ਝੁਰੜ
ਸਥਿਤੀ :
ਤਹਿਸੀਲ ਮਲੋਟ ਦਾ ਇਹ ਪਿੰਡ ਝੁਰੜ, ਮਲੋਟ-ਮੁਕਤਸਰ ਸੜਕ ਤੋਂ 3 ਕਿਲੋਮੀਟਰ ਦੂਰ ਹੈ ਤੇ ਰੇਲਵੇ ਸਟੇਸ਼ਨ ਮਲੋਟ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਲਗਭਗ 300 ਸਾਲ ਪਹਿਲਾਂ ਇਸ ਪਿੰਡ ਦੀ ਬੁਨਿਆਦ ਸ. ਮਹਾਲਾ ਸਿੰਘ ਗਿੱਲ ਤੇ ਸ. ਖੜਕ ਸਿੰਘ ਗਿੱਲ ਨੇ ਰੱਖੀ ਸੀ। ਇਹ ਦੋਵੇਂ ਪਿਡ ਝੁਰੜ, ਜਿਹੜਾ ਜਗਰਾਉਂ ਕੋਲ ਹੈ ਉੱਥੋਂ ਆਏ ਸਨ। ਇਹਨਾਂ ਦੋਹਾਂ ਨੇ ਆਪਣੇ ਪਿਛਲੇ ਪਿੰਡ ਝੁਰੜ ਦੇ ਨਾਂ ਤੇ ਹੀ ਇਸ ਪਿੰਡ ਦਾ ਨਾਂ ਰੱਖ ਦਿੱਤਾ। ਪਿੰਡ ਬਝਣ ਤੋਂ ਬਾਅਦ ਨਾਲ ਵਾਲੇ ਪਿੰਡ ਵਾਲੇ ਮੁਸਲਮਾਨ ਜਗੀਰਦਾਰਾਂ ਨਾਲ ਇਹਨਾਂ ਦਾ ਝਗੜਾ ਹੋ ਗਿਆ। ਸਿੱਧੂ ਗੋਤ ਤੇ ਧਾਲੀਵਾਲ ਗੋਤ ਦੇ ਜੱਟ ਸਰਦਾਰਾਂ ਨਾਲ ਮਿਲ ਕੇ ਇਹਨਾਂ ਨੇ ਮੁਕਾਬਲਾ ਕੀਤਾ ਤੇ ਇਵਜ਼ ਵਜੋਂ ਇੱਕ ਹਿੱਸਾ ਜ਼ਮੀਨ ਦੇ ਦਿੱਤੀ ਗਈ।
ਪਿੰਡ ਵਿੱਚ ਇੱਕ ਬਾਬੇ ਠਾਹਰੇ ਸ਼ਾਹ ਦੀ ਸਮਾਧ ਹੈ। ਇੱਥੇ ਲੋਕੀ ਪਸ਼ੂਆਂ ਲਈ ਸੁੱਖਾਂ ਸੁਖਦੇ ਹਨ। 5 ਫਗਣ ਨੂੰ ਭਾਰੀ ਮੇਲਾ ਲੱਗਦਾ ਹੈ। ਪਿੰਡ ਦੇ ਦੂਸਰੇ ਪਾਸੇ ਮਾਤਾ ਗੁੱਗੀ ਦੀ ਝਿੜੀ ਹੈ ਤੇ ਛੱਪੜ ਨੁਮਾ ਤਲਾਅ ਹੈ। ਕਿਹਾ ਜਾਂਦਾ ਹੈ ਕਿ ਇੱਕ ਧਾਰਮਿਕ ਲੜਕੀ ਦਾ ਵਿਆਹ ਉਸਦੀ ਮਰਜੀ ਦੇ ਉਲਟ ਕਰ ਦਿੱਤਾ ਗਿਆ। ਸਹੁਰਿਆਂ ਤੋਂ ਪਰਤਦਿਆਂ ਹੀ ਉਸਨੇ ਇਸ ਥਾਂ ਤੇ ਪ੍ਰਾਣ ਤਿਆਗ ਦਿੱਤੇ, ਇਸ ਮੰਦਰ ਤੇ ਨਵੇਂ ਵਿਆਹੇ ਜੋੜੇ ਚੰਗੇਰੀ ਜ਼ਿੰਦਗੀ ਦੀ ਕਾਮਨਾ ਕਰਦੇ ਹਨ। ਕਣਕ ਦੀਆਂ ਬਕਲੀਆਂ ਸੁੱਖਦੇ ਹਨ ਤੇ ਮਿੱਟੀ ਕੱਢਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ