ਅਗੌਲ
ਸਥਿਤੀ :
ਤਹਿਸੀਲ ਨਾਭਾ ਦਾ ਅਗੌਲ ਪਿੰਡ, ਰੇਲਵੇ ਸਟੇਸ਼ਨ ਤੋਂ 12 ਕਿਲੋ ਮੀਟਰ ਨਾਭਾ ਅਗੌਲ ਸੜਕ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਵਿੱਚ ਚਾਰ ਪੱਤੀਆਂ ਭਾਮੜਾ, ਬਾਜਾ, ਅਗੌਲ ਤੇ ਲੋਊ ਹਨ। ਪਿੰਡ ਦਾ ਨਾਂ ਅਗੋਲ ਪੱਤੀ ਤੋਂ ਹੀ ਪਿਆ ਹੈ। ਪੁਰਾਣੇ ਸਮੇਂ ਵਿੱਚ ਇਸ ਪਿੰਡ ਦੇ ਇੱਕ ਪਾਸੇ ਭਾਦਸੋਂ ਦਾ ਰਾਜਾ ਭਦਰਸੈਨ ਤੇ ਦੂਜੇ ਪਾਸੇ ‘ਦਦਰਾਲਾ’ ਦਾ ਰਾਜਾ ਵਦਰਸੈਨ ਰਾਜ ਕਰਦੇ ਸਨ ਪਰ ਜੰਗਲਾਂ ਵਿਚਕਾਰ ਹੋਣ ਕਰਕੇ ਇਸ ਪਿੰਡ ਵੱਲ ਕਿਸੇ ਧਿਆਨ ਨਹੀਂ ਦਿੱਤਾ ਤੇ ਇਹ ਪਿੰਡ ਅਣਗੋਲਿਆ ਹੀ ਰਹਿ ਗਿਆ। ਪਿੰਡ ਦੇ ਲੋਕਾਂ ਦਾ ਖਿਆਲ ਹੈ ਕਿ ਅਣਗੋਲਿਆ ਕਰਕੇ ਵੀ ਇਸ ਪਿੰਡ ਦਾ ਨਾਂ ‘ਅਗੌਲ’ ਪੈ ਗਿਆ।
ਨਾਭਾ ਰਿਆਸਤ ਦੇ ਸਮੇਂ ਮਹਾਰਾਜਾ ਹੀਰਾ ਸਿੰਘ ਨੇ ਇਸ ਪਿੰਡ ਦੀ ਜਾਇਦਾਦ ਦੀ ਮਾਲਕ ਆਪਣੀ ਇੱਕ ਰਿਸ਼ਤੇਦਾਰ ਮਾਈ ਸਾਹਿਬ ਮਾਤਾ ਨੂੰ ਬਣਾ ਦਿੱਤਾ ਜਿਹੜੀ ਫਸਲਾਂ ਦੀ ਵਟਾਈ ਲੈਂਦੀ ਰਹੀ ਪਰ ਪਿੰਡ ਵੱਲ ਕੋਈ ਧਿਆਨ ਨਹੀਂ ਦਿੱਤਾ। ਬਾਅਦ ਵਿੱਚ ਉਸਦਾ ਭਤੀਜਾ ਵਟਾਈ ਲੈਣ ਲਗ ਪਿਆ। ਲੋਕਾਂ ਡੱਟ ਕੇ ਵਿਰੋਧ ਕੀਤਾ ਤੇ ਮਾਮਲਾ ਬਠਿੰਡਾ ਦੀ ਅਦਾਲਤ ਵਿੱਚ ਗਿਆ ਤੇ ਲੋਕਾਂ ਤੇ ਪਈ ਵਟਾਈ ਦਾ ਭਾਰ ਲੱਥ ਗਿਆ। ਪਿੰਡ ਵਿੱਚ ਇੱਕ ਪੁਰਾਣਾ ਗੁਰਦੁਆਰਾ ਹੈ ਜੋ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਜਾਣ ਲੱਗਿਆਂ ਇੱਥੇ ਦੁਪਹਿਰ ਕੱਟ ਕੇ ਗਏ ਸਨ।
ਇਕ ਪੁਰਾਣੇ ਸ਼ਿਵ ਮੰਦਰ ਤੇ ਬਾਬਾ ਗੁਸਾਈ ਦੀ ਸਮਾਧ ਦੀ ਪਿੰਡ ਦੇ ਲੋਕਾਂ ਵਿੱਚ ਬਹੁਤ ਸ਼ਰਧਾ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ