ਤਰਮਾਲਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਤਰਮਾਲਾ, ਡੱਬਵਾਲੀ – ਅਬੋਹਰ ਸੜਕ ‘ਤੇ ਸਥਿਤ ਹੈ ਅਤੇ ਡੱਬਵਾਲੀ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਟਿੱਬਿਆਂ ਵਿੱਚ ਘਿਰਿਆ ਹੋਇਆ ਹੈ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਇਹ ਪਿੰਡ ਤਕਰੀਬਨ ਪੌਣੇ ਦੋ ਸੌ ਸਾਲ ਪਹਿਲਾਂ ਵੱਸਿਆ ਸਿਆਲ ਅਤੇ ਝਮਟਾ (ਮੁਸਲਮਾਨ) ਦੇ ਦੋ ਪਰਿਵਾਰ ਇਸ ਬੇਆਬਾਦ ਧਰਤੀ ਤੇ ਆ ਕੇ ਬੈਠ ਗਏ। ਉਨ੍ਹਾਂ ਨੇ ਵੇਖਿਆ ਕਿ ਨੀਵੀਂ ਜਿਹੀ ਜਗ੍ਹਾ ਵਿੱਚ ਇੱਕਠੇ ਹੀ ਤਿੰਨ ਮਾਲਾ (ਵਣ) ਖੜ੍ਹੇ ਹਨ। ਉਹਨਾਂ ਨੇ ਇਸ ਦਾ ਨਾਂ ਤ੍ਰੈ-ਮਾਲ ਰੱਖ ਲਿਆ ਜੋ ਹੌਲੀ ਹੌਲੀ ‘ਤਰਮਾਲਾ’ ਬਣ ਗਿਆ। ਸਿਆਲਾਂ ਦੇ ਬਜ਼ੁਰਗ ਭੱਮਾ ਨੇ ਪਟਿਆਲੇ ਕੋਲੋਂ ਆਪਣੇ ਜਾਣੂ ਬਜ਼ੁਰਗ ਗੁਰਦਿੱਤ ਸਿੰਘ (ਮਜ਼੍ਹਬੀ ਸਿੱਖ) ਨੂੰ ਪਗੜੀ ਦੇ ਕੇ ਆਪਣੇ ਕੋਲ ਲੈ ਆਂਦਾ। 1947 ਤੋਂ ਪਿੱਛੋਂ ਮੁਸਲਮਾਨ ਪਾਕਿਸਤਾਨ ਚਲੇ ਗਏ ਪਰ ਬਜ਼ੁਰਗ ਗੁਰਦਿੱਤ ਸਿੰਘ ਦੀ ਉਲਾਦ ਦੇ ਪਿੰਡ ਦੇ ਅੱਧੇ ਘਰ ਹਨ।
ਇਸ ਪਿੰਡ ਵਿੱਚ ਹੁਣ ਜੱਟ ਸਿੰਘ, ਮਜ਼੍ਹਬੀ ਸਿੰਘ, ਰਾਮਦਾਸੀਏ, ਝਿਊਰ, ਨਾਈ, ਘੁਮਿਆਰ, ਕੰਬੋਜ ਅਤੇ ਬਿਸ਼ਨੋਈਆਂ (ਬਾਗੜੀ) ਦੀ ਰਲੀ ਮਿਲੀ ਆਬਾਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ