ਘੜੂੰਆਂ ਪਿੰਡ ਦਾ ਇਤਿਹਾਸ | Gharuan Village History

ਘੜੂੰਆਂ

ਘੜੂੰਆਂ ਪਿੰਡ ਦਾ ਇਤਿਹਾਸ | Gharuan Village History

ਸਥਿਤੀ :

ਤਹਿਸੀਲ ਖਰੜ ਦਾ ਪਿੰਡ ਘੜੂੰਆਂ, ਖਰੜ – ਮੋਰਿੰਡਾ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਕੁਰਾਲੀ ਤੋਂ 2 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :-

ਇਹ ਇਸ ਇਲਾਕੇ ਦਾ ਪੁਰਾਤਨ ਤੇ ਇਤਿਹਾਸਕ ਪਿੰਡ ਹੈ। ਇਸ ਪਿੰਡ ਦਾ ਪਿਛੋਕੜ ਪਾਂਡਵਾਂ ਨਾਲ ਜੁੜਦਾ ਕਿਹਾ ਜਾਂਦਾ ਹੈ। ਮੂੰਹੋਂ ਮੂੰਹੋਂ ਤੁਰਦੀ ਇੱਕ ਕਹਾਣੀ ਅਨੁਸਾਰ ਆਪਣੇ ਦੇਸ ਨਿਕਾਲੇ ਵੇਲੇ ਜਦੋਂ ਪੰਜੇ ਪਾਂਡਵ ਇੱਥੇ ਜੰਗਲ ਵਿਚੋਂ ਲੰਘ ਰਹੇ ਸਨ। ਤਾਂ ਪੀਂਘ ਝੂਟਦੀ ਹੜੰਭਾ ਰਾਖਸ਼ਣੀ ਭੀਮ ਤੇ ਮੋਹਤ ਹੋ ਗਈ ਅਤੇ ਉਹਨਾਂ ਦੇ ਗਾਂਧਰਵ ਵਿਆਹ ਤੇ ਘਟੋਤਕਚ ਜਨਮਿਆ। ਘਟੋਤਕਚ ਦਾ ਦੂਜਾ ਨਾਂ ਘੜੂਕਾ ਸੀ (ਮਹਾਨ ਕੋਸ਼ ਪੰਨਾ 331)। ਇਸ ਨੂੰ ਲੋਕ ਘੜੀ ਦਾ ਘੜੂਕਾ ਵੀ ਕਹਿੰਦੇ ਹਨ। ਇਸ ਦੇ ਨਾਂ ਤੇ ਪਿੰਡ ਦਾ ਨਾਂ ਘੜੂੰਆਂ ਪਿਆ।

ਕਿਹਾ ਜਾਂਦਾ ਹੈ ਕਿ ਪਾਂਡਵ ਇੱਥੇ ਕਈ ਮਹੀਨੇ ਰਹੇ। ਇਸ ਦੌਰਾਨ ਉਹਨਾਂ ਨੇ ਇੱਥੇ 64 ਵਿਘੇ ਦਾ ਤਲਾਅ ਅਤੇ 4 ਖੂਹ ਖੋਦੇ ਤੇ ਉਹਨਾਂ ’ਤੇ 4 ਮੰਦਰ ਉਸਾਰੇ। ਪਿੰਡ ਦਾ ਮਲਕੂਆਣਾ ਤਲਾਅ ਅਤੇ ਉਸ ਦੇ ਕਿਨਾਰੇ ਬਾਕੀ ਰਹਿੰਦੇ ਦੋ ਸ਼ਿਵ-ਮੰਦਰ ਅਤੇ ਖੂਹ ਪਾਂਡਵਾਂ ਦੁਆਰਾ ਬਣਾਏ ਦੱਸੇ ਜਾਂਦੇ ਹਨ। ਕੁਝ ਸਮਾਂ ਪਹਿਲਾਂ ਤਲਾਅ ਦੀ ਖੁਦਾਈ ਵਿੱਚੋਂ ਡੇਢ ਫੁੱਟ × ਡੇਢ ਫੁੱਟ ਦੀ ਪੰਜੇ ਦੇ ਨਿਸ਼ਾਨ ਵਾਲੀ ਪੱਕੀ ਇੱਟ ਮਿਲੀ ਸੀ।

8 ਪਿੰਡ ਦਾ ਮੁੱਖ ਗੋਤ ਧਨੋਆ ਹੈ ਜਿੰਨ੍ਹਾਂ ਦਾ ਵਡੇਰਾ ਕਦੇ ਪਿੰਡ ਨਮੋਲ (ਸੰਗਰੂਰ) ਤੋਂ ਇੱਥੇ ਆ ਕੇ ਵੱਸਿਆ ਸੀ। ਪਿੰਡ ਦੀ 500 ਤੋਂ ਵੀ ਵੱਧ ਰਿਸ਼ਤੇਦਾਰੀ ਇੱਕੋ ਪਿੰਡ ਧਮੋਟ (ਲੁਧਿਆਣਾ) ਵਿੱਚ ਹੈ। ਪਿੰਡ ਵਿੱਚ ਹਰ ਜਾਤੀ ਦੇ ਲੋਕ ਵੱਸਦੇ ਹਨ, ਪ੍ਰੰਤੂ ਮੁਖ ਆਬਾਦੀ ਜੱਟਾਂ, ਰਾਮਦਾਸੀਆਂ, ਲੁਹਾਰਾਂ, ਤਰਖਾਣਾਂ, ਬਾਲਮੀਕਾਂ ਅਤੇ ਬ੍ਰਾਹਮਣਾਂ ਦੀ ਹੈ।

8 ਪਿੰਡ ਵਿੱਚ ਦੋ ਇਤਿਹਾਸਕ ਗੁਰਦੁਆਰੇ ਹਨ। ਪਿੰਡ ਦੇ ਵਿਚਕਾਰ ਬਣਿਆ ਗੁਰਦੁਆਰਾ ਦੇਗ ਸਾਹਿਬ ਸੱਤਵੀਂ ਪਾਤਸ਼ਾਹੀ ਨਾਲ ਸੰਬੰਧਿਤ ਹੈ। ਇਸ ਗੁਰਦੁਆਰੇ ਦੀ ਉਸਾਰੀ ਅਤੇ 111 ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਸੇਵਾ ਪਿੰਡ ਦੇ ਦਾਨੀ ਪੁਰਸ਼ਾਂ ਨੇ ਕਾਫੀ ਲਾਗਤ ਨਾਲ ਸੇਵਾ ਕਰਾਈ ਹੈ। ਪਿੰਡ ਦੇ ਬਾਹਰ ਉੱਤਰ ਵੱਲ ਗੁਰਦੁਆਰਾ ਅਕਾਲ ਗੜ੍ਹ ਸਾਹਿਬ ਹੈ। ਇੱਥੇ ਮਿਲੇ ਇੱਕ ਪਟੇ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ 1727 ਬਿ. ਵਿੱਚ ਇਸ ਅਸਥਾਨ ‘ਤੇ 7 ਦਿਨ ਠਹਿਰੇ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਇੱਥੇ ਇੱਕ ਸਰੋਵਰ ਵੀ ਹੈ।

ਇਸ ਪਿੰਡ ਦਾ ਵਸਨੀਕ ਰੰਗਦਾਸ, ਭੰਡਾਰੀ ਖੱਤਰੀ ਜੋ ਵੈਰਾਗੀਆਂ ਦਾ ਚੇਲਾ ਸੀ, ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਆਤਮ ਗਿਆਨੀ ਹੋਇਆ। ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਗੱਦੀ ਬਖਸ਼ੀ। ਭਾਈ ਰੰਗਦਾਸ ਦੀ ਵੰਸ਼ ਘੋੜਏਂ ਵਿੱਚ ਆਬਾਦ ਹੈ। ਪਿੰਡ ਵਿੱਚ ਭਾਈ ਜੱਗੇ ਦੀ ਸਮਾਧ ਦੀ ਵੀ ਬਹੁਤ ਮਾਨਤਾ ਹੈ। ਅੰਗਰੇਜ਼ਾਂ ਵੇਲੇ ਇੱਥੋਂ ਦੀਆਂ ਤੀਆਂ ਮਸ਼ਹੂਰ ਸਨ, ਜਿਹਨਾਂ ਦੀ ਰਾਖੀ ਲਈ ਅੰਗਰੇਜ਼ਾਂ ਨੇ ਗਾਰਦ ਰੱਖੀ। ਇੱਥੋਂ ਦਾ ਸਰਦਾਰ ਸ. ਭਗਵਾਨ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਦਾ ਵਜ਼ੀਰ ਸੀ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!