈ ਵੱਖ ਤੇ ਰੂੜੀਆਂ ਲਾਉਣ ਲਈ ਵੱਖ। ਝੰਡਾ ਸਿੰਘ ਨੇ ਆਪਣਾ ਨਵਾਂ ਮਕਾਨ ਫਿਰਨੀ ਉੱਤੇ ਬਣਾ ਲਿਆ ਸੀ। ਕਿਲੇ ਜਿਹਾ ਵੱਡਾ ਮਕਾਨ। ਵੱਡਾ ਸਾਰਾ ਵਿਹੜਾ। ਫਿਰਨੀ ਉੱਤੇ ਲੋਹੇ ਦਾ ਗੇਟ। ਸੱਜੇ ਖੱਬੇ ਦੋ ਵੱਡੀਆਂ ਬੈਠਕਾਂ। ਮਗਰਲੇ ਪਾਸੇ ਚਾਰ ਵੱਡੇ ਵੱਡੇ ਕਮਰੇ ਤੇ ਮੂਹਰੇ ਵਰਾਂਡਾ। ਸੱਜੇ ਹੱਥ ਕਮਰੇ ਜਿੱਡੀ ਵੱਡੀ ਰਸੋਈ ਤੇ ਰਸੋਈ ਦੇ ਨਾਲ ਹੀ ਗੁਸਲਖਾਨਾ। ਖੱਬੇ ਹੱਥ ਕੰਧ ਨਾਲ ਪੱਕੀ ਖੁਰਲੀ ਬਣਾ ਕੇ ਇਕ ਲੰਮਾ ਵਰਾਂਢਾ ਛੱਤ ਦਿੱਤਾ ਸੀ। ਵਰਾਢੇ ਦੇ ਅੱਧੇ ਬਾਰ ਖੁੱਲ੍ਹੇ, ਅੱਧੇ ਬੰਦ। ਸਿਆਲਾਂ ਵਿਚ ਬੰਦ ਬਾਰਾਂ ਵਾਲੇ ਥਾਂ ਡੰਗਰ-ਪਸ਼ੂ ਖੜ੍ਹਦੇ, ਗਰਮੀਆਂ ਵਿਚ ਖੁਲ੍ਹਵਾਰੇ ਥਾਂ। ਵਿਹੜੇ ਵਿਚ ਨਿੰਮ ਤੇ ਟਾਹਲੀਆਂ ਦੇ ਦਰਖ਼ਤ।
ਝੰਡਾ ਸਿੰਘ ਕੋਲ ਇਸ ਵੇਲੇ ਵੀਹ ਕਿੱਲੇ ਜ਼ਮੀਨ ਗਹਿਣੇ ਦੀ ਤੇ ਤੀਹ ਕਿੱਲੇ ਆਪਣੀ ਸੀ। ਇਸ ਵਿਚੋਂ ਜਮ ਕਿੱਲੇ ਬੈ ਸੀ। ਹਰਦਿੱਤ ਦੀ ਬਹੂ ਕੋਲ ਕੁੜੀ ਤੋਂ ਬਾਅਦ ਇਕ ਮੁੰਡਾ ਵੀ ਹੋ ਗਿਆ ਸੀ। ਕੁੜੀ ਸਕੂਲ ਜਾਂਦੀ, ਮੁੰਡਾ ਅਜੇ ਛੋਟਾ ਸੀ। ਹਰਦਿੱਤ ਪਿੰਡ ਵਿਚ ਪਹਿਲਾ ਟਰੈਕਟਰ ਲੈ ਕੇ ਆਇਆ। ਸਾਰਾ ਪਿੰਡ ਉਹਨਾਂ ਦੇ ਘਰ ਟਰੈਕਟਰ ਦੇਖਣ ਆਇਆ। ਲੋਕ ਹੱਥ ਲਾ-ਲਾ ਟਰੈਕਟਰ ਨੂੰ ਦੇਖਦੇ ‘ਤੇ ਹੈਰਾਨ ਹੁੰਦੇ, ‘ਹੱਦ ਹੋ ਗੀ ਬਈ, ਬਲਦਾਂ ਦੀ ਪਾਂ ਕੀ ਚੀਜ਼ ਬਣਾ ‘ਤੀ ਅਕਲਾਂ ਆਲਿਆਂ ਨੇ।’ ਟਰੈਕਟਰ ਵਾਸਤੇ ਹਰਦਿੱਤ ਨੇ ਪਸ਼ੂਆਂ ਵਾਲੇ ਵਰਾਂਢੇ ਦੇ ਨਾਲ ਹੀ ਇਕ ਨਵਾਂ ਕਮਰਾ ਪਵਾ ਲਿਆ। ਹਰਦਿੱਤ ਆਪ ਟਰੈਕਟਰ ਚਲਾਉਂਦਾ। ਪੂਰੇ ਰੋਅਬ ਨਾਲ ਟਰੈਕਟਰ ਦੀ ਸੀਟ ਉੱਤੇ ਬੈਠਦਾ।
ਇਸ ਸਾਲ ਨਾਜਰ ਨੇ ਖੇਤੀ ਦਾ ਕੰਮ ਛੱਡ ਦਿੱਤਾ ਸੀ । ਭਾਈਰੂਪੇ ਦੇ ਬਾਣੀਆਂ ਨਾਲ ਸ਼ਰਾਬ ਦੇ ਠੇਕੇ ਵਿਚ ਚੁਆਨੀ ਪਾ ਲਈ । ਠੇਕੇ ਉੱਤੇ ਓਹੀ ਬੈਠਦਾ। ਮੁਨੀਮੀ ਦੇ ਕੰਮ ਲਈ ਬਾਣੀਆਂ ਦਾ ਆਪਣਾ ਬੰਦਾ ਸੀ। ਨਾਜਰ ਰਾਤ ਵੀ ਭਾਈਰੂਪੇ ਹੀ ਕਟਦਾ। ਸਵੇਰੇ ਹੀ ਪਿੰਡ ਆ ਜਾਂਦਾ।
ਨਾਉ –ਧੋਂਦਾ, ਰੋਟੀ ਖਾ ਕੇ ਦੁਪਹਿਰ ਢਲੀ ਤੋਂ ਫੇਰ ਠੇਕੇ ਉੱਤੇ ਵਗ ਜਾਂਦਾ। ਹਰਨਾਮੀ ਨੂੰ ਸਾਹ ਦੀ ਕਮਰ ਰਹਿੰਦੀ ਸੀ। ਉਹ ਨਿੱਤ ਆਥਣੇ ਸ਼ਰਾਬ ਦਾ ਇਕ ਪੈੱਗ ਪੀਂਦੀ ਤੇ ਰੋਟੀ ਖਾ ਲੈਂਦੀ। ਇੰਜ ਕਰਨ ਨਾਲ ਸਾਹ ਟਿਕਿਆ ਰਹਿੰਦਾ ਤੇ ਰਾਤ ਨੂੰ ਨੀਂਦ ਆ ਜਾਂਦੀ । ਉਹਦੀ ਉਮਰ ਢਲ ਚੱਲੀ ਸੀ।
ਹੁਣ ਉਹ ਅਗਵਾੜ ਦੀਆਂ ਦਾਨੀਆਂ ਬੁੜੀਆਂ ਵਿਚ ਬੈਠਦੀ ਤੇ ਸਿਆਣਪ-ਭਰੀਆਂ ਗੱਲਾਂ ਕਰਦੀ।
ਗਿੰਟਰ ਬਹੁ ਤਾ ਕਰਕੇ ਪਰਾਗਦਾਸ ਦੇ ਡੇਰੇ ਰਹਿੰਦਾ। ਗੁਰਮੁਖੀ ਦੇ ਅੱਖਰ ਸਿੱਖ ਕੇ ਉਹ ਪੰਜਾਬੀ ਬਾਲਬੋਧ ਪੜ੍ਹਨ ਲੱਗ ਪਿਆ ਸੀ। ਪੰਜ-ਗ੍ਰੰਥੀ ਪੜ੍ਹ ਕੇ ਫੇਰ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਬਣ ਗਿਆ । ਹੁਣ ਲੋਕ ਉਸ ਨੂੰ ‘ਗਿਆਨੀ ਜੀ’ ਕਹਿੰਦੇ। ਆਪਣੇ ਆਪ ਨੂੰ ਉਹ ਜੋਗਿੰਦਰ ਸਿੰਘ ਜੋਗੀ ਕਹਾ ਕੇ ਬਹੁਤਾ ਖ਼ੁਸ਼ ਹੁੰਦਾ। ਪਰਾਗਦਾਸ ਹੁਣ ਪਿੰਡ ਵਿਚ ਲੋਕਾਂ ਦੇ ਘਰੀਂ ਅਖੰਡ ਪਾਠ ਵੀ ਮੋਲ੍ਹਦਾ। ਆਪਣੀ ਹੀ ਰੀਤੀ ਅਨੁਸਾਰ। ਅਖੰਡ ਪਾਠ ਵਾਲੇ ਘਰ ਸ਼ਾਮ ਨੂੰ ਆਰਤੀ ਹੁੰਦੀ ਤੇ ਨਰਸਿੰਘਾ ਵਜਦਾ । ਭੋਗ ਵਾਲੇ ਦਿਨ ਅਰਦਾਸ ਨਾਲ ਇਕ ਹੋਰ ਅਰਦਾਸ ਜੋੜ ਦਿੱਤੀ ਜਾਂਦੀ ਜਿਸ ਵਿਚ ਹਿੰਦੂ ਦੇਵੀ-ਦੇਵਤਿਆਂ ਦੀ ਉਸਤਤੀ ਹੁੰਦੀ ਤੇ ਫੇਰ ਕੜਾਹ-ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ । ਜਟਾਂ ਵਾਲੇ ਸਾਧ ਖੀਰ-ਕੜਾਹ ਛਕਦੇ। ਜੋਗਿੰਦਰ ਸਿੰਘ ਜੋਗੀ ਕਦੇ ਕਦੇ ਹਰਨਾਮੀ ਕੋਲ ਘਰ ਵੀ ਗੇੜਾ ਮਾਰ ਜਾਂਦਾ । ਨਾਜਰ ਘਰ ਹੁੰਦਾ ਤਾਂ ਵੀ ਕੋਈ ਸੰਗ ਵਾਲੀ ਗੱਲ ਨਹੀਂ ਸੀ। ਕਈ ਵਾਰ ਤਾਂ ਨਾਜਰ ਤੇ ਗਿਆਨੀ ਜੀ ਬੈਠ ਕੇ ਗੱਲਾਂ ਕਰ ਰਹੇ ਹੁੰਦੇ।
ਪਰਤਾਪਾ ਬੁੜ੍ਹਾ ਤੇ ਉਹਦੀ ਘਰਵਾਲੀ ਮਰ ਚੁੱਕੇ ਸਨ । ਸ਼ਿਆਮੋ ਦੇ ਘਰ ਵਾਲਾ ਫ਼ੌਜ ਵਿਚੋਂ ਪੈਨਸ਼ਨ ਆ ਗਿਆ ਸੀ । ਉਹਦੇ ਦੋਵੇਂ ਮੁੰਡੇ ਜੁਆਨ ਹੋ ਚੁੱਕੇ ਸਨ। ਆਪਣੀ ਮਾਂ ਨੂੰ ਉਹਨਾਂ ਨੇ ਕੁੱਟ ਕੇ ਸਿੱਧੀ ਕਰ ਲਿਆ ਸੀ । ਹੁਣ ਨਾ ਹੀ ੳਹੁ ਸ਼ਰਾਬ ਪੀਂਦੀ ਤੇ ਨਾ ਘਰੋਂ ਬਾਹਰ ਬਹੁਤਾ ਕਿਧਰੇ ਜਾਂਦੀ। ਮੁੰਡਿਆਂ ਤੋਂ ਡਰਦੀ ਥਰ-ਥਰ ਕੰਬਦੀ। ਮੁੰਡੇ ਖੇਤੀ ਦਾ ਕੰਮ ਰੋੜ੍ਹੀ ਜਾਂਦੇ । ਪੈਨਸ਼ਨ ਆਇਆ ਪਿਓ ਉਹਨਾਂ ਦੇ ਮਗਰ ਮਗਰ ਰਹਿੰਦਾ।
ਜੰਗੀਰਾ ਨਾਈ ਕੈਦ ਭੁਗਤ ਕੇ ਆ ਗਿਆ ਸੀ। ਇਕ-ਦੋ ਦਿਨ ਤੋਂ ਵੱਧ ਉਹ ਘਰ ਨਾ ਟਿਕਦਾ। ਘਰ ਵਿਚ ਸੀ ਵੀ ਕੌਣ? ਮਾਂ ਸੀ ਇਕ, ਕਦੋਂ ਦੀ ਮਰ ਚੁੱਕੀ ਸੀ । ਬਹੁਤਾ ਕਰਕੇ ਉਹ ਸਾਕ-ਸਕੀਰੀਆਂ ਵਿਚ ਵੜਿਆ ਰਹਿੰਦਾ। ਉਮਰ ਉਤਾਰ ਹੋਣ ਲੱਗੀ ਸੀ । ਤੇ ਫੇਰ ਇਕ ਦਿਨ ਉਹ ਰੰਡੀ ਤੀਵੀਂ ਨੂੰ ਘਰ ਲੈ ਆਇਆ । ਰੰਡੀ ਹੋ ਕੇ ਉਹ ਛੇ-ਸੱਤ ਸਾਲਾਂ ਤੋਂ ਪੇਕਿਆਂ ਦੇ ਬਾਰ ਬੈਠੀ ਹੋਈ ਸੀ। ਜਵਾਕ-ਜੱਲਾ ਕੋਈ ਹੈ ਨੀ ਸੀ। ਸੰਘੇੜੀ ਜੰਗੀਰੇ ਦੀ ਭੈਣ ਵਿਆਹੀ ਹੋਈ ਸੀ। ਸੰਘੇੜੇ ਵਾਲਿਆਂ ਨੇ ਹੀ ਵਿਚ ਪੈ ਕੇ ਜੰਗੀਰੇ ਦਾ ਘਰ ਵਸਾਇਆ ਸੀ । ਹੁਣ ਜੰਗੀਰਾ ਤੇ ਉਹਦੀ ਘਰਵਾਲੀ ਸੀਤੋਂ ਪਿੰਡ ਵਿਚ ਲੋਕਾਂ ਦੇ ਘਰੀਂ ਵਿਆਹ-ਮਰਨਿਆਂ ਉੱਤੇ ਭਾਂਡੇ ਮਾਂਜਣ ਤੇ ਸੁਨੇਹਾ-ਸੱਪਾ ਦੇਣ ਦਾ ਕੰਮ ਕਰਦੇ। ਚੌਲਾਂ ਦੇ ਕੜਾਹੇ ਕੱਢਣ ਤੇ ਕੜਾਹ ਬਣਾਉਣ ਵਿਚ ਜੰਗੀਰਾ ਮਾਹਿਰ ਸੀ । ਸੀਤੋਂ ਸਾਰਾ ਦਿਨ ਤਵੀ ਉੱਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ। ਕੁੜੀਆਂ ਦੇ ਡੋਲਿਆਂ ਨਾਲ ਜਾਂਦੀ। ਨਵੀਆਂ ਬਹੂਆਂ ਦੇ ਸਿਰ ਵੀ ਗੁੰਦ ਦਿੰਦੀ। ਤੀਵੀਂ-ਆਦਮੀ ਵਧੀਆ ਜੂਨ-ਗੁਜ਼ਾਰਾ ਕਰੀ ਜਾਂਦੇ।
ਮੱਲਣ ਦਾ ਟਾਹਲੀ ਵਾਲਾ ਸਾਰਾ ਖੇਤ ਝੰਡੇ ਕੋਲ ਗਹਿਣੇ ਟਿਕ ਚੁੱਕਿਆ ਸੀ। ਗਹਿਣਾ ਤੀਹ ਹਜਾਰ ਰੁਪਏ ਤਕ ਚਲਿਆ ਗਿਆ ਸੀ । ਤੀਜੀ ਕੁੜੀ ਜੀਤੋ ਦਾ ਸਾਕ ਵੱਡੀ ਕੁੜੀ ਲੱਖੋ ਆਪਣੇ ਦਿਉਰ ਨੂੰ ਲੈ ਗਈ ਸੀ। ਬਲਕਾਰ ਦਸਵੀਂ ਪਾਸ ਕਰਦੇ ਹੁਣ ਕਾਲਜ ਵਿਚ ਪੜ੍ਹਦਾ ਸੀ। ਦਸਵੀਂ ਉਹਨੇ ਭਾਈਰੂਪੇ ਤੋਂ ਪਾਸ ਕੀਤੀ ਤੇ ਫੇਰ ਬਠਿੰਡੇ ਸਰਕਾਰੀ ਕਾਲਜ ਵਿਚ ਪੜ੍ਹਨ ਜਾ ਲੱਗਿਆ। ਓਥੇ ਹੀ ਕਮਰਾ ਲੈ ਕੇ ਦੂਜੇ ਮੁੰਡਿਆਂ ਨਾਲ ਰਹਿੰਦਾ। ਮੱਲਣ ਕੋਲ ਭਾਈਰੂਪੇ ਵਾਲਾ ਖੇਤ ਹੀ ਬਾਕੀ ਰਹਿ ਗਿਆ ਸੀ। ਮੁਰੱਬੇਬੰਦੀ ਵਿਚ ਇਹ ਦੋਵੇਂ ਟੱਕ ਪਹਿਲਾਂ ਵਾਂਗ ਹੀ ਅੱਡ ਅੱਡ ਬਣੇ। ਬਾਕੀ ਸਾਰਾ ਪਸ਼ੂ-ਢਾਂਡਾ ਵੇਚ ਕੇ ਮੱਲਣ ਸਿਰਫ ਦੋ ਪਸ਼ੂ ਰਖਦਾ । ਇਕ ਬੋਤੀ ਤੇ ਇਕ ਗਾਂ। ਦੋ-ਚਾਰ ਕਿੱਲੇ ਜ਼ਮੀਨ ਉਹ ਹੋਰਾਂ ਤੋਂ ਹਿੱਸੇ ਉੱਤੇ ਲੈ ਲੈਂਦਾ। ਛੇ ਕਿਲੇ ਆਪਣੀ। ਉਹਦੇ ਦਿਨ ਲੰਘ ਰਹੇ ਸਨ।
ਬਲਕਾਰ ਹਰ ਮਹੀਨੇ ਆ ਕੇ ਆਪਣਾ ਖਰਚ ਲੈਂ ਜਾਂਦਾ । ਆਪ ਤੰਗ ਰਹਿ ਰਹਿ ਕੇ ਉਹ ਮੁੰਡੇ ਨੂੰ ਪੜ੍ਹਾ ਰਿਹਾ ਸੀ । ਉਹਦੀ ਇਕੋ ਇਕ ਆਸ ਸੀ ਕਿ ਬਲਕਾਰ ਚੋਦਾਂ ਜਮਾਤਾਂ ਪਾਸ ਕਰਕੇ ਕੋਈ ਅਫ਼ਸਰ ਬਣੇਗਾ ਤੇ ਫੇਰ ਤੀਹ ਹਜ਼ਾਰ ਰੁਪਈਆ ਉਤਾਰ ਕੇ ਟਾਹਲੀ ਵਾਲਾ ਖੇਤ ਛੁਡਾ ਦੇਵੇਗਾ।
ਪਰਾਗਦਾਸ ਦਾ ਕਾਰ-ਮੁਖਤਿਆਰ ਚਰਨਦਾਸ ਮਰ ਗਿਆ ਸੀ । ਹੁਣ ਉਹਦੇ ਮੁੰਡੇ ਤੀਰਥ ਸਿੰਘ ਨੇ ਗੋਂਦੀ ਬਾਹਮਣ ਉੱਤੇ ਮੁਕੱਦਮਾ ਕਰ ਦਿੱਤਾ । ਮੁੱਕਦਮਾ ਸੀ ਦੋ ਵਿਘੇ ਜ਼ਮੀਨ ਦਾ । ਚਰਨਦਾਸ ਉਰਫ ਗੁਰਚਰਨ ਸਿੰਘ ਦੇ ਘਰ ਕੋਈ ਔਲਾਦ ਨਹੀਂ ਹੋ ਰਹੀ ਸੀ। ਉਹਨੇ ਬਹੁਤ ਪੁੰਨ-ਦਾਨ ਕੀਤਾ। ਤੇ ਫੇਰ ਜਦੋਂ ਤੀਰਥ ਜੰਮਿਆ ਤਾਂ ਇਹ ਦੋ ਵਿਘੇ ਜ਼ਮੀਨ ਗੋਂਦੀ ਦੇ ਬਾਪ ਨੂੰ ਪੁੰਨ ਕਰਕੇ ਦੇ ਦਿੱਤੀ। ਓਦੋਂ ਤੋਂ ਹੀ ਇਹ ਦੋ ਵਿਘੇ ਜ਼ਮੀਨ ਗੋਂਦੀ ਦੇ ਕਬਜ਼ੇ ਵਿਚ ਸੀ। ਕਿਸੇ ਦੇ ਸਿੱਖੇ-ਸਿਖਾਏ ਤੀਰਥ ਨੇ ਬਾਪ ਦੇ ਮਰਨ ਬਾਅਦ ਅਗਵਾੜ ਦਾ ਇੱਕਠ ਕੀਤਾ । ਗੋਂਦੀ ਦੀ ਪਹਿਲਾਂ ਤਾਂ ਮਿੰਨਤ ਕੀਤੀ। ਉਹ ਨਾ ਮੰਨਿਆ ਤਾਂ ਫੇਰ ਰੋਅਬ ਦਿੱਤਾ ਕਿ ਉਹ ਦੋ ਵਿਘੇ ਜ਼ਮੀਨ ਛੱਡ ਦੇਵੇ। ਉਹਦਾ ਪਿਓ ਗੁਰਚਰਨ ਸਿੰਘ ਤਾਂ ਐਵੇਂ ਕਮਲਾ ਸੀ। ਜ਼ਮੀਨ ਵੀ ਕਦੇ ਕਿਸੇ ਨੇ ਪੁੰਨ ਕਰਕੇ ਦਿੱਤੀ ਹੈ। ਗੋਂਦੀ ਅੜ ਗਿਆ। ਇਹ ਤਾਂ ਉਹਦੀ ਹੱਤਕ ਸੀ । ਦਾਨ ਵਾਪਸ ਕਰਨਾ ਤਾਂ ਅਜੀਬ ਗੱਲ ਸੀ । ਗੋਂਦੀ ਨੇ ਵੀ ਬ੍ਰਹਮਤੇਜ ਦਿਖਾਇਆ, ‘ਜਾਨ ਬਸ਼ੱਕ ਦੇ ਦਿਆਂ, ਦਾਨ ਮੋੜਕੇ ਨਹੀਂ ਦੇਣਾ ।’ ਤੇ ਫੇਰ ਤੀਰਥ ਨੇ ਫੂਲ ਜਾ ਕੇ ਗੋਂਦੀ ਉੱਤੇ ਮੁਕੱਦਮਾ ਕਰ ਦਿੱਤਾ ਸੀ। ਗੋਂਦੀ ਦੇ ਵਿਸ਼ਵਾਸ ਨੂੰ ਵੱਡੀ ਸੱਟ ਲੱਗੀ। ਕਿਹੋ ਜਿਹਾ ਜ਼ਮਾਨਾ ਆ ਗਿਆ | ਘੋਰ ਕਲਜੁਗ।
13
ਬੱਦਰੀ ਨਾਰਾਇਣ ਜਦੋਂ ਵੀ ਪਿੰਡ ਆਉਂਦਾ, ਪਿਓ-ਪੁੱਤ ਵਿਚ ਹਮੇਸ਼ਾ ਹੀ ਖੜ੍ਹਕ ਪੈਂਦੀ। ਹੁਣ ਤਾਂ ਉਹ ਆਉਂਦਾ ਵੀ ਕਦੇ ਕਦੇ। ਹਰ ਮਹੀਨੇ ਨਹੀਂ ਆਉਂਦਾ ਸੀ। ਘਰਦਿਆਂ ਨੂੰ ਪੈਸੇ ਦੇਣੋਂ ਵੀ ਹਟ ਗਿਆ। ਕਹਿੰਦਾ, ‘ਥੋਡਾ ਤਾਂ ਇਹੀ ਹਾਲ ਰਹਿਣੈ, ਮੈ ਆਪਣੀ ਤਨਖਾਹ ਕਿਉਂ ਖੂਹ ‘ਚ ਸਿੱਟਾਂ। ਜੇ ਘਰ ਦਾ ਕੁਸ ਸਮਰਦਾ ਹੋਵੇ, ਫੇਰ ਵੀ ਐ।’ ਉਹਦੀ ਮਾਂ ਕਸ਼ੱਲਿਆ ਉਹਨੂੰ ਕੋਲ ਬਿਠਾ ਕੇ ਪਿਆਰ ਜਿਹੇ ਨਾਲ ਪੁਛਦੀ, ‘ਬੁੜ੍ਹਾ ਤਾਂ ਹੋਈਂ ਜਾਨੈਂ, ਹੁਣ ਏਦੂੰ ਪਿੱਛੋਂ ਫੇਰ ਕਦੋਂ ਕਰਾਮੇਂਗਾ ਵਿਆਹ ?’
ਉਹ ਗੱਲ ਨੂੰ ਹਾਸੇ ਜਿਹੇ ਵਿਚ ਪਾ ਕੇ ਜਵਾਬ ਦਿੰਦਾ, ‘ਬੁੜ੍ਹਾ ਹਾਲੇ ਈ ? ਅਜੇ ਤਾਂ ਮੈਂ ਜੁਆਨ ਵੀ ਨੀ ਹੋਇਆ। ਛੱਬੀ-ਸਤਾਈ ਸਾਲ ਦੀ ਉਮਰ ਕੋਈ ਉਮਰ ਹੁੰਦੀ ਐ ? ਬਥੇਰੇ ਸਾਲ ਪਏ ਐ ਮਾਂ, ਵਿਆਹ ਕਰੌਣ ਨੂੰ ਤਾਂ।’
‘ਤੀਹਾਂ ਤੋਂ ਟੱਪ ਗਿਆ, ਫੇਰ ਕਿਸੇ ਨੇ ਸਿਆਨਣਾ ਵੀ ਨੀ ਕਮੂਤਾ। ਤੈਨੂੰ ਸਮਝ ਕਿਉ ਨੀ ਆਉਂਦੀ ?’
‘ਚੰਗੈ ਮਾਂ, ਜੰਜਾਲ ਤੋਂ ਬਚਾਂਗੇ। ਵਿਆਹ ਕਰੌਣ ਨੂੰ ਐਥੇ ਕਿਹੜਾ ਹਵੇਲੀਆਂ ਸੁੰਨੀਆਂ ਪਈਆਂ ਨੇ। ਨਾ ਕਰਾਊਂਗਾ, ਤਾਂ ਕੀਹ ਐ।’
‘ਜੰਮਿਆ ਕਾਹਨੂੰ ਸੀ ? ਉਲਟੀਆਂ ਗੱਲਾਂ ਈ ਕਰੂ ।’ ਮਾਂ ਉਹਦੇ ਮੋਢੇ ਨੂੰ ਧੱਫਾ ਮਾਰ ਕੇ ਆਖਦੀ।
‘ਇਹਦਾ ਤਾਂ ਕਤਾਬਾਂ ਨਾਲ ਹੋ ਗਿਆ ਵਿਆਹ। ਵਿਆਹ ਤੋਂ ਕੀ ਲੈਣੈ ਹੁਣ ਇਹਨੇ ? ਇਹਨਾਂ ਕਾਮਰੇਡਾਂ ਨੇ ਪੱਟ ਕੇ ਵਗਾਹ ਤੀ ਦੁਨੀਆਂ। ਘਰੋਂ-ਬਾਰੋਂ ਵੀ ਗਏ।’ ਗੋਂਦੀ ਤਪਿਆ- ਤਪਾਇਆ ਬੋਲਦਾ।
ਮਾਂ-ਪਿਓ ਲੱਖ ਜਤਨ ਕਰ ਹਟੇ, ਪਰ ਬੱਦਰੀ ਵਿਆਹ ਕਰਵਾਉਣ ਲਈ ਨਹੀਂ ਮੰਨਦਾ ਸੀ। ਹਾਰ ਕੇ ਇਕ ਦਿਨ ਮਾਂ ਕਹਿੰਦੀ, ‘ਏਥੇ ਕਾਸਨੂੰ ਔਨਾਂ ਹੁੰਨੈ ਫੇਰ, ਮਚੌਣ ਨੂੰ। ਮੁੜ ਕੇ ਲੱਤ ਨਾ ਦੇਈਂ ਏਥੇ, ਜੇ ਅਸਲੀ ਮਾਂ ਨੇ ਜੰਮਿਐਂ। ਨਹੀਂ ਤਾਂ ਕੁੱਤੀ ਨੇ ਜੰਮਿਆ ਹੋਊ ਤੈਨੂੰ, ਕਿਸੇ ਕੰਜਰੀ ਨੇ।’
ਉਹ ਖਿੜਖਿੜਾ ਕੇ ਹੱਸਿਆ, ‘ਲੈ ਮਾਂ, ਤੂੰ ਤਾਂ ਆਪਣੇ ਆਪ ਨੂੰ ਈ ਗਾਲਾਂ ਦੇਣ ਲੱਗ ਪੀ ਵੱਡੀ ਸਿਆਣੀ।’
‘ਕਮੂਤ ਨਾ ਹੋਵੇ, ਕਬੀਅ, ਢਾਂਡਾ ਕਿਸੇ ਥਾਂ ਦਾ, ਨਾ ਅਕਲ, ਨਾ ਮੌਤ।’
ਕਸ਼ੱਲਿਆ ਹਉਕਾ ਲੈ ਕੇ ਮੁਰਦਲੀ ਜਿਹੀ ਮੰਜੇ ਉੱਤੇ ਡਿੱਗ ਪਈ। ਏਸ ਮੁੰਡੇ ਦੀ ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ।
ਬੱਦਰੀ ਮਾਂ-ਬਾਪ ਨੂੰ ਆਪਣੇ ਗੁੱਝੇ ਸੰਕਲਪ ਬਾਰੇ ਨਹੀਂ ਸਮਝਾ ਸਕਦਾ ਸੀ। ਉਹਨਾਂ ਨੂੰ ਕੀ ਪਤਾ ਕਿ ਉਹ ਕਿਹੜੇ ਰਾਹ ਤੁਰ ਪਿਆ ਹੈ। ਉਹ ਤਾਂ ਮਾਂ-ਪਿਓ ਦੇ ਇਕ ਮੋਹ ਜਿਹੇ ਵਿਚ ਬੱਝਿਆ ਕਦੇ ਕਦੇ ਪਿੰਡ ਆ ਜਾਂਦਾ। ਆਪਣੇ ਬਚਪਨ ਦੇ ਯਾਰਾਂ-ਮਿੱਤਰਾਂ ਨੂੰ ਮਿਲ ਜਾਂਦਾ ।
ਇਸ ਵਾਰ ਜਦੋਂ ਉਹ ਪਿੰਡ ਆਇਆ ਤਾਂ ਉਹਨੇ ਲੋਕਾਂ ਤੋਂ ਹੀ ਸੁਣਿਆ ਕਿ ਗੁਰਚਰਨ ਸਿੰਘ ਦੇ ਮੁੰਡੇ ਤੀਰਥ ਸਿੰਘ ਨੇ ਉਹਦੇ ਬਾਪ ਉੱਤੇ ਪੁੰਨ ਕੀਤੀ ਜ਼ਮੀਨ ਦੇ ਸੰਬੰਧ ਵਿਚ ਮੁਕੱਦਮਾ ਕਰ ਦਿਤਾ ਹੈ। ਸੁਣ ਕੇ ਬੱਦਰੀ ਨੂੰ ਪਹਿਲਾਂ ਤਾਂ ਗੁੱਸਾ ਆਇਆ ਤੇ ਫੇਰ ਇਕ ਖੁਸ਼ੀ ਦੀ ਲਹਿਰ ਜਿਹੀ ਉਹਦੇ ਜ਼ਿਹਨ ਵਿਚ ਦੌੜ ਗਈ। ਗੁੱਸਾ ਤਾਂ ਉਹਦੇ ਪਿਤਾ ਪੁਰਖੀ ਸੁਭਾਓ ਨੂੰ ਆਇਆ ਸੀ। ਇਹ ਕੀ ਕੀਤਾ ਜੱਟ ਨੇ ? ਥੁੱਕ ਕੇ ਚੱਟ ਲਿਆ। ਖੁਸ਼ੀ ਇਹ ਕਿ ਉਹਦੇ ਬਾਪ ਦੇ ਮੰਗ-ਖਾਣੇ ਸੁਭਾਓ ਨੂੰ ਸੱਟ ਲੱਗੀ, ਚੰਗਾ ਹੋਇਆ। ਉਹਦੇ ਬਾਪ ਦਾ ਵਿਸ਼ਵਾਸ਼ ਕਿਵੇਂ ਨਾ ਕਿਵੇਂ ਟੁੱਟਣਾ ਹੀ ਚਾਹੀਦਾ ਸੀ। ਪਰ ਆਪਣੇ ਬਾਪ ਨਾਲ ਜਦੋਂ ਉਹਨੇ ਗੱਲ ਤੋਰੀ ਤਾਂ ਉਹ ਪਹਿਲਾਂ ਨਾਲੋਂ ਵੀ ਵੱਧ ਵਿਸ਼ਵਾਸੀ ਸੀ ਤੇ ਕਹਿ ਰਿਹਾ ਸੀ ਕਿ ਇਹ ਤਾਂ ਸਰਾਸਰ ਅਨਿਆਇ ਹੈ, ਕਲਜੁਗ ਹੈ। ਪੁੰਨ ਕੀਤਾ ਕਦੇ ਵਾਪਸ ਨਹੀਂ ਹੁੰਦਾ । ਉਹ ਜਾਨ ਲਾ ਦੇਵੇਗਾ। ਪਰ ਦੋ ਵਿਘੇ ਜ਼ਮੀਨ ਨਹੀਂ ਛੱਡੇਗਾ।
ਬੱਦਰੀ ਕਹਿੰਦਾ, ‘ਮੈਂ ਗੱਲ ਜ਼ਮੀਨ ਦੀ ਨੀ ਕਰਦਾ । ਪਰ ਦੇਖ ਤਾਂ ਸਹੀ ਬਾਪੂ, ਲੋਕ ਕਿਮੇਂ ਸੋਚਣ ਲੱਗ ਗੇ । ਮੈਂ ਤੈਨੂੰ ਪਹਿਲਾਂ ਪਿਟਦਾ ਹੁੰਦਾ ਸੀ, ਬਈ ਇਹ ਬ੍ਰਾਮਣਪੁਣਾ ਛੱਡ ਦੇ, ਛੱਡ ਦੇ। ਹੁਣ ਲੋਕਾਂ ਵਿਚ ਪੁਰਾਣੇ ਵਿਸ਼ਵਾਸ ਟੁਟਦੇ ਜਾ ਰਹੇ ਨੇ । ਤੂੰ ਵੀ ਟੁੱਟ ਜਾ ਤੇ ਇਹ ਪੁੰਨ ਦਾ ਲੈਣ-ਦੇਣ ਬੰਦ ਕਰ ਦੇ। ਜੱਟ ਤੇਰੀ ਉੱਚ-ਜਾਤੀ, ਬ੍ਰਾਹਮਣ-ਜਾਤੀ ਜਾਂ ਪੂਜਣਯੋਗ ਵਿਅਕਤੀ ਤੈਨੂੰ ਸਮਝਕੇ ਇਹ ਦਾਣਾ-ਦੱਪਾ ਜਾਂ ਲੀੜਾ-ਕੱਪੜਾ ਜਾ ਨਹੀਂ ਦਿੰਦੇ, ਤੈਨੂੰ ਗਰੀਬ ਤੇ ਹੋਰ ਚੂਹੜੇ-ਚਮਿਆਰਾਂ ਵਾਂਗੂੰ ਘਟੀਆ ਸਮਝ ਕੇ ਤੇਰੇ ਤੇ ਤਰਸ ਕਰਕੇ ਤੇ ਆਪਣੇ ਆਪ ਤੋਂ ਗ੍ਰਹਿ ਟਾਲਣ ਦੇ ਵਿਸ਼ਵਾਸ ਨਾਲ ਦਿੰਦੇ ਨੇ । ਆਪਣੇ ਘਰ ਦੀ ਬੀਮਾਰੀ ਤੇਰੀ ਝੋਲੀ ‘ਚ ਪਾ ਕੇ ਮਾਨਸਿਕ ਤੌਰ ‘ਤੇ ਸੁਰਖਰੂ ਹੋ ਜਾਂਦੇ ਨੇ। ਬੱਸ ਹੋਰ ਕੁਸ ਨੀ। ਪਿੱਠ ਪਿਛੇ ਤੈਨੂੰ ‘ਕੱਟਾ ਬਾਮ੍ਹਣ’, ‘ਕਸੌਂਡਾ’ ਤੇ ‘ਹੱਡ-ਖਾਣਾ’ ਤੱਕ ਵੀ ਆਖ ਦਿੰਦੇ ਐ।’
ਗੋਂਦੀ ਢੈਲਾ ਹੋ ਕੇ ਬੈਠ ਗਿਆ। ਮੱਥੇ ਉੱਤੇ ਹੱਥ ਰੱਖ ਕੇ ਕੁਝ ਸੋਚਣ ਲੱਗਿਆ । ਬੋਲਿਆ, ‘ਅਇਓਂ ਤਾਂ ਫੇਰ ਜੱਟ ਉੱਤੋਂ ਦੀ ਪੈ ਜਾਣਗੇ। ਜਮੀਨ ਤਾਂ ਨੀ ਹੁਣ ਛੱਡਦਾ ਮੈਂ।’
‘ਜਮੀਨ ਦੀ ਗੱਲ ਫੇਰ ਕਰੀਂ, ਪਹਿਲਾਂ ਇਹਨਾਂ ਜੱਟਾ ਦੇ ਘਰਾਂ ਦਾ ਮੰਗਣਾ-ਖਾਣਾ ਛੱਡ। ਆਹ ਪਾੜ ਦੇ ਪੱਤਰਾ ਜਿਆ ਆਵਦਾ।’
‘ਸਾਰੇ ਜੱਟ ਇਕੋ-ਜੇ ਥੋੜ੍ਹੇ ਨੇ। ਸਭ ਪੂਜਦੇ ਨੇ ਆਪਾਂ ਨੂੰ । ਹੋਇਆ ਕੋਈ, ਕਾਲ-ਅੰਗਿਆਰੀ ਪੈਦਾ ਹੋ ਗੀ। ਤੇ ਨਾਲੇ ਜੇ ਮੈਂ ਇਹ ਜਜਮਾਨਾਂ ਦਾ ‘ਗਵਾੜ ਛੱਡ ਦਿਆਂ ਕਲਾਮ ਈ ਪਾ ਦਿਆਂ ਇਹਨਾ ਦੇ ਘਰੀਂ ਜਾਣ ਦੀ, ਪਤੈ ਕੀ ਹੋਊ ?’
‘ਕੀ ਹੋ ਜੂ ?’
‘ਪਿੰਡ ‘ਚ ਚਾਲੀ ਘਰ ਨੇ ਬਾਮ੍ਹਣਾਂ ਦੇ । ਝੱਟ ਆ ਵੜਨਗੇ। ਬਾਮ੍ਹਣ ਤਾਂ ਇਹਨਾਂ ਦੇ ਘਰੀਂ ਸਿਰ-ਮਦਾਨ ਭੱਜੇ ਔਣਗੇ। ਤੂੰ ਗੱਲਾਂ ਕਿਹੜੀਆਂ ਕਰਦੈਂ ? ਮੈਂ ਜਾਣਦਾਂ ਇਹ ਸਭ। ਆਹ ਹੁਣੇ ਦੇਖ ਲੈ, ਚਰਨ ਦੇ ਮੁੰਡੇ ਤੀਰਥ ਨਾਲ ਹੁਣ ਬੋਲ-ਵਾਣੀ ਨਹੀਂ ਨਾ ਆਪਣੀ, ਔਹ ਚੌਥੇ ‘ਗਵਾੜੋਂ ਪ੍ਰਸਿੰਨੀ ਬਾਮ੍ਹਣੀ ਇਹਨਾਂ ਦੇ ਔਣ ਵੀ ਲੱਗ ਪੀ। ਕੁੱਤੀ-ਜਾਤ! ਪਹਿਲਾਂ ਤਾਂ ਪ੍ਰਸਿੰਨੀ ਦੀਆਂ ਲੱਤਾਂ ਤੋੜਦਾਂ। ਨਹੀਂ ਬੋਲਦਾ ਨਾ ਸਹੀ, ਜਜਮਾਨ ਤਾਂ ਮੇਰਾ ਐ।’ ਗੋਂਦੀ ਨੂੰ ਚਾਰ-ਚੁਫੇਰਿਓਂ ਗੁੱਸੇ ਦੀਆਂ ਸੂਲਾਂ ਨੇ ਵਿੰਨ੍ਹਿਆ ਹੋਇਆ ਸੀ।
‘ਬਾਪੂ ਜਿੰਨਾ ਚਿਰ ਤੇਰੇ ਦਮਾਗ ‘ਚੋਂ ਇਹ ਜਜਮਾਨ-ਪਰੋਹਤ ਵਾਲੀ ਗੱਲ ਨਿਕਲਦੀ ਨੀ ਨਾ, ਤੂੰ ਤਾਬ ਨੀ ਔਂਦਾ ।’ਗਵਾੜ ‘ਚ ਹੋਰ ਬਾਮ੍ਹਣ ਔਂਦੇ ਨੇ ਤਾਂ ਔਣ ਦੇ। ਤੇਰੇ ਕੋਲ ਜਮੀਨ ਐ, ਤੂੰ ਉਹ ਖਾਹ। ਤੇ ਇਹ ਤੀਰਥ ਆਲੇ ਦੋ ਵਿਘੇ ਛੱਡ ਦੇ । ਜੱਟਾਂ ਦੇ ਘਰੋਂ ਆਈ ਖੀਰ ਵਾਧੂ ਬਚੀ ਪਈ ਤੂੰ ਕੁੱਤੇ ਨੂੰ ਨੀਂ ਪਾਈ ਕਦੇ ? ਇਹ ਦੋ ਵਿਘੇ ਮੋੜ ਦੇ । ਨਹੀਂ ਤਾਂ ਦੇਖੀਂ ਫੇਰ । ਮਕੱਦਮਾ ਬੁਰੀ ਚੀਜ “ਦੈ। ਦੋ ਵਿਘੇ ਰਖਦਾ ਰਖਦਾ ਆਵਦੀ ਨਾ ਗੁਆ ਬੈਠੀ ।’ ਬੱਦਰੀ ਨੇ ਆਖਰੀ ਤਾਣ ਲਾਇਆ।
ਗੋਂਦੀ ਕਹਿੰਦਾ, ‘ਨਾਂਹ, ਨਾ ਤਾਂ ਜਜਮਾਨ ਛੱਡੇ ਜਾਂਦੇ ਐ ਤੇ ਨਾ ਇਹ ਜਮੀਨ। ਦੇਖੀ ਜਾਊ ਹੁਣ।
ਬੱਦਰੀ ਨੇ ਇਕ ਡਾਲਣਾ ਹੋਰ ਸੁੱਟਿਆ, ‘ਚੰਗਾ, ਇਕ ਸ਼ਰਤ ‘ਤੇ ਮੈਂ ਵਿਆਹ ਕਰਵਾ ਲੈਨਾਂ : ਤੇਰੀ ਨੂੰਹ ਲੈ ਕੇ ਐਥੇ ਪਿੰਡ ਆ ਜਾਨਾਂ । ਤੂੰ ਇਹ ਦੋ ਵਿਘੇ ਛੱਡ ਕੇ ਇਹ ਜਜਮਾਨੀ- ਪਰੋਹਤੀ ਦਾ ਕੋੜ੍ਹ ਵੱਢ ਦੇ। ਪਿੰਡ ਵਿਚ ਦੂਜੇ ਸਾਰਿਆਂ ਵਾਂਗ ਰਹਿ ਧੌਣ ਚੁੱਕ ਕੇ ।’
ਵਿਆਹ ਦਾ ਨਾਂ ਸੁਣ ਕੇ ਇਕ ਵਾਰੀ ਤਾਂ ਗੋਂਦੀ ਦੀਆਂ ਅੱਖਾਂ ਚਰਾਗਾਂ ਵਾਂਗੂੰ ਖੁੱਲ੍ਹ ਗਈਆਂ। ਉਹਦੀਆ ਅੱਖਾਂ ਵਿਚ ਬਹੁਤ ਸਾਰੇ ਸੁਫਨੇ ਇਕੱਠੇ ਹੀ ਜਾਗ ਉੱਠੇ । ਪਰ ਦੂਜੇ ਬਿੰਦ ਹੀ ਉਹ ਬੋਲਿਆ, ‘ਤੂੰ ਵਿਆਹ ਕਰਾ ਸੁੱਖੀਂ-ਸਾਂਦੀਂ। ਬਹੂ ਲੈ ਕੇ ਆਵਦੇ ਘਰ ਆ ਜਾ । ਮੇਰੇ ਜਜਮਾਨ ਕਿਹੜਾ ਤੇਰੇ ਛੜ ਮਾਰਦੇ ਐ। ਰਹੀ ਗੱਲ ਦੋ ਵਿਘੇ ਆਲੀ। ਇਹ ਤੀਰਥੀਏ ਨਾਲ ਤਾਂ ਹੁਣ ਸਿਰ- ਧੜ ਦੀ ਲੱਗ ਗੀ ਸਮਝ । ਤੂੰ ਨਾ ਬੋਲ, ਇਹ ਤਾਂ ਮੈਂ ਜਾਣਾਂ, ਮੈਂ ਜਾਣਾਂ।’
‘ਚੰਗਾ, ਤੇਰੇ ਏਸ ਗੰਦ ‘ਚ ਮੈਂ ਤਾਂ ਰਹਿ ਨੀ ਸਕਦਾ। ਚਲਦਾਂ ਮੈਂ ਤਾਂ ।’ ਰਸਾਲੇ-ਅਖ਼ਬਾਰਾਂ ਨਾਲ ਭਰਿਆ ਝੋਲਾ ਉਹਨੇ ਮੋਢੇ ਲਮਕਾਇਆ ਤੇ ਵਿਹੜੇ ਵਿਚ ਆ ਕੇ ਮਾਂ ਨੂੰ ਕਹਿੰਦਾ, ‘ਸਲਾਮਾਲੇਕਮ ਮਾਂ, ਮੈਂ ਤਾਂ ਜਾਨਾਂ । ਹੁਣ ਨੀ ਔਣਾ ਮੈਂ ਕਦੇ ਥੋਡੇ ਕੋਲ।’
ਚੁੱਲ੍ਹੇ ਕੋਲ ਬੈਠੀ ਭਾਂਡੇ ਮਾਂਜਦੀ ਉਹ ਉੱਠ ਖੜ੍ਹੀ ਤੇ ਬੋਲੀ, ‘ਵੇ ਕਿਉਂ ?’ਤੇ ਫੇਰ ਉਹ ਤੂੰ, ਵੇ ਤੂੰ’ ਕਰਦੀ ਦਰਵਾਜ਼ੇ ਦੇ ਬਾਰ ਤੱਕ ਆਈ। ਬੱਦਰੀ ਕਾਹਲੇ ਕਦਮੀਂ ਕਦੋਂ ਦਾ ਵੀਹੀ ਦਾ ਮੋੜ ਟੱਪ ਗਿਆ ਸੀ।
ਪਾਖਰ ਨੰਬਰਦਾਰ ਅਜੇ ਜਿਉਂਦਾ ਸੀ, ਪਰ ਕਾਫੀ ਬੁੜ੍ਹਾ ਹੋ ਚੁੱਕਿਆ ‘ ਸੀ । ਕਾਠੀ ਦਾ ਤਕੜਾ ਸੀ। ਤੁਰਿਆ-ਫਿਰਦਾ ਰਹਿੰਦਾ। ਸ਼ਰਾਬ ਵੀ ਪੀ ਲੈਂਦਾ। ਪਿੰਡ ਦੇ ਮੁਕੱਦਮਿਆਂ ਵਿਚ ਫੂਲ ਉਹਦਾ ਓਵੇਂ-ਜਿਵੇਂ ਹੀ ਜਾਣ-ਆਉਣ ਸੀ। ਹੁਣ ਉਹ ਗੋਂਦੀ ਨਾਲ ਫੂਲ ਜਾਂਦਾ । ਦੂਜਾ ਬੰਦਾ ਸੀ ਗੋਂਦੀ ਨਾਲ ਜਾਣ ਵਾਲਾ ਪ੍ਰੀਤਮ । ਪ੍ਰੀਤਮ ਨੂੰ ਵੀ ਸ਼ਰਾਬ ਦਾ ਝੱਸ ਸੀ। ਦੋਵੇਂ ਜਦੋਂ ਵੀ ਗੋਂਦੀ ਨਾਲ ਫੂਲ ਜਾਂਦੇ, ਗੋਂਦੀ ਉਹਨਾਂ ਨੂੰ ਬੋਤਲ ਦੇ ਪੈਸੇ ਦੇ ਦਿੰਦਾ । ਬੋਲਦਾ, ‘ਲਓ ਜਜਮਾਨ, ਤੁਸੀਂ ਤਾਂ ਕਰੋ ਹਰੀ-ਇੱਛਾ। ਖਾਓ-ਪੀਓ।’
ਪ੍ਰੀਤਮ ਕਹਿ ਦਿੰਦਾ ਸੀ, ‘ਸਾਨੂੰ ਤਾਂ ਪੈਸੇ ਈ ਫੜਾ ਦੇ ਬਾਬਾ, ਆਪੇ ਲੈ ਲਾਂ ਗੇ । ਤੂੰ ਤਾਂ ਬੋਤਲ ਨੂੰ ਹੱਥ ਨੀ ਲੌਣਾ। ਤੇਰੇ ‘ਤੇ ਭਾਰ ਨੀ ਚੜ੍ਹਦੇ। ਤੇਰਾ ਦੀਨ ਭਰਿਸ਼ਟ ਕਾਹਨੂੰ ਕਰੀਏ।
ਪਾਖਰ ਉੱਤੋਂ ਉੱਤੋਂ ਚਹੇਡ ਵਾਂਗ ਸੁਲਾਹ ਮਾਰਦਾ, ‘ਦੇਵਤਿਆ, ਤੇਰਾ ਖਾਣਾ ਤਾਂ ਬਣਦਾ ਨੀ। ਪਰ ਤੂੰ ਖੁਸ਼ੀ ਨਾਲ ਬੋਤਲ ਦੇ ਪੈਸੇ ਦਿੰਨੈ ਤਾਂ ਤੇਰੀ ਮਰਜੀ ਐ। ਇਹ ਤਾਂ ਤੇਰੀ ਉੱਛਲ ਐ।
ਅਸੀਂ ਕਿਹੜਾ ਤੈਥੋਂ ਮੰਗਦੇ ਆਂ।’
ਦੀਵਾਨੀ ਮੁਕੱਦਮਾ ਸੀ। ਪਤਾ ਨਹੀਂ, ਕਿੰਨੇ ਕੁ ਸਾਲ ਹੋਰ ਚੱਲਣਾ ਸੀ ਤੇ ਕੀ ਫੈਸਲਾ ਹੋਣਾ ਸੀ। ਮਜਿਸਟਰੇਟ ਦੋ ਮਹੀਨਿਆਂ ਦੀ ਤਾਰੀਖ ਪਾ ਦਿੰਦਾ। ਕਚਹਿਰੀ ਦੇ ਸਾਰੇ ਮੁਣਸ਼ੀ-ਮੁਸੱਦੀ, ਚਪੜਾਸੀ ਤੇ ਹੋਰ ਕੁੱਲ ਅਮਲਾ-ਫੈਲਾ ਗੋਂਦੀ ਨੇ ਖੁਸ਼ ਕੀਤਾ ਹੋਇਆ ਸੀ । ਗੋਂਦੀ ਦਾ ਪੈਸਾ ਖਰਚ ਹੁੰਦਾ। ਹਰ ਤਾਰੀਖ ਉੱਤੇ ਹੀ ਥੱਬਾ ਨੋਟਾਂ ਦਾ ਲੱਗ ਜਾਂਦਾ । ਇਕ ਦਿਨ ਪਾਖਰ ਨੇ ਉਹਨੂੰ ਮੱਤ ਦਿਤੀ, ‘ਬਾਬਾ, ਐਂ ਨੀ ਲੋਟ ਔਂਦਾ ਦੀਂਹਦਾ ਇਹ ਕੰਮ । ਤੂੰ ਅਫ਼ਸਰ ਦਾ ਮੱਥਾ ਝੁਲਸ । ਇਹਦੇ ਮੂੰਹ ‘ਚ ਦੇਹ ਹੱਡ। ਆਪੇ ਕਰੂ ਫੇਰ।’
‘ਕਿੰਨੇ ਕੁ ਲੈ ਲੂ ਤੇਰੀ ਤੱਕ ‘ਚ ?’ ਗੋਂਦੀ ਨੇ ਦਾੜ੍ਹੀ ਖੁਰਕੀ ਤੇ ਦੰਦਾਂ ਦੀ ਕਿਚਰ ਕਿਚਰ ਜਿਹੀ ਕਰਕੇ ਪਾਖਰ ਤੋਂ ਪੁੱਛਿਆ।
‘ਦੋ ਹਜਾਰ ਤੋਂ ਘੱਟ ਤਾਂ ਨੀ ਸਰਨਾ। ਸੁਣਿਐ, ਏਦੂੰ ਘੱਟ ਤਾਂ ਇਹ ਲੈਂਦਾ ਈ ਨੀ। ਲਹੂ ਮੂੰਹ ਲੱਗਿਐ ਜਦੋਂ।’
ਝੰਡਾ ਸਿੰਘ ਹੁਣ ਵਿਆਜ ਉੱਤੇ ਵੀ ਪੈਸੇ ਦੇਣ ਲੱਗ ਪਿਆ ਸੀ। ਜ਼ਮੀਨ ਬਥੇਰੀ ਬਣਾ ਲਈ ਸੀ। ਗਹਿਣੇ ਜ਼ਮੀਨ ਲੈਣ ਲਈ ਨੱਕ ਮਾਰਦਾ । ਹਾਂ, ਬੈ ਖਾਤਰ ਤਿਆਰ ਰਹਿੰਦਾ। ਜਦੋਂ ਕਦੇ ਕੋਈ ਜੱਟ ਜ਼ਮੀਨ ਛੁਡਾ ਲੈਂਦਾ, ਤਦ ਹੀ ਉਹ ਨਵੀਂ ਜ਼ਮੀਨ ਗਹਿਣੇ ਲੈਂਦਾ। ਵਾਹੀ ਵਾਸਤੇ ਪੰਜਾਹ ਕਿੱਲੇ ਬਹੁਤ ਸੀ। ਗੋਂਦੀ ਹੁਣ ਤੱਕ ਦੋ ਹਜ਼ਾਰ ਰੁਪਿਆ ਵਿਆਜ ਉੱਤੇ ਝੰਡੇ ਤੋਂ ਲੈ ਚੁੱਕਿਆਂ ਸੀ। ਉਹ ਝੰਡੇ ਕੋਲ ਹੀ ਫੇਰ ਗਿਆ। ਜਾ ਕੇ ਦੱਸਿਆ ਕਿ ਅਫਸਰ ਨੂੰ ਪੈਸਾ ਝੋਕਣਾ ਹੈ। ਤਿੰਨ ਹਜ਼ਾਰ ਤੋਂ ਘੱਟ ਨਹੀਂ ਸਰਦਾ। ਪਹਿਲਾਂ ਦਾਣਿਆਂ ਦਾ ਪਾ ਕੇ ਤੇ ਦੋ ਹਜ਼ਾਰ ਨਕਦ, ਕਦੇ ਚਾਰ ਸੌ, ਕਦੇ ਦੋ ਸੌ, ਝੰਡੇ ਦੀ ਬਹੀ ਉੱਤੇ ਇਹ ਤਿੰਨ ਹਜ਼ਾਰ ਦਾ ਨਾਮਾ ਬਣ ਚੁੱਕਿਆ ਸੀ । ਹੁਣ ਤਿੰਨ ਹਜ਼ਾਰ ਗੋਂਦੀ ਹੋਰ ਮੰਗਦਾ ਸੀ। ਝੰਡੇ ਨੇ ਤਿੰਨ ਕਿੱਲੇ ਜ਼ਮੀਨ ਮੰਗੀ। ਇਹ ਵੀ ਕਿਹਾ ਕਿ ਮਿਲਖੇ ਫੌਜੀ ਤੋਂ ਦੋ ਕਿੱਲੇ ਛੁਡਾ ਕੇ ਉਹ ਜ਼ਮੀਨ ਵੀ ਉਹਨੂੰ ਦੇਵੇ। ਇਹ ਦੋ ਕਿੱਲੇ ਚਾਰ ਹਜ਼ਾਰ ਵਿਚ ਸੀ।
ਗੱਲ ਇਹ ਸੀ ਕਿ ਝੰਡੇ ਤੋਂ ਗਹਿਣੇ ਦੀ ਚਾਰ ਕਿੱਲੇ ਜ਼ਮੀਨ ਮੁਕੰਦ ਟੁੰਡੇ ਦੇ ਮੁੰਡੇ ਪਰਮਜੀਤ ਨੇ ਦਸ ਹਜ਼ਾਰ ਰੁਪਿਆ ਖਰਾ ਕਰਕੇ ਛੁਡਾ ਲਈ ਸੀ । ਪਰਮਜੀਤ ਦਸਵੀਂ ਪਾਸ ਕਰਕੇ ਪਟਵਾਰ ਦਾ ਕੋਰਸ ਕਰ ਗਿਆ ਸੀ ਤੇ ਹੁਣ ਦੂਰ ਇਕ ਪਿੰਡ ਵਿਚ ਪੰਜ-ਛੇ ਸਾਲਾਂ ਤੋਂ ਪਟਵਾਰੀ ਲੱਗਿਆ ਹੋਇਆ ‘ ਸੀ। ਵਿਆਹ ਹੋ ਗਿਆ मी। एषे ‘ ਹੀ ਰਹਿੰਦਾ । ਪਟਵਾਰੀ ਨੂੰ ਦਸ ਹਜ਼ਾਰ ਕੀ ਚੀਜ਼ ਸੀ ? ਟੁੰਡਾ ਚੌੜਾ ਹੋ-ਹੋ ਸੱਥ ਵਿਚ ਬੈਠਦਾ।
ਹੁਣ ਇਹ ਦਸ ਹਜ਼ਾਰ ਰੁਪਿਅ ਝੰਡੇ ਲਈ ਘਰ ਵਿਚ ਸੰਭਾਲ ਕੇ ਰੱਖਣਾ ਮੁਸ਼ਕਿਲ ਸੀ। ਗੋਂਦੀ ਨੂੰ ਸੱਤ ਹਜ਼ਾਰ ਦੇ ਕੇ ਪੰਜ ਕਿੱਲੇ ਜ਼ਮੀਨ ਆਉਂਦੀ ਸੀ। ਗੋਂਦੀ ਮੰਨ ਗਿਆ।
ਸੋ ਹੁਣ ਝੰਡੇ ਕੋਲ ਮੁਕੰਦ ਟੁੰਡੇ ਦੀ ਚਾਰ ਕਿੱਲੇ ਛੱਡ ਕੇ ਗੋਂਦੀ ਬਾਹਮਣ ਦੀ ਪੰਜ ਕਿੱਲੇ ਜ਼ਮੀਨ ਆ ਗਈ। ਗੋਂਦੀ ਤਿੰਨ ਹਜ਼ਾਰ ਦੀ ਪੋਟਲੀ ਘਰ ਵਿਚ ਰੱਖ ਕੇ ਫੂਲ ਵਾਲੇ ਮਜਿਸਟਰੇਟ ਨੂੰ ਟੱਕਰਨ ਦੀਆਂ ਵਿਉਂਤਾਂ ਬਣਾਉਣ ਲੱਗਿਆ।
14
ਮੁੱਰੱਬਾਬੰਦੀ ਵਿਚ ਬੁਰਜ ਗਿੱਲਾਂ ਵਾਲੇ ਪਾਸੇ ਗੋਂਦੀ ਦੀ ਜ਼ਮੀਨ ਲਗਭਗ ਓਥੇ ਦੀ ਓਥੇ ਰਹਿ ਗਈ ਸੀ। ਪਰ ਹੁਣ ਇਹਦੀ ਸ਼ਕਲ ਵਿਗੜ ਗਈ ਸੀ। ਪਹਿਲਾਂ ਤਾਂ ਐਨ ਸੀ ਚਨੁੱਕਰੀ। ਹੁਣ ਇਹਦੀਆਂ ਛੇ ਨੁੱਕਰਾਂ ਬਣਦੀਆਂ ਸਨ। ਸ਼ੁਰੂ ਵਿਚ ਘੱਟ ਚੌੜੀ। ਵਿਚਾਲੇ ਬਹੁਤ ਚੌੜੀ, ਜਿਵੇਂ ਇਹ ਚੌੜਾਈ ਹੀ ਇਹਦੀ ਲੰਬਾਈ ਹੋਵੇ। ਅਖੀਰ ਉੱਤੇ ਫੇਰ ਤਿਰਕ ਜਿਹੀ। ਆਲੇ-ਦੁਆਲੇ ਦੇ ਟੱਕ ਵਧੀਆ ਬਣੇ ਹੋਏ ਸਨ। ਜਿਵੇਂ ਜਰੀਬ ਲੈ ਕੇ ਚੱਪਾ-ਚੱਪਾ ਥਾਂ ਮਿਣੀ ਗਈ ਹੋਵੇ। ਆਲੇ-ਦੁਆਲੇ ਦੇ ਟੱਕਾਂ ਵਿਚਕਾਰ ਗੋਂਦੀ ਦੀ ਜ਼ਮੀਨ ਤਾਂ ਵਾਧੂ ਜਿਹੀ ਪਈ ਹੋਈ ਲਗਦੀ ਸੀ। ਜਿਵੇਂ ਕਿਸੇ ਹਿਸਾਬ ਵਿਚ ਹੀ ਨਾ ਆਈ ਹੋਵੇ । ਲੋਕ ਕਹਿੰਦੇ ਸਨ, ‘ਏਸੇ ਨੂੰ ਤਾਂ ਕਹਿੰਦੇ ਨੇ ਜ਼ਮੀਨ ਦੀ ਬੇਕਦਰੀ। ਏਥੇ ਤਾਂ ਚੱਲੀ ਨਾ ਗੋਂਦੀ ਦੀ ‘ਮਾਰਾਜ’ ? ਦੇਖਿਆ, ਪਟਵਾਰੀਆਂ ਦਾ ਹੱਥ, ਅਇਓਂ ਕਰਦੇ ਨੇ, ਜੀਹਦੇ ਨਾਲ ਕਰਨੀ ਹੋਵੇ ।’
ਬਾਰਾਂ ਘੁਮਾਂ ਦੀ ਹੁਣ ਇਹ ਅੱਠ ਕਿੱਲੇ ਰਹਿ ਗਈ ਸੀ। ਕੀਮਤਾਂ ਦੇ ਹਿਸਾਬ-ਕਿਤਾਬ ਵਿਚ ਪਟਵਾਰੀਆਂ ਨੇ ਪਤਾ ਨਹੀਂ ਕੀ ਕੀਤਾ ਸੀ, ਗੋਂਦੀ ਨੂੰ ਕੋਈ ਇਲਮ ਨਹੀਂ ਸੀ। ਜ਼ਮੀਨਾਂ ਦੀਆਂ ਕੀਮਤਾਂ ਪੈਣ ਵੇਲੇ ਤੇ ਫੇਰ ਟੱਕ ਕੱਟਣ ਵੇਲੇ ਉਹ ਤਾਂ ਇਕ ਦਿਨ ਵੀ ਖੇਤ ਜਾ ਕੇ ਨਹੀਂ ਖੜ੍ਹਾ। मी।
ਜਿਨ੍ਹਾਂ ਦਿਨਾਂ ਵਿਚ ਤੀਰਥ ਦੇ ਪਿਓ ਗੁਰਚਰਨ ਸਿੰਘ ਨੇ ਆਪਣੀ ਦੋ ਵਿਘੇ ਗੋਂਦੀ ਦੇ ਪਿਓ ਨੂੰ ਪੁੰਨ ਕੀਤੀ ਸੀ, ਇਹ ਦੋ ਵਿਘੇ ਦਾ ਟੁਕੜਾ ਗੁਰਚਰਨ ਦੀ ਵਹਿਕ ਜ਼ਮੀਨ ਦੇ ਕਿਸੇ ਹਿਸਾਬ ਵਿਚ ਨਹੀਂ ਆਉਂਦਾ ਸੀ। ਉਹਦੀ ਸੇਂਜੂ ਜ਼ਮੀਨ ਨਾਲੋਂ ਉੱਚੇ ਥਾਂ ਸੀ । ਨਾ ਪਾਣੀ ਲਗਦਾ ਤੇ ਨਾ ਹੀ ਚੱਜ ਨਾਲ ਵਾਹਿਆ ਜਾਂਦਾ। ਵਿੰਗਾ-ਏਢਾ ਤੇ ਉੱਚਾ-ਨੀਵਾਂ ਵੀ ਸੀ। ਗੁਰਚਰਨ ਨੇ ਐਨੇ ਕੁ ਥਾਂ ਵੱਲ ਕਦੇ ਧਿਆਨ ਵੀ ਨਹੀਂ ਦਿੱਤਾ। ਸੀ। ਝਾੜ-ਮਲ੍ਹੇ, ਅੱਕ, ਬੇਸ਼ੁਮਾਰ ਭੱਖੜਾ ਤੇ · ਪੋਹਲੀ ਇਸ ਜ਼ਮੀਨ ਵਿਚ ਹੁੰਦੀ। ਇਸ ਦੋ ਵਿਘੇ ਤੇ ਗੁਰਚਰਨ ਦੀ ਦੂਜੀ ਜ਼ਮੀਨ ਵਿਚਕਾਰ ਦੀ ਲੋਕਾਂ ਨੇ ਮੱਲੋ ਮੱਲੀ ਰਾਹ ਬਣਾਇਆ ਹੋਇਆ ਸੀ। ਉਹਨੇ ਬਥੇਰਾ ਭੜੀਆਂ ਪਾਈਆਂ ਸਨ, ਮੋਰਚੇ ਮਾਰੇ ਸਨ, ਮੋੜ੍ਹੀਆਂ ਗੱਡੀਆਂ ਸਨ, ਪਰ ਲੋਕਾਂ ਨੂੰ ਕੌਣ ਮੋੜੇ। ਇਹ ਰਾਹ ਪੱਕਿਆ ਹੋਇਆ ਸੀ। ਇਹ ਜ਼ਮੀਨ ਗੋਂਦੀ ਦੀ ਜ਼ਮੀਨ ਦੇ ਨਾਲ ਲਗਦੀ ਸੀ। ਸੋ ਗੁਰਚਰਨ ਨੇ ਫਜੂਲ ਸਮਝ ਕੇ ਇਹ ਦੋ ਵਿਘੇ ਗੋਂਦੀ ਦੇ ਪਿਓ ਨੂੰ ਪੁੰਨ ਕਰ ਦਿੱਤੇ ਸਨ। ਤੇ ਫੇਰ ਇਕ ਸਾਲ ਗੋਂਦੀ ਦੀ ਜ਼ਮੀਨ ਇਕ ਅਜਿਹੇ ਜੱਟ ਕੋਲ ਆਈ ਜੀਹਨੇਂ ਤਿੰਨ ਸਾਲਾਂ ਲਈ ਇਸ ਦੋ ਵਿਘੇ ਦਾ ਕੋਈ ਹਿੱਸਾ ਨਾ ਦੇਣਾ ਕਰਕੇ ਇਹ ਜ਼ਮੀਨ ਸੰਵਾਰ ਲਈ। ਤੇ ਫੇਰ ਗੋਂਦੀ ਦੀ ਜ਼ਮੀਨ ਵਿਚ ਇਹ ਜ਼ਮੀਨ ਇਸ ਤਰ੍ਹਾਂ ਰਲ ਗਈ ਜਿਵੇਂ ਗੋਂਦੀ ਦੀ ਜ਼ਮੀਨ ਦਾ ਹੀ ਹਿੱਸਾ ਹੋਵੇ। ਤੇ ਫੇਰ ਮੁਰੱਬਾਬੰਦੀ ਵਿਚ ਤਾਂ ਇਹ ਦੋ ਵਿਘੇ ਉਹਦੇ ਅੱਠ ਕਿੱਲਿਆਂ ਦਾ ਹੀ ਕਿਧਰੇ ਕੋਈ ਖੂੰਜਾ ਬਣਕੇ ਰਹਿ ਗਈ ਸੀ।
ਗੁਰਚਰਨ ਸਿੰਘ ਦੇ ਮੁੰਡੇ ਤੀਰਥ ਕੋਲ ਵਾਹਵਾ ਜ਼ਮੀਨ ਸੀ। ਉਹਦਾ ਸੋਲਾਂ ਕਿੱਲਿਆਂ ਦਾ ਖੱਬੀਖਾਨ ਟੱਕ ਸੀ। ਇਹ ਟੱਕ ਇਕ ਥਾਂ ਹੀ ਹੁਣ ਗੋਂਦੀ ਦੀ ਜ਼ਮੀਨ ਦੇ ਐਨ ਨਾਲ ਖਹਿੰਦਾ ਬਣਿਆ ਹੋਇਆ ਸੀ। ਜਿੱਥੋਂ ਕਿਤੋਂ ਉੱਚਾ-ਨੀਵਾਂ ਸੀ, ਉਹਨੇ ਕਰਾਹ ਲਾ ਕੇ ਐਨ ਪੱਧਰ ਕਰ ਲਿਆ ਸੀ। ਕੱਸੀ ਦਾ ਪਾਣੀ ਲਗਦਾ ।
ਤੀਰਥ ਝੰਡੇ ਦੇ ਮੁੰਡੇ ਹਰਦਿੱਤ ਦਾ ਆੜੀ ਸੀ। ਦੋਵੇਂ ਹਾਣੀ ਵੀ ਸਨ। ਇੱਕਠੇ ਖੇਡੇ ਸਨ। ਹੁਣ ਵਿਆਹੇ-ਵਰੇ, ਪੁੱਤਾਂ-ਧੀਆਂ ਵਾਲੇ ਪੂਰੇ ਕਬੀਲਦਾਰ ਸਨ। ਕਮਾਈ ਵੱਲ ਹੀ ਧਿਆਨ ਰਖਦੇ। ਕਦੇ ਕਦੇ ਹੀ ਟੱਕਰਦੇ। ਪਰ ਜਦੋਂ ਕਦੇ ਮਿਲਦੇ, ਪੁਰਾਣੀਆਂ ਗੱਲਾਂ ਕਰ ਕਰ ਘੰਟੇ ਲੰਘਾ ਦਿੰਦੇ। ਕਦੇ ਕਦੇ ਸ਼ਰਾਬ ਵੀ ਪੀਂਦੇ। ਥੋੜੀ ਥੋੜੀ। ਲੋਕ ਗੱਲਾਂ ਕਰਦੇ, ‘ਦੇਖੋ ਬਈ, ਨਾ ਝੰਡੇ ਨੇ ਕਦੇ ਮੂੰਹ ‘ਤੇ ਧਰੀ ਸੀ, ਨਾ ਚਰਨੇ ਨੇ, ਮੁੰਡਿਆਂ ਨੂੰ ਇਹ ਸੁਆਦ ਕਿੱਥੋਂ ਪੈ ਗਿਆ ? ਚੌਥੇ ਦਿਨ ਸੀਸੀ ਲੈ ਕੇ ਬੈਠ ਜਾਂਦੇ ਐ ।
ਝੰਡੇ ਦਾ ਅੰਦਰਲਾ ਘਰ ਹੁਣ ਵਸੋਂ ਵਾਲਾ ਨਹੀਂ ਰਿਹਾ ਸੀ। ਦੋਵੇਂ ਸਬਾਤਾਂ ਵਿਚ ਤੂੜੀ ਪਈ ਰਹਿੰਦੀ। ਵਿਹੜਾ ਉਜਾੜ-ਬੀਆਬਾਨ ਜਿਹੀ ਧਰਤੀ ਵਰਗਾ ਲਗਦਾ। ਕੰਧਾਂ ਦੀਆਂ ਜੜਾਂ ਵਿਚ ਘਾਹ ਉੱਗ ਆਇਆ ਸੀ। ਅਰਜਣ ਵਾਲੀ ਪੁਰਾਣੀ ਬੈਠਕ ਨੂੰ ਉਹ ਬੈਠਣ-ਉੱਠਣ ਲਈ ਵਰਤਦੇ ਸਨ। ਕਦੇ ਕਦੇ ਬੰਤੋ ਬੈਠਕ ਨੂੰ ਸੰਭਰ ਜਾਂਦੀ। ਓਥੇ ਦੋ ਮੰਜੇ ਪਏ ਰਹਿੰਦੇ । ਇਕ ਛੋਟਾ ਮੇਜ਼ ਤੇ ਇਕ ਟੁੱਟੀ ਜਿਹੀ ਕੁਰਸੀ। ਦੋ ਰੱਦੜ ਜਿਹੇ ਬਿਸਤਰੇ। ਝੰਡਾ ਲਗਭਗ ਨਿੱਤ ਹੀ ਸ਼ਾਮ ਨੂੰ ਏਥੇ ਆ ਕੇ ਪੈਠਦਾ । ਕਈ ਗਰਜ਼ੀ ਬੰਨ੍ਹੇ ਲੋਕ ਉਹਨੂੰ ਏਥੇ ਆ ਕੇ ਮਿਲਦੇ । ਨਹੀਂ ਤਾਂ ਉਂਜ ਹੀ ਲੰਘਦੇ ਕਰਦੇ ਬੰਦੇ ਉਹਦੇ ਕੋਲ ਆ ਕੇ ਬੈਠ ਜਾਂਦੇ ਤੇ ਗੱਲਾਂ ਕਰਨ ਲਗਦੇ । ਝੰਡਾ ਗੱਲ ਗੱਲ ਵਿਚ ਹਰਦਿੱਤ ਸਿੰਘ ਦੀ ਤਾਰੀਫ ਕਰਦਾ ਤੇ ਉਹਦੇ ਨਾਲ ਆਪਣੇ ਸਬੰਧਾਂ ਦਾ ਵਰਨਣ ਲੈ ਬਹਿੰਦਾ। ਹਰਦਿੱਤ ਸਿੰਘ ਇਸ ਵਾਰ ਵੀ ਐਮ.ਐਲ. ਏ. ਚੁਣਿਆ ਗਿਆ ਸੀ ਤੇ ਵਜ਼ੀਰ ਵੀ ਬਣ ਗਿਆ ਸੀ।
ਜਦੋਂ ਕਦੇ ਹਰਦਿੱਤ ਤੇ ਤੀਰਥ ਓਥੇ ਇਕੱਠੇ ਹੁੰਦੇ ਤੇ ਸ਼ਰਾਬ ਪੀਣ ਲਗਦੇ ਤਾਂ ਝੰਡਾ ਟਲ ਜਾਂਦਾ। ਝੰਡੇ ਨੂੰ ਕੀ ਪਤਾ ਸੀ ਕਿ ਉਹਦਾ ਮੁੰਡਾ ਹਰਦਿੱਤ ਸ਼ਰਾਬ ਪੀ ਲੈਂਦਾ ਹੈ। ਪਰ ਓਸਨੇ ਉਹਨੂੰ ਕਦੇ ਟੋਕਿਆ-ਵਰਜਿਆ ਨਹੀ ਸੀ ।
ਇਕ ਦਿਨ ਜਦੋਂ ਉਹ ਦੋ-ਦੋ ਪੈੱਗ ਪੀ ਚੁੱਕੇ ਤੇ ਆਪਣੇ ਸੀਰੀਆਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਝੰਡਾ ਜਾਣ-ਬੁਝ ਕੇ ਬੈਠਕ ਵਿਚ ਆਇਆ। ਅਲਮਾਰੀ ਖੋਲ੍ਹ ਕੇ ਕੋਈ ਚੀਜ਼ ਲੱਭਣ ਦਾ ਬਹਾਨਾ ਜਿਹਾ ਕਰਨ ਲੱਗਿਆ। ਉਹਨਾਂ ਨੇ ਗੱਲਾਂ ਬੰਦ ਕਰ ਦਿੱਤੀਆਂ । ਹਰਦਿੱਤ ਨੇ ਇਕ ਭਰਵਾਂ ਜਿਹਾ ਪੈੱਗ ਲਿਆ ਤੇ ਬੈਠਕ ਵਿਚੋਂ ਨਿਕਲ ਕੇ ਵਿਹੜੇ ਵਿਚ ਆ ਗਿਆ । ਉਹਨੇ ਸੋਚਿਆ, ਬੁੜ੍ਹਾ ਟਲ ਜਾਵੇਗਾ ਤਾਂ ਉਹ ਫੇਰ ਤੀਰਥ ਕੋਲ ਆ ਬੈਠੇਗਾ । ਐਨੀ ਕੁ ਅੱਖ-ਸ਼ਰਮ ਉਹ ਆਪਣੇ ਪਿਓ ਦੀ ਰਖਦਾ। ਬਾਪੂ ਸਾਹਮਣੇ ਸ਼ਰਾਬ ਪੀਂਦਾ ਉਹ ਆਪਣੇ-ਆਪ ਨੂੰ ਹੀ ਚੰਗਾ ਨਹੀਂ ਲਗਦਾ ਸੀ। ਹਰਦਿੱਤ ਵਿਹੜੇ ਵਿਚ ਗਿਆ ਤਾਂ ਝੰਡਾ ਤੀਰਥ ਦਾ ਹਾਲ-ਚਾਲ ਪੁੱਛਣ ਲੱਗਿਆ। ਅਲਮਾਰੀ ਵਿਚ ਮੂੰਹ ਦੇ ਕੇ ਬੇਧਿਆਨਗੀ ਜਿਹੀ ਨਾਲ ਕਹਿੰਦਾ, ‘ਓਏ ਕੀ ਹਾਲ ਐ ਸ਼ੇਰਾ, ਹੋਰ ਤਾਂ ਸਭ ਠੀਕ-ਠਾਕ ਐ ?
‘ਠੀਕ ਐ, ਚਾਚਾ ਸਿਆਂ । ਤੂੰ ਸੁਣਾ ਤਕੜਾ ਰਹਿਨੈਂ ?’ ਤੀਰਥ ਬੋਲਿਆ।
‘ਹੋਰ ਖੇਤੀ-ਪੱਤੀ, ਕੀ ਹਾਲ ਐ ਤੇਰੇ ਖੇਤ ਦਾ ? ਐਤਕੀਂ ਕੀ ਬੀਜਿਐ ਓਥੇ ?
‘ਦਸ ਕਿੱਲੇ ਕਣਕ ਐ, ਬਾਕੀ ਕੱਖ-ਪੱਠਾ, ਤੂੰ ਜਾਣਦਾ ਈ ਐਂ।’
‘ਜੀਮੀ ਭਾਈ ਸਮਾਰੀ ਤਾਂ ਬਹੁਤ ਵਧੀਐ ਤੈਂ। ਛੰਡ ਕੱਢੇ ਪਏ ਐ ‘ਕੇਰਾਂ ਤਾਂ। ਮੈਂ ਤਾਂ ਇਕ ਦਿਨ ਬੁਰਜ ਗਿਆ ਸੀ। ਓਦੋਂ ਦੇਖਿਆ ਤੇਰਾ ਖੇਤ । ਚੰਗੈ ਭਾਈ, ਪਿਓ ਤਾਂ ਤੇਰਾ ਸਾਧ ਦੇ ਡੇਰੇ ਈ ਰਿਹਾ। ਉਹਨੂੰ ਚੌਂਪ ਨੀ ਸੀ ਐਨਾ ਭੋਇੰ ਦਾ।’
‘ਹਾਂ, ਉਹ ਤਾਂ ਸਾਧਾ-ਬਿਰਤੀ ਦਾ ਆਦਮੀ ਸੀ। ਰੱਬ ਦੀ ਦਿੱਤੀ ਖਾਣ ਆਲਾ। ਖੁੱਲ੍ਹ- ਖੇਡ ‘ਚ ਈ ਰਿਹਾ। ਮੌਜੀ ਬੰਦਾ ਸੀ । ਚੱਲ, ਉਹਦੀ ਮਰਜੀ । ਪਰ ਐਨਾ ਜ਼ਰੂਰ, ਉਹਨੇ ਲੋਕਾਂ ਆਂਗੂ ਜ਼ਮੀਨ ਖੋਰੀ ਨੀ। ਜਿੰਨੀ ਸਾਂਭੀ ਸੀ, ਓਨੀ ਦੇ ਗਿਆ।’
‘ਹਾਂ, ਇਹ ਤਾਂ ਠੀਕ ਐ। ਭਲਾਮਣਸ ਆਦਮੀ ਸੀ। ਰੱਬੀ ਬੰਦਾ ਸੀ। ਕਿਸੇ ਦਾ ਮਾੜਾ ਨੀ ਕੀਤਾ ਉਹਨੇ । ਇਕ ਗੱਲ ਜ਼ਰੂਰ ਪੁੱਠੀ ਕਰ ਗਿਆ।
ਤੀਰਥ ਨੇ ਕੰਨ ਜਿਹੇ ਝਾੜੇ। ਕਹਿੰਦਾ, ‘ਕੀ?’
‘ਉਹ ਬਾਮ੍ਹਣ ਨੂੰ ਦੇ ਗਿਆ ਜਿਹੜੀ ਦੋ ਵਿਘੇ । ਜੱਦੀ ਜੈਦਾਤ ਪੁੰਨ ਕਰਨ ਦਾ ਕੋਈ ਰਾਹ ਨੀ। ਅੰਨ ਦਾ ਦਾਨ ਦਿਓ, ਲੀੜਾ-ਕੱਪੜਾ ਦੇਈ ਜਾਓ, ਰੁਪਈਆ ਦਾਨ ਕਰ ਦਿੰਦੇ ਨੇ, ਲੋਕ ਤਾਂ ਸਿਉਨੇ ਦਾ ਦਾਨ ਵੀ ਕਰਦੇ ਨੇ, ਇਹ ਜ਼ਮੀਨ ਵੱਡਿਆਂ ਦੀ ਦਿਤੀ ਚੀਜ ਐ, ਇਹਦਾ ਕੋਈ ਰਾਹ ਨੀ।’
‘ਚੱਲ, ਦੋ ਵਿਘੇ ਈ ਸੀ ਨਾ । ਕਰਤੀ ਸੋ ਕਰਤੀ। ਉਹਦੀ ਮਰਜੀ। ਹੁਣ ਆਪਾਂ ਕੀ ਕਰ ਸਕਦੇ ਆਂ।’
‘ਕਰ ਕਿਉਂ ਨੀ ਸਕਦੇ ! ਦਾਵਾ ਕਰ ਦੇ। ਦੋ ਦਿਨ ਨੀ ਪੈਂਦੇ । ਤੇਰੀ ਜਮੀਨ ਤੈਨੂੰ ਮਿਲ ਜੂ । ਬੱਸ ਐਨਾ ਲਖਿਆਇਆ ਈ ਬਹੁਤ ਐ, ਬਈ ਪਿਓ ਮੇਰੇ ਨੂੰ ਜਮੀਨ ਦੀ ਕੋਈ ਕਦਰ ਨੀ ਸੀ। ਸਾਧਾਂ-ਸੰਤਾਂ ਆਲਾ ਸੁਭਾਅ ਸੀ ਬੁੜ੍ਹੇ ਦਾ । ਕਿਹੜਾ ਓਹਨੇ ਇੰਤਕਾਲ ਕਰਾ ਕੇ ਦਿੱਤਾ ਸੀ ਬਾਮ੍ਹਣ ਨੂੰ । ਬੱਸ ਦੱਬੀਂ ਰੱਖੀ ਓਹਨੇ। ਮਾਮਲਾ ਦਿੰਦਾ ਰਿਹਾ। ਫੇਰ ਵਾਹਕ ਬਣਾ ਲੀ। ਗੁਰਦੌਰੀਆਂ ਗੋਂਦੀ ਦੇ ਨਾਉਂ ਚੜ੍ਹਨ ਲੱਗ ਪੀਆਂ। ਆਪੇ ਕਬਜਾ ਹੋ ਗਿਆ। ਮੁਰੱਬਾਬੰਦੀ ਵਿਚ ਵੀ ਉਹਦੀ ਢੇਰੀ ‘ਚ ਈ ਗਈ।’
ਹਰਦਿੱਤ ਦੂਜੇ ਬਾਰ ਘਰੋਂ ਬਾਹਰ ਹੋ ਕੇ ਸੱਥ ਵਿਚ ਜਾ ਬੈਠਾ ਸੀ । ਖਾਸੀ ਦੇਰ ਬਾਅਦ ਆਇਆ। ਬੈਠਕ ਵਿਚ ਤੀਰਥ ਦੇ ਮੰਜੇ ਉੱਤੇ ਬੈਠਾ ਉਹਦਾ ਪਿਓ ਉਹਨੂੰ ਦਿਸਿਆ। ਦੋਵੇਂ ਹੌਲ਼ੀ ਹੌਲੀ ਕੋਈ ਗੰਭੀਰ ਗੱਲ ਕਰ ਰਹੇ ਉਹਨੂੰ ਜਾਪੇ । ਉਹਨੇ ਖੰਘੂਰ ਜਿਹੀ ਮਾਰੀ । ਪਰ ਵਿਹੜੇ ਵਿਚ ਹੀ ਏਧਰ-ਓਧਰ ਫਿਰਨ-ਤੁਰਨ ਲੱਗਿਆ। ਉਹਨੇ ਸੋਚਿਆ ਸੀ, ਉਹਦਾ ਬੋਲ ਸੁਣ ਕੇ ਬਾਪੂ ਚਲਿਆ ਜਾਵੇਗਾ। ਪਰ ਉਹ ਤਾਂ ਹਿੱਲ ਹੀ ਨਹੀਂ ਰਿਹਾ ਸੀ। ਆਖਰ ਉਹ ਆਪ ਹੀ ਬੈਠਕ ਵਿਚ ਜਾ ਵੜਿਆ। ਤੇ ਹੋਰ ਪਾਣੀ ਲਿਆਉਣ ਦੇ ਬਹਾਨੇ ਡੋਲੂ ਚੁਕ ਲਿਆ। ਝੰਡਾ ਆਖ ਰਿਹਾ ਸੀ, ‘ਤੂੰ ਦਿਲ ਕੱਢ। ਇਹ ਤਾਂ ਹੋਇਆ ਈ ਪਿਐ। ਬਹੁਤੀ ਗੱਲ ਹੋਈ, ਆਪਾ ਹਰਦਿੱਤ ਸਿਓਂ ਨੂੰ ਕਹਿ ਦਿਆਂ ਗੇ। ਆਪਣੀ ਮੋੜਦਾ ਨੀ ਉਹ।’
ਪਾਣੀ ਲੈ ਕੇ ਹਰਦਿੱਤ ਆਇਆ ਤਾਂ ਝੰਡਾ ਬੈਠਕ ਵਿਚ ਨਹੀਂ ਸੀ। ਉਹਨੇ ਤੀਰਥ ਨੂੰ ਪੁੱਛਿਆ, ‘ਕੀ ਗੱਲ ਸੀ ਓਏ ?’
ਉਹ ਕਹਿਦਾ, ‘ਚਾਚੇ ਦੀ ਗੱਲ ਤਾਂ ਠੀਕ ਐ । ਬਾਮ੍ਹਣ ਦੋ ਵਿਘੇ ਮੁਫ਼ਤ ਦੀ ਲਈਂ ਬੈਠੈ।
‘ਕਿਹੜੀ ਦੋ ਵਿਘੇ ? ਕਿਹੜਾ ਬਾਮ੍ਹਣ?
‘ਤੈਨੂੰ ਨੀ ਪਤਾ ? ਬਾਪੂ ਦੋ ਵਿਘੇ ਗੋਂਦੀ ਬਾਮ੍ਹਣ ਦੇ ਪਿਓ ਨੂੰ ਪੁੰਨ ਕਰ ਗਿਆ ਸੀ ਨਾ, ਉਹ ਜਮੀਨ ।’
‘ਹੱਛਾ, ਮੈਨੂੰ ਨੀ ਸੀ ਪਤਾ ਏਸ ਗੱਲ ਦਾ ।’
‘ਮੇਰੇ ਜੰਮਣ ਵੇਲੇ ਦੀ ਗੱਲ ਐ, ਬਹੁਤ ਵਰ੍ਹੇ ਹੋ ਗੇ।’
‘ਹੁਣ ਫੇਰ ?’
‘ਚਾਚਾ ਕਹਿੰਦਾ, ਦਾਵਾ ਕਰ ਦੇ । ਤੈਨੂੰ ਮਿਲ ਸਕਦੀ ਐ।’
‘ਗੱਲ ਤਾਂ ਠੀਕ ਐ। ਪਰ ਇਕ ਗੱਲ ਐ। ਪਹਿਲਾਂ ਆਪਾਂ ’ਗਵਾੜ ਦਾ ਕੱਠ ਕਰਕੇ ਦੇਖ ਲੈਨੇ ਆਂ। ਕੀ ਪਤੈ, ਬਾਮ੍ਹਣ ਊਈਂ ਛੱਡ ਦੇ ।’
‘ਹਾਂ, ਆਇਓਂ ਕਰ ਲੋ।’
ਤੇ ਫੇਰ ਉਸ ਦਿਨ ਤੀਰਥ ਇਕ ਫੈਸਲਾ ਕਰਕੇ ਝੰਡੇ ਕੀ ਬੈਠਕ ਵਿਚੋਂ ਉੱਠਿਆ ਸੀ ਕਿ ਬਾਮ੍ਹਣ ਕੋਲ ਜ਼ਮੀਨ ਰਹਿਣ ਨੀ ਦੇਣੀ।
ਤੇ ਹੁਣ ਫੂਲ ਮਜਿਸਟਰੇਟ ਦੀ ਕਚਹਿਰੀ ਵਿਚ ਇਹ ਮੁਕੱਦਮਾ ਚੱਲ ਰਿਹਾ ਸੀ।
ਫੂਲ ਕਚਹਿਰੀਆਂ ਵਿਚ ਇਕ ਅਰਜ਼ੀ-ਨਵੀਸ ਸੀ-ਲਾਲਾ ਦੌਲਤ ਰਾਮ । ਪੁਰਾਣਾ ਕਾਂਗਰਸੀ ਸੀ। ਅੰਗ੍ਰੇਜ਼ਾਂ ਵੇਲੇ ਨਾ ਤਾਂ ਉਹਨੇ ਕੋਈ ਕੈਦ ਕੱਟੀ ਸੀ, ਨਾ ਕਿਸੇ ਜਲੂਸ ਵਿਚ ਸ਼ਾਮਲ ਹੋ ਕੇ ਪੁਲਿਸ ਦਾ ਕੋਈ ਡੰਡਾ ਖਾਧਾ । ਉਹ ਤਾਂ ਸੰਤਾਲੀ ਤੋਂ ਬਾਅਦ ਦਾ ਕਾਂਗਰਸੀ ਸੀ । ਪੁਰਾਣੇ ਸਮਿਆਂ ਦੀਆਂ ਚਾਰ ਜਮਾਤਾਂ ਪਾਸ । ਉਰਦੂ ਦੀ ਚੰਗੀ ਵਾਕਫ਼ੀਅਤ ਸੀ। ਹੁਣ ਗੁਰਮੁਖੀ ਦੇ ਚਾਰ ਅੱਪਰ ਸਿੱਖ ਕੇ ਅਰਜ਼ੀ-ਨਵੀਸੀ ਕਰਨ ਲੱਗ ਪਿਆ ਸੀ । ਇਹ ਕੰਮ ਤਾਂ ਉਹਦਾ ਘੱਟ ਹੀ ਚਲਦਾ, ਇਕ ਹੋਰ ਕੰਮ ਵਿਚ ਉਹ ਪੂਰਾ ਮਾਹਰ ਸੀ। ਹਰ ਵੱਡੇ ਅਫਸਰ ਨਾਲ ਕਿਵੇਂ ਨਾ ਕਿਵੇਂ ਬਣਾ ਲੈਂਦਾ। ਹੱਥ ਜੋੜ ਜੋੜ ਗੱਲਾਂ ਕਰਦਾ। ਕਿਵੇਂ ਨਾ ਕਿਵੇਂ ਅਫਸਰ ਨਾਲ ਖੁੱਲ੍ਹ ਜਾਂਦਾ । ਤੇ ਬੱਸ ਫੇਰ ਉਹਦਾ ਧੰਦਾ ਚੱਲ ਪੈਂਦਾ। ਅਫਸਰ ਦੀ ਘਰਵਾਲੀ ਕੋਲ ਉਹ ਕਦੇ ਵੀ ਜਾ ਸਕਦਾ ਤੇ ਗਿੱਟ-ਮਿੱਟ ਕਰ ਸਕਦਾ।
ਪਾਖਰ ਨੰਬਰਦਾਰ ਦੌਲਤ ਰਾਮ ਨੂੰ ਜਾਣਦਾ ਸੀ। ਦੌਲਤ ਰਾਮ ਨੇ ਪਹਿਲਾਂ ਵੀ ਉਹਦੇ ਕਈ ਕੰਮ ਕਰਵਾਏ ਸਨ। ਇਕ ਦਿਨ ਸਵੇਰੇ ਸਵੇਰੇ ਚੋਰਾਂ ਵਾਂਗੂ ਪਾਖਰ ਤੇ ਗੋਂਦੀ ਦੌਲਤ ਰਾਮ ਦੇ ਘਰ ਗਏ। ਅੱਡ ਕਮਰੇ ਵਿਚ ਜਾ ਕੇ ਪਾਖਰ ਨੇ ਦੌਲਤ ਰਾਮ ਨਾਲ ਥੋੜਾ ਹੀ ਚਿਰ ਕੋਈ ਗੱਲ ਕੀਤੀ ਤੇ ਫੇਰ ਉਹ ਗੋਂਦੀ ਕੋਲ ਆ ਕੇ ਬੈਠ ਗਏ । ਪਾਖਰ ਨੇ ਇਸ਼ਾਰਾ ਕੀਤਾ ਤਾਂ ਗੋਂਦੀ ਨੇ ਧੋਤੀ ਦੇ ਡੱਬ ਵਿਚੋਂ ਪੋਟਲੀ ਕੱਢ ਕੇ ਦੋ ਹਜ਼ਾਰ ਦੇ ਨੋਟ ਗਿਣੇ ਤੇ ਪਾਖਰ ਨੂੰ ਫੜਾ ਦਿਤੇ । ਪਾਖਰ ਨੇ ਅਗਾਂਹ ਬਿਨਾਂ ਗਿਣੇ ਹੀ ਥਹੀ ਦੀ ਬਹੀ ਦੌਲਤ ਰਾਮ ਨੂੰ ਫੜਾਈ। ਕਿਹਾ, ‘ਗਿਣ ਲੋ ਲਾਲਾ ਜੀ, ਚੰਗਾ ਹੁੰਦਾ ਐ।
ਇਕ ਮਿੰਟ ਵਿਚ ਹੀ ਦੌਲਤ ਰਾਮ ਨੇ ਵੀਹ ਨੋਟ ਗਿਣੇ ਤੇ ਕੁੜਤੇ ਹੇਠਲੀ ਮਲਮਲ ਦੀ ਝੁੱਗੀ ਦੀ ਜੇਬ ਵਿਚ ਉਹਨਾਂ ਨੂੰ ਝੱਟ ਦੇ ਕੇ ਪਾ ਲਿਆ। ਬਹੁਤ ਹੌਲੀ ਦੇ ਕੇ ਉਹਨਾਂ ਨੂੰ ਸਮਝਾਉਣ ਲੱਗਿਆ, ‘ਮੈਂ ਹੁਣੇ ਜਾਨਾਂ ਮਜਿਸਟਰੇਟ ਸਾਅਬ ਦੇ। ਬੱਸ ਇਕ ਤਰੀਕ ਹੋਰ ਮਸਾਂ ਪਉ । ਤੁਸੀਂ ਬੇਸੰਸ ਰਹੋ। ਕੀਹ ਐ, ਰੱਬ ਦੀ ਕੋਈ ਕੁਦਰਤ ਹੋ ਜੇ, ਤਾਂ ਪੰਡਤ ਜੀ, ਆਹ ਬੈਠੈ ਨੰਬਰਦਾਰ, ਪੁਰਾਣਾ ਵਾਹ ਐ। ਦੋ ਹਜਾਰ ਆਪਣਾ ਖਰਾ ਵਾਪਸ ਲੈ ‘ਜੀਓ’ ।’ ਤੇ ਫੇਰ ਦੌਲਤ ਰਾਮ ਕਹਿੰਦਾ, ‘ਚੰਗਾ ਹੁਣ ਤੁਸੀਂ ਜਾਓ ਘਰਾਂ ਨੂੰ ।’
ਗੋਂਦੀ ਨੂੰ ਕੀ ਪਤਾ ਕਿ ਦੋ ਹਜ਼ਾਰ ਵਿਚੋਂ ਦੋ ਸੌ ਤਾਂ ਨੰਬਰਦਾਰ ਨੂੰ ਹੀ ਮਿਲ ਜਾਣਾ ਸੀ ਤੇ ਤਿੰਨ ਸੌ ਦੌਲਤ ਰਾਮ ਕੋਲ ਰਹਿ ਜਾਣਾ ਸੀ । ਬੀਬੀ ਜੀ ਕੋਲ ਤਾਂ ਪੰਦਰਾਂ ਸੌ ਹੀ ਪਹੁੰਚਣਾ ਸੀ। ਬੀਬੀ ਵੀ ਭਲੀਮਾਣਸ ਨਹੀਂ ਸੀ, ਜੱਜ ਕੋਲ ਤਾਂ ਇਕ ਹਜ਼ਾਰ ਦੀ ਹੀ ਗੱਲ ਹੋਣੀ ਸੀ।
15
ਅਗਲੀ ਤਰੀਕ ਉੱਤੇ ਜਦੋਂ ਗੋਂਦੀ ਪੇਸ਼ ਹੋਇਆ, ਉਹਨੇ ਦੇਖਿਆ, ਜੱਜ ਮੁਸਕਰਾ ਰਿਹਾ ਸੀ। ਦੋਵਾਂ ਵਕੀਲਾਂ ਨਾਲ ਹੀ ਹੱਸ-ਹੱਸ ਬੋਲਦਾ। ਨਹੀਂ ਤਾਂ ਪਹਿਲੀਆਂ ਤਰੀਕਾਂ ਵੇਲੇ ਗੋਂਦੀ ਦੇਖਦਾ, ਜੱਜ ਮੱਚਿਆ-ਬੁਝਿਆ ਜਿਹਾ ਰਹਿੰਦਾ ਸੀ। ਅੱਧੀ ਗੱਲ ਸੁਣਦਾ, ਅੱਧੀ ਨਹੀਂ ਸੁਣਦਾ ਸੀ। ਵੱਢੂੰ-ਖਾਊਂ ਕਰਦਾ। ਜਿਵੇਂ ਇਹ ਜੱਜ ਨਹੀਂ, ਕੋਈ ਪੁਲਿਸ-ਅਫਸਰ ਹੋਵੇ। ਉਸ ਦਿਨ ਵਕੀਲਾਂ ਨੇ ਥੋੜੀ-ਥੋੜੀ ਜਿਰਾਹ ਵੀ ਕੀਤੀ। ਗੋਂਦੀ ਦਾ ਵਕੀਲ ਆਪਣੀ ਟੁੱਟੀ ਐਨਕ ਨੂੰ ਵਾਰ-ਵਾਰ ਠੀਕ ਕਰਦਾ ਤੇ ਜਭੇ ਨਾਲ ਬੋਲਦਾ ਸੀ। ਹਸਦੇ-ਹਸਦੇ ਹੀ ਜੱਜ ਨੇ ਪੰਦਰਾਂ ਦਿਨ ਦੀ ਤਰੀਕ ਦੇ ਦਿਤੀ। ਟੁੱਟੀ ਐਨਕ ਵਾਲਾ ਮਧਰਾ ਵਕੀਲ ਖੁਸ਼ ਹੋ ਗਿਆ, ਦੂਜਾ ਵਕੀਲ ਵੀ ਖੁਸ਼, ਪਰ ਦੋਵੇਂ ਹੀ ਕੁਝ ਕੁਝ ਉਦਾਸੇ ਜਿਹੇ। ਗੋਂਦੀ ਅਤੇ ਉਹਦੇ ਸਾਥੀ, ਨੰਬਰਦਾਰ ਪਾਖੇਰ ਸਿੰਘ ਤੇ ਪ੍ਰੀਤਮ ਗੱਲਾਂ ਕਰਨ ਲੱਗੇ। ਹੈਰਾਨ ਹੋਏ ਕਿ ਪਹਿਲਾਂ ਤਾਂ ਤਰੀਕ ਦੋ-ਦੋ, ਤਿੰਨ-ਤਿੰਨ ਜਾਂ ਛੇ-ਛੇ ਮਹੀਨਿਆਂ ਦੀ ਵੀ ਪੈਂਦੀ ਰਹੀ ਸੀ, ਪਰ ਹੁਣ ਇਹ ਪੰਦਰਾਂ ਦਿਨ ਦੀ ਹੀ ਤਰੀਕ ਕਿਉਂ ਦੇ ਦਿਤੀ? ਤੇ ਨਾਲੇ ਤਰੀਕ ਕਿਉਂ ਦਿਤੀ, ਫੈਸਲਾ ਹੀ ਕਿਉਂ ਨਹੀਂ ਸੁਣਾਇਆ ? ਗੋਂਦੀ ਨੇ ਫ਼ਿਕਰ ਕੀਤਾ, ਦੋ ਹਜ਼ਾਰ ਦਾ ਕੋਈ ਅਸਰ ਹੋਇਆ ਲਗਦਾ ਨਹੀਂ ਪਰ ਆਪਣੇ ਅੱਡੇ ਉੱਤੇ ਜਾ ਕੇ ਵਕੀਲ ਨੇ ਉਹਨਾਂ ਨੂੰ ਸਮਝਾਇਆ ਕਿ ਹੁਣ ਅਗਲੀ ਤਰੀਕ ਉੱਤੇ ਤਾਂ ਬੱਸ ਸਮਝੋ ਫੈਸਲਾ ਹੀ ਹੋਣਾ ਹੈ। ਵਕੀਲ ਕੋਲੋਂ ਵਿਦਾਅ ਹੋ ਕੇ ਉਹ ਲਾਲਾ ਦੌਲਤ ਰਾਮ ਵੱਲ ਹੋਏ। ਉਹ ਪਹਿਲਾਂ ਹੀ ਬੋਲ ਉੱਠਿਆ, ‘ਕਿਉਂ, ਕਿੱਦਣ ਦੀ ਪੈ ਗੀ ?’
ਪਾਖਰ ਕਹਿੰਦਾ, ‘ਅਗਲੇ ਤੋਂ ਅਗਲੇ ਬੁੱਧਵਾਰ ਫੇਰ ਔਣੈ।’
‘ਬੱਸ ਨੰਬਰਦਾਰਾ, ਠੀਕ ਐ।’
ਦੌਲਤ ਰਾਮ ਆਪਣੀ ਗੱਦੀ ਤੋਂ ਉੱਠਿਆ। ਨੰਬਰਦਾਰ ਤੇ ਗੋਂਦੀ ਨੂੰ ਪਰ੍ਹੇ ਜਿਹੇ ਲਿਜਾ ਕੇ ਉਹਨਾਂ ਦੀਆਂ ਬਾਂਹਾਂ ਫੜ ਕੇ ਕਹਿੰਦਾ; ‘ਮੇਰੀ ਸਾਰੀ ਗੱਲ ਕੀਤੀ ਐ। ਅਗਲੀ ਤਰੀਕ ‘ਤੇ ਪੱਕਾ ਫੈਸਲਾ ਹੋਊ ਹੁਣ। ਤੁਸੀਂ ਕੰਨ-ਭਾਰ ਸੌਂ ਜੋ ਜਾ ਕੇ । ਮੂੰਹ ‘ਤੇ ਥੁੱਕ ਦਿਓ ਜੇ ਕਾਣ-ਮੀਣ ਹੋਵੇ ਕੋਈ।
ਉਹਨਾਂ ਦਾ ਦਿਲ ਟਿਕਾਣੇ ਆ ਗਿਆ। ਤੇ ਫੇਰ ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਬੱਸ-ਅੱਡੇ ਉੱਤੇ ਆ ਕੇ ਬੱਸ ਦੀ ਉਡੀਕ ਕਰਨ ਲੱਗੇ । ਚਾਹ ਵੀ ਪੀ ਲਈ। ਦੋ-ਦੋ ਘੰਟਿਆਂ ਬਾਅਦ ਬੱਸ ਮਿਲਦੀ। ਚਾਰ ਵਜੇ ਵਾਲੀ ਬੱਸ ਦਾ ਟਾਈਮ ਸੀ ।
ਓਹੀ ਗੱਲ ਹੋਈ। ਅਗਲੇ ਪੰਦਰਾਂ ਦਿਨਾਂ ਨੂੰ ਜਦੋਂ ਉਹ ਤਰੀਕ ਉੱਤ ਗਏ, ਜੱਜ ਨੇ ਫੈਸਲਾ ਹੀ ਸੁਣਾਇਆ। ਫੈਸਲਾ ਗੋਂਦੀ ਦੋ ਹੱਕ ਵਿਚ ਗਿਆ। ਤੀਰਥ ਸਿੰਘ ਤੇ ਉਹਦੇ ਬੰਦੇ ਕੰਨ ਵਲ੍ਹੇਟ ਕੇ ਓਥੋਂ ਤੁਰਦੇ ਹੋਏ। ਤੀਰਥ ਦਾ ਵਕੀਲ ਹੱਥ ਝਾੜ ਕੇ ਆਪਣੇ ਅੱਡੇ ਉੱਤੇ ਜਾ ਬੈਠਾ। ਅਗਲੇ ਕੇਸ ਦੀ ਸੁਣਵਾਈ ਦਾ ਇੰਤਜ਼ਾਰ ਕਰਨ ਲੱਗਿਆ | ਟੁੱਟੀ ਐਨਕ ਵਾਲਾ ਮਧਰਾ ਵਕੀਲ ਅੱਡੀਆਂ ਚੁੱਕ-ਚੁੱਕ ਗੱਲਾਂ ਕਰ ਰਿਹਾ ਸੀ। ਕਹਿ ਰਿਹਾ ਸੀ, ‘ਰਾਤ ਬਾਰਾਂ ਵਜੇ ਤੱਕ ਬੈਠਾ ਰਿਹਾਂ। ਥੋਡੇ ਕੇਸ ਦੀਆਂ ਕਿਤਾਬਾਂ ਈ ਸਟੱਡੀ ਕੀਤੀਆਂ । ਮੈਨੂੰ ਤਾਂ ਪਹਿਲਾਂ ਪਤਾ ਸੀ । ਹੁਣ ਤਾਂ ਖੁਸ਼ ਓਂ 어?’
ਗੋਂਦੀ ਮੋਢੇ ਉਤਲਾ ਲਾਲ ਪਰਨਾ ਵਾਰ ਵਾਰ ਠੀਕ ਕਰਦਾ ਤੇ ਵਕੀਲ ਨੂੰ ਅਸੀਸਾਂ ਦੇਣ ਲਗਦਾ । ਨੰਬਰਦਾਰ ਵਕੀਲ ਦੀ ਤਾਰੀਫ਼ ਕਰਦਾ ਤੇ ਆਪਣੀਆਂ ਨਿੱਕੀਆਂ ਖਚਰੀਆਂ ਅੱਖਾਂ ਵਿਚ ਗੁੱਝਾ ਮੁਸਕਰਾਉਂਦਾ ਵੀ। ਗੋਂਦੀ ਨੇ ਵਕੀਲ ਦਾ ਬਕਾਇਆ ਦਿੱਤਾ ਤੇ ਫੈਸਲੇ ਦੀ ਨਕਲ ਅਗਲੇ ਮੰਗਲਵਾਰ ਲੈਣੀ ਕਰਕੇ ਉਹ ਵਿਦਾਅ ਹੋਏ। ਦੌਲਤ ਰਾਮ ਕੋਲ ਉਹ ਗਏ ਤਾਂ ਐਨਕ ਉੱਤੋਂ ਦੀ ਝਾਕ ਕੇ ਉਹ ਉੱਭੜ ਕੇ ਬੋਲਿਆ, ‘ਕਿਉਂ ਪੰਡਤ ਜੀ, ਕੋਈ ਬਰਫ਼ੀ ਦਾ ਟੁਕੜਾ ਸਾਡੇ ਮੂੰਹ ‘ਚ ਵੀ ਪਾ ਦਿਓ ਹੁਣ ਤਾਂ ।’
ਨੰਬਰਦਾਰ ਤੇ ਪ੍ਰੀਤਮ ਦੌਲਤ ਰਾਮ ਕੋਲ ਬੈਠੇ ਰਹੇ ਤੇ ਗੋਂਦੀ ਭੱਜ ਕੇ ਬਾਜ਼ਾਰ ਵਿਚੋਂ ਕਿਲੋ-ਕਿਲੋ ਦੇ ਦੋ ਲਫ਼ਾਫ਼ੇ ਬਰਫ਼ੀ ਦੇ ਲੈ ਆਇਆ। ਇਕ ਲਫ਼ਾਫ਼ਾ ਉਹਨੇ ਦੌਲਤ ਰਾਮ ਨੂੰ ਦਿੱਤਾ ਤੇ ਦੂਜੇ ਲਫ਼ਾਫੇ ਵਿਚੋਂ ਬਰਫ਼ੀ ਦੀਆਂ ਟੁਕੜੀਆਂ ਆਪਣੇ ਵਕੀਲ, ਉਹਦੇ ਮੁਣਸ਼ੀ, ਪਾਖਰ, ਪ੍ਰੀਤਮ ਤੇ ਕੋਲ ਖੜ੍ਹੇ ਹੋਰ ਬੰਦਿਆਂ ਨੂੰ ਵੰਡ ਦਿੱਤੀਆਂ।
ਦੌਲਤ ਰਾਮ ਨੇ ਗੱਦੀ ਤੋਂ ਉੱਠ ਕੇ ਪਾਖਰ ਨੰਬਰਦਾਰ ਦਾ ਹੱਥ ਘੁੱਟਿਆ ਤੇ ਆਖਣ ਲੱਗਿਆ, ‘ਨ ਮਰਦਾਰਾ, ਤੂੰ ਕੰਮ ਦੱਸਿਆ ਕਰ। ਆਪਾਂ ਤਾਂ ਦਾਸ ਆਂ ਤੇਰੇ।’
ਉਹ ਅੱਡੇ ਉੱਤੇ ਆਏ ਤਾਂ ਪ੍ਰੀਤਮ ਹੱਸ ਕੇ ਕਹਿੰਦਾ, ‘ਅੱਜ ਤਾਂ ਦੋ ਬੋਤਲਾਂ ਦਾ ਹੱਕ ਐ, ਪੰੜਤਾ।
ਖੁਸ਼ ਹੋਇਆ ਗੋਂਦੀ ਆਖ ਰਿਹਾ ਸੀ, ‘ਦੋ ਕੀ, ਚਾਰ ਬੋਤਲਾਂ ਪੀਓ। ਬੋਤਲਾਂ ਕੀਹਦੀਆਂ ਨੇ ? ਆਪਾਂ ਮੋਰਚਾ ਜਿੱਤ ਲਿਆ । ਹੁਣ ਜੱਟ ਸਾਲਾ ਬੋਲ ਤਾਂ ਨੀ ਜਾਉ। ਫਿਰਦਾ ਸੀ ਪੂਛਾਂ ਚੱਕੀਂ। ਭਲਾਂ ਪੁੰਨ ਦੀ ਚੀਜ ਕਿਸੇ ਨੇ ਮੁੜਵਾਈ ਐ ਅੱਜ ਤਾਈਂ ਧਰਤੀ ਦੀ ਕੰਡ ‘ਤੇ ਕਿਧਰੇ ?’
ਆਪਣੇ ਕਿਰਾਏ ਜੋਗੇ ਪੇਸੇ ਰੱਖ ਕੇ ਬਾਕੀ ਦੇ ਨੋਟ ਗੋਂਦੀ ਨੇ ਨੰਬਰਦਾਰ ਨੂੰ ਫੜਾ ਦਿੱਤੇ ਤੇ ਕਹਿੰਦਾ, ‘ਲਓ ਖਾਓ ਪੀਓ, ਮੌਜਾਂ ਕਰੋ। ਪਰ ਮੈਂ ਤਾਂ ਚੱਲਿਆਂ ਪਿੰਡ ਨੂੰ । ਮੈਂ ਕੀ ਕਰੂੰਗਾ ? ਤੁਸੀਂ ਆ ਜਿਓ ਮਗਰੋਂ। ਜਦੋਂ ਥੋਡਾ ਚਿੱਤ ਕਰੇ ।’
ਨੰਬਰਦਾਰ ਕਹਿੰਦਾ, ‘ਓਏ ਦੇਵਤਾ, ਐਨੇ ਤਾਂ ਬਹੁਤੇ ਐ। ਬੱਸ, ਆਹ ਪੰਜਾਹ ਰੁਪਈਏ ਬਹੁਤ ਐ। ਆਹ ਫੜ।’ ਉਹਨੇ ਤੀਹ-ਚਾਲੀ ਦੇ ਨੋਟ ਗੋਂਦੀ ਨੂੰ ਮੋੜ ਕੇ ਦੇ ਦਿੱਤੇ ਤੇ ਕਹਿਣ ਲੱਗਿਆ, ‘ਕੁਸ ਘਰ ਨੂੰ ਵੀ ਲੈ ਜਾ, ਕੋਈ ਲੱਡੂ-ਪਿੰਨੀ, ਦਾਦੀ ਨੂੰ ਵੀ ਖੁਸ਼ ਕਰ ਦੇ । ਡੀਕੀਂ ਜਾਂਦੀ ਹੋਊਗੀ।
ਪਿੰਡ ਵਿਚ ਗੋਂਦੀ ਦੇ ਮੁਕੱਦਮਾ ਜਿੱਤਣ ਦੀਆਂ ਗੱਲਾਂ ਹੁੰਦੀਆਂ, ‘ਬਾਹਮਣ ਨੇ ਅੜੀ ਪਗਾ ’ਤੀ, ਦੇਖ ਲੋ। ਹਿੰਡ ਨੀ ਛੱਡੀ। ਗੋਡੀ ਲਵਾ ‘ਤੀ ਜੱਟ ਦੀ । ਲੱਗ ਭਾਮੇ ਆਬਦੀ ਵੀ ਬੂਬ ਗਈ।’
ਵਿਚੇ-ਵਿਚ ਕਈ ਇਹ ਵੀ ਕਹਿ ਰਹੇ ਸਨ, ‘ਦੋ ਵਿਘੇ ਖਾਤਰ ਆਵਦੀ ਤਿੰਨ ਕਿੱਲੇ ਨੀ ਫੂਕ ਲੀ। ਪੁੱਠੀ ਖੋਪੜੀ ਲੱਗੀ ਐ, ਬਾਮ੍ਹਣ ਦੇ। ਕੀ ਕੱਢ ਲਿਆ ਇਹਦੇ ‘ਚੋਂ ? ਤੀਰਥ ਨੇ ਵੀ ਕੀ ਖੱਟ ਲਿਆ ? ਦੋਮੇਂ ਬੇਅਕਲ ਟੱਕਰ ਪੇ।’
ਤੇ ਫੇਰ ਕੋਈ ਆਖਦਾ, ‘ਜੀਹਨੇ ਖੱਟਣਾ ਸੀ ਖੱਟ ਗਿਆ। ਝੰਡਾ ਪੰਜ ਕਿੱਲੇ ਮਾਂਜ ਗਿਆ।
‘ਤੀਰਥ ਨੇ ਕੀ ਥੋੜਾ ਪੈਸਾ ਲਾਇਐ। ਭਾਈ, ਰੀਜੈਸ ਸੀ, ਘਰੋਂ ਈ ਸਾਰੀ ਗਿਆ। ਪੱਟਿਆ ਗਿਆ ਤਾਂ ਬਾਹਮਣ ਪੱਟਿਆ ਗਿਆ।’ ਕੋਈ ਹੋਰ ਗੋਂਦੀ ਦਾ ਝੋਰਾ ਕਰਦਾ।
ਕੋਈ ਪਤੇ ਦੀ ਆਖਦਾ, ‘ਚੋਕ ਤਾਂ ਝੰਡੇ ਨੇ ਈ ਲਾਈ ਸੀ ਸੁਣਿਐ। ਤੀਰਥ ਨੂੰ ਵੀ ਤੇ ਗੋਂਦੀ ਨੂੰ ਵੀ। ਵਿਚੋਂ ਜਿਹੜੀ ਗੱਲ ਹੈਗੀ ਸੀ, ਦੋਹਾਂ ਦੀ ਲੜਾਈ ‘ਚ ਝੰਡੇ ਨੇ ਈ ਖਟਿਆ। ਜਾਂ ਫੇਰ ਪਾਖਰ ਤੇ ਪ੍ਰੀਤਮ ਦਾ ਨੁਕਲਪਾਣੀ ਚਲਦਾ ਰਿਹਾ, ਬਾਮ੍ਹਣ ਦੋ ਸਿਰੋਂ, ਢਾਈ-ਤਿੰਨ ਸਾਲ ।’
ਗੋਂਦੀ ਅਗਵਾੜ ਵਿਚ ਹਿੱਕ ਕੱਢ ਕੇ ਤੁਰਦਾ। ਖੰਘੂਰਾਂ ਮਾਰਦਾ। ਦੂਜੇ ਬਾਹਮਣਾਂ ਕੋਲ ਹੁੱਬ-ਹੁੱਬ ਗੱਲਾਂ ਕਰਦਾ। ਉਹਦੀ ਪਿੱਠ-ਪਿੱਛੇ ਲੋਕ ਆਖਦੇ, ‘ਬਾਹਮਣਾ ਨੇ ਉੱਜੜਨੈਂ, ਹੋਰ ਕੀਹ ਐ। ਫਿਰਦੈ ਪਊਆਂ ਦੀ ਫਿਟਕ-ਫਿਟਕ ਕਰਦਾ। ਦੋ ਵਿੱਘਿਆਂ ਨੂੰ ਚਿੱਤੜਾਂ ‘ਚ ਲੈ ਲੇ। ਪੰਜ ਕਿੱਲਿਆਂ ਨਾਲੋਂ ਦੋ ਵਿੱਘੇ ਚੰਗੀ ਐ ? ਆਵਦੀ ਈ ਸਾਭ ਲੈਂਦਾ, ਓਹੀ ਬਹੁਤ ਸੀ।
ਉਹਨਾਂ ਦਿਨਾਂ ਵਿਚ ਹੀ ਕੋਈ ਦੋ ਸਾਲਾਂ ਬਾਅਦ ਬੱਦਰੀ ਨਾਰਾਇਣ ਪਿੰਡ ਆਇਆ। ਪਿਓ ਦੀ ਬੇਅਕਲੀ ਦੇਖਕੇ ਉਹ ਪਿੰਡ ਵਿਚ ਲੋਕਾਂ ਮੂਹਰੇ ਗੱਲ ਕਰਨ ਜੋਗਾ ਨਹੀਂ ਸੀ । ਉਹਨਾਂ ਦੀ ਗਵਾਂਢਣ ਅਤਰੀ ਬੁੜ੍ਹੀ ਨੇ ਤਾਂ ਆਖ ਵੀ ਦਿਤਾ, ‘ਵੇ ਬੱਦਰੀ, ਆਪ ਤਾਂ ਪੜ੍ਹਿਆ ਫਿਰਦੈਂ ਮਾਰ ਥੱਬਾ ਜਮਾਤਾਂ ਦਾ, ਗੋਂਦੀ ਨੂੰ ਅਕਲ ਦੇ ਦੇ ਕੋਈ। ਪਿਓ-ਦਾਦੇ ਦੀ ਫੂਕੀਂ ਜਾਂਦੈ। ਆਖਰ ਨੂੰ ਤਾਂ ਤੈਨੂੰ ਈ ਚੁਗਣੇ ਪੈਣਗੇ ਇਹ ਕੰਡੇ ਉਹਦੇ ਬੀਜੇ ਹੋਏ।
ਬੱਦਰੀ ਨੂੰ ਬੜੀ ਚਿੜ ਚੜ੍ਹੀ। ਗੁੱਸਾ ਜਿਹਾ ਪੀ ਕੇ ਉਹ ਬੋਲਿਆ, ‘ਬਾਮ੍ਹਣਾਂ ਕੋਲ ਜ਼ਮੀਨ ਦਾ ਕੀ ਕੰਮ, ਤਾਈ। ਜਿਮੇਂ ਆਈ ਹੋਣੀ ਐ ਕਦੇ, ਓਮੇਂ ਜਾਉ। ਸਾਡੇ ਪੜਦਾਦੇ ਜਾਂ ਨਕੜਦਾਦੇ ਨੂੰ ਜਾਂ ਉਹਦੇ ਪੜਦਾਦੇ ਨਕੜਦਾਦੇ ਨੂੰ ਕਿਸੇ ਜੱਟ ਨੇ ਈ ਇਹ ਜਮੀਨ ਪੁੰਨ ਕਰਕੇ ਦਿਤੀ ਹੋਣੀ ਐ। ਹੁਣ ਜੱਟਾਂ ਕੋਲ ਈ ਮੁੜ ਕੇ ਜਾਊ, ਹੋਰ ਕੀ। ਮੰਗ-ਖਾਣੀ ਜਾਤ ਨੂੰ ਜ਼ਮੀਨ ਕੀ ਆਖੇ।’
ਬੁੜ੍ਹੀ ਮੁੜ ਕੇ ਨਹੀਂ ਬੋਲੀ।
ਬੱਦਰੀ ਨੇ ਨਾ ਪਿਓ ਨੂੰ ਕੁਝ ਆਖਿਆ ਤੇ ਨਾ ਹੀ ਮਾਂ ਨਾਲ ਇਸ ਸਬੰਧੀ ਕੋਈ ਗੱਲ ਕੀਤੀ। ਪਿਓ ਨੂੰ ਤਾਂ ਬੁਲਾਇਆ ਤੱਕ ਵੀ ਨਹੀਂ। ਮਾਂ ਨਾਲ ਹੋਰ ਹੀ ਏਧਰ-ਓਧਰ ਦੀਆਂ ਗੱਲਾਂ ਕਰਦਾ ਰਿਹਾ। ਦੁਪਹਿਰੇ ਜਿਹੇ ਆਇਆ ਸੀ। ਰੋਟੀ ਖਾਧੀ ਤੇ ਪਿਛਲੇ ਪਹਿਰ ਦੀ ਚਾਹ ਪੀ ਕੇ ਆਪਣਾ ਝੋਲਾ ਮੋਢੇ ਲਟਕਾਇਆ ਤੇ ਚਲਿਆ ਗਿਆ। ਪਤਾ ਨਹੀਂ ਕਿਧਰੋਂ ਆਇਆ ਸੀ ਤੇ ਕਿਧਰ ਨੂੰ ਜਾਣਾ ਸੀ। ਪਹਿਲਾਂ ਨਾਲੋਂ ਸਿਹਤ ਕਮਜ਼ੋਰ ਸੀ ਤੇ ਮੱਥਾ ਚਿੰਤਾਤੁਰ।
ਤੀਰਥ ਅੰਦਰੋ-ਅੰਦਰੀ ਬਹੁਤ ਨਮੋਸ਼ੀ ਮੰਨ ਗਿਆ ਕਿ ਝੰਡੇ ਨੇ ਬਾਹਮਣ ਦੀ ਜ਼ਮੀਨ ਹਥਿਆਉਣ ਲਈ ਹੀ ਇਹ ਤਾਣਾ ਤਣਿਆ ਸੀ। ਉਹਨੂੰ ਖਾਹਮਖਾਹ ਬਾਹਮਣ ਦੇ ਖਿਲਾਫ਼ ਚੁੱਕ ਦਿੱਤਾ। ਇਹ ਦੋ ਵਿਘੇ ਤਾਂ ਉਹਨਾਂ ਕੋਲ ਕਦੋਂ ਦੀ ਨਹੀਂ ਸੀ। ਤੇ ਹੁਣ ਇਸ ਦੋ ਵਿਘੇ ਨੇ ਕਿਹੜਾ ਉਹਨਾਂ ਨੂੰ ਵੱਡਾ ਜਗੀਰਦਾਰ ਬਣਾ ਦੇਣਾ ਸੀ। ਪਰ ਆਪਣੇ ਚਿੱਤ ਵਿਚ ਹੀ ਉਹ ਗੋਂਦੀ ਉੱਤੇ ਵੀ ਖਿਝਦਾ। ੳਹਨੂੰ ਗਾਲਾਂ ਕੱਢਣ ਲਗਦਾ, ‘ਕੰਜਰ ਦੇ ਬਾਮ੍ਹਣ ਨੇ ਹਿੰਡ ਨੀ ਛੱਡੀ। ਆਵਦੀ ਜ਼ਮੀਨ ਤਾਂ ਫੂਕ ਲੀ ਪਰ ਮੇਰੀ ਦੋ ਵਿਘੇ ਨੂੰ ਅੰਨ੍ਹੇ ਆਲਾ ਜੱਫਾ ਨੀ ਛੱਡਿਆ।’
ਤੀਰਥ ਨੂੰ ਮਿਲਖੇ ਫੌਜੀ ਨੇ ਇਕ ਸੀਖਤ ਦਿਤੀ, ‘ਸਰਕਾਰ ‘ਚੋਂ ਤਾਂ ਹਾਰ ਗਿਆ ਤੂੰ, ਹੁਣ ਇਕ ਦੂਜਾ ਹਥਿਆਰ ਵਰਤ ਕੇ ਦੇਖ । ਬਾਮ੍ਹਣ ਮਾਨ-ਤਾਨ ਦਾ ਭੁੱਖਾ ਬਹੁਤ ਐ। ਗਵਾੜ ਦਾ ‘ਕੱਠ ਕਰ ਲੈ । ਪੈਰਾਂ ‘ਤੇ ਪੱਗ ਰੱਖ ਦੇ। ਤੇਰਾ ਕੀ ਘਸਦੈ। ਬਾਮ੍ਹਣ ਜ਼ਮੀਨ ਨਾ ਛੱਡੇ ਤਾਂ ਮੈਨੂੰ ਨੀਮੇਂ ਥਾਂ ਖੜ੍ਹਾ ਲੀਂ । ਮੈਂ ਚੰਗੀ ਤਰ੍ਹਾਂ ਜਾਣਦਾਂ, ਏਸ ਬਾਮ੍ਹਣ ਦੀ ਜੜੀ ਨੂੰ ।
ਤੀਰਥ ਪਾਖਰ ਨੰਬਰਦਾਰ ਕੋਲ ਗਿਆ। ਉਹਨੇ ਪ੍ਰੀਤਮ ਨਾਲ ਵੀ ਗੱਲ ਕੀਤੀ। ਨਾਜਰ ਦੀ ਸਲਾਹ ਵੀ ਲੈ ਲਈ। ਝੰਡੇ ਦੇ ਮੁੰਡੇ ਹਰਦਿੱਤ ਨੂੰ ਵੀ ਪੁੱਛ ਲਿਆ। ਸਾਰੇ ਕਹਿੰਦੇ, ‘ਇਹ ਵੀ ਦੇਖ ਲੈ। ਜ਼ਮੀਨ ਨਹੀਂ ਛੱਡੂ, ਤੇਰਾ ਕੁਸ ਤੋੜ ਤਾਂ ਨੀ ਲਊ।’ ਪਾਖਰ ਉਲਟ-ਪਾਸੇ ਹੋ ਬੈਠਾ। ਉਹ ਪਹਿਲਾਂ ਗੋਂਦੀ ਨਾਲ ਤੁਰੇ ਦੀ ਵਿਉਹ ਵੀ ਲਾਹੁਣੀ ਚਾਹੁੰਦਾ ਸੀ। ਤੀਰਥ ਨੂੰ ਕਹਿੰਦਾ, ‘ਨਹੀਂ ਮੰਨੂ ਬਾਮ੍ਹਣ ਤਾਂ ਸਾਰਾ ‘ਗਵਾੜ ਏਕਾ ਕਰਕੇ ਦੇਹਲੀ ਚੜ੍ਹਨੋਂ ਵੀ ਹਟਾ ਦਿਆਂਗੇ। ਹੋਰ ਬਾਮ੍ਹਣ ਥੋੜੇ ਐ।’ ਗਵਾੜ ਦਾ ‘ਕੱਠ ਦੇਖ ਕੇ ਤਾਂ ਚੂਲੀ ਚੂਲੀ ਮੂਤੂ ਗੋਂਦੀ। ਜਜਮਾਨ ਨੀ ਉਹ ਛੱਡ ਸਕਦਾ। ਜ਼ਮੀਨ ਛੱਡ ਦੂ। ਇਹ ਦੇਖ ਲਿਓ ਤੁਸੀਂ।’
ਬਹਿਲੋ ਕੇ ਅਗਵਾੜ ਵਿਚ ਕੁੱਲ ਚਾਲੀ ਘਰ ਸਨ । ਪੱਚੀ ਘਰ ਜੱਟਾਂ ਦੇ ਤੇ ਬਾਕੀ ਪੰਦਰਾਂ ਤਖਾਣਾਂ, ਛੀਂਬਿਆਂ, ਬਾਣੀਆਂ, ਖੱਤਰੀਆਂ, ਝਿਉਰਾਂ ਤੇ ਨਾਈਆਂ ਦੇ ਸਨ । ਇਕ ਘਰ ਗੋਂਦੀ ਬਾਹਮਣ ਦਾ। ਤੀਰਥ ਘਰ-ਘਰ ਜਾ ਕੇ ਕਹਿ ਆਇਆ ਕਿ ਕੱਲ੍ਹ ਨੂੰ ਤੜਕੇ ਸਦੇਹਾਂ ਹੀ ਸੱਥ ਵਿਚ ਇਕੱਠ ਹੈ। ਇਕ ਇਕ ਬੰਦਾ ਜ਼ਰੂਰ ਆਵੇ ।
ਦੂਜੇ ਦਿਨ ਸਵੇਰੇ ਹੀ ਤੀਰਥ ਆਪ ਘਰੀਂ ਜਾ ਕੇ ਬੰਦਿਆਂ ਨੂੰ ਸੱਦ ਲਿਆਇਆ। ਜੱਟਾਂ ਦੇ ਵੀਹ ਬੰਦੇ ਆ ਗਏ। ਬਾਕੀ ਦੀਆਂ ਜਾਤਾਂ ਵਿਚੋਂ ਸੱਤ-ਅੱਠ ਬੰਦੇ ਹੀ ਆਏ । ਗੋਂਦੀ ਨੂੰ ਵੀ ਸੱਦ ਲਿਆਂਦਾ। ਪੈਰਾਂ ਵਿਚ ਲੱਕੜ ਦੇ ਪਊਏ, ਕੁੜਤਾ-ਧੋਤੀ, ਸਿਰ ਉੱਤੇ ਖੱਟੀ ਪੱਗ ਤੇ ਮੋਢੇ ਲਾਲ ਪਰਨਾ। ਮੱਥੇ ਉੱਤੇ ਤਿਲਕ। ‘ਹਰੀ ਓਮ-ਹਰੀ ਓਮ’ਬੋਲਦਾ ਉਹ ਸੱਥ ਵਿਚ ਆ ਖੜ੍ਹਾ। ਕਈਆਂ ਨੇ ਉਹਨੂੰ ‘ਮਾਰਾਜ’ ਬੁਲਾਈ। ਗੋਂਦੀ ਹਰ ਇਕ ਦੀ ‘ਮਾਰਾਜ ‘ ਦਾ ਜਵਾਬ ਦੇ ਰਿਹਾ ਸੀ ਤੇ ਅਸੀਸ ਵੀ, ‘ਸੁਖੀ ਰਹੋ।’
ਜਦੋਂ ਸਾਰਾ ਇਕੱਠ ਬੱਝ ਗਿਆ ਤਾਂ ਸਭ ਤੋਂ ਪਹਿਲਾਂ ਹਰਦਿੱਤ ਨੇ ਹੀ ਗੱਲ ਛੇੜੀ, ‘ਦੇਖ ਦੇਵਤਾ, ਗੋਂਦੀ ਰਾਮ, ‘ਗਵਾੜ ਦਾ ਤੇਰੇ ਨਾਲ ਪੁਸ਼ਤਾਂ ਦਾ ਸੰਬੰਧ ਐ। ਤੂੰ ਕੁਲ-ਪਰੋਹਤ ਐਂ ਸਾਰੇ ਗਵਾੜ ਦਾ। ਹੈਂ ਕਿ ਨਹੀਂ ?’
‘ਹਾਂ ਮਹਾਰਾਜ, ਇਹਦੇ ‘ਚ ਕੀ ਝੂਠ ਐ।’ ਗੋਂਦੀ ਗਲ ਵਿਚ ਲਾਲ ਪਰਨਾ ਪਾ ਕੇ ਹੱਥ ਬੰਨ੍ਹੀਂ ਖੜ੍ਹਾ ਸੀ ।
‘ਇਹ ਤੀਰਥ ਸੂੰ ਨੇ ਬੁਲਾਇਐ ਸਭ ਨੂੰ।’ਕੱਠ ਕੀਤੈ ਤੇਰੇ ਜਜਮਾਨਾਂ ਦਾ। ਲੈ, ਮੈਂ ਤਾਂ ਐਨੀ ਕਹਿਨਾਂ, ਇਹਦੀ ਮੋੜੀਂ ਨਾ। ਹੱਥ ਵਿਚਲਾ ਡੱਕਾ ਤੋੜ ਕੇ ਹਰਦਿੱਤ ਨੇ ਥੱਲੇ ਸੁੱਟ ਦਿਤਾ।
‘ਲਉ, ਮੇਰੇ ਵਾਸਤੇ ਤਾਂ ਤੁਸੀਂ ਸਾਰੇ ਜਜਮਾਨ ਇਕ ਈ ਉਂ, ਤੀਰਥ ਸੂੰ ਕੀ ਤੇ ਤੁਸੀਂ ਸਾਰੇ ਕੀ । ਹੁਕਮ ਕਰੋ, ਮੈਂ ਕਦੋਂ ਭੱਜਦਾਂ ਥੋਡੇ ਕੋਲੋਂ। ਗੋਂਦੀ ਲਿੱਸੋ-ਲਿੱਸ ਲਾਹੀਂ ਬੈਠਾ ਸੀ।
ਤੇ ਫੇਰ ਤੀਰਥ ਨੇ ਆਪਣੇ ਸਿਰ ਦਾ ਸਾਫਾ ਲਾਹ ਕੇ ਗੋਂਦੀ ਦੇ ਪੈਰਾਂ ਵੱਲ ਕੀਤਾ। ਗੋਂਦੀ ਵਿਲਕ ਉੱਠਿਆ, ‘ਇਹ ਕੀ, ਇਹ ਕੀ ? ਤੀਰਥ ਸਿਆ, ਸਿਆਣਾ ਬਣ । ਇਹ ਕੀ ਕਰਨ ਲੱਗਿਐ ? ਕਮਲਾ ਤਾਂ ਨੀ ਹੋ ਗਿਆ ?’ ਤੇ ਤੀਰਥ ਦੇ ਹਥੋਂ ਪੱਗ ਖੋਹ ਕੇ ਗੋਂਦੀ ਨੇ ਉਹਦੇ ਸਿਰ ਉਤੇ ਮੱਲੋ ਮੱਲੀ ਰੱਖ ਦਿੱਤੀ।
ਤੀਰਥ ਗਿੜਗੜਾਇਆ, ‘ਬਾਬਾ, ਆਪਾਂ ਕਚਹਿਰੀਆਂ ‘ਚ ਵੀ ਝਗੜ ਲੇ । ਸਭ ਕਰ ਲਿਆ । ਤੂੰ ਜਿੱਤ ਗਿਆ । ਪਰ ਮੈਂ ਤੈਨੂੰ ਐਨੇ ਭਰੇ ਕਠ ‘ਚ ਕਹਿਨਾਂ। ਮੇਰੀ ਬੇਨਤੀ ਐ। ਮੇਰੇ ਪਿਓ ਨੇ ਜਿਹੜੀ ਤੇਰੇ ਪਿਓ ਨੂੰ, ਤੈਨੂੰ ਸਮਝ, ਪੁੰਨ ਕਰਕੇ ਦਿੱਤੀ ਸੀ, ਉਹ ਮੈਨੂੰ ਮੋੜ ਦੇ।’
ਪਾਖਰ ਜੋ ਹੁਣ ਤਕ ਚੁਪ ਬੈਠਾ ਸੀ, ਉੱਠਿਆ ਤੇ ਬੋਲਿਆ, ‘ਗੋਂਦੀ ਰਾਮ, ਭਾਈ, ਇਹ ਪਚੈਤ ਸਰਕਾਰ ਨਾਲੋਂ ਉੱਤੇ ਹੁੰਦੀ ਐ। ਪੈਰੀਂ ਪੱਗ ਰੱਖ ਤੀ ਤੀਰਥ ਨੇ, ਹੁਣ ਐਦੂੰ ਵਧ ਕੀ ਚੀਜ ਰਹਿਗੀ ?’
ਪ੍ਰੀਤਮ ਕਹਿੰਦਾ, ‘ਗੋਂਦੀ ਰਾਮਾ, ਦਖਾ ਦੇ ਦਰਿਆ-ਦਿਲੀ । ਬਾਦਸ਼ਾਹ ਆਦਮੀ ਐ ਤੂੰ ਤਾਂ। ਦੋ ਵਿਘੇ ਤੇਰੇ ਕੀ ਜਾਦ ਐ। ਸਾਰਾ ‘ਗਵਾੜ ਤੈਨੂੰ ਕਹੀਂ ਜਾਂਦੈ। ਸਾਰੀ ਉਮਰ ਤੇਰੀ ਜੁੱਤੀ ਸਿਰ ‘ਤੇ ਰਹੂ ਇਹਨਾਂ ਦੇ । ਮਾਨ-ਤਾਨ ਨਾਲੋਂ ਵੱਡੀ ਕੋਈ ਚੀਜ਼ ਨੀ ਦੁਨੀਆਂ ‘ਚ ।’
ਦੂਜਿਆਂ ਨੂੰ ਚੁਪ ਜਿਹੇ ਹੋਏ ਦੇਖ ਕੇ ਮਿਲਖਾ ਫ਼ੌਜੀ ਬੋਲਿਆ, ‘ਗੋਬਿੰਦ ਰਾਮ, ਨਰ ਬਾਹਮਣ ਐ ਫ਼ੇਰ ਵੀ। ਦਲੇਰ ਐ। ਇਹਦੇ ਵਾਸਤੇ ਕੀ ਚੀਜ਼ ਐ ਏਹ!’
ਨਾਜਰ ਕੁਝ ਨਹੀਂ ਬੋਲ ਰਿਹਾ ਸੀ। ਤੀਰਥ ਤੇ ਗੋਂਦੀ ਵੱਲ ਬਿਟਰ-ਬਿਟਰ ਝਾਕੀ ਜਾਂਦਾ ਸੀ। ਉਹਨੇ ਛੇਤੀ ਨ੍ਹਾ-ਧੋ ਕੇ ਭਾਈਰੂਪੇ ਵੀ ਜਾਣਾ ਸੀ । ਉੱਠਿਆ ਤੇ ਐਨਾ ਕਹਿ ਕੇ ਘਰ ਨੂੰ ਤੁਰ ਪਿਆ, ‘ਗੋਂਦੀ ਰਾਮਾ, ਕੱਠ ਤਾਂ ਗਵਾੜ ਨੇ ਕਿਸੇ ਗੱਲ ਨੂੰ ਈ ਕੀਤੈ । ਛਾਪ ਦੇ ਲਾਣ।’
ਮੱਲਣ ਪਰ੍ਹਾਂ ਬੈਠਾ ਹੌਲ਼ੀ-ਹੌਲ਼ੀ ਕਿਸੇ ਨੂੰ ਆਖ ਰਿਹਾ ਸੀ, ‘ਖੇਖਣ ਦੇਖੋ ਇਹਨਾਂ ਲੋਕਾ ਦੇ। ਪਹਿਲਾਂ ਤਾਂ ਬਾਹਮਣ ਦੀ ਸਾਰੀ ਗਹਿਣੇ ਧਰਾ ‘ਤੀ, ਕੁਕੜਾਂ ਆਗੂ ਲੜਾਈ ਗਏ ਦੋਹਾਂ ਨੂੰ। ਹੁਣ ਟਸਣ ਦੇਖ ਕੀ ਕਰਦੇ ਐ । ਪੈਰੀਂ ਪੱਗ ਪਹਿਲਾਂ ਨੀ ਸੀ ਦੀਂਹਦੀ। ਪਹਿਲਾਂ ਤਾਂ ਰੋਅਬ ਦਿੰਦੇ ਸੀ ਇਹੀ ਲੋਕ, ਅਖੇ ਬਾਹਮਣਾ, ਜ਼ਮੀਨ ਛਡ ਦੇ, ਨਹੀ ਤਾਂ ਦੇਖੀਂ ਫੇਰ। ਆਹ ਪਾਖਰ ਤੇ ਪ੍ਰਤੀਮ ਨੂੰ ਦੇਖ, ਕਿਮੇ ਉੱਲਰੇ ਪਏ ਐ ਤੀਰਥ ਕੰਨੀ। ਇਹੀ ਲੋਕ ਪਹਿਲਾਂ ਬਾਹਮਣ ਤੋਂ ਹੱਡ ਖਾਂਦੇ ਰਹੇ ਐ। ਤੀਰਥ ਨੇ ਇਕ ਵਾਰੀ ਫੇਰ ਆਪਣੀ ਪੱਗ ਨੂੰ ਹੱਥ ਪਾਇਆ। ਗੋਂਦੀ ਜਿਵੇਂ ਪਾਣੀ ਹੋ ਗਿਆ ਹੋਵੇ । ਬੈਠਾ ਧਰਤੀ ਉੱਤੇ ਡਕੇ ਨਾਲ ਲੀਕਾਂ ਕੱਢ ਰਿਹਾ ਸੀ। ਇਕਦਮ ਖੜ੍ਹਾ ਹੋ ਗਿਆ ਤੇ
ਬੋਲਿਆ, ‘ਹਰੀ ਓਮ-ਹਰੀ ਓਮ, ਜਾਹ ਬਈ ਤੀਰਥ ਸਿਆਂ, ਛੱਡੀ ਤੈਨੂੰ। ਜਿਹੜੇ ਪਾਸਿਉਂ ਮਰਜੀ,
ਦੋ ਵਿਘੇ ਮਿਣ ਲੈ ।’
ਇਕੱਠ ਵਿਚ ਰੌਲਾ ਪੈ ਗਿਆ। ਹਰ ਕੋਈ ਗੋਂਦੀ ਦੇ ਪੈਰੀਂ ਹੱਥ ਲਾ ਰਿਹਾ ਸੀ। ਗੋਂਦੀ ਨੂੰ ਲਗਦਾ ਸੀ, ਪੈਰੀਂ ਹੱਥ ਲਾਉਣ ਵਾਲਾ ਕੋਈ ਜਦੋ ਉਹਦੇ ਚਿਹਰੇ ਵੱਲ ਗਹੁ ਨਾਲ ਦੇਖਣ ਲਗਦਾ, ਤਾਂ ਇਉਂ ਜਾਪਦਾ ਜਿਵੇ ਕਹਿ ਰਿਹਾ ਹੋਵੇ, ‘ਗੋਂਦੀ, ਓਏ ਬਾਹਮਣਾ, ਅਸ਼ਕੇ ਤੇਰੀ ਅਕਲ ਦੇ। ਓਏ, ਫਿਟੇ ਮੂੰਹ ਤੇਰੀ ਖੋਪੜੀ ਦਾ ।’
16
ਇਕੱਠ ਬਿਝੜਨ ਪਿਛੋਂ ਤੀਰਥ ਫਟਾ-ਫਟ ਨਾਜਰ ਦੇ ਘਰ ਗਿਆ । ਉਹਨੂੰ ਪੈਸੇ ਫੜਾਏ ਕਿ ਉਹ ਅੱਜ ਜਦੋ ਭਾਈਰੂਪੇ ਜਾਵੇ, ਓਥੋਂ ਠੇਕੇ ਤੋਂ ਚੰਗੀਆਂ ਜਿਹੀਆਂ ਚਾਰ ਬੋਤਲਾਂ ਭੇਜ ਦੇਵੇ।
ਨਾਜਰ ਕਹਿੰਦਾ, ‘ਬੋਤਲਾਂ ਤਾਂ ਭੇਜ ਦੂੰ, ਜਿੰਨੀਆਂ ਕਹੇਂ, ਪੈਸਿਆਂ ਦੀ ਵੀ ਹਾਲੇ ਕੀ ਲੋੜ ਐ, ਲੈ ਲਾਂ ਗੇ, ਪਰ ਭੇਜੂੰ ਕੀਹਦੇ ਹੱਥ ? ਤੂੰ ਇਕ-ਦੋ ਵਜਦੇ ਨੂੰ ਬੰਦਾ ਭੇਜ ਓਥੇ। ਬੰਦਾ ਹੁਣੇ ਦੱਸ ਜਾ, ਕੌਣ ਆਉ ?’
‘ਬੰਦਾ, ਚੱਲ ਹਰਦਿਤ ਦਾ ਸੀਰੀ ਆਉ, ਦੇਬੂ ਚਮਿਆਰ। ਉਹਨੂੰ ਦੇ ਦੀਂ। ਚੰਗਿਆੜੇ ਅਰਗੀ ਸ਼ਰਾਬ ਹੋਵੇ । ਨਿਗਾਹ ਨਾਲ ਦੇਈਂ । ਹਰਦਿੱਤ ਦੀ ਬੈਠਕ ‘ਚ ਈ ਬੈਠਾਂਗੇ । ਤੂੰ ਵੀ ਆ ਜੀ ।’
‘ਮੈਥੋਂ ਤਾਂ ਨ੍ਹੇਰੇ ਮੁੜਿਆ ਜਾਊ, ਉਹ ਵੀ ਜੇ ਮੈਂ ਆਇਆ ਅੱਜ । ਮੇਰੀ ਤਾਂ, ਜਾਰ ਪੀਤੀਆਂ ਅਰਗੀ ਈ ਐ । ਤੂੰ ਕਹਿ’ ਤਾ, ਮੈਂ ਪੀ ਲੀ।
‘ਨਹੀ ਨਾਜਰਾ, ਤੁਸੀਂ ਨਾ ਹੁੰਦੇ ਪੰਜ ਚਾਰ ਬੰਦੇ ਬੋਲਣ ਆਲੇ, ਤਾਂ ਬਾਹਮਣ ਕਦੋਂ ਮੰਨਣ ਲੱਗਿਆ ਸੀ ? ਤੁਸੀਂ ਮਗਰ ਪੈ ਗੇ, ਤਾਹੀਂ ਮੰਨਿਆ ਉਹ । ਤੂੰ ਆਈਂ ਜ਼ਰੂਰ ਅੱਜ । ਬਿੰਦ ਠਹਿਰ ਕੇ ਆ ਜੀ। ਪੀਦਿਆਂ ਪੀਂਦਿਆਂ ‘ਤੇ ਆ ਜੀ।’
‘ਚੰਗਾ ਦੇਖੂੰਗਾ। ਪਰ ਤੈਨੂੰ ਪਤਾ ਨੀ ਹੋਣਾ, ਮੈਂ ਤਾਂ ਰਾਤ ਨੂੰ ਓਥੇ ਈ ਪੈਨਾਂ। ਤੜਕੇ ਔਨਾਂ, ਸਵੇਰੇ ਸਵੇਰੇ।
‘ਹੱਛਾ, ਹੱਦ ਕਰ ‘ਤੀ ਤੂੰ ਤਾਂ। ਐਥੇ ਫੇਰ ਹਰਨਾਮੀ ਕੱਲੀ ਹੁੰਦੀ ਐ ?’
‘ਹੋਰ, ‘ਕਲੀ ਨੂੰ ਕੀਹ ਐ ਇਹਨੂੰ । ਰੋਟੀ ਖਾਂਦੀ ਐ, ਪਈ ਰਹਿੰਦੀ ਐ।’
‘ਫੇਰ ਵੀ ਜਾਰ ਤੀਮੀ-ਮਾਨੀ ਐ।’
‘ਹੁਣ ਕੋਈ ਡਰ ਨੀ ਤੀਰਥਾ । ਹੁਣ ਤਾਂ…’
ਪੋਹ-ਮਾਘ ਦੇ ਠੰਡੇ-ਠੰਡੇ ਦਿਨ ਲੰਘ ਰਹੇ ਸਨ। ਹਰਦਿੱਤ ਦੇ ਅੰਦਰਲੇ ਘਰ ਬੈਠਕ ਵਿਚ ਆਥਣੇ ਜਿਹੇ ਚਾਰ ਅੱਗ ਵਰਗੀਆਂ ਅਲਮਾਰੀ ਵਿਚ ਆ ਟਿਕੀਆਂ। ਹਰਦਿੱਤ ਤੇ ਤੀਰਥ ਤਾਂ ਹੈ ਗੇ ਈ ਸੀ। ਤੀਰਥ ਨੇ ਪਾਖਰ ਨੰਬਰਦਾਰ ਤੇ ਪ੍ਰੀਤਮ ਨੂੰ ਵੀ ਸੱਦ ਲਿਆ। ਮਿਲਖਾ ਫ਼ੌਜੀ ਵੀ ਆ ਗਿਆ। ਪੰਜੇ ਜਣੇ ਪੀਣ ਲਗੇ । ਛੋਟੇ ਮੇਜ਼ ਉੱਤੇ ਹਰਦਿੱਤ ਨੇ ਪੰਜ ਗਲਾਸ ਕੱਢ ਕੇ ਰੱਖ ਦਿੱਤੇ ਸਨ । ਪੰਪ ਤੋਂ ਸੱਜਰੇ ਪਾਣੀ ਦੀ ਬਾਲਟੀ ਭਰ ਲਿਆਂਦੀ ਸੀ । ਤੀਰਥ ਆਪਣੇ ਘਰੋਂ ਅੰਬ ਦੇ ਅਚਾਰ ਦੀ ਕੌਲੀ ਭਰ ਲਿਆਇਆ ਸੀ ਤੇ ਬੁੱਕ ਗੰਢਿਆਂ ਦਾ। ਬੋਤਲ ਖੋਲ੍ਹ ਕੇ ਹਰਦਿੱਤ ਨੇ ਸਭ ਨੂੰ ਇਕ ਇਕ ਭਰਵਾਂ ਪੈਗ ਪਾਇਆ। ਪਾਖਰ ਤੇ ਪ੍ਰੀਤਮ ਨੇ ਆਪਣਾ ਆਪਣਾ ਗਲਾਸ ਮੂੰਹ ਨੂੰ ਲਾਇਆ ਤੇ ਉੱਠ ਨੂੰ ਪਾਣਾ ਦੇਣ ਵਾਂਗ ਗਰਲ ਦੇ ਕੇ ਸਾਰੀ ਦੀ ਸਾਰੀ ਦਾਰੁ ਅੰਦਰ ਸੁੱਟ ਲਈ। ਮਿਲਖੇ ਨੇ ਇਕ ਘੁੱਟ ਭਰੀ ਤੇ ਗਲਾਸ ਮੇਜ਼ ਉੱਤੇ ਰੱਖ ਦਿੱਤਾ। ਤੀਰਥ ਤੇ ਹਰਦਿੱਤ ਨੇ ਅੱਧਾ-ਅੱਧਾ ਗਲਾਸ ਪੀ ਲਿਆ । ਉਹ ਗੱਲਾਂ ਕਰਨ ਲੱਗੇ। ਮਿਲਖਾ ਕਹਿੰਦਾ, ‘ਬਾਹਮਣ ਦੀ ਅਕਲ ਦੇਖ ਲੋ । ਜੇ ਪਹਿਲਾਂ ਈ ਛੱਡ ਦਿੰਦਾ ਇਹ ਦੋ ਵਿਘੇ । ਆਵਦੀ ਜ਼ਮੀਨ ਧਰ ‘ਤੀ ਇਹਨਾਂ ਦੋ ਵਿੱਘਿਆਂ ਪਿੱਛੇ । ਪਰ ਜਦੋਂ ਦੋ ਵਿਘੇ ਛੱਡਣ ‘ਤੇ ਆਇਆ, ਛੱਡ ‘ਤੀ। ਊਂ ਤਾਂ ਦਰਿਆ-ਦਿਲੀ ਬੜੀ ਦਿਖਾਈ ਗੋਂਦੀ ਨੇ ।’
ਤੀਰਥ ਕਹਿੰਦਾ, ‘ਇਹ ਦੋ ਮੁੜਵੰਣ ‘ਚ ਤੁਸੀਂ ਸਾਰਿਆਂ ਨੇ ਜਿਹੜਾ ਮੇਰਾ ਪੱਖ ਕੀਤਾ, ਉਹਦਾ ਗੁਣ ਤਾਂ ਮੈਂ ਭਲੌਂਦਾ ਨੀ ਸਾਰੀ ਉਮਰ, ਪਰ ਕੀ ਪਤਾ ਬਾਹਮਣ ਪਹਿਲਾਂ ਈ ਆਇਓਂ ਮੰਨ ਜਾਂਦਾ । ਕਾਹਨੂੰ ਸਰਕਾਰੇ-ਦਰਬਾਰੇ ਚੜ੍ਹਦੇ। ਦੋ-ਤਿੰਨ ਸਾਲ ਝਗੜਾ ਕੀਤਾ।
‘ਤੇਰਾ ਕੀ ਲੱਗ ਗਿਆ, ਤੀਰਥਾ? ਤੂੰ ਤਾਂ ਤਰੀਕ ‘ਤੇ ਜਾਂਦਾ, ਮੁੜ ਔਂਦਾ। ਵਕੀਲ ਨੂੰ ਜਿਹੜਾ ਦਿੱਤਾ ਹੋਣੈ, ਸੋ ਦਿੱਤਾ ਹੋਣੈ । ਪੱਟਿਆ ਗਿਆ ਤਾਂ ਬਾਹਮਣ ਪੱਟਿਆ ਗਿਆ ।’ ਪ੍ਰੀਤਮ ਨੇ ਇਕ ਗੱਲੋਂ ਗੋਂਦੀ ਦਾ ਮਖੌਲ ਉਡਾਇਆ।
‘ਗੋਂਦੀ ਨੂੰ ਉਂਗਲ ਲੌਣ ਆਲਾ ਤਾਂ ਆਹ ਬੈਠੈ, ਨੰਬਰਦਾਰ । ਇਹਨੇ ਜਿਉਂ ਚੜ੍ਹਾਇਆ ਬਾਹਮਣ ਨੂੰ ਹੱਥ ‘ਤੇ, ਮੁੜ ਕੇ… ‘ ਹਰਦਿੱਤ ਨੇ ਮੂੰਹ ਵਿਚ ਗੰਢੇ ਦੀ ਫਾਕੜ ਪਾ ਕੇ ਪਾਖਰ ਨੂੰ ਠਿੱਠ ਜਿਹਾ ਕਰਨ ਦੀ ਕੋਸ਼ਿਸ਼ ਕੀਤੀ।
‘ਫੇਰ ਕੀ ਮਾੜਾ ਕਰ ‘ਤਾ ਮੈਂ ? ਮੈਂ ਤੇਰਾ ਈ ਫੈਦਾ ਕੀਤਾ, ਮਾਂ ਦਿਆ ਖਸਮਾ, ਹੋਰ ਕੀ ਕਹਾਂ ਤੈਨੂੰ ? ਤਿੰਨ ਕਿੱਲੇ ਬਾਹਮਣ ਦੀ ਆਈ ਕਿ ਨਾ ? ਪਾਖਰ ਨੇ ਆਚਾਰ ਦੀ ਫਾੜੀ ਚੂਸ ਕੇ ਮੁੱਛਾਂ ਪੂੰਝੀਆਂ।
‘ਤਿੰਨ ਕਿਉਂ, ਪੰਜ ਆਖ। ਦੋ ਕਿੱਲੇ ਮੈਥੋਂ ਛੁਡਾ ਕੇ ਵੀ ਦਿੱਤੀ ਉਹਨੇ ।’ ਆਖ ਕੇ ਮਿਲਖੇ ਨੇ ਇਕ ਘੁੱਟ ਹੋਰ ਭਰ ਲਈ।
ਪ੍ਰੀਤਮ ਨੇ ਗੱਲ ਮੁਕਾਈ, ‘ਚਲੋ! ਠੀਕ ਹੋ ਗਿਆ। ਤੀਰਥ ਦਾ ਵੀ ਠੀਕ ਹੋ ਗਿਆ, ਹਰਦਿੱਤ ਦਾ ਵੀ ਠੀਕ ਹੋ ਗਿਆ।’ ਤੇ ਫੇਰ ਕਹਿੰਦਾ, ‘ਓਏ ਚਕੋ ਹੁਣ, ਨਬੇੜੇ ਇਹਨੂੰ। ਤੁਸੀਂ ਤਾਂ ਸ਼ਹਿਰੀਆਂ ਆਂਗੂ ਪੀਨੇ ਓਂ। ਬਿੰਦ ਕੁ ਪਿੱਛੋਂ ਚਿੜੀ ਦੀ ਚੁੰਝ ਜੀ ਡੋਬ ਲੈਨੇ ਓਂ।’
ਤੀਰਥ ਤੇ ਹਰਦਿੱਤ ਥੋੜੀ ਸ਼ਰਾਬ ਪੀਂਦੇ ਸਨ। ਹਰਦਿੱਤ ਨੇ ਦੇਖਿਆ, ਪ੍ਰੀਤਮ ਦੀ ਜੀਭ ਲਮਕੀ ਹੋਈ ਹੈ। ਉਹਨਾਂ ਦੋਵਾਂ ਨੇ ਆਪਣੇ ਗਲਾਸ ਖਾਲੀ ਕਰ ਦਿੱਤੇ। ਮਿਲਖਾ ਗਲਾਸ ਚੁੱਕ ਕੇ ਬੈਠ ਗਿਆ। ਪੀਤਮ ਉਹਨੂੰ ਕੜਕਿਆ, ‘ਓਏ ਪੀ ਫ਼ੌਜੀਆ! ਤੂੰ ਵੀ ਅੰਗਰੇਜ਼ਾਂ ਵਾਂਗੂੰ ਟਸਣ ਕਰਦੇ।’
ਦੂਜੇ ਪੈੱਗ ਵੇਲੇ ਹਰਦਿੱਤ ਨੇ ਪ੍ਰੀਤਮ ਦਾ ਗਲਾਸ ਭਰ ਦਿੱਤਾ। ਪ੍ਰੀਤਮ ਨੇ ਜਾਣ ਕੇ ਹੀ ਦੂਜੇ ਪਾਸੇ ਮੂੰਹ ਕੀਤਾ ਹੋਇਆ ਸੀ। ਨੰਬਰਦਾਰ ਨੂੰ ਵੀ ਉਹਨੇ ਭਰਵਾਂ ਪੈੱਗ ਪਾਇਆ। ਮਿਲਖੇ ਨੇ ਬਹੁਤ ਥੋੜੀ ਸ਼ਰਾਬ ਪਵਾਈ । ਬੱਸ ‘ ਬੱਸ ਹੀ ਕਰਦਾ ਰਿਹਾ। ਹਰਦਿੱਤ ਨੇ ਤੀਰਥ ਨੂੰ ਤੇ ਆਪਣੇ ਗਲਾਸ ਵਿਚ ਤਿੱਪ ਤਿੱਪ ਪਾ ਲਈ। ਨੰਬਰਦਾਰ ਤੇ ਪ੍ਰੀਤਮ ਨੇ ਪਹਿਲਾਂ ਵਾਂਗ ਹੀ ਇੱਕੋ ਸਾਹ ਅੰਦਰ ਸੁੱਟ ਲਈ। ਮਿਲਖਾ ਹੌਲ਼ੀ ਹੌਲ਼ੀ ਕਰਕੇ ਪੀਣ ਲੱਗਿਆ। ਉਹ ਬਹੁਤ ਚਿਰ ਓਥੇ ਬੈਠਾ ਵੀ ਨਹੀਂ, ਮਾਫ਼ੀ ਜਿਹੀ ਮੰਗੀ ਤੇ ਚਲਿਆ ਗਿਆ। ਤੀਜੇ ਪੈੱਗ ਨੂੰ ਤੀਰਥ ਵੀ ਸਿਰ ਮਾਰ ਗਿਆ। ਪਰ ਪ੍ਰੀਤਮ ਨੇ ਆਪ ਬੋਤਲ ਫੜ ਕੇ ਉਹਨੂੰ ਪੈੱਗ ਪਾਇਆ। ਕਹਿੰਦਾ, ‘ਸਾਲਿਓ, ਚੁੰਝਾਂ ਡੋਬਣ ਦਾ ਕੀ ਮਤਲਬ ? ਏਥੇ ਸੱਦਿਆ ਕਾਸ ਨੂੰ ਐ ਸਾਨੂੰ ?’ ਦੋ ਬੋਤਲਾਂ ਖ਼ਾਲੀ ਹੋ ਚੁੱਕੀਆਂ ਸਨ। ਤੀਜੀ ਬੋਤਲ ਵੇਲੇ ਪ੍ਰੀਤਮ ਆਪਣਾ ਪੈੱਗ ਆਪ ਪਾਉਣ ਲੱਗ ਪਿਆ । ਹਰਦਿੱਤ ਨੇ ਲੁਕਵੀਂ ਅੱਖ ਨਾਲ ਪ੍ਰੀਤਮ ਦੀ ਕਮਜ਼ੋਰੀ ਫੜ ਲਈ। ਸੋਚਿਆ, ‘ਸਾਲਾ ਸ਼ਰਾਬ ਪੀਂਦਾ ਨੀ, ਨਿਗਲਦਾ ਐ।’
ਪਰ੍ਹੇ ਲਿਜਾ ਕੇ ਹਰਦਿੱਤ ਨੇ ਤੀਰਥ ਦੇ ਕੰਨ ਵਿਚ ਫੂਕ ਮਾਰੀ, ‘ਚੌਥੀ ਨੀ ਖੋਲ੍ਹਦੇ। ਰਹਿਣ ਦਿੰਨੇ ਆਂ। ਬੁੱਢਾ ਸਰੀਰ ਐ, ਨੰਬਰਦਾਰ ਨੂੰ ਤਾਂ ਚੱਕ ਕੇ ਘਰ ਛੱਡਣਾ ਪਊ। ਪ੍ਰੀਤਮ ਵੀ ਸੂਤ ਐ ਹੁਣ।’
ਚੌਥੀ ਬੋਤਲ ਅਲਮਾਰੀ ਵਿਚ ਪਈ ਦੀ ਪਈ ਛੱਡ ਕੇ ਉਹ ਆਪੋ-ਆਪਣੇ ਘਰਾਂ ਨੂੰ ਚੱਲ ਪਏ। ਇਕੱਲਾ ਇਕੱਲਾ ਜਿਹਾ ਹੋ ਕੇ ।
ਦੂਜੇ ਦਿਨ ਆਥਣੇ ਜਿਹੇ ਪ੍ਰੀਤਮ ਹਰਦਿੱਤ ਨੂੰ ਟੋਭੇ ਕੋਲ ਮਿਲਿਆ। ਮਿਲਦਿਆਂ ਦੱਸਣ ਲੱਗਿਆ, ‘ਰਾਤ ਤਾਂ ਬਹੁਤ ਪੀ ਗੇ ਆਪਾਂ । ਮੈਂ ਤਾਂ ਹੁਣ ਉੱਠਿਆਂ ਤੜਕੇ ਦਾ ਪਿਆ ਪਿਆ, ਖੇਤ ਵੀ ਨੀ ਜਾਇਆ ਗਿਆ। ਹੱਡ ਚਿਲੂੰ ਚਿਲੂੰ ਕਰੀਂ ਜਾਂਦੇ ਐ ਹਾਲੇ ਵੀ। ਆਇਓਂ ਲਗਦੈ, ਜਿਮੇਂ ਕਣਸ ਜੀ ਹੋਵੇ । ਦਾਰੂ ਬਲਾਂ ਵਧੀਆ ਸੀ, ਧੀ ਦੇ ਜਾਰ ਦੀ । ਜਖਮ ਕਰਦੀ ਜਾਂਦੀ ਸੀ, ਕੇਰਾਂ ਤਾਂ । ਤਿੱਖੀ ਬਹੁਤ ਸੀ।’
‘ਆਖ ਕੇ ਚਾਰ ਬੋਤਲਾਂ ਮੰਗਾਈਆਂ ਸੀ ਤੀਰਥ ਨੇ ਸਪੈਸ਼ਲ, ਭਾਈਰੂਪਿਓਂ।’ ਹਰਦਿੱਤ ਨੇ ਕਿਹਾ।
‘ਤਾਂ ਚਾਰ ਪੀ ਗੇ ਆਪਾਂ । ਬੱਲੇ ਬੱਲੇ । ਬੰਦੇ ਤਾਂ ਚਾਰ ਈ ਸਮਝ। ਮਿਲਖਾ ਤਾਂ ਪਹਿਲਾਂ ਈ ਵਗ ਗਿਆ ਸੀ ।’ ਪ੍ਰੀਤਮ ਨੇ ਦਾਰੂ ਪੀਣ ਦਾ ਹਿਸਾਬ ਜਿਹਾ ਲਾ ਕੇ ਖਾਸੀ ਹੈਰਾਨੀ ਪ੍ਰਗਟ ਕੀਤੀ।
‘ਚਾਰ ਨੀ, ਤਿੰਨ ਪੀਤੀਆਂ ਆਪਾਂ । ਇਕ ਤਾਂ ਪਈ ਐ, ਓਮੇਂ ਜਿਮੇਂ ।’ ਹਰਦਿੱਤ ਨੇ ਜਿਵੇਂ ਲਾਲਚ ਦਿੱਤਾ ਹੋਵੇ ।
ਇਕ ਬੋਤਲ ਬਾਕੀ ਪਈ ਸੁਣ ਕੇ ਪ੍ਰੀਤਮ ਨੇ ਅੱਖਾਂ ਚੌੜੀਆਂ ਕਰ ਲਈਆਂ। ਕਹਿੰਦਾ, ‘ਲੈ ਕੇ ਨੀ ਗਿਆ ਤੀਰਥ ?”
‘ਨਾ, ਓਥੇ ਈ ਪਈ ਐ। ਤੂੰ ਪੀਣੀ ਐ ਤਾਂ ਗੱਲ ਕਰ। ਉਹ ਤਾਂ ਆਪਾਂ ਈ ਪੀਣੀ ਸੀ, ਅੱਜ ਪੀ ਲੈਨੇ ਆਂ। ਚੱਲੀਏ ?’
ਪ੍ਰੀਤਮ ਦੇ ਮੂੰਹ ਵਿਚੋਂ ਜਿਵੇਂ ਲਾਲਾਂ ਟਪਕ ਪਈਆਂ ਹੋਣ। ਝੱਟ ਦੇ ਕੇ ਬੋਲਿਆ, ‘ਚਲ ਫੇਰ । ਪਾਧਾ ਕੀ ਪੁਛਦੈਂ, ਪਾਲਾ ਜਾ ਤਾਂ ਲਾਹੀਏ । ਊਂ ਵੀ ਹੱਡ ਜੇ ਖਿੰਡੇ ਪਏ ਐ। ਘੁੱਟ ਪੀ ਕੇ ਕੱਠੇ ਹੋਣਗੇ।’
‘ਤੂੰ ਚੱਲ ਓਧਰ ਨੂੰ ਈ। ਮੈਂ ਬਾਹਰਲੇ ਘਰ ਜਾ ਆਮਾਂ । ਸੀਰੀ ਖੇਤੋਂ ਔਣ ਵਾਲ਼ੇ। ਉਹਨੂੰ ਕੱਲ੍ਹ ਦਾ ਕੰਮ ਸਮਝਾ ਆਮਾਂ । ਫੇਰ ਉਹਨੇ ਮਿਲਣਾ ਨੀ । ਆਪਾਂ ਤਾਂ ਏਧਰ ਰੁਝ ਜਾਂ ਗੇ।’
ਪ੍ਰੀਤਮ ਕਹਿੰਦਾ, ‘ਮੈਂ ਤੇਰੇ ਨਾਲ ਈ ਚਲਦਾਂ। ਸੀਰੀ ਜਦੋਂ ਆ ਗਿਆ, ਤੂੰ ਗੱਲ ਕਰ ਲੀਂ ।’ ਕੱਠੇ ਈ ਅੰਦਰਲੇ ਘਰ ਜਾਮਾਂਗੇ ।’
ਉਹ ਹਰਦਿੱਤ ਕੇ ਬਾਹਰਲੇ ਘਰ ਆਏ । ਝੰਡਾ ਬਾਰ ਮੂਹਰੇ ਬੈਠਾ ਇਕ ਹੋਰ ਬੰਦੇ ਨੂੰ ਨਾਲ ਲਾ ਕੇ ਮੰਜਾ ਬੁਣ ਰਿਹਾ ਸੀ। ਪ੍ਰੀਤਮ ਨੂੰ ਦੇਖ ਕੇ ਖੁਸ਼ ਹੋ ਗਿਆ। ਕਹਿੰਦਾ, ‘ਓਏ ਆ ਪ੍ਰੀਤਮਾ। ਪੱਟੂਆ, ਕਦੇ ਕਦੇ ਈ ਮਿਲਦੈਂ । ਬਾਹਲਾ ਈ ਕੰਮ ‘ਚ ਖੁਭਿਆ ਰਹਿਨੈਂ ।’
‘ਨਹੀਂ ਵੱਡੇ ਭਾਈ, ਕੰਮ ‘ਚ ਤਾਂ ਕੀ ਖੁਭੇ ਰਹਿਣਾ ਸੀ । ਬੱਸ ਊਈਂ ਨੀ ਆਇਆ ਗਿਆ ਤੇਰੇ ਕੋਲ।’ ਗੱਲ ਕਰਕੇ ਪ੍ਰੀਤਮ ਨੂੰ ਅੰਦਰੋਂ ਪਾਲਾ ਮਾਰਨ ਲੱਗਿਆ। ਉਹਨੇ ਸੋਚਿਆ, ਇਹ ਤਾਂ ਕਸੂਤਾ ਹੀ ਆ ਫਸਿਆ। ਝੰਡਾ ਕਿਤੇ ਪੈਸਿਆਂ ਦੀ ਗੱਲ ਨਾ ਛੇੜ ਬੈਠੇ। ਗਿੰਦਰ ਵਾਲੀ ਜ਼ਮੀਨ ਆਪਣੇ ਨਾਂ ਇੰਤਕਾਲ ਕਰਵਾਉਣ ਵੇਲੇ ਪ੍ਰੀਤਮ ਨੇ ਝੰਡੇ ਤੋਂ ਦੋ ਹਜ਼ਾਰ ਵਿਆਜੂ ਲਿਆ ਸੀ। ਕਿੰਨੇ ਸਾਲ ਲੰਘ ਗਏ ਸਨ। ਵਿਆਜ ਲੱਗ ਲੱਗ ਕੇ ਇਹ ਦੋ ਹਜ਼ਾਰ ਹੁਣ ਛੀ-ਸੱਤ ਹਜ਼ਾਰ ਦੇ ਨੇੜੇ ਪਹੁੰਚ ਗਿਆ ਸੀ । ਮੋੜਿਆ ਵੀ ਬਥੇਰਾ ਸੀ। ਹਾੜੀ-ਸੌਣੀ ਛੀ ਮਹੀਨੀਂ ਉਹ ਪੈਸੇ ਮੋੜਦਾ । ਕੁਝ ਨਾ ਕੁਝ ਤਾਂ ਹੱਥੋਂ ਝੜਦਾ ਹੀ। ਪਰ ਵਿਆਜੂ ਪੈਸਾ ਤਾਂ ਖੱਬਲ ਵਾਂਗ ਸੂੰਦਾ ਰਹਿੰਦਾ ਹੈ। ਕਿੰਨੀਆਂ ਵੀ ਇਹਦੀਆਂ ਜੜਾਂ ਕੱਢੇ, ਮਰਦਾ ਨਹੀਂ । ਝੰਡਾ ਛੀਂ ਮਹੀਨੀਂ ਉਹਦੇ ਨਾਲ ਨਾਮਾ ਕਰਦਾ। ਝੰਡਾ ਜ਼ਮੀਨ ਮੰਗਦਾ, ਜ਼ਮੀਨ ਪ੍ਰੀਤਮ ਦਿੰਦਾ ਨਾ। ਹੁਣ ਪ੍ਰੀਤਮ ਝੰਡੇ ਕੋਲ ਹੀ ਬੈਠ ਗਿਆ। ਹਰਦਿੱਤ ਦਾ ਸੀਰੀ ਦੇਬੂ ਆ ਗਿਆ ਸੀ। ਵਿਹੜੇ ਵਿਚ ਜਾ ਕੇ ਹਰਦਿੱਤ ਉਹਦੇ ਨਾਲ ਖੇਤ ਦੀਆਂ ਗੱਲਾਂ ਕਰਨ ਲੱਗਿਆ।
ਓਹੀ ਗੱਲ ਹੋਈ। ਝੰਡਾ ਬੋਲਿਆ, ‘ਐਤਕੀਂ ਫੇਰ, ਛੋਟੇ ਭਾਈ? ਹਾੜ੍ਹੀ ਨੂੰ ਨਬੇੜ ਦੇ, ਵੱਢ ਜੂੜ।
‘ਐਤਕੀਂ ਤਾਂ ਹਾੜ੍ਹੀ ਕੱਢ ਕੇ, ਵੱਡੇ ਭਾਈ, ਬੱਸ ਇਕ ਪਾਸਾ ਕਰ ਦੂੰ। ਜਾਂ ਤਾਂ ਲਾਹ ਦੂੰ ਪੈਸਾ ਪੈਸਾ, ਨਹੀਂ ਤਾਂ ਫੇਰ ਦੋ ਕਿੱਲੇ ਦੇ ਕੇ ਮੁੱਕਾ ਲਾਂ ਗੇ।’
‘ਜਿਮੇਂ ਤੇਰੀ ਮਰਜ਼ੀ, ਤੇਰੀ ਉੱਛਲ ਐ, ਭਾਈ। ਜਿਮੇਂ ਕਹੇਂਗਾ, ਕਰ ਲਾਂ ਗੇ । ਮੈਂ ਤਾਂ ਐਂ ਕਹਿਨਾਂ, ਬਈ ਸਾਲ ਬਾਹਲੇ ਹੋ ਗੇ । ਹੁਣ ਮੁਕਦਾ ਕਰ ।’ ਤੇ ਫੇਰ ਝੰਡੇ ਨੇ ਆਪਣੇ ਪੋਤੇ ਦਾ ਨਾਂ ਲੈ ਕੇ ਹਾਕ ਮਾਰੀ। ਅੰਦਰੋਂ ਹਰਦਿੱਤ ਦੀ ਕੁੜੀ ਆਈ। ਪੁੱਛਣ ਲੱਗੀ, ‘ਕੀਹ ਐ, ਬਾਬਾ ?’
‘ਓਏ ਭਾਈ ਕੁੜੀਏ, ਪੁਸ਼ਪਿੰਦਰ ਪੁੱਤ, ਜਾਹ ਆਵਦੀ ਅੰਬੋ ਨੂੰ ਆਪ। ਦੁੱਧ ਵਧਾ ਲਿਆ ਹੋਣੈ। ਗਲਾਮ ‘ਚ ਪਾ ਕੇ ਲਿਆ, ਤੇਰੇ ਬਾਬੇ ਵਾਸਤੇ।’ ਕਹਿ ਕੇ ਝੰਡਾ ਪ੍ਰੀਤਮ ਵੱਲ ਝਾਕਿਆ।
‘ਨਹੀਂ ਵੱਡੇ ਭਾਈ ਦੁੱਧ ਨੂੰ ਤਾਂ ਕੀਹ ਐ। ਬੱਸ ਰੱਜੇ ਫਿਰਦੇ ਆਂ।’
‘ਲੈ, ਹੈ ਕਮਲਾ। ਤੂੰ ਨਾ ਪਿਆਈਂ ਕਦੇ, ਘਰੇ ਗਿਆਂ ਨੂੰ ।’ ਝੰਡਾ ਹੱਸਣ ਲੱਗਿਆ। ਪ੍ਰੀਤਮ ਫੇਰ ਵੀ ਨਹੀਂ-ਨਹੀਂ ਕਰਦਾ ਰਿਹਾ।
ਥੋੜ੍ਹੇ ਚਿਰ ਪਿੱਛੋਂ ਹੀ ਹਰਦਿੱਤ ਦਾ ਮੁੰਡਾ ਹਰਿੰਦਰਪਾਲ ਡੋਲੂ ਵਿਚ ਤੌੜੀ ਦਾ ਦੁੱਧ ਤੋਂ ਦੋ ਗਲਾਸ ਫੜ ਕੇ ਠੁਮਕ-ਠੁਮਕ ਤੁਰਦਾ ਆ धन्ना। । ਕਹਿੰਦਾ, ‘ਬਾਬਾ ਲੈ ।’
ਦੋਵੇਂ ਗਲ ਮਾਂ ਵਿਚ ਦੁੱਧ ਪਾ ਕੇ ਝੰਡੇ ਨੇ ਇਕ ਗਲਾਸ ਪ੍ਰੀਤਮ ਨੂੰ ਤੇ ਇਕ ਗਲਾਮ ਨਾਲ ਮੰਜਾ ਬੁਣਨ ਵਾਲੇ ਗੋਲੂ ਮਜ਼ਹਬੀ ਨੂੰ ਫੜਾ ਦਿੱਤਾ ।
ਚੁੱਪ ਕੀਤੇ ਹੀ ਪ੍ਰੀਤਮ ਨੇ ਖਾਲੀ ਗਲਾਸ ਮੰਜੇ ਤੋਂ ਦੂਰ ਰੱਖ ਦਿੱਤਾ। ਐਨੇ ਨੂੰ ਹਰਦਿੱਤ ਬਾਹਰ ਆਇਆ ਤਾਂ ਉਹ ਉੱਠ ਖੜ੍ਹਾ। ਤੇ ਫੇਰ ਦੋਵੇਂ ਜਾਣੇ ਅੰਦਰਲੇ ਘਰ ਨੂੰ ਚੱਲ ਪਏ। ਆਉਂਦਾ ਹੋਇਆ ਹਰਦਿੱਤ ਬਾਪੂ ਤੋਂ ਅੰਦਰਲੇ ਘਰ ਦੀਆਂ ਦੋਵੇਂ ਕੁੰਜੀਆਂ ਫੜ ਲਿਆਇਆ ਸੀ। ਬੈਠਕ ਵਿਚ ਆ ਕੇ ਉਹ ਟਕਿਆ ਜਿਹੇ ਨਾਲ ਦਾਰੂ ਪੀਣ ਲੱਗੇ । ਹਰਦਿੱਤ ਬਹੁਤ ਮੋਹ ਦਿਖਾ ਰਿਹਾ ਸੀ। ਹਰ ਵਾਰ ਉਹ ਪ੍ਰੀਤਮ ਨੂੰ ਡੱਕਵਾਂ ਪੈੱਗ ਪਾ ਦਿੰਦਾ। ਇਕੋ ਸਾਹ ਗਲਾਸ ਖਾਲੀ ਕਰਕੇ ਪ੍ਰੀਤਮ ਅਗਲੇ ਪੈੱਗ ਦੀ ਉਡੀਕ ਕਰਨ ਲੱਗਦਾ । ਹਰਦਿੱਤ ਆਪ ਨੂੰ ਥੋੜੀ ਪਾਉਂਦਾ ਤੇ ਖਾਸਾ ਸਾਰਾ ਪਾਣੀ ਪਾ ਕੇ ਪ੍ਰੀਤਮ ਦੇ ਬਰਾਬਰ ਮੜਿੱਕਣ ਦਾ ਦਿਖਾਵਾ ਕਰਦਾ।
ਹਰਦਿੱਤ ਨੂੰ ਪੱਕਾ ਯਕੀਨ ਹੋ ਗਿਆ ਕਿ ਸ਼ਰਾਬ ਪ੍ਰੀਤਮ ਦੇ ਹੱਡਾਂ ਵਿਚ ਰਚ ਗਈ ਹੈ। ਉਹ ਸ਼ਰਾਬ ਦੇ ਨਾਂ ਉੱਤੇ ਕਿਧਰੇ ਵੀ ਜਾ ਸਕਦਾ ਹੈ। ਪ੍ਰੀਤਮ ਦੀ ਬਹੂ ਨੰਦਕੁਰ ਦੇ ਦੋ ਕੁੜੀਆਂ ਹੀ ਕੁੜੀਆਂ ਸਨ, ਜੋ ਹੁਣ ਭਰ-ਜਵਾਨ ਸਨ। ਮੁੰਡਾ ਕੋਈ ਨਹੀਂ ਸੀ। ਕੁੜੀਆਂ ਕਿਧਰੇ ਮੰਗੀਆਂ- ਵਿਆਹੀਆਂ ਨਹੀਂ ਸਨ। ਉਹਦੀ ਆਪਣੀ ਜੱਦੀ ਜ਼ਮੀਨ ਤਾਂ ਚਾਰ-ਪੰਜ ਕਿੱਲੇ ਹੀ ਸੀ, ਗਿੰਦਰ ਵਾਲੀ ਛੇ-ਸੱਤ ਕਿੱਲੇ ਸੀ। ਫੇਰ ਵੀ ਉਹਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ। ਪੈਸਾ ਸਿਰ ਚੜ੍ਹਿਆ ਹੀ ਰਹਿੰਦਾ । ਸ਼ਰਾਬ ਪੀਣ ਦੀ ਲੱਤ ਪੱਕੀ ਸੀ। ਸ਼ਰਾਬ ਤਾਂ ਉਹ ਉਦੋਂ ਤੋਂ ਹੀ ਪੀਂਦਾ ਸੀ ਜਦੋਂ ਹਰਦਿੱਤ ਦਾ ਚਾਚਾ ਅਰਜਣ ਉਹਦੇ ਕੋਲ ਆਉਂਦਾ ਹੁੰਦਾ।
ਹੁਣ ਜਦੋਂ ਵੀ ਪ੍ਰੀਤਮ ਨੂੰ ਤੋੜ ਲੱਗਦੀ, ਉਹ ਹਰਦਿੱਤ ਕੋਲ ਆ ਜਾਂਦਾ। ਦੋਵੇਂ ਟਰੈਕਟਰ ਉੱਤੇ ਚੜ੍ਹਦੇ ਤੇ ਭਾਈਰੂਪੇ ਜਾ ਕੇ ਨਾਜਰ ਤੋਂ ਬੋਤਲ ਫੜ ਲਿਆਉਂਦੇ। ਕਦੇ ਪੈਸੇ ਹਰਦਿੱਤ ਦਿੰਦਾ, ਕਦੇ ਪ੍ਰੀਤਮ ਦੇ ਨਾਂ ਲਿਖੇ ਜਾਂਦੇ । ਮਹੀਨੇ ਬਾਅਦ ਪ੍ਰੀਤਮ ਜੁੰਮੇ ਜਿੰਨੇ ਪੈਸੇ ਚੜ੍ਹਦੇ, ਹਰਦਿੱਤ ਆਪਣੇ ਕੋਲੋਂ ਦੇ ਕੇ ਆਪਣੀ ਡਾਇਰੀ ਵਿਚ ਪ੍ਰੀਤਮ ਦੇ ਨਾਂ ਲਿਖ ਲੈਂਦਾ। ਤੇ ਫੇਰ ਕੁਝ ਮਹੀਨਿਆਂ ਪਿੱਛੋਂ ਹਰਦਿੱਤ ਨੇ ਨਾਜਰ ਨੂੰ ਆਖ ਦਿੱਤਾ ਕਿ ਪ੍ਰੀਤਮ ਜਿੰਨੀ ਮਰਜ਼ੀ ਸ਼ਰਾਬ ਲੈ ਜਾਇਆ ਕਰੇ, ਪੈਸੇ ਉਹ ਹਰਦਿੱਤ ਦੇ ਨਾਂ ਲਿਖ ਲਿਆ ਕਰਨ । ਪ੍ਰੀਤਮ ਨੂੰ ਕੋਲ ਬੁਲਾ ਕੇ ਮਹੀਨੇ ਪਿੱਛੋਂ ਨਾਜਰ ਹਿਸਾਬ ਕਰਦਾ ਤੇ ਪੈਸੇ ਹਰਦਿੱਤ ਦੇ ਦਿੰਦਾ। ਪ੍ਰੀਤਮ ਸ਼ਰਾਬ ਪੀਂਦਾ ਸੀ ਜਿਵੇਂ ਮੁਫ਼ਤ ਦੀ ਮਿਲਦੀ ਹੋਵੇ। ਨਿੱਤ ਦੀ ਇਕ ਬੋਤਲ ਉਹਦੀ ਖ਼ੁਰਾਕ ਬਣ ਗਈ ਸੀ। ਚਾਰ ਚਾਰ ਬੋਤਲਾਂ ਇੱਕਠੀਆਂ ਹੀ ਲੈ ਆਉਂਦਾ। ਨਾਜਰ ਨੂੰ ਕੀ ਸੀ, ਉਹ ਦਿੰਦਾ ਰਹਿੰਦਾ। ਪੈਸੇ ਤਾਂ ਹਰਦਿੱਤ ਨੇ ਹੀ ਦੇਣੇ ਹੁੰਦੇ ਸਨ। ਛੇ ਕੁ ਮਹੀਨਿਆਂ ਪਿੱਛੋਂ ਹਰਦਿੱਤ ਨੇ ਪ੍ਰੀਤਮ ਨੂੰ ਡਾਇਰੀ ਖੋਲ੍ਹ ਕੇ ਦਿਖਾਈ। ਪ੍ਰੀਤਮ ਜੁੰਮੇਂ ਇਕ ਹਜ਼ਾਰ ਰੁਪਿਆ ਹੋ ਚੁੱਕਿਆ ਸੀ। ਮੁਕੰਦੀ ਦੀ ਹੱਟ ਉੱਤੇ ਲਿਜਾ ਕੇ ਹਰਦਿੱਤ ਨੇ ਆਪਣੀ ਬਹੀ ਵਿਚ ਪ੍ਰੀਤਮ ਦੇ ਨਾਂ ਇਕ ਹਜ਼ਾਰ ਰੁਪਿਆ ਵਿਆਜੂ ਲਿਖਵਾ ਲਿਆ। ਇਕ ਜਾਦੂ ਜਿਹੇ ਦੇ ਅਸਰ ਹੇਠ ਹੀ ਪ੍ਰੀਤਮ ਨੇ ਲਿਖ਼ਤ ਉੱਤੇ ‘ਗੂਠਾ ਲਾ ਦਿੱਤਾ ਸੀ।
17
ਪਿੰਡ ਵਿਚ ਕੋਆਪ੍ਰੇਟਿਵ ਸੁਸਾਇਟੀ ਬਣੀ ਨੂੰ ਕਈ ਸਾਲ ਹੋ ਗਏ ਸਨ। ਕਿੰਨੇ ਹੀ ਲੋਕ ਇਹਦੇ ਮੈਂਬਰ ਸਨ। ਪਿੰਡ ਤੋਂ ਬਾਹਰ-ਬਾਹਰ ਸੜਕ ਉੱਤੇ ਇਕ ਬੈਂਕ ਵੀ ਬਣਾ ਦਿੱਤੀ ਗਈ ਸੀ। ਬੁੜੇ-ਟੁੱਟੇ ਕਿਸਾਨ ਕੋਆਪ੍ਰੇਟਿਵ ਬੈਂਕ ਤੋਂ ਕਰਜ਼ਾ ਲੈਂਦੇ ਤੇ ਫੇਰ ਹਾੜ੍ਹੀ-ਸੌਣੀ ਕਿਸ਼ਤਾਂ ਵਿਚ ਮੋੜਨ ਲਗਦੇ। ਬਹੁਤੇ ਘਰਾਂ ਦੀਆਂ ਕਿਸ਼ਤਾਂ ਵਿਚੇ ਹੀ ਰਹਿ ਜਾਂਦੀਆਂ। ਬੈਂਕ ਦਾ ਮੈਨੇਜਰ ਘਰੀਂ ਗੇੜੇ ਮਾਰਨ ਲੱਗਦਾ। ਸੁਸਾਇਟੀ ਦੇ ਕਰਤਾ-ਧਰਤਾ ਬੰਦੇ ਡਿਫਾਲਟਰਾਂ ਨੂੰ ਬੈਂਕ ਵਿਚ ਬੁਲਾ ਕੇ ਝਿੜਕ- ਝੰਬ ਕਰਦੇ। ਪਰ ਨਾ, ਕੋਈ ਅਸਰ ਨਾ ਹੁੰਦਾ। ਪਿੰਡ ਵਿਚ ਗੱਲਾਂ ਹੁੰਦੀਆਂ, ‘ਏਦੂੰ ਤਾਂ ਬਾਣੀਏ ਤੋਂ ਕਰਜ਼ਾ ਲੈ ਲੈ। ਦੂਜੇ ਕੰਨ ਸੋਅ ਨੀ ਹੁੰਦੀ। ਇਹ ਸੁਸਾਇਟੀ ਆਲੇ ਤਾਂ ਡੈਂਡਕੀ ਪਿੱਟ ਦਿੰਦੇ ਨੇ।
ਆਣ-ਇੱਜਤ ਮਾਰਦੇ ਐ ਗਰੀਬਾਂ ਦੀ ਨੰਗਾ ਹੋ ਜਾਂਦੈ ਬੰਦਾ ।’
ਸੁਸਾਇਟੀ ਵਾਲੇ ਬਹੁਤੀ ਖਿੱਚ-ਪਾੜ ਤਾਂ ਏਸ ਕਰਕੇ ਕਰਦੇ ਕਿਉਂਕਿ ਜਿੰਨਾ ਚਿਰ ਪਿਛਲੇ ਕਰਜ਼ਿਆਂ ਦਾ ਬਕਾਇਆ ਨਹੀਂ ਮੁੜਦਾ ਸੀ, ਅਗੋਂ ਜ਼ਿਲਾ ਸੁਸਾਇਟੀ ਵਾਲੇ ਨਵੇਂ ਸਾਲ ਦੀ ਰਕਮ ਨਹੀਂ ਦਿੰਦੇ ਸਨ । ਤੇ ਫੇਰ ਸੁਸਾਇਟੀ ਵਾਲੇ ਪਿੰਡ ਦੇ ਹੋਰ ਮੈਂਬਰ ਬਣਾਉਂਦੇ। ਜ਼ਿਲਾ ਸੁਸਾਇਟੀ ਕੋਲ ਰੌਲਾ-ਰੱਪਾ ਪਾ ਕੇ ਹੱਦ-ਕਰਜ਼ਾ ਵਧਾ ਲੈਂਦੇ। ਪਿੰਡ ਵਿਚ ਵੱਧ ਰਕਮ ਆ ਜਾਂਦੀ। ਪਹਿਲੇ ਕਰਜ਼ਦਾਰਾਂ ਦੀਆਂ ਪਿਛਲੀਆਂ ਸਾਰੀਆਂ ਕਿਸ਼ਤਾਂ ਕਾਗ ਜ਼ਾਂ ਵਿਚ ਹੀ ਮੋੜਦੇ ਤੇ ਨਵਾਂ ਕਰਜ਼ਾ ਦੇ ਦਿੰਦੇ। ਅਜਿਹਾ ਕਰਨ ਵਿਚ ਸੁਸਾਇਟੀ ਦਾ ਮੈਨੇਜਰ, ਪ੍ਰਧਾਨ ਤੇ ਹੋਰ ਮੈਂਬਰ ਪੂਰਾ ਛਕਦੇ-ਛਕਾਉਂਦੇ।
ਪਿੰਡ ਦੇ ਬਾਣੀਏ ਕੋਆਪ੍ਰੇਟਿਵ ਸੁਸਾਇਟੀ ਉੱਤੇ ਦੰਦ ਵਢਦੇ। ਉਹਨਾਂ ਦੀਆਂ ‘ਸਾਮੀਆਂ’ ਮਾਰੀਆ ਜਾ ਰਹੀਆਂ ਸਨ। । ਉਹ ਆਖਦੇ, ‘ਸਰਕਾਰ ਨੇ ਗਰਕ ਕਰ ਦੇਣੈ ਇਕ ਦਿਨ ਜੱਟਾਂ ਨੂੰ। ਅਵਾਮਾਰ ਈ ਪੈਸੇ ਲੈ ਲੈ ਵਰਤੀ ਜਾਂਦੇ ਨੇ । ਮੁੜਦੇ ਹੈ ਨੀ । ਨਾ ਕੋਈ ਰਾਜਾ-ਬਾਬੂ ਐ, ਇਹਨਾਂ ਉੱਤੇ। ਪਰ ਸਿਰ ਤਾਂ ਖੜ੍ਹ ਜਾਂਦੀ ਐ ਰਕਮ । ਇਕ ਦਿਨ ਤਾਂ ਦੇ ਕੇ ਈ ਖਹਿੜਾ ਛੁੱਟੂ ।
ਫੇਰ ਘਪਲੇ ਹੋਣ ਲੱਗੇ । ਕਮੇਟੀ ਮੈਂਬਰ ਬੈਂਕ ਮੈਨੇਜਰ ਨਾਲ ਮਿਲ ਕੇ ਕਿਸੇ ਜੱਟ ਦੇ ਨਾਂ ਦਸ-ਦਸ ਪੰਦਰਾਂ-ਪੰਦਰਾਂ ਹਜ਼ਾਰ ਕਰਜ਼ਾ ਲਿਖ ਲੈਂਦੇ । ਜਾਅਲੀ ‘ਗੂਠਾ ਲੱਗ ਜਾਂਦਾ, ਪੈਸੇ ਆਪ ਵਰਤ ਲੈਂਦੇ । ਜੱਟ ਨੂੰ ਤਾਂ ਪਤਾ ਤੱਕ ਵੀ ਨਾ ਲੱਗਦਾ । ਅਖੀਰ ਮੈਨੇਜਰ ਭੱਜ ਨਿਕਲਦਾ। ਮੁਕੱਦਮਾ ਚਲਦਾ, ਪੇਸ਼ੀਆਂ ਪੈਂਦੀਆਂ। ਕੁਝ ਨਾ ਕੁਝ ਦੇ-ਦਿਵਾ ਕੇ ਤੇ ਕੁਝ ਵਿਚੇ ਹੀ ਘਾਊਂ-ਘੱਪ ਕਰਕੇ ਗੱਲ ਉੱਤੇ ਮਿੱਟੀ ਪਾ ਦਿੱਤੀ ਜਾਂਦੀ। ਨਵਾਂ ਮੈਨੇਜਰ ਫੇਰ ਓਹੀ ਗੁਲ ਖਿਲਾਉਣ ਲੱਗਦਾ।
ਸੁਸਾਇਟੀ ਵਾਲੇ ਰਸਾਇਣਕ ਖਾਦ ਦੀਆਂ ਬੋਰੀਆਂ ਲੈ ਕੇ ਆਉਂਦੇ । ਨਵੇਂ ਬੀਜ ਵੀ। ਕੀੜੇ-ਮਾਰ ਹਵਾਈਆਂ ਵੀ। ਬਹੁਤਾ ਮਾਲ ਕਮੇਟੀ-ਮੈਂਬਰਾਂ ਦੇ ਘਰਾਂ ਵਿਚ ਜਾਂਦਾ ਜਾਂ ਫੇਰ ਉਹਨਾਂ ਦੇ ਆਪਣੇ ਬੰਦਿਆਂ ਦੇ ਘਰ | ਕੋਆਪ੍ਰੇਟਿਵ ਸੁਸਾਇਟੀ ਇਕ ਲਵੇਰੀ ਮੱਝ ਸੀ । ਜਰਵਾਣੇ ਲੋਕ ਅਣ- ਘਾ ਲਿਆ ਦੁੱਪ ਪੀਂਦੇ। ਆਮ ਲੋਕਾਂ ਵਿਚ ਤਾਂ ਕੱਚੀ ਲੱਸੀ ਹੀ ਵੰਡੀ ਜਾਂਦੀ। ਪਰ ਇਹੀ ਨਹੀਂ, ਇਹ ਕੋਆਪ੍ਰੇਟਿਵ ਸੁਸਾਇਟੀ ਲੱਕੜ ਦੇ ਘੁਣੇ ਵਾਂਗ ਪਿੰਡ ਨੂੰ ਚਿੰਬੜ ਗਈ ਸੀ। ਕਿਸਾਨ ਲੋਕ ਅੰਦਰੋਂ ਥੋਥੇ ਹੋਣ ਲੱਗੇ ਸਨ। ਬਾਣੀਆਂ ਤਾਂ ਕਰਜ਼ਾਂ ਦੇਣ ਵੇਲੇ ਸੌ ਗੱਲਾਂ ਦੇਖਦਾ, ਅਗਲੇ ਦੀ ਜਾਇਦਾਦੀ ਹੈਸੀਅਤ ਪਰਖਦਾ, ਸੌ ਸੌ ਮਿੰਨਤਾਂ ਕਰਵਾਉਂਦਾ, ਤਾਂ ਕਿਤੇ ਜਾ ਕੇ ਪੈਸੇ ਜੱਟ ਦੇ ਪੱਲੇ ਪੈਂਦੇ | ਲੱਖ ਸੰਕੋਚ ਬਾਅਦ ਹੀ ਜੱਟ ਬਾਣੀਏ ਦੇ ਬਾਰ ਜਾ ਕੇ ਖੜ੍ਹਦਾ। ਪਰ ਇਹ ਸੁਸਾਇਟੀ ਤਾਂ ਹਰ ਕਿਸੇ ਦੀ ਪਹੁੰਚ ਵਿਚ ਸੀ। ਇਥੇ ਤਾਂ ਕੋਈ ਰੋਕ-ਟੋਕ ਹੀ ਨਹੀਂ ਸੀ । ਕਈ ਲੋਕਾਂ ਲਈ ਤਾਂ ਦੋ ਮੋਰਚੇ ਖੁੱਲ ਗਏ ਸਨ। ਬਾਣੀਆ ਤੇ ਸੁਸਾਇਟੀ । ਹੁੰਦਾ ਇਹ ਵੀ ਕਿ ਬਾਣੀਏ ਤੋਂ ਵਿਆਜੂ ਪੈਸੇ ਲੈ ਕੇ ਸੁਸਾਇਟੀ ਦੀਆਂ ਕਿਸ਼ਤਾਂ ਮੋੜ ਦਿੱਤੀਆਂ ਜਾਂਦੀਆਂ। ਫਸਿਆ ਜੱਟ ਹੋਰ ਕੀ ਕਰਦਾ ਫੇਰ? ਕਿਸ਼ਤਾਂ ਦੀ ਉਗਰਾਹੀ ਲਈ ਜ਼ਿਲਾ ਸੁਸਾਇਟੀ ਵਾਲੇ ਪੁਲਿਸ ਦੀ ਮੱਦਦ ਲੈ ਲੈਂਦੇ ਸਨ । ਪੁਲਿਸ ਵਾਲਿਆਂ ਨੂੰ ਤਾਂ ਇਹੋ ਜਿਹਾ ਕੰਮ ਰੱਬ ਦੇਵੇ। ਗਰੀਬ ਲੋਕਾਂ ਦੀ ਕੁੱਟ-ਮਾਰ ਕਰਦੇ। ਖਾਂਦੇ-ਪੀਂਦੇ। ਪੈਸੇ ਝਾੜ ਕੇ ਲੈ ਜਾਂਦੇ। ਇੱਜ਼ਤ-ਹਤਕ ਤੋਂ ਡਰਦਾ ਜੱਟ ਬਾਣੀਏ ਦੇ ਵੱਸ ਜਾ ਪੈਂਦਾ। ਝੰਡਾ ਤੇ ਝੰਡੇ ਦਾ ਮੁੰਡਾ ਹਰਦਿੱਤ ਸੁਮਾਇਟੀ ਦੇ ਕੰਮਾਂ ਵਿਚ ਦਿਲਚਸਪੀ ਨਹੀਂ ਲੈਂਦੇ ਸਨ । ਪਰ ਉਹਨਾਂ ਦਾ ਟੇਢੇ ਢੰਗ ਨਾਲ ਸੁਸਾਇਟੀ ਨਾਲ ਲਗਾਓ ਜ਼ਰੂਰ ਸੀ । ਸੁਸਾਇਟੀ ਦੀਆਂ ਕਿਸ਼ਤਾਂ ਮੋੜਨ ਵੇਲੇ ਪੁਲਿਸ ਦੇ ਤੰਗ ਕੀਤੇ ਜ਼ਿੰਮੀਦਾਰ ਉਹਨਾਂ ਕੋਲੋਂ ਵੀ ਵਿਆਜੂ ਪੈਸਾ ਲੈਂਦੇ ।
ਪੰਚਾਇਤ ਵਿਚ ਵੀ ਹਰਦਿੱਤ ਕੋਈ ਦਿਲਚਸਪੀ ਨਹੀਂ ਲੈਂਦਾ ਸੀ। ਪਹਿਲੀਆਂ ਪੰਚਾਇਤ- ਚੋਣਾਂ ਤਾਂ ਇਕ ਹਾਸੇ-ਠੱਠੇ ਦੀ ਖੇਡ ਜਿਹੀ ਸੀ । ਪੰਚਾਇਤ ਨਾਂ ਦੀ ਚੀਜ਼ ਪਿੰਡਾਂ ਵਿਚ ਪਹਿਲੀ ਵਾਰ ਪਹੁੰਚੀ। ਲੋਕ ਹੱਸਦੇ, ‘ਪੰਚੈਤ ਤਾਂ ਮੰਨੇ-ਦੰਨੇ ਸਿਆਣੇ ਬੰਦਿਆਂ ਦੀ ਸਭਾ ਹੁੰਦੀ ਐ। ਸਰਕਾਰ ਹੁਣ ਲੁੱਚੇ-ਲੰਫਗਿਆਂ ਨੂੰ ਮੰਨੇ-ਦੰਨੇ ਬਣੌਣ ਲੱਗੀ ਐ। ਕਮਾਲ ਹੋ ਗੀ ਬਈ, ਪੰਚੈਤਾਂ ਵੀ ਸਰਕਾਰ ਬਣੌਣ ਲੱਗ ਪੀ। ਪੰਚ ਤਾਂ ਪਰਮੇਸ਼ਰ ਦਾ ਨਾਂ ਸੀ। ਇਹ ਸਰਕਾਰ ਹੁਣ ਪਰਮੇਸ਼ਰ ਪੈਦਾ ਕਰਨ ਲੱਗੀ ਐ।’ ਢਿੱਡਲ ਪਟਵਾਰੀ ਨੇ ਚੌਕੀਦਾਰ ਤੋਂ ਡੌਡਕੀ ਪਿਟਵਾ ਕੇ ਸਕੂਲ ਵਿਚ ਸਾਰੇ ਪਿੰਡ ਦਾ
ਇਕੱਠ ਕੀਤਾ ਸੀ। ਬਹੁਤ ਘੱਟ ਲੋਕ ਆਏ । ਸਰਪੰਚੀ ਵਾਸਤੇ ਤਿੰਨ ਬੰਦੇ ਖੜੇ ਹੋਏ। ਪਾਖਰ ਨੰਬਰਦਾਰ, ਮੁਕਦੀ ਬਾਣੀਏ ਦਾ ਮੁੰਡਾ ਰਮੇਸ਼ ਤੇ ਮਹਿੰਗਾ ਚਮਿਆਰ। ਸਕੂਲ ਵਿਚ ਦਰਖ਼ਤਾਂ ਦੀ ਛਾਂ ਹੇਠ ਸਭ ਬੈਠੇ ਹੋਏ ਸਨ । ਸਭ ਤੋਂ ਪਹਿਲਾਂ ਪਟਵਾਰੀ ਨੇ ਪਾਖਰ ਦਾ ਨਾਂ ਲਿਆ । ਲੋਕਾਂ ਨੇ ਹੱਥ ਖੜ੍ਹੇ ਕਰ ਦਿੱਤੇ। ਪਟਵਾਰੀ ਨੇ ਗਿਣੇ, ਚਾਲੀ ਹੱਥ ਸਨ । ਫੇਰ ਰਮੇਸ਼ ਦਾ ਨਾਂ ਲਿਆ । ਸੱਠ ਹੱਥ ਖੜ੍ਹੇ ਹੋਏ। ਮਹਿੰਗੇ ਵਾਰੀਂ ਤੀਹ ਹੱਥ ਸਨ। ਰਮੇਸ਼ ਸਰਪੰਚ ਬਣ ਗਿਆ । ਸਿਆਣੇ ਬੰਦਿਆਂ ਨੇ ਬਾਅਦ ਵਿਚ ਹਿਸਾਬ ਲਾਇਆ। ਇੱਕਠ ਵਿਚ ਤਾਂ ਅੱਸੀ-ਨੱਬੇ ਬੰਦੇ ਮਸਾਂ ਹੋਣਗੇ। ਇਹ ਐਨੇ ਹੱਥ ਕੌਣ ਖੜ੍ਹੇ ਕਰ ਗਿਆ ? ਗੱਲ ਇਹ ਸੀ ਕਿ ਇੱਕੋ ਬੰਦੇ ਨੇ ਦੋਵਾਂ ਵਾਰੀਂ ਜਾਂ ਸ਼ਾਇਦ ਤਿੰਨਾਂ ਦੇ ਨਾਂ ਉੱਤੇ ਹੱਥ ਖੜ੍ਹਾ ਕਰ ਦਿੱਤਾ ਸੀ। ਸ਼ਰਾਰਤੀ ਲੋਕਾਂ ਨੇ ਆਪਣੀਆਂ ਦੋਵੇਂ ਬਾਹਾਂ ਖੜ੍ਹੀਆਂ ਕਰੀਆਂ ਸਨ । ਪਟਵਾਰੀ ਤਾਂ ਹੱਥ ਗਿਣਦਾ, ਕਿਸੇ ਦਾ ਹੋਇਆ ਜਾਂ ਇੱਕੋ ਜਣੇ ਦੇ ਦੋਵੇਂ ਹੱਥ। ਤੇ ਫੇਰ ਏਸੇ ਤਰ੍ਹਾਂ ਦੋ ਮੈਂਬਰ ਵੀ ਚੁਣੇ ਗਏ। ਮੈਂਬਰੀ ਵਾਸਤੇ ਪੰਜ ਬੰਦੇ ਮੈਦਾਨ ਵਿਚ ਆਏ । ਸਭ ਤੋਂ ਵੱਧ ਹੱਥਾਂ ਵਾਲੇ ਦੋ ਬੰਦੇ ਚੁਣੇ ਗਏ।
ਵੋਟਾਂ ਪੈ ਕੇ ਅਸਲੀ ਪੰਚਾਇਤ ਤਾਂ ਬਣੀ, ਕੋਈ ਪੰਜਾਂ-ਛੇਆਂ ਸਾਲਾਂ ਬਾਅਦ। ਤੇ ਫੇਰ ਜਿਹੜੀ ਪੰਚਾਇਤ ਹੁਣ ਬਣੀ, ਉਸ ਵਿਚ ਮਿਲਖਾ ਫੌਜੀ ਸਰਪੰਚ ਤੇ ਪੰਜ ਮੈਂਬਰ ਹੋਰ ਚੁਣੇ ਗਏ। ਬਾਅਦ ਵਿਚ ਇਕ ਮੈਂਬਰ ਹਰੀਜਨਾਂ ਵਿਚੋਂ ਤੇ ਇਕ ਔਰਤ ਮੈਂਬਰ ਕੁਆਪਟ ਕਰ ਲਈ ਗਈ। ਚੁਣੇ ਗਏ ਮੈਂਬਰਾਂ ਵਿਚ ਪ੍ਰੀਤਮ ਸੀ । ਮੱਲਣ ਵੀ ਸੀ । ਬਾਹਮਣਾਂ, ਬਾਣੀਆਂ ਤੇ ਹੋਰ ਜਾਤਾਂ ਨੇ ਗੋਂਦੀ ਨੂੰ ਵੋਟਾਂ ਪਾਈਆਂ । ਉਹ ਵੀ ਮੈਂਬਰ ਬਣ ਗਿਆ। ਬਾਕੀ ਦੋ ਮੈਂਬਰ ਸਨ ਮੁਕੰਦ ਟੁੰਡਾ ਤੇ ਪਾਖਰ ਨੰਬਰਦਾਰ। ਹਰੀਜਨਾਂ ਵਿਚੋਂ ਮਹਿੰਗੇ ਚਮਿਆਰ ਨੂੰ ਤੇ ਔਰਤਾਂ ਵਿਚੋਂ ਹਰਨਾਮੀ ਨੂੰ ਲਿਆ ਗਿਆ।
ਹਰਦਿੱਤ ਨੇ ਆਪ ਸਰਪੰਚ ਜਾਂ ਪੰਚ ਬਣਨ ਦੀ ਕਦੇ ਦਿਲਚਸਪੀ ਨਹੀਂ ਲਈ ਸੀ ਪਰ ਹੁਣ ਇਹ ਦੇਖ ਕੇ ਕਿ ਜ਼ਮਾਨਾ ਸਿਆਸਤ ਦਾ ਆ ਗਿਆ ਹੈ, ਇਸ ਵਾਰ ਉਹਨੇ ਮਿਲਖੇ ਦੀ ਅੰਦਰੋ- ਅੰਦਰ ਮੱਦਦ ਕੀਤੀ। ਪ੍ਰੀਤਮ ਤੇ ਪਾਖਰ ਨੰਬਰਦਾਰ ਦੀ ਮੱਦਦ ਵੀ ਕੀਤੀ। ਅਗਵਾੜ ਵਿਚ ਜਿੰਨੀਆਂ ਵੀ ਉਹਦੀਆਂ ‘ਸਾਮੀਆਂ’ ਸਨ ਜਾਂ ਜਿਨ੍ਹਾਂ ਦੀ ਉਹਦੇ ਕੋਲ ਜ਼ਮੀਨ ਗਹਿਣੇ ਸੀ, ਉਹਨਾਂ ਸਭ ਨੂੰ ਉਹਨੇ ਕਹਿ ਦਿੱਤਾ ਸੀ ਕਿ ਉਹ ਸਰਪੰਚ ਦੀ ਵੋਟ ਮਿਲਖੇ ਨੂੰ ਤੇ ਦੂਜੀ ਵੋਟ ਕਿਸੇ ਇਕ ਨੂੰ ਪਾ ਦੇਣ, ਪਾਖਰ ਨੂੰ ਜਾਂ ਪ੍ਰੀਤਮ ਨੂੰ। ਮਜ਼ਹਬੀਆਂ ਤੇ ਰਾਮਦਾਸੀਆਂ ਨੂੰ ਵੀ ਉਹ, ਉਹਨਾਂ ਦੇ ਵਿਹੜਿਆਂ ਵਿਚ ਜਾ ਕੇ, ਇਹੀ ਗੱਲ ਕਹਿ ਕੇ ਆਇਆ। ਪਿੰਡ ਦੇ ਖਾਸ ਖਾਸ ਬੰਦਿਆਂ ਨੂੰ ਉੱਤੋਂ ਵੀ ਹੁਕਮ ਆਇਆ ਸੀ ਕਿ ਪੰਚਾਇਤਾਂ ਵਿਚ ‘ਆਪਣੇ’ ਬੰਦੇ ਜਿਤਾਏ ਜਾਣ । ਹੁਣ ਹਰਦਿੱਤ ਹਰਦਿਲ ਸਿੰਘ ਕੋਲ ਇਹ ਕਹਿਣ ਜੋਗਾ ਵੀ ਹੋ ਗਿਆ ਕਿ ਕੋਠੇ ਖੜਕ ਸਿੰਘ ਦੀ ਪੰਚਾਇਤ ਵਿਚ ਸਰਪੰਚ ਪੱਕਾ ਉਹਨਾਂ ਦਾ ਆਦਮੀ ਹੈ। ਦੋ ਮੈਂਬਰ ਵੀ ਪੱਕੇ ਕਾਂਗਰਸੀ ਹਨ। ਹਰੀਜਨ ਮੈਂਬਰ ਤਾਂ ਕਾਂਗਰਸੀ ਹੈ ਹੀ। ਦੂਜੇ ਮੈਂਬਰ ਵੀ ਆਪਾਂ ਤੋਂ ਬਾਹਰ ਨਹੀਂ।
ਥੋੜੇ ਸਾਲਾਂ ਵਿਚ ਹੀ ਪ੍ਰੀਤਮ ਨੇ ਆਪਣੀ ਛੀ-ਸੱਤ ਕਿੱਲੇ ਜ਼ਮੀਨ, ਜਿਹੜੀ ਗਿੰਦਰ ਦੀ ਢੇਰੀ ਮਿਲੀ ਸੀ, ਗਹਿਣੇ ਧਰ ਦਿੱਤੀ। ਬਹੁਤੇ ਰੁਪਈਆਂ ਦੀ ਤਾਂ ਉਹ ਦਾਰੂ ਪੀ ਗਿਆ ਸੀ। ਕੁੜੀਆਂ ਦੋਵੇਂ ਮੁਟਿਆਰ ਸਨ। ਉਹਨਾਂ ਨੂੰ ਕਿਧਰੇ ਮੰਗਣ-ਵਿਆਹੁਣ ਦਾ ਨਾਂ ਨਹੀਂ ਲੈਂਦਾ ਸੀ। ਉਹਨਾਂ ਦੇ ਬਾਘੜ-ਬਿੱਲਿਆਂ ਵਰਗੇ ਮੂੰਹ, ਪੂਰੀਆਂ ਕੱਦਾਵਾਰ, ਗਲੀ ਵਿਚ ਜਿੱਥੋਂ ਦੀ ਲੰਘਦੀਆਂ, ਧਰਤੀ ਕੰਬਦੀ। ਸਿਆਣੀਆਂ ਬੁੜ੍ਹੀਆਂ ਉਹਨਾਂ ਦੇ ਮੂੰਹਾਂ ਵੱਲ ਝਾਕਦੀਆਂ ਰਹਿ ਜਾਂਦੀਆਂ । ਸਮਝਦਾਰ ਬੰਦੇ ਪ੍ਰੀਤਮ ਨੂੰ ਗੰਦੀਆਂ ਗਾਲਾਂ ਕੱਢਣ ਲੱਗਦੇ, ‘ਸਾਲਾ ਕੰਜਰ ਐ। ਦਾਰੂਆਂ ਪੀਂਦਾ ਫਿਰਦੈ। ਕੁੜੀਆਂ ਬਤਾਰੂ ਆਂਗੂੰ ਟਪਦੀਆਂ ਨੀ ਦੀਂਹਦੀਆਂ ਉਹਨੂੰ ?’
ਅਖੀਰ ਕੁੜੀਆਂ ਦੇ ਮਾਮੇ ਨੇ ਇਕੋ ਘਰ ਦੇ ਮੁੰਡੇ ਲੱਭੇ ਤੇ ਕੁੜੀਆਂ ਨੂੰ ਤੁਰਦਾ ਕੀਤਾ। ਨੰਦਕੁਰ ਆਪ ਹੀ ਭਰਾ ਕੋਲ ਜਾ ਕੇ ਦੁਹੱਥੜੀ ਪਿੱਟੀ ਸੀ । ਉਹਨੂੰ ਭੈਣ ਦੀ ਸੁਣਨੀ ਪਈ। ਮਾਮੇ ਨੇ ਮੁੰਡੇ ਤਾਂ ਲੱਭ ਲਏ ਸਨ ਪਰ ਵਿਆਹਾਂ ਉੱਤੇ ਪੈਸਾ ਤਾਂ ਪ੍ਰੀਤਮ ਨੇ ਹੀ ਲਾਉਣਾ ਸੀ। ਕੁੜੀਆਂ ਦੇ ਵਿਆਹਾਂ ਤੋਂ ਪਹਿਲਾਂ ਪ੍ਰੀਤਮ ਦੀ ਮਾਂ ਮਰ ਗਈ। ਪ੍ਰੀਤਮ ਵਿਚ ਮੱਲਣ ਵਰਗਾ ਜਿਗਰਾ ਤਾਂ ਕਿੱਥੇ ਸੀ। ਫੇਰ ਵੀ ਸ਼ਰੀਕੇ-ਕਬੀਲੇ ਵਿਚ ਨੱਕ ਰੱਖਣ ਲਈ ਕੁਝ ਤਾਂ ਕਰਨਾ ਹੀ ਪਿਆ । ਕਾਣਾਂ-ਮੁਕਾਣਾਂ ਦੇ ਰੋਟੀ ਟੁੱਕ ਉੱਤੇ ਹੀ ਬਹੁਤ ਖਰਚ ਹੋ ਜਾਂਦਾ ਹੈ । ਤੇ ਫੇਰ ਭੋਗ ਵਾਲੇ ਦਿਨ, ਕਿੰਨੀਆਂ ਹੀ ਸਮਾਜਕ ਰਸਮਾਂ ਨਿਭਾਉਣੀਆਂ ਜ਼ਰੂਹੀ ਹੁੰਦੀਆਂ ਹਨ। ਇੰਜ ਗਿੰਦਰ ਵਾਲੀ ਸਾਰੀ ਜ਼ਮੀਨ ਹਰਦਿੱਤ ਕੋਲ ਗਹਿਣੇ ਟਿਕ ਗਈ ਸੀ । ਜੱਦੀ ਚਾਰ-ਪੰਜ ਕਿੱਲੇ ਵਿਚ ਉਹਦਾ ਕੀ ਬਣਦਾ ? ਵਾਹੀ ਛੱਡ ਦਿੱਤੀ। ਘਰ ਵਿਚ ਦੋ ਜੀਅ ਰਹਿ ਗਏ ਸਨ। ਨੰਦਕੁਰ ਤੇ ਉਹ। ਨੰਦਕੁਰ ਦੋ ਗੁੱਲੀਆਂ ਥੱਪ ਲੈਂਦੀ। ਦੋਵੇਂ ਜੀਅ ਖਾ ਛੱਡਦੇ । ਪ੍ਰੀਤਮ ਨੂੰ ਉਹਦੀ ਪੰਚੀ ਨੇ ਹੋਰ ਵੀ ਮਾਰ ਦਿੱਤਾ । ਹੁਣ ਉਹਨੇ ਝੂਠੀਆਂ-ਸੱਚੀਆਂ ਗਵਾਹੀਆਂ ਦੇਣ ਦਾ ਕੰਮ ਹੋਰ ਵਧਾ ਲਿਆ। ਉਹਦੀ ਗਵਾਹੀ ਦਾ ਮੁੱਲ ਹੁੰਦਾ, ਬੱਸ ਇਕ ਬੋਤਲ। ਬੋਤਲ ਦਾ ਨਾਂ ਲਏ ਤੋਂ ਉਹ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਕਹਿ ਸਕਦਾ ‘ ਸੀ । ਪੀ ਕੇ ਗਲੀਆਂ ਵਿਚ ਡਿੱਗ ਪੈਂਦਾ ਤੇ ਸੁਰਤ ਆਈ ਤੋਂ ਬੈਠਾ ਹੋ ਕੇ ਸਿਰ ਦਾ ਜੂੜਾ ਕਰਨ ਲੱਗਦਾ । ਅਜਿਹੇ ਸਮੇਂ ਉਹ ਆਪਣੇ ਆਪ ਨੂੰ ਆਖਦਾ, ‘ਓਏ, ਮੈਂ ਕੈਰੋਂ ਆਂ । ਸਾਲਿਓ ਸਮਝਦੇ ਕੀ ਓਂ। ਜੁੱਲੀ-ਤੱਪੜੀ ਚਕਾ ਦੂੰ ਸਾਰੇ ਪਿੰਡ ਦੀ।
ਤੇ ਫੇਰ ਪਿੰਡ ਦੇ ਛੋਟੇ ਛੋਟੇ ਮੁੰਡੇ-ਕੁੜੀਆਂ ਉਹਨੂੰ ‘ਕੈਰੋਂ’ ਆਖਣ ਲੱਗ ਪਏ। ਸੋਫ਼ੀ ਵੀ ਉਹ ਤੁਰਿਆ ਜਾਂਦਾ ਹੁੰਦਾ ਤਾਂ ਮੁੰਡੇ ‘ਕੈਰ” ਕਹਿ ਕੇ ਉਹਨੂੰ ਚਿੜਾਉਣ ਦੀ ਕੋਸ਼ਿਸ਼ ਕਰਦੇ। ਉਹ ਚਿੜਦਾ ਨਹੀਂ ਸੀ, ਮੁਸਕਰਾਉਂਦਾ।
ਝੰਡਾ ਸੱਠ ਸਾਲਾਂ ਤੋਂ ਉੱਤੇ ਸੀ। ਸੱਠਾਂ ਦੀ ਕੋਈ ਵੱਡੀ ਉਮਰ ਨਹੀਂ ਹੁੰਦੀ। ਪਰ ਅਚਾਨਕ ਹੀ ਉਹ ਪਤਾ ਨਹੀਂ ਕੀ ਹੋਇਆ, ਉਹਦਾ ਖੱਬਾ ਪਾਸਾ ਮਾਰਿਆ ਗਿਆ । ਦੋ ਮਹੀਨੇ ਮਜੇ ਵਿਚ ਪਿਆ ਰਿਹਾ। ਹਰਦਿੱਤ ਨੇ ਦਵਾਈ-ਬੂਟੀ ਕਰਨ ਦਾ ਅੰਤ ਨਹੀਂ ਛੱਡਿਆ । ਹਫ਼ਤੇ ਬਾਅਦ ਰਾਮਪੁਰਿਓਂ ਡਾਕਟਰ ਨੂੰ ਲੈ ਕੇ ਆਉਂਦਾ। ਮੰਜੇ ਤੋਂ ਉੱਠ ਕੇ ਉਹ ਮਾੜਾ-ਮੋਟਾ ਤੁਰਨ-ਫਿਰਨ ਲੱਗਿਆ ਤਾਂ ਹਰਦਿੱਤ ਉਹਨੂੰ ਬੱਸ ਵਿਚ ਚੜ੍ਹਾ ਕੇ ਮੰਡੀ ਲਿਜਾਂਦਾ । ਬੱਸ ਦੀ ਸੀਟ ਉੱਤੇ ਆਪ ਉਹਦੇ ਕੋਲ ਉਹਨੂੰ ਮੋਢੇ ਤੋਂ ਫੜ ਕੇ ਬੈਠਦਾ। ਖੱਬੀ ਬਾਂਹ ਜਮਾਂ ਹੀ ਜਵਾਬ ਦੇ ਗਈ ਸੀ । ਖੱਬੀ ਅੱਖ ਵੀ ਖੁਦ-ਬਖੁਦ ਮਿਚ ਜਾਂਦੀ ਤੇ ਮਿਚੀ ਹੋਈ ਆਪਣੇ ਆਪ ਖੁੱਲ੍ਹ ਜਾਂਦੀ। ਅੱਖ ਉੱਤੇ ਕੋਈ ਕੰਟਰੋਲ ਨਹੀਂ ਰਹਿ ਗਿਆ ਸੀ। ਖੱਬੀ ਲੱਤ ਮਸਾਂ ਹੀ ਥੱਲੇ ਲੱਗਦੀ। ਸੱਜੀ ਬਾਂਹ ਉੱਤੇ ਸੋਟੀ ਦਾ ਜ਼ੋਰ ਪਾ ਕੇ ਉਹ ਮਸਾਂ ਤੁਰਦਾ। ਬੱਸ ਆਪਣੀ ਕਿਰਿਆ ਸੋ ਧਣ ਜੋਗਾ ਰਹਿ ਗਿਆ ਸੀ । ਖੁਰਾਕ ਘੱਟ ਗਈ। ਹੌਲ਼ੀ ਹੌਲ਼ੀ ਬੋਲਿਆ ਜਾਂਦਾ। ਉਹਦੇ ਅਗਵਾੜ ਦੇ ਬੰਦੇ ਉਹਦੇ ਮੂੰਹ ਉੱਤੇ ਗੱਲਾਂ ਕਰਦੇ, ‘ਲਓ ਦੇਖੋ, ਜਾਰੋ, ਕਿੰਨਾ ਧਰਮਾਤਮਾ ਆਦਮੀ ਐ। ਬਗਾੜਿਆ ਕਿਸੇ ਦਾ ਕੁਸ ਨੀ, ਹਜ਼ਾਰਾਂ ਲੋਕਾਂ ਦੇ ਕੰਮ ਸਮਾਰੇ ਹੋਣਗੇ । ਰੱਬ ਅਹਿਓ ਜੇ ਬੰਦਿਆਂ ਨੂੰ ਵੀ ਉਗਰੱਠ ਲੈਂਦੇ।’
ਸੱਥ ਵਿਚ ਬੈਠੇ ਨੂੰ ਕੋਈ ਪੁੱਛ ਵੀ ਲੈਂਦਾ, ‘ਕਿਉਂ ਝੰਡਾ ਸਿਆਂ, ਕਿੰਨੀ ਆਰਜਾ ਭੋਗ ਲੀ ?’ ਆਰਜਾ ਭੋਗਣ ਦੀ ਗੱਲ ਸੁਣ ਕੇ ਝੰਡੇ ਨੂੰ ਲੱਗਣ ਲੱਗਦਾ ਜਿਵੇਂ ਉਹਦੀ ਮੌਤ ਨੇੜੇ ਹੀ ਕਿੱਧਰੇ ਖੜ੍ਹੀ ਹੋਵੇ। ਉਹ ਖਾਮ ਚਿਰ ਬਾਅਦ ਡੂੰਘਾ ਜਿਹਾ ਬੋਲ ਕੱਢਦਾ, ‘ਉਮਰ ਤਾਂ ਕੁਸ ਵੀ ਨੀ। ਬਾਹਟ ਸਾਲ ਅਜੇ ਪੂਰੇ ਨੀ ਹੋਏ।
ਹੌਲੀ ਹੌਲੀ ਤੁਰ ਕੇ ਉਹ ਘਰ ਚਲਿਆ ਜਾਂਦਾ ਤਾਂ ਓਹੀ ਲੋਕ ਪਿੱਛੋਂ ਆਖਣ ਲੱਗਦੇ, ‘ਫੇਰੇ ਦੇਣੇ ਦਾ ਜੋਕ। ਗਿਣ ਲੋ, ਕਿੰਨੇ ਘਰਾਂ ਦੀ ਜ਼ਮੀਨ ਐ ਇਹਦੇ ਕੋਲ। ਸਾਰਾ ‘ਗਵਾੜ ਵਿੰਨ੍ਹਿਆ ਪਿਐ। ਇਹਦੇ ਨਾਲ ਐਂ ਈ ਹੋਣੀ ਚਾਹੀਦੀ ਸੀ। ਫਿਰਦੈ ਨਾ ਟੁੱਟੀ ਢੂਹੀ ਆਲੇ ਕੁੱਤੇ ਆਂਗੂੰ ਲੱਤਾਂ ਘੜੀਸਦਾ। ਹਾਲੇ ਕੀ ਐ, ਧਰਮਾਰਾਜ ਕੋਲ ਜਾ ਕੇ ਲੇਖਾ ਦੇਣਾ ਪਉ ਅਜੇ ਤਾਂ, ਪੁੱਤ ਮੇਰੇ ਨੂੰ। ਓਥੇ ਇਹਦੇ ਮੂੰਹ ਅੱਗੇ ਸੁੱਕੇ ਗੂੰਹ ਦੀ ਲੈਂਡੀ ਦਾ ਧੂਣਾ ਦੇ ਕੇ ਇਹਦੀਆਂ ਸਾਰੀਆਂ ਬੇਈਮਾਨੀਆਂ, ਇਹਦੇ ਸਾਰੇ ਪਾਪ, ਇਹਦੇ ਆਪਣੇ ਮੂੰਹੋਂ ਅਖਵੇਂਣਗੇ।’
18
ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਗਏ ਸਨ । ਦਿੱਲੀ ਵਾਲੇ ਪਾਸੇ ਦਾ ਇਲਾਕਾ ਹਰਿਆਣਾ ਅਖਵਾਉਣ ਲੱਗਿਆ। ਪਹਾੜੀ ਇਲਾਕਾ ਹਿਮਾਚਲ ਪ੍ਰਦੇਸ਼ ਬਣ ਗਿਆ। ਤੇ ਬਾਕੀ ਰਹਿ ਗਿਆ ਪੰਜਾਬ। ਪੰਜਾਬ ਦੀ ਵੰਡ ਦਾ ਆਧਾਰ ਤਾਂ ਭਾਸ਼ਾ ਨੂੰ ਮੰਨਿਆ ਗਿਆ ਸੀ । ਅਖੇ ਪੰਜਾਬੀ ਬੋਲਦਾ ਇਲਾਕਾ ‘ਪੰਜਾਬੀ ਸੂਬਾ’ ਬਣ ਗਿਆ ਹੈ। ਪਰ ਕਿੰਨੇ ਹੀ ਪੰਜਾਬੀ ਪਿੰਡ ਹਰਿਆਣੇ ਵਿਚ ਰਹਿ ਗਏ ਸਨ । ਪੰਜਾਬੀ ਸਭਿਆਚਾਰ ਹਰਿਆਣੇ ਵਿਚ ਅੱਲਗ ਕੈਦ ਹੋ ਕੇ ਰਹਿ ਗਿਆ। ਸਿਆਣੇ ਲੋਕ ਤਾਂ ਓਦੋਂ ਹੀ ਪਿਟਦੇ ਸਨ ਕਿ ‘ਪੰਜਾਬੀ ਸੂਬਾ’ ਬਣਨ ਨਾਲ ਪੰਜਾਬੀ ਭਾਸ਼ਾ ਤੇ ਸੰਸਕ੍ਰਿਤੀ ਨੂੰ ਬਹੁਤ ਧੱਕਾ ਲੱਗਿਆ ਹੈ। ਇਹਦਾ ਗਿਆਨ ਕਈ ਸਾਲਾਂ ਬਾਅਦ ਜਾ ਕੇ ਪੰਜਾਬ ਦੇ ਲੋਕਾਂ ਨੂੰ ਹੋਵੇਗਾ। ਪੰਜਾਬ ਦੀਆਂ ਹੱਦਾਂ ਨਾਲ ਲੱਗਦਾ ਹਿਮਾਚਲ ਪ੍ਰਦੇਸ਼ ਦਾ ਕਾਫ਼ੀ ਇਲਾਕਾ ਜਿਹੜੀ ਭਾਸ਼ਾ ਬੋਲਦਾ ਹੈ, ਉਹਨੂੰ ਕਹਿਣ ਨੂੰ ਤਾਂ ‘ਪਹਾੜੀ’ ਬੋਲੀ ਆਖਿਆ ਜਾਂਦਾ ਹੈ ਪਰ ਉਹ ਹੈ ਪੰਜਾਬੀ-ਪੰਜਾਬੀ ਦੀ ਉਪ- ਭਾਸ਼ਾ। ਸਿਆਣੇ ਲੋਕ ਇਹ ਵੀ ਮਖੌਲ ਕਰਦੇ, ‘ਹੁਣ ਕੀ ਰਹਿ ਗਿਆ ਪੰਜਾਬ, ਚਿੜੀ ਦੇ ਪਾਂਚੇ ਜਿੰਨਾਂ ਸੂਬਾ। ਇਕ ਦਿਨ ‘ਚ ਈ ਬੰਦਾ ਸਾਈਕਲ ‘ਤੇ ਚੜ੍ਹਕੇ ਪੰਜਾਬ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚ ਜਾਂਦੇ।’ ਪਰ ਨਹੀਂ, ਸਿਆਣਿਆਂ ਦੀਆਂ ਗੱਲਾਂ ਹੀ ਰਹਿ ਜਾਂਦੀਆਂ ਹਨ। ਕੌਣ ਪੁਛਦਾ ਹੈ ਸਿਆਣਪਾਂ ਨੂੰ? ਵਿਧਾਨ-ਸਭਾ ਦੀਆਂ ਚੋਣਾਂ ਹੋਈਆਂ ਤਾਂ ਅਕਾਲੀ ਪਾਰਟੀ ਜਿੱਤ ਗਈ। ਉਹਨਾਂ ਦੀ ਸਰਕਾਰ ਬਣ ਗਈ। ਸਰਕਾਰ ਵਿਚ ਜਨਸੰਘ ਪਾਰਟੀ ਨੂੰ ਵੀ ਸ਼ਾਮਲ ਕਰ ਲਿਆ ਗਿਆ। ਇਕ ਵਾਰੀਂ ਪਹਿਲਾਂ ਵੀ ਅਕਾਲੀਆਂ ਦੀ ਸਰਕਾਰ ਬਣੀ ਸੀ। ਓਦੋਂ ਜਨਸੰਘ ਅਤੇ ਕਮਿਊਨਿਸਟ ਪਾਰਟੀ ਵੀ ਸਰਕਾਰ ਦੀਆਂ ਭਾਈਵਾਲ ਸਨ। ਤੇ ਦਲ-ਬਦਲੀਆਂ ਦਾ ਦੌਰ ਵੀ ਚੱਲਿਆ ਸੀ। ਇਕ ਨਵਾਂ ਹੀ ਮੁੱਖ-ਮੰਤਰੀ ਬਣਿਆ, ਜੀਹਦੀ ਪਾਰਟੀ ਕੋਈ ਨਹੀਂ ਸੀ। ਉਹ ਆਪ ਹੀ ਇਕ ਪਾਰਟੀ ਸੀ। ਬੱਸ ਇਕ ਗਰੁੱਪ ਸੀ ਜੋ ਸਰਕਾਰ ਬਣਾ ਕੇ ਬੈਠ ਗਿਆ । ਇਸ ਮੁੱਖ-ਮੰਤਰੀ ਨੇ ਉਂਜ ਕੰਮ ਚੰਗੇ ਕੀਤੇ। ਪਿੰਡਾਂ ਨੂੰ ਲਿੰਕ-ਸੜਕਾਂ ਰਾਹੀਂ ਵੱਡੀਆਂ ਸੜਕਾਂ ਨਾਲ ਜੋੜਨ ਦਾ ਹੁਕਮ ਹੋ ਗਿਆ। ਪਿੰਡ ਪਿੰਡ ਸਕੂਲ ਖੁੱਲ੍ਹਣ ਲੱਗੇ । ਪਿੰਡ ਪਿੰਡ ਬਿਜਲੀ ਜਾਣ ਲੱਗੀ। ਇਹ ਮੁੱਖ-ਮੰਤਰੀ ਜਿੱਥੇ ਵੀ ਜਾਂਦਾ ਸ਼ਾਹੀ-ਦਰਬਾਰ ਲਾ ਕੇ ਬੈਠ ਜਾਂਦਾ । ਲੋਕਾਂ ਦੀਆਂ ਸ਼ਿਕਾਇਤਾਂ ਮੌਕੇ ਉੱਤੇ ਹੀ ਦੂਰ ਕਰ ਦਿੱਤੀਆਂ ਜਾਂਦੀਆਂ। ਸਾਰੇ ਮਹਿਕਮਿਆਂ ਦੇ ਮੁੱਖੀ ਤੇ ਦਫਤਰੀ ਅਮਲਾ ਮੁੱਖ-ਮੰਤਰੀ ਸਾਹਮਣੇ ਗੋਡਿਆਂ ਭਾਰ ਹੋ ਕੇ ਖੜ੍ਹਦਾ। ਕਿਆ ਬਾਤਾਂ ਸਨ, ਇਸ ਸ਼ਾਹੀ ਮੁੱਖ-ਮੰਤਰੀ ਦੀਆਂ। ਮਹਾਰਜਾ ਰਣਜੀਤ ਸਿੰਘ ਜਿਵੇਂ ਮੁੜ ਕੇ ਜੰਮ ਪਿਆ ਹੋਵੇ । ਬਾਅਦ ਵਿਚ ਕਈ ਸਾਲਾਂ ਤੱਕ ਪੰਜਾਬ ਦੇ ਲੋਕ ਉਸ ਨਰ ਮੁੱਖ-ਮੰਤਰੀ ਦੇ ਕੰਮਾਂ ਦੀਆਂ ਵਾਰਾਂ ਗਾਉਂਦੇ ਰਹੇ । ਪਰ ਉਸ ਮੁੱਖ-ਮੰਤਰੀ ਦੀ ਰਾਜਨੀਤਕ ਪਾਰਟੀ ਕੋਈ ਨਹੀਂ ਸੀ। ਉਹ ਜਨਤਕ ਨੁਮਾਇੰਦਾ ਨਹੀਂ ਸੀ। ਪਰ ਆਮ ਲੋਕਾਂ ਨੇ ਪਾਰਟੀ ਤੋਂ ਕੀ ਲੈਣਾ ਹੁੰਦਾ ਹੈ। ਉਹਨਾਂ ਲਈ ਤਾਂ ਓਸੇ ਪਾਰਟੀ ਦੀ ਸਰਕਾਰ ਚੰਗੀ ਹੈ, ਜਿਹੜੀ ਉਹਨਾਂ ਦੇ ਕੰਮ ਕਰੋ, ਉਹਨਾਂ ਨੂੰ ਸਹੂਲਤਾਂ ਦੇਵੇ। ਜਿਸ ਪਾਰਟੀ ਦੇ ਰਾਜ ਵਿਚ ਮਹਿੰਗਾਈ ਨਾ ਵਧੇ, ਜਿਸ ਰਾਜ ਵਿਚ ਸਾਰੀਆਂ ਲੋੜੀਂਦੀਆਂ ਚੀਜ਼ਾਂ ਬਿਨਾਂ ਬਲੈਕ ਤੋਂ ਆਸਾਨੀ ਨਾਲ ਮਿਲ ਸਕਦੀਆਂ ਹੋਣ।
ਹੋਇਆ ਇਹ ਹੈ ਕਿ ਨਵਾਂ ਪੰਜਾਬ ਬਣਨ ਨਾਲ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਲੋਕ ਕਾਂਗਰਸ ਛੱਡ ਕੇ ਅਕਾਲੀ ਬਣਨ ਲੱਗੇ। ਚੰਗੇ ਚੰਗੇ ਕਾਂਗਰਸੀ ਸਿੱਖ ਵੀ ਬਦਲ ਗਏ। ਕਹਿੰਦੇ, ‘ਕਿਉਂ ਖੱਦਰ ਨਾਲ ਪਿੰਡਾ ਉਚੜਵਾਇਐ? ਕਾਂਗਰਸ ‘ਚ ਹੁਣ ਕੀ ਰਹਿ ਗਿਆ? ਕੱਚੀ ਮਲਮਲ ਦੇ ਕੁੜਤੇ ਪਾਓ। ਪਾਪਲਿਨ ਤੇ ਟੈਰਾਲਿਨ ਕੀਹਦੀ ਖਾਤਰ ਨੇ ?’ ਹਰਦਿਲ ਸਿੰਘ ਜਿਹੜਾ ਕਾਂਗਰਸੀ ਟਿਕਟ ਉੱਤੇ ਜਿੱਤ ਕੇ ਦੋ ਵਾਰੀਂ ਵਜ਼ੀਰ ਵੀ ਰਹਿ ਚੁੱਕਿਆ ਸੀ, ਨੂੰ ਅਗਲੀ ਵਾਰ ਕਾਂਗਰਸ ਟਿਕਟ ਨਾ ਮਿਲੀ ਤਾਂ ਉਹ ਅਕਾਲੀ ਬਣ ਗਿਆ । ਹੁਣ ਨਵੇਂ ਪੰਜਾਬ ਦੀ ਵਿਧਾਨ ਸਭਾ ਵਿਚ ਉਹ ਅਕਾਲੀ ਐਮ. ਐਲ. ਏ. ਸੀ। ਉਹਦੇ ਇਲਾਕੇ ਵਿਚ ਸਾਰੇ ਪਿੰਡਾਂ ਦੇ ਉਹਦੇ ਖਾਸ ਖਾਸ ਬੰਦਿਆਂ ਨੇ ਉਹਦੇ ਨਾਲ ਹੀ ਨੀਲੀਆਂ ਪੱਗਾਂ ਬੰਨ੍ਹ ਲਈਆਂ । ਹਰਦਿੱਤ ਕਹਿੰਦਾ, ‘ਪਹਿਲਾਂ ਕਿਹੜਾ ਅਸੀਂ ਸਿੱਖ ਨੀ ਸੀ, ਹੁਣ ਪੱਕੇ ਸਿੱਖ ਹੋ ਗੇ।
ਹਰਦਿਲ ਸਿੰਘ ਅਕਾਲੀ ਐਮ. ਐਲ. ਏ. ਜਿੱਤ ਕੇ ਵਜ਼ੀਰ ਤਾਂ ਚਾਹੇ ਨਹੀਂ ਬਣ ਸਕਿਆ ਸੀ, ਪਰ ਮੁੱਖ-ਮੰਤਰੀ ਤੇ ਦੂਜੇ ਮੰਤਰੀ ਉਹਦੀ ਪੂਰੀ ਸਿਫਾਰਸ਼ ਮੰਨਦੇ । ਮਹਿਕਮਿਆਂ ਦੇ ਡਾਇਰੈਕਟਰ ਉਹਦੀ ਗੱਲ ਸੁਣਦੇ, ਉਹਨੂੰ ਕੁਰਸੀ ਦਿੰਦੇ । ਆਪਣੇ ਖਾਸ ਬੰਦਿਆਂ ਨੂੰ ਲੈ ਕੇ ਉਹ ਚੰਡੀਗੜ੍ਹ ਜਾਂਦਾ। ਓਥੇ ਐਮ. ਐਲ. ਏ. ਹੋਸਟਲ ਵਿਚ ਠਹਿਰਦਾ। ਸਾਰਾ ਖਰਚ ਸਿਫਾਰਸ਼ੀ ਬੰਦੇ ਸਿਰ ਹੁੰਦਾ। ਵਿਸਕੀ ਦੀ ਬੋਤਲ ਵੀ ਲੈਣੀ ਪੈਂਦੀ। ਹਰਦਿਲ ਸਿੰਘ ਨਾਲ ਉਹਦਾ ਟੁੱਕੜਬੋਚ ਵੀ ਹੁੰਦਾ। ਸਿਫ਼ਾਰਸ਼ੀ ਬੰਦਾ ਫਸਿਆ ਸਾਰੀ ਮਾਰ ਖਾਂਦਾ। ਉਹ ਇਕ ਰਾਤ ਪਹਿਲਾਂ ਜਾ ਕੇ ਠਹਿਰਦੇ । ਦੂਜੇ ਦਿਨ ਹਰਦਿਲ ਸਿੰਘ ਸੰਬੰਧਤ ਦਫ਼ਤਰ ਜਾ ਕੇ ਸਿਫਾਰਸ਼ ਲਾਉਂਦਾ। ਕਿਸੇ ਦਾ ਕੰਮ ਬਣ ਜਾਂਦਾ, ਕਿਸੇ ਦਾ ਨਾ ਬਣਦਾ। ਹਰਦਿਲ ਸਿੰਘ ਦੀਆਂ ਸਿਫਾਰਸ਼ਾਂ ਦਾ ਦੌਰ ਚਲਦਾ ਰਹਿੰਦਾ।
ਹੁਣ ਕੀ ਲੈਣਾ ਸੀ ਹਰਦਿਲ ਸਿੰਘ ਨੇ ਵਜ਼ੀਰ ਬਣ ਕੇ? ਇਕ ਤਰ੍ਹਾਂ ਨਾਲ ਵਜ਼ੀਰਾਂ ਵਰਗੀ ਹੀ ਉਹਦੀ ਠੁੱਕ ਸੀ। ਦੋ ਵਾਰੀਂ ਕਾਂਗਰਸੀ ਵਜ਼ੀਰ ਰਹਿ ਕੇ ਉਹਨੇ ਬਹੁਤ ਧਨ ਇਕੱਠ ਕਰ ਲਿਆ ਸੀ। ਆਪਣੇ ਪਿੰਡ ਵਿਚ ਅੱਸੀ ਕਿੱਲੇ ਜ਼ਮੀਨ ਬਣਾ ਲਈ। ਪਹਿਲਾਂ ਉਹਦੇ ਬਾਪ ਵਲੋਂ ਮਿਲੀ ਜੱਦੀ ਜ਼ਮੀਨ ਤਾਂ ਉਹਦੀ ਪੰਦਰਾਂ ਕਿੱਲੇ ਮਸਾਂ ਸੀ । ਹੁਣ ਪਿੰਡ ਵਿਚ ਉਹਦਾ ਵਧੀਆ ਹਵੇਲੀ ਜਿੱਡਾ ਪੱਕਾ ਮਕਾਨ ਸੀ। ਇਕ ਸ਼ਾਨਦਾਰ ਕੋਠੀ ਰਾਮਪੁਰੇ ਸੀ। ਉਹਦਾ ਮੁੰਡਾ ਕਾਲਜ ਵਿਚ ਪੜ੍ਹ ਕੇ ਫੇਰ ਐਮ.ਬੀ.ਬੀ.ਐਸ.ਕਰ ਗਿਆ ਸੀ। ਹੁਣ ਕਿਸੇ ਪਿੰਡ ਦੀ ਰੂਰਲ ਡਿਸਪੈਂਸਟਰੀ ਵਿਚ ਡਾਕਟਰ ਲੱਗਿਆ ਹੋਇਆ ਸੀ। ਅਜੇ ਤੱਕ ਵਿਆਹ ਨਹੀਂ ਕਰਵਾਇਆ ਸੀ । ਪਤਾ ਨਹੀਂ ਕਿਹੋ-ਜਿਹੀ ਕੁੜੀ ਭਾਲਦਾ ਸੀ। ਹਰਦਿਲ ਸਿੰਘ ਦੀਆਂ ਦੋ ਕੁੜੀਆਂ, ਦੋਵੇਂ ਬੀ. ਏ. ਕਰਕੇ ਬੀ. ਐੱਡ. ਕਰ ਗਈਆਂ ਤੇ ਸਕੂਲ-ਮਾਸਟਰ ਸਨ। ਦੋਵੇਂ ਹੀ ਚੰਗੇ ਘਰੀਂ ਵਿਆਹੀਆਂ ਗਈਆਂ ਸਨ । ਪ੍ਰਾਹੁਣੇ ਅਫ਼ਸਰ ਸਨ। ਹਰਦਿਲ ਸਿੰਘ ਸਰਦਾਰੀ ਠਾਠ ਨਾਲ ਰਹਿੰਦਾ। ਪਿੰਡ ਦੇ ਲੋਕ ਉਹਨੂੰ ‘ਸਰਦਾਰ’ ਕਹਿਕੇ ਬੁਲਾਉਂਦੇ। ਜਦੋਂ ਕਿ ਹਰਦਿਲ ਸਿੰਘ ਦਾ ਬਾਪ ਇਕ ਸਾਧਾਰਨ ਜ਼ਿਮੀਂਦਾਰ ਸੀ । ਸਾਰੀ ਉਮਰ ਉਹ ਬਾਣੀਆਂ ਦਾ ਕਰਜ਼ਾਈ ਰਿਹਾ। ਖੇਤੀ ਦੇ ਕੰਮ ਵਿਚ ਮੌਰਾਂ ਦੀ ਮੈਲ ਨਹੀਂ ਉੱਤਰੀ।
ਮੱਲਣ ਇਕ ਦਿਨ ਆਥਣੇ ਜਿਹੇ ਹਰਦਿੱਤ ਕੋਲ ਬਾਹਰਲੇ ਘਰ ਗਿਆ । ਬਹੁਤ ਅਧੀਨ ਜਿਹਾ ਹੋ ਕੇ ਕਹਿਣ ਲੱਗਿਆ, ‘ਹਰਦਿੱਤ ਸਿਆਂ, ਹਰਦਿਲ ਸੂ ਤੇਰੀ ਤਾਂ ਮੋੜਦਾ ਨੀ, ਆਪਣਾ ਬਲਕਾਰ ਵਿਹਲਾ ਫਿਰਦੈ, ਉਹਨੂੰ ਕਿਤੇ ਲਵਾ ਦੀਏ।’
ਹਰਦਿੱਤ ਕਹਿੰਦਾ, ‘ਕੋਈ ਨੀ, ਚੱਲ ਰਹਾਂਗੇ। ਜਦੋਂ ਕਹੇਂ, ਮੈਂ ਤੇਰੇ ਨਾਲ ਵਗ ਜੂੰ । ਮੁੰਡੇ ਨੂੰ ਬੁਲਾ ਲੈ । ਤੇਰੀ ਖਾਤਰ ਨੀ ਆਖਾਂਗੇ, ਹੋਰ ਕੀਹਦੀ ਖ਼ਾਤਰ ਆਖਾਂਗੇ । ਤੂੰ ਤਾਂ ਘਰ ਦਾ ਆਦਮੀ ਐਂ।’
ਹਰਦਿੱਤ ਦਾ ਹੁੰਗਾਰਾ ਸੁਣ ਕੇ ਮੱਲਣ ਬਹੁਤ ਖੁਸ਼ ਹੋਇਆ। ਕਹਿਣ ਲੱਗਿਆਂ, ‘ਮੈਂ ਤਾਂ ਕਿਹਨਾਂ, ਕਿਸੇ ਵੀ ਕੰਮ ‘ਤੇ ਹੋ ਜੇ। ਆਪਣਾ ਖਰਚ ਤਾਂ ਤੋਰੇ। ਸਾਡਾ ਵਖਤ ਤਾਂ ਬੀਤ ਗਿਆ, ਜਿਹੜਾ ਬੀਤਣਾ ਸੀ।’
ਬਲਕਾਰ ਬਠਿੰਡਿਓਂ ਬੀ. ਐਸ. ਸੀ. ਕਰ ਚੁੱਕਿਆ ਸੀ। ਪਹਿਲਾਂ ਤਾਂ ਉਹ ਕਿਲੇ ਕੋਲ ਕਮਰਾ ਕਿਰਾਏ ਉੱਤੇ ਲੈ ਕੇ ਰਹਿੰਦਾ ਹੁੰਦਾ। ਇਕ ਮੁੰਡਾ ਉਹਦੇ ਨਾਲ ਹੋਰ ਸੀ। ਹਰ ਮਹੀਨੇ ਪਿੰਡ ਆਉਂਦਾ ਤੇ ਮੱਲਣ ਤੋਂ ਖਰਚ ਲੈ ਜਾਂਦਾ । ਪੜ੍ਹਨ ਵਿਚ ਪਹਿਲੇ ਦਿਨੋਂ ਹੁਸ਼ਿਆਰ ਸੀ। ਕਦੇ ਵੀ ਕਿਸੇ ਜਮਾਤ ਵਿਚ ਫੇਲ੍ਹ ਨਹੀਂ ਹੋਇਆ ਸੀ । ਬੀ. ਐਸ. ਸੀ. ਵਿਚੋਂ ਫਸਟ ਡਵੀਜ਼ਨ ਲਈ। ਪਰ ਜਦੋਂ ਤੋਂ ਬੀ. ਐਸ. ਸੀ. ਕੀਤੀ, ਕਿਲੇ ਵਾਲਾ ਕਮਰਾ ਉਹਨੇ ਛੱਡ ਦਿੱਤਾ । ਕਦੇ ਕਦੇ ਪਿੰਡ ਆਉਂਦਾ। ਦੋ- ਚਾਰ ਦਿਨ ਰਹਿੰਦਾ ਤੇ ਚਲਿਆ ਜਾਂਦਾ। ਪਿੰਡ ਹੁੰਦਾ ਤਾਂ ਰਸਾਲਦਾਰ ਵਾਲੀ ਬੈਠਕ ਵਿਚ ਹੀ ਚੁੱਪ ਕੀਤਾ ਪਿਆ ਰਹਿੰਦਾ । ਸਾਰਾ ਸਾਰਾ ਦਿਨ ਤੇ ਰਾਤ ਨੂੰ ਵੀ ਕਿਤਾਬਾਂ ਪੜ੍ਹੀ ਜਾਂਦਾ। ਪਤਾ ਨਹੀਂ ਕੀ ਪੜ੍ਹਦਾ। ਮੱਲਣ ਤੇ ਚੰਦਕੁਰ ਨੂੰ ਉਹਦੀ ਏਸ ਪੜ੍ਹਾਈ ਦਾ ਕੋਈ ਪਤਾ ਨਾ ਲੱਗਦਾ। ਬਹੁਤਾ ਕਰਕੇ ਉਹ ਪਿੰਡੋਂ ਬਾਹਰ ਰਹਿੰਦਾ। ਦੱਸਦਾ ਕਿ ਉਹ ਬਠਿੰਡੇ ਓਸੇ ਕਮਰੇ ਵਿਚ ਹੈ। ਕਿਸੇ ਨੌਕਰੀ ਦੀ ਤਲਾਸ਼ ਕਰ ਰਿਹਾ ਹੈ। ਪਰ ਨੌਕਰੀ ਕਿਹੜੀ, ਉਹ ਤਾਂ ਪਿੰਡ ਆ ਕੇ ਪਹਿਲਾਂ ਵਾਂਗ ਹੀ ਖਰਚ ਲੈ ਜਾਂਦਾ ਸੀ। ਮਾਂ ਪੁਛਦੀ, ‘ਚੌਦਾਂ ਤਾਂ ਕਰ ਲੀਆਂ, ਹੁਣ ਬਠਿੰਡੇ ਕਾਸ ਨੂੰ ਰਹਿਨੈਂ ? ਨੌਕਰੀ ਦੀ ਭਾਲ ਤਾਂ ਪਿੰਡ ਰਹਿ ਕੇ ਵੀ ਹੋਈ ਜਾਊ।’
ਬਲਕਾਰ ਸੌ ਸੌ ਬਹਾਨੇ ਲਾਉਂਦਾ। ਤੇ ਫੇਰ ਇਕ ਦਿਨ ਮੱਲਣ ਨੇ ਉਹਨੂੰ ਖਾਸਾ ਹੀ ਝਿੜਕ ਦਿੱਤਾ, ‘ਚੌਦਾਂ ਕਰ ਲੀਆਂ। ਟੰਗੜੀਆਂ ਹਲੌਂਦਾ ਫਿਰਦੈ। ਕਦੇ ਕਿਧਰੇ ਵਗ ਗਿਆ ਕਦੇ ਕਿਧਰੇ। ਤੈਨੂੰ ਵਿਹਲੇ ਨੂੰ ਕਿਹੜਾ ਖਵਾਈਂ ਜਾਵੇ।’
ਮੁੜ ਕੇ ਬਲਕਾਰ ਪਿੰਡ ਨਹੀਂ ਆਇਆ। ਮਾਂ-ਬਾਪ ਫਿਕਰ ਕਰਦੇ । ਫੇਰ ਵੀ ਜੰਮਿਆ ਸੀ। ਢਿੱਡ ਤਾਂ ਮਚਦਾ ਸੀ। ਮੱਲਣ ਏਸੇ ਕਰਕੇ ਹਰਦਿੱਤ ਕੋਲ ਗਿਆ ਸੀ ਕਿ ਬਲਕਾਰ ਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਟਿਕ ਕੇ ਉਹ ਕੋਈ ਕੰਮ ਕਰੇ। ਚੱਜ ਦੀ ਰੋਟੀ ਖਾਵੇ। ਕੋਈ ਵੀ ਨੌਕਰੀ ਹੋਵੇ। ਫੇਰ ਕੋਈ ਵੱਡੀ ਨੌਕਰੀ ਵੀ ਮਿਲ ਸਕਦੀ ਹੈ। ਨੌਕਰੀ ਉੱਤੇ ਲੱਗਣ ਨਾਲ ਉਹਨੂੰ ਕੋਈ ਚੰਗਾ ਰਿਸ਼ਤਾ ਵੀ ਹੋ ਜਾਵੇਗਾ। ਘਰ ਵਿਚ ਨੂੰਹ ਆਵੇਗੀ। ਗਹਿਣੇ ਧਰੀ ਜ਼ਮੀਨ ਬਲਕਾਰ ਹੌਲ਼ੀ ਹੌਲ਼ੀ ਛੁਡਾ ਲਵੇਗਾ। ਮੱਲਣ ਨੂੰ ਪਿਛਲਾ ਸਾਰਾ ਦੁੱਖ ਭੁੱਲ ਜਾਵੇਗਾ।
ਤੇ ਫੇਰ ਇਕ ਦਿਨ ਪਹਿਲੀ ਬੱਸ ਹੀ ਮੱਲਣ ਹਰਦਿੱਤ ਨੂੰ ਲੈ ਕੇ ਰਾਮਪੁਰੇ ਗਿਆ। ਹਰਦਿਲ ਸਿੰਘ ਆਪਣੀ ਕੋਠੀ ਨਹੀਂ ਸੀ। ਪਤਾ ਲੱਗਿਆ ਕਿ ਉਹ ਤਾਂ ਆਪਣੇ ਪਿੰਡ ਨੂੰ ਗਿਆ ਹੋਇਆ ਹੈ। ਕਣਕ ਦੇਖਣ ਗਿਆ ਹੈ। ਮੱਲਣ ਤੇ ਹਰਦਿੱਤ ਨੇ ਉਥੋਂ ਹੀ ਹਰਦਿਲ ਸਿੰਘ ਦੇ ਪਿੰਡ ਦੀ ਤਿਆਰੀ ਕਰ ਲਈ। ਉਹ ਪਿੰਡ ਹੀ ਸੀ ਤੇ ਖੇਤ ਗਿਆ ਹੋਇਆ ਸੀ । ਘਰ ਬੈਠ ਕੇ ਉਹ ਉਹਦੀ ਉਡੀਕ ਕਰਨ ਲੱਗੇ। ਦੁਪਹਿਰੇ ਜਿਹੇ ਹਰਦਿਲ ਸਿੰਘ ਖੇਤੋਂ ਮੁੜਿਆ। ਹੱਸ ਕੇ ਦੋਵਾਂ ਨਾਲ ਹੱਥ ਮਿਲਾਇਆ । ਪੁੱਛਣ ਲੱਗਿਆ, ‘ਆਓ, ਸੰਗਤਾਂ ਕਿਮੇਂ ਆਈਆਂ ?’ ਹਰਦਿੱਤ ਨੇ ਸਾਰੀ ਗੱਲ ਦੱਸੀ ਕਿ ਮੱਲਣ ਸਿੰਘ ਆਪਣਾ ਬੰਦਾ ਹੈ, ਆਪਣੇ ਹੀ ਪਿੰਡੋਂ । ਮੁੰਡਾ ਚੌਦਾਂ ਜਮਾਤਾਂ ਪਾਸ ਹੈ । ਉਹਨੂੰ ਕਿਸੇ ਕੰਮ ਉੱਤੇ ਲਵਾਉਣਾ ਹੈ।’
ਹਰਦਿਲ ਸਿੰਘ ਨੇ ਕਿਹਾ, ‘ਠੀਕ ਐ, ਮੁੰਡਾ ਭੇਜ ਦਿਓ, ਮੇਰੇ ਕੋਲ। ਚੰਡੀਗੜ੍ਹ ਜਾ ਆਊਂ ਮੈਂ । ਮੁੱਖ-ਮੰਤਰੀ ਜੀ ਨੂੰ ਮਿਲ ਲਾਂ ਗੇ। ਕਿਤੇ ਨਾ ਕਿਤੇ ਅੜਾ ਦਿਆਂਗੇ।’
ਮੱਲਣ ਬਹੁਤ ਖੁਸ਼ ਹੋਇਆ। ਹਰਦਿਲ ਸਿੰਘ ਵੱਲ ਹੱਥ ਜੋੜੇ। ਹਰਦਿੱਤ ਦਾ ਗੋਡਾ ਨੱਪਿਆ। ਕਹਿੰਦਾ, ‘ਸਭ ਭਾਈ-ਭਰਾਮਾਂ ਦਾ ਪਰਤਾਪ ਐ। ਥੋਡੇ ਆਸਰੇ ਮੁੰਡਾ ਟੁਕੜੇ ਪੈ ਜੂ।’
ਹਰਦਿੱਤ ਧੌਣ ਅਕੜਾਈਂ ਬੈਠਾ ਸੀ। ਉਹਨੂੰ ਫ਼ਖਰ ਸੀ ਕਿ ਹਰਦਿਲ ਸਿੰਘ ਨੇ ਉਹਦੀ ਸਿਫਾਰਸ਼ ਮੰਨ ਲਈ ਹੈ।
ਤੇ ਫੇਰ ਮੂੰਹ-ਹੱਥ ਧੋ ਕੇ ਹਰਦਿਲ ਸਿੰਘ ਨੇ ਆਪਣੇ ਨਾਲ ਉਹਨਾਂ ਦੋਵਾਂ ਨੂੰ ਰੋਟੀ ਖਵਾਈ। ਉਹ ਨਾਂਹ-ਨਾਂਹ ਕਰੀਂ ਜਾ ਰਹੇ ਸਨ। ਫੇਰ ਵੀ ਦੋ ਦੋ ਰੋਟੀਆਂ ਮੱਕੀ ਦੀਆਂ ਖਾ ਹੀ ਗਏ। ਸਰ੍ਹੋਂ ਦੇ ਸਾਗ ਵਿਚ ਮਖੱਣੀ ਤਰ ਰਹੀ ਸੀ। ਖੱਟੀ ਲੱਸੀ ਦੇ ਵੱਡੇ ਗਲਾਸ ਮੇਜ਼ ਉੱਤੇ ਰੱਖ ਦਿੱਤੇ ਗਏ ਸਨ। ਆਦੇ ਦਾ ਆਚਾਰ। ਮੁੜ ਕੇ ਆ ਰਹੇ ਹਰਦਿੱਤ ਤੇ ਮੱਲਣ ਪੂਰੇ ਬਾਗੋ-ਬਾਗ ਸਨ। ਹੱਸ-ਹੱਸ ਗੱਲਾਂ ਕਰਦੇ ਤੇ ਹਰਦਿਲ ਦੀਆਂ ਵਡਿਆਈਆਂ ਦੇ ਪੁਲ ਬੰਨ੍ਹਦੇ ਉਹ ਆਥਣ ਨੂੰ ਕੋਠੇ ਪਹੁੰਚ ਗਏ। ਘਰ ਆ ਕੇ ਮੱਲਣ ਨੇ ਚੰਦਕੁਰ ਨੂੰ ਦੱਸਿਆ ਤਾਂ ਉਹ ਵੀ ਬੜੀ ਖ਼ੁਸ਼ ਹੋਈ। ਕਹਿੰਦੀ, ‘ਚੰਗਾ ਸ਼ੁਕਰ ਐ। ਮੇਰੇ ਪੁੱਤ ਦੀ ਪੜ੍ਹਾਈ ਰਾਸ ਆ ਜੇ | ਅੱਧੀ ਅੱਧੀ ਰਾਤ ਤਾਈਂ ਅੱਖਾਂ ਗਾਲਦਾ ਰਹੈ ।’
ਮੱਲਣ ਪਹਿਲਾਂ ਵੀ ਦੋ ਵਾਰੀਂ ਬਠਿੰਡੇ ਬਲਕਾਰ ਦੇ ਕਮਰੇ ਵਿਚ ਜਾ ਆਇਆ ਸੀ। ਉਹ ਰਾਮਦਾਸ ਨੂੰ ਵੀ ਜਾਣਦਾ ਸੀ, ਜਿਹੜਾ ਬਲਕਾਰ ਨਾਲ ਉਸ ਕਮਰੇ ਵਿਚ ਰਹਿੰਦਾ ਹੁੰਦਾ। ਉਹਦਾ ਪਿੰਡ ਭੂੰਦੜ ਸੀ ਤੇ ਬਾਹਮਣਾਂ ਦਾ ਮੁੰਡਾ ਸੀ। ਸਿਆਣਾ ਮੁੰਡਾ ਸੀ । ਸਾਊ ਵੀ। ਦੂਜੇ ਦਿਨ ਤਾਂ ਨਹੀਂ, ਕਈ ਕੰਮ ਹੋਵੇਗਾ, ਤੀਜੇ ਦਿਨ ਸਵੇਰੇ ਪਹਿਲੀ ਬੱਸ ਲੈ ਕੇ ਮੱਲਣ ਬਠਿੰਡੇ ਨੂੰ ਚੱਲ ਪਿਆ, ਤਾਂ ਜੋ ਉਹ ਓਥੋਂ ਬਲਕਾਰ ਨੂੰ ਆਪਣੇ ਨਾਲ ਹੀ ਲੈ ਆਵੇ । ਫੇਰ ਉਹ ਉਹ ਨੂੰ ਰਾਮਪੁਰੇ ਲਿਜਾ ਕੇ ਹਰਦਿਲ ਸਿੰਘ ਦੀ ਕੋਠੀ ਛੱਡ ਆਵੇਗਾ।
19
ਮੱਲਣ ਬਠਿੰਡੇ ਪਹੁੰਚਿਆ। ਬੱਸ-ਸਟੈਂਡ ਤੋਂ ਉਹ ਪੈਦਲ ਹੀ ਚੱਲ ਪਿਆ। ਕਿਲੇ ਦੇ ਵੱਡੇ ਵੱਡੇ ਤਖਤਿਆਂ ਵਾਲੇ ਦਰਵਾਜ਼ੇ ਮੂਹਰੇ ਖੜ੍ਹ ਕੇ ਉਹਨੇ ਨਿਰਖ ਜਿਹੀ ਕੀਤੀ, ਮੁੰਡਿਆਂ ਦਾ ਕਮਰਾ ਸੱਜੇ ਹੱਥ ਸੀ। ਗਲੀਆਂ ਵੱਲ ਝਾਕਦਾ ਕਰਦਾ ਉਹ ਸੱਜੇ ਪਾਸੇ ਨੂੰ ਹੋ ਲਿਆ। ਅਗਾਂਹ ਜਾ ਕੇ ਸਰਕਾਰੀ ਹਾਈ ਸਕੂਲ ਆਇਆ । ਕੋਈ ਮੁੰਡਾ ਜਾਂ ਦੋ-ਦੋ ਮੁੰਡੇ ਬਾਹਰ ਨਿਕਲ ਕੇ ਕਿਧਰੇ ਆ-ਜਾ ਰਹੇ ਸਨ। ਇਕ ਮੁੰਡੇ ਤੋਂ ਉਹਨੇ ਪੁੱਛ ਲਿਆ, ‘ਕਿਉਂ ਬੂਜਿਆ, ਇਹ ਸਕੂਲ ਐ?’
ਮੁੰਡਾ ਹੱਸ ਪਿਆ। ਕਹਿੰਦਾ, ‘ਹਾਂ, ਬਾਬਾ।’
‘ਬੱਸ ਫੇਰ।’ ਉਹਨੇ ਮੂੰਹ ਵਿਚ ਆਖਿਆ। ਸਕੂਲ ਨੇੜੇ ਹੀ ਤਾਂ ਉਹ ਕਮਰਾ ਹੈ। ਉਹ ਜੱਕਾਂ-ਤੱਕਾਂ ਜਿਹੀਆਂ ਕਰ ਰਿਹਾ ਸੀ । ਕਮਰੇ ਦੇ ਤਾਂ ਉਹ ਸਾਹਮਣੇ ਹੀ ਖੜ੍ਹਾ ਸੀ । ਸਗੋਂ ਰਾਮਦਾਸ। ਕਮਰੇ ਵਿਚ ਬੈਠਾ ਉਹਨੂੰ ਪਛਾਣ ਰਿਹਾ ਸੀ । ਸੋਚ ਰਿਹਾ ਹੋਵੇਗਾ, ਕੋਈ ਹੋਰ ਹੀ ਨਾ ਹੋਵੇ।
‘ਬਈ ਵਾਹ!’ ਕਹਿ ਕੇ ਮੱਲਣ ਨੇ ਕਮਰੇ ਅੰਦਰ ਪੈਰ ਧਰਿਆ । ਰਾਮਦਾਸ ਮੰਜੇ ਤੋਂ ਉੱਠ ਕੇ ਖੜ੍ਹ ਗਿਆ । ‘ਬਾਪੂ ਜੀ’ ਕਹਿ ਕੇ ਸਤਿ ਸ੍ਰੀ ਅਕਾਲ ਬੁਲਾਈ। ਮੱਲਣ ਕਹਿੰਦਾ, ‘ਝਾਕੀਂ ਜਾਨੈਂ ਓਏ, ਬਲੌਂਦਾ ਨੀ ?’
‘ਮੈਂ ਵੀ ਸਿਆਣੀ ਜਾਂਦਾ ਸੀ, ਮਖਿਆ…’
‘ਢੋਕਾ ਸਿਆਣੀ ਜਾਣ ਦਾ, ਮੈਂ ਤਾਂ ਕਦੋਂ ਦਾ ਖੜ੍ਹਾਂ ਐਥੇ।’ ਮੱਲਣ ਖੁਸ਼ ਸੀ। ਤੇ ਫੇਰ ਉਹਨੇ ਪੁੱਛਿਆ, ‘ਬਿੱਲੂ ਕਿੱਥੇ ਰਹਿੰਦੈ ?’
‘ਕਦੇ ਕਦੇ ਔਂਦਾ ਹੁੰਦੈ। ਮੈਨੂੰ ਤਾਂ ਕਹਿੰਦਾ ਸੀ, ਪਿੰਡ ਈ ਹੁੰਨਾ ਮੈਂ ।
‘ਹੁਣ ਕਦੋਂ ਆਇਆ ਸੀ ?
‘ਕਈ ਦਿਨ ਹੋ ਗੇ । ਹੋ ਗੇ ਹੋਣਗੇ ਪੰਦਰਾਂ-ਵੀਹ ਦਿਨ।’
ਰਾਮਦਾਸ ਨੇ ਸਟੋਵ ਭਖਾ ਲਿਆ। ਨਿੱਕੇ ਡੱਬਕੂ ਵਿਚ ਚਾਹ ਧਰ ਲਈ।
‘ਕੀ ਕਰਦੈਂ ?’
‘ਚਾਹ ਪੀ ਲਿਓ, ਥੋੜੀ ਜੀ ।
‘ਨਹੀਂ ਸ਼ੇਰਾ, ਚਾਹ ਨੂੰ ਤਾਂ ਕੀਹ ਐ। ਜਾਣ ਦੇ । ਤੇ ਫੇਰ ਕਹਿਣ ਲੱਗਿਆ, ‘ਤੂੰ ਐਂ ਕਰੀਂ, ਜਦੋਂ ਹੁਣ ਆਵੇ ਨਾ ਕਦੇ, ਉਹਨੂੰ ਪਿੰਡ ਭੇਜੀਂ । ਕਹੀਂ ਤੇਰਾ ਬਾਪ ਆਇਆ ਸੀ । ਪਿੰਡ ਆਵੇ, ਜ਼ਰੂਰੀ ਕੰਮ ਐ।
ਰਾਮਦਾਸ ਵੀ ਹੈਰਾਨ ਸੀ, ਤਾਂ ਫੇਰ ਬਲਕਾਰ ਰਹਿੰਦਾ ਕਿੱਥੇ ਹੈ ?
ਚਾਹ ਪੀ ਰਿਹਾ ਮੱਲਣ ਸੋਚਾਂ ਵਿਚ ਪੈ ਗਿਆ। ਕਿਤੇ ਉਹਦਾ ਸ਼ੱਕ ਪੱਕਾ ਨਾ ਹੋ ਜਾਵੇ। ਮੁੰਡੇ ਨੂੰ ਚੁੱਪ ਬੈਠਾ ਦੇਖ ਕੇ ਉਹਨੇ ਮਨ ਦਾ ਰੌਂ ਬਦਲਿਆ, ‘ਤੂੰ ਭਾਈ ਰਾਮਦਾਸ, ਹੁਣ ਕੋਥੀ ‘ਚ ਐਂ ?
‘ਚੌਧਵੀ ਦਾ ਆਖਰੀ ਸਾਲ ਐ, ਬਾਪੂ ਜੀ।’
‘ਤੁਸੀਂ ਮੇਰੀ ਜਾਣ ‘ਚ ਕੱਠੇ ਨੀ ਸੀ ਹੁੰਦੇ ? ਬਿੱਲੂ ਤਾਂ ਪਹਿਲਾਂ ਕਰ ਗਿਆ ਪਾਸ। ਤੂੰ ਭਾਈ ਫੇਰ ?’
‘ਮੈਂ ਰਹਿ ਗਿਆ ਸੀ, ਬਾਪੂ ਜੀ । ਬਸ ਐਤਕੀਂ ਕੱਢ ਦੂੰ।
‘ਪੜ੍ਹਿਆ ਕਰ, ਪੁੱਤ, ਜੀਅ ਲਾ ਕੇ । ਚੰਗਾ, ਮੈਂ ਤਾਂ ਚਲਦਾਂ । ਓਸੇ ਨੂੰ ਮਿਲਣ ਆਇਆ ਸੀ ਮੈਂ ਤਾਂ ।
ਬੱਸ-ਸਟੈਂਡ ਨੂੰ ਹੌਲੀ ਹੌਲੀ ਵਾਪਸ ਮੁੜਿਆ ਜਾ ਰਿਹਾ ਮੱਲਣ ਬੇਹੱਦ ਹੈਰਾਨ-ਪਰੇਸ਼ਾਨ ਸੀ ਕਿ ਬਲਕਾਰ ਬਠਿੰਡੇ ਨਹੀਂ ਤਾਂ ਹੋਰ ਕਿੱਥੇ ਹੈ ?
ਓਧਰ ਕਮਰੇ ਵਿਚ ਬੈਠਾ ਰਾਮਦਾਸ ਹੈਰਾਨ ਸੀ ਕਿ ਬਲਕਾਰ ਆਪਣੇ ਪਿੰਡ ਨਹੀਂ ਤਾਂ ਹੋਰ ਕਿੱਥੇ ਰਹਿੰਦਾ ਹੈ ?
ਪੰਜਾਂ-ਸੱਤਾਂ ਦਿਨਾਂ ਬਾਅਦ ਡੰਡਿਆਂ ਵਾਲੇ ਦੋ ਸਿਪਾਹੀ ਆਏ ਤੇ ਮੱਲਣ ਸਿੰਘ ਦਾ ਘਰ ਪੁੱਛ ਕੇ, ਬੈਠਕ ਵਿਚ ਆ ਬੈਠੇ । ਚੰਦਕੁਰ ਨੇ ਉਹਨਾਂ ਨੂੰ ਪਾਣੀ-ਧਾਣੀ ਪਿਆਇਆ। ਮੱਲਣ ਘਰ ਨਹੀਂ ਸੀ । ਭਾਈਰੂਪੇ ਵਾਲੇ ਖੇਤ ਗਿਆ ਹੋਇਆ ਸੀ। ਇਕ ਮੁੰਡਾ ਭੇਜ ਕੇ ਚੰਦਕੁਰ ਨੇ ਉਹਨੂੰ ਖੇਤੋਂ ਬੁਲਾ ਲਿਆ। ਮੱਲਣ ਆਇਆ ਤਾਂ ਉਹਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ। ਜਿਵੇਂ ਉਹਨੇ ਅਗਲੇ ਪਲ ਹੀ ਮੂਧੇ-ਮੂੰਹ ਡਿੱਗ ਪੈਣਾ ਹੋਵੇ । ਪੁਲਿਸ-ਸਿਪਾਹੀ ਬਲਕਾਰ ਦੇ ਵਾਰੰਟ ਲੈ ਕੇ ਆਏ ਸਨ । ਮੱਲਣ ਦਾ ਗੂਠਾ ਲਵਾ ਕੇ ਸਿਪਾਹੀਆਂ ਨੇ ਦੱਸਿਆ ਕਿ ਚੇਅਰਮੈਨ ਸ਼ੰਗਾਰਾ ਸਿੰਘ ਦੇ ਕਤਲ ਵਿਚ ਬਲਕਾਰ ਸਿੰਘ ਦਾ ਨਾਂ ਹੈ। ਉਹਨੂੰ ਦੋ ਦਿਨਾਂ ਦੇ ਅੰਦਰ ਅੰਦਰ ਪੇਸ਼ ਕਰ ਦਿਓ, ਨਹੀਂ ਤਾਂ ਪੁਲਿਸ ਸਾਰੇ ਟੱਬਰ ਨੂੰ ਲੈ ਜਾਵੇਗੀ ਤੇ ਬੇਸ਼ੱਕੀ ਕਰੇਗੀ।
ਸਿਪਾਹੀ ਤਾਂ ਚਲੇ ਗਏ, ਮੱਲਣ ਤੇ ਚੰਦਕੁਰ ਵਰਾਂਢੇ ਦੇ ਬਾਰ ਵਿਚ ਬੈਠ ਕੇ ਰੁਦਨ ਕਰਨ ਲੱਗੇ । ਇਹ ਕੀ ਕਰ ਲਿਆ ਸਹੁਰੇ ਨੇ ? ਮੱਲਣ ਕਹਿ ਰਿਹਾ ਸੀ, ‘ਮੇਰਾ ਤਾਂ ਓਸੇ ਦਿਨ ਬਠਿੰਡੇ ਜਾ ਕੇ ਮੱਥਾ ਠਣਕਿਆ ਸੀ । ਹੇ ਬਾਖਰੂ ! ਕਿਹੜੇ ਰਾਹ ਪੈ ਗਿਆ ਮੇਰਾ ਪੁੱਤ!’
‘ਐਮੇਂ ਕਿਸੇ ਨੇ ਨਾਉਂ ਧਰ ‘ਤਾ ਹੋਣੈ ਉਹਦਾ। ਅਹਿਓ-ਜ੍ਹਾ ਤਾਂ ਉਹ ਹੈ ਨੀ । ਮੂੰਹ ‘ਚ ਬੋਲ ਕਿਤੇ ਹੈਗਾ ਡੀਡੇ ਦੇ ? ਤੂੰ ਬੰਦੇ ਭੇਜ ਸਕੀਰੀਆਂ ‘ਚ। ਆਪ ਵੀ ਜਾਹ। ਕਿਤੋਂ ਤਾਂ ਪਤਾ ਲੱਗੂਗਾ ਈ ਉਹਦਾ ।’ ਮਾਂ ਨੂੰ ਬਚਾਓ ਦੀ ਉਮੀਦ ਸੀ।
ਮੱਲਣ ਨੇ ਕਿਧਰੇ ਬੰਦਾ ਕੋਈ ਨਾ ਭੇਜਿਆ। ਚਾਰ ਦਿਨਾਂ ਪਿੱਛੋਂ ਉਹ ਕੁੱਲ ਸਕੀਰੀਆਂ ਵਿਚ ਆਪ ਜਾ ਕੇ ਆਇਆ। ਬਹੁਤਾ ਪਤਾ ਤਾਂ ਧੂਰਕੋਟ ਜਾਂ ਭੈਣੀ ਬਾਘੇ ਵਾਲਿਆਂ ਨੂੰ ਹੋ ਸਕਦਾ ਸੀ। ਪਰ ਨਾ, ਉਹ ਤਾਂ ਆਪ ਸੁਣ ਕੇ ਹੈਰਾਨ-ਪਰੇਸ਼ਾਨ ਰਹਿ ਗਏ। ਬਲਕਾਰ ਦੇ ਨਾਨਕਿਆਂ ਨੂੰ ਵੀ ਕੋਈ ਇਲਮ ਨਹੀਂ ਸੀ। ਹੋਰ ਉਹਨੇ ਕਿੱਥੇ ਜਾਣਾ ਸੀ ? ਭੂਆ-ਮਾਸੀ ਤਾਂ ਕੋਈ ਹੈ ਹੀ ਨਹੀਂ ਸੀ ।
ਤੇ ਫੇਰ ਇਕ ਦਿਨ ਪੁਲਿਸ ਦੀ ਇਕ ਜੀਪ ਤੋਂ ਸਿਪਾਹੀਆਂ ਦਾ ਭਰਿਆ ਟੱਰਕ ਕੋਠੀ ਆਇਆ। ਆਉਂਦੇ ਹੀ ਉਹਨਾਂ ਨੇ ਮੱਲਣ ਦੇ ਘਰ ਨੂੰ ਘੇਰਾ ਪਾ ਲਿਆ। ਸਿਪਾਹੀਆਂ ਨੇ ਤਖ਼ਤੇ ਵਿਚ ਡੰਡੇ ਮਾਰੇ। ਮੱਲਣ ਤੇ ਚੰਦਕੁਰ ਨੂੰ ਘਰੋਂ ਬਾਹਰ ਕੱਢ ਲਿਆ। ਸਾਰੇ ਘਰ ਦੀ ਤਲਾਸ਼ੀ ਲਈ। ਘਰ ਵਿਚ ਕੀ ਹੋਣਾ ਸੀ ? ਬਲਕਾਰ ਤਾਂ ਹੁਣ ਕਦੇ ਵੀ ਪਿੰਡ ਨਹੀਂ ਆਇਆ ਸੀ । ਪੁਲਿਸ ਵਾਲੇ ਉਹਦੇ ਘਰ ਆਉਣ ਦਾ ਕੋਈ ਸਬੂਤ ਲੱਭ ਰਹੇ ਸਨ। ਕੋਈ ਕਿਤਾਬਾਂ-ਰਸਾਲੇ ਤੇ ਅਖਬਾਰ ਜਾਂ ਕੋਈ ਹੋਰ ਖ਼ਤਰਨਾਕ ਕਾਗ਼ਜ਼-ਪੱਤਰ । ਭੂਰੀ ਦਾੜ੍ਹੀ ਵਾਲਾ ਥਾਣੇਦਾਰ ਅਵਾਸਾਰ ਹੀ ਮੱਲਣ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ । ‘ਦੱਸ ਓਏ ਚੌਰਿਆ, ਕਿੱਥੇ ਐ ਤੇਰਾ ਜਮਾਈ ?’ ਥਾਣੇਦਾਰ ਨੇ ਇਕ ਸਿਪਾਹੀ ਤੋਂ ਡੰਡਾ ਲੈ ਕੇ ਆਪ ਮੱਲਣ ਦੇ ਮੇਰਾ ਉੱਤੇ ਮਾਰਿਆ। ਚੰਦਕੁਰ ਨੂੰ ਥੱਪੜ ਮਾਰ ਕੇ ਪਰ੍ਹਾਂ ਡੇਗ ਦਿੱਤਾ। ਤੇ ਫੇਰ ਇਕ ਸਿਪਾਹੀ ਨੇ ਚੰਦਕੁਰ ਦੀ ਲੱਤ ਫੜ ਕੇ ਪੰਜ-ਸੱਤ ਗਜ਼ ਤੱਕ ਮਰੇ ਕੁੱਤੇ ਵਾਂਗ ਘੜੀਸਿਆ। ਉਹ ਥਰ-ਥਰ ਕੰਬੀਂ ਜਾ ਰਹੀ ਸੀ। ਹੱਥ ਜੋੜ ਕੇ ਵਾਰ-ਵਾਰ ਇਹੀ ਕਹਿੰਦੀ, ‘ਮੈਨੂੰ ਕੋਈ ਪਤਾ ਨੀ ਮਾਪਿਓ । ਮੇਰਾ ਬਲਾਕਾਰ ਪਿੰਡ ਕਦੇ ਨੀ ਆਇਆ। ਉਹਨੂੰ ਤਾਂ ਕਈ ਮ੍ਹੀਨੇ ਹੋ ਗੇ ਆਏ ਨੂੰ ।
ਪੰਚਾਇਤ ਵਾਲਿਆਂ ਨੇ ਥਾਣੇਦਾਰ ਅੱਗੇ ਹੱਥ ਬੰਨ੍ਹ ਕੇ ਤੇ ਗਲਾਂ ਵਿਚ ਸਮੋਸੇ ਪਾ ਅਰਜ਼ ਕੀਤੀ, ‘ਬੁੜ੍ਹੇ-ਬੁੜ੍ਹੀ ਨੂੰ ਕਿਉਂ ਮਾਰਦੇ ਓਂ ਤੁਸੀਂ ? ਇਹਨਾਂ ਗਰੀਬਾਂ ਨੂੰ ਕੀ ਪਤਾ ਐ ਜੀ । ਮੁੰਡਾ ਕਦੇ ਪਿੰਡ ਆਇਆ ਹੋਵੇ, ਤਾਂ ਅਸੀਂ ਸਾਰੀ ਪੰਚੈਤ ਦੇਣਦਾਰ ਆਂ। ਆਹ ਖੜ੍ਹੇ ਆਂ। ਹਾਂ, ਜੇ ਕਦੇ ਹੁਣ ਵੀ ਆ ਗਿਆ ਤਾਂ ਸਾਡੀ ਜ਼ਿੰਮੇਵਾਰੀ ਐ, ਅਸੀਂ ਆਪ ਪੇਸ਼ ਕਰਾਂਗੇ ਉਹਨੂੰ ।’
ਪੰਚਾਇਤ ਸਾਹਮਣੇ ਪੁਲਿਸ ਵਾਲਿਆਂ ਨੇ ਬੁੜ੍ਹੇ-ਬੁੜ੍ਹੀ ਨੂੰ ਫੇਰ ਮਾਰਿਆ-ਕੁਟਿਆ ਤਾਂ ਨਾ, ਪਰ ਉਹਨਾਂ ਨੂੰ ਆਪਣੇ ਨਾਲ ਲੈ ਗਏ। ਫੂਲ ਉਹਨਾਂ ਨੂੰ ਤਿੰਨ ਰਾਤਾਂ ਥਾਣੇ ਵਿਚ ਰੱਖਿਆ। ਮੱਲਣ ਨੂੰ ਨੰਗਾ ਕਰਕੇ ਛਿੱਤਰਾਂ ਨਾਲ ਕੁਟਦੇ । ਲੇਡੀ-ਪੁਲਿਸ ਚੰਦਕੁਰ ਦੇ ਮੂੰਹ ਉੱਤੇ ਥੱਪੜ ਮਾਰਦੀ। ਪਰ ਉਹ ਕੀ ਦੱਸਦੇ? ਉਹਨਾਂ ਨੂੰ ਤਾਂ ਬਲਕਾਰ ਦਾ ਕੋਈ ਵੀ ਪਤਾ ਨਹੀਂ ਸੀ।
ਪਿੱਛੋਂ ਮੱਲਣ ਦੇ ਪਸ਼ੂਆਂ ਦਾ ਬੁਰਾ ਹਾਲ ਹੋ ਗਿਆ। ਇਕ ਰਾਤ ਤਾਂ ਉਹ ਭੁੱਖੇ-ਭਾਣੇ ਖੁਰਲੀਆਂ ‘ਤੇ ਖੜ੍ਹੇ ਰੱਸੇ ਤੁੜਾਉਂਦੇ ਰਹੇ । ਘਰ ਚੁਪੱਟ ਖੁੱਲ੍ਹਾ ਪਿਆ ਹੋਇਆ ਸੀ। ਦੂਜੇ ਦਿਨ ਤਰਸ ਕਰਕੇ ਲੋਕ ਉਹਨਾਂ ਦੇ ਪਸ਼ੂ ਖੋਲ੍ਹ ਕੇ ਆਪਣੇ ਘਰਾਂ ਨੂੰ ਲੈ ਗਏ । ਸਬਾਤਾਂ ਦੇ ਬਾਰਾਂ ਨੂੰ ਆਪਣੇ ਜਿੰਦੇ ਲਾ ਦਿੱਤੇ। ਚੌਥੇ ਦਿਨ ਮੱਲਣ ਤੇ ਚੰਦਕੁਰ ਛੁੱਟ ਕੇ ਆਏ ਤਾਂ ਉਹਨਾਂ ਨੂੰ ਆਪਣਾ ਘਰ ਇਕ ਉਜਾੜ- ਬੀਆਬਾਨ ਦਿਸਿਆ। ਵਿਹੜੇ ਦੀ ਧਰਤੀ ਵਿਚ ਨਿੱਘਰ ਜਾਣ ਨੂੰ ਜੀਅ ਕਰਦਾ।
20
ਆਥਣ ਦਾ ਰੋਟੀ-ਟੁੱਕ ਪਕਾ-ਖਾ ਕੇ ਚੰਦਕੁਰ ਚੁੱਲ੍ਹੇ ਮੂਹਰੇ ਬੈਠੀ ਭਾਂਡੇ ਮਾਂਜ ਰਹੀ ਸੀ। ਮੱਲਣ ਘਰ ਨਹੀਂ ਸੀ। ਧੂਰਕੋਟ ਮੀਤੋ ਦੇ ਸਹੁਰੀਂ ਗਿਆ ਹੋਇਆ ਸੀ। ਉਹ ਬੰਦੇ ਤਕੜੇ ਸਨ। ਮਰਾਝ ਵਾਲੇ ਗੁਰਦੇਵ ਸਿੰਘ ਦਾ ਵੀ ਤਕੜਾ ਜ਼ੋਰ ਸੀ । ਮੱਲਣ ਚਾਹੁੰਦਾ ਸੀ, ਸਾਰੇ ਰਿਸ਼ਤੇਦਾਰ ਮਿਲ-ਮਿਲਾ ਕੇ ਕੋਈ ਅਜਿਹੀ ਸਕੀਮ ਬਣਾਉਣ ਕਿ ਬਲਕਾਰ ਦੀ ਕੋਈ ਬੱਚਤ ਹੋ ਸਕੇ । ਉਹਨੂੰ ਫਾਂਸੀ ਨਾ ਲੱਗੇ, ਕੈਦ ਭਾਵੇਂ ਕਿੰਨੀ ਹੋ ਜਾਵੇ । ਉਹ ਆਪਣੀ ਬਾਕੀ ਭਾਈਰੂਪੇ ਵਾਲੀ ਜ਼ਮੀਨ ਵੀ ਫੂਕਣ ਨੂੰ ਪੇਸ਼ ਕਰ ਦੇਵੇਗਾ।
ਇਕ ਬੰਦਾ ਪਰਛਾਵੇਂ ਵਾਂਗ ਉਹਨਾਂ ਦੇ ਵਿਹੜੇ ਵਿਚ ਆਇਆ । ਖੰਘੂਰ ਮਾਰੀ। ਚੰਦਕੁਰ ਨੇ ਰਸੋਈ ਵਿਚੋਂ ਹੀ ਆਖਿਆ, ‘ਕਿਹੜੈ, ਵੀਰ ਵੇ ?’
‘ਮੈਂ ਆਂ ਮਾਤਾ ਜੀ, ਕਿੱਥੇ ਓਂ ਤੁਸੀਂ ?’ ਬੋਲਣ ਵਾਲੇ ਦੀ ਆਵਾਜ਼ ਚੰਦਕੁਰ ਨੇ ਨਹੀਂ ਪਛਾਣੀ। ਉਹ ਉੱਠੀ ਤ ਵਿਹੜੇ ਵਿਚ ਆ ਗਈ। ਫੇਰ ਨੇੜੇ ਹੋ ਕੇ ਪੁੱਛਿਆ, ‘ਕੌਣ ਹੋਇਆ ਭਾਈ ਤੂੰ ?
ਉਹ ਹੌਲੀ ਦੇ ਕੇ ਬੋਲਿਆ, ‘ਮੈਂ ਤਾਂ, ਮਾਤਾ ਜੀ, ਬਲਕਾਰ ਦਾ ਸਾਥੀ ਆਂ। ਤੁਸੀਂ ਹੁਣੇ, ਬਿਨਾਂ ਕਿਸੇ ਨਾਲ ਗੱਲ ਕੀਤੇ, ਚੁੱਪ-ਚਾਪ, ਆ ਜਾਓ। ਬਲਕਾਰ ਤੁਹਾਨੂੰ ਮਿਲਣਾ ਚਾਹੁੰਦੈ। ਪਰਾਗਦਾਸ ਦੇ ਡੇਰੇ ਕੋਲ ਉਰਲੇ ਪਾਸੇ ਕੇਲਿਆਂ ਥੱਲੇ ਉਹ ਖੜ੍ਹਾ ਹੋਊ। ਤੁਸੀਂ ਓਥੇ ਆ ਜਾਓ । ਮੈਂ ਚੱਲਿਆਂ।’
ਚੰਦਕੁਰ ਨੇ ਪੈਰਾਂ ਵਿਚ ਜੁੱਤੀ ਪਾਈ । ਹੱਥ ਵਿਚ ਬੇਰੀ ਦੀ ਸੋਟੀ ਫੜ ਲਈ। ਰਸੋਈ ਵਿਚ ਭਾਂਡਾ-ਟੀਂਡਾ ਏਧਰ-ਓਧਰ ਰੱਖਿਆ। ਸਬਾਤਾਂ ਓਵੇਂ-ਜਿਵੇਂ ਖੁੱਲ੍ਹੀਆਂ ਛੱਡ ਕੇ ਉਹ ਘਰੋਂ ਬਾਹਰ ਹੋ ਗਈ।
ਪਰਾਗਦਾਸ ਦੇ ਡੇਰੇ ਕੋਲ ਕੇਲਿਆਂ ਦੇ ਝੁੰਡ ਥੱਲੇ ਤਿੰਨ ਆਕਾਰ ਉਹਨੂੰ ਦਿਸੇ। ਚੰਨ- ਚਾਨਣੀ ਰਾਤ ਸੀ। ਪਰ ਕੇਲਿਆਂ ਦੀ ਛਾਂ ਵਿਚ ਚੇਹਰਿਆਂ ਦੀ ਪਛਾਣ ਨਹੀਂ ਆ ਰਹੀ ਸੀ। ਉਹ ਹੌਂਕਦੀ-ਹੰਭਦੀ ਉਹਨਾਂ ਕੋਲ ਜਾ ਖੜ੍ਹੀ ਤੇ ਉਹਨਾਂ ਵਿਚੋਂ ਬਲਕਾਰ ਦਾ ਮੂੰਹ ਲੱਭਣ ਲੱਗੀ। ਉਹਨੂੰ ਕੋਈ ਪਛਾਣ ਨਹੀਂ ਆਈ। ਬਲਕਾਰ ਹੱਸ ਪਿਆ। ਹਾਸਾ ਤਾਂ ਚੰਦਕੁਰ ਦਾ ਜਾਣਿਆ-ਪਛਾਣਿਆ ਸੀ। ਉਹਨੇ ਪੁੱਤ ਨੂੰ ਹਿੱਕ ਨਾਲ ਲਾ ਲਿਆ । ਮੱਥਾ ਚੁੰਮਣੋਂ ਹੀ ਨਾ ਹਟੇ। ਦੂਜੇ ਦੋਵਾਂ ਨੇ ਉਹਨਾਂ ਨੂੰ ਅੱਲਗ ਅੱਲਗ ਕੀਤਾ। ਤੇ ਫੇਰ ਇਕ ਕਹਿੰਦਾ, ‘ਬਲਕਾਰ, ਬਹੁਤਾ ਚਿਰ ਨੀ ਲੌਣਾ, ਛੇਤੀ ਗੱਲਾਂ ਕਰ ਲੈ ਜਿਹੜੀਆਂ ਕਰਨੀਆਂ ਨੇ ਮਾਂ ਨਾਲ।’
ਬਲਕਾਰ ਦੇ ਬੋਲਣ ਤੋਂ ਪਹਿਲਾਂ ਹੀ ਮਾਂ ਫੁੱਟ ਫੁੱਟ ਕੇ ਰੋ ਪਈ ਤੇ ਫੇਰ ਘੱਗੇ ਜਿਹੇ ਬੋਲ ਵਿਚ ਕਹਿਣ ਲੱਗੀ, ‘ਪੁੱਤ, ਮੈਂ ਤੈਨੂੰ ਚੌਦਾਂ ਜਮਾਤਾਂ ਕਰਾਈਆਂ, ਕਾਹਦੀ ਖਾਤਰ? ਤੇਰਾ ਪਿਓ ਸਾਰੀ ਉਮਰ ਘੱਟਾ ਢੋਂਦਾ ਮਰ ਗਿਆ । ਤੂੰ ਕੋਈ ਨੌਕਰੀ ਕਰਦਾ ਹੁੰਦਾ, ਸਾਰੇ ਰੰਗ-ਭਾਗ ਲੱਗ ਜਾਂਦੇ। ਅਸੀਂ ਤਾਂ ਸੋਚਿਆ ਸੀ, ਤੂੰ ਉੱਠੇਗਾ ਤੇ ਸਾਨੂੰ ਟਾਹਲੀ ਆਲਾ ਖੇਤ ਛੁਡਾ ਕੇ ਦੇਮੇਂਗਾ। ਪਿਓ ਤੇਰਾ ਹਰਦਿਲ ਸੂੰ ਨੂੰ ਮਿਲ ਕੇ ਆਇਆ। ਕਹਿੰਦਾ ਸੀ, ਚੰਡੀਗੜ੍ਹ ਭੇਜ ਦਿਓ ਮੇਰੇ ਨਾਲ ਮੁੰਡੇ ਨੂੰ ਮੈਂ ਨੌਕਰੀ ਦਵਾਊਂ ਉਹਨੂੰ । ਤੂੰ ਹੁਣ ਇਹ ਹੋਰ ਈ ਕੰਮ ਵਿੱਢ ਲਿਆ, ਪੁੱਤ। ਸਾਡਾ ਫੇਰ ਹੁਣ ਕੌਣ ਐਂ, ਤੇਰੇ ਬਗ਼ੈਰ ?
ਬਲਕਾਰ ਨੇ ਮਾਂ ਨੂੰ ਮੋਢਿਓਂ ਫੜ ਕੇ ਥੱਲੇ ਬਿਠਾ ਲਿਆ। ਦੂਜੇ ਦੋਵੇਂ ਮੁੰਡੇ ਵੀ ਕੋਲ ਕੋਲ ਹੋ ਕੇ ਬੈਠ ਗਏ। ਕੇਲਿਆਂ ਦੇ ਝੁੰਡ ਤੋਂ ਡੇਰੇ ਦਾ ਰਾਹ ਪਰ੍ਹਾਂ ਸੀ। ਡੇਰੇ ਦੀ ਕੰਧ ਵੀ ਉੱਚੀ ਸੀ ਇਸ ਲਈ ਉਹਨਾਂ ਦੀ ਆਵਾਜ਼ ਕਿਧਰੇ ਵੀ ਨਹੀਂ ਜਾ ਰਹੀ ਸੀ। ਬਲਕਾਰ ਨੇ ਮਾਂ ਦਾ ਹੱਥ ਆਪਣੇ ਦੋਵਾਂ ਹੱਥਾਂ ਵਿਚ ਫੜ ਲਿਆ। ਕਹਿਣ ਲੱਗਿਆ, ‘ਮਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਰਾਹ ਪਏ ਹੋਏ ਆਂ। ਗੁਰਾਂ ਨੇ ਆਪਣਾ ਪਿਤਾ ਦਿੱਲੀ ਸ਼ਹੀਦ ਕਰਵਾਇਆ। ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਹੱਥੀਂ ਤਲਵਾਰਾਂ ਫੜਾ ਕੇ ਚਮਕੌਰ ਦੀ ਲੜਾਈ ਵਿਚ ਭੇਜਿਆ। ਮਾਤਾ ਗੁਜਰੀ ਨੇ ਆਪਣੇ ਦੋਵੇਂ ਪੋਤਿਆਂ ਨੂੰ ਹੱਥੀਂ ਤਿਆਰ ਕਰਕੇ ਹੱਕ-ਸੱਚ ਦੇ ਰਾਹ ਉੱਤੇ ਪਾਇਆ। ਤੂੰ ਮਾਂ, ਆਪਣੇ ਆਪ ਵਿਚ ਮਾਤਾ ਗੁਜਰੀ ਵਾਲਾ ਜਿਗਰਾ ਪੈਦਾ ਕਰ। ਮੈਂ ਸੱਚ ਦੇ ਰਾਹ ਉੱਤੇ ਤੁਰਿਆਂ, ਕੋਈ ਮਾੜਾ ਕੰਮ ਨੀ ਕਰ ਰਿਹਾ।
‘ਵੇ ਭਾਈ, ਆਪਾਂ ਗੁਰੂ ਗੋਬਿੰਦ ਸਿੰਘ ਕਿੱਥੋਂ ਬਣ ਜਾਂ ਗੇ ? ਆਪਾਂ ਤਾਂ ਗਰੀਬ ਜੱਟ ਆਂ, ਦੋ ਹੱਥਾਂ ਦੀ ਕਿਰਤ-ਕਮਾਈ ਕਰਕੇ ਖਾਣ ਵਾਲੇ ।’
‘ਨਹੀਂ ਮਾਂ, ਆਪਾਂ ਗੁਰੂ ਦੇ ਰਾਹ ਉੱਤੇ ਤਾਂ ਚੱਲ ਸਕਦੇ ਆਂ। ਅਸੀਂ ਜ਼ੁਲਮ ਵਿਰੁੱਧ ਲੜਨੈਂ। ਇਹ ਕਾਂਗਰਸ ਦੀ ਭਾਰਤ ਸਰਕਾਰ ਤੇ ਜਗੀਰਦਾਰ ਅਕਾਲੀਆਂ ਦੀ ਪੰਜਾਬ ਸਰਕਾਰ ‘ਨਰੰਗੇ’ ਤੋਂ ਵੀ ਅੱਗੇ ਲੰਘੀ ਹੋਈ ਐ। ਵੱਡੇ ਵੱਡੇ ਸਰਮਾਏਦਾਰਾਂ ਦਾ ਰਾਜ ਐ, ਦੇਸ ‘ਚ। ਜਿੰਨਾ ਚਿਰ ਅਸੀਂ ਇਹਨਾਂ ਦਾ ਖੂਨ ਨੀ ਪੀ ਲੈਂਦੇ, ਸਾਨੂੰ ਆਰਾਮ ਕਿੱਥੇ ? ਪੰਜਾਬ ਦਾ ਕਿਸਾਨ ਇਹ ਸਭ ਊਚ- ਨੀਚ ਮਲੀਆਮੇਟ ਹੋਏ ਤੋਂ ਸੁਖੀ ਹੋਊ। ਮਾਂ, ਤੂੰ ਭੋਰਾ ਸੰਸਾ ਨਾ ਕਰ। ਪੰਜਾਬ ਦੇ ਸਾਰੇ ਨੌਜਵਾਨ ਤੇਰੇ ਪੁੱਤ ਨੇ। ਨੇ । ਤੂੰ ਮਾਂ ਐਂ, ਸਾਡੀ ਧਰਤੀ ਮਾਂ । ਤੇਰੇ ‘ਤੇ ਅਸੀਂ ਗੰਦੇ ਖੂਨ ਦਾ ਭਾਰ ਨੀ ਰਹਿਣ ਦੇਣਾ।’
ਬੁੜ੍ਹੀ ਨੇ ਹੰਝੂ ਪੂੰਝ ਲਏ। ਕਹਿੰਦੀ, ‘ਚੰਗਾ ਪੁੱਤ, ਜੇ ਬਲਕਾਰ ਐਂ ਨਾ, ਤੂੰ ਮੈਂ ਵੀ ਬਲਕਾਰ ਦੀ ਮਾਂ ਆਂ। ਇਹਨਾਂ ਪੁਲਸੀਆਂ ਦੇ ਜਿਉਂਦਾ ਹੱਥ ਨਾ ਆਈਂ।’
‘ਬੱਸ, ਹੁਣ ਬਣੀ ਨਾ ਗੱਲ । ਮੇਰੀ ਮਾਂ ।’ ਬਲਕਾਰ ਨੇ ਉਹਦਾ ਹੱਥ ਆਪਣੇ ਬੁੱਲ੍ਹਾਂ ਨੂੰ ਲਾ ਲਿਆ । ਤੇ ਫੇਰ ਕਹਿਣ ਲੱਗਿਆ, ‘ਇਕ ਗੱਲ ਮੰਨੇਂਗੀ?’
‘ਦੱਸ, ਜੀਅ ਸਦਕੇ ਆਖ।’
‘ਮੇਰੇ ਅੰਤ ਦਾ ਮੈਨੂੰ ਪਤੈ, ਮਾਂ । ਜੇ ਕੁਛ ਹੋ ਗਿਆ, ਤਾਂ ਅੱਖੋਂ ਪਾਣੀ ਨਾ ਸਿੱਟੀਂ।’
‘ਵੇ ਪੁੱਤਾ… ‘ ਬੁੜ੍ਹੀ ਨੇ ਆਪਣੇ ਬੁੱਲ੍ਹ ਘੁੱਟ ਲਏ।
ਵਕਤ ਕਾਫੀ ਹੋ ਚੁੱਕਿਆ ਸੀ। ਤਿੰਨਾਂ ਨੇ ਮਾਂ ਦੇ ਪੈਰੀਂ ਹੱਥ ਲਾਏ। ਤੇ ਫੇਰ ਛਲੇਡਿਆਂ ਵਾਂਗ ਰਾਤ ਦੀ ਬੁੱਕਲ ਵਿਚ ਗਾਇਬ ਹੋ ਗਏ।
21
ਸੂਏ ਦੇ ਪੁਲ ਉੱਤੇ ਇਕ ਰਾਤ ਉਹਨਾਂ ਨੇ ਸੁਨੇਹਾ ਦੇ ਕੇ ਦੇਬੂ ਨੂੰ ਬੁਲਾ ਲਿਆ। ਉਹ ਡਰਿਆ ਡਰਿਆ ਓਥੇ ਪਹੁੰਚਿਆ। ਬਲਕਾਰ ਨੇ ਉਹਦੇ ਨਾਲ ਹੋਰ ਕੋਈ ਗੱਲ ਨਹੀਂ ਕੀਤੀ। ਬੱਸ ਐਨਾ ਹੀ ਆਖਿਆ, ‘ਮੈਨੂੰ ਜਾਣਦੈਂ ? ਮੈਂ ਬਲਕਾਰ ਆਂ। ਤੂੰ ਹਰਦਿੱਤ ਨਾਲ ਸੀਰੀ ਐਂ ਨਾ ?’
ਦੇਬੂ ਜਿਵੇਂ ਬਰਫ਼ ਵਿਚ ਲੱਗਿਆ ਖੜ੍ਹਾ ਹੋਵੇ। ਮੂੰਹੋਂ ਬੋਲ ਨਹੀਂ ਨਿਕਲਿਆ। ਸਿਰ ਝੁਕਾ ਦਿੱਤਾ।
‘ਹਰਦਿੱਤ ਨੂੰ ਕਹਿ ਦੇ ਹੁਣੇ ਜਾ ਕੇ। ਬਲਕਾਰ ਨੇ ਆਖਿਐ, ਅਸੀਂ ਕੱਲ੍ਹ ਨੂੰ ਏਸੇ ਪੁਲ ਉੱਤੇ ਫੇਰ ਆਮਾਂਗੇ, ਐਸੇ ਵੇਲੇ । ਪੰਜ ਹਜ਼ਾਰ ਰੁਪਈਆਂ ਭੇਜ ਦੇਵੇ । ਤੂੰ ਲੈ ਕੇ ਆਈਂ। ਜੇ ਪੰਜ ਹਜ਼ਾਰ ਉਹਨੇ ਨਾ ਭੇਜਿਆ ਜਾਂ ਪੁਲਿਸ ਨੂੰ ਖ਼ਬਰ ਕੀਤੀ ਤਾਂ ਪਰਸੋਂ ਨੂੰ ਉਹ ਹੈ ਨੀ। ਇਹ ਕਹਿ ਦੀਂ ਉਹਨੂੰ। ਜਾਹ ਬੱਸ।’
ਦਬੱਲੇ ਹੋਏ ਕੁੱਤੇ ਵਾਂਗ ਚੱਡਿਆ ਵਿਚ ਪੂਛ ਦੇ ਕੇ ਦੇਬੂ ਓਥੋਂ ਭੱਜ ਆਇਆ। ਮੁੜ ਕੇ ਪਿੱਛੇ ਨਹੀਂ ਝਾਕਿਆ।
ਦੂਜੇ ਦਿਨ ਰਾਤ ਨੂੰ ਦੇਬੂ ਪੰਜ ਹਜ਼ਾਰ ਦੇ ਨੋਟ ਝੋਲੇ ਵਿਚ ਪਾ ਕੇ ਸੂਏ ਦੇ ਪੁਲ ਉੱਤੇ ਲੈ ਆਇਆ। ਉਹ ਕੱਲ੍ਹ ਵਾਲੇ ਹੀ ਤਿੰਨ ਜਣੇ ਸਨ।
ਕੁਝ ਦਿਨਾਂ ਬਾਅਦ ਹਰਦਿੱਤ ਨੂੰ ਸੂੰਹ ਲੱਗੀ ਕਿ ਬਲਕਾਰ ਤੇ ਉਹਦੇ ਸਾਥੀ ਅਕਸਰ ਹੀ ਕੋਠੀ ਆ ਕੇ ਚਮਿਆਰਾਂ-ਵਿਹੜੇ ਬਾਹਰ-ਵਾਰ ਨਰੰਗ ਚਮਿਆਰ ਦੀ ਤੂੰਬੀ ਵਿਚ ਸੌਂਦੇ ਹਨ। ਨਰੰਗ ਓਥੇ ਚਮੜਾ ਪਕਾਉਣ ਦਾ ਕੰਮ ਕਰਦਾ । ਮੀਂਹ-ਕਣੀ ਤੇ ਧੁੱਪ-ਹਨੇਰੀ ਤੋਂ ਬਚਣ ਲਈ ਉਹਨੇ ਇਹ ਤੂੰਬੀ ਬਣਾ ਰੱਖੀ ਸੀ। ਤਿੰਨ ਪਾਸੇ ਕੱਚੇ ਡਲਿਆਂ ਦੀਆਂ ਕੰਧਾਂ ਤੇ ਮੂਹਰੇ ਬਾਰ। ਉੱਤੇ ਸਰਕੜੇ ਦਾ ਛੱਪਰ ਬੰਨ੍ਹਿਆ ਹੋਇਆ। ਜਦੋਂ ਕਦੇ ਉਹ ਆਉਂਦੇ ਤਾਂ ਨੰਬਰਦਾਰ ਪਾਖਰ ਸਿੰਘ ਦਾ ਮੁੰਡਾ ਮਿਹਰ ਉਹਨਾਂ ਨੂੰ ਰੋਟੀ ਪਹੁੰਚਾਉਂਦਾ। ਉਹ ਆਉਂਦੇ, ਨਰੰਗ ਮਿਹਰ ਨੂੰ ਖ਼ਬਰ ਕਰ ਦਿੰਦਾ।
ਖ਼ਬਰ ਸੁਣਦੇ ਸਾਰ ਹੀ ਮਿਹਰ ਭੱਜਿਆ ਭੱਜਿਆ ਆਉਂਦਾ । ਰੋਟੀ ਖਾ ਕੇ ਉਹ ਤੂੰਬੀ ਵਿਚ ਹੀ ਇਕ ਮੰਜੇ ਉੱਤੇ ਪੈ ਜਾਂਦੇ । ਇਕ ਜਣਾ ਜਾਗ ਕੇ ਪਹਿਰਾ ਦਿੰਦਾ। ਸਵੇਰੇ ਪਹੁ ਪਾਟਣ ਤੋਂ ਪਹਿਲਾਂ ਉਠਦੇ ਤੇ ਤੁਰ ਜਾਂਦੇ। ਕਿਸੇ ਨੂੰ ਕੋਈ ਪਤਾ ਨਾ ਹੁੰਦਾ, ਉਹ ਕਿੱਥੋਂ ਆਉਂਦੇ ਸਨ, ਕਿਧਰ ਨੂੰ ਜਾਂਦੇ ਸਨ। ਕਦੇ ਕਦੇ ਤੂੰਬੀ ਵਿਚ ਆ ਕੇ ਉਹਨਾਂ ਨੂੰ ਨੰਬਰਦਾਰ ਵੀ ਮਿਲ ਜਾਂਦਾ। ਹਮੇਸ਼ਾ ਇਹੀ ਸਿੱਖਿਆ ਦਿੰਦਾ, ‘ਓਏ ਮੁੰਡਿਓ, ਬਚ ਕੇ ਰਹਿਆ ਕਰੋ ਭਾਈ। ਊਂ ਤਾਂ ਥੋਨੂੰ ਬੁਰਾ ਲਗੂ, ਪਿੰਡ ਨਾ ਆਇਆ ਕਰੋ । ਜਮਾਨਾ ਮਾੜੈ, ਕੀ ਐ ਕੋਈ ਚੁਗਲੀ ਖਾ ਜੇ।
ਜਿਸ ਦਿਨ ਦਾ ਹਰਦਿੱਤ ਨੇ ਪੰਜ ਹਜ਼ਾਰ ਆਪਣੇ ਸੀਰੀ ਹੱਥ ਭੇਜਿਆ ਸੀ, ਉਹ ਡਰ ਡਰ ਰਹਿੰਦਾ । ਰਾਤ ਨੂੰ ਬੈਠਕ ਦਾ ਕੁੰਡਾ-ਜਿੰਦਾ ਲਾ ਕੇ ਅੰਦਰ ਸੌਂਦਾ। ਘਰ ਦਿਆਂ ਨੂੰ ਵੀ ਤਾੜ ਕੇ ਰੱਖਦਾ। ਉਹਨੂੰ ਡਰ ਸੀ ਕਿ ਬਲਕਾਰ ਨੂੰ ਮੂੰਹ ਪੈ ਗਿਆ ਹੈ, ਕਿਤੇ ਹੋਰ ਪੈਸੇ ਨਾ ਮੰਗ ਲਵੇ। ਉਹਦਾ ਇਕ ਜੀਅ ਕਰਦਾ ਕਿ ਉਹ ਪੁਲਿਸ ਨੂੰ ਦੱਸ ਦੇਵੇ, ਪਰ ਇੰਜ ਕਰਨ ਨਾਲ ਉਹਦੀ ਆਪਣੀ ਜਾਨ ਦੀ ਖੈਰ ਨਹੀਂ ਸੀ । ਬਲਕਾਰ ਨੇ ਉਹਨੂੰ ਛੱਡਣਾ ਨਹੀਂ। ਪਰ ਉਹਦੇ ਮਨ ਵਿਚ ਰੜਕ ਪੂਰੀ ਸੀ। ਜੇ ਕਿਤੇ ਬਲਕਾਰ ਨੂੰ ਹੱਥ ਦਿਖਾਏ ਜਾਣ । ਉਹ ਦੰਦ ਪੀਂਹਦਾ, ‘ਲੈ ਕੇ ਲੋਹੇ ਦਾ ਕਿੱਲ ਜਾ, ਲੋਕਾਂ ਨੂੰ ਡਰੌਂਦਾ ਫਿਰਦੈ। ਕੱਲ੍ਹ ਦਾ ਛੋਕਰਾ । ਅਇਓਂ ਕਿੰਨਾ ਕੁ ਚਿਰ ਉਹਦੀ ਸ਼ਾਨੀ ਭਰਾਂਗੇ ?” ਹਰਦਿੱਤ ਮਨ ਵਿਚ ਹੀ ਕੁੜ੍ਹਦਾ, ਕਲਪਦਾ ਤੇ ਸਕੀਮਾਂ ਜਿਹੀਆਂ ਬਣਾਉਂਦਾ ਰਹਿੰਦਾ। ਉਹ ਸੋਚਦਾ, ਉਹਦੀ ਕੋਈ ਸਕੀਮ ਜੇ ਫੇਲ੍ਹ ਹੋ ਗਈ ਤਾਂ ਉਹ ਇਸ ਦੁਨੀਆਂ ਵਿਚ ਸਮਝੋ ਹੈ ਨਹੀਂ।
ਇਕ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਲੋਕਾਂ ਨੇ ਦੇਖਿਆ ਕਿ ਸਾਰੇ ਪਿੰਡ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਹੈ। ਪਿੰਡ ਉਤੋਂ ਦੀ ਚਾਰੇ ਪਾਸੇ ਫਿਰਨੀ-ਫਿਰਨੀ ਦਸ-ਦਸ ਕਦਮਾਂ ਦੀ ਵਿੱਥ ਉੱਤੇ ਸਿਪਾਹੀ ਖੜ੍ਹਾ ਸੀ। ਸਿਪਾਹੀਆਂ ਕੋਲ ਪੱਕੀਆਂ ਰਾਈਫਲਾਂ । ਪ੍ਰਾਇਮਰੀ ਸਕੂਲ ਦੇ ਮੈਦਾਨ ਵਿਚ ਇਕ ਜੀਪ ਤੇ ਇਕ ਟਰੱਕ ਖੜ੍ਹਾ ਸੀ । ਦੋ-ਤਿੰਨ ਟਰੱਕ ਸਕੂਲ ਤੋਂ ਬਾਹਰ ਖੜ੍ਹੇ ਸਨ। ਸਕੂਲ ਦੀਆਂ ਕੁਰਸੀਆਂ ਤੇ ਮੇਜ਼ ਬਾਹਰ ਕਢਵਾ ਕੇ ਡੀ. ਐਸ. ਪੀ. ਤੇ ਦੋ ਥਾਣੇਦਾਰ ਬੈਠੇ ਹੋਏ ਸਨ। ਥੋੜੀ ਦੇਰ ਬਾਅਦ ਚਾਰ ਸਿਪਾਹੀ ਮੱਲਣ ਸਿੰਘ ਤੇ ਚੰਦਕੁਰ ਨੂੰ ਮਾਰਦੇ-ਕੁੱਟਦੇ ਸਕੂਲ ਵਿਚ ਲੈ ਆਏ । ਮੱਲਣ ਨੂੰ ਡੀ. ਐਸ. ਪੀ. ਨੇ ਆਪ ਡੰਡਾ ਫੜ ਕੇ ਕੁੱਟਿਆ। ਉਹ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਪਿਆ। ਚੰਦਕੁਰ ਮੱਲਣ ਦੀ ਇਹ ਹਾਲਤ ਦੇਖਕੇ ਹੀ ਚੱਕਰ ਖਾ ਕੇ ਡਿੱਗ ਪਈ। ਇਕ ਸਿਪਾਹੀ ਨੇ ਦੋਵਾਂ ਦੇ ਮੂੰਹ ਵਿਚ ਪਾਣੀ ਪਾਇਆ । ਮੱਲਣ ਨੂੰ ਸੁਰਤ ਆਈ ਤਾਂ ਡੀ. ਐਸ. ਪੀ. ਉਹਦੀ ਦਾੜ੍ਹੀ ਨੂੰ ਹਿਲੂਣਾ ਦੇ ਪੁੱਛਣ ਲੱਗਿਆ, ‘ਦੱਸ ਕੰਜਰਾ, ਕਿੱਥੇ ਐ ਤੇਰਾ ਮੁੰਡਾ ?’
ਮੱਲਣ ਨੇ ਹੱਥ ਜੋੜ ਦਿੱਤੇ, ‘ਮਾਪਿਆ, ਮੈਨੂੰ ਕੋਈ ਪਤਾ ਨੀ।’
‘ਇਉਂ ਨੀ ਦੱਸਦੇ ਇਹ, ਚਲੋ ਲੈ ਚਲੋ ਇਹਨਾਂ ਨੂੰ, ਇਹਨਾਂ ਦੇ ਘਰ । ਡੀ. ਐਸ. ਪੀ. ਗੜ੍ਹਕਿਆ।
ਓਹੀ ਚਾਰ ਸਿਪਾਹੀ ਦੋਵੇਂ ਜਣਿਆਂ ਨੂੰ ਡੌਲਿਆਂ ਤੋਂ ਫੜ ਕੇ ਉਹਨਾਂ ਦੇ ਘਰ ਵੱਲ ਚੱਲ ਪਏ। ਸਿਪਾਹੀ ਉਹਨਾਂ ਨੂੰ ਖਿੱਚੀ ਲਈ ਜਾ ਰਹੇ ਸਨ। ਉਹਨਾਂ ਦੇ ਪੈਰ ਥਿੜਕਦੇ, ਕਿਤੇ ਪੈਰ ਲਗਦਾ, ਕਿਤੇ ਨਾ। ਬੁਰਾ ਹਾਲ ਸੀ ਬੁੜ੍ਹੇ-ਬੁੜ੍ਹੀ ਦਾ। ਉਹਨਾਂ ਨੂੰ ਇਹ ਬਿਲੁਕਲ ਹੀ ਇਲਮ ਨਹੀਂ ਸੀ ਕਿ ਬਲਕਾਰ ਕਦੇ ਕਦੇ ਕੋਠੇ ਖੜਕ ਸਿੰਘ ਆਉਂਦਾ ਹੈ। ਨਰੰਗ ਚਮਿਆਰ ਦੀ ਝੁੰਬੀ ਵਿਚ ਉਹ ਰਾਤ ਕਟਦੇ ਹਨ। ਮਿਹਰ ਉਹਨਾਂ ਨੂੰ ਰੋਟੀ-ਪਾਣੀ ਦੇ ਕੇ ਆਉਂਦਾ ਹੈ। ਪਿੰਡ ਵਿਚ ਨੰਬਰਦਾਰ ਪਾਖਰ ਸਿੰਘ ਤੋਂ ਬਗ਼ੈਰ ਹੋਰ ਕਿਸੇ ਚਿੜੀ-ਜਨੌਰ ਨੂੰ ਵੀ ਇਹਦਾ ਪਤਾ ਨਹੀਂ ਸੀ।
ਮਗਰ ਮਗਰ ਡੀ. ਐਸ. ਪੀ. ਦੋਵੇਂ ਥਾਣੇਦਾਰ ਤੇ ਪੰਜ-ਸੱਤ ਹੋਰ ਸਿਪਾਹੀ। ਡੀ.ਐਸ.ਪੀ. ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਮੱਲਣ ਦਾ ਘਰ ਢਾਹ ਦੇਣ। ਕਹੀਆਂ ਲੈ ਕੇ ਸਿਪਾਹੀ ਕੋਠੇ ਉੱਤੇ ਚੜ੍ਹ ਗਏ। ਕੁਝ ਸਿਪਾਹੀ ਸਬਾਤਾਂ ਵਿਚੋਂ ਸਾਮਾਨ ਬਾਹਰ ਕੱਢਣ ਲੱਗੇ। ਦੋ ਟਰੱਕ ਲਿਆ ਕੇ ਉਹਨਾਂ ਨੇ ਮੱਲਣ ਦੇ ਘਰ ਦਾ ਸਾਰਾ ਸਾਮਾਨ ਲੱਦ ਲਿਆ । ਪਸ਼ੂਆਂ ਦੇ ਰੱਸੇ ਵੱਢ ਦਿੱਤੇ। ਉਹ ਡਰ ਕੇ ਬਾਹਰ ਨੂੰ ਭੱਜ ਨਿੱਕਲੇ । ਦੋਵੇਂ ਸਬਾਤਾਂ, ਵਰਾਂਢਾ, ਬੈਠਕ ਦੀ ਛੱਤ ਤੇ ਰਸੋਈ, ਸਣੇ ਦਰਵਾਜਾਂ ਦੋ ਘੰਟਿਆਂ ਵਿਚ ਸਿਪਾਹੀਆਂ ਨੇ ਸਾਰੇ ਸਤੀਰ ਉਧੇੜ ਦਿਤੇ। ਤੀਹ ਸਿਪਾਹੀ ਸਨ। ਘਰ ਦੀ ਇਹ ਹਾਲਤ ਹੁੰਦੀ ਦੇਖ ਕੇ ਮੱਲਣ ਤੇ ਚੰਦਕੁਰ ਵਿਹੜੇ ਵਿਚ ਬੇਹੋਸ਼ ਹੋਏ ਪਏ ਸਨ । ਪਿੰਡ ਦੀ ਪੰਚਾਇਤ, ਸਾਰੇ ਨੰਬਰਦਾਰ ਤੇ ਹੋਰ ਕਿੰਨੇ ਹੀ ਲੋਕ, ਬੁੜ੍ਹੇ-ਬੁੜ੍ਹੀਆਂ, ਨੌਜਵਾਨ ਤੇ ਬੱਚੇ ਮੂੰਹ ਵਿਚ ਉਂਗਲਾਂ ਪਾ ਕੇ ਇਹ ਸਾਰਾ ਅਤਿਆਚਾਰ ਦੇਖਦੇ ਰਹੇ।
ਅਸਲ ਵਿਚ ਪਿਛਲੀ ਰਾਤ ਪੁਲਿਸ ਨੂੰ ਸੂਹ ਮਿਲੀ ਸੀ ਕਿ ਬਲਕਾਰ ਪਿੰਡ ਵਿਚ ਹੈ। ਪੁਲਿਸ ਨੇ ਇਕੱਲੇ ਇਕੱਲੇ ਘਰ ਦੀ ਤਲਾਸ਼ੀ ਲਈ। ਸ਼ੱਕ ਵਾਲੇ ਬੰਦਿਆਂ ਨੂੰ ਡੰਡਿਆਂ ਨਾਲ ਕੁੱਟਿਆ। ਉਹਨਾਂ ਦੀਆਂ ਦਾੜ੍ਹੀਆਂ ਪੁੱਟ ਦਿੱਤੀਆਂ । ਪਰ ਬਲਕਾਰ ਕਿਧਰੇ ਵੀ ਨਹੀਂ ਸੀ। ਤੇ ਫੇਰ ਗੁੱਸੇ ਵਿਚ ਆ ਕੇ ਪੁਲਿਸ ਨੇ ਮੱਲਣ ਦਾ ਘਰ ਢਾਹ ਦਿੱਤਾ। ਘਰ ਦਾ ਸਾਰਾ ਸਾਮਾਨ ਟਰੱਕਾਂ ਵਿਚ ਲੱਦ ਕੇ ਲੈ ਗਏ । ਮੱਲਣ ਤੇ ਚੰਦਕੁਰ ਨੂੰ ਵੀ। ਹੋਰ ਵੀ ਕਈ ਬੰਦਿਆਂ ਨੂੰ । ਮੱਲਣ ਦਾ ਘਰ ਢਹਿਆ ਦੇਖ ਕੇ ਸਾਰਾ ਪਿੰਡ ਦਹਿਲ ਗਿਆ। ਇਕ ਦਹਿਸ਼ਤ ਪਿੰਡ ਦੇ ਲੋਕਾਂ ਉੱਤੇ ਛਾ ਗਈ । ਭਲੇਮਾਣਸ ਬੰਦੇ ਰੱਬ ਦੇ ਇਸ ਕਹਿਰ ਉੱਤੇ ਭੈਭੀਤ ਸਨ।
ਹਰਦਿੱਤ ਸੋਚਦਾ ਰਹਿੰਦਾ, ਕੋਈ ਅਜਿਹੀ ਚਾਲ ਚੱਲੀ ਜਾਵੇ, ਜੀਹਦਾ ਕਿਸੇ ਨੂੰ ਪਤਾ ਨਾ ਲੱਗੋ। ਬਲਕਾਰ ਤੋਂ ਛੁੱਟ ਉਹਨੂੰ ਬਲਕਾਰ ਦੇ ਸਾਥੀਆਂ ਦਾ ਵੀ ਡਰ ਸੀ । ਬਲਕਾਰ ਦੇ ਸਾਥੀ ਕਿਹੜਾ ਉਹਦੇ ਨਾਲ ਖੈਰ ਗੁਜ਼ਾਰਨਗੇ । ਉਹਨੂੰ ਕਾਂਬਾ ਚੜ੍ਹਦਾ । ਇਕ ਦਿਨ ਸੁਤੇ ਹੀ ਨੰਬਰਦਾਰ ਪਾਖਰ ਸਿੰਘ ਉਹਨੂੰ ਸੱਥ ਵਿਚ ਬੈਨਾ ਮਿਲ ਗਿਆ। ਚੌਕੜੀ ਦੇ ਸਹਾਰੇ ਬੰਦੂਕ ਖੜ੍ਹੀ ਕਰਕੇ ਉਹ ਆਪਣਾ ਸਾਫਾ ਢਾਹ ਕੇ ਦੁਬਾਰਾ ਬੰਨ੍ਹ ਰਿਹਾ ਸੀ। ਸਾਫੇ ਦੇ ਵਲ ਕਢਦਾ ਤੇ ਫੇਰ ਚਿਣ-ਚਿਣ ਕੇ ਲੜ ਨੂੰ ਚਾੜ੍ਹਦਾ। ਜਿਵੇਂ ਵਾਧੂ ਦਾ ਹੀ ਸਮਾਂ ਜਿਹਾ ਲੰਘਾ ਰਿਹਾ ਹੋਵੇ। ਉਹਦੇ ਕੋਲ ਬੈਠ ਕੇ ਹਰਦਿੱਤ ਉਹਦਾ ਹਾਲ- ਚਾਲ ਪੁੱਛਣ ਲੱਗਿਆ। ਦੋਵੇਂ ਖਾਸਾ ਚਿਰ ਏਧਰ-ਓਧਰ ਦੀਆਂ ਗੱਲਾਂ ਕਰਦੇ ਰਹੇ। ਦਿਨ ਦਾ ਛਿਪਾਅ ਸੀ। ਹਟਦਿੱਤ ਉਹਨੂੰ ਆਪਣੇ ਅੰਦਰਲੇ ਘਰ ਬੈਠਕ ਵਿਚ ਲੈ ਗਿਆ। ਘਰ ਦੀ ਕੱਢੀ ਦਾਰੂ ਦੀ ਪੌਣੀ ਕੁ ਬੋਤਲ ਅਲਮਾਰੀ ਵਿਚ ਪਹਿਲਾਂ ਦੀ ਪਈ ਹੋਈ ਸੀ। ਕੁਝ ਦਿਨ ਪਹਿਲਾਂ ਕੋਈ ਜਣਾ ਹਰਦਿੱਤ ਨੂੰ ਇਹ ਬੋਤਲ ਦੇ ਗਿਆ ਸੀ । ਹਰਦਿੱਤ ਨੇ ਇਹਦੇ ਵਿਚੋਂ ਛੋਟੇ ਛੋਟੇ ਦੋ ਪੈੱਗ ਪੀ ਲਏ ਸਨ। ਦੋ ਪੈੱਗਾਂ ਨਾਲ ਹੀ ਜਿਵੇਂ ਉਹਦੀ ਨਿਸ਼ਾ ਹੋ ਗਈ ਹੋਵੇ। ਦਾਰੂ ਚੰਗੀ ਸੀ। ਬਲਕਾਰ ਦੀਆਂ ਗੱਲਾਂ ਕਰਦੇ ਕਰਦੇ ਉਹ ਪੀਣ ਲੱਗੇ । ਇਕ ਪੈੱਗ, ਦੋ ਪੈੱਗ, ਤੀਜੇ ਪੈੱਗ ਨੂੰ ਹਰਦਿੱਤ ਨੇ ਮੂੰਹ ਜਿਹਾ ਪੂੰਝ ਕੇ ਗੱਲ ਛੇੜੀ, ‘ਨੰਬਰਦਾਰਾ, ਇਹਦਾ ਕਰ ਕੋਈ ‘ਲਾਜ । ਤੂੰ ਤਾਂ ਸਿਆਣਾ ਬੰਦਾ ਐਂ। ਤੇਰੀ ਤਾਂ ਦੁਨੀਆਂ ਦੇਖੀ ਹੋਈ ਐ।’
ਤਰਾਰੇ ਜਿਹੇ ਵਿਚ ਆ ਕੇ ਨੰਬਰਦਾਰ ਨੇ ਫੜ੍ਹ ਮਾਰੀ, ‘ਲਾਜ ਨੂੰ ਕੀਹ ਐ, ਤੜਕੇ ਨੂੰ ਫੜਾ ਦਿੰਨੇ ਆਂ, ਜੇ ਕਹੇਂ । ਅੱਜ ਐਥੇ ਈ ਐ। ਪਿਛਲੇ ਪਹਿਰ ਦੀ ਪੀਈਂ ਜਾਂਦੇ ਐ, ਨਰੰਗ ਚਮਿਆਰ ਦੀ ਝੂੰਬੀ ‘ਚ। ਤਿੰਨ ਜਣੇ ਐਂ।’
‘ਕਰ ਫੇਰ ਹਿੰਮਤ, ਨੰਬਰਦਾਰਾ । ਇਹ ਤਾਂ ਤੂੰ ਈਂ ਕਰ ਸਕਦੈਂ। ਨਾਲੇ ਪੰਜ ਹਜ਼ਾਰ ਮਿਲੂ ਸਰਕਾਰ ਦੇ ਘਰੋਂ । ਇਹ ਤਿੰਨ ਬੰਦੇ ਓਹੀ ਹੋਣਗੇ ਜਿਨ੍ਹਾਂ ਨੇ ਚੇਅਰਮੈਨ ਮਾਰਿਆ ਸੀ। ਪੰਜ ਕਿਉਂ, ਪੰਦਰਾਂ ਹਜ਼ਾਰ ਮਿਲੂ ਸਮਝ । ਹਰਦਿੱਤ ਨੇ ਬੁੜ੍ਹੇ ਦੀਆਂ ਅੱਖਾਂ ਵਿਚ ਚਮਕ ਲਿਆ ਦਿੱਤੀ।
ਨੰਬਰਦਾਰ ਨੇ ਸਾਰੀ ਉਮਰ ਬਿਗਾਨੇ ਲਾਲਚ ਉੱਤੇ ਲੰਘਾਈ ਸੀ। ਉਹ ਮੰਨ ਗਿਆ। ਨੰਬਰਦਾਰ ਨੂੰ ਇਕ ਪੈੱਗ ਹੋਰ ਪਾ ਕੇ ਹਰਦਿੱਤ ਕਹਿੰਦਾ, ‘ਨੰਬਰਦਾਰਾ, ਤੂੰ ਹੈਥੇ ਈ ਬੈਠ । ਮੈਂ ਔਨਾਂ ਬੱਸ । ਦਸ ਮਿੰਟ ਤੋਂ ਵੱਧ ਨੀ ਲੈਂਦਾ।’
‘ਓਏ, ਹੋਰ ਨਾ ਲਿਆਈਂ, ਹਰਦਿੱਤ। ਬਹੁਤ ਐ ਹੁਣ। ਦਾਰੂ ਤਾਂ ਅੱਗ ਅਰਗੀ ਕੱਢੀ ਐ ਕਿਸੇ ਨੇ, ਪੁੱਤ ਮੇਰੇ ਨੇ ।’ ਨੰਬਰਦਾਰ ਓਥੇ ਹੀ ਮੰਜੇ ਉੱਤੇ ਟੇਢਾ ਹੋ ਗਿਆ।
ਹਰਦਿੱਤ ਹਵਾ ਦੀ ਤੇਜ਼ੀ ਨਾਲ ਬਾਹਰਲੇ ਘਰ ਗਿਆ । ਹਵਾ ਦੀ ਤੇਜ਼ੀ ਨਾਲ ਹੀ ਵਾਪਸ ਮੁੜ ਆਇਆ। ਉਹਦੇ ਕੋਲ ਦੋ ਹਜ਼ਾਰ ਦੇ ਵੀਹ ਨੋਟ ਤੇ ਸ਼ਰਾਬ ਦਾ ਅਧੀਆ ਸੀ। ਆਉਂਦਿਆਂ ਹੀ ਉਹਨੇ ਨੰਬਰਦਾਰ ਨੂੰ ਬੈਠਾ ਕੀਤਾ। ਉਹਦੀਆਂ ਅੱਖਾਂ ਸਾਹਮਣੇ ਨੋਟ ਖੜਕਾਏ। ਨਵੇਂ ਨੋਟ ਸਨ। ਨੰਬਰਦਾਰ ਨੇ ਅੱਖਾਂ ਟੱਡ ਲਈਆਂ। ਤੇ ਫੇਰ ਹਰਦਿੱਤ ਨੇ ਉਹਨੂੰ ਸੁਣਾ-ਸੁਣਾ ਕੇ ਵੀਹ ਨੋਟ ਗਿਣੇ ਤੇ ਉਹਦੀ ਜੇਬ ਵਿਚ ਪਾ ਦਿੱਤੇ। ਕਹਿੰਦਾ, ‘ਇਹ ਤੇਰੀ ਪੇਸ਼ਗੀ ਐ। ਹੋਰ ਵੀ ਦੇਊਂ। ਪੰਦਰਾਂ ਹਜ਼ਾਰ ਸਰਕਾਰ ਦੇਊ। ਮਾਨ-ਤਾਨ ਵੀ ਹਊ ਤੇਰਾ । ਮੁੱਖ-ਮੰਤਰੀ ਆਪ ਤੇਰੇ ਘਰੇ ਆਉ। ਆਹ ਅਧੀਆ ਵੀ ਫੜ। ਮੈਨੂੰ ਪਤੈ, ਤੇਰਾ ਘਰ ਪੂਰਾ ਨੀ ਹੋਇਆ ਹੋਣਾ ਅਜੇ । ਆਪਾਂ ਹੁਣੇ ਟਰੈਕਟਰ ਸਟਾਰਟ ਕਰਦੇ ਆਂ। ਦਿਆਲਪੁਰਾ ਆਹ ਖੜ੍ਹੇ। ਕੀ ਲਗਦੈ ? ਬੱਸ ਤੜਕੇ ਨੂੰ ਪਤਾ ਈ ਨਾ ਲੱਗੇ।’ ਹਰਦਿੱਤ ਨੇ ਨੰਬਰਦਾਰ ਨੂੰ ਪੱਕਾ ਕਰ ਲਿਆ।
ਟਰੈਕਟਰ ਉੱਤੇ ਬਿਠਾ ਕੇ ਹਰਦਿੱਤ ਨੰਬਰਾਦਰ ਨੂੰ ਦਿਆਲਪੁਰੇ ਲੈ ਗਿਆ। ਥਾਣੇ ਤੋਂ ਉਰੇ ਦੂਰ ਹੀ ਉਹਨੂੰ ਉਤਾਰ ਦਿੱਤਾ। ਆਖਿਆ, ‘ਤੂੰ ਜਾਹ, ਆਵਦੀ ਕਰ ਕਾਰਵਾਈ। ਰਾਤ ਹੁਣ ਥਾਣੇ ਈ ਰਹੀਂ। ਮੇਰਾ ਨਾਉਂ ਨੀ ਲੈਣਾ । ਨਾ ਪੁਲਸ ਕੋਲ, ਨਾ ਹੋਰ ਕਿਸੇ ਕੋਲ।’
ਵੱਡੇ ਤੜਕੇ ਪੁਲਸ ਨੇ ਕੋਠੇ ਖੜਕ ਸਿੰਘ ਨਰੰਗ ਚਮਿਆਰ ਦੀ ਝੁੰਬੀ ਉੱਤੇ ਆ ਦਬਸ਼ ਮਾਰੀ। ਪਹਿਰੇਦਾਰ ਮੁੰਡਾ ਤੂੰਬੀ ਦੇ ਬਾਹਰ ਖੜ੍ਹਾ ਉਂਘਲਾ ਰਿਹਾ ਸੀ। ਬਾਛੜ ਦੀ ਬਾਛੜ ਸਿਪਾਹੀਆਂ ਨੇ ਬਲਕਾਰ ਤੇ ਉਹਦੇ ਦੋਵੇਂ ਸਾਥੀਆਂ ਨੂੰ ਦਬੋਚ ਲਿਆ। ਬਲਕਾਰ ਕੋਲ ਰਿਵਾਲਵਰ ਤੇ ਦੂਜੇ ਦੋਵਾਂ ਕੋਲ ਪੱਕੀਆਂ ਰਾਈਫਲਾਂ ਸਨ। ਦੋ ਹੈਂਡ-ਗਰਿਨੇਡ ਤੇ ਗੋਲੀਆਂ ਦਾ ਥੈਲਾ ਪਿਆ ਰਹਿ ਗਿਆ।
ਪਿੰਡ ਵਿਚ ਚੂੰ ਵੀ ਨਹੀਂ ਹੋਈ। ਪੁਲਿਸ ਪਤਾ ਨਹੀਂ ਕਿਹੜੇ ਵੇਲੇ ਆਈ ਤੇ ਕਿਹੜੇ ਵੇਲੇ ਉਹਨਾਂ ਤਿੰਨਾਂ ਨੂੰ ਫੜ ਕੇ ਲੈ ਗਈ ਸੀ ।
ਨੰਬਰਦਾਰ ਵੱਡੇ ਤੜਕੇ ਪੁਲਿਸ ਨਾਲ ਹੀ ਪਿੰਡ ਆਇਆ ਸੀ। ਨਰੰਗ ਦੀ ਤੂੰਬੀ ਵੱਲ ਇਸ਼ਾਰਾ ਕਰਕੇ ਆਪਣੇ ਘਰ ਜਾ ਸੁੱਤਾ।
ਪਹਿਲਾਂ ਤਾਂ ਪੁਲਿਸ ਉਹਨਾਂ ਤਿੰਨਾਂ ਨੂੰ ਕਿਸੇ ਗੁਪਤ ਥਾਂ ਲਿਜਾ ਕੇ ਕੁਟਦੀ-ਮਾਰਦੀ ਰਹੀ। ਅਸਹਿ ਤਸੀਹੇ ਦਿੱਤੇ । ਫੇਰ ਇਕ ਦਿਨ ਅਖ਼ਬਾਰ ਵਿਚ ਖ਼ਬਰ ਆਈ ਕਿ ਬਲਕਾਰ ਸਿੰਘ ਨਕਸਲੀਆ ਤੇ ਉਹਦੇ ਦੋਵੇਂ ਸਾਥੀ ਪੁਲਿਸ ਹਰਾਸਤ ਵਿਚੋਂ ਫਰਾਰ ਹੋ ਗਏ ਹਨ। ਤੇ ਫੇਰ ਚੌਥੇ ਦਿਨ ਹੀ ਤਿੰਨੇ ਨਕਸਲੀਆਂ ਦੀਆਂ ਲਾਸ਼ਾਂ ਸਧਾਣਿਆਂ ਦੇ ਪੁਲਾਂ ਉੱਤੇ ਪਈਆਂ ਮਿਲੀਆਂ। ਖ਼ਬਰ ਸੀ ਕਿ ਸਵੇਰੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪੁਲਿਸ ਨਾਲ ਉਹਨਾਂ ਨੇ ਮੁਕਾਬਲਾ ਕੀਤਾ ਸੀ ਤੇ ਮਾਰੇ ਗਏ ਸਨ। ਓਵੇਂ ਜਿਵੇਂ ਬਲਕਾਰ ਕੋਲ ਰਿਵਾਲਵਰ ਸੀ ਤੇ ਦੂਜੇ ਦੋਵਾਂ ਕੋਲ ਪੱਕੀਆਂ ਰਾਈਫਲਾਂ। ਲੋਕ ਹੈਰਾਨ ਸਨ ਕਿ ਓਹੀ ਹਥਿਆਰ ਉਹਨਾਂ ਕੋਲ ਵਾਪਸ ਕਿੱਥੋਂ ਆ ਗਏ?
ਫੂਲ ਲਿਜਾ ਕੇ ਤਿੰਨਾਂ ਲਾਸ਼ਾਂ ਦਾ ਪੋਸਟ-ਮਾਰਟਮ ਕੀਤਾ ਗਿਆ। ਤੇ ਫੇਰ ਦਿਨ ਛਿਪੇ ਪਿੱਛੋਂ ਜਾ ਕੇ ਕਿਤੇ ਵਾਰਸਾਂ ਨੂੰ ਲਾਸ਼ਾਂ ਦਿੱਤੀਆਂ ਗਈਆਂ। ਬਲਕਾਰ ਦੀ ਲਾਸ਼ ਅੱਧੀ ਰਾ- ਪਿੰਡ ਪਹੁੰਚੀ। ਤੜਕੇ ਨੂੰ ਸਾਰੇ ਪਿੰਡ ਵਿਚ ਹਾਏ-ਕਲਾਪ ਪਿਆ ਹੋਇਆ ਸੀ । ਬੱਚਾ ਬੱਚਾ ਬਲਕਾਰ ਦੀ ਲਾਸ਼ ਨੂੰ ਦੇਖਣ ਜਾਂਦਾ। ਮੱਲਣ ਤੇ ਚੰਦਕੁਰ ਅਧ-ਮਰੇ ਹੋਏ ਪਏ ਸਨ । ਮਾਂ ਬਿੰਦੇ ਬਿੰਦੇ ਪੁੱਤ ਦੇ ਮੂੰਹ ਦੀਆਂ ਵਾਗੀਆਂ ਲੈਂਦੀ। ਮੱਲਣ ਉਹਦੀ ਹਿੱਕ ਉੱਤੇ ਲਿਟ ਜਾਂਦਾ।
22
ਮਿਹਰ ਨੂੰ ਨਹੀਂ ਪਤਾ ਸੀ ਕਿ ਇਹ ਕਰਤੂਤ ਉਹਦੇ ਹੀ ਪਿਓ ਨੇ ਕੀਤੀ ਹੈ। ਇਹ ਤਾਂ ਓਦੋਂ ਹੀ ਗੱਲ ਸਾਹਮਣੇ ਆਈ, ਜਦੋਂ ਪੁਲਿਸ ਦੇ ਦੋ ਸਿਪਾਹੀ ਇਕ ਦਿਨ ਨੰਬਰਦਾਰ ਪਾਖਰ ਸਿੰਘ ਨੂੰ ਦਿਆਲਪੁਰੇ ਦੇ ਥਾਣੇ ਸੱਦਣ ਆਏ, ਪਿੰਡ ਵਿਚ ਲੋਕਾਂ ਕੋਲ ਗੱਲ ਕਰ ਗਏ। ਪਿੰਡ ਵਿਚ ਮੂੰਹੋਂ- ਮੂੰਹ ਤਰਾਹ-ਤਰਾਹ ਹੋਣ ਲੱਗੀ। ਪਾਖਰ ਤਾਂ ਸਿਪਾਹੀਆਂ ਨਾਲ ਦਿਆਲਪੁਰੇ ਨੂੰ ਊਠ ਗਿਆ ਤੇ ਓਧਰ ਪਿੰਡ ਵਿਚ ਉਹਦੇ ਵਿਰੁੱਧ ਇਕ ਤੂਫਾਨ ਉੱਠ ਖੜ੍ਹਾ । ਹਰ ਮੂੰਹ ਦੰਦ ਵਢਦਾ ਸੀ, ‘ਇਹ ਕੀਤਾ ਕੀ ਕੰਜਰ ਨੇ ? ਪਿੰਡ ਦਾ ਮੁੰਡਾ ਮਰਵਾ ‘ਤਾ । ਕਈ ਤਾਂ ਮਿਹਰ ਦਾ ਵੀ ਵਿਚ ਨਾਂ ਲੈਂਦੇ। ਕੋਈ ਨਰੰਗ ਚਮਿਆਰ ਨੂੰ ਵਿਚ ਧਰ ਲੈਂਦਾ । ਪਰ ਸੱਚੀ ਗੱਲ ਸਿਪਾਹੀ ਆਪ ਦੱਸ ਗਏ ਸਨ । ਨੰਬਰਦਾਰ ਅੱਧੀ ਰਾਤ ਦਾਰੂ ਦਾ ਡੱਕਿਆ ਦਿਆਲਪੁਰੇ ਥਾਣੇ ਗਿਆ ਸੀ । ਬਲਕਾਰ ਹੋਰਾਂ ਦੀ ਕੋਠੇ ਹੋਣ ਦੀ ਮੁਖ਼ਬਰੀ ਕੀਤੀ ਸੀ। ਵੱਡੇ ਤੜਕੇ ਜਦੋਂ ਛਾਪਾ ਪਿਆ ਤਾਂ ਨੰਬਰਾਦਰ ਪੁਲਿਸ ਦੇ ਨਾਲ ਸੀ । ਸਿਪਾਹੀ ਤਾਂ ਲੋਕਾਂ ਨੂੰ ਇਹ ਇਸ਼ਾਰਾ ਵੀ ਕਰ ਗਏ ਸਨ ਕਿ ਹੁਣ ਨੰਬਰਦਾਰ ਦਾ ਪੰਦਰਾਂ ਹਜ਼ਾਰ ਪੱਕਾ ਹੈ। ਮਿਹਰ ਦੇ ਕੰਨੀਂ ਗੱਲਾਂ ਪੈਂਦੀਆਂ ਤਾਂ ਉਹਦੀਆਂ ਅੱਖਾਂ ਵਿਚ ਖੂਨ ਉੱਤਰਨ ਲੱਗਦਾ । ਪਿਓ ਵਿਰੁੱਧ ਉਹ ਦੰਦ ਕਿਰਚਦਾ।
ਦਿਨ ਛਿਪੇ ਜਿਹੇ ਨੰਬਰਦਾਰ ਪਾਖਰ ਸਿੰਘ ਪਿੰਡ ਵੜਿਆ। ਸ਼ਰਾਬ ਪੀਤੀ ਹੋਈ ਸੀ। ਉਹ ਸੱਥ ਵਿਚ ਦੀ ਲੰਘਿਆ ਤਾਂ ਲੋਕਾਂ ਦੀ ਕੁਤੇ-ਕੁਤੇ ਹੋਣ ਲੱਗੀ। ਉਹਦੇ ਮਨ ਅੰਦਰ ਵੀ ਪਾਲਾ ਹੋਵੇਗਾ। ਉਹ ਛੇਤੀ ਘਰ ਪਹੁੰਚਣਾ ਚਾਹੁੰਦਾ ਸੀ । ਬਾਰ ਮੂਹਰੇ ਗਿਆ ਤਾਂ ਮਿਹਰ ਘਰ ਅੰਦਰੋਂ ਨਿਕਲ ਕੇ ਉਹਨੂੰ ਅਲੀ ਅਲੀ ਕਰਕੇ ਪਿਆ, ‘ਆ ਗਿਆ, ਕੰਜਰਾ? ਖਾ ਲਿਆ ਹੱਡ ? ਸਾਰੀ ਉਮਰ ਇਹੀ ਕਰਤੂਤਾਂ ਕੀਤੀਆਂ, ਪਾਪੀਆ। ਨਿੱਕਲ ਜਾ, ਮੇਰੇ ਘਰੋਂ। ਮਿਹਰ ਨੇ ਉਹਦੀ ਬੰਦੂਕ ਖੋਹ ਲਈ ਤੇ ਘਰੋਂ ਕੱਢ ਦਿੱਤਾ । ਧੱਕਾ ਮਾਰਨ ਨਾਲ ਉਹ ਪਿੱਠ-ਪਰਨੇ ਬਾਰ-ਮੂਹਰੇ ਹੀ ਡਿੱਗ ਪਿਆ। ਮਿਹਰ ਨੇ ਬਾਰ ਦਾ ਅੰਦਰਲਾ ਕੁੰਡਾ ਲਾ ਲਿਆ। ਥੋੜੇ ਚਿਰ ਪਿੱਛੋਂ ਹੀ ਪਿੰਡ ਦੇ ਮੁੰਡਿਆਂ ਦੀ ਢਾਣੀ ਨੰਬਰਦਾਰ ਪਾਖਰ ਸਿੰਘ ਦੇ ਸਿਰ ਉੱਤੇ ਆ ਖੜ੍ਹੀ । ਕਿਸੇ ਨੇ ਉਹਨੂੰ ਕੋਈ ਗੱਲ ਨਹੀਂ ਪੁੱਛੀ। ਕੋਈ ਛਿੱਤਰ, ਕੋਈ ਮੁੱਕੀ ਤੇ ਕੋਈ ਲੱਤ ਮਾਰਦਾ । ਤੇ ਫੇਰ ਰੋਹ ਵਿਚ ਆਏ ਨੌਜਵਾਨ ਇੱਟਾਂ-ਰੋੜੇ ਮਾਰਨ ਲੱਗੇ । ਪਹਿਲਾਂ ਪਹਿਲਾਂ ਤਾਂ ਨੰਬਰਦਾਰ ਨੇ ਲੇਰਾਂ ਵੀ ਮਾਰੀਆਂ। ਉੱਠਣ ਦੀ ਕੋਸ਼ਿਸ਼ ਕੀਤੀ। ਪਰ ਫੇਰ ਬੇਸ਼ਰਮ ਜਿਹਾ ਹੋਇਆ ਪਿਆ ਰਿਹਾ। ਤੇ ਫੇਰ ਇਕ ਇੱਟ ਉਹਦੇ ਸਿਰ ਵਿਚ ਅਜਿਹੀ ਲੱਗੀ ਕਿ ਉਹ ਬੇਹੋਸ਼ ਹੋ ਗਿਆ। ਪਤਾ ਨਹੀਂ ਇੱਟਾਂ-ਰੋੜੇ ਉਹਨੂੰ ਕਿੰਨੇ ਕੁ ਵੱਜੇ ਹੋਣਗੇ। ਪਿੰਡ ਦੇ ਸਿਆਣੇ ਬੰਦੇ ਆਏ ਤਾਂ ਨੌਜਵਾਨ ਮੁੰਡੇ ਇਕ-ਇਕ ਕਰਕੇ ਹੌਲੀ-ਹੌਲੀ ਖਿੰਡ ਗਏ । ਸਿਆਣੇ ਬੰਦੇ ਪਹਿਲਾਂ ਤਾਂ ਮੁੰਡਿਆਂ ਨੂੰ ਗਾਲ-ਦੁੱਪੜ ਜਿਹੀ ਦਿੰਦੇ ਰਹੇ ਤੇ ਫੇਰ ਨੰਬਰਦਾਰ ਦੀ ਇਹ ਹਾਲਤ ਦੇਖ ਕੇ ਖੜ੍ਹੇ ਦੇ ਖੜ੍ਹੇ ਰਹਿ ਗਏ । ਇਕ ਜਣੇ ਨੇ ਉਹਦੀ ਧੌਣ ਥੱਲੇ ਹੱਥ ਪਾ ਕੇ ਉਹਨੂੰ ਬੈਠਾ ਦਿੱਤਾ । ਪਰ ਉਹ ਤਾਂ ਫੇਰ ਲੱਕੜ ਦੇ ਫੱਟੇ ਵਾਂਗ ਧਰਤੀ ਨਾਲ ਜਾ ਵੱਜਿਆ। ਨਬਜ਼ ਟੋਹੀ, ਉਹਦੇ ਵਿਚ ਕੋਈ ਸਾਹ ਨਹੀਂ ਸੀ। ਦਿਲ ਵੀ ਨਹੀਂ ਧੜਕ ਰਿਹਾ ਸੀ।
‘ਓਏ, ਜਾਹ ਸਹੁਰਿਆ, ਕਮੌਤ ਈ ਮਰਿਆ ਨਾ। ਪਾਪ ਕਮੌਂਦਾ ਸੀ, ਪਾਪ ਅੱਗੇ ਆ ਗਿਆ ।’ ਨਬਜ਼ ਦੇਖਣ ਵਾਲੇ ਨੇ ਐਲਾਨ ਕੀਤਾ।
ਬੁੜ੍ਹੇ ਫਿਕਰ ਕਰਨ ਲੱਗੇ। ਹੁਣ ਇਹਦਾ ਕੀ ਕਰੀਏ ? ਤੇ ਫੇਰ ਸਾਰੇ ਇੱਕਠ ਨੇ ਬੋਲ ਮਾਰ- ਮਾਰ ਤੇ ਤਖਤੇ ਖੜਕਾ-ਖੜਕਾ ਮਿਹਰ ਤੋਂ ਦਰਵਾਜ਼ੇ ਦਾ ਅੰਦਰਲਾ ਕੁੰਡਾ ਖੁਲ੍ਹਵਾਇਆ। ਮਿਹਰ ਨੇ ਦੇਖਿਆ ਤਾਂ ਭੈਭੀਤ ਹੋ ਕੇ ਝਾਕਣ ਲੱਗਿਆ । ਤੇ ਫੇਰ ਬੁੜ੍ਹੇ ਉਹਦਾ ਮੋਢਾ ਫੜ-ਫੜ ਉਹਨੂੰ ਸਮਝਾਉਣ ਲੱਗੇ। ‘ਇਹ ਕੋਈ ਇਕ ਸੀ ਭਲਾ ? ਪਤਾ ਨੀ ਕੌਣ ਕੌਣ ਸੀ, ਪਿੰਡ ਦੇ ਮੁੰਡੇ। ਹੁਣ ਕੀਹਨੂੰ ਦੋਸ਼ ਦੇਈਏ ? ਸਾਨੂੰ ਤਾਂ ਮਗਰੋਂ ਪਤਾ ਲੱਗਿਆ । ਨਹੀਂ ਤਾਂ ਕਾਹਨੂੰ ਹੋਣ ਦੇਣਾ ਸੀ ਅਸੀਂ ਇਹ ਭਾਣਾ ।’
: ਮਿਹਰ ਬੁੜ੍ਹਿਆਂ ਦੇ ਪੈਰੀਂ ਡਿੱਗ ਪਿਆ। ਕਹਿੰਦਾ, ‘ਮੇਰਾ ਤਾਂ ਪਿਓ ਸੀ। ਪਰ ਇਹਨੂੰ ਆਪਣੇ ਕੀਤੇ ਦੀ ਸਜਾ ਮਿਲ ਗੀ । ਹੁਣ ਇਹਦੀ ਮਿੱਟੀ ਸਮੇਟੋ, ਤੁਸੀਂ ਹੀ ਸਾਰੇ ਰਲ ਕੇ । ਮੈਨੂੰ ਤਾਂ ਕੁਸ ਸੁਲਦਾ ਨੀ।’
ਮਿਹਰ ਨੇ ਪਹਿਲਾਂ ਵਾਂਗ ਹੀ ਅੰਦਰਲਾ ਕੁੰਡਾ ਲਾਇਆ। ਅੰਦਰਲੀ ਸਬਾਤ ਵਿਚ ਖੇਸ ਲੈ ਕੇ ਮੰਜੇ ਉੱਤੇ ਪੈ ਗਿਆ। ਮੂੰਹ-ਸਿਰ ਇਉਂ ਢੱਕ ਲਿਆ ਜਿਵੇਂ ਸਭ ਕੁਝ ਭੁੱਲ ਜਾਣਾ ਚਾਹੁੰਦਾ ਹੋਵੇ।
ਸਿਆਣੇ ਬੰਦਿਆਂ ਨੇ ਫਟਾ-ਫਟ ਲੱਕੜਾਂ ਤਿਆਰ ਕੀਤੀਆਂ। ਕੋਈ ਸਿੜ੍ਹੀ ਨਹੀਂ ਬਣਾਈ। ਨੰਬਰਦਾਰ ਦੀ ਲਾਸ਼ ਨੂੰ ਮੰਜੇ ਉੱਤੇ ਪਾ ਕੇ ਹੀ ਸਿਵਿਆਂ ਵਿਚ ਲੈ ਗਏ ਤੇ ਫੂਕ ਦਿੱਤਾ। ਸੂਰਜ ਕਦੋਂ ਦਾ ਛਿਪ ਚੁੱਕਿਆ ਸੀ। ਪਰ ਮੂੰਹ ਨੂੰ ਮੂੰਹ ਦਿਸਦਾ ਸੀ।
ਪਿੰਡ ਦੇ ਮੁੰਡਿਆਂ ਦੀ ਗੱਲ ਮੂੰਹੋਂ-ਮੂੰਹ ਸਵੇਰ ਤਾਈਂ ਸਭ ਦੇ ਕੰਨਾਂ ਤੱਕ ਪਹੁੰਚ ਗਈ ਕਿ ਜਿਹੜਾ ਵੀ ਕੋਈ ਪੁਲਿਸ ਕੋਲ ਜਾ ਕੇ ਚੁਗਲੀ ਕਰੇਗਾ, ਉਹਦਾ ਨੰਬਰਦਾਰ ਵਾਲਾ ਹੀ ਹਸ਼ਰ ਹੋਵੇਗਾ।
ਨੰਬਰਦਾਰ ਪਾਖਰ ਸਿੰਘ ਇਹ ਭੇਤ ਨਾਲ ਲੈ ਕੇ ਮਰ ਗਿਆ ਕਿ ਬਲਕਾਰ ਨੂੰ ਫੜਾਉਣ ਦੀ ਸਕੀਮ ਉਹਨੂੰ ਹਰਦਿੱਤ ਨੇ ਬਣਾ ਕੇ ਦਿੱਤੀ ਸੀ। ਇਹ ਵੀ ਕਿਸੇ ਨੂੰ ਕੀ ਪਤਾ ਸੀ ਕਿ ਹਰਦਿੱਤ ਨੇ ਨੰਬਰਦਾਰ ਨੂੰ ਦੋ ਹਜ਼ਾਰ ਰੁਪਿਆ ਦੇ ਕੇ ਉਕਸਾਇਆ ਸੀ । ਨੰਬਰਦਾਰ ਦੀ ਮੌਤ ਬਾਅਦ ਦਸ ਕੁ ਦਿਨਾਂ ਤੱਕ ਹਰਦਿੱਤ ਚੁੱਪ ਰਿਹਾ । ਸੱਥ ਵਿਚ ਬੈਠ ਕੇ ਲੋਕ ਬਲਕਾਰ ਦੀਆਂ ਗੱਲਾਂ ਕਰਦੇ । ਤੇ ਫੇਰ ਨੰਬਰਦਾਰ ਪਾਖਰ ਸਿੰਘ ਦੀ ਕਾਲੀ ਕਰਤੂਤ ਨੂੰ ਗਾਲਾਂ ਕੱਢਦੇ। ਹਰਦਿੱਤ ਜਾਣ-ਬੁੱਝ ਕੇ ਸੱਥ ਵਿਚ ਬੈਠਦਾ। ਫੇਰ ਤਾਂ ਹਰਦਿੱਤ ਵੀ ਨੰਬਰਦਾਰ ਨੂੰ ਬੁਰਾ ਆਖਣ ਲੱਗਿਆ। ਕੋਈ ਜਣਾ ਬਲਕਾਰ ਨੂੰ ਆਖਦਾ, ‘ਅਸਲੀ ਮਾਂ ਦਾ ਪੁੱਤ ਸੀ। ਇਕ ਵਾਰੀਂ ਤਾਂ ਪੈੜਾਂ ਕਰ ਗਿਆ। ਦਲੇਰ ਪੂਰਾ ਸੀ, ਸ਼ੇਰ ਦਾ ਬੱਚਾ। ਰਹਿੰਦੀ ਦੁਨੀਆਂ ਤਾਈਂ ਨਾਉਂ ਰਹੂ ਜੁਆਨ ਦਾ । ਚੇਅਰਮੈਨ ਗਦਾਰ ਨੂੰ ਮਾਰ ਕੇ ਲੈ ਲਿਆ ਨਾ ਬਦਲਾ, ਚਾਲੀ ਸਾਲਾਂ ਪਿੱਛੋਂ ।’ ਹਰਦਿੱਤ ਹੁੰਗਾਰਾ ਭਰਦਾ। ਸਗੋਂ ਉਹਦੇ ਮੂੰਹੋਂ ਨਿਕਲਦਾ, ‘ਅਹਿਓ- ਜੇ ਮੁੰਡੇ ਕਿਤੇ ਘਰ ਘਰ ਜੰਮਦੇ ਨੇ ?
ਜੂਨ-ਜੁਲਾਈ ਦਾ ਮਹੀਨਾ ਸੀ । ਬਰਸਾਤ ਦਾ ਪਹਿਲਾਂ ਮੀਂਹ ਪੈ ਚੁੱਕਿਆ ਸੀ। ਘਰਾਂ ਵਿਚ ਪੁੜੇ ਪਕਦੇ ਤੇ ਖੀਰਾਂ ਰਿਝਦੀਆਂ । ਝੰਡਾ ਬੁੜ੍ਹਾ ਆਖਰ ਦੇ ਗੁਲਗੁਲੇ ਬਹੁਤੇ ਖਾ ਕੇ ਪਾਰ ਬੋਲ ਗਿਆ। ਉਹਨੂੰ ਹੈਜ਼ਾ ਹੋ ਗਿਆ ਸੀ।
ਝੰਡਾ ਸਿੰਘ ਦੇ ਭੋਗ ਵਾਲੇ ਦਿਨ ਉਹਨਾਂ ਦੇ ਬਾਹਰਲੇ ਘਰ ਮੇਲੇ ਵਰਗਾ ਇੱਕਠ ਸੀ। ਗਰੀਬ-ਗੁਰਬੇ ਵਾਸਤੇ ਮਿੱਠੇ ਚੌਲਾਂ ਦੇ ਕੜਾਹੇ ਕੱਢੇ ਗਏ ਸਨ। ਲੱਡੂ ਪੱਕੇ ਸਨ । ਕੜਾਹ-ਮੰਡੇ ਤੇ ਛੋਲੇ-ਮੂੰਗੀ ਦੀ ਦਾਲ। ਜੰਗੀਰਾ ਨਾਈ ਤੇ ਉਹਦੀ ਘਰਵਾਲੀ ਸੀਤੋ ਭਾਂਡੇ-ਟੀਡੇ ਦਾ ਸਾਰਾ ਕੰਮ ਕਿਉਂਟ ਰਹੇ ਸਨ। ਉਸ ਦਿਨ ਜੰਗੀਰੇ ਦੀ ਘਰਵਾਲੀ ਸਰੀਕੇ ਵਿਚੋਂ ਦੋ ਮੁਟਿਆਰ ਕੁੜੀਆਂ ਨੂੰ ਵੀ ਨਾਲ ਲੈ ਆਈ ਸੀ। ਨਾਜਰ ਤੇ ਹਰਨਾਮੀ ਵੀ ਆਏ । ਹਰਨਾਮੀ ਸਿਆਣੀਆਂ ਬੁੜ੍ਹੀਆਂ ਵਿਚ ਬੈਠੀ ਦਾਨੀਆਂ ਗੱਲਾਂ ਮਾਰ ਰਹੀ ਸੀ। ਤੀਰਥ ਅੱਡ ਅੱਡ ਟੋਲੀਆਂ ਵਿਚ ਬੈਠੇ ਸਭ ਲੋਕਾਂ ਨੂੰ ਪੁੱਛ ਰਿਹਾ ਸੀ, ‘ਚਾਹ ਛਕ ਲੀ, ਭਾਈ ?’ ਗੋਂਦੀ ਸ਼ਾਮਿਆਨੇ ਥੱਲੇ ਬੈਠੇ ਬੰਦਿਆਂ ਵਿਚ ਘਿਰਿਆ ਗੀਤਾ ਤੇ ਗਰੁੜ ਪੁਰਾਣ ਦਾ ਉਪਦੇਸ਼ ਸੁਣਾਉਂਦਾ ਤੇ ਲਾਲ ਪਰਨੇ ਨਾਲ ਹਵਾ ਝਲਦਾ ਜਾਂਦਾ।
ਬੈਠਕ ਵਿਚ ਹਰਦਿਲ ਸਿੰਘ ਆਇਆ ਬੈਠਾ ਸੀ। ਮਿਲਖਾ ਸਿੰਘ ਸਰਪੰਚ ਉਹਦੇ ਕੋਲ ਬੈਠਾ ਉਹਨੂੰ ਪੱਖਾ ਝੱਲੀ ਜਾ ਰਿਹਾ ਸੀ। ਉਸ ਦਿਨ ਬਿਜਲੀ ਨਹੀਂ ਸੀ ਤੇ ਗਰਮੀ ਦਾ ਵੱਟ ਵੀ ਬਹੁਤ ਸੀ। ਏਧਰ-ਓਧਰ ਲੋਕ ਅੱਕਲਕਾਣ ਹੋਏ ਬੈਠੇ ਸਨ।
ਘੜਿਆਲ ਵਾਲਾ ਸਾਰੇ ਪਿੰਡ ਵਿਚ ਫਿਰ ਆਇਆ। ਲਾਊਡ-ਸਪੀਕਰ ਉੱਤੇ ਕਈ ਵਾਰ ਐਲਾਨ ਕੀਤਾ ਜਾ ਚੁੱਕਿਆ ਸੀ।
ਸੰਤ ਪਰਾਗਦਾਸ ਦਾ ਸਰੀਰ ਢਲ ਗਿਆ ਸੀ। ਪਰ ਉਹ ਅਖੰਡ-ਪਾਠਾਂ ਦੇ ਅਰੰਭ ਵੇਲੇ ਅੱਧਾ-ਪੌਣਾ ਘੰਟਾ ਆ ਕੇ ਬੈਠਦਾ ਤੇ ਜਾਂ ਫਿਰ ਭੋਗ ਵਾਲੇ ਦਿਨ ਆਉਂਦਾ। ਉਹਦੇ ਆਏ ਬਿਨਾਂ ਤਾਂ ਚੜ੍ਹਾਵਾ ਨਹੀਂ ਚੜ੍ਹਦਾ ਸੀ। ਮੱਲਣ ਆਇਆ ਤਾਂ ਜ਼ਰੂਰ, ਪਰ ਰੁਪਈਆ ਮੱਥਾ ਟੇਕ ਕੇ ਉਹਨੀਂ ਪੈਰਾਂ ਮੂੜ ਗਿਆ। ਚੰਦਕੁਰ ਬੁੜੀਆਂ ਵਿਚ ਚੁੱਪ-ਚਾਪ ਬੈਠੀ ਹੋਈ ਸੀ। ਮਿਹਰ ਬਿਲਕੁਲ ਹੀ ਨਹੀਂ ਆਇਆ। ਘਰੋਂ ਬਾਹਰ ਜਾਣ ਦੀ ਉਹ ਨਮੋਸ਼ੀ ਮੰਨਦਾ।
ਅਰਦਾਸ ਤੋਂ ਬਾਅਦ ਸਭ ਤੋਂ ਪਹਿਲਾਂ ਸੰਤ ਪਰਾਗਦਾਸ ਨੇ ਬੈਠੇ ਬੈਠੇ ਹੀ ਸਪੀਕਰ ਦਾ ਮਾਈਕ ਮੂੰਹ ਕੋਲ ਰਖਵਾ ਕੇ ਉਪਦੇਸ਼ ਦਿੱਤਾ, ‘ਭਾਈ, ਇਹ ਮਨੁੱਸ਼ ਚਲਾਏਮਾਨ ਹੈ। ਸਭ ਨੇ ਹੀ ਜਾਣਾ ਹੈ। ‘ਜੋ ਘੜਿਆ, ਸੋ ਫੁੱਟਸੀ’ ਆਖਿਐ, ‘ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ। ਮਰਨੇ ਤੇ ਹੀ ਪਾਈਐ ਪੂਰਨ ਪਰਮਾਨੰਦ ।’ ਭਾਈ ਝੰਡਾ ਸਿੰਘ ਦੀ ਨੇਕੀ ਨੂੰ ਕੌਣ ਨਹੀਂ ਜਾਣਦਾ। ਅੱਜ ਦਰਗਾਹ ਵਿਚ ਉਹਦੇ ਨਾਮ ਦੇ, ਉਹਦੀਆਂ ਨੇਕ ਕਰਨੀਆਂ ਦੇ ਡੰਕੇ ਵੱਜ ਰਹੇ ਨੇ…?
ਪ੍ਰੀਤਮ ਕੈਰੋਂ ਅੱਜ ਵੀ ਪੀਈਂ ਫਿਰਦਾ ਸੀ। ਅਵਾ-ਤਵਾ ਬੋਲ ਰਿਹਾ ਸੀ। ਪਰ ਉਹ ਹਰਦਿੱਤ ਸਾਹਮਣੇ ਇਕ ਵਾਰ ਵੀ ਨਹੀਂ ਆਇਆ। ਬੈਠਕ ਵਿਚ ਹਰਦਿਲ ਸਿੰਘ ਕੋਲ ਗਿਆ ਤੇ ਹੱਥ ਬੰਨ੍ਹ ਕੇ ‘ਸਾਸਰੀਕਾਲ’ ਆਖੀ। ਹਰਦਿਲ ਸਿੰਘ ਦੇ ਆਲੇ-ਦੁਆਲੇ ਬੈਠੇ ਪਿੰਡ ਦੇ ਲੋਕ ਹੱਸ ਪਏ। ਤੇ ਫੇਰ ਹਰਦਿਲ ਸਿੰਘ ਵੀ ਹੱਸਿਆ। ਕੈਰੋਂ ਬੈਠਾ ਨਹੀਂ। ਸਿਰ ਦਾ ਸਾਫਾ ਸੰਭਾਲਦਾ ਜਿਹਾ ਪਿੱਛੇ ਨੂੰ ਮੁੜ ਗਿਆ। ਆਪਣੇ ਮੂੰਹੋਂ ਅਜੀਬ ਕਿਸਮ ਦੀ ਕੋਈ ਆਵਾਜ਼ ਕੱਢੀ। ਲੋਕ ਫੇਰ ਹੱਸੇ । ਹੁਣ ਭੋਗ ਪੈਣ ਵੇਲੇ ਉਹ ਘਰ ਦੇ ਬਾਰ ਵਿਚ ਲੋਹੇ ਦੇ ਗੇਟ ਦੀ ਢੂਹ ਲਾਈਂ ਊਂਘਦਾ ਜਿਹਾ ਬੈਠਾ ਹੋਇਆ ਸੀ। ਕਦੇ ਕਦੇ ਮੂੰਹੋਂ ਕੋਈ ਗੱਲ ਕਹਿੰਦਾ ਤੇ ਚੁੱਪ ਹੋ ਜਾਂਦਾ । ਫੇਰ ਗਾਉਣ ਲੱਗਦਾ। ਕੋਈ ਉਹਨੂੰ ਝਿੜਕਦਾ ਤਾਂ ਉਹ ਅਗਲੇ ਵੱਲ ਕੌੜੀਆਂ ਲਾਲ ਅੱਖਾਂ ਨਾਲ ਝਾਕ ਕੇ ਚੁੱਪ ਹੋ ਜਾਂਦਾ । ਸੰਤ ਪਰਾਗਦਾਸ ਨੇ ਜਦੋਂ ‘ਦਰਗਾਹ ਵਿਚ ਡੰਕੇ ਵੱਜਣ’ ਦੀ ਗੱਲ ਆਖੀ ਤਾਂ ਕੈਰੋਂ ਦੀ ਆਵਾਜ਼ ਆਈ, ‘ਡੰਕੇ ਤਾਂ, ਸਾਧਾ, ਤੇਰੇ ਨਾਉਂ ਦੇ ਵੀ ਵੱਜਣ ਗੇ, ਦੇਖਦਾ ਜਾਹ।’ ਉਹਦੇ ਕੋਲ ਬੈਠੇ ਬੰਦੇ ਨੇ ਉਹਦੇ ਕੰਨ ਉੱਤੇ ਥੱਪੜ ਮਾਰਿਆ। ਉਹਦੀ ਪੱਗ ਲਹਿ ਗਈ। ਪਰ ਉਹ ਮੁੜ ਕੇ ਨਹੀਂ ਬੋਲਿਆ। ਤੇ ਫੇਰ ਹਰਦਿਲ ਸਿੰਘ ਖੜ੍ਹਾ ਹੋ ਕੇ ਆਪਣਾ ਭਾਸ਼ਣ ਕਰਨ ਲੱਗਿਆ। ਉਹਨੇ ਇਕ-ਦੋ ਗੱਲਾਂ ਮਨੁੱਖ ਦੇ ਜਨਮ-ਮਰਨ ਬਾਬਤ ਆਖੀਆਂ ਤੇ ਫੇਰ ਝੰਡਾ ਸਿੰਘ ਦੇ ਅਫਸੋਸ ਵਿਚ ਦੋ ਸ਼ਬਦ ਆਖ ਕੇ ਹਰਦਿੱਤ ਸਿੰਘ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣ ਲੱਗਿਆ। ਤੇ ਫੇਰ ਘੁਮਾ-ਫਿਰਾ ਕੇ ਗੱਲ ਸੂਬੇ ਦੀ ਰਾਜਨੀਤੀ ਉੱਤੇ ਲੈ ਆਇਆ। ਮੁੱਖ-ਮੰਤਰੀ ਦੇ ਸੋਹਲੇ ਗਾਏ। ਆਪਣੀਆਂ ਸੇਵਾਵਾਂ ਦਾ ਵਖਿਆਨ ਕੀਤਾ। ਨਕਸਲਵਾੜੀ ਮੁੰਡਿਆਂ ਬਾਰੇ ਉਹ ਕੁਝ ਨਹੀਂ ਬੋਲਿਆ। ਅਖੀਰ ਵਿਚ ਇਕ ਵਾਰੀਂ ਫੇਰ ਹਰਦਿੱਤ ਸਿੰਘ ਦੀ ਤਾਰੀਫ਼ ਕੀਤੀ।
ਕੰਨ ਖੜ੍ਹੇ ਕਰਕੇ ਪ੍ਰੀਤਮ ਕੈਰੋਂ ਸਭ ਸੁਣੀ ਜਾ ਰਿਹਾ ਸੀ। ਹਰਦਿਲ ਸਿੰਘ ਨੇ ਜਦੋਂ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਹਿ’ ਆਖਿਆ ਤਾਂ ਕੈਰੋਂ ਬੋਲ ਉਠਿਆ, ‘ਨੰਬਰਦਾਰ ਦੇ ਨਾਲ ਈ ਇਹਨੂੰ ਵੀ ਦਿੰਦੇ ਧਨੇਸੜੀ, ਵੱਡੇ ਸਰਦਾਰ ਨੂੰ। ਸਰਦਾਰ ਹਰਦਿੱਤ ਸਿੰਘ ਕੈਰੋਂ ਨੇ ਦੰਦੀਆਂ ਚਿੜਿਆਈਆਂ ਤੇ ਫੇਰ ਕਹਿੰਦਾ, ‘ਸਾਲਾ ਜੋਕ। ਏਸ ਜੋਕ ਦਾ ਗੰਦਾ ਖੂਨ ਵੀ ਕੱਢਣ ਆਲੈ। ਕੁੜੀ ਦਾ 7 3 । ਸਰਦਾਰ ਹਰਦਿੱਤ ਸਿੰਘ ਉਹਨੇ ਫੇਰ ਦੰਦੀਆਂ ਚਿੜਿਆਈਆਂ । ਉੱਠ ਕੇ ਤੁਰ ਪਿਆ। ਆਲੇ-ਦੁਆਲੇ ਬੈਠੇ ਲੋਕ ਹੱਸ ਰਹੇ ਸਨ। ਇਕ ਨੇ ਆਖਿਆ, ‘ਕੈਰੋਂ ਸਾਅਬ, ਓਏ ਪਰਸ਼ਾਦ ਤਾਂ ਲੈ ।’
‘ਆਂ… ਦੁਸ਼ਟਾਂ ਦਾ ਲੈਣੇ ਪਰਸ਼ਾਦ!’ ਉਹਨੇ ਮੂੰਹੋਂ ਜਾਣੀ-ਪਛਾਣੀ ਅਜੀਬ ਆਵਾਜ਼ ਕੱਢੀ। ਤੇ ਫੇਰ ਆਪ ਹੀ ਹੱਸ ਕੇ ਤੁਰਦਾ ਹੋਇਆ।
ਭਾਗ ਤੀਜਾ
1
ਰਾਮਪੁਰੇ ਤੋਂ ਉਹਨਾਂ ਦੇ ਪਿੰਡਾਂ ਨੂੰ ਜਾਣ ਵਾਲੀ ਲਗਭਗ ਹਰ ਕੋਈ ਬੱਸ ਕਾਲਜ ਦੇ ਗੇਟ ਸਾਹਮਣੇ ਰੁਕਦੀ। ਨਾ ਰੁਕਦੀ ਤਾਂ ਕਾਲਜ ਦੇ ਵਿਦਿਆਰਥੀ ਰੁਕਵਾ ਲੈਂਦੇ । ਸਭ ਬੱਸਾਂ ਦੇ ਡਰਾਈਵਰ ਜਾਣਦੇ ਸਨ ਕਿ ਮੁੰਡੇ ਜ਼ਿੱਦੀ ਹੁੰਦੇ ਹਨ। ਇਹਨਾਂ ਨਾਲ ਝਗੜਨਾ ਜਾਂ ਇਹਨਾਂ ਨੂੰ ਸਮਝਾਉਣਾ ਫਜ਼ੂਲ ਹੈ। ਏਸੇ ਕਾਲਜ ਸਾਹਮਣੇ ਅਜਿਹਾ ਕਈ ਵਾਰ ਹੋਇਆ। ਮੁੰਡਿਆਂ ਨੇ ਰਾਮਪੁਰੇ ਵੱਲ ਜਾਣਾ ਹੁੰਦਾ ਜਾਂ ਫੂਲ ਵੱਲ, ਕੋਈ ਬੱਸ ਜੋ ਨਾ ਰੁਕਦੀ ਦਿਸਦੀ ਤਾਂ ਉਹ ਹੱਥ ਵਿਚ ਹੱਥ ਪਾ ਕੇ ਸੜਕ ਉੱਤੇ ਖੜ੍ਹ ਜਾਂਦੇ। ਜਿਵੇਂ ਬੱਸ ਜੇ ਨਾ ਰੁਕੀ ਤਾਂ ਉਹ ਥੱਲੇ ਆ ਕੇ ਮਰ ਜਾਣਗੇ। ਥੋੜ੍ਹੇ ਦਿਲ ਵਾਲੇ ਡਰਾਈਵਰ ਬੱਸ ਰੋਕ ਲੈਂਦੇ । ਡਰਾਈਵਰ ਵੀ ਅੱਖੜ ਹੁੰਦੇ ਹਨ । ਕੋਈ ਬੱਸ ਨਾ ਰੁਕਦੀ ਤਾਂ ਉਹ ਆਪਣੇ ਹੱਥਾਂ ਦੀ ਸੰਗਲੀ ਤੋੜਦੇ ਅਤੇ ਫੁਰਤੀ ਨਾਲ ਪਰ੍ਹਾਂ ਹੋ ਜਾਂਦੇ । ਪਰ ਉਹਨਾਂ ਦੇ ਹੱਥਾਂ ਵਿਚ ਇਕ-ਇਕ ਪੱਥਰ ਜ਼ਰੂਰ ਹੁੰਦਾ। ਤੇ ਫੇਰ ਪੱਥਰ ਮੀਂਹ ਦੇ ਗੜਿਆਂ ਵਾਂਗ ਬੱਸ ਦੇ ਪਿਛਲੇ ਸ਼ੀਸ਼ਿਆਂ ਉੱਤੇ ਵਰ੍ਹਦੇ। ਸ਼ੀਸ਼ੇ ਟੁੱਟ ਜਾਂਦੇ । ਮੁਸਾਫਰ ਹਾਲ-ਹਾਲ ਕਰਨ ਲੱਗਦੇ। ਬੱਸ ਅਗਾਂਹ ਜਾ ਕੇ ਖੜ੍ਹ ਜਾਂਦੀ। ਡਰਾਈਵਰ ਅਤੇ ਕੰਡਕਟਰ ਗੁੱਸੇ ਵਿਚ ਨਾਸਾਂ ਫਰਕਾਉਂਦੇ ਬੱਸ ਚੋਂ ਉੱਤਰ ਕੇ ਮੁੰਡਿਆਂ ਵੱਲ ਭੱਜਦੇ । ਮੁੰਡੇ ਮਿਰਗ ਛਾਲਾਂ ਮਾਰਦੇ ਕਿਧਰੇ ਦੀ ਕਿਧਰੇ ਨਿੱਕਲ ਜਾਂਦੇ । ਦੋ ਵਾਰੀ ਕੰਡਕਟਰ-ਡਰਾਈਵਰ ਅਤੇ ਮੁੰਡਿਆਂ ਦੀ ਮੁੱਠ-ਭੇੜ ਵੀ ਹੋਈ ਸੀ। ਡਰਾਈਵਰ ਦੇ ਹੱਥ ਵਿਚ ਟਾਇਰ ਉੱਤੇ ਮਾਰ ਕੇ ਹਵਾ ਜਾਂਚਣ ਵਾਲਾ ਡੰਡਾ ਅਤੇ ਕੰਡਕਟਰ ਦੇ ਹੱਥ ਵਿਚ ਲੋਹੇ ਦਾ ਸਰੀਆ । ਮੁੰਡਿਆਂ ਕੋਲ ਇੱਟਾਂ-ਰੋੜੇ । ਪਰ ਮੁਸਾਫਰਾਂ ਨੇ ਵਿਚ-ਵਿਚਾਲੇ ਪੈ ਕੇ ਗੱਲ ਟਾਲ ਦਿੱਤੀ ਸੀ। ਇਕ ਵਾਰੀ ਮੁੰਡਿਆਂ ਨੇ ਕੰਡਕਟਰ ਅਤੇ ਡਰਾਈਵਰ ਦੋਵਾਂ ਨੂੰ ਡਲੇ ਮਾਰ-ਮਾਰ ਡੱਕਰਿਆ ਸੀ ਤਾਂ ਮੁੜਦੀ ਬੱਸ ਨੂੰ ਓਹੀ ਕੰਡਕਟਰ-ਡਰਾਈਵਰ ਆਪਣੇ ਬੰਦੇ ਲੈ ਕੇ ਆ ਗਏ ਸਨ । ਸੜਕ ਉੱਤੇ ਹੀ ਜੰਮ ਕੇ ਲੜਾਈ ਹੋਈ। ਦੋਵੇਂ ਧਿਰਾਂ ਦੇ ਸੱਟਾਂ ਲੱਗੀਆਂ। ਸੜਕ ਉੱਤੇ ਇੱਟਾਂ-ਰੋੜਿਆਂ ਦਾ ਜਿਵੇਂ ਮੀਂਹ ਪੈ ਕੇ ਹਟਿਆ ਹੋਵੇ।
ਪਰ ਹੁਣ ਕੋਈ ਅਜਿਹੀ ਬੱਸ ਨਹੀਂ ਸੀ ਜਿਹੜੀ ਕਾਲਜ ਸਾਹਮਣੇ ਆ ਕੇ ਨਾ ਖੜ੍ਹਦੀ ਹੋਵੇ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਨਾ ਚੜ੍ਹਾਉਂਦੀ ਹੋਵੇ। ਉਸ ਦਿਨ ਉਹਨਾਂ ਦੇ ਪੀਰੀਅਡ ਖ਼ਤਮ ਹੋਏ ਤਾਂ ਉਹ ਕਾਲਜ-ਕੰਟੀਨ ਕੋਲ ਉੱਸਰੇ ਲੰਮੇ-ਚੌੜੇ ਥੁਰ (ਜਿਹੜਾ ਉੱਤੋਂ ਪੱਧਰਾ ਕਰ ਦਿੱਤਾ ਗਿਆ ਸੀ।) ਉੱਤੇ ਦੋ ਕੁਰਸੀਆਂ ਲੈ ਕੇ ਜਾ ਬੈਠੇ । ਪਹਿਲਾਂ ਚਾਹ ਪੀਤੀ ਅਤੇ ਫੇਰ ਗੱਲਾਂ ਕਰਨ ਲੱਗੇ। ਥੂਰ ਉੱਤੇ ਬੈਠੇ ਹੋਰ ਮੁੰਡੇ-ਕੁੜੀਆਂ ਕਦੇ-ਕਦੇ ਉਹਨਾਂ ਵੱਲ ਗਹੁ ਨਾਲ ਝਾਕਦੇ । ਪਰ ਚੁੱਪ ਰਹਿੰਦੇ। ਕੋਈ ਨਾ ਬੋਲਦਾ, ਕੋਈ ਵੀ ਚੁਭਵੀਂ ਗੱਲ ਨਾ ਆਖਦਾ। ਮੁੰਡੇ-ਕੁੜੀ ਦੇ ਨਿੱਘੇ, ਸ਼ਰੀਫ ਅਤੇ ਸਾਊ ਸੁਭਾਅ ਨੂੰ ਸਾਰੇ ਹੀ ਜਾਣਦੇ ਸਨ । ਪੁਸ਼ਪਿੰਦਰ ਕਾਲਜ ਦੇ ਦੂਜੇ ਮੁੰਡੇ-ਕੁੜੀਆਂ ਨੂੰ ਅੱਧ ਕੁ ਦੀ ਹੋ ਕੇ ਮਿਲਦੀ। ਮੁੰਡਿਆਂ ਨੂੰ ਵੀਰਾ-ਵੀਰਾ ਕਰਦੀ ਰਹਿੰਦੀ। ਬਹੁਤਾ ਹੀ ਮਿੱਠਾ ਬੋਲਦੀ । ਨਸੀਬ ਮੁੰਡਿਆਂ ਵਿਚ ਸਦਾ ਪੰਘਰਿਆ-ਪੰਘਰਿਆ ਰਹਿੰਦਾ। ਉਹਨੂੰ ਕੋਈ ਬੁਲਾਉਂਦਾ ਤਾਂ ਉਹਦੀ ਦੇਹ ਖਿੰਡ-ਖਿੰਡ ਜਾਂਦੀ । ਮੁੰਡੇ ਉਹਨੂੰ ਜੱਫੀ ਵਿਚ ਲੈ ਕੇ ਘੁਟਦੇ । ਉਹਦੇ ਮੂੰਹ ਦੀਆਂ ਚੁੰਮੀਆਂ ਲੈ ਜਾਂਦੇ।
ਦਸੰਬਰ-ਜਨਵਰੀ ਦੇ ਦਿਨ ਸਨ । ਉਸ ਦਿਨ ਅੰਬਰ ਸਾਫ ਸੀ ਤੇ ਹਵਾ ਆਪਣੀ ਧੀਮੀ ਚਾਲ ਵਿਚ ਰੁਮਕ ਰਹੀ ਸੀ। ਮਿੱਠੀ-ਮਿੱਠੀ, ਪਿਆਰੀ-ਪਿਆਰੀ ਹਵਾ ਜਿਵੇਂ ਦੁਨੀਆਂ ਭਰ ਦੇ ਫੁੱਲਾਂ ਵਿਚੋਂ ਲੰਘ ਕੇ ਆ ਰਹੀ ਹੋਵੇ। ਨਿੱਘੀ-ਨਿੱਘੀ ਧੁੱਪ ਵਿਚ ਕੋਈ ਸ਼ਹਿਦ ਘੁਲਿਆ ਹੋਇਆ ਸੀ। ਪੁਸ਼ਪਿੰਦਰ ਦੇ ਅੰਗਾਂ ਵਿਚ ਅੱਚਵੀ ਜਿਹੀ ਭਰਨ ਲੱਗੀ। ਮੋਢਿਆਂ ਤੱਕ ਦੋਵੇਂ ਹੱਥ ਉਠਾ ਕੇ ਉਹਨੇ ਉਬਾਸੀ ਲਈ। ਪੁੱਛਣ ਲੱਗੀ, ‘ਜੇ ਮੈਂ ਮਰ ਜਾਂ, ਮੈਨੂੰ ਕਿੰਨਾ ਕੁ ਰੋਏਂਗਾ ?’
ਨਸੀਬ ਹੱਸਣ ਲੱਗਿਆ। ਕਹਿੰਦਾ, ‘ਇਉਂ ਕਿਮੇਂ ਮਰਜੇਂਗੀ ਤੂੰ ? ਸੋਹਣੀਆਂ ਚੀਜਾਂ ਕਦੇ ਨ੍ਹੀਂ ਮਰੀਆਂ । ਉਹਨਾਂ ਦੇ ਚਾਹੁਣ ਵਾਲੇ ਮੁੱਕ ਜਾਂਦੇ ਨੇ ।’
‘ਸੋਹਣੀ ਤਾਂ ਮੈਂ ਕਿਧਰਲੀ ਆਂ!’
‘ਤੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ । ਬੱਸ ਜਿਮੇਂ..’
‘ਮੇਰੀਆਂ ਅੱਖਾਂ ?’ ਉਹ ਉੱਚਾ ਹੱਸੀ। ਫੇਰ ਕਹਿੰਦੀ, ‘ਮੇਰੀ ਮਾਂ ਤਾਂ ਕਹਿੰਦੀ ਹੁੰਦੀ ਐ …’
‘ਕੀ ਕਹਿੰਦੀ ਹੁੰਦੀ ਐ, ਮਾਂ ?’
‘ਨਾ ਦੱਸਣਾ ਨ੍ਹੀਂ।’
‘ਕਿਉਂ ਨ੍ਹੀਂ ਦੱਸਣਾ ?’
‘ਬੱਸ, ਮਰਜੀ ਮੇਰੀ ।’
‘ਤੈਨੂੰ ਮੇਰੀ ਸਹੁੰ ।’ ਨਸੀਬ ਉਹਦੀਆ ਅੱਖਾਂ ਵੱਲ ਹੀ ਝਾਕੀ ਜਾ ਰਿਹਾ ਸੀ।
‘ਹਾਏ! ਲੈ ਸਹੁੰ ਵੀ ਪਵਾ ’ਤੀ। ਇਹ ਕਿਹੜੀ ਗੱਲ ਹੋਈ ?’
‘ਦੱਸ ਫੇਰ, ਕੀ ਕਹਿੰਦੀ ਹੁੰਦੀ ਐ, ਮਾਂ ਤੇਰੀਆਂ ਅੱਖਾਂ ਨੂੰ ??
‘ਮਾਂ ਕਹਿੰਦੀ ਹੁੰਦੀ ਐ ‘, ਉਹ ਫੇਰ ਹੱਸਣ ਲੱਗੀ।
‘ਤੈਨੂੰ ਵੀ ਤਪਿਓ ਦੁਆਈ ਲਿਆ ਕੇ ਦੇਣੀ ਪਊ। ਦਮਾਗ ‘ਚ ਫਰਕ ਆ ਗਿਆ ਲਗਦੈ ਕੁਸ। ਹੈ ਨਾ ?’
‘ਹਾਂ, ਲੈ ਚੱਲ ਤਪੇ ਮੈਨੂੰ ।’
‘ਦੱਸ ਵੀ ਫੇਰ, ਕੀ ਕਹਿੰਦੀ ਐ ਮਾਂ ? ਤੂੰ ਤਾਂ ਹੱਸੀਂ ਜਾਨੀ ਐਂ।’
‘ਢਾਂਡੇ-ਅੱਖੀ।’ ਉਹ ਖੱਲ੍ਹ ਕੇ ਹੱਸੀ। ਥੂਰ ਉੱਤੇ ਕੋਈ ਮੁੰਡਾ-ਕੁੜੀ ਨਹੀਂ ਰਹਿ ਗਿਆ ਸੀ। ਸਭ ਦੇ ਪੀਰੀਅਡ ਖ਼ਤਮ ਹੋ ਚੁੱਕੇ ਸਨ। ਸਭ ਵਿਦਿਆਰਥੀ ਆਪੋ-ਆਪਣੇ ਘਰਾਂ ਨੂੰ ਚਲੇ ਗਏ ਸਨ। ਪ੍ਰੋਫੇਸਰ ਵੀ।
ਉਹ ਉੱਠੇ । ਕੰਟੀਨ ਵਾਲੇ ਨੂੰ ਪੁਸ਼ਪਿੰਦਰ ਨੇ ਚਾਹ ਦੇ ਪੈਸੇ ਦਿੱਤੇ ਅਤੇ ਉਹ ਕਾਲਜ ਦੇ ਗੇਟ ਅੱਗੇ ਆ ਕੇ ਸੀਮਿੰਟ ਦੇ ਬੈਂਚ ਕੋਲ ਖੜ੍ਹੇ ਬੱਸ ਦਾ ਇੰਤਜ਼ਾਰ ਕਰਨ ਲੱਗੇ। ਦਸ ਮਿੰਟਾਂ ਤੱਕ ਕੋਈ ਬੱਸ ਨਹੀਂ ਆਈ। ਪੁਸ਼ਪਿੰਦਰ ਕਹਿਣ ਲੱਗੀ, ‘ਚੱਲ, ਤੁਰੇ ਚਲਦੇ ਆਂ। ਫੂਲ ਤੋਂ ਚੜ੍ਹ ਪਮਾਂਗੇ ।’
ਨਸੀਬ ਤੁਰ ਪਿਆ ।
ਉਹ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰ ਪੈਰੀਂ ਤੁਰ ਕੇ ਫੂਲ ਪਹੁੰਚੇ ਸਨ। ਇੰਜ ਕਰਨ ਨਾਲ ਉਹਨਾਂ ਨੂੰ ਗੱਲਾਂ ਕਰਨ ਦਾ ਖੁੱਲ੍ਹਾ ਮੌਕਾ ਮਿਲ ਜਾਂਦਾ। ਕਾਲਜ ਵਿਚ ਤਾਂ ਇਕ ਧੁੜਕੂ ਜਿਹਾ ਲੱਗਿਆ ਰਹਿੰਦਾ। ਕਿਧਰੇ ਉਹਨਾਂ ਦੀ ਕੋਈ ਗੱਲ ਕਿਸੇ ਹੋਰ ਦੇ ਕੰਨੀਂ ਨਾ ਪੈ ਜਾਵੇਂ, ਭਾਵੇਂ ਕਿ ਸਾਰੇ ਮੁੰਡੇ-ਕੁੜੀਆਂ, ਇਥੋਂ ਤੱਕ ਕਿ ਕਈ ਪ੍ਰੋਫੈਸਰ ਵੀ, ਉਹਨਾਂ ਬਾਰੇ ਜਾਣਦੇ ਸਨ। ਬੋਲਦਾ-ਟੋਕਦਾ ਚਾਹੇ ਕੋਈ ਕੁਝ ਕ ਵੀਂ ਸੀ, ਫੇਰ ਵੀ ਦੋਹਾਂ ਨੂੰ ਮਨ ਦਾ ਪਾਲਾ ਖਾਂਦਾ ਰਹਿੰਦਾ। ਉਹ ਲੋਕਾਂ ਦੀਆਂ ਅੱਖਾਂ ਤੋਂ ਬਚ-ਬਚ ਕੇ ਰਹਿੰਦੇ।
ਅੱਧ ਵਿਚ ਜਾ ਕੇ ਜਦੋਂ ਉਹਨਾਂ ਨੂੰ ਫੂਲ ਆਉਂਦਾ ਦਿਸਿਆ ਤਾਂ ਪੁਸ਼ਪਿੰਦਰ ਪਿੱਪਲ ਨਾਲ ਢਾਹ ਲਾ ਕੇ ਖੜ੍ਹ ਗਈ। ਮੂੰਹ ਉੱਤੇ ਕਿਤਾਬ ਦੀ ਨੁੱਕਰ ਛੁਹਾਉਂਦੀ ਹੋਈ ਕਹਿਣ ਲੱਗੀ, ‘ਇਕ ਗੱਲ ਆਖਾਂ ਤੈਨੂੰ ?’
‘ਆਖ।’ ਉਹ ਭਮੱਤਰ ਕੇ ਥਾਂ ਦੀ ਥਾਂ ਖੜ੍ਹ ਗਿਆ। ਸੋਚਦਾ ਸੀ, ਉਹ ਪਤਾ ਨਹੀਂ ਕੀ ਕਹੇਗੀ ?
ਉਹ ਕਹਿੰਦੀ, ‘ਇਉਂ ਆਪਾਂ ਕਿੰਨਾ ਕੁ ਚਿਰ ਮੂੰਹ ਦੀ ਮਗਜਾਲੀ ਮਾਰਦੇ ਰਹਾਂਗੇ । ਕਿਉਂ ਨਾ ਕੋਈ ਫੈਸਲਾ ਕਰ ਲੀਏ ?’
‘वरी डैमला ?’
‘ਤੂੰ ਮੇਰਾ ਹੱਥ ਫੜ ਕੇ ਸਹੁੰ ਖਾਹ, ਬਈ ਮੇਰੀ ਗੱਲ ਮੋੜੇਂਗਾ ਨ੍ਹੀਂ।’
‘ਪਹਿਲਾਂ ਕਦੋਂ ਮੈਂ ਤੇਰੀ ਕਿਸੇ ਗੱਲ ਨੂੰ ਧੱਕਿਐ? ਤੂੰ ਜੋ ਮਰਜ਼ੀ ਆਖ। ਮੈਂ ਤਾਂ, ਹੀਰੇ, ਗੁਲਾਮ ਆਂ ਤੇਰਾ, ਬਿਨ ਦੰਮਾਂ ਦਾ ।’ ਨਸੀਬ ਨੇ ਧਾਹ ਕੇ ਪੁਸ਼ਮਿੰਦਰ ਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ। ਤੜਫਦੀ-ਹਉਂਕਦੀ ਘੁੱਗੀ ਜਿਹਾ ਉਹਦਾ ਹੱਥ ਨਸੀਬ ਨੂੰ ਕਿਸੇ ਵਜਦ ਜਿਹੇ ਤੱਕ ਲੈ ਗਿਆ ਸੀ। ਉਹ ਕਣ-ਕਣ ਖਿੰਡਿਆ ਖੜ੍ਹਾ ਸੀ।
ਪੁਸ਼ਪਿੰਦਰ ਬੋਲੀ, ‘ਦੇਖ, ਬੀਏ ਦਾ ਆਪਣਾ ਆਖਰੀ ਸਾਲ ਐ। ਫੇਰ ਤਾਂ ਆਪਾਂ ਮਿਲਣਾ ਨ੍ਹੀਂ ਅਗਲੇ ਸਾਲ। ਮੀਨ੍ਹੇ-ਵੀਹ ਦਿਨਾਂ ਤੱਕ ਆਪਾਂ ਫਰੀਅ ਵੀ ਹੋ ਜਾਣੈ। ਤੂੰ ਦੱਸ, ਤੇਰੀ ਕੀ ਸਲਾਹ ਐ ?’
‘ਓਏ ਹੋਏ । ਤੂੰ ਮੂੰਹੋਂ ਤਾਂ ਫੁੱਟ ।’ ਮੁੰਡੇ ਨੇ ਕੁੜੀ ਦਾ ਹੱਥ ਆਪਣੇ ਮੱਥੇ ਨੂੰ ਲਾ ਲਿਆ।
‘ਮੈਂ ਤੈਨੂੰ ਚੰਗੀ ਲਗਦੀ ਆਂ ਨਾ ?’
‘ਬਈ ਵਾਹ, ਇਹ ਕਿਹੜੀ ਪੁੱਛਣ ਆਲੀ ਗੱਲ ਐ ?
‘ਤਾਂ ਫੇਰ ਬੀਏ ਦਾ ਇਮਤਿਹਾਨ ਦੇ ਕੇ ਆਪਾਂ ਵਿਆਹ ਕਰਾ ਲੀਏ।’
ਨਸੀਬ ਦੇ ਹੱਥ ਢਿੱਲੇ ਪੈ ਗਏ । ਉਹ ਪੁਸ਼ਪਿੰਦਰ ਤੋਂ ਦੂਰ ਹੋ ਕੇ ਖੜ੍ਹ ਗਿਆ। ਹੈਰਾਨੀ ਭਰੀਆਂ ਅੱਖਾਂ ਨਾਲ ਉਹਨੂੰ ਦੇਖਣ ਲੱਗਿਆ। ਗੁੰਮ-ਸੁੰਮ ਹੀ ਬਣ ਗਿਆ। ਜਿਵੇਂ ਉਹਨੂੰ ਕੋਈ ਵੀ ਗੱਲ ਨਾ ਔੜ ਰਹੀ ਹੋਵੇ।
‘ਨਹੀਂ ਚਾਹੁੰਦਾ ਤੂੰ ?’ ਪੁਸ਼ਪਿੰਦਰ ਨੇ ਪੁੱਛਿਆ।
ਸੁੱਕੇ ਥੁੱਕ ਦੀ ਘੁੱਟ ਅੰਦਰ ਲੰਘਾ ਕੇ ਨਸੀਬ ਬੋਲਿਆ, ‘ਨਹੀਂ ਮੇਰੇ ਚਾਹੁਣ ਦੀ ਗੱਲ ਨ੍ਹੀਂ, ਪਿੰਦਰ। ਇਹ ਹੋ ਨ੍ਹੀਂ ਸਕੂਗਾ।
‘ਕਿਉਂ ਨ੍ਹੀਂ ਹੋ ਸਕਦਾ ? ਸਭ ਹੋ ਸਕਦੈ। ਜਿਹੜੀ ਗੱਲ ਤੂੰ ਚਿੱਤ ‘ਚ ਕੀਤੀ ਐ ਨਾ, ਮੈਂ ਪਹਿਲਾਂ ਸੋਚ ਰੱਖੀ ਐ। ਹੁਣ ਕੌਣ ਗੌਲਦੈ, ਇਹਨਾਂ ਜਾਤਾਂ-ਪਾਤਾਂ ਨੂੰ । ਨਾਲੇ ਬਾਪੂ ਜੀ ਤਾਂ ਪੱਕੇ ਕਾਂਗਰਸੀ ਰਹਿ ਚੁੱਕੇ ਐ। ਕੀ ਹੋਇਆ, ਜੇ ਹੁਣ ਅਕਾਲੀ ਨੇ । ਸੱਚਾ ਅਕਾਲੀ ਵੀ ਕੋਈ ਜਾਤਾਂ-ਪਾਤਾਂ ‘ਚ ਨ੍ਹੀਂ ਪੈਂਦਾ । ਤੂੰ ਆਪ ਦਿਲ ਕੱਢ ਪਹਿਲਾਂ। ਪੁਸ਼ਪਿੰਦਰ ਨਸੀਬ ਦੇ ਡੌਲੇ ਫੜੀ ਖੜ੍ਹੀ ਸੀ।
ਆਪਣੀ ਗੱਲ ਵਿਚ ਉਹ ਐਨੇ ਗੁਆਚ ਗਏ ਕਿ ਉਹਨਾਂ ਨੂੰ ਆਉਂਦੇ-ਜਾਂਦੇ ਸਾਈਕਲਾਂ ਦਾ ਵੀ ਕੋਈ ਧਿਆਨ ਨਹੀਂ ਰਹਿ ਗਿਆ ਸੀ। ਲੋਕ ਉਹਨਾਂ ਬਾਰੇ ਪਤਾ ਨਹੀਂ ਕੀ ਸੋਚਦੇ ਲੰਘਦੇ ਜਾ ਰਹੇ ਸਨ। ਇਕ ਬੱਸ ਏਧਰੋਂ ਅਤੇ ਇਕ ਬੱਸ ਓਧਰੋਂ ਉਹਨਾਂ ਦੇ ਕੋਲ ਦੀ ਲੰਘ ਗਈਆਂ ਸਨ। ਇਕ ਕੋਈ ਕਾਰ ਵੀ ਲੰਘੀ ਸੀ। ਪਰ ਉਹਨਾਂ ਨੂੰ ਕਿਸੇ ਦਾ ਕੋਈ ਖਿਆਲ ਨਹੀਂ ਸੀ, ਕੋਈ ਡਰ ਨਹੀਂ ਸੀ।
ਨਸੀਬ ਨੇ ਹੀ ਆਖਿਆ, ‘ਚਲ ਤੁਰੀਏ। ਤੁਰੇ ਜਾਂਦੇ ਗੱਲ ਕਰਦੇ ਆਂ। ਇਉਂ ਖੜ੍ਹਨਾ ਠੀਕ ਨੀਂ । ਪਤਾ ਨ੍ਹੀਂ ਕੋਈ ਕੀ ਸੋਚਦਾ ਹੋਊਗਾ ।’
ਪੁਸ਼ਪਿੰਦਰ ਨੇ ਅੱਖਾਂ ਭਰ ਲਈਆਂ। ਚੁੰਨੀ ਦੇ ਪੱਲੇ ਨਾਲ ਨੱਕ ਪੂੰਝਿਆ। ਉਹ ਸੜਕ ਦੇ ਖੱਬੇ ਪਾਸੇ ਕੱਚੇ ਥਾਂ ਹੌਲ਼ੀ ਹੌਲ਼ੀ ਤੁਰਨ ਲੱਗੇ। ਇਕ ਸਰੀਂਹ ਕੋਲ ਆ ਕੇ ਪੁਸ਼ਪਿੰਦਰ ਫੇਰ ਖੜ੍ਹ ਗਈ। ਡੂੰਘਾ ਜਿਹਾ ਬੋਲ ਕੱਢ ਕੇ ਕਹਿਣ ਲੱਗੀ, ‘ਮੈਨੂੰ ਨ੍ਹੀਂ ਪਤਾ, ਅੱਜ ਈ ਦੱਸ ਕੇ ਜਾਹ ਮੈਨੂੰ । ਨਹੀਂ ਤਾਂ ਬੱਸ, ਮੈਨੂੰ ਨਾ ਬੁਲਾਈਂ ਮੁੜ ਕੇ ।’ ਉਹਦੀ ਆਵਾਜ ਵਿਚ ਹੰਝੂਆਂ ਦੀ ਸਿੱਲ੍ਹ ਸੀ ।
‘ਚੰਗਾ ਬਾਬਾ, ਮੈਂ ਕਦੋਂ ਨਾਂਹ ਕਰਦਾਂ । ਪਰ ਜੇ ਤੇਰੇ ਬਾਪੂ ਜੀ ਨੇ ਰੋਕ ‘ਤਾ ਤਾਂ ਤੂੰਈਂ ਸਮਝੀ। ਫੇਰ ਖਰਾਬ ਗੱਲ ਐ। ਜੇ ਨਾ ਈ ਛੇੜੇ ਇਹ ਕਹਾਣੀ, ਤਾਂ ਠੀਕ ਐ।’ ਨਸੀਬ ਨੇ ਅੱਧੀ ਹਾਂ ਅਤੇ ਅੱਧੀ ਨਾਂਹ ਵਿਚ ਗੱਲ ਆਖੀ।
‘ਕਹਾਣੀ ਨੂੰ ਤਾਂ ਮੈਂ ਆਪੇ ਦੇਖੂੰ । ਤੂੰ ਨਾ ਭੱਜੀਂ ।’
ਉਹ ਫੇਰ ਤੁਰ ਪਏ । ਨਸੀਬ ਕਹਿੰਦਾ, ‘ਮੈਂ ਤਾਂ ਨਹੀਂ ਭੱਜਦਾ । ਪਰ ਭੌਜਣ ਆਲੇ ਭਜਾ ਦੇਣਗੇ। ਨਿੱਕੀ-ਸੁੱਕੀ ਜਾਤ ਜੱਟਾਂ ਮੂਹਰੇ ਕਿਮੇਂ ਅੜੂ ?
‘ਜਦੋਂ ਮੈਂ ਤੇਰੇ ਨਾਲ ਆਂ। ਜੱਟਾਂ ਦਾ ਜੱਟਪਣਾ ਤਾਂ ਕਿਧਰੇ ਜਾਊ।’
ਤੇ ਫੇਰ ਫੂਲ ਦੇ ਨੇੜੇ ਪਹੁੰਚ ਕੇ ਨਸੀਬ ਆਖਣ ਲੱਗਿਆ, ‘ਸਾਡੇ ਕੋਲ ਨਾ ਤਾਂ ਕੋਈ ਜਮੀਨ-ਜੈਦਾਦ ਐ, ਨਾ ਈ ਮੇਰਾ ਬਾਪ ਕੋਈ ਬਿਜ਼ਨਸਮੈਨ ਸੀ, ਅਸੀਂ ਤਾਂ ਜੱਟਾਂ ਦੇ ਘਰੀਂ ਭਾਂਡੇ ਮਾਂਜਦੇ ਆਂ। ਪੁਸ਼ਤਾਂ ਤੋਂ ਸਾਡੇ ਘਰ ਦਾ ਇਹੀ ਕਿੱਤਾ ਐ । ਸਾਡੇ ਘਰ ਜਾ ਕੇ ਤੈਨੂੰ ਸ਼ਰਮ ਨ੍ਹੀਂ ਆਉ ? ਤੇਰਾ ਓਥੇ ਜੀਅ ਕਿਮੇਂ ਲੱਗੂ ?’
‘ਆਪਾਂ ਓਥੇ ਰਹਿੰਦੇ ਈ ਨ੍ਹੀਂ, ਤੂੰ ਸਰਵਿਸ ਕਰੀਂ, ਮੈਂ ਸਰਵਿਸ ਕਰੂੰਗੀ। ਕਮਾਮਾਂਗੇ ਤੇ ਖਾਮਾਂਗੇ । ਆਪਾਂ ਕੀ ਲੈਣੈ ਜ਼ਮੀਨ-ਜੈਦਾਦ ਤੋਂ ?’
‘ਸਰਵਿਸ ਮਿਲਣ ਦਾ ਕੀ ਪਤੈ । ਹਜ਼ਾਰਾਂ ਮੁੰਡੇ-ਕੁੜੀਆਂ ਬੀਏ-ਐੱਮੇ ਕਰਕੇ ਵਿਹਲੇ ਧੱਕੇ ਖਾਂਦੇ ਫਿਰਦੇ ਐ। ਨਾ ਮਿਲੀ ਸਰਵਿਸ, ਤਾਂ ਖਾਮਾਂਗੇ ਕਿੱਥੋਂ ?’
ਪੁਸ਼ਪਿੰਦਰ ਸੋਚਾਂ ਵਿਚ ਪੈ ਗਈ । ਬੱਸ-ਅੱਡਾ ਨੇੜੇ ਆਉਂਦਾ ਜਾ ਰਿਹਾ ਸੀ। ਕਚਹਿਰੀਆਂ ਅੱਗੇ ਖੜ੍ਹੇ ਲੋਕ ਦਿੱਸਣ ਲੱਗ ਪਏ ਸਨ। ਉਹਨੇ ਗੱਲ ਮੁਕਾਈ, ‘ਜਿੰਨਾ ਚਿਰ ਤੈਨੂੰ ਸਰਵਿਸ ਨੀ ਮਿਲਦੀ, ਮੈਂ ਤੇਰਾ ਇੰਤਜ਼ਾਰ ਕਰੂੰਗੀ। ਆਬਦੇ ਬਾਪ ਦੀ ਜ਼ਮੀਨ-ਜੈਦਾਦ ਆਲੀ ਗੱਲ ਦਿਲੋਂ ਕੱਢ ਦੇ। ਆਬਦੇ ਬਾਪ ਦੀ ਜ਼ਮੀਨ-ਜੈਦਾਦ ਦਾ ਮੈਨੂੰ ਕੀ ਸਹਾਰਾ, ਮੈਨੂੰ ਕਿਹੜਾ ਉਹ ਮਿਲਣੀ ਐ। ਇਹ ਜੱਟ-ਨਾਈ ਆਲੀ ਗੱਲ ਵੀ ਤੇਰੀ ਫਜ਼ੂਲ ਐ। ਰੱਬ ਨੇ ਬੰਦੇ ਸਾਰੇ ਇਕ ਬਣਾਏ ਐ। ਮੈਂ ਨ੍ਹੀਂ ਮੰਨਦੀ ਇਹਨਾਂ ਜਾਤਾਂ-ਜੂਤਾਂ ਨੂੰ । ਤੂੰ ਇਕ ਵਾਰੀਂ ਕਰੜੇ ਦਿਲ ਨਾਲ ‘ਹਾਂ’ ਆਖ ਦੇ ਬੱਸ। ਦੁਨੀਆ ਏਧਰ ਦੀ ਓਾ ‘ਰ ਹੋ ਜੇ, ਮੇਰੀ ਸਹੁੰ ਖਾ ਕੇ ਆਖ, ਬਈ ਤੂੰ ਭੱਜੇਂਗਾ ਨ੍ਹੀਂ । ਮੈਨੂੰ ਭਾਮੇਂ ਦਸ ਸਾਲ ਡੀਕਣਾ ਪੈ ਜੇ ਮੈਂ ਨ੍ਹੀਂ ਭੱਜਦੀ।
‘ਚੰਗਾ ਫੇਰ ਠੀਕ ਐ।’ ਨਸੀਬ ਨੇ ਇਸ ਵਾਰ ਪੂਰੇ ਦਿਲ ਨਾਲ ਹੁੰਗਾਰਾ ਭਰਿਆ।
ਉਹ ਕਹਿੰਦੀ, ‘ਚੰਗਾ ਹੁਣ, ਅੱਡੇ ‘ਤੇ ਜਾ ਕੇ ਆਪਾਂ ਅੱਡ-ਅੱਡ ਬੱਸਾਂ ਤੇ ਜਾਮਾਂ ਗੇ। ਪਹਿਲਾਂ ਮੈਂ ਜਾਊਂ, ਤੂੰ ਮਗਰਲੀ ਬੱਸ ਆ ਜੀਂ।’
‘ਚੰਗਾ ਫੇਰ, ਤੇਰੀਆਂ ਸਾਰੀਆਂ ਗੱਲਾਂ ਮੰਨ ਲੀਆਂ, ਹੁਣ ਹੱਸ ਤਾਂ ਪੈ।’
ਉਹ ਹੱਸੀ ਨਹੀਂ। ਅੱਡਾ ਨੇੜੇ ਆਇਆ ਦੇਖ ਕੇ ਸਗੋਂ ਗੰਭੀਰ ਹੋ ਗਈ। ਲੋਕਾਂ ਵਲ ਗਹੁ ਨਾਲ ਝਾਕਣ ਲੱਗੀ। ਦੇਖਦੀ ਸੀ, ਕਿਧਰੇ ਕੋਈ ਕੋਠਿਆਂ ਦਾ ਬੰਦਾ ਤਾਂ ਨਹੀਂ ਖੜ੍ਹਾ ਉਹਨੂੰ ਦੇਖਦਾ । ਕੋਈ ਹੋਰ ਜਾਣ-ਪਛਾਣ ਵਾਲਾ ਨਾ ਹੋਵੇ ਤੇ ਫੇਰ ਉਹਨੇ ਨਸੀਬ ਨੂੰ ਇਕ ਹੋਰ ਗੱਲ ਆਖੀ, ‘ਕੱਲ੍ਹ ਤੋਂ ਆਪਾਂ ਕਾਲਜ ‘ਚ ਅੱਡ-ਅੱਡ ਹੋ ਕੇ ਰਹਿਆ ਕਰੀਏ। ਮੁੰਡੇ-ਕੁੜੀਆਂ ਪਤਾ ਨ੍ਹੀਂ ਕੀ ਗੱਲਾਂ ਕਰਦੇ ਹੋਣਗੇ ਆਪਣੀਆਂ। ਮੂੰਹ ‘ ਤੇ ਤਾਂ ਕੋਈ ਆਖਦਾ ਨ੍ਹੀਂ ਹੁੰਦਾ। ਬੱਸ ਸਵੇਰੇ-ਸਵੇਰੇ ਕਾਲਜ ਆ ਕੇ ਇਕ ਵਾਰੀ ਇਕ-ਦੂਜੇ ਕੰਨੀਂ ਝਾਕ ਲਿਆ ਕਰਾਂਗੇ ! ਬੋਲਣਾ ਨ੍ਹੀਂ ‘
‘ਠੀਕ ਐ, ਹੁਣ ਬੱਸ ਤਿਆਰੀ ਕਰੀਏ ਦੱਬ ਕੇ ਇਮਤਿਹਾਨ ਦੀ। ਫਸਟ ਡਵੀਜ਼ਨਾਂ ਲਈਏ, ਫੇਰ ਈ ਸੁਆਦ ਐ। ਕਿਤੇ ਫੇਲ੍ਹ ਈ ਨਾ ਹੋ ਜੀਏ। ਫੇਰ ਤਾਂ ਪਿਆਰ-ਈ ਪਿਆਰ ਪੱਲੇ ਰਹਿ ਜੂ।
ਉਹ ਅੱਡੇ ਉੱਤੇ ਪਹੁੰਚੇ ਹੀ ਸਨ ਕਿ ਰਾਮਪੁਰੇ ਵੱਲੋਂ ਬੱਸ ਆ ਗਈ। ਪੁਸ਼ਪਿੰਦਰ ਨਸੀਬ ਵੱਲ ਇਕ ਬਿੰਦ ਝਾਕੀ ਅਤੇ ਫ਼ੇਰ ਬੱਸ ਦੀ ਪਿਛਲੀ ਤਾਕੀ ਮੂਹਰੇ ਖੜ੍ਹ ਕੇ ਉੱਤਰ ਰਹੀਆਂ ਸਵਾਰੀਆਂ ਨੂੰ ਦੇਖਣ ਲੱਗੀ। ਜਿੰਨੀਆਂ ਸਵਾਰੀਆਂ ਉੱਤਰੀਆਂ, ਓਨੀਆਂ ਹੋਰ ਚੜ੍ਹ ਗਈਆਂ। ਕੰਡਕਟਰ ਨੇ ਸੀਟੀ ਵਜਾਈ ਅਤੇ ਬੱਸ ਤੁਰ ਪਈ।
ਭਾਈਰੂਪੇ ਉੱਤਰ ਕੇ ਉਹ ਪਿੰਡ ਪਹੁਚੀ। ਮਾਂ ਉਹਨੂੰ ਕਦੋਂ ਦੀ ਉਡੀਕ ਰਹੀ ਸੀ। ਦਾਦੀ ਨੇ ਪੁੱਛਿਆ, ‘ਕੁੜੇ ਪੁਸ਼ਪਿੰਦਰ, ਤਖ਼ਾਣਾਂ ਦੀ ਕੁੜੀ ਤਾਂ ਕਦੋਂ ਦੀ ਆ ਗੀ। ਤੂੰ ਕਿਥੇ ਰਹਿ ਗੀ ਸੀ ?’ ਉਹ ਕਹਿੰਦੀ, ‘ਮੈਨੂੰ ਅੰਬੋ, ਦੋ-ਤਿੰਨ ਬੱਸਾਂ ਲੰਘ ਗੀਆਂ। ਅੱਜ ਤਾਂ ਭੀੜ ਈ ਬੜੀ ਸੀ। ਮੈਂ ਫੇਰ ਫੂਲ ਤਾਈਂ ਕੁੜੀਆਂ ਨਾਲ ਤੁਰੀ ਆਈ। ਓਥੋਂ ਬੱਸ ਮਿਲੀ ਫੇਰ । ਤਾਂਹੀ ਆਹ ਵੇਲਾ ਹੋ ਗਿਆ ਨਾ। ਉਹ ਕਿਤੇ ਪਹਿਲਾਂ ਆ ਗੀ ਹੋਊ।’
2
ਨਸੀਬ ਜੰਗੀਰ ਨਾਈ ਦਾ ਭਾਣਜਾ ਸੀ। ਜੰਗੀਰੇ ਦੀ ਸੰਘੇੜਿਆਂ ਵਾਲੀ ਭੈਣ ਦੇ ਚਾਰ ਮੁੰਡੇ ਅਤੇ ਦੋ ਕੁੜੀਆਂ ਸਨ। ਕੁੜੀਆਂ ਕਦੋਂ ਦੀਆਂ ਵਿਆਹ-ਵਰ ਦਿੱਤੀਆਂ ਸਨ। ਵੱਡੇ ਤਿੰਨੇ ਮੁੰਡੇ ਵੀ ਵਿਆਹੇ ਹੋਏ ਸਨ। ਨਸੀਬ ਸਭ ਤੋਂ ਛੋਟਾ ਸੀ। ਉਹਨੇ ਦਸਵੀਂ ਜਮਾਤ ਪਿੰਡ ਦੇ ਸਕੂਲ ਵਿਚੋਂ ਹੀ ਪਾਸ ਕੀਤੀ। ਪੜ੍ਹਨ ਵਿਚ ਹੁਸ਼ਿਆਰ ਸੀ। ਵੱਡੇ ਭਾਈ ਤਾਂ ਅਣਪੜ੍ਹ ਸਨ। ਉਹ ਚਾਹੁੰਦੇ ਸਨ ਕਿ ਉਹਨਾਂ ਦਾ ਛੋਟਾ ਭਰਾ ਅਗਾਂਹ ਵੀ ਪੜ੍ਹੇ । ਪਰ ਭਰਜਾਈਆਂ ਨਸੀਬ ਦੇ ਹੋਰ ਪੜ੍ਹਨ ਉੱਤੇ ਖੁਸ਼ ਨਹੀਂ ਸਨ। ਉਹਨਾਂ ਦੇ ਆਪਣੇ ਜਵਾਕ ਉਡਾਰ ਹੁੰਦੇ ਜਾ ਰਹੇ ਸਨ। ਉਹ ਆਪਣੇ ਜਵਾਕਾਂ ਨੂੰ ਪੜਾਉਣਗੀਆਂ, ਸੱਸ ਦੇ ਜਵਾਕ ਤੋਂ ਕੀ ਲੈਣਾ ਸੀ ? ਉਹਦੀ ਕੀ ਉਹਨਾਂ ਨੇ ਕਮਾਈ ਖਾਣੀ ਸੀ ? ਨਸੀਬ ਦਾ ਪਿਓ ਮਰ ਗਿਆ ਸੀ। ਉਹ ਹੁੰਦਾ ਤਾਂ ਪੁੱਤ ਨੂੰ ਅਗਾਂਹ ਪੜ੍ਹਾਉਂਦਾ। ਉਹਦੇ ਸਾਰੇ ਲਾਡ-ਚਾਅ ਪੂਰੇ ਕਰਦਾ । ਨਸੀਬ ਦੀ ਬੁੱਢੀ ਮਾਂ ਦੀ ਪੇਸ਼ ਨਾ ਗਈ। ਨਸੀਬ ਨੇ ਲੱਖ ਕੋਸ਼ਿਸ਼ ਕੀਤੀ ਕਿ ਉਹਨੂੰ ਬਰਨਾਲੇ ਕਾਲਜ ਵਿਚ ਦਾਖਲ ਕਰਵਾ ਦਿੱਤਾ ਜਾਵੇ। ਪਰ ਨਹੀਂ । ਭਰਜਾਈਆਂ ਅੱਗੇ ਕੀਤੇ ਤਰਲੇ ਨਿਹਫਲ ਸਿੱਧ ਹੋਏ। ਅਖੀਰ ਨਸੀਬ ਦੀ ਮਾਂ ਨੇ ਉਹਨੂੰ ਸੁਝਾਅ ਦਿੱਤਾ ਕਿ ਉਹ ਕੋਠੇ ਖੜਕ ਸਿੰਘ ਜਾ ਕੇ ਆਪਣੇ ਮਾਮੇ ਨੂੰ ਪੁੱਛ ਲਵੇ। ਕੀ ਐ, ਓਹੀ ਉਹਦੀ ਪੜ੍ਹਾਈ ਕਰਵਾ ਦੇਵੇ । ਤੇ ਫੇਰ ਨਸੀਬ ਆਬਦੀ ਮਾਂ ਨੂੰ ਨਾਲ ਲੈ ਕੇ ਕੋਠੇ ਖੜਕ ਸਿੰਘ ਆਇਆ ਸੀ। ਵੱਡੀ ਭੈਣ ਨੇ ਆਝੀ ਜਿਹੀ ਹੋ ਕੇ ਭਾਈ ਨੂੰ ਸਵਾਲ ਪਾਇਆ। ਜੰਗੀਰਾ ਕਹਿੰਦਾ, ‘ਸਾਨੂੰ ਤਾਂ ਨਸੀਬ ਦਾ ਆਸਰਾ ਰਹੂ ਸਗਾਂ ਦੀ। ਸਾਡੇ ਆਵਦੇ ਕੋਈ ਹੈ ਨ੍ਹੀਂ । ਸਾਨੂੰ ਤਾਂ ਪੁੱਤ ਮਿਲ ਗਿਆ। ਭੈਣ ਦਾ ਪੁੱਤ, ਆਵਦਾ ਪੁੱਤ। ਤੂੰ, ਹਰਕੁਰੇ ਛੱਡ ਜਾ ਇਹਨੂੰ । ਐਥੋਂ ਦਾ ਇਕ ਪਰੋਫੈਸਰ ਮੇਰਾ ਬਾਗਫ ਐ। ਫੂਲ ਦਾ ਐ, ਹੁਣ ਰਾਮਪੁਰੇ ਰਹਿੰਦਾ ਐ।’
ਨਸੀਬ ਦੀ ਮਾਂ ਨੇ ਰੱਬ ਦਾ ਲਖ-ਲੱਖ ਸ਼ੁਕਰ ਕੀਤਾ। ਨਸੀਬ ਦੇ ਚੇਹਰੇ ਉੱਤੇ ਫੁੱਲਾਂ ਦਾ ਖੇੜਾ ਸੀ। ਉਹਦੇ ਮਾਮੇ ਨੇ ਉਹਦੀ ਸੁਣ ਲਈ ਸੀ। ਭੈਣ ਕਹਿੰਦੀ, ‘ਚੰਗਾ ਭਾਈ, ਸਰਹਿਮਤ ਐ ਤੇਰੇ। ਤੇਰੇ ਆਸਰੇ ਨਾਲ ਇਹ ਪੜ੍ਹ ਜੂ। ਟੁਕੜੇ ਜੋਗਾ ਹੋਜੂ। ਵੱਡੇ ਤਾਂ ਤਿੰਨੇ ਅਣਪੜ੍ਹ ਰਹਿ ਗੇ ਲੋਕਾਂ ਦੇ ਘਰੀਂ ਭਾਂਡੇ ਮਾਂਜਣ ਆਲੇ । ਇਹ ਤਾਂ ਗੰਦ ‘ਚੋ ਨਿੱਕਲੂ । ਲੈ, ਮੈਂ ਤਾਂ ਤੈਨੂੰ ਈ ਦੇ ਚੱਲੀ ਇਹ ਮੁੰਡਾ।
ਸੀਤੋ ਨੇ ਮੁੰਡੇ ਦਾ ਮੱਥਾ ਚੁੰਮਿਆ। ਉਹਨੂੰ ਹਿੱਕ ਨਾਲ ਲਾਇਆ। ਕਹਿੰਦੀ, ‘ਮੈਂ ਤਾਂ ਥੋਡਾ ਹਸਾਨ ਨ੍ਹੀਂ ਭੁਲਦੀ, ਬੀਬੀ ਨਣਦੇ। ਤੁਸੀਂ ਮੇਰਾ ਵਸੇਵਾ ਕੀਤਾ। ਇਹ ਤਾਂ ਰੱਬ ਦੀ ਮਰਜ਼ੀ ਐ, ਮੇਰੀ ਕਿਸਮਤ, ਮੇਰੇ ਕੋਈ ਵੇਲ-ਤੂਮੜੀ ਨਾ ਲੱਗੀ। ਅੱਜ ਤੋਂ ਇਹ ਮੁੰਡਾ ਮੇਰਾ ਹੋ ਗਿਆ।
ਤੇ ਫੇਰ ਦੂਜੇ ਦਿਨ ਜੰਗੀਰਾ ਉਹਨੂੰ ਰਾਮਪੁਰੇ ਦੇ ਮਾਲਵਾ ਕਾਲਜ ਵਿਚ ਲੈ ਗਿਆ ਸੀ। ਦਾਖਲੇ ਦੀਆਂ ਤਰੀਕਾਂ ਅਜੇ ਰਹਿੰਦੀਆਂ ਸਨ । ਪਿੰਡਾਂ ਦੇ ਮੁੰਡੇ-ਕੁੜੀਆਂ ਦਾਖਲ ਹੋ ਰਹੇ ਸਨ। ਜੰਗੀਰੇ ਨੇ ਪ੍ਰੋ: ਸੱਜਣ ਸਿੰਘ ਨੂੰ ਸਤਿ ਸ੍ਰੀ ਅਕਾਲ ਬੁਲਾਈ। ਅਰਜ਼ ਕੀਤੀ, ‘ਮਾਹਾਜ, ਪਰੋਫੈਸਰ ਸਾਅਬ, ਥੋਡੇ ਕੋਲ ਇਹ ਮੁੰਡਾ ਲੈ ਕੇ ਆਇਆਂ। ਭਾਣਜਾ ਐ ਆਪਣਾ । ਆਪਾਂ ਈ ਇਹਨੂੰ ਪੜ੍ਹੋਣੈ। ਇਹਨੂੰ ਸਿਰੇ ਲਾ ਦੇਣੈ ਬੱਸ । ਪੈਸੇ ਦੱਸ ਦਿਓ, ਮੈਂ ਲੈ ਕੇ ਆਇਆਂ। ਜੇ ਕੋਈ ਬੱਚਤ ਹੁੰਦੀ ਹੋਵੇ, ਉਹ ਵੀ ਕਰ ਦਿਓ ਮਿਹਰਬਾਨੀ । ਤੁਸੀਂ ਸਾਡੇ ਘਰ ਦੇ ਬੰਦੇ ਓਂ। ਰੱਬ ਭਲਾ ਕਰੇ ।’
ਸੱਜਣ ਸਿੰਘ ਆਪਣੀ ਮੋਟੇ ਸ਼ੀਸ਼ਿਆਂ ਵਾਲੀ ਐਨਕ ਵਿਚੋਂ ਦੀ ਮੁੰਡੇ ਵੱਲ ਝਾਕਦਾ ਰਿਹਾ ਅਤੇ ਫੇਰ ਜੰਗੀਰੇ ਨੂੰ ਪੁੱਛਿਆ, ‘ਕਿਹੜਾ ਪਿੰਡ ਐ?”
‘ਲਓ ਮ੍ਹਾਰਾਜ, ਭੁੱਲ ਗੇ ਤੁਸੀਂ ? ਕੋਠਿਆਂ ਤੋਂ ਆਂ ਮੈਂ, ਕੋਠੇ ਖੜਕ ਸਿਓਂ ਆਲੇ । ਹਰਦਲ ਸਿਓਂ ਦੀ ਕੋਠੀ ਕਿੰਨੇ ਵਾਰੀ ਤਾ ਮਿਲੇ ਆਂ ਆਪਾਂ। ਮੈਂ ਜੰਗੀਰ ਸੂ ਆਂ, ਹਜਾਮ ਹੁੰਨੇ ਆਂ, ਕੋਠਿਆਂ ਆਲਾ ਜੰਗੀਰ ਸਿਓਂ। ਹਰਦਿੱਤ ਸਿਓਂ ਨਾਲ, ਦੇਹ ਗਾਂ, ਔਨਾਂ-ਜਾਨਾਂ ਮੈਂ।’
ਨਸੀਬ ਚੁਪ ਖੜ੍ਹਾ ਸੀ ।
ਸੱਜਣ ਸਿੰਘ ਨੇ ਆਪ ਉੱਠ ਕੇ ਉਹਨਾਂ ਨੂੰ ਫਾਰਮ ਦਿਵਾਇਆ ਅਤੇ ਭਰਵਾ ਵੀ ਦਿੱਤਾ। ਤੇ ਫੇਰ ਪ੍ਰਿੰਸੀਪਲ ਤੋਂ ਮਨਜ਼ੂਰ ਕਰਵਾ ਕੇ ਫਾਰਮ ਮੁੰਡੇ ਦੇ ਹੱਥ ਦੇ ਦਿੱਤਾ। ਆਖਿਆ, ‘ਫੀਸ ਮਾਫੀ ਆਲਾ ਫਾਰਮ ਵੀ ਭਰ ਲੈ। ਉਹਦੇ ‘ਤੇ ਸਰਪੰਚ ਦੀ ਤਸਦੀਕ ਕਰਵੌਣੀ ਐ। ਮੋਹਰ ਲਵਾ ਕੇ। ਪਛੜੀਆਂ ਸ੍ਰੇਣੀਆਂ ਦੀ ਫੀਸ ਮਾਫ ਐ। ਅੱਜ ਕਰਵਾ ਕੇ ਲਿਆ ਦਿਓਂ ਤਾਂ ਅੱਜ ਈ ਫੀਸ ਮਾਫ ਹੋ ਯੂ । ਨਹੀਂ ਤਾਂ ਕੱਲ੍ਹ ਨੂੰ ਲਿਆ ਦਿਓ। ਫੀਸ ਮਾਫ ਹੋ ਜੂ। ਹੋਰ ਦੱਸੋ ?’
ਜੰਗੀਰਾ ਬਾਗੋ-ਬਾਗ ਹੋਇਆ ਖੜ੍ਹਾ ਸੀ। ਸੱਜਣ ਸਿੰਘ ਨੂੰ ਉਹਨੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਮਾਮਾ-ਭਾਣਜਾ ਪਿੰਡ ਆ ਗਏ। ਫੀਸ ਮਾਫੀ ਦੇ ਫਾਰਮ ਉੱਤੇ ਸਰਪੰਚ ਦੀ ਮੋਹਰ ਲਵਾ ਕੇ ਦਸਖਤ ਕਰਵਾਏ। ਅਗਲੇ ਦਿਨ ਨਸੀਬ ਪ੍ਰੈਪ ਵਿਚ ਦਾਖਲ ਹੋ ਗਿਆ। ਓਸੇ ਦਿਨ ਹਰਦਿੱਤ ਸਿੰਘ ਆਪਣੀ ਕੁੜੀ ਨੂੰ ਦਾਖਲ ਕਰਵਾ ਕੇ ਗਿਆ ਸੀ । ਇਕ ਕੁੜੀ ਤਖਾਣਾਂ ਦੀ ਵੀ ਦਾਖਲ ਕਰਵਾ ਗਿਆ ਸੀ। ਇਕੱਲੀ ਕੁੜੀ ਨਾਲੋਂ ਦੋਵੇਂ ਜਣੀਆਂ ਇੱਕਠੀਆਂ ਆ-ਜਾ ਸਕਣਗੀਆਂ। ਕੋਠੇ ਖੜਕ ਸਿੰਘ ਦੇ ਤਿੰਨ-ਚਾਰ ਹੋਰ ਮੁੰਡੇ ਵੀ ਸਨ। ਆਲੇ ਦੁਆਲੇ ਦੇ ਪਿੰਡਾਂ ਦੇ ਮੁਡੇ-ਕੁੜੀਆਂ ਤਾਂ ਕਾਫੀ ਪੜ੍ਹਦੇ ਸਨ, ਪਰ ਐਨੇ ਨਹੀਂ। ਕਿਸੇ ਪਿੰਡ ਦੇ ਦੋ, ਕਿਸੇ ਦੇ ਵੱਧ ਤੋਂ ਵੱਧ ਪੰਜ-ਛੇ ਵਿਦਿਆਰਥੀ ਕਾਲਜ ਜਾਂਦੇ। ਕੁੜੀ ਕਿਸੇ ਕਿਸੇ ਪਿੰਡੋਂ ਸੀ। ਬਹੁਤੀਆਂ ਕੁੜੀਆਂ ਫੂਲੋਂ ਜਾਂਦੀਆਂ। ਰਾਮਪੁਰਾ ਮੰਡੀ ਦੀਆਂ ਕੁੜੀਆਂ ਇਥੇ ਨਹੀਂ ਆਉਂਦੀਆਂ ਸਨ। ਮੰਡੀ ਵਿਚ ਹੀ ਇਕ ਅਕਾਡਮੀ ਕਿਸੇ ਨੇ ਖੋਲ੍ਹ ਰੱਖੀ ਸੀ-ਨਿਰੋਲ ਲੜਕੀਆਂ ਲਈ । ਮੰਡੀ ਦੀਆਂ ਕੁੜੀਆਂ ਤਾਂ ਓਸੇ ਅਕਾਡਮੀ ਵਿਚ ਪੜ੍ਹਦੀਆਂ । ਮੰਡੀ ਦੇ ਮੁੰਡੇ ਅਜੇ ਵੀ ਬਠਿੰਡੇ ਪੜ੍ਹਨ ਜਾਂਦੇ । ਸੇਠਾਂ-ਜ਼ਿਮੀਂਦਾਰਾਂ ਦੇ ਮੁੰਡੇ। ਰੇਲ-ਗੱਡੀ, ਨਹੀਂ ਤਾਂ ਬੱਸਾਂ ਉਹਨਾਂ ਨੂੰ ਆਮ ਮਿਲ ਜਾਂਦੀਆਂ। ਮੁੰਡੇ ਵੱਡੇ ਸ਼ਹਿਰ ਦੀ ਸੈਰ ਵੀ ਤਾਂ ਕਰ ਆਉਂਦੇ। ਮਾਲਵਾ ਕਾਲਜ ਦੇ ਸਖਤ ਪ੍ਰਿੰਸੀਪਲ ਤੋਂ ਉਹ ਡਰਦੇ ਵੀ ਉਥੇ ਦਾਖਲ ਨਾ ਹੁੰਦੇ।
ਪ੍ਰੋ:ਸੱਜਣ ਸਿੰਘ ਫੂਲ ਦਾ ਜੰਮਪਲ ਸੀ ਅਤੇ ਹੁਣ ਰਾਮਪੁਰਾ ਮੰਡੀ ਰਹਿੰਦਾ। ਰਾਮਪੁਰਾ ਮੰਡੀ ਵਿਚ ਵਰ੍ਹਿਆਂ ਤੋਂ ਉਹਦਾ ਗਿਆਨੀ ਕਾਲਜ ਖੋਲ੍ਹਿਆ ਹੋਇਆ ਸੀ । ਹਰ ਸਾਲ ਤੀਹ-ਚਾਲੀ ਮੁੰਡੇ-ਕੁੜੀਆਂ ਗਿਆਨੀ ਦਾ ਇਮਤਿਹਾਨ ਪਾਸ ਕਰ ਲੈਂਦੇ। ਇਸ ਤਰ੍ਹਾਂ ਨਾਲ ਲਗਭਗ ਸਾਰਾ ਇਲਾਕਾ ਹੀ ਉਹਨੇ ਗਿਆਨੀ ਪਾਸ ਕਰਵਾ ਦਿੱਤਾ।
ਪ੍ਰੋ:ਸੱਜਣ ਸਿੰਘ ਨੇ ਜਦੋਂ ਮਾਲਵਾ ਕਾਲਜ ਜਾਇਨ ਕੀਤਾ ਤਾਂ ਰਾਮਪੁਰੇ ਦੇ ਸ਼ਹਿਰੀਆਂ ਨੇ ਸੋਚਿਆ ਕਿ ਹੁਣ ਗਿਆਨੀ ਕਾਲਜ ਨਹੀਂ ਚੱਲੇਗਾ। ਸੱਜਣ ਸਿੰਘ ਨੂੰ ਕਾਲਜ ਦੀ ਪੱਕੀ ਨੌਕਰੀ ਮਿਲ ਗਈ ਹੈ, ਹੁਣ ਗਿਆਨੀ ਦੇ ਵਿਦਿਆਰਥੀਆਂ ਨਾਲ ਮੱਥਾ ਮਾਰਨ ਦੀ ਉਹਨੂੰ ਕੀ ਲੋੜ ਹੈ। ਪਰ ਨਹੀਂ, ਕਾਲਜ ਦੀ ਨੌਕਰੀ ਲੈਣ ਤੋਂ ਪਹਿਲਾਂ ਉਹਨੇ ਚਾਰ ਸ਼ਰਤਾਂ ਮੰਨਵਾਈਆਂ। ਕਾਲਜ-ਲੈਕਚਰਾਰ ਦੀ ਨੌਕਰੀ ਲਈ ਉਹ ਦਰਖ਼ਾਸਤ ਨਹੀਂ ਦੇਵੇਗਾ। ਆਮ ਨਵੇਂ ਲੱਗੇ ਲੈਕਚਰਾਰਾਂ ਨਾਲੋਂ ਦੁੱਗਣੀ ਤਨਖ਼ਾਹ ਲਵੇਗਾ। ਉਹ ਕਿਸੇ ਵੀ ਰਾਜਨੀਤਕ ਪਾਰਟੀ ਵਿਚ ਹਿੱਸਾ ਲਵੇ, ਮੈਨੇਜਿੰਗ ਕਮੇਟੀ ਜਾਂ ਕੋਈ ਪ੍ਰਿੰਸੀਪਲ ਉਹਦੇ ਲਈ ਰੁਕਾਵਟ ਨਹੀਂ ਬਣੇਗਾ। ਚੌਥੀ ਗੱਲ ਉਹ ਆਪਣਾ ਗਿਆਨੀ ਕਾਲਜ ਜਾਰੀ ਰੱਖੇਗਾ। ਉਹਦਾ ਗਿਆਨੀ ਕਾਲਜ ਤਾਂ ਇਕ ਸਾਹਿਤਕ ਮਾਨਸਰੋਵਰ ਸੀ, ਜਿਸ ਵਿਚੋਂ ਬੁੱਧੀ ਦਾ ਨਿਰਮਲ ਜਲ ਨਿਕਲਦਾ ਅਤੇ ਪੰਜਾਬ ਦੀ ਧਰਤੀ-ਮਾਂ ਦੇ ਬੇਟੇ-ਬੇਟੀਆਂ ਨੂੰ ਤ੍ਪਤ ਅਤੇ ਸਰਸ਼ਾਰ ਕਰਦਾ ਚਲਿਆ ਜਾਂਦਾ। ਉਹਦੇ ਗਿਆਨੀ ਕਾਲਜ ਵਿਚੋਂ ਜ਼ਰਖੇਜ਼ ਬੌਧਿਕਤਾ ਦੇ ਚਸ਼ਮੇ ਫੁਟਦੇ। ਅੜੇ-ਥੁੜੇ ਘਰਾਂ ਕੋਲ ਕਿਹੜੀ ਪਹੁੰਚ ਸੀ ਕਿ ਉਹ ਦੂਰ ਕਾਲਜਾਂ ਵਿਚ ਭੇਜ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਪੜ੍ਹਾ ਸਕਣ। ਸੱਜਣ ਸਿੰਘ ਦਾ ਗਿਆਨੀ ਕਾਲਜ ਯੂਨੀਵਰਸਿਟੀ ਵਿਦਿਆ ਪ੍ਰਾਪਤ ਕਰਨ ਲਈ ਇਕ ‘ਬਾਈਪਾਸ’ ਸੜਕ ਸੀ। ਇਸ ਸੜਕ ਉੱਤੇ ਤੁਰ ਕੇ ਮੁੰਡੇ-ਕੁੜੀਆਂ ਨੂੰ ਤਾਂ ਪਤਾ ਵੀ ਨਾ ਲਗਦਾ ਕਿ ਉਹ ਕਦੋਂ ਆਪਣੀ ਮੰਜ਼ਲ ਉੱਤੇ ਪਹੁੰਚ ਗਏ ਹਨ ਅਤੇ ਉਹਨਾਂ ਦਾ ਵੱਧ ਮੁਲ ਪੈ ਗਿਆ ਹੈ।
3
ਮਾਰਚ ਚੜ੍ਹ ਗਿਆ, ਅਪ੍ਰੈਲ ਵਿਚ ਪੇਪਰ ਸ਼ੁਰੂ ਹੋਣੇ ਸਨ। ਵਿਦਿਆਰਥੀ ਕਿੰਨੇ ਹੀ ਦਿਨਾਂ ਤੋਂ ਰੱਸੇ ਤੁੜਾ ਰਹੇ ਸਨ ਕਿ ਉਹਨਾਂ ਨੂੰ ਫਰੀ ਕਰ ਦਿੱਤਾ ਜਾਵੇ। ਲੀਡਰ ਮੁੰਡੇ ਕਈ ਵਾਰ । ਪ੍ਰਿੰਸੀਪਲ ਨੂੰ ਮਿਲ ਆਏ ਸਨ। ਅਖ਼ੀਰ ਬਾਬੇ ਨੇ ਫੈਸਲਾ ਕੀਤਾ ਕਿ ਇਸ ਸਨਿਚਰਵਾਰ ਦੇ ਸਾਰੇ ਪੀਰੀਅਡ’ ‘ ਲਾ ਕੇ ਸਭ ਕਲਾਸਾਂ ਨੂੰ ਹੀ ਛੱਡ ਦਿੱਤਾ ਜਾਵੇਗਾ।
ਉਸ ਦਿਨ ਸਨਿਚਰਵਾਰ ਸੀ। ਹਰ ਕੋਈ ਲੈਕਚਰਾਰ ਆਪਣਾ ਪੀਰੀਅਡ ਲਾਉਂਦਾ ਤਾਂ ਆਪਣੇ ਸਬਜੈਕਟ ਦੀ ਗੱਲ ਘੱਟ ਕਰਦਾ, ਇਮਤਿਹਾਨ ਦੀ ਤਿਆਰੀ ਸੰਬੰਧੀ ਵਿਦਿਆਰਥੀਆਂ ਨੂੰ ਸਲਾਹਾਂ ਬਹੁਤੀਆਂ ਦਿੰਦਾ। ਪ੍ਰੋ:ਸੱਜਣ ਸਿੰਘ ਬੀਏ ਫ਼ਾਈਨਲ ਦਾ ਪੀਰੀਅਡ ਲੈ ਰਿਹਾ ਸੀ। ਕਲਾਸ-ਰੂਮ ਵਿਚ ਚਾਲੀ ਮੁੰਡੇ-ਕੁੜੀਆਂ ਬੈਠੇ ਹੋਏ ਸਨ । ਪੰਤਾਲੀ-ਛਿਆਲੀ ਸਾਲ ਦਾ ਸੱਜਣ ਸਿੰਘ ਲੈਕਚਰ-ਡੈਸਕ ਉੱਤੇ ਝੁਕਿਆ ਖੜ੍ਹਾ ਆਪਣੇ ਵਿਦਿਆਰਥੀਆਂ ਨਾਲ ਆਖਰੀ-ਦਿਨ ਦੀਆਂ ਗੱਲਾਂ ਕਰ ਰਿਹਾ ਸੀ। ਸਫੈਦ ਬੁਸ਼ਰਟ, ਵੁਰਸਟਡ ਦੀ ਸਲੇਟੀ ਪੈਂਟ ਵਿਚ ਦਿਤੀ ਹੋਈ, ਆਸਮਾਨੀ* ਰੰਗ ਦਾ ਸਵੈਟਰ ਅਤੇ ਸਵੈਟਰ ਨਾਲ ਮੇਲ ਖਾਂਦੀ ਪੱਗ । ਟਾਈ ਦਾ ਰੰਗ ਚਿੱਟਾ ਤੇ ਲਾਲ। ਚਿੱਟੀ ਜ਼ਮੀਨ ਉੱਤੇ ਲਾਲ ਧਾਰੀਆਂ। ਮੋਟੇ ਸ਼ੀਸ਼ਿਆਂ ਦੀ ਐਨਕ । ਡੈਸਕ ਉੱਤੇ ਪਿਆ ਚਮੜੇ ਦਾ ਕਾਲਾ ਬਰੀਫ ਕੇਸ। ਉਹ ਦੱਸ ਰਿਹਾ ਸੀ, ‘ਬਈ ਮਿੱਤਰੋ, ਇਹਨਾਂ ਦਿਨਾਂ ਵਿਚ ਰੋਟੀ ਘੱਟ ਖਾਇਆ ਕਰੋ। ਬਹੁਤਾ ਅੰਨ ਖਾਣ ਨਾਲ ਨੀਂਦ ਬਹੁਤ ਔਂਦੀ ਐ। ਇਹ ਦਿਨ ਪੜ੍ਹਨ ਦੇ ਨੇ । ਸਰੀਰ ਨੂੰ ਕਸ਼ਟ ਦਿਓ। ਮਨ ਮਾਰ ਕੇ ਪੜ੍ਹੋ। ਦਿਨ-ਰਾਤ ਇਕ ਕਰ ਦਿਓ। ਤੁਹਾਡੇ ਲਈ ਪੜ੍ਹਾਈ ਦੇ ਮੈਦਾਨ ‘ਚ ਇਹ ਘਮਸਾਣ ਦਾ ਜੁੱਧ ਐ । ਖੌਰੂ ਪਾ ਦਿਓ। ਫੇਰ ਦੇਖਿਓ, ਨੰਬਰ ਔਂਦੇ। ਸਾਰੀਆਂ ਬਿਰਤੀਆਂ ਹੁਣ ਕਿਤਾਬਾਂ ਵੱਲ ਮੋੜ ਦਿਓ। ਗੱਜ-ਵੱਜ ਕੇ ਇਮਤਿਹਾਨ ਦਿਓ। ਫੇਰ ਖੁੱਲ੍ਹੀਆਂ ਖੇਡਾਂ ਨੇ ।’
ਮੁੰਡੇ ਮਿੰਨ੍ਹਾ-ਮਿੰਨ੍ਹਾ ਮੁਸਕਰਾ ਰਹੇ ਸਨ। ਕੁੜੀਆਂ ਸਿਰ ਝੁਕਾ ਕੇ ਬੈਠੀਆਂ ਹੋਈਆਂ ਸਨ। ਤੇ ਫੇਰ ਸੱਜਣ ਸਿੰਘ ਨੇ ਆਖਿਆ, ‘ਦਿਨ ਤੇ ਰਾਤ ਦੀ ਵੰਡ ਕਰ ਲਓ। ਕਿੰਨੇ ਘੰਟੇ ਸੌਣਾ ਹੈ, ਕਿੰਨੇ ਘੰਟੇ ਤੁਰਨਾ-ਫਿਰਨਾ ਤੇ ਵਿਹਲੇ ਰਹਿਣਾ ਹੈ ਅਤੇ ਫੇਰ ਕਿੰਨੇ ਘੰਟੇ ਪੜ੍ਹਨਾ ਹੈ। ਪੜ੍ਹਨ ਦੇ ਘੰਟਿਆਂ ਨੂੰ ਅੱਡ-ਅੱਡ ਸਬਜੈਕਟਾਂ ਵਿਚ ਵੀ ਵੰਡ ਲਓ। ਸਵੇਰੇ ਕੀ ਪੜ੍ਹਨਾ ਹੈ, ਦੁਪਹਿਰੇ ਜਾਂ ਪਿਛਲੇ-ਪਹਿਰ ਕੀ ਅਤੇ ਫੇਰ ਰਾਤ ਨੂੰ ਕੀ। ਇਕ ਵਾਰੀਂ ਤਾਂ ਗੇੜੇ ਖਵਾ ਦਿਓ ਕਿਤਾਬਾਂ ਦੇ । ਇਮਤਿਹਾਨ ਵਿਚ ਸਵਾਲ ਆਉਣ ਤਾਂ ਉਹਨਾਂ ਦੇ ਠੋਕਵੇਂ, ਢੁਕਵੇਂ ਤੇ ਠੋਸ ਟੂ ਦਾ ਪੁਆਇੰਟ, ਨਿੱਗਰ ਅਤੇ ਗਿਆਨ-ਗੜੁੱਚੇ ਜਵਾਬ ਲਿਖੋ । ਪੇਪਰ ਦੇਖਣ ਵਾਲਾ ਦੰਗ ਰਹਿ ਜਾਏ।’
ਪੀਰੀਅਡ ਸ਼ੁਰੂ ਹੋਏ ਨੂੰ ਹਾਲੇ ਦਸ-ਬਾਰਾਂ ਮਿੰਟ ਹੀ ਲੰਘੇ ਸਨ, ਪੁਸ਼ਪਿੰਦਰ ਆਪਣੀ ਸੀਟ ਤੋਂ ਉੱਠੀ। ਪ੍ਰੋਫੈਮਰ ਬੋਲਣੋਂ ਚੁੱਪ ਹੋ ਗਿਆ। ਸਾਰੇ ਮੁੰਡੇ-ਕੁੜੀਆਂ ਪੁਸ਼ਪਿੰਦਰ ਵੱਲ ਝਾਕਣ ਲੱਗੇ। ਹੈਰਾਨ ਸਨ-ਕੀ ਆਖਣ ਲੱਗੀ ਹੈ ਇਹ ? ਉਹਨੇ ਹੱਥ ਵਿਚਲਾ ਤਹਿ ਕੀਤਾ ਆਪਣਾ ਛੋਟਾ ਚਿੱਟਾ ਰੁਮਾਲ ਬੁੱਲ੍ਹਾਂ ਉੱਤੋਂ ਦੀ ਫੇਰਿਆ ਅਤੇ ਕਹਿਣ ਲੱਗੀ, ‘ਸਰ ਜਦੋਂ ਅਸੀਂ ਪ੍ਰੈੱਪ ‘ਚ ਦਾਖਲ ਹੋਏ ਸੀ, ਤੁਸੀਂ ਸਾਡਾ ਪਹਿਲੇ ਦਿਨ ਪੀਰੀਅਡ ਲਾਇਆ ਸੀ ਤਾਂ ਤੁਸੀਂ ਆਪਣੇ ਜੀਵਨ ਬਾਰੇ ਕਿੰਨੀਆਂ ਈ ਗੱਲਾਂ ਸਾਨੂੰ ਦੱਸੀਆਂ ਸੀ। ਅੱਜ ਸਾਡਾ ਆਖ਼ਰੀ ਦਿਨ ਐ। ਥੋਡਾ ਵੀ ਆਖ਼ਰੀ ਪੀਰੀਅਡ ! ਮੁੜ ਕੇ ਤਾਂ ਤੁਸੀਂ ਸਾਡਾ ਪੀਰੀਅਡ ਲੌਣਾ ਨ੍ਹੀਂ। ਇਕ ਸਾਡੀ ਗੱਲ ਮੰਨ ਲੋ।’
‘ਕੀ? ਦੱਸੋਂ, ਕਿਹੜੀ ਗੱਲ ?’ ਸੱਜਣ ਸਿੰਘ ਕੁੜੀ ਦੇ ਉੱਠਣ ਉੱਤੇ ਅਚੰਭਿਤ ਜਿਹਾ ਹੋਇਆ ਖੜ੍ਹਾ ਸੀ।
ਮੁੰਡੇ-ਕੁੜੀਆਂ ਹੈਰਾਨ ਸਨ ਤੇ ਗੁੱਝਾ ਗੁੱਝਾ ਢਿੱਡ ਵਿਚ ਹੀ ਹੱਸ ਰਹੇ ਸਨ- ਕੀ ਗੱਲ ਆਖੇਗੀ ਪੁਸ਼ਪਿੰਦਰ ?
‘ਆਪਣਾ ਜੀਵਨ ਇਕ ਵਾਰੀਂ ਫੇਰ ਦੱਸ ਦਿਓ।’ ਪੁਸ਼ਪਿੰਦਰ ਬੋਲੀ।
ਨਸੀਬ ਖੜ੍ਹਾ ਹੋਇਆ। ਸੱਜੇ ਹੱਥ ਦੀ ਮੁੱਠੀ ਵਿਚੋਂ ਪਹਿਲੀ ਉਂਗਲ ਖੜ੍ਹੀ ਕਰਕੇ ਕਹਿੰਦਾ, ‘ਹਾਂ, ਇਹ ਤਾਂ ਜ਼ਰੂਰ ਸੁਣਾਓ ਜੀ, ਪਲੀਜ਼ ।’
ਬੀਏ ਫਾਈਨਲ ਦੀ ਇਸ ਕਲਾਸ ਵਿਚ ਇਹਨਾਂ ਹੀ ਵਿਦਿਆਰਥੀਆਂ ਦੀ ਚਾਰ ਵਰ੍ਹੇ ਪਹਿਲਾਂ ਦੀ ਪ੍ਰੱਪ ਕਲਾਸ ਨਾਲੋਂ ਅੱਧੇ ਮੁੰਡੇ-ਕੁੜੀਆਂ ਨਵੇਂ ਸਨ। ਸੱਜਣ ਸਿੰਘ ਹਰ ਸਾਲ ਪ ਕਲਾਸ ਦਾ ਪਹਿਲਾ ਪੀਰੀਅਡ ਲੈਂਦਾ ਤਾਂ ਪਹਿਲੇ ਦਿਨ ਹੀ ਆਪਣੇ ਬਾਰੇ ਦੱਸਦਾ। ਉਹਦੇ ਜੀਵਨ ਤੋਂ ਵਿਦਿਆਰਪੀ ਬਹੁਤ ਪ੍ਰਭਾਵਤ ਹੁੰਦੇ। ਸਗੋਂ ਕਈ ਵਿਦਿਆਰਥੀ ਤਾਂ ਸੱਜਣ ਸਿੰਘ ਨੂੰ ਆਪਣਾ ਚਾਨਣ-ਮੁਨਾਰਾ ਹੀ ਮੰਨ ਲੈਂਦੇ। ਅਜਿਹੇ ਵਿਦਿਆਰਥੀਆਂ ਨਾਲ ਸੱਜਣ ਸਿੰਘ ਘਰੇਲੂ ਜਿਹੇ ਸੰਬੰਧ ਪੈਦਾ ਕਰ ਲੈਂਦਾ। ਉਹਨਾਂ ਦੇ ਹਰ ਦੁੱਖ-ਸੁੱਖ ਵਿਚ ਉਹਨਾਂ ਨੂੰ ਸਲਾਹਾਂ ਦਿੰਦਾ। ਉਹਨਾਂ ਦੀ ਵੱਧ ਤੋਂ ਵੱਧ ਮੱਦਦ ਕਰਦਾ। ਆਪਣਾ ਜੀਵਨ ਦੱਸ ਕੇ ਉਹ ਖ਼ੁਸ਼ ਵੀ ਬੜਾ ਹੁੰਦਾ। ਉਹ ਤਾਂ ਇਕ ਕਿਣਕੇ ਤੋਂ ਉੱਠ ਕੇ ਚਮਕਦਾ ਤਾਰਾ ਬਣ ਗਿਆ ਸੀ।
ਤੇ ਅੱਜ ਬੀਏ ਫਾਈਨਲ ਦੀ ਕਲਾਸ ਦੇ ਚਾਲੀ ਦੇ ਚਾਲੀ ਵਿਦਿਆਰਥੀ ਸੱਜਣ ਸਿੰਘ ਵੱਲ ਸੁਆਂਤ ਬੂੰਦ ਨੂੰ ਤਰਸਦੇ ਪਪੀਹੇ ਵਾਂਗ ਮੂੰਹ ਅੱਡੀਂ ਝਾਕ ਰਹੇ ਸਨ।
ਸੱਜਣ ਸਿੰਘ ਨੇ ਆਪਣੀ ਟਾਈ ਢਿੱਲੀ ਕੀਤੀ ਅਤੇ ਖੰਘੂਰਾ ਮਾਰ ਕੇ ਬੋਲਣਾ ਸ਼ੁਰੂ ਕੀਤਾ। ਅਜਿਹੇ ਸਮੇਂ ਇਕ ਗੌਰਵ ਅਤੇ ਉਦਾਸੀ ਦਾ ਮਿਲਿਆ-ਜੁਲਿਆ ਪ੍ਰਭਾਵ ਉਹਦੇ ਚਿਹਰੇ ਉੱਤੇ ਆ ਜਾਇਆ ਕਰਦਾ ਸੀ । ਉਹਨੇ ਡੂੰਘੀ ਅਤੇ ਗੰਭੀਰ ਆਵਾਜ਼ ਵਿਚ ਬੋਲਣਾ ਸ਼ੁਰੂ ਕੀਤਾ।
4
ਪੀਰੀਅਡ ਖਤਮ ਹੋ ਚੁੱਕਿਆ ਸੀ । ਬੀਏ ਫਾਈਨਲ ਦਾ ਇਹ ਅੰਤਲਾ ਪੀਰੀਅਡ ਸੀ। ਸੱਜਣ ਸਿੰਘ ਦਾ ਵੀ ਕੋਈ ਹੋਰ ਪੀਰੀਅਡ ਕਿਸੇ ਕਲਾਸ ਵਿਚ ਨਹੀਂ ਸੀ। ਉਹਨੇ ਕਲਾਸ ਛੱਡੀ ਅਤੇ ਆਪਣਾ ਬਰੀਫ਼-ਕੇਸ ਸੰਭਾਲ ਲਿਆ। ਮੁੰਡੇ-ਕੁੜੀਆਂ ਵੀ ਖੜ੍ਹੇ ਹੋ ਗਏ । ਪਰ ਸੱਜਣ ਸਿੰਘ ਦੀ ਗੱਲ ਤਾਂ ਅਜੇ ਵਿਚੇ ਪਈ ਸੀ। ਉਹ ਚਾਹੁੰਦਾ ਸੀ, ਗੱਲ ਸਿਰੇ ਲੱਗ ਜਾਵੇ। ਵਿਦਿਆਰਥੀ ਵੀ ਸ਼ਇਦ ਇਹੀ ਚਾਹੁੰਦੇ ਹੋਣਗੇ। ਦੋ-ਤਿੰਨ ਕੁੜੀਆਂ ਅਤੇ ਚਾਰ-ਪੰਜ ਮੁੰਡੇ ਕਮਰੇ ਤੋਂ ਬਾਹਰ ਹੋ ਗਏ। ਉਹ ਘਰਾਂ ਨੂੰ ਭੱਜਣ ਲਈ ਕਾਹਲੇ ਹੋਣਗੇ । ਜਾਂ ਹੋ ਸਕਦਾ ਸੀ, ਉਹਨਾਂ ਨੂੰ ਸੱਜਣ ਸਿੰਘ ਦੀ ਜ਼ਿੰਦਗੀ ਨਾਲ ਹੋਰ ਦਿਲਚਸਪੀ ਨਾ ਰਹੀ ਹੋਵੇ। ਬਾਕੀ ਮੁੰਡੇ-ਕੁੜੀਆਂ ਓਵੇਂ ਦੇ ਓਵੇਂ ਖੜ੍ਹੇ ਸਨ, ਜਿਵੇਂ ਕਮਰੇ ਵਿਚੋਂ ਬਾਹਰ ਨਾ ਜਾਣਾ ਚਾਹੁੰਦੇ ਹੋਣ। ਪ੍ਰੋਫੈਸਰ ਨੇ ਉਹਨਾਂ ਦਾ ਰੁਖ ਦੇਖਿਆ ਅਤੇ ਆਪ ਹੀ ਕਿਹਾ, ‘ਤੁਸੀਂ ਜੇ ਦਸ-ਪੰਦਰਾਂ ਮਿੰਟ ਹੋਰ ਠਹਿਰ ਸਕਦੋਂ ਹੋਵੇ ਤਾਂ ਆਪਾਂ ਗੱਲ ਮੁਕਾ ਈ ਲੈਨੇ ਆਂ ।’
ਵਿਦਿਆਰਥੀ ਥਾਂ ਦੀ ਥਾਂ ਬੈਠ ਗਏ ।
ਸੱਜਣ ਸਿੰਘ ਨੇ ਬਾਕੀ ਰਹਿੰਦੀ ਗੱਲ ਨੂੰ ਸੰਖੇਪ ਕਰਨਾ ਚਾਹਿਆ।
ਮੁੰਡੇ-ਕੁੜੀਆਂ ਨੂੰ ਤਾਂ ਪਤਾ ਵੀ ਨਾ ਲੱਗਿਆ ਕਿ ਪੀਰੀਅਡ ਤੋਂ ਬਾਅਦ ਪੌਣਾ ਘੰਟਾ ਹੋਰ ਬੀਤ ਗਿਆ ਹੈ। ਸੱਜਣ ਸਿੰਘ ਆਪਣੇ ਵਹਿਣਾਂ ਵਿਚ ਵਹਿ ਤੁਰਿਆ ਸੀ । ਉਹ ਕਮਰੇ ਵਿਚੋਂ ਬਾਹਰ ਆਇਆ, ਸਟਾਫ-ਰੂਮ ਵਿਚ ਗਿਆ, ਲਗਭਗ ਸਭ ਪ੍ਰੋਫੈਸਰ ਘਰਾਂ ਨੂੰ ਜਾ ਚੁੱਕ ਸਨ । ਬਾਬਾ ਪ੍ਰਿੰਸੀਪਲ ਆਪਣੇ ਦਫ਼ਤਰ ਵਿਚ ਬੈਠਾ ਇਕ ਕਲਰਕ ਨਾਲ ਕਿਸੇ ਬਹਿਸ ਵਿਚ ਪਿਆ ਹੋਇਆ ਸੀ। ਸੱਜਣ ਸਿੰਘ ਨੂੰ ਦੇਖ ਕੇ ਉਹ ਮੁਸਕਰਾਇਆ ਅਤੇ ਬੈਠਣ ਲਈ ਆਖਿਆ। ਕਲਰਕ ਚਲਿਆ ਗਿਆ ਤਾਂ ਬਾਬਾ ਕਹਿੰਦਾ, ‘ਸੱਜਣ ਸਿੰਘ, ਅੱਜ ਤਾਂ ਡਬਲ ਪੀਰੀਅਡ ਹੋ ਗਿਆ ਲਗਦੈ।’
‘ਹਾਂ ਜੀ ਡਬਲ ਦਾ ਵੀ ਟ੍ਰਿਪਲ ਸਮਝੋ । ਰਾਮ-ਕਹਾਣੀ ਤੁਰ ਪੈਂਦੀ ਐ ਕਦੇ-ਕਦੇ।’
‘ਹੱਛਾ-ਹੱਛਾ, ਚੱਲੀਏ ਫੇਰ ?’ ਪ੍ਰਿੰਸੀਪਲ ਉੱਠਣ ਲਈ ਤਿਆਰ ਹੋਇਆ। ਪਰ ਬਾਹਰ ਗਹੁ ਨਾਲ ਝਾਕਣ ਲੱਗਿਆ । ਤੇ ਫੇਰ ਬਾਹਰ ਕਿਸੇ ਨੂੰ ਅੱਖਾਂ ਦਾ ਇਸ਼ਾਰਾ ਜਿਹਾ ਕੀਤਾ। ਇਕ ਮੁੰਡਾ ਅਤੇ ਇਕ ਕੁੜੀ ਖੜ੍ਹੇ ਸਨ। ਉਹ ਪ੍ਰੋ: ਸੱਜਣ ਸਿੰਘ ਨੂੰ ਮਿਲਣਾ ਚਾਹੁੰਦੇ ਸਨ । ਸੱਜਣ ਸਿੰਘ ਪ੍ਰਿੰਸੀਪਲ ਨੂੰ ਸਤਿ ਸ੍ਰੀ ਅਕਾਲ ਆਖ ਕੇ ਬਾਹਰ ਆ ਗਿਆ ਅਤੇ ਮੁੰਡੇ-ਕੁੜੀ ਵੱਲ ਕੰਨ ਝੁਕਾ ਲਏ । ਮੁੰਡਾ ਕਹਿੰਦਾ, ‘ਪ੍ਰੋਫੈਸਰ ਸਾਅਬ, ਮੰਡੀ ਨੂੰ ਚੱਲ ਰਹੇ ਓ ?’
‘ਹਾਂ-ਹਾਂ, ਦਸੋ।’ ਸੱਜਣ ਸਿੰਘ ਨੇ ਕਾਹਲ ਦਿਖਾਈ।
ਕੁੜੀ ਬੋਲੀ, ‘ਅਸੀਂ ਤੁਹਾਡੇ ਨਾਲ ਚੱਲਾਂਗੇ, ਤੁਹਾਡੇ ਘਰ। ਇਕ ਗੱਲ ਕਰਨੀ ਐ।’
ਸੱਜਣ ਸਿੰਘ ਸਿੱਧਾ ਖੜ੍ਹਾ ਹੋ ਗਿਆ ਅਤੇ ਕੁੜੀ ਦੇ ਚਿਹਰੇ ਵੱਲ ਦੇਖਣ ਲੱਗਿਆ। ਹੌਲੀ ਦੇ ਕੇ ਆਖ ਦਿੱਤਾ, ‘ਹਾਂ ਚੱਲੋ, ਚਲਦੇ ਆਂ ਬੱਸ ।’
ਨੱਕ ਦੀ ਕੋਠੀ ਉੱਤੇ ਐਨਕ ਦਾ ਫਰੇਮ ਠੀਕ ਕਰਦਿਆਂ ਅਤੇ ਬਰੀਫ਼-ਕੇਸ ਨੂੰ ਖਬੇ ਹੱਥ ਵਿਚ ਕਿਤਾਬ ਵਾਂਗ ਫੜ ਕੇ ਸੱਜਣ ਸਿੰਘ ਗੌਰਵ-ਭਰੇ ਕਦਮਾਂ ਨਾਲ ਕਾਲਜ ਦੇ ਗੇਟ ਵੱਲ ਜਾ ਰਿਹਾ ਸੀ। ਨਸੀਬ ਉਹਦੇ ਸੱਜੇ ਅਤੇ ਪੁਸ਼ਪਿੰਦਰ ਖੱਬੇ ਸੀ । ਚੁੱਪ-ਚਾਪ ਹੀ ਤੁਰੇ ਜਾ ਰਹੇ ਸਨ। ਗੇਟ ਤੋਂ ਬਾਹਰ ਆ ਕੇ ਉਹ ਸੀਮਿੰਟ ਦੇ ਬੈਂਚ ਉੱਤੇ ਬੈਠ ਗਏ । ਸੱਜਣ ਸਿੰਘ ਨੇ ਸਾਧਾਰਣ ਜਿਹੀ ਗੱਲ ਤੋਰੀ, ‘ਚੰਗਾ ਐ, ਅੱਜ ਮੈਂ ਸਾਈਕਲ ਨ੍ਹੀਂ ਲੈ ਕੇ ਆਇਆ। ਬੱਸ ’ਤੇ ਕੱਠੇ ਚਲਦੇ ਆਂ। ਨਹੀਂ ਤਾਂ ਮੈਂ ਸਾਈਕਲ ‘ਤੇ ਔਣਾ ਪਸੰਦ ਕਰਦਾਂ। ਹੋਰ ਨਹੀਂ ਤਾਂ, ਤਿੰਨ ਮੀਲ ਦੀ ਸੈਰ ਹੋ ਜਾਂਦੀ ਐ। ਪੇਟ ਠੀਕ ਰਹਿੰਦੇ।’
ਮੁੰਡਾ-ਕੁੜੀ ਸਿਰਫ ਮੁਸਕਰਾਏ ਹੀ। ਤੇ ਫੇਰ ਕੁੜੀ ਨੇ ਕਾਹਲ ਦਿਖਾਈ, ਪੁੱਛਣ ਲੱਗੀ, ‘ਸਰ ਤੁਹਾਡੇ ਮਿਸਿਜ਼ ਕਿੱਥੇ ਕੰਮ ਕਰਦੇ ਐ ?
‘ਐਥੇ ਈ, ਰਾਮਪੁਰੇ । ਹਾਈ ਸਕੂਲ ‘ਚ ਨੇ। ਮਿਸਟ੍ਰੈਸ ।
‘ਬੱਚੇ ਕਿੰਨੇ ਐ?’
‘ਤਿੰਨ ਲੜਕੇ ਐ।’
‘लइरीभां ?’
‘ਲੜਕੀ ਕੋਈ ਨੀਂ ?’
‘ਲੜਕੇ ਕਿੱਡੇ ਕਿੱਡੇ ਐ?’
‘ਇਕ ਕਾਲਜ ਜਾਂਦੈ। ਬਠਿੰਡੇ ਐ। ਛੋਟੇ ਦੋਵੇਂ ਸਕੂਲ ‘ਚ ਨੇ ।’
‘ਸਰ, ਤੁਹਾਡੀ ਮੈਰਿਜ ਵੇਲੇ ਲੋਕਾਂ ਵੱਲੋਂ ਕੋਈ ਵਿਰੋਧ ਨ੍ਹੀਂ ਹੋਇਆ ?’
‘ਲੋਕਾਂ ਨੇ ਕੀ ਵਿਰੋਧ ਕਰਨਾ ਹੁੰਦੈ। ਮੀਆਂ-ਬੀਵੀ ਰਾਜ਼ੀ, ਕੀ ਕਰੂ ਗਾ ਕਾਜ਼ੀ । ਉਹਦੇ ਮਾਂ-ਬਾਪ ਨੇ ਤਾਂ ਸਗੋਂ ਆਪ ਪਸੰਦ ਕੀਤਾ ਮੈਨੂੰ । ਮੈਂ ਆਪਣੀ ਮਾਂ ਨੂੰ ਵੀ ਮਨਾ ਲਿਆ ਸੀ। ਸਮਾਜ ਦਾ ਕੀ ਐ, ਸਮਾਜ ਤਾਂ ਆਖ਼ਰ ਮੰਨ ਈ ਜਾਂਦੈ । ਲੋਕ ਕਿਸੇ ਵੀ ਸਮਾਜਕ ਪੱਧਰ ਦੇ ਪ੍ਰੋਗ੍ਰੈਸਿਵ ਸਟੈੱਪ ਦੀ ਚਰਚਾ ਕਰਦੇ ਹੁੰਦੇ ਐ। ਸ਼ੁਰੂ-ਸ਼ੁਰੂ ਵਿਚ ਤਾਂ ਤੂਫ਼ਾਨ ਖੜ੍ਹਾ ਕਰ ਦੇਣਗੇ । ਫੇਰ ਇਕ-ਅੱਧ ਸਾਲ ਨਿੰਦਿਆ ਦਾ ਦੌਰ ਚਲਦਾ ਰਹਿੰਦੈ। ਤੇ ਫੇਰ ਸਮਾਂ ਬੀਤ ਜਾਣ ‘ਤੇ ਸਮਾਜ ਉਹਨਾਂ ਈ ਵਿਅਕਤੀਆਂ ਨੂੰ ਆਪਣਾ ਹਿੱਸਾ ਬਣਾਂ ਲੈਂਦੈ। ਸਮਾਜ ਦਾ ਦਿਲ ਬੜਾ ਵਿਸ਼ਾਲ ਐ। ਅਸੀਂ ਹੀ ਤਾਂ ਸਮਾਜ ਆਂ। ਸਾਡੇ ਰਾਹੀ ਹੀ ਤਾਂ ਸਮਾਜ ਬਦਲਦੈ ।’
‘ਪਰ ਸਾਡੀ ਗਲ ਤਾਂ ਹੋਰ ਐ। ਪ੍ਰੋਫੈਸਰ ਸਾਅਬ । ਅਸੀ ਤਾਂ ਕੜੱਕੀ ‘ਚ ਫਸ ਜਾਮਾਂਗੇ ।’ ਨਸੀਬ ਨੇ ਆਖਿਆ।
‘ਕਿਉਂ, ਕਿਵੇਂ ? ਕੀ ਐ ਤੁਹਾਡੀ ਗੱਲ ?? ਸੱਜਣ ਸਿੰਘ ਘੋਖਵੀਂ ਨਜ਼ਰ ਨਾਲ ਪਹਿਲਾਂ ਤਾਂ ਨਸੀਬ ਵੱਲ ਝਾਕਿਆ, ਫੇਰ ਪੁਸ਼ਪਿੰਦਰ ਵੱਲ।
‘ਘਰ ਚੱਲ ਕੇ ਗੱਲ ਕਰਾਂ ਗੇ ਜੀ । ਏਸੇ ਕਰਕੇ ਤਾਂ ਚੱਲੇ ਆਂ, ਤੁਹਾਡੇ ਨਾਲ ‘ ਨਸੀਬ ਨੇ ਉੱਤਰ ਦਿੱਤਾ।
ਫੂਲ ਵੱਲੋਂ ਬੱਸ ਆ ਗਈ। ਉਹ ਤਿੰਨੇ ਚੜ੍ਹ ਗਏ।
5
ਸੂਏ ਦੇ ਪੁਲ ਕੋਲ ਉੱਤਰ ਕੇ ਉਹ ਚਿੱਕੜ-ਭਰੀਆਂ ਗਲੀਆਂ ਵਿਚ ਦੀ ਹੁੰਦੇ ਹੋਏ ਸੱਜਣ ਸਿੰਘ ਦੇ ਘਰ ਪਹੁੰਚ ਗਏ । ਬੀਬੀ ਜੀ ਸਕੂਲੋਂ ਆ ਚੁੱਕੇ ਸਨ। ਸਨਿਚਰਵਾਰ ਸੀ, ਸਕੂਲੋਂ ਸਦੇਹਾਂ ਛੁੱਟੀ ਹੋ ਗਈ ਸੀ। ਅੱਜ ਫਾਈਨਲ ਦਾ ਆਖ਼ਰੀ ਪੀਰੀਅਡ ਬਹੁਤ ਲੰਮਾ ਹੋਣ ਕਰਕੇ ਅਤੇ ਨਸੀਬ ਤੇ ਪੁਸ਼ਪਿੰਦਰ ਦੇ ਨਾਲ ਆਉਣ ਵਿਚ ਸੱਜਣ ਸਿੰਘ ਨੂੰ ਵੀ ਅਵੇਰ ਹੋ ਗਈ ਸੀ। ਗਲੀ ਨਾਲ ਲਗਦੇ ਡਰਾਇੰਗਰੂਮ ਵਿਚ ਬੈਠ ਕੇ ਪਹਿਲਾਂ ਤਾਂ ਤਿੰਨਾਂ ਨੇ ਰੋਟੀ ਖਾਧੀ। ਫੇਰ ਚਾਹ ਪੀ ਕੇ ਉਥੇ ਹੀ ਗੱਲ ਕਰਨ ਲੱਗ ਪਏ। ਬੀਬੀ ਜੀ ਉਹਨਾਂ ਦੇ ਖਾਣ-ਪੀਣ ਅਤੇ ਚਾਹ-ਪਾਣੀ ਦਾ ਪ੍ਰਬੰਧ ਕਰਦੇ ਰਹੇ। ਤੇ ਫੇਰ ਰੋਟੀ ਖਾ ਕੇ ਬੀਬੀ ਜੀ ਆਪਣੇ ਕਮਰੇ ਵਿਚ ਆਰਾਮ ਕਰਨ ਲਈ ਪੈ ਗਏ । ਘਰ ਵਿਚ ਬੱਚੇ ਨਹੀਂ ਸਨ। ਵੱਡਾ ਅਜੇ ਬਠਿੰਡਿਓਂ ਮੁੜਿਆਂ ਨਹੀਂ ਸੀ। ਛੋਟੇ ਦੋਵੇਂ ਰੋਟੀ ਖਾ ਕੇ ਖੇਡਣ ਲਈ ਦੋਸਤ ਮੁੰਡਿਆਂ ਦੇ ਘਰਾਂ ਵੱਲ ਭੱਜ ਗਏ ਸਨ।
ਮੁੱਛਾਂ ਸਿੱਧੀਆਂ ਕਰਕੇ ਸੱਜਣ ਸਿੰਘ ਨੇ ਆਪਣੀ ਪੱਗ ਸਿਰ ਤੋਂ ਲਾਹੀ ਅਤੇ ਜੂੜੇ ਵਿਚ ਹੀ ਦਿੱਤਾ ਲੱਕੜ ਦਾ ਛੋਟਾ ਕੰਘਾ ਕੱਢ ਕੇ ਕੇਸਾਂ ਵਿਚ ਫੇਰਿਆ। ਪੱਗ ਉੱਠ ਕੇ ਕੋਲ ਪਏ ਫਰਿੱਜ ਉੱਤੇ ਰੱਖ ਦਿੱਤੀ। ਐਨਕ ਵੀ ਉਤਾਰ ਦਿੱਤੀ। ਪੁੱਛਣ ਲੱਗਿਆ, ‘ਹਾਂ ਬਈ ਨਸੀਬ, ਹੁਣ ਦੱਸ ਕੀ ਸਮੱਸਿਆਂ ਐ ਤੁਹਾਡੀ ?’
‘ਸਮੱਸਿਆ ਤਾਂ, ਸਿੱਧੀ ਗੱਲ ਐ ਪ੍ਰੋਫੈਸਰ ਸਾਅਬ, ਬਈ ਮੈਂ, ਤੁਹਾਨੂੰ ਪਤਾ ਈ ਐ, ਨਾਈਆਂ ਦਾ ਮੁੰਡਾ ਆਂ, ਇਹ ਜੱਟਾਂ ਦੀ ਕੁੜੀ ਐ । ਅਸੀਂ ਫੈਸਲਾ ਕਰ ਬੈਠੇ ਆਂ। ਕਿਮੇਂ ਕਰਾਂਗੇ ? ਜੱਟ ਤਾਂ ਜੱਟ ਹੁੰਦੇ ਐ, ਨਾਈਆਂ ਦੀ ਕੀ ਮਜਾਲ ।’
ਸੱਜਣ ਸਿੰਘ ਕੁੜੀ ਵਲ ਕਣੱਖਾ ਝਾਕ ਕੇ ਮੁਸਕਰਾਇਆ। ਕਹਿੰਦਾ, ‘ਨਾਈਆਂ ਦੀ ਇਹੀ ਮਜਾਲ ਐ ਬਈ ਜੱਟਾਂ ਦੀ ਕੁੜੀ ਮਗਰ ਲੱਗੀ ਫਿਰਦੀ ਐ। ਇਹ ਕੋਈ ਘੱਟ ਮਜਾਲ ਐ ?’ ਤੇ ਫੇਰ ਗੰਭੀਰ ਹੋ ਕੇ ਆਖਣ ਲੱਗਿਆ, ‘ਦੇਖੋ ਦੋਸਤ, ਸਵਾਲ ਨਾਈ-ਜੱਟ ਦਾ ਨਹੀਂ। ਸਵਾਲ ਵੱਡਾ ਆਰਥਿਕਤਾ ਦਾ ਐ। ਜੇ ਤੂੰ ਆਰਥਿਕ ਤੌਰ ‘ਤੇ ਤਕੜਾ ਹੋ ਕੇ ਇਸ ਸਮੱਸਿਆ ਨਾਲ ਲੜੇ ਤਾ ਤੇਰੀ ਜਿੱਤ ਹੋ ਸਕਦੀ ਐ। ਰਹੀ ਗੱਲ ਵਿਸ਼ਵਾਸ ਦੀ, ਉਹ ਸਭ ਤੋਂ ਵੱਧ ਜ਼ਰੂਰੀ ਐ । ਤੁਹਾਨੂੰ ਦੋਵਾਂ ਨੂੰ ਇਕ-ਦੂਜੇ ਵਿਚ ਵਿਸ਼ਵਾਸ ਐ ਤਾਂ ਫੌਲਾਦ ਦੀ ਕੰਧ ਬਣ ਕੇ ਖੜ੍ਹ ਜਾਓ, ਡਟ ਜਾਓ, ਕੌਣ ਹਿਲੌਣ ਵਾਲੈ ਤੁਹਾਨੂੰ ?
‘ਆਰਥਿਕ ਤੌਰ ‘ਤੇ ਤਕੜਾ ਹੋਣ ਦਾ ਮਤਲਬ, ਪ੍ਰੋਫੈਸਰ ਸਾਅਬ ? ਨਸੀਬ ਨੇ ਪੁੱਛਿਆ।
‘ਦੇਖੋ, ਅਜੇ ਕਾਹਲ ਨਾ ਕਰੋ। ਇਕ-ਦੂਜੇ ਦੇ ਵਿਸ਼ਵਾਸ ਨੂੰ ਆਪਣੇ ਲੜ ਬੰਨ੍ਹ ਕੇ ਆਪਣੇ ਇਮਤਿਹਾਨ ਦੀ ਤਿਆਰੀ ਕਰੋ ਪਹਿਲਾਂ। ਚੰਗੇ ਨੰਬਰ ਲਵੋ। ਅਗਾਂਹ ਹੋਰ ਪੜ੍ਹਨਾ ਹੋਵੇ ਤਾਂ ਹੋਰ ਪੜ੍ਹੋ। ਤੂੰ, ਨਸੀਬ, ਕੋਈ ਸਰਵਿਸ ਲੈ। ਆਪਣੇ ਪੈਰਾਂ ‘ਤੇ ਖੜ੍ਹਾ ਹੋ ਜਾ । ਬੱਸ, ਫੇਰ ਕੀ ਐ, ਸ਼ਾਦੀ ਕਰ ਲਓ। ਮਾਪੇ ਨਾ ਮੰਨਣ, ਸਮਾਜ ਨਾ ਮੰਨੇ, ਤਾਂ ਕੋਰਟ ਵਿਚ ਜਾ ਕੇ ਕਰ ਲਓ ਸ਼ਾਦੀ।’
ਨਸੀਬ ਕਹਿੰਦਾ, ‘ਇਹ ਤਾਂ ਸਾਡਾ ਪਹਿਲਾਂ ਸੋਚਿਆ ਹੋਇਐ, ਪ੍ਰੋਫੈਸਰ ਸਾਅਬ, ਬਈ ਮੈਨੂੰ ਸਰਵਿਸ ਮਿਲਣ ਬਾਅਦ ਈ ਅਸੀਂ ਇਹ ਕਰਾਂਗੇ।’
‘ਬੱਸ ਫੇਰ, ਰੌਲਾ ਕੀ ਐ ?’
‘ਰੌਲਾ ਇਹ ਐ, ਸਰ, ਪਾਪਾ ਜੀ ਤੋਂ ਡਰ ਲਗਦੈ ਇਹਨੂੰ । ਇਹ ਕਹਿੰਦੈ, ਤੁਸੀਂ ਜੱਟ, ਅਸੀਂ ਨਾਈ। ਕਿਤੇ ਮੈਨੂੰ ਮਾਰ ਈ ਨਾ ਦੇਣ ।’ ਕਹਿਕੇ ਪੁਸ਼ਪਿੰਦਰ ਨੇ ਚੁੰਨੀ ਦਾ ਲੜ ਮੂੰਹ ਉੱਤੇ ਕਰ ਲਿਆ। ਜਿਵੇਂ ਨਸੀਬ ਦੀ ਕਾਇਰਤਾ ਦਾ ਮਖੌਲ ਉਡਾਇਆ ਹੋਵੇ ।
‘ਮਾਰਦਾ-ਮੂਰਦਾ ਕੋਈ ਨ੍ਹੀਂ ਹੁੰਦਾ। ਤੁਹਾਨੂੰ ਦੱਸਿਆ ਤਾਂ ਹੈ, ਸਮਾਜ ਕਿਸੇ ਵੀ ਅਣਹੋਣੀ ਨੂੰ ਬਾਅਦ ਵਿਚ ਅਪਣਾ ਲੈਂਦੈ । ਮਾਪੇ ਵੀ ਆਖ਼ਰ ਨੂੰ ਸਮਝੌਤਾ ਈ ਕਰਦੇ ਹੁੰਦੇ ਨੇ । ਤੁਸੀਂ ਏਸ ਗੱਲ ਤੋਂ ਬਿਲਕੁਲ ਨਾ ਡਰੋ। ਆਪਣੇ ਵਿਚ ਮਨੋਬਲ ਪੈਦਾ ਕਰੋ । ਬੱਸ ਫੇਰ ਕਿਧਰੇ ਕੋਈ ਤੂਫ਼ਾਨ ਨ੍ਹੀਂ ਔਂਦਾ। ਆਵੇਗਾ ਵੀ, ਤਾਂ ਗੁਜ਼ਰ ਜਾਏਗਾ।’
ਮੁੰਡੇ-ਕੁੜੀ ਨੂੰ ਪ੍ਰੋ:ਸੱਜਣ ਸਿੰਘ ਦੀਆਂ ਗੱਲਾਂ ਤੋਂ ਕਾਫੀ ਬਲ ਮਿਲ ਰਿਹਾ ਸੀ । ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਕੋਈ ਮਾੜਾ ਕੰਮ ਨਹੀਂ ਕਰ ਰਹੇ । ਇਸ ਵਿਚ ਮਾਂ-ਬਾਪ ਦੀ ਖਾਸ ਅਵੱਗਿਆ ਵੀ ਨਹੀਂ। ਤਿੰਨ ਸਾਢੇ ਤਿੰਨ ਦਾ ਵਕਤ ਹੋ ਚੁੱਕਿਆ ਸੀ। ਸੱਜਣ ਸਿੰਘ ਵੀ ਕੁਝ ਆਰਾਮ ਕਰਨਾ ਚਾਹੁੰਦਾ ਸੀ। ਬਠਿੰਡੇ ਵਾਲਾ ਮੁੰਡਾ ਆ ਚੁੱਕਿਆ ਸੀ। ਦੋਵੇਂ ਸਕੂਲੀ ਮੁੰਡੇ ਨਹੀਂ ਮੁੜੇ ਸਨ ! ਬੀਬੀ ਜੀ ਆਪਣੇ ਕਮਰੇ ਵਿਚੋਂ ਉੱਠ ਕੇ ਵਿਹੜੇ ਵਿਚ ਆਏ ਤਾਂ ਪ੍ਰੋਫੈਸਰ ਨੇ ਆਖ ਦਿੱਤਾ, ‘ਚਾਹ ਦੀ ਪਿਆਲੀ-ਪਿਆਲੀ ਬਣਾ ਲਓ ।’
ਨਸੀਬ ਕਹਿੰਦਾ, ‘ਨਹੀਂ ਪ੍ਰੋਫੈਸਰ ਸਾਅਬ, ਚਾਹ ਨੂੰ ਤਾਂ ਹੁਣ ਕੀ ਐ । ਅਸੀਂ ਚਲਦੇ ਆਂ ਬੱਸ।’
ਬੀਬੀ ਜੀ ਰਸੋਈ ਵਿਚ ਕੋਈ ਭਾਂਡਾ ਧੋਣ ਲੱਗੇ ਅਤੇ ਬਾਹਰ ਆਵਾਜ਼ ਆਈ ਤਾਂ ਪੁਸ਼ਪਿੰਦਰ ਉੱਠ ਕੇ ਰਸੋਈ ਵਿਚ ਚਲੀ ਗਈ। ਬੀਬੀ ਜੀ ਨਾਲ ਉਹ ਚਾਹ ਬਣਵਾਉਣ ਲੱਗੀ। ਬੀਬੀ ਜੀ ਉਹਦੇ ਮੂੰਹ ਵੱਲ ਗਹੁ ਨਾਲ ਦੇਖਦੇ ਅਤੇ ਕੁਝ ਲੱਭਣ-ਖੋਜਣ ਦੀ ਕੋਸ਼ਿਸ਼ ਕਰਦੇ। ਕੁੜੀ ਦਾ ਚਿਹਰਾ ਤਾਂ ਬੜਾ ਹੀ ਅਣਭੋਲ ਜਿਹਾ ਸੀ ਗੋਭਲਾ ਅਤੇ ਸਾਊ।
ਡਰਾਇੰਗ-ਰੂਮ ਵਿਚ ਓਧਰ ਪ੍ਰੋ:ਸੱਜਣ ਸਿੰਘ ਨੇ ਮੁੰਡੇ ਨੂੰ ਹੋਰ ਠੋਹਕਰਿਆ, ‘ਕਿਉਂ ਬਈ ਨਸੀਬ ਕਿਵੇਂ ਲਗਦੀ ਐ ਐ ਕੁੜੀ? ਛੱਡ ਤਾਂ ਨ੍ਹੀਂ ਦੇਊ ਕਿਤੇ ? ਧਨਾਢ ਜੱਟ ਦੀ ਧੀ ਐ, ਐਵੇਂ ਕਿਤੇ ਇਮੋਸ਼ਨਲ ਨਾ ਹੋਵੇ। ਪਿੱਛੋਂ ਪਿਓ ਦਬਕਾਵੇ ਤੇ ਇਹ ਚੁੱਪ ਹੋ ਕੇ ਘਰ ਬੈਠ ਜਾਵੇ।’
‘ਨਹੀਂ ਜੀ, ਲਗਦਾ ਤਾਂ ਹੈ ਨ੍ਹੀਂ, ਪ੍ਰੋਫੈਸਰ ਸਾਅਬ । ਨਾਲੇ ਮੈਂ ਤਾਂ ਇਹਨੂੰ ਆਖਿਆ ਨ੍ਹੀਂ, ਇਹੀ ਜ਼ੋਰ ਦੇਈਂ ਜਾਂਦੀ ਐ। ਏਸੇ ਨੇ ਪਹਿਲਾਂ ਗੱਲ ਤੋਰੀ ਐ। ਕੁੜੀ ਬੜੀ ਦਲੇਰ ਲਗਦੀ ਐ।
‘ਜੇ ਗੱਲ ਤੁਰੀ ਐ, ਤਾਂ ਹੁਣ ਤਕੜਾ ਹੋ ਕੇ ਚੱਲ । ਭੱਜੀਂ ਨਾ । ਇਕ ਵਾਰੀਂ ਸਿਰੇ ਲਾ ਦੇ। ਫੇਰ ਕਿਧਰੇ ਕੁਛ ਨ੍ਹੀਂ ਹੁੰਦਾ। ਨਾਲੇ ਭਾਈ, ਸਪਰ ਤੋਂ ਕੰਮ ਲਈਂ । ਸਾਲ ਲੰਘਦੇ ਨੇ, ਲੰਘ ਜਾਣ ਦੇ।
ਸਿਦਕ ਦੇ ਪੂਰੇ ਰਹੋ ਬੱਸ। ਬੀਏ ਕਰਕੇ ਤੂੰ ਕਿਸੇ ਕੰਮ ‘ਤੇ ਲੱਗ ਪਹਿਲਾਂ । ਬੱਸ ਫੇਰ ਲੈ ਜਾ ਕੁੜੀ ਨੂੰ । ਤੂਫ਼ਾਨ ਬਹੁਤ ਝੁੱਲਣਗੇ। ਆਖਰ ਜੱਟਾਂ ਦੀ ਕੁੜੀ ਐ । ਨਾਈ ਨੂੰ ਤਾਂ ਜੱਟ ‘ਲਾਗੀ’ ਈ ਸਮਝਦੈ। ਸਿਰ ‘ਤੇ ਕੱਫਣ ਬੰਨ੍ਹ ਕੇ ਤੁਰਨ ਆਲੀ ਕਹਾਣੀ ਐ, ਦੋਸਤਾ, ਤਕੜਾ ਰਹੀਂ।
‘ਠੀਕ ਐਂ ਫੀਸਰ ਸਾਅਬ, ਹੁਣ ਨ੍ਹੀਂ ਡੋਲਦੇ। ਹੁਣ ਤਾਂ ਜਮਾਂ ਇੱਟ ਅਰਗੇ ਆਂ। ਪਿੰਦਰ, ਐਮੇਂ ਲਗਦੈ, ਦਿਲ ਦੀ ਦਲੇਰ ਬਹੁਤ ਐ।’
ਐਨੇ ਨੂੰ ਪੁਸ਼ਪਿੰਦਰ ਟਰੇਅ ਵਿਚ ਚਾਰ ਕੱਪ ਚਾਹ ਦੇ ਰੱਖ ਕੇ ਡਰਾਰਿੰਗ ਰੂਮ ਵਿਚ ਲੈ ਆਈ। ਉਹਦੇ ਮਗਰ ਹੀ ਬੀਬੀ ਜੀ ਸਨ। ਬੀਬੀ ਜੀ ਨੇ ਰਸੋਈ ਵਿਚ ਉਹਤੋਂ ਸਾਰੀ ਗੱਲ ਪੁੱਛ ਲਈ ਸੀ। ਡਰਾਇੰਗ ਰੂਮ ਵਿਚ ਆ ਕੇ ਬੀਬੀ ਜੀ ਮੁਸਕਰਾ ਵੀ ਰਹੇ ਸਨ। ਗੰਭੀਰ ਜਿਹੇ ਵੀ ਸਨ । ਬੈਠਦੇ ਹੀ ਆਖਣ ਲੱਗੇ, ‘ਇਕ ਗੱਲ ਐ ਜੀ, ਐਸ ਉਮਰ ‘ਚ ਮੁੰਡੇ-ਕੁੜੀ ਦਾ ਫੈਸਲਾ ਮਸਾਂ ਈ ਸਿਰੇ ਚੜ੍ਹਦਾ ਹੁੰਦੈ। ਥੋੜ੍ਹਾ ਮਚਿਉਰ ਹੋਣ ਦੀ ਲੋੜ ਐ।’
ਸੱਜਣ ਸਿੰਘ ਕਹਿੰਦਾ। ‘ਮਚਿਉਰ ਨੂੰ ਕੀ ਐ, ਹੁਣ ਇਹ ਨਿਆਣੇ ਨੇ ਕੋਈ। ਚਹੁੰ ਮਹੀਨਿਆਂ ਨੂੰ ਗ੍ਰੈਜੂਏਸ਼ਨ ਕਰ ਜਾਣਗੇ । ਮਚਿਉਰ ਈ ਨੇ।
‘ਫੇਰ ਵੀ ਦੇਖ-ਸਮਝ ਲੈਣੀ ਚਾਹੀਦੀ ਐ, ਸਾਰੀ ਗੱਲ। ਇਹ ਨਾ ਹੋਵੇ ਕਿ ਫੇਰ ਪਿੱਛੇ ਹਟਣਾ ਪਵੇ | ਫੇਰ ਤਾਂ ਹਤਕ ਹੁੰਦੀ ਐ ਇਨਸਾਨ ਦੀ । ਹਾਂ, ਜੇ ਫੈਸਲਾ ਕਰ ਈ ਲਿਐ ਤਾਂ ਡਟ ਕੇ, ਨਿੱਡਰ ਹੋ ਕੇ ਫੈਸਲੇ ਨੂੰ ਸਿਰੇ ਲੌਣਾ ਪਏਗਾ। ਮਤਲਬ ਤਾਂ ਇਹ ਐ।’ ਬੀਬੀ ਜੀ ਰੋਕ ਵੀ ਰਹੇ ਸਨ, ਕਰਨ ਲਈ ਜ਼ੋਰ ਵੀ ਦੇ ਰਹੇ ਸਨ। ਅਸਲ ਵਿਚ ਤਾਂ ਉਹ ਉਹਨਾਂ ਨੂੰ ਪੱਕਾ ਹੀ ਕਰ ਰਹੇ ਸਨ।
ਚਾਹ ਪੀ ਕੇ ਉਹਨਾਂ ਨੇ ਸੱਜਣ ਸਿੰਘ ਅਤੇ ਬੀਬੀ ਜੀ ਨੂੰ ਸਤਿ ਸ੍ਰੀ ਅਕਾਲ ਆਖੀ ਅਤੇ ਹੌਸਲਾ ਤੇ ਨਵਾਂ ਵਿਸ਼ਵਾਸ ਲੈ ਕੇ ਉਹਨਾਂ ਦੇ ਘਰੋਂ ਚੱਲ ਪਏ । ਬੱਸ ਲੈਣ ਲਈ ਸੂਏ ਦੇ ਪੁਲ ਵੱਲ ਤੁਰੇ ਆ ਰਹੇ ਉਹ ਆਪਣੀ ਪੜ੍ਹਾਈ ਦੀਆਂ ਗੱਲਾਂ ਕਰਦੇ ਆਏ। ਪੁਸ਼ਪਿੰਦਰ ਕਹਿ ਰਹੀ ਸੀ, ‘ਬੱਸ ਹੁਣ ਤਾਂ ਹੱਥ ਧੋ ਕੇ ਪੈ ਜੀਏ ਕਿਤਾਬਾਂ ਨੂੰ । ਇਮਤਿਹਾਨ ਦੇ ਕੇ ਈ ਹੋਰ ਗੱਲ ਸੋਚਾਂਗੇ।’
ਨਸੀਬ ਨੇ ਫੈਸਲਾ ਸੁਣਾਇਆ, ‘ਚੰਗਾ, ਹੁਣ ਨ੍ਹੀਂ ਮਿਲਦੇ ਫੇਰ ਆਪਾਂ ਕਦੇ । ਮੈਂ ਥੋਡੇ ਘਰ ਵੀ ਨ੍ਹੀਂ ਔਣਾ ਕਦੇ । ਨਾ ਤੂੰ ਆਈਂ। ਐਗਜ਼ਾਮ ਤੋਂ ਬਾਅਦ ਈ ਮਿਲਾਂਗੇ ਸਮਾਰ ਕੇ। ਓਦੋਂ ਤੱਕ ਟਾਟਾ। ਚੰਗਾ, ਮੈਂ ਤਾਂ ਹੁਣ ਨਿੱਖੜਦਾਂ ਤੇਰੇ ਨਾਲੋਂ। ਤੂੰ ਕੱਲੀ ਜਾਹ ਬੱਸ ‘ਤੇ । ਮੈਂ ਤਾਂ ਠਹਿਰ ਕੇ ਆਊਂ।’ ਫੂਲ ਦਰਵਾਜ਼ੇ ਕੋਲ ਆ ਕੇ ਨਸੀਬ ਨੇ ਪੈਰ ਮਲਿਆ।
‘ਹਾਏ ! ਹੁਣੇ ਜਾਨੈਂ ?” ਪੁਸਪਿੰਦਰ ਨੂੰ ਜਿਵੇਂ ਕੋਈ ਚੀਸ ਜਿਹੀ ਵੱਜੀ ਹੋਵੇ।
‘ਐਡੀ ਛੇਤੀ ਗੋਲੀ ਵਜਦੀ ਐ ਤੇਰੇ ? ਹੁਣੇ ਮਿਆਂਕ ਗੀ ? ਇਮਤਿਹਾਨ ਤੱਕ ਕਿਮੇਂ ਕੱਟੇਂਗੀ ਫੇਰ ?’
‘ਹਾਂ, ਗੋਲੀ ਮਾਰ, ਮੇਰੇ ਤਾਂ। ਵੱਢ ਜੂੜ ਹੁਣੇ।’ ਪੁਸ਼ਪਿੰਦਰ ਦੀਆਂ ਅੱਖਾਂ ਵਿਚ ਗਹਿਰ ਉੱਤਰ ਆਈ।
‘ਕਮਲੀ ਨਾ ਹੋ, ਜਾਹ ਬੱਸ। ਮੈਂ ਠਹਿਰ ਕੇ ਆਊਂਗਾ।’
‘ਨਹੀਂ ਜਾਣਾ ਮੈਂ। ਐਥੇ ਈ ਖੜ੍ਹ ਕੇ ਮਰਨਾ ਮਨਜ਼ੂਰ । ਤੂੰ ਸੂਏ ਦੇ ਪੁਲ ਤੱਕ ਚੱਲ ਮੇਰੇ ਨਾਲ।
‘ਕੀ ਫੈਦਾ ਭਲਾਂ ? ਓਥੇ ਪਿੰਡ ਦੇ ਵੀਹ ਬੰਦੇ ਖੜ੍ਹੇ ਹੋਣ ਗੇ ? ਤੂੰ ਸਿੱਧੀ ਹੋ ਕੇ ਜਾਹ ਬੱਸ।’
‘ਨਹੀਂ ਜਾਂਦੀ। ਤੂੰ ਜਾਹ, ਜਿਧਰ ਜਾਣੈ। ਮਰ ਜਿੱਥੇ ਮਰਨੈ ।’ ਉਹਨੇ ਅੱਖਾਂ ਭਰ ਲਈਆਂ।
ਨਸੀਬ ਨੇ ਨਿੱਕੀ ਜਿਹੀ ਇਕ ਤਿੱਖੀ ਗਾਲ ਕੱਢੀ ਅਤੇ ਪੁਸ਼ਪਿੰਦਰ ਦੇ ਅੱਗੇ ਹੋ ਕੇ ਤੁਰ ਪਿਆ। ਪੁਸ਼ਪਿੰਦਰ ਦੇ ਬੁਲ੍ਹਾਂ ਉੱਤੇ ਮੁਸਕਾਣ ਸੀ। ਚੁੰਨੀ ਦੇ ਲੜ ਨਾਲ ਉਹਨੇ ਅੱਖਾਂ ਪੂੰਝ ਲਈਆਂ।
ਪੁਲ ਉੱਤੇ ਬੱਸ ਤਿਆਰ ਪੜ੍ਹੀ ਸੀ । ਉਹ ਬਾਰੀ ਨਾਲ ਲਗਦੀ ਇਕ ਸੀਟ ਉੱਤੇ ਜਾ ਬੈਠੀ।
ਨਸੀਬ ਬਾਹਰ ਦੂਰ ਖੜ੍ਹਾ ਉਹਨੂੰ ਦੇਖਣ ਲੱਗਿਆ। । ਉਹ ਉਹਦੇ ‘ ਵੱਲ ਬਿੰਦੇ-ਬਿੰਦੇ ਝਾਕਦੀ ਅਤੇ घे ਪਛਾਣ ਜਿਹਾ ਮੁਸਕਰਾਉਂਦੀ।
ਬੱਸ ਚੱਲੀ ਤਾਂ ਇਕ ਉਂਗਲ ਹਿਲਾ ਕੇ ਪੁਸ਼ਪਿੰਦਰ ਨੇ ਨਸੀਬ ਨੂੰ ‘ਬਾਇ’ ਕੀਤਾ। ਇਕ ਕਿਲੋਮੀਟਰ ਲੰਘ ਕੇ ਹੀ ਉਹ ਸੋਚਾਂ ਵਿਚ ਉੱਤਰ ਗਈ। ਉਹਦੇ ਸਾਹਮਣੇ ਇਕ ਲੰਮੇ ਸੰਘਰਸ਼ ਦਾ ਸਫਰ ਸੀ। ਕਿਸੇ ਚਟਾਨ ਜਿਹੀ ਰੁਕਾਵਟ। ਉਹਨੂੰ ਵਿਸ਼ਵਾਸ ਵੀ ਸੀ ਕਿ ਉਹ ਇਸ ਲੰਮੇ ਸਫਰ ਨੂੰ ਪਾਰ ਕਰ ਲਵੇਗੀ। ਉਹ ਇਸ ਚਟਾਨ ਨੂੰ ਟੱਪ ਜਾਵੇਗੀ। ਨਸੀਬ ਜਿਹੇ ਦਿਲ ਦੇ ਸਾਥੀ ਦਾ ਹੱਥ ਫੜ ਕੇ ਉਹ ਹਿਮਾਲਾ ਪਰਬਤ ਕਿਹੜਾ ਨਾ ਸਾਰਾ ਉਲੰਘ ਜਾਵੇ।
ਉਹਦੇ ਚਿੱਤ ਵਿਚ ਆਈ ਕਿ ਉਹਦਾ ਬਾਪ ਕਿੱਡਾ ਧਨਾਡ ਜ਼ਿਮੀਦਾਰ ਹੈ । ਉਹਦੇ ਕੋਲ ਕਿੰਨੀ ਜ਼ਮੀਨ-ਜਾਇਦਾਦ ਹੈ । ਕਿੰਨਾ ਪੈਸਾ ਹੈ, ਘਰ ਵਿਚ। ਕਿਸੇ ਵੀ ਚੀਜ਼ ਦੀ ਥੁੜ ਨਹੀਂ । ਉਹਦਾ ਬਾਪ ਉਹਦੇ ਲਈ ਆਪਣੇ ਜਿਹੇ ਧਨਾਡ ਜੱਟ ਦਾ ਹੀ ਕੋਈ ਮੁੰਡਾ ਲੱਭ ਸਕਦਾ ਹੈ। ਪਰ ਉਹਨੇ ਆਪਣੇ ਬਾਪ ਦੀ ਜ਼ਮੀਨ-ਜਇਦਾਦ ਅਤੇ ਫੇਰ ਕਿਸੇ ਧਨਾਡ ਜੱਟ ਦੇ ਮੁੰਡੇ ਤੋਂ ਕੀ ਲੈਣਾ ਹੈ? ਕੀ ਪਤਾ ਉਹਨੂੰ ਦਿਲ ਦਾ ਸਾਥੀ ਮਿਲੇ ਜਾਂ ਨਾ ਮਿਲੇ । ਕਿਸੇ ਦੀ ਧਨਾਡਗਿਰੀ ਕੀ ਉਹਨੇ ਚੱਟਣੀ ਹੈ ? ਤੇ ਨਾਲੇ ਅੱਜ ਦੇ ਸਮੇਂ ਵਿਚ ਧਨਾਡਗਿਰੀ ਕਿਸੇ ਇਕ ਜਾਤ-ਬਰਾਦਰੀ ਨਾਲ ਬੱਝ ਕੇ ਤਾਂ ਰਹਿ ਨਹੀਂ ਗਈ। ਕਿਸੇ ਵੀ ਜਾਤ ਦਾ ਕੋਈ ਵੀ ਤਾਂ ਆਦਮੀ ਧਨਾਡ ਹੋ ਸਕਦਾ ਹੈ। ਇਸ ਲੁੱਟ-ਖਸੁੱਟ ਦੇ ਜ਼ਮਾਨੇ ਵਿਚ ਕੋਈ ਵੀ ਤਾਂ ਅਮੀਰ ਬਣ ਸਕਦਾ ਹੈ। ਆਮ ਜੱਟ ਤਾਂ ਭੁੱਖ-ਨੰਗ ਨਾਲ ਘੁਲ ਰਹੇ ਹਨ। ਹਰ ਕੋਈ ਉਹਦੇ ਬਾਪ ਹਰਦਿੱਤ ਸਿੰਘ ਜਿਹਾ ਥੋੜ੍ਹਾ ਬਣ ਸਕਦਾ ਹੈ।
ਉਹਦੇ ਦਿਲ ਦਾ ਸਾਥੀ ਤਾਂ ਨਸੀਬ ਹੀ ਹੈ । ਉਹਨੇ ਸੋਚਿਆ, ਨਸੀਬ ਉਹਦੇ ਲਈ ਇਕ ਅਜਿਹਾ ਅਹਿਸਾਸ ਬਣ ਚੁੱਕਿਆ ਹੈ, ਜਿਵੇਂ ਉਹਦੇ ਪਿੰਡੇ ਦੀਆਂ ਨਾੜਾਂ ਵਿਚ ਉਹ ਉਹਦਾ ਆਪਣਾ ਖੂਨ ਬਣ ਕੇ ਹੀ ਰਚ ਗਿਆ ਹੋਵੇ । ਸਮਾਜਕ ਤੌਰ ਉੱਤੇ ਇਕ ਹੋ ਜਾਣ ਤੱਕ ਇਹ ਅਹਿਸਾਸ ਉਹਦੇ ਪਿੰਡੇ ਨੂੰ ਤੇਈਏ ਤਾਪ ਵਾਂਗ ਚੜ੍ਹਿਆ ਰਹੇਗਾ।
ਉਹ ਦਿਨ ਪੁਸ਼ਪਿੰਦਰ ਨੂੰ ਵਾਰ-ਵਾਰ ਯਾਦ ਆ ਰਿਹਾ ਸੀ, ਜਦੋਂ ਨਸੀਬ ਉਹਨਾਂ ਦੇ ਘਰ ਪਹਿਲੀ ਵਾਰ ਆਇਆ । ਪੁਸ਼ਪਿੰਦਰ ਦੇ ਬਾਬੇ ਦੀ ਬਰਸੀ ਸੀ। ਇਸ ਵਾਰ ਇਸ ਬਰਸੀ ਦਾ ਹੋਰ ਵੀ ਇਕ ਮਹੱਤਵ ਸੀ। ਲੋਕ-ਸਭਾ ਦੀਆਂ ਆਮ ਚੋਣਾਂ ਨੇੜੇ ਸਨ। ਐਮਰਜੰਸੀ ਦੇ ਕਾਲੇ ਦਿਨ ਖ਼ਤਮ ਹੋ ਚੁੱਕੇ ਸਨ । ਦੇਸ ਵਿਚ ਕਾਂਗਰਸ ਪਾਰਟੀ ਅਤੇ ਵਿਰੋਧੀ ਧੜੇ ਦੀਆਂ ਬਹੁਤੀਆਂ ਪਾਰਟੀਆਂ ਦੇ ਗੱਠ-ਜੋੜ ਜਨਤਾ ਪਾਰਟੀ ਵਿਚਕਾਰ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਸੀ । ਹਰਦਿਲ ਸਿੰਘ ਇਸ ਵਾਰ ਫੇਰ ਸਰਗਰਮ ਸੀ। ਉਹ ਆਪ ਤਾਂ ਚੋਣ ਨਹੀਂ ਲੜ ਰਿਹਾ ਸੀ ਪਰ ਉਹਨੇ ਅਕਾਲੀ ਉਮੀਦਵਾਰ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਸੀ। ਝੰਡਾ ਸਿੰਘ ਦੀ ਬਰਸੀ ਉੱਤੇ ਹਰਦਿੱਤ ਸਿੰਘ ਨੂੰ ਆਖ ਕੇ ਉਹਨੇ ਪੂਰਾ ਇੱਕਠ ਬੁਲਵਾਇਆ ਸੀ। ਇਸ਼ਤਿਹਾਰ ਛਪਵਾ ਕੇ ਪਿੰਡਾਂ ਵਿਚ ਵੰਡਵਾਏ ਸਨ। ਹੋਰ ਵੀ ਕਈ ਅਕਾਲੀ ਲੀਡਰਾਂ ਨੂੰ ਸੱਦਿਆ ਗਿਆ ਸੀ। ਬਰਸ਼ੀ ਉੱਤੇ ਝੰਡਾ ਸਿੰਘ ਦੀ ਗੱਲ ਤਾਂ ਕਿਸੇ ਨੇ ਕੀਤੀ ਹੀ ਨਾ, ਵੋਟਾਂ ਦੀ ਡੌਡਕੀ ਹੀ ਪਿੱਟੀ ਗਈ। ਗਰਮੀ ਦਾ ਮੌਸਮ ਸੀ। ਨਸੀਬ ਅਤੇ ਪੁਸ਼ਪਿੰਦਰ ਨੇਂਬੂ ਨਚੋੜ-ਨਚੋੜ ਕੱਚ ਦੇ ਗਲਾਸਾਂ ਵਿਚ ਉਹਨਾਂ ਦਾ ਰਸ ਕਢਦੇ ਅਤੇ ਪਲਾਸਟਿਕ ਦਾ ਟੱਬ ਪਾਣੀ ਦਾ ਭਰ ਕੇ ਖੰਡ ਘੋਲਦੇ ਜਾਂਦੇ। ਥੋੜ੍ਹਾ ਜਿੰਨਾ ਨੇਂਬੂ ਦਾ ਰਸ ਪਾ ਕੇ ਖੰਡ ਵਾਲੇ ਪਾਣੀ ਨਾਲ ਜੱਗ ਭਰ ਦਿੰਦੇ। ਸ਼ਕੰਜਵੀ ਪਿਆਉਣ ਵਾਲੇ ਬੰਦੇ ਖਾਲੀ ਜੱਗ ਲੈ ਕੇ ਆਉਂਦੇ ਅਤੇ ਭਰਿਆ ਜੱਗ ਲੈ ਕੇ ਕਮਰੇ ਦੇ ਇਹ ਮੂਹਰਿਓਂ ਹੀ ਮੁੜ ਜਾਂਦੇ। ਨਸੀਬ ਅਤੇ ਪੁਸ਼ਪਿੰਦਰ ਤੇਜ਼ੀ ਨਾਲ ਕੰਮ ਕਰਦੇ। ਪੁਸ਼ਪਿੰਦਰ ਨੂੰ ਯਾਦ ਆ ਰਿਹਾ ਸੀ, ਉਸ ਦਿਨ ਉਹ ਪਹਿਲੀ ਵਾਰ ਉਹਨੂੰ ਕਿੰਨਾ ਚੰਗਾ ਲੱਗਿਆ ਸੀ। ਕੰਮ ਕਰਦਾ-ਕਰਦਾ ‘ਉਹ ਉਹਦੇ ਚਿਹ- ਵੱਲ ਬਿੰਦ ਦੀ ਬਿੰਦ ਝਾਕਦਾ ਤਾਂ ਜਿਵੇਂ ਪੁਸ਼ਪਿੰਦਰ ਨੂੰ ਲਗਦਾ, ਉਹਦੇ ਹੱਥ-ਪੈਰ ਝੂਨੇ ਪੈ ਜਾਂਦੇ ਹੋਣ। ਪਰ ਉਹ ਕੰਬਣੀ, ਉਹ ਸੁਆਦ ਉਸ ਦਿਨ ਉਹਨੂੰ ਕਿੰਨਾ ਚੰਗਾ ਲੱਗਿਆ ਸੀ। ਜਿਵੇਂ ਕੋਈ ਅਲੋਕਾਰ ਚੀਜ਼ ਆਕਾਸ਼ ਉੱਤੋਂ ਧਰਤੀ ਉੱਤੇ ਉੱਤਰ ਆਈ ਹੋਵੇ ਤੇ ਉਹ ਚੀਜ਼ ਉਹਦੀ ਆਪਣੀ ਹੋਵੇ। ਫੇਰ ਵੀ ਉਹਦੀ ਪਕੜ ਵਿਚ ਨਾ ਆ ਰਹੀ ਹੋਵੇ। ਇਕ ਸੁਆਦ, ਇਕ ਕਾਂਬਾ!
6
ਘਰ ਪਹੁੰਚ ਕੇ ਪੁਸ਼ਪਿੰਦਰ ਨੇ ਮਾਂ ਕੋਲ ਬਹਾਨਾ ਲਾਇਆ ਕਿ ਫੂਲ ਦੀਆਂ ਕੁੜੀਆਂ ਉਹਨੂੰ ਨਾਲ ਲੈ ਗਈਆਂ ਸਨ। ਮਾਨ-ਪੱਖੋ ਅਗਵਾੜ ਵਿਚ ਖੱਤਰੀਆਂ ਦੀ ਕੁੜੀ ਦੇ ਭਤੀਜੇ ਦੀ ‘ਛਵੀਂ’ ਸੀ। ਉਥੇ ਜਾ ਕੇ ਕੁੜੀਆਂ ਨਚਦੀਆਂ-ਟਪਦੀਆਂ ਰਹੀਆਂ। ਗੀਤ ਗਾਏ ਅਤੇ ਬਰਫੀ-ਪਕੌੜੇ ਰੱਜ-ਰੱਜ ਖਾਧੇ। ਕੁੜੀ ਦੀ ਭਾਬੀ ਬਹੁਤੀ ਹੀ ਚੰਗੀ ਹੈ। ਉਹਨੂੰ ਕਿੰਨਾ ਹੀ ਚਿਰ ਆਉਣ ਨਾ ਦਿੱਤਾ। ਕਹੀਂ ਗਈ, ਕੁਛ ਤਾਂ ਖਾਹ । ਕੀ ਖਾਧਾ ਹੈ ਤੂੰ । ਫੇਰ ਕਹਿੰਦੀ-ਚੰਗਾ, ਚਾਹ ਪੀ ਕੇ ਜਾਈਂ ਹੁਣ। ਸਾਰੇ ਜਣਿ ਆ ਦੀ ਇੱਕਠੀ ਹਾਹ ਬਣੀ। ਤੇ ਬੱਸ ਫੇਰ ਚਾਹ ਪੀਣ ਦੀ ਉਡੀਕ ਵਿਚ ਆਹ ਵੇਲਾ ਆ ਗਿਆ।
ਮਾਂ ਧੀ ਦੇ ਚਿਹਰੇ ਵੱਲ ਬਿੰਦੇ-ਬਿੰਦੇ ਦੇਖਦੀ, ਪਰ ਕੋਈ ਵੀ ਅਨੁਮਾਨ ਉਹਦੇ ਕੋਲੋਂ ਨਹੀਂ ਲੱਗ ਰਿਹਾ ਸੀ। ਉਹ ਅੰਦਰੇ-ਅੰਦਰ ਨਿੱਕਾ-ਨਿੱਕਾ ਝੁਰਦੀ ਜ਼ਰੂਰ ਕਿ ਪੁਸ਼ਪਿੰਦਰ ਲਗਭਗ ਹਮੇਸ਼ਾ ਹੀ ਦੇਰ ਨਾਲ ਕਿਉਂ ਆਉਂਦੀ ਹੈ। ਤਖਾਣਾਂ ਦੀ ਕੁੜੀ ਨਾਲੋਂ ਸਹੇਲਪੁਣਾ ਕਿਉਂ ਤੋੜ ਦਿੱਤਾ। ਪਹਿਲਾਂ ਤਾਂ ਉਹਦੇ ਬਿਨਾਂ ਸਾਹ ਨਹੀਂ ਲੈਂਦੀ ਹੁੰਦੀ ਸੀ । ਤਖਾਣਾਂ ਦੀ ਕੁੜੀ ਵੀ ਕੁਝ ਨਹੀਂ ਦੱਸਦੀ ਸੀ। ਪੁਸ਼ਪਿੰਦਰ ਦੀ ਮਾਂ ਪੁਛਦੀ ਤਾਂ ਉਹ ਗੁੰਮ-ਸੁੰਮ ਹੀ ਹੋ ਜਾਂਦੀ। ਕੋਈ ਵੀ ਜਵਾਬ ਨਹੀਂ ਸੀ ਦਿੰਦੀ। ਉਹਨੂੰ ਕੁਝ ਤਾਂ ਦੱਸਣਾ ਚਾਹੀਦਾ ਹੈ। ਉਹ ਚੁੱਪ ਕਿਉਂ ਹੋ ਜਾਂਦੀ ਹੈ ? ਪੁਸ਼ਪਿੰਦਰ ਦੀ ਮਾਂ ਉਹਦੀ ਚੁੱਪ ਤੋਂ ਬੁਰੇ-ਬੁਰੇ ਅਨੁਮਾਨ ਆਪਣੇ ਚਿੱਤ ਵਿਚ ਲਾਉਣ ਲਗਦੀ । ਪਰ ਉਹ ਪੁਸ਼ਪਿੰਦਰ ਨੂੰ ਆਖਦੀ ਕੁਝ ਨਾ, ਪੁਛਦੀ ਕੁਝ ਨਾ । ਆਖ਼ਰ ਧੀ ਜਵਾਨ ਹੈ। ਗੱਲ ਵਿਗੜ ਹੀ ਨਾ ਜਾਵੇ ਕੋਈ।
ਪੁਸ਼ਪਿੰਦਰ ਹਮੇਸ਼ਾ ਹੀ ਮਾਂ ਨਾਲ ਹੱਸ-ਹੱਸ ਗੱਲਾਂ ਕਰਦੀ। ਚੁਟਕਲੇ ਸੁਣਾਉਂਦੀ ਰਹਿੰਦੀ। ਦਾਦੀ ਹੀ ਉਹਦੀਆਂ ਗੱਲਾਂ ਦਾ ਹੁੰਗਾਰਾ ਭਰਦੀ। ਦਾਦੀ ਤਾਂ ਖ਼ੁਸ਼ ਵੀ ਹੁੰਦੀ ਕਿ ਉਹਦੀ ਪੋਤੀ ਕਿਹੋ ਜਿਹੀਆਂ ਅਲੋਕਾਰ ਗੱਲਾਂ ਘੜ-ਘੜ ਸੁਣਾਉਂਦੀ ਰਹਿੰਦੀ ਹੈ । ਧੀ ਦੇ ਚੁਟਕਲਿਆਂ ਨੂੰ ਮਾਂ ਸੁਣਦੀ ਤਾਂ ਉਹਨੂੰ ਲਗਦਾ ਕਿ ਉਹ ਬਹੁਤ ਖ਼ੁਸ਼ ਰਹਿੰਦੀ ਹੈ। ਕਿੰਨਾ ਹਸਦੀ-ਖੇਡਦੀ ਹੈ। ਜਿਵੇਂ ਉਹਦੇ ਦਿਲ ਵਿਚ ਕਿਧਰੇ ਵੀ ਕੋਈ ਮੈਲਾ ਭਾਵ ਨਹੀਂ ਹੋਵੇਗਾ। ਪਰ ਮਾਂ ਜਦੋਂ ਉਹਦੇ ਉਦਾਸ ਚਿਹਰੇ ਨੂੰ ਦੇਖਦੀ ਤਾਂ ਉਹਨੂੰ ਲਗਦਾ ਕਿ ਕੁੜੀ ਨੂੰ ਕੋਈ ਝੋਰਾ ਜ਼ਰੂਰ ਹੈ । ਕੋਈ ਗੱਲ ਜ਼ਰੂਰ ਹੈ, ਜਿਹੜੀ ਉਹ ਆਪਣੇ ਅੰਦਰੇ-ਅੰਦਰ ਛੁਪਾਈ ਬੈਠੀ ਹੈ, ਦਸਦੀ-ਉਭਾਸਰਦੀ ਨਹੀਂ। ਮਾਂ ਸੋਚਦੀ, ਇਹ ਕਿਸ ਤਰ੍ਹਾਂ ਦੀ ਕੁੜੀ ਹੈ ਪਿੰਦਰ, ਮੂੰਹ ਹਸਦਾ, ਅੱਖਾਂ ਉਦਾਸ ? ਗੱਲ੍ਹਾਂ ਦਾ ਰੰਗ ਭਖਦਾ ਭਖਦਾ, ਮੱਥੇ ਉੱਤੇ ਤਿਉੜੀਆਂ? ਗੱਲ ਕਰਦੀ ਕਰਦੀ ਭੁੱਲ ਕਿਉਂ ਜਾਂਦੀ ਹੈ ? ਆਖੋ ਗਲਾਸ, ਤਾਂ ਕੌਲੀ ਚੁੱਕ ਕੇ ਲੈ ਆਵੇਗੀ। ਨ੍ਹਾ ਕੇ ਕਮੀਜ਼-ਸਲਵਾਰ ਤਾਂ ਬਦਲ ਲਵੇਗੀ ਪਰ ਸਿਰ ਦੇ ਵਾਲ ਅਣਵਾਹੇ ਹੀ ਰੱਖੇਗੀ। ਆਖਣ ਉੱਤੇ ਹੀ ਸਿਰ ਵਾਹੁੰਦੀ ਹੈ। ਛੱਤ ਨਾਲ ਹੀ ਜਿਵੇਂ ਗੱਲਾਂ ਕਰਦੀ ਰਹਿੰਦੀ ਹੋਵੇ। ਮਾਂ ਉਹਨੂੰ ਬੁਲਾਉਂਦੀ ਤਾਂ ਉਹ ਹੱਸਣ ਲੱਗ ਪੈਂਦੀ। ਮਾਂ ਦੀ ਸਮਝ ਵਿਚ ਕੋਈ ਵੀ ਗੱਲ ਨਾ ਉੱਤਰਦੀ। ਅਜੀਬ ਲੜਕੀ ਹੈ ਇਹ ?
ਇਮਤਿਹਾਨਾਂ ਦੇ ਦਿਨ ਨੇੜੇ-ਨੇੜੇ ਆ ਰਹੇ ਸਨ । ਰਾਮਪੁਰਾ ਕਾਲਜ ਵਿਚ ਪੜ੍ਹਦੇ ਮੁੰਡੇ ਅਤੇ ਕੁੜੀਆਂ ਕਦੇ-ਕਦੇ ਤੇ ਕੋਈ-ਕੋਈ ਪੁਸ਼ਪਿੰਦਰ ਕੋਲ ਆਉਂਦੇ ਅਤੇ ਪੜ੍ਹਾਈ ਦੀਆਂ ਗੱਲਾਂ ਕਰਕੇ ਤੁਰ ਜਾਂਦੇ । ਪੁਸ਼ਪਿੰਦਰ ਕਦੇ ਕਿਸੇ ਦੇ ਘਰ ਨਹੀਂ ਗਈ ਸੀ। ਸਾਰਾ ਦਿਨ ਖਰਸ-ਖਾਧੇ ਕੁੱਤੇ ਵਾਂਗ ਬੈਠਕ ਵਿਚ ਦੁਬਕ ਕੇ ਪਈ-ਬੈਠੀ ਰਹਿੰਦੀ। ਕਦੇ-ਕਦੇ ਮੇਜ਼-ਕੁਰਸੀ ਲਾ ਕੇ ਸੰਵਾਰ ਕੇ ਬੈਠਦੀ ਅਤੇ ਪੂਰਾ ਪੜ੍ਹਦੀ। ਪਰ ਕੋਈ ਦਿਨ ਅਜਿਹਾ ਵੀ ਹੁੰਦਾ, ਉਹ ਇਕ ਸ਼ਬਦ ਵੀ ਨਾ ਪੜ੍ਹ ਸਕਦੀ । ਮੰਜੇ ਵਿਚ ਹੀ ਪਈ ਰਹਿੰਦੀ। ਨਾ ਸੁੱਤੀ, ਨਾ ਜਾਗਦੀ । ਅੱਖਾਂ ਮੀਚ ਕੇ ਪਤਾ ਨਹੀਂ ਕੀ-ਕੀ ਸੋਚਦੀ। ਨਸੀਬ ਕਦੇ ਨਹੀਂ ਆਇਆ ਸੀ। ਮਨ ਵਿਚ ਉਹ ਉਹਨੂੰ ਬੁਰਾ-ਭਲਾ ਆਖਦੀ। ਉਹਦਾ ਜੀਅ ਕਰਦਾ, ਉਹ ਨਸੀਬ ਕੋਲ ਉੱਡ ਕੇ ਉਹਨਾਂ ਦੇ ਘਰ ਪਹੁੰਚ ਜਾਵੇ । ਉਹ ਕੋਈ ਕਿਤਾਬ ਜਿਹੜੀ ਪੜ੍ਹ ਰਿਹਾ ਹੋਵੇ, ਉਹਦੇ ਹੱਥੋਂ ਖੋਹ ਕੇ ਚੁੱਲੇ ਵਿਚ ਸੁੱਟ ਦੇਵੇ | ਤੇ ਫੇਰ ਨਸੀਬ ਦੇ ਮੋਢੇ ਨਾਲ ਸਿਰ ਲਾ ਕੇ ਰੋਵੇ। ਰੋਈਂ ਹੀ ਜਾਵੇ, ਗੱਲ ਕੋਈ ਨਾ ਕਰੇ। ਉਹ ਸੋਚਦੀ-ਨਸੀਬ ਕਿੰਨਾ ਨਿਰਦਈ ਹੈ। ਹੋਰ ਮੁੰਡੇ ਅਤੇ ਕੁੜੀਆਂ ਕਿੰਨੀ ਵਾਰ ਘਰ ਆਏ ਹਨ।ਉਹਨੂੰ ਕੀ ਹੁੰਦਾ ਹੈ, ਜੇ ਇਕ ਵਾਰ ਆ ਜਾਵੇ। ਪਰ ਉਹਨੂੰ ਵਾਅਦਾ ਵੀ ਯਾਦ ਆਉਂਦਾ ਕਿ ਇਮਤਿਹਾਨਾਂ ਤੋਂ ਪਹਿਲਾਂ ਬਿਲਕੁਲ ਨਹੀਂ ਮਿਲਣਾ। ਕਿਧਰੇ ਦਿਲ ਦੇ ਇਕ ਕੋਨੇ ਵਿਚ ਉਹ ਥੋੜ੍ਹਾ ਜਿੰਨਾ ਖ਼ੁਸ਼ ਵੀ ਹੁੰਦੀ ਕਿ ਨਸੀਬ ਵਾਅਦੇ ਦਾ ਕਿੰਨਾ ਪੱਕਾ ਹੈ। ਇੰਜ ਹੀ ਉਹਨੂੰ ਵੀ ਪੱਕੀ ਰਹਿਣਾ ਚਾਹੀਦਾ ਹੈ । ਉਸ ਵਾਅਦੇ ਦੇ ਪੱਕੇ ਉਹ ਕਦੇ ਜ਼ਿੰਦਗੀ ਵਿਚ ਸਮਾਜਕ ਤੌਰ ਉੱਤੇ ਇਕ ਹੋ ਜਾਣਗੇ, ਇਕ-ਦੂਜੇ ਦੇ ਜੀਵਨ-ਸਾਥੀ। ਧੁਰ ਤੱਕ ਸਾਥ ਨਿਭਾਉਣ ਵਾਲੇ।
ਧੁੱਪਾਂ ਵਿਚ ਸੇਕ ਵਧ ਗਿਆ ਸੀ । ਕਣਕਾਂ ਦੀਆਂ ਬੱਲੀਆਂ ਵਿਚ ਦਾਣੇ ਪੱਕਣ ਲੱਗੇ ਸਨ। ਹਰਿਆਲੀ ਸੋਨੇ-ਰੰਗੀ ਭਾਅ ਵਿਚ ਬਦਲਣ ਲੱਗੀ। ਖੇਤਾਂ ਵਿਚ ਦੂਰ ਬੱਲੀਆਂ ਦਾ ਸਮੁੰਦਰ ਲਹਿਰਾਉਂਦਾ ਤਾਂ ਕੱਚੀ ਕੱਚੀ ਵਾਸ ਵਾਯੂ-ਮੰਡਲ ਵਿਚ ਫੈਲ ਜਾਂਦੀ। ਹਰ ਬੂਟੇ ਉੱਤੇ ਜੋਬਨ ਸੀ। ਟਾਹਲੀਆਂ ਦੇ ਪੱਤੇ ਹਰੇ-ਕਚੂਰ ਸਨ। ਸਵੇਰ ਵੇਲੇ ਠੰਡੀ ਠੰਡੀ ਹਵਾ ਚਲਦੀ ਅਤੇ ਮਨ ਖਿੜ ਉਠਦਾ। ਪੁਸ਼ਪਿੰਦਰ ਕੋਠੇ ਦੀ ਛੱਤ ਉੱਤੇ ਚੜ੍ਹ ਕੇ ਕੁਦਰਤ ਦਾ ਇਹ ਦ੍ਰਿਸ਼ ਦੇਖਦੀ ਤਾਂ ਉਹਨੂੰ ਜ਼ਿੰਦਗੀ ਨਾਲ ਹੋਰ ਮੋਹ ਜਾਗ ਉਠਦਾ। ਪਰ ਸਵੇਰੇ-ਸਵੇਰੇ ਉਹ ਪਤਾ ਨਹੀਂ ਖੇਤਾਂ ਵਿਚ ਦੂਰ ਤੱਕ ਫੈਲੀਆਂ ਫਸਲਾਂ ਦੇ ਰਹੱਸ ਵਿਚੋਂ ਜ਼ਿੰਦਗੀ ਦੇ ਕੀ ਅਰਥ ਜਿਹੇ ਲਭਦੀ ਰਹਿੰਦੀ। ਨਸੀਬ ਦਾ ਪਿਆਰਾ-ਪਿਆਰਾ ਚਿਹਰਾ ਉਹਦੀਆਂ ਅੱਖਾਂ ਅੱਗੇ ਆਉਂਦਾ ਤਾਂ ਉਹਨੂੰ ਲਗਦਾ ਕਿ ਜ਼ਿੰਦਗੀ ਵਾਕਈ ਜਿਉਣ ਜੋਗੀ ਹੈ। ਇਹ ਸਾਰੀ ਕੁਦਰਤ, ਫਸਲਾਂ, ਦਰਖਤ, ਫੁੱਲ, ਆਕਾਸ਼ ਵਿਚ ਉਡਦੇ ਪੰਛੀ, ਧਰਤੀ ਉੱਤੇ ਤੁਰਦੇ ਪਸ਼ੂ, ਮਹੀਆਂ-ਗਾਈਆਂ, ਖੇਤਾਂ ਵਿਚ ਪੈਲਾਂ ਪਾਉਂਦੇ ਮੋਰ ਤੇ ਉਹਨਾਂ ਦੀ ਪਤਕਰਮਾ ਕਰਦੀਆਂ ਮੋਰਨੀਆਂ, ਇਹ ਸਭ ਕੁਝ ਜ਼ਿੰਦਗੀ ਦੀ ਹੋਂਦ ਦਾ ਪ੍ਰਦਰਸ਼ਨ ਹੀ ਤਾਂ ਹੈ। ਪਰ ਜਦੋਂ ਹੀ ਉਹਦੇ ਦਿਮਾਗ਼ ਵਿਚ ਆਪਣੇ ਧਨਾਡ ਜੱਟ ਬਾਪ ਦਾ ਖਿਆਲ ਉਪਜਦਾ ਅਤੇ ਕਿਆਸਿਆ ਖਾਨਦਾਨੀ ਵਿਰੋਧ ਉਹਦੇ ਮੱਥੇ ਦੀ ਠੀਕਰੀ ਨਾਲ ਵਜਦਾ ਤਾਂ ਉਹਦੀ ਦੇਹ ਖਿੰਡ-ਖਿੰਡ ਜਾਂਦੀ। ਸਾਰੀ ਕਾਇਨਾਤ ਉਹਨੂੰ ਚੁਭਣ ਲਗਦੀ। ਫਸਲਾਂ ਦਾ ਖੇੜਾ ਤਿੱਖੀਆਂ ਸੂਈਆਂ ਵਾਂਗ ਉਹਦੇ ਕਾਲਜੇ ਨੂੰ ਵਿੰਨ੍ਹਦਾ ਤੁਰਿਆ ਜਾਂਦਾ ।
ਇਮਤਿਹਾਨ ਵਿਚ ਸੱਤ ਦਿਨ ਬਾਕੀ ਸਨ । ਪਿੰਡ ਦੇ ਮੁੰਡੇ-ਕੁੜੀਆਂ ਉਹਨੂੰ ਦੱਸ ਕੇ ਗਏ ਕਿ ਰੋਲ ਨੰਬਰ ਆ ਗਏ ਹਨ। ਦੋ ਮੁੰਡੇ ਤਾਂ ਆਪਣੇ ਰੋਲ ਨੰਬਰ ਲੈ ਵੀ ਆਏ । ਪੁਸ਼ਪਿੰਦਰ ਨੇ ਤਖਾਣਾਂ ਦੀ ਕੁੜੀ ਨੂੰ ਆਖਿਆ ਕਿ ਉਹਦਾ ਰੋਲ ਨੰਬਰ ਓਹੀ ਲੈ ਆਵੇ, ਜਿੱਦਣ ਜਾਵੇ । ਪਰ ਉਹ ਕਹਿੰਦੀ, ‘ਐਂ ਕਿਮੇਂ ਦੇ ਦੇਣਗੇ? ਤੇਰੇ ਦਸਖ਼ਤ ਨ੍ਹੀਂ ਕਰਵੌਣੇ ਉਹਨਾਂ ਨੇ ? ਤੂੰ ਆਪ ਚੱਲ ਗਾਂ ਮੇਰੇ ਨਾਲ। ਤੈਨੂੰ ਕੀ ਹੋਇਐ?’
ਉਥੇ ਤਾਂ ਉਹਨੂੰ ਉਹ ‘ਚੰਗਾ’ ਕਹਿ ਆਈ, ਪਰ ਘਰ ਆ ਕੇ ਸੋਚਣ ਲਗੀ-ਤਖਾਣਾਂ ਦੀ ਕੁੜੀ ਨਾਲ ਉਹ ਕੀ ਕਰੇਗੀ ਜਾ ਕੇ ? ਨਸੀਬ ਹੀ ਕਿਉਂ ਨਾ ਜਾਵੇ ਉਹਦੇ ਨਾਲ ? ਉਹ ਤਖਾਣਾਂ ਦੇ ਘਰ ਤਾਂ ਐਵੇਂ ਗਈ। ਬੈਠਕ ਵਿਚ ਮੰਜੇ ਦੇ ਪਾਵੇ ਉੱਤੇ ਇਕ ਪੈਰ ਰੱਖ ਕੇ ਉਹ ਸੋਚਣ ਲੱਗੀ, ਕਿੰਨਾ ਚੰਗਾ ਹੋਵੇ, ਜੇ ਅੱਜ ਨਸੀਬ ਉਹਦੇ ਨਾਲ ਕਾਲਜ ਜਾਵੇ । ਪਰ ਕੌਣ ਕਹੇ ਉਹਨੂੰ ਜਾ ਕੇ ? ਤੇ ਫੇਰ ਉਹਨੂੰ ਯਾਦ ਆਇਆ, ਇਮਤਿਹਾਨਾਂ ਤੋਂ ਪਹਿਲਾਂ ਤਾਂ ਉਹਨਾਂ ਨੇ ਮਿਲਣਾ ਹੀ ਨਹੀਂ। ਕਸਮ ਖਾਧੀ ਹੋਈ ਹੈ। ਅਖੀਰ ਉਹ ਤਿਆਰ ਹੋਈ ਅਤੇ ਹੱਥ ਵਿਚ ਪੈੱਨ, ਰੁਮਾਲ ਤੇ ਕੁਝ ਪੈਸੇ ਲੈ ਕੇ ਤਖਾਣਾਂ ਦੇ ਘਰ ਨੂੰ ਚੱਲ ਪਈ। ਤਖਾਣਾਂ ਦੀ ਕੁੜੀ ਪਹਿਲਾਂ ਹੀ ਤਿਆਰ ਹੋਈ ਬੈਠੀ ਸੀ। ਦੋਵੇਂ ਜਣੀਆਂ, ਭਾਈਪੂਰੇ ਦੇ ਅੱਡੇ ਉਤੇ ਜਾ ਕੇ ਬੱਸ ਚੜ੍ਹ ਗਈਆਂ। ਪੁਸ਼ਪਿੰਦਰ ਨੂੰ ਮਹਿਸੂਸ ਹੋਇਆ, ਜਿਵੇਂ ਨਸੀਬ ਵੀ ਉਹਨਾਂ ਦੇ ਨਾਲ ਹੀ ਬੱਸ ਵਿਚ ਚੜ੍ਹਿਆ ਹੋਵੇ। ਉਹ ਪਿੱਛੇ ਮੁੜ-ਮੁੜ ਸਵਾਰੀਆਂ ਵੱਲ ਝਾਕਣ ਲੱਗੀ। ਪਰ ਇਹ ਉਹਦਾ ਭੁਲੇਖਾ ਹੀ ਸੀ। ਨਸੀਬ ਤਾਂ ਕਿਤੇ ਵੀ ਨਹੀਂ ਸੀ। ਜੈਲੋ ਉਹਨੂੰ ਕੋਈ ਗੱਲ ਪੁਛਦੀ ਤਾਂ ਉਹ ਉਖੜਿਆ ਜਿਹਾ ਜਵਾਬ ਦਿੰਦੀ। ਉਹਦੀ ਸੁਰਤ ਤਾਂ ਨਸੀਬ ਵਿਚ ਸੀ। ਜੈਲੋ ਤਾਂ ਉਹਦੇ ਕੋਲ ਬੈਠੀ ਹੀ ਨਹੀਂ ਸੀ ਜਿਵੇਂ।
ਕਾਲਜ ਦੇ ਗੇਟ ਸਾਹਮਣੇ ਜਾ ਕੇ ਉਹ ਬੱਸ ਵਿਚੋਂ ਉੱਤਰੀਆਂ। ਜੈਲੋ ਛਾਲ ਮਾਰ ਕੇ ਗੇਟ ਵੱਲ ਵਧੀ। ਪੁਸ਼ਪਿੰਦਰ ਦੀਆਂ ਲੱਤਾਂ ਵਿਚ ਜਿਵੇਂ ਜਾਨ ਹੀ ਨਾ ਹੋਵੇ। ਉਹ ਮਸਾਂ ਹੀ ਪੈਰ ਪੁਟੱਣ ਲੱਗੀ। ਕਾਲਜ ਵਿਚ ਕੋਈ-ਕੋਈ ਮੁੰਡਾ ਸੀ। ਪੁਸ਼ਪਿੰਦਰ ਦੀ ਨਜ਼ਰ ਚਾਰ-ਚੁਫੇਰੇ ਘੁੰਮਦੀ। ਉਹਦੀ ਸੁਤਾ ਅਣਦਿਸਦੇ ਨਸੀਬ ਵਿਚ ਕਿਧਰੇ ਜਾ ਕੇ ਅਟਕ ਗਈ ਸੀ। ਉਹ ਦਰਖਤਾਂ ਤੋਂ ਪੁਛਦੀ, ਐਥੇ ਕਿਹੇ ਉਹਦਾ ਨਸੀਬ ਖੜ੍ਹਾ ਹੋਵੇ ? ਉਹ ਚਪੜਾਸਣ ਬੁੜ੍ਹੀ ਦੇ ਮੂੰਹ ਵੱਲ ਬਹੁਤ ਗਹੁ ਨਾਲ ਝਾਕੀ। ਕੀ ਐ, ਚਪੜਾਸਣ ਨੇ ਉਹਨੂੰ ਕੋਈ ਸੁਨੇਹਾ ਦੇਣਾ ਹੋਵੇ ? ਜੈਲੋ ਜਿਵੇਂ *ਧੂਹ ਕੇ ਉਹਨੂੰ ਕਲਰਕ ਕੋਲ ਲੈ ਗਈ। ਦੋਵਾਂ ਕੁੜੀਆਂ ਨੇ ਰਜਿਸਟਰ ਉੱਤੇ ਦਸਖ਼ਤ ਕੀਤੇ। ਰੋਲ ਨੰਬਰ ਉਹਨਾਂ ਦੇ ਹੱਥਾਂ ਵਿਚ ਸਨ। ਜੈਲੋ ਲਾਚੜੀ ਜਿਹੀ ਪੁੱਛ ਰਹੀ ਸੀ, ‘ਨੀ ਪਿੰਦਰ, ਤੇਰਾ ਕਿੰਨੈ ?” ਉਹ ਬੋਲੀ ਨਹੀਂ, ਰੋਲ ਨੰਬਰ ਹੀ ਜੈਲੋ ਦੇ ਸਾਹਮਣੇ ਕਰ ਦਿੱਤਾ। ਜੈਲੋ ਫੇਰ ਟੱਪੀ, ‘ਹਈ ਸ਼ਾਬਾ, ਨੀ ਤੇਰਾ ਤਾਂ ਮੇਰੇ ਨਾਲ ਈ ਐ।’
ਰੋਲ ਨੰਬਰਾਂ ਦੇ ਕਾਗਜ਼ ਆਪਣੇ ਰੁਮਾਲਾਂ ਵਿਚ ਵਲ੍ਹੇਟ ਕੇ ਉਹ ਗੇਟ ਸਾਹਮਣੇ ਸੀਮਿੰਟ ਦੇ ਬੈਂਚ ਉੱਤੇ ਬੈਠੀਆਂ ਬੱਸ ਦਾ ਇੰਤਜ਼ਾਰ ਕਰਨ ਲੱਗੀਆਂ। ਪੁਸ਼ਪਿੰਦਰ ਗੁੰਮ-ਸੁੰਮ ਜਿਹੀ ਬੈਠੀ ਹੋਈ ਸੀ। ਜੈਲੋ ਲਗਾਤਾਰ ਕੁਝ ਨਾ ਕੁਝ ਬੋਲੀ ਜਾ ਰਹੀ ਸੀ । ਪੁਸ਼ਪਿੰਦਰ ਦਾ ਉਹਦੇ ਵੱਲ ਕੋਈ ਧਿਆਨ ਨਹੀਂ ਸੀ। ਪਤਾ ਨਹੀਂ, ਜੈਲੋ ਕੀ ਕਹਿੰਦੀ, ਕੀ ਪੁੱਛਦੀ। ਕੁਝ ਪੁਛਦੀ ਤਾਂ ਇਕ ਬਿੰਦ ਨਹਿਰ ਕੇ ਆਪ ਉਹਦਾ ਜਵਾਬ ਦੇ ਲੈਂਦੀ। ਪੁਸ਼ਪਿੰਦਰ ਦੇ ਮਨ ਵਿਚ ਆਈ ਕਿ ਉਹ ਕਲਰਕ ਦਾ ਰਜਿਸਟਰ ਦੇਖ ਕੇ ਆਵੇ, ਨਸੀਬ ਰੋਲ ਨੰਬਰ ਲੈ ਗਿਆ ਹੈ ਜਾਂ ਨਹੀਂ ? ਇਹੀ ਪਤਾ ਕਰ ਲਵੇ ਕਿ ਉਹਦਾ ਰੋਲ ਨੰਬਰ ਕੀ ਹੈ। ਉਹਦੇ ਅੰਗਾਂ ਵਿਚ ਫੁਰਤੀ ਜਾਗੀ। ਉਹ ਜੈਲੋ ਨੂੰ ਉਥੇ ਹੀ ਬੈਠੀ ਛੱਡ ਕੇ ਕਾਹਲ ਨਾਲ ਉੱਠੀ। ਕਹਿੰਦੀ, ‘ਮੈਂ ਹੁਣੇ ਆਈ।’
ਜੈਲੋ ਬੈਠੀ ਦੀ ਬੈਠੀ ਰਹਿ ਗਹੀ । ਜਿਵੇਂ ਕਿਸੇ ਨੇ ਮੰਤਰ ਮਾਰ ਕੇ ਉਹਨੂੰ ਥਾਂ ਦੀ ਥਾਂ ਕੀਲ ਦਿਤਾ ਹੋਵੇ । ਉਹ ਮਿੱਟੀ ਦਾ ਬੁੱਤ ਬਣੀ ਸੀਮਿੰਟ ਦੇ ਬੈਂਚ ਉੱਤੇ ਬੈਠੀ ਹੋਈ ਸੀ।
ਪੁਸ਼ਪਿੰਦਰ ਕਲਰਕ ਦੇ ਕਮਰੇ ਵਿਚ ਹਨੇਰੀ ਵਾਂਗ ਗਈ। ਕਲਰਕ ਹੱਥੋਂ ਰਿਜਸਟਰ ਫੜ ਕੇ ਦਬਾਦਬ ਵਰਕੇ ਫਰੋਲਣ ਲੱਗੀ। ਦੇਖਿਆ, ਨਸੀਬ ਤਾਂ ਰੋਲ ਨੰਬਰ ਲੈ ਗਿਆ ਸੀ। ਉਹਨੇ ਤਾਂ ਉਹਦੇ ਦਸਖ਼ਤ ਹੀ ਦੇਖੇ, ਰੋਲ ਨੰਬਰ ਦੇਖਣਾ ਤਾਂ ਵਿਸਰ ਹੀ ਗਿਆ। ਕਮਰੇ ਵਿਚੋਂ ਬਾਹਰ ਆ ਰਹੀ ਉਹ ਮਨ ਵਿਚ ਕਹਿ ਰਹੀ ਸੀ, ‘ਵੈਰੀਆ, ਦੱਸ ਕੇ ਈ ਆ ਜਾਂਦਾ ।’ ਤੇ ਫੇਰ ਉਹਦਾ ਦਿਲ ਉੱਛਲਿਆ, ‘ਅੱਜ ਔਂਦਾ ਗਾਂ, ਮੈਂ ਕੀ ਤੋੜ ਲੈਂਦੀ ਤੇਰਾ ??
ਪੁਸ਼ਪਿੰਦਰ ਨੂੰ ਲੱਗ ਰਿਹਾ ਸੀ ਜਿਵੇਂ ਕਾਲਜ ਦੇ ਸਭ ਦਰਖ਼ਤ, ਫੁੱਲ-ਬੂਟੇ ਕਾਲਜ ਦੀਆਂ ਕੰਧਾਂ, ਕਾਲਜ ਵਿਚ ਫਿਰਦੇ ਲੋਕ ਉਹਦੇ ਵੱਲ ਹੀ ਝਾਕ ਰਹੇ ਹੋਣ। ਉਹਨੂੰ ਕੁਝ ਪੁੱਛਣਾ ਚਾਹੁੰਦੇ ਹੋਣ। ਉਹਨੂੰ ਕੁਝ ਦੱਸਣਾ ਚਾਹੁੰਦੇ ਹੋਣ। ਪਰ ਨਾ, ਕੋਈ ਵੀ ਕੁਝ ਨਹੀਂ ਬੋਲਿਆ ਸੀ। ਸਭ ਦੀਆਂ ਜੀਭਾਂ ਜਿਵੇਂ ਠਾਕ ਦਿੱਤੀਆਂ ਗਈਆਂ ਹੋਣ।
ਉਹ ਵਾਪਸ ਗੇਟ ਉੱਤੇ ਆਈ ਤਾਂ ਬੱਸ ਵੀ ਆ ਗਈ। ਦੋਵੇਂ ਚੜ੍ਹ ਗਈਆਂ । ਬੈਠਣ-ਸਾਰ ਜੈਲੋ ਕਹਿੰਦੀ, ‘ਨੀ ਫੂਲ ਆਲੀ ਕੋਈ ਵੀ ਨ੍ਹੀਂ ਦਿਸੀ। ਲੈਗੀਆਂ ਹੋਣ ਗੀਆਂ। ਹੂੰ ?
ਪੁਸ਼ਪਿੰਦਰ ਅੱਕੀ-ਥੱਕੀ ਜਿਹੀ ਬੈਠੀ ਹੋਈ ਸੀ । ਛੋਟਾ ਜਿਹਾ ਮੱਥਾ ਬਣਾ ਕੇ ਕਹਿੰਦੀ, ‘ਐਮੇਂ ਬਹੁਤਾ ਨਾ ਬੋਲ ਭੈੜੀਏ । ਮੈਥੋਂ ਝੱਲਿਆ ਨ੍ਹੀਂ ਜਾਂਦਾ । ਮੇਰਾ ਤਾਂ ਸਿਰ ਪਾਟੀਂ ਜਾਂਦੈ ।’ ਉਹਨੇ ਆਪਣਾ ਸਿਰ ਮੂਹਰਲੀ ਸੀਟ ਦੇ ਡੰਡੇ ਨਾਲ ਜੋੜ ਲਿਆ।
ਜੈਲੋ ਬੋਲੀ, ‘ਵਹਿਚਰੇ, ਨਾ ਪੜ੍ਹਿਆ ਕਰ ਐਨਾ ।’ ਤੇ ਪੁਸ਼ਪਿੰਦਰ ਦੀ ਵੱਖੀ ਉੱਤੇ ਚੂੰਢੀ ਭਰ ਲਈ।
‘ਹੜਦੀ ਨ੍ਹੀਂ, ਡੰਗਰ ਨਾ ਹੋਵੇ।’ ਪੁਸ਼ਪਿੰਦਰ ਦੇ ਬੋਲ ਵਿਚ ਭੋਰਾ ਵੀ ਜਾਨ ਨਹੀਂ ਸੀ।
ਜੈਲੋ ਕਹਿੰਦੀ, ‘ਚੰਗਾ, ਸੌਂ ਜਾ । ਮੰਜਾ ਡਾਹਾਂ ?’
‘ਬੱਸ ਬੋਲ ਨਾ, ਭੈਣ ਬਣ ਕੇ।’ ਡੰਡੇ ਨਾਲ ਸਿਰ ਜੋੜੀਂ ਅਤੇ ਅੱਖਾਂ ਮੀਚੀਂ ਪੁਸ਼ਪਿੰਦਰ ਜਿਵੇਂ ਬੀਤੀ ਪਈ ਹੋਵੇ।
ਫੇਰ ਵੀ ਜੈਲੋ ਕੁਝ ਨਾ ਕੁਝ ਬੋਲਣੋਂ ਨਹੀਂ ਹਟੀ। ਭਾਈਰੂਪੇ ਆ ਕੇ ਉਹ ਉੱਤਰੀਆਂ ਅਤੇ ਹੌਲੀ-ਹੌਲੀ ਤੁਰਦੀਆਂ ਪਿੰਡ ਪਹੁੰਚ ਗਈਆਂ।
7
ਜਿਨ੍ਹਾਂ ਨੇ ਸਰ੍ਹੋਂ ਅਤੇ ਛੋਲੇ ਬੀਜੇ ਸਨ, ਵੱਢ ਲਏ। ਕਣਕਾਂ ਵੱਢਣ ਦੀ ਤਿਆਰੀ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਸੀ। ਪਿੰਡ ਦੀਆਂ ਗਲੀਆਂ ਵਿਚ ਛਜਲੀਆਂ ਵੇਚਣ ਵਾਲੇ ਹੋਕਾ ਦਿੰਦੇ ਫਿਰਦੇ। ਪਰ ਛਜਲੀ ਦਾ ਕੰਮ ਹੁਣ ਕੋਈ-ਕੋਈ ਘਰ ਕਰਦਾ। ਡਰੰਮੀਆਂ ਚੱਲ ਪਈਆਂ ਸਨ। ਥਰੈਸ਼ਰ ਥਾਂ-ਥਾਂ ਲਗਦੇ ਜਾ ਰਹੇ ਸਨ। ਵੱਡੇ ਘਰਾਂ ਨੇ ਤਾਂ ਆਪਣੇ ਹੀ ਥਰੈਸ਼ਰ ਖਰੀਦ ਲਏ ਸਨ। ਆਪਣੀ ਕਣਕ ਕੱਢ ਕੇ ਫੇਰ ਲੋਕਾਂ ਦੀਆਂ ਕਣਕਾਂ ਕਢਦੇ। ਮਨਮਰਜ਼ੀ ਦੀ ਕਢਵਾਈ ਲੈਂਦੇ।
ਧੁੱਪਾਂ ਵਿਚ ਗਰਮੀ ਭਰਨ ਲੱਗੀ। ਦਰਖਤ ਦੀ ਛਾਂ ਹੇਠ ਖੜ੍ਹਨ ਨੂੰ ਜੀਅ ਕਰਦਾ । ਹਵਾ ਵਿਚ ਕਿਧਰੇ ਕਿਧਰੇ ਵਾ-ਵਰੋਲਾ ਵੀ ਕੋਈ ਉਠਦਾ। ਜਿੱਥੋਂ ਦੀ ਲੰਘਦਾ, ਧਰਤੀ ਦੇ ਕਣ-ਪੱਤੀਆਂ ਹੂੰਝ ਕੇ ਲੈ ਜਾਂਦਾ । ਇਕ ਵਾ-ਵਹੋਲਾ ਹੁਣ ਪੁਸ਼ਪਿੰਦਰ ਦੇ ਮਨ-ਮਸਤਕ ਵਿਚ ਉੱਠਿਆ ਹੋਇਆ ਸੀ । ਉਹਨੂੰ ਪੜ੍ਹਾਈ ਵਿਹੁ ਵਰਗੀ ਲਗਦੀ। ਉਹ ਸੋਚਦੀ, ਕੀ ਧਰਿਆ ਪਿਆ ਹੈ ਕਿਤਾਬਾਂ ਵਿਚ, ਜਦੋਂ ਉਹਦਾ ਮਨ ਤਾਂ ਠਕਾਣੇ ਨਹੀਂ ? ਕੀ ਕਰੇਗੀ ਉਹ ਬੀਏ ਕਰਕੇ ? ਉਹਨੇ ਕਿਹੜਾ ਕੋਈ ਨੌਕਰੀ ਕਰਨੀ ਹੈ ? ਉਹਦੇ ਬਾਪ ਦੀ ਐਨੀ ਜ਼ਮੀਨ-ਜਾਇਦਾਦ ਹੈ। ਪਰ ਦੂਜੇ ਬਿੰਦ ਹੀ ਉਹ ਪਲਟੀ ਮਾਰਦੀ। ਬਾਪ ਦੀ ਜ਼ਮੀਨ-ਜਾਇਦਾਦ ਤੋਂ ਉਹਨੇ ਕੀ ਲੈਣਾ ਹੈ ? ਉਹਦੀ ਅਸਲੀ ਜਾਇਦਾਦ ਤਾਂ ਉਹਦੇ ਦਿਲ ਦਾ ਸਾਥੀ ਨਸੀਬ ਹੈ। ਬਾਪ ਦੀਆਂ ਲੱਖਾਂ ਜ਼ਮੀਨਾਂ-ਜਾਇਦਾਦਾਂ ਉਹ ਕੁਰਬਾਨ ਕਰ ਦੋਵੇ, ਜੇ ਕਿਤੇ ਉਹਨੂੰ ਉਹਦਾ ਨਸੀਬ ਮਿਲ ਜਾਵੇ । ਨਸੀਬ ਮਿਲ ਤਾਂ ਜਾਵੇਗਾ, ਪਰ ਉਹਨੂੰ ਸੰਭਾਲ ਕੇ ਰੱਖਣ ਦਾ ਇਕੋ-ਇਕ ਤਰੀਕਾ ਸੀ, ਆਪਣੇ ਆਪ ਨੂੰ ਆਰਥਿਕ ਤੌਰ ਉੱਤੇ ਤਕੜਾ ਕਰਨਾ। ਪੁਸ਼ਪਿੰਦਰ ਨੂੰ ਪ੍ਰੋ:ਸੱਜਣ ਸਿੰਘ ਦੀ ਚਿਤਾਵਨੀ ਵਾਰ-ਵਾਰ ਯਾਦ ਆਉਂਦੀ। ਨਸੀਬ ਨੂੰ ਆਖਿਆ ਸੀ, ‘ਬੀਏ ਕਰਕੇ ਤੂੰ ਕਿਸੇ ਕੰਮ ‘ ਤੇ ਲੱਗ ਪਹਿਲਾਂ। ਬੱਸ ਫੇਰ ਲੈ ਜਾ ਕੁੜੀ ਨੂੰ । ਤੇ ਇਹ ਵੀ, ‘ਸਿਦਕ ਦੇ ਪੂਰੇ ਰਹੋ ਬੱਸ।’
ਉਹ ਖੁਦ ਬੀਏ ਕਰ ਲਵੇ ਤਾਂ ਇਹਦਾ ਲਾਭ ਨਸੀਬ ਨੂੰ ਹੀ ਹੋਵੇਗਾ। ਉਹ ਆਪ ਵੀ ਨੌਕਰੀ ਕਰੇਗੀ। ਉਹ ਆਪਣੇ ਲਈ ਨਾ ਸਹੀ, ਨਸੀਬ ਵਾਸਤੇ ਹੀ ਪੜ੍ਹੇ। ਅਜਿਹਾ ਖਿਆਲ ਦਿਮਾਗ ਵਿਚ ਆਉਣ ਉੱਤੇ ਉਹ ਦੁਬਾਰਾ ਕਿਤਾਬਾਂ ਚੁੱਕ ਲੈਂਦੀ ਅਤੇ ਪੜ੍ਹਨ ਲਗਦੀ। ਪੜ੍ਹਦੀ ਅਤੇ ਪੜ੍ਹਦੀ ਹੀ ਰਹਿੰਦੀ। ਇਕਨਾਮਿਕਸ ਦੇ ਨੋਟਸ ਉਹਨੇ ਦਸ-ਦਸ ਵਾਰੀਂ ਰਟ ਦਿੱਤੇ ਸਨ । ਪੰਜਾਬੀ ਦੀਆਂ ਕਿਤਾਬਾਂ ਤਾਂ ਉਹ ਉਂਜ ਹੀ ਖਾਂਦੀ-ਪੀਂਦੀ, ਉਠਦੀ-ਬੈਠਦੀ ਜਾਂ ਮਾਂ ਨਾਲ ਗੱਲਾਂ ਕਰਦੀ ਪੜ੍ਹਦੀ ਰਹਿੰਦੀ। ਪੰਜਾਬੀ ਦੀਆਂ ਕਿਤਾਬਾਂ ਵਿਚਲੀਆਂ ਕਈ ਗੱਲਾਂ ਤਾਂ ਉਹਦੇ ਲਈ ਸਹਾਰਾ ਬਣੀਆਂ ਸਨ । ਇਕ ਮਾਨਸਿਕ ਠੁਮਣਾ ਜਿਹਾ। ਵੱਡੀ ਗੱਲ ਸੀ ਅੰਗਰੇਜ਼ੀ ਦੀ। ਅੰਗਰੇਜ਼ੀ ਦੀ ਗ੍ਰਾਮਰ ਅਤੇ ਟ੍ਰਾਂਸਲੇਸ਼ਨ ਹੀ ਉਹ ਬਹੁਤਾ ਕਰਦੀ। ਇਹ ਦੋਵੇਂ ਚੀਜ਼ਾਂ ਉਹਨੂੰ ਆਉਂਦੀਆਂ ਵੀ ਸਨ। ਦਸਵੀਂ ਵਿਚ ਪੜ੍ਹੀ ਗ੍ਰਾਮਰ ਅਤੇ ਟੈਨਸ ਉਹਨੂੰ ਬੀਏ ਤੱਕ ਵੀ ਕੰਮ ਦੇ ਰਹੇ ਸਨ। ਦਸਵੀਂ ਦੀ ਅੰਗਰੇਜ਼ੀ ਦਾ ਮਾਸਟਰ ਆਖਿਆ ਕਰਦਾ ਸੀ, ‘ਓਏ ਪੁੱਤਰੋ, ਹੁਣ ਸਿੱਖ ਲੋ ਇਹ ਚੀਜ਼ਾਂ, ਗਹਾਂ ਕਾਲਜ ‘ਚ ਕਿਸੇ ਭੜੂਏ ਨੇ ਥੋਡੇ ‘ਤੇ ਮੱਥਾ ਨ੍ਹੀਂ ਮਾਰਨਾ। ਓਏ ਕੁੱਕੜੋ, ਯਾਦ ਕਰੋਂਗੇ, ਕਿਸੇ ਨੇ ਪੜ੍ਹਾਇਆ ਸੀ।’ ਠੀਕ ਹੀ, ਹੁਣ ਉਹਨੂੰ ਉਹ ਮਾਸਟਰ ਯਾਦ ਆਉਂਦਾ ਜਿਸ ਕੋਲੋਂ ਉਹਨੇ ਦਸਵੀਂ ਵਿਚ ਹੀ ਸਾਰੀ ਗ੍ਰਾਮਰ ਅਤੇ ਟੈਨਸ ਸਿੱਖੇ ਸਨ । ਮਾਸਟਰ ਦੀ ਦੂਰ ਦੀ ਨਿਗਾਹ ਤਾਂ ਠੀਕ ਸੀ, ਪਰ ਨੇੜੇ ਦੀ ਨਿਗਾਹ ਖਾਸੀ ਕਮਜ਼ੋਰ। ਇਸ ਲਈ ਕਿਤਾਬ ਪੜ੍ਹਨ ਵੇਲੇ ਉਹ ਨੇੜੇ ਦੀ ਨਿਗਾਹ ਦੀ ਐਨਕ ਲਾਉਂਦਾ। ਪੜ੍ਹਨ ਵੇਲੇ ਹੀ ਲਾਉਂਦਾ। ਐਨਕ ਦਾ ਫਰੇਮ ਨੱਕ ਦੇ ਅੱਧ-ਵਿਚਾਲੇ ਰਖਦਾ। ਇੰਜ ਕਰਨ ਨਾਲ ਉਹ ਪੜ੍ਹਦਾ-ਪੜ੍ਹਦਾ ਐਨਕ ਦੇ ਉੱਤੋਂ ਦੀ ਝਾਕ ਲੈਂਦਾ ਅਤੇ ਵਿਦਿਆਰਥੀਆਂ ਦੀਆਂ ਹਰਕਤਾਂ ਦੇਖਦਾ ਰਹਿੰਦਾ। ਉਹਦੇ ਇੰਜ ਝਾਕਣ ਨਾਲ ਹੀ ਕਈ ਵਾਰ ਮੁੰਡੇ-ਕੁੜੀਆਂ ਦਾ ਹਾਸਾ ਨਿਕਲ ਜਾਂਦਾ। ਪੁਸ਼ਪਿੰਦਰ ਨੂੰ ਯਾਦ ਆਇਆ, ਇਕ ਵਾਰ ਉਹਨੇ ਮਾਸਟਰ ਨੂੰ ਟੋਕਿਆ ਸੀ, ‘ਮਾਸਟਰ ਜੀ ਇਉਂ ਨਾ ਝਾਕਿਆ ਕਰੋ । ਇਉਂ ਤਾਂ ਤੁਸੀਂ ਹੁੱਕਾ ਪੀਂਦਾ ਕਰਿਆੜ ਜਿਆ ਲਗਦੇ ਓਂ।
ਮਾਸਟਰ ਹੱਸ ਪਿਆ ਅਤੇ ਪੁਸ਼ਪਿੰਦਰ ਦੀ ਹੁੱਤ ਉੱਤੇ ਇਕ ਪੋਲਾ ਜਿਹਾ ਥੱਪੜ ਟਿਕਾ ਦਿੱਤਾ। ਕਿੰਨਾ ਵਧੀਆ ਮਾਸਟਰ ਸੀ । ਪਿਉਆਂ ਵਾਂਗ ਪਿਆਰ ਕਰਦਾ ਅਤੇ ਘੁਰਦਾ ਵੀ। ਦਿਲ ਲਾ ਕੇ ਪੜ੍ਹਾਉਂਦਾ ਅਤੇ ਹਾਸਾ-ਮਜ਼ਾਕ ਵੀ ਕਰਦਾ ਰਹਿੰਦਾ। ਕਦੇ ਪਿਓ, ਕਦੇ ਵੱਡਾ ਭਾਈ ਅਤੇ ਕਦੇ ਜਿਵੇਂ ਹਾਣੀ ਮੁੰਡਾ।
ਇਮਤਿਹਾਨ ਤੋਂ ਦੋ ਦਿਨ ਪਹਿਲਾਂ ਉਹਦੇ ਚਿੱਤ ਨੇ ਉਛਾਲਾ ਖਾਧਾ। ਪੜ੍ਹਦੀ-ਪੜ੍ਹਦੀ ਨੇ ਕਿਤਾਬ ਮੂਧੀ ਮਾਰ ਦਿੱਤੀ। ਘਰੋਂ ਨਿੱਕਲ ਤੂਰੀ। ਦੁਪਹਿਰ ਦਾ ਵੇਲਾ ਸੀ। ਉਹਦਾ ਬਾਪ ਟਰੈਕਟਰ ਲੈ ਕੇ ਰਾਮਪੁਰੇ ਨੂੰ ਗਿਆ ਹੋਇਆ ਸੀ । ਹਰਿੰਦਰਪਾਲ ਨੌਵੀਂ ਵਿਚੋਂ ਪਾਸ ਹੋ ਕੇ ਦਸਵੀਂ ਵਿਚ ਭਾਈਰੂਪੇ ਹੀ ਦਾਖਲ ਹੋ ਗਿਆ ਸੀ। ਉਹ ਵੀ ਅੱਜ ਸਕੂਲ ਸੀ। ਮਾਂ ਕਿਸੇ ਜ਼ਰੂਰੀ ਕੰਮ ਚੰਨਣਵਾਲ ਗਈ ਸੀ। ਘਰ ਵਿਚ ਇਕੱਲੀ ਬੁੜ੍ਹੀ ਸੀ । ਅੰਬੋ ਨੂੰ ਪੁਸ਼ਪਿੰਦਰ ਨੇ ਕੁਝ ਨਹੀਂ ਦੱਸਿਆ ਕਿ ਉਹ ਕਿੱਥੇ ਜਾਂਦੀ ਹੈ, ਕਦੋਂ ਆਵੇਗੀ।
ਗਲੀਆਂ ਵਿਚ ਦੀ ਸੜਸੜਾਉਂਦੀ ਉਹ ਜੰਗੀਰੇ ਨਾਈ ਦੇ ਘਰ ਮੂਹਰੇ ਜਾ ਖੜ੍ਹੀ ਅਤੇ ਦੂਜੇ ਬਿੰਦ ਹੀ ਦਰਵਾਜ਼ੇ ਦਾ ਤਖਤਾ ਧੱਕ ਕੇ ਅੰਦਰ ਹੋ ਗਈ। ਉਹਨੂੰ ਨਹੀਂ ਯਾਦ ਸੀ ਕਿ ਰਾਹ ਵਿਚ ਕਿਹੜੀ ਬੁੜ੍ਹੀ ਨੇ ਉਹਨੂੰ ਦੇਖਿਆ ਜਾਂ ਕਿਸ ਕੁੜੀ ਨੇ ਉਹਨੂੰ ਬੁਲਾਇਆ ਸੀ ਅਤੇ ਉਹ ਬੋਲੀ ਨਹੀਂ ਸੀ। ਸੱਥ ਵਿਚ ਬੈਠੇ ਵੱਡੀ ਉਮਰ ਦੇ ਬੰਦੇ ਕੌਣ-ਕੌਣ ਸਨ। ਜੰਗੀਰੇ ਕੇ ਵਿਹੜੇ ਵਿਚ ਕੋਈ ਨਹੀਂ ਸੀ।
ਸਬਾਤ ਨੂੰ ਜਿੰਦਾ ਲੱਗਿਆ ਹੋਇਆ। ਸੀਤੋ ਕਿਧਰੇ ਗਈ ਹੋਵੇਗੀ। ਸਬਾਤ ਨਾਲ ਲਗਦੀ ਬੈਠਕ ਵਿਚ ਬਾਰੀ ਦੇ ਤਖਤਿਆਂ ਦੀ ਵਿਰਲ ਥਾਣੀ ਉਹਨੇ ਨਿਗਾਹ ਮਾਰੀ, ਅੰਦਰ ਮੰਜੇ ਉੱਤੇ ਨਸੀਬ ਸਿੱਧਾ ਪਿਆ ਹੋਇਆ ਸੀ । ਅੱਖਾਂ ਮੀਚੀਆਂ ਹੋਈਆਂ, ਹਿੱਕ ਉੱਤੇ ਕੋਈ ਕਿਤਾਬ, ਖੁੱਲ੍ਹੀ ਦੀ ਖੁੱਲ੍ਹੀ, ਮੂਧੀ ਕਰਕੇ ਰੱਖੀ ਹੋਈ। ਪੁਸ਼ਪਿੰਦਰ ਨੇ ਇਕ ਬਿੰਦ ਅੰਦਾਜ਼ਾ ਲਾਇਆ ਕਿ ਉਹ ਸੁੱਤਾ ਪਿਆ ਹੈ।
ਪੜ੍ਹਦਾ-ਪੜ੍ਹਦਾ ਸੌਂ ਗਿਆ ਹੋਵੇਗਾ। ਪਰ ਦੂਜੇ ਬਿੰਦ ਹੀ ਉਹਨੇ ਸੋਚਿਆ, ਜਾਗਦਾ ਵੀ ਹੋ ਸਕਦਾ ਹੈ। ਕੋਈ ਸਵਾਲ ਯਾਦ ਕੀਤਾ ਹੋਵੇਗਾ ਅਤੇ ਹਿੱਕ ਉੱਤੇ ਕਿਤਾਬ ਰੱਖ ਕੇ ਉਸ ਸਵਾਲ ਨੂੰ ਅੱਖਾਂ ਮੀਚ ਕੇ ਮਨ ਹੀ ਮਨ ਦੁਹਰਾ ਰਿਹਾ ਹੈ। ਅਗਲੇ ਬਿੰਦ ਹੀ ਉਹਨੂੰ ਨਸੀਬ ਉੱਤੇ ਮਿੱਠਾ-ਮਿੱਠਾ ਗੁੱਸਾ ਆਇਆ, ‘ਆਪ ਤਾਂ ਪਾਪੀ ਪੜ੍ਹੀ ਜਾਂਦੈ, ਜਿਵੇਂ ਹੋਰ ਫ਼ਿਕਰ ਈ ਨਾ ਹੋਵੇ। ਏਧਰ ਮੈਂ ਤਰਲੋ-ਮੱਛੀ ਹੁੰਦੀ ਰਹਿਨੀ ਆਂ। ਨਾ ਤਾਂ ਕਿਤਾਬਾਂ ‘ਚ ਮਨ ਪਰਚਦੈ, ਨਾ ਪੜ੍ਹਾਈ ਛੱਡੀ ਜਾਂਦੀ ਐ। ਕਿਸੇ ਪਾਸੇ ਦੀ ਵੀ ਨ੍ਹੀਂ ਰਹੀ ਮੈਂ । ਏਸ ਇਕ ਨਸੀਬੜੇ ਦਾ ਖ਼ਿਆਲ ਖਹਿੜਾ ਨ੍ਹੀਂ ਛਡਦਾ ਕਿਸੇ ਵੀ ਵੇਲੇ।’ ਤੇ ਫੇਰ ਉਹ ਸੁਫ਼ਨਾ ਦੇਖਣ ਲੱਗੀ, ਜਿਵੇਂ ਨਸੀਬ ਦੀ ਹਿੱਕ ਉੱਤੇ ਪਈ ਕਿਤਾਬ ਉਹ ਆਪ ਹੋਵੇ । ਨਸੀਬ ਦੀਆਂ ਧੜਕਣਾਂ ਉੱਤੇ ਘੂਕ ਸੁੱਤੀ ਹੋਈ ਅਤੇ ਸੰਪੂਰਨ ਆਨੰਦ ਵਿਚ ਮੁਗਧ। ਉਹਦਾ ਜੀਅ ਕੀਤਾ, ਉਹ ਇੰਜ ਹੀ ਬਾਰੀ ਵਿਚੋਂ ਦੀ ਉਹਨੂੰ ਦੇਖੀਂ ਜਾਵੇ। ਪਰ ਨਹੀਂ, ਉਹ ਖੁੱਲ੍ਹੇ ਬਾਰ ਵਿਚੋਂ ਦੀ ਬੈਠਕ ਵਿਚ ਗਈ। ਪੈਰਾਂ ਦਾ ਖੜਾਕ ਨਹੀਂ ਹੋਣ ਦਿੱਤਾ। ਉਹਨੇ ਦੇਖਿਆ, ਗਲੀ ਵੱਲ ਖੁਲ੍ਹਦੇ ਬਾਰ ਦੇ ਤਖਤੇ ਵੀ ਖੱਲ੍ਹੇ ਚੁਪੱਟ ਪਏ ਹਨ। ਉਹਨੇ ਮੱਲਕ-ਮਲੱਕ ਗਲੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਬਾਹਰ ਉਹਨੂੰ ਕਿਸੇ ਨੇ ਨਹੀਂ ਦੇਖਿਆ। ਨਸੀਬ ਤਾਂ ਹਾਲੇ ਵੀ ਨਹੀਂ ਜਾਗਿਆ ਸੀ । ਸੁੱਤਾ ਹੀ ਪਿਆ ਹੋਵੇਗਾ। ਨਹੀਂ ਤਾਂ ਜੇ ਅੱਖਾਂ ਹੀ ਮੀਚਆਂ ਹੁੰਦੀਆਂ ਤਾਂ ਕਮਰੇ ਵਿਚ ਹਨੇਰਾ ਹੁੰਦਾ ਦੇਖ ਕੇ ਉਹਨੇ ਝੱਟ ਅੱਖਾਂ ਪੁੱਟ ਲੈਣੀਆਂ ਸਨ। ਅੰਦਰਲਾ ਕੁੰਡਾ ਲਾ ਕੇ ਉਹ ਪੋਲੇ ਪੈਰੀਂ ਨਸੀਬ ਵੱਲ ਵਧੀ। ਉਹਦੀ ਹਿੱਕ ਉੱਤੋਂ ਕਿਤਾਬ ਚੁੱਕ ਕੇ ਪਰ੍ਹਾਂ ਰੱਖ ਦਿੱਤੀ । ਮੰਜੇ ਦੀ ਬਾਹੀ ਉੱਤੇ ਬੈਠ ਕੇ ਉਹ ਨਸੀਬ ਦੇ ਢਿੱਡ ਉੱਤੇ ਟੇਢੀ ਹੋ ਗਈ। ਨਸੀਬ ਤੜਫ ਕੇ ਉੱਠਿਆ। ਅੱਖਾਂ ਖੋਲ੍ਹੀਆਂ ਤਾਂ ਕੋਈ ਸੁਫਨਾ ਉਹਦੀ ਹਿੱਕ ਉੱਤੇ ਸਿਰ ਧਰੀਂ ਪਿਆ ਸੀ। ਉਹਨੇ ਆਪਣੀਆਂ ਦੋਵੇਂ ਬਾਂਹਾਂ ਸੁਫ਼ਨੇ ਉੱਤੋਂ ਦੀ ਵਲ ਲਈਆਂ। ਬਿੰਦ ਦੀ ਬਿੰਦ ਇਕ ਬੇਹੋਸ਼ੀ ਜਿਹੀ ਦਾ ਆਲਮ ਉੱਤਰ ਆਇਆ । ਉਹ ਕੋਈ ਵੀ ਗੱਲ ਨਹੀਂ ਕਰ ਰਹੇ ਸਨ।
ਜਿਵੇਂ ਦੋਵਾਂ ਤੋਂ ਹੀ ਬੋਲਿਆ ਨਾ ਜਾ ਰਿਹਾ ਹੋਵੇ । ਦਿਲ ਦੀਆਂ ਧੜਕਣਾਂ ਹੀ ਕਿਸੇ ਤੇਜ਼ ਬਹਿਸ ਵਿਚ ਉਲਝ ਰਹੀਆਂ ਸਨ। ਵਿਹੜੇ ਦਾ ਦਰਵਾਜ਼ਾ ਚੀਕਿਆ ਅਤੇ ਕਿਸੇ ਦੇ ਪੈਰਾਂ ਦਾ ਖੜਾਕ ਵੀ ਸੁਣਾਈ ਦਿੱਤਾ। ਪੁਸ਼ਪਿੰਦਰ ਨਸੀਬ ਦੀ ਹਿੱਕ ਨਾਲੋਂ ਚਾਸ਼ਣੀ ਦੀ ਤਾਰ ਵਾਂਗ ਟੁੱਟੀ ਅਤੇ ਇਕ ਝਟਕੇ ਨਾਲ ਖੜ੍ਹੀ ਹੋ ਗਈ। ਅਗਲੇ ਪਲ ਨਸੀਬ ਦੀ ਮਾਮੀ ਬੈਠਕ ਵਿਚ ਖੜ੍ਹੀ ਸੀ। ਪੁਸ਼ਪਿੰਦਰ ਮੁਸਕਰਾਈ। ਭਿੱਜਿਆ ਜਿਹਾ ਬੋਲ ਕੱਢਿਆ, ‘ਤਾਈ ਜੀ, ਸਤਿ ਸ੍ਰੀ ਅਕਾਲ ।’
‘ਸਾਸਰੀ ਕਾਲ ਧੀਏ, ਬੈਠ ਕੁਰਸੀ ਲੈ ਲੈ।’
ਨਸੀਬ ਉੱਠ ਕੇ ਬੈਠ ਗਿਆ ਸੀ । ਪੁੱਛਣ ਲੱਗਿਆ, ‘ਮਾਮੀ, ਐਨਾਂ ਚਿਰ ਕਿੱਥੇ ਲਾ ਆਈ ?’
‘ਵੇ ਭਾਈ, ਕੀ ਦੱਸਾਂ, ਧਾਲੀਆਲਾਂ ਦੀ ਬਹੂ ਦਾ ਭਰਾ ਮਰ ਗਿਆ । ਗੱਭਰੂ-ਜੁਆਨ ਸੀ। ਬਹੂ ਨੂੰ ਦੰਦਲਾਂ ਪੈਣੋਂ ਈ ਨ੍ਹੀਂ ਹਟਦੀਆਂ । ਅਗਲਿਆਂ ਨੂੰ ਤਾਂ ਬਹੂ ਦਾ ਫਿਕਰ ਖੜ੍ਹਾ ਹੋਇਆ ਪਿਐ। ਕੀ ਬਣੇ ਹੁਣ ਬਹੂ ਦਾ। ਓਥੇ ਬੈਠੀ ਰਹੀ ਮੈਂ ਤਾਂ, ਸਾਰੇ ਗਵਾੜ ਦੀਆਂ ਬੁੜ੍ਹੀਆਂ ਕੱਠੀਆਂ ਹੋਈਆਂ ਬੈਠੀਆਂ ਨੇ ।’
‘ਬਹੂ ਦੇ ਭਾਈ ਨੂੰ ਕੀ ਹੋ ਗਿਆ ਸੀ, ਤਾਈ ਜੀ ?’ ਪੁਸ਼ਪਿੰਦਰ ਆਪਣੇ-ਆਪ ਵਿਚ ਸ਼ਾਂਤ-ਚਿਤ ਹੋਣ ਲੱਗੀ।
‘ਕਹਿੰਦੀ, ਕੀੜਾ ਛੂਹ ਗਿਆ, ਭਾਈ। ਦੱਸਣ ਆਲਾ ਤਾਂ ਇਹੀ ਦੱਸ ਕੇ ਗਿਐ। ਵਾਟ ਵੀ ਦੂਰ ਦੀ ਐ। ਕਿੱਥੇ ਪਈਆਂ ਨੇ ਕੱਟੂ-ਬਾਲੀਆਂ। ਕੱਟੂ ਜਾਣੈ । ਬਹੂ ਜਾਊਗੀ ਤਾਂ ਕਿਤੇ ਜਾ ਕੇ ਸਸਕਾਰ ਕਰਨਗੇ ਉਹਦਾ । ਪਰ ਇਹ ਤਾਂ ਐਥੇ ਈ ਬੀਤੀ ਜਾਂਦੀ ਐ। ਕਦੋਂ ਪਹੁੰਚੀ ਓਥੇ ?’ ਨਸੀਬ ਦੀ ਮਾਮੀ ਨੇ ਝੋਰਾ ਕੀਤਾ।
ਪੁਸ਼ਪਿੰਦਰ ਕੁਰਸੀ ਉੱਤੇ ਬੈਠ ਗਈ ਸੀ ।
ਨਸੀਬ ਕਹਿੰਦਾ, ‘ਮਾਮੀ, ਚਾਹ ਧਰ ਲੈ ।’
‘ਹਾਂ ਭਾਈ, ਮੈਂ ਤਾਂ ਆਪ ਈ ਧਰਨ ਲੱਗੀਆਂ। ਕੁੜੀ ਆਈ ਐ, ਮਸਾਂ-ਮਸਾਂ।’ ਤੇ ਫੇਰ ਪੁੱਛਣ ਲੱਗੀ, ‘ਕਿਉਂ ਭਾਈ ਪਿੰਦਰ, ਤੇਰੀ ਪੜ੍ਹਾਈ ਕਿੱਕੂ ਐਂ ? ਨਸੀਬ ਤਾ ਦਿਨ-ਰਾਤ ਲੱਗਿਆ ਈ ਵਗਦੈ। ਬੈਠਕ ‘ਚੋਂ ਈ ਨ੍ਹੀਂ ਨਿੱਕਲਦਾ, ਜਿਉਣ-ਜੋਗਾ, ਛਿਲੇ ਆਲੀ ਤੀਮੀ ਆਂਗੂੰ।’
ਮਾਮੀ ਦੀ ਗੱਲ ਉੱਤੇ ਦੋਵੇਂ ਖਿੜ-ਖੜਾ ਕੇ ਹੱਸੇ
‘ਹੋਰ!’ ਮਾਮੀ ਆਪ ਵੀ ਹੱਸਣ ਲੱਗੀ।
ਮਾਮੀ ਨੇ ਛਤਣੇ ਥੱਲੇ ਜਾ ਕੇ ਚੁੱਲੇ ਵਿਚ ਅੱਗ ਮਚਾਈ ਅਤੇ ਫੇਰ ਪੰਪ ਤੋਂ ਪਤੀਲੇ ਵਿਚ ਪਾਣੀ ਲੈ ਕੇ ਚੁੱਲ੍ਹੇ ਮੂਹਰੇ ਹੀ ਜਾ ਬੈਠੀ। ਚੁੱਲੇ ਵਿਚ ਨਿੱਕੇ-ਨਿੱਕੇ ਸੱਕ ਸੁੱਟਣ ਲੱਗੀ।
ਪੁਸ਼ਪਿੰਦਰ ਕੁਰਸੀ ਤੋਂ ਉੱਠ ਕੇ ਫੇਰ ਨਸੀਬ ਦੀ ਬਾਹੀ ਉੱਤੇ ਆ ਬੈਠੀ ਅਤੇ ਠੋਡੀ ਥੱਲੇ ਹਥੇਲੀ ਰੱਖ ਕੇ ਉਹਨੂੰ ਪੁੱਛਣ ਲੱਗੀ, ‘ਬੱਸ ਹੁਣ, ਇਹ ਕਿਤਾਬਾਂ ਈ ਤੇਰਾ ਸੰਸਾਰ ਰਹਿ ਗੀਆਂ ?’
‘ਤੇਰਾ ਸੰਸਾਰ ?’ ਨਸੀਬ ਨੇ ਉਬਾਸੀ ਲਈ ਅਤੇ ਫੇਰ ਲੰਮਾ ਪੈ ਗਿਆ।
‘ਮੇਰਾ ਸੰਸਾਰ ? ਮੇਰਾ ਸੰਸਾਰ ਤਾਂ ਕੋਈ ਵੀ ਨ੍ਹੀਂ । ਜੀਅ ਕਰਦੈ, ਕਿਤਾਬਾਂ ਫੂਕ ਦਿਆਂ। ਕੀ ਲੈਣੈ ਪੜ੍ਹ ਕੇ ? ਸੱਚੀਂ, ਚੰਗਾ-ਭਲਾ ਪੜ੍ਹਦੀ ਹੁੰਦੀ ਸੀ ਮੈਂ। ਪਤਾ ਨੀਂ ਕੀ ਕਰ ‘ਤਾ ਤੂੰ ਮੈਨੂੰ ?
‘ਕਿਉਂ, ਮੈਂ ਤੈਨੂੰ ਕੀ ਕਰ ‘ਤਾ ?’
‘ਹੋਰ, ਆਪ ਤਾਂ ਮੌਜਾਂ ਨਾਲ ਪਿਆ ਪੜ੍ਹੀ ਜਾਨੈਂ। ਕਦੇ ਮੇਰਾ ਪਤਾ ਵੀ ਲਿਐ ?’
‘ਤੇਰਾ ਪਤਾ ਕੀ ਲਮਾਂ ? ਸਹੁੰ ਕਿੱਧਰ ਗਈ ਤੇਰੀ ? ਯਾਦ ਐ, ਆਖਿਆ ਸੀ-ਇਮਤਿਹਾਨ ਤੋਂ ਪਹਿਲਾਂ ਕਦੇ ਨ੍ਹੀਂ ਮਿਲਣਾ ?
‘ਅੱਗ ਲੱਗੇ ਸਹੁੰ ਨੂੰ । ਮੈਥੋਂ ਤਾਂ ਰਹਿਆ ਨ੍ਹੀਂ ਗਿਆ। ਮਖਿਆ, ਇਕ ਵਾਰੀਂ ਦੇਖ ਆਮਾਂ ਤੈਨੂੰ । ਬੱਸ ਆ ਗੀ।
‘ਉਹ ਤਾਂ ਸ਼ੁਕਰੀਆ ਤੇਰਾ, ਧੰਨ ਭਾਗ। ਜਿੰਨੇ ਕਦਮ ਰੱਖੇ, ਸਿਰ ‘ਤੇ।’
‘ਜਭਲੀਆਂ ਨਾ ਮਾਰ । ਸਿੱਧੀ ਗੱਲ ਕਰ । ਮੈਂ ਤਾਂ ਦੇਣਾ ਨ੍ਹੀਂ ਐਗਜ਼ਾਮ।’
ਨਸੀਬ ਨੇ ਟੇਢਾ ਹੋ ਕੇ ਮੰਜੇ ਥੱਲਿਓਂ ਆਪਣੀ ਚੱਪਲ ਚੁੱਕ ਲਈ। ਉੱਘਰ ਕੇ ਕਹਿੰਦਾ, ‘ਆਹ ਜੁੱਤੀ ਦੀਂਹਦੀ ਐ ? ਦੇਣਾ ਨ੍ਹੀਂ ਇਹਨੇ ਐਗਜ਼ਾਮ ।’
ਪੁਸ਼ਪਿੰਦਰ ਨੇ ਅੱਖਾਂ ਭਰ ਲਈਆਂ। ਤੇ ਫੇਰ ਸੱਜੇ ਹੱਥ ਦੀ ਉਂਗਲ ਅਤੇ ਗੂਠੇ ਨਾਲ ਪਲਕਾਂ ਦੱਬ ਕੇ ਹੰਝੂ ਨਚੋੜ ਸੁੱਟੇ। ਬੋਲੀ, ‘ਹੋਰ ਫੇਰ, ਜੀਅ ਤਾਂ ਲਗਦਾ ਨ੍ਹੀਂ ਕਿਤੇ। ਦਿਲ ਤਾਂ ਉੱਖੜਿਆ ਰਹਿੰਦੈ ਹਰ ਵੇਲੇ।’
‘ਦਿਲ ਦੇ ਮਾਰ ਗੋਲੀ । ਪਹਿਲਾਂ ਬੀਏ ਕਰ, ਫੇਰ ਦਿਲ ਦੀ ਗੱਲ ਵੀ ਸੁਣ ਲਾਂ ਗੇ । ਸਭ ਠੀਕ ਹੋ ਜੂ।
‘ਕੀ ਠੀਕ ਹੋ ਜੂ ?’
‘ਜੋ ਤੂੰ ਚਾਹੁਨੀ ਐਂ । ਬੀਏ ਤਾਂ ਪੂਰੀ ਕਰ ਲੀਏ । ਹੁਣ ਤਾਂ ਦੰਦਾਂ ‘ਚ ਜੀਭ ਐ। ਫੇਰ ਨੌਕਰੀ ਦੀ ਭਾਲ ਕਰੂੰਗਾ ਮੈਂ। ਤੇ ਫੇਰ ਬੱਸ ਘਰ ਬੰਨ੍ਹਾਂਗੇ ਆਵਦਾ।’
‘ਤਾਂ ਚੰਗਾ ।’ ਪੁਸ਼ਪਿੰਦਰ ਨੇ ਆਪਣੀਆਂ ਅੱਖਾਂ ਸੁੱਕਾ ਲਈਆਂ । ਉਹ ਪਰ੍ਹਾਂ ਹੋ ਕੇ ਕੁਰਸੀ ਉੱਤੇ ਬੈਠ ਗਈ।
ਮਾਮੀ ਦੋ ਗਲਾਸਾਂ ਵਿਚ ਚਾਹ ਪਾਕੇ ਲੈ ਆਈ। ਪੁਸ਼ਪਿੰਦਰ ਕਹਿੰਦੀ, ‘ਤਾਈ ਜੀ, ਇਹ ਤਾਂ ਬਹੁਤੀ ਐ। ਤੁਸੀਂ ਵੀ ਪੀ ਲੋ। ਲਓ, ਕੱਢ ਲੋ ਥੋੜੀ ਜੀ।
‘ਨਹੀਂ, ਪੀ ਧੀਏ। ਪਤੀਲੇ ‘ਚ ਬਹੁਤ ਪਈਐ ਚਾਹ ਤਾਂ । ਮੈਂ ਵੀ ਪੀਨੀਆਂ।’
‘ਤਾਂ ਫੇਰ ਚਾਹ ਲੈ ਕੇ ਐਥੇ ਆ ਜੋ, ਸਾਡੇ ਕੋਲ।’ ਪੁਸ਼ਪਿੰਦਰ ਨੇ ਆਖਿਆ।
ਸੀਤੋ ਬੈਠਕ ਵਿਚ ਭੁੰਜੇ ਬੈਠੀ ਚਾਹ ਪੀਂਦੀ ਬਿੰਦੇ-ਬਿੰਦੇ ਪਲਕਾਂ ਉਠ ਕੇ ਦੋਵਾਂ ਵੱਲ ਝਾਕਦੀ। ਲਗਦਾ, ਉਹਦੀਆਂ ਅੱਖਾਂ ਕੁਝ ਆਖ ਰਹੀਆਂ ਹੋਣ। ਸ਼ਾਇਦ ਇਹ ਕਿ ‘ਰੱਬ ਨੇ ਕਿੰਨੀਆਂ ਸੋਹਣੀਆਂ ਮੂਰਤਾਂ ਘੜ ਦਿੱਤੀਆਂ ਇਹੇ !’
8
ਪੁਸ਼ਪਿੰਦਰ ਨਸੀਬ ਕੋਲੋਂ ਹੋ ਕੇ ਗਈ ਤਾਂ ਉਹਦੇ ਵਿਚ ਨਵਾਂ ਉਤਸ਼ਾਹ ਸੀ। ਜ਼ਿੰਦਗੀ ਦੇ ਰਾਹ ਉੱਤੇ ਜਿਵੇਂ ਉਹਨੂੰ ਕਿਸੇ ਨੇ ਤਾਜ਼ਾ-ਦਮ ਕਰ ਦਿੱਤਾ ਹੋਵੇ । ਉਹਨੇ ਦ੍ਰਿੜ੍ਹ ਇਰਾਦਾ ਕੀਤਾ ਕਿ ਉਹ ਹੁਣ ਕੇਵਲ ਆਪਣੇ ਲਈ ਨਹੀਂ, ਇਕ ਕਲਪਿਤ ਪਰਿਵਾਰਕ ਜੀਵਨ ਲਈ ਬੀਏ ਕਰੇਗੀ। ਡਿਗਰੀ ਹਾਸਲ ਕੀਤੀ ਕਦੇ ਜੀਵਨ ਵਿਚ ਕੰਮ ਆ ਸਕਦੀ ਹੈ । ਉਹ ਆਪ ਨੌਕਰੀ ਕਰੇਗੀ ਅਤੇ ਨਸੀਬ ਲਈ ਸਹਾਇਕ ਸਿੱਧ ਹੋਵੇਗੀ। ਜਦੋਂ ਉਹ ਦੋਵੇਂ ਆਰਥਿਕ ਪੱਖ ਤੋਂ ਮਜ਼ਬੂਤ ਹੋਏ ਤਾਂ ਕਿਸੇ ਦੂਜੇ ਦੇ ਆਝੀ ਹੋ ਕੇ ਨਹੀਂ ਰਹਿਣਗੇ ਅਤੇ ਨਾ ਆਪਣੇ ਰਾਹ ਉੱਤੇ ਡੋਲਣਗੇ। ਦਿਲ ਦਾ ਸੌਦਾ ਹੈ, ਪੁਗਾਉਣ ਲਈ ਉਹ ਪਿਓ ਦੀ ਲੱਖਾਂ ਦੇ ਮੁੱਲ ਦੀ ਜਾਇਦਾਦ ਦਾ ਡਟ ਕੇ ਮੁਕਾਬਲਾ ਕਰੇਗੀ। ਪੁਸ਼ਪਿੰਦਰ ਇਕ ਤਰ੍ਹਾਂ ਨਾਲ ਬਗਾਵਤ ਹੀ ਕਰ ਉੱਠੀ, ‘ਮੈਂ ਕੋਈ ਬੱਕਰੀ ਥੋੜ੍ਹੀ ਆਂ, ਬਈ ਮਿਆਂ-ਮਿਆਂ ਕਰਦੀ ਦਾ ਕੰਨ ਉਹਦਾ ਮਾਲਕ ਜੀਹਦੇ ਹੱਥ ਮਰਜ਼ੀ ਫੜਾ ਦੇਵੇ । ਮੈਂ ਪੜ੍ਹੀ-ਲਿਖੀ, ਜਾਤ ਕੁੜੀ ਆਂ। ਨਵੇਂ ਜੁੱਗ ਦੀ ਆਵਾਜ਼ ਆਂ। ਮੈਨੂੰ ਆਪਣਾ ਜੀਵਨ-ਸਾਥੀ ਆਪ ਚੁਣਨ ਦਾ ਹੱਕ ਐ। ਇਹ ਕੋਈ ਬੰਨ੍ਹਿਆ ਹੋਇਆ ਤਾਂ ਨ੍ਹੀਂ ਕਿ ਮੇਰਾ ਹੋਣ ਵਾਲਾ ਪਤੀ ਜੱਟ ਈ ਹੋਵੇ । ਕਿਸੇ ਜਾਤ ਦਾ ਵੀ ਹੋਵੇ, ਦਿਲ ਦਾ ਸਾਥੀ ਹੋਵੇ। ਹਰ ਤਰ੍ਹਾਂ ਨਾਲ ਮੇਰੀ ਕਦਰ ਪਾਉਣ ਆਲਾ। ਕਿਸੇ ਵੀ ਬੇਦੇ ਨਾਲ ਸਿਰ-ਨਰੜ ਹੋਣ ਦਾ ਮਤਲਬ ਹੀ ਕੀ? ਇਹ ਜਾਤਾਂ-ਪਾਤਾਂ ਤਾਂ ਬੰਦੇ ਨੇ ਬਣਾ ਲੀਆਂ। ਰੱਬ ਨੇ ਤਾਂ ਸਭ ਇਨਸਾਨ ਇਕੋ ਜੇ ਪੈਦਾ ਕੀਤੇ ਹੁੰਦੇ ਨੇ । ਰੰਗ-ਰੂਪ, ਅਕਲ-ਸ਼ਕਲ ਸਭ ਇਕੋ ।ਨਸੀਬ ਮੇਰੇ ਦਿਲ ਦਾ ਬਾਦਸ਼ਾਹ ਐ। ਮੈਂ ਉਹਦੀ ਮਲਕਾ। ਅਸੀਂ ਇਕ ਨਵਾਂ ਅਤੇ ਵਧੀਆ ਸੰਸਾਰ ਵਸਾਵਾਂਗੇ। ਆਪਣਾ ਸੰਸਾਰ।’
ਦੋ ਰਾਤਾਂ ਅਤੇ ਇਕ ਦਿਨ ਉਹ ਬਹੁਤ ਪੜ੍ਹੀ । ਜ਼ਬਾਨੀ ਯਾਦ ਕਰਦੀ ਅਤੇ ਫੇਰ ਲਿਖ-ਲਿਖ ਦੇਖਦੀ। ਇਮਤਿਹਾਨ ਦੇਣ ਗਈ, ਮੁੰਡੇ-ਕੁੜੀਆਂ ਸਭ ਆਪਣੀ ਪੂਰੀ ਤਿਆਰੀ ਵਿਚ ਆਏ ਸਨ। ਨਸੀਬ ਬਹੁਤ ਗੰਭੀਰ ਸੀ । ਨਾ ਹਸਦਾ ਸੀ, ਨਾ ਬੋਲਦਾ । ਪੇਪਰ ਖ਼ਤਮ ਹੋਣ ਬਾਅਦ ਉਹ ਕਾਲਜ ਦੇ ਗੇਟ ਤੋਂ ਬਾਹਰ ਸਰੀਂਹ ਥੱਲੇ ਬੈਠ ਕੇ ਆਪਣਾ-ਆਪਣਾ ਕੀਤਾ ਦੱਸਣ ਲੱਗੇ ਅਤੇ ਉਸ ਹਿਸਾਬ ਪੇਪਰਾਂ ਉੱਤੇ ਮਾਰਕਿੰਗ ਕੀਤੀ। ਦੋਵਾਂ ਦੇ ਹੀ ਇਕੋ-ਜਿਨੇ ਅੰਕਿਤ ਨੰਬਰ ਆ ਰਹੇ ਸਨ। ਉਹ ਖ਼ੁਸ਼ੀ-ਖ਼ੁਸ਼ੀ ਬੱਸ ਚੜ੍ਹੇ। ਪਿੰਡ ਆ ਕੇ ਅਗਲੇ ਪੇਪਰ ਦੀ ਤਿਆਰੀ ਕਰਨ ਲੱਗੇ।
ਨਿੱਤ ਹੀ ਪੇਪਰ ਵਾਲੇ ਦਿਨ ਉਹ ਕਾਲਜ ਆ ਕੇ ਥੋੜ੍ਹਾ ਜਿਹਾ ਮਿਲਦੇ । ਬੱਸ ਨਿੱਕੀ-ਨਿੱਕੀ ਮੁਸਕਾਨ ਦਾ ਆਦਾਨ-ਪ੍ਰਦਾਨ ਹੀ। ਪੇਪਰ ਦਿੰਦੇ ਅਤੇ ਫੇਰ ਹਮੇਸ਼ਾ ਵਾਂਗ ਗੇਟ ਤੋਂ ਬਾਹਰ ਆ ਕੇ ਸਰੀਂਹ ਥੱਲੇ ਆਪਣੇ-ਆਪਣੇ ਪੇਪਰਾਂ ਉੱਤੇ ਮਾਰਕਿੰਗ ਕਰਦੇ । ਬੱਸ ਚੜ੍ਹਦੇ ਅਤੇ ਪਿੰਡ ਆ ਜਾਂਦੇ।
ਜਿੰਨੇ ਵੀ ਦਿਨ ਪੇਪਰ ਹੁੰਦੇ ਰਹੇ, ਉਹਨਾਂ ਨੇ ਆਪਣੀ ਕੋਈ ਗੱਲ ਨਾ ਕੀਤੀ, ਨਾ ਹੀ ਕਿਸੇ ਭਾਵੁਕ ਵਹਿਣ ਵਿਚ ਤੁਰੇ, ਬੱਸ ਪੇਪਰਾਂ ਦੀਆਂ ਗੱਲਾਂ ਹੀ ਕਰਦੇ।
ਆਖ਼ਰੀ ਪਰਚਾ ਦੇ ਕੇ ਉਹਨਾਂ ਨੂੰ ਲੱਗਿਆ, ਜਿਵੇਂ ਲੱਖਾਂ ਮਣ ਭਾਰ ਉਹਨਾਂ ਦੇ ਸਿਰਾਂ ਉੱਤੋਂ ਲਹਿ ਗਿਆ ਹੋਵੇ, ਜਿਵੇਂ ਕੋਈ ਗਰਦ-ਗਵਾਰ ਜਿਹਾ ਉਹਨਾਂ ਦੇ ਦਿਮਾਗਾਂ ਵਿਚੋਂ ਨਿੱਕਲ ਕੇ ਉਹਨਾਂ ਨੂੰ ਹੌਲਾ ਫੁੱਲ ਕਰ ਗਿਆ ਹੋਵੇ। ਉਹ ਹਲਕਾ-ਹਲਕਾ ਮਹਿਸੂਸ ਕਰਨ ਲੱਗੇ। ਜਿਵੇਂ ਬਿਨ ਖੰਭਾਂ ਤੋਂ ਹੀ ਉੱਡ ਸਕਦੇ ਹੋਣ।
ਪੁਸ਼ਪਿੰਦਰ ਨੇ ਨਸੀਬ ਨੂੰ ਕਿਹਾ ਕਿ ਉਹ ਕੱਲ੍ਹ ਨੂੰ ਹੀ ਆਪਣੇ ਨਾਨਕੇ ਚੰਨਣਵਾਲ ਜਾ ਰਹੀ ਹੈ ਅਤੇ ਉਹ ਬਰਨਾਲੇ ਤੱਕ ਬੱਸ ਵਿਚ ਉਹਦੇ ਨਾਲ ਚੱਲੇ। ਰਾਹ ਵਿਚ ਉਹ ਗੱਲਾਂ ਕਰਨਗੇ। ਕਦੇ ਵੀ ਗੱਲਾਂ ਕਰਕੇ ਰੱਜ ਜਿਹਾ ਨਹੀਂ ਆਇਆ, ਉਹ ਖੁੱਲ੍ਹ ਕੇ ਗੱਲਾਂ ਕਰ ਲੈਣਗੇ।
‘ਖੁੱਲ੍ਹ ਕੇ ਹੋਰ ਕਿਹੜੀਆਂ ਗੱਲਾਂ ਕਰਨੀਆਂ ਨੇ ? ਇਹ ਤਾਂ ਮੁਕਣੀਆਂ ਈ ਨ੍ਹੀਂ ਜਿੰਨੀਆਂ ਮਰਜੀ ਕਰੀਂ ਚੱਲ।’ ਨਸੀਬ ਹੱਸਿਆ।
‘ਨਹੀਂ, ਜਦੋਂ ਮੈਂ ਕਹਿਨੀ ਆਂ । ਤੂੰ ਚੱਲ ਜ਼ਰੂਰ । ਤੜਕੇ ਅੱਠ-ਨੌਂ ਵਜੇ ਭਾਈਰੂਪੇ ਦੇ ਅੱਡੇ ‘ਤੇ ਆ ਜੀ । ਮੈਨੂੰ ਡੀਕਦਾ ਰਹੀਂ। ਮੈਂ ਪਹਿਲਾਂ ਪਹੁੰਚਗੀ ਤਾਂ ਮੈਂ ਡੀਕੂੰਗੀ ਤੈਨੂੰ । ਇਕ ਬੱਸ ਚੜ੍ਹਾਂਗੇ ।’ ਪੁਸ਼ਪਿੰਦਰ ਨੇ ਹੁਕਮ ਕਰਨ ਵਾਂਗ ਆਖ ਦਿੱਤਾ।
ਦੂਜੇ ਦਿਨ ਉਹ ਭਾਈਰੂਪੇ ਤੋਂ ਇਕੋ ਬੱਸ ਚੜ੍ਹੇ। ਅੱਡ-ਅੱਡ ਹੋ ਕੇ। ਪੁਸ਼ਪਿੰਦਰ ਮੂਹਰਲੀਆਂ ਸੀਟਾਂ ਉੱਤੇ ਜਾ ਬੈਠੀ ਅਤੇ ਨਸੀਬ ਮਗਰ ਹੋ ਕੇ ਬੈਠ ਗਿਆ । ਸਲਾਬਤਪੁਰੇ ਜਾ ਕੇ ਉਹ ਬੱਸ ਵਿਚੋਂ ਇੰਜ ਉੱਤਰੇ ਜਿਵੇਂ ਇਕ-ਦੂਜੇ ਨੂੰ ਪਤਾ ਹੀ ਨਾ ਹੋਵੇ । ਪੁਸ਼ਪਿੰਦਰ ਸਕੂਲ ਵਾਲੇ ਪਾਸੇ ਇਕ ਦਰਖ਼ਤ ਦੀ ਛਾਂ ਥੱਲੇ ਇੱਟ ਲੈ ਕੇ ਬੈਠ ਗਈ। ਨਸੀਬ ਸਾਹਮਣੇ ਇਕ ਦੁਕਾਨ ਉੱਤੇ ਬੈਠ ਗਿਆ। ਪੰਜਾਬੀ ਦਾ ਅਖਬਾਹ ਲੈ ਕੇ ਸੁਰਖੀਆਂ ਪੜ੍ਹਨ ਲੱਗਿਆ। ਨਿਗਾਹ ਦੋਵਾਂ ਦੀ ਭਗਤਾ-ਜਲਾਲ ਵਲੋਂ ਆਉਂਦੀ ਬੱਸ ਵੱਲ ਸੀ।
ਇਕ ਬੱਸ ਫਰੀਦਕੋਟ-ਬਰਨਾਲਾ ਆਈ। ਉਹ ਉੱਠੀ ਅਤੇ ਦੋ ਵਾਲੀ ਸੀਟ ਮੱਲ ਲਈ। ਨਾਲ ਲਗਦੀ ਸੀਟ ਉੱਤੇ ਉਹਨੇ ਆਪਣੀ ਟੋਕਰੀ ਰੱਖ ਲਈ। ਬੱਸ ਦਸ ਮਿੰਟ ਖੜ੍ਹੀ ਰਹੀ। ਕੰਡਕਟਰ-ਡਰਾਈਵਰ ਚਾਹ ਪੀਣ ਉੱਤਰ ਗਏ ਸਨ। ਨਸੀਬ ਬਾਹਰ ਖੜ੍ਹਾ ਏਧਰ-ਓਧਰ ਝਾਕਣ ਲੱਗਿਆ। ਨਜ਼ਰ ਚਾਹ ਪੀਂਦੇ ਡਰਾਈਵਰ ਵਿਚ ਰੱਖੀ। ਡਰਾਈਵਰ ਨੇ ਬੱਸ ਸਟਾਰਟ ਕੀਤੀ ਤਾਂ ਉਹ ਚੁੱਪ ਕੀਤਾ ਬੱਸ ਚੜ੍ਹਿਆ ਅਤੇ ਪੁਸ਼ਪਿੰਦਰ ਦੇ ਨਾਲ ਲੱਗ ਕੇ ਬੈਠ ਗਿਆ।
‘ਮੈਂ ਤਾਂ ਕਈ ਸਾਲਾਂ ਪਿੱਛੋਂ ਅੱਜ ਆਈ ਆਂ। ਸਲਾਬਤਪੁਰੇ ਦਾ ਅੱਡਾ ਤਾਂ ਸ਼ਹਿਰ ਬਣਿਆ ਪਿਐ। ਕਿੰਨੀਆਂ ਦੁਕਾਨਾਂ ਹੋ ਗੀਆਂ ਚਾਹ ਦੀਆਂ। ਆਹ ਰੇੜ੍ਹੀਆਂ ‘ਤੇ ਫਲ ਵੇਚਣ ਆਲੇ ਵੀ ਕਿਧਰੋਂ ਈ ਆਗੇ ।’ ਬੱਸ ਚੱਲਣ ਦੇ ਨਾਲ ਹੀ ਪੁਸ਼ਪਿੰਦਰ ਨੇ ਗੱਲ ਛੇੜੀ।
‘ਹੋਰ ਫੇਰ, ਸਾਰੇ ਪਾਸਿਆਂ ਤੋਂ ਬੱਸਾਂ ਏਥੇ ਆ ਕੇ ਠਹਿਰਦੀਆਂ ਨੇ। ਸਵਾਰੀਆਂ ਉੱਤਰਦੀਆਂ-ਚੜ੍ਹਦੀਆਂ ਰਹਿੰਦੀਆਂ ਨੇ । ਲੋਕਾਂ ਦਾ ਕੱਠ ਰਹਿੰਦੈ। ਜਿੱਥੇ ਲੋਕ, ਓਥੇ ਬਜਾਰ-ਦੁਕਾਨਾਂ ਵੀ।’ ਨਸੀਬ ਨੇ ਸਿਆਣਾ ਜਵਾਬ ਦਿੱਤਾ।
‘ਬੜੀ ਅਕਲ ਆ ਗੀ ਤੈਨੂੰ ਤਾਂ । ਪੁਸ਼ਪਿੰਦਰ ਨਸੀਬ ਵੱਲ ਝਾਕੀ।
‘ਮੇਰੇ ‘ਚ ਕਿੱਥੇ ਐ ਅਕਲ ? ਤੇਰੇ ਕੋਲ ਬੈਠ ਕੇ ਈ ਗੱਲ ਔੜਦੀ ਐ ਮੈਨੂੰ ਤਾਂ ।’ ਨਸੀਬ ਨੇ ਟੇਢਾ ਜਿਹਾ ਹੋ ਕੇ ਆਖਿਆ।
ਪੁਸ਼ਪਿੰਦਰ ਨੇ ਉਹਦੇ ਮੋਢਾ ਮਾਰਿਆ ਅਤੇ ਹੱਸ ਪਈ। ਕਹਿੰਦੀ, ‘ਐਮੇਂ ਵਾਧੂ ਫੂਕਾਂ ਨਾ ਦੇਈਂ ਜਾਇਆ ਕਰ।’
‘ਫੂਕਾਂ ਦੇਣ ਨੂੰ ਮੈਂ ਕੋਈ ਭੂਕਣੀ ਆਂ ?’
‘ਫੂਕਣੀ ਕਿ ਭੂਕਣੀ ?’
‘ਕਿਤੇ ਪੂਕਣੀ ਨਾ ਆਖ ਦੀਂ।’
ਉਹ ਉੱਚਾ ਹੱਸ ਪਈ।
ਨਸੀਬ ਨੇ ਬੱਸ ਵਿਚ ਚਾਰ-ਚੁਫੇਰੇ ਦੇਖਿਆ। ਉਹਨੂੰ ਲੱਗਿਆ ਜਿਵੇਂ ਸਵਾਰੀਆਂ ਉਹਨਾਂ ਵੱਲ ਹੀ ਦੇਖ ਰਹੀਆਂ ਹੋਣ ਅਤੇ ਕੁਝ ਤਾੜ ਜਿਹਾ ਰਹੀਆਂ ਹੋਣ। ਉਹਨੇ ਪੁਸ਼ਪਿੰਦਰ ਦਾ ਪੈਰ ਦੱਬਿਆ ਅਤੇ ਕੰਨ ਵਿਚ ਆਖਿਆ, ‘ਠੀਕ ਹੋ ਕੇ ਬੈਠ। ਬੋਲੀਏ ਵੀ ਨਾ। ਲੋਕ ਪਤਾ ਨ੍ਹੀਂ ਕੀ ਸੋਚਦੇ ਹੋਣਗੇ ?’
‘ਲੋਕ ਤਾਂ ਠੀਕ ਈ ਸੋਚਣਗੇ ।’ ਪੁਸ਼ਪਿੰਦਰ ਵਿਚ ਲਚੜੇਵਾਂ ਕਾਇਮ ਸੀ।
‘ਭੌਂਕ ਨਾ, ਸਿੱਧੀ ਹੋ ਕੇ ਬੈਠ ।’
ਨਸੀਬ ਨੂੰ ਗੰਭੀਰ ਹੋਇਆ ਦੇਖ ਕੇ ਉਹ ਵੀ ਚੁੱਪ ਹੋ ਗਈ।
ਬੱਸ ਆਪਣੀ ਪੂਰੀ ਰਫ਼ਤਾਰ ਉੱਤੇ ਜਾ ਰਹੀ ਸੀ।
ਭਦੌੜ ਦੇ ਬਾਹਰਲੇ ਅੱਡੇ ਉੱਤੇ ਆ ਕੇ ਬੱਸ ਰੁਕੀ। ਕੁਝ ਸਵਾਰੀਆਂ ਉੱਤਰ ਗਈਆਂ। ਪੁਸ਼ਪਿੰਦਰ ਨੇ ਬਾਹਰ ਨਿਗਾਹ ਮਾਰੀ। ਭਦੌੜ ਤਾਂ ਇਹ ਲਗਦਾ ਹੀ ਨਹੀਂ ਸੀ । ਸੜਕ ਉੱਤੇ ਕਿੰਨੇ ਸਾਰੇ ਮਕਾਨ ਨਵੇਂ ਬਣ ਗਏ ਸਨ। ਦੁਕਾਨਾਂ ਸਨ। ਬੱਸ ਅੰਦਰ ਗਈ। ਅੰਦਰਲਾ ਅੱਡਾ ਵੀ ਉਹ ਨਹੀਂ ਸੀ । ਹੁਣ ਵਾਲਾ ਅੱਡਾ ਤਾਂ ਪੱਕੀਆਂ ਇੱਟਾਂ ਦੇ ਫ਼ਰਸ਼ ਵਾਲਾ ਸੀ। ਇਕ ਪਾਸੇ ਪਿਸ਼ਾਬ-ਘਰ ਵੀ ਬਣਾ ਦਿੱਤੇ ਗਏ ਸਨ। ਨਿੱਕਾ ਜਿਹਾ ਮੁਸਾਫ਼ਰਖਾਨਾ ਵੀ ਸੀ । ਚਾਹ ਦੀਆਂ ਦੋ-ਤਿੰਨ ਦੁਕਾਨਾਂ ਅਤੇ ਸ਼ਰਾਬ ਦਾ ਠੇਕਾ, ਰੇੜ੍ਹੀਆਂ ਉੱਤੇ ਰੱਖੇ ਮੌਸਮੀ ਫਲ। ਖਾਸੀ ਗਹਿਮਾ-ਗਹਿਮੀ। ਕਮਾਲ ਸੀ, ਰਿਕਸ਼ੇ ਖੜ੍ਹੇ ਸਨ । ਪਹਿਲਾਂ ਕਦੋਂ ਸੀ ਇਹ ਚੀਜ਼ਾਂ ? ਪੱਖ ਵਾਲੀਆਂ ਕੈਂਚੀਆਂ ਦੇ ਅੱਡੇ ਉੱਤੇ ਆ ਕੇ ਵੀ ਉਹ ਇੰਜ ਹੀ ਹੈਰਾਨ ਹੋਈ। ਪੱਖੋਦੀਆਂ ਕੈਂਚੀਆਂ ਉੱਤੇ, ਜਿੱਥੇ ਕਦੇ ਉਜਾੜ-ਬੀਆਬਾਨ ਹੁੰਦੀ ਸੀ, ਹੁਣ ਪੂਰੀ ਰੌਣਕ ਸੀ। ਹੱਥਾਂ ਵਿਚ ਤਣੀਆਂ ਵਾਲੇ ਝੋਲੇ ਸੰਭਾਲੀਂ ਪੇਂਡੂ ਸਵਾਰੀਆਂ ਬੈਠੀਆਂ ਹੀ ਰਹਿੰਦੀਆਂ। ਮੋਗੇ ਵੱਲੋਂ ਭਗਤਾ-ਜਲਾਲ ਵੱਲ ਅਤੇ ਓਧਰੋਂ ਮੋਗੇ ਵੱਲ ਆਉਣ-ਜਾਣ ਵਾਲੀਆਂ ਸਵਾਰੀਆਂ ਉੱਤਦੀਆਂ ਚੜ੍ਹਦੀਆਂ ਰਹਿੰਦੀਆਂ, ਜਿਵੇਂ ਪਾਣੀ ਦੀਆਂ ਲਹਿਰਾਂ ਏਧਰ-ਓਧਰ ਵਗਦੀਆਂ- ਮੁੜਦੀਆਂ ਹੋਣ। ਔਰਤਾਂ ਦੀਆਂ ਉੱਚੀਆ ਹਾਕਾਂ, ‘ਨੀ ਬੇਬੇ! ਵੇ ਮੁੰਡਿਆ। ਪਲੇਗ ਪੈਣਿਆ, ਐਧਰ ਮੁੜ ਵੇ।’ ਜਵਾਕਾਂ ਦਾ ਚੀਂਘ-ਚੰਘਿਆੜਾ, ਸਿਆਣੇ ਬੰਦਿਆਂ ਦੇ ਧੀਮੇ ਬੋਲ ਜਾਂ ਹੱਥਾਂ ਅਤੇ ਸਮੋਸੇ ਦਾ ਇਸ਼ਾਰਾ ਹੀ। ਡਰਾਈਵਰਾਂ ਦੀਆਂ ਤੇਜ਼ ਤਰਾਰ ਗਾਲ੍ਹਾਂ ਅਤੇ ਕੰਡਕਟਰਾਂ ਦੀਆਂ ਸੀਟੀਆਂ। ਚਾਹ ਦੀਆਂ ਦੁਕਾਨਾਂ ਉੱਤੇ ਨੋਕਰ-ਮੁੰਡਿਆਂ ਦੇ ਹੋਕਰੇ । ਇਕ ਚੁਸਤ-ਚਾਲ ਨਾਟਕ ਜਿਹਾ ਹੁੰਦਾ ਰਹਿੰਦਾ, ਪੱਖੋ ਵਾਲੀਆਂ ਕੈਂਚੀਆਂ ਦੇ ਅੱਡੇ ਉੱਤੇ। ਆਥਣੇ, ਦਿਨ-ਛਿਪੇ ਤੋਂ ਬਾਅਦ ਅਤੇ ਸਵੇਰੇ ਸੂਰਜ ਦੇ ਉਭਾਰ ਵੇਲੇ ਕੋਈ ਦੇਖੇ ਏਸ ਅੱਡੇ ਉੱਤੇ ਆ ਕੇ, ਓਹੀ ਉਜਾੜ-ਬੀਆਬਾਨ। ਰੋਹੀ ਵਿਚ ਗੈਰ-ਆਬਾਦ ਜਿਹੇ ਦਸ ਕੁ ਕੱਚੇ-ਪੱਕੇ ਕੋਠੇ ਹੀ।
ਬਰਨਾਲੇ ਜਾ ਕੇ ਬੱਸ-ਸਟੈਂਡ ਵਿਚ ਬੱਸ ਖੜ੍ਹੀ ਤਾਂ ਸਵਾਰੀਆਂ ਕਾਹਲ ਨਾਲ ਉੱਤਰਨ ਲੱਗੀਆਂ । ਇਕ-ਦੂਜੇ ਨੂੰ ਧੱਕੇ ਮਾਰਦੀਆਂ। ਹਰ ਕੋਈ ਪਹਿਲਾਂ ਉੱਤਰਨ ਦੀ ਕੋਸ਼ਿਸ਼ ਕਰਦਾ। ਪੁਸ਼ਪਿੰਦਰ ਬੈਠੀ ਰਹੀ। ਸੋਚਦੀ ਹੋਵੇਗੀ, ਉੱਤਰ ਲੈਣ ਦਿਓ, ਕੀ ਲੈਣਾ ਹੈ ਪੈਰ ਵਢਾ ਕੇ। ਤਾਕੀ ਉੱਤੇ ਚਾਰ- ਪੰਜ ਸਵਾਰੀਆਂ ਹੀ ਰਹਿ ਗਈਆਂ ਤਾਂ ਉਹ ਉੱਠੀ। ਦੇਖਿਆ, ਨਸੀਬ ਤਾਂ ਸੁੱਤਾ ਪਿਆ ਹੈ। ਉਹਨੇ ਉਹਦਾ ਮੋਢਾ ਝੰਜੋੜਿਆ। ਨਸੀਬ ਨੇ ਅੱਖਾਂ ਖੋਲ੍ਹੀਆਂ ਅਤੇ ਪੁੱਛਿਆ, ‘ਬਰਨਾਲਾ ਆ ਗਿਆ ?’ ਤੇ ਫੇਰ ਸੁਸਤ ਜਿਹਾ ਖੜ੍ਹਾ ਹੋ ਗਿਆ। ਥੱਲੇ ਉੱਤਰ ਕੇ ਕਹਿੰਦਾ, ‘ਪਹਿਲਾਂ ਚਾਹ ਪੀਨੇ ਆਂ। ਸਰੀਰ ਨਢਾਲ ਜਾ ਹੋ ਗਿਆ।’
ਪੁਸ਼ਪਿੰਦਰ ਨੇ ਏਧਰ ਦੇਖਿਆ, ਓਧਰ ਦੇਖਿਆ, ਚਾਰ-ਚੁਫੇਰੇ ਹੀ ਦੁਕਾਨਾਂ ਸਨ । ਫਲਾਂ ਦੀਆਂ ਦੁਕਾਨਾਂ ਅਤੇ ਢਾਬੇ। ਚਾਰ-ਚੁਫੇਰਿਉਂ ਹੀ ਗਾਹਕਾਂ ਨੂੰ ਹਾਕਾਂ ਵੱਜ ਰਹੀਆਂ ਸਨ। ਅੱਡੇ ਉੱਤੇ ਸਵਾਰੀਆਂ ਦੀ ਕੁਰਬਲ-ਕੁਰਬਲ। ਜਿਵੇਂ ਇਕ ਨਵਾਂ ਬਰਨਾਲਾ ਵਸ ਗਿਆ ਹੋਵੇ।
ਸੜਕ ਉੱਤੇ ਬਣੀਆਂ ਦੁਕਾਨਾਂ ਵਿਚ ਚਾਹ ਦੀ ਇਕ ਪੁਰਾਣੀ ਦੁਕਾਨ ‘ਭਾਗ ਟੀ ਸਟਾਲ’ ਸੀ, ਉਥੇ ਜਾ ਕੇ ਉਹ ਬੈਠ ਗਏ। ਦੋ ਕੱਪ ਚਾਹ ਦੇ ਮੰਗਵਾਏ। ਚਾਰ-ਛੇ ਬਿਸਕੁਟ ਵੀ। ਨੌਕਰ-ਮੁੰਡਾ ਪਹਿਲਾਂ ਦੋ ਖਾਲੀ ਕੱਚ ਦੇ ਗਲਾਸ ਰੱਖ ਗਿਆ ਅਤੇ ਪਾਣੀ ਦਾ ਭਰਿਆ ਪਲਾਸਟਿਕ ਦਾ ਘਸਮੈਲਾ ਜੱਗ।
ਚਾਹ ਦੇ ਗਲਾਸਾਂ ਵਿਚ ਬਿਸਕੁਟ ਡੋਬ-ਡੋਬ ਖਾਂਦੇ ਉਹ ਇਕ-ਦੂਜੇ ਵੱਲ ਝਾਕਦੇ। ਉਹਨਾਂ ਦੀਆਂ ਅੱਖਾਂ ਵਿਚ ਨਿੱਕੀ-ਨਿੱਕੀ ਮੁਸਕਰਾਹਟ ਜਗਦੀ-ਬੁਝਦੀ। ਨਸੀਬ ਪੁੱਛਣ ਲੱਗਿਆ, ‘ਹੁਣ ਤੂੰ ਐਥੋਂ ਕਿਹੜੀ ਬੱਸ ਲਏਂਗੀ?’
‘ਜਿਹੜੀ ਵੀ ਮਿਲ ਗੀ।’
‘ਚੰਨਣਵਾਲ ਨੂੰ ਬੱਸਾਂ ਏਸੇ ਅੱਡੇ ਤੋਂ ਚਲਦੀਆਂ ਨੇ ?’
‘ਇਹ ਤਾਂ ਪਤਾ ਲੈਣਾ ਪਊ। ਕੀ ਪਤਾ ਕਿੱਥੋਂ ਚਲਦੀਆਂ ਹੋਣਗੀਆਂ ?’
‘ਪੀ ਫੇਰ । ਮੁਕਾਅ ਗਲਾਸ । ਪਤਾ ਲੈਨੇ ਆਂ ।’ ਨਸੀਬ ਨੇ ਆਪਣੀ ਚਾਹ ਖਤਮ ਕਰਕੇ ਆਖਿਆ।
‘ਚਲਦੇ ਆਂ, ਐਡੀ ਛੇਤੀ ਦੱਸ ਕੀ ਨ੍ਹੇਰੀ ਔਂਦੀ ਐ?’ ਪੁਸ਼ਪਿੰਦਰ ਮਜਾਜਾਂ ਨਾਲ ਹੀ ਚਾਹ ਪੀ ਰਹੀ ਸੀ। ਹੌਲੀ-ਹੌਲੀ, ਘੁੱਟੀਂ-ਘੁੱਟੀਂ, ਫੂਕਾਂ ਮਾਰ-ਮਾਰ।
ਨਸੀਬ ਨੇ ਚਾਹ ਦੇ ਪੈਸੇ ਦਿਤੇ ਅਤੇ ਚੰਨਣਵਾਲ ਵਾਲੀ ਬੱਸ ਬਾਰੇ ਦੁਕਾਨ ਦੇ ਮਾਲਕ ਤੋਂ ਪੁੱਛਣ ਲੱਗਿਆ।
ਉਹ ਕਹਿੰਦਾ, ‘ਬੱਸਾਂ ਤਾਂ ਐਥੋਂ ਈ ਚਲਦੀਆਂ ਨੇ। ਟੈਮ ਦਾ ਪਤਾ ਲੈ ਲੋ।’
‘ਟਾਈਮ ਦਾ ਕਿਥੋਂ ਪਤਾ ਲੱਗੂ ?’
‘ਔਧਰ ਅੱਡਾ-ਇੰਚਾਰਜ ਬੈਠੈ । ਉਹਨੂੰ ਕੁੱਲ ਬੱਸਾਂ ਦਾ ਪਤਾ ਐ। ਉਹਨੂੰ ਪੁੱਛੋ ਜਾ ਕੇ ।
ਹੋਟਲ ਵਿਚੋਂ ਉੱਠ ਕੇ ਉਹ ਚੁੰਗੀ ਵਾਲਿਆਂ ਕੋਲ ਆ ਖੜ੍ਹੇ। ਬੱਸ ਦਾ ਸਮਾਂ ਪੁੱਛਿਆ। ਚੰਗੀ ਵਾਲਾ ਮੁੰਡਾ ਕਹਿੰਦਾ, ‘ਆਹ ਬੋਰਡ ਲੱਗਿਆ ਹੋਇਐ, ਭਾਈ ਸਾਅਬ, ਸਭ ਪਾਸਿਆਂ ਦੀਆਂ ਬੱਸਾਂ ਦਾ। ਪੜ੍ਹ ਲੋ, ਪਤਾ ਲੱਗ ਜੂ ਆਪੇ ਈ।’
ਬੋਰਡ ਸਾਹਮਣੇ ਹੋ ਕੇ ਉਹ ਦੋਵੇਂ ਹੀ ਬੱਸਾਂ ਦਾ ਟਾਈਮ ਪੜ੍ਹਨ ਲੱਗੇ । ਪੰਜ ਮਿੰਟ ਤਾਂ ਉਹਨਾਂ ਨੂੰ ਸਮਝ ਹੀ ਕੋਈ ਨਾ ਆਈ ਕਿ ਆਪਣੀ ਬੱਸ ਦਾ ਟਾਈਮ ਕਿਵੇਂ ਦੇਖਿਆ ਜਾਵੇ। ਫੇਰ ਹੌਲੀ-ਹੌਲੀ ਪਤਾ ਲੱਗਿਆ ਕਿ ਚੰਨਣਵਾਲ ਵੱਲ ਨੂੰ ਜਾਣ ਵਾਲੀ ਅਗਲੀ ਬੱਸ ਦੋ ਵਜੇ ਜਾਣੀ ਹੈ। ਆਖਰੀ ਬੱਸ ਛੇ ਵਜੇ ਜਾਵੇਗੀ। ਉਸ ਸਮੇਂ ਬਾਰਾਂ ਵਜ ਚੁੱਕੇ ਸਨ। ਪੁਸ਼ਪਿੰਦਰ ਨੇ ਪਰ੍ਹਾਂ ਇਕੱਲ ਵਿਚ ਜਾ ਕੇ ਨਸੀਬ ਨੂੰ ਸੁਝਾਓ ਦਿੱਤਾ, ‘ਚੰਨਣਵਾਲ ਨੂੰ ਬੱਸਾਂ ਤਾਂ ਹਾਲੇ ਕਈ ਜਾਣਗੀਆਂ। ਐਡੀ ਛੇਤੀ ਜਾ ਕੇ ਮੈਂ ਕੀ ਕਰਨੈਂ। ਕਿਉਂ ਨਾ ਆਪਾਂ ਕਿਤੇ ਜਾ ਬੈਠੀਏ । ਮੇਰਾ ਕੀ ਐ, ਮੈਂ ਤਾਂ ਜਦੋਂ ਮਰਜ਼ੀ ਬੱਸ ਲੈ ਕੇ ਵਗ ਜੂੰ ਗੀ।’
‘ਪਤੈ, ਐਥੇ ਸਿਨਮਾ ਵੀ ਐ? ਕੋਈ ਫਿਲਮ ਦੇਖ ਲੈਨੇ ਆਂ ਫੇਰ।’ ਨਸੀਬ ਨੂੰ ਗੱਲ ਸੁੱਝੀ।
‘ਹਾਂ, ਇਹ ਠੀਕ ਐ। ਪੁੱਛ ਕਿਸੇ ਤੋਂ। ਆਹ ਰਿਕਸ਼ਾ ਆਲੇ ਭਾਈ ਨੂੰ ਪਤਾ ਹੋਊ, ਇਹਨੂੰ ਪੁੱਛ ਲੈ।’
ਨਸੀਬ ਨੇ ਮੂਤਰ-ਮੂਤਰ ਝਾਕਦੇ ਰਿਕਸ਼ੇ ਵਾਲੇ ਇਕ ਭਈਏ ਨੂੰ ਪੁੱਛ ਲਿਆ।
ਭਈਆ ਕਹਿੰਦਾ, ‘ਦੋ ਸਿਲਮੇਂ ਐਂ, ਬਾਊ ਜੀ, ਬਰਨਾਲਾ ਮੇਂ । ਏਕ ਸੀਧਾ ਜਾ ਕੇ ਏਕ ਈਸ ਤਰਪ। ਅੜ੍ਹਾਈ ਵਜੇ ਹੋਵੈ ਸੋਅ ਈਥ। ਅਬੀ ਬਹੁਤ ਟੈਮ ਹੈ।’
ਭਈਏ ਦੀ ਗੱਲ ਸੁਣ ਕੇ ਨਸੀਬ ਹੱਸਣ ਲੱਗਿਆ।
ਪੁਸ਼ਪਿੰਦਰ ਕਹਿੰਦੀ, ‘ਕਿਉਂ, ਹਸਦਾ ਕਿਉਂ ਐਂ ?”
‘ਮੈਂ ਕਿਤੇ ਇੰਗਲੈਂਡ ਆਇਆ ਹੋਇਆਂ । ਮੈਨੂੰ ਨ੍ਹੀ ਪਤਾ, ਸੰਘੇੜੀ ਜੰਮ ਕੇ ਐਥੇ ਬਰਨਾਲੇ ‘ਚ ਈ ਬਥੇਰੇ ਧੱਕੇ ਖਾਧੇ ਐ।
ਪੁਸ਼ਪਿੰਦਰ ਨੂੰ ਯਾਦ ਆਇਆ ਤਾਂ ਉਹ ਵੀ ਹੱਸਣ ਲੱਗੀ, ‘ਲੈ, ਮੈਨੂੰ ਤਾਂ ਜਾਦ ਈ ਨ੍ਹੀਂ ਸੀ।
ਬੱਸ ਸਟੈਂਡ ਦੇ ਪਿਛਲੇ ਪਾਸੇ ਦੀ ਨਿੱਕਲ ਕੇ ਉਹ ਰੇਲ ਦੀ ਲੀਹ ਪੈ ਗਏ। ਹੌਲੀ-ਹੌਲੀ ਤੁਰਦੇ ਸਟੇਸ਼ਨ ਉੱਤੇ ਪਹੁੰਚ ਗਏ। ਮੁਸਾਫਰਖਾਨੇ ਵਿਚ ਇਕ ਬੈਂਚ ਉੱਤੇ ਬੈਠ ਕੇ ਗੱਲਾਂ ਕਰਨ ਲੱਗੇ ।
ਦੁਪਹਿਰ ਦੀਆਂ ਦੋਵੇਂ ਗੱਡੀਆਂ ਲੰਘ ਗਈਆਂ ਤਾਂ ਢਾਈ ਵਾਲੇ ਡੱਬੇ ਦੀਆਂ ਸਵਾਰੀਆਂ ਆਉਣ ਲੱਗੀਆਂ। ਉਹ ਉਥੇ ਓਵੇਂ ਹੀ ਬੈਠੇ ਹੋਏ ਸਨ । ਅਖ਼ੀਰ ਦੋ ਵੱਜ ਗਏ ਤਾਂ ਉਹ ਉੱਠ ਕੇ ‘ਪ੍ਰਭਾਤ ਸਿਨੇਮਾ’ ਵੱਲ ਚੱਲ ਪਏ ।
9
ਪਿਕਚਰ ਦੇਖ ਕੇ ਉਹ ਸਾਢੇ ਪੰਜ ਵਜੇ ਸਿਨਮਾ ਵਿਚੋਂ ਬਾਹਰ ਨਿਕਲੇ। ਪੈਦਲ ਹੀ ਬੱਸ- ਸਟੈਂਡ ਵੱਲ ਤੁਰਨ ਲੱਗੇ। ਨਸੀਬ ਕਹਿ ਰਿਹਾ ਸੀ, ‘ਬੱਸ ਲੈਣੀ ਐ ਤਾਂ ਰਿਕਸ਼ਾ ਫੜ ਕੋਈ। ਛੀ ਵੱਜਣ ‘ਚ ਕੀ ਰਹਿ ਗਿਆ। ਬੱਸ ਦਾ ਤਾਂ ਟਾਈਮ ਹੋਇਆ ਪਿਆ ਐ ।
ਪਰ ਪਤਾ ਨਹੀਂ ਕਿਉਂ, ਪੁਸ਼ਪਿੰਦਰ ਬਹੁਤ ਧੀਮੇ ਕਦਮਾਂ ਨਾਲ ਚੱਲ ਰਹੀ ਸੀ। ਜਿਵੇਂ ਬੱਸ ਚੜ੍ਹਨਾ ਹੀ ਨਾ ਹੋਵੇ। ਅਖੀਰ ਓਹੀ ਗੱਲ ਹੋਈ, ਰੇਲਵੇ ਮਾਲ-ਗੋਦਾਮ ਵਾਲੇ ਫਾਟਕ ਤੱਕ ਜਾ ਕੇ ਉਹ ਸੜਕ ਉੱਤੇ ਹੀ ਖੜ੍ਹ ਗਈ ਅਤੇ ਬੋਲੀ, ‘ਜੋ ਮੈਂ ਸੋਚਦੀ ਆਂ, ਤੂੰ ਨ੍ਹੀਂ ਸੋਚਦਾ ?’
‘ਕੀ ਸੋਚਦੀ ਐਂ ਤੂੰ ?’
‘ਮੈਂ ਬੱਸ ਨ੍ਹੀਂ ਲੈਣੀਂ
‘ਹੋਰ ਕੀ ਕਰੇਂਗੀ?”
‘मैं डां…’
‘ਕੀ ਮਤਲਬ ?’
‘ਚੱਲ, ਸੰਘੇੜੀਂ ਚਲਦੇ ਆਂ ।’ ਪੁਸ਼ਪਿੰਦਰ ਨੇ ਨੀਵੀਂ ਪਾ ਕੇ ਆਖਿਆ।
‘ਸੰਘੇੜੀ ?’ ਨਸੀਬ ਨੇ ਜੀਭ ਕੱਢੀ।
‘ਕਿਉਂ, ਸੰਘੇੜੀ ਮਾਂ ਨੂੰ ਨ੍ਹੀਂ ਮਿਲਣਾ ?
‘भव…’
‘ਪਰ ਕੀ ? ਡਰਦੈਂ ?’
‘ਨਹੀਂ, ਡਰ ਤਾਂ ਕਾਹਦੈ।’
‘ਚੱਲ ਫੇਰ, ਆਥਣ ਹੋਇਆ ਵਿਐ। ਕਿੰਨੀ ਕੁ ਦੂਰ ਨੇ ਸੰਘੇੜੇ ? ਕੋਈ ਬੱਸ ਨ੍ਹੀਂ ਜਾਂਦੀ भैखें?’
‘ਸੰਘੇੜੇ ਤਾਂ ਇਕ ਮੀਲ ਐ ਸਾਰੇ ਐਥੋਂ, ਬੱਸ ਕੀ ਕਰਨੀ ਐ । ਤੁਰੇ ਈ ਚਲਦੇ ਆਂ। ਕਹੇਂ ਤਾਂ ਰਿਕਸ਼ਾ ਲੈ ਨੇ ਆਂ।’
‘ਮੀਲ ਕੀ ਹੁੰਦੈ, ਚੱਲ ਤੁਰਕੇ ਈ ਚੱਲ।’
ਉਹ ਉਥੋਂ ਹੀ ਵਾਪਸ ਮੁੜ ਪਏ । ਪ੍ਰਭਾਤ ਸਿਨਮਾ ਵੱਲ ਨਹੀਂ ਗਏ। ਨਹਿਰੂ ਦੇ ਬੁੱਤ ਤੋਂ ਸਦਰ ਬਾਜ਼ਾਰ ਨੂੰ ਹੀ ਸਿੱਧੇ ਹੋ ਲਏ। ਬਾਜ਼ਾਰ ਵਿਚ ਭੀੜ ਸੀ। ਕਾਰਾਂ, ਸਕੂਟਰ ਤੇ ਸਾਈਕਲ ਅਤੇ ਬੇਸ਼ੁਮਾਰ ਹੱਥ-ਰੇੜ੍ਹੀਆਂ ਤੇ ਖੱਚਰ-ਗੱਡੀਆਂ। ਲੋਕਾਂ ਦੀ ਕੁਰਬਲ-ਕੁਰਬਲ। ਲੰਘਣ ਨੂੰ ਥਾਂ ਨਹੀਂ ਸੀ। ਉਹਨਾਂ ਨੂੰ ਲੱਗਿਆ, ਜਿਵੇਂ ਕਿਸੇ ਜੰਗਲ ਵਿਚ ਦੀ ਗੁਜ਼ਰ ਰਹੇ ਹੋਣ। ਇਥੇ ਉਹਨਾਂ ਨੂੰ ਕੋਈ ਨਹੀਂ ਜਾਣਦਾ ਸੀ। ਜਿੱਥੇ ਮਰਜ਼ੀ ਖੜ੍ਹਨ, ਜਿੱਧਰ ਮਰਜ਼ੀ ਝਾਕਣ, ਕੋਈ ਵੀ ਖੜ੍ਹ ਕੇ ਗੱਲ ਕਰਨ, ਕੋਈ ਨਹੀਂ ਝਾਕਦਾ-ਤਾੜਦਾ ਸੀ ਉਹਨਾਂ ਵੱਲ। ਛੱਤੇ ਖੂਹ ਚੌਕ ਕੋਲ ਜਾ ਕੇ ਪੁਸ਼ਪਿੰਦਰ ਕਹਿੰਦੀ, ‘ਐਥੇ ਬਰਨਾਲੇ ਆ ਕੇ ਚੱਜ ਨਾਲ ਸਾਹ ਜਾਂ ਔਂਦੇ। | ਦੇਖ ਏਥੇ ‘ਆਪਾਂ ਨੂੰ ਕੋਈ ਨ੍ਹੀਂ ਜਾਣਦਾ। ਓਧਰ ਆਪਣੇ ਕੰਨੀ ਤਾਂ ਐਮੇਂ ਈ ਸਹਿਮ ਜਾ ਚੜ੍ਹਿਆ ਰਹਿੰਦੈ। ਜੀਅ ਕਰਦੈ, ਇਹਨਾਂ ਲੋਕਾਂ ਵਿਚ ਈ ਰਹੀਏ।’
ਨਸੀਬ ਹੱਸ ਕੇ ਕਹਿੰਦਾ, ‘ਜਦੋਂ ਇਹ ਲੋਕ ਸਿਆਣੂ ਹੋ ਗੇ, ਤਾਂ ਇਹ ਵੀ ਵੈਰੀ ਹੋ ਜਾਣਗੇ ।’
ਛੱਤਾ ਖੂਹ ਚੌਕ ਵਿਚ ਏਧਰ-ਓਧਰ ਬੇਸ਼ੁਮਾਰ ਰੇੜ੍ਹੀਆਂ ਖੜ੍ਹੀਆਂ ਸਨ। ਆਲੂ, ਗੰਢਿਆਂ, ਫਲਾਂ ਅਤੇ ਸਬਜ਼ੀਆਂ ਦੀਆਂ ਰੇੜ੍ਹੀਆਂ। ਉੱਚੀਆਂ ਹਾਕਾਂ ਵੱਜ ਰਹੀਆਂ ਸਨ। ਇਕ ਹੋਕਾ ਦੂਜੇ ਹੋਕੇ ਨਾਲ ਟਕਰਾਉਂਦਾ ਅਤੇ ਕਾਵਾਂ-ਰੌਲੀ ਦਾ ਵਾਤਾਵਰਣ ਪੈਦਾ ਹੋਣ ਲੱਗਦਾ । ਇਕ ਰੇੜ੍ਹੀ ਤੋਂ ਨਸੀਬ ਨੇ ਸਬਜ਼ੀ ਮਰੀਦ ਲਈ। ਸੋਚਿਆ ਹੋਵੇਗਾ, ਮਾਂ ਕਿੱਥੇ ਭੱਜੀ ਫਿਰੇਗੀ। ਇਹ ਸਬਜ਼ੀ ਬਣਾ ਲਵੇਗੀ। ਲਿਫ਼ਾਫ਼ਾ ਨਸੀਬ ਨੇ ਪੁਸ਼ਪਿੰਦਰ ਦੀ ਟੋਕਰੀ ਵਿਚ ਪਾ ਦਿੱਤਾ। ਇਕ ਲਿਫ਼ਾਫ਼ਾ ਹੋਰ ਪੁਸ਼ਪਿੰਦਰ ਨੇ ਫਲਾਂ ਦਾ ਲੈ ਲਿਆ। ਸਬਜ਼ੀ ਅਤੇ ਫਲਾਂ ਦੇ ਪੈਸੇ ਪੁਸ਼ਪਿੰਦਰ ਨੇ ਹੀ ਦਿੱਤੇ। ਛੱਤੇ ਖੂਹ ਤੋਂ ਉਹ ਫਰਵਾਹੀ ਬਾਜ਼ਾਰ ਨੂੰ ਮੁੜ ਪਏ। ਗਲੀਆਂ ਵਿਚ ਦੀ ਲੰਘਦੇ ਉਹ ਸੰਧੂ ਪੱਤੀ ਨੂੰ ਜਾਂਦੀ ਸੜਕ ਪੈ ਗਏ ਅਤੇ ਠੀਕਰੀ ਵਾਲੇ ਦੇ ਅੱਡੇ ਉੱਤੇ ਜਾ ਕੇ ਸੰਘੋੜਿਆਂ ਵਾਲੀ ਸੜਕ ਚੱਲਣ ਲੱਗੇ।
ਸੂਰਜ ਡੁਬਡੁਬੀਏਂ ਸੀ। ਰਾਹ ਵਿਚ ਪੁਸ਼ਪਿੰਦਰ ਕਹਿੰਦੀ, ‘ਮੈਨੂੰ ਇਉਂ ਲਗਦੈ ਜਿਵੇਂ ਮੈਂ ਆਪਣੇ ਘਰ ਜਾ ਰਹੀ ਹੋਵਾਂ।’
‘ਹੋਰ ਘਰ ਈ ਜਾ ਰਹੀ ਐਂ ਆਪਣੇ। ਉਹ ਕੋਈ ਬਗਾਨਾ ਘਰ ਐ ? ਆਪਣਾ ਈ ਘਰ ਐ
ਓਏ ਨਹੀਂ ਕਮਲਿਆ, ਸਿੱਧਰਾ ਈ ਰਹਿਆ ਤੂੰ ਵੀ। ਮੈਨੂੰ ਲੱਗਦੈ ਜਿਵੇਂ ਮੈਂ ਆਪਣੇ ਸਹੁਰੇ-ਘਰ ਜਾ ਰਹੀ ਹੋਵਾਂ।’
ਨਸੀਬ ਨੂੰ ਲੱਗਿਆ ਜਿਵੇਂ ਇਹ ਗੱਲ ਸੁਣ ਕੇ ਉਹ ਨੇਂਬੂ ਵਾਂਗ ਨਚੋੜਿਆ ਗਿਆ ਹੋਵੇ। ਉਹਦੇ ਵਿਚੋਂ ਜਿਵੇਂ ਜਾਨ ਨਿੱਕਲ ਗਈ ਹੋਵੇ । ਉਹਦੀ ਸੁੱਧ-ਬੁੱਧ ਮਾਰੀ ਗਈ। ਉਹ ਤਾਂ ਮੁਸਕਰਾ ਵੀ ਨਾ ਸਕਿਆ। ਪੁਸ਼ਪਿੰਦਰ ਫੇਰ ਬੋਲੀ, ‘ਕਿਉਂ, ਤੈਨੂੰ ਨ੍ਹੀ ਲਗਦਾ ਏਸ ਤਰ੍ਹਾਂ ?
‘ਲਗਦੈ।’ ਓਹਨੇ ਰੁੱਖਾ-ਮਿੱਸਾ ਜਿਹਾ ਜਵਾਬ ਦਿੱਤਾ।
‘ਨਸੀਬ, ਤੂੰ ਤਾਂ ਭੌਂਦੂ ਐਂ ਨਿਰਾ।’ ਪੁਸ਼ਪਿੰਦਰ ਨੇ ਸੁੱਤੇ ਈ ਆਖ ਦਿੱਤਾ।
ਨਸੀਬ ਦੀ ਜਿਵੇਂ ਰੂਹ ਪੱਛੀ ਗਈ ਹੋਵੇ। ਉਹਨੂੰ ਆਪਣਾ-ਆਪ ਬਹੁਤ ਘਟੀਆ ਲੱਗਿਆ। ਉਹਦਾ ਜਮਾਤੀ ਖਾਸਾ ਜਿਵੇਂ ਉਹਨੂੰ ਕਿਸੇ ਗਾਰ ਵਿਚ ਲੈ ਕੇ ਬੈਠ ਗਿਆ ਹੋਵੇ। ਫੇਰ ਵੀ ਉਹ ਆਪਣੇ ਆਪ ਵਿਚ ਦਲੇਰੀ ਭਰਨ ਲੱਗਿਆ। ਪਰ ਉਹਦੇ ਮੂੰਹੋਂ ਕੋਈ ਗੱਲ ਨਹੀਂ ਸੀ ਸਰਦੀ।
ਪੁਸ਼ਪਿੰਦਰ ਪੂਰੀ ਲਾਚੜੀ ਹੋਈ ਸੀ। ਪੁੱਛਿਆ, ‘ਮੂੰਹ ‘ਚ ਤੇਰੇ ਕੋਈ ਸਿਉਨਾ ਪਾਇਆ ਹੋਇਐ?’
ਨਸੀਬ ਨੇ ਗੱਲ ਬਦਲੀ, ‘ਸਿਉਨੇ ਦੀ ਕੀ ਲੋੜ ਐ, ਜਦੋਂ ਸਿਉਨੇ ਤੋਂ ਵੱਧ ਭਰਿੰਡ ਵਰਗੀ ਕੁੜੀ ਮੇਰੇ ਨਾਲ ਐ।’
‘ਮੇਰੇ ਨਾਲ ਐ ਨਹੀਂ, ਮੇਰੇ ਕੋਲ ਐ, ਆਖ।’
ਨਸੀਬ ਵਿਚ ਹੁਣ ਕੋਈ ਬਾਕੀ ਨਾ ਰਹੀ।
ਉਹ ਇੱਟਾਂ ਦੇ ਭੱਠੇ ਤੱਕ ਆ ਗਏ ਸਨ। ਨਲਕਾ ਗੇੜ ਕੇ ਨਸੀਬ ਪਾਣੀ ਪੀਣ ਲੱਗਿਆ। ਪੁਸ਼ਪਿੰਦਰ ਨੇ ਵੀ ਪਾਣੀ ਪੀ ਲਿਆ।
ਪਿੰਡ ਦੇ ਨੇੜੇ ਜਾ ਕੇ ਪੁਸ਼ਪਿੰਦਰ ਫੇਰ ਮੱਛਰ ਉੱਠੀ, ‘ਅੱਛਾ, ਇਹ ਦੱਸ-ਮਾਂ ਨੂੰ ਸਤਿ ਸ੍ਰੀ ਅਕਾਲ ਆਖਾਂ ਕਿ ਪੈਰੀਂ ਹੱਥ ਲਾ ਦਿਆਂ ?’
‘ਅੱਜ ਤਾਂ ਸਤਿ ਸ੍ਰੀ ਅਕਾਲ ਈ ਠੀਕ ਐ।’
‘ਕਿਉਂ ? ਮੈਂ ਤਾਂ ਪੈਰੀਂ ਹੱਥ ਲਾਊਂ।’
‘ਨਹੀਂ, ਅੱਜ ਨ੍ਹੀਂ।’
ਸਕੂਲ ਤੋਂ ਅੱਗੇ ਜਾ ਕੇ ਉਹ ਸੜਕੋਂ ਉੱਤਰ ਗਏ । ਸਾਹਮਣੇ ਸੂਏ ਦਾ ਪੁਲ ਸੀ। ਪੁਲ ਤੋਂ ਅੱਗੇ ਸੂਜਾ ਪੱਤੀ ਦੇ ਪੱਕੇ ਦਰਵਾਜ਼ੇ ਕੋਲ ਦੀ ਉਹਨਾਂ ਨੂੰ ਲੰਘਣਾ ਔਖਾ ਹੋ ਗਿਆ। ਦਰਵਾਜ਼ੇ ਤੋਂ ਬਾਹਰ ਚੌਕੜੀਆਂ ਉੱਤੇ ਬਹੁਤ ਸਾਰੇ ਲੋਕ ਬੈਠੇ ਹੋਏ ਸਨ । ਹਰ ਇਕ ਆਉਂਦੇ-ਜਾਂਦੇ ਵੱਲ ਦੂਰੋਂ ਹੀ ਗਹੁ ਨਾਲ ਝਾਕਦੇ ਅਤੇ ਫੇਰ ਕੋਲ ਦੀ ਲੰਘ ਗਏ ਦੀਆਂ ਹੀ ਗੱਲਾਂ ਕਰਦੇ। ਕੌਣ ਐਂ, ਕਿੱਥੋਂ ਹੋਇਆ ਬਈ, ਕੀਹਦੇ ਜਾਊਗਾ ? ਮੂੰਹ-ਹਨੇਰਾ ਹੋ ਚੁੱਕਿਆ ਸੀ। ਨਸੀਬ ਨੇ ਪੁਸ਼ਪਿੰਦਰ ਨੂੰ ਆਖਿਆ ਕਿ ਉਹ ਨੀਵੀਂ ਪਾ ਕੇ ਇਥੋਂ ਦੀ ਫਟਾ-ਫਟ ਲੰਘ ਚੱਲੇ । ਨਸੀਬ ਆਪ ਵੀ ਬੜੀ ਤੇਜ਼ੀ ਨਾਲ ਦਰਵਾਜ਼ੇ ਕੋਲ ਦੀ ਲੰਘਿਆ। ਬੈਠੇ ਹੋਏ ਲੋਕ ਉਹਨਾਂ ਵੱਲ ਬਾਜ਼-ਅੱਖਾਂ ਨਾਲ ਝਾਕਣ ਲੱਗੇ। ਨਸੀਬ ਨੇ ਪਿੱਠ-ਪਿੱਛੇ ਉਹਨਾਂ ਦੀ ਘੁਸਰ-ਮੁਸਰ ਸੁਣੀ ਤਾਂ ਜ਼ਰੂਰ, ਪਰ ਇਹ ਪਤਾ ਨਾ ਲੱਗਿਆ ਕਿ ਉਹਨਾਂ ਨੇ ਆਖਿਆ वी मी।
ਲੰਮੀ ਗਲੀ ਤੁਰੇ ਜਾਂਦਿਆਂ ਪੁਸ਼ਪਿੰਦਰ ਨੇ ਪੁੱਛਿਆ, ‘ਏਥੇ ਐਨੇ ਲੋਕ ਕਿਉਂ ਬੈਠੇ ਰਹਿੰਦੇ ਐ ?’
ਨਸੀਬ ਕਹਿੰਦਾ, ‘ਇਹ ਦਰਵਾਜ਼ਾ ਐ, ਪੱਕਾ ਦਰਵਾਜ਼ਾ। ਸੱਥ ਐ ਪਿੰਡ ਦੀ। ਸੱਥ ‘ਚ ਲੋਕਾਂ ਨੇ ਬੈਠਣਾ ਈ ਹੋਇਆ। ਇਹ ਬਹੁਤ ਪੁਰਾਣਾ ਦਰਵਾਜ਼ਾ ਐ। ਪਹਿਲਾਂ-ਪਹਿਲਾਂ ਏਥੇ ਪਿੰਡ ਦਾ ਪ੍ਰਾਇਮਰੀ ਸਕੂਲ ਹੁੰਦਾ ਸੀ । ਇਹਦੇ ‘ਚ ਗੁਰਦੁਆਰਾ ਵੀ ਐ। ਏਸੇ ਦਰਵਾਜ਼ੇ ‘ਚ ਇਕ ਪੁਰਾਣਾ, ਬਹੁਤ ਪੁਰਾਣਾ, ਵੱਡਾ ਤਖਤਪੋਸ਼ ਪਿਆ ਐ। ਕਹਿੰਦੇ, ਉਹ ਸੌ ਸਾਲ ਪੁਰਾਣਾ ਐ।’
ਲੰਮੀ ਗਲੀ ਵਿਚ ਕਈ ਘਰ ਲੰਘ ਕੇ ਉਹ ਸੱਜੇ ਪਾਸੇ ਦੀ ਇਕ ਹੋਰ ਗਲੀ ਪੈ ਗਏ। ਉੱਚੀ ਜਿਹੀ ਥਾਂ ਜਾ ਕੇ ਨਸੀਬ ਕਾ ਘਰ ਸੀ । ਲੰਮਾ-ਚੌੜਾ ਘਰ। ਖੁੱਲ੍ਹਾ ਵਿਹੜਾ। ਮਗਰ ਦੋ ਵੱਡੀਆਂ- ਵੱਡੀਆਂ ਸਬਾਤਾਂ। ਇਕ ਪਾਸੇ ਇਕ ਪੱਕੀ ਬੈਠਕ ਅਤੇ ਨਾਲ ਹੀ ਰਸੋਈ ਬਣੀ ਹੋਈ। ਇਉਂ ਹੀ ਦੂਜੇ ਪਾਸੇ ਇਕ ਹੋਰ ਪੱਕੀ ਬੈਠਕ ਸੀ । ਪਰ ਇਹ ਛੋਟੀ ਬੈਠਕ ਸੀ । ਏਸੇ ਬੈਠਕ ਵਿਚ ਨਸੀਬ ਦੀ ਬੁੱਢੀ ਮਾਂ ਪੈਂਦੀ-ਬੈਠਦੀ। ਬੈਠਕ ਤੋਂ ਬਾਹਰ ਦੋ ਪਾਸੀਂ ਕੰਧੋਲੀਆਂ ਕੱਢ ਕੇ ਉੱਚੇ ਚੌਂਤਰੇ ਉੱਤੇ ਚੁੱਲ੍ਹਾ ਸੀ। ਚੌਂਤਰਾ ਕਾਨੇ-ਕੜੀਆਂ ਪਾ ਕੇ ਛੱਤ ਦਿੱਤਾ ਗਿਆ ਸੀ। ਮੀਂਹ-ਕਣੀ ਤੋਂ ਬਚਾਅ ਹੋ ਜਾਂਦਾ । ਛੱਤ ਦੇ ਦੋਵੇਂ ਕਿਨਾਰਿਆਂ ਉੱਤੇ ਥਮਲਿਆਂ ਦੀ ਥਾਂ ਦੋ ਮੋਟੀਆਂ ਲੱਕੜਾਂ ਗੱਡੀਆਂ ਹੋਈਆਂ ਸਨ । ਬੁੜ੍ਹੀ ਕੋਲ ਇਕ ਚੱਕਵਾਂ-ਚੁੱਲ੍ਹਾ ਵੀ ਸੀ। ਕਦੇ ਬਹੁਤਾ ਮੀਂਹ ਪੈਂਦਾ ਤਾਂ ਉਹ ਬੈਠਕ ਵਿਚ ਅੱਗ ਪਾ ਲੈਂਦੀ । ਬੁੜ੍ਹੀ ਆਪ ਪਕਾ ਕੇ ਖਾਂਦੀ। ਮੁੰਡਿਆਂ ਨਾਲ ਉਹਦਾ ਕੋਈ ਵਾਹ-ਵਾਸਤਾ ਨਹੀਂ ਸੀ। ਨੂੰਹਾਂ ਉਹਨੂੰ ਨੱਕ-ਬੁੱਲ੍ਹ ਕੱਢਦੀਆਂ ਰਹਿੰਦੀਆਂ। ਉਹਦੇ ਆਪਣੇ ਹੱਡ-ਪ੍ਰਾਣ ਕਾਇਮ ਸਨ । ਕੀ ਲੈਣਾ ਸੀ ਉਹਨੇ ਨੂੰਹਾਂ ਦੀ ਮਸ਼ੰਦਗੀ ਝੱਲ ਕੇ ? ਪਿੰਡ ਵਿਚ ਉਹ ਸਾਰੇ ਜਾਂਦੀ। ਘਰਾਂ ਨਾਲ ਪੁਰਾਣੇ ਸੰਬੰਧ ਬਣੇ ਹੋਏ ਸਨ। ਉਹਦੇ ਖਾਣ-ਪੀਣ ਜੋਗਾ ਤਾਂ ਉਹਨੂੰ ਬਾਫਰ ਰਹਿੰਦਾ।
ਤਿੰਨੇ ਮੁੰਡੇ ਅੱਡ ਸਨ। ਆਪਣੀ-ਆਪਣੀ ਕਾਰ ਕਰਦੇ । ਵੱਡਾ ਅਤੇ ਉਹਤੋਂ ਛੋਟਾ ਸਬਾਤਾਂ ਵਿਚ ਸਨ। ਇਕ-ਇਕ ਸਬਾਤ ਸਾਂਭ ਰੱਖੀ ਸੀ। ਨਸੀਬ ਤੋਂ ਵੱਡੇ ਨੇ ਆਪ ਇਹ ਪੱਕੀ ਬੈਠਕ ਅਤੇ ਰਸੋਈ ਬਣਵਾਈ ਸੀ। ਮਾਂ ਵਾਸਤੇ ਇਹ ਛੋਟੀ ਬੈਠਕ ਤਿੰਨਾਂ ਮੁੰਡਿਆਂ ਨੇ ਰਲ ਕੇ ਬਣਵਾ ਦਿੱਤੀ ਸੀ। ਸੱਸ-ਨੂੰਹਾਂ ਦੇ ਕਲੇਸ਼ ਨੂੰ ਮਿਟਾਉਣ ਲਈ ਇਹੀ ਇਕ ਰਾਹ ਸੀ। ਹੁਣ ਬੁੜ੍ਹੀ ਅੱਡ-ਵਿੱਢ ਸੀ। ਪੂਰਾ ਅਮਨ-ਚੈਨ ਸੀ । ਹੁਣ ਤਾਂ ਸਗੋਂ ਨੂੰਹਾਂ ਸੱਸ ਦਾ ਕਦੇ ਹਾਲ-ਚਾਲ ਵੀ ਪੁੱਛ ਲੈਂਦੀਆਂ। ਵੱਡੀ ਨੂੰਹ, ਜੀਹਦੇ ਅਗਾਂਹ ਆਪਣੇ ਤਿੰਨ ਜਵਾਕ ਸਨ, ਸੱਸ ਨਾਲ ਖਾਸਾ ਹੀ ਘੁਲ-ਮਿਲ ਕੇ ਰਹਿੰਦੀ।
ਨਸੀਬ ਦਾ ਸਭ ਤੋਂ ਵੱਡਾ ਭਰਾ ਪਸ਼ੂ-ਮੰਡੀਆਂ ਉੱਤੇ ਜਾ ਕੇ ਮੱਝਾਂ ਦੀ ਦਲਾਲੀ ਕਰਦਾ। ਉਹਤੋਂ ਛੋਟਾ ਪਿੰਡ ਵਿਚ ਪਿਤਾ-ਪੁਰਖੀ ਕੰਮ ਕਰਦਾ ਸੀ। ਨਸੀਬ ਤੋਂ ਵੱਡਾ ਭੱਦਲਵੱਢ ਦੇ ਸ਼ਰਾਬ- ਠੇਕੇ ਉੱਤੇ ‘ਕਰਿੰਦਾ’ ਸੀ। ਕਦੇ ਕਿਤੇ, ਕਦੇ ਕਿਤੇ, ਉਹਦਾ ਇਹੀ ਧੰਦਾ ਸੀ। ਤਿੰਨੇ ਭਰਾ ਵਿਆਹੇ ਹੋਏ ਅਤੇ ਜਵਾਕ-ਜੱਲਿਆਂ ਵਾਲੇ ਸਨ । ਨਸੀਬ ਦਾ ਪਿਓ ਪਿੰਡ ਦਾ ਧੜੱਲੇਦਾਰ ਨਾਈ ਸੀ। ਘੋੜੀ ਰੱਖਦਾ। ਮੋਢੇ ਗੁੱਛੀ। ਸਿਆਣਾ ਬਹੁਤ ਸੀ । ਪੁਰਾਣੇ ਲੋਕ ਉਹਦਾ ਸਤਿਕਾਰ ਕਰਦੇ । ਕਦੇ ਵੀ ਕਿਸੇ ਨੇ ਉਹਨੂੰ ‘ਓਏ’ ਕਹਿ ਕੇ ਨਹੀਂ ਬੁਲਾਇਆ ਸੀ। ਪਿੰਡ ਵਿਚ ਹਰ ਕਿਸੇ ਦੇ ਦੁੱਖ-ਸੁੱਖ ਵੇਲੇ ਉਹ ਹਾਜ਼ਰ ਹੋ ਜਾਂਦਾ । ਇਹ ਐਡਾ ਵੱਡਾ ਲੰਮਾ-ਚੌੜਾ ਘਰ ਓਸੇ ਨੇ ਬਣਵਾਇਆ ਸੀ। ਦੋ ਹੋਰ ਖੋਲੇ ਮੁੱਲ ਲੈ ਕੇ ਉਹਨਾਂ ਦਾ ਥਾਂ ਆਪਣੇ ਵਿਚ ਰਲਾ ਲਿਆ। ਤੇ ਫੇਰ ਆਪਣਾ ਪੁਰਾਣਾ ਘਰ ਵੀ ਢਾਹ ਕੇ ਦੋ ਨਵੀਆਂ ਸਬਾਤਾਂ ਛੱਤੀਆਂ। ਵਿਹੜੇ ਵਿਚ ਬਾਰ ਮੂਹਰੇ ਖੂਹੀ ਓਸੇ ਨੇ ਲਵਾਈ ਅਤੇ ਖੂਹੀ ਦੇ ਨਾਲ ਹੀ ਬੋਹੜ ਦਾ ਦਰਖਤ ਵੀ ਓਸੇ ਦੇ ਹੱਥੀਂ ਲੱਗਿਆ ਹੋਇਆ ਸੀ। ਇਸ ਸਮੇਂ ਬੋਹੜ ਦੀ ਛਾਂ ਵਿਹੜੇ ਵਿਚ ‘ਦਰਵਾਜ਼ੇ’ ਵਰਗਾ ਕੰਮ ਦਿੰਦੀ।
ਘਰ ਜਾ ਕੇ ਨਸੀਬ ਨੇ ਮਾਂ ਨੂੰ ਮੱਥਾਂ ਟੇਕਿਆ। ਬੋਲ ਸਿਆਣ ਕੇ ਚੌਂਤਰੇ ਉੱਤੇ ਰੋਟੀਆਂ ਪਕਾਉਂਦੀ ਮਾਂ ਖੜ੍ਹੀ ਹੋ ਗਈ । ਨਸੀਬ ਦਾ ਮੋਢਾ ਪਲੋਸਿਆ । ਨਾਲ ਖੜ੍ਹੀ ਕੁੜੀ ਦੇਖ ਕੇ ਉਹ ਹੈਰਾਨ ਜਿਹੀ ਹੋ ਗਈ। ਕਹਿੰਦੀ, ‘ਇਹ ਬੂਜੀ ਭਾਈ ?’
‘ਇਹ ਓਥੋਂ ਈ ਐ, ਮਾਂ। ਜ਼ਿੰਮੀਦਾਰਾਂ ਦੀ ਕੁੜੀ ਐ, ਮੇਰੇ ਨਾਲ ਆਈ ਸੀ। ਗਹਾਂ ਚੰਨਣਵਾਲ ਜਾਣਾ ਸੀ। ਬੱਸ ਖੁੰਝ ਗੀ। ਮੈਂ ਪਿੰਡ ਔਣਾ ਈ ਸੀ। ਮੈਂ ਲੈ ਆਇਆ ਇਹਨੂੰ । ਮਖਿਆ, ਕਿੱਧਰ ਜਾਊ ਹੁਣ ਵਿਚਾਰੀ।’
‘ਚੰਗਾ ਭਾਈ, ਚੰਗਾ ਕੀਤਾ। ਆ ਜਾ ਧੀਏ। ਐਧਰ ਮੰਜੇ ‘ਤੇ ਬੈਠ।’ ਬੁੜ੍ਹੀ ਨੇ ਕੁੜੀ ਦਾ ਸਿਰ ਪਲੋਸਿਆ ਅਤੇ ਉਹਨੂੰ ਆਪਣੀ ਹਿੱਕ ਨਾਲ ਲਾ ਲਿਆ।
ਨਸੀਬ ਪੰਘਰਿਆ ਖੜ੍ਹਾ ਸੀ । ਡਰਿਆ, ‘ਕਿਤੇ ਸੱਚੀਂ ਪਿੰਦਰ ਮਾਂ ਦੇ ਪੈਰੀਂ ਹੱਥ ਨਾ ਲਾ ਦੇ। ਹੋਰ ਸਿਆਪਾ ਖੜ੍ਹਾ ਕਰ ਦੇ ਹੁਣੇ ਘਰ ‘ਚ।’
ਪਰ ਪੁਸ਼ਪਿੰਦਰ ਮੂੰਹੋਂ ਕੁਝ ਨਾ ਬੋਲੀ । ਬੁੜ੍ਹੀ ਦੀ ਹਿੱਕ ਨਾਲ ਲੱਗ ਕੇ ਉਹ ਸੰਗ ਦੀ ਮਾਰੀ ਇਕੱਠੀ ਜਿਹੀ ਹੋ ਗਈ। ਘਰ ਵਿਚ ਹੋਰ ਲੋਕਾਂ ਨੂੰ ਫਿਰਦੇ-ਤੁਰਦੇ ਦੇਖ ਕੇ ਏਧਰ-ਓਧਰ ਝਾਕੀ ਅਤੇ ਫੇਰ ਬੈਠਕ ਅੱਗੇ ਡਹੇ ਪਏ ਮੰਜੇ ਉੱਤੇ ਬੈਠ ਗਈ। ਨਿਆਣੇ ਰੌਲਾ ਪਾ ਰਹੇ ਸਨ। ਨਸੀਬ ਆਇਆ ਦੇਖ ਕੇ ਉਹ ਭੱਜੇ ਅਤੇ ਚਾਚਾ-ਚਾਚਾ ਕਰਦੇ ਸਾਰੇ ਹੀ ਉਹਦੀਆਂ ਲੱਤਾਂ ਨੂੰ ਚਿੰਬੜ ਗਏ। ਮੰਜੇ ਉੱਤੇ ਬੈਠੀ ਕੋਈ ਦੇਖੀ ਤਾਂ ਠਠਬੰਰ ਜਿਹੇ ਗਏ। ਤੇ ਫੇਰ ਘਰ ਦੀਆਂ ਤੀਵੀਆਂ ਨਸੀਬ ਨੂੰ ਆ ਕੇ ਮਿਲੀਆਂ। ਉਹਦਾ ਹਾਲ-ਚਾਲ ਪੁੱਛਿਆ। ਪੁਸ਼ਪਿੰਦਰ ਬਾਰੇ ਸੁਣ ਕੇ ਚਿੱਤ ਵਿਚ ਅਚੰਭਿਤ ਜਿਹੀਆਂ ਹੋਈਆਂ। ਉੱਤੋਂ-ਉੱਤੋਂ ਉਹਦਾ ਆਦਰ ਕਰਨ ਲੱਗੀਆਂ। ਵੱਡੀ ਬਹੂ ਸੱਸ ਨੂੰ ਕਹਿੰਦੀ, ‘ਅੰਮਾਂ ਜੀ, ਦਾਲ ਐਧਰ ਬਹੁਤ ਪਈ ਐ। ਰੋਟੀਆਂ ਵੀ ਮੈਂ ਈ ਲਾਹ ਲੈਨੀ ਆਂ। ਆਟਾ ਹੋਰ ਗੁੰਨ੍ਹ ਲੂੰਗੀ। ਹਾਲੇ ਲਾਹੁਣੀਆਂ ਨੇ ਰੋਟੀਆਂ ਮੈਂ ਵੀ। ਤੂੰ ਨਾ ਕਰੀਂ ਰੋਟੀ ਦਾ ਕੁਸ ਇਹਨਾਂ ਦਾ।’
ਅੰਦਰ ਪੈਣ ਦੀ ਰੁੱਤ ਨਹੀਂ ਸੀ। ਸਾਰਾ ਟੱਬਰ ਵਿਹੜੇ ਵਿਚ ਰਾਤ ਨੂੰ ਸੌਂਦਾ। ਆਪੋ- ਆਪਣੀਆਂ ਸਬਾਤਾਂ ਤੇ ਬੈਠਕਾਂ ਅੱਗੇ ਮੰਜੇ ਡਾਹ ਲੈਂਦੇ । ਰੋਟੀ-ਟੁੱਕ ਪਕਾ-ਖਾ ਕੇ ਸਭ ਨੇ ਮੌਜੇ ਬਾਹਰ ਕੱਢੇ ਅਤੇ ਬਿਸਤਰੇ ਵਿਛਾ ਲਏ । ਨਸੀਬ ਪਹਿਲਾਂ ਤਾਂ ਵੱਡੇ ਭਾਈ ਨੂੰ ਮਿਲਿਆ, ਫੇਰ ਛੋਟੇ ਨੂੰ। ਦੋਵਾਂ ਨੇ ਉਹਦਾ ਹਾਲ-ਚਾਲ ਪੁੱਛਿਆ। ਮਾਮੇ-ਮਾਮੀ ਦੀ ਸੁੱਖ-ਸਾਂਦ ਵੀ। ਪੁਸ਼ਪਿੰਦਰ ਬਾਰੇ ਦੋਵਾਂ ਨੇ ਹੀ ਕੁਝ ਨਹੀਂ ਪੁੱਛਿਆ। ਸ਼ਰਾਬ ਦੇ ਠੇਕੇ ਉੱਤੇ ਕੰਮ ਕਰਦਾ ਭਰਾ ਹਾਲੇ ਨਹੀਂ ਆਇਆ ਸੀ । ਉਹ ਤਾਂ ਕਿਤੇ ਅੱਧੀ ਰਾਤ ਘਰ ਵੜਦਾ। ਕਦੇ-ਕਦੇ ਠੇਕੇ ਵਿਚ ਹੀ ਸੌਂ ਰਹਿੰਦਾ । ਮਾਂ ਵਾਲੀ ਬੈਠਕ ਅੱਗੇ ਤਿੰਨ ਮੰਜੇ ਡਾਹ ਕੇ ਉਹ ਪੈ ਗਏ। ਵਿਚਕਾਰ ਮਾਂ। ਇਕ ਪਾਸੇ ਨਸੀਬ, ਇਕ ਪਾਸੇ ਪੁਸ਼ਪਿੰਦਰ । ਜਵਾਕ ਆਪਣੇ ਮੰਜਿਆਂ ਉੱਤੇ ਖਰੂਦ ਪਾ ਰਹੇ ਸਨ। ਚੰਨ-ਚਾਨਣੀ ਰਾਤ ਸੀ। ਥੋੜ੍ਹੇ ਚਿਰ ਪਿੱਛੋਂ ਵੱਡੇ ਤੋਂ ਛੋਟੇ ਦੀ ਬਹੂ ਮੰਜੇ ਉੱਤੋਂ ਉੱਠੀ ਅਤੇ ਜਠਾਣੀ ਨੂੰ ਲੈ ਕੇ ਅੰਦਰ ਸਬਾਤ ਵਿਚ ਵੜ ਗਈ। ਕੁਝ ਚਿਰ ਬਾਅਦ ਨਸੀਬ ਤੋਂ ਵੱਡੇ ਦੀ ਬਹੁ ਵੀ ਸਬਾਤ ਵਿਚ ਪਹੁੰਚ ਗਈ। ਤੇ ਫੇਰ ਵੱਡੇ ਤੋਂ ਛੋਟਾ ਉਹਨਾਂ ਕੋਲ ਅੰਦਰ ਜਾ ਖੜ੍ਹਾ। ਛੋਟਾ ਫੇਰ ਵੱਡੇ ਨੂੰ ਅੰਦਰ ਬੁਲਾ ਕੇ ਲੈ ਗਿਆ । ਨਸੀਬ ਸਭ ਦੇਖੀ ਜਾ ਰਿਹਾ ਸੀ । ਨਸੀਬ ਦੀ ਮਾਂ ਪੁਸ਼ਪਿੰਦਰ ਨਾਲ ਕੋਈ ਕੋਈ ਗੱਲ ਕਰਦੀ ਅਤੇ ਚੁੱਪ ਹੋ ਜਾਂਦੀ। ਪੁਸ਼ਪਿੰਦਰ ਨਿੱਕੇ- ਨਿੱਕੇ ਜਵਾਬ ਦਿੰਦੀ। ਪਤਾ ਨਹੀਂ ਕੀ ਸੋਚ ਰਹੀ ਹੋਵੇਗੀ ਪੁਸ਼ਪਿੰਦਰ ?
ਅੰਦਰ ਸਬਾਤ ਵਿਚ ਮੱਧਮ ਚਾਨਣ ਦੇ ਬਲਬ ਹੇਠ ਗਰਮਾ-ਗਰਮ ਬਹਿਸ ਛਿੜੀ ਹੋਈ ਸੀ। ਤੀਵੀਆਂ ਗੱਲ ਕਰਦੀਆਂ ਅਤੇ ਮੂੰਹ ਉੱਤੇ ਉਂਗਲ ਰੱਖ ਕੇ ਸੋਚਣ ਲੱਗ ਪੈਂਦੀਆਂ। ਭਰਾ ਕੋਈ ਅੰਦਾਜ਼ੇ ਲਾਉਂਦੇ, ਸਿਰ ਖੁਰਕਦੇ, ਕੰਨਾਂ ਵਿਚ ਉਂਗਲਾਂ ਫੇਰਦੇ, ਪਰ ਕੁਝ ਵੀ ਜਿਵੇਂ ਸਮਝ ਨਾ ਆਉਂਦਾ ਹੋਵੇ | ਅੱਧਾ-ਪੌਣਾ ਘੰਟਾ ਲਾ ਕੇ ਸਭ ਬਾਹਰ ਨਿਕਲੇ ਅਤੇ ਆਪੋ-ਆਪਣੇ ਮੰਜਿਆਂ ਉੱਤੇ ਪੈ ਗਏ। ਫੇਰ ਕਿਸੇ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਚੰਨ-ਚਾਨਣੀ ਰਾਤ ਹੌਲੀ-ਹੌਲੀ ਤੁਰ ਰਹੀ ਸੀ। ਚੰਨ ਦੀਆਂ ਰਿਸ਼ਮਾਂ ਬੋਹੜ ਦੇ ਪੱਤਿਆਂ ਵਿਚੋਂ ਦੀ ਆਪਣਾ ਰਾਹ ਬਣਾ ਕੇ ਧਰਤੀ ਉੱਤੇ ਉੱਤਰਦੀਆਂ ਅਤੇ ਖਾਮੋਸ਼ ਹੋ ਕੇ ਬੈਠ ਜਾਂਦੀਆਂ। ਜਿਵੇਂ ਰਿਸ਼ਮਾਂ ਵੀ ਕੰਨ ਲਾ ਕੇ ਕੋਈ ਗੱਲ ਸੁਣਨਾ ਚਾਹੁੰਦੀਆਂ ਹੋਣ। ਕੰਨਸੋਆਂ ਦਾ ਲੜ ਤਾਂ ਕਿਸੇ ਦੇ ਹੱਥ ਵੀ ਨਹੀਂ ਆ ਰਿਹਾ ਸੀ। ਸਮਾਂ ਬਹੁਤ ਧੀਮੀ ਚਾਲ ਤੁਰ ਰਿਹਾ ਸੀ। ਕਦਮ-ਕਦਮ, ਜਿਵੇਂ ਛਿਣਾਂ ਦੇ ਵੀ ਪੈਰ ਹੋਣ।
10
ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਤਿੰਨੇ ਬਹੂਆਂ ਉੱਠ ਖੜ੍ਹੀਆਂ ਅਤੇ ਆਪੋ-ਆਪਣੇ ਚੁੱਲ੍ਹਿਆਂ ਵਿਚ ਅੱਗ ਪਾ ਲਈ। ਚੁੱਲ੍ਹਿਆਂ ਦੇ ਚਾਨਣ ਨਾਲ ਲੱਕੜਾਂ ਟੁੱਟਣ ਦੇ ਖੜਾਕ ਸੁਣਨ ਲੱਗੇ। ਚਾਹਾਂ ਦੇ ਪਤੀਲੇ ਉੱਬਲ ਰਹੇ ਸਨ। ਨਸੀਬ ਨੂੰ ਵੀ ਜਾਗ ਆ ਗਈ। ਦੇਖਿਆ, ਮਾਂ ਤਾਂ ਅਜੇ ਜਾਗੀ ਨਹੀਂ ਸੀ। ਪੁਸ਼ਪਿੰਦਰ ਜਾਗਦੀ ਤਾਂ ਸੀ, ਪਰ ਛਾਪਲੀ ਜਿਹੀ ਹੋਈ ਸੀ। ਨਸੀਬ ਨੂੰ ਉੱਠਿਆ ਦੇਖ ਕੇ ਉਹ ਬੈਠ ਗਈ। ਨਸੀਬ ਨੇ ਹੌਲੀ ਦੇ ਕੇ ਪੁੱਛਿਆ, ‘ਮਾਂ ਤਾਂ ਪਤਾ ਨ੍ਹੀਂ ਕਦੋਂ ਉੱਠੂ, ਚਾਹ ਧਰਾਂ ?’
‘ਧਰ ਲੈ। ਤੇਹ ਲੱਗੀ ਐ।’ ਪੁਸ਼ਪਿੰਦਰ ਨੇ ਪਾਣੀ ਮੰਗਿਆ।
ਨਸੀਬ ਉਹਨੂੰ ਪਾਣੀ ਦਾ ਗਲਾਸ ਫੜਾ ਕੇ ਚੁੱਲ੍ਹੇ ਵਿਚ ਅੱਗ ਬਾਲਣ ਲੱਗਿਆ।ਪਤੀਲੇ ਵਿਚ ਪਾਣੀ ਧਰ ਕੇ ਉਹ ਬੈਠਕ ਵਿਚ ਗਿਆ। ਖੰਡ ਵਾਲੀ ਤੌਲੀ ਤਾਂ ਪਈ ਸੀ, ਚਾਹ-ਪੱਤੀ ਕਿੱਧਰੇ ਨਹੀ ਸੀ। ਉਹਨੇ ਪਤ-ਪਤ ਕਰ ਕੇ ਸਭ ਥਾਵਾਂ ਦੇਖ ਲਈਆਂ। ਸੋਚਿਆ, ਮਾਂ ਨੂੰ ਜਗਾ ਕੇ ਪੁੱਛੇ । ਪਰ ਨਹੀਂ, ਇਕ ਝੋਕਾ ਹੋਰ ਲਾ ਕੇ ਉਹ ਵੱਡੀ ਭਰਜਾਈ ਕੋਲ ਗਿਆ ਅਤੇ ਉਹਨਾਂ ਦੇ ਡੱਬੇ ਵਿਚੋਂ ਚਾਹ ਦੀ ਇਕ ਮੁੱਠੀ ਕੌਲੀ ਵਿਚ ਪਾ ਕੇ ਲੈ ਆਇਆ। ਪਤੀਲੇ ਵਿਚ ਚਾਹ-ਪੱਤੀ ਅਤੇ ਖੰਡ ਪਾ ਕੇ ਉਹਨੇ ਚੁੱਲ੍ਹੇ ਦੀ ਅੱਗ ਤੇਜ਼ ਕਰ ਦਿੱਤੀ। ਦੁੱਧ ਕਿਧਰੇ ਨਹੀਂ ਸੀ। ਨਾ ਕਿਤੇ ਤਾਰ ਨਾਲ ਡੋਲੂ ਲਟਕ ਰਿਹਾ ਸੀ, ਨਾ ਕੂੰਡੇ ਵਿਚ ਪਾਣੀ ਪਾ ਕੇ ਰੱਖੀ ਗੜਵੀ ਦਿਸਦੀ ਸੀ। ਪਤੀਲੇ ਵਿਚ ਚਾਹ ਦੇ ਪਾਣੀ ਦਾ ਖੱਦਾ ਪੈ ਰਿਹਾ ਸੀ। ਚਾਹ-ਪੱਤੀ ਉੱਬਲਣ ਦੀ ਵਾਸ ਵਾਤਾਵਰਣ ਵਿਚ ਫੈਲ ਗਈ। ਨਸੀਬ ਨੇ ਮਾਂ ਨੂੰ ਜਗਾਉਣਾ ਤਾਹਿਆ। ਪਰ ਦੇਖਿਆ, ਵੱਡੇ ਭਰਾ ਦੀ ਨਿੱਕੀ ਬਲਬੀਰੋ ਦੁੱਧ ਦਾ ਗਲਾਸ ਲੈ ਕੇ ਆਈ, ਉਹਦੀ ਪਿੱਠ ਪਿੱਛ ਖੜ੍ਹੀ ਸੀ। ਬੱਸ ਖੜ੍ਹੀ ਸੀ, ਬੋਲਦੀ ਕੁਝ ਨਹੀਂ ਸੀ। ਨਸੀਬ ਨੇ ਉਹਦੇ ਹੱਥੋਂ ਗਲਾਸ ਫੜ ਕੇ ਉਹਦੇ ਸਿਰ ਉੱਤੇ ਧੱਫਾ ਜਮਾ ਦਿੱਤਾ, ‘ਮਰ-ਜਾਣੀਏ, ਬੋਲਦੀ ਨ੍ਹੀਂ ?’ ਕੁੜੀ ਹੱਸ ਪਈ। ਮੁੜਨ ਲੱਗੀ ਤਾਂ ਪੁਸ਼ਪਿੰਦਰ ਨੇ ਉਹਦੀ ਬਾਂਹ ਫੜ ਲਈ। ਪੁੱਛਿਆ, ‘ਬਾਥਰੂਮ ਕਿੱਥੇ ਐ ?’
‘ਕਿਹੜਾ ਬਾਤਲੂਮ ?’ ਕੁੜੀ ਤੁਤਲੀ ਸੀ। ਪੁਸ਼ਪਿੰਦਰ ਹੱਸੀ ਨਹੀਂ। ਆਖਿਆ, ‘ਚੱਲ ਆਪਾਂ…’
ਬਲਬੀਰੋ ਸਮਝ ਗਈ ਸੀ । ਪੁਸ਼ਪਿੰਦਰ ਦੇ ਨਾਲ ਤੁਰ ਪਈ।
ਉਹਨਾਂ ਨੂੰ ਮੁੜ ਕੇ ਆਉਂਦੀਆਂ ਦੇਖ ਕੇ ਨਸੀਬ ਤੋਂ ਵੱਡੇ ਦੀ ਬਹੂ ਨੇ ਪੁਸ਼ਪਿੰਦਰ ਨੂੰ ਬੁਲਾ ਲਿਆ । ਬਾਂਹ ਫੜ ਕੇ ਉਹਨੂੰ ਆਪਣੀ ਬੈਠਕ ਵਿਚ ਲੈ ਗਈ। ਚਾਹ ਦਾ ਗਲਾਸ ਹੱਥ ਵਿਚ ਫੜਾ ਦਿੱਤਾ। ਪੁਸ਼ਪਿੰਦਰ ਚਾਹ ਪੀਣ ਲੱਗੀ ਤਾਂ ਉਹ ਉਹਦੇ ਸਾਹਮਣੇ ਬੈਠ ਕੇ ਉਹਨੂੰ ਸੰਵਾਰ-ਸੰਵਾਰ ਦੇਖਣ ਲੱਗੀ। ਵਿਚ-ਵਿਚ ਦੀ ਕੋਈ ਗੱਲ ਵੀ ਪੁੱਛ ਲੈਂਦੀ, ‘ਭੈਣ ਜੀ, ਤੂੰ ਤਾਂ ਪੜ੍ਹਦੀ ਹੋਏਂਗੀ ?… ਤੁਸੀਂ ਕਿੰਨੇ ਭੈਣ-ਭਰਾ ਓਂ ? ਦੇਖੀਂ ਨਾ ਬਾਪ ਕੀ ਕੰਮ ਕਰਦੈ? ਚੰਨਣਆਲ ਕੀ ਸਕੀਰੀ ਐ ?…’
ਪੁਸ਼ਪਿੰਦਰ ਹਰ ਸਵਾਲ ਦਾ ਜਵਾਬ ਠਰੰਮੇ ਨਾਲ ਦਿੰਦੀ ਅਤੇ ਮੁਸਕਰਾ ਪੈਂਦੀ। ਫੇਰ ਚਾਹ ਦੀ ਘੁੱਟ ਭਰਨ ਲੱਗਦੀ।
ਦੋ ਗਲਾਸਾਂ ਵਿਚ ਚਾਹ ਪਾ ਕੇ ਨਸੀਬ ਨੇ ਮਾਂ ਨੂੰ ਬਾਟੀ ਵਿਚ ਚਾਹ ਪਾ ਲਈ। ਮਾਂ ਨੂੰ ਜਗਾ ਰਿਹਾ ਉਹ ਦੂਜੀ ਬੈਠਕ ਵਿਚ ਬੈਠੀ ਪੁਸ਼ਵਿੰਦਰ ਵੱਲ ਝਾਕਣ ਲੱਗਿਆ। ਦੋਵੇਂ ਜਣੀਆਂ ਗੱਲਾਂ ਕਰ ਰਹੀਆਂ ਸਨ।
ਨਸੀਬ ਤੋਂ ਵੱਡਾ ਚਾਹ ਪੀ ਕੇ ਕਦੋਂ ਦਾ ਖੇਤਾਂ ਵਿਚ ਜੰਗਲ-ਪਾਣੀ ਗਿਆ ਮੁੜਿਆ ਨਹੀਂ ਸੀ। ਸਭ ਤੋਂ ਵੱਡਾ ਚਾਹ ਪੀ ਕੇ ਮੰਜੇ ਉੱਤੇ ਓਵੇਂ ਦੀ ਓਵੇਂ ਬੈਠਾ ਸੀ। ਤੇ ਹੁਣ ਆਪਣੀ ਪੱਗ ਪੋਚ-ਪੋਚ ਬੰਨ੍ਹ ਰਿਹਾ ਸੀ। ਵੱਡੇ ਤੋਂ ਛੋਟਾ ਸਦੇਹਾਂ ਹੀ ਚਾਹ ਪੀ ਕੇ ਖੇਤਾਂ ਨੂੰ ਉੱਠ ਗਿਆ ਸੀ। ਗੁੱਛੀ ਨਾਲ ਲੈ ਗਿਆ ਸੀ। ਪਿਓ ਵਾਂਗ ਉਹ ਵੀ ਆਪਣੇ ਥੱਲੇ ਘੋੜੀ ਰੱਖਦਾ। ਇਹ ਕਣਕ ਵੱਢਣ-ਕੱਢਣ ਦੇ ਦਿਨ ਸਨ। ਜਾਂਦਾ ਉਹ ਘੋੜੀ ਉੱਤੇ ਬੈਠ ਕੇ, ਆਉਂਦਾ ਹੋਇਆ ਘੋੜੀ ਉੱਤੇ ਕੁਝ ਨਾ ਕੁਝ ਲੱਦ ਕੇ ਲਿਆਉਂਦਾ-ਕਦੇ ਕਣਕ ਦਾ ਲਾਂਗਾ, ਕਦੇ ਦਾਣੇ, ਕਦੇ ਤੂੜੀ। ਕਦੇ ਖੁਰਜੀ ਵਿਚ ਦਾਣੇ, ਉੱਤੇ ਲਾਂਗਾ ਜਾਂ ਤੂੜੀ ਦਾ ਭਾਰ । ਵੱਡੇ ਭਾਈ ਕੋਲ ਮੱਝ ਸੀ । ਦੂਜੇ ਦੋਵੇਂ ਭਰਾ ਉਹਨਾਂ ਦੇ ਘਰੋਂ ਮੁੱਲ ਦੁੱਧ ਲੈਂਦੇ। ਵੱਡੀ ਬਹੂ ਸੱਸ ਨੂੰ ਆਥਣੇ-ਤੜਕੇ ਦੁੱਧ ਦਾ ਗਲਾਸ ਮੁਫ਼ਤ ਦੇ ਦਿੰਦੀ । ਇਹਦੇ ਵਿਚ ਉਹਨਾਂ ਦਾ ਕੀ ਘਟਣ ਲੱਗਿਆ ਸੀ ? ਬੁੜ੍ਹੀ ਖੁਸ਼ ਰਹਿੰਦੀ।
ਪੁਸ਼ਪਿੰਦਰ ਨੇ ਨਸੀਬ ਦੇ ਤਿੰਨੇ ਵੱਡੇ ਭਰਾਵਾਂ ਨੂੰ ਦੇਖਿਆ। ਅਜੀਬ ਰਹਿਣੀ-ਬਹਿਣੀ ਸੀ ਉਹਨਾਂ ਦੀ। ਵੱਡੇ ਭਾਈ ਦੇ ਕੇਸ-ਦਾੜ੍ਹੀ ਸੀ। ਪੱਗ ਬੰਨ੍ਹਦਾ । ਪੂਰਾ ਗੁਰਸਿੱਖ ਗੁੱਛੀ ਵਾਲੇ ਦੇ ਕੇਸ ਤਾਂ ਸਨ, ਪੱਗ ਛੱਡਵੇਂ ਲੜ ਵਾਲੀ ਬੰਨ੍ਹਦਾ ਸੀ, ਪਰ ਦਾੜ੍ਹੀ ਕੱਟ ਕੇ ਰੱਖਦਾ। ਮੁੱਛਾਂ ਨਹੀਂ ਕੱਟਦਾ ਸੀ। ਮੁੱਛਾਂ ਦੇ ਕੁੰਡਲ ਬਣਾਏ ਹੋਏ । ਬੀੜੀਆਂ ਪੀਂਦਾ । ਨਸੀਬ ਤੋਂ ਵੱਡਾ ਨਾ ਪੱਗ ਬੰਨ੍ਹਦਾ ਸੀ, ਨਾ ਕੇਸ- ਦਾੜ੍ਹੀ। ਦਾੜ੍ਹੀ-ਮੁੱਛ ਸਫਾ-ਚੱਟ, ਸਿਰ ਦੇ ਵਾਲ ਕੱਟ ਕੇ ਰੱਖਦਾ। ਸਿਗਰਟ-ਬੀੜੀ ਨਹੀਂ ਪੀਂਦਾ ਸੀ। ਵੱਡੇ ਭਾਈ ਦਾ ਨਾਂ ਸੁਰਜਣ ਸਿੰਘ, ਉਹਤੋਂ ਛੋਟੇ ਦਾ ਮਿਲਖੀ ਰਾਮ ਅਤੇ ਠੇਕੇ ਵਾਲੇ ਦਾ ਨਾਂ ਸੁਖਦੇਵ ਸਿੰਘ ਸੀ। ਬੁੜ੍ਹੀ ਦਾ ਨਾਂ ਹਰਕੁਰ।
ਮਾਂ ਨੇ ਚਾਹ ਦੀ ਬਾਟੀ ਪੀ ਲਈ। ਕਹਿੰਦੀ, ‘ਵੇ ਮੈਨੂੰ ਜਗਾ ਲੈਂਦਾ, ਆਪ ਖੇਚਲ ਕੀਤੀ ਚਾਹ ਦੀ।’ ਫੇਰ ਪੁੱਛਿਆ, ‘ਕੁੜੀ ਨੇ ਪੀ ਲੀ ਚਾਹ ?’
‘ਉਹ ਤਾਂ ਔਧਰ ਬੈਠੀ ਐ, ਸੁਖਦੇਵ ਦੀ ਬਹੂ ਕੋਲ।’
‘ਸੱਦ ਭਾਈ, ਚਾਹ ਦੇਹ ਉਹਨੂੰ। ਨਾਲੇ ਛੱਡ ਆ, ਸਦੇਹਾਂ-ਸਦੇਹਾਂ। ਸੈਕਲ ਲੈ ਜਾ। ਵੇਲੇ ਸਿਰ ਪਹੁੰਚ ਜੇ ਭਾਈ, ਆਵਦੇ ਘਰ । ਬਗਾਨੀ ਧੀ ਐ । ਸੌ ਬਿੱਜ ਪੈਂਦੀ ਐ ।’ ਬੁੜ੍ਹੀ ਫਿਕਰ ਕਰ ਰਹੀ ਸੀ।
ਮਾਂ-ਪੁੱਤਾਂ ਨੂੰ ਬੈਠਕ ਵੱਲ ਝਾਕਦੇ ਦੇਖ ਕੇ ਸੁਖਦੇਵ ਦੀ ਬਹੂ ਨੇ ਆਪ ਹੀ ਪੁਸ਼ਪਿੰਦਰ ਨੂੰ ਆਖ ਦਿੱਤਾ, ‘ਜਾਹ ਭੈਣੇ, ਪਤਾ ਨ੍ਹੀਂ ਤੈਨੂੰ ਈ ਡੀਕਦੇ ਨੇ।
‘ਕੋਈ ਨ੍ਹੀਂ, ਵਗ ਜਾਨੀ ਆਂ ।’ ਪੁਸ਼ਪਿੰਦਰ ਉੱਠਣ ਲੱਗੀ।
ਐਨੇ ਨੂੰ ਨਸੀਬ ਆਪ ਹੀ ਬਾਰ ਅੱਗੇ ਉਹਨੂੰ ਬੁਲਾਉਣ ਆ ਖੜ੍ਹਾ। ਕਹਿੰਦਾ, ‘ਪਿੰਦਰ, ਚਾਹ ਪੀ ਲੈ ਚੱਲ ਮਾਂ ਬਲੌਂਦੀ ਐ।’
ਪੁਸ਼ਪਿੰਦਰ ਉੱਠ ਕੇ ਮਾਂ ਵੱਲ ਆ ਗਈ। ਬੈਠਕ ਵਿਚ ਹੀ ਸੁਖਦੇਵ ਦੀ ਬਹੂ ਨੇ ਨਸੀਬ ਦਾ ਡੌਲਾ ਫੜ ਲਿਆ। ਪੁਛਣ ਲੱਗੀ, ‘ਤੂੰ ਬੋਲਦਾ ਨ੍ਹੀਂ ਵੇ, ਦੱਸ ਇਹ ਕੌਣ ਐ ਤੇਰੀ ਕੁਛ ਲੱਗਦੀ ? ਕਿਉਂ ਆਈ ਐ ਤੇਰੇ ਨਾਲ?’
‘ਤੂੰ ਆਪ ਈ ਬੁੱਝ ਲੈ ।’ ਨਸੀਬ ਜੰਮ ਕੇ ਖੜ੍ਹਾ ਸੀ ।
‘ਪਰ ਇਹ ਤਾਂ ਜੱਟਾਂ ਦੀ ਕੁੜੀ ਐ। ਇਹ ਲੰਡਰ-ਪਣਾ ਈ ਐ, ਹੋਰ ਕੀ ਤੂੰ ਇਹਨੂੰ ਡੋਲੇ ‘ਚ ਪਾ ਕੇ ਲਿਆਏਂਗਾ ?’
‘ਹਾਂ, ਡੋਲੇ ‘ਚ ਪਾ ਕੇ ਲਿਆਉਂ । ਇਹ ਤਾਂ ਤੇਰੇ ਸਾਮ੍ਹਣੇ ਐ।
‘ਪਰ ਇਹ ਤਾਂ ਜੱਟਾਂ…
‘ਹਾਂ, ਜੱਟਾਂ ਦੀ ਕੁੜੀ ਐ, ਫੇਰ ਕੀ? ਲਹੂ ਤਾਂ ਸਭ ਦਾ ਲਾਲ ਐ, ਜਾਂ ਦੱਸ ਆਪਣੇ ਨਾਈਆਂ ‘ਚ ਲਾਲ ਖੂਨ ਨ੍ਹੀਂ ਹੁੰਦਾ ?’
‘ਤੂੰ ਗੱਲਾਂ ਕੀ ਕਰੀਂ ਜਾਨੈ ਵੇ? ਤੇਰਾ ਦਮਾਕ ਫਿਰ ਗਿਆ, ਮੈਨੂੰ ਲੱਗਦੈ।’ ਭਾਬੀ ਨੇ ਉਹਨੂੰ ਮੰਜੇ ਉੱਤੇ ਬੈਠਾ ਲਿਆ।
‘ਨਹੀਂ ਭਾਬੀ, ਇਹ ਸਭ ਹੋ ਕੇ ਰਹੂਗਾ । ਮੈਂ ਤਾਂ ਇਹਦੇ ਦਰਸ਼ਨ ਪਵੌਣ ਲਿਆਇਆ ਸੀ ਥੋਡੇ ਕੋਲ।’
‘ਊਂ ਹਾਂ ਵੇ ਕੁੜੀ ਮੂਰਤ ਅਰਗੀ ਐ, ਸਹੁੰ ਭਾਈ ਦੀ। ਅਕਲ-ਸ਼ਕਲ ਜਮਾ ਮੇਮਾਂ ਅਰਗੀ ਐ। ਇਹ ਪਹੀ ਤੇਰੇ ਵਸੂ ‘ਕਿਮੇਂ ? ਆਪਾਂ ਤਾਂ ਨਹੁੰ ਕੱਟਣ ਆਲੀ ਜਾਤ, ਇਹਦਾ ਪਿਓ ਤਾਂ ਸਰਦਾਰ ਹੋਊ।
‘ਨਹੁੰ ਕੱਟਣ ਆਲੀ ਜਾਤ ਮੇਰਾ ਬਾਪ ਸੀ, ਮੈਂ ਨ੍ਹੀਂ । ਸਰਦਾਰ ਇਹਦਾ ਬਾਪ ਐ, ਇਹ ਨ੍ਹੀਂ। ਅਸੀਂ ਜਾਤਾਂ-ਜੂਤਾਂ ਦੇ ਉੱਤੋਂ ਦੀ ਲੰਘ ਕੇ ਇਹ ਫੈਸਲਾ ਕੀਤੈ। ਏਸ ਫੈਸਲੇ ਨੂੰ ਸਾਲਾ ਕੋਈ ਰੱਬ ਵੀ ਨ੍ਹੀਂ ਰੋਕ ਸਕਦਾ। ਹੋਰ ਦੱਸ ?”
‘ਵੇ ਚੰਗਾ ਦਿਉਰਾ । ਪਰ ਸਮਝ ਨਾਲ ਚੱਲਿਓ, ਭਾਈ । ਸਾਡੀ ਅਕਲ ‘ਚ ਤਾਂ ਇਹ ਗੱਲ ਔਂਦੀ ਨ੍ਹੀਂ ਭਾਈ, ਤੁਸੀਂ ਪੜ੍ਹੇ ਹੋਏ ਓਂ, ਅਕਲਵਾਨ ਓਂ, ਥੋਨੂੰ ਤਾਂ ਸਭ ਪਤੈ। ਤੁਸੀਂ ਤਾਂ ਸਭ ਕਰ ਲੋਂਗੇ ।’
‘ਹਾਂ. ਇਹ ਤਾਂ ਹੁਣ ਕਰਾਂ ਗੇ ਈ। ਪਰ ਭਾਬੀ, ਹਾਲੇ ਇਹ ਗੱਲ ਸੁਖਦੇਵ ਕੋਲ ਨਾ ਕਰੀਂ। ਨਾ ਸੁਰਜਣ ਅਤੇ ਮਿਲਖੀ ਕੋਲ ਪਹੁੰਚੇ ਇਹ ਗੱਲ। ਬੇਬੇ ਨੂੰ ਵੀ ਨਾ ਦੱਸੀਂ। ਤੂੰ ਪੁੱਛ ਲਿਆ, ਮੈਂ ਦੱਸ ’ਤਾ। ਹਾਲੇ ਸਿਰੇ ਚੜ੍ਹ ਲੇ ਸਾਰੀ ਕਹਾਣੀ, ਫੇਰ ਈ ਸੁਆਦ ਐ ਦੱਸਣ ਦਾ । ਹਾਲੇ ਤਾਂ ਅਸੀਂ ਫੈਸਲਾ ਈ ਕੀਤੈ। ਪਾਕੇ ਪੈ ਗੀ ਗੱਲ, ਓਦੋਂ ਈ ਜਾਣਾਂ ਗੇ । ਤੂੰ ਮੋਹ ਜਾ ਦਖੌਨੀ ਐਂ ਤੈਨੂੰ ਇਕ ਦੱਸ ‘ਤਾ ਮੈਂ।’
‘ਨਾ ਵੀਰਾ, ਮੈਂ ਤਾਂ ਖੂਹ ‘ਚ ਇੱਟ ਆਂ। ਦੂਜੇ ਕੰਨ ਸੋਅ ਹੋ ਗੀ ਤਾਂ ਜੋ ਮਰਜੀ ਡੰਡ ਦੇ ਲੀਂ। ਪਰ ਭਾਈ, ਸਮਝ ਨਾਲ ਚੱਲੀ। ਸਿਉਨੇ ਅਰਗੀ ਦੇਹ ਐ ਤੇਰੀ, ਇਹਨੂੰ ਮਿੱਟੀ ‘ਚ ਨਾ ਰੋਲ ਬੈਠੀ ।’
‘ਉਹ ਤਾਂ ਸਭ ਸਮਝ ਨਾਲ ਈ ਚੱਲਾਂ ਗੇ, ਭਾਬੀ।’ ਨਸੀਬ ਉੱਠ ਕੇ ਮਾਂ ਦੀ ਬੈਠਕ ਵੱਲ ਆ ਗਿਆ । ਪੁਸ਼ਪਿੰਦਰ ਨੇ ਥੋੜ੍ਹੀ ਜਿਹੀ ਚਾਹ ਪੀਤੀ ਸੀ। ਮਾਂ ਵਾਰ-ਵਾਰ ਹੋਰ ਚਾਹ ਪੀਣ ਲਈ ਆਖਦੀ ਅਤੇ ਉਹ ਵਾਰ-ਵਾਰ ਇਕੋ ਜਵਾਬ ਦਿੰਦੀ, ‘ਔਧਰ ਪੀ ਲੀ ਸੀ ਪਹਿਲਾਂ, ਬੇ-ਜੀ।’
ਤੇ ਫੇਰ ਨਸੀਬ ਕਾਹਲ ਕਰਨ ਲੱਗਿਆ। ਵਾਰ-ਵਾਰ ਆਖ ਰਿਹਾ ਸੀ, ‘ਚੱਲ ਫੇਰ ਪਿੰਦਰ, ਛੱਡ ਆਵਾਂ ਤੈਨੂੰ ।’
ਉਹ ਉੱਠ ਨਹੀਂ ਰਹੀ ਸੀ। ਜਿਵੇਂ ਜਾਣ-ਬੁੱਝ ਕੇ ਹੀ ਦਿਨ ਚੜ੍ਹਾ ਰਹੀ ਹੋਵੇ । ਮਾਂ ਸਾਹਮਣੇ ਉਹ ਕੀ ਦੱਸਦੀ ਕਿ ਦੇਰ ਨਾਲ ਜਾਣਾ ਹੀ ਠੀਕ ਰਹੇਗਾ। ਚੰਨਣਵਾਲ ਵਾਲਿਆਂ ਨੂੰ ਸੱਚ ਤਾਂ ਲੱਗੇ ਕਿ ਕੁੜੀ ਕੋਠਿਆਂ ਤੋਂ ਚੱਲ ਕੇ ਆਈ ਹੈ । ਸਦੇਹਾਂ ਹੀ ਘਰ ਜਾ ਵੜੀ ਤਾਂ ਕੀ ਸੋਚਣਗੇ ਉਹ ? ਦੱਸਣਾ ਤਾਂ ਹੈ ਨਹੀਂ ਕਿ ਰਾਤ ਰਾਹ ਵਿਚ ਕਿਧਰੇ ਕੱਟੀ ਹੈ । ਉਹ ਵਾਰ-ਵਾਰ ਨਸੀਬ ਵੱਲ ਝਾਕਦੀ ਅਤੇ ਮਿੱਠਾ-ਮਿੱਠਾ ਘੁਤਦੀ। ਜਿਵੇਂ ਕਹਿ ਰਹੀ ਹੋਵੇ, ‘ਬੁੱਧੂਆ, ਕਿਸੇ ਗੱਲ ਦਾ ਪਤਾ ਵੀ ਐ?’ ਹਰਕੁਰ ਬੁੜ੍ਹੀ ਸਿਆਣੀ ਸੀ। ਪੁਸ਼ਪਿੰਦਰ ਨੂੰ ਉਠਦੀ ਨਾ ਦੇਖ ਕੇ ਆਖਣ ਲੱਗੀ, ‘ਤਾਂ ਨ੍ਹਾ ਲੈ ਪੁੱਤ, ਮੈਂ ਰੋਟੀਆਂ ਲਾਹ ਦਿੰਨੀ ਆਂ। ਦੋ-ਦੋ ਰੋਟੀਆਂ ਖਾ ਲੋ। ਚਾਹ ਨਾਲ ਖਾਣੀ ਐਂ, ਚਾਹ ਨਾਲ ਖਾ ਲੈ, ਨਹੀਂ ਲੱਸੀ ਵੀ ਰਿੜਕ ਲੀ ਹੋਣੀ ਐ ਸੁਰਜਣ ਦੀ ਬਹੂ ਨੇ।
ਘਰ ਵਿਚ ਖੂਹੀ ਸੀ। ਪਰ ਖੂਹੀ ਦੇ ਇਕ ਪਾਸੇ ਨਿੱਕਾ ਜਿਹਾ ਗੁਸਲਖਾਨਾ ਬਣਾ ਕੇ ਵਾਟਰ-ਵਰਕਸ ਦੇ ਪਾਣੀ ਦੀ ਇਕ ਟੂਟੀ ਵਿਚ ਅਤੇ ਇਕ ਟੂਟੀ ਬਾਹਰ ਉਹਨਾਂ ਨੇ ਲਵਾ ਛੱਡੀ ਸੀ। ਬੰਦੇ ਤਾਂ ਘਰ ਵਿਚ ਬਾਹਰ ਕਿਧਰੇ ਵੀ ਨਾ ਲੈਂਦੇ। ਅਸਲ ਵਿਚ ਤਾਂ ਇਹ ਨਿੱਕਾ ਗੁਸਲਖਾਨਾ ਬੁੜੀਆਂ-ਕੁੜੀਆਂ ਦੇ ਨ੍ਹਾਉਣ ਲਈ ਹੀ ਸੁਰਜਣ ਨੇ ਬਣਵਾ ਲਿਆ ਸੀ-ਸਾਂਝੇ ਘਰ ਦਾ। ਪਿੰਡ ਵਿਚ ਸਕੂਲ ਦੇ ਸੱਜੇ ਹੱਥ ਵਾਟਰ-ਵਰਕਸ ਦੀ ਟੈਂਕੀ ਬਣ ਗਈ ਸੀ। ਪਿੰਡ ਦੇ ਚੰਗੇ-ਚੰਗੇ ਸਾਰੇ ਘਰਾਂ ਵਿਚ ਟੂਟੀ ਦਾ ਪਾਣੀ ਪਹੁੰਚ ਗਿਆ। ਫਲੈਟ-ਰੇਟ ਉੱਤੇ ਪਾਣੀ ਦਾ ਬਿਲ ਆਉਂਦਾ। ਅਗਵਾੜਾਂ ਵਿਚ ਸਾਂਝੀਆਂ ਥਾਵਾਂ ਉੱਤੇ ਟੂਟੀਆਂ ਸਨ। ਜਦੋਂ ਤੋਂ ਟੂਟੀਆਂ ਲੱਗੀਆਂ, ਖੂਹਾਂ-ਨਲਕਿਆਂ ਤੋਂ ਪਾਣੀ ਲੈਣਾ ਘੱਟ ਹੋ ਗਿਆ।
ਟੂਟੀ ਦਾ ਪਾਣੀ ਚੱਲ ਰਿਹਾ ਸੀ। ਪੁਸ਼ਪਿੰਦਰ ਗੁਸਲਖਾਨੇ ਵਿਚ ਵੜੀ ਅਤੇ ਨ੍ਹਾਉਣ ਲੱਗੀ। ਸਾਬਣ-ਤੇਲ, ਤੌਲੀਆ ਤੇ ਗੜਵੀ-ਬਾਲਟੀ ਨਸੀਬ ਨੇ ਪਹਿਲਾਂ ਹੀ ਰੱਖ ਦਿੱਤੀ ਸੀ।
ਲੂਣ ਪਾ ਕੇ ਬੇਸਣੇ ਪਰੌਂਠੇ ਸੁਰਜਣ ਦੀ ਬਹੂ ਨੇ ਪਕਾ ਦਿੱਤੇ। ਪੰਜ-ਛੇ ਪਰੌਂਠੇ ਪੋਣੇ ਵਿਚ ਵਲ੍ਹੇਟ-ਸੰਵਾਰ ਕੇ ਉਹ ਬੁੜ੍ਹੀ ਦੀ ਬੈਠਕ ਵਿਚ ਰੱਖ ਗਈ। ਲੱਸੀ ਦਾ ਜੱਗ ਅਤੇ ਕੌਲੀ ਵਿਚ ਮੱਖਣੀ।
ਪੁਸ਼ਪਿੰਦਰ ਤੋਂ ਬਾਅਦ ਨਸੀਬ ਵੀ ਨ੍ਹਾ ਲਿਆ। ਸਿਰ ਵਾਹ ਕੇ ਪੁਸ਼ਪਿੰਦਰ ਜਾਣ ਲਈ ਤਿਆਰ ਹੋ ਗਈ। ਨਸੀਬ ਨੇ ਕੇਸਾਂ ਦਾ ਜੂੜਾ ਕਰ ਕੇ ਪੱਗ ਬੰਨ੍ਹੀ ਅਤੇ ਫੇਰ ਉਹ ਪਰੌਂਠਿਆਂ ਦਾ ਨਾਸ਼ਤਾ ਕਰਨ ਬੈਠ ਗਏ । ਮਾਂ ਤੋਂ ਅੰਬ ਦਾ ਆਚਾਰ ਲੈ ਲਿਆ।
ਉਹਨਾਂ ਨੂੰ ਇਕੱਠੇ ਬੈਠ ਕੇ ਰੋਟੀ ਖਾਂਦਿਆਂ ਦੇਖ ਮਾਂ ਖੁਸ਼ ਸੀ ਅਤੇ ਫਿਕਰਮੰਦ ਵੀ। ਉਹਨੂੰ ਲੱਗਦਾ, ਕੋਈ ਸੁਫਨਾ ਵਾ-ਵਰੋਲੇ ਵਾਂਗ ਪਲ ਦੀ ਪਲ ਉਹਨਾਂ ਦੇ ਘਰ ਆ ਵੜਿਆ ਹੈ। ਘਰ ਦੇ ਜਵਾਕ ਉਹਨਾਂ ਨੂੰ ਇਕੱਠੇ ਬੈਠੇ ਦੇਖ ਕੇ ਬੈਠਕ ਦੀ ਮੋਰੀ ਕੋਲ ਆਉਂਦੇ ਅਤੇ ‘ਹੀਂ-ਹੀਂ’ ਕਰਕੇ ਭੱਜ ਜਾਂਦੇ । ਮਿਲਖੀ ਦਾ ਮੁੰਡਾ ਤਾਂ ਤਾੜੀ ਵੀ ਮਾਰਦਾ। ਜਵਾਕਾਂ ਦੀਆਂ ਹਰਕਤਾਂ ਨੂੰ ਦੇਖ ਕੇ ਉਹ ਦੋਵੇਂ ਗੁੱਝਾ-ਗੁੱਝਾ ਮੁਸਕਰਾਉਂਦੇ ਅਤੇ ਮਾਂ ਦੇ ਮੱਥੇ ਦੀਆਂ ਲਕੀਰਾਂ ਨੂੰ ਡੂੰਘਾ ਹੁੰਦਾ ਦੇਖਦੇ।
ਨੌਂ ਵੱਜ ਚੁੱਕੇ ਸਨ।ਨਸੀਬ ਨੇ ਗਵਾਂਢੀਆਂ ਦੇ ਘਰੋਂ ਸਾਈਕਲ ਮੰਗਿਆ ਅਤੇ ਪੁਸ਼ਪਿੰਦਰ ਨੂੰ ਨਾਲ ਲੈ ਕੇ ਤੁਰ ਪਿਆ। ਤੁਰਨ ਲੱਗੀ ਉਹ ਨਸੀਬ ਦੀਆਂ ਤਿੰਨੇ ਭਰਜਾਈਆਂ ਨੂੰ ਮਿਲੀ। ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਮਾਂ ਨੂੰ ਝੁਕ ਕੇ ਸਤਿ ਸ੍ਰੀ ਅਕਾਲ ਆਖਿਆ । ਸੜਕ ਉੱਤੇ ਆ ਕੇ ਨਸੀਬ ਨੇ ਉਹਨੂੰ ਮਗਰ ਕੈਰੀਅਰ ਉੱਤੇ ਬਿਠਾ ਲਿਆ। ਉਹ ਹੌਲੀ ਹੌਲੀ ਸਾਈਕਲ ਚਲਾ ਰਿਹਾ ਸੀ। ਪੁਸ਼ਪਿੰਦਰ ਮਗਰ ਚੁੱਪ ਬੈਠੀ ਹੋਈ ਸੀ। ਨਵੇਂ ਲੱਗੇ ਸ਼ੈਲਰ ਕੋਲ ਜਾ ਕੇ ਪੁਸ਼ਪਿੰਦਰ ਕਹਿੰਦੀ, ‘ਐਦੂੰ ਤਾਂ ਉੱਤਰ ਈ ਜਾਨੇ ਆਂ। ਸਾਈਕਲ ਕਿਵੇਂ ਚਲੌਨੈਂ, ਹੈ ਨ੍ਹੀਂ ਲੱਤਾਂ ‘ਚ ਜੋਰ ?’
‘ਹਾਂ, ਮੈਂ ਵੀ ਇਹੀ ਆਖਦਾ ਸੀ ਤੁਰ ਕੇ ਚਲਦੇ ਆਂ। ਗੱਲਾਂ ਕਰਦੇ ਜਾਵਾਂਗੇ । ਹਾਲੇ ਈ ਜਾ ਕੇ ਕੀ ਤੂੰ ਉਥੇ ਛੋਪ ਕੱਤਣੈ, ਜਾ ਈ ਰਹਿਣੈ। ਘੰਟਾ ਪਹਿਲਾਂ ਕਿ ਘੰਟਾ ਪਿੱਛੋਂ।’
‘ਹਾਏ ! ਮੇਰਾ ਤਾਂ ਕਾਲਜਾ ਕੰਬੀ ਜਾਂਦੈ । ਜੇ ਪਤਾ ਲੱਗ ਗਿਆ ਨਾ ਕੋਠੀ, ਬਾਪੂ ਜੀ ਨੂੰ, ਮੈਂ ਹੈ ਨ੍ਹੀਂ । ਤੇਰਾ ਮੈਨੂੰ ਪਤਾ ਨ੍ਹੀਂ।
‘ਕੁਸ ਨ੍ਹੀਂ ਹੁੰਦਾ, ਤੂੰ ਤਾਂ ਐਵੇਂ ਡਰੀ ਜਾਨੀ ਐਂ। ਐਡੀ ਦੂਰ ਕਿਸੇ ਨੂੰ ਕੀ ਪਤੈ।
‘ਪਤਾ ਤਾਂ ਕਿਵੇਂ ਨਾ ਲੱਗੇ। ਝਾੜ ਗਵਾਹੀਆਂ ਦੇ ਦਿੰਦੇ ਐ।’ ਪਰ ਫੇਰ ਹੌਸਲਾ ਜਿਹਾ ਦਿਖਾਉਣ ਲਈ ਆਖਣ ਲੱਗੀ, ‘ਚੱਲ, ਦੇਖੀ ਜਾਊ। ਇਉਂ ਡਰ-ਡਰ ਕਿੰਨਾ ਕੁ ਚਿਰ ਕੱਟੀਂ ਜਾਵਾਂਗੇ।
ਇਕ ਦਿਨ ਤਾਂ ਭੜਾਕਾ ਪੈਣਾ ਈ ਐ।
‘ਫੇਰ ਸੋਚ ਲਾਂ ਗੇ। ਫੇਰ ਦੀ ਫੇਰ ਦੇਖੀ ਜਾਊ। ਹੁਣ ਕਦਮ ਜਦੋਂ ਚੱਕ ਈ ਲਿਐ, ਪਿੱਛੇ ਤਾਂ ਮੁੜਿਆ ਨ੍ਹੀਂ ਜਾਂਦਾ ।’ ਪੁਸ਼ਪਿੰਦਰ ਵਿਚ ਪਹਿਲਾਂ ਵਾਲੀ ਦਲੇਰੀ ਕਾਇਮ ਸੀ।
ਉਹ ਬਰਨਾਲੇ ਦੇ ਧੱਸ-ਸਟੈਂਡ ਨੂੰ ਨਹੀਂ ਗਏ। ਚੰਨਣਵਾਲ ਵੱਲ ਨੂੰ ਓਥੋਂ ਚੱਲੀਆਂ ਬੱਸਾਂ ਸਧੂ ਪੱਤੀ ਵਿਚੋਂ ਦੀ ਠੀਕਰੀਵਾਲੇ ਅੱਡੇ ਉੱਤੇ ਆ ਕੇ ਠਹਿਰਦੀਆਂ ਸਨ। ਨਸੀਬ ਨੇ ਠੀਕਰੀਵਾਲੇ ਅੱਡੇ ਤੋਂ ਹੀ ਪੁਸ਼ਪਿੰਦਰ ਨੂੰ ਬੱਸ ਚੜ੍ਹਾ ਦਿੱਤਾ ।
11
ਚੰਨਣਵਾਲ ਨੂੰ ਜਾਂਦੀ ਪੁਸ਼ਪਿੰਦਰ ਕਹਿ ਕੇ ਗਈ ਸੀ ਕਿ ਉਹ ਹਫਤਾ-ਦਸ ਦਿਨ ਤੋਂ ਵੱਧ ਓਥੇ ਨਹੀਂ ਲਾਵੇਗੀ। ਜਿਸ ਦਿਨ ਵਾਪਸ ਜਾਣਾ ਹੋਇਆ, ਉਹ ਪੱਕੀ ਤਰੀਕ ਅਤੇ ਸਮਾਂ ਲਿਖ ਕੇ ਚਿੱਠੀ ਪਾਵੇਗੀ। ਬਰਨਾਲੇ ਦੇ ਬੱਸ-ਸਟੈਂਡ ਉੱਤੇ ਉਸ ਦਿਨ ਨਸੀਬ ਆ ਜਾਵੇ ਅਤੇ ਉਹ ਫੇਰ ਓਥੋਂ ਇਕੱਠੇ ਬੱਸ ਵਿਚ ਸਲਾਬਤਪੁਰੇ ਤੱਕ ਗੱਲਾਂ ਕਰਦੇ ਜਾਣਗੇ । ਪੁਸ਼ਪਿੰਦਰ ਇਹ ਵੀ ਮਨ੍ਹਾ ਕਰਕੇ ਗਈ ਕਿ ਨਸੀਬ ਚੰਨਣਵਾਲ ਉਹਨੂੰ ਮਿਲਣ ਨਾ ਆਵੇ। ਓਥੇ ਉਹਦੇ ਮਾਮੇ ਦੇ ਮੁੰਡੇ ਬਹੁਤ ਭੈੜੇ ਹਨ। ਜੇ ਕਿਸੇ ਗੱਲ ਦੀ ਸੋਅ ਹੋ ਗਈ ਤਾਂ ਕੰਮ ਖ਼ਰਾਬ ਹੋ ਜਾਵੇਗਾ। ਮਾਮੇ ਦੇ ਮੁੰਡੇ ਤਾਂ ਫੱਟ ਝੱਜੂ ਪਾ ਲੈਣਗੇ।
ਨਸੀਬ ਜਦੋਂ ਤੋਂ ਰਾਮਪੁਰਾ ਫੂਲ ਦੇ ਕਾਲਜ ਵਿਚ ਪੜ੍ਹਨ ਲੱਗਿਆ ਸੀ ਅਤੇ ਕੋਠੀ ਆਪਣੇ ਮਾਮੇ ਦੇ ਘਰ ਰਹਿੰਦਾ ਸੀ, ਉਹ ਕਦੇ ਵੀ ਦੋ ਦਿਨ ਤੋਂ ਵੱਧ ਸੰਘੇੜੇ ਆ ਕੇ ਨਹੀਂ ਠਹਿਰਿਆ ਸੀ। ਉਹ ਤਾਂ ਸੰਘੇੜੀਂ ਆਉਂਦਾ ਵੀ ਚੌਥੇ-ਪੰਜਵੇਂ ਮਹੀਨੇ । ਕੀ ਕਰਨ ਆਉਣਾ ਸੀ ਸੰਘੇੜਿਆਂ ਵਿਚ ? ਉਹਦਾ ਸਾਰਾ ਖਾਣ-ਪੀਣ, ਪਹਿਨਣ ਅਤੇ ਪੜ੍ਹਾਈ ਦਾ ਖਰਚ ਤਾਂ ਮਾਮੇ ਦੇ ਸਿਰ ਸੀ । ਮਾਮੇ ਨੇ ਤਾਂ ਉਹਨੂੰ ਇਕ ਤਰ੍ਹਾਂ ਨਾਲ ਆਪਣਾ ਪੁੱਤ ਹੀ ਬਣਾ ਲਿਆ ਸੀ । ਉਹਦੀ ਮਾਮੀ ਸੀਤੋਂ ਉਹਨੂੰ ਅੰਤਾਂ ਦਾ ਮੋਹ ਕਰਦੀ। ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ । ਹੁਣ ਤਾਂ ਇਹ ਨਸੀਬ ਹੀ ਉਹਨਾਂ ਦਾ ਸਭ ਕੁਝ ਸੀ।
ਦਸ ਦਿਨ ਲੰਘ ਗਏ, ਪੁਸ਼ਪਿੰਦਰ ਦੀ ਕੋਈ ਚਿੱਠੀ ਨਾ ਆਈ। ਉਹ ਨਿੱਤ ਡਾਕ ਦੇਖਣ ਜਾਂਦਾ। ਪਿੰਡ ਦੇ ਡਾਕ-ਥੈਲੇ ਵਿਚੋਂ ਕਦੇ ਵੀਹ, ਕਦੇ ਤੀਹ ਚਿੱਠੀਆਂ ਨਿੱਕਲਦੀਆਂ। ਉਹਦੀ ਕੋਈ ਚਿੱਠੀ ਨਾ ਹੁੰਦੀ। ਆਪਣੀ ਚਿੱਠੀ ਨਾ ਦੇਖ ਕੇ ਜਿਵੇਂ ਉਹਦੀ ਭੁੱਖ-ਤੇਹ ਹੀ ਮਰ ਜਾਂਦੀ ਹੋਵੇ । ਇੰਜ ਉਹ ਕਦੇ ਕਦੇ ਦੁਪਹਿਰ ਦੀ ਰੋਟੀ ਵੀ ਨਾ ਖਾਂਦਾ । ਚਿੱਠੀ ਦੀ ਉਡੀਕ ਉਹਦੇ ਲਈ ਪੁਸ਼ਪਿੰਦਰ ਦੀ ਉਡੀਕ ਤੋਂ ਵੱਧ ਸੀ। ਹਰ ਰੋਜ਼ ਸਵੇਰ ਤੋਂ ਹੀ ਉਹ ਉਡੀਕ ਕਰਨ ਲੱਗਦਾ। ਰਾਤ ਮਸਾਂ ਲੰਘਦੀ।
ਡਾਯ ਕੈਲਾ ਲਿਆਉਣ ਵਾਲਾ ਬੰਦਾ ਵੀ ਉਹਦਾ ਮਹਿਬੂਬ ਬਣ ਗਿਆ। ਸਕੂਲ ਅੱਗੇ ਸਾਈਕਲਾਂ ਦੇ ਪੰਦਰ ਲਾਉਣ ਵਾਲੇ ਦੀ ਦੁਕਾਨ ਉੱਤੇ ਉਹ ਜਾ ਬੈਠਦਾ। ਉਹਦੀ ਨਿਗਾਹ ਬਰਨਾਲੇ ਵਲੋਂ ਆਉਂਦੇ ਹਰ ਸਾਈਕਲ-ਸਵਾਰ ਉੱਤੇ ਜਾ ਠਹਿਰਦੀ। ਬੰਦਿਆਂ ਦੇ ਭੁਲੇਖੇ ਪੈਂਦੇ। ਜਿਵੇਂ ਓਹੀ ਆ ਰਿਹਾ ਹੋਵੇ। ਡਾਕ-ਥੈਲਾ ਆਉਣ ਦਾ ਸਮਾਂ ਲੰਘ ਜਾਂਦਾ ਤੇ ਉਹ ਤਰਲੋ-ਮੱਛੀ ਹੋਣ ਲੱਗਦਾ। ਤੜਫਦਾ। ਜਿਵੇਂ ਡਾਕ-ਥੈਲਾ ਨਾ ਆਇਆ ਤਾਂ ਉਹਦੀ ਜਾਨ ਹੀ ਨਿਕਲ ਜਾਵੇਗੀ ।
ਡਾਕ-ਥੈਲਾ ਆ ਜਾਂਦਾ ਤਾਂ ਉਹਦੇ ਹੱਡਾਂ ਵਿਚ ਸ਼ਕਤੀ ਭਰਨ ਲੱਗਦੀ। ਉਹ ਡਾਕ-ਥੈਲੇ ਵਾਲੇ ਦੇ ਨਾਲ ਹੀ ਹੋ ਲੈਂਦਾ। ਪਿੰਡ ਦੀ ਡਾਕ-ਬਰਾਂਚ ਵਿਚ ਜਾ ਕੇ ਥੈਲਾ ਖੁਲ੍ਹਦਾ ਤਾਂ ਤਿੱਖੀ ਨਜ਼ਰ ਨਾਲ ਕਿਸੇ ਬਾਜ਼ ਵਾਂਗ ਉਹ ਚਿੱਠੀਆਂ ਦੇਖਦਾ। ਡਲਿਵਰੀ-ਏਜੰਟ ਇਕੱਲੀ-ਇਕੱਲੀ ਚਿੱਠੀ ਦਾ ਐਡਰੈਸ ਪੜ੍ਹਦਾ, ਨਸੀਬ ਝੁਕ ਕੇ ਖੜ੍ਹ ਜਾਂਦਾ ਅਤੇ ਹਰ ਐਡਰੈਸ ਉੱਤੇ ਅੱਖਾਂ ਪਾੜ-ਪਾੜ ਝਾਕਦਾ।
ਉਹਦੀ ਚਿੱਠੀ ਨਾ ਨਿੱਕਲਦੀ। ਉਹ ਇਕ ਮੂਕ ਹਉਕਾ ਲੈਂਦਾ। ਇਸ ਹਉਕੇ ਨਾਲ ਜਿਵੇਂ ਉਹਦਾ ਕਾਲਜਾ ਧੁਰ ਅੰਦਰ ਤੱਕ ਖੁਰਚਿਆ ਜਾਂਦਾ ਹੋਵੇ। ਉਹਨੂੰ ਲੱਗਦਾ ਜਿਵੇਂ ਇਸ ਹਉਂਕੇ ਨੇ ਉਹਦੀਆਂ ਨਾੜਾਂ ਦਾ ਖੂਨ ਸਾੜ ਦਿੱਤਾ ਹੋਵੇ । ਉਹਨੂੰ ਕੁਝ ਵੀ ਚੰਗਾ ਨਾ ਲੱਗਦਾ। ਇਕ ਦਬਵੀਂ ਜਿਹੀ ਚੀਖ ਉਹਦੇ ਮੱਥੇ ਦੀਆਂ ਨਾੜਾਂ ਨੂੰ ਉਭਾਰ ਕੇ ਨਿੱਕਲ ਤੁਰਦੀ। ਉਹਦੀਆਂ ਪੁੜਪੁੜੀਆਂ ਵਿਚ ਠੱਕ-ਠੱਕ ਹੁੰਦੀ। ਪੈਰ ਘੜੀਸਦਾ ਉਹ ਘਰ ਨਹੀਂ ਸੀ ਜਾਂਦਾ । ਉਹ ਬਾਬਾ ਟੇਕਦਾਸ ਦੇ ਡੇਰੇ ਵੱਲ ਤੁਰ ਪੈਂਦਾ। ਉੱਚੇ ਥੜ੍ਹੇ ਉੱਤੇ ਨਿੰਮ ਥੱਲੇ ਬੈਠ ਕੇ ਪੰਜਾਬੀ ਦਾ ਅਖ਼ਬਾਰ ਪੜ੍ਹਨ ਲੱਗਦਾ। ਬੁੱਢੇ ਨਿੰਮ ਦੀਆਂ ਜੜਾਂ ਵਿਚ ਏਧਰ-ਓਧਰ ਮਾਮ ਦਸਤੇ, ਕੂੰਡੇ-ਘੋਟਣੇ, ਖੇਤਾਂ ਵਿਚੋਂ ਲਿਆਂਦੀਆਂ ਜੜੀ-ਬੂਟੀਆਂ ਅਤੇ ਇਕ ਪਾਸੇ ਥੜ੍ਹੇ ਤੋਂ ਥੱਲੇ ਲੱਕੜਾਂ-ਪਾਥੀਆਂ ਦੇ ਢੇਰ ਕੋਲ ਕੁਸ਼ਤਾ ਮਾਰਨ ਲਈ ਧੂਣਾ ਹੁੰਦਾ, ਜੀਹਦੀ ਲਾਲ ਠੰਡੀ ਸੁਆਹ ਤਾਂਬੇ ਵਾਂਗ ਚਮਕਦੀ। ਇਸ ਨਿੰਮ ਥੱਲੇ ਦੋ-ਤਿੰਨ ਮੰਜੇ ਹਮੇਸ਼ਾ ਹੀ ਡਹੇ ਰਹਿੰਦੇ। ਪਿੰਡ ਦੇ ਜਾਂ ਬਾਹਰੋਂ ਆਏ ਲੋਕ ਇਹਨਾਂ ਮੰਜਿਆਂ ਉੱਤੇ ਆ ਕੇ ਬੈਠਦੇ। ਅਖ਼ਬਾਰ ਪੜ੍ਹਦੇ ਜਾਂ ਦੁਨੀਆਂ-ਭਰ ਦੀਆਂ ਗੱਲਾਂ ਕਰਦੇ । ਲੰਗਰ ਵਿਚੋਂ ਖੱਟੀ ਲੱਸੀ, ਚਾਹ ਅਤੇ ਰੋਟੀਆਂ ਦੇ ਭੰਡਾਰੇ ਵੀ ਵਰਤਦੇ ਰਹਿੰਦੇ। ਨਸੀਬ ਦੇ ਹੱਥ ਵਿਚ ਅਖ਼ਬਾਰ ਹੁੰਦਾ ਤਾਂ ਅਣਪੜ੍ਹ ਲੋਕ ਉਹਦੇ ਕੋਲ ਦੁਨੀਆਂ ਦੀ ਖ਼ਬਰ-ਸਾਰ ਪੁਛਦੈ। ਇਕ ਸਵਾਲ ਤਾਂ ਘੜਿਆ-ਘੜਾਇਆ ਹਮੇਸ਼ਾਂ ਹੀ ਉਠਦਾ, ‘ਹਾਂ ਬਈ, ਕੀ ਬੋਲਦੈ ਖ਼ਬਾਰ ?’
ਕਿਸੇ-ਕਿਸੇ ਬੰਦੇ ਨੂੰ ਨਸੀਬ ਪੰਜ-ਸੱਤ ਸੁਰਖੀਆਂ ਪੜ੍ਹ ਕੇ ਸੁਣਾ ਦਿੰਦਾ। ਕਿਸੇ ਨੂੰ ਕੋਈ ਇਕ-ਅੱਧੀ ਸੁਰਖੀ ਹੀ ਅਤੇ ਕਿਸੇ ਵਾਰੀਂ ਚੁੱਪ ਹੀ ਧਾਰ ਲੈਂਦਾ। ਐਨਾਂ ਹੀ ਬੋਲਦਾ, ‘ਹੈ ਨੀਂ ਅੱਜ ਤਾਂ ਕੋਈ ਖਾਸ ਖ਼ਬਰ ।
ਦੂਜੇ ਪਾਸੇ ਪੱਕੇ ਵਰਾਂਢੇ ਵਿਚ ਅਨੇਕ ਲੋਕ ਸੀਮਿੰਟ ਦੇ ਬੈਂਚਾਂ ਅਤੇ ਤਖਤਪੋਸ਼ ਉੱਤੇ ਬੈਠੇ ਹੁੰਦੇ । ਕੁਝ ਲੋਕ ਵਰਾਂਢੇ ਸਾਹਮਣੇ ਨਿੰਮ ਥੱਲੇ ਰੱਖੇ ਪੁਰਾਣੇ ਤਖਤਪੋਸ਼ ਉੱਤੇ ਬੈਠਦੇ। ਡੇਰੇ ਦੇ ਮਹੰਤ ਵਰਾਂਢੇ ਵਿਚ ਬੈਠ ਕੇ ਦਵਾਈਆਂ ਦਿੰਦੇ। ਦਵਾਈਆਂ ਦੇਣ ਦੇ ਨਾਲ-ਨਾਲ ਰਾਜਨੀਤੀ, ਧਰਮ, ਸਭਿਆਚਾਰ ਅਤੇ ਸਾਹਿਤ ਸੰਬੰਧੀ ਵਖਿਆਨ ਵੀ ਚਲਦੇ ਰਹਿੰਦੇ । ਮਰੀਜ਼ਾਂ ਵਿਚੋਂ ਹੀ ਕੋਈ ਇਕ ਜਣਾ ਨਿੱਕਾ ਜਿਹਾ ਸਵਾਲ ਹਵਾ ਵਿਚ ਉਛਾਲ ਦਿੰਦਾ ਤਾਂ ਬਾਬੇ ਅੱਧਾ-ਅੱਧਾ ਘੰਟਾ ਓਸੇ ਨੂੰ ਲੈਕੇ ਬੋਲੀਂ ਜਾਂਦੇ। ਸਾਹਮਣੇ ਵੱਡਾ ਮੇਜ਼, ਮੇਜ਼ ਉੱਤੇ ਅਨੇਕਾਂ ਪ੍ਰਕਾਰ ਦੀਆਂ ਸ਼ੀਸ਼ੀਆਂ, ਖੱਬੇ ਹੱਥ ਦਵਾਈਆਂ ਦੀ ਅਲਮਾਰੀ, ਕੁਰਸੀ ਉੱਤੇ ਬੈਠੇ ਬਾਬਾ ਜੀ ਪੱਥਰ ਦੀ ਕਾਲੀ ਕੂੰਡੀ ਵਿਚ ਕੁਝ ਨਾ ਕੁਝ ਰਗੜ ਰਹੇ ਹੁੰਦੇ। ਇਹ ਕੂੰਡੀ ਹੀ ਇਕ ਤਰ੍ਹਾਂ ਨਾਲ ਅਕਸੀਰਾਂ ਦੀ ਖਾਣ ਸੀ। ਇਸ ਕੂੰਡੀ ਵਿਚ ਰਗੜੀ ਮਿੱਟੀ ਵੀ ਸੰਜੀਵਨੀ ਬਣ ਉੱਠਦੀ। ਬਾਬਿਆਂ ਦੇ ਹੱਥ-ਜਸ ਸੀ, ਨਹੀਂ ਤਾਂ ਦਵਾਈਆਂ ਓਹੀ ਸਨ ਜੋ ਕੁਲ ਦੁਨੀਆਂ ਦੇ ਵੈਦ-ਹਕੀਮ ਵਰਤਦੇ ਸਨ।ਦੂਰ-ਦੂਰ ਦੇ ਪਿੰਡਾਂ ਤੋਂ ਚੱਲ ਕੇ ਲੋਕ ਏਥੇ ਆਉਂਦੇ। ਧਾਗੇ- ਤਵੀਤਾਂ ਅਤੇ ਹਥੋਲਿਆਂ ਦੀ ਦੁਨੀਆਂ ਤੋਂ ਪਰ੍ਹੇ ਜਾ ਕੇ ਉਹ ਮਰੀਜ਼ਾਂ ਨਾਲ ਸਰੀਰ-ਵਿਗਿਆਨ ਦੀ ਦ੍ਰਿਸ਼ਟੀ ਤੋਂ ਗੱਲ ਕਰਦੇ।
ਬਾਬਿਆਂ ਦਾ ਨਿੱਗਰ ਭਰਵਾਂ ਸਰੀਰ, ਬਦਾਮੀ ਰੰਗ ਦਾ ਦਰਸ਼ਨੀ ਚੇਹਰਾ ਅਤੇ ਖੁੱਲ੍ਹੀ ਭੂਰੀ ਦਾੜ੍ਹੀ ਸੀ। ਉਹ ਤੇੜ ਚਾਦਰ ਅਤੇ ਗਲ ਖੁੱਲ੍ਹਾ ਬੰਗਾਲੀ ਕਮੀਜ਼ ਪਹਿਨਦੇ। ਸਿਰ ਉੱਤੇ ਪੂਣੀ ਕਰਕੇ ਬੰਨ੍ਹੀ ਪੱਗ। ਤਿੰਨਾਂ ਬਸਤਰਾਂ ਦਾ ਰੰਗ ਵੀ ਬਾਦਾਮੀ-ਭਗਵਾਂ । ਹਿੰਦੀ ਅਤੇ ਪੰਜਾਬੀ ਦਾ ਸਾਹਿਤ ਉਹਨਾਂ ਦਾ ਕਾਫੀ ਪੜ੍ਹਿਆ ਹੋਇਆ ਸੀ, ਜ਼ਬਾਨ ਉੱਤੇ ਨਿੱਤ-ਵਰਤੋਂ ਦੇ ਅੰਗਰੇਜ਼ੀ ਸ਼ਬਦ ਵੀ ਰਹਿੰਦੇ। ਮਰੀਜ਼ਾਂ ਤੋਂ ਛੁੱਟ ਉਹਨਾਂ ਕੋਲ ਹੋਰ ਲੋਕ ਵੀ ਆਉਂਦੇ । ਕਾਂਗਰਸੀ, ਅਕਾਲੀ ਅਤੇ ਕਮਿਊਨਿਸਟ ਵਿਚਾਰਾਂ ਦੇ ਲੋਕ । ਵੈਦ, ਅਧਿਆਪਕ, ਸਾਹਿਤ-ਸਭੀਏ, ਰਮਤੇ ਫ਼ਕੀਰ, ਮਾਨਸਿਕ ਦੁੱਖਾਂ ਦੇ ਭੰਨੇ ਜਾਂ ਫੇਰ ਰੋਟੀ-ਚਾਹ ਨੂੰ ਗੇੜਾ ਦੇਣ ਵਾਲੇ ਹੀ। ਬਾਬੇ ਸਵੇਰੇ ਦਿਨ ਚੜ੍ਹਦੇ ਤੋਂ ਦੁਪਹਿਰ ਤੱਕ ਅਤੇ ਓਧਰੋਂ ਪਿਛਲੇ ਪਹਿਰ ਤੋਂ ਆਥਣ ਹੋਣ ਤੱਕ ਦਵਾਈਆਂ ਦਿੰਦੇ । ਓਥੇ ਬੈਠੇ ਹੀ ਸਭ ਨੂੰ ਮਿਲਦੇ। ਦੁੱਖ-ਸੁੱਖ ਪੁੱਛਦੇ, ਆਉਣ ਵਾਲੇ ਦੀ ਭਾਵਨਾ ਸਮਝਦੇ ਅਤੇ ਉਹਦਾ ਕਸ਼ਟ-ਨਿਵਾਰਨ ਕਰਦੇ। ਚੰਦਾ ਲੈਣ ਵਾਲੇ ਚੰਦਾ ਲੈ ਜਾਂਦੇ । ਸਿਆਸੀ ਪਾਰਟੀਆਂ, ਧਾਰਮਿਕ ਸੰਗਠਨ, ਵਿਦਿਅਕ ਸੰਸਥਾਵਾਂ, ਸਮਾਜਕ ਜਥੇਬੰਦੀਆਂ ਅਤੇ ਇਲਾਕੇ ਦੀਆਂ ਸਾਹਿਤ-ਸਭਾਵਾਂ ਕਦੇ ਵੀ ਆ ਕੇ ਬਾਬਿਆਂ ਦਾ ਦਰ ਮੱਲ ਲੈਂਦੀਆਂ ਸਨ । ਉਹ ਦਿਲ ਖੋਲ੍ਹ ਕੇ ਅਗਲਿਆਂ ਦੀ ਇੱਛਾ-ਪੂਰਤੀ ਕਰਦੇ। ਡੇਰੇ ਦੀ ਪੌਣੇ ਤਿੰਨ ਸੌ ਵਿੱਘੇ ਜ਼ਮੀਨ ਸੀ । ਦਵਾਈ-ਬੂਟੀ ਕਰਨ ਵਿਚੋਂ ਉਹਨਾਂ ਨੂੰ ਬਥੇਰਾ ਪੈਸਾ ਆਉਂਦਾ। ਸਾਰੇ ਦਾ ਸਾਰਾ ਪੁੰਨ-ਲੇਖੇ ਲੱਗ ਜਾਂਦਾ। ਬਾਬੇ ਨਿਸ਼ਕਾਮ ਬਿਰਤੀ ਦੇ ਇਨਸਾਨ ਸਨ। ਦੁਨੀਆਂ ਨੂੰ ਸਮਝਦੇ-ਵਿਚਾਰਦੇ, ਦੁਨੀਆਂ ਵਿਚ ਰਹਿੰਦੇ। ਪਿੰਡ ਵਿਚ ਜਾਂ ਇਲਾਕੇ ਵਿਚ ਕਿਧਰੇ ਵੀ ਕਿਸੇ ਦੇ ਘਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪੈਂਦਾ, ਸਪਤਾਹ ਹੁੰਦਾ, ਉਹਨਾਂ ਨੂੰ ਬੁਲਾਇਆ ਗਿਆ ਹੁੰਦਾ ਤਾਂ ਉਹ ਹਰ ਹਾਲਤ ਵਿਚ ਆਪਣਾ ਸਕੂਟਰ ਲੈ ਕੇ ਪਹੁੰਚਦੇ । ਧਾਰਮਿਕ ਸੰਸਥਾਵਾਂ ਦੇ ਸਮਾਗਮਾਂ ਵਿਚ ਸ਼ਾਮਲ ਹੁੰਦੇ। ਸਾਹਿਤਕ ਇਕੱਠਾਂ ਵਿਚ ਜਾ ਕੇ ਆਉਂਦੇ-ਕਦੇ ਕਦੇ ਕਵਿਤਾ ਵੀ ਪੜ੍ਹਦੇ।
ਨਿੰਮ ਥੱਲੇ ਮੰਜੇ ਉੱਤੇ ਬੈਠਾ ਨਸੀਬ ਅਖ਼ਬਾਰ ਪੜ੍ਹ ਰਿਹਾ ਹੁੰਦਾ ਜਾਂ ਉਂਜ ਹੀ ਨੀਵੀਂ ਪਾਈ ਬੈਠਾ ਹੁੰਦਾ, ਜਦੋਂ ਹੀ ਉਹ ਬਾਬਿਆਂ ਨੂੰ ਦੇਖਦਾ, ਖੜ੍ਹਾ ਹੋ ਕੇ ‘ਮਾਹਰਾਜ’ ਆਖਦਾ । ਬਾਬਿਆਂ ਨੂੰ ਉਹ ਚੰਗਾ-ਚੰਗਾ ਲੱਗਦਾ। ਉਹ ਉਹਦਾ ਹਾਲ-ਚਾਲ ਪੁੱਛਦੇ ਅਤੇ ਇਕ ਸਵਾਲ ਹਮੇਸ਼ਾਂ ਹੀ ਕਰਦੇ, ‘ਕਦੋਂ ਆ ਰਹਿਐ ਰਿਜ਼ਲਟ ਬਈ ਤੇਰਾ ਜੁਆਨ ?’
‘ਦੇਖੋ ਜੀ… ’ ਉਹ ਕਹਿੰਦਾ ਅਤੇ ਫਿਰ ਚੁੱਪ ਕੀਤਾ ਹੀ ਮੰਜੇ ਉੱਤੇ ਬੈਠ ਜਾਂਦਾ। ਬਾਬੇ ਉਹਦੀ ਪਿੱਠ ਥਾਪੜਦੇ। ਉਹਨੂੰ ਗੱਲਾਂ ਪੁੱਛਣ ਲੱਗਦੇ। ਨਸੀਬ ਧੀਮਾ-ਧੀਮਾ ਬੋਲਦਾ ਅਤੇ ਬਹੁਤ ਥੋੜ੍ਹੇ ਸ਼ਬਦਾਂ ਵਿਚ ਜਵਾਬ ਦਿੰਦਾ । ਬਾਬਿਆਂ ਨੂੰ ਉਹਦੀ ਸਾਰੀ ਗੱਲ ਸਮਝ ਆਉਂਦੀ।
‘ਬਈ ਤੂੰ ਤਾਂ, ਜੁਆਨ, ਕਮਾਲ ਐਂ। ਬੜਾ ਖਲਾਸਾ ਕਰਕੇ ਗੱਲ ਕਹਿਨੇਂ। ਕਈ ਮਾਰਕਸਵਾਦੀ ਦੇਖੇ ਐ, ਉਹਨਾਂ ਦਾ ਤਾਂ ਅੱਧ ਵੀ ਪੱਲੇ ਨ੍ਹੀਂ ਪੈਂਦਾ। ਸ਼ਬਦਾਂ ਵਿਚ ਉਲਝ ਕੇ ਈ ਰਹਿ ਜਾਂਦੇ ਐ।’ ਬਾਬੇ ਉਹਦੀ ਤਾਰੀਫ਼ ਕਰਦੇ।
ਪਿਛਲੇ ਸਾਲ ਮਈ-ਜੂਨ ਵਿਚ ਬੱਦਰੀ ਨਾਰਾਇਣ ਕੋਠੇ ਖੜਕ ਸਿੰਘ ਆਇਆ ਸੀ। ਦੋ- ਤਿੰਨ ਦਿਲ ਠਹਿਰਿਆ। ਨਸੀਬ ਦੀ ਤੇਜ਼ ਬੁੱਧੀ ਦੇਖ ਕੇ ਉਹਦੇ ਨਾਲ ਕਈ ਕਈ ਘੰਟੇ ਗੱਲਾਂ ਕੀਤੀਆਂ ਅਤੇ ਜਾਂਦਾ ਹੋਇਆ ਉਹਨੂੰ ਦੋ ਖਸਤਾ-ਹਾਲ ਕਿਤਾਬਾਂ ਦੇ ਗਿਆ।ਉਹਨਾਂ ਦਿਨਾਂ ਵਿਚ ਹੀ ਨਸੀਬ ਸੰਘੇੜੇ ਆਇਆ ਸੀ । ਕੁਝ ਦਿਨ ਇਥੇ ਰਿਹਾ ਸੀ। ਮਾਂ ਕੋਲ ਬੈਠਕ ਵਿਚ ਪਿਆ ਰਹਿੰਦਾ ਜਾਂ ਬਾਬਾ ਟੇਕਦਾਸ ਦੇ ਡੇਰੇ । ਇਹ ਕਿਤਾਬਾਂ ਉਹਨੇ ਘੋਖ-ਘੋਖ ਪੜ੍ਹੀਆਂ ਸਨ। ਉਹਨੂੰ ਇਹ ਕਿਤਾਬਾਂ ਹੁਣ ਵੀ ਦਿਲਚਸਪ ਲੱਗਦੀਆਂ। ਟੇਕਦਾਸ ਦੇ ਡੇਰੇ ਆਉਂਦਾ ਉਹ ਇਕ ਕਿਤਾਬ ਹੱਥ ਵਿਚ ਫੜ ਲਿਆਉਂਦਾ।
ਕਿਸੇ ਤੋਂ ਨਸੀਬ ਨੇ ਸੁਣਿਆ ਕਿ ਕੱਲ੍ਹ ਐਤਵਾਰ ਨੂੰ ਇਕ ਵਜੇ ਬਰਨਾਲੇ ਲੇਖਕ ਸਭਾ ਦੀ ਕੋਈ ਸਾਹਿਤਕ ਗੋਸ਼ਟੀ ਹੈ । ਇਲਾਕੇ ਦੇ ਲੇਖਕਾਂ ਤੋਂ ਬਿਨਾਂ ਬਾਹਰੋਂ ਵੀ ਕੁਝ ਇਕ ਨਾਮਵਰ ਲੇਖਕ ਆਉਣਗੇ। ਨਾਵਲ ਸੰਬੰਧੀ ਕੋਈ ਪੇਪਰ ਪੜ੍ਹਿਆ ਜਾਣਾ ਹੈ। ਐਤਵਾਰ ਨੂੰ ਉਹ ਬਾਰਾਂ ਵਜੇ ਹੀ ਬਰਨਾਲੇ ਪਹੁੰਚ ਗਿਆ।
12
ਨਸੀਬ ਨੂੰ ਸਾਥੀ-ਆਲੋਚਕ ਦੀਆਂ ਗੱਲਾਂ ਚੰਗੀਆਂ ਲੱਗੀਆਂ। ਆਪਣੇ ਪੇਪਰ ਵਿਚ ਉਹਨੇ ਰਸੂਲ ਹਮਜ਼ਾਤੋਵ ਦੀ ਪੁਸਤਕ ‘ਮੇਰਾ ਦਾਗਿਸਤਾਨ’ ਦਾ ਕਈ ਵਾਰ ਜ਼ਿਕਰ ਕੀਤਾ ਸੀ। ਰੂਸੀ ਨਾਵਲਾਂ ਦੀਆਂ ਉਦਾਹਰਨਾਂ ਦੇਣ ਵੇਲੇ ਉਹਨੇ ਬਹੁਤ ਚੰਗੇ ਸ਼ਬਦਾਂ ਵਿਚ ‘ਅਸਲੀ ਇਨਸਾਨ ਦੀ ਕਹਾਣੀ’ ਦਾ ਨਾਂ ਲਿਆ। ਇਸ ਨਾਂ ਦੇ ਨਾਵਲ ਬਾਰੇ ਪਹਿਲਾਂ ਵੀ ਨਸੀਬ ਨੇ ਸੁਣਿਆ ਹੋਇਆ ती।
ਸਾਥੀ ਆਲੋਚਕ ਸਭ ਨਾਲ ਹੱਥ ਮਿਲਾ ਰਿਹਾ ਸੀ। ਲੱਗਦਾ ਸੀ, ਜਾ ਰਿਹਾ ਹੈ। ਨਸੀਬ ਨੇ ਵੀ ਉਹਦੇ ਨਾਲ ਹੱਥ ਮਿਲਾਇਆ ਅਤੇ ਪੁੱਛਿਆ ਕਿ, ‘ਅਸਲੀ ਇਨਸਾਨ ਦੀ ਕਹਾਣੀ’ ਨਾਵਲ ਜੀਹਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਕਿੱਥੋਂ ਮਿਲ ਸਕਦਾ ਹੈ।
ਸਾਥੀ ਆਲੋਚਕ ਕਹਿੰਦਾ, ‘ਬਈ ਵਾਹ, ਇਹ ਤਾਂ ਆਮ ਮਿਲ ਜਾਂਦੈ, ਜਿੱਥੋਂ ਮਰਜ਼ੀ ਲੈ * ਲੈ। ਮਾਸਕੋ ਆਲਿਆਂ ਨੇ ਛਾਪਿਐ। ਚਾਰ-ਪੰਜ ਰੁਪਏ ਮੁੱਲ ਐ, ਸਾਰਾ ਈ। ਐਥੋਂ ਬੱਸ-ਸਟੈਂਡ ਦੀ ਬੁੱਕ-ਸਟਾਲ ਤੋਂ ਪਤਾ ਕਰ ਲੈ।’
ਨਸੀਬ ਸਾਥੀ ਆਲੋਚਕ ਦੇ ਨਾਲ ਤੁਰ ਪਿਆ। ਹੰਢਿਆਇਆ ਬਾਜ਼ਾਰ ਤੋਂ ਉਹ ਗਲੀਆਂ ਵਿਚ ਦੀ ਬੱਸ-ਸਟੈਂਡ ਨੂੰ ਜਾ ਰਹੇ ਸਨ । ਸਾਥੀ ਆਲੋਚਕ ਨੇ ਪਹਿਲਾਂ ਤਾਂ ਨਸੀਬ ਦਾ ਜਾਇਜ਼ਾ ਲਿਆ ਕਿ ਉਹਨੇ ਪਹਿਲਾਂ ਕੀ ਕੁਝ ਪੜ੍ਹਿਆ ਹੋਇਆ ਹੈ। ਉਹਦੀ ਕਿੰਨੀ ਕੁ ਸਮਝ ਹੈ। ਇਕ-ਦੋ ਸਵਾਲ ਪੁੱਛੇ ਅਤੇ ਫਿਰ ਉਹਨੂੰ ‘ਅਸਲੀ ਇਨਸਾਨ ਦੀ ਕਹਾਣੀ’ ਬਾਰੇ ਹੋਰ ਦੱਸਣ ਲੱਗਿਆ।
‘ਤੇ ਉਹ ਦੂਜੀ ਕਿਤਾਬ ‘ਮੇਰਾ ਦਾਗਿਸਤਾਨ’ ਵੀ ਐਥੋਂ ਈ ਮਿਲ ਜੂ ? ਉਹ ਕਿੰਨੀ ਕੁ ਮਹਿੰਗੀ ਐ ?’ ਨਸੀਬ ਨੇ ਪੁੱਛਿਆ।
‘ਮਹਿੰਗੀ ਕਿਹੜੀ ਐ, ਉਹ ਵੀ ਮਾਸਕੋ ਦੀ ਪ੍ਰਕਾਸ਼ਨ ਐ। ਚਾਰ-ਪੰਜ ਦੀ ਉਹ ਹੋਊ। ਉਹ ਵੀ ਲੈ ਲੈ । ਉਹ ਵੀ ਪੜ੍ਹਨ ਆਲੀ ਚੀਜ਼ ਐ।’
‘ਉਹ ਵੀ ਨਾਵਲ ਐ?’
ਸਾਥੀ ਆਲੋਚਕ ਮੁਸਕਰਾਇਆ। ਕਹਿੰਦਾ, ‘ਇਹ ਵਧੀਆ ਗੱਲ ਪੁੱਛੀ ਤੋਂ। ‘ਮੇਰਾ ਦਾਗਿਸਤਾਨ’ ਇਕ ਅਜਿਹੀ ਕਿਤਾਬ ਐ, ਜੀਹਨੂੰ ਤੁਸੀਂ ਨਾਵਲ ਆਖ ਲਓ ਤਾਂ ਵੀ ਠੀਕ ਐ, ਕਹਾਣੀ-ਸੰਗ੍ਰਹਿ ਕਹੋਂ, ਤਾਂ ਵੀ ਠੀਕ ਐ; ਉਹ ਕਵਿਤਾਵਾਂ ਦਾ ਸੰਗ੍ਰਹਿ ਵੀ ਐ। ਉਹਦੀ ਤਾਂ ਇਕ- ਇਕ ਲਾਈਨ ਜਿਵੇਂ ਕਵਿਤਾ ਹੋਵੇ। ਲੇਖਾਂ ਦਾ ਸੰਗ੍ਰਹਿ ਤਾਂ ਉਹ ਹੈ ਈ। ਲੇਖਕ ਦੀ ਸ਼ੈਲੀ ਵਿਚ ਨਾਟਕੀਅਤਾ ਵੀ ਪੂਰੀ ਐ। ਅਜੀਬ ਕਿਸਮ ਦੀ ਕਿਤਾਬ ਐ, ‘ਮੇਰਾ ਦਾਗਿਸਤਾਨ’। ਅਜਿਹੀ ਕਿਤਾਬ ਨਾ ਤਾਂ ਸੰਸਾਰ ਵਿਚ ਪਹਿਲਾਂ ਕਿਸੇ ਨੇ ਲਿਖੀ ਸੀ, ਨਾ ਕੋਈ ਸ਼ਾਇਦ ਲਿਖ ਸਕੇਗਾ । ਖਾਸ ਕਰਕੇ ਲੇਖਕ ਲੋਕਾਂ ਲਈ ਤਾਂ ਉਹ ਬਾਈਬਲ ਐ। ਧਰਮ-ਪੁਸਤਕ ਵਰਗੀ ਇਕ ਸਾਹਿੱਤਕ-ਰਚਨਾ। ਜਿੱਥੋਂ ਮਰਜ਼ੀ ਖੋਲ੍ਹ ਕੇ ਪੜ੍ਹਨ ਲੱਗ ਪਓ, ਜਿਵੇਂ ਓਥੋਂ ਈ ਸ਼ੁਰੂ ਹੋ ਜਾਂਦੀ ਹੋਵੇ, ਜਿੱਥੋਂ ਵੀ ਪੜ੍ਹੋ, ਚੰਗੀ ਚੰਗੀ ਲੱਗਦੀ ਐ। ਜੀਵਨ ਦੇ ਸਾਰੇ ਤੱਤ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਰਸੂਲ ਹਮਜ਼ਾਤੋਵ ਨੇ ਇਸ ਪੁਸਤਕ ਵਿਚ ਭਰ ਦਿੱਤੇ ਐ।’
‘ਫੇਰ ਤਾਂ ਕਮਾਲ ਐ ਜੀ ਇਹ ਕਿਤਾਬ।’
‘ਹਾਂ, ਲੇਖਕਾਂ ਦੇ ਇੱਕਠ ‘ਚ ਤੁਸੀਂ ਕਿਤੇ ਵੀ ਚਲੇ ਜਾਓ, ਲੋਕ ਰਸੂਲ ਹਮਜ਼ਾਤੋਵ ਦੀਆਂ ਗੱਲਾਂ ਕਰਨਗੇ।’
ਬੱਸ ਸਟੈਂਡ ਆ ਗਿਆ। ਸਾਥੀ ਆਲੋਚਕ ਪਹਿਲਾਂ ਉਹਨੂੰ ਬੁੱਕ-ਸਟਾਲ ਉੱਤੇ ਲੈ ਕੇ ਗਿਆ। ਦੋਵੇਂ ਕਿਤਾਬਾਂ ਪੁੱਛੀਆਂ। ਹੈਗੀਆਂ ਸਨ। ਗਿਆਰਾਂ ਰੁਪਏ ਮੁੱਲ ਸੀ ਦੋਵਾਂ ਦਾ । ਪਰ ਨਸੀਬ ਦੀ ਜੇਬ ਵਿਚ ਤਾਂ ਸਿਰਫ ਅੱਠ ਰੁਪਏ ਸਨ।ਤਿੰਨ ਰੁਪਏ ਸਾਥੀ ਆਲੋਚਕ ਨੇ ਆਪਣੇ ਕੋਲੋਂ ਦੇ ਦਿੱਤੇ। ਨਸੀਬ ਸੰਕੋਚ ਮੰਨ ਰਿਹਾ ਸੀ । ਸਾਥੀ ਕਹਿੰਦਾ, ‘ਬਈ ਤੂੰ ਇਹ ਕਿਤਾਬਾਂ ਪੜ੍ਹਨ ਨੂੰ ਦਿਲ ਕੱਢਿਐ, ਤਾਂ ਪੜ੍ਹ ਫੇਰ। ਪੈਸਿਆਂ ਦੀ ਕਿਹੜੀ ਗੱਲ ਐ। ਫੇਰ ਕੀ ਪਤਾ, ਕਿਤਾਬ ਮਿਲੇ ਨਾ ਮਿਲੇ।’
ਨਸੀਬ ਸਾਈਕਲ ਲੈ ਕੇ ਆਇਆ ਸੀ। ਸੰਘੇੜੇ ਪਹੁੰਚਿਆ, ਤਾਂ ਦਿਨ ਛਿਪਣ ਵਾਲਾ ਸੀ। ਵਾਯੂਮੰਡਲ ਵਿਚ ਕਣਕ ਦੀ ਤੂੜੀ ਦੀ ਗਰਦ ਸੀ । ਏਧਰੋਂ-ਓਧਰੋਂ ਡਰੰਮੀਆਂ ਚੱਲਣ ਦੀ ਆਵਾਜ਼ ਆ ਰਹੀ ਸੀ। ਥਰੈਸ਼ਰਾਂ ਉੱਤੇ ਕੰਮ ਕਰਦੇ ਲੋਕਾਂ ਨੂੰ ਕੰਨ-ਪਾਈ ਆਵਾਜ਼ ਮਸਾਂ ਸੁਣਦੀ ਹੋਵੇਗੀ। ਘਰ ਪਹੁੰਚ ਕੇ ਨਸੀਬ ਨੇ ਪਾਣੀ ਦੀ ਟੂਟੀ ਛੱਡ ਲਈ ਅਤੇ ਕਪੜੇ ਲਾਹ ਕੇ ਨਾਉਣ ਬੈਠ ਗਿਆ। ਦੋਵੇਂ ਕਿਤਾਬਾਂ ਦਾ ਚਾਅ ਉਹਦੇ ਲੂੰ-ਲੂੰ ਵਿਚ ਫੁਰਤੀ ਲੈ ਆਇਆ ਸੀ। ਉਹਨੂੰ ਪੁਸ਼ਪਿੰਦਰ ਦਾ ਖਿਆਲ ਵਿਸਰਦਾ ਜਾਪਿਆ। ਉਹਨੇ ਬੈਠਕ ਸਾਹਮਣੇ ਵਿਹੜੇ ਵਿਚ ਮੰਜਾ ਡਾਹ ਲਿਆ। ਬਿਸਤਰਾ ਸਰ੍ਹਾਣੇ ਰੱਖ ਲਿਆ । ਤੇ ਝੱਟ ਬਾਅਦ ਕਿਤਾਬ ਦਾ ਪਹਿਲਾ ਭਾਗ ਸ਼ੁਰੂ ਕਰ ਲਿਆ। ‘ਸਿਤਾਰੇ ਅਜ ਵੀ ਝਿਲਮਿਲਾ ਰਹੇ ਸਨ-ਤੇਜ਼ ਤੇ ਸ਼ੀਤਲ, ਪਰ ਪੂਰਬ ਵਿਚ ਲੋਅ ਲੱਗਣੀ ਸ਼ੁਰੂ ਹੋ ਚੁੱਕੀ ਸੀ।’ ਪੜ੍ਹਦਾ ਗਿਆ, ਪੜ੍ਹਦਾ ਗਿਆ, ਸਾਹ ਰੋਕ-ਰੋਕ, ਜਿਵੇਂ ਇਕੋ ਘੁੱਟ ਵਿਚ ਹੀ ਸਾਰੀ ਦੀ ਸਾਰੀ ਕਿਤਾਬ ਪੀ ਜਾਣੀ ਹੋਵੇ। ਛੇਵਾਂ ਕਾਂਡ ਖ਼ਤਮ ਕੀਤਾ ਤਾਂ ਅੱਖਰ ਧੁੰਦਲੇ-ਧੁੰਦਲੇ ਦਿਸਣ ਲੱਗੇ। ਕਿਤਾਬ ਅੱਖਾਂ ਦੇ ਬਹੁਤ ਨਜ਼ਦੀਕ ਲਿਆ ਕੇ ਪੜ੍ਹਨ ਨਾਲ ਵੀ ਅੱਖਰ ਨਹੀਂ ਬੋਲਦੇ ਸਨ। ਅਖੀਰ ਮਾਂ ਹੀ ਬੋਲੀ, ‘ਵੇ ਭਾਈ, ਕਿਉਂ ਦੀਦੇ ਗਾਲੇ ਐ? ਬੱਤੀ ਜਗਾ ਲੈ, ਨਹੀਂ ਸਰਦਾ ਜੇ ।’
‘ਦੱਬੀਂ ਮਾਂ, ਬਟਨ।’ ਉਹਨੇ ਕਾਹਲ ਨਾਲ ਆਖਿਆ। ਮਾਂ ਨੇ ਬੈਠਕ ਵਿਚ ਜਾ ਕੇ ਸਵਿੱਚ ਦੱਬੀ। ਵਿਹੜੇ ਦੇ ਬੱਲਬ ਦੀ ਰੋਸ਼ਨੀ ਚਿੱਟੀ ਚਾਦਰ ਵਾਂਗ ਧਰਤੀ ਉੱਤੇ ਵਿਛ ਗਈ। ਨਸੀਬ ਨੇ ਫੇਰ ਕਿਤਾਬ ਵਿਚ ਅੱਖਾਂ ਗੱਡ ਲਈਆਂ। ਮਾਂ ਨੇ ਥਾਲੀ ਵਿਚ ਰੋਟੀ ਪਾ ਕੇ ਲਿਆਂਦੀ ਤਾਂ ਉਹਨੇ ਬਿਸਤਰੇ ਉੱਤੇ ਕਿਤਾਬ ਮੂਧੀ ਮਾਰ ਦਿੱਤੀ। ਡੋ ਡੰਗਾਂ ਦੇ ਭੁੱਖੇ ਵਾਂਗ ਰੋਟੀ ਦੀਆਂ ਬੁਰਕੀਆਂ ਨਿਗਲਣ ਲੱਗਿਆ। ਚੁੱਪ-ਚੁੱਪ ਕਰਕੇ । ਪਾਣੀ ਪੀਣ ਲੱਗਿਆ ਤਾਂ ਹੱਥ ਆ ਗਿਆ। ਚੌਂਤਰੇ ਉੱਤੋਂ ਮਾਂ ਬੋਲ ਉੱਠੀ, ‘ਵੇ ਹੌਲੀ ਝੁਲਸ ਨਿੱਜਸਾ, ਕੋਈ ਮਗਰ ਤਾਂ ਨ੍ਹੀਂ ਪਿਆ ਹੋਇਆ। ਤੜਕੇ ਕਿਹੜਾ ਦਿਨ ਨ੍ਹੀਂ ਚੜ੍ਹਨਾ, ਇਹ ਕੱਲ੍ਹ ਨੂੰ ਪੜ੍ਹ ਲੀਂ, ਮਾਂ ਆਵਦੀ ਨੂੰ। ਪਹਾੜ ਜੇਡ ਦਿਨ ਪਿਆ ਹੁੰਦੈ ਸਾਰਾ।’
ਉਹ ਹੱਸਣ ਲੱਗ ਪਿਆ। ਚੰਗੀ ਤਰ੍ਹਾਂ ਖੰਘ ਕੇ ਪਾਣੀ ਦੀਆਂ ਦੋ ਘੁੱਟਾਂ ਹੋਰ ਭਰੀਆਂ। ਫੇਰ ਹੌਲੀ-ਹੌਲੀ ਰੋਟੀ ਖਾਣ ਲੱਗਿਆ। ਰੋਟੀ ਖਾ ਕੇ ਥਾਲੀ-ਗਲਾਸ ਮਾਂ ਕੋਲ ਧਰ ਆਇਆ । ਟੂਟੀ ਉੱਤੇ ਆ ਕੇ ਹੱਥ ਧੋਤੇ, ਮੂੰਹ ਸਾਫ਼ ਕੀਤਾ ਅਤੇ ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰ ਲਏ । ਬਿਸਤਰਾ ਵਿਛਾ ਲਿਆ । ਕੰਧੋਲੀ ਤੋਂ ਕਿਤਾਬ ਚੁੱਕ ਕੇ ਮਾਂ ਨੂੰ ਆਖਿਆ, ‘ਭਾਂਡਾ-ਟੀਂਡਾ ਸਾਂਭ ਕੇ ਪੈਣ ਲੱਗੀ ਇਕ ਚਾਹ ਦਾ ਗਲਾਸ ਬਣਾ ਦੀ ਮਾਂ । ਅੱਜ ਖਾਸੀ ਰਾਤ ਤੱਕ ਪੜ੍ਹਨੈਂ ਮੈਂ ।’
‘ਕੋਈ ਨ੍ਹੀਂ, ਚੰਗਾ ਭਾਈ।’
ਬੱਲਬ ਵੱਲ ਉਹਦਾ ਸਰ੍ਹਾਣਾ ਸੀ । ਬਿਜਲੀ ਦਾ ਚਾਨਣ ਐਨਾ ਤਿੱਖਾ ਨਹੀਂ ਸੀ। ਕਿਤਾਬ ਦੀ ਛਪਾਈ ਮੋਤੀਆਂ ਵਰਗੀ ਸੀ। ਅੱਖਰ ਪੜ੍ਹੇ ਜਾਂਦੇ ਸਨ । ਖਾਸੀ ਤੇਜ਼ੀ ਨਾਲ। ਨਸੀਬ ਨੇ ਸੱਤਵਾਂ ਕਾਂਡ ਸ਼ੁਰੂ ਕੀਤਾ। ਕੋਈ ਨੌਂ ਵਜੇ ਮਾਂ ਨੇ ਚਾਹ ਦਾ ਗਲਾਸ ਉਹਦੇ ਹੱਥ ਫੜਾਇਆ । ਉਹ ਕਾਫੀ ਪੰਧ ਮੁਕਾ ਬੈਠਾ ਸੀ। ਉਹਨੂੰ ਕੋਈ ਸੁਰਤ ਨਹੀਂ ਰਹੀ ਸੀ ਕਿ ਉਹਦੇ ਤਿੰਨੇ ਭਰਾਵਾਂ ਵਿਚੋਂ ਕੌਣ ਕਦੋਂ ਘਰ ਆਇਆ ਹੈ। ਉਹਦੇ ਮੰਜੇ ਕੋਲ ਕਿਹੜੇ-ਕਿਹੜੇ ਜਵਾਕ ਆਏ ਸਨ ਅਤੇ ਕੀ- ਕੀ ਆਖ ਕੇ ਭੱਜ ਗਏ ਸਨ। ਉਹਦੀਆਂ ਭਰਜਾਈਆਂ ਜਵਾਕਾਂ ਨੂੰ ਕੀ-ਕੀ ਝਿੜਕਦੀਆਂ, ਬੋਲਦੀਆ ਅਤੇ ਗਾਲ੍ਹਾਂ ਦਿੰਦੀਆਂ ਰਹੀਆਂ ਸਨ। ਤੇ ਫੇਰ ਕਦੋਂ ਸਾਰੇ ਮਾਹੌਲ ਵਿਚ ਚੁੱਪ-ਚਾਂਦ ਛਾ ਗਈ ਸੀ। ਚਾਹ ਪੀ ਕੇ ਉਹ ਫੇਰ ਪੜ੍ਹਨ ਲੱਗ ਪਿਆ। ਐਨੀ ਦਿਲਚਸਪ ਰਚਨਾ ਉਹਨੇ ਪਹਿਲਾਂ ਕਦੇ ਨਹੀਂ ਸੀ ਪੜ੍ਹੀ। ਦਲੇਰੀ, ਦੇਸ਼ਭਗਤੀ ਅਤੇ ਜਵਾਨੀ ਦਾ ਤੇਜ਼ ਸ਼ੂਕਦਾ ਦਰਿਆ, ਕੁਝ ਇਸ ਤਰ੍ਹਾਂ ਦੀ ਸ਼ੈਲੀ ਕਿ ਪਾਠਕ ਰਚਨਾ ਦੇ ਨਾਲ-ਨਾਲ ਨਹੀਂ, ਸਗੋਂ ਅੱਗੇ ਅੱਗੇ ਤੁਰਦਾ ਲੱਗਦਾ ਹੈ। ਕਮਾਲ ਦਾ ਦਿਲਚਸਪ ਦ੍ਰਿਸ਼-ਵਰਨਣ, ਕਵਿਤਾ ਵਰਗੇ ਫਿਕਰੇ, ਫਿਕਰਿਆਂ ਵਿਚ ਜਿਉਂਦੇ ਅਹਿਸਾਸ ਦਾ ਉਠਾਓ।
ਅਗਲੇ ਦਿਨ ਸੋਮਵਾਰ ਨੂੰ ਉਹ ਡਾਕ-ਥੈਲਾ ਨਹੀਂ ਦੇਖਣ ਗਿਆ। ਮਨ ਵਿਚ ਦੂਰ ਕਿਧਰੇ ਪੁ.ਪਿੰਦਰ ਦੀ ਚਿੱਠੀ ਲਈ ਤੜਪ ਤਾਂ ਸੀ, ਪਰ ਉਹਨੇ ਖਾਮੋਸ਼ ਜਿਹਾ ਫੈਸਲਾ ਕੀਤਾ- ਚਿੱਠੀ ਲਿਖੀ ਹੋਵੇਗੀ ਤਾਂ ਆ ਜਾਵੇਗੀ। ਨਿੱਤ ਡਾਕ ਥੈਲੇ ਦੀ ਕੁੱਤੇ-ਝਾਕ ਵਿਚ ਕੀ ਪਿਆ ਹੈ। ਉਹ ਸਵੇਰੇ ਹੀ ਜਾਗਿਆ, ਜੰਗਲ-ਪਾਣੀ ਜਾਣ ਤੋਂ ਪਹਿਲਾਂ ਹੀ ਨਾਵਲ ਚੁੱਕ ਲਿਆ। ਮਾਂ ਨੇ ਚਾਹ ਬਣਾਈ ਤਾਂ ਉਹਨੇ ਬੇਧਿਆਨੇ ਹੀ ਚਾਹ ਫੜ ਕੇ ਪੀ ਲਈ। ਨਾਵਲ ਲੈ ਕੇ ਖੇਤਾਂ ਵੱਲ ਚੱਲ ਪਿਆ। ਰਾਏਕੋਟ ਵਾਲੀ ਸੜਕ ਪੈ ਗਿਆ। ਸੜਕ ਉੱਤੇ ਵੀ ਨਾਵਲ ਪੜ੍ਹਦਾ ਗਿਆ । ਬਾਜ਼ੀਗਰਾਂ ਦੀਆਂ ਕੁੱਲੀਆਂ ਵੱਲ ਜਾ ਕੇ ਉਹ ਜੰਗਲ-ਪਾਣੀ ਹੋਇਆ, ਟੋਭੇ ਉੱਤੇ ਹੱਥ ਧੋ ਲਏ । ਮੁੜਦਾ ਹੋਇਆ ਵੀ ਨਾਵਲ ਪੜ੍ਹਦਾ ਆਇਆ । ਰੋਟੀ ਖਾਣ ਵੇਲੇ ਹੀ ਨਾਤਾ। ਰਾਤ ਤੱਕ ਉਹਨੇ ਦੋ ਭਾਗ ਮੁਕਾ ਤੀਜਾ ਭਾਗ ਸ਼ੁਰੂ ਕਰ ਲਿਆ ਸੀ। ਤੀਜੇ ਭਾਗ ਦਾ ਚੌਥਾ ਕਾਂਡ ਪੜ੍ਹ ਕੇ ਉਹਨੇ ਕਿਤਾਬ ਮੂਧੀ ਮਾਰ ਦਿੱਤੀ ਅਤੇ ਸੋਚਣ ਲੱਗ ਪਿਆ, ਕਿਸੇ ਨੂੰ ਕਿਸੇ ਦੀ ਚਿੱਠੀ ਦੀ ਉਡੀਕ ਕਿੰਨੀ ਤਕਲੀਫਦੇਹ ਹੁੰਦੀ ਹੈ।
ਬਣਾਉਟੀ ਪੈਰਾਂ ਵਾਲਾ ਅਲੈਕਸੇਈ ਲਾਲ ਵਾਲਾਂ ਵਾਲੀ ਜੀਨੋਚਕਾ ਦੀ ਮੱਦਦ ਨਾਲ ਨੱਚਣਾ ਸਿਖ ਲੈਂਦਾ ਹੈ। ਨਾਚ ਦੀਆਂ ਇਹਨਾਂ ਵਰਜ਼ਿਸ਼ਾਂ ਦੇ ਨਤੀਜੇ ਵਜੋਂ ਉਹ ਇੰਜ ਮਹਿਸੂਸ ਕਰਨ ਲੱਗਦਾ ਹੈ ਜਿਵੇਂ ਉਹਦੇ ਬਣਾਉਟੀ ਪੈਰ ਉਹਦੀਆਂ ਲੱਤਾਂ ਨਾਲ ਹੀ ਪਿਉਂਦੇ ਗਏ ਹੋਣ। ਅਲੈਕਸੇਈ ਪੁਰਾ ਖ਼ੁਸ਼ ਹੈ। ਉਹਨੂੰ ਸਿਰਫ ਇਕੋ ਫ਼ਿਕਰ ਹੈ ਕਿ ਓਲਿਆ ਦੀ ਚਿੱਠੀ ਕਿਉਂ ਨਹੀਂ ਆ ਰਹੀ। ਇਕ ਮਹੀਨਾ ਗੁਜ਼ਰ ਗਿਆ ਹੈ, ਚਿੱਠੀ ਨਹੀਂ ਆ ਰਹੀ। ਤੇ ਫੇਰ ਇਕ ਦਿਨ ਚਿੱਠੀ ਆ ਜਾਂਦੀ ਹੈ। ਨਾਚ ਦਾ ਸਬਕ ਚੱਲ ਰਿਹਾ ਹੁੰਦਾ ਹੈ। ਜੀਨੋਚਕਾ ਨੂੰ ਕਮਰੇ ਵਿਚਕਾਰ ਗੁੱਸੇ ਵਿਚ ਹੈਰਾਨ ਖੜ੍ਹੀ ਛੱਡ ਕੇ ਅਤੇ ਬਾਰੀ ਵਿਚੋਂ ਹੀ ਹੱਥ ਵਿਚ ਸੋਟੀ ਫੜੀਂ ਕਾਲੇ ਸਿਰ ਵਾਲੇ ਬੁਰਨਾਜ਼ਯਾਨ ਦੇ ਹੱਥੋਂ ਚਿੱਠੀ ਖੋਹ ਕੇ ਅਲੈਕਸੇਈ ਓਥੋਂ ਦੌੜ ਜਾਂਦਾ ਹੈ। ਝੀਲ ਵੱਲ ਜਾ ਕੇ ਸਰ-ਸਰ ਕਰਦੇ ਕਾਨਿਆਂ ਵਿਚੋਂ ਦੀ ਰਾਹ ਬਣਾਉਂਦਾ ਉੱਲੀ ਲੱਗੀ ਸਿਲ ਉੱਤੇ ਬੈਠ ਕੇ ਉਹ ਲਿਫ਼ਾਫ਼ਾ ਖੋਲ੍ਹਦਾ ਹੈ। ਉਹਦੀ ਨਜ਼ਰ ਇਕਦਮ ਚਿੱਠੀ ਦੀ ਆਖ਼ਰੀ ਸਤਰ ਉੱਤੇ ਪੈਂਦੀ ਹੈ-‘ਹਮੇਸ਼ਾ ਤੇਰੀ, ਓਲਿਆ।’ ਉਹ ਕਿੰਨਾ ਖ਼ੁਸ਼ ਹੁੰਦਾ ਹੈ। ਲਿਖਿਆ ਹੈ-‘ਮੇਰੇ ਪਿਆਰੇ, ਇਹ ਵੀ ਕੈਸਾ ਪਿਆਰ ਹੋਇਆ, ਜਿਹੜਾ ਕੁਰਬਾਨੀ ਕਰਨ ਤੋਂ ਡਰਦਾ ਹੋਵੇ ?.. ਅਜੀਬ ਆਦਮੀ ਏਂ ਤੂੰ ਵੀ! ਅਜੀਬ ਆਦਮੀ! ਤੇਰੇ ਨਾਲ ਭਾਵੇਂ ਕੁਝ ਵੀ ਕਿਉਂ ਨਾ ਵਾਪਰ ਜਾਏ, ਤੂੰ ਆਈਂ ਤੇ ਆ ਕੇ ਦੇਖ ਲਵੀਂ ਕਿ ਮੈਂ ਤੇਰਾ ਹਰ ਵੇਲੇ ਹਰ ਹਾਲਤ ਵਿਚ ਇੰਤਜਾਰ ਕਰ ਰਹੀ ਹਾਂ ।… ਮੈਂ ਤੇਰੇ ਬਾਰੇ ਕਿੰਨਾਂ ਸੋਚਦੀ ਰਹਿੰਦੀ ਹਾਂ ਤੇ ਤੂੰ ਜਾਣ ਲੈ, ਜਦੋਂ ਤੱਕ ਮੈਂ ਜਿਉਂਦੀ ਹਾਂ, ਓਦੋਂ ਤੱਕ ਇਸ ਓ ਦੁਨੀਆਂ ਵਿਚ ਕੋਈ ਐਸੀ ਥਾਂ ਹੈ, ਜਿੱਥੇ ਤੇਰੀ ਉਡੀਕ ਹੋ ਰ ਰਹੀ ਹੈ, ਜਿਸ ਹਾਲ ਵਿਚ ਵੀ ਤੂੰ ਆਵੇਂ, ਤੇਰੀ ਉਡੀਕ ਹੋ ਰਹੀ ਹੋਵੇਗੀ।…’
ਰਾਤ ਕਾਫੀ ਹੋ ਚੁੱਕੀ ਸੀ। ਅਗਾਂਹ ਹੋਰ ਨਾਵਲ ਪੜ੍ਹਿਆ ਜਾਣਾ ਉਹਨੂੰ ਮੁਸ਼ਕਿਲ ਲੱਗਿਆ। ਵਰਕਾ ਮਰੋੜ ਕੇ ਉਹਨੇ ਕਿਤਾਬ ਬੰਦ ਕੀਤੀ ਅਤੇ ਇਕ ਚਿਤਵਣੀ ਜਿਹੀ ਲੈ ਕੇ ਮੰਜੇ ਉੱਤੇ ਪੈ ਗਿਆ। ਪੱਛਮ ਵਿਚ ਚੰਦ ਦੀ ਦਾਤੀ ਮੱਧਮ ਮੱਧਮ ਚਾਨਣੀ ਛੱਡ ਰਹੀ ਸੀ। ਲਗਦਾ ਸੀ, ਨੀਂਦ ਨਹੀਂ ਆਵੇਗੀ। ਕਾਲੇ ਜੰਗਲ ਵਿਚ ਲੜਾਕਾ ਹਵਾਈ ਜਹਾਜ਼ ਡਿੱਗਣ ਨਾਲ ਅਲੈਕਸੇਈ ਦੇ ਪੈਰ ਤਬਾਹ ਹੋ ਗਏ ਸਨ ਅਤੇ ਫੇਰ ਹਸਪਤਾਲ ਵਿਚ ਲਿਜਾ ਕੇ ਕੱਟ ਦਿੱਤੇ ਗਏ ਸਨ। ਨਸੀਬ ਨੂੰ ਲੱਗਿਆ, ਉਹਦੇ ਆਪਣੇ ਪੈਰ ਵੀ ਨਹੀਂ ਹਨ। ਇਹ ਸਮਾਜ ਇਕ ਕਾਲਾ ਜੰਗਲ ਹੈ। ਇਸ ਸਮਾਜ ਦੇ ਗ਼ੈਰ-ਮਨੁੱਖੀ ਕਾਨੂੰਨਾਂ ਨੇ ਜਾਤ-ਪਾਤ ਦਾ ਫਾਸ਼ਿਸਟ ਹਵਾਈ-ਜਹਾਜ਼ ਮਗਰ ਲਾ ਕੇ ਉਹਨੂੰ ਡੇਗ ਲਿਆ ਹੈ।ਉਹਦੇ ਪੈਰ ਸਾਬਤ ਨਹੀਂ ਰਹੇ। ਪੁਸ਼ਪਿੰਦਰ ਦੋ ਜੱਟ-ਪੈਰਾਂ ਨਾਲ ਉਹਦੇ ਨਾਈ-ਪੈਰ ਕਦਮ ਮਿਲਾ ਕੇ ਨਹੀਂ ਤੁਰ ਸਕਣਗੇ। ਜੱਟ-ਪੈਰਾਂ ਸਾਹਮਣੇ ਉਹਦੇ ਨਾਈ-ਪੈਰ ਤਾਂ ਜਿਵੇਂ ਬਣਾਉਟੀ ਪੈਰ ਹੀ ਹਨ। ਕੀ ਪਤਾ ਪੁਸ਼ਪਿੰਦਰ ਉਹਦੇ ਬੇਪੈਰੇ ਵਜੂਦ ਨੂੰ ਕਦੇ ਅਸਵੀਕਾਰ ਹੀ ਕਰ ਦੇਵੇ । ਪਰ ਨਹੀਂ, ਓਲਿਆ ਨੂੰ ਬੇ-ਪੈਰਾ ਅਲੈਕਸੇਈ ਸਵੀਕਾਰ ਸੀ। ਪੁਸ਼ਪਿੰਦਰ ਅਜਿਹੀ ਨਹੀਂ । ਉਹਦੇ ਨਾਈ ਹੋਣ ਦਾ ਤਾਂ ਉਹਨੂੰ ਪਹਿਲਾਂ ਹੀ ਪਤਾ ਹੈ। ਉਹ ਇੰਜ ਨਹੀਂ ਕਰਨ ਲੱਗੀ । ਪਰ ਉਹਦੀ ਚਿੱਠੀ ਕਿਉਂ ਨਹੀਂ ਆਈ ? ਇਹਤੋਂ ਵੱਧ ਹੁਣ ਉਹ ਕੀ ਕਰੇਗੀ, ਚੰਨਣਵਾਲ ?
13
‘ਅਸਲੀ ਇਨਸਾਨ ਦੀ ਕਹਾਣੀ’ ਤੀਜਾ ਅਤੇ ਚੌਥਾ ਕਾਂਡ ਮੰਗਲਵਾਰ ਅੱਧੀ ਰਾਤ ਤੱਕ ਪੜ੍ਹ ਕੇ ਨਾਵਲ ਨਸੀਬ ਨੇ ਖ਼ਤਮ ਕਰ ਦਿੱਤਾ। ਮੰਗਲਵਾਰ ਨੂੰ ਵੀ ਉਹ ਡਾਕ-ਥੈਲਾ ਦੇਖਣ ਨਹੀਂ ਗਿਆ । ਨਾ ਹੀ ਬਾਬਾ ਟੇਕਦਾਸ ਦੇ ਡੇਰੇ ਜਾ ਕੇ ਬੈਠਾ। ਸਾਰਾ ਦਿਨ ਨਾਵਲ ਹੀ ਪੜ੍ਹਦਾ ਰਿਹਾ। ਅੱਧੀ ਰਾਤ ਨਾਵਲ ਖ਼ਤਮ ਕਰਨ ਉਪ੍ਰੰਤ ਉਹਨੂੰ ਇਕ ਮਾਨਸਿਕ ਤਸੱਲੀ ਮਿਲੀ । ਅਲੈਕਸੇਈ ਪਿਤਰੋਵਿਚ ਨੇ ਜੰਗ ਤੋਂ ਮਗਰੋਂ ਓਸੇ ਕੁੜੀ ਓਲਿਆ ਨਾਲ ਵਿਆਹ ਕਰਵਾ ਲਿਆ ਸੀ । ਤੇ ਹੁਣ ਉਹਨਾਂ ਦੇ ਇਕ ਬੇਟਾ ਸੀ-ਵਿਕਤੋਰ।ਨਸੀਬ ਨੇ ਇਹ ਫੈਸਲਾ ਵੀ ਕੀਤਾ ਕਿ ਕੋਠੇ ਖੜਕ ਸਿੰਘ ਜਾ ਕੇ ਉਹ ਪੁਸ਼ਪਿੰਦਰ ਨੂੰ ਵੀ ਇਹ ਨਾਵਲ ਪੜ੍ਹਾਵੇਗਾ।
ਅਗਲੀ ਸਵੇਰ ਉਹ ਸੁਸਤ-ਸੁਸਤ ਜਿਹਾ ਕਾਫ਼ੀ ਦਿਨ ਚੜ੍ਹੇ ਉੱਠਿਆ। ਚਾਹ ਪੀ ਕੇ ਖੇਤਾਂ ਵਿਚ ਜੰਗਲ-ਪਾਣੀ ਗਿਆ। ਆ ਕੇ ਗੁਸਲਖਾਨੇ ਵਿਚ ਬੈਠਾ ਕਿੰਨਾ ਹੀ ਚਿਰ ਟੂਟੀ ਥੱਲੇ ਨ੍ਹਾਉਂਦਾ ਰਿਹਾ। ਪੁਸ਼ਪਿੰਦਰ ਉਹਦੀ ਓਲਿਆ ਸੀ । ਉਹ ਉਹਦੇ ਬਾਰੇ ਹੀ ਸੋਚੀਂ ਜਾਂਦਾ ਰਿਹਾ ਅਤੇ ਨਾਈਂ ਗਿਆ। ਕੱਪੜੇ ਪਾ ਕੇ ਉਡੀਕ ਕਰਨ ਲੱਗਿਆ। ਅੱਜ ਤਾਂ ਚਿੱਠੀ ਆ ਜਾਣੀ ਚਾਹੀਦੀ ਹੈ। ਅੱਜ ਡਾਕ-ਥੈਲਾ ਜ਼ਰੂਰ ਦੇਖਣਾ ਹੈ। ਵਿਚੋਂ ਚਿੱਠੀ ਨਾ ਨਿੱਕਲੀ ਤਾਂ ਡਾਕਖਾਨਾ ਫੂਕ ਦਿਆਂਗੇ, ਵਿਚੇ ਡਾਕ-ਬਾਬੂ ਨੂੰ ਸਾਲਾ, ਚਿੱਠੀ ਮੰਗਵਾ ਕੇ ਹੀ ਨਹੀਂ ਦਿੰਦਾ।
ਡਾਕ-ਥੈਲਾ ਤਾਂ ਦਸ-ਗਿਆਰਾਂ ਵਜੇ ਆਉਣਾ ਸੀ। ਉਹਨੇ ‘ਮੇਰਾ ਦਾਗਿਸਤਾਨ’ ਕਿਤਾਬ ਚੁੱਕ ਲਈ। ਸਤਾਈ-ਅਠਾਈ ਸਫੇ ਇਕੋ ਬੈਠਕ ਵਿਚ ਪੜ੍ਹ ਦਿੱਤੇ। ਹੌਲੀ-ਫੁੱਲ ਸ਼ੈਲੀ ਵਿਚ ਲਿਖੀ ਇਹ ਰਚਨਾ ਬਹੁਤ ਡੂੰਘੇ ਅਰਥ ਸੁਝਾਉਂਦੀ ਸੀ। ਲੋਕ-ਗੀਤਾਂ ਦੀ ਤਾਸੀਰ ਵਾਲੀ ਵਾਰਤਕ। ਝਰ-ਝਰ ਪੈਂਦੀਆਂ ਕਵਿਤਾ ਦੀਆਂ ਫੁਹਾਰਾਂ। ਅਜੀਬ ਕਿਸਮ ਦਾ ਬਿਆਨ-ਢੰਗ। ਕਹਾਵਤ ਹੈ:
‘ਉਕਾਬ! ਤੂੰ ਕਿੱਥੇ ਜੰਮਿਆ ਸੈਂ ?’
‘ਤੰਗ ਗੁਫਾ ਵਿਚ।’
‘ਉਕਾਬ, ਤੂੰ ਕਿੱਧਰ ਨੂੰ ਉਡਦਾ ਜਾ ਰਿਹੈਂ ??
‘ਵਿਸ਼ਾਲ ਆਕਾਸ਼ ਵੱਲ।’
ਦਸ ਵਜੇ ਤੱਕ ਉਹ ਮੰਜੇ ਉੱਤੇ ਬੈਠਾ ਪੜ੍ਹਦਾ ਰਿਹਾ। ਧੁੱਪ ਆਈ ਤਾਂ ਬਿਸਤਰਾ ਇੱਕਠਾ ਕਰਕੇ ਸਰ੍ਹਾਣੇ ਰੱਖ ਦਿੱਤਾ। ਮੰਜੇ ਨੂੰ ਘੜੀਸ ਕੇ ਬੋਹੜ ਥੱਲੇ ਕਰ ਲਿਆ। ਮਾਂ ਨੂੰ ਆਖ ਕੇ ਇਕ ਵਾਰੀਂ ਚਾਹ ਫੇਰ ਪੀ ਲਈ। ਓਵੇਂ ਜਿਵੇਂ ਪੜ੍ਹਦਾ-ਪੜ੍ਹਦਾ ਡਾਕਖਾਨੇ ਵੱਲ ਨੂੰ ਚੱਲ ਪਿਆ। ਡਾਕ-ਥੈਲਾ ਅਜੇ ਨਹੀਂ ਸੀ ਆਇਆ। ਉਹ ਡਾਕਖਾਨੇ ਵਿਚ ਬੈਠ ਕੇ ਪੜ੍ਹਨ ਲੱਗਿਆ। ਇਕ ਸਟੂਲ ਲੈ ਲਿਆ ਅਤੇ ਪੜ੍ਹੀ ਗਿਆ। ਕੋਈ ਧਿਆਨ ਨਾ ਕੀਤਾ ਕਿ ਡਾਕ-ਬਾਬੂ ਕੀ ਕਰੀਂ ਜਾ ਰਿਹਾ ਹੈ। ਕਦੋਂ ਰਜਿਸਟਰ ਦਾ ਹਿਸਾਬ-ਕਿਤਾਬ ਮੁੰਕਮਲ ਕੀਤਾ ਹੈ, ਕਦੋਂ ਫਾਰਮ ਭਰੇ ਹਨ ਅਤੇ ਕਦੋਂ ਮੋਹਰ ਦੀ ਤਾਰੀਖ਼ ਬਦਲੀ ਹੈ।
ਪੂਰੇ ਗਿਆਰਾਂ ਵਜੇ ਡਾਕ-ਥੈਲਾ ਆਇਆ। ਨਸੀਬ ਦੀ ਚਿੱਠੀ ਅੱਜ ਵੀ ਨਹੀਂ ਸੀ।ਉਹ ਡਾਕ-ਬਾਬੂ ਵੱਲ ਔਖਾ ਜਿਹਾ ਹੋ ਕੇ ਝਾਕਿਆ। ਪੁੱਛਣ ਲੱਗਿਆ, ‘ਕਿਉਂ ਜੀ, ਸੰਘੇੜਾ ਵਾਇਆ ਬਰਨਾਲਾ ਜ਼ਿਲਾ ਸੰਗਰੂਰ ਲਿਖਣਾ ਈ ਕਾਫ਼ੀ ਐ ਜਾਂ ਐਥੋਂ ਦੇ ਐਡਰਸ ਨਾਲ ਹੋਰ ਵੀ ਕੁਛ ਦੇਣਾ ਪੈਂਦੈ ?’
‘ਬੱਸ, ਐਨਾ ਈ ਬਹੁਤ ਐ। ਚਿੱਠੀ ਤਾਂ ਸੰਘੇੜਾ ਜ਼ਿਲਾ ਸੰਗਰੂਰ ਲਿਖਣ ਨਾਲ ਈ ਮਿਲ ਜਾਂਦੀ ਐ । ਵਾਇਆ ਬਰਨਾਲਾ ਲਿਖੋ ਨਾ ਲਿਖੋ ।’
ਨਸੀਬ ਬੁੱਲ੍ਹਾਂ ਵਿਚ ਹੀ ਬੁੜਬੜਾਇਆ, ‘ਚਿੱਠੀ ਸਾਲੀ ਜਾਂਦੀ ਕਿੱਧਰ ਐ ?’ ਫੇਰ ਪੁੱਛਿਆ, ‘ਕਿਉਂ ਜੀ, ਨਸੀਬ ਸਿੰਘ ਪਿੰਡ ‘ਚ ਹੋਰ ਤਾਂ ਕੋਈ ਨ੍ਹੀਂ, ਕਿ ਹੈਗਾ ?’
‘ਨਾ ਕੋਈ ਨ੍ਹੀਂ । ਇਕ ਬੱਸ ਤੂੰ ਈ ਐਂ । ਡਾਕ-ਬਾਬੂ ਆਪਣੇ ਧਿਆਨ ਵਿਚ ਹੀ ਉਹਦੀਆਂ ਗੱਲਾਂ ਦਾ ਜਵਾਬ ਦਿੰਦਾ ਜਾ ਰਿਹਾ ਸੀ । ਚਿੱਠੀਆਂ ਛਾਂਟਦਾ, ਮੋਹਰਾਂ ਲਾਉਂਦਾ ਅਤੇ ਫੇਰ ਰਜਿਸਟਰ ਤੇ ਫਾਰਮ ਵਿਚ ਕੋਈ ਇੰਦਰਾਜ ਕਰਦਾ, ਉਹਨੂੰ ਤਾਂ ਆਪਣੇ ਕੰਮ ਦੀ ਗੌਰ ਸੀ। ਨਸੀਬ ਬਹੁਤ ਔਖਾ ਹੋਇਆ ਖੜ੍ਹਾ ਸੀ । ਅਖੀਰ ਉਹ ਓਥੋਂ ਹਿੱਲਿਆ ਅਤੇ ਸੁਸਤ ਚਾਲ ਤੁਰਦਾ-ਤੁਰਦਾ ਬਾਬਾ ਟੇਕਦਾਸ ਦੇ ਡੇਰੇ ਆ ਗਿਆ। ਕਿਤਾਬ ਦੇ ਕੁਝ ਸਫੇ ਹੋਰ ਪੜ੍ਹੇ ਅਤੇ ਫੇਰ ਥੜ੍ਹੇ ਵਾਲੀ ਨਿੰਮ ਹੇਠ ਮੰਜੇ ਉੱਤੇ ਸਰ੍ਹਾਣੇ ਥੱਲੇ ਬਾਂਹ ਦੇ ਕੇ ਪੈ ਗਿਆ। ਓਥੇ ਹੋਰ ਕੋਈ ਨਹੀਂ ਸੀ। ਚੁੱਪ ਵੀ ਇਕ ਨਸ਼ਾ ਹੁੰਦੀ ਹੈ, ਉਹਨੂੰ ਨੀਂਦ ਦਾ ਟੂਲਾ ਆ ਗਿਆ। ਝਪੱਕਾ ਜਿਹਾ ਪਿਆ, ਜਿਵੇਂ ਕੋਈ ਜਣਾ ਇਕ ਚਿੱਠੀ ਉਹਦੇ ਹੱਥ ਫੜਾ ਰਿਹਾ ਹੋਵੇ। ਨਵਾਂ ਨਕੋਰ ਅੰਤਰਦੇਸ਼ੀ ਪੱਤਰ। ਉਹ ਹੜਬੜਾ ਕੇ ਉੱਠ ਖੜ੍ਹਾ । ਅੱਖਾਂ ਮਲੀਆਂ । ਓਥੇ ਤਾਂ ਕੋਈ ਵੀ ਨਹੀਂ ਸੀ। ਇਕ ਨਿੱਕਾ ਜਿਹਾ ਸੁਫ਼ਨਾ ਉਹਨੂੰ ਕਿੰਨਾ ਵੱਡਾ ਝਟਕਾ ਮਾਰ ਗਿਆ ਸੀ। ਮੈਲੇ ਲੱਠੇ ਦਾ ਅੱਧੋਰਾਣਾ ਚਾਦਰਾ ਤੇੜ ਪਾ ਕੇ ਨੰਗੇ ਪਿੰਡੇ ਫਿਰਦਾ ਗੱਭਰੂ ਜੁਆਨ ਮੁੰਡਾ ਪੰਪ ਉੱਤੇ ਖਾਲੀ ਬੋਤਲਾਂ ਬੁਰਸ਼ ਮਾਰ-ਮਾਰ ਸਾਫ ਕਰ ਰਿਹਾ ਸੀ। ਨਸੀਬ ਨੇ ਉਹਤੋਂ ਪਾਣੀ ਮੰਗਿਆ। ਦੋ ਬੋਤਲਾਂ ਹੀ ਬਾਕੀ ਸਨ । ਮੁੰਡਾ ਪਿੱਤਲ ਦਾ ਗਲਾਸ ਭਰ ਕੇ ਪਾਣੀ ਦੇ ਗਿਆ।
ਬਾਬੇ ਸਭ ਮਰੀਜ਼ਾਂ ਨੂੰ ਭੁਗਤਾ ਚੁੱਕੇ ਸਨ। ਪੈਰਾਂ ਵਿਚ ਲੱਕੜ ਦੇ ਪਊਏ, ਗਲ-ਤੇੜ ਟੈਰੀਕਾਟ ਦਾ ਬਦਾਮੀ ਕੁੜਤਾ-ਚਾਦਰਾ, ਖੁੱਲ੍ਹੀ ਦਾੜ੍ਹੀ ਤੇ ਮੁਸਕਰਾਹਟਾਂ ਬਖੇਰਦਾ ਸਦਾ-ਬਹਾਰ ਚੇਹਰਾ। ਆਪਣੇ ਕਮਰੇ ਵਿਚ ਜਾ ਕੇ ਹੁਣ ਉਹਨਾਂ ਨੇ ਰੋਟੀ ਖਾਣੀ ਸੀ। ਉਹਨਾਂ ਨੇ ਦੇਖਿਆ, ਨਿੰਮ ਥੱਲੇ ਨਸੀਬ ਇਕੱਲਾ ਬੈਠਾ ਹੈ ਅਤੇ ਉਦਾਸ ਜਿਹਾ ਲਗਦਾ ਹੈ। ਉਹਨਾਂ ਨੇ ਜਾਂਦੇ-ਜਾਂਦੇ ਸੁਭਾਇਕੀ ਪੁੱਛ ਲਿਆ, ‘ਸੁਣਾ ਬਈ ਜੁਆਨ, ਕਿਵੇਂ ਐਂ ਸਰੀਰ ?’
‘ਠੀਕ ਐ ਜੀ।’
‘ਕਿਵੇਂ ਢਿੱਲਾ ਜਾ ਬੋਲਦੈਂ ? ਇਹ ਕਿਹੜੀ ਪੁਸਤਕ ਦੀ ਸਟੱਡੀ ਕਰ ਰਿਹੈਂ ?’ ਉਹਦੇ ਹੱਥ ਵਿਚ ਕਿਤਾਬ ਦੇਖਕੇ ਬਾਬਿਆਂ ਨੇ ਪੁੱਛਿਆ।
‘ਇਹ ਤਾਂ ‘ਮੇਰਾ ਦਾਗਿਸਤਾਨ’ ਐ ਜੀ । ਬਰਨਾਲਿਓਂ ਲਿਆਂਦੀ ਸੀ। ਹੁਣ ਇਹ ਪੜ੍ਹਦਾਂ ।’
‘ਮੇਰਾ ਦਾਗਿਸਤਾਨ? ਦੇਖਾਂ, ਏਸ ਪੁਸਤਕ ਦੀ ਤਾਂ ਬੜੀ ਚਰਚਾ ਸੁਣੀ ਐਂ। ਲੇਖਕ ਲੋਕ ਬਹੁਤ ਗੱਲਾਂ ਕਰਦੇ ਹੁੰਦੇ ਨੇ। ਬਰਨਾਲੇ ਜਦੋਂ ਜਾਈਦੈ ਤੇ …’
‘ਹਾਂ ਜੀ, ਓਥੋਂ ਸੁਣ ਕੇ ਹੀ ਮੈਂ ਖਰੀਦੀ ਐ ਏਹੇ।’
ਕਿਤਾਬ ਨਸੀਬ ਨੇ ਬਾਬਿਆਂ ਨੂੰ ਫੜਾ ਦਿੱਤੀ।
ਉਹ ਬੋਲੇ, ‘ਤੂੰ ਖ਼ਤਮ ਕਰ ਲੈ ਪਹਿਲਾਂ, ਫੇਰ ਮੈਨੂੰ ਦੇਈਂ। ਮੈਂ ਵੀ ਕੱਢੂੰ ਕੁਛ ਇਹਦੇ ‘ਚੋਂ।
ਵਾਪਸ ਕਿਤਾਬ ਦਿੰਦੇ ਸਮੇਂ ਬਾਬਿਆਂ ਦੀ ਨਿਗਾਹ ਨਸੀਬ ਦੇ ਚੇਹਰੇ ਉੱਤੇ ਪੈ ਗਈ। ਅੱਖਾਂ ਡੁੱਬੀਆਂ ਹੋਈਆਂ। ਪੁੱਛਣ ਲੱਗੇ, ‘ਅੱਖਾਂ ਭਾਈ ਤੇਰੀਆਂ ਕਿਵੇਂ ਐਂ ? ਊਂ ਸੂਤ ਤਾਂ ਹੈਂ ਤੂੰ ?
‘ਹਾਂ ਜੀ, ਠੀਕ ਆਂ ।’
‘ਨਹੀ, ਠੀਕ ਤਾਂ ਨ੍ਹੀਂ ਲਗਦਾ। ਕਿਤੇ ਬਹੁਤਾ ਤਾਂ ਨ੍ਹੀਂ ਪੜ੍ਹਦਾ ਰਹਿੰਦਾ ?”
‘ਨਹੀਂ ਜੀ, ਐਨਾ ਤਾਂ ਕਿਹੜਾ ਪੜ੍ਹਦਾਂ ਮੈਂ ।
‘ਤਾਂ ਫੇਰ ਕੋਈ ਅੰਦਰਲਾ ਰੋਗ ਐ, ਜੁਆਨ ।
‘ਨਾ ਜੀ, ਅੰਦਰਲਾ ਰੋਗ ਤਾਂ ਕੋਈ ਨ੍ਹੀਂ ।
‘ਫੇਰ ਚੇਹਰਾ ਤੇਰਾ ਮੁਰਝਾਇਆ ਜਾ ਕਿਉਂ ਐਂ? ਦੱਸ ਨਾ ਦੱਸ, ਗੱਲ ਤਾਂ ਜ਼ਰੂਰ ਐ ਕੋਈ।
ਮੁੰਡਾ ਨੀਵੀਂ ਪਾ ਗਿਆ।
ਬਾਬੇ ਉਹਦੇ ਸਰ੍ਹਾਣੇ ਵੱਲ ਬੈਠ ਗਏ। ਉਹਦੇ ਮੋਢਿਆਂ ਉੱਤੋਂ ਦੀ ਬਾਂਹ ਕੱਢ ਕੇ ਉਹਨੂੰ ਝੰਜੋੜਿਆ। ਉਂਜ ਹੀ ਪੁੱਛਿਆ, ‘ਐਤਕੀਂ ਤਾਂ ਬੜੇ ਦਿਨ ਲਾ ‘ਤੇ ਤੂੰ ਐਥੇ। ਪਹਿਲਾਂ ਤਾਂ ਕਦੇ ਐਨਾ ਰਹਿਆ ਨ੍ਹੀਂ ਸੀ, ਹੂੰ ?
‘ਬੱਸ ਜੀ, ਹੁਣ ਤਾਂ ਚਲਿਆ ਈ ਜਾਊਂਗਾ। ਮਾਮਾ ਵੀ ਫਿਕਰ ਕਰਦਾ ਹੋਣੇ। ਮੈਂ ਤਾਂ ਇਕ-ਦੋ ਦਿਨਾਂ ਵਾਸਤੇ ਈ ਆਇਆ ਸੀ ।’ ਨਸੀਬ ਰੋਣ ਵਾਂਗ ਬੋਲ ਰਿਹਾ ਸੀ।
ਬਾਬਿਆਂ ਨੇ ਉਹਦੇ ਹੱਥੋਂ ਕਿਤਾਬ ਫੇਰ ਫੜ ਲਈ। ਖੋਲ੍ਹ ਕੇ ਏਧਰ-ਓਧਰ ਵਰਕੇ ਪਲਟਣ ਲੱਗੇ। ਲੰਗਰ ਵਿਚ ਕੰਮ-ਧੰਦਾ ਕਰਦੇ ਫਿਰਦੇ ਮੁੰਡੇ ਨੂੰ ਹਾਕ ਮਾਰੀ, ‘ਮੋਦਨ ਦਾਸ, ਬਈ ਥਾਲੀ ਲੈ ਚੱਲ ਫੇਰ ਓਥੇ, ਖਾ ਲਈਏ ਦੋ ਬੁਰਕੀਆਂ।’
‘ਸਤਿਨਾਮ ਜੀ।’ ਨੰਗਾ ਸਿਰ, ਨੰਗੇ ਪੈਰ, ਨੰਗਾ ਪਿੰਡਾ, ਪਰ ਤੇੜ ਚਾਦਰਾ ਮੁੰਡੇ ਨੇ ਲੰਗਰ ਵਿਚੋਂ ਹੀ ਉੱਚਾ ਬੋਲ ਕੱਢ ਕੇ ਹੁੰਗਾਰਾ ਭਰਿਆ।
‘ਦੇਖ, ਕੀ ਸੋਹਣਾ ਲਿਖਿਐ ਰਸੂਲ ਹਮਜ਼ਾਤੋਵ ਨੇ, ‘ਕਿਤਾਬ ਵਿਚੋਂ ਬਾਬਿਆਂ ਨੇ ਪੜ੍ਹਕੇ ਸੁਣਾਇਆ, ‘ਜੇ ਵੀਹ ਸਾਲ ਦੀ ਉਮਰ ਵਿਚ ਤੁਹਾਡੇ ਵਿਚ ਕੋਈ ਤਾਕਤ ਨਹੀਂ ਤਾਂ ਕਦੀ ਆਸ ਹੀ ਨਾ ਰੱਖੋ ਕਿ ਇਹ ਕਟੀ ਆਵੇਗੀ, ਕਿਉਂਕਿ ਇਹ ਨਹੀਂ ਆਵੇਗੀ। ਜੇ ਤੀਹਾਂ ਸਾਲਾਂ ਦੀ ਉਮਰੇ ਤੁਹਾਨੂੰ ਸਮਝ ਨਹੀਂ ਆਈ, ਤਾਂ ਆਸ ਹੀ ਨਾ ਰੱਖੋ ਕਿ ਇਹ ਆਏਗੀ, ਕਿਉਂਕਿ ਇਹ ਨਹੀਂ ਆਏਗੀ। ਜੇ ਚਾਲ੍ਹੀਆਂ ਸਾਲਾਂ ਦੇ ਹੋ ਕੇ ਵੀ ਤੁਹਾਡੇ ਕੋਲ ਪੈਸੇ ਨਹੀਂ ਤਾਂ ਆਸ ਹੀ ਨਾ ਰੱਖੋ ਕਿ ਇਹ ਆਉਣਗੇ, ਕਿਉਂਕਿ ਇਹ ਨਹੀਂ ਆਉਣਗੇ ।
ਕਿਤਾਬ ਬੰਦ ਕਰਕੇ ਉਹਨਾਂ ਨੇ ਨਸੀਬ ਨੂੰ ਫੜਾਈ ਅਤੇ ਫੇਰ ਆਖਿਆ, ‘ਤੂੰ ਪੜ੍ਹ ਲੈ ਪਹਿਲਾਂ, ਫੇਰ ਮੈਨੂੰ ਦੇਈਂ।’ ਤੇ ਫੇਰ ਕਿਹਾ, ‘ਆ ਜਾ ਫੇਰ, ਭੋਜਨ ਛਕ ਲੈ ।’
‘सॅम नी, ठेटी डां…’
‘ਕਿਉਂ, ਵਾਹ! ਲੰਗਰ ‘ਚ ਬੈਠ ਕੇ ਖਾ ਲੈ । ਚਾਹ ਬਣਵਾ ਲੈ ।’ ਬਾਬਿਆਂ ਨੇ ਮੁੰਡੇ ਨੂੰ ਫੇਰ ਹਾਕ ਮਾਰੀ, ‘ਮੋਦਨ ਦਾਸ, ਬਈ ਨਸੀਬ ਨੂੰ ਵੀ ਛਕਾ ਭੋਜਨ । ਹੈਥੇ ਆਪਣੇ ਕੋਲ ਈ ਸੱਦ ਲੈ । ਚਾਹ ਕਰ ਦੀ ਫੇਰ | ਵਿਦਿਆਰਥੀ ਦਾ ਤਾਂ ਮਹਾਂ-ਯੱਗ ਹੁੰਦੇ।
ਨਸੀਬ ਚਾਹੁੰਦਾ ਸੀ ਕਿ ਅੰਦਰ ਬੈਠਕੇ ਉਹ ਬਾਬਿਆਂ ਕੋਲ ਆਪਣਾ ਦਿਲ ਫਰੋਲੇ । ਬਾਬੇ ਸੱਜਣ-ਪੁਰਸ਼ ਅਤੇ ਵਿਦਵਾਨ ਹਨ, ਕੀ ਐ, ਕੋਈ ਸਿੱਖ-ਮੱਤ ਮਿਲ ਜਾਵੇ। ਤੇਈਏ ਤਾਪ ਵਾਂਗ ਹੱਡਾਂ ਨੂੰ ਚਿਮੜਿਆ ਪੁਸ਼ਪਿੰਦਰ ਦਾ ਖ਼ਿਆਲ ਕਿਤੇ ਉਹਨੂੰ ਕਿਸੇ ਗਾਰ ਵਿਚ ਹੀ ਨਾ ਲਿਜਾ ਸੁੱਟੇ । ਜੱਕੋ-ਤੱਕੀ ਵਿਚ ਪਿਆ ਉਹ ਥਾਂ ਦੀ ਥਾਂ ਬੈਠਾ ਰਿਹਾ । ਬਾਬਿਆਂ ਕੋਲ ਅੰਦਰ ਕਮਰੇ ਵਿਚ ਜਾਣ ਦਾ ਹੌਸਲਾ ਉਹਦੇ ਕੋਲੋਂ ਇਕੱਠਾ ਨਹੀਂ ਹੋ ਰਿਹਾ ਸੀ।
ਕਮਰੇ ਵਿਚ ਥਾਲੀ ਦੇ ਕੇ ਮੋਦਨ ਲੰਗਰ ਵਿਚ ਵਾਪਸ ਆਇਆ ਅਤੇ ਇਕ ਥਾਲੀ ਹੋਰ ਲਾ ਕੇ ਨਸੀਬ ਨੂੰ ਹਾਕ ਮਾਰ ਦਿੱਤੀ, ‘ਆ ਜੋ ਜੀ, ਆ ਜੋ ਫੇਰ ।’ ਨਾਲ ਦੀ ਨਾਲ ਚੁੱਲ੍ਹੇ ਉੱਤੇ ਚਾਹ ਵੀ ਧਰ ਲਈ।
ਲੰਗਰ ਵਿਚ ਜਾ ਕੇ ਨਸੀਬ ਰੋਟੀ ਖਾਣ ਲੱਗਿਆ। ਮੋਟੀਆਂ ਮੋਟੀਆਂ ਦੋ ਰੋਟੀਆਂ, ਮੂੰਗੀ ਦੀ ਦਾਲ, ਇਕ ਕੋਲੀ ਵਿਚ ਮਖਣੀ, ਇਕ ਵਿਚ ਦਹੀਂ। ਖੱਟੀ ਲੱਸੀ ਦਾ ਭਰਿਆ ਵੱਡਾ ਗਲਾਸ।
ਨਸੀਬ ਨੇ ਹੋਰ ਕੁਝ ਨਹੀਂ ਮੰਗਿਆ। ਰੋਟੀ ਖਾ ਕੇ ਆਖਣ ਲੱਗਿਆ, ‘ਚਾਹ ਦੀ ਕੀ ਲੋੜ ਸੀ ?’
‘ਬਾਬਿਆਂ ਦਾ ਹੁਕਮ ਸੀ ਜੀ ।’
‘ਖੱਟੀ ਲੱਸੀ ਪੀਤੀ ਐ, ਚਾਹ ਪੀ ਲੀ ਤਾਂ ਅੰਦਰ ਜਾ ਕੇ ਲੜ ਨਾ ਪੈਣ।’ ਆਪਣਾ ਮੂਡ ਠੀਕ ਕਰਨ ਲਈ ਨਸੀਬ ਨੇ ਹਾਸੀ ਵਿਚ ਆਖਿਆ।
‘ਲੜ ਪੀਆਂ ਤਾਂ ਬਾਬੇ ਹੈ ਗੇ ਫੇਰ । ਸਮਝੌਤਾ ਕਰਾ ਦੇਣਗੇ ।’
‘ਵਾਹ ਬਈ ਮਿੱਤਰਾ, ਬੱਲੇ ਤੇਰੇ।’ ਮੋਦਨ ਦੀ ਹਾਜ਼ਰ-ਜਵਾਬੀ ਉੱਤੇ ਨਸੀਬ ਦੰਗ ਰਹਿ ਗਿਆ । ਫੇਰ ਪੁੱਛਿਆ, ‘ਕਿੱਥੇ ਨੇ ਘਰ ਜੁਆਨ ਦੇ ?’
‘ਪਿੰਡ ਤਾਂ ਸਾਡਾ ਚੰਨਣਆਲ ਐ। ਹੁਣ ਸਮਝ ਲੈ ਬਾਬਿਆਂ ਕੋਲ ਈ ਆਂ, ਇਹੀ ਘਰ-ਬਾਰ ਐ। ਪਿੰਡ ਤਾਂ ਆਪਾਂ ਜਾਣਾ ਨ੍ਹੀਂ ਮੁੜ ਕੇ।
‘ਚੰਨਣਆਲੋਂ ਕੀਹਦਾ ਮੁੰਡਾ ਹੋਇਆ ਤੂੰ ?” ਨਸੀਬ ਨੇ ਸੁਤੇ ਈ ਪੁੱਛ ਲਿਆ।
‘ਅਸੀਂ ਜ਼ਿਮੀਂਦਾਰ ਆਂ ਜੀ। ਮੈਂ ਅਮਰੀਕ ਸੂੰ ਦਾ ਮੁੰਡਾ ਆਂ, ਘੁੱਲਾ ਸੁੰ ਦਾ ਪੋਤਾ ।’
ਨਸੀਬ ਦੇ ਮੱਥੇ ਵਿਚੋਂ ਇਕ ਚੀਸ ਉੱਠੀ, ਪੁਸ਼ਪਿੰਦਰ ਦੇ ਮਾਮੇ ਦਾ ਨਾਂ ਵੀ ਅਮਰੀਕ ਈ ਐ। ਝੱਟ ਦੇ ਕੇ ਪੁੱਛਿਆ, ‘ਓਹੀ ਅਮਰੀਕ ਸਿਓਂ, ਜੀਹਦੀ ਭੈਣ ਕੋਠੇ ਖੜਕ ਸਿੰਘ ਐ?’
‘ਹਾਂ ਜੀ, ਉਹ ਭੂਆ ਐ ਮੇਰੀ। ਤੁਸੀਂ ਕਿਮੇਂ ਜਾਣਦੇ ਓ ਜੀ ?
‘ਮੇਰੇ ਨਾਨਕੇ ਐ, ਕੋਠੇ ľ’ ਕਹਿ ਕੇ ਨਸੀਬ ਚੁੱਪ ਹੋ ਗਿਆ। ਤੇ ਫੇਰ ਕਿੰਨੀ ਹੀ ਦੇਰ ਮੋਦਨ ਦੇ ਮੂੰਹ ਵੱਲ ਟਿਕਟਿਕੀ ਲਾ ਕੇ ਦੇਖਦਾ ਰਿਹਾ।
ਮੋਦਨ ਲੰਗਰ ਵਿਚ ਚੱਕਣ-ਧਰਨ ਜਿਹਾ ਕਰਦਾ ਫਿਰਦਾ ਸੀ। ਇਕ ਵਾਰ ਵਿਚ ਦੀ ਬਾਬਿਆਂ ਵੱਲ ਵੀ ਗੇੜਾ ਮਾਰ ਆਇਆ । ਫੇਰ ਗਿਆ ਤਾਂ ਜੂਠੇ ਭਾਂਡੇ ਚੁੱਕ ਲਿਆਇਆ ।
ਨਸੀਬ ਲੱਕੜ ਦੀ ਫੱਟੀ ਉੱਤੇ ਬੈਠਾ ਘੁੱਟੀਂ ਘੁੱਟੀਂ ਚਾਹ ਪੀਂਦਾ ਰਿਹਾ। ਕਿੰਨਾ ਹੀ ਚਿਰ ਮੋਦਨ ਸੰਬੰਧੀ ਸੋਚੀਂ ਗਿਆ। ਮੋਦਨ ਦੇ ਚੇਹਰੇ ਵਿਚੋਂ ਉਹਨੂੰ ਪੁਸ਼ਪਿੰਦਰ ਦਾ ਚੇਹਰਾ ਦਿਸਣ ਲੱਗਿਆ। ਓਹੀ ਅੱਖਾਂ ਓਹੀ ਨੱਕ, ਓਨਾ ਹੀ ਚੌੜਾ ਮੱਥਾ। ਚਾਹ ਦਾ ਛੋਟਾ ਗਲਾਸ ਉਹਨੇ ਖਾਸਾ ਚਿਰ ਲਾ ਕੇ ਪੀਤਾ। ਠਹਿਰ-ਠਹਿਰ ਕੇ, ਜਿਵੇਂ ਚਾਹ ਦੀਆਂ ਘੁੱਟਾਂ ਨਾਲ ਹੀ ਗੱਲਾਂ ਕਰਦਾ ਹੋਵੇ।
ਚਾਹ ਮੁਕਾ ਕੇ ਨਸੀਬ ਕਹਿੰਦਾ, ‘ਚੰਨਣਆਲ ਗਏ ਨੂੰ ਕਿੰਨਾ ਕੁ ਚਿਰ ਹੋ ਗਿਆ ?’
‘ਦੋ ਸਾਲ ਹੋਗੇ। ਜਦੋਂ ਦਾ ਆਇਆਂ, ਮੁੜ ਕੇ ਨ੍ਹੀਂ ਗਿਆ, ਭਰਾਵਾ। ਬਾਪੂ ਮਰ ਗਿਆ। ਨੌਮੀ ‘ਚ ਪੜ੍ਹਦਾ ਸੀ, ਭਾਈਆਂ ਨੇ ਸਕੂਲੋਂ ਹਟਾ ਲਿਆ। ਅਖੇ, ਆ ਐਧਰ, ਖੇਤੀ ਦੇ ਕੰਮ ‘ਚ ਪੈ ਸਾਡੇ ਨਾਲ । ਉਹ ਤਾ ਦੋਮੇਂ ਵਿਆਹੇ ਵੇ ਐ। ਮਖਿਆ, ਮੈਂ ਤਾਂ ਪੜ੍ਹਨੈ। ਉਹ ਕਹਿੰਦੇ ਨਿੱਕਲ ਘਰੋਂ। ਆਪਾਂ ਐਥੇ ਆਗੇ ਬੱਸ।’
‘ਜੀ-ਜੀ’ ਕਰਦੇ ਨੇ ‘ਭਰਾਵਾ’ ਕਹਿ ਕੇ ਜਿਵੇਂ ਅਪਣੱਤ ਜਿਹੀ ਦਿਖਾਈ ਹੋਵੇ । ਨਸੀਬ ਨੂੰ ਉਹਦਾ ਮੋਹ ਆਇਆ ਅਤੇ ਉਹਦੇ ਉੱਤੇ ਤਰਸ ਵੀ। ਮੋਦਨ ਦੀ ਜ਼ਿੰਦਗੀ ਤਾਂ ਕੁਝ ਉਹਦੇ ਆਪਣੇ ਨਾਲ ਹੀ ਮਿਲਦੀ-ਜੁਲਦੀ ਸੀ। ਮਨ ਵਿਚ ਉਦਰੇਵਾਂ ਜਿਹਾ ਲਿਆ ਕੇ ਨਸੀਬ ਨੇ ਅੱਗੇ ਗੱਲ ਤੋਰੀ, ‘ਤੈਨੂੰ ਲੈਣ ਨ੍ਹੀਂ ਆਇਆ ਕੋਈ, ਬਈ ਚੱਲ ਪਿੰਡ ਨੂੰ ?
‘ਨਾ, ਕਿਸੇ ਨੇ ਸਿਆਣਿਆ ਨ੍ਹੀਂ, ਭਰਾਵਾ। ਕੌਣ ਐ ਕਿਸੇ ਦਾ ? ਮਾਂ ਹੈ ਗੀ ਐ, ਉਹਨੂੰ ਭਰਜਾਈਆਂ ਨ੍ਹੀਂ ਸਿਰ ਚੱਕਣ ਦਿੰਦੀਆਂ । ਡੈਣਾਂ ਨੇ, ਡੈਣਾਂ।’
ਲੰਗਰ ਵਿਚ ਬੈਠਾ ਨਸੀਬ ਉਹਦੇ ਨਾਲ ਖਾਸਾ ਚਿਰ ਗੱਲਾਂ ਕਰਦਾ ਰਿਹਾ। ਏਧਰ-ਓਧਰ ਮੋੜ ਪਾ ਕੇ ਉਹ ਕੋਠਿਆਂ ਦੀ ਗੱਲ ਛੇੜਦਾ। ਮੋਦਨ ਦੇ ਫੁੱਫੜ ਹਰਦਿੱਤ ਸਿੰਘ ਦੇ ਮੁੰਡੇ ਹਰਿੰਦਰਪਾਲ ਅਤੇ ਕੁੜੀ ਪੁਸ਼ਪਿੰਦਰ ਦੀ ਗੱਲ ਜਦੋਂ ਆਉਂਦੀ, ਤਾਂ ਉਹ ਪੱਥਰ ਜਿਹਾ ਬਣਕੇ ਰਹਿ ਜਾਂਦਾ ਅਤੇ ਚਾਹੁੰਦਾ ਕਿ ਮੋਦਨ ਪੁਸ਼ਪਿੰਦਰ ਦੀਆਂ ਗੱਲਾਂ ਕਰੀਂ ਜਾਵੇ ਤੇ ਉਹ ਸੁੰਨ ਹੋ ਕੇ ਸੁਣਦਾ ਚਲਿਆ ਜਾਵੇ।
ਮੋਦਨ ਮੂੰਹੋਂ ਪੁਸ਼ਪਿੰਦਰ ਦਾ ਨਾਂ ਨਿੱਕਲਦਾ ਤਾਂ ਉਹਨੂੰ ਕੋਈ ਸੁਖ ਜਿਹਾ ਮਿਲਦਾ ।
14
ਮੋਦਨ ਨਾਲ ਗੱਲਾਂ ਕਰਕੇ ਉਹ ਆਪਣੇ ਘਰ ਆ ਗਿਆ। ਬੋਹੜ ਥੱਲੇ ਮੰਜੇ ਉੱਤੇ ਪੈ ਕੇ ‘ਮੇਰਾ ਦਾਗਿਸਤਾਨ’ ਪੜ੍ਹਦਾ ਰਿਹਾ। ਮਾਂ ਨੇ ਚਾਹ ਬਣਾਈ ਤਾਂ ਪੀ ਲਈ। ਫੇਰ ਪੜ੍ਹੀ ਗਿਆ।
‘ਵੇ ਤੇਰਾ ਨਤੀਜਾ ਕਦੋਂ ਨਿੱਕਲੂ, ਭਾਈ ?’
‘ਮ੍ਹੀਨੇ ਕੁ ਤਾਈਂ ਨਤੀਜਾ ਵੀ ਨਿੱਕਲ ਜੂ, ਮਾਂ । ਨਤੀਜੇ ਨੂੰ ਕੀ ਐ।
‘ਚੰਗੈ ਭਾਈ, ਪਾਸ ਹੋ ਜੇ। ਚੌਦਾਂ ਜਮਾਤਾਂ ਆਲੇ ਨੂੰ ਤਾਂ ਨੌਕਰੀ ਮਿਲ ਈ ਜਾਂਦੀ ਹੋਊ। ਟੁਕੜੇ ਪੈ ਜੇਂ ਗਾ।’
‘ਕੀ ਪਤੈ ਮਾਂ, ਐੱਮੇ ਆਲੇ ਵੀ ਠੇਬੇ ਖਾਂਦੇ ਫਿਰਦੇ ਐ ਅੱਜ-ਕੱਲ੍ਹ ਤਾਂ। ਬੇਰੁਜ਼ਗਾਰੀ ਬਹੁਤ ਐ।
‘ਲੈ ਭਾਈ, ਕਿਮੇਂ ਨ੍ਹੀਂ ਮਿਲੂ ਨੌਕਰੀ। ਚੌਦਾਂ ਸਾਲ ਹੋ ਗੇ ਮੱਥਾ ਮਾਰਦੇ ਨੂੰ । ਅਜੇ ਕਿਹੜਾ
ਹਟਦੈਂ, ਅਜੇ ਵੀ ਖਹਿੜਾ ਨ੍ਹੀਂ ਛਡਦਾ ਕਤਾਬਾਂ ਦਾ।’
‘ਇਹ ਕਿਤਾਬਾਂ ਤਾਂ ਊਈਂ ਪੜ੍ਹਦਾਂ, ਇਹ ਪੜ੍ਹਾਈ ਦੀਆਂ ਕਿਤਾਬਾਂ ਥੋੜ੍ਹੇ ਨੇ ।’
‘ਹੋਰ ਕਾਹਦੀਆਂ ਨੇ, ਪੜ੍ਹਾਈ ਦੀਆਂ ਨਹੀਂ ਤਾਂ ?
‘ਇਹ ਤਾਂ…’, ਮਾਂ ਨੂੰ ਉਹ ਕੀ ਸਮਝਾਉਂਦਾ ?
प्टी मै।’ ‘ਜਿੰਨੀਆਂ ਜਾਦੇ ਕਤਾਬਾਂ ਪੜ੍ਹੇਗਾ, ਓਨੀ ਚੰਗੀ ਨੌਕਰੀ ਮਿਲੂ, ਭਾਈ। ਇਹ ਤਾਂ ਚੰਗਾ
‘ਨੌਕਰੀ ਦਾ ਕੋਈ ਪਤਾ ਨ੍ਹੀਂ, ਮਾਂ ।’
‘ਹੋਰ ਕੀ ਕਰੇਂਗਾ, ਫੇਰ?”
ਖਾਵਾਂਗੇ ।’ ‘ਕੀ ਪਤੈ, ਬਾਪੂ ਆਲੀ ਗੁੱਛੀ ਈ ਚੱਕਣੀ ਪੈ ਜੇ । ਲੋਕਾਂ ਦਾ ਮੂੰਹ-ਸਿਰ ਮੁੰਨਾਂਗੇ ਤੇ ਰੋਟੀ
‘ਵੇ ਫੋਟ! ਇਹੋ ਜੇ ਬੋਲ ਈ ਕੱਢੇਗਾ ਨਾ। ਸ਼ਰਮ ਤਾਂ ਨ੍ਹੀਂ ਭੋਰਾ ਰੱਤੀ-ਮਾਸਾ ਵੀ?’
‘ਹੋਰ ਫੇਰ, ਜਦੋਂ ਨਤੀਜਾ ਨਿੱਕਲ ਗਿਆ, ਦੇਖੀ ਜਾਊ। ਪਹਿਲਾਂ ਈ ਤੂੰ ਤਾਂ ਕੁਰਸੀ ‘ ਤੇ ਬਠਾਈਂ ਜਾਨੀ ਐਂ ।’
‘ਕੁਰਸੀ ਈ ਮਿਲੂ। ਕੁਰਸੀ ਕਿਤੇ ਨਾ ਮਿਲੂ । ਆਪਣਾ ਕੀ ਰੱਬ ਵੇਚਿਆ ਹੋਇਐ। ਨਾਲੇ ਆਪਣੀਆਂ ਜਾਤਾਂ ਨੂੰ ਤਾਂ ਪਹਿਲਾਂ ਦਿੰਦੇ ਐ ਨੌਕਰੀ। ਜੱਟਾਂ ਤੇ ਬਾਮ੍ਹਣ-ਬਾਣੀਆਂ ਨਾਲੋਂ ਮੂਹਰੇ ਰਖਦੇ ਐ।
‘ਇਉਂ ਗੱਲ ਕਰਦੀ ਐਂ ਤਾਂ ਆਪਾਂ ਤੋਂ ਵੀ ਮੂਹਰੇ ਬੈਠੇ ਐ।
‘ਆਪਾਂ ਤੋਂ ਮੂਹਰੇ ਕੌਣ ਹੋਏ ?”
‘ਆਹ ਮਜ੍ਹਬੀ-ਰਮਦਾਸੀਏ, ਹੋਰ ਕੌਣ। ਅੱਜ-ਕੱਲ੍ਹ ਤਾਂ ਇਹਨਾਂ ਨੂੰ ਪਹਿਲਾਂ ਮਿਲਦੀ ਐ ਨੌਕਰੀ’
‘ਚੱਲ ਭਾਈ, ਜੱਟਾਂ-ਬਾਮ੍ਹਣਾਂ ਤੋਂ ਤਾਂ ਚੰਗੇ ਈ ਆਂ।
ਨਸੀਬ ਨੇ ਇਕ ਦਬਵਾਂ ਜਿਹਾ ਹਉਕਾ ਲਿਆ। ਮਨ ਵਿਚ ਹੀ ਚਿਤਾਰਿਆ, ‘ਕਿੱਥੇ ਚੰਗੇ ਆਂ, ਮਾਂ ਮੇਰੀਏ, ਬਰਾਬਰ ਦੇ ਹੁੰਦੇ ਤਾਂ ਵੀ ਗੱਲ ਸੀ। ਨੌਕਰੀ-ਪੇਸ਼ੇ ਵਿਚ ਤਾਂ ਬਰਾਬਰੀ ਦੇ ਦਿੱਤੀ, ਸਮਾਜਕ ਬਰਾਬਰੀ ਦੇਣ ਕਿਹੜਾ ਨਵਾਂ ਗਾਂਧੀ ਆਊ ?’ ਤੇ ਫੇਰ ਇਕ ਟੀਸ ਜਿਹੀ ਖਾ ਕੇ ਉਹਨੇ ਲੰਮਾ ਸਾਹ ਲਿਆ, ‘ਕਾਸ਼ । ਪੁਸ਼ਪਿੰਦਰ ਅਤੇ ਮੇਰੇ ਵਿਚ ਜੱਟ-ਨਾਈ ਦਾ ਫਰਕ ਨਾ ਹੁੰਦਾ। ਉਹਨੇ ਗੱਲ ਬਦਲੀ, ‘ਜੱਟਾਂ-ਬਾਮ੍ਹਣਾਂ ਤੇ ਖੱਤਰੀਆਂ-ਬਾਣੀਆਂ ਦੀ ਗੱਲ ਛੱਡ, ਮਾਂ । ਹੁਣ ਤਾਂ ਸਾਡੀਆਂ ਪਛੜੀਆਂ ਸ਼੍ਰੇਣੀਆਂ ਤੇ ਮਜ੍ਹਬੀ-ਰਾਮਦਾਸੀਆਂ ਵਿਚ ਵੀ ਇਕ ਉੱਚ-ਸ਼੍ਰੇਣੀ ਪੈਦਾ ਹੋ ਚੁੱਕੀ ਐ। ਸਾਡੇ ਵਿਚੋਂ ਈ ਇਹ ਉੱਚ-ਸ਼੍ਰੇਣੀ ਉੱਠ ਕੇ ਸਾਰੇ ਸੁੱਰਖਿਅਤ ਅਧਿਕਾਰ ਪ੍ਰਾਪਤ ਕਰੀਂ ਜਾ ਰਹੀ ਐ।’
‘ਵੇ ਭਾਈ, ਮੈਨੂੰ ਤਾਂ ਤੇਰੀ ਗੱਲ ਸਮਝ ਨ੍ਹੀਂ ਆਈ। ਮਾਂ ਨਾਲ ਕਾਹਨੂੰ ਫਾਰਸੀਆਂ ਮਾਰਦੈਂ। ਸਿੱਧੀ ਗੱਲ ਸਮਝਾ ਦੇ। ਇਹ ‘ਛੇਣੀ-ਛੇਣੀ’ ਕੀ ਲਾਈ ਐ ਤੈਂ ?’
‘ਮਾਂ, ਅਮੀਰ ਤੇ ਗਰੀਬ ਲੋਕ ਹੈ ਗੇ ਨਾ।’
‘ਹਾਂ, ਉਹ ਤਾਂ ਹੈ ਗੇ…
‘ਅਮੀਰਾਂ ਨੂੰ ਉੱਚ-ਸ਼੍ਰੇਣੀ ਆਖਦੇ ਐ, ਗਰੀਬ ਨਿਮਨ-ਸ਼ੇਣੀ ਅਖਵੌਦੀ ਐ। ਅਸੀ ਨਿਮਨ-ਸ਼੍ਰੇਣੀ ਦੇ ਲੋਕ ਆਂ। ਪਰ ਸਾਡੇ ‘ਚੋਂ ਈ ਅਮੀਰ ਤਬਕਾ ਬਣ ਉੱਠਿਐ।’
‘ਉਹ ਕਿਹੜਾ ਭਾਈ ?’
‘ਆਹ ਦੇਖ, ਜਿਵੇਂ ਘਣੀਏ ਤਖਾਣ ਦਾ ਮੁੰਡਾ ਹੈ ਨਾ ਵੱਡਾ ਜੱਜ । ਇਹ ਹੁਣ ਸੰਘੇੜਿਆਂ ਦੇ ਤਖਾਣਾਂ ਨੂੰ ਕਦੋਂ ਸਿਆਣਦੈ । ਮਾਘੀ ਚਮਿਆਰ ਦਾ ਮੁੰਡਾ ਹੈ ਨ੍ਹੀਂ ਡੀ.ਐਸ.ਪੀ। ਮੁਕੰਦ ਛੀਂਬੇ ਦਾ ਪੋਤਾ, ਸੁਣਿਐ, ਆਈ.ਏ.ਐਸ. ਕਰ ਗਿਐ। ਡੀ.ਸੀ. ਬਣ ਕੇ ਨਿੱਕਲੂ । ਗਹਾਂ ਤੋਂ ਸਾਰੀਆਂ ਸਰਕਾਰੀ ਸਹੂਲਤਾਂ ਅਤੇ ਖਾਸ ਅਧਿਕਾਰ ਇਹਨਾਂ ਜੱਜਾਂ, ਪੁਲਿਸ-ਅਫਸਰਾਂ ਤੇ ਡੀਸੀਆਂ ਦੇ ਪੁੱਤ-ਪੋਤਿਆਂ ਨੂੰ ਈ ਮਿਲਣਗੇ । ਸਭ ਰਾਜਨੀਤੀ ਦੀ ਖੇਡ ਐ, ਮਾਂ । ਮੇਰਾ ਪਿਓ ਅੰਗਰੇਜ਼ਾਂ ਦੀਆਂ ਦੋ ਜੁੱਤੀਆਂ ਸਿਰ ‘ਚ ਮਰਵਾ ਲੈਂਦਾ, ਤਾਂ ਮੈਂ ਵੀ ਕਿਸੇ ਕੁਰਸੀ ਦਾ ਹੱਕਦਾਰ ਬਣ ਜਾਂਦਾ । ਮੈਨੂੰ, ਗੁੱਛੀ ਆਲੇ ਨਾਈ ਦੇ ਮੁੰਡੇ ਨੂੰ ਕਿਹੜਾ ਪੁਛਦੇ ਹੁਣ। ਘਣੀਏ ਤਖਾਣ, ਮਾਘੀ ਚਮਿਆਰ ਤੇ ਮੁਕੰਦ ਛੀਂਬੇ ਹੁਰਾਂ ਨੇ ਚਾਹੇ ਮਾਫੀਆਂ ਈ ਮੰਗੀਆਂ ਹੋਣਗੀਆਂ, ਅੰਗਰੇਜ਼ਾਂ ਦੀ ਪੁਲਸ ਤੋਂ, ਕੈਦਾਂ ਕਿਹੜਾ ਕੱਟੀਆਂ ਸੀ ਉਹਨਾਂ ਨੇ। ਆਜ਼ਾਦੀ ਮਿਲੀ ਤਾ ਇਹ ਵੀ ‘ਸੁਤੰਤਰਤਾ-ਸੰਗਰਾਮੀ’ ਬਣ ਬੈਠੇ । ਕਾਂਗਰਸ ਦੇ ਟੁਕੜ-ਬੋਚ।’
‘ਵੇ ਸਾਊ, ਤੂੰ ਤਾਂ ਬੜੀਆਂ ਗੱਲਾਂ ਮਾਰਦੈਂ, ਮਗਜ ਪਾੜ-ਪਾੜ। ਫੇਰ ਇਹ ਸਾਰਾ ਢਾਂਚਾ ਲੋਟ ਕਿਮੇਂ ਆਉਂ ?”
‘ਢਾਂਚਾ ਤਾਂ ਇਨਕਲਾਬ ਈ ਕੋਈ ਲੋਟ ਕਰੂ ।
‘ਉਹ ਕਿੱਥੇ ਐ ਤੇਰਾ ਇਨਕਲਾਬ ?’
‘ਦੇਖੀਂ ਸਈ, ਇਕ ਦਿਨ ਆਊਗਾ ਮਾਂ, ਇਨਕਲਾਬ ਹਿੰਦੁਸਤਾਨ ‘ਚ ਫੇਰ ਅਮੀਰ-ਗਰੀਬ ਸਭ ਇਕ ਹੋ ਜਾਣਗੇ। ਜਮੀਨਾਂ ਦਾ ਮਾਲਕ ਕੋਈ ਨ੍ਹੀਂ ਰਹੂ। ਸਭ ਨੂੰ ਬਰਾਬਰ ਦੇ ਅਧਿਕਾਰ ਮਿਲਣਗੇ। ਇਕੋ-ਜੇ ਘਰ, ਇਕੋ ਜਾ ਖਾਣਾ, ਕੋਈ ਵੱਡਾ-ਛੋਟਾ ਨ੍ਹੀਂ ਹੋਊ। ਇਕੋ ਸਮਾਜ ਬਣ ਜੂ, ਕੋਈ ਕਿਸੇ ਨਾਲ ਵਿਆਹ ਕਰਵਾ ਲੇ । ਇਹ ਜੱਟ-ਨਾਈ…’
‘ਕੋਈ ਕਿਸੇ ਨਾਲ ਵਿਆਹ? ਵੇ ਇਹ ਕੀ ਉੱਧਮੂਲ ਖੜ੍ਹਾ ਕਰੇਂਗਾ ਤੂੰ ?
ਨਸੀਬ ਇਹ ਆਖਰੀ ਸ਼ਬਦ ਪਤਾ ਨਹੀਂ ਕਿਸ ਤਾਨ ਉੱਤੇ ਆ ਕੇ ਆਖ ਗਿਆ ਸੀ। ਉਹ ਛੇਤੀ ਹੀ ਸੰਭਲ ਗਿਆ ਅਤੇ ਫੇਰ ਸੁਰਤ ਜਿਹੀ ਕਰਕੇ ਬੋਲਿਆ, ‘ਮੇਰਾ ਮਤਲਬ, ਮਾਂ, ਫੇਰ ਏਥੇ ਮਨੁੱਖ ਹੋਣਗੇ, ਸਮਾਜਕ ਬਹਾਬਰੀ ਹੋਊ, ਇਹ ਜੱਟ-ਨਾਈ, ਬਾਮ੍ਹਣ-ਬਾਣੀਏ, ਛੀਂਬੇ-ਤਖਾਣ ਕੋਈ ਨ੍ਹੀਂ ਰਹਿਣੇ। ਸਭ ਦੇ ਹੰਕਾਰ ਨਿੱਕਲ ਜਾਣਗੇ, ਸਭ ਦਾ ਘਟੀਆਪਣ ਦੂਰ ਹੋ ਜੂ।’
‘ਫੇਰ ਤਾਂ ਭਾਈ ਠੀਕ ਐ। ਤੇਰਾ ਇਹ ਇਨਕਲਾਬ ਫੇਰ ਤਾਂ ਭਾਈ ਛੇਤੀ ਆਵੇ।’
ਬੁੜ੍ਹੀ ਚਾਹ ਵਾਲੇ ਭਾਂਡੇ ਮਾਂਜ-ਧੋ ਕੇ ਘਰੋਂ ਬਾਹਰ ਹੋ ਗਈ । ਕਿਸੇ ਦੇ ਘਰ ਉਹਨੂੰ ਕੋਈ ਕੰਮ ਹੋਵੇਗਾ। ਨਸੀਬ ਬੋਹੜ ਥੱਲੇ ਬੈਠਾ ਕਿਤਾਬ ਪੜ੍ਹਦਾ ਰਿਹਾ । ਸੂਰਜ ਢਲਣ ਲੱਗਿਆ। ਮੰਜੇ ਕੋਲ ਧੁੱਪ ਆ ਗਈ। ਮੰਜਾ ਸਰਕਾ ਕੇ ਉਹਨੇ ਛਾਂ ਵਿਚ ਕਰ ਲਿਆ । ਉਸ ਦਿਨ ਡੂੰਘੀ ਸ਼ਾਮ ਤੱਕ ਉਹਨੇ ਕਾਫੀ ਸਫੇ ਪੜ੍ਹ ਲਏ । ਰੋਟੀ ਖਾਣ ਬਾਅਦ ਰਾਤ ਨੂੰ ਵੀ ਬੱਲਬ ਦੀ ਰੌਸ਼ਨੀ ਵਿਚ ਪੜ੍ਹਦਾ ਰਿਹਾ। ਦੂਜੇ ਦਿਨ ਸ਼ਾਮ ਤੱਕ ਉਹਨੇ ਸਾਰੀ ਕਿਤਾਬ ਖ਼ਤਮ ਕਰ ਲਈ । ਰਾਤ ਨੂੰ ਪੜ੍ਹਨ ਲਈ ਹੁਣ-ਉਹਦੇ ਕੋਲ ਕੁਝ ਵੀ ਨਹੀਂ ਸੀ। ਉਹ ‘ਮੇਰਾ ਦਾਗਿਸਤਾਨ’ ਕਿਤਾਬ ਦੀ ਲਿਖਣ-ਵਿਉਂਤ ਸੰਬੰਧੀ ਸੋਚਦਾ ਰਿਹਾ। ਕਿੰਨੀ ਵਧੀਆ ਸ਼ੈਲੀ ਹੈ, ਰਸੂਲ ਹਮਜ਼ਾਤੋਵ ਦੀ। ਪਾਠਕ ਨੂੰ ਉਂਗਲੀ ਲਾ ਕੇ ਤੋਰ ਲਿਆ। ਗੱਲਾਂ-ਗੱਲਾਂ ਵਿਚ ਹੀ ਆਪਣਾ ਸਾਰਾ ਗਿਆਨ-ਭੰਡਾਰ ਪਾਠਕ ਨੂੰ ਦੇ ਦਿੱਤਾ। ਕਮਾਲ ਇਹ ਕਿ ਪਤਾ ਵੀ ਨਹੀਂ ਲੱਗਣ ਦਿੱਤਾ। ਪਾਠਕ ਤਾਂ ਸੋਚਦਾ ਹੀ ਰਹਿ ਜਾਂਦਾ ਹੈ ਕਿ ਲੇਖਕ ਇਸ ਪ੍ਰਕਾਰ ਦੀ ਕੋਈ ਕਿਤਾਬ ਲਿਖਣਾ ਚਾਹੁੰਦਾ ਹੈ ਅਤੇ ਲਿਖੇਗਾ। ਕਿਤਾਬ ਖ਼ਤਮ ਹੋਣ ਉੱਤੇ ਹੀ ਪਤਾ ਲਗਦਾ ਹੈ ਕਿ ਕਿਤਾਬ ਤਾਂ ਲਿਖ ਦਿੱਤੀ ਗਈ ਹੈ।
ਦੂਜੇ ਦਿਨ ਉਹ ਅਲਸਾਇਆ ਜਿਹਾ ਉੱਠਿਆ। ਖਾਮਾ ਦਿਨ ਚੜ੍ਹ ਆਇਆ ਸੀ । ਚਾਹ ਪੀਤੀ, ਜੰਗਲ-ਪਾਣੀ ਗਿਆ, ਨਾ ਕੇ ‘ਮੇਰਾ ਦਾਗਿਸਤਾਨ’ ਕਿਤਾਬ ਚੁੱਕ ਲਈ। ਬਾਬਾ ਟੇਕਦਾਸ ਦੇ ਡੇਰੇ ਨੂੰ ਹੋ ਲਿਆ। ਮਰੀਜ਼ ਆਉਣ ਲੱਗ ਪਏ ਸਨ । ਪਰ ਬਾਬੇ ਹਾਲੇ ਤੱਕ ਆਪਣੇ ਕਮਰੇ ਅੰਦਰ ਜਨ । ਨ੍ਹਾ-ਧੋ ਕੇ ਪਾਠ ਕਰ ਰਹੇ ਸਨ। ਮੋਦਨ ਨੇ ਮੋਹ ਜਿਹੇ ਨਾਲ ਨਸੀਬ ਨੂੰ ਆਪਣੇ ਕੋਲ ਲੰਗਰ ਵਿਚ ਬਿਠਾਇਆ। ਬਾਬਿਆਂ ਦੇ ਕਮਰੇ ਵਲੋਂ ਆ ਕੇ ਉਹਨੇ ਬਚਦਾ ਦੁੱਧ ਕੱਚ ਦੇ ਛੋਟੇ ਗਲਾਸ ਵਿਚ ਪਾਇਆ ਅਤੇ ਨਸੀਬ ਨੂੰ ਫੜਾ ਦਿੱਤਾ। ਅਪਣੱਤ ਵਿਚ ਭਿੱਜ ਕੇ ਆਖਿਆ, ‘ਲੈ ਭਰਾਵਾ, ਇਹ ਤੂੰ ਈ ਪੀ ਲੈ। ਮੇਰਾ ਚਿੱਤ ਤਾਂ ਅੱਜ ਲੋਟ ਜ੍ਹਾ ਨੀਂ ।’
ਅਣਘਾਲਿਆ ਕੱਚਾ ਦੁੱਧ, ਵਿਚ ਛੋਟੀਆਂ ਲੈਚੀਆਂ ਦੇ ਦਾਣੇ ਅਤੇ ਭਿਉਂਤੇ ਬਦਾਮਾਂ ਦੀਆਂ ਚਿੱਟੀਆਂ ਗਿਰੀਆਂ ਪਾ ਕੇ ਉਬਾਲਿਆਂ ਹੋਇਆ ਸੀ । ਖੰਡ ਬੇਮਲੂਮੀ ਜਿਹੀ। ਕੋਸਾ-ਕੋਸਾ ਦੁੱਪ .ਮੀਬ ਨੂੰ ਬਹੁਤ ਸੁਆਦ ਲੱਗਿਆ। ਬਾਬੇ ਸਵੇਰੇ ਚਾਹ ਨਹੀਂ ਪੀਂਦੇ ਸਨ। ਇਸ ਦੁੱਧ ਨਾਲ ਮੂੰਹ ਜੁਠਾਲਦੇ।
ਬਾਬੇ ਕਮਰੇ ਤੋਂ ਬਾਹਰ ਆਏ। ਚੇਹਰੇ ਉੱਤੇ ਸਦਾ-ਬਹਾਰ ਮੁਸਕਰਾਹਟ। ਨਸੀਬ ਵੱਲ ਝਾਕੇ। ਨਸੀਬ ਨੇ ਸਿਰ ਝੁਕਾ ਦਿੱਤਾ। ਦੂਜੇ ਬਿੰਦ ਹੀ ਆਖਣ ਲੱਗਿਆ, ‘ਲਓ ਜੀ, ਇਹ ਕਿਤਾਬ ਲੈ ਲੋ, ਮੈਂ ਤਾਂ ਪੜ੍ਹ ਲੀ ।’
‘ਕਿਵੇਂ ਲੱਗੀ?’
‘ਬੱਸ ਇਹੀ ਕਹੂੰਗਾ, ਅੱਜ ਜਿਹੜਾ ਦੁੱਧ ਪੀਤੈ ਨਾ ਮੋਦਨ ਤੋਂ, ਓਸ ਦੀਆਂ ਘੁੱਟਾਂ ਈ ਨੇ ਕੋਰੀਆਂ ਇਹ ਕਿਤਾਬ। ਪੜ੍ਹਕੇ ਦੇਖੋ, ਫੇਰ ਪਤਾ ਲੱਗੂ।’
‘ਬਈ ਵਾਹ, ਨਸੀਬ । ਤੂੰ ਤਾਂ ਆਪ ਵੀ ਲੇਖਕਾਂ ਵਾਂਗੂੰ ਬੋਲਣ ਲੱਗ ਪਿਆ ।’ ਕਿਤਾਬ ਲੈ ਕੇ ਉਹਨਾਂ ਨੇ ਮੋਦਨ ਨੂੰ ਦਿੱਤੀ ਅਤੇ ਆਖਿਆ ਕਿ ਉਹ ਉਹਨੂੰ ਕਮਰੇ ਵਿਚ ਉਹਨਾਂ ਦੇ ਮੇਜ਼ ਉੱਤੇ ਰੱਖ ਦੇਵੇ। ਵਿਹਲ ਕੱਢ ਕੇ ਉਹ ਇਹਨੂੰ ਜ਼ਰੂਰ ਛੇਤੀ ਹੀ ਪੜ੍ਹਨਗੇ।
ਬਾਬੇ ਵਰਾਂਢੇ ਵਿਚ ਜਾ ਬੈਠੇ ਅਤੇ ਇਕ-ਇਕ ਕਰਕੇ ਮਰੀਜ਼ਾਂ ਨੂੰ ਦੇਖਣ ਲੱਗੇ। ਨਸੀਬ ਅਤੇ ਮੋਦਨ ਲੰਗਰ ਵਿਚ ਬੈਠੇ ਆਪਣੀਆਂ ਗੱਲਾਂ ਕਰਨ ਲੱਗ ਪਏ । ਨਸੀਬ ਦੀਆਂ ਅੱਖਾਂ ਵਾਰ-ਵਾਰ ਮੋਦਨ ਦੇ ਚੇਹਰੇ ਉੱਤੇ ਜਾ ਕੇ ਟਿਕਦੀਆਂ ਅਤੇ ਉਸ ਚੇਹਰੇ ਨੂੰ ਹੀ ਲਗਾਤਾਰ ਦੇਖਦੀਆਂ ਰਹਿੰਦੀਆਂ। ਮਦਨ ਨਾਲ ਗੱਲਾਂ ਕਰਕੇ ਜਿਵੇਂ ਉਹਨੂੰ ਬੇਓੜਕ ਮਾਨਸਿਕ ਸੁੱਖ ਮਿਲ ਰਿਹਾ ਹੋਵੇ। ਉਹ ਬਹੁਤ ਦੇਰ ਤੱਕ ਉਹਦੇ ਕੋਲ ਲੰਗਰ ਵਿਚ ਬੈਠਾ ਰਿਹਾ। ਤੇ ਫੇਰ ਨਿੰਮ ਥੱਲੇ ਆ ਕੇ ਮੰਜੇ ਉੱਤੇ ਪੈ ਗਿਆ। ਅਖ਼ਬਾਰ ਆਇਆ, ਤਾਂ ਅਖ਼ਬਾਰ ਪੜ੍ਹਨ ਲੱਗਿਆ। ਮੋਦਨ ਨੇ ਇਕ ਵਾਰ ਚਾਹ ਬਣਾਈ, ਓਧਰ ਬਾਬਿਆਂ ਕੋਲ ਉਹਨਾਂ ਦਾ ਕੋਈ ਖਾਸ ਬੰਦਾ ਆਇਆ ਬੈਠਾ ਸੀ । ਉਹ ਨਸੀਬ ਨੂੰ ਵੀ ਚਾਹ ਦੇ ਗਿਆ।
ਨੌਂ-ਸਾਢੇ ਨੌਂ ਦਾ ਵਕਤ ਹੋਇਆ ਤਾਂ ਨਸੀਬ ਓਥੋਂ ਉੱਠ ਖੜ੍ਹਾ। ਡੇਰਿਓਂ ਬਾਹਰ ਆ ਕੇ ਉਹਨੇ ਸੋਚਿਆ, ‘ਘਰ ਨੂੰ ਚਲਦੇ ਆ।’ ਪਰ ਦੂਜੇ ਬਿੰਦ ਹੀ ਉਹਦੀ ਸੋਚ ਫਿਰੀ ਡਾਕ ਥੈਲਾ ਦੇਖੀਏ, ਕੀ ਪਤਾ ਚਿੱਠੀ ਅੱਜ ਆ ਈ ਜਾਵੇ ।’
ਪਰ ਨਹੀਂ, ਉਹਦਾ ਚਿੱਤ ਨਾ ਮੰਨਿਆ। ‘ਚਿੱਠੀ ਤਾਂ ਜੇ ਈ ਆਵੇ । ਕੀ ਮਤਲਬ ਐਵੇਂ ਇੰਤਜਾਰ ਕਰਨ ਦਾ ?’
ਆਪਣੇ ਘਰ ਵੱਲ ਜਾ ਰਿਹਾ ਉਹ ਵਿਉਂਤਾ ਜਿਹੀਆਂ ਬਣਾਉਣ ਲੱਗਿਆ, ‘ਬਹੁਤ ਦਿਨ ਹੋਗੇ ਹੁਣ ਤਾਂ ਸੰਘੇੜੀਂ ਬੈਠੇ ਨੂੰ। ਪੁਸ਼ਪਿੰਦਰ ਨੇ ਚਿੱਠੀ ਲਿਖਣੀ ਹੁੰਦੀ, ਤਾਂ ਹੁਣ ਨੂੰ ਆ ਜਾਂਦੀ। ਕੀ ਪਤਾ, ਕੀ ਕਾਰਨ ਐ? ਕਿਉਂ ਨਾ ਛੱਡੀਏ ਸੰਘੇੜਾ ਅਤੇ ਚੱਲੀਏ ਕੋਠਿਆਂ ਨੂੰ । ਓਥੇ ਜਾ ਕੇ ਈ ਪਤਾ ਲੱਗੂ ਕੋਈ ਗੱਲ। ਐਥੇ ਤਾਂ ਸਾਲਾ ਦਿਲ ਈ ਨ੍ਹੀਂ ਲਗਦਾ।
ਡਾਕ-ਥੈਲੇ ਦੀ ਝਾਕ ਮੁਕਾ ਕੇ ਉਹ ਘਰ ਆਇਆ। ਗਿਆਰਾਂ ਕੁ ਵਜੇ ਮਾਂ ਨੇ ਰੋਟੀ ਪਕਾਈ। ਰੋਟੀ ਖਾ ਲਈ। ਉਹਨੂੰ ਆਪਣਾ ਸਿਰ ਭਾਰੀ-ਭਾਰੀ ਲੱਗ ਰਿਹਾ ਸੀ। ਜਿਵੇਂ ਖਾਹ-ਮਖਾਹ ਦੀ ਨੇਸਤੀ ਚੜ੍ਹੀ ਹੋਵੇ। ਉਹ ਬੋਹੜ ਥੱਲੇ ਹੀ ਮੰਜੇ ਉੱਤੇ ਪੈ ਗਿਆ । ਸਰ੍ਹਾਣੇ ਬਿਸਤਰਾ ਰੱਖ ਲਿਆ। ਰੋਟੀ ਖਾਧੀ ਹੋਈ ਸੀ। ਉਹਨੂੰ ਨੀਂਦ ਦਾ ਲੋਰ ਆਉਣ ਲੱਗਿਆ। ਪੁਸ਼ਪਿੰਦਰ ਬਾਰੇ ਸੋਚਦਾ-ਸੋਚਦਾ ਉਹ ਸੌ ਗਿਆ ।
ਦੋ-ਢਾਈ ਵਜੇ ਇਕ ਪਾੜ੍ਹਾ ਮੁੰਡਾ ਭੱਜਿਆ-ਭੱਜਿਆ ਉਹਨਾਂ ਦੇ ਘਰ ਆਇਆ ਅਤੇ ਬੈਠਕ ਵਿਚ ਬੈਠੀ ਹਰਕੁਰ ਕੋਲ ਇਕ ਲਫ਼ਾਫ਼ਾ ਸੁੱਟ ਕੇ ਭੱਜ ਗਿਆ। ਜਾਗੋਮੀਟੀ ਵਿਚ ਨਸੀਬ ਦੇ ਕੰਨੀਂ ਬੋਲ ਪਏ ਸਨ, ‘ਅੰਬੋ, ਥੋਡੀ ਚਿੱਠੀ ਐ।’
ਨਸੀਬ ਬੁੜ੍ਹਕ ਕੇ ਮੰਜੇ ਤੋਂ ਉੱਠਿਆ ਅਤੇ ਕਾਹਲ ਨਾਲ ਬੈਠਕ ਵਿਚ ਗਿਆ। ਮਾਂ ਕਹਿੰਦੀ, ‘ਵੇ ਭਾਈ, ਆਹ ਲਫ਼ਾਫ਼ਾ ਦੇਖ ਤਾਂ। ਕਿੱਥੋਂ ਆਇਐ? ਕਿਤੇ ਤੈਨੂੰ ਤਾਂ ਨ੍ਹੀਂ ਬੁਲਇਆ ਕਿਸੇ ਨੇ ? ਕੀ ਐ ਨੌਕਰੀ ਦਾ ਈ ਕੋਈ ਕਾਗ਼ਤ ਹੋਵੇ ?
ਨਸੀਬ ਦਾ ਹੀ ਸਿਰਨਾਮਾ ਸੀ। ਪੀਲਾ ਲਫ਼ਾਫ਼ਾ। ਲਿਖਤ ਨਸੀਬ ਦੀ ਜਾਣੀ-ਪਛਾਣੀ ਲਗਦੀ ਸੀ । ਪੰਜਾਬੀ ਦੇ ਅੱਖਰ ਸਨ। ਬੋਲਿਆ, ‘ਹਾਂ ਮਾਂ, ਮੇਰੀ ਚਿੱਠੀ ਐ।’
ਲਫ਼ਾਫ਼ਾ ਲੈ ਕੇ ਉਹ ਬੋਹੜ ਥੱਲੇ ਆ ਬੈਠਾ। ਉਹਦਾ ਦਿਲ ਧੱਕ-ਧੱਕ ਕਰ ਰਿਹਾ ਸੀ। ਲਫ਼ਾਫ਼ਾ ਖੋਲ੍ਹਣ ਤੋਂ ਪਹਿਲਾਂ ਉਹਨੂੰ ਲੱਗਿਆ, ਜਿਵੇਂ ਲਫ਼ਾਫ਼ੇ ਵਿਚ ਕੁਝ ਵੀ ਨਾ ਹੋਵੇ। ਕਿਸੇ ਨੇ ਲਫ਼ਾਫ਼ਾ ਹੀ ਐਡਰੈਸ ਲਿਖ ਕੇ ਡਾਕ ਵਿਚ ਪਾ ਦਿੱਤਾ ਹੋਵੇ। ਦੋਵੇਂ ਹੱਥਾਂ ਵਿਚ ਲਫ਼ਾਫ਼ੇ ਦੀਆਂ ਕੰਨੀਆਂ ਫੜ ਕੇ ਅਤੇ ਅੱਖਾਂ ਅੱਗੇ ਲਫ਼ਾਫ਼ਾ ਉਤਾਂਹ ਚੁੱਕ ਕੇ ਉਹਨੇ ਦੇਖਿਆ, ਇਕ ਪਾਸਾ ਖਾਲੀ-ਖਾਲੀ ਅਤੇ ਬਾਕੀ ਸਾਰਾ ਹਿੱਸਾ ਅੰਨ੍ਹਾ ਜਿਹਾ ਸੀ। ਖਾਲੀ ਥਾਂ ਤੋਂ ਲਫ਼ਾਫ਼ਾ ਉਹਨੇ ਝੱਟ ਦੇ ਕੇ ਪਾੜ ਲਿਆ। ਵਿਚ ਇਕੋ ਕਾਗਜ਼ ਸੀ। ਕਿਸੇ ਸਕੂਲੀਂ ਬੱਚੇ ਦੀ ਕਾਪੀ ਵਿਚੋਂ ਲਿਆ ਭੀੜੀਆਂ ਲਕੀਰਾਂ ਦਾ ਇਕ ਵਰਕਾ। ਲਿਖਿਆ ਵੀ ਇਕੋ ਪਾਸਾ ਸੀ । ਇਹ ਕੀ ? ਉਹਦਾ ਮੱਥਾ ਠਣਕਿਆ, ਪੁਸ਼ਪਿੰਦਰ ਨੂੰ ਤਾਂ ਲੰਮੀ ਚਿੱਠੀ ਲਿਖਣੀ ਚਾਹੀਦੀ ਸੀ । ਇਹ ਉਹਨੇ ਪਛਾਣ ਲਿਆ ਕਿ ਚਿੱਠੀ ਪੁਸ਼ਪਿੰਦਰ ਦੀ ਹੈ, ਹੱਥ-ਲਿਖਤ ਦਸਦੀ ਸੀ। ਅਖੀਰ ਵਿਚ ਇਹ ਵੀ ਸੀ, ‘ਤੇਰੀ ਸਾਰੀ ਦੀ ਸਾਰੀ ਪੁਸ਼…’ ਪੁਸ਼ਪਿੰਦਰ ਸ਼ਬਦ ਪੂਰਾ ਨਹੀਂ ਸੀ, ‘ਪੁਸ਼’ ਲਿਖ ਕੇ ਲਕੀਰ ਖਿੱਚ ਦਿੱਤੀ ਗਈ ਸੀ। ਪਰ ਉਹਨੂੰ ਤਾਂ ਚਾਹੀਦਾ ਸੀ, ਖੋਲ੍ਹ ਕੇ ਚਿੱਠੀ ਲਿਖਦੀ। ਸਾਰੀਆਂ ਗੱਲਾਂ ਕਰਦੀ। ਐਨੇ ਦਿਨ ਹੋ ਗਏ, ਗੱਲਾਂ ਦਾ ਤਾਂ ਉਹਦੇ ਕੋਲ ਇਕ ਖਜ਼ਾਨਾ ਜਮ੍ਹਾ ਹੋ ਜਾਣਾ ਚਾਹੀਦਾ ਸੀ। ਇਹ ਵੀ ਕੋਈ ਚਿੱਠੀ ਹੈ ? ਸਕੂਲੀ ਕਾਪੀ ਦਾ ਇਕ ਸਫਾ, ਉਹ ਵੀ ਅਧੂਰਾ ਜਿਹਾ। ਐਨੀ ਕੁ ਚਿੱਠੀ ਪੜ੍ਹ ਕੇ ਤਾਂ ਰੱਜ ਹੀ ਨਹੀਂ ਆਵੇਗਾ। ਚਿੰਤਾ ਵਾਲੀ ਗੱਲ ਇਹ ਸੀ ਕਿ ਚਿੱਠੀ ਚੰਨਣਵਾਲ ਤੋਂ ਨਹੀਂ, ਕੋਠੇ ਖੜਕ ਸਿੰਘ ਤੋਂ ਲਿਖੀ ਹੋਈ ਸੀ। ਚਿੱਠੀ ਪੜ੍ਹਨ ਤੋਂ ਪਹਿਲਾਂ ਹੀ ਉਹਦਾ ਦਿਲ ਠੱਕ-ਠੱਕ ਕਰਕੇ ਧੜਕਣ ਲੱਗਿਆ। ਪੁੜਪੜੀਆਂ ਦੁਖਣ ਲੱਗੀਆਂ। ਲਿਖਿਆ ਸੀ, ‘ਮੇਰੇ ਨਸੀਬ, ਚੰਨਣਵਾਲ ਤਾਂ ਮਸਾਂ ਮੈਂ ਤਿੰਨ ਦਿਨ ਠਹਿਰੀ। ਚੌਥੇ ਦਿਨ ਸਵੇਰੇ ਹੀ ਦਸ ਕੁ ਵਜੇ ਹਰਿੰਦਰ ਚੰਨਣਵਾਲ ਗਿਆ ਸੀ ਅਤੇ ਮੈਨੂੰ ਲੈ ਆਇਆ। ਐਡੀ ਛੇਤੀ ਮਗਰ ਜਾਣ ਦਾ ਕਾਰਨ ਹਰਿੰਦਰ ਨੇ ਕੋਈ ਨਹੀਂ ਦੱਸਿਆ। ਬੱਸ ਇਹੀ ਕਹਿੰਦਾ ਸੀ, ਬੇਬੇ ਨੇ ਆਖਿਐ, ਚੱਲ । ਮਾਮੀ ਅਤੇ ਭਾਬੀਆਂ ਨੇ ਵੀ ਨਹੀਂ ਰੋਕਿਆ। ਹਰਿੰਦਰ ਗਏ ਤੋਂ ਮੇਰੀ ਤਾਂ ਸੁੱਧ-ਬੁੱਧ ਮਾਰੀ ਗਈ। ਜਿੱਦਣ ਦੀ ਮੈਂ ਚੰਨਣਵਾਲ ਤੋਂ ਵਾਪਸ ਆਈ ਆਂ, ਮਾਂ ਮੇਰੇ ਨਾਲ ਸੰਵਾਰ ਕੇ ਗੱਲ ਨਹੀਂ ਕਰਦੀ। ਮੂੰਹ ਮਰੋੜੀਂ ਰਖਦੀ ਹੈ। ਮੈਨੂੰ ਘਰੋਂ ਬਾਹਰ ਜਾਣ ਤੋਂ ਵੀ ਵਰਜਿਆ ਹੋਇਆ ਹੈ। ਗੱਲ ਦੀ ਸਮਝ ਕੋਈ ਨਹੀਂ ਆ ਰਹੀ। ਬਾਪੂ ਜੀ ਓਵੇਂ-ਜਿਵੇਂ ਬੋਲਦੇ-ਚਲਦੇ ਹਨ। ਹਰਿੰਦਰ ਵੀ ਚੌੜ ਕਰਦਾ ਕਹਿੰਦੈ। ਮੈਂ ਤਾਂ ਸੋਚਿਆ ਸੀ, ਤੂੰ ਆਏਂਗਾ। ਮਿਲ ਕੇ ਗੱਲ ਕਰਾਂਗੇ। ਕੱਲ੍ਹ ਮੈਂ ਤੇਰੀ ਮਾਮੀ ਕੋਲ ਘਰ ਗਈ ਸੀ, ਮਾਂ ਤੋਂ ਚੋਰੀਓ। ਤੂੰ ਤਾਂ ਅਜੇ ਸੰਘੇੜੀ ਹੀ ਬੈਠਾ ਹੈਂ । ਆਖਰ ਨੂੰ ਇਹ ਚਿੱਠੀ ਤੈਨੂੰ ਲਿਖੀ ਹੈ। ਕਾਹਲ ਵਿਚ ਹਾਂ । ਚਿੱਠੀ ਚੰਗੂ ਨਹੀਂ ਲਿਖੀ ਗਈ । ਜਦੋਂ ਵੀ ਚਿੱਠੀ ਮਿਲੇ, ਐਥੇ ਆ ਜਾ । ਮੈਂ ਬਹੁਤ ਦੁਖੀ ਹਾਂ।’
15
ਚਿੱਠੀ ਨਸੀਬ ਦੇ ਹੱਥਾਂ ਵਿਚ ਕੰਬ ਰਹੀ ਸੀ। ਉਹਨੇ ਕਾਗਜ਼ ਦੀਆਂ ਪਹਿਲਾਂ ਵਾਂਗ ਹੀ ਚਾਰੇ ਤਹਿਆਂ ਕੀਤੀਆਂ, ਓਸੇ ਲਫ਼ਾਫ਼ੇ ਵਿਚ ਪਾ ਕੇ ਉਹਨੂੰ ਜੇਬ ਵਿਚ ਪਾ ਲਿਆ । ਉੱਠ ਕੇ ਬੈਠਕ ਵਿਚ ਗਿਆ ਅਤੇ ਕੋਰੇ ਘੜੇ ਵਿਚੋਂ ਠੰਡੇ ਪਾਣੀ ਦਾ ਗਲਾਸ ਪੀਤਾ । ਮਾਂ ਪੁੱਛ ਰਹੀ ਸੀ, ‘ਕਿਉਂ ਭਾਈ, ਕਿੱਥੋਂ ਆਇਐ ਕਾਗ਼ਤ ?’
ਉਹਨੇ ਝੱਟ ਜਵਾਬ ਦਿੱਤਾ, ‘ਇਹ ਤਾਂ ਮੇਰੇ ਦੋਸਤ ਦੀ ਚਿੱਠੀ ਐ, ਮਾਂ।’
‘ਕੀ ਲਿਖਦੈ, ਤੇਰਾ ਦੋਸਤ ?
‘ਬੱਸ ਊਂਈ ਪਾ ‘ਤੀ ਚਿੱਠੀ, ਲਿਖਣਾ ਕੀ ਸੀ।’
‘ਕਿਥੋਂ ਦਾ ਐ ਤੇਰਾ ਇਹ ਦੋਸਤ ?
‘ਰਾਮਪੁਰੇ ਤੋਂ ਐ?’ ਨਸੀਬ ਨੇ ਮਾਂ ਨਾਲ ਅੱਖ ਨਹੀਂ ਮਿਲਾਈ। ਰੁੱਖਾ-ਰੁੱਖਾ ਬੋਲਦਾ ਰਿਹਾ। ਮਾਂ ਦੀ ਫਜ਼ੂਲ ਜਿਹੀ ਪੁੱਛ-ਪੜਤਾਲ ਉਹਨੂੰ ਬਿਲਕੁਲ ਹੀ ਚੰਗੀ ਨਹੀਂ ਲੱਗ ਰਹੀ ਸੀ।
ਉਹ ਦੁਬਾਰਾ ਬੋਹੜ ਥੱਲੇ ਮੰਜੇ ਉੱਤੇ ਆ ਪਿਆ। ਉਹਦੇ ਦਿਮਾਗ਼ ਵਿਚ ਖ਼ਿਆਲਾਂ ਦੀ ਫ਼ਿਲਮੀ-ਰੀਲ ਬੜੀ ਤੇਜ਼ੀ ਨਾਲ ਚੱਲ ਰਹੀ ਸੀ। ਹਰਿੰਦਰਪਾਲ ਪੁਸ਼ਪਿੰਦਰ ਦੇ ਮਗਰੇ ਆ ਕੇ ਉਹਨੂੰ ਐਡੀ ਛੇਤੀ ਕਿਉਂ ਲੈ ਗਿਆ? ਉਹਦੇ ਦਿਮਾਗ ਵਿਚ ਕਿੰਨੇ ਹੀ ਕਾਰਨ ਉੱਠੇ ਹੋਏ ਸਨ। ਕਿਤੇ ਪੁਸ਼ਪਿੰਦਰ ਦੀ ਨਬੀ ਬਲਦੀ ਵੇਹ ਨੂੰ ਜੇ ਬਾਦ ਹੀ ਉਹ ਸੋਚਦਾ, ਤਾਂ ਫੇਰ ਉਹਦੇ ਨਾਲ ਉਹ ਹੁਣ ਸੰਵਾਰ ਕੇ ਕਿਉਂ ਨਹੀਂ ਬੋਲਦੀਦੀ ਉਹਨੂੰ ਘਰੋਂ ਬਾਹਰ ਕਿਉਂ ਨਹੀਂ ਨਿੱਕਲਣ ਦਿੰਦੀ? ਕਿਉਹ ਰਣ ਪੁਸ਼ਪਿੰਦਰ ਦੇ ਰਿਸ਼ਤੇ-ਨਾਤੇ ਦੀ ਕੋਈ ਗੱਲ ਨਾ ਤੁਰ ਪਈ ਹੋਵੇ ? ਕਿਸੇ ਨੂੰ ਉਹ ‘ਦਿਖਾਉਣੀ’ ਨਾ ਹੋਵੇ ? ਪਰ ਫੇਰ ਓਹੀ ਸੋਚ, ਤਾਂ ਫੇਰ ਉਹਦੇ ਨਾਲ ਮਾਂ ਦੀ ਐਨੀ ਬੇਰੁਖੀ ਕਿਉਂ? ਅਖ਼ੀਰ ਉਹਦੇ ਦਿਮਾਗ਼ ਵਿਚ ਇਕੋ ਗੱਲ ਮੁੜ-ਘਿੜ ਕੇ ਬੈਠਦੀ-ਕੋਈ ਗੜਬੜ ਜ਼ਰੂਰ ਹੈ। ਪੁਸ਼ਪਿੰਦਰ ਉੱਤੇ ਮਾਂ ਦੀ ਪਾਬੰਦੀ ਐਵੇਂ ਨਹੀਂ। ਉਹਦੇ ਮਨ ਵਿਚ ਇਕੋ ਪਾਲਾ-ਕਿਧਰੇ ਉਹਨਾਂ ਦੇ ਸੰਬੰਧਾਂ ਦੀ ਭਿਣਕ ਮਾਂ ਦੇ ਕੰਨੀਂ ਨਾ ਪੈ ਗਈ ਹੋਵੇ ?
ਮੰਜੇ ਉੱਤੇ ਪਿਆ ਉਹ ਕਦੇ ਏਧਰ ਪਾਸਾ ਲੈਂਦਾ, ਕਦੇ ਓਧਰ। ਸਿੱਧਾ ਪੈਂਦਾ, ਤਾਂ ਵੀ ਟੇਕ ਕਿੱਥੇ ਸੀ। ਅਖ਼ੀਰ ਉਹਨੇ ਫੈਸਲਾ ਕੀਤਾ ਕਿ ਅੱਜ ਹੀ ਕੋਠੀ ਪਹੁੰਚਿਆ ਜਾਵੇ। ਓਥੇ ਜਾ ਕੇ ਹੀ ਅੰਦਰਲੀ ਘੁੰਡੀ ਦਾ ਪਤਾ ਲੱਗੇਗਾ। ਕੀ ਪਤਾ, ਪੁਸ਼ਪਿੰਦਰ ਵਿਚਾਰੀ ਕਿੰਨਾ ਕੁ ਤੜਫ ਰਹੀ ਹੋਵੇਗੀ? ਕੀ ਬੀਤਦੀ ਹੋਵੇਗੀ ਉਹਦੇ ਉੱਤੇ ? ਇਕ ਵਾਰੀਂ ਜਾ ਕੇ ਪਤਾ ਤਾਂ ਲਿਆ ਜਾਵੇ ।
ਉਹ ਉੱਠਿਆ। ਗੁੱਸਲਖਾਨੇ ਵਿਚ ਜਾ ਕੇ ਟੂਟੀ ਖੋਲ੍ਹੀ। ਪਾਣੀ ਨਹੀਂ ਸੀ। ਬਾਲਟੀ ਵਿਚ ਪਏ ਘਸਮੈਲੇ ਜਿਹੇ ਪਾਣੀ ਨਾਲ ਹੀ ਉਹਨੇ ਹੱਥ-ਪੈਰ ਧੋ ਲਏ । ਮੂੰਹ ਧੋ ਲਿਆ । ਬੈਠਕ ਵਿਚ ਜਾ ਕੇ ਕੇਸ ਵਾਹੇ। ਓਦਣ ਦਾ ਹੀ ਗਲ-ਤੇੜ ਫਸਾਈਂ ਫਿਰਦਾ ਸੁਖਦੇਵ ਦਾ ਨੀਲਾ ਜਿਹਾ ਕੁੜਤਾ-ਪਜਾਮਾ ਉਹਨੇ ਉਤਾਰਿਆ ਅਤੇ ਧੋਤੀ ਹੋਈ ਆਪਣੀ ਪੈਂਟ-ਬੁਸ਼ਰਟ ਪਾ ਲਈ। ਪੱਗ ਢਾਹ ਕੇ ਦੁਬਾਰਾ ਬੰਨ੍ਹ ਲਈ। ਸੁਖਦੇਵ ਤੋਂ ਲਈਆਂ ਘਸੀਆਂ-ਪੁਰਾਣੀਆਂ ਰਬੜ ਦੀਆਂ ਚੱਪਲਾਂ ਲਾਹ ਕੇ ਕਿੱਦਣ ਦੇ ਓਵੇਂ ਦੇ ਓਵੇਂ ਪਏ ਧੂੜ-ਅੱਟੇ ਬੂਟ ਉਹਨੇ ਮਾਂ ਦੀ ਪੁਰਾਣੀ ਕੁੜਤੀ ਨਾਲ ਪੂੰਝੇ ਅਤੇ ਪੈਰਾਂ ਵਿਚ ਪਾ ਲਏ। ਉਹਨੂੰ ਤਿਆਰ ਹੁੰਦਾ ਦੇਖ ਕੇ ਮਾਂ ਪੁੱਛਣ ਲੱਗੀ, ‘ਹੁਣ ਕਿੱਧਰ ਵੇ, ਐਸ ਵੇਲੇ ?’
‘ਬੱਸ ਮਾਂ, ਚੱਲਿਆ ਮੈਂ ਤਾਂ। ਮੈਨੂੰ ਦਸ ਕੁ ਰੁਪਈਏ ਦੇ ਦੇ, ਜੇ ਹੈ ਗੇ।
‘ਦਸ ਨੂੰ ਚਾਹੇ ਪੰਦਰਾਂ ਲੈ ਜਾ । ਪਰ ਤੂੰ ਜਾਨਾਂ ਕਿੱਧਰ ਐਂ ?”
‘ਮੈਂ ਕੋਠਿਆਂ ਨੂੰ ਚੱਲਿਆਂ।’
‘ਕਿਉਂ, ਹੁਣੇ ਬੈਠੇ-ਬੈਠੇ ਨੂੰ ਕੀ ਸੁਫ਼ਨਾ ਆ ਗਿਆ ਕੋਠੀ ਜਾਣ ਦਾ ਤੈਨੂੰ ?
‘ਬੱਸ ਜਾਣੈ, ਮੈਂ ਤਾਂ।’
‘ਤੜਕੇ ਤਾਂ ਗੱਲ ਨ੍ਹੀਂ ਕੀਤੀ ਕੋਈ। ਬੈਠੇ-ਬੈਠੇ ਨੂੰ ਕੀ ਹੋ ਗਿਐ?’
ਉਹਨੇ ਹੱਥ ਵਿਚ ਇਕ ਪੁਰਾਣਾ ਰਸਾਲਾ ਫੜਿਆ ਅਤੇ ਰੁੱਖਾ ਜਿਹਾ ਹੋ ਕੇ ਕਹਿੰਦਾ, ‘ਮਾਂ ਤੂੰ ਦਸਾਂ ਦਾ ਇਕ ਨੋਟ ਕੱਢ, ਐਵੇਂ ਬਹੁਤੀ ਜਿਰ੍ਹਾ ਨਾ ਕਰੀਂ ਜਾਹ।’
ਮਾਂ ਨੇ ਆਪਣਾ ਸੰਦੂਖ ਖੋਲ੍ਹਿਆ। ਮੋਮੀ ਕਾਗਜ਼ ਵਿਚ ਵਲ੍ਹੇਟੇ ਨੋਟਾਂ ਵਿਚੋਂ ਇਕ ਦਸਾਂ ਦਾ ਨੋਟ ਕੱਢਿਆ ਅਤੇ ਨਸੀਬ ਨੂੰ ਦੇ ਦਿੱਤਾ। ਕਹਿੰਦੀ, ‘ਹੋਰ ਦੇਮਾਂ ?’
‘ਚੱਲ, ਪੰਜ ਹੋਰ ਦੇ ਦੇ ।’ ਨਸੀਬ ਦੇ ਮੂੰਹ ਉੱਤੇ ਰੁੱਖੀ-ਮਿੱਸੀ ਮੁਸਕਰਾਹਟ ਸੀ। ਮਾਂ ਨੂੰ ਤਾਂ ਉਹਦੇ ਬੁੱਲਾਂ ਉੱਤੇ ਉੱਠੀ ਪੇਪੜੀ ਹੀ ਦਿਸੀ।
ਬੂੜੀ ਨੇ ਪੰਜਾਂ ਦਾ ਨੋਟ ਹੋਰ ਫੜਾ ਦਿੱਤਾ । ਸੰਦੂਖ ਨੂੰ ਜਿੰਦਾ ਲਾ ਤੇ ਕਹਿੰਦੀ, ‘ਚੰਗਾ, ਜਾਂਦਾ ਤਾਂ ਹੈਂ, ਛੇਤੀ ਗੇੜਾ ਮਾਰ ਲਿਆ ਕਰ। ਕਿਸੇ ਨੌਕਰੀ-ਨੂਕਰੀ ਦਾ ਢਾਣਸ ਵੀ ਕਰ ਲੈ ਕੋਈ। ਸਾਰੀ ਉਮਰ ਮਾਮਾ ਤੈਨੂੰ ਕਿੱਥੋਂ ਦੇ ਦੂ ਪੋਲੀਆਂ ?’
‘ਨਤੀਜਾ ਨਿੱਕਲ ਲਵੇ, ਉਹ ਤਾਂ ਕਰੂੰਗਾ ਈ।’ ਨਸੀਬ ਨੇ ਮਾਂ ਨੂੰ ਮੱਥਾ ਟੇਕਿਆ। ਕਾਹਲੇ ਕਦਮੀਂ ਫਟਾ-ਫਟ ਤਿੰਨੇ ਭਾਬੀਆਂ ਦੇ ਘਰੀਂ ਗਿਆ ਅਤੇ ਕਮਾਣੋਂ ਨਿੱਕਲੈ ਤੀਰ ਵਾਂਗ ਪਿੰਡੋਂ ਭੱਜ ਨਿੱਕਲਿਆ । ਭਾਬੀਆਂ, ਮਾਂ ਅਤੇ ਉਹਦੇ ਸਭ ਭਤੀਜੇ ਭਤੀਜੀਆਂ ਉਹਦੀ ਪਿੱਠ ਦੇਖਦੇ ਰਹਿ ਗਏ।
ਉਹ ਸੰਘੇੜਿਆਂ ਦੇ ਬੱਸ ਅੱਡੇ ਉੱਤੇ ਆ ਖੜ੍ਹਾ। ਬੱਸਾਂ ਬੇਸ਼ੁਮਾਰ ਲੰਘ ਰਹੀਆਂ ਸਨ। ਖੜ੍ਹਦੀ ਕੋਈ ਕੋਈ। ਇਕ ਬੱਸ ਖੜ੍ਹੀ ਅਤੇ ਉਹ ਉਸ ਵਿਚ ਬੈਠ ਕੇ ਬਰਨਾਲੇ ਦੇ ਬੱਸ-ਸਟੈਂਡ ਉੱਤੇ ਆ ਗਿਆ । ਸਲਾਬਪੁਰੇ ਨੂੰ ਜਾਣ ਵਾਲੀ ਕੋਈ ਬੱਸ ਅਜੇ ਆਪਣੇ ਅੱਡੇ ਉੱਤੇ ਆ ਕੇ ਨਹੀਂ ਸੀ ਖੜ੍ਹੀ। ਚਾਰ ਵੱਜ ਚੁੱਕੇ ਸਨ। ਉਹਨੇ ਟਾਈਮ ਟੇਬਲ ਵਾਲੇ ਫੱਟੇ ਅੱਗੇ ਜਾ ਕੇ ਦੇਖਿਆ, ਫਰੀਦਕੋਟ ਨੂੰ ਜਾਣ ਵਾਲੀ ਇਕ ਬੱਸ ਚਾਰ ਪੰਦਰਾਂ ਉੱਤੇ ਚੱਲਣੀ ਸੀ । ੳਹਨੂੰ ਤੱਸਲੀ ਹੋਈ ਕਿ ਇਹ ਬੱਸ ਠੀਕ ਹੈ। ਉਹ ਸਮੇਂ ਸਿਰ ਹੀ ਸਲਾਬਤਪੁਰੇ ਪਹੁੰਚ ਜਾਵੇਗਾ । ਉਥੋਂ ਕੋਈ ਬੱਸ ਜ਼ਰੂਰ ਭਾਈਰੂਪੇ ਨੂੰ ਜਾਣ ਵਾਲੀ ਮਿਲ ਜਾਵੇਗੀ।
ਚਾਰ-ਪੰਦਰਾਂ ਵਾਲੀ ਬੱਸ ਤਾਂ ਅੱਡੇ ਉੱਤੇ ਆਈ ਹੀ ਨਾ । ਸਾਢੇ ਚਾਰ ਹੋ ਚੁੱਕੇ ਸਨ ਹੁਣ अं।
ਉਹਨੂੰ ਖਿਝ ਚੜ੍ਹੀ ਹੋਈ ਸੀ। ਅਖੀਰ ਚਾਰ ਪੈਂਤੀ ਉੱਤੇ ਇਕ ਹੋਰ ਬੱਸ ਆਈ । ਏਸ ਬੱਸ ਨੇ ਸਲਾਬਤਪੁਰੇ ਤੋਂ ਹੋ ਕੇ ਅਗਾਂਹ ਕਿਸੇ ਹੋਰ ਪਾਸੇ ਜਾਣਾ ਸੀ। ਉਹ ਇਸ ਵਿਚ ਬੈਠ ਗਿਆ। ਇਹ ਪੌਣੇ ਪੰਜ ਤੁਰ ਪਈ।
ਬੱਸ ਵਿਚ ਬੈਠਾ ਉਹ ਚਾਹੁੰਦਾ ਸੀ ਕਿ ਛੇਤੀ ਕੋਠੀ ਪਹੁੰਚ ਜਾਵੇ, ਜਿਵੇਂ ਬੱਸ ਤੋਂ ਅੱਗੇ ਅੱਗੇ ਉਹ ਆਪ ਭੱਜ ਰਿਹਾ ਹੋਵੇ। ਚੀਮੇ ਜੋਧਪੁਰ ਅਤੇ ਪੱਖੋ ਦੀਆਂ ਕੈਂਚੀਆਂ ਦੇ ਅੱਡਿਆਂ ਉੱਤੇ ਦੋ ਦੋ, ਤਿੰਨ-ਤਿੰਨ ਮਿੰਟ ਲਈ ਬੱਸ ਰੁਕੀ ਤਾਂ ਉਹਨੂੰ ਲੱਗਿਆ ਇਹ ਤਾਂ ਛਕੜਾ ਬੱਸ ਹੈ । ਹੌਲ਼ੀ ਹੌਲ਼ੀ ਤੁਰਦੀ ਹੈ। ਜਿੱਥੇ ਖੜ੍ਹਦੀ ਹੈ, ਖੜੀ ਹੀ ਰਹਿੰਦੀ ਹੈ। ਉਹਨੂੰ ਕਤਰੀ ਦਾੜ੍ਹੀ ਵਾਲੇ ਅਧਖੜ ਡਰਾਈਵਰ ਉੱਤੇ ਗੁੱਸਾ ਆ ਰਿਹਾ ਸੀ । ਸਾਲਾ ਮੇਰਾ, ਐਕਸੀਲੇਟਰ ਉੱਤੇ ਪੈਰ ਹੀ ਨਹੀਂ ਰਖਦਾ।
ਸਲਾਬਤੁਪਰੇ ਪਹੁੰਚ ਕੇ ਉਹਦੇ ਮਨ ਵਿਚ ਇਕ ਭੈ ਜਿਹਾ ਵੀ ਬੈਠ ਗਿਆ। ਇਕ ਅਸੁਖਾਵਾਂ ਜਿਹਾ ਭਾਰੀਪਣ । ਕਿਧਰੇ ਕੋਠੇ ਖੜਕ ਸਿੰਘ ਵਿਚ ਉਹਦੇ ਸੰਬੰਧੀ ਕੋਈ ਚਰਚਾ ਹੀ ਨਾ ਛਿੜੀ ਪਈ ਹੋਵੇ ? ਕੋਈ ਗੱਲ ਮਾਮੇ ਤੱਕ ਨਾ ਪਹੁੰਚ ਗਈ ਹੋਵੇ ? ਪੁਸ਼ਪਿੰਦਰ ਦੀ ਮਾਂ ਤੋਂ ਅਗਾਂਹ ਕੋਈ ਗੱਲ ਉਹਦੇ ਬਾਪ ਤੱਕ ਨਾ ਚਲੀ ਗਈ ਹੋਵੇ ? ਤੇ ਫੇਰ ਬਾਪ ਕੀ ਪਤਾ ਉਹਦੇ ਨਾਲ ਕਿਹੋ ਜਿਹਾ ਸਲੂਕ ਕਰੇਗਾ ? ਕਿਧਰੇ ਕੋਠੇ ਖੜਕ ਸਿੰਘ ਵਿਚ ਉਹਦਾ ਰਹਿਣਾ ਦੁੱਭਰ ਹੀ ਨਾ ਬਣ ਜਾਵੇ ? ਸਲਾਬਤਪੁਰੇ ਦੇ ਅੱਡੇ ਉੱਤੇ ਬੱਸ ਦੀ ਉਡੀਕ ਕਰ ਰਿਹਾ ਨਸੀਬ ਦੁਚਿੱਤੀ ਵਿਚ ਪਿਆ ਹੋਇਆ ਸੀ । ਇਕ ਚਿੱਤ ਸੀ, ਛੇਤੀ ਜਾ ਕੇ ਪੁਸ਼ਪਿੰਦਰ ਦਾ ਮੂੰਹ ਦੇਖੇ। ਇਕ ਚਿੱਤ ਸੀ, ਨਾ ਹੀ ਜਾਇਆ ਜਾਵੇ ਕੋਠੇ ਖੜਕ ਸਿੰਘ। ਇਥੋਂ ਹੀ ਕਿਸੇ ਹੋਰ ਪਾਸੇ ਨੂੰ ਤੁਰ ਪਵੇ। ਕੋਈ ਪਤਾ-ਸੁਤਾ ਲੈ ਕੇ ਹੀ ਜਾਵੇ ਉਥੇ। ਹੋਰ ਨਹੀਂ ਤਾਂ ਰਾਮਪੁਰੇ ਨੂੰ ਹੀ ਸਿੱਧਾ ਨਿੱਕਲ ਜਾਵੇ। ਉਥੇ ਉਹਦੇ ਬਥੇਰੇ ਜਮਾਤੀ ਹਨ। ਕਿਸੇ ਕੋਲ ਜਾ ਕੇ ਰਾਤ ਕੱਟ ਲਵੇ | ਸ਼ਾਇਦ ਰਾਮਪੁਰੇ ਤੋਂ ਹੀ ਕਿਸੇ ਗੱਲ ਦੀ ਸੋਅ ਕੰਨੀਂ ਪੈ ਜਾਵੇ ।
ਭਾਈਰੂਪੇ ਨੂੰ ਜਾਣ ਵਾਲੀ ਇਕ ਬੱਸ ਸਲਾਬਤਪੁਰੇ ਛੇ ਵਜੇ ਆਈ। ਪੰਦਰਾਂ ਵੀਹ ਮਿੰਟ ੳਥੇ ਹੀ ਖੜੀ ਰਹੀ। ਕੰਡਕਟਰ ਡਰਾਈਵਰ ਚਾਹ ਦੀ ਦੁਕਾਨ ਉੱਤੋਂ ਹੀ ਨਹੀਂ ਉੱਠ ਰਹੇ ਸਨ। ਹਾ-ਹਾ, ਹੀ-ਹੀ ਹੀ ਨਹੀਂ ਮੁੱਕ ਰਹੀ ਸੀ। ਹਸਦੇ ਅਤੇ ਤਾੜੀਆਂ ਮਾਰਦੇ । ਸਾਲੇ ਬਾਂਦਰ । ਬੱਸ ਵਿਚ ਬੈਠਾ ਉਹ ਮਨ ਹੀ ਮਨ ਵਿਚ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ, ਬੱਸ ਦੀਆਂ ਸਵਾਰੀਆਂ ਵੀ ਹਾਲ-ਹਾਲ ਕਰੀਂ ਜਾ ਰਹੀਆਂ ਸਨ। ‘ਉਏ ਤੋਰ ਲੋ ਸਹੁਰਿਓਂ ਹਣ । ਕਿਉਂ ਅੱਕਲਕਾਣ ਕਰੀਂ ਜਾਨੇ ਓਂ ? ਜਵਾਕਾਂ ਦਾ ਅੱਡ ਬੁਰਾ ਹਾਲ ਐ। ਗਹਾਂ ਵੀ ਕਿਸੇ ਨੇ ਥਾਂ ਠਿਕਾਣੇ ਲੱਗਣੈ।’
ਬੱਸ ਭਗਤਾ-ਜਲਾਲ ਵੱਲੋਂ ਆਈ ਸੀ। ਰਾਮਪੁਰੇ ਜਾਣਾ ਸੀ। ਅਸਲ ਵਿਚ ਉਹ ਬਰਨਾਲੇ ਵਲੋਂ ਆਉਣ ਵਾਲੀ ਕਿਸੇ ਸਿੱਧੀ ਬੱਸ ਨੂੰ ਉਡੀਕ ਰਹੇ ਸਨ। ਸਵਾਰੀਆਂ ਉੱਤਰਨ ਗੀਆਂ। ਕੁਝ ਸਵਾਰੀਆਂ ਤਾਂ ਮਿਲਣਗੀਆਂ, ਰਾਮਪੁਰੇ ਵੱਲ ਨੂੰ ਜਾਣ ਵਾਲੀਆਂ। ਇਕ ਬੁੱਢੇ ਨੇ ਬਾਰੀ ਵਿਚੋਂ ਬਾਹਰ ਧੌਣ ਕੱਢ ਕੇ ਉੱਚਾ ਹੋਕਰਾ ਮਾਰਿਆ, ਉਏ ਅਜੇ ਥੋਡਾ ਢਿੱਡ ਨ੍ਹੀਂ ਭਰਿਆ, ਬਥੇਰਾ ਭੂੜੀ ੜ੍ਹਾਈ ਐ ਬੱਸ ਪਹਿਲਾਂ ਈ। ਤਿਲ ਸਿੱਟਣ ਨੂੰ ਥਾਂ ਹੈਗਾ ਭਲਾਂ ਕਿਤੇ? ਆ ਜੋ ਹੁਣ, ਸ਼ੇਰ ਬੱਗੇ ਬਣ ਕੇ।
ਬੁੜ੍ਹੇ ਦੀ ਗੱਲ ਸੁਣ ਕੇ ਦੁਕਾਨ ਉੱਤੇ ਖੜ੍ਹੇ ਲੋਕ ਤਾੜੀ ਮਾਰ ਕੇ ਹੱਸੇ। ਕੰਡਕਟਰ ਕਹਿੰਦਾ, ਚਲਦੇ ਆਂ ਬਾਬੇ, ਐਨੀ ਕਾਹਲ ਨਾ ਕਰ । ਬਹੁਤ ਖੜ੍ਹੇ ਦਿਨ। ਜਿੱਥੇ ਮਰਜੀ ਕਹੇਂ ਪੁਚਾ ਦਿਆਂਗੇ।’
ਭਾਈਰੂਪੇ ਜਾ ਕੇ ਨਸੀਬ ਉੱਤਰ ਗਿਆ। ਸੂਰਜ ਦੁਮੇਲ ਉੱਤੇ ਅੱਧ ਵਿਚਕਾਰ ਲਟਕਿਆ ਹੋਇਆ ਸੀ। ਉਹਨੇ ਅੱਡੇ ਦੀਆਂ ਦੁਕਾਨਾਂ: ਵੱਲ ਨਿਗਾਹ ਮਾਰੀ, , ਕੀ ਐ ਕੋਈ ਕੋਠਿਆਂ ਦਾ ਬੰਦਾ ਖੜ੍ਹਾ ਹੋਵੇ। ਕੋਈ ਨਹੀਂ ਸੀ। ਕੋਈ ਹੋਵੇ ਤਾਂ ਉਹ ਉਹਨੂੰ ਕੋਠਿਆਂ ਦਾ ਹਾਲ ਚਾਲ ਪੁੱਛੇ । ਅਗਲੇ ਦੀਆਂ ਗੱਲਾਂ ਤੋਂ ਜਾਂ ਚੇਹਰੇ ਮੋਹਰੇ ਤੋਂ ਹੀ ਕਿਸੇ ਗੱਲ ਦੀ ਕੋਈ ਸੋਅ ਮਿਲ ਸਕਦੀ ਹੈ। ਉਹ ਜੱਕੋ ਤੱਕੀ ਵਿਚ ਹੀ ਕੋਠਿਆਂ ਦੀ ਸੜਕ ਪੈ ਗਿਆ । ਥੋੜ੍ਹੀ ਹੀ ਦੂਰ ਗਿਆ ਹੋਵੇਗਾ ਕਿ ਉਹਦੇ ਦਿਮਾਗ ਵਿਚ ਇਕ ਗੱਲ ਆਈ। ਕਿਉਂ ਨਾ ਉਹ ਭਾਈਰੂਪੇ ਹੀ ਸ਼ਰਾਬ ਦੇ ਠੇਕੇ ਉੱਤੇ ਜਾਵੇ। ੳਥੇ ਕੋਠਿਆਂ ਦੇ ਲੋਕ ਹੋਣਗੇ। ਆਥਣੇ ਸ਼ਰਾਬ ਲੈਣ ਆਉਂਦੇ ਹਨ। ਕੋਈ ਬੰਦਾ ਤਾਂ ਕੁਝ ਦੱਸੇਗਾ। ਕੀ ਪਤਾ ਮਾਮਾ ਹੀ ਟਕੱਰ ਜਾਵੇ। ਕਿਸੇ ਨੇ ਬੋਤਲ ਲੈਣ ਭੇਜਿਆ ਹੋਵੇ। ਮਾਮਾ ਤਾਂ ਦੂਜਾ ਆਦਮੀ ਨਹੀਂ। ਉਸ ਸੰਬੰਧੀ ਕੋਈ ਗੱਲ ਹੋਈ ਤਾਂ ਉਹ ਉਥੇ ਹੀ ਉਹਨੂੰ ਟੁੱਟ ਕੇ ਪੈ ਜਾਵੇਗਾ। ਪੂਰਾ ਝਿੜਕੇਗਾ। ਮਾਮੇ ਦੀਆਂ ਝਿੜਕਾਂ ਨਾਲ ਤਾਂ ਉਹਨੂੰ ਫਾਇਦਾ ਹੀ ਹੋਵੇਗਾ। ਉਹ ਫੇਰ ਪਿੰਡ ਕਾਹਨੂੰ ਜਾਵੇਗਾ । ਮਚਦੀ ਅੱਗ ਵਿਚ ਕਾਹਨੂੰ ਛਾਲ ਮਾਰੇਗਾ । ਇਥੋਂ ਹੀ ਕਿਧਰੇ ਹੋਰ ਪਾਸੇ ਚਲਿਆ ਜਾਵੇਗਾ।
ਨਸੀਬ ਪਿੰਡ ਦੇ ਅੰਦਰ ਜਾਣ ਵਾਲੀ ਪੱਕੀ ਸੜਕ ਪੈ ਗਿਆ । ਸ਼ਰਾਬ ਦਾ ਠੇਕਾ ਪਿੰਡ ਵੜਦਿਆਂ ਨੂੰ ਹੀ ਬਾਜ਼ਾਰ ਦੀ ਨੁੱਕਰ ਉੱਤੇ ਸੀ। ਪੁਰਾਣੇ ਵੇਲਿਆਂ ਦਾ ਇਕ ਢਹਿਆ ਜਿਹਾ ਘਰ।
ਬੈਠਕ ਸਾਬਤੀ ਸੀ । ਨਾਲ ਲਗਦਾ ਦਰਵਾਜ਼ਾ ਵੀ ਵਾਹਵਾ ਸੀ। ਪਿਛਲੇ ਪਾਸੇ ਸਬਾਤਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ। ਲਟੈਣਾਂ ਸ਼ਤੀਰ ਓਵੇਂ ਦੇ ਓਵੇਂ ਡਿੱਗੇ ਖੜ੍ਹੇ ਸਨ। ਇਸ ਘਰ ਵਿਚ ਕਿੰਨੇ ਹੀ ਵਰ੍ਹਿਆਂ ਤੋਂ ਠੇਕਾ ਸੀ। ਸਬਾਤਾਂ ਵਾਲੀ ਥਾਂ ਸਾਫ ਕਰਵਾ ਕੇ ਮੰਜੇ ਡਾਹੁਣ ਨੂੰ ਥਾਂ ਕਰ ਲਿਆ ਗਿਆ ਸੀ। ਦੋ ਤਿੰਨ ਮੰਜੇ ਹਮੇਸ਼ਾਂ ਹੀ ਉਥੇ ਪਏ ਰਹਿੰਦੇ। ਵਿਹੜੇ ਵਿਚ ਲੱਗੇ ਨਲਕੇ ਤੋਂ ਲੋਕ ਪਾਣੀ ਦਾ ਡੱਬਾ ਲੈਂਦੇ, ਬਾਹਰੋਂ ਸਲੂਣੀਆਂ ਪਕੋੜੀਆਂ ਮੁੱਲ ਲੈ ਆਉਂਦੇ ਅਤੇ ਇਹਨਾਂ ਮੰਜਿਆਂ ਉੱਤੇ ਬੈਠ ਕੇ ਸ਼ਰਾਬ ਪੀਂਦੇ। ਕੋਈ ਕੋਈ ਢਾਣੀ ਦਰਵਾਜੇ ਵਿਚ ਬੈਠ ਕੇ ਵੀ ਪੀਣ ਲਗਦੀ । ਪਰ ਸਬਾਤਾਂ ਵਾਲੀ ਥਾਂ ਵਿਚ ਪਰਦਾ ਸੀ। ਸ਼ਰਾਬ ਲੈਣ ਆਏ ਬੰਦਿਆਂ ਨੂੰ ਅਤੇ ਬਾਜ਼ਾਰ ਵਿਚੋਂ ਦੀ ਲੰਘੇ ਜਾਂਦੇ ਲੋਕਾਂ ਨੂੰ ਅੰਦਰ ਬੈਠੇ ਬੰਦੇ ਦਿਸਦੇ ਨਹੀਂ ਸਨ। ਬੈਠਕ ਵਿਚ ਇਕ ਬਾਰੀ ਕੋਲ ਉੱਚਾ ਚੌਂਤਰਾ ਬਣਾਇਆ ਹੋਇਆ ਸੀ। ਉੱਤੇ ਦਰੀ ਗੁਦੈਲਾ ਵਿਛਾ ਕੇ ਬੈਠਣ ਲਈ ਗੁਦਗੁਦਾ ਥਾਂ ਬਣਿਆ ਰਹਿੰਦਾ। ਠੇਕੇਦਾਰ ਇਸ ਚੌਂਤਰੇ ਨੂੰ ਗੱਦੀ ਆਖਦੇ। ਬਾਰੀ ਦੀਆਂ ਸੀਖਾਂ ਮਜ਼ਬੂਤ ਸਨ। ਵਿਚੋਂ ਇਕ ਸੀਖ ਕੱਢ ਕੇ ਬੋਤਲ ਫੜਾਉਣ ਨੂੰ ਥਾਂ ਬਣਾਇਆ ਹੋਈਆ ਸੀ । ਦਾਰੂ ਵੇਚਣ ਵਾਲਾ ਬੰਦਾ ਅੰਦਰ ਬਾਰੀ ਕੋਲ ਬੈਠਾ ਰਹਿੰਦਾ। ਬੈਠਕ ਦਾ ਅੰਦਰਲਾ ਕੁੰਡਾ ਲਾ ਲੈਂਦਾ । ਬਾਰੀ ਤੋਂ ਇਕ ਪਾਸੇ ਲੁਕਵੀ ਜਿਹੀ ਥਾਂ ਲੋਹੇ ਦਾ ਗੱਲਾ ਹੁੰਦਾ। ਗੱਲੇ
ਤੋਂ ਉੱਤੇ ਬਹੁਤ ਸਾਰੇ ਰਖਣਿਆਂ ਵਾਲੀ ਲੱਕੜ ਦੀ ਖੁੱਲ੍ਹੀ ਅਲਮਾਰੀ। ਇਸ ਵਿਚ ਬੋਤਲਾਂ ਪਈਆਂ ਹੁੰਦੀਆਂ। ਹਰ ਕਿਸਮ ਦੀ ਸ਼ਰਾਬ। ਬਾਰੀ ਵਿਚ ਦੀ ਹੱਥ ਕੱਢ ਕੇ ਲੋਕ ਪਹਿਲਾਂ ਪੈਸੇ ਫੜਾਉਂਦੇ ਅਤੇ ਬਾਅਦ ਵਿਚ ਅੰਦਰ ਬੈਠਾ ਬੰਦਾ ਬੋਤਲ ਬਾਰੀ ਵਿਚ ਦੀ ਤਿਲ੍ਹਕਿਆ ਦਿੰਦਾ। ਪਿੰਡ ਦਾ ਸ਼ੋਰ ਬੰਦ ਹੋਣ ਤੱਕ ਇਹ ਸਿਲਸਿਲਾ ਚਲਦਾ ਰਹਿੰਦਾ। ਲੋਕ ਸ਼ਰਾਬ ਲੈ-ਲੈ ਓਥੋਂ ਬੈਠਦੇ ਅਤੇ ਪੀ ਕੇ ਤੁਰੀ ਜਾਂਦੇ। ਫੇਰ ਹੋਰ ਆ ਜਾਂਦੇ। ਲਾਗ ਡਾਟ ਵਾਲੇ ਬੰਦੇ ਠੇਕੇ ਵਿਚ ਬੈਠ ਕੇ ਸ਼ਰਾਬ ਨਹੀਂ ਪੀਂਦੇ ਸਨ ।
ਨਸੀਬ ਠੇਕੇ ਵਿਚ ਗਿਆ। ਦਰਵਾਜ਼ੇ ਵਿਚ ਦੋ ਤਿੰਨ ਆਦਮੀ ਬੈਠੇ ਹੌਲ਼ੀ ਹੌਲ਼ੀ ਨੇੜੇ ਨੇੜੇ ਮੂੰਹ ਕਰਕੇ ਅਤੇ ਪੱਬਾਂ ਭਾਰ ਹੋ ਕੇ ਗੱਲਾਂ ਕਰ ਰਹੇ ਸਨ। ਇਕ ਉਹਨਾਂ ਵਿਚੋਂ ਬੀੜੀ ਪੀ ਰਿਹਾ ਸੀ। ਇਹਨਾਂ ਵਿਚ ਕੋਈ ਵੀ ਕੋਠਿਆਂ ਦਾ ਨਹੀਂ ਸੀ। ਉਹ ਅੰਦਰ ਦੇਹਲੀ ਟੱਪ ਕੇ ਸਬਾਤਾਂ ਦੇ ਖੋਲੇ ਵਿਚ ਚਲਿਆ ਗਿਆ। ਕੰਧ ਨਾਲ ਬਲਬ ਲਟਕ ਰਿਹਾ ਸੀ । ਤਿੰਨ ਮੰਜਿਆਂ ਉੱਤੇ ਬੈਠੇ ਤਿੰਨ ਅੱਡ ਅੱਡ ਗਰੁੱਪ ਦਾਰੂ ਪੀ ਰਹੇ ਸਨ। ਦੇਹਲੀ ਤੋਂ ਬਾਹਰ ਨਸੀਬ ਹੋਇਆ ਹੀ ਸੀ ਕਿ ਕਿਸੇ ਨੇ ਮੋਹ ਭਿੱਜੀ ਉੱਚੀ ਆਵਾਜ਼ ਵਿਚ ਆਖਿਆ, ‘ਉਏ ਆ ਭਾਣਜੇ, ਕਿੱਧਰ ?’ ਬੋਲਣ ਵਾਲਾ ਤੀਰਥ ਸੀ । ਨਸੀਬ ਨੇ ਬੋਲ ਪਛਾਣ ਲਿਆ। ਉਹ ਉਹਨਾਂ ਦੇ ਮੰਜੇ ਨੇੜੇ ਗਿਆ। ਬਾਕੀ ਦੇ ਤਿੰਨ ਵੀ ਕੋਠਿਆਂ ਦੇ ਹੀ ਸਨ। ਪੀਣੀ ਅਜੇ ਸ਼ੁਰੂ ਹੀ ਕੀਤੀ ਹੋਵੇਗੀ। ਤਾਂ ਹੀ ਸੁਰਤ ਨਾਲ ਸਨ। ਤੀਰਥ ਨੇ ਫੇਰ ਪੁੱਛਿਆ, ‘ਕੀਹਦੀ ਬੋਤਲ ਲੈਣ ਆਇਆ ? ਜੰਗੀਰ ਨੇ ਭੇਜਿਐ ਤੈਨੂੰ ?
‘ਨਹੀ ਮਾਮਾ ਮੈਂ ਕਿਸੇ ਦੀ ਬੋਤਲ ਲੈਣ ਨ੍ਹੀਂ ਆਇਆ। ਮੈਂ ਤਾਂ ਬੱਸ ਤੋਂ ਉੱਤਰ ਕੇ ਆਇਆਂ। ਐਧਰ ਨੂੰ ਹੋ ਲਿਆ, ਮਖਿਆ, ਕੀ ਐ ਮਾਮਾ ਬੈਠਾ ਹੋਵੇ ਐਥੇ। ਮੈਂ ਤਾਂ ਸੰਘੇੜਿਆਂ ਤੋਂ ਆਇਆਂ। ਗਏ ਨੂੰ ਕਈ ਦਿਨ ਹੋ ਗੇ ਸੀ।’ ਨਸੀਬ ਨੇ ਸਾਰਾ ਕੁਝ ਆਪ ਹੀ ਦੱਸ ਕੇ ਚਾਹਿਆ ਕਿ ਤੀਰਥ ਕੁਝ ਬੋਲੇ ।
‘ਨਾ, ਜੰਗੀਰ ਐਥੇ ਕਿੱਥੇ ? ਉਹ ਤਾਂ ਕਦੇ ਈ ਭਾਮੇਂ ਆਇਆ ਹੋਵੇ ਐਥੇ ਐਸ ਵੇਲੇ ।ਫੇਰ ਤੀਰਥ ਨੇ ਸੁਲਾਹ ਮਾਰੀ, ‘ਲੈ ਫੇਰ ਲਾ ਲੈ ਇਕ ਹਾੜਾ, ਭਾਣਜੇ ।
‘ਨਾ ਮਾਮਾ, ਮੈਂ ਤਾਂ ਕਦੇ ਪੀਤੀ ਨ੍ਹੀਂ।’ ਕਹਿ ਕੇ ਉਹਨੇ ਦੂਜੇ ਮੰਜਿਆਂ ਵੱਲ ਨਿਗਾਹ ਮਾਰੀ। ਉਹਨਾਂ ਵਿਚੋਂ ਕੋਈ ਵੀ ਕੋਠਿਆਂ ਦਾ ਨਹੀਂ ਦਿਸਿਆ।
ਨਸੀਬ ਉਹਨਾਂ ਕੋਲ ਬੈਠਾ ਨਹੀਂ। ‘ਚੰਗਾ ਮਾਮੇ’ ਕਹਿ ਕੇ ਉਹਨੇ ਸਾਰਿਆਂ ਵਲ ਹੱਥ ਜੋੜੇ ਅਤੇ ਤੁਰ ਆਇਆ।
‘ਚੰਗਾ ਭਾਈ’, ਤੀਰਥ ਨੇ ਆਖਿਆ ਅਤੇ ਹੋਰ ਪਾਉਣ ਲਈ ਬੋਤਲ ਚੁੱਕ ਲਈ। ਦੂਜੇ ਤਿੰਨ ਆਪਣੀ ਹੀ ਮੌਜ ਵਿਚ ਮੁੱਛਾਂ ਨੂੰ ਵੱਟ ਦੇਈਂ ਜਾ ਰਹੇ ਸਨ।
ਨਸੀਬ ਦਰਵਾਜ਼ੇ ਵਿਚ ਆਇਆ। ਬਾਰੀ ਸਾਹਮਣੇ ਦੋ ਬੰਦੇ ਖੜ੍ਹੇ ਨੋਟ ਗਿਣ ਰਹੇ ਸਨ। ਉਹਨਾਂ ਦੇ ਕੋਲ ਹੋ ਕੇ ਉਹਨੇ ਉਹਨਾਂ ਨੂੰ ਸਿਆਣਿਆ। ਦੋਵੇਂ ਕੋਠਿਆਂ ਦੇ ਸਨ। ਉਹਨਾਂ ਨੇ ਪੈਸੇ ਅੰਦਰ ਫੜਾਏ ਅਤੇ ਇਕ -ਇਕ ਬੋਤਲ ਲੈ ਲਈ। ਬੋਤਲਾਂ ਡੱਬਾਂ ਵਿਚ ਟੰਗਣ ਲੱਗੇ। ਦੋਵਾਂ ਦੇ ਹੀ ਮੂੰਹ ਉਤਾਂਹ ਸਨ। ਸਾਹਮਣੇ ਨਿਗਾਹ ਗਈ ਤਾਂ ਦੋਵੇਂ ਹੀ ਇਕੋ ਵਾਰ ਇੱਕਠੇ ਬੋਲ ਉੱਠੇ, ‘ਓਏ, ਤੂੰ ਫਿਰਦੈਂ, ਦੋਹਤਿਆ ?’
‘ਮੈਂ ਤਾਂ, ਮਾਮੇ, ਬੱਸ ਊਈਂ ਆ ਗਿਆਂ। ਪਿੰਡ ਨੂੰ ਈ ਚੱਲੋਂ ਗੇ ?’ ਨਸੀਬ ਨੇ ਦੋਵਾਂ ਦੇ ਚੇਹਰਿਆਂ ਵੱਲ ਗਹੁ ਨਾਲ ਦੇਖਿਆ। ਦਰਵਾਜ਼ੇ ਦੇ ਤੇਜ਼ ਬਲਬ ਵਿਚ ਉਹਨੂੰ ਦੋਵਾਂ ਦੇ ਹੀ ਚੇਹਰੇ ਸਾਧਾਰਣ ਜਿਹੇ ਲੱਗੇ। ਇਕ ਤਾਂ ਸੀ, ਦੇਬੂ ਚਮਿਆਰ ਦਾ ਵੱਡਾ ਮੁੰਡਾ। ਦੂਜਾ ਸੀ ਮਿਲਖੇ ਸਰਪੰਚ ਦਾ ਮੁੰਡਾ ਕਰਨੈਲ । ਕਰਨੈਲ ਤਾਂ ਖੈਰ ਖਾਸਾ ਵੱਡਾ ਸੀ, ਪਰ ਦੇਬੂ ਦਾ ਮੁੰਡਾ ਤਾਂ ਲਗਭਗ ਨਸੀਬ ਦੇ ਹਾਣ ਦਾ ਹੀ ਹੋਵੇਗਾ। ਦੋ ਸਾਲ ਵੱਡਾ ਵੀ ਹੋ ਸਕਦਾ ਸੀ। ਪਰ ਨਸੀਬ ਨੂੰ ਆਦਤ ਸੀ, ਉਹ ਕੋਠਿਆਂ ਦੇ ਜਣੇ-ਖਣੇ ਨੂੰ ਹੀ ਮਾਮਾ ਆਖ ਦਿੰਦਾ। ਕੋਈ ਬਹੁਤੀ ਵੱਡੀ ਉਮਰ ਦਾ ਬਜ਼ੁਰਗ ਹੁੰਦਾ ਤਾਂ ਨਾਨਾ। ਇਸ ਤਰ੍ਹਾਂ ਕਰਕੇ ਉਹ ਅਗਲੇ ਨਾਲ ਇਕ ਅਪਣੱਤ ਜਿਹੀ ਪੈਦਾ ਕਰ ਲੈਂਦਾ।
ਠੇਕੇ ਤੋਂ ਬਾਹਰ ਆ ਕੇ ਕਰਨੈਲ ਤਾਂ ਕਾਹਲੇ ਕਦਮੀਂ ਤੁਰ ਪਿਆ, ਪਰ ਦੇਬੂ ਦੇ ਮੁੰਡੇ ਨੂੰ ਨਸੀਬ ਨੇ ਗੱਲੀਂ ਲਾ ਲਿਆ । ਆਨੀ ਬਹਾਨੀਂ ਉਹਤੋਂ ਪਿੰਡ ਦਾ ਕੋਈ ਭੇਤ-ਛੇਤ ਲੈਣਾ ਚਾਹਿਆ। ਪਰ ਨਾ । ਉਹ ਤਾਂ ਆਪਣੀਆਂ ਗੱਲਾਂ ਹੀ ਕਰੀਂ ਜਾਂ ਰਿਹਾ ਸੀ, ‘ਮੈਂ ਤਾਂ ਕਦੇ ਪੀਤੀ ਨ੍ਹੀਂ ਠੇਕੇ ਦੀ, ਪਰੌਣਾ ਆਇਆ ਹੋਇਐ, ਉਹਨੂੰ ਲੈ ਕੇ ਚੱਲਿਆਂ।’
ਕਰਨੈਲ ਉਹਤੋਂ ਮੂਹਰੇ ਨਿੱਕਲ ਗਿਆ ਸੀ । ਦੇਬੂ ਦਾ ਮੁੰਡਾ ਭੱਜ ਕੇ ਉਹਦੇ ਨਾਲ ਜਾ ਰਲਿਆ। ਉਹਨੇ ਨਸੀਬ ਨੂੰ ਵੀ ਆਖਿਆ ਸੀ, ‘ਚੱਲਣਾ ਨ੍ਹੀਂ ਪਿੰਡ ਨੂੰ ?
ਕੁਝ ਵੀ ਪੱਲੇ ਪੈਂਦਾ ਨਾ ਦੇਖ ਨਸੀਬ ਕਹਿੰਦਾ, ‘ਤੂੰ ਚੱਲ, ਮੈਂ ਤਾਂ ਹੌਲ਼ੀ-ਹੌਲ਼ੀ ਆਊਂ।’ ਹਲਵਾਈ ਦੀ ਦੁਕਾਨ ਮੂਹਰੇ ਬੈਂਚ ਉੱਤੇ ਬੈਠਾ ਇਕ ਬੁੜ੍ਹਾ ਕੋਈ ਪੁਰਾਣੀ ਕਥਾ ਸੁਣਾ ਰਿਹਾ ਸੀ। ਇਕ ਕੋਈ ਅੱਧਖੜ ਹੁੰਗਾਰਾ ਭਰਦਾ ਸੀ।
‘ਨਾਭੇ ਦਾ ਰਾਜਾ ਸੀ ਭਰਪੂਰ ਸੂੰ, ਬਡੁੱਖਿਆਂ ਦਾ ਜਰਮ ਸੀ ਉਹਦਾ। ਕੋਈ ‘ਲਾਦ ਨ੍ਹੀਂ ਸੀ। ਮਰਿਆ ਤਾਂ ਉਹਦੀ ਰਾਣੀ ਨੇ ਰਾਜ ਕੀਤਾ ਫੇਰ, ਚੰਦ ਕੁਰ ਨੇ । ਫੇਰ ਕੋਈ ਨਾ ਰਹਿਆ । ਹੁਣ ਰਾਜਾ ਕੌਣ ਬਣੇ ? ਫੇਰ ਭਾਈ ਇਕ ਭਤੀਜੇ ਦੀ ਦੱਸ ਪਈ । ਭਰਪੂਰ ਸੂੰ ਦਾ ਭਤੀਜਾ ਹੀਰਾ ਸੂੰ। ਚੌਂਤੀ ਪੈਂਤੀ ਸਾਲ ਦੀ ਉਮਰ ਸੀ ਸਾਰੀ । ਬੜੱਖੀਂ ਜਾ ਫੜਿਆ । ਉੱਠ ਚਾਰੀਂ ਜਾਵੇ ਖੇਤਾਂ ‘ਚ। ਜਿੱਥੋਂ ਕਿਸਮਤ ਜਾਗਦੀ ਐ। ਲਿਆ ਬਿਠਾਇਆ ਗੱਦੀ ‘ਤੇ। ਫਿਰ ਉਹਨੇ ਰਾਜ ਕੀਤਾ। ਕੋਈ ਰਾਜਾ ਸੀ ਹੀਰਾ ਸੂੰ, ਅਸ਼ਕੇ ਮੰਨ ਗਈ ਦੁਨੀਆ। ਰਾਜਾ ਕਾਹਦਾ, ਬੱਸ ਰੱਬ ਹੀ ਸੀ। ਅਹੇ ਜੇ ਫੈਂਸਲੇ ਕੀਤੇ, ਬੱਸ ਵੱਡੇ ਵਕੀਲ ਮੂੰਹ ‘ਚ ਉਂਗਲਾਂ ਪਾ ਲਿਆ ਕਰਨ । ਹੀਰਾ ਸੂੰ ਦੇ ਹੋਇਆ ਫੇਰ ਪਰਦੁੱਮਣ ਸੂੰ । ਪਰਦੁੱਮਣ ਸੂੰ ਦਾ ਜਿੱਦਣ ਜਰਮ ਹੋਇਆ, ਹੀਰਾ ਸੂੰ ਨੇ ਜੇਲ੍ਹ ਦੇ ਦਰਵਾਜ਼ੇ ਚੁਪੱਟ ਖੋਲ੍ਹ’ਤੇ। ਕੈਦੀਆਂ ਨੂੰ ਕਹਿਆ, ਜਾਉਂ ਭੱਜ ਜੋ । ਸਾਰੀ ਸਜਾ ਮਾਫ । ਅਹਿਆ ਜਾ ਸੀ ਹੀਰਾ ਸੂੰ । ਪਰਦੁੱਮਣ ਸੂੰ ਦੀ ਸੁਣ ਲੈ। ਰਾਜ ਤਾਂ ਕੀਤਾ ਉਹਨੇ ਦਸ ਬਾਰਾਂ ਸਾਲ ਈ, ਪਰ ਨਰ ਆਦਮੀ ਸੀ ਉਹੋ। ਸਾਰੀ ਉਮਰ ਅੰਗਰੇਜ਼ਾਂ ਦੇ ਖਲਾਫ਼ ਰਹਿਆ। ਪਹਿਲੇ ਦਿਨੋਂ। ਆਪਣੀ ਤਾਜਪੋਸ਼ੀ ਅੰਗਰੇਜ਼ ਅਜੰਟ ਦੀ ਥਾਂ ਬਾਗੜੀਆਂ ਆਲੇ ‘ਭਾਈ ਸਾਅਬ’ ਤੋਂ ਕਰਾਈ। ਅੰਗਰੇਜ਼ ਨਰਾਜ ਹੋ ਗੇ, ਭਾਈ। ਫੇਰ ਵੱਡੀ ਲੜਾਈ ਲੱਗੀ, ਫੌਜਾਂ ਨਾ ਭੇਜੀਆਂ। ਅੰਗਰੇਜ਼ ਹੋਰ ਨਰਾਜ। ਨਨਕਾਣੇ ਦੇ ਖ਼ੂਨੀ ਸਾਕੇ ਵਿਰੁੱਧ ਪਰਦੁੱਮਣ ਸੂੰ ਨੇ ਵੀ ਕਾਲੀ ਦਸਤਾਰ ਬੰਨ੍ਹੀ। ਅਖ਼ੀਰ ਅੰਗਰੇਜ਼ਾਂ ਨੇ ਉਹਨੂੰ ਜਲਾਵਤਨ ਕਰ’ਤਾ। ਫੇਰ ਉਹ ਮਰ ਗਿਆ। ਠਾਰਾਂ ਸਾਲਾਂ ਪਿੱਛੋਂ ਫੇਰ ਪਰਦੁੱਮਣ ਸੂੰ ਦਾ ਮੁੰਡਾ ਪਰਤਾਪ ਸੂੰ ਬੈਠਾ ਗੱਦੀ ‘ ਤੇ। ਐਨੇ ਨੂੰ ਚੱਲ ਭਾਈ ਪਾਕਿਸਤਾਨ ਬਣ ਗਿਆ। ਰਿਆਸਤਾਂ ਟੁੱਟ ਗੀਆਂ ਤੇ ਚੱਲ ਮੇਰੇ ਭਾਈ…
ਨਸੀਬ ਖੜਾ ਸੁਣਦਾ ਰਿਹਾ। ਤੇ ਫੇਰ ਉਹਨੇ ਦੁਕਾਨ ਵਾਲੇ ਨੂੰ ਕਿਹਾ, ‘ਲੈ ਬਈ ਮਿੱਤਰਾ, ਇਕ ਕੱਪ ਚਾਹ ਦਾ ਬਣਾ ਦੇ ਫਟਾ-ਫਟ। ਜਾਣੈ ਫੇਰ ਮੈ। ਕੋਠੀ ਪਹੁੰਚਣੈ।
‘ਆਹ ਖੜ੍ਹੇ ਨੇ ਕੋਠੇ, ਕੋਠੇ ਕਿਹੜਾ ਪਰਦੇਸ ਐ।’ ਦੁਕਾਨਦਾਰ ਹੱਸਿਆ ਅਤੇ ਫੇਰ ਭੱਠੀ ਉੱਤੇ ਚਾਹ ਰੱਖ ਦਿੱਤੀ।
ਚਾਹ ਪੀ ਕੇ ਨਸੀਬ ਕਾਹਲੇ-ਕਾਹਲੇ ਕਦਮਾਂ ਨਾਲ ਕੋਠਿਆਂ ਨੂੰ ਚੱਲ ਪਿਆ।
16
ਦਾਤਣ ਕਰਦਾ-ਕਰਦਾ ਉਹਦਾ ਮਾਮਾ ਉਹਦੇ ਮੰਜੇ ਕੋਲ ਆਇਆ ਅਤੇ ਉਹਦੇ ਮੂੰਹ ਤੋਂ ਖੇਸ ਦਾ ਲੜ ਪਰ੍ਹਾਂ ਹਟਾ ਕੇ ਆਖਣ ਲੱਗਿਆ, ‘ਉੱਠਿਆ ਨ੍ਹੀਂ ਓਏ ਨਸੀਬ ? ਉੱਠ ਹੁਣ, ਦਿਨ ਕਿੱਡਾ ਚੜ੍ਹ ਆਇਐ। ਚਾਹ ਬਣੀ ਪਈ ਐ। ਉੱਠ ਮੂੰਹ ਧੋ ਲੈ ।’
ਨਸੀਬ ਅੱਖਾਂ ਮਲਦਾ ਉਂਠ ਬੈਠਾ । ਮਾਮੇ ਵੱਲ ਝਾਕਣ ਲੱਗਿਆ। ਜਿਵੇਂ ਕੁਝ ਪੁੱਛ ਰਿਹਾ ਹੋਵੇ। ਫੇਰ ਆਖਿਆ, ‘ਰਾਤ, ਮਾਮਾ ਕਦੋਂ ਕੁ ਆਇਆ ਤੂੰ ਫੇਰ?’
‘ਮੈਂ ਤਾਂ ਕੋਈ ਬਹੁਤੀ ਡੇਰ ਨ੍ਹੀਂ ਲਾਈ । ਮੁਕੰਦ ਟੁੰਡਾ ਮਰ ਗਿਆ ਨਾ। ਉਹਦਾ ਭੋਗ ਐ ਅੱਜ। ਤੰਬੂ ਛੰਬੂ ਲੈਂਦੇ ਰਹੇ ਓਥੇ। ਹੋਰ ਵੀ ਕਈ ਰੈ ਮਸ਼ਵਰੇ ਕਰਨੇ ਸੀ ਉਹਨਾਂ ਨੇ । ਪਰਮਜੀਤ ਤਾਂ ਵੱਡਾ ਪਰੋਗਰਾਮ ਰਚੀਂ ਬੈਠੈ। ਪੂਰਾ ‘ਕੱਠ ਕਰੂ।’
‘ਪਰਮਜੀਤ ਕੌਣ, ਮਾਮਾ ?’
‘ਪਰਮਜੀਤ ਨ੍ਹੀਂ ਜਾਣਦਾ ? ਪਰਮਜੀਤ ਪਟਵਾਰੀ। ਮੁਕੰਦ ਟੁੰਡੇ ਦਾ ਮੁੰਡਾ। ਸੜਕ ‘ਤੇ ਜਿਹੜਾ ਵੱਡਾ ਸਾਰਾ ਮਕਾਨ ਐ, ਓਸੇ ਦਾ ਐ। ਰਟੈਰ ਹੋ ਕੇ ਐਥੇ ਆਉ। ਉਹਨੇ ਤਾਂ ਜਮੀਨ ਬਣਾ ਲੀ। ਤੀਜੇ ਚੌਥੇ ਸਾਲ ਦੋ ਕਿੱਲੇ ਲੈਂਦੈ । ਕੋਈ ਟਕਾਣੈ। ਬਹੁਤ ਪੈਸੇ ਵਢਦੈ, ਭਾਈ, ਪਰਮਜੀਤ ਤਾਂ। ਆਹੂ ਲਾਹੀਂ ਜਾਂਦੈ । ਇਹਨੂੰ ਕਹਿੰਦੇ ਐ ਕਮਾਈ ਤਾਂ । ਟੁੰਡਾ ਗਹਿਣੇ ਧਰਦਾ ਹੁਂਦਾ, ਇਹ ਬੈ ਲਈ ਜਾਂਦੈ। ਗੇੜ ਦੇਖ ।’
‘ਅੱਛਾ-ਅੱਛਾ, ਉਹ ਪਰਮਜੀਤ। ਮੈਂ ਦੇਖਿਆ।’
‘ਤੂੰ ਵੀ ਪਟਵਾਰੀ ਲੱਗ ਜਾ, ਜਾਰ। ਦੇਖੀਂ ਮਾਇਆ ਔਂਦੀ। ਪਟਵਾਰੀਆਂ ਦੇ ਘਰੀਂ ਤਾਂ ਮਾਇਆ ਪੈਰ ਲਾ ਕੇ ਤੁਰੀ ਔਂਦੀ ਐ, ਸਹੁਰੇ ਮੇਰੇ ਦੀ।
ਮਾਮੀ ਦੋ ਗਲਾਸਾਂ ਵਿਚ ਚਾਹ ਪਾ ਕੇ ਉਹਨਾਂ ਕੋਲ ਰੱਖ ਗਈ। ਨਸੀਬ ਉੱਠਿਆ। ਕੁਰਲੀ ਕਰ ਕੇ ਮੂੰਹ ਧੋ ਲਿਆ। ਸੋਚਣ ਲੱਗਿਆ, ‘ਮਾਮਾ ਤਾਂ ਹੋਰ ਈ ਮਾਰੀਂ ਜਾਂਦੈ । ਇਹਨੇ ਤਾਂ ਕੋਈ ਰ.ਲ ਕੀਤੀ ਈ ਨ੍ਹੀਂ।’ ਨਸੀਬ ਨੂੰ ਤਸੱਲੀ ਹੋਈ।
ਦਾਤਣ ਸੁੱਟ ਕੇ ਮਾਮੇ ਨੇ ਮੂੰਹ ਸਾਫ ਕੀਤਾ। ਪਹਿਲਾਂ ਵਾਂਗ ਹੀ ਦੋਵੇਂ ਮੰਜੇ ਉੱਤੇ ਬੈਠ ਗਏ। ਚਾਹ ਪੀਣ ਲੱਗੇ ਘੁੱਟ ਭਰ ਕੇ ਮਾਮੇ ਨੇ ਪੁੱਛਿਆ, ‘ਤੂੰ ਕਦੋਂ ਕੁ ਆ ਗਿਆ ਸੀ ਕੱਲ੍ਹ ?’
‘ਮੈਂ ਵੀ ਨ੍ਹੇਰੇ ਹੋਏ ਈ ਆਇਆਂ।’
‘ਕਿਉਂ ?’
‘ਸੰਘੇੜਿਆਂ ਤੋਂ ਤੁਰਿਆ ਈ ਲੇਟ। ਬਰਨਾਲੇ ਤੋਂ ਬੱਸ ਬੜੀ ਪਛੜ ਕੇ ਮਿਲੀ। ਫੇਰ ਸਲਾਬਤਪੁਰੇ ਵੀ ਬੱਸ ਦਿਨ ਛਿਪੇ ਮਿਲੀ। ਰਾਤ ਤਾਂ ਭਾਈਰੂਪੇ ਈ ਹੋ ਗੀ ਸੀ। ਮੈਂ ਤਾਂ ਖਾਸਾ ਨ੍ਹੇਰੇ ਆਇਆ । ਮਾਮੀ ਤਾਂ ਪਕਾਈਂ-ਖਾਈਂ ਬੈਠੀ ਸੀ। ਤੈਨੂੰ ‘ਡੀਕੀ ਜਾਂਦੀ ਸੀ।’
‘ਮੈਂ ਤਾਂ ਤੈਨੂੰ ਦੱਸਿਆ ਈ ਐ, ਓਥੇ ਕੰਮ ਈ ਨ੍ਹੀਂ ਮੁੱਕਿਆ। ਰੋਟੀ ਉਹਨਾਂ ਦੇ ਖਾ ਲੀ ਸੀ। ਫੇਰ ਮਾਮੇ ਨੇ ਗੱਲ ਬਦਲੀ, ‘ਨਾ ਤੂੰ, ਐਂ ਦੱਸ, ਐਨੇ ਦਿਨ ਕੀ ਕੀਤਾ ਓਥੇ ? ਸਾਨੂੰ ਤਾਂ ਫਿਕਰ ਖੜ੍ਹਾ ਹੋ ਗਿਆ, ਬਈ ਕਿਤੇ ਬਮਾਰ ਠਮਾਰ ਨਾ ਹੋਮੇਂ। ਨਾ ਕੋਈ ਸੁੱਖ ਸੁਨੇਹਾ, ਨਾ ਚਿੱਠੀ ਪੱਤਰ । ਲੋੜ੍ਹਾ ਮਾਰਿਆ ਤੈਂ ਵੀ ?
‘ਬੱਸ ਊਈਂ।’
‘ਊਈਂ ਕੀ ? ਜਾਣ ਲੱਗਿਆ ਵੀ ਸਮਾਰ ਕੇ ਨ੍ਹੀਂ ਦੱਸ ਕੇ ਗਿਆ । ਦੱਸ ਜਾਂਦਾ, ਬਈ ਮੈਂ ਰਹੂੰਗਾ ਮ੍ਹੀਨਾ ਵੀਹ ਦਿਨ । ਅਸੀਂ ਫਿਕਰ ਕਾਹਨੂੰ ਕਰਦੇ ਫੇਰ।
‘ਬੇਬੇ ਨੇ ਨਾ ਔਣ ਦਿੱਤਾ।’
‘ਫੇਰ ਚਿੱਠੀ ਪਾ ਦੇਣੀ ਸੀ।’
‘ਬੱਸ, ਮੈਂ ਆਖਿਆ, ਕੀ ਲਿਖਣੀ ਐ ਚਿੱਠੀ ! ਅੱਜ ਜਾਨਾਂ, ਭਲਕੇ ਜਾਨਾਂ ।’
‘ਹੋਰ ਫੇਰ, ਕੀ ਹਾਲ ਸੀ ਹਰਕੁਰ ਦਾ ?’
‘ ਠੀਕ ਐ ।’
‘ਰੋਟੀ ਆਪੇ ਪਕੌਦੀ ਐ ਕਿ …’
ਆਪ ਈ ਪਕਾ ਲੈਂਦੀ ਐ।’
‘ਦੂਜਿਆਂ ਦਾ ਕੀ ਹਾਲ-ਚਾਲ ਐ?’
‘ਸਭ ਠੀਕ ਨੇ । ਮੌਜਾਂ ਕਰਦੇ ਐ।
‘ਸੁਖਦੇਵ ਠੇਕੇ ‘ਤੇ ਈ ਹੋਣੈ ?
‘ਹਾਂ, ਓਥੇ ਈ ਐ।’
‘ਮਿਲਖੀ ਬਾਬੂ, ਗੁੱਛੀ ਚਲਦੀ ਐ ਫੇਰ, ਮਾਰੋ-ਮਾਰ ?”
‘ਹਾਂ, ਉਹ ਵੀ ਤੋਰੀਂ ਜਾਂਦੈ ਆਵਦਾ ਕੰਮ।’
‘ਤੇ ਵੱਡਾ ਸਰਦਾਰ ਸਾਅਬ ?’
‘ਓਹੀ ਮੱਝਾਂ ।’
‘ਬਹੂਆਂ ਤਾਂ ਸੁਰ ਰਖਦੀਆਂ ਹੋਣਗੀਆਂ ? ਲੜਦੀ-ਭਿੜਦੀ ਤਾਂ ਨ੍ਹੀਂ ਕੋਈ? ਹਰਕੁਰ ਨਾਲ ਕਿਮੇਂ ਰਹਿੰਦੀਐਂ ?’
‘ਸਭ ਠੀਕ ਨੇ। ਕੋਈ ਨ੍ਹੀਂ ਬੋਲਦੀ ਚਲਦੀ। ਬੇਬੇ ਨਾਲ ਵੀ ਸੁਰ ਐ ਹੁਣ ਤਾਂ ਸਭ ਦਾ। ਵੱਡੀ ਨਾਲ ਬਹੁਤੀ ਬਣਦੀ ਐ, ਬੇਬੇ ਦੀ ।’
ਭੈਣ ਦੇ ਘਰ ਦੀ ਸਾਰੀ ਸੁਖ-ਸਾਂਦ ਪੁੱਛ ਕੇ ਜੰਗੀਰ ਨੂੰ ਜਿਵੇਂ ਬਹੁਤ ਤਸੱਲੀ ਮਿਲੀ ਹੋਵੇ। ਉਹ ਚਾਹ ਕਦੋਂ ਦੇ ਪੀ ਚੁੱਕੇ ਸਨ । ਨਸੀਬ ਨੇ ਆਪਣਾ ਬਿਸਤਰਾ ਇਕੱਠਾ ਕੀਤਾ ਅਤੇ ਅੰਦਰ ਸਬਾਤ ਵਿਚ ਜਾ ਰੱਖਿਆ। ਮੰਜਾ ਚੁੱਕ ਕੇ ਬੈਠਕ ਵਿਚ ਡਾਹ ਲਿਆ । ਜੰਗੀਰ ਨਾਉਣ ਦੀ ਤਿਆਰੀ ਕਰਦਾ ਫਿਰਦਾ ਸੀ। ਨਸੀਬ ਜੰਗਲ-ਪਾਣੀ ਜਾਣ ਲਈ ਘਰੋਂ ਬਾਹਰ ਜਾਣ ਲੱਗਿਆ ਤਾਂ ਜੰਗੀਰ ਉਹਨੂੰ ਕਹਿੰਦਾ, ‘ਅੱਜ ਤਾਂ ਨ੍ਹੀ ਕਿਧਰੇ ਜਾਣਾ ?”
‘ਨਾ, ਜਾਣਾ ਕਿੱਥੇ ਐ ਮੈਂ, ਬੱਸ ਵਿਹਲੇ ਆਂ ਹੁਣ ਤਾਂ।’
‘ਤਾਂ ਫੇਰ ਇਉਂ ਕਰੀਂ। ਬਾਰਾਂ ਕੁ ਵਜੇ ਪਰਮਜੀਤ ਕੇ ਆ ਜੀਂ। ਦੋ-ਢਾਈ ਵਜੇ ਭੋਗ ਪਊਗਾ। ੳਥੇ ਚਾਹ ‘ਤੇ ਤੇਰੀ ਡਿਊਟੀ ਲਾਮਾਂਗੇ । ਚੰਗਾ ?’
‘ਚੰਗਾ, ‘ਕਹਿ ਕੇ ਨਸੀਬ ਬਾਹਰ ਨੂੰ ਤੁਰ ਗਿਆ।
ਉਹਨੂੰ ਇਕੋ ਸੋਚ, ਆਖਰ ਕਿਹੜੀ ਗੱਲ ਐ ਜਿਸ ਕਰਕੇ ਹਰਿੰਦਰ ਉਹਨੂੰ ਚੰਨਣਵਾਲ ਤੋਂ ਲੈ ਆਇਆ ਸੀ ? ਉਹਦਾ ਘਰੋਂ ਬਾਹਰ ਜਾਣਾ ਕਿਉਂ ਬੰਦ ਕੀਤਾ ਹੋਇਆ ਹੈ ? ਮਾਂ ਉਹਦੇ ਨਾਲ ਸੰਵਾਰ ਕੇ ਬੋਲਦੀ ਕਿਉਂ ਨਹੀਂ? ਆਖ਼ਰ ਕੋਈ ਤਾਂ ਗੱਲ ਹੋਵੇਗੀ। ਕੁਝ ਤਾਂ ਜ਼ਰੂਰ ਵਾਪਰਿਆ ਹੋਵੇਗਾ। ਪਰ ਇਸ ਸਭ ਕਾਸੇ ਦੀ ਸੋਅ ਲੋਕਾਂ ਵਿਚ ਕਿਉਂ ਨਹੀਂ ? ਕਿਸੇ ਪਾਸਿਓਂ ਵੀ ਕੋਈ ਬੋਲ ਨਹੀਂ ਨਿੱਕਲਿਆ। ਕੀ ਉਹ ਉਹਨਾਂ ਦੇ ਘਰ ਪੁਸ਼ਪਿੰਦਰ ਕੋਲ ਸਿੱਧਾ ਹੀ ਚਲਿਆ ਜਾਵੇ? ਇਕ ਸਹਿਮ ਜਿਹਾ ਵੀ ਨਸੀਬ ਨੂੰ ਚਿੰਬੜ ਗਿਆ ਸੀ। ਜੇ ਉਹ ਉਹਨਾਂ ਦੇ ਘਰ ਗਿਆ, ਤਾਂ ਕੀ ਪਤਾ ਕੀ ਵਪਾਰ ਜਾਵੇ ?
ਜੰਗਲ-ਪਾਣੀ ਗਿਆ ਉਹ ਜਾਣ ਬੁਝ ਕੇ ਹਰਦਿੱਤ ਦੇ ਫਿਰਨੀ ਵਾਲੇ ਘਰ ਮੂਹਰੋਂ ਦੀ ਲੰਘਿਆ। ਬਾਰ ਚੁਪੱਟ ਖੁੱਲਾ ਪਿਆ ਸੀ। ਫਿਰਨੀ ਤੋਂ ਘਰ ਦਾ ਸਾਰਾ ਵਿਹੜਾ ਸਾਫ ਦਿਸਦਾ ਸੀ। ਬੈਠਕਾਂ ਵਿਚ ਬੈਠੇ ਪਏ ਬੰਦੇ ਨੂੰ ਬਾਰੀਆ ਦੀਆਂ ਜਾਲੀਆਂ ਵਿਚ ਦੀ ਫਿਰਨੀ ਉੱਤੇ ਤੁਰਿਆ ਜਾਂਦਾ ਹਰ ਕੋਈ ਦਿਸਦਾ। ਉਹ ਦੂਰ ਨਿੱਕਲ ਗਿਆ। ਉਹਨੂੰ ਲੱਗਿਆ, ਨਾ ਤਾਂ ਵਿਹੜੇ ਵਿਚ ਉਹਨੂੰ ਕਿਸੇ ਨੇ ਦੇਖਿਆ ਹੋਵੇਗਾ ਅਤੇ ਨਾ ਹੀ ਬੈਠਕਾਂ ਵਿਚ ਸੀ ਕੋਈ। ਦੂਰ ਖੇਤਾਂ ਵਿਚ ਜੰਗਲ-ਪਾਣੀ ਜਾ ਕੇ ਉਹ ਮੁੜਦਾ ਹੋਇਆ ਹਰਦਿੱਤ ਦੇ ਘਰ ਦੀਆਂ ਛੱਤਾਂ ਵੱਲ ਹੀ ਮੂੰਹ ਚੁੱਕ-ਚੁੱਕ ਦੇਖਦਾ ਆ ਰਿਹਾ ਸੀ। ਕੀ ਐ, ਪੁਸ਼ਪਿੰਦਰ ਕੋਠੇ ਉੱਤੇ ਖੜ੍ਹੀ ਹੋਵੇ । ਖੜ੍ਹੀ ਹੋਈ ਤਾਂ ਜ਼ਰੂਰ ਉਹਨੂੰ ਦੇਖ ਲਵੇਗੀ। ਇਕ ਵਾਰੀਂ ਉਹ ਬੱਸ ਮੈਨੂੰ ਦੇਖ ਲਵੇ । ਉਹਨੂੰ ਤਸੱਲੀ ਹੋ ਜਾਵੇ ਕਿ ਮੈਂ ਆ ਗਿਆ ਹਾਂ । ਉਹਦੇ ਮਨ ਵਿਚ ਕੁਝ ਅਟਕਿਆ-ਅਟਕਿਆ ਅਗਾਂਹ ਤਾਂ ਤੁਰੇ। ਘਰ ਅੱਗੋਂ ਦੀ ਉਹ ਦੁਬਾਰਾ ਲੰਘਿਆ। ਉਹਨੂੰ ਲੱਗਿਆ, ਹੁਣ ਵੀ ਉਹਨੂੰ ਕਿਸੇ ਨੇ ਨਹੀਂ ਦੇਖਿਆ। ਨਾ ਹੀ ਕੋਈ ਕੋਠੇ ਦੀ ਛੱਤ ਉੱਤੇ ਸੀ । ਘਰ ਆ ਕੇ ਉਹ ਨ੍ਹਾ ਲਿਆ ਅਤੇ ਬੈਠਕ ਦੇ ਦੋਵੇਂ ਬਾਰ ਖੁੱਲ੍ਹੇ ਰੱਖ ਕੇ ਮੰਜੇ ਉੱਤੇ ਪੈ ਗਿਆ। ਤੇ ਫੇਰ ਕੋਈ ਕਿਤਾਬ ਚੁੱਕ ਕੇ ਉਹਦੇ ਵਰਕੇ ਫਰੋਲਣ ਲੱਗਿਆ। ਉਹਨੂੰ ਯਾਦ ਆਇਆ ਕਿ ‘ਮੇਰਾ ਦਾਗਿਸਤਾਨ’ ਕਿਤਾਬ ਤਾਂ ਉਹ ਸੰਘੇੜੇ ਹੀ ਬਾਬਿਆਂ ਕੋਲ ਛਡ ਆਇਆ ਹੈ। ਕਿੰਨੀ ਵਧੀਆ ਕਿਤਾਬ ਸੀ। ਕੁਝ ਵੀ ਪੜ੍ਹਨ ਨੂੰ ਜੀਅ ਨਾ ਕਰੇ ਅਤੇ ਸਮਾਂ ਨਾ ਕਟਦਾ ਹੋਵੇ ਤਾਂ ‘ਮੇਰਾ ਦਾਗਿਸਤਾਨ’ ਨੂੰ ਕਿਤੋਂ ਵੀ ਖੋਲ੍ਹ ਕੇ ਪੜ੍ਹਨ ਲੱਗ ਪਵੋ, ਜੀਅ ਲੱਗਣ ਲਗਦਾ ਹੈ। ਕੋਈ ਸੁਖ ਮਿਲਣ ਲਗਦਾ ਹੈ । ਕੋਈ ਚੁਸਤੀ ਸਰੀਰ ਵਿਚ ਦਾਖ਼ਲ ਹੋਣ ਲਗਦੀ ਹੈ। ਕਿੰਨਾ ਚੰਗਾ ਹੁੰਦਾ, ਜੇ ਉਹ ਉਸ ਕਿਤਾਬ ਨੂੰ ਨਾਲ ਲੈ ਕੇ ਆਉਂਦਾ। ਪਰ ਨਾਲ ਕਿਵੇਂ ਲੈ ਆਉਂਦਾ ? ਬਾਬਿਆਂ ਨੇ ਤਾਂ ਉਹ ਅਜੇ ਪੜ੍ਹੀ ਵੀ ਨਹੀਂ ਸੀ। ਓਧਰ ਪੁਸ਼ਪਿਦੰਰ ਦੀ ਚਿੱਠੀ ਮਿਲੀ ਅਤੇ ਉਹ ਭੱਜ ਆਇਆ। ਹੁਣ ਹਥਲੀ ਕਿਤਾਬ ਦੀ ਇਕ ਵੀ ਸਤਰ ਪੜ੍ਹਨ ਨੂੰ ਉਹਦਾ ਜੀਅ ਨਾ ਕੀਤਾ, ਜਿਵੇਂ ਸਿਰ ਭਾਰੀ ਭਾਰੀ ਹੋਵੇ। ਉਹਨੇ ਮਾਮੀ ਨੂੰ ਚਾਹ ਬਣਾਉਣ ਲਈ ਆਖਿਆ।
ਚਾਹ ਦਾ ਗਲਾਸ ਫੜਾਉਣ ਆਈ ਮਾਮੀ ਕਹਿੰਦੀ, ‘ਲੈ ਨਸੀਬ, ਮੈਂ ਤਾਂ ਚੱਲੀ ਆਂ ਪਟਵਾਰੀਆਂ ਦੇ। ਤੇਰਾ ਮਾਮਾ ਤਾਂ ਕਦੋਂ ਦਾ ਗਿਆ। ਅਸੀਂ ਤਾਂ ਭੋਗ ਪੈਣ ਤੱਕ ਹੁਣ ਓਥੇ ਆਂ। ਤੂੰ ਬੈਠ ਹਾਲੇ ਐਥੇ ਈ। ਜਦੋਂ ਤੇਰਾ ਜੀਅ ਕਰੇ, ਬਾਰਾਂ ਨੂੰ ਕੁੰਡੇ ਜਿੰਦੇ ਲਾ ਕੇ ਆ ਜੀਂ ਉਹਨਾਂ ਦੇ। ਤੇਰਾ ਮਾਮਾ ਆਖ ਕੇ ਗਿਐ ਨਾ ਤੈਨੂੰ।
‘ਚੰਗਾ ਮਾਮੀ, ਮੈਂ ਬਾਰਾਂ ਵਜੇ ਆ ਜੂੰ ਫੇਰ ।’
ਮਾਮੀ ਵੀ ਗਈ। ਮਾਮਾ ਵੀ ਹੈ ਨਹੀਂ ਸੀ। ਨਸੀਬ ਨੂੰ ਘਰ ਦੀ ਇਕੱਲ ਵੱਢ ਵੱਢ ਖਾਣ ਲੱਗੀ। ਉਹ ਚਿੱਤ ਵਿਚ ਇਕ ਸੁਪਨਾ ਘੜਨ ਲੱਗਿਆ । ਪੁਸ਼ਪਿੰਦਰ ਕੋਈ ਚਿੜੀ ਜਨੌਰ ਬਣ ਕੇ ਆ ਜਾਵੇ, ਐਥੇ ਬੈਠਕ ਵਿਚ। ਉਹਨੇ ਅੱਖਾਂ ਮੀਚ ਲਈਆਂ। ਉਹਦੇ ਦਿਮਾਗ ਵਿਚ ਖ਼ਿਆਲਾਂ ਦੀ ਕੋਈ ਤਾਰ ਜਿਹੀ ਬਣਦੀ ਅਤੇ ਟੁੱਟ ਜਾਂਦੀ। ਚਾਹ ਠੰਡੀ ਹੋ ਰਹੀ ਸੀ।
ਉਹ ਗਿਆਰਾਂ ਵਜੇ ਹੀ ਪਰਮਜੀਤ ਪਟਵਾਰੀ ਦੇ ਘਰ ਜਾ ਵੜਿਆ। ਸੜਕ ਉੱਤੇ ਘਰ ਸੀ। ਲਗਭਗ ਸਭ ਰਿਸ਼ਤੇਦਾਰ ਆ ਚੁੱਕੇ ਸਨ। ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਵੀ ਆਏ ਹੋਏ ਸਨ। ਜਿਹੜੇ ਜਿਹੜੇ ਪਿੰਡ ਵਿਚ ਪਰਮਜੀਤ ਪਟਵਾਰੀ ਰਹਿ ਚੁੱਕਿਆ ਸੀ ਉਥੋਂ ਦੇ ਲੋਕ ਵੀ ਸਨ। ਹੌਲ਼ੀ-ਹੌਲ਼ੀ ਇੱਕਠ ਵਧਦਾ ਜਾ ਰਿਹਾ ਸੀ। ਮਾੜ ਮੰਗਤ ਲਈ ਚੌਲਾਂ ਦੇ ਕੜਾਹੇ ਨਿੱਕਲ ਰਹੇ ਸਨ। ਕੜਾਹ-ਪੂਰੀ ਵਰਤਾਈ ਜਾ ਰਹੀ ਸੀ। ਲੱਡੂ ਵੀ ਪੱਕੇ ਸਨ । ਚੌਲਾਂ ਦੇ ਕੜਾਹੇ ਵਿਚ ਵੱਡਾ ਖੁਰਚਣਾ ਫੇਰਦਾ ਜੰਗੀਰ ਧਰਤੀ ਪੁੱਟ ਕੇ ਬਣਾਈ ਚੂਰ ਵਿਚ ਬਾਲਣ ਸੁੱਟ ਰਹੇ ਢੋਲਣ ਬਗਾਰੀ ਨੂੰ ਆਕੜ ਆਕੜ ਬੋਲਦਾ, ‘ਸੁੱਕੀਆਂ ਛਟੀਆਂ ਦਾ ਰੁੱਗ ਮਾਰ ਗਾਂ ਇਕ, ਕੰਜਰ ਦਿਆ ਚਮਿਆਰਾ । ਧੂੰਏਂ ਨਾਲ ਅੰਨ੍ਹਾ ਕਰੀਂ ਜਾਨੈਂ ।’ਜਦੋਂ ਹੀ ਉਹਨੇ ਨਸੀਬ ਨੂੰ ਦੇਖਿਆ, ਤਾਂ ਉੱਚੀ ਦੇ ਕੇ ਆਖਿਆ, ‘ਆ ਗਿਆ ? ਚੰਗਾ ਚੰਗਾ।’ਠ ਫੇਰ ਕੋਲ ਹੀ ਫਿਰਦੇ ਤੁਰਦੇ ਪਰਮਜੀਤ ਨੂੰ ਬੋਲ ਮਾਰਿਆ, ‘ਪਟਵਾਰੀ ਸਾਅਬ, ਆਹ ਸਾਡਾ ਪਾੜ੍ਹਾ ਵੀ ਆ ਗਿਆ । ਇਹਨੂੰ ਲਾਓ ਕਿਸੇ ਕੰਮ।’
ਪਟਵਾਰੀ ਮੁੰਡੇ ਵੱਲ ਝਾਕਿਆ । ਨਾਈਆਂ ਦਾ ਮੁੰਡਾ ਤਾਂ ਇਹ ਲਗਦਾ ਨਹੀਂ ਸੀ। ਜਿਵੇਂ ਸਰਦਾਰਾਂ ਦਾ ‘ਕਾਕਾ ਜੀ’ ਹੋਵੇ। ਉਹਨੇ ਮੋੜ ਕੇ ਪੁੱਛਿਆ, ‘ਕਿਥੇ ਪੜ੍ਹਦੈ ਏਹੇ ?’
‘ਬੀਏ ਦਾ ਐਗਜ਼ਾਮ ਦਿੱਤਾ ਹੋਇਐ ਜੀ।’ ਨਸੀਬ ਨੇ ਆਪ ਹੀ ਦੱਸਿਆ । ‘ ਵਾਹ, ਕਮਾਲ ਬਈ ਫੇਰ ਤਾਂ ।’ ਪਰਮਜੀਤ ਨੇ ਹੈਰਾਨੀ ਪ੍ਰਗਟ ਕੀਤੀ। ਤੇ ਫੇਰ ਆਖਣ ਲੱਗਿਆ, ‘ਤੂੰ ਭਾਈ, ਇਉਂ ਕਰ। ਦੋ ਤਿੰਨ ਮੁੰਡੇ ਹੋਰ ਵੀ ਨੇ। ਚੋਬਰ ਚੋਬਰ। ਭੋਗ ‘ਤੇ ਔਣ ਵਾਲੀ ਸਾਰੀ ਸੰਗਤ ਨੂੰ ਤੁਸੀਂ ਚਾਹ ਦੇਣੀ ਐ। ਸਭ ਨੂੰ ਗਲਾਸ ਦਿਓ ।’ ਤੇ ਫੇਰ ਕਹਿੰਦਾ, ‘ਆ ਤੈਨੂੰ ਦੂਜੇ ਮੁੰਡਿਆਂ ਨੂੰ ਮਿਲਾ ਦਿਆਂ।’ ਦੂਜੇ ਮੁੰਡੇ ਵੀ ਪਿੰਡ ਦੇ ਸਨ।
ਦੋ ਵਜੇ ਲੋਕ ਗੁਰੂ ਗ੍ਰੰਥ ਸਾਹਿਬ ਸਾਹਮਣੇ ਆ ਕੇ ਬੈਠਣ ਲੱਗ ਪਏ । ਸਭ ਨੂੰ ਚਾਹ ਦਿੱਤੀ ਜਾਣ ਲੱਗੀ। ਨਸੀਬ ਅਤੇ ਦੂਜੇ ਮੁੰਡੇ ਫੁਰਤੀ ਨਾਲ ਕੰਮ ਕਰ ਰਹੇ ਸਨ।
‘ਓਏ ਭਾਈ, ਕੁਸ ਬੰਦੇ ਬੈਠਕ ‘ਚ ਵੀ ਬੈਠੇ ਨੇ। ਉਹਨਾਂ ਨੂੰ ਤਾਂ ਓਥੇ ਈ ਦੇ ਦਿਓ ਚਾਹ।’ਪਟਵਾਰੀ ਨੇ ਇਕ ਮੁੰਡੇ ਨੂੰ ਆਖਿਆ।
‘ਜਾਹ ਨਸੀਬ, ਤੂੰ ਬੈਠਕ’ ਚ ਲੈ ਜਾ ਜੱਗ । ਗਲਾਸ ਲੈ ਜਾ ਛੀ-ਸੱਤ। ਓਥੇ ਦੇ ਆ ਜਿਹੜੇ ਹੈ ਗੇ।’ ਉਸ ਮੁੰਡੇ ਨੇ ਅਗਾਂਹ ਹੁਕਮ ਲਾ ਦਿੱਤਾ।
ਇਕ ਹੱਥ ਵਿਚ ਗਲਾਸ, ਜਿੰਨੇ ਚੁੱਕੇ ਗਏ ਅਤੇ ਇਕ ਹੱਥ ਵਿਚ ਚਾਹ ਦਾ ਜੱਗ ਭਰ ਕੇ ਨਸੀਬ ਬੈਠਕ ਵਿਚ ਗਿਆ । ਬੈਠਕ ਵਿਚ ਦਾਖਲ ਹੁੰਦੇ ਹੀ ਉਹਦੇ ਪੈਰਾਂ ਥੱਲੇ ਜਿਵੇਂ ਕਿਸੇ ਨੇ ਅੱਗ ਦੇ ਕੋਲੇ ਧਰ ਦਿੱਤੇ ਹੋਣ। ਉਹਦਾ ਦਿਮਾਗ ਚਕਰਾ ਕੇ ਰਹਿ ਗਿਆ। ਉਹਦਾ ਦਿਲ ਕੀਤਾ, ਜੱਗ ਅਤੇ ਗਲਾਸ ਥਾਂ ਦੀ ਥਾਂ ਸੁੱਟ ਕੇ ਉਹ ਉਥੋਂ ਭੱਜ ਜਾਵੇ । ਬੈਠਕ ਵਿਚ ਪਟੀ ਉੱਤੇ ਵਿਚਕਾਰ ਜਿਹੇ ਹਰਦਿੱਤ ਸਿੰਘ ਬੈਠਾ ਸੀ। ਗਰਦਨ ਉਤਾਂਹ ਚੁੱਕੀ ਹੋਈ ਏਧਰ ਓਧਰ ਝਾਕਦਾ। ਨਸੀਬ ਦੇ ਹੱਡਾਂ -ਪੈਰਾਂ ਵਿਚੋਂ ਜਿਵੇਂ ਜਾਨ ਨਿਕਲ ਗਈ ਹੋਵੇ। ਹੁਣ ਕੀ ਕਰੇ ਉਹ ? ਤੇ ਫੇਰ ਦੂਜੇ ਬਿੰਦ ਹੀ ਉਹਨੇ ਹੌਸਲਾ ਇੱਕਠਾ ਕੀਤਾ । ਹਰਦਿੱਤ ਸਿੰਘ ਨਾਲ ਅੱਖ ਮਿਲਦੇ ਹੀ ਉਹਨੂੰ ਸਤਿ ਸ੍ਰੀ ਅਕਾਲ ਆਖ ਦਿੱਤੀ। ਉਹਨੇ ਉਹਦੀ ਫਤਿਹ ਮੰਨੀ। ਨਾਲ ਦੀ ਨਾਲ ਪੁੱਛਿਆ, ‘ਓਏ ਕੀ ਹਾਲ ਐ ਮੁੰਡਿਆ ਤੇਰਾ ? ਕਿੱਥੇ ਹੁੰਨੈ ? ਕਦੋਂ ਆ ਰਿਹੈ ਰਜਲਟ ? ਹੁਣ ਕਦੇ ਘਰ ਨ੍ਹੀਂ ਗੇੜਾ ਮਾਰਿਆ? ਕਿਧਰੇ ਕੋਈ ਕੰਮ ਕਰਨ ਲੱਗ ਗਿਆ ?’
‘ਨਹੀ ਜੀ, ਹਾਲੇ ਤਾਂ ਰਿਜ਼ਲਟ ਈ ਉਡੀਕਦਾਂ।’ ਨਸੀਬ ਨੇ ਜੀਭ ਉੱਤੇ ਬਹੁਤ ਜ਼ੋਰ ਪਾ ਕੇ ਜਵਾਬ ਦਿੱਤਾ।
‘ਹਛਾ -ਹਛਾ, ਕਦੋਂ ਆ ਰਿਹੈ ਰਜਲਟ ?’
‘ਅਗਲੇ ਮ੍ਹੀਨੇ ਉਮੀਦ ਐ ਜੀ’ ਇਹ ਫਿਕਰਾ ਬੋਲਣ ਵੇਲੇ ਉਹ ਕੁਝ ਕੁ ਸੰਭਲ ਗਿਆ। ਗਲਾਸਾਂ ਵਿਚ ਚਾਹ ਪਾਉਂਦੇ ਉਹਦੇ ਹੱਥ ਕੰਬਣੋਂ ਹਟ ਗਏ। ਉਹਨੂੰ ਕੋਈ ਅਕਹਿ ਤੱਸਲੀ ਮਿਲੀ। ਮਨ ਵਿਚ ਆਖਿਆ, ਪੁਸ਼ਪਿੰਦਰ ਦੇ ਡੈਡੀ ਤਾਂ ਭੋਰਾ ਵੀ ਗੁੱਸੇ ਵਿਚ ਨਹੀਂ । ਨਾ ਬੋਲ ਵਿਚ ਤਲਖ਼ੀ, ਨਾ ਅੱਖਾਂ ਵਿਚ ਮੈਲ।
ਬੈਠਕ ਵਾਲੇ ਬੰਦੇ ਵੀ ਚਾਹ ਪੀ ਕੇ ਬਾਹਰ ਆ ਬੈਠੇ । ਲੰਮਾ ਚੌੜਾ ਵਿਹੜਾ, ਤੰਬੂਆਂ ਨਾਲ ਪੂਰਾ ਢਕਿਆ ਹੋਇਆ ਸੀ। ਪਿਛਲੇ ਪਾਸੇ ਕਨਾਤਾਂ ਸਨ। ਪੂਰਾ ਡਫਾਂਗ ਰਚਿਆ ਸੀ, ਪਟਵਾਰੀ ਨੇ। ਸਿਰਫ ਪਿੰਡ ਨੂੰ ਦਿਖਾਉਣ ਲਈ ਹੀ ਕਿ ਦੇਖੋ, ਬਾਪ ਤਾਂ ਜ਼ਮੀਨ ਗਹਿਣੇ ਧਰਦਾ ਸੀ, ਪੁੱਤ ਕਿਥੇ ਪਹੁੰਚ ਗਿਆ।
ਨਵੇਂ ਬੰਦੇ ਆਉਂਦੇ ਤਾਂ ਹਰਦਿੱਤ ਸਿੰਘ ਲੋਕਾਂ ਵਿਚ ਬੈਠਾ ਹਾਕ ਮਾਰ ਕੇ ਆਖਦਾ, ‘ਨਸੀਬ, ਆਹ ਐਧਰ ਦਿਓ ਭਾਈ ਚਾਹ।’
ਨਸੀਬ ਚਾਹ ਪਿਆਉਂਦਾ ਫਿਰਦਾ ਵੀ ਇਹੀ ਸੋਚੀਂ ਜਾਂਦਾ, ਕਿਤੇ ਪੁਸ਼ਪਿੰਦਰ ਨੇ ਐਵੇਂ ਤਾਂ ਨਹੀਂ ਲਿਖ ਦਿੱਤੀਆਂ ਸਨ ਸਭ ਗੱਲਾਂ ?
ਭੋਗ ਪੈਣ ਬਾਅਦ ਉਹਨਾਂ ਹੀ ਚਾਰੇ ਮੁੰਡਿਆਂ ਨੇ ਲੱਡੂਆਂ ਦੇ ਲਫ਼ਾਫ਼ੇ ਦੇਣ ਦੀ ਡਿਊਟੀ ਸੰਭਾਲ ਲਈ। ਜੋ ਕੋਈ ਵੀ ਗੇਟ ਤੋਂ ਬਾਹਰ ਹੋਣ ਲਗਦਾ, ਟੋਕਰੇ ਵਿਚੋਂ ਚੁੱਕ ਕੇ ਉਹ ਉਹਨੂੰ ਇਕ ਲਫ਼ਾਫ਼ਾ ਫ਼ੜਾ ਦਿੰਦੇ।
ਲਫ਼ਾਫ਼ਾ ਲੈ ਕੇ ਜਾਂਦਾ ਹੋਇਆ ਹਰਦਿੱਤ ਸਿੰਘ ਨਸੀਬ ਨੂੰ ਸੁਲਾਹ ਜਿਹੀ ਮਾਰ ਗਿਆ, ‘ਆਈਂ ਫੇਰ ਘਰੇ ।’
‘ਅੱਛਾ ਜੀ, ਆਊਗਾ ।’ ਨਸੀਬ ਨੇ ਆਖ ਦਿੱਤਾ।
ਘਰ ਆ ਕੇ ਬੈਠਕ ਵਿਚ ਪਿਆ ਨਸੀਬ ਦਿਨ ਛਿਪੇ ਤੱਕ ਮਨ ਦੀ ਇਹੀ ਕਲਪਣਾ ਕਰਦਾ ਰਿਹਾ, ਪੁਸ਼ਪਿੰਦਰ ਦਾ ਪਿਓ ਅੱਜ ਪਟਵਾਰੀਆਂ ਦੇ ਘਰ ਐਨਾ ਬੁਲਾਉਂਦਾ-ਚਲਾਉਂਦਾ ਕਿਉਂ ਸੀ ? ਐਨਾ ਮੋਹ ਕਿਉਂ ਦਿਖਾ ਰਿਹਾ ਸੀ? ਤੇ ਫੇਰ ਇਕੋ ਸਵਾਲ-ਕੀ ਹਰਦਿੱਤ ਸਿੰਘ ਨੂੰ ਕਿਸੇ ਗੱਲ ਦਾ ਭੋਰਾ ਵੀ ਪਤਾ ਨਹੀਂ ? ਨਾਲ ਲਗਦਾ ਕੜਕੜਾਉਂਦਾ ਇਕ ਹੋਰ ਸਵਾਲ-ਕੀ ਉਹਨੂੰ ਉਹਨਾਂ ਦੇ ਘਰ ਜਾ ਕੇ ਪੁਸ਼ਪਿੰਦਰ ਨੂੰ ਮਿਲਣਾ ਚਾਹੀਦਾ ਹੈ ? ਇਕ ਸਹਿਮ ਵੀ-ਉਹਨਾਂ ਦੇ ਘਰ ਜਾ ਕੇ ਪੁਸ਼ਪਿੰਦਰ ਨੂੰ ਮਿਲਣ ਉਪ੍ਰੰਤ ਕੀ ਵਾਪਰੇਗਾ ?
17
ਅਗਲੇ ਦਿਨ ਸਵੇਰੇ ਹੀ ਨਸੀਬ ਨਾ ਲਿਆ। ਧੋਤੀ ਹੋਈ ਪੈਂਟ-ਬੁਸ਼ਰਟ ਪਾ ਲਈ। ਜੋੜ ਪਾ ਕੇ ਬਣਾਈ ਸੱਤ-ਮੀਟਰੀ ਪੱਗ ਸੰਵਾਰ-ਸੰਵਾਰ ਬੰਨ੍ਹੀ। ਮਨ ਵਿਚ ਬਹਾਨਾ ਬਣਾਇਆ, ਉਹ ਪੁਸ਼ਪਿੰਦਰ ਦੇ ਘਰ ਜਾ ਕੇ ਉਹਦੇ ਪਿਓ ਨੂੰ ਕਹੇਗਾ ਕਿ ਉਹ ਹਰਦਿਲ ਸਿੰਘ ਨੂੰ ਕਹਿ ਕੇ ਉਹਨੂੰ ਕਿਸੇ ਨੌਕਰੀ ਉੱਤੇ ਲਵਾ ਦੇਵੇ। ਬਹਾਨਾ ਤਾਂ ਪੁਸ਼ਪਿੰਦਰ ਨੂੰ ਮਿਲਣ ਦਾ ਸੀ। ਕਿਹੜੀ ਨੌਕਰੀ ? ਇਹ ਗੱਲ ਤਾਂ ਬੀਏ ਦਾ ਨਤੀਜਾ ਨਿੱਕਲਣ ਤੋਂ ਬਾਅਦ ਤੋਰੀ ਜਾਣੀ ਚਾਹੀਦੀ ਸੀ। ਨਤੀਜੇ ਤੋਂ ਪਹਿਲਾਂ ਨੌਕਰੀ ਦਾ ਸਵਾਲ ਕੀ? ਤੇ ਮਿਲੇਗੀ ਵੀ ਕਿਹੜੀ, ਕਿੰਨੇ ਕੁ ਦੀ ਨੌਕਰੀ ? ਪਰ ਹੁਣ ਉਹਨਾਂ ਦੇ ਘਰ ਜਾਣ ਦਾ ਇਹ ਇਕ ਵਧੀਆ ਬਹਾਨਾ ਸੀ।
ਆਪਣੇ ਘਰੋਂ ਨਿੱਕਲ ਕੇ ਉਹ ਪਿੰਡ ਦੀ ਫਿਰਨੀ ਪੈ ਗਿਆ। ਫਿਰਨੀ -ਫਿਰਨੀ ਜਾ ਕੇ ਹੀ ਹਰਦਿੱਤ ਸਿੰਘ ਦਾ ਘਰ ਸੀ। ਮਨ ਵਿਚ ਇਕ ਦਲੇਰੀ ਅਤੇ ਸਹਿਮ ਦਾ ਮਿਲਿਆ-ਜੁਲਿਆ ਅਹਿਸਾਸ ਲੈ ਕੇ ਉਹ ਫਿਰਨੀ-ਫਿਰਨੀ ਜਾ ਰਿਹਾ ਸੀ। ਹੌਲੀ ਹੌਲੀ ਨਿੱਕੇ-ਨਿੱਕੇ ਕਦਮ ਭਰਦਾ। ਉਹਨੂੰ ਲਗਦਾ ਜਿਵੇਂ ਉਹ ਦੋ ਕਦਮ ਅਗਾਂਹ ਹੋ ਕੇ ਇਕ ਕਦਮ ਪਿਛਾਂਹ ਨੂੰ ਹੀ ਮੁੜ ਪੈਂਦਾ ਹੋਵੇ। ਅਖੀਰ ਉਹਨੇ ਮਨ ਵਿਚ ਫੈਸਲਾ ਕੀਤਾ, ਦੇਖੀ ਜਾਵੇਗੀ। ਗੱਲ ਤਾਂ ਖੁੱਲ੍ਹ ਜਾਵੇਗੀ। ਪੁਸ਼ਪਿੰਦਰ ਨੇ ਕੋਈ ਗੱਲ ਕੀਤੀ ਤਾਂ ਮਾੜਾ -ਮੋਟਾ ਕੁਝ ਦੱਸੇਗੀ ਹੀ। ਉਹਨੇ ਇਹ ਵੀ ਸੋਚਿਆ, ਕੀ ਪਤਾ ਉਹਦੀ ਮਾਂ ਪੁਸ਼ਪਿੰਦਰ ਨੂੰ ਮਿਲਣ ਹੀ ਨਾ ਦੇਵੇ | ਕੋਈ ਗੱਲ ਕਰਨ ਹੀ ਨਾ ਦੇਵੇ। ਪੁਸ਼ਪਿੰਦਰ ਨਾ ਮਿਲੀ ਤਾਂ ਉਹਦੇ ਜਾਣ ਦਾ ਕੀ ਅਰਥ ?
ਹਰਦਿੱਤ ਸਿੰਘ ਬਾਰੇ ਜਿਵੇਂ ਉਹਨੇ ਪੱਕਾ ਅੰਦਾਜ਼ਾ ਲਾ ਲਿਆ ਹੋਵੇ ਕਿ ਉਹ ਉਹਨੂੰ ਕੁਝ ਵੀ ਬੁਰਾ ਭਲਾ ਨਹੀਂ ਬੋਲੇਗਾ। ਉਹਨੂੰ ਕਾਹਨੂੰ ਪਤਾ ਹੋਵੇਗਾ, ਕਿਸੇ ਗੱਲ ਦਾ । ਪਰਮਜੀਤ ਪਟਵਾਰੀ ਦੇ ਘਰ ਤਾਂ ਉਹ ਕਿੰਨੇ ਮੋਹ ਨਾਲ ਗੱਲ ਕਰਦਾ ਸੀ। ਉਹਨੇ ਉਹਨੂੰ ਘਰ ਆਉਣ ਲਈ ਆਪ ਹੀ ਆਖਿਆ ਸੀ। ਨਸੀਬ ਸੋਚ ਰਿਹਾ ਸੀ ਕਿ ਹਰਦਿੱਤ ਸਿੰਘ ਦਾ ਐਨਾ ਡਰ ਨਹੀਂ ।
ਲੋਹੇ ਦਾ ਗੇਟ ਖੁੱਲ੍ਹਾ ਪਿਆ ਸੀ। ਵਿਹੜੇ ਵਿਚ ਕੋਈ ਨਹੀਂ ਸੀ। ਉਹਨੇ ਖੱਬੇ ਹੱਥ ਬੈਠਕ ਵਿਚ ਨਿਗਾਹ ਮਾਰੀ। ਬੈਠਕ ਦਾ ਬਾਰ ਖੁੱਲਾ ਸੀ । ਉਹਨੇ ਅੰਦਾਜ਼ਾ ਲਾਇਆ, ਅੰਦਰ ਜ਼ਰੂਰ ਕੋਈ ਹੋਵੇਗਾ। ਬੈਠਕ ਦੇ ਬਾਰ ਅੱਗੇ ਖੜ੍ਹ ਕੇ ਉਹਨੇ ਤਖਤੇ ਉੱਤੇ ਪੋਲਾ ਜਿਹਾ ਧੱਫਾ ਮਾਰ ਦਿੱਤਾ। ਪਰ੍ਹੇ ਕੰਧ ਨਾਲ ਲੱਗੇ ਪਲੰਘ ਉੱਤੇ ਪੁਸ਼ਪਿੰਦਰ ਪਈ ਹੋਈ ਸੀ। ਨਿਰਜਿੰਦ ਅਤੇ ਬੇਹਰਕਤ ਜਿਹਾ ਕੋਈ ਵਜੂਦ।
ਪਤਾ ਵੀ ਨਹੀਂ ਲੱਗ ਰਿਹਾ ਸੀ ਕਿ ਕੋਈ ਮੰਜੇ ਉੱਤੇ ਪਿਆ ਹੈ। ਉੱਤੇ ਛੱਤ ਵਾਲਾ ਪੱਖਾ ਹੌਲ਼ੀ-ਹੌਲ਼ੀ ਬੇਆਵਾਜ਼ ਘੁੰਮ ਰਿਹਾ ਸੀ। ਤਖਤਾ ਖੜਕਿਆ ਸੁਣ ਕੇ ਉਹ ਝਟਕੇ ਨਾਲ ਉੱਠੀ। ਪੈਰਾਂ ਵਿਚ ਚੱਪਲਾਂ ਪਾਈਆਂ। ਸਿਰ ਉੱਤੇ ਚੁੰਨੀ ਲਈ। ਬੈਠਕ ਦੇ ਬਾਰ ਵੱਲ ਹੌਲ਼ੀ-ਹੌਲ਼ੀ ਆਉਣ ਲੱਗੀ। ਓਹੀ ਮਸਤ ਹਾਥੀ ਵਾਲੀ ਚਾਲ । ਪਰ ਬੁੱਲਾਂ ਉੱਤੇ ਖੁਸ਼ਕ ਮੁਸਕਰਾਹਟ। ਅੱਖਾਂ ਵਿਚ ਇਕ ਸ਼ਿਕਾਇਤ, ਇਕ ਉਲਾਂਭਾ। ਜ਼ਖ਼ਮੀ ਜਿਹੀ ਆਵਾਜ਼। ਪੁੱਛਣ ਲੱਗੀ, ‘ ਆ ਗਿਆ ਹੁਣ ?’
‘ਹਾਂ, ਤੂੰ ਕੀ ਹਾਲ ਬਣਾਇਐ ?”
‘ਤੈਨੂੰ ਕਿਸੇ ਦੇ ਹਾਲ ਤਾਈਂ ਕੀ ?’ ਉਹ ਤਾਹਨਿਆਂ -ਮਿਹਣਿਆਂ ਉੱਤੇ ਉੱਤਰੀ ਹੋਈ
मी।
‘ਕਿਸੇ ਦੇ ਹਾਲ ਤਾਈਂ ਕੁਸ ਹੈ, ਤਾਈਂ ਤਾਂ ਆਇਆਂ ਭੱਜਿਆ ।’
ਉਹ ਬਾਰ ਕੋਲ ਹੀ ਖੜ੍ਹਾ ਸੀ । ਪੁਸ਼ਪਿੰਦਰ ਨੇ ਉਹਨੂੰ ਸੋਫੇ ਉੱਤੇ ਬੈਠਣ ਲਈ ਆਖਿਆ। ਉਹ ਝੱਟ ਹੀ ਬੈਠ ਗਿਆ। ਕੋਲ ਬੈਠ ਕੇ ਪੁਸ਼ਪਿੰਦਰ ਚੜ੍ਹੇ ਸਾਹ ਦੱਸਣ ਲੱਗੀ, ‘ਫੇਰ ਤਾਂ ਮਾਂ ਆ ਜੂ ਗੀ। ਬਾਪੂ ਜੀ ਤਾਂ ਗਏ ਖੇਤ ਨੂੰ। ਆਪਾਂ ਸੰਘੇੜੀਂ ਗਏ ਸੀ ਨਾ । ਆਪਣੇ ‘ਕੱਠੇ ਗਿਆਂ ਦਾ ਮਾਂ ਨੂੰ ਪਤਾ ਐ। ਪਤਾ ਨ੍ਹੀਂ ਕਿੱਥੋਂ ਪਤਾ ਲੱਗਿਐ। ਏਸੇ ਕਰਕੇ ਮਾਂ ਨੇ ਹਰਿੰਦਰ ਨੂੰ ਮਗਰੇ ਭੇਜਿਆ ਸੀ, ਮੈਨੂੰ ਲੈਣ। ਹਰਿੰਦਰ ਨੂੰ ਕੋਈ ਪਤਾ ਨ੍ਹੀਂ, ਮੈਂ ਆਪ ਪੁੱਛਿਐ। ਉਹਨੂੰ ਤਾਂ ਮਾਂ ਨੇ ਇਹੀ ਆਖਿਆ, ‘ਬਈ ਲੈ ਆ ਭੈਣ ਨੂੰ ਜਾ ਕੇ। ਕਿੱਥੇ ਕੱਲੀ ਔਂਦੀ ਫਿਰੂ ਗੀ।’
‘ਇਉ ਕੰਜਰ ਦੇ ਨੇ ਕੀਹਨੇ ਦੱਸ ’ਤਾਂ ਕੁਸ ਮਾਂ ਨੂੰ ? ਕੌਣ ਸੀ ਆਪਣੇ ਮਗਰ ਲੱਗਿਆ ਹੋਇਆ ?” ਨਸੀਬ ਫਿਕਰਾਂ ਵਿਚ ਗਲ -ਗਲ ਲਹਿੰਦਾ ਜਾ ਰਿਹਾ ਸੀ।
‘ਨਾਂ ਨ੍ਹੀਂ ਲੈਂਦੀ ਮਾਂ ਕਿਸੇ ਦਾ। ਪਤਾ ਨ੍ਹੀ ਕੌਣ ਸੀ। ਇਹੀ ਕਹਿੰਦੀ ਐ, ਬਈ ਤੁਸੀਂ ਭਾਈਰੂਪੇ ਤੋਂ ਇਕੋ ਬੱਸ ’ਚ ਗਏ ਓਂ। ਗਹਾਂ ਸਲਾਬਤਪੁਰੇ ਤੋਂ ਇਕੋਂ ਬੱਸ ਫੜੀ ਐ। ਇਕੋ ਸੀਟ ‘ ਤੇ ਬੈਠੇ ਓਂ। ਸਿਰ ਨਾਲ ਸਿਰ ਜੋੜ ਕੇ ਗੱਲਾਂ ਕਰਦੇ ਰਹੇ ਓਂ, ਬੇਸ਼ਰਮਾਂ ਵਾਂਗੂੰ। ਬਰਨਾਲੇ ਜਾ ਕੇ ਹੋਟਲ ‘ ਚ ਚਾਹ ਪੀਤੀ ਐ। ਉਥੋਂ ਫੇਰ ਪਤਾ ਨ੍ਹੀਂ ਕਿੱਧਰ ਗਏ ਓਂ ? ਸੰਘੇੜੀਂ ਰਾਤ ਰਹਿਣ ਦਾ ਮਾਂ ਨੂੰ ਕੋਈ ਪਤਾ ਨ੍ਹੀਂ।
‘ਤਾਂ ਫੇਰ, ਭਾਈਰੂਪੇ ਤੋਂ ਈ ਆਪਣੇ ਨਾਲ ਚੜ੍ਹਿਐ ਕੋਈ। ਸਲਾਬਤਪੁਰੇ ਤੋਂ ਵੀ ਓਸੇ ਬੱਸ ‘ਚ ਗਿਐ ਓਹੋ। ਆਪਾਂ ਨ੍ਹੀਂ ਦੇਖਿਆ ਉਹਨੂੰ । ਬਰਨਾਲੇ ਉੱਤਰ ਕੇ ਵੀ ਉਹਨੇ ਆਪਣੇ ‘ਤੇ ਨਿਗਾਹ ‘ਰੱਖੀ ਐ। ਬਰਨਾਲੇ ਬੱਸ -ਸਟੈਂਡ ਤੋਂ ਆਪਾਂ ਉਹਦੀਆਂ ਅੱਖਾਂ ਤੋਂ ਪਰ੍ਹੇ ਹੋ ਗੇ ਹੋਵਾਂਗੇ । ਕੌਣ ਹੋਇਆ माला ?’
‘ਇਹ ਨ੍ਹੀਂ ਪਤਾ। ਮਾਂ ਤਾਂ ਓਦਣ ਦਾ ਈ ਖਹਿੜਾ ਨ੍ਹੀਂ ਛਡਦੀ। ਕਹਿੰਦੀ ਐ, ਦੱਸ, ਕਿਉਂ ਗਿਆ ਉਹ ਮੁੰਡਾ ਤੇਰੇ ਨਾਲ ? ਕਿਉਂ ਚਾਹ ਪੀਤੀ ਤੁਸੀਂ ? ਸ਼ਰਮ ਲਾਹੀ ਆਵਦੀ। ਓਦਣ ਦੀ ਈ ਸਿੱਧੇ ਮੂੰਹ ਨ੍ਹੀਂ ਬੋਲਦੀ। ਓਦਣ ਦਾ ਈ ਘਰੋਂ ਬਾਹਰ ਜਾਣਾ ਬੰਦ ਕਰ ‘ਤਾਂ। ਮੈਂ ਹਾਰ ਕੇ ਲਿਖੀ ਚਿੱਠੀ ਤੈਨੂੰ।
‘ਬਾਪੂ ਜੀ ਨੂੰ ਪਤੈ ?’
‘ਲਗਦਾ ਤਾਂ ਨ੍ਹੀਂ । ਉਹਨਾਂ ਨੇ ਤਾਂ ਕਦੇ ਕੁਸ ਆਖਿਆ ਨ੍ਹੀਂ ਮੈਨੂੰ । ਨਾ ਕੋਈ ਗੱਲ ਪੁੱਛੀ
ਬਹੁਤ ਤੇਜ਼ ਕਦਮੀਂ ਕੋਈ ਬੈਠਕ ਦੇ ਬਾਰ ਮੂਹਰ ਦੀ ਲੰਘ ਗਿਆ। ਦੋਵਾਂ ਨੇ ਹੀ ਨਹੀਂ ਪਛਾਣਿਆ, ਕੌਣ ਸੀ। ਪੰਜ ਕੁ ਮਿੰਟਾਂ ਬਾਅਦ ਫੇਰ ਪੈੜ-ਚਾਲ ਹੋਈ। ਹਰਿੰਦਰ ਸੀ। ਹੱਥ ਉੱਤੇ ਹੀ ਤਿੰਨ ਰੋਟੀਆਂ ਰੱਖੀਆਂ ਹੋਈਆਂ। ਉੱਤੇ ਅਚਾਰ । ਬੈਠਕ ਅੰਦਰ ਝੁਕ ਕੇ ਉਹਨੇ ਦੇਖਿਆ ਅਤੇ ਨਸੀਬ ਵੱਲ ਝਾਕ ਕੇ ਮੁਸਕਰਾਇਆ। ਉਥੋਂ ਹੀ ਬਾਹਰ ਚਲਿਆ ਗਿਆ । ਬੱਸ ਐਨਾ ਕਹਿ ਗਿਆ, ‘ਮੈਂ ਔਨਾਂ ਨਸੀਬ।’
ਹਰਿੰਦਰ ਮੁੜ ਕੇ ਆਇਆ ਤਾਂ ਸੋਫੇ ਉੱਤੇ ਨਸੀਬ ਇਕੱਲਾ ਸੀ । ਕੰਧਾਂ ਅਤੇ ਛੱਤ ਵੱਲ ਖਾਲੀ-ਖਾਲੀ ਅੱਖਾਂ ਨਾਲ ਝਾਕਦਾ । ਹਰਿੰਦਰ ਆਉਣ ਸਾਰ ਉਹਦੇ ਕੋਲ ਹੋ ਕੇ ਬੈਠ ਗਿਆ ਅਤੇ ਦੱਸਣ ਲੱਗਿਆ, ‘ਪ੍ਰੀਤਮ ਕੈਰੋਂ ਨੂੰ ਰੋਟੀ ਦੇ ਕੇ ਆਇਆਂ। ਸਾਲਾ ਕਹਿੰਦਾ, ਭੁੱਖਾ ਆਂ ਮੈਂ ਤਾਂ ਕਈ ਦਿਨਾਂ ਦਾ, ਰੋਟੀ ਲਿਆ ਦੇ ਪਾੜ੍ਹਿਆ। ਅੱਖ ਮਾਰ ਕੇ ਨਾਲੇ ਸਾਲਾ ਮਖੌਲ ਕਰ ਗਿਆ, ‘ ਹਰਿੰਦਰ ਹੱਸਿਆ।
ਪ੍ਰੀਤਮ ਕੈਰੋਂ ਦਾ ਨਾਂ ਸੁਣ ਕੇ ਨਸੀਬ ਵੀ ਖੁਸ਼ਕ ਜਿਹਾ ਹੱਸ ਪਿਆ । ਹਾਸੀ ਉਹਦੇ ਢਿੱਡੋਂ ਨਹੀਂ, ਬੁੱਲ੍ਹਾਂ -ਬੁੱਲ੍ਹਾਂ ਵਿਚੋਂ ਹੀ ਨਿੱਕਲੀ ਸੀ।
ਦੂਜੇ ਬਿੰਦ ਹੀ ਹਰਿੰਦਰ ਕਹਿੰਦਾ, ‘ਚਾਹ ਲਿਉਨਾਂ ਮੈਂ, ਚਾਹ ਪੀਨੇ ਆਂ।’
ਨਸੀਬ ਨੇ ਨਹੀਂ-ਨਹੀਂ ਕੀਤਾ। ਹਰਿੰਦਰ ਕਹਿੰਦਾ, ‘ਨਹੀਂ ਕਿਉਂ ਜਾਰ। ਪੀਨੇ ਆਂ ਚਾਹ ਆਪਾਂ । ਕਈ ਦਿਨਾਂ ਪਿੱਛੋਂ ਆਇਐਂ।’ ਫੇਰ ਪੁੱਛਿਆ, ‘ਕਿੱਥੇ ਹੁੰਨੇ ਹੁਣ ?’
‘ਐਥੇ ਈ ਬੱਸ, ਹੋਰ ਕਿੱਥੇ ਹੋਣਾ ਸੀ ਮੈਂ।’
‘ਦੇਖਿਆ ਤਾਂ ਕਦੇ ਹੈ ਨ੍ਹੀਂ।’
‘ਊਈਂ ਬੱਸ, ਵਿਚ ਦੀ ਦਸ ਕੁ ਦਿਨ ਸੰਘੇੜੀ ਚਲਿਆ ਗਿਆ ਸੀ।
‘ਕਿਉਂ, ਸੰਘੇੜੀਂ ਕੀ ਕਰਨ ਗਿਆ ਸੀ ? ਓਥੇ ਕੀ ਐ?’
‘ਪਿੰਡ ਐ ਮੇਰਾ।’
‘ਉਹ ਪਿੰਡ ਐ ਤੇਰਾ ? ਐਥੇ ਫੇਰ ਕੀ ਐ?’
‘ਐਥੇ ਤਾਂ ਨਾਨਕੇ ਨੇ ਮੇਰੇ। ਜੰਗੀਰ, ਮਾਮਾ ਐ।’
‘ਲੈ, ਮੈਂ ਤਾਂ ਸਮਝਦਾ ਸੀ, ਤੂੰ ਮੁੰਡਾ ਐਂ ਉਹਨਾਂ ਦਾ । ਤਾਂ ਜੰਗੀਰ ਸਿਓਂ ਬਾਪ ਨ੍ਹੀਂ ਤੇਰਾ, ਮਾਮਾ ਐ ?’
ਇਸ ਗੱਲ ਉੱਤੇ ਦੋਵੇਂ ਹੀ ਹੱਸਣ ਲੱਗੇ । ਤੇ ਫਿਰ ਨਸੀਬ ਨੇ ਆਖਿਆ, ‘ਹੁਣ ਤਾਂ ਇਹੀ ਬਾਪ ਐ ਮੇਰਾ। ਇਹੀ ਮਾਂ ਐ। । ਸਭ ਕੁਝ ਇਹੀ ਨੇ । ਸੰਘੇੜੀਂ ਤਾਂ ਬੱਸ । ਐਵੇਂ ਜਾ ਆਈਂਦੇ ਆਈਂਦੇ ਕਦੇ-ਕਦੇ।’
ਨਸੀਬ ਕੋਲੋਂ ਉੱਠ ਕੇ ਪੁਸ਼ਪਿੰਦਰ ਮਾਂ ਕੋਲ ਰਸੋਈ ਵਿਚ ਆਈ ਅਤੇ ਨਸੀਬ ਦੇ ਆਉਣ ਬਾਰੇ ਦੱਸਿਆ। ਨਾਲ ਦੀ ਨਾਲ ਕਹਿੰਦੀ, ‘ਚਾਹ ਧਰ ਦੇ।’
‘ਕਿਉਂ ਆਇਐ ਏਹੇ ?’ ਮਾਂ ਦੇ ਮੱਥੇ ਉੱਤੇ ਤਿਉੜੀ ਸੀ।
‘ਮੈਨੂੰ ਕੀ ਪਤੈ, ਕਿਉਂ ਆਇਐ। ਕੰਮ ਆਇਆ ਹੋਣੈ ਕਿਸੇ ।’
‘ਕੀ ਕੰਮ ਆਇਐ ?’
ਕੀ ਪਤੈ, ਇਹ ਤੂੰ ਪੁੱਛ ਲੈ ਜਾ ਕੇ ।’ ਕੁੜੀ ਦੇ ਰਵੱਈਏ ਵਿਚ ਵੀ ਸਖਤੀ ਉੱਤਰ ਆਈ। ‘
ਮਾਂ ਨੇ ਮੌਕਾ ਸੰਭਾਲਿਆ ਅਤੇ ਰੋਟੀ ਪਕਦੀ ਰੋਕ ਕੇ ਚੁੱਲ੍ਹੇ ਉੱਤੇ ਚਾਹ ਦੀ ਪਤੀਲੀ ਧਰ ਦਿੱਤੀ ।
ਹੁਣ ਪੁਸ਼ਪਿੰਦਰ ਰਸੋਈ ਵਿਚ ਕੰਧ ਨਾਲ ਢੋਹ ਲਾ ਕੇ ਪੈਰਾਂ ਭਾਰ ਬੈਠੀ ਹੋਈ ਸੀ । ਮਾਂ-ਧੀ ਕੋਈ ਵੀ ਗੱਲ ਨਹੀਂ ਕਰ ਰਹੀਆਂ ਸਨ। ਪੁਸ਼ਪਿੰਦਰ ਹੱਥ ਵਿਚ ਛਟੀ ਦਾ ਡੱਕਾ ਲੈ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੀ, ਪਹ ਫੇਰ ਰੁਕ ਜਾਂਦੀ । ਡੱਕੇ ਨੂੰ ਹੱਥਾਂ ਵਿਚ ਹੀ ਏਧਰ-ਓਧਰ ਘਮਾਉਣ ਲਗਦੀ ਚਾਹ ਕੀਹਨੂੰ ਧਰੀ ਐ?’ ਹਰਿੰਦਰ ਨੇ ਆ ਕੇ ਪੁੱਛਿਆ।
‘ਨਸੀਬ ਆਇਐ।’ ਪੁਸ਼ਪਿੰਦਰ ਨੇ ਨਿਧੜਕ ਜਿਹਾ ਬੇਲ ਕੱਢਿਆ।
ਓਸੇ ਪਲ ਮਾਂ ਪੁਸ਼ਪਿੰਦਰ ਵੱਲ ਕਣੱਖਾ ਝਾਕੀ। ਮਾਂ ਦੀਆਂ ਅੱਖਾਂ ਵਿਚ ਗਹਿਰ ਸੀ। ਇਕ ਕੁੜੱਤਣ। ਜਿਵੇਂ ਹੁਣੇ ਉਹ ਧੀ ਦੇ ਥੱਪੜ ਕੱਢ ਮਾਰੇਗੀ।
ਹਰਿੰਦਰ ਵੀ ਓਥੇ ਬੈਠ ਗਿਆ। ਕੁਝ ਪਲ ਮਾਂ ਅਤੇ ਪੁਸ਼ਪਿੰਦਰ ਦੇ ਮੂੰਹਾਂ ਵੱਲ ਝਾਕਦਾ ਰਿਹਾ। ਚਾਹ ਉੱਬਲ ਚੁੱਕੀ ਸੀ। ਪੋਣੇ ਨਾਲ ਡੱਬਕੂ ਥੱਲੇ ਲਾਹ ਕੇ ਮਾਂ ਨੇ ਚਿਮਟੇ ਨਾਲ ਤਵਾ ਚੁੱਕਿਆ ਅਤੇ ਚੁੱਲੇ ਉੱਤੇ ਧਰ ਦਿੱਤਾ।
ਹਰਿੰਦਰ ਨੇ ਪੁਸ਼ਪਿੰਦਰ ਦੇ ਡੌਲੇ ਉੱਤੇ, ਕੂਹਣੀ ਮਾਰੀ। ਕਹਿੰਦਾ, ‘ਚੱਕ ਗਲਾਸ । ਪਾ ਚਾਹ।’
ਪੈਰਾਂ-ਭਾਰ ਬੈਠੀ ਉਹ ਪਰ੍ਹਾਂ ਨੂੰ ਡਿੱਗ ਪਈ। ਇਕ ਹੱਥ ਧਰਤੀ ਉੱਤੇ ਜਾ ਪਿਆ । ਮਿੱਠਾ ਜਿਹਾ ਕੜਕ ਕੇ ਬੋਲੀ, ‘ਅੰਨ੍ਹਾ ਐਂ, ਟੁੱਟ ਜਾਣਾ।’
‘ਸ਼ਰਮ ਦਾ ਤਾਂ ਭੋਰਾ ਘਾਟਾ ਨ੍ਹੀਂ । ਕਿਮੇਂ ਬੋਲਦੀ ਐ, ਡੰਗਰਾਂ ਵਾਂਗੂੰ। ਖੂਹ ‘ਚ ਪੈ ਗੀਆਂ ਤੇਰੀਆਂ ਚੌਦਾਂ।’ ਮਾਂ ਨੇ ਗੁੱਸਾ ਕੱਢਿਆ।
ਪੁਸ਼ਪਿੰਦਰ ਨੇ ਬੁੱਲ੍ਹ ਭਚੀੜੇ ਅਤੇ ਉੱਠ ਕੇ ਕੱਚ ਦੇ ਤਿੰਨ ਗਲਾਸ ਧੋ ਲਏ। ਤਿੰਨਾਂ ਵਿਚ ਚਾਹ ਪਾ ਕੇ ਹਰਿੰਦਰ ਨੂੰ ਕਿਹਾ, ‘ਲੈ ਜਾ ਹੁਣ । ਔਹ ਟਰੇਅ ਪਈ ਐ। ਚੱਕ।
ਟਰੇਅ ਵਿਚ ਹਰਿੰਦਰ ਨੇ ਤਿੰਨੇ ਗਲਾਸ ਰੱਖ ਲਏ। ਖੜ੍ਹਾ ਹੋ ਗਿਆ । ਫੇਰ ਬੈਠ ਗਿਆ। ਇਕ ਗਲਾਸ ਟਰੇਅ ਵਿਚੋਂ ਚੁੱਕ ਕੇ ਫ਼ਰਸ਼ ਉੱਤੇ ਧਰ ਦਿੱਤਾ। ਫੇਰ ਪੁਸ਼ਪਿੰਦਰ ਬੈਠੀ ਵੱਲ ਝਾਕਿਆ। ਉਹ ਹਰਿੰਦਰ ਦੇ ਹੱਥ ਵੱਲ ਕੌੜਾ-ਕੌੜ ਝਾਕ ਰਹੀ ਸੀ। ਹਰਿੰਦਰ ਨੇ ਤੀਜਾ ਗਲਾਸ ਫੇਰ ਟਰੇਅ ਵਿਚ ਰੱਖ ਲਿਆ । ਖੜ੍ਹਾ ਹੋ ਕੇ ਜਾਂਦਾ ਹੋਇਆ ਕਹਿੰਦਾ, ‘ਪਿੰਦਰੇ !’
ਬੈਠਕ ਵਿਚ ਉਹ ਤਿੰਨੇ ਚਾਹ ਪੀ ਚੁੱਕੇ ਸਨ। ਹਰਿੰਦਰ ਕਦੇ-ਕਦੇ ਕੋਈ ਗੱਲ ਕਰ ਕੇ ਪੁਸ਼ਪਿੰਦਰ ਨੂੰ ਛੇੜਦਾ ਅਤੇ ਫੇਰ ਉਹ ਤਿੰਨੇ ਹੱਸਣ ਲਗਦੇ।
ਤੇ ਫੇਰ ਹਰਿੰਦਰ ਨੂੰ ਪਤਾ ਨਹੀਂ ਕੀ ਗੱਲ ਯਾਦ ਆਈ, ਉਹ ਬੈਠਕ ਵਿਚੋਂ ਉੱਠਿਆ। ਨਸੀਬ ਨੂੰ ਕਹਿੰਦਾ, ‘ਲੈ ਬਈ; ਮੇਰੇ ਤਾਂ ਕੰਮ ਯਾਦ ਆ ਗਿਆ । ਮੈਂ ਤਾਂ ਜਾਨਾਂ । ਤੂੰ ਬੈਠ।
ਹਰਿੰਦਰ ਘਰੋਂ ਬਾਹਰ ਹੋਇਆ ਤਾਂ ਉਹ ਦੋਵੇਂ ਛੇਤੀ ਛੇਤੀ ਆਪਣੀਆਂ ਗੱਲਾਂ ਕਰਨ ਲੱਗੇ । ਪੁਸ਼ਪਿੰਦਰ ਗੱਲ ਕਰ ਰਹੀ ਹੁੰਦੀ ਤਾਂ ਵਿਚਕਾਰੋਂ ਟੋਕ ਕੇ ਹੀ ਨਸੀਬ ਆਪਣੀ ਗੱਲ ਸ਼ੁਰੂ ਕਰ ਦਿੰਦਾ । ਨਸੀਬ ਦੀ ਗੱਲ ਮੁੱਕੀ ਵੀ ਨਾ ਹੁੰਦੀ, ਪੁਸ਼ਪਿੰਦਰ ਆਪਣਾ ਘੋੜਾ ਭਜਾ ਦਿੰਦੀ। ਦੋਵੇਂ ਆਪਣਾ-ਆਪਣਾ ਗੁਬਾਰ ਛੇਤੀ ਬਾਹਰ ਕੱਢ ਦੇਣ ਦੀ ਕਾਹਲ ਵਿਚ ਸਨ। ਦੋਵਾਂ ਦੇ ਹੀ ਸ਼ਬਦ ਟੁਟਦੇ, ਫਿਕਰੇ ਅਧੂਰੇ ਰਹਿ ਜਾਂਦੇ । ਜਿਵੇਂ ਇਕ-ਦੂਜੇ ਦੀ ਕੋਈ ਸੁਣਦਾ ਹੀ ਨਾ ਹੋਵੇ। ਜਾਂ ਫੇਰ ਇਕ ਨੂੰ ਦੂਜੇ ਦੀ ਗੱਲ ਵਿਚੋਂ ਆਪਣੀ ਗੱਲ ਕੱਢਣ ਦਾ ਮੌਕਾ ਮਿਲ ਜਾਂਦਾ ਹੋਵੇ। ਮੂੰਹ ਦੇ ਨਾਲ-ਨਾਲ ਅੱਖਾਂ ਦਾ ਬਦਲਾਓ, ਸਿਰ ਦੇ ਝਟਕੇ, ਹੱਥਾਂ ਦੀਆਂ ਹਰਕਤਾਂ ਅਤੇ ਚੇਹਰੇ ਦੇ ਉਤਾਰ-ਚੜਾਓ ਵੀ ਆਪਣਾ ਕੰਮ ਕਰਦੇ ਜਾ ਰਹੇ ਸਨ । ਸੁਣਨ ਵਾਲਾ ਕੋਈ ਜੇ ਚਾਰ ਕੰਨ ਲਾ ਕੇ ਵੀ ਸੁਣਦਾ ਤਾਂ ਇਹ ਸਭ ਘੁਸਰ-ਮੁਸਰ ਤੋਂ ਵੱਧ ਕੁਝ ਨਹੀਂ ਸੀ। ਕਿਚਰ-ਕਿਚਰ, ਕਿਚਰ-ਕਿਚਰ।
‘ਤੇਰੀ ਚਿੱਠੀ ਉਡੀਕਦੇ-ਉਡੀਕਦੇ ਮੇਰਾ ਤਾਂ ਬੁਰਾ ਹਾਲ ਹੋ ਗਿਆ ਉਥੇ ।’
‘ਮੈਂ ਤੈਨੂੰ ਐਥੇ ਉਡੀਕਦੀ ਰਹੀ, ਮਖਿਆ, ਅੱਜ ਔਂਦੈ, ਕੱਲ ਔਂਦੈ। ਚਿੱਠੀ ਦੀ…? ‘ਤੂੰ ਓਸੇ ਦਿਨ ਲਿਖ ਦਿੰਦੀ ਚਿੱਠੀ, ਕੋਠੀ ਆ ਕੇ। ਮੈਂ ਓਥੇ ਕਾਹਨੂੰ…’
‘ਚੰਗਾ, ਹੁਣ ਦੱਸ ਕਿਵੇਂ ਕਰੀਏ ?’
‘ਰਿਜ਼ਲਟ ਉਡੀਕ ਲੀਏ । ਫੇਰ ਕਿਧਰੇ ਕਰੂੰਗਾ ਭਾਲ ਨੌਕਰੀ ਦੀ।’
‘ਤੇ ਓਨਾਂ ਚਿਰ ਮੈਂ ਕੀ ਕਰੂੰਗੀ ਘਰ ਬੈਠ ਕੇ ?’
‘ਤੂੰ ਵੀ ਕੁਸ ਕਰ ਲੈ ।’
‘ਕੀ ਕਰ ਲਾਂ ?’
‘ਦੇਖ, ਤੂੰ ਪਾਸ ਤਾਂ ਹੋ ਈ ਜਾਣੈ, ਨੰਬਰ ਜਿੰਨੇ ਔਣਗੇ ਸੋ ਔਣਗੇ । ਤੂੰ ਐੱਮੇ ਕਰ ਲੈ।’
ਐਮੇ?
ਹਾਂ
‘ਕਿਹੜਾ ਸਬਜੈਕਟ ਠੀਕ ਰਹੂ ? ਗੱਲ ਤਾਂ ਠੀਕ ਐ। ਵਿਹਲੀ ਦਾ ਤਾਂ ਦਿਲ ਈ ਨ੍ਹੀਂ ਲੱਗਣਾ । ਕੰਮ ਈ ਨ੍ਹੀਂ ਕੋਈ ਕਰਨ ਨੂੰ ।
‘ਵਿਹਲੀ ਕਿਉਂ, ਗੋਹਾ-ਕੂੜਾ ਕਰਿਆ ਕਰ ।’
‘ਬੱਸ ਹੁਣ, ਗੋਹਾ-ਕੂੜਾ ਕਰਵਾਏਂਗਾ ਮੈਥੋਂ ?’
‘ਮੈਂ ਤਾਂ ਕਿਉਂ ਕਰਵਾਊਂਗਾ। ਊਂ ਗੱਲ ਕਰਦਾਂ। ਅਖੇ, ਵਿਹਲੀ ਆਂ।’
‘ਐਧੇ ਤਾਂ ਮੈਂ ਡੱਕਾ ਵੀ ਨ੍ਹੀਂ ਤੋੜਨਾ । ਤੂੰ ਜਦੋਂ ਲੈ ਜੇਂ ਗਾ ਚਾਹੇ ਨਾਲੀਆਂ ਸਾਫ ਕਰਾਈਂ
ਜਾਈਂ।’
‘ਮੈਂ ਤਾਂ ਫੁੱਲਾਂ ਵਾਗੂੰ ਸਾਂਭ ਕੇ ਰੱਖੂ ਤੈਨੂੰ ।’
‘ਸਭ ਝੂਠ।’
‘ਕਿਉਂ ਝੂਠ ਕਿਉਂ ?”
‘ਫਿਰ ਮੈਂ ਤੇਰੀ ਬੀਲਵਿਡ ਥੋੜ੍ਹਾ ਰਹੂੰਗੀ।’
‘ਹੋਰ ਕੀ ਬਣੇਂਗੀ ਫੇਰ ?’
‘ਫੇਰ ਤਾਂ ਮੈਂ ਇਕ ਪਤਨੀ ਬਣ ਕੇ ਰਹਿ ਜਾਵਾਂਗੀ।’
‘ਪਤਨੀ ਬੀਲਵਿਡ ਨ੍ਹੀਂ ਹੁੰਦੀ ?
‘ਨਹੀਂ ਹੁੰਦੀ, ਬੀਲਵਿਡ ਦਾ ਤਾਂ ਕੰਸੈਪਟ ਈ ਹੋਰ ਐ। ਪਤਨੀ ਬੀਲਵਿਡ ਕਦੋਂ ਰਹਿ ਜਾਂਦੀ ਐ। ਇਕ ਮਹੀਨੇ ਬਾਅਦ ਹੀ ਅਗਲਾ ਆਪਣੇ ਮਰਦ-ਅਧਿਕਾਰਾਂ ਦਾ ਪ੍ਰਦਰਸ਼ਨ ਕਰਨ ਲੱਗ ਪੈਂਦੈ। ਫੇਰ ਬੱਚਾ ਹੋ ਜਾਂਦੈ। ਤੇ ਫੇਰ ਸੰਸਾਰ ਦਾ ਕੈਦਖਾਨਾ, ਮੋਹ-ਜੰਜਾਲ, ਦੁਨੀਆਦਾਰੀ, ਕੀ ਕੁਸ ਨ੍ਹੀਂ ?’
‘ਤੂੰ ਇਸ ਸਭ ਕਾਸੇ ਨੂੰ ਮਾੜਾ ਗਿਣਦੀ ਐਂ ?
‘ਮਾੜਾ ਤਾਂ ਨਹੀਂ, ਪਰ ਹੈ ਤਾਂ ਮੋਹ-ਜੰਜਾਲ ਈ। ਫੇਰ ਇਹ ਖੁੱਲ੍ਹੀਆਂ ਉਡਾਰੀਆਂ ਕਿਥੇ। ਵਿਆਹ-ਬੰਧਨ ਵਿਚ ਮਹਦ ਆਪਣਾ ਹੱਕ ਸਮਝਦੈ ਕਿ ਉਹਦੀ ਔਰਤ ਉਹਦੀ ਜਾਇਦਾਦ ਐ। ਉਹਦੇ ਮਨੋਰੰਜਣ ਦਾ ਸਾਧਨ-ਮਾਤਰ । ਔਰਤ ਉਹਨੂੰ ਪਿਆਰ ਕਰੇ, ਉਹਦੀ ਸਰੀਰਕ ਭੁੱਖ ਮਿਟਾਵੇ, ਉਹਦੇ ਦੁੱਖਾਂ ਨੂੰ ਆਪਣਾ ਦੁੱਖ ਸਮਝੇ, ਇਹ ਪਤੀ ਦਾ ਹੱਕ ਐ।’
‘ਇਹੀ ਹੱਕ ਪਤਨੀ ਦਾ ਵੀ ਐ।’
‘ਭਾਰਤੀ ਮਰਦ ਪਤਨੀ ਨੂੰ ਤਾਂ ਸਮਝਦਾ ਈ ਕੁਸ ਨੀਂ । ਸਮਝਦੈ ਤਾਂ ਆਪਣੀ ਇਕ ਚੀਜ, ਜਿਵੇਂ ਉਹਦੇ ਲਈ ਮੰਜਾ ਐ, ਪੀਹੜੀ ਐ. ਬਿਸਤਰਾ ਐ, ਉਹਦਾ ਘਰ, ਉਹਦੀ ਕਮਾਈ ਹੋਈ ਰੋਟੀ, ਬਾਕੀ ਸਭ ਐਸ਼-ਇਸ਼ਰਤ ਦਾ ਸਾਮਾਨ । ਏਵੇਂ-ਜਿਵੇਂ ਘਰ ਦੇ ਸਾਮਾਨ ਵਿਚੋਂ ਉਹਦੀ ਪਤਨੀ ਵੀ ਉਹਦੇ ਘਰੇਲੂ ਸਮਾਮਾਨ ਦੀ ਇਕ ਵਸਤੂ ਐ। ਉਹਨੂੰ ਸੁੱਖ-ਆਰਾਮ ਦੇਣ ਵਾਲੀ ਚੀਜ਼।’
‘ਨਹੀਂ, ਤੂੰ ਗ਼ਲਤ ਸੋਚਦੀ ਐ। ਭਾਵੁਕ ਹੋ ਕੇ ਬੋਲ ਰਹੀ ਐਂ। ਇਹ ਪਿਆਰ-ਵਿਆਰ ਇਕ ਮੌਸਮ ਦਾ ਨਾਂ ਐ, ਜੀਹਨੇ ਗੁਜ਼ਰ ਹੀ ਜਾਣਾ ਹੁੰਦੈ। ਵਿਆਹ ਮੌਸਮ ਨਹੀਂ। ਵਿਆਹ ਇਕ ਜ਼ਿੰਦਗੀ ਐ ਜੀਹਨੇ ਸਾਰੇ ਮੌਸਮ ਦੇਖਣੇ-ਹੰਢੋਣੇ ਹੁੰਦੇ ਐ। ਇਹ ਦੁੱਖ-ਸੁੱਖ ਜ਼ਿੰਦਗੀ ਦੇ ਮੌਸਮ ਨੇ। ਇਹਨਾਂ ਮੌਸਮਾਂ ਨੂੰ ਮਰਦ-ਤੀਵੀਂ ਰਲ ਕੇ ਹੰਢੌਣ ਤਾਂ ਸਗੋਂ ਲੁਤਫ਼ ਐ।’
‘ਦੇਖ ਲੂੰ ਗੀ ਤੇਰੀ ਫਿਲਾਸਫ਼ੀ ਨੂੰ ।’
‘ਦੇਖੇਂਗੀ ਤਦ ਈ ਤਾਂ ਪਤਾ ਲੱਗੂ ਤੈਨੂੰ ਵਿਆਹੁਤਾ ਜ਼ਿੰਦਗੀ ਦਾ, ਕੀ ਹੁੰਦੀ ਐ। ਇਹ ਪਿਆਰ-ਵਿਆਰ ਤਾਂ ਕਵੀਆਂ ਦੀ ਕਵਿਤਾ ਵਿਚ ਈ ਹੁੰਦੈ । ਮਾਰ ਫੜ ਕੇ ਅਸਮਾਨ ਨੂੰ ਟਾਕੀਆਂ ਲਾ ਦੇਣਗੇ । ਅਸਲ ਜ਼ਿੰਦਗੀ ਹੋਰ ਐ।
ਪੁਸ਼ਪਿੰਦਰ ਨੇ ਇਕਦਮ ਦਿਮਾਗ਼ ਵਿਚ ਗੱਲ ਲਿਆਂਦੀ ਕਿ ਉਹਨਾਂ ਨੂੰ ਬੈਠਕ ਵਿਚ ਗੱਲਾਂ ਮਾਰਦੇ ਖਾਸਾ ਚਿਰ ਹੋ ਗਿਆ ਹੈ। ਮਾਂ ਪਤਾ ਨਹੀਂ ਕੀ ਸੋਚਦੀ ਹੋਵੇਗੀ। ਖ਼ਿਆਲ ਆਉਂਦੇ ਹੀ ਉਹਨੇ ਸੁਣਿਆ, ਮਾਂ ਹਰਿੰਦਰ ਦਾ ਨਾਂ ਲੈ ਕੇ ਹਾਕਾਂ ਮਾਰ ਰਹੀ ਸੀ । ਉਹਨੇ ਬੈਠਕ ਵਿਚੋਂ ਬਾਹਰ ਹੋ ਕੇ ਬੋਲ ਕੱਢਿਆ, ‘ਔਨੀ ਆਂ ਮਾਂ ।’
‘ਚੰਗਾ ਫੇਰ ਹੁਣ ਤੂੰ ਜਾਹ।’ ਉਹਨੇ ਨਸੀਬ ਨੂੰ ਕਿਹਾ ਅਤੇ ਨਾਲ ਹੀ ਪੁੱਛਿਆ, ‘ਮਾਂ ਨੂੰ ਨ੍ਹੀਂ ਮਿਲਣਾ ?’
‘ਮਿਲ ਲਵਾਂ ?’
‘ਮਿਲਣਾ ਤਾਂ ਚਾਹੀਦੈ। ਨਹੀਂ ਤਾਂ ਖਬਰੈ, ਕੀ ਸੋਚੂਗੀ।’
ਬੈਠਕ ਵਿਚੋਂ ਬਾਹਰ ਆ ਕੇ ਉਹ ਮਾਂ ਕੋਲ ਰਸੋਈ ਵਿਚ ਗਈ, ਉਹ ਸਾਰਾ ਕੰਮ ਨਿਬੇੜ ਕੇ ਰਸੋਈ ਦਾ ਪੱਕਾ ਫਰਸ਼ ਸੁੰਭਰ ਰਹੀ ਸੀ। ਪੁਸ਼ਪਿੰਦਰ ਨੇ ਮਿੱਠਾ ਜਿਹਾ ਬੋਲ ਕੇ ਪੁੱਛਿਆ, ‘ਪਕਾ ਲੀ ਮਾਂ, ਰੋਟੀ ?’
ਮਾਂ ਨੇ ਸਿਰਫ ‘ਹੂੰ’ ਕਿਹਾ।
ਪੁਸ਼ਪਿੰਦਰ ਰਸੋਈ ਦੇ ਸਾਹਮਣੇ ਵਾਲੇ ਵੱਡੇ ਕਮਰੇ ਵਿਚ ਚਲੀ ਗਈ। ਧੋਤੇ ਪਏ ਕਪੜਿਆਂ ਦੀਆਂ ਤਹਿਆਂ ਮਾਰਨ ਲੱਗੀ।
ਜੇਰਾ ਕਰ ਕੇ ਨਸੀਬ ਵਿਹੜੇ ਵਿਚ ਆਇਆ। ਪੋਲਾ-ਪੋਲਾ ਖੰਘਿਆ । ਮਾਂ ਰਸੋਈ ਵਿਚੋਂ ਬਾਹਰ ਆ ਕੇ ਦੇਖਣ ਲੱਗੀ। ਨਸੀਬ ਨੇ ਫੱਟ ਸਤਿ ਸ੍ਰੀ ਅਕਾਲ ਆਖ ਦਿੱਤਾ । ਮਾਂ ਨੇ ਮਾਮੂਲੀ ਜਿਹਾ ਸਿਰ ਝੁਕਾਇਆ ਅਤੇ ਬੁੱਲ੍ਹ ਹਿਲਾਏ। ਚੁੰਨੀ ਦੇ ਲੜ ਨਾਲ ਮੂੰਹ ਪੂੰਝ ਕੇ ਪੁੱਛਿਆਂ, ‘ਆ ਭਾਈ ਨਸੀਬ, ਤਕੜੈ ਹੋਰ ਤਾਂ ?’
‘ਹਾਂ, ਮਾਮੀ ਜੀ । ਮਾਮਾ ਕਿੱਥੇ ਐ ?’
‘ਉਹ ਤਾਂ ਭਾਈ ਤੜਕੇ ਦੇ ਈ ਖੇਤ ਗਏ ਹੋਏ ਐ। ਨਰਮਾਂ ਬਿਜਵੌਣੈ। ਕਿਉਂ, ਤੈਨੂੰ ਕੀ ਕੰਮ ਐ, ਭਾਈ ?’
‘ਮਿਲਣਾ ਸੀ।’
‘ਹੁਣ ਤਾਂ ਫੇਰ ਹਨ ਨ੍ਹੀ ਘਰੇ ਓਹੋ। ਆਥਣੇ ਦੇਖੋ, ਕਦੋਂ ਔਣਗੇ। ਆਥਣੇ ਗੇੜਾ ਮਾਰ ਲੀਂ। ਜੇ ਕੋਈ ਗੱਲ ਐ ਤਾਂ ਮੈਨੂੰ ਦੱਸ ਜਾ, ਮੈਂ ਕਹਿ ਦੂੰ ਜਦੋਂ ਔਣਗੇ।’
‘ਨਹੀਂ, ਮਾਮਾ ਜੀ ਨੂੰ ਈ ਮਿਲਣਾ ਸੀ। ਰਾਮਪੁਰੇ ਲੈ ਕੇ ਜਾਣੈ, ਹਰਦਿਲ ਸੂੰ ਕੋਲ।’ ‘ਕਿਉਂ ਹਰਦਿਲ ਨੂੰ ਕੋਲ ਕੀ ਕੰਮ ਪੈ ਗਿਆ, ਭਾਈ?’
‘ਬੱਸ ਆਹੀ, ਮੈਂ ਕਹਿਨਾਂ, ਮੈਨੂੰ ਕੋਈ ਨੌਕਰੀ ਮਿਲ ਜੇ ਕਿਧਰੇ। ਐਵੇਂ ਵਿਹਲਾ ਤੁਰਿਆ ਫਿਰਦਾਂ।’
‘ਚੰਗਾ ਭਾਈ, ਤੂੰ ਆਥਣੇ ਗੇੜਾ ਮਾਰ ਲੀਂ ਫੇਰ। ਆਪ ਈ ਕਰ ਲੀਂ ਗੱਲ।’
‘ਚੰਗਾ ਮਾਮੀ ਜੀ । ਸਤਿ ਸ੍ਰੀ ਅਕਾਲ ।’ ਨਸੀਬ ਖੜ੍ਹਾ-ਖੜ੍ਹਾ ਹੀ ਉਹਨਾਂ ਦੇ ਘਰੋਂ ਬਾਹਰ ਆ ਗਿਆ।
18
ਨਸੀਬ ਘਰੋਂ ਗਿਆ ਤਾਂ ਮਾਂ ਨੇ ਵੱਡੇ ਕਮਰੇ ਵਿਚ ਜਾ ਕੇ ਪੁਸ਼ਪਿੰਦਰ ਵੱਲ ਕਣੱਖਾ ਜਿਹਾ ਦੇਖਿਆ। ਜਿਵੇਂ ਉਹਨੂੰ ਕੁਝ ਕਹਿਣਾ ਚਾਹੁੰਦੀ ਹੋਵੇ । ਪਰ ਬੋਲ ਨਹੀਂ ਸਕੀ। ਗੁੱਸਾ ਉਹਦੇ ਗਲ ਤੱਕ ਆਇਆ ਪਿਆ ਸੀ। ਉਹ ਕੀ ਆਖੇ, ਕੀ ਨਾ ਆਖੇ, ਉਹਦੀ ਸਮਝ ਤੋਂ ਬਾਹਰ ਸੀ। ਅਖੀਰ ਕਮਰੇ ਦੀ ਦੇਹਲੀ ਉੱਤੇ ਆ ਕੇ ਉਹਨੇ ਪੈਰ ਪਟਕਿਆ ਅਤੇ ਕੜਕ ਕੇ ਬੋਲੀ, ‘ਜਾਹ ਹਰਿੰਦਰ ਨੂੰ ਦੇਖ, ਕਿੱਥੇ ਐ ਢਹਿ ਜਾਣਾ । ਜਾਂ ਮੈਂ ਜਾਨੀ ਆਂ। ਖੇਤ ਨੂੰ ਰੋਟੀ ਲੈ ਕੇ ਕੌਣ ਜਾਊ ? ਨਾ ਉਹਨਾਂ ਨੇ ਖੇਤੋਂ ਭੇਜਿਐ ਕੋਈ ਬੰਦਾ।’
‘ਹਰਿੰਦਰ ਹੈਥੇ ਕਿਤੇ ਸੱਥ ‘ਚ ਬੈਠਾ ਹੋਣੈ, ਮੈਂ ਸੱਦ ਲਿਉਨੀ ਆਂ। ਟੋਕਰੇ ‘ਚ ਰੱਖ ਰੋਟੀ।’
ਪੁਸ਼ਪਿੰਦਰ ਬਾਹਰ ਨੂੰ ਤੁਰੀ ਤਾਂ ਮਾਂ ਨੇ ਵਰਾਂਢੇ ਵਿਚ ਪਿਆ ਟੋਕਰਾ ਧਰਤੀ ਉੱਤੇ ਮੂਧਾ ਖੜਕਾਇਆ। ਜਿਵੇਂ ਟੋਕਰਾ ਤੋੜ ਈ ਦੇਣਾ ਹੋਵੇ | ਤੇ ਫੇਰ ਰਸੋਈ ਵਿਚ ਜਾ ਕੇ ਟੋਕਰੇ ਵਿਚ ਚੀਜ਼ਾਂ ਰੱਖਣ ਲੱਗੀ। ਦਾਲ ਦਾ ਭਰਿਆ ਡੱਬਕੂ, ਕੜਛੀ, ਗੰਢੇ, ਅਚਾਰ, ਰੋਟੀਆਂ ਦੀ ਥਹੀ ਵੱਡੇ ਪੈਣ ਵਿਚ ਬੰਨ੍ਹ ਕੇ ਰੱਖ ਦਿੱਤੀ। ਕੌਲੀਆਂ ਅਤੇ ਗਲਾਸ। ਕੱਪੜੇ ਦਾ ਈਨੂੰ ਮਾਰ ਕੇ ਉਹਦੇ ਉੱਤੇ ਲੱਸੀ ਦੀ ਬਲ੍ਹਣੀ ਧਰ ਦਿਤੀ। ਐਨ ਟਕਾ ਕੇ । ਤੇ ਫਰ ਟੋਕਰੇ ਉੱਤੇ ਇਕ ਪੁਰਾਣੀ ਖੇਸੀ ਦੇ ਦਿੱਤੀ।
ਹਰਿੰਦਰ ਆਪ ਹੀ ਘਰ ਨੂੰ ਆ ਰਿਹਾ ਸੀ। ਕਿਸੇ ਫਿਲਮੀ ਗਾਣੇ ਦੇ ਅਧੂਰੇ ਜਿਹੇ ਬੋਲ ਕਢਦਾ। ਆਉਣ-ਸਾਰ ਬੋਲਿਆ, ‘ਲਿਆ ਮਾਂ, ਰੋਟੀ।’
‘ਔਹ ਪਿਐ ਟੋਕਰਾ, ਸਭ ਕੁਸ ਪਾਇਆ ਪਿਐ। ਚੱਕ ਤੇ ਛੇਤੀ ਤੁਰ ਜਾ ।’ਡੀਕੀ ਜਾਂਦੇ ਹੋਣਗੇ ।’ ਮਾਂ ਨੇ ਤਾੜ ਕੇ ਆਖਿਆ।
‘ਵਾਹ ਰੇ, ਮਾਈ ਡੀਅਰ ਮਦਰ। ਮੈਨੂੰ ਆਪ ਨੂੰ ਰੋਟੀ ਦੇਹ ਖਾਣ ਨੂੰ।’ ਉਹਨੇ ਮਾਂ ਦਾ ਮਖੌਲ ਜਿਹਾ ਉਡਾ ਇਆ।
‘ਤੂੰ ਓਥੇ ਈ ਖਾ ਲੀਂ, ਦੋ ਰੋਟੀਆਂ। ਬਥੇਰੀਆਂ ਰੱਖ ‘ਤੀਆਂ।’
‘ਜੇ ਨਾ ਬਚੀ ਕੋਈ ਰੋਟੀ ਫੇਰ ? ਨਹੀਂ, ਮੈਨੂੰ ਤਾਂ ਐਥੈ ਈ ਦੇ ਦੇ। ਹੁਣ ਖਾ ਲੈਨਾਂ ਮਿੰਟਾਂ-ਸਕਿੰਟਾਂ ‘ਚ ।’ ਰਸੋਈ ਵਿਚ ਜਾ ਕੇ ਉਹ ਆਪ ਹੀ ਕੌਲੀ ਵਿਚ ਦਾਲ ਪਾਉਣ ਲੱਗਿਆ। ਛਾਬੇ ਵਿਚੋਂ ਦੋ ਰੋਟੀਆਂ ਹੱਥਾਂ ਉੱਤੇ ਚੁੱਕ ਲਈਆਂ। ਦਾਲ ਤੱਤੀ ਹੀ ਸੀ। ਕੌਲੀ ਵਿਚ ਮਖਣੀ ਦਾ ਰੁੱਗ ਵੀ ਸੁੱਟ ਲਿਆ। ਮੰਜੀ ਉੱਤੇ ਬੈਠ ਕੇ ਰੋਟੀ ਖਾਣ ਲੱਗਿਆ। ਬੁਰਕੀ ਮੂੰਹ ਵਿਚ ਪਾ ਕੇ ਕਹਿੰਦਾ, ‘ਪਿੰਦਰੇ, ਲੱਸੀ ਦਾ ਗਲਾਸ ਭਰੀਂ ਕੇਰਾਂ, ਰਿੜਕਣੇ ‘ਚੋਂ ।’
ਹਰਿੰਦਰ ਟੋਕਰਾ ਲੈ ਕੇ ਘਰੋਂ ਬਾਹਰ ਹੋਇਆ ਤਾਂ ਪੁਸ਼ਪਿੰਦਰ ਕਹਿੰਦੀ, ‘ਲਿਆ ਮਾਂ, ਮੈਨੂੰ ਵੀ ਦੇ ਦੇ ਰੋਟੀ।’
‘ਕਿਉਂ, ਤੂੰ ਕੋਈ ਪਰੌਣੀ ਆਈ ਹੋਈ ਐਂ ? ਹੈਥੋਂ ਚੱਕ ਰੋਟੀ ਤੇ ਖਾ ਲੈ ‘
‘ਨਹੀਂ, ਤੂੰ ਦੇ ਮਾਂ ।’
‘ਨਾ, ਦਿੱਤੀ ਹੋਈ ਐ। ਮੇਰੇ ਨਾਲ ਨ੍ਹੀਂ ਚਲਦਾ ਤੇਰਾ ਹੁਣ ਇਹ ਲਾਡ।’
‘ਕਿਉਂ ਮਾਂ, ਤੂੰ ਮੇਰੀ ਪਿਆਰੀ ਮਾਂ ਐਂ।’
‘ਪਿਆਰੀ ਮਾਂ ਦੀ ਈ ਗੁਤਨੀ ਰੋਲੇਂਗੀ ਨਾ ਸੁਆਹ ‘ਚ ।’ ਕਹਿ ਕੇ ਉਹ ਪਰ੍ਹਾਂ ਨੂੰ ਵਿਹੜੇ ਵਿਚ ਤੁਰ ਗਈ।
‘ਕਿਉਂ, ਕੀ ਕਰ ’ਤਾਂ ਮੈਂ ?’
‘ਹੋਰ ਅਜੇ ਕਸਰ ਐ? ਕਰੀਂ ਤਾਂ ਜਾਨੀ ਐਂ’
‘ਨਾ, ਦੱਸ ਵੀ ਕੋਈ ਗੱਲ ।’ ਪੁਸ਼ਪਿੰਦਰ ਵਿਚ ਵੀ ਤਲਖ਼ੀ ਭਰਨ ਲੱਗੀ ਸੀ।
ਮਾਂ ਵਿਹੜੇ ਵਿਚੋਂ ਮੁੜ ਕੇ ਆਈ ਅਤੇ ਕੰਧ ਨਾਲ ਖੜ੍ਹੀ ਪੀੜ੍ਹੀ ਚੁੱਕ ਕੇ ਵਰਾਂਢੇ ਦੇ ਫਰਸ਼ ਉੱਤੇ ਦੇ ਮਾਰੀ । ਹਉਕਾ ਲੈ ਕੇ ਪੀੜ੍ਹੀ ਉੱਤੇ ਬੈਠ ਗਈ। ਕਹਿੰਦੀ, ‘ਐਨੀ ਕੁੱਤੇ-ਖਾਣੀ ਨਿੱਤ ਹੁੰਦੀ ਐ ਤੇਰੇ ਨਾਲ, ਤੂੰ ਸਮਝਦੀ ਕਿਉਂ ਨ੍ਹੀਂ ? ਹੁਣ ਏਸ ਧਗੜੇ ਨੂੰ ਘਰ ਵੀ ਸੱਦਣ ਲੱਗ ਪੀ।’
‘ਕਿਉਂ, ਅੱਗੇ ਨ੍ਹੀਂ ਕਦੇ ਆਇਆ ਏਹੋ ? ਅੱਜ ਕੀ ਹੋ ਗਿਆ ?’
‘ਅੱਗੇ ਵੀ ਏਮੇਂ-ਜਿਮੇਂ ਔਂਦਾ ਹੋਣੈ। ਹੁਣ ਦੇਖ ਕੇ ਮੱਖੀ ਕਿਮੇਂ ਨਿਗਲ ਲੀਏ ?’ ਫੇਰ ਕਹਿੰਦੀ, ‘ਮੈਨੂੰ ਤਾਂ ਇਹ ਮੁੰਡਾ ਅਹਿਓ-ਜ੍ਹਾ ਲਗਦਾ ਈ ਨ੍ਹੀਂ ਸੀ।’
‘ਮਾਂ, ਭਲਾਂ ਤੂੰ ਇਉਂ ਦੱਸ, ਮੈਨੂੰ ਨ੍ਹੀਂ ਲੋੜ ਆਵਦੀ ਆਣ-ਇੱਜ਼ਤ ਦੀ ? ਆਵਦਾ ਚੰਗਾ-ਮਾੜਾ ਸਭ ਜਾਣਦੀ ਆਂ । ਮੈਂ ਕੋਈ ਨਿਆਣੀ ਆਂ ਹੁਣ ? ਬਈ ਐਵੇਂ ਈ ਕਿਸੇ ਦੇ ਕਬਜ਼ੇ ‘ਚ ਆ ਜੂੰ ਗੀ।
‘ਮੈਨੂੰ ਤਾਂ ਡਾਲ ਪਤਾ ਨ੍ਹੀਂ, ਤੇਰੀਆਂ ਇਹਨਾਂ ਫਾਰਸੀਆਂ ਦਾ। ਮੈਂ ਤਾਂ ਇਕੋ ਜਾਣਦੀ ਆਂ, ਤੂੰ ਏਸ ਮੁੰਡੇ ਨਾਲ ਬਰਨਾਲੇ ਗਈ ਕਿ ਨਹੀਂ ਗਈ? ਓਥੇ ਹੋਟਲ ‘ਚ ਚਾਹ ਪੀਤੀ ਕਿ ਨਹੀਂ ਪੀਤੀ ? ਓਦੂੰ ਬਾਅਦ ਕੀ ਪਤਾ ਕਿੱਥੇ-ਕਿੱਥੇ ਖੇਹ ਖਾਧੀ ਹੋਣੀ ਐ। ਚੰਨਣਆਲ ਜਾਣ ਦਾ ਤਾਂ ਬਹਾਨਾ ਸੀ ਐਮੈਂ । ਤਾਂਹੀਂ ਤਾ। ਤਾ ਮੈਂ ਹਰਿੰਦਰ ਨੂੰ ਭੇਜਿਆ। ਮਖ, ਜਾਹ ਪੁੱਤ, ਲੈ ਆ ਭੈਣ ਨੂੰ। ਮੁੰਡੇ ਵਚਾਰੇ ਨੂੰ ਕੀ ਇਲਮ, ਬਈ ਮੈਂ ਕਿਉਂ ਲੈਣ ਭੇਜਿਆ ਉਹਨੂੰ। ਮੈਂ ਤਾਂ ਹੁਣ ਤਾਈਂ ਢਿੱਡ ‘ਚ ਲਈਂ ਬੈਠੀ ਆਂ, ਮੈਂ ਤਾਂ ਅਜੇ ਤੇਰੇ ਬਾਪੂ ਕੋਲ ਗੱਲ ਨ੍ਹੀਂ ਕੀਤੀ। ਪਤਾ ਨ੍ਹੀਂ ਕਿਹੜੀਆਂ ਗੱਲਾਂ ਨੂੰ। ਤੂੰ ਹਾਲੇ ਵੀ ਸੁਧਰ ਜਾ।’
‘ਦੱਸ ਵੀ ਕੌਣ ਐ ਓਹੋ, ਜੀਹਨੇ ਤੈਨੂੰ ਆਖਿਐ, ਬਈ ਬਰਨਾਲੇ ਤੱਕ ਨਸੀਬ ਮੇਰੇ ਨਾਲ ਗਿਐ ਜਾਂ ਓਥੇ ਹੋਟਲ ‘ਚ ਚਾਹ ਪੀਤੀ ਐ ? ਇਹ ਸਭ ਝੂਠ ਐ। ਤੈਨੂੰ ਕਿਸੇ ਨੇ ਕੁਸ ਨ੍ਹੀਂ ਕਿਹਾ, ਤੂੰ ਇਹ ਸਭ ਗੱਲਾਂ ਮਨੋਂ ਜੋੜਦੀ ਐਂ, ਮਾਂ।’
‘ਦੱਸਾਂ ?’
‘ਦੱਸ ਦੇ ।’
‘ਲਿਆਮਾਂ ਸ਼ਿਆਮੋ ਬੁੜ੍ਹੀ ਨੂੰ ?
‘ਸ਼ਿਆਮੋ ਕਿਹੜੀ?’
‘ਪਰਤਾਪੇ ਕੀ ਸ਼ਿਆਮੋ, ਹੋਰ ਕਿਹੜੀ? ਭਾਈਰੂਪਿਓਂ ਉਹ ਥੋਡੇ ਨਾਲ ਬੈਠੀ ਐ, ਸਲਾਬਤਪੁਰਿਓਂ ਨਾਲ ਗਈ ਐ, ਹੋਟਲ ‘ਚ ਚਾਹ ਪੀਂਦੇ ਦੇਖੇਂ ਓਂ ਤੁਸੀਂ। ਹੋਰ ਦੱਸ ?’ ‘ਐਵੇਂ ਕੁੱਤੀ ਭੌਂਕਦੀ ਐ। ਮੈਂ ਤਾਂ ਦੇਖਿਆ ਨ੍ਹੀਂ ਉਹਨੂੰ।’
‘ਤੈਂ ਨਹੀਂ ਦੇਖਿਆ ਹੋਣਾ, ਉਹਨੇ ਤਾਂ ਦੇਖਿਐ ਸਭ ਕੁਸ।’
‘ਕੁਸ ਆਖੀਂ ਜਾਵੇ, ਉਹ ਕਿਧਰਲੀ ਭਲੀਮਾਣਸ ਆ ਗੀ। ਸੌ ਜਹਾਨ ਦੀ ਚਗਲ। ਆਵਦੇ ਦਿਨ ਭੁੱਲ ਗੀ?’
‘ਹਾਂ, ਉਹ ਤਾਂ ਚਗਲ ਐ। ਸਾਰਾ ਪਿੰਡ ਜਾਣਦੈ ਉਹਨੂੰ । ਹੁਣ ਤੂੰ ਵੀ ਚਗਲ ਬਣੇਂਗੀ? ਚੰਗਾ ਨਾਂ ਉੱਘਾ ਕਰੇਂਗੀ, ਪਿਉਂ-ਦਾਦੇ ਦਾ !’
ਪੁਸ਼ਪਿੰਦਰ ਨੂੰ ਜਿਵੇਂ ਇਕ ਧੱਕਾ ਲੱਗਿਆ ਹੋਵੇ । ਉਹ ਸੁੰਨ ਦੀ ਸੁੰਨ ਰਹਿ ਗਈ। ਤੇ ਫੇਰ ਉਹਦੀਆਂ ਅੱਖਾਂ ਵਿਚੋਂ ਤਿੱਪ-ਤਿੱਪ ਹੰਝੂ ਡਿੱਗਣ ਲੱਗੇ। ਹੰਝੂ ਉਹਨੇ ਪੂੰਝੇ ਨਹੀਂ। ਬਿੱਡਰੀ ਜਿਹੀ ਲਗਾਤਾਰ ਮਾਂ ਵੱਲ ਝਾਕੀਂ ਜਾ ਰਹੀ ਸੀ । ਤੇ ਫੇਰ ਮਾਂ ਪੀੜ੍ਹੀ ਤੋਂ ਉੱਠੀ । ਉਹਦੀਆਂ ਅੱਖਾਂ ਵਿਚ ਗੁੱਸੇ ਅਤੇ ਮੋਹ ਦਾ ਰਲਿਆ-ਮਿਲਿਆ ਰੰਗ ਉੱਤਰ ਆਇਆ ਸੀ। ਪੁਸ਼ਪਿੰਦਰ ਨੇ ਚੁੰਨੀ ਦੇ ਲੜ ਨਾਲ ਇਕ ਇਕ ਕਰਕੇ ਦੋਵੇਂ ਅੱਖਾਂ ਪੂੰਝ ਲਈਆਂ। ਪਰ ਅਜੇ ਵੀ ਉਹਦੀਆਂ ਅੱਖਾਂ ਦੇ ਕੋਇਆਂ ਵਿਚ ਪਾਣੀ ਡਲ੍ਹਕ ਰਿਹਾ ਸੀ। ਰਸੋਈ ਵੱਲ ਜਾਂਦੀ ਮਾਂ ਕਹਿੰਦੀ, ‘ਹੁਣ ਰੋ-ਰੋ ਕਾਹਨੂੰ ਦਖੌਨੀ ਐਂ। ਸੋਚ-ਸਮਝ ਕੇ ਚੱਲ।’
ਪੁਸ਼ਪਿੰਦਰ ਵਰਾਂਢੇ ਵਿਚ ਉੱਚੇ ਪਾਵਿਆਂ ਵਾਲੇ ਪਲੰਘ ਦੀ ਬਾਹੀ ਨੂੰ ਪਿੱਠ ਲਾ ਕੇ ਖੜੋਤੀ ਹੋਈ ਸੀ । ਰਸੋਈ ਵਿਚ ਜਾ ਕੇ ਮਾਂ ਨੇ ਇਕ ਕੌਲੀ ਵਿਚ ਦਾਲ ਪਾਈ। ਵਿਚ ਮਖਣੀ ਦਾ ਵੀ ਭੋਰਾ ਪਾ ਦਿੱਤਾ। ਪਰ੍ਹੇ ਪਿਆ ਛੋਟਾ ਮੇਜ਼ ਇਕ ਹੱਥ ਨਾਲ ਘੜੀਸਿਆ ਅਤੇ ਉੱਤੇ ਥਾਲੀ ਰੱਖ ਕੇ ਪੁਸ਼ਪਿੰਦਰ ਨੂੰ ਕਿਹਾ, ‘ਲੈ, ਖਾ ਲੈ ਰੋਟੀ। ਮੈਂ ਤਾਂ ਇਹੀ ਕਹਿਨੀ ਆਂ ਬਈ ਸਮਝ ਕਰ। ਹੋਰ ਨ੍ਹੀਂ ਤਾਂ ਜਾਤ-ਕੁਜਾਤ ਈ ਦੇਖ।’
‘ਜਾਤ-ਕੁਜਾਤ’ ਦੇ ਨਾਂ ਉੱਤੇ ਪੁਸ਼ਪਿੰਦਰ ਦਾ ਮਨ ਫੇਰ ਉੱਛਲ ਆਇਆ। ਮਾਂ ਰਸੋਈ ਵਿਚ ਲੱਸੀ ਦਾ ਗਲਾਸ ਲੈਣ ਗਈ। ਪਰ ਪੁਸ਼ਪਿੰਦਰ ਤਾਂ ਰੋਟੀ ਦੀ ਥਾਲੀ ਮੇਜ਼ ਉੱਤੇ ਧਰੀ ਦੀ ਧਰੀ ਛੱਡ ਕੇ ਉੱਠ ਖੜ੍ਹੀ। ਵਿਹੜੇ ਵੱਲ ਤੁਰ ਪਈ।
‘ਨਹੀਂ ਖਾਂਦੀ, ਨਾ ਖਾਹ। ਤੇਰੇ ਹਾੜ੍ਹੇ ਕੌਣ ਕੱਢੇ ਹੁਣ ?’ ਮਾਂ ਨੇ ਮੇਜ਼ ਉਤੋਂ ਥਾਲੀ ਚੁੱਕੀ। ਲੱਸੀ ਦਾ ਗਲਾਸ ਓਵੇਂ ਹੀ ਹੱਥ ਵਿਚ ਸੀ। ਉਹ ਓਸੇ ਪੀੜ੍ਹੀ ਉਤੇ ਜਾ ਬੈਠੀ ਅਤੇ ਆਪ ਰੋਟੀ ਖਾਣ ਲੱਗੀ। ਇਕ ਬੁਰਕੀ ਮੂੰਹ ਵਿਚ ਪਾ ਕੇ ਉਹ ਪੁਸ਼ਪਿੰਦਰ ਵਲ ਝਾਕੀ। ਉਹ ਬੈਠਕ ਵਿਚ ਚਲੀ ਗਈ ਸੀ। ਮਾਂ ਨੇ ਇਕੋ ਰੋਟੀ ਖਾਧੀ। ਫੇਰ ਤਾ ਜਿਵੇਂ ਉਹਦੀ ਭੁੱਖ ਹੀ ਮਰ ਗਈ ਹੋਵੇ। ਬੁਰਕੀ ਮੂੰਹ ਵਿਚ ਫੁੱਲ-ਫੁੱਲ ਜਾਂਦੀ। ਉਹਨੇ ਲੱਸੀ ਦੀਆਂ ਦੋ ਘੁੱਟਾਂ ਭਰੀਆਂ ਅਤੇ ਥਾਲੀ-ਗਲਾਸ ਚੁੱਕ ਕੇ ਰਸੋਈ ਵਿਚ ਜਾ ਧਰੇ ।
ਪਰਤਾਪੇ ਦੀ ਨੂੰਹ ਸ਼ਿਆਮੋ ਦੇ ਦੋਵੇਂ ਮੁੰਡੇ ਚੰਗੇ ਕਮਾਊ ਉੱਠੇ ਸਨ। ਇਕ ਹਲ ਹੇਠ ਵਾਹਵਾ ਜ਼ਮੀਨ ਸੀ। ਉਹਨਾਂ ਦਾ ਪਿਓ ਫੌਜੀ ਬੰਦਾ ਸੀ। ਉਹਨੇ ਦੁਨੀਆਂ ਦੇਖੀ ਹੋਈ ਸੀ। ਮੁੰਡਿਆਂ ਨੂੰ ਫਜ਼ੂਲ ਖਰਚ ਨਹੀਂ ਸੀ ਕਰਨ ਦਿੰਦਾ। ਏਧਰ-ਓਧਰ ਸਾਕ ਸਕੀਰੀਆਂ ਵਿਚ ਤੁਰਿਆ ਫਿਰਦਾ ਰਹਿੰਦਾ। ਆਪਣੇ ਮੁੰਡਿਆਂ ਬਾਬਤ ਵਧਾ-ਚੜ੍ਹਾ ਕੇ ਦੱਸਦਾ । ਅਖੀਰ ਇਕ ਜੱਟ ਨੇ ਆਪਣੀਆ ਦੋਵੇਂ ਕੁੜੀਆਂ ਉਹਦੇ ਮੁੰਡਿਆਂ ਨੂੰ ਦੇ ਦਿੱਤੀਆਂ। ਹੁਣ ਫੌਜੀ ਦੀਆਂ ਦੋਵੇਂ ਨੂੰਹਾਂ ਘਰ ਦਾ ਪੂਰਾ ਕੰਮ ਕਰਦੀਆਂ ਅਤੇ ਆਪੋ ਵਿਚ ਸੁਰ ਰਖਦੀਆਂ। ਮੁੰਡਿਆਂ ਵਿਚ ਪੂਰਾ ਪਿਆਰ ਸੀ। ਦੇਹ ਵੇਲ ਕੇ ਖੇਤੀ ਦਾ ਕੰਮ ਕਰਦੇ। ਕੋਈ ਐਬ ਨਹੀਂ ਸੀ । ਹਮੇਸ਼ਾ ਹੀ ਕਮਾਈ ਵੱਲ ਧਿਆਨ । ਨੂੰਹਾਂ-ਪੁੱਤ ਫੌਜੀ ਦੀ ਪੂਰੀ ਸੇਵਾ ਕਰਦੇ । ਜਿਵੇਂ ਉਹਨੂੰ ਰਾਜ-ਦੁਆਰੇ ਬਿਠਾ ਰੱਖਿਆ ਹੋਵੇ। ਪਰ ਸ਼ਿਆਮੋ ਦੀ ਨੂੰਹਾਂ ਨਾਲ ਬਣਦੀ ਨਹੀਂ ਸੀ । ਨੂੰਹਾਂ ਦੇ ਕੰਮਾਂ ਵਿਚ ਉਹ ਖਾਹ-ਮਖਾਹ ਨੱਕ-ਬੁੱਲ੍ਹ ਕਢਦੀ ਰਹਿੰਦੀ। ਬੁੜਬੁੜ ਕਰਨਾ ਉਹਦਾ ਸੁਭਾਅ ਬਣ ਚੁੱਕਿਆ ਸੀ। ਫੌਜੀ ਹਮੇਸ਼ਾ ਨੂੰਹਾਂ ਦੇ ਪੱਖ ਵਿਚ ਬੋਲਦਾ। ਅਜਿਹਾ ਹੋਣ ਨਾਲ ਤਾਂ ਸ਼ਿਆਮੋ ਨੂੰ ਹੋਰ ਚੇਹ ਚੜ੍ਹਦੀ। ਉਹ ਫੌਜੀ ਨੂੰ ਹੀ ਗਾਲਾਂ ਕੱਢਣ ਲਗਦੀ। ਨੂੰਹਾਂ ਦਾ ਨਾਂ ਵਿਚ ਲਿਆ ਕੇ ਉਹਨੂੰ ਸੁਣੀਆਂ ਨਾ ਜਾਣ ਵਾਲੀਆਂ ਗੱਲਾਂ ਆਖਦੀ। ਅਜਿਹੇ ਸਮੇਂ ਫੌਜੀ ਟਕਿਆ ਕੇ ਦੋ ਡੰਡੇ ਉਹਦੇ ਮੌਰਾਂ ਉੱਤੇ ਧਰ ਦਿੰਦਾ। ਸ਼ਿਆਮੋ ਦੁੱਗਣਾ ਬੋਲਦੀ। ਉੱਚੀਆਂ ਉੱਚੀਆਂ ਚਾਂਗਾਂ ਮਾਰਦੀ। ਅਗਵਾੜ ਇਕੱਠਾ ਕਰ ਲੈਂਦੀ । ਨੂੰਹਾਂ ਸ਼ਰਮ ਦੀਆਂ ਮਾਰੀਆਂ ਮੂੰਹ ਵਿਚ ਚੁੰਨੀਆਂ ਲੈ ਕੇ ਅੰਦਰ ਦੜ ਕੇ ਬੈਠ ਜਾਂਦੀਆਂ। ਗਵਾਂਢਣਾਂ ਉਹਨੂੰ ਸਮਝਾਉਂਦੀਆਂ, ‘ਨੀ ਸ਼ਿਆਮ ਕੁਰੇ, ਤੂੰ ਨਾ ਹੁਣ ਬੋਲਿਆ ਕਰ। ਤੇਰਾ ਵੇਲਾ ਤਾਂ ਬੀਤ ਗਿਆ। ਚੁੱਪ ਕਰਕੇ ਦੋ ਗੁੱਲੀਆਂ ਫੜਿਆ ਕਰ ਤੇ ਖਾ ਲਿਆ ਕਰ। ਕਾਹਨੂੰ ਨਿੱਤ ਝੱਜੂ ਪਵੌਨੀ ਐਂ। ਲੋਕਾਂ ਨੂੰ ਤਮਾਸ਼ਾ ਦਖੌਨੀ ਐਂ ?’
ਉਹ ਕੁੜਤੀ ਚੁੱਕ-ਚੁੱਕ ਤੀਵੀਆਂ ਨੂੰ ਆਪਣਾ ਪਿੰਡਾ ਦਿਖਾਉਂਦੀ। ਤੇ ਪਰਲ-ਪਰਲ ਅੱਖਾਂ ਵਿਚੋਂ ਪਾਣੀ ਵਗਾਉਂਦੀ | ਫੌਜੀ ਉਹਦੀ ਰੋਟੀ ਅੱਡ ਕਰ ਦਿੰਦਾ। ਆਟਾ ਪਿਹਾ ਕੇ ਦੇ ਦਿੰਦਾ। ਦਾਲਾਂ ਲਿਆ ਕੇ ਫੜਾ ਦਿੰਦਾ । ਆਖਦਾ, ‘ਔਹ ਚੁੱਲ੍ਹਾ ਤੇਰਾ, ਆਪੇ ਪਕਾ ਆਪੇ ਖਾਹ। ਬਹੂਆਂ ਨਾਲ ਤੇਰਾ ਕੋਈ ਲਾਗਾ-ਦੋਗਾ ਨ੍ਹੀਂ । ਨਿੱਤ ਮੈਨੂੰ ਖੱਜਲ ਕਰਦੀ ਐਂ, ਨਾਲੇ ਆਪ ਹੁੰਨੀ ਐਂ।’
ਸ਼ਿਆਮੋ ਪੰਦਰਾਂ-ਵੀਹ ਦਿਨ ਮਸਾਂ ਅੱਡ ਰੋਟੀ ਲਾਹੁੰਦੀ। ਨੂੰਹਾਂ ਨਾਲ ਆਨੀਂ-ਬਹਾਨੀਂ ਬੋਲਣ ਲਗਦੀ। ਜਦੋਂ ਥੋੜ੍ਹਾ ਜਿੰਨਾ ਵੀ ਰਚ-ਮਿਚ ਜਾਂਦੀ, ਨੂੰਹਾਂ ਉਹਨੂੰ ਗਲ ਲਾ ਲੈਂਦੀਆਂ। ਉਹਦਾ ਅੱਡ ਚੁੱਲ੍ਹਾ ਚੁਕਵਾ ਦਿੰਦੀਆਂ। ਉਹ ਨੂੰਹਾਂ ਵਿਚ ਬੈਠ ਕੇ ਹੀ ਰੋਟੀ ਖਾਣ ਲਗਦੀ। ਆਪਣੇ ਪੋਤੇ-ਪੋਤੀਆਂ ਨੂੰ ਲੋਰੀਆਂ ਦਿੰਦੀ। ਜਿਵੇਂ ਇਸ ਘਰ ਵਿਚ ਕੋਈ ਝਗੜਾ-ਕਲੇਸ਼ ਤਾਂ ਕਦੇ ਹੋਇਆ ਹੀ ਨਾ ਹੋਵੇ। ਉਹਦੇ ਪੁੱਤ ਹੁਣ ਉਹਨੂੰ ਕਦੇ ਵੀ ਕੁਝ ਨਹੀਂ ਸਨ ਆਖਦੇ—ਨਾ ਚੰਗੀ, ਨਾ ਮਾੜੀ। ਉਹਨਾਂ ਨੇ ਤਾਂ ਸਗੋਂ ਬਹੂਆਂ ਨੂੰ ਵੀ ਵਰਜਿਆ ਹੋਇਆ ਸੀ, ‘ਤੁਸੀਂ ਮੂੰਹੋਂ ਬੋਲ ਨਹੀਂ ਕੱਢਣਾ ਕੋਈ, ਇਹ ਕਿੰਨਾ ਵੀ ਭੌਂਕੀ ਜਾਵੇ ।’ ਉਹਨਾਂ ਦੀ ਮਾਂ ਨਾਲ ਉਹਨਾਂ ਦਾ ਪਿਓ ਹੀ ਨਿੱਬੜਦਾ।
ਸ਼ਿਆਮੋ ਬਹੁਤ ਹੀ ਹਲਕੇ ਮੁੱਲ ਦੀ ਕੁੜਤੀ-ਸਲਵਾਰ ਪਹਿਨਦੀ। ਸਿਰ ਉੱਤੇ ਮਲਮਲ ਦੀ ਚਿੱਟੀ ਚੁੰਨੀ ਲੈ ਕੇ ਰਖਦੀ। ਕਪੜੇ ਆਮ ਤੌਰ ਉੱਤੇ ਉਹਦੇ ਘਸੇ ਜਿਹੇ ਹੀ ਰਹਿੰਦੇ। ਨੂੰਹਾਂ ਕਪੜੇ ਧੋ ਦਿੰਦੀਆਂ। ਖਿਝੀ ਹੁੰਦੀ ਤਾਂ ਆਪ ਧੋ ਲੈਂਦੀ। ਪੈਰਾਂ ਵਿਚ ਨੋਕਾਂ ਵਾਲੀ ਦੁਖੱਲੀ ਜੁੱਤੀ । ਟੁੱਟੇ ਫਰੇਮ ਵਾਲੀ ਐਨਕ । ਉਹਦੀ ਨਿਗਾਹ ਕਮਜ਼ੋਰ ਸੀ ਅਤੇ ਉਹ ਕਈ ਸਾਲਾਂ ਤੋਂ ਇਹ ਐਨਕ ਲਾਉਂਦੀ ਆ ਰਹੀ ਸੀ। ਇਕ ਵਾਰੀਂ ਰਾਮਪੁਰੇ ਜਾ ਕੇ ਲਵਾ ਲਿਆਈ ਸੀ । ਬਹੁਤ ਨੇੜਿਓਂ ਦੇਖਣ ਲੱਗੀ ਐਨਕ ਉੱਤੇ ਇਕ ਹੱਥ ਦਾ ਛੱਪਰ ਜਿਹਾ ਬਣਾ ਲੈਂਦੀ। ਹੱਥ ਵਿਚ ਹਮੇਸ਼ਾ ਇਕ ਸੋਟੀ ਰਖਦੀ।
ਅਗਵਾੜ ਵਿਚ ਸਾਰੇ ਲੋਕਾਂ ਦੇ ਘਰੀਂ ਸ਼ਿਆਮੋ ਦਾ ਆਉਣ-ਜਾਣ ਸੀ । ਲੋਕਾਂ ਦੇ ਵਿਹੜਿਆਂ ‘ਚ ਬੈਠ ਕੇ ਉਹ ਮੜਾਕ-ਮੜਾਕ ਗੱਲਾਂ ਮਾਰਦੀ । ਪਰ ਪੁਰਾਣੇ ਲੋਕ ਉਹਦੀਆਂ ਕਰਤੂਤਾਂ ਤੋਂ ਜਾਣੂ ਸਨ । ਉਹ ਦਾਨੀ ਬੁੜ੍ਹੀ ਬਣਨ ਦੀ ਕੋਸ਼ਿਸ਼ ਕਰਦੀ। ਬਹੁਤਾ ਹੀ ਪਾਖੰਡ ਜਿਹਾ ਕਰਨ ਲਗਦੀ ਤਾਂ ਕੋਈ ਪੁਰਾਣਾ ਬੰਦਾ ਉਹਦੀ ਧਰੀ-ਢਕੀ ਨਾ ਰਹਿਣ ਦਿੰਦਾ। ਥਾਏਂ ਲਾਹ ਦਿੰਦਾ, ‘ਜੁਆਨੀ ਪਹਿਰੇ ਤਾ ਮੇਮਾਂ ਆਂਗੂ ਦਾਰੂਆਂ ਪੀਤੀਆਂ; ਮਾਰ ਫੜ ਕੇ ਸੋ ਟਸਣ ਕੀਤੇ ਤੈਂ। ਤੇਰੇ ਚੱਟੇ ਦਰਖਤ ਵੀ ਹਰੇ ਨ੍ਹੀਂ ਹੋਏ ਹਾਲੇ ਤਾਈਂ, ਹੁਣ ਤੂੰ ਕਿੱਧਰੋਂ ਬਾਮ੍ਹਣੀ ਬਣ ਜੇਂ ਗੀ।’
ਜਿਸ ਦਿਨ ਨਸੀਬ ਅਤੇ ਪੁਸ਼ਪਿੰਦਰ ਭਾਈਰੂਪੇ ਦੇ ਅੱਡੇ ਤੋਂ ਅੱਡ-ਅੱਡ ਹੋ ਕੇ ਬੱਸ ਚੜ੍ਹੇ ਸਨ, ਸ਼ਿਆਮੋ ਵੀ ਉਥੇ ਹੀ ਅੱਡੇ ਉੱਤੇ ਕਿਧਰੇ ਪੱਲਾ ਕਰੀਂ ਬੈਠੀ ਸੀ। ਐਨਕ ਦੇ ਟੁੱਟੇ ਫਰੇਮ ਨੂੰ ਵਾਰ-ਵਾਰ ਨੱਕ ਉੱਤੇ ਠੀਕ ਕਰਕੇ ਟਕਿਉਂਦੀ। ਇਕ ਇੱਟ ਉੱਤੇ ਬੈਠੀ ਹੋਈ ਸੀ। ਸੋਟੀ ਨੂੰ ਭੁੰਜੇ ਰੱਖ ਲਿਆ ਸੀ । ਹਰ ਪਾਸੇ ਝਾਕਦੀ ਅਤੇ ਹਰ ਬੰਦੇ ਦੀ ਨਿਰਖ ਰਖਦੀ। ਉਹ ਬੱਸ ਚੜ੍ਹੇ ਸਨ ਤਾਂ ਉਹ ਵੀ ਬੱਸ ਵਿਚ ਬੈਠ ਗਈ ਸੀ। ਸਲਾਬਤਪੁਰੇ ਜਾ ਕੇ ਬਰਨਾਲੇ ਜਾਣ ਲਈ ਉਹਨੇ ਵੀ ਬੱਸ ਬਦਲੀ ਸੀ। ਉਹੀ ਬੱਸ, ਉਹਨਾਂ ਵਾਲੀ । ਨਸੀਬ ਅਤੇ ਪੁਸ਼ਪਿੰਦਰ ਇਕੋ ਸੀਟ ਉੱਤੇ ਬੈਠੇ ਸਨ, ਦੋ-ਤਿੰਨ ਸੀਟਾਂ ਛੱਡ ਕੇ ਸ਼ਿਆਮੋ ਮਹਰੇ ਹੀ ਕਿਧਰੇ ਬੈਠੀ ਹੋਈ ਸੀ। ਮੂੰਹ ਉੱਤੇ ਚੁੰਨੀ ਦਾ ਪੱਲਾ ਕੀਤਾ ਹੋਇਆ। ਸੋਟੀ ਸੀਟ ਦੇ ਨਾਲ ਹੀ ਥੱਲੇ ਲੰਮੀ ਪਾ ਦਿੱਤੀ। ਮੁੰਡੇ-ਕੁੜੀ ਵੱਲ ਚੁੰਨੀ ਦੇ ਪੱਲੇ ਵਿਚ ਦੀ ਉਹ ਲਗਾਤਾਰ ਬਰਨਾਲੇ ਤੱਕ ਮਾਰੇ ਰਾਹ ਦੇਖਦੀ ਗਈ। ਉਹਨਾਂ ਦੀਆਂ ਹਰਕਤਾਂ ਤਾੜਦੀ ਅਤੇ ਖੁਸ਼ ਹੁੰਦੀ। ਦੰਦ ਵੀ ਚਬਦੀ। ਬਰਨਾਲੇ ਜਾ ਕੇ ਉਹ ਬੱਸ ਵਿਚੋਂ ਉੱਤਰੇ ਸਨ ਅਤੇ ਉਹ ਮਗਰੇ ਹੀ ਚੁੱਪ-ਚੁਪੀਤੀ ਬੱਸ ਵਿਚੋਂ ਉੱਤਰ ਕੇ ਉਹਨਾਂ ਦੇ ਪਿੱਛੇ-ਪਿੱਛੇ ਹੋ ਲਈ ਸੀ । ਉਹਨਾਂ ਨੂੰ ਹੋਟਲ ਵਿਚ ਵੜਦਿਆਂ ਦੇਖ ਕੇ ਉਥੇ ਹੀ ਛਾਪਲ ਕੇ ਬੈਠ ਗਈ ਸੀ। ਹੋਟਲ ਵਿਚੋਂ ਬਾਹਰ ਆਉਣ ਤੱਕ ਉਹ ਤਾਂ ੳਥੇ ਹੀ ਬੈਠੀ ਰਹੀ। ਜਿਵੇਂ ਉਸ ਦਿਨ ਉਹਦੇ ਲਈ ਇਹੀ ਇਕ ਕੰਮ ਹੋਵੇ। ਉਹ ਹੋਟਲ ਵਿਚੋਂ ਬਾਹਰ ਆਏ ਸਨ ਤਾਂ ਸ਼ਿਆਮੋ ਨੇ ਦੋਵਾਂ ਦਾ ਚੇਹਰਾ ਸੰਵਾਰ-ਸੰਵਾਰ ਅੱਖਾਂ ਪਾੜ-ਪਾੜ ਦੇਖਿਆ ਸੀ । ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਮਗਰ ਕੋਈ ਡੈਣ ਲੱਗੀ ਹੋਈ ਹੈ।
ਬੱਸ-ਸਟੈਂਡ ਦੀ ਭੀੜ ਵਿਚ ਉਹ ਕਿਧਰੇ ਗੁਆਚ ਗਏ ਸਨ ਤਾਂ ਸ਼ਿਆਮੋ ਢਿੱਡ ਵਿਚ ਪਿੰਡ ਦਾ ਵੱਡਾ ਭੇਤ ਲੈ ਕੇ ਅਤੇ ਅਕਹਿ ਅਹਿਸਾਸ ਨਾਲ ਸੰਤੁਸ਼ਟ ਜਿਹੀ ਹੋ ਕੇ ਫਰਵਾਹੀ ਦੇ ਰਾਹ ਪੈ ਗਈ ਸੀ। ਫਰਵਾਹੀ ਉਹਦੀ ਛੋਟੀ ਭੈਣ ਸੀ। ਕਦੇ-ਕਦੇ ਜਦੋਂ ਉਹ ਆਪਣੇ ਟੱਬਰ ਵਿਚ ਅੱਕ ਜਾਂਦੀ ਤਾਂ ਭੈਣ ਨੂੰ ਮਿਲਣ ਫਰਵਾਹੀ ਆਉਂਦੀ। ਏਥੇ ਆ ਕੇ ਪੰਜ-ਸੱਤ ਦਿਲ ਲਾਉਂਦੀ । ਪਰ ਇਸ ਵਾਰ ਉਹਨੇ ਇਕੋ ਰਾਤ ਕੱਟੀ। ਹਰਦਿੱਤ ਦੀ ਧੀ ਦੇ ਭੇਤ ਦਾ ਢਿੱਡ-ਸੂਲ ਉਹਨੂੰ ਕਦੋਂ ਟਿਕਣ ਦਿੰਦਾ ਸੀ। ਦੂਜੇ ਦਿਨ ਆਥਣ ਨੂੰ ਹੀ ਉਹ ਕੋਠੀ ਪਹੁੰਚੀ ਸੀ ਅਤੇ ਆਉਣ-ਸਾਰ ਹਰਦਿੱਤ ਸਿੰਘ ਦੀ ਘਰਵਾਲੀ ਦੇ ਕੰਨ ਵਿਚ ਸਾਰੀ ਗੱਲ ਪਾ ਦਿੱਤੀ ਸੀ ।
19
ਆਪਣੇ ਧੀ-ਪੁੱਤ ਦੇ ਵਿਰੁੱਧ ਕੋਈ ਵੀ ਗੱਲ ਸੁਣਨ ਲਈ ਮਾਪੇ ਤਿਆਰ ਨਹੀਂ ਹੁੰਦੇ। ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਕਿ ਉਹਨਾਂ ਦਾ ਬੱਚਾ ਵੀ ਕੋਈ ਖੁਨਾਮੀ ਕਰ ਸਕਦਾ ਹੈ, ਇਹਦੇ ਉਲਟ ਧੀ-ਪੁੱਤ ਦੇ ਵਿਰੁੱਧ ਗੱਲ ਕਰਨ ਵਾਲਾ ਹੀ ਬੁਰਾ ਲਗਦਾ ਹੈ। ਤੇ ਲਗਦਾ ਇਉਂ ਹੈ ਜਿਵੇਂ ਉਹ ਝੂਠ ਬੋਲ ਰਿਹਾ ਹੋਵੇ। ਅਜਿਹੀ ਹਾਲਤ ਵਿਚ ਮਾਂ-ਪਿਓ ਨੂੰ ਆਪਣੇ ਧੀ-ਪੁੱਤ ਦੇ ਪੱਖ ਵਿਚ ਜਾਂ ਸਫਾਈ ਵਿਚ ਹਿੱਕ ਥਾਪੜ ਕੇ ਕੁਝ ਨਾ ਕੁਝ ਆਖਣਾ ਪੈਂਦਾ ਹੈ। ਧੀ-ਪੁੱਤ ਦੇ ਪੱਖ ਵਿਚ ਉਹਦੇ ਮਾਪੇ ਹਿੱਕ ਨਹੀਂ ਥਾਪੜਨਗੇ ਤਾਂ ਹੋਰ ਕੌਣ ਥਾਪੜੇਗਾ।
ਉਸ ਦਿਨ ਵੀ ਅਜਿਹਾ ਹੀ ਹੋਇਆ। ਸ਼ਿਆਮੋ ਫਰਵਾਹੀ ਤੋਂ ਆ ਕੇ ਆਪਣੇ ਘਰ ਜਾਣ ਦੀ ਥਾਂ ਪਹਿਲਾਂ ਹਰਦਿੱਤ ਦੇ ਘਰ ਗਈ। ਘਰ ਵਿਚ ਨਾ ਤਾਂ ਹਰਦਿੱਤ ਸੀ ਅਤੇ ਨਾ ਉਹਦਾ ਮੁੰਡਾ।
ਹੋਰ ਵੀ ਕੋਈ ਨਹੀਂ ਸੀ। ਇਕੱਲੀ ਹਰਦਿੱਤ ਦੀ ਘਰਵਾਲੀ ਦਿਆਲੋ ਸੀ। ਦਿਆਲੋ ਨੇ ਗੱਲ ਸੁਣੀ ਤਾਂ ਜਿਵੇਂ ਉਹਦੇ ਕੰਨਾਂ ਨੂੰ ਇਤਬਾਰ ਨਾ ਆਇਆ ਹੋਵੇ । ਉਹ ਸੁੰਨ ਜਿਹੀ ਹੋ ਗਈ। ਸ਼ਿਆਮੋ ਗੱਲ ਦੀ ਢਾਈ ਨਾਲ ਢਾਈ ਜੋੜੀਂ ਜਾ ਰਹੀ ਸੀ। ਲਗਦਾ ਹੀ ਨਹੀਂ ਸੀ ਕਿ ਉਹਨੇ ਇਹ ਸਭ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਹੋਵੇਗਾ। ਜਦੋਂ ਸਾਰੀ ਗੱਲ ਮੁਕਾ ਬੈਠੀ ਅਤੇ ਦਿਆਲੋ ਦੀ ਪ੍ਰਤੀਕ੍ਰਿਆ ਦੇਖਣ ਲਈ ਉਹਦੇ ਮੂੰਹ ਵੱਲ ਟਿਕ-ਟਿਕੀ ਲਾ ਕੇ ਝਾਕਣ ਲੱਗੀ ਤਾਂ ਦਿਆਲੋ ਨੇ ਮਨ ਵਿਚ ਹੌਸਲਾ ਇਕੱਠਾ ਕੀਤਾ ਅਤੇ ਬਣਾ-ਸੰਵਾਰ ਕੇ ਉਹਨੂੰ ਕਹਿੰਦੀ, ‘ਸ਼ਿਆਮ ਕੁਰੇ, ਬੰਦਾ ਜਿਹੋ-ਜ੍ਹਾ ਹੁੰਦੈ, ਉਹੋ-ਜੀ ਗੱਲ ਕਰਦੈ। ਤੂੰ ਤਾਂ ਜਮਾਂ ਈ ਮੇਰੀ ਧੀ ਦੀ ਕਹਾਣੀ ਬਣਾ ਕੇ ਤੋਰ ‘ਤੀ। ਤੈਨੂੰ ਕੀ ਪਤਾ ਐ, ਬਈ ਨਾਈਆਂ ਦਾ ਮੁੰਡਾ ਤਾਂ ਅਸੀਂ ਆਪ ਤੋਰਿਐ ਕੁੜੀ ਨਾਲ। ਉਹਦਾ ਕਿੱਦਣ ਦਾ ਸਾਡੇ ਘਰ ਔਟ-ਜਾਣ। ਜਿਹੋ-ਜ੍ਹਾ ਸਾਡਾ ਹਰਿੰਦਰ ਉਹੋ ਜਾ ਉਹ। ਉਹਨੇ ਸੰਘੇੜੀਂ ਜਾਣਾ ਸੀ, ਆਵਦੀ ਮਾਂ ਕੋਲ । ਸਾਡੀ ਪਿੰਦਰ ਨੇ ਜਾਣਾ ਸੀ ਚੰਨਣਆਲ, ਨਾਨਕੀਂ । ਉਹ ਮੁੰਡਾ ਉਹਦੇ ਨਾਲ ਉਠ ਗਿਆ ਤਾ ਦੱਸ ਕੀ ਭਚਾਲ ਆ ਗਿਆ ? ਹੋਟਲ ‘ਚ ਚਾਹ ਪੀ ਲੀ ਤਾਂ ਕੀ ਹੋ ਗਿਆ ? ਐਥੇ ਨਿੱਤ ਅਸੀਂ ਸਾਰਾ ਟੱਬਰ ਬੈਠਕ ‘ਚ ਕੱਠੇ ਚਾਹ ਪੀਨੇ ਆਂ, ਵਿਚੇ ਉਹ ਮੁੰਡਾ ਹੁੰਦੈ। ਕਾਲਜ ’ਚ, ਰਾਮਪੁਰੇ ਜਾ ਕੇ ਕੀ ਮੁੰਡੇ-ਕੁੜੀਆਂ ਕੱਠੇ ਨ੍ਹੀਂ ਬੈਠਦੇ ਜਾਂ ਕੀ ਕੱਠੇ ਚਾਹ ਨ੍ਹੀਂ ਪੀਂਦੇ। ਜਾਂ ਤਾ ਹੋਰ ਦੱਸ ਤੂੰ ਕੀ ਦੇਖਿਆ। ਐਮੇਂ ਫੰਘਾਂ ਤੋਂ ਡਾਰਾਂ ਬਣਾ ਧਰੀਆਂ ਤੈਂ। ਤੂੰ ਆਵਦੀ ਮੰਜੀ ਥੱਲੇ ਸੋਟਾ ਫੇਰ ਗਾਂ । ਤੂੰ ਕੀ-ਕੀ ਨ੍ਹੀਂ ਕੀਤਾ ? ਹੁਣ ਤੂੰ ਸਾਡੀਆਂ ਧੀਆਂ ਨੂੰ ਵੀ ਪੈ ਨਿੱਕਲੀ। ਖਬਰਦਾਰ ! ਜੇ ਮੇਰੀ ਧੀ ਦੀ ਕੋਈ ਗੱਲ ਕਰੀ ਐ। ਉਹਦੇ ਪਿਓ ਨੂੰ ਪਤਾ ਲੱਗ ਗਿਆ ਤਾਂ ਤੇਰੀਆਂ ਲੀਰਾਂ ਕਿਹੜਾ ਨਹੀਂ ਬਣਾ ਦੂ। ਮੇਰੇ ਕੋਲੇ ਤਾਂ ਤੂੰ ਆ ਗੀ, ਗਹਾਂ ਕਿਸੇ ਕੋਲ ਇਹ ਗੱਲ ਆਖੀ ਤਾਂ ਸਮਝ-ਸੋਚ ਕੇ ਆਖੀਂ। ਤੈਨੂੰ ਹੁਣ ਦੱਸ ਦਿੰਨੀ ਆਂ ।
ਦਿਆਲੇ ਦਾ ਉਲਟਾ ਵਖਿਆਨ ਸੁਣ ਕੇ ਸ਼ਿਆਮੋ ਭੈਮਾਨ ਹੋ ਗਈ। ਉਹਨੂੰ ਹਰਦਿੱਤ ਦੇ ਵੱਡੇ ਘਰ ਦਾ ਸੇਕ ਵੀ ਮਾਰਨ ਲੱਗਿਆ। ਉਹਨੇ ਚਿੱਤ ਵਿਚ ਸੋਚਿਆ, ਮਨਾਂ, ਇਹ ਕੁਝ ਕਾਹਨੂੰ ਆਖਣਾ ਸੀ ਇਹਨਾਂ ਦੇ ਘਰ ਆ ਕੇ ? ਇਹ ਤੀਵੀਂ ਤਾਂ ਉਲਟਾ ਮੈਨੂੰ ਹੀ ਪੁਣਨ ਲੱਗ ਪਈ। ਤੇ ਫੇਰ ਸ਼ਿਆਮੋ ਦੇ ਦਿਮਾਗ ਵਿਚ ਇਕ ਚੰਗਿਆੜਾ ਜਿਹਾ ਭੜਕਿਆ। ਉਹਨੇ ਆਪਣੇ ਹੀ ਦਿਲ ਵਿਚ ਆਖਿਆ, ‘ਲੈ ਮੈਨੂੰ ਕੀ, ਨਹੀਂ ਮੰਨਦੀ ਇਹ; ਨਾ ਮੰਨੇ । ਜਿੱਦਣ ਭਰਿਆੜ ਹੋਏ, ਆਪੇ ਅੱਖਾਂ ‘ਚ ਘਸੁੰਨ ਦੇ-ਦੇ ਰੋਊਗੀ।ਓਦਣ ਤਾਂ ਮੰਨੂਗੀ ਈ। ਮੈਂ ਕੀ ਲੈਣੈ, ਮਨਾ ਕੇ ?’ ਤੇ ਫੇਰ ਅਧੀਨ ਜਿਹੀ ਹੋ ਕੇ ਸ਼ਿਆਮੋ ਨੇ ਦਿਆਲੋ ਮੂਹਰੇ ਹੱਥ ਬੰਨ੍ਹੇ। ਆਖਿਆ, ‘ਭੈਣੇ, ਮੈਨੂੰ ਨ੍ਹੀਂ ਸੀ ਪਤਾ। ਮੈਨੂੰ ਤਾਂ ਕਮਲੀ ਜੀ ਗੱਲ ਲੱਗੀ। ਸਾਨੂੰ ਪੁਰਾਣੇ ਬੰਦਿਆਂ ਨੂੰ ਕੀ ਪਤਾ, ਨਮੇਂ ਮੁੰਡੇ-ਕੁੜੀਆਂ ਦੀਆਂ ਗੱਲਾਂ ਦਾ। ਮੈਂ ਤਾਂ ਥੋਨੂੰ ਆਵਦਾ ਜਾਣ ਕੇ ਆ ਗੀ ਥੋਡੇ ਘਰ। ਮੈਂ ਕਿਹੜਾ ਹੋਰ ਕਿਸੇ ਕੋਲ ਗੱਲ ਕੀਤੀ ਐ ਜਾਂ ਕਰੂੰਗੀ । ਮੈਨੂੰ ਮਾਫੀ ਦੇਹ, ਭੈਣੇ।’ ਤੇ ਉਹ ਗੋਡਿਆਂ ਉੱਤੇ ਹੱਥਾਂ ਦਾ ਭਾਰ ਦੇ ਕੇ ‘ਬੈਗੁਰੂ-ਬੈਗੁਰੂ’ ਕਹਿੰਦੀ ਉੱਠ ਖੜ੍ਹੀ। ਆਪਣੀ ਸੋਟੀ ਸੰਭਾਲੀ। ਨੱਕ ਉੱਤੇ ਐਨਕ ਠੀਕ ਕੀਤੀ। ਤੇ ਚੁੰਨੀ ਦਾ ਲੜ ਮੋਢੇ ਉੱਤੇ ਪਿਛਾਂਹ ਨੂੰ ਸੁੱਟ ਕੇ ਹੌਲੀ-ਹੌਲੀ ਕਦਮ ਧਰਦੀ ਹਰਦਿੱਤ ਸਿੰਘ ਦੇ ਘਰੋਂ ਤੁਰ ਆਈ।
ਦਿਆਲੋ ਨੇ ਆਪਣੀ ਜਾਣ ਵਿਚ ਸ਼ਿਆਮੋ ਦਾ ਮੂੰਹ ਤਾਂ ਬੰਦ ਕਰ ਦਿੱਤਾ ਸੀ, ਪਰ ਉਹਦੇ ਧੁਰ-ਅੰਦਰ ਇਕ ਅੱਗ ਮੱਚ ਪਈ। ਧੀ ਦੀ ਗੱਲ ਸੁਣ ਕੇ ਉਹਦਾ ਕਾਲਜਾ ਪੱਛਿਆ ਗਿਆ। ਸੋਚਾਂ ਦੇ ਗੁਬਾਰ ਵਿਚ ਉੱਤਰ ਕੇ ਉਹਨੂੰ ਲੱਗਿਆ ਕਿ ਪੁਸ਼ਪਿੰਦਰ ਹੁਣ ਮੁੜ ਕੇ ਘਰ ਨਹੀਂ ਆਵੇਗੀ।
ਉਧਲ ਹੀ ਗਈ ਸਮਝ ਬੱਸ। ਝੱਟ ਦੇ ਕੇ ਉਹਨੂੰ ਵਾਪਸ ਪਿੰਡ ਲਿਆਂਦਾ ਜਾਵੇ, ਤਦ ਹੀ ਉਹਦੇ ਕਾਲਜੇ ਠੰਡ ਪਵੇਗੀ। ਏਸੇ ਕਰਕੇ ਹੀ ਉਹਨੇ ਅਗਲੇ ਦਿਨ ਹਰਿੰਦਰ ਨੂੰ ਚੰਨਣਵਾਲ ਭੇਜਿਆ ਅਤੇ ਉਹ ਪੁਸ਼ਪਿੰਦਰ ਨੂੰ ਲੈ ਆਇਆ। ਪੁਸ਼ਪਿੰਦਰ ਆਈ ਤਾਂ ਦਿਆਲੋ ਆਨੀਂ-ਬਹਾਨੀਂ ਗੁੱਸੇ ਹੋ ਕੇ ਉਹਦੇ ਨਾਲ ਖਿਝੀ। ਸਭਨਾਂ ਤੋਂ ਚੋਰੀ ਹੌਲ਼ੀ-ਹੌਲ਼ੀ ਉਹਦੇ ਨਾਲ ਗੱਲ ਕਰਦੀ। ਗੁੱਸੇ ਵਿਚ ਗਲ ਗਲ ਭਰੀ ਹੋਈ, ਪਰ ਸਮਝ ਕਰਕੇ ਬੋਲਦੀ। ਅਧਰਿਆ-ਅਧਰਿਆ ਕੁੜੀ ਤੋਂ ਸਾਰਾ ਭੇਤ-ਛੇਤ ਲੈਂਦੀ। ਕਦੇ ਉਹਨੂੰ ਲਗਦਾ ਕਿ ਸ਼ਿਆਮੋ ਕੁੱਤੀ-ਤੀਮੀ ਨੇ ਐਵੇਂ ਗੱਲ ਬਣਾ ਧਰੀ ਹੈ। ਉਹਦੀ ਧੀ ਕਾਹਨੂੰ ਇਹੋ-ਜਿਹੀ। ਪਰ ਜਦੋਂ ਹੀ ਉਹਨੂੰ ਸੱਚ ਆਉਂਦਾ, ਉਹ ਪੁਸ਼ਪਿੰਦਰ ਵੱਲ ਬੇਦਿਮਾਗ਼ ਜਿਹੀ ਕਿਸੇ ਜ਼ਖਮੀ ਜਾਨਵਰ ਵਾਂਗ ਟੁੱਟ ਕੇ ਪੈ ਜਾਂਦੀ। ਉਹਦੇ ਕੋਲੋਂ ਆਪਣਾ-ਆਪ ਸੰਭਾਲਣਾ ਮੁਸ਼ਕਿਲ ਹੋ ਜਾਂਦਾ। ਉਹਦੇ ਦਿਮਾਗ ਵਿਚੋਂ ਇਹ ਗੱਲ ਨਿੱਕਲਦੀ ਨਹੀਂ ਸੀ। ਨਿੱਤ ਉਹ ਇਹ ਗੱਲ ਛੇੜ ਲੈਂਦੀ। ਪੁਸ਼ਪਿੰਦਰ ਦਾ ਜਿਉਣਾ ਦੁੱਭਰ ਕਰ ਰੱਖਿਆ ਸੀ। ਕੁੜੀ ਸਾਫ਼ ਮੁੱਕਰ ਗਈ। ਤੇ ਹੁਣ ਮਾਂ ਦੇ ਕੁਰੱਖਤ ਅਤੇ ਸਖ਼ਤ ਵਤੀਰੇ ਸਾਹਮਣੇ ਨਾਬਰ ਵੀ ਹੋਣ ਲੱਗੀ ਸੀ। ਮਾਂ ਨੂੰ ਉਹ ਉਲਟਾ ਜਵਾਬ ਕਰਦੀ। ਗੱਲ-ਗੱਲ ਵਿਚ ਦੱਸਦੀ ਕਿ ਉਹ ਕਿਹੜਾ ਨਿਆਣੀ ਹੈ। ਉਹਨੂੰ ਕਿਹੜਾ ਅਕਲ ਨਹੀਂ। ਉਹਨੂੰ ਆਪਣੇ ਨਫ਼ੇ-ਨੁਕਸਾਨ ਦਾ ਸਾਰਾ ਪਤਾ ਹੈ।
ਐਨੇ ਦਿਨਾਂ ਦੀ ਮਗਜ਼-ਖਪਾਈ ਬਾਅਦ ਦਿਆਲੋ ਹੰਭ ਕੇ ਬੈਠ ਗਈ ਸੀ। ਤੇ ਫੇਰ ਉਹਨੂੰ ਮਹਿਸੂਸ ਹੋਇਆ ਕਿ ਕੁੜੀ ਵਿਚ ਕੋਈ ਨੁਕਸ ਨਹੀਂ। ਐਵੇਂ ਹੀ ਉਹ ਐਨੇਂ ਦਿਨ ਉਹਦੀ ਜਾਨ ਖਾਂਦੀ ਰਹੀ ਹੈ। ਸ਼ਿਆਮੋ ਦੀ ਗੱਲ ਸੁਣ ਕੇ ਐਵੇਂ ਹੀ ਉਹਨੇ ਕੁੜੀ ਦਾ ਖਹਿੜਾ ਕਰ ਲਿਆ ਅਤੇ ਆਪਣੀ ਜਾਨ ਵੀ ਦੁਖੀ ਕੀਤੀ। ਜੇ ਹੋਵੇ ਵੀ ਤਾਂ ਅੱਜ-ਕਲ੍ਹ ਦੇ ਕਾਲਜਾਂ ਵਿਚ ਪੜ੍ਹਦੇ ਮੁੰਡੇ-ਕੁੜੀਆਂ ਸੌ ਵਾਰੀਂ ਇਕੱਠੇ ਆਉਂਦੇ ਜਾਂਦੇ ਹਨ। ਹੋਟਲ ਵਿਚ ਚਾਹ ਪੀਣੀ ਕਿਧਰਲਾ ਕੁਕਰਮ ਹੈ? ਦਿਆਲ ਨੂੰ ਆਪਣੇ ਜੱਟ-ਅਭਿਮਾਨ ਦਾ ਆਸਰਾ ਜਿਹਾ ਵੀ ਮਿਲਣ ਲਗਦਾ । ਉਹ ਸੋਚਦੀ, ਨਾਈਆਂ ਦੇ ਮੁੰਡੇ ਦੀ ਕੀ ਮਜਾਲ ਕਿ ਉਹਨਾਂ ਦੀ ਕੁੜੀ ਵੱਲ ਮੈਲੀ ਨਜ਼ਰ ਨਾਲ ਝਾਕ ਵੀ ਜਾਵੇ।
ਉਸ ਦਿਨ ਦਿਨ-ਛਿਪੇ ਜਿਹੇ ਨਸੀਬ ਉਹਨਾਂ ਦੇ ਘਰ ਆਇਆ । ਪਰ ਹਰਦਿੱਤ ਸਿੰਘ ਹੁਰੀਂ ਤਾਂ ਹਾਲੇ ਖੇਤੋਂ ਹੀ ਨਹੀਂ ਮੁੜੇ ਸਨ। ਦਿਆਲੇ ਨੇ ਨਸੀਬ ਨਾਲ ਇਕ-ਅੱਧ ਰਸਮੀ ਜਿਹੀ ਗੱਲ ਕੀਤੀ। ਬੱਸ ਐਵੇਂ ਬੁਲਾਉਣ ਦਾ ਬਹਾਨਾ ਹੀ। ਬਿਜਲੀ ਦਾ ਬੱਲਬ ਦਿਆਲੋ ਨੇ ਜਗਾ ਦਿੱਤਾ। ਚਾਨਣ ਵਿਚ ਉਹਨੇ ਬੜੇ ਗਹੁ ਨਾਲ ਦੋਵਾਂ ਨੂੰ ਗੱਲ ਕਰਦਿਆਂ ਕਾਂ-ਅੱਖ ਨਾਲ ਤਾੜਿਆ। ਪਰ ਨਾ, ਉਹਨਾਂ ਦੀ ਗੱਲ-ਕੱਥ ਅਤੇ ਦੇਖਣੀ ਪਾਖਣੀ ਤੋਂ ਬਿਲਕੁਲ ਨਹੀਂ ਸੀ ਦਿਸਦਾ ਕਿ ਉਹਨਾਂ ਦੇ ਮਨਾਂ ਵਿਚ ਕੋਈ ਮੈਲ ਹੋਵੇਗੀ। ਦਿਆਲੋ ਨੂੰ ਤਾਂ ਉਹ ਪਹਿਲਾਂ ਵਾਂਗ ਹੀ ਸਾਧਾਰਨ ਵਰਤਾਓ ਕਰਦੇ ਪ੍ਰਤੀਤ ਹੋਏ।
ਦਿਆਲੋ ਨੇ ਤੌੜੀ ਦਾ ਪੱਕਾ ਦੁੱਧ ਲਾਹ ਕੇ ਨਸੀਬ ਨੂੰ ਗਲਾਸ ਫੜਾਇਆ। ਉਹਨੇ ਘੱਟੀਂ-ਘੁੱਟੀਂ ਦੁੱਧ ਪੀ ਲਿਆ। ਦੁੱਧ ਪੀਂਦਾ ਉਹ ਤਾਂ ਬੜਾ ਹੀ ਸਾਊ ਲੱਗ ਰਿਹਾ ਸੀ। ਤੇ ਫੇਰ ਦਿਆਲੋ ਨੇ ਉਹਨੂੰ ਆਖਿਆ, ‘ਭਾਈ ਨਸੀਬ, ਤੇਰਾ ਮਾਮਾ ਤਾ ਪਤਾ ਨ੍ਹੀਂ ਕਦੋਂ ਆਵੇ ਹੁਣ। ਤੇ * ਐ ਜੇ ਆ ਵੀ ਗਿਆ ਤਾਂ ਉਹਤੋਂ ਰਾਮਪੁਰੇ ਕੱਲ੍ਹ ਨੂੰ ਤਾਂ ਜਾਇਆ ਨ੍ਹੀਂ ਜਾਣਾ । ਨਰਮੇ ਦੀ ਬਿਜਾਈ _ਕਾ ਕੇ ਈ ਹੁਣ ਤਾ ਘਰੋਂ ਨਿੱਕਲਿਆ ਜਾਊ ਕਿਧਰੇ । ਤੂੰ ਦੋ ਦਿਨ ਹੋਰ ਜਰਾਂਦ ਕਰ । ਫੇਰ ਤੈਨੂੰ ਲੈ ਜੂ ਓਹੋ ਰਾਮਪੁਰੇ। ਰਾਮਪੁਰਾ ਕਿਹੜਾ ਦੂਰ ਐ । ਹਰਦਲ ਸੁੰ ਨੂੰ ਬਥੇਰਾ ਕਹਿ ਦੂ।’
ਨਸੀਬ ਕਈ ਦਿਨਾਂ ਤੱਕ ਮੁੜ ਕੇ ਉਹਨਾਂ ਦੇ ਘਰ ਨਹੀਂ ਆਇਆ। ਤੇ ਨਾਲੇ ਇਹ ਤਾਂ ਉਹਨਾਂ ਦੇ ਘਰ ਜਾਣ ਦਾ ਇਕ ਬਹਾਨਾ ਹੀ ਸੀ। ਬੀਏ ਦਾ ਨਤੀਜਾ ਤਾਂ ਅਜੇ ਨਿੱਕਲਿਆ ਨਹੀਂ ਸੀ। ਬੀਏ ਤੋਂ ਪਹਿਲਾਂ ਉਹਨੂੰ ਕਿਹੜੀ ਨੌਕਰੀ ਮਿਲ ਜਾਣੀ ਸੀ ?
‘ ਪੁਸ਼ਪਿੰਦਰ ਨੇ ਭਾਵੇਂ ਆਪ ਹੀ ਨਸੀਬ ਨੂੰ ਸਮਝਾ ਦਿੱਤਾ ਸੀ ਕਿ ਉਹ ਉਹਨਾਂ ਦੇ ਘਰ ਕਦੇ-ਕਦੇ ਹੀ ਆਵੇ, ਫੇਰ ਵੀ ਉਹ ਉਹਨੂੰ ਉਡੀਕਦੀ ਰਹਿੰਦੀ। ਨਸੀਬ ਉਸ ਆਥਣ ਤੋਂ ਬਾਅਦ ਕਦੇ ਵੀ ਨਹੀਂ ਆਇਆ ਸੀ। ਪੁਸ਼ਪਿੰਦਰ ਘਰ ਵਿਚ ਕੈਦਣ ਜਿਹੀ ਬਣ ਕੇ ਰਹਿਣ ਲੱਗੀ। ਨਾ ਪਿੰਡ ਵਿਚ ਕਿਧਰੇ ਕਿਸੇ ਦੇ ਘਰ ਜਾਂਦੀ ਅਤੇ ਨਾ ਹੀਂਨਸੀਬ ਨੂੰ ਉਹਨਾਂ ਦੇ ਘਰ ਜਾ ਕੇ ਮਿਲਣ ਦੀ ਕੋਸ਼ਿਸ਼ ਕਰਦੀ। ਬੱਸ ਹੁਣ ਤਾਂ ਨਤੀਜਾ ਨਿੱਕਲਣ ਦੀ ਉਡੀਕ ਰਖਦੀ। ਦਿਲ ਵਿਚ ਬੇਨਤੀਆਂ ਕਰਦੀ ਰਹਿੰਦੀ ਕਿ ਨਸੀਬ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੇ, ਉਹਦੀ ਆਪਣੀ ਕੋਈ ਗੱਲ ਨਹੀਂ।
ਅਖੀਰ ਉਡੀਕਦੇ-ਉਡੀਕਦੇ ਬੀਏ ਦਾ ਨਤੀਜਾ ਅਖ਼ਬਾਰ ਵਿਚ ਆ ਗਿਆ। ਦੋਵੇਂ ਹੀ ਪਾਸ ਸਨ। ਦੋਵਾਂ ਦੀ ਹੀ ਸੈਕੰਡ ਡਵੀਜ਼ਨ ਆਈ ਸੀ । ਨਸੀਬ ਹੀ ਅਖ਼ਬਾਰ ਲੈ ਕੇ ਪੁਸ਼ਪਿੰਦਰ ਕੌਲ ਉਹਨਾਂ ਦੇ ਘਰ ਭੱਜਿਆ-ਭੱਜਿਆ ਆਇਆ। ਦਿਆਲੋ ਨੇ ਚਾਹ ਬਣਾਈ। ਹਰਿੰਦਰ ਦੁਕਾਨ ਤੋਂ ਦੋ ਕਿਲੋ ਲੱਡੂ ਲੈ ਆਇਆ। ਉਸ ਦਿਨ ਤਾਂ ਹਰਦਿੱਤ ਸਿੰਘ ਵੀ ਘਰ ਸੀ। ਉਹਨਾਂ ਦਾ ਸੀਰੀ ਅਤੇ ਪਾਲੀ ਵੀ। ਸਭ ਨੇ ਲੱਡੂ ਖਾਧੇ। ਸਭ ਪੁਸ਼ਪਿੰਦਰ ਦੇ ਬੀਏ ਪਾਸ ਕਰ ਜਾਣ ਦੀਆਂ ਖੁਸ਼ੀਆਂ ਮਨਾ ਰਹੇ ਸਨ। ਨਸੀਬ ਦੀ ਗੱਲ ਤਾਂ ਹਰਿੰਦਰ ਨੇ ਹੀ ਇਕ ਵਾਰੀਂ ਕੀਤੀ। ਪੁਸ਼ਪਿੰਦਰ ਨੂੰ ਜਿੰਨੀ ਖੁਸ਼ੀ ਨਸੀਬ ਦੀ ਸੀ, ਆਪਣੀ ਨਹੀਂ ਸੀ। ਜਿਵੇਂ ਇਹ ਸਭ ਕੁਝ ਨਸੀਬ ਦੀ ਖੁਸ਼ੀ ਵਿਚ ਹੀ ਕੀਤਾ ਜਾ ਰਿਹਾ ਹੋਵੇ। ਆਨੀਂ-ਬਹਾਨੀਂ ਮੌਕਾ ਜਿਹਾ ਲੱਭ ਕੇ ਪੁਸ਼ਪਿੰਦਰ ਉਹਨਾਂ ਦੇ ਘਰ ਆ ਕੇ ਬੈਠੇ ਨਸੀਬ ਦੀਆਂ ਅੱਖਾਂ ਵਿਚ ਅੱਖਾਂ ਪਾਉਂਦੀ ਅਤੇ ਆਪਣੀਆਂ ਅੱਖਾਂ ਵਿਚ ਕੋਈ ਅਦਿਸਵੀਂ ਜਿਹੀ ਚਮਕ ਲਿਆ ਕੇ ਮੂੰਹ ਭੰਵਾ ਲੈਂਦੀ। ਅੱਜ ਉਹਦਾ ਦਿਲ ਗਿੱਠ ਚੌੜਾ ਹੋਇਆ ਪਿਆ ਸੀ । ਹੁਣ ਉਹਦਾ ਨਸੀਬ ਕੋਈ 20
ਜੰਗੀਰਾ ਆਪ ਇਕ ਦਿਨ ਹਰਦਿੱਤ ਸਿੰਘ ਕੋਲ ਆਇਆ ਅਤੇ ਦੂਜੇ ਦਿਨ ਪਹਿਲੀ ਬੱਸ ਉਹਨੂੰ ਰਾਮਪੁਰੇ ਲੈ ਗਿਆ। ਨਾਲ ਹੀ ਨਸੀਬ। ਉਹਨਾਂ ਦਿਨਾਂ ਵਿਚ ਹਰਦਿਲ ਸਿੰਘ ਰਾਮਪੁਰੇ ਸੀ। ਇਸ ਸੰਬੰਧੀ ਜੰਗੀਰੇ ਨੇ ਪਹਿਲਾਂ ਪਤਾ ਲੈ ਰੱਖਿਆ ਸੀ।
ਦੇਸ ਵਿਚ ਐਮਰਜੰਸੀ ਟੁੱਟਣ ਬਾਅਦ ਆਮ ਚੋਣਾਂ ਹੋ ਚੁੱਕੀਆਂ ਸਨ। ਲੋਕ ਸਭਾ ਲਈ ਅਤੇ ਪ੍ਰਾਂਤਾਂ ਦੀਆਂ ਵਿਧਾਨ-ਸਭਾਵਾ ਲਈ ਵੀ। ਲਗਭਗ ਸਾਰੇ ਦੋਸ ਵਿਚ ਕੋਈ ਅਜਿਹੀ ਹਵਾ ਚੱਲੀ ਕਿ ਕਾਂਗਰਸ-ਪਾਰਟੀ ਹਾਰ ਗਈ। ਇੰਦਰਾ ਗਾਂਧੀ ਵੀ ਨਾ ਜਿੱਤ ਸਕੀ। ਕੇਂਦਰ ਵਿਚ ਰਾਜ ਹੁਣ ਜਨਤਾ ਪਾਰਟੀ ਦਾ ਸੀ। ਮੁਰਾਰਜੀ ਡਿਸਾਈ ਪ੍ਰਧਾਨ-ਮੰਤਰੀ। ਪੰਜਾਬ ਵਿਚ ਅਕਾਲੀਆਂ ਨੇ ਜਨਤਾ-ਪਾਰਟੀ ਨੂੰ ਨਾਲ ਰਲਾ ਕੇ ਸਰਕਾਰ ਬਣਾ ਲਈ। ਕੇਂਦਰੀ ਸਰਕਾਰ ਵਿਚ ਵੀ ਅਕਾਲੀ ਦਲ ਦੀ ਭਾਈਵਾਲੀ ਸੀ। ਹਰਦਿਲ ਸਿੰਘ ਅਕਾਲੀ ਟਿਕਟ ਉੱਤੇ ਐਮ. ਐਲ. ਏ. ਬਣ ਗਿਆ। ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨੂੰ ਮੰਤਰੀ ਨਹੀਂ ਲਿਆ ਗਿਆ। ਉਂਜ ਕੇਂਦਰ ਵਿਚ ਰਾਜ ਉਹਨਾਂ ਦੀ ਭਾਈਵਾਲ ਜਨਤਾ ਪਾਰਟੀ ਦਾ ਸੀ, ਪੰਜਾਬ ਵਿਚ ਰਾਜ ਅਕਾਲੀ ਦਲ ਦਾ ਸੀ, ਹਰਦਿਲ ਸਿੰਘ ਦੀ ਪੁੱਛ-ਦੱਸ ਮੰਤਰੀਆਂ ਜਿਹੀ ਹੀ ਸੀ। ਕਿਤੇ ਵੀ ਕਿਸੇ ਮਹਿਕਮੇ ਵਿਚ ਉਹ ਜਾਂਦਾ, ਉਹਦੀ ਸਿਫਾਰਸ਼ ਚੱਲ ਜਾਂਦੀ। ਦਿੱਲੀ ਵੀ ਉਹ ਜਾਂਦਾ ।
ਹਰਦਿੱਤ ਸਿੰਘ ਨੇ ਜੰਗੀਰੇ ਬਾਰੇ ਦੱਸ ਕੇ ਨਸੀਬ ਦੀ ਗੱਲ ਤੋਰੀ।
‘ਮੁੰਡਾ ਬੀਏ ਐ ਜੀ। ਬਹੁਤ ਸਾਊ ਐ। ਪੜ੍ਹਾਈ ‘ਚ ਹੁਸ਼ਿਆਰ ਈ ਰਹਿਐ। ਪਿੰਡ ਦਾ ਦੋਹਤਾ ਐ। ਤੇ ਫੇਰ ਜੰਗੀਰੇ ਦਾ ਭਾਣਜਾ । ਜੰਗੀਰਾ ਕੰਮ ਦਾ ਬੰਦਾ ਐ, ਸਰਦਾਰ ਜੀ। ਆਪਣੀਆਂ ਵੋਟਾਂ ਵੇਲੇ ਇਹਨੇ ਬਹੁਤ ਮਦਤ ਕੀਤੀ ਐ । ਬੰਦਾ ਈ ਆਪਣੈ। ਏਸ ਮੁੰਡੇ ਨੂੰ ਕਿਤੇ ਟੁਕੜੇ ਪਾਓ। ਕਿਸੇ ਵੀ ਨੌਕਰੀ ‘ਤੇ ਲਵਾ ਦਿਓ।’ ਹਰਦਿੱਤ ਸਿੰਘ ਨੇ ਪੂਰਾ ਠੋਕ ਕੇ ਆਖਿਆ।
ਹਰਦਿਲ ਸਿੰਘ ਨੇ ਉਹਨਾਂ ਨੂੰ ਚਾਹ ਪਿਆਈ । ਫੇਰ ਸਪੱਸ਼ਟ ਗੱਲ ਆਖ ਦਿੱਤੀ, ‘ਗੱਲ ਇਹ ਐ ਹਰਦਿੱਤ ਸਿਆਂ, ਬਈ ਤੂੰ ਆ ਗਿਆ, ਤੇਰਾ ਆਖਿਆ ਤਾਂ ਅਸੀਂ ਮੋੜ ਈ ਨ੍ਹੀਂ ਸਕਦੇ। ਕਿਤੇ ਵੀ ਕੋਈ ਜਗ੍ਹਾ ਨਿੱਕਲੇ, ਇਹ ਕਾਕਾ ਅਰਜ਼ੀ ਦੇ ਦੇਵੇ। ਆਪਾਂ ਲਾ ਦਿਆਂਗੇ ਪੂਰਾ ਜੋਰ । ਜੀਹਨੂੰ ਕਹੋਂ, ਕਹਿ ਦਿਆਂਗੇ । ਹੁਣ ਜਗ੍ਹਾ ਇਹਨੇ ਆਪ ਲੱਭਣੀ ਐ।’
‘ਕਿਉਂ ਭਾਈ ਜੰਗੀਰ ਸਿਆਂ, ਠੀਕ ਐ ? ਸਰਦਾਰ ਜੀ ਨੇ ਤਾਂ ਸਿਰੇ ਦੀ ਸੁਣਾ ‘ਤੀ। ਹੁਣ ਅੱਗੇ ਹਿੰਮਤ ਤੁਸੀਂ ਕਰੋ।’ ਹਰਦਿੱਤ ਸਿੰਘ ਨੇ ਬਾਗੋ-ਬਾਗ ਹੋ ਕੇ ਆਖਿਆ।
‘ਕਿਉਂ, ਨਸੀਬ ਭਾਈ?’ ਜੰਗੀਰਾ ਮੁੰਡੇ ਵੱਲ ਝਾਕਿਆ।
ਨਸੀਬ ਕੁਝ ਨਹੀਂ ਬੋਲਿਆ। ਸੁੱਕੇ ਬੁਲ੍ਹਾਂ ਉੱਤੇ ਜੀਭ ਫੇਰੀ ਅਤੇ ਦੱਬਿਆ ਜਿਹਾ ਮੁਸਕਰਾਇਆ।
‘ਸਰਦਾਰ ਜੀ, ਜਿੱਥੇ ਤੁਸੀਂ ਐਨਾ ਕਰੋਂਗੇ, ਹੁਣ ਜਗ੍ਹਾ ਵੀ ਤੁਸੀਂ ਲੱਭ ਦਿਓ । ਥੋਡੇ ਤਾਂ ਸਭ ਨਿਗਾਹ ‘ਚ ਐ।’ ਜੰਗੀਰਾ ਸਿੱਧਾ ਹੀ ਹਰਦਿਲ ਸਿੰਘ ਨਾਲ ਗੱਲ ਕਰਨ ਲੱਗ ਪਿਆ।
‘ਸਾਨੂੰ ਐਨਾ ਨ੍ਹੀਂ ਪਤਾ, ਜੰਗੀਰ ਸਿਆਂ । ਸਾਨੂੰ ਤਾਂ ਵਰਤ ਲੋ ਬੱਸ। ਕਿਵੇਂ ਵਰਤਣੈ, ਇਹ ਤੁਸੀਂ ਆਪ ਦੇਖੋ। ਜੀਹਨੂੰ ਕਹੋਂਗੇ, ਕਹਿ ਦੂੰਗਾ। ਕੰਮ ਵੀ ਲਾਜ਼ਮੀ ਹੋਊ। ਪੋਸਟਾਂ ਨਿੱਕਲਦੀਆਂ ਈ ਰਹਿੰਦੀਆਂ ਨੇ। ਅਖ਼ਬਾਰਾਂ ‘ਚ ਛਪਦੈ, ਸਭ। ਇਹ ਮੁੰਡੇ ਨੂੰ ਪਤੈ, ਕੁੱਲ ਚੀਜ ਦਾ । ਤੇ ਫੇਰ ਹਰਦਿਲ ਸਿੰਘ ਨੇ ਨਸੀਬ ਨੂੰ ਪੁੱਛਿਆ, ‘ਅਖ਼ਬਾਰ ਪੜ੍ਹਦਾ ਹੁੰਨੈ?’
‘गं तीं।’
‘ਜਿੱਥੇ ਕਿਤੇ ਤੂੰ ਫਿੱਟ ਹੋ ਸਕਦੈਂ, ਐਪਲਾਈ ਕਰ ਦੇ । ਗਹਾਂ ਸਾਡਾ ਕੰਮ ।’
‘ਵਾਹ ਜੀ, ਵਾਹ ਵਾਹ । ਸਰਦਾਰ ਸਾਅਬ । ਆਹ ਤਾਂ ਸਿਰੇ ਦੀ ਆਖ ਤੀ।’ ਹਰਦਿੱਤ ਸਿੰਘ ਪੂਰਾ ਖੁਸ਼ ਸੀ।
ਜੰਗੀਰਾ ਅਤੇ ਨਸੀਬ ਇਕ ਆਸ ਲੈ ਕੇ ਉੱਠ ਖੜ੍ਹ। ਤਿੰਨੇ ਪਿੰਡ ਨੂੰ ਆ ਗਏ। ਮਾਮਾ-ਭਾਣਜਾ ਚੁੱਪ ਹੀ ਰਹੇ। ਹਰਦਿੱਤ ਰਾਮਪੁਰੇ ਤੋਂ ਪਿੰਡ ਤੱਕ ਹੁੱਬ-ਹੁੱਬ ਬੋਲਦਾ ਅਤੇ ਉਹਨਾਂ ਨੂੰ ਧਰਵਾਸ ਦਿਵਾਉਂਦਾ ਆਇਆ ਸੀ ।
ਅਖ਼ਬਾਰ ਵਿਚ ਹਰ ਮਹੀਨੇ ਦੀ ਪੰਦਰਾਂ ਅਤੇ ਅਠਾਈ ਤਰੀਕ ਨੂੰ ਪੋਸਟਾਂ ਨਿੱਕਲਦੀਆਂ। ਨਸੀਬ ਅਖ਼ਬਾਰ ਦੇ ਸਫ਼ਿਆਂ ਉੱਤੇ ਅੱਖਾਂ ਗੱਡ-ਗੱਡ ਪੋਸਟਾਂ ਨੂੰ ਪੜ੍ਹਦਾ ਰਹਿੰਦਾ।
ਜਿੱਥੇ ਵੀ ਕਿਤੇ ਉਹਨੂੰ ਠੀਕ ਲਗਦਾ, ਉਹ ਤੁਰੰਤ ਫਾਰਮ ਮੰਗਵਾਉਂਦਾ ਅਤੇ ਪੋਸਟਲ ਆਰਡਰ ਖਰੀਦ ਕੇ ਐਪਲਾਈ ਕਰ ਦਿੰਦਾ । ਹਾਲੇ ਤੱਕ ਕਿਸੇ ਪਾਸਿਓਂ ਵੀ ਇੰਟਰਵਿਊ ਲਈ ਉਹਨੂੰ ਬੁਲਾਇਆ ਨਹੀਂ ਗਿਆ ਸੀ।
ਓਧਰ ਪੁਸ਼ਪਿੰਦਰ ਨੇ ਫੈਸਲਾ ਕੀਤਾ ਕਿ ਉਹ ਪੰਜਾਬੀ ਦੀ ਐੱਮੇ ਕਰੇਗੀ। ਉਹਦੀ ਸਲਾਹ ਸੀ ਕਿ ਉਹ ਰਾਮਪੁਰੇ ਹੀ ਅਕਾਡਮੀ ਵਿਚ ਦਾਖ਼ਲ ਹੋ ਜਾਵੇ। ਨਿੱਤ ਪਿੰਡ ਆ ਜਾਇਆ ਕਰੇਗੀ। ਆਕਡਮੀ ਵਾਲਾ ਸਟਾਫ ਮਿਹਨਤ ਪੂਰੀ ਕਰਵਾਉਂਦਾ। ਲਗਭਗ ਸਾਰੇ ਵਿਦਿਆਰਥੀ ਨਿੱਕਲ ਜਾਂਦੇ। ਕਈ ਤਾਂ ਚੰਗੇ ਚੰਗੇ ਨੰਬਰ ਲੈ ਕੇ ਵੀ ਪਾਸ ਹੁੰਦੇ । ਕਦੇ ਕੋਈ ਮੁੰਡਾ ਜਾਂ ਕੁੜੀ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਦੀ ਟੱਕਰ ਉੱਤੇ ਵੀ ਜਾ ਖੜ੍ਹਦਾ। ਕਦੇ ਇਹ ਅਕਾਡਮੀ ਪ੍ਰੋ: ਸੱਜਣ ਸਿੰਘ ਨੇ ਸ਼ੁਰੂ ਕੀਤੀ ਸੀ। ਆਪਣੇ ਨਾਲ ਇਕ ਸਕੂਲ-ਟੀਚਰ ਨੂੰ ਜੋੜਿਆ ਹੋਇਆ ਸੀ। ਪਰ ਫੇਰ ਹੌਲੀ-ਹੌਲੀ ਐੱਮੇ ਪੰਜਾਬੀ ਦੀਆਂ ਕਲਾਸਾਂ ਦਾ ਸਾਰਾ ਕੰਮ ਉਹ ਸਕੂਲ-ਟੀਚਰ ਆਪ ਹੀ ਆਪਣੇ ਘਰ ਕਰਨ ਲੱਗਿਆ। ਪ੍ਰੋ: ਸੱਜਣ ਸਿੰਘ ਤਾਂ ਫੇਰ ਸਿਰਫ ਗਿਆਨੀ ਦੀਆਂ ਕਲਾਸਾਂ ਹੀ ਪੜ੍ਹਾਉਂਦਾ। ਇਕ ਦਿਨ ਪੁਸ਼ਪਿੰਦਰ ਹਰਿੰਦਰ ਨੂੰ ਨਾਲ ਲੈ ਕੇ ਪੋ: ਸੱਜਣ ਸਿੰਘ ਕੋਲ ਗਈ ਸੀ । ਇਕ ਤਰ੍ਹਾਂ ਨਾਲ ਪੱਕੀ ਸਲਾਹ ਬਣਾ ਲਈ ਸੀ ਕਿ ਅਕਾਡਮੀ ਜੁਆਇਨ ਕਰ ਲਈ ਜਾਵੇ । ਪ੍ਰੋ: ਸੱਜਣ ਸਿੰਘ ਵੱਲੋਂ ਭੇਜੇ ਵਿਦਿਆਰਥੀਆਂ ਨੂੰ ਤਾਂ ਉਹ ਸਕੂਲ-ਟੀਚਰ ਬੜੇ ਤਿਉਹ ਨਾਲ ਪੜਾਉਂਦਾ । ਸਕੂਲ-ਟੀਚਰ ਨੇ ਆਪ ਪੰਜਾਬੀ ਐੱਮੇ ਚੰਗੇ ਨੰਬਰ ਲੈ ਕੇ ਪਾਸ ਕੀਤੀ ਹੋਈ ਸੀ। ਵੱਡੀ ਗੱਲ, ਇਮਤਿਹਾਨੀ ਸਵਾਲ ਤਿਆਰ ਕਰਵਾਉਣ ਵਿਚ ਉਹ ਪੂਰਾ ਮਾਹਿਰ ਸੀ।
ਪਰ ਇਕ ਦਿਨ ਨਸੀਬ ਅਤੇ ਪੁਸ਼ਪਿੰਦਰ ਥੋੜ੍ਹੇ ਸਮੇਂ ਲਈ ਜਦੋਂ ਮਿਲੇ ਤਾਂ ਪੁਸ਼ਪਿੰਦਰ ਦੀ ਸਲਾਹ ਬਦਲ ਗਈ। ਰਾਮਪੁਰੇ ਨਾਲੋਂ ਤਾ ਪਟਿਆਲਾ ਯੂਨੀਵਰਸਿਟੀ ਠੀਕ ਰਹੇਗੀ। ਰਾਮਪੁਰੇ ਆਉਂਦੀ-ਜਾਂਦੀ ਤਾਂ ਉਹ ਸਭ ਦੀ ਨਿਗਾਹ ਵਿਚ ਰਹੇਗੀ। ਮਿਲੇ ਬਗੈਰ ਉਹਨਾਂ ਤੋਂ ਰਿਹਾ ਤਾਂ ਜਾਣਾ ਨਹੀਂ। ਪਟਿਆਲੇ ਦਾਖ਼ਲ ਹੋਇਆ ਜਾਵੇ ਤਾਂ ਮਿਲਣ-ਗਿਲਣ ਦੇ ਮੌਕੇ ਵਧੀਆ ਮਿਲ ਜਾਇਆ ਕਰਨਗੇ । ਘਰ ਵਿਚ ਪੁਸ਼ਪਿੰਦਰ ਨੇ ਗੱਲ ਬਣਾਈ ਸੀ ਕਿ ਯੂਨੀਵਰਸਿਟੀ ਜਾ ਕੇ ਪੜ੍ਹਾਈ ਵਧੀਆ ਹੋਵੇਗੀ। ਕੋਈ ਪੁਜ਼ੀਸ਼ਨ ਵੀ ਆ ਸਕਦੀ ਹੈ। ਤੇ ਨਾਲੇ ਯੂਨੀਵਰਸਿਟੀ ਜਾ ਕੇ ਪੜ੍ਹਨ ਦੀ ਤਾਂ ਠੁੱਕ ਹੀ ਹੋਰ ਹੈ। ਖਰਚ ? ਖਰਚ ਦੀ ਕੀ ਪਰਵਾਹ ਸੀ ਹਰਦਿੱਤ ਸਿੰਘ ਦੇ ਘਰ ਜੰਮ ਕੇ ?
ਸੋ ਅਖ਼ੀਰ ਪੁਸ਼ਪਿੰਦਰ ਨੇ ਹਰਿੰਦਰ ਨੂੰ ਨਾਲ ਲਿਆ । ਕਾਫੀ ਸਾਰੇ ਪੈਸੇ ਲੈ ਲਏ । ਪਟਿਆਲੇ ਜਾ ਕੇ ਉਹ ਦਾਖ਼ਲ ਹੋ ਗਈ। ਬੀਏ ਦੇ ਪੰਜਾਬੀ ਸਬਜੈਕਟ ਵਿਚੋਂ ਉਹਦੇ ਨੰਬਰ ਵੀ ਚੰਗੇ ਸਨ। ਸੋ ਦਾਖ਼ਲਾ ਆਸਾਨੀ ਨਾਲ ਹੀ ਮਿਲ ਗਿਆ।
ਬੈਂਕ ਨੇ ਪਰੋਬੇਸ਼ਨਰੀ ਅਫ਼ਸਰਾਂ ਦੀਆਂ ਪੋਸਟਾਂ ਕੱਢੀਆਂ। ਨਸੀਬ ਨੇ ਓਥੋਂ ਵੀ ਫਾਰਮ ਮੰਗਵਾ ਲਏ ਅਤੇ ਐਪਲਾਈ ਕਰ ਦਿੱਤਾ । ਜਲੰਧਰ ਲਿਖਤੀ ਟੈਸਟ ਹੋਇਆ। ਉਹਨੇ ਟੈਸਟ ਵਧੀਆ ਦਿੱਤਾ । ਤੇ ਫੇਰ ਉਹਨੂੰ ਬੈਂਕ ਵਾਲਿਆਂ ਨੇ ਇੰਟਰਵਿਊ ਲਈ ਬੁਲਾ ਲਿਆ। ਇੰਟਰਵਿਊ ਵੀ ਜਲੰਧਰ ਹੋਣੀ ਸੀ। ਪਰ ਬੈਂਕ ਦਾ ਹੈਡ-ਆਫਿਸ ਦਿੱਲੀ ਸੀ। ਚੇਅਰਮੈਨ ਦਿੱਲੀ ਰਹਿੰਦਾ। ਹੁਣ ਹਰਦਿਲ ਸਿੰਘ ਵੀ ਪੀਰੀ ਦੇਖੀ ਜਾਣੀ ਸੀ। ਇਲਾਕੇ ਵਿਚੋਂ ਬਹੁਤ ਸਾਰੇ ਮੁੰਡਿਆਂ ਨੇ ਅਰਜ਼ੀਆਂ ਭੇਜੀਆਂ ਸਨ ਅਤੇ ਜਲੰਧਰ ਜਾ ਕੇ ਟੈਸਟ ਦਿੱਤਾ ਸੀ। ਦਸ-ਬਾਰਾਂ ਮੁੰਡਿਆਂ ਨੂੰ ਇੰਟਰਵਿਊ ਲਈ ਬੁਲਾ ਲਿਆ ਗਿਆ। ਇਹਨਾਂ ਵਿਚੋਂ ਸੱਤ ਮੁੰਡੇ ਹਰਦਿਲ ਸਿੰਘ ਕੋਲ ਆਏ। ਹਰਦਿਲ ਸਿੰਘ ਦੀ ਸਿਫਾਰਸ਼ ਪੱਥਰ ਉੱਤੇ ਲਕੀਰ ਸਮਝੀ ਜਾਂਦੀ।
‘ਚੇਅਰਮੈਨ ਤਾਂ ਭਲਾਂ ਸ਼ਰੀਫ ਆਦਮੀ ਐ, ਪੈਸਾ ਲੈਂਦਾ ਨ੍ਹੀਂ, ਪਰ ਉਹਦੇ ਅਮਲੇ-ਫੈਲੇ ਦੀ ਤਾਂ ਸਹੁੰ ਨ੍ਹੀਂ ਖਾਧੀ ਹੋਈ। ਉਹਨਾਂ ਨਾਲ ਤਾਂ ਨਿੱਬੜਨਾ ਪਊ, ਭਾਈ। ਕੁਸ ਨਾ ਕੁਸ ਝੜਾਂਗੇ, ਤਾਂਹੀਂ ਗੱਲ ਬਣੂ।’ ਹਰਦਿਲ ਸਿੰਘ ਹਰ ਇਕ ਨੂੰ ਕੰਨ ਵਿਚ ਕਹਿੰਦਾ। ਦੋ ਹਜ਼ਾਰ ਰੁਪਿਆ ਦੇਣਾ ਸ਼ਰਤ ਸੀ। ਅਮਲੇ-ਫੈਲੇ ਲਈ। ਚੇਅਰਮੈਨ ਕੋਲ ਸਿਫਾਰਸ਼ ਹਰਦਿਲ ਸਿੰਘ ਨੇ ਆਪ ਲਾਉਣੀ ਸੀ। ‘ਦੋਵੇਂ ਗੱਲਾਂ ਚੱਲਣ ਗੀਆਂ। ਸਿਫਾਰਸ਼ ਵੀ ਅਤੇ ਪੈਸਾ। ਵੀ ਫੇਰ ਪੱਕਾ ਕੰਮ ਹੋ ਜੂ।’ ਹਰਦਿਲ ਸਿੰਘ ਖੱਬੇ ਹੱਥ ਦੀ ਮੁੱਠੀ ਉੱਤੇ ਸੱਜੇ ਹੱਥ ਦੀ ਹਥੇਲੀ ਮਾਰ ਕੇ ਆਖਦਾ। ਸੱਤਾਂ ਮੁੰਡਿਆਂ ਤੋਂ ਚੌਦਾਂ ਹਜ਼ਾਰ ਰੁਪਿਆ ਲੈ ਕੇ ਹਰਦਿਲ ਸਿੰਘ ਦਿੱਲੀ ਗਿਆ। ਸੱਤਾਂ ਦੀ ਲਿਸਟ ਚੇਅਰਮੈਨ ਨੂੰ ਦੇ ਆਇਆ। ਰਾਮਪੁਰੇ ਆ ਕੇ ਦੱਸਿਆ, ਸੱਤਾਂ ਦੀ ਸਿਫਾਰਸ਼ ਗੱਡ ਕੇ ਲਾ ਦਿੱਤੀ ਹੈ। ਪੈਸੇ ਵੀ ਝੋਕ ਦਿਤੇ ਹਨ। ਲਗਦਾ ਹੈ, ਸੱਤਾਂ ਦਾ ਕੰਮ ਬਣ ਜਾਵੇਗਾ।
ਦੋ ਮਹੀਨਿਆਂ ਬਾਅਦ ਤਿੰਨ ਮੁੰਡਿਆਂ ਨੂੰ ਨਿਯੁਕਤੀ-ਪੱਤਰ ਆ ਗਏ। ਉਹਨਾਂ ਦਾ ਛੀ ਹਜ਼ਾਰ ਰੱਖ ਕੇ ਬਾਕੀਆਂ ਦਾ ਦੋ-ਦੋ ਹਜ਼ਾਰ ਉਹਨੇ ਮੋੜ ਦਿੱਤਾ। ਦੱਸਿਆ ਕਿ ਇਹ ਦੋ-ਦੋ ਹਜ਼ਾਰ ਉਹ ਦਿੱਲੀ ਜਾ ਕੇ ਮੁੜਵਾ ਕੇ ਲਿਆਇਆ ਹੈ। ਕੰਮ ਨਹੀਂ ਬਣਿਆ ਤਾਂ ਭਾਈ ਪੈਸੇ ਕਾਹਦੇ ?
ਨਸੀਬ ਦੀ ਨਿਯੁਕਤੀ ਕਲਕੱਤੇ ਦੀ ਹੋਈ ਸੀ।
ਜੰਗੀਰਾ ਸਾਰੇ ਪਿੰਡ ਵਿਚ ਅਤੇ ਪਿੰਡੋਂ ਬਾਹਰ ਜਿੱਥੇ ਕਿਤੇ ਵੀ ਜਾਂਦਾ, ਹਰਦਿਲ ਸਿੰਘ ਦੇ ਗੁਣ ਗਾਉਂਦਾ ਫਿਰਦਾ। ਹਰਦਿੱਤ ਸਿੰਘ ਦਾ ਪੂਰਾ ਅਹਿਸਾਨ ਮੰਨਦਾ। ਅੰਦਰ-ਖਾਤੇ ਗੱਲ ਇਹ ਸੀ ਕਿ ਹਰਦਿਲ ਸਿੰਘ ਨਾ ਤਾਂ ਦਿੱਲੀ ਕਿਸੇ ਚੇਅਰਮੈਨ ਕੋਲ ਗਿਆ ਸੀ ਅਤੇ ਨਾ ਹੀ ਕਿਸੇ ਨੂੰ ਪੈਸੇ ਦਿਤੇ ਸਨ। ਤਿੰਨੇ ਮੁੰਡੇ ਆਪਣੀ ਜੋਗਤਾ ਕਰਕੇ ਹੀ ਚੁਣੇ ਗਏ ਸਨ।
ਨਸੀਬ ਪੁਸ਼ਪਿੰਦਰ ਤੋਂ ਬਹੁਤ ਦੂਰ ਚਲਿਆ ਗਿਆ । ਹਰ ਹਫਤੇ ਉਹ ਇਕ ਦੂਜੇ ਨੂੰ ਚਿੱਠੀਆਂ ਲਿਖਦੇ। ਲੰਮੀਆਂ ਚਿਠੀਆਂ। ਲਫ਼ਾਫ਼ਾ ਪੂਰਾ ਭਰ ਜਾਂਦਾ । ਫੇਰ ਵੀ ਜਿਵੇਂ ਦੋਵਾਂ ਨੂੰ ਰੱਜ ਨਾਆਉਂਦਾ ਹੋਵੇ।
ਇਕ ਚਿੱਠੀ ਵਿਚ ਪੁਸ਼ਪਿੰਦਰ ਨੇ ਲਿਖਿਆ ਕਿ ਇਸ ਵਾਰ ਜਦੋਂ ਉਹ ਪਿੰਡ ਗਈ ਤਾਂ ਦੋ ਮੁੰਡੇ ਉਹਨਾਂ ਦੇ ਘਰ ਆਏ ਸਨ। ਉਹਨੂੰ ਬਹੁਤਾ ਹੀ ਨਿਰਖ-ਪਰਖ ਨਾਲ ਦੇਖਦੇ ਰਹੇ ਸਨ। ਬਾਪੂ ਜੀ ਵੀ ਉਸ ਦਿਨ ਘਰ ਸਨ । ਮਾਂ ਨੇ ਚਾਹ ਬਣਾਈ ਸੀ ਅਤੇ ਟਰੇਅ ਵਿਚ ਚਾਹ ਦੇ ਗਲਾਸ ਦੇ ਕੇ ਉਹਨੂੰ ਬੈਠਕ ਵਿਚ ਭੇਜਿਆ ਸੀ। ਉਹਨੂੰ ਤਾਂ ਪਿੱਛੋਂ ਹਰਿੰਦਰ ਤੋਂ ਹੀ ਪਤਾ ਲੱਗਿਆ ਕਿ ਇਹ ਭਗਤੇ ਦਾ ਇਕ ਮੁੰਡਾ ਸੀ। ਉਹਨੂੰ ‘ਦੇਖਣ’ ਆਇਆ ਸੀ । ਬਾਅਦ ਵਿਚ ਉਹ ਮਾਂ ਨਾਲ ਲੜੀ ਕਿ ਉਹਨੂੰ ਦੱਸੇ ਬਗੈਰ ਘਰ ਵਿਚ ਕਿਸੇ ਨੂੰ ਕਿਉਂ ਬੁਲਾਇਆ ਗਿਆ। ਤੇ ਨਾਲੇ ਉਹ ਜਦੋਂ ਐੱਮੇ ਵਿਚ ਦਾਖਲ ਹੋ ਗਈ ਹੈ ਤਾਂ ਐੱਮੇ ਤਾਂ ਪੂਰੀ ਕਰ ਲੈਣ ਦਿੱਤੀ ਜਾਵੇ । ਹੁਣੇ ਵਿਆਹ ਨੂੰ ਕੀ ਹੈ। ਪਰ ਨਹੀਂ, ਪੁਸ਼ਪਿੰਦਰ ਨੇ ਨਸੀਬ ਨੂੰ ਲਿਖਿਆ ਕਿ ਬਾਪੂ ਅਤੇ ਬੇਬੇ ਹੁਣ ਉਹਦਾ ਵਿਆਹ ਕਰਨਗੇ ਹੀ। ਐੱਮੇ ਵਿਚ ਦਾਖਲ ਕਰਵਾਉਣਾ ਤਾਂ ਇਕ ਸ਼ੁਗਲ ਸੀ। ਮਾਂ-ਬਾਪ ਨੇ ਕੀ ਲੈਣਾ ਹੈ ਉਹਦੀ ਐੱਮੇ ਤੋਂ? ਉਹਨੂੰ ਵਿੰਨ੍ਹ ਦਿਤਾ ਜਾਵੇਗਾ। ਉਹਨੂੰ ਲਗਦਾ ਹੈ, ਜਿਵੇਂ ਮਾਂ ਉਹਤੋਂ ਕੋਈ ਬਦਲਾ ਲੈਣਾ ਚਾਹੁੰਦੀ ਹੋਵੇ । ਹਾਲੇ ਹੀ ਕਿਹੜਾ ਉਹ ਬੁੜ੍ਹੀ ਹੋ ਚੱਲੀ ਹੈ ? ਹਾਲੇ ਹੀ ਭਲਾਂ ਵਿਆਹ ਦੀ ਕਿਹੜੀ ਲੋੜ ਹੈ ਉਹਨੂੰ ?
ਤੇ ਫੇਰ ਓਸੇ ਚਿੱਠੀ ਦੇ ਅਖੀਰ ਵਿਚ ਪੁਸ਼ਪਿੰਦਰ ਨੇ ਲਿਖਿਆ ਸੀ ਕਿ ਉਹਨਾਂ ਨੂੰ ਹੁਣ ਆਪਣਾ ਸਮਾਂ ਵਿਚਾਰ ਲੈਣਾ ਚਾਹੀਦਾ ਹੈ। ਨਸੀਬ ਦੇ ਨੌਕਰੀ ਉੱਤੇ ਲੱਗਣ ਦੀ ਸ਼ਰਤ ਸੀ, ਆਪਣੇ ਪੈਰਾ ਉੱਤੇ ਖੜ੍ਹਾ ਹੋਣ ਦੀ ਉਡੀਕ, ਉਹ ਸਭ ਹੋ ਗਿਆ। ਪੁਸ਼ਪਿੰਦਰ ਨੇ ਇਹ ਵੀ ਲਿਖਿਆ ਕਿ ਇਸ ਬਾਰੇ ਘਰ ਵਿਚ ਗੱਲ ਛੇੜਨੀ ਤਾਂ ਫਜੂਲ ਹੈ। ਉਹ ਕਦੇ ਵੀ ਇਹ ਮਨਜ਼ੂਰ ਨਹੀਂ ਕਰਨਗੇ। ਸੋ ਕਿਉਂ ਨਾ ਬਾਹਰ-ਬਾਹਰ ਹੀ ਕਿਧਰੇ ਕਿਸੇ ਦੇ ਘਰ ਜਾਂ ਗੁਰਦੁਆਰੇ ਵਿਚ ਆਨੰਦ-ਕਾਰਜ ਕਰਵਾ ਲਏ ਜਾਣ ?
ਨਸੀਬ ਦੀ ਮੋੜਵੀਂ ਚਿਠੀ ਆਈ। ਲਿਖਿਆ ਸੀ ਕਿ ਪੁਸ਼ਪਿੰਦਰ ਠੀਕ ਸੋਚ ਰਹੀ ਹੈ। ਹੁਣ ਸਮਾਂ ਆ ਗਿਆ ਹੈ। ਸੱਚ ਹੀ, ਜਦੋਂ ਇਕ ਵਾਰ ਮਾਂ-ਬਾਪ ਨੇ ਉਹਨੂੰ ‘ਦਿਖਾਉਣਾ’ ਸ਼ੁਰੂ ਕਰ ਦਿਤਾ ਹੈ ਤਾਂ ਕਿਧਰੇ ਨਾ ਕਿਧਰੇ ਗੱਲ ਪੱਕੀ ਵੀ ਕਰ ਦੇਣਗੇ। ਨਸੀਬ ਨੇ ਹਿੱਕ ਥਾਪੜੀ ਕਿ ਘਰਦਿਆਂ ਤੋਂ ਪੁੱਛਣ ਦੀ ਕਿਹੜੀ ਲੋੜ ਹੈ । ਉਹ ਕਿਸੇ ਵੀ ਦਿਨ ਪਟਿਆਲੇ ਆ ਜਾਵੇਗਾ। ਉਹ ਗੁਰਦੁਆਰੇ ਜਾਣਗੇ ਅਤੇ ਆਪਣਾ ਆਨੰਦ ਕਾਰਜ ਕਰਵਾ ਲੈਣਗੇ । ਪਰ ਚਿੱਠੀ ਦੇ ਅਖੀਰ ਵਿਚ ਇਕ ਗੱਲ ਲਿਖੀ ਕਿ ਇਹ ਉਹਦਾ ਪਰੋਬੇਸ਼ਨ ਪੀਰੀਅਡ ਹੈ। ਛੀ ਮਹੀਨੇ ਬਾਅਦ ਉਹ ਪੱਕਾ ਹੋ ਜਾਵੇਗਾ। ਪੱਕਾ ਹੋਣ ਉੱਤੇ ਉਹਦੀ ਬਦਲੀ ਵੀ ਹੋ ਸਕਦੀ ਹੈ। ਕੀ ਪਤਾ, ਬਦਲੀ ਪੰਜਾਬ ਦੀ ਹੀ ਹੋ ਜਾਵੇ । ਪੰਜਾਬ ਵਿਚ ਆ ਕੇ ਹੀ ਜੇ ਵਿਆਹ ਕਰਵਾਇਆ ਜਾਵੇ ਤਾਂ ਸਹੂਲਤ ਰਹੇਗੀ।
ਪੁਸ਼ਪਿੰਦਰ ਨੇ ਇਕ ਚਿੱਠੀ ਹੋਰ ਲਿਖੀ। ਆਖਿਆ, ਜਿੱਥੋਂ ਤੱਕ ‘ਪੱਕਾ’ ਹੋਣ ਦੀ ਗੱਲ ਹੈ, ਉਹ ਤਾਂ ਠੀਕ ਹੈ। ਛੀ ਮਹੀਨੇ ਤਾਂ ਪੂਰੇ ਹੋਏ ਸਮਝ। ਤਿੰਨ ਮਹੀਨੇ ਤਾਂ ਉਹਨੂੰ ਗਏ ਨੂੰ ਹੋ ਵੀ ਗਏ ਹੋਣਗੇ।’ਪੰਜਾਬ ਵਿਚ ਬਦਲੀ ਕਰਵਾਉਣ ਦੀ ਗੱਲ ਫਜ਼ੂਲ ਹੈ। ਕੀ ਲੈਣਾ ਹੈ, ਪੰਜਾਬ ਵਿਚ ਆ ਕੇ ? ਕਲਕੱਤੇ ਹੀ ਸਗੋਂ ਠੀਕ ਹੈ। ਉਹ ਮੌਜਾਂ ਕਰਨਗੇ। ਓਥੇ ਉਹਨਾਂ ਨੂੰ ਟੋਕਣ ਵਾਲਾ ਕੌਣ ਹੋਵੇਗਾ।ਉਹ ਜਦੋਂ ਵੀ ਕਹੇਗਾ, ਉਹ ਗੱਡੀ ਚੜ੍ਹ ਕੇ ਕਲਕੱਤੇ ਆਪ ਹੀ ਆ ਜਾਵੇਗੀ। ਉਹਦੇ ਕੋਲ, ਉਹਦੀ ਬੁੱਕਲ ਵਿਚ।
21
ਭਗਤੇ ਵਾਲਾ ਮੁੰਡਾ ਦਿਆਲੋ ਨੂੰ ਪਸੰਦ ਨਹੀਂ ਆਇਆ ਸੀ । ਮੁਰਦਲਾ ਜਿਹਾ ਸੀ। ਕੱਦ ਵੀ ਕੋਈ ਖਾਸ ਨਹੀਂ ਸੀ। ਉਹਦੀ ਆਪਣੀ ਪੁਸ਼ਪਿੰਦਰ ਤਾਂ ਸਰੀਰ ਦੀ ਕਿੰਨੀ ਸੱਫਰ ਸੀ। ਐਡਾ ਉੱਚਾ ਕੱਦ । ਤੁਰਦੀ ਤਾਂ ਜਿਵੇਂ ਧਰਤੀ ਨੂੰ ਕਾਂਬਾ ਛਿੜਦਾ। ਇਹੋ ਜਿਹੇ ਮਾੜਚੂ ਕਿਸਮ ਦੇ ਮੁੰਡੇ ਮਗਰ ਲਾ ਕੇ ਕੁੜੀ ਡੋਬਣੀ ਤਾਂ ਨਹੀਂ ਸੀ। ਦਿਆਲੋ ਸੋਚਦੀ, ਪੁਸ਼ਪਿੰਦਰ ਨੂੰ ਤਾਂ ਕੋਈ ਘਣ ਵਰਗਾ ਤਕੜਾ ਅਤੇ ਉੱਚਾ-ਲੰਮਾ ਮੁੰਡਾ ਚਾਹੀਦਾ ਹੈ। ਜਿਹੜਾ ਉਹਦੀ ਬਰਾਬਰੀ ਕਰੇ । ਤੁਰੀ ਜਾਂਦੀ ਜੋੜੀ ਸੋਹਣੀ ਲੱਗੇ। ਤੇ ਨਾਲੇ ਉਹਨਾਂ ਦੇ ਘਰ ਕਿਹੜੀ ਗੱਲ ਦਾ ਘਾਟਾ ਹੈ। ਉਹਨਾਂ ਨੇ ਤਾਂ ਕਿੰਨਾ ਕੁਝ ਧੀ ਨੂੰ ਦੇਣਾ ਹੈ। ਭਗਤੇ ਵਾਲਾ ਮੁੰਡਾ ਅਖੇ ਸੋਲਾਂ ਜਮਾਤਾਂ ਪੜ੍ਹਿਆਂ ਹੋਇਆ ਹੈ । ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ। ਐਨੀ ਪੜ੍ਹਾਈ ਕੀ ਕਰਨੀ ਹੈ, ਪੁਸ਼ਪਿੰਦਰ ਨੇ ? ਪੜ੍ਹਾਕੂ ਤਾਂ ਫੇਰ ਸਾਰੀ ਉਮਰ ਪੜ੍ਹਾਈ ਵਿਚ ਹੀ ਰਹੇਗਾ, ਕੁੜੀ ਨੂੰ ਉਹਨੇ ਕਦੋਂ ਸਿਆਣਿਆ, ਬੁਲਾਇਆ-ਚਲਾਇਆ ? ਦਿਆਲੋ ਚਾਹੁੰਦੀ ਸੀ, ਜ਼ਮੀਨ-ਜਾਇਦ ਵਾਲਾ ਕੋਈ ਨਰੋਆ ਮੁੰਡਾ ਹੋਵੇ। ਉਹ ਹੈਰਾਨ ਸੀ ਕਿ ਪੁਸ਼ਪਿੰਦਰ ਦਾ ਪਿਓ ਭਗਤੇ ਵਾਲੇ ਅਜਿਹੇ ਮਚੂ ਜਿਹੇ ਮੁੰਡੇ ਨੂੰ ਘਰ ਕਿਵੇਂ ਲੈ ਆਇਆ? ਦਿਆਲੇ ਮਨ ਵਿਚ ਹੀ ਹੱਸਦੀ, ‘ਪਿੰਦਰ ਦੇ ਪਿਓ ਨੂੰ ਤਾਂ ਇਹੀ ਚਾਅ ਸੀ, ਅਖੇ ਮੁੰਡਾ ਵਕੀਲ ਬਣ ਜੂ, ਦੁਨੀਆਂ ਨੂੰ ਲੁੱਟ-ਲੁੱਟ ਖਾਉ। ਅਖੇ ਜਮੀਨ ਸਤਾਰਾਂ ਕਿੱਲੇ ਔਂਦੀ ਐ ਮੁੰਡੇ ਨੂੰ, ਝੋਟੇ ਦੇ ਸਿਰ ਅਰਗੀ। ਝੋਟੇ ਦੇ ਸਿਰ ਅਰਗੀ ਜਮੀਨ ਦੱਸ ਕੀ ਫੂਕਣੀ ਐ, ਜੇ ਮੁੰਡਾ ਈ ਝੋਟੇ ਦੀ ਪੁਛ ਅਰਗਾ ਸੁੱਕਿਆ-ਸੜਿਆ ਹੋਵੇ।’ ਉਹ ਸੋਚਦੀ, ‘ਨਾ ਬਾਬਾ, ਮੈਂ ਤਾਂ ਆਵਦੀ ਧੀ ਨੂੰ ਕੋਈ ਚੱਜ ਦਾ ਮੁੰਡਾ ਟੋਲੂੰ ।’
ਹਰਦਿੱਤ ਸਿੰਘ ਨੂੰ ਇਕ ਹੋਰ ਮੁੰਡੇ ਦੀ ਦੱਸ ਪਈ। ਇਸ ਮੁੰਡੇ ਦੀ ਉਮਰ ਬਾਈ-ਤੇਈ ਸਾਲ ਸੀ, ਬੀ. ਐਸ-ਸੀ ਪਾਸ ਅਤੇ ਐਫ ਸੀ ਆਈ ਵਿਚ ਇੰਸਪੈਕਟਰ ਲੱਗੇ ਨੂੰ ਛੇ ਮਹੀਨੇ ਹੋ ਗਏ ਸਨ। ਜ਼ਮੀਨ ਦਸ ਕਿੱਲੇ ਹਿੱਸੇ ਵਿਚ ਆਉਂਦੀ ਸੀ। ਪੰਜ ਭਰਾ ਸਨ, ਪੰਜੇ ਅਜੇ ਇਕੱਠੇ ਸਨ । ਪਿਓ ਹੈ ਨਹੀਂ ਸੀ। ਪੰਜਾਹ ਕਿੱਲੇ ਜ਼ਮੀਨ ਵਾਲਾ ਸਾਰੇ ਪਿੰਡ ਵਿਚ ਸਿਰਕੱਢ ਘਰ ਸੀ ਇਹ । ਮੁੰਡਾ ਬੜਾ ਖ਼ੂਬਸੂਰਤ ਸੀ । ਕੱਦ-ਕਾਠ ਵਾਲਾ ਅਤੇ ਨਰੋਆ । ਹਰਦਿੱਤ ਸਿੰਘ ਨੂੰ ਪੱਕਾ ਯਕੀਨ ਸੀ ਕਿ ਉਹਦੀ ਪਤਨੀ ਦਿਆਲ ਨੂੰ ਇਹ ਮੁੰਡਾ ਤਾਂ ਜ਼ਰੂਰ ਹੀ ਪਸੰਦ ਆ ਜਾਵੇਗਾ। ਉਲਟਾ ਡਰ ਇਹ ਕਿ ਬੱਸ ਮੁੰਡੇ ਨੂੰ ਕੁੜੀ ਪਸੰਦ ਆ ਜਾਵੇ । ਇਹ ਮੁੰਡਾ ਸੀ ਮਹਿਮਾ ਸਰਕਾਰੀ ਦਾ। ਗੋਨੇਆਣਾ ਮੰਡੀ ਕੋਲ ਇਕ ਪਿੰਡ ਹੈ ਮਹਿਮਾ ਸਰਕਾਰੀ । ਮੁੰਡੇ ਨੂੰ ਜ਼ਮੀਨ ਭਾਵੇਂ ਥੋੜ੍ਹੀ ਸੀ, ਸਿਰਫ ਦਸ ਕਿੱਲੇ। ਹਰਦਿੱਤ ਸਿੰਘ ਦੀ ਆਪਣੀ ਜ਼ਮੀਨ ਤਾਂ ਹੁਣ ਪੰਜਾਹ ਕਿੱਲੇ ਸੀ। ਸਟੈਂਡਰਡ ਏਕੜ ਦੇ ਕਾਨੂੰਨ ਤਹਿਤ ਆ ਜਾਣ ਦੇ ਡਰ ਕਰਕੇ ਹੁਣ ਉਹ ਹੋਰ ਜ਼ਮੀਨ ਬੈ ਨਹੀਂ ਲੈਂਦਾ ਸੀ। ਤੀਹ ਕਿੱਲੇ ਗਹਿਣੇ ਦੀ ਜ਼ਮੀਨ ਸੀ । ਸੋ ਅੱਸੀ ਕਿੱਲੇ ਉਹਦੇ ਲਈ ਬਹੁਤ ਸੀ। ਗਹਿਣੇ ਦੀ ਜ਼ਮੀਨ ਵੀ ਉਹ ਹੋਰ ਨਾ ਲੈਂਦਾ । ਹੁਣ ਤਾਂ ਉਹ ਬੈਂਕ ਵਿਚ ਪੈਸਾ ਜਮ੍ਹਾਂ ਰਖਦਾ ਅਤੇ ਹੋਰ-ਹੋਰ ਸਕੀਮਾਂ ਸੋਚਦਾ ਰਹਿੰਦਾ। ਉਹਦੇ ਆਪਣੇ ਕੋਲ ਜਦੋਂ ਐਨੀ ਜ਼ਮੀਨ-ਜਾਇਦਾਦ ਅਤੇ ਰੁਪਇਆ-ਪੈਸਾ ਸੀ, ਫੇਰ ਉਹਨੇ ਦਸ ਕਿੱਲੇ ਜ਼ਮੀਨ ਵਾਲਾ ਮੁੰਡਾ ਕਿਉਂ ਲੱਭਿਆ ਸੀ। ਇਹਦਾ ਇਕੋ ਕਾਰਨ ਸੀ ਕਿ ਉਹ ਮੁੰਡਾ ਐਫ ਸੀ ਆਈ ਵਿਚ ਸੀ। ਇਸ ਮਹਿਕਮੇ ਵਿਚ ਤਾਂ ਪੈਸਾ ਹੀ ਬੜਾ ਬਣਦਾ ਹੈ।
ਹਰਦਿੱਤ ਸਿੰਘ ਨੂੰ ਪਤਾ ਸੀ ਕਿ ਰਾਮਪੁਰਾ ਫੂਲ ਦੇ ਸਟੇਸ਼ਨ ਤੋਂ ਜਦੋਂ ਐਫ ਸੀ ਆਈ ਵਾਲੇ ਕਣਕ ਦੀਆਂ ਬੋਰੀਆਂ ਲੱਦ ਕੇ ਮਾਲ-ਗੱਡੀ ਤੋਰਦੇ ਹਨ ਤਾਂ ਇਕ ਵਾਰ ਦੀ ਮਾਲ-ਗੱਡੀ ਵਿਚੋਂ ਤਿੰਨ ਸੌ ਬੋਰੀ ਇਥੇ ਹੀ ਰਹਿ ਜਾਂਦੀ ਹੈ। ਪਤਾ ਵੀ ਨਹੀਂ ਲਗਦਾ, ਇਹ ਤਿੰਨ ਸੌ ਬੋਰੀ ਕਦੋਂ ਐਫ ਸੀ ਆਈ ਦੇ ਇੰਸਪੈਕਟਰਾਂ, ਕਲਰਕਾਂ, ਪੱਲੇਦਾਰੀ ਦੇ ਠੇਕੇਦਾਰਾਂ, ਰੇਲਵੇ ਕਰਮਚਾਰੀਆਂ, ਸ਼ਹਿਰ ਦੇ ਪੁਲਿਸ-ਅਧਿਕਾਰੀਆਂ ਅਤੇ ਹੋਰ ਪਤਾ ਨਹੀਂ ਕਿਨ੍ਹਾਂ-ਕਿਨ੍ਹਾਂ ਲੋਕਾਂ ਦੇ ਢਿੱਡਾਂ ਵਿਚ ਚਲੀ ਜਾਂਦੀ ਹੈ। ਹੋਰ ਤਾਂ ਹੋਰ, ਐਫ ਸੀ ਆਈ ਦਾ ਚਪੜਾਸੀ ਵੀ ਧਨਵਾਨ ਬਣ ਬਹਿੰਦਾ ਹੈ । ਐਫ. ਸੀ. ਆਈ. ਦੇ ਚਪੜਾਸੀ ਕੋਲ ਵਧੀਆ ਪੱਕਾ ਮਕਾਨ ਹੁੰਦਾ ਹੈ, ਉਹਦੀ ਤੀਵੀਂ ਕੋਲ ਸੋਨੇ ਦੇ ਜੇਵਰ, ਬੈਂਕ ਵਿਚ ਅੰਨ੍ਹਾ ਪੈਸਾ, ਆਪਣੇ ਦਸਵੀਂ ਵਿਚ ਪੜ੍ਹਦੇ ਮੁੰਡੇ ਨੂੰ ਸਾਕ ਦੀ ਗੱਲ ਕਰਨ ਵਾਲੇ ਤੋਂ ਮੋਟਰ-ਸਾਈਕਲ ਮੰਗਦਾ ਹੈ। ਗੋਦਾਮਾਂ ਤੋਂ ਬੋਰੀਆਂ ਦੇ ਟਰੱਕ ਸਟੇਸ਼ਨ ਵੱਲ ਆਉਂਦੇ ਹਨ। ਵਿਚੋਂ ਹੀ ਕੋਈ ਟਰੱਕ ਸਟੇਸ਼ਨ ਵੱਲ ਜਾਣ ਦੀ ਥਾਂ ਸਿੱਧਾ ਹੋਰ ਕਿਸੇ ਪਾਸੇ ਹੀ ਨਿੱਕਲ ਜਾਂਦਾ ਹੈ। ਮਿੱਟੀ ਵਿਚ ਰੁਲਦੇ ਪਾਈਆ-ਅੱਧਸੇਰ ਦਾਣਿਆਂ ਨੂੰ ਝਬੁੱਟਾਂ ਮਾਰਦੇ ਦੂਰ-ਪ੍ਰਾਂਤਾਂ ਦੇ ਗਰੀਬ ਲੋਕਾਂ ਉੱਤੇ ਤਾਂ ਸਾਰਾ ਦਿਨ ਡੰਡਾ ਐਵੇਂ ਖੜਕਦਾ ਹੈ ।
ਹਰਦਿੱਤ ਸਿੰਘ ਸੋਚਦਾ ਸੀ, ਐਫ ਸੀ ਆਈ ਦਾ ਇੰਸਪੈਕਟਰ ਮੁੰਡਾ ਤਾਂ ਥੋੜ੍ਹੇ ਸਾਲਾਂ ਵਿਚ ਹੀ ਨੋਟਾਂ ਦੀਆ ਥਹੀਆਂ ਲਾ ਦੇਵੇਗਾ। ਜ਼ਮੀਨ ਉਹਦੇ ਸਾਹਮਣੇ ਕੀ ਰਹਿ ਜਾਵੇਗੀ।
ਚਿੱਠੀ ਲਿਖ ਕੇ ਪੁਸ਼ਪਿੰਦਰ ਨੂੰ ਪਟਿਆਲੇ ਤੋਂ ਪਿੰਡ ਬੁਲਾਇਆ ਗਿਆ। ਬੱਸ ਇਹੀ ਲਿਖਿਆ ਕਿ ਜ਼ਰੂਰੀ ਕੰਮ ਹੈ ਅਤੇ ਏਸ ਸਨਿਚਰਵਾਰ ਨੂੰ ਆ ਜਾ। ਐਤਵਾਰ ਨੂੰ ਰਹਿ ਕੇ ਸੋਮਵਾਰ ਨੂੰ ਚਲੀ ਜਾਈਂ । ਕਿਉਂ ਬੁਲਾਇਆ ਗਿਆ ਹੈ, ਇਸ ਗੱਲ ਦਾ ਚਿੱਠੀ ਵਿਚ ਜ਼ਿਕਰ ਤੱਕ ਵੀ ਨਹੀਂ ਸੀ। ਮਾਪਿਆਂ ਦਾ ਹੁਕਮ ਮੰਨ ਕੇ ਉਹ ਸਨਿਚਰਵਾਰ ਨੂੰ ਹੀ ਸ਼ਾਮ ਤੱਕ ਪਿੰਡ ਪਹੁੰਚ ਗਈ। ਨਾਲ ਟੋਕਰੀ ਤੱਕ ਵੀ ਨਾ ਲੈ ਕੇ ਆਈ। ਹੱਥ ਵਿਚ ਇਕ ਕਿਤਾਬ ਬੱਸ । ਉਹਨੂੰ ਪਹਿਲਾਂ ਪਤਾ ਸੀ ਕਿ ਕੀ ਹੋਣ ਵਾਲਾ ਹੈ। ਚੇਹਰੇ ਉੱਤੇ ਰੋਹ-ਭਰੀ ਲਾਲੀ। ਅੱਖਾਂ ਵਿਚ ਅਕਹਿ ਸ਼ਿਕਵਾ । ਆਉਂਦੇ ਹੀ ਨਾ ਸਤਿ ਸ੍ਰੀ ਅਕਾਲ, ਨਾ ਹਾਲ-ਚਾਲ । ਮਾਂ ਨੂੰ ਪੁੱਛਣ ਲੱਗੀ, ‘ਹਾਂ ਦੱਸੋ, ਕੀ ਗੱਲ ਐ ? ਕਿਉਂ ਬੁਲਾਇਐ ਮੈਨੂੰ ?
ਮਾਂ ਨੇ ਉਹਨੂੰ ਹਿੱਕ ਨਾਲ ਘੁੱਟਿਆ ਅਤੇ ਹੱਸਣ ਲੱਗ ਪਈ। ਕਹਿੰਦੀ, ‘ਕੁੜੇ ਪਿੰਦਰ, ਤੂੰ ਤਾਂ ਚੜ੍ਹੀ-ਚੜ੍ਹਾਈ ਆਈ ਐਂ । ਬੈਠ ਵੀ। ਪਾਣੀ-ਧਾਣੀ ਤਾਂ ਪੀ । ਬਗਾਨਿਆਂ ਆਂਗੂ ਆ ਖੜ੍ਹੀ ਤੂੰ ਤਾਂ। ਤੇ ਨਾਲੇ ਤੇਰਾ ਕੋਈ ਸਮਾਨ-ਸਮੂਨ ਕਿੱਥੇ ਐ ? ਤੂੰ ਤਾਂ ਇਉਂ ਆ ਗੀ, ਜਿਵੇਂ ਖੜ੍ਹੀ-ਖੜੋਤੀ ਨੇ ਭੱਜ ਜਾਣਾ ਹੋਵੇ। ਕਮਲੀ ਨਾ ਹੋਵੇ, ਮੇਰੀ ਧੀ। ਕੁੜੇ, ਬਹਿ ਤਾਂ ਜਾਹ।’ ਦਿਆਲੋ ਨੇ ਕੁਰਸੀ ਉਹਦੇ ਕੋਲ ਨੂੰ ਖਿੱਚ ਦਿਤੀ। ਉਹ ਬੈਠ ਗਈ। ਮਾਂ ਨੇ ਪਾਣੀ ਦਾ ਗਲਾਸ ਲਿਆ ਦਿਤਾ। ਪੁਸ਼ਪਿੰਦਰ ਨੇ ਪਾਣੀ ਪੀ ਲਿਆ | ਅੱਧਾ ਗਲਾਸ ਪੀ ਕੇ ਹਉਂਕਣ ਲੱਗ ਪਈ । ਹੋਰ ਪਾਣੀ ਜਿਵੇਂ ਉਹਦੇ ਅੰਦਰ ਲੰਘਦਾ ਨਾ ਹੋਵੇ।
ਸਤੰਬਰ ਦੇ ਦਿਨ ਸਨ। ਮਲੇਰੀਏ ਦਾ ਜ਼ੋਰ ਸੀ। ਮਾਂ ਨੂੰ ਸ਼ੱਕ ਪਿਆ । ਪੁੱਛਣ ਲੱਗੀ, ‘ਕੁੜੇ ਰਾਜੀ ਤਾਂ ਹੈਂ ਤੂੰ ? ਕਿਤੇ ਤਾਪ ਤਾਂ ਨ੍ਹੀਂ ਚੜ੍ਹਾ ਬੈਠੀ, ਤੇਰਾ ਮੂੰਹ ਕਿਉਂ ਉਤਰਿਆ ਪਿਐ ?’
‘ਹਾਂ, ਤਾਪ ਐ ਮੈਨੂੰ। ਹੱਡਾਂ ‘ਚ ਤਾਪ ਰਹਿੰਦੈ ਮੇਰੇ। ਪੁਸ਼ਪਿੰਦਰ ਮੁਸਕਰਾ ਪਈ।
‘ਹਾਏ ਚੰਦਰੀ। ਤਾਂ ਫੇਰ ਪਹਿਲਾਂ ਈ ਕਿਉਂ ਨਾ ਪਿੰਡ ਆ ਗੀ। ਦੇਖਾਂ, ਤੇਰੀ ਬਾਂਹ। ਕੁੜੇ ਪਿੰਡਾ ਤਾਂ ਸੂਤ ਐ ਤੇਰਾ।’ ਮਾਂ ਉਹਦੀਆਂ ਅੱਖਾਂ ਵਿਚ ਝਾਕਣ ਲੱਗੀ। ਕਹਿੰਦੀ, ‘ਅੱਖਾਂ ਤੋਂ ਤਾਂ ਲਗਦਾ ਨ੍ਹੀਂ ਤੈਨੂੰ ਤਾਪ।’
‘ਤੈਨੂੰ ਏਸ ਤਾਪ ਦੀ ਪਰਖ ਨੀਂ ਮਾਂ।’
‘ਤਾਂ ਫੇਰ ਤੇਰਾ ਇਹ ਤਾਪ ਉੱਤਰੂ ਕਿਮੇਂ, ਕਦੋਂ ਉੱਤਰੂ ?’ ਮਾਂ ਨੇ ਬੁਝਾਰਤ ਜਿਹੀ ਸਮਝ ਕੇ ਪੁੱਛਿਆ।
‘ਤਾਪ ਉੱਤਰੇ ਦਾ ਤਾਂ ਸਭ ਨੂੰ ਪਤਾ ਲੱਗ ਜੂ। ਚੜ੍ਹੇ ਦਾ ਈ ਪਤਾ ਨ੍ਹੀਂ ਕਿਸੇ ਨੂੰ । ਧੀ ਨੇ ਬੁਝਾਰਤ ਨੂੰ ਹੋਰ ਗੁੰਝਲਦਾਰ ਬਣਾ ਕੇ ਰੱਖ ਦਿਤਾ।
‘ਚੰਗਾ, ਚਾਹ ਪੀਣੀ ਐਂ ਕਿ ਦੁੱਧ ਲਾਹ ਦਿਆਂ ਤੌੜੀ ‘ਚੋਂ ?’ ਮਾਂ ਨੇ ਗੱਲ ਬਦਲੀ।
‘ਦੁੱਧ ਪੀ ਲੂੰ ਗੀ । ਚਾਹ ਨੂੰ ਕੀ ਐ। ਪੁਸ਼ਪਿੰਦਰ ਨੇ ਕਿਹਾ। ਗੰਭੀਰ ਹੋ ਗਈ, ਜਿਵੇਂ ਕਿਸੇ ਆਉਣ ਵਾਲੇ ਸਮੇਂ ਦਾ ਮੁਕਾਬਲਾ ਕਰਨ ਲਈ ਵਿਉਂਤਾਂ ਸੋਚ ਰਹੀ ਹੋਵੇ।
ਦੁੱਧ ਪੀ ਕੇ ਉਹਨੇ ਬੈਠੀ-ਬੈਠੀ ਨੇ ਹੀ ਅਗਵਾੜੀ ਭੰਨੀ ਅਤੇ ਸਹਿਜ-ਭਾਅ ਮਾਂ ਨੂੰ ਪੁੱਛਣ ਲੱਗੀ, ‘ਹਾਂ, ਹੁਣ ਦੱਸ । ਕਿਉਂ ਸੱਦਿਐ ਮੈਨੂੰ?’
‘ਕੱਲ੍ਹ ਨੂੰ ਔਣੈ ਕਿਸੇ ਨੇ, ਤੈਨੂੰ ਦੇਖਣ ।’ ਮਾਂ ਨੇ ਝੱਟ ਹੀ ਆਖ ਦਿਤਾ।
ਪੁਸ਼ਪਿੰਦਰ ਲਗਾਤਾਰ ਮਾਂ ਵੱਲ ਝਾਕੀਂ ਜਾ ਰਹੀ ਸੀ । ਨਾ ਬੋਲਦੀ ਸੀ, ਨਾ ਹਸਦੀ- ਮੁਸਕਰਾਉਂਦੀ। ਉਹਦੇ ਦਿਮਾਗ ਵਿਚ ਨਸੀਬ ਦੀ ਤਸਵੀਰ ਘੁੰਮ ਰਹੀ ਸੀ। ਮਨ ਨਾਲ ਹੀ ਗੱਲਾਂ ਕਰਨ ਲੱਗੀ, ‘ਨਸੀਬ ਨੂੰ ਛੱਡ ਕੇ ਹੁਣ ਹੋਰ ਕੌਣ ਦੇਖੂ ਮੈਨੂੰ ? ਕੀ ਇਹ ਮੈਂ ਹੁਣੇ ਨਾ ਦੱਸ ਦਿਆਂ ਮਾਂ ਨੂੰ ? ਇਕ ਦਿਨ ਤਾਂ ਪਤਾ ਲੱਗੂਗਾ ਈ । ਪਰ ਕੀ ਐ, ਹੁਣੇ ਦੱਸੇ ਤੋਂ ਖੇਡ ਵਿਗੜ ਨਾ ਜਾਵੇ ?’ ਉਹਦੇ ਦਿਮਾਗ ਉੱਤੇ ਬਹੁਤ ਜ਼ੋਰ ਪੈ ਰਿਹਾ ਸੀ। ਉਹਨੇ ਫੈਸਲਾ ਕੀਤਾ, ਉਹ ਹਾਲਾਤ ਨਾਲ ਜੂਝੇਗੀ ਅਤੇ ਆਪਣੀ ਜਿੱਤ ਪ੍ਰਾਪਤ ਕਰੇਗੀ। ਅਜਿਹਾ ਹੋ ਹੀ ਨਹੀਂ ਸਕਦਾ ਕਿ ਕੋਈ ਤਾਕਤ ਉਹਨੂੰ ਉਹਦੇ ਰਾਹ ਤੋਂ ਮੋੜ ਦੇਵੇ। ‘ਪਰ ਉਹ ਕੱਲ੍ਹ ਦਾ ਕੀ ਕਰੇ ?’ ਉਹਦੇ ਦਿਮਾਗ ਵਿਚ ਇਹ ਸਵਾਲ ਚੰਗਿਆੜੇ ਵਾਂਗ ਮੱਚਿਆ, ਦੂਜੇ ਪਲ ਹੀ ਉਹਦਾ ਵਿਵੇਕ ਬੋਲ ਉਠਿਆ, ‘ਕੋਈ ਮੈਨੂੰ ਦੇਖਣ ਔਂਦੈ, ਔਂਦਾ ਫਿਰੇ। ਮੈਨੂੰ ਕੀ ਪਰਵਾਹ ਐ ਕਿਸੇ ਦੀ। ਮੈਨੂੰ ਕੋਈ ਮੱਲੋ-ਮੱਲੀ ਥੋੜ੍ਹਾ ਉਹਦੇ ਨਾਲ ਨਰੜ ਕੇ ਘਰੋਂ ਕੱਢ ਦੂ ਗਾ ?’
ਉਹਨੇ ਨਹੀਂ ਪੁੱਛਿਆ, ‘ਕੌਣ ਆ ਰਿਹੈ, ਕਿੱਥੋਂ ਆ ਰਿਹੈ।’
ਮਾਂ ਆਪ ਹੀ ਦੱਸਣ ਲੱਗੀ, ‘ਮਹਿਮਾ ਸਰਕਾਰੀ ਤੋਂ ਐਂ। ਚੌਦਾਂ ਪੜ੍ਹਿਆ ਵਿਐ। ਨੌਕਰੀ ’ਤੇ ਐ। ਦੇਖਣ-ਪਾਖਣ ਨੂੰ ਸੋਹਣਾ ਬਹੁਤ ਐ। ਦਸ ਕਿੱਲੇ ਹਿੱਸੇ ਦੀ ਜ਼ਮੀਨ ਐ। ਪੰਜ ਭਰਾ ਨੇ। ਬਹੁਤ ਵੱਡਾ ਲਾਣਾ ਐ।’
ਤੇ ਫੇਰ ਬਾਹਰੋਂ ਹਰਿੰਦਰ ਵੀ ਆ ਗਿਆ। ਭੈਣ ਨਾਲ ਲਾਡ ਕਰਨ ਲੱਗਿਆ। ਪੁਸ਼ਪਿੰਦਰ ਨੂੰ ਉਹਦਾ ਬਹੁਤਾ ਹੀ ਮੋਹ ਆ ਰਿਹਾ ਸੀ। ਉਹ ਸੋਚਦੀ, ਘਰ ਵਿਚ ਇਹੀ ਇਕ ਮੁੰਡਾ ਹੈ ਜਿਹੜਾ ਉਹਨੂੰ ਢਿੱਡੋਂ ਪਿਆਰ ਕਰਦਾ ਹੈ। ਉਹਦਾ ਬਾਪ, ਉਹਦੀ ਮਾਂ ਤਾਂ ਜਿਵੇਂ ਪਿਛਲੇ ਜਨਮ ਦਾ ਕੋਈ ਵੈਰ ਕੱਢਣਾ ਚਾਹੁੰਦੇ ਹੋਣ। ਉਹ ਖਿਝਦੀ, ਉਹਨਾਂ ਨੂੰ ਕੀ ਪਈ ਹੈ ਹਾਲੇ ਹੀ ਉਹਦਾ ਵਿਆਹ ਕਰਨ ਦੀ ? ਵਿਆਹ ਤਾਂ ਹੋ ਹੀ ਜਾਣਾ ਹੁੰਦਾ ਹੈ, ਉਹਦੇ ਅੰਦਰੋਂ ਇਕ ਘ੍ਰਿਣਾ ਜਿਹੀ ਉਠਦੀ। ਉਹਨੂੰ ਤਾਂ ਇਕ ਬੋਝ ਸਮਝਿਆ ਜਾ ਰਿਹਾ ਹੈ। ਮਾਪੇ ਇਸ ਬੋਝ ਨੂੰ ਦੂਰ ਹਟਾਉਣ ਲਈ ਕੁੜੀ ਦੇ ਜਨਮ ਵਾਲੇ ਦਿਨ ਤੋਂ ਹੀ ਬਾਨ੍ਹਣੂ ਬੰਨ੍ਹਣ ਲੱਗ ਪੈਂਦੇ ਹਨ। ਤੇ ਫੇਰ ਇਕ ਦਿਨ ਉਹ ਆਉਂਦਾ ਹੈ ਜਦੋਂ ਇਹ ਬੋਝ, ਇਹ ਕੂੜਾ ਬਾਬਲ ਦੇ ਵਿਹੜੇ ਵਿਚੋਂ ਸਦਾ ਸਦਾ ਲਈ ਹੂੰਝ ਦਿੱਤਾ ਜਾਂਦਾ ਹੈ । ਪੁਸ਼ਪਿੰਦਰ ਸੋਚਦੀ, ਉਹ ਕੂੜਾ ਨਹੀਂ, ਇਕ ਮਹਿਕ ਬਣ ਕੇ ਘਰੋਂ ਨਿੱਕਲੇਗੀ। ਮਹਿਕ, ਜੀਹਦੀ ਖਬਰ ਬਹੁਤ ਦੂਰ ਤੱਕ ਜਾਏਗੀ।
ਹਰਦਿੱਤ ਸਿੰਘ ਰਾਮਪੁਰੇ ਤੋਂ ਆਇਆ। ਉਹਦੇ ਝੋਲਿਆਂ ਵਿਚ ਖਾਸਾ ਹੀ ਖਾਣ-ਪੀਣ ਦਾ ਨਿੱਕ-ਸੁੱਕ ਭਰਿਆ ਹੋਇਆ ਸੀ। ਪੁਸ਼ਪਿੰਦਰ ਨੂੰ ਦੇਖ ਕੇ ਜਿਵੇਂ ਉਹਦੀ ਰੂਹ ਹਰੀ ਹੋ ਗਈ ਹੋਵੇ। ਦੋਵੇਂ ਹੱਥਾਂ ਨਾਲ ਧੀ ਦਾ ਸਿਰ ਪਲੋਸਿਆ ਅਤੇ ਸੁੱਖ-ਸਾਂਦ ਪੁੱਛੀ। ਤੇ ਫੇਰ ਪਰ੍ਹੇ ਜਾਂਦਾ ਨਾਟਕੀ ਜਿਹੇ ਅੰਦਾਜ਼ ਵਿਚ ਬੋਲ ਕੱਢ ਕੇ ਪੁੱਛਣ ਲੱਗਿਆ, ‘ਪਿੰਦਰਿਆ, ਕਿਹੜੀ ਬੱਸ ਆਇਐਂ ਓਏ ਫੇਰ ?’
‘ਇਹਨੂੰ ਆਈ ਨੂੰ ਤਾਂ ਘੰਟੇ ਤੋਂ ਉੱਤੇ ਹੋ ਗਿਆ ਹੋਣੈ।’ ਦਿਆਲੋ ਹੀ ਬੋਲੀ।
ਕੁਰਸੀ ਤੋਂ ਉੱਠ ਕੇ ਹੁਣ ਪੁਸ਼ਪਿੰਦਰ ਪੀੜ੍ਹੀ ਉੱਤੇ ਬੈਠੀ ਹੋਈ ਸੀ। ਗੋਡੇ ਇਕੱਠੇ ਕਰਕੇ ਲੱਤਾਂ ਉੱਤੋਂ ਦੀ ਬਾਹਾਂ ਵਲੀਆਂ ਹੋਈਆਂ। ਬਿੰਦੇ-ਝੱਟੇ ਕਦੇ ਓਸ ਗੋਡੇ ਅਤੇ ਕਦੇ ਓਸ ਗੋਡੇ ਉੱਤੇ ਠੋਡੀ ਨੂੰ ਟਿਕਾਉਂਦੀ। ਕਦੇ ਅੱਖਾਂ ਮੀਚਦੀ, ਕਦੇ ਖੋਲ੍ਹਦੀ ਅਤੇ ਪਲਕਾਂ ਝਮਕਾਉਂਦੀ।
ਅਗਲੇ ਦਿਨ ਬਾਰਾਂ-ਇਕ ਵਜੇ ਮਹਿਮਾ ਸਰਕਾਰੀ ਵਾਲਾ ਮੁੰਡਾ ਮੋਟਰ-ਸਾਈਕਲ ਲੈ ਕੇ ਆ ਗਿਆ । ਉਹਦੇ ਨਾਲ ਉਹਦਾ ਇਕ ਦੋਸਤ ਵੀ ਸੀ । ਬੈਠਕ ਪਹਿਲਾਂ ਹੀ ਸਜੀ ਹੋਈ ਸੀ। ਹਰ ਚੀਜ਼ ਸਲੀਕੇ ਨਾਲ ਆਪਣੇ ਥਾਂ ਰੱਖੀ ਹੋਈ । ਇਹ ਸਾਰਾ ਕੰਮ ਹਰਿੰਦਰ ਨੇ ਆਪ ਕੀਤਾ ਸੀ।
ਹਰਦਿੱਤ ਸਿੰਘ ਪਹਿਲਾਂ ਹੀ ਆਖ ਆਇਆ ਸੀ ਕਿ ਉਹ ਹੋਰ ਕੁੱਲ ਚੀਜ਼-ਵਸਤ ਤੋਂ ਇਲਾਵਾ ਦਾਜ ਵਿਚ ਰਾਜਦੂਤ ਮੋਟਰ-ਸਾਈਕਲ, ਫਰਿੱਜ ਅਤੇ ਟੈਲੀਵਿਯਨ ਦੇਵੇਗਾ। ਚੌਦਾਂ ਤੋਲੇ ਸੋਨਾ ਪਾਵੇਗਾ। ਵਿਆਹ ਮੁੰਡੇ ਦੀ ਮਰਜ਼ੀ ਅਨੁਸਾਰ ਕੀਤਾ ਜਾਵੇਗਾ। ਬੈਰੇ ਆਉਣਗੇ। ਮੀਟ-ਸ਼ਰਾਬ ਜੋ ਮਰਜ਼ੀ। ਬਾਰਾਤ ਦੀ ਕੋਈ ਰੋਕ-ਟੋਕ ਨਹੀਂ, ਜਿੰਨੇ ਬੰਦੇ ਰੂਹ ਕਰੇ, ਲੈ ਕੇ ਆਓ, ਪੰਜਾਹ, ਅੱਸੀ, ਸੌ, ਡੇਢ ਸੌ । ਮੁੰਡਾ ਅਕਲੋਂ-ਸ਼ਕਲੋਂ ਹਰਦਿੱਤ ਸਿੰਘ ਨੂੰ ਪੂਰਾ ਪਸੰਦ ਸੀ। ਦਿਆਲੋ ਦਾ ਪੱਬ ਵੀ ਧਰਤੀ ਉੱਤੇ ਨਹੀਂ ਲਗਦਾ ਸੀ। ਚੜ੍ਹੇ ਸਾਹ ਨਾਲ ਉਹ ਕਦੇ ਐਧਰ ਜਾਂਦੀ, ਕਦੇ ਔਧਰ ਜਾਂਦੀ। ਮੁੰਡਾ ਤਾਂ ਨਿਰਾ ਹੀ ਚੰਦ-ਸੂਰਜ ਦੀਆਂ ਕਿਰਨਾਂ ਸੀ। ਪੁਸ਼ਪਿੰਦਰ ਨੂੰ ਚਾਹ ਦੀ ਟਰੇਅ ਦੇ ਕੇ ਬੈਠਕ । ’ਚ ਭੇਜਿਆ ਗਿਆ। ਉਹਨੇ ਨਵੇਂ ਕਪੜੇ ਪਹਿਨੇ ਹੋਏ ਸਨ। ਵਾਲ ਸੰਵਾਰੇ ਹੋਏ ਅਤੇ ਚੇਹਰੇ ਉੱਤੇ ਪੂਰਾ ਨਿਖਾਰ । ਪਰ ਅੱਖਾਂ ਲੁਕਣ-ਮੀਚੀ ਖੇਡਦੀਆਂ। ਜਗਦੇ-ਬੁਝਦੇ ਦੀਵੇ ਵਾਂਗ, ਫੇਰ ਵੀ ਰੌਸ਼ਨ-ਰੌਸ਼ਨ।
ਉਹ ਨਿਸ਼ੰਗ ਹੋ ਕੇ ਮੁੰਡਿਆਂ ਸਾਹਮਣੇ ਸੋਫੇ ਉੱਤੇ ਜਾ ਬੈਠੀ। ਬਿਨਾਂ ਕਿਸੇ ਝਿਜਕ ਜਾਂ ਸੰਗ-ਸਰਮ ਦੇ ਗੱਲਾਂ ਕੀਤੀਆਂ। ਪਹਿਲਾਂ ਤਾਂ ਉਹਦਾ ਜੀਅ ਕੀਤਾ ਕਿ ਉਹ ਮੁੰਡੇ ਨੂੰ ਕੱਚੇ ਹੀ ਲਾਹ ਦੇਵੇ। ਪਰ ਫੇਰ ਕੁਝ ਸੋਚ ਕੇ ਸਾਧਾਰਨ ਜਿਹੀ ਹੋ ਗਈ ਅਤੇ ਆਮ ਜਿਹੀਆਂ ਗੱਲਾਂ ਕਰਨ ਲੱਗੀ। ਬਸ ਇਕੋ ਵਿਸ਼ਵਾਸ—ਇਹ ਮੈਨੂੰ ਮੱਲੋ-ਮੱਲੀ ਥੋੜ੍ਹਾ ਚੁੱਕ ਕੇ ਲੈ ਜਾਵੇਗਾ ?
ਥੋੜ੍ਹੀ ਦੇਰ ਬਾਅਦ ਪੁਸ਼ਪਿੰਦਰ ਬੈਠਕ ਵਿਚੋਂ ਉੱਠੀ ਅਤੇ ਵਿਹੜਾ ਪਾਰ ਕਰਕੇ ਵਰਾਂਢੇ ਵਿਚ ਆ ਬੈਠੀ । ਬਿਜਲੀ ਦਾ ਪੱਖਾ ਛੱਡ ਲਿਆ। ਜਿਵੇਂ ਹੁਣੇ ਬੀਤੇ ਹਾਦਸੇ ਨੂੰ ਹਵਾ ਦੇ ਖੰਭ ਲਾ ਕੇ ਉਡਾ ਦੇਣਾ ਚਾਹੁੰਦੀ ਹੋਵੇ । ਪੱਖਾ ਪੂਰਾ ਤੇਜ਼ ਕਰ ਦਿਤਾ।
ਦਿਆਲੇ ਨੇ ਸਿਰ ਉਤਲੀ ਚੁੰਨੀ ਨਾਲ ਹੱਥ ਪੁੰਝਦੇ ਹੋਇਆਂ ਬੈਠਕ ਵਿਚ ਪ੍ਰਵੇਸ਼ ਕੀਤਾ। ਮੁੰਡਾ ਅਤੇ ਉਹਦਾ ਦੋਸਤ ਚੁੱਪ ਸਨ । ਦਿਆਲ ਨੇ ਉਹਨਾਂ ਦੀ ਚੁੱਪ ਤੋੜੀ ‘ਕਿਉਂ ਕਾਕਾ, ਕੀ ਸਲਾਹ ਹੋਈ ਐ ਫੇਰ ?’
ਮੁੰਡੇ ਦੇ ਦੋਸਤ ਨੇ ਹੀ ਜਵਾਬ ਦਿਤਾ, ‘ਠੀਕ ਐ ਜੀ, ਲੜਕੀ ਪਸੰਦ ਐ। ਬੱਸ ਸਮਝੋ, ਚੁਬਾਰੇ ਦੀ ਇੱਟ ਚੁਬਾਰੇ ਨੂੰ ਈ ਲੱਗੂ ਗੀ । ਤੁਸੀਂ ਬੀਬੀ ਦੀ ਸਲਾਹ ਵੀ ਲੈ ਲੋ।’
‘ਸਾਡੀ ਸਲਾਹ ਬੀਬੀ ਦੀ ਸਲਾਹ ਈ ਐ, ਕਾਕਾ । ਅਸੀਂ ਤਾਂ ਬਾਗੋ-ਬਾਗ ਆਂ। ਹਰਦਿੱਤ ਸਿੰਘ ਨੇ ਹੁੱਬ ਕੇ ਆਖਿਆ। ਉਹ ਦਿਆਲ ਦੇ ਮਗਰ ਹੀ ਬੈਠਕ ਵਿਚ ਆ ਗਿਆ ਸੀ। ਤੇ ਫੇਰ ਉਹਨੇ ਧਰਤੀ ਨਸ਼ਕਾਰੀ, ‘ਵਾਹਿਗੁਰੂ ਦਾ ਸ਼ੁਕਰ ਐ, ਭਾਈ। ਹੇ ਸੱਚੇ ਪਾਤਸ਼ਾਹ…’
‘ਚੰਗਾ ਜੀ, ਅਸੀਂ ਚਲਦੇ ਆਂ ਫੇਰ । ਤੁਸੀਂ ਆ ਜਿਓ, ਜਦੋਂ ਥੋਡਾ ਲੋਟ ਲੱਗੇ।’ ਸਾਵੇਂ ਮੁੰਡੇ ਗੁਰਜੰਟ ਨੇ ਆਖਿਆ ਅਤੇ ਉਹ ਖੜ੍ਹੇ ਹੋ ਗਏ। ਕੁਝ ਦੇਰ ਬਾਅਦ ਮੋਟਰ-ਸਾਈਕਲ ਖੜਕਾਟ ਪਾਉਂਦਾ ਪਿੰਡੋਂ ਬਾਹਰ ਜਾ ਰਿਹਾ ਸੀ ।
ਹਰਿੰਦਰ ਭੱਜਿਆ-ਭੱਜਿਆ ਵਰਾਂਢੇ ਵਿਚੋਂ ਪੁਸ਼ਪਿੰਦਰ ਕੋਲ ਆਇਆ ਅਤੇ ਇਕ ਜ਼ੋਰ ਦਾ ਮੁੱਕਾ ਉਹਦੀ ਪਿੱਠ ਉੱਤੇ ਟਿਕਾ ਦਿਤਾ। ਕਹਿੰਦਾ, ‘ਹਈ ਸ਼ਾਬਾ, ਬੀਬੀ ਹੋਈ ਐ ਪਰਾਈ।’
ਪੁਸ਼ਪਿੰਦਰ ਨਾ ਹੂੰ, ਨਾ ਹਾਂ। ਲੱਤਾਂ ਫੈਲਾ ਕੇ ਕੁਰਸੀ ਉੱਤੇ ਬੈਠੀ ਛੱਤਣ ਵਲ ਝਾਕਣ ਲੱਗੀ। ਉਹਨੂੰ ਕੀ ਚਾਅ ਸੀ। ਉਹਦੇ ਲਈ ਤਾਂ ਜਿਵੇਂ ਕੁਝ ਵਾਪਰਿਆ ਹੀ ਨਹੀਂ ਸੀ। ਜਾਂ ਜਿਵੇਂ ਬਹੁਤ ਮਾੜਾ ਵਾਪਰ ਗਿਆ ਹੋਵੇ । ਉਹਦੀ ਨਿਗਾਹ ਦੂਰ, ਕਿਤੇ ਪਿੰਡੋਂ ਬਹੁਤ ਦੂਰ ਭਟਕ ਰਹੀ ਸੀ। ਇਕ ਅਕਸ ਜਿਹਾ ਉਹਦੇ ਨੈਣਾਂ ਵਿਚ ਆ ਬੈਠਾ। ਉਹਦੇ ਮੱਥੇ ਦਾ ਨਸੀਬ ਇਕ ਤ੍ਰਿਸ਼ੂਲ ਵਾਂਗ ਪ੍ਰਸ਼ਨ-ਚਿੰਨ੍ਹ ਬਣ ਗਿਆ ਸੀ। ਵਾਰ-ਵਾਰ ਉਹਦੇ ਮੱਥੇ ਦੀਆਂ ਨਾੜਾਂ ਚਸਕਦੀਆਂ, ‘ਹੁਣ ਕੀ ਕੀਤਾ ਜਾਵੇ ?’
22
ਗਈ ਰਾਤ ਤੱਕ ਉਹ ਪੁਸ਼ਪਿੰਦਰ ਨੂੰ ਮਨਾਉਂਦੇ ਰਹੇ। ਘਰ ਵਿਚ ਪੂਰਾ ਤਣਾਓ ਸੀ। ਪੁਸ਼ਪਿੰਦਰ ਕਹਿ ਰਹੀ ਸੀ ਕਿ ਉਹ ਆਪਣੀ ਐੱਮੇ ਤਾਂ ਪੂਰੀ ‘ ਕਰ ਲਵੇ । ਹਾਲੇ ਹੀ ਵਿਆਹ ਨੂੰ ਐ। ਮੁੰਡੇ ਤਾਂ ਫੇਰ ਵੀ ਬਥੇਰੇ ਮਿਲ ਜਾਣਗੇ। ਹਰਦਿੱਤ ਸਿੰਘ ਅਤੇ ਦਿਆਲ ਜ਼ੋਰ ਦੇ ਰਹੇ ਸਨ ਕਿ ਅਜਿਹਾ ਸਲੱਗ ਮੁੰਡਾ ਮੁੜ ਕੇ ਨਹੀਂ ਮਿਲਣਾ। ਘਰ-ਖਾਨਦਾਨ ਸਿਰੇ ਦਾ ਹੈ। ਐੱਮੇ ਕਰਕੇ ਕਿਹੜਾ ਉਹਨੇ ਕੋਈ ਨੌਕਰੀ ਕਰਨੀ ਹੈ । ਫੇਰ ਅਜਿਹਾ ਘਰ ਮਿਲੇ ਨਾ ਮਿਲੇ । ਉਹ ਪੜ੍ਹਾਈ ਨੂੰ ਵਿਚੇ ਛੱਡ ਕੇ ਪਿੰਡ ਆ ਜਾਵੇ ਤਾਂ ਜੋ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾਣ।
ਪੁਸ਼ਪਿੰਦਰ ਦਾ ਸਿਰ ਪਾਟ ਰਿਹਾ ਸੀ। ਪਿੰਡੇ ਨੂੰ ਕਣਸ ਵੀ ਹੋ ਗਈ ਸੀ। ਉਹਦਾ ਦਿਲ ਕਰਦਾ, ਉਹ ਚਾਂਗਾਂ ਮਾਰ ਕੇ ਇਸ ਘਰੋਂ ਬਾਹਰ ਨਿੱਕਲ ਜਾਵੇ । ਤੇ ਫੇਰ ਉਹਨੇ ਇਕ ਹੋਰ ਹਥਿਆਰ ਵਰਤਿਆ ਕਿ ਉਹ ਐਫ਼ ਸੀ ਆਈ ਵਰਗੇ ਭਰਿਸ਼ਟ ਮਹਿਕਮੇ ਵਿਚ ਕੰਮ ਕਰਦੇ ਮੁੰਡੇ ਨਾਲ ਵਿਆਹ ਨਹੀਂ ਕਰਵਾਏਗੀ। ਉਹ ਕਹਿੰਦੀ, ‘ਇਹ ਤਾਂ ਕਦੇ ਵੀ ਫੜਿਆ ਜਾ ਸਕਦੈ ਅਤੇ ਡਿਸਮਿਸ ਹੋ ਜੂ ਗਾ। ਤੇ ਨਾਲੇ ਜਿਸ ਘਰ ‘ਚ ਭਰਿਸ਼ਟਾਚਾਰ ਦਾ ਪੈਸਾ ਔਂਦਾ ਹੋਵੇ, ਓਥੇ ਮੈਂ ਤਾਂ ਨ੍ਹੀਂ ਰਹਿ ਸਕਦੀ। ਹੱਕ ਦੀ ਕਮਾਈ ਹੋਵੇ, ਚਾਹੇ ਥੋੜ੍ਹੀ ਹੋਵੇ।
ਹਰਦਿੱਤ ਸਿੰਘ ਖਿੜਖੜਾ ਕੇ ਹੱਸ ਪਿਆ। ਕਹਿੰਦਾ, ‘ਲਓ, ਸੁਣ ਲੋ ਬਈ, ਬੀਬੀ ਰਾਣੀ ਦੀ ਗੱਲ। ਹੈ ਨਾ ਜਮਾਂ ਕਮਲੀ ਕੁੜੀ। ਅੱਜ ਦੇ ਜੁੱਗ ‘ਚ ਹੱਕ ਦੀ ਕਮਾਈ ਕੌਣ ਗਿਣਦੈ। ਹੱਕ ਦੀ ਹੋਵੇ, ਚਾਹੇ ਬੇਹੱਕ ਦੀ। ਸਹੁਰੀਏ, ਪੈਸਾ ਬਣਨਾ ਚਾਹੀਂਦੈ, ਕਿਤੋਂ ਬਣੇ । ਮੈਨੂੰ ਤੂੰ ਇਹ ਦੱਸ, ਬਈ ਕਿਹੜਾ ਮਹਿਕਮਾ ਐ, ਜਿੱਥੇ ਰਿਸ਼ਵਤ ਨ੍ਹੀਂ? ਜਿੱਥੇ ਬੇਈਮਾਨੀ ਨ੍ਹੀਂ ?’ ਤੇ ਉਹ ਫੇਰ ਹੱਸਿਆ, ‘ਕਰ ‘ਤੀ ਬਈ ਗੱਲ, ਧੀ ਮੇਰੀ ਨੇ।
‘ਚਾਹੇ ਕੁਸ ਕਹੀਂ ਜਾਓ, ਮੈਂ ਅਜੇ ਬੱਸ ਵਿਆਹ ਨ੍ਹੀਂ ਕਰੌਣਾ। ਏਸ ਮੁੰਡੇ ਨਾਲ ਤਾਂ ਜਮਾਂ ਈ ਮੇਰੀ ਗੱਲ ਨਾ ਤੋਰੋ।’ ਪੁਸ਼ਪਿੰਦਰ ਹੌਸਲਾ ਹਾਰ ਚੁੱਕੀ ਸੀ ਜਾਂ ਹੌਸਲਾ ਦਿਖਾ ਚੁੱਕੀ ਸੀ, ਇਹਦਾ ਪਤਾ ਸ਼ਾਇਦ ਕਿਸੇ ਨੂੰ ਵੀ ਨਹੀਂ ਹੋਵੇਗਾ। ਮਾਂ-ਪਿਓ ਤਾਂ ਇਹੀ ਸਮਝ ਰਹੇ ਸਨ ਕਿ ਕੁੜੀ ਐਵੇਂ ਪੜ੍ਹਾਈ ਮਗਰ ਪਈ ਹੋਈ ਹੈ। ਖਹਿੜਾ ਕਰਾਂਗੇ ਤਾਂ ਆਪੇ ਚੁੱਕ ਲਿਆਵੇਗੀ ਆਪਣਾ ਬੋਰੀਆ-ਬਿਸਤਰਾ ਪਟਿਆਲੇ ਤੋਂ ।
‘ਹੋਰ ਤੈਨੂੰ ਘਰ ਬਿਠਾ ਕੇ ਥੋੜਾ ਰੱਖਣੈ ? ਕਦੋਂ ਦੇ ਕੁੱਤੇ ਵਾਂਗੂੰ ਭੌਂਕੀਂ ਜਾਨੇ ਆਂ। ਇਕ ਤਾਂ ਖਾਨੇ ਵੜੇ।’ ਦਿਆਲੋ ਨੇ ਗੱਲ ਮੁਕਾਈ। ਤੇ ਸਭ ਨੂੰ ਸੌਂ ਜਾਣ ਲਈ ਆਖ ਦਿੱਤਾ।
ਬੁਸਿਆ-ਬੁਸਿਆ ਮੂੰਹ ਲੈ ਕੇ ਪੁਸ਼ਪਿੰਦਰ ਤੜਕੇ ਪਹਿਲੀ ਬੱਸ ਪਟਿਆਲੇ ਨੂੰ ਚਲੀ ਗਈ। ਜਾਂਦੀ ਹੋਈ ਨੇ ਪੈਸਾ ਕੋਈ ਨਹੀਂ ਮੰਗਿਆ । ਉਂਜ ਉਸ ਕੋਲ ਪੈਸੇ ਪਹਿਲਾਂ ਹੀ ਬਥੇਰੇ ਸਨ।
ਪਟਿਆਲੇ ਜਾ ਕੇ ਪੁਸ਼ਪਿੰਦਰ ਨੇ ਨਸੀਬ ਨੂੰ ਚਿੱਠੀ ਲਿਖੀ। ਦੱਸਿਆ ਕਿ ਮਹਿਮਾ ਸਰਕਾਰੀ ਤੋਂ ਉਹਦੇ ਲਈ ਮੁੰਡਾ ਦੇਖ ਲਿਆ ਗਿਆ ਹੈ । ਸਾਰੀ ਗੱਲ ਪੱਕ-ਠੱਕ ਹੋ ਗਈ ਹੈ। ਉਹ ਵੀ ਉਸ ਮੁੰਡੇ ਨੂੰ ਪਸੰਦ ਹੈ ਅਤੇ ਮੁੰਡਾ ਬੇਬੇ-ਬਾਪੂ ਨੂੰ ਪੂਰਾ ਜਚ ਗਿਆ ਹੈ। ਘਰ ਦੇ ਉਹਦੀ ਪੜ੍ਹਾਈ ਵਿਚੇ ਛੁਡਾਉਣ ਲਈ ਜ਼ੋਰ ਪਾ ਰਹੇ ਹਨ। ਜ਼ੋਰ ਕੀ, ਛੁਡਾ ਹੀ ਦੇਣਗੇ । ਤੇ ਅਗਾਂਹ ਪੁਸ਼ਪਿੰਦਰ ਨੇ ਲਿਖਿਆ ਕਿ ਜੇ ਜ਼ਰਾ ਜਿੰਨੀ ਵੀ ਕੋਤਾਹੀ ਹੁਣ ਉਹਨਾਂ ਕੋਲੋਂ ਵਰਤੀ ਗਈ ਤਾ ਫੇਰ ਵੇਲਾ ਹੱਥ ਨਹੀਂ ਆਉਣਾ। ਨਸੀਬ ਛੁੱਟੀ ਲੈ ਕੇ ਫਟਾ-ਫਟ ਪਟਿਆਲੇ ਆ ਜਾਵੇ। ਉਹਨੂੰ ਓਥੋਂ ਲੈ ਜਾਵੇ । ਕਲਕੱਤੇ ਪਹੁੰਚ ਕੇ ਹੀ ਅਗਲਾ ਪ੍ਰੋਗਰਾਮ ਸੋਚਿਆ ਜਾਵੇਗਾ।
ਨਸੀਬ ਨੇ ਚਿੱਠੀ ਪੜ੍ਹੀ ਤਾਂ ਉਹਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹ ਕਈ ਦਿਨਾਂ ਤੋਂ ਪੁਸ਼ਪਿੰਦਰ ਦੀ ਚਿੱਠੀ ਉਡੀਕ ਰਿਹਾ ਸੀ । ਪਿਆਰੀ-ਪਿਆਰੀ ਉਡੀਕ । ਉਹ ਕਿੰਨਾ ਵਧੀਆ ਖ਼ਤ ਲਿਖਦੀ ਹੈ। ਖ਼ਤ ਪੜ੍ਹ ਕੇ ਸੁਆਦ ਹੀ ਤਾਂ ਆ ਜਾਂਦਾ ਹੈ! ਖਤ ਦੀ ਉਡੀਕ ਖ਼ਤ ਨਾਲੋਂ ਵੀ ਚੰਗੀ-ਚੰਗੀ ਲਗਦੀ। ਆਨੰਦ ਦੀ ਇਕ ਗੁੰਮ-ਗੁੰਮ ਅਵਸਥਾ ਵਿਚ ਉਹ ਚੁੱਪ-ਚਾਪ ਫਿਰਦਾ ਰਹਿੰਦਾ। ਬੈਂਕ ਦੇ ਕਾਗਜ਼ ਵੀ ਉਹਨੂੰ ਪੁਸ਼ਪਿੰਦਰ ਦੀਆਂ ਚਿੱਠੀਆਂ ਜਾਪਦੇ। ਜਿਵੇਂ ਕਾਗਜ਼ਾਂ ਵਿਚ ਵੀ ਜਾਨ ਹੋਵੇ। ਫੜ-ਫੜਾਉਂਦੇ ਅਤੇ ਗੱਲਾਂ ਕਰਦੇ। ਉਹਦਾ ਕੋਈ ਸਾਥੀ-ਕਰਮਚਾਰੀ ਉਹਨੂੰ ਬੁਲਾਉਂਦਾ ਤਾਂ ਉਹ ਡੂੰਘਾ-ਡੂੰਘਾ ਬੋਲ ਕਢਦਾ। ਜਿਵੇਂ ਆਵਾਜ਼ ਖੂਹ ਵਿਚੋਂ ਆਉਂਦੀ ਹੋਵੇ। ਆਪਣੀ ਆਵਾਜ਼ ਹੀ ਉਹਨੂੰ ਗੂੰਜਦੀ ਪ੍ਰਤੀਤ ਹੁੰਦੀ। ਕਿਹੋ-ਜਿਹੀ ਆਨੰਦਮਈ ਅਵਸਥਾ ਹੁੰਦੀ ਹੈ ਇਹ, ਕਿਸੇ ਦੇ ਖ਼ਤ ਦੀ ਉਡੀਕ ਦੀ। ਖਤ ਪੜ੍ਹਨ ਉਪ੍ਰੰਤ ਨਸ਼ੇ ਦਾ ਇਕ ਲੋਰ ਜਿਹਾ ਅਤੇ ਇਹ ਅਹਿਸਾਸ ਕਿ ਦੁਨੀਆ ਵਿਚ ਉਹਦਾ ਕੋਈ ਕਿੰਨਾ ਆਪਣਾ ਹੈ।
ਪਰ ਇਹ ਚਿੱਠੀ ਉਹਨੇ ਪੜ੍ਹੀ ਤਾਂ ਜਿਵੇਂ ਉਹਦੇ ਮੱਥੇ ਵਿਚ ਕਿਸੇ ਨੇ ਹਥੌੜੇ ਦੀ ਸੱਟ ਟੱਕ ਕਰਕੇ ਮਾਰੀ ਹੋਵੇ। ਉਹਦਾ ਸਿਰ ਚਕਰਾ ਕੇ ਰਹਿ ਗਿਆ। ਉਹਦਾ ਮਨ ਓਸੇ ਘੜੀ ਕਾਹਲਾ ਪੈ ਗਿਆ। ਉਹ ਕਿਹੜੇ ਵੇਲੇ ਭੱਜਿਆ ਭੱਜਿਆ ਪਟਿਆਲੇ ਜਾਵੇ ਅਤੇ ਆਪਣੀ ਪੁਸ਼ਪਿੰਦਰ ਨੂੰ ਆਪਣੇ ਖੰਭਾਂ ਹੇਠ ਛੁਪਾ ਕੇ ਕਲਕੱਤੇ ਮੁੜ ਆਵੇ।
ਅਜੇ ਤਾਂ ਉਹਦਾ ਪਰੋਬੇਸ਼ਨ ਪੀਰੀਅਡ ਹੀ ਚੱਲ ਰਿਹਾ ਸੀ। ਕੱਚੀ ਨੌਕਰੀ ਸੀ। ਬਹੁਤੇ ਦਿਨਾਂ ਦੀ ਛੁੱਟੀ ਮਿਲਣੀ ਮੁਸ਼ਕਿਲ ਸੀ। ਉਹਨੇ ਸੋਚਆ, ਐਨੇ ਦਿਨ ਕਿਹੜੇ ਲੱਗਣਗੇ । ਪਟਿਆਲੇ ਜਾਣਾ ਹੈ ਅਤੇ ਬੱਸ ਪੁਸ਼ਪਿੰਦਰ ਨੂੰ ਲੈ ਕੇ ਮੁੜ ਆਉਣਾ ਹੈ। ਜਾਣ-ਆਉਣ ਹੀ ਤਾਂ ਹੈ। ਉਹਨੇ ਚਾਰ ਦਿਨਾਂ ਦੀ ਛੁੱਟੀ ਲੈ ਲਈ । ਇਕ ਵਿਚ ਐਤਵਾਰ ਰਲ ਜਾਣਾ ਸੀ । ਇਕ ਛੁੱਟੀ ਹੋਰ ਬੈਂਕ ਵਲੋਂ ਵੀ ਵਿਚ ਪੈਂਦੀ ਸੀ। ਐਨੇ ਦਿਨਾਂ ਵਿਚ ਤਾਂ ਬੰਦਾ ਕੀ ਦਾ ਕੀ ਕਰਕੇ ਮੁੜ ਆਵੇ। ਉਹਨੇ ਓਸੇ ਸ਼ਾਮ ਦੀ ਇਕ ਗੱਡੀ ਫੜ ਲਈ। ਤੀਜੇ ਦਿਨ ਪਟਿਆਲੈ ਪਹੁੰਚ ਗਿਆ। ਯੂਨੀਵਰਸਿਟੀ ਹੀ ਸਿੱਧਾ ਗਿਆ। ਹੋਸਟਲ ਜਾ ਕੇ ਪੁਸ਼ਪਿੰਦਰ ਨੂੰ ਲੱਭਿਆ। ਉਹਦੇ ਕਮਰੇ ਨੂੰ ਤਾਂ ਜਿੰਦਾ ਲੱਗਿਆ ਹੋਇਆ ਸੀ। ਦੂਜੀਆਂ ਕੁੜੀਆਂ ਤੋਂ ਪਤਾ ਲਗਿਆ ਕਿ ਪੁਸ਼ਪਿੰਦਰ ਨੂੰ ਤਾਂ ਉਹਦਾ ਛੋਟਾ ਭਰਾ ਆ ਕੇ ਲੈ ਗਿਆ ਹੈ। ਦੱਸ ਕੇ ਨਹੀਂ ਗਈ, ਪਤਾ ਨਹੀਂ ਕਦੋਂ ਮੁੜੇਗੀ। ਸ਼ਾਇਦ ਦੋ-ਚਾਰ ਦਿਨ ਲਾ ਕੇ ਆਵੇ। ਨਸੀਬ ਦਾ ਹਉਕਾ ਨਿੱਕਲ ਗਿਆ। ਸਾਥੀ-ਕੁੜੀਆਂ ਉਹਦੇ ਮੂੰਹ ਵੱਲ ਝਾਕੀਂ ਜਾ ਰਹੀਆਂ ਸਨ। ਕਿਸੇ ਨੇ ਨਹੀਂ ਪੁੱਛਿਆ ਕਿ ਉਹ ਕੌਣ ਹੈ, ਕਿੱਥੋਂ ਆਇਆ ਹੈ ? ਆਪਣਾ ਜਿਹਾ ਮੂੰਹ ਲੈ ਕੇ ਉਹ ਯੂਨੀਵਰਸਿਟੀ ਕੈਂਪਸ ਵਿਚੋਂ ਬਾਹਰ ਆਇਆ ਅਤੇ ਗੇਟ ਅੱਗੇ ਇਕ ਚਾਹ ਦੀ ਦੁਕਾਨ ਦੇ ਬੈਂਚ ਉੱਤੇ ਬੈਠ ਕੇ ਸ਼ਹਿਰ ਨੂੰ ਜਾਣ ਵਾਲੀ ਕਿਸੇ ਬੱਸ ਦੀ ਉਡੀਕ ਕਰਨ ਲੱਗਿਆ। ਬੱਸਾਂ ਆਉਂਦੀਆਂ ਅਤੇ ਬਗੈਰ ਰੁਕਿਆਂ ਹੀ ਸਿੱਧੀਆਂ ਨਿਕਲ ਜਾਂਦੀਆਂ। ਨਸੀਬ ਸੋਚ ਰਿਹਾ ਸੀ ਕਿ ਉਹਦੇ ਨਸੀਬਾਂ ਵਿਚ ਪੁਸ਼ਪਿੰਦਰ ਕਿੱਥੇ ? ਸਮਾਂ ਉਹਦੀ ਇੰਤਜ਼ਾਰ ਨਹੀਂ ਕਰੇਗਾ।ਏਦਾਂ ਹੀ ਉਹਦੀ ਜ਼ਿੰਦਗੀ ਦੀ ਬੱਸ ਵੀ ਕਿਸੇ ਦਿਨ ਬਗੈਰ ਰੁਕਿਆਂ ਸਿੱਧੀ ਹੀ ਨਿਕਲ ਜਾਵੇਗੀ ਅਤੇ ਉਹ ਫਜ਼ੂਲ ਦੀ ਇੰਤਜ਼ਾਰ ਕਰਦਾ ਰਹਿ ਜਾਵੇਗਾ। ਪਰ ਨਹੀਂ, ਇੰਜ ਨਹੀਂ ਹੋ ਸਕਦਾ। ਉਹਦੇ ਮਨ ਨੇ ਗਵਾਹੀ ਦਿੱਤੀ। ਉਹਦੀ ਪੁਸ਼ਪਿੰਦਰ ਜਦੋਂ ਉਹਦੇ ਨਾਲ ਹੈ ਤਾਂ ਸਮਾਂ ਵੀ ਉਹਦੇ ਨਾਲ ਹੈ; ਜ਼ਮਾਨਾ ਉਹਦੇ ਨਾਲ ਹੈ। ਉਹਦਾ ਵਿਸ਼ਵਾਸ ਉਹਦੇ ਨਾਲ ਹੈ। ਜ਼ਿੰਦਗੀ ਜ਼ਰੂਰ ਹੀ ਉਹਦੇ ਲਈ ਵਫ਼ਾਦਾਰ ਸਾਬਤ ਹੋਵੇਗੀ।ਇਕ ਦ੍ਰਿੜ੍ਹ ਵਿਸ਼ਵਾਸ ਮਨ ਵਿਚ ਲੈ ਕੇ ਜ਼ਿੰਦਗੀ ਦੀ ਸੜਕ ਉੱਤੇ ਉਹਦੇ ਲਈ ਬੇਡਰ, ਨਿਝੱਕ ਅਤੇ ਅਡੋਲ ਤੁਰਦੇ ਰਹਿਣਾ ਲਾਜ਼ਮੀ ਹੈ।
ਇਕ ਬੱਸ ਯੂਨੀਵਰਸਿਟੀ-ਸਟਾਪ ਉੱਤੇ ਰੁਕੀ। ਉਹ ਚੜ੍ਹ ਗਿਆ। ਉਹਨੇ ਘੜੀ ਦੇਖੀ, ਸ਼ਾਇਦ ਉਹਨੂੰ ਬਰਨਾਲੇ ਤੱਕ ਦੀ ਕੋਈ ਸਿੱਧੀ ਬੱਸ ਮਿਲ ਸਕਦੀ ਹੋਵੇ। ਤੇ ਫੇਰ ਉਹ ਕਿਵੇਂ ਧੁਰ ਪਿੰਡ ਪਹੁੰਚ ਸਕੇ। ਅੱਜ-ਅੱਜ ਕੋਠੀ ਪਹੁੰਚ ਜਾਵੇ, ਚਾਹੇ ਕਿੰਨੀ ਵੀ ਰਾਤ ਪੈ ਜਾਵੇ।
ਪਟਿਆਲਾ ਬੱਸ-ਸਟੈਂਡ ਉੱਤੇ ਬੱਸ ਤਿਆਰ ਖੜ੍ਹੀ ਸੀ । ਇਹਨੇ ਸੰਗਰੂਰ ਤੱਕ ਜਾਣਾ ਸੀ।
ਉਹ ਬੈਠ ਗਿਆ । ਸੰਗਰੂਰ ਜਾ ਕੇ ਬਰਨਾਲੇ ਵਾਲੀ ਬੱਸ ਵੀ ਤੁਰਤ ਮਿਲ ਗਈ। ਬਰਨਾਲੇ ਤੋਂ ਸਲਾਬਤਪੁਰੇ ਵਾਸਤੇ ਉਹਨੂੰ ਆਖ਼ਰੀ ਬੱਸ ਮਿਲੀ। ਉਹਨੇ ਸੋਚਿਆ; ਚੱਲ ਸਲਾਬਤਪੁਰੇ ਤਾ ਪਹੁੰਚੀਏ। ਓਥੇ ਜਾ ਕੇ ਸ਼ਾਇਦ ਕੋਈ ਬੱਸ ਮਿਲ ਜਾਵੇ, ਨਹੀਂ ਤਾਂ ਹੋਰ ਕੋਈ ਹੀਲਾ ਬਣ ਜਾਵੇਗਾ। ਸਲਾਬਤਪੁਰੇ ਦੇ ਬੱਸ-ਅੱਡ ‘ਤੇ ਬੈਠਾ ਉਹ ਕਿਸੇ ਟਰੱਕ, ਟਰੈਕਟਰ-ਟਰਾਲੀ ਜਾ ਟੈਂਪੂ ਨੂੰ ਉਡੀਕਣ ਲੱਗਿਆ । ਬੱਸ ਤਾਂ ਕੋਈ ਜਾਣੀ ਨਹੀਂ ਸੀ । ਏਧਰ-ਓਧਰੋਂ ਆਉਣ ਵਾਲੀਆਂ ਸਭ ਆਖਰੀ ਬੱਸਾਂ ਜਾ ਚੁੱਕੀਆਂ ਸਨ। ਫੋਹ ਵੀ ਉਹਨੂੰ ਆਸ ਸੀ ਕਿ ਕੋਈ ਚੀਜ਼ ਤਾਂ ਆਵੇਗੀ ਹੀ, ਜਿਹੜੀ ਉਹਨੂੰ ਭਾਈਰੂਪੇ ਤੱਕ ਪਹੁੰਚਾ ਦੇਵੇ। ਉਹ ਐਨੀ ਵਾਟ ਕੱਟ ਆਇਆ ਹੈ, ਹੁਣ ਤਾਂ ਭਾਈਰੂਪਾ ਆਹ ਖੜ੍ਹਾ ਹੈ । ਇਥੋਂ ਤਾਂ ਚਾਹੇ ਉਹ ਪੈਰੀਂ ਤੁਰ ਕੇ ਭਾਈਰੂਪ ਪਹੁੰਚ ਜਾਵੇ ਅਤੇ ਫੇਰ ਅਗਾਂਹ ਕੋਠੇ ਖੜਕ ਸਿੰਘ। ਅੱਧੀ ਰਾਤ ਤੱਕ ਤਾਂ ਕੋਠੀ ਪਹੁੰਦ ਹੀ ਸਕਦਾ ਹੈ । ਆਹ ਖੜ੍ਹੇ ਨੇ ਕੋਠੇ ਖੜਕ ਸਿੰਘ। ਉਹਦੀਆਂ ਪਾਤਲੀਆਂ ਥੱਲੇ ਕੋਈ ਅੱਗ ਮੱਚ ਉੱਠੀ। ਉਹ ਚਾਹੁੰਦਾ ਸੀ, ਛੇਤੀ ਜਾ ਕੇ ਆਪਣੀ ਪੁਸ਼ਪਿੰਦਰ ਦਾ ਮੂੰਹ ਦੇਖੇ। ਕੀ ਪਤਾ, ਉਹ ਕਿਸ ਹਾਲ ਵਿਚ ਹੋਵੇਗੀ। ਮਕਤਲ ਵਿਚ ਤਾਂ ਪਹੁੰਚ ਹੀ ਚੁੱਕੀ ਹੈ । ਸ਼ਾਇਦ ਹਾਲੇ ਜ਼ਿਬਾਹ ਨਾ ਕੀਤਾ ਗਿਆ ਹੋਵੇ। ਉਹ ਜ਼ਿਬਾਹ ਹੋ ਗਈ ਤਾਂ ਉਹਦਾ ਆਪਣਾ ਵੀ ਕੀ ਰਹਿ ਜਾਵੇਗਾ, ਇਸ ਦੁਨੀਆ ਵਿਚ। ਉਹ ਖ਼ੁਦਬਖ਼ੁਦ ਹੀ ਜ਼ਿਬਾਹ ਹੋ ਜਾਵੇਗਾ । ਨਸੀਬ ਨੇ ਪੱਕੀ ਧਾਰੀ ਹੋਈ ਸੀ ਕਿ ਉਹ ਵਾਹ ਲਗਦੀ, ਪੁਸ਼ਪਿੰਦਰ ਨੂੰ ਮਕਤਲ ਦੀ ਹੋਣੀ ਨਹੀਂ ਭੋਗਣ ਦੇਵੇਗਾ। ਉਹਨਾਂ ਦਾ ਰੱਬ ਵੇਚਿਆ ਤਾਂ ਨਹੀਂ ਹੋਇਆ। ਆਖਰ ਉਹਨਾਂ ਦਾ ਵੀ ਕੋਈ ਵਜੂਦ ਹੈ। ਉਹ ਵੀ ਤਾਂ ਏਸੇ ਸਮਾਜ ਦੇ ਭਾਗੀਦਾਰ ਹਨ। ਇਸ ਸਮਾਜ ਤੋਂ ਕੁਝ ਲੈਣਾ ਚਾਹੁੰਦੇ ਹਨ, ਇਸ ਸਮਾਜ ਨੂੰ ਕੁਝ ਬਣ ਕੇ ਵੀ ਦਿਖਾ ਦੇਣਗੇ। ਉਨ੍ਹਾਂ ਦੀ ਮੁਹੱਬਤ ਸਾਹਮਣੇ ਹਰਦਿੱਤ ਸਿੰਘ ਦੀ ਜ਼ਮੀਨ-ਜਾਇਦਾਦ ਕੀ ਰੋੜਾ ਅਟਕਾ ਸਕਦੀ ਹੈ ? ਜਾਤ-ਬਰਾਦਰੀ ਵੀ ਅੱਜ ਦੇ ਜ਼ਮਾਨੇ ਵਿਚ ਕੀ ਚੀਜ਼ ਹੈ ? ਇਹ ਤਾਂ ਪੁਰਾਣੇ ਸਮਿਆਂ ਦੀਆਂ ਗੱਲਾਂ ਹਨ। ਹੁਣ ਜਾਤ-ਪਾਤ ਨੂੰ ਕੌਣ ਪੁਛਦਾ ਹੈ। ਜ਼ਮਾਨਾ ਕਿੰਨਾ ਅਗਾਹ ਲੰਘ ਆਇਆ ਹੈ। ਆਦਮੀ ਚੰਦ ਉੱਤੇ ਪਹੁੰਚ ਗਿਆ ਹੈ। ਪੁਰਾਣੇ ਭਰਮ ਟੁੱਟਦੇ ਜਾ ਰਹੇ ਹਨ।
ਅਖ਼ੀਰ ਉਹ ਬੇਆਸ ਹੋ ਕੇ ਪੈਰੀਂ ਤੁਰਨ ਦੀਆਂ ਤਿਆਰੀਆਂ ਕਰ ਰਿਹਾ ਸੀ । ਦੁਕਾਨ ਤੋਂ ਇਕ ਕੱਪ ਚਾਹ ਦਾ ਤਿੱਖਾ ਜਿਹਾ ਬਣਵਾ ਕੇ ਪੀ ਲਿਆ। ਘੜੀ ਦੇਖੀ ਅਤੇ ਅੰਦਾਜ਼ਾ ਲਾਇਆ ਕਿ ਉਹ ਤੇਜ਼-ਤੇਜ਼ ਤੁਰੇ ਤਾਂ ਕੋਠੇ ਖੜਕ ਸਿੰਘ ਪਹੁੰਚਣ ਤੱਕ ਤਿੰਨ ਘੰਟਿਆਂ ਤੋਂ ਵੱਧ ਦਾ ਸਮਾਂ ਨਹੀਂ ਲੱਗੇਗਾ। ਇਕ ਟਰੈਕਟਰ-ਟਰਾਲੀ ਰੱਬ ਦੀ ਰਜ਼ਾ ਨਾਲ ਹੀ ਕਿਧਰੋਂ ਆ ਗਈ। ਬਰਨਾਲੇ ਵੱਲੋਂ ਆਈ ਸੀ। ਅੱਡੇ ਉੱਤੇ ਆ ਕੇ ਉਹਨਾਂ ਨੇ ਟਰੈਕਟਰ ਬੰਦ ਕਰ ਲਿਆ। ਟਰੈਕਟਰ ਦਾ ਮੂੰਹ ਭਾਈਰੂਪੇ ਵੱਲ ਸੀ। ਸਾਫ ਸੀ ਕਿ ਉਹਨਾਂ ਨੇ ਓਧਰ ਹੀ ਕਿਧਰੇ ਕਿਸੇ ਪਿੰਡ ਜਾਣਾ ਹੋਵੇਗਾ। ਟਰਾਲੀ ਵਿਚ ਦਸ-ਬਾਰਾਂ ਬੁੜ੍ਹੀਆਂ ਅਤੇ ਚਾਰ-ਪੰਜ ਬੰਦੇ ਸਨ। ਟਰਾਲੀ ਵਿਚੋਂ ਉੱਤਰ ਕੇ ਸਾਰੇ ਹੀ ਪੰਪ ਦਾ ਪਾਣੀ ਪੀਣ ਲੱਗੇ। ਕਿਤੋਂ ਦੂਰੋਂ ਆਏ ਲਗਦੇ ਸਨ। ਕੋਲ ਜਾ ਕੇ ਇਕ ਬੰਦੇ ਤੋਂ ਨਸੀਬ ਨੇ ਪੁੱਛਿਆ ਕਿ ਉਹਨਾਂ ਨੇ ਕਿੱਥੇ ਜਾਣਾ ਹੈ ? ਬੁੜ੍ਹਾ ਕਹਿੰਦਾ, ‘ਮਕਾਣ ਜਾ ਕੇ ਆਏ ਆਂ, ਸ਼ੇਰਾ। ਜਾਣਾ ਤਾਂ ਬੱਸ ਆਹ ਸੇਬਲਬਰਾਹ ਐ। ਹੁਣ ਪਹੁੰਚ ਜਾਨੇ ਆਂ। ਕਿਹੜੇ ਵੇਲਿਆ ਦੇ ਤੁਰੇ ਹੋਏ ਆਂ। ਆਹ ਵੇਲਾ ਹੋ ਗਿਆ, ਦੇਖ ਲੈ।’
‘ਕਿੱਥੇ ਗਏ ਸੀ ਮਕਾਣ ?’ ਗੱਲ ਚਲਾਉਣ ਲਈ ਹੀ ਨਸੀਬ ਨੇ ਪੁੱਛ ਲਿਆ।
‘ਅਲਕੜੀਂ ਗਏ ਸੀ, ਭਾਈ । ਮੁੰਡਾ ਗੁਜ਼ਰ ਗਿਆ, ਐਡਾ ਗੱਭਰੂ ਸੀ, ਛੀ ਫੁੱਟਾ ਜੁਆਨ। ਦੋਹਤਾ ਸੀ ਭਾਈ, ਸਾਡਾ। ਹੱਛਾ! ਓਹ ਜਾਣੇ ।’ ਤੇ ਫੇਰ ਬੁੜ੍ਹੇ ਨੇ ਪੁੱਛਿਆ, ‘ਤੂੰ ਭਾਈ? ਕਿੱਥੇ ਨੇ ਚੋਬਰਾ ਘਰ ਤੇਰੇ ?’
‘ਮੈਂ ਤਾਂ ਬਾਬਾ ਕੋਠੀ ਜਾਣੈ। ਬੱਸਾਂ-ਬੁੱਸਾਂ ਸਭ ਨਿੱਕਲ ਗੀਆਂ। ਕੋਈ ਟਰੱਕ ਵੀ ਨ੍ਹੀਂ ਗਿਆ ਏਧਰ ਨੂੰ ।
‘ਫੇਰ ਕੀ ਐ, ਅਸੀਂ ਕੋਠਿਆਂ ਵਿਚ ਦੀ ਈ ਜਾਮਾਂ ਗੇ। ਬਹਿ ਜਾ ਸਾਡੇ ਨਾਲ।’
ਕੋਠੇ ਖੜਕ ਸਿੰਘ ਜਾ ਕੇ ਉਹਨੇ ਮਾਮੇ ਦਾ ਬਾਰ ਖੜਕਾਇਆ । ਖਾਸਾ ਹਨੇਰਾ ਹੋ ਚੁੱਕਿਆ ਸੀ। ਰੋਟੀ-ਟੁੱਕ ਖਾ ਕੇ ਉਹ ਅਜੇ ਮੰਜਿਆਂ ਉੱਤੇ ਪਏ ਹੀ ਸਨ। ਨਸੀਬ ਆਇਆ ਦੇਖ ਕੇ ਘਰ ਦੀਆਂ ਬਿਜਲੀ-ਬੱਤੀਆਂ ਸਭ ਜਗ ਉੱਠੀਆਂ । ਸਵਾਲ-ਜਵਾਬ ਹੋਣ ਲੱਗੇ। ਚੁੱਪ-ਚਾਪ ਵਾਤਾਵਰਣ ਵਿਚ ਗਹਿਮਾ-ਗਹਿਮੀ ਭਰ ਉੱਠੀ। ਨਵੇਂ ਸਿਰੇ ਚੁੱਲ੍ਹਾ ਬਾਲ ਕੇ ਉਹਦੀ ਮਾਮੀ ਨੇ ਪਹਿਲਾਂ ਤਾਂ ਰੋਟੀ ਪਕਾਈ ਅਤੇ ਫੇਰ ਬਚੀ ਪਈ ਦਾਲ ਤੱਤੀ ਕਰਕੇ ਰੋਟੀ ਥਾਲੀ ਵਿਚ ਪਰੋਸ ਦਿੱਤੀ। ਉਹ ਰੋਟੀ ਖਾ ਰਿਹਾ ਸੀ। ਮਾਮਾ-ਮਾਮੀ ਕੋਲ ਹੋ ਕੇ ਬੈਠ ਗਏ । ਉਹ ਨਿੱਕੀਆਂ-ਨਿੱਕੀਆਂ ਗੱਲਾਂ ਪੁੱਛੀ ਜਾ ਰਹੇ ਸਨ । ਮਾਮੀ ਗੱਲ ਪੁਛਦੀ ਤਾਂ ਉਹ ਬੁਰਕੀ ਅੰਦਰ ਲੰਘਾ ਕੇ ਜਵਾਬ ਦਿੰਦਾ। ਹਥਲੀ ਬੁਰਕੀ ਹੱਥ ਵਿਚ ਫੜੀ ਰਖਦਾ। ਮਾਮਾ ਕੋਈ ਗੱਲ ਪੁੱਛਦਾ, ਤਾਂ ਉਹ ਉਹਦਾ ਵੀ ਜਵਾਬ ਦਿੰਦਾ । ਪਾਣੀ ਦੀ ਘੁੱਟ ਅੰਦਰ ਸੁੱਟਣੀ, ਬੁਰਕੀ ਮੂੰਹ ਵਿਚ ਪਾਉਣੀ ਅਤੇ ਜਿਵੇਂ ਮਾਮੇ-ਮਾਮੀ ਦੀਆਂ ਗੱਲਾਂ ਦਾ ਜਵਾਬ ਦੇਣਾ ਵੀ ਰੋਟੀ ਖਾਣ ਦਾ ਹਿੱਸਾ ਹੀ ਬਣ ਗਿਆ ਹੋਵੇ । ਮਾਮਾ-ਮਾਮੀ ਕਿੰਨੇ ਖੁਸ਼ ਸਨ ਕਿ ਉਹ ਐਡੀ ਦੂਰੋਂ ਚੱਲ ਕੇ ਉਹਨਾਂ ਨੂੰ ਮਿਲਣ ਆਇਆ ਹੈ। ਵੱਡੀ ਖੁਸ਼ੀ ਇਹ ਕਿ ਉਹ ਚੌਦਾਂ ਜਮਾਤਾਂ ਪਾਸ ਕਰਕੇ ਬੈਂਕ ਦੀ ਚੰਗੀ ਨੌਕਰੀ ਉੱਤੇ ਲੱਗ ਗਿਆ ਹੈ ਅਤੇ ਪੈਸੇ ਕਮਾ ਰਿਹਾ ਹੈ। ਅੰਦਰਲੀ ਖੁਸ਼ੀ ਇਕ ਹੋਰ ਵੀ ਕਿ ਉਹਨਾਂ ਦੇ ਆਪਣੇ ਤਾਂ ਕੋਈ ਸੰਤਾਨ ਹੈ ਨਹੀਂ, ਹੁਣ ਉਹ ਨਸੀਬ ਦਾ ਵਿਆਹ ਪੂਰਾ ਜ਼ੋਰ-ਤਾਣ ਲਾ ਕੇ ਕਰਨਗੇ। ਨਸੀਬ ਦੀ ਬਹੂ ਉਹਨਾਂ ਦੀ ਆਪਣੀ ਨੂੰਹ ਹੋਵੇਗੀ।
ਨਸੀਬ ਰੋਟੀ ਤਾਂ ਖਾ ਰਿਹਾ ਸੀ, ਮਾਮੇ-ਮਾਮੀ ਨਾਲ ਗੱਲਾਂ ਤਾਂ ਕਰ ਰਿਹਾ ਸੀ, ਪਰ ਕਿਤੇ ਧੁਰ-ਅੰਦਰ ਉਹਦੇ ਕੰਨ ਪੁਸ਼ਪਿੰਦਰ ਦੀ ਕਿਸੇ ਸੋਅ ਵੱਲ ਲੱਗੇ ਹੋਏ ਸਨ। ਉਹਦੀ ਕੋਈ ਗੱਲ ਹੋਵੇ। ਉਹਦੀ ਗੱਲ ਕੋਈ ਕਰਦਾ ਕਿਉਂ ਨਹੀਂ? ਕੋਈ ਗੱਲ ਤਾਂ ਛਿੜਨੀ ਚਾਹੀਦੀ ਹੈ। ਪਰ ਉਹਦੀ ਤਾਂ ਕੋਈ ਵੀ ਗੱਲ ਨਾ ਹੋਈ।
ਨਸੀਬ ਨੂੰ ਦੋ-ਢਾਈ ਘੰਟੇ ਹੀ ਮਸਾਂ ਨੀਂਦ ਆਈ ਹੋਵੇਗੀ, ਝੱਟ ਅੱਖ ਖੁੱਲ੍ਹ ਗਈ। ਉਹਨੂੰ ਚੈਨ ਕਿੱਥੇ ? ਉਹਨੇ ਆਪਣੀ ਘੜੀ ਉੱਤੇ ਸਮਾਂ ਦੇਖਿਆ। ਸਵੇਰ ਦੇ ਤਿੰਨ ਵੱਜਣ ਵਾਲੇ ਸਨ। ਹਾਲੇ ਤਾਂ ਦਿਨ ਚੜ੍ਹਨ ਵਿਚ ਬਹੁਤ ਸਮਾਂ ਪਿਆ ਸੀ । ਪਾਸਾ ਬਦਲ ਕੇ ਉਹਨੇ ਸੌਣ ਦੀ ਕੋਸ਼ਿਸ਼ ਕੀਤੀ। ਪਰ ਉਹਦੀ ਮੁੜ ਕੇ ਅੱਖ ਨਹੀਂ ਲੱਗੀ। ਜਾਗੋ-ਮੀਟੀ ਹੀ ਪਿਆ ਹੋਇਆ ਸੀ । ਮਨ ਵਿਚ ਅਧ-ਪੱਕੀਆਂ ਵਿਉਂਤਾਂ ਬਣਾਉਣ ਲੱਗਿਆ । ਪੁਸ਼ਪਿੰਦਰ ਨੂੰ ਦਿਨ ਚੜ੍ਹਦੇ ਹੀ ਜਾ ਕੇ ਕਿਵੇਂ ਮਿਲਿਆ ਜਾਵੇ? ਕੀ ਉਹਨੂੰ ਅੱਜ ਮਿਲਣਾ ਐਨਾ ਹੀ ਆਸਾਨ ਹੋਵੇਗਾ? ਜੇ ਮੁਲਾਕਾਤ ਹੋ ਵੀ ਗਈ ਤਾਂ ਅਗਲਾ ਪ੍ਰੋਗਰਾਮ ਕੀ ਹੋਵੇਗਾ, ਦਿਨ ਦਾ ਵੇਲਾ ਹੋਵੇਗਾ, ਕਿਧਰੇ ਭੱਜ-ਨਿੱਕਲਣਾ ਵੀ ਬੜਾ ਔਖਾ ਹੈ । ਖੈਰ ਦੇਖੋ ਓਹੀ ਕੋਈ ਵਿਉਂਤ ਬਣਾਵੇਗੀ, ਸ਼ੇਰ ਦੀ ਬੱਚੀ। ਵਿਉਂਤਾਂ ਬਣਾਉਣ ਵਿਚ ਤਾਂ ਬਥੇਰੀ ਤਕੜੀ ਹੈ। ਇਹਨਾਂ ਹੀ ਮਨੋ-ਕਲਪਿਤ ਗੱਲਾਂ ਵਿਚ ਚਾਰ ਸਾਢੇ ਚਾਰ ਵੱਜ ਗਏ। ਉਹ ਉੱਠ ਖੜ੍ਹਾ। ਮੂੰਹ ਧੋਤਾ। ਕੱਪੜੇ ਪਾ ਲਏ ਅਤੇ ਪੱਗ ਸਿਰ ਉੱਤੇ ਧਰ ਕੇ ਪਾਣੀ ਦੀ ਗੜਵੀ ਭਰ ਲਈ । ਬਾਰ ਖੋਲ੍ਹ ਕੇ ਬਾਹਰ ਨੂੰ ਤੁਰ ਪਿਆ। ਫਿਰਨੀ ਪੈ ਕੇ ਹਰਦਿੱਤ ਸਿੰਘ ਦੇ ਘਰ ਅੱਗੋਂ ਦੀ ਹੀ ਬਾਹਰ ਖੇਤਾਂ ਵਿਚ ਨਿੱਕਲ ਗਿਆ। ਜੰਗਲ-ਪਾਣੀ ਹੋ ਕੇ ਕੱਕੇ ਰੇਤੇ ਨਾਲ ਗੜਵੀ ਮਾਂਜਦਾ ਅਤੇ ਛੋਟੇ-ਛੋਟੇ ਕਦਮ ਰਖਦਾ ਉਹ ਹਰਦਿੱਤ ਸਿੰਘ ਦੇ ਘਰ ਵੱਲ ਆ ਰਿਹਾ ਸੀ। ਉਹਨੂੰ ਪਤਾ ਸੀ ਕਿ ਹਾੜ੍ਹ ਹੋਵੇ, ਸਿਆਲ ਹੋਵੇ, ਪੁਸ਼ਪਿੰਦਰ ਬੈਠਕ ਵਿਚ ਸੌਂਦੀ ਹੈ। ਹਾੜ੍ਹਾਂ ਵਿਚ ਪੱਖਾ ਛੱਡ ਲੈਂਦੀ ਹੈ ਅਤੇ ਸੌਂ ਜਾਂਦੀ ਹੈ। ਬੈਠਕ ਮੂਹਰੇ ਖੜ੍ਹਾ ਉਹ ਸੋਚ ਹੀ ਰਿਹਾ ਸੀ ਕਿ ਫਿਰਨੀ ਦੀ ਪੱਕੀ ਮਿੱਟੀ ਉੱਤੇ ਉਹਦੇ ਹੱਥੋਂ ਗੜਵੀ ਡਿੱਗ ਪਈ। ਟਨ ਕਰਕੇ ਖੜਕਾ ਹੋਇਆ। ਬੈਠਕ ਵਿਚ ਪੁਸ਼ਪਿੰਦਰ ਜਾਗਦੀ ਹੀ ਪਈ ਹੋਵੇਗੀ।ਉਹਨੇ ਝੱਟ ਉੱਠ ਕੇ ਬਾਰੀ ਖੋਲ੍ਹੀ । ਬਾਹਰ ਨਸੀਬ ਖੜ੍ਹਾ ਸੀ । ਉਹਨੂੰ ਲੱਗਿਆ, ਜਿਵੇਂ ਕੋਈ ਭੁਲੇਖਾ ਪਿਆ ਹੋਵੇ। ਬੈਠਕ ਵਿਚ ਉਹ ਇਕੱਲੀ ਹੀ ਸੀ। ਸਵੇਰ ਦੇ ਪੰਜ ਵੱਜ ਚੁੱਕੇ ਸਨ। ਪਹੁ ਕਦੋਂ ਦੀ ਪਾਟ ਚੁੱਕੀ ਸੀ। ਚਾਰ-ਚੁਫੇਰੇ ਸੁਰਮਈ ਚਾਨਣ ਫੈਲਿਆ ਹੋਇਆ ਸੀ। ਬੈਠਕ ਵਿਚੋਂ ਬਾਹਰ ਆ ਕੇ ਉਹਨੇ ਲੋਹੇ ਦਾ ਦਰਵਾਜ਼ਾ ਹੌਲੀ ਦੇ ਕੇ ਖੋਲ੍ਹਿਆ ਅਤੇ ਫਿਰਨੀ ਉਤੇ ਆ ਖੜ੍ਹੀ। ਭੁਲੇਖਾ ਨਹੀਂ, ਇਹ ਤਾ ਸੱਚੀਂ ਉਹਦਾ ਨਸੀਬ ਸੀ। ਜਿਵੇਂ ਕੋਈ ਸੁਫ਼ਨਾ ਸੱਚ ਹੋ ਗਿਆ ਹੋਵੇ।
ਪੁਸ਼ਪਿੰਦਰ ਨੇ ਨਸੀਬ ਦਾ ਹੱਥ ਫੜਿਆ ਅਤੇ ਉਹਨੂੰ ਧੂਹ ਕੇ ਲੋਹੇ ਦਾ ਦਰਵਾਜ਼ਾ ਲੰਘਾਉਂਦੀ ਅੰਦਰ ਬੈਠਕ ਵਿਚ ਲੈ ਗਈ। ਬਿਜਲੀ-ਬੱਤੀ ਨਹੀਂ ਜਗਾਈ। ਘਰ ਵਿਚ ਹਾਲੇ ਕੋਈ ਨਹੀਂ ਜਾਗਿਆ ਸੀ। ਉਹਦੇ ਮਾਂ-ਪਿਓ ਵਰਾਂਢੇ ਵਿਚ ਪਏ ਹੋਏ ਸਨ। ਹਰਿੰਦਰ ਕੋਠੇ ਉੱਤੇ ਸੌਂਦਾ ਹੁੰਦਾ।
ਨਸੀਬ ਨੇ ਉਹਨੂੰ ਫਟਾ-ਫਟ ਦੱਸਿਆ ਕਿ ਉਹ ਕੱਲ੍ਹ ਹੀ ਕਲਕੱਤੇ ਤੋਂ ਪਟਿਆਲੇ ਆਇਆ ਸੀ। ਓਥੇ ਯੂਨੀਵਰਸਿਟੀ-ਹੋਸਟਲ ਵਿਚ ਉਹਦਾ ਪਤਾ ਲੈ ਕੇ ਏਧਰ ਨੂੰ ਚੱਲ ਪਿਆ। ਰਾਤ ਬਹੁਤ ਹਨੇਰੇ ਪਿੰਡ ਵੜਿਆ। ਪੁਸ਼ਪਿੰਦਰ ਆਖਣ ਲੱਗੀ, ‘ਇਹ ਤੂੰ ਚੰਗਾ ਕੀਤਾ, ਆ ਗਿਆ । ਮੇਰੀ ਚਿੱਠੀ ਮਿਲ गी मी ?’
‘ਹੋਰ, ਚਿੱਠੀ ਮਿਲੀ, ਤਾਂ ਹੀ ਤਾਂ ਆਇਆ।’
‘ਇਹਨਾਂ ਨੇ ਮਹਿਮਾ ਸਰਕਾਰੀ ਵਾਲੇ ਮੁੰਡੇ ਨਾਲ ਗੱਲ ਪੱਕੀ ਕਰ ਲਈ ਐ। ਬਾਪੁ ਜੀ ਵਿਆਹ ਦੀ ਤਰੀਕ ਆਪ ਦੇਣ ਜਾਣਗੇ । ਬੱਸ ਦੋ-ਚਾਰ ਦਿਨਾਂ ਵਿਚ ਈ। ਮੈਂ ਹੁਣ ਪਟਿਆਲੇ ਨ੍ਹੀਂ ਜਾਣਾ । ਹਰਿੰਦਰ ਜਾਊਗਾ, ਮੇਰਾ ਸਾਮਾਨ ਚੱਕ ਲਿਆਊ। ਬੱਸ, ਪੜ੍ਹਾਈ ਤਾਂ ਖਤਮ।’
‘ਫੇਰ ਹੁਣ ?’ ਨਸੀਬ ਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀ।
‘ਹਿੰਮਤ ਹੈ ਗੀ ਤੇਰੇ ‘ਚ?’
‘ਕਾਹਦੀ ਹਿੰਮਤ ?’
‘ਮੈਨੂੰ ਲੈ ਕੇ ਜਾਣ ਦੀ। ਲੈ ਚੱਲ ਮੈਨੂੰ, ਅੱਜ ਈ। ਕਲਕੱਤੇ ਲੈ ਚੱਲ।’
‘ਕਿਵੇਂ ਕਰੀਏ ਫੇਰ ?”
‘ਦੇਖ, ਤੂੰ ਰਾਤ ਆਇਐਂ, ਨ੍ਹੇਰੇ ਆਇਐ। ਪਿੰਡ ‘ਚ ਤਾਂ ਤੇਰੇ ਔਣ ਦਾ ਕਿਸੇ ਨੂੰ ਪਤਾ ਨ੍ਹੀਂ। ਤੂੰ ਹੁਣ ਪਹਿਲੀ ਬੱਸ ਲੈ ਕੇ ਰਾਮਪੁਰੇ ਨੂੰ ਉਠ ਜਾ । ਮਾਮੇ-ਮਾਮੀ ਨੂੰ ਕਹਿ ਜਾ, ਤੇਰੇ ਔਣ ਦੀ ਕਿਸੇ ਨੂੰ ਸੂੰਹ ਨਾ ਲੱਗੇ । ਓਥੇ ਜਾ ਕੇ ਪ੍ਰੋ: ਸੱਜਣ ਸਿੰਘ ਦੇ ਘਰ ਬੈਠ। ਮੈਂ ਕੋਈ ਬਹਾਨਾ ਲਾ ਕੇ ਰਾਮਪੁਰੇ ਔਨੀ ਆਂ। ਓਥੋਂ ਫੇਰ ਦੇਖਾਂਗੇ ।’
‘ਤੈਨੂੰ ਰਾਮਪੁਰੇ ਔਣ ਦੇਣਗੇ ਘਰ ਦੇ ?
‘ਕਿਵੇਂ ਤਾਂ ਕਰੂੰਗੀ ਈ। ਪਰ ਦਸ ਵਜੇ ਤੱਕ ਮੈਂ ਪਹੁੰਚੂੰ ਜ਼ਰੂਰ । ਤੂੰ ਓਥੇ ਈ ਬੈਠਾ ਰਹੀਂ। ਬੱਸ ਹੁਣ ਜਾਹ। ਚੁੱਪ ਕਰਕੇ ਤੀਰ ਵਾਂਗੂੰ ਨਿੱਕਲ ਜਾ ਪਿੰਡੋਂ। ਕਿਸੇ ਦੇ ਵੀ ਮੱਥੇ ਨਾ ਲੱਗੀਂ।’
23
ਮਹਿਮਾ ਸਰਕਾਰੀ ਵਾਲੇ ਮੁੰਡੇ ਗੁਰਜੰਟ ਸਿੰਘ ਨਾਲ ਸਾਰੀ ਗੱਲ ਪੱਕ-ਠੱਕ ਕਰਕੇ ਹੀ ਹਰਦਿੱਤ ਸਿੰਘ ਨੇ ਹਰਿੰਦਰ ਨੂੰ ਪਟਿਆਲੇ ਭੇਜਿਆ ਸੀ ਅਤੇ ਉਹ ਪੁਸ਼ਪਿੰਦਰ ਨੂੰ ਲੈ ਆਇਆ ਸੀ। ਪੁਸ਼ਪਿੰਦਰ ਨੂੰ ਲੈ ਕੇ ਆਉਣ ਦਾ ਮਤਲਬ ਇਹੀ ਸੀ ਕਿ ਉਹਦੀ ਹਾਜ਼ਰੀ ਵਿਚ ਵਿਆਹ ਦੀ ਤਾਰੀਖ ਰੱਖੀ ਜਾਵੇ । ਉਹਦੀ ਮਰਜ਼ੀ ਨਾਲ ਸਾਰਾ ‘ਦੇਣ’ ਦਿੱਤਾ ਜਾਵੇ । ਮਾਪਿਆਂ ਨੇ ਹੁਣ ਉਹਦੀ ਐੱਮੇ ਤੋਂ ਕੀ ਲੈਣਾ ਸੀ ? ਮੁੰਡਾ ਵਧੀਆ ਲੱਭ ਪਿਆ ਸੀ।
ਚੰਗਾ ਮੁੰਡਾ ਲੱਭਣ ਲਈ ਹੀ ਲੋਕ ਕੁੜੀਆਂ ਨੂੰ ਪੜ੍ਹਾਉਂਦੇ ਹਨ। ਹੋਰ ਕੁੜੀਆਂ ਦੀ ਕੀ ਕਮਾਈ ਖਾਣੀ ਹੁੰਦੀ ਹੈ, ਮਾਪਿਆਂ ਨੇ। ਅੱਜ ਦੇ ਜੁੱਗ ਵਿਚ ਕੁੜੀਆਂ ਲਈ ਉਹਨਾਂ ਦੀ ਪੜ੍ਹਾਈ ਇਕ ਜ਼ੇਵਰ ਸਮਾਨ ਹੀ ਤਾਂ ਹੈ । ਵਿਆਹ ਲਈ ਇਕ ਜੋਗਤਾ। ਕੁੜੀ ਨੂੰ ਵਿਦਵਾਨ ਬਣਾਉਣ ਲਈ ਮਾਪੇ ਥੋੜ੍ਹਾ ਪੜ੍ਹਾਉਂਦੇ ਹਨ। ਮੁੰਡੇ ਵਾਲੇ ਵੀ ਕੁੜ੍ਹੀ ਦੀ ਪੜ੍ਹਾਈ ਏਸੇ ਕਰਕੇ ਦੇਖਦੇ ਹਨ ਤਾਂ ਜੋ ਉਹ ਵੀ ਕੋਈ ਨੌਕਰੀ ਕਰ ਸਕੇ ਅਤੇ ਮੁੰਡੇ ਦੇ ਬਰਾਬਰ ਦਾ ਕਮਾਵੇ । ਪਰ ਹਿਰਦਿੱਤ ਸਿੰਘ ਨੇ ਜੋ ਇਹ ਮੁੰਡਾ ਲੱਭਿਆ ਸੀ, ਉਹਨੂੰ ਕੁੜੀ ਦੇ ਨੌਕਰੀ ਕਰਵਾਉਣ ਦੀ ਕੋਈ ਚੱਸ ਨਹੀਂ ਸੀ। ਐਫ ਸੀ ਆਈ ਦਾ ਮਹਿਕਮਾ ਸੀ। ਬਥੇਰੀ ਲੁੱਟ ਹੈ। ਔਰਤ ਨੂੰ ਨੌਕਰੀ ਵਿਚ ਪਾਉਣ ਦੀ ਤਾਂ ਲੋੜ ਹੀ ਨਹੀਂ ਰਹਿ ਜਾਂਦੀ।
ਪੁਸ਼ਪਿੰਦਰ ਕੋਠੇ ਖੜਕ ਸਿੰਘ ਆਈ ਤਾਂ ਘਰ ਵਿਚ ਵਿਆਹ ਦੀ ਪੂਰੀ ਤਿਆਰੀ ਸੀ। ਜਿਵੇਂ ਉਹਦੇ ਤੋਂ ਬਗੈਰ ਉਹਨਾਂ ਨੂੰ ਹੋਰ ਕੋਈ ਕੰਮ ਹੀ ਨਾ ਰਹਿ ਗਿਆ ਹੋਵੇ। ਜਿਵੇਂ ਉਹਦਾ ਵਿਆਹ ਕਰਨ ਉੱਤੇ ਉਹ ਪੂਰਾ ਤੁਲੇ ਹੋਏ ਹਨ। ਜਾਂ ਜਿਵੇਂ ਉਹਨਾਂ ਨੇ ਪੱਕੀ ਮਿਥ ਰੱਖੀ ਹੋਵੇ ਕਿ ਉਹਨੂੰ ਕਿਵੇਂ ਵੀ ਘਰੋਂ ਕੱਢ ਦੇਣਾ ਹੈ। ਮਾਂ ਨੇ ਪੂਰਾ ਖੁਸ਼ ਹੋ ਕੇ ਉਹਨੂੰ ਸਾਰੀ ਗੱਲ ਦੱਸੀ ਅਤੇ ਫੇਰ ਕਿਹਾ ਕਿ ਬੈਠ ਕੇ ਭਾਈ ਧੀਏ ਹੁਣ ਸਾਰੀ ਚੀਜ-ਵਸਤ ਦੀਆਂ ਕਾਗਤੀਆਂ ਬਣਾਂ ਲੈ। ਜੋ ਤੇਰੀ ਮਰਜੀ ਕਰੇ, ਲੈ ਜਾ । ਤੇਰੇ ਪਿਓ ਨੇ ਤਾਂ ਓਹੀ ਕੁਸ ਲੈ ਕੇ ਦੇਣੈ, ਜਿਹੜਾ ਤੂੰ ਆਖੇਂਗੀ । ਵਿਆਹ ਦੀ ਤਰੀਕ ਵੀ ਤੂੰ ਹੀ ਦੱਸ, ਕਿਹੜੇ ਮਹੀਨੇ ਦਾ ਠੀਕ ਰਹੂਗਾ। ਮੈਨੂੰ ਲਗਦਾ ਐ, ਮਾਘ-ਫੱਗਣ ਦਾ ਈ ਕੋਈ ਦਿਨ ਰੱਖ ਲੀਏ। ਓਦੋਂ ਕੰਮਾਂ ਦੀ ਵੀ ਐਨੀ ਕੋਈ ਤੱਦੀ ਨ੍ਹੀਂ ਹੁੰਦੀ। ਵਿਹਲੀ ਰੁੱਤ ਹੁੰਦੀ ਐ। ਸਾਰਾ ਵਿਆਹ ਮੌਜ ਨਾਲ ਕਿਉਂਟਿਆ ਜਾਊ। ਮੰਗਣਾ ਇਕ ਦਿਨ ਪਹਿਲਾਂ ਜਾ ਕੇ ਕਰ ਆਵਾਂ ਗੇ। ਹਾਲੇ ਤਾਂ ਇਕ ਰੁਪਈਆ ਦੇ ਕੇ ਮੁੰਡਾ ਰੋਕ ਲੈਨੇ ਆ। ਮੁੰਡਾ ਰੋਕਣ ਵਾਲੇ ਦਿਨ ਈ ਵਿਆਹ ਦੀ ਤਰੀਕ ਦਿੱਤੀ ‘ ਜ ਉਗੀ ! ਤੈਨੂੰ ਤਾਂ ਏਸੇ ਕਰਕੇ ਬੁਲਾਇਐ ਭਾਈ, ਤੂੰ ਪੜ੍ਹੀ-ਲਿਖੀ ਐਂ, ਸਾਰੀ ਗੱਲ ਤੇਰੇ ਸਾਮ੍ਹਣੇ ਹੋਣੀ ਚਾਹੀਦੀ ਐ, ਤੇਰੀ ਮਰਜੀ ਨਾਲ।
ਪੁਸ਼ਪਿੰਦਰ ਨੇ ਪਾਣੀ ਸਿਰ ਉੱਤੇ ਦੀ ਲੰਘਦਾ ਦੇਖਿਆ ਤਾ ਸਿਰੇ ਦੀ ਇਕੋ ਸੁਣਾ ਦਿੱਤੀ, ‘ਮੈਂ ਏਸ ਮੁੰਡੇ ਨਾਲ ਵਿਆਹ ਨ੍ਹੀਂ ਕਰੌਣਾ।’
‘ਹੋਰ ਕਿਹੜੇ ਨਾਲ ਕਰਾਏਂਗੀ? ਇਹ ਵੀ ਦੱਸ ਦੇ ਹੁਣੇ ਭਾਈ?’ ਮਾਂ ਨੇ ਬੁੜ੍ਹਕ ਕੇ ਪੁੱਛਿਆ।
‘ਇਹ ਤਾਂ ਓਦਣ ਈ ਕਹਿ ’ਤਾ ਸੀ, ਬਈ ਮੈਨੂੰ ਇਹ ਮੁੰਡਾ ਪਸੰਦ ਨ੍ਹੀਂ।’
‘ਕਿਉਂ, ਕੀ ਨੁਕਸ ਐ ਇਹਦੇ ‘ਚ ? ਬਣਦਾ-ਤਣਦਾ ਵਧੀਆ ਮੁੰਡਾ ਐ। ਨੌਕਰੀ ‘ਤੇ ਲੱਗਿਆ ਹੋਇਐ। ਪੂਰਾ ਕਮੌਂਦੈ। ਜਮੀਨ ਵੀ ਹੈਗੀ। ਐਡਾ ਲਾਣਾ ਐ। ਏਦੂੰ ਵੱਧ ਕੀ ਹੋ ਸਕਦੈ ? ਤੇਰੇ ਪਿਓ ਦੇ ਪਸੰਦ ਐ।
‘ਤੈਨੂੰ ਇਕ ਵਾਰੀਂ ਕਹਿ ‘ਤਾ, ਮਾਂ ।’
‘ਹੋਰ ਫੇਰ ਦੱਸ, ਕਿਹੜਾ ਪਸੰਦ ਐ ਤੇਰੇ, ਉਹ ਵੀ ਦੱਸ ਦੇ ?’
ਮਾਂ-ਧੀ ਇਕੱਲੀਆਂ ਸਨ । ਤੀਜਾ ਉਹਨਾਂ ਕੋਲ ਕੋਈ ਨਹੀਂ ਸੀ। ਗੱਲ ਕਹਿਣ ਤੋਂ ਪਹਿਲਾਂ ਪੁਸ਼ਪਿੰਦਰ ਨੂੰ ਮੁੜ੍ਹਕਾ ਆ ਗਿਆ। ਨੱਕ ਦੀ ਕੁੰਬਲੀ ਉੱਤੇ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ ਉਭਰ ਆਈਆਂ। ਉਹਦੀ ਦੇਹ ਜਿਵੇਂ ਖਿੰਡ-ਖਿੰਡ ਜਾ ਰਹੀ ਹੋਵੇ । ਪਰ ਉਹਨੇ ਹੌਸਲਾ ਇਕੱਠਾ ਕੀਤਾ। ਉਹਦੇ ਦਿਮਾਗ ਨੇ ਕਿਹਾ, ਇਹਤੋਂ ਬਾਅਦ ਹੋਰ ਕਿਹੜਾ ਮੌਕਾ ਆਵੇਗਾ ਖਰੀ ਗੱਲ ਆਖਣ ਦਾ ? ਹੁਣੇ ਹੀ ਕਹਿ ਦਿੱਤਾ ਜਾਵੇ। ਜਿਵੇਂ ਇਕ ਤੇਜ਼-ਧਾਰ ਛੁਰੀ ਮੱਲਕ ਦੇ ਕੇ ਹੀ ਖੋਭ ਦਿੱਤੀ ਜਾਵੇ। ਉਹ ਬੋਲੀ, ‘ਵਿਆਹ ਤਾਂ ਮੇਰਾ ਨਸੀਬ ਨਾਲ ਹੋਊਗਾ।’
‘ਕਿਹੜਾ ਨਸੀਬ ?’ ਮਾਂ ਦੀ ਜਿਵੇਂ ਹੋਸ਼ ਮਾਰੀ ਗਈ ਹੋਵੇ।
‘ਨਸੀਬ, ਜੰਗੀਰੇ ਦਾ ਭਾਣਜਾ । ਕਲਕੱਤੇ ਐ। ਬੈਂਕ ‘ਚ ਲੱਗਿਆ ਵਿਐ। ਉਹ ਨਸੀਬ।
ਦਿਆਲੋ ਬੈਠੀ ਦੀ ਬੈਠੀ ਰਹਿ ਗਈ। ਜਿਵੇਂ ਉਹਦਾ ਸਿਰ ਕਿਸੇ ਨੇ ਹਥੌੜਿਆ ਨਾਲ ਕੁੱਟ ਦਿੱਤਾ ਹੋਵੇ! ਜਿਵੇਂ ਉਹਦੀ ਜੀਭ ਕਿਸੇ ਨੇ ਕੈਂਚੀ ਨਾਲ ਕੱਟ ਲਈ ਹੋਵੇ। ਸੱਜੇ ਹੱਥ ਦੀ ਬਾਂਹ ਨਾਲ ਉਹਨੇ ਆਪਣਾ ਸਿਰ ਘੁੱਟ ਕੇ ਫੜ ਲਿਆ, ਠੋਡੀ ਤੋਂ ਲੈ ਕੇ ਨੱਕ, ਅੱਖਾਂ, ਮੱਥਾ ਅਤੇ ਖੋਪੜੀ ਦੇ ਮਗਰਲੇ ਸਿਰੇ ਤੱਕ। ਅੱਖਾਂ ਮੀਚ ਲਈਆਂ। ਉਹਨੂੰ ਲੱਗਿਆ, ਧਰਤੀ ਘੁੰਮ ਗਈ ਹੈ। ਆਸਮਾਨ ਪਸਟ ਕੇ ਥੱਲੇ ਡਿੱਗਣ ਵਾਲਾ ਹੈ । ਖਾਸਾ ਚਿਰ ਉਹ ਇੰਜ ਦੀ ਇੰਜ ਬੈਠੀ ਰਹੀ।
ਪੁਸ਼ਪਿੰਦਰ ਨੇ ਵੀ ਮੁੜ ਕੇ ਬੋਲ ਨਹੀਂ ਕੱਢਿਆ। ਜਿਵੇਂ ਇਹੀ ਆਖਰੀ ਗੱਲ ਕਹਿ ਕੇ ਉਹਦੇ ਅੰਦਰੋਂ ਸੱਤਿਆ ਨਿੱਕਲ ਗਈ ਹੋਵੇ। ਉਹ ਵੀ ਸੁੰਨ ਬਣੀ ਬੈਠੀ ਸੀ। ਦਿਆਲੋ ਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਡਿੱਗਣ ਲੱਗੇ । ਬੁੱਲ੍ਹ ਫਰਕ ਰਹੇ ਸਨ। ਹਿੰਮਤ ਕਰਕੇ ਉਹ ਵਰਾਂਢੇ ਵਿਚੋਂ ਉੱਠੀ ਅਤੇ ਵਿਹੜੇ ਵਿਚ ਜਾ ਕੇ ਨੱਕ ਸਿਣਕਿਆ। ਆਪ-ਮੁਹਾਰੇ ਉਹਦੇ ਮੂੰਹੋਂ ‘ਹਾਏ-ਹਾਏ’ ਨਿੱਕਲਣ ਲੱਗੀ।
ਖੇਤ ਵਿਚ ਜੀਰੀ ਨੂੰ ਪਾਣੀ ਲੱਗ ਰਿਹਾ ਸੀ । ਹਰਦਿੱਤ ਸਿੰਘ ਸਵੇਰ ਦਾ ਹੀ ਗਿਆ ਹੋਇਆ ਸੀ। ਸੀਰੀ ਵੀ ਓਥੇ ਸੀ । ਹਰਿੰਦਰ ਪੜ੍ਹਨ ਗਿਆ ਅਜੇ ਮੁੜਿਆ ਨਹੀਂ ਸੀ। ਦੁਪਹਿਰ ਢਲ ਚੁੱਕੀ ਸੀ। ਚੁੱਪ-ਚੁਪੀਤੀ ਤੁਰਦੀ-ਫਿਰਦੀ ਦਿਆਲੋ ਨੇ ਚਾਹ ਬਣਾਈ। ਡੋਲੂ ਭਰਕੇ ਅਤੇ ਪੰਜ-ਸੱਤ ਗਲਾਸ ਲੈ ਕੇ ਉਹਨੇ ਜੁੱਤੀ ਪਾਈ ਅਤੇ ਕਾਹਲੇ ਕਦਮਾਂ ਨਾਲ ਖੇਤ ਨੂੰ ਚੱਲ ਪਈ। ਖੇਤੋਂ ਕੋਈ ਮੁੰਡਾ ਆ ਕੇ ਵੀ ਚਾਹ ਲਿਜਾ ਸਕਦਾ ਸੀ । ਪਰ ਦਿਆਲੇ ਨੇ ਆਪ ਹੀ ਖੇਤ ਜਾਣਾ ਠੀਕ ਸਮਝਿਆ।
ਪੁਸ਼ਪਿੰਦਰ ਵਰਾਂਢੇ ਵਿਚੋਂ ਉੱਠ ਕੇ ਬੈਠਕ ਵਿਚ ਜਾ ਪਈ ਸੀ । ਮਾਂ ਨੇ ਉਹਨੂੰ ਚਾਹ ਲਈ ਨਹੀਂ ਕਿਹਾ ਸੀ। ਉਹਨੂੰ ਚਾਹ ਦੀ ਤਲਬ ਵੀ ਨਹੀਂ ਸੀ।
ਖੇਤ ਜਾ ਕੇ ਪਹਿਲਾਂ ਤਾਂ ਦਿਆਲੋ ਨੇ ਸਭ ਜਣਿਆਂ ਨੂੰ ਚਾਹ ਦਿੱਤੀ, ਫੇਰ ਹਰਦਿੱਤ ਸਿੰਘ ਨੂੰ ਟਾਹਲੀ ਥੱਲੇ ਲੈ ਕੇ ਬੈਠ ਗਈ। ਅੱਖਾਂ ਸੁੱਜੀਆਂ ਹੋਈਆਂ, ਮੂੰਹੋਂ ਬੋਲ ਮਸਾਂ ਨਿੱਕਲਦਾ ਸੀ। ਹਰਦਿੱਤ ਸਿੰਘ ਕਹਿੰਦਾ, ‘ਸਿੱਧੀ ਗੱਲ ਛੇਤੀ ਕਿਉਂ ਨ੍ਹੀਂ ਦਸਦੀ? ਪਖਾਣੇ ਜੇ ਕਿਉਂ ਪਾਈਂ ਜਾਨੀ ਐਂ ?’
‘ਸਿੱਧੀ ਗੱਲ ਤਾਂ ਇਹੀ ਐ ਫੇਰ, ਬਈ ਕੁੜੀ ਦੀਆਂ ਭਮਾਲੀਆਂ ਦੋ-ਚਾਰ ਦਿਨਾਂ ‘ਚ ਈ ਦੇ ਦੇ। ਨਹੀਂ ਤਾਂ ਫੇਰ …’
‘देव वी ?’
‘ਫੇਰ ਗੱਲ ਬਿਗੜ ਜੂ ਨਹੀਂ ਤਾਂ।’
‘ਗੱਲ ਕਿਮੇਂ ਬਿਗੜ ਜੂ, ਮੁੰਡਾ ਤਾਂ ਜਮਾਂ ਮੰਨਿਆ ਹੋਇਐ। ਗੱਲ ਕੌਣ ਬਗਾੜ ਦੂ ਸਾਲਾ ਮੇਰਾ ? ਤੂੰ ਗੱਲਾਂ ਕੀ ਕਰੀਂ ਜਾਨੀ ਐਂ ?’
‘ਗੱਲ ਬਗਾੜੂ ਤੇਰੀ ਛੋਕਰੀ। ਲੈ, ਸੁਣ ਲੈ ਹੁਣ, ਸਿੱਧੀ ਸੁਣ ਲੈ।’
‘ਉਹ ਕਿਮੇਂ ?’ ਹਰਦਿੱਤ ਸਿੰਘ ਢੈਲਾ ਹੋ ਕੇ ਬੈਠ ਗਿਆ। ਜਿਵੇਂ ਕੋਈ ਬਿਜਲੀ ਉਹਦੇ ਸਿਰ ਉੱਤੇ ਡਿੱਗਣ ਵਾਲੀ ਹੋਵੇ ਅਤੇ ਉਹ ਬਚ ਨਾ ਸਕਦਾ ਹੋਵੇ।
‘ਅਖੇ, ਮੈਂ ਤਾਂ ਤੀਹੋ-ਕਾਲ ਜੰਗੀਰੇ ਨਾਈ ਦੇ ਭਾਣਜੇ ਨਸੀਬ ਨਾਲ ਵਿਆਹ ਕਰਵੋਣੈ।’
‘ਜੰਗੀਰੇ ਦਾ ਭਾਣਜਾ ? ਸਾਲਾ ਨਾਈ?’ ਹਰਦਿੱਤ ਸਿੰਘ ਉੱਤੇ ਜਿਵੇਂ ਸੱਚ-ਮੁਚ ਹੀ ਬਿਜਲੀ ਡਿੱਗ ਪਈ ਹੋਵੇ। ਉਹਦਾ ਜੁੱਸਾ ਖੱਖੜੀ-ਖੱਖੜੀ ਹੋ ਕੇ ਰਹਿ ਗਿਆ। ਉਹਨੂੰ ਲੱਗਿਆ ਜਿਵੇਂ ਕਿਸੇ ਨੇ ਧੱਕਾ ਦੇ ਕੇ ਉਹਨੂੰ ਮੂਧੇ ਮੂੰਹ ਡੇਗ ਦਿਤਾ ਹੋਵੇ । ਕੁਝ ਪਲਾਂ ਬਾਅਦ ਉਹਨੂੰ ਸੁਰਤ ਆਈ ਤਾਂ ਉਹ ਬੁੜਬੜਾ ਰਿਹਾ ਸੀ। ਜਿਵੇਂ ਉਹਦੇ ਕੋਲ ਹੋਰ ਕੋਈ ਵੀ ਨਾ ਬੈਠਾ ਹੋਵੈ ਅਤੇ ਉਹ ਆਪਣੇ ਮਨ ਨਾਲ ਹੀ ਗੱਲ ਕਰਦਾ ਹੋਵੇ, ‘ਸਾਲਾ ਲਾਗੀ, ਹੁਣ ਮੇਰੀ ਕੁੜੀ ਨੂੰ । ਨਿੱਕੀ-ਸੁੱਕੀ ਜਾਤ ਦੀ ਹਿੰਮਤ ਕਿਮੇਂ ਪਈ ?’ ਤੇ ਫੇਰ ਉਹਨੇ ਅੱਖਾਂ ਝਮਕ ਕੇ ਕੋਲ ਬੈਠੀ ਦਿਆਲੋ ਨੂੰ ਆਖਿਆ, ‘ਨਾਈ ਦਾ ਕਸੂਰ ਤਾਂ ਨ੍ਹੀਂ, ਇਹ ਤਾਂ ਆਪਣੀ ਕੁੜੀ ਵੱਢਣ ਵਾਲੀ ਐ। ਇਹ ਕੁੜੀ ਜੱਟ ਦਾ ਬੀ ਤਾਂ ਹੈ ਨ੍ਹੀਂ। ਕਿੱਥੋਂ ਫੇਰ ਇਹ ਤੂੰ … ?”
‘ਹਾਂ ਹੁਣ, ਕੁੜੀ ਨੂੰ ਛੱਡ ਦੇ, ਮੈਨੂੰ ਵੱਢ ਸਿੱਟ। ਮੈਂ ਈ ਮਾੜੀ ਆਂ।’ ਉਹ ਡੁਸਕਣ ਲੱਗੀ।
‘ਹੋਰ ਫੇਰ, ਇਹ ਗੱਲ ਸਾਲੀ ਬਣੀ ਕਿਮੇਂ ? ਕੁਸ ਸਮਝ ਨੀਂ ਔਂਦਾ। ਹੁਣ ਕੀਤਾ ਕੀ ਜਾਵੇ ?’ ‘ਕਰਨਾ ਕੀ ਐ।’ ਉਹ ਸੰਭਲ ਕੇ ਬੋਲਣ ਲੱਗੀ, ‘ਲੇਲੇ-ਪੇਪੇ ਹੋ ਕੇ ਕੁੜੀ ਨੂੰ ਉਲਝਾਈਂ ਰਖਦੇ ਆਂ। ਨਾਈ ਤਾਂ ਸੁਣਿਐ, ਕਲਕੱਤੇ ਐ। ਆਪ ਈ ਦਸਦੀ ਐ । ਤੂੰ ਕਲ੍ਹ ਨੂੰ ਈ ਜਾਹ, ਮਹਿਮੇ ਨੂੰ । ਥੋੜ੍ਹੇ ਦਿਨਾਂ ਦਾ ਈ ਵਿਆਹ ਦੇ ਆ। ਭਮਾਲੀਆਂ ਦੇ ਕੇ ਪਰ੍ਹੇ ਜੂੜ ਵਢਦੇ ਆਂ। ਲੱਤ ਤਾਂ ਨ੍ਹੀਂ ਅੜਾ ਲੂ ।’ ਫੇਰ ਕਹਿੰਦੀ, ‘ਹਾਂ, ਕੁੜੀ ਨੂੰ ਕੁਸ ਨਾ ਆਖੀਂ। ਘਰ ਦੀ ਇੱਜਤ ਐ, ਫੇਰ ਵੀ | ਮਿੱਟੀ ਪੱਟੀ ਜਾਊਗੀ।’
‘ਹਾਂ, ਇਹ ਤਾਂ…’ ਹਰਦਿੱਤ ਸਿੰਘ ਮਨ ਵਿਚ ਲੰਮੀ ਸੋਚਣ ਲੱਗਿਆ।
ਸੀਰੀ ਅਤੇ ਹੋਰ ਕਾਮੇ ਜੀਰੀ ਨੂੰ ਪਾਣੀ ਲਾਉਂਦੇ ਰਹੇ । ਹਰਦਿੱਤ ਅਤੇ ਦਿਆਲੋ ਟਾਹਲੀ ਥੱਲਿਓਂ ਉੱਠ ਕੇ ਘਰ ਨੂੰ ਆ ਗਏ। ਰਾਹ ਵਿਚ ਆਉਂਦੇ ਵੀ ਉਹ ਵਿਉਂਤਾਂ ਸੋਚਦੇ ਤੁਰੇ ਆਏ। ਸਾਹਮਣੇ ਕੋਈ ਆਉਂਦਾ ਤਾਂ ਚੁੱਪ ਹੋ ਜਾਂਦੇ । ਇਕੱਲੇ ਹੁੰਦੇ ਤਾਂ ਘੁਸਰ-ਮੁਸਰ ਕਰਦੇ।
ਘਰ ਆ ਕੇ ਦਿਆਲੋ ਤਾਂ ਵਰਾਂਢੇ ਵੱਲ ਨੂੰ ਆ ਗਈ, ਹਰਦਿੱਤ ਸਿੰਘ ਨੇ ਬੈਠਕ ਦਾ ਬਾਰ ਖੋਲ੍ਹਿਆ। ਪੁਸ਼ਪਿੰਦਰ ਮੰਜੇ ਉੱਤੇ ਪਈ ਸੀ। ਕੋਈ ਆਇਆ ਦੇਖ ਕੇ ਉਹ ਝੱਟ ਬੈਠੀ ਹੋ ਗਈ। ਹਰਦਿੱਤ ਸਿੰਘ ਉਹਦੇ ਵੱਲ ਭੁੱਖੇ ਸ਼ੇਰ ਵਾਂਗ ਝਾਕਿਆ। ਉਹਦੀਆਂ ਅੱਖਾਂ ਵਿਚ ਪੂਰੀ ਗਹਿਰ ਸੀ। ਉਹ ਬੋਲਿਆ ਕੁਝ ਨਹੀਂ। ਰਾਹ ਵਿਚ ਪਈ ਕੁਰਸੀ ਉਹਨੇ ਪਟਕ ਕੇ ਪਰ੍ਹਾਂ ਕਰ ਦਿੱਤੀ। ਜਿਵੇਂ ਕੁਰਸੀ ਨੂੰ ਤੋੜ ਦੇਣਾ ਹੋਵੇ। ਬੈਠਕ ਵਿਚ ਖਾਸਾ ਖੜਕਾ ਹੋਇਆ। ਪੁਸ਼ਪਿੰਦਰ ਹਥੇਲੀ ਉੱਤੇ ਠੋਡੀ ਧਰੀਂ ਥਾਂ ਦੀ ਥਾਂ ਮੰਜੇ ਉੱਤੇ ਬੈਠੀ ਹੋਈ ਸੀ । ਪਤਾ ਨਹੀਂ ਕੀ ਸੋਚ ਕੇ ਹਰਦਿੱਤ ਸਿੰਘ ਬੈਠਕ ਵਿਚੋਂ ਬਾਹਰ ਆ ਗਿਆ । ਦਿਆਲੋ ਤੋਂ ਪਾਣੀ ਦਾ ਗਲਾਸ ਮੰਗਿਆ।
ਅਗਲੀ ਸਵੇਰ ਹੀ ਨਸੀਬ ਮੂੰਹ-ਹਨੇਰੇ ਉੱਠ ਕੇ ਪੁਸ਼ਪਿੰਦਰ ਨੂੰ ਮਿਲਣ ਆਇਆ ਸੀ।
ਪੁਸਪਿੰਦਰ ਦੇ ਸੁਝਾਅ ਅਨੁਸਾਰ ਉਹ ਪਹਿਲੀ ਬੱਸ ਹੀ ਰਾਮਪੁਰੇ ਨੂੰ ਚਲਿਆ ਗਿਆ । ਪੁਸ਼ਪਿੰਦਰ ਨੇ ਬੜੇ ਬਹਾਨੇ ਲਾਏ ਪਰ ਹਰਦਿੱਤ ਸਿੰਘ ਅਤੇ ਦਿਆਲੋ ਨੇ ਉਹਦੀ ਕੋਈ ਪੇਸ਼ ਨਹੀਂ ਜਾਣ ਦਿਤੀ। ਗੁਸੇ ਹੋ ਕੇ ਉਹ ਉਹਨੂੰ ਕੁਝ ਨਹੀਂ ਆਖ ਰਹੇ ਸਨ। ਬੱਸ ਗੱਲਾਂ ਦੇ ਹੇਰ-ਫੇਰ ਵਿਚ ਹੀ ਉਹਨੂੰ ਟਾਲੀਂ ਜਾਂਦੇ ਰਹੇ। ਕੋਈ ਵੀ ਪੇਸ਼ ਨਾ ਜਾਂਦੀ ਦੇਖ ਕੇ ਪੁਸ਼ਪਿੰਦਰ ਨੇ ਆਪਣੇ-ਆਪ ਨੂੰ ਬੇਬੱਸ ਕਰ ਲਿਆ। ਉਹ ਚਾਹੁੰਦੀ ਸੀ, ਕੋਈ ਹੈਲੀਕਾਪਟਰ ਵਰਗੀ ਚੀਜ਼ ਆਵੇ ਅਤੇ ਉਹਨੂੰ ਉੱਤੇ ਹੀ ਉੱਤੇ ਚੁੱਪ-ਚਾਪ ਉਡਾ ਕੇ ਰਾਮਪੁਰੇ ਲੈ ਜਾਵੇ।
‘ਆਖਰ ਤੂੰ ਰਾਮਪੁਰੇ ਜਾ ਕੇ ਕਰਨਾ ਕੀ ਐ?’ ਹਰਦਿੱਤ ਸਿੰਘ ਨੇ ਮਾਮੂਲੀ ਜਿਹੀਆ ਅੱਖਾਂ ਦਿਖਾਈਆਂ।
‘ਮੈਨੂੰ ਕੰਮ ਐ, ਨਹੀਂ ਦੱਸਣ ਆਲਾ। ਮੈਂ ਕਿਧਰੇ ਭੱਜ ਤਾਂ ਨ੍ਹੀਂ ਜਾਊਂ।’
‘ਹੈ ਕਮਲੀ, ਐਂ ਤੈਨੂੰ ਕੌਣ ਆਖਦੈ ? ਪਰ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਈ ਜਾਣਾ ਚਾਹੀਂਦੈ ਨਾ ।’ ਹਰਦਿੱਤ ਸਿੰਘ ਫੇਰ ਨਰਮ ਪੈ ਗਿਆ।
ਤੇ ਫੇਰ ਉਹਨੇ ਆਪਣੀ ਬੰਦੂਕ ਚੁੱਕੀ। ਪਾਸੇ ਹੋ ਕੇ ਦਿਆਲੋ ਨੂੰ ਸਮਝਾਇਆ ਕਿ ਉਹ ਕੁੜੀ ਦਾ ਪੂਰਾ ਪਹਿਰਾ ਰੱਖੇ। ਇਹਦਾ ਹੁਣ ਕੋਈ ਵਸਾਹ ਨਹੀਂ। ਇਹਨੂੰ ਦਿਹਲੀਓਂ ਬਾਹਰ ਨਹੀਂ ਜਾਣ ਦੇਣਾ। ਤੇ ਦੱਸਿਆ ਕਿ ਉਹ ਹੁਣੇ ਹੀ ਮਹਿਮੇ ਨੂੰ ਜਾ ਰਿਹਾ ਹੈ ।
ਫਿਰਨੀ ਪੈ ਕੇ ਉਹ ਨੀਵੀਂ ਪਾਈਂ ਹੌਲੀ-ਹੌਲੀ ਤੁਰਿਆ ਜਾ ਰਿਹਾ ਸੀ । ਭਾਈਰੂਪੇ ਦੇ ਰਾਹ ਪਿਆ ਤਾਂ ਅੱਗੋਂ ਉਹਨੂੰ ਜੰਗੀਰਾ ਟੱਕਰ ਪਿਆ। ਜੰਗੀਰੇ ਨੂੰ ਦੇਖ ਕੇ ਤਾਂ ਉਹਦੀਆਂ ਅੱਖਾਂ ਜਿਵੇਂ ਪਾਟਣ ਨੂੰ ਆ ਗਈਆਂ ਹੋਣ। ਜੰਗੀਰੇ ਨੇ ਉਹਨੂੰ ਸਤਿ ਸ੍ਰੀ ਅਕਾਲ ਬੁਲਾਈ। ਹਾਲ-ਚਾਲ ਪੁੱਛਣ ਲੱਗਿਆ। ਹਰਦਿੱਤ ਸਿੰਘ ਵੀ ਧੀਮਾ-ਧੀਮਾ ਬੋਲ ਕੱਢ ਕੇ ਉਹਦੇ ਨਾਲ ਗੱਲੀਂ ਪੈ ਗਿਆ। ਗੱਲਾਂ ਗੱਲਾਂ ਵਿਚ ਹੀ ਉਹਨੇ ਜੰਗੀਰੇ ਤੋਂ ਪੁੱਛਿਆ, ‘ਉਹ ਮੁੰਡਾ ਪਾੜ੍ਹਾ, ਭਾਣਜਾ ਆਪਣਾ, ਕਿੱਥੇ ਹੁੰਦੈ ਹੁਣ ?
‘ਉਹ ਤਾਂ, ਹਰਦਿੱਤ ਸਿਆਂ, ਬਹੁਤ ਚੰਗੇ ਥਾਂ ਐਂ ਹੁਣ ਸੁੱਖ ਨਾਲ। ਬੈਂਕ ਦੀ ਨੌਕਰੀ ‘ਤੇ ਐ। ਉਹ ਤਾਂ ਤੇਰੀ ਕਿਰਪਾ ਹੋ ਗੀ ਸੀ। ਹਰਦਲ ਸੂੰ ਦੇ ਕਹੇ ਤੋਂ ਉਹਦਾ ਕੰਮ ਬਣ ਗਿਆ ਸੀ ।’ ਫੇਰ ਹੱਸ ਕੇ ਕਹਿੰਦਾ, ‘ਦੋ ਹਜ਼ਾਰ ਜਿਹੜਾ ਦਵਾਇਆ, ਉਹ ਤਾਂ ਹੁਣ ਕੋਈ ਜਾਦ ਨ੍ਹੀਂ ਭਾਈ । ਹਜਾਰ ਰੁਪਈਆ ਮ੍ਹੀਨਾ ਤਾਂ ਸਿਰਖੁਦ ਆਪ ਲੈਂਦੇ ਨਸੀਬ ਆਪਣਾ। ਕਲਕੱਤੇ ਐ। ਹੁਣ ਉਹਦੀ ਬਦਲੀ ਦਾ ਕਰੀਏ ਕੁਸ। ਐਧਰ ਆਪਣੇ ਕੰਨੀਂ ਆ ਜੇ ਭਲਾ । ਚੱਲੀਏ ਕਦੇ ਹਰਦਲ ਨੂੰ ਕੋਲ ਈ?’ ਜੰਗੀਰਾ ਖਾਸਾ ਕੁਝ ਆਖ ਗਿਆ।
‘ਉਹ ਤਾਂ ਦੇਖ ਲਾਂ ਗੇ, ਚਲੇ ਚੱਲਾਂ ਗੇ। ਹਰਦਲ ਸੂੰ ਆਪਣੀ ਮੋੜਦਾ ਤਾਂ ਨ੍ਹੀਂ । ਪਰ ਉਹ ਮੁੰਡਾ ਹੁਣ ਆਊ ਕਦੋਂ ?’
‘ਰਾਤ ਈ ਆਇਆ ਸੀ ।’
‘ਰਾਤ ਆਇਆ ਸੀ ? ਫੇਰ ?’
‘ਨ੍ਹੇਰੇ ਜੇ ਹੋਏ ਆਇਆ, ਅਸੀਂ ਤਾਂ ਖਾਈਂ-ਪੀਈਂ ਬੈਠੇ ਸੀ।’
‘ਫੇਰ ਗਿਆ ਹੁਣ ?’
‘ਹਾਂ, ਤੜਕੇ ਈ ਉਠ ਗਿਆ। ਕਹਿੰਦਾ, ਜਾਨਾਂ ਬੱਸ ਮੈਂ ਤਾਂ।’
‘ਕਿੱਥੇ ਨੂੰ ਗਿਐ ?”
‘ਕਲਕੱਤੇ ਪਹੁੰਚੂ, ਹੋਰ ਕਿੱਥੇ। ਗੱਡੀ ਫੜੂ ਕੋਈ, ਮੇਰੀ ਜਾਣ ‘ਚ ।’
‘ਕਿੱਥੋਂ ਫੜੂ ਗੱਡੀ ?’
‘ਇਹ ਤਾਂ ਨ੍ਹੀਂ ਦੱਸ ਕੇ ਗਿਆ, ਕੇਰਾਂ ਵਗ ਗਿਆ ਘਰੋਂ । ਤੜਕੇ ਈ ਤੜਕੇ । ਗੱਡੀ ਰਾਮਪੁਰਿਓਂ ਈ ਫੜੂ। ਜਾਂ ਏਧਰ ਦੀ ਗਿਆ ਹੋਇਆ ਤਾਂ ਬਰਨਾਲਿਓਂ ਫੜੂ।’
ਹਰਦਿੱਤ ਸਿੰਘ ਦੇ ਪੈਰਾਂ ਥੱਲੇ ਜਿਵੇਂ ਅੰਗਿਆਰ ਟਿਕ ਗਏ ਹੋਣ। ਉਹਨੇ ਆਪਣੀਆਂ ਮੁੱਛਾਂ ਨੂੰ ਵਟ ਦਿੱਤਾ। ਖੰਘੂਰ ਮਾਰੀ। ਕਹਿੰਦਾ, ‘ਚੰਗਾ, ਜੰਗੀਰ ਸਿਆਂ ਫੇਰ।’
ਕਾਹਲੇ ਕਦਮ ਪੁਟਦਾ ਹਰਦਿੱਤ ਸਿੰਘ ਛੇਤੀ ਹੀ ਭਾਈਰੂਪੇ ਦੇ ਬੱਸ-ਅੱਡੇ ਉੱਤੇ ਪਹੁੰਚ ਜਾਣਾ ਚਾਹੁੰਦਾ ਸੀ।
ਪ੍ਰੋ: ਸੱਜਣ ਸਿੰਘ ਘਰ ਹੀ ਸੀ। ਨ੍ਹਾ-ਧੋ ਕੇ ਉੱਤੇ ਚੁਬਾਰੇ ਵਿਚ ਕੁੜੀਆਂ ਦੀ ਗਿਆਨੀ-ਕਲਾਸ ਨੂੰ ਪੜ੍ਹਾ ਰਿਹਾ ਸੀ । ਹੁਣੇ ਉਹਨੇ ਕਲਾਸ ਛੱਡਣੀ ਸੀ ਅਤੇ ਫੇਰ ਨਾਸ਼ਤਾ ਕਰਕੇ ਕਾਲਜ ਨੂੰ ਚਲੇ ਜਾਣਾ ਸੀ । ਨਸੀਬ ਜਾ ਕੇ ਉਹਨਾਂ ਦੇ ਡਰਾਇੰਗਰੂਮ ਵਿਚ ਬੈਠ ਗਿਆ । ਬੀਬੀ ਜੀ ਆਪ ਸਕੂਲ ਜਾਂਦੇ-ਜਾਂਦੇ ਨਸੀਬ ਨੂੰ ਚਾਹ ਦਾ ਗਲਾਸ ਦੇ ਗਏ।
ਪ੍ਰੋ: ਸੱਜਣ ਸਿੰਘ ਕੁੜੀਆਂ ਤੋਂ ਫਾਰਗ ਹੋ ਕੇ ਡਰਾਇੰਗ-ਰੂਮ ਵਿਚ ਆਇਆ । ਨਸੀਬ ਨੂੰ ਬੈਠਾ ਦੇਖ ਕੇ ਖਿੜ-ਪੁੜ ਉੱਠਿਆ। ਪੁੱਛਿਆ, ‘ਸੁਣਾ ਬਈ ਨਸੀਬ। ਕੀ ਹਾਲ ਨੇ ਤੇਰੇ? ਕਿੱਥੇ ਹੁੰਨੈ ?
‘ਮੈਂ ਜੀ ਹੁਣ ਬੈਂਕ ‘ਚ ਆਂ। ਕਲਕੱਤੇ ਪੋਸਟਿੰਗ ਐ ਮੇਰੀ । ਚੰਗੇ ਦਿਨ ਨਿਕਲੀ ਜਾਂਦੇ ਐ ਥੋਡੀ ਕਿਰਪਾ ਨਾਲ ।’
‘ਅੱਜ ਐਥੇ ਕਿਵੇਂ ਫੇਰ ?’
‘ਬੱਸ ਜੀ, ਥੋਡੇ ਕੋਲ ਈ ਆਇਆਂ ।’
‘ਮੇਰੇ ਕੋਲ ? ਦੱਸ ?’
‘ਬੱਸ ਜੀ, ਓਹੀ। ਹੁਣ ਸਿਰੇ ‘ਤੇ ਆ ਗੀ ਗੱਲ।’
‘ਕੀ ਭਲਾ ?’ ਪ੍ਰੋਫੈਸਰ ਨੂੰ ਕੋਈ ਗੱਲ ਯਾਦ ਨਹੀਂ ਰਹਿ ਗਈ ਸੀ।
‘ਉਹ ਜੀ, ਕੁੜੀ ਪੜ੍ਹਦੀ ਹੁੰਦੀ ਸੀ ਮੇਰੇ ਨਾਲ, ਪੁਸ਼ਪਿੰਦਰ। ਕੋਠੇ ਖੜਕ ਸਿੰਘ ਤੋਂ।’
ਐ ਗੱਲ ?’ ‘ਹੱਛਾ, ਠੀਕ ਐ। ਹੁਣ ਯਾਦ ਆ ਗਿਆ। ਫੇਰ ਕੀ ਬਣਿਆ ਤੁਹਾਡਾ ? ਕਿੱਥੇ ਪਹੁੰਚੀ
‘ਪੁਸ਼ਪਿੰਦਰ ਪਟਿਆਲੇ ਪੜ੍ਹਦੀ ਸੀ। ਐੱਮੇ ਪੰਜਾਬੀ ‘ਚ ਦਾਖਲਾ ਲਿਆ ਹੋਇਆ ਸੀ। ਓਥੋਂ ਤਾਂ ਹਟਾ ਲਿਆ ਉਹਨੂੰ । ਹੁਣ ਉਹਦਾ ਵਿਆਹ ਕਰ ਰਹੇ ਨੇ । ਮੁੰਡਾ ਦੇਖ ਰੱਖਿਐ ਉਹਨਾਂ ਨੇ।’
‘ਕੁੜੀ ਕੀ ਆਖਦੀ ਐ ?’
‘वली डां…’
‘ਕੁੜੀ ਪੱਕੀ ਐਂ ? ਬਈ ਉਹ…’
‘ਹਾਂ ਜੀ, ਅੱਜ ਐਥੇ ਆਊ, ਆਪਣੇ ਘਰ ਈ । ਮੈਂ ਐਥੇ ਈ ਉਹਨੂੰ ਉਡੀਕਣੈ। ਹੋਰ ਤਾਂ ਕੋਈ ਰਾਹ ਹੈ ਨ੍ਹੀਂ। ਅਸੀਂ ਐਥੋਂ ਈ ਵਗ ਜਾਣੈ।’
‘ਵਗ ਕਿਉਂ ਜਾਣੈ, ਏਸ ਤਰ੍ਹਾਂ। ਕੋਰਟ-ਮੈਰਿਜ ਕਰਵਾ ਲਓ। ਫੇਰ ਜਿੱਥੇ ਮਰਜ਼ੀ ਜਾਓ।’
‘ਹਾਂ ਜੀ, ਏਸੇ ਕਰਕੇ ਤਾਂ ਮੈਂ ਆਇਆਂ ਤੁਹਾਡੇ ਕੋਲ, ਬਈ ਕਿਸੇ ਰਾਹ ਪਾਉਂਗੇ।’
‘ਰਾਹ ਤਾਂ ਬੱਸ ਸਿੱਧਾ ਐ। ਕੋਰਟ ਵਿਚ ਮਜਿਸਟਰੇਟ ਕੋਲ ਚਲਦੇ ਆਂ। ਫੂਲ ਕਹੇਂ ਫੂਲ ਨਹੀਂ ਬਰਨਾਲੇ ਚਲਦੇ ਆਂ। ਬਠਿੰਡਾ ਵੀ ਠੀਕ ਐ। ਵਕੀਲ ਨੂੰ ਸਾਰੀ ਗੱਲ ਦੱਸ ਕੇ ਕੇਸ ਤਿਆਰ ਕਰਵਾ ਲਵਾਂਗੇ। ਮਜਿਸਟਰੇਟ ਸਾਹਮਣੇ ਥੋਨੂੰ ਦੋਹਾਂ ਨੂੰ ਕਰ ਦਿਆਂਗੇ। ਬੱਸ, ਹੋ ਗਿਆ ਵਿਆਹ। ਇਕ ਹੋਰ ਕੋਈ ਗਵਾਹ ਓਥੋਂ ਈ ਫੜ ਲਵਾਗੇ। ਇਕ ਗਵਾਹੀ ਮੈਂ ਪਾ ਦੂੰ। ਹੋਰ ਦੱਸ।’
‘ਠੀਕ ਐ ਜੀ।’ ਨਸੀਬ ਨੂੰ ਲੱਗ ਰਿਹਾ ਸੀ ਜਿਵੇਂ ਕਿਸੇ ਸੁੰਦਰ ਸੁਫ਼ਨੇ ਦੀ ਸਿਰਜਣਾ ਕੀਤੀ ਜਾ ਰਹੀ ਹੋਵੇ।
ਤੇ ਫੇਰ ਉਹਨੇ ਬੈਠੇ-ਬੈਠੇ ਹੀ ਆਪਣੇ ਦਿਮਾਗ ਵਿਚ ਗੱਲ ਲਿਆਂਦੀ ਕਿ ਉਹ ਓਥੋਂ ਹੀ ਪੁਸ਼ਪਿੰਦਰ ਨੂੰ ਲੈ ਕੇ ਕਲਕੱਤੇ ਨੂੰ ਤੁਰ ਜਾਵੇਗਾ। ਓਥੇ ਉਹ ਆਪਣਾ ਘਰ ਵਸਾਉਣਗੇ। ਇਕ-ਦੋ ਸਾਲ ਲਾ ਕੇ ਏਧਰ ਪੰਜਾਬ ਵਿਚ ਕਿਤੋਂ ਦੀ ਬਦਲੀ ਵੀ ਹੋ ਜਾਵੇਗੀ। ਤੇ ਫੇਰ ਮੌਕਾ ਮਿਲਣ ਉੱਤੇ ਉਹ ਰਾਮਪੁਰਾ-ਬਰਨਾਲਾ ਦੇ ਇਲਾਕੇ ਵਿਚ ਕਿਤੇ ਨਾ ਕਿਤੇ ਬਦਲ ਕੇ ਆ ਜਾਵੇਗਾ। ਬਰਨਾਲੇ ਜਾ ਰਾਮਪੁਰੇ ਉਹ ਆਪਣਾ ਮਕਾਨ ਬਣਾ ਲੈਣਗੇ, ਸਾਰੀਆਂ ਸੁਖ-ਸਹੂਲਤਾ ਉਹਨਾਂ ਕੋਲ ਹੋਣਗੀਆਂ। ਨਸੀਬ ਨੂੰ ਲੱਗ ਰਿਹਾ ਸੀ ਜਿਵੇਂ ਵਿਆਹ ਤਾਂ ਉਹਦਾ ਹੋ ਗਿਆ ਹੋਵੇ ਅਤੇ ਹੁਣ ਉਹ ਵਿਆਹ ਤੋਂ ਅੱਗੇ ਦੇ ਪ੍ਰੋਗਰਾਮ ਮਨ ਵਿਚ ਲਿਆ ਕੇ ਹਵਾ ਦੇ ਮੋਢੀਂ ਬੈਠਾ ਗਗਨਾਂ ਵਿਚ ਉੱਡਿਆ ਜਾ ਰਿਹਾ ਸੀ ।
ਰਸੋਈ ਵਿਚ ਜਾ ਕੇ ਪ੍ਰੋਫੈਸਰ ਆਪ ਹੀ ਪਲੇਟਾਂ ਵਿਚ ਨਾਸ਼ਤਾ ਪਰੋਸ ਰਿਹਾ ਸੀ। ਤੇ ਫੇਰ ਵਰਾਂਢੇ ਵਿਚ ਵੱਡੇ ਮੇਜ਼ ਉਤੇ ਆ ਕੇ ਦੋਵਾਂ ਨੇ ਨਾਸ਼ਤਾ ਕੀਤਾ। ਨਾਸ਼ਤਾ ਖਾਂਦੇ ਵੀ ਉਹ ਨਿੱਕੀਆਂ-ਨਿੱਕੀਆਂ ਪਰ ਗੰਭੀਰ ਗੱਲਾਂ ਕਰਦੇ ਰਹੇ। ਪ੍ਰੋਫੈਸਰ ਨੇ ਹੱਥ ਧੋ ਕੇ ਤੌਲੀਏ ਨਾਲ ਪੂੰਝੇ । ਤੇ ਫੇਰ ਪੈਂਟ ਦੀ ਜੇਬ ਵਿਚੋਂ ਰੁਮਾਲ ਕੱਢ ਕੇ ਆਪਣੀ ਮੋਟੇ ਸ਼ੀਸ਼ਿਆਂ ਵਾਲੀ ਐਨਕ ਸਾਫ ਕਰਨ ਲੱਗਿਆ। ਐਨਕ ਦੁਬਾਰਾ ਲਾ ਕੇ ਉਹ ਨਸੀਬ ਵੱਲ ਸੰਵਾਰ ਕੇ ਝਾਕਿਆ। ਕਹਿਣ ਲੱਗਿਆ, ‘ਫੇਰ ਮੈਂ ਅੱਜ ਛੁੱਟੀ ਭੇਜ ਦਿੰਨਾਂ । ਕਾਲਜ ਨਹੀਂ ਜਾਂਦਾ । ਤੂੰ ਬੈਠ ਐਥੇ, ਪੁਸ਼ਪਿੰਦਰ ਦਾ ਇੰਤਜ਼ਾਰ ਕਰ। ਮੈਂ ਮੰਡੀ ‘ਚ ਇਕ ਕੰਮ ਜਾ ਆਵਾਂ । ਬੱਸ ਇਕ ਘੰਟੇ ਤੋਂ ਵੱਧ ਨ੍ਹੀਂ ਲੌਂਦਾ। ਪੁਸ਼ਪਿੰਦਰ ਆਈ ਤੋਂ ਚੱਲਾਂਗੇ। ਟੈਕਸੀ ਲੈ ਚੱਲਾਂਗੇ। ਠੀਕ ਐ ਨਾ ?’ ਫੇਰ ਪੁੱਛਿਆ, ‘ਹੁਣ ਇਹ ਦੱਸ, ਜਾਣਾ ਕਿੱਥੇ ਐ ?’
‘ਤੁਸੀਂ ਦੱਸੋ, ਕਿੱਥੇ ਠੀਕ ਰਹੂ?’
‘ਜਿੱਥੇ ਵੀ ਤੂੰ ਕਹੇਂ ।’
‘ਮੇਰੇ ਕੰਨੀਓਂ ਤਾਂ ਕਿਤੇ ਵੀ ਤੁਸੀਂ ਸਾਨੂੰ ਲੈ ਚੱਲੋ। ਗੱਲ ਸਿਰੇ ਲਾ ਦਿਓ। ਬੱਸ ਤੁਸੀਂ ਈ ਸਾਡੇ ਬਾਪ ਓਂ, ਤੁਸੀਂ ਈ ਮਾਂ ਓਂ।’ ਨਸੀਬ ਨੇ ਹੱਥ ਜੋੜ ਕੇ ਆਪਣਾ ਸਿਰ ਪ੍ਰੋਫੈਸਰ ਦੇ ਗੋਡਿਆਂ ਵੱਲ ਕਰ ਲਿਆ ।
‘ਬਠਿੰਡੇ ਚੱਲਾਂਗੇ, ਤਾਂ ਫੇਰ। ਫੂਲ, ਬਰਨਾਲਾ ਤਾਂ ਨੇੜੇ ਐ, ਠੀਕ ਨਹੀਂ।’
‘ਚੰਗਾ ਫੇਰ, ਤੁਸੀਂ ਜਾ ਆਓ ਜਿੱਥੇ ਜਾਣੈ । ਮੈਂ ਬੈਠਾਂ ਐਥੇ ਈ । ਪੁਸ਼ਪਿੰਦਰ ਨੇ ਦਸ ਵਜੇ ਔਣ ਨੂੰ ਕਿਹੈ, ਉਦੋਂ ਤੱਕ ਤੁਸੀਂ ਵੀ ਮੁੜ ਆਇਓ।’
ਦਸ ਵਜੇ ਠੀਕ ਪ੍ਰੋਫੈਸਰ ਮੰਡੀ ਹੋ ਕੇ ਘਰ ਮੁੜ ਆਇਆ। ਪੁਸ਼ਪਿੰਦਰ ਨਹੀਂ ਆਈ ਸੀ। ਨਸੀਬ ਦੇ ਕੰਨ, ਉਹਦਾ ਸਾਰੇ ਦਾ ਸਾਰਾ ਸਰੀਰ ਕੰਨ ਬਣ ਕੇ ਘਰ ਦੀ ਦਹਿਲੀਜ਼ ਉੱਤੇ ਟਿਕਿਆ ਹੋਇਆ ਸੀ। ਮਾੜਾ ਜਿਹਾ ਵੀ ਕੋਈ ਖੜਾਕ ਹੁੰਦਾ ਤਾਂ ਉਹ ਵਰਾਂਢੇ ਵਿਚੋਂ ਉੱਠ ਕੇ ਘਰ ਦੇ ਦਰਵਾਜ਼ੇ ਵੱਲ ਦੇਖਦਾ। ਪ੍ਰੋਫੈਸਰ ਆਏ ਤੋਂ ਵੀ ਉਹ ਭੱਜ ਕੇ ਉੱਠਿਆ ਸੀ।
‘ਆਈ ਨਹੀਂ ਪੁਸ਼ਪਿੰਦਰ ?’ ਪ੍ਰੋਫੈਸਰ ਨੇ ਆਉਂਦੇ ਹੀ ਪੁੱਛਿਆ।
ਨਸੀਬ ਨੇ ਆਪਣੇ ਗੁੱਟ ਉੱਤੇ ਬੱਝੀ ਘੜੀ ਵੱਲ ਹੀ ਸਿਰਫ ਦੇਖਿਆ। ਬੋਲਿਆ ਕੁਝ ਵੀ ਨਾ | ਤੇ ਫੇਰ ਪੋਫੈਸਰ ਨੇ ਆਪ ਹੀ ਜਵਾਬ ਦੇ ਲਿਆ, ‘ਹੋਰ ਉਡੀਕ ਲੈ, ਘੰਟਾ ਪਿਛੋਂ ਆ ਜੂ । ਤਾਂ ਵੀ ਕੀਹ ਐ।’
ਪ੍ਰੋਫੈਸਰ ਨੇ ਓਦਣ ਦੇ ਦੋ-ਤਿੰਨ ਅਖ਼ਬਾਰ ਨਸੀਬ ਸਾਹਮਣੇ ਰੱਖ ਦਿੱਤੇ । ਇਕ ਦੋ ਪੰਜਾਬੀ-ਅੰਗਰੇਜ਼ੀ ਦੇ ਮੈਗਜ਼ੀਨ ਵੀ। ਆਖਿਆ, ‘ਤੂੰ ਇਹ ਦੇਖ। ਮੈਂ ਬੈਠਾਂ ਏਧਰ।’ ਤੇ ਪ੍ਰੋਫੈਸਰ ਆਲੋਚਨਾ ਦੀ ਇਕ ਨਵੀਂ ਕਿਤਾਬ ਲੈ ਕੇ ਆਪਣੇ ਸਟੱਡੀ-ਰੂਮ ਵਿਚ ਜਾ ਬੈਠਾ।
ਨਸੀਬ ਨੇ ਅੰਗਰੇਜ਼ੀ ਦਾ ਇਕ ਅਖ਼ਬਾਰ ਲੈ ਕੇ ਮੋਟੀਆਂ-ਮੋਟੀਆਂ ਸੁਰਖੀਆਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਸੁਰਖੀਆਂ ਦੇ ਅਰਥ ਉਹਦੀ ਸਮਝ ਵਿਚ ਹੀ ਨਹੀਂ ਆ ਰਹੇ ਸਨ। ਇਕ ਖ਼ਬਰ ਉਹਨੇ ਸਾਰੀ ਦੀ ਸਾਰੀ ਪੜ੍ਹੀ। ਉਹਦਾ ਮਤਲਬ ਵੀ ਉਹਦੇ ਪੱਲੇ ਨਾ ਪਿਆ। ਉਹਨੂੰ ਸ਼ੱਕ ਹੋਇਆ ਕਿ ਉਹ ਅੰਗਰੇਜ਼ੀ ਭਾਸ਼ਾ ਹੀ ਜਿਵੇਂ ਭੁੱਲ ਗਿਆ ਹੋਵੇ। ਅੰਗਰੇਜ਼ੀ ਦਾ ਅਖ਼ਬਾਰ ਪਰ੍ਹਾਂ ਧਰ ਕੇ ਉਹਨੇ ਪੰਜਾਬੀ ਦਾ ਅਖ਼ਬਾਰ ਚੁੱਕ ਲਿਆ। ਪੰਜਾਬੀ ਵਿਚ ਛਪੀਆਂ ਖਬਰਾਂ ਵੀ ਸਮਝ ਨਹੀਂ ਆ ਰਹੀਆਂ ਸਨ। ਜਿਵੇਂ ਕੋਈ ਗੱਲ ਬਣਦੀ ਹੀ ਨਾ ਹੋਵੇ। ਫੇਰ ਉਹਨੇ ਇਕ ਮੈਗਜ਼ੀਨ ਲਿਆ ਅਤੇ ਵਰਕੇ ਫਰੋਲਣੇ ਸ਼ੁਰੂ ਕੀਤੇ । ਪੰਜਾਬੀ ਦਾ ਮੈਗਜ਼ੀਨ ਸੀ। । ਕੋਈ ਕਵਿਤਾ ਜਾਂ ਕਹਾਣੀ ਪੜ੍ਹਨ ਨੂੰ ਜੀਅ ਨਾ ਕੀਤਾ। ਇਕ ਕਵਿਤਾ ਪੜ੍ਹੀ ਸੀ, ਬੇਸੁਆਦ ਜਿਹੀ ਲੱਗੀ। ਅੰਗਰੇਜ਼ੀ ਦਾ ਮੈਗਜ਼ੀਨ ਉਹਨੇ ਛੇੜਿਆ ਨਹੀਂ। ਇਕ ਅੱਚਵੀ ਉਹਦੇ ਲੂੰ-ਲੂੰ ਵਿਚ ਵਸੀ ਹੋਈ ਸੀ। ਇਕ ਕਾਹਲ । ਜਿਵੇਂ ਉਡੀਕ ਵਿਚ ਉਹਦਾ ਕਾਲਜਾ ਢੇਰੀ ਹੁੰਦਾ ਜਾਂਦਾ ਹੋਵੇ। ਵੀਹ ਮਿੰਟ ਉਹਨੂੰ ਮਸਾਂ ਨਿੱਕਲੇ। ਉਹਨੇ ਪ੍ਰੋਫੈਸਰ ਨੂੰ ਆਖਿਆ, ‘ਤੁਸੀਂ ਤਾਂ ਘਰ ਹੈ ਗੇ ਈ ਓਂ। ਪੁਸ਼ਪਿੰਦਰ ਆਈ ਤਾਂ ਬਿਠਾ ਲਿਓ । ਮੈਂ ਔਨਾਂ, ਲਾਇਬਰੇਰੀ ਤੱਕ ਗੇੜਾ ਮਾਰ ਆਵਾਂ ‘
‘ਚੰਗਾ, ਮੈਂ ਤਾਂ ਘਰ ਈ ਆਂ । ਕਿਧਰੇ ਨ੍ਹੀਂ ਜਾਣਾ। ਅੱਜ ਦਾ ਦਿਨ ਤਾਂ ਬੌਡੇ ਲੇਖੇ ਈ ਲਾ ਦੇਣੈ। ਜਦੋਂ ਕਹੋਂਗੇ ਉੱਠ ਕੇ ਤੁਰ ਪਵਾਂਗੇ ।’
ਨਸੀਬ ਓਥੋਂ ਸਿੱਧਾ ਪਹਿਲਾਂ ਤਾਂ ਲਾਇਬਰੇਰੀ ਗਿਆ । ਲਾਇਬਰੇਰੀ ਦੇ ਚੁਬਾਰੇ ਵਿਚ ਜਾ ਕੇ ਟੇਬਲ ਉੱਤੇ ਪਏ ਰਸਾਲੇ ਫਜ਼ੂਲ ਹੀ ਏਧਰ-ਓਧਰ ਕੀਤੇ। ਓਥੇ ਉਹਦੇ ਮਨ ਨੂੰ ਟੇਕ ਕਿਥੇ ਸੀ। ਉਹ ਲਾਇਬਰੇਰੀ ਦੀਆਂ ਪੌੜੀਆਂ ਉੱਤਰਿਆ। ਫੂਲ ਵਾਲੇ ਦਰਵਾਜ਼ੇ ਜਾ ਕੇ ਅਗਾਂਹ ਸੂਏ ਦੇ ਪੁਲ ਉੱਤੇ ਪਹੁੰਚ ਗਿਆ। ਬੱਸ-ਅੱਡੇ ਉੱਤੇ ਫੂਲ ਵਲੋਂ ਆਉਂਦੀ ਕਿਸੇ ਬੱਸ ਦੀ ਉਡੀਕ ਕਰਨ ਲੱਗਿਆ। ਇਕ ਬੱਸ ਆਈ, ਉਸ ਵਿਚ ਪੁਸ਼ਪਿੰਦਰ ਦੀ ਸ਼ਕਲ ਤਾਂ ਕਿਧਰੇ ਵੀ ਨਹੀਂ ਦਿਸੀ । ਉਹ ਨਿਰਾਸ਼ ਹੋ ਗਿਆ। ਫੇਰ ਅਗਲੀ ਬੱਸ ਦੀ ਉਡੀਕ ਕਰਨ ਲੱਗਿਆ। ਅਗਲੀ ਬੱਸ ਕਾਫੀ ਦੇਰ ਤੱਕ ਕੋਈ ਆਈ ਹੀ ਨਾ। ਉਹ ਅੱਕਿਆ-ਥੱਕਿਆ ਪਿਆ ਸੀ । ਪਰ ਉਡੀਕ ਨਹੀਂ ਮੁੱਕ ਰਹੀ ਸੀ। ਅੱਖਾਂ ਦੀ ਤੇਹ ਵਧਦੀ ਹੀ ਵਧਦੀ ਜਾ ਰਹੀ ਸੀ। ਐਨੀ ਤੇਹ, ਜਿਵੇਂ ਉਹਦਾ ਦਮ ਹੀ ਨਿੱਕਲ ਜਾਣਾ ਹੋਵੇ । ਬਾਜ਼ਾਰ ਵਿਚ ਆ ਕੇ ਉਹ ਬੇਮੁਹਾਰ ਜਿਹਾ ਘੁੰਮਣ-ਫਿਰਨ ਲੱਗਿਆ। ਕੀ ਦੇਖਦਾ ਹੈ ਕਿ ਸਾਹਮਣੇ ਸੰਘੇੜਿਆਂ ਵਾਲੇ ਬਾਬੇ ਇਕੱਲੇ ਹੀ ਆਪਣਾ ਸਕੂਟਰ ਲਈ ਖੜ੍ਹੇ ਹਨ ਅਤੇ ਜਿਵੇਂ ਕਿਸੇ ਦਾ ਇਤਜ਼ਾਰ ਕਰ ਰਹੇ ਹੋਣ। ਨਸੀਬ ਨੂੰ ਦੇਖਦੇ ਹੀ ਚਹਿਕ ਉੱਠੇ, ‘ਓਏ, ਸੁਣਾ ਕਾਮਰੇਡ, ਏਥੇ ਕਿੱਥੇ ?
ਨਮੀਬ ਨੇ ਹੱਥ ਜੋੜ ਕੇ ਸਿਰ ਨਿਵਾਇਆ। ਨਮਸਕਾਰ ਆਖਿਆ। ਤੇ ਫੇਰ ਗਹੁ ਨਾਲ ਬਾਬਿਆਂ ਵੱਲ ਝਾਕਣ ਲੱਗਿਆ। ਓਹੀ ਭਗਵੇਂ ਕੱਪੜੇ-ਕਮੀਜ਼-ਚਾਦਰਾ । ਬਦਾਮੀ ਟਸਰੀ ਦੀ ਪੱਗ । ਪੈਰਾਂ ਵਿਚ ਗੁਲਾਬੀ ਕਾਟਰਾਈ ਦੀ ਰਕਾਬੀ। ਓਹੀ ਸਦਾ-ਬਹਾਰ ਹਸਦਾ ਖਿੜਿਆ ਚੇਹਰਾ- ਖੁੱਲ੍ਹੀ ਦਾੜ੍ਹੀ, ਖਿੰਡਵੀਂ ਅਤੇ ਛੋਟੀ-ਛੋਟੀ।
ਨਸੀਬ ਬਾਬਿਆਂ ਸਾਹਮਣੇ ਮੂਰਤ ਬਣਿਆ ਖੜ੍ਹਾ ਸੀ। ਹੱਥ ਅਜੇ ਵੀ ਬੰਨ੍ਹੇ ਹੋਏ ਸਨ। ਬੁੱਲ੍ਹਾਂ ਉੱਤੇ ਸਿੱਕਰੀ, ਅੱਖਾਂ ਵਿਚ ਘੋਰ ਉਦਾਸੀ, ਚੇਹਰਾ ਕੁਮਲਾਇਆ।
ਬਾਬੇ ਹੀ ਫੇਰ ਬੋਲੇ, ‘ਕਿਉਂ ਕਾਮਰੇਡ, ਕੀ ਹਾਲ ਬਣਾਇਐ ਏਹੇ ? ਸੁੱਖ ਤਾਂ ਹੈ ?’
‘ਹਾਂ ਜੀ, ਸੁੱਖ ਈ ਐ। ਤੁਸੀਂ ਕਿਵੇਂ ਆ ਗੇ ਏਥੇ, ਐਡੀ ਦੂਰ ?’ ਨਸੀਬ ਨੇ ਮੂੰਹ ਖੋਲ੍ਹਿਆ। ਫਿੱਕਾ-ਫਿੱਕਾ ਮੁਸਕਰਾਇਆ ਵੀ।
‘ਜਾਣੀ ਸੁੱਖ ਮੁਕੰਮਲ ਨ੍ਹੀਂ, ਸੁੱਖ ‘ਈ’ ਐ। ਇਹ ਤਾਂ ਭਾਈ ਕੋਈ ਕਸਰ ਲਗਦੀ ਐ ਤੈਨੂੰ, ਦੱਸ ਨਾ ਦੱਸ, ਤੇਰਾ ਚੇਹਰਾ ਦੱਸੀਂ ਜਾਂਦੇ ।’
‘ਕਿਤੇ ਬੈਠੋਂ, ਤਾਂ ਸੁਣਾਵਾ ਹਾਲ।’ ਨਸੀਬ ਆਪਣੇ ਦੁੱਖ ਨਾਲ ਗਲ ਤੱਕ ਭਰਿਆ ਲਗਦਾ ਸੀ।
‘ਚੱਲ, ਬੈਠ ਜਾਨੇ ਆਂ। ਵਾਹ, ਇਹ ਕੀ ਗੱਲ ਕੀਤੀ ਤੈਂ ਕਾਮਰੇਡ ।’
ਉਹ ਸਾਹਮਣੇ ਹੀ ਇਕ ਹੋਟਲ ਵਿਚ ਬੈਠ ਗਏ । ਬਾਬਿਆਂ ਨੇ ਚਾਹ ਦੇ ਦੋ ਕੱਪਾਂ ਲਈ ਆਖ ਦਿਤਾ। ਢਾਈ ਸੌ ਗਰਾਮ ਬਰਫੀ ਵੀ। ਉਹ ਇਕ ਖੂੰਜੇ ਨਿਵੇਕਲਾ ਮੇਜ਼ ਦੇਖ ਕੇ ਸੋਫੇ ਉੱਤੇ ਕੋਲ-ਕੋਲ ਹੋ ਕੇ ਬੈਠ ਗਏ। ਨੌਕਰ ਪਾਣੀ ਦੇ ਦੋ ਗਲਾਸ ਰੱਖ ਗਿਆ। ਨਸੀਬ ਨੇ ਇਕੋ ਸਾਹ ਪਾਣੀ ਦਾ ਗਲਾਸ ਪੀਤਾ ਅਤੇ ਬਾਬਿਆਂ ਅੱਗੇ ਆਪਣੇ ਦੁੱਖ ਦਾ ਘੜਾ ਜਿਵੇਂ ਇੱਕੋ ਝਟਕੇ ਨਾਲ ਮੂਧਾ ਕਰ ਦਿਤਾ ਹੋਵੇ। ਕਹਿੰਦਾ, ‘ਬਾਬਿਓ, ਵਿਪਤਾ ਨੂੰ ਫੜਿਆ ਹੋਇਆਂ ਮੈਂ ਤਾਂ। ਜਿੰਨਾ ਚਿਰ ਗੱਲ ਕਿਸੇ ਤਣ ਪੱਤਣ ਨ੍ਹੀਂ ਲਗਦੀ, ਜਾਨ ਸੂਲੀ ‘ਤੇ ਟੰਗੀ ਰਹੂ। ਦੋ-ਹਰਫ਼ੀ ਗੱਲ ਐ, ਮੈਂ ਓਥੇ ਰਹਿਕੇ ਈ ਪੜ੍ਹਿਆਂ। ਓਥੋਂ ਦੀ ਇਕ ਬੀਬੀ ਐ। ਮੇਰੇ ਨਾਲ ਪੜ੍ਹੀ ਐ। ਜੱਟਾਂ ਦੀ ਕੁੜੀ ਐ। ਉਹਦੇ ਨਾਲ ਮੇਰੀ…’
‘ ਮੈਰਿਜ ? ਸਿੱਧਾ ਬੋਲ ।’
‘ ਹਾਂ ਜੀ ।’
‘ਫੇਰ ਡਿੱਕਾ ਕੀਹ ਐ ?’
‘ਉਹਦੇ ਮਾ-ਬਾਪ ਕਦੋਂ ਮੰਨਣ ਲੱਗੇ ਐ, ਮੈਂ ਨਾਈ, ਉਹ ਜੱਟ । ਉਹਨੂੰ ਕਿਤੇ ਹੋਰ ਵਿਆਹੁਣ ਨੂੰ ਫਿਰਦੇ ਐ।’
‘ਲੜਕੀ ਕੀ ਕਹਿੰਦੀ ਐ, ਭਾਈ ?’
‘ਉਹ ਤਾਂ ਮੇਰੇ ਨਾਲ ਐ।
ਪੱਕੀ ਤਿਆਰ ਐ ?’
‘ਹਾਂ ਜੀ ਪੱਕੀ, ਸਾਡੀ ਸਾਰੀ ਗੱਲ-ਬਾਤ ਹੋ ਚੁੱਕੀ ਐ।’
‘ਫੇਰ ਕਸਰ ਕੀ ਐ, ਕਾਮਰੇਡ ?’
‘ਅੱਜ ਉਹਨੇ ਐਥੇ ਔਣੇ। ਇਕ ਪ੍ਰੋਫੈਸਰ ਐ। ਬੜਾ ਪ੍ਰੋਗ੍ਰੈਸਿਵ ਆਦਮੀ ਐ। ਉਹਨੂੰ ਵਿਚ ਪਾ ਕੇ ਅਸੀਂ ਅੱਜ ਈ ਬਠਿੰਡੇ ਜਾਵਾਂਗੇ। ਓਥੇ ਕੋਰਟ-ਮੈਰਿਜ ਹੋ ਜੂ।
‘ਹੋਰ ਫੇਰ, ਹੋਰ ਕਸਰ ਕੀ ਐ?’
ਚਾਹ ਆ ਚੁੱਕੀ ਸੀ। ਉਹ ਇਕ-ਇਕ ਟੁਕੜਾ ਬਰਫੀ ਦਾ ਮੂੰਹ ਵਿਚ ਪਾਉਂਦੇ ਤੇ ਗੱਲਾਂ ਕਰਦੇ।
ਬਾਬਿਆਂ ਨੇ ਤਾਂ ਆਪਣਾ ਗਲਾਸ ਖਾਲੀ ਵੀ ਕਰ ਲਿਆ ਸੀ। ਬਰਫੀ ਵੀ ਖਾਸੀ ਖਾ ਲਈ ਸੀ। ਨਸੀਬ ਅਜੇ ਅੱਧਾ ਗਲਾਸ ਲਈਂ ਬੈਠਾ ਸੀ । ਬਰਫੀ ਦਾ ਇਕ ਟੁਕੜਾ ਉਹ ਦੋ-ਤਿੰਨ ਹਿੱਸੇ ਕਰਕੇ ਖਾਂਦਾ ।
ਨਸੀਬ ਹੁਣ ਚੁੱਪ ਸੀ। ਜਿਵੇਂ ਸਭ ਕੁਝ ਆਖ ਦਿੱਤਾ ਹੋਵੇ । ਉਹ ਚਾਹ ਦੀ ਨਿੱਕੀ ਜਿਹੀ ਘੁੱਟ ਭਰਦਾ ਅਤੇ ਮੇਜ਼ ਉੱਤੇ ਹੀ ਨਿਗਾਹ ਗੱਡ ਕੇ ਝਾਕਣ ਲਗਦਾ।
ਬਾਬੇ ਹੀ ਫੇਰ ਬੋਲੇ, ‘ਹੋਰ ਕਸਰ ਕੀ ਐ, ਭਾਈ ? ਤੂੰ ਬੋਲਿਆ ਈ ਨਾ ?’
ਉਹ ਫੇਰ ਚੁੱਪ।
‘ਹੁੰਨਾ ਕਿੱਥੇ ਐਂ, ਕਾਮਰੇਡ ?’
‘ਮੈਂ ਕਲਕੱਤੇ ਆ ਜੀ, ਉਥੇ ਬੈਂਕ ‘ਚ ਆਂ ਹੁਣ।’
‘ਕੀ ਲੱਗਿਆ ਹੋਇਐ?’
‘ਮੈਂ ਪਰੋਬੇਸ਼ਨ ਅਫਸਰ ਆਂ ਜੀ।’
‘ਕਿੰਨੀ ਕੁ ਤਨਖਾਹ ਮਿਲ ਜਾਂਦੀ ਐ ?’
‘ਤਨਖਾਹ ਤਾਂ ਬਹੁਤ ਐ ਜੀ, ਇਕ ਹਜ਼ਾਰ ਐ। ਪਰੋਬੇਸ਼ਨ ਪੀਰੀਅਡ ਤੋਂ ਬਾਅਦ ਫੇਰ ਹਰ ਸਾਲ ਵਧਦੀ ਜਾਊ।’
‘ਫੇਰ ਤਾਂ ਕਾਮਰੇਡ ਤੇਰਾ ਇਨਕਲਾਬ ਆ ਗਿਆ।’
‘ਨਹੀਂ ਬਾਬਿਓ, ਇਹ ਇਨਕਲਾਬ ਕਾਹਦਾ ?’
‘ਹੋਰ ਫੇਰ, ਬਾਕੀ ਦਾ ਇਨਕਲਾਬ ਉਦੋਂ ਆ ਜੂ, ਜਦੋਂ ਜੱਟਾਂ ਦੀ ਕੁੜੀ ਵਿਆਹ ਕੇ ਘਰ ਵਸਾ ਲੀ ।’ ਬਾਬੇ ਨਿੱਕਾ-ਨਿੱਕਾ ਹੱਸਣ ਲੱਗੇ, ਜਿਵੇਂ ਘੁੰਗਰੂਆਂ ਦੀ ਛਣਕਾਰ ਹੁੰਦੀ ਹੋਵੇ।
ਨਸੀਬ ਵੀ ਫਿੱਕਾ-ਫਿੱਕਾ ਮੁਸਕਰਾਇਆ। ਬੋਲਿਆ, ‘ਅਸਲ ‘ਚ ਤਾਂ, ਬਾਬਿਓ, ਇਹ ਵਿਅਕਤੀਗਤ ਇਨਕਲਾਬ ਵਰਗੀ ਈ ਗੱਲ ਐ। ਅਸਲੀ ਇਨਕਲਾਬ ਬਹੁਤ ਦੂਰ ਐ।
‘ਓਏ ਤੂੰ ਪਹਿਲਾਂ ਵਿਅਕਤੀਗਤ ਇਨਕਲਾਬ ਤਾਂ ਲਿਆ, ਫੇਰ ਅਸਲੀ ਵੀ ਲੈ ਆਵਾਂਗੇ। ਸਮੂਹਕ ਇਨਕਲਾਬ।’ ਬਾਬੇ ਫੇਰ ਖਿਣ-ਖਿਣ ਕਰਕੇ ਹੱਸੇ ਅਤੇ ਫੇਰ ਗੰਭੀਰ ਮੁਦਰਾ ਬਣਾ ਕੇ ਬੋਲੇ, ‘ਤੂੰ ਤਾਂ ਵਿਦਵਾਨ ਆਦਮੀ ਐਂ, ਕਾਮਰੇਡ । ਸਭ ਗਿਆਨ ਐਂ ਤੈਨੂੰ । ਇਹ ਜਾਤ-ਪਾਤ ਤਾਂ ਐਵੇਂ ਪਰਦਾ ਐ। ਅਸਲ ਵਿਚ ਅੰਤਰ ਤਾਂ ਆਰਥਿਕਤਾ ਦਾ ਐ । ਜੱਟ ਮਾਨਸਿਕ ਤੌਰ ਉੱਤੇ ਆਪਣੇ-ਆਪ ਨੂੰ ਦੂਜੀਆਂ ਜਾਤਾਂ ਨਾਲੋਂ ਉੱਚਾ ਗਿਣਦੈ। ਆਰਥਿਕ ਤੌਰ ਉੱਤੇ ਤਕੜਾ ਹੋਣ ਦਾ ਭਰਮ ਐ ਉਹਨੂੰ। ਤੂੰ ਨਾਈ ਜਾਤ ਦਾ ਐਂ। ਜੱਟ ਦੀ ਮਾਨਸਿਕਤਾ ਕਹਿੰਦੀ ਐ, ਤੂੰ ਆਰਥਿਕ ਤੌਰ ਉੱਤੇ ਉਹਦੇ ਨਾਲੋਂ ਨੀਵਾਂ ਐਂ । ਨਹੀਂ ਤਾਂ ਤੂੰ ਆਪ ਈ ਦੇਖ, ਤੂੰ ਹਜਾਰ ਰੁਪਈਆ ਮਹੀਨਾ ਲੈਨੈਂ, ਬੀਏ ਤੱਕ ਤਾਲੀਮ ਅੰ ਤੇਰੀ, ਸੋਹਣਾ ਸੁਣੱਖਾ ਜੁਆਨ ਐਂ, ਅਕਲ-ਸ਼ਕਲ ਸਭ ਐ । ਤੂੰ ਕਿਹੜੀ ਗੱਲੋਂ ਘੱਟ ਐਂ, ਕਾਮਰੇਡ ? ਗੁਰੂ ਤਾਂ ਆਪ ਕਹਿ ਗੇ, ਮਾਣਸ ਕੀ ਜਾਤ ਸਭੇ ਏਕੈ ਪਹਿਚਾਣਵੋ। ਰੱਬ ਨੇ ਤਾਂ ਸਭ ਨੂੰ ਇਕੋ ਜਿਹਾ ਪੈਦਾ ਕੀਤੈ। ਇਹ ਊਚ-ਨੀਚ ਤਾਂ ਮਨੁੱਖ ਨੇ ਆਪ ਪੈਦਾ ਕਰ ਲੀ । ਇਹ ਵੱਟਾਂ ਤਾਂ ਸਮਾਜ ਨੇ ਆਪ ਪਾ ਲੀਆਂ । ਤੇਰੇ ਜਿਹੇ ਨੌਜੁਆਨ ਈ ਇਹਨਾਂ ਵੱਟਾਂ ਨੂੰ ਪੱਧਰਾ ਕਰਨਗੇ, ਕਾਮਰੇਡ ।’
ਬਾਬਿਆਂ ਦੀਆਂ ਗੱਲਾਂ ਨੇ ਨਸੀਬ ਨੂੰ ਬਹੁਤ ਬਲ ਦਿੱਤਾ।
ਤੇ ਫੇਰ ਆਪਣੇ ਖੁੱਲ੍ਹੇ-ਖੁੱਲ੍ਹੇ ਬੰਗਾਲੀ ਕਮੀਜ਼ ਹੇਠ ਹੱਥ ਪਾ ਕੇ ਬਾਬਿਆਂ ਨੇ ਅੰਦਰ ਦੀ ‘ ਪਹਿਨੀ ਚਿੱਟੇ ਰੰਗ ਦੀ ਸੂਤੀ ਬੁਨੈਣ ਦੀ ਇਕ ਜੇਬ ਨੂੰ ਟੋਹਿਆ। ਫੇਰ ਦੂਜੀ ਜੇਬ। ਦੋਵਾਂ ਵਿਚ ਹੀ ਭਾਰ ਸੀ। ਇਕ ਜੇਬ ਵਿਚੋਂ ਉਹਨਾਂ ਨੇ ਥੱਬਾ ਸਾਰਾ ਨੋਟਾਂ ਦਾ ਕੱਢਿਆ। ਗਿਣੇ ਨਹੀਂ। ਸੌ ਸੌ ਦੇ ਨੋਟ ਸਨ, ਸਾਰੇ ਹੀ। ਜਿੰਨੇ ਸਨ, ਥੱਬਾ ਨਸੀਬ ਦੇ ਪੱਟ ਉੱਤੇ ਧਰ ਦਿੱਤਾ। ਆਖਿਆ, ‘ਲੈ ਬਈ ਕਾਮਰੇਡ, ਆਪਣੇ ਏਸ ਵਿਅਕਤੀਗਤ ਇਨਕਲਾਬ ‘ਚ ਸਾਡਾ ਵੀ ਐਨਾ ਕੁ ਸਹਿਯੋਗ ਪਾ ਲੈ।’
ਨਸੀਬ ਸ਼ਾਇਦ ਇਹੀ ਚਾਹੁੰਦਾ ਹੋਵੇਗਾ। ਇਹੀ ਉਹਨੂੰ ਕਸਰ ਹੋਵੇਗੀ। ਉਹਦੀਆਂ ਅੱਖਾਂ ਵਿਚ ਉਦਾਸੀ ਦੀ ਥਾਂ ਨੂਰ, ਬੁੱਲ੍ਹਾਂ ਉੱਤੇ ਸਿਕਰੀ ਦੀ ਥਾਂ ਤਰਾਵਟ ਅਤੇ ਚੇਹਰੇ ਉੱਤੇ ਕੁਮਲਾਹਟ ਦੀ ਥਾਂ ਪਿਆਰੀ ਭਾਅ ਮਾਰਨ ਲੱਗੀ। ਵਾਕਿਆ ਹੀ ਉਹਦੀ ਜੇਬ ਵਿਚ ਪੈਸੇ ਘੱਟ ਸਨ । ਪ੍ਰੋ: ਸੱਜਣ ਸਿੰਘ ਨੂੰ ਇਹ ਕਮਜ਼ੋਰੀ ਦੱਸਣ ਤੋਂ ਉਹ ਸੰਗਦਾ ਸੀ।
ਕੋਰਟ-ਮੈਰਿਜ ਲਈ ਬਠਿੰਡੇ ਜਾਣ ਵੇਲੇ ਪਤਾ ਨਹੀਂ ਕਿੰਨਾ ਕੁ ਪੈਸਾ ਖਰਚ ਹੋ ਜਾਣਾ ਸੀ। ਵਕੀਲ ਦੀ ਫੀਸ, ਮੁਣਸ਼ੀ ਦੀ ਨਜ਼ਰ-ਨਿਆਜ, ਅਰਜ਼ੀ-ਨਵੀਸ ਦਾ ਖਰਚ ਅਤੇ ਮਜਿਸਟਰੇਟ ਦਾ ਹੋਰ ਅਮਲਾ-ਫੈਲਾ। ਸਰਕਾਰ ਦੀਆਂ ਕਚਹਿਰੀਆਂ ਵਿਚ ਦੋ-ਦੋ ਰੁਪਏ ਦੀਆਂ ਟੁੱਕਰ-ਬੁਰਕੀਆਂ ਵੱਲ ਝਾਕਦੇ ਬੇਸ਼ੁਮਾਰ ਕੁੱਤੇ। ਤੇ ਫੇਰ ਕਲਕੱਤੇ ਵੀ ਤਾਂ ਪਹੁੰਚਣਾ ਸੀ।
ਤੇ ਫੇਰ ਬਾਬਿਆਂ ਨੇ ਕਾਹਲ ਦਿਖਾਈ। ਖੜ੍ਹੇ ਹੋ ਗਏ। ਆਖਿਆ, ‘ਚੰਗਾ ਕਾ ਮਰੇਡ, ਆਏ ਤਾਂ ਹੋਰ ਕੰਮ ਸੀ, ਪਰ ਹੁਣ ਚਲਦੇ ਆਂ। ਅੱਜ ਦੀ ਯਾਤਰਾ ਤੇਰੇ ਲੇਖੇ, ਭਾਈ । ਹੋਰ ਕਹੇਂ ਤਾਂ ਹੋਰ ਦੱਸ। ਹੁਣ ਤਾਂ ਦੂਜੀ ਜੇਬ…
‘ਨਹੀਂ, ਨਹੀਂ, ਬਾਬਿਓ। ਇਹ ਤਾਂ ਬਹੁਤ ਐ। ਐਨੇ ਤਾਂ ਮੁਕਦੇ ਨ੍ਹੀਂ। ਥੋਡੀ ਤਾਂ ਅਸ਼ੀਰਵਾਦ…’
‘ਚੰਗਾ ਭਾਈ, ਤੂੰ ਚੰਗੇ ਕੰਮ ਈ ਚੱਲਿਐਂ। ਸਾਡੀ ਤਾਂ ਸ਼ੁਭ-ਇੱਛਾ ਤੇਰੇ ਨਾਲ ਐ। ਏਸ ਖ਼ੁਸ਼ੀ ‘ਚ ਹੁਣ ਚਾਹ ਅਤੇ ਬਰਫੀ ਦੇ ਪੈਸੇ ਵੀ ਤੂੰ ਈ ਦੇ ਦੇ । ਚੰਗਾ, ਮੈਂ ਚਲਦਾਂ । ਤੂੰ ਬੈਠ ਚਾਹੇ ।’ ਸਾਹਮਣੇ ਖੜ੍ਹਾ ਸਕੂਟਰ ਬਾਬਿਆਂ ਨੇ ਸਟਾਰਟ ਕੀਤਾ ਅਤੇ ਚੱਲ ਪਏ ।
ਨਸੀਬ ਹੋਟਲ ਤੋਂ ਬਾਹਰ ਨਿਕਲ ਕੇ ਉਹਨਾਂ ਦੀ ਪਿੱਠ ਦੇਖਦਾ ਰਿਹਾ। ਮਨ ਵਿਚ ਆਖ ਰਿਹਾ ਸੀ, ‘ਦੁਨੀਆਂ ਵਿਚ ਕੋਈ-ਕੋਈ ਕਿੰਨਾ ਚੰਗਾ ਹੁੰਦੈ।’
25
ਨਸੀਬ ਨੂੰ ਲੱਗਿਆ ਜਿਵੇਂ ਸੰਘੇੜਿਆਂ ਵਾਲੇ ਬਾਬਿਆਂ ਦੇ ਟੱਕਰਨ ਕਰਕੇ ਉਹਨੂੰ ਖਾਸਾ ਸਮਾਂ ਗੁਜ਼ਰ ਗਿਆ ਹੋਵੇ। ਕਈ ਘੰਟੇ ਲੰਘ ਗਏ ਹੋਣ। ਪ੍ਰੋਫੈਸਰ ਦੇ ਘਰ ਪੁਸ਼ਪਿੰਦਰ ਆ ਚੁੱਕੀ ਹੋਵੇਗੀ ਅਤੇ ਉਹਨੂੰ ਉਡੀਕ-ਉਡੀਕ ਥੱਕ ਗਈ ਹੋਵੇਗੀ। ਹੋਟਲ ਵਾਲੇ ਨੂੰ ਉਹਨੇ ਪੈਸੇ ਦਿੱਤੇ। ਚੁੱਕਵੇਂ ਪੈਰੀਂ ਪ੍ਰੋਫੈਸਰ ਦੇ ਘਰ ਨੂੰ ਚੱਲ ਪਿਆ। ਰਾਹ ਵਿਚ ਘੜੀ ਦੇਖੀ, ਬਹੁਤਾ ਸਮਾਂ ਨਹੀਂ ਹੋਇਆ ਸੀ । ਸਾਢੇ ਗਿਆਰਾਂ ਹੀ ਵੱਜੇ ਸਨ। ਫੇਰ ਵੀ ਦਸ ਤੋਂ ਡੇਢ ਘੰਟਾ ਉੱਤੋਂ ਦੀ ਲੰਘ ਗਿਆ ਸੀ।
ਆਪਣੇ ਪੜ੍ਹਨ-ਕਮਰੇ ਵਿਚ ਪ੍ਰੋਫੈਸਰ ਓਵੇਂ ਦਾ ਓਵੇਂ ਬੈਠਾ ਕਿਤਾਬ ਪੜ੍ਹ ਰਿਹਾ ਸੀ। ਉਹਨੂੰ ਨਸੀਬ ਆਏ ਦਾ ਕੋਈ ਪਤਾ ਨਹੀਂ ਲੱਗਿਆ। ਕਿਤਾਬ ਵਿਚ ਐਨਾ ਮਗਨ। ਨਸੀਬ ਨੇ ਪੁੱਛਿਆ, ‘ਕਿਉਂ ਪ੍ਰੋਫੈਸਰ ਸਾਹਬ, ਆਈ ਨ੍ਹੀਂ ਫੇਰ ਉਹ ?’
‘ਨਾ ਬਈ, ਕੋਈ ਨ੍ਹੀਂ ਆਇਆ। ਦਸ ਵਜੇ ਈ ਆਖਿਆ ਸੀ ਉਹਨੇ ?’
‘ਹਾਂ ਜੀ, ਦਸ ਵਜੇ। ਉਹਨੇ ਆਪ ਕਿਹਾ ਸੀ। ਕਹਿੰਦੀ ਸੀ, ਕਿਵੇਂ ਵੀ ਹੋਵੇ, ਆਉਂ ਜ਼ਰੂਰ। ਪਰ ਹੁਣ ਕੀ ਕਹਿ ਸਕਦੇ ਆਂ ? ਕੀ ਪਤਾ, ਨਾ ਈ ਔਣ ਦਿੱਤਾ ਹੋਵੇ, ਘਰ ਦਿਆਂ ਨੇ। ਕੋਈ ਉਲਝਾਅ ਪੈ ਗਿਆ ਲਗਦੈ ਜ਼ਰੂਰ।’
‘ਹੋਰ ਉਡੀਕ ਭਾਈ, ਤਾਂ ਫੇਰ । ਉੱਤੇ ਚੁਬਾਰੇ ਵਿਚ ਵਗ ਜਾ । ਓਥੇ ਮੰਜਾ ਪਿਐ, ਪੈ ਜਾ ਆਰਾਮ ਨਾਲ। ਹੁਣ ਜਦੋਂ ਆਊ, ਦੇਖੀ ਜਾਊ। ਹੋਰ ਕੀ ਹੋ ਸਕਦੈ। ਅਸੀਂ ਤਾਂ ਭਾਈ, ਆਹ ਬੈਠੇ ਆਂ, ਤੇਰੀ ਖ਼ਾਤਰ। ਜਦੋਂ ਮਰਜ਼ੀ, ਉਠਾ ਲੀਂ।’
ਨਸੀਬ ਚੁਬਾਰੇ ਵਿਚ ਗਿਆ। ਵਰਾਂਢੇ ਵਿਚ ਦੋ ਮੰਜੇ ਡਹੇ ਪਏ ਸਨ । ਪਰ ਵਰਾਂਢੇ ਵਿਚ ਤਾਂ ਧੁੱਪ ਸੀ । ਉਹਨੇ ਇਕ ਮੰਜਾ ਚੁੱਕ ਕੇ ਚੁਬਾਰੇ ਵਿਚ ਡਾਹ ਲਿਆ, ਗਰਮੀ ਭਾਵੇਂ ਐਨੀ ਨਹੀਂ ਸੀ, ਪਰ ਉਹਨੂੰ ਹੁਸੜ ਮਹਿਸੂਸ ਹੋਇਆ। ਉਹਨੇ ਪੱਖਾ ਵੀ ਛੱਡ ਲਿਆ। ਇਕ ਨੰਬਰ ਉੱਤੇ ਰਹਿਣ ਦਿੱਤਾ। ਪੱਗ ਲਾਹ ਕੇ ਬੈਂਚ ਉੱਤੇ ਰੱਖ ਦਿੱਤੀ। ਮੰਜੇ ਉੱਤੇ ਪੈ ਗਿਆ । ਅੱਖਾਂ ਮੀਚ ਲਈਆਂ। ਉਹਨੇ ਸੌ ਜਾਣ ਦੀ ਕੋਸ਼ਿਸ਼ ਕੀਤੀ। ਪਰ ਨੀਂਦ ਕਿੱਥੇ ? ਉਹ ਪੰਜ ਮਿੰਟ ਹੀ ਮਸਾਂ ਪਿਆ ਹੋਵੇਗਾ । ਬੈਠਾ ਹੋ ਗਿਆ। ਭੋਰਾ ਵੀ ਚੈਨ ਨਹੀਂ ਸੀ । ਬੈਠਾ ਰਿਹਾ। ਫੇਰ ਪੈ ਗਿਆ। ਸੋਚਣ ਲੱਗਿਆ, ‘ਹੁਣ ਕੀ ਕੀਤਾ ਜਾਵੇ ? ਐਥੇ ਈ ਪਏ ਰਹਿਣਾ ਠੀਕ ਐ। ਪੁਸ਼ਪਿੰਦਰ ਆਈ ਤਾਂ ਐਥੇ ਈ ਆਊਗੀ। ਨਹੀਂ ਤਾਂ ਪਿੰਡੋਂ ਆਈ ਈ ਨ੍ਹੀਂ ਹੋਣੀ।’
ਉਹ ਅੱਧਾ ਘੰਟਾ ਮਸਾਂ ਚੁਬਾਰੇ ਵਿਚ ਪਿਆ-ਬੈਠਾ ਹੋਵੇਗਾ, ਆਪਣੀ ਪੱਗ ਸਿਰ ਉੱਤੇ ਰੱਖੀ ਅਤੇ ਚੁਬਾਰਿਓਂ ਥੱਲੇ ਉੱਤਰ ਆਇਆ। ਕਹਿੰਦਾ, ‘ਪ੍ਰੋਫੈਸਰ ਸਾਅਬ, ਮੈਂ ਇਕ ਗੇੜਾ ਐਧਰ ਫੂਲ ਆਲੇ ਬੱਸ-ਅੱਡੇ ‘ਤੇ ਈ ਮਾਰ ਆਵਾਂ। ਤੁਸੀਂ ਘਰ ਈ ਰਹਿਓ। ਕੀ ਐ, ਹੋਰ ਪਾਸੇ ਦੀ ਆ ਜੇ ਪੁਸ਼ਪਿੰਦਰ ।’
‘ਬੱਸ, ਮੈਂ ਨ੍ਹੀਂ ਜਾਣਾ ਹੁਣ ਕਿਸੇ ਪਾਸੇ ਵੀ। ਪਰ ਤੂੰ ਡੇਢ ਕੁ ਵਜੇ ਤੱਕ ਮੁੜ ਆਈਂ ਜ਼ਰੂਰ । ਰੋਟੀ ਖਾ ਲਾਂ ਗੇ।’ ਫੇਰ ਪੁੱਛਿਆ, ‘ਭੁੱਖ ਤਾਂ ਨ੍ਹੀਂ ਲੱਗੀ ? ਹੁਣੇ ਖਾਣੀ ਐ ਰੋਟੀ, ਹੁਣੇ ਖਾ ਲੈ ਤੂੰ ਤਾਂ । ਰੋਟੀ ਤਾਂ ਬਣਾਈ ਪਈ ਹੁੰਦੀ ਐ, ਤੜਕੇ ਤੋਂ ਈ ।
ਨਹੀਂ ਜੀ ਭੁੱਖ-ਭੱਖ ਤਾਂ ਕੋਈ ਨ੍ਹੀਂ । ਚੰਗਾ, ਮੈਂ ਐਨਾਂ ਫੇਰ।’
ਪਬਲਿਕ ਲਾਇਬਰੇਰੀ ਵਾਲੇ ਚੌਕ ਵਿਚ ਜਾ ਕੇ ਉਹ ਫੂਲ ਦਰਵਾਜ਼ੇ ਵੱਲ ਹੀ ਬਾਜ਼ਾਰੋ-ਬਾਜ਼ਾਰ ਜਾ ਰਿਹਾ ਸੀ। ਸਾਹਮਣੇ ਹਰਦਿੱਤ ਸਿੰਘ ਆਉਂਦਾ ਦਿੱਸਿਆ। ਇਕ ਬਿੰਦ ਤਾਂ ਉਹ ਡਰ ਗਿਆ। ਸੋਚਿਆ, ਕਿਸੇ ਗਲੀ ਪੈ ਜਾਵੇ। ਪਰ ਨਹੀਂ, ਕਰੜਾ ਦਿਲ ਕਰਕੇ ਉਹ ਸਾਹਮਣੇ ਹੀ ਦੇਖਦਾ ਅਤੇ ਤੁਰਦਾ ਗਿਆ। ਹਰਦਿੱਤ ਸਿੰਘ ਦੀ ਨਿਗਾਹ ਵੀ ਉਹ ਪੈ ਚੁੱਕਿਆ ਸੀ । ਦੂਰੋਂ ਹੀ ਉਹਨੇ ਬੁਲਾ ਲਿਆ, ‘ਓਏ, ਸੁਣਾ ਬਈ ਭਾਣਜੇ, ਕਿੱਧਰ ਫਿਰਦੈਂ ?’
‘ਐਧਰੇ, ਮਾਮਾ ਜੀ ।’
ਹਰਦਿੱਤ ਸਿੰਘ ਨੇ ਉਹਦੇ ਵੱਲ ਹੱਥ ਕੱਢਿਆ। ਨਸੀਬ ਨੇ ਹੱਥ ਮਿਲਾ ਲਿਆ।
‘ਕਿੱਥੇ ਹੁੰਨੈ ਹੁਣ ? ਖਾਸੇ ਚਿਰ ਤੋਂ ਪਿੰਡ ਤਾਂ ਤੈਨੂੰ ਕਦੇ ਦੇਖਿਆ ਨ੍ਹੀਂ।’ ਹਰਦਿੱਤ ਸਿੰਘ ਅਣਜਾਣ ਬਣਿਆ ਹੋਇਆ ਸੀ
‘ਮੈਂ ਤਾਂ, ਮਾਮਾ ਜੀ, ਕਲਕੱਤੇ ਆਂ। ਓਥੇ ਬੈਂਕ ‘ਚ ਆਂ।’
‘ਵਾਹ ਬਈ, ਫੇਰ ਤਾਂ ਚੰਗੀ ਗੱਲ ਐ ਬਈ, ਨੌਕਰੀ ਮਿਲ ਗੀ ।’ ਤੇ ਫੇਰ ਪੁੱਛਿਆ, ‘ਅੱਜ ਕਿੱਧਰ ? ਪਿੰਡੋਂ ਆਇਐਂ ? ਜਿਵੇਂ ਉਹਨੂੰ ਕਿਸੇ ਵੀ ਗੱਲ ਦਾ ਪਤਾ ਨਾ ਹੋਵੇ।
‘ਹਾਂ ਜੀ।’ ਨਸੀਬ ਨੇ ਸਹਿਮੀ ਜਿਹੀ ਆਵਾਜ਼ ਵਿਚ ਬੁੱਲ੍ਹ ਹਿਲਾਏ।
‘ਆ ਫੇਰ, ਚਾਹ ਪੀਨੇ ਆਂ। ਨਾਲੇ ਗੱਲਾਂ ਕਰਾਂਗੇ ।’ ਹਰਦਿੱਤ ਸਿੰਘ ਉਹਨੂੰ ਓਸੇ ਹੋਟਲ ਵਿਚ ਲੈ ਗਿਆ, ਜਿਥੇ ਉਹ ਹੁਣੇ ਬਾਬਿਆਂ ਨਾਲ ਚਾਹ ਪੀ ਕੇ ਗਿਆ ਸੀ।
ਚਾਹ ਪੀਂਦਿਆਂ ਹਰਦਿੱਤ ਸਿੰਘ ਨੇ ਉਹਦੇ ਵੱਲ ਸਾਧਾਰਨ ਜਿਹਾ ਝਾਕ ਕੇ ਗੱਲ ਤੋਰੀ, ‘ਅੱਜ ਫੇਰ ?’
‘ਅੱਜ ਬੱਸ ਐਵੇਂ ਈ ਜੀ। ਐਥੇ ਈ। ਐਥੇ ਆਇਆ ਸੀ ਮੈਂ ਤਾਂ ।’ ਨਸੀਬ ਕੋਈ ਖਾਸ ਬਹਾਨਾ ਨਾ ਬਣਾ ਸਕਿਆ।
‘ਐਥੇ ਕੰਮ ਐਂ ਕੋਈ ?’
‘ਕੰਮ ਤਾਂ ਜੀ, ਬੱਸ। ਊਂਈਂ ਆ ਗਿਆ ਮੈਂ ।’ ਉਹਨੂੰ ਬਹਾਨਾ ਨਹੀਂ ਲੱਭ ਰਿਹਾ ਸੀ।
‘ਤਾਂ ਫੇਰ ਕੋਠਿਆਂ ਨੂੰ ਮੁੜੇ ਗਾ ਹੁਣ ??
‘ਦੇਖਦੇ ਆਂ ਜੀ, ਸ਼ਾਇਦ ਸੰਘੇੜੀ ਜਾਵਾਂ। ਓਥੋਂ ਫੇਰ ਕਲਕੱਤੇ ਨੂੰ, ਉਹਨੂੰ ਬਹਾਨਿਆਂ ਦਾ ਰਾਹ ਲੱਭ ਪਿਆ ਸੀ।
ਹਰਦਿੱਤ ਸਿੰਘ ਨੂੰ ਆਪ ਪਤਾ ਸੀ ਕਿ ਉਹ ਵਾਧੂ ਸਵਾਲ ਉਹਨੂੰ ਪੁੱਛ ਰਿਹਾ ਹੈ। ਨਸੀਬ ਦੇ ਜਵਾਬ ਵੀ ਉਹਨੂੰ ਵਾਧੂ ਹੀ ਲੱਗੇ । ਉਹਦੇ ਮਨ ਵਿਚ ਪੱਕੀ ਠਣਕ ਗਈ ਸੀ ਕਿ ਨਸੀਬ ਰਾਮਪੁਰੇ ਆ ਕੇ ਉਹਦੀ ਧੀ ਪੁਸ਼ਪਿੰਦਰ ਨੂੰ ਹੀ ਉਡੀਕ ਰਿਹਾ ਹੈ। ਉਹਨੂੰ ਹੀ ਬਾਜ਼ਾਰਾਂ ਵਿਚ ਲਭਦਾ ਫਿਰਦਾ ਹੈ। ਫੇਰ ਉਹ ਅੰਦਰੇ-ਅੰਦਰ ਇਕ ਵਿਉਂਤ ਬਣਾਉਣ ਲੱਗਿਆ। ਕਿਵੇਂ ਕੀਤਾ ਜਾਵੇ ? ਮੁੰਡੇ ਨੂੰ ਧਮਕਾਇਆ ਜਾਵੇ ਜਾਂ ਮਿੱਠਤ-ਪਿਆਰ ਨਾਲ ਹੀ ਸਮਝਾ ਦਿਤਾ ਜਾਵੇ? ਅੰਦਰੇ-ਅੰਦਰ ਉਹ ਇਕ ਜ਼ਹਿਰ ਘੋਲ ਰਿਹਾ ਸੀ। ਉਹ ਆਪਣੇ-ਆਪ ਉੱਤੇ ਪੂਰਾ ਕਾਬੂ ਰੱਖਣ ਦੀ ਕੋਸ਼ਿਸ਼ ਕਰਦਾ। ਉਹ ਡਰਦਾ ਸੀ ਕਿ ਇਕਦਮ ਹੀ ਉਹ ਕਿਤੇ ਬੰਬ ਵਾਂਗ ਨਾ ਪਾਟ ਜਾਵੇ। ਫੇਰ ਤਾਂ ਸਾਰੀ ਖੇਡ ਵਿਗੜ ਜਾਵੇਗੀ। ਮੁੰਡਾ ਹੱਥੋਂ ਨਿੱਕਲ ਜਾਵੇਗਾ। ਇੰਜ ਫੇਰ ਕਾਬੂ ਨਹੀਂ ਆਉਣਾ ਕਦੇ ਇਹ। ਕੀ ਪਤਾ ਫੇਰ ਕਹਾਣੀ ਕਿਸ ਕੜ ਬੈਠੇ। ਇਕ ਖ਼ਤਰਨਾਕ ਸੰਘਰਸ਼ ਉਹਦੇ ਦਿਮਾਗ ਵਿਚ ਸੀ। ਇਕ ਦੱਬਿਆ-ਦੱਬਿਆ ਗੁੱਸਾ ਉਹਦੇ ਦਿਮਾਗ ਵਿਚ ਖਿੱਚੜੀ ਵਾਂਗ ਰਿਝ ਰਿਹਾ ਸੀ । ਪਿੰਡ ਦਿਆਲੋ ਨੂੰ ਉਹ ਕਹਿ ਕੇ ਆਇਆ ਸੀ ਕਿ ਉਹ ਮਹਿਮੇ ਨੂੰ ਜਾ ਰਿਹਾ ਹੈ। ਇਸ ਹਿਸਾਬ ਉਹਨੇ ਇਕ-ਡੇਢ ਵਾਲੀ ਗੱਡੀ ਰਾਮਪੁਰੀਓਂ ਚੜ੍ਹ ਕੇ ਬਠਿੰਡੇ ਪਹੁੰਚਣਾ ਸੀ ਤੇ ਫਰ ਓਥੋਂ ਬੱਸ ਲੈ ਕੇ ਗੋਨੇਆਣੇ। ਗੋਨੇਆਣੇ ਜਾ ਕੇ ਮਹਿਮਾ ਸਰਕਾਰੀ। ਪਰ ਨਸੀਬ ਨੂੰ ਦੇਖ ਕੇ ਉਹਨੇ ਸਾਰਾ ਪ੍ਰੋਗਰਾਮ ਬਦਲ ਲਿਆ। ਨਸੀਬ ਨੂੰ ਦੇਖਣ-ਸਾਰ ਤਾਂ ਉਹਨੂੰ ਸਭ ਕੁਝ ਹੀ ਭੁੱਲ-ਭੁੱਲਾ ਗਿਆ ਸੀ। ਉਹਦੇ ਸਾਹਮਣੇ ਤਾਂ ਬੱਸ ਨਸੀਬ ਸੀ, ਨਾਈਆਂ ਦਾ ਮੁੰਡਾ, ਜੋ ਉਹਦੀ ਧੀ ਤੱਕ ਆ ਪਹੁੰਚਿਆ ਸੀ ਅਤੇ ਜੀਹਨੂੰ ਉਹ ਓਸੇ ਹੋਟਲ ਵਿਚ ਵੱਢ ਕੇ ਧਰਤੀ ਵਿਚ ਦੱਬ ਦੇਣਾ ਚਾਹੁੰਦਾ ਸੀ। ਉਹਦਾ ਦਿਮਾਗ ਕਹਿੰਦਾ, ਇਹਨੂੰ ਗੱਲੀਂ-ਬਾਤੀਂ ਸਮਝਾ ਦਿਤਾ ਜਾਵੇ । ਉਹਦਾ ਦਿਲ ਕਹਿੰਦਾ, ਇਹਨੂੰ ਖ਼ਤਮ ਕਰ ਦਿੱਤਾ ਜਾਵੇ । ਬਿੰਦ ਦੀ ਬਿੰਦ ਉਹ ਢੈਲਾ ਹੋ ਕੇ ਬੈਠ ਜਾਂਦਾ ਅਤੇ ਸੋਚਦਾ-ਕਿਹੋ ਜਿਹਾ ਜ਼ਮਾਨਾ ਆ ਗਿਆ । ਸਾਲੇ ਨਾਈ-ਛੀਂਬੇ, ਲਾਗੀਆਂ ਦਾ ਕੰਮ ਕਰਦੇ, ਜੱਟਾਂ ਦੀਆਂ ਧੀਆਂ ਤੱਕ ਆ ਪਹੁੰਚੇ । ਚੰਗੀ ਆਜ਼ਾਦੀ ਮਿਲੀ ਹੈ, ਦੇਸ ਨੂੰ । ਕਾਂਗਰਸ ਵਾਲਿਆਂ ਨੇ ਨਿੱਕੀ-ਸੁੱਕੀ ਜਾਤ ਸਿਰ ਚੜ੍ਹਾ ਦਿੱਤੀ।
ਚਾਹ ਪੀ ਕੇ ਉਹ ਉੱਠੇ। ਹਰਦਿੱਤ ਨੇ ਚਾਹ ਦੇ ਪੈਸੇ ਦੇ ਦਿਤੇ ਅਤੇ ਉਹ ਹੋਟਲ ਵਿਚੋਂ ਬਾਹਰ ਆ ਗਏ। ਹਰਦਿੱਤ ਸਿੰਘ ਉਹਨੂੰ ਕਹਿੰਦਾ, ‘ਚੱਲ ਭਾਣਜੇ, ਤੈਨੂੰ ਫੇਰ ਤੋਰ ਲਿਆਂਵਾ ਇੱਥੇ ਭਾਈ ਚਲਦੇ ਆਂ ਆਪਾਂ। ਆਹ ਲਹਿਰਾ ਧੂਰਕੋਟ ਐ ਨਾ, ਓਥੇ ਇੱਕ ਟਰੈਕਟਰ ਬਕਾਊ ਖੜੇ ਚੱਲ ਵੱਖ ਐਨੇ ਆਂ । ਪੜ੍ਹਿਆ ਵਿਐਂ ਤੂੰ। ਕਾਗਜ-ਪੱਤਰ ਵੀ ਟਰੈਕਟਰ ਦੇ ਦੇਖਣੇ ਹੋਣਗੇ ਆ ਚੱਕਾ ਵੇਗਾ ਟੱਕਰ ਗਿਆ ਤੂੰ। ਹੁਣੇ ਮੁੜ ਆਮਾਂ ਗੇ। ਆਹ ਖੜ੍ਹੇ ਲਹਿਰਾ ਧੂਰਕੋਟ, ਬੱਸ ‘ਤੇ ਚੱਲਾਂਗੇ ‘ਤੇ
ਨਸੀਬ ਨੂੰ ਉਹਦੀਆਂ ਗੱਲਾਂ ਵਿਚ ਮੋਹ ਲੱਗਿਆ। ਇਕ ਅਪਣੱਤ ਦਾ ਮਿੱਠਾ-ਮਿੱਠਾ ਅਹਿਸਾਸ। ਤੇ ਇਹ ਅਹਿਸਾਸ ਵੀ ਕਿ ਇਹ ਬੰਦਾ ਉਸਦੀ ਪੁਸ਼ਪਿੰਦਰ ਦਾ ਬਾਪ ਹੈ। ਹਰਦਿੱਤ ਸਿੰਘ ਦੋ ਬੋਲਾਂ ਵਿਚ ਉਹ ਤਾਂ ਜਿਵੇਂ ਕੀਲਿਆ ਹੀ ਗਿਆ ਹੋਵੇ। ਇਕ ਜਾਦੂ ਦੇ ਅਸਰ ਅਧੀਨ ਉਹ ਹਰਦਿੱਤ ਸਿੰਘ ਦੇ ਨਾਲ-ਨਾਲ ਤੁਰਨ ਲੱਗਿਆ। ਹੋਰ ਨਿੱਕੀਆਂ-ਨਿੱਕੀਆਂ ਬੇਮਤਲਬ ਗੱਲਾਂ ਕਰਦੇ ਉਹ ਬੱਸ-ਸਟੈਂਡ ਉੱਤੇ ਆ ਗਏ। ਬਠਿੰਡੇ ਵਾਲੀ ਬੱਸ ਚੜ੍ਹੇ। ਲਹਿਰਾ ਧੂਰਕੋਟ ਦੇ ਕਿਲੋਮੀਟਰ ਮਸਾਂ ਸੀ। ਉਹ ਅੱਡੇ ਉੱਤੇ ਉੱਤਰ ਗਏ। ਹਰਦਿੱਤ ਸਿੰਘ ਨੇ ਸੜਕ ਉੱਤੇ ਖੜ੍ਹ ਕੇ ਚਾਰ-ਚੁਫੇਰੇ ਨਿਗਾਹ ਮਾਰੀ । ਏਧਰ-ਓਧਰ ਤੁਰਦੇ-ਫਿਰਦੇ ਕਿਸੇ ਕਿਸੇ ਬੰਦੇ ਵੱਲ ਉਹ ਨਿਰਖ ਨਾਲ ਝਾਕਦਾ ਰਿਹਾ। ਫੇਰ ਪਿੰਡ ਵੱਲ ਮੂੰਹ ਕਰਕੇ ਖੜ੍ਹ ਗਿਆ । ਨਸੀਬ ਬੱਸ ਵਿਚੋਂ ਉੱਤਰਦੇ ਹੀ ਪਰ੍ਹਾਂ ਖਤਾਨ ਵਿਚ ਪਿਸ਼ਾਬ ਕਰਨ ਜਾ ਖੜ੍ਹਾ ਸੀ । ਫੇਰ ਪਿੰਡ ਤੋਂ ਦੂਜੇ ਪਾਸੇ ਮੂੰਹ ਕਰਕੇ ਹਰਦਿੱਤ ਖੜ੍ਹ ਗਿਆ । ਸਾਹਮਣੇ ਵਾਲਾ ਰਾਹ ਮਹਿਰਾਜ ਪਿੰਡ ਨੂੰ ਜਾਂਦਾ ਸੀ । ਸਾਹਮਣੇ ਹੀ ਕੱਚੇ ਕੋਠੇ ਦਿਸ ਰਹੇ ਸਨ। ਨਰਮੇ ਦੇ ਖੇਤ ਸਨ। ਕਿਧਰੇ ਕੋਈ ਵੀ ਬੰਦਾ ਆਉਂਦਾ-ਜਾਂਦਾ ਨਹੀਂ ਦਿਸਦਾ ਸੀ । ਸੁੰਨ-ਸਰਾਂ ਜਿਹੀ ਫੈਲੀ ਹੋਈ ਸੀ। ਨਸੀਬ ਉਹਦੇ ਕੋਲ ਆ ਖੜ੍ਹਾ। ਕਹਿਣ ਲੱਗਿਆ, ‘ਚਲੋ ਜੀ ਫੇਰ, ਆਹੀ ਐ ਲਹਿਰਾ ਧੂਰਕੋਟ ?’
‘ਹਾਂ, ਲਹਿਰਾ ਧੂਰਕੋਟ ਤਾਂ ਇਹੀ ਐ, ਪਰ ਆਪਾਂ ਐਧਰ ਜਾਣੈ। ਔਹ ਕੋਠੇ ਦਿਸਦੇ ਨੇ ਨਾ । ਉਹਨਾਂ ‘ਚ ਜਾਣੈ ਆਪਾਂ ।’ ਹਰਦਿੱਤ ਸਿੰਘ ਸੜਕ ਤੋਂ ਉੱਤਰ ਕੇ ਮਹਿਰਾਜ ਦੇ ਰਾਹ ਪੈ ਗਿਆ। ਮਗਰ-ਮਗਰ ਨਸੀਬ। ਉਹ ਪਹੇ-ਪਹੇ ਤੁਰਦੇ ਗਏ । ਹਰਦਿੱਤ ਸਿੰਘ ਹੁਣ ਚੁੱਪ ਸੀ । ਇਕ ਮੁਕੰਮਲ ਖਾਮੋਸ਼ੀ । ਉਹਦੀ ਚੁੱਪ ਨੂੰ ਦੇਖ ਕੇ ਨਸੀਬ ਵੀ ਕੁਝ ਨਹੀਂ ਬੋਲ ਰਿਹਾ ਸੀ। ਇੰਜ ਹੀ ਉਹ ਕੋਠਿਆਂ ਤੱਕ ਪਹੁੰਚ ਗਏ।
ਨਾ ਕੋਈ ਪਸ਼ੂ ਦਿਸਿਆ, ਨਾ ਕੁੱਤੇ ਦੇ ਭੌਂਕਣ ਦੀ ਆਵਾਜ਼ । ਬੰਦੇ ਦਾ ਕੋਈ ਨਾਂ-ਨਿਸ਼ਾਨ ਵੀ ਨਹੀਂ ਸੀ ਏਥੇ। ਇਹ ਤਾਂ ਕੱਚੀਆਂ ਕੰਧਾਂ ਦੇ ਕੋਠੇ ਸਨ। ਕੋਠਿਆਂ ਦੇ ਬਾਰਾਂ ਨੂੰ ਤਖਤੇ ਲੱਗੇ ਹੋਏ ਅਤੇ ਤਖਤਿਆਂ ਨੂੰ ਜਿੰਦਰੇ ਵਜੇ ਹੋਏ ਸਨ। ਦੋ ਛੱਪਰ ਸਨ । ਛੱਪਰਾਂ ਉੱਤੇ ਅਧੋਰਾਣੀ ਛੱਤ ਅਤੇ ਛੱਪਰਾਂ ਥੱਲੇ ਦੀਆਂ ਖੁਰਲੀਆਂ ਖਾਲਮ-ਖਾਲੀ। ਅਸਲ ਵਿਚ ਗੱਲ ਇਹ ਸੀ ਕਿ ਇਹ ਕੋਠੇ ਦੂਰ ਦੇ ਖੇਤਾਂ ਵਾਲਿਆਂ ਨੇ ਏਥੇ ਉਸਾਰ ਲਏ ਸਨ। ਇਹਨਾਂ ਨੂੰ ‘ਕਪਾਹਾਂ ਵਾਲੇ ਕੋਠੇ’ ਆਖਦੇ। ਇਕ ਕੋਠਾ ਮਹਿਰਾਜ ਪਿੰਡ ਵਾਲਿਆਂ ਦਾ ਸੀ, ਬਾਕੀ ਤਿੰਨ ਕੋਠੇ ਲਹਿਰਾ ਧੂਰਕੋਟ ਦੇ। ਕਪਾਹਾਂ ਦੇ ਦਿਨਾਂ ਵਿਚ ਲੋਕ ਆਉਂਦੇ, ਕਪਾਹ ਚੁਗ-ਚੁਗ ਇਹਨਾਂ ਆਪਣੇ ਕੋਠਿਆਂ ਵਿਚ ਢੇਰੀਆ ਲਾਈਂ ਜਾਂਦੇ । ਬਹੁਤ ਕਪਾਹ ਹੁੰਦੀ ਸੀ, ਇਹਨਾਂ ਖੇਤਾਂ ਵਿਚ। ਉਹਨਾਂ ਦਿਨਾਂ ਵਿਚ ਉਹ ਰੋਟੀ-ਪਾਣੀ ਦਾ ਇੰਤਜ਼ਾਮ ਵੀ ਏਥੇ ਹੀ ਕਰਦੇ। ਪਸ਼ੂ-ਢਾਂਡਾ ਵੀ ਨਾਲ ਹੀ ਲੈ ਆਉਂਦੇ। ਕੋਈ-ਕੋਈ ਘਰ ਤਾਂ ਏਥੇ ਆਪਣੇ ਕੋਠੇ ਵਿਚ ਕਪਾਹ ਜਮ੍ਹਾਂ ਕਰੀਂ ਜਾਂਦਾ ਅਤੇ ਸਮਾਂ ਆਉਣ ਉੱਤੇ ਏਥੋਂ ਹੀ ਬਾਣੀਏ ਨੂੰ ਚੁਕਾ ਦਿੰਦਾ।
ਪਰ ਹੁਣ ਕਪਾਹ ਕੋਈ ਨਹੀਂ ਬੀਜਦਾ ਸੀ । ਕਪਾਹਾਂ ਬੀਜਣ ਦਾ ਰਿਵਾਜ ਹੀ ਨਹੀਂ ਰਹਿ ਗਿਆ ਸੀ । ਕਪਾਹਾਂ ਦਾ ਝਾੜ ਘੱਟ ਨਿਕਲਦਾ ਅਤੇ ਮੰਡੀ ਵਿਚ ਉਹਦੀ ਪੁੱਛ ਵੀ ਘੱਟ ਸੀ। ਹੁਣ ਤਾਂ ਨਰਮਾ ਹੀ ਚਲਦਾ । ਨਰਮੇ ਦਾ ਝਾੜ ਬੜਾ ਨਿੱਕਲਦਾ, ਪੈਸੇ ਹੀ ਪੈਸੇ ਬਣ ਜਾਂਦੇ । ਪਰ ਕੁਝ ਸਾਲਾਂ ਤੋਂ ਨਰਮੇ ਦਾ ਵੀ ਬੁਰਾ ਹਾਲ ਸੀ। ਮੰਡੀ ਵਿਚ ਜਾ ਕੇ ਨਰਮੇ ਦੀ ਬੜੀ ਬੇਅਦਬੀ ਹੁੰਦੀ। ਚਾਰ-ਚਾਰ ਦਿਨ ਜੱਟ ਮੰਡੀ ਵਿਚ ਬੈਠਾ ਰਹਿੰਦਾ । ਬੋਲੀ ਲਗਦੀ ਹੀ ਨਾ । ਸੋ ਲੋਕਾਂ ਦਾ ਰੁਝਾਨ ਹੁਣ ਜੀਰੀ ਵੱਲ ਹੁੰਦਾ ਜਾ ਰਿਹਾ ਸੀ। ਇਹਨਾਂ ਖੇਤਾ ਵਿਚ ਕੁਝ ਵੀ ਪੈਦਾ ਕੀਤਾ ਜਾਂਦਾ, ਇਹਨਾਂ ਕੋਠਿਆਂ ਨੂੰ ਲੋਕ ਅਜੇ ਵੀ ‘ਕਪਾਹਾਂ ਵਾਲੇ ਕੋਠੇ’ ਆਖਦੇ ।
ਉਜਾੜ ਕੋਠਿਆਂ ਦੀ ਵਲਗਣ ਵਿਚ ਨਸੀਬ ਨੂੰ ਖੜ੍ਹਾ ਛੱਡ ਕੇ ਹਰਦਿੱਤ ਸਿੰਘ ਆਪ ਇਕ ਨਰਮੇ ਦੇ ਖੇਤ ਵਿਚ ਜਾ ਬੈਠਾ। ਕਹਿੰਦਾ, ‘ਤੂੰ ਖੜ੍ਹ ਐਥੇ, ਮੈਂ ਜੰਗਲ ਪਾਣੀ ਹੋ ਲਾਂ।’
ਨਸੀਬ ਦੀਆਂ ਅੱਖਾਂ ਤੋਂ ਪਰ੍ਹੇ ਹਰਦਿੱਤ ਸਿੰਘ ਨੇ ਫੇਰ ਆਲੇ-ਦੁਆਲੇ ਦਾ ਜਾਇਜ਼ਾ ਲਿਆ । ਪਹੇ ਉੱਤੇ ਕੋਈ ਆਉਂਦਾ-ਜਾਂਦਾ ਦੇਖਿਆ। ਕੋਈ ਨਹੀਂ ਸੀ। ਤੇ ਫੇਰ ਉਹਨੇ ਆਪਣੀ ਬੰਦੂਕ ਵਿਚ ਕਾਰਤੂਸ ਪਾਇਆ। ਕੋਠੇ ਦੇ ਵਿਹੜੇ ਦੀ ਨੀਵੀਂ-ਨੀਵੀਂ ਕੰਧ ਉੱਤੋਂ ਦੀ ਆ ਕੇ ਬੰਦੂਕ ਦੋਵੈਂ ਹੱਥਾਂ ਵਿਚ ਮਜ਼ਬੂਤੀ ਨਾਲ ਫੜੀ। ਨਸੀਬ ਦੀ ਪਿੱਠ ਸੀ, ਹਰਦਿੱਤ ਸਿੰਘ ਨੇ ਫਾਇਰ ਕਰ ਦਿੱਤਾ। ਗੋਲੀ ਉਹਦੇ ਮੌਰ ਵਿਚ ਵੱਜੀ। ਉਹ ਨਾਲ ਦੀ ਨਾਲ ਲੜਖੜਾ ਕੇ ਧਰਤੀ ਉੱਤੇ ਡਿੱਗ ਪਿਆ। ਹਰਦਿੱਤ ਨੇ ਫੁਰਤੀ ਨਾਲ ਕੰਧ ਟੱਪੀ। ਇਕ ਕਾਰਤੂਸ ਬੰਦੂਕ ਵਿਚ ਹੋਰ ਪਾਇਆ, ਨਸੀਬ ਨੂੰ ਬਾਹੋਂ ਫੜ ਕੇ ਸਿੱਧਾ ਕੀਤਾ ਅਤੇ ਉਹਦੀ ਪੁੜਪੁੜੀ ਉੱਤੇ ਫਾਇਰ ਕਰ ਦਿਤਾ। ਪਹਿਲੇ ਫਾਇਰ ਨਾਲ ਹੀ ਉਹ ਬੌਂਦਲ ਗਿਆ ਸੀ। ਦੂਜੇ ਫਾਇਰ ਨਾਲ ਸਿਰ ਖੱਖੜੀ-ਖੱਖੜੀ ਹੋ ਗਿਆ। ਉਹਦੀ ਦੇਹ ਮੱਛੀ ਵਾਂਗ ਤੜਫ ਰਹੀ ਸੀ। ਯਕੀਨ ਕਰਕੇ ਕਿ ਹੁਣ ਇਹ ਬਚ ਨਹੀਂ ਸਕੇਗਾ, ਏਥੇ ਹੀ ਠੰਡਾ ਹੋ ਜਾਏਗਾ, ਹਰਦਿੱਤ ਛਾਲ ਮਾਰ ਕੇ ਵਿਹੜੇ ਵਿਚੋਂ ਬਾਹਰ ਹੋਇਆ ਅਤੇ ਕਾਹਲੇ ਕਾਹਲੇ ਕਦਮਾਂ ਨਾਲ ਪਹੇ ਦੇ ਰਾਹ ਪੈ ਗਿਆ। ਉਹਨੂੰ ਕਿਸੇ ਨੇ ਨਹੀਂ ਦੇਖਿਆ ਸੀ। ਦੋ ਵਾਰ ਗੋਲੀ ਚੱਲਣ ਦੀ ਆਵਾਜ਼ ਵੀ ਸ਼ਾਇਦ ਕਿਧਰੇ ਕਿਸੇ ਦੇ ਕੰਨਾਂ ਤਕ ਨਾ ਗਈ ਹੋਵੇ। ਲਹਿਰਾ ਧੂਰਕੋਟ ਦੇ ਬੱਸ-ਅੱਡੇ ਉੱਤੇ ਆ ਕੇ ਉਹ ਦੋ ਮਿੰਟ ਹੀ ਮਸਾਂ ਖੜ੍ਹਾ ਹੋਵੇਗਾ ਕਿ ਰਾਮਪੁਰੇ ਵਲੋਂ ਇਕ ਬੱਸ ਆ ਗਈ। ਉਹ ਬਠਿੰਡੇ ਨੂੰ ਬੱਸ ਚੜ੍ਹ ਗਿਆ।
ਭਾਗ ਚੌਥਾ

1
ਟਰੈਕਟਰ ਦੀ ਸੀਟ ਉੱਤੇ ਬੈਠ ਕੇ ਹਰਿੰਦਰ ਨੇ ਸੈਲਫ ਦੱਬਿਆ, ਟਰੈਕਟਰ ਦੁੱਗ-ਦੁੱਗ
ਕਰਕੇ ਝੱਟ ਸਟਾਰਟ ਹੋ ਗਿਆ। ਉਹਨੇ ਥੋੜ੍ਹੀ ਜਿੰਨੀ ਰੇਸ ਦਿੱਤੀ, ਇੰਜਣ ਨੇ ਪੂਰਾ ਖੜਕਾਟ ਪਾ
ਦਿਤਾ। ਤੇ ਫੇਰ ਉਹਨੇ ਚਾਹ ਪੀ ਰਹੇ ਨੇਕ ਨੂੰ ਉੱਚੀ ਹਾਕ ਮਾਰੀ, ‘ਓਏ ਆ ਐਧਰ। ਆ ਜਾ ਹੁਣ। ਬਾਟੀ ਵਿਚ ਦੋ ਘੁੱਟਾਂ ਚਾਹ ਰਹਿੰਦੀ ਸੀ। ਬੈਠੇ-ਬੈਠੇ ਹੀ ਨੇਕ ਨੇ ਹੱਥ ਖੜ੍ਹਾ ਕੀਤਾ। ਤੇ ਫੇਰ ਇਕ ਘੁੱਟ ਵਿਚੇ ਛੱਡ ਦਿੱਤੀ। ਇਸ ਆਖਰੀ ਘੁੱਟ ਵਿਚ ਚਾਹ-ਪੱਤੀ ਦੀ ਰਹਿੰਦ-ਖੂੰਹਦ ਜਿਹੀ ਵੀ ਸੀ। ਉਹਨੇ ਇਹ ਪਰ੍ਹਾਂ ਸੁੱਟੀ ਤੇ ਗਿੱਲਾ ਰੇਤਾ ਲੈ ਕੇ ਸਕਿੰਟਾਂ ਵਿਚ ਹੀ ਬਾਟੀ ਮਾਂਜ ਦਿੱਤੀ। ਸੁਕ-ਮਾਂਜ ਕੀਤੀ ਬਾਟੀ ਨੂੰ ਉਹਨੇ ਆਪਣੇ ਸਮੋਸੇ ਲੜ ਬੰਨ੍ਹਿਆ ਅਤੇ ਟਰੈਕਟਰ ਕੋਲ ਆ ਕੇ ਖੜ੍ਹ ਗਿਆ। ਉੱਚੀ ਆਵਾਜ਼ ਵਿਚ ਪੁੱਛਿਆ, ‘ਕਿਮੇਂ ਕਰਾਂ ?’
‘ਓਏ, ਟਰਾਲੀ ਪੌਣੀ ਐ। ਚੱਲ ਔਧਰ ।’ ਹਰਿੰਦਰ ਕੂਕਿਆ।
ਪੁੱਠਾ ਮੋੜ ਕੇ ਟਰੈਕਟਰ ਹਰਿੰਦਰ ਨੇ ਟਰਾਲੀ ਦੇ ਨਾਲ ਲਾ ਦਿੱਤਾ। ਤੇ ਫੇਰ ਉਹ ਟਰੈਕਟਰ ਤੋਂ ਉੱਤਰਿਆ। ਦੋਵਾ ਜਣਿਆਂ ਨੇ ਟਰਾਲੀ ਨੂੰ ਟਰੈਕਟਰ ਨਾਲ ਜੋੜ ਦਿੱਤਾ। ਟਰੈਕਟਰ ਦੀ ਸੀਟ ਉੱਤੇ ਬੈਠ ਕੇ ਉਹਨੇ ਨੇਕ ਨੂੰ ਫੇਰ ਹਾਕ ਮਾਰੀ ਅਤੇ ਆਖਿਆ, ‘ਲਾਸਾਂ ਰੱਖ ਲੈਂਦਾ। ਲਿਆ, ਬੈਠਕ ‘ਚ ਪਈਆਂ ਨੇ। ਦੋਮੇਂ ਚੱਕ ਲਿਆ।’
ਟਰਾਲੀ ਵਿਚ ਲਾਸਾਂ ਰੱਖ ਕੇ ਨੇਕ ਕਹਿੰਦਾ, ‘ਚੱਲ ਹੁਣ, ਲੈ ਰੱਬ ਦਾ ਨਾਂ, ਸੱਚੇ ਪਾਸ਼ਾ रा।’
ਟਰਾਲੀ ਲੋਹੇ ਦਾ ਗੇਟ ਟੱਪੀ ਵੀ ਨਹੀਂ ਸੀ, ਨੇਕ ਮਗਰ ਝਾਕਿਆ। ਦਿਆਲੋ ਬਾਂਹ ਖੜ੍ਹੀ ਕਰਕੇ ਉੱਚੀ-ਉੱਚੀ ਕੁਝ ਬੋਲ ਰਹੀ ਸੀ । ਸ਼ਾਇਦ ਉਹਨਾਂ ਨੂੰ ਹੀ ਬੁਲਾ ਰਹੀ ਹੋਵੇਗੀ। ਨੇਕ ਨੇ ਹਰਿੰਦਰ ਨੂੰ ਆਖਿਆ, ‘ਓਏ, ਬੁੜ੍ਹੀ ਪਤਾ ਨ੍ਹੀਂ ਕੀ ਆਖਦੀ ਐ, ਸੁਣੀਂ ਭਲਾਂ।’
ਟਰਾਲੀ ਗੇਟ ਤੋਂ ਬਾਹਰ ਕੱਢ ਕੇ ਹਰਿੰਦਰ ਨੇ ਟਰੈਕਟਰ ਖੜ੍ਹਾ ਲਿਆ। ਮਾਂ ਕਮਰੇ ਵਿਚ ਚਲੀ ਗਈ ਸੀ। ਹਰਿੰਦਰ ਨੇ ਨੇਕ ਨੂੰ ਕਿਹਾ, ‘ਜਾਹ, ਪਤਾ ਲੈ ਕੇ ਆ, ਕੀ ਕਹਿੰਦੀ ਐ ਮਾਂ ?’
ਨੇਕ ਵਿਹੜੇ ਵਿਚ ਗਿਆ ਤਾਂ ਦਿਆਲੋ ਫੇਰ ਵਰਾਂਢੇ ਵਿਚ ਖੜ੍ਹੀ ਸੀ। ਆਖ ਰਹੀ ਸੀ, ‘ਵੇ ਆ ਜੋ ਭਾਈ, ਮੈਥੋਂ ਤਾਂ ਦੇਖਿਆ ਨ੍ਹੀਂ ਜਾਂਦਾ। ਦੇਹ ਤੋੜੀਂ ਜਾਂਦੈ। ਮੂੰਹ ‘ਚੋਂ ਓਮੇਂ-ਜਿਮੇਂ ਝੱਗ। ਕੋਈ ਸੁਰਤ ਨ੍ਹੀਂ । ਪਤਾ ਨ੍ਹੀਂ ਕੀ ਭਾਣਾ…’
ਹਰਿੰਦਰ ਵੀ ਟਰੈਕਟਰ-ਟਰਾਲੀ ਛੱਡ ਕੇ ਓਥੇ ਆ ਖੜ੍ਹਾ। ਹਰਦਿੱਤ ਸਿੰਘ ਨੇ ਕੋਈ ਦਸ ਮਿੰਟ ਦੇਹ ਤੋੜੀ। ਮੂੰਹ ਅਤੇ ਨਾਸਾਂ ਵਿਚੋਂ ਝੱਗ ਹੀ ਝੱਗ । ਸਾਹ ਨਹੀਂ ਆਉਂਦਾ ਸੀ। ਤੇ ਫੇਰ ਉਹ ਔਖੇ-ਔਖੇ ਅਤੇ ਲੰਮੇ-ਲੰਮੇ ਖਿੱਚਵੇਂ ਸਾਹ ਲੈ ਕੇ ਟਿਕ ਗਿਆ। ਹਿੱਲਣੋਂ ਹਟ ਗਿਆ। ਹਰਿੰਦਰ ਨੇ ਕੂੰਬਲੀ ਫੜ ਕੇ ਉਹਨਾ ਨੱਕ ਘੁੱਟਿਆ । ਮੂੰਹ ਵਿਚ ਦੀ ਸਾਹ ਆਉਂਣ ਲੱਗਿਆ। ਥੋੜ੍ਹੀ ਦੇਰ ਬਾਅਦ ਉਹਨੇ ਅੱਖਾਂ ਖੋਲ੍ਹ ਲਈਆਂ। ਅੱਖਾਂ ਝਮਕੀਆਂ। ਤੇ ਫੇਰ ‘ਹਾਏ’ ਕਹਿ ਕੇ ਪਾਸਾ ਮਾਰ ਲਿਆ।
‘ਬੱਸ ਭਾਈ, ਹੁਣ ਠੀਕ ਐ। ਤੁਸੀਂ ਜਾਓ ਖੇਤ ਨੂੰ। ਘੰਟਾ ਪਊ ਹੁਣ ਏਮੇਂ-ਜਿਮੇਂ, ਬੇਸੁਰਤ ਜਾ। ਫੇਰ ਬਸ਼ੱਕ ਲਵੇ ਚਾਹ ਦੀ ਬੁੱਕ ।’ ਦਿਆਲੇ ਨੇ ਝੋਰੇ-ਭਰਿਆ ਸਾਹ ਲਿਆ।
‘ਇਹਦਾ ਕੋਈ ਲਾਜ ਕਰਾਓ ਜਾਰ, ਹਰਿੰਦਰਾ । ਆਇਓਂ ਤਾਂ ਇਹ ਬੀਤ ਜੂ। ਮੈਂ ਕਹਿਨਾਂ, ਇਹ ਤੀਜਾ ਦੌਰਾ ਪਿਐ ਇਹਨੂੰ।’ ਵਿਹੜੇ ਵਿਚ ਤੁਰੇ ਜਾਂਦੇ ਨੇਕ ਨੇ ਝੋਰੇ ਨਾਲ ਆਖਿਆ।
‘ਇਹਦਾ ‘ਲਾਜ ਕੋਈ ਨ੍ਹੀਂ ਭਰਾਵਾ। ਇਹਦੇ ਨਾਲ ਏਮੇਂ ਈ ਹੋਣੀ ਸੀ। ਇਹਦਾ ‘ਲਾਜ’ ਤਾਂ ਹੋ ਈ ਨ੍ਹੀਂ ਸਕਦਾ।’ ਹਰਿੰਦਰ ਨੇ ਟਰੈਕਟਰ ਉੱਤੇ ਚੜ੍ਹਦਿਆਂ ਜਵਾਬ ਦਿੱਤਾ ।
‘ਮੈਨੂੰ ਲਗਦੈ, ਇਹ ਮਿਰਗੀ ਨ੍ਹੀ ਜਾਰ? ਲੱਛਣ ਤਾਂ ਓਹੀ ਦੀਂਹਦੇ ਨੇ ।’
‘ਮਿਰਗੀ ਕਿਹੜੀ, ਇਹ ਤਾਂ ਹੋਰ ਈ ਮਿਰਗੀ ਐ। ਮੈਨੂੰ ਪਤੈ ਇਹਦਾ। ਹਰਿੰਦਰ ਨੇ ਸੈਲਫ ਦੱਬਿਆ। ਟਰੈਕਟਰ ਚਾਲੂ ਹੋ ਗਿਆ।
ਦਿਆਲੋ ਫੇਰ ਹਾਕਾਂ ਮਾਰ ਰਹੀ ਸੀ ।
‘ਓਏ, ਹੁਣ ਕੀ ਗੱਲ ਐ ? ਪੁੱਛ ਗਾਂ ਭਲਾਂ ।’ ਹਰਿੰਦਰ ਵਿਚ ਦੱਬਵਾਂ ਜਿਹਾ ਗੁੱਸਾ ਸੀ।
ਦਿਆਲੋ ਪੋਣੇ ਵਿਚ ਬੰਨ੍ਹੀਆਂ ਰੋਟੀਆਂ ਦੀ ਪੋਟਲੀ ਫੜਾ ਗਈ । ਕਹਿੰਦੀ, ‘ਇਹ ਨੀਂ ਜਾਦ ? ਫੇਰ ਘਰ ਨੂੰ ਭੱਜੋਂ ਗੇ । ਤੇਰੇ ਬਾਪੂ ਨੂੰ ਛੱਡ ਕੇ ਮੈਂ ਕਿੱਥੇ ਔਂਦੀ ਭਲਾਂ। ਪਰੌਂਠੇ ਲਾਹ ‘ਤੇ ਸੀ, ਆਲੂ-ਗੋਭੀ ਦੀ ਸੁੱਕੀ ਸਬਜੀ, ਵਿਚੇ ਬੰਨ੍ਹ ‘ਤੀ ਇਹਦੇ ।’ ਤੇ ਫੇਰ ਕਹਿੰਦੀ, ‘ਦੁੱਧ ਦੀ ਬੋਤਲ ਵੀ ਨ੍ਹੀਂ ਚੱਕੀ ਹੋਣੀ, ਮੈਂ ਕਹਿਨੀ ਆਂ । ਚਾਹ ਕਾਹਦੀ ਕਰੋਂਗੇ ਫੇਰ ?’
ਹਰਿੰਦਰ ਨੇਕ ਨੂੰ ਬੋਲਿਆ, ‘ਜਾਹ ਯਾਰ, ਤੂੰ ਈ ਫੜ ਲੈ ਬੋਤਲ । ਚੱਲੀਏ ਫੇਰ। ਕਿੰਨਾ ਦਿਨ ਚੜ੍ਹ ਆਇਆ। ਹੁਣ ਨੂੰ ਤਾਂ ਕਿੰਨੀ ਕਣਕ ਰਮਾ ‘ਤੀ ਹੁੰਦੀ।’
ਹਰਦਿੱਤ ਸਿੰਘ ਪਹਿਲਾਂ ਹੀ ਧੀ ਵੱਲੋਂ ਦੁਖੀ ਸੀ । ਹਰਿੰਦਰ ਬੀਏ ਕਰ ਗਿਆ ਸੀ। ਕੋਈ ਨੌਕਰੀ ਕਰਨ ਨਾਲੋਂ ਉਹ ਘਰ ਦੇ ਕੰਮ ਵਿਚ ਹੀ ਪੈ ਗਿਆ। ਇਕ ਸੀਰੀ ਰੱਖ ਕੇ ਹਰਿੰਦਰ ਖੇਤੀ ਕਰਦਾ। ਬੜੀ ਵਿਉਂਤ ਨਾਲ ਚਲਦਾ। ਖੇਤੀ ਦਾ ਸਾਰਾ ਕੰਮ ਆਪਣੇ ਹੱਥ ਵਿਚ ਕਰਕੇ ਉਹ ਪਿਓ ਦੇ ਹੱਥਾਂ ਵਿਚੋਂ ਨਿੱਕਲਣ ਲੱਗਿਆ। ਪਹਿਲਾਂ ਪਹਿਲਾਂ ਤਾਂ ਹਰਦਿੱਤ ਸਿੰਘ ਨੇ ਉਹਨੂੰ ਝਾੜਿਆ- ਧਮਕਾਇਆ ਵੀ । ਗਾਲਾਂ ਕੱਢਿਆ ਕਰੇ । ਪਰ ਮੁੰਡੇ ਕੀ ਜਾਣਦੇ ਹੁੰਦੇ ਨੇ ? ਮੁੰਡੇ ਨੂੰ ਨਵੀਂ ਹਵਾ ਲੱਗੀ ਹੋਈ ਸੀ। ਪਿਓ ਦੀਆਂ ਗਾਲਾਂ ਦਾ ਉਹ ਹੁੰਗਾਰਾ ਹੀ ਨਾ ਭਰਦਾ। ਉਲਟਾ ਉਹਨੂੰ ਨਵੇਂ ਜੁਗ ਦੇ ਤੌਰ-ਤਰੀਕੇ ਦੱਸਣ ਲਗਦਾ। ਜਿਵੇਂ ਹਰਿੰਦਰ ਵੱਡਾ ਅਤੇ ਹਰਦਿੱਤ ਸਿੰਘ ਛੋਟਾ ਹੋਵੇ। ਅਖੇ, ‘ਤੈਨੂੰ ਨਹੀਂ ਪਤਾ, ਬਾਪੂ ਸਾਅਬ, ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ । ਤੂੰ ਛੋਟੇ ਜ਼ੀਮੀਂਦਾਰਾਂ ਨੂੰ ਬੁੱਧੂ ਬਣਾ-ਬਣਾ ਇਹ ਜ਼ਮੀਨ ‘ਕੱਠੀ ਕੀਤੀ ਐ। ਇਨਕਲਾਬ ਨੇ ਸਭ ਇਕ ਬਣਾ ਦੇਣੇ ਐਂ। ਤੇਰੀ ਇਹ ‘ਕੱਠੀ ਕੀਤੀ ਜ਼ਮੀਨ ਤੇ ਤੇਰੀ ਮਾਇਆ, ਰੁਪਈਆ-ਪੈਸਾ ਤੇਰੇ ਕੋਲ ਕੌਣ ਛੱਡੂ ? ਓਨਾਂ ਕੁ ਈ ਕੋਲ ਰੱਖਣਾ ਚਾਹੀਂਦੈ, ਜਿੰਨੇ ਦੇ ਆਪਾਂ ਹੱਕਦਾਰ ਆਂ।’
ਹਰਦਿੱਤ ਸਿੰਘ ਤਿੜਕਦਾ, ‘ਓਏ ਹੱਕ ਨੂੰ ਹੁਣ ਇਹ ਬੇਹੱਕ ਦੀ ਐ ਸਾਰੀ ਜੈਦਾਤ ? ਪਤੈ ਕਿਮੇਂ ਬਣਾਈ ਐ ? ਕੋਈ ਬਣਾ ਕੇ ਤਾਂ ਦਖਾਵੇ। ਆ ਗਿਆ ਵੱਡਾ ਪੜ੍ਹਾਕੂ, ਮੈਨੂੰ ਮੱਤਾਂ ਦੇਣ ਆਲਾ । ਤੇਰੇ ਵਰਗਾ ਤਾਂ ਭੁੱਖਾ ਮਰਦਾ ਹੁੰਦੈ। ਤੈਨੂੰ ਮੈਂ ਦੱਸ ਦਿਆਂ। ਤੂੰ ਨਾ ਬਣਾਈਂ ਹੋਰ, ਪਰ ਮੇਰੀ ਬਣਾਈ ਸਾਂਭਣ ਜੋਗਾ ਤਾਂ ਹੋ ਲੈ।’
ਇਕ ਵਾਰ ਹਰਦਿੱਤ ਸਿੰਘ ਮਲੇਰੀਏ ਨਾਲ ਮੰਜੇ ਉੱਤੇ ਪੈ ਗਿਆ। ਅੱਠ-ਦਸ ਦਿਨਾਂ ਦੇ ਬੁਖਾਰ ਨੇ ਦੇਹ ਝੰਬ ਦਿਤੀ। ਕਮਜ਼ੋਰੀ ਐਨੀ ਕਿ ਉੱਠਿਆ ਨਹੀਂ ਜਾ ਰਿਹਾ ਸੀ। ਉਹਨਾਂ ਦਿਨਾਂ ਵਿਚ ਹੀ ਦੋ ਜੱਟਾਂ ਨੇ ਆਪਣੀ ਗਹਿਣੇ ਦੀ ਜ਼ਮੀਨ ਛੁਡਾਉਣੀ ਚਾਹੀ। ਦੋ-ਦੋ ਕਿੱਲੇ ਸੀ । ਪੰਜ-ਪੰਜ ਹਜ਼ਾਰ ਵਿਚ। ਹਰਦਿੱਤ ਸਿੰਘ ਹੁੰਦਾ ਤਾਂ ਸੌ ਇੱਚੜਾਂ ਭੇੜਦਾ । ਉਹਨਾਂ ਨੇ ਹਰਿੰਦਰ ਕੋਲ ਗੱਲ ਕੀਤੀ। ਉਹ ਝੱਟ ਮੰਨ ਗਿਆ। ਕਹਿੰਦਾ, ‘ਜਿਵੇਂ ਮਰਜ਼ੀ ਕਰ ਲੋ । ਘੱਟ ਪੈਸੇ ਤਿਆਰ ਨੇ, ਤਾਂ ਵੀ ਕੋਈ ਗੱਲ ਨ੍ਹੀਂ। ਪਾਧਾ ਨਾ ਪੁੱਛੋ। ਲਿਆਓ, ਨਬੇੜ ਦਿੰਨੇ ਆਂ।
ਬਾਪੂ ਤੋਂ ਚੋਰੀਓਂ ਹੀ ਮਾਂ ਨੂੰ ਪੁੱਛ ਕੇ ਉਹਨੇ ਬਹੀ ਅਲਮਾਰੀ ਵਿਚੋਂ ਕੱਢੀ ਅਤੇ ਮੁਕੰਦੀ ਬਾਣੀਏ ਦੀ ਹੱਟ ਉੱਤੇ ਜਾ ਕੇ ਨਾਮਾ ਲੁਹਾ ਦਿੱਤਾ। ਦੋਵੇਂ ਜਿਮੀਂਦਾਰਾਂ ਨੇ ਪੰਜ-ਪੰਜ ਹਜ਼ਾਰ ਪੁਰਾ ਲਿਆਂਦਾ। ਪਰ ਇਕ ਨੂੰ ਅੱਠ ਸੌ ਅਤੇ ਇਕ ਨੂੰ ਹਜ਼ਾਰ ਰੁਪਿਆ ਉਹਨੇ ਛੱਡ ਦਿੱਤਾ। ਕਹਿੰਦਾ, ‘ਮੈਨੂੰ ਪਤੈ, ਇਹ ਤਾਂ ਬੁੜ੍ਹੇ ਨੇ ਵਧਾਰਾ ਈ ਲਾਇਆ ਹੋਣੈ। ਇਹ ਤਾਂ ਨਾ ਤੁਸੀਂ ਲਿਆ ਸੀ, ਨਾ ਦਿਓ। ਐਨਾਂ ਚਿਰ ਜਿਹੜੀ ਫਸਲ ਖਾਧੀ ਅਸੀਂ, ਓਹੀ ਬਹੁਤ ਐ।’
ਮੁਕੰਦੀ ਦਾ ਮੁੰਡਾ ਰਮੇਸ਼ ਹੈਰਾਨ ਹੋਇਆ ਹਰਿੰਦਰ ਵੱਲ ਝਾਕਦਾ ਰਹਿ ਗਿਆ। ਦੋਵੇਂ ਜ਼ਿਮੀਂਦਾਰ ਵੀ ਅਲੋਕਾਰ ਗੱਲ ਵਾਪਰੀ ਸਮਝ ਰਹੇ ਸਨ । ਹਰਿੰਦਰ ਅਤੇ ਦੋਵੇਂ ਜ਼ਿਮੀਂਦਾਰ ਜਦੋਂ ਦੁਕਾਨ ਵਿਚੋਂ ਬਾਹਰ ਚਲੇ ਗਏ ਤਾਂ ਰਮੇਸ਼ ਓਥੇ ਬੈਠੇ ਦੂਜੇ ਬੰਦਿਆਂ ਨੂੰ ਸੁਣਾ ਕੇ ਕਹਿੰਦਾ, ‘ਮੁੰਡੇ ਦੇ ਦਮਾਗ ‘ਚ ਫਰਕ ਲਗਦੈ ਕੁਸ। ਹਰਦਿੱਤ ਦਾ ਬੇੜਾ ਇਹੀ ਬਹਾਊ।
ਬੈਠੇ ਲੋਕਾਂ ਨੇ ਮਹਾਜਨ ਦੀ ਗੱਲ ਦਾ ਹੁੰਗਾਰਾ ਭਰਿਆ ਸੀ ।
ਮੁੰਕਦੀ ਮਰ ਗਿਆ ਸੀ। ਹੱਟ ਉੱਤੇ ਹੁਣ ਰਮੇਸ਼ ਬੈਠਦਾ। ਰਮੇਸ਼ ਦੇ ਦੋ ਮੁੰਡੇ ਸਨ, ਇਕ ਕੁੜੀ। ਕੁੜੀ ਦਸ ਜਮਾਤਾਂ ਪੜ੍ਹਾ ਕੇ ਵਿਆਹ ਦਿੱਤੀ ਸੀ। ਵੱਡਾ ਮੁੰਡਾ ਪਟਿਆਲੇ ਡਾਕਟਰੀ ਵਿਚ ਪੜ੍ਹਦਾ ਸੀ ਅਤੇ ਛੋਟਾ ਚੰਡੀਗੜ੍ਹ ਇੰਜਨੀਅਰਿੰਗ ਵਿਚ ਸੀ। ਰਮੇਸ਼ ਦੀ ਹੱਟ ਨੂੰ ਹਾਲੇ ਵੀ ਪਿੰਡ ਵਿਚ ਮੁਕੰਦੀ ਦੀ ਹੱਟ ਆਖਦੇ । ਮੁਕੰਦੀ ਵਾਲਾ ਹੀ ਉਹ ਸਾਰਾ ਕੰਮ ਕਰਦਾ। ਓਹੀ ਸੁਭਾਅ, ਓਹੀ ਬੋਲਵਾਣੀ। ਪਰ ਉਹਨੇ ਆਪਣੇ ਮੁੰਡਿਆਂ ਨੂੰ ਏਸ ਕੰਮ ਵਿਚ ਨਹੀਂ ਪੈਣ ਦਿੱਤਾ ਸੀ। ਉਹਨੂੰ ਜ਼ਮਾਨੇ ਦੀ ਹਵਾ ਦਾ ਪਤਾ ਲੱਗ ਚੁੱਕਿਆ ਸੀ । ਏਸੇ ਕਰਕੇ ਉਹਨੇ ਆਪਣੇ ਮੁੰਡੇ ਬਾਹਰ ਕੱਢ ਦਿਤੇ ਸਨ । ਕਹਿੰਦਾ ਹੁੰਦਾ, ‘ਜੱਟ ਸਿਆਣੇ ਹੋਈਂ ਜਾਂਦੇ ਨੇ । ਇਹ ਮਹਾਜਨੀ ਕੰਮ ਦਾ ਤਾਂ ਇਕ ਦਿਨ ਭੋਗ ਈ ਪੈ ਜਾਣੈ । ਮੈਂ ਜਿੰਨਾ ਚਿਰ ਹੈਗਾ, ਕਰੂੰਗਾ। ਮੁੰਡੇ ਚੰਗੇ ਕਿੱਤਿਆਂ ‘ਤੇ ਲੱਗ ਕੇ ਆਵਦੀ ਸਰਦਾਰੀ ਕਰਨਗੇ । ਦੁਨੀਆਂ ਨੂੰ ਲੁੱਟਣ ਖਾਣ ਗੇ। ਹੋਰ ਕੀ ?’
ਹਰਦਿੱਤ ਸਿੰਘ ਮਲੇਰੀਏ ਤੋਂ ਉੱਠਿਆ ਅਤੇ ਚੱਲਣ-ਫਿਰਨ ਲੱਗਿਆ ਤਾਂ ਕਿਤੇ ਜਾ ਕੇ ਉਹਨੂੰ ਕਈ ਦਿਨਾਂ ਬਾਅਦ ਪਤਾ ਲੱਗਿਆ । ਹੁਣ ਕੀ ਹੋ ਸਕਦਾ ਸੀ ? ਪੈਸੇ ਮੁੰਡੇ ਨੇ ਪਿੰਡ ਦੀ ਬੈਂਕ ਵਿਚ ਜਮ੍ਹਾਂ ਕਰਵਾ ਦਿੱਤੇ ਸਨ । ਹਰਦਿੱਤ ਸਿੰਘ ਹਰਿੰਦਰ ਨੂੰ ਬੋਲਿਆ ਨਹੀਂ। ਚੁੱਪ ਹੀ ਧਾਰ ਲਈ। ਪਰ ਓਸੇ ਦਿਨ ਤੋਂ ਉਹਦਾ ਕਾਲਜਾ ਜਿਵੇਂ ਕਿਸੇ ਚੀਜ਼ ਨੇ ਫੜ ਲਿਆ ਹੋਵੇ । ਉਹਨੂੰ ਲੱਗਿਆ ਜਿਵੇਂ ਉਹਦਾ ਮੁੰਡਾ ਹਰਿੰਦਰ ਇਕ ਦਿਨ ਉਹਦੀ ਸਾਰੀ ਜਾਇਦਾਦਾ ਨੂੰ ਖੋਰ ਕੇ ਰੱਖ ਦੇਵੇਗਾ । ਏਸੇ ਗੱਲ ਨੂੰ ਲੈ ਕੇ ਉਹ ਰਿਸ਼ਤੇਦਾਰੀਆਂ ਵਿਚ ਨਿੱਕਲ ਗਿਆ। ਚੰਨਣਵਾਲ ਜਾ ਕੇ ਹਰਿੰਦਰ ਦੇ ਮਾਮੇ ਦੇ ਮੁੰਡਿਆਂ ਨੂੰ ਸਾਰੀ ਕਹਾਣੀ ਸੁਣਾਈ। ਹੋਰ ਜਿੱਥੇ ਕਿਤੇ ਵੀ ਉਹਨਾਂ ਦੀ ਸਕੀਰੀ ਸੀ, ਉਹ ਗਿਆ। ਬੱਸ ਇਕੋ ਅਰਜ਼ੋਈ, ‘ਜੇ ਭਲਾ ਤੁਸੀਂ ਈ ਸਮਝਾ ਦਿਓਂ ਉਹਨੂੰ । ਕੀਹ ਐ ਦਮਾਕ ਠਕਾਣੇ ਆ ਜੇ । ਗਹਾਂ ਨੂੰ ਸਮਝ ਕਰ ਲੇ। ਮੈਨੂੰ ਤਾਂ ਚਾਰੇ ਪੈਰ ਚੱਕ ਕੇ ਪੈਂਦੈ। ਬਰਾਬਰ ਦਾ ਹੋਇਆ ਵਿਐ, ਕੁੱਟਿਆ-ਮਾਰਿਆ ਉਹ ਨ੍ਹੀਂ ਜਾਂਦਾ। ਨਾ ਪਿੰਡ ‘ਚ ਕਿਸੇ ਕੋਲ ਗੱਲ ਕਰਨ ਜੋਗਾਂ ਮੈਂ। ਪਿੰਡ ਦੇ ਤਾਂ ਸਭ ਸਰੀਕ ਨੇ। ਸਰੀਕ ਤਾਂ ਸਗਾਂ ਦੀ ਉਲਟੀਆਂ ਭਿੱਤੀਆਂ ਪੜ੍ਹਣਗੇ। ਉਹਨੂੰ ਬਗਾੜਨਗੇ । ਲੋਕ ਤਾਂ ਅੱਗੇ ਈ ਦੰਦ ਵਢਦੇ ਐ। ਕੋਈ ਵਾਹ ਨ੍ਹੀਂ ਜਾਂਦੀ ਮੇਰੀ । ਕੀ ਕਰਾਂ, ਕਿੱਧਰ ਨੂੰ ਜਾਮਾਂ ? ਕੀਹਨੂੰ ਆਖਾ ?’
ਹਰ ਕੋਈ ਇਹੀ ਆਖਦਾ, ‘ਮੈਂ ਆਊਂ ਫੇਰ। ਕਰਾਂਗੇ ਗੱਲ। ਸਮਝਾਮਾਂਗੇ ਬੈਠ ਕੇ। ਭਾਈ ਇਹ ਕੀ ਕਰਨ ਲੱਗ ਪਿਆ ? ਪਿਓ ਨੇ ਤਾਂ ਬਣਾਇਆ ਸੀ, ਤੂੰ ਕਿਉਂ..’
ਪਰ ਕਿਸੇ ਰਿਸ਼ਤੇਦਾਰ ਨੂੰ ਕੀ ਪਈ ਸੀ, ਕੀ ਲੈਣਾ ਸੀ। ਕੋਈ ਨਾ ਆਇਆ। ਹਰਦਿੱਤ ਸਿੰਘ ਗੁੰਮ-ਸੁੰਮ ਜਿਹਾ ਹੋਇਆ ਫਿਰਦਾ ਰਹਿੰਦਾ । ਖੇਤ ਜਾਂਦਾ । ਸੱਥ ਵਿਚ ਬੈਠਦਾ । ਬੱਸ, ਚੁੱਪ-ਚੁੱਪ ਰਹਿੰਦਾ। ਪਹਿਲਾਂ ਵਾਂਗ ਚੱਬ-ਚੱਬ ਗੱਲਾਂ ਨਹੀਂ ਕਰਦਾ ਸੀ । ਲੋਕ ਗੱਲਾਂ ਕਰੀਂ ਜਾਂਦੇ, ਉਹ ਸੁਣਦਾ ਰਹਿੰਦਾ। ਜਿਵੇਂ ਉਹਨੂੰ ਉੱਚਾ ਸੁਣਨ ਲੱਗ ਪਿਆ ਹੋਵੇ। ਜਿਵੇਂ ਉਹਦੇ ਦਿਮਾਗ ਵਿਚ ਕਿਸੇ ਦੀ ਕੋਈ ਗੱਲ ਵੜਦੀ ਹੀ ਨਾ ਹੋਵੇ। ਕਿਸੇ ਦੀਆਂ ਗੱਲਾਂ ਵਿਚ ਉਹਨੂੰ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ। ਹਰ ਗੱਲ ਉਹਨੂੰ ਓਪਰੀ-ਓਪਰੀ ਲਗਦੀ।
ਕਈ ਦਿਨਾਂ ਬਾਅਦ ਅਖੀਰ ਇਕ ਦਿਨ ਉਹਦੇ ਦਿਮਾਗ ਵਿਚ ਗੱਲ ਆਈ। ਕੀਹ ਐ, ਹਰਿੰਦਰ ਮੰਨ ਹੀ ਜਾਵੇ । ਉਹ ਵਿਆਹ ਕਰਵਾ ਲਵੇ ਤਾਂ ਸਾਰੀ ਗੱਲ ਲੋਟ ਹੋ ਸਕਦੀ ਹੈ। ਇਹਦੇ ਸਹੁਰੇ ਇਹਨੂੰ ਸੰਭਾਲ ਲੈਣਗੇ। ਭਲੇ ਘਰ ਦੀ ਕੋਈ ਲੜਕੀ ਹੋਈ ਤਾਂ ਆਪੇ ਸਿੱਧਾ ਕਰ ਲਵੇਗੀ। ਪਰ ਅਗਲੇ ਬਿੰਦ ਹੀ ਉਹਨੇ ਸੋਚਿਆ ਕਿ ਵਿਆਹ ਨੂੰ ਤਾਂ ਉਹ ਪਹਿਲਾਂ ਵੀ ਇਹਨੂੰ ਕਿੰਨੀ ਵਾਰ ਕਹਿ ਚੁੱਕਿਆ ਹੈ। ਦਿਆਲੋ ਨੇ ਬਹੁਤ ਜ਼ੋਰ ਲਾ ਕੇ ਦੇਖ ਲਿਆ। ਪਰ ਪਤੰਦਰ ਮੰਨਿਆ ਹੀ ਨਹੀਂ। ਅਖੇ, ‘ਹੁਣੇ ਵਿਆਹ ਨੂੰ ਕੀਹ ਐ ? ਹੁਣੇ ਕਿਹੜਾ ਬੁੜ੍ਹਾ ਹੋ ਚੱਲਿਆਂ ਮੈਂ ? ਵਿਆਹ ਤਾਂ ਕਰੌਣਾ ਈ ਐ, ਵਿਆਹ ਵੀ ਕਰਵਾ ਲਾਂ ਗੇ।’
ਹਰਦਿੱਤ ਸਿੰਘ ਨੇ ਦਿਲ ਧਰਿਆ-ਅਜਿਹਾ ਤਾਂ ਹੋ ਨਹੀਂ ਸਕਦਾ ਕਿ ਇਹ ਵਿਆਹ ਕਰਵਾਏਗਾ ਹੀ ਨਹੀਂ। ਵਿਅਹ ਤਾਂ ਕਰਵਾਏਗੀ ਹੀ। ਅੱਜ ਨਹੀਂ ਤਾਂ ਕੱਲ੍ਹ ਨੂੰ । ਪਰ ਇਹ ਜੂੜ ਜੇ ਇਹਦੇ ਪੈਰਾਂ ਨੂੰ ਛੇਤੀ ਪੈ ਜਾਵੇ ਤਾਂ ਕਿੰਨੀ ਚੰਗੀ ਗੱਲ ਹੋਵੇ। ਹੁਣ ਤਾਂ ਗੱਲਾਂ ਹੀ ਹੋਰ ਦੀਆਂ ਹੋਰ ਕਰਦਾ ਹੈ। ਗਹਿਣੇ ਦੀ ਜ਼ਮੀਨ ‘ਚੋਂ ਜੱਟਾਂ ਨੂੰ ਇਹ ਜਿਹੜੇ ਰੁਪਈਏ ਛੱਡ ਦਿੱਤੇ, ਇਹ ਤਾਂ ਨਵਾਂ ਹੀ ਚੰਦ ਚਾੜ੍ਹ ਦਿੱਤਾ, ਸਹੁਰੇ ਨੇ । ਹਰਦਿੱਤ ਸਿੰਘ ਨੇ ਇਹੀ ਇਕ ਇਲਾਜ ਸੋਚਿਆ ਕਿ ਕਿਵੇਂ ਨਾ ਕਿਵੇਂ ਹਰਿੰਦਰ ਨੂੰ ਵਿਆਹ ਲਈ ਮਨਾ ਲਿਆ ਜਾਵੇ । ਸਾਕ ਕਰਨ ਵਾਲੇ ਜੱਟ ਤਾਂ ਆਉਣੋਂ ਹੀ ਹਟ ਗਏ। ਪਟੜੀ-ਫੇਰ ਵਿਚ ਸਭ ਨੂੰ ਪਤਾ ਹੈ ਕਿ ਹਰਦਿੱਤ ਸਿੰਘ ਦਾ ਮੁੰਡਾ ਕਿਸੇ ਵੀ ਰਿਸ਼ਤੇ ਲਈ ਹਾਂ ਨਹੀਂ ਕਰਦਾ। ਪਤਾ ਨਹੀਂ ਉਹਦੇ ਮਨ ਵਿਚ ਕੀ ਹੈ? ਪਤਾ ਨਹੀਂ ਕਿਹੜੀ ਹੂਰਾਂ-ਪਰੀ ਵਿਆਹ ਕੇ ਲਿਆਵੇਗਾ ? ਸਰੀਕ ਤਾਂ ਹੋਰ ਦੀਆਂ ਹੋਰ ਵੀ ਹਵਾਈਆਂ ਉਡਾਉਂਦੇ ਹੋਣਗੇ।
2
ਹਰਦਿੱਤ ਸਿੰਘ ਨੂੰ ਹਰਿੰਦਰ ਦੀਆਂ ਗੱਲਾਂ ਆਰ ਵਾਂਗੂੰ ਲਗਦੀਆਂ । ਹਰਿੰਦਰ ਕੋਈ ਗੱਲ ਕਹਿੰਦਾ ਤਾਂ ਉਹ ਟੱਪ ਉਠਦਾ । ਊਲ-ਜਲੂਲ ਬੋਲਦਾ। ਜਿਵੇਂ ਉਹਦਾ ਦਿਮਾਗ ਹਿੱਲ ਗਿਆ ਹੋਵੇ।
ਕਦੇ ਕਦੇ ਹਰਿੰਦਰ ਇਹ ਵੀ ਕਹਿੰਦਾ, ‘ਤੇਰੀਆਂ ਕੀਤੀਆਂ, ਬਾਪੂ, ਤੇਰੇ ਅੱਗੇ ਔਣਗੀਆਂ। ਦੇਖਦਾ ਜਾਹ।’ ਉਹਨੂੰ ਲਗਦਾ ਜਿਵੇਂ ਹਰਿੰਦਰ ਨੂੰ ਕਿਸੇ ਗੱਲ ਦਾ ਪਤਾ ਹੋਵੇ। ‘ਕੀਤੀਆਂ ਅੱਗੇ ਔਣਗੀਆਂ’ ਦੇ ਸ਼ਬਦ ਸੁਣ ਕੇ ਉਹਦੇ ਮਨ ਵਿਚ ਦੋ ਗੱਲਾਂ ਆਉਂਦੀਆਂ। ਇਕ ਤਾਂ ਥੁੜੇ-ਟੁੱਟੇ ਲੋਕਾਂ ਨੂੰ ਵਿਆਜੂ ਰੁਪਈਆ ਦੇ ਕੇ ਅਤੇ ਫੇਰ ਉਹਨਾਂ ਦੀ ਜ਼ਮੀਨ ਗਹਿਣੇ-ਬੈ ਲੈਣ ਦੀ ਗੱਲ। ਦੂਜੀ ਜੰਗੀਰੇ ਨਾਈ ਦਾ ਭਾਣਜਾ ਨਸੀਬ ਖ਼ਤਮ ਕਰਨ ਵਾਲੀ ਗੱਲ। ਤੇ ਉਹਤੋਂ ਪਹਿਲਾਂ ਮੱਲਣ ਦਾ ਨੋਕਸਲਵਾੜੀਆ ਮੁੰਡਾ ਬਲਕਾਰ ਵੀ ਓਸੇ ਨੇ ਨੰਬਰਦਾਰ ਪਾਖਰ ਸਿੰਘ ਰਾਹੀਂ ਪੁਲਿਸ ਨੂੰ ਫੜਵਾਇਆ ਸੀ । ਮਗਰੋਂ ਪੁਲਿਸ ਨੇ ਉਹਦਾ ਫਰਜ਼ੀ ਪੁਲਿਸ-ਮੁਕਾਬਲਾ ਬਣਾ ਕੇ ਉਹਨੂੰ ਖਤਮ ਕਰ ਦਿੱਤਾ ਸੀ। ਦੋਵੇਂ ਮੁੰਡੇ ਹੀ ਉਹਦੇ ਦੁਸ਼ਮਣ ਸਨ। ਬਲਕਾਰ ਉਹਦੀ ਜਾਨ ਦਾ ਦੁਸ਼ਮਣ ਅਤੇ ਨਸੀਬ ਉਹਦੀ ਇੱਜ਼ਤ ਦਾ ਦੁਸ਼ਮਣ। ਪਹਿਲਾਂ-ਪਹਿਲਾਂ ਤਾਂ ਉਹ ਚਿੱਤ ਵਿਚ ਮਾਣ ਰੱਖਦਾ ਕਿ ਸਾਲੇ ਚੁਗ ਦਿੱਤੇ ਨਾ ਮੱਖਣ ਵਿਚੋਂ ਵਾਲ ਵਾਂਗੂੰ। ਉਹਦਾ ਰੰਗੜ੍ਹਊ ਸਦਾ ਉਹਦੇ ਨਾਲ ਰਹਿੰਦਾ। ਉਹ ਸੋਚਦਾ, ‘ਮੇਰੇ ਉਹ ਕੀ ਲਗਦੇ ਸੀ ? ਉਹ ਮੇਰੇ ਈ ਪੈਰਾਂ ਨੂੰ ਵਾਹੁੰਦੇ ਸੀ, ਮੈਂ ਉਹਨਾਂ ਨੂੰ ਕਿਮੇਂ ਬਖਸ਼ਦਾ ?” ਪਰ ਵਰ੍ਹੇ ਬੀਤ ਜਾਣ ਪਿੱਛੋਂ ਉਹਨੂੰ ਲੱਗਿਆ, ਜਿਵੇਂ ਉਹਨੇ ਇਹ ਮਾੜਾ ਕੰਮ ਕੀਤਾ ਹਵੇ। ਮੱਲਣ ਦੀ ਆਤਮਾ ਕੀ ਕਹਿੰਦੀ ਹੋਵੇਗੀ, ਜੀਹਦਾ ਜਵਾਨ ਪੁੱਤ ਪੁਲਿਸ ਨੇ ਗੋਲੇ ਕਬੂਤਰ ਵਾਂਗ ਫੁੰਡ ਕੇ ਰੱਖ ਦਿੱਤਾ । ਜੰਗੀਰਾ ਕੀ ਸੋਚਦਾ ਹੋਵੇਗਾ, ਜੀਹਦਾ ਪੁੱਤਾਂ ਜਿਹਾ ਭਾਣਜਾ ਭੰਗ ਦੇ ਭਾਣੇ ਮੁੱਕ ਗਿਆ। ਜੰਗੀਰੇ ਨੂੰ ਤਾਂ ਹੁਣ ਤੱਕ ਪਤਾ ਹੀ ਨਹੀਂ ਕਿ ਉਹਨੂੰ ਕੀਹਨੇ ਖਤਮ ਕੀਤਾ ? ਜੰਗੀਰੇ ਨਾਈ ਦਾ ਤਾਂ ਉਹੀ ਇਕ ਜੀਵਨ- ਸਹਾਰਾ ਸੀ।
ਹੁਣ ਹਰਦਿੱਤ ਸਿੰਘ ਨੂੰ ਲਗਦਾ ਕਿ ਉਹਦੇ ਮੁੰਡੇ ਹਰਿੰਦਰ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ। ਏਸੇ ਕਰਕੇ ਤਾਂ ਉਹ ਕਹਿੰਦਾ ਰਹਿੰਦਾ ਹੈ, ‘ਕੀਤੀਆਂ ਅੱਗੇ ਔਣਗੀਆਂ।’ ਵਿਆਜੂ ਰੁਪਈਆ ਦੇ ਕੇ ਜ਼ਮੀਨਾਂ ਗਹਿਣੇ-ਬੈ ਲੈਣ ਦੀ ਗੱਲ ਐਡੀ ਉਹਦੇ ਦਿਲ ਉੱਤੇ ਨਹੀਂ ਹੋਵੇਗੀ; ਹਰਦਿੱਤ ਸੋਚਦਾ, ਉਹ ਤਾਂ ਬਲਕਾਰ ਅਤੇ ਨਸੀਬ ਨੂੰ ਲੈ ਕੇ ਬੋਲਦਾ ਹੈ। ਪਰ ਇਹ ਹਰਦਿੱਤ ਸਿੰਘ ਦਾ ਵਹਿਮ ਸੀ। ਹਰਿੰਦਰ ਕੀ, ਕਿਸੇ ਨੂੰ ਵੀ ਪਿੰਡ ਵਿਚ ਇਹ ਪਤਾ ਨਹੀਂ ਸੀ ਕਿ ਬਲਕਾਰ ਨੂੰ ਗ੍ਰਿਫਤਾਰ ਕਰਾਉਣ ਦੀ ਚਾਲ ਹਰਦਿੱਤ ਸਿੰਘ ਨੇ ਚੱਲੀ ਸੀ। ਉਹ ਗੱਲ ਤਾਂ ਨੰਬਰਦਾਰ ਪਾਖਰ ਸਿੰਘ ਦੇ ਗਲ ਹੀ ਪੈ ਗਈ ਸੀ । ਪਾਖਰ ਸਿੰਘ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਸ ਚਾਲ ਵਿਚ ਹਰਦਿੱਤ ਸਿੰਘ ਵੀ ਭਾਗੀਦਾਰ ਕੀ, ਓਹੀ ਇਸ ਚਾਲ ਦਾ ਮੋਢੀ ਹੈ। ਪਾਖਰ ਸਿੰਘ ਤਾਂ ਇਹ ਭੇਤ ਨਾਲ ਲੈ ਕੇ ਹੀ ਮਰ ਗਿਆ। ਨਸੀਬ ਬਾਰੇ ਵੀ ਕਿਸੇ ਨੂੰ ਕੋਈ ਭਿਣਕ ਨਹੀਂ ਪਈ ਸੀ।
ਅਸਲ ਵਿਚ ਤਾਂ ਹਰਿੰਦਰ ਪਿਓ ਦੇ ਵਿਆਜੂ ਪੈਸਾ ਦੇਣ ਅਤੇ ਫੇਰ ਸਿੱਧੇ-ਪੁੱਠੇ ਢੰਗ-ਤਰੀਕੇ ਵਰਤ ਕੇ ਲੋੜਵੰਦ ਜੱਟਾਂ ਦੀਆਂ ਜ਼ਮੀਨਾਂ ਗਹਿਣੇ-ਬੈ ਲੈਣ ਉੱਤੇ ਹੀ ਦੁਖੀ ਸੀ। ਹਰਿੰਦਰ ਨੂੰ ਆਪਣੇ ਬਾਪ ਦੀ ਇਹ ਦਰਿੰਦਗੀ ਚੰਗੀ ਨਹੀਂ ਲੱਗੀ ਸੀ। ਬੀਏ ਵਿਚ ਪੜ੍ਹਦੇ ਹੀ ਉਹਦੀ ਸੰਗਤ ਮਾਰਕਸਵਾਦੀ ਸੋਚ ਦੇ ਮੁੰਡਿਆਂ ਨਾਲ ਹੋ ਗਈ ਸੀ। ਬੀਏ ਕਰਨ ਬਾਅਦ ਉਹਨੇ ਢੇਰ ਸਾਰਾ ਮਾਰਕਸਵਾਦੀ ਸਾਹਿਤ ਪੜ੍ਹਿਆ ਸੀ । ਉਹਨੂੰ ਜਾਇਦਾਦ ਦੀ ਨਿੱਜੀ ਮਲਕੀਅਤ ਨਾਲ ਚਿੜ ਸੀ। ਤੇ ਆਪਣੇ ਬਾਪ ਵਾਂਗ ਬਣਾਈ ਜਾਇਦਾਦ ਨਾਲ ਤਾਂ ਉਹਨੂੰ ਬੇਹੱਦ ਨਫ਼ਰਤ ਸੀ।
ਸੁਫ਼ਨੇ ਵਿਚ ਬਲਕਾਰ ਅਤੇ ਨਸੀਬ ਹਰਦਿੱਤ ਸਿੰਘ ਨੂੰ ਦਿਖਾਈ ਦਿੰਦੇ। ਦੂਰ ਖੜ੍ਹੇ ਜਿਵੇਂ ਉਹਨੂੰ ਘੂਰ-ਘੂਰ ਦੇਖ ਰਹੇ ਹੋਣ। ਕਦੇ ਦੋਵੇਂ ਇਕੱਠੇ ਦਿਸਦੇ, ਕਦੇ ਕੋਈ ਇਕੱਲਾ। ਬਹੁਤਾ ਤਾਂ ਉਹਨੂੰ ਬਲਕਾਰ ਦਿਸਦਾ। ਨਸੀਬ ਦਿਸਦਾ ਤਾਂ ਦੂਰ ਖੜ੍ਹਾ ਦਿਸਦਾ। ਨਸੀਬ ਤੋਂ ਉਹਨੂੰ ਐਨਾ ਡਰ ਨਹੀਂ ਲਗਦਾ ਸੀ, ਜਿੰਨਾ ਬਲਕਾਰ ਤੋਂ । ਸੁਫ਼ਨੇ ਵਿਚ ਉਹਦੀ ਅੱਖ ਖੁੱਲ੍ਹ ਜਾਂਦੀ ਤਾਂ ਉਹ ਕਿੰਨਾਂ ਚਿਰ ਮੁੜ ਕੇ ਸੌਂ ਨਾ ਸਕਦਾ।
ਸਵੇਰੇ ਉੱਠ ਕੇ ਉਹ ਸੁਫ਼ਨੇ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ। ਉਹ ਖਿਝਦਾ, ਆਖਰ ਇਹ ਮੁੰਡੇ ਉਹਨੂੰ ਸੁਫ਼ਨੇ ਵਿਚ ਦਿਸਦੇ ਕਿਉਂ ਹਨ ? ਮਰ ਮੁੱਕ ਗਏ, ਕੋਈ ਉਹਨਾਂ ਦਾ ਵਜੂਦ ਨਹੀਂ ਰਹਿ ਗਿਆ, ਹੁਣ ਸੁਫ਼ਨੇ ਵਿਚ ਕਿਉਂ ਆਉਂਦੇ ਹਨ ? ਕੀ ਉਹਨਾਂ ਦੀਆਂ ਰੂਹਾਂ ਭਟਕਦੀਆਂ ਫਿਰਦੀਆਂ ਹਨ ? ਰੂਹਾਂ ਤਾਂ ਜ਼ਰੂਰ ਭਟਕਦੀਆਂ ਹੋਣਗੀਆਂ। ਅਜਿਹੀ ਅਣਆਈ ਮੌਤ ਮਰੇ ਬੰਦੇ ਦੀ ਗਤੀ ਜਾਂ ਮੁਕਤੀ ਕਦੋਂ ਹੋਇਆ ਕਰਦੀ ਹੈ। ਉਹਨੇ ਸਿਆਣੇ ਬੰਦਿਆਂ ਤੋਂ ਕਹਾਣੀਆਂ ਸੁਣੀਆਂ ਹੋਈਆਂ ਸਨ। ਹਰਦਿੱਤ ਸਿੰਘ ਨੂੰ ਦੋਵੇਂ ਮੁੰਡਿਆਂ ਦੀਆਂ ਰੂਹਾਂ ਤੋਂ ਡਰ ਲਗਦਾ। ਉਹਦੇ ਅੰਦਰ ਇਕ ਭੈ ਬੈਠ ਗਿਆ। ਜ਼ਰੂਰ ਇਹ ਰੂਹਾਂ ਉਹਦਾ ਕਦੇ ਕੋਈ ਨੁਕਸਾਨ ਕਰਨਗੀਆਂ। ਇਕ ਰਾਤ ਉਹਨੂੰ ਸੁਫ਼ਨਾ ਆਇਆ ਜਿਵੇਂ ਬਲਕਾਰ ਨੇ ਆਪਣੀ ਪੱਕੀ ਰਾਈਫ਼ਲ ਦੀ ਗੋਲੀ ਉਹਦੇ ਵੱਲ ਸਿੰਨ੍ਹ ਲਈ ਹੋਵੇ। ਉਹ ਰਾਈਫ਼ਲ ਦਾ ਘੋੜਾ ਦੱਬਣ ਹੀ ਵਾਲਾ ਹੋਵੇ। ਸੁਫਨੇ ਵਿਚ ਹੀ ਉਹਨੂੰ ਲੱਗਿਆ ਕਿ ਹੁਣ ਗੋਲੀ ਉਹਦੀ ਛਾਤੀ ਵਿਚ ਵੱਜੇਗੀ ਅਤੇ ਉਹ ਸਦਾ ਦੀ ਨੀਂਦ ਸੌਂ ਜਾਵੇਗਾ। ਤੜਫ਼-ਤੜਫ਼ ਕੇ ਮਰੇਗਾ । ਭੈ ਵਿਚ ਉਹਦੀ ਚਾਂਗ ਨਿੱਕਲ ਗਈ। ਦਿਆਲੋ ਨੇ ਉਹਦੇ ਕੋਲ ਹੀ ਮੰਜਾ ਡਾਹਿਆ ਹੋਇਆ ਸੀ। ਹਰਦਿੱਤ ਸਿੰਘ ਦਾ ਭਿਆਨਕ ਬੋਲ ਸੁਣ ਕੇ ਉਹਦੀ ਜਾਗ ਖੁੱਲ੍ਹ ਗਈ। ਉਹ ਉੱਠੀ ਅਤੇ ਭੱਜ ਕੇ ਉਹਦੇ ਕੋਲ ਆਈ। ‘ਕੀ ਐ, ਕੀ ਐ, ‘ ਕਹਿ ਕੇ ਉਹਦੀ ਛਾਤੀ ਉੱਤੇ ਹੱਥ ਧਰਿਆ। ਝੰਜੋੜ ਕੇ ਹਲੂਣਿਆ। ਉਹਨੂੰ ਸੌਖਾ ਸਾਹ ਆਇਆ ਤਾਂ ਉਹ ‘ਹਰੇ ਰਾਮ-ਹਰੇ ਰਾਮ’, ‘ਬਾਗੁਰੂ-ਬਾਗਰੂ ਕਰਨ ਲੱਗਿਆ। ਉੱਠ ਕੇ ਬੈਠਾ ਹੋ ਗਿਆ।
ਦਿਆਲੋ ਕਹਿੰਦੀ, ‘ਹੁਣ ਸੁਰਤ ਐ ਤੈਨੂੰ ?
ਉਹ ਬੋਲਿਆ, ‘ਹਾਂ, ਪਾਣੀ ਦਾ ਗਲਾਸ ਦੇਹ।
ਦਿਆਲੋ ਪਾਣੀ ਲਿਆਈ ਅਤੇ ਪੁੱਛਣ ਲੱਗੀ, ‘ਦਬਾਅ ਆ ਗਿਆ ਸੀ ?’
‘ਦਬਾਅ ਵਰਗਾ ਦਬਾਅ, ਮਾਰ ਈ ਦਿੱਤੇ ਸੀ ਭਲੇ ਨੂੰ ।
‘ਕਿਮੇਂ ਦਿਸਿਆ ਕੁਸ ?’
‘ਜਣੀਂਦੀ’ ਹਰਦਿੱਤ ਸਿੰਘ ਦੱਸਣ ਲੱਗਿਆ ਚੁੱਪ ਹੋ ਗਿਆ। ਕਹਿੰਦਾ, ‘ਚੱਲ ਪੈ ਜਾ, ਪਰ੍ਹਾਂ ਹੋ ਕੇ।
ਉਹ ਨਹੀਂ ਚਾਹੁੰਦਾ ਸੀ ਕਿ ਦਿਆਲੋ ਨੂੰ ਕੋਈ ਗੱਲ ਦੱਸੀ ਜਾਵੇ। ਉਹਨੇ ਪਹਿਲਾਂ ਵੀ ਕਦੇ ਇਹ ਗੱਲ ਉਹਦੇ ਕੋਲ ਨਹੀਂ ਕੀਤੀ ਸੀ । ਨਾ ਬਲਕਾਰ ਦੀ ਕੋਈ ਗੱਲ ਅਤੇ ਨਾ ਫੇਰ ਨਸੀਬ ਦੀ। ਉਹਨੂੰ ਪਤਾ ਸੀ, ਤੀਵੀਂ ਦਾ ਮਾਜਨਾ ਨਹੀਂ ਹੁੰਦਾ।
ਜਿਸ ਦਿਨ ਨਸੀਬ ਦਾ ਕਤਲ ਹੋਇਆ, ਕਪਾਹਾਂ ਵਾਲੇ ਕੋਠਿਆਂ ਕੋਲ ਦੀ ਹਨੇਰਾ ਹੋਣ ਤਕ ਲੋਕ ਪਹੇ-ਪਹੇ ਲੰਘਦੇ ਰਹੇ ਸਨ, ਪਰ ਕੋਠਿਆਂ ਵਿਚ ਜਾ ਕੇ ਕੀਹਨੇ ਕੁਝ ਦੇਖਣਾ ਸੀ । ਸਾਰੀ ਰਾਤ ਤਕ ਲੋਥ ਓਥੇ ਹੀ ਪਈ ਰਹੀ। ਕੀ ਪਤਾ ਕਿਵੇਂ ਤੜਫ਼-ਤੜਫ਼ ਕੇ ਜਾਨ ਨਿੱਕਲੀ ਹੋਵੇਗੀ, ਨਕਰਮੇ ਦੀ। ਦੂਜੇ ਦਿਨ ਖਾਸਾ ਸੂਰਜ ਚੜ੍ਹੇ ਤੋਂ ਪਤਾ ਲੱਗਿਆ। ਕੁੱਤਿਆਂ ਨੇ ਲੋਥ ਨੂੰ ਬੁਰਕ ਮਾਰੇ ਸਨ। ਕੁੱਤੇ ਏਧਰ-ਓਧਰ ਨੱਠ-ਭੱਜ ਰਹੇ ਅਤੇ ਲੜ-ਭਿੜ ਰਹੇ ਸਨ। ਇਕ ਦੂਜੇ ਨੂੰ ਦੰਦੀਆਂ ਕਢਦੇ ਅਤੇ ਭੌਂਕਦੇ। ਗਿਰਝਾਂ ਕੋਠਿਆਂ ਦੇ ਬਨੇਰਿਆਂ ਉੱਤੇ ਆ ਬੈਠੀਆਂ ਸਨ। ਪਾਲੀ-ਮੁੰਡਿਆਂ ਨੇ ਵਿਹੜੇ ਦੀ ਕੰਧ ਟੱਪ ਕੇ ਬੰਦੇ ਦੀ ਲੋਥ ਦੇਖੀ ਅਤੇ ਫੇਰ ਆਉਂਦੇ-ਜਾਂਦੇ ਹਰ ਕਿਸੇ ਨੂੰ ਦੱਸ ਕੇ ਰੌਲਾ ਪਾਇਆ ਸੀ। ਲਹਿਰਾ ਧੂਰਕੋਟ ਤੋਂ ਇਕ ਨੰਬਰਦਾਰ ਨੂੰ ਸੱਦਿਆ ਗਿਆ। ਨੰਬਰਦਾਰ ਨੇ ਝੱਟ ਚੌਕੀਦਾਰ ਨੂੰ ਬੁਲਾਇਆ ਅਤੇ ਫੇਰ ਚੌਕੀਦਾਰ ਰਾਮਪੁਰਾ ਮੰਡੀ ਦੀ ਪੁਲਿਸ-ਚੌਕੀ ਵਿਚ ਇਤਲਾਹ ਦੇ ਕੇ ਆਇਆ।
ਦੁਪਹਿਰ ਤਕ ਪੁਲਿਸ ਮਸਾਂ ਪਹੁੰਚੀ। ਪਿੰਡ ਵਿਚੋਂ ਕਿਸੇ ਦੀ ਟਰੈਕਟਰ-ਟਰਾਲੀ ਮੰਗਵਾਈ ਅਤੇ ਲੋਥ ਨੂੰ ਮੰਡੀ ਲਿਜਾ ਸੁੱਟਿਆ। ਹਸਪਤਾਲ ਵਿਚ ਉਹਦਾ ਪੋਸਟ-ਮਾਰਟਮ ਕਰਵਾਇਆ।
ਹਨੇਰੇ ਜਿਹੇ ਮੰਡੀ ਦੇ ਹੀ ਕੁਝ ਮੁੰਡੇ ਫਿਰਦੇ-ਤੁਰਦੇ ਪੁਲਿਸ-ਚੌਕੀ ਪਹੁੰਚੇ। ਇਕ ਮੁੰਡੇ ਨੇ ਸਿਆਣ ਲਿਆ ਇਹ ਤਾਂ ਨਸੀਬ ਸਿੰਘ ਹੈ। ਕੋਠੇ ਖੜਕ ਸਿੰਘ ਤੋਂ। ਉਹਦੇ ਨਾਲ ਕਾਲਜ ਵਿਚ ਪੜ੍ਹਦਾ ਹੁੰਦਾ ਸੀ ।
ਪਤਾ ਲੱਗੇ ਤੋਂ ਤੀਜੇ ਦਿਨ ਸਵੇਰੇ ਹੀ ਜੰਗੀਰਾ ਨਾਲ ਦੋ ਬੰਦਿਆਂ ਨੂੰ ਲੈ ਕੇ ਰਾਮਪੁਰਾ ਮੰਡੀ ਆਇਆ। ਸਿਆਣਿਆ ਤਾਂ ਨਸੀਬ ਹੀ ਸੀ । ਹਿੱਕ ਉੱਤੇ ਢੇਰੀ ਹੋ ਗਿਆ। ਰੋਣ ਨਹੀਂ ਸੀ ਠੱਲ੍ਹਿਆ ਜਾਂਦਾ । ਪੁਲਿਸ ਵਾਲਿਆਂ ਨੂੰ ਯਕੀਨ ਹੋ ਗਿਆ, ਇਹੀ ਐ ਇਹਦਾ ਵਾਰਸ । ਜੰਗੀਰੇ ਨਾਲ ਆਉਣ ਵਾਲੇ ਪਿੰਡ ਦੇ ਦੋ ਬੰਦੇ ਸਨ-ਇਕ ਤਾਂ ਨੰਬਰਦਾਰ ਪਾਖਰ ਸਿੰਘ ਦਾ ਮੁੰਡਾ ਮਿਹਰ ਸਿਘ ਅਤੇ ਦੂਜਾ ਸੀ ਹਰਦਿੱਤ ਸਿੰਘ । ਜੰਗੀਰਾ ਮਿਹਰ ਸਿੰਘ ਨੂੰ ਤਾਂ ਨੰਬਰਦਾਰ ਹੋਣ ਕਰਕੇ ਲਿਆਇਆ ਸੀ ਅਤੇ ਹਰਦਿੱਤ ਸਿੰਘ ਨੂੰ ਏਸ ਕਰਕੇ ਲਿਆਇਆ ਸੀ ਕਿਉਂਕਿ ਉਹ ਮੰਨੀ-ਦੰਨੀ ਦਾ ਬੰਦਾ ਸੀ, ਸਰਕਾਰੇ-ਦਰਬਾਰੇ ਉਹਨੂੰ ਗੱਲ ਕਰਨੀ ਆਉਂਦੀ ਸੀ । ਕੁੱਲ ਅਫਸਰ ਉਹਨੂੰ ਜਾਣਦਾ ਸੀ। ਪੁਲਿਸ ਵਾਲੇ ਉਹਦੀ ਇਜ਼ਤ ਕਰਦੇ ਸਨ । ਤੇ ਫੇਰ ਜੰਗੀਰੇ ਦਾ ਤਾਂ ਉਹ ਪੱਕਾ ਯਾਰ ਸੀ । ਪੁਸ਼ਤਾਂ ਦਾ ਸੰਬੰਧ ਸੀ ਉਹਦੇ ਨਾਲ । ਹਰਦਿੱਤ ਸਿੰਘ ਪੈਸੇ ਵਾਲਾ ਬੰਦਾ ਸੀ । ਕਿਤੇ ਵੀ ਕੰਮ ਆ ਸਕਦਾ ਸੀ। ਦੁਪਹਿਰ ਤਕ ਉਹਨਾਂ ਨੂੰ ਲੋਥ ਮਿਲ ਗਈ। ਮੰਡੀਓਂ ਹੀ ਉਹਨਾਂ ਨੇ ਇਕ ਟਰੱਕ ਭਾੜੇ ਕੀਤਾ। ਪੈਸੇ ਹਰਦਿੱਤ ਸਿੰਘ ਕੋਲ ਹੈ ਗੇ ਸਨ। ਪਿਛਲੇ ਪਹਿਰ ਤਕ ਲੋਥ ਕੋਠੀ ਆ ਪਹੁੰਚੀ। ਪਿੰਡ ਵਿਚ ਤਰਾਹ-ਤਰਾਹ ਹੋਣ ਲੱਗੀ। ਇਹ ਕੀ ਭਾਣਾ ਵਰਤ ਗਿਆ ਭਾਈ ? ਜੰਗੀਰੇ ਦੀ ਤਾਂ ਕਿਸੇ ਨਾਲ ਕੋਈ ਲਾਗ-ਡਾਟ ਵੀ ਨਹੀਂ ਸੀ । ਮੁੰਡਾ ਤਾਂ ਬੜਾ ਸਾਊ ਸੀ । ਮੂੰਹ ਵਿਚ ਬੋਲ ਨਹੀਂ ਸੀ ਸਹੁਰੇ ਦੇ। ਕਿਸੇ ਦੀ ਵੀ ਸਮਝ ਵਿਚ ਕੋਈ ਗੱਲ ਨਾ ਆਈ । ਸਾਰਾ ਅਗਵਾੜ ਇਕੱਠਾ ਹੋਇਆ ਅਤੇ ਨਸੀਬ ਦਾ ਦਾਹ-ਸੰਸਕਾਰ ਕਰ ਦਿੱਤਾ ਗਿਆ ।
3
ਪੁਸ਼ਪਿੰਦਰ ਨੂੰ ਉਹਦੀ ਮਾਂ ਨੇ ਘਰੋਂ ਨਹੀਂ ਨਿੱਕਲਣ ਦਿਤਾ ਸੀ। ਐਨੀ ਉਹਨੇ ਹਿੰਮਤ ਨਾ ਕੀਤੀ ਕਿ ਜ਼ਬਰਦਸਤੀ ਘਰੋਂ ਭੱਜ ਕੇ ਭਾਈਰੂਪੇ ਜਾਂ ਬੁਰਜ ਗਿੱਲਾਂ ਦੇ ਬੱਸ-ਅੱਡੇ ਤੋਂ ਬੱਸ ਫੜੇ ਅਤੇ ਰਾਮਪੁਰੇ ਪ੍ਰੋ: ਸੱਜਣ ਸਿੰਘ ਦੇ ਘਰ ਕਿਸੇ ਚਿੜੀ ਜਨੌਰ ਵਾਂਗ ਜਾ ਉੱਤਰੇ । ਆਪਣੇ ਪਿਆਰੇ ਨਸੀਬ ਦੀ ਬੁੱਕਲ ਵਿਚ। ਹਮੇਸ਼ਾ-ਹਮੇਸ਼ਾ ਲਈ ਨਸੀਬ ਦੀ ਬੁੱਕਲ ਵਿਚ ਹੀ ਸਮਾ ਜਾਵੇ। ਪਿਓ ਤਾਂ ਘਰੋਂ ਉਠ ਗਿਆ ਸੀ। ਮੋਢੇ ਬੰਦੂਕ ਰੱਖੀ ਅਤੇ ਚਲਿਆ ਗਿਆ। ਦਿਆਲੋ ਨੂੰ ਤਾਂ ਪਤਾ ਹੀ ਸੀ ਕਿ ਉਹ ਮਹਿਮਾ ਸਰਕਾਰੀ ਨੂੰ ਜਾ ਰਿਹਾ ਹੈ, ਪਰ ਪੁਸ਼ਪਿੰਦਰ ਨੂੰ ਇਸ ਗੱਲ ਦਾ ਕੋਈ ਭੇਤ ਨਹੀਂ ਦਿਤਾ ਸੀ।
ਉਹ ਕਿਧਰੇ ਵੀ ਗਿਆ ਹੋਵੇ, ਘਰ ਵਿਚ ਤਾਂ ਨਹੀਂ ਸੀ। ਇਕੱਲੀ ਮਾਂ ਸੀ। ਪੁਸ਼ਪਿੰਦਰ ਨੱਠ ਜਾਂਦੀ, ਤਾਂ ਮਾਂ ਕੀ ਜੱਫੀ ਪਾ ਕੇ ਉਹਨੂੰ ਰੋਕ ਲੈਂਦੀ। ਪਰ ਨਹੀਂ, ਪੁਸ਼ਪਿੰਦਰ ਤੋਂ ਅਜਿਹਾ ਨਹੀਂ ਹੋ ਸਕਿਆ ਸੀ। ਖੰਭਾਂ-ਜਲੇ ਪੰਛੀ ਵਾਂਗ ਨਿਤਾਣੀ ਬਣ ਕੇ ਉਹ ਘਰ ਵਿਚ ਹੀ ਬੈਠੀ ਰਹਿ ਗਈ ਸੀ । ਮਾਂ ਨੇ ਉਹਦੀ ਪੂਰੀ ਤਕੜਾਈ ਰੱਖੀ। ਬੱਸ ਕਿ ਉਹ ਘਰੋਂ ਬਾਹਰ ਨਾ ਹੋਵੇ। ਪੁਸ਼ਪਿੰਦਰ ਲਈ ਉਹਨਾਂ ਦੇ ਕਿਲੇ ਜਿਹੇ ਘਰ ਦਾ ਲੋਹੇ ਦਾ ਗੇਟ ਕਿਸੇ ਜ਼ਿਲਾ-ਜੇਲ੍ਹ ਦਾ ਵੱਡਾ ਦਰਵਾਜ਼ਾ ਬਣ ਕੇ ਉਹਨੂੰ ਭੈ ਦੇਣ ਲੱਗਿਆ। ਉਹਨੂੰ ਲੱਗਿਆ, ਉਹ ਇਸ ਜ਼ਾਲਮ ਤੇ ਜਾਬਰ ਗੇਟ ਤੋਂ ਕਦੇ ਵੀ ਪਾਰ ਨਹੀਂ ਜਾ ਸਕੇਗੀ। ਉਹਦੀ ਜ਼ਿੰਦਗੀ ਸਿਸਕ-ਸਿਸਕ ਕੇ ਇਸ ਗੇਟ ਦੇ ਅੰਦਰ ਹੀ ਦਮ ਤੋੜ ਦੇਵੇਗੀ । ਬਾਰਾਂ ਕੁ ਵਜੇ ਉਹ ਆਪਣੀ ਬੈਠਕ ਵਿਚ ਗਈ ਅਤੇ ਰਜ਼ਾਈ ਲੈ ਕੇ ਪੈ ਗਈ। ਮੂੰਹ-ਸਿਰ ਢਕ ਲਿਆ। ਉਹ ਸੁਫ਼ਨਾ ਜਿਹਾ ਲੈਂਦੀ ਜਿਵੇਂ ਉਹ ਪ੍ਰੋ: ਸੱਜਣ ਸਿੰਘ ਦੇ ਘਰ ਸਾਹਮਣੇ ਨਸੀਬ ਕੋਲ ਜਾ ਪਹੁੰਚੀ ਹੈ ਅਤੇ ਉਹ ਦੋਵੇਂ ਪ੍ਰੋਫੈਸਰ ਨਾਲ ਕੋਈ ਸਲਾਹ-ਮਸ਼ਵਰਾ ਕਰ ਰਹੇ ਹਨ। ਘੰਟਾ ਭਰ ਉਹ ਏਸੇ ਸੁਫ਼ਨ-ਸੰਸਾਰ ਵਿਚ ਵਿਚਰਦੀ ਰਹੀ। ਬੈਠਕ ਵਿਚ ਉਹਨੇ ਕਿਸੇ ਦੀ ਪੈੜਚਾਲ ਸੁਣੀ। ਉਹਦੀ ਜਮਾਤਣ ਕੁੜੀ, ਤਖਾਣਾਂ ਦੀ ਜੈਲੋ ਉਹਨੂੰ ਮਿਲਣ ਆਈ ਸੀ । ਕਿਧਰੋਂ ਪਤਾ ਲੱਗ ਗਿਆ ਹੋਵੇਗਾ ਕਿ ਪੁਸ਼ਪਿੰਦਰ ਆਈ ਹੋਈ ਹੈ ਅਤੇ ਉਹ ਉਹਨੂੰ ਮਿਲਣ ਆ ਗਈ। ਬੀਏ ਕਰਨ ਬਾਅਦ ਉਹ ਵਿਹਲੀ ਸੀ । ਉਹਦੇ ਵਿਆਹ ਦਾ ਕਿਧਰੇ ਕੋਈ ਟਿਕਾਣਾ ਨਹੀਂ ਬਣਿਆ ਸੀ। ਉਹ ਕੋਈ ਟਰੇਨਿੰਗ ਲੈਣਾ ਚਾਹੁੰਦੀ ਸੀ। ਹੋਰ ਨਹੀਂ ਤਾਂ ਬੀ ਐੱਡ ਕਰ ਲਵੇ। ਉਹਨੇ ਸੋਚਿਆ ਸੀ, ਪੁਸ਼ਪਿੰਦਰ ਨੂੰ ਮਿਲ ਵੀ ਲਵੇਗੀ ਅਤੇ ਆਪਣੇ ਬਾਰੇ ਉਹਦੇ ਨਾਲ ਕੋਈ ਸਲਾਹ ਵੀ ਕਰ ਲਵੇਗੀ।
ਮੂੰਹ ਤੋਂ ਰਜ਼ਾਈ ਲਾਹ ਕੇ ਪੁਸ਼ਪਿੰਦਰ ਜੈਲੋ ਵੱਲ ਬਿੱਟ-ਬਿੱਟ ਤੱਕਣ ਲੱਗੀ । ਮੂੰਹੋਂ ਕੁਝ ਨਾ ਬੋਲੀ। ਅੱਖਾਂ ਵਿਚ ਗਹਿਰ ਸੀ । ਜੈਲੋ ਉਹਨੂੰ ਇਸ ਤਰ੍ਹਾਂ ਢਾਂਡਿਆਂ ਵਾਂਗ ਝਾਕਦੀ ਨੂੰ ਵੇਖ ਕੇ ਪਹਿਲਾਂ ਤਾਂ ਹੈਰਾਨ ਹੋਈ, ਫੇਰ ਉਹਦੀ ਗੱਲ੍ਹ ਉੱਤੇ ਚੂੰਢੀ ਵੱਢ ਕੇ ਕਹਿੰਦੀ, ‘ਬੈਠਣ ਨੂੰ ਵੀ ਨ੍ਹੀਂ ਆਖਿਆ, ਮਜਾਜਣੇ। ਰਜਾਈ ਲੈ ਕੇ ਪਈ ਐਂ, ਬਹੁਤ ਥੱਕ ਗੀ ?
ਉਹ ਫੇਰ ਵੀ ਨਹੀਂ ਬੋਲੀ।
ਜੈਲੋ ਉਹਦੀਆਂ ਪੈਂਦਾਂ ਵੱਲ ਬੈਠ ਗਈ। ਦੋਵੇਂ ਹੱਥਾਂ ਵਿਚ ਆਪਣਾ ਚੇਹਰਾ ਫੜ ਕੇ। ਦੂਜੇ ਬਿੰਦ ਹੀ ਉਹਦੀ ਰਜ਼ਾਈ ਖਿੱਚੀ, ‘ਪਿੰਦਰੇ, ਬੋਲਣਾ ਨ੍ਹੀਂ ਮੇਰੇ ਨਾਲ ?’
ਉਹ ਪਈ-ਪਈ ਹੀ ਅੱਖਾਂ ਭਰ ਆਈ। ਜੈਲੋ ਉਹਦੇ ਵੱਲ ਝਾਕੀ। ਫੇਰ ਪੁੱਛਿਆ, ‘ਕਿਉਂ ਨੀ, ਗੱਲ ਤਾਂ ਦੱਸ।’
ਹੁਣ ਉਹਦੇ ਮੂੰਹੋਂ ਵੀ ਕੋਈ ਦੱਬੀ ਜਿਹੀ ਆਵਾਜ਼ ਨਿੱਕਲ ਰਹੀ ਸੀ। ਜਿਵੇਂ ਕੋਈ ਬੇਜ਼ਬਾਨ ਘਾਇਲ ਪਸ਼ੂ ਕਰਾਹ ਰਿਹਾ ਹੋਵੇ।
ਜੈਲੋ ਨੇ ਉਹਨੂੰ ਪੌਂਚੇ ਤੋਂ ਫੜ ਕੇ ਬੈਠੀ ਕਰ ਲਿਆ। ਉਹਨੂੰ ਇਸ ਪ੍ਰਕਾਰ ਰੋਂਦੀ ਦੇਖਕੇ ਉਹ ਵੀ ਭੈਮਾਨ ਹੋਈ ਬੈਠੀ ਸੀ । ਜੈਲੋ ਕਹਿੰਦੀ, ‘ਪਿੰਦਰੇ, ਤੈਨੂੰ ਸਹੁੰ ਲੱਗੇ, ਤੂੰ ਗੱਲ ਦੱਸ ਦੇ, ਕੀਹ ਐ ? ਜੋ ਬਣਿਆਂ, ਮੈਂ ਕਰੂੰਗੀ।
ਪੁਸ਼ਪਿੰਦਰ ਨੇ ਅੱਖਾ ਪੂੰਝ ਲਈਆਂ। ਚੁੱਪ ਹੋ ਗਈ । ਤੇ ਫੇਰ ਦੱਸਣ ਲੱਗੀ, ‘ਬਾਪੂ ਜੀ, ਗਏ ਅੱਜ।
‘विषे ?’
‘ਮਹਿਮਾ ਸਰਕਾਰੀ ਨੂੰ ਓਥੇ ਮੁੰਡਾ ਐ ਕੋਈ। ਦੇਖ ਗਿਆ ਸੀ ਮੈਨੂੰ । ਹਾਂ ਕਰ ਗਿਆ ਸੀ। ਹੁਣ ਮੇਰੀ ਜਾਣ ‘ਚ ਵਿਆਹ ਨੂੰ ਕਹਿਣ ਗਏ ਐ।
‘ਫੇਰ, ਤੇਰੀ ਕੀ ਸਲਾਹ ਐ ?’
‘ਨਸੀਬ ਵੀ ਆਇਆ ਹੋਇਐ।’
‘ਆਇਆ ਹੋਇਐ ? ਜੈਲੋ ਨੂੰ ਪੁਸ਼ਪਿੰਦਰ ਅਤੇ ਨਸੀਬ ਦੇ ਗੁਪਤ ਸੰਬੰਧਾਂ ਦਾ ਪਤਾ ਸੀ। ਪੁਸ਼ਪਿੰਦਰ ਨੇ ਆਪ ਹੀ ਉਹਨੂੰ ਇਕ ਦਿਨ ਦੱਸ ਦਿੱਤਾ ਸੀ । ਜੈਲੋ ਵਿਸ਼ਵਾਸ ਵਾਲੀ ਕੁੜੀ ਸੀ। ਪੁਸ਼ਪਿੰਦਰ ਦੀ ਚੰਗੀ ਸਹੇਲੀ। ਜੈਲੋ ਤਾਂ ਖੂਹ ਸੀ, ਉਹਦੇ ਕੋਲ ਕੀਤੀ ਗੱਲ ਭੋਰਾ ਭਰ ਵੀ ਕਿਧਰੇ ਬਾਹਰ ਨਹੀਂ ਨਿੱਕਲਦੀ ਸੀ । ਇਕ ਦਿਨ ਵੰਗ ਜਿਹੇ ਵਿਚ ਆ ਕੇ ਹੀ ਪੁਸ਼ਪਿੰਦਰ ਨੇ ਉਹਨੂੰ ਸਭ ਦੱਸ ਦਿੱਤਾ ਸੀ।
‘ਹਾਂ। ਕੱਲ ਰਾਤ ਆਇਆ ਸੀ। ਅੱਜ ਸਵੇਰੇ ਮੂੰਹ-ਹਨੇਰੇ ਮੈਨੂੰ ਮਿਲ ਕੇ ਗਿਐ।’
‘ਪਤਾ ਨ੍ਹੀਂ ਲੱਗਿਆ ਘਰੇ ਕਿਸੇ ਨੂੰ ?’
‘ਨਾ, ਬੈਠਕ ‘ਚ ਪਈ ਸੀ, ਐਥੇ ਈ ਮੈਂ । ਆਇਆ, ਗੱਲ ਕੀਤੀ ਅਤੇ ਚਲਿਆ ਗਿਆ । ਰਾਮਪੁਰੇ ਨੂੰ ਗਿਐ। ਡੀਕਦਾ ਹੋਊ ਮੈਨੂੰ ਪ੍ਰੋਫੈਸਰ ਦੇ ਘਰ।’
‘ਕਿਹੜੇ ਪ੍ਰੋਫੈਸਰ ਦੇ ?’
‘ਸੱਜਣ ਸਿੰਘ ਦੇ, ਇਕੋ ਤਾਂ ਪ੍ਰੋਫੈਸਰ ਐ ਆਪਣਾ| ਹੋਰ ਕੌਣ ਐ ਏਸ ਦੁਨੀਆਂ ‘ਚ।’
‘देठ ?’
‘ਮੈਨੂੰ ਜਾਣ ਈ ਨ੍ਹੀਂ ਦਿੱਤਾ ਮਾਂ ਨੇ । ਉਹ ਓਥੇ ਬੈਠਾ ਹੋਣੈ। ਪਤਾ ਨ੍ਹੀਂ ਕੀ ਸੋਚਦਾ ਹੋਊਗਾ।’
‘ਹੁਣ ਫੇਰ ?’
‘ਬਾਪੂ ਜੀ, ਜੇ ਵਿਆਹ ਦੀ ਤਰੀਕ ਬੰਨ੍ਹ ਆਏ ਤੇ ਫੇਰ ਜੇ ਮੱਲੋ-ਮੱਲੀ ਵਿਆਹ ਵੀ ਹੋ ਗਿਆ, ਤਾਂ ਕੀ ਕਰੂੰਗੀ ਮੈਂ ?
‘ਵਿਆਹ ਕਿਮੇਂ ਹੋ ਜੂ ? ਤੂੰ ਚਾਹੇਂਗੀ ਤਾਂ ਹੀ ਹੋਊ।
‘ਮੇਰੇ ਚਾਹੁਣ ਦਾ ਕੀ ਐ।
‘ਇਹ ਤਾਂ ਮੈਂ ਦੱਸ ਦਿੰਨੀ ਆਂ।
‘ਦੱਸ।’ ਪੁਸ਼ਪਿੰਦਰ ਦੀਆਂ ਅੱਖਾਂ ਚਰਾਗਾਂ ਵਾਂਗ ਬਲ ਉੱਠੀਆਂ ਸਨ। ਉਹ ਸਿੱਧੀ ਹੋ ਕੇ ਬੈਠ ਗਈ।
‘ਮੈਂ ਸਿੱਧੀ ਈ ਚਿੱਠੀ ਲਿਖ ਦਿੰਨੀ ਆਂ, ਓਸ ਮੁੰਡੇ ਨੂੰ। ਸਾਰੀ ਗੱਲ ਸਾਫ-ਸਾਫ ਲਿਖ ਦੂੰ गी, घष्टी…’
‘ਹਾਂ, ਇਹ ਠੀਕ ਐ। ਐਂ ਈ ਕਰਦੀਆਂ। ਦੇਮਾਂ ਲਫ਼ਾਫ਼ਾ ?’
‘ਮੁੰਡੇ ਦਾ ਨਾਂ ਕੀ ਐ, ਪਤਾ ਐ?’
‘ਹਾਂ, ਪੂਰਾ ਐਡਰੈਸ ਲਿਖਾ ਦਿੰਨੀ ਆਂ-ਗੁਰਜੰਟ ਸਿੰਘ, ਐਫ ਸੀ ਆਈ ਇੰਸਪੈਕਟਰ, ਪਿੰਡ ਅਤੇ ਡਾਕਖਾਨਾ ਮਹਿਮਾ ਸਰਕਾਰੀ, ਵਾਇਆ ਗੋਨੇਆਣਾ, ਜ਼ਿਲਾ ਬਠਿੰਡਾ । ਬੱਸ ਬਹੁਤ ਐ। ਚਿੱਠੀ ਉਹਨੂੰ ਮਿਲ ਜੂ।’
ਲਫ਼ਾਫ਼ਾ ਲੈ ਕੇ ਜੈਲੋ ਚਿੱਠੀ ਲਿਖਣ ਲੱਗੀ | ਨਸੀਬ ਸੰਬੰਧੀ ਸਭ ਲਿਖ ਦਿੱਤਾ । ਇਥੋਂ ਤੱਕ ਵੀ ਕਿ ਪੁਸ਼ਪਿੰਦਰ ਦਾ ਵਿਆਹ ਨਸੀਬ ਨਾਲ ਹੋਵੇਗਾ। ਇਹਨਾਂ ਦਾ ਕਈ ਸਾਲਾਂ ਤੋਂ ਸੰਬੰਧ ਹੈ। ਚਿੱਠੀ ਦੇ ਅੰਤ ਵਿਚ ਕਿਸੇ ਦਾ ਨਾਂ ਨਹੀਂ ਲਿਖਿਆ । ਜੈਲੋ ਨੇ ਆਪਣੇ ਘਰ ਜਾ ਕੇ ਕੋਈ ਬਹਾਨਾ ਲਾਇਆ। ਰਾਮਪੁਰੇ ਨੂੰ ਬੱਸਾਂ ਆਮ ਜਾਂਦੀਆਂ ਸਨ । ਉਹ ਭਾਈਰੂਪੇ ਜਾ ਕੇ ਬੱਸ ਚੜ੍ਹੀ। ਰਾਮਪੁਰੇ ਡਾਕਖਾਨੇ ਦੇ ਲੈਟਰ-ਬਕਸ ਵਿਚ ਚਿੱਠੀ ਪਾ ਆਈ। ਉਹ ਪ੍ਰੋ: ਸੱਜਣ ਸਿੰਘ ਦੇ ਘਰ ਵੀ ਗਈ। ਨਸੀਬ ਓਥੇ ਨਹੀਂ ਸੀ। ਉਹਨੇ ਪ੍ਰੋਫੈਸਰ ਤੋਂ ਉਹਦੀ ਬਾਬਤ ਪੁੱਛਿਆ ਵੀ। ਪਰ ਨਸੀਬ ਤਾਂ ਬਾਜ਼ਾਰ ਗਿਆ ਕਿੰਨੀ ਹੀ ਦੇਰ ਤੋਂ ਮੁੜਿਆ ਨਹੀਂ ਸੀ । ਪ੍ਰੋਫੈਸਰ ਕੀ ਦਸਦਾ ? ਪ੍ਰੋਫੈਸਰ ਨੇ ਐਨੀਂ ਗੱਲ ਜ਼ਰੂਰ ਪੁੱਛੀ, ‘ਤੂੰ ਭਾਈ, ਜਰਨੈਲ, ਨਸੀਬ ਬਾਰੇ ਕਿਉਂ ਪੁੱਛ ਰਹੀ ਐਂ ? ਤੈਨੂੰ ਉਹਦੇ ਤਾਈਂ ਕੰਮ ਐਂ ਕੋਈ ?’
‘ਹਾਂ ਸਰ, ਪੁਸ਼ਪਿੰਦਰ ਨੇ ਮੈਨੂੰ ਭੇਜਿਐ। ਉਹਨੂੰ ਤਾਂ ਉਹਦੇ ਘਰਦਿਆਂ ਨੇ ਔਣ ਨ੍ਹੀਂ ਦਿੱਤਾ। ਮੈਂ ਨਸੀਬ ਨੂੰ ਇਹੀ ਦੱਸਣਾ ਸੀ।’
‘ਉਹ ਥੋਡਾ ਭਲਾ ਹੋ ਜੋ ।’ ਪ੍ਰੋਫੈਸਰ ਨੇ ਕਿਤਾਬ ਮੇਜ਼ ਉੱਤੇ ਮੂਧੀ ਮਾਰ ਕੇ ਆਪਣੀ ਐਨਕ ਉਤਾਰ ਲਈ ਅਤੇ ਸ਼ੀਸ਼ਿਆਂ ਨੂੰ ਰੁਮਾਲ ਨਾਲ ਸਾਫ ਕਰਨ ਲੱਗਿਆ। ਆਪਣੇ ਖੱਬੇ ਗੋਡੇ ਨੂੰ ਹੱਥ ਨਾਲ ਪਲੋਸਦਾ ਉਹ ਕਹਿੰਦਾ, ‘ਮੈਂ ਵੀ ਤਾਂ ਪੁਸ਼ਪਿੰਦਰ ਨੂੰ ਈ ਉਡੀਕੀਂ ਜਾਨਾਂ ਕੁੜੀਏ । ਮੈਂ ਤਾਂ ਆਹ ਬੈਠਾਂ । ਛੁੱਟੀ ਵੀ ਲਈ ਹੋਈ ਐ। ਹੋਰ ਦੱਸੋ।’ ਤੇ ਫੇਰ ਅਫ਼ਸੋਸ ਕਰਨ ਲਗਿਆ, ‘ਲੈ-ਲੈ ਬਈ, ਹੋਈ ਨਾ ਓਹੀ ਗੱਲ।’ ਤੇ ਫੇਰ ਜੈਲੋ ਨੂੰ ਆਖਿਆ, ‘ਤੂੰ ਜਾਹ ਬੀਬਾ, ਪਿੰਡ ਨੂੰ। ਦਿਨ ਢਲ ਗਿਐ। ਮੈਂ ਦੱਸ ਦੂੰ ਨਸੀਬ ਨੂੰ। ਆਊਗਾ ਤਾਂ ਐਥੇ ਈ। ਕਦੋਂ ਆਵੇ ।’
‘ਸਰ, ਤੁਸੀਂ ਨਸੀਬ ਨੂੰ ਐਂਨੀਂ ਗੱਲ ਆਖ ਦਿਓ, ਬਈ ਉਹ ਪਿੰਡ ਆ ਜੇ। ਮੈਨੂੰ ਮਿਲੇ। ਮੈਂ ਕਰੂੰ ਗੱਲ ਉਹਦੇ ਨਾਲ। ਹੁਣ ਜਦੋਂ…’
ਪ੍ਰੋਫੈਸਰ ਜੈਲੋ ਦੀ ਦਲੇਰੀ ਦੇਖ ਕੇ ਬਹੁਤ ਖੁਸ਼ ਹੋਇਆ। ਕਹਿਣ ਲੱਗਿਆ, ‘ਜਦੋਂ ਤੂੰ, ਕੁੜੀਏ, ਸਾਡੇ ਨਾਲ ਐਂ, ਫੇਰ ਕਿਵੇਂ ਨਾ ਹੋਵੇ ਇਹ ਕੰਮ।
ਜੈਲੋ ਦਿਨ ਛਿਪਣ ਤੱਕ ਕੋਠੀ ਪਹੁੰਚ ਗਈ। ਪਹਿਲਾਂ ਪੁਸ਼ਪਿੰਦਰ ਕੋਲ ਗਈ। ਸਾਰੀ ਗੱਲ ਦੱਸੀ। ਉਹਦੀਆਂ ਗੱਲਾਂ ਸੁਣ ਕੇ ਪੁਸ਼ਪਿੰਦਰ ਨੂੰ ਸੌਖਾ ਸਾਹ ਆਇਆ। ਪਰ ਵਾਰ-ਵਾਰ ਇਹੀ ਪੁੱਛੀ ਜਾਏ, ‘ਚਿੱਠੀ ਚੰਗੀ ਤਰ੍ਹਾਂ ਬੰਦ ਕਰਕੇ ਪੋਸਟ ਕਰਤੀ ਸੀ ?’
ਪਰ ਹੋਣੀ ਤਾਂ ਆਪਣੀ ਖੇਡ ਖੇਡ ਚੁੱਕੀ ਸੀ। ਬੰਦਾ ਕਿੰਨੀਆਂ ਵਿਉਂਤਾਂ ਬਣਾਉਂਦਾ ਹੈ, ਬਾਨ੍ਹਣੂ ਬੰਨ੍ਹਦਾ ਹੈ, ਦਿਮਾਗੀ ਚਾਲਾਂ ਚਲਦਾ ਹੈ, ਪਰ ਚੁਸਤੀਆਂ ਚਲਾਕੀਆਂ ਸਭ ਧਰੀਆਂ- ਧਰਾਈਆਂ ਰਹਿ ਜਾਂਦੀਆਂ ਹਨ। ਜਰਵਾਣੇ ਓਦੂੰ ਵੱਧ ਚਲਾਕ ਹੁੰਦੇ ਹਨ। ਜ਼ੁਲਮ ਦੇ ਚਾਰ ਅੱਖਾਂ ਹੁੰਦੀਆਂ ਹਨ। ਸਚਾਈ ਤਾਂ ਅੰਨ੍ਹੀ ਹੋ ਕੇ ਹੀ ਬੈਠੀ ਰਹਿ ਜਾਂਦੀ ਹੈ। ਸ਼ਰਧਾ ਤਾਂ ਵਿਸ਼ਵਾਸ ਦੀ ਦਲਦਲ ਵਿਚ ਫਸੀ ਦੀ ਫਸੀ ਰਹਿ ਜਾਂਦੀ ਹੈ। ਹੋਣੀ ਸਭ ਪਾਸੇ ਮੂਧੇ ਮਾਰ ਦਿੰਦੀ ਹੈ।
ਤੀਜੇ ਦਿਨ ਨਸੀਬ ਦੀ ਕਾਵਾਂ-ਕੁੱਤਿਆਂ ਨੇ ਹਾਲਖ਼ਰਾਬ ਕੀਤੀ ਲਾਸ਼ ਪਿੰਡ ਆਈ। ਪੁਸ਼ਪਿੰਦਰ ਨੂੰ ਪਤਾ ਲੱਗਿਆ ਤਾਂ ਦੰਦਲ ਪੈ ਪਈ । ਮਾਂ ਧੂਣੀਆਂ ਧੁਖਾਉਂਦੀ ਫਿਰੇ। ਅਖੇ, ‘ਕੁੜੀ ਨੂੰ ਤਾਂ ਕਿਸੇ ਦੀ ਕਸਰ ਹੋ ਗੀ।’
ਦੰਦਲ ਭੰਨਦੇ, ਫੇਰ ਪੈ ਜਾਂਦੀ ।
ਦਿਆਲੋ ਅਤੇ ਹਰਦਿੱਤ ਸਿੰਘ ਨੂੰ ਇਸ ਗੱਲ ਦਾ ਸੰਸਾ ਨਹੀਂ ਸੀ ਕਿ ਕੁੜੀ ਦਾ ਇਹ ਹਾਲ ਕਿਉਂ ਹੋ ਰਿਹਾ ਹੈ। ਉਹ ਕਿੰਨੀ ਔਖੀ ਹੈ। ਕਿਧਰੇ ਉਹਦੀ ਜਾਨ ਹੀ ਨਾ ਨਿੱਕਲ ਜਾਵੇ । ਉਹਨਾਂ ਨੂੰ ਵੱਡਾ ਭੈ ਇਹ ਸੀ ਕਿ ਕੁੜੀ ਦੇ ਮੂੰਹੋਂ ਨਸੀਬ ਦਾ ਨਾਂ ਨਾ ਬਕਿਆ ਜਾਵੇ। ਅਜਿਹਾ ਕੁਝ ਹੋ ਗਿਆ ਤਾਂ ਖ਼ਾਨਦਾਨ ਦੀ ਇੱਜ਼ਤ ਮਾਰੀ ਜਾਵੇਗੀ। ਲੋਕ, ਪਤਾ ਨਹੀਂ, ਕੀ ਕੀ ਗੱਲਾਂ ਕਰਨਗੇ।
ਜੈਲੋ ਨੇ ਸੁਣਿਆ ਤਾਂ ਉਹ ਭੱਜੀ-ਭੱਜੀ ਪੁਸ਼ਪਿੰਦਰ ਕੋਲ ਆਈ। ਉਹਦਾ ਇਹ ਹਾਲ ਦੇਖ ਕੇ ਉਹਨੂੰ ਸਾਂਭਣ ਲੱਗੀ।
4
ਨਸੀਬ ਦੇ ਕਤਲ ਦੀ ਖ਼ਬਰ ਪੰਜਾਬੀ ਅਖ਼ਬਾਰਾਂ ਵਿਚ ਛਪੀ ਸੀ। ਅਖੇ, ‘ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਾਂਚ-ਪੜਤਾਲ ਜਾਰੀ ਹੈ।’ ਕੋਈ ਪਤਾ ਨਾ ਲੱਗਿਆ, ਕੀਹਨੇ ਕਤਲ ਕੀਤਾ, ਕਿਉਂ ਕੀਤਾ। ਨਸੀਬ ਦੇ ਦਾਹ-ਸੰਸਕਾਰ ਤੋਂ ਪੰਦਰਾਂ-ਵੀਹ ਦਿਨਾਂ ਬਾਅਦ ਹਰਦਿੱਤ ਸਿੰਘ ਫੇਰ ਮਹਿਮਾ ਸਰਕਾਰੀ ਗਿਆ ਸੀ । ਮੁੰਡਾ ਘਰ ਹੀ ਸੀ । ਹਰਦਿੱਤ ਸਿਘ ਨੇ ਲੱਖ ਜਤਨ ਕੀਤਾ, ਪਰ ਉਹ ਮੁੰਡਾ ਤਾਂ ਕਿਸੇ ਤਰ੍ਹਾਂ ਵੀ ਰਾਹ ਉੱਤੇ ਨਹੀਂ ਆ ਰਿਹਾ ਸੀ । ਟਾਲੇ ਜਿਹੇ ਲਾਉਂਦਾ ਸੀ। ਬਹਾਨੇ ਬਣਾਉਂਦਾ। ਹਰਦਿੱਤ ਸਿੰਘ ਨੇ ਜਦੋਂ ਖਹਿੜਾ ਹੀ ਨਹੀਂ ਛੱਡਿਆ ਤਾਂ ਮੁੰਡੇ ਨੇ ਤੋੜ ਕੇ ਜਵਾਬ ਦੇ ਦਿੱਤਾ। ਅਖੇ, ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ।
‘ਕਿਉਂ ਬਈ ?’ ਹਰਦਿੱਤ ਸਿੰਘ ਨੇ ਢੋਲਾ ਹੋ ਕੇ ਪੁੱਛਿਆ। ‘ਕਿਉਂ ਕੀ, ਬੱਸ ਨਹੀਂ । ਮੁੰਡੇ ਨੇ ਗੰਢ ਨਹੀਂ ਖੋਲ੍ਹੀ ।
ਜੈਲੋ ਦੀ ਪੋਸਟ ਕੀਤੀ ਚਿੱਠੀ ਗੁਰਜੰਟ ਸਿੰਘ ਨੂੰ ਮਿਲ ਚੁੱਕੀ ਸੀ। ਉਹ ਕਿਵੇਂ ‘ਹਾਂ’ ਕਹਿੰਦਾ। ਚਿੱਠੀ ਪੜ੍ਹ ਕੇ ਤਾਂ ਉਹਦੇ ਦਿਮਾਗ ਵਿਚ ਸੌ ਤਰ੍ਹਾਂ ਦੀਆਂ ਉਲਝਣਾਂ ਪੈਦਾ ਹੋ ਚੁੱਕੀਆਂ ਹੋਣਗੀਆਂ। ਉਹਨੇ ਫੇਰ ਨਸੀਬ ਸਿੰਘ ਦੇ ਕਤਲ ਦੀ ਖ਼ਬਰ ਵੀ ਪੜ੍ਹ ਲਈ ਹੋਵੇਗੀ । ਇਹ ਖ਼ਬਰ ਪੜ੍ਹ ਕੇ ਤਾਂ ਉਹ ਹੋਰ ਵੀ ਦਹਿਲ ਗਿਆ ਹੋਵੇਗਾ। ਸੋਚਦਾ ਹੋਵੇਗਾ, ਜਿਸ ਕੁੜੀ ਪਿੱਛੇ ਕਿਸੇ ਦਾ ਕਤਲ ਤੱਕ ਵੀ ਹੋ ਸਕਦਾ ਹੈ, ਕੀ ਪਤਾ ਉਹ ਕੁੜੀ ਕਿਸ ਕਿਸਮ ਦੀ ਹੋਵੇ। ਉਹਨੇ ਕੀ ਲੈਣਾ ਹੈ, ਅਜਿਹੀ ਕੁੜੀ ਨਾਲ ਫਸ ਕੇ।
ਹਰਦਿੱਤ ਸਿੰਘ ਨਿਰਾਸ਼-ਪਰੇਸ਼ਾਨ ਪਿੰਡ ਨੂੰ ਮੁੜ ਆਇਆ ਸੀ।
ਉਹਦੇ ਆਉਂਦੇ ਨੂੰ ਪੁਸ਼ਪਿੰਦਰ ਘਰ ਵਿਚ ਨਹੀਂ ਸੀ । ਹਰਿੰਦਰ ਨੂੰ ਨਾਲ ਲੈ ਕੇ ਪਟਿਆਲੇ ਚਲੀ ਗਈ ਸੀ। ਆਪਣਾ ਸਾਰਾ ਕਪੜਾ-ਲੀੜਾ ਅਤੇ ਕੁਲ ਚੀਜ਼-ਵਸਤ ਨਾਲ ਲੈ ਕੇ। ਮਾਂ ਤੋਂ ਨਾਥਰ ਹੋ ਕੇ ਜਾਂਦੀ ਹੋਈ ਮਾਂ ਨੂੰ ਕਹਿ ਗਈ, ‘ਕੁਸ ਕਰੀਂ ਜਾਓ, ਮੈਂ ਵਿਆਹ-ਵੂਹ ਨ੍ਹੀ ਕਰੌਣਾ ਹਾਲੇ । ਮੈਂ ਤਾਂ ਆਵਦੀ ਐੱਮੇ ਕਰਨੀ ਐਂ । ਓਥੇ ਬੈਂਕ ‘ਚ ਮੇਰੇ ਕੋਲ ਹਜ਼ਾਰ ਕੁ ਰੁਪਈਆ ਹੈਗਾ ਹਾਲੇ। ਮੁੱਕੇ ਤੋਂ ਹਰਿੰਦਰ ਨੂੰ ਚਿੱਠੀ ਲਿਖ ਦੂੰ ਗੀ । ਹਰਿੰਦਰ ਈ ਓਥੇ ਮੈਨੂੰ ਦੇ ਆਊਗਾ ਹੋਰ ਪੈਸੇ। ਮੈਂ ਨ੍ਹੀਂ ਔਣਾ ਬੱਸ ਹੁਣ ਏਥੇ ਕਦੇ। ਜੇ ਮੈਨੂੰ ਕੋਈ ਤੜੀ ਦਖਾਈ ਐ, ਤਾਂ ਹੋਰ ਕਿਧਰੇ ਉਠ ਜੂੰ । ਮੈਂ ਆਪਣੀ ਜ਼ਿੰਦਗੀ ਦੀ ਆਪ ਮਾਲਕ ਆਂ, ਜਦੋਂ ਜੀਅ ਕਰੂਗਾ, ਵਿਆਹ ਕਰਾ ਲੂੰ ਗੀ । ਜਿੱਥੇ ਜੀਅ ਕਰੂ ਓਥੇ ਕਰਾਉਂ। ਮੈਂ ਬੰਨ੍ਹੀ ਹੋਈ ਨ੍ਹੀਂ ਕਿਸੇ ਦੀ। ਮੈਨੂੰ ਤੰਗ ਕੀਤੈ, ਤਾਂ ਥੋਡੀ ਈ ਮਿੱਟੀ ਪੱਟੀ ਜਾਊ। ਇਹ ਆਵਦਾ ਸੋਚ ਲਿਓ । ਕਹਿ ਦੇਈਂ ਇਹ ਸਭ ਬੇਸ਼ੱਕ ਬਾਪੂ ਜੀ ਨੂੰ ।’
ਪਟਿਆਲੇ ਜਾਣ ਤੋਂ ਇਕ ਦਿਲ ਪਹਿਲਾਂ ਉਹਨੇ ਆਪਣੇ ਭਰਾ ਹਰਿੰਦਰ ਕੋਲ ਸਾਰਾ ਦੁੱਖ ਰੋਇਆ ਸੀ । ਉਹਨੇ ਅੱਖਾਂ ਵਿਚੋਂ ਬੁੱਕ-ਬੁੱਕ ਹੰਝੂ ਵਗਾਏ ਸਨ । ਹਰਿੰਦਰ ਦਾ ਤਾਂ ਉਹਦੇ ਨਾਲ ਪਿਆਰ ਹੀ ਬੜਾ ਸੀ । ਉਹ ਤਾਂ ਜਾਨ ਕਿਹੜਾ ਨਾ ਕੁਰਬਾਨ ਕਰਨ ਤੱਕ ਜਾਂਦਾ । ਵੱਡੀ ਭੈਣ ਦੇ ਉਹ ਹਰ ਕੰਮ ਆ ਸਕਦਾ ਸੀ ! ਸੁੱਖ ਨਾਲ ਹੁਣ ਤਾਂ ਪੂਰਾ ਉਡਾਰ ਸੀ । ਸਾਰੀ ਗੱਲ ਸਮਝਦਾ ਸੀ। ਸਭ ਜਾਣੀ-ਜਾਣ ਸੀ । ਭੈਣ ਦਾ ਦੁੱਖ ਉਹਤੋਂ ਝੱਲਿਆ ਨਾ ਗਿਆ । ਕਹਿੰਦਾ, ‘ਪਿੰਦਰੇ, ਤੂੰ ਮੈਨੂੰ ਦੱਸ, ਕੀ ਕਰ ਸਕਦਾਂ ਮੈਂ ਤੇਰੀ ਖਾਤਰ ??
‘ਮੈਨੂੰ ਬੱਸ ਪਟਿਆਲੇ ਛੱਡ ਆ। ਮੇਰੇ ਨਾਲ ਚੱਲ, ਵੀਰ ਬਣ ਕੇ ।’ਕੱਲੀ ਵੀ ਚਲੀ ਜਾਵਾਂ, ਪਰ ਹਿੰਮਤ ਨ੍ਹੀਂ ਰਹੀ ਮੇਰੇ ‘ਚ। ਮੈਂ ਥੱਕ ਗਈ ਆਂ। ਮੈਨੂੰ ‘ਕੇਰਾਂ ਪਟਿਆਲੇ ਵੜਦੀ ਕਰ ਦੇ। ਓਥੇ ਕਿਤਾਬਾਂ ‘ਚ ਜੀਅ ਲੱਗ ਜੂ ਮੇਰਾ । ਐੱਮੇ ਵੀਂ ਕਰ ਲੂੰ ਗੀ।’ ਉਹਨੇ ਚਿੱਤ ਵਿਚ ਆਖਿਆ, ‘ਇਹ ਐੱਮੇ ਕਰਨ ਦੀ ਡਿਊਟੀ ਮੈਨੂੰ ਓਸ ਨਿਮਾਣੇ ਦੀ ਲਾਈ ਹੋਈ ਐ। ਐਨੀ ਕੁ ਡਿਊਟੀ ਤਾਂ ਭੁਗਤਾ ਦਿਆਂ ।’
ਭਾਵੇਂ ਕਿ ਘਰ ਦਾ ਸਾਰਾ ਪੈਸਾ-ਟਕਾ ਉਹ ਪਿੰਡ ਦੀ ਬੈਂਕ ਵਿਚ ਜਾਂ ਰਾਮਪੁਰਾ ਫੂਲ ਦੀ ਇਕ ਬੈਂਕ ਵਿਚ ਰਖਦੇ ਸਨ, ਪਰ ਘਰ ਵਿਚ ਹਜ਼ਾਰ-ਪੰਜ ਸੌ ਤਾਂ ਹਮੇਸ਼ਾ ਹੀ ਖੁੱਲ੍ਹਾ ਪਿਆ ਰਹਿੰਦਾ। ਏਧਰ-ਓਧਰ ਕਿਸੇ ਪੇਟੀ ਵਿਚ, ਟਰੰਕ ਵਿਚ ਜਾਂ ਕਦੇ-ਕਦੇ ਕਿਸੇ ਪੀਪੇ-ਬਲ੍ਹਣੀ ਵਿਚ ਹੀ। ਦਿਆਲੋ ਨੂੰ ਹੀ ਇਹਦਾ ਪਤਾ ਹੁੰਦਾ । ਹਰਦਿੱਤ ਸਿੰਘ ਵੀ ਦਿਆਲੇ ਤੋਂ ਪੁੱਛ ਕੇ ਪੈਸੇ ਲੈਂਦਾ । ਪਟਿਆਲੇ ਜਾਣ ਲਈ ਹੁਣ ਹਰਿੰਦਰ ਨੇ ਮਾਂ ਤੋਂ ਪੰਜ ਸੌ ਰੁਪਿਆ ਵੀ ਲੈ ਲਿਆ। ਵੱਧ ਪੈਸੇ ਕੋਲ ਚੰਗੇ ਹੀ ਹੁੰਦੇ ਹਨ।
ਪਟਿਆਲਾ ਯੂਨੀਵਰਸਿਟੀ ਦੇ ਹੋਸਟਲ ਵਿਚ ਓਹੀ ਕਮਰਾ ਉਹਨੂੰ ਮਿਲ ਗਿਆ। ਉਹਦਾ ਬਹੁਤਾ ਸਾਮਾਨ ਤਾਂ ਅਜੇ ਇਥੇ ਹੀ ਪਿਆ ਸੀ । ਕੋਈ ਫ਼ਰਕ ਨਹੀਂ ਪਿਆ ਸੀ । ਬੱਸ ਐਨਾ ਹੀ ਕਿ ਉਹਦੀ ਕਲਾਸ ਵਿਚ ਐਨੇ ਦਿਨਾਂ ਦੇ ਲੈਕਚਰ ਘੱਟ ਹੋ ਗਏ ਸਨ। ਅਜੇ ਤਾਂ ਸਾਰਾ ਸਾਲ ਪਿਆ ਹੋਇਆ ਸੀ। ਉਹਨੇ ਇਹਨਾਂ ਲੈਕਚਰਾਂ ਦੀ ਘਾਟ ਆਸਾਨੀ ਨਾਲ ਹੀ ਪੂਰੀ ਕਰ ਲੈਣੀ ਸੀ।
ਹੋਸਟਲ ਦੀਆਂ ਕੁੜੀਆਂ ਕੋਲ ਉਹਨੇ ਬਹਾਨਾ ਬਣਾਇਆ ਕਿ ਉਹ ਪਿੰਡ ਜਾ ਕੇ ਬੀਮਾਰ ਹੋ ਗਈ ਸੀ । ਏਸੇ ਕਰਕੇ ਉਹ ਐਨੇ ਦਿਨ ਆ ਨਹੀਂ ਸਕੀ । ਉਹਦਾ ਚੇਹਰਾ ਠੀਕ ਹੀ ਕਿਸੇ ਖ਼ਤਰਨਾਕ ਬੀਮਾਰੀ ਤੋਂ ਉੱਠ ਕੇ ਆਏ ਬੰਦੇ ਜਿਹਾ ਲਗਦਾ ਸੀ। ਕੁੜੀਆਂ ਉਹਦੇ ਚੇਹਰੇ ਵੱਲ ਅੱਖਾਂ ਗੱਡ-ਗੱਡ ਝਾਕਦੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਅਨੁਮਾਨ ਲਾਉਂਦੀਆਂ। ਪਰ ਕੋਈ ਬੋਲਦੀ ਕੁਝ ਨਾ। ਆਪਣੇ ਕਮਰਿਆਂ ਵਿਚ ਜਾ ਕੇ ਪਤਾ ਨਹੀਂ ਕੀ-ਕੀ ਗੱਲਾਂ ਕਰਦੀਆਂ ਹੋਣਗੀਆਂ। ਸੰਗਰੂਰ ਤੋਂ ਉਹਦੇ ਨਾਲ ਪੜ੍ਹਦੀ ਖੱਤਰੀਆਂ ਦੀ ਕੁੜੀ ਪਦਮਾ ਉਹਦੇ ਭੇਤ ਨੂੰ ਜਾਣਦੀ ਸੀ। ਪੁਛਦੀ ਕੁਝ ਨਹੀਂ ਸੀ। ਪੁਸ਼ਪਿੰਦਰ ਦੇ ਉਦਾਸ ਚੇਹਰੇ ਅਤੇ ਅੱਖਾਂ ਵਿਚ ਹੀ ਮਰ ਗਈ ਖੁਸ਼ੀ ਦੇ ਮਾਤਮ ਨੂੰ ਦੇਖ ਕੇ ਬੱਸ ਉਹਦੇ ਵੱਲ ਝਾਕੀਂ ਜਾਂਦੀ। ਵਿਚ-ਵਿਚ ਦੀ ਅੱਖਾਂ ਗਹਿਰੀਆਂ ਕਰ ਲੈਂਦੀ । ਏਧਰ-ਓਧਰ ਦੀਆਂ ਬੇਮਤਲਬ ਜਿਹੀਆਂ ਗੱਲਾਂ ਕਰਕੇ ਉਹਨੂੰ ਧੀਰਜ ਦੇਣ ਲੱਗੀ । ਹਰਿੰਦਰ ਨੂੰ ਉਹਨੇ ਬਹੁਤਾ ਹੀ ਮੋਹ ਦਿਖਾਇਆ। ਉਸ ਕਮਰੇ ਦੇ ਚਾਰਦੀਵਾਰੀ ਮਾਹੌਲ ਤੋਂ ਬਾਹਰ ਪੁਸ਼ਪਿੰਦਰ ਦੇ ਏਸ ਦੁੱਖ ਨੂੰ ਉਹ ਹੋਰ ਕਿਸੇ ਕੋਲ ਦੱਸਣਾ ਨਹੀਂ ਚਾਹੁੰਦੇ ਸਨ।
ਹਰਦਿੱਤ ਸਿੰਘ ਦੀ ਕੋਈ ਪੇਸ਼ ਨਾ ਗਈ। ਮਹਿਮਾ ਸਰਕਾਰੀ ਵਾਲਾ ਮੁੰਡਾ ਹੱਥੋਂ ਨਿਕਲ ਗਿਆ ਸੀ ਤਾਂ ਕੀ ਸੀ। ਮੁੰਡਾ ਤਾਂ ਹੋਰ ਕੋਈ ਮਿਲ ਜਾਂਦਾ। ਪਰ ਪੁਸ਼ਪਿੰਦਰ ਦਾ ਇਸ ਪ੍ਰਕਾਰ ਘਰੋਂ ਚਲੇ ਜਾਣਾ ਉਹਦੇ ਲਈ ਬੜਾ ਅਸਹਿ ਹੋ ਗਿਆ। ਇਕ ਤਰ੍ਹਾਂ ਨਾਲ ਤਾਂ ਕੁੜੀ ਵਿਗੜ ਹੀ ਚੁੱਕੀ ਸੀ । ਆਪਹੁਦਰੀ ਬਣ ਬੈਠੀ ਸੀ । ਕੁੜੀ ਦਾ ਵਿਗੜ ਜਾਣਾ ਤਾਂ ਮੁੰਡੇ ਦੇ ਵਿਗੜ ਜਾਣ ਨਾਲੋਂ ਕਿਤੇ ਵੱਡਾ ਹਾਦਸਾ ਹੁੰਦਾ ਹੈ। ਪਿੰਡ ਆ ਕੇ ਉਹ ਦਿਆਲ ਨੂੰ ਵਾਰ-ਵਾਰ ਓਹੀ ਸਵਾਲ ਕਰਦਾ, ‘ਕੀ ਆਈ ਸਹੁਰੀ ਦੇ ਚਿੱਤ ‘ਚ? ਕੀ ਆਖ ਕੇ ਗਈ ਐ ਤੈਨੂੰ ਉਹ ? ਤੈਂ ਹਰਿੰਦਰ ਨੂੰ ਨ੍ਹੀਂ ਰੋਕਿਆ ? ਦਿਆਲੇ ਦੇ ਮੁੜ-ਮੁੜ ਓਹੀ ਜਵਾਬ। ਉਹ ਤਾਂ ਸਗੋਂ ਆਪ ਭੁੱਜੀ ਪਈ ਸੀ । ਤੀਵੀਂ-ਆਦਮੀ ਦੋਵੇਂ ਕਿੰਨੀ ਦੇਰ ਤੱਕ ਝੇੜਾ ਕਰਦੇ ਰਹੇ ਸਨ । ਅਖੀਰ ਨੂੰ ਹਰਦਿੱਤ ਸਿੰਘ ਕਹਿੰਦਾ, ‘ਮਹਿਮਾ ਸਰਕਾਰੀ ਆਲਾ ਮੁੰਡਾ ਨਹੀਂ ਮੰਨਿਆ, ਨਾ ਸਹੀ, ਆਪਾਂ ਭਗਤੇ ਆਲੇ ਮੁੰਡੇ ਨੂੰ ‘ਰੁਪਈਆ’ ਫੜਾ ਦਿੰਦੇ । ਪਰ ਉਹ ਜਾਂਦੀ ਤਾਂ ਨਾ । ਇਹ ਗੱਲਾਂ ਕਹਿ ਕੇ ਤਾਂ ਨਾ ਤੁਰਦੀ, ਚੰਦਰੀ ।’
‘ਭਗਤੇ ਆਲੇ ਮੁੰਡੇ ਵਰਗੇ ਤਾਂ ਹੋਰ ਕਿੰਨੇ ਮਿਲ ਸਕਦੇ ਐ । ਮੁੰਡਿਆਂ ਦਾ ਕਾਲ ਤਾਂ ਨ੍ਹੀਂ ਪੈ ਗਿਆ, ਮੁੰਡਿਆਂ ਦਾ ਕੀ ਤੋੜਾ ਐ, ਪਰ ਛੋਕਰੀ ਮੰਨੇ ਤਾਂ ਹੀ ਨਾ।’
ਤੇ ਫਿਰ ਉਹਨਾਂ ਨੇ ਸਿਆਣਪ ਵਰਤੀ। ਠੰਡੇ ਹੋ ਕੇ ਗੱਲਾਂ ਕਰਨ ਲੱਗੇ । ਹਰਦਿੱਤ ਸਿੰਘ ਕਹਿੰਦਾ, ‘ਉਹ ਜਾਣੇ, ਜੇ ਉਹਦਾ ਪੜ੍ਹਨ ‘ਤੇ ਈ ਚਿੱਤ ਐ ਹਾਲੇ ਤਾਂ ਪੜ੍ਹ ਲੈਣ ਦਿੰਨੇ ਆਂ। ਹਾਲੇ ਕਿਹੜਾ ਬੁੜ੍ਹੀ ਹੋ ਚੱਲੀ ਐ।’
ਦਿਆਲੋ ਨੇ ਵੀ ਗੁਮਾਨ ਜਿਹੇ ਨਾਲ ਆਖਿਆ, ‘ਕੁੜੀ ‘ਚ ਹੋਰ ਤਾਂ ਕੋਈ ਕਾਣ-ਮੀਣ ਨ੍ਹੀਂ । ਲੋਕਾਂ ਦੀਆਂ ਕੁੜੀਆਂ ਵਰਗੀ ਤਾਂ ਉਹ ਹੈ ਨ੍ਹੀਂ ।’ ਤੇ ਫੇਰ ਹੌਲੀ ਦੇ ਕੇ ਆਖਿਆ, ‘ਨਾਈਆਂ ਦਾ ਮੁੰਡਾ ਸੀ, ਉਹਦਾ ਕੰਡਾ ਰੱਬ ਨੇ ਈ ਚੁਗ ’ਤਾ। ਚੱਲ, ਸ਼ੁਕਰ ਐ, ਮੈਂ ਤਾਂ ਕਹਿਨੀ ਆਂ। ਆਪਣੀ ਇੱਜ਼ਤ ਬਚ ਗੀ। ਨਹੀਂ ਤਾ, ਕੀ ਪਤਾ, ਕਿਹੜੇ ਕੜ ਬੈਠਦੀ ਗੱਲ।’
‘ਹਾਂ, ਉਹ ਤਾਂ ਹੈ ਈ।’ ਹਰਦਿੱਤ ਸਿੰਘ ਕੰਨ ਵਿਚ ਚੀਚੀ ਪਾ ਕੇ ਖੁਰਕ ਕਰਨ ਲੱਗਿਆ। ਮਨ ਵਿਚ ਚਿਤਾਰ ਰਿਹਾ ਸੀ, ‘ਉਹ ਕੰਡਾ ਤਾਂ ਏਮੇ ਈ ਨਿੱਕਲਣਾ ਸੀ, ਸਾਲਾ ਨੌਟਾ, ਕੀ ਅੱਤ ਚੱਕੀ ਸੀ । ਇਹ ਮੁੰਡੇ ਜੇ ਊਂ ਕਾਹਨੂੰ ਪਿੱਛਾ ਛਡਦੇ ਐ ।’ ਉਹਨੇ ਕੰਨ ਵਿਚੋਂ ਚੀਚੀ ਕੱਢੀ ਅਤੇ ਖੰਘਾਰ ਕੇ ਪਰ੍ਹਾਂ ਥੁੱਕਿਆ।
ਪੁਸ਼ਪਿੰਦਰ ਨੂੰ ਪਟਿਆਲੇ ਛੱਡਣ ਗਿਆ ਹਰਿੰਦਰ ਉਸ ਰਾਤ ਓਥੇ ਹੀ ਠਹਿਰ ਪਿਆ ਸੀ । ਪਦਮਾ ਨੇ ਉਹਨੂੰ ਆਉਣ ਨਹੀਂ ਦਿੱਤਾ ਸੀ। ਖਹਿੜਾ ਕਰਨ ਲੱਗੀ ਸੀ । ਕਹਿੰਦੀ ਸੀ, ‘ਪੁਸ਼ਪਿੰਦਰ ਦਾ ਜੀਅ ਨ੍ਹੀਂ ਰਾਜੀ, ਤੂੰ ਉਹਨੀ ਪੈਰੀਂ ਨਾ ਮੁੜ। ਰਹਿ ਪੈ। ਕੀ ਹੁੰਦੈ ਤੈਨੂੰ ? ਉਹਨੇ ਮੁੰਡਿਆਂ ਦੇ ਹੋਸਟਲ ਜਾ ਕੇ ਰਾਤ ਕੱਟ ਲਈ।
ਹਰਦਿੰਰ ਪਿੰਡ ਆਇਆ ਤਾਂ ਉਹਦੇ ਮਾਂ-ਪਿਓ ਉਹਨੂੰ ਸਗੋਂ ਪੁਸ਼ਪਿੰਦਰ ਦਾ ਹਾਲ-ਚਾਲ ਪੁੱਛਣ ਲੱਗੇ । ਉਹ ਤਾਂ ਡਰਦਾ-ਡਰਦਾ ਘਰ ਵੜਿਆ ਸੀ । ਕਿਤੇ ਬਾਪੂ ਤੇ ਬਾਪੂ ਝਿੜਕੇ । ਨਾ। ਕਿਉਂ ‘ ਛੱਡ ਕੇ ਆਇਐਂ ਕੁੜੀ ਨੂੰ, ਮੇਰੀ ਇਜਾਜਤ ਬਗੈਰ ? ਪਰ ਨਾ, ਇਹ ਤਾਂ ਗੱਲ ਹੀ ਕੋਈ ਨਹੀਂ ਸੀ। ਮਾਂ-ਪਿਓ ਤਾਂ ਦੋਵੇਂ ਹੀ ਢੈਲੇ ਹੋਏ ਬੈਠੇ ਸਨ। ਮਾਂ ਪੁੱਛ ਰਹੀ ਸੀ, ‘ਚੰਗੂੰ ਪਹੁੰਚ ਗੇ ਸੀ ਹਰਿੰਦਰਾ ? ਮੁੜਨ ਲੱਗੇ ਨੂੰ ਕੀ ਆਖਿਆ ਪਿੰਦਰ ਨੇ ?’ ਹਰਦਿੱਤ ਸਿੰਘ ਕਹਿ ਰਿਹਾ ਸੀ, ‘ਉਹਦੇ ਕੋਲ ਪੈਸੇ ਹੈਗੇ ? ਕਿਤੇ ਖਰਚ ਕੰਨੀਓਂ ਨਾ ਝਾਕੀਂ ਜਾਵੇ ਬੈਠੀ ਓਥੇ ।’
ਦਿਆਲੋ ਨੇ ਦੱਸਿਆ, ‘ਲੈ ਗੀ ਐ ਐਥੋਂ, ਪੰਜ ਸੌ ਫੜ ਕੇ।’
ਹਰਿੰਦਰ ਕਹਿੰਦਾ, ‘ਐ ਤਾਂ ਬੈਂਕ ‘ਚ ਹੈਗਾ ਥੋੜ੍ਹਾ-ਘਣਾ ਪੈਸਾ, ਮੇਰੀ ਜਾਣ ‘ ‘ਚ । ਕਹਿੰਦੀ ਸੀ, ਚਿੱਠੀ ਲਿਖੂੰਗੀ, ਜਦੋਂ ਕੋਈ ਲੋੜ ਪਈ। ਫੇਰ ਮੈਂ ਜਾ ਆਉਂ । ਦੇ ਆਊਂਗਾ ਪੈਸੇ।’
‘ਆਪ ਆ ਜੂ, ਆਪ ਕੀ ਡਰ ਐ ਉਹਨੂੰ। ਨਾਲੇ ਮਿਲ ਜੂ। ਸੁੱਖ-ਸਾਂਦ ਦਾ ਪਤਾ ਲੱਗ ਜਾਂਦੈ ।’ ਹਰਦਿੱਤ ਸਿੰਘ ਨੇ ਆਖਿਆ।
‘ਨਾ, ਉਹ ਨ੍ਹੀਂ ਔਂਦੀ ਹੁਣ । ਇਹ ਤਾਂ ਕਹਿਗੀ ਓਹੋ ।’ ਦਿਆਲੋ ਬੋਲੀ । ‘ਔਂਦੀ ਕਿਮੇਂ ਨ੍ਹੀਂ, ਐਂ ਕਿਤੇ ਘਰੋਂ ਕੱਢੀ ਹੋਈ ਐ ? ਅਗਲੇ ਮ੍ਹੀਨੇ ਨ੍ਹੀਂ ਔਂਦੀ, ਫੇਰ ਕਦੇ ਆ ਜੂ। ਆਊ ਤਾਂ ਜ਼ਰੂਰ। ਹਰਦਿੱਤ ਸਿੰਘ ਇਹ ਗੱਲਾਂ ਕਹਿ ਕੇ ਜਿਵੇਂ ਆਪਣਾ ਚਿੱਤ ਲੋਟ ਕਰਦਾ ਹੋਵੇ।
‘ਲੈ, ਉਹਦੀ ਮਰਜੀ ਐ, ਪੜ੍ਹਦੀ ਐ, ਪੜ੍ਹਦੀ ਰਹਿਣ ਦਿਓ। ਪੈਸੇ ਭੇਜੀਂ ਜਾਮਾਂ ਗੇ। ਉਹ ਨੀਂ ਔਂਦੀ, ਹਰਿੰਦਰ ਜਾ ਆਇਆ ਕਰੂ । ਆਪਣਾ ਕੀ ਲੈਂਦੀ ਐ। ਇਉਂ ਮਾੜੀ ਨ੍ਹੀਂ ਮੇਰੀ ਧੀ। ਸਾਰੀ ਸਮਝਐ।’ ਦਿਆਲੋ ਵੀ ਜਿਵੇਂ ਆਪਣਾ ਕਾਲਜਾ ਥੰਮ੍ਹ ਰਹੀ ਹੋਵੇ।
ਹਰਿੰਦਰ ਹਰ ਮਹੀਨੇ ਪਟਿਆਲੇ ਜਾਂਦਾ । ਪੁਸ਼ਪਿੰਦਰ ਨੂੰ ਪੈਸੇ ਦੇ ਆਉਂਦਾ। ਸਰ੍ਹੋਂ ਦੇ ਤੇਲ ਦੀ ਬੋਤਲ, ਕਦੇ ਗੁੜ, ਖੋਏ ਦੀਆਂ ਪਿੰਨੀਆਂ। ਸਿਆਲ ਸੀ, ਲੋਹੜੀ ਨੇੜੇ ਸੀ, ਤਿਲਾਂ, ਮੱਕੀ ਦੀਆਂ ਖਿੱਲਾਂ ਅਤੇ ਭੁੰਨੀ ਕਣਕ ਦਾ ਕਿੰਨਾ ਹੀ ਕੁਝ ਬਣਵਾ ਕੇ ਪੀਪਾ ਭਰ ਕੇ ਦੇ ਆਇਆ। ਉਹ ਜਦੋਂ ਵੀ ਜਾਂਦਾ, ਪਦਮਾ ਉਹਨੂੰ ਰਾਤ ਰਹਿਣ ਲਈ ਆਖਦੀ। ਪਰ ਉਹ ਕਦੇ ਵੀ ਰਾਤ ਨਾ ਠਹਿਰਦਾ। ਰਾਤ ਠਹਿਰਨ ਨੂੰ ਕੀ ਸੀ ? ਇੰਜ ਕਰਦਿਆਂ ਉਹਨੂੰ ਤਾਂ ਸ਼ਰਮ ਜਿਹੀ ਆਉਂਦੀ। ਪਟਿਆਲਾ ਕਿੰਨੀ ਕੁ ਦੂਰ ਸੀ ? ਸਵੇਰ ਦੀ ਪਹਿਲੀ ਬੱਸ ਜਾ ਕੇ ਆਥਣ ਨੂੰ ਪਿੰਡ ਆ ਜਾਈਂਦਾ ਸੀ। ਦੋ ਘੰਟੇ ਪੁਸ਼ਪਿੰਦਰ ਨਾਲ ਗੱਲਾਂ ਵੀ ਕਰ ਲੈਂਦਾ। ਗੱਲਾਂ ਮੁਕਦੀਆਂ ਅਤੇ ਉਹ ਆ ਜਾਂਦਾ । ਜਿੰਨੀ ਦੇਰ ਉਹ ਪੁਸ਼ਪਿੰਦਰ ਦੇ ਕਮਰੇ ਵਿਚ ਬੈਠਾ ਰਹਿੰਦਾ, ਪਦਮਾ ਦਸ ਗੇੜੇ ਮਾਰਦੀ। ਆ ਗਈ, ਚਲੀ ਗਈ। ਪਦਮਾ ਦੀ ਚੁਲਬਲਾਹਟ ਉੱਤੇ ਹਰਿੰਦਰ ਨੂੰ ਹੈਰਾਨੀ ਹੁੰਦੀ। ਕੋਈ ਮਿੱਠਾ-ਮਿੱਠਾ ਮਜ਼ਾ ਵੀ ਆਉਂਦਾ । ਉਹ ਇਹ ਨਿਰਣਾ ਨਾ ਕਰ ਸਕਦਾ ਕਿ ਪਦਮਾ ਉਹਨਾਂ ਭੈਣ-ਭਾਈ ਦੀਆਂ ਗੱਲਾਂ ਸੁਣਨ ਆਉਂਦੀ ਹੈ ਜਾਂ.
ਜਦੋਂ ਵੀ ਹਰਿੰਦਰ ਆਉਂਦਾ, ਉਹ ਆਪ ਹੀ ਬਾਪੂ ਜੀ ਬਾਰੇ ਜਾਂ ਮਾਂ ਬਾਰੇ ਕੋਈ ਗੱਲ ਛੇੜਦਾ ਤਾਂ ਠੀਕ, ਨਹੀਂ ਤਾਂ ਪੁਸ਼ਪਿੰਦਰ ਨੇ ਇਕ ਵਾਰ ਵੀ ਕਦੇ ਉਹਨਾਂ ਦੀ ਸੁੱਖ-ਸਾਂਦ ਨਹੀਂ ਪੁੱਛੀ ਸੀ। ਨਾ ਹੀ ਕਦੇ ਕੋਠੇ ਖੜਕ ਸਿੰਘ ਜਾਣ ਦੀ ਇੱਛਾ ਪ੍ਰਗਟ ਕੀਤੀ। ਹਰਿੰਦਰ ਨੇ ਵੀ ਕਦੇ ਉਹਨੂੰ ਕੋਠੀ ਜਾਣ ਲਈ ਜ਼ੋਰ ਨਹੀਂ ਪਾਇਆ ਸੀ । ਹਰਿੰਦਰ ਤਾਂ ਸਗੋਂ ਆਪ ਪਟਿਆਲੇ ਆ ਕੇ ਖੁਸ਼ ਰਹਿੰਦਾ। ਬਹਾਨੇ ਨਾਲ ਤੁਰ-ਫਿਰ ਜਾਂਦਾ । ਉਹਦਾ ਜੀਅ ਕਰਦਾ, ਉਹ ਏਥੇ ਯੂਨੀਵਰਸਿਟੀ ਵਿਚ ਹੀ ਪੜ੍ਹਦਾ ਹੋਵੇ। ਓਥੇ ਰਾਮਪੁਰਾ ਫੂਲ ਦਾ ਮਾਲਵਾ ਕਾਲਜ ਤਾਂ ਉਜਾੜ-ਬੀਆਬਾਨ ਜਿਹਾ ਹੈ।
5
ਦਸੰਬਰ ਦੇ ਦਿਨ ਸਨ। ਠੰਡ ਬਹੁਤ ਵਧ ਚੱਲੀ ਸੀ। ਦਿਆਲੋ ਨੇ ਹਰਿੰਦਰ ਨੂੰ ਪਟਿਆਲੇ ਭੇਜਿਆ, ‘ਜਾਹ ਵੇ ਭਾਈ, ਕੁੜੀ ਨੂੰ ਤਾਂ ਲੈ ਕੇ ਆ। ਐਂ ਉਹ ਸਿੱਟੀ ਤਾਂ ਨ੍ਹੀਂ ਹੋਈ। ਨਿਰਾਦਰੀ ਬਣੀ ਬੈਠੀ ਐ । ਨਾ ਆਵੇ ਤਾਂ ਮੱਲੋ-ਮੱਲੀ ਲੈ ਆਈਂ। ਸਿਆਲ ਦੀ ਰੁੱਤ ਐ। ਸਰ੍ਹੋਂ ਦਾ ਸਾਗ, ਮਖਣੀ ਤੇ ਮੱਕੀ ਦੀਆਂ ਰੋਟੀਆਂ ਉਹਨੂੰ ਕੌਣ ਦਿੰਦਾ ਹੋਊ ਓਥੇ ਪਟਿਆਲੇ ਸ਼ਹਿਰ ‘ਚ । ਗੰਨੇ ਚੂਪ ਜੂ ਭਾਈ ਐਥੇ ਤਾਂ ‘
ਦਸੰਬਰ ਦੀਆਂ ਛੁੱਟੀਆਂ ਹੋਣ ਵਾਲੀਆਂ ਸਨ। ਉਹ ਦੋ ਦਿਨ ਪਹਿਲਾਂ ਗਿਆ। ਗਿਆ ਤਾਂ ਏਸੇ ਕਰਕੇ ਸੀ ਕਿ ਛੁੱਟੀਆਂ ਵਿਚ ਪੁਸ਼ਪਿੰਦਰ ਨੂੰ ਪਿੰਡ ਲੈ ਆਵੇ । ਪਰ ਉਹ ਤਾਂ ਮੰਨੀ ਹੀ ਨਾ। ਪਦਮਾ ਨੇ ਵੀ ਬਹੁਤ ਆਖਿਆ ਕਿ ਚਲੀ ਜਾਹ। ਐਥੇ ਹੋਸਟਲ ਵਿਚ ਇਕੱਲੀ ਕੀ ਕਰੇਂਗੀ? ਸਾਰੀਆਂ ਕੁੜੀਆਂ ਆਪੋ-ਆਪਣੇ ਘਰਾਂ ਨੂੰ ਚਲੀਆਂ ਜਾਣਗੀਆਂ । ਤੂੰ ਵੀ ਜਾਹ ਆਪਣੇ ਘਰ ਨੂੰ । ਉਹ ਕਹਿੰਦੀ, ‘ਮੈਂ ਓਥੇ ਨਹੀਂ ਰਹਿ ਸਕਦੀ। ਘਰ ਮੈਨੂੰ ਖਾਲੀ-ਖਾਲੀ ਲੱਗੂ ਗਾ। ਪਿੰਡ ਮੈਨੂੰ ਖਾਲੀ-ਖਾਲੀ ਲੱਗੂਗਾ ।’
‘ਹੋਸਟਲ ਤਾਂ ਆਪ ਬਿਲਕੁਲ ਹੀ ਖਾਲੀ ਹੋ ਜਾਣੈ । ਏਥੇ ਤਾਂ ਕਿਸੇ ਨੇ ਵੀ ਰਹਿਣਾ ਨ੍ਹੀਂ । ਹੋਸਟਲ ਨ੍ਹੀਂ ਖਾਲੀ-ਖਾਲੀ ਲੱਗੂਗਾ ?’ ਹਰਿੰਦਰ ਨੇ ਆਖਿਆ। ਪੁਸ਼ਪਿੰਦਰ ਬੋਲੀ ਨਹੀਂ । ਚੁੱਪ ਹੋ ਕੇ ਹੀ ਰਹਿ ਗਈ।
ਤੇ ਫੇਰ ਜਦੋਂ ਹਰਿੰਦਰ ਬਹੁਤਾ ਹੀ ਖਹਿੜੇ ਪੈ ਗਿਆ, ਉਹਨੇ ਤੋੜ ਕੇ ਜਵਾਬ ਦੇ ਦਿੱਤਾ, ‘ਤੈਨੂੰ ਇਕ ਵਾਰੀਂ ਆਖ ਤਾ ਹਰਿੰਦਰ, ਮੈਂ ਨ੍ਹੀਂ ਜਾਣਾ ਪਿੰਡ । ਮੈਂ ਛੁੱਟੀਆਂ ‘ਚ ਐਥੇ ਰਹਿ ਕੇ ਈ ਪੜ੍ਹਨ 1 ਦਾ ਪਲੈਨ ਬਣਾਇਆ ਹੋਇਐ। ਬਹੁਤ ਸਾਰਾ ਕੰਮ ਐ ਕਰਨ ਵਾਲਾ । ਓਥੇ ਜਾ ਕੇ ਨ੍ਹੀਂ ਹੋਣਾ। ਓਥੇ ਕੀਹ ਐ? ਮੈਂ ਤਾਂ ਐਥੇ ਈ ਠੀਕ ਆਂ, ਬੱਸ ।’
ਹਰਿੰਦਰ ਫੇਰ ਨਹੀਂ ਬੋਲਿਆ। ਪਦਮਾ ਕਹਿੰਦੀ, ‘ਠੀਕ ਐ ਹਰਿੰਦਰ । ਨਹੀਂ ਜਾਂਦੀ, ਨਾ ਜਾਣ ਦੈ। ਇਹਦੀ ਮਰਜ਼ੀ ਐ। ਇਹਨੇ ਕੋਈ ਨੋਟਸ ਬਣੌਣੇ ਹੋਣਗੇ।’
ਪੁਸ਼ਪਿੰਦਰ ਪਦਮਾ ਵੱਲ ਅੱਖਾਂ ਚੁੱਕ ਕੇ ਝਾਕੀ ਅਤੇ ਮੁਸਕਰਾ ਪਈ।
ਹਰਿੰਦਰ ਦੁਪਹਿਰੇ ਪਹੁੰਚਿਆ ਸੀ । ਆਪਣਾ ਥੈਲਾ ਚੁੱਕ ਲਿਆ। ਕਹਿੰਦਾ, ‘ਚੰਗਾ ਪਿੰਦਰ, ਚਲਦਾਂ ਮੈਂ ਤਾਂ ਫੇਰ ।
‘ਨਹੀਂ, ਜਾਣਾ ਵੀ ਨਹੀਂ। ਅੱਜ ਰਾਤ ਐਥੇ ਈ ਰਹਿ ਪੈ। ਫਿਲਮ ਬਹੁਤ ਸੋਹਣੀ ਲੱਗੀ ਐ, ਫੂਲ ‘ਚ ਛੇ ਵਜੇ ਦਾ ਸ਼ੋਅ ਦੇਖ ਕੇ ਆਵਾਂਗੇ। ਪਦਮਾ ਵੀ ਚੱਲੂਗੀ’, ਪਦਮਾ ਦੇ ਮੂੰਹ ਉੱਤੇ ਹੀ ਪੁਸ਼ਪਿੰਦਰ ਨੇ ਆਖ ਦਿੱਤਾ।
ਪਦਮਾ ਅਤੇ ਹਰਿੰਦਰ ਇਕ-ਦੂਜੇ ਦੇ ਮੂੰਹ ਵੱਲ ਝਾਕੇ। ਜਿਵੇਂ ਦੋਵੇਂ ਹੀ ਨਾਂਹ ਕਹਿਣ ਜੋਗੇ ਨਾ ਰਹੇ ਹੋਣ।
ਉਹ ਰਾਤ ਰਹਿ ਪਿਆ।
ਸ਼ਾਮ ਨੂੰ ਜਾ ਕੇ ਫਿਲਮ ਵੀ ਦੇਖ ਆਏ। ਮੈੱਸ ਵਿਚ ਤਿੰਨ ਜਣਿਆਂ ਦੀ ਰੋਟੀ ਰੱਖਣ ਲਈ ਪਦਮਾ ਆਖ ਗਈ ਸੀ। ਰੋਟੀ ਖਾਂਦੇ ਉਹ ਫਿਲਮ ਦੀਆਂ ਗੱਲਾਂ ਹੀ ਕਰਦੇ ਰਹੇ। ਪੁਸ਼ਪਿੰਦਰ ਫਿਲਮ ਦੀ ਤਾਰੀਫ਼ ਕਰ ਰਹੀ ਸੀ। ਪਦਮਾ ਨੂੰ ਫਿਲਮ ਦੀ ਹੀਰੋਇਨ ਦਾ ਰੋਲ ਚੰਗਾ ਨਹੀਂ ਲੱਗਿਆ ਸੀ। ਹਰਿੰਦਰ ਨੂੰ ਇਸ ਪਿਆਰ-ਮੁਹੱਬਤ ਜਿਹੀ ਕਹਾਣੀ ਵਾਲੀ ਫਿਲਮ ਉਂਜ ਹੀ ਬਕਵਾਸ ਲੱਗੀ। ਉਹ ਵਾਰ-ਵਾਰ ਇਹੀ ਆਖਦਾ, ‘ਕੀ ਗੱਲ ਐ ਇਹਦੇ ‘ਚ। ਹਰ ਫਿਲਮ ‘ਚ ਇਹੀ ਕੁਛ ਹੁੰਦੈ। ਓਹੀ ਕਹਾਣੀ ਹੁੰਦੀ ਐ, ਬੱਸ ਤਾਣਾ-ਬਾਣਾ ਜ੍ਹਾ ਨਵਾਂ ਬੁਣ ਦਿੰਦੇ ਐ। ਓਹੀ ਇਕੋ ਕਿਸਮ ਦੇ ਡਾਇਲਾਗ, ਗਾਣਿਆਂ ਦਾ ਇਕੋ ਥੀਮ । । ਬੱਸ ਢਾਈ-ਤਿੰਨ ਘੰਟੇ’ ‘ ਜੀਅ ਜਾ ਲੱਗਿਆ ਰਹਿੰਦੇ ਬੰਦੇ ਦਾ। ਹੋਰ ਕੀ ਹੁੰਦੈ ਇਹਨਾਂ ਫਿਲਮਾਂ ‘ਚ।’
ਪੁਸ਼ਪਿੰਦਰ ਕਹਿੰਦੀ, ‘ਤੈਨੂੰ ਕੀ ਪਤੈ, ਤੂੰ ਤਾਂ ਪੇਂਡੂ ਐਂ।’
‘ਤੂੰ ਕਦੋਂ ਕੁ ਦੀ ਫਰਾਂਸੀਸਣ ਬਣ ਗੀ . ਤੂੰ ਵੀ ਤਾਂ ਕੋਠੇ ਖੜਕ ਸਿੰਘ ‘ਚੋਂ ਈ ਉੱਠ ਕੇ ਆਈ ਐਂ। ਕੀ ਹੋ ਗਿਆ ਜੇ ਦੋ ਦਿਨ ਹਵਾ ਲੱਗ ਗੀ ਪਟਿਆਲੇ ਦੀ। ਹਰਿੰਦਰ ਦੀ ਗੱਲ ਉੱਤੇ ਦੋਵੇਂ ਕੁੜੀਆ ਹੱਸਣ ਲੱਗੀਆਂ। ਤੇ ਫੇਰ ਪੁਸ਼ਪਿੰਦਰ ਚੁੱਪ ਹੋ ਕੇ ਗੰਭੀਰਤਾ ਦੇ ਖੂਹ ਵਿਚ ਉੱਤਰਨ ਲੱਗੀ। ਪਦਮਾ ਅਜੇ ਤੱਕ ਵੀ ‘ਫਰਾਂਸੀਸਣ’ ਸ਼ਬਦ ਨੂੰ ਲੈ ਕੇ ਹੱਸ ਰਹੀ ਸੀ ।
ਪੁ ਪਿੰਦਰ ਫਿਲਮ ਸੰਬੰਧੀ ਨਹੀਂ ਸੋਚ ਰਹੀ ਹੋਵੇਗੀ। ਫਿਲਮ ਦੀ ਕਹਾਣੀ ਨੂੰ ਲੈ ਕੇ ਉਹਨੂੰ ਕੋਈ ਹੋਰ ਗੱਲ ਯਾਦ ਆ ਗਈ ਲਗਦੀ ਸੀ । ਉਹ ਰੋਟੀ ਛੱਡ ਕੇ ਬੈਠ ਗਈ ਸੀ । ਹਰਿੰਦਰ ਨੇ ਆਪਣੀ ਬਰਕੀ ਮੂੰਹ ਵਿਚ ਪਾਈ ਅਤੇ ਪੁਸ਼ਪਿੰਦਰ ਦੀ ਬਾਂਹ ਨੂੰ ਹੱਥ ਲਾ ਕੇ ਆਖਿਆ, ‘ਰਿਸ਼ੀਓ, ਛੋਟੀ ਖਾਓ ਮਹਾਂਦੇਵ ।
ਪੁਸ਼ਪਿੰਦਰ ਸੋਚਾਂ ਦੇ ਖੂਹ ਵਿਚੋਂ ਨਿੰਕਲੀ ਅਤੇ ਝੱਟ ਦੇ ਕੇ ਪਲੇਟ ਵੱਲ ਹੱਥ ਵਪਾਇਆ। ਪਦਮਾ ਵੱਲ ਝਾਕ ਕੇ ਮਿੰਨਾ-ਮਿੰਨ੍ਹਾ ਮੁਸਕਰਾਈ ਵੀ । ਦੋ ਬੁਰਕੀਆਂ ਹੋਰ ਖਾ ਕੇ ਕਹਿੰਦੀ, ‘ਚਲੋ ਚੱਲੀਏ, ਬੱਸ ਮੇਂ ਤਾਂ, ਨੀਂਦ ਆ ਰਹੀ ਐ। ਸੌਣੈ ਆਪਾਂ ਤਾਂ ।’
‘ਲਓ ਬਈ, ਸੁਣ ਲਓ, ਮਹਾਰਾਣੀ ਜੀ ਨੂੰ ਦਸ ਵਜੇ ਈ ਨੀਂਦ ਆ ਰਹੀ ਐ।’ ਪਦਮਾ ਨੇ ਕਿਹਾ ਅਤੇ ਹੱਸਣ ਲੱਗੀ। ਫੇਰ ਕਹਿੰਦੀ, ‘ਅੱਗੇ ਤਾਂ ਕਦੇ ਬਾਰਾਂ ਤੋਂ ਪਹਿਲਾਂ ਨ੍ਹੀਂ ਪਈ ਤੂੰ, ਅੱਜ ਕੀ ਹੋ ਗਿਐ, ਹੁਣੇ ਨੀਂਦ ? ਹਰਿੰਦਰ ਆਇਆ ਹੋਇਐ, ਗੱਲਾਂ ਮਾਰ ਬੈਠ ਕੇ । ਤੜਕੇ ਨੂੰ ਤਾਂ ਇਹਨੇ ਚਲੇ ਜਾਣੇ।
‘ਪੇਂਡੂ, ਇਹ ਕੀ ਗੱਲਾਂ ਮਾਰੂਗਾ।’ ਪੁਸ਼ਪਿੰਦਰ ਨੇ ਜਿਵੇਂ ਆਪਣੀ ਗੰਭੀਰਤਾ ਨੂੰ ਤੋੜਨਾ ਚਾਹਿਆ ਹੋਵੇ।
ਉਹ ਫੇਰ ਹੱਸੇ।
ਪੁਸ਼ਪਿੰਦਰ ਕਹਿੰਦੀ, ‘ਮੈਂ ਤਾਂ ਸੌਣੇ ਬੱਸ । ਤੂੰ ਮਾਰ ਲੈ ਗੱਲਾਂ ਹਰਿੰਦਰ ਨਾਲ ।’ ਪੁਸ਼ਪਿੰਦਰ ਦੀ ਗੱਲ ਉੱਤੇ ਉਹ ਫੇਰ ਇਕ ਦੂਜੇ ਵੱਲ ਝਾਕੇ।
ਪੁਸ਼ਪਿੰਦਰ ਆਪਣੇ ਕਮਰੇ ਵਿਚ ਗਈ ਅਤੇ ਜਾਂਦੀ ਹੀ ਰਜ਼ਾਈ ਦੀ ਤਹਿ ਖੋਲ੍ਹ ਕੇ ਵਿਚ ਵੜ ਗਈ। ਉਹ ਦੋਵੇਂ ਉਹਦੇ ਕਮਰੇ ਵਿਚ ਖੜ੍ਹੇ ਸਨ। ਉਹਨਾਂ ਦੇ ਦੇਖਦੇ-ਦੇਖਦੇ ਉਹ ਅੱਖਾਂ ਮੀਚਣ ਲੱਗੀ। ਪਦਮਾ ਦੇ ਕਮਰੇ ਵਿਚ ਜਾ ਕੇ ਉਹ ਗੱਲਾਂ ਕਰਨ ਲੱਗੇ । ਹੁਣ ਉਹ ਆਪਣੇ-ਆਪਣੇ ਪ੍ਰੋਫੈਸਰਾਂ ਦੀਆਂ ਨਕਲਾਂ ਲਾਹ ਕੇ ਦਿਖਾ ਰਹੇ ਸਨ। ਪਦਮਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਅਤੇ ਹਰਿੰਦਰ ਰਾਮਪੁਰ ਫੂਲ ਦੇ ਮਾਲਵਾ ਕਾਲਜ ਦੇ ਪ੍ਰੋਫੈਸਰਾਂ ਦੀਆਂ ਦਿਲਚਸਪ ਗੱਲਾਂ ਸੁਣਾ ਰਿਹਾ ਸੀ। ਤੇ ਫਿਰ ਪਦਮਾ ਹਰਿੰਦਰ ਤੋਂ ਪ੍ਰੋ: ਸੱਜਣ ਸਿੰਘ ਬਾਰੇ ਪੁੱਛਣ ਲੱਗੀ। ਹਰਿੰਦਰ ਉਸ ਪ੍ਰੋਫੈਸਰ ਦੀ ਗੱਲ ਛਿੜੀ ਤੋਂ ਆਪ ਵੀ ਗੰਭੀਰ ਹੋ ਗਿਆ। ਪਦਮਾ ਚਾਹੁੰਦੀ ਸੀ, ਉਹ ਓਸੇ ਪ੍ਰੋਫੈਸਰ ਦੀਆਂ ਗੱਲਾਂ ਸੁਣਾਈ ਜਾਵੇ। ਕਿੰਨਾ ਚੰਗਾ ਪ੍ਰੋਫੈਸਰ ਹੈ। ਦੋਸਤਾਂ ਜਿਹਾ ਪ੍ਰੋਫੈਸਰ । ਹਰ ਕਿਸੇ ਦੇ ਕੰਮ ਆਉਣ ਵਾਲਾ । ਵਿਦਿਆਰਥੀਆਂ ਦੇ ਦਿਲਾਂ ਦੀਆਂ ਬੁੱਝਣ ਵਾਲਾ। ਅਜਿਹੇ ਪ੍ਰੋਫੈਸਰ ਦੇ ਦਰਸ਼ਨ ਕਰਨੇ ਚਾਹੀਦੇ ਹਨ। ਅਜਿਹੇ ਪ੍ਰੋਫੈਸਰ ਦੇ ਤਾਂ ਪੈਰੀਂ ਹੱਥ ਲਾਉਣ ਨੂੰ ਜੀਅ ਕਰਦਾ ਹੈ।
ਪਦਮਾ ਨੇ ਪਹਿਲਾਂ ਪੁਸ਼ਪਿੰਦਰ ਤੋਂ ਪ੍ਰੋ: ਸੱਜਣ ਸਿੰਘ ਬਾਰੇ ਸੁਣ ਰੱਖਿਆ ਸੀ। ਏਸੇ ਕਰਕੇ ਤਾਂ ਉਹਨੇ ਉਹਦੀ ਗੱਲ ਛੇੜੀ ਸੀ।
ਹਰਿੰਦਰ ਨੂੰ ਨੀਂਦ ਦੀਆਂ ਉਬਾਸੀਆਂ ਆਉਣ ਲੱਗੀਆਂ। ਪਦਮਾ ਕਹਿੰਦੀ, ‘ਚੱਲ, ਸੌਂ ਜਾ ਫੇਰ ਜਾ ਕੇ ।’
ਗੇਟ ਤੱਕ ਉਹ ਹਰਿੰਦਰ ਨੂੰ ਛੱਡਣ ਆਈ। ਓਦੋਂ ਤੱਕ ਲਗਭਗ ਸਭ ਕਮਰਿਆਂ ਦੀਆਂ ਕੁੜੀਆਂ ਸੌਂ ਚੁੱਕੀਆਂ ਸਨ । ਕਿਸੇ-ਕਿਸੇ ਕਮਰੇ ਦੀ ਬੱਤੀ ਜਗ ਰਹੀ ਸੀ। ਕੋਈ-ਕੋਈ ਜਣੀ ਪੜ੍ਹ ਰਹੀ ਹੋਵੇਗੀ। ਜਾਂ ਸ਼ਾਇਦ ਜਗਦੀ ਬੱਤੀ ਛੱਡ ਕੇ ਹੀ ਸੌਂ ਗਈ ਹੋਵੇ।
ਅਗਲੇ ਦਿਨ ਦਸੰਬਰ ਦੀਆਂ ਛੁੱਟੀਆਂ ਹੋ ਰਹੀਆਂ ਸਨ। ਦਿਨ ਚੜ੍ਹਿਆ ਤਾਂ ਕੁੜੀਆਂ ਘਰਾਂ ਨੂੰ ਜਾਣ ਦੀਆਂ ਤਿਆਰੀਆਂ ਕਰਨ ਲੱਗੀਆਂ। ਅੱਜ ਦੇ ਪੀਰੀਅਡ ਲਾਉਣੇ ਸਨ ਅਤੇ ਬੱਸ ਬੰਨ੍ਹਿਆ ਪਿਆ ਸਾਮਾਨ ਚੁੱਕ ਕੇ ਉਹਨਾਂ ਨੇ ਬੱਸਾਂ-ਰੇਲਾਂ ਲਈ ਤੁਰ ਪੈਣਾ ਸੀ ।
ਰਾਤ ਕਾਫੀ ਦੇਰ ਤੱਕ ਗੱਲਾਂ ਮਾਰਦੇ ਰਹਿਣ ਕਰਕੇ ਹਰਿੰਦਰ ਦਿਨ-ਚੜ੍ਹੇ ਉੱਠਿਆ। ਪੁਸ਼ਪਿੰਦਰ ਕੰਧ ਨਾਲ ਸਰ੍ਹਾਣੇ ਦੀ ਢੋਹ ਲਾ ਕੇ ਕੋਈ ਕਿਤਾਬ ਪੜ੍ਹ ਰਹੀ ਸੀ। ਉਹਨੇ ਪੁਸ਼ਪਿੰਦਰ ਨੂੰ ਆਖਿਆ, ‘ਚਾਹ ?’
‘ਚਾਹ ਵੀ ਪੀਨਾਂ ਹੁੰਨੈ ?’ ਪੁਸ਼ਪਿੰਦਰ ਨੇ ਕਿਤਾਬ ਵਰਕਾ ਮਰੋੜ ਕੇ ਮੰਜੇ ਦੇ ਸਿਰ੍ਹਾਣੇ ਰੱਖੀ ਅਤੇ ਹਰਿੰਦਰ ਵਲ ਝਾਕ ਕੇ ਮੁਸਕਾਰਉਣ ਲੱਗੀ।
‘ਚਾਹ ਪਿਉਣੀ ਐ ਤਾਂ ਪਿਆ ਦੇ, ਨਹੀਂ ਚਲਦਾਂ ਮੈਂ ਤਾਂ । ਸਾਲੀ ਜਾਗ ਈ ਨ੍ਹੀਂ ਆਈ ਸਦੇਹਾਂ । ਮੈਂ ਤਾਂ ਕਾਲਜ ਵੇਲੇ ਨੂੰ ਪਹੁੰਚਣਾ ਸੀ ਰਾਮਪੁਰੇ ।’
ਹੁਣ ਤੱਕ ਪੁਸ਼ਪਿੰਦਰ ਨੇ ਹੀਟਰ ਉੱਤੇ ਚਾਹ ਧਰ ਦਿੱਤੀ ਸੀ । ਹਰਿੰਦਰ ਮੰਜੇ ‘ਤੇ ਬੈਠ ਕੇ ਮੇਜ਼ ਉੱਤੇ ਪਏ ਇਕ ਮੈਗਜ਼ੀਨ ਦੇ ਵਰਕੇ ਫਰੋਲਣ ਲੱਗਿਆ। ਪੁਸ਼ਪਿੰਦਰ ਪਦਮਾ ਦੇ ਕਮਰੇ ਵਿਚ ਗਈ। ਉਹ ਤਾਂ ਅਜੇ ਤੱਕ ਵੀ ਰਜ਼ਾਈ ਵਿਚ ਪਈ ਹੋਈ ਸੀ। ਪੁਸ਼ਪਿੰਦਰ ਨੇ ਹੀ ਓਸ ਨੂੰ ਜਗਾਇਆ। ਪਦਮਾ ਬੈਠੀ ਹੋ ਕੇ ਕਹਿੰਦੀ, ‘ਹਾਏ! ਐਨਾਂ ਦਿਨ ਚੜ੍ਹ ਆਇਐ?’
‘ਵਾਹ ਨੀ, ਤੂੰ ਉੱਠੀ ਨ੍ਹੀਂ ਹਾਲੇ ? ਰਾਤ ਕਦੋਂ ਸੁੱਤੀ?’
‘ਪਤਾ ਨ੍ਹੀਂ, ਕਾਫੀ ਦੇਰ ਅਸੀਂ ਬੈਠੇ ਰਹੇ ਸੀ ।’ ਤੇ ਫੇਰ ਪਦਮਾ ਨੇ ਝੱਟ ਦੇ ਕੇ ਪੁੱਛਿਆ, ‘ਗਿਆ ਹਰਿੰਦਰ ?”
‘ਉਹ ਵੀ ਹੁਣੇ ਉੱਠ ਕੇ ਆਇਐ। ਕਹਿੰਦਾ, ਚਾਹ ਦੇਹ ਛੇਤੀ, ਜਾਣੈ ਮੈਂ । ਚਾਹ ਧਰੀ ਹੋਈ ਐ, ਆ ਜਾ।’
ਉਹਨਾਂ ਦੀ ਚਾਹ ਇਕੱਠੀ ਸੀ।
ਪੁਸ਼ਪਿੰਦਰ ਦੇ ਮਗਰੇ ਉੱਠ ਕੇ ਪਦਮਾ ਉਹਦੇ ਕਮਰੇ ਵਿਚ ਆ ਗਈ। ਹਰਿੰਦਰ ਅਤੇ ਪਦਮਾ ਇਕ-ਦੂਜੇ ਵੱਲ ਝਾਕੇ ਤਾਂ ਅੱਖਾਂ ਵਿਚ ਹੀ ਮੁਸਕਰਾਏ। ਸੁੱਤੀ ਉੱਠ ਕੇ ਆਈ ਪਦਮਾ ਹਰਿੰਦਰ ਨੂੰ ਪਹਿਲਾਂ ਨਾਲੋਂ ਵੀ ਸੋਹਣੀ ਲੱਗੀ। ਬਿਖਰੇ-ਬਿਖਰੇ ਸਿਰ ਦੇ ਵਾਲ, ਅਲਸਾਏ-ਅਲਸਾਏ ਅੰਗ-ਪੈਰ, ਢਿਲਕਿਆ-ਢਿਲਕਿਆ ਲਿਬਾਸ, ਉਨੀਂ ਦੀਆਂ-ਉਨੀਂਦੀਆਂ ਅੱਖਾਂ ਅਤੇ ਡੂੰਘੀ-ਡੂੰਘੀ ਆਵਾਜ਼।
ਉਹ ਤਿੰਨੇ ਚਾਹ ਦੇ ਗਲਾਸ ਪੀਣ ਲਗੇ।
ਤੇ ਫੇਰ ਦੋਵੇਂ ਕੁੜੀਆਂ ਪੀਰੀਅਡ ਲਾਉਣ ਦੀ ਤਿਆਰੀ ਕਰਨ ਲੱਗੀਆਂ। ਹੀਟਰ ਉੱਤੇ ਪਾਣੀ ਗਰਮ ਕਰਕੇ ਕੁੜੀਆਂ ਨੇ ਮੂੰਹ-ਹੱਥ ਹੀ ਧੋਤਾ। ਐਨੀ ਠੰਡ ਵਿਚ ਨ੍ਹਾਵੇ ਕਿਹੜਾ ? ਉਹ ਤਾਂ ਤੀਜੇ-ਚੌਥੇ ਦਿਨ ਮਸਾਂ ਨਾਉਂਦੀਆਂ ਜਾਂ ਐਤਵਾਰ ਨੂੰ ਹੀ ਅਤੇ ਕਿਸੇ ਛੁੱਟੀ ਵਾਲੇ ਦਿਨ। ਪਦਮਾ ਨੇ ਸੰਗਰੂਰ ਨੂੰ ਵੀ ਜਾਣਾ ਸੀ। ਪੁਸ਼ਪਿੰਦਰ ਕਹਿ ਰਹੀ ਸੀ, ‘ਨਾ ਜਾਹ। ਕੀ ਕਰੇਂਗੀ ਘਰ ਜਾ ਕੇ ? ਐਥੇ ਪੜ੍ਹਾਂਗੀਆਂ ਦੱਬ ਕੇ । ਕੁੜੀਆਂ ਦੀ ਖਚ-ਖਚ ਵੀ ਨ੍ਹੀਂ ਰਹਿਣੀ।’
ਪਦਮਾ ਕਹਿੰਦੀ, ‘ਜਾਊਂਗੀ ਤਾਂ ਇਕ ਵਾਰੀਂ ਜ਼ਰੂਰ। ਦੋ ਦਿਨ ਲਾ ਕੇ ਮੁੜ ਆਊਂ । ਜੀਅ ਤਾਂ ਮੇਰਾ ਵੀ ਰਹਿਣ ਨੂੰ ਈ ਕਰਦੈ। ਤੇ ਫੇਰ ਉਹ ਸਿਰ ਦੇ ਲੰਮੇ-ਲੰਮੇ ਵਾਲਾਂ ਵਿਚ ਦੁਬਾਰਾ ਕੰਘੀ ਕਰਦੀ ਹਰਿੰਦਰ ਨੂੰ ਚੁੱਪ ਖੜ੍ਹਾ ਦੇਖ ਕੇ ਪੁੱਛਣ ਲੱਗੀ, ‘ਤੂੰ ਕਦੋਂ ਜਾ ਰਿਹੈਂ, ਦੋਸਤ ?
‘ਮੈਂ ਵੀ ਬੱਸ ਤਿਆਰ ਈ ਆਂ । ਪਿੰਦਰ ਕਹੇ ਤਾਂ ਜਾਵਾਂ ।’
‘ਜੇ ਪੁਸ਼ਪਿੰਦਰ ਨਾ ਕਹੇ, ਤਾਂ ਨਹੀਂ ਜਾਵੇਂਗਾ?’
ਪੁਸ਼ਪਿੰਦਰ ਵਿਚੋਂ ਹੀ ਬੋਲ ਪਈ, ‘ਤੂੰ ਕਹਿ ਦੇ, ਫੇਰ ਨ੍ਹੀਂ ਜਾਂਦਾ ।’
‘ਹਾਂ, ਮੈਂ ਕਹਿਨੀਆਂ, ਨਾ ਜਾਵੇ । ਬੱਸ?’ ਪਦਮਾ ਨੇ ਫੱਟ ਦੇ ਕੇ ਆਖ ਦਿੱਤਾ।
ਹਰਿੰਦਰ ਨੂੰ ਕੁੜੀਆਂ ਦੀਆਂ ਗੱਲਾਂ ਐਵੇਂ ਚੋਹਲ-ਮੋਹਲ ਹੀ ਲੱਗੀਆਂ। ਉਹਨੇ ਆਪਣਾ ਬੈਗ ਚੁੱਕ ਲਿਆ। ਕਹਿੰਦਾ, ‘ਚੰਗਾ ਫੇਰ, ਬਾਇ।
‘ਨਹੀਂ ਬਈ; ਟਾਈਮ ਤਾਂ ਦੇਖ, ਕੀ ਹੋਇਐ?’ ਪਦਮਾ ਨੇ ਹਰਿੰਦਰ ਨੂੰ ਪੁੱਛਿਆ।
‘ਨੌਂ ਵੱਜਣ ਵਾਲੇ ਨੇ।’
‘ਤਾਂ ਫੇਰ ਤਿੰਨ ਘੰਟੇ ਬੱਸ ਹੋਰ ਠਹਿਰ ਜਾ, ਅਸੀਂ ਬਾਰਾਂ ਵਜੇ ਆ ਜਾਂ ਗੀਆਂ। ਮੈਂ ਵੀ ਤਾਂ ਜਾਣਾ ਈ ਐ, ਸੰਗਰੂਰ । ਮੈਨੂੰ ਨਾਲ ਲੈ ਕੇ ਜਾਈਂ । ਪਲੀਜ਼ । ਬੱਸ ਹੁਣ ਨ੍ਹੀਂ ਬੋਲਣਾ । ਬੈਗ ਰੱਖ ਦੇ। ਜਾ ਘੁੰਮ-ਫਿਰ ਆ। ਜਿੱਥੇ ਜਾਣੈ, ਜਾ ਆ ।
ਪਦਮਾ ਦੇ ਬੋਲਾਂ ਵਿਚ ਜਿਵੇਂ ਉਹ ਬੱਝ ਕੇ ਰਹਿ ਗਿਆ ਹੋਵੇ।
ਪੁਸ਼ਪਿੰਦਰ ਕਹਿੰਦੀ, ‘ਹੁਣ ਹਿੱਲ ?
ਹਰਿੰਦਰ ਖੜ੍ਹਾ ਸੋਚ ਰਿਹਾ ਸੀ, ਕੀ ਕਰੇ ਉਹ ? ਪਦਮਾ ਨੇ ਉਹਦੇ ਹੱਥੋਂ ਬੈਗ ਫੜ ਕੇ ਮੇਜ਼ ਉੱਤੇ ਧਰ ਦਿੱਤਾ।
ਦੋਵੇਂ ਕੁੜੀਆਂ ਹੋਸਟਲ ਵਿਚੋਂ ਬਾਹਰ ਹੋਈਆਂ ਤਾਂ ਹਰਿੰਦਰ ਬੈਗ ਵਿਚੋਂ ਆਪਣਾ ਨਾਵਲ ਕੱਢ ਕੇ ਬੈਠ ਗਿਆ। ਕੱਲ੍ਹ ਜਦੋਂ ਪਿੰਡੋਂ ਉਹ ਚੱਲਿਆ ਸੀ ਤਾਂ ਇਹ ਨਾਵਲ ਉਹਨੇ ਸਲਾਬਤਪੁਰੇ ਤੋਂ ਪੜ੍ਹਨਾ ਸ਼ੁਰੂ ਕੀਤਾ ਸੀ। ਬਰਨਾਲੇ ਤਕ ਉਹਨੂੰ ਲੱਗਿਆ ਜਿਵੇਂ ਉਹ ਗ਼ਲਤ ਕਿਤਾਬ ਚੁੱਕ ਲਿਆਇਆ ਹੋਵੇ। ਤੀਹ-ਪੈਂਤੀ ਸਫ਼ੇ ਪੜ੍ਹਨ ਤਕ ਵੀ ਕੋਈ ਗੱਲ ਸ਼ੁਰੂ ਨਹੀਂ ਹੋਈ ਸੀ। ਉਹਨੇ ਚਾਹਿਆ। ਉਹ ਇਸ ਨਾਵਲ ਨੂੰ ਪੜ੍ਹਨਾ ਬੰਦ ਕਰ ਦੇਵੇ ਅਤੇ ਬਰਨਾਲੇ ਬੱਸ-ਸਟੈਂਡ ਦੀ ਬੁੱਕ- ਸਟਾਲ ਤੋਂ ਕੋਈ ਰਸਾਲਾ ਖਰੀਦ ਲਵੇ । ਪਰ ਨਹੀਂ, ਉਹਨੇ ਨਾਵਲ ਪੜ੍ਹਨਾ ਹੀ ਜਾਰੀ ਰੱਖਿਆ। ਲੇਖਕ ਇਕ ਪ੍ਰਸਿੱਧ ਬੰਗਾਲੀ ਨਾਵਲਕਾਰ ਸੀ। ਇਹ ਉਹਦੇ ਇਕ ਨਾਵਲ ਦਾ ਪੰਜਾਬੀ ਅਨੁਵਾਦ ਸੀ । ਉਹਨੇ ਸੋਚਿਆ, ਹੋ ਸਕਦਾ ਹੈ, ਅਨੁਵਾਦ ਚੰਗਾ ਨਾ ਹੋਵੇ । ਉਹ ਪੜ੍ਹਦਾ ਗਿਆ। ਸ਼ਾਇਦ ਅੱਗੇ ਜਾ ਕੇ ਕੋਈ ਗੱਲ ਬਣੇ। ਬਡਬਰ ਟੱਪ ਕੇ ਉਹਨੂੰ ਗੱਲ ਸਮਝ ਆਉਣ ਲੱਗੀ। ਸੰਗਰੂਰ ਤੱਕ ਉਹ ਨਾਵਲ ਵਿਚ ਖੁਭ ਗਿਆ। ਉਹਨੇ ਅੱਖਾਂ ਮਲੀਆਂ—ਹੁਣ ਬਣੀ ਨਾ ਗੱਲ । ਪਟਿਆਲੇ ਤੱਕ ਨਾਵਲ ਦਾ ਪੌਣੇ ਦੋ ਸੌ ਸਫਾ ਪੜ੍ਹਿਆ ਜਾ ਚੁੱਕਿਆ ਸੀ। ਹੁਣ ਡੇਢ ਕੁ ਸੌ ਸਫਾ ਬਾਕੀ ਸੀ। ਕੁੜੀਆਂ ਦੇ ਮੁੜਨ ਤੱਕ ਉਹਨੇ ਇਹ ਸਾਰਾ ਨਾਵਲ ਮੁਕਾ ਲਿਆ। ਨਾਵਲ ਉਹਨੇ ਅੱਖਾਂ ਨੂੰ ਛੁਹਾਇਆ ਅਤੇ ਫੇਰ ਮੰਜੇ ਉੱਤੋਂ ਉੱਠਣ ਲੱਗਿਆ ਉੱਚੀ ਦੇ ਕੇ ਬੋਲਿਆ, ‘ਓਏ ਜ਼ਿੰਦਾਬਾਦ, ਸ਼ਰਤ ਚੰਦਰ!’ ਓਸੇ ਸਮੇਂ ਕੁੜੀਆਂ ਕਮਰੇ ਅੱਗੇ ਆ ਖੜ੍ਹੀਆਂ ਸਨ । ਪਦਮਾ ਬੋਲੀ, ‘ਬਈ, ਕੌਣ ਜ਼ਿੰਦਾਬਾਦ ?’
ਹਰਿੰਦਰ ਕੁਝ ਨਹੀਂ ਬੋਲਿਆ, ਤੇ ਫੇਰ ਜਦੋਂ ਉਹ ਅੰਦਰ ਆ ਕੇ ਬੈਠ ਗਈਆਂ ਤਾ ਉਹ ਜਾਣ ਲਈ ਕਾਹਲ ਮਚਾਉਣ ਲੱਗਿਆ।
6
ਡੱਡੂਆਂ ਦੀ ਪੰਸੇਰੀ ਜਨਤਾ ਪਾਰਟੀ ਦਾ ਰਾਜ ਮਸਾਂ ਢਾਈ ਪੌਣੇ ਤਿੰਨ ਸਾਲ ਹੀ ਚੱਲ ਸਕਿਆ। ਤੋਪਾਂ ਆਪਸ ਵਿਚ ਹੀ ਲੜਨ-ਝਗੜਨ ਲੱਗੀਆਂ। ਦੇਸ ਵਿਚ ਲੋਕਸਭਾ ਲਈ ਚੋਣਾਂ ਫੇਰ ਕਰਵਾਈਆਂ ਗਈਆਂ। ਇੰਦਰਾ ਗਾਂਧੀ ਦੀ ਕਾਗਰਸ ਦੀਆਂ ਸਰਕਾਰਾਂ ਬਣੀਆਂ। ਪੰਜਾਬ ਦੇ ਲੋਕ ਹੱਸਣ ਲੱਗੇ, ‘ਲਓ ਬਈ, ਕਰ ਲਓ ਘਿਓ ਨੂੰ ਭਾਂਡਾ, ਫੇਰ ਆ ਗਈ ਇੰਦਰਾ।’
ਕਾਂਗਰਸ ਦਾ ਬਦਲ ਦਿੰਦੀਆਂ ਦਿੰਦੀਆਂ ਖੱਬੀਆਂ ਪਾਰਟੀਆ ਆਪ ਹੀ ਖਿੰਡ ਕੇ ਬੈਠ ਗਈਆਂ। ਸਿਆਣੇ ਬੰਦੇ ਆਖ ਰਹੇ ਸਨ, ‘ਹੁਣ ਨ੍ਹੀਂ ਬਣਦਾ ਦੀਂਹਦਾ ਦੇਸ ਦਾ ਕੁਸ। ਇਹ ਤਾਂ ਏਮੇਂ-ਜਿਮੇਂ ਹੁੰਦੀ ਰਹੂ-ਕਦੇ ਨੀਲੀਆਂ ਪਗੜੀਆਂ ਆਲੇ, ਕਦੇ ਚਿੱਟੀਆਂ ਪਗੜੀਆਂ ਆਲੇ, ਲੋਕਾਂ ਦਾ ਰਾਜ ਨ੍ਹੀਂ ਔਂਦਾ ਹੁਣ। ਮੁੰਡਿਆਂ ਨੇ ਕੰਧਾਂ ‘ਤੇ ਠੀਕ ਈ ਲਿਖਿਆ ਸੀ, ਅਖੇ-ਚਿੱਟੇ ਬਗਲੇ, ਨੀਲੇ ਮੋਰ, ਇਹ ਵੀ ਚੋਰ, ਉਹ ਵੀ ਚੋਰ । ਆਹ ਕਾਲੀਆਂ ਪੱਗਾਂ ਅਤੇ ਲਾਲ ਝੰਡੀਆਂ ਆਲੇ ਵੀ ਬਹਿ ਗੇ। ਕਿਧਰ ਗਏ ਇਹਨਾਂ ਦੇ ਡਰਾਮੇ ? ਸਾਂਗ ਜਾ ਲਾਹੁੰਦੇ ਹੁੰਦੇ। ਅਸਰ ਤਾਂ ਕੋਈ ਪਿਆ ਨਾ।’
ਕਚਹਿਰੀਆਂ ਵਿਚ ਕਾਂਗਰਸੀ ਨਿੱਕ-ਲੀਡਰਾਂ ਦਾ ਫੇਰ ਬੋਲ-ਬਾਲਾ ਹੋ ਗਿਆ। ਨੀਲੀਆਂ ਫੇਰ ਚਿੱਟੀਆਂ ਵਿਚ ਬਦਲਣ ਲੱਗੀਆਂ। ਛੋਟੇ-ਮੋਟੇ ਕਾਂਗਰਸੀ ਲੀਡਰ ਜਿਹੜੇ ਐਮਰਜੈਂਸੀ ਪਿੱਛੋਂ ਹੋਈਆਂ ਚੋਣਾਂ ਵਿਚ ਕਾਂਗਰਸ ਦਾ ਸਾਰੇ ਦੇਸ ਵਿਚ ਹੀ ਸਫਾਇਆ ਹੋ ਜਾਣ ਕਰਕੇ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਜਾ ਰਲੇ ਸਨ ਤਾਂ ਜੋ ਤੋਰੀ-ਫੁਲਕਾ ਚਲਦਾ ਰਹੇ, ਹੁਣ ਪਛਤਾ ਰਹੇ ਸਨ। ਝੁਰਨ ਲੱਗੇ, ‘ਸਾਲਿਓ, ਐਵੇਂ ਛੱਡੀ ਕਾਂਗਰਸ ।’
ਹਰਦਿਲ ਸਿੰਘ ਨੂੰ ਇਸ ਵਾਰ ਅਕਾਲੀ ਟਿਕਟ ਨਾ ਮਿਲਿਆ ਤਾਂ ਉਹ ਅੰਦਰਗਤੀ ਕਾਂਗਰਸ ਉਮੀਦਵਾਰ ਦੀ ਮੱਦਦ ਉੱਤੇ ਉੱਤਰ ਆਇਆ। ਉਹ ਅਕਾਲੀ ਉਮੀਦਵਾਰ ਨੂੰ ਮਜ਼ਾ ਚਖਾਉਣਾ ਚਾਹੁੰਦਾ ਸੀ, ਕੱਲ੍ਹ ਦਾ ਛੋਕਰਾ ਉਹਦਾ ਹੱਕ ਮਾਰ ਗਿਆ। ਜਿੱਤਿਆ ਤਾਂ ਨੌਜਵਾਨ ਅਕਾਲੀ ਉਮੀਦਵਾਰ ਹੀ, ਸ਼ਰਮ ਦਾ ਮਾਰਿਆ ਹਰਦਿਲ ਸਿੰਘ ਕਾਂਗਰਸ ਵਿਚ ਹੀ ਮੁੜ ਜਾ ਰਲਿਆ। ਲੋਕ ਹੱਸਣ ਲੱਗੇ, ‘ਆ ਗਿਆ ਬਈ ਹਰਦਿਲ ਨੂੰ ਤਾਂ ਆਨੇ ਆਲੀ ਥਾਂ ।’
ਕੋਈ ਆਖਦਾ, ‘ਹੁਣ ਕੀ ਐ, ਅੰਨ੍ਹੀ ਜੈਦਾਤ ਬਣਾ ਲੀ, ਬਥੇਰੀ ਮਾਇਆ ਵੱਢੀ ਐ, ਕਿਸੇ ਪਾਰਟੀ ‘ਚ ਰਹੋ, ਇਹਨੂੰ ਕੋਈ ਫਰਕ ਨ੍ਹੀਂ ਪੈਂਦਾ ।’
ਹੋਰ ਕੋਈ ਟਿੱਪਣੀ ਕਰਦਾ, ‘ਅਜੇ ਕੀ ਤਮਾਂ ਭਰੀ ਐ ਹਰਦਲ ਸੂੰ ਦੀ, ਬਾਣਾ ਤਾਂ ਲੁੱਟਣ-ਖਾਣ ਨੂੰ ਬਦਲਿਐ । ਗਹਾਂ ਨੂੰ ਟਿਕਟ ਵੀ ਲੈ ਲੂ, ਨਾਲੇ ਜਿੱਤੂ । ਫੇਰ ਵੀ ਲੁੱਟਾਂ ਈ ਲੁੱਟਾਂ ਨੇ।’
ਗੋਂਦੀ ਅਤੇ ਗੋਂਦੀ ਦੀ ਘਰਵਾਲੀ ਕੁਸ਼ਲਿਆ ਮਰ ਚੁੱਕੇ ਸਨ । ਉਹਨਾਂ ਦਾ ਮੁੰਡਾ ਬੱਦਰੀ ਨਾਰਾਇਣ ਝੁਨੀਰ ਕੋਲ ਘੁੱਦੂਵਾਲੇ ਪਿੰਡ ਵਿਚ ਪ੍ਰਾਇਮਰੀ-ਟੀਚਰ ਸੀ। ਵਿਆਹ ਨਹੀਂ ਕਰਵਾਇਆ ਸੀ। ਟੀਚਰ-ਯੂਨੀਅਨ ਵਿਚ ਕੰਮ ਕਰਦਾ। ਸਕੂਲ ਤਾਂ ਘੱਟ-ਵੱਧ ਹੀ ਜਾਂਦਾ । ਅਖੀਰ ਉਹਨੇ ਸਕੂਲ-ਟੀਚਰੀ ਛੱਡ ਦਿੱਤੀ। ਰੀਟਾਇਰਮੈਂਟ ਲੈ ਲਈ। ਪਾਰਟੀ ਵਿਚ ਹੀ ਵਧ-ਚੜ੍ਹ ਕੇ ਕੰਮ ਕਰਨ ਲੱਗਿਆ। ਉਹਦਾ ਤਾਂ ਟਰੇਡ-ਯੂਨੀਅਨਾਂ ਹੀ ਖਹਿੜਾ ਨਹੀਂ ਛਡਦੀਆਂ ਸਨ। ਜਜ਼ਬਾਤੀ ਬੰਦਾ ਸੀ, ਨਾ ਦਿਨ ਦੇਖਦਾ, ਨਾ ਰਾਤ, ਮੋਢੇ ਥੈਲਾ ਲਟਕਾ ਕੇ ਕਮਲਾ ਹੋਇਆ ਤੁਰਦਾ-ਫਿਰਦਾ ਰਹਿੰਦਾ। ਸਟੇਜ ਉੱਤੇ ਬੋਲਣ ਲਗਦਾ ਤਾਂ ਕਿਸੇ ਵੀ ਅਫਸਰ ਦਾ ਅੱਗਾ-ਪਿੱਛਾ ਨਾ ਛਡਦਾ, ਉਧੇੜ ਕੇ ਰੱਖ ਦਿੰਦਾ। ਕਿਧਰੇ ਵੀ ਸਰਕਾਰੀ ਕਰਮਚਾਰੀਆਂ, ਅਰਧ-ਸਰਕਾਰੀ ਕਾਮਿਆਂ ਜਾਂ ਮਜ਼ਦੂਰ-ਕਿਸਾਨਾਂ ਦੀ ਕੋਈ ਜਦੋ-ਜਹਿਦ ਚੱਲ ਰਹੀ ਹੁੰਦੀ, ਉਹ ਝੰਡਾ ਚੁੱਕ ਕੇ ਮੂਹਰਲੀ ਕਤਾਰ ਵਿਚ ਹੁੰਦਾ। ਨਾਅਰੇ ਲਾਉਂਦਾ, ਸਟੇਜ ਉੱਤੇ ਬੋਲਦਾ, ਜੇਲ੍ਹ ਚਲਿਆ ਜਾਂਦਾ । ਆਪ ਨਾ ਖਾਣ ਦਾ ਸੁਆਦ, ਨਾ ਕਪੜਾ ਪਹਿਨਣ ਦਾ ਚਾਅ।ਪੈਂਟ ਗੋਡਿਆਂ ਤੋਂ ਪਾਟ ਜਾਂਦੀ, ਬੁਸ਼ਰਟ ਦੇ ਕਾਲਰ ਫਿੱਸ ਜਾਂਦੇ, ਚੱਪਲਾਂ ਦੀਆਂ ਬੱਧਰੀਆਂ ਟੁੱਟ ਜਾਂਦੀਆਂ, ਉਹਨੂੰ ਕੋਈ ਪਰਵਾਹ ਨਾ ਹੁੰਦੀ। ਕਿਸੇ ਡੰਗ ਰੋਟੀ ਨਹੀਂ ਮਿਲੀ ਤਾਂ ਵੀ ਕੋਈ ਗੱਲ ਨਹੀਂ। ਏਧਰ-ਓਧਰ ਬੱਸਾਂ ਦੇ ਸਫਰ ਲਈ ਯਾਰਾਂ-ਦੋਸਤਾਂ ਤੋਂ ਪੰਜ-ਪੰਜ ਰੁਪਏ ਫੜਦਾ ਫਿਰਦਾ। ਜਨਤਾ ਪਾਰਟੀ ਦੇ ਹਾਰਨ ਬਾਅਦ ਅਤੇ ਪੰਜਾਬ ਵਿਚ ਫੇਰ ਕਾਂਗਰਸੀ ਸਰਕਾਰ ਬਣਨ ਨਾਲ ਬੱਦਰੀ ਨਾਰਾਇਣ ਦੇ ਚਿੱਤ ਵਿਚ ਪਤਾ ਨਹੀਂ ਕੀ ਆਈ, ਉਹ ਜਲੰਧਰ ਗਿਆ ਅਤੇ ਇਕ ਅਖ਼ਬਾਹ ਵਿਚ ਸਬ ਐਡੀਟਰ ਦੀ ਨੌਕਰੀ ਕਰ ਲਈ। ਤੇ ਫੇਰ ਛੇ ਕੁ ਮਹੀਨਿਆਂ ਬਾਅਦ ਇਕ ਦਿਨ ਪਿੰਡ ਆਇਆ। ਹਫ਼ਤਾ ਭਰ ਐਥੇ ਹੀ ਠਹਿਰਿਆ। ਆਪਣੇ ਬਾਪ ਵਾਲੀ ਅੱਧੀ ਜ਼ਮੀਨ ਇਕ ਜੱਟ ਨੂੰ ਬੈ ਕਰ ਦਿੱਤੀ। ਬੈ ਦੇ ਪੈਸਿਆਂ ਨਾਲ ਬਾਕੀ ਦੀ ਅੱਧੀ-ਜ਼ਮੀਨ ਗਹਿਣੇ ਪਈ ਛੁਡਾ ਲਈ। ਇਸ ਚਾਰ ਕਿੱਲਿਆਂ ਦੇ ਟੱਕ ਵਿਚ ਸਫੈਦੇ ਲਗਾ ਦਿੱਤੇ। ਬਾਂਹ ਵੱਢੀ ਵਾਲੇ ਕੰਨੂ ਚਮਿਆਰ ਨੂੰ ਸਫੈਦਿਆਂ ਦੀ ਦੇਖ-ਭਾਲ ਲਈ ਨੌਕਰ ਰਖ ਦਿੱਤਾ । ਸੌ ਰੁਪਿਆ ਮਹੀਨਾ। ਉਹਨੇ ਸਫੈਦਿਆਂ ਨੂੰ ਪਾਣੀ ਦੇਣਾ ਅਤੇ ਉਹਨਾਂ ਦੀ ਹੋਰ ਨਿਗਰਾਨੀ ਰੱਖਣੀ ਸੀ। ਬੱਦਰੀ ਦੂਜੇ ਤੀਜੇ ਮਹੀਨੇ ਆਪ ਵੀ ਗੇੜਾ ਮਾਰਦਾ।
ਅਗਵਾੜ ਦੇ ਬੰਦੇ ਉਹਦੀਆਂ ਗੱਲਾਂ ਕਰਦੇ, ‘ਆਹ ਹੋਰ ਈ ਕੰਮ ਕਰ ‘ਤਾ ਗੋਂਦੀ ਬਾਮ੍ਹਣ ਦੇ ਮੁੰਡੇ ਨੇ । ਅਖੇ ਨੌਆਂ ਸਾਲਾਂ ਨੂੰ। ਇਹ ਸਫੈਦੇ ਵਿਕ ਜਾਣਗੇ । ਇਕ ਸਫੈਦਾ ਚਾਰ-ਪੰਜ ਸੌਕ ਦਾ ਵਿਕੁ | ਸਫੈਦਾ ਤਾਂ ਚਾਰ-ਪੰਜ ਹਜ਼ਾਰ ਤੋਂ ਉੱਤੇ ਹੋਊ। ਇਉਂ ਤਾਂ ਲੱਖਾਂ ਪਤੀ ਬਣਜੂ ਇਹ ਕੰਜਰ ਦਾ ਕੱਟਾ-ਬਾਮ੍ਹਣ।’
ਕੋਈ ਹੋਰ ਆਖਦਾ, ‘ਪੜ੍ਹਾਈ ਐਮੇਂ ਤਾਂ ਨ੍ਹੀਂ ਕੀਤੀ ਇਹਦੀ। ਅਕਲ ਝਗੜਦੀ ਐ। ਆਪਾਂ ਜੱਟ-ਬੂਟਾਂ ਨੂੰ ਤਾਂ ਹਸਾਬ ਈ ਕੋਈ ਨ੍ਹੀਂ । ਹੋਰ ਵੀ ਸੁਣਦੇ ਆਂ, ਇਹ ਦਰਖਤ ਕਹਿੰਦੇ ਮੁੱਢਾਂ ਤੋਂ ਫੇਰ ਫੁੱਟ ਪੈਣਗੇ। ਸੱਤਾਂ ਸਾਲਾਂ ਨੂੰ ਫੇਰ ਵੱਢੇ ਜਾਣਗੇ। ਇਉਂ ਈ ਤੀਜੀ ਫ਼ਸਲ ਵੀ ਦੇਣਗੇ ਸੱਤਾਂ ਸਾਲਾਂ ਪਿਛੋਂ ਈ।’
ਲੋਕ ਹੈਰਾਨ ਹੁੰਦੇ, ‘ਤਾਂ ਫੇਰ ਕਣਕ-ਚੌਲ ਬੀਜਣ ਦੀ ਕੀ ਲੋੜ ਐ ਬਈ? ਇਹ ਸਫੈਦਿਆਂ ਦੀ ਰਸੈਣ-ਵਿਦਿਆ ਤਾਂ ਬੜੀ ਕੱਢੀ ਬਈ ਕਿਸੇ ਨੇ। ਬਈ ਬੜੇ ਦਮਾਕ ਪਏ ਐ।’
ਤੇ ਫੇਰ ਬੱਦਰੀ ਨਾਰਾਇਣ ਨੇ ਜਲੰਧਰ ਦੀ ਹੀ ਸਰਕਾਰੀ ਨੌਕਰੀ ਕਰਦੀ ਇਕ ਬੀ ਐੱਡ ਅਧਿਆਪਕਾ ਨਾਲ ਵਿਆਹ ਕਰਵਾ ਲਿਆ। ਕੁੜੀ ਕਾਮਰੇਡ ਵਿਚਾਰਾਂ ਦੀ ਸੀ। ਨਾਈ ਸਿੱਖਾਂ ਦੇ ਘਰ ਨਾ ਜਨਮ । ਪਿਉ ਰਿਟਾਇਰਡ ਫ਼ੌਜੀ ਸੀ। ਕੁੜੀ ਬੱਦਰੀ ਤੋਂ ਤੇਰਾਂ-ਚੌਦਾਂ ਸਾਲ ਛੋਟੀ ਸੀ।
ਬੱਦਰੀ ਨਰਾਇਣ ਕੋਠੇ ਖੜਕ ਸਿੰਘ ਗੇੜਾ ਜ਼ਰੂਰ ਮਾਰਦਾ । ਲੋਕ ਉਹਨੂੰ ਸੱਥ ਵਿਚ ਖੜ੍ਹਾ ਕੇ ਉਹਦੀਆਂ ਗੱਲਾਂ ਸੁਣਦੇ।
‘ਕਿਉਂ ਬੱਦਰੀ, ਹੁਣ ਕੀ ਬੋਲਦੈ ਤੇਰਾ ਖ਼ਬਾਰ ?’ ਕੋਈ ਪੁੱਛਦਾ।
‘ਅਖ਼ਬਾਰ ਤਾਂ ਜੋ ਲਿਖਦੇ ਐ, ਤੁਸੀਂ ਪੜ੍ਹ-ਸੁਣ ਈ ਲੈਨੇ ਓਂ। ਅਖ਼ਬਾਰ ‘ਚ ਕੀਹ ਐ ?
‘ਨਾ, ਅਸੀਂ ਤਾਂ ਇਹ ਪੁਛਦੇ ਆਂ, ਬਈ ਹੁਣ ਇੰਦਰਾ ਗਾਂਧੀ ਕਰੂ ਕੋਈ ਨਮੀ ਗੱਲ ਜਾਂ ?” ‘ਕਾਂਗਰਸ ਨੇ ਅੱਗੇ ਕੀ ਕਰ ‘ਤਾ? ਦੇਸ਼ ਦੀ ਰਾਜਨੀਤੀ ਸਰਮਾਏਦਾਰਾਂ ਦੀ ਝੋਲੀ ਜਾ ਡਿੱਗੀ ਐ। ਹੁਣ ਕੀ ਬਣਨੈ ?
‘ਉਹ ਕਿਮੇਂ ਬਈ ? ਬੈਠਕੇ ਦੱਸ।’
‘ਐਮੇ ਪੀ ਚਾਹੇ ਕਾਂਗਰਸ ਦਾ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ, ਪੈਸੇ ਨਾਲ ਜਿਤਦੈ! ਇਹ ਪੈਸਾ ਦਿੰਦੈ ਉਹਨੂੰ ਕੋਈ ਵੱਡਾ ਪੂੰਜੀਪਤੀ। ਪੂੰਜੀਪਤੀ ਫੇਰ ਲੋਕ-ਸਭਾ ‘ਚ ਉਹਤੋਂ ਜਿਹੜਾ ਚਾਹੇ, ਓਹੀ ਬਿਆਨ ਦਵੋਂਦੈ।’
‘ਹਾਹੋ, ਕੁੱਤੇ ਨੂੰ ਬੁਰਕੀ ਪਾ ਕੇ ਜਿੱਧਰ ਮਰਜ਼ੀ ਮਗਰ ਲਾਈਂ ਫਿਰੋ।’ ਲੋਕਾਂ ਵਿਚੋਂ ਕੋਈ ਬੋਲ ਉਠਦਾ।
‘ਸਰਮਾਏਦਾਰ ਦੀ ਕੋਈ ਪਾਰਟੀ ਨਹੀਂ ਹੁੰਦੀ। ਨਾ ਉਹਦਾ ਕੋਈ ਧਰਮ ਹੁੰਦੈ। ਉਹਦੀ ਪਾਰਟੀ ਅਤੇ ਉਹਦਾ ਧਰਮ ਐ-ਪੈਸਾ, ਉਹਦਾ ਵਪਾਰ । ਉਹ ਦੋਵਾਂ ਉਮੀਦਵਾਰਾਂ ਨੂੰ ਪੈਸਾ ਦਿੰਦੈ। ਇਕ ਨੇ ਤਾਂ ਜਿੱਤਣਾ ਈ ਹੁੰਦੈ । ਜਿਹੜਾ ਜਿੱਤ ਜੇ, ਓਹੀ ਉਹਦਾ ਕੂਕਰ । ਮਾਲਕਾਂ ਦੇ ਹਿਤਾਂ ਖਾਤਰ ਇਹਨਾਂ ਨੂੰ ਜਦੋਂ ਮਰਜ਼ੀ ਭੁੰਕਵਾ ਲੋ । ਐਮ ਪੀ ਨੇ ਗਹਾਂ ਨੂੰ ਵੀ ਤਾਂ ਚੋਣ ਲੜਨੀ ਹੁੰਦੀ ਐ।’ ਬੱਦਰੀ ਖੋਲ੍ਹ ਕੇ ਸਮਝਾਉਂਦਾ ।
‘ਫੇਰ ਤਾਂ, ਭਾਈ, ਇਹ ਨ੍ਹੀਂ ਮੁਕਦਾ ਰੰਡੀ-ਰੋਣਾ। ਪੈਸੇ ਆਲੇ ਬੰਦਿਆਂ ਦਾ ਈ ਰਾਜ ਐ ਫੇਰ ਤਾਂ । ਪੈਸੇ ਆਲੇ ਮੁੱਕਣੇ ਨੀਂ, ਆਪਾ ਸੁਖੀ ਹੋਣਾ ਨ੍ਹੀਂ, ਆਪਾ ਤਾਂ ਟਿੱਡੀ-ਪਲਪੀਹੀ ਆਂ ਉਹਨਾਂ ਸਾਮ੍ਹਣੇ । ਕੋਈ ਹੋਰ ਸਿਰ ਸੁੱਟ ਕੇ ਬੈਠ ਜਾਂਦਾ।
‘ਆਪਣੇ ਪੰਜਾਬ ‘ਚ ਇਹ ਰਾਜ-ਗੱਦੀਆਂ ਦੇ ਮਾਲਕ ਕੌਣ ਨੇ’, ਬੱਦਰੀ ਅੱਗੇ ਗੱਲ ਤੋਰਦਾ, ‘ਇਹ ਵੀ ਉਹਨਾਂ ਦੀ ਜੜ ‘ਚੋਂ ਨੇ। ਵੱਡਾ ਜ਼ਿਮੀਂਦਾਰ ਤੇ ਵੱਡਾ ਵਪਾਰੀ ਰਾਜ ਕਰਦੈ। ਸਿੱਖ ਕਾਂਗਰਸੀ ਤੇ ਅਕਾਲੀ ਵੱਡੇ ਜ਼ਿਮੀਦਾਰ ਨੇ, ਏਵੇਂ ਹੀ ਹਿੰਦੂ ਕਾਂਗਰਸੀ ਤੇ ਇਹ ਜਨਸੰਘੀ ਜੀਹਦਾ ਦੂਜਾ ਨਾਂ ਭਾਰਤੀ ਜਨਤਾ ਪਾਰਟੀ ਐ। ਇਹ ਵੱਡੇ ਵਪਾਰੀ ਨੇ। ਵੱਡੀਆਂ ਵੱਡੀਆਂ ਮਿੱਲਾਂ ਦੇ ਮਾਲਕ। ਕਿਸੇ ਦੀ ਸਰਕਾਰ ਹੋਵੇ, ਇਕੋ ਗੱਲ ਐ। ਇਹ ਜਦੋਂ ਲੜਦੇ ਐ, ਕੁਰਸੀ ਖਾਤਰ ਲੜਦੇ ਐ। ਕਿਸਾਨਾਂ ਮਜ਼ਦੂਰਾਂ ਖਾਤਰ ਥੋੜ੍ਹਾ ਲੜਦੇ ਨੇ ?
‘ਓਏ ਪੰਡਤਾ, ਮੈਂ ਤੈਨੂੰ ਇਕ ਗੱਲ ਪੁਛਦਾਂ। ਅਹਿ ਥੋਡੀ ਪਾਰਟੀ ਨ੍ਹੀਂ ਕਰਦੀ ਕੁਸ? ਲਾਲ-ਝੰਡੀਆਂ ਆਲੇ ਕਿਧਰ ਗਏ ਹੁਣ ?” ਸਿਰ ਖੁਰਕਦਾ ਕੋਈ ਜਣਾ ਬੱਦਰੀ ਨੂੰ ਸਿੱਧਾ ਸਵਾਲ ਕਰਦਾ।
‘ਕਮਿਊਟਿਸਟ ਪਾਰਟੀਆਂ ਕੀ ਕਰਨ ਗੀਆਂ ਇਹਨਾਂ ਮੂਹਰੇ । ਤੁਸੀਂ ਨਿੱਕੀ ਜੀ ਮਸਾਲ ਲੈ ਲੋ । ਵੋਟਾਂ ਵੇਲੇ ਕਾਂਗਰਸੀਆਂ ਤੇ ਅਕਾਲੀਆਂ ਕੋਲ ਤਾਂ ਕਿੰਨਾ ਕੁਛ ਹੁੰਦੈ— ਕਾਰਾਂ, ਜੀਪਾਂ, ਬੱਸਾਂ, ਹੁਣ ਤਾਂ ਹੈਲੀਕਾਪਟਰ ਚੱਲ ਪੇ, ਕਾਮਰੇਡਾਂ ਕੋਲ ਬਾਈਸਿਕਲ ਹੁੰਦੇ ਨੇ । ਲਾਊਡਸਪੀਕਰ ਵੀ ਸਾਈਕਲ ਦੇ ਕੈਰੀਅਰ ‘ਤੇ ਧਰਿਆ ਹੁੰਦੈ।’
‘ਜਦੋਂ ਥੋਡੇ ਕੋਲ ਹੁੰਦੀ ਤਾਂ ਕਾਣੀ ਗਧੀ ਨ੍ਹੀਂ, ਫੇਰ ਭਾਈ ਨਾ ਖੜ੍ਹੇ ਹੋਇਆ ਕਰੋ ਵੋਟਾਂ ‘ਚ ਤੁਸੀਂ। ਕੋਈ ਮਸ਼ਕਰੀ ਕਰਦਾ।
‘ਸਾਡਾ ਲੋਕਾਂ ‘ਚ ਵਿਸ਼ਵਾਸ ਐ, ਅਸੀਂ ਸੰਘਰਸ਼ ਦੇ ਰਾਹ ਚੱਲੇ ਹੋਏ ਆਂ; ਭਾਵੇਂ ਹਾਰਦੇ ਈ ਆਂ ਪਰ ਅਸੀਂ ਲੋਕਾਂ ‘ਚ ਤਾਂ ਜਾਨੇ ਆਂ । ਆਪਣਾ ਪ੍ਰੋਗਰਾਮ ਤਾਂ ਦਿੰਨੇ ਆਂ।’
‘ਗੱਲਾਂ ਤਾਂ ਤੁਸੀਂ ਚੰਗੀਆਂ ਕਰਦੇ ਓਂ, ਪਰ ਥੋਡੇ ਮਗਰ ਲੋਕ ਲਗਦੇ ਕਿਉਂ ਨ੍ਹੀਂ? ਥੋਨੂੰ ਵੋਟਾਂ ਕਿਉਂ ਨ੍ਹੀਂ ਪੈਂਦੀਆਂ ?’
‘ਲੋਕ ਭੋਲੇ ਐ ਹਾਲੇ, ਸਬਜ਼-ਬਾਗਾਂ ਮਗਰ ਛੇਤੀ ਲਗਦੇ ਐ। ਲੋਕ ਹਾਲੇ ਆਪਣੀਆਂ ਨਿੱਕੀਆਂ-ਨਿੱਕੀਆਂ ਗਰਜ਼ਾਂ ਨਾਲ ਬੱਝੇ ਹੋਏ ਐ। ਮਜ਼ਹਬੀ ਫਿਰਕੇਦਾਰੀ ਤਾਂ ਆਮ ਚਲਦੀ ਐ ਚੋਣਾਂ ਵੇਲੇ। ਜਾਤਾਂ ਦੇ ਨਾਅਰੇ ਲੱਗ ਜਾਂਦੇ ਐ। ਜਿੰਨਾ ਚਿਰ ਇਹ ਸਭ ਕੁਛ ਐ, ਸਾਨੂੰ ਕੌਣ ਪੁਛਦੈ ? ਪਰ ਕਦੇ ਤਾਂ ਲੋਕਾਂ ਨੂੰ ਸਮਝ ਆਊਗੀ ਈ । ਅਜੇ ਲੋਕਾਂ ਨੂੰ ਆਪਣੇ ਅਸਲੀ ਹੱਕਾਂ ਦੀ ਪਛਾਣ ਨ੍ਹੀਂ ।
‘ਕਿਉਂ, ਦਸਦੈ ਨਾ ਖਰੀਆਂ ਖਰੀਆਂ, ਦੇਵਤਾ। ਗੱਲ ਤਾਂ ਆਹ ਐ ਭਾਈ।’ ਸਾਰੀ ਸੱਥ ਦੀ ਤਸੱਲੀ ਹੋ ਜਾਂਦੀ।
ਤੇ ਫੇਰ ਕੋਈ ਜਣਾ ਹਰਦਿੱਤ ਸਿੰਘ ਦੀ ਗੱਲ ਲੈ ਬੈਠਦਾ, ‘ਆਹ ਆਪਣੇ ਪਿੰਡ ਦੀ ਜੋਕ ਨੂੰ ਈ ਦੇਖ ਲੋ ਪਹਿਲਾਂ, ਗਹਾਂ ਕੀ ਜਾਣੈ। ਇਹਦਾ ਭਲਾ ਕੋਈ ਦੀਨ-ਮਾਨ ਐਂ ? ਰਾਮਪੁਰੇ ਆਲਾ ਹਰਦਲ ਸੂੰ ਬਦਲ ਗਿਆ, ਹਰਦਿੱਤ ਨੇ ਨੀਲੀ ਪੱਗ ਲਾਹ ਕੇ ਔਹ ਮਾਰੀ, ਔਹ ਬੰਨ੍ਹ ਲੀ ਚਿੱਟੀ, ਬਗਲੇ ਅਰਗੀ। ਬਣਿਆ ਫਿਰਦੈ ਨਾ ਸ਼ਹੀਦਾਂ ਦੀ ਮਟੀ ਅਰਗਾ । ਸਾਰਾ ਗਵਾੜ ਵਿੰਨ੍ਹਿਆ ਪਿਐ, ਕੰਜਰ ਦੇ ਦਾ। ਛੱਡਿਆ ਕੋਈ ਭਲਾ ?’
ਕੋਈ ਉਹਦੀ ਹੋਰ ਗੱਲ ਛੇੜਦਾ, ‘ਪਖੰਡ ਵੀ ਦੇਖ ਲੋ ਕਿੰਨਾ ਕਰਦੈ। ਸੇਲਬਰਾਹ ਗੁਰਦੁਆਰੇ ਦੇ ਕਮਰੇ ਦਾ ਲੈਂਟਰ ਪਵਾ ’ਤਾ। ਐਤਕੀਂ ਮਾਈਸਰ ਖਾਨੇ ਗਿਆ, ਓਥੇ ਕਮਰੇ ਪੈਂਦੇ ਐ, ਅਖੇ ਇਕ ਹਜਾਰ ਓਥੇ ਦੇ ਆਇਐ। ਮਲੇਰਕੋਟਲੇ ਇਹ ਹੈਦਰਸੇਖ ਦੇ ਮੇਲੇ ਵੀ ਜਾਂਦਾ ਹੁੰਦੈ। ਇਹਨੇ ਗ਼ਰੀਬ ਜੱਟਾਂ ਨੂੰ ‘ਧਾਰੇ’ ਲਾ-ਲਾ ਐਨੀ ਜ਼ਮੀਨ ‘ਕੱਠੀ ਕਰ ਲੀ, ਕਿਸੇ ਨੂੰ ਇਕ ਨਮਾਂ ਪੈਸਾ ਕਿਹੜਾ ਛੱਡ ਕੇ ਰਾਜੀ ਐ। ਲੋਕਾਂ ਦਾ ਖੂਨ ਚੂਸਿਐ ਇਹਨੇ । ਇਹ ਸਾਰਾ ਪਾਪ ਭਲਾਂ ਸੇਲਬਰਾਹ, ਮਾਈਸਰ ਖਾਨੇ ਜਾਂ ਮਲੇਰਕੋਟਲੇ ਜਾ ਕੇ ਲਹਿ ਜੂ ਇਹਦਾ ? ਬੱਸ, ਦਖੌਦੈ ਲੋਕਾਂ ਨੂੰ, ਬਈ ਦੇਖੋ, ਮੈਂ ਕਿੰਨਾ ਧਰਮਾਤਮਾ ਆਂ। ਰੱਬ ਕੰਨੀ ਕਿੰਨਾ ਧਿਆਨ। ਧਆਨ ਐ ਮੇਰਾ। ਕੀੜੇ ਪੈ ਕੇ ਮਰੂ ਮੇਰਾ ਸਾਲਾ । ਜੋਕ ਨ੍ਹੀਂ, . ਇਹ ਤਾਂ: ਸਰਾਲ ਐ, ਸਰਾਲ ! ਭੈਣ ਦਾ ਘੜੁੱਕ।’
7
ਪ੍ਰੀਤਮ ਕੈਰੋਂ ਮਰ ਗਿਆ ਸੀ । ਘਰ ਤਾਂ ਉਹ ਜਾਂਦਾ ਹੀ ਨਹੀਂ ਹੁੰਦਾ ਸੀ। ਘਰ ਵਿਚ ਤਾਂ ਨੰਦਕੁਰ ਹੀ ਇਕੱਲੀ ਰਹਿੰਦੀ। ਆਪਣੀਆਂ ਦੋ ਗੁੱਲੀਆਂ ਥੱਪ ਲੈਂਦੀ ਅਤੇ ਖਾ ਲੈਂਦੀ । ਪ੍ਰੀਤਮ ਨੂੰ ਜਿੱਥੋਂ ਵੀ ਰੋਟੀ ਮਿਲਦੀ ਅਤੇ ਜਦੋਂ ਵੀ ਮਿਲਦੀ, ਉਹ ਖਾ ਲੈਂਦਾ । ਉਹਦੇ ਉੱਤੇ ਤਰਸ ਕਰਕੇ ਕੋਈ ਉਹਨੂੰ, ਵੇਲਾ ਹੁੰਦਾ ਤਾਂ, ਚਾਹ ਦੀ ਬੁੱਕ ਵੀ ਦੇ ਦਿੰਦਾ। ਹੋਰ ਕਿਤੋਂ ਵੀ ਰੋਟੀ-ਚਾਹ ਨਾ ਮਿਲਦੀ ਤਾਂ ਉਹ ਪਰਾਗਦਾਸ ਦੇ ਡੇਰੇ ਗੇੜਾ ਮਾਰਦਾ। ਫਟੇ-ਹਾਲ ਤੁਰਿਆ ਫਿਰਦਾ ਰਹਿੰਦਾ। ਕਮਲਾ ਬਣਿਆ। ਪਰ ਉਹਨੂੰ ਸੁਰਤ ਸਾਰੀ ਸੀ। ਕਈਆਂ ਤੋਂ ਉਹਨੇ ਆਪਣੇ ਹੱਡ-ਗੋਡੇ ਕੁਟਵਾਏ ਸਨ। ਸੱਚੀ ਗੱਲ ਕਹਿਣ ਦੀ ਆਦਤ ਸੀ। ਅਗਲੇ ਨੂੰ ਚੁਭਣੀ, ਜ਼ਖ਼ਮ ਉੱਤੇ ਮਿਰਚ ਵਾਂਗ ਲੱਗਣੀ ਅਤੇ ਉਹਨੂੰ ਕੁੱਟ ਸੁੱਟਣਾ। ਅਗਲਾ ਕੁਟਦਾ ਤਾਂ ਉਹਨੂੰ ਪ੍ਰੀਤਮ ਇਕ-ਦੋ ਹੋਰ ਸੁਣਾ ਦਿੰਦਾ।
ਕਦੇ-ਕਦੇ ਨੰਦਕੁਰ ਉਹਨੂੰ ਸੱਥ ਵਿੱਚ ਬੈਠੇ ਨੂੰ ਸਮਝਾਉਣ ਆਉਂਦੀ। ਪਰ ਉਹ ਮੂੰਹੋਂ ਇਕ ਵੀ ਲਫ਼ਜ਼ ਨਹੀਂ ਕਢਦਾ ਸੀ । ਸੁਣੀਂ ਸਾਰੀਆਂ ਜਾਂਦਾ । ਨੰਦਕੁਰ ਹਉਕਾ ਲੈ ਕੇ ਉੱਠ ਖੜ੍ਹਦੀ। ਨੰਦਕੁਰ ਦੀਆਂ ਦੋ ਕੁੜੀਆਂ ਸਨ । ਕਦੇ ਕੋਈ ਆਉਂਦੀ ਤਾਂ ਪ੍ਰੀਤਮ ਨੂੰ ਬਾਂਹੋਂ ਫੜ ਕੇ ਘਰ ਲੈ ਆਉਂਦੀ। ਉਹਨੂੰ ਸੌ-ਸੌ ਗੱਲਾਂ ਆਖਦੀ। ਪਰ ਉਹ ਤਾਂ ਕੁਝ ਵੀ ਨਾ ਆਖਦਾ-ਵੇਖਦਾ। ਬੱਸ ਰੋਣ ਲੱਗ ਪੈਂਦਾ। ਰੋਂਦਾ-ਰੋਂਦਾ ਹੀ ਘਰੋਂ ਬਾਹਰ ਹੋ ਜਾਂਦਾ। ਕੁੜੀ ਉਹਨੂੰ ਬਹੁਤਾ ਹੀ ਬੁਲਾਉਂਦੀ ਤਾਂ ਉਹ ਬੱਸ ਐਨਾ ਹੀ ਜਵਾਬ ਦਿੰਦਾ, ‘ਮੇਰੇ ਕਰਮ ।’
ਕੁੜੀਆਂ ਮਾਂ ਦਾ ਦਿਲ ਧਰਾ ਕੇ ਜਾਂਦੀਆਂ, ‘ਬਾਪੂ ਨੂੰ ਤਾਂ ਜਿਹੜੀ ਕਰਮਾਂ ਦੀ ਮਾਰ ਵਗਣੀ ਸੀ, ਵਗ ਗੀ ਮਾਂ, ਤੂੰ ਤਕੜੀ ਰਹਿਆ ਕਰ । ਇਹ ਨ੍ਹੀਂ ਹੁਣ ਸੁਧਰਦਾ । ਹੁਣ ਕੀ ਸੁਧਰੂ, ਸਿਵੇ ‘ਚ ਲੱਤਾਂ ਨੇ ਇਹਦੀਆਂ । ਤੂੰ ਆਵਦੀ ਪਰਾਣੀ ਨਾ ਗਾਲ ।’
ਪ੍ਰੀਤਮ ਸਾਰਾ ਦਿਨ ਕਿਧਰੇ ਵੀ ਫਿਰਦਾ ਰਹਿੰਦਾ, ਰਾਤ ਆ ਕੇ ਪਰਾਗਦਾਸ ਦੇ ਡੇਰੇ ਕਟਦਾ। ਸਿਆਲਾਂ ਵਿਚ ਉਹਦੀ ਓਥੇ ਇਕ ਗੁੱਦੜ ਰਜ਼ਾਈ ਹੁੰਦੀ। ਮਰਨ ਤੋਂ ਪਹਿਲਾਂ ਦੋ ਦਿਨ ਉਹ ਕਿਧਰੇ ਨਹੀਂ ਗਿਆ। ਆਪਣੇ ਗੁੱਦੜ ਵਿਚ ਹੀ ਪਿਆ ਰਿਹਾ। ਨਾ ਹਾਏ, ਨਾ ਕਿਸੇ ਚੀਜ਼ ਦੀ ਮੰਗ। ਨਾ ਚਾਹ ਪੀਂਦਾ, ਨਾ ਰੋਟੀ ਖਾਂਦਾ । ਤੀਜੇ ਦਿਨ ਸਵੇਰੇ ਡੇਰੇ ਦੇ ਬੰਦਿਆਂ ਨੇ ਦੇਖਿਆ, ਉਹ ਮਰਿਆ ਪਿਆ ਸੀ । ਡੇਰੇ ਵਾਲਿਆਂ ਨੇ ਨੰਦਕੁਰ ਨੂੰ ਖ਼ਬਰ ਕੀਤੀ। ਨੰਦਕੁਰ ਨੇ ਸ਼ਰੀਕੇ ਵਾਲਿਆਂ ਨੂੰ ਘਰ-ਘਰ ਜਾ ਕੇ ਦੱਸਿਆ। ਉਹ ਆਏ ਅਤੇ ਪ੍ਰੀਤਮ ਦੀ ਲੋਥ ਚੁੱਕ ਕੇ ਲੈ ਗਏ। ਲੱਕੜਾਂ ਇਕੱਠੀਆਂ ਕੀਤੀਆਂ ਅਤੇ ਸਿਵਿਆਂ ਵਿਚ ਲਿਜਾ ਕੇ ਉਹਨੂੰ ਫੂਕ ਦਿੱਤਾ। ਨੰਦਰੁਕ ਕਹਿ ਰਹੀ ਸੀ, ‘ਮੇਰੀਆਂ ਕੁੜੀਆਂ ਨੂੰ ਬੁਲਾ ਦਿਓ। ਮੇਰੇ ਜਮਾਈ। ਪਰ ਕਿਸੇ ਨੇ ਉਹਦੀ ਕੋਈ ਗੱਲ ਨਾ ਸੁਣੀ। ਕਹਿੰਦੇ, ‘ਐਡੀ ਦੂਰ ਕਿਹੜਾ ਜਾਵੇ ਹੁਣ, ਕੁੜੀਆਂ ਨੂੰ ਲੈਣ ? ਉਹਨਾਂ ਔਂਦੀਆਂ ਨੂੰ ਤਾਂ ਰਾਤ ਪੈਜੂ। ਅਸੀਂ ਵੀ ਤਾਂ ਆਵਦੇ ਕੰਮ ਕਰਨੇ ਨੇ।’ ਸ਼ਰੀਕੇ ਵਾਲੇ ਤਾਂ ਹਸਦੇ ਰਹੇ ਸਨ। ਕੋਈ ਕਹਿ ਰਿਹਾ ਸੀ, ‘ਬਈ ਬੜਾ ਬੰਦਾ ਸੀ ਪ੍ਰੀਤਮ, ਕੇਰਾਂ ਤਾਂ ਹੱਡ ’ਤੇ ਮਾਰਦਾ ਅਗਲੇ ਦੇ। ਪਿਛੋਂ ਭਾਮੇਂ ਹੌਂਸੜੇ ਈ ਪੈਂਦੇ ਸੀ।’
ਕੋਈ ਹੋਰ ਆਖਦਾ, ‘ਓਏ ਕੀ ਮਾਰਦਾ ਸੀ ਹੱਡ ‘ਤੇ, ਆਵਦੀ ਜੈਦਾਤ ਤਾਂ ਸਾਰੀ ਫੂਕ ’ਤੀ ਕੰਜਰ ਨੇ, ਸ਼ਰਾਬ ਮੂੰਹੇਂ। ਨੰਗ-ਮਲੰਗ ਹੋ ਕੇ ਕਮਲ ਧਾਰ ਲਿਆ। ਉਲਟ-ਸੁਲਟ ਮਾਰੀਂ ਜਾਂਦਾ। ਲੋਕ ਹੱਸੀਂ ਜਾਂਦੇ । ਬਸਰਮੀ ਦੇ ਤਾਣ ਖੇਡਦਾ ਸੀ, ਸਾਰੀਆਂ ਖੇਡਾਂ।’
ਕੋਈ ਉਹਨੂੰ ਨਿਰਦੋਸ਼ ਸਾਬਤ ਕਰਨ ਲਗਦਾ, ‘ਇਹਦਾ ਕੀ ਕਸੂਰ ਸੀ ਭਾਈ, ਚਾਟ ‘ਤੇ ਤਾਂ ਝੰਡੇ ਕੇ ਨੇ ਲਾਇਆ, ਹਰਦਿੱਤ ਨੇ। ਐਸੀ ਠੂਠੀ ਮੂੰਹ ਨੂੰ ਲਵਾਈ, ਸਾਰੀ ਧਰਾ ‘ਤੀ ਜ਼ਮੀਨ।’
‘ਇਹੀ ਹਰਦਿੱਤ ਦੀ ਚਾਲ ਸੀ, ਜ਼ਮੀਨ ਈ ਤਾਂ ਲੈਣੀ ਸੀ ਉਹਨੇ।’ ਨਾਲ ਦਾ ਹੁੰਗਾਰਾ ਭਰਦਾ।
‘ਓਏ, ਇਹਨੇ ਕਿਹੜਾ ਕਮਾਈਆਂ ਕਰਕੇ ਬਣਾਈ ਸੀ । ਭਲਾਂ ਇਹ ਜ਼ਮੀਨ ਆਈਕਿਥੋਂ ?’
ਪਿਛਲਾ ਜ਼ਮਾਨਾ ਯਾਦ ਕਰਕੇ ਸਭ ਦੇ ਕੰਨ ਉੱਘੜਦੇ।
ਓਹੀ ਬੰਦਾ ਅਗਾਂਹ ਗੱਲ ਤੋਰਦਾ, ‘ਜੱਦੀ ਜ਼ਮੀਨ ਤਾਂ ਚਾਰ-ਪੰਜ ਕਿੱਲੇ ਮਸਾਂ ਸੀ, ਹੋਰ ਛੀ-ਸੱਤ ਕਿੱਲੇ ਤਾਂ ਥੁੱਕ-ਲੱਕ ‘ਚ ਆਈ।’
ਕੋਈ ਨਵਾਂ ਮੁੰਡਾ ਪੁਛਦਾ, ‘ਉਹ ਕਿਮੇਂ ?’
‘ਆਹ ਦੇਖ ਤਾਂ, ਬੈਠੀ ਐ ਨਾਜਰ ਦੇ ਘਰ ਹਰਨਾਮੀ ਬੁੜ੍ਹੀ । ਇਹਦੇ ਕਾਰਿਆਂ ਨੇ ਦਵਾਈ ਇਹ ਜ਼ਮੀਨ ਪ੍ਰੀਤਮ ਨੂੰ। ਔਹ ਜਿਹੜਾ ‘ਭਾਈ ਜੀ’ ਬਣਿਆ ਫਿਰਦੇ ਨਾ, ਅਖੇ, ਗਿਆਨੀ ਜੋਗਿੰਦਰ ਸਿੰਘ ਜੋਗੀ, ਇਹ ਹਰਨਾਮੀ ਦਾ ਆਦਮੀ ਐ। ਹਰਨਾਮੀ ਦਾ ਈ ਪੱਟਿਆ ਫਿਰਦੈ। ਕਾਗਜ਼ਾਂ ‘ਚ ਤਾਂ ਇਹ ਮਰਿਆ ਵਿਐ। ਪ੍ਰੀਤਮ ਹੱਕੀ ਸੀ। ਹਰਨਾਮੀ ਤਾਂ ਰਹੀ ਨਾ ਘਰ ‘ਚ ।’
ਨਵਾਂ ਮੁੰਡਾ ਸੁਣ ਕੇ ਹੈਰਾਨ ਹੁੰਦਾ।
ਪ੍ਰੀਤਮ ਦੇ ਦਾਹ-ਸੰਸਕਾਰ ਤੋਂ ਦੂਜੇ ਦਿਨ ਆਥਣ ਨੂੰ ਕਿਤੇ ਜਾ ਕੇ ਦੋਵੇਂ ਕੁੜੀਆਂ ਆਈਆਂ ਅਤੇ ਨੰਦਕੁਰ ਦੇ ਜਮਾਈ ਵੀ। ਕੁੜੀਆਂ ਸਿਵੇ ਉੱਤੇ ਜਾ ਕੇ ਪਿਓ ਨੂੰ ਦੁਹੱਥੜੀਂ ਪਿੱਟ ਕੇ ਆਈਆਂ। ਤੀਜੇ ਦਿਨ ਫੁੱਲ ਚੁਗੇ ਗਏ। ਫੁੱਲ ਲੈ ਕੇ ਵੱਡਾ ਜਮਾਈ ਹਰਦੁਆਰ ਗਿਆ। ਭੋਗ ਤੱਕ ਦੋਵੇਂ ਕੁੜੀਆਂ ਅਤੇ ਪ੍ਰਾਹੁਣੇ ਓਥੇ ਹੀ ਰਹੇ। ਭੋਗ ਉੱਤੇ ਜਿਹੜਾ ਖਰਚਾ ਹੋਇਆ, ਉਹ ਵੀ ਦੋਵਾਂ ਪ੍ਰਾਹੁਣਿਆਂ ਨੇ ਰਲ ਕੇ ਕੀਤਾ। ਭੋਗ ਪਿਛੋਂ ਪ੍ਰਾਹੁਣੇ ਤਾਂ ਆਪਣੇ ਪਿੰਡਾਂ ਨੂੰ ਚਲੇ ਗਏ, ਪਰ ਕੁੜੀਆਂ ਮਾਂ ਕੋਲ ਹੀ ਜੰਮੀਆਂ ਬੈਠੀਆਂ ਰਹੀਆਂ। ਮਾਂ ਨੂੰ ਮਾਂ ਨਾਲੋਂ ਵੀ ਵੱਧ ਮੋਹ ਕਰਦੀਆਂ। ਪਲੇ-ਪਲੇ ਉਹਦਾ ਹਾਲ ਪੁਛਦੀਆਂ। ਉਹਦਾ ਸਿਰ ਘੁਟਦੀਆਂ, ਉਹਦੀਆਂ ਲੱਤਾਂ ਦਬਦੀਆਂ। ਤੱਤਾ ਪਾਣੀ ਕਰਕੇ ਉਹਨੂੰ ਸਿਰ ਨਵਾਉਂਦੀਆਂ ਅਤੇ ਫੇਰ ਤਾਲੂਏ ਉੱਤੇ ਸਰ੍ਹੋਂ ਦਾ ਤੇਲ ਝਸਦੀਆਂ। ਪਾਤਲੀਆਂ ਉੱਤੇ ਵੀ ਤੇਲ ਦੀ ਮਾਲਿਸ਼ ਕਰਦੀਆਂ। ਉਹਨੂੰ ਖਿਚੜੀ ਰਿੰਨ੍ਹ ਕੇ ਦਿੰਦੀਆਂ। ਮੂੰਗੀ ਦੀ ਦਾਲ ਵਿਚ ਟੁੱਕ ਕੁੱਟ ਦਿੰਦੀਆਂ। ਪਿੰਡ ਵਿਚੋਂ ਹੀ ਕਿਸੇ ਦੇ ਘਰੋਂ ਦੋ ਕਿਲੋ ਥੰਧਾ ਮੁੱਲ ਲੈ ਆਈਆਂ ਸਨ । ਰਾਤ ਨੂੰ ਦੇਰ ਤੱਕ ਬੈਠ ਕੇ ਉਹਦੇ ਨਾਲ ਗੱਲਾਂ ਕਰਦੀਆਂ।
ਤੇ ਫੇਰ ਮਹੀਨੇ ਕੁ ਪਿਛੋਂ ਹੀ ਬੁੜ੍ਹੀ ਦੇ ਦੋਵੇਂ ਜਮਾਈ ਕੋਠੇ ਖੜਕ ਸਿੰਘ ਆਏ ਸਨ। ਧੀਆਂ ਨੇ ਮਾਂ ਨੂੰ ਪੂਰਾ ਭਲੋਅ ਰੱਖਿਆ ਸੀ। ਪ੍ਰੀਤਮ ਦੀ ਜੱਦੀ ਚਾਰ-ਪੰਜ ਕਿੱਲੇ ਜ਼ਮੀਨ ਮੁਕੰਦ ਟੁੰਡੇ ਦੇ ਮੁੰਡੇ ਪਰਮਜੀਤ ਸਿੰਘ ਕੋਲ ਗਹਿਣੇ ਸੀ। ਗਿੰਦਰ ਵਾਲੀ ਛੇ-ਸੱਤ ਕਿੱਲੇ ਹਰਦਿੱਤ ਸਿੰਘ ਨੇ ਗਹਿਣੇ ਲੈ ਰੱਖੀ ਸੀ।
ਜਮਾਈਆਂ ਨੇ ਪਹਿਲਾਂ ਤਾਂ ਫਿਰ-ਤੁਰ ਕੇ ਸਾਰੀ ਜ਼ਮੀਨ ਨੰਦਕੁਰ ਦੇ ਨਾਂ ਚੜ੍ਹਵਾਈ। ਪਟਵਾਰੀ ਨੂੰ ਪੈਸੇ ਖਵਾਏ। ਫੇਰ ਤਹਿਸੀਲਦਾਰ ਦੀ ਮੁੱਠੀ ਗਰਮ ਕੀਤੀ। ਤਹਿਸੀਲਦਾਰ ਦੇ ਕੁੱਲ ਅਮਲੇ ਦੀ ਵੀ । ਨੰਦਕੁਰ ਦੇ ਨਾਂ ਪੱਕਾ ਇੰਤਕਾਲ ਹੋ ਗਿਆ।
ਹੁਣ ਸਵਾਲ ਸੀ, ਸਾਰੀ ਜ਼ਮੀਨ ਵੇਚਣ ਦਾ। ਹਰਦਿੱਤ ਸਿੰਘ ਦਾ ਮੁੰਡਾ ਹਰਿੰਦਰਪਾਲ ਬੀਏ ਦੇ ਆਖ਼ਰੀ ਸਾਲ ਵਿਚ ਪੜ੍ਹਦਾ ਸੀ । ਪੜ੍ਹਦਾ ਵੀ ਅਤੇ ਘਰ ਦੇ ਕੰਮ ਵਿਚ ਦਿਲਚਸਪੀ ਵੀ ਪੂਰੀ ਰਖਦਾ। ਉਹਨੂੰ ਸਾਰੀ ਕਬੀਲਦਾਰੀ ਦੀ ਸਮਝ ਆਉਂਦੀ ਜਾ ਰਹੀ ਸੀ । ਹਰਦਿੱਤ ਸਿੰਘ ਜਾਣ ਕੇ ਹੀ ਆਪਣੇ ਮੁੰਡੇ ਨੂੰ ਘਰ ਦੀਆਂ ਕੁੱਲ ਗੱਲਾਂ ਦੱਸਦਾ ਰਹਿੰਦਾ।
ਪ੍ਰੀਤਮ ਕੈਰੋਂ ਦੀ ਜ਼ਮੀਨ ਦੇ ਦੋ ਗਾਹਕ ਖੜ੍ਹੇ ਹੋ ਗਏ। ਹਰਦਿੱਤ ਸਿੰਘ ਅਤੇ ਪਰਮਜੀਤ ਪਟਵਾਰੀ ਪਰਮਜੀਤ ਅਜੇ ਪਟਵਾਰੀ ਦੀ ਨੌਕਰੀ ਕਰਦਾ ਸੀ। ਪਰ ਆਪ ਕੰਮ ਨਾ ਕਰਦਾ। ਪਟਵਾਰ ਦੇ ਕੰਮ ਲਈ ਤਾਂ ਉਹਨੇ ਇਕ ਹੋਰ ਡਿਸਮਿਸ ਹੋਇਆ ਪਟਵਾਰੀ ਰੱਖਿਆ ਹੋਇਆ ਸੀ। ਉਹਨੂੰ ਉਹ ਦੋ ਸੌ ਰੁਪਿਆ ਮਹੀਨਾ ਤਨਖ਼ਾਹ ਦਿੰਦਾ। ਆਪ ਪਰਮਜੀਤ ਸਿਘ ਨੇ ਟਰੈਕਟਰ ਲਿਆ ਹੋਇਆ ਸੀ । ਇਕ ਸੀਰੀ ਅਤੇ ਦੋ ਕਾਮੇ ਸਨ । ਡਟ ਕੇ ਖੇਤੀ ਦਾ ਕੰਮ ਕਰਵਾਉਂਦਾ । ਜਿਹੜਾ ਵੀ ਕੋਈ ਨਵਾਂ ਤਹਿਸੀਲਦਾਰ ਆਉਂਦਾ, ਉਸੇ ਨਾਲ ਉਹ ਬਣਾ ਲੈਂਦਾਂ । ਪਹਿਲੇ ਹੱਲੇ ਹੀ ਉਹਦੇ ਘਰ ਕਣਕ ਦੀਆਂ ਦੋ ਬੋਰੀਆਂ ਠੋਕਦਾ । ਤਹਿਸੀਲਦਾਰ ਬੋਲਣ ਜੋਗਾ ਨਹੀਂ ਰਹਿੰਦਾ ਸੀ। ਬਹੁਤ ਖਵਾਉਂਦਾ- ਪਿਆਉਂਦਾ । ਸੋ ਪਟਵਾਰੀ ਨੂੰ ਤਾਂ ਹੁਣ ਕੋਠੇ ਖੜਕ ਸਿੰਘ ਵਿਚ ਧਨਾਢ ਆਦਮੀ ਕਿਹਾ ਜਾਣ ਲੱਗ ਪਿਆ ਸੀ। ਹਰ ਸਾਲ ਨਵੀਂ ਜ਼ਮੀਨ ਲੈਂਦਾ। ਕਦੇ ਬੈ, ਕਦੇ ਗਹਿਣੇ। ਹੁਣ ਉਹਦੀ ਅੱਖ ਪ੍ਰੀਤਮ ਵਾਲੀ ਇਸ ਦਸ-ਗਿਆਰਾਂ ਕਿੱਲਿਆਂ ਉੱਤੇ ਟਿਕ ਗਈ ਸੀ। ਜ਼ਮੀਨ ਤਾਂ ਸਸਤੀ ਹੀ ਮਿਲ ਜਾਣੀ ਸੀ। ਕਿਹੜਾ ਕਿਸੇ ਹਿਸਾਬੀ ਬੰਦੇ ਨੇ ਵੇਚਣੀ ਸੀ। ਇਹ ਤਾਂ ਬੁੜ੍ਹੀ ਨੰਦਕੁਰ ਨੇ ਸਸਤੀ ਹੀ ਸੁੱਟ ਦੇਣੀ ਸੀ ਅਤੇ ਪੈਸਾ ਵੱਟ ਕੇ ਧੀਆਂ ਕੋਲ ਜਾ ਬੈਠਣਾ ਸੀ । ਇਕ ਪ੍ਰਕਾਰ ਤਾਂ ਧੀਆਂ ਹੀ ਜ਼ਮੀਨ ਵੇਚ ਕੇ ਜਾ ਰਹੀਆਂ ਸਨ। ਉਹਨਾਂ ਕੋਲ ਓਥੇ ਆਪਣੇ ਪਿੰਡ ਵੀ ਵਾਹਵਾ ਜ਼ਮੀਨ ਸੀ। ਥੋੜ੍ਹੀ ਹੁੰਦੀ ਤਾਂ ਕੀ ਪਤਾ ਜਮਾਈ ਏਥੇ ਆ ਕੇ ਸਹੁਰੇ ਦੀ ਢੇਰੀ ਉੱਤੇ ਹੀ ਵਾਹੀ ਕਰਨ ਲਗਦੇ।
ਜ਼ਮੀਨ ਦਾ ਮੁੱਲ ਚੜ੍ਹਿਆ ਤਾਂ ਦੋ ਗਾਹਕਾਂ ਦੇ ਪੈਦਾ ਹੋਣ ਕਰਕੇ । ਪਰ ਜਦੋਂ ਹਰਿੰਦਰ ਦੇ ਕੰਨਾਂ ਤੱਕ ਇਹ ਗੱਲ ਗਈ, ਉਹਨੇ ਪਿਓ ਨੂੰ ਵਰਜ ਦਿੱਤਾ। ਕਹਿੰਦਾ, ‘ਬਾਪੂ, ਕੀ ਕਰਨੀ ਐ ਐਨੀ ਜ਼ਮੀਨ ? ਕੱਲਾ ਜਣਾ ਤਾਂ ਮੈਂ ਹੈ ਗਾ। ਆਪਣੇ ਕੋਲ ਪਹਿਲਾਂ ਕਿਹੜਾ ਥੋੜੀ ਐ। ਬੱਸ, ਬਹੁਤ ਐ, ਜਿੰਨੀ ਹੈਗੀ। ਗਹਿਣੇ ਦੇ ਪੈਸੇ ਫੜ ਤੇ ਚੁੱਪ ਕਰਕੇ ਬੈਠ । ਮੁੰਡੇ ਨੂੰ ਕਾਲਜ ਜਾ ਕੇ ਨਵੀਂ ਹਵਾ ਲਗਦੀ ਜਾ ਰਹੀ ਸੀ। ਉਸ ਸਮੇਂ ਉਹ ਸਮਾਜਵਾਦੀ ਵਿਚਾਰਾਂ ਦੇ ਵਿਦਿਆਰਥੀਆਂ ਦੀ ਟੋਲੀ ਵਿਚ ਰਲ ਚੁੱਕਿਆ ਸੀ। ਨਿਜੀ ਜਾਇਦਾਦ ਨੂੰ ਇਹ ਟੋਲੀ ਜ਼ਹਿਰ ਸਮਝਦੀ।
ਹਰਿੰਦਰ ਪਿਓ ਨੂੰ ਸਿੱਧਾ ਹੋਣ ਵੀ ਲੱਗ ਪਿਆ ਸੀ। ਹਰਦਿੱਤ ਸਿੰਘ ਝਿਪ ਗਿਆ। ਪਰਮਜੀਤ ਪਟਵਾਰੀ ਨੇ ਸਾਰੀ ਜ਼ਮੀਨ ਬੈ ਕਰਵਾ ਲਈ। ਹਰਦਿੱਤ ਸਿੰਘ ਨੂੰ ਗਹਿਣੇ ਦਾ ਰੁਪਈਆ ਮਿਲ ਗਿਆ, ਜੋ ਉਹਨੇ ਤੁਰੰਤ ਹੀ ਪਿੰਡ ਦੀ ਬੈਂਕ ਵਿਚ ਜਮ੍ਹਾਂ ਕਰਵਾ ਦਿੱਤਾ। ਬਾਕੀ ਰੁਪਈਆ ਲੈ ਕੇ ਨੰਦਕੁਰ ਦੇ ਦੋਵੇਂ ਜਮਾਈ ਆਪਣੇ ਪਿੰਡਾਂ ਨੂੰ ਚਲੇ ਗਏ। ਤੇ ਫੇਰ ਕੁਝ ਦਿਨਾਂ ਪਿਛੋਂ ਛੋਟਾ ਜਮਾਈ ਕੋਠੀ ਆਇਆ | ਟਰੈਕਟਰ-ਟਰਾਲੀ ਉੱਤੇ ਨੰਦਕੁਰ ਦੇ ਘਰ ਦਾ ਕੁੱਲ ਸਾਮਾਨ ਲੱਦ ਕੇ ਲੈ ਗਿਆ। ਦੋਵੇਂ ਧੀਆਂ ਮਾਂ ਨੂੰ ਬੱਸ ਵਿਚ ਬਿਠਾ ਕੇ ਲੈ ਗਈਆਂ । ਪ੍ਰੀਤਮ ਵਾਲਾ ਘਰ ਅਤੇ ਗਿੰਦਰ ਵਾਲਾ ਘਰ ਜਿਨ੍ਹਾਂ ਦੀ ਕੰਧ ਸਾਂਝੀ ਸੀ, ਦੋਵੇਂ ਹੀ ਨੰਬਰਦਾਰ ਪਾਖਰ ਸਿੰਘ ਦੇ ਮੁੰਡੇ ਮਿਹਰ ਨੇ ਮੁੱਲ ਲੈ ਲਏ । ਸਸਤੇ ਭਾਅ ਹੀ। ਨੰਦਕੁਰ ਦਾ ਵੱਡਾ ਜਮਾਈ ਇਕ ਦਿਨ ਕੋਕੀਂ ਆਇਆ, ਨਾਲ ਸੱਸ ਨੂੰ ਲੈ ਆਇਆ ਸੀ। ਇਹ ਦੋਵੇਂ ਮਕਾਨ ਵੇਚ ਗਿਆ ਸੀ। ਮਿਹਰ ਦਾ ਆਪਣਾ ਮਕਾਨ ਬਹੁਤ ਤੰਗ ਸੀ, ਐਵੇਂ ਘਚੋਰ ਜਿਹੀ। ਓਥੋਂ ਛੱਡ ਕੇ ਉਹ ਇਥੇ ਆ ਗਿਆ ਅਤੇ ਮੌਜਾਂ ਨਾਲ ਰਹਿਣ ਲੱਗਿਆ। ਵਿਚਕਾਰਲੀ ਕੰਧ ਵਿਚ ਬਾਰ ਕੱਢ ਲਿਆ।
ਸੱਥ ਵਿਚ ਬੈਠ ਕੇ ਲੋਕ ਗੱਲਾਂ ਕਰਦੇ, ‘ਸਦੀ ਪਲਟਦੀ ਦਾ ਕੋਈ ਪਤਾ ਨ੍ਹੀਂ ਲਗਦਾ, ਭਾਈ। ਪ੍ਰੀਤਮ ਦੇ ਦੇਖ ਲੋ, ਸਭ ਰੰਗ-ਭਾਗ ਲੱਗਿਆ ਵਿਆ ਸੀ। ਆਵਦੇ ਜਾਣੇ ਕਿੰਨਾ ਚਤਰ ਕਹਿੰਦਾ ਸੀ। ਕੋਈ ਹੋਰ ਬੰਦਾ ਲੈ ਸਕਦਾ ਸੀ ਐਂ ਅੱਠ ਘਮਾਂ ਕਿਸੇ ਦੀ ਜੀਮੀਂ ? ਪਰ ਆਵਦਾ ਈ ਤੁਖਮ ਨ੍ਹੀਂ ਰਹਿਆ ਨਕਰਮੇ ਦਾ। ਹੈ ਕਿਤੇ ਕੋਈ ਨਾਂ-ਨਿਸ਼ਾਨ ? ਨਾ ਘਰ, ਨਾ ਜ਼ਮੀਨ—ਹਵਾ ਆਂਗੂ ਉੱਡ ਗਿਆ ਸਭ ਕੁਸ।’
‘ਐਹਿਆਂ ਜਿਆਂ ਨਾਲ ਫੇਰ ਇਉਂ ਈ ਹੁੰਦੀ ਐ। ਅਖੇ, ਤੱਕੀਏ ਪਰ ਨੂੰ, ਪੈ ਜੇ ਘਰ ਨੂੰ । ਕੋਈ ਬੋਲਦਾ। ਦੂਜਾ ਦੰਦ ਵਢਦਾ, ‘ਇਹ ਤਾਂ ਹਰਦਿੱਤ ਨੇ ਕੀਤਾ ਸਭ । ਚਾਟ ਮਾੜੀ ਹੁੰਦੀ ਐ। ਐਸਾ ਹੱਥ ਤੇ ਚੜ੍ਹਾਇਆ, ਦਾਰੂ ਦੀ ਬੁੱਕ ਮੂੰਹ ਨੂੰ ਲਵਾਈ, ਆਹ ਦੇਖ ਲੋ, ਕੱਖ ਨ੍ਹੀਂ ਰਹਿਆ ਮਾੜੀ ਕਿਸਮਤ ਆਲੇ ਦਾ ।’
‘ਹਰਦਿੱਤ ਦਾ ਕੀ ਰਹਿਜੂ, ਬਾਕੀ ਕੁਸ? ਇਕ ਸਿੰਘ ਐ-ਇਕੋ ਮੁੰਡੇ। ਇਹ ਗ਼ਰੀਬਾਂ ਦੀ ਹਾਅ ਮਾਰ ਜਾਂਦੀ ਹੁੰਦੀ ਐ, ਭਾਈ।’ ਕੋਈ ਹੋਰ ਆਖਦਾ।
ਤੇ ਫੇਰ ਲੋਕ ਅਸਲੀ ਗੱਲ ਉੱਤੇ ਆਉਂਦੇ, ‘ਇਹ ਤਾਂ, ਜਾਰ, ਜਿੰਨਾ ਚਿਰ ਊਚ-ਨੀਚ ਐ, ਤਕੜਾ-ਮਾੜਾ ਐ, ਇਹ ਗੱਲ ਚਲਦੀ ਈ ਰਹੂ। ਤਕੜੇ ਨੇ ਮਾੜੇ ਨੂੰ ਖਾਣਾ ਈ ਖਾਣੈ। ਕਿਸੇ ਢੰਗ ਖਾਵੇ । ਇਹ ਤਾਂ ਜਮਾਂ ਹੀ ਸਫਾਅ ਹੋ ਜੇ ਨਾ, ਤਾਂ ਬਣੂ ਗੱਲ। ਸਭ ਇਕ ਹੋ ਜਾਣ। ਕੋਈ ਅਮੀਰ ਨਾ ਹੋਵੇ, ਕੋਈ ਗ਼ਰੀਬ ਨਾ ਹੋਵੇ । ਸਭ ਇਕ ਸਮਾਨ ਹੋ ਜਾਣ। ਕਿਸੇ ਦੀ ਮੇਰ-ਤੇਰ ਨਾ ਰਹੇ। ਬੱਸ ਇਹ ਹੰਮਾ’ ਮੁੱਕ ਜੇ, ਫੇਰ ਹੋਊ ਸੁਖੀ ਦੁਨੀਆ ਤਾਂ।’
ਕੋਈ ਸੂਝਵਾਨ ਬਹੁਤ ਨੇੜੇ ਦੀ ਗੱਲ ਵੀ ਆਖ ਦਿੰਦਾ, ‘ਜਿੰਨਾ ਚਿਰ ਇਹ ਸਰਮਾਏਦਾਰੀ ਦੀਆਂ ਦਲਾਲ ਹਕੂਮਤਾਂ ਸਾਡੇ ਦੇਸ ‘ਚ ਕੈਮ ਰਹਿਣਗੀਆਂ, ਇਹ ‘ਸਫਾਅ’ ਹੋਣ ਵਾਲੀ ਗੱਲ ਕਦੰਤ ਨ੍ਹੀਂ ਹੋ ਸਕਦੀ। ਕੋਈ ਸਰਮਾਏਦਾਰੀ ਨੂੰ ਈ ਧੌਣ ਤੋਂ ਫੜੇ, ਫੇਰ ਬਣੂ ਭਾਈ, ਗੱਲ ਤਾਂ।’
8
ਐੱਮੇ ਪੰਜਾਬੀ ਵਿਚੋਂ ਫਸਟ ਕਲਾਸ ਲੈ ਕੇ ਹੁਣ ਪੁਸ਼ਪਿੰਦਰ ਘਰ ਬੈਠੀ ਹੋਈ ਸੀ। ਉਹ ਕਿਧਰੇ ਨਾ ਜਾਂਦੀ, ਨਾ ਪਿੰਡ ਵਿਚ ਕਿਸੇ ਕੋਲ ਅਤੇ ਨਾ ਰਾਮਪੁਰਾ ਮੰਡੀ। ਘਰ ਆਪਣੀ ਬੈਠਕ ਵਿਚ ਬੈਠੀ-ਪਈ ਰਹਿੰਦੀ। ਬਹੁਤ ਘੱਟ ਬੋਲਦੀ । ਨ੍ਹਾ ਲੈਂਦੀ, ਰੋਟੀ ਖਾ ਲੈਂਦੀ। ਦਿਨ ਵਿਚ ਕਈ ਵਾਰੀਂ ਚਾਹ ਪੀਂਦੀ ਤੇ ਬੱਸ ਸਾਰਾ ਸਾਰਾ ਦਿਨ, ਰਾਤ ਨੂੰ ਵੀ ਦੇਰ ਤੱਕ, ਕਿਤਾਬਾਂ ਪੜ੍ਹਦੀ ਰਹਿੰਦੀ। ਪੰਜਾਬੀ-ਹਿੰਦੀ ਦੇ ਮੈਗਜ਼ੀਨ। ਇਹ ਸਭ ਹਰਿੰਦਰ ਉਹਨੂੰ ਰਾਮਪੁਰੇ ਤੋਂ ਲਿਆ ਦਿੰਦਾ। ਜਿਹੜੀ ਕਿਤਾਬ ਪੜ੍ਹਨੀ ਹੁੰਦੀ, ਉਹ ਆਪ ਹੀ ਹਰਿੰਦਰ ਤੋਂ ਮੰਗਵਾ ਲੈਂਦੀ। ਰਾਮਪੁਰਾ ਮੰਡੀ ਦੀ ਪਬਲਿਕ ਲਾਇਬਰੇਰੀ ਵਿਚ ਬਹੁਤ ਸਾਰੀਆਂ ਕਿਤਾਬਾਂ ਸਨ। ਹਰ ਮਹੀਨੇ ਨਵੀਆਂ ਤੋਂ ਨਵੀਆਂ ਕਿਤਾਬਾਂ ਆਉਂਦੀਆਂ, ਪੰਜਾਬੀ ਦੀਆਂ, ਹਿੰਦੀ ਦੀਆਂ, ਉਰਦੂ ਦੀਆਂ ਅਤੇ ਅੰਗ੍ਰੇਜ਼ੀ ਦੀਆਂ ਵੀ। ਬਹੁਤ ਪੁਰਾਣੀ ਲਾਇਬਰੇਰੀ ਸੀ। ਪਾਠਕ-ਲੋਕਾਂ ਨੇ ਹੀ ਕਦੇ ਇਹਨੂੰ ਬਣਾਇਆ ਸੀ। ਹੁਣ ਤਾਂ ਹਰ ਸਾਲ ਸਰਕਾਰ ਤੋਂ ਸਹਾਇਤਾ ਮਿਲਦੀ ਸੀ। ਇਲਾਕੇ ਦਾ ਕੋਈ ਵੀ ਵਜ਼ੀਰ ਬਣਦਾ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਰਾਮਪੁਰੇ ਦਾ ਦੌਰਾ ਰਖਦਾ, ਲਾਇਬਰੇਰੀ ਦੀ ਬੰਧਕ-ਕਮੇਟੀ ਉਹਤੋਂ ਪੈਸੇ ਜ਼ਰੂਰ ਲੈ ਲੈਂਦੀ। ਇਕ ਹਜ਼ਾਰ, ਦੋ ਹਜ਼ਾਰ, ਪੰਜ ਹਜ਼ਾਰ ਤੱਕ ਵੀ ਦਿੱਤੇ ਗਏ ਸਨ। ਰਾਮਪੁਰਾ ਮੰਡੀ ਦੀ ਇਹ ਪਬਲਿਕ ਲਾਇਬਰੇਰੀ ਨਾ ਤਾਂ ਕਿਸੇ ਧਰਮ-ਵਿਸ਼ੇਸ਼ ਨਾਲ ਬੱਝੀ ਹੋਈ ਸੀ ਅਤੇ ਨਾ ਇਸ ਉੱਤੇ ਕਿਸੇ ਇਕ ਰਾਜਨੀਤਕ ਪਾਰਟੀ ਦਾ ਏਕਾਧਿਕਾਰ ਸੀ । ਇਹ ਲਾਇਬਰੇਰੀ ਤਾਂ ਇਕ ਘਣਛਾਵਾਂ ਰੁੱਖ ਸੀ, ਜੀਹਦੀ ਗਿਆਨ-ਵਰਧਕ ਛਾਂ ਥੱਲੇ ਬੈਠ ਕੇ ਹਰ ਕੋਈ ਆਪਣੀ-ਆਪਣੀ ਮਾਨਸਿਕਤਾ ਨੂੰ ਕਿਤਾਬਾਂ ਦਾ ਚੁੰਮ੍ਹਣਾ ਦੇ ਸਕਦਾ ਸੀ।
ਕਦੇ-ਕਦੇ ਪੁਸ਼ਪਿੰਦਰ ਤੋਂ ਚੋਰੀਓ ਹਰਦਿੱਤ ਅਤੇ ਦਿਆਲੋ ਬੈਠ ਕੇ ਸੋਚਦੇ, ‘ਵਿਆਹ ਦੀ ਹੁਣ ਕਰੀਏ ਗੱਲ ਇਹਦੇ ਨਾਲ? ਕੀ ਪਤਾ, ਮੰਨ ਈ ਜਾਵੇ । ਐਦੂੰ ਪਿਛੋਂ ਫੇਰ ਕਦੋਂ ਕਰਵਾਊਗੀ ਵਿਆਹ ਏਹੇ ? ਤੀਹਾਂ ਤੋਂ ਟੱਪ ਗੀ, ਫੇਰ ਕਿਸੇ ਨੇ, ਇਹਨੂੰ ਪੁੱਛਣਾ ਵੀ ਨ੍ਹੀਂ।
ਪਰ ਦੋਵੇਂ ਹੀ ਉਹਦੀ ਚੁੱਪ ਤੋਂ ਡਰਦੇ।
ਉਹਨਾਂ ਦਿਨਾਂ ਵਿਚ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਕਾਲਜ ਲੈਕਚਰਾਰਾਂ ਦੀਆਂ ਪੋਸਟਾਂ ਕੱਢੀਆਂ ਗਈਆਂ। ਪੰਜਾਬੀ ਵਿਸ਼ੇ ਲਈ ਬਾਰਾਂ ਆਸਾਮੀਆਂ ਸਨ । ਪੁਸ਼ਪਿੰਦਰ ਨੂੰ ਪਤਾ ਲੱਗਿਆ ਤਾਂ ਉਹਨੇ ਪਟਿਆਲਿਓਂ ਫਾਰਮ ਮੰਗਵਾ ਕੇ ਐਪਲਾਈ ਕਰ ਦਿੱਤਾ। ਇਹ ਸਾਰਾ ਕੁਝ ਉਹਦੇ ਲਈ ਜੈਲੋ ਨੇ ਕੀਤਾ। ਜੈਲੋ ਦੀ ਆਪ ਵੀ ਬੀ ਐੱਡ ਕੀਤੀ ਹੋਈ ਸੀ। ਉਹਨਾਂ ਦਿਨਾਂ ਵਿਚ ਸਿਲੈਕਸ਼ਨ ਬੋਰਡ ਨੇ ਵੀ ਪੋਸਟਾਂ ਕੱਢੀਆਂ ਸਨ । ਜੈਲੋ ਨੇ ਵੀ ਐਪਲਾਈ ਕੀਤਾ ਹੋਇਆ ਸੀ । ਇਕ ਵਾਰੀਂ ਪਹਿਲਾਂ ਵੀ ਉਹ ਐਪਲਾਈ ਕਰ ਚੁੱਕੀ ਸੀ। ਇੰਟਰਵਿਊ ਵਾਸਤੇ ਗਈ ਸੀ ਪਰ ਸਿਲੈਕਟ ਨਹੀਂ ਹੋ ਸਕੀ ਸੀ। ਇਸ ਵਾਰ ਉਹ ਸਿਲੈਕਟ ਹੋਣ ਦੀ ਆਸ ਰਖਦੀ ਸੀ। ਇਕ ਦਿਨ ਉਹ ਪੁਸ਼ਪਿੰਦਰ ਨੂੰ ਕਹਿੰਦੀ, ‘ਭੈਣੇ, ਸਿਲੈਕਟ ਤਾਂ ਮੈਂ ਪਿਛਲੇ ਸਾਲ ਹੀ ਹੋ ਜਾਂਦੀ, ਜੇ ਘਰ ਦੇ ਕੋਈ ਉੱਤਾ ਵਾਚਦੇ।
‘ਉਹ ਕਿਵੇਂ ?’ ਪੁਸ਼ਪਿੰਦਰ ਨੇ ਪੁੱਛਿਆ।
‘ਬੱਸ ਦੋ ਹਜ਼ਾਰ ਦੀ ਗੱਲ ਸੀ ਸਾਰੀ । ਚੇਅਰਮੈਨ ਤਾਂ ਲੈਂਦਾ ਨ੍ਹੀਂ, ਮੈਂਬਰ ਲੈਂਦੇ ਐ। ਜੀਹਨੇ ਦੇ ਹਜ਼ਾਰ ਦਿੱਤਾ, ਸਿਲੈਕਟ ਹੋ ਗਿਆ। ਮੇਰੇ ਵਰਗੀਆਂ ਰਹਿਗੀਆਂ, ਭਾਈ।’
‘ਐਤਕੀਂ ਦੇ-ਦੋ, ਦੋ ਹਜ਼ਾਰ।’
‘ਐਤਕੀਂ ਤਾਂ ਜਾਦੇ ਮੰਗਦੇ ਹੋਣਗੇ । ਮਹਿੰਗਾਈ ਵਾਂਗੂੰ ਰਿਸ਼ਵਤ ਵੀ ਤਾਂ ਵਧਦੀ ਰਹਿੰਦੀ ਐ।ਕੌਣ ਦੇਵੇ, ਮੇਰੀ ਖ਼ਾਤਰ। ਪਿਓ ਹੋਵੇ ਤਾਂ ਕਰੇ। ਭਰਾ ਦਾ ਜਿਉਣ ਜੋਗੇ ਦਾ, ਆਵਦਾ ਘਰ ਮਸਾਂ ਤੁਰਦੈ। ਉੱਤੋ ਭਾਬੀ ਭੂਸਰੀ ਰਹਿੰਦੀ ਐ। ਉਹ ਤਾਂ ਊਈਂ, ਬਿਨਾਂ ਗੱਲ ਤੋਂ ਈ ਖਿਝੀ ਰਹੂ।’
ਪੁਸ਼ਪਿੰਦਰ ਨੂੰ ਆਪਣੀ ਗੱਲ ਖਟਕ ਗਈ। ਉਹਨੇ ਮਾਂ-ਪਿਓ ਨੂੰ ਕਦੇ ਕੋਈ ਵੱਡਾ ਸਵਾਲ ਨਹੀਂ ਪਾਇਆ ਸੀ। ਮਾਂ ਨਾਲ ਉਹਨੇ ਗੱਲ ਕੀਤੀ। ਮਾਂ ਖੁਸ਼, ਕੁੜੀ ਮੂੰਹੋਂ ਤਾਂ ਕਦੇ ਕੁਝ ਫੁੱਟੀ। ਦਿਆਲੋ ਨੇ ਅਗਾਂਹ ਹਰਦਿੱਤ ਸਿੰਘ ਨੂੰ ਕਿਹਾ। ਹਰਦਿੱਤ ਸਿੰਘ ਕਹਿੰਦਾ, ‘ਇਹ ਵੀ ਕੋਈ ਕਹਾਣੀ ਐ। ਮੈਂ ਜਾ ਔਨਾਂ, ਹਰਦਲ ਸੂੰ ਕੋਲ। ਹੁਣ ਤਾਂ ਕਾਂਗਰਸ ਦਾ ਰਾਜ ਐ, ਹਰਦਲ ਸਿਓਂ ਦੀ ਕੌਣ ਮੋੜ ਦੂ ?
ਦੂਜੇ ਦਿਨ ਹੀ ਹਰਦਿੱਤ ਸਿੰਘ ਹਰਦਿਲ ਸਿੰਘ ਕੋਲ ਰਾਮਪੁਰੇ ਮੰਡੀ ਗਿਆ। ਸਾਰੀ ਗੱਲ ਦੱਸੀ। ਉਹ ਕਹਿੰਦਾ, ‘ਇੰਟਰਵਿਊ ਦੀ ਤਰੀਕ ਆ ਲੈਣ ਦੇ, ਕੁੜੀ ਦੀ। ਫੇਰ ਜਾ ਆਮਾਂ ਗੇ ਪਟਿਆਲੇ। ਕਰ ਲਾਂ ਗੇ ਗੱਲ ਕਿਸੇ ਨਾਲ। ਵਾਹ-ਤਾਹ ਤਾਂ ਲਾਮਾਂ ਗੇ, ਭਾਈ, ਤੇਰੀ ਖ਼ਾਤਰ। ਪਰ ਹਰਦਿੱਤ ਸਿੰਘ, ਹੁਣ ਉਹ ਗੱਲਾਂ ਨ੍ਹੀਂ, ਆਪਣੇ ਆਲੀਆਂ। ਹੁਣ ਤਾਂ ਸਹੁਰੇ ਸਿੱਧਾ ਈ ਲੈਣ ਲੱਗ ਪੇ। ਅੱਗੇ ਤਾਂ ਸੌ ਲਕੋਅ ਛਪੋਅ ਹੁੰਦਾ ਸੀ । ਹੁਣ ਤਾਂ ਕੋਈ ਡਰ-ਭੈਅ ਈ ਨ੍ਹੀ ਰਹਿ ਗਿਆ।’
ਹਰਦਿੱਤ ਸਿੰਘ ਉਹਨੂੰ ਤਾਂ ਕਹਿ ਆਇਆ-‘ਚੰਗਾ ਜੀ, ਜਦੋਂ ਬੀਬੀ ਦੀ ਐਂਟਰਬੂ ਆ ਗੀ, ਮੈਂ ਆਊਂ ਫੇਰ ਥੋਡੇ ਕੋਲ, ‘ ਪਰ ਆਪ ਓਥੋਂ ਹੀ ਸਿੱਧਾ ਪਟਿਆਲੇ ਨੂੰ ਹੋ ਲਿਆ।
ਪਿਛਲੇ ਪਹਿਰ ਤੱਕ ਉਹ ਬੱਸ ਰਾਹੀਂ ਪਟਿਆਲੇ ਪਹੁੰਚ ਗਿਆ। ਪਟਿਆਲੇ ਉਹਨਾਂ ਦੇ ਪਿੰਡ ਦਾ ਛੀਂਬਿਆਂ ਦਾ ਦੋਹਤਾ ਡੀ ਸੀ ਦੇ ਦਫ਼ਤਰ ਵਿਚ ਕਲਰਕ ਸੀ। ਉਹ ਬਚਪਨ ਵਿਚ ਬਹੁਤਾ ਕਰਕੇ ਕੋਠੇ ਖੜਕ ਸਿੰਘ ਹੀ ਰਹਿੰਦਾ ਹੁੰਦਾ। ਕੋਠਿਆਂ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਿਆ ਵੀ ਸੀ। ਫੇਰ ਆਪਣੇ ਪਿੰਡ ਗਿਆ। ਭਰਤੀ ਹੋ ਗਿਆ। ਹੁਣ ਉਹ ਏਥੇ ਪਟਿਆਲੇ ਸੀ। ਕੋਠੇ ਖੜਕ ਸਿੰਘ ਕਦੇ-ਕਦੇ ਵਰ੍ਹੇ-ਛਮਾਹੀ ਗੇੜਾ ਮਾਰਦਾ । ਨਾਨੇ-ਨਾਨੀ ਨੂੰ ਮਿਲ ਜਾਂਦਾ । ਮਾਮਾ ਉਹਦਾ ਕੋਈ ਹੈ ਨਹੀਂ ਸੀ । ਹਰਿੰਦਰ ਨੂੰ ਮਿਲਦਾ ਤਾਂ ਉਹਦੇ ਨਾਲ ਪੜ੍ਹਾਈ ਦੀਆਂ ਗੱਲਾਂ ਕਰਦਾ। ਹਰਦਿੱਤ ਸਿੰਘ ਉਹਨੂੰ ਸੁਤੇ ਹੀ ਪੁੱਛ ਲਿਆ ਕਰਦਾ ਸੀ, ‘ਕਿਥੇ ਹੁੰਨੈ ਦੋਹਤਿਆ ਹੁਣ ? ਕੀ ਕੰਮ ਤੇ ਐਂ ?’
ਉਹ ਡੀ ਸੀ ਦੀ ਕਚਹਿਰੀ ਦਾ ਨਾਂ ਲੈਂਦਾ, ਆਪਣੇ ਦਫਤਰ ਦਾ ਥਾਂ-ਟਿਕਾਣਾ ਦੱਸਦਾ। ਇਹ ਵੀ ਦੱਸਦਾ ਕਿ ਉਹ ਕਿਸ ਪ੍ਰਕਾਰ ਦੇ ਕੰਮ ਉੱਤੇ ਹੈ। ਹਰਦਿੱਤ ਸਿੰਘ ਨੇ ਉਹਨੂੰ ਆਖਿਆ ਸੀ ਕਿ ਉਹਦੀ ਡਾਇਰੀ ਵਿਚ ਆਪਣਾ ਪਤਾ-ਸੁਤਾ ਲਿਖ ਦੇਵੇ । ਕੀਹ ਐ, ਕਦੇ ਲੋੜ ਪੈ ਜਾਂਦੀ ਐ ਕੋਈ। ਹਰਦਿੱਤ ਸਿੰਘ ਤਰੀਕ ਦੇਖਣ ਲਈ ਹਮੇਸ਼ਾ ਇਕ ਛੋਟੀ ਜਿਹੀ ਡਾਇਰੀ ਆਪਣੀ ਜੇਬ ਵਿਚ ਰਖਦਾ। ਛੀਂਬਿਆਂ ਦੇ ਦੋਹਤੇ ਤੋਂ ਉਹਦਾ ਪਤਾ-ਸੁਤਾ ਏਸੇ ਸਾਲ ਦੀ ਡਾਇਰੀ ਵਿਚ ਉਹਨੇ ਲਿਖਵਾਇਆ ਸੀ:
ਪਟਿਆਲੇ ਬੱਸ-ਸਟੈਂਡ ਉੱਤੇ ਜਾ ਕੇ ਉਹਨੇ ਆਪਣੀ ਡਾਇਰੀ ਕੱਢੀ ਅਤੇ ਇਕ ਪੜ੍ਹੇ- ਬੰਦੇ ਮੂਹਰੇ ਕਰਕੇ ਪੁੱਛਿਆ, ‘ਇਹ ਦੇਖਿਓ ਗਾਂ ਭਾਈ ਸਾਅਬ, ਕਿੱਥੇ ਜੇ ਹੋਇਆ ਇਹ ਦਫ਼ਤਰ ?’
ਬੰਦਾ ਕਹਿੰਦਾ, ‘ਸਰਦਾਰ ਜੀ, ਡੀ ਸੀ ਦਾ ਦਫ਼ਤਰ ਐ, ਰਿਕਸ਼ਾ ਲੈ ਲਓ। ਆਪੇ ਪਹੁੰਚਾ ਦੇਵੇਗਾ। ਓਥੇ ਜਾ ਕੇ ਏਸ ਆਦਮੀ ਨੂੰ ਮਿਲ ਲਓ ਬੱਸ।’
ਰਿਕਸ਼ੇ ਵਾਲਾ ਹਰਦਿੱਤ ਸਿੰਘ ਨੂੰ ਡੀ ਸੀ ਦੇ ਦਫ਼ਤਰ ਲੈ ਆਇਆ। ਇਕ ਅਰਜ਼ੀ- ਨਵੀਸ ਤੋਂ ਉਹਨੇ ਮੁੰਡੇ ਦਾ ਨਾਂ ਲੈ ਕੇ ਪੁੱਛਿਆ। ਉਹ ਕਹਿੰਦਾ, ‘ਬਾਬਾ ਜੀ, ਔਹ ਸਾਹਮਣੇ ਵਾਲਾ ਕਮਰਾ ਹੈ ਨਾ, ਬੱਸ ਉਸ ਕੇ ਵਿਚ ਮਾਂ ਬੈਠਦਾ ਹੈ ਨਛੱਤਰ ਸਿੰਘ। ਵਹਾਂ ਜਾਓ। ਚਪੜਾਸੀ ਸੇ ਮਿਲ ਲੈਣਾ ।’
ਹਰਦਿੱਤ ਸਿੰਘ ਨੂੰ ਦੇਖ ਕੇ ਨੱਛਤਰ ਆਪ ਹੀ ਕੁਰਸੀ ਤੋਂ ਉੱਠ ਕੇ ਉਹਦੇ ਕੋਲ ਆ ਗਿਆ । ਸਤਿ ਸ੍ਰੀ ਅਕਾਲ ਬੁਲਾ ਕੇ ਹੱਥ ਮਿਲਾਇਆ। ਪਿੰਡ ਦੀ ਸੁੱਖ-ਸਾਂਦ ਪੁੱਛਣ ਲੱਗਿਆ। ਚਪੜਾਸੀ ਨੂੰ ਕਹਿ ਕੇ ਚਾਹ ਮੰਗਵਾ ਲਈ। ਆਪਣੇ ਕੋਲ ਹੀ ਹਰਦਿੱਤ ਸਿੰਘ ਨੂੰ ਕੁਰਸੀ ਉੱਤੇ ਬਿਠਾ ਲਿਆ। ਚਾਹ ਪੀਂਦੇ ਸਮੇਂ ਹਰਦਿੱਤ ਸਿੰਘ ਨੇ ਗੱਲ ਛੇੜੀ, ‘ਆਪਣੀ ਪੁਸ਼ਪਿੰਦਰ ਨੇ ਐੱਮੇ ਕਰ ਲੀ ਸੀ ਨਾ, ਹੁਣ ਕਾਲਜ ‘ਚ ਲੱਗਣ ਨੂੰ ਕਹਿੰਦੀ ਐ। ਅਰਜੀ ਤਾਂ ਭੇਜ ਤੀ। ਐਥੇ ਪਟਿਆਲੇ ਹੋਣੀ ਐ ਐਂਟਰਬੂ। ਓਹਨਾਂ ਦੇ ਦਫ਼ਤਰ ਛੱਡ ਆ ਮੈਨੂੰ । ਨਾਲ ਚੱਲ ਮੇਰੇ ।’
ਨਛੱਤਰ ਨੇ ਕੋਲ ਬੈਠੇ ਐਸਿਸਟੈਂਟ ਨੂੰ ਪੁੱਛਿਆ, ‘ਬਾਊ ਜੀ, ਇਹ ਕਾਲਜ-ਲੈਕਚਰਰਾਂ ਦੀ ਇਟੰਰਵਿਊ ਕੌਣ ਕਰਦਾ ਹੁੰਦੈ ?’
‘ਪੀ ਪੀ ਐਸ ਸੀ ਵਾਲੇ ਕਰਦੇ ਨੇ ਜੀ, ਹੋਰ ਕੌਣ।
‘ਪੀ ਪੀ ਐਸ ਸੀ ਮਤਲਬ ਨਛੱਤਰ ਦਾੜ੍ਹੀ ਖੁਰਚ ਰਿਹਾ ਸੀ।
‘ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਗੱਲ ਕੀ ਐ ਦੱਸੋ ?’
‘ਇਹ ਪਿੰਡੋਂ ਆਏ ਨੇ, ਮਾਮਾ ਜੀ ਨੇ । ਲੜਕੀ ਨੇ ਐਪਲਾਈ ਕੀਤੈ, ਕਾਲਜ-ਲੈਕਚਰਰ ਦੀ ਪੋਸਟ ਲਈ । ਉਹਦਾ ਪਤਾ-ਸੁਤਾ ਕੋਈ ਕਰਨੈਂ ਇਹਨਾਂ ਨੇ।’ ਨਛੱਤਰ ਨੇ ਕਿਹਾ।
ਨਵੀਂ ਸਿਗਰਟ ਸੁਲਗਾ ਕੇ ਐਸਿਸਟੈਂਟ ਆਪਣੀ ਐਨਕ ਦੇ ਸ਼ੀਸ਼ਿਆਂ ਉਤੋਂ ਦੀ ਹਰਦਿੱਤ ਸਿੰਘ ਵੱਲ ਗਹੁ ਨਾਲ ਝਾਕਿਆ। ਦਾੜ੍ਹੀ ਮੁੰਨੀ ਹੋਈ, ਮੁੱਛਾਂ ਰੱਖੀਆਂ ਹੋਈਆਂ ਸਨ। ਸਿਰ ਉੱਤੇ ਪਿਆਜ਼ੀ ਰੰਗ ਦੀ ਪੱਗ। ਪੱਗ ਦੇ ਸਟਾਈਲ ਤੋਂ ਲਗਦਾ ਸੀ, ਸਿਰ ਦੇ ਵਾਲ ਵੀ ਕੱਟੇ ਹੋਣਗੇ। ਸਿਗਰਟ ਦਾ ਖਿਚਵਾਂ ਸੂਟਾ ਲਾ ਕੇ ਧੂੰਆਂ ਉਤਾਂਹ ਨੂੰ ਛਡਦਾ ਹੋਇਆ ਉਹ ਬੋਲਿਆ, ‘ਸੱਚੀ ਗੱਲ ਕਹਾਂ, ਸਰਦਾਰ ਜੀ ?’
‘ਹਾਂ ਜੀ, ਪਾਓ ਰਾਹ ਸਾਨੂੰ ਕਿਸੇ । ਇਹੀ ਤਾਂ ਪੁੱਛਣ ਆਏ ਆਂ ।’ ਹਰਦਿੱਤ ਸਿੰਘ ਨੇ ਪੂਰੀ ਤਰ੍ਹਾਂ ਆਪਣੇ ਕੰਨ ਉਹਦੇ ਵੱਲ ਝੁਕਾ ਲਏ ।
ਨਛੱਤਰ ਵਿਚ ਦੀ ਹੀ ਬੋਲ ਪਿਆ, ‘ਇਹ ਲਾਲਾ ਜੀ ਪੁਰਾਣੇ ਬੰਦੇ ਐ। ਇਹਨਾਂ ਨੂੰ ਕੁੱਲ ਗੱਲ ਦਾ ਪਤੇ ‘
‘ਚੇਅਰਮੈਨ ਐ ਨਾ, ਉਹਦੇ ਘਰਵਾਲੀ ਨੂੰ ਮਿਲ ਲਓ । ਬੱਸ, ਥੋਡਾ ਕੰਮ ਹੋ ਜਾਊਗਾ। ਚੇਅਰਮੈਨ ਨੂੰ ਨ੍ਹੀਂ ਉਹਦੀ ਘਰਵਾਲੀ ਨੂੰ ।’ ਐਸਿਸਟੈਂਟ ਨੇ ਨਛੱਤਰ ਵਲ ਅੱਖ ਦੱਬੀ।
‘ਐਂ ਕਰ ਲੋ ਮਾਮਾ ਜੀ ਫੇਰ।’ ਨਛੱਤਰ ਨੇ ਹੌਲੀ ਦੇ ਕੇ ਆਖਿਆ।
‘ਭਾਈ ਨਛੱਤਰ, ਇਹ ਤਾਂ ਸਿੱਧਾ ਈ ਕਹੀਂ ਜਾਂਦੇ ਐ । ਜਿਮੇਂ ਕਿਸੇ ਦਾ ਕੋਈ ਡਰ-ਭੈ ਈ ਨਾ ਹੋਵੇ ।’ ਹਰਦਿੱਤ ਸਿੰਘ ਨੇ ਹੌਲੀ ਦੇ ਕੇ ਕਿਹਾ।
‘ਹਾਂ, ਮਾਮਾ ਜੀ, ਏਥੇ ਤਾਂ ਨਿੱਤ ਇਹੀ ਗੱਲਾਂ ਹੁੰਦੀਆਂ ਨੇ। ਰਿਸ਼ਵਤ ਦਾ ਜੁੱਗ ਐ । ਸੰਗ- ਸ਼ਰਮ ਕਾਹਦੀ ਰਹਿ ਗੀ।’
‘ਦੇਖੋ ਸਹਦਾਰ ਜੀ, ਪਹਿਲਾਂ ਤਾਂ ਚਲਦੀ ਸੀ ਸਿਫਾਰਸ਼ । ਹੁਣ ਸਿਫਾਰਸ਼ ਦਾ ਜ਼ਮਾਨਾ ਤਾਂ ਗਿਆ। ਰਿਸ਼ਵਤ ਰਹਿ ਗੀ । ਉਹ ਵੀ ਥੋਕ। ਹਰ ਪੋਸਟ ਦਾ ਰੇਟ ਬੰਨ੍ਹਿਆ ਹੋਇਐ। ਵਜ਼ੀਰ ਵੀ ਇਹੀ ਕਰਦੇ ਐ। ਰਿਸ਼ਵਤ ਦੇ ਕੇ ਲੋਕ ਲਗਦੇ ਐ, ਫੇਰ ਰਿਸ਼ਵਤ ਪੂਰੀ ਕਰਦੇ ਐ। ਇਹ ਤਾਂ ਅਸੂਲ ਬਣ ਗਿਆ, ਸਰਦਾਰ ਜੀ। ਐਸਿਸਟੈਂਟ ਹਿੜ-ਹਿੜ ਕਰਕੇ ਹੱਸਿਆ।
ਨਛੱਤਰ ਆਪਣੀ ਸੀਟ ਤੋਂ ਉੱਠਿਆ ਅਤੇ ਐਸਿਸਟੈਂਟ ਦੇ ਕੰਨ ਕੋਲ ਜਾ ਕੇ ਚੇਅਰਮੈਨ ਦੀ ਕੋਠੀ ਬਾਰੇ ਪੁੱਛਣ ਲੱਗਿਆ।
ਨਛੱਤਰ ਨੇ ਘੜੀ ਦੇਖੀ, ਚਾਰ ਵੱਜੇ ਹੋਏ ਸਨ। ਕਹਿੰਦਾ, ‘ਮਾਮਾ ਜੀ, ਥੋੜ੍ਹਾ ਚਿਰ ਬੈਠੋ। ਸਾਢੇ ਚਾਰ ਚਲਦੇ ਆਂ, ਫੇਰ। ਅੱਜ ਤੁਸੀਂ ਰਹੋ ਏਥੇ ਈ ਮੇਰੇ ਕੋਲ। ਤੜਕੇ ਉਠ ਜਿਓ।’ ਹਰਦਿੱਤ ਸਿੰਘ ਬੈਠਾ ਰਿਹਾ।
ਪੌਣੇ ਪੰਜ ਦੇ ਕਰੀਬ ਉਹ ਦਫਤਰੋਂ ਉਠੇ। ਐਸਿਸਟੈਂਟ ਆਪ ਉਹਨਾਂ ਨਾਲ ਚੇਅਰਮੈਨ ਦੀ ਕੋਠੀ ਗਿਆ। ਉਹਨਾਂ ਨੂੰ ਬਾਹਰ ਬੈਂਚ ਉੱਤੇ ਬਿਠਾ ਦਿੱਤਾ। ਆਪ ਅੰਦਰ ਚਲਿਆ ਗਿਆ। ਬੀਬੀ ਜੀ ਹੈ ਗੇ ਸਨ। ਚੇਅਰਮੈਨ ਬਾਹਰ ਕਿਧਰੇ ਗਿਆ ਮੁੜਿਆ ਨਹੀਂ ਸੀ । ਐਸਿਸਟੈਂਟ ਨੇ ਬੀਬੀ ਜੀ ਨਾਲ ਪੱਕੀ ਗੱਲ ਕਰ ਲਈ । ਪਰ ਉਹਨੇ ਪੁੱਛਿਆ, ‘ਕੌਣ ਆਦਮੀ ਐ ਏਹੇ ? ਕਿਧਰੇ ਕੋਈ ਗੜਬੜ….
‘ਨਹੀ ਬੀਬੀ ਜੀ, ਅਜਿਹੀ ਗੱਲ ਨਹੀਂ। ਇਹ ਜੋ ਮੁੰਡਾ ਐ ਨਾਲ ਇਹ ਮੇਰਾ ਕਲਰਕ ਐ। ਬਹੁਤ ਨੇਕ ਐ। ਇਹ ਸਰਦਾਰ ਜੀ ਇਹਦੇ ਮਾਮਾ ਜੀ ਨੇ ਤੇ ਨਾਲੇ ਆਪਾਂ ਤਾਂ ਲਫ਼ਾਫ਼ਾ ਫੜ ਲੈਣੈ। ਲਫ਼ਾਫ਼ਾ ਤੁਹਾਡੇ ਹੱਥ ਮੈਂ ਦੇਣੈ। ਦਸ ਹਜ਼ਾਰ ਗਿਣ ਲਵਾਂਗੇ । ਇਹਨਾਂ ਦਾ ਕੰਮ ਕਰ ਦਿਆਂਗੇ । ਬੱਸ ਮਾਮਲਾ ਖਤਮ ।’
‘ਇਹ ਕਦ ਔਣਗੇ ਫੇਰ ?’
‘ਇੰਟਰਵਿਊ ਦੀ ਡੇਟ ਜਾਵੇਗੀ ਤੇ ਬੱਸ ਆ ਜਾਣਗੇ, ਅਗਲੇ ਦਿਨ ਈ। ਮੈਂ ਕਲਰਕ ਨਾਲ ਸਾਰੀ ਗੱਲ ਕਰ ਲਈ ਐ।’
‘ਤੂੰ ਬਈ ਸੋਹਣ ਲਾਲ ਆਪਣਾ ਆਪ ਈ…
‘ਹਾਂ ਜੀ, ਉਹ ਤਾਂ ਮੈਂ ਉਹ ਹਿੜ ਹਿੜ ਕਰਕੇ ਹੱਸਿਆ।
ਦੋ ਮਹੀਨਿਆਂ ਪਿਛੋਂ ਇੰਟਰਵਿਊ ਦੀ ਤਾਰੀਖ ਪੁਸ਼ਪਿੰਦਰ ਨੂੰ ਜਾ ਪਹੁੰਚੀ। ਇੰਟਰਵਿਊ ਲਈ ਜਾਣ ਵਿਚ ਦਸ ਦਿਨ ਬਾਕੀ ਸਨ। ਸੌ-ਸੌ ਦੇ ਇਕ ਸੌ ਵੀਹ ਨੋਟਾਂ ਦੀਆਂ ਥਹੀਆਂ ਚਮੜੇ ਦੇ ਬੈਗ ਵਿਚ ਪਾ ਕੇ ਹਰਦਿੱਤ ਸਿੰਘ ਆਥਣੇ ਜਿਹੇ ਪਟਿਆਲੇ ਨਛੱਤਰ ਦੇ ਘਰ ਪਹੁੰਚ ਗਿਆ। ਨਛੱਤਰ ਕਹਿੰਦਾ, ‘ਸਵੇਰ ਕੀਹਨੂੰ ਆਈ ਮਾਮਾ, ਹੁਣੇ ਨਬੇੜ ਔਨੇ ਆਂ। ਤੁਸੀਂ ਬੈਠੋ, ਚਾਹ ਪੀਓ ਆਪਣੀ ਨੂੰਹ ਤੋਂ, ਮੈਂ ਸਾਈਕਲ ‘ਤੇ ਜਾ ਔਨਾ ਸੋਹਣ ਲਾਲ ਕੋਲ। ਘਰ ਹੋਇਆ ਤਾਂ ਨਾਲ ਈ ਲੈ ਆਊਂ। ਫੇਰ ਚਲਾਂਗੇ ਹੁਣੇ ਈ ਚੇਅਮਮੈਨ ਦੀ ਕੋਠੀ।
ਸੋਹਣ ਲਾਲ ਘਰ ਹੀ ਸੀ । ਘਰ ਵਿਚ ਬਣਾਏ ਦੁਰਗਾ-ਮੰਦਰ ਵਿਚ ਆਰਤੀ ਕਰ ਰਿਹਾ ਸੀ, ਝਟ ਤਿਆਰ ਹੋ ਗਿਆ। ਨਛੱਤਰ ਦੇ ਘਰ ਆ ਕੇ ਉਹਨਾਂ ਨੇ ਇਕ-ਇਕ ਕਰਕੇ ਦਸ-ਦਸ ਨੋਟਾਂ ਦੀਆਂ ਬਾਰਾਂ ਥਹੀਆਂ ਗਿਣੀਆਂ। ਸੋਹਣ ਲਾਲ ਨਛੱਤਰ ਅਤੇ ਹਰਦਿੱਤ ਸਿੰਘ ਨੂੰ ਲੈ ਕੇ ਚੇਅਰਮੈਨ ਦੀ ਕੋਠੀ ਗਿਆ। ਚੇਅਰਮੈਨ ਸਾਹਿਬ ਘਰ ਹੀ ਸਨ। ਕੋਠੀ ਦੇ ਪਿਛਲੇ ਲਾਅਨ ਵਿਚ ਆਪਣੇ ਬੱਚਿਆਂ ਨਾਲ ਬੈਡਮਿੰਟਨ ਖੇਡ ਰਹੇ ਸਨ। ਬਾਂਸ ਦੇ ਪੋਲ ਨਾਲ ਲਟਕਾਇਆ ਬਲਬ ਜਗ ਰਿਹਾ ਸੀ। ਕੋਠੀ ਵਿਚ ਬੀਬੀ ਜੀ ਆਪਣੇ ਗੜਵਾਲੀ ਨੌਕਰ ਨੂੰ ਸ਼ਾਮ ਦੇ ਖਾਣੇ ਲਈ ਖਾਸ ਹਦਾਇਤਾਂ ਦੇ ਰਹੇ ਸਨ। ਆਰਾਮ ਕੁਰਸੀ ਉੱਤੇ ਪਸਰ ਕੇ ਬੈਠੇ ਹੋਏ। ਲੱਤਾਂ ਸਾਹਮਣੇ ਪਈ ਤਪਾਈ ਉੱਤੇ ਰੱਖੀਆਂ ਹੋਈਆਂ ਸਨ। ਔਰਤਾਂ ਲਈ ਛਪਦਾ ਇਕ ਅੰਗਰੇਜ਼ੀ ਮੈਗਜੀਨ ਹੱਥਾਂ ਵਿਚ ਸੀ।
ਸੋਹਣ ਲਾਲ ਜਾ ਕੇ ਖੜ੍ਹਾ ਅਤੇ ਨਮਸਕਾਰ ਆਖੀ ਤਾਂ ਬੀਬੀ ਜੀ ਝਟਕੇ ਨਾਲ ਉੱਠੇ ਅਤੇ ਉਹਦੇ ਨਾਲ ਡਰਾਇੰਗ ਰੂਮ ਵਿਚ ਆ ਗਏ। ਸੋਹਣ ਲਾਲ ਨੇ ਦਸ ਥਹੀਆਂ ਫਟਾਫਟ ਉਹਨਾ ਨੂੰ ਫੜਾਈਆਂ, ਦੋ ਥਹੀਆਂ ਆਪਣੇ ਲੰਮੇ ਸਾਰੇ ਮੋਟੇ ਕਪੜੇ ਦੇ ਕੋਟ ਦੀਆਂ ਬਾਹਰਲੀਆਂ ਜੇਬਾਂ ਵਿਚ ਇਕ-ਇਕ ਕਰਕੇ ਪਾ ਲਈਆਂ। ਪਤਾ ਵੀਂ ਨਹੀਂ ਲੱਗ ਰਿਹਾ ਸੀ ਕਿ ਉਹਨਾਂ ਜੇਬਾਂ ਵਿਚ ਕੁਝ ਹੈ। ਉਹ ਓੁਥੇ ਹੀ ਸੋਫੇ ਉੱਤੇ ਬੈਠਾ ਰਿਹਾ। ਚਮੜੇ ਦਾ ਖਾਲੀ ਬੈਗ ਗੋਡਿਆਂ ਉੱਤੇ ਰੱਖ ਲਿਆ । ਬੀਬੀ ਜੀ ਨੇ ਅੱਖ ਦੇ ਫੋਰ ਵਿਚ ਆਪਣੀ ਗਾਡਰੇਜ ਦੀ ਅਲਮਾਰੀ ਖੋਲ੍ਹੀ ਅਤੇ ਦਸ ਦੀਆਂ ਦਸੇ ਥਹੀਆਂ ਅੰਦਰ ਰੱਖ ਦਿੱਤੀਆਂ।
ਸੋਹਣ ਲਾਲ ਨੇ ਫੇਰ ਡਾਇਰੀ ਵਿਚ ਨੋਟ ਕਰਵਾਇਆ, ਪੁਸ਼ਪਿੰਦਰ ਕੌਰ ਡਾਟਰ ਆਫ ਸਰਦਾਰ ਹਰਦਿੱਤ ਸਿੰਘ, ਵਿਲੇਜ ਕੋਠੇ ਖੜਕ ਸਿੰਘ, ਤਹਿਸੀਲ ਫੂਲ, ਡਿਸਟ੍ਰਿਕਟ ਬਠਿੰਡਾ। ਪੋਸਟ-ਲੈਕਚਰ ਇਨ ਪੰਜਾਬੀ| ਐੱਮੇ ਫਸਟ ਕਲਾਸ।’
9
ਪੁਸ਼ਪਿੰਦਰ ਦੀ ਇੰਟਰਵਿਊ ਤੋਂ ਤਿੰਨ ਮਹੀਨੇ ਪਿੱਛੋਂ ਜੈਲੋ ਦੀ ਇਟਰਵਿਊ ਵੀ ਹੋਈ ਸੀ। ਪਰ ਉਹ ਇਸ ਵਾਰ ਫੇਰ ਰਹਿ ਗਈ। ਪੁਸ਼ਪਿੰਦਰ ਦੀ ਸਿਲੈਕਸ਼ਨ ਹੋ ਚੁੱਕੀ ਸੀ । ਉਹਨੂੰ ਕਾਲਜ ਵੀ ਬਠਿੰਡਾ ਮਿਲ ਗਿਆ । ਬਠਿੰਡਾ ਉਹਨੇ ਜਾਇਨ ਕਰ ਲਿਆ । ਓਥੇ ਇਕ ਚੁਬਾਰਾ ਕਿਰਾਏ ਉੱਤੇ ਲੈ ਕੇ ਰਹਿਣ ਲੱਗੀ।
ਕਿਸੇ ਨੇ ਜੈਲੋ ਨੂੰ ਸਲਾਹ ਦਿੱਤੀ ਕਿ ਉਹ ਮੈਥ ਇਕ ਵਾਧੂ ਮਜ਼ਮੂਨ ਵਜੋਂ ਪਾਸ ਕਰ ਲਵੇ। ਮੈਥ- ਮਿਸਟੈੱਸ ਲਈ ਤਾਂ ਅਵੱਸ਼ ਸਲੈਕਟ ਹੋ ਜਾਵੇਗੀ। ਐਸ.ਐਸ. ਮਿਸਟੈੱਸ ਤਾਂ ਉਹ ਸਾਰੀ ਉਮਰ ਸਿਲੈਕਟ ਨਹੀਂ ਹੋ ਸਕਦੀ। ਐਸ.ਐਸ.ਲਈ ਤਾਂ ਹਜ਼ਾਰਾਂ ਉਮੀਦਵਾਰ ਆ ਜਾਂਦੇ ਨੇ । ਕਿੰਨੇ ਕੁ ਸਲੈਕਟ ਹੋਈਂ ਜਾਣਗੇ ? ਕੋਈ ਨਹੀਂ ਪੁੱਛਦਾ।
ਇਕ ਵਾਰ ਪੁਸ਼ਪਿੰਦਰ ਪਿੰਡ ਆਈ ਤਾਂ ਜੈਲੋ ਨੇ ਉਹਦੇ ਕੋਲ ਗੱਲ ਤੋਰੀ। ਪੁਸ਼ਪਿੰਦਰ ਨੂੰ ਸਾਥ ਚਾਹੀਦਾ ਸੀ। ਕਾਲਜ ਤੋਂ ਬਾਅਦ ਉਹਦਾ ਇਕੱਲੀ ਦਾ ਜੀਅ ਨਾ ਲਗਦਾ। ਉਹ ਜੈਲੋ ਨੂੰ ਆਪਣੇ ਨਾਲ ਲੈ ਗਈ । ਓਥੇ ਜਾ ਕੇ ਮੈਥ ਦੇ ਇਕ ਪ੍ਰੋਫੈਸਰ ਕੋਲ ਉਹਦੀ ਟਿਊਸ਼ਨ ਦਾ ਪ੍ਰਬੰਧ ਕਰ ਦਿੱਤਾ। ਫਾਰਮ ਲੈ ਕੇ ਜੈਲੋ ਦੀ ਫੀਸ ਵੀ ਯੂਨੀਵਰਸਿਟੀ ਨੂੰ ਭੇਜ ਦਿੱਤੀ। ਦੋਵੇਂ ਜਣੀਆਂ ਓਸੇ ਚਬਾਰੇ ਵਿਚ ਰਹਿਣ ਲੱਗੀਆਂ। ਮੈਥ ਦਾ ਪ੍ਰੋਫੈਸਰ ਬਹੁਤ ਮਿਹਨਤ ਕਰਵਾਉਂਦਾ। ਜੈਲੋ ਦਾ ਦਸਵੀਂ ਵਿਚ ਹਿਸਾਬ ਚੰਗਾ ਸੀ। ਉਹਨੇ ਹਾੳਸੂ ਹੋਲਡ ਨਹੀਂ ਪੜ੍ਹਿਆ ਸੀ । ਅਲਜਬਰਾ-ਜੁਮੈਟਰੀ ਹੀ ਪੜ੍ਹੀ। ਮੈਥ ਦਾ ਪ੍ਰੋਫੈਸਰ ਕੱਦ ਦਾ ਮਧਰਾ ਅਤੇ ਸਿਰੋਂ ਗੰਜਾ ਸੀ। ਦਿਨ-ਰਾਤ ਟਿਊਸ਼ਨਾਂ ਕਰਦਾ। ਸਵੇਰੇ ਚਾਰ ਵਜੇ ਤੋ ਲੈ ਕੇ ਨੌਂ ਵਜੇ ਤਕ ਅਤੇ ਸ਼ਾਮ ਨੂੰ ਤਿੰਨ ਵਜੇ ਤੋਂ ਲੈ ਕੇ ਰਾਤ ਦੇ ਦਸ ਵਜੇ ਤੱਕ। ਦਮੇ ਦਾ ਮਰੀਜ਼। ਖਊਂ-ਖਊਂ ਕਰਦਾ ਰਹਿੰਦਾ। ਹੱਡੀਆਂ ਦੀ ਮੁੱਠੀ ਜਿਹੀ। ਹੱਡੀਆਂ ਦੇ ਜੋੜ, ਜਿਵੇਂ ਸੇਬੇ ਨਾਲ ਬੰਨ੍ਹ ਕੇ ਖੜਾਏ ਹੋਣ। ਤੁਰਦਾ ਤਾਂ ਉਹਦਾ ਪਿੰਜਰ ਹਿਚਕੋਲੇ ਖਾਂਦਾ । ਲਗਦਾ, ਹੁਣ ਡਿੱਗਿਆ-ਹੁਣ ਡਿੱਗਿਆ। ਪਰ ਉਹਨੂੰ ਪੈਸੇ ਦਾ ਨਸ਼ਾ ਮੀ। ਜਾਂ ਕਹਿ ਲਓ, ਕੁੱਤੇ ਦੀ ਹੱਡੀ ਵਾਲਾ ਸੁਆਦ ਸੀ। ਉਹ ਕਿਸੇ ਵੇਲੇ ਵੀ ਅਕਦਾ-ਬਕਦਾ ਨਹੀਂ ਸੀ । ਹਾੜ੍ਹ ਹੋਵੇ, ਸਿਆਲ ਹੋਵੇ, ਕਾਲਜ ਦੇ ਦਿਨ ਹੋਣ ਜਾਂ ਛੁੱਟੀਆਂ, ਉਹਨੂੰ ਦਿਨ ਵੇਲੇ ਸੁੱਤਾ ਹੋਇਆ ਕਦੇ ਕਿਸੇ ਨੇ ਨਹੀਂ ਦੇਖਿਆ ਸੀ। ਦਸ ਤੋਂ ਸਵੇਰ ਦੇ ਚਾਰ ਵਜੇ ਤੱਕ ਬੱਸ ਛੇ ਘੰਟੇ ਉਹ ਸੌਂਦਾ। ਛੇ ਵਿਚੋਂ ਵੀ ਪੰਜ ਹੀ ਸੌਂਦਾ ਹੋਵੇਗਾ। ਟੁੱਟੀ-ਪਿਸ਼ਾਬ, ਦਾਤਣ-ਕੁਰਲਾ, ਨ੍ਹਾਉਣ-ਧੋਣ ਅਤੇ ਚਾਹ-ਨਾਸ਼ਤਾ ਕਰਨ ਉੱਤੇ ਵੀ ਥੋੜਾ-ਘਣਾ ਸਮਾਂ ਲਾਉਂਦਾ ਹੋਵੇਗਾ। ਉਹ ਰੋਟੀ ਪਤਾ ਨਹੀਂ ਕਿਹੜੇ ਵੇਲੇ ਖਾਂਦਾ। ਕਿਸੇ ਵਿਦਿਆਰਥੀ ਨੇ ਉਹਨੂੰ ਕਦੇ ਰੋਟੀ ਖਾਂਦੇ ਨਹੀਂ ਦੇਖਿਆ ਸੀ ।
ਚਾਹ ਉਹ ਟਿਊਸ਼ਨ ਦੇ ਕਮਰੇ ਵਿਚ ਬੈਠਾ ਹੀ ਪੀ ਲੈਂਦਾ । ਸਗੋਂ ਕਈ ਵਾਰੀਂ ਪੀਂਦਾ। ਕੋਈ ਵਿਦਿਆਰਥੀ ਕਿਸੇ ਵਿਦਿਆਰਥੀ ਨੂੰ ਪੁਛਦਾ, ‘ਕੀਹਦੇ ਕੋਲ ਟਿਊਸ਼ਨ ਰੱਖੀ ਐ ?’
‘ਗੰਜੇ ਕੋਲ।’
‘ਬੱਸ, ਫੇਰ ਤਾਂ ਸ਼ੋਅਰ ਸ਼ਾਟ ਪਾਸ ਐਂ। ਗੰਜਾ ਤਾਂ ਮੰਤਰ ਐ ਮੰਤਰ।’
ਕਾਲਜ ਦੇ ਸਟਾਫ਼-ਰੂਮ ਵਿਚ ਬੈਠੇ ਦੂਜੇ ਪ੍ਰੋਫਸਰ ਉਹਦੀਆਂ ਗਲਾਂ ਕਰਦੇ। ਕੋਈ ਉਹਦਾ ਮਖੌਲ ਉਡਾਉਂਦਾ, ਕੋਈ ਉਹਦੀ ਐਨੀ ਅਣਥੱਕ ਮਿਹਨਤ ਦੀ ਦਾਦ ਦਿੰਦਾ ਅਤੇ ਕੋਈ ਉਹਦੇ ਉੱਤੇ ਤਰਸ ਕਰਦਾ, ਕਿਉਂਕਿ ਉਹਦੇ ਮੁੰਡਾ ਕੋਈ ਨਹੀਂ ਸੀ । ਪੰਜ ਕੁੜੀਆਂ ਹੀ ਕੁੜੀਆਂ ਸਨ ਅਤੇ ਉਹ ਜ਼ਾਤ ਦਾ ਬਾਣੀਆ ਸੀ।
‘ਗੰਜਾ ਜਿੱਦਣ ਮਰਿਆ, ਇਹਦੇ ਹੱਥ ‘ਚ ਪੈੱਨ ਹੋਊ ਅਤੇ ਕਾਪੀ ਉੱਤੇ ਇਕ ਵਟਾ ਦੋ ਲਿਖਦੇ-ਲਿਖਦੇ ਧੌਣ ਲੁਟਕ ਜੂ ਇਹਦੀ। ਏਕੇ ਥੱਲੇ ਲਕੀਰ ਤਾਂ ਖਿੱਚ ਲੂ ਪਰ ਦੂਆ ਨ੍ਹੀਂ ਪੈਣਾ।’ ਮਖੌਲ ਕਰਨ ਵਾਲਾ ਆਖਦਾ।
‘ਓਏ ਭਾਈ, ਪੰਜ ਲੱਖ ਬਣੇਂਦੇ, ਹੋਰ ਕਿਵੇਂ ਬਣੇ ? ਪੰਜ ਨੇ, ਪੰਜ ਲੱਖ ਲੱਗੂ । ਟਿਊਸ਼ਨ ਪੜ੍ਹਦੇ ਦੀ ਜ਼ਿੰਦਗੀ ਵੀ ਤਾਂ ਇਹਦੀ ਇਕ ਵਟਾ ਦੋ ਬਣ ਕੇ ਈ ਰਹਿ ਗੀ ਵਿਚਾਰੇ ਦੀ।’ ਤਰਸ ਕਰਨ ਵਾਲਾ ਆਖਦਾ।
‘ਪੈਸਾ ਤਾਂ ਏਵੇਂ ਈ ਬਣਦੈ ਜਾਂ ਫੇਰ ਚੋਰੀ-ਡਾਕਾ ਮਾਰੋ, ਠੱਗੀਆਂ ਕਰੋ, ਸਮਗਲਰ ਬਣ ਕੇ ਫੀਮ ਵੇਚੋ ।’ ਉਹਦੀ ਮਿਹਨਤ ਦੀ ਦਾਦ ਦੇਣ ਵਾਲਾ ਮਖੌਲ ਕਰਨ ਵਾਲੇ ਵੱਲ ਅੱਖਾਂ ਕੱਢਦਾ।
ਪੁਸ਼ਪਿੰਦਰ ਚੁਬਾਰੇ ਵਿਚ ਆ ਕੇ ਜੈਲੋ ਨੂੰ ਗੰਜੇ ਪ੍ਰੋਫੈਸਰ ਦੀਆਂ ਗੱਲਾਂ ਦੱਸਦੀ ਤਾਂ ਉਹ ਆਪਣੀ ਕਹਾਣੀ ਲੈ ਕੇ ਬੈਠ ਜਾਂਦੀ, ‘ਮੈਂ ਤਾਂ ਇਕ ਆਂ, ਐਵੇਂ ਝੁਰਦੀ ਰਹਿਨੀ ਆਂ। ਗੰਜੇ ਦੇ ਪੰਜ ਨੇ ।’
‘ਗੰਜਾ ਤਾਂ ਗੰਜਾ ਐ। ਪੰਜ ਲੱਖ ਦੇ ਕੇ ਮਰੂ । ਤੂੰ ਆਪ ਕਰਨੈਂ ਸਭ ਕੁੱਛ। ਤੇਰੇ ਤੇ ਉਹਨਾਂ ਦਾ ਫ਼ਰਕ ਐ ਜੈਲੋ ਰਾਣੀ।’ ਪੁਸ਼ਪਿੰਦਰ ਉਹਨੂੰ ਉਹਦੀ ਅਗਲੀ ਜ਼ਿਦਗੀ ਲਈ ਤਿਆਰ ਕਰਦੀ।
ਕਦੇ-ਕਦੇ ਉਹ ਨਸੀਬ ਦੀਆਂ ਗੱਲਾਂ ਲੈ ਕੇ ਬੈਠ ਜਾਂਦੀਆਂ। ਘੰਟੇ ਬੀਤ ਜਾਂਦੇ । ਅੱਧੀ- ਅੱਧੀ ਰਾਤ ਤੱਕ ਉਹ ਬੈਠੀਆਂ ਰਹਿੰਦੀਆਂ । ਜੈਲੋ ਉਹਨੂੰ ਸਮਝਾਉਂਦੀ, ‘ਉਹ ਤਾਂ ਜਿਹੜੀ ਕੁਦਰਤ ਨੇ ਕਰਨੀ ਸੀ, ਹੋ ਗੀ। ਹੁਣ ਉਹਦੇ ਮਗਰੋਂ ਜਾਨ ਦੇਣੀ ਐਂ ? ਰੱਬ ਘਰ ਗਿਆ ਮੁੜ ਕੇ ਤਾਂ ਕੋਈ . ਆਇਆ ਨੀਂ ਕਦੇ । ਤੂੰ ਆਵਦਾ ਹੁਣ ਕੋਈ ਬੰਨ੍ਹ-ਸੁੱਬ ਬਣਾ।’
‘ਮੈਂ ਬੰਨ੍ਹ-ਸੁੱਬ ਕੀ ਬਣਾਵਾਂ ਜੈਲੋ ਹੁਣ ? ਵਿਆਹ ਤਾਂ ਮੇਰਾ ਉਹਦੇ ਨਾਲ ਈ ਹੋ ਗਿਆ ਸੀ । ਹੁਣ ਮੇਰੇ ਸਰੀਰ ਨੂੰ ਤਾਂ ਬੇਸ਼ੱਕ ਕੋਈ ਵਿਆਹ ਲਵੇ, ਮਨ ਤਾਂ ਮੇਰੇ ਵਿਚ ਹੈ ਨ੍ਹੀਂ । ਮਨ ਤਾਂ ਮਰ ਗਿਆ। ਮਨ ਤਾਂ ਉਹਦੇ ਨਾਲ ਈ ਗਿਆ, ਚੰਦਰੇ ਦੇ। ਮਾੜੇ ਕਰਮਾਂ ਆਲ ਦੇ।’ ਪੁਸ਼ਪਿੰਦਰ ਰੋਣ ਲੱਗ ਪੈਂਦੀ।
‘ਤੇਰੀ ਐਨੀਂ ਉਮਰ ਪਈ ਐ। ਕੱਲ੍ਹ ਦੀ ਤਾਂ ਜਵਾਕੜੀ ਐਂ ਤੂੰ । ਅਜੇ ਤਾਂ ਚਾਲੀ ਸਾਲ ਕਢਣੇ ਨੇ, ਕਿਵੇਂ ਨਿੱਕਲੂ ਐਨੀ ਉਮਰ ? ਇਉਂ ਤਾਂ ਮਰ ਮੁੱਕ ਜੇ ਗੀ, ਭਾਈ ਤੂੰ ।’ ਤੇ ਵੇਚ ਜੈਲੇ ਅੱਗੇ ਗੱਲ ਤੋਰ ਲੈਂਦੀ, ‘ਤੇਰੇ ਪਿਓ ਦੇ ਘਰ ਘਾਟਾ ਨ੍ਹੀਂ ਕਾਸੇ ਦਾ, ਪ੍ਰੋਫੇਸਰ ਤੂੰ ਲੱਗ ਗੀ, ਤੈਨੂੰ ਤਾਂ ਹੱਥ ਅੱਡਣਗੇ ਦੁਨੀਆਂ ਭਰ ਦੇ ਆਦਮੀ । ਤੂੰ ਇਕ ਵਾਰੀ ‘ਹਾਂ’ ਆਖ ਸਈ।
ਪੁਸ਼ਪਿੰਦਰ ਰੋਂਦੀ ਰਹਿੰਦੀ ਅਤੇ ਰੋਈਂ ਈ ਜਾਂਦੀ। ਜੈਲੋ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ। ਦੋ ਵਾਰੀਂ ਸੰਗਰੂਰ ਤੋਂ ਪਦਮਾ ਵੀ ਉਹਨਾਂ ਕੋਲ ਆ ਚੁੱਕੀ ਸੀ। ਪਦਮਾ ਪੁਸ਼ਪਿੰਦਰ ਨੂੰ ਦੇਖ-ਦੇਖ ਝੁਰਦੀ । ਉਹ ਪੜ੍ਹਾਈ ਕਰਦੀ ਰਹਿੰਦੀ, ਆਪਣੀ ਐੱਮੇ ਮੁਕੰਮਲ ਕਰ ਲੈਂਦੀ ਤਾਂ ਕੀ ਪਤਾ ਉਹ ਵੀ ਪੁਸ਼ਪਿੰਦਰ ਵਾਂਗ ਹੁਣ ਪ੍ਰੋਫੈਸਰ ਲੱਗ ਜਾਂਦੀ। ਪੁਸ਼ਪਿੰਦਰ ਦੇ ਕਿਹੜੇ ਦੋ ਦਿਮਾਗ ਲੱਗੇ ਹੋਏ ਸੀ— ਉਹ ਸੋਚਦੀ।
ਉਹਨਾਂ ਤਿਨਾਂ ਨੇ ਨਸੀਬ ਦਾ ਝੇੜਾ ਸ਼ੁਰੂ ਕੀਤਾ ਸੀ । ਨਸੀਬ ਦੀ ਗੱਲ ਵਿਚ ਉਹ ਦੂਰ ਤੱਕ ਉੱਤਰ ਗਈਆਂ ਹੁੰਦੀਆਂ ਤਾਂ ਪਦਮਾ ਅਚਾਨਕ ਹੀ ਪੁਛਦੀ, ‘ਹਰਿੰਦਰ ‘ ਦਾ ਕੀ ਹਾਲ ਐ? ਔਂਦਾ ਹੋਣੈ ??
‘ਹਰਿੰਦਰ ਤਾਂ ਫਿਰਦਾ ਈ ਰਹਿੰਦੈ । ਕੀ ਪਤੈ, ਅੱਜ ਈ ਆ ਜੇ । ਕੀ ਲਗਦੈ, ਆਹ ਖੜ੍ਹੇ ਰਾਮਪੁਰਾ। ਰਾਮਪੁਰੇ ਔਂਦੈ, ਤਾਂ ਗਹਾਂ ਏਥੇ ਆ ਵੜਦੈ।’ ਪੁਸ਼ਪਿੰਦਰ ਸਧਾਰਨ ਜਿਹਾ ਜਵਾਬ ਦਿੰਦੀ।
ਪੁਸ਼ਪਿੰਦਰ ਦੀ ਐੱਮੇ ਦੇ ਪਹਿਲੇ ਸਾਲ ਵੇਲੇ ਦਸੰਬਰ ਦੀਆਂ ਛੁੱਟੀਆਂ ਵਿਚ ਜਦੋਂ ਹਰਿੰਦਰ ਅਤੇ ਪਦਮਾ ਸੰਗਰੂਰ ਤੱਕ ਇਕਠੇ ਬੱਸ ਵਿਚ ਆਏ ਸਨ, ਤਾਂ ਰਾਹ ਵਿਚ ਉਹਨਾਂ ਨੇ ਢੇਰ ਸਾਰੀਆਂ ਗੱਲਾਂ ਕੀਤੀਆਂ ਸਨ। ਦੁਨੀਆ-ਭਰ ਦੀਆਂ ਗੱਲਾਂ। ਪਦਮਾ ਨੂੰ ਹਰਿੰਦਰ ਬਹੁਤ ਚੰਗਾ ਲੱਗਿਆ ਸੀ। ਹਰਿੰਦਰ ਨੂੰ ਵੀ ਪਦਮਾ ਕਿੰਨੀ ਸਿਆਣੀ ਅਤੇ ਤਿੱਖੇ ਦਿਮਾਗ ਦੀ ਕੁੜੀ ਮਾਲੂਮ ਹੋਈ ਸੀ। ਉਸ ਦਨ ਸੰਗਰੂਰ ਦੇ ਬੱਸ-ਸਟੈਡ ਤੋਂ ਉਹ ਹਰਿੰਦਰ ਨੂੰ ਆਪਣੇ ਘਰ ਲੈ ਗਈ ਸੀ। ਹਰਿੰਦਰ ਨਹੀਂ-ਨਹੀਂ ਆਖੀਂ ਗਿਆ ਸੀ, ਉਹਦੀ ਟਿਕਟ ਵੀ ਧੁਰ ਬਰਨਾਲੇ ਤੱਕ ਦੀ ਸੀ। ਪਰ ਪਦਮਾ ਤਾਂ ਜਿਵੇਂ ਉਹਨੂੰ ਬਾਹੋਂ ਧੂਹ ਕੇ ਹੀ ਘਰ ਲੈ ਗਈ ਹੋਵੇ। ਪਦਮਾ ਦੇ ਘਰ ਜਾ ਕੇ ਹਰਿੰਦਰ ਦਾ ਚਿੱਤ ਬਹੁਤ ਭੈੜਾ ਹੋਇਆ ਸੀ। ਉਹਨਾਂ ਦਾ ਨਿੱਕਾ ਜਿਹਾ ਘਰ। ਘਰ ਦੀ ਹਾਲਤ ਵੀ ਕੋਈ ਐਨੀ ਚੰਗੀ ਨਾ । ਪਦਮਾ ਦੀ ਮਾਂ ਨਹੀਂ ਸੀ। ਬਾਪ ਰਿਟਾਇਰਡ ਪ੍ਰਾਇਮਰੀ ਸਕੂਲ-ਟੀਚਰ ਸੀ, ਉਮਰ ਸੱਤਰ ਸਾਲ । ਗਠੀਏ ਦੀ ਸ਼ਿਕਾਇਤ ਆਮ ਰਹਿੰਦੀ। ਪਦਮਾ ਦੇ ਦੋ ਭਰਾ ਸਨ। ਦੋਵੇਂ ਸ਼ਾਦੀ-ਸ਼ੁਦਾ। ਪਦਮਾ ਤੋਂ ਵੱਡੇ ਸਨ। ਦੋਵੇਂ ਭਰਾਵਾਂ ਦੇ ਅਗਾਂਹ ਬੱਚੇ ਸਨ। ਵੱਡਾ ਭਰਾ ਮਿਉਂਸਿਪਲ ਕਮੇਟੀ ਵਿਚ ਕਲਰਕ ਸੀ। ਛੋਟਾ ਸਕੂਲ ਟੀਚਰ। ਓਥੋਂ ਦੇ ਹੀ ਇਕ ਪ੍ਰਾਈਵੇਟ ਸਕੂਲ ਵਿਚ ਕੰਮ ਕਰਦਾ ਸੀ। ਦੋਵੇਂ ਭਰਾਵਾਂ ਨੇ ਹਰਿੰਦਰ ਦੀ ਚੰਗੀ ਸੇਵਾ ਕੀਤੀ ਸੀ। ਪਿਓ ਨੇ ਵੀ ਗੱਲਾਂ ਕੀਤੀਆਂ ਸਨ। ਭਰਜਾਈਆਂ ਪਰ ਬਿੰਦੇ ਬਿੰਦੇ ਹਰਿੰਦਰ ਵੱਲ ਕਣੱਖਾ-ਕਣੱਖਾ ਝਾਕਦੀਆਂ। ਉਹਨਾਂ ਦਾ ਇੰਜ ਦੇਖਣਾ ਹਰਿੰਦਰ ਨੂੰ ਚੰਗ ਨਹੀਂ ਲਗਿਆ ਸੀ। ਪਦਮਾ ਦੇ ਬਾਪ ਨੂੰ ਜਦੋਂ ਇਹ ਪਤਾ ਲੱਗਿਆ ਸੀ ਕਿ ਇਹ ਮੁੰਡਾ ਪਦਮਾ ਨਾਲ ਪੜ੍ਹਦੀ ਕਿਸੇ ਕੁੜੀ ਦਾ ਭਰਾ ਹੈ ਤਾਂ ਉਹਨੇ ਜ਼ੋਰ ਲਾਇਆ ਸੀ ਕਿ ਹਰਿੰਦਰ ਉਸ ਰਾਤ ਓਥੇ ਹੀ ਠਹਿਰੇ, ਸਵੇਰ ਦੀ ਬੱਸ ਚਲਿਆ ਜਾਵੇ। ਪਰ ਹਰਿੰਦਰ ਤਾਂ ਉਹਨਾਂ ਦੇ ਘਰ ਜਿਵੇਂ ਬੰਨ੍ਹਿਆ ਜਿਹਾ ਬੈਠਾ ਹੋਵੇ । ਚਾਹ ਪੀਤੀ, ਖਾਣ ਜੋ ਕੁਝ ਮੇਜ਼ ਉੱਤੇ ਭਰਾਵਾਂ ਨੇ ਲਿਆ ਕੇ ਰੱਖਿਆ, ਉਹਦੇ ਵਿਚੋਂ ਬੱਸ ਐਵੇਂ ਇਕ-ਦੋ ਟੁਕੜੀਆਂ ਹੀ ਚੁੱਕ ਕੇ ਖਾਧੀਆਂ ਅਤੇ ਬੱਸ-ਸਟੈਂਡ ਨੂੰ ਭੱਜਣ ਦੀ ਕੀਤੀ।
ਤੇ ਫੇਰ ਜਨਵਰੀ ਵਿਚ ਜਦੋਂ ਹਰਿੰਦਰ ਪਟਿਆਲੇ ਗਿਆ ਸੀ, ਪਦਮਾ ਓਥੇ ਨਹੀਂ ਸੀ। ਪੁਸ਼ਪਿੰਦਰ ਨੇ ਦੱਸਿਆ, ਉਹਦਾ ਬਾਪ ਮਰ ਗਿਆ ਹੈ। ਭਰਜਾਈਆਂ ਨੇ ਉਹਨੂੰ ਪੜ੍ਹਨੋਂ ਹਟਾ ਲਿਆ। ਬਾਪ ਹੀ ਸੀ ਬੱਸ…
ਹਰਿੰਦਰ ਦੇ ਧੁਰ-ਅੰਦਰ ਜਿਵੇਂ ਕਿਧਰੇ ਕੋਈ ਚੀਜ਼ ਟੁੱਟ ਗਈ ਹੋਵੇ। ਕੁੜੀਆਂ ਦੇ ਉਸ ਹੋਸਟਲ ਵਿਚ ਪਦਮਾ ਜਿਵੇਂ ਇਕ ਖੁਸ਼ਬੂ ਸੀ ਤੇ ਉਹ ਖੁ .ਬੂ ਉਸ ਦਿਨ ਓਥੇ ਨਹੀਂ ਸੀ। ਹਰਿੰਦਰ ਨੇ ਪੁਸ਼ਪਿੰਦਰ ਨੂੰ ਬਹੁਤਾ ਕੁਝ ਨਹੀਂ ਪੁੱਛਿਆ। ਖਾਲੀ-ਖਾਲੀ ਮਨ ਲੈ ਕੇ ਉਹ ਪਟਿਆਲਿਓਂ ਮੁੜ ਆਇਆ ਸੀ। ਉਹਦਾ ਜੀਅ ਕੀਤਾ ਸੀ, ਸੰਗਰੂਰ ਬੱਸ-ਸਟੈਂਡ ਤੋਂ ਪਦਮਾ ਦੇ ਘਰ ਜਾਵੇ। ਉਹਨੇ ਟਿਕਟ ਵੀ ਤਾਂ ਸੰਗਰੂਰ ਤੱਕ ਦਾ ਹੀ ਲਿਆ ਸੀ। ਪਰ ਪਤਾ ਨਹੀਂ ਕੀ ਉਹਨੇ ਸੋਚਿਆ। ਉਹਨੇ ਅਗਲੀ ਬੱਸ ਦਾ ਤਰਨਾਲੇ ਦਾ ਹੀ ਟਿਕਟ ਲੈ ਲਿਆ ਸੀ।
ਤੇ ਹੁਣ ਪਦਮਾ ਸੰਗਰੂਰ ਦੀ ਹੀ ਇਕ ਗਲੀ ਚੇ ਮਾਡਲ ਸਕੂਲ ਵਿਚ ਪੜ੍ਹਾਉਂਦੀ ਸੀ। ਉਹਨੂੰ ਦੋ ਸੌ ਰੁਪਿਆ ਮਹੀਨਾ ਤਨਖਾਹ ਮਿਲਦੀ। ਸਕੂਲ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਸੀ। ਅਜਿਹੇ ਸਕੂਲ ਸ਼ਹਿਰ ਦੇ ਮੁਹੱਲੇ-ਮੁਹੱਲੇ ਗਲੀ-ਗਲੀ ਵਿਚ ਲੋਕਾਂ ਨੇ ਖੋਲ੍ਹ ਰੱਖੇ ਸਨ। ਦਸਵੀਂ ਖਾਸ ਤੇ ਬੀਏ ਪਾਸ, ਐੱਮੇ ਪਾਸ ਵੀ ਘਰ ਵਿਹਲੀਆਂ ਬੈਠੀਆਂ, ਕਿਸੇ ਸਰਕਾਰੀ ਪੱਕੀ ਨੌਕਰੀ ਜਾਂ ਵਿਆਹ ਦੀ ਉਡੀਕ ਕਰਦੀਆਂ ਕੁੜੀਆਂ ਸੌ-ਸੌ, ਦੋ-ਦੋ ਸੌ ਰੁਪਏ ਵਿਚ ਆਮ ਮਿਲ ਜਾਂਦੀਆਂ। ਇਕ ਪ੍ਰਕਾਰ ਨਾਲ ਦੁਕਾਨਾਂ ਖੋਲ੍ਹ ਰੱਖੀਆਂ ਸਨ ਇਹ ਢੰਗੀ ਬੰਦਿਆਂ ਨੇ।
10
ਹਰਦਿੱਤ ਸਿੰਘ ਅਤੇ ਉਹਦੀ ਪਤਨੀ ਦਿਆਲੇ ਇਕੱਲੇ ਬਹਿ ਕੇ ਝੇੜਾ ਕਰਦੇ ਕਿ ਉਹ ਕੁੜੀ ਨੂੰ ਵਿਆਹ ਕਰਵਾਉਣ ਲਈ ਕਿਹੜੀ ਵਿਧ ਨਾਲ ਮਨਾ ਸਕਦੇ ਹਨ । ਹੁਣ ਤਾਂ ਉਹਦੇ ਉਹ ਦਿਨ ਵੀ ਲੰਘ ਗਏ ਜਦੋਂ ਉਹਨੂੰ ਮੱਲੋ-ਮੱਲੀ ਵਿਆਹਿਆ ਜਾ ਸਕਦਾ ਸੀ। ਐਨਾ ਪੜ੍ਹ-ਲਿਖ ਗਈ ਹੈ, ਪ੍ਰੋਫੈਸਰ ਲੱਗੀ ਹੋਈ ਹੈ, ਆਪਣਾ ਆਪ ਕਮਾ ਕੇ ਖਾਂਦੀ ਹੈ, ਹੁਣ ਉਹ ਉਹਨਾਂ ਦੀ ਤੜੀ ਨਹੀਂ ਝੱਲ ਸਕਦੀ। ਕੋਠੇ ਖੜਕ ਸਿੰਘ ਵੀ ਉਹ ਤਾਂ ਕਦੇ-ਕਦੇ ਹੀ ਆਉਂਦੀ। ਆਉਂਦੀ ਵੀ ਤਾਂ ਇਕ ਰਾਤ ਤੋਂ ਵਧ ਨਾ ਕਟਦੀ। ਬਹੁਤੇ ਵਾਰੀ ਐਤਵਾਰ ਨੂੰ ਸਵੇਰੇ-ਸਵੇਰੇ ਆਈ ਅਤੇ ਸ਼ਾਮ ਮੁੜ ਗਈ।
ਇਕ ਦਿਨ ਉਹ ਪੂਰਾ ਮਥ ਕੇ ਬਠਿੰਡੇ ਗਏ। ਪੁਸ਼ਪਿੰਦਰ ਵੀ ਜਾਣਦੀ ਸੀ ਕਿ ਉਹ ਕਿਵੇਂ ਆਏ ਹਨ। ਇਹ ਤੋਂ ਬਿਨਾਂ ਤਾਂ ਉਹਨਾਂ ਕੋਲ ਦੂਜੀ ਕੋਈ ਗੱਲ ਹੀ ਨਹੀਂ ਸੀ। ਉਹ ਕਾਲਜ ਵਿਚ ਹੀ ਸਿੱਧਾ ਉਹਦੇ ਕੋਲ ਗਏ। ਪੁਸ਼ਪਿੰਦਰ ਨੇ ਪਹਿਲਾਂ ਤਾਂ ਉਹਨਾਂ ਨੂੰ ਸਟਾਫ਼-ਰੂਮ ਵਿਚ ਬਿਠਾ ਦਿੱਤਾ। ਕਿਸੇ ਨੂੰ ਨਹੀਂ ਦੱਸਿਆ ਕਿ ਇਹ ਉਹਦੇ ਮਾਂ-ਪਿਓ ਹਨ । ਉਹਨਾਂ ਨੂੰ ਕਹਿੰਦੀ, ‘ਤੁਸੀਂ ਇਕ ਘੰਟਾ ਐਥੇ ਬੈਠੇ । ਮੈਂ ਇਕ ਪੀਰੀਅਡ ਲਾ ਲਵਾਂ । ਫੇਰ ਘਰ ਨੂੰ ਚਲਦੇ ਆਂ । ਘਰ ਜਾ ਕੇ ਈ ਚਾਹ ਪੀਵਾਂਗੇ।’
ਉਹਨੇ ਚਾਲੀ-ਚਾਲੀ ਮਿੰਟ ਦੇ ਲਗਾਤਾਰ ਦੋ ਪੀਰੀਅਡ ਲਾਏ। ਮਾਂ-ਪਿਓ ਸਬਰ ਨਾਲ ਕਮਰੇ ਵਿਚ ਬੈਠੇ ਰਹੇ। ਸੋਚ ਰਹੇ ਸਨ-ਜਦੋਂ ਆਵੇਗੀ, ਚੱਲ ਰਹਾਂਗੇ। ਰਾਤ ਤਾਂ ਰਹਿਣਾ ਹੀ ਹੈ। ਕਦੋਂ ਵੀ ਆ ਜਾਵੇ । ਪਰ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਪੁਸ਼ਪਿੰਦਰ ਉਹਨਾਂ ਨੂੰ ਓਥੇ ਬਿਠਾ ਕੇ ਆਪ ਕਿੱਧਰੇ ਭੱਜ ਗਈ ਹੋਵੇ । ਇਕ ਤਰ੍ਹਾਂ ਨਾਲ ਤਾਂ ਉਹ ਉਹਨਾਂ ਤੋਂ ਭੱਜੀ ਹੋਈ ਹੀ ਸੀ । ਉਹਨਾਂ ਦੇ ਆਖੇ ਨਹੀਂ ਲੱਗ ਰਹੀ ਸੀ।
ਇਕ ਵਜੇ ਉਹ ਕਾਲਜ ਵਿਚੋਂ ਤੁਰ ਪਏ । ਪੁਸ਼ਪਿੰਦਰ ਨੇ ਦੋ ਰਿਕਸ਼ੇ ਕੀਤੇ। ਇਕ ਉੱਤੇ ਉਹ ਅਤੇ ਮਾਂ ਬੈਠ ਗਈਆਂ, ਇਕ ਉੱਤੇ ਉਹਦਾ ਪਿਓ। ਕਿਲੇ ਕੋਲ ਪੁਸ਼ਪਿੰਦਰ ਦਾ ਚੁਬਾਰਾ ਸੀ। ਇਹਨਾਂ ਦਿਨਾਂ ਵਿਚ ਉਹ ਫੇਰ ਇਕੱਲੀ ਸੀ। ਜੈਲੋ ਚਾਰ ਮਹੀਨੇ ਟਿਊਸ਼ਨ ਦੇ ਪੂਰੇ ਕਰਕੇ ਪੇਪਰ ਦੇ ਕੇ ਪਿੰਡ ਨੂੰ ਚਲੀ ਗਈ ਸੀ।
ਸਵੇਰੇ-ਸਵੇਰੇ ਰੋਟੀ ਪਕਾਉਣ ਇਕ ਕੁੜੀ ਆਉਂਦੀ ਹੁੰਦੀ। ਗਰੀਬ ਘਰ ਦੀ ਕੋਈ ਕੁੜੀ ਸੀ। ਆਪ ਦੀ ਦੋਵੇਂ ਡੰਗਾਂ ਦੀ ਰੋਟੀ ਖਾ ਜਾਂਦੀ। ਪੁਸ਼ਪਿੰਦਰ ਉਹਨੂੰ ਪੰਜਾਹ ਰੁਪਏ ਮਹੀਨਾ ਦਿੰਦੀ। ਉਸ ਦਿਨ ਪੁਸ਼ਪਿੰਦਰ ਜੋਗੀ ਦੁਪਹਿਰ ਦੀ ਰੋਟੀ ਤਾਂ ਹੈਗੀ ਸੀ। ਉਹਨੇ ਪਹਿਲਾਂ ਤਾਂ ਸਟੋਵ ਉੱਤੇ ਚਾਹ ਬਣਾਈ, ਫੇਰ ਮਾਲਕ-ਮਕਾਨ ਦੇ ਮੁੰਡੇ ਨੂੰ ਬਜ਼ਾਰ ਭੇਜ ਕੇ ਹੋਟਲ ਤੋਂ ਸਬਜ਼ੀ ਅਤੇ ਦਹੀਂ ਮੰਗਵਾ ਲਈ। ਆਟਾ ਗੁੰਨ੍ਹ ਕੇ ਰੋਟੀ ਪਕਾਉਣ ਲੱਗੀ। ਦਿਆਲੋ ਕਹਿੰਦੀ, ‘ਐਨੀ ਗਰਮੀ ’ਚੋਂ ਆਈ ਐਂ, ਲਿਆ ਮੈਂ ਲਾਹ ਦਿੰਨੀ ਆਂ ਰੋਟੀ ਤਾਂ, ਤੂੰ ਆਪਣੇ ਬਾਪੂ ਜੀ ਕੋਲ ਬੈਠ।
ਹਰਦਿੱਤ ਸਿੰਘ ਕਹਿਣ ਲੱਗਿਆ, ‘ਪਿੰਦਰਾ, ਰੋਟੀ ਦੀ ਤਾਂ ਖਾਸ ਲੋੜ ਵੀ ਨ੍ਹੀਂ ਕੋਈ, ਖਾ ਕੇ ਤੁਰੇ ਸੀ। ਤੂੰ ਪਕਵਾ ਲੈ ਆਵਦੀ ਮਾਂ ਤੋਂ, ਖਾਣੀ ਹੋਊ ਤੈਂ ਤਾਂ ਅਜੇ।’ ਤੇ ਫੇਰ ਖੁੱਸੀ ਜਿਹੀ ਹਾਸੀ ਹੱਸ ਕੇ ਬੋਲਿਆ, ‘ਪੜ੍ਹਿਆਂ-ਲਿਖਿਆਂ ਦਾ ਵੇਲਾ ਦੇਖ ਲੋ ਰੋਟੀ ਖਾਣ ਦਾ ।’
‘ਜਿੰਨੀ ਖਾਣੀ ਹੋਈ, ਖਾ ਲਿਓ। ਥੋੜ੍ਹੀ-ਥੋੜ੍ਹੀ ਖਾ ਲੋ।’ ਦਿਆਲੋ ਰੋਟੀਆਂ ਪਕਾਉਣ ਲੱਗ ਪਈ। ਪੁਸ਼ਪਿੰਦਰ ਹਰਦਿੱਤ ਸਿੰਘ ਕੋਲ ਆ ਬੈਠੀ। ਉਹ ਓਸੇ ਖੁੱਸੀ ਹਾਸੀ ਵਿਚ ਕਹਿੰਦਾ, ‘ਤੂੰ ਤਾਂ ਭਾਈ ਪਿੰਦਰੇ, ਐਂ ਕੱਲੀ ਜੀ ਰਹਿਨੀ ਐਂ, ਜਿਮੇਂ ਟੇਸ਼ਣ ‘ਤੇ ਰਾਤ ਕੱਟੀ ਦੀ ਹੁੰਦੀ ਐ। ਇਹ ਤਾਂ ਕੁਸ ਗੱਲ ਨਾ ਹੋਈ।’
ਪੁਸ਼ਪਿੰਦਰ ਬਣੌਟੀ ਜਿਹਾ ਮੁਸਕਰਾਈ।
‘ਲੈ ਬਈ, ਪਿੰਦਰਾ, ਹੁਣ ਨ੍ਹੀਂ ਅਸੀਂ ਤੇਰੀ ਕੋਈ ਗੱਲ ਸੁਣਨੀ। ਤੇਰੇ ਬਹਾਨੇ ਸਭ ਖ਼ਤਮ। ਅੱਜ ਤਾਂ ਤੇਰੇ ਮੂੰਹੋਂ ‘ਹਾਂ’ ਕੁਹਾ ਕੇ ਹੀ ਜਾਮਾਂਗੇ ।’ ਹਰਦਿੱਤ ਸਿੰਘ ਦੀ ਓਹੀ ਖੁੱਸੀ ਹਾਸੀ ਕਾਇਮ ਸੀ।
‘ਜੇ ਮੈਂ ‘ਹਾਂ’ ਆਖੀ ਈ ਨਾ, ਫੇਰ ਕੀ ਕਰੋਗੇ, ਬਾਪੂ ਜੀ ?’ ਉਹ ਵੀ ਹੱਸੀਂ ਜਾ ਰਹੀ ਸੀ।
ਪੁਸ਼ਪਿੰਦਰ ਉੱਠੀ ਅਤੇ ਥੱਲਿਓਂ ਮਾਲਕ-ਮਕਾਨ ਦੇ ਫਰਿੱਜ ਵਿਚੋਂ ਦੋ ਬੋਤਲਾਂ ਪਾਣੀ ਦੀਆਂ ਕੱਢ ਲਿਆਈ। ਥੱਲੇ ਗਈ ਨੇ ਉਹਨੇ ਖਾਸਾ ਚਿਰ ਲਾ ਦਿੱਤਾ ਸੀ । ਮਾਲਕ-ਮਕਾਨ ਦੀ ਘਰਵਾਲੀ ਨੇ ਪੁੱਛ ਲਿਆ ਸੀ ਕਿ ਇਹ ਕੌਣ ਨੇ ਬੀਬੀ ? ਉਹ ਤਾਂ ਥੱਲੇ ਜਿਵੇਂ ਚਿਰ ਹੀ ਲਾਉਣਾ ਚਾਹੁੰਦੀ ਹੋਵੇ। ਆਪਣੇ ਮਾਂ-ਬਾਪ ਬਾਰੇ ਦੱਸਣ ਲੱਗੀ। ਮਕਾਨ-ਮਾਲਕਣ ਕਹਿ ਰਹੀ ਸੀ, ‘ਤਾਂ ਭਾਈ ਹੋਰ ਲੈ ਜਾ, ਜਿਹੜੀ ਚੀਜ਼ ਦੀ ਲੋੜ ਐ। ਫਰਿੱਜ ‘ਚ ਫਲ ਪਿਆ ਹੋਊ ਕੋਈ, ਉਹ ਲੈ ਜਾ ।
ਉਹ ਦੁਬਾਰੇ ਵਿਚ ਆਈ ਤਾਂ ਮਾਂ ਰੋਟੀ ਪਕਾ ਚੁੱਕੀ ਸੀ। ਆਟੇ ਵਾਲੇ ਹੱਥ ਧੋ ਰਹੀ ਸੀ।
ਮੇਜ਼ ਲਾ ਕੇ ਤਿੰਨਾਂ ਨੇ ਰੋਟੀ ਖਾ ਲਈ। ਰੋਟੀ ਖਾਂਦੇ ਉਹ ਕੁਝ ਨਹੀਂ ਬੋਲੇ । ਪੁਸ਼ਪਿੰਦਰ ਕਦੇ- ਕਦੇ ਆਪਣੇ ਕਾਲਜ ਦੀ ਕੋਈ ਗੱਲ ਕਰਦੀ। ਉਹ ਬੇਧਿਆਨਾ ਜਿਹਾ ਹੁੰਗਾਰਾ ਭਰਦੇ। ਵਿਚ-ਵਿਚ ਦੀ ਕਦੇ ਦਿਆਲੋ ਧੀ ਦੇ ਮੂੰਹ ਵੱਲ ਝਾਕਣ ਲਗਦੀ ਅਤੇ ਕਦੇ ਹਰਦਿੱਤ ਸਿੰਘ ਚੋਰ-ਨਜ਼ਰ ਨਾਲ ਝਾਕਦਾ। ਜਿਵੇਂ ਦੋਵੇਂ ਹੀ ਕੁੜੀ ਉੱਤੇ ਨਜ਼ਰਾਂ ਦੀਆਂ ਤਰਸ-ਭਰੀਆਂ ਪਿਚਕਾਰੀਆਂ ਸੁੱਟ ਰਹੇ ਹੋਣ। ਇਹ ਵੀ ਸੰਭਵ ਹੋਵੇਗਾ ਕਿ ਦੋਵੇਂ ਜਣੇ ਕੁੜੀ ਉੱਤੇ ਗੁੱਝਾ-ਗੁੱਝਾ ਖਿੱਝ ਰਹੇ ਹੋਣ।
ਰੋਟੀ ਤੋਂ ਬਾਅਦ ਇਕ ਮੰਜਾ ਪੁਸ਼ਪਿੰਦਰ ਨੇ ਥੱਲਿਓਂ ਮੰਗਵਾ ਲਿਆ। ਦੋ ਮੰਜੇ ਪਹਿਲਾਂ ਚੁਬਾਰੇ ਵਿਚ ਹੈਗੇ ਸਨ। ਛੱਤ ਉੱਤੇ ਪੱਖਾ ਚੱਲ ਰਿਹਾ ਸੀ। ਤਿੰਨੇ ਅਲੱਗ-ਅਲੱਗ ਮੰਜਿਆਂ ਉੱਤੇ ਪੈ ਗਏ। ਪੁਸ਼ਪਿੰਦਰ ਸੌਣ ਦੀ ਕੋਸ਼ਿਸ਼ ਕਰਦੀ ਲੱਗ ਰਹੀ ਸੀ। ਦਿਆਲੋ ਨੇ ਬਿੰਦ ਕੁ ਪਾਸਾ ਮਾਰਿਆ ਅਤੇ ਉੱਠ ਕੇ ਬੈਠ ਗਈ। ਉਹਨੇ ਸੋਚਿਆ, ਉਹ ਏਥੇ ਸੌਣ ਥੋੜ੍ਹਾ ਆਈ ਹੈ । ਹਰਦਿੱਤ ਸਿੰਘ ਸਿੱਧਾ ਪਿਆ ਪੱਖੇ ਵੱਲ ਬਿੱਟ-ਬਿੱਟ ਲਗਾਤਾਰ ਝਾਕੀਂ ਜਾ ਰਿਹਾ ਸੀ। ਉਹ ਬਿੰਦੇ-ਬਿੰਦੇ ਖੰਘੂਰ ਜਿਹੀ ਮਾਰਦਾ। ਜਿਵੇਂ ਕੁਝ ਬੋਲਣ ਵਾਲਾ ਹੀ ਹੋਵੇ।
ਦਿਆਲ ਹੀ ਬੋਲੀ, ‘ਪਿੰਦਰ ਪੁੱਤ, ਗੱਲ ਕਰ ਕੋਈ। ਅਸੀਂ ਤਾਂ ਚੱਲ ਕੇ ਆਏ ਆਂ ਤੇਰੇ ਕੋਲ। ਕੋਈ ਦੇਹ ਸਵਾਲ-ਜਵਾਬ। ਅਇਓਂ ਤਾਂ ਸਰਨਾ ਨ੍ਹੀਂ ਡੱਡੇ ।’
ਪੁਸ਼ਪਿੰਦਰ ਪਹਿਲਾਂ ਤਾਂ ਬੋਲੀ ਨਾ । ਜਿਵੇਂ ਸੁਣਿਆ ਹੀ ਨਾ ਹੋਵੇ| ਫੇਰ ਬੈਠੀ ਹੋ ਗਈ। ਕਹਿਣ ਲੱਗੀ, ‘ਦੱਸੋ, ਕੀ ਦੇਵਾਂ ਸਵਾਲ-ਜਵਾਬ ?’
‘ਪਿੰਡ ‘ਚ ਤਾਂ ਭਾਈ ਗੱਲਾਂ ਬਣਨ ਲੱਗ ਪੀਆਂ ਹੁਣ। ਕੋਈ ਕੁਸ ਆਖਦੈ, ਕੋਈ ਕੁਸ ਆਖਦੈ। ਸੁਣਿਆ ਕਿਹੜਾ ਜਾਂਦੈ। ਵਸਣਾ ਔਖਾ ਹੋ ਗਿਆ । ਦਿਨ-ਕਟੀ ਦੁੱਭਰ ਹੋਈ ਪਈ ਐ ਸਾਡੀ ਤਾਂ । ਤੂੰ ਸਮਝ ਕਰ ਕੋਈ। ਸਾਡੇ ਕੰਨੀਂ ਦੇਖ।’ ਦਿਆਲੋ ਨੇ ਜਿਵੇਂ ਘਿਣਾਂ ਪਾਈਆਂ ਹੋਣ।
ਪੁਸ਼ਪਿੰਦਰ ਨੀਵੀਂ ਪਾ ਕੇ ਬੈਠੀ ਹੋਈ ਸੀ । ਮੰਜੇ ਦੇ ਇਕ ਸੰਘੇ ਦੀਆਂ ਰੱਸੀਆਂ ਵਾਰ-ਵਾਰ ਗਿਣਦੀ।
ਫੇਰ ਪਿਓ ਬੋਲਿਆ, ‘ਹੁਣ ਤਾਂ ਭਾਈ ਅਖੀਰ ਆ ਗੀ। ਆਖਰ ਨੂੰ ਈ ਅਸੀਂ ਆਏ ਆਂ ਦੋਵੇਂ ਚੱਲ ਕੇ। ਬੁਢੇਪੇ ਵਾਰੀਂ ਸਾਡੇ ਦਾੜ੍ਹੀ-ਫੁੱਲ ਨਾ ਪਾ। ਘਰ ‘ਚ ਕਾਸੇ ਦਾ ਘਾਟਾ ਨ੍ਹੀਂ । ਇਕ ਆ ਫੇਰ ਦੁੱਖ ਨ੍ਹੀਂ ਸਾਥੋਂ ਝੱਲਿਆ ਜਾਂਦਾ । ਤੂੰ ਜਿਹੋ-ਜ੍ਹਾ ਵੀ ਮੁੰਡਾ ਕਹਿਨੀਂ ਐ, ਤੈਨੂੰ ਭਾਲ ਦਿੰਨੇ ਆਂ। ਵਿਆਹ ‘ਤੇ ਚਾਹੇ ਲੱਖ ਲੱਗ ਜੇ, ਚਾਹੇ ਡੂਢ ਲੱਖ ਲੱਗ ਜੇ, ਅਸੀਂ ਲਾਮਾਂਗੇ। ਤੂੰ ਐਂ ਨਾ ਕਰ ਮੇਰੀ ਧੀ। ਇਕ ਵਾਰ ਹਾਂ ਕਹਿ ਦੇ, ਮਾੜਾ ਜਾ।
ਕੁੜੀ ਪਲਕਾਂ ਪੁੱਟ ਕੇ ਪਿਓ ਵੱਲ ਝਾਕੀ । ਉਹਦੀਆਂ ਅੱਖਾਂ ਵਿਚ ਜ਼ਹਿਰ ਸੀ। ਉਹਨੂੰ ਪੱਕਾ ਯਕੀਨ ਹੋ ਗਿਆ ਲਗਦਾ ਸੀ ਕਿ ਨਸੀਬ ਜੇ ਉਹਦੇ ਪਿਓ ਨੇ ਆਪ ਆਪਣੇ ਹੱਥੀਂ ਨਹੀਂ ਖਪਾਇਆ ਤਾਂ ਕਿਸੇ ਦੂਜੇ ਤੋਂ ਮਰਵਾਇਆ ਜ਼ਰੂਰ ਹੈ । ਉਹਦੀ ਮੌਤ ਦਾ ਕਾਰਨ ਪੁਸ਼ਪਿੰਦਰ ਆਪ ਸੀ। ਇਸ ਕਰਕੇ ਉਹਦੇ ਪਿਓ ਤੋਂ ਬਿਨਾਂ ਹੋਰ ਕੋਈ ਇਹ ਕੰਮ ਨਹੀਂ ਕਰਵਾ ਸਕਦਾ ਸੀ। ਹੋਰ ਕਿਸੇ ਨੂੰ ਲੋੜ ਵੀ ਕੀ ਸੀ ? ਨਸੀਬ ਦੀ ਤਾਂ ਕਿਸੇ ਨਾਲ ਭੋਰਾ ਭਰ ਵੀ ਕੋਈ ਦੁਸ਼ਮਣੀ ਨਹੀਂ ਸੀ। ਪੁਲਿਸ ਵਾਲਿਆਂ ਨੂੰ ਉਹਦੇ ਪਿਓ ਉੱਤੇ ਕੀ ਸ਼ੱਕ ਹੋ ਸਕਦਾ ਸੀ। ਨਸੀਬ ਨਾਲ ਉਹਦੇ ਗੁਪਤ ਸਬੰਧਾਂ ਦਾ ਤਾਂ ਕੋਠੇ ਖੜਕ ਸਿੰਘ ਵਿਚ ਵੀ ਲੋਕਾਂ ਨੂੰ ਪਤਾ ਨਹੀਂ ਸੀ, ਰਾਮਪੁਰਾ ਮੰਡੀ ਦੀ ਪੁਲਿਸ ਨੂੰ ਕੀ ਪਤਾ ਹੁੰਦਾ। ਕਿਉਂ ਉਹ ਨਸੀਬ ਦੇ ਕਤਲ ਦਾ ਸ਼ੱਕ ਉਹਦੇ ਪਿਓ ਉੱਤੇ ਕਰਦੇ ਫਿਰਦੇ। ਇਸ ਸਬੰਧੀ ਉਹਨੇ ਆਪਣੇ ਦੁਖਾਂ ਦੀ ਭੇਤਣ ਜੈਲੋ ਨਾਲ ਕਈ ਵਾਰ ਗੱਲਾਂ ਕੀਤੀਆਂ ਸਨ। ਹੁਣ ਜਦੋਂ ਉਹ ਜ਼ਹਿਰ- ਭਰੀਆਂ ਅੱਖਾਂ ਨਾਲ ਪਿਓ ਵੱਲ ਝਾਕ ਰਹੀ ਸੀ ਤਾਂ ਉਹ ਚਿਤ ਦੇ ਕਿਸੇ ਕੋਨੇ ਵਿਚ ਖੁਸ਼ ਵੀ ਸੀ। ਪਿਓ ਦਾ ਅਤੇ ਮਾਂ ਦਾ ਦੁਖੀ ਹੋਣਾ ਉਹਨੂੰ ਚੰਗਾ ਲੱਗ ਰਿਹਾ ਸੀ। ਨਸੀਬ ਦੇ ਕਤਲ ਦੀ ਸਜ਼ਾ ਸਰਕਾਰ ਦੇ ਕਿਸੇ ਕਾਨੂੰਨ ਨੇ ਤਾਂ ਉਹਦੇ ਪਿਓ ਨੂੰ ਨਹੀਂ ਦਿੱਤੀ ਸੀ, ਹੁਣ ਉਹਨਾਂ ਦਾ ਇਸ ਪ੍ਰਕਾਰ ਧੀ ਵਲੋਂ ਦੁਖੀ ਹੋਣਾ, ਤੜਫ਼ਣਾ ਅਤੇ ਯਈਂ-ਯਈਂ ਕਰਕੇ ਲੇਲ੍ਹੜੀਆਂ ਕੱਢਣਾ ਇਕ ਸਜ਼ਾ ਹੀ ਸੀ, ਜੋ ਉਹ ਆਪ ਉਹਨਾਂ ਨੂੰ ਦੇ ਰਹੀ ਸੀ। ਪੁਸ਼ਪਿੰਦਰ ਮੂੰਹੋਂ ਕੁਝ ਨਾ ਬੋਲੀ। ਉਹਦਾ ਮਨ ਆਖਦਾ ਸੀ, ‘ਹੋਰ ਤੜਫ ਬੁੱਢਿਆ, ਹੋਰ ਦੁਖੀ ਹੋ ਤਾਂ ਜੋ ਮੇਰੇ ਕਾਲਜੇ ਕੁੱਛ ਤਾਂ ਠੰਡ ਪਵੇ।’
‘ਐਨਾ ਪੜ੍ਹ ਗੀ, ਚੰਗੇ ਕਿੱਤੇ ‘ਤੇ ਲੱਗੀ ਵਈ ਐਂ; ਫੇਰ ਘਰ ਕੋਈ ਕਮੀ ਨ੍ਹੀਂ ਆਪਣੇ। ਹੁਣ ਤਾਂ ਚਾਹੇ ਰਾਜਾ ਢੁੱਕ ਪੇ। ਹੁਣ ਤਾਂ ਸਭ ਰੰਗ-ਭਾਗ’, ਦਿਆਲੋ ਬੋਲ ਰਹੀ ਸੀ।
‘ਨੌਕਰੀ ਦੀ ਤਾਂ ਲੋੜ ਵੀ ਕੋਈ ਨ੍ਹੀਂ ਸੀ। ਨੌਕਰੀਆਂ ਤਾਂ ਉਹ ਕਰਦੇ ਨੇ, ਜਿਨ੍ਹਾਂ ਦੇ ਘਰ ਕੁਸ ਨਾ ਹੋਵੇ। ਆਪਣੇ ਤਾਂ ਕੁੱਲ ਚੀਜ਼ ਐ।’ ਹਰਦਿੱਤ ਸਿੰਘ ਨੇ ਆਖਿਆ।
ਦਿਆਲੋ ਆਪਣੇ ਮੰਜੇ ਤੋਂ ਉੱਠ ਕੇ ਪੁਸ਼ਪਿੰਦਰ ਕੋਲ ਜਾ ਬੈਠੀ । ਉਹਦੇ ਸਿਰ ਦੇ ਵਾਲਾਂ ਨੂੰ ਪਲੋਸਦੀ ਹੋਈ ਕਹਿਣ ਲੱਗੀ, ‘ਕਿਉਂ ਪਿੰਦਰਾ ਪੁੱਤ, ਦੱਸ ਫੇਰ ? ਕਰੀਏ ਕਿਧਰੇ ਕੋਈ ਗੱਲ-ਬਾਤ ?
ਪੁਸ਼ਪਿੰਦਰ ਬੋਲੀ ਨਹੀਂ। ਸਿਰ ਮਾਰ ਦਿੱਤਾ। ਮਾਂ ਨਿਰਾਸ਼ ਹੋ ਕੇ ਉਹਤੋਂ ਦੂਰ ਹਟ ਗਈ। ਅੱਖਾਂ ਵਿਚ ਪਾਣੀ ਭਰ ਲਿਆ। ਓਧਰ ਹਰਦਿੱਤ ਸਿੰਘ ਨੇ ਵੀ ਆਪਣਾ ਨੱਕ ਸਿਣਕਿਆ। ਫੇਰ ਖੰਘਿਆ। ਆਪਣੇ ਮੰਜੇ ਉੱਤੋਂ ਉਠ ਕੇ ਉਹ ਪੁਸ਼ਪਿੰਦਰ ਦੇ ਮੰਜੇ ਕੋਲ ਆਇਆ ਅਤੇ ਥੱਲੇ ਫਰਸ਼ ਉੱਤੇ ਪੈਰਾਂ ਭਾਰ ਬੈਠ ਕੇ ਆਖਣ ਲੱਗਿਆ, ‘ਸਾਡੀ ਤਾਂ ਕੋਈ ਜੂਨ ਨ੍ਹੀਂ ਭਾਈ ਫੇਰ। ਅਸੀਂ ਜਿਉਂਦੇ ਰਹਿ ਨ੍ਹੀਂ ਸਕਦੇ। ਸਾਡਾ ਹੀਲਾ ? ਚੱਲ, ਤੂੰ ਸਾਡੇ ਕੰਨੀ ਨ੍ਹੀਂ ਦੇਖਣਾ, ਆਵਦਾ ਦੇਖ | ਐਡੇ ਵੱਡੇ ਘਰ ਦੀ ਕੁੜੀ ਕੁਮਾਰੀ ਬੈਠੀ ਹੋਵੇ ਘਰੇ, ਕੀ ਕਹੂਗਾ ਜੱਗ?’
ਉਹ ਦੋਵੇਂ ਜਣੇ ਰੋ ਰਹੇ ਸਨ। ਧੀ ਪੱਥਰ ਦਾ ਬੁੱਤ ਬਣੀ ਥਾਂ ਦੀ ਥਾਂ ਬੈਠੀ ਹੋਈ ਸੀ। ਨਾ ਬੋਲਦੀ, ਨਾ ਰੋਂਦੀ । ਰੋਵੇ ਵੀ ਤਾਂ ਕਿਵੇਂ, ਅੱਖਾਂ ਵਿਚੋਂ ਪਾਣੀ ਮੁੱਕ ਚੁੱਕਿਆ ਸੀ । ਤੇ ਨਾਲੇ ਜ਼ਾਲਮਾਂ ਸਾਹਮਣੇ ਰੋਣ ਦਾ ਲਾਭ ਵੀ ਕੀ ?
ਹਰਦਿੱਤ ਸਿੰਘ ਉੱਠ ਕੇ ਆਪਣੇ ਮੰਜੇ ਉੱਤੇ ਆ ਬੈਠਾ, ਦਿਆਲੇ ਆਪਣੇ ਮੰਜੇ ਉੱਤੇ ਤੇ ਫੇਰ ਦਿਆਲੋ ਗਲ ਤੱਕ ਗੁੱਸੇ ਨਾਲ ਭਰੀ ਹੋਈ ਬੋਲੀ, ‘ਤਾਂ ਫੇਰ ਅਸੀਂ ਮਰੀ ਸਮਝ ਲੀਏ ਤੈਨੂੰ ?
ਪੁਸ਼ਪਿੰਦਰ ਫੇਰ ਵੀ ਨਹੀਂ ਬੋਲੀ । ਬੈਠੀ-ਬੈਠੀ ਮੰਜੇ ਉੱਤੇ ਪੈ ਗਈ। ਉਹਨਾਂ ਵੱਲ ਪਿੱਠ ਕਰ ਲਈ। ਹਰਦਿੱਤ ਸਿੰਘ ਆਪਣੇ ਪੈਰਾਂ ਦੇ ਜੋੜੇ ਲੱਭ ਰਿਹਾ ਸੀ। ਜੋੜੇ ਪਾ ਕੇ ਉਹ ਮੰਜੇ ਦੀ ਬਾਹੀ ਉੱਤੇ ਬੈਠ ਗਿਆ ਅਤੇ ਦੋਵੇਂ ਹੱਥਾਂ ਨਾਲ ਦਾੜ੍ਹੀ ਨੂੰ ਪਲੋਸਦਾ ਹੋਇਆ ਦਿਆਲੋ ਨੂੰ ਕਹਿਣ ਲੱਗਿਆਂ ‘ਚੱਲ, ਉੱਠ ਹੁਣ, ਚੱਲੀਏ । ਆਪਾਂ ਇਹਦੇ ਕੀ ਲਗਦੇ ਆਂ ?’
ਦਿਆਲੋ ਬੋਲੀ, ‘ਐਦੂੰ ਤਾਂ ਮੈਂ ਜੰਮਣਾ ਕਾਹਨੂੰ ਸੀ ਇਹਨੂੰ । ਝਾਟੇ ਖੇਹ ਪਵਾ ਤੀ ਨਿੱਜੜੀ ਨੇ । ਪਹਿਲਾਂ ਨਾਈ ਦਾ ਖਹਿੜਾ ਨ੍ਹੀਂ ਸੀ ਛਡਦੀ, ਹੁਣ ਆਹ ਬੈਠੀ ਐ । ਤੜਕੇ ਦੇ ਭੌਂਕੀ ਜਾਨੇ ਆਂ, ਜਾਣਦੀ ਐ ਇਕ ਵੀ?’ ਤੇ ਫੇਰ ਬਹੁਤ ਔਖੀ ਹੋ ਕੇ ਦਿਆਲੋ ਕਹਿੰਦੀ, ‘ਜੇ ਅਸਲ ਦੀ ਜਣੀ ਹੋਮੇਂਗੀ, ਕੋਠੇ ਨੱਤ ਨਾ ਦੇਈਂ । ਅਸੀਂ ਤਾਂ ਫੂੜੀ ਪਾ ਚੱਲੇ।’ ਤੇ ਫੇਰ ਹਰਦਿੱਤ ਸਿੰਘ ਨੂੰ ਉਹਨੇ ਆਖਿਆ, ‘ਚੱਲ, ਤੁਰ ਹੁਣ।
ਦੋਵੇਂ ਜਣੇ ਚੁਬਾਰੇ ਦੀਆਂ ਪੌੜੀਆਂ ਉੱਤਰ ਗਏ। ਕਿਲੇ ਦੇ ਦਰਵਾਜੇ ਅੱਗੇ ਆ ਕੇ ਹਰਦਿੱਤ ਸਿੰਘ ਨੇ ਇਕ ਰਿਕਸ਼ੇ ਵਾਲੇ ਨੂੰ ਰੋਕ ਲਿਆ । ਪੁੱਛਣ ਲੱਗਿਆ, ‘ਕਿੰਨੇ ਪੈਸੇ ਲਮੇਂਗਾ, ਅੱਡੇ ਤਾਈਂ ?’
ਦਿਆਲੋ ਨੇ ਵਿਚ ਦੀ ਹੀ ਟੋਕਿਆ, ‘ਰਛਕੇ ਨੂੰ ਕੀਹ ਐ, ਤੁਰੇ ਚਲਦੇ ਆਂ। ਅੱਡਾ ਐਨੀ ਕਿੰਨੀ ਕੁ ਦੂਰ ਹੋਊ।’
‘ਨਹੀਂ ਹਕਸ਼ਾ ਈ ਠੀਕ ਐ, ਗਲੀਆਂ ਜੀਆਂ ਵਿਚ ਦੀ ਆਪਾਂ ਨੂੰ ਰਾਹ ਦਾ ਪਤਾ ਵੀ ਨ੍ਹੀਂ ਲੱਗਣਾ, ਅੱਡੇ ਦਾ ।’ ਹਰਦਿੱਤ ਸਿੰਘ ਬੋਲਿਆ।
ਰਿਕਸ਼ੇ ਵਾਲਾ ਖੜਾ ਉਹਨਾਂ ਵੱਖ ਦੇਖ ਰਿਹਾ ਸੀ । ਫੇਰ ਬੋਲਿਆ, ‘ਦੋ ਰੁਪਏ।’
ਉਹ ਬੈਠ ਗਏ ।
ਬੱਸ-ਸਟੈਂਡ ਤੱਕ ਜਾਂਦੇ ਰਾਹ ਵਿਚ ਉਹ ਨਿੱਕੀ-ਨਿੱਕੀ ਕੋਈ ਗੱਲ ਕਰਦੇ, ਜਿਵੇਂ ਆਪਣੇ ਆਪ ਉੱਤੇ ਹੀ ਝੁਰ ਰਹੇ ਹੋਣ।
‘ਐਂ ਪਤਾ ਹੁੰਦਾ ਤਾਂ ਬਾਰਾਂ ਹਜ਼ਾਰ ਕਾਹਨੂੰ ਦੇ ਕੇ ਔਂਦਾ ਪਟਿਆਲੇ ਮੈਂ। ਐਮੇਂ ਗਾਲਿਆ ਐਨਾ ਪੈਸਾ।’
‘ਇਹੀ ਤਾਂ ਹੈ, ਆਪਾਂ ਤਾਂ ਇਹੀ ਸੋਚਿਆ ਸੀ, ਬਈ ਕਦੇ ਆ ਜੂ ਅਕਲ ਇਹਨੂੰ। ਦਿਆਲੋ ਕਹਿ ਰਹੀ ਸੀ।
ਤੇ ਫੇਰ ਰਾਮਪੁਰੇ ਵਾਲੀ ਬੱਸ ਵਿਚ ਕੋਲ-ਕੋਲ ਬੈਠੇ ਉਹ ਹਰਿੰਦਰ ਦੀਆਂ ਗੱਲਾਂ ਕਰਨ ਲੱਗੇ । ਹਰਦਿੱਤ ਸਿੰਘ ਕਹਿ ਰਿਹਾ ਸੀ, ‘ਹੁਣ ਤਾਂ ਸਾਰੀਆਂ ਆਸਾਂ ਮੁੰਡੇ ’ਤੇ ਨੇ । ਮੁੰਡਾ ਚੰਗੇ ਘਰ ਵਿਆਹਿਆ ਜਾਵੇ। ਆਵਦੀ ਕਬੀਲਦਾਰੀ ਸਾਂਭੇ ।’
‘ਮੁੰਡਾ ਤਾਂ ਮੁੰਡਾ ਐ, ਉਹਦਾ ਤਾਂ ਕੁਸ ਨੀ, ਧੀ ਦਾ ਬੜਾ ਮਾੜਾ ਹੋਇਆ। ਮੁੰਡਾ ਤਾਂ ਕਿਧਰੇ ਫਿਰਦਾ ਰਹੇ। ਧੀ ਆਵਦੇ ਘਰ ਈ ਚੰਗੀ ਹੁੰਦੀ ਐ। ਇਹ ਕੁੜੀ ਖਬਰੈ ਕੀ ਦਿਲ ‘ਚ ਲਈ ਬੈਠੀ ਐ, ਮੇਰੇ ਤਾਂ ਐਂ ਖਾਨੇ ‘ਚ ਨ੍ਹੀਂ ਵੜਦੀ ਗੱਲ। ਬੰਦੇ ਤਾਂ ਕਮਾਰੇ ਬੈਠੇ ਰਹਿੰਦੇ ਐ, ਬੰਦਿਆਂ ਦੀ ਹੋਰ ਗੱਲ ਹੁੰਦੀ ਐ, ਕਦੇ ਕੁੜੀਆਂ ਵੀ… । ਹੇ ਮੇਰੇ ਬਾਘਰੂ । ਦਿਆਲੋ ਕਮਲੀ ਬਣ ਕੇ ਬੈਠੀ ਹੋਈ ਸੀ।
ਦਿਨ ਢਲ ਚੱਲਿਆ ਸੀ । ਬੱਸ ਤੁਰਨ ਲੱਗੀ ਤਾਂ ਇਕਦਮ ਹੀ ਬਹੁਤ ਸਾਰੀਆਂ ਸਵਾਰੀਆਂ ਆ ਚੜ੍ਹੀਆਂ। ਸਾਰੀਆਂ ਸੀਟਾਂ ਭਰ ਚੁੱਕੀਆਂ ਸਨ। ਪੰਜ-ਸੱਤ ਬੰਦੇ ਵਿਚਕਾਰ ਜਿਹੇ ਹੋ ਕੇ ਖੜ੍ਹੇ ਵੀ ਸਨ। ਫੇਰ ਪਤੀ-ਪਤਨੀ ਨੇ ਕੋਈ ਗੱਲ ਨਹੀਂ ਕੀਤੀ।
11
ਖਾਸਾ ਚਿਰ ਪੁਸ਼ਪਿੰਦਰ ਓਵੇਂ ਦੀ ਓਵੇਂ ਮੰਜੇ ਉੱਤੇ ਬੈਠੀ ਰਹੀ। ਫੇਰ ਪੈ ਗਈ। ਉਹਦੀ ਸੋਚ ਪਿੰਡ-ਖਿੰਡ ਜਾ ਰਹੀ ਸੀ। ਇਕ ਪਾਸੇ ਮਾਂ-ਬਾਪ ਦਾ ਪਿਆਰ ਅਤੇ ਇਕ ਪਾਸੇ ਆਪਣੀ ਆਜ਼ਾਦੀ। ਕੀ ਪੁੱਤਾਂ-ਧੀਆਂ ਨੂੰ ਐਨਾ ਵੀ ਹੱਕ ਨਹੀਂ ਕਿ ਉਹ ਆਪਣਾ ਜੀਵਨ-ਸਾਥੀ ਆਪ ਚੁਣ ਸਕਣ? ਜਾਤ-ਪਾਤ ਨੂੰ ਹੁਣ ਕੌਣ ਪੁਛਦਾ ਹੈ? ਐਵੇਂ ਨਿੱਕੀ ਜਿਹੀ ਗੱਲ ਪਿੱਛੇ ਉਹਦੇ ਜ਼ਾਲਮ ਬਾਪ ਨੇ ਉਹਦਾ ਨਸੀਬ, ਉਹਦਾ ਸੁਨਹਿਰੀ ਸੁਫ਼ਨਾ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ । ਕੀ ਮਿਲਿਆ, ਉਹਦੇ ਨਿਰਦਈ ਬਾਪ ਨੂੰ ਭਲਾਂ ? ਉਹਦੀ ਵੀ ਹੁਣ ਹਿੰਡ ਹੈ ਕਿ ਉਹ ਵਿਆਹ ਹੀ ਨਹੀਂ ਕਰਵਾਏਗੀ। ਮਾਂ-ਬਾਪ ਨੂੰ ਕੁਝ ਤਾਂ ਸਜ਼ਾ ਮਿਲੇ । ਤੇ ਭਲਾ ਜੇ ਉਹ ਵਿਆਹ ਕਰਵਾ ਵੀ ਲਵੇ ਤਾਂ ਉਸ ਕਿਸੇ ਨੂੰ ਉਹ ਆਪਣਾ ਪਿਆਰ ਨਹੀਂ ਦੇ ਸਕੇਗੀ। ਉਹ ਉਹਦੇ ਸਰੀਰ ਦਾ ਮਾਲਕ ਤਾਂ ਬੇਸ਼ੱਕ ਬਣ ਜਾਵੇਗਾ ਪਰ ਦਿਲ ਦਾ ਮਾਲਕ ਨਹੀਂ ਬਣ ਸਕਦਾ। ਦਿਲ ਤਾਂ ਉਹਦਾ ਨਸੀਬ ਹੀ ਨਾਲ ਲੈ ਕੇ ਤੁਰ ਗਿਆ। ਨਸੀਬ ਨੂੰ ਯਾਦ ਕਰਕੇ ਉਹਨੇ ਇਕ ਲੰਮਾ ਸਾਰਾ ਸਾਹ ਅੰਦਰ ਖਿੱਚਿਆ। ਜਿਵੇਂ ਇਹ ਸਾਹ ਨਸੀਬ ਦੇ ਸਾਹ ਨਾਲ ਰਲ ਕੇ ਉਹਦੇ ਫੇਫੜਿਆਂ ਵਿਚ ਗਿਆ ਹੋਵੇ। ਉਹਨੇ ਕੀ ਦੇਖ ਲਿਆ ਚੰਦਰੇ ਨੇ, ਏਸ ਦੁਨੀਆ ਦਾ ? ਬਿਗਾਨੀ ਕੁੜੀ ਪਿੱਛੇ ਆਪਣੀ ਜਾਨ ਗੰਵਾ ਲਈ। ਪੁਸ਼ਪਿੰਦਰ ਦੇ ਦਿਮਾਗ ਵਿਚ ਖਿਆਲਾਂ ਦੀ ਜਿਵੇਂ ਇਕ ਫ਼ਿਲਮ ਤੁਰ ਪਈ ਹੋਵੇ। ਫੇਰ ਉਹ ਆਪਣੇ ਆਪ ਉੱਤੇ ਲਾਹਣਤਾਂ ਪਾਉਣ ਲੱਗੀ, ‘ਉਹ ਤਾਂ ਪਹਿਲਾਂ-ਪਹਿਲਾਂ ਮੰਨਦਾ ਵੀ ਨ੍ਹੀਂ ਸੀ । ਮੈਂ ਈ ਉਹਨੂੰ ਏਸ ਰਾਹ ਉੱਤੇ ਤੋਰਿਆ। ਕੀ ਪਤਾ ਸੀ ਕਿ ਮੈਂ ਹੀ ਉਹਦੀ ਮੌਤ ਆਂ। ਮੇਰੀ ਖਾਤਰ ਸਿਉਨੇ ਵਰਗੀ ਦੇਹ ਮਿੱਟੀ ‘ਚ ਰੋਲ ਕੇ ਬਹਿ ਗਿਆ, ਮਾੜੀ ਕਿਸਮਤ ਆਲਾ।’
ਇਹਨਾਂ ਖਿਆਲਾਂ ਵਿਚ ਹੀ ਉਹਦਾ ਦਿਲ ਭਰ ਆਇਆ। ਉਹ ਰੋਣ ਲੱਗੀ। ਅੱਖਾਂ ਵਿਚ ਪਾਣੀ ਆਉਣ ਨਾਲ ਹੀ ਉਹਦੀਆਂ ਭੁੱਬਾਂ ਨਿੱਕਲ ਗਈਆਂ। ਉਹ ਇਹ ਵੀ ਸੋਚ ਰਹੀ ਸੀ, ‘ਹੁਣੇ ਦੱਬ ਕੇ ਰੋ ਲਵਾਂ ਤਾਂ ਕਿ ਫੇਰ ਕਦੇ ਨਾ ਰੋਣਾ ਪਵੇ ।’ ਤੇ ਨਾਲ ਦੀ ਨਾਲ ਉਹਦੇ ਦਿਮਾਗ ਵਿਚ ਇਹ ਵੀ ਆਉਂਦਾ, ‘ਇਹ ਰੋਣਾ ਤਾਂ ਸਾਰੀ ਉਮਰ ਦਾ ਈ ਪੱਲੇ ਪੈ ਗਿਆ। ਇਕ ਵਾਰੀਂ ਦੱਬ ਕੇ ਰੋਣ ਨਾਲ ਕੀ ਬਣੂਗਾ।’ ਫੇਰ ਉਹਦਾ ਜੀਅ ਕੀਤਾ ਕਿ ਕੋਈ ਆਵੇ ਅਤੇ ਉਹਨੂੰ ਰੋਣੋਂ ਚੁੱਪ ਕਰਵਾ ਦੇਵੇ। ਪਰ ਓਥੇ ਕੌਣ ਸੀ ਉਹਨੂੰ ਧੀਰਜ ਦੇਣ ਵਾਲਾ ? ਉਹ ਅੱਖਾਂ ਪੂੰਝ ਕੇ ਝਾਕੀ, ਚਬਾਰੇ ਦੀਆਂ ਕੰਧਾਂ ਉਹਨੂੰ ਹਮਦਰਦ ਜਾਪੀਆਂ। ਜਿਵੇਂ ਕਹਿ ਰਹੀਆਂ ਹੋਣ, ‘ਚੁੱਪ ਹੈ ਜਾ। ਤੇਰਾ ਧੀਰਜ ਤੇਰਾ ਵਿਸ਼ਵਾਸ ਐ। ਤੇਰੀ ਮੁਹੱਬਤ, ਤੇਰਾ ਧਰਮ, ਤੇਰੀ ਮੁਹੱਬਤ ਦਾ ਧਰਮ ਤੇਰੇ ਕੋਲ ਐ, ਨਸੀਬ ਦੀ ਅਮਾਨਤ, ਇਹੀ ਤੇਰਾ ਸਹਾਰਾ ਐ, ਤੇਰੀ ਤਸੱਲੀ। ਮੁਹੱਬਤ ਕਰਨ ਵਾਲਿਆਂ ਨੂੰ ਏਸ ਜ਼ਮਾਨੇ ਨੇ ਕਦੋਂ ਬਖਸ਼ਿਆ ਸੀ ? ਮੁਹੱਬਤ ਕਰਨ ਵਾਲਿਆਂ ਨੂੰ ਸੁਖ ਦੀ ਨੀਂਦ ਕਦੋਂ ਨਸੀਬ ਹੁੰਦੀ ਐ ? ਤੇਰੇ ਕੋਲ ਮੁਹੱਬਤ ਐ, ਸਭ ਤੋਂ ਵੱਡੀ ਦੌਲਤ, ਇਹ ਹਰ ਕਿਸੇ ਨੂੰ ਥੋੜਾ ਮਿਲਦੀ ਐ।
ਇਸ ਅਰਧ-ਬੇਹੋਸ਼ੀ ਦੀ ਅਵਸਥਾ ਵਿਚ ਉਹ ਵਿਚਰ ਰਹੀ ਸੀ ਕਿ ਉਹਨੂੰ ਪੌੜੀਆਂ ਵਿਚ ਥੱਪ-ਥੱਪ ਦੀ ਆਵਾਜ਼ ਸੁਣਾਈ ਦਿੱਤੀ। ਕੋਈ ਆ ਰਿਹਾ ਸੀ। ਕੌਣ ਹੋਇਆ ? ਉਹ ਅੰਦਾਜ਼ਾ ਲਾਉਣ ਲੱਗੀ। ਦੂਜੇ ਬਿੰਦ ਹੀ ਉਹਨੂੰ ਲੱਗਿਆ, ਕਮਲਾ ਹੋਵੇਗੀ। ਉਹਦੀ ਨੌਕਰਾਣੀ। ਦਿਨ ਛਿਪਣ ਵਾਲਾ ਹੋ ਗਿਆ ਹੈ, ਰੋਟੀ ਪਕਾਉਣ ਦਾ ਵੇਲਾ। ਕਮਲਾ ਹੀ ਹੋਵੇਗੀ, ਹੋਰ ਕੌਣ ਹੋ ਸਕਦਾ ਹੈ ? ਹੋਰ ਕੀਹਨੇ ਆਉਣਾ ਹੈ ਏਥੇ ਨਕੜਮੀ ਕੋਲੇ ?
ਚੁਬਾਰੇ ਦੇ ਬਾਰ ਮੂਹਰੇ ਹੀ ਇਕ ਉੱਚੀ ਸ਼ਰਾਰਤੀ ਹਾਸੀ। ਆਵਾਜ਼ ਤਾਂ ਜਾਣੀ-ਪਹਿਚਾਣੀ ਸੀ, ਪਰ ਉਹ ਡਰ ਗਈ। ਜਿਵੇਂ ਕੋਈ ਭੂਤ ਆ ਵੜੀ ਹੋਵੇ ਉਹਦਾ ਚੁਬਾਰੇ ਵਿਚ। ਉਹਦੇ ਹਾਲ ਉੱਤੇ ਚਾਂਭੜਾਂ ਪਾ ਕੇ ਹੱਸੀ ਹੋਵੇ । ਇਸ ਹਾਸੀ ਨੇ ਤਾਂ ਜਿਵੇਂ ਉਹਦਾ ਕਾਲਜਾ ਕੱਢ ਲਿਆ ਹੋਵੇ।
ਪਦਮਾ ਸੀ । ਸੰਗਰੂਰ ਤੋਂ ਆਈ ਹੋਵੇਗੀ, ਪੁਸ਼ਪਿੰਦਰ ਨੂੰ ਮਿਲਣ । ਆਉਂਦੇ ਹੀ ਆਪਣਾ ਸ਼ੋਲਡਰਬੈਗ ਮੋਢਿਆਂ ਤੋਂ ਉਤਾਰ ਕੇ ਪਰ੍ਹਾਂ ਰੱਖਿਆ ਅਤੇ ਪੁਸ਼ਪਿੰਦਰ ਨੂੰ ਚਿੰਬੜ ਗਈ। ਉਹਦਾ ਮੂੰਹ ਚੁੰਮਣ ਲੱਗੀ। ਪਰ ਉਹ ਝਟਕੇ ਨਾਲ ਪਰ੍ਹਾਂ ਹਟ ਗਈ। ਪੁਸ਼ਪਿੰਦਰ ਦੀਆਂ ਗੱਲ੍ਹਾਂ ਸਲਾਭੀਆਂ ਅਤੇ ਉਹਨਾਂ ਉੱਤੇ ਸਲੂਣਾ ਸੁਆਦ ਸੀ। ਉਹਨੇ ਤਾਂ ਪਦਮਾ ਦਾ ਸੁਆਗਤ ਵੀ ਨਹੀਂ ਕੀਤਾ ਸੀ। ਉਹ ਤਾਂ ਮੁੜ ਕੇ ਅੱਖਾਂ ਵਿਚ ਪਾਣੀ ਲੈ ਆਈ ਸੀ। ਪਰਲ-ਪਰਲ ਹੰਝੂ ਉਹਦੀਆਂ ਗੱਲ੍ਹਾਂ ਉੱਤੇ ਵਗਣ ਲੱਗੇ। ਹੁਣੇ ਐਨਾਂ ਤਾਂ ਰੋ ਕੇ ਹਟੀ ਸੀ । ਇਹ ਪਾਣੀ ਅੱਖਾਂ ਵਿਚ ਦੁਬਾਰਾ ਐਨਾਂ ਕਿੱਧਰੋਂ ਆ ਗਿਆ ? ਉਹ ਫੇਰ ਰੱਜ ਕੇ ਰੋਈ। ਪਦਮਾ ਉਹਦੇ ਹੰਝੂ ਪੂੰਝਣ ਲੱਗੀ। ਕਹਿ ਰਹੀ ਸੀ, ‘ਰੋ ਕੇ ਕੀ ਬਣਦੈ ਪਿੰਦਰੇ ਹੁਣ ? ਮੈਂ ਕਿਹੜਾ ਜਾਣਦੀ ਨ੍ਹੀਂ ਤੇਰੇ ਦੁੱਖ ਨੂੰ । ਹੁਣ ਤਾਂ ਮਨ ਨੂੰ ਸਮਝਾ ਕੇ ਈ ਦਿਨ ਨਿੱਕਲਣਗੇ। ਇਉਂ ਤਾਂ ਬਚਣਾ ਨ੍ਹੀਂ ਤੂੰ । ਬੱਸ ਕਰ, ਰੋ ਨਾ । ਤੈਨੂੰ ਮੇਰੀ ਸਹੁੰ ਲੱਗੇ । ਜੇ ਹੁਣ ਹਿੰਝ ਸਿੱਟੀ ਐ, ਦੇਖ ਲੈ ਫੇਰ।’
ਪੁਸ਼ਪਿੰਦਰ ਚੁੱਪ ਹੋ ਗਈ । ਪਦਮਾ ਨੇ ਪਾਣੀ ਮੰਗਿਆ ਅਤੇ ਫੇਰ ਆਪ ਹੀ ਕਹਿੰਦੀ, ‘ਦੱਸ ਦੇ, ਕਿੱਥੇ ਐ ਘੜਾ ? ਤੂੰ ਬੈਠੀ ਰਹਿ । ਮੈਂ ਆਪੇ ਪੀ ਲੂੰ ਗੀ।’
ਪੁਸ਼ਪਿੰਦਰ ਉੱਠੀ ਅਤੇ ਹੰਝੂਆਂ-ਭਿੱਜੇ ਬੋਲ ਵਿਚ ਕਹਿੰਦੀ, ‘ਪਾਣੀ ਮੈਂ ਤੈਨੂੰ ਥੱਲਿਓਂ ਲਿਆ ਕੇ ਦਿੰਨੀ ਆਂ। ਘੜੇ ਦਾ ਪਾਣੀ ਏਸਦਾ ਐਨਾ ਠੰਡਾ ਨ੍ਹੀਂ ਹੁੰਦਾ । ਨਵਾਂ ਘੜਾ ਲਿਆਊਂਗੀ।’
ਥੱਲੇ ਜਾਣ ਤੋਂ ਪਹਿਲਾਂ ਉਹਨੇ ਘੜੇ ਵਿਚੋਂ ਪਾਣੀ ਲੈ ਕੇ ਆਪਣੀਆਂ ਅੱਖਾਂ ਧੋਤੀਆਂ। ਫੇਰ ਦੋਵੇਂ ਖਾਲੀ ਬੋਤਲਾਂ ਚੁੱਕ ਕੇ ਥੱਲੇ ਉੱਤਰ ਗਈ। ਫਰਿੱਜ ਵਿਚੋਂ ਨਵੀਂ ਬੋਤਲ ਕੱਢੀ ਅਤੇ ਉਤਾਂਹ ਆ ਗਈ। ਅੱਧੀ ਬੋਤਲ ਤੋਂ ਵੱਧ ਪਦਮਾ ਪੀ ਗਈ। ਬਹੁਤੀ ਤੇਹ ਲੱਗੀ ਹੋਵੇਗੀ। ਬਾਕੀ ਬਚਦਾ ਪਾਣੀ ਪੁਸ਼ਪਿੰਦਰ ਨੇ ਪੀ ਲਿਆ।
ਪਾਣੀ ਪੀ ਕੇ ਪਦਮਾ ਪੁੱਛਣ ਲੱਗੀ, ‘ਥੱਲਿਓਂ ਤੇਰੀ ਵਾਜ ਔਂਦੀ ਸੀ, ਕੌਣ ਸੀ ਤੇਰੇ ਨਾਲ ਗੱਲਾਂ ਕਰਦਾ ?’
‘ਮਾਲਕ-ਮਕਾਨ ਦੀ ਘਰਵਾਲੀ ਪੁਛਦੀ ਸੀ।
‘ਕੀ ਪੁਛਦੀ ਸੀ ?’
‘ਮਾਂ ਤੇ ਬਾਪੂ ਜੀ ਆਏ ਸੀ, ਹੁਣੇ ਗਏ ਐ। ਤੇਰੇ ਔਣ ਤੋਂ ਬੱਸ ਅੱਧਾ ਘੰਟਾ ਪਹਿਲਾਂ ਗਏ ਹੋਣਗੇ। ਕਹਿੰਦੀ, ਐਡੀ ਛੇਤੀ ਕਿਉਂ ਚਲੇ ਗਏ ? ਰਹੇ ਨਾ ਰਾਤ, ‘
‘ਕੀ ਗੱਲ ਫੇਰ, ਚਲੇ ਕਿਉਂ ਗਏ ? ਕੀ ਕਰਨ ਆਏ ਸੀ? ਤੇਰੇ ਕੋਲ ਈ ਆਏ ਸੀ ?’ ਪਦਮਾ ਪੁੱਛਣ ਲੱਗੀ।
ਪੁਸ਼ਪਿੰਦਰ ਨੇ ਸਭ ਕੁਝ ਦੱਸਿਆ।
ਪਦਮਾ ਕਹਿੰਦੀ, ‘ਨੀ ਪਿੰਦਰੇ, ਮੇਰੀ ਮੰਨਦੀ ਐਂ ?’
‘ਹਾਂ, ਬੋਲ ।’
‘ਕਿਉਂ ਮਾਪਿਆਂ ਦੀ ਆਤਮਾ ਤੜਫੌਨੀ ਐਂ। ਮੈਂ ਤਾਂ ਕਹਿਨੀ ਆਂ, ਕਰਵਾ ਲੈ ਵਿਆਹ। ਆਪੇ ਭੁੱਲ ਜੂ ਤੈਨੂੰ ਤੇਰਾ ਅਤੀਤ।’
‘ਨਹੀਂ, ਅਤੀਤ ਨ੍ਹੀਂ ਭੁਲਦਾ, ਅਤੀਤ ਤਾਂ -ਚੌਣਾ ਹੋ ਕੇ। ਵਿਆਹ ਕੀ ਜਾਗੂ ਗਾ, ਦੂਣਾ-ਚੌਣਾ ਹੁੰਦੈ ਵਿਆਹ? ਤੈਨੂੰ ਤਾਂ ਵਿਆਹ ਦੀ ਅੱਗ ਲੱਗੀ ਰਹਿੰਦੀ ਐ।’
‘ਤੈਨੂੰ ਜਮਾਂ ਨ੍ਹੀਂ ਅੱਗ ਵਿਆਹ ਦੀ ?’
‘ਮੇਰੀ ਗੱਲ ਹੋਰ ਐ, ਤੂੰ ਆਵਦੀ ਗੱਲ ਕਰ, ਤੂੰ ਕਦੋਂ ਕਰਵਾ ਰਹੀ ਐਂ ਵਿਆਹ ?
ਕੋਈ ਹੋਵੇ ਵੀ, ਮੈਂ ਤਾਂ ਅੱਜ ਤਿਆਰ ਆਂ।’
‘ਕੀ ਗੱਲ, ਕੀ ਕਹਿੰਦੀਆਂ ਨੇ ਭਰਜਾਈਆਂ ਤੇਰੀਆਂ ? ਕਹਿੰਦੀਆਂ ਹੋਣਗੀਆਂ, ਖਰਚ ਹੋਊਗਾ ?’
ਉਹ ਹੋਰ ਗੱਲਾਂ ਕਰਨ ਲੱਗੀਆਂ ਸਨ। ਪਦਮਾ ਦੀ ਗੱਲ ਛੇੜ ਕੇ ਪੁਸ਼ਪਿੰਦਰ ਆਪਣੇ ਬਾਰੇ ਭੁੱਲ ਜਾਣਾ ਚਾਹ ਰਹੀ ਸੀ।
ਪਦਮਾ ਕਹਿੰਦੀ, ‘ਭਰਜਾਈਆਂ ਤਾਂ ਘਰੋਂ ਕੱਢਣ ਨੂੰ ਤਿਆਰ ਨੇ । ਵਿਆਹ ਹੋਵੇ ਤਾਂ ਫਾਹਾ ਵੱਢਿਆ ਜਾਵੇ, ਨਿੱਕਲਾਂ ਘਰੋਂ । ਭਰਾ ਸੌ ਥਾਈਂ ਜਾ ਕੇ ਆਏ ਹੋਣਗੇ । ਪਰ ਕੋਈ ਗੱਲ ਈ ਨ੍ਹੀਂ ਚੱਲੀ ਕਿਧਰੇ ।’
‘ਕਿਉਂ, ਕੀ ਨੁਕਸ ਐ ਤੇਰੇ ‘ਚ ?’
‘ਲੈ, ਹੈ ਹਰਾਂਬੜ। ਮੇਰੇ ’ਚ ਕੀ ਨੁਕਸ ਹੋਣਾ ਸੀ?’ ਪਦਮਾ ਹੱਸਣ ਲੱਗੀ।
ਉਹ ਬੈਠੀਆਂ ਹੀ ਸਨ ਕਿ ਕਮਲਾ ਆ ਗਈ। ਦੋਵਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਲੰਮੀ, ਪਤਲੀ ਅਤੇ ਗੋਲ ਚੇਹਰਾ । ਗਰਦਨ ਵੀ ਲੰਮੀ । ਰੰਗ ਬਦਾਮੀ। ਅੱਖਾਂ ਮੋਟੀਆਂ-ਮੋਟੀਆਂ। ਚੰਗਿਆੜੇ ਵਾਂਗ ਬਲਦੀਆਂ । ਬੰਦਾ ਦੇਖੇ ਅਤੇ ਝੱਟ ਨੀਵੀਂ ਪਾ ਲਵੇ। ਪਦਮਾ ਬੋਲੀ, ‘ਕੁੜੀ ਤਾਂ ਬੜੀ ਨਫੀਸ ਐ।’
ਪੁਸ਼ਪਿੰਦਰ ਕਹਿੰਦੀ, ‘ਹਾਂ ਨਫੀਸ ਤਾਂ ਹੈ।’
ਕਮਲਾ ਨੂੰ ‘ਨਫੀਸ’ ਸ਼ਬਦ ਦਾ ਕੋਈ ਅਰਥ ਨਹੀਂ ਆਉਂਦਾ ਸੀ। ਉਹਨੇ ਆਪਣੇ ਬਾਰੇ ਇਹ ਸ਼ਬਦ ਪਹਿਲੀ ਵਾਰ ਸੁਣਿਆ ਹੋਵੇਗਾ। ਅਣਪੜ੍ਹ ਤਾਂ ਸੀ ਵਿਚਾਰੀ। ਭੰਵੱਤਰੀ ਜਿਹੀ ਖੜ੍ਹੀ ਰਹੀ।
ਪੁਸ਼ਪਿੰਦਰ ਕਹਿੰਦੀ, ‘ਅੱਛਾ, ਨਫੀਸ ਸਾਹਿਬਾ, ਆਟਾ ਗੁੰਨ੍ਹ ਲੈ ਪਹਿਲਾਂ । ਫੇਰ ਸਬਜ਼ੀ।’
‘ਕੀ ਹੁੰਦੈ ਨਫੀਸ ?’ ਕਮਲਾ ਨਿਝੱਕ ਸੀ। ਪੁਸ਼ਪਿੰਦਰ ਨਾਲ ਖੁੱਲ੍ਹੀ ਸੀ। ਕਦੇ-ਕਦੇ ਉਹ ਸਹੇਲੀਆਂ ਵਾਂਗ ਗੱਲਾਂ ਕਰ ਲੈਂਦੀਆਂ।
‘ਵਾਹ! ਇਹ ਤਾਂ ‘ਸਵੀਟ’ ਵੀ ਐ।’ ਪਦਮਾ ਨੇ ਕੁੜੀ ਨੂੰ ਹੋਰ ਭੰਵੱਤਰੀ ਲਾ ਦਿੱਤੀ।
ਉਹ ਲਾਚੜ ਕੇ ਬੋਲੀ, ‘ਕੁਸ ਆਖੀਂ ਜਾਓ ਮੈਨੂੰ ਤਾਂ । ਆਟਾ ਦੱਸੋ, ਕਿੰਨਾ ਕੁ ਗੁਨ੍ਹ ਲਾਂ ?
ਕੁੜੀ ਨੇ ਬੁੱਲ੍ਹ ਭਚੀੜ ਕੇ ਆਟੇ ਵਾਲੇ ਪੀਪੇ ਨੂੰ ਹੱਥ ਪਾਇਆ । ਰਸੋਈ ਵਿਚ ਜਾ ਕੇ ਉਹ ਆਟਾ ਗੁੰਨ੍ਹਣ ਲੱਗੀ ਤਾਂ ਪੁਸ਼ਪਿੰਦਰ ਨੇ ਪਦਮਾ ਨੂੰ ਕਮਲਾ ਬਾਰੇ ਦੱਸਿਆ, ‘ਗਰੀਬ ਘਰ ਦੀ ਕੁੜੀ ਐ ਵਿਚਾਰੀ । ਪੰਜਾਹ ਰੁਪਈਏ ਮ੍ਹੀਨਾ ਦਿੰਨੀ ਆਂ। ਦੋ ਵੇਲਿਆਂ ਦੀ ਰੋਟੀ ਖਾ ਜਾਂਦੀ ਐ। ਚਾਹ ਵੀ ਪੀ ਲੈਂਦੀ ਐ। ਬਾਪ ਨ੍ਹੀਂ ਇਹਦੇ, ਨਾ ਭਰਾ ਐ ਕੋਈ। ਇਕ ਇਹਤੋਂ ਛੋਟੀ ਕੁੜੀ ਐ। ਮਾਂ ਵਿਚਾਰੀ ਧਾਗਾ-ਫੈਕਟਰੀ ‘ਚ ਕੰਮ ਕਰਦੀ ਐ।’
ਮਾਂ ਨੂੰ ? ‘ਮੁਟਿਆਰ ਹੋਈ ਪਈ ਐ ਇਹ ਤਾਂ । ਇਹਦੇ ਵਿਆਹ ਦਾ ਬਹੁਤ ਫਿਕਰ ਹੋਣੈ ਇਹਦੀ
‘ਹਾਂ ਸੱਚ, ਆਪਾਂ ਗੱਲ ਕਰਦੀਆ ਸੀ…’ ਪੁਸ਼ਪਿੰਦਰ ਬੋਲੀ, ‘ਕਿਉਂ, ਤੇਰਾ ਕਿਉਂ ਨ੍ਹੀਂ ਲੈਂਦਾ ਸਾਕ ਕੋਈ ?’
ਇਸ ਵਾਰ ਪਦਮਾ ਢਿੱਲੀ ਜਿਹੀ ਹੋ ਕੇ ਬੈਠ ਗਈ । ਕਹਿਣ ਲੱਗੀ, ‘ਬੱਸ ਇਕੋ ਗੱਲ ਸਭ ਦੀ। ਅਖੇ, ਕੁੜੀ ਗੌਰਮਿੰਟ ਸਰਵਿਸ ਕਰਦੀ ਹੋਵੇ। ਸਰਵਿਸ ਨਾ ਕਰਦੀ ਹੋਵੇ ਤਾਂ ਅਖੇ ਕੋਈ ਟਰੇਨਿੰਗ ਈ ਕੀਤੀ ਹੋਵੇ।
‘ਤੂੰ ਫੇਰ ਟਰੇਨਿੰਗ ਕਰ ਲੈ ਕੋਈ । ਬੀ. ਐੱਡ. ਕਰ ਲੈ ਮਾਸਟਰਨੀ ਬਣਜੇਂਗੀ। ਜਵਾਕਾਂ ਦੇ ਕੰਨ ਖਿੱਚੀਂ ਜਾਇਆ ਕਰੀਂ ।’
‘ਬੀ. ਐੱਡ. ਕੋਈ ਕਰਵਾਵੇ, ਤਾਂ ਹੀ ਐਂ ਨਾ ।’
‘ਬੀ. ਐੱਡ. ਕਰਨ ਨੂੰ ਕੀਹ ਐ ?
‘ਖਰਚ ਹੁੰਦੈ।’
‘ਖਰਚ, ਤੇਰੇ ਭਰਾ ਹੈ ਐ, ਕਰਨਗੇ ਆਪੇ ।’
‘ਭਰਾ ਕਾਸੇ ਜੋਗੇ ਹੁੰਦੇ ਤਾਂ ਐੱਮੇ ਨਾ ਕਰ ਲੈਂਦੀ ਮੈਂ। ਤੇਰੇ ਵਾਂਗੂੰ ਪ੍ਰੋਫੈਸਰ ਬਣਗੀ ਹੁੰਦੀ ਹੁਣ ਨੂੰ।
ਪੁਸ਼ਪਿੰਦਰ ਨੂੰ ਪਦਮਾ ਉੱਤੇ ਤਰਸ ਆਇਆ। ਕਹਿਣ ਲੰਗੀ’ ‘ਨੀ ਐਂ ਕਰ । ਤੂੰ ਬੀ. ਐੱਡ. ‘ਚ ਦਾਖਲ ਹੋ ਜਾ ਕਿਤੇ। ਮੈਂ ਤੈਨੂੰ ਆਵਦੇ ਕੋਲੋਂ ਪੈਸੇ ਭੇਜ ਦਿਆ ਕਰੂੰਗੀ। ਬੋਲ, ਕਰ ਮਨਜੂਰ।
ਇਕ ਵਾਰੀਂ ਤਾਂ ਜਿਵੇਂ ਪਦਮਾ ਨੂੰ ਬਹੁਤ ਸੌਖਾ ਸਾਹ ਆਇਆ ਹੋਵੇ। ਜਿਵੇਂ ਉਹਦੀ ਸਹੇਲੀ ਨੇ ਉਹਦੇ ਲਈ ਕਿਸੇ ਖ਼ਜਾਨੇ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੋਵੇ । ਪਰ ਦੂਜੇ ਬਿੰਦ ਹੀ ਉਹ ਬੋਲੀ, ‘ਐਨਾ ਤੂੰ ਕਿੱਥੋਂ ਕਰ ਦੇਂਗੀ। ਤੇਰੀ ਮਿਹਰਬਾਨੀਂ ਐ, ਭੈਣੇ। ਐਡੀ ਹਮਦਰਦੀ ਕੀਤੀ ਮੇਰੇ ਨਾਲ । ਪਰ ਮੈਂ ਦੇਖੂੰਗੀ, ਜ਼ਮਾਨਾ ਕਿੱਥੋਂ ਤੱਕ ਕਰਦੈ ਮੇਰੇ ਨਾਲ ? ਇਹ ਵੀ ਤਜਰਬਾ ਈ ਸਹੀ।’
‘ਨਹੀਂ, ਮੈਂ ਐਵੇਂ ਨ੍ਹੀਂ ਕਹਿੰਦੀ। ਤੂੰ ਹੋ ਜਾ ਦਾਖਲ। ਤੈਨੂੰ ਦੋ ਸੌ ਭੇਜ ਸਕਦੀ ਆ। ਕੁਛ ਤੇਰੇ ਭਰਾ ਕਰਨਗੇ। ਕਿਵੇਂ ਨ੍ਹੀਂ ਕਰਨਗੇ? ਭਰਾ ਨੇ ਫੇਰ ਵੀ।
ਕਮਲਾ ਨੇ ਰੋਟੀਆਂ ਪਕਾ ਕੇ ਮਲਮਲ ਦੇ ਚਿੱਟੇ ਪੋਣੇ ਵਿਚ ਵਲ੍ਹੇਟੀਆਂ ਅਤੇ ਉਹਨਾਂ ਨੂੰ ਸਟੀਲ ਦੇ ਡੱਬੇ ਵਿਚ ਰੱਖ ਦਿੱਤਾ। ਭਿੰਡੀਆਂ ਪਈਆਂ ਸਨ। ਸਟੋਵ ਉੱਤੇ ਕੜਾਹੀਆ ਰੱਖ ਕੇ ਭਿੰਡੀਆਂ ਤੜਕ ਲਈਆਂ। ਤੇ ਫੇਰ ਚੁਬਾਰੇ ਵਿਚ ਆ ਕੇ ਆਖਣ ਲੱਗੀ, ‘ਬੀਬੀ ਜੀ, ਰੋਟੀ ਪਾਮਾਂ ?’
‘ਨਹੀਂ, ਅਸੀਂ ਠਹਿਰ ਕੇ ਆਪੇ ਖਾ ਲਾਂ ਗੀਆਂ, ਤੂੰ ਖਾ ਲੈ ਤੇ ਜਾਹ।’ ਪੁਸ਼ਪਿੰਦਰ ਨੇ ਆਖਿਆ। ਤੇ ਫੇਰ ਉਹਨੇ ਪਦਮਾ ਨੂੰ ਕਿਹਾ, ‘ਮੈਂ ਤਾਂ ਨੌਣੈ, ਤੂੰ ਨ੍ਹਾਏਂਗੀ ?’
‘ਹਾਂ, ਸਗੋਂ ਪਹਿਲਾਂ ਮੈਂ ਨਾਊਂਗੀ। ਬਾਥਰੂਮ ਉੱਤੇ ਈ ਐ ਜਾਂ…’
‘ਥੱਲੇ ਜਾਣਾ ਪਊ, ਚੱਲ ਉੱਠ ਫੇਰ। ਸਾਥਣ-ਤੇਲ ਔਹ ਪਿਐ ਅਲਮਾਰੀ ‘ਚ। ਇਹ ਪੌੜੀਆਂ ਨੇ ਨਾ, ਪੌੜੀਆਂ ਥੱਲੇ ਬਾਥਰੂਮ ਐ। ਤੂੰ ਥੱਲੇ ਉੱਤਰ। ਮੈਂ ਉਤੋਂ ਖੜ੍ਹੀ ਤੈਨੂੰ ਦੱਸਦੀ ਆਂ।’
ਉਹ ਹੱਸਣ ਲੱਗੀ, ‘ਪਤੈ ਮੈਨੂੰ। ਪਹਿਲਾਂ ਨ੍ਹੀ ਆਈ ਮੈਂ ? ਓਹੀ ਬਾਥਰੂਮ, ਓਹੀ ਤੂੰ ਐਂ, ਪਰ ‘ਨਫੀਸ’ ਨਵੀਂ ਐਂ।’ ਕਮਲਾ ਰੋਟੀ ਖਾਣ ਤੋਂ ਪਹਿਲਾਂ ਖੜੀ ਉਹਨਾਂ ਵਲ ਝਾਕ ਰਹੀ ਸੀ। ਨਫੀਸ ਕਹਿਣ ਉੱਤੇ ਉਹ ਹੱਸ ਪਈ।
‘ਪਹਿਲਾਂ ਤਾਂ ਜੈਲੋ ਹੁੰਦੀ ਸੀ ਨਾ, ਅਸੀਂ ਰਲ-ਮਿਲਕੇ ਸਭ ਕਰ ਲੈਂਦੀਆਂ ਸੀ। ਜੈਲੋ ਗਈ ਤਾਂ ਫੇਰ ਇਹ ਆ ਗੀ।’
ਪਦਮਾ ਨ੍ਹਾ ਕੇ ਆ ਗਈ ਤਾਂ ਫੇਰ ਪੁਸ਼ਪਿੰਦਰ ਨ੍ਹਾ ਆਈ । ਕਮਲਾ ਰੋਟੀ ਖਾ ਕੇ ਜਾ ਚੁੱਕੀ ਸੀ। ਪੁਸ਼ਪਿੰਦਰ ਨੇ ਮੇਜ਼ ਉੱਤੇ ਰੋਟੀ ਲਾ ਦਿੱਤੀ। ਉਹ ਬੈਠ ਕੇ ਖਾਣ ਲੱਗੀਆਂ। ਰੋਟੀ ਖਾਂਦੇ-ਖਾਂਦੇ ਅੱਧ-ਵਿਚਾਲ ਪਦਮਾ ਨੂੰ ਯਾਦ ਆਇਆ, ‘ਨੀ ਅੰਬ ਲਿਆਂਦੇ ਸੀ, ਮੈਂ ਤਾਂ ਭੁੱਲ ਈ ਗਈ ਤੈਨੂੰ ਦੱਸਣਾ । ਚਾਕੂ ਦੇਹ, ਲਿਆ ਮੈਂ ਕੱਟ ਲੈਨੀ ਆਂ।’
‘ਹੁਣ ਬੈਠੀ ਰਹਿ । ਪਹਿਲਾਂ ਰੋਟੀ ਖਾ ਲੈ । ਪਿੱਛੋਂ ਕੱਟ ਕੇ ਖਾ ਲਾਂ ਗੀਆਂ । ਪਹਿਲਾਂ ਨਾ ਮਰੀ ?’
‘ਪਹਿਲਾਂ ਮਰਨਾ ਯਾਦ ਈ ਨ੍ਹੀਂ ਰਿਹਾ।’ ਪਦਮਾ ਨੇ ਕੁਝ ਇਸ ਅੰਦਾਜ਼ ਵਿਚ ਕਿਹਾ ਕਿ ਉਹ ਦੋਵੇਂ ਹੀ ਰੋਟੀ ਛੱਡ ਕੇ ਹੱਸਣ ਲੱਗੀਆਂ। ਬਹੁਤ ਹੱਸੀਆਂ। ਅੱਖਾਂ ਵਿਚੋਂ ਪਾਣੀ ਨਿੱਕਲ ਆਇਆ मी।
ਰੋਟੀ ਖਾ ਕੇ ਦੋਵਾਂ ਜਣੀਆਂ ਨੇ ਭਾਂਡੇ ਚੁੱਕੇ ਅਤੇ ਉਹਨਾਂ ਨੂੰ ਰਸੋਈ ਵਿਚ ਰੱਖ ਦਿੱਤਾ। ਪੁਸ਼ਪਿੰਦਰ ਕਹਿੰਦੀ, ‘ਪਏ ਰਹਿਣ ਦੇ । ਤੜਕੇ ਆ ਕੇ ਕਮਲਾ ਧੋ ਲੈ ਗੀ।’ ਤੇ ਫੇਰ ਪੁੱਛਣ ਲੱਗੀ, ‘ਕਿੱਥੇ ਨੇ ਤੇਰੇ ਅੰਬ? ਪਾਣੀ ‘ਚ ਰੱਖ ਦੇ ਉਹਨਾਂ ਨੂੰ। ਪਹਿਲਾਂ ਮੰਜੇ ਬਾਹਰ ਕੱਢ ਲੀਏ । ਬਿਸਤਰੇ ਵਿਛਾ ਕੇ ਕੱਟ ਲਮਾਂ ਗੀਆਂ ਅੰਬ, ਆਰਾਮ ਨਾਲ ਬੈਠ ਕੇ ।’
ਉਹਨਾਂ ਨੇ ਦੋ ਮੰਜੇ ਬਾਹਰ ਕੱਢੇ । ਚੁਬਾਰੇ ਅੱਗੇ ਕਾਫੀ ਲੰਮਾ-ਚੌੜਾ ਵਿਹੜਾ ਸੀ। ਚਾਰ-ਚੁਫੇਰੇ ਮੋਢੇ ਜਿੰਨਾ ਜੰਗਲਾ । ਇਹ ਬਾਣੀਆਂ ਦਾ ਘਰ ਸੀ। ਮਾਲਕ-ਮਕਾਨ ਦਾ ਟੱਬਰ ਬਹੁਤ ਚੰਗਾ। ਪੁਸ਼ਪਿੰਦਰ ਨੂੰ ਓਥੇ ਕੋਈ ਔਖ ਨਹੀਂ ਸੀ। ਜਿਵੇਂ ਆਪਣੇ ਘਰ ਵਿਚ ਹੀ ਰਹਿੰਦੀ ਹੋਵੇ।
ਮੰਜੇ ਵਿਛਾ ਕੇ ਉਹਨਾਂ ਨੇ ਵਿਚਕਾਰ ਮੇਜ਼ ਰੱਖ ਲਿਆ । ਇਕ ਪਾਸੇ ਟੇਬਲ-ਫੈਨ ਵੀ ਲਾ ਲਿਆ। ਸਟੀਲ ਦੀ ਵੱਡੀ ਪਲੇਟ ਵਿਚ ਦੋ ਅੰਬ ਕੱਟੇ ਅਤੇ ਖਾਣ ਲੱਗੀਆਂ। ਅੰਬ ਬਹੁਤ ਮਿੱਠੇ ਸਨ । ਜਿਵੇਂ ਮਿਸਰੀ ਦੀਆਂ ਡਲੀਆਂ। ਇਕ-ਇਕ ਫਾੜੀ ਹੀ ਖਾਧੀ ਹੋਵੇਗੀ, ਪੌੜੀਆਂ ਵਿਚ ਕਿਸੇ ਦੇ ਉੱਤੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਪੁਸ਼ਪਿੰਦਰ ਸੋਚਣ ਲੱਗੀ, ਏਸ ਵੇਲੇ ਕੌਣ ਹੋਇਆ ? ਦੋਵੇਂ ਹੱਥਾਂ ਵਿਚ ਫਾੜੀ ਲੈ ਕੇ ਉਹਨੇ ਆਪਣੀਆਂ ਅੱਖਾਂ ਅਤੇ ਕੰਨ ਪੂਰੀ ਤਰ੍ਹਾਂ ਪੌੜੀਆਂ ਦੇ ਗੇਟ ਵੱਲ ਲਾ ਦਿੱਤੇ ।
‘ਕੌਣ ਐ?’ ਪਦਮਾ ਨੇ ਵੀ ਆਖਿਆ।
ਹਰਿੰਦਰ ਸੀ। ਪੈਂਟ-ਬੁਸ਼ਰਟ ਮੈਨੇ-ਮੈਲੇ। ਪੱਗ ਢਿਲਕੀ-ਢਿਲਕੀ। ਚੱਪਲਾਂ ਉੱਤੇ ਧੂੜ ਜੰਮੀ ਹੋਈ। ਮੋਢੇ ਝੋਲਾ, ਤੂੜ ਕੇ ਭਰਿਆ ਹੋਇਆ। ਪਤਾ ਨਹੀਂ, ਵਿਚ ਕੀ ਕੀ ਸੀ। ਉਹਨੂੰ ਦੇਖਦੇ . ਹੀ ਪੁਸ਼ਪਿੰਦਰ ਖੜ੍ਹੀ ਹੋ ਗਈ। ਅੰਬ ਦੀ ਫਾੜੀ ਪਲੇਟ ਵਿਚ ਥਾਂ ਦੀ ਥਾਂ ਰੱਖ ਦਿਤੀ। ਬੋਲੀ, ‘ਐਸ ਵੇਲੇ ਕਿਧਰੋਂ ?’
‘ਸਲਾਮਾਲੇਕਮ ਦੋਹਾਂ ਨੂੰ ।’ ਉਹ ਚੌੜ ਵਿਚ ਬੋਲਿਆ । ਝੋਲਾ ਮੋਢਿਓਂ ਲਾਹ ਕੇ ਪੁਸ਼ਪਿੰਦਰ ਦੇ ਮੰਜੇ ਉੱਤੇ ਬੈਠ ਗਿਆ।
‘ਪਾਣੀ ਲਿਆਵਾਂ ?’ ਪੁਸ਼ਪਿੰਦਰ ਨੇ ਪੁੱਛਿਆ।
‘ਹਾਂ, ਪਹਿਲਾਂ ਪਾਣੀ ਪਿਆ ਦੇ, ਅੰਬ ਫੇਰ ।’ ਹਰਿੰਦਰ ਬੋਲਿਆ ।
ਪੁਸ਼ਪਿੰਦਰ ਪਾਣੀ ਦਾ ਗਲਾਸ ਲੈ ਕੇ ਆਈ, ਕਹਿੰਦੀ, ‘ਠੰਡਾ ਤਾਂ ਅਹਿਆ ਜਾ ਈ ਹੋਊ।
‘ਠੀਕ ਐ, ਜਨਾਬ ਸਾਧਾਂ ਨੂੰ ਸੁਆਦਾਂ ਤਾਈਂ ਕੀਹ ਐ ?’ ਪਾਣੀ ਪੀ ਕੇ ਉਹਨੇ ਲਚੜੇਵੇਂ ਵਿਚ ਹੀ ਪਦਮਾ ਨੂੰ ਪੁੱਛਿਆ, ‘ਹਜ਼ੂਰ ਕਦੋਂ ਤਸ਼ਰੀਫ ਲਿਆਏ ?’
‘ਬੱਸ, ਜਦੋਂ ਦੇਖ ਲਿਆ ।’ ਪਦਮਾ ਬੋਲੀ ਤੇ ਅੰਬਾਂ ਵਾਲੀ ਪਲੇਟ ਚੁੱਕ ਕੇ ਹਰਿੰਦਰ ਅੱਗੇ ਕਰ ਦਿੱਤੀ। ਉਹਨੇ ਇਕ ਫਾੜੀ ਚੁੱਕ ਲਈ।
ਇਕ ਅੰਬ ਹੋਰ ਪਿਆ ਸੀ। ਪੁਸ਼ਪਿੰਦਰ ਨੇ ਉਹ ਵੀ ਚੀਰ ਲਿਆ।
ਅੰਬ ਖਾ ਚੁੱਕਣ ਬਾਅਦ ਤਿੰਨਾਂ ਨੇ ਹੱਥ ਧੋ ਲਏ । ਪੁਸ਼ਪਿੰਦਰ ਨੇ ਹਰਿੰਦਰ ਨੂੰ ਪੁੱਛਿਆ, ‘ਕਿੱਥੋਂ ਆਇਐ, ਐਸ ਵੇਲੇ ?’
‘ਪਿੰਡੋਂ ਬੱਸ।’
‘ਸੌਣਾ ਫੇਰ ਐਥੇ ਈ ਐ ਕਿ ‘ ਪੁਸ਼ਪਿੰਦਰ ਨੇ ਪੁੱਛਿਆ।
‘ਸੌਣਾ ਵੀ ਐ, ਰੋਟੀ ਵੀ ਖਾਣੀ ਐ।’
‘ਤੋਬਾ! ਰੋਟੀ ਖਾਏਂਗਾ ?” ਪੁਸ਼ਪਿੰਦਰ ਨੇ ਮੂੰਹ ਅੱਡ ਕੇ ਜੀਭ ਬਾਹਰ ਕੱਢੀ।
‘ਹੋਰ, ਅੰਬ ਦੀਆਂ ਦੋ ਫਾੜੀਆਂ ਨਾਲ ਥੋੜਾ ਢਿੱਡ ਭਰ ਗਿਆ ਮੇਰਾ ?’
‘ਅਸੀਂ ਤਾਂ ਖਾ ਚੁੱਕੀਆਂ। ਤੈਨੂੰ ਕਿੱਥੋ ਦੇਈਏ ਹੁਣ ? ਔਣਾ ਸੀ ਤਾਂ ਸਦੇਹਾਂ ਔਂਦਾ, ਨਹੀਂ ਹੋਟਲ ਤੋਂ ਖਾ ਔਂਦਾ ਕਿਤੋਂ। ਐਸ ਵੇਲੇ ਹੁਣ ਕਿਹੜੀਆਂ ਪੋਲੀਆਂ ਪਈਆਂ ਨੇ ਏਥੇ ?’
‘ਚੰਗਾ, ਮੰਜਾ ਦਿਓ ਫੇਰ ਪੈ ਜਾਨੇ ਆਂ । ਨੀਂਦ ਆ ਰਹੀ ਐ, ਜ਼ਬਰਦਸਤ, ‘ ਹਰਿੰਦਰ ਨੇ ਬੇਚਾਰਗੀ ਨਾਲ ਕਿਹਾ।
‘ਰੋਟੀ ਸੱਚੀਂ ਖਾਣੀ ਐ, ਹਰਿੰਦਰ ?’ ਇਸ ਵਾਰ ਪਦਮਾ ਨੇ ਪੁੱਛਿਆ।
‘ਨਹੀਂ ਖਾਣੀ।’ ਉਹ ਚੁਬਾਰੇ ਵਿਚ ਜਾ ਕੇ ਆਪ ਹੀ ਮੰਜਾ ਬਾਹਰ ਕੱਢਣ ਲੱਗਿਆ।
ਪਦਮਾ ਅੰਦਰ ਗਈ ਅਤੇ ਚੀਜ਼ਾਂ ਵੱਲ ਨਿਗਾਹ ਮਾਰਨ ਲੱਗੀ। ਪੁਸ਼ਪਿੰਦਰ ਕਹਿੰਦੀ, ‘ਕੀ ਦੇਖਦੀ ਐਂ ?’
‘ਇਕ-ਦੋ ਆਲੂ ਹੋਣਗੇ ?’
‘ਕਿਉਂ, ਹੈਗੇ, ਕੀ ਗੱਲ ? ਔਹ ਪਏ ਐ ਆਲੂ ਲਫ਼ਾਫੇ ‘ਚ।’
‘ਕੀ ਲਗਦੈ, ਮੈਂ ਹੁਣ ਲਾਹ ਦਿੰਨੀ ਆਂ ਦੋ ਰੋਟੀਆਂ। ਸੁੱਕੇ ਆਲੂ ਬਣਾ ਲੈਨੀ ਆਂ। ਮੁੰਡਾ ਭੁੱਖਾ ਤਾਂ ਨ੍ਹੀ ਮਾਰਨਾ ?’ ਪਦਮਾ ਆਟੇ ਵਾਲਾ ਪੀਪਾ ਖੋਲ੍ਹਣ ਲੱਗੀ।
‘ਤੂੰ ਇਹਨੂੰ ਝਮਲਾ ਨਾ । ਇਹ ਤਾਂ ਫੇਰ ਐਂ ਈਂ ਕਰਿਆ ਕਰੂ ।’ ਤੇ ਪੁਸ਼ਪਿੰਦਰ ਬਾਹਰ ਆ ਕੇ ਆਖਣ ਲੱਗੀ, ‘ਐਟੀਕੇਟਸ ਹੁੰਦੇ ਐ, ਬੰਦੇ ਦੇ।’
‘ਵੱਟ ਡੂ ਯੂ ਮੀਨ ਬਾਈ ਐਟੀਕੇਟਸ ? ਢਿੱਡ ਮੂਹਰੇ ਐਟੀਕੇਟਸ ਦਾ ਕੀ ਮਤਲਬ ਜਨਾਬ त्ती ?’
‘ਮੈਂ ਤਾਂ ਕਦੇ ਨਾ ਪਕੌਂਦੀ ਐਸ ਵੇਲੇ। ਪਦਮਾ ਦਾ ਈ ਦਿਮਾਗ ਖਰਾਬ ਐ।’
ਮੰਜਿਆਂ ਉੱਤੇ ਬੈਠੇ ਉਹ ਚੌੜ ਦੀਆਂ ਗੱਲਾਂ ਕਰਦੇ ਰਹੇ। ਪਦਮਾ ਰਸੋਈ ਵਿਚ ਚਲੀ ਗਈ ਸੀ। ਪੁਸ਼ਪਿੰਦਰ ਨੇ ਇਕ-ਦੋ ਵਾਰ ਸੁਲਾਹ ਮਾਰੀ, ‘ਮੈਂ ਆਵਾਂ ?’
ਪਦਮਾ ‘ਨਹੀਂ’ ਕਹਿੰਦੀ ਅਤੇ ਆਪਣਾ ਕੰਮ ਛੇਤੀ ਛੇਤੀ ਕਰਨ ਲਗਦੀ।
12
ਸਵੇਰੇ ਸੱਤ ਵਜੇ ਪੁਸ਼ਪਿੰਦਰ ਉੱਠ ਖੜ੍ਹੀ। ਪਦਮਾ ਅਤੇ ਹਰਿੰਦਰ ਅਜੇ ਸੁੱਤੇ ਹੋਏ ਸਨ। ਪੁਸ਼ਪਿੰਦਰ ਨੇ ਚਾਹ ਬਣਾਈ ਅਤੇ ਉਹਨਾਂ ਦੋਵਾਂ ਨੂੰ ਜਗਾ ਕੇ ਚਾਹ ਦੇ ਗਲਾਸ ਫੜਾ ਦਿੱਤੇ। ਪਦਮਾ ਦੇ ਪੈਂਦੀਂ ਬੈਠ ਕੇ ਆਪ ਵੀ ਚਾਹ ਪੀਣ ਲੱਗੀ। ਚਾਹ ਪੀਂਦੇ ਉਹ ਤਿੰਨੇ ਜਣੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ। ਬਹੁਤੀਆਂ ਗੱਲਾਂ ਪੁਸ਼ਪਿੰਦਰ ਨੇ ਹੀ ਕੀਤੀਆਂ ਸਨ। ਹਰਿੰਦਰ ਅਤੇ ਪਦਮਾ ਤਾਂ ਹੂੰ-ਹਾਂ ਹੀ ਕਰਦੇ, ਬੱਸ ਹੁੰਗਾਰਾ ਭਰਨ ਲਈ ਹੀ। ਜਾਂ ਕਦੇ ਛੋਟਾ ਕੋਈ ਇਕ ਫਿਕਰਾ। ਚਾਹ ਨੂੰ ਹੀ ਸੜ੍ਹਾਕੇ ਮਾਰ-ਮਾਰ ਪੀ ਰਹੇ ਸਨ। ਪੁਸ਼ਪਿੰਦਰ ਉੱਠੀ, ਨਵੀਂ ਧੋਤੀ ਕਮੀਜ਼-ਸਲਵਾਰ, ਤੌਲੀਆ ਅਤੇ ਸਾਬਣ-ਬੁਹਸ਼ ਲੈ ਕੇ ਉੱਤਰ ਗਈ। ਨ੍ਹਾ ਕੇ ਜਦੋਂ ਉਹ ਉੱਤੇ ਆਈ ਤਾਂ ਦੇਖਿਆ, ਹਰਿੰਦਰ ਅਤੇ ਪਦਮਾ ਫੇਰ ਸੌਂ ਗਏ ਸਨ । ਉਹਨੇ ਅੰਦਾਜ਼ਾ ਲਾਇਆ ਕਿ ਇਹਨਾਂ ਦੀ ਨੀਂਦ ਪੂਰੀ ਨਹੀਂ ਹੋਈ।ਰਾਤ ਉਹਦੇ ਸੌਣ ਤੋਂ ਬਾਅਦ ਵੀ ਜ਼ਰੂਰ ਉਹ ਗੱਲਾਂ ਕਰਦੇ ਰਹੇ ਹੋਣਗੇ । ਉਹਨੇ ਉਹਨਾਂ ਨੂੰ ਜਗਾਉਣਾ ਠੀਕ ਨਾ ਸਮਝਿਆ। ਚੁਬਾਰੇ ਅੰਦਰ ਜਾ ਕੇ ਆਪਣੇ ਵਾਲਾਂ ਵਿਚ ਕੰਘਾ ਕਰਨ ਲੱਗੀ। ਐਨੇ ਨੂੰ ਕਮਲਾ ਆ ਗਈ । ਹਰਿੰਦਰ ਅਤੇ ਪਦਮਾ ਨੂੰ ਸੁੱਤੇ ਪਏ ਦੇਖ ਕੇ ਹੱਸਣ ਲੱਗੀ। ਤੇ ਫੇਰ ਹੱਸਦੀ ਹੱਸਦੀ ਨੇ ਹੀ ਪੁੱਛ ਲਿਆ, ‘ਇਹ ਪਏ ਕਿਉਂ ਐਂ?’
‘ਮਸਤੇ ਹੋਏ ਐ। ਰਾਤ ਸੁੱਤੇ ਨ੍ਹੀਂ। ਹੁਣ ਨੀਂਦ ਲਾਹ ਰਹੇ ਐ।’ ਤੇ ਫੇਰ ਪੁਸ਼ਪਿੰਦਰ ਨੇ ਕਮਲਾ ਨੂੰ ਆਖਿਆ, ‘ਫਟਾਫਟ ਆਟਾ ਗੁੰਨ੍ਹ ਕੇ ਪਹਿਲਾਂ ਪਰੌਂਠੇ ਲਾਹ ਲੈ। ਛੇ-ਸੱਤ ਬਹੁਤ ਹੋਣਗੇ। ਉੱਠ ਕੇ ਇਹ ਵੀ ਖਾ ਲੈਣਗੇ। ਫੇਰ ਚਾਹ ਬਣਾ ਦੇ। ਮੈਂ ਤਾਂ ਜਾਣੈ ਕਾਲਜ ਨੂੰ । ਲੇਟ ਹੋ ਰਹੀ ਆਂ। ਮਗਰੋਂ ਸਬਜ਼ੀ ਬਣਾ ਕੇ ਰੋਟੀਆਂ ਲਾਹ ਦੀਂ। ਤਿੰਨਾਂ ਦੀਆਂ ਲਾਹੁਣੀਆਂ ਨੇ।
‘ਇਹ ਦੁਪਹਿਰ ਤਾਈਂ ਠਹਿਰਨਗੇ ਦੋਮੇਂ ?’
‘ਤੂੰ ਰੋਟੀ ਲਾਹ ਦੇ, ਠਹਿਰਨਗੇ ਤਾਂ ਰੋਟੀ ਖਾ ਲੈਣਗੇ। ਸ਼ੈਦ ਠਹਿਰਨਗੇ ਈ। ਜਾਂਦੇ ਤਾਂ ਲਗਦੇ ਨ੍ਹੀਂ।’
ਦੂਜੀ ਵਾਰ ਦੀ ਚਾਹ ਬਣੀ ਤੋਂ ਪੁਸ਼ਪਿੰਦਰ ਨੇ ਉਹਨਾਂ ਨੂੰ ਜਗਾ ਦਿੱਤਾ। ਕਹਿੰਦੀ, ‘ਉੱਠੇ ਬਈ, ਹੁਣ ਤਾਂ ਧੁੱਪਾਂ ਵੀ ਚੜ੍ਹ ਆਈਆਂ । ਮੂੰਹ-ਹੱਥ ਧੋਵੇ । ਚਾਹ ਬਣੀ ਪਈ ਐ। ਪਰੌਠੇ ਵੀ ਲਾਹ ‘ਤੇ ਕਮਲਾ ਨੇ।’
ਪਾਸੇ ਮਾਰਦੇ ਅਤੇ ਅੱਖਾਂ ਮਲਦੇ ਉਹ ਉੱਠ ਕੇ ਬੈਠ ਗਏ । ਹਰਿੰਦਰ ਨੇ ਚੁਬਾਰੇ ਵਿਚ ਜਾ ਕੇ ਆਪਣਾ ਬੈਗ ਖੋਲ੍ਹਿਆ ਅਤੇ ਦੰਦਾਂ ਦਾ ਬੁਰਸ਼ ਲੱਭਣ ਲੱਗਿਆ। ਬੁਰਸ਼ ਨਹੀਂ ਮਿਲ ਰਿਹਾ ਸੀ। ਉਹਨੇ ਬੇਗ ਵਿਚਲਾ ਸਾਰਾ ਨਿੱਕ-ਸੁੱਕ ਕੱਢ ਕੇ ਕੁਰਸੀ ਉੱਤੇ ਧਰ ਦਿੱਤਾ । ਬੈਗ ਦਾ ਸਾਮਾਨ ਅਤੇ ਉਹਦੇ ਮੈਲੇ-ਮੈਲੇ ਕਪੜੇ ਦੇਖ ਕੇ ਪੁਸ਼ਪਿੰਦਰ ਉਹਨੂੰ ਪੁੱਛਣ ਲੱਗੀ, ‘ਤੂੰ ਕੱਲ੍ਹ ਆਇਆ ਕਿੱਥੋਂ ਸੀ, ਪਿੰਡੋਂ ਆਇਆ ਤਾਂ ਲਗਦਾ ਨ੍ਹੀਂ ?’
‘ਕਿਉਂ ?’
‘ਮਾਂ ਹੁਣ ਕਪੜੇ ਨ੍ਹੀਂ ਧੋ ਕੇ ਦਿੰਦੀ ਤੇਰੇ ?’
‘ਮੈਂ ਆਪ ਈ ਧੋ ਲੈਨਾਂ ਕਪੜੇ ਤਾਂ।’
‘ਫੇਰ ਕਿੱਥੋਂ ਆਇਐਂ ਤੂੰ ? ਇਹ ਕੁੜਤਾ-ਪਜਾਮਾ, ਪੈਂਟ-ਬੁਸ਼ਰਟ, ਪੱਗ, ਤੌਲੀਆ, ਸਾਰੇ ਕੱਪੜੇ ਈ ਸੁਆਹ ਵਰਗੇ ਕਰੀਂ ਫਿਰਦੈਂ। ਲਗਦਾ ਤਾਂ ਇਉਂ ਐਂ ਜਿਵੇਂ ਕਿਸੇ ਕੈਂਪ ਤੋਂ ਮੁੜਿਆ ਹੋਵੇਂ, ਦੋ ਚਾਰ ਦਿਨ ਲਾ ਕੇ।
‘ਨਹੀਂ, ਕੈਂਪ ਕਿਹੜਾ ?’ ਹਰਿੰਦਰ ਨੇ ਵਿਚਲੀ ਗੱਲ ਨਹੀਂ ਦੱਸੀ।
ਪੁਸ਼ਪਿੰਦਰ ਉਹਦੇ ਚੇਹਰੇ ਵੱਲ ਸ਼ੱਕ-ਭਰੀਆਂ ਨਿਗਾਹਾਂ ਨਾਲ ਝਾਕਣ ਲੱਗੀ।
ਗਿਆ ਸੀ। ਬੁਰਸ਼ ਉੱਤੇ ਪੇਸਟ ਲਾ ਕੇ ਹਰਿੰਦਰ ਥੱਲੇ ਉੱਤਰ ਗਿਆ। ਤੌਲੀਆ ਵੀ ਨਾਲ ਲੈ
ਪੁਸ਼ਪਿੰਦਰ ਤਿਆਰ ਹੋ ਕੇ ਪਦਮਾ ਨੂੰ ਪੁੱਛਣ ਲੱਗੀ, ‘ਤੂੰ ਕਦੋਂ ਜਾਣੈ, ਪਦਮਾ ?’
‘ਮੈਂ ਤਾਂ ਆਪ ਚੱਲੀ ਆਂ । ਬੱਸ ਨਾ ਕੇ ।
‘ਅੱਜ ਤੇਰਾ ਸਕੂਲ ?’
‘ਸਕੂਲ ਤਾਂ ਅੱਜ ਛੁੱਟੀ ਐ, ਬੁੱਧਵਾਰ ਐ ਨਾ।’
‘ਅੱਛਾ, ਠੀਕ ਐ। ਤੁਹਾਨੂੰ ਬੁੱਧਵਾਰ ਛੁੱਟੀ ਹੁੰਦੀ ਐ। ਅੱਗੇ ਵੀ ਤਾਂ ਦੱਸਿਆ ਸੀ। ਤਾਂ ਫੇਰ ਹੁਣ ਜਾ ਕੇ ਕੀ ਕਰੇਂਗੀ? ਸਕੂਲ ਤਾਂ ਜਾਣਾ ਨ੍ਹੀਂ ।’
‘ਮੈਂ ਤਾਂ ਛੁੱਟੀ ਹੋਣ ਕਰਕੇ ਈ ਆਈ ਸੀ, ਬਈ ਗੱਲਾਂ ਕਰਾਂਗੀਆਂ । ਗੱਲਾਂ ਤਾਂ ਕੀਤੀਆਂ ਈ ਨ੍ਹੀਂ ਕੋਈ।
‘ਤੂੰ ਬੈਠ, ਮੈਂ ਚੱਲੀ ਆਂ, ਕਾਲਜ। ਇਕ-ਡੇਢ ਵਜੇ ਆ ਜੂੰ ਗੀ । ਹਰਿੰਦਰ ਹੈਗਾ ਤੇਰੇ ਕੋਲ। ਇਹ ਠਹਿਰ ਕੇ ਵਗ ਜੂ ਗਾ । ਤੂੰ ਸ਼ਾਮ ਨੂੰ ਚਲੀ ਜਾਈਂ, ਨਹੀਂ ਤਾਂ ਕੱਲ੍ਹ ਸਵੇਰੇ ਜਾਈਂ, ਪਹਿਲੀ ਬੱਸ ਵਗ ਜੀਂ । ਸਾਢੇ ਪੰਜ ਚੱਲ ਪੈਂਦੀਆਂ ਨੇ ਸਭ ਬੱਸਾਂ ।’
ਪੁਸ਼ਪਿੰਦਰ ਨੇ ਆਪਣਾ ਪਰਸ ਚੁੱਕਿਆ। ਦੋ ਕਿਤਾਬਾਂ ਕੋਈ ਅਤੇ ਨੋਟ-ਬੁੱਕ, ਘੜੀ ਵੱਲ ਝਾਕੀ। ਝੱਟ ਪੌੜੀਆਂ ਉੱਤਰਨ ਲੱਗੀ।
13
ਹਰਿੰਦਰ ਨ੍ਹਾ ਕੇ ਆਇਆ ਤਾਂ ਪਦਮਾ ਥੱਲੇ ਉੱਤਰ ਗਈ। ਉਹ ਬੁਰਸ਼ ਹੀ ਕਰਕੇ ਆਈ ਜਾਂ ਬੱਸ ਮੂੰਹ ਧੋ ਆਈ। ਕਹਿੰਦੀ, ‘ਮੈਂ ਤਾਂ ਸਿਰ ਦੇ ਵਾਲ ਧੋਣੇ ਨੇ, ਠਹਿਰ ਕੇ ਨ੍ਹਾਊਂਗੀ।
ਕਮਲਾ ਨੇ ਦੁਪਹਿਰ ਦੀ ਰੋਟੀ ਵਾਸਤੇ ਸਬਜ਼ੀ ਬਣਾ ਲਈ ਸੀ ਅਤੇ ਫੇਰ ਰੋਟੀਆਂ ਵੀ ਪਕਾ ਦਿੱਤੀਆਂ ਸਨ। ਪਦਮਾ ਨੇ ਉਹਨੂੰ ਮੁਸਕਰਾ ਕੇ ਆਖਿਆ, ‘ਏ ਨਫੀਸ, ਸਾਡੀ ਚਾਹ ?’
‘ਚਾਹ ਪਈ ਐ, ਪਰ ਠੰਡੀ ਹੋ ਗੀ ਹੋਊ।
‘ਫੇਰ ਤੱਤੀ ਕਰ ਦੇ ਇਹਨੂੰ, ਸਟੋਵ ਬੁਝਾਇਆ ਤਾਂ ਨ੍ਹੀਂ ?’
‘ਨਹੀਂ, ਸਟੋਵ ਤਾਂ ਚਲਦੈ।’ ਕਮਲਾ ਨੇ ਚਾਹ ਤੱਤੀ ਧਰ ਦਿੱਤੀ। ਚਾਰ ਪਰੋਂਠੇ ਪਲੇਟ ਵਿਚ ਰੱਖ ਕੇ ਮੇਜ਼ ਉੱਤੇ ਲੈ ਆਈ। ਕੌਲੀ ਵਿਚ ਅੰਬ ਦਾ ਅਚਾਰ। ਇਕ ਗੰਢਾ ਚੀਰ ਕੇ ਰੱਖ ਦਿੱਤਾ। ਉਹ ਪਰੌਂਠੇ ਖਾਣ ਲੱਗੇ । ਕਮਲਾ ਨੇ ਆਪਣਾ ਰਸੋਈ ਦਾ ਸਾਰਾ ਕੰਮ ਨਿਬੇੜ ਦਿੱਤਾ। ਕੌਲੀ ਵਿਚ ਥੋੜ੍ਹੀ ਜਿਹੀ ਸਬਜ਼ੀ ਪਾ ਕੇ ਹੱਥਾਂ ਉੱਤੇ ਹੀ ਤਿੰਨ-ਚਾਰ ਰੋਟੀਆਂ ਧਰੀਆਂ ਅਤੇ ਰਸੋਈ ਵਿਚ ਬੈਠ ਕੇ ਰੋਟੀ ਖਾਣ ਲੱਗੀ।
ਉਹਨਾਂ ਨੇ ਪਰੌਂਠੇ ਖਾ ਕੇ ਚਾਹ ਪੀ ਲਈ ਸੀ । ਕਮਲਾ ਜਾਣ ਲੱਗੀ ਤਾਂ ਹਰਿੰਦਰ ਨੇ ਵੀ ਆਪਣਾ ਬੈਗ ਸਾਂਭਣਾ ਸ਼ੁਰੂ ਕੀਤਾ। ਕਹਿੰਦਾ, ‘ਚੰਗਾ ਬਈ ਪਦਮਾ ਰਾਣੀ। ਮੈਂ ਵੀ ਚਲਦਾਂ।’
‘ਵਾਹ! ਕਿੱਥੇ ਚਲਦੈਂ ?
‘ਪਿੰਡ ਨੂੰ ਜਾਨੇ ਆਂ, ਹੋਰ ਕਿੱਥੇ ਜਾਣੈ ਆਪਾਂ।’
‘ਨਹੀਂ ਨਹੀਂ, ਹਾਲੇ ਨ੍ਹੀਂ। ਪਿੰਦਰ ਆਈ ਤੋਂ ਜਾਈਂ। ਮੈਂ ਫੇਰ ਕੱਲੀ ਆਂ। ਜਾਣਾ ਨ੍ਹੀਂ। ਮੈਂ ਨ੍ਹਾ ਲਵਾਂ । ਤੂੰ ਬੈਠ, ਲਿਆ ਤੇਰੇ ਕੱਪੜੇ ਵੀ ਧੋ ਦਿੰਨੀ ਆਂ। ਐਨੇ ਮੈਲੇ ਕਿਉਂ ਕੀਤੇ ਨੇ ਏਹੇ ?’ ਪਦਮਾ ਦੇ ਬੋਲਾਂ ਨੇ ਜਿਵੇਂ ਉਹਨੂੰ ਬੰਨ੍ਹ ਕੇ ਬਿਠਾ ਲਿਆ ਹੋਵੇ । ਉਹਨੇ ਐਨਾ ਹੀ ਆਖਿਆ, ‘ਗੱਲ ਤਾਂ ਠੀਕ ਐ। ਫੇਰ ਤਾਂ ਚਾਹੇ ਕੇਸੀਂ ਵੀ ਨਾ ਲੈਂਦਾ ਮੈਂ । ਪਰ ਚੱਲ, ਕੇਸੀਂ ਪਿੰਡ ਜਾ ਕੇ ਨਾ ਲਾਂਗੇ, ਤੂੰ ਇਹ ਕੱਪੜੇ ਧੋਣ ਆਲਾ ਉਪਕਾਰ ਤਾਂ ਕਰ ਈ ਦੇਹ।’ ਉਹਨੇ ਪੈਂਟ-ਬੁਸ਼ਰਟ ਦੀਆਂ ਜੇਬਾਂ ਫਰੋਲੀਆਂ। ਪੱਗ ਝਾੜ ਕੇ ਰੱਖੀ। ਫੇਰ ਕਹਿੰਦਾ, ‘ਕੁੜਤੇ-ਪਜਾਮੇ ਦਾ ਕਿਵੇਂ ਕਰਾਂ ?’
‘ਇਹ ਵੀ ਉਤਾਰ ਦੇ। ਇਹ ਵੀ ਧੋ ਦਿੰਨੀ ਆਂ।’
ਹਰਿੰਦਰ ਨੇ ਕੁੜਤਾ-ਪਜਾਮਾ ਉਤਾਰ ਦਿੱਤਾ। ਸਣੇ ਤੌਲੀਏ ਸਾਰੇ ਕੱਪੜੇ ਇਕੱਠੇ ਕਰਕੇ ਉਹ ਕਹਿੰਦਾ, ‘ਲੈ ਤੂੰ ਇਹ ਲੈ ਕੇ ਥੱਲੇ ਚੱਲ। ਸਾਬਣ-ਸਰਫ ਦੇਖ ਐਥੇ ਕਿੱਥੇ ਪਿਐ।
ਪਦਮਾ ਨੇ ਆਪਣੇ ਗਲ-ਤੇੜ ਦੇ ਕੱਪੜੇ ਵੀ ਧੋਣੇ ਚਾਹੇ । ਉਹਨੇ ਆਪਣਾ ਨਵਾਂ ਧੋਤਾ ਸੂਟ ਲਿਆ ਅਤੇ ਸਾਬਣ-ਸਰਫ ਲੈ ਕੇ ਹਰਿੰਦਰ ਦੇ ਕੱਪੜਿਆਂ ਸਮੇਤ ਥੱਲੇ ਉੱਤਰ ਗਈ। ਟੂਟੀ ਦਾ ਪਾਣੀ ਬੱਸ ਇਕ ਘੰਟਾ ਹੋਰ ਰਹਿਣਾ ਸੀ। ਮਾਲਕ-ਮਕਾਨ ਗੁਸਲਖਾਨੇ ਦਾ ਕੰਮ ਕਦੋਂ ਦਾ ਨਿਬੇੜ ਚੁੱਕੇ ਸਨ । ਪਦਮਾ ਨੇ ਕਾਹਲ ਨਾਲ ਕੱਪੜੇ ਧੋਣੇ ਸ਼ੁਰੂ ਕੀਤੇ। ਕੱਪੜੇ ਧੋਂਦਿਆਂ-ਧੋਂਦਿਆਂ ਉਹਨੂੰ ਯਾਦ ਆਇਆ ਕਿ ਉਹ ਪੁਸ਼ਪਿੰਦਰ ਦਾ ਸੂਟ ਵੀ ਧੋ ਦਿੰਦੀ। ਉਹਦਾ ਕੋਈ ਤੌਲੀਆ ਆਦਿ ਵੀ। ਪੈਂਟ-ਬੁਸ਼ਰਟ ਧੋ ਕੇ ਉਹਨੇ ਉਹਨਾਂ ਦਾ ਸਾਫ ਪਾਣੀ ਕੱਢਿਆ ਅਤੇ ਲੈ ਕੇ ਉੱਤੇ ਆ ਗਈ। ਤਾਰ ਉੱਤੇ ਸੁੱਕਣੇ ਪਾ ਦਿੱਤੇ । ਚੁਬਾਰੇ ਵਿਚ ਆ ਕੇ ਉਹ ਪੁਸ਼ਪਿੰਦਰ ਦਾ ਮੈਲਾ ਸੂਟ ਲੱਭਣ ਲੱਗੀ, ਉਹਦਾ ਤੌਲੀਆ ਅਤੇ ਇਕ-ਦੋ ਕੱਪੜੇ ਹੋਰ ਵੀ ਲੈ ਲਏ। ਹਰਿੰਦਰ ਮੰਜੇ ਉੱਤੇ ਸਾਧਾਂ ਵਾਂਗ ਖੇਸ ਦੀ ਗਲਤੀ ਮਾਰੀਂ ਬੈਠਾ ਸੀ। ਕੋਈ ਕਿਤਾਬ ਪੜ੍ਹਨ ਲੱਗ ਪਿਆ ਸੀ।
ਹਰਿੰਦਰ ਨੇ ਇਕ ਪਲ ਕਿਤਾਬ ਦੀ ਗੰਭੀਰਤਾ ਵਿਚੋਂ ਧਿਆਨ ਕੱਢਿਆ ਤਾਂ ਦੇਖਿਆ, ਪਦਮਾ ਬਹੁਤ ਸੋਹਣੀ ਲੱਗ ਰਹੀ ਸੀ । ਉਹ ਗੰਭੀਰਤਾ ਦੇ ਮਾਹੌਲ ਵਿਚ ਹੀ ਬੋਲਿਆ, ‘ਹੁਣ ਤਾਂ ਤੂੰ ਜਮਾਂ ਕਲੰਡਰ ਉੱਤੇ ਛਪੀ ਸ਼ਿਵ ਜੀ ਦੀ ਫੋਟੋ ਵਰਗੀ ਲਗਦੀ ਐਂ। ਜਿਵੇਂ ਹੁਣੇ ਤੇਰੇ ਜੂੜੇ ਵਿਚੋਂ ਨਦੀ ਦੀ ਧਾਰ ਫੁੱਟ ਨਿੱਕਲਣੀ ਹੋਵੇ।’
‘ਨਦੀ, ਅੱਜ ਦੀ ਔਰਤ ਦੀਆਂ ਅੱਖਾਂ ਵਿਚ ਐ, ਜਨਾਬ ।’ ਪਦਮਾ ਨੇ ਜਵਾਬ ਦਿੱਤਾ।
‘ਅੱਖਾਂ ਵਿਚ ਨਦੀ ਕਮਾਲ ਦੀ ਡਿਸਕਰਿਪਸ਼ਨ ਐ ਬਈ । ਹਰਿੰਦਰ ਨੇ ਤਾਰੀਫ ਕੀਤੀ।
‘ਹਾਂ-ਹਾਂ, ਔਰਤ ਪੱਲੇ ਤਾਂ ਸਾਰੀ ਉਮਰ ਰੋਣ ਈ ਰੋਣ ਐ।’
‘ਇਹ ਤਾਂ ਬੜਾ ਪੁਰਾਣਾ ਖਿਆਲ ਐ, ਤੇਰਾ ।’
‘ਪੁਰਾਣਾ ਨਹੀਂ, ਹਰਿੰਦਰ, ਮੈਂ ਤਾਂ ਅੱਜ ਹੰਢਾ ਰਹੀ ਆਂ, ਖੁਦ ਏਸ ਖਿਆਲ ਨੂੰ ।
‘ਉਹ ਕਿਵੇਂ ?’ ਹਰਿੰਦਰ ਨੇ ਕਿਤਾਬ ਪਰ੍ਹਾਂ ਰੱਖ ਦਿੱਤੀ।
‘ਪੁਸ਼ਪਿੰਦਰ ਨੇ ਕਦੇ ਗੱਲ ਨ੍ਹੀਂ ਕੀਤੀ ਤੇਰੇ ਕੋਲ ?’
‘ਤੂੰ ਤਾਂ ਆਪ ਦੇਖਿਆ, ਸਾਡਾ ਘਰ। ਪਿਤਾ ਜੀ ਗਏ ਤਾਂ ਮੇਰੇ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਗੀ। ਪਤਾ ਨ੍ਹੀਂ ਕਿੱਥੇ ਜਾ ਕੇ ਇਹਦਾ ਅੰਤ ਹੋਊਗਾ ?’
‘ਦੁੱਖ? ਤੈਨੂੰ ਕਿਹੜਾ ਦੁੱਖ ਐ ?’
‘ਐੱਮੇ ਮੇਰੀ ਵਿਚੇ ਰਹਿ ਗੀ। ਮੇਰੇ ਨਾਲ ਦੀ ਪਿੰਦਰ ਪ੍ਰੋਫੈਸਰ ਬਣੀ ਬੈਠੀ ਐ। ਫੇਰ ਮੈਨੂੰ ਕਿਸੇ ਨੇ ਕੋਈ ਟਰੇਨਿੰਗ ਵੀ ਨਾ ਕਰਾਈ। ਮੈਂ ਟਰੇਂਡ ਨਹੀਂ, ਸਰਕਾਰੀ ਨੌਕਰੀ ‘ਤੇ ਨ੍ਹੀਂ ਲੱਗ ਸਕਦੀ। ਬੇਰੋਜ਼ਗਾਰ ਆਂ, ਮੇਰਾ ਰਿਸ਼ਤਾ ਨ੍ਹੀਂ ਲੈਂਦਾਂ ਕੋਈ।’
‘ਕੀ ਤੇਰੀ ਜ਼ਿੰਦਗੀ ਦੀ ਲਾਈਨ ਬਸ ਵਿਆਹ ਈ ਐ ਤੇਰਾ?’
‘ਹਾਂ, ਕੁੜੀ ਦੀ ਪਹਿਲੀ ਲਾਈਨ ਤਾਂ ਇਹੀ ਹੁੰਦੀ ਐ, ਸਾਡੇ ਸਮਾਜ ‘ਚ।’
‘ਤੂੰ ਤਾਂ ਇਕ ਜਾਤ ਕੁੜੀ ਐਂ। ਐਨਾ ਪੜ੍ਹੀ-ਲਿਖੀ ਐਂ। ਮੇਰਾ ਮਤਲਬ ਤੇਰੀ ਬੀਏ ਦੀ ਡਿਗਰੀ ਤੋਂ ਨ੍ਹੀਂ। ਕਿਤਾਬਾਂ ਪੜ੍ਹ-ਪੜ੍ਹ ਤੂੰ ਆਪਣੇ ਅੰਦਰ ਕਿੰਨਾ ਗਿਆਨ-ਸੰਗ੍ਰਹਿ ਬਣਾ ਲਿਐ। ਤੈਨੂੰ ਹੋਰ ਕਿਹੜੀ ਟਰੇਨਿੰਗ ਦੀ ਲੋੜ ਐ? ਤੇਰਾ ਜੀਵਨ-ਸਾਥ ਪ੍ਰਾਪਤ ਕਰਨ ਵਾਲਾ ਤਾਂ ਕੋਈ ਕਰਮਾਂ ਵਾਲਾ ਹੋਊ। ਬਦਕਿਸਮਤ ਲੋਕ ਤੈਨੂੰ ਨਾਪਸੰਦ ਕਰ ਜਾਂਦੇ ਹੋਣਗੇ। ਤੂੰ ਤਾਂ ….
‘ਬੱਸ ਬੱਸ, ਹੁਣ ਹੋਰ ਨ੍ਹੀਂ । ਨਹੀਂ ਤਾਂ ਮੈਂ ਭੁਕਾਨੇ ਵਾਂਗ ਪਾਟ ਜੂੰ ਗੀ । ਇਹ ਸਭ ਸ਼ਾਬਦਿਕ ਵਡਿਆਈ ਐ। ਹਕੀਕਤ ਹੋਰ ਚੀਜ਼ ਐ।’
‘ਬਈ ਵਾਹ। ਕਮਾਲ ਐ ਪਦਮਾ। ਮੈਂ ਕੋਈ ਕਵੀ ਥੋੜਾ ਆਂ, ਬਈ ਤੇਰੀ ਤਾਰੀਫ ਵਿਚ ਸ਼ਬਦਾਂ ਦੇ ਪੁਲ ਬੰਨ੍ਹ ਰਿਹਾਂ । ਮੈਂ ਤਾਂ ਸੱਚ ਆਖਦਾਂ।’
‘ਚੱਲ ਇਹ ਤਾਂ ਐਵੇਂ ਵਿਚ ਦੀ ਗੱਲ ਆ ਗੀ, ਟਾਈਮ ਕੀ ਹੋ ਗਿਆ ? ਚਾਹ ਬਣਾਵਾਂ, ਪੀਏਂਗਾ ?’
‘ਹਾਂ, ਚਾਹ ਤਾਂ ਚਾਹੇ ਕੋਈ ਸਾਰਾ ਦਿਨ ਪਿਆਈਂ ਜਾਵੇ ।’
ਪਦਮਾ ਨੇ ਆਪਣਾ ਜੂੜਾ ਖੋਲ੍ਹ ਕੇ ਵਾਲ ਛੱਡੇ। ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਫੁਹਾਰਾਂ ਛੱਤ-ਪੱਖੇ ਦੀ ਹਵਾ ਵਿਚ ਏਧਰ-ਓਧਰ ਉੱਡ ਗਈਆਂ। ਇਕੇ-ਦੁਕੇ ਟਿਮਕਣੇ ਹਰਿੰਦਰ ਦੇ ਹੱਥਾਂ ਉੱਤੇ ਵੀ ਆ ਜੰਮੇ । ਪਦਮਾ ਰਸੋਈ ਵਿਚ ਗਈ ਤਾਂ ਹਰਿੰਦਰ ਨੇ ਇਕ ਟਿਮਕਣੇ ਨੂੰ ਮੱਥੇ ਨਾਲ ਪੂੰਝ ਲਿਆ। ਉਹਨੂੰ ਲੱਗਿਆ ਜਿਵੇਂ ਉਹਦੇ ਮੱਥੇ ਉੱਤੇ ਕਿਸੇ ਅਲੋਕਾਰ ਜਿਹੀ ਚੀਜ਼ ਦਾ ਲੇਪ ਹੋ ਗਿਆ ਹੋਵੇ। ਇਸ ਲੇਪ ਨਾਲ ਜਿਵੇਂ ਉਹਦੇ ਮੱਥੇ ਨੂੰ ਇਕ ਅਕਹਿ ਤਸਕੀਨ ਮਿਲੀ ਹੋਵੇ। ਉਹਨੇ ਅੱਖਾਂ ਝਮਕੀਆਂ ਅਤੇ ਕਿਸੇ ਅਣ-ਹੋਏ ਅਹਿਸਾਸ ਨੂੰ ਆਪਦੇ ਦਿਮਾਗ ਵਿਚੋਂ ਛੰਡ ਸੁੱਟਣ ਦੀ ਕੋਸ਼ਿਸ਼ ਕੀਤੀ।
ਪਦਮਾ ਦੋ ਗਲਾਸਾਂ ਵਿਚ ਚਾਹ ਪਾ ਲਿਆਈ । ਹਰਿੰਦਰ ਮੰਜੇ ਉੱਤੇ ਚੌਕੜੀ ਮਾਰੀਂ ਬੈਠਾ ਸੀ। ਪੇਸ ਦੀ ਗਲਤੀ, ਜਿਵੇਂ ਕੋਈ ਨਵਾਂ ਬਣਿਆ ਸਾਧ ਦਾ ਚੇਲਾ। ਪਦਮਾ ਕੁਰਸੀ ਉੱਤੇ ਬੈਠੀ ਸੀ। ਸਿਰ ਦੇ ਸੰਘਣੇ ਲੰਮੇ ਵਾਲ ਇਕ ਮੋਢੇ ਉੱਤੋਂ ਦੀ ਕੱਢ ਕੇ ਛਾਤੀ ਉੱਤੇ ਲਮਕਾਏ ਹੋਏ । ਜਿਵੇਂ ਕੋਈ ਸੁਪਨ ਸੁੰਦਰੀ ਹੋਵੇ। ਫੂਕਾਂ ਮਾਰ-ਮਾਰ ਉਹ ਚਾਹ ਪੀਣ ਲੱਗੇ।
ਹਰਿੰਦਰ ਨੇ ਚੌੜ ਨਾਲ ਆਖਿਆ, ‘ਤੂੰ ਕਿਧਰੇ ਭੂਤ ਤਾਂ ਨ੍ਹੀਂ ਕੋਈ? ਕਿਵੇਂ ਲਗਾਤਾਰ ਝਾਕੀਂ ਜਾਨੀ ਐਂ ?
ਪਦਮਾ ਮੁਸਕਰਾਈ ਹੀ। ਬੋਲੀ ਕੁਝ ਨਹੀਂ। ਮੁਸਕਰਾ ਕੇ ਨੀਵੀਂ ਪਾ ਲਈ।
ਚਾਹ ਪੀ ਕੇ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ । ਕਾਫੀ ਸਮਾਂ ਗੁਜ਼ਰ ਚੁੱਕਿਆ ਸੀ। ਉਹਨਾਂ ਨੂੰ ਹੁਣ ਬਹੁਤ ਤੇਜ਼ ਭੁੱਖ ਲੱਗੀ ਹੋਈ ਸੀ। ਮੰਜਿਆ ਉੱਤੇ ਪਏ ਹੋਰ ਨਿੱਕੀਆਂ-ਨਿੱਕੀਆਂ ਗੱਲਾਂ ਕਰ ਰਹੇ ਉਹ ਪੁਸ਼ਪਿੰਦਰ ਦੀ ਉਡੀਕ ਕਰਨ ਲੱਗੇ।
14
ਮੱਲਣ ਦੇ ਦਿਮਾਗ ਵਿਚ ਹਰ ਵੇਲੇ ਹੀ ਬਲਕਾਰ ਦੀਆਂ ਗੱਲਾਂ ਘੁੰਮਦੀਆਂ ਰਹਿੰਦੀਆਂ। ਉਹਨੂੰ ਕੋਈ ਬੁਲਾਉਂਦਾ ਤਾਂ ਉਹ ਇਸ ਤਰ੍ਹਾਂ ‘ਹੂੰ’ ਕਹਿ ਕੇ ਬੋਲਦਾ ਜਿਵੇਂ ਕੋਈ ਸੁੱਤਾ ਪਿਆ ਉੱਭੜਵਾਹਾ ਉੱਠ ਕੇ ਗੱਲ ਕਰਦਾ ਹੋਵੇ । ਝੋਰਾ ਤਾਂ ਉਹਦੀ ਪਤਨੀ ਚੰਦਕੁਰ ਨੂੰ ਵੀ ਬਹੁਤ ਸੀ ਪਰ ਉਹਦਾ ਦਿਲ ਕੁਝ ਕੁ ਕਰੜਾ ਸੀ । ਰੋਂਦੀ ਤਾਂ ਉਹ ਵੀ ਰਹਿੰਦੀ, ਪਰ ਮੱਲਣ ਦਾ ਦਿਲ ਟਿਕਾਉਣ ਲਗਦੀ। ਉਹਨੂੰ ਧਰਵਾਸ ਦਿੰਦੀ ਜਿਵੇਂ ਆਪਣੇ-ਆਪ ਨੂੰ ਹੀ ਧਰਵਾਸ ਦੇ ਰਹੀ ਹੋਵੇ। ਆਖਦੀ, ‘ਚੱਲ, ਐਂ ਸਮਝ ਲੈਨੇ ਆਂ, ਬਈ ਰੱਬ ਨੇ ਉਹ ਸਾਨੂੰ ਦਿੱਤਾ ਈ ਨ੍ਹੀਂ ਸੀ। ਜਿਨ੍ਹਾਂ ਦੇ ਪੁੱਤ ਹੈ ਨ੍ਹੀਂ, ਕੁਸ ਵੀ ਹੈ ਨ੍ਹੀਂ, ਉਹ ਵੀ ਤਾਂ ਕਿਮੇਂ ਦਿਨ ਕਟਦੇ ਈ ਐ। ਆਪਣੀਆਂ ਤਿੰਨ ਧੀਆਂ ਪੁੱਤਾਂ ਵਰਗੀਆਂ ਈ ਨੇ। ਆਪਣਾ ਨਾਂ ਹੈਗਾ ਸੰਸਾਰ ਤੇ।’
ਪਰ ਨਹੀਂ, ਮੱਲਣ ਦਿਨੋ-ਦਿਨ ਥਿਵਦਾ ਜਾ ਰਿਹਾ ਸੀ । ਘੰਡਾਬੰਨੇ ਨਾਲ ਲਗਦਾ ਟਾਹਲੀ ਵਾਲਾ ਖੇਤ ਦਸ ਘੁਮਾਂ, ਜਿਹੜਾ ਫੇਰ ਮੁਰੱਬਾਬੰਦੀ ਵਿਚ ਅੱਠ ਕਿੱਲੇ ਰਹਿ ਗਿਆ ਸੀ, ਸਾਰੇ ਦਾ ਸਾਰਾ ਤੀਹ ਹਜ਼ਾਰ ਵਿਚ ਹਰਦਿੱਤ ਸਿੰਘ ਕੋਲ ਗਹਿਣੇ ਸੀ । ਭਾਈ ਰੂਪੇ ਵਾਲਾ ਖੇਤ ਛੇ ਘੁਮਾਂ, ਜਿਹੜਾ ਫੇਰ ਮੁਰੱਬਾਬੰਦੀ ਵਿਚ ਚਾਰ ਕਿੱਲੇ ਰਹਿ ਗਿਆ ਸੀ, ਬੱਸ ਇਹੀ ਖੇਤ ਹੁਣ ਮੱਲਣ ਦੇ ਕਬਜ਼ੇ ਵਿਚ ਸੀ।
ਮੱਲਣ ਨੇ ਸਾਰੇ ਪਸ਼ੂ ਵੇਚ ਦਿੱਤੇ ਸਨ । ਵਾਹੀ ਦਾ ਕੰਮ ਤਾਂ ਕਦੋਂ ਦਾ ਛੱਡਿਆ ਹੋਇਆ ਸੀ । ਬੁੜ੍ਹਾ-ਬੁੜ੍ਹੀ ਬੱਸ ਇਕ ਗਾਂ ਰਖਦੇ। ਚਾਹ ਹੋ ਜਾਂਦੀ। ਥੋੜ੍ਹਾ-ਘਣਾ ਪੀ ਵੀ ਲੈਂਦੇ। ਖਾਣ-ਜੋਗੇ ਦਾਣੇ ਭਾਈ ਰੂਪੇ ਵਾਲੇ ਖੇਤ ਵਿਚੋਂ ਆ ਜਾਂਦੇ। ਦੋ ਤਾਂ ਜੀਅ ਸਨ। ਐਨਾਂ ਕਿੰਨਾ ਕੁ ਖਰਚ ਸੀ ਉਹਨਾਂ ਦਾ !
ਮੱਲਣ ਸਿੰਘ ਤੋਂ ਪੁੱਤ ਦਾ ਵਿਗੋਚਾ ਝੱਲਿਆ ਨਾ ਗਿਆ। ਉਹਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੀ। ਉਹਨੇ ਰੋï ਖਾਣੀ ਲਗਭਗ ਛੱਡ ਹੀ ਦਿੱਤੀ। ਬੱਸ ਐਵੇਂ ਇਕ-ਅੱਧ ਫੁਲਕਾ ਮੂੰਗੀ ਦੀ ਦਾਲ ਨਾਲ ਖਾ ੰ ਦਾ । ਦੁੱਧ ਪੀਂਦਾ ਹੀ ਨਾ। ਚਾਹ ਦੀ ਬੁੱਕ ਲੈਂਦਾ ਤਾਂ ਜੋ ਦਿਲ ਖੜ੍ਹਾ ਰਹੇ। ਅਖੀਰ ਪੁੱਤ ਦਾ ਸ,ਮ ਉਹਦੀ ਜਾਨ ਲੈ ਕੇ ਹਟਿਆ। ਚੰਦਕੁਰ ਇਕੱਲੀ ਰਹਿ ਗਈ। ਘਰ ਉਹਨੂੰ ਵੱਢ-ਵੱਢ ਖਾਣ ਲੱਗਿਆ। ਰਾਤਾਂ ਨੂੰ ਉਹਨੂੰ ਆਪਣਾ ਹੀ ਘਰ ਡਰਾਉਣ ਲਗਦਾ । ਕੰਧਾਂ ਜਿਵੇਂ ਉਹਦੇ ਉੱਤੇ ਡਿੱਗੂੰ-ਡਿੱਗੂੰ ਕਰਦੀਆਂ। ਲਗਦਾ ਜਿਵੇਂ ਉਹ ਰਾਤ ਵੇਲੇ ਮੜ੍ਹੀ-ਮਸਾਣਾਂ ਵਿਚ ਸੌਂਦੀ ਹੋਵੇ। ਕਦੇ ਕੋਈ ਕੁੜੀ ਆਉਂਦੀ ਤਾਂ ਉਹਦਾ ਦਿਲ ਟਿਕਾਉਣ ਲਗਦੀ। ਪੰਜ-ਸੱਤ ਦਿਨ ਰਹਿ ਵੀ ਜਾਦੀ । ਸਮਾਈ ਆਉਂਦੇ ਤਾਂ ਕਿੰਨਾ-ਕਿੰਨਾ ਚਿਰ ਉਹਦੇ ਮੰਜੇ ਦੀ ਬਾਹੀ ਉੱਤੇ ਬੈਠ ਕੇ ਉਹਦੇ ਨਾਲ ਗੱਲਾਂ ਕਰਦੇ । ਧੀਆਂ ਕਹਿੰਦੀਆਂ, ‘ਮਾਂ ਹੁਣ ਤਾਂ ਤੂੰ ਸਾਡੇ ਕੋਲ ਚੱਲ ਕੇ ਰਹਿ।’ ਧੂਰਕੋਟ ਵਾਲੀ ਮੀਤੋ ਆਪਣੇ ਵੱਲ ਖਿੱਚ ਕਰਦੀ, ਭੈਣੀ ਬਾਘੇ ਵਾਲੀਆਂ ਦੋਵੇਂ ਕੁੜੀਆਂ ਲੱਖੋ ਅਤੇ ਜੀਤੋ ਉਹਨੂੰ ਆਪਣੇ ਕੋਲ ਲਿਜਾਣ ਲਈ ਬਹੁਤਾ ਹੀ ਜ਼ੋਰ ਪਾਉਂਦੀਆਂ। ਚੰਦਕੁਰ ਨੂੰ ਸੌਖਾ-ਸੌਖਾ ਸਾਹ ਆਉਣ ਲਗਦਾ। ਉਹ ਸੋਚਦੀ ਧੀਆਂ ਉਹਦਾ ਕਿੰਨਾ ਕਰਦੀਆਂ ਹਨ। ਉਹਦੀਆਂ ਭੁੱਬਾਂ ਨਿੱਕਲ ਜਾਂਦੀਆਂ, ‘ਪੁੱਤਾ ਵੇ, ਇਕ ਤੂੰ ਨ੍ਹੀਂ ਹੈਂ ਬੱਸ । ਬਲਕਾਰ ਸਿਆਂ, ਮੈਂ ਤੇਰੇ ਕੀ-ਕੀ ਬਣਤ ਬਣੌਣੇ ਸੀ ਵੇ।’
ਉਹਦੇ ਜਮਾਈ ਝੱਟ ਆਖ ਉਠਦੇ, ‘ਅੰਮਾਂ ਜੀ, ਅਸੀਂ ਥੋਡੇ ਪੁੱਤ ਈ ਆਂ ਨਾ । ਸਾਨੂੰ ਤੂੰ ਆਪਦੇ ਪੁੱਤ ਨ੍ਹੀਂ ਸਮਝਦੀ? ਅਸੀਂ ਕੌਣ ਆਂ। ਅਸੀਂ, ਅੰਮਾ ਜੀ, ਤੇਰੇ ਸਾਹਾਂ ਦੇ ਦਮਾਨੇ ਆਂ।’
ਤੇ ਫੇਰ ਇਕ ਦਿਨ ਧੂਰਕੋਟ ਵਾਲਾ ਉਹਦਾ ਜਮਾਈ ਆਇਆ, ਜੀਪ ਵਿਚ ਬਿਠਾ ਕੇ ਉਹਨੂੰ ਮੱਲੋਮੱਲੀ ਧੂਰਕੋਟ ਲੈ ਗਿਆ। ਧੂਰਕੋਟ ਉਹ ਦੋ ਮਹੀਨੇ ਮਸਾਂ ਰਹੀ। ਸਾਰਾ ਦਿਨ ਬਲਕਾਰ ਅਤੇ ਮੱਲਣ ਦੇ ਕੀਰਨੇ ਹੀ ਪਾਈਂ ਜਾਇਆ ਕਰੇ । ਅਖੀਰ ਇਕ ਦਿਨ ਕਹਿੰਦੀ, ‘ਤੂੰ ਧੀਏ ਮੈਨੂੰ ਮਾਰਨ ਨੂੰ ਐਥੇ ਚੱਕ ਲਿਆਈ। ਮੈਨੂੰ ਤਾਂ ਮੇਰੇ ਨੱਗਰ-ਖੇੜੇ ਛੱਡ। ਮੈਂ ਇਥੇ ਨ੍ਹੀਂ ਰਹਿ ਸਕਦੀ। ਮੈਂ ਓਥੇ ਈ ਮਰੂੰ ਗੀ ਜਿੱਥੇ ਮੇਰਾ ਪੁੱਤ ਤੇ ਮੇਰੇ ਸਿਰ ਦਾ ਸਾਈਂ ਖਪਨ ਹੋਏ ਐ। ਬਗਾਨੇ ਪਿੰਡ ਨ੍ਹੀਂ ਮੇਰੀ ਜਾਨ ਨਿਕਲਦੀ, ਜੇ ਤੂੰ ਕਹੇਂ ।
ਬਹੁਤਾ ਹੀ ਤੰਗ ਕਰਨ ਲੱਗੀ ਤਾਂ ਜਮਾਈ ਉਹਨੂੰ ਕੋਠੀ ਫੇਰ ਛੱਡ ਗਿਆ। ਧੂਰਕੋਟ ਵਾਲਿਆਂ ਦੇ ਮਨ ਵਿਚ ਜੋ ਵਸੀ ਸੀ, ਉਹ ਗੱਲ ਪੂਰੀ ਨਾ ਹੋਈ। ਉਹ ਤਾਂ ਚਾਹੁੰਦੇ ਸਨ ਕਿ ਭਲੋ ਕੇ ਬੁੜ੍ਹੀ ਤੋਂ ਸਾਰੀ ਜ਼ਮੀਨ ਦੀ ਵਸੀਅਤ ਕਰਵਾ ਲੈਣਗੇ। ਪਰ ਉਹ ਤਾਂ ਬੜੀ ਚੁਸਤ ਸੀ। ਨਹੁੰ ਕਿਹੜਾ ਧਰਨ ਦਿੰਦੀ ਸੀ। ਉਹਨੂੰ ਧੂਰਕੋਟ ਵਾਲਿਆਂ ਦੀ ਫਿੱਟੀ ਨੀਅਤ ਦਾ ਸਭ ਪਤਾ ਸੀ। ਕੋਠੀ ਆ ਕੇ ਉਹ ਧੂਰਕੋਟ ਵਾਲੇ ਜਮਾਈ ਨੂੰ ਕਹਿੰਦੀ, ‘ਦੇਖ ਸਾਊ, ਧੀਆਂ ਤਿੰਨੇ ਇੱਕੋ ਨੇ ਮੈਨੂੰ। ਕਿਸੇ ਇਕ ਦੀ ਕੀਲ ‘ਚ ਨ੍ਹੀਂ ਮੈਂ ਔਣ ਆਲੀ। ਚਲਾਕੀ ਤਾਂ ਮੈਂ ਭੋਰਾ ਕਿਹੜਾ ਚੱਲਣ ਦਿੱਨੀ ਆਂ ਕਿਸੇ ਦੀ।’
ਬੁੜ੍ਹੀ ਦੀ ਗੱਲ ਸੁਣ ਕੇ ਉਹ ਨੀਵੀਂ ਹੀ ਪਾ ਗਿਆ। ਨਮੋਸ਼ੀ ਮੰਨ ਕੇ ਕਹਿਣ ਲੱਗਿਆ, ‘ਨਹੀਂ ਅੰਮਾ ਜੀ, ਤੂੰ ਤਾਂ ਪੁੱਠਾ ਸੋਚ ਗੀ। ਮੈਂ ਤਾਂ ਤੇਰੀ ਸੇਵਾ ਕਰਨ ਨੂੰ ਲੈ ਗਿਆ ਸੀ ਤੈਨੂੰ । ਹੁਣ ਤੂੰ ਐਥੇ ਆਖਿਆ, ਐਥੇ ਛੱਡ ਗਿਆ ਤੈਨੂੰ। ਸਾਡੇ ’ਚ ਕੋਈ ਬੇਈਮਾਨੀ ਹੁੰਦੀ ਤਾਂ ਔਣ ਕਾਹਨੂੰ ਦਿੰਦੇ ਐਥੇ ਤੈਨੂੰ । ਉਹ ਹੋਰ ਭਖ ਉੱਠੀ, ‘ਐਂ ਕੋਈ ਮੱਲੋ ਮੱਲੀ ਲਵ ਲੂ ਗੂਠਾ ਮੇਰਾ ? ਮੇਰਾ ਕੋਈ ਨ੍ਹੀਂ ਤਾਂ ਕੀਹ ਐ। ਮੈਂ ਤਾਂ ਕੱਲੀ ਵੀਹਾਂ ਵਰਗੀ ਆਂ। ਕੋਈ ਤੜੀ ਖੁਸ਼ੀ ਨੂੰ ਦਖਾਵੇ ਮੈਨੂੰ । ਫੇਰ ਠੰਡੀ ਹੋ ਕੇ ਕਹਿਣ ਲੱਗੀ, ‘ਹਾਂ ਤਿੰਨਾਂ ਨੂੰ ਇੱਕੋ-ਜਾ ਕਰਕੇ ਜਾਊਂ ।’ਰਾਮ ਨਾਲ ਬੈਠੋ ਆਵਦੇ ਘਰੀਂ ।’
ਜਿੰਨਾ ਚਿਰ ਦੋ ਮਹੀਨੇ ਉਹ ਧੂਰਕੋਟ ਰਹੀ, ਭੈਣੀ ਬਾਘੇ ਵਾਲੇ ਵੀ ਓਥੇ ਗੇੜਾ ਰਖਦੇ ਸਨ। ਦਸੀਂ-ਪੰਦਰੀ ਦਿਨੀਂ ਹੀ ਕੋਈ ਨਾ ਕੋਈ ਜਾਂਦਾ। ਕਦੇ ਲੱਖ, ਕਦੇ ਜੀਤ, ਕਦੇ ਜਮਾਈਆਂ ‘ਚੋਂ ਕੋਈ ਅਤੇ ਕਦੇ ਲੱਖ ਦਾ ਕੋਈ ਮੁੰਡਾ । ਧੂਰਕੋਟ ਆਉਣਾ ਉਹਨਾਂ ਨੂੰ ਕੋਈ ਵਰਜ ਤਾਂ ਸਕਦਾ ਨਹੀਂ ਸੀ । ਉਹ ਵੀ ਉਹਦੀ ਰਾਜ਼ੀ-ਖੁਸ਼ੀ ਦਾ ਪਤਾ ਲੈਣ ਹੀ ਆਉਂਦੇ। ਵਿਚਲੀ ਗੱਲ ਨਿੱਖਰ ਕੇ ਸਾਹਮਣ ਤਾਂ ਆਉਂਦੀ ਹੀ ਨਾ। ਵਿਚਲੀ ਗੱਲ ਸਮਝਦੇ ਧੂਰਕੋਟ ਵਾਲੇ ਵੀ ਸੀ ਅਤੇ ਸਮਝਦ ਜੱਟੀ ਬਾਘੇ ਵਾਲ ਵੀ। ਵਿਚਲੀ ਗੱਲ ਜੀਹਨੂੰ ਸਮਝਦੀ ਚੰਦਕੁਰ ਆਪ ਵੀ ।
ਨਿੱਤ-ਨਿੱਤ ਹਿੱਸੇ-ਠੇਕੇ ਵਾਲਿਆਂ ਮਗਰ ਕੌਣ ਭਕਾਈ ਮਾਰਦਾ। ਪਿੰਡ ਦੇ ਹੀ ਇਕ ਸਿਆਣੇ ਬੰਦੇ ਦੇ ਆਖਣ ਉੱਤੇ ਚੰਦਕੁਰ ਨੇ ਭਾਈ ਰੂਪੇ ਵਾਲਾ ਚਾਰ ਕਿੱਲ ਖੇਤ ਦਸ ਹਜ਼ਾਰ ਰੁਪਏ ਵਿਚ ਪਰਮਜੀਤ ਪਟਵਾਰੀ ਕੋਲ ਗਹਿਣੇ ਧਰ ਦਿੱਤਾ । ਦਸ ਹਜ਼ਾਰ ਪਿੰਡ ਦੀ ਬੈਂਕ ਵਿਚ ਜਮ੍ਹਾ ਕਰਵਾ ਦਿੱਤਾ। ਬੈਂਕ ਦੀ ਕਾਪੀ ਸੰਭਾਲ ਕੇ ਆਪਣੇ ਕੋਲ ਜਿੰਦਿਓਂ ਅੰਦਰ ਸੰਦੂਖ ਵਿਚ ਰਖਦੀ। ਕਿਸੇ ਨੂੰ ਦਿਖਾਉਂਦੀ ਨਾ। ਬੈਂਕ ਦੇ ਮੈਨੇਜਰ ਕੋਲ ਜਾ ਕੇ ਹੀ ਪੈਸੇ ਕਢਵਾਉਣ ਖਾਤਰ ਫਾਰਮ ਉੱਤੇ ਗੁਠਾ ਲਾਉਣ ਵੇਲੇ ਕਾਪੀ ਨੂੰ ਮੇਲੇ ਲੱਠੇ ਦੇ ਚਿੱਟੇ ਰੁਮਾਲ ਵਿਚੋਂ ਖੋਲ੍ਹਦੀ। ਜਦੋਂ ਲੋੜ ਹੁੰਦੀ, ਜਿਨਿਆ ਦੀ ਲੋੜ ਪੈਂਦੀ। ਉਹ ਬੈਂਕ ਵਿਚੋਂ ਰੁਪਈਏ ਕਢਵਾ ਲਿਆਉਂਦੀ। ਉਹਦਾ ਖਾਣ-ਪੀਣ ਅਤੇ ਦੁਆਈ-ਬੂਟੀ ਦਾ ਖਰਚ ਚਲਦਾ ਰਹਿੰਦਾ।
ਅਖੀਰ ਬੁੜ੍ਹੀ ਦੇ ਦਿਨ ਨੇੜੇ ਆ ਗਏ। ਬੈਂਕ ਦੀ ਕਾਪੀ ਵਿਚ ਅਜੇ ਰਕਮ ਹੋ ਗੀ ਸੀ। ਉਹਨੇ ਕਿਸੇ ਧੀ ਨੂੰ ਨਹੀਂ ਬੁਲਾਇਆ, ਕਿਸੇ ਜਮਾਈ-ਦੋਹਤ ਨੂੰ ਨਹੀਂ ਸੱਦਿਆ, ਪਿੰਡ ਦੇ ਸਰਪੰਚ ਅਤੇ ਨੰਬਰਦਾਰ ਮਿਹਰ ਸਿੰਘ ਨੂੰ ਨਾਲ ਲਿਜਾ ਕੇ ਫੁਲ ਦੇ ਤਹਿਸੀਲਦਾਰ ਕੋਲ ਪੱਕੀ ਵਸੀਅਤ ਕਰਵਾ ਦਿੱਤੀ ਕਿ ਉਹਦੀ ਮੌਤ ਤੋਂ ਬਾਅਦ ਉਹਦੀ ਜ਼ਮੀਨ-ਜਾਇਦਾਦ ਦੇ ਤਿੰਨ ਹਿੱਸੇ ਕੀਤੇ ਜਾਣ। ਤਿੰਨਾਂ ਧੀਆਂ ਨੂੰ ਬਰਾਬਰ ਦਾ ਹਿੱਸਾ ਆਵੇ।
ਪਿੰਡ ਵਿਚ ਗੱਲ ਉਡੀ, ਬਈ ਬੜੀ ਐ, ਚੰਦਕੁਰ ਬੁੜੀ ਤਾਂ। ਆਪ ਈ ਜਾ ਕੇ ਵਸੀਤ ਕਰਵਾ ਆਈ। ਧੀਆਂ ਦਾ ਕੋਈ ਸੱਦਿਆ-ਬੁਲਾਇਆ ਈ ਨ੍ਹੀ । ਨਾਲ ਹਿੱਸਾ ਬਰੋਸ਼ਰ ਦਾ ਲੈ ਬਈ, ‘ਕੇਰਾਂ ਤਾਂ ‘ਨਸਾਫ ਕਰ ‘ਤਾ ਸ਼ੇਰ ਦੀ ਬੱਚੀ ਨੇ । ਨਹੀਂ ਤਾਂ ਮਗਰੋਂ ਜੁੱਤੇ-ਜੁੱਤੀ ਹੁੰਦੇ ਫਿਰਦੇ ਜਮਾਈ। ਖੜਕਦਾ ਰੰਗਲਾ।’
ਧੀਆਂ ਨੂੰ ਸੋਅ ਹੋਈ ਤਾਂ ਭੱਜੀਆ ਆਈਆਂ, ਤਿੰਨ ਹੀ । ਤਿੰਨ ਹੀ ਖੁਸ਼ ਅਤੇ ਜਿਵੇਂ ਤਿੰਨੇ ਹੀ ਨਾਰਾਜ। ਹਰ ਕੋਈ ਸੋਚਦੀ ਹੋਵੇਗੀ, ਉਹਨੇ ਇਕੱਲੀ ਨੇ ਕਿਉਂ ਨਾ ਖਾਧਾ ਮਾਂ ਨੂੰ ਤੇ ਫੇਰ ਆ ਉੱਤੇ ਤਰਸ ਖਾ ਕੇ ਭੈਣੀ ਬਾਘੇ ਵਾਲੀਆਂ ਦੋਵੇਂ ਕੁੜੀਆ ਉਹਨੂੰ ਲੈ ਗਈਆਂ। ਓਥੇ ਉਹ ਵੀ ਮਹੀਨੇ ਚੰਗੀ-ਭਲੀ ਰਹੀ। ਫੇਰ ਬੱਸ ਦੇ ਦਿਨ ਹੀ ਢਿੱਲੀ-ਮੱਠੀ ਜਹੀ ਹੋਈ। ਮਰੋੜੇ ਹੀ ਲੱਗੇ ਸਨ। ਜੋ ਵੀ ਖਾਦੀ, ਅਣਪੱਚ ਨਿੱਕਲ ਜਾਂਦਾ । ਉਹਦੀ ਆਖਰੀ ਇੱਛਾ ਸੀ, ‘ਮੈਨੂੰ ਕਠੀ ਲਿਜਾ ਕੇ ਫੂਕਿਓ ਮੇਰੇ ਪੁੱਤ ਦੇ ਸਿਵੇ ਕਲ। ਮੇਰੇ ਸਾਈਂ ਦੇ ਸਿਵ ਕਲ। ਪਿਓ-ਪੁੱਤਾਂ ਦੀ ਮਿੱਟੀ ਵਿਚ ਈ ਮੇਰੀ ਮਿੱਟੀ ਫਲੋ ।
ਟਰਾਲੀ ਵਿਚ ਉਹਦੀ ਲੋਥ ਨੂੰ ਪਾ ਕੇ ਕੋਠੇ ਖੜਕ ਸਿੰਘ ਲੈ ਆਏ। ਆਦ-ਗੁਆਢ ਅਤੇ ਸ਼ਰੀਕ ਦੀਆਂ ਬੁੜੀਆਂ ਨੇ ਨਿੱਕ-ਨਿੱਕ ਵੈਣ ਪਾਏ। ਲੱਕੜਾਂ ਇੱਕਠੀਆਂ ਕੀਤੀਆਂ ਗਈਆਂ। ਸਿਵਿਆਂ ਵਿਚ ਲਿਜਾ ਕੇ ਉਹਨੂੰ ਫੂਕ ਦਿੱਤਾ।
ਮੈਕ ਉੱਤੇ ਧੁਰਕਟ ਵਾਲਿਆਂ ਨੂੰ ਸੱਦ ਲਿਆ ਗਿਆ ਸੀ । ਬੁੜ੍ਹੀ ਦੇ ਪੱਕੇ ਵੀ ਆ ਗਏ ਸਨ।
ਸਿਵਿਆ ਤੱਕ ਪਿੰਡ ਦੇ ਨੌਜਵਾਨ ਮੁੜ ਵੀ ਗਏ। ਹਰਿੰਦਰਪਾਲ ਕਹਿ ਕੇ ਉਹਨਾਂ ਨੂੰ ਓਥੇ ਲੈ ਗਿਆ ਸੀ। ‘ਸ਼ਹੀਦ ਦੀ ਮਾਂ ਸੀ ਯਾਰ ਫੇਰ ਵੀ। ਬੁੜੀ ਨੇ ਐਡਾ-ਵੱਡਾ ਦੁੱਖ ਝੱਲਿਆ। ਇਹ ਕੋਈ ਛੋਟੀ ਕੁਰਬਾਨੀ ਤਾਂ ਨ੍ਹੀ ਸੀ ।
ਮੱਲਣ ਸਿੰਘ ਦੇ ਘਰ ਸੱਥਰ ਉੱਤੇ ਆ ਕੇ ਬੈਠ ਕੇ ਲੋਕ ਚੰਦਕੁਰ ਦੀਆਂ ਗੱਲਾ ਕਰਨ ਲੱਗੇ । ਉਹਦੀ ਕੁੱਲ ਸਾਕ-ਸਕੀਰੀ ਨੂੰ ਯਾਦ ਕੀਤਾ ਗਿਆ । ਪਿੰਡ ਦੇ ਪ੍ਰਾਇਮਰੀ ਸਕੂਲ ਦਾ ਮਾਸਟਰ ਜਿਸ ਕੋਲ ਡਾਕਖਾਨਾ ਵੀ ਸੀ ਅਤੇ ਕਿਸੇ ਹੋਰ ਪਿੰਡ ਦੇ ਰਹਿਣ ਵਾਲਾ ਸੀ, ਸੱਥਰ ਉੱਤੇ ਆ ਕੇ ਬੈਠਾ। ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੀਆਂ ਗੱਲਾ ਉਹ ਸੂਣੀ ਗਿਆ, ਫੇਰ ਸੂਤੇ ਹੀ ਉਹਨੇ ਗੱਲ ਤੇਰੀ, ‘ਕਿਉਂ ਜੀ, ਭੂੰਦੜ ਦਾ ਕੋਈ ਰਾਮਦਾਸ ਐ, ਉਹ ਬੁੜ੍ਹੀ ਦਾ ਕੀ ਲਗਦਾ ਸੀ ?
ਸੁਣਨ ਵਾਲਿਆਂ ਨੇ ਕੰਨ ਖੜ੍ਹ ਕੀਤੇ । ਇਹ ਨਾਂ ਤਾਂ ਕਦੇ ਕਿਸੇ ਨੇ ਸੁਣਿਆ ਹੀ ਨਹੀਂ ਸੀ। ਉਹ ਕੌਣ ਹੋਇਆ ?
ਮਾਸਟਰ ਨੇ ਦੱਸਿਆ, ‘ਬੁੜੀ ਦੇਥੇ-ਪੰਜਵੇਂ ਮ੍ਹੀਨੇ ਉਹਨੂੰ ਸੇ ਰੁਪਈਏ ਦਾ ਮਨੀਆਰਡਰ ਭੇਜਦੀ ਹੁੰਦੀ। ਇਕ-ਦੋ-ਵਾਰੀ ਮਨੀਆਰਡਰ ਮੁੜਿਆ ਵੀ ਐ। ਪਰ ਬੁੜ੍ਹੀ ਮਨੀਆਰਡਰ ਭੇਜਦੀ ਜਰੂਰ ਕਈ ਸਾਲਾਂ ਤੋਂ ਭੇਜਦੀ ਰਹੀ ਐ। ਮਨੀਆਰਡਰ ‘ਤੇ ਬੱਸ ਐਨਾ ਐਡਰੈਸ ਹੁੰਦਾ-ਰਾਮਦਾਸ, ਪਿੰਡ ਭੂੰਦੜ, ਜ਼ਿਲਾ ਬਠਿੰਡਾ। ਮੈਨੂੰ ਓਸ ਬੰਦੇ ਦਾ ਕਦੇ ਪਤਾ ਨ੍ਹੀਂ ਲੱਗਿਆ। ਨਾ ਕਦੇ ਉਹਦੀ ਕਈ ਚਿੱਠੀ ਆਈ ਸੀ, ਥੁੜ੍ਹੀ ਨੂੰ ਬਈ ਚਿੱਠੀ ਪੜ੍ਹ ਕੇ ਈ ਕੋਈ ਬਹੁ-ਪਤਾ ਲਗਦਾ।
ਸਭ ਜਣਿਆਂ ਨੇ ਬਥੇਰੇ ਲੈਪਣ ਲਾਏ, ਪਰ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਭੂੰਦੜ ਦਾ ਰਾਮਦਾਸ ਕੌਣ ਹੈ ? ਬੁੜ੍ਹੀ ਉਹਨੂੰ ਸੋ ਰੁਪਈਆ ਕਿਉਂ ਭੇਜਿਆ ਕਰਦੀ ਸੀ ?
ਵਸੀਅਤ ਵਾਲਾ ਕਾਗਜ ਬੁੜੀ ਹਮੇਸ਼ਾ ਆਪਣੇ ਕੋਲ ਰਖਦੀ। ਕੋਠੇ ਇਹ ਉਹਦੇ ਸੰਦੂਖ ਵਿਚ ਸੀ. ਭੈਣੀ ਬਾਘੇ ਗਈ ਤਾਂ ਨਾਲ ਲੈ ਕੇ ਗਈ। ਹੁਣ ਉਹਦੇ ਮਰੀ ਤੋਂ ਭੈਣੀ ਬਾਘੇ ਵਾਲ਼ੇ ਇਹ ਵਸੀਅਤ ਨਾਲ ਹੀ ਲੈ ਆਏ ਸਨ । ਦੂਜੇ ਦਿਨ ਹੀ ਸਰਪੰਚ ਨੂੰ ਨਾਲ ਲੈ ਕੇ ਪਹਿਲਾਂ ਤਾਂ ਚੌਕੀਦਾਰੇ ਵਿਚ ਬੁੜ੍ਹੀ ਨੂੰ ਮਰਿਆ ਲਿਖਾਇਆ ਗਿਆ। ਫੇਰ ਪਟਵਾਰੀ ਕੋਲ ਜਾ ਕੇ ਇਹ ਵਸੀਅਤ ਦਰਜ ਕਰਵਾ ਦਿੱਤੀ ਗਈ। ਤਿੰਨਾਂ ਜਮਾਈਆਂ ਤੋਂ ਪਟਵਾਰੀ ਨੇ ਆਪਣਾ ਲੈਣ ਲਿਆ ਅਤੇ ਇੰਤਕਾਲ ਵਾਸਤੇ ਉਹਨਾਂ ਦਾ ਕੇਸ ਤਿਆਰ ਕਰ ਦਿੱਤਾ। ਭੋਗ ਵਾਲੇ ਦਿਨ ਤਿੰਨਾਂ ਜਮਾਈਆ ਨੇ ਪੂਰਾ ਕੰਠ-ਵੱਠ ਕੀਤਾ। ਪਿੰਡ ਵਿਚ ਲੱਡੂ ਅਤੇ ਗਰੀਬ-ਗੁਰਬੇ ਨੂੰ ਪੁੰਨ-ਦਾਨ ਵੀ ਕੀਤਾ। ਭੋਗ ਤੱਕ ਤਿੰਨੇ ਕੁੜੀਆਂ ਕਨੀ ਰਹੀਆਂ। ਜਮਾਈ ਵੀ ਉਥੇ ਹੀ। ਇੰਤਕਾਲ ਤੱਕ ਪੂਰਾ ਡਰ ਸੀ, ਕਿਧਰੇ ਕੋਈ ਕਹਾਣੀ ਵਿਗੜ ਨਾ ਜਾਵੇ । ਐਨੀ ਵੱਡੀ ਜਾਇਦਾਦ ਦਾ ਸਵਾਲ ਸੀ। ਬਾਰਾਂ ਕਿੱਲੇ ਜ਼ਮੀਨ ਸੀ। ਭੋਗ ਤੋਂ ਬਾਅਦ ਇਕ ਦਿਨ ਭਾਈ ਰੂਪੇ ਤਹਿਸੀਲਦਾਰ ਆਇਆ ਅਤੇ ਪਟਵਾਰੀ ਦੇ ਲਿਖੇ ਅਨੁਸਾਰ ਤਿੰਨੇ ਕੁੜੀਆਂ ਦੇ ਨਾਂ ਮੇਲਣ ਸਿੰਘ ਦਾ ਬਾਰਾ ਕਿੱਲੇ ਜਮੀਨ ਦਾ ਇੰਤਕਾਲ ਕਰ ਦਿੱਤਾ । ਪਹਿਲਾਂ ਤਾਂ ਤਹਿਸੀਲਦਾਰ ਨੇ ਕਾਗਜ਼ ਵਗਾਹ ਕੇ ਮਾਰੇ ਸਨ । ਤਿੰਨੇ ਜਮਾਈ ਥਰ-ਥਰ ਕੰਬਣ ਲੱਗੇ। ਤਿੰਨੇ ਕੁੜੀਆਂ ਬੰਗੀਆਂ ਹੋ ਗਈਆਂ। ਪਰ ਪਟਵਾਰੀ ਨੇ ਤਹਿਸੀਲਦਾਰ ਦੇ ਕੰਨ ਕੋਲ ਹੋ ਕੇ ਗੱਲ ਸਮਝਾਈ ਤਾਂ ਉਹਨੇ ਕਾਗਜ ਦੁਬਾਰਾ ਫੜ ਲਏ ਅਤੇ ਦਸਖ਼ਤ ਕਰ ਦਿੱਤੇ।
15
ਇਤਕਾਲ ਹੋਏ ਨੂੰ ਦੇ ਮਹੀਨੇ ਵੀ ਨਹੀਂ ਲੰਘੇ ਸਨ ਕਿ ਪਿੰਡ ਵਿਚ ਗੱਲ ਘੁੰਮਣ ਲੱਗੀ-ਅਖੇ ਮਲਣ ਦੇ ਜਮਾਈ ਜ਼ਮੀਨ ਵੇਚਣਗੇ । ਸਿਆਣੇ ਆਦਮੀ ਆਖਦੇ ‘ਇਹ ਤਾਂ ਪਹਿਲਾਂ ਹੀ ਦੀਂਹਦਾ ਸੀ ਭਾਈ। ਬਗਾਨੇ ਪਿੰਡ ਆ ਕੇ ਵਾਹੀ ਕੋਟ ਕਰਦਾ ਹੁੰਦੇ। ਤੇ ਨਾਲ ਧੂਰਕੋਟੀਏ ਤਾਂ ਡਾਂਡ-ਖਾਡ ਆਲੇ ਆਦਮੀ ਐ, ਉਹਨਾਂ ਦੇ ਤਾਂ ਆਪ ਬਥੇਰੀ ਜ਼ਮੀਨ ਐਂ, ਪੈਸੇ ਵੱਟਣਗੇ ਤੇ ਪੱਕ ਮੇਰੇ ਭਾਈ॥ ਭੈਣੀ ਬਾਘੇ ਆਲੇ ਵੀ ਚੰਗੇ ਨੇ ਘਰ। ਉਹ ਵੀ ਨੀਂ ਵਸਦੇ ਦੀਹਦੇ ਅਤੇ ਆ ਕੇ।’
ਕੋਈ ਹਉਕਾ ਭਰ ਕੇ ਆਖਦਾ, ਸਮੇਂ-ਸਮੇਂ ਦੀ ਗੱਲ ਹੁੰਦੀ ਐ। ਘੰਡਾ ਬੰਨੇ ਨਾਲ ਲਗਦੀ ਜ਼ਮੀਨ, ਕਹਿੰਦੇ, ਮੇਲਣ ਦੇ ਪਿਓ ਨੇ ਆਪ ਪਰੀਦੀ ਸੀ। ਝਾੜ-ਮਲਿਆ ਦੀ ਧਰਤੀ ਸੀ। ਉਹ। ਪੱਕਾ ਕਿਹੜਾ ਹੁੰਦਾ ਸੀ ਓਥੇ । ਬੁੜੇ ਨੇ, ਕਹਿੰਦੇ, ਕਹੀ ਫੜ ਕੇ ਦਸ ਘੁਮਾਂ ਦੀ ਦਸ ਘੁਮਾ ਜ਼ਮੀਨ ਹਨ ਹੇਠ ਕੀਤੀ।
ਹੋਰ ਕੋਈ ਬਲਦਾ, ‘ਸੁਣਿਐ ਉਹ ਤਾਂ ਫੌਜੀ ਅਫਸਰ ਸੀ ਕੋਈ। ਕਰਮ ਸਿਉ ਨਾ ਸੀ ਉਹਦਾ ।ਹਾ ਰਸਾਲਦਾਰ ਕਰਮ ਸਿੰਘ। ਪੈਨਸ਼ਨ ਆ ਕੇ ਕੀਤੀ ਕਮਾਈ ਜੱਟ ਦੇ ਪੁੱਤ ਨੇ ।ਹੱਲ ਦਾ ਕਹਿੰਦੇ, ਬਹੁਤ ਰਕੜਾ ਸੀ।
ਪਹਿਲਾਂ ਬੰਦਾ ਫੇਰ ਹਉਕਾ ਲੈਂਦਾ, ‘ਦੇਖ ਜਾਰ, ਉਹਨੂੰ ਕੀ ਖ਼ਬਰ ਸੀ, ਅੰਨ੍ਹਾਂ ਵੇਲਿਆ ਦੀ ਉਹਨੇ ਤਾਂ ਆਵਦੀ ਜਾਣ ‘ਚ ਜੈਦਾਤ ਬਣਾਈ। ਪੁੱਤ ਨੂੰ ਤਕੜਾ ਕੀਤਾ। ਪਰ ਕੀ ਪਤਾ ਸੀ, ਭਾਈ, ਮੁੰਡਾ ਤਾਂ ਮੇਲਣ ਦੇ ਵੀ ਗਹਾਂ ਹੋਇਆ, ਉਹ ਉ ਨਕਸਲਵਾੜੀਆਂ ਚ ਆ ਗਿਆ। ਭੰਗ ਦੇ ਭਾਣੇ ਮੁੱਕ ਗਿਆ ਵਚਾਰਾ। ਆਪ ਦੇਖ ਲੈ ਹੁਣ, ਬਗਾਨੇ ਪੁੱਤ ਈ.ਵੇਚ-ਵੈਟ ਕੇ ਐਹ ਜਾਣਗੇ। ਜਾਦ ਵੀ ਨ੍ਹੀਂ ਰਹਿਣਾ ਇਕ ਦਿਨ, ਬਈ ਕਦੇ ਕੋਈ ਰਸਾਲਦਾਰ ਕਰਮ ਸੁੱ ਹੁੰਦਾ ਸੀ ਜਾ ਮੱਲਣ ਕੋਈ ਹੁੰਦਾ ਸੀ।
ਤਾਹੂ ਬੰਦ ਧੂਰਕੋਟ ਵੀ ਜਾ ਆਏ। ਭੈਣੀ ਬਾਘੇ ਦਾ ਗੇੜਾ ਵੀ ਮਾਰ ਲਿਆ । ਗਾਹਕ ਪੈਦਾ ਹੋਏ ਦੇਖ ਕੇ ਪਰਕੋਟ ਅਤੇ ਭੈਣੀ ਬਾਘੇ ਵਾਲਿਆਂ ਨੇ ਮਿਲ ਕੇ ਗੱਲ ਕੀਤੀ। ਇਹ ਵੀ ਕਿ ਬਹੁਤੇ ਤੱਭ ਨਾ ਹੋਈਏ, ਨਹੀਂ ਤਾਂ ਲੋਕ ਐਵੇਂ ਵਾਂਗ ਜ਼ਮੀਨ ਦਾ ਮੁੱਲ ਪਾਉਣਗੇ। ਥੋੜ-ਘਟ ਪੈਰ ਖਿਚਾਉਣੇ ਚਾਹੀਦੇ ਹਨ।ਕੋਠਿਆ ਦੇ ਲੋਕ ਇਹ ਤਾਂ ਜਾਣਦੇ ਹੀ ਹਨ ਕਿ ਉਹਨਾਂ ਜਮੀਨ ਇਕ ਦਿਨ ਵਚਣੀ ਹੀ ਵੇਚਣੀ ਹੈ।ਜੋ ਵੇਚਣੀ ਹੈ ਤਾਂ ਐਵੇਂ ਕੌਡੀਆਂ ਦੇ ਭਾਅ ਸਿੱਟਣੀ ਕੜਾ ਹੈ। ਉਹਨਾਂ ਨੇ ਧੂਰਕੋਟੀਏ ਨੂੰ ਮੂਹਰੇ ਇੱਕ ਲਿਆ। ਆਖਿਆ, ‘ਤੂੰ ਜਾਹ ਇਕ ਦਿਨ। ਭਾਅ ਛੰਤਾ ਲੈ ਕੇ ਆ। ਦੇਖ ਕੀ ਕੇਲਦੇ ਕਈ ਪਿੰਡ ਦਾ ਭਾਅ ਵੀ ਦੇਖੀ ਲਈ ਪਹਿਲਾਂ ਤਿੰਨ ਦੀ ਕਿੱਲਾ ਬੇ ਹੁੰਦੀ ਰਹੀ ਐ। ਜ਼ਮੀਨ ਤਾਂ ਸਾਰੇ ਪਿੰਡ ਦੀ ਇਕੋ-ਜੀਐ. ਕੀ ਕਹਿਣੇ, ਉੱਨੀ-ਇੱਕੀ ਦਾ ਵਰਕ ਹੋਏ ਕਈ ।
ਧੁਰਕੋਟੀਆ ਕੋਠੀ ਆਇਆ। ਬਹੁਤਾ ਉਹਨੂੰ ਓਹੀ ਬੰਦ ਪੁੱਛ ਰਹੇ ਸਨ, ਜਿਨ੍ਹਾਂ ਨੂੰ ਜ਼ਮੀਨ ਲੈਣੀ ਨਹੀਂ ਸੀ। ਬੱਸ ਐਵੇਂ ਮੂੰਹ ਦੀ ਮਗਜਾਲੀ ਮਾਰਨ ਦੀ ਵਾਣ ਸੀ ਉਹਨਾਂ ਨੂੰ। ਜਾਂ ਉਹਨਾਂ ਵਿਚ ਕਈ ਅਜਿਹੇ ਵੀ ਸਨ ਜਿਹੜੇ ਕਿਸੇ ਦੀ ਖਾਤਰ ਚੋਰੀ ਚੋਰੀ ਪੁੱਛ ਰਹੇ ਸਨ। ਆਪ ਵਿਚ ਪੈਣਾ ਚਾਹੁੰਦੇ ਸਨ। ਧੁਰਕਦੀਆਂ ਪਹਿਲਾਂ ਹਰਦਿੱਤ ਸਿੰਘ ਦੇ ਘਰ ਗਿਆ। ਉਹਨੇ ਮਲਵੀ ਜਿਹੀ ਜੀਭ ਨਾਲ ਗੱਲ ਕੀਤੀ ।ਕਹਿੰਦਾ, ‘ਭਾਈ ਸਾਊ, ਜ਼ਮੀਨਾਂ ਦੇ ਮੁੱਲ ਤਾਂ ਡਿਗਦੇ ਜਾਂਦੇ ਨੇ ।ਕੀ ਕਰਾਂਗੇ, ਐਨੀ ਜ਼ਮੀਨ ਕੱਠੀ ਕਰਕੇ। ਪਹਿਲਾਂ ਈ ਬਥੇਰੀ ਐ।
ਫੇਰ ਉਹ ਪਰਮਜੀਤ ਕੋਲ ਗਿਆ। ਉਹ ਕਹਿੰਦਾ, ‘ਜਮੀਨ ਬਹੁਤ ਐ ਮੇਰੇ ਕੋਲ । ਹੁਣ ਤਾਂ ਕੰਜਰ ਦੀ ਕਿਉਂਟੀ ਕਿਹੜਾ ਜਾਂਦੀ ਐ। ਪਰ ਜੇ ਪਰੋਣਿਆ, ਸੂਤ ਸਿਰ ਖੜ੍ਹਾ ਗੇ ਤਾਂ ਦੇਖ ਲਾਗੇ ਔਖੇ-ਸੌਖੇ ਤੂੰ ਹੋਰ ਵੀ ਪੁੱਛ ਨੇ ਪਿੰਡ ‘ਚ ਕਿਸੇ ਨੂੰ ਨਾਲ ਤੈਨੂੰ ਅੰਦਾਜਾ ਲੱਗ ਜੂ ਹੋਰ ਫੇਰ, ਚਾਹ ਦੇਸ ” ਪਰਮਜੀਤ ਨੇ ਉਹਦੇ ਨਾਲ ਇਸ ਤਰ੍ਹਾਂ ਵਿਹਾਰ ਕੀਤਾ ਜਿਵੇਂ ਉਹਨੂੰ ਗਲ ਲਾਹੁਣਾ ਚਾਹੁੰਦਾ ਹੋਵੇ।
ਉਹ ਨੰਬਰਦਾਰ ਮਿਹਰ ਸਿੰਘ ਦੇ ਘਰ ਵੀ ਗਿਆ। ਉਹ ਘਰ ਨਹੀਂ ਸੀ।
ਹਰਦਿੱਤ ਸਿੰਘ ਨੇ ਖੇੜਾ ਚਿਰ ਤਾਂ ਸਬਰ ਕੀਤਾ ਪਰ ਉਹਨੂੰ ਟੇਕ ਜਿੱਥੇ। ਉਹਨੇ ਆਪਣਾ ਪਾਲੀ ਭੱਜਿਆ ਕਿ ਜਾਹ, ਦੇਖ ਭਲਾਂ, ਮੱਲਣ ਦਾ ਜਮਾਈ ਕੀਹਦੇ ਘਰ ਬੈਠਾ ਐ ਅਤੇ ਕੌਣ ਗੱਲਾ ਕਰਦੇ ਉਹਦੇ ਨਾਲ ਪਤਾ ਸੁਤਾ ਲੈਂਦਾ ਲੈਂਦਾ ਪਹਿਲਾਂ ਤਾਂ ਉਹ ਪਰਮਜੀਤ ਪਟਵਾਰੀ ਦੇ ਘਰ ਗਿਆ। ਓਥੇ ਪਤਾ ਲੱਗਿਆ ਕਿ ਉਹ ਤਾਂ ਹੁਣੇ ਇਥੋਂ ਗਿਆ ਹੈ। ਹਰਦਿੱਤ ਦੇ ਪਾਲੀ ਨੂੰ ਦੇਖ ਕੇ ਪਰਮਜੀਤ ਦੇ ਪੈਰਾ ਹੇਠ ਵੀ ਅੱਗ ਜਿਹੀ ਮੱਚੀ। ਉਹ ਆਪਣੇ ਮਨ ਵਿਚ ਹੀ ਸਾਰੀ ਗੱਲ ਸਮਝ ਗਿਆ ਸੀ । ਹਰਦਿੱਤ ਦੇ ਪਾਲੀ ਨੂੰ ਪਤਾ ਲੱਗਿਆ ਕਿ ਮੱਲਣ ਦਾ ਜਮਾਈ ਤਾਂ ਗਿੱਲਾ ਦੇ ਘਰ ਜਾ ਬੈਠਾ ਹੈ। ਓਥੇ ਹੀ ਉਹਨੇ ਰੋਟੀ ਖਾਣੀ ਹੈ ਅਤੇ ਓਥੇ ਹੀ ਰਾਤ ਕੱਟਣੀ ਹੈ। ਗਿੱਲਾਂ ਦੇ ਘਰ ਉਹਦੇ ਮਹਿਰਾਜ ਵਾਲੇ ਫੁੱਫੜ ਦੇ ਭਾਈ ਦੇ ਸਹੁਰੇ ਸਨ। ਇਕ ਪ੍ਰਕਾਰ ਨਾਲ ਨੇੜੇ ਦੀ ਹੀ ਸਕੀਰੀ ਸੀ। ਉਹਨੇ ਉਹਨਾਂ ਨੂੰ ਵੀ ਆਖਿਆ ਕਿ ਉਹ ਜ਼ਮੀਨ ਲੈ ਲੈਣ। ਉਹਨਾਂ ਨਾਲ ਤਾਂ ਘਰ ਦੀ ਗੱਲ ਹੈ। ਪਰ ਗਿੱਲਾਂ ਵਿਚ ਐਨੀ ਪਹੁੰਚ ਕਿੱਥੇ ਸੀ। ਉਹਨਾਂ ਦੇ ਘਰ ਦੀ ਤਾਂ ਆਈ-ਚਲਾਈ ਸੀ।
ਹਰਦਿੱਤ ਦਾ ਪਾਲੀ ਗਿੱਲਾਂ ਦੇ ਘਰ ਗਿਆ। ਕੋਈ ਬਹਾਨਾ ਜਿਹਾ ਲਾ ਕੇ ਉਹਨਾਂ ਦੇ ਵਿਹੜੇ ਵਿਚ ਬੈਠ ਗਿਆ। ਮੱਲਣ ਦਾ ਜਮਾਈ ਜ਼ਮੀਨ ਦੀਆਂ ਹੀ ਗੱਲਾਂ ਕਰੀ ਜਾ ਰਿਹਾ ਸੀ । ਬਲਾਅ ਜਿਹੇ ਨਾਲ ਪਰਮਜੀਤ ਪਟਵਾਰੀ ਵੀ ਗਿੱਲਾਂ ਦੇ ਘਰ ਮੁਚਰਦੀ ਲੰਘ ਗਿਆ। ਦਬਵੀਂ ਜਿਹੀ ਖੰਘੂਰ ਮਾਰੀ ਤਾਂ ਜੋ ਗਿੱਲਾਂ ਦੇ ਘਰ ਦਾ ਕੋਈ ਬੰਦਾ ਉਹਨੂੰ ਦੇਖ ਅਤੇ ਹਾਕ ਮਾਰ ਲਵੈ । ਪਰ ਉਹਨੂੰ ਤਾਂ ਕਿਸੇ ਨੇ ਦੇਖਿਆ ਹੀ ਨਾ । ਵਿਉਂਤਾ ਸੋਚਦਾ ਪਰਮਜੀਤ ਅਗਾਹ ਹੀ ਲੰਘ ਗਿਆ ਸੀ। ਪਿੰਡ ਵਿਚ ਹੀ ਕਿਧਰ ਜਾ ਵੜਿਆ ਸੀ। ਓਧਰ ਜਦੋਂ ਨੰਬਰਦਾਰ ਮਿਹਰ ਸਿੰਘ ਨੂੰ ਪਤਾ ਲੱਗਿਆ ਉਹ ਝੱਟ ਦੇ ਕੇ ਸਿੱਧਾ ਹੀ ਗਿੱਲਾਂ ਦੇ ਘਰ ਆ ਵੱਜਿਆ। ਮੱਲਣ ਦੇ ਜਮਾਈ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਹਦੀ ਸੁੱਖ-ਸਾਂਦ ਪੁੱਛਣ ਲੱਗਿਆ। ਉਹਦੇ ਮੰਜ ਕਲ ਪੀਤੀ ਲੈ ਕੇ ਬੈਠ ਗਿਆ। ਮਲਣ ਦੇ ਜਮਾਈ ਨੇ ਗੱਲ ਤੋਰੀ । ਮਿਹਰ ਸਿੰਘ ਨੇ ਸੋਚ-ਸੋਚ ਕੇ ਹੁੰਗਾਰਾ ਭਰਿਆ ਅਤੇ ਜਿਵੇਂ ਸਨ ਵਿਚ ਹੀ ਕਈ ਵਿਉਂਤ ਜਿਹੀ ਬਣਾਉਣ ਲੱਗਿਆ। ਪਹਿਲਾਂ ਤਾਂ ਉਹਨੇ ਇਹੀ ਆਖਿਆ, ਤੁਸੀਂ ਵੇਚਦੇ ਕਾਹਨੂੰ ਓ. ਵੇਚ ਨਾ। ਤਿੰਨਾਂ ‘ਚੋਂ ਇਕ ਜਣਾ ਏਥੇ ਆ ਵਸੇ। ਵਾਹੀ ਕਰ ਉਹ। ਜ਼ਮੀਨ ਐ ਖੱਬੀਖਾਨ। ਅੰਡ-ਕੋਡ ਘਰ ਐ, ਜਿਨੇ ਮਰਜੀ ਪਸ਼ੂ ਪਤੇ ਰਹਿਣ (ਬਾਕੀ ਦੇ ਦੇ ਹਿੱਸਾ ਲੈ ਲਿਆ ਕਰਨ ਆਵਦਾ। ਜੱਟ ਨੂੰ ਜ਼ਮੀਨ ਵੇਚਣੀ ਤਾਂ ਚਾਹੀਦੀ ਨੀਂ ਹੈ ?
ਉਹ ਕਹਿੰਦਾ, ‘ਚਾਰ ਕਿੱਲਿਆਂ ਤੇ, ਨੰਬਰਦਾਰਾ ਕੌਣ ਆ ਕੇ ਬਹਿੰਦੇ। ਨਾ ਤਾਂ ਆਵਦਾ ਪਿੰਡ ਛੱਡਿਆ ਜਾਂਦੇ ਕਿਸੇ ਤੋਂ ਤੇ ਨਾ ਬਗਾਨੇ ਪਿੰਡ ਆ ਕੇ ਵਸਣਾ ਕੋਈ ਸੌਖੀ ਜੀ ਗੱਲ ਐ। ਅਸੀਂ ਤਾ ਸੋਚ-ਸੋਚ ਕੇ ਫੇਰ ਇਹੀ ਰਾਏ-ਮਸ਼ਵਰਾ ਕੀਤਾ, ਬਈ ਇਹ ਵੇਚ ਕੇ ਜਿੰਨੀ-ਜਿੰਨੀ ਰਕਮ ਆਊਗੀ, ਉਥੇ ਆਵਦੀ ਹਰ ਲੈ ਲਾ ਗ। ਜਮੀਨਾਂ ਤਾਂ ਵੇਚਣ ਆਲਿਆਂ ਦਾ ਘਾਟਾ ਨ੍ਹੀਂ, ਲੈਣ ਆਲਿਆਂ ਦਾ ਘਾਟਾ ਨ੍ਹੀ। ਫੇਰ, ਨੰਬਰਦਾਰਾ, ਤੂੰ ਦੱਸ ਦੇ ।
ਤੇ ਫੇਰ ਨੰਬਰਦਾਰ ਮਿਹਰ ਸਿੰਘ ਨੇ ਸਿੱਧਾ ਹੀ ਸਵਾਲ ਕੀਤਾ ਕਿ ਮੰਗਦੇ ਕਰਦੇ ਕੀ ਓ ਫੇਰ ਕਿੱਲੇ ਦਾ ?”
‘ਜਿਹੜਾ ਵੀ ਥੋਡੇ ਪਿੰਡ ਚਲਦੇ। ਆਪਾ ਕੀ ਵੱਧ ਲੈਣੇ ‘
ਬੁੜ੍ਹੀ ਨੇ ਚਾਹ ਦਾ ਡੇਲੂ ਅਤੇ ਦੋ ਗਲਾਸ ਉਹਨਾਂ ਕੋਲ ਲਿਆ ਕੇ ਰੱਖ ਦਿੱਤੇ । ਉਹ ਚਾਹੂ ਪੀਣ ਲੱਗੇ । ਮਿਹਰ ਨੂੰ ਹਰਦਿੱਤ ਦਾ ਪਾਲੀ ਸਾਹਮਣੇ ਬੈਠਾ ਦਿਸਿਆ ਤਾਂ ਉਹਨੇ ਉਹਨੂੰ ਹਾਕ ਮਾਰੀ ‘ਹੋਬ ਬਾਣੀ ਚੱਕ ਲਿਆ ਉਏ, ਆਲ ‘ਚ ਪਈ ਹੋਣੀ ਆ ਕਿਤੇ । ਲੇ ਫੜ, ਚਾਹ ਦੀ ਘੁੱਟ ਲੈ ਨੇਂ ।
ਪਾਲੀ ਗਿੱਲਾਂ ਦੇ ਪਾਲੀ ਦੀ ਬਾਣੀ ਟੈਲ ਕੇ ਲੈ ਆਇਆ। ਉਹਨੂੰ ਚਾਹ ਪਾ ਦਿੱਤੀ ਗਈ। ਉਹ ਵੀ ਪੀਣ ਲੱਗਿਆ ਅਤੇ ਉਹਨਾਂ ਦੀਆਂ ਗੱਲਾਂ ਵੀ ਸੁਣੀ ਗਿਆ।
ਮਿਹਰ ਸਿੰਘ ਨੇ ਬੜਾ ਜਿਹਾ ਘਟਾ ਕੇ ਕਿੱਲੇ ਦਾ ਮੁੱਲ ਦੱਸਿਆ। ਕਹਿੰਦਾ, ‘ਏਥੇ ਤਾਂ ਸਾਡੇ ਪਿੰਡ ਕਈ ਭਾਅ ਚਲਦੇ ਐ। ਜੀਮੀ ਜੀਮੀ ਵੰਕ ਐ। ਪੰਦਰਾਂ ਹਜਾਰ ਵੀ, ਸੋਲਾਂ ਸਤਾਰਾ ਵੀ, ਵੀਹ -ਬਾਈ ਹਜ਼ਾਰ ਭਾਈ ਵੀ ਚਲੀ ਜਾਂਦੀ ਐ ‘
ਮੱਲਣ ਦਾ ਜਮਾਈ ਚਾਹ ਦੀ ਘੁੱਟ ਡਰ ਕੇ ਦੂਰ ਅਸਮਾਨ ਵੱਲ ਭਾਕਣ ਲੱਗ ਪਿਆ। ਬੁਧਿਆਨਾ ਜਿਹਾ ਹੀ ਬੋਲਿਆ, ‘ਦੇਖੋ ਹੁਣ, ਕਈ ਗਾਹਕ ਮੂਹਰੇ ਆਇਆ, ਫੇਰ ਵੀ ਪਤਾ ਲੱਗੂ ‘ ‘ਗਾਹਕ ਤਾਂ ਕੋਈ ਨਾ ਕੋਈ ਮਗਰ ਲੱਗ ਈ ਜਾਊ, ਜਦੋਂ ਮੁੱਲ ਨਿੱਕਲ ਗਿਆ।’ ਮਿਹਰ ਸਿੰਘ ਉਹਦੇ ਮੂੰਹ ਵੱਲ ਲਗਾਤਾਰ ਝਾਕੀ ਜਾ ਰਿਹਾ ਸੀ। ਫੇਰ ਪੁੱਛਿਆ ਤੂੰ ਮੂੰਹੋਂ ਤਾਂ ਬੇਲ । ਕੀ ਪਤ ਮੈਂ ਈ ਗਾਹਕ ਬੈਠਾ ਹਮਾਂ।’
‘ਸਾਡੇ ਪਿੰਡਾਂ ਦਾ ਤੇ ਬੇੜੇ ਪਿੰਡਾਂ ਦਾ ਤਾਂ ਫੇਰ ਬਹੁਤ ਪਰਕ ਐ, ‘
‘घेथे पिंड वो भुल भो, विंले सा?’
‘ਧੂਰਕੋਟ ਤਾਂ ਪਰਸੋਂ ਸੌਦਾ ਹੋਇਐ। ਲੈ, ਸੁਣ ਲੈ ਗੱਲ। ਤੀਹ ਹਜ਼ਾਰ ਕਿੱਲੇ ਨੂੰ ਨੇਡੇ ਦੇ ਪਿੰਡਾਂ ‘ਚ ਕਾਹਨੇ ਕੇ, ਧੋਲਾ, ਹੰਢਿਆਏ, ਪੱਖ, ਰੁੜਕੀ, ਸਭ ਇਹੀ ਭਾਅ ਐ-ਨਹਿਰੀ ਜ਼ਮੀਨਾਂ ਦਾ। ਕਿਸੇ ਦਾ ਦੋ ਹਜ਼ਾਰ ਘੱਟ, ਕਿਸੇ ਦਾ ਵੱਧ ਮਿਹਰ ਸਿੰਘ ਨੇ ਅੰਦਾਜ਼ਾ ਲਾ ਲਿਆ ਕਿ ਇਹ ਕਿੱਲੇ ਦਾ ਅਠਾਈ -ਤੀਹ ਹਜ਼ਾਰ ਮੰਗਦਾ ਹੈ। ਪੱਚੀ-ਛੱਬੀ ਉੱਤੇ ਸੌਦਾ ਹੋ ਸਕਦਾ ਹੈ। ਉਹ ਉੱਠ ਖੜ੍ਹਾ ਪ੍ਰਾਹੁਣੇ ਨਾਲ ਹੱਥ ਮਿਲਾਇਆ, ਜਾਣ ਲੱਗਿਆ ਕਹਿੰਦਾ, ‘ਤੇਰਾ ਸੌਦਾ ਬਣਜੂ। ਬੱਸ ਮੈਂ ਤੇਰੀ ਭਾਵ ਲੈ ਲੀ, ‘ ਹਸਦਾ-ਮਸਕਰਹਉਂਦਾ ਜਿਹਾ ਮਿਹਰ ਸਿੰਘ ਉਹਨਾਂ ਦੇ ਘਰੋਂ ਚਲਿਆ ਗਿਆ।
ਮਿਹਰ ਸਿੰਘ ਦੇ ਨਾਲ ਹੀ ਹਰਦਿੱਤ ਸਿੰਘ ਦਾ ਪਾਲੀ ਉੱਠਿਆ। ਕੱਪੜੇ ਝਾੜਦਾ ਉਹਨਾਂ ਦੇ ਘਰੋਂ ਬਾਹਰ ਹੋ ਗਿਆ । ਪਾਹਣ ਨੇ ਬੂੜੀ ਨੂੰ ਪੁੱਛਿਆ, ‘ਅੰਆਂ ਜੀ, ਇਹ ਮੁੰਡਾ ਕੋਟ ਸੀ ?
‘ਇਹ ਪਾਲੀ ਸੀ, ਹਰਦਿੱਤ ਦਾ। ਮੈਂ ਤਾਂ ਬੁੱਝ ਗੀ, ਤੈਨੂੰ ਨੀ ਪਤਾ, ਸਾਊ ਇਹ ਕਿਮੇਂ ਆਇਆ ਸੀ। ਭੇਤ-ਛੰਤ ਲੈਂਦੇ ਫਿਰਦੇ ਐ ਸਭ ।ਥੋੜ੍ਹੀ ਨੇ ਕਿਹਾ।
‘ਅੱਛਾ-ਅੱਛਾ, ਤਾਂ ਹਰਦਿੱਤ ਸਿੰਘ ਵੀ ਗਾਹਕ ਈ ਸਮਝੋ । ਪ੍ਰਾਹੁਣੇ ਨੂੰ ਸੋਝੀ ਆਈ ਕਿ ਬੰਦੇ ਤਾਂ ਮਗਰ ਲੱਗੇ ਫਿਰਦੇ ਨੇਂ ।
‘ਜ਼ਮੀਨ ਤਾਂ ਭਾਈ, ਭੱਜ-ਭੱਜ ਲੈਣਗੇ ਲੋਕ। ਅੱਜਕਲ੍ਹ ਪੈਸੇ ਦਾ ਕੋਈ ਤੋੜਾ ਨੀ ਜੱਟਾਂ ਕੋਲ ਆਹ ਜਿਹੜੇ ਗੇੜੇ ਮਾਰਦੇ ਫਿਰਦੇ ਐ ਸਭ ਤਾਹੂ ਨੇ । ਐਮ ਪੈਰ ਖਚਿਉਣਗੇ, ਪਹਿਲਾ ਪਹਿਲਾ, ਤੂੰ ਤਕੜਾ ਰਹੀ । ਪੈਰ ਰੱਖ ਕੇ ਗੱਲ ਕਰ ।ਜ਼ਮੀਨ ਵਿਕਣ ਨ੍ਹੀਂ ਰਹਿੰਦੀ ਤੇਰੀ । ਥੁੜ੍ਹੀ ਨੇ ਉਹਨੂੰ ਪੱਕਾ ਕਰ ਦਿੱਤਾ।
ਹਰਦਿੱਤ ਦਾ ਪਾਲੀ ਚੁਕੱਢ ਪੈਰੀਂ ਘਰ ਨੂੰ ਤੁਰਿਆ ਜਾ ਰਿਹਾ ਸੀ । ਸੱਥ ਵਿਚ ਤਿੰਨ-ਚਾਰ ਮੁੰਡੇ ਖੜ੍ਹੇ ਕੋਈ ਗੱਲ ਕਰ ਰਹੇ ਸਨ। ਤਿੰਨ-ਚਾਰੇ ਹੀ ਪੜ੍ਹੇ-ਲਿਖੇ ਮੁੰਡੇ । ਹਰਿੰਦਰ ਦੀ ਨਿਗਾਹ ਪਾਲੀ ਉੱਤੇ ਪਈ ਤਾਂ ਉਹਨੇ ਝੱਟ ਪੁੱਛ ਲਿਆ ‘ਉਏ ਕਿਧਰੋਂ ਆਇਆ ਐਸ ਵੇਲੇ ?”
‘ਗਿੱਲਾ ਦੇ ਜਾ ਕੇ ਆਇਆ । ਉਹ ਤੁਰਿਆ ਜਾਂਦਾ ਹੀ ਕਹਿ ਗਿਆ।
‘ਗੱਲ ਤਾਂ ਸੁਣ, ਸਾਲਾ ਭੱਜਿਆ ਜਾਂਦੇ ‘
ਪਾਲੀ ਖੜ ਗਿਆ। ਕਹਿੰਦਾ, ‘ਹੈ ‘
‘ਕਿਵੇਂ ਗਿਆ ਸੀ, ਗਿੱਲਾ ਦੇ ?’ ਹਰਿੰਦਰ ਨੇ ਉਹਦੀ ਬਾਂਹ ਫੜ ਰੱਖੀ ਸੀ।
‘ਬੁੜ੍ਹੇ ਨੇ ਭੇਜਿਆ ਸੀ। ਮੱਲਣ ਕਾ ਪਰੋਣਾ ਆਇਆ ਹੋਇਐ ਨਾ, ਧੂਰਕੋਟ ਆਲਾ। ਉਹਦੇ ਮਗਰ ਭੇਜਿਆ ਸੀ। ਉਹ ਜ਼ਮੀਨ ਵੇਚਦਾ ਐ। ਪਾਲੀ ਬਾਂਹ ਛੁਡਾ ਕੇ ਸਿਰ-ਮੁਧ ਭੇਜ ਗਿਆ ਹਰਿੰਦਰ ਮੁੰਡਿਆਂ ਵਿਚ ਆ ਕੇ ਖੂੜ ਗਿਆ। ਪਰ ਹੁਣ ਉਹਦਾ ਚਿਹਰਾ ਗੰਭੀਰ ਸੀ। ਜਿਵੇਂ ਕੁਝ ਡੂੰਘਾ ਹੀ ਸੋਚਾਂ ਵਿਚ ਪੈ ਗਿਆ ਹੋਵੇ। ਮੁੰਡਿਆਂ ਦੀ ਗੱਲ ਵੱਲ ਉਹਦਾ ਬਿਲਕੁਲ ਹੀ ਧਿਆਨ ਨਹੀਂ ਰਹਿ ਗਿਆ ਸੀ। ਉਹਨੂੰ ਚੁੱਪ ਕੀਤਾ ਦੇਖ ਕੇ ਮੁੰਡੇ ਪਹਿਲਾਂ ਤਾਂ ਆਪ ਹੀ ਚੁੱਪ ਹੋ ਗਏ। ਫੇਰ ਉਹਦੇ ਚਿਹਰੇ ਵੱਲ ਦੇਖਣ ਲੱਗ। ਤੇ ਫੇਰ ਇਕ ਮੁੰਡਾ ਹੱਸਿਆ, ‘ਸਾਲਿਆ, ਮੂੰਚ ਕਿਮ ਕਰ ਲਿਆ ਉਏ, ਮਿੰਟਾਂ ਵਿਚ ਦੀ ? ਕੀ ਹੋ ਗਿਆ ਤੈਨੂੰ “
ਹਰਿੰਦਰ ਆਪ ਵੀ ਰੁੱਖੀ-ਮਿੱਸੀ ਜਿਹੀ ਹਾਸੀ ਹੱਸਿਆ ਅਤੇ ਫੇਰ ਚੁੱਪ ਕਰ ਗਿਆ। ਹੁਣ ਉਹ ਆਪਣੀ ਦਾੜ੍ਹੀ ਦੇ ਨਿੱਕੇ-ਨਿੱਕੇ ਲੁਆ ਨੂੰ ਪਲੈਸ ਰਿਹਾ ਸੀ । ਜਿਵੇਂ ਆਪਣੇ-ਆਪ ਵਿਚ ਹੀ ਕੋਈ ਫਿਕਰ ਲਾ ਬੈਠਾ ਹੋਵੇ। ਉਹਦੀਆਂ ਅੱਖਾਂ ਕਮਲਮੀਆਂ ਗਹਿਰੀਆਂ ਹੋ ਚੁੱਕੀਆਂ ਸਨ।ਉਹਨੇ ਆਪਣਾ ਨੱਕ ਘੁੱਟ ਕੇ ਅਤੇ ਫੇਰ ਛੱਡ ਕੇ ਅੰਦਰ ਨੂੰ ਖਿੱਚਵਾਂ ਸਾਹ ਲਿਆ । ਕਹਿੰਦਾ ‘ਹਾ, ਫੇਰ?
ਮੁੰਡੇ ਹੱਸ ਪਏ। ਇਕ ਜਣਾ ਕਹਿੰਦਾ, ‘ਫੇਰ ਕੀ, ਕੰਜਰ ਦਿਆ, ਗੱਲ ਤਾਂ ਮੁੱਕ ਵੀ ਗਈ।
ਮੁੰਡੇ ਘਰਾਂ ਨੂੰ ਚਲੇ ਗਏ। ਹਰਿੰਦਰ ਦੱਬਿਆ ਗੁੱਸਾ ਮਨ ਵਿਚ ਲੈ ਕੇ ਘਰ ਪਹੁੰਚਿਆ। ਪਾਲੀ ਤਾਂ ਪਤਾ ਨਹੀਂ ਕਿਥੇ ਸੀ, ਹਰਿੰਦਰ ਪਿਓ ਨੂੰ ਕੁੱਦ ਕੇ ਪੈ ਗਿਆ, ‘ਬਾਪੂ, ਤੈਨੂੰ ਪਹਿਲਾਂ ਵੀ ਮੈਂ ਕਿੰਨੇ ਵਾਰੀ ਸਮਝਾਇਐ, ਬਈ ਆਪਾਂ ਹੋਰ ਜ਼ਮੀਨ ਥੇ ਨ੍ਹੀਂ ਲੈਣੀ। ਤੂੰ ਫੇਰ ਨ੍ਹੀਂ ਛਡਦਾ ਲਾਲਚ ਜ਼ਮੀਨ ਦਾ। ਕਿਉਂ ਭੇਜਿਆ ਸੀ ਪਾਲੀ ਗਿੱਲਾਂ ਦੇ ਘਰ ‘
‘ਉਹ ਤਾਂ ਉਂ ਗਿਆ ਸੀ। ਉਹ ਤਾਂ.
‘ਉਹ ਤਾਂ ਉਹ ਤਾਂ ਕੀ, ਮੈਨੂੰ ਸਭ ਪਤੇ ।ਮੱਲਣ ਦੇ ਜਮਾਈ ਹੁਣ ਜ਼ਮੀਨ ਬੇ ਕਰਨਗੇ, ਬੱਸ ਉਹ ਤੂੰ ਨ੍ਹੀਂ ਲੈਣੀ। ਇਕ ਵਾਰੀ ਆਖ’ਤਾ, ਫੇਰ ਘਰ ‘ਚ ਕਲੇਸ ਛਿਗਾ।
ਹਰਦਿੱਤ ਸਿੰਘ ਕੁਝ ਢੇਲਾ ਹੋ ਕੇ ਪਰ ਸਿਆਣਪ ਦਿਖਾਉਂਦਾ ਹੋਇਆ ਕਹਿਣ ਲੱਗਿਆ, ‘ਚੱਲ, ਨਹੀਂ ਲੈਂਦੇ ਬੈ, ਮੰਨ ਲੀ ਤੇਰੀ ਗੱਲ, ਪਰ ਬੈਂਕ ‘ਚ ਪਿਆ ਪੈਸਾ ਦੇਸ ਕੀ ਕਰਨੇ ਹੁਣ। ਪੰਜ-ਛੀ ਰੁਪਈਏ ਸੈਂਕੜਾ ਕੋਈ ਵਿਆਜ ਹੁੰਦੈ ? ਓਹੀ ਜ਼ਮੀਨ ਦੇ ਚਾਰ ਡਲੇ ਖਰੀਦ ਲੀਏ ਤਾਂ ਸਿਉਨਾ ਐ ਨਿਰਾ| ਜ਼ਮੀਨ ਸਿਉਨਾ ਹੁੰਦੀ ਐ। ਅੱਗੇ ਤੇਰੀ ਮਰਜ਼ੀ ਐ। ਮੈਂ ਤਾਂ ਹਿੱਕ ਤੇ ਧਰ ਕੇ ਲੈ ਨ੍ਹੀਂ ਜਾਣਾ ਇਹ ਸਾਰਾ ਕੁਸ਼ । ਤੇਰਾ ਈ ਐ ਸਭ, ਤੂੰ ਸੋਚ ਲੈ ਹੁਣ,
ਬੱਸ ਸੋਚਿਆ ਈ ਐ, ਆਪਾਂ ਨ੍ਹੀਂ ਲੈਣੀ ਜ਼ਮੀਨ। ਹਰਿੰਦਰ ਵਿਚ ਪਹਿਲਾਂ ਵਾਲੀ ਅੜੀ ਕਾਇਮ ਸੀ। ਮੁੰਡੇ ਦਾ ਵਿਗੜਿਆ ਰੱਬ ਦੇਖ ਕੇ ਹਰਦਿੱਤ ਸਿੰਘ ਚੁੱਪ ਹੋ ਗਿਆ।
16
ਜ਼ਮੀਨ ਦਾ ਮੁੱਲ ਤੋੜਨ ਪਿੱਛੇ ਕਈ ਦਿਨ ਘੈਂਸ-ਘੈਂਸ ਹੁੰਦੀ ਰਹੀ। ਧੁਰਕਟੀਆ ਓਸ ਦਿਨ ਦਾ ਹੀ ਗਿੱਲਾਂ ਦੇ ਘਰ ਡਟ ਕੇ ਬੈਠਾ ਹੋਇਆ ਸੀ । ਸਾਰੀ ਬਾਰਾ ਕਿੱਲੇ ਦਾ ਮੁੱਲ ਤਾਂ ਜ਼ਿਆਦਾ ਬਣਦਾ ਸੀ। ਇਕ ਜਣਾ ਕੋਈ ਇਕੱਲਾ ਤਾਂ ਐਨੀ ਜ਼ਮੀਨ ਲੈਣ ਦੀ ਪਹੁੰਚ ਵਿਚ ਨਹੀਂ ਸੀ। ਅਖੀਰ ਸੌਦਾ ਹੋ ਗਿਆ। ਭਾਈਰੂਪੇ ਵਾਲੀ ਚਾਰ ਕਿੱਲੇ ਪਰਮਜੀਤ ਪਟਵਾਰੀ ਨੇ ਲੈ ਲਈ। ਵੀਹ ਹਜ਼ਾਰ ਕਿੱਲੇ ਦੇ ਹਿਸਾਬ। ਘੰਡਾ ਬੰਨੇ ਨਾਲ ਲਗਦਾ ਟਾਹਲੀ ਵਾਲਾ ਅੱਠ ਕਿੱਲ ਦਾ ਖੇਤ ਦੇ ਜਣਿਆਂ ਨੇ ਰਲ ਕੇ ਲੈ ਲਿਆ ਸਾਂਝਾ।
ਇਹ ਜ਼ਮੀਨ ਬਹੁਤ ਉਪਜਾਊ ਹੀ। ਭਾਈਰੂਪ ਵਾਲੀ ਨਾਲ ਇਹਦਾ ਫਰਕ ਸੀ। ਇਹਦਾ ਮੁੱਲ ਟੁੱਟਿਆ ਪੱਚੀ ਹਜ਼ਾਰ ਕਿੱਲਾ ਦੇ ਜਣਿਆਂ ਨੇ ਚਾਰ-ਚਾਰ ਕਿੱਲੇ ਕਰ ਲਈ। ਇਕ ਤਾਂ ਸੀ ਨੰਬਰਦਾਰ ਮਿਹਰ ਸਿੰਘ ਅਤੇ ਦੂਜਾ ਤੀਰਥ ਸਿੰਘ। ਫੂਲ ਤਹਿਸੀਲਦਾਰ ਦੀ ਕਚਹਿਰੀ ਵਿਚ ਜਾ ਕੇ ਰਕਮ ਤਾਰ ਦਿੱਤੀ ਗਈ। ਬੇ ਦੀਆਂ ਰਜਿਸਟਰੀਆਂ ਹੋ ਗਈਆਂ। ਤਹਿਸੀਲਦਾਰ ਦੀ ਕਚਹਿਰੀ ਵਿਚ ਤਿੰਨ ਕੁੜੀਆਂ ਅਤੇ ਤਿੰਨੇ ਜਮਾਈ ਹਾਜ਼ਰ ਹੋਏ। ਪਰਮਜੀਤ, ਮਿਹਰ ਅਤੇ ਤੀਰਥ। ਪਿੰਡ ਦਾ ਸਰਪੰਚ ਅਤੇ ਤਿੰਨੇ -ਚਾਰ ਬੰਦੇ ਹੋਰ ਵੀ ਰਜਿਸਟਰੀਆਂ ਉੱਤੇ ਤਹਿਸੀਲਦਾਰ ਦੇ ਦਸਖ਼ਤ ਹੋਣ ਪਿੱਛੋਂ ਸਾਰੇ ਜਣੇ ਇਕ ਹੋਟਲ ਵਿਚ ਵੜੇ। ਚਾਹ ਨਾਲ ਜਲੇਬੀਆਂ ਖਾਧੀਆਂ ਗਈਆਂ ਭੇਤੀਆਂ -ਤੱਤੀਆਂ।
ਸਭ ਜਣੇ ਹੱਸ-ਹੱਸ ਗੱਲਾ ਕਰ ਰਹੇ ਸਨ। ਚਾਂਭੜਾਂ ਪਾਉਂਦੇ ਸਨ । ਜਮਾਈ ਤਾਂ ਜਿਵ ਕਿਸੇ ਨਸ਼ੇ ਵਿਚ ਹੋਣ। ਨਸ਼ਾ ਤਾਂ ਪਰਮਜੀਤ, ਮਿਹਰ ਅਤੇ ਤੀਰਥ ਨੂੰ ਵੀ ਸੀ। ਜਮੀਨ ਫੈਲਈ ਸੀ। ਇਹ ਕੋਈ ਛੋਟਾ ਨਸ਼ਾ ਸੀ। ਤਿੰਨਾਂ ਕੁੜੀਆਂ ਨੇ ਚਾਹ ਤਾਂ ਪੀ ਲਈ ਪਰ ਜਲੇਬੀ ਦੀ ਇਕ ਸਾਖ ਵੀ ਮੂੰਹ ਵਿਚ ਨਹੀਂ ਪਾਈ। ਹੱਸੀਆਂ-ਬੋਲੀਆਂ ਵੀ ਨਹੀਂ। ਤਿੰਨਾਂ ਦੀਆਂ ਅੱਖਾਂ ਖੁਸ਼ਕ -ਖੁਸ਼ਕ ਸਨ। ਜਿਵੇਂ ਉਹਨਾਂ ਵਿਚ ਪਾਣੀ ਹੋਵੇ ਹੀ ਨਾ।
ਕੁੱਲ ਰਕਮ ਬਣੀ ਦੇ ਲੱਖ ਅੱਸੀ ਹਜਾਰ। ਇਹਦੇ ਵਿਚੋਂ ਤੀਹ ਹਜ਼ਾਟ ਹਰਦਿੱਤ ਸਿੰਘ ਨੂੰ ਗਹਿਣੇ ਦਾ ਵਾਪਮ ਕਰਨਾ ਸੀ । ਦਸ ਹਜ਼ਾਰ ਪਰਮਜੀਤ ਨੇ ਪਹਿਲਾਂ ਹੀ ਕੱਟ ਲਿਆ ਸੀ. ਭਾਈਰੂਪ ਵਾਲ ਖੇਤ ਦਾ, ਜੀਹਨੂੰ ਬੁੜ੍ਹੀ ਚੰਦਕੁਰ ਨੇ ਗਹਿਣੇ ਧਰਿਆ ਸੀ। ਬਾਕੀ ਬਚੀ ਰਕਮ ਦੇ ਉਹਨਾਂ ਨੇ ਤਿੰਨ ਹਿੱਸੇ ਪਾ ਲਏ । ਅੱਸੀ-ਅੱਸੀ ਹਜ਼ਾਰ ਆਇਆ।
ਫੂਲ ਤਿੰਨੇ ਜਮਾਸੀ ਅਤੇ ਤਿੰਨੇ ਕੁੜੀਆਂ ਆਥਣ ਨੂੰ ਕੋਠੀ ਆ ਗਏ।
ਅਗਲੀ ਸਵੇਰ ਦਿਨ ਚੜ੍ਹੇ ਧੁਰਕੋਟ ਵਾਲੇ ਪ੍ਰਾਹੁਣੇ ਨੇ ਨੇ ਬਾਣੀਏ ਦੀ ਹੱਟ ਉੱਤੇ ਹਰਦਿੱਤ ਸਿੰਘ ਨੂੰ ਬੁਲਾਇਆ। ਹਰਿੰਦਰ ਵੀ ਪਿਓ ਦੇ ਨਾਲ ਹੀ ਆ ਗਿਆ। ਮਿਹਰ ਸਿੰਘ ਅਤੇ ਤੀਰਥ ਸਿੰਘ ਵੀ ਓਥੇ ਹੀ ਸਨ, ਪਿੰਡ ਦੇ ਹੋਰ ਕਈ ਬੰਦੇ ਵੀ। ਹਰਦਿੱਤ ਸਿੰਘ ਆਪਣੀ ਬਹੀ ਲੈ ਕੇ ਆਇਆ ਸੀ। ਹੱਟ ਉੱਤੇ ਆ ਕੇ ਹਰਿੰਦਰ ਨੇ ਪਿਓ ਦੇ ਹੱਥੋਂ ਬਹੀ ਵਡ ਲਈ। ਬੱਸ ਐਵੇਂ ਸੁਭਾਇਕੀ ਹੀ। ਬਹੀ ਦੀ ਡੋਰ ਵੀ ਹਰਿੰਦਰ ਨੇ ਹੀ ਖੋਲ੍ਹੀ। ਫੇਰ ਬਹੀ ਨੂੰ ਰਮੇਸ਼ ਮੂਹਰੇ ਕਰ ਦਿੱਤਾ। ਆਖਿਆ, ‘ਲੈ ਬਈ ਲਾਲਾ, ਦੇਖ ਕਿੱਥੇ ਜਾ ਕੇ ਲਿਖਤ ‘ ਵਰਕੇ ਫਰੋਲ ਫਰਲ ਰਮੇਸ਼ ਨੇ ਲਿਖਤ ਵਾਲਾ ਪੱਤਰਾ ਕੱਢ ਲਿਆ।
ਲੰਡਿਆਂ ਵਿਚ ਲਿਖੀ ਲਿਖਤ ਅੱਖਰ ਜੋੜ-ਜੋੜ ਪੜ੍ਹ ਕੇ ਸੁਣਾਈ। ਫੇਰ ਧੂਰਕੋਟ ਵਾਲੇ ਪ੍ਰਾਹੁਣੇ ਨੇ ਤੀਹ ਹਜ਼ਾਰ ਦੀਆਂ ਤਿੰਨ ਬਹੀਆਂ ਲਾਲੇ ਨੂੰ ਫੜਾਈਆਂ। ਇਕ ਬਹੀ ਨੂੰ ਲਾਲਾ ਗਿਣਨ ਲੱਗਿਆ ਅਤੇ ਇਕ ਨੂੰ ਹਰਿੰਦਰ ਲਾਲੇ ਨੇ ਪਹਿਲਾਂ ਗਿਣ ਲਿਆ। ਉਹਨੂੰ ਝੋਲੀ ਵਿਚ ਰੱਖ ਕੇ ਉਹ ਦੂਜੀ ਕਹੀ ਗਿਣਨ ਲੱਗਿਆ । ਹਰਿੰਦਰ ਆਪਣੀ ਬਹੀ ਗਿਣ ਕੇ ਬੈਠਾ ਲਾਲੇ ਝਾਕੀ ਜਾ ਰਿਹਾ ਸੀ। ਦੂਜੀ ਥਹੀ ਵੀ ਲਾਲਾ ਗਿਣ ਚੁੱਕਿਆ ਤਾਂ ਦੋਵੇਂ ਬਹੀਆਂ ਹਰਿੰਦਰ ਨੇ ਉਹਦੇ ਹੱਥੋਂ ਫੜ ਲਈਆਂ ਅਤੇ ਉਹਨੂੰ ਅਖਿਆ ਕਿ ਬਹੀ ਉੱਤੇ ਇਹ ਤੀਹ ਹਜ਼ਾਰ ਆਇਆ ਲਿਖ ਦੇਵੇ।
ਰਮੇਸ਼ ਨੇ ਬਹੀ ਉੱਤੇ ਇੰਜ ਹੀ ਲਿਖ ਦਿੱਤਾ । ਹਰਦਿੱਤ ਸਿੰਘ ਵੱਲੋਂ ਮੱਲਣ ਸਿੰਘ ਦਾ ਟਾਹਲੀ ਵਾਲਾ ਖੇਤ ਗਹਿਣੇ ਲਿਆ ਛੱਡ ਦਿੱਤਾ ਗਿਆ। ਪੈਸੇ ਦਿੱਤੀ, ਮੱਲਣ ਸਿੰਘ ਦੇ ਤਿੰਨਾਂ ਜਮਾਈਆਂ ਨੇ ਧੂਰਕੋਟ ਵਾਲਾ ਮੱਖਣ ਸਿੰਘ, ਭੈਣੀ ਬਾਘੇ ਵਾਲੇ ਦੋਵੇਂ ਸਾਧੂ ਸਿੰਘ ਅਤੇ ਗੁਰਮੇਲ ਸਿੰਘ। ਬਹੀ ਉੱਤੇ ਤਿੰਨਾਂ ਨੇ ਗੂਠੇ ਲਾ ਦਿੱਤੇ ਅਤੇ ਹਰਦਿੱਤ ਸਿੰਘ ਦਾ ਗੁਠਾ ਵੀ ਲਵਾ ਲਿਆ ਗਿਆ ।ਡੋਰ ਵਲ੍ਹੇਟ ਕੇ ਹੀ ਰਮੇਸ਼ ਨੇ ਹਰਚਿੱਤ ਸਿੰਘ ਨੂੰ ਫੜਾ ਦਿੱਤੀ । ਸਭ ਜਣੇ ਰਮੇਸ਼ ਦੀ ਹੱਟ ਤੋਂ ਉੱਠੇ ਅਤੇ ਆਪੋ ਆਪਣੇ ਘਰਾਂ ਨੂੰ ਚਲ ਗਏ। ਹਰਦਿੱਤ ਸਿੰਘ ਬਚੀ ਲੈ ਕੇ ਕੇ ਆਪਣੇ ਘਰ ਨੂੰ ਗੁੰਮ ਸੰਮ ਬਣਿਆ ਜਾ ਰਿਹਾ ਸੀ। ਪਤਾ ਨਹੀਂ, ਕੀ ਸੋਚਦਾ ਹੋਵੇਗਾ। ਮਨ ਵਿਚ ਹੀ ਕਿਸੇ ਨੂੰ ਵੀ ਕਹਿੰਦਾ ਹੋਵੇਗਾ। ਪਰ ਦੱਖਣ ਤੋਂ ਲਗਦਾ ਸੀ ਜਿਵੇਂ ਨਾ ਤਾਂ ਉਹਨੂੰ ਕੋਈ ਗੁੱਸਾ ਹੋਵੇ ਅਤੇ ਨਾ ਹੀ ਉਹਦੇ ਮਨ ਨੂੰ ਕੋਈ ਚੇਨ।
ਹਰਿੰਦਰ ਘਰ ਨਹੀਂ ਗਿਆ। ਸਿੱਧਾ ਹੀ ਬੈਂਕ ਵਿਚ ਗਿਆ ਅਤੇ ਆਪਣੇ ਨਾਂ ਦਾ ਨਵਾਂ ਹਿਸਾਬ ਖੁਲ੍ਹਵਾ ਕੇ ਤੀਹ ਦਾ ਤੀਹ ਹਜਾਰ ਜਮ੍ਹਾਂ ਕਰਵਾ ਦਿੱਤਾ।
ਹਰਦਿੱਤ ਸਿੰਘ ਘਰ ਪਹੁੰਚਿਆ। ਬਹੀ ਦਿਆਲੇ ਨੂੰ ਵੜਾਈ ਕਿ ਉਹ ਉਹਨੂੰ ਅਲਮਾਰੀ ਵਿਚ ਰੱਖ ਦੇਵੇ ਆਪ ਰੁੱਪ ਕੀਤਾ ਜਾ ਕੇ ਬੈਠਕ ਵਿਚ ਪੈ ਗਿਆ। ਦਿਆਲ ਨੇ ਬਹੀ ਨੂੰ ਅਲਮਾਰੀ ਵਿਚ ਰੱਖਿਆ ਅਤੇ ਆਪਣੇ ਕੰਮਾਂ ਧੰਦਿਆਂ ਵਿਚ ਲੱਗ ਗਈ। ਰੋਟੀ ਉਹ ਪਕਾ ਚੁੱਕੀ ਸੀ। ਪਾਲੀ ਖਾ ਗਿਆ ਸੀ। ਉਹਨੇ ਆਪ ਵੀ ਖਾ ਲਈ ਸੀ । ਪਰ ਹਰਿੰਦਰ ਤੇ ਉਹਦੇ ਪਿਓ ਨੇ ਅਜੇ ਖਾਣੀ ਸੀ । ਉਹ ਤਾਂ ਰੋਟੀ ਦਾ ਆਹਰ ਹੀ ਕਰ ਰਹੀ ਸੀ ਜਦੋਂ ਸਵੇਰੇ ਸਵੇਰੇ ਮੱਲਣ ਦੇ ਜਮਾਈ ਦਾ ਸੁਨੇਹਾ ਸੁਣ ਕੇ ਹਰਦਿੱਤ ਸਿੰਘ ਨੇ ਬਹੀ ਚੁੱਕੀ ਸੀ ਅਤੇ ਰਮੇਸ਼ ਬਾਣੀਏ ਦੀ ਹੱਟ ਨੂੰ ਤੁਰ ਪਿਆ ਸੀ । ਹਰਿੰਦਰ ਤਾਂ ਪਹਿਲਾਂ ਹੀ ਪਿੰਡ ਵਿਚ ਕਿਧਰੇ ਗਿਆ ਹੋਇਆ ਸੀ। ਅਜੇ ਤੱਕ ਨਹੀਂ ਬਹੁੜਿਆ ਸੀ।
ਦਿਆਲੇ ਨੇ ਘਰ ਦੇ ਕੰਮ ਧੰਦੇ ਕਰਦਿਆਂ ਇਕ ਬਿੰਦ ਸੋਚਿਆ -ਐਡਾ ਦਿਨ ਚੂੜ ਆਇਆ, ਪਿਓ-ਪੁੱਤ ਰੋਟੀ ਤਾਂ ਖਾਂ ਲੈਂਦੇ ਮੁੰਡਾ ਤਾਂ ਭਲਾਂ ਮੁੜਿਆ ਨਹੀਂ ਕਿਧਰ ਉਹ ਆਪ ਤਾਂ ਆ ਗਿਆ ਹੈ ਤੇ ਬੈਠਕ ਵਿਚ ਜਾ ਪਿਆ ਹੈ । ਰੋਟੀ ਖਾਵੇ ਤੇ ਜਾਵੇ ਖੇਤ ਨੂੰ।
ਉਹ ਬੈਠਕ ਵਿਚ ਗਈ, ਕਹਿੰਦੀ, ‘ਰੋਟੀ ਪਾਮਾਂ ?’
ਉਹ ਬਲਿਆ ਨਹੀਂ।
ਮਿਖਿਆ, ਸੁਣਦਾ ਨੀਂ। ਰੋਟੀ ਖਾ ਲੈਂਦਾ। ਐਥੇ ਈ ਲਿਆ ਦਿਆ ?’ ਉਹ ਫੇਰ ਬੋਲੀ।
ਉਹ ਬੇਚੈਨ ਜਿਹਾ ਉੱਠ ਕੇ ਮੰਜੀ ਉਤੇ ਬੈਠ ਗਿਆ । ਇਕ ਹੱਥ ਨਾਲ ਬਾਹੀ ਨੂੰ ਵੜਿਆ ਹੋਇਆ ਸੀ। ਦੂਜੇ ਹੱਥ ਦੀ ਉਂਗਲ ਨਾਲ ਦਾੜ੍ਹੀ ਵਿਚ ਖੁਰਕ ਕਰਨ ਲੱਗਿਆ। ਪਤਾ ਨਹੀਂ ਕੀ ਕਹਿਣਾ ਚਾਹੁੰਦਾ ਹੋਵੇਗਾ। ਦਿਆਲ ਉਹਦੇ ਵੱਲ ਲਗਾਤਾਰ ਬਾਕੀ ਜਾ ਰਹੀ ਸੀ। ਉਹਦਾ ਹੁੰਗਾਰਾ ਸੁਣਨ ਲਈ ਹੀ ਖੁੜੀ ਸੀ । ਕੁਝ ਚਿਰ ਠਹਿਰ ਕੇ ਹਰਦਿੱਤ ਸਿੰਘ ਨੇ ਜੀਤ ਹਿਲਾਈ, ‘ਲਿਆ, ਖਾ ਲੈਨੇ ਆਂ, ਦੋ ਬੁਰਕੀਆਂ।
ਦਿਆਲੇ ਬਾਲੀ ਵਿਚ ਰਟੀ ਪਾ ਕੇ ਬੈਠਕ ਵਿਚ ਹੀ ਲੈ ਆਈ। ਚਾਰ ਰੋਟੀਆਂ, ਕਟੋਰੇ ਵਿਚ ਕੁੜੀ, ਕੜੀ ਉੱਤੇ ਮੱਖਣੀ ਅਤੇ ਖੱਟੀ ਲੱਸੀ ਦਾ ਗਲਾਸ । ਨਾਲ ਨੂੰ ਚੀਰਿਆ ਹੋਇਆ ਗੰਢਾ ਅਤੇ ਅੰਬ ਦੇ ਅਚਾਰ ਦੀ ਇਕ ਵਾੜੀ। ਥਾਲੀ ਹਰਦਿੱਤ ਸਿੰਘ ਨੇ ਮੰਜੇ ਉੱਤੇ ਹੀ ਰੱਖ ਲਈ। ਲੱਸੀ ਦਾ ਗਲਾਸ ਮੰਜੇ ਦੀ ਦੇਣ ਵਿਚ ਅੜਾ ਲਿਆ | ਰੋਟੀ ਵੱਲ ਪਹਿਲਾਂ ਤਾਂ ਦੇਖਦਾ ਰਿਹਾ ਤੇ ਫੇਰ ਇਕ ਬੁਰਕੀ ਤੋੜ ਕੇ ਮੱਖਣੀ ਨੂੰ ਕੜ੍ਹੀ ਵਿਚ ਰਲਾਉਣ ਲੱਗਿਆ। ਲਿੱਬੜੀ ਬੁਰਕੀ ਮੂੰਹ ਵਿਚ ਪਾ ਲਈ। ਨਾਲ ਹੀ ਲੱਸੀ ਦੀ ਘੁੱਟ ਭਰੀ। ਜਿਵੇਂ ਬੁਰਕੀ ਮਸਾ ਹੀ ਸੰਘ ਥੱਲੇ ਉੱਤਰੀ ਹੋਵੇ । ਖਾਸਾ ਚਿਰ ਲਾ ਕੇ ਉਹਨੇ ਇਕ ਰੋਟੀ ਖਾਧੀ। ਗੰਢੇ ਦੀ ਇਕ ਨਿੱਕੀ ਵਾਕੜ ਮੂੰਹ ਵਿਚ ਪਾ ਲਈ, ਐਬ ਛੇੜਿਆ ਹੀ ਨਹੀਂ। ਕੜੀ ਦੇ ਕਟੋਰੇ ਵਿਚੋਂ ਦੋ ਘੁੱਟਾਂ ਭਰੀਆਂ ਅਤੇ ਲੱਸੀ ਦਾ ਅੱਧਾ ਗਲਾਸ ਪੀ ਕੇ ਥਾਲੀ ਪਰ੍ਹਾਂ ਮੇਜ਼ ਉੱਤੇ ਰੱਖ ਦਿੱਤੀ। ਦਿਆਲ ਨੂੰ ਹਾਕ ਨਹੀਂ ਮਾਰੀ । ਓਵੇਂ ਦਾ ਓਵ ਮੰਜੀ ਉੱਤੇ ਟੇਢਾ ਹੋ ਗਿਆ ਅਤੇ ਛੱਤ ਵੱਲ ਠਾਕਣ ਲੱਗਿਆ । ਦਿਆਲ ਇਕ ਰਟੀ ਹਰ ਲੈ ਕੇ ਆਈ ਅਤੇ ਪਾਣੀ ਦੀ ਗੜਵੀ ।
ਰੋਟੀ ਵਾਲੀ ਬਾਲੀ ਮੇਜ਼ ਉੱਤੇ ਪਈ ਦੇਖ ਕੇ ਕਹਿੰਦੀ, ‘ਇਹ ਕੀ ਮੈਂ ਤਾਂ ਹਰ ਲੈ ਕੇ ਆਈ ਸੀ । ਤੂੰ ਤਾਂ ਪਹਿਲੀਆਂ ਵੀ ਓਮੇਂ -ਜਿਮੇਂ ਛੱਡ ‘ਤੀਆਂ ? ਕੁਸ ਵੀ ਨਾ ਖਾਧੀ ਰੋਟੀ ਤੂੰ ਤਾਂ ਕੀ ਕਸੂਰ ਐ ਤੈਨੂੰ ? ਇਓਂ ਕਿਮੇਂ ਚੁੱਪ ਕਰਕੇ ਪੈ ਗਿਆ ?’
ਉਹ ਬੈਠਾ ਹੋ ਗਿਆ ਅਤੇ ਹੱਥਾਂ ਦਾ ਬੁੱਕ ਦਿਆਲੇ ਮੂਹਰੇ ਕੀਤਾ। ਕਹਿੰਦਾ ‘ਬੱਸ ਹੱਥ ਧੁਆ ਦੇ। ਅੱਜ ਤਾਂ ਭੁੱਖ ਮਰੀ ਜੀ ਪਈ ਐ। ਕਾਲਜਾ ਝਲਦਾ ਈ ਨ੍ਹੀਂ ਹੋਰ ਰੋਟੀ, ਵੱਢੀ ਰੂਹ ਨੀਂ ਕਰਦੀ ਖਾਣ ਨੂੰ ‘
‘ਕੀ ਗੱਲ ‘ ਦਿਆਲੇ ਨੂੰ ਚਿੰਤਾ ਹੋਈ । ਹੱਥ ਵਾਲੀ ਰੋਟੀ ਥਾਲੀ ਵਿਚ ਰੱਖ ਕੇ ਉਹ ਉਹਦੇ ਹੱਥ ਧੁਆਉਣ ਲੱਗੀ । ਕਰਲੀ ਕਰਕੇ ਹੱਥ ਧੰਦਾ ਉਹ ਕਹਿੰਦਾ, ‘ਗੱਲ ਤਾਂ ਕਈ ਨ੍ਹੀ । ਉਈ ਬੱਸ।
‘ਖਾਧੇ ਪੀਤੇ ਦੀ ਕੋਈ ਕਸੂਰ ਹੋ ਗੀ ਹੋਊ। ਹੋ ਜਾਂਦੇ ਕਦੇ ਕਦੇ।
‘ਹਾਂ. ਹੋ ਜਾਂਦੇ ਕਦੇ ਕਦੇ। ਹਰਦਿੱਤ ਸਿੰਘ ਨੇ ਆਖਿਆ ਅਤੇ ਲੰਮਾ ਖਿੱਚਵਾਂ ਸਾਹ ਲਿਆ। ਮੰਜੇ ਉੱਤੇ ਹੀ ਫੇਰ ਪੈ ਗਿਆ ।
ਦਿਆਲੋ ਭਾਂਡੇ ਚੁੱਕ ਕੇ ਰਸੋਈ ਵੱਲ ਲੈ ਗਈ। ਤੇ ਫੇਰ ਲੱਸੀ ਦਾ ਗਲਾਸ ਭਰ ਕੇ ਹਰਦਿੱਤ ਸਿੰਘ ਦੀ ਬਚੀ ਪਈ ਰੋਟੀ ਖਾਣ ਲੱਗੀ। ਸੋਚਿਆ ਐਵੇਂ ਬੱਠਲ ‘ਚ ਕਾਹਨੂੰ ਸੁੱਟਣੀ ਐ। ਰੋਟੀ ਖਾਂਦੀ -ਖਾਂਦੀ ਉਹ ਹਰਿੰਦਰ ਬਾਰੇ ਸੋਚਣ ਲੱਗੀ। ਐਡਾ ਵੇਲਾ ਹੋ ਗਿਆ, ਆਇਆ ਕਿਉਂ ਨਾ ?
ਹਰਿੰਦਰ ਆਇਆ ਅਤੇ ਰੋਟੀ ਬਾਰੇ ਬੂ -ਤੋਬਾ ਮਚਾਉਣ ਲੱਗਿਆ। ਦਿਆਲੇ ਚੁੱਲ੍ਹੇ -ਚੌਂਕੇ ਦਾ ਸਾਹਾ ਕੰਮ ਨਿਬੇੜੀਂ ਬੈਠੀ ਸੀ। ਚੁੱਲ੍ਹੇ ਵਿਚ ਗੋਹਿਆਂ ਦੀ ਅੱਗ ਹੈ ਗੀ ਸੀ । ਕੌਲੀ ਵਿਚ ਮੱਖਣੀ ਤੱਤੀ ਕਹਕੇ ਉਹਨੇ ਕੜ੍ਹੀ ਦੀਆਂ ਦੋ ਕੜਛੀਆਂ ਪਾਈਆਂ ਅਤੇ ਥਾਲੀ ਵਿਚ ਰੋਟੀਆਂ ਧਰ ਕੇ ਲੈ ਆਈ। ਵਰਾਂਢੇ ਵਿਚ ਬੈਠ ਕੇ ਛੇਤੀ ਛੇਤੀ ਰੋਟੀ ਖਾਂਦਾ ਹਰਿੰਦਰ ਮਾਂ ਨੂੰ ਮੱਲਣ ਦੇ ਜਮਾਈਆਂ ਦੀਆ ਗੱਲਾਂ ਸੁਣਾ ਰਿਹਾ ਸੀ। ਵਿਚ-ਵਿਚ ਦੀ ਹਸਦਾ ਵੀ ਅਤੇ ਜਮਾਈਆਂ ਗਾਲਾਂ ਨੂੰ ਕਢਦਾ। ਦਿਆਲੋ ਚੁੱਪ ਚਾਪ ਉਹਦੀਆਂ ਗੱਲਾਂ ਸੁਣਦੀ ਜਾ ਰਹੀ ਸੀ। ਨਾ ਹਸਦੀ ਸੀ ਅਤੇ ਨਾ ਕੋਈ ਸਵਾਲ ਕਰਦੀ। ਉਹਦੀ ਗੱਲ ਮੁੱਕੀ ਤੋਂ ਅਖੀਰ ਦਿਆਲੋਂ ਕਹਿੰਦੀ, ‘ਵੇਲੇ ਸਿਰ ਆ ਕੇ ਰੋਟੀ ਤਾਂ ਖਾ ਲਿਆ ਕਰ। ਜਿੱਥੇ ਬੈਠਾ ਰਹਿਨੇਂ, ਬੈਠਾ ਰਹਿਨੇਂ। ਇਉਂ ਘਰ ਕਿਮੇਂ ਸੰਭਾਲੇਂਗਾ ਤੂੰ । ਕਿੰਨਾ ਕੁ ਚਿਰ ਬੈਠਾ ਰਹੇ ਕੋਈ, ਤੇਰੀ ਉਡੀਕ ‘ਚ ? ਜਾਂ ਫੇਰ ਵਿਆਹ ਕਰਾ ਲੈ । ਆਪੇ ਕਰੁ ਸਿੱਧਾ ਤੈਨੂੰ, ਬਗਾਨੀ ਧੀ ਆ ਕੇ।’
‘ਮੈਂ ਬਗਾਨੀ ਧੀ ਨੂੰ ਪਹਿਲਾਂ ਈ ਸਿੱਧੀ ਕਰਕੇ ਲਿਆਊਂ ਘਰੇ । ਫੇਰ ਕੀ ਕਰੇਂਗੀ ਤੂੰ, ਮਾਂ ? ਮਾਂ ਦੀਆਂ ਗੁੱਝੀਆਂ-ਮਿੱਠੀਆਂ ਸਮਝੌਤੀਆਂ ਦਾ ਜਵਾਬ ਉਹ ਹਾਸੇ-ਮਜ਼ਾਕ ਵਿਚ ਹੀ ਦੇ ਰਿਹਾ ਸੀ।
‘ਹੋਰ ਫੇਰ, ਸਾਡੇ ਤਾਂ ਤੂੰ ਕਿਸੇ ਵੀ ਲੋਟ ਨ੍ਹੀਂ ਔਂਦਾ।’
‘ਲੋਟ ਨੂੰ ਕੀਹ ਐ, ਹੁਣ ਦੇਖ ਜਾਨਾਂ ਖੇਤ ਨੂੰ ਸਿੱਧਾ ਹੋ ਕੇ। ਕੰਮ ਤਾਂ ਕਰਦਾਂ। ਕੋਈ ਐਬ -ਵੈਲ ਨ੍ਹੀਂ। ਕੋਈ ਡੋਲ੍ਹ -ਵਗਾੜਨੀ। ਹੋਰ ਸਿੱਧਾ ਕਿਵੇਂ ਹੁੰਦੈਂ।’
‘ਤੂੰ ਹੁਣ ਸਭ ਪਾਸਿੳਂ ਠੀਕ ਐਂ । ਹੁਣ ਤਾਂ ਵਿਆਹ ਦੀ ਰਹਿ ਗੀ ਬੱਸ ਇਕ ਗੱਲ। ਇਹ ਵੀ ਕਰ ਲੈ, ‘ ਮਾਂ ਨੇ ਲੇਲ੍ਹੜੀ ਜਿਹੀ ਕੱਢ ਕੇ ਸਿੱਧੀ ਗੱਲ ਆਖੀ।
ਉਹ ਫੇਰ ਹੱਸ ਪਿਆ, ‘ਇਹ ਕੋਈ ਗੱਲ ਹੋਈ, ਮਾਂ । ਵਿਆਹ ਕੀ ਜ਼ਰੂਰੀ ਐ ਹਾਲੇ ਈ। ਹੁਣੇ ਕੀ ਬੁੜ੍ਹਾ ਹੋ ਗਿਆਂ ਮੈਂ । ਕਰਵਾ ਲੂੰ ਗਾ ਵਿਆਹ ਵੀ। ਤੈਨੂੰ ਨ੍ਹੀਂ ।ਰਨ ਦਿੰਦਾ। ਐਹੀ-ਜੀ ਪਟਾਕੇ ਵਰਗੀ ਨੂੰਹ ਲਿਆ ਕੇ ਦੇਊਂ..।
ਦਿਆਲੋ ਨੂੰ ਮੁੰਡੇ ਉੱਤੇ ਖਿਝ ਚੜਨ ਲੱਗੀ। ਪਤੀਜਦਾ ਹੀ ਨਹੀਂ ਇਹ ਤਾਂ ਕਿਸੇ ਗੱਲ ਨੂੰ।
ਤੇ ਫੇਰ ਹਰਿੰਦਰ ਨੇ ਰੋਟੀ ਖਾ ਕੇ ਹੱਥ ਧੋਤੇ। ਪੁੱਛਣ ਲੱਗਿਆ, ‘ਨੇਕ ਕਦੋਂ ਕੁ ਦਾ ਗਿਐ ਖੇਤ ਨੂੰ ? ਘਰੇ ਕਦੋਂ ਆਇਆ ਸੀ ?’
ਦਿਆਲੇ ਨੇ ਚੁੰਨੀ ਦਾ ਪੱਲਾ ਫੜ ਕੇ ਨੱਕ ਘੁੱਟਿਆ। ਘਗਿਆਏ ਜਿਹੇ ਬੋਲ ਵਿਚ ਦੱਸਿਆ, ‘ਉਹ ਤਾਂ ਓਦੋਂ ਆ ਗਿਆ ਸੀ। ਚਾਹ ਪੀਤੀ ਅਤੇ ਉਠ ਗਿਆ । ਕਹੀ ਲੈ ਗਿਆ ਨਾਲ ।’
‘ਕੀ ਕਹਿੰਦਾ ?’
‘ਕਹਿੰਦਾ, ਮੈਂ ਤਾਂ ਜਾਨਾਂ, ਹਰਿੰਦਰ ਨੂੰ ਕਹਿ ਦੀਂ ਆ ਜੂ ਗਾ । ਟਰੈਕਟਰ ਲੈ ਆਵੇ, ਟਰਾਲੀ ਜੋੜ ਕੇ ।’
ਹਰਿੰਦਰ ਨੇ ਟਰੈਕਟਰ ਨੂੰ ਸਟਾਰਟ ਕੀਤਾ। ਟਰਾਲੀ ਕੱਲ੍ਹ ਦੀ ਹੀ ਪਈ ਹੋਈ ਸੀ । ਖੇਤ ਨੂੰ ਚੱਲ ਪਿਆ । ਦਿਆਲੋ ਉਹਨੂੰ ਘਰੋਂ ਨਿੱਕਲਦੇ ਨੂੰ ਖਾਸਾ ਚਿਰ ਖੜ੍ਹੀ ਦੇਖਦੀ ਰਹੀ। ਟਰੈਕਟਰ ਦੀ ਆਵਾਜ਼ ‘ਸੁਣਨੋ ਹਟੀ ਤਾਂ ਉਹ ਬੈਠਕ ਵਿਚ ਹਰਦਿੱਤ ਸਿੰਘ ਕੋਲ ਆਈ। ਉਹ ਪਿਆ ਸੀ, ਸੁੱਤਾ ਨਹੀਂ ਸੀ। ਖਾਲੀ-ਖਾਲੀ ਅੱਖਾਂ ਨਾਲ ਬੈਠਕ ਦੀਆਂ ਕੰਧਾਂ ਵਲ ਝਾਕ ਰਿਹਾ ਸੀ। ਦਿਆਲੇ ਆਈ ਤਾਂ ਉਹ ਹੌਲੀ-ਹੌਲੀ ਥੱਕਿਆ ਜਿਹਾ ਮੰਜੇ ਤੋਂ ਉੱਠ ਖੜ੍ਹਾ। ਪੈਰਾਂ ਦੇ ਜੋੜੇ ਪਾ ਲਏ । ਪੱਗ ਢਾਹ ਕੇ ਕੇਸਾਂ ਦੇ ਜੂੜੇ ਨੂੰ ਦੁਬਾਰਾ ਬੰਨ੍ਹਣ ਲੱਗਿਆ। ਜੂੜਾ ਕਰਕੇ ਹੱਥਾਂ ਵਿਚ ਪੱਗ ਫੜੀ ਅਤੇ ਓਵੇਂ ਦੀ ਓਵੇਂ ਗੋਡਿਆਂ ਉੱਤੇ ਰੱਖ ਲਈ। ਦਿਆਲੋ ਵੱਲ ਝਾਕਣ ਲੱਗਿਆ। ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ । ਤੇ ਜਿਵੇਂ ਉਹਦੇ ਮੂੰਹੋਂ ਕੋਈ ਗੱਲ ਨਿਕਲ ਨਾ ਰਹੀ ਹੋਵੇ। ਉਹ ਹਰਖ ਨਾਲ ਐਨਾਂ ਗਲ-ਗਲ ਤੱਕ ਭਰਿਆ ਪਿਆ ਸੀ ਅਤੇ ਉਹਨੂੰ ਸਮਝ ਨਹੀਂ ਸੀ ਕਿ ਉਹ ਕੀ ਗੱਲ ਕਰੇ, ਕੀ ਨਾ ਕਰੇ । ਦਿਆਲੋ ਵੀ ਜਿਵੇਂ ਉਹਦੇ ਕੋਲ ਕੁਝ ਕਹਿਣ ਆਈ ਹੋਵੇ, ਪਰ ਕੁਝ ਕਹਿ ਨਾ ਸਕਦੀ ਹੋਵੇ। ਕੀ ਕਹੇ? ਇਹ ਕਿਹੜਾ ਕੋਈ ਨਵੀਂ ਗੱਲ ਸੀ ?ਇਸ ਤਰ੍ਹਾਂ ਦੀਆਂ ਗੱਲਾਂ ਤਾਂ ਉਹਨਾਂ ਦੋਵਾਂ ਨੇ ਹੀ ਹਰਿੰਦਰ ਨਾਲ ਕਈ ਵਾਰ ਕੀਤੀਆਂ ਸਨ । ਪਰ ਉਹ ਕਿਸੇ ਵੀ ਢਬ-ਸਿਰ ਨਹੀਂ ਆਇਆ ਸੀ। ਹਾਸੇ -ਮਜਾਕ ਵਿਚ ਹੀ ਗੱਲ ਨੂੰ ਲੈ ਜਾਂਦਾ ਰਿਹਾ ਸੀ। ਅੱਜ ਵਾਂਗ ਹੀ। ਹਰਦਿੱਤ ਸਿੰਘ ਦੇ ਨਵੇਂ ਹਰਖ ਦਾ ਦਿਆਲੋ ਨੂੰ ਕੋਈ ਇਲਮ ਨਹੀਂ ਸੀ।
ਅਖੀਰ ਹਰਦਿੱਤ ਸਿੰਘ ਨੇ ਜ਼ਬਾਨ ਖੋਲ੍ਹੀ, ‘ਚਾਹ ਦੀ ਬੁੱਕ ਤਾਂ ਕਰ। ਪੀ ਕੇ ਜਾਨੇ ਆਂ ਫੇਰ, ਕਿਸੇ ਪਾਸੇ। ਐਂ ਬੈਠੇ ਤਾਂ ਪੂਰਾ ਨ੍ਹੀਂ ਪਟਣਾ ।
‘ਬਣਾ ਦਿੰਨੀ ਆਂ।’ ਕਹਿ ਕੇ ਦਿਆਲੋ ਬੈਠਕ ਵਿਚੋਂ ਬਾਹਰ ਹੋ ਗਈ। ਹਰਦਿੱਤ ਸਿੰਘ ਹੌਲ਼ੀ-ਹੌਲ਼ੀ ਪੱਗ ਬੰਨ੍ਹਣ ਲੱਗਿਆ।
17
ਸਤੰਬਰ -ਅਕਤੂਬਰ ਦਾ ਮਹੀਨਾ ਸੀ। ਦੁਸਹਿਰਾ ਹੁਣੇ ਲੰਘ ਕੇ ਗਿਆ ਸੀ। ਅੱਧੀ ਰਾਤ ਤੋਂ ਬਾਅਦ ਠੰਡ ਉੱਤਰ ਆਉਂਦੀ। ਟਾਵੇਂ-ਟਾਵੇਂ ਲੋਕ ਛੱਤਾਂ ਥੱਲੇ ਸੌਣ ਲੱਗੇ ਸਨ। ਵਿਹੜਿਆਂ ਵਿਚ ਪੈਣ ਵਾਲੇ ਬੰਦੇ ਮੋਟਾ ਕੱਪੜਾ ਲੈ ਕੇ ਸੌਂਦੇ । ਹਰਦਿੱਤ ਸਿੰਘ ਤੇ ਦਿਆਲੋ ਰਸੋਈ ਕੋਲ ਵਰਾਂਢੇ ਅੱਗੇ ਸੌਂਦੇ ਸਨ। ਹਰਿੰਦਰ ਬੈਠਕ ਵਿਚ ਸੌਂਦਾ ਹੁੰਦਾ। ਉਹ ਤਾਂ ਬੈਠਕ ਵਿਚ ਹੀ ਸੌਂਦਾ -ਹਾੜ੍ਹ ਹੋਵੇ, ਸਿਆਲ ਹੋਵੇ। ਗਰਮੀ ਦੇ ਦਿਨਾਂ ਵਿਚ ਉਹਦੀ ਬੈਠਕ ਦਾ ਪੱਖਾ ਸਾਰੀ ਰਾਤ ਚਲਦਾ ਰਹਿੰਦਾ। ਉਹਨੂੰ ਮੁੱਢ ਤੋਂ ਹੀ ਰਾਤ ਨੂੰ ਕੁਝ ਨਾ ਕੁਝ ਪੜ੍ਹ ਕੇ ਸੌਣ ਦੀ ਆਦਤ ਸੀ। ਬੈਠਕ ਵਿਚ ਪੈ ਕੇ ਵਧੀਆ ਪੜ੍ਹਿਆ ਜਾਂਦਾ। ਰੋਸ਼ਨੀ ਦਾ ਚੰਗਾ ਪ੍ਰਬੰਧ ਹੁੰਦਾ । ਇਕੱਲਾ ਹੁੰਦਾ, ਆਰਾਮ ਨਾਲ ਪੜ੍ਹਦਾ ਰਹਿੰਦਾ।
ਉਸ ਰਾਤ ਰੋਟੀ-ਟੁੱਕ ਕੰਮ ਮੁਕਾ ਕੇ ਦਿਆਲੋ ਪੈ ਚੁੱਕੀ ਸੀ। ਹਰਦਿੱਤ ਸਿੰਘ ਖੁਰਲੀਆਂ ਵਿਚ ਪਸ਼ੂਆਂ ਦੇ ਕੱਖ ਦੇਖ ਕੇ ਮੰਜੇ ਉਤੇ ਆ ਪਿਆ ਸੀ । ਹਰਿੰਦਰ ਬੈਠਕ ਵਿਚ ਸਰ੍ਹਾਣੇ ਉੱਤੇ ਕੂਹਣੀ ਟਿਕਾ ਕੇ ਕੋਈ ਕਿਤਾਬ ਪੜ੍ਹ ਰਿਹਾ ਸੀ। ਮਗਰਲੀ ਕੰਧ ਉੱਤੇ ਟਿਊਬ ਜਗ ਰਹੀ ਸੀ। ਪੱਖਾ ਇਕ ਨੰਬਰ ਉੱਤੇ ਚੱਲ ਰਿਹਾ ਸੀ। ਕਿਤਾਬ ਦੇ ਖਾਸੇ ਪੰਨੇ ਉਹਨੇ ਮੁਕਾ ਲਏ ਸਨ । ਉਬਾਸੀਆਂ ਆਉਣ ਲੱਗੀਆਂ ਤਾਂ ਉਹਨੇ ਕਾਂਡ ਖਤਮ ਕਰਕੇ ਸੌਣ ਬਾਰੇ ਸੋਚਿਆ। ਓਸੇ ਪਲ ਉਹਨਾਂ ਦੇ ਘਰ ਦਾ ਲੋਹੇ ਦਾ ਗੇਟ ਖੜਕਿਆ। ਜਿਵੇਂ ਕੋਈ ਆਇਆ ਹੋਵੇ। ਦੂਜੀ ਵਾਰ ਗੇਟ ਦਾ ਕੁੰਡਾ ਫੇਰ ਖੜਕਿਆ। ਇਸ ਵਾਰ ਪਹਿਲਾਂ ਨਾਲੋਂ ਉੱਚੀ। ਹਰਿੰਦਰ ਝੱਟ ਦੇ ਕੇ ਮੌਜੇ ਤੋਂ ਉੱਠਿਆ ਅਤੇ ਬੈਠਕ ਵਿਚੋਂ ਬਾਹਰ ਹੋ ਕੇ ਗੇਟ ਦੀ ਅਰਲ ਨੂੰ ਖਿੱਚਣ ਲੱਗਿਆ। ਬਾਹਰ ਖੜ੍ਹੇ, ਪਤਾ ਨਹੀਂ ਕਿੰਨੇ ਜਣੇ ਸਨ, ਨਿੱਕੀ-ਨਿੱਕੀ ਕੋਈ ਗਲ ਕਰਦੇ ਅਤੇ ਨਿੱਕਾ ਨਿੱਕਾ ਹਸਦੇ । ਹਰਿੰਦਰ ਨੂੰ ਲੱਗਿਆ, ਉਹਦੇ ਕੋਈ ਜਾਨਣ ਵਾਲੇ ਹੀ ਹਨ। ਗੇਟ ਖੋਲ੍ਹ ਕੇ ਉਹਨੇ ਬਾਹਰ ਝਾਤ ਮਾਰੀ ਤਾਂ ਦੋ ਪਰਛਾਵੇਂ ਜਿਹੇ ਉਹਦੇ ਕੋਲ ਅੰਦਰ ਨੂੰ ਲੰਘ ਆਏ। ਹਰਿੰਦਰ ਪੁੱਛਣ ਲੱਗਿਆ, ‘ਕਿਹੜੇ ਸਰੀਰ ਐ?’ ‘ਜਿਹੜੇ ਸਮਝ ਲਵੇਂ।’ ਆਉਣ ਵਾਲੇ ਸਿੱਧੇ ਬੈਠਕ ਵੱਲ ਜਾ ਰਹੇ ਸਨ। ਜਿਵੇਂ ਪਹਿਲਾਂ ਵੀ ਕਦੇ ਏਥੇ ਆ ਚੁੱਕੇ ਹੋਣ। ਗੇਟ ਦੀ ਅਰਲ ਲਾਉਣ ਤੋਂ ਪਹਿਲਾਂ ਉਹਨੇ ਬੈਠਕ ਦੇ ਚਾਨਣ ਵਿਚ ਜਾ ਕੇ ਉਹਨਾਂ ਨੂੰ ਪਛਾਣ ਲੈਣਾ ਚਾਹਿਆ। ਉਹ ਦੋ ਜਣੇ ਸਨ। ਚੰਗੀ ਤਰ੍ਹਾਂ ਜਾਣੇ -ਪਛਾਣੇ । ਇਕ ਸੀ ਅਜਮੇਰ ਧਾਲੀਵਾਲ, ਪਟਿਆਲਾ ਯੂਨਿਵਰਸਿਟੀ ਤੋਂ ਵਿਜ਼ਿਕਸ ਦੀ ਐਮ ਐਸ ਸੀ ਕੀਤੀ ਹੋਈ ਸੀ। ਦੂਜਾ ਰਾਮਦਾਸ । ਬੀਏ ਕਰਕੇ ਹਟ ਗਿਆ ਸੀ। ਇਹ ਓਹੀ ਰਾਮਦਾਸ ਸੀ ਜਿਹੜਾ ਬਠਿੰਡੇ ਕਦੇ ਬਲਕਾਰ ਨਾਲ ਪੜ੍ਹਦਾ ਹੁੰਦਾ ਅਤੇ ਉਹ ਕਿਲ੍ਹੇ ਕੋਲ ਇਕ ਕਮਰਾ ਕਿਰਾਏ ਉੱਤੇ ਲੈ ਕੇ ਇੱਕਠੇ ਰਹਿੰਦੇ ਹੁੰਦੇ। ਭੂੰਦੜ ਦਾ ਰਾਮਦਾਸ। ਅਜਮੇਰ ਧਾਲੀਵਾਲ ਦੀਨਾ -ਕਾਂਗੜ ਵੱਲ ਦੇ ਕਿੱਸੇ ਪਿੰਡ ਦਾ ਮੁੰਡਾ ਸੀ। ਬੱਸ ਇੰਜ ਹੀ ਫਿਰਦੇ ਫਰਾਉਂਦੇ ਉਹ ਹਰਿੰਦਰ ਦੇ ਵਾਕਿਫ ਹੋ ਗਏ ਸਨ । ਪਾਰਟੀ ਸਕੂਲਾਂ ਵਿਚ ਕਈ ਵਾਰ ਇੱਕਠੇ ਹੋ ਚੁੱਕੇ ਸਨ । ਉਹਨਾਂ ਨਾਲ ਹਰਿੰਦਰ ਦੀਆਂ ਅੱਖਾਂ ਮਿਲੀਆਂ ਤਾਂ ਉਹ ਤਿੰਨੇ ਹੀ ਹੱਸਣ ਲੱਗੇ । ਹੱਥ ਮਿਲਾਏ । ਹਰਿੰਦਰ ਕਹਿੰਦਾ, ‘ਔਨਾਂ ਮੈਂ। ਤੁਸੀ ਬੈਠੋ। ਮੈਂ ਗੇਟ ਬੰਦ ਆਵਾਂ।’
ਹਰਿੰਦਰ ਮੁੜ ਕੇ ਆਇਆ ਤਾਂ ਅਜਮੇਰ ਕਹਿੰਦਾ, ‘ਲੈ ਬਈ, ਪਹਿਲਾਂ ਈ ਕਹਿ ਦੀਏ, ਰੋਟੀ ਖਾਵਾਂਗੇ । ਭੁੱਖ ਬਹੁਤ ਲੱਗੀ ਐ।’
‘ਕੋਈ ਨ੍ਹੀਂ, ਰੋਟੀ ਤਾਂ ਬਣ ਜਾਂਦੀ ਐ, ਤੁਸੀਂ ਠੀਕ ਠਾਕ ਹੋ ਕੇ ਬਹਿ ਜੋ ľ’ ਹਰਿੰਦਰ ਨੇ ਕਿਹਾ।
‘ਇਕ ਗੱਲ ਹੋਰ ਵੀ ਐ। ਪਾਣੀ ਤੱਤਾ ਜੇ ਥੋੜ੍ਹਾ-ਥੋੜਾ ਮਿਲ ਜੋ । ਲੱਤਾਂ ਦੁਖੀਂ ਜਾਂਦੀਐਂ। ਹੱਥ ਪੈਰ ਵੀ ਧੋ ਲਾਂ ਗੇ ਯਾਰ ।’ ਰਾਮਦਾਸ ਨੇ ਕਿਹਾ ।
‘ਪਾਣੀ ਵੀ ਹੋ ਜੂ। ਹੋਰ ਦੱਸ ?’
‘ਰੋਟੀ ਪਿੱਛੋਂ ਚਾਹ ਜ਼ਰੂਰ ਧਰਾ ਦੀਂ ਤੈਨੂੰ ਪਤਾ ਈ ਐ, ਆਪਾਂ ਚਾਹ ਤਾਂ ਪੀਨੇ ਹੁੰਨੇ ਆਂ।’ ਅਜਮੇਰ ਹੱਸਣ ਲੱਗਿਆ।
‘ਅਸੀ ਤਾਂ ਖਾ-ਪੀ ਕੇ ਪੈ ਗੇ ਸੀ, ਰੋਟੀ ਨਵੇਂ ਸਿਰੇ ਬਣੂ ਹੁਣ। ਮਾਂ ਨੂੰ ਜਗੌਨਾਂ ਜਾ ਕੇ। ਰੋਟੀ ਨੂੰ ਤਾਂ ਚਿਰ ਲੱਗੂ ਹਾਲੇ । ਪਹਿਲਾਂ ਚਾਹ ਈ ਬਣਵਾ ਲਿਆਵਾਂ ?’
‘ਹਾਂ, ਹਾਂ, ਇਹ ਠੀਕ ਐ। ਚਾਹ ਪਹਿਲਾਂ ਈ ਲੈ ਆ । ਪਾਣੀ ਵੀ ਪਹਿਲਾਂ ਠੀਕ ਰਹੂਗਾ। ਹੱਥ-ਪੈਰ ਧੋ ਕੇ ਆਰਾਮ ਨਾਲ ਮੰਜਿਆਂ ਤੇ ਬੈਠਾਂਗੇ ।’ ਰਾਮਦਾਸ ਬੋਲ ਰਿਹਾ ਸੀ।
ਉਹ ਮਾਂ ਦੇ ਮੰਜੇ ਕੋਲ ਗਿਆ ਅਤੇ ਉਹਨੂੰ ਹੌਲੀ ਦੇ ਕੇ ਜਗਾਇਆ। ਉਹ ਉੱਠ ਖੜ੍ਹੀ। ਹਰਿੰਦਰ ਦੇ ਮਗਰ-ਮਗਰ ਰਸੋਈ ਵਿਚ ਆ ਗਈ। ਹਰਿੰਦਰ ਨੇ ਰੋਸਈ ਦੀ ਬਿਜਲੀ-ਬੱਤੀ ਜਗਾ ਦਿੱਤੀ। ਮਾਂ ਦੇ ਕੰਨ ਕੋਲ ਮੂੰਹ ਕਰਕੇ ਧੀਮੀ ਆਵਾਜ਼ ਵਿਚ ਸਮਝਾਉਣ ਲੰਗਿਆ, ‘ਮਾਂ, ਦੋ ਬੰਦੇ ਨੇ । ਸੱਤ-ਅੱਠ ਤਾਂ ਰੋਟੀਆਂ ਲਾਹ ਦੇ। ਆਲੂ ਪਏ ਹੋਣਗੇ। ਉਬਾਲ ਕੇ ਸਬਜ਼ੀ ਬਣਾ ਦੇ ਤਰੀ ਆਲੀ।
ਗੰਢੇ ਤੇ ਅੰਬ ਦਾ ਅਚਾਰ ਹੈ ਗਾ ਈ । ਠੀਕ ਐ ?
‘ਕੌਣ ਨੇ, ਐਸੇ ਵੇਲੇ ?’ ਮਾਂ ਨੇ ਪੁੱਛਿਆ।
‘ਹੈਗੇ ਕੋਈ, ਦੋਸਤ ਨੇ ਮੇਰੇ ।’
‘ਆਹ ਵੇਲਾ ਔਣ ਦਾ ਐ ਕੋਈ? ਔਣਾ ਸੀ ਤਾਂ ਸਦੇਹਾਂ ਔਂਦੇ।
‘ਫੇਰ ਕੀ ਹੋ ਗਿਆ, ਘਰ ਐ। ਜਦੋਂ ਮਰਜੀ ਆਵੇ ਕੋਈ।’
‘ਆਵਦੀ ਤੀਮੀ ਨੂੰ ਉਠਾ ਲਿਆ ਕਰੀਂ ਅੱਧੀ-ਅੱਧੀ ਰਾਤ। ਮੈਥੋਂ ਨ੍ਹੀਂ ਪਕਦੀਆਂ ਪੋਲੀਆਂ ਤੇਰੇ ਦੋਸਤਾਂ ਦੀਆਂ। ਕਿਹੜੇ ਨੇ ਅਹੀਤੀ ਕਰੌਣੇ, ਐਸ ਵੇਲੇ ਔਣ ਵਾਲੇ ਏਹੇ ?’ ਮਾਂ ਚੁੱਲੇ ਵਿੱਚ ਸੁੱਕੇ ਗੋਹੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਮਚਾਉਣ ਲੱਗੀ।
‘ਚੰਗਾ, ਤੜਕੇ ਦੇ ਲੀਂ ਗਾਲਾਂ । ਹੁਣ ਉੱਚੀ ਨਾ ਬੋਲ। ਬਾਪੂ ਜਾਗ ਪਿਆ ਤਾਂ ਘੰਟਾ ਉਹਨੇ ਬੁੜ-ਬੁੜ ਕਰਨੋਂ ਨ੍ਹੀਂ ਹਟਣਾ। ਪਹਿਲਾਂ ਦੋ ਗਲਾਸ ਚਾਹ ਦੇ ਕਰਦੇ। ਮੈਂ ਟੋਕਣੀ ‘ਚ ਪਾਣੀ ਲੈ ਕੇ ਐਨਾਂ । ਚਾਹ ਪਿੱਛੋਂ ਪਾਣੀ ਤੱਤਾ ਕਰਨੈਂ । ਹਰਿੰਦਰ ਟੋਕਣੀ ਚੁੱਕ ਕੇ ਬਾਹਰ ਪੰਪ ਵੱਲ ਚਲਿਆ ਗਿਆ। ਮਾਂ ਨੇ ਚਾਹ ਦਾ ਪਾਣੀ ਧਰ ਦਿੱਤਾ ਸੀ।
ਉਹ ਉਹਨਾਂ ਨੂੰ ਚਾਹ ਪਿਆ ਕੇ ਆਇਆ ਤਾਂ ਰੋਸਈ ਵਿਚ ਪਾਣੀ ਹੋਇਆ ਪਿਆ ਸੀ । ਖਲਪਾੜਾਂ ਦੀ ਅੱਗ ਨੇ ਮਿੰਟਾਂ ਵਿਚ ਦੀ ਪਾਣੀ ਨੂੰ ਰਿੱਝਣ ਲਾ ਦਿੱਤਾ ਸੀ । ਬਾਲਟੀ ਵਿਚ ਟੋਕਣੀ ਉਲਟਾ ਕੇ ਉਹ ਬੈਠਕ ਵਿਚ ਆ ਗਿਆ। ਤੋਲੀਆ ਵੀ ਨਾਲ ਹੀ ਚੁੱਕ ਲਿਆਇਆ ਸੀ। ਫੇਰ ਇਕ ਬਾਲਟੀ ਠੰਡੇ ਪਾਣੀ ਦੀ ਲੈ ਗਿਆ।
ਦੋਵਾਂ ਨੇ ਹੱਥ-ਪੈਰ ਧੋਤੇ। ਹਰਿੰਦਰ ਨੇ ਉਹਨਾਂ ਨੇ ਬਿਸਤਰੇ ਵਿਛਾ ਦਿੱਤੇ ਸਨ। ਉਹ ਆਪੋ-ਆਪਣੇ ਮੰਜਿਆਂ ਉੱਤੇ ਬੈਠ ਗਏ। ਹਰਿੰਦਰ ਦਾ ਹਾਲ-ਚਾਲ ਪੁੱਛਣ ਲੱਗੇ। ਸਾਂਝੀਆਂ ਜਿਹੀਆਂ ਗੱਲਾਂ ਉਹ ਕਰਦੇ ਰਹੇ । ਰਾਮਦਾਸ ਬੋਲਦਾ, ਕਦੇ ਅਜਮੇਰ ਅਤੇ ਕਦੇ ਹਰਿੰਦਰ।
ਤੱਤੀਆਂ-ਤੱਤੀਆਂ ਰੋਟੀਆਂ ਨਾਲ ਉਹਨਾਂ ਨੂੰ ਆਲੂਆਂ ਦੀ ਸਬਜ਼ੀ ਬਹੁਤ ਸੁਆਦ
लॅगी।
ਖੰਡ, ਚਾਹ ਅਤੇ ਦੁੱਧ ਦੀ ਗੜਵੀ ਹਰਿੰਦਰ ਬੈਠਕ ਵਿਚ ਹੀ ਚੁੱਕ ਲਿਆਇਆ। ਛੋਟਾ ਡੱਬਕੂ ਅਤੇ ਕੱਚ ਦੇ ਤਿੰਨ ਗਲਾਸ ਵੀ। ਬੈਠਕ ਵਿਚ ਬੱਤੀਆਂ ਵਾਲਾ ਸਟੋਵ ਪਿਆ ਹੀ ਰਹਿੰਦਾ। ਇਹ ਸਟੋਵ ਪੁਸ਼ਪਿੰਦਰ ਦਾ ਖਰੀਦਿਆ ਹੋਇਆ ਸੀ । ਪੜ੍ਹਦੀ ਰਹਿੰਦੀ ਸੀ। ਜਦੋਂ ਜੀਅ ਕਰਦਾ ਚਾਹ ਬਣਾ ਕੇ ਪੀ ਲੈਂਦੀ। ਹੁਣ ਇਹੀ ਕੰਮ ਹਰਿੰਦਰ ਦਾ ਸੀ । ਉਹ ਕਹਿੰਦਾ, ‘ਲੈ ਬਈ, ਸਾਰਾ ਸਮਾਨਾ ਐਥੇ ਈ ਚੱਕ ਲਿਆਇਆ ਮੈਂ ਤਾਂ । ਆਪ ਈ ਬਣਾਵਾਂਗੇ ਚਾਹ। ਜਿੰਨੇ ਵਾਰੀਂ ਜੀਅ ਕਰੇ ਪੀਈਂ ਜਾਇਓ।’ ਹਰਿੰਦਰ ਨੇ ਸਟੋਵ ਬਾਲ ਲਿਆ ਅਤੇ ਚਾਹ ਧਰ ਦਿੱਤੀ।
ਰਾਮਦਾਸ ਬੋਲਿਆ, ‘ਅਜਮੇਰ, ਮੈਂ ਇਕ ਗੱਲ ਹੋਰ ਕਹਿਨਾਂ, ਬਈ ਇਹ ਭਰਮਾਂ-ਵਹਿਮਾਂ ਅਤੇ ਚਮਤਕਾਰਾਂ ਤੋਂ ਵੀ ਗਹਾਂ ਨਿੱਕਲ ਕੇ ਇਹ ਧਰਮ ਦਾ ਜੋ ਚੱਕਰ ਐ, ਮਨੁੱਖ ਲਈ ਇਹ ਬੜੀ ਖਤਰਨਾਕ ਬੀਮਾਰੀ ਐ।’
‘ਹਾਂ, ਇਹ ਤਾਂ ਹੈ ਈ। ਪਰ ਬੁਨਿਆਦੀ ਤੌਰ ਉੱਤੇ ਦੁਨੀਆਂ ਦਾ ਕੋਈ ਵੀ ਧਰਮ ਇਕ ਦੂਜੇ ਨਾਲ ਲੜਨ ਦੀ ਸਿੱਖਿਆ ਨਹੀਂ ਦਿੰਦਾ। ਹਰ ਧਰਮ ਕਹਿੰਦੇ, ਪਰਮਾਤਮਾ ਇਕ ਐ। ਇਹ ਸਾਰੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਐ। ਸਾਰੇ ਮਨੁੱਖ ਭਰਾ-ਭਰਾ ਨੇ। ਪਰ ਵਿਗਾੜ ਕਦੋਂ ਪੈਦਾ ਹੋਇਆ, ਜਦੋਂ ਧਰਮਾਂ ਵਿਚ ਫ਼ਿਰਕਾਪ੍ਰਸਤੀ ਆਈ। ਫਿਰਕਾਪ੍ਰਸਤੀ ਦੀ ਜੜ ਐ ਕੁਰਸੀ ਦਾ ਮੋਹ । ਰਾਜ-ਸੱਤਾ ਹਥਿਆਉਣ ਲਈ ਧਰਮ ਦੇ ਆਗੂ ਆਮ ਲੋਕਾਂ ਨੂੰ ਫਿਰਕਾਪ੍ਰਸਤੀ ਦਾ ਨਸ਼ਾ ਸੁੱਘਾ ਦਿੰਦੇ ਐ।’
ਰਾਮਦਾਸ ਕਹਿੰਦਾ, ‘ਸਰਮਾਏਦਾਰਾਂ ਲਈ ਲੋਕਾਂ ਵਿਚ ਫਿਰਕਾਪ੍ਰਸਤੀ ਫੈਲਾਉਣਾ, ਫਸਾਦ ਕਰਾ ਦੇਣੇ, ਲੋਕਾਂ ਨੂੰ ਧਾਰਮਿਕ ਪਖੰਡਾਂ ਵਿਚ ਈ ਉਲਝਾਈ ਰੱਖਣਾ, ਆਪਣੀ ਪ੍ਰਭੂਸੱਤਾ ਕਾਇਮ ਰੱਖਣ ਦਾ ਬੜਾ ਸੌਖਾ ਤਰੀਕਾ ਐ। ਆਮ ਲੋਕ ਇਹਨਾਂ ਵਿਚ ਈ ਫਸੇ ਰਹਿੰਦੇ ਐ। ਜਾਂ ਫੇਰ ਇਹ ਪਰਚਾਰ ਕਿ ਇਹ ਉਚ-ਨੀਚ ਸਭ ਰੱਬ ਦੀ ਰਜ਼ਾ ਐ ਜਾਂ ਕਰਮਾਂ ਦਾ ਫਲ ਐ। ਰੱਬ ਵਿਚ ਵਿਸ਼ਵਾਸ ਮਨੁੱਖ ਨੂੰ ਘੇਰੀ ਬਣਾ ਦਿੰਦੇ ।’
ਤਿੰਨਾਂ ਗਲਾਸਾਂ ਵਿਚ ਚਾਹ ਪਾ ਕੇ ਹਰਿੰਦਰ ਅਜਮੇਰ ਦੇ ਮੰਜੇ ਉੱਤੇ ਬੈਠ ਗਿਆ। ਅਜਮੇਰ ਕਹਿੰਦਾ, ‘ਲਿਆ ਫੇਰ, ਦੇਹ ਹੁਣ, ਪੀਏ।
ਹਰਿੰਦਰ ਬੋਲਿਆ, ‘ਤੱਤੀ ਐ, ਪੀਤੀ ਨ੍ਹੀਂ ਜਾਣੀ। ਦਿੰਨਾਂ ਬੱਸ, ਤੁਸੀਂ ਗਹਾਂ ਕਰੋ ਗੱਲ।’ ਹਰਿੰਦਰ ਨੇ ਦੋਹਾਂ ਨੂੰ ਚਾਹ ਦੇ ਗਲਾਸ ਫੜਾਏ ਅਤੇ ਤੀਜਾ ਗਲਾਸ ਆਪ ਲੈ ਕੇ ਚਾਹ ਪੀਣ ਲੱਗਿਆ।
ਚਾਹ ਦੀ ਘੁਟ ਭਰ ਕੇ ਅਜਮੇਰ ਕਹਿੰਦਾ, ‘ਇਕ ਸਰਮਾਏਦਾਰੀ ਚਾਲ ਹੋਰ ਦੇਖੋ, ਅਖੇ, ਹਿੰਦੂ ਸਭ ਭਾਈ-ਭਾਈ ਨੇ, ਸਿੱਖ ਸਭ ਭਾਈ-ਭਾਈ ਨੇ, ਮੁਸਲਮਾਨ ਸਭ ਭਾਈ ਭਾਈ ਨੇ, ਈਸਾਈ ਅਮੀਰ ਹੋਵੇ, ਈਸਾਈ ਗਰੀਬ ਹੋਵੇ, ਧਾਰਮਿਕ ਪੱਧਰ ਉੱਤੇ ਉਹ ਇਕ ਨੇ। ਉਹਨਾਂ ਦੀ ਲੜਾਈ ਕਾਹਦੀ ? ਹੁਣ ਇਹ ਵੀ ਸਮਝਣ ਦੀ ਲੋੜ ਐ ਕਿ ਸਮਾਜ ਵਿਚ ਵੱਖ-ਵੱਖ ਜਮਾਤਾਂ ਦੀ, ਲੋਟੂਆਂ ਅਤੇ ਲੁੱਟੇ ਜਾਣ ਵਾਲਿਆਂ ਦੀ ਸਿਆਸਤ ਇਕੋ ਕਿਵੇਂ ਹੋ ਸਕਦੀ ਹੈ, ਭਾਵੇਂ ਕਿ ਉਹਨਾਂ ਵਿਚੋਂ ਹਰੇਕ ਦਾ ਸੰਬੰਧ ਇਕ ਹੀ ਧਾਰਮਿਕ ਫਿਰਕੇ ਨਾਲ ਕਿਉਂ ਨਾ ਹੋਵੇ । ਸਮਰਾਏਦਾਰ ਜਾਂ ਜਗੀਰਦਾਰ, ਭਾਵੇਂ ਉਹ ਸਿੱਖ ਹੋਵੇ, ਹਿੰਦੂ ਜਾਂ ਮੁਸਲਮਾਨ ਹੋਵੇ, ਉਹਨਾਂ ਦੀ ਸਿਆਸਤ ਇਕ ਐ। ਉਹਨਾਂ ਨੇ ਤਾਂ ਟੁੱਟਣੈ, ਲੁੱਟਿਆ ਜਾਣ ਵਾਲਾ ਮਜ਼ਦੂਰ ਜਾਂ ਛੋਟਾ ਕਿਸਾਨ ਚਾਹੇ ਸਰਮਾਏਦਾਰ ਜਾਂ ਜਾਗੀਰਦਾਰ ਦੇ ਆਪਣੇ ਹੀ ਧਰਮ ਦਾ ਕਿਉਂ ਨਾ ਹੋਵੈ।
ਉਹ ਚਾਹ ਪੀ ਹਟੇ ਤਾਂ ਅਜਮੇਰ ਨੇ ਗੱਲ ਬਦਲੀ, ‘ਹੱਛਾ ਬਈ ਕਾਮਰੇਡ, ਤੜਕੇ ਤਾਂ ਅਸੀਂ ਸਦੇਹਾਂ ਉਠ ਜਾਂ ਗੇ ।
ਕੋਈ ਫੰਡ ਨ੍ਹੀ ਹੋ ਸਕਦਾ, ਥੋੜਾ ਘਟ ?’ ਕਿੰਨੀ ਕੁ ਲੋੜ ਐ ?’ ਹਰਿੰਦਰ ਨੇ ਪੁੱਛਿਆ।
‘ਲੋੜ ਤਾਂ …ਜਿੰਨਾਂ ਵੀ ਹੋ ਜੇ ।
‘ਦਸ ਵਜੇ ਤੱਕ ਠਹਿਰਨਾ ਪਊ ਫੇਰ ਤਾਂ। ਰੋਟੀ-ਰੂਟੀ ਖਾ ਕੇ ਜਾਇਓ ਤੜਕੇ, ਸਦੇਹਾਂ ਨੂੰ ਕੀਹ ਐ। ਨਾਲੇ ਇਹ ਕੰਮ ਹੋ ਜੂ।’ ਹਰਿੰਦਰ ਨੇ ਆਖਿਆ । ਰਾਤ ਕਾਫੀ ਲੰਘ ਚੁੱਕੀ ਸੀ। ਅਜਮੇਰ ਮੰਜੇ ਉਤੇ ਪੈ ਕੇ ਕਹਿੰਦਾ, ‘ਹੱਛਾ, ਤਾਂ ਫੇਰ ਇਹ ਗੱਲ ਐ ? ਕੱਲ੍ਹ ਤਾਂ ਰਾਮਪੁਰੇ ਈ ਜਾਣੈ। ਦੁਪਹਿਰੇ ਵਗ ਜਾਂ ਗੇ ।’
ਹਰਿੰਦਰ ਨੇ ਬਿਜਲੀ ਬੁਝਾ ਦਿੱਤੀ। ਉਹ ਹਨੇਰੇ ਵਿਚ ਹੀ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਸੌਣ ਦੀ ਕੋਸ਼ਿਸ਼ ਕਰਨ ਲੱਗੇ।
18
ਉਸ ਦਿਨ ਉਹਨਾਂ ਕਰਕੇ ਹਰਿੰਦਰ ਖੇਤ ਨਹੀਂ ਗਿਆ। ਸੀਰੀ ਤੜਕੇ ਸਦੇਹਾਂ ਆਇਆ ਸੀ ਤੇ ਹਰਦਿੱਤ ਸਿੰਘ ਨਾਲ ਗੱਲ ਕਰਕੇ ਖੇਤ ਨੂੰ ਉਠ ਗਿਆ ਸੀ। ਕਣਕ ਦੀ ਬਿਜਾਈ ਉਹ ਕਰ ਚੁੱਕੇ ਸਨ। ਨਰਮਾ ਆਖਰੀ ਵਾਰ ਦਾ ਚੁਗਣਾ ਰਹਿੰਦਾ ਸੀ। ਖੇਤਾਂ ਵਿਚ ਉਹਨੀਂ ਦਿਨੀਂ ਬਹੁਤਾ ਕੰਮ ਨਹੀਂ ਹੁੰਦਾ। ਫੇਰ ਵੀ ਖੇਤ ਦਾ ਗੇੜਾ-ਫੇੜਾ ਤਾਂ ਜ਼ਰੂਰੀ ਸੀ। ਹਰਦਿੱਤ ਸਿੰਘ ਨੇ ਨੇਕ ਨੂੰ ਆਖਿਆ ਕਿ ਉਹ ਚੱਲੇ, ਆਪ ਉਹ ਉਹਦੇ ਮਗਰ ਹੀ ਆਉਂਦਾ ਹੈ। ਤੁਰ ਫਿਰ ਕੇ ਖੇਤ ਨੂੰ ਦੇਖਣਗੇ ਕਿ ਕਣਕ ਦਾ ਧੀ ਉੱਗ ਰਿਹਾ ਹੈ ਜਾਂ ਨਹੀਂ। ਲੁਧਿਆਣਾ ਯੂਨੀਵਰਸਿਟੀ ਤੋਂ ਲਿਆਂਦਾ ਨਵੀਂ ਕਿਸਮ ਦਾ ਬੀ ਹੈ। ਕੀ ਪਤਾ, ਨਾ ਹੀ ਉੱਠੇ । ਹਰਦਿੱਤ ਸਿੰਘ ਦਿਨ ਚੜ੍ਹੇ ਮੰਜੇ ਉਤੋਂ ਉਠਿਆ ਸੀ । ਚਾਹ ਪੀ ਕੇ ਨਿਆਂਈਆਂ ਵਿਚ ਜੰਗਲ ਪਾਣੀ ਹੋ ਆਇਆ ਸੀ । ਗੁਸਲਖਾਨੇ ਵਿਚ ਤੱਤਾ ਪਾਣੀ ਲੈ ਕੇ ਇਸ਼ਨਾਨ ਕਰ ਲਿਆ ਸੀ। ਪਾਸਿਓਂ ਆਏ ਮੁੰਡੇ ਉਹਤੋਂ ਪਹਿਲਾਂ ਨ੍ਹਾ ਕੇ ਬੈਠਕ ਵਿਚ ਜਾ ਬੈਠੇ ਸਨ । ਉਹਨੇ ਹਰਿੰਦਰ ਤੋਂ ਨਹੀਂ ਪੁੱਛਿਆ ਕਿ ਇਹ ਕੌਣ ਹਨ, ਕਿਥੋਂ ਆਏ ਹਨ, ਕੀ ਕਰਨ ਆਏ ਹਨ। ਤਿਆਰ ਹੋ ਕੇ ਉਹ ਖੋਟ ਨੂੰ ਚੱਲ ਪਿਆ। ਜਾਂਦੇ ਨੇ ਬੈਠਕ ਵਿਚ ਕੱਣਖਾ ਜਿਹਾ ਝਾਕ ਕੇ ਨਿਗਾਹ ਮਾਰੀ। ਮੁੰਡਿਆਂ ਦੀ ਅੱਖ ਮਿਲੀ ਤਾਂ ਦੋਵਾ ਨੇ ਝੱਟ ਸਿਰ ਝੁਕਾ ਕੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ। ਹਰਦਿੱਤ ਸਿੰਘ ਨੇ ਬੁੱਲਾਂ ਵਿਚ ਹੀ ਮਿਣ-ਮਿਣ ਕੀਤੀ ਅਤੇ ਚੁੱਪ- ਕੀਤਾ ਘਰੋਂ ਬਾਹਰ ਹੋ ਗਿਆ।
ਦਿਆਲੋ ਨੇ ਲੂਣ ਵਾਲੇ ਪਰੌਂਠੇ ਲਾਹ ਦਿੱਤੇ। ਐਨੇਂ ਨੂੰ ਸਾਢੇ ਨੌਂ ਦਾ ਵਕਤ ਹੋ ਗਿਆ। ਉਹਨਾਂ ਦੋਵਾਂ ਨੂੰ ਬੈਠਕ ਵਿਚ ਬਠਾ ਕੇ ਹਰਿੰਦਰ ਬੈਂਕ ਨੂੰ ਚਲਿਆ ਗਿਆ।
ਆਪਣਾ ਕੰਮ ਵਿਚੇ ਛੱਡ ਕੇ ਲਿੱਬੜੇ ਹੱਥੀਂ ਦਿਆਲੇ ਬੈਠਕ ਵਿਚ ਆਈ ਅਤੇ ਮੁੰਡਿਆਂ ਦਾ ਇਸ ਪ੍ਰਕਾਰ ਹਾਲ-ਚਾਲ ਪੁੱਛਣ ਲੱਗੀ ਜਿਵੇਂ ਉਹਨਾਂ ਨੂੰ ਪਹਿਲਾਂ ਹੀ ਜਾਣਦੀ ਹੋਵੇ। ਉਹਨੇ ਸਿੱਧਾ ਹੀ ਪੁੱਛ ਲਿਆ ਸੀ, ਤੂੰ ਕਿਥੋਂ ਭਾਈ, ਤੂੰ ਕਿਥੋਂ ਭਾਈ। ਦੋ ਚਾਰ ਗੱਲਾਂ ਕਰਕੇ ਹੀ ਬੁੜ੍ਹੀ ਨੇ ਅੰਦਾਜ਼ਾ ਲਾਇਆ ਕਿ ਇਹ ਹਰਿੰਦਰ ਦੇ ਪੱਕੇ ਮਿੱਤਰ ਹਨ।ਮਿੱਤਰ ਹਨ, ਤਦ ਹੀ ਤਾਂ ਹਰਿੰਦਰ ਕੋਲ ਰਾਤ ਕੱਟੀ ਹੈ। ਉਹਨੇ ਇਹ ਆਸ ਵੀ ਬਣਾ ਲਈ ਕਿ ਉਹਨਾਂ ਦੀ ਗੱਲ ਨੂੰ ਹਰਿੰਦਰ ਧੱਕ ਨਹੀਂ ਸਕੇਗਾ। ਏਧਰ -ਉਧਰ ਦੀਆਂ ਗੱਲਾਂ ਕਰਕੇ ਦਿਆਲੋ ਹਰਿੰਦਰ ਦੇ ਵਿਆਹ ਉੱਤੇ ਆ ਗਈ। ਕਹਿੰਦੀ, ‘ਭਾਈ ਮੁੰਡਿਓ, ਤੁਸੀਂ ਈ ਸਮਝਾਓ ਇਹਨੂੰ । ਮੇਰੀ ਤਾਂ ਸੁਣਦਾ ਨ੍ਹੀਂ ।
ਬੁੜ੍ਹੀ ਦੀ ਗੱਲ ਸੁਣ ਕੇ ਪਹਿਲਾਂ ਤਾਂ ਮੁੰਡੇ ਮੁਸਕਰਾਏ, ਫੇਰ ਗੰਭੀਰ ਹੋ ਗਏ। ਅਜਮੇਰ ਨੇ ਸੋਚਿਆ ਕਿ ਮਾਂ ਨੂੰ ਕੀ ਪਤਾ, ਹਰਿੰਦਰ ਕਿਸ ਰਾਹ ਪਿਆ ਹੋਇਆ ਹੈ। ਅਖੀਰ ਉਹਨੇ ਗੱਲ ਕੀਤੀ, ‘ਮਾਂ ਹਰਿੰਦਰ ਨੇ ਬਹੂ ਆਵਦੀ ਖਾਤਰ ਲਿਉਣੀ ਐ, ਤੇਰੇ ਵਾਸਤੇ ਥੋੜ੍ਹਾ ਲਿਆ ਕੇ ਦੇਊ ?’
ਹਰਿੰਦਰ ਵਾਪਸ ਆਇਆ ਤਾਂ ਮਾਂ ਉਹਨਾਂ ਨਾਲ ਪੂਰੀ ਪਰਚੀ ਬੈਠੀ ਸੀ। ਉਹ ਗੱਲ ਕਰਦੇ ਅਤੇ ਹਸਦੇ, ਹਸਦੇ ਅਤੇ ਗੱਲ ਕਰਦੇ ।
ਹਰਿੰਦਰ ਆਏ ਤੋਂ ਉਹ ਉੱਠ ਖੜ੍ਹੀ। ਦੋਵੇਂ ਜਣੇ ਤਿਆਰ ਹੋਏ ਬੈਠੇ ਸਨ । ਝੋਲਿਆਂ ਵਿਚ ਸਾਮਾਨ ਭਰ ਲਿਆ ਸੀ। ਅਜਮੇਰ ਨੇ ਆਪਣੇ ਹੱਥ ਵਿਚ ਇਕ ਕਿਤਾਬ ਫੜੀ ਹੋਈ ਸੀ। ਪ੍ਰਸਿੱਧ ਫਰਾਂਸੀਸੀ ਲੇਖਕ ਯਾਂ-ਪਾਲ ਸਾਰਤਰ ਦੇ ਉੱਘੇ ਨਾਟਕ ‘ਮੱਖੀਆਂ’ ਦਾ ਇਹ ਪੰਜਾਬੀ ਅਨੁਵਾਦ ਸੀ।
ਅਜਮੇਰ ਦੇ ਮੰਜੇ ਉੱਤੇ ਬੈਠਦਿਆਂ ਹਰਿੰਦਰ ਨੇ ਕਿਹਾ, ‘ਤਿਆਰ ਵੀ ਹੋਏ ਬੈਠੇ ਓਂ ਤੁਸੀ ਤਾਂ।’ ਤੇ ਨਾਲ ਹੀ ਉਹਦੇ ਹੱਥੋਂ ਕਿਤਾਬ ਫੜ ਲਈ । ਪੁੱਛਿਆ, ‘ਇਹ ਕੀ ਐ ?’
ਰਾਮਦਾਸ ਕਹਿੰਦਾ, ‘ਸਟੇਟ ਤੇ ਰਿਲਿਜਨ ਮਿਲ ਕੇ ਜਨਤਾ ਦੀ ਲੁੱਟਚੋਂਘ ਕਰਦੇ ਐ। ਬੱਸ ਆਹ ਇਕ ਗੱਲ ਜਿਹੜੀ ਫੜੀ ਐ ਨਾ ਏਸ ਨਾਟਕ ‘ਚ ਇਹ ਕਮਾਲ ਐ। ਤੇ ਫੇਰ ਨੰਗਾ ਆਦਮੀਂ ਰਾਜ ਤੇ ਧਰਮ ਦੇ ਜਿਹੜੇ ਪਾਜ ‘ਸੱਚ ਦੀ ਵੇਦੀ’ ਤੋਂ ਉਘੇੜਦੈ, ਉਹ ਵੀ ਕਮਾਲ ਐ।’
ਹਰਿੰਦਰ ਕਹਿੰਦਾ, ‘ਸਾਨੂੰ ਸਭ ਨੂੰ ‘ਨੰਗੇ ਆਦਮੀ’ ਦਾ ਰੋਲ ਅਦਾ ਕਰਨਾ ਚਾਹੀਦੈ।’
‘ਇਹ ਤੂੰ ਰੱਖ ਲੈ। ਇਹਨੂੰ ਪੜ੍ਹ ਕੇ ਦੇਖੀਂ । ਇਹ ਪੜ੍ਹ ਕੇ ਮਸਲੇ ਦੀ ਹੋਰ ਡੂੰਘੀ ਸਮਝ ਪੈਂਦੀ ਐ।’ ਅਜਮੇਰ ਨੇ ਕਿਹਾ।
ਹਰਿੰਦਰ ਨੇ ਇਕ ਲਫਾਫਾ ਚੁੱਪ ਕਰਕੇ ਅਜਮੇਰ ਦੀ ਜੇਬ ਵਿਚ ਪਾ ਦਿੱਤਾ। ਹੌਲੀ ਜਿਹੇ ਦੱਸਿਆ, ‘ਇਕ ਹਜ਼ਾਰ ਐ। ਫੇਰ ਕਦੇ ਹੋਰ ਲੋੜ ਪਵੇ ਤਾਂ ਸੰਗਿਓ ਨਾ। ਫੇਰ ਆ ਜਿਓ ।’
ਜਾਣ ਲਈ ਉਹ ਉੱਠ ਖੜ੍ਹੇ । ਹਰਿੰਦਰ ਨੇ ਨੇੜੇ ਦੇ ਘਰਾਂ ਵਿਚੋਂ ਦੋ ਸਾਈਕਲ ਫੜੇ, ਇਕ ਗਵਾਂਢੀ ਮੁੰਡੇ ਨੂੰ ਨਾਲ ਲਿਆ ਅਤੇ ਉਹਨਾਂ ਨੂੰ ਬੁਰਜ ਗਿੱਲਾਂ ਦੇ ਬੱਸ ਅੱਡੇ ਉੱਤੇ ਛੱਡ ਆਇਆ।
ਘਰ ਆ ਕੇ ਉਹ ਬੈਠਕ ਵਿਚ ਬੈਠਾ ਨਹੀਂ, ਨਾ ਹੀ ਖੇਤ ਨੂੰ ਗਿਆ, ਪਿੰਡ ਵਿਚ ਹੀ ਕਿਸੇ ਹਾਣੀ ਮੁੰਡੇ ਕੋਲ ਜਾ ਬੈਠਾ ਅਤੇ ਗੱਲਾਂ ਕਰਨ ਲਗਿਆ।
ਖੇਤ ਜਾ ਕੇ ਹਰਦਿੱਤ ਸਿੰਘ ਨੇ ਦੇਖਿਆ, ਨੇਕ ਦੂਰ ਖਾਲ ਦੀ ਵੱਟ ਉੱਤੇ ਖੜ੍ਹਾ ਕਿਆਰਿਆਂ ਵੱਲ ਝਾਕੀਂ ਜਾ ਰਿਹਾ ਸੀ। ਹਰਦਿੱਤ ਸਿੰਘ ਨੂੰ ਦੇਖ ਕੇ ਉਹ ਉਰੇ ਨੂੰ ਆਉਣ ਲੱਗਿਆ। ਤੇ ਫੇਰ ਉਹ ਦੋਵੇਂ ਵੱਟੀਂ ਪੈ ਕੇ ਕਣਕ ਦੀਆਂ ਤੂਈਆਂ ਦੇਖਣ ਲੱਗੇ। ਕਿਸੇ ਥਾਂ ਦੂਰ ਤੱਕ ਨੇਕ ਨੂੰ ਕੋਈ ਤੁਈ ਨਾ ਦਿਸਦੀ ਤਾਂ ਉਹ ਮਿੱਟੀ ਪਰ੍ਹਾਂ ਹਟਾ ਕੇ ਉੱਗੇ ਬੀ ਦੀ ਤੂਈ ਦੇਖਦਾ ਅਤੇ ਖ਼ੁਸ਼ ਹੁੰਦਾ। ਚਮਕਦੀਆਂ ਅੱਖਾਂ ਨਾਲ ਹਰਦਿੱਤ ਸਿੰਘ ਵੱਲ ਝਾਕਣ ਲਗਦਾ। ਹਰਦਿੱਤ ਸਿੰਘ ਥੋੜੇ ਵਾਹਣ ਤਕ ਹੀ ਉਹਦੇ ਨਾਲ ਜਾ ਸਕਿਆ। ਜਿਵੇਂ ਅੱਜ ਉਹਦਾ ਚਿੱਤ ਰਾਜ਼ੀ ਨਾ ਹੋਵੇ । ਉਹ ਕਹਿੰਦਾ ਨੇਕ, ਤੂੰ ਦੇਖ ਆ, ਸਾਰੇ ਜਾ ਕੇ ! ਮੈਂ ਤਾਂ ਐਧਰ ਨੇਂਬੂ ਕੋਲ ਬੈਠਦਾਂ । ਸਾਲੀਆਂ ਲੱਤਾਂ ਫੁੱਲੀਆਂ ਜੀਆਂ ਪਈਆਂ ਨੇ । ਜਾਣੀ ਦੀ ਤੁਹਿਆ ਈ ਨ੍ਹੀਂ ਜਾਂਦਾ ।
ਨੇਂਬੂ ਥੱਲੇ ਖਾਲ ਦੀ ਘਾਹ ਵਾਲੀ ਵੱਟ ਉੱਤੇ ਬੈਠ ਕੇ ਉਹ ਆਪਣੀਆਂ ਪਿੰਜਣੀਆਂ ਘੁੱਟਣ ਲੱਗਿਆ। ਫੇਸ ਮੁਭਾਇਕੀ ਜਿਹੇ ਹੱਥ ਉਠਾ ਕੇ ਉਹਨੇ ਨੇਂਤ੍ਰ ਦਾ ਇਕ ਪੱਤਾ ਤੋੜ ਲਿਆ।
ਪੱਤੇ ਨੂੰ ਦੰਦਾਂ ਥੱਲੇ ਲੈ ਕੇ ਚੱਬਣ ਲੱਗਿਆ। ਖੱਟਾ ਕੌੜਾ ਸੁਆਦ ਜਿਵੇਂ ਉਹਦੀ ਜੀਭ ਨੂੰ ਛਿਲਦਾ ਜਾ ਰਿਹਾ ਹੋਵੇ। ਉਹਨੇ ਖੰਘਾਰ ਕੇ ਥੁੱਕਿਆ । ਨਾਲ ਦੀ ਨਾਲ ਉਹਦੇ ਦਿਮਾਗ ਵਿਚ ਬੁਰੇ-ਬੁਰੇ ਖਿਆਲ ਆਉਣ ਲੱਗੇ। ਉਹਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਿੰਨੇ ਪਾਪੜ ਵੇਲੇ ਸਨ। ਕਿੰਨੀਆਂ ਬੇਈਮਾਨੀਆਂ, ਠੱਗੀਆਂ, ਧਿੰਗਾ-ਜ਼ੋਰੀਆਂ, ਚਲਾਕੀਆਂ ਅਤੇ ਆਪ ਹੁਦਰੀਆਂ ਕਰ ਕਰ ਕੇ ਉਹਨੇ ਜਾਇਦਾਦ ਬਣਾਈ ਸੀ। ਸ਼ੁਰੂ-ਸ਼ੁਰੂ ਵਿਚ ਕੀ ਸੀ ਉਹਨਾਂ ਦਾ ਘਰ-ਸਿਰਫ ਵੀਹ ਘੁਮਾਂ ਜ਼ਮੀਨ ਦੇ ਮਾਲਕ ਤੇ ਹੁਣ ਉਹਨੇ ਪੰਜਾਹ ਕਿੱਲੇ ਆਪਣੀ ਜ਼ਮੀਨ ਬਣਾ ਕੇ ਦਿਖਾ ਦਿੱਤੀ ਸੀ। ਤੀਹ ਕਿੱਲੇ ਗਹਿਣੇ ਸੀ। ਲੋਕਾਂ ਵੱਲ ਵਿਆਜੂ ਪੈਸਾ ਅਤੇ ਬੈਂਕ ਵਿਚ ਧਰੇ ਰੁਪਈਆਂ ਦਾ ਕੋਈ ਅੰਤ ਹਿਸਾਬ ਹੀ ਨਹੀਂ ਸੀ। ਲੱਖਾਂ ਵਿਚ ਖੇਡਦਾ ਸੀ ਉਹ। ਪਰ ਇਹ ਸਭ ਕੁਝ ਕਿਸ ਕੰਮ? ਜੇ ਉਹਨੂੰ ਇਹ ਪਤਾ ਹੁੰਦਾ ਕਿ ਉਹਦੀ ਬਣਾਈ ਐਨੀਂ ਵੱਡੀ ਜਾਇਦਾਦ ਇਸ ਤਰ੍ਹਾਂ ਇਕ ਦਿਨ ਖੁਰਨ ਲਗੇਗੀ, ਤਾਂ ਉਹ ਕਾਹਨੂੰ ਕਰਦਾ ਐਨੇਂ ਤਰੱਦਦ। ਹੋਰ ਸਾਧਾਰਨ ਜੱਟਾਂ ਵਾਂਗ ਹੀ ਜਿੰਦਗੀ ਬਤੀਤ ਕਰਦਾ। ਕਮਾਉਂਦਾ ਅਤੇ ਖਾਂਦਾ। ਢੋਲੇ ਦੀਆਂ ਲਾਉਂਦਾ। ਉਹਦਾ ਇਕੋ ਇਕ ਪੁੱਤ ਹਰਿੰਦਰ, ਜਿਮ ਉੱਤੇ ਉਹਨੂੰ ਰੱਬ ਵਰਗੀ ਆਸ ਸੀ, ਨਾਲਾਇਕ ਨਿੱਕਲ ਗਿਆ। ਹੁਣ ਉਹਦਾ ਰਹਿ ਕੀ ਗਿਆ? ਉਹ ਤਾਂ ਜਿਹੋ ਜਿਹਾ ਜੱਗ ਵਿਚ ਆਇਆ, ਜਿਹੋ ਜਿਹਾ ਨਾ ਆਇਆ। ਤੀਹ ਕਿੱਲੇ ਗਹਿਣੇ ਦੀ ਜ਼ਮੀਨ ਵਿਚੋਂ ਉਹਨੇ ਇਕ ਓਤਾ ਵੀ ਬਾਕੀ ਨਹੀਂ ਰਹਿਣ ਦਿੱਤੀ। ਸਭ ਛੱਡ ਦਿੱਤੀ। ਵਿਆਜੂ ਪੈਸਾ ਦੇਣ ਦਾ ਕੰਮ ਕਿੱਦਣ ਦਾ ਬੰਦ ਹੈ। ਵਿਆਹ ਹੀ ਕਰਵਾ ਲਵੇ ਤਾਂ, ਕੀਹ ਐ, ਕੋਈ ਸਮਝ ਆ ਜਾਵੇ । ਬਿਗਾਨੀ ਧੀ ਬਥੇਰਾ ਸਮਝਾ ਲੈਂਦੀ ਹੁੰਦੀ ਹੈ । ਇਹ ਤਾਂ ਚਲੋ ਮੁੰਡਾ ਹੈ, ਕੁੜੀ ਨੇ ਤਾਂ ਉਹਦੀ ਜਮਾਂ ਹੀ ਪੱਟੀ ਮੇਸ ਕਰਕੇ ਰੱਖ ਦਿੱਤੀ। ਚੱਲ ਪਹਿਲੀ ਗੱਲ ਤਾਂ ਪਰਦੇ ਵਿਚ ਹੀ ਰਾਸ ਆ ਗਈ ਸੀ । ਪਰ ਹੁਣ ਕੁੜੀ ਹੋ ਕੇ ਉਹ ਵੀ ਵਿਆਹ ਨਹੀਂ ਕਰਵਾ ਰਹੀ, ਇਹ ਤਾਂ ਓਡੀ ਹੀ ਬਦਨਾਮੀ ਵਾਲੀ ਗੱਲ ਹੈ। ਲੋਕ ਪਤਾ ਨਹੀਂ, ਉਹਦੀਆਂ ਕੀ ਕੀ ਗੱਲਾਂ ਬਣਾਉਂਦੇ ਹੋਣਗੇ। ਸ਼ਰੀਕ ਬਖ਼ਸ਼ਦੇ ਤਾਂ ਹੁੰਦੇ ਨਹੀਂ। ਪਹਿਲਾਂ ਜਾਤ ਕੁਜਾਤ ਨਹੀਂ ਦੇਖੀ ਸਹੁਰੀ ਨੇ। ਲੈ ਨਾਈਆਂ ਦਾ ਮੁੰਡਾ ਹੀ ਘਰ ਲਿਆ ਵਾੜਿਆ ਸੀ। ਉਹ ਤਾਂ ਉਹਨੇ ਚੁਗ ਦਿੱਤਾ ਕੰਡਾ, ਨਹੀਂ ਤਾਂ ਲਾਗੀ-ਜਾਤ ਪੈ ਗਈ ਸੀ ਉਤੋਂ ਦੀ। ਫੇਰ ਤਾਂ ਕਿਸੇ ਪਾਸੇ ਦੇ ਵੀ ਨਾ ਰਹਿੰਦੇ। ਚੱਲ, ਉਹ ਤਾਂ ਗੁਜਰੀ-ਬੀਤੀ, ਪਰ ਹੁਣ ਸਹੁਰੀ ਵਿਆਹ ਕਿਉਂ ਨਹੀਂ ਕਰਵਾਉਂਦੀ? ਸਾਫ ਹੀ ਜਵਾਬ ਦੇ ਦਿੱਤਾ । ਇਹਨਾਂ ਹੀ ਗਿਣਤੀਆਂ ਮਿਣਤੀਆਂ ਵਿਚ ਦੁਪਹਿਰ ਢਲਣ ਲੱਗੀ। ਕਣਕ ਦਾ ਸਾਰਾ ਖੇਤ ਤੁਰ ਫਿਰ ਕੇ ਨੇਕ ਨੇ ਦੇਖ ਲਿਆ ਸੀ। ਤੇ ਹੁਣ ਉਹ ਕਿਸੇ ਹੋਰ ਕੰਮ ਪੁਰਾਂ ਨੂੰ ਨਿਕਲ ਗਿਆ । ਹਰਦਿੱਤ ਸਿੰਘ ਓਥੋਂ ਉੱਠਿਆ, ਖੜ੍ਹਾ ਹੋ ਕੇ ਦੇਖਿਆ, ਨੇਕ ਦੂਰ ਕਿਧਰੇ ਨਰਮੇ ਤੋਂ ਪਾਰ ਫਿਰਦਾ ਸੀ। ਉਹਨੇ ਹਾਕ ਮਾਰੀ । ਪਰ ਜਿਵੇਂ ਪੂਰੀ ਆਵਾਜ਼ ਨਾ ਨਿਕਲੀ ਹੋਵੇ। ਹਰਦਿੱਤ ਸਿੰਘ ਨੂੰ ਆਪਣਾ ਬੋਲ ਹੀ ਮਰਿਆ ਮਰਿਆ ਜਾਪਿਆ। ਉਹਨੇ ਸੋਚਿਆ, ਚੱਲ ਆਪੇ ਆ ਜਾਵੇਗਾ ਪਿੰਡ ਨੂੰ ਉਹ। ਏਥੇ ਕੋਈ ਕੰਮ ਤਾਂ ਹੈ ਨਹੀਂ। ਘਰ ਨੂੰ ਚਲਦੇ ਹਾਂ।
ਪਿੰਡ ਆ ਕੇ ਫਲ੍ਹੇ ਵਾਰ ਵੜਦਿਆਂ ਹਰਦਿੱਤ ਸਿੰਘ ਦੇ ਮਨ ਵਿਚ ਪਤਾ ਨਹੀਂ ਕੀ ਗੱਲ ਆਈ, ਉਹ ਘਰ ਜਾਣ ਦੀ ਥਾਂ ਸਿੱਧਾ ਬੈਂਕ ਨੂੰ ਹੋ ਲਿਆ। ਬੈਂਕ ਮੈਨੇਜਰ ਆਪਣੇ ਕਲਰਕ ਨਾਲ ਕਿਸੇ ਨੁਕਤੇ ਉਤੇ ਬਹਿਮ ਰਿਹਾ ਸੀ। ਹਰਦਿੱਤ ਸਿੰਘ ਨੇ ਜਾ ਸਤਿ ਸ੍ਰੀ ਅਕਾਲ ਬੁਲਾਈ। ਬੈਂਚ ਉੱਤੇ ਬੈਠ ਗਿਆ। ਮੈਨੇਜਰ ਨੇ ਆਪਣੀ ਗੱਲ ਮੁਕਾ ਕੇ ਪੁੱਛਿਆ, ‘ਆਓ ਸਰਦਾਰ ਹਰਦਿੱਤ ਸਿੰਘ ਜੀ, ਬੜੇ ਚਿਰ ਪਿੱਛੋਂ ਗੇੜਾ ਮਾਰਿਆ । ਫਰਮਾਓ ?’
‘ਡਲਾਂ ਪਿੱਛੇ ਜੇ ਸਾਡਾ ਹਰਿੰਦਰ ਤੀਹ ਹਜ਼ਾਰ ਦੀ ਰਕਮ ਜਮ੍ਹਾਂ ਕਰਾ ਗਿਆ ਸੀ ?’
ਮੈਨੇਜਰ ਨੇ ਸੋਚ ਸੋਚ ਕੇ ਜਵਾਬ ਦਿੱਤਾ, ‘ਹਾਂ, ਉਹ ਤੀਹ ਹਜ਼ਾਰ ਖਰਾ ਜਮ੍ਹਾਂ ਹੋ ਗਿਐ। ਪਾਸ ਬੁੱਕ ਬਣਾ ਦਿੱਤੀ ਸੀ। ਹਰਿੰਦਰਪਾਲ ਸਿੰਘ ਲੈ ਗਿਆ ਸੀ ਓਸੇ ਦਿਨ।’
‘ਕਾਪੀ ਨਮੀਂ ਬਣਾ ਤੀ ?’
‘गं गं, ਹਾਂ, ਉਹ ਅਕਾਊਂਟ ਤਾਂ ਹਰਿੰਦਰਪਾਲ ਸਿੰਘ ਨੇ ਆਪਣੇ ਨਾਂ ਈ ਖੁਲ੍ਹਵਾਇਆ। ਨਵਾਂ ਅਕਾਊਂਟ ਐ।’
ਹਰਦਿੱਤ ਸਿੰਘ ਦੇ ਸਿਰ ਨੂੰ ਜਿਵੇਂ ਝਟਕਾ ਜਿਹਾ ਵੱਜਿਆ ਹੋਵੇ। ‘ਇਹ ਕੀ ਕੀਤਾ ਬਈ ਸਹੁਰੇ ਨੇ ?
ਮੈਨੇਜਰ ਨੇ ਲੈਜਰ ਬੁੱਕ ਚੁੱਕੀ ਅਤੇ ਹਰਿੰਦਰਪਾਲ ਸਿੰਘ ਦਾ ਅਕਾਊਂਟ ਪੇਜ ਖੋਲ੍ਹ ਕੇ ਦੱਸਿਆ, ‘ਅਠਾਰਾਂ ਹਜ਼ਾਰ ਬੈਲੈਂਸ ਐ, ਹਰਦਿੱਤ ਸਿੰਘ ਜੀ।’ ਤੇ ਫੇਰ ਪੁੱਛਿਆ, ‘ਫਰਮਾਓ, ਹੁਕਮ ਕਰੋ, ਕਿੱਦਾਂ ਆਏ ??
‘ਬੱਸ, ਇਹੀ ਪਤਾ ਕਰਨਾ ਸੀ।’ ਹਰਦਿੱਤ ਸਿੰਘ ਬੀਮਾਰਾਂ ਵਾਂਗ ਬੈਂਚ ਤੋਂ ਉੱਠਿਆ। ਘਰ ਨੂੰ ਆ ਗਿਆ। ਵਰਾਂਢੇ ਵਿਚ ਡਹੇ ਪਏ ਮੰਜੇ ਉੱਤੇ ਬੈਠਾ ਹੀ ਸੀ ਕਿ ਪਿਛਲੇ ਪਾਸੇ ਬਾਹੀ ਉੱਤੇ ਉਹ ਮੋਢਿਆਂ ਭਾਰ ਇਉਂ ਡਿੱਗਿਆ ਜਿਵੇਂ ਕਿਸੇ ਨੇ ਧੱਕਾ ਦੇ ਕੇ ਡੇਗਿਆ ਹੋਵੇ । ਦਿਆਲੋ ਭੱਜ ਕੇ ਆਈ। ਪੁੱਛਣ ਲੱਗੀ, ‘ਕੀ ਹੋ ਗਿਆ ਤੈਨੂੰ ? ਪਰ ਉਹਨੂੰ ਕੋਈ ਸੁਰਤ ਹੋਵੇ ਤਾਂ ਬੋਲੇ। ਹਰਦਿੱਤ ਸਿੰਘ ਨੂੰ ਇੰਜ ਪਹਿਲੀ ਵਾਰ ਦੌਰਾ ਪਿਆ ਸੀ ।
19
ਹਰਿੰਦਰ ਨੂੰ ਜਦੋਂ ਕਦੇ ਉਹਨਾਂ ਦੇ ਪਿੰਡ ਦਾ ਬਲਕਾਰ ਯਾਦ ਆਉਂਦਾ ਤਾਂ ਉਹਨੂੰ ਆਪਣੇ ਹੀ ਪਿੰਡ ਉੱਤੇ ਬੜੀ ਚੇਹ ਚੜ੍ਹਦੀ। ਕਿਵੇਂ ਓਸੇ ਪਿੰਡ ਦੇ ਨੰਬਰਦਾਰ ਪਾਖਰ ਸਿੰਘ ਨੇ ਪੁਲਿਸ ਕੋਲ ਮੁਖ਼ਬਰੀ ਕਰਕੇ ਉਹਨੂੰ ਮਰਵਾ ਦਿੱਤਾ ਸੀ । ਹਰਿੰਦਰ ਨੂੰ ਇਹ ਬਿਲਕੁਲ ਪਤਾ ਨਹੀਂ ਸੀ ਕਿ ਬਲਕਾਰ ਦੇ ਮਰਵਾਉਣ ਵਿਚ ਉਹਦਾ ਆਪਣਾ ਬਾਪ ਵੀ ਸ਼ਾਮਲ ਸੀ । ਪਰ ਹਰਿੰਦਰ ਨੂੰ ਆਪਣੇ ਪਿੰਡ ਉੱਤੇ ਫਖ਼ਰ ਵੀ ਬੜਾ ਸੀ। ਇਹ ਪਿੰਡ ਉਹ ਵੀ ਸੀ ਜੀਹਨੇ ਬਲਕਾਰ ਦੀ ਮੁਖ਼ਬਰੀ ਕਰਨ ਵਾਲੇ ਨੰਬਰਦਾਰ ਪਾਖਰ ਸਿੰਘ ਨੂੰ ਇੱਟਾਂ ਮਾਰ ਕੇ ਮਾਰ ਦਿੱਤਾ ਸੀ । ਬਲਕਾਰ ਦੇ ਖੂਨ ਦਾ ਬਦਲਾ ਲੈ ਲਿਆ ਸੀ ।
ਬਲਕਾਰ ਦੇ ਬਾਪ ਮੱਲਣ ਸਿੰਘ ਦੀ ਜ਼ਮੀਨ ਤੀਹ ਹਜ਼ਾਰ ਵਿਚ ਜੋ ਗਹਿਣੇ ਸੀ। ਜਦੋਂ ਉਹਦਾ ਗਹਿਣਾ ਛੁੱਟਿਆ ਤਾਂ ਇਹ ਤੀਹ ਹਜ਼ਾਰ ਹਰਿੰਦਰ ਨੂੰ ਜ਼ਹਿਰ ਲੱਗਿਆ । ਕੀ ਪਤਾ, ਉਹਦੇ ਬਾਪ ਨੇ ਇਹ ਤੀਹ ਹਜ਼ਾਰ ਬਲਕਾਰ ਦੇ ਬਾਪ ਜ਼ਿੰਮੇ ਕਿਹੜੀਆਂ-ਕਿਹੜੀਆਂ ਕਰਤੂਤਾਂ ਨਾਲ ਚੜ੍ਹਾਇਆ ਹੋਵੇਗਾ । ਉਹਨੂੰ ਲੱਗਿਆ ਸੀ ਜਿਵੇਂ ।ਇਹ ਤੀਹ ਹਜ਼ਾਰ ਉਹਨਾਂ ਦੇ ਘਰ ਲਈ ਹਰਾਮ ਹੋਵੇ । ਏਸੇ ਕਰਕੇ ਉਹਨੇ ਇਹ ਤੀਹ ਹਜ਼ਾਰ ਬੈਂਕ ਵਿਚ ਆਪਣੇ ਨਾਂ ਅਕਾਊਂਟ ਖੁਲ੍ਹਵਾ ਕੇ ਜਮਾਂ ਕਰਵਾ ਦਿੱਤਾ ਸੀ। ਇਸ ਤੀਹ ਹਜ਼ਾਰ ਨੂੰ ਉਹਨੇ ‘ਬਲਕਾਰ ਯਾਦਗਾਰ ਫੰਡ’ ਵਜੋਂ ਸੁਰੱਖਿਅਤ ਕਰ ਲਿਆ । ਜਦੋਂ ਵੀ ਕਦੇ ਬਲਕਾਰ ਦੀ ਪਾਰਟੀ ਦੇ ਕਾਰਕੁਨ ਉਹਦੇ ਕੋਲ ਆਉਂਦੇ, ਉਹ ਇਸ ‘ਬਲਕਾਰ ਫੰਡ’ ਵਿਚੋਂ, ਜਿੰਨੀ ਉਹਨਾਂ ਨੂੰ ਲੋੜ ਹੁੰਦੀ, ਪੈਸੇ ਕਢਵਾ ਕੇ ਦੇ ਦਿੰਦਾ । ਪਰ ਪਾਰਟੀ-ਕਾ ਰਕੁਨਾਂ ਨੂੰ ਇਸ ਭੇਦ ਦਾ ਪਤਾ ਨਹੀਂ ਸੀ। ਇਹ ਸਭ ਹਰਿੰਦਰ ਦੇ ਮਨ ਦਾ ਫੈਸਲਾ ਸੀ।
ਕਿਸੇ ਸਮੇਂ ਉਹਨੂੰ ਲੱਗਿਆ ਸੀ ਕਿ ਉਹਦੇ ਬਾਪ ਦੀ ਐਡੀ ਵੱਡੀ ਜ਼ਮੀਨ ਜਾਇਦਾਦ ਬੇਈਮਾਨੀ, ਧੋਖਾ ਫਰੇਬ, ਠੱਗੀ ਚੋਰੀ ਅਤੇ ਆਪਣੇ ਆਪ ਨੂੰ ਦੂਜਿਆਂ ਤੋਂ ਬਹੁਤ ਉੱਚਾ ਦਿਸਣ ਦੀ ਬੁਨਿਆਦ ਉੱਤੇ ਖੜ੍ਹੀ ਹੈ। ਇਕ ਦਿਉ। ‘ਕੱਦ ਬੇਮਤਲਬ ਜਿਹਾ ਬੋਹੜ ਜੀਹਦਾ ਕਿਸੇ ਨੂੰ ਨਾ ਹੋਵੇ। ਉਲਟਾ ਉਹ ਆਪਣੀ ਛਾਂ ਵਿਚ ਉੱਗੇ ਖੜੇ ਬੂਟਿਆਂ ਲਈ। ਮਾਰੂ ਹੀ ਸਿੱਧ ਹੋ · ਕੋਈ ਲਾਭ ‘ ਰਿਹਾ ਹੋਵੇ। ਅਜਿਹੇ ਬੋਹੜ ਨੂੰ ਛਾਂਗਣ-ਕੱਟਣ ਦੀ ਲੋੜ ਹੁੰਦੀ ਹੈ। ਏਸੇ ਕਰਕੇ ਉਸ ਆਪਣੇ ਬਾਪ ਦੀ ਜਾਇਦਾਦ ਨੂੰ ਹੋਰ ਵਧਣ ਤੋਂ ਰੋਕ ਲਿਆ ਸੀ । ਰੋਕਿਆ ਹੀ ਨਹੀਂ ਸੀ, ਜਾਇਦਾਦ ਨੂੰ ਛਾਂਗ ਵੀ ਦਿੱਤਾ ਸੀ। ਜਿਵੇਂ ਬੋਹੜ ਦੀਆਂ ਫਜ਼ੂਲ ਲਮਕਦੀਆਂ ਡਾਹਣੀਆਂ ਨੂੰ ਕੋਈ ਵੱਢ ਸੁੱਟਦਾ ਹੋਵੇ। ਹਰਿੰਦਰ ਨੇ ਸੋਚਿਆ ਸੀ, ਬੰਦੇ ਨੂੰ ਆਪਣੇ ਲੋਕਾਂ ਦੇ ਬਰਾਬਰ ਦਾ ਹੀ ਰਹਿਣਾ ਚਾਹੀਦਾ ਹੈ । ਆਲੇ ਦੁਆਲੇ ਦੇ ਲੋਕਾਂ ਨਾਲੋਂ ਉੱਚਾ ਉੱਠ ਕੇ ਤਾਂ ਉਹ ਉਲਟਾ ਲੋਕਾਂ ਨਾਲੋਂ ਹੀ ਕੱਟਿਆ ਜਾਂਦਾ ਹੈ । ਉਹਨੇ ਆਪਣੇ ਬਾਪ ਨੂੰ ਤਾਂ ਛਾਂਗ ਲਿਆ ਸੀ । ਪਰ ਹੁਣ ਉਹ ਪਿੰਡ ਦੇ ਦੂਜੇ ਲੋਕਾਂ ਦਾ ਕੀ ਕਰੇ ? ਪਟਵਾਰੀ ਪਰਮਜੀਤ ਸਿੰਘ, ਨੰਬਰਦਾਰ ਮਿਹਰ ਸਿੰਘ ਅਤੇ ਤੀਰਥ ਸਿੰਘ ਵੀ ਉਹਦੇ ਬਾਪ ਹਰਦਿੱਤ ਸਿੰਘ ਦੀਆਂ ਲੀਹਾਂ ਉਤੇ ਚੱਲ ਪਏ ਸਨ । ਸਗੋਂ ਹਰਦਿੱਤ ਸਿੰਘ ਨੂੰ ਕੱਟਣਾ ਚਾਹੁੰਦੇ ਸਨ। ਅਜਿਹਾ ਕੋਈ ਇਨਕਲਾਬ ਦੂਰ ਖੜਾ ਵੀ ਉਹਨੂੰ ਨਹੀਂ ਦਿਸਦਾ ਸੀ ਜਿਹੜਾ ਸਭ ਨੂੰ ਇਕ ਬਣਾ ਦੇਵੇਗਾ। ਜਦੋਂ ਕਿਸੇ ਨੂੰ ਆਪਣੀ ਨਿੱਜੀ ਜਾਇਦਾਦ ਬਣਾਉਣ ਅਤੇ ਵਧਾਉਣ ਦਾ ਕੋਈ ਹੱਕ ਨਹੀਂ ਹੋਵੇਗਾ।
ਅਜਮੇਰ ਧਾਲੀਵਾਲ ਅਤੇ ਰਾਮਦਾਸ ਜਦੋਂ ਪਿਛਲੀ ਵਾਰ ਉਹਦੇ ਪਿੰਡ ਆਏ ਸਨ ਅਤੇ ਉਹਤੋਂ ਇਕ ਹਜ਼ਾਰ ਰੁਪਿਆ ਫੰਡ ਲੈ ਕੇ ਗਏ ਸਨ, ਮੁੜ ਕੇ ਉਹ ਫੇਰ ਕਦੇ ਨਹੀਂ ਆਏ। ਕਈ ਮਹੀਨੇ ਲੰਘ ਚੁੱਕੇ ਸਨ । ਹਰਿੰਦਰ ਦਾ ਜੀਅ ਕਰਦਾ ਕਿ ਉਹ ਫੇਰ ਵੀ ਕਦੇ ਆਉਣ ਅਤੇ ਉਹਦੇ ਕੋਲ ਰਾਤ ਕੱਟ ਕੇ ਜਾਣ । ਉਹਨੂੰ ਉਹਨਾਂ ਦੀਆਂ ਗੱਲਾਂ ਬਹੁਤ ਪਿਆਰੀਆਂ ਲੱਗੀਆਂ ਸਨ । ਹਰਿੰਦਰ ਚਾਹੁੰਦਾ, ਉਹ ਉਹਨਾਂ ਦੀਆ ਗੱਲਾਂ ਹੀ ਸੁਣਦਾ ਰਹੇ। ਚੌਵੀ ਘੰਟੇ ਉਹਨਾਂ ਲੋਕਾਂ ਵਿਚ ਬਤੀਤ ਕਰੇ। ਹਰਿੰਦਰ ਲਈ ਇਹ ਬਹੁਤ ਮੁਸ਼ਕਿਲ ਸੀ। ਉਹਨੇ ਦੇਖ ਲਿਆ ਸੀ ਕਿ ਇਨਕਲਾਬ ਨਾਂ ਦੀ ਚੀਜ਼ ਕਿਧਰੇ ਨੇੜੇ ਤੇੜੇ ਤਾਂ ਕੀ, ਦੂਰੋਂ ਆਉਦੀ ਵੀ ਨਹੀਂ ਦਿਸ ਰਹੀ। ਜਿਸ ਦੇਸ ਦਾ ਪੋਟਾ ਪੋਟਾ ਲੂੰ ਲੂੰ ਸਰਮਾਏਦਾਰੀ ਜਾਲ ਵਿਚ ਫਸਿਆ ਹੋਇਆ ਹੋਵੇ ਅਤੇ ਜਿਸ ਦੇਸ ਦੇ ਲੋਕਾਂ ਨੂੰ ਇਹਦੀ ਸਮਝ ਵੀ ਨਾ ਹੋਵੇ, ਉਹ ਮਜ਼ਹਬੀ ਜਨੂੰਨਾਂ, ਜਾਤਾਂ ਪਾਤਾਂ, ਰੱਬੀ ਹੋਣੀਆਂ ਅਤੇ ਪਰਮਾਤਮਾ ਦਾ ਸ਼ੁਕਰ ਮੰਨ ਕੇ ਹੀ ਦਿਨ ਕੱਟ ਰਹੇ ਹੋਣ, ਉਥੇ ਇਨਕਲਾਬ ਕਿਥੇ? ਤੇ ਫੇਰ ਜਿਥੋਂ ਦੇ ਕੁਝ ਇਕ ਲੋਕ ਜ਼ਿੰਦਗੀ ਦੀ ਨਿਜੀ ਸੁਖ ਸੁਵਿਧਾ ਨੂੰ ਹੀ ਸਮਾਜਕ ਤਬਦੀਲੀ ਮੰਨ ਬੈਠੇ ਹੋਣ ਅਤੇ ਫੇਰ ਇਹ ਵੀ ਕਿ ਓਹੀ ਲੋਕ ਸਮਾਜਵਾਦੀ ਸਮਝ ਵੀ ਰਖਦੇ ਹੋਣ । ਹਰਿੰਦਰ ਸੋਚਦਾ-ਤਾਂ ਫੇਰ ਆਪਾਂ ਹੀ ਕਿਉਂ ਮਰੀਏ ਬਈ ? ਆਪਣਾ ਘਰ ਉਜਾੜ ਕੇ ਇਨਕਲਾਬ ਤਾਂ ਆਉਣਾ ਨਹੀਂ ।
ਇਕ ਦਿਨ ਉਹਨੂੰ ਵਡੇ ਤੜਕੇ ਹੀ ਜਾਗ ਆ ਗਈ । ਬਿਜਲੀ-ਬੱਤੀ ਜਗਾ ਕੇ ਉਹਨੇ ਟਾਈਮ ਪੀਸ ਦੇਖਿਆ| ਅਜੇ ਤਾਂ ਚਾਰ ਵੀ ਨਹੀਂ ਵੱਜੇ ਸਨ। ਦਿਨ ਚੜ੍ਹਨ ਵਿਚ ਕਾਫੀ ਚਿਰ ਪਿਆ ਸੀ। ਉਹਨੇ ਅੱਖਾਂ ਮੀਚ ਲਈਆਂ ਅਤੇ ਦੁਬਾਰਾ ਸੌਂ ਜਾਣ ਦੀ ਕੋਸ਼ਿਸ ਕਰਨ ਲੱਗਿਆ। ਪਰ ਨਾ, ਨੀਂਦ ਤਾਂ ਕਿਧਰੇ ਵੀ ਨਹੀਂ ਸੀ। ਇਕ ਬੇਚੈਨੀ ਜਿਹੀ ਨੇ ਉਹਨੂੰ ਮੰਜੇ ਉਤੋਂ ਫੇਰ ਉਠਾ ਦਿੱਤਾ। ਬੈਠਕ ਵਿਚ ਪਏ ਸਟੋਵ ਉੱਤੇ ਉਹਨੇ ਚਾਹ ਦਾ ਗਲਾਸ ਬਣਾ ਲਿਆ। ਚਾਹ ਪੀਂਦੇ ਪੀਂਦੇ ਉਹਦੀ ਸੋਚ ਉਡਾਰੀ ਦੂਰ ਕਿਧਰੇ ਫੜ ਫੜਾ ਰਹੀ ਸੀ। ਉਹਨੇ ਕੋਈ ਕਿਤਾਬ ਪੜ੍ਹਨ ਦੀ ਕੋਸ਼ਿਸ ਨਹੀਂ ਕੀਤੀ। ਉੱਠਿਆ, ਨਿਆਂਈਂ ਵਿਚ ਜੰਗਲ ਪਾਣੀ ਗਿਆ ਅਤੇ ਆ ਕੇ ਨ੍ਹਾ ਲਿਆ । ਨ੍ਹਾ ਕੇ ਨਵੇਂ ਧੋਤੇ ਕੱਪੜੇ ਪਾ ਲਏ । ਸੱਤ ਮੀਟਰੀ ਪੱਗ ਨੂੰ ਚਿਣ ਚਿਣ ਕੇ ਬੰਨ੍ਹਣ ਲੱਗਿਆ । ਪੱਗ ਬੰਨ੍ਹ ਰਿਹਾ ਉਹ ਕੋਈ ਗੀਤ ਵੀ ਗਾ ਰਿਹਾ ਸੀ। ਇਕ ਫੈਸਲਾ ਜਿਹਾ ਮਨ ਵਿਚ ਲੈ ਕੇ ਜਿਵੇਂ ਉਹ ਹੌਲਾ ਫੁੱਲ ਹੋ ਗਿਆ ਹੋਵੇ। ਹੁਣ ਉਸ ਵਿਚ ਸਵੇਰੇ ਚਾਰ ਵਜੇ ਵਾਲਾ ਮਾਨਸਿਕ ਤਣਾਓ ਨਹੀਂ ਸੀ।
ਤਿਆਰ ਹੋ ਕੇ ਉਹ ਮਾਂ ਕੋਲ ਗਿਆ। ਮਾਂ ਤਾਂ ਅਜੇ ਸੁੱਤੀ ਹੀ ਪਈ ਸੀ । ਬਾਪ ਵੀ ਕੋਲ ਸੁੱਤਾ ਹੋਇਆ ਸੀ। ਉਹਨੇ ਹੌਲੀ ਦੇ ਕੇ ਮਾਂ ਦੀ ਬਾਂਹ ਹਲੂਣੀ ਅਤੇ ਆਖਿਆ, ‘ਮਾਂ, ਮੈਂ ਪਾਸੇ ਜਾ ਕੇ ਔਨਾਂ। ਸ਼ਾਮ ਤੱਕ ਸ਼ਾਇਦ ਮੁੜ ਆਊਂਗਾ।’ ਮਾਂ ਨੇ ਸਿਰ ਹਿਲਾਇਆ। ਬੋਲੀ ਨਹੀਂ।
ਉਹ ਵਿਹੜੇ ਵਿਚ ਤੁਰਿਆ ਜਾ ਰਿਹਾ ਸੀ। ਮਾਂ ਦੀ ਅੱਖ ਖੁੱਲ ਚੁੱਕੀ ਸੀ। ਸਵੇਰ ਦੇ ਘੁਸਮੁਸੇ ਵਿਚ ਚਿੱਟਾ ਚਾਨਣ ਰਲਣਾ ਸ਼ੁਰੂ ਹੋ ਗਿਆ ਸੀ। ਮਾਂ ਨੂੰ ਪੁੱਤ ਦੀ ਪਿੱਠ ਬਲਾਈਂ ਸੋਹਣੀ ਲੱਗ ਰਹੀ ਸੀ। ਬੈਠਕ ਵਿਚ ਜਾ ਕੇ ਹਰਿੰਦਰ ਨੇ ਇਕ ਵਾਰੀਂ ਫੇਰ ਸੀਸ਼ਾ ਦੇਖਿਆ। ਉਹਨੂੰ ਆਪਣਾ ਚੇਹਰਾ ਬਹੁਤ ਚੰਗਾ ਲੱਗਿਆ।
ਭਾਈਰੂਪੇ ਦੇ ਬੱਸ ਅੱਡੇ ਉੱਤੇ ਜਾ ਕੇ ਉਹਨੇ ਸਲਾਬਤਪੁਰੇ ਤੱਕ ਦੀ ਬੱਸ ਲੈ ਲਈ। ਓਥੋਂ ਬਰਨਾਲੇ ਦੀ ਬੱਸ ਚੜ੍ਹ ਗਿਆ। ਬਰਨਾਲੇ ਤੋਂ ਫੇਰ ਸੰਗਰੂਰ। ਉਹਦੇ ਕਦਮ ਆਪਣੇ ਆਪ ਹੀ ਬਾਜ਼ਾਰ ਵੱਲ ਵਧ ਗਏ। ਕਾਫ਼ੀ ਦੂਰ ਅੱਗੇ ਜਾ ਕੇ ਉਹ ਖੱਬੇ ਹੱਥ ਮੁੜ ਗਿਆ । ਨਾਭਾ ਗੇਟ ਵੱਲ ਘਰਾਂ ਦਾ ਰਾਹ ਲੱਭਣ ਲੱਗਿਆ। ਉਹ ਇਕ ਵਾਰ ਏਥੇ ਆਇਆ ਤਾਂ ਸੀ । ਪਰ ਹੁਣ ਉਹਨੂੰ ਕੋਈ ਥਹੁ ਜਿਹਾ ਨਹੀਂ ਲੱਗ ਰਿਹਾ ਸੀ। ਅਖੀਰ ਉਹਨੇ ਗਲੀ ਲੱਭ ਹੀ ਲਈ। ਦਰਵਾਜੇ ਦਾ ਤਖਤਾ ਖੜਕਾਇਆ। ਪਦਮਾ ਹੀ ਬਾਰ ਖੋਲ੍ਹਣ ਆਈ। ਨੌਂ ਵੱਜ ਰਹੇ ਸਨ। ਉਹ ਆਪਣੇ ਸਕੂਲ ਨੂੰ ਜਾਣ ਲਈ ਤਿਆਰ ਸੀ। ਚਿੱਟੀ ਸਲਵਾਰ, ਕਮੀਜ਼ ਅਤੇ ਚਿੱਟੀ ਚੁੰਨੀ। ਚਿੱਟੇ ਕੱਪੜਿਆਂ ਵਿਚ ਉਹਦਾ ਆਪਣਾ ਚੇਹਰਾ ਵੀ ਸਫੈਦ ਸਫੈਦ ਲੱਗ ਰਿਹਾ ਸੀ। ਜਿਵੇਂ ਬਰਫ ਵਿਚੋਂ ਤਰਾਸ਼ ਕੇ ਕੱਢਿਆ ਬੁੱਤ । ਸੁਬਕ ਜਿਹੀ। ਅੱਕ ਖੰਭੜੀ ਦਾ ਫੰਬਾ ਜਿਹਾ ਉਹਦਾ ਸਰੀਰ। ਉਹ ਹਰਿੰਦਰ ਨੂੰ ਸਿੱਧਾ ਹੀ ਅੰਦਰ ਬੈਠਕ ਵਿਚ ਲੈ ਗਈ। ਦੋਵੇਂ ਭਰਾ ਘਰੋਂ ਜਾ ਚੁੱਕੇ ਸਨ । ਭਰਜਾਈਆਂ ਆਪਣੇ ਜਵਾਕਾਂ ਨੂੰ ਸਕੂਲ ਭੇਜਣ ਦੇ ਆਹਰ ਵਿਚ ਸਨ।
ਹਰਿੰਦਰ ਨੂੰ ਸੋਫੇ ਉੱਤੇ ਬਿਠਾ ਕੇ ਉਹ ਪੁਸ਼ਪਿੰਦਰ ਦਾ ਹਾਲ ਚਾਲ ਪੁੱਛਣ ਲੱਗੀ। ਉਹਦਾ ਮਾਡ ਲ ਸਕੂਲ ਓਸੇ ਗਲੀ ਵਿਚ ਸੀ। ਭਰਜਾਈ ਤੋਂ ਚਾਹ ਧਰਾ ਕੇ ਉਹ ਹਰਿੰਦਰ ਨੂੰ ਕਹਿੰਦੀ, ‘ਤੂੰ ਬੈਠੀ, .. ਹੁਣੇ ਔਨੀ ਆਂ। ਮੈਡਮ ਨੂੰ ਆਖ ਆਵਾਂ ।’
ਉਹ ਮੁੜ ਕੇ ਆਈ ਤਾਂ ਚਾਹ ਬਣੀ ਪਈ ਸੀ । ਗਲਾਸਾਂ ਵਿਚ ਪਾ ਕੇ ਰੱਖੀ ਹੋਈ ਸੀ। ਸਕੂਲੋਂ ਆਉਂਦੀ ਉਹ ਦੁਕਾਨ ਤੋਂ ਖਾਣ ਲਈ ਵੀ ਨਿਕ ਸੁੱਕ ਜਿਹਾ ਫੜ ਲਿਆਈ ਸੀ । ਬੈਠਕ ਵਿਚ ਉਹ ਚਾਹ ਪੀਣ ਲੱਗੇ। ਦੋਵੇਂ ਹੀ ਸਨ। ਇਕ ਦੂਜੇ ਵੱਲ ਝਾਕਦੇ ਅਤੇ ਜਿਵੇਂ ਅੱਖਾਂ ਵਿਚ ਹੀ ਗੱਲਾਂ ਕਰਦੇ । ਅੱਖਾਂ ਦੀ ਜ਼ਬਾਨ ਬੁੱਲ੍ਹਾਂ ਉੱਤੇ ਆਈ ਤਾਂ ਪਦਮਾ ਨੇ ਪੁੱਛਿਆ, ‘ਮੇਰੀ ਹੁਣ ਵਾਲੀ ਚਿੱਠੀ ਮਿਲਗੀ ਸੀ ?’
‘ਹਾਂ, ਕੱਲ ਮਿਲੀ ਐ। ਏਸੇ ਕਰਕੇ ਤਾਂ ਆ ਗਿਆ ਮੈਂ ।’
‘ਪਹਿਲੀਆਂ ਚਿੱਠੀਆਂ ਵੀ ਮਿਲਦੀਆਂ ਰਹੀਆਂ ਹੋਣਗੀਆਂ ?”
‘ਹਾਂ, ਸਭ ਮਿਲੀਆਂ ਨੇ।
‘ਕਦੇ ਇੱਕ ਚਿੱਠੀ ਤਾਂ ਲਿਖ ਦੇਣੀ ਸੀ, ਭੁੱਲ ਚੁੱਕ ਕੇ ਈ।’
‘ਨਹੀਂ, ਚਿੱਠੀ ਨਹੀਂ ਮੈਂ ਲਿਖੀ।’
‘ਚੰਗੀਆਂ ਨ੍ਹੀਂ ਲੱਗੀਆਂ ਮੇਰੀਆਂ ਗੱਲਾਂ ?’
‘ਨਹੀਂ, ਇਹ ਗੱਲ ਨ੍ਹੀਂ।’
‘ਹੋਰ ਫੇਰ ?’
‘ਮੈਂ ਸੋਚਿਆਂ, ਚਿੱਠੀ ਕੀ ਲਿਖਣੀ ਐ। ਕਦੇ ਆਪ ਈ ਚਿੱਠੀ ਦਾ ਜਵਾਬ ਬਣ ਕੇ ਜਾਊਂਗਾ।’
ਹੱਛਾ.. !’ ਪਦਮਾ ਨੇ ਲੰਮਾ ਸਾਹ ਲਿਆ । ਤੇ ਫੇਰ ਉਹਦਾ ਸਾਰੇ ਦਾ ਸਾਰਾ ਵਜੂਦ ਇਕ ਸਵਾਲ ਬਣ ਕੇ ਹਰਿੰਦਰ ਦੀਆਂ ਅੱਖਾਂ ਵਿਚ ਉੱਤਰ ਗਿਆ । ਉਹ ਤਰਲੋ-ਮੱਛੀ ਹੋ ਉੱਠੀ । ਚਾਹ ਦੀ ਘੁੱਟ ਅੰਦਰ ਕਿਵੇਂ ਲੰਘੇ ? ਗਲਾਸ ਉਹਨੇ ਹਿੱਕ ਨੂੰ ਲਾ ਲਿਆ। ਤੱਤੇ ਕੱਚ ਦਾ ਸੇਕ ਵੀ ਉਹਦੀਆਂ ਧੜਕਣਾਂ ਨੂੰ ਬੰਨ੍ਹ ਨਾ ਸਕਿਆ। ਉਹਨੂੰ ਲੱਗਿਆ, ਚਾਹ ਡੁੱਲ੍ਹ ਜਾਵੇਗੀ।
‘ਤੇਰਾ ਅਟੈਚੀ ਕੋਈ ?’ ਹਰਿੰਦਰ ਨੇ ਸਵਾਲ ਕੀਤਾ।
ਪਦਮਾ ਚੁੱਪ ਦੀ ਚੁੱਪ ਰਹਿ ਗਈ। ਇਕ ਛਿਣ ਲਈ ਉੱਠੀ ਖਿਝ ਉਹਦੇ ਅੰਦਰ ਮਰ ਗਈ । ਉਹ ਕੀ ਜਵਾਬ ਦਿੰਦੀ । ਬੜਾ ਫਜੂਲ ਅਤੇ ਬੇ ਮੌਕਾ ਸਵਾਲ ਸੀ ਇਹ।
ਤੇ ਫੇਰ ਹਰਿੰਦਰ ਨੇ ਆਪ ਹੀ ਕਿਹਾ, ‘ਆਪਣਾ ਲੀੜਾ ਕੱਪੜਾ ਜਿਹੜਾ ਹੈ ਗਾ ਪਾ ਲੈ ਅਟੈਚੀ ‘ਚ। ਚੱਲ ਉੱਠ, ਤੁਰ।’
ਪਦਮਾ ਨੂੰ ਲੱਗਿਆ, ਉਹ ਪਾਗਲ ਹੋ ਜਾਵੇਗੀ । ਦੂਜੇ ਬਿੰਦ ਉਹਨੇ ਸੋਚਿਆ, ਹਰਿੰਦਰ ਪਾਗਲ ਤਾਂ ਨਹੀਂ ?
ਪੰਦਰਾਂ ਵੀਹ ਮਿੰਟਾਂ ਤੋਂ ਵੱਧ ਸਮਾਂ ਨਹੀਂ ਲੱਗਿਆ ਹੋਵੇਗਾ, ਅਟੈਚੀ ਵਿਚ ਲੋੜੀਂਦੇ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਪਾ ਕੇ ਉਹ ਤਿਆਰ ਹੋਈ ਬੈਠੀ ਸੀ । ਚਲਦੇ ਸਮੇਂ ਵੱਡੀ ਭਰਜਾਈ ਨੂੰ ਐਨਾਂ ਹੀ ਆਖਿਆ, ‘ਭਾਬੀ ਜੀ, ਮੈਂ ਚੱਲੀ ਆਂ।’
ਭਰਜਾਈ ਨੇ ਇਕ ਵਾਰ ਨਹੀਂ ਪੁੱਛਿਆ, ‘ਕਿਧਰ? ਕਿਉਂ ?’ ਹਰਿੰਦਰ ਵੱਲ ਤੁਰਦੀ ਨਜ਼ਰ ਨਾਲ ਉਹ ਇਕ ਪਲ ਸਿਰਫ ਝਾਕੀ ਹੀ, ਬੱਸ।
20
ਪਦਮਾ ਨੂੰ ਲੈ ਕੇ ਉਹ ਸੁਨਾਮ ਵਿਚ ਦੀ ਬਠਿੰਡੇ ਜਾ ਪਹੁੰਚਿਆ । ਉਹ ਕਾਲਜ ਪੁਸ਼ਪਿੰਦਰ ਦੇ ਕੋਲ ਨਹੀਂ ਗਿਆ। ਬਸ ਸਟੈਂਡ ਤੋਂ ਰਿਕਸ਼ਾ ਲਿਆ ਅਤੇ ਕਿਲ੍ਹੇ ਦੇ ਦਰਵਾਜ਼ੇ ਕੋਲ ਜਾ ਕੇ ਓਸੇ ਘਰ ਉਹ ਜਾ ਉੱਤਰੇ, ਜਿਥੇ ਚੁਬਾਰੇ ਵਿਚ ਪੁਸ਼ਪਿੰਦਰ ਦੀ ਰਿਹਾਇਸ਼ ਸੀ। ਪੁਸ਼ਪਿੰਦਰ ਮਾਲਕ ਮਕਾਨ ਦੇ ਘਰ ਚੁਬਾਰੇ ਦੀ ਚਾਬੀ ਨਹੀਂ ਦੇ ਕੇ ਜਾਂਦੀ ਸੀ ਪਰ ਉਹ ਤਾਂ ਸਿਧੇ ਹੀ ਏਥੇ ਆ ਗਏ ਸਨ । ਇਕ ਡੇਢ ਦਾ ਵਕਤ ਹੋ ਗਿਆ ਸੀ । ਪੁਸ਼ਪਿੰਦਰ ਕਾਲਜੋਂ ਆਉਣ ਵਾਲੀ ਸੀ । ਉਹ ਥੱਲੇ ਮਾਲਕਣ ਦੇ ਕਮਰੇ ਵਿਚ ਬੈਠ ਗਏ। ਇਸ ਘਰ ਦੇ ਲੋਕ ਤਾਂ ਹਰਿੰਦਰ ਨੂੰ ਪਹਿਲਾਂ ਹੀ ਜਾਣਦੇ ਸਨ। ਕਿੰਨੀ ਵਾਰ ਤਾਂ ਉਹ ਏਥੇ ਆਇਆ ਸੀ । ਮਾਲਕਣ ਨੇ ਪਦਮਾ ਨੂੰ ਵੀ ਦੇਖਿਆ ਹੋਇਆ ਸੀ । ਉਹਨਾਂ ਨੂੰ ਚਾਹ ਵੀ ਪਿਆ हिँडी।
ਪੁਸ਼ਪਿੰਦਰ ਦੋ ਵਜੇ ਆਈ । ਹਰਿੰਦਰ ਅਤੇ ਪਦਮਾ ਨੂੰ ਦੇਖ ਕੇ ਬਹੁਤ ਹੈਰਾਨ ਹੋਈ। ਦੰਦਾਂ ਵਿਚ ਜੀਭ ਲੈ ਕੇ ਅੱਖਾਂ ਟੱਡੀਆਂ । ਹਰਿੰਦਰ ਹੱਸ ਪਿਆ। ਪਦਮਾ ਗੰਭੀਰ ਹੋ ਗਈ। ਆਪਣੇ ਆਪ ਨੂੰ ਸੰਭਾਲਣ ਲੱਗੀ। ਪੁਸ਼ਪਿੰਦਰ ਉਹਨਾਂ ਨੂੰ ਉੱਤੇ ਚੁਬਾਰੇ ਵਿਚ ਲੈ ਗਈ। ਪੌੜੀਆਂ ਚੜ੍ਹਦਿਆਂ ਪੁਸ਼ਪਿੰਦਰ ਦੇ ਦਿਮਾਗ ਵਿਚ ਇਕ ਗੱਲ ਪੈਂਦੀ ਸੀ, ਇਕ ਨਿੱਕਲ ਜਾਂਦੀ ਸੀ । ਇਕ ਖ਼ੁਸ਼ੀ ਭਰੀ ਹੈਰਾਨੀ ਜਿਹੀ। ਇਹ ਇਸ ਤਰ੍ਹਾਂ ਇਸ ਹਾਲਤ ਵਿਚ ਕਿਵੇਂ ਆਏ ਨੇ ਉਹਦੇ ਕੋਲ ?
ਚੁਬਾਰੇ ਵਿਚ ਬੈਠਾ ਕੇ ਪਹਿਲਾਂ ਸਵਾਲ ਹੀ ਪੁਸ਼ਪਿੰਦਰ ਨੇ ਇਹ ਕੀਤਾ, ‘ਤੁਸੀਂ ਆਏ विदे ?’
ਹਰਿੰਦਰ ਨੂੰ ਕੋਈ ਜਵਾਬ ਨਹੀਂ ਔੜਿਆ ਸੀ।
ਪਦਮਾ ਨੂੰ ਸ਼ਰਾਰਤ ਸੁੱਝੀ। ਆਪਣੀ ਚੁੰਨੀ ਦਾ ਪੱਲਾ ਫੜ ਕੇ ਦੋਵੇਂ ਹੱਥਾਂ ਨਾਲ ਪੁਸ਼ਪਿੰਦਰ ਦੇ ਗੋਡੇ ਨੂੰ ਛੁਹਾ ਦਿੱਤਾ। ਪੁਸ਼ਪਿੰਦਰ ਬਿਜਲੀ ਦਾ ਕੰਰਟ ਲੱਗਣ ਵਾਂਗ ਟੱਪ ਉੱਠੀ। ਇਸ ਵਾਰ ਤਾਂ ਉਹਦੀ ਜੀਭ ਤਾਲੂਏ ਨਾਲ ਹੀ ਜਾ ਲੱਗੀ। ਅੱਖਾਂ ਜਿਵੇਂ ਹੋਣ ਹੀ ਨਾ। ਤੇ ਫੇਰ ਬੋਲੀ, ‘ਤੌਬਾ।’
ਪਦਮਾ ਨੇ ਉਹਨੂੰ ਬਾਹੋਂ ਫੜ ਕੇ ਬਿਠਾ ਲਿਆ।
‘ਥੋਡੀ ਇਹ ਹਿੰਮਤ ?’ ਪੁਸ਼ਪਿੰਦਰ ਨੇ ਜਿਵੇਂ ਦੋਹਾਂ ਨੂੰ ਨਿਸ਼ਾਨਾ ਬਣਾ ਕੇ ਇਕੋ ਵਾਰ ਵਿੰਨ੍ਹ ਦੇਣਾ ਹੋਵੇ। ਉਹ ਭੰਵੱਤਰ ਗਏ।
ਤੇ ਫੇਰ ਪੁਸ਼ਪਿੰਦਰ ਨੇ ਪਦਮਾ ਨੂੰ ਬੁੱਕਲ ਵਿਚ ਲੈ ਲਿਆ । ਜੱਫੀ ਪਾ ਕੇ ਜ਼ੋਰ ਦੀ ਘੁੱਟਿਆ। ਉਹਦਾ ਮੂੰਹ ਚੁੰਮਣ ਲੱਗੀ। ਉਹਨੂੰ ਛੱਡਿਆ ਅਤੇ ਉੱਠ ਕੇ ਚੁੱਪ ਚਾਪ ਬੈਠੇ ਹਰਿੰਦਰ ਦੀ ਗੱਲ੍ਹ ਉੱਤੇ ਇਕ ਪੋਲਾ ਜਿਹਾ ਥੱਪੜ ਟਿਕਾ ਦਿੱਤਾ। ਘੜੇ ਵਿਚੋਂ ਭਰ ਕੇ ਪਦਮਾਂ ਨੂੰ ਪਾਣੀ ਦਾ ਗਲਾਸ ਦਿੱਤਾ, ਇਕ ਗਲਾਸ ਫੇਰ ਹਰਿੰਦਰ ਨੂੰ । ਫੇਰ ਇਕ ਗਲਾਸ ਹੋਰ ਭਰ ਕੇ ਆਪ ਪਾਣੀ ਪੀਣ ਲੱਗੀ। ਫੇਰ ਕਹਿੰਦੀ, ‘ਹੁਣ ਰੋਟੀ ਦਾ ਕਰੀਏ ਕੁਛ ? ਤੁਸੀਂ ਵੀ ਖਾਣੀ ਹੋਊਗੀ ?’
ਪਦਮਾ ਉਹਦੀ ਮੱਦਦ ਕਰਨ ਲੱਗੀ। ਸਟੋਵ ਉੱਤੇ ਸੱਤ ਅੱਠ ਰੋਟੀਆਂ ਉਹਨਾਂ ਨੇ ਹੋਰ ਲਾਹ ਲਈਆਂ। ਪੁਸ਼ਪਿਦੰਰ ਇਕੱਲੀ ਲਈ ਸਵੇਰੇ ਦੀ ਰੱਖੀ ਸਬਜ਼ੀ ਹੁਣ ਤਿੰਨਾਂ ਲਈ ਕਾਫ਼ੀ ਸੀ। ਅਚਾਰ ਹੈ ਗਾ ਸੀ। ਪੈਸੇ ਦੇ ਕੇ ਮਾਲਕ ਮਕਾਨ ਦੇ ਸਕੂਲੀ ਮੁੰਡੇ ਤੋਂ ਪੁਸ਼ਪਿੰਦਰ ਨੇ ਦਹੀਂ ਮੰਗਵਾ ਲਈ।
ਰੋਟੀ ਖਾਂਦੇ ਉਹ ਸੰਗ ਸੰਗ ਕੇ ਗੱਲਾਂ ਕਰਨ ਲੱਗੇ। ਰੋਟੀ ਖਾ ਕੇ ਘੜੀ ਬਿੰਦ ਹੀ ਆਰਾਮ ਕੀਤਾ ਹੋਵੇਗਾ। ਹਰਿੰਦਰ ਅਤੇ ਪਦਮਾਂ ਨੂੰ ਚੈਨ ਨਹੀਂ ਸੀ। ਉਹਨਾਂ ਦੋਵਾਂ ਨੇ ਪੁਸ਼ਪਿੰਦਰ ਨੂੰ ਸਾਰੀ ਸਕੀਮ ਸਮਝਾਈ। ਉਹ ਕਹਿੰਦੀ, ‘ਚਾਹ ਕਰਦੇ ਆਂ। ਚਾਹ ਪੀ ਕੇ ਫੇਰ ਹੁਣੇ ਚਲਦੇ ਆਂ। ਏਥੇ ਇਕ ਪ੍ਰੋਫੈਸਰ ਐ। ਪ੍ਰੋ. ਗੁਰਬਖ਼ਸ਼ ਸਿੰਘ ਮੇਰਾ ਕੁਲੀਗ ਐ। ਉਹਦੀ ਵਕੀਲਾਂ ਨਾਲ ਵਾਕਫੀਅਤ ਹੋਊਗੀ। ਉਹਦੇ ਘਰ ਚਲਦੇ ਆਂ ।
ਗੁਰਬਖ਼ਸ਼ ਸਿੰਘ ਮੈਥ ਦਾ ਪ੍ਰੋਫੈਸਰ ਸੀ। ਸਿਵਲ ਸਟੇਸ਼ਨ ਵਿਚ ਇਕ ਦਰਮਿਆਨੀ ਕਿਸਮ ਦਾ ਕੁਆਟਰ ਲੈ ਕੇ ਰਹਿ ਰਿਹਾ ਸੀ। ਘਰ ਵਿਚ ਬੱਸ ਉਹਦੀ ਇਕ ਧੀ ਸੀ, ਜੋ ਨੌਵੀਂ ਜਮਾਤ ਵਿਚ ਪੜ੍ਹਦੀ ਸੀ। ਉਹਦੀ ਘਰਵਾਲੀ ਏਸ ਕੁੜੀ ਬਿੰਦੂ ਨੂੰ ਦੋ ਸਾਲ ਦੀ ਛੱਡ ਕੇ ਮਰ ਗਈ ਸੀ। ਪ੍ਰੋਫੈਸਰ ਨੇ ਦੂਜਾ ਵਿਆਹ ਨਹੀਂ ਕਰਵਾਇਆ ਸੀ ਅਤੇ ਹੁਣ ਫ਼ਕੀਰੀ ਜੀਵਨ ਬਿਤਾ ਰਿਹਾ ਸੀ। ਕਾਲਜ ਵਿਚ ਕੋਈ ਨਿਵੇਕਲਾ ਕੋਨਾ ਲੱਭ ਕੇ ਬੈਠ ਜਾਂਦਾ ਅਤੇ ਕਿਤਾਬ ਪੜ੍ਹਦਾ । ਰੂਸੀ ਨਾਵਲ ਪੜ੍ਹਨਾ ਉਹਦਾ ਸ਼ੌਕ ਸੀ।
ਗੁਰਬਖ਼ਸ਼ ਸਿੰਘ ਸੁੱਤਾ ਪਿਆ ਸੀ। ਬਿੰਦੂ ਦੂਜੇ ਕਮਰੇ ਵਿਚ ਇਕੱਲੀ ਹੀ ਕੈਰਮਬੋਰਡ ਖੇਡ ਰਹੀ ਸੀ । ਪੁਸ਼ਪਿੰਦਰ ਨੇ ਦਰਵਾਜ਼ਾ ਖੜਕਾਇਆ ਤਾਂ ਬਿੰਦੂ ਨੇ ਆ ਕੇ ਬਾਰ ਖਹੋਲ੍ਹਿਆ। ਤਿੰਨੇ ਜਣੇ ਕੁੜੀ ਦੇ ਮਗਰ ਹੀ ਚਲੇ ਗਏ । ਪੁਸ਼ਪਿੰਦਰ ਉਹਦੀਆਂ ਗੱਲ੍ਹਾਂ ਨੂੰ ਪਲੋਸਦੀ ਪ੍ਰੋਫੈਸਰ ਸਾਹਿਬ ਬਾਰੇ ਪੁੱਛਣ ਲੱਗੀ, ‘ਕਦੋਂ ਕੁ ਸੁੱਤੇ ਸੀ?’
‘ਬੱਸ, ਹੁਣੇ ਸੁੱਤੇ ਐ।’
‘ਚੰਗਾ, ਚਾਹ ਬਣਾਈਏ ਆਪਾਂ ? ੳਦੋਂ ਨੂੰ ਉੱਠ ਖੜ੍ਹਨਗੇ । ਪੁਸ਼ਪਿੰਦਰ ਨੇ ਕਿਹਾ ਅਤੇ ਫੇਰ ਹਰਿੰਦਰ ਤੇ ਪਦਮਾ ਨੂੰ ਉਹਨੇ ਉਸ ਕਮਰੇ ਵਿਚ ਬੈਠਾ ਦਿੱਤਾ ।
ਕੁੜੀ ਕੈਰਮ ਤੋਂ ਨਹੀਂ ਉੱਠੀ। ਬੇਮਤਲਬ ਹੀ ਸਟਰੋਕ ਮਾਰੀਂ ਜਾ ਰਹੀ ਸੀ। ਪੁਸ਼ਪਿੰਦਰ ਕਿਚਨ ਵਿਚ ਗਈ ਅਤੇ ਸਟੋਵ ਬਾਲ ਕੇ ਚਾਹ ਧਰ ਦਿੱਤੀ। ਹਰਿੰਦਰ ਅਤੇ ਪਦਮਾ ਨੇ ਘੁਸਰ ਮੁਸਰ
ਕੀਤੀ, ‘ਲਗਦੈ ਪੁਸ਼ਪਿੰਦਰ ਤਾਂ ਪਹਿਲਾਂ ਵੀ ਏਥੇ ਔਂਦੀ ਜਾਂਦੀ ਐ।’
ਘਰ ਵਿਚ ਖੜਕਾ ਹੁੰਦਾ ਸੁਣ ਕੇ ਗਰਬਖ਼ਸ਼ ਸਿੰਘ ਆਪ ਹੀ ਜਾਗ ਉੱਠਿਆ। ਉੱਠ ਕੇ ਪੇਰਾਂ ਵਿਚ ਚੱਪਲਾਂ ਪਾਈਆਂ ਅਤੇ ਸਿਰ ਵਿਚ ਕੰਘਾ ਕਰਨ ਲੱਗਿਆ। ਕਿਚਨ ਵਿਚ ਉਹਨੇ ਪੁਸ਼ਪਿੰਦਰ ਨੂੰ ਦੇਖ ਲਿਆ ਸੀ । ਤੇ ਫੇਰ ਗੁਰਬਖ਼ਸ਼ ਸਿੰਘ ਨੂੰ ਉੱਠ ਬੈਠਾ ਦੇਖ ਕੇ ਪੁਸ਼ਪਿੰਦਰ ਉਹਦੇ ਕਮਰੇ ਵਿਚ ਆਈ। ਹਰਿੰਦਰ ਅਤੇ ਪਦਮਾ ਬਾਰੇ ਸਭ ਕੁਝ ਉਹਨੂੰ ਛੇਤੀ-ਛੇਤੀ ਦੱਸਣ ਲੱਗੀ। ਉਹ ਪਹਿਲਾਂ ਤਾਂ ਮੁਸਕਰਾਉਂਦਾ ਰਿਹਾ, ਫੇਰ ਗੰਭੀਰ ਹੋ ਗਿਆ। ਚਾਹ ਪੀਣ ਵੇਲੇ ਪੁਸ਼ਪਿੰਦਰ ਨੇ ਹਰਿੰਦਰ ਅਤੇ ਪਦਮਾ ਨੂੰ ਗੁਰਬਖ਼ਸ਼ ਸਿੰਘ ਦੇ ਕਮਰੇ ਵਿਚ ਬੁਲਾ ਲਿਆ।
‘ਜਾਲੀ ਵਿਚ ਬਿਸਕੁਟ ਵੀ ਸਨ। ਗੁਰਬਖ਼ਸ਼ ਸਿੰਘ ਨੇ ਪੁਸ਼ਪਿੰਦਰ ਨੂੰ ਕਿਹਾ। ਪੁਸ਼ਪਿੰਦਰ ਬਿੰਦੂ ਵੱਲ ਝਾਕੀ। ਬਿੰਦੂ ਇਕ ਪਲੇਟ ਵਿਚ ਬਿਸਕੁਟਾਂ ਦਾ ਪੈਕਟ ਖੋਲ੍ਹ ਲਿਆਈ। ਸਭ ਚੁੱਪ ਚਾਪ ਚਾਹ ਪੀ ਰਹੇ ਸਨ । ਬਿੰਦੂ ਪੁਸ਼ਪਿੰਦਰ ਵੱਲ ਬਿੰਦੇ ਬਿੰਦੇ ਝਾਕਦੀ ਅਤੇ ਮੁਸਕਰਾਉਂਦੀ।
‘ਐਥੇ ਇਕ ਮੈਜਿਸਟਰੇਟ ਐ। ਪਿਛਲੇ ਸਾਲ ਮੈਂ ਉਹਦੀ ਲੜਕੀ ਨੂੰ ਮੈਥ ਟੀਚ ਕਰਨ ਜਾਇਆ ਕਰਦਾ ਸੀ। ਦੰਗਾ ਆਦਮੀ ਐ, ਉਹਦੇ ਨਾਲ ਗੱਲ ਕਰਕੇ ਦੇਖ ਲੈਨੇ ਆਂ।’ ਗੁਰਬਖ਼ਸ਼ ਸਿੰਘ ਨੇ ਕਿਹਾ।
‘ਹਾਂ, ਹਾਂ, ਇਹ ਤਾਂ ਬਹੁਤ ਠੀਕ ਐ । ਫੇਰ ਤਾਂ ਗੱਲ ਬਣੀ ਪਈ ਐ।’ ਪੁਸ਼ਪਿੰਦਰ ਖਿੜ ਪੁੜ ਉੱਠੀ। ਪਦਮਾ ਅਤੇ ਹਰਿੰਦਰ ਦੇ ਚੇਹਰਿਆਂ ਉੱਤੇ ਇਕ ਭਖ ਜਿਹੀ ਆ ਗਈ।
ਚਾਹ ਪੀ ਕੇ ਪ੍ਰੋਫੈਸਰ ਦੂਜੇ ਕਮਰੇ ਵਿਚ ਗਿਆ। ਨਾਈਟ ਸੂਟ ਲਾਹ ਕੇ ਪੈਂਟ ਬੁਸ਼ਰਟ ਪਹਿਨ ਲਿਆ । ਬੰਨ੍ਹੀ ਬਨ੍ਹਾਈ ਪੱਗ ਸਿਰ ਉੱਤੇ ਰੱਖ ਲਈ।
ਪੁਸ਼ਪਿੰਦਰ ਉਹਨਾਂ ਕੋਲ ਅੰਦਰ ਕਮਰੇ ਵਿਚ ਆਈ ਅਤੇ ਦੱਸਿਆ, ‘ਥੋੜ੍ਹੀ ਦੇਰ ਤੱਕ ਆ ਜਾਂਦੇ ਐ । ਸਾਰੀ ਗੱਲ ਸੈਟਲ ਕਰਕੇ ਔਣਗੇ।’
ਅਗਲੇ ਦਿਨ ਓਸੇ ਮੈਜਿਸਟਰੇਟ ਦੀ ਕੋਰਟ ਵਿਚ ਪੁਸ਼ਪਿੰਦਰ ਅਤੇ ਪ੍ਰੋ ਗੁਰਬਖ਼ਸ਼ ਸਿੰਘ ਆਪ ਗਏ । ਹਰਿੰਦਰ ਅਤੇ ਪਦਮਾ ਦੀ ਕੋਰਟ ਮੈਰਿਜ ਕਰਵਾ ਦਿੱਤੀ ਗਈ।
ਤੇ ਫੇਰ ਓਸੇ ਸ਼ਾਮ ਹਰਿੰਦਰ ਪਦਮਾ ਨੂੰ ਲੈ ਕੇ ਕੋਠੇ ਖੜਕ ਸਿੰਘ ਆ ਵੜਿਆ। ਉਹਨਾਂ ਨਾਲ ਪੁਸ਼ਪਿੰਦਰ ਵੀ ਆਈ। ਪ੍ਰੋ:ਗਰਬਖ਼ਸ਼ ਸਿੰਘ ਅਤੇ ਬਿੰਦੂ ਵੀ। ਪਤਾ ਲੱਗਣ ਉੱਤੇ ਦਿਆਲੇ ਨੂੰਹ ਪੁੱਤ ਦੇ ਸਿਰਾਂ ਉੱਤੋਂ ਦੀ ਮਿੱਠਾ ਪਾਣੀ ਵਾਰ ਵਾਰ ਪੀਂਦੀ ਫਿਰੇ। ਉਹਤੋਂ ਚਾਅ ਨਹੀਂ ਚੁੱਕਿਆ ਜਾਂਦਾ ਸੀ। ਹਰਦਿੱਤ ਸਿੰਘ ਨੂੰ ਜਿਵੇਂ ਇਕ ਹੋਰ ਵੱਡਾ ਧੱਕਾ ਲੱਗਿਆ ਹੋਵੇ । ਉਹਦੇ ਲਈ ਜਿਵੇਂ ਇਹ ਇਕ ਡਰਾਉਣਾ ਸੁਫ਼ਨਾ ਹੋਵੇ। ਸਭ ਦੇ ਸਾਹਮਣੇ ਆ ਕੇ ਉਹ ਖੜ੍ਹ ਤਾਂ ਗਿਆ, ਪਰ ਬੋਲਿਆ ਕੁਝ ਨਹੀਂ। ਤੇ ਫੇਰ ਅੰਦਰ ਕਮਰੇ ਵਿਚ ਜਾ ਕੇ ਖੇਸ ਲੈ ਕੇ ਪੈ ਗਿਆ। ਪਤਾ ਨਹੀਂ ਕੀ ਸੋਚਣ ਲੱਗ ਪਿਆ ਹੋਵੇਗਾ। ਘਰ ਵਿਚ ਪਿਆ ਚਰਚੋਲ੍ਹਰ ਉਹਨੂੰ ਹੋਰ ਵੀ ਦੁਖੀ ਕਰੀਂ ਜਾ ਰਿਹਾ ਸੀ। ਆਂਢਣਾਂ ਗੁਆਂਢਣਾਂ ਸਭ ਆ ਗਈਆਂ। ਪਦਮਾ ਤੇ ਹੱਥਾਂ ਨੂੰ ਫੜ ਫੜ ਦੇਖਦੀਆਂ ਅਤੇ ਕੋਈ ਉਹਦੀ ਠੋਢੀ ਨੂੰ ਹੱਥ ਲਾ ਕੇ ਉਹਦੇ ਸੁਹੱਪਣ ਦੀ ਤਾਰੀਫ ਕਰਨ ਲਗਦੀ। ਸਾਰੇ ਪਿੰਡ ਵਿਚ ਖ਼ਬਰ ਫ਼ੈਲ ਗਈ, ‘ਹਰਦਿੱਤ ਦਾ ਮੁੰਡਾ ਬਹੂ ਲੈ ਕੇ ਆਇਐ।’
ਗੁਰਬਖ਼ਸ਼ ਸਿੰਘ, ਬਿੰਦੂ ਅਤੇ ਪੁਸ਼ਪਿੰਦਰ ਉਸ ਰਾਤ ਉਥੇ ਹੀ ਠਹਿਰੇ। ਦਿਆਲੋ ਨੇ ਖਾਣ ਲਈ ਕਿੰਨਾ ਹੀ ਕੁਝ ਪਕਾਇਆ ਸੀ । ਨਾਈ ਸੱਦ ਕੇ ਕੜਾਹ ਬਣਵਾਇਆ ਅਤੇ ਸ਼ਰੀਕੇ ਦੇ ਘਰਾਂ ਵਿਚ ਵੇਟਿਆ। ਅਗਲੇ ਦਿਨ ਗੁਰਬਖ਼ਸ਼ ਸਿੰਘ, ਪੁਸ਼ਪਿੰਦਰ ਅਤੇ ਬਿੰਦੂ ਪਹਿਲੀ ਬੱਸ ਹੀ ਬਠਿੰਡੇ ਨੂੰ ਚਲੇ ਗਏ। ਉਹਨਾਂ ਨੇ ਕਾਲਜ ਜਾ ਕੇ ਪੀਰੀਅਡ ਵੀ ਤਾਂ ਲੈਣੇ ਸਨ । ਬਿੰਦੂ ਨੇ ਸਕੂਲ ਜਾਣਾ ਸੀ।
ਹਰਦਿੱਤ ਸਿੰਘ ਓਸੇ ਦਿਨ ਤੋਂ ਘਰੋਂ ਬਾਹਰ ਨਹੀਂ ਨਿੱਕਲਿਆ। ਅੰਦਰ ਕਮਰੇ ਵਿਚ ਹੀ ਪਿਆ ਰਹਿੰਦਾ। ਹੋਟੀ ਵੀ ਚੱਜ ਨਾਲ ਨਹੀਂ ਖਾਂਦਾ ਸੀ। ਚਾਹ ਥੋੜ੍ਹੀ ਹੀ ਪੀਂਦਾ। ਦਿਆਲੋ ਨਾਲ ਕੋਈ ਗੱਲ ਨਾ ਕਰਦਾ। ਚਾਰ ਦਿਨਾਂ ਬਾਅਦ ਉਹਨੂੰ ਦੌਰਾ ਪੈ ਗਿਆ। ਇਹ ਚੌਥਾ ਸੀ। ਪਹਿਲੇ ਤਿੰਨਾਂ ਦੌਰਿਆਂ ਨਾਲੋਂ ਬਹੁਤ ਸਖਤ। ਦੌਰਾ ਕੀ ਪਿਆ, ਬੱਸ ਮੁੜ ਕੇ ਸਾਹ ਨਹੀਂ ਆਇਆ। ਦੁਪਹਿਰ ਦਾ ਵੇਲਾ ਸੀ । ਦਿਆਲੋ ਨੇ ਉੱਚੀਆਂ ਚਾਂਗਾਂ ਮਾਰੀਆਂ । ਗੁਆਂਢੀ ਆ ਗਏ। ਹਰਦਿੱਤ ਸਿੰਘ ਦੀ ਲੋਥ ਨੂੰ ਡੂੰਜੇ ਲਾਹ ਲਿਆ। ਦਿਆਲੋ ਦਾ ਬਿੰਦੇ ਝੱਟੇ ਇਕੋ ਵੈਣ, ‘ਵੇ ਤੈਨੂੰ ਪੁੱਤ ਦਾ ਹੱਥ ਵੀ ਨਾ ਲੱਗਿਆ ਵੇ, ਮੈਨੂੰ ਸਹੇੜਨ ਆਲਿਆ।
ਪੁਸ਼ਪਿੰਦਰ ਦੇ ਜਾਣ ਬਾਅਦ ਉਸ ਦਿਨ ਦਸ ਵਜੇ ਹਰਿੰਦਰ ਪਿੰਡ ਦੀ ਬੈਂਕ ਵਿਚ ਗਿਆ ਸੀ। ਪੈਸੇ ਕਢਵਾ ਕੇ ਲੈ ਆਇਆ ਸੀ । ਤੇ ਫੇਰ ਥੋੜ੍ਹੇ ਚਿਰ ਬਾਅਦ ਹੀ ਉਹ ਪਦਮਾ ਨੂੰ ਲੈ ਕੇ ਉਠ ਗਿਆ ਸੀ। ਮਾਂ ਨੂੰ ਐਨਾਂ ਹੀ ਦੱਸ ਕੇ ਗਿਆ, ‘ਮਾਂ ਅਸੀਂ ਜਾਨੇ ਆਂ। ਦਸ ਦਿਨ ਤਾਂ ਮੁੜਦੇ ਨ੍ਹੀਂ । ਤੂੰ ਉਡੀਕ ਨਾ ਰੱਖੀਂ। ਅਸੀਂ ਆਪੇ ਆ ਜਾਂ ਗੇ ।’ ਪਦਮਾ ਨੇ ਦਿਆਲੋ ਦੇ ਪੈਰੀਂ ਹੱਥ ਲਾ ਕੇ ਜਾਣ ਦੀ ਇਜਾਜ਼ਤ ਮੰਗੀ ਸੀ।
ਤੇ ਫੇਰ ਹਰਦਿੱਤ ਸਿੰਘ ਦੇ ਭੋਗ ਤੋਂ ਇਕ ਦਿਨ ਪਹਿਲਾਂ ਉਹ ਆਏ।
ਤੇ ਫੇਰ ਪਿੰਡ ਵਿਚ ਚਰਚਾ, ‘ਦੇਖ ਲੋ, ਅਖੇ, ਪੜ੍ਹਿਆ ਵਿਐ। ਪਤਾ ਨੀਂ ਕੀ ਜਾਤ ਕੁਜਾਤ ਐ।
‘ਕਿਸੇ ਖਾਨਦਾਨੀ ਘਰ ਢੁਕਦਾ, ਤਾਂ ਦਾਜ ਨਾਲ ਘਰ ਭਰ ਦੇਣਾ ਸੀ ਅਗਲਿਆਂ ਨੇ। ਸੁਣਿਐ, ਇਹ ਤਾਂ ਲੀਰ ਵੀ ਨ੍ਹੀਂ ਲੈ ਕੇ ਆਈ।
‘ਦਾਜ ਨੂੰ ਕੀ ਮੋਹਰੇ ਬੰਨ੍ਹ ਕੇ ਲਿਆਂਦੀ ਐ, ਊਈਂ ਖਿਸਕਾ ਲਿਆਇਆ ਕਿਧਰੋਂ ।
‘ਐਡਾ ਵੱਡਾ ਘਰ ਸੀ। ਪੱਟੀ ਮੇਸ ਕਰਕੇ ਰੱਖ’ਤੀ ਕੇਰਾਂ ਤਾਂ ਹਰਦਿੱਤ ਸੂੰ ਦੀ।’
‘ਏਸੇ ਦੁੱਖ ਨੇ ਤਾਂ ਉਹਨੂੰ ਲੈ ਲਿਆ । ਹੋਰ ਕੀ ਉਹਨੇ ਸੂਈ ਖਾਧੀ ਸੀ।’
‘ਜਿੱਦਣ ਆਈ, ਓਦਣ ਈ ਲੈ ਲਿਆ ਉਹ ਤਾਂ, ਚੌਥਾ ਦਿਨ ਮਸਾਂ ਪਿਐ।
‘ਅਹੀ ਜੀ ਚੰਦਰੀ ਘਰ ਵੜੀ ਕਿਤੋਂ ਦੀ। ਦੇਹਲੀ ਪੈਰ ਰਖਣ ਸਾਰ ਬੱਸ..
ਪੜ੍ਹੇ ਲਿਖੇ ਲੋਕ ਤਾਰੀਫ ਵੀ ਕਰਦੇ, ‘ਨਵਾਂ ਜੁੱਗ ਇਹਨਾਂ ਈ ਮੁੰਡਿਆਂ ਨੇ ਲਿਆਉਣੇ।
ਜਾਤ ਪਾਤ, ਦਾਜ ਦਹੇਜ ਨੂੰ ਕੌਣ ਪੁਛਦੇ ਹੁਣ ? ਚੌਦਾਂ ਪਾਸ ਐ। ਅਕਲ ਸ਼ਕਲ ਸਭ ਐ। ਹਰਿੰਦਰ ਆਪ ਵੀ ਤਾਂ ਨਵੇਂ ਖਿਆਲਾਂ ਦੀ ਪੈਦਾਵਾਰ ਐ।’
ਨੌਜਵਾਨ ਮੁੰਡੇ ਸ਼ਾਬਾਸ਼ ਦਿੰਦੇ, ‘ਬਈ ਕੇਰਾਂ ਤਾਂ ਜਲਵਾ ਦਖਾ ‘ਤਾ ਹਰਿੰਦਰ ਨੇ ।
ਕੋਈ ਆਖਦਾ, ‘ਮੈਂ ਤਾਂ ਆਪ ਐਂ ਈ ਕਰੂੰ ।’
ਤੇ ਫੇਰ ਹਰਿੰਦਰ ਨੇ ਹੋਰ ਜਲਵੇ ਦਿਖਾਏ । ਪਿੰਡ ਦੇ ਲੋਕ ਉਹਦੀ ਅਕਲ ਉੱਤੇ ਹੈਰਾਨ ਹੁੰਦੇ। ਆਪਣੇ ਅੰਦਰਲੇ ਘਰ ਦੀ ਸਬਾਤ ਢਾਹ ਕੇ ਓਥੇ ਉਹਨੇ ਦੇ ਪੱਕੇ ਕਮਰੇ ਪਵਾ ਦਿੱਤੇ। ਪਿੰਡ ਦੇ ਨੌਜਵਾਨ ਅਤੇ ਪੜ੍ਹੇ ਲਿਖੇ ਵੱਡੇ ਬੰਦਿਆਂ ਦਾ ਇੱਕਠ ਕਰਕੇ ਇਸ ਥਾਂ ਲਾਇਬਰੇਰੀ ਖੋਲ੍ਹ ਦਿੱਤੀ। ਲਾਇਬਰੇਰੀ ਦਾ ਨਾਂ ਰਖਿਆ, ‘ਬਲਕਾਰ ਯਾਦਗਾਰ ਲਾਇਬਰੇਰੀ’। ਲਾਇਬਰੇਰੀ ਵਿਚ ਪੰਚਾਇਤ ਫੰਡ ਖਰਚ ਕਰਵਾ ਕੇ ਤਿੰਨ ਚਾਰ ਪੰਜਾਬੀ ਦੇ ਰੋਜ਼ਾਨਾ ਅਖ਼ਬਾਰ ਲਵਾ ਦਿੱਤੇ। ਭਾਈਰੂਪੇ ਨਿੱਤ ਅਖ਼ਬਾਰ ਆਉਂਦੇ ਸਨ। ਭਾਈਰੂਪੇ ਤੋਂ ਆ ਕੇ ਬੰਦਾ ਇਹ ਅਖ਼ਬਾਰ ਲਾਇਬਰੇਰੀ ਵਿਚ ਸੁੱਟ ਜਾਂਦਾ। ਜਲੰਧਰ ਉਹ ਪਿੰਡ ਦੇ ਦੋ ਹੋਰ ਸੂਝਵਾਨ ਮੁੰਡਿਆਂ ਨੂੰ ਨਾਲ ਲੈ ਗਿਆ। ਸੋ ਕਿਤਾਬ ਪੰਜਾਬੀ ਦੀ ਖ੍ਰੀਦ ਲਿਆਂਦੀ। ਆਪਣੇ ਗੁਪਤ ‘ਬਲਕਾਰ ਯਾਦਗਾਰ ਫੰਡ’ ਵਿਚੋਂ | ਨਾਵਲਾਂ, ਕਹਾਣੀਆਂ, ਲੇਖਾਂ ਅਤੇ ਕਵਿਤਾਵਾਂ ਦੀਆਂ ਕਿਤਾਬਾਂ। ਰੂਸੀ ਕਿਤਾਬਾਂ ਦੇ ਪੰਜਾਬੀ ਅਨੁਵਾਦ ਵੀ। ਬਹੁਤ ਸਾਰੀਆਂ ਕਿਤਾਬਾਂ ਉਹਨੇ ਆਪ ਪਹਿਲਾਂ ਪੜ੍ਹੀਆਂ ਹੋਈਆਂ ਸਨ । ਅੰਦਰਲੇ ਘਰ ਦੇ ਇਹਨਾਂ ਦੋ ਪੱਕੇ ਕਮਰਿਆਂ ਵਿਚੋਂ ਇਕ ਵਿਚ ਤਾਂ ਰੀਡਿੰਗ ਰੂਮ ਸੀ, ਦੂਜੇ ਵਿਚ ਕਿਤਾਬਾਂ ਦੀਆਂ ਅਲਮਾਰੀਆਂ ਰੱਖ ਦਿੱਤੀਆਂ। ਇਕ ਮੇਜ਼ ਅਤੇ ਦੋ ਤਿੰਨ ਕੁਰਸੀਆਂ ਵੀ। ਵਿਹਲੇ ਰਹਿੰਦੇ ਗਿਆਨੀ ਜੋਗਿੰਦਰ ਸਿੰਘ ਜੋਗੀ ਨੂੰ ਕਿਤਾਬਾਂ ਦੇਣ ਅਤੇ ਮੁੜਵਾਉਣ ਦੇ ਕੰਮ ਉੱਤੇ ਲਾ ਦਿੱਤਾ । ਜੋਗਿੰਦਰ ਸਿੰਘ ਪੰਜਾਬੀ ਤਾਂ ਜਾਣਦਾ ਹੀ ਸੀ । ਪੰਜਾਬੀ ਪੜ੍ਹ ਲੈਂਦਾ ਅਤੇ ਲਿਖ ਲੈਂਦਾ। ਉਹਨੇ ਇਕ ਰਜਿਸਟਰ ਲਾ ਲਿਆ । ਪਿੰਡ ਦੇ ਲੋਕ ਓਥੋਂ ਕਿਤਾਬਾਂ ਲਿਜਾ ਕੇ ਪੜ੍ਹਦੇ। ਇਕ ਮੋੜ ਦਿੰਦੇ, ਦੂਜੀ, ਲੈ ਜਾਂਦੇ। ਕਿਤਾਬਾਂ ਪੜ੍ਹਨ ਦੀ ਕੋਈ ਫੀਸ ਨਹੀਂ ਸੀ। ਹਰਿੰਦਰ ਆਪਣੇ ਕੋਲੋਂ ਗਿਆਨੀ ਜੋਗਿੰਦਰ ਸਿੰਘ ਜੋਗੀ ਨੂੰ ਪੰਜਾਹ ਰੁਪਏ ਮਹੀਨਾ ਦਿੰਦਾ ।
ਨਾਜਰ ਮਰ ਗਿਆ। ਹਰਨਾਮੀ ਹਾਲੇ ਹੈਗੀ ਸੀ । ਹਰਨਾਮੀ ਦੇ ਘਰ ਹੀ ਹੁਣ ਜੋਗਿੰਦਰ ਸਿੰਘ ਰਹਿੰਦਾ ਸੀ। ਸੱਥ ਵਿਚ ਬੈਠ ਕੇ ਲੋਕ ਪੁਰਾਣੀ ਗੱਲ ਛੇੜਦੇ ਤਾਂ ਹੱਸਣ ਲਗਦੇ। ਨਵੇਂ ਮੁੰਡਿਆਂ ਨੂੰ ਵਿਸ਼ਵਾਸ ਹੀ ਨਾ ਆਉਂਦਾ ਕਿ ਗਿਆਨੀ ਜੋਗਿੰਦਰ ਸਿੰਘ ਹਰਨਾਮੀ ਦਾ ਕਦੇ ਘਰਵਾਲਾ ਸੀ। ਤੇ ਉਹ ਜੋਗਿੰਦਰ ਸਿੰਘ ਅਤੇ ਹਰਨਾਮੀ ਦੇ ਹੁਣ ਵਾਲੇ ਰਿਸ਼ਤੇ ਨੂੰ ਦੇਖ ਕੇ ਹੈਰਾਨ ਹੁੰਦੇ।
ਪਰਾਗਦਾਸ ਦਾ ਡੇਰਾ ਉੱਜੜ ਚੁੱਕਿਆ ਸੀ। ਹੁਣ ਰਾਤ ਨੂੰ ੳਥੇ ਕੋਈ ਨਾ ਰਹਿੰਦਾ। ਕਈ ਸਾਲਾਂ ਦੀ ਗੱਲ ਹੈ, ਇਕ ਰਾਤ ਕੋਈ ਓਪਰੇ ਬੰਦੇ ਆਏ ਸਨ ਅਤੇ ਪਰਾਗਦਾਸ ਨੂੰ ਲੁੱਟ ਕੇ ਲੈ ਗਏ ਸਨ । ਇਕ ਵਾਰ ਫੇਰ ਆਏ ਸਨ। ਪਰਾਗਦਾਸ ਕੋਲੋਂ ਕੁਝ ਨਿੱਕਲਿਆ ਨਹੀਂ ਸੀ ਤਾਂ ਉਹ ਉਹਨੂੰ ਕੁੱਟ ਮਾਰ ਕੇ ਸੁੱਟ ਗਏ ਸਨ । ਖਾਸੀਆਂ ਸੱਟਾਂ ਲੱਗੀਆਂ ਸਨ। ਪਰਾਗਦਾਸ ਨੇ ਬਥੇਰਾ ਲੁੱਟ ਲਿਆ ਸੀ ਪਿੰਡ ਨੂੰ ਅਤੇ ਇਲਾਕੇ ਨੂੰ । ਉਹਨੇ ਸਿਆਣਪ ਕੀਤੀ ਅਤੇ ਇਕ ਰਾਤ ਚੁੱਪ ਚਾਪ ਹੀ ਕਿਧਰੇ ਅਲੋਪ ਹੋ ਗਿਆ । ਕਈ ਮਹੀਨੀਆਂ ਬਾਅਦ ਪਤਾ ਲੱਗਿਆ ਸੀ ਕਿ ਉਹ ਆਪਣੇ ਪਿੰਡ ਕਾਹਨਗੜ ਜਾ ਵੜਿਆ ਹੈ, ਭਤੀਜਿਆਂ ਕੋਲ।
ਇਕ ਦਿਨ ਹਰਿੰਦਰ ਨੇ ਪਿੰਡ ਦੇ ਨੌਜਵਾਨ ਮੁੰਡਿਆਂ ਦਾ ਇੱਕਠ ਕੀਤਾ। ਪਰਾਗਦਾਸ ਦੇ ਡੇਰੇ ਦੀ ਸ਼ਕਲ ਹੀ ਬਦਲ ਗਈ । ਅਧ ਢਹੇ ਕਮਰੇ ਢਾਹ ਦਿੱਤੇ ਗਏ। ਵਿਚਕਾਰੋਂ ਖੂਹੀ ਬੰਦ ਕਰ ਦਿੱਤੀ। ਧੂਣੇ ਵਾਲੀ ਥਾਂ ਬਹੁਤ ਪੱਕੀ ਸੀ । ਚੰਗਾ ਮੀਮਿੰਟ ਲੱਗਿਆ ਹੋਇਆ ਸੀ । ਨਾਲ ਦੇ ਦੋ ਕਮਰ ਵੀ ਓਵੇਂ ਜਿਵੇਂ ਸਾਬਤ ਦੇ ਸਾਬਤ ਖੜ੍ਹੇ ਸਨ। ਇਹ ਰਹਿਣ ਦਿੱਤੇ। ਇਕ ਲੰਮਾ-ਚੌੜਾ ਮੈਦਾਨ ਨਜ਼ਰ ਆਉਣ ਲੱਗਿਆ ਹੁਣ ਇਹ ਪਰਾਗਦਾਸ ਦਾ ਡੇਰਾ।
ਪੰਜਾਬ ਵਿਚ ਬਹੁਤ ਥਾਈਂ ਨਾਟਕ ਮੰਡਲੀਆਂ ਬਣ ਚੁੱਕੀਆਂ ਸਨ । ਇਹ ਲੋਕ ਪਿੰਡ ਪਿੰਡ ਜਾ ਕੇ ਡਰਾਮੇ ਖੇਡਦੇ। ਲੋਕਾਂ ਵਿਚ ਨਵੀਂ ਜਾਤੀ ਆ ਰਹੀ ਸੀ। ਪਰਾਗਦਾਸ ਦੇ ਡੇਰੇ ਇਕ ਪੱਕੀ ਸਟੇਜ ਬਣਵਾ ਕੇ ਪਿੰਡ ਦੀ ਨੌਜਵਾਨ ਸਭਾ ਨੇ ਇਸ ਥਾਂ ਬਹੁਤ ਸਾਰੇ ਡਰਾਮੇ ਖਿਡਵਾਏ ਸਨ। ਇਕ ਵਾਰ ਪਿੰਡ ਵਿਚ ਨੌਜਵਾਨ ਸਭਾ ਵਲੋਂ ‘ਪੇਂਡੂ ਮੇਲਾ’ਵੀ ਲਾਇਆ ਗਿਆ। ਦੋ ਰਾਤਾਂ ਨਾਟਕ ਖੇਡੇ।ਨੇੜੇ ਤੇੜੇ ਦੇ ਸਾਰੇ ਪਿੰਡ ਇਹਨਾਂ ਨਾਟਕਾਂ ਨੂੰ ਦੇਖ ਕੇ ਗਏ। ਪੇਂਡੂ ਮੇਲਾ ਦੇਖਣ ਬਠਿੰਡੇ ਤੋਂ ਪ੍ਰੋ: ਗੁਰਬਖਸ਼ ਸਿੰਘ ਅਤੇ ਪੁਸ਼ਪਿੰਦਰ ਵੀ ਆਏ । ਗੁਰਬਖਸ਼ ਸਿੰਘ ਨੇ ਦੋਵੇਂ ਦਿਨ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਬੜਾ ਵਿਦਵਤਾ ਭਰਪੂਰ ਲੈਕਚਰ ਦਿੱਤਾ। ਪਿੰਡ ਦੇ ਲੋਕ ਉਹਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੂੰ ਗੁਰਬਖਸ਼ ਸਿੰਘ ਆਪਣਾ ਆਪਣਾ ਲੱਗਿਆ। ਲਗਦਾ ਕਿਵੇਂ ਨਾ, ਉਹ ਪਿੰਡ ਦਾ ਜਮਾਈ ਸੀ।
Credit – ਰਾਮ ਸਰੂਪ ਅਣਖੀ