ਡਰੋਲੀ ਭਾਈ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਡਰੋਲੀ ਭਾਈ, ਮੋਗਾ – ਫਿਰੋਜ਼ਪੁਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡਗਰੂ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਪਿੰਡ ਡਰੋਲੀ ਭਾਈ, ਮਹਿਕਮਾ ਮਾਲ ਦੇ 1852-53 ਦੇ ਬੰਦੋਬਸਤ ਦੇ ਅਨੁਸਾਰ 1200 ਈਸਵੀ ਵਿੱਚ ਵੱਸਿਆ ਦੱਸਿਆ ਜਾਂਦਾ ਹੈ। ਪਿੰਡ ਦਾ ਨਾਂ ਇੱਕ ਨਾਚੀ ਦੇ ਨਾਂ ਉੱਤੇ ਪ੍ਰਸਿੱਧ ਹੋਇਆ ਕਿਉਂਕਿ ਉਸਦਾ ਨਾਂ ‘ਡਰੋਲੀ’ ਸੀ। ਉਸ ਸਮੇਂ ਦੇ ਹਾਕਮਾਂ ਨੇ ਇਹ ਪਿੰਡ ਉਸ ਨੂੰ ਜਾਗੀਰ ਵਿੱਚ ਸੋਂਪ ਦਿੱਤਾ ਸੀ ਜਿਸ ਕਰਕੇ ਇਸ ਦਾ ਨਾਂ ਡਰੋਲੀ ਮਸ਼ਹੂਰ ਹੋ ਗਿਆ ਤੇ ਬਾਅਦ ਵਿੱਚ ਗੁਰੂ ਘਰ ਨਾਲ ਸਬੰਧਿਤ ਹੋਣ ਕਰਕੇ ‘ਡਰੋਲੀ ਭਾਈ’ ਪ੍ਰਚਲਤ ਹੋਇਆ। ਇਸ ਪਿੰਡ ਦੇ ਮੁਜਾਰੇ, ਜੋ ਦੁਆਬੇ ਵਿੱਚ ਰਹਿੰਦੇ ਸਨ, ਹੁਣ ਇਸ ਪਿੰਡ ਦੇ ਕਾਬਜ਼ ਸਰਦਾਰ ਹਨ ਜਿਨ੍ਹਾਂ ਦਾ ਗੋਤ ਸੰਘੇ ਹੈ। ਪਿੰਡ ਵਿੱਚ ਬਹੁਤ ਅਬਾਦੀ ਸੰਘੇ ਗੋਤ ਦੇ ਜ਼ਿਮੀਂਦਾਰਾਂ ਦੀ ਹੈ। ਸੰਘੇ ਗੋਤ ਤੋਂ ਇਲਾਵਾ ਪਿੰਡ ਵਿੱਚ ਗਰੇਵਾਲ, ਗਿੱਲ, ਹੇਰ, ਮੱਲੀ, ਸਿੱਧੂ, ਢਿੱਲੋਂ, ਸੰਧੂ, ਧਨੋਆ, ਵਿਰਕ, ਪੱਸੇ, ਬਾਠ ਤੇ ਰਾਜਪੂਤ ਜੱਟ ਵਸਦੇ ਹਨ।
ਇਹ ਪਿੰਡ ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਅਤੇ ਸੱਤਵੀਂ ਪਾਤਸ਼ਾਹੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਦਾ ਜਨਮ ਅਸਥਾਨ ਹੈ। ਬਾਬਾ ਜੀ ਦੀ ਯਾਦ ਵਿੱਚ ਪਿੰਡ ਵਲੋਂ ਉਸ ਪਵਿੱਤਰ ਥਾਂ ਉੱਤੇ ਇੱਕ ਸੁੰਦਰ ਗੁਰਦੁਆਰਾ ਉਸਾਰਿਆ ਹੋਇਆ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਸਾਂਢ ਭਾਈ ਸਾਈਂ ਦਾਸ ਇਸੇ ਪਿੰਡ ਦੇ ਸਨ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੈਨਾਪਤੀ ਭਾਈ ਨੰਦ ਚੰਦ ਵੀ ਇੱਥੋਂ ਦੇ ਹੀ ਵਸਨੀਕ ਸਨ। ਪਿੰਡ ਵਿੱਚ 10 ਇਤਿਹਾਸਕ ਥਾਵਾਂ ਹਨ ਅਤੇ ਇਹਨਾਂ ਵਿੱਚ ਸੰਭਾਲੀਆਂ ਇਤਿਹਾਸਕ ਵਸਤਾਂ ਵਿਚੋਂ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਗਾ ਜਿਸ ਨੂੰ ਪਹਿਨ ਕੇ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਆਜ਼ਾਦ ਕਰਵਾ ਕੇ ਬੰਦੀ ਛੋੜ ਗੁਰੂ ਬਣੇ ਸਨ, ਵੀ ਇੱਥੇ ਮੌਜੂਦ ਹੈ। ਉਹਨਾਂ ਦੀ ਦਸਤਾਰ, ਕਛਹਿਰਾ, ਸਿਮਰਣ (9 ਮਣਕੇ ਵਾਲਾ) ਅਤੇ ਪੱਥਰ ਕੱਚ ਦਾ ਝਾਵਾਂ ਇੱਥੇ ਪਏ ਹਨ। ਇਸ ਤੋਂ ਬਿਨਾਂ ਤਿੰਨ ਹਥ-ਲਿਖਤ ਚਿੱਠੀਆਂ ਵੀ ਇੱਥੇ ਪਈਆਂ ਹਨ, ਦੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ, ਜੋ ਸੈਨਾਪਤੀ ਭਾਈ ਨੰਦ ਚੰਦ ਦੇ ਨਾਂ ਹਨ ਅਤੇ ਇੱਕ ਛੇਵੇਂ ਗੁਰੂ ਵਲੋਂ ਭਾਈ ਦੇਸ ਰਾਜ ਦੇ ਨਾਂ ਹੁਕਮਨਾਮੇ ਵਜੋਂ ਫਰੇਮ ਕਰਕੇ ਰੱਖੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੱਥ ਲਿਖਤ ਬੀੜ ਵੀ ਇੱਥੇ ਸ਼ਸ਼ੋਭਿਤ ਹੈ। ਜਿਸ ਦੇ ਮੁੱਢ ਵਿੱਚ ਤਤਕਰਾ ਸੁਨਹਿਰੀ ਅੱਖਰਾਂ ਵਿੱਚ ਹੈ ਅਤੇ ਇੱਕ ਪੰਨੇ ਤੇ ‘ਅਕਾਲ ਸਹਾਇ’, ‘ਗੁਰੂ ਕਲਗੀ ਵਾਲਾ’ ਲਿਖਿਆ ਹੋਇਆ ਹੈ। ਉਕਤ ਬੀੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ-ਲਿਖਤ ਦੱਸੀ ਜਾਂਦੀ ਹੈ। ਇਹ ਬੀੜ ਗੁਰੂ ਜੀ ਦੇ ਸੈਨਾਪਤੀ ਭਾਈ ਨੰਦ ਚੰਦ ਨੇ ਕਲਗੀਧਰ ਪਾਸੋਂ ਬਖਸ਼ਸ਼ ਕਰਵਾਈ ਸੀ। ਇਸ ਬੀੜ ਦੇ 984 ਵਰਕੇ ਤੇ 1968 ਪੰਨੇ ਹਨ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ