ਘਮੌਰ
ਸਥਿਤੀ:
ਤਹਿਸੀਲ ਬਲਾਚੌਰ ਦਾ ਪਿੰਡ ਘਮੌਰ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 15 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਇਲਾਕੇ ਵਿੱਚ ਡਲੇਵਾਲੀਆ ਮਿਸਲ ਦਾ ਰਾਜ ਸੀ। ਮਿਸਲ ਦੇ ਸਰਦਾਰਾਂ ਦੇ ਵੱਖ-ਵੱਖ ਪਿੰਡਾਂ ਵਿੱਚ ਕਿਲ੍ਹੇ ਸਨ । ਜਿਵੇਂ ਮੰਢਿਆਣੀ, ਬਛੋੜੀ, ਸਿਆਣਾ ਆਦਿ ਜਿਹਨਾਂ ਉੱਤੇ ਕਮਾਂਡ ਕਾਠਗੜ੍ਹੀਏ ਸਰਦਾਰਾਂ ਦੀ ਸੀ। ਸਿਆਣੇ ਦੇ ਸਿੱਖਾਂ ਵਿਚੋਂ ਦੋਹਾਂ ਭਰਾਵਾਂ ਸਰਦਾਰ ਮਹਾਂ ਸਿੰਘ ਅਤੇ ਫਤਿਹ ਸਿੰਘ ਨੇ ਇਹ ਪਿੰਡ ਪਹਿਲਾਂ ਇੱਕ ਕਿਲ੍ਹੇ ਦੇ ਰੂਪ ਵਿੱਚ ਵਸਾਇਆ ਸੀ। ਇਹ ਦੋਨੋਂ ਭਰਾ ਬੇਔਲਾਦ ਹੀ ਚਲੇ ਗਏ। ਪਿੰਡ ਵਿੱਚ ਦੋਹਾਂ ਦੇ ਨਾਵਾਂ ‘ਤੇ ਬੜੀ ਪੱਤੀ ਅਤੇ ਛੋਟੀ ਪੱਤੀ ਦੇ ਨਾਂ ਪਏ। ਪਿੰਡ ਵਿੱਚ ਘੁਮਿਆਰਾਂ ਦੇ ਘਰ ਵੱਧ ਹੋਣ। ਕਰਕੇ ਪਿੰਡ ਦਾ ਨਾਂ ਪਹਿਲੇ ‘ਘੁਮਾਰ’ ਤੇ ਫੇਰ ‘ਘਮੌਰ’ ਹੋ ਗਿਆ।
ਪਿੰਡ ਵਿੱਚ ਆਜ਼ਾਦੀ ਤੋਂ ਬਾਅਦ ਸਿਆਲਕੋਟ ਤੋਂ ਰਾਜਪੂਤ ਬੱਜੂ ਜੱਟਾਂ ਦੇ ਕਾਫੀ ਪਰਿਵਾਰ ਪਿੰਡ ਵਿੱਚ ਆਏ। ਪਿੰਡ ਦੀ ਅੱਧੀ ਆਬਾਦੀ ਬਾਲਮੀਕ, ਝਿਊਰ, ਲੁਹਾਰ ਅਤੇ ਹੋਰ ਪੱਛੜੀਆਂ ਜਾਤਾਂ ਦੇ ਲੋਕ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ