ਕਦੇ ਦੇਸ਼ ਭਗਤ ਬੱਬਰਾਂ ਦੀ ‘ਚੀਫ਼ ਕੋਰਟ ਸੀ : ਕੋਟਫਤੂਹੀ
ਖਾੜਕੂ ਅਤੇ ਅਜ਼ਾਦੀ ਲਈ ਜੂਝਦੀ ਸਿਰਲੱਥ ਬੱਬਰ ਅਕਾਲੀ ਲਹਿਰ ਨਵੰਬਰ 1921 ਤੋਂ ਜੂਨ 1924 ਤੱਕ ਨਿਰੰਤਰ ਰੂਪ ‘ਚ ਭਰਪੂਰ ਢੰਗ ਨਾਲ ਚਲਦੀ ਰਹੀ। ਜੂਨ 1924 ਤੋਂ 1941 ਤੱਕ ਇਸ ਲਹਿਰ ਨਾਲ ਤੇ ਇਸ ਦੀ ਧਾਰਨਾ ਨਾਲ ਸੰਬੰਧਿਤ ਅੰਸ਼ਕ ਰੂਪ ‘ਚ ਪਰ ਸ਼ਿੱਦਤ ਭਰਪੂਰ ਘਟਨਾਵਾਂ ਵਾਪਰੀਆਂ। ਤਾਂ ਕਿ ਭੇਦ ਬਣਿਆ ਰਹੇ। ਇਨ੍ਹਾਂ ਬੱਬਰ ਨੇ ਕੁਝ ਸ਼ਬਦ ਆਪੋ ਵਿੱਚ ਗੱਲਬਾਤ ਕਰਨ ਲਈ ਆਪਣੇ ਹੀ ਬਣਾਏ ਹੋਏ ਸਨ, ਉਹ ਪਿੰਡ ਪਤਾਰੇ ਨੂੰ ‘ਮੱਕਾ’, ਕਿਸ਼ਨਪੁਰ ਨੂੰ ‘ਵੱਡਾ ਹਸਪਤਾਲ’, ਜੱਸੋਵਾਲ ਨੂੰ ‘ਹਾਈਕੋਰਟ’ ਅਤੇ ਕੋਟਫਤੂਹੀ ਨੂੰ ‘ਚੀਫ ਕੋਰਟ ਆਖਿਆ ਕਰਦੇ ਸਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ-ਫਗਵਾੜਾ ਮੁੱਖ ਸੜਕ ‘ਤੇ ਵੱਸਦੇ, ਫੱਤੇ ਦਾ ਕੋਟ-ਕੋਟ ਫਤੂਹੀ 20ਵੀ ਸਦੀ ਦੇ ਤੀਸਰੇ ਦਹਾਕੇ ਦੇ ਸ਼ੁਰੂਆਤੀ ਸਾਲਾਂ ‘ਚ ਅਜ਼ਾਦੀ ਲਈ ਜੂਝ ਮਰੇ ਬੱਬਰਾਂ ਦੀ ‘ਚੀਫ਼ ਕੋਰਟ’ ਆਖਿਆ ਕਰਦੇ ਸਨ। ਉਂਝ ਅੰਗਰੇਜ਼ਾਂ ਦੀਆਂ ਨਜ਼ਰਾਂ ‘ਚ ਇਸ ਕੋਟਫਤੂਹੀ ਨੂੰ ਹੀ ਖਤਰਨਾਕ ਲਾਲ ਬਿੰਦੂ ਵਿੱਚ ਉਦੋਂ ਹੀ ਦਰਸਾਇਆ ਗਿਆ, ਜਦੋਂ ਉਨ੍ਹਾਂ ਦੀ ਅਤਿ ਗੁਪਤ 1914 ਦੀ ਸੀ.ਆਈ.ਡੀ. ਰਿਪੋਰਟ ਦੀ ਫਾਈਲ ਨੰ. 670 ਅਨੁਸਾਰ, “ਇੱਥੋਂ ਦਾ ਇੱਕ ਹਰਦਿੱਤ ਸਿੰਘ ਨਾਂਅ ਦਾ ਬੰਦਾ 1914 ਦੀ ਪਹਿਲੀ ਨਵੰਬਰ ਨੂੰ ਵਿਕਟੋਰੀਆ (ਕੈਨੇਡਾ) ਤੋਂ ਗ਼ਦਰੀ ਸੁਰਮਿਆਂ ਨਾਲ ਮੁਲਕ ਅਜ਼ਾਦ ਕਰਵਾਉਣ ਲਈ ਬਹਿਰੀ ਬੇੜੇ ਰਾਹੀਂ ਰਵਾਨਾ ਹੋ ਗਿਆ ਹੈ ਅਤੇ ਨਾਲ ਹੀ ਲਾਗਲੇ ਪਿੰਡ ਪੰਡੋਰੀ ਦਾ ਨਿਰੰਜਣ ਸਿੰਘ, ਜਿਸ ਦੀ ਅਸਲ ਠਾਹਰ ਕੋਟਫਤੂਹੀ ਹੀ ਬਣਦੀ ਹੈ, ਵੀ ਤੁਰ ਪਿਆ ਹੈ, ਬਲਕਿ ਇਸੇ ਕੋਟਫਤੂਹੀ ਦਾ ਰਾਜਾ ਸਿੰਘ ਵੀ ਗ਼ਦਰੀਆਂ ਸੰਗ ਇਨ੍ਹਾਂ ਜਹਾਜ਼ਾਂ ਰਾਹੀਂ ਆ ਰਿਹਾ ਹੈ।” ਗ਼ਦਰ ਡਾਇਰੈਕਟਰੀ ਵਿੱਚ ਇਨ੍ਹਾਂ ਦੇ ਨਾਂਅ ਕ੍ਰਮਵਾਰ ਲੜੀ ਨੰ. 332, 732 ਅਤੇ 822 ‘ਤੇ ਦਰਜ ਹਨ। ਗੱਲ ਅਸੀਂ ਇਨ੍ਹਾਂ ਗ਼ਦਰੀਆਂ ਦੇ ਸਾਥੀ ਪ੍ਰਤਾਪ ਸਿੰਘ ਦੇ ਨਾਲ-ਨਾਲ ਕੋਟਫਤੂਹੀ ਦੇ ਹੀ ਬੱਬਰਾਂ ਸਮੇਤ ਹੋਰ ਸਾਰੇ ਦੇਸ਼ ਭਗਤਾਂ ਦੀ ਤਾਂ ਕਰਨੀ ਹੀ ਹੈ, ਪ੍ਰੰਤੂ ਵਿਲੱਖਣ ਪ੍ਰਤਿਭਾ ਵਾਲੇ ਸਦਾ ਲਈ ਤੁਰ ਗਏ ਬਜ਼ੁਰਗਾਂ ਦੀ ਵੀ ਤੋਰਨੀ ਹੈ। ਇਸ ਵਿੱਚ ਅਸੀਂ ਲੋਕਾਂ ਦੇ ਜਾਏ ਗਦਾਹੀ ਤੇ ਫੱਤੇ ਦੀ ਵੀ ਗੱਲ ਕਰਨੀ ਹੈ। ਜਿਹੜੇ ਪੈਰੋਕਾਰ ਤਾਂ ਰਹੇ ਸਨ, ਸ਼ਾਇਦ ਇਲਾਕੇ ਦੇ ਵੱਡੇ ਚੌਧਰੀ ਗੁਰਦਾਸ ਬੈਂਸ ਦੇ, ਪਰ ਅੱਜ ਕੋਟਫਤੂਹੀ ਕਾਰਨ ਨਾਂਅ ਉਸ ਜਗੀਰਦਾਰ ਦਾ ਨਹੀਂ, ਬਲਕਿ ਸੂਰਮੇ ਗਦਾਹੀ ਦੇ ਭਰਾ ਫੱਤੂ ਉਰਫ਼ ਫੱਤੇ ਦਾ ਜਿਊਂਦਾ ਹੈ, ਜਿਸ ਕਦੇ ਇੱਥੇ ਕੋਟ (ਛੋਟਾ ਕੱਚਾ ਕਿਲ੍ਹਾ) ਉਸਾਰਿਆ ਸੀ। ਜਿਸ ਨੇ ਆਪਣੇ ਵਰਗੇ ਆਮ ਲੋਕਾਂ ਲਈ ਸੰਘਰਸ਼ ਕੀਤਾ।
ਕੋਟਫਤੂਹੀ ਦੇ ਘਰਾਂ ‘ਚ ਇੱਕ ਫੱਕਰ ਆਗੂ ਬਾਬਾ ਦਿਆਲ ਦਾਸ ਦੀ ਵੀ ਅਲਖ ਬੋਲਦੀ ਸੀ, ਜਿਸ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਹੁਸ਼ਿਆਰਪੁਰ ਦੁਆਬੇ ਨੂੰ ਮਧੋਲਦੇ ਫਿਰਦੇ ਇੱਕ ਜਰਨੈਲ ਦੀਵਾਨ ਮੋਹਕਮ ਚੰਦ ਦੇ ਅਹਿਲਕਾਰਾਂ ਨੂੰ ਸਖ਼ਤੀ ਨਾਲ ਵਰਜ ਦਿੱਤਾ ਸੀ ਕਿ ਉਹ ਫੱਤੇ ਦੇ ਕੋਟ ਨੂੰ ਮਿੱਧ ਕੇ ਇੱਥੇ ਵੱਡਾ ਕਿਲ੍ਹਾ ਉਸਾਰਨ ਦੀ ਖੇਚਲ ਹਰਗਿਜ਼ ਨਾ ਕਰਨ। ਗੱਲ ਇਹ 19ਵੀਂ ਸਦੀ ਦੇ ਤੀਸਰੇ ਦਹਾਕੇ ਦੇ ਅੱਧ ਦੀ ਹੈ। ਦਿਆਲ ਦਾਸ ਯੋਧਾ ਤਾਂ ਭਾਵੇਂ ਨਹੀਂ ਸੀ, ਪਰ ਲੋਕਾਂ ‘ਚ ਉਸ ਦਾ ਪ੍ਰਭਾਵ ਹੀ ਅਜਿਹਾ ਸੀ ਕਿ ਮੋਹਕਮ ਚੰਦ ਦੇ ਯੋਧੇ ਚਾਹੁੰਦੇ ਹੋਏ ਵੀ ਅਜਿਹਾ ਨਾ ਕਰ ਸਕੇ।
ਕੋਟਫਤੂਹੀ ਨੂੰ ਵਸਾਉਣ ਵਾਲੇ ਗਦਾਹੀ ਤੇ ਫੱਤਾ ਦੋ ਭਰਾ ਸਨ। ਗਦਾਹੀ ਛੜਾ-ਛਾਂਟ ਸੀ ਤੇ ਫੱਤਾ ਬਾਲ-ਬੱਚੇਦਾਰ। ਸਮਾਂ ਇਹ ਉਹ ਸੀ, ਜਦ ਲੋਕ ਵਿਹਲੀਆਂ ਪਈਆਂ ਜ਼ਮੀਨਾਂ ਨੂੰ ਆਪਣੇ ਜੀਵਨ ਬਸਰ ਲਈ ਆ ਮਲਦੇ ਸਨ ਤੇ ਮੱਲੀ ਹੋਈ ਜਗ੍ਹਾ ਦੇ ਲਗਭਗ ਵਿਚਕਾਰ ਮੁਕਾਬਲਤਨ ਕਿਸੇ ਉੱਚੀ ਥਾਂ ਨੂੰ ਆਪਣਾ ਬਸਰ ਮੁਕਾਮ ਮਿੱਥਦੇ ਸਨ, ਪਰ ਨਾ ਤਾਂ ਮੌਜੂਦਾ ਜਗ੍ਹਾ ‘ਤੇ ਹੀ ਪਹਿਲਾਂ ਇਹ ਪਿੰਡ ਹੁੰਦਾ ਸੀ ਤੇ ਨਾ ਹੀ ਪਹਿਲ ਪਲੱਕੜਿਆਂ ਦੀ ਆਬਾਦੀ ਵਾਲੀ ਥਾਂ ਹੀ, ਜਿਸ ਨੂੰ ਆਪਣੀ ਲੋੜ ਅਨੁਸਾਰ ਹੋਰ ਉੱਚੀ ਕੀਤਾ ਗਿਆ। ਕਿਉਂਕਿ ਵਾਰ-ਵਾਰ ਬਰਸਾਤੀ ਪਾਣੀ ਦੀ ਮਾਰ ਜਦੋਂ ਇਨ੍ਹਾਂ ਦੀ ਭਲੀ ਭਾਂਤ ਦੀ ਜ਼ਿੰਦਗੀ ‘ਚ ਖਲਲ ਪਾ ਦਿੰਦੀ ਸੀ ਤਾਂ ਉਹ ਖੇੜੇ ਵਾਲੀ ਪਹਿਲੀ ਵੱਸੋਂ ਤੋਂ ਉੱਠ ਕੇ ਦਿਆਲ ਦਾਸ ਦੇ ਕਹੇ ਇਸ ਥਾਂ ਨੂੰ ਉੱਚਾ ਕਰਕੇ ਇੱਥੇ ਆ ਟਿਕੇ। ਫੱਤਾ ਜਾਤ ਦਾ ਜੱਟ ਸੀ ਤੇ ਗੋਤ ਵਜੋਂ ਬੈਂਸ ਜੱਟ ਜਿਨ੍ਹਾਂ ਨੂੰ ਸਿਥੀਅਨ ਨਸਲ ਦੇ ਆਰੀਅਨ ਕਿਹਾ ਜਾਂਦਾ ਸੀ, ਭਾਰਤੀ ਖਿੱਤੇ ਵਿੱਚ ਮੱਧ ਏਸ਼ੀਆ ਦੇ ਖੇਤਰ ਤੋਂ ਆਏ ਸਨ ਘੁੰਮਦੇ ਫਿਰਦੇ ਸਿੰਧ ਤੇ ਵਾਇਆ ਰਾਜਸਥਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਹੁੰਚ ਗਏ ਸਨ। ਨਵੀਆਂ ਚਰਾਂਦਾਂ ਦੀ ਭਾਲ ‘ਚ ਜੱਟ ਕਬੀਲੇ ਆਮ ਹੀ ਇੱਕ ਥਾਂ ਤੋਂ ਦੂਜੀ ਥਾਂ ਦੂਰ ਤੱਕ ਚਲੇ ਜਾਂਦੇ ਸਨ। ਕਈ ਵਾਰ ਸਥਾਨਕ ਕਬੀਲਿਆਂ ਨਾਲ ਲੜਾਈਆਂ ਵੀ ਹੋ ਜਾਂਦੀਆਂ ਸਨ। ਜੱਟਾਂ ਦੀ ਆਮਦ ਭਾਰਤ ਵਿੱਚ ਈਸਾ ਪੂਰਵ 2000 ਤੋਂ 800 ਸਾਲ ਪਹਿਲਾਂ ਦੀ ਮੰਨੀ ਜਾਂਦੀ ਹੈ। ਜੱਟ ਪਸ਼ੂ ਕਾਫੀ ਗਿਣਤੀ ‘ਚ ਰੱਖਦੇ ਸਨ। ਕਿਸੇ ਚੰਗੇ ਇਲਾਕੇ ਵਿੱਚ ਆਬਾਦ ਹੋਣ ਲਈ ਸਥਾਨਕ ਕਬੀਲਿਆਂ ਨਾਲ ਰਿਸ਼ਤੇਦਾਰੀਆਂ ਵੀ ਪਾ ਲੈਂਦੇ ਸਨ। 800 ਪੂਰ ਈਸਵੀ ਜੱਟ ਭਾਈਚਾਰੇ ਦੇ ਲੋਕ ਕੈਸ਼ਪੀਅਨ ਸਾਗਰ ਤੋਂ ਲੈ ਕੇ ਸਿੰਧ ਅਤੇ ਮੁਲਤਾਨ ਤੱਕ ਫੈਲੇ ਹੋਏ ਸਨ। ਜੱਟਾਂ ਨੂੰ ਬਾਹਲੀਕਾ ਵੀ ਕਿਹਾ ਜਾਂਦਾ ਸੀ, ਕਿਉਂਕਿ ਇਹ ਵਾਹੀ ਕਰਦੇ ਸਨ ਤੇ ਪਸ਼ੁ ਪਾਲਦੇ ਸਨ। ਜਿੱਥੋਂ ਤੱਕ ਬੈਂਸ ਗੋਤ ਦਾ ਸੰਬੰਧ ਹੈ, ਇਸ ਬਾਰੇ ਵੀ ਅੱਡ-ਅੱਡ ਵਿਦਵਾਨਾਂ ਦੀਆਂ ਵੱਖੋ-ਵੱਖਰੀਆਂ ਧਾਰਨਾਵਾਂ ਹਨ। ਬਹੁਤਾ ਕਰਕੇ ਕਿਹਾ ਜਾਂਦਾ ਹੈ ਕਿ ਬੈਂਸ ਵੀ ਜੱਟਾਂ ਦਾ ਬਹੁਤ ਪੁਰਾਣਾ ਕਬੀਲਾ ਹੈ। ਬੈਂਸ ਗੋਤ ਦਾ ਵਡੇਰਾ ਬੈਂਸ ਨਾਂ ਹੀ ਇੱਕ ਯੋਧਾ ਸੀ। ਬੈਂਸਾਂ ਦਾ ਮੋਢੀ ਪਿੰਡ ਮਾਹਿਲਪੁਰ ਮੰਨਿਆ ਜਾਂਦਾ ਹੈ। ਇਸ ਪਿੰਡ ਦਾ ਪਹਿਲਾ ਨਾਂਅ ਸ੍ਰੀ ਮਾਲ ਸੀ। ਥਾਨੇਸਰ ਦੇ ਵਰਧਨ ਦੇ ਵਡੇਰੇ ਵੀ ਪਹਿਲਾਂ ਇੱਥੇ ਹੀ ਰਹਿੰਦੇ ਸਨ। ਪ੍ਰਸਿੱਧ ਇਤਿਹਾਸਿਕਾਰ ਕਨਿੰਘਮ ਤੇ ਚੀਨੀ ਯਾਤਰੀ ਹਿਊਨਸਾਂਗ ਦੇ ਅਨੁਸਾਰ ਰਾਜਾ ਹਰਸ਼ਵਰਧਨ ਵੀ ਬੈਂਸ ਜੱਟਾਂ ਵਿੱਚੋਂ ਸੀ। ਮਾਹਿਲਪੁਰ ਦੇ ਇਲਾਕੇ ਵਿੱਚ ਬੈਂਸਾਂ ਦੇ 12 ਪਿੰਡ ਸਨ, ਪਰ ਕੋਈ ਲੋਕਾਂ ਦਾ ਵਿਚਾਰ ਹੈ ਕਿ ਇਹ ਜੱਟ ਕਬੀਲਾ ਰਾਜਸਥਾਨ ਦੇ ਬਾਂਸਵਾੜਾ ਇਲਾਕੇ ‘ਚੋਂ ਆਇਆ ਸੀ, ਜਿਸ ਕਰਕੇ ਇਨ੍ਹਾਂ ਨੂੰ ਬੈਂਸ ਕਿਹਾ ਜਾਣ ਲੱਗ ਪਿਆ ਅਤੇ ਇਨ੍ਹਾਂ ਦੇ ਬਜ਼ੁਰਗ ਜੰਜੂਆਂ ਰਾਜਪੂਤ ਸਨ। ਰਿਗਵੇਦ ਦੇ ਸਮੇਂ ਵੀ ਭਾਰਤ ਵਿੱਚ ਕਈ ਜੱਟ ਕਬੀਲੇ ਵੱਸਦੇ ਸਨ। ਮਹਾਂਭਾਰਤ ਵਿੱਚ ਰਾਜਪੂਤਾਂ ਦਾ ਕੋਈ ਜ਼ਿਕਰ ਨਹੀਂ, ਪਰ ਜਾਟਾਂ ਦਾ ਹੈ। ਉਦੋਂ ਪੰਜਾਬ, ਸਿੰਧ, ਗੁਜਰਾਤ ‘ਚ ਸੈਂਕੜੇ ਜੱਟ ਕਬੀਲਿਆਂ ਦਾ ਵਰਨਣ ਹੈ। ਮਹਾਂਭਾਰਤ ਦਾ ਯੁੱਧ ਅੱਜ ਤੋਂ ਲੱਗਭਗ ਤਿੰਨ ਤੋਂ ਚਾਰ ਹਜ਼ਾਰ ਸਾਲ ਦੇ ਵਿਚਕਾਰਲੇ ਸਮੇਂ ‘ਚ ਲੜਿਆ ਦੱਸਿਆ ਜਾਂਦਾ ਹੈ, ਜਦਕਿ ਜੱਟਾਂ ‘ਚੋਂ ਕੁਝ ਕਬੀਲੇ ਸੱਤ ਸੌ ਸਾਲ ਪਹਿਲਾਂ ਰਾਜਪੂਤਾਂ ਅਤੇ ਕਸ਼ੱਤਰੀਆਂ ਵਿੱਚੋਂ ਪਰਿਵਰਤਤ ਹੋਏ। ਕੁਝ ਇਤਿਹਾਸਿਕ ਖੋਜੀ ਭਗਵਾਨ ਰਾਮ ਅਤੇ ਕ੍ਰਿਸ਼ਨ ਤੱਕ ਨੂੰ ਵੀ ਜੱਟ ਕਬੀਲਿਆਂ ‘ਚ ਹੋਏ ਮੰਨਦੇ ਹਨ। ਜੱਟਾਂ ਦੇ ਰਾਜ ਬੰਸਾਂ ਤੋਂ ਹੀ ਰਾਜਪੂਤ ਬਣੇ ਸਨ, ਜੋ ਬੈਂਸ ਜੱਟਾਂ ਦਾ ਮੁੱਢ ਹੋ ਸਕਦਾ ਹੈ। ਕਿ ਬੈਂਸ ਜੱਟਾਂ ਤੋਂ ਜੰਜੂ, ਰਾਜਪੂਤ ਅਤੇ ਫਿਰ ਰਾਜਪੂਤੀ ਪ੍ਰੰਪਰਾਵਾਂ ‘ਤੇ ਪਹਿਰਾ ਨਾ ਦੇ ਸਕਣ ਕਾਰਨ ਰਾਜਪੂਤਾਂ ਤੋਂ ਛੇਕ ਦਿੱਤੇ ਜਾਣ ਕਾਰਨ ਮੁੜ ਜੱਟ ਫਿਰਕੇ ‘ਚ ਆਉਣ ਕਾਰਨ, ਇਨ੍ਹਾਂ ਨੂੰ ਜੰਜੂਆਂ ਰਾਜਪੂਤਾਂ ਦੀ ਸੰਤਾਨ ਕਿਹਾ ਜਾਣ ਲੱਗ ਪਿਆ ਹੋਵੇ। ਕੁਝ ਹੋਰਨਾਂ ਦਾ ਵਿਚਾਰ ਹੈ ਕਿ ਬੈਂਸ ਜੱਟ ਅਫਗਾਨਿਸਤਾਨ ਦੇ ਇੱਕ ਬੈਂਸ ਅਫਗਾਨ ਮੁਸਲਿਮ ਕਬੀਲੇ ਦੇ ਲੋਕ ਸਨ, ਜੋ ਵਰਾਸਤਾ ਜੰਮੂ ਕਸ਼ਮੀਰ ਇਧਰ ਆ ਟਿਕੇ ਸਨ ਅਤੇ ਇਹ ਅਫਗਾਨੀ ਬੈਂਸ ਕਬੀਲਾ ਪਹਿਲਾਂ ਹਿੰਦੂ ਕੁਸ਼ ਦੇ ਪਹਾੜੀ ਖੇਤਰ ਦੇ ਹਿੰਦੂ ਰਾਜੇ ਸਨ, ਜੋ ਕਿਸੇ ਕਾਰਨ ਮੁਸਲਮਾਨ ਬਣ ਬੈਠੇ। ਇਹੀ ਜਦ ਪੰਜਾਬ ‘ਚ ਆ ਟਿਕੇ ਤਾਂ ਇੱਥੋਂ ਦੀਆਂ ਤ੍ਰੀਮਤਾਂ ਨਾਲ ਵਿਆਹ ਰਚਾ ਕੇ ਜੱਟਾਂ ‘ਚ ਹੀ ਘੁਲ-ਮਿਲ ਗਏ। ਰਾਵਲਪਿੰਡੀ ਵੱਲ ਪੁਰਾਣੇ ਵਕਤਾਂ ਵਿੱਚ ਬੈਂਸ ਮੁਸਲਿਮ ਵੱਡੀ ਤਦਾਦ ‘ਚ ਸਨ। ਬੈਂਸ ਆਦਿਧਰਮੀਆਂ, ਬਾਲਮੀਕੀਆਂ ਅਤੇ ਜੱਟਾਂ ਦੇ ਨਾਲ-ਨਾਲ ਮੁਸਲਮਾਨਾਂ ਦਾ ਵੀ ਗੋਤ ਹੈ। ਕਈ ਵਿਦਵਾਨ ਆਖਦੇ ਹਨ ਕਿ ਮਹਾਂਭਾਰਤ ਦੀ ਜੰਗ ਤੋਂ ਬਾਅਦ ਹੋਈ ਉੱਥਲ-ਪੁਥਲ ਉਪਰੰਤ ਜੱਟਾਂ ਦੇ ਜਿਸ ਕਬੀਲੇ ਨੂੰ ਬਸਾਤੀ ਜਨਪਦ ਮਿਲਿਆ, ਉਨ੍ਹਾਂ ਲੋਕਾਂ ਨੂੰ ਪਹਿਲਾਂ ਬਸਾਤੀ ਤੇ ਫਿਰ ਬੈਂਸ ਕਿਹਾ ਜਾਣ ਲੱਗ ਪਿਆ। ਇਸ ਬਸਾਤੀ ਜਨਪਦ ਨੂੰ ਭਰਤਪੁਰ ਦੀ ਜਾਟ ਰਿਆਸਤ ਨਾਲ ਜੋੜਿਆ ਜਾਂਦਾ ਹੈ। ਪਰ ਇਧਰਲੇ ਬੈਂਸ ਜੱਟਾਂ ਦਾ ਮੁਢਲਾ ਘਰ ਪੰਜਾਬ ਖੇਤਰ ਦਾ ਦੁਆਬਾ ਖੇਤਰ ਹੀ ਹੈ ਤੇ ਕੁਝ ਖੋਜੀਆਂ ਅਨੁਸਾਰ ਫਗਵਾੜੇ ਲਾਗਲੇ ਬੈਂਸਲ ਜਾਂ ਬੀਸਲੇ ਪਿੰਡ ਨੂੰ ਵੀ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਬੈਂਸ ਜੱਟਾਂ ਦੇ ਪੂਰਵਜਾਂ ਦਾ ਮੁੱਢਲਾ ਪਿੰਡ ਕਿਹਾ ਜਾਂਦਾ ਹੈ। ਜਗਤ ਪ੍ਰਸਿੱਧ ਇਤਿਹਾਸਿਕ ਪੁਸਤਕ ਲੜੀ ਹੋਏ ਗਲੋਸਰੀ ਆਫ ਦੀ ਟਰਾਇਬ ਐਂਡ ਕਾਸਟਸ’ ਜੋ ਕਿ ਸਰ ਡੈਂਜਲ ਇਬਟਸਨ ਅਤੇ ਆਨਰਏਬਲ ਈ.ਡੀ. ਮੈਕਮੈਗਨ ਵਰਗੇ ਮਹਾਂਵਿਦਵਾਨਾਂ ਦੇ ਤੱਥਾਂ ‘ਤੇ ਅਧਾਰਤ ਐਚ.ਏ. ਰੋਜ਼ ਦੁਆਰਾ ਸੰਨ 1885 ਵਿੱਚ ਸਮਬੱਧ ਕੀਤੀ ਗਈ ਤੇ ਦੂਸਰੇ ਭਾਗ ਦੇ ਸਫਾ 35 ਉੱਤੇ ਜ਼ਿਕਰ ਆਉਂਦਾ ਹੈ ਕਿ “ਬੈਂਸ ਇੱਕ ਜੱਟ ਕਬੀਲਾ ਹੈ, ਜੋ ਕਿ ਹੁਸ਼ਿਆਰਪੁਰ ਅਤੇ ਜਲੰਧਰ ਇਲਾਕਿਆਂ ਵਿੱਚ ਕੁਝ ਜ਼ਿਆਦਾ, ਪਰ ਰਾਵਲਪਿੰਡੀ ਤੱਕ ਵੀ ਅਤੇ ਅੰਬਾਲੇ ਤੋਂ ਲੈ ਕੇ ਗੁਆਂਢੀ ਪੁਰਾਣੀਆਂ ਰਿਆਸਤਾਂ ਵਿੱਚ ਪਾਏ ਜਾਂਦੇ ਹਨ, ਜੋ ਕਿ ਆਪਣਾ ਮੁੱਢ ਜੰਜੂਹਾ ਰਾਜਪੂਤ ਦੱਸਦੇ ਹਨ, ਜਿਹੜੇ ਫਿਰੋਜਸ਼ਾਹ ਹੁਕਮਰਾਨ ਸਮੇਂ (1351 ਤੋਂ 1388 ਈਸਵੀ) ਇਧਰ ਆਏ। ਰਾਜਪੂਤਾਂ ਦੇ 36 ਸ਼ਾਹੀ ਪਰਿਵਾਰਾਂ ‘ਚੋਂ ਇੱਕ ਸਨ, ਪਰ ਖੋਜੀ ਕਰਨਲ ਟਾਡ ਕਹਿੰਦਾ ਹੈ ਕਿ ਇਹ ਕਸ਼ੱਤਰੀਆਂ ਦੇ ਸਰੂਜਵੰਸ਼ੀ ਕੁਨਬੇ ‘ਚੋਂ ਸਨ, ਜੋ ਕਿ ਗੰਗਾ, ਜਮਨਾ ਦੁਆਬ ‘ਚ ਬੈਂਸਵਾੜਾ ਕਹਾਉਂਦਾ ਸੀ ਤੋਂ ਉੱਠ ਕੇ ਆਏ।” ਮਾਹਿਲਪੁਰ, ਜੋ ਕਿ ਬਾਅਦ ‘ਚ ਇਨ੍ਹਾਂ ਦਾ ਸਦਰ-ਮੁਕਾਮ ਬਣਿਆ ਤੋਂ ਬਿਨਾਂ ਇਸ ਨਾਲ ਗਿਆਰਾਂ ਪਿੰਡ ਖੈੜਾ (ਬੈਂਸ ਸਭ ਤੋਂ ਪਹਿਲਾਂ ਇੱਥੇ ਟਿਕੇ), ਪਥਰਾਲਾ, ਭਾਰਟਾ, ਗਣੇਸ਼ਪੁਰ, ਨੰਗਲ ਖੁਰਦ, ਦਾਦੂਵਾਲ, ਗੋਂਦਪੁਰ, ਚੰਬਲਾ, ਨੰਗਲ ਕਲਾਂ, ਸਰਹਾਲਾ ਕਲਾਂ ਤੇ ਰਸੂਲਪੁਰ ਸਮੇਤ ਬੈਂਸਾਂ ਦਾ ਬਾਰਾ ਅਖਵਾਉਣ ਲੱਗਾ। ਇਸੇ ਹੀ ਰਸੂਲਪੁਰ ਵਿੱਚ ਗੁਰਦਾਸ ਬੈਂਸ ਵਸਦਾ ਸੀ ਤੇ ਇੱਥੋਂ ਹੀ ਉਸ ਦੇ ਦੋ ਪੈਰੋਕਾਰਾਂ ਗਦਾਹੀ ਤੇ ਫੱਤੇ ਨੇ ਪਹਿਲਾਂ ਹੁਣ ਦੇ ਮਸ਼ਹੂਰ ਮੰਨਣਹਾਨੇ ਕੀ ਵਾਲੇ ਹਰੀ ਧਾਮ ਕੋਲ ਮੌਜੂਦਾ ਬਿਸਤ ਦੁਆਬ ਨਹਿਰ ਲਾਗਲੀ ਥਾਂ ਕੋਲ 19ਵੀਂ ਸਦੀ ਦੇ ਬਿਲਕੁਲ ਸ਼ੁਰੂ ਵਿੱਚ ਆਪਣੀ ਮੋਹੜੀ ਗੱਡੀ, ਜਿਸ ਨੂੰ ਹੁਣ ਖੈੜਾ ਕਿਹਾ ਜਾਂਦਾ ਹੈ, ਪਰ ਉਸ ਸਮੇਂ ਪੈਂਦੀ ਵਾਰ-ਵਾਰ ਬਰਸਾਤੀ ਪਾਣੀ ਦੀ ਮਾਰ ਕਰਕੇ ਉਨ੍ਹਾਂ ਨੂੰ ਉੱਥੋਂ ਉੱਠ ਕੇ ਮੌਜੂਦਾ ਪੁਰਾਣੀ ਕੋਤਫਤੂਹੀ ਦੀ ਥਾਂ ਆਪਣਾ ਵਸੇਰਾ ਕਰਨਾ ਪਿਆ। ਪਹਿਲਾਂ ਪਾਣੀ ਦੀ ਲੋੜ ਖਾਤਰ ਵੱਡਾ ਟੋਬਾ ਪੁੱਟ ਕੇ ਉਸ ਦੀ ਮਿੱਟੀ ਵਿਛਾਈ ਗਈ ਤੇ ਉਦਾਸੀ ਸੰਪਰਦਾ ਦੇ ਇੱਕ ਮਸ਼ਹੂਰ ਸੰਤ ਦਿਆਲ ਦਾਸ ਤੋਂ ਉਨ੍ਹਾਂ ਨਾ ਸਿਰਫ਼ ਇਸ ਪਿੰਡ ਦਾ ਕਿੱਲਾ ਹੀ ਗਡਵਾਇਆ, ਬਲਕਿ ਉਸ ਦੀ ਮੰਗ ਕਰਨ ‘ਤੇ ਪਾਣੀ ਦੀ ਮਾਰ ਤੋਂ ਬਚਣ ਲਈ ਉਸ ਲਈ ਵੀ ਮਿੱਟੀ ਦਾ ਉੱਚਾ ਟਿੱਲਾ ਬੰਨ੍ਹਿਆ, ਜਿਸ ‘ਤੇ ਉਹ ਛੰਨ ਪਾ ਕੇ ਬੈਠਾ। ਇਸੇ ਟਿੱਲੇ ਦਾ ਕੁਝ ਹਿੱਸਾ ਅੱਜ ਵੀ ਸਾਬਤ-ਸਬੂਤਾ ਖੜਾ ਹੈ। ਬੈਂਸਾਂ ਦਾ ਧਰਮ ਗੁਰੂ ਮੰਨਿਆ ਜਾਣ ਵਾਲਾ ਇਹ ਫੱਕਰ ਮਗਰੋਂ ਹਿਮਾਚਲ ਦੇ ਪੰਡੋਗੇ ਪਿੰਡ ਨਾਲ ਲੱਗਦੀਆਂ ਮੈਲੀ ਪਿੰਡ ਦੀਆਂ ਪਹਾੜੀਆਂ ਵਿੱਚ ਸਦਾ ਲਈ ਜਾ ਟਿਕਿਆ, ਜਿੱਥੇ ਉਸ ਨੂੰ ਇਧਰ ਭਰਮਣ ਕਰਨ ਆਇਆ ਮਹਾਰਾਜਾ ਰਣਜੀਤ ਸਿੰਘ ਵੱਡੀ ਜਗੀਰ ਦੇ ਗਿਆ। ਫੱਤੇ ਨੇ ਹੀ ਪਿੰਡ ਵਾਲੀ ਉੱਚੀ ਥਾਂ ਦੇ ਚਾਰੇ ਪਾਸੇ ਉਸ ਫੱਕਰ ਹੱਥੋਂ ਹੀ ਚਾਰ ਬੁਰਜ ਤਾਮੀਰ ਕਰਵਾ ਕੇ ਪਿੰਡ ਦੀ ਜੂਹਬੰਦੀ ਕਰ ਦਿੱਤੀ। ਇਨ੍ਹਾਂ ਬੁਰਜਾਂ ਨੂੰ ਜੋੜਦੀ ਇੱਕ ਉੱਚੀ ਕੰਧ ਉਸਾਰੀ ਗਈ ਅਤੇ ਬਾਅਦ ‘ਚ ਇਨ੍ਹਾਂ ਨਾਲ ਜੁੜਵੇਂ ਹੀ ਚਾਰ ਦਰਵਾਜ਼ੇ, ਜੋ ਬਾਅਦ ‘ਚ ਵੱਡਾ ਦਰਵਾਜ਼ਾ, ਛੋਟਾ ਦਰਵਾਜ਼ਾ, ਪਹਾੜੀਆਂ ਵਾਲਾ ਦਰਵਾਜ਼ਾ, (ਜਿਸ ਸਾਈਡ ਪਹਾੜੀ ਲੋਕ ਵੱਸੇ) ਅਤੇ ਆਦਿਧਰਮੀ ਦਰਵਾਜ਼ਾ ਅਖਵਾਏ, ਦੀ ਉਸਾਰੀ ਹੋਈ। ਸ਼ਾਇਦ ਅਜਿਹੀ ਜੂਹਬੰਦੀ ਕਰਕੇ ਹੀ ਇਸ ਨੂੰ ਫੱਤੇ ਦਾ ਕੋਟ ਅਰਥਾਤ ਛੋਟਾ ਕਿਲ੍ਹਾ ਜਾਂ ਗੜ੍ਹੀ ਕਿਹਾ ਜਾਣ ਲੱਗ ਪਿਆ ਤੇ ਇਸ ਫੱਤੇ ਦੇ ਕੋਟ ‘ਚੋਂ ਵਿਗੜਦਾ ਸੰਵਰਦਾ ਅੱਜ ਦੀ ਕੋਟਫਤੂਹੀ ਬਣ ਬੈਠਾ। ਪਰ ਇੱਥੋਂ ਦਾ ਹੀ ਇੰਗਲੈਂਡ ਬੈਠਾ ਲੇਖਕ ਕਸ਼ਮੀਰਾ ਸਿੰਘ ਚਰਨ ਦਾਅਵਾ ਕਰਦਾ ਹੈ ਕਿ ‘ਫੱਤੂ ਨੇ ਇੱਥੇ ਇੱਕ ਛੋਟਾ ਜਿਹਾ ਕਿਲ੍ਹਾ ਬਣਾਇਆ, ਜਿਸ ਨੂੰ ਕੋਟ ਫੱਤੂ ਕਿਹਾ ਜਾਣ ਲੱਗਾ। ਸਮੇਂ ਦੀਆਂ ਠੋਕਰਾਂ ਖਾ-ਖਾ ਇਹ ਕੋਟ ਨਕਾਰਾ ਬਣ ਕੇ ਇੱਕ ਪਿੰਜਰ ਦਾ ਰੂਪ ਧਾਰ ਗਿਆ। ਸੰਨ 1947 ਤੋਂ ਪਹਿਲਾਂ ਇਸ ਕੋਟ ਦੇ ਪਿੰਜਰ ਦੇ ਵਜੂਦ ਦੇਖਣ ‘ਚ ਆਉਂਦੇ ਸਨ। ਇਹ ਕੇਵਲ ਇੱਟਾਂ ਤੋਂ ਰਹਿਤ ਇੱਕ ਉੱਚਾ ਜਿਹਾ ਥੇਹ ਹੀ ਰਹਿ ਗਿਆ ਸੀ ਅਤੇ ਹੌਲੀ ਹੌਲੀ ਇਹ ਥੇਹ ਰੂਪੀ ਵਜੂਦ ਵੀ ਸਮੇਂ ਦੀ ਬੁੱਕਲ ‘ਚ ਸਮੋ ਗਿਐ।
ਪਰ ਕਈ ਬਜ਼ੁਰਗਾਂ ਦੀ ਗੱਲ ਤੋਂ ਅੰਦਾਜ਼ਾ ਲੱਗਦਾ ਹੈ ਕਿ ਸੰਨ 1825 ‘ਚ ਜਦ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਦੀਵਾਨ ਮੋਹਕਮ ਚੰਦ ਕਾਂਗੜੇ ਵਾਲੇ ਰਾਜਾ ਸੰਸਾਰ ਚੰਦ ਤੋਂ ਬਜਵਾੜਾ ਹੁਸ਼ਿਆਰਪੁਰ ਦਾ ਇਲਾਕਾ ਖੋਹ ਕੇ ਇੱਧਰ ਵਧਿਆ ਤਾਂ ਉਸ ਨੇ ਯੁੱਧਨੀਤਕ ਪੱਖ ਤੋਂ ਇਹ ਥਾਂ ਜਾਂਚ ਕੇ ਇੱਕ ਕਿਲ੍ਹਾ ਉਸਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਦਿਆਲ ਦਾਸ ਦੀ ਅਪੀਲ ‘ਤੇ ਅਜਿਹਾ ਨਾ ਕੀਤਾ ਤਾਂ ਇਸ ਥਾਂ ਨੂੰ ਕੋਟ ਕਿਹਾ ਜਾਣ ਲੱਗਾ। ਫਾਰਸੀ ਸ਼ਬਦਾਵਲੀ ਵਿੱਚ ਕੋਟ ਦਾ ਮਤਲਬ-ਦੁਰਗ ਜਾਂ ਕਿਲਾ (ਜੋ ਛੋਟੇ ਸਾਇਜ਼ ਦਾ ਹੋਵੇ, ਜਿਸ ਨੂੰ ਗੜ੍ਹੀ ਕਿਹਾ ਜਾ ਸਕਦਾ ਹੈ। ਅਤੇ ਕੋਟ ਦਾ ਇੱਕ ਅਰਥ-ਸਹਰ ਜਾਂ ਸ਼ਹਿਰ ਜਾਂ ਉਹ ਥਾਂ ਜਿੱਥੇ ਪਨਾਹ ਲਈ ਜਾ ਸਕਦੀ ਹੋਵੇ, ਅਤੇ ਕੋਟ ਇੱਕ ਅਰਥ-ਰਾਜੇ ਦਾ ਮੰਦਰ ਜਾਂ ਕਰੋੜ ਵੀ ਹੁੰਦਾ ਹੈ। ਅੰਗਰੇਜ਼ੀ ਵਿਉਂਤਬੰਦੀ ਅਨੁਸਾਰ ਟੋਹਰੀ ਮੋਟੇ ਕੱਪੜੇ ਦੀ ਵੱਡੇ ਬਟਨਾਂ ਵਾਲੀ ਕਮੀਜ਼ ਜਾਂ ਵਸਤਰ (ਕੋਟ ਪੈਂਟ) ਜੋ ਵੱਡੇ ਬਟਨਦਾਰ ਹੁੰਦਾ ਹੈ। ਉਂਜ ਕੋਟ ਦੇ ਪੰਜਾਬੀ ਅਰਥ ਬੇਸ਼ੁਮਾਰ, ਅਨੰਤ, ਬਹੁਤ ਵੀ ਹੁੰਦਾ ਹੈ। ਫਤੂਹੀ, ਕੋਟ ਦੇ ਅੰਦਰਵਾਰ ਪਾਉਣ ਵਾਲੀ ਜਾਂ ਕਮੀਜ਼ ਹੇਠ ਪੈਸੇ ਕਾਗਜ਼ਾਤ ਰੱਖਣ ਲਈ ਬਹੁਤੀਆਂ ਜੇਬਾਂ ਵਾਲੀ ਬਨੈਣ ਜਾਂ ਝੱਗੀ ਨੂੰ ਵੀ ਅਖਦੇ ਹਨ। ਕੁਝ ਵੀ ਹੋਵੇ ਪਿੰਡ ਦੀ ਨੀਂਹ ਧਰਨ ਵਾਲੇ ਗਦਾਹੀ ਤੇ ਫੱਤੂ ਦੋ ਭਰਾ ਸਨ, ਜੋ ਕਿ ਗੁਰਦਾਸ ਬੈਂਸ ਦੇ ਨੌਕਰ ਨਹੀਂ ਹੋਣੇ, ਜਿਵੇਂ ਕਿ ਕੁਝ ਲੋਕਾਂ ਦਾ ਵਿਚਾਰ ਹੈ ਕਿਉਂਕਿ ਜੇ ਇੰਜ ਹੁੰਦਾ ਤਾਂ ਪਿੰਡ ਉਸ ਦੇ ਨਾਂਅ ਵੱਜਣਾ ਸੀ, ਸੋ ਗਦਾਹੀ ਤੇ ਬੈਂਸ ਇਸ ਇਲਾਕੇ ਅਸਲ ਕਾਬਜ਼ ਹੋਣੇ ਹਨ, ਕਿਉਂਕਿ ਉਨ੍ਹਾਂ ਵਕਤਾਂ ’ਚ ਇੱਕ ਕਾਬਜ਼ ਸ਼ਖ਼ਸ ਹੀ ਰੱਖਿਅਕ ਚੌਕੀ ਲੋੜ ਪੈਣ ‘ਤੇ ਉਸਰਦਾ ਸੀ ਤੇ ਅਜਿਹਾ ਉਹ ਹੀ ਕਰਦਾ ਹੈ, ਜੋ ਧੜੱਲੇਦਾਰ ਤੇ ਪੂਰੀ ਤਰ੍ਹਾਂ ਸਾਧਨ ਸੰਪੰਨ ਹੋਵੇ। ਵੈਸੇ ਵੀ ਗੁਰਦਾਸ ਬੈਂਸ ਦਾ ਨਾਂਅ ਗਦਾਹੀ ਫੱਤਾ ਨਾਲੋਂ ਕੁਝ-ਕੁਝ ਮਾਡਰਨ ਲੱਗਦਾ ਹੈ। ਹੋ ਇਹ ਵੀ ਸਕਦਾ ਹੈ ਕਿ ਇਹ ਉਸ ਤੋਂ ਕਿਤੇ ਪਹਿਲਾਂ ਹੋਏ ਹੋਣ, ਮਗਰੋਂ ਗੁਰਦਾਸ ਬੈਂਸ ਦੀ ਪਰਿਵਾਰਿਕ ਧਿਰ ਨੇ ਅਚੇਤ ਜਾਂ ਸੁਚੇਤ ਕਿਸੇ ਕਾਰਨ ਉਨ੍ਹਾਂ ਨੂੰ ਨੌਕਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਉਂਜ 1884 ਦੀ ਗਜ਼ਟੀਅਰ ਮੁਤਾਬਕ ਇਹ ਬੈਂਸ ਲੋਕ ਲਾਗਲੇ ਪਿੰਡ ਰਸੂਲਪੁਰ ‘ਚੋਂ ਉੱਠ ਕੇ ਆਏ ਸਨ। ਗੁਰਦਾਸ ਬੈਂਸ ਦੀ ਇੱਕੋ ਲੜਕੀ ਸੀ, ਜੋ ਕਿ ਮਾਝਾ ਖੇਤਰ ਵਿੱਚ ਸੰਧੂ ਜੱਟਾਂ ਦੇ ਵਿਆਹੀ ਸੀ। ਇੰਜ ਉਸ ਦੇ ਟੱਬਰ ਦੀ ਅੱਗੇ ਕੋਈ ਸਾਖ ਨਹੀਂ ਤੁਰਦੀ। ਹੋ ਸਕਦਾ ਹੈ ਕਿ ਉਸ ਦੇ ਖਸਮ-ਖਾਸ ਇਹ ਗਦਾਹੀ ਤੇ ਫੱਤਾ ਹੀ ਬਾਅਦ ‘ਚ ਉਸ ਦੀ ਸਲਤਨਤ ਦੇ ਇੱਕ ਭਾਗ ਦੇ ਕਰਤਾ-ਧਰਤਾ ਬਣ ਬੈਠ ਕੇ ਕੋਟ ਫਤੂਹੀ ਵਸਾਉਣਦਾ ਸਬੱਬ ਬਣੇ ਹੋਣ। ਪਿੰਡ ਕੋਟਫਤੂਹੀ ਦੀ ਪੁਰਾਣੀ ਆਬਾਦੀ ਅਤੇ ਦਿਆਲ ਦਾਸ ਦੇ ਡੇਰੇ ਵਿਚਕਾਰ ਨਿੱਕੀਆਂ ਇੱਟਾਂ ਦਾ ਇੱਕ ਖੂਹ ਹੈ, ਜੋ ਦਰਗਾਹੀ ਦੇ ਨਾਂਅ ਵੱਜਦਾ ਹੈ। ਰਣਜੀਤ ਸਿੰਘ ਦੇ ਰਾਜ ਵੇਲੇ ਤੱਕ ਪ੍ਰਚਲਤ ਰਹੀਆਂ ਇਨ੍ਹਾਂ ਨਾਨਕਸ਼ਾਹੀ ਇੱਟਾਂ ਵਾਲੇ ਇਸ ਖੂਹ ਨੂੰ ਪਿੰਡ ਵੱਸਣ ਵੇਲੇ ਦਾ ਹੀ ਹੋਂਦ ‘ਚ ਆਇਆ ਮੰਨਿਆ ਜਾਂਦਾ ਹੈ। ਜਿਸ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਫੱਤੂ ਦਾ ਭਰਾ ਗਦਾਹੀ ਨਾ ਹੋ ਕੇ ਦਰਗਾਹੀ ਹੋਵੇ ਅਤੇ ਇਸੇ ਦਰਗਾਹੀ ਦਾ ਨਾਂਅ ਸ਼ਬਦ ਦਰ ਸ਼ਬਦ ਵਿਗੜਦਾ-ਸੰਵਰਦਾ ਪਹਿਲਾਂ ਦਗਾਹੀ ਤੇ ਫਿਰ ਗਦਾਹੀ ਬਣ ਗਿਆ ਹੋਵੇ। ਇਹ ਖੂਹ ਬਾਅਦ ‘ਚ ਹੋਂਦ ‘ਚ ਆਏ ਸਾਰੇ ਦੇ ਸਾਰੇ ਮਸ਼ਹੂਰ ਖੂਹਾਂ ਤੋਂ ਕਿਤੇ ਵਧ ਪੁਰਾਣਾ ਜਾਪਦਾ ਹੈ। ਉਦੋਂ ਖੂਹ ਲਗਵਾਉਣਾ ਵੀ ਇੱਕ ਵੱਡਾ ਤੇ ਔਖਾ ਕਾਰਜ ਹੁੰਦਾ ਸੀ, ਸੋ ਇਹ ਖੂਹ ਵੀ ਫੱਤੇ ਦੇ ਗਦਾਹੀ ਦੇ ਨਾਲ-ਨਾਲ ਕੋਟ ਫਤੂਹੀ ਦੀਆਂ ਇਤਿਹਾਸਿਕ ਯਾਦਾਂ ਸਮੋਈ ਬੈਠਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਫੱਤਾ ਦੇ ਰੈਣ-ਬਸੇਰੇ ਵਾਲੀ ਥਾਂ ਜਿੱਥੇ ਪਿੰਡ ਦਾ ਮੁੱਢ ਬੱਝਿਆ ਨੂੰ ਪਹਿਲਾਂ ਕੋਟ ਫੱਤਾ ਫਿਰ ਫੱਤੂਦਾ ਕੋਟ ਤੇ ਆਖਰ ਕੋਟਫਤੂਹੀ ਕਿਹਾ ਜਾਣ ਲੱਗ ਪਿਆ।
ਸਿੱਖ ਆਬਾਦੀ ਨਾਲ ਸੰਬੰਧਿਤ ਪੰਜਾਬ ਦੇ ਟਾਵੇਂ-ਟਾਵੇਂ ਪਿੰਡ ਬੰਦਾ ਬਹਾਦਰ ਵੇਲੇ ਅਤੇ ਕੁਝ ਵੱਧ ਸਿੱਖ ਮਿਸਲਾਂ ਵੇਲੇ, ਪਰ ਬਹੁਤੇ ਪਿੰਡ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਂਦ ‘ਚ ਆਏ, ਜਦ ਸਿੱਖ ਧਰਮ ਦੇ ਅਨੁਆਈਆਂ ਨੂੰ ਟਿਕ ਕੇ ਬੈਠਣ ਦਾ ਮੌਕਾ ਮਿਲਿਆ। ਸਿੱਖਾਂ ਦੀ ਜ਼ਮੀਨੀ ਮਾਲਕੀ ਵੀ ਬੰਦਾ ਬਹਾਦਰ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜ ਤੱਕ ਹੀ ਸਥਾਪਤ ਹੋਈ। ਉਸ ਤੋਂ ਪਹਿਲਾਂ ਬਹੁਤੀਆਂ ਜ਼ਮੀਨਾਂ ਦੇ ਮਾਲਕ ਹਿੰਦੂ ਚੌਧਰੀ ਜਾਂ ਮੁਸਲਮਾਨ ਜਗੀਰਦਾਰ ਸਨ। ਇੰਜ ਕੋਟਫਤੂਹੀ ਵੀ 19ਵੀਂ ਸਦੀ ਦੇ ਸ਼ੁਰੂ ‘ਚ ਹੋਂਦ ‘ਚ ਆਇਆ, ਪਰ ਸੰਨ 1849 ਤੱਕ ਅੰਗਰੇਜ਼ਾਂ ਦੇ ਪੰਜਾਬ ‘ਤੇ ਮੁਕੰਮਲ ਰੂਪ ‘ਚ ਕਾਬਜ਼ ਹੋਣ ਉਪਰੰਤ ਪਹਿਲੇ ਜ਼ਮੀਨੀ ਬੰਦੋਬਸਤ 1857 ਅਤੇ ਦੂਸਰੇ ਸੰਨ 1884 ਦੇ ਬੰਦੋਬਸਤ ਨਾਲ ਸੰਬੰਧਿਤ ਮਾਲ ਦਸਤਾਵੇਜ਼ ਇਸ਼ਾਰਾ ਕਰਦੇ ਹਨ ਕਿ ਇਹ ਪਿੰਡ ਸੰਨ 1801 ਤੋਂ ਛੇਤੀ ਹੀ ਬਾਅਦ ਕਿਸੇ ਨਾ ਕਿਸੇ ਰੂਪ ‘ਚ ਖੈੜਾ ਕੋਟਫਤੂਹੀ ਵਿਖੇ ਹੋਂਦ ‘ਚ ਆ ਚੁੱਕਾ ਸੀ। ਫੱਤੂ ਦੀ ਪਰਿਵਾਰਕ ਬੰਸ਼ਾਵਲੀ ਵੀ ਅਜਿਹਾ ਹੀ ਦੱਸਦੀ ਹੈ। ਫੱਤੂ-ਸੋਭਾ-ਅੱਤਰ-ਗੁਰਦਿੱਤਾ ਜਾਗਰ ਸਿੰਘ, ਸੋਹਣ ਸਿੰਘ (ਛੇਵੀਂ ਪੀਹੜੀ ਉਮਰ 60 ਸਾਲ) ਤੱਕ ਫੜੀ ਗਈ ਪਰਿਵਾਰਕ ਬੰਸ਼ਾਵਲੀ ਤੱਕ। ਕਿਉਂਕਿ ਆਮ ਕਰਕੇ ਠੰਢੇ ਮੁਲਕਾਂ ਵਿੱਚ 20 ਸਾਲ ਬਾਅਦ ਇਤਿਹਾਸਿਕ ਖੋਜੀ ਪੀੜ੍ਹੀ ਬਦਲਦੀ ਮੰਨਦੇ ਹਨ, ਪਰ ਜੇ ਅਸੀਂ 25 ਸਾਲ ਦੀ ਪਰਿਵਾਰਿਕ ਪੀੜ੍ਹੀ ਬਦਲ ਜਾਣ ਦਾ ਅੰਦਾਜ਼ਨ ਵਿਚਕਾਰਲਾ ਸਮਾਂ ਮੰਨੀਏ ਤਾਂ ਛੇਵੀਂ ਪੀੜ੍ਹੀ ਸੋਹਨ ਸਿੰਘ ਉਮਰ 60 ਸਾਲ +25ਬ5 (ਪਿਛਲੀਆਂ ਪੰਜ ਪੀੜ੍ਹੀਆਂ) 185 ਸਾਲ ਸਧਾਰਨ ਤੌਰ ‘ਤੇ ਹੀ ਬਣਦੇ ਹਨ, ਜਿਨ੍ਹਾਂ ਨੂੰ ਸੰਨ 2000-185 ਸਾਲ 1815 ਸੰਨ ਇੰਜ ਘਟਾਉਣ ਨਾਲ ਬਣਦਾ ਹੈ, ਸੋ ਕਿਹਾ ਜਾ ਸਕਦਾ ਹੈ ਕਿ ਇਹ ਪਿੰਡ ਵਾਕਿਆ ਹੀ 19ਵੀਂ ਸਦੀ ਦੇ ਪਹਿਲੇ ਜਾਂ ਦੂਸਰੇ ਦਹਾਕੇ ‘ਚ ਹੋਂਦ ‘ਚ ਆ ਚੁੱਕਾ ਹੋਣਾ ਹੈ ਤੇ ਜੇ ਫੱਤੂ ਤੋਂ ਪਹਿਲਾਂ ਕਿਸੇ (ਜਿਵੇਂ ਗੁਰਦਾਸ ਬੈਂਸ) ਨੇ ਖੈੜੇ ਵਾਲੀ ਥਾਂ ਪਿੰਡ ਵਸਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਇੱਕ ਹੋਰ ਪੀੜ੍ਹੀ ਅਨੁਸਾਰ ਇਹ 19ਵੀਂ ਸਦੀ ਦੇ ਸ਼ੁਰੂਆਤੀ ਸਾਲ ਬਣਦੇ ਹਨ। ਹੋਰ ਘੋਖ ਪੜਤਾਲ ਲਈ ਹੋਰ ਗੋਤ/ਜਾਤਾਂ, ਜੋ ਤੁਰੰਤ ਇੱਥੇ ਆਏ ਦੀਆਂ ਬੰਸ਼ਾਵਲੀਆਂ ਜਿਵੇਂ ਮਾਹਲਾ ਦੇ ਰਣ ਸਿੰਘ-ਗੁਜਰ-ਸੁੰਦਰ-ਕਿਸ਼ਨ ਸਿੰਘ ਜਗੀਰ ਸਿੰਘ (73 ਸਾਲ), ਬ੍ਰਾਹਮਣਾਂ ਦੇ ਮੂਲ ਰਾਜ-ਨੰਦ, ਲਾਲ-ਕਪੂਰੀ, ਧਨੀ ਰਾਮ (67 ਸਾਲ): ਆਹਲੂਵਾਲੀਏ ਬੰਸ਼ਾਵਲੀ ਵਜ਼ੀਰ ਚੰਦ-ਦਿਲਬਾਗ ਰਾਏ-ਕਾਸ਼ੀ ਰਾਮ-ਸਾਧੂ ਰਾਮ (81 ਸਾਲ) ਅਤੇ ਜੋਤਸ਼ੀਆਂ ਦੇ ਹੀਰਾ ਨੰਦ-ਈਸ਼ਰ ਦਾਸ-ਗੋਬਿਦਾਸ, ਤਿਲਕ ਰਾਜ (83 ਸਾਲ) ਅਤੇ ਮਾਸਟਰਾਂ ਦੇ ਜੱਸੀ, ਕਾਂਸੀ ਰਾਮ ਛੱਜੂ-ਕ੍ਰਿਸ਼ਨ ਚੰਦਰ-ਮੋਹਿੰਦਰ (ਉਮਰ ਹੁਣ 52 ਸਾਲ) ਅਤੇ ਆਦਿ ਧਰਮੀਆਂ ਦੇ ਭੋਲਾ-ਬੀਰਬਲ ਜੁਆਲਾ ਰਾਮ, ਤਰਸੇਮ ਲਾਲ ਮਾਹੀ (ਉਮਰ 55 ਸਾਲ) ਦੀਆਂ ਪਰਿਵਾਰਕ ਬੰਸ਼ਾਵਲੀਆਂ ਪੜਤਾਲ ‘ਤੇ ਵੀ ਪਤਾ ਲੱਗਦਾ ਹੈ ਕਿ ਇਹ ਟੱਬਰ, ਜੋ ਪਿੰਡ ਬੱਝ ਜਾਣ ਤੋਂ ਜਲਦੀ ਪਿੱਛੋਂ ਹੀ ਇੱਥੇ ਆ ਵੱਸੇ ਅਨੁਸਾਰ, ਵੀ ਇਸ ਪਿੰਡ ਨੂੰ ਵੱਸਿਆਂ ਮਸੀਂ ਦੋ ਕੁ ਸਦੀਆਂ ਹੀ ਹੋਈਆਂ ਹਨ। ਹੋਰ ਕੀਤੀ ਗਈ ਘੋਖ ਪੜਤਾਲ ਉਪਰੰਤ ਇਹ ਤੱਥ ਸਾਹਮਣੇ ਆਇਆ ਕਿ 1947 ਦੀ ਵੰਡ ਵੇਲੇ ਇੱਥੇ ਆ ਵੱਸਣ ਵਾਲੇ ਲੋਕਾਂ ਤੋਂ ਪਹਿਲਾਂ ਬਹੁਤੀਆਂ ਕੌਮਾਂ ਇੱਥੇ ਡੇਢ ਤੋਂ ਪੌਣੇ ਦੋ ਸਦੀਆਂ ਦੇ ਵਿਚਕਾਰਲੇ ਸਮੇਂ ਵਿੱਚ ਆ ਕੇ ਵੱਸੀਆਂ ਜਿਸ ਕਰਕੇ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਥਾਂ ਇਹ ਪਿੰਡ ਵੀ 175 ਤੋਂ 200 ਕੁ ਸਾਲ ਪਹਿਲਾਂ ਹੀ ਵੱਸਿਆ ਹੋਇਆ ਹੈ।
ਬੈਂਸ ਜੱਟਾਂ ਤੋਂ ਬਾਅਦ ਦੂਸਰੇ ਪ੍ਰਮੁੱਖ ਮਾਹਲ ਜੱਟ ਬੰਗਿਆਂ ਲਾਗਲੇ ਮਾਹਲ-ਗਹਿਲਾਂ ਤੋਂ ਆਏ। ਪਿੰਡ ਮਾਹਲ ਇਸ ਗੋਤ ਦਾ ਵੱਡਾ ਤੇ ਮੁੱਢਲਾ ਪਿੰਡ ਹੈ, ਪਰ ਉਨ੍ਹਾਂ ਦੇ ਇੱਥੇ ਆਉਣ ਦਾ ਕਾਰਨ ਇਹ ਨਹੀਂ ਸੀ ਕਿ ਗਦਾਹੀ ਤੇ ਫੱਤੂ ਦੀ ਇੱਕੋ ਇੱਕ ਸਕੀ ਭੈਣ ਉੱਕੇ ਮਾਹਲਾਂ ਦੇ ਵਿਆਹੀ ਹੋਈ ਸੀ। ਅਸਲ ਕਾਰਨ ਇਹ ਬਣਿਆ ਕਿ ਮਾਹਲਾਂ ਗਹਿਲਾ ਦੁਆਲੇ ਵੱਸੇ ਪਿੰਡ ਹੀਮਾਂ, ਗੁਣਾਚੌਰ, ਜੰਡਿਆਲਾ ਆਦਿ ਪਿੰਡਾਂ ‘ਤੇ ਉਨ੍ਹੀਂ ਵਕਤੀਂ ਰੰਗੜ ਮੁਸਲਮਾਨਾਂ ਦਾ ਜ਼ੋਰ ਹੁੰਦਾ ਸੀ। ਸੰਨ 1569 ਤੋਂ 1600 ਈਸਵੀਂ ਵਿਚਾਲੇ ਹੋਰਨਾਂ ਜਾਤਾਂ ਵਿਸ਼ੇਸ਼ ਕਰਕੇ ਰਾਜਪੂਤਾਂ ਤੋਂ ਕਈ ਕਾਰਨਾਂ ਕਰਕੇ ਮੁਸਲਮਾਨ ਬਣੇ ਇਨ੍ਹਾਂ ਲੋਕਾਂ ਨੂੰ ਰੰਗੜ ਮੁਸਲਮਾਨ ਕਿਹਾ ਜਾਂਦਾ ਸੀ ਜੋ ਕਿ ਆਲੇ-ਦੁਆਲੇ ਦੇ ਪਿੰਡਾਂ ਨਾਲ ਧੌਂਸ ਧੱਫਾ ਹੀ ਨਹੀਂ ਸਨ ਕਰਦੇ, ਬਲਕਿ ਇੱਥੋਂ ਦੇ ਛੋਟੇ-ਛੋਟੇ ਪਠਾਣ ਹਾਕਮ ਉਪਜ ਦਾ ਹੀ ਵੱਡਾ ਹਿੱਸਾ ਜਬਰੀ ਚੁੱਕ ਲਿਜਾਂਦੇ ਸਨ। ਗਦਾਹੀ ਤੇ ਫੱਤੂ ਦੀ ਭੈਣ ਨਾਲ ਕੀਤੇ ਗਏ ਕਿਸੇ ਵਾਧੇ ਤੋਂ ਦੁਖੀ ਹੋ ਕੇ ਉਸ ਦਾ ਖਾਵੰਦ ਦੋਸ਼ੀ ਪਠਾਣਾਂ ਨੂੰ ਖਤਮ ਕਰਕੇ ਆਪਣੇ ਟੱਬਰ-ਟੀਰ ਨਾਲ ਜਦ ਕੋਟਫਤੂਹੀ ਆ ਟਿਕਿਆ ਤਾਂ ਪਿੰਡ ਬੱਝੇ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਤੇ ਦੋਹਾਂ ਭਾਈਆਂ ਨੇ ਉਸ ਨੂੰ ਆਪਣੀ ਕੁਲ ਮਾਲਕੀ ਦਾ ਤੀਜਾ ਹਿੱਸਾ ਦੇ ਦਿੱਤਾ। ਢਿੱਲੋਂ ਜੱਟ ਮਾਝੇ ਤੋਂ ਆਏ, ਜੋ ਆਪਣਾ ਪਿੱਛਾ ਭੰਗੀ ਮਿਸਲ ਨਾਲ ਜੋੜਦੇ ਹਨ ਤੇ ਇਲਾਕਾ ਅੰਮ੍ਰਿਤਸਰ-ਲਾਹੌਰ ਦੱਸਦੇ ਹਨ। ਇੱਥੇ ਆਉਣ ਤੋਂ ਪਹਿਲਾਂ ਉਹ ਅੱਪਰਾ ਲਾਗੇ ਮੋਰੋਂ ਮੰਡੀ ਪਿੰਡ ‘ਚ ਟਿਕੇ ਸਨ। ਆਏ ਤਾਂ ਸੰਧੂ ਜੱਟ ਵੀ ਮਾਝੇ ਤੋਂ ਹੀ ਸਨ, ਪਰ ਉਨ੍ਹਾਂ ਦੇ ਇੱਥੇ ਆਉਣ ਦਾ ਕਾਰਨ ਗੁਰਦਾਸ ਬੈਂਸ ਦੀ ਇੱਕੋ-ਇੱਕ ਲੜਕੀ ਬਣੀ, ਜੋ ਉੱਧਰ ਸੰਧੂਆਂ ਦੇ ਵਿਆਹੀ ਵਰ੍ਹੀ ਗਈ ਸੀ ਤੇ ਗੁਰਦਾਸ ਦੇ ਚਲਾਣੇ ਤੋਂ ਬਾਅਦ ਉਹ ਇੱਧਰ ਨਾਨਕੇ ਢੇਰੀ ਆ ਬੈਠੇ। ਸੰਧਵਾਂ ਲਾਗਲੇ ਰੱਕੜ ਇਲਾਕੇ ਤੋਂ ਆਏ ਜੱਟਾਂ ਨੂੰ ਰੱਕੜ ਕਿਹਾ ਜਾਂਦਾ ਹੈ। ਮਹਾਜਨਾਂ ‘ਚ ਖੱਤਰੀ ਖਾਸ ਕਰਕੇ ਕੋੜੇ ਖੱਤਰੀ ਬੰਗਿਆਂ ਅਤੇ ਹਾਂਡੇ ਬਾੜੀਆਂ ‘ਚੋਂ ਰੁਜ਼ਗਾਰ ਦੁਕਾਨਦਾਰੀ ਹਿੱਤ ਆ ਵੱਸੇ, ਪਰ ਉਨ੍ਹਾਂ ਤੋਂ ਪਹਿਲਾਂ ਬਾਣੀਏ ਆਹਲੂਵਾਲੀਏ ਰਿਆਸਤ ਕਪੂਰਥਲਾ ਦੇ ਫਗਵਾੜਾ ਖਿੱਤੇ ਤੋਂ ਇੱਥੇ ਲਿਆਂਦੇ ਗਏ। ਛੀਂਬੇ-ਤਰਖਾਣ- ਲੁਹਾਰ-ਘੁਮਿਆਰ-ਸੁਨਿਆਰ-ਵਾਹਤੀ ਤੇ ਬਾਲਮੀਕਿ ਵਰਗੀਆਂ ਕਾਮਾ ਸ਼੍ਰੇਣੀਆਂ ਵੀ ਵੱਖ-ਵੱਖ ਥਾਵਾਂ ਤੋਂ ਕੰਮ ਕਿੱਤੇ ਖਾਤਰ ਇੱਥੇ ਲਿਆਂਦੀਆਂ ਜਾਂ ਫਿਰ ਆ ਵੱਸੀਆਂ। ਬ੍ਰਾਹਮਣਾਂ ਦਾ ਜਿੱਥੇ ਪਾਂਧਿਆਂ ਦਾ ਪਿਛਲਾ ਪਿੰਡ ਭਰੋਲੀ ਹੈ, ਉੱਥੇ ਬੱਬਰ ਸੁਦਰ ਬ੍ਰਾਹਮਣ ਤੇ ਬਜ਼ੁਰਗ ਪੰਜੋੜਾਂ ਪਿੰਡ ਤੋਂ ਆਪਣੇ ਨਾਨਕੀਂ ਆ ਵੱਸੇ। ਇਤਿਹਾਸ ‘ਚ ਜ਼ਿਕਰ ਆਉਂਦਾ ਹੈ ਕਿ ਭਾਟ ਬ੍ਰਾਹਮਣ ਜਿਨ੍ਹਾਂ ਨੂੰ ਪਹਿਲਾਂ ਮਿਸ਼ਰ ਕਿਹਾ ਜਾਂਦਾ ਸੀ, ਦਾ ਇੱਕ ਬਜ਼ੁਰਗ ਮਾਧਵ ਦਾ ਗੋਤੀ ਪ੍ਰਭਾਕਰ ਜਿਹੜਾ ਬਹੁਤ ਹੀ ਉੱਤਮ ਗਵੱਈਆ ਸੀ। ਕਿਸੇ ਰਾਜੇ ਦੀ ਮਹਿਫਲ ਵਿੱਚ ਉਹ ਇੱਕ ਅਪਸਰਾ ਵਰਗੀ ਮੁਸਲਿਮ ਤਵਾਇਫ਼ ’ਤੇ ਉਸ ਦੇ ਸ਼ੇਅਰਾਂ ਦੇ ਆਦਾਨ-ਪ੍ਰਦਾਨ, ਤੁਰੰਤ ਕਲਮਬੱਧੀ ਤੇ ਹਾਜ਼ਰ ਜੁਆਬੀ ‘ਤੇ ਅਜਿਹਾ ਆਸ਼ਕ ਹੋਇਆ ਕਿ ਇਨਾਮ ਦੇ ਤੌਰ ‘ਤੇ ਰਾਜੇ ਤੋਂ ਉਹ ਸਦਾ ਲਈ ਮੰਗ ਲਈ। ਵਿਆਹ ਕਰਵਾ ਜਦੋਂ ਘਰ ਪਹੁੰਚਿਆ ਤਾਂ ਬਰਾਦਰੀ ਨੇ ਸਦਾ ਲਈ ਛੇਕ ਦਿੱਤਾ, ਉਸ ਨੇ ਮਾਧਵ ਦੇ ਨਾਂਅ ਤੋਂ ਉਸ ਦੀ ਸੰਤਾਨ ਪਤਵਾਰ ਮਾਧੋ ਬ੍ਰਾਹਮਣ ਅਖਵਾਈ, ਜੋ ਕਿ ਭੱਟਾਂ ਦੀ ਇੱਕ ਆਹਲਾ ਜਮਾਤ ਹੈ। ਦੁਆਬੇ ‘ਚੋ ਇਨ੍ਹਾਂ ਦੀ ਬਹੁਤੀ ਆਬਾਦੀ ਬੋੜਾ- ਬਸੀਆ- ਮੰਗੂਵਾਲ- ਨਕਦੀਪੁਰ ਤੇ ਪੰਚਨੰਗਲਾ ਆਦਿ ਪਿੰਡਾਂ ‘ਚ ਵੱਸਦੀ ਹੈ ਜਿਹੜੇ ਪੰਚ ਨੰਗਲਾਂ ਪਿੰਡ ਤੋਂ ਹੀ ਇੱਥੇ ਆ ਵੱਸੇ। ਬੇਸ਼ੱਕ ਗਵੱਈਏ ਦੇ ਤੌਰ ‘ਤੇ ਪਹਿਲਾ ਸਥਾਨ ਉਹ ਪਰਿਵਾਰ ਨਾ ਪ੍ਰਾਪਤ ਕਰ ਸਕੇ ਤੇ ਆਰਥਿਕ ਤੌਰ ‘ਤੇ ਪਿਛੜ ਜਾਣ ਕਰਕੇ ਬ੍ਰਾਹਮਣਾਂ ਤੋਂ ਮੂਲੋਂ ਹੀ ਕੱਟੇ ਗਏ, ਪਰ ਮਰਾਸੀ ਮੁਸਲਮਾਨਾਂ (ਮੀਰ) ਵਾਂਗ ਪਰਿਵਾਰਿਕ ਬੰਸ਼ਾਵਲੀਆਂ ਗਾਉਣ/ਦਰਸਾਉਣ ਵਿੱਚ ਇਨ੍ਹਾਂ ਦੇ ਬਜ਼ੁਰਗਾਂ ਦਾ ਕੋਈ ਸਾਨੀ ਨਹੀਂ ਸੀ। ਆਦਿ-ਧਰਮੀਆਂ ‘ਚੋਂ ਖੇਤੀ ਦਾ ਕੰਮ ਕਰਨ ਵਾਲੇ ਝੱਮਟ ਬਹਿਰਾਮ, ਤੋਂ, ਬੱਧਣ ਮੈਘੋਵਾਲ ਕੰਢੀ ਤੋਂ, ਮਾਹੀ ਜੋ ਖੇਤ ਮਜ਼ਦੂਰ ਸਨ ਜੰਡਿਆਲ ਬੰਗਿਆਂ ਤੋਂ। ਵਿਰਦੀ ਮੈਲੀ ਤੋਂ ਆਏ ਪਰ ਆਦਿ ਧਰਮੀਆਂ ਦੇ ਹੀ ਪਹਾੜੀਏ ਜੋ ਪਹਿਲਾਂ ਪਲੱਕੜਿਆਂ ਵਿੱਚ ਚਮੜਾ ਉਦਯੋਗ ਨਾਲ ਸੰਬੰਧਿਤ ਕੰਮ ਕਰਦੇ ਸਨ, ਹਿਮਾਚਲ ਦੇ ਹਮੀਰਪੁਰ ਇਲਾਕੇ ਦੇ ਹਸਨਾ ਪਿੰਡ ਤੋਂ ਆਏ ਸਨ। ਉਨ੍ਹਾਂ ਦੇ ਪਹਿਲੇ ਬਜ਼ੁਰਗ, ਜੋ ਇੱਥੇ ਪਹੁੰਚੇ, ਉਹ ਸਨ ਭੁਲਾ-ਸੰਤਾ-ਪੋਹਲੇ ਤੇ ਸਾਂਈਂ। ਕਈ ਦੱਸਦੇ ਹਨ ਕਿ ਉਹ ਪੁਆਰ ਗੋਤ ਦੇ ਡੋਡ ਮੰਗਤ ਦੀ ਸੰਤਾਨ ਸਨ, ਜੋ ਕਿ ਹਿਮਾਚਲ ਦੇ ਕਾਨੂੰਗੋ ਮਝੋਟ ਤੋਂ ਆਏ ਅਤੇ ਉਨ੍ਹਾਂ ਦੇ ਇੱਥੇ ਆਉਣ ਦਾ ਕਾਰਨ ਇਹ ਸੀ ਕਿ ਉੱਥੋਂ ਦਾ ਰਾਜਾ ਗਿਲਜਾ ਕਿਸੇ ਗੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਇਨ੍ਹਾਂ ਪਹਾੜੀਆਂ ਦੀ ਵੱਸੋਂ ਵਾਲੇ ਥਾਂ ਲਾਗਲਾ ਬੁਰਜ/ਦਰਵਾਜ਼ਾ ਪਹਾੜੀ ਦਰਵਾਜ਼ਾ ਅਖਵਾਉਂਦਾ ਹੈ, ਜਿੱਥੇ ਉੱਚੀ ਜਾਤੀ ਦੇ ਲੋਕ ਇਨ੍ਹਾਂ ਬੁਰਜਾਂ ਦੇ ਅੰਦਰ-ਵਾਰ ਵਸਾਏ ਗਏ, ਉੱਥੇ ਅਖੌਤੀ ਨੀਵੀਂ ਜਾਤੀ ਵਾਲਿਆਂ ਨੂੰ ਇਨ੍ਹਾਂ ਦਰਵਾਜ਼ਿਆਂ ਦੇ ਬਾਹਰ ਵਸਾਇਆ ਗਿਆ, ਪਰ ਅਸਲ ਕਾਰਨ ਇਹ ਸੀ ਕਿ ਇਹ ਕਾਮਾ ਜਾਤਾਂ ਖਾੜਕੂ ਤੇ ਦਲੇਰ ਵੀ ਹੁੰਦੀਆਂ ਸਨ, ਜਿਸ ਕਾਰਨ ਇਨ੍ਹਾਂ ਨੂੰ ਪਿੰਡ ਦੇ ਦੁਆਲੇ ਜਾਂ ਸੰਭਾਵੀ ਵੱਧ ਹਮਲਿਆਂ ਵਾਲੇ ਪਾਸੇ ਵਸਾਇਆ ਜਾਂਦਾ ਸੀ। ਰੌਲਿਆਂ ਤੱਕ ਇਸ ਪਿੰਡ ‘ਚ ਵਪਾਰ ਕਰਨ ਵਾਲੇ ਖੋਜੇ ਮੁਸਲਮਾਨਾਂ ਦੀ ਵੀ ਸਰਦਾਰੀ ਰਹੀ ਹੈ ਅਤੇ ਮੁਸਲਮਾਨ ਕੌਮ ਵਿੱਚੋਂ ਹੀ ਇੱਥੇ ਜੁਲਾਹੇ ਨਾਈ-ਤੇਲੀ-ਭਰਾਈ ਤੇ ਤੇ ਫਕੀਰ ਵੀ ਵੱਸਦੇ ਸਨ। ਅੱਜ ਵੀ ਇਨ੍ਹਾਂ ਮੁਸਲਮਾਨਾਂ ਨੂੰ ਯਾਦ ਕਰਕੇ ਕਈ ਸਿਆਣੇ ਲੋਕ ਹੁਬਕੀ ਰੋ ਪੈਂਦੇ ਹਨ। ਵੱਡੇ ਰੌਲਿਆਂ ਵੇਲੇ ਇਨ੍ਹਾਂ ਮੁਸਲਮਾਨਾਂ ਨੂੰ ਕੋਟਫਤੂਹੀ ਵਾਲਿਆਂ ਨੇ ਬਾਇਜ਼ਤ ਬਹਿਰਾਮ ਕੈਂਪ ਪਹੁੰਚਾਇਆ ਸੀ। ਜਿੱਥੇ ਸੰਨ 1947 ਵੇਲੇ ਦੇਸ਼ ਭਗਤ ਲੋਕਾਂ ਦਾ ਰੋਲ ਬਹੁਤ ਹੀ ਅਗਾਂਹਵਧੂ ਸੀ, ਉੱਥੇ ਕੁਝ ਪਿਛਾਖੜੀ ਲੋਕ ਐਵੇਂ ਹੀ ਅਫਵਾਹਾਂ ਮਗਰ ਲਗ ਕੇ ਲਾਈਲੱਗ ਪੁਣੇ ਨਾਲ ਭਰਾ-ਮਾਰੂ ਜੰਗ ‘ਚ ਕੁੱਦ ਪਏ ਸਨ। ਚੇਤੇ ਕੰਗਰੋੜ ਲੱਗੇ ਮੋਰਚੇ ‘ਚ ਇੱਥੋਂ ਦਾ ਨਿਰੰਜਣ ਸਿੰਘ ਮਾਰਿਆ ਗਿਆ ਸੀ। ਕੋਟਫਤੁਹੀ ਨੂੰ ਕਿਸੇ ਵੇਲੇ 36 ਜਾਤਾਂ ਵਾਲਾ ਪਿੰਡ ਆਖਿਆ ਜਾਂਦਾ ਸੀ। ਲਗਭਗ ਸੈਣੀਆਂ ਸਮੇਤ ਇੱਥੇ ਸਾਰੀਆਂ ਕੌਮਾਂ ਵੱਸਦੀਆਂ ਸਨ। ਸੰਨ 1947 ਦੇ ਆਬਾਦੀ ਤਬਾਦਲੇ ਵੇਲੇ ਜੇ ਇੱਕੇ ਮੁਸਲਿਮ ਲੋਕ ਚਲੇ ਗਏ ਤਾਂ ਅਰੋੜੇ-ਝਾਂਗੀਆਂ ਅਤੇ ਕੰਬੋਆਂ ਸਮੇਤ ਕੁਝ ਇੱਕ ਨਵੇਂ ਆ ਵਸੇ।
ਕੋਟਫਤੂਹੀ ਦੀ ਵਿਸ਼ੇਸ਼ ਗੱਲ ਇੱਥੋਂ ਦੇ ਮੁਢਲੇ ਸਮਿਆਂ ‘ਚ ਉਸਾਰੇ ਗਏ ਖੂਹ ਸਨ, ने वि • ਉਨ੍ਹੀਂ ਵਕਤੀਂ ਇੱਕ ਕਠਿਨ ਗੱਲ ਸੀ। ਦਰਗਾਹੀ ਵਾਲੇ ਮਸ਼ਹੂਰ ਖੂਹ 1 ਤੋਂ ਬਿਨਾਂ ਜੋ ਪ੍ਰਸਿੱਧ ਸਨ, ਉਹ ਸੀ ਕੂਪਾਵਾਲਾ, ਦੋਆਬੇ ਵਾਲਾ, ਨਿਆਂਈ ਵਾਲਾ ਤੇ ਮਾਈਂ ਬੂਧਾਂ ਵਾਲਾ, ਉੱਥੇ ਖੂਹੀਆਂ ਜੋ ਚਰਚਿਤ ਹੋਈਆਂ ਸੀ-ਖਤਰੀਆਂ ਦੀ ਖੂਹੀ, ਤੇਲੀਆਂ (ਮੁਸਲਮਾਨਾਂ) ਦੀ ਅਤੇ ਆਦਿ ਧਰਮੀਆਂ ਦੀ। ਖੂਹਾਂ-ਖੂਹੀਆਂ ਤੋਂ ਬਿਨਾਂ ਖੇਤਾਂ-ਹਾਰਾਂ ਦੇ ਨਾਂਅ ਸਨ। ਪਿਛਵਾੜ ਵਾਲੇ, ਦੁਆਬੇ, ਨਿਆਈਆਂ, ਮੈਰਾ, ਖੈੜਾ (ਜਿੱਥੇ ਪਹਿਲਾਂ ਵੱਸੋ ਸੀ) ਪਾਣੀ ਦੀਆਂ ਵੱਧਦੀਆਂ ਲੋੜਾਂ ਪੂਰੀਆਂ ਕਰਨ ਲਈ ਇੱਕ ਡੂੰਘਾ ਤੇ ਵੱਡਾ ਛੱਪੜ ਵੀ ਪੁੱਟਿਆ ਹੋਇਆ ਸੀ। ਇਸੇ ਦੀ ਹੀ ਮਿੱਟੀ ਨਾਲ ਭਰਤ ਪਾ ਕੇ ਮੌਜੂਦਾ ਪੁਰਾਣੇ ਪਿੰਡ ਦੀ ਜਗ੍ਹਾ ਨੂੰ ਹੜ੍ਹ-ਪਾਣੀ ਤੋਂ ਬਚਾਉਣ ਹਿੱਤ ਉੱਚਾ ਕੀਤਾ ਗਿਆ ਸੀ, ਜੋ ਉਦੋਂ ਦੇ ਲੋਕਾਂ ਦੀ ਹਿੰਮਤ ਦੀ ਦਾਦ ਦਿੰਦਾ ਹੈ। ਚਾਰ ਕੁ ਏਕੜਾਂ ‘ਚ ਫੈਲੇ ਹੋਏ ਇਸ ਛੱਪੜ ਦੀ ਡੂੰਘਾਈ 15-16 ਹੱਥ ਹੁੰਦੀ ਸੀ, ਜਿਸ ਦੇ ਧੁਰ ਥੱਲੇ ਤੱਕ ਬਾਅਦ ‘ਚ ਪੌੜੀਆਂ ਉਸਾਰ ਦਿੱਤੀਆਂ ਗਈਆਂ। ਇਹ ਵੱਡ ਅਕਾਰੀ ਪੌੜੀਆਂ ਹੁਣ ਮਿੱਟੀ ‘ਚ ਗਰਕ ਹੋ ਚੁੱਕੀਆਂ ਹਨ ਤੇ ਛੱਪੜ ਵੀ ਲਗਭਗ ਮਿੱਟੀ ਗਾਰੇ ਨਾਲ ਭਰ ਚੁੱਕਾ ਹੈ। ਇਸ ਦਾ ਅਕਾਰ ਵੀ ਘਟ ਚੁੱਕਾ ਹੈ। ਇਸ ਛੱਪੜ ਵਿੱਚ ਬੇਈਂ ਦੀ ਇੱਕ ਸਾਖ ਦਾ ਪਾਣੀ ਡਿੱਗਦਾ ਸੀ ਤੇ ਕਿਸੇ ਵਕਤ ਇੱਕ ਪਾਸੇ ਇਹ ਛੱਪੜ ਤੇ ਦੂਸਰੇ ਪਾਸੇ ਵਗਦੀ ਬੇਈਂ ਦੀ ਸਾਖ ਵੀ ਪਿੰਡ ਦੀ ਰੱਖਿਆ ਪੰਕਤੀ ਬਣਦੀ ਸੀ। ਹੱਦਬਸਤ ਨੰਬਰ 88 ਅਤੇ ਹੁਣ 576 ਏਕੜ ਦੀ ਮਾਲਕੀ ਵਾਲੇ ਇਸ ਪਿੰਡ ਦੀ ਅਗਾਂਹਵਧੂ ਪੰਚਾਇਤ ਦੀ ਅਗਵਾਈ ਸਰਪੰਚ ਮੋਹਨ ਲਾਲ ਕਰ ਰਿਹਾ ਹੈ ਤੇ ਬਹੁਤਾ ਕਰਕੇ ਇਸ ਪਿੰਡ ਦੇ ਸਰਪੰਚ ਸ. ਧੰਨਾ ਸਿੰਘ ਸੇਠ ਤੇ ਉਸ ਦਾ ਲੜਕਾ ਗੁਰਮੇਲ ਸਿੰਘ ਰਹੇ ਹਨ। ਕਈ ਪਿੰਡ ਫਸਾਦਾਂ ਦੇ ਅਖਾੜੇ ਹੁੰਦੇ ਹਨ, ਪਰ ਕੋਟਫਤੂਹੀ ਮਿਲਵਰਤਣ ਦਾ ਸਦਾ ਹੀ ਪਿੜ ਰਿਹਾ ਹੈ। ਝਗੜਿਆਂ ਨੂੰ ਨਿਪਟਾਉਣ ਤੇ ਸਮਾਜਿਕ ਗਤੀਸ਼ੀਲਤਾ ਲਿਆਉਣ ਦੇ ਇਸ ਦੇ ਆਪਣੇ ਪਰੰਪਰਿਕ ਤੌਰ ਤਰੀਕੇ ਹਨ। ਵਿਆਪਕ ਧੜੇਬੰਦੀ ਤੇ ਜਾਤੀ ਝਗੜੇ ਕਈ ਹੋਰਨਾਂ ਪਿੰਡਾਂ ਦੀ ਖਾਸੀਅਤ ਭਾਵੇਂ ਹੁੰਦੀ ਹੋਵੇ, ਪਰ ਕੋਟਫਤੂਹੀ ਅਜਿਹਾ ਕਦੇ ਵੀ ਨਹੀਂ ਸੀ। ਬੇਸ਼ੱਕ ਇਹ ਪਿੰਡ ਇੱਕ ਨਿਗਮੀ ਸਮੂਹ ਨਹੀਂ ਸੀ ਰਿਹਾ, ਪਰ ਇਸ ਦੀ ਆਪਣੀ ਇੱਕ ਪਹਿਚਾਣ ਸੀ। ਮਿੱਥੀਆਂ ਹੋਈਆਂ ਹੱਦਬੰਦੀਆਂ, ਪਿੰਡ ਦੀ ਸਾਂਝੀ ਸ਼ਾਮਲਾਟ ਤੇ ਖੂਹਾਂ ਤੇ ਤਲਾਬਾਂ ਵਾਲੇ ਸਾਂਝੇ ਵਸੀਲੇ। ਇਸ ਵਿੱਚ ਸਰਬੱਤ ਲਈ ਸਾਂਝੇ ਜਾਂ ਨਿਰੋਲ ਨਿੱਜੀ ਮੰਨਣ ਵਾਲਿਆਂ ਲਈ ਮੰਦਰ, ਮਸੀਤਾਂ, ਗੁਰਦੁਆਰੇ ਵੀ ਸਨ। ਜ਼ਿਆਦਾ ਧੁਮਾਏ ਗਏ ਵਿਚਾਰ ਕਿ ਭਾਰਤੀ ਪਿੰਡ ਇੱਕ ‘ਆਤਮ ਸੰਪਨ ਛੋਟੀ ਰਿਆਸਤ’ ਹੁੰਦੇ ਸਨ, ਦੇ ਉਲਟ ਕੋਟਫਤੂਹੀ ਕਈ ਗੱਲਾਂ ਅਤੇ ਵਸਤਾਂ ਲਈ ਬਾਹਰਿਲਆਂ ਵਸੀਲਿਆਂ ਉੱਤੇ ਨਿਰਭਰ ਕਰਦਾ ਸੀ, ਜਿਸ ਕਰਕੇ ਆਪਸੀ ਵਪਾਰ ਚਲਦਾ ਸੀ, ਪਰ ਫਿਰ ਵੀ ਬਹੁਤੀ ਵਸੋਂ ਖੇਤੀ ਕਿੱਤੇ ਨਾਲ ਸੰਬੰਧਿਤ ਹੋਣ ਕਾਰਨ ਇੱਕ ਦੂਜੇ ‘ਤੇ ਨਿਰਭਰ ਹੁੰਦੀ ਸੀ, ਇੱਕ ਦੂਸਰੇ ਲਈ ਉਤਪਾਦਨ ਕਰਕੇ ਆਪਣੀ ਵਸਰ ਕਰਦੀ ਸੀ ਅਤੇ ਇਸ ਕਰਕੇ ਸਾਰੀਆਂ ਜਾਤਾਂ-ਕੌਮਾਂ ਦੇ ਆਪਸੀ ਸੰਬੰਧ ਬਹੁਤ ਹੀ ਸੁਖਾਵੇਂ ਤੇ ਮੋਕਲੇ ਹੁੰਦੇ ਸਨ। ਸਭ ਇੱਕ ਦੂਜੇ ਲਈ ਜਿਊਂਦੇ ਤੇ ਮਰਦੇ ਸਨ, ਉਨ੍ਹਾਂ ਦੇ ਕੰਮ ਵੀ ਅੰਤਰ ਸੰਬੰਧਿਤ ਹੁੰਦੇ ਸਨ, ਪਰ ਫਿਰ ਵੀ ਇਨ੍ਹਾਂ ਸੰਬੰਧਾਂ ਦੇ ਘੇਰੇ ‘ਚ ਕੁਝ ਆਰਥਿਕ ਤੇ ਕੁਝ ਰਸਮੀ ਮਜਬੂਰੀਆਂ ਤੇ ਸੇਵਾਵਾਂ ਵੀ ਆਉਂਦੀਆਂ ਸਨ। ਖੇਤੀ ਕਾਮਿਆਂ ਨੂੰ ਵੱਖਰੇ ਤੌਰ ‘ਤੇ ਇਹ ਅਧਾਰ ‘ਤੇ ਲਾਇਆ ਜਾਂਦਾ ਸੀ ਕਿ ਉਹ ਕਿਸ ਕਿਸਮ ਦਾ ਕੰਮ ਕਰਨਗੇ ਤੇ ਉਨ੍ਹਾਂ ਨੂੰ ਕਿਸ ਕਿਸਮ ਦਾ ਇਵਜ਼ਾਨਾ ਮਿਲਣ ਦੀ ਸੰਭਾਵਨਾ ਹੋ ਸਕੇਗੀ। ਉਦਾਹਰਣ ਲਈ ਨਾਈ ਦਾ ਪਰੰਪਰਾਗਤ ਪੇਸ਼ਾ ਵਾਲ ਕੱਟਣਾ ਸੀ, ਪਰ ਇਸ ਕੰਮ ਦੇ ਬਦਲੇ ਉਸ ਨੂੰ ਕਾਸ਼ਤਕਾਰ ਕੋਲੋਂ ਹਾੜ੍ਹੀ-ਸਾਉਣੀ ਇੱਕ ਖਾਸ ਮਿੱਕਦਾਰ ਤੱਕ ਅਨਾਜ-ਚਾਰਾ ਮਿਲਦਾ ਸੀ। ਨਾਈ ਦੀਆਂ ਸੇਵਾਵਾਂ ਗੈਰ-ਕਾਸ਼ਤਕਾਰਾਂ ਨੂੰ ਵੀ ਮੁਹੱਈਆ ਸਨ, ਜਿਸ ਦੇ ਬਦਲੇ ਵਿੱਚ ਆਪਣੀਆਂ ਖਾਸ ਕਿਸਮ ਦੀਆਂ ਸੇਵਾਵਾਂ ਉਸ ਨੂੰ ਪ੍ਰਦਾਨ ਕਰਦੇ ਸਨ-ਘੁਮਿਆਰ ਉਸ ਨੂੰ ਭਾਂਡੇ ਬਣਾ ਕੇ ਦੇ ਸਕਦਾ ਸੀ, ਲੁਹਾਰ ਨਾਈ ਦੇ ਉਸਤਰਿਆਂ ਨੂੰ ਧਾਰ ਲਾ ਦਿੰਦਾ ਅਤੇ ਤਰਖਾਣ ਉਸਤਰਿਆਂ ਦੇ ਮੁੱਠਿਆਂ ਦੀ ਮੁਰੰਮਤ ਅਤੇ ਕੁਝ ਹੋਰ ਛੋਟੇ-ਮੋਟੇ ਲੱਕੜੀ ਦੇ ਕੰਮ ਕਰਦਾ ਸੀ। ਰਸਮਾਂ ‘ਚ ਵੀ ਨਾਈ ਦੀ ਭੂਮਿਕਾ ਸੀ। ਉਹ ਪਿੰਡ ਦੇ ਅੰਦਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵਿਆਹ ਦਾ ਸੱਦਾ ਪੱਤਰ ਵੰਡਣ ਦੀ ਬੱਝਵੀਂ ਮਿਕਦਾਰ ਲੈਣ ਤੋਂ ਇਲਾਵਾ ਰਸਮੀ ਮੌਕਿਆਂ ‘ਤੇ ਰਸਮਾਂ ਦੀਆਂ ਵੱਖੋ-ਵੱਖ ਅਵਸਥਾਵਾਂ ‘ਤੇ ਉਸ ਨੂੰ ਕੁਝ ਨਕਦੀ ਤੇ ਭੋਜਨ ਮਿਲਦਾ ਸੀ। ਕੁਝ ਇਹੋ ਜਿਹੇ ਹੀ ਕੰਮ-ਵਿਹਾਰ ‘ਤੇ ਪਾਣੀ ਦੀ ਸਪਲਾਈ ਝਿਉਰ ਦੇ ਜ਼ਿੰਮੇ ਸੀ, ਰਸਮਾਂ ਮੌਕੇ ਜੂਠੇ ਬਰਤਨਾਂ ਦੀ ਸਫਾਈ ਆਦਿ। ਕਾਸ਼ਤਕਾਰਾਂ ਦੇ ਸੰਬੰਧ ‘ਚ ਤਰਖਾਣ ਹਲਾਂ ਆਦਿ ਦੀ ਮੁਰੰਮਤ ਕਰਦਾ ਜਾਂ ਨਵੇਂ ਬਣਾ ਕੇ ਦਿੰਦਾ। ਲੁਹਾਰ ਉਨ੍ਹਾਂ ਹਲਾਂ ਦੇ ਫਾਲੇ ਤੇ ਖੇਤੀਬਾੜੀ ਦੇ ਹੋਰ ਸੰਦ ਬਣਾਉਂਦਾ ਤੇ ਮੁਰੰਮਤ ਕਰਦਾ। ਇਨ੍ਹਾਂ ਕੰਮ ਧੰਦਿਆਂ ਨੂੰ ਉਦੋਂ ਸੇਪੀ ਕਰਨਾ ਕਹਿੰਦੇ ਸਨ। ਆਦਿ ਧਰਮੀ ਚਰਸਾਂ ਤੇ ਜੁੱਤੀਆਂ ਬਣਾਉਂਦੇ, ਜੁਲਾਹੇ ਕੱਪੜਾ ਉਣਦੇ ਤੇ ਕਈ ਖੇਤੀ ਸੇਪੀ ਕਰਦੇ। ਚਰਸਾਂ ਤੋਂ ਬਾਅਦ ਟਿੰਡਾਂ ਦੀ ਆਮਦ ਵਕਤ ਖੂਹ ਦੇ ਗੇੜ ‘ਤੇ ਟਿੰਡਾਂ ਬਣਾਉਣੀਆਂ/ਸੋਧਣੀਆਂ ਵੀ ਲੁਹਾਰਾਂ ਦਾ ਕੰਮ ਸੀ। ਘੁਮਿਆਰ ਪਾਣੀ ਦੇ ਘੜੇ, ਕੁੱਜੇ-ਕੁੱਜੀਆਂ, ਦਾਲ-ਦੁੱਧ ਲਈ ਤੌੜੀਆਂ-ਦਾਧੂਨੇ ਅਤੇ ਅਨਾਜ ਲਈ ਵੱਡੇ-ਵੱਡੇ ਭੜੋਲੇ ਬਣਾ ਕੇ ਦਿੰਦਾ। ਚਮੜੇ ਦਾ ਕੰਮ ਕਰਨ ਵਾਲੇ ਹਲ ਜਾਂ ਗੱਡੇ ਲਈ ਸਾਜ਼-ਸੰਦ ਬਣਾ ਕੇ ਦਿੰਦੇ। ਰਸਮੀ ਮੌਕਿਆਂ ਲਈ ਸੁਨਿਆਰਾ ਰਸਮੀ ਮਹੱਤਤਾ ਵਾਲੇ ਛੋਟੇ-ਛੋਟੇ ਗਹਿਣੇ ਬਣਾ ਕੇ ਦਿੰਦਾ ਸੀ। ਬ੍ਰਾਹਮਣ ਨੂੰ ਸਮੇਂ-ਸਮੇਂ ਗਿਣਤੀ-ਮਿਣਤੀ ਕਰਨ ਮਗਰੋਂ ਪਵਿੱਤਰ ਸਾਹਾ ਕੱਢਣ ਲਈ ਜਾਂ ਕੰਮ ਸ਼ੁਰੂ ਕਰਨ ਲਈ ਜਾਂ ਸਫਰ ਹਿੱਤ ਸਿੱਧਿਆ ਦੇ ਦਿਨ ਦੱਸਣ ਲਈ ਅਤੇ ਜੋਤਸ਼ੀ ਨੂੰ ਭਵਿੱਖਬਾਣੀਆਂ ਕਰਨ ਲਈ ਸੱਦਿਆ ਜਾਂਦਾ ਸੀ। ਇਸ ਸੇਵਾ ਬਦਲੇ ਉਸ ਨੂੰ ਹਰ ਮਹੀਨੇ ਸੀਧਾ ਭੋਜਨ ਲਈ ਸਮੱਗਰੀ ਮਿਲਦੀ ਸੀ, ਰਸਮਾਂ ਅਦਾ ਕਰਨ ਲਈ ਪੂਜਾ-ਪਾਠ ਲਈ ਨਕਦ ਤੇ ਵਸਤ ਦੇ ਰੂਪ ‘ਚ ਸੁਗਾਤਾਂ ਦਿੱਤੀਆਂ ਜਾਂਦੀਆਂ ਸਨ । ਕਾਰੀਗਰ ਤੇ ਹੁਨਰਮੰਦ ਇਨ੍ਹਾਂ ਸੇਵਾਵਾਂ ਦਾ ਆਪਸੀ ਵੱਟਾ-ਸੱਟਾ ਕਰਦੇ ਰਹਿੰਦੇ ਸਨ, ਪ੍ਰੰਤੂ ਖਾਸ ਕਿਸਮ ਦੇ ਵਾਧੂ ਕੰਮ ਕਰਨ ਲਈ ਨਕਦ ਅਦਾਇਗੀ ਕਰਨੀ ਪੈਂਦੀ ਸੀ। ਹੁਣ ਵੀ ਬਹੁਤ ਹੀ ਪੇਤਲੇ ਰੂਪ ਅਜਿਹੇ ਕਾਮਾ ਤੇ ਜਜ਼ਮਾਨੀ ਸੰਬੰਧ ਅਜੇ ਤੱਕ ਵੀ ਬੇਸ਼ੱਕ ਕਿਸੇ ਨਾ ਕਿਸੇ ਰੂਪ ‘ਚ ਜਾਰੀ ਹਨ, ਭਾਵੇਂ ਕਿ ਹੁਣ ਇਹ ਕਾਫੀ ਦਬਾਓ ਹੇਠ ਆ ਗਏ ਹਨ. ਨਕਦ ਤੇ ਵਸਤ ਰੂਪ ‘ਚ ਜਾਰੀ ਹਨ, ਨਕਦ ਤੇ ਵਸਤ ਰੂਪ ‘ਚ ਵਿੱਚ ਅਦਾਇਗੀ ਦੇ ਸਿਲਸਿਲੇ ਵਿੱਚ ਮੱਤਭੇਦ ਪੈਦਾ ਹੋ ਗਏ ਹਨ ਤੇ ਨਵੀਂ ਪੀੜ੍ਹੀ ਦਾ ਬਹੁਤਾ ਭਾਗ ਸਿਰਫ਼ ਨਕਦ ਰੂਪ ‘ਚ ਹੀ ਅਦਾਇਗੀ ਲੈਂਦਾ ਹੈ, ਉਂਜ ਵੀ ਪਿੱਤਰੀ ਅਤੇ ਜਾਤ ਅਧਾਰਤ ਧੰਦਿਆ ਦੀ ਹੁਣ ਪਿਰਤ ਨਹੀਂ ਰਹਿ ਗਈ।
ਦੇਸ਼ ਭਗਤਾਂ ਤੋਂ ਬਿਨਾਂ ਵੱਡੇ ਰੌਲਿਆਂ ਤੋਂ ਪਹਿਲਾਂ ਤੇ ਕੁਝ ਬਾਅਦ ਤੱਕ ਇੱਥੋਂ ਦੇ ਮਸ਼ਹੂਰ ਸ਼ਖ਼ਸਾਂ ‘ਚੋਂ ਮੁਸਲਮਾਨਾਂ ਦੀ ਖਾੜਕੂ ਕਿਸਮ ਦੀ ਝੰਡੋ ਨੈਣ, ਲੱਕੜ-ਰਾਜਗਿਰੀ ਦਾ ਮਸ਼ਹੂਰ ਕਾਰੀਗਰ ਰਹਿਮਾ, ਫਕੀਰ ਪਰੀਸ਼ਾਹ, ਜਪੁਜੀ ਸਾਹਿਬ ਦਾ ਉਰਦੂ ‘ਚ ਤਰਜਮਾ ਕਰਨ ਵਾਲਾ ਦਿਲ ਮੁਹੰਮਦ ਆਦਿ ਜਿੱਥੇ ਪ੍ਰਮੁੱਖ ਸਨ, ਉੱਥੇ ਸਾਰੇ ਦੇ ਸਾਰੇ ਖੋਜੇ ਮੁਸਲਮਾਨ ਸਫਲ ਵਪਾਰੀ ਸਨ । ਮਾਹਲ ਜੱਟਾਂ ਦਾ ਇੱਕ ਬਜ਼ੁਰਗ ਰਣ ਸਿੰਘ, ਜੋ ਕਿ ਫੱਤੂ ਦਾ ਦੋਹਤਾ ਲੱਗਦਾ ਸੀ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਇੱਕ ਉੱਘਾ ਰੁਕਨ ਹੋਇਆ ਹੈ। ਆਦਿ ਧਰਮੀਆਂ ਦਾ ਬਾਬਾ ਮੇਲਾ ਰਾਮ, ਜਿਸ ਦਾ ਪਿਛਲਾ ਪਿੰਡ ਤਾਂ ਭਾਵੇਂ ਪਹਾੜ ਲਾਗਲਾ ਖੰਨੀ-ਲਲਬਾਣ ਸੀ, ਸਭ ਤੋਂ ਪਹਿਲਾਂ ਇੱਥੇ ਸਿੱਖ ਧਾਰਮਿਕ ਬੀੜ ਲਿਆਇਆ ਸੀ ਤੇ ਮਾਸਟਰ ਰਿਖੀ ਰਾਮ ਜੋ ਨਾਵਲਕਾਰ ਨਾਨਕ ਸਿੰਘ ਦਾ ਨੇੜਲਾ ਸੰਗੀ-ਸਾਥੀ ਰਿਹਾ ਹੈ, ਦੇ ਬਜ਼ੁਰਗਾਂ ਦਾ ਬਣਿਆ ਖੱਦਰ ਹਮੀਰਪੁਰ ਤੱਕ ਵਿਕਦਾ ਸੀ ਤੇ ਸੰਗਤਰੀ ਪੱਗਾਂ ਬੰਨ੍ਹਣ ਵਾਲੇ ਬਿਲਾਸਪੁਰੀਏ ਰਾਜੇ ਵੀ ਉਨ੍ਹਾਂ ਦੇ ਬੁਣੇ ਰੇਸ਼ਮੀ ਕੱਪੜਿਆਂ ਦੇ ਗਾਹਕ ਸਨ। ਪਹਾੜੀਆਂ ਦੇ ਬਜ਼ੁਰਗਾਂ ਦੀਆਂ ਬਣਾਈਆਂ ਜੁੱਤੀਆਂ ਸਾਰੇ ਇਲਾਕੇ ‘ਚ ਪ੍ਰਸਿੱਧ ਸਨ ਤੇ ਇਹ ਬਜ਼ੁਰਗ ਸਨ-ਮਾਧੋ ਤੇ ਬਸੰਤਾ। ਇਨ੍ਹਾਂ ਦੇ ਗੰਡ- ਆਤਮਾ ਤੇ ਰੁਲਦਾ ਤਕੜੇ ਕਾਮੇ ਸਨ, ਪਰ ਮਾਹੀਆਂ ਦੇ ਬਿੱਲੀ ਜਿਹੀ ਫੁਰਤੀ ਰੱਖਦੇ ਬਜ਼ੁਰਗਾਂ ਕਾਰਨ ਤੇ ਉਨ੍ਹਾਂ ਦੀ ਅੱਲ ਬਿੱਲੀ ਦਿਆਂਦੀ ਪੈ ਗਈ ਸੀ, ਪਰ ਮਧਰੇ ਕੱਦ ਦੇ ਇਨ੍ਹਾਂ ਬਜ਼ੁਰਗਾਂ ‘ਚੋਂ ਇੱਕ ਹਮੀਰੇ ਦੇ ਸੱਤ ਪੁੱਤਰ ਈਸ਼ਰ, ਬਤਨਾ, ਕਿਸ਼ਨਾ, ਬੰਤਾ, ਬਿਸ਼ਨਾ, ਹੁਕਮੀ ਤੇ ਬੀਰੂ ਏਨੇ ਉੱਚੇ ਤੇ ਲੰਬੇ ਤੇ ਤਕੜੇ ਸਨ ਕਿ ਪੂਰੇ ਦੇ ਪੂਰੇ ਇਲਾਕੇ ‘ਚ ਉਨ੍ਹਾਂ ਦੇ ਬਰਾਬਰ ਕੰਮਕਾਰ ਕਰ ਸਕਣ ਵਾਲੇ ਵਿਰਲੇ ਟਾਂਵੇ ਹੀ ਸਨ। ਇਨ੍ਹਾਂ ਦੀ ਇੱਕੋ-ਇੱਕ ਭੈਣ ਚਿੰਤੀ ਵੀ ਇਨ੍ਹਾਂ ਵਾਂਗ ਹੀ ਹੁੰਦੜ ਹੇਲ ਸੀ। ਦਸਾਂ ਕੁ ਬੰਦਿਆਂ ਜੋਗਾ ਭਾਰ ਚੁੱਕਣ ਵਾਲਾ ਤੇ ਇੱਕੋ ਵਾਰ ਗੱਡੇ ਜਿੰਨਾ ਵਜ਼ਨ ਚੁੱਕ ਖੜਨ ਵਾਲਾ ਵਿਰਦੀਆਂ ਦਾ ਬੱਲਾ ਐਨਾ ਤਕੜਾ ਸੀ ਕਿ ਕਿੱਸੇ ਗੱਲੋਂ ਖਿਝ ਕੇ ਉਹ ਬਾਰਾਂ ਕੁ ਕੋਹ ਦੂਰ ਬੰਗਿਆਂ ਲਾਗਲੇ ਲੱਖਪੁਰ ਤੋਂ ਪੱਛੀਆਂ ਦੀ ਪੰਡ ‘ਚ ਲੁਕੋ ਕੇ ਪੂਰੇ ਦਾ ਪੂਰਾ ਕਾਨੜ ਬੇਲਣਾ ਚੁੱਕ ਲਿਆਇਆ ਤੇ ਧੁਰ ਕੋਟਫਤੂਹੀ ਹੀ ਆ ਸੁੱਟਿਆ। ਇੱਕ ਵਾਰ ਹੀ ਗੰਨਿਆਂ ਦੇ ਰਸ ਦੀ ਚਾਟੀ ਪੀ ਜਾਣ ਵਾਲੇ ਇਸ ਕਾਮੇ ਨੂੰ ਬਹੁਤੇ ਇਸ ਗੱਲੋਂ ਡਰਦੇ ਕੰਮ ਨਹੀਂ ਸੀ ਖੜਦੇ ਕਿ ਉਸ ਦੀ ਰੋਟੀ-ਪਾਣੀ ਦੀ ਝਾਲ ਨਹੀਂ ਸੀ ਝੱਲੀ ਜਾਣੀ। ਜਿੱਥੇ ਕੋੜੇ ਖੱਤਰੀਆਂ ਦੇ ਰਲਾ ਮੱਲ, ਦੇਵੀ ਦਿੱਤਾ ਮਸ਼ਹੂਰ ਬਜਾਜ ਸਨ, ਉੱਥੇ ਪੰਡਤ ਨਗੀਨਾ ਰਾਮ ਮਸ਼ਹੂਰ ਰਿਆਸਤੀ ਮਾਲ ਅਫਸਰ ਹੋਇਆ ਸੀ ਅਤੇ ਛੇ ਮਾਹ ਤੱਕ ਦੀ ਸਜ਼ਾ ਕਰ ਸਕਣ ਵਾਲਾ ਆਨਰੇਰੀ ਮੈਜਿਸਟ੍ਰੇਟ ਇੱਥੋਂ ਦੇ ਹੀ ਆਹਲੂਵਾਲੀਆਂ ਦਾ ਸ਼੍ਰੀ ਨਰਾਇਣ ਦਾਸ ਸੀ। ਮਾਸਟਰ ਸਖੀ ਰਾਮ ਇਲਾਕੇ ਦਾ ਮਸ਼ਹੂਰ ਹਕੀਮ ਤੇ ਸ. ਬਲਵੰਤ ਸਿੰਘ ਡਾਇਰੈਕਟਰ ਤਾਲੀਮ ਸਮੇਤ ਇੱਥੋਂ ਦੇ ਭਾਈ ਮਿਹਰ ਸਿੰਘ, ਲਾਲਾ ਦੀਵਾਨ ਸਿੰਘ ਆਹਲੂਵਾਲੀਆ, ਬਿਸ਼ਨਾ ਰਾਮ ਮਾਹੀ, ਬੀਬੀ ਬਖਸ਼ੀਸ਼ ਕੌਰ ਤੇ ਬੀਬੀ ਦਰਸ਼ਨ ਕੌਰ ਸੈਣੀ ਵਿੱਦਿਆ ਦਾਨੀ, ਲੇਖਕ ਕਸ਼ਮੀਰ ਸਿੰਘ ਚਮਨ, ਗਿਆਨੀ ਨਿਰਮਲ ਸਿੰਘ ਆਦਿ ਤਾਂ ਜ਼ਿਕਰਯੋਗ ਹਨ ਹੀ ਪ੍ਰੰਤੂ ਲਾਲਾ ਸਾਧੂ ਰਾਮ ਇੱਕ ਅਜਿਹਾ ਨਿਸ਼ਕਾਮ ਸਮਾਜ ਸੇਵਕ ਹੈ ਕਿ ਲੋਕ ਪਿੰਡ ਦੇ ਸਾਂਝੇ ਕੰਮਾਂ ਲਈ ਉਸ ਹੱਥ ਦਾਨ ਦੇ ਕੇ ਫਖਰ ਮਹਿਸੂਸ ਕਰਦੇ ਸਨ, ਉੱਥੇ ਪੰਡਤ ਧਨੀ ਰਾਮ ਸਮਾਜ ਸੇਵੀ ਦੇ ਨਾਲ-ਨਾਲ ਸ਼ਾਇਦ ਸਮੁੱਚੇ ਭਾਰਤ ਖੰਡ ਵਿੱਚ ਹੀ ਇੱਕ ਅਜਿਹਾ ਦੁਕਾਨਦਾਰ ਹੈ, ਜੋ ਆਪਣੇ ਪਾਸ ਗਾਹਕਾਂ ਵੱਲੋਂ ਲਏ ਉਧਾਰ ਦਾ ਹਿਸਾਬ-ਕਿਤਾਬ ਨਹੀਂ ਰੱਖਦਾ। ਬੱਬਰ ਸੁੰਦਰ ਦਾ ਭਤੀਜਾ ਲੱਗਦਾ ਇਹ ਕਰਮਯੋਗੀ ਸਿਰਫ਼ ਗਾਹਕ ਦੀ ਕਾਪੀ ‘ਤੇ ਹੀ ਉਸ ਦੀ ਇਮਾਨਦਾਰੀ ਹਿੱਤ ਲਿਖ ਦਿੰਦਾ ਹੈ ਅਤੇ ਉਸਦੇ ਗਾਹਕਾਂ ਵੀ ਅੱਜ ਤੱਕ ਗੈਰ ਦਿਆਨਦਾਰੀ ਨਹੀਂ ਵਾਪਰੀ। ਤਿਲਕ ਰਾਜ ਸ਼ਾਸਤਰੀ ਵੀ ਇੱਥੋਂ ਦਾ ਉੱਘਾ ਵਿਅਕਤੀ ਹੈ, ਉੱਥੇ ਸ੍ਰੀ ਹੰਸ ਰਾਜ ਤੋਂ ਬਿਨਾਂ ਮਾਸਟਰ ਮੁਨਸ਼ਾ ਸਿੰਘ ਨੇ ਵਿੱਦਿਆ ਦੇ ਖੇਤਰ ‘ਚ ਪ੍ਰਸੰਸਾਯੋਗ ਕੰਮ ਕੀਤਾ ਸੀ। ਉਨ੍ਹਾਂ ਨੇ ਪਿੰਡ ਦੀਆਂ ਧੀਆਂ-ਧਿਆਣੀਆਂ ਨੂੰ ਪੜ੍ਹਾਉਣਾ ਆਰੰਭਿਆ ਅਤੇ ਉਸੇ ਦੀ ਬਦੌਲਤ ਹੀ 1947 ਤੋਂ ਪਹਿਲਾਂ ਇੱਥੇ ਲੋਇਰ ਮਿਡਲ ਸਕੂਲ ਆਰੰਭ ਹੋਇਆ ਸੀ, ਜਿੱਥੇ ਛੇਵੀਂ ਜਮਾਤ ਤੱਕ ਉਰਦੂ ਦੇ ਫਾਰਸੀ ਵੀ ਪੜ੍ਹਾਈ ਜਾਂਦੀ ਸੀ। ਲੜਕੀਆਂ ਦਾ ਸਕੂਲ, ਜੋ ਪਹਿਲਾਂ ਮਿਹਰ ਸਿੰਘ ਢਿੱਲੋਂ ਦੇ ਘਰ ਤੇ ਫਿਰ ਲਾਲਾ ਜੀਵਨ ਸਿੰਘ ਆਹਲੂਵਾਲੀਆ ਦੇ ਘਰ ਚਲਦਾ ਸੀ, ਉਹ ਸੰਨ 1952 ਵਿੱਚ ਮੁਸਲਿਮ ਭਰਾਈਆਂ ਦੇ ਘਰਾਂ ਵਾਲੀ ਥਾਂ, ਜੋ 1947 ਤੋਂ ਪਿੰਡ ਦੀ ਸਾਂਝੀ ਮਲਕੀਅਤ ਸੀ, ਉੱਥੇ ਉਸਾਰ ਦਿੱਤਾ ਗਿਆ। ਬੀਬੀ ਬਖਸ਼ੀਸ਼ ਕੌਰ ਸੰਧੂ ਦੀ ਵਿੱਦਿਅਕ ਖੇਤਰ ‘ਚ ਦੇਣ ਦੇ ਇਲਾਵਾ ਸ. ਬਲਵੰਤ ਸਿੰਘ ਦੀ ਵੀ ਬਹੁਤ ਦੇਣ ਹੈ। ਲਗਾਤਾਰ ਕਈ ਵਰ੍ਹਿਆਂ ਤੋਂ ਲੱਗਣ ਵਾਲੀ ਰਾਮ ਲੀਲ੍ਹਾ ਤਾਂ ਇੱਥੋਂ ਦੀ ਮਸ਼ਹੂਰ ਹੈ ਹੀ, ਪਰ ਭਲੇ ਵੇਲਿਆਂ ਸਮੇਂ ਇੱਥੇ ਪੈਂਦੀਆਂ ਰਾਸਾਂ ਨਕਲਾਂ ਤੇ ਮੁਜਰਿਆਂ ਨੂੰ ਲੋਕ ਅਜੇ ਤੱਕ ਨਹੀਂ ਜੇ ਭੁੱਲੇ। ਬੇਸ਼ੱਕ ਹੁਣ ਕੋਟਫਤੂਹੀ ਵਿੱਚ ਬਹੁਤ ਹੀ ਉੱਘੇ ਅਧਿਆਤਮਿਕ ਕੇਂਦਰ ਹਨ, ਨੇਕੀ ਵਾਲੇ ਹਰੀ ਸਿੰਘ ਧਾਮ ਦੀਆਂ ਵਿਲੱਖਣ ਦੇਣਾਂ ਨੂੰ ਕੌਣ ਨਹੀਂ ਜਾਣਦਾ, ਜਿੱਥੇ ਹਰ ਸਾਲ ਲੱਖਾਂ ਦੇ ਇਨਾਮ ਵਾਲੀਆਂ ਮੁਲਕ ਪੱਧਰੀ ਕੁਸ਼ਤੀਆਂ ਹੁੰਦੀਆਂ ਹਨ, ਪਰ ਪਹਿਲੇ ਸਮਿਆਂ ‘ਚ ਉਦਾਸੀਆਂ ਦੇ ਡੇਰੇ ਦੀ ਇਸ ਪਿੰਡ ਨੂੰ ਬਹੁਤ ਦੇਣ ਰਹੀ ਹੈ। ਉਦਾਸੀ ਦਿਆਲ ਦਾਸ-ਮੰਗਲਦਾਸ ਤੇ ਨਿਰਵਾਣ, ਹਰਨਾਮ ਜ਼ਿਆਦਾ ਚਰਚਿਤ ਤਾਂ ਰਹੇ ਹਨ, ਪਰ ਭਲਵਾਨੀ ਖੇਤਰ ‘ਚ ਇਸ ਡੇਰੇ ਦੀ ਬਹੁਤ ਮਸ਼ਹੂਰੀ ਸੀ। ਇੱਥੇ ਦੀ ਰਸਾਕਸ਼ੀ ਦੀ ਟੀਮ ਜਿਲ੍ਹੇ ਕਈ ਸਾਲ ਪੂਰੇ ਇਲਾਕੇ ‘ਚ ਉਧੜ-ਧੁੰਮੀ ਮਚਾਈ ਰੱਖੀ ਦੇ ਰੁਕਨ ਸ੍ਰੀ ਈਸ਼ਰ ਸਿੰਘ, ਰਤਨ ਸਿੰਘ, ਪੂਰਨ ਸਿੰਘ, ਬੂਝਾ, ਸੰਸਾਰਾ ਤੇ ਮਾਸਟਰ ਪੂਰਨ ਚੰਦ ਆਦਿ ਵਿੱਚੋਂ ਬਹੁਤੇ ਸਦਾ ਲਈ ਅੱਖਾਂ ਮੀਟ ਗਏ ਹਨ। ਭਾਰੀ ਵਜ਼ਨ ਦਾ ਮੁਧਗਰ ਚੁੱਕਣ ‘ਚ ਭਾਵੇਂ ਤੇਜਾ ਸਿੰਘ ਦਾ ਕੋਈ ਸਾਨੀ ਨਹੀਂ ਸੀ ਤੇ ਬੇਸ਼ੱਕ ਗੱਡਾ ਵਾਹੁਣ ਵਾਲਾ ਗੁਰਦਿੱਤ ਸਿੰਘ ਵੀ 5 ਮਣ ਪੱਕੇ ਦਾ ਮੁਧਗਰ ਚੁੱਕਦਾ ਰਿਹਾ, ਪ੍ਰੰਤੂ ਪੂਰੇ ਪੰਜਾਬ ‘ਚ ਅੰਗਾਂ ਦੇ ਨੇੜੇ ਤੱਕ ਨਾ ਜਾਣ ਦੇਣ ਵਾਲਾ ਬਹੁਤ ਹੀ ਸੁਥਰਾ ਭਾਰ ਚੁੱਕਣ ਵਾਲਾ ਸਾਧੂ ਮੰਗਲ ਦਾਸ ਦੀਆਂ ਧੁੰਮਾਂ ਦੂਰ-ਦੁਰੇਡੇ ਤੱਕ ਫੈਲੀਆਂ ਹੋਈਆਂ ਸਨ। ਉਸ ਦੁਆਰਾ ਫੇਰੀਆਂ ਮੰਗਲੀਆਂ ਦਾ ਵਜ਼ਨ ਸੱਤ ਮਣ ਕੱਚਾ ਸੀ, ਉਪਰੋਂ ਉਸ ਨੇ ਮੂੰਗਲੀਆਂ ਨੂੰ ਬੰਨ੍ਹੇ ਹੋਏ ਸਨ- ਸਲਾਖਾਂ ਤੇ ਸੰਗਲ ਤੇ ਇਸੇ ਕਾਰਨ ਕਈ ਡਰਦੇ ਇਨ੍ਹਾਂ ਨੂੰ ਹੱਥ ਨਹੀਂ ਸੀ ਪਾਉਂਦੇ, ਪਰ ਉਹ ਸੂਰਮਾ ਜਿੱਥੇ ਇੱਕ ਹੱਥ ਨਾਲ ਇੱਕ ਮੂੰਗਲੀ ਫੇਰਦਾ ਦੂਸਰੀ ਉਸੇ ਸਮੇਂ ਦੂਸਰੇ ਹੱਥ ਬਿਲਕੁਲ ਸਿੱਧੀ ਫੜੀ ਰੱਖਦਾ ਹਾਲਾਂ ਕਿ ਬਹੁਤ ਨਾਮੀ ਗਰਾਮੀ ਭਲਵਾਨ ਵੀ ਦੂਸਰੀ ਮੂੰਗਲੀ ਛਾਤੀ ਨਾਲ ਲਾਈ ਰੱਖਦਾ ਜਾਂ ਮੋਢੇ ‘ਤੇ ਟਿਕਾ ਲੈਂਦੇ। ਉਸ ਦੁਆਰਾ ਚੁੱਕੇ ਜਾਂਦੇ ਮੁਧਗਰ ਨੂੰ ਉਸ ਤਿੱਖੇ ਸੂਏ ਲਗਵਾਏ ਹੋਏ ਸਨ, ਜਿਸ ਦਾ ਭਾਵ ਮਾੜਾ-ਮੋਟਾ ਤਿਲਕਣ ਨਾਲ ਵੀ ਸੀ- ਮੌਤ, ਪਰ ਉਸ ਸੂਰਮੇ ਦੇ ਮੁਧਗਰੀ ਜਲੌਅ ਵੀ ਵੇਖਣ ਵਾਲੇ ਹੁੰਦੇ। ਉਸ ਨੇ ਆਪਣੇ ਡੇਰੇ 31 ਜੋੜੇ ਮੂੰਗਲਿਆਂ ਦੇ ਰੱਖੇ ਹੋਏ ਸਨ, ਜਿਨ੍ਹਾਂ ਦਾ ਵਜ਼ਨ ਵੱਧਦਾ ਜਾਂਦਾ ਸੀ। ਘੱਟ ਵਜ਼ਨ ਤੋਂ ਸ਼ੁਰੂ ਕਰਕੇ ਤੋੜ ਅਖੀਰ ਸਭ ਤੋਂ ਭਾਰੀਆਂ ਮੁੰਗਲੀਆਂ ਤੱਕ ਪਹੁੰਚਦਿਆਂ ਉਹ ਕਈ ਘੰਟੇ ਲਗਾਤਾਰ ਵਰਜ਼ਿਸ਼ ਕਰ ਨਿਬੜਦਾ। ਲੰਬੇ ਕੱਦ ਦਾ ਉਹ ਸਾਧੂ ਐਨਾ ਸੁਨੱਖਾ ਸੀ ਕਿ ਕਈ ਲੋਕ ਸਿਰਫ਼ ਉਸ ਦਰਸ਼ਨੀ ਭਲਵਾਨ ਨੂੰ ਹੀ ਵੇਖਣ ਆਉਂਦੇ। ਪੂਰੇ ਪਿੰਡ ਦੇ ਮਾਣ ਉਸ ਯੋਧੇ ਨੂੰ ਗਜਾ ਵੇਲੇ ਪਿੰਡ ਦੀਆਂ ਸੁਆਣੀਆਂ ਦੁੱਧ-ਮੱਖਣਾਂ ਨਾਲ ਲੱਦ ਦਿੰਦੀਆਂ।
ਕਈ ਲੋਕ ਤਾਂ ਉਸ ਦੇ ਦਰਸ਼ਨੀ ਸਰੀਰ ਦੀ ਹੀ ਝਲਕ ਵੇਖਣ ਲਈ ਉਸ ਦੇ ਪਿੜ-ਅਖਾੜਿਆਂ ਵਿੱਚ ਪੁੱਜਦੇ। ਮਾਝੇ ਇਲਾਕੇ ਦੀ ਇੱਕ ਖੱਤਰੀਆਂ ਦੀ ਧੀ ਕੇਸਰੋ ਉਸ ਗੋਰੇ ਨਿਛੋਹ ਗੇਰੂਏ ਰੰਗ ਸਾਧ ਉੱਤੇ ਅਜਿਹੀ ਮੋਹਿਤ ਹੋਈ ਸੀ ਕਿ ਆਪਣੇ ਹਿੱਸੇ ਦਾ ਗਹਿਣਾ-ਗੱਟਾ ਸਮੇਟ ਉਹ ਉਸ ਦੇ ਮਗਰ ਹੀ ਕੋਟਫਤੂਹੀ ਆ ਢੁੱਕੀ। ਉਸ ਬੜੇ ਵਾਸਤੇ ਪਾਏ ਕਿ ਸਾਡੇ ਉਦਾਸੀ ਨਿਰਵਾਣ ਸਾਧੂਆਂ ‘ਚ ਵਿਆਹ ਕਰਵਾਉਣਾ ਬਿਲਕੁਲ ਹੀ ਵਰਜਿਤ ਹੈ, ਪਰ ਇਹ ਪਿਓ ਦੀ ਧੀ ਨਾ ਮੰਨੀ। ਉਸ ਮੁਟਿਆਰ ਦੇ ਹਾੜ੍ਹੇ ਵਾਸਤਿਆਂ ‘ਤੇ ਪਿੰਡ ਵਾਲੇ ਅਜਿਹੇ ਪਸੀਜੇ ਕਿ ਉਨ੍ਹਾਂ ਸਾਧੂਆਂ ਨੂੰ ਅਰਜੋਈ ਕੀਤੀ ਕਿ ਉਹ ਇਸ ਨੂੰ ਆਪਣਾ ਲਵੇ, ਪਰ ਸਾਧ ਟੱਸ ਤੋਂ ਮੱਸ ਨਾ ਹੋਇਆ। ਅੰਤ ਜਦੋਂ ਉਸ ਨੌਜਵਾਨ ਕੰਨਿਆ ਨੇ ਜਿਸ ਦੇ ਰੂਪ ਦੀ ਝਾਲ ਨਹੀਂ ਝੱਲੀ ਜਾਂਦੀ, ਜੋ ਸਾਧੂ ਮੰਗਲ ਦਾਸ ਵਾਂਗ ਹੀ ਜੁਆਨ ਜਹਾਨ, ਪ੍ਰੰਤੂ ਛਮਕ ਜਿਹੀ ਸੀ, ਨੇ ਵਿਯੋਗ ‘ਚ ਆ ਕੇ ਅੰਨ-ਪਾਣੀ ਤੱਕ ਛੱਡ ਦਿੱਤਾ ਤਾਂ ਇਸ ਉਦਾਸੀ ਦਾ ਮਨ ਅਜਿਹਾ ਕੁਰਲਾਇਆ ਕਿ ਉਹ ਗੇਰੂਏ ਵਸਤਰ ਉਤਾਰ ਸਦਾ ਵਾਸਤੇ ਹੀ ਉਸਦਾ ਹੋ ਗਿਆ। ਅੰਗਰੇਜ਼ਾਂ ਤੱਕ ਤੋਂ ਕਈ ਇਨਾਮ-ਸਨਮਾਨ ਪ੍ਰਾਪਤ ਕਰਨ ਵਾਲੇ ਇਸ ਸੂਰਮੇ ਨੂੰ ਕੁਝ · ਸਮੇਂ ਬਾਅਦ ਹੀ ਲਾਹੌਰ ਇਲਾਕੇ ਦੇ ਕੁਝ ਲੋਕਾਂ ਨੇ ਈਰਖਾ ਵੱਸ ਅਜਿਹੀ ਧੀਮੀ ਜ਼ਹਿਰ ਦਿੱਤੀ ਕਿ ਉਹ 42 ਸਾਲ ਦੀ ਭਰ ਜਵਾਨ ਉਮਰੇ ਹੀ ਸਭ ਨੂੰ ਅਲਵਿਦਾ ਕਹਿ ਗਿਆ। ਜਲਦੀ ਬਾਅਦ ਹੀ ਗਮ ਦੇ ਪਹਾੜਾਂ ਨਾਲ ਫੌਤ ਹੋ ਜਾਣ ਵਾਲੀ ਮਾਝੇ ਦੀ ਧੀ ਉਸ ਮਾਈ ਕੇਸਰੋ ਦੀ ਭੌ-ਸਮਾਧੀ ਵੀ ਦੁਆਬੇ ਦੇ ਪੁੱਤ ਮੰਗਲਦਾਸ ਦੀ ਸਮਾਧੀ ਦੇ ਕਲਾਵੇ ਵਿੱਚ ਹੀ ਬਣਾ ਦਿੱਤੀ ਗਈ। ਜਿੱਥੇ ਕੋਟਫਤੂਹੀ ਦੇ ਲੋਕ ਅੱਜ ਵੀ ਇਸ ਜੁਆਨ ਦਰਸ਼ਨੀ ਸਾਧੂ ਦੀ ਗੱਲ ਮਾਣ ਨਾਲ ਕਰਦੇ ਹਨ, ਉੱਥੇ ਕੇਸਰੋ ਦੀ ਕਥਾ ਕਰਦਿਆਂ ਕਈ ਦਿਲ ਗੁਰਦੇ ਵਾਲਿਆਂ ਦੀਆਂ ਅੱਖਾਂ ਵੀ ਭਰ ਆਉਂਦੀਆਂ ਹਨ।
ਪ੍ਰੰਤੂ ਸਭ ਤੋਂ ਵੱਧ ਮਸ਼ਹੂਰੀ ਇਸ ਪਿੰਡ ਦੀ ਨਾ ਸਿਰਫ਼ ਦੇਸ਼ ਭਗਤ ਖਾਸੇ, ਜੰਗੀ ਅਜ਼ਾਦੀ ਵਿੱਚ ਪਾਏ ਯੋਗਦਾਨ ਕਰਕੇ ਹੈ। ਉਦੋਂ ਦੇ ਇਸ ਨਿੱਕੇ ਜਿਹੇ ਪਿੰਡ ‘ਚ ਕਹਿੰਦੇ ਕਹਾਉਂਦੇ, ਵੱਡੇ ਪਿੰਡਾਂ ਅਤੇ ਇੱਥੋਂ ਤੱਕ ਕਿ ਸ਼ਹਿਰਾਂ ਨਾਲੋਂ ਵੀ ਵੱਧ ਦੇਸ਼ ਭਗਤ ਹੋਏ ਸਨ, ਜਿਨ੍ਹਾਂ ਦੀ ਗਿਣਤੀ ਦੋ ਦਰਜਨ ਦੇ ਲਾਗੇ ਬਣਦੀ ਹੈ। ਇੱਥੋਂ ਦਾ ਪੰਡਤ ਦੀਨਾ ਰਾਮ ਆਤਿਸ਼ ਸ਼ਾਮ ਲਾਲ ਖੱਤਰੀ ਨਾਲ ਮਿਲ ਕੇ ਲਾਹੌਰ ਵਿੱਚ ਅਜ਼ਾਦੀ ਲਹਿਰ ਨੂੰ ਸਮਰਪਿਤ ਗੁਰੂ ਘੁਟਾਲ ਅਖਬਾਰ ਕੱਢਦਾ ਸੀ, ਮਗਰੋਂ ਜਿਸ ਦਾ ਨਾਂਅ ‘ਨੌਜਵਾਨ’ ਰੱਖਿਆ। ਬਾਅਦ ‘ਚ ਇਹ ਮਸ਼ਹੂਰ ਦੇਸ਼ ਭਗਤ ਅਖਬਾਰ ਬੰਦੇ ਮਾਤਰਮ ‘ਚ ਕੰਮ ਕਰਦੇ ਰਹੇ ਤੇ ਫਿਰ ਮਗਰੋਂ ‘ਵੀਰ ਭਾਰਤ’ ਦਾ ਐਡੀਟਰ ਰਿਹਾ। ‘ਸੰਸਾਰ’ ਅਖ਼ਬਾਰ ਜੋ ਕੈਨੇਡਾ ਤੋਂ ਨਿਕਲਦਾ ਸੀ ਦੇ 25.8 1913 ਦੇ ਅੰਕ ਅਨੁਸਾਰ ਕੋਟਫਤੂਹੀ ਦੇ ਬੰਤ ਸਿੰਘ ਤੇ ਡਾ. ਜਵਾਲਾ ਸਿੰਘ ਨੇ ਭਾਰਤੀ ਪੰਜਾਬ ਵਿੱਚ ਦੂਸਰੇ ਦੇਸ਼ ਭਗਤਾਂ ਨਾਲ ਰਲਕੇ ਵਿਦਿਆ ਦੇ ਪਸਾਰ ਦੇ ਯਤਨ ਕੀਤੇ। ਗ਼ਦਰ ਡਾਇਰੈਕਟਰੀ ਦੇ ਪੰਨਾ 99 ਅਨੁਸਾਰ ਐਸ.ਐਸ. ਤੋਸ਼ ਮਾਰੂ ਜਹਾਜ਼ ਰਾਹੀ ਜੋ ਉੱਘੇ ਦੇਸ਼ ਭਗਤ ਵਤਨ ਨੂੰ ਮੁੜੇ ਉਨ੍ਹਾਂ ਵਿੱਚ ਵੀ ਰਾਜਾ ਸਿੰਘ ਕੋਟਟਤੁਹੀ ਵੀ ਸ਼ਾਮਿਲ ਸੀ ਜਿਸ ਪਹਿਲੀ ਸਤੰਬਰ 1914 ਨੂੰ ਵਿਕਟੋਰੀਆ ਛੱਡਿਆ। ਨੈਸ਼ਨਲ ਕਵੀ ਮੇਹਰ ਚੰਦ ਅਜ਼ਾਦ ਵੀ ਸਾਰੀਆਂ ਅਜ਼ਾਦੀ ਲਹਿਰਾਂ ਦਾ ਉੱਘਾ ਰੁਕਨ ਰਿਹਾ ਹੈ, ਜਿਸਦਾ ਛੋਟੀ ਉਮਰ ਦਾ ਪੁੱਤਰ ਓਮ ਪ੍ਰਕਾਸ਼ ਵੀ ਆਪਣੀਆਂ ਜੰਗੀ ਤਕਰੀਰਾਂ ਕਾਰਨ ਉਸ ਦੇ ਨਾਲ ਹੀ ਜੇਲ੍ਹ ਧੱਕ ਦਿੱਤਾ ਜਾਂਦਾ ਸੀ। ਅਜ਼ਾਦੀ ਉਪਰੰਤ ਦੋਹਾਂ ਪਿਉ-ਪੁੱਤਰਾਂ ਨੇ ਸਰਕਾਰ ਤੋਂ ਕਿਸੇ ਵੀ ਕਿਸਮ ਦੀ ਮਦਦ ਇਹ ਕਹਿੰਦਿਆਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਤਾਂ ਸਿਰਫ਼ ਆਪਣਾ ਫਰਜ਼ ਨਿਭਾਇਆ ਹੈ। ਇੱਥੋਂ ਦੇ ਜਥੇਦਾਰ ਪ੍ਰਤਾਪ ਸਿੰਘ (ਵਿਦੇਸ਼ਾਂ ‘ਚ ਗ਼ਦਰੀਆਂ ਦਾ ਸਾਥੀ, ਗੁਰੂ ਕਾ ਬਾਗ ਮੋਰਚਾ, ਦੋ ਸਾਲ ਕੈਦ 500 ਰੁਪਏ ਜੁਰਮਾਨਾ), ਸ਼ਹੀਦ ਭੁੱਲਾ ਸਿੰਘ (ਸਿਵਲ ਨਾ ਫੁਰਮਾਨੀ, 1 ਸਾਲ ਕੈਦ, ਸਖ਼ਤ ਤਸੀਹਿਆਂ ਕਾਰਨ ਜੇਲ੍ਹ ‘ਚ ਸ਼ਹੀਦੀ), ਮੋਹਣ ਸਿੰਘ (ਜੈਤੋ ਮੋਰਚਾ, ਦੋ ਸਾਲ ਕੈਦ), ਸ਼ਹੀਦ ਵਰਿਆਮ ਸਿੰਘ (ਬੱਬਰ ਲਹਿਰ-ਲਾਹੌਰ ਵਿੱਚ ਪਹਿਲੇ ਬੱਬਰ ਸਾਜਿਸ਼ ਕੇਸ ਦੌਰਾਨ 29 ਦਸੰਤਬਰ 1924 ਨੂੰ ਜੇਲ੍ਹ ‘ਚ ਮੌਤ, ਹੁਕਮ ਸਿੰਘ (ਜੈਤੋ ਮੋਰਚਾ, ਬੱਬਰ ਲਹਿਰ ਤਿੰਨ ਸਾਲ ਕੈਦ), ਹਰਦਿੱਤ ਸਿੰਘ ਕੈਨੇਡੀਅਨ (ਗ਼ਦਰੀ ਯੋਧਾ ਕਾਮਾਗਾਟਾ ਮਾਰੂ, 31 ਮਹੀਨੇ ਕੈਦ), ਮੁਨਸ਼ਾ ਸਿੰਘ (ਜੈਤੋ ਮੋਰਚਾ, ਅਜ਼ਾਦੀ ਲਹਿਰ, ਸਖ਼ਤ ਕਠਿਨਾਈਆਂ ਕਾਰਨ ਜੇਲ੍ਹ ‘ਚ ਮੌਤ), ਅਮਰ ਸਿੰਘ (ਗੁਰੂ ਕਾ ਬਾਗ ਮੋਰਚਾ, ਬੁਰੀ ਤਰ੍ਹਾਂ ਕੁੱਟਮਾਰ), ਭੋਲਾ ਸਿੰਘ (ਗੁਰੂ ਕਾ ਬਾਗ ਮੋਰਚਾ, ਸਖ਼ਤ ਜ਼ਖਮੀ), ਬਖਸ਼ੀ ਰਾਮ (ਨਾਮਿਲਵਰਤਣ ਲਹਿਰ, ਨੂੰ ਸਾਲ ਕੈਦ), ਗੰਗਾ ਸਿੰਘ (ਨਾ ਮਿਲਵਰਤਣ ਲਹਿਰ, 9 ਮਹੀਨੇ ਕੈਦ), ਕਰਮ ਸਿੰਘ (ਜੈਤੋ ਮੋਰਚਾ, ਜੇਲ੍ਹ ‘ਚ ਮੌਤ), ਸੁੰਦਰ ਸਿੰਘ ਪੰਡਤ (ਬੱਬਰ ਲਹਿਰ), ਬਚਿੰਤ ਸਿੰਘ ਤੇ ਉਸਦਾ ਪੁੱਤਰ ਸ਼ੇਰ ਸਿੰਘ ਅਤੇ ਪ੍ਰੀਤਮ ਸਿੰਘ ਆਦਿ ਪ੍ਰਮੁੱਖ ਦੇਸ਼ ਭਗਤ ਹੋਏ ਹੀ ਹਨ। ਪਰ ਇਨ੍ਹਾਂ ਦੇਸ਼ ਭਗਤਾਂ ਦਾ ਕੋਟਫਤੂਹੀ, ਹੁਣ ਇੱਕੋ ਇੱਕ ਜਿਊਂਦਾ ਜਾਗਦਾ ਇੱਕ ਸਦੀ ਨੂੰ ਢੁੱਕ ਚੁੱਕਾ ਸਾਥੀ ਹੈ, ਭਾਈ ਈਸ਼ਰ ਸਿੰਘ, ਜੋ ਕਿ ਸਾਰੀਆਂ ਹੀ ਅਜ਼ਾਦੀ ਲਹਿਰਾਂ ਦਾ ਸਾਂਝਾ-ਮੀਝਾ ਬੰਦਾ ਸੀ। ਸਿਵਲ ਨਾ ਫੁਰਮਾਨੀ ਤਹਿਤ ਉਸ ਨੂੰ ਸਖ਼ਤੀ ਵਾਲੀਆਂ ਜੇਲ੍ਹਾਂ ਦੇ ਤੌਰ ‘ਤੇ ਜਾਣੀ ਜਾਂਦੀ ਅਟਕ ਜੇਲ੍ਹ ‘ਚ ਇੱਕ ਸਾਲ ਲਈ ਧੱਕ ਦਿੱਤਾ ਗਿਆ। ਸੰਨ 1930-31 ਸੱਤਵੇਂ ਮਹੀਨੇ ਨੇ ਚੱਕੋਵਾਲੀਏ ਛੱਜਾ ਸਿੰਘ, ਗਰਨਾ ਦੇ ਅਮਰ ਸਿੰਘ, ਮਹਿੰਗੋਵਾਲ ਦੇ ਪੰਡਤ ਭਗਵਾਨ ਦਾਸ ਉਰਫ਼ ਰੱਬ ਤੇ ਭੋਗੀਪੁਰ ਦੇ ਬਾਬਾ ਗੁਰਦਿੱਤ ਸਿੰਘ ਨਾਲ ਜੇਲ ਅਧਿਕਾਰੀਆਂ ਦੀਆਂ ਅਜਿਹੀਆਂ ਚੱਕਰੀਆਂ ਘੁੰਮਾਈਆਂ ਕਿ ਇਸ ਨੂੰ ਚੱਕੀਬੰਦ ਕਰ ਦਿੱਤਾ ਗਿਆ। ਆਪਣਾ ਪਿੱਛਾ ਗੁਰਦਾਸਪੁਰ ਦਾ ਟਿੱਬਰ ਪਿੰਡ ਦੱਸਦਾ ਇਹ ਬਜ਼ੁਰਗ ਦੁੱਖ ਪ੍ਰਗਟ ਕਰਦਾ ਹੈ ਕਿ ਉਨ੍ਹਾਂ ਦੇ ਸੁਪਨਿਆਂ ਦੀ ਅਜ਼ਾਦੀ ਅਜੇ ਤੱਕ ਪ੍ਰਾਪਤ ਨਹੀਂ ਹੋਣੀ। ਗ਼ਦਰ ਦੀਆਂ ਗੂੰਜਾਂ ਪਰਚੇ ਤੋਂ ਪ੍ਰਭਾਵਿਤ ਹੋ ਕੇ ਜੰਗੇ ਅਜ਼ਾਦੀ ‘ਚ ਕੁੱਦਣ ਵਾਲਾ ਇਹ ਸੂਰਮਾ ਦੱਸਦਾ ਹੈ ਕਿ ਅਟਕ ਜੇਲ੍ਹ ‘ਚ ਕੋਟਫਤੂਹੀ ਦਾ ਭੁੱਲਾ ਉਸ ਦੇ ਹੱਥਾਂ ‘ਚ ਹੀ ਮਰਿਆ ਸੀ। ਆਪਣੇ ਸਾਥੀਆਂ ਨੂੰ ਨਮ ਅੱਖਾਂ ਨਾਲ ਯਾਦ ਕਰਕੇ ਇਸ ਯੋਧੇ ਨੂੰ ਅਜੇ ਵੀ ਆਸ ਹੈ ਕਿ ਜ਼ਰੂਰ ਹੀ ਸ਼ਹੀਦ ਭਗਤ ਸਿੰਘ ਦੇ ਵਾਰਸ ਅਨਿਆਂ ਪੂਰਨ ਅਤੇ ਵੰਡੀਆਂ ਪਾਉਣ, ਨਿਜ਼ਾਮ ਨੂੰ ਢਾਹ-ਢੇਰੀ ਕਰਕੇ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖਤਮ ਕਰਨਗੇ।
ਬੱਬਰਾਂ ਦੀ ਚੀਫ਼ ਕੋਰਟ ਜਾਣੇ ਜਾਂਦੇ ਇਸ ਪਿੰਡ ਨੂੰ ਅੰਗਰੇਜ਼ ਕਿੰਨੀ ਅਹਿਮੀਅਤ ਦਿੰਦੇ ਸਨ ਕਿ ਬੱਬਰਾਂ ਦੀ ਗ੍ਰਿਫਤਾਰੀ ਲਈ ਸਰਕਾਰ ਵੱਲੋਂ ਕੱਢੇ ਗਏ ਬਹੁਤ ਹੀ ਮਸ਼ਹੂਰ ਤਿੰਨ ਐਲਾਨ ਜਨਤਕ ਤੌਰ ‘ਤੇ ਛਾਪੇ ਗਏ ਜਿਨ੍ਹਾਂ ‘ਚ ਨਕਦ ਇਨਾਮਾਂ ਤੋਂ ਬਿਨਾਂ ਬਾਰ ਕਾਲੋਨੀ ਵਿੱਚ ਮੁਰੱਬੇ ਦੇਣ ਦਾ ਵੇਰਵਾ ਵੀ ਸੀ, ਬਾਰੇ ਜਲੰਧਰ ਡਵੀਜਨ ਦੇ ਕਮਿਸ਼ਨਰ ਸਾਹਿਬ ਬਹਾਦਰ ਹਰਕ੍ਰਿਸ਼ਨ ਕੌਲ ਨੇ ਸਪੱਸ਼ਟ ਸ਼ਬਦਾਂ ‘ਚ ਹੁਕਮ ਦਿੱਤਾ ਕਿ ਇਹ ਇਸ਼ਤਿਹਾਰ ਹਰ ਹਾਲਤ ‘ਚ ਕੋਟਫਤੂਹੀ ਦੀਆਂ ਕੰਧਾਂ ਉੱਪਰ ਚਿਪਕਾ ਕੇ ਰਿਪੋਰਟ ਪੇਸ਼ ਕੀਤੀ ਜਾਵੇ। ਪਹਿਲਾਂ ਐਲਾਨ 30 ਨਵੰਬਰ 1922 ਨੂੰ, ਦੂਜਾ 25 ਅਪ੍ਰੈਲ 1923 ਨੂੰ ਅਤੇ ਤੀਜਾ ਜੋ 8 ਅਗਸਤ 1923 ਨੂੰ ਨਸ਼ਰ ਕੀਤਾ ਗਿਆ, ਨੂੰ ਲੋਕਾਂ ਆਪਣੀਆਂ ਕੰਧਾਂ ‘ਤੇ ਲਾਉਣ ਦੀ ਮਨਾਹੀ ਕਰ ਦਿੱਤੀ। ਇਸੇ ਕੋਟਫਤੂਹੀ ਵਿੱਚ ਬੱਬਰਾਂ ਦੀ ਉਡਾਰੂ ਪ੍ਰੈਸ (ਸਫਰੀ ਛਾਪਾਖਾਨਾ) ਵੱਲੋਂ ਛਾਪਿਆ ਜਾਂਦਾ ਅਖਬਾਰ ‘ਬੱਬਰ ਅਕਾਲੀ ਦੋਆਬਾ’ ਵੀ ਸ੍ਰੀ ਹਰਦਿੱਤ ਸਿੰਘ-ਵਰਿਆਮ ਸਿੰਘ ਦੀ ਹਵੇਲੀ ਵਿੱਚ ਹੀ ਛਪਦਾ ਰਿਹਾ। ਪਿੰਡ ਕਿਸ਼ਨਪੁਰ, ਪੰਡੋਰੀ ਅਤੇ ਜੱਸੋਵਾਲ ਵਿਖੇ ਵੀ ਕੰਮ ਕਰਦੀ ਰਹੀ ਉਹ ਉਡਾਰੂ ਪ੍ਰੈਸ ਅਖੀਰ ਫਤਿਹਪੁਰ ਕੋਠੀ ਤੋਂ ਫੜੀ ਗਈ, ਪਰ ਬਹੁਤ ਅਰਸੇ ਬਾਅਦ ਹੀ ਧੂਹ ਨਿਕਲੀ ਕਿ ਇਹ ਤਾਂ ਬਹੁਤਾ ਸਮਾਂ ਕੋਟਫਤੂਹੀ ਕੰਮ ਕਰਦੀ ਰਹੀ ਸੀ ਇਸੇ ਉਡਾਰੂ ਪ੍ਰੈਸ ਨਾਲ ਕੋਟਫਤੂਹੀ ਤੋਂ ਬਘੋਰੇ ਜਾ ਵਸੇ ਮੁਸਲਮਾਨਾਂ ਦੇ ਘਰ ਵੀ ਲੀਫਲੈਟ ਛਪਦੇ ਰਹੇ ਸਨ। ਬੱਬਰਾਂ ਦੇ ਮੁਕੱਦਮੇ ਵਿੱਚ ਜੋ ਅਮਰ ਸਿੰਘ ਗ੍ਰੰਥੀ ਮੁਲਤਾਨੀ ਗਵਾਹ ਬਣਿਆ ਸੀ, ਬਜ਼ੁਰਗਾਂ ਅਨੁਸਾਰ ਉਹ ਕੋਟ ਵਾੜੇ ਖਾਂ (ਰਾਜਸਥਾਨ ਤੋਂ ਫ਼ੌਜ ਵਿਚੋਂ ਕੱਢਣ ਉਪਰੰਤ ਇਥੇ ਆ ਟਿਕਿਆ ਸੀ।
ਇਸੇ ਪਿੰਡ ਹੀ ਬੱਬਰਾਂ ਦੀ ਤਰਫੋਂ ਫਰਵਰੀ 1992 ਨੂੰ ਕੀਤੀ ਗਈ ਰਾਜਸੀ ਕਾਨਫਰੰਸ ਨੂੰ ਅੰਗਰੇਜ਼ਾਂ ਦੇ ਹਿਤੈਸ਼ੀ ਨਾ ਤਾਂ ਫੇਲ੍ਹ ਕਰ ਸਕੇ ਅਤੇ ਨਾ ਹੀ ਅੰਗਰੇਜ਼ ਸਰਕਾਰ ਕਿਸੇ ਆਗੂ ਨੂੰ ਗ੍ਰਿਫਤਾਰ ਕਰ ਸਕੀ। ਮਾਸਟਰ ਮੋਤਾ ਸਿੰਘ ਮੋਢੀ ਬੱਬਰ ਤੇ ਹੋਰ ਚੋਟੀ ਦੇ ਆਗੂ ਇਸ ਕਾਨਫਰੰਸ ਨੂੰ ਸੰਬੋਧਨ ਕਰਕੇ ਚੀਨੀ ਕਹਾਵਤ ‘ਮੱਛੀ ਤੇ ਪਾਣੀ’ ਵਾਂਗ ਲੋਕਾਂ ਦੇ ਜੰਗਲ ਵਿੱਚ ਵੀ ਸਾਫ਼ ਬਚ ਕੇ ਨਿਕਲ ਗਏ। ਲੋਕਾਂ ਨੇ ਅੰਗਰੇਜ਼ ਸਿਪਾਹੀਆਂ ਦੇ ਨਾ ਤਾਂ ਤੰਬੂ ਆਪਣੇ ਖੇਤਾਂ ‘ਚ ਲੱਗਣ ਦਿੱਤੇ, ਦੁਕਾਨਦਾਰਾਂ ਨੇ ਨਾ ਕੋਈ ਚੀਜ਼ ਵਸਤ ਦਿੱਤੀ, ਨਾ ਹੀ ਲੋਕਾਂ ਕਿਸੇ ਕਿਸਮ ਦਾ ਸਹਿਯੋਗ ਦਿੱਤਾ। ਬਾਬਾ ਗੰਗਾ ਸਿੰਘ ਨੇ ਅੰਗਰੇਜ਼ ਮੈਜਿਸਟ੍ਰੇਟ ਦੇ ਸਿਰ ਸੁਆਹ ਦਾ ਬੱਠਲ ਪਾ ਕੇ ਸਮੁੱਚੇ ਨਿਜ਼ਾਮ ਨੂੰ ਨਮੋਸ਼ੀ ਯਾਦ ਕਰਾਈ ਕਿ ਉਹ ਪੂਰਾ ਤਰਦੱਦ ਕਰਨ ਦੇ ਬਾਵਜੂਦ ਚੋਟੀ ਦੇ ਬੱਬਰਾਂ ਨੂੰ ਗ੍ਰਿਫਤਾਰ ਨਾ ਕਰ ਸਕੀ। ਇਸ ਪਿੰਡ ਨੇ ਅੰਗਰੇਜ਼ਾਂ ਦਾ ਉਨ੍ਹੀਂ ਵਕਤੀ 8100 ਰੁਪਏ ਜੁਰਮਾਨਾ ਭਰਿਆ, ਜਦ ਪੰਜ ਰੁਪਏ ਦੀ ਮਣ ਪੱਕੀ ਕਣਕ ਆ ਜਾਂਦੀ ਸੀ, ਸਖ਼ਤੀਆਂ ਦਾ ਦੌਰ ਪਿੰਡੇ ‘ਤੇ ਜਰ ਇਹ ਲੋਕ ਫਿਰ ਤੀਲ੍ਹਾ-ਤੀਲ੍ਹਾ ਜੋੜਨ ਲੱਗ ਪੈਂਦੇ ਅਤੇ ਇਸ ਕਾਨਫਰੰਸ ਤੋਂ ਬਾਅਦ ਇਹ ਪਿੰਡ ਲਗਾਤਾਰ 19 ਸਾਲ ਰਾਜਸੀ ਕਾਨਫਰੰਸਾਂ ਕਰਦਾ ਰਿਹਾ, ਜਿਸ ਨੂੰ ਹਰ ਤਰ੍ਹਾਂ ਦੀ ਵਿਚਾਰਧਾਰਾ ਤੇ ਪਾਰਟੀ ਦੇ ਸਿਰਮੌਰ ਜੰਗ ਘੁਲਾਈਆਂ ਨੇ ਸੰਬੋਧਨ ਕੀਤਾ। ਵੇਲੇ ਦਾ ਸ਼ਾਇਦ ਹੀ ਸਾਂਝੇ ਪੰਜਾਬ ਦਾ ਕੋਈ ਉੱਘਾ ਆਗੂ ਰਹਿ ਗਿਆ ਹੋਣਾ, ਜੋ ਕੋਟਫਤੂਹੀ ਨਾ ਆਇਆ ਹੋਵੇ। ਇੱਥੋਂ ਦੇ ਲੋਕਾਂ ਦਾ ਦੇਸ਼ ਭਗਤ ਲਹਿਰ ਨੂੰ ਦਿੱਤਾ ਸਹਿਯੋਗ ਯਾਦ ਰਹੇਗਾ। ਜਿੱਥੇ ਇਨ੍ਹਾਂ ਕਾਨਫਰੰਸਾਂ ਨੂੰ ਸਫਲ ਕਰਨ ਲਈ ਜਥੇਦਾਰ ਪ੍ਰਤਾਪ ਸਿੰਘ ਦਾ ਵਿਸ਼ੇਸ਼ ਰੋਲ ਸੀ, ਉੱਥੇ ਇੱਥੋਂ ਦੇ ਹੀ ਬੱਬਰ ਸੁੰਦਰ ਸਿੰਘ ਦੀ ਕੁਰਬਾਨੀ ਵੀ ਸਿਰਮੌਰ ਹੈ। ਕੋਟਫਤੂਹੀ ਦੇ ਸਾਰੇ ਬੱਬਰਾਂ ਵਿੱਚੋਂ ਉਸ ਦਾ ਯੋਗਦਾਨ ਬੜਾ ਹੀ ਉੱਘਾ ਤੇ ਨਿਵੇਕਲਾ ਹੋਣ ਦੇ ਬਾਵਜੂਦ ਸਰਕਾਰ ਉਸ ਨੂੰ ਜੇਲ੍ਹ ਨਾ ਡੱਕ ਸਕੀ, ਭਾਵੇਂ ਕਿ ਦੂਸਰੇ ਲਾਹੌਰ ਕੇਸ ਦੀ ਫਰਿਸ਼ਤ ਵਿੱਚ ਉੱਥੋਂ ਦੇ ਵਰਿਆਮ ਸਿੰਘ ਦੇ ਨਾਲ ਲੜੀ ਨੰਬਰ 32 ਉੱਪਰ ਇਸ ਦਾ ਨਾਂਅ ਮੁੱਖ ਦੋਸ਼ੀਆਂ ਵਿੱਚ ਦਰਜ ਸੀ। ਕਹਿੰਦੇ ਹਨ ਕਿ ਜਦ ਵੀ ਪੁਲਿਸ ਬੱਬਰਾਂ ਨੂੰ ਗ੍ਰਿਫਤਾਰ ਕਰਨ ਲਈ ਆਉਂਦੀ ਤਾਂ ਉਹ ਪੁਲਿਸ ਨਾਲ ਬੁਰੀ ਤਰ੍ਹਾਂ ਭਿੜ ਪੈਂਦਾ। ਜਦ ਵੀ ਬੱਬਰ ਪਿੰਡ ਹੁੰਦੇ, ਉਹ ਨੰਗੀ ਤਲਵਾਰ ਲੈ ਕੇ ਪਿੰਡ ‘ਚ ਪਹਿਰਾ ਦੇਂਦਾ ਘੁੰਮਦਾ। ਇੱਕ ਵਾਰ ਜੱਜ ਲਾਉਸ-ਏ-ਬੁਲ ਦੀ ਅਦਾਲਤ ‘ਚ ਉਹ ਸ਼ੇਰ ਵਾਂਗ ਐਸਾ ਦਹਾੜਿਆ ਕਿ ਅਜ਼ਾਦੀ ਦੇ ਪਰਵਾਨੇ ਇਸ ਯੋਧੇ ਦੀਆਂ ਖਰੀਆਂ-ਖਰੀਆਂ ਸੁਣ ਕੇ ਸਰਕਾਰੀ ਵਕੀਲ ਤੇ ਗਵਾਹ ਨੀਵੀਂ ਪਾ ਕੇ ਅਜਿਹੇ ਖੜ ਗਏ ਕਿ ਅੱਗੋਂ ਅਦਾਲਤੀ ਕਾਰਵਾਈ ਹੀ ਨਾ ਚੱਲ ਸਕੀ। ਇੱਕ ਵਾਰ ਜਦ ਇਸ ਦੀ ਬ੍ਰਾਹਮਣ ਜਾਤ ਕਾਰਨ ਕਿਸੇ ਨੇ ਗੰਗੂ ਬ੍ਰਾਹਮਣ ਦੀ ਗਦਾਰੀ ਦਾ ਨਿਹੋਰਾ ਮਾਰ ਕੇ ਉਸ ਦੀ ਵਫਾਦਾਰੀ ਉੱਪਰ ਸ਼ੱਕ ਪ੍ਰਗਟਾਈ ਤਾਂ ਇਹ ਉਸੇ ਰਾਤ ਹੀ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਸਜ ਗਿਆ ਜੋ ਕਿ ਆਪਣੇ ਆਪ ‘ਚ ਇੱਕ ਹੈਰਾਨੀਜਨਕ ਘਟਨਾ ਸੀ, ਖਾਸ ਕਰਕੇ ਕਿਸੇ ਬ੍ਰਾਹਮਣ ਦੇ ਸੁੰਦਰ ਦਾਸ ਤੋਂ ਸੁੰਦਰ ਸਿੰਘ ਬਣ ਜਾਣ ਕਰਕੇ। ਇਹ ਘਟਨਾ ਉਸ ਸਮੇਂ ਦੀ ਹੈ, ਜਦੋਂ ਪੈਂਸਰੇ ਦੀ ਝਿੜੀ ਵਿੱਚ ਜ਼ਖਮੀ ਪਏ ਚੋਟੀ ਦੇ ਬੱਬਰ ਉਦੈ ਸਿੰਘ ਝੁੱਗੀਆਂ ਨੂੰ ਚੁੱਕ ਲਿਆ ਕੇ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਚੁੱਕੀ ਅਤੇ ਸੁੰਦਰ ਸਿੰਘ ਨੇ ਉਸ ਜ਼ਖਮੀ ਬੱਬਰ ਦਾ ਇਲਾਜ ਅਜਿਹੇ ਢੰਗ ਨਾਲ ਕੀਤਾ ਕਰਵਾਇਆ ਕਿ ਕਨਸੋਅ ਤੱਕ ਨਾ ਨਿਕਲ ਸਕੀ। ਇਸ ਘਟਨਾ ਤੋਂ ਬਾਅਦ ਬੱਬਰ ਸੁੰਦਰ ਸਾਰੇ ਦੇਸ਼ ਭਗਤਾਂ ਤੇ ਖਾਸ ਕਰਕੇ ਬੱਬਰਾਂ ਦਾ ਅਤਿ ਭਰੋਸੇਯੋਗ ਸਾਥੀ ਦੇ ਤੌਰ ‘ਤੇ ਜਾਣਿਆ ਜਾਣ ਲੱਗਾ।
ਇਸ ਪਿੰਡ ਨੇ ਮੁੱਖ ਸੜਕ ‘ਤੇ ਹੋਣ ਕਾਰਨ ਜਿਸ ਤੇਜ਼ੀ ਨਾਲ ਵੱਧ ਕੇ ਹੁਣ ਇੱਕ ਵੱਡੇ ਕਸਬੇ ਦਾ ਰੂਪ ਧਾਰ ਲਿਆ ਹੈ, ਇੱਕ ਕੇਂਦਰੀ ਪਿੰਡ ਹੋਣ ਦੇ ਨਾਲ-ਨਾਲ ਇਸ ਦੇ ਬਾਜ਼ਾਰ ਦੀ ਸ਼ਕਲ ਅਖਤਿਆਰ ਕਰ ਜਾਣ ਕਰਕੇ ਪੜ੍ਹਾਈ, ਪੈਸੇ ਤੇ ਆਧੁਨਿਕਤਾ ਨੇ ਸਭੋ ਕੁਝ ਬਦਲ ਕੇ ਕੋਟਫਤੂਹੀ ਨੂੰ ਇੱਕ ਆਧੁਨਿਕ ਪਿੰਡ ਨਾਮ ਕਸਬੇ ਦੀ ਨੁਹਾਰ ਦੇ ਦਿੱਤੀ ਹੈ। ਕਿਰਤ-ਬਿਰਤ ਦੇ ਪੈਟਰਨ ‘ਚ ਵੀ ਨਵੀਆਂ ਤਬਦੀਲੀਆਂ ਵੇਖਣ ‘ਚ ਆਈਆਂ ਹਨ। ਪੁਰਾਣੀ ਜਾਤੀ ਵੰਡ ਦੇ ਪਿਤਾ ਪੁਰਖੀ ਕਿੱਤੇ ਅਪਣਾਉਣ ਦੀ ਪ੍ਰਥਾ ਨੂੰ ਤੇਜ਼ੀ ਨਾਲ ਕਰਾਰੀ ਸੱਟ ਵੱਜੀ ਹੈ। ਅਖੌਤੀ ਨੀਵੀਆਂ ਜਾਤਾਂ ਦੇ ਲੋਕ ਜੋ ਸਦੀਆਂ ਤੋਂ ਪਿਤਾ-ਪੁਰਖੀ ਕਿੱਤੇ ਅਪਣਾਉਂਦੇ ਰਹੇ ਸਨ, ਨੇ ਪੁਰਾਣੇ ਜੂਲੇ ਲਾਹ ਸੁੱਟੇ ਹਨ ਅਤੇ ਮਨਮਰਜ਼ੀ ਦੇ ਕਿੱਤੇ ਅਪਣਾ ਲਏ ਹਨ। ਇਸ ਨਾਲ ਨਵੀਂ ਚੇਤਨਾ ਉਭਰੀ ਹੈ ਅਤੇ ਉਨ੍ਹਾਂ ਆਪਣੀ ਸਮਾਜਿਕ ਤੇ ਆਰਥਿਕ ਰਾਜਸੀ ਅਵਸਥਾ ਸੁਧਾਰਨ ਲਈ ਸੁਚੇਤ ਯਤਨ ਕੀਤੇ ਹਨ। ਪੰਜਾਬ ਦੀ ਵੰਡ ਅਤੇ ਵੱਸੋਂ ਦੇ ਤਬਾਦਲੇ ਦਾ ਇਸ ਦੇ ਸਮਾਜਿਕ ਤੇ ਆਰਥਿਕ ਜੀਵਨ ‘ਤੇ ਬਹੁਤ ਹੀ ਵਿਆਪਕ ਅਸਰ ਪਿਆ। ਕਈ ਪਿਤਾ-ਪੁਰਖੀ ਪਰੰਪਰਾਵਾਂ ਘਾਹ ਦੀਆਂ ਤਿੜ੍ਹਾਂ ਵਾਂਗ ਮੁਰਕ ਗਈਆਂ। ਪੁਰਾਣੇ ਪੈਟਰਨਾਂ ਦੀ ਥਾਂ ਨਵੇਂ ਉਭਰ ਆਏ ਤੇ ਪੇਂਡੂ ਜੀਵਨ ਦੀ ਯੁੱਗਾਂ ਤੋਂ ਚੱਲੀ ਆ ਰਹੀ ਅਖੰਡਤਾ ਸਥਿਰ ਨਾ ਰਹੀ। ਪੱਛਮੀ ਪੰਜਾਬ ਤੋਂ ਲੱਖਾਂ ਦੀ ਗਿਣਤੀ ‘ਚ ਉਜੜੇ ਤੇ ਬੇਘਰ ਹੋਏ ਹਿੰਦੂ-ਸਿੱਖਾਂ ਤੋਂ ਬਾਅਦ ਨਿੱਕੇ-ਵੱਡੇ ਹਟਵਾਣੀਏ ਜਾਂ ਵਪਾਰੀ ਵੀ ਸਨ, ਜੋ ਬਹੁਤਾ ਕਰਕੇ ਰਾਵਲਪਿੰਡੀ ਤੇ ਜਿਹਲਮ ਦੇ ਜ਼ਿਲ੍ਹਿਆਂ ‘ਚੋਂ ਆਏ, ਜਿਨ੍ਹਾਂ ਨੂੰ ਵਪਾਰ ਦੀਆਂ ਬਰੀਕੀਆਂ ਦੀ ਚੰਗੀ ਸੂਝ ਸੀ। ਇਹ ਲੋਕ ਜਿਥੇ ਵੀ ਵੱਸੇ, ਉੱਥੇ ਇਨ੍ਹਾਂ ਨੇ ਨਵੀਆਂ ਵਪਾਰਕ ਸੰਭਾਵਨਾਵਾਂ ਉਜਾਗਰ ਕੀਤੀਆਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਬਜ਼ਾਰਾਂ, ਹੱਟੀਆਂ ਤੇ ਮੰਡੀਆਂ ਨੂੰ ਨਵੀਂ ਦਿੱਖ ਤੇ ਦਿਸ਼ਾ ਦਿੱਤੀ। ਉਨ੍ਹਾਂ ਦੇ ਰਸਮੋ-ਰਿਵਾਜਾਂ ਤੇ ਵਿਹਾਰ ਨਾਲ ਵੀ ਪਿੰਡਾਂ ਦੇ ਮੂਲ ਚਰਿੱਤਰ, ਅੰਤਰਜਾਤੀ ਸੰਬੰਧਾਂ, ਪਿਤਾ-ਪੁਰਖੀ ਹਦਾਇਤਾਂ, ਸਮਾਜਿਕ ਚੱਜ ਆਚਾਰ ਤੇ ਆਰਥਿਕ ਸਵੈ ਨਿਰਭਰਤਾ ਵਿੱਚ ਭਾਰੀ ਪਰਿਵਰਤਨ ਵੇਖਣ ‘ਚ ਆਏ। ਕੋਟਫਤੂਹੀ ਵਿੱਚ ਵੀ ਅਜਿਹਾ ਹੀ ਵਾਪਰਿਆ। ਅੱਜ ਕੱਲ੍ਹ ਪਿੰਡ ਅਤੇ ਅਰਧ ਸ਼ਹਿਰੀ ਦੀ ਹੋਣੀ ਹੰਢਾਅ ਰਹੇ ਘੁੱਗ ਵਸਦੇ ਇਸ ਪਿੰਡ ਦੇ ਪੁਰਾਣੇ ਜੀਵਨ ਦੇ ਸਥਾਪਤ ਪੈਟਰਨ ਤੇਜ਼ੀ ਨਾਲ ਬਦਲਦੇ ਜਾ ਰਹੇ ਹਨ। ਬੇਸ਼ੱਕ ਇਹ ਪਿੰਡ ਤੋਂ ਕਸਬਾ ਬਣ ਰਿਹਾ ਹੈ ਤੇ ਕੱਲ-ਕਲੋਤਰ ਨੂੰ ਸ਼ਹਿਰ ਦਾ ਰੂਪ ਧਾਰਨ ਕਰ ਜਾਵੇਗਾ ਅਤੇ ਇਸ ਦੀਆਂ ਪੇਂਡੂ ਪ੍ਰੰਪਰਾਵਾਂ ਦੀ ਗਾਥਾ ਸਿਰਫ਼ ਇਤਿਹਾਸ ਦੇ ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਣੀਆਂ ਹਨ, ਪਰ ਕੋਟਫਤੂਹੀ ਨੂੰ ਦੇਸ਼ ਭਗਤਾਂ ਦੀ ਐਸੀ ਭਰੋਸੇਮੰਦ ਪਨਾਹਗਾਹ ਦੇ ਤੌਰ ‘ਤੇ ਜਾਣਿਆ ਜਾਵੇਗਾ ਕਿ ਇਹ ਸਿਰਫ਼ ਤੇ ਸਿਰਫ਼ ਇਸੇ ਪਿੰਡ ਦੇ ਹੀ ਹਿੱਸੇ ਆਇਆ ਸੀ ਕਿ ਅੰਗਰੇਜ਼ ਸਰਕਾਰ ਦੀਆਂ ਗੁਪਤ ਲਿਸਟਾਂ ਮੁਤਾਬਕ ਭਗੌੜੇ ਹੋਏ 166 ਹਕੂਮਤੀ ਬਾਗੀਆਂ ਵਿੱਚੋਂ ਲੱਗਭਗ ਇੱਕ ਸੈਂਕੜਾ ਬੱਬਰਾਂ ਦਾ ਕਿਸੇ ਨਾ ਕਿਸੇ ਰੂਪ ‘ਚ ਕੋਟਫਤੂਹੀ ਆਉਣਾ-ਜਾਣਾ ਸੀ। ਇੱਥੋਂ ਦੇ ਲੋਕ ਸਾਰੇ ਦੇ ਸਾਰੇ ਦੇਸ਼ ਭਗਤਾਂ ਦੇ ਐਸੇ ਮੁੱਦਈ ਸਨ ਕਿ ਅੰਗਰੇਜ਼ ਸਰਕਾਰ ਇੱਥੋਂ ਇੱਕ ਵੀ ਮੁਖਬਰ ਨਾ ਪੈਦਾ ਕਰ ਸਕੀ। ਬੱਬਰ ਦੇਸ਼ ਭਗਤਾਂ ਦਾ ਇਹ ਅਤਿ ਭਰੋਸੇਯੋਗ ਅੱਡਾ ਬੱਬਰ ਪੰ. ਸੁੰਦਰ ਸਿੰਘ ਸਿੰਘ ਜਿਹੇ ਲੋਕ ਯੋਧਿਆਂ ਕਾਰਨ ਬਣਿਆ। ਜੇ ਪਿੰਡ ਪਤਾਰਾ ਬੱਬਰਾਂ ਦਾ ਮੱਕਾ ਸੀ, ਕਿਸ਼ਨਪੁਰ ਵੱਡਾ ਹਸਪਤਾਲ ਤੇ ਜੱਸਵਾਲ-ਹਾਈਕੋਰਟ ਸੀ ਤਾਂ ਤੇਜ਼ੀ ਨਾਲ ਸ਼ਹਿਰੀ ਸ਼ਕਲ ਅਖਤਿਆਰ ਕਰਦਾ ਜਾ ਰਿਹਾ ਇਹ ਮਾਨਮੱਤਾ ਪਿੰਡ ਬੱਬਰਾਂ ਦੀ ਚੀਫ਼-ਕੋਰਟ ਸੀ, ਜਿੱਥੋਂ ਲੋਕ ਦੋਖੀਆਂ ਵਿਰੁੱਧ ਫੈਸਲੇ ਸੁਣਾਏ ਜਾਂਦੇ ਸਨ ਅਤੇ ਇਨ੍ਹਾਂ ਸਿਰਲੱਥ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤ ਬੱਬਰਾਂ ਦੀ ਇਸ ਚੀਫ਼ ਕੋਰਟ ਕੋਟਫਤੂਹੀ ਦਾ ਨਾਂਅ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ।
Credit – ਵਿਜੈ ਬੰਬੇਲੀ