ਜਲਾਲਾਬਾਦ ਪੂਰਬੀ ਪਿੰਡ ਦਾ ਇਤਿਹਾਸ | Jalalabad History

ਜਲਾਲਾਬਾਦ ਪੂਰਬੀ

ਜਲਾਲਾਬਾਦ ਪੂਰਬੀ ਪਿੰਡ ਦਾ ਇਤਿਹਾਸ |  Jalalabad History

ਸਥਿਤੀ :

ਤਹਿਸੀਲ ਮੋਗਾ ਦਾ ਪਿੰਡ ਜਲਾਲਾਬਾਦ, ਧਰਮਕੋਟ – ਮੋਗਾ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਮੋਗਾ ਤੋਂ 10 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਬੱਝਣ ਦਾ ਸਮਾਂ ਕੁਝ ਲੋਕ ਅਕਬਰ ਦਾ ਸਮਾਂ ਦੱਸਦੇ ਹਨ ਅਤੇ ਕੁਝ ਰਜ਼ੀਆ ਬੇਗ਼ਮ ਵੇਲੇ ਦਾ ਕਿਉਂਕਿ ਉਹਨਾਂ ਸਮਿਆਂ ਦਾ ਇੱਕ ਖੂਹ ਇਸ ਪਿੰਡ ਵਿੱਚ ਮੌਜੂਦ ਹੈ। ਕਿਹਾ ਜਾਂਦਾ ਹੈ ਕਿ ਪ੍ਰਿਥਵੀਰਾਜ ਦੇ ਖਾਨਦਾਨ ਵਿਚੋਂ ਇੱਕ ਹਿੰਦੂ ਰਾਜਪੂਤ ਕਿਸੇ ਕਾਰਨ ਇਧਰ ਭੱਜ ਆਇਆ। ਉਸਨੇ ਇਸਲਾਮ ਧਾਰਨ ਕਰ ਲਿਆ ਤੇ ਇੱਥੇ ਵੱਸ ਗਿਆ ਅਤੇ ਇਹ ਪਿੰਡ ਵਸਾਇਆ। ਜਲਾਲ ਖਾਂ ਦੇ ਪੋਤਰੇ ਪਹਾੜ ਖਾਂ ਤੇ ਕੁਤਬ ਖਾਂ ਦੇ ਨਾਂ ਦੇ ਪਿੰਡ ਵਿੱਚ ਠੁੱਲੇ ਹਨ। ਇਹ ਪਿੰਡ ਦਾ ਨਾਂ ਜਲਾਲ ਖਾਂ ਦੇ ਨਾਂ ‘ਤੇ ਜਲਾਲਾਬਾਦ ਪਿਆ। ਇਸ ਜ਼ਿਲ੍ਹੇ ਵਿੱਚ ਦੋ ਜਲਾਲਾਬਾਦ ਹਨ ਅਤੇ ਇਹ ਪੂਰਬੀ ਪਾਸੇ ਹੋਣ ਕਰਕੇ ਇਸ ਨੂੰ ਜਲਾਲਾਬਾਦ ਪੂਰਬੀ ਕਿਹਾ ਜਾਂਦਾ ਹੈ।

ਪਿੰਡ ਵਿੱਚ ਇੱਕ ਸੰਤ ਤੇਜਾ ਸਿੰਘ ਦਾ ਸ਼ਾਨਦਾਰ ਗੁਰਦੁਆਰਾ ਹੈ। ਇੱਕ ਸ਼ਾਨਦਾਰ ਸ਼ਾਹੀ ਮਸੀਤ ਸੀ ਜੋ ਢੱਠ ਚੁੱਕੀ ਹੈ। ਦੇਸ਼ ਦੀ ਵੰਡ ਵੇਲੇ ਇੱਕ ਮੁਸਲਮਾਨ ਨਾਜ਼ਰ ਸ਼ਾਹ ਨਾਂ ਦਾ ਵਿਅਕਤੀ ਇਧਰ ਰਹਿ ਗਿਆ ਸੀ ਜੋ ਬਾਅਦ ਵਿੱਚ ਨਿਹੰਗ ਸੱਜ ਗਿਆ ਅਤੇ ਉਸਨੇ ਕਬਰਿਸਤਾਨ ਦੀਆਂ ਸਾਰੀਆਂ ਕਬਰਾਂ ਢਾਹ ਦਿੱਤੀਆਂ, ਜਿਨ੍ਹਾਂ ਵਿੱਚ ਜਲਾਲ ਖਾਂ ਦੀ ਕਬਰ ਵੀ ਸੀ। ਇੱਥੇ ਇੱਕ ਸੱਯਦ ਕਬੀਰ ਦਾ ਮਕਬਰਾ ਹੈ ਜਿਸ ‘ਤੇ ਮਹੀਨੇ ਦੇ ਦੂਜੇ ਵੀਰਵਾਰ ਮੇਲਾ ਲੱਗਦਾ ਹੈ ਜਿਸ ਦੇ ਇੱਕ ਪਾਸੇ ਚਰਾਗ ਜਲਾਏ ਜਾਂਦੇ ਹਨ ਤੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ।

ਪਿੰਡ ਵਿੱਚ ਕੋਰੋਟਾਣਾ, ਸਿੱਧੂ, ਸੰਧੂ, ਕਲੇਰ, ਸਮਰਾ, ਵਿਰਕ, ਧਾਲੀਵਾਲ, ਉੱਪਲ, ਬੈਰੇ, ਬਾਧੀ, ਭਿੰਡਰ, ਹਜਰਾ ਮਿੱਡ ਤੇ ਬਾਜਵਾ ਗੋਤਾਂ ਦੇ ਜੱਟ ਸਿੱਖਾਂ ਤੋਂ ਇਲਾਵਾ ਹਿੰਦੂ, ਤਰਖਾਣ, ਸੁਨਿਆਰ, ਦਰਜੀ, ਰਾਮਦਾਸੀਏ ਸਿੱਖ ਤੇ ਮਜ਼੍ਹਬੀ ਸਿੱਖਾਂ ਦੇ ਪਰਿਵਾਰ ਰਹਿੰਦੇ ਹਨ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!