ਟੌਹੜਾ
ਸਥਿਤੀ :
ਤਹਿਸੀਲ ਨਾਭਾ ਦਾ ਪਿੰਡ ਟੋਹੜਾ ਭਾਦਸੋਂ-ਟੌਹੜਾ ਸੜਕ ਤੇ ਸਰਹੰਦ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਚਨਾਰਥਲ ਕਲਾਂ ਪਿੰਡ (ਫਤਿਹਗੜ੍ਹ ਸਾਹਿਬ) ਦੇ ਬਾਨੀ ਬਾਬਾ ਚਾਂਦ ਦੇ ਪੋਤਰੇ ਭਾਈ ਤਲੋਕਾ ਨੇ ਵਸਾਇਆ ਸੀ। ਸਰਹੰਦ ਦੇ ਇੱਕ ਮੁਗਲ ਸਰਦਾਰ ਨੇ ਤਲੋਕੇ। ਦੇ ਪਿਤਾ ਦਿੱਤੂ ਨੂੰ ਕਤਲ ਕਰਵਾਉਣ ਤੋਂ ਬਾਅਦ ਉਸ ਦੇ ਦੋਵੇਂ ਪੁੱਤਰਾਂ ਦੇਸੋ ਤੇ ਤਲੋਕਾ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਤਾਂ ਤਲੋਕਾ ਆਸ-ਪਾਸ ਦੇ ਜੰਗਲਾਂ ਵਿੱਚ ਲੁੱਕ ਗਿਆ ਤੇ ਇਹੋ ਜਿਹੀ ਥਾਂ ਦੀ ਟੋਹ ਵਿੱਚ ਰਿਹਾ ਜਿੱਥੋਂ ਉਸ ਨੂੰ ਰਾਹ ਮਿਲ ਸਕੇ। ਕਾਫੀ ਸਮੇਂ ਇਸ ਥਾਂ ਰਹਿਣ ਮਗਰੋਂ ਜਦੋਂ ਇੱਕ ਵਾਰ ਉਹ ਬਾਹਰ ਨਿਕਲਿਆ ਤਾਂ ਸਰਦਾਰ ਦੇ ਬੰਦਿਆਂ ਨੇ ਪਕੜ ਲਿਆ ਤੇ ਜੇਲ੍ਹ ਵਿੱਚ ਸੁੱਟ ਦਿੱਤਾ। ਉੱਥੇ ਉਸਨੇ ਸਰਦਾਰ ਵਲੋਂ ਲਟਕਾਈ ਕੁੱਪੀ (ਮੁਗਲ ਸਰਦਾਰ ਨੇ ਮੁਕਾਬਲਾ ਕਰਵਾਇਆ ਕਿ ਉਸਦੀ ਲਟਕਾਈ ਕੈਂਪੀ ਨੂੰ ਜੋ ਵਿੰਨੇਗਾ ਉਸਨੂੰ 84 ਪਿੰਡਾਂ ਦੀ ਸਰਦਾਰੀ ਮਿਲੇਗੀ) ਤੇ ਨਿਸ਼ਾਨਾਂ ਲਾ ਕੇ ਉਸਨੂੰ ਵਿਚ ਦਿੱਤਾ ਤੇ ਉਸ ਨੂੰ 84 ਪਿੰਡਾਂ ਦੀ ਸਰਦਾਰੀ ਤੇ ਰਿਹਾਈ ਹੋ ਗਈ। ਇਹ ਸਰਦਾਰੀ ਪ੍ਰਾਪਤ ਕਰਨ ਪਿੱਛੋਂ ਉਸਨੇ ਉਸੇ ਥਾਂ ਤੇ ਪਿੰਡ ਬੰਨ੍ਹਣ ਦੀ ਟੋਹ (ਤਲਾਸ਼) ਰੱਖੀ ਜਿੱਥੇ ਉਹ ਲੁਕਿਆ ਸੀ ਤੇ ਜਿੱਥੋਂ ਰਾਹ ਲੱਭਿਆ ਸੀ। ਇਸੇ ਕਾਰਨ ਨਵੇਂ ਪਿੰਡ ਦਾ ਨਾਂ ਟੋਹ-ਰਾਹ ਰੱਖਿਆ ਗਿਆ ਜੋ ਬਾਅਦ ਵਿੱਚ ਟੌਹੜਾ ਉਚਾਰਨ ਵਿੱਚ ਆ ਗਿਆ।
ਇਸ ਪਿੰਡ ਦੇ ਤਿੰਨ ਦਰਵਾਜ਼ੇ ਹਨ ਨਾਭਾ ਗੇਟ, ਪਟਿਆਲਾ ਗੇਟ ਤੇ ਸਰਹੰਦੀ ਗੇਟ। ਇਸ ਪਿੰਡ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ। ਇਹ ਪਿੰਡ ਰਿਆਸਤ ਨਾਭਾ ਦਾ ਪਿੰਡ ਸੀ ਅਤੇ ਇਸਦਾ ਰਾਜਸੀ ਤੇ ਧਾਰਮਿਕ ਪਿਛੋਕੜ ਬੜਾ ਮਹਾਨ ਹੈ। ਅਕਾਲੀ ਲਹਿਰ ਸਮੇਂ ਇਸ ਪਿੰਡ ਦੇ ਉਦੈ ਸਿੰਘ ਨੇ 18 ਸਾਲ ਜੇਲ੍ਹ ਕੱਟੀ ਜਿਸ ਦੇ ਨਾਂ ਤੇ ਪਿੰਡ ਵਿੱਚ ‘ਉਦੈ ਸਿੰਘ’ ਲਾਇਬ੍ਰੇਰੀ ਹੈ। ਇਸ ਪਿੰਡ ਦੇ ਭਗਵਾਨ ਸਿੰਘ ਨੇ ਪਰਜਾ ਮੰਡਲ ਤੇ ਅਕਾਲੀ ਲਹਿਰਾਂ ਸਮੇਂ ਭਾਰੀ ਕੰਮ ਕੀਤਾ। ਗਿਆਨੀ ਵਰਿਆਮ ਸਿੰਘ ਇਸੇ ਪਿੰਡ ਦੇ ਸਨ।
ਟੌਹੜਾ ਪਿੰਡ ਦਾ ਨਾਂ ਸਵਰਗਵਾਸੀ ਸ. ਗੁਰਚਰਨ ਸਿੰਘ ਟੌਹੜਾ ਕਰਕੇ ਹੋਰ ਮਸ਼ਹੂਰ ਹੋ ਗਿਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਸਾਲ ਪ੍ਰਧਾਨ ਰਹੇ ਤੇ ਸਿੱਖਾਂ ਵਿੱਚ ਬਹੁਤ ਸਨਮਾਨੇ ਜਾਂਦੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ