ਜ਼ਹੂਰਾ
ਸਥਿਤੀ :
ਤਹਿਸੀਲ ਦਸੂਆ ਦਾ ਪਿੰਡ ਜ਼ਹੂਰਾ, ਜਲੰਧਰ – ਪਠਾਨਕੋਟ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਚੇਲਾਂਗ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜ਼ਹੂਰ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਕਿਸੇ ਖਾਸ ਚੀਜ਼ ਦਾ ਹੋਂਦ ਵਿੱਚ ਆਉਣਾ। ਇਸ ਪਿੰਡ ਦਾ ਇਤਿਹਾਸ ਦਸ ਹਜ਼ਾਰ ਸਾਲ ਪੁਰਾਣਾ ਹੈ। ਪਾਂਡਵਾਂ ਦੇ ਅਰਜਨ ਦਾ ਪੋਤਾ ਪਰੀਕਸ਼ਤ ਸਰਿੰਗੀ ਰਿਸ਼ੀ ਦੇ ਸਰਾਪ ਦੇਣ ‘ਤੇ ਸੱਪ ਲੜ ਕੇ ਮਰ ਗਿਆ। ਉਸ ਦੇ ਪੁੱਤਰ ਜਨਮੇਜਾ, ਜੋ ਗੱਦੀ ‘ਤੇ ਬੈਠਾ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅੰਗਰਾ ਰਿਸ਼ੀ ਤੋਂ ‘ਸਰਪ ਜੱਗ’ ਕਰਵਾਇਆ ਤਾਂ ਕਿ ਸੱਪਾਂ ਦੀ ਜ਼ਹਿਰਲੀ ਕਿਸਮ ਤੱਛਕ ਖਤਮ ਹੋ ਜਾਏ। ਹਵਨ ਸ਼ੁਰੂ ਹੋਣ ਨਾਲ ਸੱਪ ਮਰਨੇ ਸ਼ੁਰੂ ਹੋ ਗਏ ਪਰ ਰਿਸ਼ੀ ਅਸਤੀਕ ਨੇ ਅੰਗਰਾ ਨੂੰ ਦਲੀਲ ਨਾਲ ਹਵਨ ਕਰਨ ਤੋਂ ਰੋਕ ਲਿਆ ਤੇ ਸੱਪਾਂ ਦਾ ਬੀਜ਼ ਨਾਸ਼ ਨਹੀਂ ਹੋਇਆ। ਇਸ ਪਿੰਡ ਵਿੱਚ ਜੇ ਸੱਪ ਦਾ ਕੱਟਿਆ ਪਹੁੰਚ ਜਾਵੇ ਤਾਂ ਮਰਦਾ ਨਹੀਂ। ਹਵਨ ਤੋਂ ਬਾਅਦ ਜਨਮੇਜੇ ਨੇ ਇੱਕ ਕਿਲ੍ਹਾ ਕਾਇਮ ਕੀਤਾ ਜਿਸ ਦਾ ਥੇਹ ਰੂਪੀ ਨਿਸ਼ਾਨ ਅਜੇ ਤੱਕ ਕਾਇਮ ਹੈ। ਜਨਮੇਜੇ ਨੇ ਦਰਿਆ ਬਿਆਸ ਦਾ ਰੁੱਖ ਮੋੜਨ ਲਈ ਆਪਣੇ ਨੂੰਹ ਪੁੱਤਰ ਦੀ ਬਲੀ ਦੇ ਦਿੱਤੀ।
ਇਸ ਪਿੰਡ ਦੀ ਮੁਖ ਆਬਾਦੀ ਜੱਟ, ਲੁਬਾਣਾ, ਸੈਣੀ, ਹਰੀਜਨ, ਪੰਡਤ ਅਤੇ ਗੁਸਾਈ ਆਦਿ ਜਾਤਾਂ ਹਨ। ਸ਼ਿਵਰਾਤਰੀ ‘ਤੇ ਇੱਥੇ ਭਾਰੀ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ