ਖਾਰਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਖਾਰਾ, ਕੋਟਕਪੂਰਾ – ਮੁਕਤਸਰ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਵਾਂਦਰ ਜਟਾਣਾ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਢਾਈ ਸੌ ਸਾਲ ਪਹਿਲਾਂ ਜੈਸਲਮੇਰ ਤੋਂ ਆਏ ਬਰਾੜ ਫੱਤੇ ਨੇ ਬੰਨ੍ਹਿਆ। ਇੱਥੇ ਮਰਾੜ ਜਾਤੀ ਦੇ ਮੁਸਲਮਾਨ ਰਹਿੰਦੇ ਸਨ ਜਿਹਨਾਂ ਨੇ ਪਿੰਡ ਬੰਨ੍ਹਣ ਵਿੱਚ ਕਾਫੀ ਅੜਚਨਾਂ ਪਾਈਆਂ। ਫੱਤੇ ਨੇ ਆਪਣਾ ਭਰਾ ਥਰਾਜ ਤੇ ਫੇਰ ਮਤਰਏ ਭਰਾ ਢੋਲਾ ਤੇ ਖੀਵਾ ਜੈਸਲਮੇਰ ਤੋਂ ਲੈ ਆਂਦੇ । ਉਹਨਾਂ ਨੇ ਖੈਰਾ ਨਾਂ ਦੇ ਮੁਸਲਮਾਨ ਨੂੰ ਭਜਾ ਕੇ ਉਸਦੀ ਢਾਬ ਨੇੜੇ ਪਿੰਡ ਬੰਨ੍ਹਿਆ। ਚਾਰ ਭਰਾਵਾਂ ਦੇ ਨਾਂ ‘ਤੇ ਇੱਥੇ ਚਾਰ ਪੱਤੀਆਂ ਹਨ। ਖੈਰਾ ਤੋਂ ਵਿਗੜਦਾ ਨਾਂ ‘ਖਾਰਾ’ ਪੱਕ ਗਿਆ। ਇਸ ਪਿੰਡ ਦਾ ਪਾਣੀ ਖਾਰਾ ਨਹੀਂ ਹੈ ਜੋ ਕਈ ਲੋਕ ਸਮਝਦੇ ਹਨ।
ਖਾਰਾ ਰਿਆਸਤ ਫਰੀਦਕੋਟ ਦੀ ਸੀਮਾ ‘ਤੇ ਹੈ। ਅਜਿਹੇ 13 ਪਿੰਡ ਰਿਆਸਤ ਦੇ ਆਲੇ-ਦੁਆਲੇ ਸਨ ਜਿਨ੍ਹਾਂ ਵਿੱਚ ਰਿਆਸਤ ਦੀਆਂ ਪੋਸਟਾਂ ਸਨ । ਇਨ੍ਹਾਂ ਚੈੱਕ ਪੋਸਟਾਂ ਵਿੱਚ 45 ਬੰਦੇ ਪ੍ਰਤੀ ਪੋਸਟ ਰਹਿੰਦੇ ਸਨ ਜੋ ਸੰਬੰਧਿਤ ਪਿੰਡ ਦੇ ਹੀ ਵਸਨੀਕ ਹੁੰਦੇ ਸਨ। ਇਹਨਾਂ ਨੂੰ 7 ਰੁਪਏ ਮਹੀਨਾ ਦੀ ਨਿਗੂਨੀ ਤਨਖਾਹ ਮਿਲਦੀ ਸੀ । ਚੈੱਕ ਪੋਸਟ ਇੱਕ ਕਿਲ੍ਹਾ ਨੁਮਾ ਇਮਾਰਤ ਹੁੰਦੀ ਸੀ। ਖਾਰਾ ਵਿਖੇ ਇਹ ਮੁਕਤਸਰ ਵਾਲੀ ਸੜਕ ‘ਤੇ ਹੈ। 1944-45 ਵਿੱਚ ਮਹਾਰਾਜੇ ਨੇ ਹੁਕਮ ਕੀਤਾ ਕਿ ਚੈੱਕ ਪੋਸਟਾਂ ਦੇ ਸੰਬੰਧਿਤ ਪਿੰਡਾਂ ਨੇ ਘੱਟ ਤਨਖਾਹ ਲੈ ਕੇ ਬੰਦੇ ਰੱਖੇ ਹਨ, ਇਸ ਲਈ ਉਹਨਾਂ ਦੀ ਕੁਰਬਾਨੀ ਨੂੰ ਵੇਖਦਿਆਂ ਸਾਰੇ 13 ਪਿੰਡਾਂ ਵਿੱਚ ਹਾਈ ਸਕੂਲ ਬਣਾ ਦਿੱਤੇ ਜਾਣ। ਏਨਾ ਪੁਰਾਣਾ ਸਕੂਲ ਹੋਣ ਕਰਕੇ ਪਿੰਡ ਦੀ 80 ਫੀ ਸਦੀ ਤੋਂ ਵਧੀਕ ਵਸੋਂ ਪੜ੍ਹੀ ਲਿਖੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ