ਅਬਿਆਣਾ ਕਲਾਂ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਅਬਿਆਣਾ ਕਲਾਂ ਨੂਰਪੁਰ ਬੇਦੀ – ਰੂਪ ਨਗਰ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਰੂਪ ਨਗਰ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਦਰਿਆ ਸਤਿਲੁਜ ਨੇ ਘੇਰਿਆ ਹੋਇਆ ਹੈ। ਇਸ ਥਾਂ ‘ਤੇ ਪਾਣੀ ਦਾ ਵਹਾਉ ਇਸ ਤਰ੍ਹਾਂ ਹੈ ਕਿ ਪਿੰਡ ਦਰਿਆ ਦੇ ਵਿਚਕਾਰ ਆਉਣ ਕਰਕੇ ‘ਆਬ ਮੇਂ ਆਇਆ ਹੂਆ’ ਤੋਂ ‘ਅਬਿਆਣਾ’ ਬਣ ਗਿਆ। ਪਿੰਡ ਵਿੱਚ ਇੱਕ ਚੋਅ ਵਗਦਾ ਹੈ ਜੋ ਇਸ ਪਿੰਡ ਨੂੰ ਦੇ ਹਿੱਸਿਆਂ ਵਿੱਚ ਵੰਡਦਾ ਹੈ ਤੇ ਪਿੰਡ ਨੂੰ ਅਬਿਆਣਾ ਕਲਾਂ ਤੇ ਅਬਿਆਣਾ ਖੁਰਦ ਨਾਂ ਦੇ ਜਾਂਦਾ ਹੈ। ਪਿੰਡ ਦੇ ਨਾਲ ਹੀ ਇੱਕ ਜਗ੍ਹਾ ‘ਪੜਾਅ’ ਹੈ ਜੋ ਫੌਜ ਦੇ ਠਹਿਰਾ ਦਾ ਸਥਾਨ ਸੀ। ਇਹ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਛਾਉਣੀ ਸੀ ਜਦੋਂ ਉਸ ਨੇ ਰੋਪੜ ਦੇ ਸਥਾਨ ‘ਤੇ ਸੰਧੀ ਕੀਤੀ ਸੀ । ਇੱਥੋਂ ਸਿੱਧੀ ਪੰਛੀ ਉਡਾਣ ਰਾਹੀਂ ਲੁਧਿਆਣਾ- ਸ਼ਿਮਲਾ, ਜਲੰਧਰ, ਅੰਬਾਲਾ, ਪਟਿਆਲਾ ਅਤੇ ਹੁਸ਼ਿਆਰਪੁਰ ਸਾਰੇ ਸ਼ਹਿਰ 60 ਕਿਲੋਮੀਟਰ ਦੀ ਦੂਰੀ ‘ਤੇ ਹਨ।
ਪਿੰਡ ਵਿੱਚ ਜੱਟ, ਸੈਣੀ, ਹਰੀਜਨ, ਝਿਊਰ, ਨਾਈ, ਛੀਂਬੇ, ਤਰਖਾਣ, ਲੁਹਾਰ, ਰਾਜਪੂਤ ਅਤੇ ਬ੍ਰਾਹਮਣ ਜਾਤਾਂ ਦੇ ਵਸਨੀਕ ਹਨ। ਇੱਥੇ ਇੱਕ ‘ਸ਼ਹੀਦ ਬੁੰਗਾ ਬਾਹਰੀ ਸਿੰਘ’ ਹੈ, ਜਿੱਥੇ ਫੱਗਣ ਦੀ ਸੰਗਰਾਂਦ ਨੂੰ ਦੀਵਾਨ ਲੱਗਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ