ਚੁੱਪ ਕੀਤੀ
ਸਥਿਤੀ :
ਤਹਿਸੀਲ ਮੋਗੇ ਦਾ ਪਿੰਡ ਚੁੱਪ ਕੀਤੀ (ਸੰਧੂਆਂ ਵਾਲਾ), ਮੋਗਾ – ਕੋਟਕਪੂਰਾ ਸੜਕ ਤੋਂ 4 ਕਿਲੋਮੀਟਰ ਦੂਰ, ਬੁੱਧ ਸਿੰਘ ਵਾਲਾ ਤੋਂ ਇੱਕ ਕਿਲੋਮੀਟਰ ਦੂਰ ਅਤੇ ਮੋਗੇ ਤੋਂ 5 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਨੂੰ ਵੱਸਿਆਂ 150-60 ਸਾਲ ਦਾ ਸਮਾਂ ਬੀਤ ਚੁੱਕਾ ਹੈ। ਪਿੰਡ ਦਾ ਮੋਢੀ ਸ. ਦੀਵਾਨ ਸਿੰਘ ਸੰਧੂ ਸੀ ਜੋ ਕਾਲ ਪੈਣ ਕਰਕੇ ਲਾਹੌਰ ਦੇ ਨੇੜਿਓਂ ਚਲਦਾ ਮੋਗੇ ਪੁੱਜਾ ਤੇ ਇੱਥੋਂ ਆਸ ਪਾਸ ਦਾ ਜਾਇਜ਼ਾ ਲੈ ਕੇ ਕੁਝ ਬੋਰੀਏ, ਕੁਝ ਮਜ਼੍ਹਬੀ ਸਿੱਖ ਤੇ ਕੁਝ ਸਰਾਂ ਗੋਤ ਦੇ ਯੋਧੇ ਇਕੱਤਰ ਕਰਕੇ ਪਿੰਡ ਬੁੱਧ ਸਿੰਘ ਵਾਲੇ ਦੀ ਉੱਤਰ-ਪੂਰਬੀ ਹਿੱਸੇ ਦੀ ਜ਼ਮੀਨ ‘ਤੇ ਰਾਤ ਨੂੰ ਚੁੱਪ ਕਰਕੇ ਹੀ ਕਬਜ਼ਾ ਕਰ ਲਿਆ ਅਤੇ ਡੇਰਾ ਲਾ ਦਿੱਤਾ । ਲੜਾਈ ਫਸਾਦ ਦੇ ਡਰੋਂ ਪਿੰਡ ਬੁੱਧ ਸਿੰਘ ਵਾਲੇ ਦੇ ਵਸਨੀਕ ਚੁੱਪ ਹੀ ਕਰ ਗਏ। ਇਸ ਤਰ੍ਹਾਂ ਚੁੱਪ ਕਰਕੇ ਚੋਰੀਂ ਕਬਜ਼ਾ ਕਰਨ ‘ਤੇ ਪਿੰਡ ਦਾ ਨਾਂ ਵੀ ਚੁੱਪ ਕੀਤੀ ਰੱਖਿਆ ਗਿਆ। ਪਿੰਡ ਉੱਤੇ ਸੰਧੂਆ ਦਾ ਪੱਕਾ ਕਬਜ਼ਾ ਹੋਣ ਤੋਂ ਬਾਅਦ ਬੌਰੀਆਂ ਨੂੰ ਦਿੱਤੀ ਪੰਜਾਹ ਏਕੜ ਜ਼ਮੀਨ ਵੀ ਖੋਹ ਲਈ ਅਤੇ ਮੌਗੇ ਤੋਂ ਸਿੱਧੂ ਗੋਤ ਦੇ ਲੋਕਾਂ ਨੂੰ ਵਸਾ ਲਿਆ ਗਿਆ । ਹੁਣ ਇੱਥੇ ਸੰਧੂ, ਸਰਾਂ, ਸਿੱਧੂ, ਮਜ੍ਹਬੀ ਸਿੱਖ ਤੇ ਬੌਰੀਏ ਲੋਕ ਮੁਖ ਤੌਰ ਤੇ ਹਨ। ਕੁਝ ਘਰ ਨਾਈਆਂ ਤੇ ਦਰਜੀਆਂ ਦੋ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ