ਡਸਕਾ
ਸਥਿਤੀ :
ਤਹਿਸੀਲ ਡਸਕਾ ਦਾ ਇਹ ਪਿੰਡ ਸੁਨਾਮ-ਜਾਖਲ ਸੜਕ ਤੋਂ 14 ਕਿਲੋਮੀਟਰ ਤੇ ਲਹਿਰਾਂ ਗਾਗਾ ਰੇਲਵੇ ਸਟੇਸ਼ਨ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਇਹ ਪਿੰਡ ਤੇਹਰਵੀਂ ਸਦੀ ਵਿੱਚ ਲਗਭਗ 700 ਸਾਲ ਪਹਿਲਾਂ ਪੰਡਤ ਡੱਲਾ ਰਾਮ ਨੇ ਵਸਾਇਆ ਸੀ ਅਤੇ ਉਸਦੇ ਨਾਂ ਨਾਲ ਹੀ ਇਸ ਦਾ ਨਾ ‘ਡਸਕਾ’ ਰੱਖਿਆ ਗਿਆ ਸੀ। ਹਿੰਦੂ ਰਾਜਪੂਤਾਂ ਅਤੇ ਔਰੰਗਜੇਬ ਦੇ ਜ਼ਮਾਨੇ ਵਿੱਚ ਇਸ ਪਿੰਡ ‘ਤੇ ਰਾਜਪੂਤਾਂ ਦਾ ਕਬਜ਼ਾ ਰਿਹਾ ਤੇ ਬਾਅਦ ਵਿੱਚ ਲੋਕ ਦੀਨ ਬਦਲਕੇ ਮੁਸਲਮਾਨ ਹੋ ਗਏ। ਫਿਰ ਲਖਣਾ ਮਲਕ ਤੇ ਡੋਗਰ ਤਪਾ ਤੋਂ ਇੱਥੇ ਆਏ ਤੇ ਨਾਲ ਦੇ ਪਿੰਡ ਰੱਤਾ ਖੇੜਾ ਉਰਫ਼ ਸ਼ੇਰਗੜ੍ਹ ਜੋ ਕਿ ਉਸ ਸਮੇਂ ਬੇਚਰਾਗ ਸੀ ‘ਤੇ ਕਬਜ਼ਾ ਕਰਕੇ ਨਾਲ ਮਿਲਾ ਲਿਆ ਅਤੇ ਰਾਜਪੂਤਾਂ ਤੋਂ ਪਿੰਡ ਖੋਹ ਲਿਆ। ਲਖਣੇ ਡੋਗਰ ਤੇ ਮਹਾਰਾਜਾ ਆਲਾ ਸਿੰਘ ਨੇ ਮਿਲ ਕੇ ਇਸ ਨੂੰ ਰਿਆਸਤ ਪਟਿਆਲਾ ਵਿੱਚ ਮਿਲਾ ਲਿਆ। ਮਹਾਰਾਜਾ ਪਟਿਆਲਾ ਨੇ ਲਖਣੇ ਨੂੰ ਇਸ ਇਲਾਕੇ ਦੇ ਲਗਭਗ 40 ਪਿੰਡ ਇਨਾਮ ਵਿੱਚ ਦਿੱਤੇ ਜਿਹੜੇ ਕਿ ਫਤਿਹਾਬਾਦ (ਹਰਿਆਣਾ) ਤੱਕ ਫੈਲੇ ਹੋਏ ਸਨ ਤੇ ਜਿਹੜੇ ਹੌਲੀ-ਹੌਲੀ ਉਸ ਦੇ ਕਬਜ਼ੇ ਵਿੱਚੋਂ ਨਿਕਲਦੇ गष्टे।
1947 ਵਿੱਚ ਦੇਸ਼ ਦੇ ਬਟਵਾਰੇ ਸਮੇਂ ਇਲਾਕੇ ਭਰ ਵਿੱਚ ਪਿੰਡ ਡਸਕਾ ਦੀ ਮੁਸਲਮਾਨੀ ਪਹਿਲੇ ਨੰਬਰ ‘ਤੇ ਪ੍ਰਸਿੱਧ ਸੀ। ਕਿਹਾ ਜਾਂਦਾ ਹੈ ਕਿ ਇਲਾਕੇ ਭਰ ਦੇ ਪਿੰਡ ਸਾਹੋਕੇ-ਢੱਡੇ ਤੇ ਸੁਨਾਮ ਆਦਿ ਤੱਕ ਦੇ ਲਗਭਗ 20 ਹਜ਼ਾਰ ਮੁਸਲਮਾਨ ਇਸ ਪਿੰਡ ਵਿੱਚ ਜਮ੍ਹਾ ਹੋ ਗਏ। ਇੱਥੇ ਮੁਸਲਮਾਨਾਂ ਕੋਲ ਭਾਰੀ ਮਾਤਰਾ ਵਿੱਚ ਹਥਿਆਰ ਹੋਣ ਦੀ ਚਰਚਾ ਆਮ ਸੀ। ਇਸ ਡਰ ਕਾਰਨ ਹੀ ਸਰਕਾਰ ਵਲੋਂ ਫੌਜ ਭੇਜ ਕੇ ਟੈਂਕਾਂ ਤੇ ਤੋਪਾਂ ਨਾਲ ਪਿੰਡ ਨੂੰ ਘੇਰਾ ਦਿੱਤਾ ਗਿਆ ਅਤੇ ਬਾਹਰੋਂ ਆਏ ਮੁਸਲਮਾਨਾਂ ਲਈ ਬਾਹਰ ਇੱਕ ਕੈਂਪ ਲਗਾਇਆ ਗਿਆ, ਭਾਰੀ ਮਾਤਰਾ ਵਿੱਚ ਲੋਕਾਂ ਕੋਲੋਂ ਮਾਰੂ ਹਥਿਆਰ ਸੁਟਾਏ ਗਏ। ਮੁਸਲਮਾਨਾਂ ਨੂੰ ਹਿਫ਼ਾਜ਼ਤ ਨਾਲ ਪਾਕਿਸਤਾਨ ਭੇਜਣ ਲਈ ਉਸ ਸਮੇਂ ਮਹਾਰਾਜਾ ਪਟਿਆਲਾ ਸ੍ਰੀ ਯਾਦਵਿੰਦਰਾ ਸਿੰਘ ਖ਼ੁਦ । ਇੱਥੇ ਆਏ। ਇੱਥੇ ਗੁੱਜਰਾਂਵਾਲਾ, ਸ਼ੇਖੂਪੁਰ ਤੇ ਲਾਹੌਰ ਆਦਿ ਤੋਂ ਰਫਿਊਜ਼ੀ ਆਏ ਤੇ ਮੁਸਲਮਾਨਾਂ ਦੀ ਜ਼ਮੀਨ ਤੇ ਜਾਇਦਾਦ ਉਹਨਾਂ ਨੂੰ ਅਲਾਟ ਕੀਤੀ ਗਈ।
ਪੁਰਾਣੇ ਸਮੇਂ ਦੀਆਂ ਇੱਥੋਂ ਦੇ ਦੋ ਮੁਸਲਮਾਨ ਪੀਰਾਂ ਦੀਆਂ ਖ਼ਾਨਗਾਹਾਂ ਅਜੇ ਤੱਕ ਬਿਲਕੁਲ ਸਹੀ ਮੌਜੂਦ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ