ਕੜਿਆਲ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਕੜਿਆਲ, ਮੋਗਾ – ਧਰਮਕੋਟ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਉਮਰ ਪੌਣੇ ਚਾਰ ਸੌ ਸਾਲ ਦੱਸੀ ਜਾਂਦੀ ਹੈ। ਇਹ ਬਤਾਲੀਏ ਮੋਗੇ ‘ਚੋਂ ਵੱਸਿਆ ਇੱਕ ਪਿੰਡ ਹੈ। ਕੜਿਆਲ ਨਾਂ ਬਾਰੇ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਮੋਗੇ ਤੋਂ ਆਉਂਦੇ ਜਾਂਦੇ ਵਪਾਰੀਆਂ ਦਾ ਰਸਤਾ ਇੱਥੋਂ ਦਾ ਸੀ। ਪਿੰਡ ਦੇ ਦੱਖਣ ਵੱਲ ਇੱਕ ਢਾਬ ਨੂੰ ਮੋਗੇ ਵਾਲੀ ਢਾਬ ਕਿਹਾ ਜਾਂਦਾ ਹੈ ਜਿੱਥੇ ਸੰਘਣੇ ਦਰਖਤ ਸਨ। ਉਨ੍ਹਾਂ ਸਮਿਆਂ ਵਿੱਚ ਵਪਾਰੀ ਊਠਾਂ ਅਤੇ ਘੋੜਿਆਂ ਤੇ ਵਪਾਰ ਕਰਦੇ ਸਨ ਅਤੇ ਅਰਾਮ ਲਈ ਘੋੜਿਆਂ, ਊਠਾਂ ਦੇ ਪਾਏ ਕੜਿਆਲ ਇੱਥੇ ਲਾਹੁੰਦੇ ਸਨ। ਹੌਲੀ ਹੌਲੀ ਇਸ ਢਾਬ ਦਾ ਨਾਂ ਮੋਗੇ ਵਾਲੀ ਢਾਬ ਤੇ ਕੜਿਆਲ ਵਾਲੀ ਥਾਂ ਪੈ ਗਿਆ। ਜਿਸ ਦੇ ਨਾਂ ‘ਤੇ ਇਹ ਪਿੰਡ ਵੱਸਿਆ। ਇਹ ਪਿੰਡ ਹਿੰਮਤ ਸਿੰਘ ਤੇ ਚੜ੍ਹਤ ਸਿੰਘ ਨੇ ਵਸਾਇਆ ਜੋ ਮੋਗੇ ਤੋਂ ਇੱਥੇ ਡੰਗਰ ਚਾਰਨ ਲਈ ਆਉਂਦੇ ਸਨ ਅਤੇ ਕਈ ਵਾਰੀ ਰਾਤ ਇੱਥੇ ਹੀ ਟਿੱਕ ਜਾਂਦੇ ਸਨ। ਫੇਰ ਉਹਨਾਂ ਨੇ ਪੱਕੇ ਤੌਰ ‘ਤੇ ਇੱਥੇ ਰਹਿਣ ਦਾ ਫੈਸਲਾ ਕਰ ਲਿਆ ਤੇ ਕੜਿਆਲ ਪਿੰਡ ਵਸਾਉਣ ਵਾਸਤੇ ਮੋੜ੍ਹੀ ਗੱਡ ਦਿੱਤੀ। ਪਿੰਡ ਵਿੱਚ ਚਾਹਲ, ਕਲੇਰ, ਗਿੱਲ, ਧਾਲੀਵਾਲ, ਜਾਨੀ ਆਦਿ ਗੋਤਾਂ ਦੇ ਜੱਟ ਪਰਿਵਾਰਾਂ ਤੋਂ ਇਲਾਵਾ ਨਾਈ ਸਿੱਖ, ਮੈਹਰੇ ਸਿੱਖ, ਅਤੇ ਹਿੰਦੂ ਪਰਿਵਾਰ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ