ਚਮਕੌਰ ਸਾਹਿਬ
ਸਥਿਤੀ :
ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦੀ ਤਹਿਸੀਲ ਹੈ। ਇਹ ਸਰਹੰਦ ਨਹਿਰ ਦੇ ਕੰਢੇ ਮੋਰਿੰਡਾ ਤੋਂ 15 ਕਿਲੋਮੀਟਰ ਦੂਰ ਅਤੇ ਰੋਪੜ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੁਰਾਤਨ ਮਿਥਿਹਾਸ ਅਨੁਸਾਰ ਇਸ ਨਗਰ ਦਾ ਪੁਰਾਣਾ ਨਾਂ ‘ਪੰਚਾਲ ਨਗਰ` ਸੀ ਅਤੇ ਇੱਥੇ ਰਾਜੇ ਦਰੋਪਤ ਦਾ ਕਿਲ੍ਹਾ ਤੇ ਰਾਜਧਾਨੀ ਸੀ। ਲੋਕਾਂ ਦੇ ਦੱਸਣ ਅਨੁਸਾਰ, ਅਤੇ ਜਿਵੇਂ ਭੱਟ ਗਾਉਂਦੇ ਰਹੇ ਹਨ, ਦਰੋਪਤੀ ਦਾ ਸਵੰਬਰ ਇੱਥੇ ਹੀ ਹੋਇਆ ਸੀ। ਰਾਜੇ ਦਰੋਪਤ ਦੀ ਦਾਦੀ ਚੰਪਾਵਤੀ ਦੇ ਨਾਂ ‘ਤੇ ਇਸ ਦਾ ਨਾਂ ਚਮਕਪੁਰੀ ਵੀ ਰਿਹਾ। ਕਿਹਾ ਜਾਂਦਾ ਹੈ। ਕਿ ਇਹ ਸ਼ਹਿਰ 600 ਈ. ਪੂ. ਦੇ ਲਗਭਗ ਤਬਾਹ ਹੋ ਗਿਆ ਅਤੇ ਦੁਬਾਰਾ ਤੇਰਵੀਂ ਸਦੀ ਵਿੱਚ ਰਾਜਪੂਤਾਂ ਦੁਆਰਾ ਵਸਾਇਆ ਗਿਆ। ਇੱਕ ਹੋਰ ਦੰਦ ਕਥਾ ਅਨੁਸਾਰ ਇੱਕ ਕਥਿਤ ਅਛੂਤ, ਪ੍ਰੰਤੂ ਪਤੀਬਰਤਾ ਇਸਤਰੀ ‘ਚਮਕੋ’ ਦੇ ਨਾਂ ‘ਤੇ ਇਸ ਦਾ ਨਾਂ ਚਮਕੌਰ ਪਿਆ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਮੁਗ਼ਲਾਂ ਨਾਲ ਭੇੜ ਤੋਂ ਬਾਅਦ ਚਮਕੌਰ ਸਾਹਿਬ ਬਣ ਗਿਆ। ਵਸਾਖਾ ਸਿੰਘ ਖਾਲਸੇ ਦੇ ‘ਮਾਲਵਾ ਇਤਿਹਾਸ’ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਗੁਰਿਆਈ ਦੇ ਕੇ ਉਹਨਾਂ ਨੂੰ ਟਿੱਕੇ (ਵੱਡੇ ਪੁੱਤਰ) ਦਾ ਖਿਤਾਬ ਦਿੱਤਾ ਅਤੇ ਛੋਟੇ ਕੌਰ (ਸਾਹਿਬਜ਼ਾਦੇ) ਇੱਥੇ ਸ਼ਹੀਦ ਹੋਏ ਇਸ ਕਰਕੇ ਕੌਰ ਸਦਾ ਚਮਕਣਗੇ ਤੇ ਗੜੀ ਨੂੰ ‘ਚਮਕੌਰ ਸਾਹਿਬ’ ਦਾ ਨਾਂ ਦਿੱਤਾ।
ਇਸ ਪਿੰਡ ਦੀ ਮਿੱਟੀ ਦਾ ਕਣ ਕਣ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੈ। ਚਮਕੌਰ ਸਾਹਿਬ ਦੀ ਧਰਤੀ 8 ਪੋਹ ਸੰਮਤ 1761 ਦੇ ਘਟਨਾਮਈ ਦਿਨ ਤੇ ਕਾਲੀ ਬੋਲੀ ਰਾਤ ਨੂੰ ਕਦੇ ਨਹੀਂ ਭੁਲਾ ਸਕੇਗੀ। ਇਸ ਦਿਨ ਦਸ਼ਮੇਸ਼ ਪਿਤਾ ਦੇ ਦੋ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਸਿੰਘਾਂ ਵਿਚੋਂ ਤਿੰਨ ਸਿੰਘ ਅਤੇ 40 ਹੋਰ ਭੁੱਖੇ ਭਾਣੇ ਸਿੰਘ, 10 ਲੱਖ ਤੋਂ ਵੱਧ ਟਿੱਡੀ ਦਲ ਮੁਗ਼ਲ ਸੇਨਾ ਨਾਲ ਲੋਹਾ ਲੈਂਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ। ਜਿਸ ਅਸਥਾਨ ਤੇ ਜੰਗ ਵਿੱਚ ਸ਼ਹੀਦ ਹੋਏ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦਾ ਦਾਹ ਸੰਸਕਾਰ ਕੀਤਾ, ਉਸ ਥਾਂ ‘ਤੇ ਗੁਰਦੁਆਰਾ ਸ਼ਹੀਦ ਗੰਜ ਸ਼ੁਸੋਭਤ ਹੈ। ਜਿਸ ਕੱਚੀ ਗੜ੍ਹੀ ਵਿੱਚ ਬੈਠ ਕੇ ਇਹ ਅਸਾਵੀਂ ਜੰਗ ਵਿਉਂਤੀ ਅਤੇ ਲੜੀ ਉਸ ਅਸਥਾਨ ‘ਤੇ ਗੁਰਦੁਆਰਾ ਗੜ੍ਹੀ ਸਾਹਿਬ ਹੈ। ਇੱਥੇ ਸ਼ਾਨਦਾਰ ਗੁਰਦੁਆਰਾ ਸੰਤ ਹਰਬੰਸ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਉਸਾਰਿਆ ਹੈ। ਇਸ ਦੇ ਨਾਲ ਹੀ ਧਰਮਵੀਰ ਬਾਬਾ ਜੀਵਨ ਸਿੰਘ ਦਾ ਸ਼ਹੀਦ ਬੁੰਗਾ ਹੈ। ਗੁਰੂ ਜੀ ਨੇ ਖਾਲਸੇ ਨੂੰ ਗੁਰਿਆਈ ਇੱਥੇ ਹੀ ਬਖਸ਼ੀ ਸੀ, ਇਸ ਕਾਰਨ ਇਸ ਦਾ ਨਾਂ ‘ਤਿਲਕ ਅਸਥਾਨ’ ਵੀ ਹੈ। ਗੁਰਦੁਆਰਾ ਰਣਜੀਤਗੜ੍ਹ, ਗੁ. ਦਮਦਮਾ ਸਾਹਿਬ ਅਤੇ ਗੁ. ਤਾੜੀ ਸਾਹਿਬ ਗੁਰੂ ਜੀ ਨਾਲ ਸੰਬੰਧਿਤ ਹੋਰ ਗੁਰਦੁਆਰੇ ਹਨ। ਚਮਕੌਰ ਸਾਹਿਬ ਵਿਖੇ ਹਰ ਸਾਲ 20.21.22 ਦਸੰਬਰ ਨੂੰ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਇਸ ਸਮੇਂ ਇੱਥੇ ਧਾਰਮਿਕ ਦੀਵਾਨ ਸਜਦੇ ਹਨ ਅਤੇ ਨਿਹੰਗ ਸਿੰਘ ਆਪਣੇ ਜੌਹਰ ਦਿਖਾਉਂਦੇ ਹਨ। ਹਰ ਸੰਗਰਾਂਦ, ਗੁਰਪੁਰਬ, ਵਿਸਾਖੀ ਅਤੇ ਦੁਸਹਿਰਾ ਵੀ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ