ਜਗਦੇਵ ਕਲਾਂ
ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਜਗਦੇਵ ਕਲਾਂ। ਅੰਮ੍ਰਿਤਸਰ – ਫਤਿਹਗੜ੍ਹ ਚੂੜੀਆਂ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਮਜੀਠਾ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਾਲ ਵਿਭਾਗ ਦੇ ਪੁਰਾਣੇ ਰਿਕਾਰਡ ਅਨੁਸਾਰ ਇਸ ਪਿੰਡ ਦਾ ਨਾਂ ‘ਜਗਦਿਓ” ਸੀ। ਇਸ ਪਿੰਡ ਦਾ ਮੁੱਢ ਬਾਬਾ ਜਗਦਿਓ ਨੇ 530 ਸਾਲ ਪਹਿਲਾਂ ਬੰਨ੍ਹਿਆ। ਬਾਬਾ ਜਗਦਿਊ ਜ਼ੀਰਾ ਤਹਿਸੀਲ ਦੇ ਕਿਸੇ ਪਿੰਡ ਦਾ ਵਸਨੀਕ ਸੀ। ਮੱਝਾਂ ਪਾਲਦਾ ਸੀ ਅਤੇ ਚਰਾਂਦਾ ਹੈ| ਭਾਲ ਵਿੱਚ ਇੱਥੇ ਪੁੱਜਾ ਅਤੇ ਹਰਿਆਵਲ ਵੇਖ ਕੇ ਇੱਥੇ ਹੀ ਟਿੱਕ ਗਿਆ।
ਮਹਾਰਾਜਾ ਰਣਜੀਤ ਸਿੰਘ ਦੀਆਂ ਰਾਣੀਆਂ ਵਿਚੋਂ ਰਾਣੀ ਗੁਲਾਬ ਕੌਰ ਇਸ ਪਿੰਡ ਦੀ ਸੀ, ਉਸਦੇ ਪਿਤਾ ਸ. ਈਸ਼ਰ ਸਿੰਘ ਮਹਾਰਾਜਾ ਦੇ ਦਰਬਾਰ ਵਿੱਚ ਉੱਚੇ ਅਹੁਦੇ ਤੋਂ ਨਿਯੁਕਤ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਇੱਕ ਤਾਲਾਬ ਵੀ ਬਣਵਾਇਆ। ਪੰਜਾਬੀ ਦਾ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਇਸ ਪਿੰਡ ਦਾ ਜੰਮਪਲ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਸੀ ਅਤੇ ਉਸਨੇ ਪ੍ਰਸਿੱਧ ਸੱਸੀ ਪੁਨੂੰ 1728 ਈ. ਵਿੱਚ ਲਿਖਿਆ ਜੋ ਬਹੁਤ ਪ੍ਰਚਲਿਤ ਹੋਇਆ। ਪੁਰਾਣੀ ਪੀੜੀ ਦੇ ਲੋਕ ਇਸ ਪਿੰਡ ਨੂੰ ਹਾਸ਼ਮ ਸ਼ਾਹ ਦੇ ਜਗਦੇਅ ਦੇ ਨਾਂ ਨਾਲ ਪੁਕਾਰਦੇ ਹਨ। ਪਿੰਡ ਤੋਂ 2 ਕਿਲੋਮੀਟਰ ਦੂਰ ਗੁਰੂ ਕਾ ਬਾਗ ਦਾ ਗੁਰਦੁਆਰਾ ਹੈ। ਪਿੰਡ ਵਿੱਚ ਬਾਰੇ ਨਾਜ਼ੀ ਦੀ ਮਜ਼ਾਰ ਹੈ ਜਿਸ ਦੀ ਲੋਕਾਂ ਵਿੱਚ ਬਹੁਤ ਮਾਨਤਾ ਹੈ ਇੱਥੇ ਹਰ ਸਾਲ 15 ਹਾੜ੍ਹ ਨੂੰ ਮੇਲਾ ਵੀ ਲੱਗਦਾ ਹੈ। ਇਸ ਪਿੰਡ ਵਿੱਚ ਮੁਸਲਮਾਨਾਂ ਦੀ ਕਾਫੀ ਗਿਣਤੀ ਸੀ। ਹੁਣ ਇੱਥੇ ਜ਼ਿਆਦਾ ਵੱਸੋਂ ਗਿੱਲ ਗੋਤ ਦੇ ਜੱਟਾਂ ਦੀ ਹੈ। ਇਸ ਦੇ ਨਾਲ ਲੱਗਦੇ ਪਿੰਡ ਮੱਲੂ ਨੰਗਲ, ਲਸ਼ਕਰੀ ਨੰਗਲ, ਚੇਤਨਪੁਰਾ, ਸਗਤੂ ਨੰਗਲ ਤੇ ਪਠਾਣ ਨੰਗਲ ਇਸ ਵਿਚੋਂ ਨਿਕਲ ਕੇ ਹੀ ਆਬਾਦ ਹੋਏ ਹਨ।
ਪਿੰਡ ਦੇ ਲੋਕ ਰਾਜਨੀਤਕ ਤੌਰ ਤੇ ਬਹੁਤ ਚੇਤੰਨ ਹਨ। ਅੰਗਰੇਜ਼ ਸਾਮਰਾਜ ਵਿਰੁੱਧ ਸਮੇਂ ਸਮੇਂ, ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਚਲਾਈਆਂ ਗਈਆਂ ਮੁਹਿੰਮਾਂ ਵਿੱਚ ਇੱਥੋਂ ਦੇ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਸਿਵਲ ਨਾ-ਫੁਰਮਾਨੀ ਲਹਿਰ ਵਿੱਚ 30 ਆਦਮੀ ਇਸ ਪਿੰਡ ਦੇ ਕੈਦ ਹੋਏ। ਗੁਰਦੁਆਰਾ ਲਹਿਰ ਵਿੱਚ ਗੁਰੂ ਕਾ ਬਾਗ ਤੇ ਜੈਤੋ ਦੇ ਮੋਰਚੇ ਵਿੱਚ ਪਿੰਡ ਵਾਸੀਆਂ ਨੇ ਅਹਿਮ ਰੋਲ ਅਦਾ ਕੀਤਾ। ਪਿੰਡ ਦੇ 100 ਆਦਮੀ ਵੱਖ ਵੱਖ ਲਹਿਰਾਂ ਵਿੱਚ ਕੈਦ ਹੋਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ