ਪੁਰਾਤਨ ਪੰਜਾਬ
ਜਨੇਰ ਵਰਤਮਾਨ ਪੰਜਾਬ ਦਾ ਇਕ ਮਹੱਤਵਪੂਰਨ ਇਤਿਹਾਸਕ ਪਿੰਡ ਅਤੇ ਪੰਜਾਬ ਭਾਰਤ ਦਾ ਇਕ ਪ੍ਰਮੁੱਖ ਸੂਬਾ ਹੈ। ਕਿਸੇ ਵੀ ਪਿੰਡ, ਸ਼ਹਿਰ ਜਾਂ ਦੇਸ਼ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਉਸ ਦੇ ਪਿਛੋਕੜ ਦੀ ਭੂਗੋਲਿਕ, ਰਾਜਨੀਤਕ, ਧਾਰਮਿਕ, ਸਭਿਆਚਾਰਕ ਅਤੇ ਬੋਲੀ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਕਿਉਂਕਿ ਉਪਰੋਕਤ ਪੰਜ ਵਿਵਸਥਾਵਾਂ ਦੇ ਆਪਸੀ ਸੁਮੇਲ ਨਾਲ ਹੀ ਇਤਿਹਾਸ ਬਣਦਾ ਹੈ। ਜਨੇਰ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੰਜਾਬ ਦੀ, ਉਹ ਵੀ 1966 ਵਿਚ ਬਣੇ ਲੰਗੜੇ ਪੰਜਾਬ ਦੀ ਨਹੀਂ, ਜਾਂ ਫੇਰ 1947 ਤੋਂ ਪਹਿਲਾਂ ਅਣਵੰਡੇ ਪੰਜਾਬ ਦੀ ਵੀ ਨਹੀਂ, ਸਗੋਂ ਗੱਲ ਕਰਾਂਗੇ ਪੁਰਾਤਨ ਪੰਜਾਬ ਦੀ, ਜਿਸ ਦਾ ਨਾਮ ਕਦੀ ‘ਸਪਤ ਸਿੰਧੂ’ ਸੀ ਜਾਂ ‘ਵਹੀਕ ਦੇਸ਼’, ਜਿਸ ਦੀਆਂ ਹੱਦਾਂ ਪਾਕਿਸਤਾਨ ਵਾਲੇ ਪੰਜਾਬ ਅਤੇ ਲਗਪਗ ਅਜੋਕੇ ਸਮੇਂ ਦੇ ਸਾਰੇ ਉਤਰੀ ਭਾਰਤ ਤਕ ਫੈਲੀਆਂ ਹੋਈਆਂ ਸਨ।
ਇਤਿਹਾਸਕਾਰਾਂ ਨੇ ਪੁਰਾਤਨ ਪੰਜਾਬ ਦੇ ਬਹੁਮੁੱਖੀ ਵਢੱਪਣ ਨੂੰ ਸਤਿਕਾਰਦਿਆਂ ਇਸ ਨੂੰ ‘ਵਡਾਰੂਆਂ ਦਾ ਦੇਸ਼’ ਅਤੇ ਦੇਵਤਿਆਂ ਦਾ ਵਸਾਇਆ ਹੋਣ ਕਾਰਨ ‘ਦੇਵ ਨਿਮਰਤ’ ਵਰਗੇ ਗੌਰਵਮਈ ਨਾਮਾਂ ਨਾਲ ਵੀ ਨਿਵਾਜਿਆ। ਬ੍ਰਹਮ ਗਿਆਨੀਆਂ ਦੀ ਧਰਤੀ ਹੋਣ ਕਰਕੇ ਪੰਜਾਬ ਨੂੰ ‘ਬ੍ਰਹਮਾਵਰਤ’ ਨਾਮ ਨਾਲ ਜਾਣੇ ਜਾਣ ਦਾ ਮਾਣ ਵੀ ਪ੍ਰਾਪਤ ਹੋਇਆ। ਭਾਰਤ ਵਰਸ਼ ਦੀ ਸਰਵ ਸ੍ਰਿਸ਼ਟ ਭਾਸ਼ਾ ਸੰਸਕ੍ਰਿਤ ਦੇ ਇਸ ਖਿੱਤੇ ਵਿਚ ਜਨਮ ਸਮੇਂ ‘ਸ਼ਿਸਟ’ ਦੀ ਪ੍ਰਮ ਪਦਵੀ ਵੀ ਮਿਲੀ। ਮਾਇਆ ਦੀ ਅਮੀਰੀ ਅਤੇ ਆਪਣੀ ਉਪਜਾਊ ਧਰਤੀ ਕਾਰਨ ਪੰਜਾਬ ਨੇ ਆਪਣੇ ਆਪ ਨੂੰ ‘ਸ੍ਰੀ ਕੰਠ’ ਵੀ ਅਖਵਾਇਆ। ਕਿਸੇ ਸਮੇਂ ਪੰਜਾਬ ਦਾ ਹਿੱਸਾ ਰਹੇ ਥਾਨੇਸਰ ਵਿਖੇ ਉਚ ਕੋਟੀ ਦੀਆਂ ਵਿਦਿਅਕ ਸੰਸਥਾਵਾਂ ਦੀ ਹੋਂਦ ਦੇ ਮੱਦੇਨਜ਼ਰ ਪ੍ਰਾਚੀਨ ਪੰਜਾਬ ਨੂੰ ‘ਸ਼ਿਵਾ ਦੀ ਕਾਸ਼ੀ’ ਅਤੇ ‘ਉਤਰ ਕਾਸ਼ੀ’ ਦੇ ਗੌਰਵਮਈ ਨਾਮਾਂ ਨਾਲ ਵੀ ਜੋੜਿਆ ਜਾਂਦਾ ਰਿਹਾ।
ਪ੍ਰਸਿੱਧ ਸਾਹਿਤਕਾਰ ਪੰਡਤ ਕਰਤਾਰ ਸਿੰਘ ਸਹਿਤਿਆਚਾਰੀਆ ਅਨੁਸਾਰ ਭਾਰਤ ਦੀ ਪ੍ਰਾਚੀਨ ਸਭਿਅਤਾ ਦੇ ਪ੍ਰਮਾਣਿਕ ਚੌਹਾਂ ਵੇਦਾਂ ਦੀ ਰਚਨਾ ਦਰਿਆ ਸਤਲੁਜ ਅਤੇ ਬਿਆਸ ਦੇ ਕੰਢੇ ਹੋਈ। ਪਾਣਨਿ ਦਾ ਸੰਸਾਰ ਪ੍ਰਸਿੱਧ ਗ੍ਰੰਥ ‘ਸੰਸਕ੍ਰਿਤ ਦੀ ਵਿਆਕਰਣ’ ਰੋਪੜ ਨੇੜਲੀ ਜਗ੍ਹਾ ‘ਨਗਰ ਦੁਸਾਰਣ’ ਵਿਚ ਰਚਿਆ ਗਿਆ। ਉਸ ਦੀਆਂ ਰਚਨਾਵਾਂ ਵਿਚ ‘ਜਾਮਯਵਤੀ’ ਅਤੇ ‘ਸ਼ਿਕਸ਼ਾ’ ਵੀ ਸ਼ਾਮਿਲ ਹਨ। ‘ਬਵੰਜਾ ਉਪਨਿਸ਼ਦ’ ਐਤਰੇਯ ‘ਬ੍ਰਾਹਮਣ’ ਅਤੇ ‘ਸ਼ਤ ਪੰਥ’ ਵਰਗੇ ਮਹਾਨ ਗ੍ਰੰਥ ਵੀ ਇਸੇ ਖਿੱਤੇ ਵਿਚ ਹੀ ਰਚੇ ਗਏ। ਵੇਦ ਵਿਆਸ ਜੀ ਨੇ ‘ਮਹਾਂ ਪੁਰਾਣ ਸੰਗ੍ਰਹਿ’ ਅਤੇ ਉਸ ਦੇ ਚੇਲੇ ਪੀਲ ਨੇ ‘ਵੇਦ ਤਰਾਈ ਦੇ ਮੰਤ੍ਰਾਂ ਦਾ ਸੰਗ੍ਰਹਿ’ ਤਲਵੰਡੀ ਸਾਬੋ (ਹੁਣ ਗੁਰੂ ਕੀ ਕਾਸ਼ੀ) ਵਿਖੇ ਰਚਿਆ। ਜੈਮਿਨੀ ਦੇ ਪੂਰਬ ‘ਮੀਮਾਂਸਾ’ ਅਤੇ ਪਿੰਗਲ ਮੁਨੀ ਦੇ ‘ਛੰਦ ਸ਼ਾਸਤਰ’ ਦੀ ਰਚਨਾ ਵੀ ਇਥੇ ਹੀ ਹੋਈ। ਪੰਜਾਬ ਨੂੰ ਮਾਣ ਹੈ, ਕਲਪ ਸੂਤਰਾਂ ਦੇ ਗ੍ਰੰਥ ‘ਗਾਗਾ ਦੀਆਂ ਸੂਰਜ ਰਾਸ਼ੀਆਂ’ ਅਤੇ ‘ਲੱਛਮੀ ਪੁਰਸ਼ੋਤਮ’ ਜਿਹੇ ਮਹਾਨ ਨਾਟਕਾਂ ਦੀ ਰਚਨਾ ਉਸ ਦੀ ਪਵਿੱਤਰ ਭੂਮੀ ‘ਤੇ ਰਚੇ ਜਾਣ ਦਾ।
ਧਾਰਮਿਕ ਨਜ਼ਰੀਏ ਤੋਂ ਵੀ ਪੰਜਾਬ ਦਾ ਪੂਰੇ ਭਾਰਤ ਵਰਸ਼ ਵਿਚ ਨਿਵੇਕਲਾ ਸਥਾਨ ਰਿਹਾ ਹੈ। ਇਹ ਪਵਿੱਤਰ ਧਰਤੀ ਮੁਢ-ਕਦੀਮ ਤੋਂ ਹੀ ਸੰਤਾਂ, ਮਹੰਤਾਂ, ਰਿਸ਼ੀਆਂ- ਮੁਨੀਆਂ, ਅਚਾਰੀਆਂ, ਬ੍ਰਹਮ ਗਿਆਨੀਆਂ, ਧਰਮ ਪ੍ਰਾਇਣਾਂ, ਦਾਨੀਆਂ ਅਤੇ ਆਪਾ ਵਾਰਨ ਵਾਲਿਆਂ ਦੀ ਹੈ। ਪੁਰਾਤਨ ਕਾਲ ਵਿਚ ਇਸ ਦੇ ਰਿਸ਼ੀਆਂ, ਮੁਨੀਆਂ ਅਤੇ ਦੇਵਤਿਆਂ ਨੇ ਸਮੁੱਚੇ ਸੰਸਾਰ ਦੀ ਰਹਿਨੁਮਾਈ ਕੀਤੀ। ਭਗਤੀ ਕਾਲ ਸਮੇਂ ਗੁਰੂ ਨਾਨਕ, ਬਾਬਾ ਫ਼ਰੀਦ, ਸੰਤ ਕਬੀਰ, ਨਾਮਦੇਵ ਅਤੇ ਹੋਰ ਸੰਤ ਜਨਾਂ ਨੇ ਸਮੁੱਚੀ ਮਾਨਵਤਾ ਨੂੰ ਰੱਬ ਨਾਲ ਜੋੜਿਆ। ਗੁਰੂ ਕਾਲ ਸਮੇਂ ਸਿੱਖ ਗੁਰੂਆਂ ਨੇ ‘ਭਗਤੀ ਅਤੇ ਸ਼ਕਤੀ’ ਦਾ ਨਵਾਂ ਸੁਮੇਲ ਸੰਸਾਰ ਦੇ ਸਾਹਮਣੇ ਰਖਿਆ।
ਪੰਜਾਬ ਸੂਰਬੀਰਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਹੈ। ਆਦਿ ਕਾਲ ਹੋਵੇ, ਤ੍ਰੇਤਾ, ਦੁਆਪਰ, ਸਤਿਯੁਗ ਜਾਂ ਕਲਯੁਗ ਪੰਜਾਬੀਆਂ ਨੇ ਆਪਣੀ ਬਹਾਦਰੀ ਦੀ ਧਾਂਕ ਪੂਰੇ ਸੰਸਾਰ ਵਿਚ ਜਮਾਈ। ਪੰਜਾਬ ਦੀ ਵੀਰ ਭੂਮੀ ਦੇ ਜੁਝਾਰੂਆਂ ਨੇ ਆਪਣੀ ਪ੍ਰਾਚੀਨ ਸਮੇਂ ਤੋਂ ਚੱਲੀ ਆਉਂਦੀ ਲੋਕ ਰਾਜ ਦੀ ਪ੍ਰਥਾ ਅਤੇ ਸੁਤੰਤਰਤਾ ਦੀ ਰਖਿਆ ਵਿਦੇਸ਼ਾਂ ਤੋਂ ਆਉਣ ਵਾਲੀਆਂ ਹਮਲਾਵਰ ਜਾਤੀਆਂ ਨਾਲ ਜੂਝਦੇ ਹੋਏ ਆਪਣਾ ਖੂਨ ਡੋਲ੍ਹ ਕੇ ਕੀਤੀ। ਪ੍ਰਸਿੱਧ ਇਤਿਹਾਸਕਾਰ ਸੰਤ ਵਿਸਾਖਾ ਸਿੰਘ ਅਨੁਸਾਰ ਪੰਜਾਬੀਆਂ ਨੇ ਪੰਜ ਸੋ ਸਾਲਾਂ ਤੋਂ ਭਾਰਤ ਦੇ ਕੁਝ ਹਿੱਸੇ ‘ਤੇ ਕਾਬਜ਼ ‘ਨਰਬਲੀ’ ਦੀ ਯਾਜਕ ਜਾਤੀ ਨੂੰ ਸਦਾ ਲਈ ਭਾਰਤ ਵਰਸ਼ ਦੇ ਨਕਸ਼ੇ ਤੋਂ ਮਿਟਾ ਦਿੱਤਾ। ਇਹ ਪੰਜਾਬੀ ਹੀ ਸਨ ਜਿਨ੍ਹਾਂ ਨੇ ਦੁਨੀਆਂ ਦੇ ਮਹਾਨ ਜੇਤੂ ਜਰਨੈਲ ਯੂਨਾਨੀ ਸਮਰਾਟ ਸਿਕੰਦਰ ਨੂੰ ਬਿਆਸ ਨਦੀ ਤੋਂ ਅੱਗੇ ਨਾ ਵਧਣ ਦਿੱਤਾ। ਏਥੇ ਹੀ ਬਸ ਨਹੀਂ ਇਸ ਦੇ ਪ੍ਰਸਿੱਧ ਧਾਕੜ ਜਰਨੈਲ ਸਾਹ ਸਲੋਕਸ ਨੂੰ ਵੀ ਮੈਦਾਨੇ ਜੰਗ ਵਿਚ ਪੰਜਾਬੀਆਂ ਹੱਥੋਂ ਮੂੰਹ ਦੀ ਖਾਣੀ ਪਈ। ਇਨ੍ਹਾਂ ਦੀ ਬਹਾਦਰੀ ਸਾਹਮਣੇ ਦਰਹਾਦਾਨਯਾਲ, ਬਾਬਲ, ਮਿਸਰ, ਬਸਰਾ, ਸਾਰਾਗੜ੍ਹੀ ਅਤੇ ਕਾਬਲ ਕੰਧਾਰ ਦੀਆਂ ਕੰਧਾਂ ਅਜੇ ਵੀ ਕੰਬਦੀਆਂ ਹਨ। ਸੱਚ ਤਾਂ ਇਹ ਹੈ ਕਿ ਭਾਰਤ ਵਰਸ਼ ਉਪਰ ਹੋਏ। ਤਲਵਾਰਾਂ ਦੇ ਹਮਲਿਆਂ ਦੀ ਢਾਲ ਜੇਕਰ ਪੰਜਾਬ ਨਾ ਹੁੰਦਾ ਤਾਂ ਉਸ ਦਾ ਨਕਸ਼ਾ ਅੱਜ ਹੋਰ ਹੀ ਹੁੰਦਾ।
ਮੌਜੂਦਾ ਸਮਿਆਂ ਅੰਦਰ ਵੀ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਬਹੁਤ ਲੰਮੀ ਹੈ। ਕੌਣ ਨਹੀਂ ਜਾਣਦਾ ਭਾਰਤ ਦੇ ਆਜ਼ਾਦੀ ਸੰਘਰਸ਼ ਸਮੇਂ ਪੰਜਾਬੀ ਦੇਸ਼ ਭਗਤਾਂ ਦੀਆਂ ਅਦੁੱਤੀਆਂ ਕੁਰਬਾਨੀਆਂ ਨੂੰ। ਗਿਣਤੀਆਂ ਵਿਚ ਜਾਈਏ ਤਾਂ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਦਾ ਮਾਣ ਵੀ ਇਨ੍ਹਾਂ ਦੀ ਝੋਲੀ ਪਿਆ। ਆਜ਼ਾਦੀ ਤੋਂ ਬਾਅਦ 1948, 1965 ਅਤੇ 1971 ਵਿਚ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਸਮੇਂ ਪੰਜਾਬੀਆਂ ਦੀਆਂ ਜ਼ਮੀਨ, ਸਮੁੰਦਰ ਅਤੇ ਹਵਾ ਵਿਚ ਦਿਖਾਈਆਂ ਬਹਾਦਰੀਆਂ ਸਮੁੱਚੇ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣੀਆਂ। 1962 ਵਿਚ ਭਾਰਤ-ਚੀਨ ਲੜਾਈ ਸਮੇਂ ਤਾਂ ਪੰਜਾਬੀਆਂ ਨੇ ਅਧੂਰੇ ਸਾਜ਼ੋ-ਸਮਾਨ ਨਾਲ ਲੜ ਕੇ ਇਕ ਨਵਾਂ ਇਤਿਹਾਸ ਹੀ ਰਚ ਦਿੱਤਾ ਸੀ, ਕਾਰਗਿਲ ਦੀ ਜੰਗ ਤਾਂ ਹਾਲੀਂ ਕੱਲ੍ਹ ਦੀ ਗੱਲ ਹੈ ਪੰਜਾਬੀ ਫ਼ੌਜੀਆਂ ਦੇ ਬਹਾਦਰੀ ਭਰੇ ਕਾਰਨਾਮਿਆਂ ਦੀ ਗਵਾਹੀ ਤਾਂ ਕਾਰਗਿਲ ਦੀਆਂ ਪਹਾੜੀਆਂ ਵੀ ਭਰਦੀਆਂ ਹਨ।
‘ਰਮਾਇਣ ਕਾਲ’ ਅਤੇ ਜਨੇਰ (ਜਨੇਰ ਨਗਰੀ)
ਕੁਝ ਪਰੰਪਰਾਗਤ ਦੰਦ ਕਥਾਵਾਂ ਪਿੰਡ ਜਨੇਰ ਨੂੰ ‘ਰਮਾਇਣ ਕਾਲ’ ਸਮੇਂ ਦੇ ਪ੍ਰਸਿੱਧ ਰਾਜੇ ਜਨਕ ਨਾਲ ਜੋੜਦੀਆਂ ਹਨ। ਜਿਨ੍ਹਾਂ ਮੁਤਾਬਕ ਜਨੇਰ ਦਾ ਨਾਮ ‘ਜਨਕ ਨਗਰ’ ਜਾਂ ‘ਜਨਕ ਨਗਰੀ’ ਸੀ। ਕੁਝ ਦੰਦ ਕਥਾਵਾਂ ਤਾਂ ਜਨਕ ਨਗਰੀ ਨੂੰ ਰਾਜੇ ਜਨਕ ਦੀ ਰਾਜਧਾਨੀ ਵਲੋਂ ਵੀ ਪੇਸ਼ ਕਰਦੀਆਂ ਹਨ। ਨਾਮਵਰ ਲੇਖਕ ਅਤੇ ਕਾਲਮਨਵੀਸ ਗੁਰਮੀਤ ਕੜਿਆਲਵੀ ਤਾਂ ਇਸ ਦੀ ਪੁਸ਼ਟੀ ਕਰਦੇ ਹੋਏ, ਨਵਾਂ ਜ਼ਮਾਨਾ ਅਖ਼ਬਾਰ ਦੇ 16 ਜੂਨ 2002 ਦੇ ਅੰਕ ਵਿਚ ਆਪਣੇ ਲੇਖ ‘ਰਾਜੇ ਜਨਕ ਦੀ ਨਗਰੀ ਜਨੇਰ’ ਵਿਚ ਲਿਖਦੇ ਹਨ ਕਿ ‘ਜਨਕ ਨਗਰੀ’ ਆਪਣੀ ਕਲਾ ਕੌਸ਼ਲਤਾ ਨਾਲ ਦੂਰ-ਦੂਰ ਤਕ ਪ੍ਰਸਿੱਧ ਸੀ। ਆਪਣੇ ਕਥਨ ਦੀ ਪੁਸ਼ਟੀ ਵਿਚ ਲੇਖਕ ਥੇਹ ਦੀ ਵਿਸ਼ਾਲਤਾ ਅਤੇ ਨੇੜਲੇ ਪਿੰਡ ਕੜਿਆਲ, ਜਲਾਲਾਬਾਦ, ਤਲਵੰਡੀ ਅਤੇ ਮਸੀਤਾਂ ਦੇ ਛੋਟੇ-ਛੋਟੇ ਥੇਹਾਂ ਤੋਂ ਅੰਦਾਜਾ ਲਗਾਉਂਦਾ ਹੈ ਕਿ ਕਿਸੇ ਸਮੇਂ ਇਹ ਨਿੱਕੇ-ਨਿੱਕੇ ਕਸਬੇ ਹੋਣਗੇ ਅਤੇ ਜਨੇਰ ਇਕ ਬਹੁਤ ਵੱਡਾ ਵਪਾਰਕ ਕੇਂਦਰ ਹੋਵੇਗਾ। ਥੇਹ ਤੋਂ ਪ੍ਰਾਪਤ ਹੋਈਆਂ ਵਸਤਾਂ, ਸਿੱਕੇ ਅਤੇ ਭੂਗੋਲਿਕ ਸਥਿਤੀਆਂ ਦਾ ਹਵਾਲਾ ਦਿੰਦਿਆਂ ਗੁਰਮੀਤ ਇਸ ਨੂੰ ਆਰੀਆ ਸਭਿਅਤਾ ਦੇ ਵੱਡੇ ਕੇਂਦਰ ਹੋਣ ਨਾਲ ਵੀ ਜੋੜਦਾ ਹੈ।
ਦੰਦ ਕਥਾਵਾਂ ਜਾਂ ਲੋਕ ਭਾਖਿਆਵਾਂ ਬਾਰੇ ਸਾਡੇ ਸਮਾਜ ਵਿਚ ਆਮ ਧਾਰਨਾ ਬਣੀ ਹੋਈ ਹੈ ਕਿ ਅਕਸਰ ਇਹ ਕਿਸੇ ਨਾ ਕਿਸੇ ਤਰਕ ‘ਤੇ ਅਧਾਰਿਤ ਹੁੰਦੀਆਂ ਹਨ। ਜਨੇਰ ਦੀ ਭੂਗੋਲਿਕ ਸਥਿਤੀ ‘ਤੇ ਜੇਕਰ ਸਰਸਰੀ ਜਿਹੀ ਨਜ਼ਰ ਹੀ ਮਾਰੀਏ ਤਾਂ ਇਸ ਦੀ ‘ਜਨਕ ਨਗਰੀ’ ਵਾਲੀ ਦੰਦ ਕਥਾ ਦੀ ਹੋਰ ਵੀ ਪ੍ਰੋੜਤਾ ਹੁੰਦੀ ਹੈ। ਮਹਾਂਰਿਸ਼ੀ ਬਾਲਮੀਕ ਜੀ ਦਾ ਪ੍ਰਸਿੱਧ ਆਸ਼ਰਮ ‘ਰਾਮ ਤੀਰਥ’ ਜਨੇਰ ਤੋਂ ਸਿਰਫ਼ 68 ਮੀਲ ਹੈ। ਦੂਜੇ ਪਾਸੇ ਇਕ ਹੋਰ ਭੂਗੋਲਿਕ ਤੱਥ ‘ਤੇ ਝਾਤ ਮਾਰੀਏ ਤਾਂ ਰਾਮ ਚੰਦਰ ਦੇ ਲੜਕਿਆਂ ‘ਲਵ’ ਦੇ ਨਾਮ ’ਤੇ ਵਸਾਇਆ ਲਾਹੌਰ ਸ਼ਹਿਰ ਅਤੇ ‘ਕੁਸ਼’ ਦੇ ਨਾਮ ‘ਤੇ ਵਸਿਆ ਕਸੂਰ ਵੀ ਇਥੋਂ ਬਹੁਤੀ ਦੂਰ ਨਹੀਂ ਹੈ। ਇਤਿਹਾਸ ਉਪਰ ਹੋਰ ਨਜ਼ਰ ਮਾਰੀਏ ਤਾਂ ਰਾਜੇ ਦਸ਼ਰਥ ਦੀ ਰਾਣੀ ਅਤੇ ਰਾਮ ਚੰਦਰ ਜੀ ਦੀ ਮਾਤਾ ਦਾ ਪੇਕਾ ਪਿੰਡ ਫਤਿਹਗੜ੍ਹ ਸਾਹਿਬ ਨੇੜੇ ਘੁੜਾਮ ਹੈ ਉਹ ਵੀ ਜਨੇਰ ਤੋਂ ਬਹੁਤੀ ਦੂਰ ਨਹੀਂ। ਇਹ ਸਾਰੇ ਭੂਗੋਲਿਕ ਪੱਖ ਹੀ ਜਨੇਰ ਦੇ ਸਬੰਧ ਰਮਾਇਣ ਨਾਲ ਜੋੜਦੇ ਹਨ।
ਜਿਵੇਂ ਕਿ ਪਿਛਲੇ ਕਾਂਡ ਵਿਚ ਲਿਖ ਚੁੱਕੇ ਹਾਂ ਅਤੇ ਸਾਰੇ ਇਤਿਹਾਸਕਾਰ ਵੀ ਇਸ ਮਤ ਨਾਲ ਸਹਿਮਤ ਹਨ ਕਿ ਰਿਗਵੇਦ ਅਤੇ ਬਾਕੀ ਸਾਰੇ ਵੇਦਾਂ ਅਤੇ ਉਪਨਿਸ਼ਦਾਂ ਦੀ ਰਚਨਾ ਵੀ ਪੁਰਾਤਨ ਕਾਲ ਵਿਚ ਭਾਰਤ ਦੇ ਇਸੇ ਖਿੱਤੇ ਵਿਚ ਹੋਈ ਹੈ। ਇਸ ਕਰਕੇ ਜਨੇਰ ਦਾ ਸਬੰਧ ਕਿਸੇ ਨਾ ਕਿਸੇ ਰੂਪ ਵਿਚ ਰਮਾਇਣ ਕਾਲ ਨਾਲ ਵੀ ਜੁੜਦਾ ਹੈ ਅਤੇ ਰਮਾਇਣ ਅਧਾਰਤ ਪਾਤਰਾਂ ਨਾਲ ਵੀ। ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਪਤਾ ਲਗਦਾ ਹੈ ਕਿ ਰਾਜਾ ਦਸ਼ਰਥ, ਰਾਮ ਚੰਦਰ ਜੀ, ਲਵ ਅਤੇ ਕੁਸ਼ ਹੋਣਾਂ ਦੀ ਕੁਲ ‘ਸੂਰਜ ਵੰਸ਼ੀ’ ਕਹਾਉਂਦੀ ਸੀ। ਇਨ੍ਹਾਂ ਦੇ ਰਾਜ ਦਾ ਸਮਾਂ ਅੱਜ ਤੋਂ ਲਗਪਗ 6000 ਸਾਲ ਪਹਿਲਾਂ ਲਿਖਿਆ ਮਿਲਦਾ ਹੈ। ਭਾਰਤ ਦੇ ਪ੍ਰਾਚੀਨ ਇਤਿਹਾਸ ਵਿਚ ਵੀ ਸੂਰਜ ਵੰਸ਼ੀਆਂ ਦੇ ਗੰਗਾ ਪਾਰ ਕਰਕੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵਸਣ ਬਾਰੇ ਜਾਣਕਾਰੀ ਉਪਲਬਧ ਹੁੰਦੀ ਹੈ।
ਪਾਂਡਵ ਅਤੇ ਜਨੇਰ (ਜਨੇਸ਼ਵਰ)
ਮੌਜੂਦਾ ਉਤਰੀ ਭਾਰਤ ਜਿਸ ਵਿਚ ਜਨੇਰ ਵੀ ਸ਼ਾਮਿਲ ਹੈ, ਦੇ ਕੁਝ ਹਿੱਸਿਆਂ ਵਿਚ ‘ਚੰਦਰ ਵੰਸ਼’ ਵਾਲਿਆਂ ਦਾ ਰਾਜ ਕਾਇਮ ਹੋ ਗਿਆ। ਇਨ੍ਹਾਂ ਵਿਚੋਂ ਰਾਜਾ ‘ਸ਼ਾਂਤਲ’ ਤੋਂ ਬਾਅਦ ਰਾਜਾ ‘ਸੰਤਨੂ’ ਦੀ ਔਲਾਦ ਕੌਰਵ ਅਤੇ ਪਾਂਡਵ ਦੇ ਰੂਪ ਵਿਚ ਇਲਾਕੇ ‘ਤੇ ਕਾਬਜ਼ ਹੋ ਗਈ ਅਤੇ ਇਨ੍ਹਾਂ ਆਪਣਾ ਰਾਜ-ਭਾਗ ਸਥਾਪਤ ਕਰ ਲਿਆ।
ਪਾਂਡਵਾਂ ਦੇ ਰਾਜ-ਭਾਗ ਅਤੇ ਬਣਵਾਸ ਸਮੇਂ ਜਨੇਰ ਦਾ ਨਾਮ ‘ਜਨੇਸ਼ਵਰ’ ਸੀ ਅਤੇ ਇਹ ਇਕ ਵੱਡਾ ਨਗਰ ਨਹੀਂ ਸਗੋਂ ਪ੍ਰਸਿੱਧ ਵਪਾਰਕ ਕੇਂਦਰ ਵਜੋਂ ਜਾਣਿਆ ਜਾਂਦਾ ਸੀ। ਸਮੇਂ ਦੀਆਂ ਪ੍ਰਸਿਥਤੀਆਂ ਨੇ ਇਸ ਨੂੰ ਉਜਾੜ ਦਿੱਤਾ। ਨਗਰ ਜਨੇਰ ਪਾਂਡਵਾਂ ਦੇ ਰਾਜ-ਭਾਗ ਤੋਂ ਬਾਅਦ ਕਦੋਂ ਅਤੇ ਕਿਵੇਂ ਉਜੜਿਆ ਇਸ ਦਾ ਕੋਈ ਠੋਸ ਇਤਿਹਾਸਕ ਸਬੂਤ ਨਹੀਂ ਮਿਲਿਆ ਪਰੰਤੂ ਸਾਰੇ ਇਤਿਹਾਸਕਾਰ ਇਸ ਮੱਤ ਨਾਲ ਜ਼ਰੂਰ ਸਹਿਮਤ ਜਾਪਦੇ ਹਨ ਕਿ ਜਨੇਰ ਉਜੜਿਆ ਹੈ ਪਰੰਤੂ ਥੇਹ ਵਗੈਰਾ ਨਹੀਂ ਹੋਇਆ। ਪ੍ਰਸਿੱਧ ਇਤਿਹਾਸਕਾਰ ਹਰਦੀਪ ਸਿੰਘ ਸ਼ੇਰਗਿੱਲ ਵੀ ਆਪਣੀ ਪੁਸਤਕ ‘ਜੱਟ ਕੌਮ ਅਤੇ ਜ਼ੀਰਾ’ ਵਿਚ ਇਸ ਦੇ ਉਜਾੜੇ ਜਾਣ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ‘ਸਮੇਂ ਦੇ ਚੱਕਰ’ ਨੇ । ਉਜਾੜਿਆ ਲਿਖਦੇ ਹਨ।
ਚੰਡੀਗੜ੍ਹ ਨੇੜਲੇ ਪੰਜੌਰ ਕਸਬੇ ਵਿਚ ‘ਪੁਰਾਣਾ ਕਿਲਾ’ ਨਾਮੀ ਇਕ ਖੰਡਰ ਇਮਾਰਤ ਇਸ ਇਲਾਕੇ ਵਿਚ ਪਾਂਡਵਾਂ ਦੇ ਰਾਜ-ਭਾਗ ਹੋਣ ਦੀ ਹਾਮੀ ਭਰਦੀ ਹੈ। ਇਤਿਹਾਸਕਾਰਾਂ ਅਨੁਸਾਰ ਪਾਂਡਵਾਂ ਨੇ ਉਸ ਸਮੇਂ ਦੇ ਪ੍ਰਸਿੱਧ ਰਾਜਾ ‘ਵਿਰਾਟ’ ਦੀ ਰਾਜਧਾਨੀ ‘ਵਿਰਾਟ ਨਗਰ ਵਿਚ (ਜਿਸ ਨੂੰ ਅੱਜਕਲ੍ਹ ਤਿਹਾੜਾ ਆਖਦੇ ਹਨ) ਬਾਰਾਂ ਸਾਲਾਂ ਦਾ ਬਣਵਾਸ ਕੱਟਿਆ। ਇਹ ਵੀ ਇਤਿਹਾਸਕ ਤੱਥ ਮੌਜੂਦ ਹਨ ਕਿ ਪਾਂਡਵਾਂ ਨੇ ਤੇਰ੍ਹਵਾਂ ਵਰ੍ਹਾ ਵੀ ਵਿਰਾਟ ਨਗਰ ਵਿਚ ‘ਗੁਪਤ ਰੂਪ’ ਵਿਚ ਬਿਤਾਇਆ।
ਮਹਾਂ-ਭਾਰਤ ਕਾਲ ਦਾ ਸਮਾਂ ਬਹੁਤੇ ਇਤਿਹਾਸਕਾਰ ਅੱਜ ਤੋਂ ਲਗਪਗ 5000 ਸਾਲ ਪਹਿਲਾਂ ਦਾ ਮਿਥਦੇ ਹਨ। ਪੁਰਾਤਨ ਵਿਰਾਟ ਨਗਰ ਅਤੇ ਅਜੋਕੇ ਸਮੇਂ ਵਿਚ ਤਿਹਾੜਾ ਵਜੋਂ ਜਾਣੇ ਜਾਂਦੇ ਨਗਰ ਦੇ ਨੇੜੇ ਪਿੰਡ ਸੋਢੀਵਾਲਾ ਤੋਂ ਥੋੜ੍ਹੀ ਦੂਰ ਪੁਰਾਣੀਆਂ ਵੱਡੇ ਸਾਈਜ਼ ਦੀਆਂ ਇੱਟਾਂ ਦਾ ਬਣਾਇਆ ਹੋਇਆ ਇਕ ਤਲਾ ਮਿਲਿਆ ਹੈ। ਇਥੇ ਗੁਰਦੁਆਰਾ ਬੌਲੀ ਸਾਹਿਬ ਬਣਿਆ ਹੋਇਆ ਹੈ ਜਿਹੜਾ ਕਿ ਇਲਾਕੇ ਵਿਚ ਇਕ ਪਵਿੱਤਰ ਤੀਰਥ ਅਸਥਾਨ ਵਜੋਂ ਜਾਣਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਤਲਾ ਦੀਆਂ ਇੱਟਾਂ ਦਾ ਸਾਈਜ਼ ਉਹ ਹੈ ਜਿਹੜੀਆਂ ਜਨੇਰ ਦੇ ਥੇਹ ਵਿਚੋਂ ਮਿਲ ਰਹੀਆਂ ਹਨ। ਇਨ੍ਹਾਂ ਇੱਟਾਂ ਦਾ ਵਰਨਣ ਤਾਂ ਜਨੇਰ ਦੇ ਥੇਹ ਵਿਚੋਂ ਮਿਲ ਰਹੀਆਂ ਦੁਰਲਭ ਵਸਤਾਂ ਦੇ ਸਿਰਲੇਖ ਹੇਠ ਕਰਾਂਗੇ ਪਰੰਤੂ ਇਨ੍ਹਾਂ ਸਬੂਤਾਂ ਤੋਂ ਇਹ ਜ਼ਰੂਰ ਸਾਬਤ ਹੋ ਜਾਂਦਾ ਹੈ ਕਿ ਸਿੱਧੇ ਜਾਂ ਅਸਿੱਧੇ ਤੌਰ ਪਿੰਡ ਜਨੇਰ ਦੇ ਇਤਿਹਾਸ ਦੀਆਂ ਤੰਦਾਂ ਮਹਾਂ-ਭਾਰਤ ਕਾਲ ਨਾਲ ਜੁੜਦੀਆਂ ਹਨ।
ਮਹਾਂ-ਭਾਰਤ ਦੇ ਯੁਧ ਦਾ ਅਸਰ
ਯੁਧ ਦਾ ਨਾਮ ਲੈਂਦਿਆਂ ਹੀ ਇਕ ਸਾਧਾਰਣ ਆਦਮੀ ਦੇ ਮਨ ਵਿਚ ਇਕ ਨਾ-ਪੱਖੀ ਅਤੇ ਘ੍ਰਿਣਾਤਮਕ ਸੋਚ ਪੁੰਗਰ ਪੈਂਦੀ ਹੈ ਕਿ ਕੁਝ ਮਾੜਾ ਹੀ ਹੋਵੇਗਾ। ਮਹਾਂ- ਭਾਰਤ ਦਾ ਯੁਧ ਤਾਂ ਇਤਿਹਾਸ ਵਿਚ ‘ਮਹਾਂ-ਯੁਧ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੁਭਾਵਿਕ ਹੀ ਹੈ ਕਿ ਜਨੇਰ ਸਮੇਤ ਭਾਰਤ ਦੇ ਇਸ ਖਿੱਤੇ ਵਿਚ ਤਾਂ ਯੁਧ ਦਾ ਮਾੜਾ ਪ੍ਰਭਾਵ ਹੋਇਆ ਹੀ ਹੋਵੇਗਾ। ਮਹਾਂ-ਭਾਰਤ ਦੇ ਭਿਅੰਕਰ ਯੁਧ ਸਮੇਂ ਉਤਰੀ ਭਾਰਤ ਦੇ ਹੀ ਨਹੀਂ ਸਗੋਂ ਭਾਰਤ ਵਰਸ਼ ਦੇ ਹੋਰਨਾਂ ਹਿੱਸਿਆਂ ਵਿਚੋਂ ਆਏ ਯੋਧੇ, ਬੁੱਧੀਜੀਵੀ ਅਤੇ ਵਿਦਵਾਨ ਵੀ ਇਸ ਦੀ ਮਾਰੂ ਲਪੇਟ ਵਿਚ ਆਏ। ਇਸ ਮਹਾਂਯੁਧ ਦਾ ਪ੍ਰਭਾਵ ਦੂਰ-ਦੂਰ ਦੇ ਇਲਾਕਿਆਂ ਤਕ ਪਹੁੰਚਿਆ। ਨਗਰਾਂ ਦੀ ਥਾਂ ਉਜੜੇ ਹੋਏ ਥੇਹ ਹੀ ਦਿਖਾਈ ਦੇਣ ਲੱਗੇ। ਸੈਂਕੜੇ ਸਾਲਾਂ ਤਕ ਰਾਜਸੀ, ਇਤਿਹਾਸਕ, ਸਭਿਆਚਾਰਕ, ਸਮਾਜਿਕ ਅਤੇ ਧਾਰਮਿਕ ਉਨਤੀ ਵਿਚ ਇਕ ਖੜੋਤ ਜਿਹੀ ਆਈ ਰਹੀ। ਕਈ ਇਤਿਹਾਸਕਾਰ ਲਿਖਦੇ ਹਨ ਕਿ ਉਸ ਸਮੇਂ ਇਹ ਇਲਾਕਾ ਅਨਾਥ ਜਿਹਾ ਹੋਇਆ ਹੀ ਜਾਪਦਾ ਸੀ। ਇਸ ਦੁਬਿਧਾ ਭਰੇ ਮਾਹੌਲ ਵਿਚ ਗੁਜਰਾਤ, ਕਾਠੀਆਵਾੜ ਅਤੇ ਮਕਰਾਨ ਆਦਿ ਇਲਾਕਿਆਂ ਵਿਚ ਆਜ਼ਾਦ ਬਸਤੀਆਂ ਖੜੀਆਂ ਹੋ ਗਈਆਂ। ਏਥੇ ਹੀ ਬਸ ਨਹੀਂ ਅਸੀਰੀਆ, ਫਿਨਸੀਆ ਅਤੇ ਬਾਬਲ ਤੋਂ ਧਾੜਵੀ ਉਠ ਖੜੇ ਹੋਏ ਅਤੇ ਉਨ੍ਹਾਂ ਸੁਲਤਾਨ ਆਦਿ ਇਲਾਕਿਆਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਨ੍ਹਾਂ ਧਾੜਵੀਆਂ ਨੂੰ ‘ਅਗਨੀ
ਕੁਲ’ ਦੇ ਰਾਜਪੂਤਾਂ ਨੇ ਰੋਕਿਆ।
ਇਤਿਹਾਸਕਾਰ ਮਹਾਂ-ਭਾਰਤ ਕਾਲ ਦਾ ਸਮਾਂ ਅੱਜ ਤੋਂ ਲਗਪਗ 5000 ਸਾਲ ਪਹਿਲਾਂ ਦਾ ਮੰਨਦੇ ਹਨ। ਇਸ ਦੇ ਨਾਲ ਹੀ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਅੱਜ ਤੋਂ ਲਗਪਗ 4000 ਸਾਲ ਪਹਿਲਾਂ ਤਕ ਭਾਵ ਕੁਲ 1000 ਸਾਲ ਤਕ ਪੁਰਾਤਨ ਰਾਜਪੂਤ ਦੇ ਕੁਝ ਕਬੀਲੇ ਅਤੇ ਬੰਸ ਇਸ ਇਲਾਕੇ ‘ਤੇ ਰਾਜ ਕਰਦੇ ਰਹੇ ਜਿਨ੍ਹਾਂ ਵਿਚੋਂ ਨਾਗਬੰਸ, ਉੱਤਮ ਭਦਰ, ਬਰ੍ਹੇ, ਗਖੜ, ਖੋਖਰਾਇਣ, ਜੋਹੀਏ, ਪੂਰਬੇ, ਯਾਦਵ ਅਤੇ ਅਰਜਨਾਇਨ ਬੰਸਾਂ ਦਾ ਵਰਨਣ ਵਿਸ਼ੇਸ਼ ਤੌਰ ‘ਤੇ ਮਿਲਦਾ ਹੈ।
ਵਿਸ਼ਨੂੰਰਾਤ ਨੇ ਜਨੇਰ (ਅਜਨੇਰ) ਤੀਜੀ ਵਾਰ ਵਸਾਇਆ
ਪੁਸਤਕ ਦੇ ਆਰੰਭ ਵਿਚ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੀਆਂ ਜਿਹੜੀਆਂ ਇਤਿਹਾਸਕ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ, ਉਨ੍ਹਾਂ ਨੂੰ ਪੜ੍ਹਨ, ਘੋਖਣ ਅਤੇ ਤੁਲਨਾਤਮਕ ਰੂਪ ਵਿਚ ਵਿਚਾਰਨ ਤੋਂ ਬਾਅਦ ਇਸ ਨਤੀਜੇ ‘ਤੇ ਅਸਾਨੀ ਨਾਲ ਪਹੁੰਚ ਸਕਦੇ ਹਾਂ ਕਿ ਮਹਾਂ-ਭਾਰਤ ਕਾਲ ਸਮੇਂ ਬਰਬਾਦ ਹੋਣ ਤੋਂ ਬਾਅਦ ਜਨੇਰ ਅੱਜ ਤੋਂ ਲਗਪਗ 3350 ਸਾਲ ਪਹਿਲਾਂ, ਤੀਜੀ ਵਾਰ ਫੇਰ ਹੋਂਦ ਵਿਚ ਆਇਆ। ਉਸ ਸਮੇਂ ਇਸ ਦਾ ਨਾਮ ‘ਅਜਨੇਰ ਦਾ ਕਿਲਾ’ ਰਖਿਆ ਗਿਆ।
ਪ੍ਰਸਿੱਧ ਇਤਿਹਾਸਕਾਰ ਸੰਤ ਵਿਸਾਖਾ ਸਿੰਘ ਜੀ ਵੀ ਆਪਣੀ ਇਤਿਹਾਸਕ ਪੁਸਤਕ ‘ਮਾਲਵਾ ਸਿੱਖ ਇਤਿਹਾਸ’ ਭਾਗ ਪਹਿਲਾ, ਵਿਚ ਇਸ ਦੀ ਪੁਸ਼ਟੀ ਕਰਦੇ ਹਨ। ਪਾਂਡਵਾਂ ਦੀ ਬੰਸ ਨਾਲ ਸਬੰਧਤ ਰਾਜਪੂਤਾਂ ਨੇ ‘ਅਰਜਨਾਇਨ ਗਣ’ ਦੇ ਉਸ ਸਮੇਂ ਦੇ ਮੁਖੀਏ ‘ਵਿਸ਼ਨੂੰਰਾਤ’ ਨਾਮੀ ਰਾਜਪੂਤ ਯੋਧੇ ਨੇ ਮਸ਼ਹੂਰ ਨਗਰ ‘ਥਾਨੇਸਰ’ ‘ਤੇ ਕਬਜ਼ਾ ਕਰ ਲਿਆ ਅਤੇ ਆਪਣੀ ਰਾਜਧਾਨੀ ਬਣਾ ਲਈ। ਉਸ ਤੋਂ ਬਾਅਦ ‘ਵਿਸ਼ਨੂੰਰਾਤ’ ਨੇ ਪੁਰਾਣੇ ‘ਵਿਰਾਟ ਨਗਰ’ ਦੇ ਥੇਹ ਉਪਰ ‘ਤਿਹਾੜਾ’ ਨਾਮ ਦਾ ਨਗਰ ਵਸਾਇਆ। ਉਸੇ ਸਮੇਂ ਉਸ ਨੇ ਮੌਜੂਦਾ ਜਨੇਰ ਪਿੰਡ ਵਾਲੀ ਜਗ੍ਹਾ ‘ਤੇ ਕਿਲਾ ਬਣਾਇਆ ਜਿਸ ਦਾ ਨਾਮ ਇਤਿਹਾਸ ਵਿਚ ‘ਅਜਨੇਰ’ ਦਾ ਕਿਲਾ’ ਕਰਕੇ ਮਸ਼ਹੂਰ ਹੋਇਆ ਅਤੇ ਨਗਰ ਦਾ ਨਾਮ ‘ਅਜਨੇਰ’। ਪੁਰਖੇ ਅਰਜਨ ਦੇ ਨਾਮ ‘ਅਰਜਨ ਨਗਰ’ ਨਾਲ ਵੀ ਜੋੜਿਆ।
ਹੁਣ ਤਕ ਦੇ ਇਤਿਹਾਸਕ ਤੱਥਾਂ ਤੋਂ ਜਨੇਰ ਵਾਸੀਆਂ ਨੂੰ ਐਨਾ ਕੁ ਚਾਨਣ ਤਾਂ ਹੋ ਹੀ ਗਿਆ ਹੋਵੇਗਾ ਕਿ ਉਨ੍ਹਾਂ ਦਾ ਪਿਆਰਾ ਨਗਰ ਰਮਾਇਣ ਕਾਲ ਸਮੇਂ ਜਨਕ ਨਗਰੀ ਦੇ ਰੂਪ ਵਿਚ ਅਤੇ ਮਹਾਂ-ਭਾਰਤ ਕਾਲ ਸਮੇਂ ਜਨੇਸ਼ਵਰ ਦੇ ਰੂਪ ਵਿਚ ਤਾਂ ਉਜੜ ਹੀ ਚੁੱਕਾ ਹੈ ਅੱਗੇ ਕੀ ਹੋਵੇਗਾ? ਇਸ ਬਾਰੇ ਤਾਂ ਆਉਣ ਵਾਲਾ ਇਤਿਹਾਸ ਹੀ ਦੱਸੇਗਾ।
ਵਿਸ਼ਨੂੰਰਾਤ ਦੇ ਸਮੇਂ ਜੇਕਰ ਜਨੇਰ ਦੇ ਨੇੜਲੇ ਇਲਾਕਿਆਂ ਉਪਰ ਝਾਤ ਮਾਰੀਏ ਤਾਂ ਸਭ ਤੋਂ ਪਹਿਲਾਂ ਜਗਰਾਉਂ ਨੇੜਲੇ ਉਸ ਸਮੇਂ ਦੇ ਮਸ਼ਹੂਰ ਨਗਰ ਹਠੂਰ ਬਾਰੇ ਲਿਖਣਾ ਜ਼ਰੂਰੀ ਹੈ ਕਿਉਂਕਿ ਹਠੂਰ ਵੀ ਤੀਜੀ ਵਾਰ ਜਨੇਰ ਦੇ ਨਾਲ ਹੀ ਉਜੜਿਆ ਸੀ। ਅੱਗੇ ਜਿਵੇਂ-ਜਿਵੇਂ ਇਤਿਹਾਸ ਦੀਆਂ ਪਰਤਾਂ ਖੁੱਲ੍ਹਣਗੀਆਂ ਉਨ੍ਹਾਂ ਤੋਂ ਸਾਬਤ ਹੋ ਜਾਵੇਗਾ ਕਿ ਪੰਜਾਬ ਵਿਚ ਸ਼ਾਇਦ ਹੀ ਕੋਈ ਅਜਿਹਾ ਪਿੰਡ, ਨਗਰ ਜਾਂ ਸ਼ਹਿਰ ਹੋਵੇ ਜਿਸ ਨੂੰ ਜਨੇਰ ਅਤੇ ਹਠੂਰ ਜਿੰਨੀਆਂ ਬਰਬਾਦੀਆਂ ਦੀ ਮਾਰ ਝੱਲਣੀ ਪਈ ਹੋਵੇ। ਵਿਸ਼ਨੂੰਰਤਾ ਨੇ ਤਿਹਾੜੇ ਨੂੰ ਦੁਬਾਰਾ ਵਸਾਉਣ ਦੇ ਨਾਲ ਹੀ ਅਠੂਰ ਨਗਰ ਨੂੰ ਆਪਣੀ ਛਾਉਣੀ ਦੇ ਰੂਪ ਵਿਚ ਵਿਕਸਤ ਕੀਤਾ। ਆਪਣੀ ਫ਼ੌਜ ਵਾਸਤੇ ਇਥੇ ਖੇਡ ਦੇ ਮੈਦਾਨ ਅਤੇ ਪਰੇਡ ਗਰਾਊਂਡਾਂ ਵੀ ਬਣਵਾਈਆਂ। ਜਿਥੋਂ ਤਕ ਭਾਸ਼ਾਵਾਂ ਦਾ ਤਾਲੁਕ ਹੈ ਵਿਸ਼ਨੂੰਰਾਤ ਦੇ ਸਮੇਂ ਵਿਚ ਸੰਸਕ੍ਰਿਤ ਭਾਸ਼ਾ ਨੇ ਬਹੁਤ ਤਰੱਕੀ ਕੀਤੀ, ਤਿਹਾੜਾ ਐਨੀ ਤਰੱਕੀ ਕਰ ਗਿਆ ਕਿ ਚੰਦਰ ਬੰਸੀਆਂ ਦੇ ਜਿੰਨੇ ਵੀ ਰਾਜ ਘਰਾਣੇ ਬਾਅਦ ਵਿਚ ਹੋਏ ਉਨ੍ਹਾਂ ਦੀ ਸ਼ੁਰੂਆਤ ਇਥੋਂ ਹੀ ਹੋਈ।
ਵਿਸ਼ਨੂੰਰਾਤ ਤੋਂ ਬਾਅਦ ਦਾ ਸਮਾਂ
ਵਿਸ਼ਨੂੰਰਾਤ ਤੋਂ ਬਾਅਦ ਦੇ ਇਸ ਖਿੱਤੇ ਵਿਚ ਲਗਪਗ 300 ਸਾਲ ਤਕ ‘ਨਾਗ ਬੰਸੀਆਂ’ ਦਾ ਰਾਜ ਰਿਹਾ ਜਿਹੜਾ ਕਿ ਅੱਜ ਤੋਂ ਕੋਈ 3200 ਸਾਲ ਪਹਿਲਾਂ ਸ਼ੁਰੂ ਹੋ ਕੇ ਲਗਪਗ 2900 ਸਾਲ ਪਹਿਲਾਂ ਦਾ ਸਮਾਂ ਆਖ ਸਕਦੇ ਹਾਂ। ਨਾਗ ਬੰਸੀਆਂ ਤੋਂ ਬਾਅਦ ‘ਨੰਦ ਬੰਸੀਆਂ’ ਦੇ ਰਾਜ ਦਾ ਸਮਾਂ ਸੀ। ਉਸ ਤੋਂ ਬਾਅਦ 2350 ਸਾਲ ਪਹਿਲਾਂ ‘ਪੁਰਾਤਨ ਚਾਣਕਯ ਰਾਜ’ ਸਥਾਪਤ ਹੋਇਆ। ‘ਪੁਰਾਤਨ ਚਾਣਕਯ’ ਰਾਜ ਦੀ ਸਥਾਪਨਾ ਸਮੇਂ ਰਾਜਪੂਤ ਯੋਧਿਆਂ ਨੇ ਆਪਣੀ ਬਹਾਦਰੀ ਦੇ ਕਾਰਨਾਮਿਆਂ ਦੀ ਬਦੌਲਤ ‘ਮਹਾਂ ਪਦਮਾਨੰਦ’ ਨੂੰ ਹਰਾ ਕੇ ‘ਚਾਣਕਯ’ ਦੇ ਪੂਰਨ ਬ੍ਰਾਹਮਣ ਰਾਜ ਦੀ ਸਥਾਪਨਾ ਵਿਚ ਵੱਡਮੁੱਲਾ ਯੋਗਦਾਨ ਪਾਇਆ। ਕੁਝ ਇਤਿਹਾਸਕਾਰ ਇਸ ਨੂੰ ‘ਪੁਰਾਤਨ ਮੌਰਯ ਬੰਸ’ ਨਾਲ ਜੋੜ ਕੇ ਬ੍ਰਾਹਮਣ ਰਾਜ ਦੇ ਉਪਰੋਕਤ ਸਮੇਂ ਨਾਲ ਸਹਿਮਤ ਨਹੀਂ ਹਨ। ਏਥੇ ਇਹ ਵੀ ਵਰਨਣਯੋਗ ਹੈ ਕਿ ਇਤਿਹਾਸ ਵਿਚ ਦੋ ਵਾਰ ‘ਮੌਰਯ ਬੰਸ’ ਦੇ ਰਾਜ-ਭਾਗ ਦਾ ਵਰਨਣ ਮਿਲਦਾ ਹੈ, ਪਹਿਲਾਂ ਜਿਸ ਬਾਰੇ ਲਿਖ ਰਹੇ ਹਾਂ ਦੂਜਾ ਈਸਵੀ ਸੰਮਤ ਤੋਂ ਬਾਅਦ ਵਾਲਾ।
ਬਿਕ੍ਰਮ ਬੰਸ ਅਤੇ ਬਿਕ੍ਰਮੀ ਸੰਮਤ
ਮੌਰੀਆ (ਮੌਰਯ) ਬੰਸ ਦੇ ਆਖ਼ਰੀ ਸਾਲਾਂ ਦੇ ਸਮੇਂ ਵਿਚ ਹੀ ‘ਸ਼ੱਕ’ ਅਤੇ ਹੋਰ ਕੌਮਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਸੀ ਅਤੇ ਚਾਣਕਯ ਦੇ ਰਾਜ ਭਾਗ ਸਮੇਂ ਵੀ ਇਨ੍ਹਾਂ ਕੌਮਾਂ ਦੀ ਬਾਗ਼ੀ ਸੁਰ ਹਮੇਸ਼ਾ ਹੋਂਦ ਵਿਚ ਰਹੀ। ਸ਼ੱਕਾਂ ਦੀ ਚੜ੍ਹਤ ਤਾਂ ਐਨੀ ਹੋ ਗਈ ਕਿ ਉਨ੍ਹਾਂ ਨੇ ‘ਉਜੈਨ’ ਸਮੇਤ ਉਤਰੀ ਭਾਰਤ ਦੇ ਕਈ ਹੋਰ ਇਲਾਕਿਆਂ ‘ਤੇ ਵੀ ਕਬਜ਼ਾ ਕਰ ਲਿਆ। ਇਕ ਹੋਰ ਕੌਮ ‘ਮਲੋਈ’ ਦੇ ਰੂਪ ਵਿਚ ਉਭਰ ਕੇ ਆਈ ਅਤੇ ਉਨ੍ਹਾਂ ‘ਸ਼ੱਕਾਂ’ ਨੂੰ ਹਰਾ ਦਿੱਤਾ। ਸ਼ੱਕਾਂ ਨੇ ਇਕ ਵੇਰ ਫਿਰ ਰਾਜ-ਭਾਗ ਖੋਹ ਲਿਆ। ਇਨ੍ਹਾਂ ਕਤਲੋ-ਗਾਰਦ, ਲੜਾਈ-ਝਗੜੇ ਅਤੇ ਰਾਜ-ਭਾਗਾਂ ਦੀ ਖੋਹ ਖਿੰਝ ਦੇ ਸਮੇਂ ਹੀ ਗੰਧਰਭ ਸੇਨ ਦਾ ਇਕ ਪੁੱਤਰ ਜਿਸ ਦਾ ਨਾਮ ‘ਵਿਕਰਮ’ ਸੀ ਇਕ ਨਾਇਕ ਦੇ ਰੂਪ ਵਿਚ ਉਭਰਿਆ। ਵਿਕਰਮ ਨੇ ਆਪਣੇ ਢੇਰੀ ਢਾਹ ਚੁੱਕੇ ਕਬੀਲੇ ਨੂੰ ਇਕੱਠਿਆਂ ਕਰਕੇ ‘ਸ਼ੱਕਾਂ’ ਨੂੰ ਭਜਾ ਦਿੱਤਾ।
ਇਹ ਉਹੀ ਹੀ ਵਿਕਰਮ ਹੈ ਜਿਸ ਨੇ ਅੱਜ ਤੋਂ 2068 ਸਾਲ ਪਹਿਲਾਂ ਆਪਣੇ ਨਾਮ ‘ਤੇ ਬਿਕ੍ਰਮੀ ਸੰਮਤ ਚਲਾਇਆ ਅਤੇ ਬਿਕ੍ਰਮ ਬੰਸ ਦੀ ਨੀਂਹ ਰੱਖੀ। ਇਸ ਅਣਥੱਕ ਯੋਧੇ ਨੇ ਇਕ ਵੱਡਾ ਗਣਰਾਜ ਸਥਾਪਤ ਕੀਤਾ। ਉਸ ਨੇ ਕੰਧਾਰ, ਅਰਬ, ਈਰਾਨ ਅਤੇ ਸ਼ਾਮ ਆਦਿ ਦੇ ਇਲਾਕੇ ਹੀ ਫਤਹਿ ਨਹੀਂ ਕੀਤੇ ਸਗੋਂ ਸਾਰੇ ਉਤਰੀ ਭਾਰਤ ‘ਤੇ ਆਪਣਾ ਰਾਜ ਸਥਾਪਤ ਕਰ ਲਿਆ। ਇਸ ਨੂੰ ਭਾਰਤ ਵਾਸੀ ਸਤਿਕਾਰ ਵਜੋਂ ਬਿਮਾਦਤ ਨਾਲ ਵੀ ਸੰਬੋਧਨ ਕਰਦੇ ਹਨ। ਉਸ ਦੇ ਵਾਰਸਾਂ ਨੇ ਪੰਜਾਬ ਦੇ ਇਸ ਖਿੱਤੇ ‘ਤੇ ਲਗਪਗ 150 ਸਾਲ ਰਾਜ ਕੀਤਾ। ਅਜਨੇਰ ਉਨ੍ਹਾਂ ਦੇ ਰਾਜ ਵਿਚ ਸ਼ਾਮਿਲ ਸੀ। ਇਸ ਸਮੇਂ ਵਿਚਕਾਰ ਪੰਜਾਬ ਦੇ ਕੁਝ ਹਿੱਸਿਆਂ ‘ਤੇ ‘ਕਨਿਸ਼ਕ’ ਖ਼ਾਨਦਾਨ ਦਾ ਰਾਜ ਵੀ ਸਥਾਪਤ ਹੋਇਆ। ਪਰੰਤੂ ਉਹ ਕੋਈ ਖ਼ਾਸ ਪ੍ਰਭਾਵ ਨਾ ਛੱਡ ਸਕੇ।
‘ਜਾਕੇ’, ਜੱਟ ਅਤੇ ਜਨੇਰ (ਅਜਨੇਰ)
ਬਿਕ੍ਰਮ ਬੰਸ ਤੋਂ ਬਾਅਦ ਪੰਜਾਬ ਦੇ ਕੁਝ ਹਿੱਸਿਆਂ ਵਿਚ ਤਾਂ ‘ਸ਼ੱਕ’ ਇਕ ਵੇਰ ਫਿਰ ਕਾਬਜ਼ ਹੋ ਗਏ ਅਤੇ ਉਨ੍ਹਾਂ ਦੇ ਰਾਜੇ ਸਾਲਿਬਾਹਨ ਨੇ 78 ਈਸਵੀ ਵਿਚ ਆਪਣੇ ਕੌਮ ਦੇ ਨਾਮ ‘ਤੇ ‘ਸ਼ੱਕ ਸੰਮਤ’ ਵੀ ਚਲਾਇਆ। ਉਧਰ ਜਨੇਰ ਦੇ ਇਲਾਕੇ ਵਿਚ ‘ਕੱਕਰਾਂ’ ਅਤੇ ‘ਬਾਹ’ ਜੱਟਾਂ ਦੇ ਕਬੀਲੇ ਹਾਵੀ ਹੋਣ ਲੱਗੇ ਪਰੰਤੂ ਉਹ ਹਾਲੀਂ ਆਪਣਾ ਕੋਈ ਰਾਜਨੀਤਕ ਪ੍ਰਭਾਵ ਬਣਾਉਣ ਤੋਂ ਅਸਮਰਥ ਹੀ ਸਨ ਕਿ 50 ਈਸਵੀ ਵਿਚ ‘ਜਾਕੇ’ ਜੱਟਾਂ ਨੇ ਜਨੇਰ ‘ਤੇ ਕਬਜ਼ਾ ਕਰ ਲਿਆ। ਜਲਦੀ ਹੀ ਇਹ ਜਨੇਰ ਦੇ ਹੋਰ ਨੇੜਲੇ ਇਲਾਕਿਆਂ ‘ਤੇ ਵੀ ਕਾਬਜ਼ ਹੋ ਗਏ ਅਤੇ ਅਜਨੇਰ ਨਗਰ ਵਿਚ ਇਨ੍ਹਾਂ ਨੇ ਬਹੁਤ ਸੁਧਾਰ ਕੀਤੇ। ਇਨ੍ਹਾਂ ਨੇ ਜਨੇਰ (ਅਜਨੇਰ) ਨੂੰ ਆਪਣੀ ਰਾਜਧਾਨੀ ਬਣਾਇਆ। ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ‘ਜਾਕੇ’ ਜੱਟ ਹੀ ਸਨ ਜਿਨ੍ਹਾਂ ਨੇ ਬਾਅਦ ਵਿਚ ਸਮੁੰਦਰ ਗੁਪਤ ਦੇ ਪੁੱਤਰਾਂ ਨਾਲ ਯੁਧ ਕੀਤੇ। ਇਸ ਦਾ ਵਰਨਣ ਅੱਗੇ ਆਵੇਗਾ।
ਗੁਪਤਾ ਵੰਸ:
ਮਗਧ ਦੇ ‘ਵੈਸ਼’ ਕੁਲ ਵਿਚੋਂ ਪੈਦਾ ਹੋਏ ਸ੍ਰੀ ਗੁਪਤ ਅਤੇ ਉਸ ਦੇ ਪੁੱਤਰ ਚੰਦਰ ਗੁਪਤ ਤੋਂ ਬਾਅਦ ਸਮੁੰਦਰ ਗੁਪਤ ਆਦਿ ਨੇ ਦੱਖਣੀ ਭਾਰਤ, ਭਾਰਤ ਖੰਡ, ਆਰਯ ਵਰਤ ਅਤੇ ਸਾਰੇ ਉਤਰੀ ਭਾਰਤ ਉਪਰ ਆਪਣਾ ਰਾਜ ਭਾਗ ਸਥਾਪਤ ਕਰ ਲਿਆ। ਗੁਪਤਿਆਂ ਨੇ ਆਪਣੀ ਰਾਜਧਾਨੀ ਵੀ ਆਯੁੱਧਿਆ ਤੋਂ ਬਦਲਕੇ ਉਜੈਨ ਨੂੰ ਬਣਾਇਆ। ਗੁਪਤ ਵੰਸ਼ ਦੇ ਨਾਮ ‘ਤੇ 320 ਈਸਵੀ ਵਿਚ ਉਨ੍ਹਾਂ ਆਪਣਾ ਸਿੱਕਾ ਵੀ ਚਲਾਇਆ। ਸਮਾਂ ਪਾ ਕੇ ਗੁਪਤ ਵੰਸ਼ੀਆਂ ਨੇ ਥਾਨੇਸਰ ਅਤੇ ਗੁਜਰਾਂ ਦੇ ਇਲਾਕੇ ਨੂੰ ਵੀ ਆਪਣੇ ਰਾਜ-ਭਾਗ ਦਾ ਹਿੱਸਾ ਬਣਾ ਕੇ ਸਮੂਹ ਇਲਾਕਾ ਹੂੰਨਾਂ ਤੋਂ ਬਚਾ ਕੇ ਹੀ ਨਹੀਂ ਰੱਖਿਆ ਸਗੋਂ ਉਨ੍ਹਾਂ ਦੀ ਮਾਰ ਰਹਿਤ ਵੀ ਕਰ ਦਿੱਤਾ। 375 ਤੋਂ 415 ਈਸਵੀ ਦੇ ਸਮੁੰਦਰ ਗੁਪਤ ਦੇ ਪ੍ਰਸ਼ਾਸਨ ਕਾਲ ਸਮੇਂ, ਲੋਕ ਰਾਜ ਪ੍ਰਣਾਲੀ ਦਾ ਹੋਣਾ, ਲੋਕਾਂ ਦਾ ਸੁਖਮਈ ਜੀਵਨ ਭੋਗਣਾ, ਵਧੀਆ ਨਿਆਂਇਕ ਪ੍ਰਣਾਲੀ ਦੀ ਹੋਂਦ ਅਤੇ ਉਚ ਪੱਧਰ ਦਾ ਸਮਾਜਿਕ ਜੀਵਨ ਹੋਣ ਸਦਕਾ ਹੀ ਸ਼ਾਇਦ ਗੁਪਤਾ ਵੰਸ਼ ਦੇ ਰਾਜ ਕਾਲ ਸਮੇਂ ਨੂੰ ਇਤਿਹਾਸਕਾਰ ਅਤੇ ਲੇਖਕ ਪ੍ਰਾਚੀਨ ਭਾਰਤੀ ਸਭਿਅਤਾ ਦਾ ‘ਸੁਨਹਿਰੀ ਯੁਗ’ ਲਿਖਦੇ ਹਨ। ਬ 5 ਉਤਰੀ ਭਾਰਤ ਦੇ ਪੰਜਾਬ ਦਾ ਇਲਾਕਾ ਤਾਂ ਕਈ ਵਾਰ ਗੁਪਤਿਆਂ ਤੋਂ ਖੁਸਿਆ ਅਤੇ ਕਈ ਵੇਰ ਇਨ੍ਹਾਂ ਖੋਹਿਆ ਵੀ ਪਰੰਤੂ ਦੂਜੇ ਇਲਾਕਿਆਂ ਵਿਚ ਸਮੁੰਦਰ ਗੁਪਤ ਤੋਂ ਬਾਅਦ ਕੁਮਾਰ ਗੁਪਤ ਨੇ ਵੀ ਪਰਜਾ ਨੂੰ ਅੱਛਾ ਰਾਜ ਪ੍ਰਬੰਧ ਦਿੱਤਾ ਅਤੇ 455 ਈਸਵੀ ਵਿਚ ‘ਹੂਨਾਂ’ ਨੂੰ ਵੀ ਕਰਾਰੀ ਹਾਰ ਦਿੱਤੀ
ਗੁਪਤਾ ਵੰਸ਼ ਸਮੇਂ ਜਨੇਰ (ਅਜਨੇਰ) ਫੇਰ ਉਜੜਿਆ
ਜ਼ਰ, ਜ਼ੋਰੂ ਅਤੇ ਜ਼ਮੀਨ ਦੇ ਝਗੜਿਆਂ ਦੀਆਂ ਕਹਾਣੀਆਂ ਨਾਲ ਦੁਨੀਆਂ ਦਾ ਇਤਿਹਾਸ ਭਰਿਆ ਪਿਆ ਹੈ। ਨਗਰ ਜਨੇਰ ਵੀ ਇਸ ਦੇ ਸੇਕ ਤੋਂ ਬਚ ਨਾ ਸਕਿਆ। ਸਮੁੰਦਰ ਗੁਪਤ ਅਤੇ ਚੰਦਰ ਗੁਪਤ ਦੇ ਸਮੇਂ ਗੁਪਤਿਆਂ ਦੀਆਂ ਅਰਜਨਾਇਨ ਅਤੇ ਹੋਰ ਯੋਧਿਆਂ ਨਾਲ ਕਈ ਮੁਠਭੇੜਾਂ ਹੋਈਆਂ, ਛੋਟੀ ਪੱਧਰ ਦੇ ਯੁਧ ਵੀ ਹੋਏ ਪਰੰਤੂ ਚੰਦਰ ਗੁਪਤ ਦੀ ਮੌਤ ਤੋਂ ਬਾਅਦ ਰਾਜ ਸਿੰਘਾਸਨ ‘ਤੇ ਬਿਰਾਜਮਾਨ ਹੋਏ ਉਸ ਦੇ ਵੱਡੇ ਪੁੱਤਰ ਰਾਤ ਗੁਪਤ ਦੀ ਨਾਦਾਨੀ ਅਤੇ ਨਲਾਇਕੀ ਕਾਰਨ ਜਿਹੜੀ ਲੜਾਈ ‘ਮਲ੍ਹੀਆਂ’ ਅਤੇ ‘ਜੋਧੇ ਰਾਣਾਂ’ ਨਾਲ ਹੋਈ ਉਸ ਦੇ ਨਤੀਜੇ ਵਜੋਂ ਘੁੱਗ ਵਸਦਾ ਜਨੇਰ ਇਕ ਵਾਰ ਫੇਰ ਉਜੜਿਅ। ਗੁਪਤਾ ਵੰਸ਼ ਦੇ ਰਾਜ ਭਾਗ ਦਾ ਸਮਾਂ ਜਿਹੜਾ ਕਿ ਭਾਰਤੀ ਇਤਿਹਾਸ ਵਿਚ ਸੁਨਹਿਰੀ ਯੁਗ ਵਜੋਂ ਜਾਣਿਆ ਜਾਂਦਾ ਹੈ ਉਸ ਸਮੇਂ ਦੇ ਜਨੇਰ ਵਾਸੀਆਂ ‘ਜਾਕੇ ਜੱਟਾਂ’ ਲਈ ਭਾਰਤੀ ਇਤਿਹਾਸ ਦਾ ਕਾਲਾ ਯੁਗ ਹੋ ਨਿਬੜਿਆ।
ਲਸੀ ਸਮੁੰਦਰ ਗੁਪਤ ਨੇ ਕਿਸੇ ਸਮੇਂ ‘ਮਲ੍ਹੀਆਂ’ ਅਤੇ ‘ਜੋਧੇਕਿਆਂ’ ਨੂੰ ਯੁਧ ਵਿਚ ਹਰਾ ਦਿੱਤਾ ਸੀ ਪਰੰਤੂ ਇਕ ਦੂਰ ਅੰਦੇਸ਼ੀ ਸਮਰਾਟ ਹੋਣ ਕਾਰਨ ਉਸ ਨੇ ਇਨ੍ਹਾਂ ਕਬੀਲਿਆਂ ਤੋਂ ਕੋਈ ਟੈਕਸ ਨਾ ਉਗਰਾਹਿਆ ਅਤੇ ਆਪਣੀ ਈਨ ਮਨਾਉਣ ਵਿਚ ਹੀ ਆਪਣੀ . ਬੇਹਤਰੀ ਸਮਝੀ। ਇਹੋ ਵਤੀਰਾ ਉਸ ਨੇ ਅਰਜਨਾਇਨਾਂ ਅਤੇ ਜਾਕੇ ਜੱਟਾਂ ਨਾਲ ਵੀ ਰੱਖਿਆ ਕਿਉਂਕਿ ਇਨ੍ਹਾਂ ਬਹਾਦਰ ਕਬੀਲਿਆਂ ਨੂੰ ਉਹ ਲੋੜ ਸਮੇਂ ਹੂੰਨਾਂ ਅਤੇ ਹੋਰ ਧਾੜਵੀਆਂ ਸਮੇਂ ਵਰਤਣਾ ਚਾਹੁੰਦਾ ਸੀ। ਉਧਰ ਰਾਮ ਗੁਪਤ ਰਾਜ ਸਿੰਘਾਸਨ ‘ਤੇ ਬੈਠਦਿਆਂ ਹੀ ਉਪਰੋਕਤ ਕਬੀਲਿਆਂ ਤੋਂ ਟੈਕਸ ਮੰਗਣ ਲੱਗਾ ਜਿਸ ਦਾ ਕਿ ਉਹ ਹੱਕਦਾਰ ਨਹੀਂ ਸੀ। ਜਦੋਂ ਉਨ੍ਹਾਂ ਟੈਕਸ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਰਾਮ ਗੁਪਤ ਨੇ ਉਨ੍ਹਾਂ ਉਪਰ ਚੜ੍ਹਾਈ ਕਰ ਦਿੱਤੀ। ਲੱਖੀ ਜੰਗਲ ਨੇੜੇ ਰਾਮ ਗੁਪਤ ਦਾ ਚਾਰ ਕਬੀਲੇ ਜਿਨ੍ਹਾਂ ਵਿਚ ‘ਮਲਾਂ ਨਾੜੇ ਦੇ ਮਲ੍ਹੀ’, ‘ਜੋਧੇਕੇ’, ‘ਅਰਜਨਾਇਨ’ ਅਤੇ ਜਨੇਰ ਦੇ ‘ਜਾਕੇ ਜੱਟ’ ਸ਼ਾਮਿਲ ਸਨ, ਘਮਸਾਨ ਦਾ ਯੁਧ ਹੋਇਆ, ਉਪਰੋਕਤ ਚਾਰ ਕਬੀਲਿਆਂ ਨੇ ਬਹੁਤ ਸੂਰਮਗਤੀ ਦਿਖਾਉਂਦਿਆਂ ਉਲਟਾ ਰਾਮ ਗੁਪਤ ਦੀ ਵੱਡੀ ਫ਼ੌਜ ਦੇ ਨੱਕ ਵਿਚ ਦਮ ਕਰ ਦਿੱਤਾ। ਕੋਈ ਵਾਹ ਨਾ ਚਲਦੀ ਦੇਖ ਕੇ ਸੁਲ੍ਹਾ ਦੇ ਸਬੂਤ ਵਜੋਂ ਆਪਣੀ ਗਰਭਵਤੀ ਰਾਣੀ ਉਨ੍ਹਾਂ ਹਵਾਲੇ ਕਰਕੇ ਰਾਮ ਗੁਪਤ ਨੇ ਆਪਣੀ ਜਾਨ ਛੁਡਾਈ।.
ਰਾਮ ਗੁਪਤ ਦੇ ਛੋਟੇ ਭਰਾ ਚੰਦਰ ਗੁਪਤ (ਦੂਜਾ) ਨੂੰ ਜਦੋਂ ਉਸ ਦੀ ਰਾਜਧਾਨੀ ਉਜੈਨ ਵਿਖੇ ਵੱਡੇ ਭਰਾ ਦੀ ਨਲਾਇਕੀ ਦਾ ਪਤਾ ਲੱਗਾ ਤਾਂ ਉਸ ਨੇ ਘਟਨਾ ਨੂੰ ‘ਗੁਪਤਾ ਵੰਸ਼’ ਦੀ ਬੇਇੱਜ਼ਤੀ ਸਮਝਿਆ ਅਤੇ ਇਕ ਵੱਡੀ ਸੈਨਾ ਲੈ ਕੇ ਉਹ ਪੰਜਾਬ ਵੱਲ ਚੜ੍ਹ ਆਇਆ। ਸਭ ਤੋਂ ਪਹਿਲਾਂ ਉਸ ਨੇ ਆਪਣੇ ਵੱਡੇ ਭਾਈ ਰਾਮ ਗੁਪਤ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਉਸ ਨੇ ਜੋਧੇਕਿਆਂ ਨਾਲ ਟੱਕਰ ਲਈ ਪਰੰਤੂ ਉਹ ਉਨ੍ਹਾਂ ਦਾ ਕੁਝ ਨਾ ਵਿਗਾੜ ਸਕਿਆ। ਉਧਰ ਉਸ ਨੂੰ ਸੂਹ ਮਿਲੀ ਕਿ ਰਾਣੀ ਤਾਂ ਜਨੇਰ (ਅਜਨੇਰ) ਦੇ ਕਿਲ੍ਹੇ ਵਿਚ ਹੈ, ਬਿਨਾਂ ਕਿਸੇ ਸੋਚ ਵਿਚਾਰ ਤੋਂ ਚੰਦਰ ਗੁਪਤ ਦੂਜੇ ਨੇ ਜਨੇਰ ‘ਤੇ ਹਮਲਾ ਕਰ ਦਿੱਤਾ। ਜਨੇਰ ਦਾ ਕਿਲਾ ਢਾਹ ਦਿੱਤਾ ਅਤੇ ਕਤਲੇਆਮ ਸ਼ੁਰੂ ਕਰ ਦਿੱਤਾ। ਜਨੇਰ ਦਾ ਕਿਲਾ ਢਾਹੁਣ ਉਪਰੰਤ ਵੀ ਜਦੋਂ ਰਾਣੀ ਦੀ ਕੋਈ ਉਘ ਸੁੰਘ ਨਾ ਨਿਕਲੀ ਤਾਂ ਉਸ ਨੂੰ ਸੂਹੀਆਂ ਪਾਸੋਂ ਇਹ ਖ਼ਬਰ ਵੀ ਮਿਲੀ ਕਿ ਰਾਣੀ ਤਾਂ ਮਲਾਂਨਾੜੇ ਦੇ ਕਿਲੇ ਵਿਚ ਪਹੁੰਚ ਚੁੱਕੀ ਹੈ। ਚੰਦਰ ਗੁਪਤ ਦੂਜਾ ਹੁਣ ਕਸੂਤਾ ਫਸ ਗਿਆ। ਅਖ਼ੀਰ ਉਸ ਨੇ ਮਜਬੂਰੀ ਵਸ ‘ਬਾਸੀ ਵੰਸ਼’ ਦੀ ਮਦਦ ਲਈ ਅਤੇ ਸਮਝੌਤੇ ਦੀ ਪੇਸ਼ਕਸ਼ ਕੀਤੀ। ਬਾਸੀਆਂ ਨੇ ਦੋਹਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਜਿਸ ਅਨੁਸਾਰ ਗੁਪਤਾ ਵੰਸ਼ ਇਸ ਨੂੰ ਸੁਤੰਤਰ ਇਲਾਕੇ ਵਜੋਂ ਇੱਜ਼ਤ ਦੀ ਨਜ਼ਰ ਨਾਲ ਦੇਖੇਗਾ।
‘ਮਲਾਂਨਾੜੇ ਦੇ ਮੱਲ੍ਹੀਆਂ’, ‘ਅਰਜਨਾਇਨਾਂ’, ‘ਜੋਧੇਕਿਆਂ’ ਅਤੇ ਜਨੇਰ ਦੇ ‘ਜਾਕੇ ਜੱਟਾਂ’ ਨੇ ਆਪਣੀ ਖੁਲ੍ਹ ਦਿਲੀ ਦਿਖਾਉਂਦਿਆਂ ‘ਬਾਸੀਆਂ’ ਦੇ ਕਹਿਣ ‘ਤੇ ਗਰਭਵਤੀ ਰਾਣੀ ਨੂੰ ਇੱਜ਼ਤ-ਮਾਨ ਸਹਿਤ ਗੁਪਤਿਆਂ ਨੂੰ ਵਾਪਿਸ ਕਰ ਦਿੱਤੀ। ਇਥੇ ਵਰਨਣਯੋਗ ਹੈ ਕਿ ਇਹ ਉਹੀ ਰਾਣੀ ਸੀ ਜਿਸ ਦੇ ਪੇਟੋਂ ਮਹਾਨ ਯੋਧਾ ‘ਕੁਮਾਰ ਗੁਪਤ’ ਜੰਮਿਆ।
ਮੇਹਰ ਗੁਲ ਹੂਨ ਵਲੋਂ ਜਨੇਰ (ਅਜਨੇਰ) ਦੀ ਤਬਾਹੀ
ਕੁਮਾਰ ਗੁਪਤ ਨੇ ਜਵਾਨ ਹੁੰਦਿਆਂ ਹੀ ਗੁਜਰਾਂ ਅਤੇ ਕਨੌਰ ਦੇ ‘ਮਖੌਰੀ’ ਰਾਜਿਆਂ ਦੀ ਮਦਦ ਨਾਲ ‘ਤੋਰਾ ਮਾਨ ਹੂੰਨ’ ਨੂੰ ਹਰਾ ਕੇ ਪੰਜਾਬ ਵੱਲ ਧੱਕ ਦਿੱਤਾ। ਰਾਜਨੀਤਕ ਪੱਖੋਂ ਇਤਿਹਾਸਕਾਰ ਤੋਰਾ ਮਾਨ ਹੂੰਨ ਨੂੰ ਹਰਾਉਣ ਬਾਅਦ ਉਸ ਨੂੰ ਛੱਡ ਦੇਣਾ ਕੁਮਾਰ ਗੁਪਤ ਦੀ ਇਕ ਵੱਡੀ ਰਾਜਨੀਤਕ ਭੁੱਲ ਆਖਦੇ ਹਨ। ਰਾਮ ਗੁਪਤ ਤੋਂ ਮੁਕਤ ਹੋ ਕੇ ਤੋਰਾ ਮਾਨ ਹੂੰਨ ਪੰਜਾਬ ਹੁੰਦਾ ਹੋਇਆ ਕਸ਼ਮੀਰ ਪਹੁੰਚ ਗਿਆ। ਇਤਿਹਾਸਕਾਰਾਂ ਅਨੁਸਾਰ ਪਹਿਲਾਂ ਤਾਂ ਉਸ ਨੇ ਕਸ਼ਮੀਰ ਦੇ ਰਾਜੇ ਦੀ ਨੌਕਰੀ ਕਰ ਲਈ ਪਰੰਤੂ ਕੁਝ ਸਮੇਂ ਬਾਅਦ ਉਸ ਨੇ ਕਸ਼ਮੀਰ ਦੇ ਰਾਜੇ ਦਾ ਕਤਲ ਕਰ ਦਿੱਤਾ ਅਤੇ ਕਸ਼ਮੀਰ, ਸਿਆਲਕੋਟ ਅਤੇ ਸਾਂਗਲਾ ਆਦਿ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਰਾਜ ਪ੍ਰਬੰਧ ਲਈ ਉਸ ਨੇ ਸਿਆਲਕੋਟ ਨੂੰ ਆਪਣੀ ਰਾਜਧਾਨੀ ਬਣਾਇਆ।
ਤੋਰਾ ਮਾਨ ਹੂੰਨ ਦਾ ਪੁੱਤਰ ਮਿਹਰਗੁਲ ਹੂੰਨ ਇਕ ਯੋਗ ਸੈਨਾਪਤੀ ਸੀ ਉਸ ਨੇ 470 ਈਸਵੀ ਵਿਚ ਵੱਡੀ ਸੈਨਾ ਨਾਲ ਮੁਲਤਾਨ ‘ਤੇ ਹਮਲਾ ਕਰ ਦਿੱਤਾ ਪਰੰਤੂ ਖਹਰੂੜ ਦੇ ਸਥਾਨ ‘ਤੇ ਉਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰਨ ਉਪਰੰਤ ਉਹ ਵਾਪਸ ਸਿਆਲਕੋਟ ਚਲਾ ਗਿਆ। ਉਸ ਨੇ ਸਿਆਲਕੋਟ ਵਿਚ ਹੂੰਨਾਂ ਨੂੰ ਇਕ ਵਾਰ ਫੇਰ ਇਕ ਜੁਟ ਕਰ ਲਿਆ। ਮਿਹਰਗੁਲ ਦੀ ਕਮਾਂਡ ਹੇਠ ਹੂੰਨਾਂ ਨੇ ਪੰਜਾਬ ‘ਤੇ ਚੜ੍ਹਾਈ ਕਰ ਦਿੱਤੀ। ਹੂੰਨਾਂ ਦੇ ਟਿੱਡੀ ਦਲ ਨੇ ਪੰਜਾਬ ਦੇ ਤਿਹਾੜਾ, ਹਠੂਰ ਅਤੇ ਜਨੇਰ ਵਰਗੇ ਮਸ਼ਹੂਰ ਨਗਰਾਂ ਵਿਚ ਕਤਲੇਆਮ ਕੀਤਾ ਅਤੇ ਲੁੱਟਮਾਰ ਮਚਾਈ। ਇਸ ਤਰ੍ਹਾਂ ਲਗਪਗ 500 ਈਸਵੀ ਵਿਚ ਹੂੰਨਾਂ ਨੇ ਜਨੇਰ (ਅਜਨੇਰ) ਇਕ ਵਾਰ ਫੇਰ ਤਬਾਹ ਕੀਤਾ ਸ਼ਾਇਦ ਨਗਰ ਜਨੇਰ ਦੀ ਕਿਸਮਤ ਵਿਚ ਤਬਾਹੀ ਕੁਝ ਜ਼ਿਆਦਾ ਹੀ ਲਿਖੀ ਹੋਈ ਸੀ।
ਮਿਹਰਗੁਲ ਦੀ ਇਹ ਜਿੱਤ ਸਥਾਈ ਨਾ ਰਹਿ ਸਕੀ। ਕੁਮਾਰ ਗੁਪਤ ਦਾ ਪੁੱਤਰ ਨਰ ਸਿੰਘ ਗੁਪਤ ਥਾਨੇਸਰ ਵਲੋਂ ਇਕ ਵੱਡੀ ਫ਼ੌਜ ਲੈ ਕੇ ਪੰਜਾਬ ਪਹੁੰਚ ਗਿਆ ਅਤੇ ਉਸ ਨੇ ਹੂੰਨਾਂ ਨੂੰ ਪੰਜਾਬ ਵਿਚੋਂ ਭਜਾ ਦਿੱਤਾ। ਸਿਆਲਕੋਟ ਵਿਚ 512 ਈਸਵੀ ਵਿਚ ਮਿਹਰਗੁਲ ਦੀ ਮੌਤ ਹੋ ਗਈ ਪਰੰਤੂ ਉਸ ਦੇ ਨਾਲ ਆਏ ਮਾਨ, ਹੇਅਰ ਅਤੇ ਭੁੱਲਰ ਗੋਤਾਂ ਦੇ ਜੱਟ ਜਿਨ੍ਹਾਂ ਨੇ ਜਨੇਰ ਦੀ ਤਬਾਹੀ ਵਿਚ ਵੀ ਯੋਗਦਾਨ ਪਾਇਆ ਸੀ ਪੱਕੇ ਪੰਜਾਬ ਵਾਸੀ ਬਣ ਗਏ।
ਗੁਪਤਾ ਵੰਸ਼ ਤੋਂ ਬਾਅਦ
ਗੁਪਤਾ ਵੰਸ਼ ਤੋਂ ਬਾਅਦ ਭਾਰਤ ਦੇ ਉਤਰ-ਪੂਰਬੀ ਹਿੱਸੇ ‘ਤੇ ਵਰਧਨ ਵੰਸ਼ ਦਾ ਰਾਜ ਸਥਾਪਿਤ ਹੋਇਆ। ਪ੍ਰਭਾਕਰ ਵਰਧਨ ਅਤੇ ਹਰਸ਼ ਵਰਧਨ ਇਸ ਵੰਸ਼ ਦੇ ਮਹਨ ਸ਼ਾਸਕ ਰਹੇ ਹਨ। ਇਨ੍ਹਾਂ ਦਾ ਆਖ਼ਰੀ ਰਾਜਾ ਹਰਸ਼ ਵਰਧਨ ਸੀ ਜਿਸ ਦੀ 647 ਈਸਵੀ ਵਿਚ ਮੌਤ ਹੋ ਗਈ। ਵਰਧਨ ਵੰਸ਼ ਦੇ ਰਾਜ ਕਾਲ ਸਮੇਂ ਜਨੇਰ ਨਾਲ ਸਬੰਧਤ ਕਿਸੇ ਰਾਜਸੀ ਉਥਲ-ਪੁਥਲ ਦਾ ਵਰਨਣ ਇਤਿਹਾਸ ਵਿਚ ਨਹੀਂ ਮਿਲਦਾ।
655 ਈਸਵੀ ਸਮੇਂ ਰਾਜਾ ਬਿਕ੍ਰਮਾਦਿੱਤ ਦੀ ਵੰਸ਼ ਨਾਲ ਸਬੰਧਤ ‘ਵਰਯਾਹ’ ਦੇ ਯੋਧੇ ਜਿਹੜਾ ਬਾਅਦ ਵਿਚ ਰਾਜਾ ਵਿਨੇਪਾਲ ਦੇ ਨਾਮ ਨਾਲ ਮਸ਼ਹੂਰ ਹੋਇਆ, ਬਿਕ੍ਰਮਗੜ੍ਹ (ਹੁਣ ਦਾ ਬਠਿੰਡਾ) ਦਾ ਕਿਲ੍ਹਾ ਬਣਾ ਕੇ ਆਪਣਾ ਰਾਜ ਸਥਾਪਤ ਕਰ ਲਿਆ। ਇਨ੍ਹਾਂ ਦੀਆਂ ਦਸ ਪੁਸ਼ਤਾਂ ਨੇ ਬਠਿੰਡਾ ਨੂੰ ਆਪਣੀ ਰਾਜਧਾਨੀ ਬਣਾ ਕੇ 1010 ਈਸਵੀ ਤਕ ਰਾਜ ਕੀਤਾ। ਇਸ ਵੰਸ਼ ਦੇ ਰਾਜ ਦੀਆਂ ਹੱਦਾਂ ਵਰਤਮਾਨ ਪੰਜਾਬ ਦੇ ਕੁਝ ਹਿੱਸਿਆਂ ਸਮੇਤ, ਲਾਹੌਰ ਅਤੇ ਪਸ਼ੌਰ ਤਕ ਫੈਲੀਆਂ ਹੋਈਆਂ ਸਨ। ਅਜਨੇਰ (ਜਨੇਰ) ਇਸ ਦਾ ਹਿੱਸਾ ਹੋਣ ਜਾਂ ਨਾ ਹੋਣ ਬਾਰੇ ਇਤਿਹਾਸ ਚੁੱਪ ਹੈ।
ਤੰਵਰ ਰਾਜਪੂਤਾਂ ਨੇ ਜਨੇਰ (ਅਜਨੇਰ) ਫੇਰ ਵਸਾਇਆ
ਤੰਵਰ ਰਾਜਪੂਤ ਵੀ ਰਾਜਾ ਬਿਕ੍ਰਮਾਦੱਤ ਦੀ ਵੰਸ਼ ਵਿਚੋਂ ਹੀ ਹਨ। ਤੂਰ ਅਤੇ ਤੰਵਰ ਇਕੋ ਹੀ ਵੰਸ਼ ਹਨ ਜਿਵੇਂ ਸਿੱਧੂ ਅਤੇ ਬਰਾੜ। ਇਸ ਖ਼ਾਨਦਾਨ ਦੇ ਰਾਜਾ ਅਨੰਗਪਾਲ ਨੇ 792 ਈਸਵੀ ਸਮੇਂ ਲਾਲ ਕੋਟ ਨਾਮ ਦਾ ਕਿਲਾ ਬਣਾ ਕੇ ਦਿੱਲੀ ਨੂੰ ਇੰਦਰਪ੍ਰਸਤਾ ਵਾਲੇ ਥੇਹ ਉਪਰ ਵਸਾਇਆ। ਅਨੰਗਪਾਲ ਤੋਂ ਸ਼ੁਰੂ ਹੋ ਕੇ ਅਗਨੀਪਾਲ ਤਕ ਇਸ ਵੰਸ਼ ਦੇ 19 ਰਾਜੇ ਹੋਏ। ਦਿੱਲੀ ਦੇ ਤਖ਼ਤ ਉਪਰ ਤੰਵਰਾਂ (ਤੂਰਾਂ) ਨੇ ਲਗਪਗ 350 ਸਾਲ ਦਾ ਲੰਮਾ ਰਾਜ ਕੀਤਾ। ਇਨ੍ਹਾਂ ਦਾ ਆਖ਼ਰੀ ਰਾਜਾ ਅਗਨੀਪਾਲ ਸੀ ਜਿਸ ਦੇ ਕੋਈ ਔਲਾਦ ਨਾ ਹੋਈ ਅਤੇ ਉਸ ਨੇ ਦਿੱਲੀ ਦਾ ਰਾਜ ਭਾਗ 1171 ਈਸਵੀ ਵਿਚ ਆਪਣੇ ਦੋਹਤਰੇ ਚੌਹਾਨ ਗੋਤ ਵਾਲੇ ਪ੍ਰਿਥਵੀ ਰਾਜ ਨੂੰ ਸੌਂਪ ਦਿੱਤਾ ਜਿਹੜਾ ਇਤਿਹਾਸ ਵਿਚ ਮਹਾਰਾਜਾ ਪ੍ਰਿਥਵੀ ਰਾਜ ਚੌਹਾਨ ਵਜੋਂ ਪ੍ਰਸਿੱਧ ਹੋਇਆ। ਕੁਝ ਇਤਿਹਾਸਕਾਰ ਅਗਨੀਪਾਲ ਵਲੋਂ ਪ੍ਰਿਥਵੀ ਰਾਜ ਨੂੰ ਰਾਜ ਭਾਗ ਸੌਂਪਣ ਵਾਲੀ ਘਟਨਾ ਨਾਲ ਸਹਿਮਤ ਨਹੀਂ ਹਨ ਸਗੋਂ ਚੌਹਾਨਾਂ ਵਲੋਂ ਦਿੱਲੀ ਦਾ ਰਾਜ ਖੋਹਣ ਦੀ ਗੱਲ ਕਰਦੇ ਹਨ। ਪ੍ਰਿਥਵੀ ਰਾਜ ਚੌਹਾਨ ਵਾੜੀ ਦੇ ਮੈਦਾਨ ਵਿਚ 1193 ਈਸਵੀ ਵਿਚ ਮੁਹੰਮਦ ਗੌਰੀ ਨਾਲ ਹੋਈ ਖੂਨੀ ਲੜਾਈ ਵਿਚ ਮਾਰਿਆ ਗਿਆ।
ਦਿੱਲੀ ਦਾ ਰਾਜ ਸਿੰਘਾਸਨ ਸੰਭਾਲਦਿਆਂ ਹੀ ਤੰਵਰ ਰਾਜਪੂਤਾਂ (ਤੂਰਾਂ) ਨੇ ਜਨੇਰ (ਅਜਨੇਰ) ਨੂੰ ਇਕ ਵਾਰ ਫੇਰ ਵਸਾਇਆ। ਉਸ ਸਮੇਂ ਹੀ ਨਗਰ ਜਨੇਰ ਦੇ ਨੇੜੇ ਕੁਝ ਹੋਰ ਨਗਰਾਂ ਹਠੂਰ, ਸਰਹਿੰਦ ਅਤੇ ਤਿਹਾੜਾ ਆਦਿ ਦੇ ਦੁਬਾਰਾ ਵਸ ਜਾਣ ਦਾ ਜ਼ਿਕਰ ਵੀ ਇਤਿਹਾਸ ਵਿਚ ਮਿਲਦਾ ਹੈ। ਕੁਝ ਇਤਿਹਾਸਕਾਰ ਜਨੇਰ ਦੇ ਦਸਵੀਂ ਸਦੀ ਵਿਚ ਵਸਾਏ ਜਾਣ ਦੀ ਗੱਲ ਕਰਦੇ ਹਨ ਜਿਹੜਾ ਕਿ ਕੁਝ ਇਤਿਹਾਸਕ ਤੱਥਾਂ ਵਜੋਂ ਠੀਕ ਨਹੀਂ ਜਾਪਦਾ।
841 ਈਸਵੀ ਦਾ ਸਿੱਕਾ
ਇਸ ਪੁਸਤਕ ਦੇ ਲੇਖਕ ਨੂੰ ਜਨੇਰ ਵਾਸੀ ਸਿੱਧੂ ਪੱਤੀ ਵਾਲੇ ਗੁਰਮੇਲ ਸਿੰਘ ਗੁਗ ਨੇ ਰਾਜਪੂਤ-ਕਾਲ ਸਮੇਂ ਦਾ ਇਕ ਸਿੱਕਾ ਦਿੱਤਾ ਜਿਸ ਉਪਰ ਸੰਸਕ੍ਰਿਤ ਭਾਸ਼ਾ ਵਿਚ 841 ਸੰਨ ਉਕਰਿਆ ਹੋਇਆ ਹੈ। ਇਹ ਸਿੱਕਾ ਤੰਵਰ (ਤੂਰ) ਰਾਜਪੂਤਾਂ ਦੇ ਜਨੇਰ (ਅਜਨੇਰ) ਦੇ ਸ਼ਾਸਕ ਹੋਣ ਦੀ ਹਾਮੀ ਭਰਦਾ ਹੈ। ਵਧੀਆ ਧਾਤੂ ਮਿਸ਼ਰਣ ਦਾ ਬਣਿਆ ਹੋਇਆ ਹੋਣ ਕਰਕੇ ਇਸ ਸਿੱਕੇ ਦੀ ਚਮਕ ਦਮਕ ਅੱਜ ਵੀ ਬਰਕਰਾਰ ਹੈ। ਜਨੇਰ ਦੇ ਥੇਹ ਵਿਚੋਂ ਲੱਭੀਆਂ ਦੁਰਲਭ ਵਸਤਾਂ ਦੀਆਂ ਫੋਟੋਆਂ ਵਿਚ ਰਾਜਪੂਤ-ਕਾਲ ਦੇ ਇਸ ਸਿੱਕੇ ਨੂੰ ਉਚੇਚੇ ਤੌਰ ‘ਤੇ ਸ਼ਾਮਿਲ ਕੀਤਾ ਗਿਆ ਹੈ। ਉਧਰ ਗੁਰਮੇਲ ਸਿੰਘ ਗੁਗ ਦੀ ਗੱਲ ਕਰੀਏ ਤਾਂ ਇਹ ਉਹੀ ਗੁਰਮੇਲ ਸਿੰਘ ਹੀ ਸੀ ਜਿਸ ਨੂੰ ਸਿੱਧੂ ਪੱਤੀ ਦੀ ਧਰਮਸ਼ਾਲਾ ਨੇੜਿਉਂ ਮਿੱਟੀ ਪੁਟਦੇ ਸਮੇਂ ਵਿਸ਼ਨੂੰ ਭਗਵਾਨ ਦੀ ਮੂਰਤੀ ਲੱਭੀ ਸੀ (ਇਸ ਦਾ ਵਰਨਣ ਅੱਗੇ ਕਰਾਂਗੇ)।
ਤੰਵਰ (ਤੂਰ) ਰਾਜਪੂਤ-ਕਾਲ ਸਮੇਂ ਜਨੇਰ (ਅਜਨੇਰ)
‘ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ’ ਵਾਲੀ ਜਗਤ ਪ੍ਰਸਿੱਧ ਕਹਾਵਤ ਨਗਰ ਜਨੇਰ ‘ਤੇ ਇੰਨ-ਬਿੰਨ ਢੁਕਵੀਂ ਸਾਬਤ ਹੋਈ। ਜ਼ਾਲਮ ‘ਹੂੰਨਾਂ ਦੇ ਹੜ੍ਹ’ ਦੇ ਸਮੇਂ 500 ਈਸਵੀ ਵਿਚ ਢਹਿ ਢੇਰੀ ਹੋਇਆ ਇਹ ਇਤਿਹਾਸਕ ਨਗਰ, ਦਿੱਲੀ ਦੇ ਤਖ਼ਤ ਉਪਰ ਬਿਰਾਜਮਾਨ ਤੰਵਰ ਰਾਜਪੂਤਾਂ ਨੇ ਇਕ ਵਾਰ ਫੇਰ ਵਸਾਇਆ। ਇਨ੍ਹਾਂ ਰਾਜਪੂਤ ਸ਼ਾਸਕਾਂ ਦੇ ਸਮੇਂ ਜਨੇਰ ਨੇ ਤਰੱਕੀ ਦੀਆਂ ਸਿਖ਼ਰਾਂ ਨੂੰ ਛੋਹਿਆ। ਸਿਰਫ਼ ਜਨੇਰ ਹੀ ਨਹੀਂ ਇਸ ਦੇ ਸਮਕਾਲੀ ਨਗਰ ਤਿਹਾੜਾ, ਅਠੂਰ ਅਤੇ ਸਰਹਿੰਦ ਆਦਿ ਵੀ ਹੂੰਨਾਂ ਦੀ ਮਾਰ ਤੋਂ ਬਾਅਦ ਦੁਬਾਰਾ ਵਿਕਸਤ ਹੋਏ। ਤੰਵਰ ਰਾਜਪੂਤਾਂ ਨੇ ਆਪਣੇ ਰਾਜ ਕਾਲ ਦੇ ਸ਼ੁਰੂ ਵਿਚ ਹੀ ਜਨੇਰ ਵਿਚ ਇਕ ਵੱਡਾ ਕਿਲਾ ਉਸਾਰਿਆ ਜਿਹੜਾ ਇਤਿਹਾਸ ਵਿਚ ‘ਨਾਗਰਿਕ ਕਿਲਾ’ ਵਜੋਂ ਮਸ਼ਹੂਰ ਹੋਇਆ। ਨਗਰ ਵਿਚ ਕਈ ਸੰਨਅਤੀ ਅਦਾਰੇ ਹੋਂਦ ਵਿਚ ਆਏ। ਜਨੇਰ ਦੀ ਵਰਕਸ਼ਾਪ ਜਿਸ ਨੂੰ ਇਤਿਹਾਸ ਵਿਚ ‘ਲੁਹਾਰਖ਼ਾਨਾ’ ਦਾ ਨਾਮ ਦਿੱਤਾ ਗਿਆ, ਮਿਲਦਾ ਹੈ, ਗੁਆਂਢੀ ਪਿੰਡ ਲੁਹਾਰਾ ਵਿਚ ਸਥਾਪਤ ਸੀ। ਨਜ਼ਦੀਕੀ ਪਿੰਡ ਰਜੀਵਾਲਾ ਵਿਚ ਤੇਲ ਕੱਢਣ ਵਾਲਾ ‘ਤੇਲੀਖ਼ਾਨਾ’ ਅਤੇ ਇਕ ਹੋਰ ਨੇੜਲੇ ਪਿੰਡ ਗਗੜਾ (ਮੌਜੂਦਾ ਭਾਗਪੁਰ) ਵਿਚ ਗਗੜਾ ਮੁਸਲਮਾਨ ਜਾਤ ਨਾਲ ਸਬੰਧਤ ਜੋਕਾਂ, ਸਿੰਗੀਆਂ ਲਾਉਣ ਵਾਲੇ ਵਸਦੇ ਸਨ। ਉਸ ਸਮੇਂ ਨੇੜਲੇ ਪਿੰਡਾਂ ਖੋਸੇ, ਫਤਿਹਗੜ੍ਹ, ਭਿੰਡਰ ਅਤੇ ਪੰਜਤੂਰਾਂ ਆਦਿ ਵਿਚ ਖੇਤੀਬਾੜੀ ਕਰਨ ਵਾਲੇ ਕਬੀਲਿਆਂ ਦੀ ਹੋਂਦ ਬਾਰੇ ਇਤਿਹਾਸ ਵਿਚ ਵਰਨਣ ਹੈ।
ਪੰਵਾਰ ਮੁਸਲਮਾਨ ਰਾਜਪੂਤਾਂ ਅਜਨੇਰ ਦਾ ਨਾਮ ਜਨੇਰ ਰੱਖਿਆ
ਦਿੱਲੀ ਵਿਚ 792 ਈਸਵੀ ਸਮੇਂ ਤੰਵਰ ਰਾਜਪੂਤਾਂ ਦਾ ਰਾਜ ਸਥਾਪਤ ਹੈ। ਗਿਆ ਸੀ ਅਤੇ ਇਹ 1171 ਈਸਵੀ ਤਕ ਅਗਨੀ ਪਾਲ ਦੇ ਸਮੇਂ ਤਕ ਰਿਹਾ, ਅਤੇ ਬਾਅਦ ਵਿਚ 1193 ਈਸਵੀ ਤਕ ਚੌਹਾਨ ਰਾਜਪੂਤ ਪ੍ਰਿਥਵੀ ਰਾਜ ਚੌਹਾਨ ਦਾ। ਉਧਰ ਇਸੇ ਸਮੇਂ ਬਠਿੰਡਾ ਸਮੇਤ ਉਤਰੀ ਭਾਰਤ ਦੇ ਹੋਰ ਹਿੱਸਿਆਂ ਵਿਚ ਵਿਨੇਪਾਲ ਦੇ ਵੰਸ਼ ਦਾ 1110 ਈਸਵੀ ਤਕ ਰਾਜ ਰਿਹਾ ਪਰੰਤੂ ਜਨੇਰ ਦੇ ਨੇੜਲੇ ਇਲਾਕਿਆਂ ਵਿਚ 1050 ਈਸਵੀ ਤੋਂ ਬਾਅਦ ਮੁਸਲਮ ਰਾਜਪੂਤ ਕਾਫੀ ਜ਼ੋਰ ਫੜ ਗਏ ਸਨ। ਮੁਸਲਮਾਨ ਰਾਜਪੂਤਾਂ ਦੀ ਇਸ ਇਲਾਕੇ ਵਿਚ ਸੰਘਣੀ ਵਸੋਂ ਹੋ ਗਈ, ਜਿਨ੍ਹਾਂ ਵਿਚੋਂ ‘ਪੰਵਾਰ’ ਰਾਜਪੂਤ ਸਭ ਤੋਂ ਵੱਧ ਸ਼ਕਤੀਸ਼ਾਲੀ ਕਬੀਲੇ ਵਜੋਂ ਉਭਰ ਕੇ ਆਏ। ਬੇਸ਼ਕ ‘ਮੰਝ’ ਅਤੇ ਹੋਰ ਮੁਸਲਮਾਨ ਕਬੀਲੇ ਵੀ ਇਧਰ ਵਸਦੇ ਸਨ ਪਰੰਤੂ ਉਹ ਕੋਈ ਬਹੁਤੇ ਸ਼ਕਤੀਸ਼ਾਲੀ ਨਹੀਂ ਸਨ।
‘ਜਨ’ ਨਾਮ ਦਾ ਇਕ ਪੰਵਾਰ ਰਾਜਪੂਤ ਜਿਹੜਾ ਬਾਅਦ ਵਿਚ ਰਾਜ ‘ਜਨ’ ਦੇ ਨਾਮ ਨਾਲ ਮਸ਼ਹੂਰ ਹੋਇਆ, ਨੇ ਬਾਰ੍ਹਵੀਂ ਸਦੀ ਵਿਚ ਨਗਰ ਅਜਨੇਰ ‘ਤੰਵਾਰ (ਤੂਰ) ਰਾਜਪੂਤਾਂ ਪਾਸੋਂ ਖੋਹ ਲਿਆ ਅਤੇ ਆਪਣੇ ਨਾਮ ‘ਤੇ ਨਗਰ ਦਾ ਨਾਮ ‘ਜਨੇਰ’ ਰੱਖ ਦਿੱਤਾ ਜਿਹੜਾ ਕਿ ਮੌਜੂਦਾ ਨਾਮ ਵੀ ਹੈ। ਰਾਜਾ ਜਨ ਦੇ ਜਨੇਰ ਉਪਰ ਕਾਬਜ਼ ਹੋਣ ਸਮੇਂ ਇਤਿਹਾਸ ਵਿਚ ਕਿਸੇ ਖੂਨ ਖ਼ਰਾਬੇ ਦਾ ਵਰਨਣ ਨਹੀਂ ਮਿਲਦਾ ਪਰੰਤੂ ਇਸ ਦੀ ਵੰਸ਼ ਦੇ ਲੰਮਾ ਸਮਾਂ ਰਾਜ ਕਰਨ ਬਾਰੇ ਅਤੇ ਇਨ੍ਹਾਂ ਪਾਸੋਂ ਜਨੇਰ ਦਾ ਰਾਜ ਖੁਸ ਜਾਣ ਬਾਰੇ ਜ਼ਰੂਰੀ ਜਾਣਕਾਰੀ ਮਿਲਦੀ ਹੈ।
ਜਨੇਰ ਦਾ ਆਖ਼ਰੀ ਵਾਰ ਬਰਬਾਦ ਹੋਣਾ
• ਜਨੇਰ ਦੇ ਥੇਹ ਦਾ ਮੌਜੂਦਾ ਰੂਪ ਕਦੋਂ ਬਣਿਆ? ਕਿਸ ਨੇ ਬਣਾਇਆ? ਇਸ ਦੀ ਤਬਾਹੀ ਦੇ ਕੀ ਕਾਰਨ ਸਨ? ਉਸ ਸਮੇਂ ਜਨੇਰ ਵਿਚ ਕਿਹੜਾ ਵੰਸ਼ ਜਾਂ ਕਬੀਲਾ ਵਸਦਾ ਸੀ? ਇਹ ਉਜਾੜਿਆ ਗਿਆ ਜਾਂ ਥੇਹ ਹੋਇਆ?
ਉਪਰੋਕਤ ਸਵਾਲਾਂ ਦੇ ਜਵਾਬ ਜਾਨਣ ਲਈ, ਸਿੱਧੇ ਜਾਂ ਅਸਿੱਧੇ ਰੂਪ ਵਿਚ ਜਨੇਰ ਨਾਲ ਜੁੜਿਆ ਹਰ ਇਕ ਮਰਦ, ਔਰਤ, ਬੱਚਾ, ਬੁੱਢਾ ਜਾਂ ਜਵਾਨ ਇਸ ਲਈ ਉਤਸਕ ਹੋਵੇਗਾ ਕਿਉਂਕਿ ਉਨ੍ਹਾਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ। ਜਿਥੋਂ ਤਕ ਆਖ਼ਰੀ ਵਾਰ ਉਜਾੜੇ ਜਾਣ ਜਾਂ ਥੇਹ ਹੋ ਜਾਣ ਦਾ ਸਵਾਲ ਹੈ, ਇਤਿਹਾਸਕ ਤੱਥ ਹੁਣ ਕ ਇਹ ਸਾਬਤ ਕਰ ਚੁੱਕੇ ਹਨ ਕਿ ਜਨੇਰ ਕਦੀ ਵੀ ਥੇਹ ਨਹੀਂ ਹੋਇਆ ਸਗੋਂ ਜੋਰਾਵਰਾਂ ਨੇ ਉਜਾੜਿਆਹੀ ਹੈ। ਸ਼ਾਇਦ ਮੌਜੂਦਾ ਰੂਪ ਵਿਚ ਆਉਣ ਦਾ ਕਾਰਨ ਵੀ ਇਹ ਹੀ ਹੋਵੇ। ਰਹੀ ਗੱਲ ਆਖ਼ਰੀ ਵਾਰ ਬਰਬਾਦ ਹੋਣ ਸਮੇਂ ਇਥੇ ਵਸਦੇ ਕਬੀਲੇ ਦੀ ਇਤਿਹਾਸਕ ਤੱਥ ਆਖ਼ਰੀ ਜਨੇਰ ਵਾਸੀ ਕਬੀਲਾ ‘ਪੰਵਾਰ ਮੁਸਲਮਾਨ ਰਾਜਪੂਤ’ ਪੇਸ਼ ਕਰਦੇ ਹਨ। ਬਾਕੀ ਤਿੰਨ ਸਵਾਲਾਂ ਦੇ ਜਵਾਬ ਵੀ ਇਤਿਹਾਸਕ ਤੱਥਾਂ ਦੇ ਸਹਾਰੇ ਅਗਲੇ ਕਾਂਡਾਂ ਵਿਚ ਮਿਲ ਜਾਣਗੇ।
ਜਨੇਰ’ ਨਿਆਜ਼ੀ ਪਠਾਨਾਂ ਦੇ ਨਿਸ਼ਾਨੇ ‘ਤੇ
ਨਿਆਜ਼ੀ ਪਠਾਨਾਂ ਦਾ ਪਿਛੋਕੜ ਗਜ਼ਨੀ ਦੇ ਪਹਾੜੀ ਇਲਾਕਿਆਂ ਨਾਲ ਸੀ। ਇਸ ਕਬੀਲੇ ਦੇ ਚਾਰ ਭਰਾ ਹੇਯਾਤ ਖ਼ਾਨ, ਸੈਦ ਖ਼ਾਨ, ਸ਼ਾਬਾਜ਼ ਖ਼ਾਨ ਅਤੇ ਈਸੇ ਖ਼ਾਨ (ਇਹ ਮੰਝ ਰਾਜਪੂਤ ਈਸੇ ਖਾਂ ਨਹੀਂ ਜਿਸ ਨੇ ਲੰਮਾ ਸਮਾਂ ਕੋਟ ਈਸੇ ਖਾਂ ‘ਤੇ ਰਾਜ ਕੀਤਾ), ਬਹਾਦਰ ਯੋਧੇ ਸਨ। ਪਠਾਨ ਵੰਸ਼ ਨਾਲ ਸਬੰਧਤ ਹੋਣ ਕਰਕੇ ਇਨ੍ਹਾਂ ਚਾਰ ਭਰਾਵਾਂ ਨੇ ਭਾਰਤ ਦੇ ਪਠਾਨ ਸਮਰਾਟ ਸ਼ੇਰ ਸ਼ਾਹ ਸੂਰੀ ਦੀ ਵੱਖ-ਵੱਖ ਲੜਾਈਆਂ ਸਮੇਂ ਬਹੁਤ ਮਦਦ ਕੀਤੀ। ਪਠਾਨ ਸਮਰਾਟ ਨੇ ਇਨ੍ਹਾਂ ਨਿਆਜ਼ੀ ਪਠਾਨਾਂ ਨੂੰ ਮੁਹਿੰਮਾਂ ਵਿਚ ਮਦਦ ਕਰਨ ਦੇ ਇਵਜ਼ ਵਿਚ ਆਪਣੇ ਵਿਸ਼ਾਲ ਰਾਜ ਵਿਚ ਉਚ ਅਹੁਦਿਆਂ ਨਾਲ ਨਿਵਾਜ਼ਿਆ। ਉਸ ਨੇ ਹੇਯਾਤ ਖ਼ਾਨ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕਰ ਦਿੱਤਾ। ਸੈਦ ਖ਼ਾਨ, ਸ਼ਾਬਾਜ਼ ਖ਼ਾਨ ਅਤੇ ਈਸੇ ਖ਼ਾਨ ਨੂੰ ਉਚ ਅਖ਼ਤਿਆਰੀ ਤਾਕਤਾਂ ਬਖ਼ਸ਼ੀਆਂ। ਇਤਿਹਾਸ ਗਵਾਹ ਹੈ ਕਿ ਰਾਜਸੀ ਤਾਕਤ ਦਾ ਨਸ਼ਾ ਇਨਸਾਨ ਨੂੰ ਅਕਲੋਂ ਅੰਨ੍ਹਾ ਕਰ ਦਿੰਦਾ ਹੈ। ਈਸੇ ਖ਼ਾਨ ਦੇ ਮਨ ਵਿਚ ਵੀ ਆਪਣੇ ਭਰਾ ਹੇਯਾਤ ਖ਼ਾਨ ਦੇ ਪੰਜਾਬ ਗਵਰਨਰ ਹੋਣ ਦੀ ਹੈਸੀਅਤ ਵਿਚ ‘ਕੁਝ ਵੱਡਾ’ ਕਰਨ ਦੀ ਭਾਸਰੀ। ਈਸੇ ਖ਼ਾਨ ਨੂੰ ਆਪਣੇ ਨਾਮ ‘ਤੇ ਕੋਈ ਸ਼ਹਿਰ ਵਸਾਉਣ ਦਾ ਫ਼ੁਰਨਾ ਫੁਰਿਆ। ਉਨ੍ਹਾਂ ਦਿਨਾਂ ਵਿਚ ਕਿਸੇ ਥਾਂ ‘ਤੇ ਕੋਈ ਸ਼ਹਿਰ ਜਾਂ ਪਰਗਨਾ ਵਸਾਉਣ ਦੀ ਜ਼ਰੂਰਤ ਹੁੰਦੀ ਸੀ ਆਪਣੀ ਫ਼ੌਜੀ ਠਹਿਰ ਬਣਾਉਣ ਵਾਸਤੇ ਕਿਸੇ ਕਿਲੇ ਜਾਂ ਉੱਚੀ ਸੁਰੱਖਿਆ ਜਗ੍ਹਾ ਦੀ, ਜਿਥੋਂ ਉਹ ਆਪਣੀਆਂ ਗਤੀਵਿਧੀਆਂ ਦਾ ਸੰਚਾਲਨ ਕਰ ਸਕਣ। ਉਨ੍ਹਾਂ ਸਮਿਆਂ ਵਿਚ ਨਗਰ ਜਨੇਰ ਉਚੀ ਥਾਂ ਉਪਰ ਵਸਿਆ ਹੋਣ ਕਰਕੇ ਸ਼ਾਇਦ ਨਿਆਜ਼ੀ ਪਠਾਨਾਂ ਨੂੰ ਢੁਕਵੀਂ ਜਗ੍ਹਾ ਜਾਪਦੀ ਹੋਵੇ ਅਤੇ ਉਨ੍ਹਾਂ ਦੇ ਨਿਸ਼ਾਨੇ ‘ਤੇ ਆ ਗਿਆ ਹੋਵੇ।
1540 ਈਸਵੀ ਸਮੇਂ ਨਿਆਜ਼ੀ ਪਠਾਨਾਂ ਨੇ ਜਨੇਰ ਉਜਾੜਿਆ
ਬਾਰ੍ਹਵੀਂ ਸਦੀ ਵਿਚ ਰਾਜਾ ‘ਜਨ’ ਦੇ ਸਮੇਂ ਤੋਂ ਪੰਵਾਰ ਰਾਜਪੂਤ ਮੁਸਲਮਾਨ ਜਨੇਰ ਦੇ ਸ਼ਾਸਕ ਚਲੇ ਆ ਰਹੇ ਸਨ। ਉਸ ਸਮੇਂ ਦਿੱਲੀ ਦੇ ਤਖ਼ਤ ਉਪਰ ਸ਼ੇਰ ਸ਼ਾਹ ਸੂਰੀ ਬਿਰਾਜਮਾਨ ਸੀ ਅਤੇ ਪੰਜਾਬ ਦੀ ਗਵਰਨਰੀ ਦਾ ਨਿੱਘ ਨਿਆਜ਼ੀ ਪਠਾਨ ਹੇਯਾਤ ਖ਼ਾਨ ਮਾਣ ਰਿਹਾ ਸੀ। ਈਸੇ ਖ਼ਾਨ ਨੂੰ ਮਨ-ਮਾਨੀਆਂ ਕਰਨੋਂ ਰੋਕਣ ਵਾਲਾ ਕੋਈ ਨਹੀਂ ਸੀ। ਉਸ ਨੇ ਵੱਡੇ ਲਾਮ ਲਸ਼ਕਰ ਨਾਲ 1540 ਈਸਵੀ ਦੇ ਸਮੇਂ ਜਨੇਰ ‘ਤੇ ਹਮਲਾ ਕਰ ਦਿੱਤਾ। ਪੰਵਾਰ ਰਾਜਪੂਤਾਂ ਦੀਆਂ ਕਮਜ਼ੋਰ ਫ਼ੌਜਾਂ, ਪਠਾਨਾਂ ਦੇ ਹੜ੍ਹ ਦਾ ਮੁਕਾਬਲਾ ਨਾ ਕਰ ਸਕੀਆਂ। ‘ਜੋਰਾਵਰਾਂ ਦਾ ਸੱਤੀਂ ਵੀਹੀਂ ਸੌ’ ਵਾਲੀ ਗੱਲ ਬਣੀ। ਨਿਆਜ਼ੀ ਪਠਾਨਾਂ ਨੇ ਘੁੱਗ ਵਸਦਾ ਨਗਰ ਜਨੇਰ ਇਕ ਵਾਰ ਫੇਰ ਉਜਾੜ ਦਿੱਤਾ। ਪੰਵਾਰ ਰਾਜਪੂਤ ਕਿਧਰ ਗਏ ਅੱਜ ਤਕ ਉਨ੍ਹਾਂ ਦੇ ਖੁਰਾ ਖੋਜ ਬਾਰੇ ਇਤਿਹਾਸ ਚੁੱਪ ਹੈ ਪਰੰਤੂ ਨਿਆਜ਼ੀ ਪਠਾਨਾਂ ਦੇ ਜਨੇਰ ਉਪਰ ਕਾਬਜ਼ ਹੋ ਜਾਣ ਅਤੇ ਬਾਅਦ ਵਿਚ ਚਾਰ ਕੋਹ ਉਤਰ ਵਲ ਕੋਟ ਈਸੇ ਖ਼ਾਂ ਵਸਾਉਣ ਬਾਰੇ ਇਤਿਹਾਸ ਜ਼ਰੂਰ ਪੁਸ਼ਟੀ ਕਰਦਾ ਹੈ।
ਕੋਟ ਈਸੇ ਖਾਂ ਕਿਸ ਨੇ ਵਸਾਇਆ?
ਦੁਨੀਆਂ ਦੀਆਂ ਵੱਡੀਆਂ ਸਭਿਆਤਾਵਾਂ, ਨਗਰ, ਸ਼ਹਿਰ, ਕਸਬੇ ਅਤੇ ਪਿੰਡ ਵਸਦੇ ਵੀ ਰਹੇ ਹਨ ਅਤੇ ਉਜੜਦੇ ਵੀ ਰਹੇ ਹਨ। ਮਹੁੰਜਾਦਾਰੋ ਅਤੇ ਹੜੱਪਾ ਦੀਆਂ ਮਹਾਨ ਸਭਿਆਤਾਵਾਂ ਹੋਣ ਜਾਂ ਦੁਨੀਆਂ ਦੇ ਨਕਸ਼ੇ ਤੋਂ ਹਟ ਗਏ ਵੱਡੇ-ਵੱਡੇ ਸ਼ਹਿਰ, ਗਰਾਂ ਉਹ ਕੁਦਰਤ ਦੀ ਕਰੋਪੀ ਦਾ ਘਟ ਪਰੰਤੂ ਮਨੁੱਖੀ ਜ਼ਾਲਮਾਨਾ ਵਤੀਰੇ ਦਾ ਵੱਧ ਸ਼ਿਕਾਰ ਹੋਏ ਹਨ। ਸਮੇਂ ਦੇ ਨਾਲ ਜਨੇਰ ਵਾਸੀ ਪੰਵਾਰ ਰਾਜਪੂਤਾਂ ਨਾਲ ਵੀ ਨਿਆਜ਼ੀ ਪਠਾਨਾਂ ਨੇ ਅਣਮਨੁੱਖੀ ਵਰਤਾਉ ਕਰਕੇ ਉਨ੍ਹਾਂ ਦਾ ਵਸਦਾ ਰਸਦਾ ‘ਘਰ’ ਉਜਾੜਿਆ। ਅਤੇ ਆਪਣੀ ਫੋਕੀ ਸ਼ੌਹਰਤ ਦੇ ਭੁੱਖੇ ਈਸੇ ਖ਼ਾਨ ਵਰਗੇ ਹੰਕਾਰੀ ਆਗੂ ਦੇ ਨਾਮ ‘ਤੇ ਕੋਟ ਈਸੇ ਖ਼ਾਂ ਨਾਮ ਦਾ ਸ਼ਹਿਰ ਵਸਾਇਆ। ‘ਜਨੇਰ ਉਜੜਿਆ ਅਤੇ ਕੋਟ ਈਸੇ ਖਾਂ ਵਸਿਆ’ ਬੇਸ਼ਕ ਇਹ ਇਕ ਇਤਿਹਾਸਕ ਸਚਾਈ ਹੈ ਪਰੰਤੂ ਕੋਟ ਈਸੇ ਖਾਂ ਕਦੋਂ ਅਤੇ ਕਿਸ ਨੇ ਵਸਾਇਆ? ਇਸ ਦੇ ਬਾਰੇ ਵਿਚ ਕੁਝ ਇਤਹਾਸਕਾਰਾਂ ਦੇ ਮਤਭੇਦ ਵੀ ਹਨ। ਜਨੇਰ ਵਾਸੀਆਂ ਲਈ ਕੋਟ ਈਸੇ ਖਾਂ ਦੇ ਇਤਿਹਾਸ ਬਾਰੇ ਜਾਨਣਾ ਇਸ ਲਈ ਵੀ ਜ਼ਰੂਰੀ ਹੈ ਕਿ ਇਸ ਦੇ ਹੋਂਦ ਵਿਚ ਆਉਣ ਦੇ ਸਮੇਂ ਤੋਂ ਲੈ ਕੇ ਅੱਜ ਤਕ ਜਨੇਰ ਪ੍ਰਬੰਧਕੀ ਤੌਰ ‘ਤੇ ਕੋਟ ਈਸੇ ਖਾਂ ਦੇ ਅਧੀਨ ਹੀ ਹੈ।
ਇਤਿਹਾਸ ਵਿਚ ਦੋ ਈਸੇ ਖ਼ਾਨ ਨਾਮੀ ਵਿਅਕਤੀਆ ਦਾ ਜ਼ਿਕਰ ਆਉਂਦਾ ਹੈ। ਇਕ ਸੀ ਗਜ਼ਨੀ ਦਾ ਨਿਆਜ਼ੀ ਪਠਾਨ ‘ਈਸੇ ਖ਼ਾਨ’ ਅਤੇ ਦੂਜਾ ਮੰਝ ਮੁਸਲਮਾਨ ਰਾਜਪੂਤ ‘ਈਸੇ ਖਾਂ’ ਦੋਹਾਂ ਵਿਚੋਂ ਕਿਸੇ ਨੇ ਕੋਟ ਈਸੇ ਖਾਂ ਵਸਾਇਆ? ਇਹ ਇਕ ਛੋਟੀ ਬੁਝਾਰਤ ਬੇਸ਼ਕ ਹੈ, ਪਰੰਤੂ ਬਹੁਤੀ ਗੁੰਝਲਦਾਰ ਨਹੀਂ ਜਾਂ ਇੰਜ ਆਖ ਲਈਏ ਕਿ ਜਨੇਰ ਥੇਹ ਹੋਇਆ ਕਿ ਉਜੜਿਆ? ਜਨੇਰ ਅਤੇ ਕੋਟ ਈਸੇ ਖਾਂ ਨਾਲ ਸਬੰਧਤ ਉਪਰੋਕਤ ਗੁੰਝਲਾਂ ਨੂੰ ਮਿਥਿਹਾਸਿਕ ਨਜ਼ਰੀਏ ਨੂੰ ਇਕ ਪਾਸੇ ਰਖ ਕੇ ਜੇਕਰ ਇਤਿਹਾਸਕ ਪੱਖੋਂ ਵਿਚਾਰੀਏ ਤਾਂ ਅਸਲੀਅਤ ਆਪਣੇ ਆਪ ਸਾਹਮਣੇ ਆ ਜਾਂਦੀ ਹੈ।
ਪ੍ਰਸਿੱਧ ਇਤਿਹਾਸਕਾਰ ਸੰਤ ਵਿਸਾਖਾ ਸਿੰਘ ਜੀ ਆਪਣੀ ਇਤਿਹਾਸਕ ਪੁਸਤਕ ‘ਮਾਲਵਾ ਦਾ ਇਤਿਹਾਸ’ ਭਾਗ ਤੀਜਾ ਵਿਚ ਮੰਝ ਮੁਸਲਮਾਨ ਰਾਜਪੂਤ ਈਸੇ ਖਾਂ ਨੂੰ ਕੋਟ ਈਸੇ ਖਾਂ ਨਗਰ ਵਸਾਉਣ ਵਾਲਾ ਮੰਨਦੇ ਹਨ। ਇਕ ਦੋ ਇਤਿਹਾਸਕ ਲੇਖ ਲਿਖਣ ਵਾਲਿਆਂ ਤੋਂ ਬਿਨਾਂ ਕੋਈ ਸਥਾਪਿਤ ਇਤਿਹਾਸਕਾਰ ਇਸ ਕਥਨ ਦੀ ਪੁਸ਼ਟੀ ਨਹੀਂ ਕਰਦਾ।
ਕੋਟ ਈਸੇ ਖਾਂ ਨੂੰ ਵਸਾਉਣ ਵਾਲੇ ਨਿਆਜ਼ੀ ਪਠਾਨ ਈਸੇ ਖਾਂ ਦੀ ਪ੍ਰੋੜਤਾ ਕਰਦੇ ਹੋਏ ਇਤਿਹਾਸਕਾਰ ਹਰਦੀਪ ਸਿੰਘ ਸ਼ੇਰਗਿੱਲ ਇਤਿਹਾਸਕ ਪੁਸਤਕਾਂ ਦੇ ਹਵਾਲੇ ਨਾਲ ਉਸ ਨੂੰ ਕੋਟ ਈਸੇ ਖਾਂ ਦਾ ਬਾਨੀ ਮੰਨਦੇ ਹਨ। ਇਤਿਹਾਸਕਾਰ ਐਚ ਰੋਜ਼, ਗਰਿਫਤ ਅਤੇ ਗਜ਼ਟੀਆਰ ਔਫ਼ ਪੰਜਾਬ ਵੀ ਸ਼ੇਰਗਿੱਲ ਦੇ ਕਥਨ ਦੀ ਪੁਸ਼ਟੀ ਕਰਦੇ ਹਨ। ਉਹ ਆਪਣੀ ਪ੍ਰਸਿੱਧ ਇਤਿਹਾਸਕ ਪੁਸਤਕ ‘ਜੱਟ ਕੌਮ ਤੇ ਜ਼ੀਰਾ’ ਵਿਚ ਨਿਆਜ਼ੀ ਈਸੇ ਖ਼ਾਨ ਵਲੋਂ ਕੋਟ ਈਸੇ ਖਾ ਵਿਚ ਕੀਤੇ ਉਸਾਰੀ ਦੇ ਕੰਮ ਬਾਰੇ ਲਿਖਦੇ ਹਨ ਕਿ ਕੋਟ ਈਸੇ ਖਾਂ ਨੂੰ ਵਸਾਉਣ ਸਮੇਂ ਉਸ ਨੇ ਚਾਰ ਦਰਵਾਜ਼ੇ ਰੱਖੇ ਗਏ ਵਿਚਕਾਰ ਇਕ ਚੌਕ ਸਥਾਪਿਤ ਕਰਕੇ ਸਾਰੇ ਨਗਰ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ। ਨਗਰ ਦੀ ਬਾਹਰਲੀ ਕੰਧ ਛੇ ਫੁੱਟ ਤੋਂ ਵੱਧ ਚੌੜੀ ਸੀ ਜਿਹੜੀ ਕਿ ਪੱਕੀਆਂ ਇੱਟਾਂ ਨਾਲ ਬਣਾਈ ਗਈ। ਮਜਬੂਤ ਕੰਧ ਬਣਾਉਣ ਦਾ ਮਕਸਦ ਉਸ ਇਲਾਕੇ ਵਿਚ ਮੰਝ ਰਾਜਪੂਤਾਂ ਦਾ ਜ਼ੋਰ ਫੜਨਾ ਸੀ। ਇਹ ਮੰਝ ਰਾਜਪੂਤ ਮੁਗਲ ਹਿਤੈਸ਼ੀ ਹੋਣ ਕਰਕੇ ਨਿਆਜ਼ੀ ਪਠਾਨਾਂ ਦੇ ਦੁਸ਼ਮਣ ਸਨ। ਇਕ ਹੋਰ ਪੱਖ ਵੀ ਨਿਆਜ਼ੀ ਪਠਾਨਾਂ ਦੇ ਕੋਟ ਈਸੇ ਖਾ ਦੇ ਬਾਨੀ ਹੋਣ ਦੇ ਹੱਕ ਵਿਚ ਜਾਂਦਾ ਹੈ, ਉਹ ਇਹ ਹੈ ਕਿ ਮੰਝ ਰਾਜਪੂਤਾਂ ਨੂੰ ਕੋਟ ਈਸੇ ਖ਼ਾਂ ਨਗਰ ਅਕਬਰ ਬਾਦਸ਼ਾਹ ਨੇ ਉਨ੍ਹਾਂ ਦੀਆਂ ਮੁਗਲ ਸਾਮਰਾਜ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਇਵਜ਼ ਵਿਚ ਦਿੱਤਾ। ਸੀ ਜਿਹੜਾ ਕਿ ਪਹਿਲਾਂ ਹੀ ਆਬਾਦ ਹੋ ਚੁੱਕਾ ਸੀ। ਸਾਰੇ ਸਰਕਾਰੀ ਰਿਕਾਰਡ ਅਤੇ ਇਤਿਹਾਸਕ ਤੱਥ ਨਿਆਜ਼ੀ ਪਠਾਨਾਂ ਨੂੰ ਹੀ ਕੋਟ ਈਸੇ ਖਾਂ ਦਾ ਬਾਨੀ ਮੰਨਦੇ ਹਨ।
ਮੰਝ ਮੁਸਲਮਾਨ ਰਾਜਪੂਤ
ਮੰਝ ਮੁਸਲਮਾਨ ਰਾਜਪੂਤਾਂ ਦਾ ਪਿਛੋਕੜ ਪਰਸ਼ੀਆ ਦੇਸ਼ ਨਾਲ ਜੁੜਦਾ ਹੈ। ਬਹੁ-ਚਰਚਿਤ ਨਵਾਬ ਈਸੇ ਖਾਂ ਦਾ ਦਾਦਾ ਸ਼ਾਦੀ ਖਾਂ ਅਕਬਰ ਬਾਦਸ਼ਾਹ ਦੇ ਸਮੇਂ ਪਰਸ਼ੀਆ ਤੋਂ ਭਾਰਤ ਆਇਆ ਸੀ । ਸ਼ਾਦੀ ਖਾਂ ਦਾ ਪੁੱਤਰ ਨੇਤ ਅਹਿਮਦ ਖਾਂ ਤੀਰ ਅੰਦਾਜ਼ੀ ਦਾ ਮਾਹਿਰ ਯੋਧਾ ਸੀ। ਉਸ ਨੇ ਮੁਗਲਾਂ ਦੀਆਂ ਮੁਹਿੰਮਾਂ ਵਿਚ ਸ਼ਾਹੀ ਦਰਬਾਰ ਦੀਆਂ ਫ਼ੌਜਾਂ ਵਿਚ ਅਹਿਮ ਰੋਲ ਅਦਾ ਕੀਤਾ। ਉਧਰ 1550 ਈਸਵੀ ਵਿਚ ਗਜ਼ਨੀ ਦੇ ਨਿਆਜ਼ੀ ਪਠਾਨਾਂ ਦੀ ਕਸ਼ਮੀਰ ਵਿਚ ਮੌਤ ਹੋ ਜਾਣ ਤੋਂ ਬਾਅਦ ਕੋਟ ਈਸੇ ਖਾਂ ਵਿਚ ਕਿਸੇ ਯੋਗ ਪ੍ਰਬੰਧਕ ਅਤੇ ਲੜਾਈ ਵਿਚ ਨਿਪੁੰਨ ਵਿਅਕਤੀ ਦੀ ਲੋੜ ਸੀ। ਅਕਬਰ ਬਾਦਸ਼ਾਹ ਨੇਤ ਅਹਿਮਦ ਖਾਂ ਦੀ ਤੀਰ ਅੰਦਾਜ਼ੀ ‘ਤੇ ਐਨਾ ਕਾਇਲ ਸੀ ਕਿ ਉਸ ਨੇ ਨੇਤ ਅਹਿਮਦ ਖਾਂ ਨੂੰ ਕੋਟ ਈਸੇ ਖਾਂ ਦਾ ਨਵਾਬ ਨਿਯੁਕਤ ਕਰ ਦਿੱਤਾ। ਇਤਿਹਾਸਕ ਹਵਾਲਿਆਂ ਅਤੇ ਸਰਕਾਰੀ ਗਜ਼ਟਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੇਤ ਅਹਿਮਦ ਖਾਂ ਨੇ 1558 ਈਸਵੀ ਵਿਚ ਕੋਟ ਈਸੇ ਖਾਂ ਦੀ ਨਵਾਬੀ ਸੰਭਾਲੀ। ਉਸ ਤੋਂ ਬਾਅਦ ਉਸ ਦੇ ਪੁੱਤਰ ਈਸੇ ਖਾਂ ਦਾ ਨਵਾਬ ਬਣਨਾ ਸੁਭਾਵਕ ਹੀ ਸੀ ਅਤੇ ਉਹ ਬਣ ਵੀ ਗਿਆ। ਇਸ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਮੰਝਾਂ ਨੂੰ ਕੋਟ ਈਸੇ ਖਾਂ ਦੀ ਨਵਾਬੀ ਮਿਲਣ ਤੋਂ ਪਹਿਲਾਂ ਇਹ ਨਗਰ ਪੂਰੀ ਤਰ੍ਹਾਂ ਆਬਾਦ ਸੀ ਅਤੇ ਜਨੇਰ ਇਕ ਉਜੜਿਆ ਅਤੇ ਢਹਿ-ਢੇਰੀ ਹੋਇਆ ਥੇਹ।
ਪੰਵਾਰ ਮੁਸਲਮਾਨ ਰਾਜਪੂਤ ਕਿੱਧਰ ਗਏ ?
ਪੰਵਾਰ, ਪਵਾਰ ਜਾਂ ਪਨਵਰ ਰਾਜਪੂਤ ਇਕੋ ਹੀ ਮਹੱਤਵਪੂਰਨ ਅਤੇ ਵੱਡੀ ਗਿਣਤੀ ਵਾਲੇ ਕਬੀਲੇ ਦਾ ਨਾਮ ਹੈ। ਕਿਸੇ ਸਮੇਂ ਇਹ ਹਿੰਦੂ ਰਾਜਪੂਤ ਹੀ ਸਨ। ਬਾਅਦ ਵਿਚ ਧਰਮ ਪਰਿਵਰਤਨ ਕਰਕੇ ਇਨ੍ਹਾਂ ਦੀ ਵੱਡੀ ਗਿਣਤੀ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ। ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਨ੍ਹਾਂ ਦੇ ਕੁਝ ਕਬੀਲਿਆਂ ਨੇ ਸਿੱਖ ਧਰਮ ਅਪਣਾ ਲਿਆ। ਅੱਜ ਦੀ ਘੜੀ ਪੰਵਾਰ, ਪਵਾਰ ਜਾਂ ਪਨਵਰਾਂ ਦੀ ਹਿੰਦੂ, ਮੁਸਲਮਾਨ ਅਤੇ ਸਿੱਖਾਂ ਤਿੰਨਾਂ ਧਰਮਾਂ ਵਿਚ ਹੀ ਕਾਫੀ ਗਿਣਤੀ ਹੈ।
ਇਤਿਹਾਸਕ ਤੱਥਾਂ ਅਨੁਸਾਰ ਜਨੇਰ ਵਿਚ ਪੰਵਾਰ ਬਾਰ੍ਹਵੀਂ ਸਦੀ ਵਿਚ ਆ ਕੇ ਵਸੇ ਅਤੇ 1540 ਈਸਵੀ ਵਿਚ ਗਜ਼ਨੀ ਦੇ ਨਿਆਜ਼ੀ ਪਠਾਨਾਂ ਦਾ ਜਨੇਰ ‘ਤੇ ਕਬਜ਼ਾ ਹੋ ਗਿਆ। ਇਕ ਅੰਦਾਜੇ ਅਨੁਸਾਰ ਜੇਕਰ ਪੰਵਾਰ 1140-1150 ਦੇ ਲਾਗੇ ਵੀ ਜਨੇਰ ਵਾਸੀ ਬਣੇ ਹੋਣ ਲਗਪਗ 400 ਸਾਲਾਂ ਤਕ ਇਹ ਜਨੇਰ ਵਿਚ ਵਸੇ। ਇਨ੍ਹਾਂ ਦੇ ਵਾਸ ਕਰਨ ਸਮੇਂ ਜਨੇਰ ਕੋਈ ਛੋਟਾ ਮੋਟਾ ਪਿੰਡ ਨਹੀਂ ਸਗੋਂ ਸ਼ਹਿਰ ਸੀ, ਇਸ ਕਰਕੇ ਇਨ੍ਹਾਂ ਦੀ ਆਬਾਦੀ ਵੀ ਕਾਫੀ ਹੋਵੇਗੀ। ਇਥੇ ਇਕ ਇਤਿਹਾਸਕ ਗੁੰਝਲ ਪੈਦਾ ਹੁੰਦੀ ਹੈ ਕਿ ਜਦੋਂ ਨਿਆਜ਼ੀ ਪਠਾਨਾਂ ਨੇ ਜਨੇਰ ਨੂੰ ਢਹਿ-ਢੇਰੀ ਕਰਕੇ ਕਬਜ਼ਾ ਕੀਤਾ ਹੋਵੇਗਾ ਤਾਂ ਪੰਵਾਰ ਕਿਧਰ ਗਏ। ਇਸ ਸਵਾਲ ਦਾ ਜਵਾਬ ਇਤਿਹਾਸ ਵਿਚੋਂ ਤਾਂ ਨਹੀਂ ਮਿਲਦਾ ਪਰੰਤੂ ਜਨੇਰ ਦੀ ਮੌਜੂਦਾ ਸਥਿਤੀ ਤੋਂ ਜ਼ਰੂਰ ਅੰਦਾਜਾ ਲਗਾਆਿ ਜਾ ਸਕਦਾ ਹੈ।
ਇਤਿਹਾਸ ਬਣਾਉਣ ਵਾਲੇ ਆਪ ਇਤਿਹਾਸ ਨਹੀਂ ਲਿਖਿਆ ਕਰਦੇ ਕਿਉਂਕਿ ਉਨ੍ਹਾਂ ਪਾਸ ਵਕਤ ਨਹੀਂ ਹੁੰਦਾ। ਇਤਿਹਾਸ ਤਾਂ ਘਟਨਾਕ੍ਰਮ ਵਾਪਰਨ ਤੋਂ ਬਾਅਦ ਸਮੇਂ ਦੀਆਂ ਪ੍ਰਸਿਥਤੀਆਂ ਅਤੇ ਬਾਕੀ ਬਚੇ ਸਬੂਤਾਂ ਦੇ ਆਧਾਰ ‘ਤੇ ਹੀ ਲਿਖਿਆ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਪੰਵਾਰ ਮੁਸਲਮਾਨ ਰਾਜਪੂਤਾਂ ਦੇ ਜਨੇਰ ਵਿਚ ਵਸੇਬਾ ਕਰਨ ਤੋਂ ਪਹਿਲਾਂ ਇਥੇ ਕਿਸੇ ਨਾ ਕਿਸੇ ਰੂਪ ਵਿਚ ਹਿੰਦੂ ਜਾਤੀ ਹੀ ਵਸਦੀ ਰਹੀ ਹੈ। ਜਨੇਰ ਦੇ ਪੁਨਰਵਾਸ ਦੇ ਸਮੇਂ 1760 ਈਸਵੀ ਤੋਂ 1947 ਤਕ, ਮਾਲ ਮਹਿਕਮੇ ਦੇ ਰੀਕਾਰਡ ਅਨੁਸਾਰ ਪਿੰਡ ਦੀ ਆਬਾਦੀ ਕੋਈ ਬਹੁਤ ਨਹੀਂ ਸੀ ਅਤੇ ਉਸ ਵਿਚ ਵੀ ਮੁਸਲਮਾਨ ਬਹੁਤ ਘਟ ਗਿਣਤੀ ਵਿਚ ਸਨ।
ਹੁਣ ਸਵਾਲ ਉਠਦਾ ਹੈ ਕਿ ਜਨੇਰ ਦੇ ਥੇਹ ਉਪਰੋਂ ਜਗ੍ਹਾ-ਜਗ੍ਹਾ ‘ਤੇ ਮਿਲ ਰਹੀਆਂ, ਵੱਡੀ ਗਿਣਤੀ ਵਿਚ ਕਬਰਾਂ, ਕਿਸ ਦੀਆਂ ਹਨ? ਥੋੜ੍ਹਾ ਗਹੁ ਨਾਲ ਵਿਚਾਰੀਏ ਤਾਂ ਇਨ੍ਹਾਂ ਕਬਰਾਂ ਦੀ ਬਣਤਰ ਅਤੇ ਮੁਰਦਿਆਂ ਦੇ ਫੋਸ਼ਲਜ਼ ਨਾਲ ਮਿਲ ਰਹੇ ਮਿੱਟੀ ਦੇ ਬਰਤਨ ਆਦਿ ਵੀ 1760 ਈਸਵੀ ਸਮੇਂ ਤੋਂ ਪਹਿਲਾਂ ਦੇ ਹੀ ਜਾਪਦੇ ਹਨ। ਇਨ੍ਹਾਂ ਸਬੂਤਾਂ ਤੋਂ ਇਕ ਸਾਧਾਰਣ ਬੁੱਧੀਵਾਲਾ ਇਨਸਾਨ ਵੀ ਇਸ ਨਤੀਜੇ ‘ਤੇ ਪਹੁੰਚ ਸਕਦਾ ਹੈ ਕਿ ਥਾਂ-ਥਾਂ ਬਣੇ ਹੋਏ, ਇਹ ਕਬਰਿਸਤਾਨ, ਨਿਆਜ਼ੀਆਂ ਦੀ ਕਤਲੋ ਗਾਰਦ ਦੇ ਸ਼ਿਕਾਰ ਪੰਵਾਰਾਂ ਦੇ ਹੀ ਹੋ ਸਕਦੇ ਹਨ। ਜਿਹੜੇ ਜਿਉਂਦੇ ਰਹਿਣ ਤੋਂ ਬਾਅਦ ਹੋਰਨੀਂ ਥਾਈਂ ਜਾ ਕੇ ਵਸ ਗਏ ਹੋਣਗੇ ਅਤੇ ਉਨ੍ਹਾਂ ਦੇ ਜਾਂਨਸ਼ੀਨ ਪਾਕਿਸਤਾਨ ਬਣਨ ਸਮੇਂ ਉਧਰ ਪਲਾਇਨ ਕਰ ਗਏ ਹੋਣਗੇ।
ਮੰਝ ਮੁਸਲਮਾਨ ਰਾਜਪੂਤਾਂ ਦੀ ਚੜ੍ਹਤ
1558 ਈਸਵੀ ਸਮੇਂ ਅਕਬਰ ਬਾਦਸ਼ਾਹ ਵਲੋਂ ਨੇਤ ਅਹਿਮਦ ਖਾਂ ਨੂੰ ਕੋਟ ਈਸੇ ਖਾਂ ਦਾ ਨਵਾਬ ਥਾਪੇ ਜਾਣ ਤੋਂ ਬਾਅਦ ਨਿਆਜ਼ੀ ਪਠਾਨਾਂ ਵਲੋਂ ਵਸਾਇਆ ਇਹ ਨਵੀਨਤਮ ਨਗਰ ਪੂਰਨ ਤੌਰ ‘ਤੇ ਮੰਝ ਮੁਸਲਮਾਨ ਰਾਜਪੂਤ ਦੇ ਕਬਜ਼ੇ ਵਿਚ ਆ ਗਿਆ। ਮੰਝਾਂ ਨੇ ਮੁਗਲ ਸਮਰਾਟਾਂ ਦੇ ਸਮੇਂ ਆਪਣੇ ਅਧੀਨ ਇਲਾਕੇ ਦਾ ਬਹੁਤ ਵਿਸਥਾਰ ਕੀਤਾ। ਥੋੜ੍ਹੇ ਸਮੇਂ ਵਿਚ ਹੀ ਇਨ੍ਹਾਂ ਨੇ ਆਪਣੇ ਇਲਾਕੇ ਦੀਆਂ ਹੱਦਾਂ ਵਿਚ ਜ਼ੀਰਾ, ਸ਼ਾਹਕੋਟ, ਮਲਸੀਆਂ, ਮਖੂ, ਧਰਮਕੋਟ ਅਤੇ ਧਰਮਪੁਰ ਆਦਿ ਇਲਾਕੇ ਵੀ ਸ਼ਾਮਿਲ ਕਰ ਲਏ। ਪ੍ਰਬੰਧਕੀ ਤੌਰ ‘ਤੇ ਇਹ ਸਾਰਾ ਇਲਾਕਾ ਸੂਬਾ ਸਰਹਿੰਦ ਦੇ ਅਧੀਨ ਸੀ।
ਨੇਤ ਅਹਿਮਦ ਖਾਂ ਦੀ ਮੌਤ ਤੋਂ ਬਾਅਦ ਈਸੇ ਖਾਂ ਨੂੰ ਕੋਟ ਈਸੇ ਖਾਂ ਦੀ ਨਵਾਬੀ ਮਿਲ ਗਈ। ਇਕ ਕੁਸ਼ਲ ਰਾਜ ਪ੍ਰਬੰਧਕ ਅਤੇ ਤੀਰ ਅੰਦਾਜ਼ੀ ਦੇ ਧਨੀ ਆਪਣੇ ਪਿਤਾ ਨੇਤ ਅਹਿਮਦ ਖਾਂ ਦੇ ਸੰਗ ਈਸੇ ਖਾਂ ਨੇ ਵੀ ਪਿਤਾ ਵਾਲੇ ਸਾਰੇ ਅੱਛੇ ਗੁਣ ਅਖ਼ਤਿਆਰ ਕਰ ਲਏ। ਈਸੇ ਖਾਂ ਬਹੁਤ ਦੂਰ ਅੰਦੇਸ਼ੀ ਸ਼ਾਸਕ ਸੀ ਉਸ ਨੇ ਕੋਟ ਈਸੇ ਖਾਂ ਨਗਰ ਵਿਚ ਬਹੁਤ ਸੁਧਾਰ ਕੀਤੇ। ਦਿੱਲੀ ਦਰਬਾਰ ਨੂੰ ਉਹ ਹਮੇਸ਼ਾ ਖੁਸ਼ ਰਖਦਾ ਪਰੰਤੂ ਉਸ ਦੇ ਨਾਲ ਹੀ ਉਹ ਕੋਟ ਈਸੇ ਖਾਂ ਨੂੰ ਮਜਬੂਤ ਕਰਦਾ ਰਹਿੰਦਾ ਤਾਂ ਕਿ ਲੜਾਈ ਪੱਖੋਂ ਕੋਈ ਕਮਜ਼ੋਰੀ ਨਾ ਰਹਿ ਜਾਵੇ। ਔਰੰਗਜ਼ੇਬ ਸਮੇਂ ਤਾਂ ਦਿੱਲੀ ਦਰਬਾਰ ਵਿਚ ਉਸ ਦੀ ਪੁੱਛ-ਗਿੱਛ ਹੋਰ ਵੀ ਵਧ ਗਈ। ਦਿੱਲੀ ਦਰਬਾਰ ਵਿਚ ਉਸ ਦੀ ਪੁਛ-ਗਿੱਛ ਵਧਣੀ ਵੀ ਬਣਦੀ ਸੀ ਹਾਲੀਂ ਦੋ ਕੁ ਦਹਾਕੇ ਪਹਿਲਾਂ ਹੀ ਕੋਟ ਈਸੇ ਖਾਂ ਦੇ ਦਰਵਾਜ਼ੇ ਉਪਰ ਚੜ੍ਹੀ ਹੋਈ ਲੱਕੜ ਦੀ ਲਟੈਣ ‘ਤੇ ਬਾਦਸ਼ਾਹ ਸਮਰਾਟ ਦੀ ਉਸਤਤ ਵਿਚ ਲਿਖਿਆ ਹੋਇਆ ਇਹ ਸ਼ੇਅਰ ਕੋਟ ਈਸੇ ਖਾਂ ਅਤੇ ਇਲਾਕਾ ਨਿਵਾਸ ਆਮ ਹੀ ਪੜ੍ਹਿਆ ਕਰਦੇ ਸਨ
ਐਨ ਕਮਰ ਬਲੰਦ, ਅਸਤ ਬਸੇ ਇਸਤਵਾਰ
ਦਰ ਹਿਫਜ਼ ਖੋਇਸ਼, ਖੁਦਾਇਆ ਬਜ਼ਰ
ਦਰ ਅਹਿਦ ਔਰੰਗਸ਼ਾਹ*, ਬਰਖ਼ੁਰਦਾਰ ਅਸਤ
ਨਵਾਬ ਈਸੇ ਖਾਂ, ਅਕਬਰ ਬਾਦਸ਼ਾਹ ਦੇ ਤੀਰ ਅੰਦਾਜ਼ੀ ਮਾਹਿਰ ਸੈਨਿਕ ਅਧਿਕਾਰੀ ਨੇਤ ਅਹਿਮਦ ਖਾਂ ਦਾ ਪੁੱਤਰ ਸੀ। ਉਸ ਦਾ ਅਸਲੀ ਨਾਮ ਔਰੰਗਸ਼ਾਹ ਸੀ ਪਰੰਤੂ ਕੋਟ ਈਸੇ ਖਾਂ ਦੇ ਨਵਾਬ ਬਣ ਜਾਣ ਉਪਰੰਤ ਉਸ ਦਾ ਨਾਮ ਨਵਾਬ ਈਸੇ ਖਾਂ ਪੈ ਗਿਆ। ਵੱਖ-ਵੱਖ ਸਰੋਤਾਂ ਅਤੇ ਇਤਿਹਾਸਕ ਹਵਾਲਿਆਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਈਸੇ ਖਾਂ ਬਹੁਤ ਹੀ ਸਾਹਸੀ ਅਤੇ ਹਮੇਸ਼ਾ ਕੁਝ ਕਰਨ ਲਈ ਤਤਪਰ ਰਹਿਣ ਵਾਲਾ ਇਨਸਾਨ ਸੀ। ਉਸ ਕੋਲ ਇਕ ਵੱਡੀ ਫ਼ੌਜੀ ਤਾਕਤ ਅਤੇ ਸੂਰਬੀਰ ਯੋਧੇ ਸਨ ਜਿਸ ਵਿਚ ਮੀਰਜ਼ਾਦਾ ਅਲੀ ਮੁਹੰਮਦ ਖ਼ਾਨ ਅਤੇ ਉਸ ਦੇ ਪੁੱਤਰ ਅਸਮਾਨ ਅਲੀ ਖ਼ਾਨ ਦਾ ਨਾਮ ਵਰਨਣਯੋਗ ਹੈ। ਇਕ ਹੋਰ ਅਫ਼ਗਾਨ ਸਰਦਾਰ ਜਮਲਾ ਖ਼ਾਨ ਚੋਟੀ ਦਾ ਸ਼ਾਹ ਅਸਵਾਰ ਹੋਣ ਦੇ ਨਾਤੇ ਘੋੜ ਸਵਾਰ ਰਸਾਲੇ ਦਾ ਸੈਨਾਪਤੀ ਸੀ। ਨਵਾਬ ਈਸੇ ਖਾਂ ਪਾਸ ਇਕ ਛੋਟੇ ਜਿਹੇ ਤੋਪਖ਼ਾਨੇ ਦਾ ਵੀ ਇਤਿਹਾਸ ਵਿਚ ਜ਼ਿਕਰ ਹੈ। ਬਹੁਤ ਵੱਡੀਆਂ ਇੱਛਾਵਾਂ ਰੱਖਣ ਵਾਲੇ ਇਸ ਨਵਾਬ ਨੇ ਹਿਸਾਰ ਦੇ ਸੂਬੇਦਾਰ ਸ਼ਾਹਜ਼ਾਦ ਖ਼ਾਨ, ਸੂਬਾ ਸਰਹਿੰਦ ਅਤੇ ਸੂਬਾ ਲਾਹੌਰ ਅਬਦੁਲ ਸਮੁਦ ਖ਼ਾਨ ਨਾਲ ਆਪਣੇ ਸਬੰਧ ਵਿਗਾੜ ਲਏ। ਬਹੁਤੇ ਜਾਗੀਰਦਾਰ ਅਤੇ ਮੁਨਸਬਦਾਰ ਵੀ ਉਸ ਦੇ ਹੈਂਕੜ ਭਰੇ ਰਵੱਈਏ ਤੋਂ ਦੁਖੀ ਸਨ। ਹਲਵਾਰੇ ਇਲਾਕੇ ਦੇ ਚੌਧਰੀ ਸਲਾਬਤ ਖ਼ਾਨ ਦੀ ਭੈਣ ਈਸੇ ਖ਼ਾਂ ਦੀ ਬੇਗਮ ਸੀ ਪਰੰਤੂ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਹੰਕਾਰੀ ਈਸੇ ਖ਼ਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ। ਇਸ ਨਾਲ ਉਸ ਨੇ ਹਲਵਾਰੇ ਵਾਲਿਆਂ ਦੀ ਨਰਾਜ਼ਗੀ ਵੀ ਮੁੱਲ ਲੈ ਲਈ। ਇਹ ਸਾਰੀਆਂ ਦੁਸ਼ਮਣੀਆਂ ਹੀ ਅੱਗੇ ਜਾ ਕੇ ਨਵਾਬ ਦੇ ਕਫ਼ਨ ਵਿਚ ਕਿੱਲ ਸਾਬਤ ਹੋਈਆਂ।
ਉਪਰੋਕਤ ਦੁਸ਼ਮਣੀਆਂ ਤੋਂ ਬਿਨਾਂ ਨਵਾਬ ਈਸੇ ਖਾਂ ਨੂੰ ਚਰਿੱਤਰਹੀਨ ਵੀ ਗਰਦਾਨਿਆ ਗਿਆ ਹੈ। ਉਸ ਦੀਆਂ ਰਖੇਲਾਂ ਦੀ ਲਿਸਟ ਵੀ ਬਹੁਤ ਲੰਮੀ ਸੀ। ਅੱਲੜ੍ਹ ਉਮਰ ਦੀਆਂ ਕੁੜੀਆਂ ਨੂੰ ਨਾਚ, ਗੀਤ ਆਦਿ ਦੀ ਟ੍ਰੇਨਿੰਗ ਮੁਹਈਆ ਉਹ ਕਰਵਾ ਕੇ ਰਖੇਲਾਂ ਦੇ ਰੂਪ ਵਿਚ ਦਿੱਲੀ ਦਰਬਾਰ ਦੇ ਉਚ ਅਹੁਦੇਦਾਰਾਂ ਨੂੰ ਪੇਸ਼ ਕਰਕੇ ਆਪਣੇ ਰਸੂਖ਼ ਬਣਾਉਂਦਾ। ਇਨ੍ਹਾਂ ਰਖੇਲਾਂ ਤੋਂ ਕੁਝ ਬੱਚੇ ਵੀ ਪੈਦਾ ਹੋਏ। ਉਸ ਦੀਆਂ ਰਖੇਲਾਂ ਦੇ ਬੱਚੇ ਪਾਕਿਸਤਾਨ ਬਣਨ ਤਕ ਪੀੜ੍ਹੀ ਦਰ ਪੀੜ੍ਹੀ ਕੋਟ ਈਸੇ ਖਾਂ ਵਿਖੇ ਗੁਰਬਤ ਦੀ ਜ਼ਿੰਦਗੀ ਜਿਉਂਦੇ ਰਹੇ ਜਿਨ੍ਹਾਂ ਵਿਚ ਬਹੁਤੇ ਪਾਕਿਸਤਾਨ ਚਲੇ ਗਏ।
ਨਵਾਬ ਈਸੇ ਖਾਂ ਦੇ ਹੈਂਕੜ ਸੁਭਾਅ ਅਤੇ ਗਲਤ ਸਮਾਜਿਕ ਵਤੀਰੇ ਬਾਰੇ ਇਕ ਹੋਰ ਰਵਾਇਤ ਦੀ ਜਾਣਕਾਰੀ ਮਿਲਦੀ ਹੈ। ਇਤਿਹਾਸਕਾਰ ਸ਼ੇਰਗਿੱਲ ਅਨੁਸਾਰ ਪੀੜ੍ਹੀ ਦਰ ਪੀੜ੍ਹੀ ਇਹ ਦੰਦ ਕਥਾ ਮਸ਼ਹੂਰ ਸੀ ਕਿ ਕੋਟ ਈਸੇ ਖਾਂ ਵਿਖੇ ਨਵੀਂ ਵਿਆਹੁਤਾ ਔਰਤ ਇਕ ਰੁਪਿਆ ਅਤੇ ਇਕ ਗੁੜ ਦੀ ਭੇਲੀ ਨਵਾਬ ਨੂੰ ਮੱਥਾ ਟੇਕਦੀ ਸੀ। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਈਸੇ ਖਾਂ ਦੀ ਮੌਤ ਤੋਂ ਬਾਅਦ ਉਸ ਦੇ ਵਾਰਸਾਂ ਦਾਰੇ ਖਾਂ ਅਤੇ ਮਿਹਰ ਖਾਂ ਸਮੇਂ ਵੀ ਇਹ ਪ੍ਰੰਪਰਾ ਚਲਦੀ ਰਹੀ। ਬਾਅਦ ਵਿਚ ਜਦੋਂ ਖ਼ਜ਼ਾਨਾ ਮੱਲ ਮੁਨਾਵਾਂ ਪਿੰਡ ਤੋਂ ਕੋਟ ਈਸੇ ਖਾਂ ਆ ਕੇ ਵਸਿਆ ਤਾਂ ਉਸ ਨੇ ਇਹ ਸਮਾਜੀ ਗਿਰਾਵਟ ਵਾਲੀ ਘਿਨੌਣੀ ਪ੍ਰੰਪਰਾ ਬੰਦ ਕਰਵਾਈ।
ਮੁਗਲ ਕਾਲ ਸਮੇਂ ਫ਼ੌਜੀ ਨੁਕਤੇ ਨਿਗਾਹ ਤੋਂ ਫ਼ੌਜਾਂ ਦੇ ਠਹਿਰਾ ਵਾਸਤੇ ਉਸਾਰੇ ਗਏ ਕਿਲਿਆਂ ਅਤੇ ਉੱਚੀਆਂ ਥਾਵਾਂ ਦਾ ਖ਼ਾਸ ਮਹੱਤਵ ਹੁੰਦਾ ਸੀ। ਬਰਾੜਾਂ ਦੇ ਵਡੇਰੇ ਭੁੱਲਣ ਨੇ ਕੋਟ ਈਸੇ ਖਾਂ ਨੇੜੇ ਪਿੰਡ ਕੜਿਆਲ ਵਿਚ ਇਕ ਕਿਲਾ ਉਸਾਰਿਆ ਹੋਇਆ। ਸੀ। ਬੇਸ਼ਕ ਨਵਾਬ ਈਸੇ ਖਾਂ ਨੇ ਕੋਟ ਈਸੇ ਖਾਂ ਨੂੰ ਇਕ ਕਿਲੇ ਦਾ ਰੂਪ ਦਿੱਤਾ ਹੋਇਆ ਸੀ ਅਤੇ ਜਨੇਰ ਦਾ ਥੇਹ ਉਸ ਪਾਸ ਉਚੀ ਜਗ੍ਹਾ ਵਜੋਂ ਮੌਜੂਦ ਹੁੰਦਿਆਂ ਵੀ ਪਿੰਡ ਕੜਿਆਲ ਦਾ ਕਿਲਾ ਉਸ ਦੀਆਂ ਅੱਖਾਂ ਵਿਚ ਰੜਕਦਾ ਰਹਿੰਦਾ ਜਿਹੜਾ ਕਿ ਕਿਸੇ ਸਮੇਂ ਵੀ ਉਸ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਸੀ। ਭੱਲਣ ਦੀ ਮੌਤ ਤੋਂ ਬਾਅਦ ਈਸੇ ਖਾਂ ਨੇ ਉਸ ਦੇ ਵਾਰਸਾਂ ਤੋਂ ਇਹ ਕਿਲਾ ਮੰਗਿਆ ਤਾਂ ਉਨ੍ਹਾਂ ਦੇ ਨਾਂਹ ਕਰਨ ਉਪਰੰਤ ਦੋਹਾਂ ਧਿਰਾਂ ਦੀ ਠਣ ਗਈ। ਇਥੋਂ ਹੀ ਬਰਾੜਾਂ ਅਤੇ ਨਵਾਬ ਈਸੇ ਖਾਂ ਦੀ ਦੁਸ਼ਮਣੀ ਦਾ ਮੁੱਢ ਬੱਝਿਆ।
ਅਕਬਰ ਬਾਦਸ਼ਾਹ ਦੇ ਸਮੇਂ ਦਰਿਆ ਸਤਲੁਜ ਤੋਂ ਘੱਗਰ ਨਦੀ ਤਕ ਦੇ ਇਲਾਕੇ ਨੂੰ ‘ਜੰਗਲ ਦੇਸ਼’ ਆਖਿਆ ਜਾਂਦਾ ਸੀ । ਦੋਹਾਂ ਦਰਿਆਵਾਂ ਦੇ ਕਿਨਾਰਿਆਂ ਅਤੇ ਸਤਲੁਜ ਦਰਿਆ ਨਾਲ ਬਣੀਆਂ ਢਾਬਾਂ ਨੇੜੇ ਕਾਫੀ ਲੋਕ ਵਸੇ ਹੋਏ ਸਨ। ‘ਜੰਗਲ ਦੇਸ਼’ ਬਰਾੜਾਂ ਦੇ ਵਡੇਰੇ ਪਹਿਲਾਂ ‘ਸੰਘਰ’ ਅਤੇ ਬਾਅਦ ਵਿਚ ‘ਭੱਲਣ’ ਦੇ ਕਬਜ਼ੇ ਹੇਠ ਆ ਗਿਆ। ਇਸ ਇਲਾਕੇ ਨੂੰ ਹਾਸਲ ਕਰਨ ਵਾਸਤੇ ਉਨ੍ਹਾਂ ਨੂੰ ਇਲਾਕੇ ਦੇ ਚੌਧਰੀ ਮਨਸੂਰ ਖਾਂ ਨਾਲ ਕਈ ਲੜਾਈਆਂ ਵੀ ਲੜਨੀਆਂ ਪਈਆਂ ਸਨ।
ਨਵਾਬ ਈਸੇ ਖਾਂ ਦੀ ਪ੍ਰਬਲ ਇੱਛਾ ਸੀ ਕਿ ਉਹ ਕੋਟ ਈਸੇ ਖਾਂ ਨੂੰ ਦਿੱਲੀ ਦਰਬਾਰ ਤੋਂ ਮੁਕਤ ਕਰਵਾ ਕੇ ਆਪਣੀ ਇਕ ਅਜ਼ਾਦਾਨਾ ਰਿਆਸਤ ਕਾਇਮ ਕਰ ਲਵੇ। ਆਪਣੀ ਇੱਛਾ ਪੂਰਤੀ ਲਈ ਉਹ ਦਿੱਲੀ ਦਰਬਾਰ ਦੀਆਂ ਕਮਜ਼ੋਰੀਆਂ ਨੂੰ ਹਮੇਸ਼ਾ ਭਾਂਪਦਾ ਰਹਿੰਦਾ। ਜਦੋਂ ਮਨਸੂਰ ਖਾਂ ਪਾਸੋਂ ਦਿਨ ਪ੍ਰਤੀ ਦਿਨ ਉਪਜਾਊ ਬਣ ਰਿਹਾ ‘ਜੰਗਲ ਦੇਸ਼’ ਦਾ ਇਲਾਕਾ ਬਰਾੜਾਂ ਨੇ ਖੋਹ ਲਿਆ ਤਾਂ ਉਸ ਦੇ ਮਨ ਵਿਚ ਇਹ ਇਲਾਕਾ ਹਥਿਆਉਣ ਦੀ ਮਨਸ਼ਾ ਵੀ ਜਾਗੀ। ਭੱਲਣ ਦੀ ਮੌਤ ਤੋਂ ਬਾਅਦ ਜਦੋਂ ਕਪੂਰਾ ਚੌਧਰੀ ਕੋਟਕਪੂਰੇ ਇਲਾਕੇ ਦਾ ਚੌਧਰੀ ਬਣਿਆ ਤਾਂ ਈਸੇ ਖਾਂ ਨੇ ਗੋਗੋਆਣਾ ਜ਼ਹੀਰੇ ਦੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਨਵਾਬ ਦੀ ਇਸ ਕਾਰਵਾਈ ਨੇ ਮੰਝਾਂ ਅਤੇ ਬਰਾੜਾਂ ਦੀ ਦੁਸ਼ਮਣੀ ‘ਤੇ ਬਲਦੀ ਉਪਰ ਤੇਲ ਪਾਉਣ ਦਾ ਕੰਮ ਕੀਤਾ ਕਿਉਂਕਿ 1661 ਈਸਵੀ ਸਮੇਂ ਕਪੂਰੇ ਚੌਧਰੀ ਨੇ ਜਦੋਂ ਕੋਟ ਕਪੂਰਾ ਵਸਾਇਆ ਸੀ ਤਾਂ ਗੋਗੋਆਣਾ ਜ਼ਹੀਰਾ ਉਸ ਦੇ ਰਾਜ ਦਾ ਮੁਖ ਹਿੱਸਾ ਸੀ।
ਚੌਧਰੀ ਕਪੂਰੇ ਦਾ ਧੋਖੇ ਨਾਲ ਕਤਲ
ਮੰਝ ਰਾਜਪੂਤਾਂ ਅਤੇ ਬਰਾੜਾਂ ਦੀ ਦੁਸ਼ਮਣੀ ਵਿਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਹੀ ਗਿਆ। ਆਏ ਦਿਨ ਦੋਹਾਂ ਦੀਆਂ ਫ਼ੌਜਾਂ ਵਿਚ ਝੜਪਾਂ ਹੋਣੀਆਂ ਇਕ ਆਮ ਜਿਹੀ ਗੱਲ ਹੋ ਗਈ। ਨਵਾਬ ਈਸੇ ਖਾਂ ਨੇ ਕਪੂਰੇ ਚੌਧਰੀ ਨੂੰ ਬੰਨੇ ਲਗਾ ਕੇ ਬਰਾੜਾਂ ਦਾ ਰਾਜ ਭਾਗ ਹਥਿਆਉਣ ਲਈ ਬਹੁਤ ਹੱਥਕੰਡੇ ਵਰਤੇ ਪਰੰਤੂ ਉਸ ਨੂੰ ਕਾਮਯਾਬੀ ਹਾਸਲ ਨਾ ਹੋਈ। ਰਾਜ ਚਾਲਾਂ ਦੇ ਮਾਹਰ ਈਸੇ ਖਾਂ ਨੇ ਕਪੂਰੇ ਚੌਧਰੀ ਦਾ ਕੰਡਾ ਕੱਢਣ ਲਈ ਇਕ ਰਾਜਸੀ ਤਾਣਾ-ਬਾਣਾ ਬੁਣਿਆ ਜਿਸ ਦੇ ਜਾਲ ਵਿਚ ਕਪੂਰਾ ਚੌਧਰੀ ਆਖ਼ਰ ਫਸ ਹੀ ਗਿਆ।
ਕੋਟਕਪੂਰੇ ਦਾ ਚੌਧਰੀ, ਕਪੂਰ ਸਿੰਘ ਬਰਾੜ ਜਿਸ ਨੂੰ ਇਤਿਹਾਸ ਵਿਚ ‘ਕਪੂਰਾ ਚੌਧਰੀ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਸਾਧਾਂ ਸੰਤਾਂ ਅਤੇ ਪੀਰਾਂ ਫ਼ਕੀਰਾਂ ਦੀ ਬਹੁਤ ਇੱਜ਼ਤ ਕਰਦਾ ਸੀ। ਉਹ ਦਦੀਸਾ ਪੀਰ, ਸੱਯਦ ਈਸਾ ਦਾ ਮੁਰੀਦ ਸੀ ਅਤੇ ਸਬਬ ਵਸ ਨਵਾਬ ਈਸੇ ਖਾਂ ਵੀ ਇਸੇ ਪੀਰ ਪਾਸ ਅਸ਼ੀਰਵਾਦ ਲੈਣ ਜਾਇਆ ਕਰਦਾ ਸੀ। ਨਵਾਬ ਈਸੇ ਖਾਂ ਨੇ 1709 ਈਸਵੀ ਨੂੰ ਪੀਰ ਸੱਯਦ ਈਸਾ ਰਾਹੀਂ ਰਾਜੀਨਾਮੇਂ ਦਾ ਵਾਸਤਾ ਪਾ ਕੇ ਕਪੂਰੇ ਚੌਧਰੀ ਨੂੰ ਰਾਤ ਦੇ ਖਾਣੇ ਦੀ ਦਾਹਵਤ ‘ਤੇ ਬੁਲਾ ਲਿਆ। ਲਗਪਗ 80 ਸਾਲ ਬਜ਼ੁਰਗ ਆਪਣੇ ਰਖਿਅਕ ਸੰਦਲੀ ਡੋਡ ਨਾਲ ਕੋਟ ਈਸੇ ਖਾਂ ਪਹੁੰਚ ਗਿਆ। ਕੋਟ ਈਸੇ ਖਾਂ ਪਹੁੰਚਦੇ ਹੀ ਨਵਾਬ ਈਸੇ ਖਾਂ ਨੇ ਕਪੂਰੇ ਚੌਧਰੀ ਦਾ ਕਤਲ ਕਰ ਦਿੱਤਾ।
ਕੀ ਕਪੂਰੇ ਚੌਧਰੀ ਦਾ ਕਤਲ ਜਨੇਰ ਦੇ ਥੇਹ ਉਪਰ ਹੋਇਆ
ਕਪੂਰੇ ਚੌਧਰ ਦੇ ਨਵਾਬ ਈਸੇ ਖਾਂ ਵਲੋਂ ਕਤਲ ਕੀਤੇ ਜਾਣ ਦੀ ਜਗ੍ਹਾ ਬਾਰੇ ਇਤਿਹਾਸਕਾਰਾਂ ਦੀ ਵੱਖਰੀ-ਵੱਖਰੀ ਰਾਇ ਹੈ। ਕੁਝ ਇਤਿਹਾਸਕਾਰਾਂ ਅਨੁਸਾਰ ਈਸੇ ਖਾਂ ਨੇ ਕਪੂਰੇ ਚੌਧਰੀ ਦਾ ਕਤਲ ਕਰਕੇ ਉਸ ਦੀ ਲਾਸ਼ ਪਿੰਡ ਗਲੋਟੀ ਵਾਲੇ ਦਰਵਾਜ਼ੇ ਸਾਹਮਣੇ (ਜਿੱਥੇ ਅੱਜਕਲ੍ਹ ਦਾਣਾ ਮੰਡੀ ਬਣੀ ਹੋਈ ਹੈ) ਟੰਗ ਦਿੱਤੀ, ਪਰੰਤੂ ਕੁਝ ਇਤਿਹਾਸਕਾਰਾਂ ਅਨੁਸਾਰ ਜਿਨ੍ਹਾਂ ਵਿਚ ਗੁਰਮੀਤ ਕੜਿਆਲਵੀ ਵੀ ਸ਼ਾਮਿਲ ਹੈ, ਚੌਧਰੀ ਕਪੂਰੇ ਨੂੰ ਪਿੰਡ ਜਨੇਰ ਦੇ ਥੇਹ ਉਪਰ ਕਤਲ ਕੀਤਾ ਗਿਆ। ਭਾਈ ਕਾਹਨ ਸਿੰਘ ਨਾਭਾ ਤਾਂ ਕਪੂਰੇ ਚੌਧਰੀ ਦੇ ਕਤਲ ਦਾ ਸਮਾਂ ਵੀ 1708 ਲਿਖਦਾ ਹੈ। ਘਟਨਾਵਾਂ ਦੀਆਂ ਥਾਵਾਂ ਅਤੇ ਤਰੀਕਾਂ ਵਿਚ ਤਾਂ ਅਕਸਰ ਹੀ ਇਤਿਹਾਸ ਵਿਚ ਥੋੜ੍ਹਾ ਬਹੁਤ ਫ਼ਰਕ ਆਮ ਹੀ ਦੇਖਣ ਨੂੰ ਮਿਲਦਾ ਹੈ ਪਰੰਤੂ ਇਹ ਇਕ ਇਤਿਹਾਸਕ ਸਚਾਈ ਹੈ ਕਿ ਕਪੂਰੇ ਚੌਧਰੀ ਦਾ ਕਤਲ ਨਵਾਬ ਈਸੇ ਖਾਂ ਨੇ ਹੀ ਕੀਤਾ। ਉਂਝ ਵੀ ਜਨੇਰ ਦਾ ਥੇਹ ਹੋਵੇ ਜਾਂ ਗਲੌਟੀ ਵਾਲਾ ਦਰਵਾਜ਼ਾ, ਦੋਵੇਂ ਈਸੇ ਖਾਂ ਦੇ ਰਾਜ-ਭਾਗ ਦਾ ਹਿੱਸਾ ਹੋਣ ਕਾਰਨ ਕਤਲ ਵਾਲੀ ਘਨੌਣੀ ਹਰਕਤ ਕਿਤੇ ਵੀ ਕੀਤੀ ਜਾ ਸਕਦੀ ਸੀ।
ਇਤਿਹਾਸ ਵਿਚ ਇਕ ਹੋਰ ਦੰਦ ਕਥਾ ਵੀ ਨਿਹੱਥੇ ਕਪੂਰੇ ਚੌਧਰੀ ਦੇ ਕਤਲ ਬਾਰੇ ਪ੍ਰਚਲਤ ਹੈ। ਕਹਿੰਦੇ ਹਨ ਨਵਾਬ ਈਸੇ ਖਾਂ ਦੇ ਇਸ ਗੈਰ-ਮਨੁੱਖੀ ਵਰਤਾਰੇ ਨਾਲ ਸੱਯਦ ਈਸਾ ਦਾ ਮਨ ਬਹੁਤ ਦੁਖੀ ਹੋਇਆ ਅਤੇ ਆਪਣੇ ਪ੍ਰਮ ਸੇਵਕ ਕਪੂਰੇ ਚੌਧਰੀ ਨੂੰ ਵਰ ਦਿੱਤਾ, ‘ਹੁਣ ਬਰਾੜਾਂ ਦੀ ਜੜ੍ਹ ਲਗ ਗਈ ਹੈ’। ਈਸੇ ਖਾਂ ਨੂੰ ਜਦੋਂ ਬਰਾੜਾਂ ਨੂੰ ਸੱਯਦ ਈਸਾ ਵਲੋਂ ਦਿੱਤੇ ਦਿੱਤੇ ਵਰ ਦਾ ਪਤਾ ਲੱਗਾ ਤਾਂ ਉਸ ਨੇ ਸੱਯਦ ਈਸਾ ਨੂੰ ਕਿਹਾ ‘ਤੇਰੀ ਜੜ੍ਹ ਤਾਂ ਮੇਰੇ ਪੈਰਾਂ ਵਿਚ ਹੈ।” ਪਹਿਲਾਂ ਹੀ ਦੁਖੀ ਦੀਦਾਸਾਪੀਰ ਸੱਯਦ ਖ਼ਾਨ ਨੇ ਈਸੇ ਖਾਂ ਨੂੰ ਸ਼ਰਾਫ਼ ਦੇ ਦਿੱਤਾ ਅਤੇ ਕਿਹਾ, ‘ਹੁਣ ਤੇਰੀ ਜੜ੍ਹ ਪੁੱਟੀ ਗਈ’। ਕਈ ਇਤਿਹਾਸਕਾਰ ਲਿਖਦੇ ਹਨ ਕਿ ਦੀਦਾਸਾਪੀਰ ਸੱਯਦ ਖ਼ਾਨ ਦੇ ਬਚਨ ਸੁਣ ਕੇ ਨਵਾਬ ਈਸੇ ਖਾਂ ਦਾ ਮਾਨਸਿਕ ਸੰਤੁਲਨ ਡਾਵਾਂਡੋਲ ਹੋ ਗਿਆ ਸੀ।
ਕਪੂਰ ਸਿੰਘ ਬਰਾੜ ਦੇ ਲੜਕਿਆਂ ਵਲੋਂ ਜੰਗ ਦੀ ਤਿਆਰੀ
1704 ਈਸਵੀ ਸਮੇਂ ਕਪੂਰੇ ਚੌਧਰੀ ਦੇ ਪੁਰਖਿਆਂ ‘ਸੰਘਰ’ ਅਤੇ ‘ਭੱਲਣ’ ਦੀ ਅਕਬਰ ਬਾਦਸ਼ਾਹ ਨਾਲ ਨੇੜਤਾ ਹੋਣ ਕਾਰਨ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਕਪੂਰੇ ਦੇ ਕਿਲੇ ਵਿਚ ਸ਼ਰਨ ਅਤੇ ਮਦਦ ਦੇਣ ਤੋਂ ਨਾਂਹ ਕਰ ਦਿੱਤੀ ਸੀ ਪਰੰਤੂ ਥੋੜ੍ਹੇ ਸਮੇਂ ਬਾਅਦ ਹੀ ਉਹ ਆਪਣੇ ਤਿੰਨ ਪੁੱਤਰਾਂ ਸੁਖਾਂ, ਸਾਜਾ (ਸੇਮਾਂ) ਅਤੇ ਮਖੂਆ ਨੂੰ ਨਾਲ ਲੈ ਕੇ ਗੁਰੂ ਜੀ ਦੇ ਅਨੰਨ ਭਗਤ ਸੋਢੀ ਜੀ ਦੀ ਅਗਵਾਹੀ ਵਿਚ ਉਨ੍ਹਾਂ ਦੀ ਸ਼ਰਨ ਵਿਚ ਪਹੁੰਚ ਗਿਆ। ਬਖ਼ਸ਼ਣਹਾਰ ਦਸਮ ਪਿਤਾ ਜੀ ਨੇ ਕਪੂਰੇ ਚੌਧਰੀ ਨੂੰ ਬਖ਼ਸ਼ਿਆ ਹੀ ਨਹੀਂ ਸਗੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਕਪੂਰੇ ਚੌਧਰੀ ਤੋਂ ਉਸ ਨੂੰ ਕਪੂਰ ਸਿੰਘ ਬਰਾੜ ਬਣਾ ਦਿੱਤਾ। ਉਸ ਦੇ ਤਿੰਨੇ ਲੜਕਿਆਂ ਨੇ ਵੀ ਪਰਿਵਾਰ ਸਹਿਤ ਅੰਮ੍ਰਿਤ ਛਕਿਆ। ਸੁਖਾ ਸਿੰਘ, ਸਾਜਾ ਸਿੰਘ (ਸੇਮਾਂ ਸਿੰਘ) ਅਤੇ ਮਖੂਆ ਸਿੰਘ ਨੂੰ ਆਪਣੇ ਪਿਤਾ ਦਾ ਕੋਟ ਈਸੇ ਖਾਂ ਦੇ ਨਵਾਬ ਈਸੇ ਖਾਂ ਦੇ ਤਲ ਕੀਤੇ ਜਾਣ ਦਾ ਬਹੁਤ ਦੁਖ ਹੋਇਆ ਅਤੇ ਉਨ੍ਹਾਂ ਨੇ ਵੰਗਾਰ ਦੇ ਰੂਪ ਵਿਚ ‘ਕਰੋ ਜਾਂ ਮਰੋ’ ਵਾਲੀ ਠਾਣ ਲਈ।
ਕਪੂਰ ਸਿੰਘ ਬਰਾੜ ਦੀ ਮੌਤ ਪਿਛੋਂ ਉਸ ਦਾ ਵਿਚਕਾਰਲਾ ਲੜਕਾ ਜਿਸ ਦਾ ਇਤਿਹਾਸ ਵਿਚ ਦੋ ਨਾਵਾਂ ਸਾਜਾ ਸਿੰਘ ਅਤੇ ਸੇਮਾ ਸਿੰਘ ਦੇ ਤੌਰ ‘ਤੇ ਜ਼ਿਕਰ ਆਉਂਦਾ ਹੈ ਰਿਆਸਤ ਕੋਟਕਪੂਰਾ ਦਾ ਚੌਧਰੀ ਬਣਿਆ। ਇਥੇ ਸੇਮਾ ਸਿੰਘ ਨਾਮ ਵਧੇਰੇ ਢੁਕਵਾਂ ਰਹੇਗਾ ਕਿਉਂਕਿ ਬਹੁਤੇ ਇਤਿਹਾਸਕਾਰ ਇਹ ਨਾਮ ਹੀ ਲਿਖਦੇ ਹਨ। ਕਪੂਰ ਸਿੰਘ ਦੀ ਮੌਤ ਤੋਂ ਬਾਅਦ ਈਸੇ ਖਾਂ ਬਹੁਤ ਹੰਕਾਰੀ ਹੋ ਚੁਕਾ ਸੀ। ਇਸ ਕਰਕੇ ਸੇਮਾ ਸਿੰਘ ਨੇ ਵੀ ਈਸਾ ਖਾਂ ਨਾਲ ਟਕਰਾਉਣ ਵਾਲੀ ਨੀਤੀ ਹੀ ਅਪਣਾਈ। ਮੁੰਝਾਂ ਅਤੇ ਬਰਾੜਾਂ ਦੀਆਂ ਮੁਠਭੇੜਾਂ ਤਾਂ ਆਮ ਵਰਗੀ ਗੱਲ ਹੀ ਬਣ ਗਈ। ਈਸੇ ਖਾਂ ਦੇ ਅੱਤੜ ਵਤੀਰੇ ਕਾਰਨ ਉਸ ਦੇ ਸਰਹਿੰਦ, ਲਾਹੌਰ ਅਤੇ ਸੂਬਾ ਹਿਸਾਰ ਨਾਲ ਸਬੰਧ ਹੋਰ ਵੀ ਵਿਗੜ ਗਏ, ਜਿਸ ਦਾ ਕਪੂਰ ਸਿੰਘ ਦੇ ਲੜਕਿਆਂ ਨੇ ਖ਼ੂਬ ਫ਼ਾਇਦਾ ਉਠਾਇਆ। ਸੇਮਾ ਸਿੰਘ ਅਤੇ ਹਿਸਾਰ ਦੇ ਸੂਬੇਦਾਰ ਸ਼ਾਹਦਾਦ ਖ਼ਾਨ ਨੇ ਮੀਟਿੰਗ ਕਰਕੇ ਇਕ ਯੋਜਨਾ ਬਣਾਈ ਜਿਸ ਅਨੁਸਾਰ ਉਨ੍ਹਾਂ ਨੇ ਈਸੇ ਖਾਂ ਦੇ ਵਿਰੁੱਧ ਹੋਰਨਾਂ ਇਲਾਕਿਆਂ ਤੋਂ ਵੀ ਦਿੱਲੀ ਦਰਬਾਰ ਵਿਚ ਸ਼ਿਕਾਇਤਾਂ ਕਰਵਾਈਆਂ। ਈਸੇ ਖਾਂ ਤੋਂ ਚੌਕਸ ਵੀ ਰਹਿੰਦੇ ਸਨ ਇਸ ਕਰਕੇ ਆਪਣੇ ਇਲਾਕਿਆਂ ਦਾ ਮਾਲੀਆ ਆਦਿ ਵੀ ਸਮੇਂ ਤੋਂ ਪਹਿਲਾਂ ਹੀ ਦਿੱਲੀ ਦਰਬਾਰ ਵਿਚ ਜਮ੍ਹਾ ਕਰਵਾ ਦਿੰਦੇ ਤਾਂ ਕਿ ਈਸੇ ਖਾਂ ਉਨ੍ਹਾਂ ਦੇ ਵਿਰੁੱਧ ਕੋਈ ਸ਼ਿਕਾਇਤ ਨਾ ਕਰ ਦੇਵੇ। ਸ਼ਰਦਾਦ ਖ਼ਾਨ ਦਾ ਈਸੇ ਖਾਂ ਦੇ ਵਿਰੋਧ ਵਿਚ ਇਕ ਨਿੱਜੀ ਮੁਫ਼ਾਜ਼ ਸੀ, ਕਿਉਂਕਿ ਉਸ ਦਾ ਪਿਛੋਕੜ ਕਸੂਰ ਦੇ ਪਠਾਨ ਘਰਾਣੇ ਨਾਲ ਸੀ ਅਤੇ ਪਠਾਨਾਂ ਦੀ ਕੋਟ ਈਸੇ ਖਾਂ ਦੇ ਮੰਝਾਂ ਨਾਲ ਪੁਰਾਣੀ ਦੁਸ਼ਮਣੀ ਸੀ।
ਉਸ ਸਮੇਂ ਬਾਦਸ਼ਾਹ ਫਰੁਖ਼ਸੀਅਰ ਦਿੱਲੀ ਦਰਬਾਰ ਦੇ ਸਿੰਘਾਸਨ ਉਪਰ ਬਿਰਾਜਮਾਨ ਸੀ। ਕੁਝ ਤਾਂ ਆਪਣੇ ਹੀ ਰਿਸ਼ਤੇਦਾਰਾਂ ਵਲੋਂ ਆਏ ਦਿਨ ਰਾਜ ਸਿੰਘਾਸਨ ਵਿਰੁੱਧ ਘੜੀਆਂ ਜਾ ਰਹੀਆਂ ਸਾਜਿਸ਼ਾਂ ਅਤੇ ਕੁਝ ਦੂਰ ਦੇ ਇਲਾਕਿਆਂ ਵਿਚੋਂ ਉਠ ਰਹੀਆਂ ਬਾਗ਼ੀ ਸੁਰਾਂ ਕਾਰਨ ਉਹ ਡਾਵਾਂਡੋਲ ਦਿੱਲੀ ਦਰਬਾਰ ਨੂੰ ਛੱਡ ਕੇ ਕਿਧਰੇ ਜਾਣ ਤੋਂ ਅਸਮਰਥ ਸੀ। ਸੂਬਾ ਹਿਸਾਰ, ਹੋਰਨਾਂ ਜਾਗੀਰਦਾਰਾਂ, ਮੁਨਸਫ਼ਾਂ ਅਤੇ ਚੌਧਰੀਆਂ ਦੀਆਂ ਸ਼ਿਕਾਇਤਾਂ ਨੂੰ ਅੱਖੋਂ-ਪਰੋਖੇ ਕਰਕੇ ਜਦੋਂ ਬਾਦਸ਼ਾਹ ਫਰੁਖ਼ਸੀਅਰ ਨੇ ਇਸ ਵਲ ਕੋਈ ਧਿਆਨ ਨਾ ਦਿੱਤਾ ਤਾਂ ਹਿਸਾਰ ਦਾ ਸੂਬੇਦਾਰ ਸ਼ਾਹਦਾਦ ਖ਼ਾਨ ਆਪ ਦਿੱਲੀ ਦਰਬਾਰ ਵਿਚ ਜਾ ਹਾਜ਼ਰ ਹੋਇਆ ਅਤੇ ਸਾਰੇ ਹਾਲਾਤ ਬਾਰੇ ਉਸ ਨੂੰ ਜਾਣੂ ਕਰਵਾਇਆ। ਫਰੁਖ਼ਸੀਅਰ ਨੇ ਸੂਬੇਦਾਰ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਤੁਰੰਤ ਇਹ ਹੁਕਮ ਜਾਰੀ ਕਰ ਦਿੱਤਾ ਕਿ ਸ਼ਾਹਦਾਦ ਖ਼ਾਨ ਫੌਰਨ ਲਾਹੌਰ ਤੋਂ ਸੂਬੇਦਾਰ ਅਬਦਾਲ ਸਮਦ ਖਾਂ ਦੀਆਂ ਫ਼ੌਜਾਂ ਮੰਗਵਾ ਲਵੇ ਅਤੇ ਬਰਾੜਾਂ ਦੀਆਂ ਫ਼ੌਜਾਂ ਨਾਲ ਮਿਲ ਕੇ ਕੋਟ ਈਸੇ ਖਾਂ ਉਪਰ ਚੜ੍ਹਾਈ ਕਰ ਦੇਵੇ।
‘ਨਿਆਮੀਵਾਲਾ’ ਪਿੰਡ ਵਿਚ ਬਰਾੜ ਭਾਈਚਾਰੇ ਦੀ ਮੀਟਿੰਗ ਸੇਮਾ ਸਿੰਘ ਨੇ ਪਿੰਡ ਨਿਆਮੀਵਾਲਾ ਵਿਚ ਬਰਾੜਾਂ ਦੇ ਪੁਰਖਿਆਂ, ਦੋਹਨੀ, ਨਦ, ਸੂਰਤੀਆ, ਉਗਰਾ, ਰਜਾਦਾ ਅਤੇ ਜੋਧਾ ਦੀਆਂ ਔਲਾਦਾਂ ਦੀ ਮੀਟਿੰਗ ਬੁਲਾਈ। ਇਹ ਲੋਕ ਪਿੰਡ ਭਲੂਰ, ਰਾਜਿਆਣਾ, ਚੀਦਾ, ਸੁਖਾ ਨੰਦ, ਚੰਦ, ਭੇਖਾ, ਜੈਮਲਵਾਲਾ, ਲੰਗੇਆਣਾ ਆਦਿ ਪਿੰਡਾਂ ਵਿਚ ਵਸਦੇ ਸਨ। ਕੁਝ ਕਾਰਨਾਂ ਕਰਕੇ ਰਾਮਲੇ ਦੀ ਔਲਾਦ ਵਲੋਂ ਇਸ ਮੀਟਿੰਗ ਵਿਚ ਨਾ ਆਉਣ ਅਤੇ ਲੜਾਈ ਵਿਚ ਯੋਗਦਾਨ ਨਾ ਪਾਉਣ ਦਾ ਵੀ ਜ਼ਿਕਰ ਹੈ। ਬਰਾੜ ਕਬੀਲੇ ਦੇ ਸਿਰਕਢ ਆਦਮੀਆਂ ਨੇ ਇਸ ਮੀਟਿੰਗ ਵਿਚ ਗੁਰਮਤਾ ਕਰਕੇ ਫ਼ੈਸਲਾ ਲਿਆ ਕਿ ਬਰਾੜਾਂ ਤੋਂ ਬਿਨਾਂ ਹੋਰ ਜੱਟ ਗੋਤਾਂ ਵਾਲੇ ਘੋੜ ਚੜੇ ਸਵਾਰਾਂ, ਮੰਝਾਂ ਦੇ ਵਿਰੋਧੀ ਪੰਵਾਰ ਮੁਸਲਮਾਨ ਰਾਜਪੂਤਾਂ ਅਤੇ ਹਿੰਦੂ ਭਾਈਚਾਰੇ ਤੋਂ ਵੀ ਮੱਦਦ ਲਈ ਜਾਵੇ।
ਗੁਰਮਤਾ ਕਰਨ ਤੋਂ ਬਾਅਦ ਬਰਾੜ ਭਾਈਚਾਰੇ ਦੇ ਯੋਧੇ, ਈਸੇ ਖਾਂ ਵਿਰੁੱਧ ਮੁਹਿੰਮ ਨੂੰ ਸਫ਼ਲ ਕਰਨ ਲਈ ਕੋਟ ਈਸੇ ਖਾਂ ਨੇੜੇ ਆਪਣੇ ਪੁਰਖੇ ਭੱਲਣ ਵਲੋਂ ਬਣਾਏ ਗਏ ਕੱਚੇ ਕਿਲੇ ਵਿਚ ਪਹੁੰਚ ਗਏ। ਇਕ ਕੱਚਾ ਕਿਲਾ ਮੌਜੂਦਾ ਕੜਿਆਲ ਪਿੰਡ ਤੋਂ ਕੁਝ ਦੂਰੀ ‘ਤੇ ਜਲਾਲਾਬਾਦ ਪਿੰਡ ਵਲ ਸਥਿਤ ਸੀ ਜਿਹੜਾ ਕਿ ਕੁਝ ਸਮੇਂ ਪਹਿਲਾਂ ਇਕ ਛੋਟੇ ਜਿਹੇ ਥੇਹ ਦੇ ਰੂਪ ਵਿਚ ਸੀ। ਸੂਬਾ ਹਿਸਾਰ ਅਤੇ ਲਾਹੌਰ ਦੀਆਂ ਫ਼ੌਜਾਂ ਵੀ ਇਥੇ ਹੀ ਪਹੁੰਚ ਗਈਆਂ। ਹਲਵਾਰੇ ਤੋਂ ਈਸੇ ਖਾਂ ਦਾ ਸਾਲਾ ਸਲਾਬਤ ਖ਼ਾਨ ਵੀ ਆਪਣੀ ਭੈਣ ਦਾ ਬਦਲਾ ਲੈਣ ਲਈ ਆਪਣੀ ਫ਼ੌਜ ਸਮੇਤ ਕੜਿਆਲ ਪਹੁੰਚ ਗਿਆ। ਸ਼ਾਹੀ ਫ਼ੌਜਾਂ ਦੀ ਕਮਾਨ ਸੂਬਾ ਹਿਸਾਰ ਸ਼ਾਹਦਾਦ ਖ਼ਾਨ ਦੇ ਹੱਥ ਸੀ ਅਤੇ ਬਰਾੜ ਭਾਈਚਾਰੇ ਦੀ ਕਮਾਨ ਸੇਮਾ ਸਿੰਘ ਦੇ ਹੱਥ ਸੀ।
ਸ਼ਾਹੀ ਅਤੇ ਬਰਾੜਾਂ ਦੀ ਫ਼ੌਜ ਦਾ ਕੋਟ ਈਸੇ ਖਾਂ ‘ਤੇ ਹਮਲਾ
ਦਿੱਲੀ ਦਰਬਾਰ ਨੇ ਬੇਸ਼ਕ ਸੂਬਾ ਹਿਸਾਰ ਸ਼ਾਹਦਾਦ ਖ਼ਾਨ ਨੂੰ ਬਰਾੜਾਂ ਦੀ ਮੱਦਦ ਨਾਲ ਨਵਾਬ ਈਸੇ ਖਾਂ ਨੂੰ ਸੋਧਣ ਦਾ ਹੁਕਮ ਹੋਇਆ ਸੀ, ਫੇਰ ਵੀ ਸੇਮਾ ਸਿੰਘ ਨੇ ਸ਼ਾਹਦਾਦ ਖ਼ਾਨ ਨੂੰ ਇਸ ਲਈ ਰਾਜ਼ੀ ਕਰ ਲਿਆ ਕਿ ਲੜਾਈ ਵਿਚ ਉਸ ਦੀਆਂ ਫ਼ੌਜਾਂ ਹੀ ਮੂਹਰਲੀਆਂ ਸਫ਼ਾ ਵਿਚ ਹੋਣਗੀਆਂ। ਪਿੰਡ ਕੜਿਆਲ ਵਲੋਂ ਜਦੋਂ ਬਰਾੜਾਂ ਦੀਆਂ ਫ਼ੌਜਾਂ, ਜਿਨ੍ਹਾਂ ਦੇ ਪਿੱਛੇ-ਪਿੱਛੇ ਸ਼ਾਹੀ ਫ਼ੌਜਾਂ ਸਨ, ਕੋਟ ਈਸੇ ਖਾਂ ਵਿਚ ਦਾਖ਼ਲ ਹੋਣ ਲੱਗੀਆਂ ਤਾਂ ਉਧਰੋਂ ਈਸਾ ਖਾਂ ਨੇ ਵੀ ਜੰਗੀ ਹਾਥੀ ‘ਤੇ ਸਵਾਰ ਹੋ ਕੇ ਆਪਣੇ ਘੋੜ ਸਵਾਰ ਅਤੇ ਪੈਦਲ ਫ਼ੌਜੀਆਂ ਨੂੰ ਲੜਾਉਣਾ ਸ਼ੁਰੂ ਕਰ ਦਿੱਤਾ। ਪੁਰਾਤਨ ਢੰਗ ਨਾਲ ਲੜੀ ਜਾ ਰਹੀ ਇਸ ਲੜਾਈ ਵਿਚ ਪਹਿਲੇ ਦਿਨ ਦੋਹਾਂ ਧਿਰਾਂ ਦੀਆਂ ਫ਼ੌਜਾਂ ਜਮ ਕੇ ਲੜੀਆਂ। ਸ਼ਾਮ ਤਕ ਕਿਸੇ ਵੀ ਧਿਰ ਦੇ ਪੈਰ ਉਖੜਦੇ ਨਜ਼ਰ ਨਹੀਂ ਆਏ। ਪੁਰਾਤਨ ਰਵਾਇਤਾਂ ਅਨੁਸਾਰ ਹਨ੍ਹੇਰਾ ਹੁੰਦਿਆਂ ਹੀ ਲੜਾਈ ਬੰਦ ਕਰ ਦਿੱਤੀ ਗਈ। ਜ਼ਖ਼ਮੀਆਂ ਦੀਆਂ ਮੱਲ੍ਹਮ ਪੱਟੀਆਂ ਕਰਨ ਤੋਂ ਬਾਅਦ ਮ੍ਰਿਤਕ ਦੇਹਾਂ ਦਾ ਉਨ੍ਹਾਂ ਦੇ ਧਰਮ ਅਨੁਸਾਰ ਦਾਹ ਸਸਕਾਰ ਕਰ ਦਿੱਤਾ ਗਿਆ। ਦੂਜੇ ਦਿਨ ਸਵੇਰ ਹੁੰਦਿਆਂ ਹੀ ਲੜਾਈ ਫੇਰ ਸ਼ੁਰੂ ਹੋ ਗਈ। ਸ਼ਾਮ ਤਕ ਲੜਾਈ ਫ਼ੈਸਲਾਕੁੰਨ ਨਾ ਹੋ ਸਕਣ ਕਾਰਨ ਲੜਾਈ ਦੂਜੇ ਦਿਨ ਵੀ ਰੋਕ ਦਿੱਤੀ ਗਈ।
ਲੜਾਈ ਦਾ ਤੀਜਾ ਦਿਨ 1718 ਈਸਵੇ ਦੇ ਸ਼ੁਕਰਵਾਰ ਦਾ ਦਿਨ ਸੀ। ਜੁੰਮਾਂ ਦਾ ਪਵਿੱਤਰ ਦਿਹਾੜਾ ਹੋਣ ਕਰਕੇ ਮੁਸਲਮਾਨਾਂ ਲਈ ਬਹੁਤ ਮਹੱਤਵਪੂਰਨ ਦਿਨ ਸੀ। ਸ਼ਾਹੀ ਫ਼ੌਜਾਂ ਵਿਚ ਵੀ ਬੇਸ਼ਕ ਵੱਡੀ ਗਿਣਤੀ ਵਿਚ ਮੁਸਲਮਾਨ ਸਨ ਪਰੰਤੂ ਈਸੇ ਖਾਂ ਦੀ ਤਾਂ ਸਾਰੀ ਫ਼ੌਜ ਹੀ ਮੁਸਲਮਾਨਾਂ ਦੀ ਹੋਣ ਕਰਕੇ ਉਸ ਨੇ ਆਪਣੀ ਫ਼ੌਜ ਨੂੰ ਮਰ ਮਿਟਣ ਲਈ ਕਿਹਾ। ਈਸੇ ਖਾਂ ਇਕ ਵਾਰ ਫੇਰ ਹਾਥੀ ਉਪਰ ਚੜ੍ਹ ਕੇ ਤੀਰਾਂ ਦੀ ਬੁਛਾਰ ਕਰਦਾ ਹੋਇਆ ਮੈਦਾਨੇ ਜੰਗ ਵਿਚ ਪਹੁੰਚ ਗਿਆ। ਹਿਸਾਰ ਸੂਬੇ ਦਾ ਸ਼ਾਹਦਾਦ ਖ਼ਾਨ ਘੋੜੇ ‘ਤੇ ਸਵਾਰ ਹੋ ਕੇ ਲੜ ਰਿਹਾ ਸੀ। ਅਚਾਨਕ ਉਸ ਦਾ ਮੁਕਾਬਲਾ ਈਸੇ ਖਾਂ ਦੇ ਬਹਾਦਰ ਯੋਧੇ ਜਮਾਲਾ ਖ਼ਾਨ ਨਾਲ ਹੋ ਗਿਆ ਪਰੰਤੂ ਸ਼ਾਹਦਾਦ ਖ਼ਾਨ ਭਾਰੂ ਪਿਆ ਅਤੇ ਜਮਾਲਾ ਖ਼ਾਨ ਉਥੋਂ ਖਿਸਕ ਗਿਆ।
ਨਵਾਬ ਈਸੇ ਖਾਂ ਅਤੇ ਸੇਮਾ ਸਿੰਘ ਦੀ ਫ਼ੈਸਲਾਕੁੰਨ ਨਿੱਜੀ ਲੜਾਈ ਦਾ ਵਰਨਣ ਇਤਿਹਾਸਕਾਰ ਵੱਖ-ਵੱਖ ਢੰਗ ਨਾਲ ਪੇਸ਼ ਕਰਦੇ ਹਨ ਪਰੰਤੂ ਬਹੁ-ਸੰਮਤੀ ਇਤਿਹਾਸਕਾਰਾਂ ਅਨੁਸਾਰ ਜਿਸ ਵਕਤ ਈਸੇ ਖਾਂ ਇਕ ਵਾਰ ਫੇਰ ਤੀਰਾਂ ਦੀ ਬੁਛਾਰ ਕਰਦਾ ਹੋਇਆ ਅੱਗੇ ਵਧ ਰਿਹਾ ਸੀ ਤਾਂ ਸੇਮਾ ਸਿੰਘ ਉਸ ਦੇ ਸਾਹਮਣੇ ਆ ਗਿਆ, ਈਸੇ ਖਾਂ ਨੂੰ ਦੇਖ ਕੇ ਉਹ ਲੋਹਾ ਲਾਖਾ ਹੋ ਗਿਆ ਅਤੇ ਉਸ ਦਾ ਖੂਨ ਖੌਲ ਉਠਿਆ। ਆਪਣੇ ਹਾਥੀ ਉਂਪਰ ਉਹ ਈਸੇ ਖਾਂ ਵੱਲ ਵਧਿਆ। ਬਹੁਤ ਫੁਰਤੀ ਵਰਤਦਿਆਂ ਉਸ ਨੇ ਈਸੇ ਖ਼ਾਨ ਦੇ ਹਥਵਾਨ (ਹਾਥੀ ਨੂੰ ਕੰਟਰੋਲ ਕਰਨ ਵਾਲਾ) ਦਾ ਸਿਰ ਕੱਟ ਦਿੱਤਾ ਅਤੇ ਛਾਲ ਮਾਰਕੇ ਉਹ 70 ਸਾਲਾ ਈਸੇ ਖ਼ਾਨ ਦੇ ਹੌਦੇ ਵਿਚ ਪਹੁੰਚ ਗਿਆ। ਦੋਹਾਂ ਨੇ ਇਕੋ ਸਮੇਂ ਇਕ ਦੂਜੇ ਉਪਰ ਤਲਵਾਰ ਨਾਲ ਵਾਰ ਕੀਤੇ ਪਰੰਤੂ ਸੇਮਾ ਸਿੰਘ ਨੇ ਈਸੇ ਖਾਂ ਦਾ ਸਿਰ ਕਲਮ ਕਰ ਦਿੱਤਾ। ਫ਼ਰੀਦਕੋਟ ਦੇ ਉਰਦੂ ਅੱਖਰਾਂ ਵਾਲੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਇਤਿਹਾਸਕਾਰ ਸ਼ੇਰਗਿੱਲ ਲਿਖਦੇ ਹਨ, “ਸੇਮਾ ਸਿੰਘ ਨੇ ਖੱਬੇ ਹੱਥ ਨਾਲ ਈਸੇ ਖਾਂ ਦੇ ਤਾਜ਼ਾ ਲਹੂ ਦੀ ਚੂਲੀ ਭਰ ਲਈ। ਇਸ ਭਿਆਨਕ ਸਮੇਂ ਉਸ ਨੂੰ ਉਸ ਦੇ ਸਾਥੀਆਂ ਨੇ ਈਸੇ ਖਾਂ ਦਾ ਖੂਨ ਪੀਣ ਤੋਂ ਵਰਜਿਆ। ਘੋੜੇ ਹਾਥੀ ਆਦਿ ਪੈਦਲ ਫ਼ੌਜ ਦੀਆਂ ਲੋਥਾਂ ਉਪਰੋਂ ਟੱਪ ਰਹੇ ਸਨ ਅਤੇ ਮੈਦਾਨੇ ਜੰਗ, ਲਹੂ-ਮਿਝ ਨਾਲ ਲੱਥ-ਪੱਥ ਹੋਇਆ ਪਿਆ ਸੀ। ਕਾਂ ਅਤੇ ਗਿਰਝਾਂ ਅਸਮਾਨ ਵਿਚ ਚੱਕਰ ਲਗਾ ਰਹੇ ਸਨ।” ਸੰਤ ਵਿਸਾਖਾ ਸਿੰਘ ਮਾਲਵਾ ਇਤਿਹਾਸ ਵਿਚ ਲਿਖਦੇ ਹਨ, “ਜਦੋਂ ਸੇਮਾ ਸਿੰਘ ਆਪਣੇ ਪਿਤਾ ਦੇ ਕਾਤਲ ਦਾ ਖੂਨ ਪੀਣ ਲੱਗਿਆ ਤਾਂ ਇਕ ਅੰਮ੍ਰਿਤਧਾਰੀ ਘੋੜ ਸਵਾਰ ਸਿੰਘ ਨੇ ਉਸ ਨੂੰ ਇਸ ਕੰਮ ਤੋਂ ਵਰਜਦਿਆਂ ਕਿਹਾ, ‘ਸੇਮਾ ਸਿੰਘ ਹੁਣ ਤੂੰ ਅੰਮ੍ਰਿਤਧਾਰੀ ਸਿੱਖ ਹੈਂ, ਕਿਸੇ ਦੀ ਰੱਤ ਪੀਣੀ, ਸਾਡੇ ਗੁਰੂ ਵਲੋਂ ਵਰਜਿਤ ਹੈ।’ ਤਾਂ ਕਿਤੇ ਜਾ ਕੇ ਸੇਮਾ ਸਿੰਘ ਨੇ ਖੂਨ ਦੀ ਚੂਲੀ ਸੁੱਟ ਦਿੱਤੀ।” ਨਵਾਬ ਈਸੇ ਖਾਂ ਦੀ ਫ਼ੌਜ ਭੱਜ ਗਈ ਅਤੇ ਕੁਝ ਕੁ ਨੇ ਹਥਿਆਰ ਸੁੱਟ ਦਿੱਤੇ। ਜੇਤੂ ਫ਼ੌਜ ਕੋਟ ਈਸੇ ਖਾਂ ਵਿਚ ਦਾਖ਼ਲ ਹੋ ਗਈ ਅਤੇ ਸ਼ਹਿਰ ਵਿਚ ਲੁੱਟ ਮਚਾਈ।
ਕੋਟ ਈਸੇ ਖਾਂ ਦੇ ਇਲਾਕੇ ‘ਤੇ ਬਰਾੜਾਂ ਦਾ ਕਬਜ਼ਾ
ਕੋਟ ਈਸੇ ਖਾਂ ਦੀ ਧਰਤੀ ‘ਤੇ ਲੜੀ ਗਈ ਇਹ ਇਤਿਹਾਸਕ ਲੜਾਈ ਪਿਛੋਂ ਕੋਟਕਪੂਰੇ ਵਾਲੇ ਬਰਾੜਾਂ ਦਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਸਾਰੇ ਇਲਾਕੇ ਉਪਰ ਪੂਰਨ ਰੂਪ ਵਿਚ ਕਬਜ਼ਾ ਹੋ ਗਿਆ। ਕੜਿਆਲ ਪਿੰਡ ਤਾਂ ਲੰਮੇ ਸਮੇਂ ਤੋਂ ਹੀ ਬਰਾੜਾਂ ਦੇ ਕਬਜ਼ੇ ਵਿਚ ਸੀ ਪਰੰਤੂ ਜਨੇਰ ਜਿਹੜਾ ਕਿ ਬੇਸ਼ਕ ਉਸ ਸਮੇਂ ਇਕ ਥੇਹ ਦੇ ਰੂਪ ਵਿਚ ਹੀ ਸੀ ਅਤੇ ਨੇੜਲੇ ਪਿੰਡ ਵੀ ਕੋਟਕਪੂਰਾ ਰਿਆਸਤ ਵਿਚ ਸ਼ਾਮਿਲ ਕਰ ਲਏ ਗਏ। ਸ਼ਾਹੀ ਅਤੇ ਕੋਟਕਪੂਰਾ ਰਿਆਸਤ ਦੀਆਂ ਫ਼ੌਜਾਂ ਦੋ ਦਿਨ ਈਸੇ ਖਾਂ ਵਿਖੇ ਠਹਿਰੀਆਂ। ਸ਼ਹਿਰ ਦੇ ਲੋਕ ਇਕੱਠੇ ਹੋ ਕੇ ਜੇਤੂ ਸਰਦਾਰਾਂ ਪਾਸ ਆ ਗਏ ਅਤੇ ਮਦਦ ਲਈ ਬੇਨਤੀ ਕੀਤੀ। ਸ਼ਾਹਦਾਦ ਖ਼ਾਨ ਅਤੇ ਸੇਮਾ ਸਿੰਘ ਨੇ ਸ਼ਹਿਰ ਵਾਸੀਆਂ ਦੀ ਬੇਨਤੀ ‘ਤੇ ਫ਼ੌਰੀ ਅਮਲ ਕਰਦਿਆਂ ਲੁੱਟ ਮਾਰ ਬੰਦ ਕਰਵਾ ਦਿੱਤੀ ਅਤੇ ਫ਼ੌਜਾਂ ਨੂੰ ਵਾਪਸ ਭੇਜ ਦਿੱਤਾ।
16 ਕਿ ਦਿੱਲੀ ਦਰਬਾਰ ਦੇ ਨੁਮਾਇੰਦੇ ਹਿਸਾਰ ਦੇ ਸੂਬੇਦਾਰ ਸ਼ਾਹਦਾਦ ਖ਼ਾਨ ਨੇ ਐਲਾਨ ਕਰ ਦਿੱਤਾ ਕਿ ਕੋਟ ਈਸੇ ਖਾਂ ਰਿਆਸਤ ਦਾ ਮਾਲੀਆ ਆਦਿ ਕੋਟਕਪੂਰੇ ਜਮ੍ਹਾ ਕਰਵਾਇਆ ਜਾਵੇਗਾ ਇਸ ਦੇ ਨਾਲ ਹੀ ਉਸ ਨੇ ਨਵਾਬ ਈਸੇ ਖਾਂ ਦਾ ਸਿਰ ਆਪਣੇ ਅਹਿਲਕਾਰਾਂ ਰਾਹੀਂ ਦਿੱਲੀ ਦਰਬਾਰ ਵਿਚ ਭੇਜ ਦਿੱਤਾ। ਸੇਮਾ ਸਿੰਘ ਨੂੰ ਕੋਟ ਈਸੇ ਖਾਂ ਰਿਆਸਤ ਦਾ ਚੌਧਰੀ ਥਾਪ ਕੇ ਸ਼ਾਹਦਾਦ ਖ਼ਾਨ ਵਾਪਸ ਹਿਸਾਰ ਚਲਾ ਗਿਆ। ਸੇਮਾ ਸਿੰਘ ਨੇ ਲਾਹੌਰ ਦੀਆਂ ਫ਼ੌਜਾਂ ਵਾਪਸ ਭੇਜ ਦਿੱਤੀਆਂ। ਇਸ ਫ਼ੈਸਲਾਕੁੰਨ ਲੜਾਈ ਤੋਂ ਬਾਅਦ ਵੀ ਸੇਮਾ ਸਿੰਘ ਟਿਕ ਨਹੀਂ ਸਕਿਆ। ਥੋੜ੍ਹੇ ਸਮੇਂ ਭਾਵ ਦੋ ਸਾਲ ਵਿਚ ਹੀ ਉਸ ਨੇ ਜ਼ੀਰਾ ਦਾ ਇਲਾਕਾ, ਕੜ੍ਹਮਾਂ, ਭੱਟੂ ਮੂਸਲ ਅਤੇ ਧਰਮਕੋਟ ਆਦਿ ਕਸਬੇ ਵੀ ਆਪਣੇ ਅਧੀਨ ਕਰ ਲਏ। 1720 ਈਸਵੀ ਵਿਚ ਸੇਮਾ ਸਿੰਘ ਬਰਾੜ ਦਾ ਦਿਹਾਂਤ ਹੋ ਗਿਆ।
1720 ਈਸਵੀ ਵਿਚ ਸੇਮਾ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਭਰਾ ਸੁਖੀਆ ਸਿੰਘ ਬਰਾੜ ਕੋਟਕਪੂਰਾ ਰਿਆਸਤ ਦਾ ਨਵਾਂ ਚੌਧਰੀ ਬਣਿਆ। ਉਸ ਸਮੇਂ ਦਿੱਲੀ ਦਰਬਾਰ ਵਿਚ ਮੁਹੰਮਦ ਸ਼ਾਹ ਦੀ ਬਾਦਸ਼ਾਹਤ ਸੀ। ਸੁਖੀਆ ਸਿੰਘ ਨੇ ਰਿਆਸਤ ਦੇ ਇਲਾਕੇ ਵਿਚ ਵਾਧਾ ਕਰਦੇ ਹੋਏ ਜੰਗਲ ਦੇਸ਼ ਦਾ ਕੁਝ ਹੋਰ ਇਲਾਕਾ ਜ਼ੀਰਾ ਤੇ ਮਖੂ ਵਿਚਕਾਰਲੇ ਬਹਿਕਾਂ ਅਤੇ ਕਿਲੀ ਬੋਦਲਾਂ ਦੇ ਇਲਾਕੇ ਸ਼ਾਮਿਲ ਕਰ ਲਏ। ਇਸ ਇਲਾਕੇ ਨੇੜਲੇ ਭੱਟੀਆਂ ਅਤੇ ਪਚਾਦਿਆਂ ਦੇ ਪਿੰਡ ਵੀ ਫਤਹਿ ਕਰ ਲਏ। ਸੁਖੀਆ ਸਿੰਘ ਨੇ ਮਮਦੋਟ ਇਲਾਕੇ ‘ਤੇ ਕਬਜ਼ਾ ਕਰਨ ਤੋਂ ਬਾਅਦ ਆਪਣੇ ਨਾਮ ‘ਤੇ ਪਿੰਡ ‘ਸੁਖੀਆ’ ਆਬਾਦ ਕੀਤਾ।
ਜੱਟਾਂ, ਜਾਟਾਂ ਅਤੇ ਰਾਜਪੂਤਾਂ ਵਿਚ ਸਦੀਆਂ ਤੋਂ ਚਲੀ ਆ ਰਹੀ ਭਰਾ ਮਾਰੂ ਜੰਗ ਦਾ ਅਸਰ ਕੋਟਕਪੂਰੇ ਦੇ ਬਰਾੜ ਪਰਿਵਾਰ ‘ਤੇ ਵੀ ਹੋਇਆ। ਅਸਲ ਵਿਚ ਚੌਧਰ ਦੀ ਭੁੱਖ ਤਾਂ ਕਪੂਰ ਸਿੰਘ ਦੇ ਦਿਹਾਂਤ ਹੋ ਜਾਣ ਬਾਅਦ ਹੀ ਸ਼ੁਰੂ ਹੋ ਗਈ ਸੀ ਜਦੋਂ ਸਾਰੀਆਂ ਪਰਿਵਾਰਕ ਰਵਾਇਤਾਂ ਨੂੰ ਅੱਖੋਂ ਪਰੋਖੇ ਕਰਦਿਆਂ, ਚੌਧਰ ਦੇ ਹੱਕਦਾਰ ਵੱਡੇ ਲੜਕੇ ਸੁਖੀਆ ਸਿੰਘ ਦੀ ਥਾਂ ਸੇਮਾ ਸਿੰਘ ਰਿਆਸਤ ਦਾ ਚੌਧਰੀ ਬਣ ਬੈਠਾ ਸੀ। ਨੇਕ ਦਿਲ ਅਤੇ ਧਾਰਮਿਕ ਸੋਚ ਵਾਲਾ ਧਾਰਨੀ ਸੁਖੀਆ ਸਿੰਘ ਜਦੋਂ ਸੇਮਾ ਸਿੰਘ ਦੀ ਮੌਤ ਤੋਂ ਬਾਅਦ ਰਿਆਸਤ ਦਾ ਚੌਧਰੀ ਬਣਿਆ ਤਾਂ ਸਭ ਤੋਂ ਛੋਟੇ ਮੁਖੀਆ ਸਿੰਘ ਨੇ ਬਾਗ਼ੀ ਸੁਰ ਅਪਣਾ ਲਈ ਜਿਸ ਦੀ ਮਜਬੂਰੀ ਵੱਸ ਉਸ ਨੇ ਮੁਖੀਆ ਸਿੰਘ ਨੂੰ ਦੋਦਾ, ਮੱਤਾ, ਕਾਉਣੀ ਅਤੇ ਰੋੜੀ ਆਦਿ ਦੇ ਪਿੰਡ ਦੇ ਕੇ ਅਲੱਗ ਕਰਨਾ ਪਿਆ। ਧਾਰਮਿਕ ਪ੍ਰਵਿਰਤੀ ਵਾਲਾ ਸੁਖੀਆ ਸਿੰਘ ਲੰਮਾ ਸਮਾਂ ਰਿਆਸਤ ਦੀ ਚੌਧਰ ਦਾ ਅਨੰਦ ਨਾ ਮਾਣ ਸਕਿਆ ਅਤੇ 1731 ਈਸਵੀ ਵਿਚ ਉਸ ਦਾ ਦਿਹਾਂਤ ਹੋ ਗਿਆ। ਉਸ ਸਮੇਂ ਸੁਖੀਆ ਸਿੰਘ ਦੀ ਉਮਰ ਲਗਪਗ 50 ਸਾਲ ਹੀ ਸੀ।
ਬਰਾੜਾਂ ਵਲੋਂ ‘ਕਾਦਰ ਬਖ਼ਸ਼’ ਕੋਟ ਈਸੇ ਖਾਂ ਦਾ ਅਹਿਲਕਾਰ ਨਿਯੁਕਤ
ਸੁਖੀਆ ਸਿੰਘ ਦੇ ਤਿੰਨ ਪੁੱਤਰ ਸਨ, ਜੋਧ ਸਿੰਘ, ਹਮੀਰ ਸਿੰਘ ਅਤੇ ਵੀਰ ਸਿੰਘ। ਚੌਧਰ ਵਾਲੇ ਘਰਾਣਿਆਂ ਦੀ ਚੱਲੀਆਂ ਆ ਰਹੀਆਂ ਰਵਾਇਤਾਂ ਅਨੁਸਾਰ ਸੁਖੀਆ ਸਿੰਘ ਦਾ ਵੱਡਾ ਲੜਕਾ ਜੋਧ ਸਿੰਘ ਕੋਟਕਪੂਰੇ ਦਾ ਚੌਧਰੀ ਬਣਿਆ। ਜੋਧ ਸਿੰਘ ਬਹੁਤ ਹੀ ਹੈਂਕੜ ਸੁਭਾ ਅਤੇ ਗਰਮ ਮਿਜਾਜ਼ ਦਾ ਹੋਣ ਕਾਰਨ ਉਸ ਦੀ ਆਪਣੇ ਛੋਟੇ ਭਰਾਵਾਂ ਨਾਲ ਨਹੀਂ ਸੀ ਬਣਦੀ, ਜਿਸ ਕਾਰਨ ਪਰਿਵਾਰਕ ਕਾਟੋ ਕਲੇਸ਼ ਸ਼ੁਰੂ ਹੋ ਗਿਆ। ਤਿੰਨਾਂ ਭਰਾਵਾਂ ਦੀ ਆਪਸੀ ਖਿੱਚੋਤਾਣ ਇਸ ਹੱਦ ਤਕ ਵਧ ਗਈ ਕਿ ਖਾਨਾਜੰਗੀ ਲੜਾਈ ਦਾ ਖ਼ਤਰਾ ਵਧ ਗਿਆ। ਭਰਾ ਮਾਰੂ ਜੰਗ ਦੇ ਵਿਸਫੋਟਕ ਹੋ ਜਾਣ ਦੇ ਡਰੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ. ਝੰਡਾ ਸਿੰਘ ਭੰਗੀ ਅਤੇ ਸ. ਕਰੋੜਾ ਸਿੰਘ ਆਦਿ ਜਥੇਦਾਰ ਕੋਟਕਪੂਰਾ ਪਹੁੰਚੇ। ਸਿੱਖ ਜਥੇਦਾਰਾਂ ਨੇ ਸਿੱਖ ਕੌਮ ਦੀ ਮਹਾਨ ਪਰੰਪਰਾ ਅਨੁਸਾਰ ਤਿੰਨਾਂ ਭਰਾਵਾਂ ਦੀ ਸੁਲ੍ਹਾ ਕਰਵਾ ਦਿੱਤੀ ਪਰੰਤੂ ਜਥੇਦਾਰਾਂ ਦੇ ਵਾਪਸ ਚਲੇ ਜਾਣ ਬਾਅਦ ਜਲਦੀ ਹੀ ਇਸ ਸੁਲ੍ਹਾ ਸਫ਼ਾਈ ਦਾ ਭੋਗ ਪੈ ਗਿਆ।
ਘਰੇਲੂ ਫਸਾਦਾਂ ਵਿਚ ਉਲਝੇ ਹੋਣ ਕਰਕੇ ਕੋਟਕਪੂਰਾ ਰਿਆਸਤ ਦਾ ਚੌਧਰੀ ਜੋਧ ਸਿੰਘ ਈਸੇ ਖਾਂ ਦੇ ਇਲਾਕੇ ਵੱਲ ਧਿਆਨ ਨਾ ਦੇ ਸਕਿਆ। ਇਸ ਕੋਟ ਇਲਾਕੇ ਵਿਚ ਮੁਸਲਮਾਨਾਂ ਦੀ ਸੰਘਣੀ ਵਸੋਂ ਸੀ ਅਤੇ ਉਨ੍ਹਾਂ ਵਲੋਂ ਵੀ ਬਾਗ਼ੀ ਸੁਰਾਂ ਉਭਰਨ ਲੱਗੀਆਂ। ਏਥੇ ਹੀ ਬਸ ਨਹੀਂ ਨੇੜਲੇ ਇਲਾਕੇ ਦੇ ਹੁਕਮਰਾਨ ਵੀ ਕੋਟ ਈਸੇ ਖਾਂ ਦੇ ਇਲਾਕੇ ਨੂੰ ਹੜੱਪਣ ਦੀ ਰੌਂ ਵਿਚ ਸਨ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਜੋਧ ਸਿੰਘ ਨੇ ਆਪਣੇ ਭਰੋਸੇਯੋਗ ਅਫ਼ਸਰ ‘ਕਾਦਰ ਬਖ਼ਸ਼’ ਨੂੰ ਕੋਟ ਈਸੇ ਖਾਂ ਦਾ ਅਹਿਲਕਾਰ ਨਿਯੁਕਤ ਕਰ ਦਿੱਤਾ ਜਿਹੜਾ ਕਿ 1760 ਈਸਵੀ ਤਕ ਇਸ ਇਲਾਕੇ ਦਾ ਮਾਲੀਆ ਆਦਿ ਕੋਟਕਪੂਰੇ ਜਮ੍ਹਾ ਕਰਵਾਉਂਦਾ ਰਿਹਾ।
ਏਥੇ ਵਰਨਣਯੋਗ ਹੈ ਕਿ 1760 ਈਸਵੀ ਤਕ ਕੋਟਕਪੂਰੇ ਦੇ ਕਿਸੇ ਚੌਧਰੀ ਜਾਂ ਅਹਿਲਕਾਰ ਨੇ ਥੇਹ ਰੂਪੀ ਜਨੇਰ ਦੀ ਕਿਸੇ ਨੇ ਸਾਰ ਨਾ ਲਈ।
ਆਹਲੂਵਾਲੀਆ ਮਿਸਲ ਕੋਟ ਈਸੇ ਖਾਂ ‘ਤੇ ਕਾਬਜ਼
ਸਿੱਖ ਰਾਜ ਦੇ ਮਿਸਲ-ਕਾਲ ਸਮੇਂ ਸਿੱਖਾਂ ਦੀਆਂ 12 ਮਿਸਲਾਂ ਵਿਚੋਂ ਆਹਲੂਵਾਲੀਆ ਮਿਸਲ ਦਾ ਵਿਸ਼ੇਸ਼ ਸਥਾਨ ਸੀ। ਇਸ ਮਿਸਲ ਦਾ ਪਹਿਲਾ ਜਥੇਦਾਰ ਨਵਾਬ ਕਪੂਰ ਸਿੰਘ ਵਿਰਕ ਬਣਿਆ। ਦਿੱਲੀ ਦੇ ਸਹਿਨਸ਼ਾਹ ਮੁਹੰਮਦ ਸ਼ਾਹ ਵਲੋਂ ਕਪੂਰ ਸਿੰਘ ਨੂੰ ਨਵਾਬ ਖ਼ਿਤਾਬ ਅਤੇ ਮਿਸਲ ਦਾ ਇਲਾਕਾ ਉਸ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਮੁਖ ਰਖਦੇ ਹੋਏ ਦਿੱਤਾ ਗਿਆ ਸੀ। ਨਵਾਬ ਕਪੂਰ ਸਿੰਘ ਤੋਂ ਬਾਅਦ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਇਸ ਦਾ ਮੁਖੀ ਥਾਪਿਆ ਗਿਆ ਜਿਸ ਦੀ ਅੰਸ਼ ਲੰਮਾ-ਲੰਮਾ ਕਪੂਰਥਲੇ ਦੇ ਰਾਜ ਘਰਾਣੇ ਵਜੋਂ ਵਿਚਰਦੀ ਰਹੀ।
ਜੋਧ ਸਿੰਘ ਬਰਾੜ ਵਲੋਂ ਕਾਦਰ ਬਖ਼ਸ਼ ਨੂੰ ਕੋਟ ਈਸੇ ਖਾਂ ਦਾ ਮੁਖ ਅਹਿਲਕਾਰ ਥਾਪੇ ਜਾਣ ਦੇ ਬਾਅਦ ਵੀ ਰਾਜ ਪ੍ਰਬੰਧ ਵਿਚ ਕੋਈ ਸੁਧਾਰ ਨਾ ਆਇਆ। ਸਮਾਂ ਪਾ ਕੇ ਕਾਦਰ ਬਖ਼ਸ਼ ਆਪਣੀਆਂ ਮਨ-ਮਾਨੀਆਂ ਕਰਨ ਲੱਗ ਪਿਆ। ਪਰਜਾ ਅਤੇ ਛੋਟੇ ਪੱਧਰ ਦੇ ਮੁਲਾਜ਼ਮ ਦੇ ਸਰਕਾਰ ਚਲਾਉਣ ਦੇ ਢੰਗ-ਤਰੀਕਿਆਂ ਤੋਂ ਖ਼ੁਸ਼ ਨਹੀਂ ਸਨ। ਉਸ ਦੇ ਮਾੜੇ ਪ੍ਰਬੰਧ ਅਤੇ ਵਧੀਕੀਆਂ ਦੀਆਂ ਰਿਪੋਰਟਾਂ ਜੋਧ ਸਿੰਘ ਪਾਸ ਪਹੁੰਚਦੀਆਂ ਤਾਂ ਸਨ ਪਰੰਤੂ ਉਹ ਇਨ੍ਹਾਂ ਸ਼ਿਕਾਇਤਾਂ ਵੱਲ ਧਿਆਨ ਨਾ ਦਿੰਦਾ ਅਤੇ ਸਿਰਫ਼ ਮਾਲੀਆ ਵਸੂਲੀ ਤਕ ਹੀ ਸੀਮਿਤ ਰਹਿੰਦਾ। ਘਰੇਲੂ ਝਗੜਿਆਂ ਵਿਚ ਉਲਝੇ ਰਹਿਣ ਕਰਕੇ ਜੋਧ ਸਿੰਘ ਕੋਟ ਈਸੇ ਖਾਂ ਦੇ ਇਲਾਕੇ ਵਲ ਵੀ ਘਟ ਵਧ ਹੀ ਚੱਕਰ ਮਾਰਦਾ ਸਿੱਟੇ ਵਜੋਂ ਅਮਨ ਕਾਨੂੰਨ ਦੀ ਵਿਵਸਥਾ ਵਿਚ ਹੋਰ ਵੀ ਨਿਘਾਰ ਆ ਗਿਆ।
ਜੱਸਾ ਸਿੰਘ ਆਹਲੂਵਾਲੀਆ ਨੇ ਪਹਿਲੀ ਵਾਰ 1754 ਈਸਵੀ ਸਮੇਂ ਮਸੀਤਾਂ ਪਿੰਡ ਤੋਂ ਨਵਾਬ ਕਪੂਰ ਸਿੰਘ ਨਾਲ ਸਤਲੁਜ ਦਰਿਆ ਪਾਰ ਕੀਤਾ ਜਦੋਂ ਉਹ ਇਤਿਹਾਸਕ ਪਿੰਡ ਡਰੋਲੀ ਭਾਈ ਵਿਖੇ ਮਾਤਾ ਜੀਤੋ ਜੀ ਦੇ ਰਿਸ਼ਤੇਦਾਰਾਂ ਪਾਸ ਗਏ ਸਨ। ਆਪਣੀ ਡਰੋਲੀ ਭਾਈ ਫੇਰੀ ਸਮੇਂ ਆਹਲੂਵਾਲੀਆ ਮਿਸਲ ਦੇ ਸਰਦਾਰ ਨੇ ਕੋਟ ਈਸੇ ਖਾਂ, ਜਨੇਰ ਦਾ ਥੇਹ ਅਤੇ ਨੇੜਲੇ ਇਲਾਕੇ ਦਾ ਅੱਛੀ ਤਰ੍ਹਾਂ ਸਰਵੇਖਣ ਕਰ ਲਿਆ। ਸਿੱਖ ਪੰਥ ਦੀਆਂ ਮਹਾਨ ਰਵਾਇਤਾਂ ਨੂੰ ਕਾਇਮ ਰਖਦੇ ਹੋਏ ਉਸ ਨੇ ਕੋਟ ਈਸੇ ਖਾਂ ਦੇ ਇਲਾਕੇ ਨੂੰ ਹੜੱਪਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਉਹ ਤਾਂ ਸ਼ੁਰੂ ਤੋਂ ਹੀ ਕੋਟਕਪੂਰੇ ਦੇ ਬਰਾੜਾਂ ਦੇ ਸਮਝੌਤੇ ਕਰਵਾਉਣ ਨੂੰ ਹੀ ਤਰਜੀਹ ਦਿੰਦੇ ਰਹੇ ਸਨ। ਇਤਿਹਾਸਕ ਪੁਸਤਕਾਂ ‘ਦੀ ਰਾਜਾਜ਼ ਔਫ਼ ਪੰਜਾਬ’, ‘ਹਿਸਟਰੀ ਔਫ਼ ਸਿੱਖ ਰਿਲੀਜ਼ਨ’, ‘ਤਵਾਰੀਖ਼ ਗੁਰੂ ਖ਼ਾਲਸਾ’, ਮਹਾਨ ਸ਼ਬਦ ਕੋਸ਼’ ਅਤੇ ‘ਮਾਲਵਾ ਦਾ ਇਤਿਹਾਸ’ ਨੂੰ ਪੜ੍ਹਨ ਤੋਂ ਬਾਅਦ ਸਹਿਜੇ ਹੀ ਇਸ ਨਤੀਜੇ ‘ਤੇ ਪਹੁੰਚ ਸਕਦੇ ਹਾਂ ਕਿ ਇਲਾਕੇ ਦੀ ਮੁਸਲਮਾਨ ਬਹੁ-ਗਿਣਤੀ ਵਾਲੀ ਪਰਜਾ ਅਤੇ ਛੋਟੇ ਮੁਲਾਜ਼ਮਾਂ ਦੀਆਂ ਆਏ ਦਿਨ ਸ਼ਿਕਾਇਤਾਂ ਦੇ ਕਾਰਨ ਹੀ ਜੱਸਾ ਸਿੰਘ ਆਹਲੂਵਾਲੀਆ ਨੇ ਕੋਟ ਈਸੇ ਖਾਂ ਦੇ ਇਲਾਕੇ ਨੂੰ ਆਪਣੇ ਅਧੀਨ ਕਰਨ ਦਾ ਮਨ ਬਣਾਇਆ ਹੋਵੇਗਾ।
1760 ਈਸਵੀ ਨੂੰ ਆਹਲੂਵਾਲੀਏ ਸਰਦਾਰਾਂ ਨੇ ਆਪਣੇ ਮੁਖੀ ਜੱਸਾ ਸਿੰਘ ਆਹਲੂਵਾਲੀਆ ਤੋਂ ਆਈਆਂ ਹਦਾਇਤਾਂ ਅਨੁਸਾਰ ਕੋਟ ਈਸੇ ਖਾਂ ਉਪਰ ਹਮਲਾ ਨਹੀਂ ਕੀਤਾ ਸਗੋਂ ਸ਼ਹਿਰ ਨੂੰ ਚਾਰ ਚੁਫ਼ੇਰਿਉਂ ਘੇਰਾ ਪਾ ਲਿਆ ਤਾਂ ਕਿ ਖ਼ੂਨ ਖ਼ਰਾਬੇ ਤੋਂ ਬਚਿਆ ਜਾ ਸਕੇ। ਜੋਧ ਸਿੰਘ ਬਰਾੜ ਕੋਟਕਪੂਰੇ ਵਿਚ ਹੀ ਆਪਣੀਆਂ ਪਰਿਵਾਰਕ ਉਲਝਣਾਂ ਵਿਚ ਫਸਿਆ ਹੋਇਆ ਸੀ, ਉਨ੍ਹਾਂ ਦੇ ਅਹਿਲਕਾਰ ਕਾਦਰ ਬਖ਼ਸ਼ ਨੇ ਵੀ ਵਿਦਰੋਹ ਕਰਨ ਦੀ ਬਜਾਏ ਗੱਲਬਾਤ ਕਰਨ ਤੋਂ ਬਾਅਦ ਕੋਟ ਈਸੇ ਖਾਂ ਨੂੰ ਆਹਲੂਵਾਲੀਆ ਮਿਸਲ ਦੇ ਹਵਾਲੇ ਕਰ ਦਿੱਤਾ।
ਇਸ ਤਰ੍ਹਾਂ 42 ਸਾਲਾਂ ਤੋਂ ਕੋਟ ਈਸੇ ਖਾਂ ਇਲਾਕੇ ‘ਤੇ ਚਲਿਆ ਆ ਰਿਹਾ ਕੋਟਕਪੂਰੇ ਵਾਲੇ ਬਰਾੜਾਂ ਦੇ ਰਾਜ-ਭਾਗ ਦਾ ਅੰਤ ਹੋ ਗਿਆ।
ਜੱਸਾ ਸਿੰਘ ਆਹਲੂਵਾਲੀਆ ਅਤੇ ‘ਕਿਲਾ ਜਨੇਰ’
ਆਹਲੂਵਾਲੀਆ ਮਿਸਲ ਦੇ ਸਰਦਾਰਾਂ ਵਲੋਂ ਰਿਆਸਤ ਕੋਟਕਪੂਰਾ ਦੇ ਅਹਿਲਕਾਰ ਕਾਦਰ ਬਖ਼ਸ਼ ਪਾਸੋਂ ਕੋਟ ਈਸੇ ਖਾਂ ਅਤੇ ਸਤਲੁਜ ਦਰਿਆ ਦੇ ਨਾਲ ਲਗਦਾ ਇਲਾਕਾ ਖੋਹ ਲੈਣ ਉਪਰੰਤ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੋਟ ਈਸੇ ਖਾਂ ਪਰਗਣੇ ਵਿਚ ਆਪਣੀ ਠਹਿਰ ਬਣਾਈ। ਉਸ ਨੇ ਨੇੜਲੇ ਇਲਾਕੇ ਦੇ ਹਿੰਦੂ ਅਤੇ ਹੋਰ ਵਪਾਰਕ ਪਰਿਵਾਰਾਂ ਨੂੰ ਕੋਟ ਈਸੇ ਖਾਂ ਵਿਖੇ ਵਸਣ ਲਈ ਪ੍ਰੇਰਿਆ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਕਈ ਮਹਾਜਨ ਪਰਿਵਾਰ ਅਤੇ ਵਪਾਰੀ ਜਨ ਕੋਟ ਈਸੇ ਖਾਂ ਵਿਚ ਵਸਣ ਲਈ ਤਿਆਰ ਹੋ ਗਏ। ਇਨ੍ਹਾਂ ਵਿਚੋਂ ਪ੍ਰਮੁਖ ਮਨਾਵਾਂ ਪਿੰਡ ਦਾ ਮਹਾਜਨ ਖ਼ਜ਼ਾਨਾ ਮੱਲ ਸੀ। ਉਸ ਦੇ ਕੋਟ ਈਸੇ ਖਾਂ ਵਾਸੀ ਬਣ ਜਾਣ ਉਪਰੰਤ ਉਸ ਦੇ ਭਰਾ ਹੀਰਾ ਮੱਲ ਅਤੇ ਵੀਰੂ ਮੱਲ ਵੀ ਇੱਥੇ ਆਣ ਵਸੇ।
ਜਨੇਰ ਦੇ ਆਹਲੂਵਾਲੀਆ ਮਿਸਲ ਵਿਚ ਸ਼ਾਮਿਲ ਕੀਤੇ ਜਾਣ ਸਮੇਂ ਮਾਨਵ ਜਾਤੀ ਤੋਂ ਸਖਣਾ ਇਹ ਪਿੰਡ ਥੇਹ ਦੇ ਰੂਪ ਵਿਚ ਸੀ ਪਰੰਤੂ ਯੁਧ ਦੀ ਰਣਨੀਤੀ ਅਤੇ ਯੁਧ ਸਮੇਂ ਇਸ ਦੀ ਵਰਤੋਂ ਪੱਖੋਂ ਇਹ ਬਹੁਤ ਮਹੱਤਵਪੂਰਨ ਥਾਂ ਸਿੱਧ ਹੋਈ। ਫ਼ਿਰੋਜ਼ਪੁਰ ਨੇੜੇ ਦਿੱਲੀ ਤੋਂ ਆ ਕੇ ਵਸੀ ਡੋਗਰ ਕੌਮ ਤੇ ਆਹਲੂਵਾਲੀਏ ਕਬਜ਼ਾ ਕਰਨਾ ਚਾਹੁੰਦੇ ਸਨ, ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਆਹਲੂਵਾਲੀਏ ਸਰਦਾਰਾਂ ਨੇ ਮਖੂ, ਰੋਡੇ, ਫਤਿਹਗੜ੍ਹ ਪੰਜਤੂਰ ਅਤੇ ਮੱਲਾਂਵਾਲਾ ਵਿਖੇ ਕਿਲੇ ਬਣਵਾਏ। ਕੁਝ ਦੇਰ ਬਾਅਦ ਇਸ ਤਰ੍ਹਾਂ ਦਾ ਇਕ ਕਿਲਾ ਆਹਲੂਵਾਲੀਆਂ ਨੇ ਜਨੇਰ ਵਿਚ ਬਣਵਾਇਆ ਜਿਸ ਦਾ ਨਾਮ ‘ਕਿਲਾ ਜਨੇਰ’ ਰਖਿਆ। ਕੁਝ ਇਤਿਹਾਸਕਾਰ ਇਸ ਨੂੰ ‘ਕਿਲਾ ਜਨੇਸ਼ਵਰ’ ਦਾ ਨਾਮ ਦਿੰਦੇ ਹਨ, ਜਿਹੜਾ ਕਿ ਸਰਾਸਰ ਗ਼ਲਤ ਹੈ ਕਿਉਂਕਿ ਪਿੰਡ ਜਨੇਰ ਦਾ ਨਾਮ ਜਨੇਰ ਤਾਂ ਬਾਰ੍ਹਵੀਂ ਸਦੀ ਵਿਚ ਹੀ ਰਾਜਾ ‘ਜਨ’ ਸਮੇਂ ਪੈ ਚੁੱਕਾ ਸੀ। ‘ਕਿਲਾ ਜਨੇਰ’ ਪਿੰਡ ਦੀ ਮੌਜੂਦਾ ਵਸੋਂ ਅਨੁਸਾਰ ਮਿਸਤਰੀ ਜੰਗੀਰ ਸਿੰਘ, ਬਿੱਕਰ ਸਿੰਘ ਅਤੇ ਜੀਤਾ ਸਿੰਘ ਦੇ ਘਰਾਂ ਨੇੜਲੀ ਥਾਂ ‘ਤੇ ਬਣਾਇਆ ਗਿਆ ਸੀ। ਇਸ ਥਾਂ ਦਾ ਕਾਫੀ ਉੱਚਾ ਹੋਣਾ ਵੀ ਕਿਸੇ ਸਮੇਂ ਕਿਲੇ ਦੀ ਹੋਂਦ ਬਾਰੇ ਹਾਮੀ ਭਰਦਾ ਹੈ। ਇਸ ਕਿਲੇ ਵਿਚ ਆਹਲੂਵਾਲੀਆ ਮਿਸਲ ਦੀ ਫ਼ੌਜ ਅਤੇ ਪੁਲਿਸ ਦੀ ਰਹਾਇਸ਼ ਸੀ।
ਸ. ਜੱਸਾ ਸਿੰਘ ਆਹਲੂਵਾਲੀਆ ਦਾ ਸੰਖੇਪ ਜੀਵਨ
ਸਿੱਖ ਕੌਮ ਦੇ ਜਾਂਬਾਜ਼, ਬਹਾਦਰ, ਅਣਖੀਲੇ, ਸਿੱਖੀ ਵਿਚ ਪ੍ਰਪੱਕ, ਅਣਥਕ ਯੋਧੇ ਅਤੇ ਦਿਓ ਕੱਦ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਸਬੰਧ ਪਿੰਡ ਜਨੇਰ ਨਾਲ ਪਹਿਲਾਂ ਬਰਾੜਾਂ ਦੇ ਰਾਜ-ਭਾਗ ਸਮੇਂ ਅਤੇ ਬਾਅਦ ਵਿਚ ਸ਼ਾਸਕ ਦੇ ਤੌਰ ‘ਤੇ ਰਿਹਾ ਹੈ। ਆਹਲੂਵਾਲੀਆ ਮਿਸਲ ਦੇ ਇਸ ਸਿਪਾਹ-ਸਰਦਾਰ ਅਤੇ ਕਪੂਰਥਲਾ ਰਾਜ ਘਰਾਣੇ ਦੇ ਬਾਨੀ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਕੁਝ ਲਿਖਣ ਤੋਂ ਪਹਿਲਾਂ ਪਿੰਡ ਜਨੇਰ ਦਾ ਇਤਿਹਾਸ ਅਧੂਰਾ ਹੀ ਰਹੇਗਾ। ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿਚ ਲੈ ਜਾਣ ਅਤੇ ਤਰੱਕੀ ਦੀਆਂ ਬੁਲੰਦੀਆਂ ਤਕ ਪਹੁੰਚਾਣ ਵਾਲੇ ਇਸ ਮਹਾਨ ਯੋਧੇ ਬਾਰੇ ਇਕੱਤਰ ਕੀਤੀ ਕੁਝ ਜਾਣਕਾਰੀ ਪਾਠਕਾਂ ਲਈ ਪੇਸ਼ ਕਰਦੇ ਹਾਂ।
ਸ. ਜੱਸਾ ਸਿੰਘ ਦਾ ਜਨਮ 1718 ਈਸਵੀ ਨੂੰ ਸਰਦਾਰ ਬਦਰ ਸਿੰਘ ਦੇ ਘਰ ਹੋਇਆ। ਜੱਸਾ ਸਿੰਘ ਦੀ ਮਾਤਾ ਆਹਲੂਵਾਲੀਆ ਮਿਸਲ ਦੇ ਮੋਢੀ ਸਰਦਾਰ ਬਾਘ ਸਿੰਘ ਦੀ ਭੈਣ ਸੀ। 1822 ਈਸਵੀ ਵਿਚ ਸਰਦਾਰ ਬਦਰ ਸਿੰਘ ਅਕਾਲ ਚਲਾਣਾ ਕਰ ਗਏ। ਜੱਸਾ ਸਿੰਘ ਦੇ ਮਾਤਾ ਜੀ ਉਸ ਨੂੰ ਲੈ ਕੇ ਮਾਤਾ ਸੁੰਦਰੀ ਜੀ ਪਾਸ ਦਿੱਲੀ ਵਿਖੇ ਰਹਿਣ ਲੱਗ ਪਏ ਜਿਨ੍ਹਾਂ ਦੀ ਯੋਗ ਰਹਿਨੁਮਾਈ ਵਿਚ ਬਾਲ ਜੱਸਾ ਸਿੰਘ ਨੇ ਪੰਜਾਬੀ ਅਤੇ ਉਰਦੂ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ ਅਤੇ ਬਾਅਦ ਵਿਚ ਆਪਣੀ ਮਾਤਾ ਜੀ ਨਾਲ ਦੁਤਾਰੇ ‘ਤੇ ਕੀਰਤਨ ਕਰਨਾ ਵੀ ਸਿੱਖ ਲਿਆ। 1728 ਈਸਵੀ ਵਿਚ ਸਰਦਾਰ ਬਾਘ ਸਿੰਘ ਆਪਣੀ ਭੈਣ ਅਤੇ ਭਾਣਜੇ ਨੂੰ ਪੰਜਾਬ ਲੈ ਆਇਆ। ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਤਲਵਾਰ, ਢਾਲ, ਤੀਰ ਕਮਾਨ ਅਤੇ ਭੱਥਾ ਆਦਿ ਹਥਿਆਰ ਤੋਹਫ਼ੇ ਰੂਪ ਵਿਚ ਭੇਂਟ ਕਰਕੇ ਨਿਵਾਜਿਆ।
ਪੰਜਾਬ ਪਹੁੰਚ ਕੇ ਜੱਸਾ ਸਿੰਘ ਅਤੇ ਉਸ ਦੀ ਮਾਤਾ ਪੰਥ ਦੀ ਸਤਿਕਾਰਤ ਹਸਤੀ ਨਵਾਬ ਕਪੂਰ ਸਿੰਘ ਪਾਸ ਕਰਤਾਰਪੁਰ ਰਹਿਣ ਲੱਗੇ। ਇਥੇ ਹੀ ਨਵਾਬ ਕਪੂਰ ਸਿੰਘ ਦੀ ਯੋਗ ਅਗਵਾਈ ਵਿਚ ਜੱਸਾ ਸਿੰਘ ਨੇ ਅੰਮ੍ਰਿਤਪਾਨ ਕਰਨ ਤੋਂ ਬਾਅਦ ਘੋੜਸਵਾਰੀ, ਤੀਰਅੰਦਾਜ਼ੀ ਅਤੇ ਹੋਰ ਸ਼ਾਸਤਰ ਵਿੱਦਿਆ ਹਾਸਲ ਕੀਤੀ। ਛੋਟੀ ਉਮਰ ਵਿਚ ਉਹ ਆਪਣੇ ਮਾਮੇ ਬਾਘ ਸਿੰਘ ਨਾਲ ਮੁਹਿੰਮਾਂ ‘ਤੇ ਜਾਣ ਲੱਗ ਪਿਆ। ਕੁਝ ਸਮੇਂ ਬਾਅਦ ਉਸ ਨੇ ਨਵਾਬ ਕਪੂਰ ਸਿੰਘ ਨਾਲ ਵੀ ਯੁੱਧਾਂ ਵਿਚ ਹਿੱਸਾ ਲੈ ਕੇ ਆਪਣਾ ਲੋਹਾ ਮਨਵਾਇਆ। ਸਰਦਾਰ ਜੱਸਾ ਸਿੰਘ ਸਡੌਲ, ਉੱਚੇ ਲੰਮੇ ਕੱਦ-ਕਾਠ ਵਾਲੇ ਦਰਸ਼ਨੀ ਜਵਾਨ ਸਨ। ਕਹਿੰਦੇ ਹਨ ਨਾਸ਼ਤੇ ਵਿਚ ਉਹ ਇਕ ਸੇਰ ਮੱਖਣੀ ਮਿਸ਼ਰੀ ਵਿਚ ਮਿਲਾ ਕੇ ਖਾਂਦਾ ਸੀ ਅਤੇ ਅੱਧੇ ਬੱਕਰੇ ਦਾ ਮਾਸ ਉਹ ਇਕੱਲਾ ਹੀ ਛਕ ਜਾਂਦਾ ਸੀ।
ਸਰਦਾਰ ਬਾਘ ਸਿੰਘ ਦੇ ਕੋਈ ਔਲਾਦ ਨਾ ਹੋਣ ਕਰਕੇ ਉਸ ਦੀ ਮੌਤ ਤੋਂ ਬਾਅਦ ਸਿਰਫ਼ 17 ਸਾਲ ਦੀ ਉਮਰ ਵਿਚ ਹੀ ਸ. ਜੱਸਾ ਸਿੰਘ ਨੂੰ ਆਹਲੂਵਾਲੀਆ ਮਿਸਲ ਦਾ ਮੁਖੀ ਥਾਪਿਆ ਗਿਆ। ਉਸ ਸਮੇਂ ਇਸ ਮਿਸਲ ਪਾਸ 7000 ਘੋੜ ਸਵਾਰਾਂ ਦੀ ਤਾਕਤਵਰ ਫ਼ੌਜ ਸੀ। ਆਹਲੂਵਾਲੀਆ ਮਿਸਲ ਦੇ ਮੁਖੀ ਥਾਪੇ ਜਾਣ ਉਪਰੰਤ ਜੱਸਾ ਸਿੰਘ ਦੇ ਨਾਮ ਪਿੱਛੇ ਆਹਲੂਵਾਲੀਆ ਪੱਕੇ ਤੌਰ ‘ਤੇ ਜੁੜ ਗਿਆ।
ਅਹਿਮਦ ਸ਼ਾਹ ਅਬਦਾਲੀ ਆਪਣੇ ਛੇਵੇਂ ਹਮਲੇ ਸਮੇਂ ਜਦੋਂ ਭਾਰਤ ਦੇ ਪ੍ਰਸਿੱਧ ਸ਼ਹਿਰਾਂ ਮਥਰਾ, ਬਿੰਦਰਾਬਨ ਆਦਿ ਨੂੰ ਲੁੱਟ ਕੇ ਵਾਪਸ ਜਾ ਰਿਹਾ ਸੀ ਤਾਂ ਪੰਜਾਬ ਵਿਚੋਂ ਲੰਘਣ ਸਮੇਂ ਜੱਸਾ ਸਿੰਘ ਆਹਲੂਵਾਲੀਆ ਨੇ ਦੂਜੇ ਸਿੱਖ ਜਥਿਆਂ ਦੀ ਮਦਦ ਨਾਲ ਅਹਿਮਦ ਸ਼ਾਹ ਅਬਦਾਲੀ ਨੂੰ ਲੁੱਟ ਕੇ ਖਾਲੀ ਹੱਥ ਹੀ ਘਰ ਨਹੀਂ ਭੇਜਿਆ ਸਗੋਂ ਅਦਬਾਲੀਆਂ ਦੇ ਚੁੰਗਲ ਵਿਚ ਹਿੰਦੂ ਲੜਕੀਆਂ ਛੁਡਵਾ ਕੇ ਉਨ੍ਹਾਂ ਦੇ ਘਰੀਂ ਪਹੁੰਚਾਇਆ। 1739 ਈਸਵੀ ਵਿਚ ਨਾਦਰਸ਼ਾਹ ਦੇ ਹਮਲੇ ਸਮੇਂ ਸਰਦਾਰ ਜੱਸਾ ਸਿੰਘ ਨੂੰ ਆਪਣਾ ਪਿੰਡ ਛੱਡਣਾ ਪਿਆ ਅਤੇ ਹੋਰ ਸਿੱਖ ਸਰਦਾਰਾਂ ਦੀ ਮੱਦਦ ਨਾਲ ਉਸ ਨੇ ਕਪੂਰ ਸਿੰਘ ਬਰਾੜ ਦੇ ਪੋਤਰਿਆਂ ਵਿਚਕਾਰ, ਕੋਟਕਪੂਰੇ ਦੇ ਮਕਾਮ ਤੇ ਪਰਿਵਾਰਕ ਸੁਲ੍ਹਾ ਕਰਵਾਈ ਜਿਹੜੀ ਕਿ ਲੰਮਾ ਸਮਾਂ ਨਾ ਰਹਿ ਸਕੀ।
1746 ਈਸਵੀ ਵਿਚ ਛੋਟੇ ਘੱਲੂਘਾਰੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਨੇ ਅਦੁੱਤੀ ਬਹਾਦਰੀ ਦਾ ਨਮੂਨਾ ਪੇਸ਼ ਕੀਤਾ। 1753 ਈਸਵੀ ਵਿਚ ‘ਮੀਰ ਮੰਨੂ’ ਨਾਲ ਕੋਟ ਬੁਢੇ ਦੇ ਧਰਮ ਯੁਧ ਵਿਚ ਦੋ ਹੱਥ ਕੀਤੇ। 1754 ਈਸਵੀ ਸਮੇਂ ਕੋਟ ਈਸੇ ਖਾਂ ਨੇੜੇ ਮਸੀਤਾਂ ਪਿੰਡ ਤੋਂ ਸਤਲੁਜ ਦਰਿਆ ਪਾਰ ਕਰਕੇ ਕੋਟ ਈਸੇ ਖਾਂ, ਜਨੇਰ ਅਤੇ ਖੋਸੇ ਆਦਿ ਪਿੰਡਾਂ ਤੋਂ ਹੁੰਦੇ ਹੋਏ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਰਿਸ਼ਤੇਦਾਰਾਂ ਪਾਸ ਪਿੰਡ ਡਰੋਲੀ ਭਾਈ ਪਹੁੰਚੇ। ਜਲਦੀ ਹੀ ਉਹ ਵਾਪਸ ਜਲੰਧਰ ਪਹੁੰਚੇ ਅਤੇ ਫਤਿਹਬਾਦ ਕਸਬੇ ‘ਤੇ ਕਬਜ਼ਾ ਕਰ ਲਿਆ। 1760 ਈਸਵੀ ਆਹਲੂਵਾਲੀਏ ਸਰਦਾਰਾਂ ਨੇ ਸਰਹਿੰਦ ਅਤੇ ਦਿਆਲਪੁਰ ਲੁੱਟਣ ਤੋਂ ਬਾਅਦ ਫ਼ਿਰੋਜ਼ਪੁਰ ਵਿਖੇ ਡੋਗਰ ਕੌਮ ‘ਤੇ ਕਾਬੂ ਪਾਉਣ ਲਈ ਮਖੂ, ਫਤਿਹਗੜ੍ਹ ਪੰਜਤੂਰ, ਰੋਡੇ, ਮੱਲਾਂਵਾਲਾ ਅਤੇ ਜਨੇਰ ਵਿਚ ਕਿਲੇ ਬਣਵਾਏ। ਇਸ ਸਮੇਂ ਉਸ ਨੇ ਭਦੌੜ, ਸਰਵਾਨੀਆਂ, ਜਗਰਾਉਂ ਅਤੇ ਨਰਾਇਣਗੜ੍ਹ ਦੇ ਇਲਾਕਿਆਂ ‘ਤੇ ਵੀ ਕਬਜ਼ਾ ਕਰ ਲਿਆ। 1762 ਈਸਵੀ ਵਿਚ ਸਰਦਾਰਸਿੰਘ ਦੀ ਅਗਵਾਈ ਵਿਚ ਮਿਸਲ ਦੇ ਸਰਦਾਰਾਂ ਨੇ ਜਮਨਾ ਪਾਰ ਦਾ ਇਲਾਕਾ ਲੁੱਟਣ ਤੋਂ ਬਾਅਦ, ਤਲਵੰਡੀ, ਬਲਾਚੌਰ, ਕਪੂਰਥਲਾ, ਭੰਗ, ਸਠਿਆਲਾ, ਸਰਹਾਲੀ ਅਤੇ ਨੂਰਮਹਿਲ ਦੇ ਇਲਾਕਿਆਂ ‘ਤੇ ਆਪਣੀ ਚੌਧਰ ਦੀ ਧਾਂਕ ਜਮਾਈ।
1762 ਈਸਵੀ ਵਿਚ ਵੱਡੇ ਘੱਲੂਘਾਰੇ ਸਮੇਂ ਜ਼ਿਲ੍ਹਾ ਸੰਗਰੂਰ ਵਿਚ ਕੁਪਕਲਾਂ ਦੇ ਸਥਾਨ ‘ਤੇ ਅਹਿਮਦ ਸ਼ਾਹ ਅਬਦਾਲੀ ਨਾਲ ਸਿੱਖਾਂ ਦੀ ਹੋਈ ਲੜਾਈ ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਬਹਾਦਰੀ ਦੇ ਉਹ ਜੌਹਰ ਦਿਖਾਏ ਜਿਸ ਨੂੰ ਦੇਖ ਕੇ ਅਬਦਾਲੀ ਵੀ ਦੰਗ ਰਹਿ ਗਏ। 1764 ਈਸਵੀ ਵਿਚ ਵਿਸਾਖੀ ਦੇ ਪੁਰਬ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਪੰਥ ਨੇ ਆਪ ਜੀ ਨੂੰ ‘ਨਵਾਬ’ ਦੇ ਖ਼ਿਤਾਬ ਨਾਲ ਨਿਵਾਜਿਆ। 1774 ਈਸਵੀ ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲਾ ਨੂੰ ਇਕ ਵਾਰ ਫੇਰ ਜਿੱਤ ਕੇ ਆਪਣੀ ਰਾਜਧਾਨੀ ਬਣਾਇਆ ਅਤੇ ਸਿੱਕਾ ਵੀ ਜਾਰੀ ਕੀਤਾ।
ਜੱਸਾ ਸਿੰਘ ਆਹਲੂਵਾਲੀਆ ਦਾ ਦਿਹਾਂਤ
ਆਹਲੂਵਾਲੀਆ ਮਿਸਲ ਨੂੰ ਸ਼ੁਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਵਾਲਾ ਇਹ ਨਿਧੜਕ ਯੋਧਾ ਜ਼ਿੰਦਗੀ ਦੇ ਅਖੀਰਲੇ ਵਰ੍ਹਿਆਂ ਵਿਚ ਬਿਮਾਰ ਰਹਿਣ ਕਰਕੇ ‘ਸ੍ਰੀ ਅੰਮ੍ਰਿਤਸਰ ਰਹਿਣ ਲਗ ਪਿਆ ਅਤੇ ਜ਼ਿੰਦਗੀ ਦੇ ਆਖ਼ਰੀ ਪਲ ਉਸ ਨੇ ਨਾਮ ਸਿਮਰਨ ਅਤੇ ਸਿੱਖ ਮਿਸਲਾਂ ਦੇ ਆਪਸੀ ਝਗੜੇ ਸੁਲਝਾਉਂਦਿਆਂ ਗੁਜ਼ਾਰੇ। ਸਿੱਖਾਂ ਦੀਆਂ ਬਾਰਾਂ ਮਿਸਲਾਂ ਦੇ ਇਲਾਕਿਆਂ ਦੀ ਹੱਦ-ਬੰਦੀ ਅਤੇ ਫਰਿਸ਼ਤਾਂ ਆਦਿ ਬਣਾਉਣ ਦਾ ਮਾਣ ਵੀ ਸਿੱਖ ਕੌਮ ਅਤੇ ਸਿੱਖੀ ਨੂੰ ਸਮਰਪਤ ਇਸ ਪੂਰਨ ਸਿੱਖ ਨੂੰ ਹੀ ਹੋਇਆ। ਸਿੱਖ ਕੌਮ ਦਾ ਮਹਾਨ ਜਰਨੈਲ 1784 ਈਸਵੀ ਨੂੰ 66 ਸਾਲ ਦੀ ਉਮਰ ਵਿਚ ਗੁਰੂ ਚਰਨਾਂ ਵਿਚ ਜਾ ਬਰਾਜਿਆ। ਕਹਿੰਦੇ ਹਨ, ਚੋਲਾ ਛੱਡ ਜਾਣ ਬਾਅਦ ਸਿੱਖ ਰਵਾਇਤਾਂ ਅਨੁਸਾਰ, ਉਸ ਨੂੰ ਇਸ਼ਨਾਨ ਕਰਵਾਉਣ ਸਮੇਂ ਸਿੱਖ ਸਰਦਾਰਾਂ ਨੇ ਉਸ ਦੇ ਸਰੀਰ ‘ਤੇ ਜ਼ਖ਼ਮਾਂ ਦੇ 36 ਨਿਸ਼ਾਨ ਗਿਣੇ ਸਨ।
ਸਰਦਾਰ ਭਾਗ ਸਿੰਘ ਆਹਲੂਵਾਲੀਆ
ਜੱਸਾ ਸਿੰਘ ਆਹਲੂਵਾਲੀਆ ਦੇ ਕੋਈ ਔਲਾਦ ਨਾ ਹੋਣ ਕਾਰਨ ਉਸ ਦੇ ਅਕਾਲ ਚਲਾਣੇ ਤੋਂ ਬਾਅਦ ਆਹਲੂਵਾਲੀਆ ਮਿਸਲ ਦੇ ਅਗਲੇ ਵਾਰਸ ਬਾਰੇ ਸਵਾਲੀਆ ਚਿੰਨ੍ਹ ਲੱਗਣਾ ਸੁਭਾਵਕ ਹੀ ਸੀ। ਇਤਿਹਾਸਕ ਹਵਾਲਿਆਂ ਅਨੁਸਾਰ ਮਿਸਲ ਦੇ ਸ਼ਕਤੀਸ਼ਾਲੀ ਸਰਦਾਰਾਂ ਨੇ ਆਪਸੀ ਸਹਿਮਤੀ ਬਣਾ ਕੇ ਜੱਸਾ ਸਿੰਘ ਆਹਲੂਵਾਲੀਏ ਦੇ ਚਾਚੇ ਸਰਦਾਰ ਗੁਰਬਖ਼ਸ਼ ਸਿੰਘ ਦੇ ਪੜੋਤਰੇ ਭਾਗ ਸਿੰਘ ਨੂੰ ਆਹਲੂਵਾਲੀਆ ਮਿਸਲ ਦਾ ਮੁਖੀ ਬਣਾ ਦਿੱਤਾ। ਭਾਗ ਸਿੰਘ ਆਹਲੂਵਾਲੀਆ 1784 ਈਸਵੀ 1801 ਈਸਵੀ ਤਕ ਆਹਲੂਵਾਲੀਆ ਮਿਸਲ ਦਾ ਮੁਖੀ ਰਿਹਾ। ਉਸ ਦੀਆਂ ਕੋਟ ਈਸੇ ਖਾਂ ਜਾਂ ਇਸ ਦੇ ਆਸ-ਪਾਸ ਦੀਆਂ ਖ਼ਾਸ ਰਾਜਨੀਤਕ ਗਤੀਵਿਧੀਆਂ ਦਾ ਵਰਨਣ ਨਹੀਂ ਮਿਲਦਾ। ਹਾਂ ਡੱਲੇਵਾਲੀਆ ਮਿਸਲ ਦੇ ਸਰਦਾਰਾਂ ਨਾਲ ਕੁਝ ਮੁਠਭੇੜਾਂ ਦਾ ਜ਼ਿਕਰ ਜ਼ਰੂਰ ਹੈ।
ਫਤਿਹ ਸਿੰਘ ਆਹਲੂਵਾਲੀਆ
ਆਪਣੇ ਪਿਤਾ ਭਾਗ ਸਿੰਘ ਆਹਲੂਵਾਲੀਆ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਫਤਿਹ ਸਿੰਘ ਆਹਲੂਵਾਲੀਆ ਨੂੰ ਮਿਸਲ ਦਾ ਮੁਖੀ ਥਾਪਿਆ ਗਿਆ। ਫਤਿਹ ਸਿੰਘ ਬਹੁਤ ਹੀ ਦੂਰਅੰਦੇਸ਼ੀ ਅਤੇ ਹਿੰਮਤ ਵਾਲਾ ਹੁਕਮਰਾਨ ਸੀ। ਅੰਗਰੇਜ਼ ਇਤਿਹਾਸਕਾਰ ਫਿਨ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਬੁਲੰਦੀਆਂ ‘ਤੇ ਪਹੁੰਚਣ ਵਿਚ ਫਤਿਹ ਸਿੰਘ ਦਾ ਵੱਡਾ ਯੋਗਦਾਨ ਮੰਨਦਾ ਹੈ। ਕੁਝ ਇਤਿਹਾਸਕਾਰ ਫਤਿਹ ਸਿੰਘ ਨੂੰ ਰਾਜਾ ਫਤਿਹ ਸਿੰਘ ਵੀ ਲਿਖਦੇ ਹਨ। ਥੋੜ੍ਹੇ ਸਮੇਂ ਵਿਚ ਹੀ ਇਸ ਹਿੰਮਤੀ ਯੋਧੇ ਨੇ ਸਿੱਧਵਾਂ, ਹਠੂਰ ਅਤੇ ਜਗਰਾਉਂ ਆਦਿ ਪਰਗਨੇ ਆਪਣੇ ਰਾਜ ਵਿਚ ਸ਼ਾਮਲ ਕਰ ਲਏ।
ਪ੍ਰਸਿੱਧ ਇਤਿਹਾਸਕ ਪੁਸਤਕ ‘ਦੀ ਰਾਜਾਜ਼ ਔਫ਼ ਪੰਜਾਬ’ ਅਨੁਸਾਰ ਜਦੋਂ 1809 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਸੰਧੀ ਹੋਈ ਤਾਂ ਕੋਟ ਈਸੇ ਖਾਂ ਦੇ ਇਲਾਕੇ ਅਤੇ ਜਨੇਰ ਦੇ ਕਿਲੇ ਵਿਚ ਆਹਲੂਵਾਲੀਆ ਮਿਸਲ ਦੇ 1000 ਘੋੜ ਸਵਾਰ ਹਰ ਵਕਤ ਤਿਆਰ ਰਹਿੰਦੇ ਸਨ ਅਤੇ ਕੋਟ ਈਸੇ ਖਾਂ ਸਮੇਤ 25 ਪਿੰਡ ਅਤੇ ਕਸਬੇ ਇਨ੍ਹਾਂ ਦੇ ਕਬਜ਼ੇ ਵਿਚ ਸਨ ਜਿਨ੍ਹਾਂ ਦਾ ਮਾਲੀਆ 22000 ਰੁਪਏ ਸੀ। ਇਸ ਤੋਂ ਬਿਨਾਂ ਮਖੂ ਦੇ ਇਲਾਕੇ ਵਿਚ ਵੀ 400 ਤਿਆਰ ਬਰ ਤਿਆਰ ਘੋੜ ਸਵਾਰ ਸਨ ਅਤੇ ਮਾਲੀਆ 6000 ਰੁਪਏ ਸੀ। ਉਸ ਸਮੇਂ ਫਤਿਹ ਸਿੰਘ ਦਾ ਮੁਖ ਦਫ਼ਤਰ ਜਗਰਾਉਂ ਵਿਚ ਸੀ ਜਿਸ ਦੇ ਅਧੀਨ ਲਗਪਗ 450 ਪਿੰਡ ਅਤੇ ਪਰਗਣੇ ਸ਼ਾਮਿਲ ਸਨ। ਕੁਝ ਸਮੇਂ ਬਾਅਦ ਉਸ ਨੇ ਫਤਿਹਗੜ੍ਹ ਪੰਜਤੂਰ ਅਤੇ ਧਰਮਕੋਟ ਦੇ ਇਲਾਕੇ ਵੀ ਆਪਣੇ ਅਧੀਨ ਕਰ ਲਏ। ਮਹਾਰਾਜਾ ਰਣਜੀਤ ਸਿੰਘ ਬੇਸ਼ਕ ਫਤਿਹ ਸਿੰਘ ਆਹਲੂਵਾਲੀਆ ਨੂੰ ਆਪਣਾ ਪੱਗ ਵੱਟ ਭਰਾ ਸਮਝਦਾ ਸੀ ਪਰੰਤੂ ਉਸ ਦੇ ਮਨ ਵਿਚ ਪੱਗ ਵੱਟ ਭਰਾ ਦਾ ਇਲਾਕਾ ਹੜੱਪਣ ਦੀ ਇੱਛਾ ਹਮੇਸ਼ਾ ਰਹਿੰਦੀ। ਮਾਤਾ ਜੀਤੋ ਜੀ ਦਾ ਆਹਲੂਵਾਲੀਆ ਮਿਸਲ ਨੂੰ ਆਸ਼ੀਰਵਾਦ ਹੋਣ ਕਰਕੇ ਮਹਾਰਾਜਾ ਇਸ ਮਿਸਲ ਨੂੰ ਦੂਜੀਆਂ ਸਿੱਖ ਮਿਸਲਾਂ ਵਾਂਗ ਹੜੱਪ ਤਾਂ ਨਾ ਸਕਿਆ ਪਰੰਤੂ ਕੋਝੀਆਂ ਰਾਜਨੀਤਕ ਹਰਕਤਾਂ ਤੋਂ ਫਿਰ ਵੀ ਬਾਜ ਨਾ ਆਇਆ।
1827 ਈਸਵੀ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਕ ਰਾਜਨੀਤਕ ਚਾਲ ਚੱਲੀ। ਉਸ ਨੇ ਆਹਲੂਵਾਲੀਆ ਸਰਦਾਰ ਨੂੰ ਬੁਲਾ ਕੇ ਧਰਮਕੋਟ ਦਾ ਇਲਾਕਾ ਇਹ ਆਖ ਕੇ ਲੈ ਲਿਆ ਕਿ ਉਸ ਨੂੰ ਅੰਗਰੇਜ਼ਾਂ ਨਾਲ ਹੋਣ ਵਾਲੀ ਲੜਾਈ ਵਿਚ ਦਰਿਆ ਦਾ ਇਲਾਕਾ, ਲੜਾਈ ਪੱਖੋਂ ਬਹੁਤ ਮਹੱਤਵਪੂਰਨ ਹੈ ਜਦੋਂ 1809 ਈਸਵੀ ਵਿਚ ਤਾਂ ਮਹਾਰਾਜੇ ਦੀ ਅੰਗਰੇਜ਼ਾਂ ਨਾਲ ਸੰਧੀ ਵੀ ਹੋ ਗਈ ਸੀ। ਦੂਰ ਅੰਦੇਸ਼ੀ ਫਤਿਹ ਸਿੰਘ ਮਹਾਰਾਜੇ ਦੀ ਰਗ-ਰਗ ਦਾ ਵਾਕਫ਼ ਸੀ। ਉਸ ਨੇ ਪਹਿਲਾਂ ਹੀ ਆਪਣੀ ਰਾਜ ਸੱਤਾ ਦੇ ਕੰਟਰੋਲ ਵਾਸਤੇ ਕਪੂਰਥਲਾ ਅਤੇ ਜਗਰਾਉਂ ਦੋ ਵੱਖਰੇ-ਵੱਖਰੇ ਕੇਂਦਰ ਬਣਾਏ ਹੋਏ ਸਨ। ਕਪੂਰਥਲਾ ਮਹਾਰਾਜੇ ਦੀ ਮਾਰ ਹੇਠ ਹੋਣ ਕਰਕੇ ਉਹ ਆਪਣੀਆਂ ਰਾਜਨੀਤਕ ਗਤੀਵਿਧੀਆਂ ਆਮ ਤੌਰ ‘ਤੇ ਜਗਰਾਉਂ ਵਾਲੇ ਕੇਂਦਰ ਤੋਂ ਹੀ ਕੰਟਰੋਲ ਕਰਦਾ ਕਿਉਂਕਿ ਜਗਰਾਉਂ ਦਾ ਇਲਾਕਾ ਅੰਗਰੇਜ਼ਾਂ ਦੇ ਅਧੀਨ ਹੋਣ ਕਰਕੇ ਮਹਾਰਾਜੇ ਦੀ ਮਾਰ ਤੋਂ ਬਾਹਰ ਸੀ। ਫਤਿਹ ਸਿੰਘ ਆਹਲੂਵਾਲੀਆ ਦਾ 1836 ਈਸਵੀ ਵਿਚ ਦਿਹਾਂਤ ਹੋ ਗਿਆ ਪਰੰਤੂ ਇਤਿਹਾਸਕਾਰਾਂ ਅਨੁਸਾਰ ਉਹ ਆਪਣੇ ਨਾਮ ਅੱਗੇ ਰਾਜਾ ਸ਼ਬਦ ਦਾ ਪ੍ਰਯੋਗ ਕਰਨ ਲੱਗ ਪਿਆ ਸੀ ਅਤੇ ਆਪਣੇ ਲੜਕੇ ਨਿਹਾਲ ਸਿੰਘ ਨੂੰ ਵੀ ਇਹ ਪ੍ਰਥਾ ਜਾਰੀ ਰੱਖਣ ਦੀਆਂ ਹਦਾਇਤਾਂ ਦੇ ਗਿਆ ਸੀ।
ਜਨੇਰ ਅਤੇ ਕੋਟ ਈਸੇ ਖਾਂ ਦਾ ਆਖ਼ਰੀ ਸ਼ਾਸਕ ਰਾਜਾ ਨਿਹਾਲ ਸਿੰਘ ਆਹਲੂਵਾਲੀਆ
ਆਪਣੇ ਪਿਤਾ ਰਾਜਾ ਫਤਿਹ ਸਿੰਘ ਆਹਲੂਵਾਲੀਆ ਦੀਆਂ ਹਦਾਇਤਾਂ ‘ਤੇ ਫੁਲ ਚੜ੍ਹਾਉਂਦੇ ਹੋਏ ਨਿਹਾਲ ਸਿੰਘ ਨੇ ਆਪਣੇ ਨਾਮ ਅੱਗੇ ‘ਰਾਜਾ’ ਸ਼ਬਦ ਜੋੜ ਕੇ ਰਾਜਾ ਨਿਹਾਲ ਸਿੰਘ ਆਹਲੂਵਾਲੀਆ ਦੇ ਤੌਰ ‘ਤੇ ਆਹਲੂਵਾਲੀਆ ਮਿਸਲ ਦੇ ਸ਼ਾਸਕ ਵਜੋਂ ਰਾਜ-ਭਾਗ ਸੰਭਾਲਿਆ। ਇਨ੍ਹਾਂ ਦਿਨਾਂ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਆਹਲੂਵਾਲੀਆ ਦੇ ਸਬੰਧ ਬਹੁਤ ਵਿਗੜ ਚੁੱਕੇ ਸਨ। ਇਕ ਹੋਰ ਰਾਜਸੀ ਘਟਨਾ ਨੇ ਤਾਂ ਇਨ੍ਹਾਂ ਵਿਗੜੇ ਸਬੰਧਾਂ ਦੇ ਮੁਆਮਲੇ ਵਿਚ ਬਲਦੀ ਉਪਰ ਤੇਲ ਦਾ ਕੰਮ ਕੀਤਾ।
ਭਾਰਤ ਦੀ ਅੰਗਰੇਜ਼ ਸਰਕਾਰ ਦਾ ਵਾਇਸਰਾਏ ਲਾਰਡ ਆਕਲੈਂਡ ਇਨ੍ਹਾਂ ਦਿਨਾਂ ਵਿਚ ਪੰਜਾਬ ਦਾ ਦੌਰਾ ਕਰ ਰਿਹਾ ਸੀ। ਨਿਹਾਲ ਸਿੰਘ ਆਹਲੂਵਾਲੀਆ ਨੇ ਉਸ ਦੀ ਯਾਤਰਾ ਨੂੰ ਸਫ਼ਲ ਬਣਾਉਣ ਵਾਸਤੇ ਮਖੂ ਦੇ ਨੇੜੇ ਸਤਲੁਜ ਦਰਿਆ ਉਪਰ ਇਕ ਸ਼ਾਨਦਾਰ ਪੁਲ ਬਣਵਾਇਆ ਅਤੇ ਇਕ ਆਜ਼ਾਦ ‘ਰਾਜਾ’ ਦੀ ਹੈਸੀਅਤ ਵਿਚ ਮਖੂ ਪਰਗਣੇ ਦੇ ਮਕਾਮ ‘ਤੇ ਉਸ ਨਾਲ ਮੁਲਾਕਾਤ ਵੀ ਕੀਤੀ। ਇਸ ਹਰਕਤ ਨਾਲ ਰਾਜਾ ਨਿਹਾਲ ਸਿੰਘ ਆਹਲੂਵਾਲੀਆ ਨੇ ਲਾਹੌਰ ਦਰਬਾਰ ਦੀ ਨਰਾਜ਼ਗੀ ਵਿਚ ਹੋਰ ਵੀ ਵਾਧਾ ਕਰ ਲਿਆ। ਇਸ ਨਰਾਜ਼ਗੀ ਦਾ ਫ਼ੌਰਨ ਅਸਰ ਇਹ ਹੋਇਆ ਕਿ ਲਾਹੌਰ ਦਰਬਾਰ ਦੇ ਇਕ ਸਰਦਾਰ ਜਿਸ ਦਾ ਨਾਮ ਅਤਰ ਸਿੰਘ ਸੀ, ਉਸ ਨੇ ਅਚਾਨਕ ਧਰਮਕੋਟ ਪਰਗਨੇ ‘ਤੇ ਕਬਜ਼ਾ ਕਰ ਲਿਆ।
ਜਨੇਰ ਅੰਗਰੇਜ਼ੀ ਰਾਜ ਵਿਚ ਸ਼ਾਮਿਲ
1845 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਚਾਰ ਲੜਾਈਆਂ ਮੁਦਕੀ, ਬੱਦੋਵਾਲ, ਸਭਰਾਵਾਂ ਅਤੇ ਅਲੀਵਾਲ ਦੇ ਮੁਕਾਮ ‘ਤੇ ਹੋਈਆਂ ਜਿਸ ਦੇ ਸਿੱਟੇ ਵਜੋਂ ਸਿੱਖ ਰਾਜ ਦਾ ਖ਼ਾਤਮਾ ਹੋ ਗਿਆ। ਇਨ੍ਹਾਂ ਲੜਾਈਆਂ ਵਿਚ ਕੋਟ ਈਸੇ ਖਾਂ ਅਤੇ ਜਨੇਰ ਦਾ ਸ਼ਾਸਕ ਰਾਜਾ ਨਿਹਾਲ ਸਿੰਘ ਨੇ ਕਿਸੇ ਵੀ ਧਿਰ ਦਾ ਪੱਖ ਨਹੀਂ ਪੂਰਿਆ। ਪ੍ਰਸਿੱਧ ਪੁਸਤਕ ਦਰਬਾਰ ਖ਼ਾਲਸਾ ਅਨੁਸਾਰ ਰਣਜੋਧ ਸਿੰਘ, ਹੈਦਰ ਅਲੀ ਅਤੇ ਅਜੀਤ ਸਿੰਘ ਲਡੂਆ ਨੇ ਸ਼ਰ੍ਹੇਆਮ ਅੰਗਰੇਜ਼ਾਂ ਦੀ ਬਦੋਵਾਲ ਅਤੇ ਅਲੀਵਾਲ ਦੀਆਂ ਲੜਾਈਆਂ ਵਿਚ ਮਦਦ ਕੀਤੀ ਜਿਸ ਦਾ ਮੁਖ ਕਾਰਨ ਇਹ ਸੀ ਕਿ ਅੰਗਰੇਜ਼ਾਂ ਨੇ ਅਜੀਤ ਸਿੰਘ ਲਡੂਆ ਨੂੰ ਰਾਜਾ ਦਾ ਖ਼ਿਤਾਬ ਦੇ ਰਖਿਆ ਸੀ ਅਤੇ ਰਣਜੋਧ ਸਿੰਘ ਨੂੰ ਉਸ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਕਰਕੇ ਉਸ ਦੀ ਮਦਦ ਕਰਨੀ ਪਈ। ਹੈਦਰ ਅਲੀ ਦਾ ਆਪਣਾ ਸਵਾਰਥ ਹੋਣ ਕਰਕੇ ਉਸ ਨੇ ਕਪੂਰਥਲੇ ਵਿਰੁੱਧ ਬਗ਼ਾਵਤ ਕਰ ਰੱਖੀ ਸੀ।
ਸਾਡੀ ਉਪਰੋਕਤ ਫ਼ੈਸਲਾਕੁੰਨ ਲੜਾਈਆਂ ਵਿਚ ਸਿੱਖ ਫ਼ੌਜ ਦੀ ਹਾਰ ਤੋਂ ਬਾਅਦ ਕਪੂਰਥਲਾ ਰਿਆਸਤ ਦੇ ਸ਼ਾਸਕ ਰਾਜਾ ਨਿਹਾਲ ਸਿੰਘ ਆਹਲੂਵਾਲੀਆ ਨੇ ਅੰਗਰੇਜ਼ ਰਾਜ ਦੀ ਸਰਪ੍ਰਸਤੀ ਕਬੂਲ ਕਰ ਲਈ ਅਤੇ ਆਪਣੇ ਰਾਜ ਦਾ ਇਲਾਕਾ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ। ਤਵਾਰੀਖ ਗੁਰੂ ਖ਼ਾਲਸਾ ਅਨੁਸਾਰ ਅੰਗਰੇਜ਼ਾਂ ਹਵਾਲੇ ਕੀਤੇ ਇਲਾਕੇ ਦਾ ਵੇਰਵਾ ਇਸ ਪ੍ਰਕਾਰ ਸੀ:
(1) ਜਨੇਰ ਸਮੇਤ ਕੋਟ ਈਸੇ ਖਾਂ ਦੇ 79 ਪਿੰਡ
(2) ਫਤਿਹਗੜ੍ਹ ਪੰਜਤੂਰ ਦੇ 39 ਪਿੰਡ
(3) ਮਖੂ ਦੇ 43 ਪਿੰਡ ਲ
(4) ਜਗਰਾਵਾਂ ਦਾ ਇਲਾਕਾ ਅਤੇ ਕਿਲਾ
ਇਸ ਤਰ੍ਹਾਂ 1845 ਈਸਵੀ ਨੂੰ ਜਨੇਰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ ਗਿਆ ਅਤੇ ਕਪੂਰਥਲਾ ਰਿਆਸਤ ਦੇ ਰਾਜ ਦਾ ਅੰਤ ਹੋ ਗਿਆ।
ਇਕ ਇਤਿਹਾਸਕ ਭੁਲੇਖਾ
1845 ਈਸਵੀ ਵਿਚ ਜਨੇਰ ਦੇ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕੀਤੇ ਜਾਣ ਸਮੇਂ ਇਸ ਦੀ ਰਾਜਸੀ ਸਥਿਤੀ ਬਾਰੇ ਸਾਰੇ ਇਤਿਹਾਸਕਾਰ ਇਕ ਮੱਤ ਨਹੀਂ ਹਨ।
ਵਖਰੇਵਾ ਹੋਣ ਦੇ ਤਿੰਨ ਪਹਿਲੂ ਸਾਹਮਣੇ ਆਉਂਦੇ ਹਨ:
(1) 1845 ਈਸਵੀ ਤੋਂ ਪਹਿਲਾਂ ਕੀ ਜਨੇਰ ਮਹਾਰਾਜਾ ਸ਼ੇਰ ਸਿੰਘ ਦੀ ਜਾਗੀਰ ਦਾ ਹਿੱਸਾ ਸੀ?
(2) ਕੀ ਜਨੇਰ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ ਮੋਹਕਮ ਚੰਦ ਦੀ ਦੇਖ-ਰੇਖ ਹੇਠਾਂ ਇਸ ਦਾ ਪ੍ਰਬੰਧ ਚਲ ਰਿਹਾ ਸੀ?
(3) ਕੀ ਇਹ ਕਪੂਰਥਲਾ ਰਿਆਸਤ ਦੇ ਹੀ ਰਾਜ ਪ੍ਰਬੰਧ ਅਧੀਨ ਹੋਣ ਕਰਕੇ ਰਾਜਾ ਨਿਹਾਲ ਸਿੰਘ ਆਹਲੂਵਾਲੀਆ ਦੇ ਰਾਜ ਦਾ ਹਿੱਸਾ ਸੀ? ਉਪਰੋਕਤ ਤਿੰਨ ਰਾਜਨੀਤਕ ਭੁਲੇਖਿਆਂ ਨੂੰ ਦੂਰ ਕਰਨਾ ਅਤਿ ਜ਼ਰੂਰੀ ਹੈ।
ਜਿਥੋਂ ਤਕ ਜਨੇਰ ਦੇ ਮਹਾਰਾਜਾ ਸ਼ੇਰ ਸਿੰਘ ਦੀ ਜਾਗੀਰ ਦੇ ਹਿੱਸੇ ਦੀ ਗੱਲ ਹੈ ਇਸ ਦਲੀਲ ਵਿਚ ਕੋਈ ਦਮ ਨਹੀਂ ਜਾਪਦਾ ਕਿਉਂਕਿ 15 ਸਤੰਬਰ 1843 ਨੂੰ ਤਾਂ ਮਹਾਰਾਜਾ ਸ਼ੇਰ ਸਿੰਘ ਦੀ ਪਰਿਵਾਰਕ ਖਾਨਾ-ਜੰਗੀ ਵਿਚ ਮੌਤ ਹੋ ਗਈ ਸੀ। ਜਨੇਰ ਦੇ ਜਾਗੀਰ ਦਾ ਹਿੱਸਾ ਹੋਣ ਵਾਲੇ ਸਾਹਿਤਕਾਰ ਤਾਂ ਧਰਮਕੋਟ ਅਤੇ ਕੋਟ ਈਸੇ ਖਾਂ ਨੂੰ ਵੀ ਨਾਲ ਜੋੜਦੇ ਹਨ ਜਦੋਂ ਕਿ ਜਿਹੜੀ ਲਿਸਟ ਸਰਕਾਰੀ ਗਜ਼ਟਾਂ ਅਤੇ ਇਤਿਹਾਸਕ ਪੁਸਤਕਾਂ ਵਿਚ ਦਰਜ ਹੈ ਉਸ ਵਿਚ ਤਾਂ ਧਰਮਕੋਟ ਦਾ ਨਾਮ ਹੀ ਨਹੀਂ। ਇਸ ਦੇ ਉਲਟ 1838 ਈਸਵੀ ਸਮੇਂ ਬਧਨੀ ਕਸਬੇ ਦਾ ਮਹਾਰਾਜਾ ਸ਼ੇਰ ਸਿੰਘ ਦੀ ਜਾਗੀਰ ਵਿਚ ਸ਼ਾਮਿਲ ਹੋਣ ਦਾ ਇਤਿਹਾਸ ਵਿਚ ਵਰਨਣ ਮਿਲਦਾ ਹੈ। ਹੋ ਸਕਦਾ ਹੈ ਇਕੱਲਾ ਧਰਮਕੋਟ ਹੀ ਮਹਾਰਾਜਾ ਸ਼ੇਰ ਸਿੰਘ ਦੀ ਜਾਗੀਰ ਦਾ ਹਿੱਸਾ ਹੋਵੇ ਨਾ ਕਿ ਕੋਟ ਈਸੇ ਖਾਂ ਅਤੇ ਜਨੇਰ ਆਦਿ। ਉਂਝ ਵੀ ਸਰਦਾਰ ਅਤਰ ਸਿੰਘ ਨੇ ਕਾਫੀ ਸਮਾਂ ਪਹਿਲਾਂ ਧਰਮਕੋਟ ‘ਤੇ ਕਬਜ਼ਾ ਕਰ ਲਿਆ ਸੀ ਅਤੇ ਸਰਦਾਰ ਅਤਰ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਸਰਦਾਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ ਮੋਹਕਮ ਚੰਦ ਕੋਟ ਈਸੇ ਖਾਂ ਅਤੇ ਜਨੇਰ ਦੇ ਸ਼ਾਸਕ ਹੋਣ ਵਾਲੀ ਗੱਲ ਵੀ ਵਿਵਾਦਗ੍ਰਸਤ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਆਪਣੇ ਅਹਿਲਕਾਰਾਂ, ਵਜ਼ੀਰਾਂ ਅਤੇ ਉਚ ਅਫ਼ਸਰਾਂ ਨੂੰ ਜਾਗੀਰਾਂ ਤਾਂ ਬਖ਼ਸ਼ਿਆ ਕਰਦਾ ਸੀ ਪਰ ਪ੍ਰਬੰਧਕੀ ਪੱਖੋਂ ਉਹ ਜਾਗੀਰਾਂ ਉਸ ਦੇ ਰਾਜ-ਭਾਗ ਦਾ ਹਿੱਸਾ
ਹੀ ਹੁੰਦੀਆਂ ਸਨ ਅਤੇ ਕਿਸੇ ਹੋਰ ਰਾਜ ਨਾਲ ਜਾਗੀਰ ਦਾ ਮਾਲਕ ਕੋਈ ਸਮਝੌਤਾ ਜਾਂ
ਲਿਖਤ ਪੜ੍ਹਤ ਨਹੀਂ ਕਰ ਸਕਦਾ ਸੀ। ਸਾਲ 19 ਜਨੇਰ ਦੇ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਹੋਣ ਸਮੇਂ ਰਿਆਸਤ ਕਪੂਰਥਲਾ ਦੇ ਹਿੱਸੇ ਹੋਣ ਵਾਲੇ ਉਪਰੋਕਤ ਦਲੀਲਾਂ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ। ਇਸ ਦੀ ਪ੍ਰੋੜਤਾ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਪੁਰਾਣਾ ਗਜ਼ਟੀਅਰ ਵੀ ਕਰਦਾ ਹੈ।
ਜਨੇਰ ਦੇ ਪੁਨਰਵਾਸ ਦਾ ਸਮਾਂ
ਅੱਜ ਤੋਂ ਲਗਪਗ 250 ਸਾਲ ਪਹਿਲਾਂ 1760 ਈਸਵੀ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਪਿੰਡ ਵਿਚ ਕਿਲਾ ਬਣਾਉਣ ਦੇ ਸਮੇਂ ਨੂੰ ਜੇਕਰ ਅਸੀਂ ਜਨੇਰ ਦੇ ਪੁਨਰ-ਵਾਸ ਦਾ ਸਮਾਂ ਮੰਨ ਲਈਏ ਤਾਂ ਇਤਿਹਾਸਕ, ਰਾਜਨੀਤਕ, ਸਭਿਆਚਾਰਕ ਅਤੇ ਧਾਰਮਿਕ ਪੱਖੋਂ ਇਹ ਸਭ ਤੋਂ ਢੁਕਵਾਂ ਸਮਾਂ ਬਣਦਾ ਹੈ।
ਹੋ ਸਕਦਾ ਹੈ ਕਿ 1760 ਈਸਵੀ ਤੋਂ ਪਹਿਲਾਂ ਖਾਲੀ ਅਤੇ ਵਿਰਾਨ ਪਏ ਜਨੇਰ ਦੇ ਥੇਹ ਉਪਰ ਕਿਸੇ ਪੀਰ ਫ਼ਕੀਰ, ਸੰਤ ਮਹਾਤਮਾ, ਨਾਥ ਜੋਗੀ ਜਾਂ ਕਿਸੇ ਫੱਕਰ ਬਾਬੇ ਦੀ ਕੁਲੀ, ਕੁਟੀਆ ਆਦਿ ਹੋਵੇ, ਪਰੰਤੂ ਇਤਿਹਾਸ ਵਿਚ ਕਿਸੇ ਖ਼ਾਸ ਕਬੀਲੇ ਦੀ ਵਸੋਂ ਦਾ ਜ਼ਿਕਰ ਨਹੀਂ ਆਉਂਦਾ। ਇਹ ਵੀ ਹੋ ਸਕਦਾ ਹੈ ਕਿ ਕਿਸੇ ਸਮੇਂ ਭੇਡਾਂ, ਬੱਕਰੀਆਂ ਅਤੇ ਹੋਰ ਪਸ਼ੂ ਪਾਲਣ ਵਾਲੇ ਪਰਿਵਾਰਾਂ ਨੇ ਆਰਜ਼ੀ ਤੌਰ ‘ਤੇ ਇਧਰ ਠਹਿਰ ਬਣਾਈ ਹੋਵੇ ਪਰੰਤੂ ਸਥਾਈ ਵਸੋਂ ਦੀ ਹੋਂਦ ਦਾ ਕੋਈ ਸਬੂਤ ਨਹੀਂ ਮਿਲਦਾ। ਉਂਝ ਵੀ 1760 ਈਸਵੀ ਤੋਂ ਪਹਿਲਾਂ ਜਨੇਰ ਜਿੰਨੀ ਵਾਰ ਵੀ ਵਸਿਆ ਓਨੀ ਵਾਰ ਹੀ ਤਬਾਹ ਹੋਇਆ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਪਿੰਡ ਵਿਚ ‘ਕਿਲਾ ਜਨੇਰ ਬਣਾਉਂਦਿਆਂ ਹੀ ਪਿੰਡ ਜਨੇਰ ਦਾ ਪੁਨਰਵਾਸ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਆਹਲੂਵਾਲੀਆ ਦੀ ਫ਼ੌਜ ਅਤੇ ਪੁਲਿਸ ਨੇ ਥੇਹ ਉਪਰ ਬਣੇ ਇਸ ਕਿਲੇ ਨੂੰ ਆਪਣੀ ਰਹਾਇਸ਼ ਬਣਾਇਆ। ਹੌਲ਼ੀ-ਹੌਲ਼ੀ ਜੱਟ ਸਿੱਖਾਂ ਦੀਆਂ ਸਿੱਧੂ, ਸੇਖੋਂ ਅਤੇ ਚੀਮਾ ਪੱਤੀਆਂ ਆਬਾਦ ਹੋਈਆਂ ਉਸੇ ਸਮੇਂ ਪੰਜਵੀਂ ਪੱਤੀ ਕੁਝ ਗੋਤ ਵੀ ਜਨੇਰ ਵਾਸੀ ਬਣੇ। ਪੀਰ ਖਾਂ ਪੱਤੀ ਵੀ ਮੁਸਲਮਾਨਾਂ ਦੇ ਪਿੰਡ ਵਿਚ ਜਾਣ ਕਰਕੇ ਹੋਂਦ ਵਿਚ ਆਈ। ਕੁਝ ਹੋਰ ਜਾਤਾਂ ਵੱਲ ਮਿਸਤਰੀ, ਲੁਹਾਰ, ਛੀਂਬੇ, ਨਾਈ, ਮਹਾਜਨ ਅਤੇ ਪੰਡਤ ਵੀ ਜਨੇਰ ਵਿਚ ਆ ਵਸੇ। ਵੱਖ-ਵੱਖ ਕਬੀਲਿਆਂ, ਧਰਮਾਂ, ਗੋਤਾਂ ਅਤੇ ਜਾਤਾਂ ਦੇ ਪਿੰਡ ਵਿਚ ਵਸਣ ਦਾ ਸਮਾਂ ਆਦਿ ਬਾਅਦ ਵਿਚ ਲਿਖਿਆ ਜਾਵੇਗਾ।
1947 ਦਾ ਆਸ ਅਤੇ ਪਰਿਵਾਰ
1947 ਈਸਵੀ ਵਿਚ ਪਾਕਿਸਤਾਨ ਦੇ ਹੋਂਦ ਵਿਚ ਆਉਣ ਸਮੇਂ ਪਾਕਿਸਤਾਨ ਤੋਂ ਭਾਰਤ ਅਤੇ ਭਾਰਤ ਤੋਂ ਪਾਕਿਸਤਾਨ, ਦੇਸ਼ ਪਰਿਵਰਤਨ ਦੇ ਸਮੇਂ ਹੋਈਆਂ ਗੈਰ- ਇਖ਼ਲਾਕੀ ਘਟਨਾਵਾਂ ਨੂੰ ਸਮਾਜਿਕ ਪੱਖੋਂ ਬਹੁਤ ਹੀ ਘਿਰਨਾ ਨਾਲ ਦੇਖਿਆ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦੇ ਲੋਕ ਦੇਸ਼ ਦੇ ਬਟਵਾਰੇ ਨੂੰ ‘ਵੱਢ-ਟੁੱਕ’, ‘ਦੰਗੇ ਫ਼ਸਾਦ’, ‘ਉਜੜਨ-ਉਖੜਨ’ ਅਤੇ ‘ਇੱਜ਼ਤਾਂ ਲੁੱਟਣ’ ਵਰਗੇ ਨਫ਼ਰਤ ਭਰੇ ਸ਼ਬਦਾਂ ਨਾਲ ਦਰਕਾਰਦੇ ਹਨ ਪਰੰਤੂ ਜਨੇਰ ਵਾਸੀ ਇਸ ਘਟਨਾਕ੍ਰਮ ਨੂੰ ਮਨੁੱਖੀ ਪਰਵਾਸ-ਅਵਾਸ ਅਤੇ ਜਾਇਦਾਦਾਂ ਦੀ ਅਦਲਾ-ਬਦਲੀ ਤੋਂ ਵੱਧ ਕੁਝ ਨਹੀਂ ਸਮਝਦੇ।
ਇਸ ਦਾ ਮੁਖ ਕਾਰਨ ਇਹ ਹੈ ਕਿ ਮੁਸਲਮਾਨਾਂ ਦੇ ਜਨੇਰ ਵਿਚੋਂ ਪਲਾਇਨ ਕਰਨ ਸਮੇਂ ਦੇਸ਼ ਦੇ ਹੋਰਨਾਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਾਂਗ ਨਾ ਤਾਂ ਪਰਵਾਸ ਕਰ ਰਹੇ ਮੁਸਲਮਾਨ ਪਰਿਵਾਰਾਂ ਨਾਲ ਕਿਸੇ ਨੇ ਲੁੱਟਮਾਰ ਕੀਤੀ ਅਤੇ ਨਾ ਹੀ ਕੋਈ ਵੱਢ- ਟੁਕ ਹੋਈ। ਕਿਸੇ ਦੀ ਧੀ-ਭੈਣ ਬੇਪਤ ਹੋਣ ਦਾ ਸਮਾਚਾਰ ਵੀ ਨਹੀਂ ਮਿਲਦਾ। ਪੁਰਾਣੇ ਬਜ਼ੁਰਗਾਂ ਪਾਸੋਂ ਸੁਣਨ ਵਿਚ ਆਇਆ ਹੈ ਕਿ ਪਿੰਡ ਦੇ ਕੁਝ ਮੁਛ-ਫੁਟ ਗਭਰੂ ਇਕ ਅੱਧ ਵਾਰ ਜਦੋਂ ਗੁਆਂਢੀ ਪਿੰਡਾਂ ਦੇ ਲੋਕਾਂ ਨਾਲ, ਮੁਸਲਮਾਨ ਪਰਿਵਾਰਾਂ ਦੀ ਖੋਹ ਖਿੰਝ ਕਰਨ ਲਈ ਗਏ ਤਾਂ ਪਿੰਡ ਦੇ ਕੁਝ ਭੱਦਰ ਪੁਰਸ਼ਾਂ ਨੇ ਉਨ੍ਹਾਂ ਨੂੰ ਇਸ ਇਨਸਾਨੀਅਤ ਤੋਂ ਗਿਰੀ ਹਰਕਤ ਕਰਨੋਂ ਰੋਕ ਦਿੱਤਾ। ਪਿੰਡ ਛੱਡ ਕੇ ਜਾ ਰਹੇ ਮੁਸਲਮਾਨ ਪਰਿਵਾਰਾਂ ਨੇ ਭਾਈਚਾਰਕ ਸਾਂਝ ਨੂੰ ਕਾਇਮ ਰਖਦਿਆਂ ਉਨ੍ਹਾਂ ਵਲੋਂ ਪਿੰਡ ਵਾਸੀਆਂ ਨੂੰ ਦਿੱਤੇ ਹੋਏ ਗੋਲ ਪਾਵਿਆਂ ਵਾਲੇ ਮੰਜੇ, ਅਲਮਾਰੀਆਂ, ਕੁਰਸੀਆਂ, ਮੇਜ਼ ਅਤੇ ਹੋਰ ਨਿੱਤ ਵਰਤੋਂ ਦਾ ਸਮਾਨ, ਅੱਜ ਤਕ ਕਈ ਘਰਾਂ ਵਿਚ ਦੇਖਣ ਨੂੰ ਮਿਲਦਾ ਹੈ। ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦੀ ਜ਼ਿੰਦਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਉਨੀ ਸੌ ਪੰਜਾਵਿਆਂ ਦੇ ਸ਼ੁਰੂ ਵਿਚ ਪਾਕਿਸਤਾਨ ਤੋਂ ‘ਫ਼ਜ਼ਲਾ’ ਨਾਮ ਦਾ ਇਕ ਮੁਸਲਮਾਨ ਆਪਣੇ ‘ਪੁਰਾਣੇ ਪਿੰਡ ਜਨੇਰ ਆਇਆ ਤਾਂ ਉਹ ਪਿੰਡ ਵਾਸੀਆਂ ਨੂੰ ਜੱਫ਼ੀਆਂ ਪਾਉਂਦਾ ਅਤੇ ਗਲ ਲਗ ਕੇ ਪਿਆਰ ਦਾ ਇਜ਼ਹਾਰ ਕਰਦਾ ਦੇਖਣ ਵਾਲਾ ਸੀ।
ਉਧਰ ਪਾਕਿਸਤਾਨ ਬਣਨ ਤੋਂ ਬਾਅਦ ਉਥੋਂ ਆਏ ਜੱਟ ਸਿੱਖ ‘ਰਫ਼ਿਊਜ਼ੀਆਂ’ ਨੂੰ ਜਨੇਰ ਵਿਚ ਅਲਾਟ ਹੋਈ ਆਪਣੀ ਜ਼ਮੀਨ ਅਤੇ ਘਰਾਂ ਆਦਿ ਦਾ ਕਬਜ਼ਾ ਲੈਣ ਸਮੇਂ ਕੋਈ ਸਮੱਸਿਆ ਨਹੀਂ ਆਈ। ਜਿਸ ਦਾ ਕਾਰਨ ਇਹ ਸੀ ਕਿ ਨਾ ਤਾਂ ਪਿੰਡ ਵਾਸੀਆਂ ਨੇ ਹੀ ਮੁਸਲਮਾਨਾਂ ਵਾਲੀ ਜ਼ਮੀਨ ਅਤੇ ਘਰਾਂ ਆਦਿ ‘ਤੇ ਕੋਈ ਨਜਾਇਜ਼ ਕਬਜ਼ਾ ਕੀਤਾ ਅਤੇ ਨਾ ਹੀ ਪਾਕਿਸਤਾਨ ਦੇ ‘ਬਾਰ’ ਇਲਾਕੇ ਤੋਂ ਆਏ ਮੋਟੀਆਂ ਜਾਇਦਾਦਾਂ ਵਾਲੇ ਰਫ਼ਿਊਜ਼ੀ ਜੱਟ ਸਿੱਖਾਂ ਨੇ ਕੋਈ ਧੌਂਸ ਦਿਖਾਈ, ਨਹੀਂ ਤਾਂ ਬਹੁਤੇ ਪਿੰਡਾਂ ਵਿਚ ਜ਼ਮੀਨਾਂ ਅਤੇ ਘਰਾਂ ਦੇ ਕਬਜ਼ਿਆਂ ਆਦਿ ਪਿੱਛੇ ਖ਼ੂਨ-ਖ਼ਰਾਬਾ ਵੀ ਹੋਇਆ ਅਤੇ ਕੋਰਟ ਕਚਹਿਰੀਆਂ ਵਿਚ ਮੁਕੱਦਮੇ ਵੀ ਚੱਲੇ। ਕੁਝ ਸਮੇਂ ਬਾਅਦ ਇਸ ਤਰ੍ਹਾਂ ਜਾਪਿਆ ਜਿਵੇਂ ਇਹ ਲੋਕ ਜੱਦੀ ਪੁਸ਼ਤੀ ਹੀ ਜਨੇਰ ਵਾਸੀ ਹੋਣ। ਇਸ ਤਰ੍ਹਾਂ ਹੀ 1947 ਤੋਂ ਬਾਅਦ ਪਿੰਡ ਵਿਚ ਆ ਕੇ ਵਸੇ ਮਹਿਰੇ, ਨਾਈ, ਛੀਂਬੇ ਮਿਸਤਰੀ, ਹਰੀਜ਼ਨ ਅਤੇ ਹੋਰ ਜਾਤਾਂ ਨਾਲ ਸਬੰਧਤ ਪਰਿਵਾਰਾਂ ਨਾਲ ਹੋਇਆ। ਕਿਸੇ ਨਾਲ ਧਰਮ, ਮਜ਼੍ਹਬ ਅਤੇ ਜਾਤ-ਪਾਤ ਦਾ ਵਿਤਕਰਾ ਵੀ ਨਹੀਂ ਹੋਇਆ।
ਜਨੇਰ ਨਾਲ ਜੁੜੀਆਂ ਕਹਾਣੀਆਂ
8 ਜੁਗਾਂ ਜੁਗਾਂਤਰਾਂ ਤੋਂ ਇਤਿਹਾਸਕਾਰਾਂ ਨੂੰ ਇਤਿਹਾਸ ਦੀ ਰਚਨਾ ਕਰਦੇ ਸਮੇਂ ਸੰਸਾਰਕ ਜੀਵਾਂ ਜਿਨ੍ਹਾਂ ਵਿਚ ਰਾਜੇ-ਰਾਣੀਆਂ, ਸੰਤ-ਮਹਾਤਮਾਵਾਂ, ਗੁਰੂਆਂ-ਪੀਰਾਂ, ਰਿਸ਼ੀਆਂ-ਮੁਨੀਆਂ, ਸੂਰਬੀਰ ਯੋਧਿਆਂ, ਭੂਤਾਂ-ਪ੍ਰੇਤਾਂ, ਪਸ਼ੂ-ਪੰਛੀਆਂ ਅਤੇ ਬਾਰੇ ਜੰਗਲੀ ਜੀਵਾਂ ਬਹੁਤ ਹੀ ਵਚਿੱਤਰ ਕਹਾਣੀਆਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਇਥੇ ਹੀ ਬਸ ਨਹੀਂ ਇਤਿਹਾਸ ਨੂੰ ਕਲਮ ਬੰਦ ਕਰਨ ਸਮੇਂ ਸਬੰਧਤ ਇਲਾਕੇ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ, ਸਮੁੰਦਰਾਂ, ਝੀਲਾਂ, ਨਦੀਆਂ, ਨਾਲਿਆਂ, ਖੂਹਾਂ, ਟੋਭਿਆਂ, ਪੁਰਾਤਨ ਥੇਹਾਂ, ਯੁਧ ਦੇ ਮੈਦਾਨਾਂ, ਜੰਗਲ ਬੇਲਿਆਂ ਅਤੇ ਖ਼ਾਸ ਰੁਖਾਂ ਬਾਰੇ ਪੀੜ੍ਹੀ ਦਰ ਪੀੜ੍ਹੀ ਚਲੀਆਂ ਆ ਰਹੀਆਂ ਦੰਦ ਕਥਾਵਾਂ ਦਾ ਜ਼ਿਕਰ ਵੀ ਕਿਸੇ ਨਾ ਕਿਸੇ ਰੂਪ ਵਿਚ ਮਿਲਦਾ ਹੈ। ਪਿੰਡ ਜਨੇਰ ਵੀ ਦੁਨੀਆਂ ਤੋਂ ਕੋਈ ਵੱਖਰਾ ਨਹੀਂ ਸੀ ਅਤੇ ਨਾ ਹੀ ਹੈ। ਜਨੇਰ ਅਤੇ ਇਸ ਦੇ ਵਿਸ਼ਾਲ ਥੇਹ ਨਾਲ ਜੁੜੀਆਂ ਕਹਾਣੀਆਂ, ਮਿੱਥਾਂ ਅਤੇ ਦੰਦ ਕਥਾਵਾਂ ਬਹੁਤ ਪ੍ਰਚੱਲਤ ਰਹੀਆਂ ਹਨ ਅਤੇ ਅਜੋਕੇ ਸਮੇਂ ਵਿਚ ਵੀ ਕਹਿਣ ਸੁਣਨ ਵਿਚ ਆਉਂਦੀਆਂ ਹਨ।
ਇਹ ਕਹਾਣੀਆਂ, ਮਿੱਥਾਂ ਅਤੇ ਦੰਦ ਕਥਾਵਾਂ ਸੱਚ ਹਨ ਜਾਂ ਮਿਥਹਾਸਿਕ ਇਸ ਦਾ ਫ਼ੈਸਲਾ ਤਾਂ ਅਸੀਂ ਅੱਜ ਇੱਕੀਵੀਂ ਸਦੀ ਤੇ ਵਿਗਿਆਨਕ ਯੁਗ ਦੀ ਕਸਵੱਟੀ ਨਾਲ ਤੁਲਨਾ ਕਰਕੇ ਹੀ ਕਰ ਸਕਦੇ ਹਾਂ ਪਰੰਤੂ ਸਮਾਜਿਕ ਅਤੇ ਸਭਿਆਚਾਰਕ ਪੱਖ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਸੰਖੇਪ ਵਰਨਣ ਕਰਨ ਤੋਂ ਬਿਨਾਂ ਜਨੇਰ ਦਾ ਇਤਿਹਾਸ ਅਧੂਰਾ ਹੀ ਜਾਪੇਗਾ। ਪੀੜ੍ਹੀ ਦਰ ਪੀੜ੍ਹੀ ਜਨੇਰ ਵਾਸੀਆਂ ਵਲੋਂ ਸੁਣੀਆਂ ਜਾ ਰਹੀਆਂ ਕਹਾਣੀਆਂ ਅਤੇ ਦੰਦ ਕਥਾਵਾਂ ਪਾਠਕਾਂ ਲਈ ਪੇਸ਼ ਕਰਦੇ ਹਾਂ।
ਰਾਜਾ ਜਨਕ ਅਤੇ ਸੀਤਾ ਮਾਤਾ
ਰਾਜਾ ਜਨਕ ਦਾ ਜਨੇਰ ਨਾਲ ਕਿਸੇ ਨਾ ਕਿਸੇ ਰੂਪ ਵਿਚ ਸਬੰਧ ਜ਼ਰੂਰ ਰਿਹਾ ਹੈ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ। ਇਤਿਹਾਸਕਾਰਾਂ ਅਤੇ ਕਾਲਮ ਨਵੀਸਾਂ ਨੇ ਆਪਣੀਆਂ ਲਿਖਤਾਂ ਵਿਚ ਇਸ ਨੂੰ ‘ਜਨਕ ਨਗਰੀ’ ਅਤੇ ‘ਰਾਜੇ ਜਨਕ ਦਾ ਸ਼ਹਿਰ’ ਦੇ ਨਾਮ ਨਾਲ ਸੰਬੋਧਨ ਕੀਤਾ ਹੈ ਅਤੇ ਇਹ ਇਕ ਇਤਿਹਾਸਕ ਸਚਾਈ ਵੀ ਹੈ ਪਰੰਤੂ ਇਕ ਹੋਰ ਕਹਾਣੀ ਸੀਤਾ ਮਾਤਾ ਦੇ ਜਨੇਰ ਵਿਚ ਪ੍ਰਗਟ ਹੋਣ ਸਬੰਧੀ ਵੀ ਲੋਕਾਂ ਵਿਚ ਆਮ ਪ੍ਰਚੱਲਤ ਹੈ।
ਪ੍ਰਚਲਤ ਕਹਾਣੀ ਅਨੁਸਾਰ, ਜਨੇਰ ਵਿਚ ਧਰਮੀ ਰਾਜੇ ਜਨਕ ਦਾ ਰਾਜ ਸੀ। ਪ੍ਰਮਾਤਮਾ ਦੀ ਕਰੋਪੀ ਕਾਰਨ ਮੀਂਹ ਨਾ ਪਿਆ, ਅੰਨ ਦਾਣਾ ਪੈਦਾ ਨਾ ਹੋਇਆ, ਇਲਾਕੇ ਵਿਚ ਕਾਲ ਪੈ ਗਿਆ ਅਤੇ ਲੋਕ ਭੁੱਖੇ ਮਰਨ ਲੱਗੇ। ਰਾਜਾ ਜਨਕ ਕਿਸੇ ਸੰਤ ਮਹਾਤਮਾ ਪਾਸ ਮੀਂਹ ਲਈ ਅਰਜ਼ੋਈ ਕਰਨ ਚਲਾ ਗਿਆ ਤਾਂ ਕਿ ਅਨਾਜ ਪੈਦਾ ਹੋ ਜਾਵੇ ਅਤੇ ਇਲਾਕੇ ਦੇ ਲੋਕ ਭੁੱਖ ਮਰੀ ਤੋਂ ਬਚ ਸਕਣ। ਸੰਤ ਮਹਾਤਮਾ ਨੇ ਕਿਹਾ ਕਿ ਜਨੇਰ ਵਿਚ ਮੀਂਹ ਤਦ ਹੀ ਪਵੇਗਾ ਜਦੋਂ ਰਾਜਾ ਜਨਕ ਆਪ ਹਲ ਵਾਹੇਗਾ ਅਤੇ ਉਸ ਦੀ ਰਾਣੀ ਭੱਤਾ ਲੈ ਕੇ ਖ਼ੁਦ ਜਾਵੇਗੀ। ਕਹਾਣੀ ਅਨੁਸਾਰ ਰਾਜਾ ਜਨਕ ਨੇ ਸੰਤ ਮਹਾਤਮਾ ਦੀ ਨੇਕ ਸਲਾਹ ‘ਤੇ ਫੁਲ ਚੜਾਉਂਦਿਆਂ ਹਲ ਜੋੜ ਕੇ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ਹਲ ਨਾਲ ਮਿੱਟੀ ਪੁੱਟੀ ਜਾਣ ਕਰਕੇ ਅਚਾਨਕ ਰਾਜੇ ਨੂੰ ਮਿੱਟੀ ਦਾ ਇਕ ਬੰਦ ਕੀਤਾ ਹੋਇਆ ਘੜਾ ਦਿੱਸਿਆ। ਉਸ ਨੇ ਉਹ ਘੜਾ ਚੁੱਕ ਲਿਆ। ਉਧਰ ਰਾਣੀ ਵੀ ਰਾਜੇ ਦਾ ਭੱਤਾ ਲੈ ਕੇ ਪਹੁੰਚ ਗਈ। ਜਦੋਂ ਉਨ੍ਹਾਂ ਨੇ ਬੰਦ ਘੜੇ ਦਾ ਢੱਕਣ ਚੁੱਕਿਆ ਤਾਂ ਉਸ ਵਿਚੋਂ ਇਕ ਜਿਉਂਦੀ ਬੱਚੀ ਨਿਕਲੀ ਜਿਹੜੀ ਕਿ ਰਾਣੀ ਨੂੰ ਦੇਖ ਕੇ ਰੋਣ ਲੱਗ ਪਈ। ਰਾਜਾ ਜਨਕ ਅਤੇ ਉਸ ਦੀ ਰਾਣੀ ਬੱਚੀ ਨੂੰ ਘਰ ਲੈ ਆਏ। ਕਹਿੰਦੇ ਹਨ ਰੱਬ ਉਨ੍ਹਾਂ ਉਪਰ ਅਤੇ ਇਲਾਕੇ ਦੀ ਪਰਜਾ ‘ਤੇ ਦਿਆਲ ਹੋ ਗਿਆ। ਭਰਵੀਂ ਬਰਸਾਤ ਹੋਈ। ਅਤੇ ਫ਼ਸਲ ਵੀ ਅੱਛੀ ਹੋਈ ਜਿਸ ਨਾਲ ਲੋਕ ਖ਼ੁਸ਼ਹਾਲ ਹੋ ਗਏ। ਰਾਜਾ, ਰਾਣੀ ਨੇ ਉਸ ਦਾ ਨਾਮ ‘ਸੀਤਾ’ ਰਖਿਆ ਅਤੇ ਬਹੁਤ ਹੀ ਚਾਵਾਂ ਮਲ੍ਹਾਰਾਂ ਨਾਲ ਉਸ ਦਾ ਪਾਲਣ ਪੋਸਣ ਕੀਤਾ। ਵੱਡੀ ਹੋ ਕੇ ਉਹ ਲੜਕੀ ਸ੍ਰੀ ਰਾਮ ਚੰਦਰ ਜੀ ਦੀ ਪਤਨੀ ‘ਸੀਤਾ ਮਾਤਾ’ ਬਣੀ ਜਿਸ ਤੋਂ ਅੱਗੇ ‘ਰਘੂਵੰਸ਼’ ਖ਼ਾਨਦਾਨ ਸ਼ੁਰੂ ਹੋਇਆ।
ਇਹ ਕਹਾਣੀ ਸੱਚ ਹੈ ਜਾਂ ਮਿਥਿਹਾਸਿਕ? ਇਸ ਬਾਰੇ ਤਾਂ ਪਾਠਕਜਨ ਆਪ ਹੀ ਨਿਰਨਾ ਕਰ ਲੈਣ ਕਿਉਂਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਠੀਕ ਨਹੀਂ, ਪਰੰਤੂ ਪ੍ਰਚਲਤ ਕਹਾਣੀ ਦੇ ਕੁਝ ਤੱਥ, ਸ਼ੰਕੇ ਜ਼ਰੂਰ ਪੈਦਾ ਕਰਦੇ ਹਨ ਖ਼ਾਸ ਕਰਕੇ ਲੜਕੀ ਦਾ ਬੰਦ ਘੜੇ ਵਿਚ ਜਿਉਂਦੇ ਰਹਿਣਾ ਆਦਿ।
ਰੱਬ ਕਰੇ ਜਨੇਰ ਖੇੜਾ ਥੇਹ ਹੋ ਜਾਵੇ
‘ਜਨੇਰ ਕਈ ਵਾਰ ਉਜੜਿਆ ਅਤੇ ਕਈ ਵਾਰ ਵਸਿਆ’ ਇਸ ਕਥਨ ਵਿਚ ਸਚਾਈ ਹੈ ਅਤੇ ਇਤਿਹਾਸਕ ਤੱਥ ਵੀ ਸਮੇਂ-ਸਮੇਂ ਇਸ ਦੇ ਉਜੜਨ ਅਤੇ ਦੁਬਾਰਾ ਵਸਣ ਬਾਰੇ ਸਬੂਤ ਵਜੋਂ ਮੌਜੂਦ ਹਨ। ਇਸ ਦੇ ਬਾਵਜੂਦ ਪਿੰਡ ਵਾਸੀ ਪੁਸ਼ਤਾਂ ਤੋਂ ਇਸ ਦੇ ‘ਸਰਾਪ’ ਨਾਲ ਥੇਹ ਹੋ ਜਾਣ ਦੀ ਵਿਥਿਆ ਵੀ ਸੁਣਦੇ ਆ ਰਹੇ ਹਨ।
ਸਰਾਪ ਨਾਲ ਥੇਹ ਹੋ ਜਾਣ ਦੀ ਗਾਥਾ ਐਨੀ ਪ੍ਰਚਲਤ ਰਹੀ ਹੈ ਅਤੇ ਹੁਣ ਵੀ ਪ੍ਰਚਲਤ ਹੈ ਕਿ ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਲਾਰਡ ਕਨਿੰਘਮ ਨੇ ਜਦੋਂ 1878- 79 ਈਸਵੀ ਸਮੇਂ ਜਨੇਰ ਦੇ ਥੇਹ ਦਾ ਦੌਰਾ ਕੀਤਾ ਤਾਂ ਉਸ ਨੇ ਵੀ ਆਪਣੀਆਂ ਲਿਖਤਾਂ ਵਿਚ ਜਨੇਰ ਦੇ ਸਰਾਪ ਨਾਲ ਥੇਹ ਹੋ ਜਾਣ ਦੀ ਕਹਾਣੀ ਬਾਰੇ ਲਿਖਿਆ। ਜਨੇਰ ਵਾਸੀਆਂ ਪਾਸੋਂ ਪਿੰਡ ਦੇ ਥੇਹ ਹੋ ਜਾਣ ਵਾਲੀ ਕਹਾਣੀ ਉਸ ਨੇ ਉਨ੍ਹਾਂ ਦੀ ਜ਼ੁਬਾਨੀ ਸੁਣੀ ਅਤੇ ਬਾਅਦ ਵਿਚ ਅੰਗਰੇਜ਼ੀ ਭਾਸ਼ਾ ਵਿਚ ਲਿਖੀ। ਅੰਗਰੇਜ਼ੀ ਵਿਚ ਲਿਖੀ ਇਹ ਕਹਾਣੀ 12 ਜਨਵਰੀ 1986 ਨੂੰ ਅੰਗਰੇਜ਼ੀ ਦੇ ਪ੍ਰਸਿੱਧ ਅਖ਼ਬਾਰ ‘ਦੀ ਟ੍ਰਿਬਿਊਨ’ ਵਿਚ ਛਪੀ। ਜਿਸ ਦਾ ਪੰਜਾਬੀ ਅਨੁਵਾਦ ਇਸ ਪ੍ਰਕਾਰ ਹੈ:
“ਕਿਸੇ ਸਮੇਂ ਕਾਲ ਪੈ ਗਿਆ, ਦੂਰ-ਦੁਰਾਡੇ ਇਲਾਕੇ ਵਿਚੋਂ ਭੁਖਮਰੀ ਦਾ ਸ਼ਿਕਾਰ ਹੋਈ ਇਕ ਔਰਤ ਆਪਣੇ ਦੋ ਲੜਕਿਆਂ ਸਮੇਤ ਆਪਣੇ ਭਰਾ ਦੇ ਘਰ ਜਨੇਰ ਰਹਿਣ ਲਈ ਪਹੁੰਚੀ ਤਾਂ ਕਿ ਉਹ ਤਿੰਨੇ ਮਾਂ-ਪੁੱਤਰ ਉਹ ਆਪਣੇ ਪੇਟਾਂ ਵਿਚ ਜਲ ਰਹੀ ਭੁੱਖ ਦੀ ਅੱਗ ਨੂੰ ਬੁਝਾ ਸਕਣ। ਉਸ ਦੁਖੀ ਔਰਤ ਦੀ ਭਰਜਾਈ ਉਨ੍ਹਾਂ ਨੂੰ ਜ਼ਲੀਲ ਕਰਨ ਲਈ ਖਾਣ ਵਾਸਤੇ ਕੁਝ ਨਾ ਦਿੰਦੀ। ਇਥੇ ਹੀ ਬਸ ਨਹੀਂ ਉਸ ਔਰਤ ਨੂੰ ਸਾਰਾ ਦਿਨ ਚੱਕੀ ‘ਤੇ ਆਟਾ ਪੀਹਣਾ ਪੈਂਦਾ ਇਸ ਦੇ ਬਾਵਜੂਦ ਉਹ ਤਿੰਨੇ ਮਾਂ-ਪੁੱਤਰ ਸਿਹਤਮੰਦ ਸਨ। ਭਰਜਾਈ ਦੇ ਬੱਚਿਆਂ ਦੀ ਤੰਦਰੁਸਤੀ ਦਾ ਰਾਜ਼ ਪੁੱਛਣ ‘ਤੇ ਉਸ ਦੁਖੀ ਔਰਤ ਨੇ ਦੱਸਿਆ ਕਿ ਆਟਾ ਪੀਹਣ ਤੋਂ ਬਾਅਦ ਉਹ ਆਪਣੇ ਕਪੜੇ ਪਾਣੀ ਵਿਚ ਭਿਉਂ ਦਿੰਦੀ ਹੈ ਅਤੇ ਅਸੀਂ ਉਹ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਹਾਂ। ਜ਼ਾਲਮ ਭਰਜਾਈ ਨੇ ਉਸ ਦਾ ਆਟਾ ਪੀਹਣਾ ਵੀ ਬੰਦ ਕਰ ਦਿੱਤਾ। ਦੁਖਿਆਰੀ ਮਾਂ ਤੋਂ ਭੁੱਖੇ ਬੱਚਿਆਂ ਦਾ ਦੁਖ ਸਹਿਣ ਨਾ ਹੋਇਆ ਅਤੇ ਉਸ ਨੇ ਜਨੇਰ ਨੂੰ ਸਰਾਪ ਦਿੰਦਿਆਂ ਕਿਹਾ, ‘ਰੱਬ ਕਰੇ ਜਨੇਰ ਖੇੜਾ ਥੇਹ ਹੋ ਜਾਵੇ’। ਜਨੇਰ ਥੇਹ ਹੋ ਗਿਆ ਪਰੰਤੂ ਇਹ ਨਹੀਂ ਪਤਾ ਕਦੋਂ ਹੋਇਆ? ”
ਇਸ ਕਹਾਣੀ ਪਿੱਛੇ ਕੋਈ ਸੱਚਾਈ ਹੈ ਜਾਂ ਇਕ ਮਿਥ ਹੀ ਹੈ, ਇਹ ਤਾਂ ਲਾਰਡ ਕਨਿੰਘਮ ਜਿਹੇ ਜਗਤ ਪ੍ਰਸਿੱਧ ਖੋਜੀ ਜਿਨ੍ਹਾਂ ਪਾਸ ਉਸ ਸਮੇਂ ਵਸੀਲਿਆਂ ਦੀ ਬਹੁਤਾਤ ਵੀ ਸੀ ਉਹ ਵੀ ਕੋਈ ਖੁਰਾ ਖੋਜ ਨਹੀਂ ਕੱਢ ਸਕੇ ਪਰੰਤੂ ਕਹਾਣੀ ਨਾਲ ਸਬੰਧਤ ਕੁਝ ਤੱਤ ਜ਼ਰੂਰ ਵਿਚਾਰਨਯੋਗ ਹਨ। ਪਿੰਡ ਜਨੇਰ ਦਾ ਨਾਮ ਇਤਿਹਾਸ ਵਿਚ ਜਜਨੇਰ, ਅਜਨੇਰ, ਜਨੇਸ਼ਵਰ, ਜਜ਼ਨੀਰਾ, ਜਾਨਿਕ ਅਤੇ ਹਜਨੇਰ ਦੇ ਰੂਪ ਵਿਚ ਤਾਂ ਲਿਖਿਆ ਲਭਦਾ ਹੈ ਪਰੰਤੂ ‘ਜਨੇਰ ਖੇੜਾ’ ਵਜੋਂ ਜਨੇਰ ਦੇ ਨਾਮ ਦਾ ਕਿਧਰੇ ਵੀ ਇਤਿਹਾਸ ਵਿਚ ਜ਼ਿਕਰ ਨਹੀਂ ਹੈ। ਸਰਾਪ ਨਾਲ ਜਨੇਰ ਕਦੋਂ ਥੇਹ ਹੋਇਆ ਇਸ ਬਾਰੇ ਤਾਂ ਕਨਿੰਘਮ ਸਾਹਿਬ ਆਪ ਵੀ ਨਹੀਂ ਜਾਣਦੇ, ਕਹਾਣੀ ਨਾਲ ਸਬੰਧਤ ਨਨਾਣ, ਭਰਜਾਈ ਤੇ ਕੋੜਮੇਂ ਕਬੀਲੇ ਦੀ ਜਾਣਕਾਰੀ ਤਾਂ ਦੂਰ ਦੀ ਗੱਲ ਹੈ।
ਸੋਨੇ ਦਾ ਕੋਹਲੂ
ਜਨੇਰ ਦੇ ਥੇਹ ਉਪਰ ਦੱਖਣ-ਪੱਛਮ ਵਲ ਦੀ ਨੁਕਰੇ ਬਾਬਾ ਮਧਰੇ ਸ਼ਾਹ (ਬੰਦਰੇ ਸ਼ਾਹ) ਦੀ ਜਗ੍ਹਾ ਨੇੜੇ ਇਕ ਬਹੁਤ ਵੱਡਾ ਸਦਾ-ਬਹਾਰ ਰਹਿਣ ਵਾਲਾ ਵਣ ਦਾ ਦਰਖ਼ਤ ਹੁੰਦਾ ਸੀ ਜਿਹੜਾ ਕਿ ਅੱਜ ਤੋਂ 40 ਕੁ ਸਾਲ ਪਹਿਲਾਂ ਖ਼ਤਮ ਹੋ ਗਿਆ। ਉਸ ਵਣ ਦੇ ਥੱਲੇ ਇਕ ‘ਸੋਨੇ ਦਾ ਕੋਹਲੂ’ ਹੋਣ ਦੀ ਕਹਾਣੀ ਬਹੁਤ ਪ੍ਰਚਲਤ ਰਹੀ ਹੈ। ਹੁਣ ਵੀ ਪਿੰਡ ਵਾਸੀ ਜਦੋਂ ਦੂਰ-ਦੁਰਾਡੇ ਰਿਸ਼ਤੇਦਾਰ ਪਾਸ ਜਾਂਦੇ ਹਨ ਤਾਂ ਅਕਸਰ ਲੋਕ ਉਨ੍ਹਾਂ ਨੂੰ ਪੁੱਛਦੇ ਹਨ, “ਕੀ ਤੁਹਾਡੇ ਪਿੰਡ ਜਨੇਰ ਵਿਚ ਸੋਨੇ ਦਾ ਕੋਹਲੂ ਹੋਣ ਵਾਲੀ ਗੱਲ ਸੱਚ ਹੈ?” ਸਮੇਂ ਦੇ ਬਦਲਾਉ ਨਾਲ ਹੁਣ ਤਾਂ ਲੋਕਾਂ ਦੇ ਆਪਸੀ ਹਾਸੇ ਠੱਠੇ ਦੇ ਢੰਗ ਤਰੀਕੇ ਵੀ ਬਦਲ ਗਏ ਹਨ ਪਰੰਤੂ ਪੁਰਾਣੇ ਬਜ਼ੁਰਗਾਂ ਅਨੁਸਾਰ ਜਦੋਂ ਉਹ ਵਿਆਹ ਸ਼ਾਦੀਆਂ ਜਾਂ ਹੋਰ ਖ਼ੁਸ਼ੀਆਂ ਵਿਚ ਸ਼ਾਮਿਲ ਹੋਣ ਲਈ ਰਿਸ਼ਤੇਦਾਰੀਆਂ ਵਿਚ ਜਾਇਆ ਕਰਦੇ ਸਨ। ਤਾਂ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਮਰਾਸੀ ਵਿਅੰਗ ਕਸਦੇ ਕਹਿੰਦੇ ਸਨ, “ਆ ਗਏ ਬਈ ਜਨੇਰੀਏ, ਸੋਨੇ ਦੇ ਕੋਹਲੂਆਂ ਵਾਲੇ।” ਜਨੇਰ ਵਾਸੀਆਂ ਨੂੰ ਇਹ ‘ਸਨਹਿਰੀ ਵਿਅੰਗ’ ਵੀ ਸੁਣਨਾ ਪੈਂਦਾ ਸੀ ਅਤੇ ਜੇਬ ਵੀ ਢਿੱਲੀ ਕਰਨੀ ਪੈਂਦੀ ਸੀ।
ਸੋਨੇ ਦਾ ਕੋਹਲੂ ਹੋਣ ਜਾਂ ਨਾ ਹੋਣ ਦੀ ਗੱਲ ਕਰਨ ਤੋਂ ਪਹਿਲਾਂ ਤਾਂ ਨਵੀਂ ਪੀੜ੍ਹੀ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਕੋਹਲੂ ਹੁੰਦਾ ਕੀ ਹੈ? ਕੋਹਲੂ ਇਕ ਬਹੁਤ ਵੱਡਾ ਗਰਾਈਂਡਰ ਹੁੰਦਾ ਹੈ, ਜਿਸ ਵਿਚ ਤੇਲ ਦੇ ਬੀਜਾਂ, ਸਰ੍ਹੋਂ, ਤੋਰੀਆ, ਨਾਰੀਅਲ ਅਤੇ ਰਿੰਡੀ ਆਦਿ ਦੇ ਬੀਜਾਂ ਨੂੰ ਗਰਾਈਂਡ ਕਰਕੇ ਉਨ੍ਹਾਂ ਵਿਚੋਂ ਵੱਖ-ਵੱਖ ਕਿਸਮਾਂ ਦੇ ਤੇਲ ਕੱਢੇ ਜਾਦੇ ਹਨ। ਪੁਰਾਣੇ ਸਮਿਆਂ ਵਿਚ ਇਸ ਦੇ ਗਰਾਈਂਡਿੰਗ ਵੀਲ੍ਹਾਂ ਨੂੰ ਪਸ਼ੂਆਂ ਦੀ ਮਦਦ ਨਾਲ ਘੁਮਾਇਆ ਜਾਂਦਾ ਸੀ ਪਰੰਤੂ ਅੱਜਕਲ੍ਹ ਬਿਜਲੀ ਦੀਆਂ ਮੋਟਰਾਂ ਅਤੇ ਵੱਡੇ ਡੀਜ਼ਲ ਇੰਜਨਾਂ ਨਾਲ ਘੁਮਾਇਆ ਜਾਂਦਾ ਹੈ।
‘ਸੋਨੇ ਦਾ ਕੋਹਲੂ’ ਹੋਣ ਦੀ ਕਹਾਣੀ ਇਸ ਪ੍ਰਕਾਰ ਹੈ ਕਿ ਕਿਸੇ ਅਮੀਰ ਰਾਜੇ (ਇਸ਼ਾਰਾ ਰਾਜਾ ਜਨਕ ਵਲ ਹੀ ਜਾਂਦਾ ਹੈ) ਦੇ ਵਰਤਣ ਵਾਲਾ ਤੇਲ ਇਕ ਖ਼ਾਸ ਕਿਸਮ ਦੇ ਬਣੇ ਹੋਏ ਕੋਹਲੂ ਨਾਲ ਕੱਢਿਆ ਜਾਂਦਾ ਸੀ ਜਿਸ ਦੇ ਸਾਰੇ ਪੁਰਜੇ ਸੋਨੇ ਦੇ ਬਣੇ ਹੋਏ ਸਨ। ਇਹ ਕੋਹਲੂ ਕਿਸੇ ‘ਦੇਵੀ ਸ਼ਕਤੀ’ ਨਾਲ ਚਲਦਾ ਸੀ। ਇਹ ਵੀ ਸੁਣਨ ਵਿਚ ਆਇਆ ਹੈ ਕਿ ਅਜੋਕੇ ਸਮਿਆਂ ਵਿਚ ਇਹ ਕੋਹਲੂ ਸਿਰਫ਼ ਦੀਵਾਲੀ ਵਾਲੀ ਰਾਤ ਨੂੰ ਹੀ ਚਲਦਾ ਹੈ ਅਤੇ ਚੀਕਦਾ ਵੀ ਹੈ। ਜਦੋਂ ਕਿਸੇ ਪਿੰਡ ਵਾਸੀ ਪਾਸੋਂ ਇਸ ਦੀਆਂ ਚੀਕਾਂ ਸੁਣਨ ਬਾਰੇ ਪੁੱਛੋ ਤਾਂ ਜਵਾਬ ਹਮੇਸ਼ਾ ਨਾਂਹ ਵਿਚ ਹੀ ਮਿਲੇਗਾ। ਕਥਿਤ ਕੋਹਲੂ ਵਾਲੀ ਜਗ੍ਹਾ ਪੀਰ ਖਾਂ ਪੱਤੀ ਦੇ ਬਿਲਕੁਲ ਨਜ਼ਦੀਕ ਹੈ। ਦੀਵਾਲੀ ਦੀਆਂ ਰਾਤਾਂ ਲੋਕਾਂ ਜਾਗਦਿਆਂ ਵੀ ਕੱਟੀਆਂ ਪਰੰਤੂ ਉਨ੍ਹਾਂ ਨੂੰ ਕੋਹਲੂ ਕਦੀ ਵੀ ਚੀਕਦਾ ਨਾ ਸੁਣਿਆ।
ਸੋਨਾ ਇਕ ਕੀਮਤੀ ਧਾਤੂ ਹੈ, ਜਿਸ ਨੂੰ ਹਥਿਆਉਣ ਲਈ ਦੁਨੀਆਂ ਭਰ ਦੇ ਸ਼ਾਸਕਾਂ ਅਤੇ ਧਾੜਵਾਈਆਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਨਹੀਂ ਬਖ਼ਸ਼ਿਆ। ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਵਲੋਂ ‘ਸੋਨੇ ਦੀ ਚਿੜੀ’ ਰੂਪੀ ਭਾਰਤ ਉਪਰ ਕੀਤੇ ਹਮਲਿਆਂ ਨੂੰ ਕੌਣ ਭੁਲਾ ਸਕਦਾ ਹੈ। ਰੱਬ ਦਾ ਸ਼ੁਕਰ ਹੈ ਕਿ ਜਨੇਰ ਵਿਚ ‘ਸੋਨੇ ਦਾ ਕੋਹਲੂ ਹੋਣ ਦੀ ਭਿਣਕ ਇਨ੍ਹਾਂ ਧਾੜਵੀਆਂ ਦੇ ਕੰਨੀਂ ਨਹੀਂ ਪਈ, ਨਹੀਂ ਤਾਂ ਪਹਿਲਾਂ ਹੀ ਜ਼ੋਰਾਵਰਾਂ ਹੱਥੋਂ ਅਨੇਕਾਂ ਵਾਰ ਤਬਾਹ ਹੋ ਚੁੱਕੇ ਜਨੇਰ ਦਾ ਭੂਗੋਲਿਕ ਨਕਸ਼ਾ ਅੱਜ ਕੁਝ ਹੋਰ ਹੀ ਹੁੰਦਾ।
ਇੱਛਾਧਾਰੀ ਸੱਪ
ਇੱਛਾਧਾਰੀ ਸੱਪਾਂ ਜਾਂ ਸਪਣੀਆਂ ਦੀ ਹੋਂਦ ਹੋਣ ਜਾਂ ਨਾ ਹੋਣ ਬਾਰੇ ਲਿਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਬਹੁਤ ਹੀ ਵਿਵਾਦਗ੍ਰਸਤ ਵਿਸ਼ਾ ਹੈ। ਇਨ੍ਹਾਂ ਦੀ ਹੋਂਦ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਅਨੁਸਾਰ ਸੱਪ ਜਾਤੀ ਲੰਮੀ ਉਮਰ ਭੋਗਣ ਤੋਂ ਬਾਅਦ ਆਪਣੀ ਇੱਛਾ ਅਨੁਸਾਰ ਆਦਮੀ, ਔਰਤ ਜਾਂ ਹੋਰ ਕਿਸੇ ਵੀ ਜੀਵਤ ਜੀਵ ਦਾ ਰੂਪ ਧਾਰਨ ਕਰ ਸਕਦੇ ਹਨ। ਇਸ ਵਿਸ਼ੇ ਨਾਲ ਸਬੰਧਤ ਹਿੰਦੀ ਅਤੇ ਹੋਰ ਭਾਸ਼ਾਵਾਂ ਵਿਚ ਬਣੀਆਂ ਫ਼ਿਲਮਾਂ ਨੂੰ ਆਧਾਰ ਬਣਾ ਕੇ ਉਹ ਇੱਛਾਧਾਰੀ ਸੱਪ, ਸਪਣੀਆਂ ਦੀ ਹੋਂਦ ਬਾਰੇ ਪੁਸ਼ਟੀ ਕਰਦੇ ਹਨ। ਉਨ੍ਹਾਂ ਅਨੁਸਾਰ ਜਿੱਥੇ ਕਿਤੇ ਵੀ ਮਾਇਆ ਦਾ ਖ਼ਜ਼ਾਨਾ ਜਾਂ ਹੋਰ ਕੀਮਤੀ ਧਾਤਾਂ ਹੋਣ ਉਸ ਥਾਂ ਨੇੜੇ ਇਨ੍ਹਾਂ ਦੀ ਰਹਾਇਸ਼ ਜ਼ਰੂਰ ਹੁੰਦੀ ਹੈ ਤਾਂ ਕਿ ਉਹ ਮਾਇਆ ਦੀ ਰਾਖੀ ਕਰ ਸਕਣ। ਸੱਪ ਜਾਤੀ ਦੇ ਮਾਇਆ ਮੋਹ ਵਜੋਂ ਉਹ ਪੰਜਾਬੀ ਵਿਚ ਵਰਤੇ ਜਾਂਦੇ ਮੁਹਾਵਰਿਆਂ ਦੀ ਉਦਾਹਰਣ ਦਿੰਦੇ ਹਨ ਜਿਵੇਂ, “ਫਲਾਣਾ ਤਾਂ ਬਈ ਮਾਇਆ ਨੂੰ ਸੱਪ ਬਣ ਕੇ ਚਿੰਬੜਿਆ ਹੈ” ਜਾਂ “ਉਹ ਤਾਂ ਮਾਂ ਪਿਓ ਦੀ ਜਾਇਦਾਦ ਉਪਰ ਸੱਪ ਬਣ ਕੇ ਬੈਠਾ ਹੈ” ਆਦਿ।
ਜਨੇਰ ਦੇ ਥੇਹ ਉਪਰ ਵੀ ਕਥਿਤ ਸੋਨੇ ਦੇ ਕੋਹਲੂ ਨੇੜਲੇ ਵਣ ਦੇ ਰੁਖ ਥੱਲੇ ਕਿਸੇ ‘ਇੱਛਾਧਾਰੀ ਸੱਪ’ ਦੀ ਹੋਂਦ ਦਾ ਜ਼ਿਕਰ ਪਿੰਡ ਵਾਲੇ ਪੁਰਖਿਆਂ ਪਾਸੋਂ ਸੁਣਦੇ ਆ ਰਹੇ ਹਨ। ਉਨ੍ਹਾਂ ਦੀ ਤਰਕ ਹੈ ਕਿ ਇੱਛਾਧਾਰੀ ਸੱਪ ਸੋਨੇ ਦੇ ਕੋਹਲੂ ਦੀ ਰਾਖੀ ਕਰਦਾ ਹੈ। ਇਹ ਸੱਪ ਕਿਹੜੀ ਕਿਸਮ ਦਾ ਹੈ? ਉਸ ਦੀ ਉਮਰ ਕਿੰਨੀ ਹੈ? ਉਸ ਦਾ ਰੰਗ ਅਤੇ ਸਾਈਜ਼ ਕੀ ਹੈ? ਇਹ ਕਿਸ ਨੇ ਦੇਖਿਆ ਹੈ? ਇਸ ਬਾਰੇ ਵੀ ਅੱਗੇ ਕਹਾਣੀਆਂ ਤੋਂ ਕਹਾਣੀਆਂ ਬਣੀਆਂ ਹੋਈਆਂ ਹਨ, ਕੋਈ ਆਖਦਾ ਹੈ ਕਿ ਇਹ ਸੱਪ ਇੱਛਾਧਾਰੀ ਹੈ ਕੋਈ ਵੀ ਰੂਪ ਧਾਰਨ ਕਰਨਾ ਉਸ ਲਈ ਮੁਸ਼ਕਲ ਨਹੀਂ। ਕੋਈ ਉਸ ਦੇ ਬਹੁਤ ਲੰਮਾ ਹੋਣ ਅਤੇ ਕਾਲੇ ਰੰਗ ਦੀ ਗੱਲ ਕਰਦਾ, ਆਖਦਾ ਹੈ ਕਿ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ। ‘ਜਿੰਨੇ ਮੂੰਹ ਓਨੀਆਂ ਗੱਲਾਂ’ ਵਾਲੀ ਕਹਾਣੀ ਬਣੀ ਹੋਈ ਹੈ।
ਦੋ ਕੁ ਸਾਲ ਪਹਿਲਾਂ ਮਨ ਵਿਚ ਇਸ ਕਥਿਤ ‘ਇੱਛਾਧਾਰੀ ਸੱਪ’ ਬਾਰੇ ਕੁਝ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਤੀਬਰਤਾ ਉੱਠੀ। ਮੈਂ (ਲੇਖਕ) ਆਪਣੇ ਦੋਸਤ ਕੈਪਟਨ ਪ੍ਰੀਤਮ ਸਿੰਘ ਜੱਸਲ ਨਾਲ ਉਸ ਦੇ ਜਾਣਕਾਰ ਇਕ ਬਜ਼ੁਰਗ ਜੋਗੀ ਪਾਸ, ਜੋਗੀਆਂ ਦੀ ਬਸਤੀ ਕੋਟ ਈਸੇ ਖਾਂ ਚਲਾ ਗਿਆ। ਜਨੇਰ ਦੇ ਇੱਛਾਧਾਰੀ ਸੱਪ ਬਾਰੇ ਜਦੋਂ ਉਸ ਬਜ਼ੁਰਗ ਜੋਗੀ ਪਾਸੋਂ ਪੁਛਿਆ ਤਾਂ ਉਸ ਨੇ ਕਿਤਾਬ ਵਿਚ ਨਾਮ ਨਾ ਲਿਖਣ ਦੀ ਸ਼ਰਤ ਅਧੀਨ ਸੱਪਾਂ ਬਾਰੇ ਬਹੁਤ ਕੁਝ ਵਿਸਥਾਰ ਨਾਲ ਦਸਦਿਆਂ ਕਿਹਾ, “ਸੱਪ ਰੌਲੇ ਰੱਪੇ ਤੋਂ ਦੂਰ, ਜਾਨਵਰ-ਪੰਛੀਆਂ ਆਦਿ ਦੇ ਭੋਜਨ ਦੀ ਹੋਂਦ ਨੇੜੇ ਅਤੇ ਪਾਣੀ ਦੀ ਪਹੁੰਚ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਇਹ ਸਭ ਕੁਝ ਤੁਹਾਡੇ ਪਿੰਡ ਦੇ ਥੇਹ ਉਪਰ ਉਪਲਬਧ ਹੋਣ ਕਰਕੇ ਉਥੇ ਸੱਪਾਂ ਦਾ ਵਾਸਾ ਕੁਦਰਤੀ ਹੀ ਹੈ। ਮੈਂ ਦਰਜਨਾਂ ਸੱਪ ਤੁਹਾਡੇ ਪਿੰਡ ਦੇ ਥੇਹ ਉਪਰੋਂ ਫੜ ਕੇ ਵੇਚ ਵੀ ਚੁੱਕਿਆ ਹਾਂ ਅਤੇ ਰਿਸ਼ਤੇਦਾਰਾਂ ਨੂੰ ਸਾਡੇ ਜੋਗੀਆਂ ਦੇ ਰਿਵਾਜ ਅਨੁਸਾਰ ਤੋਹਫ਼ੇ ਦੇ ਤੌਰ ‘ਤੇ ਵੀ ਦੇ ਚੁੱਕਿਆ ਹਾਂ। ਰਹੀ ਗੱਲ ਇੱਛਾਧਾਰੀ ਸੱਪ ਦੀ ਇਹ ਸਭ ਜੋਗੀਆਂ ਦੀਆਂ ਮਨਘੜਤ ਕਹਾਣੀਆਂ ਹਨ ਤਾਂ ਕਿ ਉਨ੍ਹਾਂ ਦਾ ਤੋਰੀ ਫੁਲਕਾ ਚਲਦਾ ਰਹੇ। ਇਨ੍ਹਾਂ ਦੀ ਜ਼ਹਿਰ ਜ਼ਰੂਰ ਦੇਸੀ ਅਤੇ ਅੰਗਰੇਜ਼ੀ ਦਵਾਈਆਂ ਵਿਚ ਵਰਤੀ ਜਾਂਦੀ ਹੈ।” ਜਦੋਂ ਅਸੀਂ ਉਸ ਦਾ ਧੰਨਵਾਦ ਕਰ ਕੇ ਜਾਣ ਲੱਗੇ ਤਾਂ ਬੁੱਢੇ ਜੋਗੀ ਨੇ ਹੱਸ ਕੇ ਕਿਹਾ, “ਤੁਹਾਡੇ ਪਿੰਡ ਦਾ ਥੇਹ ਤਾਂ ਹੈ ਹੀ ਸੱਪਾਂ ਦਾ ਘਰ।”
ਗੁਰਦੁਆਰੇ ਵਾਲਾ ਇਤਿਹਾਸਕ ਖੂਹ
ਪਿੰਡ ਦੀ ਚੀਮਾਂ ਪੱਤੀ ਦੀ ਵਸੋਂ ਵਾਲੇ ਇਲਾਕੇ ਅਤੇ ਗੁਰਦੁਆਰਾ ਸਾਹਿਬ ਦੀ ਮਾਲਕੀ ਵਾਲੀ ਜਗ੍ਹਾ ਵਿਚ ਇਕ ਸੈਂਕੜੇ ਸਾਲ ਪੁਰਾਣਾ ਖੂਹ ਮੌਜੂਦ ਹੈ। ਛੋਟੇ ਸਾਈਜ਼ ਦੀਆਂ ‘ਨਾਨਕਸ਼ਾਹੀ ਇੱਟਾਂ’ ਨਾਲ ਉਸਾਰਿਆ ਗਿਆ ਇਹ ਖੂਹ ਚਿਣਾਈ ਅਤੇ ਮਜਬੂਤੀ ਪੱਖੋਂ ਉਤਮ ਕਿਸਮ ਦੀ ਕਾਰੀਗਰੀ ਦਾ ਨਮੂਨਾ ਪੇਸ਼ ਕਰਦਾ ਹੈ। ਥੇਹ ਉਪਰ ਸਥਾਪਤ ਹੋਣ ਕਾਰਨ ਇਸ ਦੀ ਡੂੰਘਾਈ ਤਾਂ ਵੱਧ ਹੋਣੀ ਹੀ ਸੀ ਸਗੋਂ ਇਸ ਦਾ ਘੇਰਾ ਵੀ ਆਮ ਖੂਹਾਂ ਨਾਲੋਂ ਵਧ ਹੋਣ ਕਰਕੇ ਜਾਪਦਾ ਹੈ ਜਿਵੇਂ ਕਿਸੇ ਰਈਸ ਅਹਿਲਕਾਰ ਜਾਂ ਬਾਦਸ਼ਾਹ ਨੇ ਬਣਵਾਇਆ ਹੋਵੇ। ਉਨੀ ਸੌ ਪੰਜਾਵਿਆਂ ਦੇ ਸ਼ੁਰੂ ਵਿਚ ਇਸ ਵਿਚ ਕਾਫੀ ਪਾਣੀ ਸੀ। ਪਾਣੀ ਪੀਣ ਵਿਚ ਸੁਆਦੀ ਹੋਣ ਕਰਕੇ ਚੀਮਾਂ ਪੱਤੀ, ਸੇਖੋਂ ਪੱਤੀ ਅਤੇ ਪੰਜਵੀਂ ਪੱਤੀ ਦੇ ਕਈ ਪਰਿਵਾਰ ਇਥੋਂ ਨਿੱਤ ਵਰਤੋਂ ਲਈ ਪਾਣੀ ਭਰਦੇ ਸਨ। ਪਾਣੀ ਦਾ ਪੱਧਰ ਨੀਵਾਂ ਹੋ ਜਾਣ ਤੋਂ ਬਾਅਦ ਪਹਿਲਾਂ ਇਸ ਨੂੰ ਹੋਰ ਡੂੰਘਾ ਕੀਤਾ ਫੇਰ ਬੋਰ ਕਰਕੇ ਮੱਛੀ ਮੋਟਰ (ਸਬਮਰਸੀਬਲ ਪੰਪ) ਫਿੱਟ ਕਰ ਦਿੱਤੀ।
ਸਮੇਂ ਦੀਆਂ ਲੋੜਾਂ ਅਨੁਸਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਸ਼ਰਧਾਲੂਆਂ ਨੇ ਖੂਹ ਦੇ ਨੇੜੇ ਹੀ ਨਹਾਉਣ ਧੋਣ ਲਈ ਆਧੁਨਿਕ ਢੰਗ ਦੇ ਗੁਸਲਖ਼ਾਨੇ ਬਣਵਾ ਦਿੱਤੇ ਅਤੇ ਪਾਣੀ ਪੀਣ ਅਤੇ ਭਰਨ ਲਈ ਟੂਟੀਆਂ ਆਦਿ ਵੀ ਫਿੱਟ ਕਰ ਦਿੱਤੀਆਂ। ਗੋਬਰ ਗੈਸ ਦਾ ਪਲਾਂਟ ਲਗਾ ਕੇ ਗਰਮ ਪਾਣੀ ਦਾ ਇੰਤਜ਼ਾਮ ਵੀ ਕਰ ਦਿੱਤਾ ਤਾਂ ਕਿ ਗੁਰਦੁਆਰਾ ਸਾਹਿਬ ਵਿਚ ਰਹਿਣ ਵਾਲੇ ਸੇਵਕਾਂ ਅਤੇ ਧਾਰਮਿਕ ਸਮਾਗਮਾਂ ਸਮੇਂ ਰਾਗੀਆਂ, ਢਾਡੀਆਂ ਅਤੇ ਆਖੰਡ ਪਾਠੀਆਂ ਨੂੰ ਗਰਮ ਪਾਣੀ ਦੀ ਥੁੜ੍ਹ ਨਾ ਆਵੇ।
ਗੁਰਦੁਆਰਾ ਸਾਹਿਬ ਵਾਲੇ ਖੂਹ ਨਾਲ ਜਨੇਰ ਵਾਸੀਆਂ ਦੀਆਂ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਜੁੜੀਆਂ ਹੋਣ ਕਾਰਨ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਖੂਹ ਕਦੋਂ ਬਣਾਇਆ ਗਿਆ ਅਤੇ ਕਿਸ ਨੇ ਬਣਵਾਇਆ? ਇਸ ਦੇ ਨਾਲ ਹੀ ਪਿੰਡ ਦੇ ਸਭਿਆਚਾਰਕ ਵਿਰਸੇ ਦਾ ਇਕ ਮਹੱਤਵਪੂਰਨ ਅੰਗ ਹੋਣ ਕਰਕੇ ਇਹ ਵੀ ਜ਼ਰੂਰੀ ਹੈ ਕਿ ਇਸ ਖੂਹ ਨੂੰ ‘ਪੂਰ’ ਦੇਣ ਵਾਲਾ ਕਾਲਾ ਕਰਮ ਕਿਸ ਨੇ ਕੀਤਾ? ਪਹਿਲਾਂ ਤਾਂ ਇਹ ਜਾਣਕਾਰੀਆਂ ਪ੍ਰਾਪਤ ਕਰਨੀਆਂ ਟੇਢੀ ਖੀਰ ਹੀ ਜਾਪਦੀ ਸੀ ਪਰੰਤੂ ਪਿੰਡ ਨਾਲ ਸਬੰਧਤ ਇਤਿਹਾਸਕ ਤੱਥ ਉਜਾਗਰ ਹੋਣ ਤੋਂ ਬਾਅਦ ਇਹ ਕੰਮ ਬਹੁਤ ਹੀ ਅਸਾਨ ਹੋ ਗਿਆ।
ਗੁਰਦੁਆਰੇ ਵਾਲਾ ਇਤਿਹਾਸਕ ਖੂਹ ‘ਨਾਨਕਸ਼ਾਹੀ ਇੱਟਾਂ’ ਨਾਲ ਉਸਾਰਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦਾ ਸਮਾਂ 1469 ਈਸਵੀ ਤੋਂ 1539 ਈਸਵੀ ਤਕ ਦਾ ਹੈ। ਜ਼ਾਹਿਰ ਹੈ ਕਿ ਗੁਰੂ ਸਾਹਿਬ ਦੇ ਨਾਮ ਉਪਰ ਰੱਖਿਆ ਗਿਆ ਇੱਟਾਂ ਦਾ ਨਾਮ ਵੀ ਇਨ੍ਹਾਂ ਇੱਟਾਂ ਦੇ ਹੋਂਦ ਵਿਚ ਆਉਣ ਦਾ ਸਮਾਂ ਵੀ ਗੁਰੂ ਸਾਹਿਬ ਦੇ ਸਮੇਂ ਵਾਲਾ ਹੀ ਹੋਵੇਗਾ। ਉਧਰ ਇਤਿਹਾਸਕ ਪਿਛੋਕੜ ‘ਤੇ ਨਜ਼ਰ ਮਾਰੀਏ ਤਾਂ 1200 ਈਸਵੀ ਤੋਂ 1545 ਤਕ ਦੇ ਸਮੇਂ ਜਨੇਰ, ਰਾਜੇ ‘ਜਨ’ ਅਤੇ ਉਸ ਦੇ ਵਾਰਸਾਂ ‘ਪੰਵਾਰ’ ਰਾਜਪੂਤਾਂ ਦੇ ਰਾਜ ਅਧੀਨ ਸੀ। ਇਸ ਤਰ੍ਹਾਂ ਇਸ ਇਤਿਹਾਸਕ ਖੂਹ ਦੇ ਹੋਂਦ ਵਿਚ ਆਉਣ ਦਾ ਸਮਾਂ ਅਸੀਂ ਲਗਪਗ 1500 ਈਸਵੀ ਮਿਥ ਸਕਦੇ ਹਾਂ। ਇਤਿਹਾਸਕ ਤੱਥਾਂ ਨਾਲ ਅਸੀਂ ਇਹ ਸਿੱਧ ਕਰ ਸਕਦੇ ਹਾਂ ਕਿ ਇਹ ਖੂਹ 1500 ਈਸਵੀ ਸਮੇਂ ਰਾਜੇ ‘ਜਨ’ ਦੀ ਵੰਸ਼ ਦੀ ਹੀ ਦੇਣ ਹੈ ਪਰੰਤੂ ਪੰਵਾਰ ਰਾਜਪੂਤ ਰਾਜੇ ‘ਜਨ’ ਦੇ ਕਿਸ ਉਤਰਾਧਿਕਾਰੀ ਨੇ ਖੂਹ ਲਗਵਾਇਆ ਇਸ ਬਾਰੇ ਇਤਿਹਾਸ ਚੁਪ ਹੈ। ਜਿਸ ਦਾ ਮੁਖ ਕਾਰਨ ਹੈ ਕਿ ਜਨੇਰ ਪੰਵਾਰ ਰਾਜਪੂਤਾਂ ਦੇ ਸਮੇਂ ਅਜਨੇਰ, ਜਨੇਸ਼ਵਰ ਜਾਂ ਜਨਕ ਨਗਰੀ ਜਿਹਾ ਵੱਡਾ ਸ਼ਹਿਰ ਜਾਂ ਰਾਜ ਨਹੀਂ ਸੀ ਸਗੋਂ ਇਕ ਛੋਟਾ ਜਿਹਾ ਇਲਾਕਾਈ ਰਾਜ ਸੀ ਅਤੇ ਛੋਟੇ-ਮੋਟੇ ਰਾਜਾਂ ਜਾਂ ਸ਼ਹਿਰਾਂ ਦੀਆਂ ਗਤੀਵਿਧੀਆਂ ਅਕਸਰ ਇਤਿਹਾਸਕਾਰ ਅੱਖੋਂ-ਪਰੋਖੇ ਕਰ ਹੀ ਜਾਂਦੇ ਹਨ।
ਇਸ ਇਤਿਹਾਸਕ ਖੂਹ ਦੇ ਮਿੱਟੀ ਨਾਲ ਭਰੇ ਜਾਣ ਜਾਂ ਪੂਰੇ ਜਾਣ ਦੀ ਗੱਲ ਕਰੀਏ ਤਾਂ ਸਪਸ਼ਟ ਹੀ ਹੈ ਕਿ ਨਿਆਜ਼ੀ ਪਠਾਨ ਈਸੇ ਖ਼ਾਨ ਨੇ ਜਨੇਰ ਵਿਚ ਪੰਵਾਰ ਰਾਜਪੂਤਾਂ ਦਾ ਰਾਜ-ਭਾਗ ਖ਼ਤਮ ਕਰਨ ਅਤੇ ਉਨ੍ਹਾਂ ਨੂੰ ਉਜਾੜਨ ਸਮੇਂ ਇਸ ਖੂਹ ਨੂੰ ਵੀ ਨਹੀਂ ਬਖ਼ਸ਼ਿਆ ਹੋਵੇਗਾ।
ਖੂਹ ਦੁਬਾਰਾ ਬੱਕਰੀਆਂ ਨੇ ਲੱਭਿਆ
ਜ਼ਿਆਦਾਤਰ ਲੇਖਕ, ਬੁੱਧੀਜੀਵੀ ਅਤੇ ਚਿੰਤਕ ਇਸ ਮੱਤ ਨਾਲ ਸਹਿਮਤੀ ਪ੍ਰਗਟਾਉਂਦੇ ਹਨ ਕਿ ਦੰਦ ਕਥਾਵਾਂ ਅਤੇ ਮਿੱਥਾਂ ਜਾਂ ਮਿਥਹਾਸਿਕ ਕਹਾਣੀਆਂ ਵਿਚ ਕਾਫੀ ਅੰਤਰ ਹੁੰਦਾ ਹੈ। ਮਿਥਹਾਸਿਕ ਕਹਾਣੀਆਂ ਵਿਚ ਸਚਾਈ ਘਟ ਹੁੰਦੀ ਹੈ ਪਰੰਤੂ ਦੰਦ ਕਥਾਵਾਂ ਜ਼ਰੂਰ ਸਚਾਈ ਦੇ ਨਜ਼ਦੀਕ ਹੁੰਦੀਆਂ ਹਨ, ਬੇਸ਼ਰਤੇ ਕਿ ਉਹ ਕੁਝ ਤੱਥਾਂ ‘ਤੇ ਅਧਾਰਤ ਹੋਣ।
‘ਜਨੇਰ ਦੇ ਗੁਰਦੁਆਰਾ ਸਾਹਿਬ ਵਾਲਾ ਖੂਹ ਬੱਕਰੀਆਂ ਨੇ ਲੱਭਿਆ’ ਪੁਸ਼ਤ ਦਰ ਪੁਸ਼ਤ ਪਿੰਡ ਵਾਸੀ ਇਸ ‘ਦੰਦ ਕਥਾ’ ਨੂੰ ਸੁਣਦੇ ਆ ਰਹੇ ਹਨ। ਦੰਦ ਕਥਾ ਅਨੁਸਾਰ ਕਾਫੀ ਸਮਾਂ ਪਹਿਲਾਂ ਇਹ ਖੂਹ ਮਿੱਟੀ ਘੱਟੇ ਨਾਲ ਭਰਿਆ ਹੋਇਆ ਹੋਣ ਕਰਕੇ ਨਜ਼ਰ ਨਹੀਂ ਸੀ ਆਉਂਦਾ। ਪਿੰਡ ਦਾ ਹੀ ਬੱਕਰੀਆਂ ਸਾਂਭਣ ਵਾਲਾ ਇਕ ਆਦਮੀ ਮੌਜੂਦਾ ਖੂਹ ਵਾਲੀ ਪੱਧਰੀ ਥਾਂ ‘ਤੇ ਆਪਣੀਆਂ ਬੱਕਰੀਆਂ ਨੂੰ ਗਰਮੀਆਂ ਰੁੱਤੇ, ਉੱਚੇ ਲੰਮੇ ਦਰਖ਼ਤਾਂ ਦੀ ਛਾਂ ਦਾ ਆਸਰਾ ਤਕ ਇਥੇ ਲੈ ਆਉਂਦਾ ਹੈ। ਸੁਣਨ ਵਿਚ ਆਉਂਦਾ ਹੈ ਕਿ ਬੱਕਰੀਆਂ ਹਮੇਸ਼ਾ ਖੂਹ ਦੇ ਘੇਰੇ ਵਾਲੀ ਥਾਂ ਛੱਡ ਕੇ ਬੈਠਦੀਆਂ। ਪਿੰਡ ਦੇ ਬਜ਼ੁਰਗਾਂ ਨੇ ਗੁਰ-ਮੱਤਾ ਕਰਕੇ ਉਸ ਥਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਨਾਨਕਸ਼ਾਹੀ ਇੱਟਾਂ ਨਾਲ ਬਣਾਏ ਗਏ ਖੂਹ ਦੀ ‘ਮੌਣ’ ਨਜ਼ਰ ਆਈ। ਪੁਟਾਈ ਕਰਨ ਉਪਰੰਤ ਪਿੰਡ ਵਾਸੀਆਂ ਨੂੰ ਵਧੀਆ ਪਾਣੀ ਵਾਲਾ ਖੂਹ ਪਿੰਡ ਵਾਸੀਆਂ ਨੂੰ ਨਸੀਬ ਹੋ ਗਿਆ।
ਇਸ ਦੰਦ ਕਥਾ ਵਿਚ ਕੁਝ ਸਚਾਈ ਨਜ਼ਰ ਆਉਂਦੀ ਹੈ। ਅਜੋਕੇ ਸਾਇੰਸ ਦੇ ਯੁਗ ਵਿਚ ਵੀ ਭੂ-ਵਿਗਿਆਨੀ ਅਤੇ ਵਾਤਾਵਰਨ ਮਾਹਿਰ ਇਸ ਗੱਲ ਨੂੰ ਮੰਨਦੇ ਹਨ ਕਿ ਪਸ਼ੂ-ਪੰਛੀਆਂ ਨੂੰ ਕੁਦਰਤ ਦੀ ਦੇਣ ਹੈ ਕਿ ਧਰਤੀ ਹੇਠਲੇ ਅਤੇ ਧਰਤੀ ਨੇੜਲੇ ਪਾਣੀ ਦੀਆਂ ਗਤੀਵਿਧੀਆਂ ਬਾਰੇ ਇਨ੍ਹਾਂ ਨੂੰ ਅਗਾਊਂ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਇਸ ਦੀ ਮੌਜੂਦਾ ਉਦਾਹਰਣ ਕੁਝ ਸਮਾਂ ਪਹਿਲਾਂ ਦੱਖਣ-ਪੂਰਬੀ ਏਸ਼ੀਆ ਵਿਚ ਸਮੁੰਦਰ ਅਤੇ ਸਮੁੰਦਰ ਨੇੜਲੇ ਇਲਾਕਿਆਂ ਵਿਚ ਆਈ ‘ਸੁਨਾਮੀ’ ਦੀ ਹੈ। ਜਦੋਂ ਸੁਨਾਮੀ ਦੀ ਆਮਦ ਨੂੰ ਭਾਂਪਦਿਆਂ ਸਮੁੰਦਰੀ ਜੀਵ ਜੰਤੂਆਂ ਅਤੇ ਪੰਛੀਆਂ ਨੇ ਸਮੁੰਦਰ ਵਿਚੋਂ ਅਤੇ ਸਮੁੰਦਰ ਦੇ ਲਾਗਲੇ ਇਲਾਕੇ ਵਿਚੋਂ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਖ਼ਬਰ ਕਈ ਦਿਨ ਦੁਨੀਆਂ ਭਰ ਦੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਦਾ ਹਿੱਸਾ ਬਣੀ। ਵਰਤਮਾਨ ਸਾਇੰਸ ਦੇ ਯੁਗ ਵਿਚ ਵੀ Human water diviners (ਧਰਤੀ ਹੇਠਲੇ ਪਾਣੀ ਦੀ ਹੋਂਦ ਦਸਣ ਵਾਲੇ ਆਦਮੀ) ਮੌਜੂਦ ਹਨ।
ਇਸ ਇਤਿਹਾਸਕ ਖੂਹ ਦੇ ਦੁਬਾਰਾ ਵਰਤੋਂ ਵਿਚ ਆਉਣ ਦੇ ਸਮੇਂ ਦੀ ਗੱਲ ਕਰੀਏ ਤਾਂ ਗੁਆਂਢੀ ਪਿੰਡ ਫਤਿਹਗੜ੍ਹ ਕੋਰੋਟਾਣਾ ਨਾਲ ਸਬੰਧਤ ਅਤੇ ਹੁਣ ਕੈਨੇਡਾ ਨਿਵਾਸੀ 85 ਸਾਲ ਦੇ ਬਜ਼ੁਰਗ ਬੁੱਧੀਜੀਵੀ ਰੀਟਾਇਰਡ ਹੈਡਮਾਸਟਰ ਸੁਰਜੀਤ ਸਿੰਘ ਗਿੱਲ ਅਨੁਸਾਰ ਉਹ ਬਚਪਨ ਤੋਂ ਜਨੇਰ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਇਆ ਕਰਦਾ ਸੀ। ਉਸ ਅਨੁਸਾਰ ‘ਲੰਮਾ ਸਮਾਂ’ ਪਹਿਲਾਂ ਕਿਸੇ ਸਮੇਂ ਇਸ ਖੂਹ ਨੂੰ ਚਾਲੂ ਕਰਨ ਵਾਸਤੇ ਪਿੰਡ ਫਤਿਹਗੜ੍ਹ ਤੋਂ ਮਿਸਤਰੀ ਤਾਰਾ ਸਿੰਘ ਨੂੰ ਬੁਲਾਇਆ ਗਿਆ ਸੀ। ਜਦੋਂ ਉਸ ਪਾਸੋਂ ‘ਲੰਮਾ ਸਮਾਂ’ ਬਾਰੇ ਵਿਸਥਾਰ ਸਹਿਤ ਦਸਣ ਲਈ ਕਿਹਾ ਤਾਂ ਉਸ ਨੇ ਆਪਣੇ ਦਾਦੇ ਪਾਸੋਂ ਸੁਣਿਆ ਦੱਸਿਆ। ਉਧਰ ਇਸ ‘ਲੰਮਾ ਸਮਾਂ’ ਦੇ ਸਬੰਧ ਵਿਚ ਪਿੰਡ ਦੇ ਬਜ਼ੁਰਗ ਅਮਰ ਸਿੰਘ ਚੀਮਾ ਨੇ ਦੱਸਿਆ ਕਿ ਚੀਮਾ ਪੱਤੀ ਦੇ ਬਜ਼ੁਰਗਾਂ ਇੰਦਰ ਸਿੰਘ ਚੀਮਾ ਅਤੇ ਨਗਿੰਦਰ ਸਿੰਘ ਚੀਮਾ ਦੇ ਪਿਤਾ ਵਜੀਦ ਸਿੰਘ ਚੀਮਾ ਜਿਸ ਦਾ ਘਰ ਵੀ ਇਸ ਖੂਹ ਦੇ ਨੇੜੇ ਹੀ ਸੀ, ਉਸ ਦਾ ਪਿਤਾ ਵੀ ਬੱਕਰੀਆਂ ਦੇ ਖੂਹ ਲੱਭਣ ਵਾਲੀ ਗੱਲ ਕਰਿਆ ਕਰਦੇ ਸਨ। ਸਬਬ ਵਸ ਹੈਡਮਾਸਟਰ ਸੁਰਜੀਤ ਸਿੰਘ ਗਿੱਲ ਵੀ ਵਜੀਦ ਸਿੰਘ ਚੀਮਾ ਦਾ ਹੀ ਰਿਸ਼ਤੇਦਾਰ ਹੈ। ਪਿੰਡ ਦੇ ਹੀ ਲੇਖਕ ਮੁਖਤਿਆਰ ਸਿੰਘ ਸੇਵਕ ਅਨੁਸਾਰ ਨਿਧਾਨ ਸਿੰਘ ਨੂੰ ਇਸ ਖੂਹ ਦੀ ਮੌਣ ਦਿਸਣ ਉਪਰੰਤ ਹੀ ਖੂਹ ਵਿਚੋਂ ਪਾਣੀ ਦੀ ਸਤ੍ਹਾ ਤਕ ਮਿੱਟੀ ਕੱਢੀ ਗਈ।
ਇਤਿਹਾਸਕ ਖੂਹ ਦੀਆਂ ਮਿਥਹਾਸਿਕ ਕਹਾਣੀਆਂ
ਲਗਪਗ 60 ਕੁ ਵਰ੍ਹੇ ਪਹਿਲਾਂ ਜਨੇਰ ਦਾ ਪ੍ਰਾਇਮਰੀ ਸਕੂਲ ਹਾਲੀਂ ਸੇਖੋਂ-ਚੀਮਾ ਪੱਤੀ ਦੀ ਧਰਮਸ਼ਾਲਾ ਵਿਚ ਹੀ ਹੋਇਆ ਕਰਦਾ ਸੀ ਜਿਹੜੀ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਖੂਹ ਤੋਂ ਸੌ ਮੀਟਰ ਤੋਂ ਵੀ ਘਟ ਦੂਰੀ ‘ਤੇ ਹੈ। ਉਸ ਸਕੂਲ ਵਿਚ ਪੜ੍ਹਦੇ ਸਮੇਂ ਖੂਹ ਦੇ ਨਜ਼ਦੀਕ ਬੈਠੀ ਖੁੰਢ ਪਾਰਟੀ ਪਾਸੋਂ ਇਸ ਖੂਹ ਦੀ ਖੁਦਾਈ ਸਮੇਂ ਦੀਆਂ ਵਚਿੱਤਰ ਅਤੇ ਮਿਥਹਾਸਿਕ ਕਹਾਣੀਆਂ ਸੁਣਿਆ ਕਰਦੇ ਸੀ ਪਰੰਤੂ ਉਹ ਮਿਥਹਾਸਿਕ ਕਹਾਣੀਆਂ ਹੁਣ ਅਲੋਪ ਹੋ ਗਈਆਂ ਜਾਪਦੀਆਂ ਹਨ। ਕਾਰਨ ਇਹ ਹੈ ਕਿ ਉਸ ਖੁੰਢ ਪਾਰਟੀ ਵਿਚੋਂ ਬਹੁਤੇ ‘ਕਹਾਣੀਕਾਰ’ ਤਾਂ ਚੜ੍ਹਾਈ ਕਰ ਗਏ ਹਨ। ਉਂਝ ਵੀ ਲੋਕਾਂ ਵਿਚ ਜਾਗ੍ਰਤੀ ਆਉਣ ਕਰਕੇ ਇਨ੍ਹਾਂ ਵਚਿੱਤਰ ਅਤੇ ਮਿਥਹਾਸਿਕ ‘ਕਹਾਣੀਕਾਰਾਂ’ ਦੀਆਂ ‘ਕਹਾਣੀਆਂ’ ਨਵੇਂ ਪੜ੍ਹੇ-ਲਿਖੇ ਵਰਗ ਵਿਚ ਲੋਕਪ੍ਰਿਆ ਨਾ ਹੋ ਸਕੀਆਂ।
ਸੁਣਿਆ ਕਰਦੇ ਸੀ ਕਿ ਜਦੋਂ ਗੁਰਦੁਆਰਾ ਸਾਹਿਬ ਵਾਲੇ ਖੂਹ ਦੀ ਦੁਬਾਰਾ ਖੁਦਾਈ ਹੋਈ ਤਾਂ ਉਸ ਵਿਚੋਂ ‘ਗਿਠ ਮੁਠੀਏ’ ਨਿਕਲੇ। ਪਹਿਲਾਂ ਤਾਂ ਇਹ ‘ਕਹਾਣੀਕਾਰ’ ਗਿਠਮੁਠੀਆਂ ਦੀ ਸਹੀ ਗਿਣਤੀ ਦਸਣ ਵਿਚ ਅਸਮਰਥ ਸਨ, ਕੋਈ ਦੋ ਆਖਦਾ, ਕੋਈ ਚਾਰ ਅਤੇ ਕੋਈ ਪੰਜ। ਸਾਨੂੰ ਇਹ ਵੀ ਸਮਝ ਨਾ ਲਗਦੀ ਕਿ ਇਹ ‘ਗਿਠਮੁਠੀਆ’ ਇਨਸਾਨ ਦੀ ਕਿਹੜੀ ਨਸਲ ਹੈ? ਅਖ਼ੀਰ ‘ਕਹਾਣੀਕਾਰਾਂ ਨੇ ਸਾਡੇ ਵਾਰ-ਵਾਰ ਪੁੱਛਣ ’ਤੇ ਦਸਣਾ, “ਪਾੜ੍ਹਿਓ, ਇਹ ਬੰਦੇ ਬਹੁਤੇ ਛੋਟੇ ਕੱਦ ਵਾਲੇ ਹੁੰਦੇ ਐ, ਬੈਠ ਜਾਣ ਤਾਂ ਇਕ ਮੁਠ ਦੇ ਬਰਾਬਰ ਜੇ ਖੜ ਜਾਣ ਤਾਂ ਇਕ ਮੁੱਠ ਦੇ ਬਰਾਬਰ।” ਚਾਹੁੰਦਿਆਂ ਹੋਇਆਂ ਵੀ ਛਿੱਤਰਾਂ ਦੇ ਡਰੋਂ ਅਸੀਂ ਆਪਣਾ ਹਾਸਾ ਰੋਕ ਕੇ ਰਖਣਾ। ਖੁੰਢ ਚਰਚਾ ਦੇ ਇਕ ਤਰਜਮਾਨ ਨੇ ਤਾਂ ਇਥੋਂ ਤਕ ਵੀ ਆਖ ਦੇਣਾ ਕਿ ਉਨ੍ਹਾਂ ਪਾਸੋਂ ਛੋਟੇ-ਛੋਟੇ ਕਪੜੇ ਵੀ ਮਿਲੇ ਸਨ, ਫੇਰ ਆਪ ਹੀ ਉਸ ਦੀ ਜਾਤ ਬਰਾਦਰੀ ਵੀ ਦਸ ਦੇਣੀ ਅਤੇ ਕਹਿਣਾ, “ਲਗਦਾ ਸੀ, ਜਿਵੇਂ ਦਰਜੀ ਹੋਣਗੇ।”
ਇਕ ਹੋਰ ਮਿਥ ਜਿਹੜੀ ਕਿ ਅੱਜ ਤਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇਸ ਇਤਿਹਾਸਕ ਖੂਹ ਵਿਚੋਂ ਪੌੜੀਆਂ ਵੀ ਕਿਸੇ ਪਾਸੇ ਜਾਂਦੀਆਂ ਹਨ। ਜਦੋਂ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਮੌਜੂਦਾ ਮੁਖ ਸੇਵਾਦਾਰ ਬਾਬਾ ਮੁਹਿੰਦਰ ਸਿੰਘ ਜੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸੱਚਾਈ ਨਹੀਂ ਜਾਪਦੀ। ਬਾਬਾ ਮੁਹਿੰਦਰ ਸਿੰਘ ਜੀ ਅਨੁਸਾਰ ਜਦੋਂ ਖੂਹ ਦੇ ਪਾਣੀ ਦਾ ਪੱਧਰ ਬਹੁਤ ਥੱਲੇ ਚਲਾ ਗਿਆ ਸੀ ਤਾਂ ਸੰਗਤ ਨੇ ਇਸ ਨੂੰ 20-25 ਫੁੱਟ ਹੋਰ ਡੂੰਘਾ ਕੀਤਾ। ਕਾਫੀ ਸੇਵਾਦਾਰ ਕੰਮ ਕਰ ਰਹੇ ਸਨ ਕਿਸੇ ਨੂੰ ਕੋਈ ਪੌੜੀ ਨਜ਼ਰ ਨਹੀਂ ਆਈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਗੁਆਂਢੀ ਪਿੰਡ ਗਗੜਾ ਦੇ ਇਕ ਅੱਖਾਂ ਤੋਂ ਮੁਨਾਖੇ ਸੇਵਾਦਾਰ ਨੂੰ ਖੂਹ ਵਿਚ ਡਿੱਗਿਆ ਕੁਝ ਸਮਾਨ ਬਰਾਮਦ ਕਰਨ ਲਈ ਖੂਹ ਵਿਚ ਉਤਾਰਿਆ ਗਿਆ ਸੀ । ਸ਼ਾਇਦ ਉਸ ਨੇ ਲੋਕਾਂ ਨੂੰ ਇਸ ਬਾਰੇ ਕੁਝ ਦਸਿਆ ਹੋਵੇ। ਇਸ ਮਿੱਥ ਦਾ ਹੱਲ ਲੱਭਣਾ ਮੁਸ਼ਕਲ ਕੰਮ ਨਹੀਂ ਹੈ। ਇਹ ਪੌੜੀਆਂ ਕਿੰਨੀਆਂ ਹਨ? ਕਿੰਨੀ ਉਚਾਈ ‘ਤੇ ਹਨ? ਕਿਧਰ ਜਾ ਰਹੀਆਂ ਹਨ? ਪਾਣੀਆਂ ਦੇ ਪੱਧਰ ਨੀਵੇਂ ਹੋ ਜਾਣ ਕਾਰਨ ਇਸ ਬਾਰੇ ਅਸਾਨੀ ਨਾਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਬੀਬੜੀਆਂ ਵਾਲੇ ਪਿੱਪਲ ਵਾਲਾ ਖੂਹ
ਉਨੀ ਸੌ ਸੱਠਵਿਆਂ ਤਕ ਪਿੰਡ ਦੇ ਇਕ ਹੋਰ ਖੂਹ ਉਪਰਲੇ ਵੱਡੇ ਪਿੱਪਲ ‘ਤੇ ਬੀਬੜੀਆਂ (ਭੂਤਾਂ) ਦਾ ਵਾਸਾ ਹੋਣ ਦੀ ਮਿੱਥ ਵੀ ਕਾਫੀ ਚਰਚਿਤ ਰਹੀ ਹੈ। ਹਾਲੀਂ ਕੁਝ ਵਰ੍ਹੇ ਪਹਿਲਾਂ ਤਕ ਪਿੰਡ ਦੇ ਦੱਖਣ ਵਾਲੇ ਪਾਸੇ ਮੋਗਾ ਵਾਲੀ ਜੀ.ਟੀ. ਰੋਡ ਤੋਂ ਕੋਈ ਪੰਜ ਕੁ ਸੌ ਮੀਟਰ ਪੱਛਮ ਵੱਲ ਸਿੱਧੂ ਪੱਤੀ ਵਾਲੇ ਪ੍ਰਤਾਪ ਸਿੰਘ ਸਿੱਧੂ ਅਤੇ ਨਰੰਜਨ ਸਿੰਘ ਸਿੱਧੂ ਹੋਰਾਂ ਦੀ ਮਾਲਕੀ ਵਾਲੇ ਖੂਹ ‘ਤੇ ਇਕ ਬਹੁਤ ਵੱਡਾ ਪਿੱਪਲ ਦਾ ਦਰਖ਼ਤ ਹੋਇਆ ਕਰਦਾ ਸੀ। ਇਸ ਪਿੱਪਲ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਇੱਥੇ ਬੀਬੜੀਆਂ (ਭੂਤਾਂ) ਰਹਿੰਦੀਆਂ ਹਨ। ਰਾਤ ਸਮੇਂ ਉਹ ਅਕਸਰ ਗਿੱਧਾ ਵੀ ਪਾਉਂਦੀਆਂ ਅਤੇ ਨਚਦੀਆਂ ਵੀ ਹਨ। ‘ਇਹ ਗਿੱਧਾ ਅਤੇ ਨਾਚ ਕਿਸ ਨੇ ਕਿਹੜੇ ਵੇਲੇ ਦੇਖਿਆ?’ ਦਾ ਕੋਈ ਠੋਸ ਉੱਤਰ ਕੋਈ ਨਾ ਦੇ ਸਕਦਾ ਐਵੇਂ ਟਾਲ-ਮਟੋਲ ਵਾਲੀਆਂ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਜਿਵੇਂ, ‘ਫ਼ਲਾਣੇ ਨੇ ਪੰਜਾਹ ਵਰ੍ਹੇ ਪਹਿਲਾਂ ਖੂਹ ‘ਤੇ ਪਾਣੀ ਲਾਉਂਦਿਆਂ ਜਾਂ ਫੇਰ ਫ਼ਲਾਣਿਆਂ ਦਾ ਤਾਇਆ ਇਨ੍ਹਾਂ ਤੋਂ ਡਰਦਾ ਨਹੀਂ ਸੀ ਆਖਦਾ ਹੁੰਦਾ ਸੀ, ਮੈਂ ਜਾਨਾਂ ਖੂਹ ਜੋੜਨ ਵੇਖਲਾਂਗੇ ਵੱਡੀਆਂ ਬੀਬੜੀਆਂ ਨੂੰ” ਆਦਿ।
ਪੁਸ਼ਤਾਂ ਤੋਂ ਪਿੰਡ ਵਾਸੀ ਬੀਬੜੀਆਂ ਦੀ ਹੋਂਦ ਬਾਰੇ ਵਚਿੱਤਰ ਕਹਾਣੀ ਸੁਣਦੇ ਆ ਰਹੇ ਹਨ। ਸਮਾਂ ਪਾ ਕੇ ਵਿਦਿਆ ਦੇ ਪਸਾਰ ਅਤੇ ਲੋਕਾਂ ਵਿਚ ਜਾਗ੍ਰਤੀ ਆਉਣ ਕਰਕੇ ਇਨ੍ਹਾਂ ਬਹੁ-ਚਰਚਿਤ ਬੀਬੜੀਆਂ ਦੀਆਂ ਕਾਲਪਨਿਕ ਅਤੇ ਡਰਾਉਣੀਆਂ ਕਹਾਣੀਆਂ ਅਲੋਪ ਹੋ ਗਈਆਂ। ਆਧੁਨਿਕ ਸੋਚ ਵਾਲੇ ਨੌਜੁਆਨ ਜਦੋਂ ਗਿਣਤੀ ਵਿਚ ਕੁਝ ਹੀ ਰਹਿ ਗਏ ਪੁਰਾਤਨ ਵਿਚਾਰਾਂ ਦੇ ਧਾਰਨੀ ਬਜ਼ੁਰਗਾਂ ਪਾਸੋਂ ਇਨ੍ਹਾਂ ਬੀਬੜੀਆਂ ਬਾਰੇ ਪੁੱਛਦੇ ਹਨ ਅਤੇ ਉਨ੍ਹਾਂ ਦਾ ਇਕੋ ਹੀ ਘੜਿਆ ਘੜਾਇਆ ਉਤਰ ਹੁੰਦਾ ਹੈ, “ਪਹਿਲੀ ਗੱਲ ਤਾਂ ਬੀਬੜੀਆਂ ਵਾਲਾ ਪਿੱਪਲ ਹੀ ਨਹੀਂ ਰਿਹਾ ਜਦੋਂ ਸੁੱਕ ਗਿਆ ਗੁਰਦੁਆਰੇ ਵਾਲੇ ਬਾਲਣ ਵਾਸਤੇ ਪੁੱਟ ਕੇ ਲੈ ਗਏ ਦੂਜੀ ਗੱਲ ਇਹ ਹੈ ਕਿ ਇਸ ਦੇ ਨੇੜਿਉਂ ਮੁਰਬਬੰਦੀ ਵੇਲੇ ਕੱਸੀ (ਰਜਵਾਹਾ) ਨਿਕਲ ਗਿਆ ਸੀ ਨਾ, ਪਾਣੀ ਦੇ ਆਉਣ ਨਾਲ ਬੀਬੜੀਆਂ ਵੀ ਭੱਜ ਗਈਆਂ ਕਿਉਂਕਿ ਇਹ ਬਲਾਵਾਂ ਪਾਣੀ ਨੇੜੇ ਨਹੀਂ ਰਹਿ ਸਕਦੀਆਂ, ਪਾਣੀ ਤੋਂ ਡਰਦੀਆਂ ਹਨ।” –
ਜਨੇਰ ਦੇ ਕੁਝ ਪੂਜਾ ਸਥਾਨ
ਭਾਰਤ ਦੇਸ਼ ਦੇਵੀ-ਦੇਵਤਿਆਂ, ਗੁਰੂਆਂ-ਪੀਰਾਂ, ਸੰਤ-ਮਹਾਤਮਾਵਾਂ ਅਤੇ ਰਿਸ਼ੀ-ਮੁਨੀਆਂ ਦੀ ਧਰਤੀ ਹੋਣ ਕਰਕੇ ਸਾਰੇ ਸੰਸਾਰ ਵਿਚ ਪ੍ਰਸਿੱਧ ਹੋਇਆ ਹੈ ਅਤੇ ਸਾਰੀ ਦੁਨੀਆਂ ਇਸ ਨੂੰ ਮੰਨਦੀ ਵੀ ਹੈ ਪਰੰਤੂ ਇਸ ਤੋਂ ਬਿਨਾ ਇਥੇ ਆਮ ਮਨੁੱਖੀ ਜਾਮੇ ਵਿਚ ਵੀ ਉਚੇ ਕਿਰਦਾਰ ਵਾਲੇ ਇਨਸਾਨ ਪੈਦਾ ਹੋਏ ਜਿਨ੍ਹਾਂ ਨੇ ਆਪਣੇ ਆਦਰਸ਼ ਜੀਵਨ ਦੀ ਸਾਧਨਾ ਨਾਲ ਸੰਸਾਰ ਵਿਚ ਆਪਣੀ ਹੋਂਦ ਦਾ ਲੋਹਾ ਮਨਵਾਇਆ।
ਜਨੇਰ ਵਿਚ ਵੀ ਵੱਖ-ਵੱਖ ਸਮਿਆਂ ਵਿਚ ਕੁਝ ਅਜਿਹੇ ਉੱਚੇ ਆਦਰਸ਼ ਵਾਲੇ ਮਾਰਗ ਦਰਸ਼ਕ ਪੈਦਾ ਹੋਏ ਜਿਨ੍ਹਾਂ ਨੇ ਪਿੰਡ ਵਾਸੀਆਂ ਦੀ ਸੁਚੱਜਾ ਜੀਵਨ ਜਿਉਣ ਲਈ ਰਹਿਨੁਮਾਈ ਕੀਤੀ। ਪਿੰਡ ਵਾਸੀਆਂ ਨੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਯਾਦ ਵਿਚ ਪੂਜਾ ਆਸਣ ਵੀ ਬਣਾਏ। ਪਿੰਡ ਦੇ ਧਾਰਮਿਕ ਸਥਾਨਾਂ ਦੇ ਨਾਲ ਇਨ੍ਹਾਂ ਪੂਜਣ ਯੋਗ ਥਾਵਾਂ ਦਾ ਸੰਖੇਪ ਵਰਨਣ ਅਤੇ ਇਨ੍ਹਾਂ ਦੀਆਂ ਫ਼ੋਟੋਆਂ ਵੀ ਇਸ ਪੁਸਤਕ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬਾਬਾ ਮਧਰੇ ਸ਼ਾਹ (ਬੰਦਰੇ ਸ਼ਾਹ)
ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਕਈ ਵਾਰ ਇਨਸਾਨ ਨੂੰ ਅਜੀਬੋ ਗਰੀਬ ਅਤੇ ਹੈਰਾਨੀਜਨਕ ਦਸਤਾਵੇਜ਼ ਹਾਸਲ ਹੁੰਦੇ ਹਨ। ਕੁਝ ਇਸੇ ਤਰ੍ਹਾਂ ਹੀ ਬਾਬਾ ਮਧਰੇ ਸ਼ਾਹ ਬਾਰੇ ਖੋਜ ਕਰਨ ਸਮੇਂ ਪ੍ਰਾਪਤ ਹੋਇਆ। ਬਾਬਾ ਮਧਰੇ ਸ਼ਾਹ ਜੀ ਦਾ ਪੂਜਾ ਆਸਣ ਬਣਨ ਸਮੇਂ ਤੋਂ ਇਨ੍ਹਾਂ ਬਾਰੇ ਖੋਜ ਕਰਨ ਤਕ ਸਾਰਾ ਪਿੰਡ ਅਤੇ ਇਲਾਕਾ ਨਿਵਾਸੀ ਇਸ ਫੱਕਰ ਬਾਬਾ ਜੀ ਨੂੰ ਮੁਸਲਮਾਨ ਧਰਮ ਨਾਲ ਸਬੰਧਤ ਹੀ ਸਮਝਦੇ ਸਨ। ਮੁਢ ਕਦੀਮ ਤੋਂ ਉਨ੍ਹਾਂ ਦੀ ਮੰਨਤਾ ਕਰਨ ਵਾਲੇ ਸ਼ਰਧਾਲੂ ਬਾਬਾ ਜੀ ਦੀ ਜਗ੍ਹਾ ਉਪਰ ਹਰੇ ਰੰਗ ਦੀ ਚਾਦਰ ਚਾੜ੍ਹਦੇ ਸਨ ਅਤੇ ਪਵਿੱਤਰ ਜਗ੍ਹਾ ਉਪਰ ਝੁਲ ਰਿਹਾ ਹਰੇ ਰੰਗ ਦਾ ਨਿਸ਼ਾਨ ਉਨ੍ਹਾਂ ਦੇ ਮੁਸਲਮਾਨ ਹੋਣ ਦੇ ਸ਼ੱਕ ਨੂੰ ਸਚਾਈ ਵਿਚ ਬਦਲਦਾ ਰਿਹਾ। ਬਾਬਾ ਜੀ ਦੇ ਨਾਮ ਪਿੱਛੇ ਜੁੜਿਆ ਸ਼ਬਦ ‘ਸ਼ਾਹ’ ਵੀ ਉਨ੍ਹਾਂ ਦੇ ਮੁਸਲਮਾਨੀ ਬਾਬਾ ਹੋਣ ਦਾ ਪ੍ਰਤੀਕ ਸੀ ।
ਬਾਬਾ ਮਧਰੇ ਸ਼ਾਹ ਜੀ ਦਾ ਅਸਲੀ ਨਾਮ ‘ਬੰਦਰੇ ਸ਼ਾਹ’ ਸੀ ਅਤੇ ਉਹ ਹਿੰਦੂ ਧਰਮ ਦੇ ‘ਬਜਾਜ’ ਗੋਤ ਨਾਲ ਸਬੰਧਤ ਸਨ। ਹਿੰਦੂਆਂ ਦਾ ਬਜਾਜ ਗੋਤ ਅਰੋੜੇ ਅਤੇ ਖ਼ਤਰੀ ਦੋਹਾਂ ਉਪ ਜਾਤੀਆਂ ਵਿਚ ਮਿਲਦਾ ਹੈ ਪਰੰਤੂ ਜ਼ਿਆਦਾ ਬਜਾਜ ਗੋਤ ਵਾਲੇ ਅਰੋੜਾ ਉਪ ਜਾਤ ਨਾਲ ਸਬੰਧਤ ਹਨ। ਕਿਸੇ ਸਮੇਂ ਪੱਛਮੀ ਪਾਕਿਸਤਾਨ ਦੇ ਪ੍ਰਾਚੀਨ ਸਿੰਧ ਇਲਾਕੇ ਵਿਚ ਇਨ੍ਹਾਂ ਦੀ ਸੰਘਣੀ ਵਸੋਂ ਸੀ ਜਿਹੜੇ ਕਿ ਹੌਲ਼ੀ-ਹੌਲ਼ੀ ਮੁਲਤਾਨ ਤਕ ਦੇ ਇਲਾਕੇ ਵਿਚ ਵੀ ਫੈਲ ਗਏ। ਬਜਾਜ ਗੋਤ ਦੇ ਪਿਛੋਕੜ ਬਾਰੇ ਹੋਰ ਝਾਤ ਮਾਰੀਏ ਤਾਂ ਪਾਕਿਸਤਾਨ ਵਿਚ ‘ਅਰੋਰਕੋਟ’ ਸ਼ਹਿਰ ਕਿਸੇ ਸਮੇਂ ਬਜਾਜ ਅਰੋੜਿਆਂ ਦਾ ਗੜ੍ਹ ਰਿਹਾ ਹੈ, ਹੋਰ ਅੱਗੇ ਗੋਤ ਵੰਡਾਂ ਤਕ ਖੋਜ ਦੇ ਘੇਰੇ ਨੂੰ ਵਧਾਈਏ ਤਾਂ ਇਹ ‘ਬਾਰੀ’ ਅਤੇ ‘ਬੰਜਾਰੀ’ ਉਪ-ਜਾਤੀਆਂ ਨਾਲ ਜੁੜਦੇ ਹਨ।
ਬਾਬਾ ਬੰਦਰੇ ਸ਼ਾਹ ਜੀ ਦੇ ਨਾਮ ਨਾਲ ਜੁੜੇ ‘ਸ਼ਾਹ’ ਸ਼ਬਦ ਦੀ ਗੱਲ ਕਰੀਏ ਤਾਂ ਇਹ ਸ਼ਾਹ ਸ਼ਬਦ ਕਈ ਹੋਰ ਧਰਮਾਂ, ਜਾਤੀਆਂ ਅਤੇ ਉਪ-ਜਾਤੀਆਂ ਦੇ ਨਾਮ ਪਿੱਛੇ ਵੀ ‘ਸ਼ਾ’, ‘ਸ਼ਾਅ’ ਜਾਂ ‘ਸ਼ਾਹ’ ਦੇ ਰੂਪ ਵਿਚ ਜੁੜਿਆ ਦੇਖਣ ਨੂੰ ਮਿਲਦਾ ਹੈ। ਪਾਰਸੀ ਮੂਲ ਵਾਲੇ ਭਾਰਤ ਫ਼ੌਜ ਦੇ ਰਿਟਾਇਰਡ ਜਨਰਲ ਮਾਨਿਕ ਸ਼ਾਹ (Manek shaw) ਇਸ ਦੀ ਉਦਾਹਰਣ ਹੈ। ਈਸਾਈ ਭਾਈਚਾਰੇ ਨਾਲ ਸਬੰਧਤ ਪ੍ਰਸਿੱਧ ਅੰਗਰੇਜ਼ ਲੇਖਕ ਬਰਨਾਰਡ ਸ਼ਾਅ (Bernard shaw) ਦਾ ਨਾਮ ਦੁਨੀਆਂ ਵਿਚ ਹਰ ਇਕ ਬੱਚੇ ਬੁੱਢੇ ਦੀ ਜ਼ਬਾਨ ‘ਤੇ ਹੈ। ਧਨਾਢ ਵਪਾਰੀ ਬਰੁਕ ਸ਼ਾਅ (Brook shaw) ਵੀ ਇਨ੍ਹਾਂ ਵਿਚ ਸ਼ਾਮਿਲ ਹੈ। ਪੰਜਾਬ ਵਿਚ ਅਮੀਰ ਆੜ੍ਹਤੀਆਂ ਨੂੰ ‘ਸ਼ਾਹ’ ਲਫ਼ਜ਼ ਨਾਲ ਆਮ ਹੀ ਸੰਬੋਧਨ ਕੀਤਾ ਜਾਂਦਾ ਹੈ ਜਦੋਂ ਕਿ ਇਨ੍ਹਾਂ ਵਿਚੋਂ ਬਹੁਤੇ ਹਿੰਦੂ ਬਾਣੀਏਂ ਹੁੰਦੇ ਹਨ। ਪਿੰਡਾਂ ਵਿਚ ਵੀ ਕਈ ਜੱਟ ਜ਼ਿਮੀਂਦਾਰ ਦੇ ਨਾਮ ਨਾਲ ‘ਸ਼ਾਹ’ ਲਫ਼ਜ਼ ਆਮ ਹੀ ਜੁੜ ਜਾਂਦਾ ਹੈ।
ਗੋਤਾਂ, ਜਾਤਾਂ, ਧਰਮਾਂ ਅਤੇ ਨਸਲਾਂ ਤੋਂ ਉਪਰ ਉਠ ਕੇ ਬਾਬਾ ਬੰਦਰੇ ਸ਼ਾਹ ਜੀ ਦੇ ਪੈਰੋਕਾਰਾਂ ਦੀ ਗੱਲ ਕਰੀਏ ਤਾਂ ਉਸ ਨੂੰ ਮੰਨਣ ਵਾਲਿਆਂ ਵਿਚ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਸਭ ਧਰਮਾਂ ਦੇ ਲੋਕ ਸ਼ਾਮਿਲ ਹਨ ਜਦੋਂ ਕਿ ਬਾਬਾ ਜੀ ਸਿਰਫ਼ ਬਜਾਜਾਂ ਦੇ ਜਠੇਰੇ ਹੀ ਹਨ। ਵੱਡੀ ਗਿਣਤੀ ਵਿਚ ਇਨ੍ਹਾਂ ਦੇ ਸ਼ਰਧਾਲੂ ਹਰ ਵੀਰਵਾਰ ਦੀ ਸ਼ਾਮ ਨੂੰ ਬਾਬਾ ਜੀ ਦੇ ਪੂਜਾ ਆਸਣ ‘ਤੇ ਸ਼ਰਧਾ ਦੇ ਇਜ਼ਹਾਰ ਵਜੋਂ ਚਰਾਗ਼ ਕਰਦੇ (ਤੇਲ ਜਾਂ ਘਿਉ ਦਾ ਦੀਵਾ ਜਗਾਉਣਾ) ਹਨ। ਬਜਾਜਾਂ ਦੀਆਂ ਧਾਰਮਿਕ ਅਤੇ ਸਮਾਜਿਕ ਰਹੁ- ਰੀਤਾਂ ਅਨੁਸਾਰ ਜਦੋਂ ਉਨ੍ਹਾਂ ਦਾ ਬੱਚਾ ਤਿੰਨ ਸਾਲ ਦੀ ਉਮਰ ਦਾ ਹੋ ਜਾਂਦਾ ਹੈ ਤਾਂ ਸਾਰਾ ਪਰਿਵਾਰ ਸ਼ਰਧਾ ਭਾਵਨਾ ਨਾਲ ਉਸ ਬੱਚੇ ਨੂੰ ਜਨੇਰ ਬਾਬਾ ਬੰਦਰੇ ਸ਼ਾਹ ਜੀ ਦੀ ਸਮਾਧ ‘ਤੇ ਲੈ ਕੇ ਆਉਂਦੇ ਹਨ ਅਤੇ ਇਕ ਮੁੰਡਨ ਕਿਰਿਆ ਜਿਸ ਨੂੰ ਬਜਾਜ ‘ਝੰਡ ਲਾਹੁਣ’ ਦੀ ਰਸਮ ਆਖਦੇ ਹਨ। ਪਹਿਲੀ ਵਾਰ ਬਹੁਤ ਜੋਸ਼ੋ-ਖਰੋਸ਼ ਵਿਚ ਉਸ ਬੱਚੇ ਦੇ ਵਾਲ ਇੱਥੇ ਕੱਟੇ ਜਾਂਦੇ ਹਨ। ਬਜਾਜ ਇਹ ਰਸਮ ਕਰਦੇ ਹੋਏ ਕਾਫੀ ਪੁੰਨ-ਦਾਨ ਵੀ ਕਰਦੇ ਹਨ ਅਤੇ ਪਵਿੱਤਰ ਜਗ੍ਹਾ ‘ਤੇ ਸਮਰਥਾ ਅਨੁਸਾਰ ਪੁੰਨ-ਦਾਨ ਵੀ ਕਰਦੇ ਹਨ। ਕੁਝ ਸਮਾਂ ਪਹਿਲਾਂ ਤਕ ਪਿੰਡ ਦੇ ਪੂਰਨ ਸਿੰਘ ਧਾਲੀਵਾਲ ਦਾ ਪਰਿਵਾਰ ‘ਝੰਡ ਲਾਹੁਣ’ ਆਏ ਬਜਾਜਾਂ ਦੀ ਆਉ ਭਗਤ ਕਰਦਾ ਸੀ ਪਰੰਤੂ ਅੱਜ ਕਲ੍ਹ ਬਜਾਜ ਭਾਈਚਾਰੇ ਵਲੋਂ ਸ੍ਰੀ ਸੁਰਿੰਦਰ ਕੁਮਾਰ ਦੇ ਰੂਪ ਵਿਚ ਇਕ ਪੱਕਾ ਹੀ ਸੇਵਾਦਾਰ ਨਿਯੁਕਤ ਕਰ ਦਿੱਤਾ ਗਿਆ ਹੈ।
ਮੁਖ ਸੇਵਾਦਾਰ ਸ੍ਰੀ ਸੁਰਿੰਦਰ ਕੁਮਾਰ ਨਾਲ ਬਾਬਾ ਬੰਦਰੇ ਸ਼ਾਹ ਜੀ ਬਾਰੇ ਜਨੇਰ ਆਉਣ ਦੇ ਸਮੇਂ ‘ਤੇ ਵਿਚਾਰ-ਵਟਾਂਦਰਾ ਹੋਇਆ ਤਾਂ ਉਸ ਨੇ ਬਾਬਾ ਜੀ ਦਾ ਜਨੇਰ ਆਉਣ ਦਾ ਸਮਾਂ 1639 ਈਸਵੀ ਦੱਸਿਆ ਜਿਹੜਾ ਕਿ ਉਸ ਸਮੇਂ ਦੀਆਂ ਪ੍ਰਸਥਿਤੀਆਂ ਅਤੇ ਇਤਿਹਾਸਕ ਪੱਖੋਂ ਠੀਕ ਜਾਪਦਾ ਹੈ। ਇਹ ਸਮਾਂ ਜਨੇਰ ਦੇ ਥੇਹ ਦਾ ਵਿਰਾਨ ਦੇ ਰੂਪ ਵਿਚ ਖਾਲੀ ਪਏ ਹੋਣ ਦਾ ਹੈ। ਉਸ ਅਨੁਸਾਰ ਬਾਬਾ ਜੀ ਬਹੁਤ ਹੀ ਭਗਤੀ ਅਤੇ ਸ਼ਕਤੀ ਦੇ ਮਾਲਕ ਸਨ, ਉਹ ਆਪਣੇ ਇਕ ਹੋਰ ਮੁਸਲਮਾਨ ਦੋਸਤ ਨਾਲ ਘੋੜੇ ਉਪਰ ਇਸ ਜਗ੍ਹਾ ‘ਤੇ ਪਧਾਰੇ ਸਨ। ਇਥੇ ਹੀ ਉਹ ਜੋਤੀ ਜੋਤ ਸਮਾ ਗਏ। ਉਨ੍ਹਾਂ ਦੇ ਮੁਸਲਮਾਨ ਦੋਸਤ ਨੇ ਜਿਹੜਾ ਕਿ ਉਨ੍ਹਾਂ ਦਾ ਸ਼ਰਧਾਲੂ ਵੀ ਸੀ, ਮੁਸਲਮਾਨੀ ਰਵਾਇਤਾਂ ਅਨੁਸਾਰ ਬਾਬਾ ਜੀ ਨੂੰ ਸਪੁਰਦੇ ਖ਼ਾਕ ਕਰ ਦਿੱਤਾ ਉਪਰੰਤ ਹਰੇ ਰੰਗ ਦੀ ਚਾਦਰ ਚਾੜ੍ਹ ਕੇ, ਕਬਰ ਦੇ ਨੇੜੇ ਹਰੇ ਰੰਗ ਦਾ ਝੰਡਾ ਚਾੜ੍ਹ ਦਿੱਤਾ। ਉਸ ਦਿਨ ਤੋਂ ਇਹ ਪਵਿੱਤਰ ਜਗ੍ਹਾ ਪੂਜਾ ਆਸਣ ਬਣ ਗਈ। ਇਤਿਹਾਸਕ ਪੱਖੋਂ ਸ੍ਰੀ ਸੁਰਿੰਦਰ ਕੁਮਾਰ ਵਲੋਂ ਬਿਰਤਾਂਤ ਕੀਤੀ ਘਟਨਾ ਸਚਾਈ ਦੇ ਨੇੜੇ ਜਾਪਦੀ ਹੈ ਕਿਉਂਕਿ ਇਸ ਘਟਨਾ ਤੋਂ ਕੁਝ ਸਮਾਂ ਬਾਅਦ ਹੀ ਪਿੰਡ ਜਨੇਰ ਦਾ ਪੁਨਰਵਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਬਾਬਾ ਬੰਦਰੇ ਸ਼ਾਹ ਦੇ ਚੜ੍ਹਾਈ ਕਰ ਜਾਣ ਦੇ ਸਮੇਂ ਅਤੇ ਇਨ੍ਹਾਂ ਨਾਲ ਜੁੜੀਆਂ ਕਈ ਹੋਰ ਮਿੱਥਾਂ ‘ਤੇ ਵੀ ਵਿਚਾਰ ਕੀਤਾ ਗਿਆ ਪਰੰਤੂ ਉਸ ਸਮੇਂ ਦੀਆਂ ਪ੍ਰਸਥਿਤੀਆਂ ਅਤੇ ਇਤਿਹਾਸਕ ਪੱਖੋਂ ਪੂਰੀਆਂ ਨਹੀਂ ਉਤਰਦੀਆਂ।
ਬਾਬਾ ਬੰਦਰੇ ਸ਼ਾਹ ਜੀ ਦੇ ਪੂਜਾ ਸਥਾਨ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਮੁੱਖ ਸੇਵਾਦਾਰ ਸ੍ਰੀ ਸੁਰਿੰਦਰ ਕੁਮਾਰ ਨੇ ਬਿਲਕੁਲ ਨਵੀਂ ਦਿਖ ਦੇ ਦਿੱਤੀ ਹੈ। ਬਹੁਤ ਹੀ ਸੁੰਦਰ ਸਮਾਧੀ ਉਸਾਰ ਕੇ ਪਾਣੀ ਬਿਜਲੀ ਆਦਿ ਯੋਗ ਪ੍ਰਬੰਧ ਕਰ ਦਿੱਤਾ ਹੈ। ਸ਼ਰਧਾ ਭਾਵਨਾ ਨਾਲ ਦਰਸ਼ਨ ਕਰਨ ਆਏ ਸ਼ਰਧਾਲੂਆਂ ਲਈ ਰਿਹਾਇਸ਼ੀ ਕਮਰੇ, ਰਸੋਈ ਅਤੇ ਗੁਸਲਖ਼ਾਨੇ ਬਣਵਾ ਦਿੱਤੇ ਹਨ। ਪੂਜਾ ਸਥਾਨ ਦੀ ਚਾਰਦੀਵਾਰੀ ਕਰਕੇ ਫੁਲ ਬੂਟੇ ਲਗਾ ਦਿੱਤੇ ਹਨ। ਮੁਖ ਸੇਵਾਦਾਰ ਨੇ ਦੱਸਿਆ ਕਿ ਬਾਬਾ ਜੀ ਦੀ ‘ਮੰਨਤ’ ਦਾ ਘੇਰਾ ਦਿਨੋਂ- ਦਿਨ ਵਿਸ਼ਾਲ ਹੋ ਰਿਹਾ ਹੈ। ਵਿਆਹ ਸ਼ਾਦੀ ਤੋਂ ਬਾਅਦ ਅਤੇ ਨਵ-ਜੰਮੇ ਬੱਚੇ ਦੀ ਖ਼ੁਸ਼ੀ ਮੌਕੇ ਲੋਕ ਅਕਸਰ ਇਥੇ ਸਿਹਰੇ ਵੀ ਬੰਨ੍ਹਣ ਲੱਗ ਪਏ ਹਨ। ਲੋਕਾਂ ਦੀ ਸ਼ਰਧਾ ਭਾਵਨਾ ਨੂੰ ਭਾਂਪਦਿਆਂ ਇਥੇ ਚੇਤ ਦੀ ਚੌਦੇਂ ਵਾਲੇ ਦਿਨ ਲੰਗਰ ਲਗਾਇਆ ਜਾਂਦਾ ਹੈ। ਉਸ ਨੇ ਦੱਸਿਆ ਕਿ ਮੈਂ ਬਜਾਜ ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਆਪਣੀ ਆੜ੍ਹਤ ਦੇ ਰੁਝੇਵੇਂ ਭਰੇ ਕਾਰੋਬਾਰ ਵਿਚੋਂ ਸਮਾਂ ਕੱਢ ਕੇ ਭਾਈਚਾਰੇ ਦੀ ਸੇਵਾ ਮੁਫ਼ਤ ਕਰ ਰਿਹਾ ਹਾਂ। ਭਾਵੁਕ ਹੁੰਦਿਆਂ ਮੁਖ ਸੇਵਾਦਾਰ ਨੇ ਕਿਹਾ ਕਿ ਮੈਨੂੰ ਜਨੇਰ ਹੁਣ ਕੋਈ ਦੂਜਾ ਪਿੰਡ ਨਹੀਂ ਸਗੋਂ ਆਪਣਾ ਅਸਲੀ ਘਰ ਹੀ ਪ੍ਰਤੀਤ ਹੁੰਦਾ ਹੈ। ਜਦੋਂ ਮੈਂ ਕੁਝ ਸਮੇਂ ਲਈ ਆਪਣੇ ਪਰਿਵਾਰ ਪਾਸ ਜਾਂਦਾ ਹਾਂ ਤਾਂ ਜਨੇਰ ਵਾਸੀਆਂ ਦਾ ਪਿਆਰ ਮੈਨੂੰ ਇਧਰ ਖਿੱਚ ਕੇ ਲੈ ਆਉਂਦਾ ਹੈ।
ਦਮਦਮਾ ਸਾਹਿਬ
ਪਿੰਡ ਦੇ ਥੇਹ ਅਤੇ ਗੁਰਦੁਆਰਾ ਸਾਹਿਬ ਤੋਂ ਪੱਛਮ ਵੱਲ ਕੋਈ ਅੱਧਾ ਕਿਲੋਮੀਟਰ ਦੂਰੀ ‘ਤੇ ਇਕ ਛੋਟ ਜਿਹਾ ਤਲਾਬ ਬਣਿਆ ਹੋਇਆ ਹੈ, ਜਿਥੇ ਪਿੰਡ ਦੇ ਲੋਕ ਮੱਸਿਆ ਵਾਲੇ ਦਿਨ ਇਸ਼ਨਾਨ ਕਰਨ ਜਾਂਦੇ ਹਨ। ਦੇਸੀ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਪਿੰਡ ਦੀਆਂ ਨੂੰਹਾਂ-ਧੀਆਂ, ਗੁਰੂ ਦੀ ਮਹਿਮਾ ਦੇ ਗੀਤ ਗਾਉਂਦੀਆਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਣਕ ਦੀਆਂ ਮਿੱਠੀਆਂ ਬਕਲੀਆਂ ਦਾ ਪ੍ਰਸ਼ਾਦ ਵੰਡਣ ਜਾਂਦੀਆਂ ਹਨ। ਇਹ ਪਰੰਪਰਾ ਪਿੰਡ ਵਾਸੀਆਂ ਵਿਚ ਪੱਕੇ ਤਲਾਬ ਦੀ ਹੋਂਦ ਵਿਚ ਆਉਣ ਤੋਂ ਪਹਿਲਾਂ ਜਦੋਂ ਇਹ ਜਗ੍ਹਾ ਇਕ ਛੱਪੜ ਦੇ ਰੂਪ ਵਿਚ ਹੀ ਸੀ, ਦੇ ਸਮੇਂ ਤੋਂ ਹੀ ਚਲੀ ਆ ਰਹੀ ਹੈ। ਇਸ ਧਾਰਮਿਕ ਪੂਜਾ ਅਸਥਾਨ ਨੂੰ ਪਿੰਡ ਵਾਸੀ ‘ਦਮਦਮਾ ਸਾਹਿਬ’ ਆਖਦੇ ਹਨ।
ਪਿੰਡ ਵਾਸੀ ਪੁਰਖਿਆਂ ਤੋਂ ਸੁਣਦੇ ਆ ਰਹੇ ਹਨ ਕਿ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਨੇ ਕਿਸੇ ਸਮੇਂ ਘੋੜੇ ਉਪਰ ਸਫ਼ਰ ਕਰਦਿਆਂ ਇਥੇ ਪੜਾਅ ਕੀਤਾ ਸੀ ਜਿਹੜਾ ਕਿ ਧਾਰਮਿਕ ਅਤੇ ਇਤਿਹਾਸਕ ਪੱਖੋਂ ਠੀਕ ਨਹੀਂ ਜਾਪਦਾ। ਧਾਰਮਿਕ ਪੱਖੋਂ ਵਿਚਾਰ ਕਰੀਏ ਤਾਂ ਹਾਲੀਂ ਕੁਝ ਸਮਾਂ ਪਹਿਲਾਂ ਤਕ ਇਸ ਥਾਂ ‘ਤੇ ਇਕ ਛੱਪੜ ਹੀ ਹੋਇਆ ਕਰਦਾ ਸੀ। ਅਕਸਰ ਹੀ ਲੋਕ ਇਥੋਂ ਆਪਣੇ ਮਾਲ ਡੰਗਰ ਨੂੰ ਪਾਣੀ ਪਿਆਇਆ ਕਰਦੇ ਸਨ ਕਿਉਂਕਿ ਪਿੰਡ ਦੇ ਇਸ ਪਾਸੇ ਹੋਰ ਕੋਈ ਛੱਪੜ ਵਗੈਰਾ ਨਹੀਂ ਸੀ। ਇਸ ਥਾਂ ਨੂੰ ਜੇਕਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੂਹ ਪ੍ਰਾਪਤ ਹੁੰਦੀ ਤਾਂ ਪਿੰਡ ਦੀ ਸੰਗਤ ਵਲੋਂ ਪੁਰਾਣੇ ਗੁਰਦੁਆਰਾ ਸਾਹਿਬ ਦੀ ਉਸਾਰੀ ਸਮੇਂ ਜ਼ਰੂਰ ਹੀ ਇਸ ਜਗ੍ਹਾ ਉਨ੍ਹਾਂ ਦੀ ਯਾਦ ਵਿਚ ਕੋਈ ਢੁਕਵੀਂ ਧਾਰਮਿਕ ਜਗ੍ਹਾ ਬਣਾਈ ਹੁੰਦੀ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਇਹ ‘ਡੇਰਾ ਬਾਬਾ ਹਮੀਰ ਸਿੰਘ ਜੀ’ ਦਾ ਇਕ ਟਕਸਾਲੀ ਗੁਰਦੁਆਰਾ ਹੈ। ਇਹ ਟਕਸਾਲ ਬਹੁਤ ਪੁਰਾਣੀ ਵੀ ਹੈ ਅਤੇ ਇਸ ਨੇ ਕਈ ਵੱਡੇ-ਵੱਡੇ ਰਾਗੀ, ਕਥਾਵਾਚਕ ਅਤੇ ਗੁਣੀ ਗਿਆਨੀ ਵੀ ਪੈਦਾ ਕੀਤੇ ਹਨ, ਜੇਕਰ ਛੇਵੀਂ ਪਾਤਸ਼ਾਹੀ ਦੇ ਇਥੇ ਦਰਸ਼ਨ ਦੀਦਾਰ ਹੋਏ ਹੁੰਦੇ ਤਾਂ ਦਮਦਮਾ ਸਾਹਿਬ ਵਾਲਾ ਤਲਾਬ ਅੱਜ ਤੋਂ ਸੈਂਕੜੇ ਵਰ੍ਹੇ ਪਹਿਲਾਂ ਬਣਿਆ ਹੁੰਦਾ।
ਇਤਿਹਾਸਕ ਪੱਖ ਤੋਂ ਇਹ ਇਸ ਕਰਕੇ ਠੀਕ ਨਹੀਂ ਜਾਪਦਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿੰਡ ਡਰੋਲੀ ਭਾਈ ਪਹੁੰਚਣ ਸਮੇਂ ਜਾਂ ਪਿੰਡਾਂ ਵਿਚ ਵਿਚਰਨ ਸਮੇਂ ਕਿਸੇ ਵੀ ਇਤਿਹਾਸਕ ਪੁਸਤਕ ਵਿਚ ਉਨ੍ਹਾਂ ਦਾ ਜਨੇਰ ਪਹੁੰਚਣ ਦਾ ਜ਼ਿਕਰ ਨਹੀਂ ਹੈ। ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੇ ਗੁਰੂ ਹਰਿਗੋਬਿੰਦ ਦੇ ਇਸ ਇਲਾਕੇ ਵਿਚਲੀਆਂ ਸਰਗਰਮੀਆਂ ਅਤੇ ਉਨ੍ਹਾਂ ਦੀਆਂ ਫੇਰੀਆਂ ਵਿਚ ਜਨੇਰ ਦਾ ਜ਼ਿਕਰ ਨਹੀਂ ਕੀਤਾ ਜਦੋਂ ਕਿ ਗੁਆਂਢੀ ਪਿੰਡ ਖੋਸਾ ਕੋਟਲਾ ਦਾ ਵਰਨਣ ਹੈ। ਸੰਤ ਵਿਸਾਖਾ ਜੀ ਦੁਆਰਾ ਬਹੁਤ ਵਿਸਥਾਰ ਨਾਲ ਲਿਖੇ ਗਏ ਮਾਲਵਾ ਇਤਿਹਾਸ ਵਿਚ ਛੇਵੀਂ ਪਾਤਸ਼ਾਹੀ ਦੀ ਜਨੇਰ ਫੇਰੀ ਬਾਰੇ ਕਿਧਰੇ ਕੁਝ ਨਹੀਂ ਲਿਖਿਆ ਜਦੋਂ ਕਿ ਭਾਗ ਪਹਿਲਾ ਦੇ ਸਫ਼ਾ 39 ਤੋਂ 44 ਤਕ ਗੁਰੂ ਸਾਹਿਬ ਦੇ ਜਨੇਰ ਲਾਗਲੇ ਪਿੰਡਾਂ ਸਲ੍ਹੀਣਾ, ਡਗਰੂ, ਖੋਸਾ ਕੋਟਲਾ, ਡਰੋਲੀ ਭਾਈ, ਵੱਡਾ ਘਰ, ਰੋਡੇ, ਮੋਗਾ, ਘੱਲ ਕਲਾਂ, ਮਨਾਵਾਂ, ਸਨ੍ਹੇਰ ਅਤੇ ਜ਼ੀਰਾ ਦਾ ਵਰਨਣ ਹੈ। ਇਕ ਹੋਰ ਇਤਿਹਾਸਕ ਪੱਖ ਇਹ ਵੀ ਹੈ ਕਿ ਗੁਰੂ ਸਾਹਿਬ ਦੇ ਜੀਵਨ ਕਾਲ ਦਾ ਸਮਾਂ 14 ਜੂਨ 1595 ਈਸਵੀ ਤੋਂ 3 ਮਾਰਚ 1644 ਈਸਵੀ ਦਾ ਹੈ ਉਸ ਸਮੇਂ ਉਜੜਿਆ ਹੋਇਆ ਜਨੇਰ ਇਕ ਥੇਹ ਦੇ ਰੂਪ ਵਿਚ ਸੀ, ਫੇਰ ਗੁਰੂ ਸਾਹਿਬ ਨੇ ਆਉਣਾ ਕਿਸ ਪਾਸ ਸੀ?
ਉਸ ਸਮੇਂ ਦੀਆਂ ਰਾਜਨੀਤਕ ਅਤੇ ਇਤਿਹਾਸਕ ਘਟਨਾਵਾਂ ਦਾ ਮੁਲਾਂਕਣ ਕਰਦਿਆਂ ਇਕ ਗੱਲ ਜ਼ਰੂਰ ਜ਼ਿਹਨ ਵਿਚ ਆਉਂਦੀ ਹੈ ਕਿ 1754 ਈਸਵੀ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਮਸੀਤਾਂ ਤੋਂ ਘੋੜੇ ‘ਤੇ ਸਵਾਰ ਹੋ ਕੇ ਸਤਲੁਜ ਦਰਿਆ ਪਾਰ ਕਰਕੇ ਜਨੇਰ ਪਹੁੰਚਣ ਸਮੇਂ ਵਿਰਾਨ ਪਏ ਥੇਹ ਉਪਰ ਕੋਈ ਪਾਣੀ ਨਹੀਂ ਸੀ, ਹੋ ਸਕਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਲਾਮ ਲਸ਼ਕਰ ਨਾਲ ਪਾਣੀ ਨੇੜੇ ਮੌਜੂਦਾ ਦਮਦਮਾ ਸਾਹਿਬ ਵਿਖੇ ਪੜਾਅ ਕੀਤਾ ਹੋਵੇ ਅਤੇ ਕਿਸੇ ਰਾਹੀ ਪਾਂਧੀ ਨੇ ਉਸ ਨੂੰ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮਝ ਲਿਆ ਹੋਵੇ। ਪਿੰਡ ਦੇ ਕਈ ਬਜ਼ੁਰਗਾਂ ਨਾਲ ਇਨ੍ਹਾਂ ਧਾਰਮਿਕ ਅਤੇ ਇਤਿਹਾਸਕ ਪੱਖਾਂ ਦੇ ਮੱਦੇਨਜ਼ਰ ਵਿਚਾਰ ਸਾਂਝੇ ਕੀਤੇ ਤਾਂ ਲਗਪਗ ਸਾਰਿਆਂ ਦੀ ਇਕੋ ਹੀ ਰਾਇ ਸੀ ਕਿ ਚਲੋ ਇਤਿਹਾਸ ਬੇਸ਼ਕ ਕੁਝ ਵੀ ਹੋਵੇ ਕੁੜੀਆਂ-ਚਿੜੀਆਂ ਸ਼ਰਧਾ ਭਾਵਨਾ ਨਾਲ ਸੰਗਰਾਂਦ ਦੇ ਪਵਿੱਤਰ ਦਿਹਾੜੇ ਥੋੜਾ ਬਹੁਤ ਗੁਰੂ ਘਰ ਨਾਲ ਤਾਂ ਜੁੜਦੀਆਂ ਹਨ।
ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਦਮਦਮਾ ਸਾਹਿਬ ਵਿਖੇ ਆਉਣ ਜਾਂ ਨਾ ਆਉਣ ਬਾਰੇ ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਮੌਜੂਦਾ ਮੁਖ ਸੇਵਾਦਾਰ ਬਾਬਾ ਮੁਹਿੰਦਰ ਸਿੰਘ ਜੀ ਨਾਲ ਵਿਚਾਰ-ਵਟਾਂਦਰਾ ਕੀਤਾ ਤਾਂ ਉਨ੍ਹਾਂ ਨੇ ਵੀ ਇਤਿਹਾਸਕ ਤੱਥਾਂ ਦੀ ਪ੍ਰੋੜ੍ਹਤਾ ਕਰਦੇ ਹੋਏ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਇਤਿਹਸ ਵਿਚ ਇਸ ਬਾਰੇ ਪੜ੍ਹ ਚੁੱਕਿਆ ਹਾਂ । ਬਾਬਾ ਮੁਹਿੰਦਰ ਸਿੰਘ ਜੀ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਹ ਵੀ ਕਿਹਾ ਕਿ ਚਲੋ ਜੇਕਰ ਸਾਡੇ ਨਗਰ ਵਿਚ ਨਹੀਂ ਤਾਂ ਸਾਡੇ ਗੁਆਂਢੀ ਨਗਰਾਂ ਵਾਲਿਆਂ ਨੂੰ ਤਾਂ ਗੁਰੂ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਹੋਈ, ਅਸੀਂ ਭਾਗਾਂ ਵਾਲੇ ਹਾਂ ਕਿ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਣ ਵਾਲੇ ਗੁਰੂ ਜੀ ਦੀ ਯਾਦ ਵਿਚ ਨਿਵਾਸੀਆਂ ਨੇ ਕੋਈ ਯਾਦਗਾਰ ਤਾਂ ਸਥਾਪਤ ਕੀਤੀ।
ਇਸ ਧਾਰਮਿਕ ਅਸਥਾਨ ਬਾਰੇ ਇਕ ਦੋ ਦੰਦ ਕਥਾ ਵੀ ਪ੍ਰਚਲਤ ਹਨ ਕਿ ਜਦੋਂ ਪਿੰਡ ਦਾਤੇਵਾਲ ਤੋਂ ਬਾਬਾ ਪੋੜਾ ਸਿੰਘ ਜੀ ਪਹੁੰਚੇ ਤਾਂ ਉਹ ਲਗਪਗ ਇਕ ਹਫ਼ਤਾ ਇਸ ਜਗ੍ਹਾ ‘ਤੇ ‘ਪ੍ਰਭੂ ਲੀਨ’ ਅਵਸਥਾ ਵਿਚ ਬੈਠੇ ਰਹੇ ਸ਼ਾਇਦ ਉਸ ਸਮੇਂ ਦੇ ਪਿੰਡ ਵਾਸੀਆਂ ਨੇ ਇਹ ਜਗ੍ਹਾ ਪਵਿੱਤਰ ਮੰਨ ਲਈ ਹੋਵੇ।
ਖ਼ਾਨਗਾਹ
‘ਝਾਣਾ ਭਾਈਚਾਰਾ’ ਜਾਂ ਨਵੀਂ ਖੋਜ ਅਨੁਸਾਰ ‘ਮੁਹਾਣਾ ਭਾਈਚਾਰਾ’ ਪਿੰਡ ਦੀ ਪੰਜਵੀਂ ਪੱਤੀ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਸ ਭਾਈਚਾਰੇ ਨਾਲ ਸਬੰਧਤ ਇਕ ਮੰਨਤ-ਅਸਥਾਨ ਥੇਹ ਉਪਰ ਪੰਜਵੀਂ ਪੱਤੀ ਦੀ ਸੰਘਣੀ ਵਸੋਂ ਵਾਲੇ ਇਲਾਕੇ ਦੇ ਪੂਰਬ ਵਿਚ ਸਥਿਤ ਹੈ। ਇਸ ਭਾਈਚਾਰੇ ਦੇ ਲੋਕ ਇਸ ਮੰਨਤ-ਅਸਥਾਨ ਨੂੰ ਆਪਣੇ ਸੂਫ਼ੀਆਨਾ ਅੰਦਾਜ਼ ਵਿਚ ‘ਖ਼ਾਨਗਾਹ’ ਆਖਦੇ ਹਨ। ਝਾਣੇ ਪਰਿਵਾਰ ਨਾਲ ਸਬੰਧਤ ਸਾਹਿਤਕਾਰ ਸੱਜਣ ਸ਼ਾਹ ਉਰਫ਼ ਪੀਰ ਕਾਦਰੀ ਅਨੁਸਾਰ ਉਨ੍ਹਾਂ ਦੇ ਪੁਰਖੇ ‘ਗੌਸਦੀਨ’ ਅਤੇ ‘ਮੌਜਦੀਨ’ ਆਪਣੇ ਸਮੇਂ ਦੇ ਬਹੁਤ ਹੀ ਧਰਮਾਤਮਾ ਪੁਰਸ਼ ਹੋਏ ਹਨ। ਸੱਜਣ ਸ਼ਾਹ ਅਨੁਸਾਰ ਬੇਸ਼ਕ ਸਾਡੇ ਉਪਰੋਕਤ ਦੋਵੇਂ ਪੁਰਖੇ ਸ਼ੀਆ ਮੁਸਲਮਾਨ ਸਨ ਪਰੰਤੂ ਉਹ ਸੂਫ਼ੀਆਨਾ ਤਰਜ਼ ਦੀ ਜ਼ਿੰਦਗੀ ਬਸਰ ਕਰਨ ਵਿਚ ਵਿਸ਼ਵਾਸ ਕਰਦੇ ਸਨ। ਉਸ ਨੇ ਇਹ ਵੀ ਦੱਸਿਆ ਕਿ ਬਾਬਾ ਗੌਸਦੀਨ ਅਤੇ ਬਾਬਾ ਮੌਜਦੀਨ ਬਾਰੇ ਜਿਹੜੀ ਜਾਣਕਾਰੀ ਆਪਣੇ ਦਾਦਾ ਤੁਲੇ ਸ਼ਾਹ ਤੋਂ ਪ੍ਰਾਪਤ ਕੀਤੀ ਸੀ ਉਸ ਅਨੁਸਾਰ ਕਈ ਵਾਰ ਉਹ ‘ਰੱਬੀ ਰੰਗਾਂ’ ਵਿਚ ਐਨੇ ‘ਰੰਗੇ’ ਜਾਂਦੇ ਸਨ ਕਿ ਪਰਿਵਾਰਾਂ ਬਾਰੇ ਵੀ ਭੁੱਲ ਜਾਂਦੇ ਸਨ। ਇਸ ਖ਼ਾਨਗਾਹ ਦੇ ਅੰਦਰ ਹੀ ਝਾਣਿਆਂ ਦੇ ਇਕ ਹੋਰ ਪੁਰਖੇ ਜਿਸ ਨੂੰ ਉਹ ‘ਘੋੜੀ ਵਾਲਾ ਬਾਬਾ’ ਆਖਦੇ ਹਨ ਦੀ ਕਬਰ ਵੀ ਖ਼ਾਨਗਾਹ ਵਿਚ ਬਾਬਾ ਗੌਸਦੀਨ ਅਤੇ ਮੌਜਦੀਨ ਦੀਆਂ ਕਬਰਾਂ ਨੇੜੇ ਬਣੀ ਹੋਈ ਹੈ। ਕੁਝ ਸਮਾਂ ਪਹਿਲਾਂ ਝਾਣੇ ਪਰਿਵਾਰ ਦੇ ਮੁਖੀ ਮਹਿੰਦੀ ਸ਼ਾਹ ਨੂੰ ਵੀ ਇਸ ਖ਼ਾਨਗਾਹ ਵਿਚ ਦਫ਼ਨਾਇਆ ਗਿਆ।
ਇਸ ਖ਼ਾਨਗਾਹ ‘ਤੇ ਹਰ ਸਾਲ ਦੇਸੀ ਮਹੀਨੇ ਅਨੁਸਾਰ 20 ਭਾਦਰੋਂ ਨੂੰ ਇਕ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਝਾਣੇ ਪਰਿਵਾਰਾਂ ਵਲੋਂ ਆਪਣੇ ਪੁਰਖਿਆਂ ਗੌਸਦੀਨ ਅਤੇ ਮੌਜਦੀਨ ਨੂੰ ਸਮਰਪਤ ‘ਸੂਫ਼ੀਆਨਾ ਗਾਇਕੀ’ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਸੂਫ਼ੀ ਗਾਇਕੀ ਦੇ ਨਾਮਵਰ ਸੂਫ਼ੀ ਗਾਇਕ ਇਸ ਮੇਲੇ ਵਿਚ ਸ਼ਿਕਰਤ ਕਰਦੇ ਹਨ। ਵੱਡੀ ਗਿਣਤੀ ਵਿਚ ਨੇੜਲੇ ਪਿੰਡਾਂ ਤੋਂ ਵੀ ਲੋਕ ਸੂਫ਼ੀ ਗਾਇਕੀ ਦਾ ਆਨੰਦ ਮਾਨਣ ਲਈ ਇਥੇ ਪਹੁੰਚਦੇ ਹਨ। ਇਸ ਮੇਲੇ ਦੀ ਇਹ ਵਿਸ਼ੇਸ਼ਤਾ ਹੈ ਕਿ ਕੋਈ ਵੀ ਮਰਦ, ਔਰਤ ਜਾਂ ਬੱਚਾ, ਬੁੱਢਾ ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਕਰਕੇ ਇਸ ਵਿਚ ਸ਼ਿਰਕਤ ਨਹੀਂ ਕਰ ਸਕਦਾ।
ਬਾਬਾ ਬਾਲਮੀਕ ਜੀ ਦਾ ਮੰਦਰ
ਬਾਬਾ ਬਾਲਮੀਕ ਜੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਇਕ ਰਿਸ਼ੀ, ਸੰਤ, ਦਿਆਲੂ ਪੁਰਸ਼, ਸ਼ਾਸਤਰ ਵਿਦਿਆ ਦਾ ਮਾਹਿਰ ਅਤੇ ਕਲਮ ਦੇ ਧਨੀ ਵਜੋਂ ਇਨ੍ਹਾਂ ਦੀ ਪਛਾਣ ਸਿਰਫ਼ ਉਤਰੀ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਭਾਰਤ ਵਰਸ਼ ਵਿਚ ਹੋ ਚੁੱਕੀ ਹੈ। ਇਹ ਬਾਬਾ ਬਾਲਮੀਕ ਜੀ ਹੀ ਸਨ ਜਿਨ੍ਹਾਂ ਨੇ ਰਮਾਇਣ ਦੀ ਰਚਨਾ ਸੰਸਕ੍ਰਿਤ ਭਾਸ਼ਾ ਵਿਚ ਕਰਕੇ ਸਿੱਧ ਕਰ ਦਿੱਤਾ ਸੀ ਕਿ ਬ੍ਰਾਹਮਣਾਂ ਤੋਂ ਬਿਨਾਂ ਅਨਾਰੀਆ ਲੋਕਾਂ ਵਿਚ ਵੀ ਮਹਾਂਰਿਸ਼ੀ ਪੈਦਾ ਹੋ ਸਕਦੇ ਹਨ। ਸਮੂਹ ਭਾਰਤ ਵਰਸ਼ ਦਾ ਆਮ ਕਰਕੇ ਅਤੇ ਉਤਰੀ ਭਾਰਤ ਦਾ ਵਿਸ਼ੇਸ਼ ਤੌਰ ‘ਤੇ ਸ਼ਾਇਦ ਹੀ ਕੋਈ ਪਿੰਡ, ਕਸਬਾ ਜਾਂ ਸ਼ਹਿਰ ਹੋਵੇ ਜਿਥੇ ਇਸ ਮਹਾਂਰਿਸ਼ੀ ਦੀ ਯਾਦ ਵਿਚ ਕੋਈ ਯਾਦਗਾਰ ਨਾ ਬਣੀ ਹੋਵੇ। ਜਨੇਰ ਪਿੰਡ ਵਿਚ ਵੀ ਪੰਜਵੀਂ ਪੱਤੀ ਦੀ ਥੇਹ ਉਪਰਲੀ ਵਸੋਂ ਨੂੰ ਚੜ੍ਹਨ ਵਾਲੀ ਚੜ੍ਹਾਈ ਦੇ ਸੱਜੇ ਹੱਥ ਬਾਬਾ ਬਾਲਮੀਕ ਜੀ ਦਾ ਮੰਦਰ ਬਣਿਆ ਹੋਇਆ ਹੈ।
ਕੁਝ ਸਮਾਂ ਤਾਂ ਇਸ ਮਹਾਨ ਮਹਾਂਰਿਸ਼ੀ ਦੀ ਯਾਦ ਵਿਚ ਪਿੰਡ ਵਿਚ ਬਣੇ ਪੂਜਾ ਅਸਥਾਨ ਨੂੰ ਲੋਕਾਂ ਵਲੋਂ ਅਣਗੌਲਿਆ ਹੀ ਰਿਹਾ ਕਿਉਂਕਿ ਇਨ੍ਹਾਂ ਦੇ ਪੈਰੋਕਾਰ ਅਜੋਕੇ ਸਮੇਂ ਦੇ ਅਡੰਬਰੀ ਬਾਬਿਆਂ ਦੇ ਚੱਕਰ ਵਿਚ ਹੀ ਘੁੰਮਦੇ ਰਹੇ। ਵਿਦਿਆ ਦੇ ਪਸਾਰ ਅਤੇ ਲੋਕਾਂ ਵਿਚ ਇਸ ਮਹਾਂਰਿਸ਼ੀ ਦੇ ਆਦਰਸ਼ਮਈ ਜੀਵਨ ਦੀ ਲੋਕਪ੍ਰਿਅਤਾ ਵਧ ਜਾਣ ਕਾਰਨ ਇਸ ਮੰਦਰ ਵਿਚ ਵੀ ਰੌਣਕਾਂ ਲਗਣੀਆਂ ਸ਼ੁਰੂ ਹੋ ਗਈਆਂ ਹਨ। ਪੱਕੇ ਤੌਰ ‘ਤੇ ਇਕ ਸੇਵਾਦਾਰ ਨੇ ਵੀ ਆਪਣੀ ਰਹਾਇਸ਼ ਬਾਬਾ ਬਾਲਮੀਕ ਜੀ ਦੇ ਮੰਦਰ ਵਿਚ ਹੀ ਕਰ ਲਈ ਹੈ। ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਪੂਰਨ ਰਮਾਇਣ ਦੇ ਪਾਠ ਸੰਪੂਰਨ ਕੀਤੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਚੋਂ ਵੀ ਰਾਗੀ, ਢਾਡੀ ਸ਼ਬਦ ਗਾਇਣ ਕਰਦੇ ਹਨ। ਪਿੰਡ ਵਾਸੀਆਂ ਵਲੋਂ ਬਿਨਾਂ ਕਿਸੇ ਭੇਦ-ਭਾਵ ਦੇ ਲੰਗਰ ਵੀ ਲਗਾਇਆ ਜਾਂਦਾ ਹੈ।
ਬਾਬਾ ਨੌਂ ਗਜੀਏ ਦੀ ਕਬਰ
ਮੁਸਲਮਾਨ ਸ਼ਾਸਕਾਂ ਅਧੀਨ ਰਹੇ ਇਲਾਕੇ ਵਿਚ ‘ਨੌਂ ਗਜੀਆ’ ਦੀਆਂ ਕਬਰਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ। ਇਸ ਤੋਂ ਇਹ ਭਾਵ ਅਰਥ ਨਹੀਂ ਲੈਣਾ ਚਾਹੀਦਾ ਕਿ ਜਿਹੜੇ ਮਨੁੱਖ ਦੀ ਕਬਰ ਨੌਂ ਗਜ ਜਾਂ ਸਤਾਈ ਫੁੱਟ ਲੰਮੀ ਹੈ ਉਹ ਅਸਲੀ ਰੂਪ ਵਿਚ ਵੀ ਨੌਂ ਗਜ ਲੰਮਾ ਹੋਵੇਗਾ। ਅਸਲੀਅਤ ਇਹ ਹੈ ਕਿ ਮੁਸਲਮਾਨ ਭਾਈਚਾਰੇ ਵਿਚ ਇਹ ਪ੍ਰਥਾ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਹੈ ਕਿ ਕੋਈ ਵੀ ਇਨਸਾਨ ਜਿਸ ਨੇ ਕੋਈ ਬਹਾਦਰੀ ਭਰਿਆ ਕਾਰਨਾਮਾ ਕੀਤਾ ਹੋਵੇ ਜਾਂ ਦੁਨੀਆਂ ਦੀਆਂ ਨਜ਼ਰਾਂ ਵਿਚ ਪਹੁੰਚਿਆ ਹੋਇਆ ਪੀਰ ਫ਼ਕੀਰ ਜਾਂ ਸੰਤ ਹੋਵੇ ਤਾਂ ਉਸ ਦੇ ਅਕਾਲ ਵਸ ਹੋ ਜਾਣ ਉਪਰੰਤ ਸਮਾਜਿਕ ਮਾਣ ਸਤਿਕਾਰ ਵਜੋਂ ਉਸ ਦੀ ਕਬਰ ਨੌਂ ਗਜ ਲੰਮੀ ਬਣਾ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਉਸ ਦੀ ਕਬਰ ਪੂਜਣ ਯੋਗ ਸਤਿਕਾਰਤ ਜਗ੍ਹਾ ਬਣ ਜਾਂਦੀ ਸੀ। ਜਨੇਰੇ ਅਤੇ ਇਸ ਦਾ ਨੇੜਲਾ ਇਲਾਕਾ ਲੰਮਾ ਸਮਾਂ ਮੁਸਲਮਾਨ ਸ਼ਾਸਕਾਂ ਦੇ ਅਧੀਨ ਰਿਹਾ ਹੋਣ ਕਰਕੇ, ਜਨੇਰ ਸਮੇਤ ਜ਼ੀਰਾ, ਸੁਖੇਵਾਲ ਅਤੇ ਸ਼ਾਹ ਬੁਕਰ ਆਦਿ ਥਾਵਾਂ ‘ਤੇ ਨੌਂ ਗਜੀਏ ਬਾਬਿਆਂ ਦੀਆਂ ਕਬਰਾਂ ਮੌਜੂਦ ਹਨ।
ਜਨੇਰ ਵਿਚ ਨੌਂ ਗਜੀਏ ਬਾਬੇ ਦੀ ਕਬਰ ਪਿੰਡ ਦੇ ਉਤਰ-ਪੂਰਬ ਵੱਲ ਮੋਗਾ- ਅੰਮ੍ਰਿਤਸਰ ਜੀ.ਟੀ. ਰੋਡ ਤੋਂ 50 ਕੁ ਮੀਟਰ ਖੱਬੇ ਪਾਸੇ ਸਥਿਤ ਹੈ। ਲੰਬਰਦਾਰ ਸਾਧੂ ਸਿੰਘ ਚੀਮਾ ਅਨੁਸਾਰ ਸਰਕਾਰੀ ਰਿਕਾਰਡ ਵਿਚ ਕੁਝ ਜ਼ਮੀਨ ਵੀ ਇਸ ਨੌਂ ਗਜੀਏ ਬਾਬੇ ਦੇ ਨਾਮ ਬੋਲਦੀ ਹੈ। ਇਸ ਪੂਜਾ ਸਥਾਨ ਦੀ ਦੇਖ ਭਾਲ ਲਈ ਬਾਬਿਆਂ ਦੇ ਹੱਥ ਵਿਚ ਰਹੀ ਹੈ। ਕੁਝ ਸਮਾਂ ਪਹਿਲਾਂ ਤਕ ਪਿੰਡ ਦੀ ਪੰਜਵੀਂ ਪੱਤੀ ਵਾਲਾ ਬਾਬਾ ਗੁਰਮੇਲ ਸਿੰਘ, ਜਿਹੜਾ ਕਿ ਬਾਰਡਰ ਸਕਿਊਰਟੀ ਫੋਰਸ ਦਾ ਰਿਟਾਇਰਡ ਹਵਾਲਦਾਰ ਸੀ ਅਤੇ ਘਰ- ਬਾਰ ਤਿਆਗ ਕੇ ਸਾਧਗਿਰੀ ਦੀ ਜੀਵਨ ਸ਼ੈਲੀ ਵਿਚ ਚਲਾ ਗਿਆ ਸੀ, ਲੰਮਾ ਸਮਾਂ ਇਸ ਧਾਰਮਿਕ ਅਸਥਾਨ ‘ਤੇ ਮੁਖ ਸੇਵਾਦਾਰ ਵਜੋਂ ਸੇਵਾ ਕਰਦਾ ਰਿਹਾ। ਉਸ ਦੇ ਅਚਾਨਕ ਅਕਾਲ ਚਲਾਣਾ ਕਰਨ ਬਾਅਦ ਪਿੰਡ ਦਾ ਹੀ ਇਕ ਹੋਰ ਸਾਧਗਿਰੀ ਜੀਵਨ ਵਾਲਾ ਨੌਜੁਆਨ ਇਥੇ ਮੁਖ ਸੇਵਾਦਾਰ ਹੈ, ਜਿਸ ਤਰਸੇਮ ਸਿੰਘ ਨੂੰ ਉਸ ਦੇ ਸ਼ਰਧਾਲੂ ‘ਬਿਗਰੀ ਬਾਬਾ’ ਆਖਦੇ ਹਨ। ਸ਼ਰਧਾਵਾਨ ਸੱਜਣ ਹਰ ਰੋਜ਼ ਬਾਬਾ ਨੌਂ ਗਜੀਏ ਦੀ ਕਬਰ ਨੂੰ ਸਿਜਦਾ ਕਰਨ ਜਾਂਦੇ ਹਨ। ਹਰ ਸਾਲ ਇਥੇ ਪੁੰਨ ਦਾਨ ਕਰਨ ਦੇ ਰੂਪ ਵਿਚ ‘ਬਾਬੇ ਦਾ ਭੰਡਾਰਾ’ ਵੀ ਤਿਆਰ ਕਰਕੇ ਇਲਾਕਾ ਨਿਵਾਸੀਆਂ ਨੂੰ ਛਕਾਇਆ ਜਾਂਦਾ ਹੈ। ਨੌਂ ਗਜੀਏ ਬਾਬੇ ਦੇ ਭੰਡਾਰੇ ਵਾਲੇ ਦਿਨ ਇਥੇ ਖ਼ੂਬ ਰੌਣਕਾਂ ਲਗਦੀਆਂ ਹਨ।
ਖੋਸੇ (ਤੂਰ) ਗੋਤ ਵਾਲਿਆਂ ਦਾ ਬਖੂਹਾ
ਪਿੰਡ ਦੇ ਉਤਰ-ਪੂਰਬ ਦੀ ਦਿਸ਼ਾ ਵਲ, ਮੋਗਾ-ਅੰਮ੍ਰਿਤਸਰ ਜੀ.ਟੀ. ਰੋਡ ਦੇ ਸੱਜੇ ਪਾਸੇ ਚੀਮਾਂ ਪੱਤੀ ਦੇ ਮੋਹਰ ਸਿੰਘ ਚੀਮਾ ਅਤੇ ਕੋਹਰ ਸਿੰਘ ਚੀਮਾ ਹੋਰਾਂ ਦੀ ਜ਼ਮੀਨ ਵਿਚ ਇਕ ਦਰਖ਼ਤਾਂ ਦਾ ਝੁੰਡ ਹੈ ਜਿਸ ਨੂੰ ਬਖੂਹਾ ਆਖਦੇ ਹਨ। ਇਸ ਬਖੂਹੇ ਵਿਚ ਇਕ ਚਮਤਕਾਰੀ ਇੱਲ ਦੀ ਯਾਦਗਾਰ ਬਣੀ ਹੋਈ ਹੈ। ਗੁਆਂਢੀ ਪਿੰਡ ਖੋਸਾ ਕੋਟਲਾ ਤੋਂ ਤੁਰ ਉਪ ਗੋਤ ਨਾਲ ਸਬੰਧਤ ਪਰਿਵਾਰ ਇਸ ਯਾਦਗਾਰ ਵਿਖੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਚੌਦੇਂ ਵਾਲੇ ਦਿਨ ਅਤੇ ਚੇਤ ਮਹੀਨੇ ਦੀ ਚੌਦੇਂ ਵਾਲੇ ਦਿਨ, ਸਾਲ ਵਿਚ ਦੋ ਵਾਰ ਇਥੇ ਮਿੱਟੀ ਕੱਢਣ ਆਉਂਦੇ ਹਨ।
ਖੋਸਾ ਕੋਟਲਾ ਦੇ ਬਜ਼ੁਰਗਾਂ ਪਾਸੋਂ ਸੁਣੀ ਇਕ ਪੁਰਾਤਨ ਕਥਾ ਅਨੁਸਾਰ ਇਕ ਗੁਰਸਿੱਖ ਬੀਬੀ ਇਸ ਜਗ੍ਹਾ ‘ਤੇ ਆਪਣੇ ਇਕ ਛੋਟੇ ਜਿਹੇ ਬੱਚੇ ਨੂੰ ਛੱਡ ਕੇ ਜੰਗ ਦੀਆਂ ਮੁਹਿੰਮਾਂ ਵਿਚ ਚਲੀ ਗਈ ਅਤੇ ਫੇਰ ਕਦੀ ਵਾਪਸ ਨਾ ਆਈ। ਉਸ ਦੇ ਬੱਚੇ ਨੂੰ ਲਭਦੀ ਹੋਈ ਤੂਰਾਂ ਦੀ ਵਾਹਰ ਜਦੋਂ ਮੰਨਤ ਵਾਲੀ ਜਗ੍ਹਾ ਪਹੁੰਚੀ ਤਾਂ ਕੀ ਦੇਖਦੇ ਹਨ ਕਿ ਬੱਚਾ ਘੂਕ ਸੁੱਤਾ ਪਿਆ ਹੈ ਅਤੇ ਇਕ ਇੱਲ ਨੇ ਆਪਣੇ ਵੱਡੇ ਖੰਭ ਖਿਲਾਰ ਕੇ ਉਸ ਨੂੰ ਛਾਂ ਕੀਤੀ ਹੋਈ ਸੀ। ਖੋਸਾ ਕੋਟਲਾ ਵਾਲੇ ਤੂਰਾਂ ਨੂੰ ਬੱਚਾ ਸਹੀ ਸਲਾਮਤ ਮਿਲ ਗਿਆ। ਇਸ ਕਰਾਮਾਤੀ ਇੱਲ ਦੇ ਮਾਣ-ਸਨਮਾਨ ਵਿਚ ਤੂਰਾਂ ਨੇ ਇਕ ਪੂਜਾ ਅਸਥਾਨ ਦੀ ਸਥਾਪਨਾ ਕਰ ਦਿੱਤੀ ਅਤੇ ਸਾਲ ਵਿਚ ਦੋ ਵਾਰ ਮਿੱਟੀ ਕੱਢਣੀ ਸ਼ੁਰੂ ਕਰ ਦਿੱਤੀ।
ਨਿਰਮਲੇ ਬਾਬਾ ਸੁੰਦਰ ਦਾਸ ਜੀ ਦਾ ਡੇਰਾ
ਨਿਰਮਲੇ ਬਾਬਾ ਸੁੰਦਰ ਦਾਸ ਜੀ ਦਾ ਡੇਰਾ ਪਿੰਡ ਦੇ ਮੌਜੂਦਾ ਪੰਚਾਇਤ ਘਰ ਦੇ ਪਿਛਲੇ ਪਾਸੇ ਸਥਿਤ ਹੈ। ਇਕ ਕੁਟੀਆ ਨੁਮਾ ਛੋਟੇ ਜਿਹੇ ਕਮਰੇ ਵਿਚ ਨਿਰਮਲੇ ਬਾਣੇ ਵਿਚ ਬਾਬਾ ਜੀ ਦੀ ਮੂਰਤੀ ਇਸ ਵਿਚ ਸ਼ੁਸ਼ੋਭਿਤ ਹੈ ਪਰੰਤੂ ਜਾਣਕਾਰੀ ਭਰਪੂਰ ਕੋਈ ਇਬਾਰਤ ਲਿਖੀ ਹੋਈ ਨਹੀਂ ਲਭਦੀ। ਜਿਥੋਂ ਤਕ ਨਿਰਮਲੇ ਭੇਖ ਦਾ ਪਿੰਡ ਦੇ ਗੁਰਦੁਆਰਾ ਸਾਹਿਬ ਨਾਲ ਸਬੰਧ ਹੈ ਇਸ ਬਾਰੇ ਪਿਛਲੇ ਕਾਂਡਾਂ ਵਿਚ ਜ਼ਿਕਰ ਹੋ ਚੁੱਕਿਆ ਹੈ ਕਿ ਬਾਬਾ ਗੱਜਾ ਸਿੰਘ ਜੀ ਦੇ ਸਮੇਂ ਤਕ ਡੇਰਾ ਬਾਬਾ ਹਮੀਰ ਸਿੰਘ ਜੀ ਦਾ ਸਬੰਧ ਨਿਰਮਲੇ ਭੇਖ ਵਾਲੀ ਪ੍ਰਥਾ ਨਾਲ ਸੀ।
*ਪਿੰਡ ਦੇ ਬਜ਼ੁਰਗਾਂ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਨਿਰਮਲੇ ਭੇਖ ਵਾਲੇ ਸਾਧੂ ਸੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨਾਲ ਸਹਿਮਤ ਨਹੀਂ ਸਨ। ਹੋ ਸਕਦਾ ਹੈ, ਸਿੱਖੀ ਦੇ ਜ਼ਿਆਦਾ ਪ੍ਰਚਾਰ ਹੋਣ ਕਾਰਨ ਇਨ੍ਹਾਂ ਸਾਧੂ ਸੰਤਾਂ ਨੇ ਆਪਣੇ ਆਪ ਨੂੰ ਗੁਰਦੁਆਰਾ ਸਾਹਿਬ ਤੋਂ ਵੱਖ ਕਰ ਲਿਆ ਹੋਵੇ ਅਤੇ ਨਿਰਮਲੇ ਬਾਬਾ ਸੁੰਦਰ ਦਾਸ ਜੀ ਦੇ ਨਾਮ ‘ਤੇ ਇਹ ਪੂਜਾ ਅਸਥਾਨ ਹੋਂਦ ਵਿਚ ਆਇਆ ਹੋਵੇ। ਇਤਿਹਾਸ ਚਾਹੇ ਕੁਝ ਵੀ ਹੋਵੇ ਇਹ ਧਾਰਮਿਕ ਅਸਥਾਨ ਪਿੰਡ ਦੀ ਵਿਰਾਸਤ ਹੈ ਅਤੇ ਵਿਰਾਸਤ ਨੂੰ ਇਤਿਹਾਸ ਦਾ ਅੰਗ ਬਣਾਉਣਾ ਵੀ ਜ਼ਰੂਰੀ ਹੈ।
ਕੁਝ ਹੋਰ ਪੂਜਣ ਅਸਥਾਨ
ਪੂਜਣ ਅਸਥਾਨ ਭਾਰਤੀਆਂ ਅਤੇ ਭਾਰਤ ਦੀ ਸੰਸਕ੍ਰਿਤੀ ਦਾ ਇਕ ਸਨਮਾਨਯੋਗ ਅੰਗ ਹਨ, ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜਨੇਰ ਵੀ ਇਸ ਸੰਸਕ੍ਰਿਤੀ ਦਾ ਹੀ ਇਕ ਹਿੱਸਾ ਹੋਣ ਕਰਕੇ ਉਪਰੋਕਤ ਧਾਰਮਿਕ ਅਸਥਾਨਾਂ ਤੋਂ ਬਿਨਾਂ ਪਿੰਡ ਵਿਚ ਕੁਝ ਹੋਰ ਵੀ ਪੂਜਾ-ਅਸਥਾਨ ਹਨ ਜਿਥੇ ਉਨ੍ਹਾਂ ਦੇ ਅਨੁਯਾਈ ਸਮੇਂ-ਸਮੇਂ ਕਿਸੇ ਨਾ ਕਿਸੇ ਰੂਪ ਵਿਚ ਸ਼ਰਧਾ ਦੇ ਫੁੱਲ ਭੇਂਟ ਕਰਦੇ ਰਹਿੰਦੇ ਹਨ। ਕੁਝ ਕੁ ਪੂਜਾ ਅਸਥਾਨ ਇਸ ਪ੍ਰਕਾਰ ਹਨ:-
ਗੁੱਗਾ ਪੀਰ ਦੀ ਜਗ੍ਹਾ: ਇਤਿਹਾਸ ਵਿਚ ‘ਗੁੱਗਾ ਪੀਰ’ ਦਾ ਜ਼ਿਕਰ ਸੱਪਾਂ ਦੇ ਇਕ ਪੀਰ ਵਜੋਂ ਮਿਲਦਾ ਹੈ। ਪੰਜਾਬ ਸਮੇਤ ਲਗਪਗ ਸਾਰੇ ਉਤਰੀ ਭਾਰਤ ਵਿਚ ‘ਗੁੱਗੇ ਦੀਆਂ ਮੜੀਆਂ’ ਅਤੇ ਪੂਜਾ ਅਸਥਾਨ ਸਥਾਪਤ ਹਨ। ਇਸ ਨੂੰ ਪੂਜਣ ਵਾਲਿਆਂ ਦਾ ਵਿਸ਼ਵਾਸ ਹੈ ਕਿ ‘ਗੁੱਗਾ ਪੀਰ’ ਦੀ ਮੰਨਤ ਕਰਨ ਨਾਲ ਸੱਪਾਂ ਤੋਂ ਛੁਟਕਾਰਾ ਮਿਲਦਾ ਹੈ। ਭਾਦੋਂ ਦੇ ਮਹੀਨੇ ਵਿਚ ਔਰਤਾਂ ਆਟੇ ਦੇ ਨਕਲੀ ਸੱਪ ਬਣਾ ਕੇ ਅਤੇ ਸੇਵੀਆਂ ਰਿੰਨ੍ਹ ਕੇ ਪ੍ਰਸਾਦ ਦੇ ਰੂਪ ਵਿਚ ਚੜਾਇਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਤਾਂ ਪਿੰਡ ਦੀ ਮਰਾਸਣ ਗੁੱਗੇ ਪੀਰ ਦੀ ਜਗ੍ਹਾ ‘ਤੇ ਬੈਠ ਕੇ ਸੇਵੀਆਂ ਦਾ ਪ੍ਰਸਾਦ ਦਾ ਚੜ੍ਹਾਵਾ ਚੜ੍ਹਾਉਣ ਵਿਚ ਮਦਦ ਕਰਦੀ ਸੀ ਪਰੰਤੂ ਹੌਲ਼ੀ-ਹੌਲ਼ੀ ਇਹ ਰਵਾਇਤਾਂ ਅਲੋਪ ਹੋ ਰਹੀਆਂ ਹਨ। ਜਨੇਰ ਵਿਚ ਪਿੰਡ ਦੇ ਦੱਖਣ ਵੱਲ ਗੁਰਨਾਮ ਸਿੰਘ ਸਿੱਧੂ ਦੇ ਖੇਤ ਵਿਚ ‘ਗੁੱਗਾ ਪੀਰ ਦੀ ਜਗ੍ਹਾ’ ਬਣੀ ਹੋਈ ਹੈ ਪਰੰਤੂ ਹੁਣ ਇਸ ਦੀ ਮੰਨਤ ਕਾਫੀ ਘਟ ਹੋ ਗਈ ਹੈ।
ਕਸ਼ਮੀਰ ਕੌਰ ਦਾ ਮੰਦਰ: ਪਿੰਡ ਦੀ ਪੰਜਵੀਂ ਪੱਤੀ ਨਾਲ ਸਬੰਧਿਤ ਕਸ਼ਮੀਰ ਕੌਰ ਨਾਮੀ ਵਿਆਹੀ ਹੋਈ ਇਕ ਲੜਕੀ, ਜਿਸ ਦੇ ਬੱਚੇ ਵੀ ਹਨ, ਮਾਤਾ ਦੀ ਅਨਨ ਸ਼ਰਧਾਲੂ ਬਣ ਕੇ ‘ਮਾਤਾ ਭਗਤਣੀ’ ਬਣ ਗਈ। ਪਹਾੜਾਂ ਵਾਲੀ ਮਾਤਾ ਦੀ ਭਗਤੀ ਦੇ ਰੰਗ ਵਿਚ ਰੰਗੀ ਇਸ ਲੜਕੀ ਨੇ ਥੇਹ ਦੇ ਪੈਰਾਂ ਵਿਚ, ਪੂਰਬ ਵਾਲੇ ਪਾਸੇ ਇਕ ਮੰਦਰ ਨਿਰਮਾਣ ਕੀਤਾ ਅਤੇ ਉਸ ਦਾ ਨਾਮ ‘ਕਸ਼ਮੀਰ ਕੌਰ ਦਾ ਮੰਦਰ’ ਰੱਖਿਆ। ‘ਮਾਤਾ ਭਗਤ’ ਇਥੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ।
ਬਾਬਾ ਆਸਾ ਰੂੜ: ਬਾਬਾ ਆਸਾ ਰੂੜ ਦੀ ਜਗ੍ਹਾ ਪਿੰਡ ਦੇ ਉਤਰ ਵਲ ਸਥਿਤ ਹੈ। ਦਰਖ਼ਤਾਂ ਦੀ ਇਕ ਝਿੜੀ ਵਿਚ ਬਾਬਾ ਆਸਾ ਰੂੜ ਦੀ ਕਬਰ ਬਣੀ ਹੋਈ ਹੈ। ਇਹ ‘ਕਬਰ’ ਅਤੇ ‘ਜਗ੍ਹਾ’ ਕਦੋਂ ਬਣੀ? ਕਿਸ ਨੇ ਬਣਾਈ? ਕਿਸੇ ਭਰੋਸੇਯੋਗ ਵਸੀਲੇ ਤੋਂ ਇਹ ਤਾਂ ਪਤਾ ਨਹੀਂ ਕਰ ਸਕੇ ਪਰੰਤੂ ਛੋਟੇ ਜਾਨਵਰਾਂ ਅਤੇ ਪੰਛੀਆਂ ਦਾ ਰਹਿਣ-ਬਸੇਰਾ ਬਣੀ ਇਸ ‘ਜਗ੍ਹਾ’ ਤੋਂ ਲੱਕੜੀ ਆਦਿ ਕੱਟਣਾ ਮਨ੍ਹਾ ਹੈ।
ਵੱਖ-ਵੱਖ ਸਮੇਂ ਜਨੇਰ ਦੇ ਨਾਮ
ਦੇਸ਼ਾਂ, ਸੂਬਿਆਂ, ਰਿਆਸਤਾਂ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਨਾਮ ਸਮੇਂ ਦੀ ਚਾਲ ਅਨੁਸਾਰ ਬਦਲਦੇ ਰਹਿੰਦੇ ਹਨ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਬੰਬਈ ਦਾ ਨਾਮ ਮੁੰਬਈ ਅਤੇ ਮਦਰਾਸ ਦਾ ਨਾਮ ਚੇਨਈ ਦੇ ਰੂਪ ਵਿਚ ਬਦਲਿਆ ਜਾਣਾ ਤਾਂ ਹਾਲੀਂ ਕਲ੍ਹ ਦੀਆਂ ਗੱਲਾਂ ਹਨ। ਜਨੇਰ ਵੀ ਸਮੇਂ ਦੀ ਤੋਰ ਅਨੁਸਾਰ ਨਾਮ-ਬਦਲੀ ਦੇ ਚੱਕਰਵਿਊ ਤੋਂ ਬਚ ਨਾ ਸਕਿਆ। ਸਮੇਂ-ਸਮੇਂ ਇਸ ਦੇ ਸ਼ਾਸਕਾਂ, ਬੁੱਧੀਜੀਵੀਆਂ, ਲੇਖਕਾਂ, ਵਿਦਵਾਨਾਂ, ਇਤਿਹਾਸਕਾਰਾਂ ਅਤੇ ਸੈਲਾਨੀਆਂ ਨੇ ਇਸ ਨੂੰ ਵੱਖਰੇ ਨਾਮਾਂ ਨਾਲ ਸੰਬੋਧਨ ਕੀਤਾ। ਇਥੋਂ ਤਕ ਕਿ ਦੂਰ-ਦੁਰਾਡੇ ਪਿੰਡਾਂ ਵਾਲੇ ਹਾਲੀਂ ਵੀ ਕਈ ਵਾਰ ਜਨੇਰ ਨੂੰ ‘ਜਨੇਰ ਖੇੜਾ’ ਦੇ ਨਾਮ ਨਾਲ ਪੁਕਾਰਦੇ ਹੋਏ ਪਿੰਡ ਦੇ ਨੌਜੁਆਨ ਵਰਗ ਨੂੰ ਦੁਬਿਧਾ ਵਿਚ ਪਾ ਦਿੰਦੇ ਹਨ। ਅੰਗਰੇਜ਼ੀ, ਸੰਸਕ੍ਰਿਤ, ਹਿੰਦੀ, ਉਰਦੂ ਅਤੇ ਪੰਜਾਬੀ ਦੀਆਂ ਜਨੇਰ ਨਾਲ ਸਬੰਧਤ ਪੁਸਤਕਾਂ ਦਾ ਅਧਿਅਨ ਕਰਨ ਤੋਂ ਬਾਅਦ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮੇਂ-ਸਮੇਂ ਜਨੇਰ ਨੂੰ ਵੱਖਰੇ-ਵੱਖਰੇ ਨਾਵਾਂ ਨਾਲ ਜਾਣਨ ਦਾ ਵੇਰਵਾ ਇਸ ਪ੍ਰਕਾਰ ਹੈ:
(1) ਅੱਜ ਤੋਂ ਲਗਪਗ 6000 ਤੋਂ 6500 ਸਾਲ ਪਹਿਲਾਂ ਰਾਜਾ ਜਨਕ ਦੇ ਰਾਜ ਕਾਲ ਸਮੇਂ ਜਨੇਰ ਦਾ ਨਾਮ ਇਤਿਹਾਸ ਵਿਚ ਰਾਜਾ ਜਨਕ ਦੇ ਨੂੰ ਮਿਲਦਾ ਹੈ। ਪ੍ਰਸਿੱਧ ਇਤਿਹਾਸਕਾਰ ਅਤੇ ਖੋਜੀ ਦਵਿੰਦਰ ਹਾਂਡਾ, ਅੰਗਰੇਜ਼ੀ ਅਖ਼ਬਾਰ ‘ਦੀ ਟ੍ਰਿਬਿਊਨ’ ਵਿਚ ਮਿਤੀ 12 ਜਨਵਰੀ 1986 ਨੂੰ ਲਿਖੇ ਇਕ ਖੋਜ ਭਰਪੂਰ ਲੇਖ ‘ਦੀ ਪੰਜਾਬ ਯੂ ਡ ਨਾਟ ਨੋ’ ਵਿਚ ਜਨੇਰ ਦਾ ਨਾਮ ‘ਦੀ ਸਿਟੀ ਔਫ ਜਨਕ’ ਲਿਖਦਾ ਹੈ।
(2) ਪ੍ਰਸਿੱਧ ਲੇਖਕ ਅਤੇ ਕਾਲਮਨਵੀਸ ਗੁਰਮੀਤ ਕੜਿਆਲਵੀ ‘ਨਵਾਂ ਜ਼ਮਾਨਾ’ ਅਖ਼ਬਾਰ ਦੇ 16 ਜੂਨ 2002 ਦੇ ਅੰਕ ਵਿਚ ਪਿੰਡ ਜਨੇਰ ਦੇ ਇਤਿਹਾਸ ਬਾਰੇ ਲਿਖਦਿਆਂ ਇਸ ਨੂੰ ‘ਰਾਜੇ ਜਨਕ ਦੀ ਨਗਰੀ ਜਨੇਰ’ ਨਾਲ ਸੰਬੋਧਨ ਕਰਦਾ ਹੈ।
(3) ਅੱਜ ਤੋਂ ਕੋਈ 3000 ਸਾਲ ਪਹਿਲਾਂ ਮਹਾਂਭਾਰਤ ਦੇ ਯੁਧ ਦੇ ਬਾਅਦ ‘ਵਿਸ਼ਨੂਰਾਰ’ ਅਤੇ ‘ਅਰਜਨਾਇਨ’ ਦੇ ਸਮਿਆਂ ਵਿਚ ਜਨੇਰ ਆਪਣੇ ਉਸ ਸਮੇਂ ਦੇ ਨਾਮ ‘ਅਜਨੇਰ’ ਦੇ ਨਾਮ ਨਾਲ ਪ੍ਰਸਿੱਧ ਸੀ। ਇਸ ਦੀ ਪੁਸ਼ਟੀ ਪ੍ਰਸਿੱਧ ਇਤਿਹਾਸਕਾਰ ਸੰਤ ਵਿਸਾਖਾ ਸਿੰਘ ਜੀ ਆਪਣੀ ਪੁਸਤਕ ਮਾਲਵਾ ਸਿੱਖ ਇਤਿਹਾਸ ਭਾਗ ਪਹਿਲਾ ਵਿਚ ਕਰਦੇ ਹਨ।
(4) ਮੁਗਲ ਕਾਲ ਸਮੇਂ ਦਾ ਇਤਿਹਾਸ ਰਚਣ ਵਾਲਾ ‘ਅਲ ਬਿਆਉਨੀ’ ਉਰਦੂ ਭਾਸ਼ਾ ਵਿਚ ਲਿਖੀ ਪ੍ਰਸਿੱਧ ਪੁਸਤਕ ‘ਕਿਤਾਬ ਉਲ ਹਿੰਦ’ ਵਿਚ ਜਨੇਰ ਦੇ ਦੋ ਨਾਮ ‘ਹਜਨੇਰ’ ਅਤੇ ‘ਜਜਨੇਰ’ ਲਿਖਦਾ ਹੈ।
(5) ‘ਫ਼ੀਰੋਜ਼ ਸ਼ਾਹ ਤੁਗ਼ਲਕ’ ਦੇ ਸਮੇਂ ਵਿਚ ਨਹਿਰੀ ਪਾਣੀਆਂ ਦੇ ਵਿਕਾਸ ਬਾਰੇ ਇਕ ਪੁਸਤਕ ‘ਸਾਮਸੇਈਰਾਜ’ ਸ਼ਾਹੀ ਦਰਬਾਰ ਵਲੋਂ ਲਿਖਵਾਈ ਗਈ ਸੀ। ਪ੍ਰਸਿੱਧ ਅੰਗਰੇਜ਼ ਖੋਜੀ ਇਤਿਹਾਸਕਾਰ ਸਰ ਅਲੈਗਜੈਂਡਰ ਕਨਿੰਘਮ ਇਸ ਪੁਸਤਕ ਦੇ ਹਵਾਲੇ ਨਾਲ ਜਨੇਰ ਦਾ ਨਾਮ ‘ਜਾਨੀਦ’ ਵਜੋਂ ਪੇਸ਼ ਕਰਦਾ ਹੈ।
(6) ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਲੇਖਕ ‘ਪਾਣਨਿ’ ਜਿਹੜਾ ਕਿ ਸਾਹਿਤਕ ਅਤੇ ਇਤਿਹਾਸਕ ਹਲਕਿਆਂ ਵਿਚ ਜਾਣੀ ਪਛਾਣੀ ਅਤੇ ਸਤਿਕਾਰਤ ਸ਼ਖ਼ਸ਼ੀਅਤ ਸੀ, ਨੇ ਆਪਣੀ ਜਗਤ ਪ੍ਰਸਿੱਧ ਪੁਸਤਕ ‘ਪਾਣਨਿ ਵਿਆਕਰਣ’ ਵਿਚ ਜਨੇਰ ਦਾ ਨਾਮ ‘ਜਾਨਿਰ ਗਣ’ ਅਤੇ ‘ਜਨਕਿ’ ਲਿਖਿਆ।
(7) ‘ਅਬਦੁਲ ਫ਼ਜ਼ਲ’ ਦੀ ਪ੍ਰਸਿੱਧ ਪੁਸਤਕ ‘ਆਇਨੇ-ਏ-ਅਕਬਰੀ’ ਵਿਚ ਵੀ ਜਨੇਰ ਦਾ ਨਾਮ ‘ਜਾਨੀਦ’ ਲਿਖਿਆ ਹੋਇਆ ਹੈ।
(8) ਅਜੋਕੇ ਸਮੇਂ ਦੇ ਲੇਖਕ ਡਾਕਟਰ ਗੁਰਚਰਨ ਸਿੰਘ ਜ਼ੀਰਾ ਨੇ ਜ਼ੀਰੇ ਦੇ ਪੁਰਾਣੇ ਨਾਮ ‘ਜਜ਼ਨੀਰਾ’ ਨੂੰ ਜਨੇਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰੰਤੂ ਉਸ ਦੇ ਹੀ ਸ਼ਹਿਰ ਦੇ ਪ੍ਰਸਿੱਧ ਇਤਿਹਾਸਕਾਰ ਲੇਖਕ ਹਰਦੀਪ ਸਿੰਘ ਸ਼ੇਰਗਿੱਲ ਨੇ ਬੋਲੀਆਂ ਦੇ ਵਿਕਾਸ ਨੂੰ ਧਿਆਨ ਵਿਚ ਰਖਦੇ ਹੋਏ ਆਪਣੀ ਪੁਸਤਕ ‘ਜੱਟ ਕੌਮ ਅਤੇ ਜ਼ੀਰਾ’ ਵਿਚ ਡਾਕਟਰ ਗੁਰਚਰਨ ਸਿੰਘ ਜ਼ੀਰਾ ਦੀ ਸੋਚ ਦਾ ਖੰਡਨ ਕਰਦੇ ਹੋਏ ਲਿਖਿਆ ਹੈ ਕਿ ‘ਜਜ਼ਨੀਰਾ’ ਤੋਂ ‘ਜਨੇਰ’ ਸ਼ਬਦ ਨਹੀਂ ਬਣ ਸਕਦਾ।
(9) ਪਿੰਡ ਜਨੇਰ ਦੇ ਹੀ ਲੇਖਕ ਮੁਖਤਿਆਰ ਸਿੰਘ ਸੇਵਕ ਆਪਣੀ ਪੁਸਤਕ ‘ਸੰਤ ਦੀ ਮਹਿਮਾ ਡੇਰਾ ਜਨੇਰ’ ਵਿਚ ਜਨੇਰ ਦੇ ਥੇਹ ਦਾ ਨਾਮ ‘ਜਨੇਸ਼ਵਰ ਦਾ ਥੇਹ’ ਲਿਖ ਕੇ ਜਨੇਰ ਨੂੰ ‘ਜਨੇਸ਼ਵਰ’ ਦਾ ਨਾਮ ਦੇਣ ਦੀ ਕੋਸ਼ਿਸ਼ ਕੀਤੀ ਹੈ।
(10) ਲਾਰਡ ਕਨਿੰਘਮ ਆਪਣੀ ਇਕ ਹੋਰ ਖੋਜ ਵਿਚ ਇਕ 1021 ਏ.ਡੀ. ਦੇ ਸਿੱਕੇ ਨੂੰ ਅਧਾਰ ਬਣਾ ਕੇ ਜਨੇਰ ਦਾ ਨਾਮ ‘ਜਗਨੇਰ’ ਲਿਖਦਾ ਹੈ।
ਜਨੇਰ ਦੇ ਥੇਹ ਵਿਚੋਂ ਪ੍ਰਾਪਤ ਹੋਏ ਸਿੱਕੇ
ਢਾਈ ਕੁ ਸਦੀਆਂ ਪਹਿਲਾਂ ਇਕ ਵਾਰ ਫੇਰ ਪੁਨਰਵਾਸ ਹੋਏ ਜਨੇਰ ਵਾਸੀਆਂ ਵਿਚ ਕੁਝ ਸਮਾਂ ਪਹਿਲਾਂ ਤਕ ਪੁਸ਼ਤਾਂ ਤੋਂ ਇਹ ਰਵਾਇਤ ਚਲੀ ਆਉਂਦੀ ਸੀ ਕਿ ਮੀਂਹ ਪੈ ਜਾਣ ਉਪਰੰਤ ਲਗਪਗ 90 ਘੁਮਾਂ (ਘੁਮਾਂ ਦਾ ਰਕਬਾ ਇਕ ਏਕੜ ਨਾਲੋਂ ਥੋੜ੍ਹਾ ਜਿਹਾ ਘਟ ਹੁੰਦਾ ਹੈ) ਰਕਬੇ ਵਿਚ ਫੈਲੇ ਥੇਹ ਉਪਰ ਵੱਡੇ ਹੋ ਰਹੇ ਬੱਚਿਆਂ ਅਤੇ ਨੌਜੁਆਨਾਂ ਨੇ ਪੁਰਾਤਨ ਸਿੱਕੇ, ਮਣਕੇ, ਸੁਲੇਮਾਨੀਆਂ, ਬਲੌਰ, ਮਿੱਟੀ ਦੇ ਖਿਡੌਣੇ ਅਤੇ ਹੋਰ ਦੁਰਲਭ ਵਸਤਾਂ ਲੱਭਣ ਵਾਸਤੇ ਨਿਕਲ ਪੈਣਾ। ਪਿੰਡ ਵਾਸੀਆਂ ਨੂੰ ਅਕਸਰ ਪੁਰਾਤਨ ਵਸਤਾਂ ਹਾਸਲ ਹੁੰਦੀਆਂ ਰਹਿੰਦੀਆਂ ਜਿਨ੍ਹਾਂ ਵਿਚ ਪੁਰਾਤਨ ਸਮੇਂ ਦੇ ਸਿੱਕੇ ਵੀ ਸ਼ਾਮਿਲ ਹੁੰਦੇ। ਅਫ਼ਸੋਸ ਹੈ ਕਿ ਪੁਰਾਤਨ ਸਮੇਂ ਦੇ ਸਿੱਕੇ ਅਤੇ ਹੋਰ ਦੁਰਲਭ ਵਸਤਾਂ ਅਕਸਰ ਹੀ ਸੁਨਿਆਰੇ ਅਤੇ ਪ੍ਰਾਚੀਨ ਦੁਰਲਭ ਵਸਤਾਂ ਦੇ ਵਪਾਰੀ ਇਨ੍ਹਾਂ ਦੀ ਇਤਿਹਾਸਿਕ ਮਹੱਤਤਾ ਤੋਂ ਅਣਜਾਣ ਜਨੇਰ ਵਾਸੀਆਂ ਪਾਸੋਂ ਖ਼ਰੀਦ ਕੇ ਲੈ ਜਾਂਦੇ। ਇਸ ਦਾ ਖੁਲਾਸਾ ਉਸ ਸਮੇਂ ਸਾਹਮਣੇ ਆਇਆ ਜਦੋਂ ਅਸੀਂ ਪਿੰਡ ਦੇ ਕੁਝ ਜ਼ਿੰਮੇਵਾਰ ਆਦਮੀਆਂ ਨਾਲ ਉਨ੍ਹਾਂ ਪਰਿਵਾਰਾਂ ਨਾਲ ਸੰਪਰਕ ਕੀਤਾ ਜਿਨ੍ਹਾਂ ਪਾਸ ਕੁਝ ਪੁਰਾਣੇ ਸਿੱਕੇ ਅਤੇ ਹੋਰ ਪ੍ਰਾਚੀਨ ਦੁਰਲਭ ਵਸਤਾਂ ਹੋਣ ਦੀ ਉਮੀਦ ਸੀ, ਪੁੱਛ ਪੜਤਾਲ ਸਮੇਂ ਸਾਰਿਆਂ ਦਾ ਇਕੋ ਹੀ ਜਵਾਬ ਸੀ ਕਿ ਅਸੀਂ ਤਾਂ ਬਹੁਤ ਸਮਾਂ ਪਹਿਲਾਂ ਇਹ ਸਮਾਨ ਵੇਚ ਚੁੱਕੇ ਹਾਂ।
ਲਾਰਡ ਕਨਿੰਘਮ ਦਾ ਜਨੇਰ ਦੌਰਾ
ਅੰਗਰੇਜ਼ੀ ਰਾਜ ਸਮੇਂ ਦੇ ਪ੍ਰਸਿੱਧ ਖੋਜੀ ਇਤਿਹਾਸਕਾਰ ਸਰ ਅਲੈਗਜੈਂਡਰ ਕਨਿੰਘਮ ਨੇ 1878-1879 ਈਸ. ਵੀ ਸਮੇਂ ਆਪਣੀ ਖੋਜੀ ਟੀਮ ਨਾਲ ਪਿੰਡ ਜਨੇਰ ਦਾ ਦੌਰਾ ਕੀਤਾ। ਉਸ ਨੇ ਪਿੰਡ ਵਾਸੀਆਂ ਪਾਸੋਂ ਕਾਫੀ ਸਿੱਕੇ ਅਤੇ ਹੋਰ ਪ੍ਰਾਚੀਨ ਵਸਤਾਂ ਖ਼ਰੀਦੀਆਂ। ਲਾਰਡ ਕਨਿੰਘਮ ਵਲੋਂ ਪ੍ਰਾਪਤ ਕੀਤੇ ਗਏ ਸਿੱਕਿਆਂ ਦੀ ਗਿਣਤੀ ਵਿਵਾਦਗ੍ਰਸਤ ਹੈ। ਆਪਣੀਆਂ ਵੱਖ-ਵੱਖ ਲਿਖਤਾਂ ਵਿਚ ਇਨ੍ਹਾਂ ਦੀ ਗਿਣਤੀ ਕੋਈ 184, ਕੋਈ 194 ਅਤੇ ਕੋਈ 195 ਲਿਖਦਾ ਹੈ।
ਇਤਿਹਾਸ ਵਿਚ ਲਾਰਡ (ਸਰ) ਅਲੈਗਜੈਂਡਰ ਕਨਿੰਘਮ ਵਲੋਂ ਜਨੇਰ ਦੇ ਥੇਹ ‘ ਤੋਂ ਪ੍ਰਾਪਤ ਹੋਏ ਸਿੱਕਿਆਂ ਦਾ ਵੇਰਵਾ ਇਸ ਪ੍ਰਕਾਰ ਲਿਖਿਆ ਮਿਲਦਾ ਹੈ:
(1) ਇੰਡੋ ਸੀਥੀਅਨ ਸਮੇਂ ਦੇ ਸਿੱਕਿਆਂ ਦੀ ਗਿਣਤੀ -2
(2) ਸਮੁੰਤਾ ਦੇਵਾ ਦੇ ਸਮਿਆਂ ਦੇ ਸਿੱਕੇ -88
(3) ਕਾਂੜੜਾ ਅਤੇ ਹੋਰ ਪਹਾੜੀ ਰਾਜਿਆਂ ਦੇ ਸਿੱਕੇ -60
(4) ਮੁਸਲਮਾਨ ਸ਼ਾਸਕਾਂ ਦੇ ਸਿੱਕੇ -34
ਕੁੱਲ =184
ਕੁਝ ਇਤਿਹਾਸਕਾਰ ਲਾਰਡ ਕਨਿੰਘਮ ਵਲੋਂ ਜਨੇਰ ਦੇ ਥੇਹ ਵਿਚੋਂ ਪ੍ਰਾਪਤ ਹੋਏ ਸਿੱਕਿਆਂ ਦੀ ਗਿਣਤੀ 194 ਵੀ ਲਿਖਦੇ ਹਨ। ਲਾਰਡ ਕਨਿੰਘਮ ਤਾਂ ਆਪਣੀ ਇਤਿਹਾਸਕ ਖੋਜ ਵਿਚ ਜਨੇਰ ਵਿਚ ਸਿੱਕੇ ਬਣਾਉਣ ਦੀ ਟਕਸਾਲ ਦਾ ਵੀ ਜ਼ਿਕਰ ਕਰਦਾ ਹੈ। ਪੁਸ਼ਟੀ ਵਜੋਂ ਉਹ ਲਾਹੌਰ ਅਤੇ ਕਲਕੱਤੇ ਦੇ ਅਜੈਬ ਘਰਾਂ ਵਿਚ ਸਾਂਭ ਕੇ ਰੱਖੇ ਹੋਏ ਸਿੱਕਿਆਂ ਜਿਨ੍ਹਾਂ ਉਪਰ ‘ਜਗਨੇਰ’ ਉਕਰਿਆ ਹੋਇਆ ਹੈ, ਨੂੰ ਜਨੇਰ ਦੇ ਬਦਲਵੇਂ ਰੂਪ ਵਿਚ ਪੇਸ਼ ਕਰਦਾ ਹੈ। ਇਨ੍ਹਾਂ ਸਿੱਕਿਆਂ ਦਾ ਸਮਾਂ 1031 ਈਸਵੀ ਅਤੇ ਦਿੱਲੀ ਵਿਚ ਬਾਦਸ਼ਾਹ ਜਹਾਂਗੀਰ ਦਾ ਰਾਜ ਹੋਣਾ ਇਤਿਹਾਸਕ ਪੱਖੋਂ ਠੀਕ ਨਹੀਂ ਜਾਪਦਾ ਕਿਉਂਕਿ 1031 ਈਸਵੀ ਸਮੇਂ ਦਿੱਲੀ ਵਿਚ ਮੁਗਲ ਸਾਮਰਾਜ ਨਹੀਂ ਸੀ। ਮੁਗਲ ਸਾਮਰਾਜ ਦਾ ਪਹਿਲਾ ਸਮਾਂ 1526 ਤੋਂ 1540 ਈਸਵੀ ਅਤੇ ਦੂਜਾ ਸਮਾਂ 1556 ਤੋਂ 1857 ਈਸਵੀ ਸੀ। ਜਨੇਰ ਵਿਚ 1031 ਈਸਵੀ ਸਮੇਂ ਤੰਵਰ ਰਾਜਪੂਤਾਂ ਦਾ ਰਾਜ ਸੀ। ਉਧਰ ਲਾਰਡ ਕਨਿੰਘਮ ਵਰਗੇ ਖੋਜੀ ਇਤਿਹਾਸਕਾਰ ਜਿਸ ਨੂੰ ‘ਭਾਰਤੀ ਖੋਜ ਦਾ ਪਿਤਾਮਾ’ ਵਜੋਂ ਸਤਿਕਾਰਿਆ ਜਾਂਦਾ ਹੈ, ਦੀ ਖੋਜ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ। ਅਸੀਂ ਸਿਰਫ਼ ਇਸ ਸਿੱਟੇ ‘ਤੇ ਹੀ ਪਹੁੰਚ ਸਕਦੇ ਹਾਂ ਕਿ ਸ਼ਾਇਦ ਐਨੇ ਵੱਡੇ ਰੁਤਬੇ ਵਾਲੇ ਅਫ਼ਸਰ ਅਤੇ ਖੋਜੀ ਦੇ ਕਿਸੇ ਮੁਲਾਜ਼ਮ ਪਾਸੋਂ ਦੁਰਲਭ ਸਿੱਕਿਆਂ ਦੀ ਸਾਂਭ-ਸਭਾਂਈ ਵਿਚ ਕੁਤਾਹੀ ਹੋ ਗਈ ਹੋਵੇ ਜਾਂ ਫੇਰ ਅੰਗਰੇਜ਼ੀ ਦੇ ਅਖ਼ਬਾਰ ‘ਦੀ ਟ੍ਰਿਬਿਊਨ’ ਦੇ 12 ਜਨਵਰੀ 1986 ਦੇ ਅੰਕ ਦੀ ਛਪਾਈ ਵਿਚ ਕੋਈ ਗ਼ਲਤੀ ਹੋਵੇ।
ਥੇਹ ਵਿਚੋਂ ਪ੍ਰਾਪਤ ਦੁਰਲਭ ਵਸਤਾਂ ਦੀਆਂ ਫੋਟੋਆਂ
ਪਿੰਡ ਦੇ ਥੇਹ ਤੋਂ ਸਮੇਂ-ਸਮੇਂ ਪਿੰਡ ਵਾਸੀਆਂ ਨੂੰ ਪ੍ਰਾਪਤ ਹੋਈਆਂ ਦੁਰਲਭ ਪੁਰਾਤਨ ਵਸਤਾਂ ਜਿਨ੍ਹਾਂ ਵਿਚ ਪੁਰਾਤਨ ਸਿੱਕੇ, ਮਣਕੇ, ਸੁਲੇਮਾਨੀਆ, ਬਲੌਰ, ਮਿੱਟੀ ਦੇ ਖਿਡੌਣੇ, ਭਾਂਡੇ ਅਤੇ ਪੱਥਰ ਦੀਆਂ ਵਸਤਾਂ ਆਦਿ ਸ਼ਾਮਿਲ ਹਨ, ਦੀਆਂ ਫ਼ੋਟੋਆਂ ਇਸ ਪੁਸਤਕ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਕੀਤੀਆਂ ਗਈਆਂ ਹਨ। ਜਿਨ੍ਹਾਂ ਜਨੇਰ ਵਾਸੀਆਂ ਪਾਸੋਂ ਇਹ ਪੁਰਾਤਨ ਵਸਤਾਂ ਪ੍ਰਾਪਤ ਹੋਈਆਂ, ਉਨ੍ਹਾਂ ਦੇ ਨਾਮ ਅਤੇ ਇਨ੍ਹਾਂ ਦੁਰਲਭ ਵਸਤਾਂ ਬਾਰੇ ਸੰਖੇਪ ਜਾਣਕਾਰੀ ਵੀ ਇਸ ਇਤਿਹਾਸਕ ਪੁਸਤਕ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਫ਼ੋਟੋ PLATE-‘J’
(1) ਇਹ ਸਿੱਕਾ 841 ਈਸਵੀ ਦਾ ਹੈ। ਇਸ ਉਪਰ ਸੰਸਕ੍ਰਿਤ ਭਾਸ਼ਾ ਵਿਚ ਉਕਰਿਆ ਹੋਇਆ ਸਮਾਂ 841 ਈਸਵੀ ਜਨੇਰ ਵਿਚ ਉਸ ਸਮੇਂ ਦੇ ਰਾਜ ਦੀ ਹੋਂਦ ਦਾ ਪ੍ਰਤੀਕ ਹੈ। ਇਹ ਸਿੱਕਾ ਸਿੱਧੂ ਪੱਤੀ ਵਾਲੇ ਗੁਰਮੇਲ ਸਿੰਘ (ਗੁਗ) ਪਾਸੋਂ ਪ੍ਰਾਪਤ ਹੋਇਆ। ਸਬੱਬ ਵਸ ਇਹ ਉਹ ਹੀ ਗੁਰਮੇਲ ਸਿੰਘ (ਗੁਗ) ਹੈ ਜਿਸ ਨੂੰ ਮਿੱਟੀ ਪੁੱਟਦੇ ਸਮੇਂ ਥੇਹ ਵਿਚ ਸ੍ਰੀ ਵਿਸ਼ਨੂੰ ਭਗਵਾਨ ਦੀ ਮੂਰਤੀ ਲੱਭੀ ਸੀ। ਅੱਜ ਤੋਂ 1170 ਸਾਲ ਪਹਿਲਾਂ ਬਣੇ ਇਸ ਸਿੱਕੇ ਤੋਂ ਉਸ ਸਮੇਂ ਦੀ ਧਾਤੂ-ਕਲਾ ਦਾ ਉਤਮ ਨਮੂਨਾ ਪੇਸ਼ ਕਰਦਾ ਹੈ।
(2) ਅਤੇ 2 A ਸਿੱਪੀਆਂ ਦੀ ਸ਼ਕਲ ਦੀਆਂ ਇਹ ਪੁਰਾਤਨ ਵਸਤਾਂ ਜਿਨ੍ਹਾਂ ਦੀ ਧਾਤੂ ਅਤੇ ਕੁਝ ਸਮਝ ਵਿਚ ਨਹੀਂ ਆਉਂਦੀ, ਸਾਬਕਾ ਸਰਪੰਚ ਸੁਰਜੀਤ ਸਿੰਘ ਸ਼ੇਰਗਿੱਲ ਦੇ ਪਰਿਵਾਰ ਪਾਸੋਂ ਪ੍ਰਾਪਤ ਹੋਈਆਂ।
(3) ਇਹ ਸਿੱਕਾ ਪੀਰ ਖਾਂ ਪੱਤੀ ਵਾਲੇ ਮੈਂਬਰ ਪੰਚਾਇਤ ਮੈਂਬਰ ਬਰਿੰਦਰ ਸਿੰਘ ਪੁੱਤਰ ਅਜੀਤ ਸਿੰਘ ਸਿੱਧੂ ਪਾਸੋਂ ਮਿਲਿਆ। ਇਸ ਸਿੱਕੇ ਉਪਰ ਉਕਰੀ ਹੋਈ ਭਾਸ਼ਾ ਤਾਂ ਸਾਫ਼ ਦਿਸਦੀ ਹੈ ਪਰੰਤੂ ਇਸ ਨੂੰ ਕੋਈ ਪੜ੍ਹ ਸਕਣ ਵਾਲਾ ਨਹੀਂ ਮਿਲ ਰਿਹਾ। ਹੋ ਸਕਦਾ ਹੈ ਕਿ ਕਿਸੇ ਸਮੇਂ ਪੁਰਾਤਨ ਵਿਭਾਗ ਨਾਲ ਸਬੰਧਤ ਕੋਈ ਸੱਜਣ ਇਸ ਨੂੰ ਪੜ੍ਹ ਸਕੇ ।
(4) ਥੇਹ ਵਿਚ ਸ਼ੋਰਾ ਕੱਢਣ ਵਾਲੇ ਪਰਿਵਾਰ ਨਾਲ ਸਬੰਧਤ ਲੱਖੀ ਰਾਮ ਪੁੱਤਰ ਫਲੀਆਂ ਰਾਮ ਪਾਸੋਂ ਢੋਲ ਦੀ ਸ਼ਕਲ ਵਾਲਾ ਇਹ ਦੁਰਲਭ ਮਣਕਾ ਪ੍ਰਾਪਤ ਹੋਇਆ। ਇਹ ਮਣਕਾ ਇਕ ਧਾਗੇ ਵਿਚ ਪਰੋਇਆ ਹੋਇਆ ਉਸ ਪਰਿਵਾਰ ਅਨੁਸਾਰ ਜੇਕਰ ਕਿਸੇ ਬੱਚੇ ਨੂੰ ਬੁਖਾਰ ਹੋਇਆ ਹੋਵੇ ਤਾਂ ਇਹ ਮਣਕਾ, ਤਵੀਜ਼ ਦੇ ਰੂਪ ਵਿਚ ਉਸ ਦੇ ਗਲ ਵਿਚ ਪਾ ਦਿਉ, ਬੁਖਾਰ ਤੁਰੰਤ ਉਤਰ ਜਾਵੇਗਾ। ਬੁਖਾਰ ਉਤਰੇਗਾ ਜਾਂ ਨਹੀਂ ਇਸ ਬਾਰੇ ਤਾਂ ਉਹ ਪਰਿਵਾਰ ਹੀ ਜਾਣਕਾਰੀ ਰਖਦਾ ਹੈ ਪਰੰਤੂ ਮਣਕਾ ਦੇਖਣ ਵਿਚ ਵਾਕਿਆ ਹੀ ਸੁੰਦਰ ਦਿਖ ਰਖਦਾ ਹੈ।
(5) ਸੇਖੋਂ ਪੱਤੀ ਵਾਲੇ ਅਮਰ ਸਿੰਘ ਸੇਖੋਂ ਪੁੱਤਰ ਗੱਜਣ ਸਿੰਘ ਸੇਖੋਂ ਨੇ ਇਹ ਸਿੱਕਾ ਜਿਸ ਦੇ ਅੱਖਰ ਸਾਫ਼ ਕਰਨ ਉਪੰਤ ਵੀ ਨਹੀਂ ਦਿਸ ਰਹੇ ਕਿਤਾਬ ਵਿਚ ਸ਼ਾਮਿਲ ਕਰਨ ਲਈ ਦਿੱਤਾ। ਇਹ ਵਜ਼ਨਦਾਰ ਵੀ ਹੈ।
(6) ਚੀਮਾ ਪੱਤੀ ਵਾਲੇ ਕੋਹਰ ਸਿੰਘ ਚੀਮਾ ਪਾਸੋਂ ਕੁਝ ਪੁਰਾਤਨ ਵਸਤਾਂ ਦੇ ਨਾਲ ਇਹ ਜੰਗਾਲ ਨਾਲ ਭਰਿਆ ਹੋਇਆ ਸਿੱਕਾ ਵੀ ਪ੍ਰਾਪਤ ਹੋਇਆ। ਇਸ ਨੂੰ ਅੱਛੀ ਤਰ੍ਹਾਂ ਰਗੜਦੇ ਸਾਫ਼ ਨਹੀਂ ਕੀਤਾ ਅਤੇ ਇਹ ਟੁੱਟ ਹੀ ਨਾ ਜਾਵੇ।
(7) ਮੋਟੇ ਦਲ ਵਾਲਾ ਅਤੇ ਵਜ਼ਨਦਾਰ ਇਹ ਸਿੱਕਾ ਮਾਸਟਰ ਅਜੈਬ ਸਿੰਘ ਸਿੱਧੂ, ਪੀਰ ਖਾਂ ਪੱਤੀ ਵਾਲੇ ਨੇ ਖੋਜ ਕਰਨ ਵਾਸਤੇ ਦਿੱਤਾ। ਕਾਫੀ ਸਫ਼ਾਈ ਕਰਨ ਉਪਰੰਤ ਵੀ ਇਸ ਦੇ ਉਪਰ ਉਕਰੇ ਹੋਏ ਅੱਖਰ ਪੜ੍ਹਨਯੋਗ ਨਹੀਂ ਹਨ।
(8) ਪੰਜਵੀਂ ਪੱਤੀ ਵਾਲੇ ਬਲਵੀਰ ਸਿੰਘ (ਟੀਰੀ) ਪੁੱਤਰ ਤੇਜੂ ਸਿੰਘ ਭੱਟੀ ਪਾਸੋਂ ਦਮੜੀ ਧ ਦੇ ਰੂਪ ਵਾਲਾ, ਜੰਗਾਲਿਆ ਹੋਇਆ ਇਹ ਸਿੱਕਾ ਪ੍ਰਾਪਤ ਹੋਇਆ। ਦੇਖਣ ਵਿਚ ਕਮਜ਼ੋਰ ਹੋਣ ਕਰਕੇ ਟੁੱਟਣ ਦੇ ਡਰੋਂ ਇਸ ਨੂੰ ਮਾਂਜਿਆ ਜਾਂ ਰਗੜਿਆ ਨਹੀਂ ਜਾ ਸਕਦਾ।
PLATE-‘A’
(1) ਕੈਪਟਨ ਪ੍ਰੀਤਮ ਸਿੰਘ ਜੱਸਲ ਸਪੁੱਤਰ ਹਜ਼ੂਰਾ ਸਿੰਘ ਜੱਸਲ ਨੇ ਇਹ ਸਿੱਕਾ ਲਗਪਗ ਪੰਜਾਹ ਸਾਲਾਂ ਤੋਂ ਸਾਂਭ ਕੇ ਰੱਖਿਆ ਹੋਇਆ ਸੀ। ਇਸ ਦੇ ਅੱਖਰ ਤਾਂ ਪੜ੍ਹੇ ਜਾਂਦੇ ਹਨ ਪਰੰਤੂ ਭਾਸ਼ਾ ਸਮਝ ਵਿਚ ਨਹੀਂ ਆਉਂਦੀ।
(2) ਇਸ ਪੁਰਾਤਨ ਸਿੱਕੇ ਨੂੰ ਸਾਫ਼ ਕਰਨ ਉਪਰੰਤ ਵੀ, ਇਸ ਦੇ ਅੱਖਰ ਦਿਖਾਈ ਨਹੀਂ ਦਿੱਤੇ ਪਰੰਤੂ ਵਜ਼ਨ ਵਿਚ ਇਹ ਜ਼ਰੂਰ ਭਾਰਾ ਹੈ। ਇਹ ਸਿੱਕਾ ਚੀਮਾ ਪੱਤੀ ਵਾਲੇ ਮਿਸਤਰੀ ਰਣਜੀਤ ਸਿੰਘ ਗੈਦੂ ਪੁੱਤਰ ਪੂਰਨ ਸਿੰਘ ਗੈਦੂ ਪਾਸੋਂ ਮਿਲਿਆ।
(3) ਇਹ ਸਿੱਕਾ ਪੰਜਵੀਂ ਪੱਤੀ ਵਾਲੇ ਕਲਿਆਣਿਆਂ ਦੇ ਤੋਤਾ ਸਿੰਘ ਕਲਿਆਣਾ ਪੁੱਤਰ ਫ਼ਕੀਰੀਆ ਸਿੰਘ ਕਲਿਆਣਾ ਪਾਸੋਂ ਪ੍ਰਾਪਤ ਹੋਇਆ। ਬਿਨਾਂ ਸਾਫ਼ ਕੀਤੇ ਇਸ ਦੇ ਅੱਖਰ ਤਾਂ ਦਿਸਦੇ ਹਨ ਪਰੰਤੂ ਭਾਸ਼ਾ ਦੀ ਸਮੱਸਿਆ ਏਥੇ ਵੀ ਹੈ।
(4) ਅਤੇ (6) ਚੀਮਾ ਪੱਤੀ ਦੇ ਲੰਬਰਦਾਰ ਸਾਧੂ ਸਿੰਘ ਨੇ ਆਪਣੀ ਇੰਟਰਵਿਊ ਸਮੇਂ ਇਕ ਦੋ ਸਿੱਕੇ ਪੜ੍ਹਨ ਲਈ ਦਿੱਤੇ ਪਰੰਤੂ ਜੰਗਾਲ ਨਾਲ ਭਰੇ ਹੋਣ ਕਾਰਨ ਕੁਝ ਵੀ ਪੱਲੇ ਨਾ ਪਿਆ।
(5) ਇਸ ਦੁਰਲਭ ਮਣਕੇ ਨੂੰ ਪਿੰਡ ਵਾਸੀ ‘ਸੁਲੇਮਾਨੀ’ ਆਖਦੇ ਹਨ। ਦਿਖ ਵਿਚ ਹੀਰਾ ਕੱਟ ਸ਼ਕਲ ਦੀ ਇਹ ਸੁਲੇਮਾਨੀ ਲਗਪਗ 20-25 ਵਰ੍ਹੇ ਪਹਿਲਾਂ ਪੀਰ ਖਾਂ ਪੱਤੀ ਦੇ ਭਾਨ ਸਿੰਘ ਬਰਾੜ ਪੁੱਤਰ ਸੋਭਾ ਸਿੰਘ ਬਰਾੜ ਪਾਸੋਂ ਪ੍ਰਾਪਤ ਹੋਈ। ਉਸ ਮੁਤਾਬਕ ਇਹ ਸੁਲੇਮਾਨੀ ਉਸ ਨੂੰ ਗੁਰਦੁਆਰੇ ਵਾਲੀ ਚੜ੍ਹਾਈ ਤੋਂ ਮਿਲੀ ਸੀ।
(7) ਸਿੱਧੂ ਪੱਤੀ ਵਾਲੇ ਮੰਦਰ ਸਿੰਘ ਸਿੱਧੂ ਪੁੱਤਰ ਕੇਹਰ ਸਿੰਘ ਸਿੱਧੂ ਪਾਸੋਂ ਇਹ ਦਮੜੀ ਦਾ ਸਿੱਕਾ ਪ੍ਰਾਪਤ ਹੋਇਆ ਜਿਹੜਾ ਉਸ ਨੇ ਲੰਮੇ ਸਮੇਂ ਤੋਂ ਸਾਂਭ ਕੇ ਰੱਖਿਆ ਹੋਇਆ ਸੀ। ਇਸ ਉਪਰ ਉਕਰੀ ਹੋਈ ਭਾਸ਼ਾ ਵੀ ਪੜ੍ਹੀ ਨਹੀਂ ਜਾਂਦੀ।
(8) ਇਸ ਛੋਟੇ ਸਾਈਜ਼ ਦੇ ਸਿੱਕੇ ਉਪਰ ਉਕਰੀ ਹੋਈ ਭਾਸ਼ਾ ਅਤੇ ਹੋਰ ਸਿੰਬਲ ਸਾਫ਼ ਦਿਖਾਈ ਦੇ ਰਹੇ ਹਨ ਪਰੰਤੂ ਇਹ ਕਿਸ ਦਾ ਸੰਕੇਤਕ ਰੂਪ ਹਨ, ਸਮਝ ਤੋਂ ਬਾਹਰ ਹੈ। ਇਹ ਸਿੱਕਾ ਸ਼ੋਰਾ ਕੱਢਣ ਵਾਲੇ ਠੇਕੇਕਾਰ ਮੁਨਸ਼ੀ ਰਾਮ ਦੇ ਪੁੱਤਰ ਬਿਸ਼ੰਬਰ ਰਾਮ ਤੋਂ ਪ੍ਰਾਪਤ ਹੋਇਆ। ਇਸ ਪਰਿਵਾਰ ਨੇ ਹੋਰ ਵੀ ਕਈ ਪੁਰਾਤਨ ਵਸਤਾਂ ਨਾਲ ਇਸ ਕਿਤਾਬ ਨੂੰ ਲਿਖਣ ਸਮੇਂ ਯੋਗਦਾਨ ਵਜੋਂ ਦਿੱਤੀਆਂ ਜਿਨ੍ਹਾਂ ਦੀਆਂ ਫੋਟੋਆਂ ਸ਼ਾਮਿਲ
ਕੀਤੀਆਂ ਗਈਆਂ ਹਨ।
(9) ਇਕ ਕਮਜ਼ੋਰ ਜਿਹੀ ਧਾਤੂ ਦਾ ਬਣਿਆ ਹੋਇਆ ਸਿੱਕਾ ਜਿਸ ‘ਤੇ ਉਕਰੀ ਹੋਈ 8 ਭਾਸ਼ਾ ਵੀ ਥੋੜ੍ਹੀ ਬਹੁਤ ਦਿਖਾਈ ਦਿੰਦੀ ਹੈ, ਪੀਰ ਖਾਂ ਪੱਤੀ ਦੇ ਬਲਜੀਤ ਸਿੰਘ ਸ਼ੇਰਗਿੱਲ ਪੁੱਤਰ ਮੋਹਨ ਸਿੰਘ ਸ਼ੇਰਗਿੱਲ ਪਾਸੋਂ ਮਿਲਿਆ।
PLATE-‘N’
(1) ਅਤੇ (2) ਇਹ ਦੋਵੇਂ ਸਿੱਕੇ ਪਿੰਡ ਦੀ ਬੌਰੀਆ ਬਰਾਦਰੀ ਵਾਲੀ ਛੋਟੀ ਜਿਹੀ ਬਸਤੀ ਦੇ ਪਰਿਵਾਰ ਵਾਲੇ ਗੁਰਦਿਆਲ ਸਿੰਘ ਪੁੱਤਰ ਵਿਸਾਖੀ ਸਿੰਘ ਪਾਸੋਂ ਪ੍ਰਾਪਤ ਹੋਏ। ਇਨ੍ਹਾਂ ਸਿੱਕਿਆਂ ਦੀ ਭਾਸ਼ਾ ਬੇਸ਼ਕ ਪੜ੍ਹੀ ਤਾਂ ਨਹੀਂ ਜਾਂਦੀ ਪਰੰਤੂ ਹੋਰ ਪਿੰਡ ਵਾਸੀਆਂ ਪਾਸੋਂ ਮਿਲੇ ਸਿੱਕਿਆਂ ਦੀ ਭਾਸ਼ਾ ਨਾਲੋਂ ਕੁਝ ਵੱਖਰੀ ਜਾਪਦੀ ਹੈ।
(3) ਇਹ ਸਿੱਕਾ ਲੰਮਾ ਸਮਾਂ ਪਹਿਲਾਂ ਸਿੱਧੂ ਪੱਤੀ ਦੇ ਮਾਸਟਰ ਨੈਬ ਸਿੰਘ ਸਿੱਧੂ ਪੁੱਤਰ ਨਰੰਜਨ ਸਿੰਘ ਸਿੱਧੂ ਪਾਸੋਂ ਪ੍ਰਾਪਤ ਹੋਇਆ। ਇਸ ਦੀ ਭਾਸ਼ਾ ਵੀ ਗੋਲ-ਮੋਲ ਹੀ वै।
(4) ਪੰਜਵੀਂ ਪੱਤੀ ਵਾਲੇ ਲੰਬਰਦਾਰ ਸੰਤਾ ਸਿੰਘ ਬਰਾੜ ਨੇ ਮੈਨੂੰ ਇਹ ਸਿੱਕਾ ਲਗਪਗ ਵੀਹ ਸਾਲ ਪਹਿਲਾਂ ਪੜਾਉਣ ਲਈ ਦਿੱਤਾ। ਇਥੇ ਵਰਨਣਯੋਗ ਹੈ ਕਿ ਸਿੱਕਾ ਨੰਬਰ 3 ਅਤੇ 4 ਨੂੰ ਮੈਂ (ਲੇਖਕ) ਚੰਡੀਗੜ੍ਹ ਵਿਖੇ ਕੁਝ ਹੋਰ ਸਿੱਕਿਆਂ ਨਾਲ ਚੰਡੀਗੜ੍ਹ ਪੁਰਾਤਨ ਵਿਭਾਗ ਵਿਖੇ ਲੈ ਕੇ ਗਿਆ ਪਰੰਤੂ ਇਨ੍ਹਾਂ ਉਪਰ ਉਕਰੀ ਹੋਈ ਭਾਸ਼ਾ ਨੂੰ ਪੜ੍ਹਨੋਂ ਉਹ ਵੀ ਅਸਮਰਥ ਸਨ।
(5) ਇਹ ਸਿੱਕਾ ਕਾਫੀ ਵਰ੍ਹੇ ਪਹਿਲਾਂ ਪੀਰ ਖਾਂ ਪੱਤੀ ਦੇ ਗੁਰਦੀਪ ਸਿੰਘ ਫ਼ੌਜੀ ਪੁਤਰ ਕਰਮ ਸਿੰਘ ਸ਼ੇਰਗਿੱਲ ਪਾਸੋਂ ਮਿਲਿਆ। ਜਿਸ ਨੂੰ ਅਸੀਂ ਫ਼ਿਰੋਜ਼ਪੁਰ ਛਾਉਣੀ ਇਕ ਖੋਜੀ ਇਤਿਹਾਸਕਾਰ ਪਾਸ ਲੈ ਗਏ। ਉਸ ਨੇ ਇਸ ਸਿੱਕੇ ਨੂੰ ਅੱਖਰ ਵੱਡੇ ਦਿਸਣ ਵਾਲੇ ਅਤੇ ਕਈ ਹੋਰ ਕਿਸਮ ਦੇ ਸ਼ੀਸ਼ਿਆਂ ਦੀ ਮਦਦ ਨਾਲ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਇਸ ਨੂੰ ਪੜ੍ਹਨੋਂ ਅਸਮਰਥ ਹੀ ਰਿਹਾ।
PLATE-‘R’
(3) ਅਤੇ (5) ਸ਼ੀਸ਼ੇ ਦੀ ਚਮਕ ਵਾਲਾ 3 ਨੰਬਰ ‘ਤੇ ਸਥਿਤ ਇਹ ਦੁਰਲਭ ਪੁਰਾਤਨ ਪੱਥਰ ਅਤੇ 5 ਨੰਬਰ ਵਾਲਾ ਨਾਭੀ ਰੰਗ ਦਾ ਮੂੰਗਾ ਲੇਖਕ ਨੂੰ ਆਪਣੀ ਮਾਤਾ ਜੀ, ਬਚਨ ਕੌਰ ਬਰਾੜ ਦੇ ਸਮਾਨ ਵਿਚੋਂ ਹਾਸਲ ਹੋਏ। ਜਿਸ ਦਾ ਕਿ 4 ਮਾਰਚ 2011 ਈਸਵੀ ਨੂੰ ਲਗਪਗ 102 ਸਾਲ ਦੀ ਲੰਮੀ ਉਮਰ ਭੋਗਣ ਬਾਅਦ ਦਿਹਾਂਤ ਹੋ ਗਿਆ ਸੀ। ਇਹੋ ਦੋਵੇਂ ਪੁਰਾਤਨ ਵਸਤਾਂ ਉਸ ਨੇ ਲੰਮੇ ਸਮੇਂ ਤੋਂ ਸਾਂਭ ਕੇ ਰੱਖੀਆਂ ਹੋਈਆਂ ਸਨ।
(4) ਫ਼ੋਟੋ ‘ਤੇ 4 ਨੰਬਰ ‘ਤੇ ਸਥਿਤ ਅੱਖਰ ਨੂੰ ਚੁੰਧਿਆ ਦੇਣ ਵਾਲੀ ਅਤੇ ਅਜਨਬੀ ਚਮਕ ਵਾਲੀ ਡਾਇਮੰਡ ਦੀ ਸ਼ੇਪ ਦੀ ਇਹ ਦੁਰਲਭ ਵਸਤੂ ਸਰਪੰਚ ਮੱਘਰ ਸਿੰਘ ਸਿੱਧੂ ਪੁੱਤਰ ਲੰਬਰਦਾਰ ਗੁਰਮੁਖ ਸਿੰਘ ਦੇ ਪਰਿਵਾਰ ਪਾਸੋਂ ਪ੍ਰਾਪਤ ਹੋਇਆ। ਇਸ ਦਾ ਮੈਟੀਰੀਅਲ ਪੱਥਰ ਹੈ ਕਿ ਕਿ ਖਾਸ ਕਿਸਮ ਦਾ ਸ਼ੀਸ਼ਾ ਸਮਝੋਂ ਬਾਹਰ ਹੈ।
(6) ਚਮਕੀਲੀਆਂ ਬਾਗੜ੍ਹਾਂ ਦੀ ਸ਼ਕਲ ਦੀਆਂ, ਫ਼ੋਟੋ ਵਿਚ 6 ਨੰਬਰ ‘ਤੇ ਸਥਿਤ ਅਤੇ ਗਿਣਤੀ ਵਿਚ ਵੀ 6, ਗੋਲੀਆਂ ਰੂਪੀ ਇਹ ਪੱਥਰ ਤਰਾਸ਼ ਕੇ ਬਣਾਈਆਂ ਹੋਈਆਂ ਗੋਲਾਕਾਰ ਬਲੌਰ ਰੂਪੀ ਵਸਤਾਂ ਅੱਜ ਤੋਂ ਕੋਈ 60 ਵਰ੍ਹੇ ਪਹਿਲਾਂ ਲੇਖਕ ਨੂੰ ਉਸ ਦੇ ਵੱਡੇ ਵੀਰ ਹਰਨੇਕ ਸਿੰਘ ਬਰਾੜ ਨੇ ਦਿੱਤੀਆਂ। ਇਨ੍ਹਾਂ ਦੀ ਚਮਕ, ਦਮਕ ਅਤੇ ਤਰਾਸ਼ਣ ਦੀ ਕਾਰੀਗਰੀ ਪੁਰਾਤਨ ਭਾਰਤੀ ਸਮੇਂ ਦੀ ਕਾਰੀਗਰੀ ਦਾ ਉਤਮ ਨਮੂਨਾ ਪੇਸ਼ ਕਰਦੀ ਹੈ। ਇਹ ਬਲੌਰ ਜਾਂ ਬਾਗੜ੍ਹ ਰੂਪੀ ਵਸਤਾਂ ਕਿੰਨੀਆਂ ਕੁ ਪੁਰਾਣੀਆਂ ਹਨ? ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਮਿਲ ਸਕੀ ਪਰੰਤੂ ਐਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਇਨ੍ਹਾਂ ਨੂੰ ਸਾਬਣ ਵਗੈਰਾ ਨਾਲ ਧੋ ਲਈਏ ਤਾਂ ਇੰਜ ਜਾਪਦਾ ਹੈ ਜਿਵੇਂ ਹੁਣੇ ਹੀ ਤਰਾਸ਼ੀਆਂ ਗਈਆਂ ਹੋਣ। ਇਨ੍ਹਾਂ ਬਾਗੜ੍ਹਾਂ ਦੀ ਹੋਂਦ ਇਕ ਪਰਿਵਾਰਕ ਲੰਮੀ ਕਹਾਣੀ ਹੈ। ਕਿਸੇ ਸਮੇਂ ਇਹ ਛੇ ਬਲੌਰੀ ਬਾਗੜ੍ਹਾਂ ਉਨੀ ਸੌ ਪੰਜਾਹਵਿਆਂ ਦੇ ਸ਼ੁਰੂ ਵਿਚ ਹਰਨੇਕ ਸਿੰਘ ਬਰਾੜ ਨੂੰ ਪਿੰਡ ਵਿਚ ਰਹਿ ਰਹੀ ਉਸ ਦੀ ਮਾਸੀ ਨਸੀਬ ਕੌਰ ਸਿੱਧੂ ਪਤਨੀ ਗੁਰਨਾਮ ਸਿੰਘ ਸਿੱਧੂ ਨੇ ਦਿੱਤੀਆਂ ਸਨ।
PLATE-‘E’
ਭਾਣੇ ਪਰਿਵਾਰ ਦੀ ਖ਼ਾਨਦਾਨੀ ਤਸਵੀ:
ਪਲੇਟ E ਵਿਚ ਇਕੋ ਇਕ ਫੋਟੋ ਕਿਸੇ ਆਮ ਮਾਲਾ ਦੀ ਫੋਟੋ ਨਹੀਂ ਸਗੋਂ ਇਹ ਪਿੰਡ ਜਨੇਰ ਦੇ ਝਾਣੇ ਪਰਿਵਾਰ ਦੀ ਖ਼ਾਨਦਾਨੀ ‘ਤਸਵੀ” ਹੈ । ਡਾਣੇ ਪਰਿਵਾਰ ਦੀਆਂ ਖ਼ਾਨਦਾਨੀ ਰਵਾਇਤਾਂ ਅਨੁਸਾਰ ਇਹ ‘ਤਸਵੀ’ ਉਨ੍ਹਾਂ ਦੇ ਪਰਿਵਾਰਕ ਆਗੂ ਪਾਸ ਰਹਿੰਦੀ ਹੈ। ਕਿਸੇ ਸਮੇਂ ਇਹ ਤੱਸਵੀ ਉਨ੍ਹਾਂ ਦੇ ਬਜ਼ੁਰਗ ਤੁਲੇ ਸ਼ਾਹ ਦੇ ਗਲੇ ਦਾ ਸ਼ਿੰਗਾਰ ਸੀ, ਬਾਅਦ ਵਿਚ ਉਨ੍ਹਾਂ ਦੇ ਲੜਕੇ ਮਹਿੰਦੀ ਸ਼ਾਹ ਪਾਸ ਪਿਤਾ ਪੁਰਖੀ ਉਤਰਾਧਿਕਾਰੀ ਵਜੋਂ ਆਈ, ਕੁਝ ਸਮਾਂ ਪਹਿਲਾਂ ਮਹਿੰਦੀ ਸ਼ਾਹ ਦੇ ਫੌਤ ਹੋ ਜਾਣ ਤੋਂ ਬਾਅਦ ਇਹ ਖ਼ਾਨਦਾਨੀ ‘ਤੱਸਵੀ’ ਝਾਣੇ ਪਰਿਵਾਰ ਦੇ ਹੀ ਵਜ਼ੀਰ ਸ਼ਾਹ ਪੁੱਤਰ ਨਬੇ ਸ਼ਾਹ ਪਾਸ ਆਈ।
ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੱਸਵੀ ਸ਼ਾਮਿਲ ਵੱਖ-ਵੱਖ ਕਿਸਮ ਦੇ ਮਣਕੇ, ਸੁਲੇਮਾਨੀਆਂ ਆਦਿ ਜਨੇਰ ਦੇ ਥੇਹ ਵਿਚੋਂ ਹੀ ਪ੍ਰਾਪਤ ਹੋਏ ਹਨ। ਵਜ਼ੀਰ ਸ਼ਾਹ ਅਨੁਸਾਰ ਇਸ ਤੱਸਵੀ ਵਿਚ ਸ਼ਾਮਿਲ ਦੁਰਲਭ ਮਣਕਿਆਂ ਦੀ ਆਪਣੀ ਹੀ ਮਹੱਤਤਾ है।
(1) ਸਰੀਰ ਨੂੰ ਅਰੋਗ ਰੱਖਣ ਵਾਲੇ ਮਣਕੇ
(2) ਗੋਲ ਸੁਲੇਮਾਨੀਆਂ
(3) ਦੁੱਧ ਪੱਥਰ ਮਣਕਾ
(4) ਸੂਰਜ ਕਾਂਤ ਮਣੀ
(5) ਹਨੀਕ ਪੱਥਰ (ਢੋਲ ਦੀ ਸ਼ਕਲ ਦਾ ਮਣਕਾ)
(6) ਨੀਲਮ ਮੂੰਗੇ
(7) ਸ਼ੁਮਾਰੇ
PLATE-‘P’
ਮਿੱਟੀ ਦੀ ਬਣੀ ਹੋਈ ਅਤੇ ਵਧੀਆ ਢੰਗ ਤਰੀਕਿਆਂ ਨਾਲ ਆਵੇ ਵਿਚ ਪਕਾਈ ਹੋਈ ਇਕ ਰੰਗ ਦਾਨੀ ਵੀ ਥੇਹ ਵਿਚੋਂ ਪ੍ਰਾਪਤ ਹੋਈ ਹੈ। ਇਹ ਰੰਗਦਾਨੀ ਲੰਮਾ ਸਮਾਂ ਪਹਿਲਾਂ ਥੇਹ ਵਿਚੋਂ ਸ਼ੋਰਾ ਕੱਢਣ ਵਾਲੇ ਮੁਨਸ਼ੀ ਰਾਮ ਠੇਕੇਦਾਰ ਪਾਸੋਂ ਪ੍ਰਾਪਤ ਹੋਈ। ਮਿੱਟੀ ਦੇ ਬਣੇ ਖਿਡੌਣਿਆਂ ਅਤੇ ਮੂਰਤੀਆਂ ਵਿਚ ਰੰਗ ਭਰਨ ਲਈ ਇਸ ਦੀ ਵਰਤੋਂ ਕੀਤੀ। ਜਾਂਦੀ ਸੀ। ਇਸ ਰੰਗਦਾਨੀ ‘ਤੇ ਰੰਗਾਂ ਦੇ ਕੈਮੀਕਲਾਂ ਦਾ ਵੀ ਕੋਈ ਅਸਰ ਨਹੀਂ ਹੁੰਦਾ, ਇਸ ਦੇ ਅਨੇਕਾਂ ਹੀ ਛੋਟੇ-ਛੋਟੇ ਖ਼ਾਨੇ ਹਨ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਪੁਰਾਤਨ ਸਮੇਂ ਦੇ ਜਨੇਰ ਵਾਸੀ ਰੰਗ ਭਰਨ ਦੀ ਕਲਾ ਦੇ ਮਾਹਿਰ ਸਨ। ਪਲੇਟ ‘ਪੀ’ ਉਪਰ ਰੰਗਦਾਨੀ ਦੀ ਫੋਟੋ ਦੇਖਦਿਆਂ ਹੀ ਮਨ ਵਿਚ ਇਹ ਵਿਚਾਰ ਪੈਦਾ ਹੁੰਦੇ ਹਨ ਕਿ ਰੰਗ ਭਰਨ ਦੀ ਕਲਾ ਦੇ ਨਾਲ ਉਸ ਸਮੇਂ ਦੇ ਲੋਕ ਅੱਗ ਨਾਲ ਆਵਿਆਂ ਵਿਚ ਮਿੱਟੀ ਦੀਆਂ ਵਸਤਾਂ ਪਕਾਉਣ ਵਿਚ ਵੀ ਨਿਪੁੰਨ ਸਨ, ਸ਼ਾਇਦ ਇਸੇ ਕਾਰਨ ਇਸ ਰੰਗਦਾਨੀ ਦਾ ਆਪਣਾ ਰੰਗ ਵੀ ਫਿੱਕਾ ਨਹੀਂ ਪਿਆ।
ਕੁਝ ਹੋਰ ਪੁਰਾਤਨ ਵਸਤਾਂ
ਪਿੰਡ ਵਾਸੀਆਂ ਨੂੰ ਸਮੇਂ-ਸਮੇਂ ਸਿੱਕਿਆਂ, ਮਣਕਿਆਂ, ਸੁਲੇਮਾਨੀਆਂ ਆਦਿ ਤੋਂ ਬਿਨਾਂ ਥੇਹ ਵਿਚੋਂ ਕੁਝ ਹੋਰ ਪੁਰਾਤਨ ਵਸਤਾਂ ਵੀ ਮਿਲਦੀਆਂ ਰਹੀਆਂ ਹਨ ਅਤੇ ਅੱਜ ਵੀ ਮਿਲ ਰਹੀਆਂ ਹਨ। ਇਨ੍ਹਾਂ ਵਿਚ ਪੱਥਰ ਦੀਆਂ ਬਣੀਆਂ ਅਤੇ ਤਰਾਸ਼ੀਆਂ ਹੋਈਆਂ ਵਸਤਾਂ ਤੋਂ ਬਿਨਾਂ ਅੱਗ ਦੇ ਆਵਿਆਂ ਵਿਚ ਪਕਾਈਆਂ ਹੋਈਆਂ ਮਿੱਟੀ ਦੀਆਂ ਵਸਤਾਂ ਵੀ ਸ਼ਾਮਿਲ ਹਨ। ਪਿੰਡ ਵਾਸੀਆਂ ਨੂੰ ਥੇਹ ਵਿਚੋਂ ਮਿੱਟੀ ਦੀਆਂ ਬਣੀਆਂ ਅਤੇ ਪਕਾਈਆਂ ਹੋਈਆਂ ਵਸਤਾਂ ਵਿਚ ਵੱਡੇ ਸਾਈਜ਼ ਦੀਆਂ ਇੱਟਾਂ, ਖਿਡੌਣੇ, ਬਰਤਨ ਅਤੇ ਗੁਲੇਲੇ ਆਦਿ ਸ਼ਾਮਿਲ ਹਨ।
ਵੱਡੇ ਸਾਈਜ਼ ਦੀਆਂ ਇੱਟਾਂ
ਥੇਹ ਵਿਚੋਂ ਮਿਲ ਰਹੀਆਂ ਵੱਡੇ ਸਾਈਜ਼ ਦੀਆਂ ਇੱਟਾਂ ਨੇ ਬਹੁਤ ਸਾਰੇ ਖੋਜੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਨ੍ਹਾਂ ਇੱਟਾਂ ਨੂੰ ਪਿੰਡ ਦੇ ਲੋਕ ‘ਤਖ਼ਤਾ ਇੱਟਾਂ’ ਆਖਦੇ ਹਨ। ਇਨ੍ਹਾਂ ਦੀ ਪਕਾਈ ਬੇਮਿਸਾਲ ਹੈ ਅਤੇ ਹਜ਼ਾਰਾਂ ਸਾਲ ਬੀਤ ਜਾਣ ‘ਤੇ ਵੀ ਨਾ ਤਾਂ ਇਨ੍ਹਾਂ ਦੇ ਰੰਗ ਵਿਚ ਕੋਈ ਤਬਦੀਲੀ ਆਈ ਅਤੇ ਨਾ ਹੀ ਥੇਹ ਦੇ ਕਲਰ ਦਾ ਕੋਈ ਮਾੜਾ ਅਸਰ ਹੋਇਆ। ਪਿੰਡ ਦੇ ਘਰਾਂ ਵਿਚ ਆਮ ਹੀ ਕਿਸੇ ਨਾ ਕਿਸੇ ਰੂਪ ਵਿਚ ਇਹ ‘ਤਖ਼ਤਾ ਇੱਟਾਂ ਲੱਗੀਆਂ ਹੋਈਆਂ ਮਿਲਦੀਆਂ ਹਨ। ਖੋਜੀ ਇਤਿਹਾਸਕਾਰਾਂ ਨੇ ਇਨ੍ਹਾਂ ਦਾ ਸਾਈਜ਼ ਵਖਰਾ-ਵਖਰਾ ਲਿਖਿਆ ਹੈ।
ਪ੍ਰੋਫ਼ੈਸਰ ਸ਼ਾਂਤੀ ਦੇਵ ਇਨ੍ਹਾਂ ਇੱਟਾਂ ਦਾ ਸਾਈਜ਼ 16”×11”×3” ਲਿਖਦੇ ਹਨ। ਗੁਰਮੀਤ ਕੜਿਆਲਵੀ ਜਿਹੜੇ ਕਿ ਨਜ਼ਦੀਕੀ ਪਿੰਡ ਕੜਿਆਲ ਨਾਲ ਹੀ ਸਬੰਧਤ ਹਨ, ਨੇ ਆਪਣੇ ਲੇਖ ਵਿਚ 10”x81/2”x2” ਸਾਈਜ਼ ਦਾ ਜ਼ਿਕਰ ਕੀਤਾ ਹੈ। ਲਾਰਡ ਕਨਿੰਘਮ, 1879 ਵਿਚ ਆਪਣੇ ਜਨੇਰ ਦੌਰੇ ਸਮੇਂ 13 x91/2 x2″ ਸਾਈਜ਼ ਦਾ ਇੱਟਾਂ ਦਾ ਵਰਨਣ ਕਰ ਗਏ ਸਨ। ਪਿੰਡ ਵਿਚ ਪੁਰਾਣੇ ਖੂਹਾਂ ਦੇ ਪੜਾਣਿਆਂ, ਖੂਹੀਆਂ ਦੀਆਂ ਫ਼ਰਸ਼ਾਂ ਅਤੇ ਪਿੰਡ ਵਿਚ ਬਣੀਆਂ ਕਬਰਾਂ, ਮੱਟੀਆਂ, ਸਮਾਧਾਂ ਆਦਿ ਉਪਰ ਲੱਗੀਆਂ ਵੱਖਰੇ-ਵੱਖਰੇ ਸਾਈਜ਼ਾਂ ਦੀਆਂ ਇੱਟਾਂ ਵੀ ਆਮ ਦੇਖਣ ਨੂੰ ਮਿਲਦੀਆਂ ਹਨ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਖੂਹ ਦੀਆਂ ਇੱਟਾਂ ਦਾ ਜ਼ਿਕਰ ਤਾਂ ਪਹਿਲਾਂ ਹੀ ਕਰ ਚੁੱਕੇ ਹਾਂ। ਮੁਕਦੀ ਗੱਲ ਇਹ ਹੈ ਕਿ ਛੋਟੇ-ਵੱਡੇ ਸਾਈਜ਼ ਦੀਆਂ ਇੱਟਾਂ, ਥੇਹ ਉਪਰ ਮਨੁੱਖੀ ਹੋਂਦ ਦੇ ਅਲੱਗ-ਅਲੱਗ ਸਮਿਆਂ ਨੂੰ ਦਰਸਾਉਂਦੀਆਂ ਹਨ।
ਮਿੱਟੀ ਦੇ ਖਿਡੌਣੇ
ਅਜੋਕੇ ਸਮੇਂ ਵਿਚ ਤਾਂ ਪੁਰਾਤਨ ਸਮੇਂ ਦੇ ਖਿਡੌਣੇ ਘਟ ਹੀ ਮਿਲਦੇ ਹਨ ਪਰੰਤੂ ਪੰਜਾਹ ਵਰ੍ਹੇ ਪਹਿਲਾਂ ਮੀਂਹ ਪੈਣ ਤੋਂ ਬਾਅਦ ਥੇਹ ਵਿਚੋਂ ਮਿੱਟੀ ਦੇ ਬਣੇ ਅਤੇ ਅੱਗ ਵਿਚ ਪਕਾਏ ਹੋਏ ਖਿਡੌਣੇ ਆਮ ਹੀ ਮਿਲਦੇ ਸਨ। ਇਨ੍ਹਾਂ ਖਿਡੌਣਿਆਂ ਵਿਚ ਹਾਥੀ, ਘੋੜੇ, ਊਠ, ਬਲਦ, ਖੰਭਾਂ ਵਾਲੇ ਘੋੜੇ, ਹੌਦੀ ਵਾਲੇ ਹਾਥੀ ਅਤੇ ਗੁਲੇਲਾਂ ਵਿਚ ਵਰਤੇ ਜਾਣ ਵਾਲੇ ਗੁਲੇਲੇ ਮੌਜੂਦ ਹਨ। ਅੱਜ ਵੀ ਬਹੁਤੇ ਘਰਾਂ ਵਿਚ ਪੁਰਾਤਨ ਸਭਿਅਤਾ ਦੇ ਖਿਡੌਣਿਆਂ ਦੇ ਰੂਪ ਵਿਚ ਯਾਦਗਾਰੀ ਚਿੰਨ੍ਹ ਮੌਜੂਦ ਹਨ ਜਿਨ੍ਹਾਂ ਵਿਚੋਂ ਬਹੁਤੇ ਟੁੱਟੇ ਹੋਏ ਹਨ।
ਮਿੱਟੀ ਦੀਆਂ ਘਰੇਲੂ ਵਸਤਾਂ
ਮਿੱਟੀ ਦੀਆਂ ਬਣੀਆਂ ਅਤੇ ਬਹੁਤ ਹੀ ਵਧੀਆ ਤਕਨੀਕ ਨਾਲ ਪਕਾਈਆਂ ਹੋਈਆਂ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਅਨੇਕਾਂ ਹੀ ਵਸਤਾਂ ਪਿੰਡ ਵਾਸੀਆਂ ਨੂੰ ਥੇਹ ਵਿਚੋਂ ਪ੍ਰਾਪਤ ਹੋਈਆਂ ਅਤੇ ਹੋ ਵੀ ਰਹੀਆਂ ਹਨ। ਇਨ੍ਹਾਂ ਵਿਚ ਮਿੱਟੀ ਦੇ ਪਿਆਲੇ, ਕੁੱਜੇ, ਘੜੇ, ਚਾਟੀਆਂ, ਘੜੋਲੀਆਂ, ਭੜੋਲੀਆਂ ਅਤੇ ਕਈ ਕਿਸਮ ਦੇ ਦੀਵੇ ਆਦਿ ਸ਼ਾਮਿਲ ਹਨ। ਮਿੱਟੀ ਦੇ ਬਣੇ ਹੋਏ ਵੱਖ-ਵੱਖ ਸਾਈਜ਼ਾਂ ਦੇ ਗੁਲੇਲੇ ਵੀ ਮਿਲੇ। ਰਸੋਈਆਂ ਵਿਚ ਫਿੱਟ ਕਰਨ ਵਾਲੀਆਂ ਮਿੱਟੀ ਦੀਆਂ ਸ਼ੈਲਫ਼ਾਂ ਤਾਂ ਵਰਤਮਾਨ ਸਮੇਂ ਦੇ ਕਿਚਨ ਕੈਬਨਿਟਾਂ ਦੀ ਯਾਦ ਤਾਜ਼ਾ ਕਰਵਾਉਂਦੀਆਂ ਸਨ। ਹਾਲੇ ਕੁਝ ਸਮਾਂ ਪਹਿਲਾਂ ਹੀ ਕੋਹਰ ਸਿੰਘ ਚੀਮਾ ਦੇ ਪਰਿਵਾਰ ਨੂੰ ਥੇਹ ਵਿਚੋਂ ਹਜ਼ਾਰਾਂ ਸਾਲ ਪੁਰਾਣਾ ਦਰਮਿਆਨੇ ਸਾਈਜ਼ ਦਾ ਇਕ ਕੁੱਜਾ ਪ੍ਰਾਪਤ ਹੋਇਆ। ਇਸ ਕੁੱਜੇ ਦੀ ਆਪਣੀ ਹੀ ਵਿਲੱਖਣ ਦਿਖ ਹੈ। ਕੁਝ ਸਮਾਂ ਪਹਿਲਾਂ ਤਾਂ ਥੇਹ ਵਿਚੋਂ ਮਿਲਿਆ ਉਪਰੋਕਤ ਸਮਾਨ ਆਮ ਹੀ ਘਰਾਂ ਵਿਚ ਦੇਖਣ ਨੂੰ ਮਿਲਦਾ ਸੀ ਪਰੰਤੂ ਹੁਣ ਸਮੇਂ ਦੇ ‘ਨਵੀਨੀਕਰਨ’ ਦੇ ਅਸਰ ਵਜੋਂ ਇਹ ਪੁਰਾਤਨ ਵਸਤਾਂ ਪਿੰਡ ਵਿਚੋਂ ਅਲੋਪ ਹੋ ਰਹੀਆਂ ਹਨ।
ਪੱਥਰ ਦਾ ਸਮਾਨ
ਥੇਹ ਵਿਚੋਂ ਪੁਰਾਣੇ ਸਮੇਂ ਦੀਆਂ ਛੋਟੀਆਂ-ਛੋਟੀਆਂ ਆਟਾ ਪੀਹਣ ਦੀਆਂ ਚੱਕੀਆਂ, ਪੱਥਰ ਦੇ ਕੂੰਡੇ, ਮੂੰਗਲੀਆਂ, ਉਖਲੀਆਂ ਅਤੇ ਪਾਣੀ ਵਗੈਰਾ ਰੱਖਣ ਲਈ ਪੱਥਰ ਦੀਆਂ ਛੋਟੀਆਂ-ਛੋਟੀਆਂ ਖੇਲਾਂ ਵੀ ਪਿੰਡ ਵਾਸੀਆਂ ਨੂੰ ਸਮੇਂ-ਸਮੇਂ ਮਿਲਦੀਆਂ ਰਹੀਆਂ ਹਨ। ਮਿੱਟੀ ਦੀਆਂ ਬਣੀਆਂ ਤੰਬਾਕੂ ਪੀਣ ਵਾਲੀਆਂ ਚਿਲਮਾਂ ਤਾਂ ਆਮ ਹੀ ਲੋਕੀ ਦੇਖਦੇ ਹਨ ਪਰੰਤੂ ਉਨੀ ਸੌ ਪੰਜਾਹਵਿਆਂ ਦੇ ਸ਼ੁਰੂ ਵਿਚ ਥੇਹ ਵਿਚੋਂ ਸ਼ੋਰਾ ਕੱਢਣ ਵਾਲੇ ‘ਸੁਰਜਾ’ ਨਾਮੀ ਇਕ ਠੇਕੇਕਾਰ ਨੂੰ ਪੱਥਰ ਦੀ ਬਣੀ ਹੋਈ ਇਕ ਚਿਲਮ ਲੱਭੀ। ਉਸ ਚਿਲਮ ਦੀ ‘ਤਰਾਸ਼ਨ ਕਲਾ’ ਦੇਖਣ ਵਾਲੀ ਸੀ । ਸੁਰਜਾ ਆਪਣੇ ਕਿਸੇ ਖ਼ਾਸ ਮਹਿਮਾਨ ਨੂੰ ਹੀ ਉਸ ਪੱਥਰ ਦੀ ਚਿਲਮ ਦਾ ‘ਸੂਟਾ’ ਲਗਵਾਉਂਦਾ ਸੀ। ਪਹਿਲੀ ਜਨਵਰੀ 1968 ਨੂੰ ਥੇਹ ਵਿਚੋਂ ਬਲੂਆ ਪੱਥਰ ਦੀ ਬਣੀ ਹੋਈ ਵਿਸ਼ਨੂੰ ਭਗਵਾਨ ਦੀ ਇਕ ਮੂਰਤੀ ਪ੍ਰਾਪਤ ਹੋਈ ਜਿਸ ਦਾ ਵਰਨਣ ਅੱਗੇ ਕਰਾਂਗੇ।
ਸਿੱਕੇ (lead) ਦਾ ਵੱਡਾ ਖ਼ਜ਼ਾਨਾ ਮਿਲਿਆ
ਕੁਝ ਸਮਾਂ ਪਹਿਲਾਂ, ਥੇਹ ਦੀ ਉਸ ਜਗ੍ਹਾ ਜਿਥੇ ਕਿਸੇ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਇਤਿਹਾਸਕ ਕਿਲਾ ਹੁੰਦਾ ਸੀ, ਉਸ ਜਗ੍ਹਾ ਤੋਂ ਪਿੰਡ ਵਾਸੀਆਂ ਨੂੰ ਮਿੱਟੀ ਪੁੱਟਦੇ ਸਮੇਂ ਵੱਡੀ ਮਾਤਰਾ ਵਿਚ ਸਿੱਕੇ ਦਾ ਖ਼ਜ਼ਾਨਾ ਮਿਲਿਆ। ਇਹ ਸਿੱਕਾ ਸਾਈਜ਼ ਅਤੇ ਸ਼ਕਲ ਪੱਖੋਂ ਗੋਹੇ ਦੀਆਂ ਪੱਥੀਆਂ ਹੋਈਆਂ ਛੋਟੇ ਸਾਈਜ਼ ਦੀਆਂ ਪਾਥੀਆਂ ਦੇ ਰੂਪ ਵਿਚ ਸੀ। ਪਿੰਡ ਦੇ ਜ਼ਿੰਮੇਵਾਰ ਆਦਮੀ ਹਾਲੀਂ ਇਸ ਖ਼ਜ਼ਾਨੇ ਨੂੰ ਸਮਝਣ ਦੀ ਕੋਸ਼ਿਸ਼ ਵਿਚ ਹੀ ਸਨ ਕਿ ਕਿਸੇ ਨੇ ਪੁਲਿਸ ਨੂੰ ਸੂਹ ਦੇ ਦਿੱਤੀ। ਥੋੜ੍ਹੇ ਸਮੇਂ ਵਿਚ ਹੀ ਪੁਲਿਸ ਪਹੁੰਚ ਗਈ ਅਤੇ ਸਾਰਾ ਸਿੱਕਾ ਆਪਣੇ ਕਬਜ਼ੇ ਵਿਚ ਲੈ ਲਿਆ। ਇਹ ਤਾਂ ਪਤਾ ਨਹੀਂ ਲਗ ਸਕਿਆ ਕਿ ਇਹ ਸਿੱਕਾ ਪੁਲਿਸ ਨੇ ਕਿਹੜੇ ਮਾਲਖ਼ਾਨੇ ਵਿਚ ਜਮ੍ਹਾ ਕਰਵਾਇਆ। ਪਰੰਤੂ ਸੂਝਵਾਨ ਸੱਜਣ ਇਹ ਵਿਚਾਰਾਂ ਜ਼ਰੂਰ ਕਰਦੇ ਸੁਣੇ ਗਏ ਕਿ ਹੋ ਸਕਦਾ ਹੈ ਕਿ ਕਿਸੇ ਬਾਦਸ਼ਾਹ ਨੇ ਇਹ ਸਿੱਕਾ ਲੜਾਈ ਸਮੇਂ ਬਰੂਦ ਆਦਿ ਤਿਆਰ ਕਰਨ ਵਾਸਤੇ ਇਕੱਠਾ ਕੀਤਾ ਹੋਵੇ ਅਤੇ ਬਾਅਦ ਵਿਚ ਇਸ ਦੀ ਵਰਤੋਂ ਕਰਨ ਲਈ ਸਮਾਂ ਹੀ ਨਾ ਮਿਲਿਆ ਹੋਵੇ।
ਕੀ ਥੇਹ ਵਿਚੋਂ ਸੋਨਾ ਚਾਂਦੀ ਵੀ ਮਿਲਿਆ ?
ਜਨੇਰ ਵਿਚ ਸੋਨੇ ਦੇ ਕੋਹਲੂ ਦੀ ਹੋਂਦ ਵਾਂਗ ਇਹ ਵੀ ਇਕ ਅਣਸੁਲਝਿਆ ਅਤੇ ਵਿਵਾਦਗ੍ਰਸਤ ਸਵਾਲ ਹੈ। ਪਿੰਡ ਵਾਸੀ ਪੀੜ੍ਹੀ ਦਰ ਪੀੜ੍ਹੀ ਇਹ ਸੁਣਦੇ ਆਏ ਹਨ ਕਿ ਫਲਾਣੇ ਨੂੰ ਥੇਹ ਵਿਚੋਂ ਸੋਨਾ ਲੱਭਿਆ ਅਤੇ ਢਿਮਕੇ ਨੂੰ ਚਾਦੀ ਲੱਭੀ ਜਾਂ ਫੇਰ ਕਦੀ ਕਿਸੇ ਦਾ ਨਾਮ ਚਾਂਦੀ ਦੇ ਰੁਪਈਆਂ ਵਾਲੀ ਗਾਗਰ ਲੱਭਣ ਨਾਲ ਜੋੜ ਦੇਣਾ। ਜਦੋਂ ਕਿਸੇ ਪਿੰਡ ਵਾਸੀ ਨੇ ਕੋਈ ਵਧੇਰੇ ਖ਼ਰਚ ਕਰਨ ਵਾਲਾ ਕੰਮ ਕਰ ਲੈਣਾ, ਜ਼ਮੀਨ ਖ਼ਰੀਦ ਲੈਣੀ ਜਾਂ ਅੱਛਾ ਮਕਾਨ ਬਣਵਾ ਲੈਣਾ ਤਾਂ ਈਰਖਾਲੂ, ਕੰਮਚੋਰ, ਵਿਹਲੜ, ਮਾੜੀ ਸੋਚ ਅਤੇ ਪਿਛਾਂਹ-ਖਿਚੂ ਵਿਚਾਰਾਂ ਵਾਲਿਆਂ ਦੀ ਇਕ ਧਾਰਨਾ ਹੀ ਬਣ ਗਈ ਸੀ ਕਿ ਬਿਨਾਂ ਸੋਚੇ ਸਮਝੇ ਬਿਆਨ ਦਾਗ ਦੇਣਾ “ਬਈ ਥੇਹ ਵਿਚੋਂ ਖ਼ਜ਼ਾਨਾ ਲਭਿਆ ਹੋਊ।” ਅੱਜ ਦੇ ਵਿਗਿਆਨਕ ਯੁਗ ਵਿਚ ਸਮੇਂ ਦੀ ਚਾਲ ਨਾਲ ਪਿੰਡ ਵਾਸੀਆਂ ਦੀ ਸੋਚ ਵਿਚ ਵੀ ਤਬਦੀਲੀ ਆ ਗਈ ਹੈ ਇਸ ਕਰਕੇ ਪਿਛਲੇ ਕੁਝ ਅਰਸੇ ਤੋਂ ਇਹ ਖ਼ਜ਼ਾਨਾ ਲੱਭਣ ਵਾਲੀਆਂ ਗੱਲਾਂ ਸੁਣਨ ਨੂੰ ਘੱਟ ਹੀ ਮਿਲਦੀਆਂ ਹਨ।
ਥੇਹ ਵਿਚੋਂ ਵਿਸ਼ਨੂੰ ਭਗਵਾਨ ਜੀ ਦੀ ਮੂਰਤੀ ਲੱਭੀ
ਪਹਿਲੀ ਜਨਵਰੀ 1968 ਦਾ ਦਿਨ, ਧਾਰਮਿਕ ਪੱਖੋਂ ਜਨੇਰ ਵਾਸੀਆਂ ਲਈ ਇਕ ਮਹੱਤਵਪੂਰਨ ਦਿਨ ਸਾਬਤ ਹੋਇਆ। ਸਿੱਧੂ ਪੱਤੀ ਵਾਲਾ ਗੁਰਮੇਲ ਸਿੰਘ ‘ਗੁਰ’ ਪੁੱਤਰ ਜਰਨੈਲ ਸਿੰਘ ਸਿੱਧੂ ਆਪਣੀ ਘਰੇਲੂ ਵਰਤੋਂ ਲਈ ਸਿੱਧੂ ਪੱਤੀ ਦੀ ਧਰਮਸ਼ਾਲਾ ਸਾਹਮਣਿਉਂ ਮਿੱਟੀ ਪੁੱਟ ਰਿਹਾ ਸੀ। ਮਿੱਟੀ ਪੁੱਟਦੇ ਸਮੇਂ ਉਸ ਨੂੰ ਵਿਸ਼ਨੂੰ ਭਗਵਾਨ ਜੀ ਦੀ ਇਕ ਦੁਰਲਭ ਮੂਰਤੀ ਪ੍ਰਾਪਤ ਹੋਈ। ਇਹ ਪੁਰਾਤਨ ਅਤੇ ਦੁਰਲਭ ਮੂਰਤੀ ਕਿੰਨੀ ਕੁ ਪੁਰਾਣੀ ਹੈ? ਇਸ ਬਾਰੇ ਖੋਜੀ ਇਤਿਹਾਸਕਾਰਾਂ ਦੀ ਰਾਇ ਵੱਖਰੀ-ਵੱਖਰੀ ਹੈ ਪਰੰਤੂ ਪੁਰਾਤਨ ਵਿਭਾਗ ਦੇ ਮਾਹਿਰ ਇਸ ਨੂੰ 1200 ਈਸਵੀ ਸਮੇਂ ਦੀ ਕ੍ਰਿਤ ਹੋਣ ਦਾ ਦਾਅਵਾ ਕਰਦੇ ਹਨ। ਇਤਿਹਾਸਕ ਪੱਖ ਵੀ ਪੁਰਾਤਨ ਖੋਜ ਵਿਭਾਗ ਦੇ ਖੋਜੀਆਂ ਦੀ ਖੋਜ ਦਾ ਪੱਖ ਪੂਰਦੇ ਹਨ। ਜਿਵੇਂ ਕਿ ਪਿੱਛੇ ਲਿਖ ਚੁੱਕੇ ਹਾਂ ਕਿ ਬਾਰ੍ਹਵੀਂ ਸਦੀ ਭਾਵ 1150 ਈਸਵੀ ਦੇ ਨੇੜ ਦੇ ਸਮੇਂ ਤਕ ਜਨੇਰ ‘ਤੇ ਹਿੰਦੂ ਤੰਵਰ (ਤੂਰ) ਰਾਜਪੂਤਾਂ ਦਾ ਰਾਜ ਸੀ। ਸੁਭਾਵਕ ਹੀ ਹੈ ਕਿ ਉਸ ਸਮੇਂ ਹਿੰਦੂ ਰਾਜਪੂਤ ਸ਼ਾਸਕ ਨੇ ਇਸ ਵਿਸ਼ਨੂੰ ਭਗਵਾਨ ਦੀ ਮੂਰਤੀ ਦਾ ਨਿਰਮਾਣ ਕੀਤਾ ਹੋਵੇ।
ਇਥੇ ਇਕ ਹੋਰ ਧਾਰਮਿਕ ਦੁਬਿਧਾ ਪੈਦਾ ਹੁੰਦੀ ਹੈ ਕਿ ਜੇਕਰ ਤੰਵਰ ਰਾਜਪੂਤਾਂ ਨੇ ਇਹ ਪਵਿੱਤਰ ਮੂਰਤੀ ਬਣਵਾਈ ਸੀ ਤਾਂ ਫੇਰ ਉਨ੍ਹਾਂ ਇਸ ਨੂੰ ਕਿਸੇ ਮੰਦਰ ਵਿਚ ਸਥਾਪਤ ਕਿਉਂ ਨਾ ਕੀਤਾ ਅਤੇ ਮਿੱਟੀ ਵਿਚ ਕਿਵੇਂ ਦੱਬੀ ਗਈ? ਇਤਿਹਾਸਕ ਘਟਨਾਵਾਂ ਦੇ ਮੱਦੇਨਜ਼ਰ ਵਿਚਾਰ ਕਰੀਏ ਤਾਂ ਇਸ ਧਾਰਮਿਕ ਦੁਬਿਧਾ ਦਾ ਜਵਾਬ ਵੀ ਮੁਸ਼ਕਲ ਨਹੀਂ ਜਾਪਦਾ। ਮੰਨ ਲਈਏ ਜੇਕਰ ਇਹ ਪਵਿੱਤਰ ਮੂਰਤੀ ਹਿੰਦੂ ਮੰਦਰ ਵਿਚ ਸਥਾਪਤ ਕੀਤੀ ਵੀ ਹੁੰਦੀ ਤਾਂ ਵੀ ਤਾਂ ਮੁਸਲਮਾਨ ਰਾਜਪੂਤਾਂ ਨੇ ਜਨੇਰ ‘ਤੇ ਕਾਬਜ਼ ਹੋਣ ਸਮੇਂ ਮੰਦਰ ਨੂੰ ਵੀ ਨਹੀਂ ਬਖ਼ਸ਼ਿਆ ਹੋਣਾ ਅਤੇ ਮੰਦਰ ਨੂੰ ਢਹਿ-ਢੇਰੀ ਕਰਨ ਸਮੇਂ ਇਹ ਮਿੱਟੀ ਵਿਚ ਚਲੀ ਗਈ ਜਾਂ ਫੇਰ ਇਹ ਵੀ ਹੋ ਸਕਦਾ ਹੈ ਕਿ ਤੰਵਰ ਹਿੰਦੂ ਰਾਜਪੂਤਾਂ ਨੇ ਇਸ ਦੁਰਲਭ ਅਤੇ ਪਵਿੱਤਰ ਮੂਰਤੀ ਨੂੰ ਮਿੱਟੀ ਵਿਚ ਜਾਣ ਬੁਝ ਕੇ ਛੁਪਾਇਆ ਹੋਵੇ ਤਾਂ ਕਿ ਸਮਾਂ ਮਿਲਣ ‘ਤੇ ਦੁਬਾਰਾ ਹਾਸਲ ਕਰ ਲਵਾਂਗੇ ਜਿਹੜਾ ਕਿ ਮਿਲ ਨਾ ਸਕਿਆ। ਆਪਣੀ ਤੁੱਛ ਬੁਧੀ ਅਨੁਸਾਰ ਇਤਿਹਾਸਕ ਅਤੇ ਧਾਰਮਿਕ ਦੋਵੇਂ ਪੱਖ ਅਸੀਂ ਪਾਠਕਾਂ
ਸਾਹਮਣੇ ਰਖ ਦਿੱਤੇ ਹਨ, ਅੱਗੇ ਪਾਠਕ ਇਸ ਨੂੰ ਆਪ ਵਿਚਾਰ ਲੈਣ। ਪ੍ਰਸਿੱਧ ਖੋਜੀ ਇਤਿਹਾਸਕਾਰ ਦਵਿੰਦਰ ਹਾਂਡਾ ਨੇ ਅੰਗਰੇਜ਼ੀ ਭਾਸ਼ਾ ਵਿਚ ਵਿਸ਼ਨੂੰ ਭਗਵਾਨ ਜੀ ਦੀ ਇਸ ਮੂਰਤੀ ਦੀ ਬਣਤਰ ਬਾਰੇ ਪੁਰਾਤੱਤਵ ਵਿਗਿਆਨ ਦੇ ਨਜ਼ਰੀਏ ਨਾਲ ਖੋਜ ਭਰਿਆ ਲੇਖ ਲਿਖਿਆ ਜਿਸ ਦਾ ਪੰਜਾਬੀ ਅਨੁਵਾਦ ਇਸ ਪ੍ਰਕਾਰ ਹੈ:-
‘ਬਲੂਆ ਪੱਥਰ’ ਦੀ ਬਣੀ ਇਹ ਮੂਰਤੀ 90 ਸੈਂਟੀਮੀਟਰ ਉੱਚੀ ਅਤੇ 50 ਸੈਂਟੀਮੀਟਰ ਚੌੜੀ ਹੈ। ਚਾਰ ਹੱਥਾਂ ਵਾਲੇ ਭਗਵਾਨ ਦੇ ਪਿਛਲੇ ਹੱਥ ਵਿਚ ‘ਰਾਜ ਦੰਡ’ ਹੈ ਅਤੇ ਦੂਜਾ ਹੱਥ ਟੁੱਟਿਆ ਹੋਇਆ ਹੈ। ਦੂਜੇ ਦੋਹਾਂ ਹੱਥਾਂ ਵਿਚ ਇਕ ‘ਚਕਲੀ’ ਅਤੇ ਦੂਜੇ ਵਿਚ ‘ਸੰਖ’ ਸ਼ੁਸੋਭਤ ਹੈ।”
ਦਵਿੰਦਰ ਹਾਂਡਾ ਭਗਵਾਨ ਦੇ ਪਹਿਰਾਵੇ ਬਾਰੇ ਇਸ ਤਰ੍ਹਾਂ ਚਾਨਣ ਪਾਉਂਦੇ ਹਨ, “ਬੇਲਣਾਕਾਰ ਸ਼ਕਲ ਦਾ ਮੁਕਟ ਪਹਿਨੇ ਹੋਏ ਭਗਵਾਨ ਦੇ ਗਲ ਵਿਚ ਲੰਮਾ ਹਾਰ ਜਿਸ ਨੂੰ ‘ਵਿਜੰਤੀਮਾਲਾ-ਏ ਸ਼੍ਰੀਵਾਲਾ’ ਦੇ ਨਾਮ ਨਾਲ ਲੋਕ ਜਾਣਦੇ ਹਨ, ਵੀ ਹੋਰ ਗਹਿਣਿਆਂ ਸਮੇਤ ਛਾਤੀ ਉਪਰ ਲਟਕਦਾ ਨਜ਼ਰ ਆਉਂਦਾ ਹੈ। ਅੱਠ ਪੰਖੜੀਆਂ ਵਾਲੇ ਅਤੇ ਚਮਕੀਲੇ ਘੇਰੇ ਵਾਲੇ ‘ਰੰਭ’ ਸਿਰ ਦੇ ਪਿਛਲੇ ਪਾਸੇ ਵਾਲੇ ‘ਵਿਦਿਆ ਧਰਾਸ’ ਦੇ ਨਾਲ ‘ਮੱਛੀ’ ਅਤੇ ‘ਕਛੂਕੁਮੇ’ ਨਾਲ ‘ਕੁਰਮਾ’ ਅਤੇ ‘ਮਾਤਸੀਆਂ’ ਵਿਸ਼ਨੂੰ ਦੇ ਦੇਹਧਾਰੀ ਰੂਪ ਦਾ ਪ੍ਰਗਟਾਵਾ ਹੈ।”
ਅੱਗੇ ਲਿਖਦੇ ਹਨ “ਇਸ ਤੋਂ ਬਿਨਾਂ ਇਕ ਦਾਨੀ ਜੋੜਾ, ਉਨ੍ਹਾਂ ਦੇ ਪੈਰਾਂ ਵਿਚ ਬੈਠਾ ਹੈ। ਭਗਵਾਨ ਦੋਹਾਂ ਪਾਸਿਆਂ ਤੋਂ ਹੀ ‘ਪਦਮਾ ਪਰਸੂਆ’ ‘ਸ੍ਰੀ ਦੇਵੀ’ ਅਤੇ ‘ਗਰੁੜਾਂ’ ਸੱਜੇ ਪਾਸੇ ਅਤੇ ‘ਸੰਖ ਪਰੂਸਾ’ ‘ਚਕਰਾ ਪਰੂਸ਼ਾ’ ਅਤੇ ‘ਬਲਰਾਮਾ’ ਖੱਬੇ ਪਾਸੇ ਹਨ। ਇਕ ਨੌਕਰ ਵਜੋਂ ‘ਬਲਰਾਮਾ’ ਦੀ ਹੋਂਦ ਧਿਆਨ ਦੇਣ ਯੋਗ ਹੈ।”
6 ਆਪਣੇ ਆਖ਼ਰੀ ਪਹਿਰੇ ਵਿਚ ਦਵਿੰਦਰ ਹਾਂਡਾ ਖ਼ੁਲਾਸਾ ਕਰਦੇ ਹਨ, “ਬੇਸ਼ਕ ਇਸ ‘ਜਮਾਘਟ’ ਅਤੇ ‘ਵਿਸਤ੍ਰਤ ਵਰਨਣ’ ਵਰਨਣ ਵਾਲੀ ਬਣਤਰ ਦਾ ਕੰਮ ਮੁਸ਼ਕਲ ਸੀ ਫੇਰ ਵੀ ਬਾਰ੍ਹਵੀਂ ਸਦੀ ਦੀ ਕਲਾਕ੍ਰਿਤ ਦੀ ਸ਼ੋਬਨੀਕਤ ਬਣਤਰ ਵਿਚ ‘ਛੈਣੀ ਤਰਾਸ਼ੀ’ ਦਾ ਇਕ ਪਵਿੱਤਰ ਨਮੂਨਾ ਪੇਸ਼ ਕਰਦੀ ਹੈ।”
ਦੁਨੀਆਂ ਦੀਆਂ ਹੋਰ ਦੁਰਲਭ ਅਤੇ ਯਾਦਗਾਰੀ ਪੁਰਾਤਨ ਵਸਤਾਂ ਵਾਂਗ ਪਿੰਡ ਜਨੇਰ ਵਿਚ ਗੁਰਮਲ ਸਿੰਘ ਗੁਗ ਨੂੰ ਥੇਹ ਵਿਚੋਂ ਪ੍ਰਾਪਤ ਹੋਈ ਵਿਸ਼ਨੂੰ ਭਗਵਾਨ ਜੀ ਦੀ ਇਸ ਦੁਰਲਭ ਮੂਰਤੀ ਨੇ ਵੀ ਅਜੋਕੇ ਸਮੇਂ ਦਾ ਇਤਿਹਾਸ ਰਚਿਆ। ਜਿਸ ਤਰ੍ਹਾਂ ਕਿ ਸਮੂਹ ਇਲਾਕਾ ਨਿਵਾਸੀਆਂ ਅਤੇ ਜਨੇਰ ਵਾਸੀਆਂ ਨੂੰ ਪਤਾ ਹੀ ਹੈ ਕਿ ਵਿਸ਼ਨੂੰ ਭਗਵਾਨ ਜੀ ਦੀ ਇਹ ਪਵਿੱਤਰ ਮੂਰਤੀ ਚੋਰੀ ਹੋ ਗਈ ਸੀ। ਪਿੰਡ ਦੀ ਪੰਚਾਇਤ ਅਤੇ ਉਸ ਸਮੇਂ ਪਿੰਡ ਦੇ ਨਵੇਂ ਉਭਰ ਰਹੇ ਲੀਡਰ ਜਗਜੀਤ ਸਿੰਘ ਗਿੱਲ ਹੋਰਾਂ ਨੇ ਇਸ ਮੰਦਭਾਗੀ ਅਤੇ ਨਿੰਦਣਯੋਗ ਘਟਨਾ ਨੂੰ ਪਿੰਡ ਅਤੇ ਇਲਾਕੇ ਦੀ ਇੱਜ਼ਤ, ਆਬਰੂ ਸਮਝ ਇਸ ਨੂੰ ਲੱਭਣ ਲਈ ਦਿਨ-ਰਾਤ ਇਕ ਕਰ ਦਿੱਤਾ। ਆਖ਼ਰ ਪਿੰਡ ਅਤੇ ਇਲਾਕਾ ਨਿਵਾਸੀਆਂ ਦੀ ਮਿਹਨਤ ਨੂੰ ਬੂਰਾ ਪਿਆ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਹ ਪਵਿੱਤਰ ਮੂਰਤੀ ਬਰਾਮਦ ਹੋਈ। ਵਿਸ਼ਨੂੰ ਭਗਵਾਨ ਜੀ ਦੀ ਪਵਿੱਤਰ ਮੂਰਤੀ ਕਦੋਂ ਅਤੇ ਕਿੱਥੋਂ ਚੋਰੀ ਹੋਈ?
ਇਹ ਕਿਵੇਂ ਬਰਾਮਦ ਹੋਈ ਅਤੇ ਬਾਅਦ ਵਿਚ ਪਿੰਡ ਵਾਸੀਆਂ ਨੇ ਕੀ ਫ਼ੈਸਲਾ ਲਿਆ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਵਿਚ ਜਨੇਰ ਦੇ ਸਾਬਕਾ ਸਰਪੰਚ ਅਤੇ ਵਿਸ਼ਨੂੰ ਭਗਵਾਨ ਮੰਦਰ ਦੇ ਮੌਜੂਦਾ ਪ੍ਰਧਾਨ ਸਰਜੀਤ ਸਿੰਘ ਸ਼ੇਰਗਿਲ ਦਾ ਲਿਖਿਆ ਲੇਖ ਉਸ ਦੀ ਆਪਣੀ ਜ਼ੁਬਾਨੀ:
“ਪਿੰਡ ਜਨੇਰ ਵਿਚ ਸ੍ਰੀ ਵਿਸ਼ਨੂੰ ਭਗਵਾਨ ਜੀ ਦੀ ਪਵਿੱਤਰ ਮੂਰਤੀ ਪ੍ਰਗਟ ਹੋਣ ਬਾਰੇ।”
“ਜਨੇਰ ਪਿੰਡ ਦੇ ਕਈ ਘਰਾਂ ਦੇ ਲੋਕ ਥੇਹ ਵਿਚੋਂ ਮਿੱਟੀ ਪੁੱਟ ਕੇ ਆਪਣੇ ਘਰਾਂ ਵਿਚ ਡੰਗਰਾਂ ਥੱਲੇ ਪਏ ਹੋਏ ਟੋਏ ਭਰਦੇ ਸਨ। ਕਈ ਸਾਲ ਲਗਾਤਾਰ ਮਿੱਟੀ ਪੁੱਟੀ ਜਾਣ ਨਾਲ ਪਹਿਲੀ ਜਨਵਰੀ 1968 ਨੂੰ ਗੁਰਮੇਲ ਸਿੰਘ ਗੁਗ ਪੁੱਤਰ ਜਰਨੈਲ ਸਿੰਘ ਸਿੱਧੂ ਵੀ ਥੇਹ ਵਿਚੋਂ ਮਿੱਟੀ ਪੁੱਟ ਕੇ ਆਪਣੇ ਪਸ਼ੂਆਂ ਥੱਲੇ ਪਏ ਹੋਏ ਟੋਏ ਭਰ ਰਿਹਾ ਸੀ। ਉਸ ਨੂੰ ਖਿਡੌਣੇ ਦੇ ਰੂਪ ਵਿਚ ਇਕ ਮੂਰਤੀ ਲੱਭੀ। ਗੁਰਮੇਲ ਸਿੰਘ ਗੁਗ ਨੇ ਉਸ ਨੂੰ ਲਿਜਾ ਕੇ ਨਲਕੇ ਦੇ ਹੇਠਾਂ ਰੱਖ ਦਿੱਤਾ ਅਤੇ ਨਲਕੇ ਦੇ ਪਾਣੀ ਨਾਲ ਸਾਫ਼ ਕਰਨ ਲੱਗ ਪਿਆ। ਉਸ ਸਮੇਂ ਪਿੰਡ ਵਿਚ ਪਤਾ ਲੱਗਾ ਕਿ ਗੁਰਮੇਲ ਸਿੰਘ ਗੁਗ ਨੂੰ ਥੇਹ ਵਿਚੋਂ ਕੋਈ ‘ਖਿਡੌਣਾ’ ਮਿਲਿਆ ਹੈ। ਉਸ ਦਾ ਗੁਆਂਢ ਦਰਜ਼ੀ ਹਜ਼ੂਰਾ ਸਿੰਘ ਜੱਸਲ ਵੀ ਖਿਡੌਣਾ ਦੇਖਣ ਪਹੁੰਚ ਗਿਆ। ਹਜ਼ੂਰਾ ਸਿੰਘ ਵੀ ਖਿਡੌਣੇ ਨੂੰ ਸਾਫ਼ ਕਰਵਾਉਣ ਲੱਗ ਪਿਆ। ਸਾਫ਼ ਹੋਣ ਤੋਂ ਬਾਅਦ ਉਸ ਨੇ ਕਿਹਾ ਕਿ ਇਹ ਤਾਂ ਵਿਸ਼ਨੂੰ ਭਗਵਾਨ ਜੀ ਦੀ ਮੂਰਤੀ ਜਾਪਦੀ ਹੈ ਅਤੇ ਇਸ ਦੇ ਨਾਲ ਹੋਰ ਦੇਵਤੇ ਵੀ ਬਰਾਜਮਾਨ ਹਨ। ਪਿੰਡ ਦੇ ਹੀ ਗੁਣੀ ਗਿਆਨੀ ਪੰਡਤ ਕਿਸ਼ਨ ਚੰਦ ਨੂੰ ਬੁਲਾਇਆ ਗਿਆ। ਉਸ ਨੇ ਵੀ ਇਸ ‘ਖਿਡੌਣੇ’ ਨੂੰ ਵਿਸ਼ਨੂੰ ਭਗਵਾਨ ਜੀ ਦੀ ਮੂਰਤੀ ਹੋਣ ਦੀ ਪੁਸ਼ਟੀ ਕਰ ਦਿੱਤੀ। ਮੂਰਤੀ ਦਾ ਨਾਮ ਸੁਣਦਿਆਂ ਹੀ ਲੋਕਾਂ ਨੇ ਇਕ ਦੂਜੇ ਨੂੰ ਦੱਸਣਾ ਸ਼ੁਰੂ ਕਰ ਦਿੱਤਾ। ਇਹ ਖ਼ਬਰ ਸਾਰੇ ਇਲਾਕੇ ਵਿਚ ਫੈਲ ਗਈ। ਥੋੜੇ ਦਿਨਾਂ ਬਾਅਦ ਪਿੰਡ ਖੋਸਾ ਰੰਧੀਰ ਵਿਖੇ ਮਾਘੀ ਦਾ ਮੇਲਾ ਸੀ। ਲੋਕ ਮੇਲੇ ‘ਤੇ ਜਾਣ ਤੋਂ ਪਹਿਲਾਂ ਇਸ ਦੁਰਲਭ ਮੂਰਤੀ ਦੇ ਦਰਸ਼ਨਾਂ ਨੂੰ ਆਉਣ ਲੱਗ ਪਏ। ਦਿਨ-ਬ-ਦਿਨ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਸਾਂਭਣਾ ਮੁਸ਼ਕਲ ਹੋ ਗਿਆ। ਸਾਰੇ ਪਿੰਡ ਨੇ ਰਲ ਮਿਲ ਕੇ ਲੋਕਾਂ ਨੂੰ ਮੂਰਤੀ ਦੇ ਦਰਸ਼ਨ ਕਰਵਾਏ। ਲੋਕ ਮੂਰਤੀ ਦੇ ਕਾਰੀਗਰਾਂ ਨੂੰ ਦਿਲੋਂ ਅਸੀਸਾਂ ਦੇਣ ਲੱਗੇ । ਕਹਿਣ ਲੱਗੇ ਇਹ ਮੂਰਤੀ ਤਾਂ ਕਿਸੇ ਸ਼ਕਤੀ ਨਾਲ ਬਣੀ ਹੈ।”
“ਕੁਝ ਦਿਨਾਂ ਬਾਅਦ ਮੂਰਤੀ ਦੇ ਵਪਾਰੀ ਲੋਕ ਜਰਨੈਲ ਸਿੰਘ ਸਿੱਧੂ ਦੇ ਘਰ ਆਉਣ ਲੱਗ ਪਏ ਅਤੇ ਮੂਰਤੀ ਹਾਸਲ ਕਰਨ ਲਈ ਮੋਟੀਆਂ ਰਕਮਾਂ ਦੀ ਪੇਸ਼ਕਸ਼ ਕਰਨ ਲੱਗੇ। ਜਰਨੈਲ ਸਿੰਘ ਸਿੱਧੂ ਹਰ ਇਕ ਵਪਾਰੀ ਨੂੰ ਇਹ ਹੀ ਜਵਾਬ ਦਿੱਤਾ, “ਭਗਵਾਨ ਦਾ ਮੁੱਲ ਨਹੀਂ ਲਿਆ ਜਾਂਦਾ।” ਉਸ ਨੇ ਪਿੰਡ ਵਾਸੀਆਂ ਨੂੰ ਇਕੱਠਾ ਕਰਕੇ ਮੂਰਤੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ।”
ਥੋੜ੍ਹੇ ਦਿਨਾਂ ਬਾਅਦ ਪਿੰਡ ਜਨੇਰ ਵਾਸੀ ਸਲਾਹ-ਮਸ਼ਵਰਾ ਕਰਕੇ ਬ੍ਰਹਮ ਗਿਆਨੀ ਸੰਤ ਮਹੇਸ਼ ਮੁਨੀ ਜੀ ਬੋਰੇਵਾਲੇ ਪਾਸ ਪਹੁੰਚ ਗਏ ਜੋ ਕਿ ਉਸ ਸਮੇਂ ਬਾਘਾਪੁਰਾਣਾ ਵਿਖੇ ਰਹਿੰਦੇ ਸਨ। ਨਗਰ ਨਿਵਾਸੀਆਂ ਨੇ ਸੰਤ ਬੋਰੇ ਵਾਲਿਆਂ ਜੀ ਨੂੰ ਦੱਸਿਆ ਕਿ ਸਾਡੇ ਪਿੰਡ ਜਨੇਰ ਦੇ ਥੇਹ ਵਿਚੋਂ ਸ੍ਰੀ ਵਿਸ਼ਨੂੰ ਭਗਵਾਨ ਜੀ ਦੀ ਮੂਰਤੀ ਪ੍ਰਗਟ ਹੋਈ ਹੈ। ਅਸੀਂ ਪਿੰਡ ਨਿਵਾਸੀ ਇਸ ਮੂਰਤੀ ਦਾ ਮੰਦਰ ਬਣਾਉਣਾ ਚਾਹੁੰਦੇ ਹਾਂ ਤੁਸੀਂ ਸਾਡੀ ਮਦਦ ਕਰਕੇ ਇਸ ਮੰਦਰ ਨੂੰ ਬਣਵਾਓ। ਸੰਤ ਬੋਰੇਵਾਲੇ ਜਨੇਰ ਪਹੁੰਚੇ ਤੇ ਮੂਰਤੀ ਦੇ ਦਰਸ਼ਨ ਕਰਕੇ ਹੈਰਾਨ ਰਹਿ ਗਏ ਕਿ ਐਡੀ ਵੱਡੀ ਮੂਰਤੀ ਹੈ। ਇਸ ਪਿੰਡ ਦੀ ਕਿਸਮਤ ਬਹੁਤ ਚੰਗੀ ਹੈ ਕਿ ਸ੍ਰੀ ਵਿਸ਼ਨੂੰ ਭਗਵਾਨ ਖ਼ੁਦ ਆਪ ਪ੍ਰਗਟ ਹੋਏ ਹਨ।”
“ਮੰਦਰ ਬਣਾਉਣ ਵਾਸਤੇ ਜਗ੍ਹਾ ਪਾਸ ਕਰਕੇ ਉਸ ਨੂੰ ਪੱਧਰਾ ਕਰਕੇ ਉਸਾਰੀ ਦਾ ਪ੍ਰੋਗਰਾਮ ਉਲੀਕਿਆ ਗਿਆ। ਸੰਤ ਬੋਰੇ ਵਾਲਿਆਂ ਨੇ ਪਿੰਡ ਜਨੇਰ ਦੇ ਬ੍ਰਹਮ ਗਿਆਨੀ ਮਹਾਂਪੁਰਸ਼, 108 ਸੰਤ ਕੇਹਰ ਸਿੰਘ ਜੀ ਦੇ ਕਰ ਕਮਲਾਂ ਨਾਲ ਮੰਦਰ ਦਾ ਨੀਂਹ ਪੱਥਰ ਰਖਵਾਇਆ। ਕੁਝ ਮਹੀਨਿਆਂ ਬਾਅਦ ਮੰਦਰ ਬਣ ਕੇ ਤਿਆਰ ਹੋ ਗਿਆ। ਪੂਰਨ ਮਰਿਯਾਦਾ ਨਾਲ ਮੰਦਰ ਵਿਚ ਸ੍ਰੀ ਵਿਸ਼ਨੂੰ ਭਗਵਾਨ ਜੀ ਦੀ ਮੂਰਤੀ ਸਥਾਪਤ ਕਰ ਦਿੱਤੀ ਗਈ। ਲੋਕ ਦੂਰੋਂ-ਦੂਰੋਂ ਦਰਸ਼ਨਾਂ ਲਈ ਆਉਣ ਲੱਗ ਪਏ।”
ਸਾਮਲ “ਕੁਝ ਮਹੀਨਿਆਂ ਬਾਅਦ ਹੀ ਇਹ ਦੁਰਲਭ ਮੂਰਤੀ ਚੋਰੀ ਹੋ ਗਈ। ਪਤਾ ਲੱਗਣ ‘ਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣਾਂ ਨੇ ਸਲਾਹ ਮਸ਼ਵਰਾ ਕਰਕੇ ਮੂਰਤੀ ਬਾਰੇ ਕੁਝ ਦੱਸਣ ਵਾਲੇ ਨੂੰ ਦੋ ਹਜ਼ਾਰ ਰੁਪਏ ਇਨਾਮ ਰੱਖ ਕੇ ਕਈ ਅਖ਼ਬਾਰਾਂ ਵਿਚ ਇਹ ਖ਼ਬਰ ਕਢਵਾ ਦਿੱਤੀ। ਮੂਰਤੀ ਚੋਰਾਂ ਵਿਚੋਂ ਇਕ ਵਿਅਕਤੀ ਜਿਸ ਨੂੰ ਹਿੱਸਾ ਨਹੀਂ ਸੀ ਮਿਲਿਆ ਉਸ ਨੇ ਜਨੇਰ ਪਹੁੰਚ ਕੇ ਪਿੰਡ ਵਾਸੀਆਂ ਨੂੰ ਸੂਚਿਤ ਕਰ ਦਿੱਤਾ ਕਿ ਮੂਰਤੀ ਚੋਰ ਇਸ ਸਮੇਂ ਰੇਲ ਗੱਡੀ ‘ਤੇ ਚੜ੍ਹ ਕੇ ਫ਼ਿਰੋਜ਼ਪੁਰ ਤੋਂ ਦਿੱਲੀ ਜਾਣ ਦੀ ਤਿਆਰੀ ਵਿਚ ਹਨ ਜਿੱਥੇ ਉਨ੍ਹਾਂ ਮੂਰਤੀ ਵੇਚੀ ਹੈ। ਇਹ ਖ਼ਬਰ ਸੁਣਦਿਆਂ ਸਾਰ ਹੀ ਸ. ਜਗਜੀਤ ਸਿੰਘ ਗਿੱਲ ਜਿਹੜੇ ਕੁਝ ਸਮਾਂ ਪਹਿਲਾਂ ਹੀ ਦਿੱਲੀ ਪੁਲਿਸ ਵਿਚੋਂ ਠਾਣੇਦਾਰ ਰਿਟਾਇਰ ਹੋ ਕੇ ਆਏ ਸਨ, ਭੇਦ ਦੇਣ ਵਾਲੇ ਵਿਅਕਤੀ ਸਮੇਤ ਪਿੰਡ ਦੇ ਹਜੂਮ ਨੂੰ ਨਾਲ ਲੈ ਕੇ ਫ਼ਿਰੋਜ਼ਪੁਰ ਪਹੁੰਚੇ ਅਤੇ ਦੋਹਾਂ ਚੋਰਾਂ ਨੂੰ ਫੜ ਲਿਆ। ਉਨ੍ਹਾਂ ਆਪਣਾ ਪਿੰਡ ‘ਪੀਰ ਮੁਹੰਮਦ’ ਦੱਸਿਆ। ਪਿੰਡ ਵਾਲੇ ਦੋਹਾਂ ਚੋਰਾਂ ਸਮੇਤ ਫ਼ਿਰੋਜ਼ਪੁਰ ਦੇ ਡੀ.ਸੀ. ਸਾਹਿਬ ਪਾਸ ਪਹੁੰਚ ਗਏ। ਜਦੋਂ ਡੀ.ਸੀ. ਸਾਹਿਬ ਨੇ ਸਖ਼ਤੀ ਨਾਲ ਦੋਹਾਂ ਚੋਰਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੂਰਤੀ ਤਾਂ ਉਹ ਮੂਰਤੀ ਵਪਾਰੀਆਂ ਪਾਸ ਦਿੱਲੀ ਵੇਚ ਆਏ ਹਨ।”
“ਤੁਰੰਤ ਕਾਰਵਾਈ ਕਰਦਿਆਂ ਡੀ.ਸੀ. ਸਾਹਿਬ ਨੇ ਧਰਮਕੋਟ ਠਾਣੇ ਦੇ ਇੰਚਾਰਜ ਇੰਸਪੈਕਟਰ ਗਿਰਧਾਰੀ ਲਾਲ ਕੁਨੌਰ ਨੂੰ ਕਾਰਵਾਈ ਕਰਕੇ ਮੂਰਤੀ ਵਾਪਸ ਲਿਆਉਣ ਲਈ ਕਿਹਾ। ਜਗਜੀਤ ਸਿੰਘ ਗਿੱਲ ਇੰਸਪੈਕਟਰ ਕੁਨੌਰ ਅਤੇ ਮੋਗਾ ਨਿਵਾਸੀ ਜਗਦੀਸ਼ ਚੰਦਰ ਬੰਸਲ ਨੂੰ ਨਾਲ ਲੈ ਕੇ ਦਿੱਲੀ ਪਹੁੰਚ ਗਏ। ਦਿੱਲੀ ਪੁਲਿਸ ਨੇ ਤਿੰਨਾਂ ਨੂੰ ਨਾਲ ਲੈ ਕੇ ਮੂਰਤੀ ਵਪਾਰੀਆਂ ਦੀ ਠਹਿਰ ‘ਤੇ ਛਾਪਾ ਮਾਰਿਆ ਅਤੇ ਮੂਰਤੀ ਬਰਾਮਦ ਕਰ ਲਈ। ਡੀ.ਸੀ. ਫ਼ਿਰੋਜ਼ਪੁਰ ਦੀ ਨਿੱਜੀ ਦਖ਼ਲ-ਅੰਦਾਜ਼ੀ ਤੋਂ ਬਾਅਦ ਦਿੱਲੀ ਪੁਲਿਸ ਨੇ ਮੂਰਤੀ ਧਰਮਕਟ ਪੁਲਿਸ ਦੇ ਹਵਾਲੇ ਕਰ ਦਿੱਤੀ। ਜਗਜੀਤ ਸਿੰਘ ਤੇ ਜਗਦੀਸ਼ ਚੰਦਰ ਬੰਸਲ ਅਤੇ ਇੰਸਪੈਕਟਰ ਗਿਰਧਾਰੀ ਲਾਲ ਕੁਨੌਰ ਮੂਰਤੀ ਲੈ ਕੇ ਵਾਪਸ ਪੰਜਾਬ ਪਹੁੰਚ ਗਏ। ਕਈ ਦਿਨ ‘ਭਗਵਾਨ’ ਥਾਣਾ ਧਰਮਕੋਟ ਵਿਚ ਹੀ ਰਹੇ। ਲੋਕ ਭਗਵਾਨ ਜੀ ਦੇ ਦਰਸ਼ਨ ਕਰਨ ਥਾਣਾ ਧਰਮਕੋਟ ਜਾਣ ਲੱਗ ਪਏ। ਧਰਮਕੋਟ ਦੀ ਪੁਲਿਸ ਹੁਣ ਮੂਰਤੀ ਪਿੰਡ ਵਾਲਿਆਂ ਨੂੰ ਵਾਪਸ ਕਰਨ ਲਈ ਟਾਲ-ਮਟੋਲ ਕਰਨ ਲੱਗੀ। ਬਹਾਨਾ ਇਹ ਬਣਾ ਰਹੇ ਸਨ ਕਿ ਪੂਰੀ ਕਾਰਵਾਈ ਕਰਨ ਉਪਰੰਤ ਹੀ ਮੂਰਤੀ ਪਿੰਡ ਵਾਸੀਆਂ ਨੂੰ ਵਾਪਸ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਉਸ ਸਮੇਂ ਦੇ ਮੁਖ ਮੰਤਰੀ ਪੰਜਾਬ ਸ. ਲਛਮਣ ਸਿੰਘ ਗਿੱਲ ਕੋਲ ਉਨ੍ਹਾਂ ਦੇ ਜੱਦੀ ਪਿੰਡ ਚੂਹੜਚੱਕ ਵਿਖੇ ਪਹੁੰਚ ਕੀਤੀ। ਮੁਖ ਮੰਤਰੀ ਜੀ ਦੀ ਦਖ਼ਲ ਅੰਦਾਜ਼ੀ ਕਾਰਨ ਪਿੰਡ ਵਾਸੀਆਂ ਨੂੰ ਮੂਰਤੀ ਵਾਪਸ ਮਿਲ ਗਈ ਅਤੇ ਦੁਬਾਰਾ ਮੰਦਰ ਵਿਚ ਸਥਾਪਤ ਕਰ ਦਿੱਤੀ। ਲੋਕ ਫੇਰ ਮੂਰਤੀ ਦੇ ਦਰਸ਼ਨਾਂ ਨੂੰ ਪਿੰਡ ਜਨੇਰ ਦੇ ਮੰਦਰ ਵਿਚ ਪਹੁੰਚਣ ਲੱਗੇ।”
“ਕੁਝ ਵਰ੍ਹੇ ਤਾਂ ਰਾਮ ਜੀ ਦਾਸ ਲੁਹਾਰੇ ਵਾਲੇ ਜਨੇਰ ਪਿੰਡ ਵਾਸੀਆਂ ਦੀ ਮਦਦ ਨਾਲ ਪਹਿਲੀ ਜਨਵਰੀ ਨੂੰ ਸ੍ਰੀ ਵਿਸ਼ਨੂੰ ਭਗਵਾਨ ਜੀ ਦਾ ਪ੍ਰਗਟ ਦਿਹਾੜਾ ਮਨਾਉਂਦੇ ਰਹੇ। 1975 ਵਿਚ ਸ੍ਰੀ ਦੀਵਾਨ ਚੰਦ ਜੀ ਪੱਕੇ ਹੀ ਮੰਦਰ ਦੇ ਪਾਸ ਬਣੇ ਇਕ ਕਮਰੇ ਵਿਚ ਰਹਿਣ ਲੱਗ ਪਏ ਅਤੇ ਮੰਦਰ ਦੀ ਦੇਖ-ਭਾਲ ਕਰਨ ਲੱਗ ਪਏ। ਹਰ ਸਾਲ ਹੀ ਉਹ ਪਹਿਲੀ ਜਨਵਰੀ ਨੂੰ ਭਗਵਾਨ ਜੀ ਦਾ ਪ੍ਰਗਟ ਦਿਹਾੜਾ ਮਨਾਉਂਦੇ ਰਹੇ। 1985 ਵਿਚ ਸ੍ਰੀ ਦੀਵਾਨ ਚੰਦ ਜੀ ਸੁਰਗਵਾਸ ਹੋ ਗਏ।”
“1985 ਤੋਂ ਲੈ ਕੇ 2008 ਤਕ ਸਰਜੀਤ ਸਿੰਘ ਸ਼ੇਰਗਿਲ ਪਿੰਡ ਦੇ ਸਹਿਯੋਗ ਨਾਲ ਸ੍ਰੀ ਵਿਸ਼ਨੂੰ ਭਗਵਾਨ ਜੀ ਦਾ ਪ੍ਰਗਟ ਦਿਹਾੜਾ ਮਨਾਉਂਦੇ ਰਹੇ। ਸਭ ਦੀ ਸਲਾਹ ਨਾਲ 2 ਫਰਵਰੀ 2008 ਨੂੰ ਸ੍ਰੀ ਵਿਸ਼ਨੂੰ ਮੰਦਰ ਵੈਲਫੇਅਰ ਸਭਾ (ਰਜਿ.) ਹੋਂਦ ਵਿਚ ਆਈ। ਜਿਸ ਦਾ ਪ੍ਰਧਾਨ ਸ. ਸਰਜੀਤ ਸਿੰਘ ਸ਼ੇਰਗਿਲ ਬਣਿਆ। ਹੋਰ ਮੈਂਬਰ ਦਲੀਪ ਸਿੰਘ ਚੀਮਾ ਮੀਤ ਪ੍ਰਧਾਨ, ਮੋਹਰ ਸਿੰਘ ਸੇਖੋਂ ਖ਼ਜ਼ਾਨਚੀ, ਲਖਵੀਰ ਸਿੰਘ ਮੀਤ ਖ਼ਜ਼ਾਨਚੀ, ਡਾ. ਅਜੀਤ ਸਿੰਘ ਸਿੱਧੂ ਸੈਕਟਰੀ, ਸੁਖਦੇਵ ਸਿੰਘ ਸੁੱਖਾ ਮੀਤ ਸੈਕਟਰੀ ਚੁਣੇ ਗਏ। ਇਹ ਮੌਜੂਦਾ ਕਮੇਟੀ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਭਗਵਾਨ ਜੀ ਦਾ ਪ੍ਰਗਟ ਦਿਹਾੜਾ ਪਹਿਲੀ ਜਨਵਰੀ ਨੂੰ ਹਰ ਸਾਲ ਬੜੇ ਸ਼ਰਧਾਪੂਰਵਕ ਢੰਗ ਨਾਲ ਮਨਾ ਰਹੀ ਹੈ। ਸ੍ਰੀ ਵਿਸ਼ਨੂੰ ਭਗਵਾਨ ਜੀ ਦੇ ਬਾਰੇ ਜੋ ਮੈਂ ਦੇਖਿਆ-ਸੁਣਿਆ ਹੈ ਲਿਖ ਦਿੱਤਾ ਹੈ ਅਤੇ ਆਪਣੀ ਸੋਚ ਸਮਝ ਅਨੁਸਾਰ ਲਿਖਿਆ ਹੈ। ਜੇ ਕੋਈ ਲਿਖਣ ਵਿਚ ਗਲਤੀ ਹੋ ਗਈ ਹੋਵੇ ਤਾਂ ਉਸ ਲਈ ਮੁਆਫ਼ੀ ਚਾਹੁੰਦਾ ਹਾਂ।”
ਲਿਖਿਆ:-
20 ਦਸੰਬਰ 2011
ਸਰਜੀਤ ਸਿੰਘ ਸ਼ੇਰਗਿਲ,
ਵਾਸੀ ਜਨੇਰ, ਜ਼ਿਲ੍ਹਾ ਮੋਗਾ
ਦੁਰਲਭ ਮੂਰਤੀਆਂ ਦੇ ਅੰਤਰਰਾਸ਼ਟਰੀ ਵਪਾਰੀਆਂ ਪਾਸੋਂ ਦਿੱਲੀ ਤੋਂ 31 ਅਗਸਤ 1968 ਨੂੰ ਬਰਾਮਦ ਕਰਨ ਸਮੇਂ ਸ੍ਰੀ ਵਿਸ਼ਨੂੰ ਭਗਵਾਨ ਜੀ ਦੀ ਫ਼ੋਟੋ ਇਸ ਪੁਸਤਕ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਕੀਤੀ ਗਈ ਹੈ। ਇਸ ਫ਼ੋਟੋ ਵਿਚ ਸ. ਜਗਜੀਤ ਸਿੰਘ ਗਿੱਲ ਜਨੇਰ, ਸ੍ਰੀ ਜਗਦੀਸ਼ ਚੰਦਰ ਬੰਸਲ ਮੋਗਾ ਅਤੇ ਇੰਸਪੈਕਟਰ ਗਿਰਧਾਰੀ ਲਾਲ ਕੁਨੌਰ ਸ੍ਰੀ ਵਿਸ਼ਨੂੰ ਭਗਵਾਨ ਜੀ ਦੀ ਦੁਰਲਭ ਮੂਰਤੀ ਨਾਲ ਖੜ੍ਹੇ ਹਨ। -ਲੇਖਕ
ਸ੍ਰੀ ਵਿਸ਼ਨੂੰ ਭਗਵਾਨ ਜੀ ਦੇ ਮੰਦਰ ਦੀ ਉਸਾਰੀ
ਇਲਾਕਾ ਅਤੇ ਜਨੇਰ ਨਿਵਾਸੀਆਂ ਦੀ ਪੁਰਜ਼ੋਰ ਅਪੀਲ ਨੂੰ ਸਵੀਕਾਰ ਕਰਦਿਆਂ ਪ੍ਰਮਾਤਮਾ ਵਲੋਂ ਵਰੋਸਾਏ ਵੀਹਵੀਂ ਸਦੀ ਦੇ ਮਹਾਨ ਸੰਤ 108 ਮਹੇਸ਼ ਮੁਨੀ ਜੀ ਬੋਰੇਵਾਲੇ ਸ੍ਰੀ ਵਿਸ਼ਨੂੰ ਭਗਵਾਨ ਜੀ ਦੇ ਮੰਦਰ ਨਿਰਮਾਣ ਦੇ ਸਬੰਧ ਵਿਚ 1968 ਈਸਵੀ ਨੂੰ ਫਰਵਰੀ ਦੇ ਪਹਿਲੇ ਹਫ਼ਤੇ ਜਨੇਰ ਪਧਾਰੇ। ਪਿੰਡ ਜਨੇਰ ਵਾਸੀਆਂ ਤੋਂ ਬਿਨਾਂ ਮੋਗਾ ਸ਼ਹਿਰ ਅਤੇ ਨੇੜੇ ਤੇੜੇ ਹੋਰ ਪਿੰਡਾਂ ਦੀਆਂ ਸੰਗਤਾਂ ਨੇ ਬਾਬਾ ਜੀ ਦਾ ਦਿਲੋਂ ਸਵਾਗਤ ਕੀਤਾ। ਲਗਪਗ ਪੰਜ ਮਹੀਨੇ ਬਾਬਾ ਜੀ ਨੇ ਇਸ ਇਲਾਕੇ ਨੂੰ ਰੰਗ ਭਾਗ ਲਗਾਏ।
ਇਸ ਸਮੇਂ ਦੌਰਾਨ ਉਦਾਸੀਨ ਸੰਪਰਦਾਇ ਦੇ ਇਸ ਪੂਰਨ ਮਹਾਂਪੁਰਸ਼ ਨੇ ਜਨੇਰ ਵਿਚ ਸ੍ਰੀ ਵਿਸ਼ਨੂੰ ਭਗਵਾਨ ਜੀ ਦਾ ਮੰਦਰ ਹੀ ਨਹੀਂ ਬਣਵਾਇਆ ਸਗੋਂ ਜਨੇਰ ਅਤੇ ਇਲਾਕਾ ਨਿਵਾਸੀਆਂ ਨੂੰ ਸੇਵਾ ਸਿਮਰਨ, ਵੈਰ ਤਿਆਗ, ਗੁਰਬਾਣੀ ਦਾ ਸਤਿਕਾਰ, ਨਿਮਰਤਾ, ਸੰਜਮੀ ਜੀਵਨ ਅਤੇ ਮਨੁੱਖਤਾ ਦੇ ਭਲੇ ਲਈ ਵੀ ਪ੍ਰੇਰਿਆ। ਜਨੇਰ ਵਾਸੀਆਂ ਨੂੰ ਤਾਂ ਪਹਿਲਾਂ ਹੀ ਉਸ ਸਮੇਂ ਨਾਮ ਬਾਣੀ ਦੇ ਪੁੰਜ, ਗੁਰਸਿੱਖੀ ਜੀਵਨ ਨੂੰ ਸਮਰਪਤ, ਬ੍ਰਹਮ ਗਿਆਨੀ 108 ਸੰਤ ਬਾਬਾ ਕੇਹਰ ਸਿੰਘ ਜੀ ਸੱਚਾ ਸੁੱਚਾ, ਸਾਦਗੀ ਅਤੇ ਸਰਬਤ ਦੇ ਭਲੇ ਦੀ ਜੀਵਨ ਜਾਚ ਦਾ ਰਸਤਾ ਦਿਖਾ ਰਹੇ ਸਨ। ਸੰਤ ਮਹੇਸ਼ ਮੁਨੀ ਜੀ, ਬਾਬਾ ਕੇਹਰ ਸਿੰਘ ਜੀ ਦੀ ਜੀਵਨ ਸ਼ੈਲੀ ਤੋਂ ਐਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਸ੍ਰੀ ਵਿਸ਼ਨੂੰ ਭਗਵਾਨ ਮੰਦਰ ਦੀ ਨੀਂਹ ਉਨ੍ਹਾਂ ਪਾਸੋਂ ਰਖਵਾਈ। ਸੰਤ ਮਹੇਸ਼ ਮੁਨੀ ਜੀ ਹਰ ਸਮੇਂ ਬਾਬਾ ਕੇਹਰ ਸਿੰਘ ਜੀ ਨੂੰ ਜਿਹੜੇ ਉਮਰ ਵਿਚ ਉਨ੍ਹਾਂ ਨਾਲੋਂ ਵੱਡੇ ਸਨ, ਹਮੇਸ਼ਾ ਸਤਿਕਾਰ ਸਹਿਤ ‘ਬੜਾ ਭਾਈ’ ਆਖ ਕੇ ਸੰਬੋਧਨ ਕਰਦੇ ਸਨ। ਅੱਗੋਂ ਨਾਮ ਬਾਣੀ ਦੇ ਪੁੰਜ ਵੀ ਸੰਤ ਮਹੇਸ਼ ਮੁਨੀ ਜੀ ਨੂੰ ਪਿਆਰ ਨਾਲ ‘ਬਾਬਾ ਜੀ’ ਸ਼ਬਦ ਨਾਲ ਬੁਲਾਉਂਦੇ। ਵੱਖ-ਵੱਖ ਧਰਮਾਂ, ਫ਼ਿਰਕਿਆਂ, ਸੰਪਰਦਾਇਆਂ ਅਤੇ ਜਾਤਾਂ ਵਿਚ ਵੰਡਿਆ ਹੋਇਆ ਸੰਸਾਰ ਦੋਹਾਂ ਮਹਾਂਪੁਰਸ਼ਾਂ ਦੀ ਮੌਜੂਦਗੀ ਵਿਚ ਸਵਰਗ ਨਜ਼ਰ ਆ ਰਿਹਾ ਸੀ। ਪਿੰਡ ਜਨੇਰ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਜੇਕਰ ਇਸ ਪੰਜ ਮਹੀਨਿਆਂ ਦੇ ਸਮੇਂ ਨੂੰ ‘ਪਿੰਡ ਜਨੇਰ ਦੇ ਇਤਿਹਾਸ ਦਾ ਸੁਨਹਿਰੀ ਸਮਾਂ’ ਆਖ ਦੇਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਵਿਸ਼ਨੂੰ ਭਗਵਾਨ ਜੀ ਦੇ ਮੰਦਰ ਦੀ ਉਸਾਰੀ ਤੋਂ ਬਾਅਦ 108 ਸੰਤ ਬਾਬਾ ਕੇਹਰ ਸਿੰਘ ਜੀ ਅਤੇ 108 ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਦੋਹਾਂ ਮਹਾਂਪੁਰਸ਼ਾਂ ਦੀ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਕਾਰਜ ਸੇਵਕਾਂ ਦੀ ਤਸਵੀਰ ਉਚੇਚੇ ਤੌਰ ‘ਤੇ ਖਿੱਚੀ ਗਈ।
ਇਹ ਤਸਵੀਰ ਉਚੇਚੇ ਤੌਰ ‘ਤੇ ਇਸ ਪੁਸਤਕ ਵਿਚ ਸ਼ਾਮਿਲ ਕੀਤੀ ਗਈ ਹੈ ਤਾਂ ਕਿ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਪੁਰਾਤਨ ਤਸਵੀਰ ਤੋਂ ਆਪਸੀ ਮਿਲਵਰਤਨ, ਸਰਬ ਸਾਂਝੀਵਾਲਤਾ, ਵਿਭੰਨਤਾ ਵਿਚ ਏਕਤਾ, ਨਿਸ਼ਕਾਮ ਸੇਵਾ ਅਤੇ ਭਰਾਤਰੀ ਪਿਆਰ ਡਾਵ ਵਰਗੇ ਉਚ ਗੁਣਾਂ ਨੂੰ ਗ੍ਰਹਿਣ ਕਰ ਸਕਣ ਜਿਹੜੇ ਸਾਨੂੰ ਵਿਰਾਸਤ ਵਿਚ ਸਾਡੇ ਗੁਰੂਆਂ, ਪੀਰਾਂ, ਸੰਤਾਂ, ਮਹਾਤਮਾਵਾਂ, ਔਲੀਆਂ ਅਤੇ ਪੈਗ਼ੰਬਰਾਂ ਤੋਂ ਪ੍ਰਾਪਤ ਹੋਏ ਹਨ।
108, ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ
(ਇਕ ਜੀਵਨ ਝਾਤ)
ਵੈਦਿਕ ਕਾਲ ਤੋਂ ਸ਼ੁਰੂ ਹੋਈ ਉਦਾਸੀਨ ਸੰਪ੍ਰਦਾਇ ਜਿਸ ਦੇ ਮਹਾਨ ਸੰਤ ਘਟ ਬੋਲਣ, ਘਟ ਖਾਣ, ਘਟ ਸੌਣ ਅਤੇ ਘਟ ਕਪੜੇ ਪਹਿਨਣ ਦੀ ਪਰੰਪਰਾ ਵਿਚ ਵਿਸ਼ਵਾਸ ਰਖਦੇ ਹੋਏ ਸੰਤ ਕੁਮਾਰ ਜੀ, ਹੰਸਾ ਅਵਤਾਰ ਜੀ, ਬਾਬਾ ਸ੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਟੇਕ ਦਾਸ ਜੀ, ਬਿਸ਼ਨ ਦਾਸ ਜੀ, ਮਹੰਤ ਨਰੈਣ ਮੁਨੀ ਜੀ ਤੋਂ ਬਾਅਦ ਵੀਹਵੀਂ ਸਦੀ ਦੇ ਮਹਾਨ ਸੰਤ ਸ੍ਰੀਮਾਨ 108, ਸਵਾਮੀ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਤਕ ਪਹੁੰਚੀ। ਵੀਹਵੀਂ ਸਦੀ ਦੇ ਇਸ ਮਹਾਨ ਤਪੱਸਵੀ, ਬੁੱਧੀਜੀਵੀ, ਗੁਣੀ ਗਿਆਨੀ, ਸਮਾਜ ਸੁਧਾਰਕ ਅਤੇ ਨਿਰਮਾਣ ਕਲਾ ਦੇ ਮਾਹਿਰ, ਬ੍ਰਹਮ ਗਿਆਨੀ ਸੰਤ ਜੀ ਦਾ ਜਨਮ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਵਿਖੇ ਸ਼ੀਤਲ ਸੁਭਾ ਦੀ ਮਾਲਿਕ ਮਾਤਾ ਕਾਕੋ ਕੌਰ ਦੀ ਸੁਭਾਗੀ ਕੁੱਖ ਪੂਰਨ ਗੁਰੂ ਸਿੱਖ ਬਿਰਤੀ ਵਾਲੇ ਸੰਤਾ ਸਿੰਘ ਦੇ ਘਰ ਹੋਇਆ। ਇਹ ਪਰਿਵਾਰ ਭੱਟੀ ਰਾਜਪੂਤਾਂ ਵਿਚੋਂ ਨਿਕਲੇ ਬਰਾੜ ਉਪ ਗੋਤ ਨਾਲ ਸਬੰਧਤ ਹੈ। ਬਾਬਾ ਮਹੇਸ਼ ਮੁਨੀ ਜੀ ਦਾ ਬਚਪਨ ਦਾ ਨਾਮ ਮੁਕੰਦ ਸਿੰਘ ਸੀ। ਪ੍ਰਸਿੱਧ ਲੇਖਕ ਹਰਨੇਕ ਸਿੰਘ
ਰੋਡੇ ਅਨੁਸਾਰ ਬਾਲ ਮੁਕੰਦ ਸਿੰਘ ਦੀਆਂ ਬਾਲ ਵਿਵਸਥਾ ਨਾਲ ਜੁੜੀ ਬਾਲ ਲੀਲ੍ਹਾ ਦੀ ਚਰਚਾ ਪਿੰਡ ਵਿਚ ਹਾਲੀਂ ਵੀ ਅੱਗੇ ਦੀ ਅੱਗੇ ਵਰਤਮਾਨ ਨਸਲਾਂ ਤਕ ਪਹੁੰਚ ਰਹੀ ਹੈ। 6 ਸਕੂਲੀ ਵਿੱਦਿਆ ਨੂੰ ਤਰਜੀਹ ਨਾ ਦਿੰਦਿਆਂ ਮੁਕੰਦ ਸਿੰਘ ਨੇ ‘ਸ਼ਬਦ ਖੋਜ’ ਲਈ ਘਰ ਬਾਰ ਤਿਆਗ ਦਿੱਤਾ ਅਤੇ ਅਧਿਆਤਮਕਵਾਦ ਦੀ ਸਿਖਿਆ ਹਾਸਲ ਕਰਨ ਲਈ ਕਾਸ਼ੀ ਪਹੁੰਚ ਗਏ। ਅੱਠ ਸਾਲ ਦੇ ਲਗਪਗ ਕਾਸ਼ੀ ਵਿਚ ਧਾਰਮਿਕ ਗ੍ਰੰਥਾਂ ਦਾ ਅਧਿਅਨ ਕਰਨ ਤੋਂ ਬਾਅਦ ਪ੍ਰਮਾਰਿਥ (ਨਿਰੰਕਾਰ) ਦੀ ਖੋਜ ਵਲ ਚੱਲ ਪਏ। ਕਰੀਮਪੁਰ ਦੇ ਡੂੰਮ ਡੇਰੇ ਵਿਖੇ ਬਾਬਾ ਰਿਸ਼ੀ ਰਾਮ ਦੀ ਸੰਗਤ ਵਿਚ ਆਏ ਅਤੇ ਉਦਾਸੀ ਜੀਵਨ ਦੇ ਧਾਰਨੀ ਬਣ ਗਏ। ਜਲਦ ਹੀ ਬਾਬਾ ਜੀ ਨੇ ਦੁਨਿਆਵੀ ਵਸਤਰਾਂ ਦਾ ਤਿਆਗ ਕਰ ਦਿੱਤਾ ਅਤੇ ਬੋਰੀ (ਪਟਸਨ ਦਾ ਬਾਰਦਾਨਾ) ਦਾ ਪਹਿਰਾਵਾ ਧਾਰਨ ਕਰ ਲਿਆ। ਇਸ ਅਵਸਥਾ ਵਿਚ ਉਨ੍ਹਾਂ ਦਾ ਨਾਮ ਮੁਕੰਦ ਸਿੰਘ ਤੋਂ ਬਦਲ ਕੇ ਮਹੇਸ਼ ਮੁਨੀ ਜੀ ਬੋਰੇ ਵਾਲੇ ਪ੍ਰਚਲਤ ਹੋ ਗਿਆ। ਬਾਬਾ ਮਹੇਸ਼ ਮੁਨੀ ਜੀ ਨੇ ਪੰਜਾਬ ਤੋਂ ਬਾਹਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਭ੍ਰਮਣ ਕੀਤਾ ਅਤੇ ਇਸ ਪਦਾਰਥਵਾਦੀ ਯੁਗ ਵਿਚ ਮਨੁੱਖਤਾ ਨੂੰ ਸੱਚਾ ਸੁੱਚਾ ਜੀਵਨ ਜਿਉਣ ਦੀ ਜਾਚ ਦੱਸੀ।
ਮਹੇਸ਼ ਮੁਨੀ ਜੀ ਦੇ ਧਾਰਮਿਕ ਗਿਆਨ ਦੀ ਗੱਲ ਕਰੀਏ ਤਾਂ ਉਹ ‘ਕਾਸ਼ੀ ਪੜ੍ਹੇ ਹੋਏ ਸਨ, ਕਾਸ਼ੀ ਪੜ੍ਹਿਆ ਕੋਈ ਛੋਟਾ-ਮੋਟਾ ਧਾਰਮਿਕ ਵਿਦਵਾਨ ਨਹੀਂ ਹੁੰਦਾ ਸਗੋਂ ਧਾਰਮਿਕ ਅਤੇ ਬੁੱਧੀਜੀਵੀ ਹਲਕਿਆਂ ਵਿਚ ਇਸ ਨੂੰ ਇਕ ਸ੍ਰੇਸ਼ਟ ਅਤੇ ਪੋਸਟ ਗਰੈਜੂਏਟ ਡਿਗਰੀ ਸਮਝਿਆ ਜਾਂਦਾ ਹੈ। ਉਨ੍ਹਾਂ ਨੂੰ ਸਿੱਖ ਧਰਮ ਅਤੇ ਗੁਰਬਾਣੀ ਬਾਰੇ ਵੀ ਡੂੰਘਾ ਗਿਆਨ ਸੀ। ਆਪਣੇ ਪ੍ਰਭਾਵਸ਼ਾਲੀ ਧਾਰਮਿਕ ਅਤੇ ਸਿਖਿਆਦਾਇਕ ਭਾਸ਼ਣ ਸਮੇਂ ਉਹ ਪੁਰਾਤਨ ਗ੍ਰੰਥਾਂ, ਵੇਦਾਂ, ਗੀਤਾ ਅਤੇ ਹੋਰ ਧਾਰਮਿਕ ਗ੍ਰੰਥਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਪਵਿੱਤਰ ਬਾਣੀ ਦੀਆਂ ਟੂਕਾਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਦੇ ਸ਼ਰਧਾਲੂਆਂ ਵਿਚ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਲਗਪਗ ਸਭ ਧਰਮਾਂ ਦੇ ਲੋਕ ਸ਼ਾਮਿਲ ਸਨ। ਮਹੇਸ਼ ਮੁਨੀ ਜੀ ਇਕ ਸਮਾਜ ਸੁਧਾਰਕ ਹੀ ਨਹੀਂ ਸਗੋਂ ਭਵਨ ਕਲਾ ਪ੍ਰੇਮੀ ਅਤੇ ਜੀਵ ਪ੍ਰੇਮੀ ਹੋਣ ਕਾਰਨ ਉਨ੍ਹਾਂ ਨੇ ਅਨੇਕਾਂ ਮੰਦਰ, ਗੁਰਦੁਆਰੇ, ਕੁਟੀਆ, ਸਕੂਲ, ਸ਼ਮਸਾਨਘਾਟ, ਧਰਮਸ਼ਾਲਾਵਾਂ ਅਤੇ ਲਾਇਬ੍ਰੇਰੀਆਂ ਬਣਵਾਉਣ ਤੋਂ ਬਿਨਾਂ ਅਨੇਕਾਂ ਗਊਸ਼ਾਲਾਵਾਂ ਵੀ ਬਣਵਾਈਆਂ।
ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਮਹਾਨ ਵਿਦਵਾਨ ਮਹੇਸ਼ ਮੁਨੀ ਜੀ ਆਪਣੇ ਜੀਵਨ ਦੇ ਆਖ਼ਰੀ ਪਲਾਂ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਲਕਪੁਰ ਵਿਖੇ ਸੰਗਤਾਂ ਦਾ ਕਲਿਆਣ ਕਰ ਰਹੇ ਸਨ। ਪਹੁੰਚੇ ਹੋਏ ਸਾਧੂਆਂ ਵਾਂਗ ਬਾਬਾ ਮਹੇਸ਼ ਮੁਨੀ ਜੀ ਨੂੰ ਵੀ ਆਪਣੇ ਆਖ਼ਰੀ ਸਮੇਂ ਦਾ ਗਿਆਨ ਹੋ ਚੁੱਕਾ ਸੀ। ਗੁਰਪੁਰੀ ਪਧਾਰਨ ਤੋਂ ਪਹਿਲਾਂ ਉਨ੍ਹਾਂ ਮਲਕਪੁਰ ਪਿੰਡ ਵਿਚ ਉਚੇਚੇ ਤੌਰ ‘ਤੇ ਹਵਨ ਕਰਵਾਇਆ। ਪਿੰਡ ਵਾਸੀਆਂ ਅਨੁਸਾਰ ਇਸ ਹਵਨ ਵਿਚ ਉਨ੍ਹਾਂ ਦੇ ਸ਼ਰਧਾਲੂ ਐਨੀ ਵੱਡੀ ਗਿਣਤੀ ਵਿਚ ਸ਼ਿਰਕਤ ਕਰਨ ਆਏ ਕਿ ਇਕੱਠ ਨੂੰ ਸਾਂਭਣਾ ਬਹੁਤ ਹੀ ਮੁਸ਼ਕਲ ਹੋ ਗਿਆ ਸੀ। ਹਵਨ ਦੀ ਸਮਾਪਤੀ ਤੋਂ ਬਾਅਦ ਕੁਝ ਦਿਨਾਂ ਵਿਚ ਹੀ ਉਹ ਰੱਬ ਨੂੰ ਪਿਆਰੇ ਹੋ ਗਏ। ਬਾਬਾ ਮਹੇਸ਼ ਮੁਨੀ ਜੀ ਦੀ ਇੱਛਾ ਅਨੁਸਾਰ ਅਯੁਧਿਆ ਦੀ ਪਵਿੱਤਰ ਧਰਤੀ ਹਰਿਦੁਆਰ ਵਿਖੇ ਉਨ੍ਹਾਂ ਨੂੰ ਵੱਡੇ ਕਾਫ਼ਲੇ ਦੇ ਰੂਪ ਵਿਚ ਪਹੁੰਚੀਆਂ ਸੰਗਤਾਂ ਨੇ ਗੰਗਾ ਨਦੀ ਵਿਚ ਜਲਪ੍ਰਵਾਹ ਕਰ ਦਿੱਤਾ ਗਿਆ।
ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਅਖ਼ਬਾਰਾਂ ਵਿਚ ਬਾਬਾ ਮਹੇਸ਼ ਮੁਨੀ ਜੀ ਬੋਰੇਵਾਲਿਆਂ ਦੇ ਜੀਵਨ ਅਤੇ ਜੀਵਨ ਸ਼ੈਲੀ ‘ਤੇ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ। ਕਵੀ ਅਤੇ ਕਵੀਸ਼ਰ ਮੇਜਰ ਸਿੰਘ ਗਿੱਲਾਂਵਾਲੇ ਨੇ ਇਨ੍ਹਾਂ ਦੀਆਂ ਜੀਵਨ ਪ੍ਰਾਪਤੀਆਂ ਨੂੰ ਇਕ ਕਵਿਤਾ ਦੇ ਰੂਪ ਵਿਚ ਕਲਮ ਬੰਦ ਕੀਤਾ ਹੈ। ਪ੍ਰਸਿੱਧ ਲੇਖਕ ਹਰਨੇਕ ਸਿੰਘ ਰੋਡੇ ਨੇ ਬਾਬਾ ਜੀ ਦੀ ‘ਜੀਵਨ ਕਥਾ’ ਦੋ ਭਾਗਾਂ ਵਿਚ ਬਹੁਤ ਹੀ ਸੁੰਦਰ ਸ਼ੈਲੀ ਵਿਚ ਲਿਖੀ ਹੈ।
ਵੱਖ-ਵੱਖ ਪੁਸਤਕਾਂ ਅਤੇ ਹੋਰ ਵਸੀਲਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 108, ਸੰਤ ਬਾਬਾ ਮਹੇਸ਼ ਮੁਨੀ ਜੀ ਬੋਰੇਵਾਲਿਆਂ ਵਲੋਂ ਕੀਤਾ ਨਿਰਮਾਣ ਇਸ ਤਰ੍ਹਾਂ ਹੈ:-
ਗੁਰਦੁਆਰੇ
1. ਗੁਰਦੁਆਰਾ ਸਾਹਿਬ ਢੀਂਡਸਾ, ਫ਼ਿਰੋਜ਼ਪੁਰ
2. ਗੁਰਦੁਆਰਾ ਸਾਹਿਬ ਬਘੇਲੇਵਾਲਾ, ਮੋਗਾ
3. ਡੇਰਾ ਕਿਸ਼ਨਪੁਰਾ ਦਾ ਗੁਰਦੁਆਰਾ ਸਾਹਿਬ, ਮੋਗਾ
ਸਿਮਰਨ ਅਸਥਾਨ ਕੁਟੀਆ
1. ਕੁਟੀਆ ਤਲਵੰਡੀ ਭਾਈ
2. ਕੁਟੀਆ ਪੱਤੋ ਹੀਰਾ ਸਿੰਘ
3. ਕੁਟੀਆ ਸਮਾਧੀ ਭਾਗੀ ਵਾਂਦਰ
4. ਕੁਟੀਆ ਮਾਣੂਕੇ (ਲੁਧਿਆਣਾ)
5. ਕੁਟੀਆ ਸਰਦੂਲਗੜ੍ਹ
6. ਕੁਟੀਆ ਮੰਦਰ ਡਿੰਗ (ਹਰਿਆਣਾ)
7. ਕੁਟੀਆ ਦਾਰਾ ਪੁਰ
8. ਸਮਾਧ ਅਤੇ ਕੁਟੀਆ ਤਲਵੰਡੀ ਭੰਗੇਰੀਆਂ
9. ਕੋਟ ਕ੍ਰੋੜ ਦੀ ਕੁਟੀਆ
10. ਹਰੇ ਰਾਮ ਆਸ਼ਰਮ ਕੁਟੀਆ (ਉਤਰਾਂਚਲ ਪ੍ਰਦੇਸ਼)
11. ਕੁਟੀਆ ਰੁੜਕੀ (ਉੱਤਰ ਪ੍ਰਦੇਸ਼)
12. ਚੰਡੀਗੜ੍ਹ ਕੁਟੀਆ
13. ਪੀਲੀਆਂ ਵੰਗਾਂ ਕੁਟੀਆ (ਰਾਜਸਥਾਨ)
14. ਅਬਲੂਕੋਟਲੀ ਦੀ ਕੁਟੀਆ (ਮੁਕਤਸਰ)
15. ਸੰਤ ਕੁਟੀਆ (ਬਿਲਾਸਪੁਰ)
ਗਊਸ਼ਾਲਾਵਾਂ
1. ਗਊਸ਼ਾਲਾ ਬੀੜ ਸਿੱਖਾਂ ਵਾਲਾ
2. ਗਊਸ਼ਾਲਾ ਕੋਟਕਪੂਰਾ
3. ਨਿਹਾਲ ਸਿੰਘ ਵਾਲਾ ਦੀ ਗਊਸ਼ਾਲਾ
4. ਤਲਵੰਡੀ ਭਾਈ ਦੀ ਗਊਸ਼ਾਲਾ
5. ਗਊਸ਼ਾਲਾ ਕਪੂਰੇ
6. ਗਊਸ਼ਾਲਾ ਪਿੰਡ ਦਾਇਆ
7. ਭਾਗੀ ਵਾਂਦਰ ਦੀ ਗਊਸ਼ਾਲਾ
8. ਗਿੱਦੜਵਿੰਡੀ ਜਗਰਾਉਂ ਵਾਲੀ ਗਊਸ਼ਾਲਾ
9. ਗਊਸ਼ਾਲਾ ਝੰਡੂਕੇ (ਮਾਨਸਾ)
10. ਗਊਸ਼ਾਲਾ ਤਲਵੰਡੀ ਸਾਬੋ
11. ਭਗਤਾ ਭਾਈ ਕਾ ਵਾਲੀ ਗਊਸ਼ਾਲਾ
12. ਲੱਖਾ ਪਿੰਡ ਦੀ ਗਊਸ਼ਾਲਾ
13. ਗਊਸ਼ਾਲਾ ਹਠੂਰ (ਲੁਧਿਆਣਾ)
14. ਸਮਾਲਸਰ ਵਾਲੀ ਗਊਸ਼ਾਲਾ
15. ਭੋਡੀਪੁਰ (ਬਠਿੰਡਾ) ਦੀ ਗਊਸ਼ਾਲਾ
16. ਗਊਸ਼ਾਲਾ ਸ਼ੇਰੋਂ (ਸੰਗਰੂਰ)
17. ਰਾਜਸਥਾਨ ਵਿਚ ਪੁਸ਼ਕਰ ਗਊਸ਼ਾਲਾ
18. ਬੱਧਨੀ ਕਲਾਂ ਦੀ ਗਊਸ਼ਾਲਾ
19. ਅਬੂਕੋਟਲੀ ਮੁਕਤਸਰ ਵਾਲੀ ਗਊਸ਼ਾਲਾ
20. ਨਹਿਰ ਵਾਲੀ ਗਊਸ਼ਾਲਾ (ਬੱਧਨੀ)
21. ਵਿਰਾਟ ਨਗਰ ਉਤਰ ਪ੍ਰਦੇਸ਼ ਦੀ ਗਊਸ਼ਾਲਾ
ਮੰਦਰ:
1. ਸ੍ਰੀ ਵਿਸ਼ਨੂੰ ਭਗਵਾਨ ਮੰਦਰ ਜਨੇਰ
2. ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਦਾ ਇਤਿਹਾਸਕ ਮੰਦਰ
3. ਸ੍ਰੀ ਸ਼ਿਵ ਮੰਦਰ ਪਿੰਡ ਮਾਣਕੇ ਜ਼ਿਲ੍ਹਾ ਲੁਧਿਆਣਾ (ਜਿੱਥੇ ਪੁਰਾਣਾ ਸ਼ਿਵ-ਦਵਾਲਾ ਹੁੰਦਾ ਸੀ)
ਪਿੰਡ ਦੀ ਮਸੀਤ
ਜਨੇਰ ਅਤੇ ਇਸ ਦੇ ਆਲੇ-ਦੁਆਲੇ ਵਾਪਰੀਆਂ ਰਾਜਨੀਤਕ ਘਟਨਾਵਾਂ, ਪ੍ਰਬੰਧਕੀ ਉਥਲ-ਪੁਥਲ ਅਤੇ ਧਾਰਮਿਕ ਗਤੀਵਿਧੀਆਂ ਨੂੰ ਘੋਖਣ ਤੋਂ ਬਾਅਦ ਸਹਿਜੇ ਹੀ ਇਸ ਨਿਰਣੇ ‘ਤੇ ਪਹੁੰਚਿਆ ਜਾ ਸਕਦਾ ਹੈ ਕਿ ਭੱਟੀ ਵੰਸ਼ ਦੇ ਪਿਛੋਕੜ ਵਾਲੇ ਪੀਰ ਖਾਂ ਪੱਤੀ ਦੇ ਮੰਝ ਮੁਸਲਮਾਨ ਰਾਜਪੂਤਾਂ ਨੇ ਪਿੰਡ ਦੀ ਇਹ ਮਸੀਤ ਅਠਾਰ੍ਹਵੀਂ ਸਦੀ ਦੇ ਅਖ਼ੀਰ ਵਿਚ ਬਣਾਈ ਹੋਵੇਗੀ। ਮੰਝ ਰਾਜਪੂਤ ਮੁਸਲਮਾਨ ਕਦੋਂ ਅਤੇ ਕਿੱਥੋਂ ਆ ਕੇ ਜਨੇਰ ਵਸੇ? ਇਸ ਬਾਰੇ ‘ਪੀਰ ਖਾਂ ਪੱਤੀ’ ਦੇ ਸਿਰਲੇਖ ਹੇਠ ਲਿਖਿਆ ਜਾਵੇਗਾ। ਇਹ ਮਸੀਤ ਪੱਕੀਆਂ ਇੱਟਾਂ ਅਤੇ ਚੂਨੇ ਦੇ ਪਾਊਡਰ ਨਾਲ ਤਿਆਰ ਕੀਤੀ ਗਈ ਸੀ। ਲੱਕੜੀ ਦੇ ਮਾਹਿਰ ਮੁਸਲਮਾਨ ਕਾਰੀਗਰਾਂ ਨੇ ਇਸ ਦੇ ਦਰਵਾਜ਼ੇ, ਖਿੜਕੀਆਂ, ਅਲਮਾਰੀਆਂ ਅਤੇ ਬਾਰੀਆਂ ਨੂੰ ਬਹੁਤ ਹੀ ਬਰੀਕੀ ਦੀ ਕਾਰੀਗਰੀ ਨਾਲ ਤਿਆਰ ਕੀਤਾ। ਪਿੰਡ ਦੇ ਪੁਰਾਣੇ ਬਜ਼ੁਰਗਾਂ ਅਨੁਸਾਰ ਰੋਜ਼ੇ, ਈਦ, ਬਕਰੀਦ ਅਤੇ ਹੋਰ ਇਸਲਾਮਿਕ ਤਿਉਹਾਰਾਂ ਅਤੇ ਪਵਿੱਤਰ ਦਿਹਾੜਿਆਂ ਸਮੇਂ ਇਥੋਂ ਦੀ ਰੌਣਕ ਦੇਖਣ ਵਾਲੀ ਹੁੰਦੀ ਸੀ, ਜਿਸ ਵਿਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਵੀ ਸ਼ਮੂਲੀਅਤ ਕਰਦੇ ਸਨ। ਇਨ੍ਹਾਂ ਦੇ ਮੁਲ਼ਾਂ ਦੀ ਦਿੱਤੀ ਹੋਈ ਧਾਰਮਿਕ ਬਾਂਗ ਇਥੋਂ ਦੂਰ ਤਕ ਸੁਣਾਈ ਦਿੰਦੀ।
ਪੀਰ ਖਾਂ ਪੱਤੀ ਦੀ ਮੁਸਲਮਾਨਾਂ ਦੀ ਸੰਘਣੀ ਵਸੋਂ ਵਾਲੇ ਘਰਾਂ ਵਿਚ ਬਣੀ ਹੋਈ ਇਹ ਪੱਕੀ ਮਸੀਤ 1947 ਵਿਚ ਦੇਸ਼ ਦੀ ਵੰਡ ਸਮੇਂ ਉਨ੍ਹਾਂ ਦੇ ਪਾਕਿਸਤਾਨ ਹਿਜ਼ਰਤ ਕਰਨ ਵੇਲੇ ਬਹੁਤ ਹੀ ਅੱਛੀ ਹਾਲਤ ਵਿਚ ਸੀ। ਮਸੀਤ ਵਿਚ ਦਾਖ਼ਲ ਹੁੰਦਿਆਂ ਹੀ ਇਸ ਦੇ ਛੋਟੇ ਜਿਹੇ ਪੱਕੇ ਵਿਹੜੇ ਵਿਚ ਸੱਜੇ ਪਾਸੇ ਇਕ ਉੱਚਾ ਲੰਮਾ, ਹਰਾ ਭਰਾ ਖਜੂਰ ਦਾ ਦਰਖ਼ਤ ਇੰਝ ਜਾਪਦਾ ਜਿਵੇਂ ਸਿਜਦਾ ਕਰਨ ਆਏ ਸ਼ਰਧਾਲੂਆਂ ਨੂੰ ‘ਜੀ ਆਇਆਂ’ ਆਖ ਰਿਹਾ ਹੋਵੇ। ਦਰਵਾਜ਼ੇ ਦੇ ਖੱਬੇ ਪਾਸੇ ਇਕ ਖੂਹੀ ਸੀ ਜਿਥੇ ਨਹਾਉਣ ਲਈ ਗੁਸਲਖ਼ਾਨੇ ਬਣੇ ਹੋਏ ਸਨ। ਖੂਹੀ ਵਿਚੋਂ ਰੱਸੇ-ਡੋਲ ਨਾਲ ਪਾਣੀ ਕੱਢ ਕੇ ਗੁਸਲਖ਼ਾਨਿਆਂ ਦੀਆਂ ਟੈਂਕੀਆਂ ਭਰ ਕੇ ਬੱਚੇ, ਬੁੱਢੇ ਅਤੇ ਨੌਜੁਆਨ ਨਹਾਇਆ ਕਰਦੇ ਸਨ, ਬੇਸ਼ਕ ਖੂਹੀ ਦਾ ਪਾਣੀ ਖਾਰਾ ਹੋਣ ਕਰਕੇ ਪੀਣ ਯੋਗ ਨਹੀਂ ਸੀ, ਫੇਰ ਵੀ ਸਵੇਰੇ ਸ਼ਾਮ ਇਥੇ ਨਹਾਉਣ
ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ।
ਸਮਾਂ ਪਾ ਕੇ ਜ਼ਿਆਦਾ ਬਾਰਸ਼ਾਂ, ਥੇਹ ਵਿਚੋਂ ਉੱਠੇ ਕੱਲਰ ਅਤੇ ਸਾਂਭ ਸੰਭਾਲ ਦੀ ਅਣਗਹਿਲੀ ਕਾਰਨ ਮਸੀਤ ਦੀ ਬਿਲਡਿੰਗ, ਕੰਧਾਂ ਅਤੇ ਗੁਸਲਖ਼ਾਨਿਆਂ ਦੀ ਹਾਲਤ ਬਹੁਤ ਹੀ ਖਸਤਾ ਹੋ ਗਈ। ਚੂਨੇ ਦਾ ਪਾਊਡਰ ਭੁਰਨ ਲੱਗ ਪਿਆ। ਦਰਵਾਜ਼ੇ, ਖਿੜਕੀਆਂ, ਅਲਮਾਰੀਆਂ ਅਤੇ ਬਾਰੀਆਂ ਨੂੰ ਸਿਉਂਕ ਖਾ ਗਈ। ਪਾਣੀਆਂ ਦਾ ਪੱਧਰ ਨੀਵਾਂ ਹੋ ਜਾਣ ਕਰਕੇ ਖੂਹੀ ਦਾ ਪਾਣੀ ਵੀ ਸੁੱਕ ਗਿਆ। ਏਥੇ ਹੀ ਬਸ ਨਹੀਂ ਹਰਾ ਕਚੂਰ ਰਹਿਣ ਵਾਲਾ, ਸਦਾ ਬਹਾਰ ਖਜ਼ੂਰ ਦਾ ਦਰਖ਼ਤ ਵੀ ਸੋਕੇ ਦੀ ਮਾਰ ਤੋਂ ਬਚ ਨਾ ਸਕਿਆ। ਵਕਫ਼ ਬੋਰਡ ਵਾਲਿਆਂ ਵੀ ਇਸ ਮਸੀਤ ਦੀ ਕੋਈ ਸਾਰ ਨਾ ਲਈ।
ਮਸੀਤ ਦੀ ਖ਼ਸਤਾ ਹਾਲਤ ਨੂੰ ਭਾਂਪਦਿਆਂ ਪਿੰਡ ਵਾਸੀ ਆਮ ਕਰਕੇ ਅਤੇ ਮਸੀਤ ਨੇੜਲੇ ਘਰਾਂ ਵਾਲੇ ਖ਼ਾਸ ਤੌਰ ‘ਤੇ ਫ਼ਿਕਰਮੰਦ ਹੋਣ ਲੱਗੇ, ਕਿ ਇਸ ਅੱਲਾ ਦੇ ਘਰ ਮਸੀਤ ਦੇ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਉਨ੍ਹਾਂ ਦਿਨਾਂ ਵਿਚ ਵਿਸ਼ਨੂੰ ਭਗਵਾਨ ਜੀ ਦੇ ਮੰਦਰ ਦਾ ਨਿਰਮਾਣ ਹੋ ਰਿਹਾ ਸੀ। ਪਿੰਡ ਦੇ ਮੋਹਤਬਰ ਸੱਜਣਾਂ ਨੇ ਸਲਾਹ ਮਸ਼ਵਰਾ ਕਰਕੇ ਇਸ ਡਿੱਗ ਰਹੀ ਮਸੀਤ ਨੂੰ ਮੰਦਰ ਦੇ ਲੰਗਰ ਘਰ ਵਿਚ ਤਬਦੀਲ ਕਰ ਦਿੱਤਾ। ਪਿੰਡ ਦੇ ਮੋਹਤਬਰ ਅਤੇ ਬਜ਼ੁਰਗਾਂ ਦੀ ਤਰਕ ਸੀ ਕਿ ਚਲੋ ਇਥੇ ਮਨੁੱਖੀ ਜੀਵਾਂ ਦੇ ਮੂੰਹ ਵਿਚ ਪੈਣ ਵਾਲ ਲੰਗਰ ਹੀ ਤਿਆਰ ਕਰਨਾ ਹੈ ਨਾ, ਇਹ ਵੀ ਪੁੰਨ ਦਾਨ ਦਾ ਧਾਰਮਿਕ ਕੰਮ ਹੀ ਹੈ। ਉਨ੍ਹਾਂ ਦੀ ਇਹ ਵੀ ਸੋਚ ਸੀ, “ਬਈ ਇਹ ਨਾ ਹੋਵੇ ਕਲ ਕਲੌਤਰ ਨੂੰ ਅੱਲਾ ਦੇ ਘਰ ਵਿਚ ਕੋਈ ਪਾਥੀਆਂ ਪੱਥਣੀਆਂ ਹੀ ਸ਼ੁਰੂ ਕਰ ਦੇਵੇ ਜਾਂ ਫੇਰ ਕੋਈ ਸਿਰ ਫਿਰਿਆ ਰੂੜੀ ਹੀ ਲਗਾ ਦੇਵੇ।” ਇਕ ਧਾਰਨਾ ਇਹ ਸੀ ਕਿ ਇਸ ਬਹਾਨੇ ਇਥੇ ਸਫ਼ਾਈ ਵੀ ਹੁੰਦੀ ਰਹੇਗੀ, ਰੱਬ ਦਾ ਘਰ ਤਾਂ ਅਕਸਰ ਰੱਬ ਦਾ ਘਰ ਹੀ ਹੁੰਦਾ ਹੈ, ਮਜ਼੍ਹਬ ਚਾਹੇ ਕੋਈ ਵੀ ਹੋਵੇ।
ਗੁਰਦੁਆਰਾ ਸਾਹਿਬ ਜਨੇਰ
ਪਿੰਡ ਦੇ ਥੇਹ ਉਪਰ ਚੀਮਾ ਪੱਤੀ ਦੀ ਵਸੋਂ ਵਾਲੇ ਘਰਾਂ ਦੇ ਐਨ ਵਿਚਕਾਰ ਬਹੁਤ ਹੀ ਮਾਨਮੱਤੇ ਇਤਿਹਾਸ ਵਾਲਾ ਗੁਰਦੁਆਰਾ ਸਾਹਿਬ ਸ਼ੁਸੋਬਿਤ ਹੈ। ਕਿਸੇ ਸਮੇਂ ਨਿਰਮਲੇ ਭੇਖ ਵਾਲੇ ਸੰਤਾਂ ਸਮੇਂ ਟਕਸਾਲੀ ਗੁਰੂ ਘਰ ਵਜੋਂ ਹੋਂਦ ਵਿਚ ਆਏ ਇਸ ਗੁਰਦੁਆਰਾ ਸਾਹਿਬ ਦੀ ਚਲ ਅਤੇ ਅਚੱਲ ਜਾਇਦਾਦ, ਗੁਰੂ ਘਰਾਂ ਦੀਆਂ ਸ਼ਾਖਾਵਾਂ ਅਤੇ ਪ੍ਰਭਾਵ ਖਤਰ ਦਾ ਘੇਰਾ ਬਹੁਤ ਵਿਸ਼ਾਲ ਹੈ। ਗੁਰ ਸਿੱਖ ਭਵਨ ਕਲਾ ਦੀਆਂ ਪਰੰਪਰਾਵਾਂ ਅਨੁਸਾਰ ਤਿਆਰ ਕੀਤਾ ਹੋਇਆ ਇਹ ਅਲੌਕਿਕ ਦਿਖ ਵਾਲਾ ਗੁਰੂ ਘਰ ਹਰ ਇਕ ਸ਼ਰਧਾਵਾਨ ਸਿੱਖ ਨੂੰ ਆਪਣੇ ਵਲ ਖਿਚਦਾ ਹੈ। ਦਰਬਾਰ ਸਾਹਿਬ ਦੀਆਂ ਬਾਹਰਲੀਆਂ ਕੰਧਾਂ ‘ਤੇ ਮਿਸਤਰੀ ਬਲਵਿੰਦਰ ਸਿੰਘ ਚਾਨਾ ਦੀ ਟੀਮ ਵਲੋਂ ਲਗਾਈਆਂ ਸੰਗਮਰਮਰ ਦੀਆਂ ਟੁਕੜੀਆਂ ਉਚਤਮ ਪੱਧਰ ਦੀ ਰਾਜਗਿਰੀ ਦਾ ਨਮੂਨਾ ਪੇਸ਼ ਕਰਦੀਆਂ ਹਨ। ਖ਼ਾਲਸਾਈ ਜਾਹੋ-ਜਲਾਲ ਵਿਚ ਝੂਲ ਰਹੇ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਕੇਸਰੀ ਨਿਸ਼ਾਨ ਵੱਲ ਤੱਕਦਿਆਂ ਪਿੰਡ ਵਾਸੀ ਆਪਣੇ ਆਪ ‘ਤੇ ਮਾਣ ਮਹਿਸੂਸ ਕਰਦੇ ਹਨ। ਦਰਬਾਰ ਸਾਹਿਬ ਵਿਚ ਉਚ ਕੋਟੀ ਦੇ ਕਾਰੀਗਰਾਂ ਵਲੋਂ ਦਿਲਕੁਸ਼ ਰੰਗਾਂ ਵਿਚ ਚਿਤਰੇ ਗਏ ਦਸ ਗੁਰੂ ਸਾਹਿਬਾਨਾਂ, ਸੱਚ ਖੰਡ ਸ੍ਰੀ ਦਰਬਾਰ ਸਾਹਿਬ ਅਤੇ ਸੰਤਾਂ ਦੇ ਚਿੱਤਰਾਂ ਦੇ ਦਰਸ਼ਨ ਕਰਨ ਅਤੇ ਵਿਆਕਰਣ ਸ਼ੁਧੀ ਅਧੀਨ, ਅਦਰਸ਼ਕ ਢੰਗ ਨਾਲ ਪਵਿੱਤਰ ਬਾਣੀ ਦੇ ਲਿਖੇ ਸ਼ਲੋਕਾਂ ਨੂੰ ਪੜ੍ਹਨ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿਚੋਂ ਬਾਹਰ ਆਉਣ ਲਈ ਮਨ ਮੁਨਕਰ ਹੋ ਜਾਂਦਾ ਹੈ।
ਇਹ ਇਤਿਹਾਸਕ ਗੁਰਦੁਆਰਾ ਕਦੀ ਵੀ ਕਿਸੇ ਸਭਾ, ਕਮੇਟੀ ਜਾਂ ਸੰਸਥਾ ਦੇ ਅਧੀਨ ਨਹੀਂ ਰਿਹਾ ਅਤੇ ਨਾ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧਕੀ ਢਾਂਚੇ ਵਿਚ ਆਇਆ। ਨਿਰਮਲੇ ਭੇਖ ਵਾਲੇ ਸਾਧੂਆਂ ਸਮੇਂ ਹੋਂਦ ਵਿਚ ਆਏ ਇਸ ਟਕਸਾਲੀ ਗੁਰੂ ਘਰ ਦੀ ਪਛਾਣ ਟਕਸਾਲ ਬਾਬਾ ਹਮੀਰ ਸਿੰਘ ਜੀ ਵਜੋਂ ਹੋਈ। ਅੱਜ ਵੀ ਧਾਰਮਿਕ ਅਤੇ ਸਮਾਜਿਕ ਹਲਕਿਆਂ ਅੰਦਰ ਇਹ ਇਕ ਟਕਸਾਲੀ ਗੁਰੂਘਰ ਵਜੋਂ ਹੀ ਜਾਣਿਆ ਜਾਂਦਾ ਹੈ। ਇਸ ਗੁਰਦੁਅਰਾ ਸਾਹਿਬ ਵਿਖੇ ਸਮੇਂ-ਸਮੇਂ ਬਹੁਤ ਹੀ ਪਹੁੰਚੇ ਹੋਏ ਮਹਾਂਪੁਰਸ਼ਾਂ ਨੇ ਆਪਣੀ ਜੀਵਨ ਲੀਲ੍ਹਾ ਖੇਡਦੇ ਹੋਏ ਜਨੇਰ ਅਤੇ ਹੋਰ ਇਲਾਕਾ ਨਿਵਾਸੀਆਂ ਦੀ ਉੱਚੀ ਸੁੱਚੀ ਜੀਵਨ ਜਾਚ ਦਾ ਮਾਰਗ ਦਰਸ਼ਨ ਕੀਤਾ। ਇਸ ਟਕਸਾਲੀ ਗੁਰੂ ਘਰ ਨੇ ਉਚ ਕੋਟੀ ਦੇ ਆਖੰਡ ਪਾਠੀ, ਰਾਗੀ, ਢਾਡੀ, ਕੀਰਤਨੀਏਂ ਅਤੇ ਕਥਾ ਵਾਚਕ ਪੈਦਾ ਕੀਤੇ ਅਤੇ ਹਾਲੀਂ ਕੁਝ ਸਮਾਂ ਪਹਿਲਾਂ ਹੀ ਸਥਾਪਤ ਹੋਏ ਧਾਰਮਿਕ ਕੀਰਤਨ ਵਿਦਿਆਲਯ ਵਿਚ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਧਾਰਮਿਕ ਸੰਗੀਤ ਵਿਦਿਆ ਉਪਲਬਧ ਕਰਵਾਉਣ ਦੀ ਪ੍ਰਿਤ ਹਾਲੀਂ ਵੀ ਜਾਰੀ ਹੈ।
ਬਾਬਾ ਹਮੀਰ ਸਿੰਘ ਜੀ
ਆਹਲੂਵਾਲੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨੇਰ ਦੇ ਥੇਹ ਉਪਰ ਕਿਲਾ ਬਣਾਉਣ ਤੋਂ ਬਾਅਦ ਇਸ ਕਿਲੇ ਵਿਚ ਮਿਸਲ ਦੀ ਫ਼ੌਜ ਅਤੇ ਪੁਲਿਸ ਨੇ ਆਪਣਾ ਪੱਕਾ ਟਿਕਾਣਾ ਬਣਾ ਲਿਆ। ਥੋੜ੍ਹੇ ਸਮੇਂ ਵਿਚ ਹੀ ਸਿੱਖ, ਹਿੰਦੂ ਅਤੇ ਮੁਸਲਮਾਨ ਵੀ ਥੇਹ ਉਪਰ ਅਬਾਦ ਹੋਣ ਲੱਗੇ ਅਤੇ ਜਨੇਰ ਥੇਹ ਦੇ ਰੂਪ ਤੋਂ ਪਿੰਡ ਦੇ ਰੂਪ ਵਿਚ ਬਦਲਣ ਲੱਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਨੇਰ ਦੀ ਨਵੀਂ ਵਸੋਂ ਪ੍ਰਤੀ ਆਹਲੂਵਾਲੀਆ ਮਿਸਲ ਦੀ ਫ਼ੌਜ ਅਤੇ ਪੁਲਿਸ ਦਾ ਰਵੱਈਆ ਨਵੀਂ ਵਸੋਂ ਪ੍ਰਤੀ ਬਹੁਤ ਹਮਦਰਦੀ ਭਰਿਆ ਸੀ ਅਤੇ ਉਹ ਇਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਰਹਿੰਦੇ।
ਜਨੇਰ ਦੇ ਇਤਿਹਾਸ ਨਾਲ ਸਬੰਧਤ ਵੱਖ-ਵੱਖ ਪੁਸਤਕਾਂ ਅਤੇ ਲੇਖਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਹਲੂਵਾਲੀਆ ਮਿਸਲ ਦੀ ਪੁਲਿਸ ਵਿਚ ਹਮੀਰ ਸਿੰਘ ਨਾਮ ਦਾ ਇਕ ਠਾਣੇਦਾਰ ਬਹੁਤ ਹੀ ਭਗਤੀ ਭਾਵ ਵਾਲਾ ਅਤੇ ਸ਼ਰਧਾਵਾਨ ਸਿੱਖ ਸੀ। ਪੜ੍ਹਿਆ-ਲਿਖਿਆ ਹੋਣ ਕਰਕੇ ਉਸ ਨੇ ਸਿੱਖ ਧਰਮ ਅਤੇ ਸਿੱਖ ਫ਼ਲਸਫ਼ੇ ਦਾ ਡੂੰਘਾ ਅਧਿਅਨ ਕੀਤਾ ਹੋਇਆ ਸੀ। ਸਿੱਧ ਪੱਧਰੀ ਬੋਲੀ ਵਿਚ ਜਦੋਂ ਉਹ ਪਿੰਡ ਵਾਸੀਆਂ ਨੂੰ ਗੁਰਬਾਣੀ ਦੀ ਮਹੱਤਤਾ ਬਾਰੇ ਦਸਦਾ ਤਾਂ ਉਸ ਨੂੰ ਹਰ ਇਕ ਪਿੰਡ ਵਾਸੀ ਬਹੁਤ ਹੀ ਧਿਆਨ ਨਾਲ ਸੁਣਦਾ। ਹਮੀਰ ਸਿੰਘ ਨੇ ਮੌਜੂਦਾ ਗੁਰਦੁਆਰਾ ਸਾਹਿਬ ਵਾਲੀ ਥਾਂ ਨੂੰ ਆਪਣਾ ਤਪ ਅਸਥਾਨ ਬਣਾ ਲਿਆ। ਅਲਾਹੀ ਬਾਣੀ ਦੇ ਰੰਗ ਵਿਚ ਉਹ ਇਸ ਕਦਰ ਤਕ ਰੰਗਿਆ ਗਿਆ ਕਿ ਉਸ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਸਿੱਖੀ ਦੇ ਪ੍ਰਚਾਰ ਨੂੰ ਹੀ ਸਮਰਪਤ ਹੋ ਗਿਆ। ਜਲਦੀ ਹੀ ਹਮੀਰ ਸਿੰਘ ਦੇ ਭਗਤੀ ਭਾਵ ਅਤੇ ਗੁਰਬਾਣੀ ਸਬੰਧੀ ਜਾਣਕਾਰੀ ਦੀ ਚਰਚਾ ਨੇੜਲੇ ਪਿੰਡਾਂ ਤਕ ਵੀ ਫੈਲ ਗਈ। ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਉਸ ਦੇ ਪ੍ਰਵਚਨ ਸੁਣਨ ਲਈ ਆਉਣ ਲਗ ਪਈਆਂ। ਥੋੜ੍ਹੇ ਸਮੇਂ ਵਿਚ ਹੀ ਉਹ ਠਾਣੇਦਾਰ ਹਮੀਰ ਸਿੰਘ ਦੀ ਥਾਂ ਇਲਾਕੇ ਵਿਚ ਬਾਬਾ ਹਮੀਰ ਸਿੰਘ ਵਜੋਂ ਜਾਣਿਆ ਜਾਣ ਲੱਗਾ।
ਬਾਬਾ ਹਮੀਰ ਸਿੰਘ ਜੀ ਦਾ ਧਰਮ ਪ੍ਰਚਾਰ ਅਤੇ ਲੋਕਾਂ ਨੂੰ ਪ੍ਰਭੂ ਪ੍ਰਮਾਤਮਾ ਨਾਲ ਜੋੜਨ ਦਾ ਢੰਗ ਤਰੀਕਾ ਬਹੁਤ ਹੀ ਸਾਦਾ ਸੀ। ਮੌਜੂਦਾ ਗੁਰਦੁਆਰਾ ਸਾਹਿਬ ਵਾਲੀ ਥਾਂ ਨੂੰ ਉਨ੍ਹਾਂ ਨੇ ਪੱਧਰਾ ਕਰ ਲਿਆ, ਹਰ ਰੋਜ਼ ਆਪਣੇ ਹੱਥਾਂ ਨਾਲ ਇਸ ਜਗ੍ਹਾ ਨੂੰ ਆਪ ਸਾਫ਼ ਕਰਦੇ ਅਤੇ ਫੇਰ ਸਮਾਧੀ ਲਗਾ ਕੇ ਬੈਠ ਜਾਂਦੇ, ਸੰਗਤਾਂ ਦੇ ਪਹੁੰਚਣ ਉਪਰੰਤ ਉਹ ਉਨ੍ਹਾਂ ਨੂੰ ਗੁਰਸਿੱਖੀ ਜੀਵਨ ਨਾਲ ਜੁੜਨ ਲਈ ਪ੍ਰੇਰਦੇ। ਉਹ ਕੀਰਤਨ ਨਹੀਂ ਸਨ ਕਰਦੇ ਸਗੋਂ ਸਿੱਧ ਪੱਧਰੀ ਬੋਲੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੁਰਬਾਣੀ ਦੀਆਂ ਟੂਕਾਂ ਦੇ ਆਧਾਰ ‘ਤੇ ਲੋਕਾਂ ਨੂੰ ਅੰਮ੍ਰਿਤ ਰੂਪੀ ਬਚਨਾਂ ਨਾਲ ਨਿਹਾਲ ਕਰਕੇ ਗੁਰੂ ਘਰ ਨਾਲ ਜੋੜਦੇ। ਬਾਕੀ ਸਮਾਂ ਉਹ ਆਮ ਤੌਰ ‘ਤੇ ਪ੍ਰਭੂ-ਲੀਨ ਅਵਸਥਾ ਵਿਚ ਰਹਿੰਦੇ। ਬੁਢੇਪੇ ਵਿਚ ਜਨੇਰ ਵਿਖੇ ਹੀ ਬਾਬਾ ਹਮੀਰ ਸਿੰਘ ਜੀ ਗੁਰੂ ਚਰਨਾਂ ਵਿਚ ਜਾ ਬਰਾਜੇ । ਸੰਗਤਾਂ ਨੇ ਨਿਰਮਲੇ ਭੇਖ ਦੀ ਦਸਤਾਰ ਬਾਬਾ ਪੌੜਾ ਸਿੰਘ ਜੀ ਨੂੰ ਪਹਿਨਾ ਦਿੱਤੀ।
ਬਾਬਾ ਹਮੀਰ ਸਿੰਘ ਜੀ ਦੁਆਰਾ ਜਨੇਰ ਵਿਚ ਲਗਾਇਆ ਹੋਇਆ ਇਹ ਸਿੱਖੀ ਦਾ ਬੂਟਾ ਬਹੁਤ ਹੀ ਵਧਿਆ ਫੁਲਿਆ। ਇਸ ਸਿੱਖੀ ਦੇ ਬੂਟੇ ਦੀਆਂ ਟਾਹਣੀਆਂ ਇਲਾਕੇ ਵਿਚ ਗੁਰਦੁਆਰਿਆਂ ਦੇ ਰੂਪ ਵਿਚ ਫੈਲੀਆਂ ਹੋਈਆਂ ਹਨ ਅਤੇ ਇਸ ਦੇ ਫੁੱਲਾਂ, ਫ਼ਲਾਂ ਦੀ ਆਖੰਡ ਪਾਠੀਆਂ, ਰਾਗੀਆਂ, ਢਾਡੀਆਂ ਅਤੇ ਕਥਾ ਵਾਚਕਾਂ ਦੇ ਰੂਪ ਵਿਚ ਵੱਡੀ ਗਿਣਤੀ ਹੈ।
ਬਾਬਾ ਪੌੜਾ ਸਿੰਘ ਜੀ
ਬਾਬਾ ਪੌੜਾ ਸਿੰਘ ਜੀ ਦਾ ਜਨਮ ਕੋਟ ਈਸੇ ਖਾਂ ਨੇੜਲੇ ਪਿੰਡ ਦਾਤੇਵਾਲ ਵਿਖੇ, ਖੇਤੀਬਾੜੀ ਕਿੱਤਾਮੁਖੀ ਰਾਮਗੜ੍ਹੀਆ ਬਰਾਦਰੀ ਦੇ ਪਰਿਵਾਰ ਵਿਚ ਹੋਇਆ। ਜਨਮ ਤੋਂ ਹੀ ਬਾਬਾ ਜੀ ਸਾਧੂ ਸੁਭਾਅ ਦੇ ਮਾਲਕ ਸਨ। ਉਠਦੇ-ਬੈਠਦੇ, ਕੰਮ ਕਰਦੇ ਅਤੇ ਦੁਨਿਆਵੀ ਜੀਵਨ ਵਿਚ ਵਿਚਰਦੇ ਸਮੇਂ ਉਹ ਹਮੇਸ਼ਾ ਹੀ ਰੱਬੀ ਰੰਗ ਵਿਚ ਰੰਗੇ ਰਹਿੰਦੇ। ਪਿੰਡ ਦਾਤੇਵਾਲ ਦੇ ਬਜ਼ੁਰਗਾਂ ਪਾਸੋਂ ਇਕੱਤਰ ਜਾਣਕਾਰੀ ਅਨੁਸਾਰ ਬਾਬਾ ਜੀ ਕਈ ਵਾਰ ਖੇਤ ਬੰਨੇ ਦੀਆਂ ਵੱਟਾਂ ਜਾਂ ਇਕਾਂਤ ਸਮੇਂ ਘਰ ਵਿਚ ਬੈਠੇ ਹੀ ਭੂ ਭਗਤੀ ਵਿਚ ਐਨੇ ਲੀਨ ਹੋ ਜਾਂਦੇ ਕਿ ਦੁਨੀਆਂ ਦੀ ਸੁਧ-ਬੁਧ ਭੁਲਾ ਕੇ ਉਹ ਸਮਾਧੀ ਰੂਪ ਵਿਚ ਬੈਠ ਜਾਂਦੇ। ਬਜ਼ੁਰਗਾਂ ਪਾਸੋਂ ਇਹ ਵੀ ਸੁਣਨ ਵਿਚ ਆਇਆ ਕਿ ਉਹ ਨਿੱਤ ਪ੍ਰਤੀ ਦੁਨਿਆਵੀ ਜ਼ਿੰਦਗੀ ਅਤੇ ਘਰ ਬਾਰ ਬਾਰੇ ਕੋਈ ਚਿੰਤਾ ਨਹੀਂ ਸਨ ਰਖਦੇ ਅਤੇ ਨਾ ਹੀ ਕਿਸੇ ਦੁਨਿਆਵੀ ਵਸਤੂ ਨੂੰ ਆਪਣੀ ਸਮਝਦੇ ਸਨ। ਆਪਣੇ ਬਲਦਾਂ ਦੀ ਜੋੜੀ ਬਾਬਾ ਜੀ ਵਲੋਂ ਕਿਸੇ ਲੋੜਵੰਦ ਨੂੰ ਮੁਫ਼ਤ ਦੇ ਦੇਣ ਵਾਲੀ ਦੰਦ ਕਥਾ ਪਿੰਡ ਦਾਤੇਵਾਲ ਵਿਚ ਹਾਲੀਂ ਵੀ ਮਸ਼ਹੂਰ ਹੈ। ਦਿਨ ਪ੍ਰਤੀ ਦਿਨ ਉਨ੍ਹਾਂ ਦਾ ਮਨ ਇਸ ਦੁਨੀਆਂ ਤੋਂ ਉਚਾਟ ਹੋਣ ਲੱਗਾ।
ਇਕ ਦਿਨ ਬਾਬਾ ਪੌੜਾ ਸਿੰਘ ਜੀ ਨੇ ਪਿੰਡ ਜਨੇਰ ਵਿਚ ਬਾਬਾ ਹਮੀਰ ਸਿੰਘ ਜੀ ਬਾਰੇ ਸੁਣਿਆ ਉਹ ਬਿਨਾਂ ਘਰ ਵਾਲਿਆਂ ਨੂੰ ਦੱਸੇ ਜਨੇਰ ਵਲ ਚਲ ਪਏ। ਪਿੰਡ ਤੋਂ ਬਾਹਰਵਾਰ ਜਿਥੇ ਅੱਜਕਲ੍ਹ ਦਮਦਮਾ ਸਾਹਿਬ ਦਾ ਸਰੋਵਰ ਬਣਿਆ ਹੋਇਆ ਹੈ ਉਥੇ ਉਸ ਸਮੇਂ ਮੌਜੂਦ ਢਾਬਾਂ ਵਾਲੇ ਛੱਪੜ ਦੇ ਕਿਨਾਰੇ ਸਮਾਧੀ ਲਗਾ ਕੇ ਬੈਠ ਗਏ। ਸੁਣਨ ਵਿਚ ਆਇਆ ਹੈ ਕਿ ਬਾਬਾ ਜੀ ਤਿੰਨ ਚਾਰ ਦਿਨ ਸਮਾਧੀ ਲਗਾ ਕੇ ਪ੍ਰਭੂ ਭਗਤੀ ਦੀ ਲੀਨ ਅਵਸਥਾ ਵਿਚ ਬੈਠੇ ਰਹੇ, ਕੋਈ ਅੰਨ ਦਾਣਾ ਵੀ ਮੂੰਹ ਵਿਚ ਨਹੀਂ ਪਿਆ, ਪਿਆਸ ਲਗਦੀ ਤਾਂ ਢਾਬਾਂ ਵਾਲੇ ਛੱਪੜ ਤੋਂ ਦੋ ਘੁੱਟਾਂ ਪਾਣੀ ਜ਼ਰੂਰ ਪੀ ਲੈਂਦੇ। ਪਿੰਡ ਵਾਸੀਆਂ ਨੇ ਇਹ ਖ਼ਬਰ ਬਾਬਾ ਹਮੀਰ ਸਿੰਘ ਜੀ ਨੂੰ ਦੱਸੀ ਤਾਂ ਉਨ੍ਹਾਂ ਨੇ ਸੰਗਤ ਨੂੰ ਭੇਜ ਕੇ ਬਾਬਾ ਜੀ ਨੂੰ ਆਪਣੇ ਪਾਸ ਬੁਲਾ ਲਿਆ। ਬਾਬਾ ਹਮੀਰ ਸਿੰਘ ਜੀ ਦੀ ਜੀਵਨ ਸ਼ੈਲੀ ਦਾ ਅਸਰ ਬਾਬਾ ਪੌੜਾ ਸਿੰਘ ਜੀ ਉਪਰ ਇਸ ਕਦਰ ਹੋਇਆ ਕਿ ਉਹ ਉਨ੍ਹਾਂ ਦੇ ਸੇਵਕ ਬਣ ਗਏ ਅਤੇ ਜਨੇਰ ਨੂੰ ਸਥਾਈ ਤੌਰ ‘ਤੇ ਆਪਣਾ ਨਿਵਾਸ ਅਸਥਾਨ ਬਣਾ ਲਿਆ। ਕੁਝ ਸਮੇਂ ਬਾਅਦ ਇਨ੍ਹਾਂ ਦੀ ਸੰਗਤ ਵਿਚ ਬਾਬਾ ਨਿਧਾਨ ਸਿੰਘ ਵੀ ਆ ਜੁੜਿਆ। ਉਹ ਗੁਰੂ ਘਰ ਅਤੇ ਬਾਬਾ ਜੀ ਦਾ ਬਹੁਤ ਪ੍ਰੇਮੀ ਸੀ। ਗੁਰੂ ਘਰ ਦੇ ਦੋਵੇਂ ਅਨੰਨ ਸੇਵਕ ਆਪਣੇ ਹੱਥੀਂ ਚੱਕੀਆਂ ਨਾਲ ਆਟਾ ਪੀਹ ਕੇ ਗੁਰੂ ਕਾ ਲੰਗਰ ਤਿਆਰ ਕਰਦੇ ਅਤੇ ਸੰਗਤਾਂ ਨੂੰ ਛਕਾਉਂਦੇ। ਹਰ ਸਮੇਂ ਸੇਵਾ ਸਿਮਰਨ ਅਤੇ ਭਜਨ ਬੰਦਗੀ ਦਾ ਪ੍ਰਵਾਹ ਚਲਦਾ ਰਹਿੰਦਾ। ਪਿੰਡ ਦੇ ਗੁਰਦੁਆਰਾ ਸਾਹਿਬ ਵਾਲਾ ਇਤਿਹਾਸਕ ਖੂਹ ਜਿਸ ਦੇ ਹੋਂਦ ਵਿਚ ਆਉਣ, ਪੂਰੇ ਜਾਣ ਅਤੇ ਇਸ ਨਾਲ ਜੁੜੀਆਂ ਕਹਾਣੀਆਂ ਬਾਰੇ ਪਿੱਛੇ ਲਿਖ ਚੁੱਕੇ ਹਾਂ, ਦੀ ਦੁਬਾਰਾ ਖੁਦਾਈ ਦਾ ਕੰਮ ਵੀ ਬਾਬਾ ਪੌੜਾ ਸਿੰਘ ਅਤੇ ਭਾਈ ਨਿਧਾਨ ਸਿੰਘ ਹੋਰਾਂ ਦੀ ਰਹਿਨੁਮਾਈ ਵਿਚ ਹੀ ਹੋਇਆ ਸੀ। ਇਸ ਦੇ ਸਬੰਧ ਵਿਚ ਪਿੰਡ ਦੇ ਹੀ ਲੇਖਕ ਮੁਖਤਿਆਰ ਸਿੰਘ ਸੇਵਕ ਆਪਣੀ ਪੁਸਤਕ ‘ਸੰਤ ਦੀ ਮਹਿਮਾ’ ਵਿਚ ਬਜ਼ੁਰਗਾਂ ਪਾਸੋਂ ਸੁਣੀਆਂ ਗੱਲਾਂ ‘ਤੇ ਅਧਾਰਤ ਲਿਖਦੇ ਹਨ ਕਿ ਇਸ ਇਤਿਹਾਸਕ ਖੂਹ ਦੀ ਪੁਟਾਈ ਸਮੇਂ ਬਾਬਾ ਪੌੜਾ ਸਿੰਘ ਜੀ ਅਤੇ ਭਾਈ ਨਿਧਾਨ ਸਿੰਘ ਹਰ ਰੋਜ਼ ਸਵੇਰੇ ਵੱਡੀ ਮਾਤਰਾ ਵਿਚ ਕੜਾਹ-ਪ੍ਰਸ਼ਾਦ ਦੀ ਦੇਗ ਤਿਆਰ ਕਰਦੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਬੇਨਤੀ ਕਰਨ ਉਪਰੰਤ ਭੋਗ ਲਵਾ ਕੇ ਸੰਗਤਾਂ ਨੂੰ ਦੇਗ ਵਰਤਾ ਕੇ ਖੂਹ ਦੀ ਪੁਟਾਈ ਦਾ ਕੰਮ ਸ਼ੁਰੂ ਕਰ ਦਿੰਦੇ । ਉਸ ਅਨੁਸਾਰ ਥੋੜ੍ਹੇ ਸਮੇਂ ਵਿਚ ਹੀ ਸੰਗਤਾਂ ਨੇ ਨਾਨਕਸ਼ਾਹੀ ਇੱਟਾਂ ਨਾਲ ਬਣੇ ਹੋਏ ਇਸ ਖੂਹ ਵਿਚੋਂ ਮਿੱਟੀ ਘੱਟਾ ਆਦਿ ਕੱਢ ਕੇ ਸਾਫ਼ ਕਰ ਲਿਆ । ਪਾਣੀ ਨਿਕਲ ਆਉਣ ‘ਤੇ ਥੇਹ ਉਪਰਲੇ ਪਿੰਡ ਦੇ ਵਸਨੀਕਾਂ ਲਈ ਪਾਣੀ ਦੀ ਕਿੱਲਤ ਦੂਰ ਹੋ ਗਈ।
ਬੁਢੇਪੇ ਕਾਰਨ ਇਨ੍ਹਾਂ ਦਿਨਾਂ ਵਿਚ ਬਾਬਾ ਹਮੀਰ ਸਿੰਘ ਜੀ ਦੀ ਸਿਹਤ ਖ਼ਰਾਬ ਰਹਿਣ ਲੱਗੀ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਦਾ ਤੁਰਨਾ ਫਿਰਨਾ ਵੀ ਮੁਸ਼ਕਲ ਹੋ ਗਿਆ। ਇਕ ਦਿਨ ਅੰਮ੍ਰਿਤ ਵੇਲੇ ਹੀ ਬਾਬਾ ਹਮੀਰ ਸਿੰਘ ਸੱਚਖੰਡ ਜਾ ਬਰਾਜੇ। ਦੁਸਿਹਰੇ ਦੇ ਭੋਗ ਸਮੇਂ ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਬਾਬਾ ਪੌੜਾ ਸਿੰਘ ਜੀ ਨੂੰ ਨਿਰਮਲੇ ਭੇਖ ਦੀ ਪਗੜੀ ਬਨ੍ਹਾ ਕੇ ਦਸਤਾਰ ਬੰਦੀ ਦੀ ਰਸਮ ਸੰਪੂਰਨ ਕਰ ਦਿੱਤੀ। ਇਲਾਕੇ ਦੇ ਬਜ਼ੁਰਗਾਂ ਪਾਸੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਜਨੇਰ ਅਤੇ ਨੇੜਲੇ ਪਿੰਡਾਂ ਦੀ ਸੰਗਤ ਬਾਬਾ ਪੌੜਾ ਸਿੰਘ ਜੀ ਦੇ ਸਾਦੇ ਜੀਵਨ ਅਤੇ ਗੁਰੂ ਘਰ ਨੂੰ ਸਮਰਪਤ ਜੀਵਨ ਤੋਂ ਐਨੇ ਪ੍ਰਭਾਵਿਤ ਹੋਏ ਕਿ ਜਨੇਰ ਦੀ ਸੰਗਤ ਨੇ 35 ਘੁਮਾਂ ਜ਼ਮੀਨ (ਇਕ ਘੁਮਾਂ ਦਾ ਰਕਬਾ ਇਕ ਏਕੜ ਨਾਲੋਂ ਥੋੜ੍ਹਾ ਹੀ ਘਟ ਹੁੰਦਾ ਹੈ) ਗੁਰਦੁਆਰਾ ਸਾਹਿਬ ਦੇ ਲੰਗਰ ਨੂੰ ਚਾਲੂ ਰੱਖਣ ਲਈ ਦਾਨ ਕਰ ਦਿੱਤੀ। ਨਜ਼ਦੀਕੀ ਪਿੰਡ ਖੋਸਾ ਰੰਧੀਰ ਦੀ ਸੰਗਤ ਨੇ ਵੀ ਪੰਜ ਘੁਮਾਂ ਜ਼ਮੀਨ ਦਾ ਯੋਗਦਾਨ ਗੁਰੂ ਘਰ ਦੇ ਲੰਗਰ ਵਿਚ ਪਾ ਦਿੱਤਾ। ਉਸ ਸਮੇਂ ਜਨੇਰ ਨਿਵਾਸੀ ਭਾਈ ਅਤਰ ਸਿੰਘ, ਭਾਈ ਮੱਲ ਸਿੰਘ ਲੰਗਰ ਵਿਚ ਮੁਖ ਸੇਵਾਦਾਰਾਂ ਦੀ ਭੂਮਿਕਾ ਨਿਭਾ ਰਹੇ ਸਨ। ਗੁਰੂ ਘਰ ਨੂੰ ਪੂਰਨ ਰੂਪ ਵਿਚ ਸਮਰਪਤ ਦੋਵੇਂ ਗੁਰਸਿੱਖ ਸੱਜਣ ਚੱਕੀਆਂ ਨਾਲ ਹੱਥੀਂ ਆਟਾ ਪੀਹ ਕੇ ਗੁਰੂ ਘਰ ਦਾ ਲੰਗਰ ਚਲਾਉਂਦੇ । ਬਾਬਾ ਪੌੜਾ ਸਿੰਘ ਜੀ ਗੁਰੂ ਦੇ ਇਨ੍ਹਾਂ ਦੋਹਾਂ ਅਣਥਕ ਸੇਵਕਾਂ ਨੂੰ ਬਹੁਤ ਪਿਆਰ ਕਰਦੇ ਸਨ।
‘ਬੁਢਾ ਹੋਆ ਸ਼ੇਖ ਫ਼ਰੀਦ, ਕੰਬਣ ਲੱਗੀ ਦੇਹ’ ਬੁਢੇਪੇ ਅਤੇ ਕਮਜ਼ੋਰੀ ਦੀ ਹਾਲਤ ਵਿਚ ਬਾਬਾ ਸ਼ੇਖ਼ ਫ਼ਰੀਦ ਜੀ ਦਾ ਇਹ ਸ਼ਲੋਕ ਬਾਬਾ ਪੌੜਾ ਸਿੰਘ ਜੀ ‘ਤੇ ਵੀ ਢੁਕਣ ਲੱਗਾ। ਦਿਨ ਪ੍ਰਤੀ ਦਿਨ ਬਾਬਾ ਜੀ ਦੀ ਸਿਹਤ ਵਿਗੜਨ ਲੱਗੀ ਅਤੇ ਅਖੀਰ ਇਕ ਦਿਨ ਪ੍ਰਲੋਕ ਸੁਧਾਰ ਗਏ। ਬਾਬਾ ਜੀ ਦੇ ਪ੍ਰਲੋਕ ਸੁਧਾਰਣ ਦੀ ਖ਼ਬਰ ਸਾਰੇ ਇਲਾਕੇ ਵਿਚ ਫੈਲ ਗਈ। ਜਿਸ ਨੂੰ ਸੁਣਦਿਆਂ ਸਾਰ ਬਾਬਾ ਜੀ ਦੇ ਜੱਦੀ ਪਿੰਡ ਦਾਤੇਵਾਲ ਦੀ ਸੰਗਤ ਜਨੇਰ ਦੇ ਗੁਰਦੁਆਰਾ ਸਾਹਿਬ ਪਹੁੰਚ ਗਈ ਜਿਹੜਾ ਕਿ ਉਸ ਸਮੇਂ ਇਕ ਕੱਚੇ ਕੋਠੇ ਦੇ ਰੂਪ ਵਿਚ ਸੀ। ਦਾਤੇਵਾਲ ਪਿੰਡ ਦੀ ਸੰਗਤ ਨੇ ਜਨੇਰ ਦੀ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਬਾਬਾ ਜੀ ਦਾ ਸਸਕਾਰ ਅਤੇ ਅੰਤਿਮ ਅਰਦਾਸ ਆਪਣੇ ਪਿੰਡ ਕਰਨਾ ਚਾਹੁੰਦੇ ਸਨ। ਜਨੇਰ ਅਤੇ ਇਲਾਕੇ ਦੀਆਂ ਸੰਗਤਾਂ ਸਹਿਮਤ ਹੋ ਗਈਆਂ। ਦਾਤੇਵਾਲ ਦੀ ਸੰਗਤ ਨੇ ਬਾਬਾ ਜੀ ਦੇ ਅੰਤਮ ਸਸਕਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਸਮਾਧੀ ਬਣਾ ਦਿੱਤੀ। ਬਾਅਦ ਵਿਚ ਪਿੰਡ ਵਾਸੀਆਂ ਨੇ ਸਮਾਧੀ ਨੇੜੇ ਇਕ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰ ਕੇ ਉਸ ਦਾ ਨਾਮ ਗੁਰਦੁਆਰਾ ਬਾਬਾ ਪੌੜਾ ਸਿੰਘ ਜੀ ਰੱਖਿਆ ਜਿਹੜਾ ਕਿ ਇਲਾਕੇ ਵਿਚ ਕਾਫੀ ਮਸ਼ਹੂਰ ਹੈ।
ਜਨੇਰ ਵਾਸੀਆਂ ਨੇ ਵੀ ਬਾਬਾ ਪੌੜਾ ਸਿੰਘ ਜੀ ਦੀ ਯਾਦ ਵਿਚ ਸਿੱਖ ਰਹਿਤ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ। ਦੁਸਿਹਰੇ ਦੀ ਰਸਮ ਮੌਕੇ ਗੁਰੂ ਘਰ ਦੇ ਅਣਥਕ ਸੇਵਕ ਅਤੇ ਪੂਰਨ ਗੁਰਸਿੱਖ ਜਨੇਰ ਵਾਸੀ ਬਾਬਾ ਅਤਰ ਸਿੰਘ ਜੀ ਨੂੰ ਦਸਤਾਰ ਪਹਿਨਾ ਕੇ ਟਕਸਾਲ ਦੇ ਨਵੇਂ ਮੁਖੀ ਵਜੋਂ ਸਥਾਪਨਾ ਕਰ ਦਿੱਤੀ।
ਬਾਬਾ ਅਤਰ ਸਿੰਘ ਜੀ
ਬਾਬਾ ਅਤਰ ਸਿੰਘ ਜੀ ਦਾ ਜਨਮ ਪਿੰਡ ਜਨੇਰ ਦੇ ਜੱਟ ਸਿੱਖ ਸਿੱਧੂ ਪਰਿਵਾਰ ਵਿਚ ਹੋਇਆ। ਬਾਬਾ ਹਮੀਰ ਸਿੰਘ ਜੀ ਅਤੇ ਬਾਬਾ ਪੌੜਾ ਸਿੰਘ ਜੀ ਦੀ ਸੰਗਤ ਵਿਚ ਛੋਟੀ ਉਮਰੇ ਹੀ ਬਾਬਾ ਜੀ ਭਗਤੀ ਭਾਵ ਦੀ ਜੀਵਨ ਸ਼ੈਲੀ ਦੇ ਰੰਗ ਵਿਚ ਰੰਗੇ ਗਏ ਅਤੇ ਨਿਰਮਲੀ ਭੇਖ ਧਾਰਨ ਕਰ ਲਿਆ। ਜਿਵੇਂ-ਜਿਵੇਂ ਬਾਬਾ ਜੀ ਵੱਡੇ ਹੁੰਦੇ ਗਏ ਪਰਿਵਾਰਕ ਮੋਹ ਮਾਇਆ ਤੋਂ ਦੂਰੀਆਂ ਵਧਦੀਆਂ ਗਈਆਂ ਅਤੇ ਅੰਤ ਵਿਚ ‘ਗੁਰੂ ਘਰ ਹੀ ਅਪਨਾ ਘਰ’ ਦੀ ਸਥਿਤੀ ਵਿਚ ਪਹੁੰਚ ਗਏ। ਛੋਟੀ ਉਮਰ ਵਿਚ ਹੀ ਉਹ ਸ਼ੁਧ ਉਚਾਰਨ ਵਾਲੇ ਆਖੰਡ ਪਾਠੀ ਬਣ ਗਏ। ਪੜ੍ਹਾਈ ਪੱਖੋਂ ਬਾਬਾ ਜੀ ਦੀ ਸਭ ਤੋਂ ਵੱਡੀ ਪ੍ਰਾਪਤੀ ਕੀਰਤਨ ਵਿਚ ਨਿਪੁੰਨਤਾ ਹਾਸਲ ਕਰਨੀ ਸੀ ਜਿਹੜੀ ਉਨ੍ਹਾਂ ਬਿਨਾਂ ਕਿਸੇ ਕੀਰਤਨ ਵਿਦਿਆਲਯ ਦੀ ਮਦਦ ਦੇ, ਇਧਰੋਂ-ਉਧਰੋਂ ਇਲਾਕੇ ਦੇ ਰਾਗੀ ਸਿੰਘਾਂ ਪਾਸੋਂ ਪੁਛ-ਪੁਛਾ ਕੇ ਹਾਸਲ ਕੀਤੀ। ਜਦੋਂ ਉਨ੍ਹਾਂ ਆਪ ਕੀਰਤਨ ਵਿਦਿਆ ਵਿਚ ਮੁਹਾਰਤ ਹਾਸਲ ਕਰ ਲਈ ਤਾਂ ਉਹ ਗੁਰੂ ਘਰ ਦੇ ਹੋਰ ਸ਼ਰਧਾਲੂਆਂ ਅਤੇ ਸੇਵਕਾਂ ਨੂੰ ਵੀ ਕੀਰਤਨ ਵਿਦਿਆ ਦੀ ਦਾਤ ਵੰਡਣ ਲੱਗ ਪਏ। ਉਹ ਬਾਬਾ ਮੱਲ ਸਿੰਘ ਜੀ ਨਾਲ ਜੋਟੀ ਬਣਾ ਕੇ ਕੀਰਤਨ ਕਰਿਆ ਕਰਦੇ ਸਨ।
ਉਸ ਸਮੇਂ ਜਨੇਰ ਵਿਚ ਕੋਈ ਦਰਬਾਰ ਸਾਹਿਬ ਨਹੀਂ ਸੀ। ਇਸ ਟਕਸਾਲੀ ਡੇਰੇ ਵਿਚ ਕੱਚੀਆਂ ਕੋਠੜੀਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਕਰਦਾ ਸੀ। ਅਤੇ ਇਨ੍ਹਾਂ ਵਿਚ ਹੀ ਰਾਗੀ ਸਿੰਘ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਿਆ ਕਰਦੇ ਸਨ। ਬਾਬਾ ਅਤਰ ਸਿੰਘ ਜੀ ਜਦੋਂ ਮੋਗੇ ਸ਼ਹਿਰ ਜਾਂ ਹੋਰ ਵੱਡਿਆਂ ਪਿੰਡਾਂ ਦੇ ਗੁਰੂ ਘਰਾਂ ਵਿਚ ਕੀਰਤਨ ਕਰਨ ਜਾਂਦੇ ਤਾਂ ਇਕ ਸ਼ਰਧਾਲੂ ਸਿੱਖ ਵਾਂਗ ਉਨ੍ਹਾਂ ਦੇ ਮਨ ਵਿਚ ਇਹ ਗੱਲ ਆਉਂਦੀ, “ਕਾਸ਼ ਜਨੇਰ ਵਿਖੇ ਵੀ ਦਰਬਾਰ ਸਾਹਿਬ ਹੋਵੇ।” ਮਹਾਂਪੁਰਸ਼ਾਂ ਦੀਆਂ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਹੋਣ ਦੀਆਂ ਦਾਸਤਾਨਾਂ ਨਾਲ ਸੰਸਾਰ ਦਾ ਇਤਿਹਾਸ ਭਰਿਆ ਪਿਆ ਹੈ। ਬਾਬਾ ਜੀ ਵਲੋਂ ਸੰਗਤਾਂ ਹਿੱਤ ਕੀਤੀ ਅਰਜ਼ੋਈ ਅਕਾਲ ਪੁਰਖ ਵਲੋਂ ਮਨਜ਼ੂਰ ਹੋਈ ਅਤੇ ਜਨੇਰ ਦੇ ਡੇਰੇ ਵਿਖੇ ਪੁਰਾਣੇ ਮੋਗੇ ਦੀਆਂ ਸੰਗਤਾਂ ਜਿਨ੍ਹਾਂ ਵਿਚ ਹਾਕਮ ਕਾ ਅਗਵਾੜ, ਢਿੱਲੋਂ, ਬੱਗੇ ਕਾ, ਖਾਨੇਕਾ, ਚਰਾਗੇ ਕਾ, ਮੁਹਬਤ ਕਾ ਅਤੇ ਦੁਨੇ ਕੇ ਅਗਵਾੜ ਦੇ ਪਤਵੰਤੇ ਸੱਜਣਾਂ ਦੇ ਸੱਦੇ ‘ਤੇ ਕੀਰਤਨ ਕਰਨ ਗਏ। ਕੀਰਤਨ ਉਪਰੰਤ ਉਨ੍ਹਾਂ ਨੇ ਇਨ੍ਹਾਂ ਸੱਜਣਾਂ ਪਾਸੋਂ ‘ਬੱਗੇਆਣਾ ਛੱਪੜ ਵਾਲੀ ਝਿੜੀ’ ਵਿਚੋਂ ਜਨੇਰ ਵਿਚ ਦਰਬਾਰ ਸਾਹਿਬ ਦੀ ਸਥਾਪਨਾ ਲਈ ਲੱਕੜ ਦੀ ਮੰਗ ਕੀਤੀ। ਸ਼ੁਭ ਕੰਮ ਲਈ ਮੋਗੇ ਦੀਆਂ ਸੰਗਤਾਂ ਨੇ ਬਾਬਾ ਜੀ ਨੂੰ ਲੰਮੀਆਂ ਲਟੈਣਾਂ ਅਤੇ ਹੋਰ ਲਕੜੀ ਝਿੜੀ ਵਿਚੋਂ ਲੈ ਜਾਣ ਲਈ ਸਹਿਮਤੀ ਪ੍ਰਗਟਾ ਦਿੱਤੀ। ਜਨੇਰ ਦੀਆਂ ਸੰਗਤਾਂ ਦੋ ਕੁ ਦਿਨ ਬਾਅਦ ਹੀ ਬੱਗੇਆਣਾ ਛੱਪੜ ਦੀ ਝਿੜੀ ਵਿਚੋਂ ਲੋੜੀਂਦੀ ਮਾਤਰਾ ਵਿਚ ਲੱਕੜੀਆਂ ਲੈ ਆਈ। ਕੱਚੀਆਂ ਇੱਟਾਂਵਾਲਾ ਦਰਬਾਰ ਸਾਹਿਬ ਜਨੇਰ ਵਿਖੇ ਤਿਆਰ ਹੋ ਗਿਆ। ਬਸ ਫੇਰ ਕੀ ਸੀ ਖੁਲ੍ਹੇ ਡੁਲ੍ਹੇ ਦਰਬਾਰ ਸਾਹਿ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਣ ਬਾਅਦ ਸੰਗਤਾਂ ਆਨੰਦ ਮਈ ਕੀਰਤਨ ਦਾ ਆਨੰਦ ਮਾਨਣ ਲੱਗੀਆਂ । ਦਰਬਾਰ ਸਾਹਿਬ ਵਾਲੀ ਪੁਰਾਣੀ ਇਮਾਰਤ ਉਹ ਹੀ ਹੈ ਜਿਸ ਨੂੰ ਕੁਝ ਸਮੇਂ ਪਹਿਲਾਂ ਤਕ ਡਿਊੜੀ ਆਖਦੇ ਸਨ ਅਤੇ ਜਿੱਥੇ ਸੰਤ ਬਾਬਾ ਕੇਹਰ ਸਿੰਘ ਜੀ ਆਮ ਤੌਰ ‘ਤੇ ਬੈਠਿਆ ਕਰਦੇ ਸਨ।
ਬਾਬਾ ਅਤਰ ਸਿੰਘ ਜੀ ਦਾ ਕੀਰਤਨ ਸੁਣਨ ਲਈ ਦਰਬਾਰ ਸਾਹਿਬ ਵਿਚ ਸਵੇਰੇ ਸ਼ਾਮ ਰੌਣਕਾਂ ਲੱਗੀਆਂ ਰਹਿੰਦੀਆਂ। ਰਸ-ਭਿੰਨਾ ਕੀਰਤਨ ਸੁਣ ਕੇ ਵੱਡੀ ਗਿਣਤੀ ਵਿਚ ਨੇੜਲੇ ਪਿੰਡਾਂ ਦੇ ਲੋਕ ਵੀ ਜਨੇਰ ਦੇ ਗੁਰੂ ਘਰ ਨਾਲ ਜੁੜਨ ਲੱਗੇ। ਸੁਣਨ ਵਿਚ ਆਇਆ ਹੈ ਕਿ ਨਿਰਮਲੇ ਭੇਖ ਵਿਚ ਜਦੋਂ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਲੰਗਰ ਵਿਚ ਲੂਲ੍ਹੇ-ਲੰਗੜੇ ਅਤੇ ਅੱਖਾਂ ਤੋਂ ਮੁਨਾਖਿਆਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਂਦੇ ਹੋਏ ਤਨ ਢੱਕਣ ਲਈ ਕੱਪੜੇ ਅਤੇ ਮੰਜਾ ਬਿਸਤਰਾ ਪ੍ਰਦਾਨ ਕਰਦੇ ਤਾਂ ਇਨ੍ਹਾਂ ਪ੍ਰਮਤਾਮਾ ਵਲੋਂ ਦਰਕਾਰੇ ਹੋਏ ਰਬੀ ਜੀਵਾਂ ਵਿਚ ਜ਼ਿੰਦਗੀ ਜਿਉਣ ਦੀ ਚਾਹਤ ਵਧਦੀ। ਹੋਰ ਤਾਂ ਹੋਰ ਇਨ੍ਹਾਂ ਅੱਖਾਂ ਤੋਂ ਹੀਣਿਆਂ ਨੂੰ ਕੀਰਤਨ, ਕਥਾ, ਧਾਰਮਿਕ ਰਾਗ ਵਿਦਿਆ ਅਤੇ ਨਿਤ ਨੇਮ ਦੀਆਂ ਬਾਣੀਆਂ ਮੂੰਹ ਜ਼ੁਬਾਨੀ ਯਾਦ ਕਰਵਾਈਆਂ ਜਾਂਦੀਆਂ ਤਾਂ ਗਦ-ਗਦ ਹੋ ਜਾਂਦੇ। ਜਨੇਰ ਅਤੇ ਇਲਾਕੇ ਦੇ ਹੋਰ ਭੁਚੰਗੀਆਂ ਨੂੰ ਸੰਥਿਆ ਨਾਲ ਪੋਥੀਆਂ ਪੜ੍ਹਾਉਣੀਆਂ, ਪਾਠੀ, ਆਖੰਡ ਪਾਠੀ ਤਿਆਰ ਕਰਨੇ ਅਤੇ ਧਾਰਮਿਕ ਕੀਰਤਨ ਵਿਦਿਆ ਨੂੰ ਉਤਸ਼ਾਹਿਤ ਕਰਨਾ ਬਾਬਾ ਜੀ ਦੀ ਜਨੇਰ ਅਤੇ ਇਲਾਕੇ ਨੂੰ ਵੱਡੀ ਦੇਣ ਸੀ। ਜਨੇਰ ਅਤੇ ਇਲਾਕਾ ਨਿਵਾਸੀ ਬਜ਼ੁਰਗਾਂ ਪਾਸੋਂ ਹਾਸਲ ਕੀਤੀ ਜਾਣਕਾਰੀ ਦੇ ਅਧਾਰ ‘ਤੇ ਜੇਕਰ ਬਾਬਾ ਅਤਰ ਸਿੰਘ ਜੀ ਨੂੰ ਜਨੇਰ ਟਕਸਾਲ ਦੇ ਧਾਰਮਿਕ ਅਤੇ ਕੀਰਤਨ ਵਿਦਿਆ ਦੇ ਮੋਢੀ ਮੰਨ ਲਈਏ ਤਾਂ ਇਹ ਉਨ੍ਹਾਂ ਪ੍ਰਤੀ ਯੋਗ ਸ਼ਰਧਾਂਜਲੀ ਹੋਵੇਗੀ।
ਗੁਰਦੁਆਰਾ ਸਾਹਿਬ ਦੇ ਸੇਵਕਾਂ ਵਿਚ ਬਾਬਾ ਮੱਲ ਸਿੰਘ ਜੀ ਤੋਂ ਬਿਨਾਂ ਬਾਬਾ ਬੁੱਧ ਸਿੰਘ ਜੀ ਦਾ ਨਾਮ ਇਕ ਹੋਰ ਸੇਵਕ ਗੁਰੂਘਰ ਨੂੰ ਤਨੋਂ-ਮਨੋਂ ਸਮਰਪਤ ਸ਼ਰਧਾਵਾਨ ਸਿੱਖ ਸੀ, ਜਿਹੜਾ ਹਰ ਸਮੇਂ ਕਿਸੇ ਨਾ ਕਿਸੇ ਰੂਪ ਵਿਚ ਸੇਵਾ ਸਿਮਰਨ ਵਿਚ ਰੁਝਿਆ ਰਹਿੰਦਾ। ਬਾਬਾ ਮੱਲ ਸਿੰਘ ਜੀ ਤਾਂ ਜ਼ਿਆਦਾ ਸਮਾਂ ਮੋਗਾ ਦੀਆਂ ਸੰਗਤਾਂ ਵਿਚ ਹੀ ਵਿਚਰਦੇ ਇਸ ਕਰਕੇ ਜਨੇਰ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ ਬਾਬਾ ਬੁਧ ਸਿੰਘ ਹੀ ਨਿਭਾਉਂਦੇ। ਬਾਬਾ ਅਤਰ ਸਿੰਘ ਜੀ ਅਤੇ ਜਨੇਰ ਦੀਆਂ ਸੰਗਤਾਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੀਆਂ ਸਨ। ਉਮਰ ਦੀ ਸ਼ਾਮ ਹੋ ਜਾਣ ‘ਤੇ ਬਾਬਾ ਅਤਰ ਸਿੰਘ ਜੀ ‘ਤੇ ਬੁਢੇਪਾ ਭਾਰੂ ਹੋ ਗਿਆ ਅਤੇ ਸਿਹਤ ਪੱਖੋਂ ਢਿੱਲੇ ਰਹਿਣ ਲੱਗੇ। ਉਨ੍ਹਾਂ ਆਖ਼ਰੀ ਸਮੇਂ ਬਾਰੇ ਸੰਗਤਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਹੁਣ ਅੰਤ ਸਮਾਂ ਆ ਗਿਆ ਹੈ। ਇਕ ਦਿਨ ਅਚਾਨਕ ਹੀ ਅਮ੍ਰਿਤ ਵੇਲੇ ਸਮੂਹ ਸੰਗਤਾਂ ਨੂੰ ਵਿਛੋੜੇ ਦੇ ਵਿਯੋਗ ਵਿਚ ਛੱਡ ਕੇ ਆਪ ਗੁਰੂ ਚਰਨਾਂ ਵਿਚ ਜਾ ਬਰਾਜੇ। ਬਾਬਾ ਜੀ ਦੇ ਦੁਸਿਹਰੇ ਦੀ ਰਸਮ ਸਮੇਂ ਸੰਗਤਾਂ ਦੇ ਵੱਡੇ ਇਕੱਠ ਨੂੰ ਪ੍ਰਸਿੱਧ ਰਾਗੀ ਆਤਮਾ ਸਿੰਘ, ਕਰਤਾ ਸਿੰਘ ਦੀ ਜੋੜੀ ਨੇ ਰਸ-ਭਿੰਨੇ ਕੀਰਤਨ ਨਾਲ ਜੋੜਿਆ। ਹਾਜ਼ਰ ਇਲਾਕਾ ਅਤੇ ਜਨੇਰ ਵਾਸੀ ਸੰਗਤਾਂ ਵਲੋਂ ਬਾਬਾ ਬੁਧ ਸਿੰਘ ਜੀ ਨੂੰ ਟਕਸਾਲ ਦੀ ਪਗੜੀ ਪਹਿਨਾਈ ਗਈ। ਬਾਬਾ ਅਤਰ ਸਿੰਘ ਜੀ ਦੀ ਸਮਾਧ ਗੁਰਦੁਆਰਾ ਸਾਹਿਬ ਦੇ ਖੂਹ ਨੇੜੇ ਉਨ੍ਹਾਂ ਦੇ ਸਸਕਾਰ ਕਰਨ ਵਾਲੀ ਥਾਂ ‘ਤੇ
ਉਸਾਰੀ ਗਈ। 1984 ਈਸਵੀ ਦੇ ਸਾਕਾ ਨੀਲਾ ਤਾਰਾ ਦੀ ਆੜ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਭਾਰਤੀ ਫ਼ੌਜਾਂ ਵਲੋਂ ਕੀਤੀ ਚੜ੍ਹਾਈ ਦੇ ਵਿਰੋਧ ਵਿਚ ਪੰਜਾਬ ਦੀ ਸਿੱਖ ਖਾੜਕੂਵਾਦ ਲਹਿਰ ਦੇ ਜ਼ੋਰ ਸਮੇਂ ਬਾਬਾ ਅਤਰ ਸਿੰਘ ਜੀ ਦੀ ਇਹ ਸਮਾਧ ਖਾੜਕੂ ਵਿਚਾਰਧਾਰਾ ਰੱਖਣ ਵਾਲਿਆਂ ਵਲੋਂ ਢਾਹ ਦਿੱਤੀ ਗਈ। ਬਾਬਾ ਜੀ ਨਾਲ ਸਬੰਧਤ ਸਿੱਧੂ ਪਰਿਵਾਰ ਨੇ ਇਸ ਦਾ ਵਿਰੋਧ ਵੀ ਕੀਤਾ ਪਰੰਤੂ ਇਤਿਹਾਸ ਤਾਂ ਰਚਿਆ ਹੀ ਜਾਂਦਾ ਹੈ, ਗ਼ਲਤ ਹੋਵੇ ਜਾਂ ਠੀਕ ਅਤੇ ਇਸੇ ਹਾਲਤ ਵਿਚ ਲਿਖਿਆ ਵੀ ਜਾਂਦਾ ਹੈ।
ਬਾਬਾ ਬੁਧ ਸਿੰਘ ਜੀ
ਮੋਗਾ ਨੇੜਲੇ ਡਾਲਾ ਪਿੰਡ ਵਿਚ ਜੱਟ ਸਿੱਖ ਗਿੱਲ ਪਰਿਵਾਰ ਵਿਚ ਜਨਮੇ ਬਾਬਾ ਬੁਧ ਸਿੰਘ ਜੀ ਛੋਟੀ ਉਮਰੇ ਹੀ ਜਨੇਰ ਦੇ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਵਿਦਿਆ ਪ੍ਰਾਪਤ ਕਰਨ ਲਈ ਆਏ ਸਨ ਪਰੰਤੂ ਅਤਰ ਸਿੰਘ ਜੀ ਦੀ ਸੰਗਤ ਅਤੇ ਗੁਰੂ ਘਰ ਦੇ ਹੋਰ ਸ਼ਰਧਾਲੂਆਂ ਅਤੇ ਸੇਵਕਾਂ ਵਲੋਂ ਮਿਲੇ ਮੋਹ, ਪਿਆਰ ਸਦਕਾ ਉਹ ਜਨੇਰ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ। ਜਨੇਰ ਦੇ ਗੁਰਦੁਆਰਾ ਸਾਹਿਬ ਦੇ ਅਣਥਕ ਸੇਵਕਾਂ ਵਿਚੋਂ ਬਾਬਾ ਬੁਧ ਸਿੰਘ ਜੀ ਦਾ ਨਾਮ ਪਹਿਲੀਆਂ ਕਤਾਰਾਂ ਵਿਚ ਆਉਂਦਾ ਹੈ। ਉਹ ਮੱਝਾਂ, ਗਊਆਂ, ਬਲਦਾਂ ਅਤੇ ਗੁਰੂ ਘਰ ਦੇ ਹੋਰ ਪਸ਼ੂਆਂ ਨੂੰ ਆਪਣੇ ਹੱਥੀਂ ਪੱਠਾ ਨੀਰਾ ਪਾ ਕੇ ਖ਼ੁਸ਼ੀ ਪ੍ਰਾਪਤ ਕਰਦੇ ਸਨ। ਜੱਟ ਭਾਈਚਾਰੇ ਦੇ ਵਿਰਸੇ ਵਿਚੋਂ ਮਿਲੇ ਖੇਤੀ ਦੇ ਮੋਹ ਪਿਆਰ ਦੇ ਮੱਦੇਨਜ਼ਰ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਖੂਹ ਲਗਵਾਇਆ ਜਿਸ ਨਾਲ ਖੇਤੀ ਦੀ ਉਪਜ ਵਿਚ ਬਹੁਤ ਵਾਧਾ ਹੋ ਗਿਆ। ਇਹ ਖੂਹ ਬਾਅਦ ਵਿਚ ‘ਭਾਈ ਕੇ ਖੂਹ’ ਵਜੋਂ ਮਸ਼ਹੂਰ ਹੋਇਆ।
ਬਾਬਾ ਬੁਧ ਸਿੰਘ ਜੀ ਦੀ ਪਿੰਡ ਵਾਸੀਆਂ ਨੂੰ ਦੂਜੀ ਵੱਡੀ ਦੇਣ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਦੇ ਰੂਪ ਵਿਚ ਸੀ। ਇਨ੍ਹਾਂ ਦੀ ਪ੍ਰੇਰਨਾ। ਨਾਲ ਸੰਗਤਾਂ ਨੇ ਪੱਕੀਆਂ ਇੱਟਾਂ ਵਾਲੇ ਦਰਬਾਰ ਸਾਹਿਬ ਬਣਾਉਣ ਵਾਲਾ ਸ਼ੁਭ ਕਾਰਜ ਨੇਪਰੇ ਚਾੜ੍ਹਿਆ। ਇਸ ਪੱਕੇ ਅਤੇ ਖੁਲ੍ਹੇ-ਡੁਲ੍ਹੇ ਦਰਬਾਰ ਸਾਹਿਬ ਦੇ ਹੋਂਦ ਵਿਚ ਆ ਜਾਣ ਨਾਲ ਗੁਰੂ ਘਰ ਦੀਆਂ ਰੌਣਕਾਂ ਵਿਚ ਹੋਰ ਵੀ ਵਾਧਾ ਹੋਇਆ। ਆਧੁਨਿਕ ਢੰਗ ਨਾਲ ਨਵੀਨਤਮ ਭਵਨ ਉਸਾਰੀ ਕਲਾ ਨਾਲ ਉਸਾਰੇ ਗਏ ਮੌਜੂਦਾ ਦਰਬਾਰ ਸਾਹਿਬ ਤੋਂ ਪਹਿਲਾਂ ਬਾਬਾ ਬੁਧ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਉਸਾਰਿਆ ਗਿਆ ਦਰਬਾਰ ਸਾਹਿਬ ਲੰਮਾ ਸਮਾਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਅਤੇ ਸਿੱਖੀ ਦੇ ਪ੍ਰਚਾਰ ਦਾ ਧੁਰਾ ਰਿਹਾ। ਵਿਰਕਤ (ਬਰਖਤ) ਰਾਮ ਸਿੰਘ ਅਤੇ ਭਾਈ ਗੱਜਾ ਸਿੰਘ ਉਸ ਸਮੇਂ ਗੁਰੂ ਘਰ ਦੇ ਮੁਖ ਸੇਵਕ ਸਨ। ਉਨ੍ਹਾਂ ਦਿਨਾਂ ਵਿਚ ਹੀ ਛੋਟੀ ਉਮਰੇ ਬਾਬਾ ਕੇਹਰ ਸਿੰਘ ਜੀ ਵੀ ਜਨੇਰ ਟਕਸਾਲ ਵਿਚ ਧਾਰਮਿਕ ਵਿਦਿਆ ਪ੍ਰਾਪਤ ਕਰਨ ਲਈ ਪਹੁੰਚ ਚੁੱਕੇ ਸਨ।
ਬਾਬਾ ਮੱਲ ਸਿੰਘ ਜੀ ਹੋਰਾਂ ਦੇ ਅਕਾਲ ਚਾਣਾ ਕਰ ਜਾਣ ਬਾਅਦ ਮੋਗੇ ਵਾਲੇ ਬਾਬਾ ਮੱਲ ਸਿੰਘ ਜੀ ਵਾਲੇ ਗੁਰਦੁਆਰੇ ਦੀ ਜ਼ਿੰਮੇਵਾਰੀ ਵੀ ਬਾਬਾ ਬੁਧ ਸਿੰਘ ਜੀ ਦੇ ਮੋਢਿਆਂ ‘ਤੇ ਆ ਗਈ। ਬਾਬਾ ਜੀ ਆਪ ਜ਼ਿਆਦਾ ਮੋਗੇ ਰਹਿਣ ਲਗ ਪਏ ਅਤੇ ਉਨ੍ਹਾਂ ਜਨੇਰ ਦੇ ਗੁਰਦੁਆਰਾ ਸਾਹਿਬ ਦੀਆਂ ਜ਼ਿੰਮੇਵਾਰੀਆਂ ਬਾਬਾ ਗੱਜਾ ਸਿੰਘ ਜੀ ਅਤੇ ਵਿਰਕਤ ਰਾਮ ਸਿੰਘ ਹੋਰਾਂ ਨੂੰ ਸੌਂਪ ਦਿੱਤੀਆਂ । ਬਾਬਾ ਜੀ ਦਾ ਮੋਗੇ ਦੇ ਗੁਰੂ ਘਰ ਵਿਚ ਜ਼ਿਆਦਾ ਸਮਾਂ ਰਹਿਣ ਦਾ ਇਕ ਕਾਰਨ ਇਹ ਵੀ ਸੀ ਕਿ ਉਮਰ ਉਨ੍ਹਾਂ ‘ਤੇ ਭਾਰੂ ਹੋਣ ਲੱਗ ਪਈ ਸੀ। ਇਕ ਦਿਨ ਅਚਾਨਕ ਉਹ ਮੋਗੇ ਰਹਿੰਦਿਆਂ ਹੀ ਗੁਰੂ ਚਰਨਾਂ ਵਿਚ ਸਦੀਵੀਂ ਵਾਸ ਕਰ ਗਏ। ਜਨੇਰ ਅਤੇ ਮੋਗਾ, ਦੋਹਾਂ ਗੁਰਦੁਆਰਿਆਂ ਦੇ ਕੀਰਤਨੀ ਜਥਿਆਂ ਨੇ ਬਾਬਾ ਬੁਧ ਸਿੰਘ ਜੀ ਦੀਆਂ ਅੰਤਮ ਅਰਦਾਸਾਂ ਸਮੇਂ ਵਿਰਾਗਮਈ ਕੀਰਤਨ ਕਰਕੇ ਭੋਗ ਪਾਇਆ। ਪਗੜੀ ਦੀ ਰਸਮ ਸਮੇਂ ਵਿਕਰਤ ਰਾਮ ਸਿੰਘ ਜੀ ਨੇ ਨਿਸ਼ਕਾਮ ਸੇਵਾ ਅਤੇ ਕੁਰਬਾਨੀ ਦੀ ਉਹ ਮਿਸਾਲ ਪੇਸ਼ ਕੀਤੀ ਜਿਹੜੀ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇਕ ਚਾਨਣ ਮੁਨਾਰਾ ਸਿੱਧ ਹੋ ਸਕਦੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਾਬਾ ਬੁਧ ਸਿੰਘ ਜੀ ਦੀਆਂ ਅੰਤਮ ਅਰਦਾਸਾਂ ਦੇ ਭੋਗ ਦੀਆਂ ਰਸਮਾਂ ਉਪਰੰਤ ਮੋਗਾ, ਜਨੇਰ ਅਤੇ ਹੋਰ ਇਲਾਕਾ ਨਿਵਾਸੀ ਸੰਗਤਾਂ ਨੇ ਇਕ ਮੀਟਿੰਗ ਕਰਕੇ ਸਰਬਸੰਮਤੀ ਨਾਲ ਵਿਕਰਤ ਰਾਮ ਸਿੰਘ ਜੀ ਨੂੰ ਟਕਸਾਲ ਦੇ ਮੁਖੀ ਵਜੋਂ ਪਗੜੀ ਪਹਿਨਾਉਣ ਦਾ ਫ਼ੈਸਲਾ ਕਰ ਲਿਆ ਪਰੰਤੂ ਉਨ੍ਹਾਂ ਨੇ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਹ ਪਗੜੀ ਬਾਬਾ ਗੱਜਾ ਸਿੰਘ ਜੀ ਨੂੰ ਪਹਿਨਾਈ ਜਾਵੇ, ਮੈਂ ਤਾਂ ਮੋਗੇ ਵਾਲੇ ਬਾਬਾ ਮੱਲ ਸਿੰਘ ਜੀ ਦਾ ਸੇਵਾਦਾਰ ਹੀ ਠੀਕ ਹਾਂ। ਸੰਗਤਾਂ ਨੇ ਬਾਬਾ ਗੱਜਾ ਸਿੰਘ ਜੀ ਨੂੰ ਪਗੜੀ ਪਹਿਨਾ ਦਿੱਤੀ। ਇਸ ਪਦਾਰਥਵਾਦੀ ਯੁਗ ਵਿਚ ਵਿਕਰਤ ਰਾਮ ਸਿੰਘ ਵਰਗੇ ਮਹਾਂਪੁਰਸ਼ਾਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਘਟ ਹੀ ਕਦਰ ਪੈਂਦੀ ਹੈ, ਸਬਕ ਸਿੱਖਣਾ ਤਾਂ ਦੂਰ ਦੀ ਗੱਲ ਹੈ। ਬਾਬਾ ਦਰਸ਼ਨ ਸਿੰਘ ਜੀ ਦੇ ਗੁਰ ਪੁਰੀ ਸੁਧਾਰਨ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ। ਇਲਾਕੇ ਦੀ ਸੰਗਤ ਉਸ ਤੋਂ ਭਲੀ ਭਾਂਤ ਵਾਕਿਫ਼ ਹੈ। ਲਿਖਣ ਦੀ ਲੋੜ ਨਹੀਂ ਜਾਪਦੀ।
ਬਾਬਾ ਗੱਜਾ ਸਿੰਘ ਜੀ
ਨਾਈ ਉਪਜਾਤੀ ਨਾਲ ਸਬੰਧਤ ਬਾਬਾ ਗੱਜਾ ਸਿੰਘ ਦਾ ਪਰਿਵਾਰ ਪਿੰਡ ਜਨੇਰ ਦੇ ਪੁਨਰਵਾਸ ਸਮੇਂ ਤੋਂ ਹੀ ਇਸ ਦਾ ਵਸਨੀਕ ਹੈ। ਪਰਿਵਾਰ ਦੀ ਰਹਾਇਸ਼ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਣ ਕਰਕੇ, ਸਿੱਖੀ ਇਨ੍ਹਾਂ ਨੂੰ ‘ਗੁੜ੍ਹਤੀ’ ਦੇ ਰੂਪ ਵਿਚ ਮਿਲੀ। ਸ਼ਾਇਦ ਇਸੇ ਕਰਕੇ ਛੋਟੀ ਉਮਰ ਵਿਚ ਹੀ ਬਾਬਾ ਜੀ ਗੁਰੂ ਘਰ ਨਾਲ ਜੁੜ ਗਏ। ਇਨ੍ਹਾਂ ਦੀ ਯੋਗ ਰਹਿਨੁਮਾਈ ਵਿਚ ‘ਗੁਰੂਘਰ’ ਅਤੇ ‘ਗੁਰਸ਼ਬਦ’ ਦਾ ਬਹੁਪੱਖੀ ਵਿਕਾਸ ਹੋਇਆ। ਬਾਬਾ ਜੀ ਦੇ ਵਿਕਾਸ ਕੰਮਾਂ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਦੇ ਖੂਹ ਵਿਚ ‘ਬੂਜਲੀ’ ਲਗਵਾ ਕੇ ਖਾਰੇ ਪਾਣੀ ਤੋਂ ਪੀਣ ਯੋਗ ਪਾਣੀ ਬਣਾਉਣਾ ਇਨ੍ਹਾਂ ਦੀਆਂ ਪ੍ਰਾਪਤੀਆਂ ਵਿਚੋਂ ਇਕ ਹੈ। ਗੁਰੂ ਘਰ ਦੇ ਲੰਗਰ ਦਾ ਵਿਕਾਸ ਹੋ ਜਾਣ ਕਾਰਨ ਅਨਾਜ ਦੀ ਲੋੜ ਬਹੁਤ ਵਧ ਗਈ। ਬਾਬਾ ਜੀ ਨੇ ਨਵੇਂ ਬਲਦ ਖਰੀਦ ਕੇ ਅੱਛੇ ਸੀਰੀ ਸਾਂਝੀ ਰੱਖ ਕੇ ਖ਼ੁਦ ਘੋੜੀ ‘ਤੇ ਸਵਾਰ ਹੋ ਕੇ ਖੇਤੀ ਦੇ ਕੰਮਾਂ ਦੀ ਨਿਗਰਾਨੀ ਕਰਨ ਲੱਗੇ। ਇਸ ਤਰ੍ਹਾਂ ਗੁਰੂ ਘਰ ਦੇ ਲੰਗਰ ਵਾਸਤੇ ਅਨਾਜ ਦੀ ਭਰਮਾਰ ਹੋ ਗਈ। ਲੰਗਰ ਦਾ ਵਿਸਥਾਰ ਕਰਨਾ, ਮੰਜੇ ਬਿਸਤਰਿਆਂ ਦੀ ਗਿਣਤੀ ਵਧਾਉਣੀ ਅਤੇ ਰਹਾਇਸ਼ੀ ਜਗ੍ਹਾ ਵਿਚ ਵਾਧਾ ਕਰਨਾ ਇਨ੍ਹਾਂ ਦੇ ਮੁਖ ਵਿਕਾਸ ਕਾਰਜਾਂ ਵਿਚ ਸ਼ਾਮਿਲ ਹਨ। ਸ਼ੁਰੂ-ਸ਼ੁਰੂ ਵਿਚ ਬਾਬਾ ਜੀ ਨੇ ਲੰਗਰ ਅਤੇ ਰਹਾਇਸ਼ ਦਾ ਪ੍ਰਬੰਧ ਭਈ ਰਣ ਸਿੰਘ ਨੂੰ ਸੌਂਪਿਆ, ਬਾਅਦ ਵਿਚ ਜਦੋਂ ਬਾਬਾ ਕੇਹਰ ਸਿੰਘ ਜੀ ਜਵਾਨ ਹੋ ਗਏ ਤਾਂ ਰਹਾਇਸ਼ ਅਤੇ ਲੰਗਰ ਦੀ ਸੇਵਾ ਸੰਭਾਲ ਦਾ ਕੰਮ ਉਨ੍ਹਾਂ ਨੇ ਸੰਭਾਲ ਲਿਆ।
‘ਗੁਰ ਸ਼ਬਦ’ ਦੇ ਖੇਤਰ ਵਿਚ ਬਾਬਾ ਗੱਜਾ ਸਿੰਘ ਜੀ ਦੇ ਸਮੇਂ ਜਨੇਰ ਦੇ ਇਸ ਟਕਸਾਲੀ ਗੁਰੂ ਘਰ ਨੇ ਵੱਡੀ ਗਿਣਤੀ ਵਿਚ ਕੀਰਤਨੀਏ, ਰਾਗੀ ਢਾਡੀ, ਪਾਠੀ ਅਤੇ ਆਖੰਡ ਪਾਠੀ ਪੈਦਾ ਕੀਤੇ ਜਿਨ੍ਹਾਂ ਨੇ ਸੰਗਤਾਂ ਨੂੰ ‘ਗੁਰੂ ਸ਼ਬਦ’ ਦੇ ਮਾਧਿਅਮ ਰਾਹੀਂ ਗੁਰੂ ਘਰ ਨਾਲ ਜੋੜਿਆ। ਉਸ ਸਮੇਂ ਦੇ ਪ੍ਰਸਿੱਧ ਰਾਗੀ ਭਾਈ ਮੱਘਰ ਸਿੰਘ ਜੀ ਅੱਖਾਂ ਤੋਂ ਮੁਨਾਖੇ ਹੁੰਦਿਆਂ ਵੀ ਵਿਦਿਆਰਥੀਆਂ ਨੂੰ ਧਾਰਮਿਕ ਰਾਗ ਵਿਦਿਆ ਦੀ ਅਨਮੋਲ ਦਾਤ ਵੰਡਦੇ। ਭਾਈ ਬਿੱਕਰ ਸਿੰਘ, ਕੇਵਲ ਸਿੰਘ ਹੋਰਾਂ ਦਾ ਢਾਡੀ ਜੱਥਾ ਦੂਰ-ਦੂਰ ਤਕ ਮਸ਼ਹੂਰ ਹੋਇਆ। ਮਹਿੰਗਾ ਸਿੰਘ ਸੰਥਿਆ ਨਾਲ ਪੋਥੀਆਂ ਪੜ੍ਹਾਉਣ ਦੇ ਮਾਹਿਰ ਸਨ। ਉਸ ਸਮੇਂ ਰਾਗੀ ਸੰਤਾ ਸਿੰਘ, ਰਾਗੀ ਪਾਖਰ ਸਿੰਘ, ਰਾਗੀ ਪੂਰਨ ਸਿੰਘ, ਰਾਗੀ ਭਾਗ ਸਿੰਘ, ਰਾਗੀ ਭਜਨ ਸਿੰਘ ਅਤੇ ਰਾਗੀ ਲਾਲ ਸਿੰਘ ਦੀ ਗਿਣਤੀ ਰਾਗ ਵਿਦਿਆ ਮਾਹਿਰ ਰਾਗੀਆਂ ਵਿਚ ਸੀ ਜਿਨ੍ਹਾਂ ਨੇ ਬਾਬਾ ਜੀ ਦੀ ਯੋਗ ਅਗਵਾਈ ਵਿਚ ਇਥੋਂ ਧਾਰਮਿਕ ਰਾਗ ਵਿਦਿਆ ਹਾਸਲ ਕੀਤੀ। ਵੱਡੀ ਗਿਣਤੀ ਵਿਚ ਇਥੋਂ ਧਾਰਮਿਕ ਵਿਦਿਆ ਹਾਸਲ ਕਰਨ ਉਪਰੰਤ ਪਾਠੀ ਅਤੇ ਆਖੰਡ ਪਾਠੀ ਸ਼ੁਧ ਅਤੇ ਸਪਸ਼ਟ ਗੁਰਬਾਣੀ ਉਚਾਰਨ ਕਰਨ ਲੱਗੇ। ਇਸ ਟਕਸਾਲ ਦੇ ਸ਼ਿਸ਼ ਕਾਮਯਾਬ ਕਥਾਵਾਚਕ ਅਤੇ ਬੁਧੀਜੀਵੀ ਵੀ ਬਣੇ ਜਿਨ੍ਹਾਂ ਵਿਚ ਗਿਆਨੀ ਚੰਨਣ ਸਿੰਘ ਮਲ੍ਹੀਆਂ ਵਾਲੇ ਦਾ ਨਾਮ ਪ੍ਰਮੁੱਖ ਤੌਰ ‘ਤੇ ਵਰਨਣਯੋਗ ਹੈ। ਬਾਬਾ ਦਰਸ਼ਨ ਸਿੰਘ ਜੀ ਅਤੇ ਬਾਬਾ ਗੁਰਦਿਆਲ ਸਿੰਘ ਜੀ ਵੀ ਇਨ੍ਹਾਂ ਦਿਨਾਂ ਵਿਚ ਹੀ ਇਥੇ ਧਾਰਮਿਕ ਵਿਦਿਆ ਪ੍ਰਾਪਤ ਕਰ ਰਹੇ ਸਨ।
ਪਿੰਡ ਜਨੇਰ ਦੇ ਪ੍ਰਸਿੱਧ ਆਖੰਡ ਪਾਠੀ ਅਤੇ ਕਵੀ ਮੁਖਤਿਆਰ ਸਿੰਘ ਸੇਵਕ, ਜਨੇਰ ਟਕਸਾਲ ਦੇ ਰਾਗੀਆਂ ਦਾ ਵਰਨਣ ਇਸ ਤਰ੍ਹਾਂ ਕਰਦੇ ਹਨ:-
॥ ਦੋਹਿਰਾ॥
ਰਾਗੀ ਸਭ ਜਨੇਰ ਦੇ, ਰਾਗ ਵਿਦਿਆ ਅਨਮੋਲ।
ਗਣ ਗੰਧਰਭ ਸ਼ਰਮਾਂਵਦੇ, ਸੁਣ ਸੁਰੀਲੇ ਬੋਲ।
॥ ਕਬਿਤ ॥
ਪੂਰਨ ਸਿੰਘ, ਭਾਗ ਸਿੰਘ ਰਾਗੀ ਰਾਗ ਵਿਦਿਆ ਦੇ,
ਬਲਵਿੰਦਰ ਸਿੰਘ, ਬਗੀਚਾ ਸਿੰਘ, ਫਲ ਪਏ ਗੁਰੂ ਘਰੋਂ।
ਗੁਰਦਿਆਲ ਸਿੰਘ ਬ੍ਰਿਹੋਂ, ਹਰਭਜਨ ਸਿੰਘ ਰਾਊਵਾਲ,
ਪ੍ਰੇਮ ਸਿੰਘ ਪਤੰਗਾ, ਜੈਸੇ ਵਡਿਆਏ ਗੁਰੂ ਘਰੋਂ।
ਭਜਨ ਸਿੰਘ, ਲਾਲ ਸਿੰਘ, ਪਾਲ ਸਿੰਘ, ਕੌਰਾ ਸਿੰਘ,
ਗੁਰਨਾਮ ਸਿੰਘ ਅਤੇ ਨੇਕ ਸਿੰਘ ਵਰੋਸਾਏ ਗੁਰੂ ਘਰੋਂ।
ਸੂਰਮੇ ਤੇ ਪਿੰਗਲੇ, ਗੁੰਗਿਆਂ ਨੂੰ ਵੀ ਮਾਨ ਮਿਲੇ,
ਰਾਗ ਵਿਦਿਆ ਦੇ ਇਨ੍ਹਾਂ ਮਾਣ ਪਾਏ ਗੁਰੂ ਘਰੋਂ।
ਕਰਤਾ ਸਿੰਘ, ਪਾਖਰ ਸਿੰਘ, ਸੰਤਾ ਸਿੰਘ ਹੋਏ ਰਾਗੀ,
ਏਹ ਰਾਗ ਵਿਦਿਆ ਦਾ ਜਾਣਦੇ ਹੈ ਤਾਣ ਸੋਹਣਾ।
ਆਤਮਾ ਸਿੰਘ ਤੇ ਹੋਰ ਰਾਗੀ, ਰਾਗ ਦੇ ਚਲਾ ਗਏ ਸੋਮੇਂ,
ਉਨ੍ਹਾਂ ਦੀ ਹੀ ਕਿਰਪਾ ਸੇ, ਪਾਉਂਦੇ ਰਾਗੀ ਮਾਨ ਸੋਹਣਾ।
ਜਨੇਰ ਦੇ ਹਾਈ ਸਕੂਲ ਦੀ ਮਾਲੀ ਮਦਦ
ਪਿੰਡ ਜਨੇਰ ਵਿਚ ਹਾਈ ਸਕੂਲ ਬਣਾਉਣ ਸਮੇਂ ਸੰਗਠਤ ਕੀਤੀ ਗਈ ‘ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ’ ਦੀ ਪੰਦਰਾਂ ਮੈਂਬਰੀ ‘ਅੰਤ੍ਰਿਕ ਕਮੇਟੀ’ ਜਿਸ ਦੀ ਰਹਿਨੁਮਾਈ ਸੰਤ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਵਾਲੇ ਕਰ ਰਹੇ ਸਨ, ਉਹ ਅੰਤ੍ਰਿਕ ਕਮੇਟੀ ਵਿਚ ਸ਼ਾਮਿਲ ਜਨੇਰ ਦੇ ਇਕੋ ਇਕ ਮੈਂਬਰ ਹੌਲਦਾਰ ਗੁਰਮੁਖ ਸਿੰਘ ਚੀਮਾ ਨੂੰ ਨਾਲ ਲੈ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਬਾਬਾ ਗੱਜਾ ਸਿੰਘ ਜੀ ਨੂੰ ਮਿਲੇ। ਸੰਤ ਵਿਸਾਖਾ ਜੀ ਨੇ ਬਾਬਾ ਜੀ ਨੂੰ ਸਕੂਲ ਦੀ ਇਮਾਰਤ ਵਾਸਤੇ ਮਾਲੀ ਮਦਦ ਲਈ ਬੇਨਤੀ ਕੀਤੀ। ਉਨ੍ਹਾਂ ਖਿੜੇ ਮੱਥੇ ਸੰਤ ਵਿਸਾਖਾ ਸਿੰਘ ਜੀ ਨੂੰ ਤਨ, ਮਨ ਅਤੇ ਧਨ ਨਾਲ ਮਦਦ ਕਰਨ ਦਾ ਭਰੋਸਾ ਦਿੱਤਾ। ਕਹਿੰਦੇ ਹਨ ਕਿ ਬਾਬਾ ਗੱਜਾ ਸਿੰਘ ਜੀ ਦੇ ਬਚਨ ਸੁਣ ਕੇ ਸੰਤ ਵਿਸਾਖਾ ਸਿੰਘ ਜੀ ਐਨੇ ਪ੍ਰਭਾਵਿਤ ਹੋਏ ਕਿ ਸਹਿਜ ਸੁਭਾ ਉਨ੍ਹਾਂ ਦੇ ਮੂੰਹੋਂ ਇਹ ਸ਼ਬਦ ਨਿਕਲੇ “ਬਸ ਬਾਬਾ ਜੀ ਹੁਣ ਮੋਰਚਾ ਫਤਿਹ ਹੋਇਆ ਸਮਝੋ।” ਕੁਝ ਦਿਨਾਂ ਬਾਅਦ ਹੀ ਬਾਬਾ ਜੀ ਨੇ ਮਾਇਆ ਦਾ ਵੱਡਾ ਗੱਫਾ ਸੰਤ ਵਿਸਾਖਾ ਸਿੰਘ ਜੀ ਨੂੰ ਸਕੂਲ ਦੀ ਇਮਾਰਤ ਵਾਸਤੇ ਗੁਰਦੁਆਰਾ ਸਾਹਿਬ ਵਲੋਂ ਭੇਟਾ ਦੇ ਰੂਪ ਵਿਚ ਦੇ ਦਿੱਤਾ।
ਬਾਬਾ ਗੱਜਾ ਸਿੰਘ ਜੀ ਦਾ ਅਕਾਲ ਚਲਾਣਾ
ਅਤੇ
ਨਿਰਮਲੇ ਭੇਖ ਦਾ ਅੰਤ
ਬਿਰਧ ਅਵਸਥਾ ਵਿਚ ਬਾਬਾ ਗੱਜਾ ਸਿੰਘ ਜੀ ਸਿਹਤ ਪੱਖੋਂ ਕਾਫੀ ਕਮਜ਼ੋਰ ਹੋ ਗਏ। ਕੁਝ ਸਮਾਂ ਤਾਂ ਗੁਰੂ ਘਰ ਦਾ ਸੇਵਕ ਮਿਸਤਰੀ ਗੁਲਜਾਰਾ ਸਿੰਘ ਆਪਣੇ ਰਿਕਸ਼ੇ ‘ਤੇ ਉਚੇਚੇ ਤੌਰ ‘ਤੇ ਬਾਬਾ ਜੀ ਨੂੰ ਮੋਗੇ ਬਾਬਾ ਮੱਲ ਸਿੰਘ ਜੀ ਵਾਲੇ ਗੁਰਦੁਆਰਾ ਸਾਹਿਬ ਵਿਖੇ ਲੈ ਵੀ ਜਾਂਦਾ ਅਤੇ ਵਾਪਸ ਵੀ ਲੈ ਕੇ ਆਉਂਦਾ ਰਿਹਾ ਪਰੰਤੂ ਜਦੋਂ ਸਿਹਤ ਜ਼ਿਆਦਾ ਵਿਗੜ ਗਈ ਤਾਂ ਉਨ੍ਹਾਂ ਪੱਕੇ ਤੌਰ ‘ਤੇ ਮੋਗੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦਿਨਾਂ ਵਿਚ ਹੀ ਬਾਬਾ ਜੀ ਨੇ ਸੰਗਤਾਂ ਨਾਲ ਰਾਇ ਮਸ਼ਵਰਾ ਕਰਕੈ ਜਨੇਰ ਟਕਸਾਲ ਦੀ ਸਾਰੀ ਜਾਇਦਾਦ ਦੀ ਵਸੀਅਤ ਗੁਰੂ ਘਰ ਦੇ ਪ੍ਰਮ ਸੇਵਕ ਬਾਬਾ ਕੇਹਰ ਸਿੰਘ ਜੀ ਦੇ ਨਾਮ ਕਰਵਾ ਦਿੱਤੀ। ਸਿਹਤ ਪੱਖੋਂ ਬਾਬਾ ਜੀ ਹੋਰ ਵੀ ਕਮਜ਼ੋਰ ਹੋ ਗਏ ਅਤੇ ਅੰਤ 18 ਅਕਤੂਬਰ 1958 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ।
ਜਨੇਰ ਗੁਰੂ ਘਰ ਅਤੇ ਹੋਰ ਇਤਿਹਾਸਕ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਨੇਰ ਦੇ ਟਕਸਾਲੀ ਗੁਰਦੁਆਰਾ ਸਾਹਿਬ ਦਾ ਮੁਖ ਸੇਵਾਦਾਰ ਰਵਾਇਤਾਂ ਅਨੁਸਾਰ ਇਲਾਕੇ ਦੇ ਨਿਰਮਲੀ ਭੇਖ ਸੰਪਰਦਾਇ ਦਾ ਪ੍ਰਧਾਨ ਵੀ ਹੁੰਦਾ ਸੀ। ਬਾਬਾ ਗੱਜਾ ਸਿੰਘ ਜੀ ਦੇ ਜੀਵਨ ਕਾਲ ਦੇ ਸਮੇਂ ਤਕ ਇਹ ਪਰੰਪਰਾ ਚਲਦੀ ਰਹੀ ਪਰੰਤੂ ਬਾਬਾ ਗੱਜਾ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਬਾਅਦ ਜਨੇਰ ਦੇ ਗੁਰਦੁਅਰਾ ਸਾਹਿਬ ਦੀ ਇਹ ਪਰੰਪਰਾ ਵੀ ਖ਼ਤਮ ਹੋ ਗਈ।
5 ਨਵੰਬਰ 1958 ਨੂੰ ਮੋਗਾ ਦੇ ਗੁਰਦੁਆਰਾ ਬਾਬਾ ਮੱਲ ਸਿੰਘ ਜੀ ਵਿਖੇ ਬਾਬਾ ਗੱਜਾ ਸਿੰਘ ਦੀਆਂ ਅੰਤਮ ਅਰਦਾਸਾਂ ਦੇ ਭੋਗ ਪਾਏ ਗਏ। ਗੁਰੂ ਕੇ ਅਤੁੱਟ ਲੰਗਰ ਅਤੇ ਲੱਡੂ ਜਲੇਬੀਆਂ ਦੇ ਪਕਵਾਨ ਵੱਡੀ ਮਾਤਰਾ ਵਿਚ ਸੰਗਤਾਂ ਵਿਚ ਵਰਤਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਵਿਕਰਤ ਰਾਮ ਸਿੰਘ ਜੀ ਜਨੇਰ, ਸੰਤ ਭਗਵਾਨ ਸਿੰਘ ਸਿਧਵਾਂ, ਸੰਤ ਸਰਵਨ ਸਿੰਘ ਜੀ ਆਨੰਦ ਭਵਨ ਮੋਗਾ, ਸੰਤ ਰਾਮ ਸਿੰਘ ਜੀ ਖੋਸਾ ਕੋਟਲਾ ਵਰਗੀਆਂ ਧਾਰਮਿਕ ਸ਼ਖ਼ਸੀਅਤਾਂ ਤੋਂ ਬਿਨਾਂ ਐਸ.ਪੀ. ਉਜਾਗਰ ਸਿੰਘ ਜੀ ਮੋਗਾ, ਗੁਰਮੁਖ ਸਿੰਘ ਢਿੱਲੋਂ ਅਤੇ ਇਲਾਕੇ ਦੀਆਂ ਕਈ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਬਾਬਾ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਵਸੀਅਤ ਅਨੁਸਾਰ ਦੁਸਿਹਰੇ ਦੀ ਰਸਮ ਸਮੇਂ ਬਾਬਾ ਕੇਹਰ ਸਿੰਘ ਜੀ ਨੂੰ ਪਗੜੀ ਪਹਿਨਾ ਦਿੱਤੀ ਗਈ। ਜਨੇਰ ਦੇ ਗੁਰਦੁਆਰਾ ਸਾਹਿਬ ਵਿਚ ਬਾਬਾ ਜੀ ਦੀ ਯਾਦ ਵਿਚ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ। ਲੱਡੂ ਜਲੇਬੀਆਂ ਦੇ ਪਕਵਾਨਾਂ ਦਾ ਇਕ ਵਾਰ ਫੇਰ ਹੜ੍ਹ ਜਿਹਾ ਆ ਗਿਆ। ਲੇਖਕ ਉਸ ਸਮੇਂ ਜਨੇਰ ਦੇ ਹਾਈ ਸਕੂਲ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ, ਲਗਪਗ ਇਕ ਹਫ਼ਤਾ ਹਰ ਰੋਜ਼ ਸਵੇਰੇ ਪ੍ਰਾਰਥਨਾ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਬਾਬਾ ਜੀ ਦੀ ਯਾਦ ਵਿਚ ਲਗਾਏ ਲੰਗਰ ਵਜੋਂ ਦੋ-ਦੋ ਲੱਡੂ ਖਾਣ ਲਈ ਮਿਲਿਆ ਕਰਦੇ ਸਨ।
ਬਾਬਾ ਕੇਹਰ ਸਿੰਘ ਜੀ
ਬਾਬਾ ਕੇਹਰ ਸਿੰਘ ਜੀ ਦਾ ਜਨਮ ਸਿੱਖ ਫ਼ਲਸਫ਼ੇ, ਸਿੱਖ ਲਹਿਰਾਂ, ਸਿੱਖਾਂ ਨਾਲ ਸਬੰਧਤ ਰਾਜਨੀਤਕ ਪਾਰਟੀਆਂ ਅਤੇ ਸਿੱਖੀ ਨੂੰ ਸਮਰਪਤ ਜਨਾਂ ਦੇ ਪਿੰਡ ਭਿੰਡਰ ਕਲਾਂ ਵਿਚ ਹੋਇਆ। ਸਿੱਖੀ ਦੀ ਗੁੜ੍ਹਤੀ ਤਾਂ ਬਾਬਾ ਜੀ ਨੂੰ ਜਨਮ ਸਮੇਂ ਪਿੰਡ ਭਿੰਡਰ ਕਲਾਂ ਵਿਚੋਂ ਹੀ ਮਿਲ ਗਈ ਸੀ ਉਪਰੰਤ ਬਾਲ ਉਮਰੇ ਜਨੇਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸੇਵਾ ਸਿਮਰਨ ਨਾਲ ਇਸ ਨੂੰ ਹੋਰ ਵੀ ਪਿਉਂਦ ਚੜ੍ਹ ਗਈ। ਬਾਬਾ ਗੱਜਾ ਸਿੰਘ ਜੀ ਤਾਂ ਜ਼ਿਆਦਾ ਸਮਾਂ ਮੋਗੇ ਬਾਬਾ ਮੱਲ ਸਿੰਘ ਜੀ ਵਾਲੇ ਗੁਰਦੁਆਰਾ ਸਾਹਿਬ ਹੀ ਰਹਿੰਦੇ ਸਨ ਇੱਧਰ ਪਿੰਡ ਜਨੇਰ ਦੇ ਗੁਰੂ ਘਰ ਦੀ ਸਾਰੀ ਜ਼ਿੰਮੇਵਾਰੀ ਬਾਬਾ ਕੇਹਰ ਸਿੰਘ ਜੀ ਨੂੰ ਸੌਂਪੀ ਗਈ ਜਿਸ ਨੂੰ ਬਾਬਾ ਜੀ ਨੇ ਅੰਤਮ ਸੁਆਸਾਂ ਤਕ ਬਹੁਤ ਸੁਚਾਰੂ ਢੰਗ ਨਾਲ ਨਿਭਾਇਆ।
ਬਾਬਾ ਜੀ ਦੁਖੀਆਂ ਦਾ ਦੁਖ ਵੰਡਾਉਣ ਅਤੇ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਣ ਵਿਚ ਹੀ ਮਨੁੱਖਤਾ ਦਾ ਭਲਾ ਸੋਚਦੇ ਸਨ। ਗੁਰਦੁਆਰਾ ਸਾਹਿਬ ਜਨੇਰ ਦੀ ਕਾਫੀ ਜਾਇਦਾਦ ਹੋਣ ਕਰਕੇ ਅਤੇ ਪਿੰਡ ਵਾਸੀਆਂ ਵਿਚ ਪ੍ਰਚਲਤ ਰਵਾਇਤਾਂ ਅਨੁਸਾਰ ਹਾੜੀ ਸੌਣੀ ਸਮਰਥਾ ਅਨੁਸਾਰ ਅਨਾਜ ਗੁਰੂ ਘਰ ਪਹੁੰਚਾਉਣ ਦੇ ਮੱਦੇਨਜ਼ਰ ਕੋਠੇ ਅਨਾਜ ਨਾਲ ਭਰੇ ਰਹਿੰਦੇ। ਜੇਕਰ ਕੋਈ ਲੋੜਵੰਦ ਗੁਰੂ ਘਰੋਂ ਅਨਾਜ ਲੈ ਜਾਂਦਾ ਅਤੇ ਕੋਈ ਚੁਗਲਖੋਰ ਬਾਬਾ ਜੀ ਨੂੰ ਇਹ ਆਖਦਾ, “ਬਾਬਾ ਜੀ ਫ਼ਲਾਂ ਆਦਮੀ ਦੋ ਮਣ ਕਣਕ ਲੈ ਗਿਆ” ਤਾਂ ਰੱਬ ਦੇ ਰਜਾਏ ਹੋਏ ਬਾਬਾ ਜੀ ਇਹ ਆਖ ਕੇ ਉਸ ਦਾ ਮੂੰਹ ਬੰਦ ਕਰ ਦਿੰਦੇ “ਭਗਤਾ ਤੈਨੂੰ ਲੋੜ ਹੈ ਤਾਂ ਤੂੰ ਵੀ ਲੈ ਜਾ।” ਬਾਬਾ ਜੀ ਨੇ ਮੋਗੇ ਬਾਬਾ ਮੱਲ ਸਿੰਘ
ਜੀ ਵਾਲੇ ਗੁਰੂ ਘਰ ਵਿਚ ਨਵਾਂ ਲੈਂਟਰ ਪੁਆਇਆ। ਇਸ ਤੋਂ ਬਿਨਾਂ ਗਗੜਾ, ਦਾਤੇਵਾਲ, ਬੁਕਣਵਾਲਾ, ਰਾਊਵਾਲ ਅਤੇ ਰੰਡਿਆਲਾ ਪਿੰਡਾਂ ਦੇ ਗੁਰੂ ਘਰਾਂ ਵਿਚ ਸ਼ਲਾਘਾਯੋਗ ਕੰਮ ਕਰਵਾਇਆ ਤਾਂ ਕਿ ਇਥੇ ਸ਼ਬਦ ਕੀਰਤਨ ਦਾ ਪ੍ਰਵਾਹ ਹਮੇਸ਼ਾ ਚਲਦਾ ਰਹੇ। ਇਲਾਕੇ ਵਿਚ ਉਹ ‘ਬ੍ਰਹਮ ਗਿਆਨੀ’ ਵਜੋਂ ਮਸ਼ਹੂਰ ਹੋਏ। ਉਨ੍ਹਾਂ ਦੀ ਮਹਿਮਾ ਇਸ ਕਦਰ ਤਕ ਫੈਲ ਗਈ ਕਿ ਉਸ ਸਮੇਂ ਦੇ ਮਹਾਨ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਨੇ ਪਿੰਡ ਜਨੇਰ ਦੇ ਵਿਸ਼ਨੂੰ ਭਗਵਾਨ ਮੰਦਰ ਦੀ ਨੀਂਹ ਉਨ੍ਹਾਂ ਪਾਸੋਂ ਰਖਵਾਈ। ਜ਼ਿੰਦਗੀ ਦੇ ਆਖ਼ਰੀ ਸਮਿਆਂ ਵਿਚ ਬਾਬਾ ਜੀ ਨੂੰ ਇਕ ਅਨੋਖੀ ਬਿਮਾਰੀ ਚਿੰਬੜ ਗਈ। ਇਕ ਦਿਨ ਉਨ੍ਹਾਂ ਨੂੰ ਭੱਠ ਬੁਖਾਰ ਚੜ੍ਹ ਜਾਂਦਾ ਪਰੰਤੂ ਦੂਜੇਦਿਨ ਉਹ ਬਿਨਾਂ ਕਿਸੇ ਦਵਾ-ਦਾਰੂ ਦੇ ਠੀਕ ਹੋ ਕੇ ਇੰਜ ਜਾਪਦੇ ਜਿਵੇਂ ਬਿਮਾਰ ਹੋਏ ਹੀ ਨਹੀਂ ਸਨ। ਉਹ ਬਿਮਾਰ ਹੁੰਦੇ ਜਾਂ ਤੰਦਰੁਸਤ ਹਰ ਹਾਲਤ ਵਿਚ ਪ੍ਰਮਾਤਮਾ ਨਾਲ ਜ਼ਰੂਰ ਜੁੜੇ ਹੁੰਦੇ। ਕਵੀ ਮੁਖਤਿਆਰ ਸਿੰਘ ਸੇਵਕ ਬਾਬਾ ਕੇਹਰ ਸਿੰਘ ਜੀ ਨੂੰ ਕਵਿਤਾ ਦੇ ਰੂਪ
ਵਿਚ ਸ਼ਰਧਾਂਜਲੀ ਭੇਟ ਕਰਦਾ ਹੋਇਆ ਲਿਖਦਾ ਹੈ:-
॥ ਕੋਰੜਾ ਛੰਦ ॥
ਬਾਹਰਲੀ ਡਿਊੜੀ ਵਿਚ ਬਾਬੇ ਰਹਿੰਦੇ ਸੀ।
ਸਤਿਨਾਮ ਜਪੋ ਸਤਿਨਾਮ ਕਹਿੰਦੇ ਸੀ।
ਲਾਉਂਦੇ ਜੋ ਸਮਾਧੀ ਉਹਦਾ ਕੀ ਨਜ਼ਾਰਾ ਸੀ।
ਕੋਮਲ ਹੱਥਾਂ ਦਾ ਕਰਦੇ ਇਸ਼ਾਰਾ ਸੀ।
ਅੰਮ੍ਰਿਤ ਵੇਲੇ ਰਬ ਨੂੰ ਧਿਆਉਂਦੇ ਜੀ,
ਨਿਤਨੇਮੀ ਸਿੰਘ ਆ ਦਰਸ਼ਨ ਪਾਉਂਦੇ ਜੀ।
ਲਾਉਂਦੇ ਜੋ ਸਮਾਧੀ ਉਹਦਾ ਕੀ ਨਜ਼ਾਰਾ ਸੀ।
ਕੋਮਲ ਹੱਥਾਂ ਦਾ ਕਰਦੇ ਇਸ਼ਾਰਾ ਸੀ।
॥ ਕਬਿਤ ॥
ਇਕ ਚਿਤ ਬੈਠ ਜਦ, ਲਾਂਵਦੇ ਸਮਾਧ ਆਪ,
ਵੇਖਣੇ ਦੇ ਯੋਗ ਉਦੋਂ ਹੋਂਵਦਾ ਨਜ਼ਾਰਾ ਸੀ।
ਚੌਂਕੜੇ ਨੂੰ ਮਾਰ ਚੁਪਚਾਪ ਸੀ ਅਡੋਲ ਬਹਿੰਦੇ,
ਐਸਾ ਮਨਮੋਹਣਾ ਰੂਪ ਲਗਦਾ ਪਿਆਰਾ ਸੀ।
ਅੱਖਾਂ ਮੀਟ ਜੋਤ ਜਿਵੇਂ ਜੁੜੀ ਵੀ ਅਕਾਲ ਨਾਲ,
ਰੱਬੀ ਰੂਪ ਜਿਵੇਂ ਅਵਤਾਰ ਆ ਕੇ ਧਾਰਾ ਸੀ।
ਐਸੇ ਸਾਧੂ ਸੰਤਾਂ ਉਤੋਂ ਵਾਰੇ ਬਲਿਹਾਰੇ ਜਾਈਏ,
ਰਹਿਮਤਾਂ ਦੇ ਨਾਲ ਜਦੋਂ ਕਰਦੇ ਇਸ਼ਾਰਾ ਸੀ।
ਕੋਮਲ ਜਿਹੇ ਹੱਥ ਕੱਢ ਬੁਕਲੋਂ ਪਿਆਰ ਦਿੰਦੇ,
ਉਹਦੇ ਦੁਖ ਹਾਰ ਦਿੰਦੇ ਪੁਰਖ ਅਨੂਪ ਉਹ।
ਸੇਵਕਾ ਸੀ ਰਬ ਆਪ ਸੰਗਤਾਂ ‘ਚ ਰਮੇਂ ਹੋਏ,
ਸੰਗਤ ਪਛਾਣਦੀ ਸੀ ਰਬ ਦਾ ਸੀ ਰੂਪ ਉਹ।
ਕਰਨੀ ਦੇ ਪੂਰੇ ਤੇ ਉਦਾਰ ਚਿੱਤ ਹਰ ਵੇਲੇ,
ਸਤਿਨਾਮ ਵਾਹਿਗੁਰੂ ਧਿਆਉਂਦੇ ਬਾਬਾ ਕੇਹਰ ਸਿੰਘ।
ਆਈਆਂ ਗਈਆਂ ਸੰਗਤਾਂ ਨੂੰ ਬਚਨ ਅਨਮੋਲ ਕਹਿੰਦੇ,
ਮੇਹਰਾਂ ਦੇ ਘਰ ਜਦੋਂ ਆਉਂਦੇ ਬਾਬਾ ਕੇਹਰ ਸਿੰਘ।
ਧੰਨ ਮਾਤਾ ਜਨਨੀ ਜਿਨ੍ਹਾਂ ਨੇ ਐਸੇ ਸੰਤ ਜਾਏ,
ਆਪ ਤਰੇ ਕੁਲ ਨੂੰ ਤਰਾਉਂਦੇ ਬਾਬਾ ਕੇਹਰ ਸਿੰਘ।
ਗਿਆਨ ਦੇ ਗਿਆਨੀ ਸੀ, ਬ੍ਰਹਮ ਗਿਆਨੀ ਸੰਤ ਆਪ,
ਸੰਗਤਾਂ ਦੇ ਵਿਚ ਸੀ ਸੁਹਾਉਂਦੇ ਬਾਬਾ ਕੇਹਰ ਸਿੰਘ।
ਆਪ ਹੀ ਸੀ ਬਾਗ਼ ਮਾਲੀ, ਆਪ ਫ਼ਲ ਫੁਲ ਸੀ ਉਹ,
ਆਪ ਹੀ ਸੁਗੰਧੀ ਆਪ ਸੰਗਤਾਂ ‘ਚ ਧੂਪ ਉਹ।
ਆਪ ਹੀ ਸੀ ਰੱਬ, ਸੰਗਤਾਂ ’ਚ ਰਮੇਂ ਹੋਏ,
ਸੰਗਤ ਪਛਾਣਦੀ ਸੀ ਰੱਬ ਦਾ ਸੀ ਰੂਪ ਉਹ
ਬਾਬਾ ਜੀ ‘ਤੇ ਵੀ ਬੁਢੇਪਾ ਭਾਰੂ ਹੋਣ ਲੱਗਾ ਅਤੇ ਸਿਹਤ ਕਾਫੀ ਕਮਜ਼ੋਰ ਹੋ ਗਈ। ਬਾਬਾ ਜੀ ਨੇ ਆਪਣੇ ਹੋਸ਼ ਸਮੇਂ ਵਿਚ ਹੀ ਗੁਰਦੁਆਰਾ ਸਾਹਿਬ ਜਨੇਰ ਟਕਸਾਲ ਦੀ ਸਾਰੀ ਜਾਇਦਾਦ ਦੀ ਵਸੀਅਤ ਬਾਬਾ ਦਰਸ਼ਨ ਸਿੰਘ ਜੀ ਦੇ ਨਾਮ ਕਰਵਾ ਦਿੱਤੀ ਪਰੰਤੂ ਸਿਹਤ ਹੋਰ ਵਿਗੜ ਗਈ ਅਤੇ ਖਾਣਾ-ਪੀਣਾ ਵੀ ਬੰਦ ਕਰ ਦਿੱਤਾ।
ਬਾਬਾ ਜੀ ਦਾ ਅੰਤ ਸਮਾਂ
26 ਦਸੰਬਰ 1981 ਨੂੰ ਸ਼ਨਿੱਚਰਵਾਰ ਦੇ ਦਿਨ ਸਵੇਰੇ ਸੱਤ ਕੁ ਵੈਜੇ ਪਿੰਡ ਦਾ ਸਰਪੰਚ ਮੱਘਰ ਸਿੰਘ ਸਿੱਧੂ ਮੇਰੇ ਪਾਸ (ਪੁਸਤਕ ਦਾ ਲੇਖਕ) ਆਇਆ ਅਤੇ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਤੋਂ ਸੁਨੇਹਾ ਆਇਆ ਹੈ, ਬਾਬਾ ਜੀ ਜ਼ਿਆਦਾ ਢਿੱਲੇ ਹਨ। ਆਪਾਂ ਆਪਣੇ ਡਾਕਟਰ (ਲੇਖਕ ਦਾ ਭਤੀਜਾ, ਅੱਜਕਲ੍ਹ ਅਮਰੀਕਾ ਵਿਚ ਸਪੈਸ਼ਲਿਸਟ ਡਾਕਟਰ ਹੈ, ਉਨ੍ਹਾਂ ਦਿਨਾਂ ਵਿਚ ਮੋਗੇ ਸਰਕਾਰੀ ਹਸਪਤਾਲ ਵਿਚ ਮੈਡੀਕਲ ਅਫ਼ਸਰ ਸੀ) ਨੂੰ ਲੈ ਕੇ ਗੁਰਦੁਆਰੇ ਜਾਣਾ ਹੈ। ਅਸੀਂ ਦੋਵੇਂ ਜਦੋਂ ਡਾਕਟਰ ਨੂੰ ਲੈ ਕੇ ਗੁਰੂ ਘਰ ਪਹੁੰਚੇ ਤਾਂ ਬਾਬਾ ਜੀ ਅੱਖਾਂ ਮੀਟ ਕੇ ਲੇਟੇ ਹੋਏ ਸਨ। ਬਾਬਾ ਗੁਰਦਿਆਲ ਸਿੰਘ, ਤਲਵੰਡੀ ਭਾਈ ਵਾਲਾ ਬੂਟਾ ਸਿੰਘ ਅਤੇ ਗ੍ਰੰਥੀ ਕਿਸ਼ਨ ਸਿੰਘ ਸੇਖੋਂ ਉਨਾਂ ਪਾਸ ਉਦਾਸੀਨ ਹਾਲਤ ਵਿਚ ਬੈਠੇ ਸਨ। ਡਾਕਟਰ ਸਰਦੂਲ ਸਿੰਘ ਨੇ ਬਾਬਾ ਜੀ ਨੂੰ ਚੈੱਕ ਕਰਕੇ ਕਿਹਾ, “ਇਹ ਬਹੁਤ ਕਮਜ਼ੋਰ ਹੋ ਗਏ ਹਨ, ਪੇਟ ਅੰਦਰ ਕੁਝ ਜਾਣਾ ਜ਼ਰੂਰੀ ਹੈ, ਜੇਕਰ ਤੁਸੀਂ ਚਾਹੋ ਤਾਂ ਮੈਂ ਖ਼ੁਰਾਕ ਦੀ ਨਾਲੀ ਲਗਾ ਦਿੰਦਾ ਹਾਂ। ਨਹੀਂ ਤਾਂ… ।” ਬਾਬਾ ਜੀ ਨੇ ਅੱਖਾਂ ਖੋਲ੍ਹ ਕੇ ਕੁਝ ਇਸ਼ਾਰਾ ਕੀਤਾ ਤਾਂ ਗ੍ਰੰਥੀ ਕਿਸ਼ਨ ਸਿੰਘ ਸੇਖੋਂ ਨੇ ਸਰਪੰਚ ਨੂੰ ਕਿਹਾ, “ਬਾਬਾ ਜੀ ਨੇ ਕੁਝ ਖਾਣ ਲਈ ਸਾਨੂੰ ਮਨ੍ਹਾ ਕੀਤਾ ਹੋਇਆ ਹੈ।” ਇਹ ਆਖ ਕੇ ਉਹ ਭਾਵੁਕ ਹੋ ਗਿਆ। ਸਾਰੇ ਚੁੱਪ ਚਾਪ ਇਕ ਦੂਜੇ ਦੇ ਮੂੰਹ ਵਲ ਤੱਕ ਰਹੇ ਸਨ ਪਰੰਤੂ ਖੁਰਾਕ ਦੀ ਨਾਲੀ ਲਗਾਉਣ ਜਾਂ ਨਾ ਲਗਾਉਣ ਬਾਰੇ ਕੋਈ ਵੀ ਆਪਣੀ ਰਾਇ ਦੇਣ ਤੋਂ ਅਸਮਰਥ ਜਾਪਦਾ ਸੀ ਸ਼ਾਇਦ, ਸਾਧੂ ਬੋਲੇ ਸਹਿਜ ਸੁਭਾ ਦੇ ਡਰੋਂ। ਵਾਲੀ ਗੱਲ ਨਾ ਹੋ ਜਾਵੇ।
ਸਰਪੰਚ ਮੱਘਰ ਸਿੰਘ ਸਿੱਧੂ ਨੂੰ ਤਾਂ ਗ੍ਰੰਥੀ ਕਿਸ਼ਨ ਸਿੰਘ ਸੇਖੋਂ ਹੋਰਾਂ ਨੇ ਗੁਰਦੁਆਰਾ ਸਾਹਿਬ ਹੀ ਰੁਕਣ ਵਾਸਤੇ ਆਖ ਦਿੱਤਾ। ਮੈਂ ਅਤੇ ਡਾਕਟਰ ਵਾਪਸ ਆਪਣੇ ਘਰ ਆ ਗਏ। ਉਸੇ ਦਿਨ ਸਾਢੇ ਦਸ ਵਜੇ ਦੇ ਲਗਪਗ ਬਾਬਾ ਜੀ ਨੂੰ ਅਕਾਲ ਪੁਰਖ ਦਾ ਸੱਦਾ ਆਇਆ ਅਤੇ ਉਹ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸੱਚਖੰਡ ਵਾਸੀ ਬਣ ਗਏ। ਜਨੇਰ ਸਮੇਤ ਸਾਰੇ ਇਲਾਕੇ ਵਿਚ ਮਾਤਮ ਛਾ ਗਿਆ। ਸੰਗਤਾਂ ਨੇ ਗੁਰਦੁਆਰਾ ਸਾਹਿਬ ਨੂੰ ਵਹੀਰਾਂ ਘੱਤ ਲਈਆਂ, ਸਾਰਿਆਂ ਦੀਆਂ ਅੱਖਾਂ ਨਮ ਸਨ।
27 ਦਸੰਬਰ 1981 ਨੂੰ ਐਤਵਾਰ ਦੇ ਦਿਨ ਬਾਬਾ ਅਤਰ ਸਿੰਘ ਜੀ ਦੀ ਸਮਾਧੀ ਨੇੜੇ ਬਾਬਾ ਕੇਹਰ ਸਿੰਘ ਜੀ ਦਾ ਸੰਸਕਾਰ ਕਰ ਦਿੱਤਾ ਗਿਆ। ਸਰਦੀ ਦੇ ਬਾਵਜੂਦ ਵੀ ਸ਼ਰਧਾਵਾਨ ਸੰਗਤਾਂ ਦੇ ਠਾਠਾਂ ਮਾਰਦੇ ਦਰਿਆ ਨੇ ਇਸ ਬ੍ਰਹਮ ਗਿਆਨੀ, ਨਾਮ ਬਾਣੀ ਦੇ ਪੁੰਜ ਅਤੇ ਪ੍ਰਮਾਤਮਾ ਵਲੋਂ ਵਰੋਸਾਏ ਮਹਾਂਪੁਰਸ਼ ਦੇ ਆਖ਼ਰੀ ਦਰਸ਼ਨ ਕੀਤੇ। ਗੁਰਦੁਆਰਾ ਸਾਹਿਬ ਜਨੇਰ ਵਿਖੇ 5 ਜਨਵਰੀ 1982 ਨੂੰ ਬਾਬਾ ਜੀ ਦੇ ਦੁਸਿਹਰੇ ਦੇ ਭੋਗ ਪਾਏ ਗਏ। ਹਜ਼ੂਰੀ ਰਾਗੀ ਭਾਈ ਗੁਰਨਾਮ ਸਿੰਘ ਅਤੇ ਪ੍ਰੇਮ ਸਿੰਘ ਪਤੰਗਾ ਦੇ ਰਾਗੀ ਜਥਿਆਂ ਨੇ ਵਿਰਾਗਮਈ ਕੀਰਤਨ ਕੀਤਾ। ਇਲਾਕੇ ਦੀਆਂ ਸਮੂਹ ਸੰਗਤਾਂ, ਜਨੇਰ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਸਾਧੂ ਸੰਤਾਂ ਦੀ ਹਾਜ਼ਰੀ ਵਿਚ ਬਾਬਾ ਦਰਸ਼ਨ ਸਿੰਘ ਜੀ ਨੂੰ ਦਸਤਾਰ ਬੰਦੀ ਦੀ ਰਸਮ ਅਨੁਸਾਰ ਪਗੜੀ ਪਹਿਨਾਈ ਗਈ। ਜਦੋਂ ਬਾਬਾ ਦਰਸ਼ਨ ਸਿੰਘ ਜੀ ਨੂੰ ਪਗੜੀ ਪਹਿਨਾਈ ਜਾ ਰਹੀ ਸੀ ਤਾਂ ਉਸ ਸਮੇਂ ਬਾਬਾ ਜੀ ਚੁਪਚਾਪ ਉਦਾਸੀਨਤਾ ਵਿਚ ਬਿਰਾਮਜਨ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਵਗ ਰਿਹਾ ਦਰਦ ਵਿਛੋੜੇ ਦਾ ਨੀਰ, ਸੰਤ ਬਾਬਾ ਕੇਹਰ ਸਿੰਘ ਜੀ ਪ੍ਰਤੀ ਸ਼ਰਧਾ ਦੇ ਪ੍ਰਤੀਕ ਦਾ ਸਬੂਤ ਸੀ। ਬਾਬਾ ਫਤਿਹ ਸਿੰਘ ਜੀ ਖੋਸਾ ਕੋਟਲਾ ਦੀ ਅਗਵਾਈ ਵਿਚ ਲੰਗਰ ਦੇ ਰੂਪ ਵਿਚ ਵੱਡੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਜਨੇਰ ਦੀ ਨੌਜੁਆਨ ਸਭਾ ਨੇ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਆਈਆਂ ਸੰਗਤਾਂ ਦੀ ਸੇਵਾ ਕੀਤੀ।
6 ਜਨਵਰੀ 1982 ਨੂੰ ਕੀਰਤਪੁਰ ਸਾਹਿਬ ਪਤਾਲ ਪੁਰੀ ਵਿਖੇ ਪੂਰੀ ਗੁਰਮਰਿਆਦਾ ਅਨੁਸਾਰ ਬਾਬਾ ਜੀ ਦੇ ਫੁਲ ਜਲ ਪ੍ਰਵਾਹ ਕੀਤੇ ਗਏ। ਸੰਗਤਾਂ ਦੇ ਇਕ ਵੱਡੇ ਕਾਫ਼ਲੇ ਨੇ ‘ਅਰਥੀਆਂ ਜਲ ਪ੍ਰਵਾਹ’ ਕਰਨ ਦੀ ਰਸਮ ਵਿਚ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਜਨੇਰ ਵਿਖੇ ਬਾਬਾ ਜੀ ਨੂੰ ਸਮਰਪਤ ਆਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ। 26 ਜਨਵਰੀ 1982 ਨੂੰ 24 ਆਖੰਡ ਪਾਠ ਸਾਹਿਬ ਅਤੇ ਇਕ ਸਹਿਜ ਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਤੋਂ ਬਾਹਰ ਇਕ ਵੱਡਾ ਸ਼ਮਿਆਨਾ ਲਗਾ ਕੇ ਇਲਾਕਾ ਨਿਵਾਸੀ ਸੰਗਤਾਂ, ਧਾਰਮਿਕ ਸ਼ਖ਼ਸੀਅਤਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਕਥਾਵਾਚਕਾਂ ਨੇ 108 ਸੰਤ ਬਾਬਾ ਕੇਹਰ ਸਿੰਘ ਜੀ ਬ੍ਰਹਮ ਗਿਆਨੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਕ ਵਾਰ ਫੇਰ ਬਾਬਾ ਫਤਿਹ ਸਿੰਘ ਜੀ ਖੋਸਾ ਕੋਟਲਾ ਵਾਲਿਆਂ ਦੀ ਅਗਵਾਈ ਵਿਚ ਵੱਡੇ ਪੱਧਰ ‘ਤੇ ਪਕਵਾਨ ਤਿਆਰ ਕਰਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਜਨੇਰ ਦੀ ਨੌਜੁਆਨ ਸਭਾ ਅਤੇ ਗੁਰੂ ਘਰ ਦੇ ਸ਼ਰਧਾਲੂ ਸੇਵਕਾਂ ਨੇ 24 ਆਖੰਡ ਪਾਠਾਂ ਅਤੇ ਇਕ ਸਹਿਜ ਪਾਠ ਨੂੰ ਪੂਰਨ ਗੁਰਮਰਿਆਦਾ ਅਨੁਸਾਰ ਨੇਪਰੇ ਚਾੜ੍ਹਨ ਲਈ ਦਿਨ ਰਾਤ ਇਕ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਬਾਬਾ ਦਰਸ਼ਨ ਸਿੰਘ ਜੀ
ਬਾਬਾ ਦਰਸ਼ਨ ਸਿੰਘ ਜੀ ਦਾ ਜੱਦੀ ਪਿੰਡ ਕੋਟ ਈਸੇ ਖਾਂ ਕਸਬੇ ਤੋਂ ਅੱਗੇ ਮੇਲਕ ਪਿੰਡ ਸੀ। ਛੋਟੇ ਉਮਰ ਵਿਚ ਹੀ ਬਾਬਾ ਜੀ ਗੁਰਦੁਆਰਾ ਸਾਹਿਬ ਜਨੇਰ ਵਿਖੇ ਧਾਰਮਿਕ ਵਿਦਿਆ ਹਾਸਲ ਕਰਨ ਲਈ ਪਹੁੰਚੇ ਜਦੋਂ ਜਵਾਨ ਹੋਏ ਤਾਂ ਆਪਣਾ ਘਰ ਬਾਰ ਅਤੇ ਜ਼ਮੀਨ ਵੇਚ ਕੇ ਸਾਰੀ ਪੂੰਜੀ ਬਾਬਾ ਕੇਹਰ ਸਿੰਘ ਜੀ ਦੇ ਚਰਨਾਂ ਵਿਚ ਰੱਖ ਦਿੱਤੀ। ਆਪਣੇ ਜੱਦੀ ਪਿੰਡ ਮੇਲਕ ਨੂੰ ਭੁਲਾ ਕੇ ਉਹ ਜਨੇਰ ਦੇ ਹੀ ਹੋ ਗਏ। ਕੁਝ ਸਮੇਂ ਬਾਅਦ ਬਾਬਾ ਕੇਹਰ ਸਿੰਘ ਜੀ ਨੇ ਨੌਜੁਆਨ ਦਰਸ਼ਨ ਸਿੰਘ ਜੀ ਨੂੰ ਪਿਆਰ ਦਿੱਤਾ ਅਤੇ ਮੋਗਾ ਵਾਲੇ ਗੁਰਦੁਆਰਾ ਬਾਬਾ ਮੱਲ ਸਿੰਘ ਜੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਿਹੜੀ ਕਿ ਉਨ੍ਹਾਂ ਨੇ ਬਾਖ਼ੂਬੀ ਨਾਲ ਨਿਭਾਉਂਦੇ ਹੋਏ ਇਸ ਗੁਰੂ ਘਰ ਦੀ ਗੈਲਰੀ ਅਤੇ ਦਰਬਾਰ ਸਾਹਿਬ ਦੀ ਇਮਾਰਤ ਵਿਚ ਕੁਝ ਸੋਧਾਂ ਕਰਕੇ ਬਹੁਤ ਹੀ ਸੁੰਦਰ ਰੂਪ ਵਿਚ ਬਦਲ ਦਿੱਤਾ। ਪਿੰਡ ਜਨੇਰ ਦੀ ਜ਼ਮੀਨ ਵਿਚ ਨਵੇਂ ਬੋਰ ਕਰਵਾ ਕੇ ਵੱਡੀਆਂ ਮੋਟਰਾਂ ਲਗਵਾਈਆਂ।
ਪਿੰਡ ਜਨੇਰ ਦੀ ਅਬਾਦੀ ਦਿਨ-ਬ-ਦਿਨ ਵਧਦੀ ਜਾ ਰਹੀ ਸੀ। ਪੁਰਾਣੇ ਦਰਬਾਰ ਸਾਹਿਬ ਦੀ ਇਮਾਰਤ ਛੋਟੀ ਹੀ ਨਹੀਂ ਸਗੋਂ ਪੁਰਾਣੀ ਵੀ ਹੋ ਗਈ ਸੀ। ਬਾਬਾ ਦਰਸ਼ਨ ਸਿੰਘ ਜੀ ਨੇ ਇਲਾਕੇ ਦੀਆਂ ਸੰਗਤਾਂ ਅਤੇ ਜਨੇਰ ਨਿਵਾਸੀਆਂ ਨਾਲ ਸਲਾਹ ਮਸ਼ਵਰਾ ਕਰਕੇ ਸਮੇਂ ਦੀ ਲੋੜ ਅਨੁਸਾਰ ਆਧੁਨਿਕ ਅਤੇ ਖੁਲ੍ਹਾ-ਡੁਲ੍ਹਾ ਦਰਬਾਰ ਸਾਹਿਬ ਬਣਾਉਣ ਦਾ ਬੀੜਾ ਚੁੱਕਿਆ। ਖੋਸਾ ਕੋਟਲਾ ਦੇ ਸੰਤ ਬਾਬਾ ਫਤਿਹ ਸਿੰਘ ਜੀ ਹੋਰਾਂ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਵੀ ਇਸ ਦਾ ਸਮਰਥਨ ਹੀ ਨਹੀਂ ਕੀਤਾ ਸਗੋਂ ਹਰ ਤਰ੍ਹਾਂ ਦੇ ਸਹਿਯੋਗ ਲਈ ਹਾਮੀ ਵੀ ਭਰੀ। ਬਸ ਫੇਰ ਕੀ ਸੀ, ਪੁਰਾਣਾ ਦਰਬਾਰ ਸਾਹਿਬ ਢਾਹ ਕੇ ਡੂੰਘੀਆਂ ਅਤੇ ਚੌੜੀਆਂ ਨੀਂਹਾਂ ਭਰਨ ਉਪਰੰਤ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ। ਪਿੰਡ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਨਵੇਂ ਦਰਬਾਰ ਸਾਹਿਬ ਦੀ ਇਮਾਰਤ ਉਸਾਰੀ ਦੇ ਕਾਰਜ ਵਿਚ ਯੋਗਦਾਨ ਪਾਇਆ। ਇਲਾਕੇ ਦੀਆਂ ਦੂਜੀਆਂ ਸੰਗਤਾਂ ਵੀ ਪਿੱਛੇ ਨਾ ਰਹੀਆਂ। ਰਾਜ ਮਿਸਤਰੀਆਂ ਦੀ ਅਗਵਾਈ ਜਨੇਰ ਦਾ ਹੀ ਮਿਸਤਰੀ ਠੇਕੇਦਾਰ ਬਲਵਿੰਦਰ ਸਿੰਘ ਚਾਨਾ ਕਰ ਰਿਹਾ ਸੀ। ਦਰਬਾਰ ਸਾਹਿਬ ਦਾ ਕਾਫੀ ਹਿੱਸਾ ਤਾਂ ਜਲਦੀ ਹੀ ਤਿਆਰ ਹੋ ਗਿਆ ਪਰੰਤੂ ਕਹਿੰਦੇ ਹਨ, ‘ਬਈ ਗੁਰੂ ਘਰਾਂ ਦੇ ਕੰਮ ਜਲਦੀ ਪੂਰੇ ਨਹੀਂ ਹੁੰਦੇ, ਕੁਝ ਨਾ ਕੁਝ ਬਣਦਾ ਹੀ ਰਹਿੰਦਾ ਹੈ।’ ਲੰਮਾ ਸਮਾਂ ਬਾਬਾ ਦਰਸ਼ਨ ਸਿੰਘ ਜੀ ਦੀ ਯੋਗ ਰਹਿਨੁਮਾਈ ਵਿਚ ਪੱਥਰ ਆਦਿ ਲਗਾਉਣ ਦਾ ਕੰਮ ਚਲਦਾ ਰਿਹਾ।
ਬਾਬਾ ਦਰਸ਼ਨ ਸਿੰਘ ਜੀ ਦੀ ਉਮਰ ਹਾਲੀਂ ਬਹੁਤੀ ਨਹੀਂ ਸੀ ਜਦੋਂ ਉਨ੍ਹਾਂ ਨੂੰ ‘ਬਲੱਡ ਸ਼ੂਗਰ’ ਅਤੇ ਪਿਸ਼ਾਬ ਦੀਆਂ ਨਾੜੀਆਂ ਵਿਚ ‘ਗਦੂਦਾਂ ਵਧ ਜਾਣ’ ਵਰਗੇ ਚੰਦਰੇ ਰੋਗ ਚਿੰਬੜ ਗਏ। ਦੇਸੀ ਅਤੇ ਅੰਗਰੇਜ਼ੀ ਦੋਹਾਂ ਕਿਸਮ ਦੇ ਇਲਾਜਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨ੍ਹਾਂ ਨਾਮੁਰਾਦ ਰੋਗਾਂ ਤੋਂ ਰਾਹਤ ਨਾ ਮਿਲੀ। ਡਾਕਟਰਾਂ ਦੀ ਸਲਾਹ ਨਾਲ ਬਾਬਾ ਜੀ ਨੂੰ ਲੁਧਿਆਣੇ ਦੇ ਡੀ.ਐਮ.ਸੀ. ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਸ਼ੂਗਰ ਅਤੇ ਗਦੂਦਾਂ ਦਾ ਇਲਾਜ ਦੋਵੇਂ ਇਕੱਠੇ ਸ਼ੁਰੂ ਕੀਤੇ ਗਏ। ਗਦੂਦਾਂ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਪਰੰਤੂ ਸ਼ੂਗਰ ਵਧ ਜਾਣ ਕਰਕੇ ਸਫ਼ਲਤਾ ਨਾ ਮਿਲੀ। ਹਾੜ੍ਹ ਮਹੀਨੇ ਦੇ 26ਵੇਂ ਦਿਨ, 1993 ਈਸਵੀ ਨੂੰ ਬਾਬਾ ਦਰਸ਼ਨ ਸਿੰਘ ਜੀ ਗੁਰਪੁਰੀ ਸੁਧਾਰ ਗਏ। ਬਾਬਾ ਜੀ ਦੀਆਂ ਅੰਤਮ ਅਰਦਾਸਾਂ ਤੋਂ ਬਾਅਦ ਪਗੜੀ ਦੀ ਰਸਮ ਸਮੇਂ ਬਾਬਾ ਗੁਰਦਿਆਲ ਸਿੰਘ ਜੀ ਨੂੰ ਪਗੜੀ ਪਹਿਨਾ ਦਿੱਤੀ ਗਈ। ਬਾਬਾ ਜੀ ਦੀ ਅੰਤਮ ਅਰਦਾਸ ਅਤੇ ਪਗੜੀ ਦੀ ਰਸਮ ਮੋਗਾ ਵਿਖੇ ਬਾਬਾ ਮੱਲ ਸਿੰਘ ਜੀ ਵਾਲੇ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਈ।
ਬਾਬਾ ਗੁਰਦਿਆਲ ਸਿੰਘ ਜੀ
ਬਾਬਾ ਗੁਰਦਿਆਲ ਸਿੰਘ ਜੀ ਦਾ ਜਨਮ ਧਰਮਕੋਟ ਵਿਖੇ ਰਾਮਗੜ੍ਹੀਆ ਉਪ ਜਾਤੀ ਦੇ ਧਾਰਮਿਕ ਬਿਰਤੀ ਵਾਲੇ ਪਰਿਵਾਰ ਵਿਚ ਹੋਇਆ। ਛੋਟੀ ਉਮਰ ਵਿਚ ਹੀ ਬਾਲਕ ਗੁਰਦਿਆਲ ਸਿੰਘ ਨੇ ਜਨੇਰ ਦੇ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਵਿਦਿਆ ਦਾ ਅਧਿਅਨ ਸ਼ੁਰੂ ਕਰ ਦਿੱਤਾ। ਬੇਸ਼ਕ ਬਾਬਾ ਜੀ ਧਾਰਮਿਕ ਵਿਦਿਆ ਹਾਸਲ ਕਰਨ ਉਪਰੰਤ ਅੱਛੇ ਆਖੰਡ ਪਾਠੀ ਤਾਂ ਬਣ ਗਏ ਪਰੰਤੂ ਉਹ ਕੀਰਤਨ ਵਿਦਿਆ ਵਲ ਬਹੁਤਾ ਧਿਆਨ ਨਾ ਦੇ ਸਕੇ। ਜਿਸ ਦਾ ਮੁਖ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਪਿੰਡ ਵਿਚੋਂ ਦੁੱਧ ਅਤੇ ਪ੍ਰਸ਼ਾਦਿਆਂ ਦੀ ਗਜਾ ਕਰਨ ਤੋਂ ਇਲਾਵਾ ਗੁਰੂ ਘਰ ਦੇ ਖੇਤੀਬਾੜੀ ਕੰਮਾਂ ਵਿਚ ਵੀ ਹੱਥ ਵਟਾਉਣਾ ਪੈਂਦਾ ਸੀ।
ਬਾਬਾ ਗੁਰਦਿਆਲ ਸਿੰਘ ਜੀ ਅਜੋਕੇ ਸਮੇਂ ਦੇ ਚੁਸਤ, ਚਲਾਕ, ਮੌਕਾਪ੍ਰਸਤ, ਅਡੰਬਰੀ, ਢੋਂਗੀ ਅਤੇ ਚਾਲਬਾਜ਼ ਬਾਬਿਆਂ ਵਾਂਗ ਪ੍ਰਧਾਨ, ਸਰਪੰਚਾਂ, ਚੇਅਰਮੈਨਾਂ, ਲੀਡਰਾਂ ਅਤੇ ਸਰਕਾਰ ਦੀ ਪਿੱਠ ਪੂਰਨ ਵਾਲੇ ਬਾਬੇ ਨਹੀਂ ਸਨ, ਉਹ ਤਾਂ ਸਿੱਧ ਪੱਧਰੇ, ਸਾਦੀ ਜੀਵਨ ਸ਼ੈਲੀ, ਗੁਰੂ ਅਤੇ ਗੁਰੂਘਰ ਨੂੰ ਦਿਲੋਂ ਸਮਰਪਤ ਉੱਚੇ ਆਚਰਨ ਵਾਲੇ ਮਸਤ ਇਨਸਾਨ ਸਨ। ਉਹ ਕੀ ਖਾ ਚੁੱਕੇ ਹਨ? ਕੀ ਖਾ ਰਹੇ ਹਨ? ਜਾਂ ਉਨ੍ਹਾਂ ਕਿਹੜੇ ਕਪੜੇ ਪਹਿਨੇ ਹੋਏ ਹਨ? ਇਨ੍ਹਾਂ ਗੱਲਾਂ ਵੱਲ ਉਹ ਘਟ ਹੀ ਧਿਆਨ ਦਿੰਦੇ ਸਨ। ਕਈ ਵਾਰ ਤਾਂ ਆਮ ਇਨਸਾਨ ਬਾਬਾ ਜੀ ਦੀ ਇਸ ਨਿਵੇਕਲੀ ਅਤੇ ਸਾਦਗੀ ਭਰੀ ਜੀਵਨ ਸ਼ੈਲੀ ‘ਤੇ ਹੈਰਾਨ ਹੋ ਜਾਂਦਾ ਸੀ।
ਬਾਬਾ ਗੁਰਦਿਆਲ ਸਿੰਘ ਜੀ ਦੀ ਉਮਰ ਤਾਂ ਬਹੁਤੀ ਨਹੀਂ ਸੀ ਪਰੰਤੂ ਸਿਹਤ ਪੱਖੋਂ ਅਣਗੌਲੇ ਰਹਿੰਦੇ ਹੋਣ ਕਾਰਨ ਉਹ ਇਕਦਮ ਹੀ ਕਈ ਜਾਨਲੇਵਾ ਬਿਮਰੀਆਂ ਦਾ ਸ਼ਿਕਾਰ ਹੋ ਗਏ। ਬਾਬਾ ਮੁਹਿੰਦਰ ਸਿੰਘ ਅਤੇ ਸੰਗਤਾਂ ਨੇ ਉਨ੍ਹਾਂ ਨੂੰ ਕਈ ਡਾਕਟਰਾਂ ਪਾਸੋਂ ਚੈੱਕ ਕਰਵਾਇਆ ਅਤੇ ਦਵਾਈਆਂ ਵੀ ਖੁਆਈਆਂ ਪਰੰਤੂ ਉਨ੍ਹਾਂ ਦੀ ਸਿਹਤ ਵਿਚ ਕੋਈ ਸੁਧਾਰ ਨਾ ਹੋਇਆ। ਅਖੀਰ ਸੰਗਤਾਂ ਨੇ ਸਲਾਹ ਕਰਕੇ ਉਨ੍ਹਾਂ ਨੂੰ ਮੋਗੇ ਥਾਪਰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਪਰੰਤੂ ਬਾਬਾ ਜੀ ਜ਼ਿੰਦਗੀ ਦੀ ਬਾਜ਼ੀ ਹਾਰ, ਵਿਸਾਖੀ ਦੇ ਪਵਿੱਤਰ ਦਿਹਾੜੇ, 13 ਅਪ੍ਰੈਲ 2002 ਈਸਵੀ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਸੰਸਕਾਰ ਅਤੇ ਅੰਤਮ ਅਰਦਾਸਾਂ ਦੀਆਂ ਰਸਮਾਂ ਗੁਰਦੁਆਰਾ ਸਾਹਿਬ ਜਨੇਰ ਵਿਖੇ ਆਯੋਜਿਤ ਕੀਤੀਆਂ ਗਈਆਂ। ਦੁਸਿਹਰੇ ਦੇ ਭੋਗ ਤੋਂ ਬਾਅਦ ਇਲਾਕੇ ਅਤੇ ਜਨੇਰ ਦੀਆਂ ਸੰਗਤਾਂ ਨੇ ਸਰਬ ਸੰਮਤੀ ਨਾਲ ਪਗੜੀ ਬਾਬਾ ਮੁਹਿੰਦਰ ਸਿੰਘ ਜੀ ਦੇ ਸਿਰ ਬੰਨ੍ਹਾ ਦਿੱਤੀ।
ਬਾਬਾ ਮੁਹਿੰਦਰ ਸਿੰਘ ਜੀ
ਮੌਜੂਦਾ ਸਮੇਂ ਵਿਚ ਬਾਬਾ ਮੁਹਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਜਨੇਰ ਅਤੇ ਇਸ ਨਾਲ ਸਬੰਧਤ ਗੁਰੂ ਘਰਾਂ ਦੇ ਮੁਖ ਸੇਵਾਦਾਰ ਹਨ। ਇਨ੍ਹਾਂ ਦਾ ਜਨਮ ਮੋਗਾ ਦੇ ਜੱਟ ਸਿੱਖ ਰੰਧਾਵਾ ਗੋਤ ਦੇ ਪਰਿਵਾਰ ਵਿਚ 22 ਜੂਨ 1970 ਨੂੰ ਹੋਇਆ। ਧਾਰਮਿਕ ਵਿਦਿਆ ਹਾਸਲ ਕਰਨ ਤੋਂ ਪਹਿਲਾਂ ਬਾਬਾ ਜੀ ਨੇ ਸਕੂਲ ਵਿਦਿਆ ਦੀਆਂ ਬਾਰਾਂ ਜਮਾਤਾਂ ਪਾਸ ਕੀਤੀਆਂ, ਵਿਦਿਆਰਥੀ ਜੀਵਨ ਵਿਚ ਹੀ ਉਹ ਮੋਗਾ ਦੇ ਬਾਬਾ ਮੱਲ ਸਿੰਘ ਜੀ ਵਾਲੇ ਗੁਰਦੁਆਰਾ ਸਾਹਿਬ ਨਾਲ ਜੁੜ ਗਏ ਜਿੱਥੇ ਬਾਬਾ ਦਰਸ਼ਨ ਸਿੰਘ ਜੀ ਸ਼ਖ਼ਸੀਅਤ ਦਾ ਉਨ੍ਹਾਂ ਉਪਰ ਡੂੰਘਾ ਅਸਰ ਹੋਇਆ। ਸਕੂਲੀ ਵਿਦਿਆ ਦਾ ਅੱਛਾ ਅਧਾਰ ਹੋਣ ਕਰਕੇ ਬਾਬਾ ਜੀ ਨੂੰ ਧਾਰਮਿਕ ਵਿਦਿਆ ਗ੍ਰਹਿਣ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਥੋੜ੍ਹੇ ਸਮੇਂ ਵਿਚ ਹੀ ਉਹ ਬਾਬਾ ਦਰਸ਼ਨ ਸਿੰਘ ਜੀ ਦੇ ਪਦ ਚਿੰਨ੍ਹਾਂ ‘ਤੇ ਚਲਦਿਆਂ ਸ਼ੁਧ ਉਚਾਰਨ ਵਾਲੇ ਆਖੰਡ ਪਾਠੀ ਅਤੇ ਕਥਾਵਾਚਕ ਬਣ ਗਏ। ਬਾਬਾ ਗੁਰਦਿਆਲ ਸਿੰਘ ਜੀ ਹੋਰਾਂ ਦੇ ਗੁਰਪੁਰੀ ਸੁਧਾਰ ਜਾਣ ਤੋਂ ਬਾਅਦ ਗੁਰਦੁਆਰਾ ਸਾਹਿਬ ਜਨੇਰ ਅਤੇ ਇਸ ਨਾਲ ਸਬੰਧਤ ਗੁਰੂ ਘਰਾਂ ਦੀ ਸਾਰੀ ਜ਼ਿੰਮੇਵਾਰੀ ਸੰਗਤਾਂ ਨੇ ਲਗਪਗ 32 ਸਾਲ ਦੀ ਛੋਟੀ ਉਮਰੇ ਬਾਬਾ ਮੁਹਿੰਦਰ ਸਿੰਘ ਜੀ ਨੂੰ ਸੌਂਪ ਦਿੱਤੀ। ਬਾਬਾ ਜੀ ਵਾਸਤੇ ਇਹ ਬਹੁਤ ਹੀ ਚੁਣੌਤੀ ਭਰਿਆ ਕਾਰਜ ਸੀ ਪਰੰਤੂ ਇਨ੍ਹਾਂ ਇਸ ਨੂੰ ਬਾਖੂਬੀ ਨਾਲ ਨਿਭਾਇਆ ਅਤੇ ਨਿਭਾ ਵੀ ਰਹੇ ਹਨ।
ਬਾਬਾ ਜੀ ਨੂੰ ਪਹਿਲੀ ਚੁਣੌਤੀ ਗੁਰੂ ਘਰ ਦੇ ਖੇਤੀਬਾੜੀ ਢਾਂਚੇ ਨੂੰ ਸੁਧਾਰਨ ਦੇ ਰੂਪ ਵਿਚ ਮਿਲੀ। ਪਾਣੀ ਦਾ ਪੱਧਰ ਨੀਵਾਂ ਹੋ ਜਾਣ ਕਰਕੇ ਨਵੇਂ ਬੋਰ ਕਰਵਾ ਕੇ ਵੱਡੀਆਂ ਤਾਕਤਵਰ ਮੱਛੀ ਮੋਟਰਾਂ ਪੁਆਣੀਆਂ ਪਈਆਂ। ਇਕ ਹੋਰ ਟਰੈਕਟਰ ਖ਼ਰੀਦਿਆ ਗਿਆ। ਖੇਤੀ ਦੇ ਪ੍ਰਬੰਧਕੀ ਢਾਂਚੇ ਨੂੰ ਲੀਹਾਂ ‘ਤੇ ਲੈ ਕੇ ਆਉਣ ਲਈ ਬਾਬਾ ਜੀ ਨੇ ਸਿੱਧੂ ਪੱਤੀ ਵਾਲੇ ਮੰਦਰ ਸਿੰਘ ਸਿੱਧੂ ਨੂੰ ਕੁਝ ਸਮੇਂ ਲਈ ਗੁਰੂ ਘਰ ਦੀ ਸੇਵਾ ਵਾਸਤੇ ਬੇਨਤੀ ਕੀਤੀ। ਅਜੋਕੇ ਪਦਾਰਥਵਾਦੀ ਯੁਗ ਵਿਚ ਨਿਸ਼ਕਾਮ ਸੇਵਾਵਾਂ ਨਿਭਾਉਣੀਆਂ ਬਹੁਤ ਮੁਸ਼ਕਲ ਹੁੰਦੀਆਂ ਹਨ ਪਰੰਤੂ ਮੰਦਰ ਸਿੰਘ ਸਿੱਧੂ ਨੇ ਮੱਥੇ ਵੱਟ ਨਾ ਪਾਇਆ। ਜਦੋਂ ਉਸ ਦੇ ਗੁਰੂ ਘਰ ਦੇ ਸ਼ਰਧਾਲੂ ਪੁੱਤਰਾਂ ਨੇ ਵੀ ਹਾਮੀ ਭਰ ਦਿੱਤੀ ਤਾਂ 64-65 ਦੀ ਉਮਰ ਵਿਚ ਉਸ ਨੇ ਦੁਬਾਰਾ ਟਰੈਕਟਰ ਦਾ ਸਟੇਰਿੰਗ ਹੀ ਨਹੀਂ ਫੜਿਆ ਸਗੋਂ ਸਾਰੇ ਸੀਰੀਆਂ, ਦਿਹਾੜੀਦਾਰ ਕਾਮਿਆਂ, ਖਾਦਾਂ, ਸਪਰੇਆਂ ਅਤੇ ਬੀਜਾਂ ਆਦਿ ਦਾ ਸਾਰਾ ਕੰਟਰੋਲ ਆਪਣੇ ਹੱਥ ਵਿਚ ਕਰਕੇ ਦੋ ਕੁ ਸਾਲ ‘ਚ ਸਮੇਂ ਵਿਚ ਹੀ ਖੇਤੀਬਾੜੀ ਦਾ ਲੀਹੋਂ ਲੱਥਾ ਪਹੀਆ ਮੁੜ ਲੀਹ ‘ਤੇ ਲੈ ਆਂਦਾ।
ਜਨੇਰ ਦੇ ਗੁਰਦੁਆਰਾ ਸਾਹਿਬ ਅਤੇ ਬਿਜਲੀ ਟਿਊਬਵੈੱਲਾਂ ‘ਤੇ ਹੀ ਨਹੀਂ ਸਗੋਂ ਸਾਰੇ ਪਿੰਡ ਵਿਚ ਹੀ ਘਰੇਲੂ ਅਤੇ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਦਾ ਮੰਦਾ ਹਾਲ ਸੀ। ਬਾਬਾ ਮੁਹਿੰਦਰ ਸਿੰਘ ਜੀ ਨੇ ਪੰਜਾਬ ਰਾਜ ਬਿਜਲੀ ਬੋਰਡ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਡੇਢ ਕਿੱਲਾ ਜ਼ਮੀਨ ਗੁਰਦੁਆਰਾ ਸਾਹਿਬ ਵਲੋਂ ਦਾਨ ਦੇ ਰੂਪ ਵਿਚ ਦੇ ਦਿੱਤੀ। ਬਿਜਲੀ ਬੋਰਡ ਵਾਲਿਆਂ ਨੇ ਕੁਝ ਮਹੀਨਿਆਂ ਵਿਚ ਹੀ ਉਥੇ ਨਵਾਂ ਬਿਜਲੀਘਰ ਸਥਾਪਤ ਕਰ ਦਿੱਤਾ ਜਿਸ ਦੇ ਫ਼ਲਸਰੂਪ ਪਿੰਡ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ। ਬਾਬਾ ਜੀ ਨੇ ਗੁਰੂ ਘਰ ਦੀ ਇਮਾਰਤ ਦਾ ਕੰਮ ਮਿਸਤਰੀ ਠੇਕੇਦਾਰ ਬਲਵਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਨੇਪਰੇ ਚਾੜ੍ਹਿਆ। ਗੁਰੂ ਕੇ ਲੰਗਰ ਵਿਚ ਸੁਧਾਰ ਕੀਤਾ। ਗੋਬਰ ਗੈਸ ਦਾ ਪਲਾਂਟ ਲਗਵਾਇਆ ਅਤੇ ਧਾਰਮਿਕ ਸੰਗੀਤ ਵਿਦਿਆਲਯ ਖੋਲ੍ਹਿਆ।
ਬਾਬਾ ਮੁਹਿੰਦਰ ਸਿੰਘ ਜੀ ਨੂੰ ਸਭ ਤੋਂ ਵੱਡੀ ਚੁਣੌਤੀ ਗੁਰੂਘਰ ਦੋਖੀਆਂ ਵਲੋਂ ਗੁਰੂ ਘਰਾਂ ਦੀ ਜਾਇਦਾਦ ਹੜੱਪ ਕਰਨ ਦੇ ਰੂਪ ਵਿਚ ਮਿਲੀ। ਖ਼ਾਸ ਕਰਕੇ ਮੋਗੇ ਵਾਲੇ ਗੁਰੂ ਘਰਾਂ ਦੀ ਕੀਮਤੀ ਜਾਇਦਾਦ ਦੇ ਸਬੰਧ ਵਿਚ ਲੜਾਈਆਂ ਹੋਈਆਂ ਅਤੇ ਮੁਕੱਦਮੇ ਵੀ ਚੱਲੇ ਪਰੰਤੂ ਨਗਰ ਜਨੇਰ ਇਕ ਚਟਾਨ ਦੀ ਤਰ੍ਹਾਂ ਖੜ੍ਹਾ ਹੋ ਗਿਆ। ਕੁਝ ਸਮਾਂ ਤਾਂ ਬਾਬਾ ਮੁਹਿੰਦਰ ਸਿੰਘ ਜੀ ਅਤੇ ਜਨੇਰ ਦੀ ਸੰਗਤ ਦੀ ਇਕ ਲੱਤ ਕਚਿਹਰੀ ਵਿਚ ਹੁੰਦੀ ਅਤੇ ਦੂਜੀ ਜਨੇਰ ਜਾਂ ਗੁਰੂ ਘਰ ਪਰੰਤੂ ਸਮਾਂ ਪਾ ਕੇ ਹੁਣ ਕੋਰਟ ਕਚਿਹਰੀਆਂ ਵਿਚੋਂ ਰਾਹਤ ਮਿਲਣੀ ਸ਼ੁਰੂ ਹੋ ਗਈ। ਇਕ ਇਤਿਹਾਸਕ ਅਤੇ ਸਮਾਜਿਕ ਸਚਾਈ ਹੈ ਕਿ ਜਦੋਂ ਵੀ ਕਿਸੇ ਪਿੰਡ, ਕਬੀਲੇ, ਫਿਰਕੇ, ਜ਼ਾਤ, ਕੌਮ ਜਾਂ ਵਰਗ ਨੂੰ ਭੀੜ ਪਈ ਅਤੇ ਉਨ੍ਹਾਂ ਦੀ ਅਣਖ ਨੂੰ ਵੰਗਾਰਿਆ ਗਿਆ ਤਾਂ ਉਹ ਆਪਣੇ ਆਪਣੇ ਆਪਸੀ ਗਿਲੇ-ਸ਼ਿਕਵੇਂ ਭੁਲਾ ਕੇ ਇਕਮੁਠ ਹੋਏ। ਜਨੇਰ ਵਾਸੀਆਂ ਨੂੰ ਵੀ ਗੁਰੂਘਰ ਦੋਖੀਆਂ ਦੀਆਂ ਕੋਝੀਆਂ ਚਾਲਾਂ ਨੇ ਇਕ ਪਲੇਟ ਫਾਰਮ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇਸ ਵੰਗਾਰ ਦੀ ਘੜੀ ਕਿਸ ਨੇ ਕਿੰਨਾ ਯੋਗਦਾਨ ਪਾਇਆ? ਸ਼ਾਇਦ ਇਸ ਦਾ ਸੰਖੇਪ ਜਿਹਾ ਉਤਰ ਤਾਂ ਇਹ ਹੀ ਹੋਵੇਗਾ ਕਿ ਹਰ ਇਕ ਜਨੇਰ ਵਾਸੀ ਨੇ ਆਪਣਾ ਬਣਦਾ ਯੋਗਦਾਨ ਪਾਇਆ ਪਰੰਤੂ ਫੇਰ ਵੀ ਪਿੰਡ ਦੇ ਨੌਜੁਆਨ ਵਰਗ ਵਲੋਂ ਨਿਭਾਈ ਗਈ ਭੂਮਿਕਾ ਨੂੰ ਅੱਖੋਂ ਪਰੋਖੇ ਕਰਨਾ ਉਨ੍ਹਾਂਨਾਲ ਬੇਇਨਸਾਫ਼ੀ ਹੋਵੇਗੀ।
ਗੁਰਦੁਆਰਾ ਬਾਬਾ ਮੱਲ ਸਿੰਘ ਜੀ ਮੋਗਾ
ਬਾਬਾ ਮੱਲ ਸਿੰਘ ਜੀ ਜਨੇਰ ਦੇ ਰਾਮਗੜ੍ਹੀਆ ਭਾਈਚਾਰੇ ਦੇ ਚਾਨਾ ਗੋਤ ਨਾਲ ਸਬੰਧਤ ਸਨ। ਛੋਟੀ ਉਮਰ ਵਿਚ ਹੀ ਉਨ੍ਹਾਂ ਜਨੇਰ ਦੇ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਵਿਦਿਆ ਪੜ੍ਹਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਦੇ ਕੋਮਲ ਹਿਰਦੇ ਉਪਰ ਗੁਰਬਾਣੀ ਦੀ ਅਮਿਟ ਛਾਪ ਦਾ ਉਹ ਅਸਰ ਹੋਇਆ ਕਿ ਬਸ ਗੁਰੂ ਘਰ ਨੂੰ ਹੀ ਸਮਰਪਿਤ ਹੋ ਗਏ। ਬਾਬਾ ਅਤਰ ਸਿੰਘ ਜੀ ਦੀ ਸੰਗਤ ਵਿਚ ਬਾਬਾ ਜੀ ਨੇ ਕੀਰਤਨ ਵਿਦਿਆ ਦਾ ਅਨਮੋਲ ਖ਼ਜ਼ਾਨਾ ਹਾਸਲ ਕੀਤਾ। ਥੋੜ੍ਹੇ ਸਮੇਂ ਵਿਚ ਹੀ ਇਨ੍ਹਾਂ ਦੇ ਵਿਸਮਾਦਮਈ ਕੀਰਤਨ ਅਤੇ ਗੁਰਬਾਣੀ ਦੀ ਵਿਆਖਿਆ ਕਰਨ ਦੇ ਢੰਗ ਦੀ ਚਰਚਾ ਸਾਰੇ ਇਲਾਕੇ ਵਿਚ ਹੋਣ ਲੱਗੀ।
ਮੋਗੇ ਦੀ ਸੰਗਤ ਨੇ ਇਕ ਵੇਰ ਬਾਬਾ ਅਤਰ ਸਿੰਘ ਜੀ ਅਤੇ ਬਾਬਾ ਮੱਲ ਸਿੰਘ ਜੀ ਨੂੰ ਧਰਮਸ਼ਾਲਾ ਵਿਚ ਕੀਰਤਨ ਕਰਨ ਲਈ ਬੁਲਾਇਆ। ਮੋਗੇ ਦੀਆਂ ਸੰਗਤਾਂ ਦੋਹਾਂ ਦੇ ਕੀਰਤਨ ਤੋਂ ਐਨਾ ਪ੍ਰਭਾਵਿਤ ਹੋਈਆਂ ਕਿ ਉਨ੍ਹਾਂ ਨੇ ਬਾਬਾ ਅਤਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਉਹ ਬਾਬਾ ਮੱਲ ਸਿੰਘ ਜੀ ਨੂੰ ਪੱਕੇ ਤੌਰ ‘ਤੇ ਹੀ ਉਨ੍ਹਾਂ ਪਾਸ ਛੱਡ ਜਾਣ ਤਾਂ ਕਿ ਵਧ ਤੋਂ ਵਧ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਸਕੇ। ਬਾਬਾ ਜੀ ਨੇ ਮੋਗੇ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਬਾਬਾ ਮੱਲ ਸਿੰਘ ਜੀ ਨੂੰ ਥਾਪੜਾ ਦੇ ਕੇ ਧਰਮਸ਼ਾਲਾ ਵਿਚ ਕੀਰਤਨ ਪ੍ਰਵਾਹ ਜਾਰੀ ਰੱਖਣ ਲਈ ਰਾਜ਼ੀ ਕਰ ਲਿਆ।
ਸਮਾਂ ਪਾ ਕੇ ਇਸ ਧਰਮਸ਼ਾਲਾ ਦੀ ਜਗ੍ਹਾ ਨਵਾਂ ਗੁਰੂ ਘਰ ਹੋਂਦ ਵਿਚ ਆਇਆ ਜਿਹੜਾ ਕਿ ਬਾਅਦ ਵਿਚ ‘ਗੁਰਦੁਆਰਾ ਬਾਬਾ ਮੱਲ ਸਿੰਘ ਜੀ ਮੋਗਾ’ ਵਜੋਂ ਜਾਣਿਆ ਜਾਣ ਲੱਗਾ। ਇਸ ਗੁਰੂ ਘਰ ਦੀ ਇਮਾਰਤ ਵਿਚ ਸਮੇਂ ਦੀ ਲੋੜ ਅਨੁਸਾਰ ਤਬਦੀਲੀਆਂ ਵੀ ਕਰਨੀਆਂ ਪਈਆਂ ਪਰੰਤੂ ਮੁਖ ਮੰਤਵ ਲੋਕਾਂ ਨੂੰ ‘ਸ਼ਬਦ ਗੁਰੂ’ ਨਾਲ ਜੋੜਨ ਦਾ ਹੀ ਰਿਹਾ। ਬਾਬਾ ਮੱਲ ਸਿੰਘ ਜੀ ਤੋਂ ਬਾਅਦ ਇਸ ਗੁਰੂ ਘਰ ਦੀ ਪ੍ਰਬੰਧਕੀ ਸੇਵਾ ਬਾਬਾ ਬੁੱਧ ਸਿੰਘ ਜੀ, ਬਾਬਾ ਗੱਜਾ ਸਿੰਘ ਜੀ, ਬਾਬਾ ਕੇਹਰ ਸਿੰਘ ਜੀ, ਬਾਬਾ ਦਰਸ਼ਨ ਸਿੰਘ ਜੀ ਅਤੇ ਬਾਬਾ ਗੁਰਦਿਆਲ ਸਿੰਘ ਸਮੇਂ-ਸਮੇਂ ਨਿਭਾਉਂਦੇ ਰਹੇ। ਇਸ ਗੁਰੂ ਘਰ ਵਿਚ ਜਨੇਰ ਟਕਸਾਲ ਵਿਚੋਂ ਕੀਰਤਨ ਵਿਦਿਆ ਦੀ ਦਾਤ ਹਾਸਲ ਕਰਕੇ ਕਈ ਕੀਰਤਨੀਏਂ ਲੰਮਾ ਸਮਾਂ ਸੇਵਾ ਨਿਭਾਉਂਦੇ ਰਹੇ ਅਤੇ ਨਿਭਾ ਵੀ ਰਹੇ ਹਨ ਜਿਨ੍ਹਾਂ ਵਿਚ ਭਾਈ ਪ੍ਰੇਮ ਸਿੰਘ ਪਤੰਗਾ, ਰਾਗੀ ਹਰਚਰਨ ਸਿੰਘ ਲੁਧਿਆਣੇ ਵਾਲੇ ਅਤੇ ਜਨੇਰ ਵਾਸੀ ਭਾਈ ਨਰੈਣ ਸਿੰਘ ਦਾ ਨਾਮ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ। ਮੌਜੂਦਾ ਸਮੇਂ ਵਿਚ ਬੇਸ਼ਕ ਬਾਬਾ ਮੁਹਿੰਦਰ ਸਿੰਘ ਜੀ ਹੀ ਇਸ ਗੁਰੂ ਘਰ ਦੇ ਮੁਖ ਪ੍ਰਬੰਧਕ ਵਜੋਂ ਵਿਚਰ ਰਹੇ ਹਨ ਪਰੰਤੂ ਜ਼ਿੰਮੇਵਾਰੀਆਂ ਦੀ ਬਹੁਤਾਤ ਦੇ ਮੱਦੇਨਜ਼ਰ ਇਥੋਂ ਦਾ ਸਾਰਾ ਪ੍ਰਬੰਧ ਪਿੰਡ ਜਨੇਰ ਦੇ ਲੁਹਾਰ ਭਾਈਚਾਰੇ ਨਾਲ ਸਬੰਧਤ ਗੈਦੂ ਗੋਤ ਵਾਲੇ ਨੌਜੁਆਨ ਬਾਬੇ ਸੇਵਕ ਸਿੰਘ ਨੂੰ ਸੌਂਪਿਆ। ਗਿਆ ਹੈ। ਅੰਮ੍ਰਿਤਧਾਰੀ ਅਤੇ ਗੁਰਸਿੱਖ ਪਰਿਵਾਰ ਨਾਲ ਸਬੰਧਤ ਬਾਬਾ ਸੇਵਕ ਸਿੰਘ ਬਹੁਤ ਸੁਚਾਰੂ ਢੰਗ ਨਾਲ ਗੁਰੂ ਘਰ ਦੀ ਸੇਵਾ ਨਿਭਾ ਰਿਹਾ ਹੈ।
ਮੋਗਾ ਸ਼ਹਿਰ ਵਿਚ ਹੀ ਬਾਬਾ ਮੱਲ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਬਿਨਾਂ ਦੋ ਹੋਰ ਗੁਰੂਘਰ ਵੀ ਹਨ ਜਿਹੜੇ ਇਸ ਪੁਰਾਣੇ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸਰਪ੍ਰਸਤੀ ਹੇਠ ਹੀ ਸੰਗਤਾਂ ਦਾ ਧਾਰਮਿਕ ਮਾਰਗ ਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਗੁਰਦੁਆਰਾ ਸਾਹਿਬ ਰੇਲਵੇ ਲਾਈਨ ਦੇ ਨਾਲ, ਚੋਖਾ ਪੈਲੇਸ ਦੇ ਨੇੜੇ ਜਵਾਹਰ ਨਗਰ ਇਲਾਕੇ ਵਿਚ ਸਥਿਤ ਹੈ। ਦੂਜਾ ਗੁਰਦੁਆਰਾ ਸਾਹਿਬ ਗੀਤ ਭਵਨ ਦੇ ਪਿੱਛੇ ਕੱਚਾ ਘਲ ਰੋਡ ‘ਤੇ ਹੈ। ਮੋਗਾ ਸ਼ਹਿਰ ਦੇ ਇਨ੍ਹਾਂ ਤਿੰਨ ਗੁਰੂ ਘਰਾਂ ਦਾ ਪ੍ਰਬੰਧ ਬਾਬਾ ਮੁਹਿੰਦਰ ਸਿੰਘ ਜੀ ਦੀ ਦੇਖ-ਰੇਖ ਹੇਠ ਬਹੁਤ ਹੀ ਕੁਸ਼ਲ ਢੰਗ ਨਾਲ ਚਲ ਰਿਹਾ ਹੈ। ਪਵਿੱਤਰ ਗੁਰਬਾਣੀ ਦਾ ਪ੍ਰਚਾਰ ਬਹੁਤ ਹੀ ਅਨੁਭਵੀ ਅਤੇ ਸੁਲਝੇ ਹੋਏ ਕੀਰਤਨੀਏ ਅਤੇ ਕਥਾਵਾਚਕਾਂ ਦੁਆਰਾ ਕੀਤਾ ਜਾਂਦਾ ਹੈ। ਗੁਰੂ ਘਰ ਦੇ ਦਰਸ਼ਨਾਂ ਲਈ ਪਹੁੰਚੀਆਂ ਸੰਗਤਾਂ ਅਤੇ ਗ਼ਰੀਬ ਗੁਰਬੇ ਲਈ ‘ਗੁਰੂ ਕਾ ਅਟੁੱਟ ਲੰਗਰ’ ਹਰ ਸਮੇਂ ਉਪਲਬਧ ਹੈ।
ਜਨੇਰ ਟਕਸਾਲ ਦੇ ਹੋਰ ਗੁਰਦੁਆਰੇ
ਗੁਰਦੁਆਰਾ ਸਾਹਿਬ ਜਨੇਰ ਟਕਸਾਲ ਦੀ ਸਰਪ੍ਰਸਤੀ ਹੇਠ ਬਹੁਤ ਸਾਰੇ ਗੁਰਦੁਆਰੇ ਸਿੱਖ ਧਰਮ ਦਾ ਪ੍ਰਚਾਰ ਸ਼ਲਾਘਾਯੋਗ ਢੰਗ ਨਾਲ ਕਰ ਰਹੇ ਹਨ। ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਸ਼੍ਰੇਣੀ ਵਿਚ ਉਹ ਗੁਰਦੁਆਰਾ ਸਾਹਿਬ ਹਨ ਜਿਹੜੇ ਪੂਰਨ ਰੂਪ ਵਿਚ ਆਰਥਿਕ, ਧਰਮ ਪ੍ਰਚਾਰ ਅਤੇ ਜਾਇਦਾਦ ਪੱਖੋਂ ਜਨੇਰ ਟਕਸਾਲ ਦੇ ਅਧੀਨ ਹਨ। ਦੂਜੇ ਉਹ ਗੁਰੂ ਘਰ ਹਨ ਜਿਹੜੇ ਜਨੇਰ ਟਕਸਾਲ ਤੋਂ ਧਰਮ ਪ੍ਰਚਾਰ ਮਸਲਿਆਂ ਵਿਚ ਸੇਧ ਲੈਂਦੇ ਹਨ, ਇਸ ਕਿਸਮ ਦੇ ਗੁਰੂ ਘਰਾਂ ਦੀ ਲਿਸਟ ਬਹੁਤ ਲੰਮੀ ਹੈ। ਪੂਰਨ ਰੂਪ ਵਿਚ ਜਨੇਰ ਟਕਸਾਲ ਨਾਲ ਜੁੜੇ ਗੁਰੂ ਘਰਾਂ ਦੀ ਲਿਸਟ ਇਸ ਪ੍ਰਕਾਰ ਹੈ:-
1. ਪਿੰਡ ਰਜੀਵਾਲ ਦਾ ਗੁਰਦੁਆਰਾ ਸਾਹਿਬ
2. ਕੜਾਹੇ ਵਾਲ ਪਿੰਡ ਦਾ ਗੁਰਦੁਆਰਾ ਸਾਹਿਬ
3. ਗੁਰੂ ਘਰ ਪਿੰਡ ਗਗੜਾ (ਭੋਗਪੁਰ) ਨੇੜੇ ਕੋਟ ਈਸੇ ਖਾਂ
4. ਪਿੰਡ ਰਾਊਵਾਲ ਦਾ ਗੁਰਦੁਆਰਾ ਸਾਹਿਬ
5. ਗੁਰਦੁਆਰਾ ਸਾਹਿਬ ਬਾਬਾ ਪੌੜਾ ਸਿੰਘ ਦਾਤੇਵਾਲ
6. ਧਰਮਕੋਟ ਸ਼ਹਿਰ ਵਾਲਾ ਗੁਰਦੁਆਰਾ ਸਾਹਿਬ
7. ਗੁਰਦੁਆਰਾ ਸਾਹਿਬ ਪਿੰਡ ਰੰਡਿਆਲਾ ਨੇੜੇ ਕੋਟ ਈਸੇ ਖਾਂ
8. ਮੋਗਾ ਨੇੜੇ ਪਿੰਡ ਬੁਕਣ ਵਾਲਾ ਦਾ ਗੁਰਦੁਆਰਾ ਸਾਹਿਬ
9. ਧਰਮ ਸਿੰਘ ਵਾਲਾ ਪਿੰਡ ਦਾ ਗੁਰਦੁਆਰਾ ਸਾਹਿਬ
10. ਜਲੰਧਰ ਜ਼ਿਲ੍ਹੇ ਵਾਲਾ ਗੁਰਦੁਆਰਾ ਸਾਹਿਬ
ਧਾਰਮਿਕ ਸੰਗੀਤ ਵਿਦਿਆਲਯ ਜਨੇਰ
ਅਠਾਰ੍ਹਵੀਂ ਸਦੀ ਵਿਚ ਗੁਰਦੁਆਰਾ ਸਾਹਿਬ ਜਨੇਰ ਦੇ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਇਹ ਧਾਰਮਿਕ ਪੜ੍ਹਾਈ ਤੋਂ ਬਿਨਾਂ ਧਾਰਮਿਕ ਸੰਗੀਤ ਵਿਦਿਆ ਦੇ ਖੇਤਰ ਵਿਚ ਵੀ ਚਾਨਣ ਮੁਨਾਰਾ ਰਿਹਾ ਹੈ। ਵੱਡੀ ਗਿਣਤੀ ਵਿਚ ਧਾਰਮਿਕ ਵਿਦਿਆ ਦੇ ਧਾਰਨੀ ਬਣ ਕੇ ਇਥੋਂ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਗਾਇਣ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ। ਜਨੇਰ ਗੁਰੂ ਘਰ ਦੀਆਂ ਇਨ੍ਹਾਂ ਮਹਾਨ ਪਰੰਪਰਾਵਾਂ ਨੂੰ ਕਾਇਮ ਰਖਦੇ ਹੋਏ ਗੁਰਦੁਆਰਾ ਸਾਹਿਬ ਦੇ ਮੌਜੂਦਾ ਮੁਖ ਸੇਵਾਦਾਰ ਬਾਬਾ ਮੁਹਿੰਦਰ ਸਿੰਘ ਜੀ ਨੇ ਵੀ 2002 ਈਸਵੀ ਵਿਚ ਇਲਾਕਾ ਅਤੇ ਜਨੇਰ ਨਿਵਾਸੀ ਸੰਗਤਾਂ ਦੀ ਪੁਰਜ਼ੋਰ ਮੰਗ ‘ਤੇ ਇਕ ਧਾਰਮਿਕ ਸੰਗੀਤ ਵਿਦਿਆਲਯ ਦੀ ਸਥਾਪਨਾ ਕੀਤੀ।
ਇਹ ਧਾਰਮਿਕ ਸੰਗੀਤ ਵਿਦਿਆਲਯ ਜਨੇਰ ਵਾਸੀਆਂ ਅਤੇ ਪਿੰਡ ਦੇ ਪਰਵਾਸੀ ਭਾਰਤੀਆਂ ਦੀ ਸਹਾਇਤਾ ਨਾਲ ਚਲ ਰਿਹਾ ਹੈ। ਮਾਇਕ ਸਹਾਇਤਾ ਦੀ ਇਸ ਕਰਕੇ ਜ਼ਰੂਰਤ ਪਈ ਕਿ ਧਾਰਮਿਕ ਸੰਗੀਤ ਸਿਖਾਉਣ ਵਾਲੇ ਸੰਗੀਤ ਸ਼ਾਸਤਰੀ ਅਤੇ ਸੰਗੀਤ ਅਧਿਆਪਕ ਮੋਟੀਆਂ ਫੀਸਾਂ ਲੈਂਦੇ ਹਨ। ਸੰਗੀਤ ਸਾਜ਼ਾਂ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹੀਆਂ ਹੋਈਆਂ ਹਨ। ਸ਼ੁਰੂ ਵਿਚ ਸੰਗੀਤ ਵਿਦਿਆ ਦਾ ਮਾਹਿਰ ਅਧਿਆਪਕ ਪਟਿਆਲੇ ਤੋਂ ਆਉਂਦਾ ਸੀ ਉਸ ਨੇ ਦੂਰ ਵਾਟ ਦੀ ਮਜਬੂਰੀ ਦੱਸੀ ਤਾਂ ਲੁਧਿਆਣੇ ਤੋਂ ਸੰਗੀਤ ਅਧਿਆਪਕ ਦਾ ਇੰਤਜ਼ਾਮ ਕੀਤਾ ਗਿਆ। ਉਸ ਨੇ ਵੀ ਕੁਝ ਸਮਾਂ ਬਾਅਦ ਆਉਣਾ ਬੰਦ ਕਰ ਦਿੱਤਾ; ਫੇਰ ਬਠਿੰਡਾ ਤੋਂ ਸੰਗੀਤ ਦਾ ਮਾਹਿਰ ਅਧਿਆਪਕ ਰੱਖਿਆ ਗਿਆ। ਕੁਝ ਨਿੱਜੀ ਕਾਰਨਾਂ ਕਰਕੇ ਉਸ ਨੇ ਵੀ ਜਨੇਰ ਆਉਣ ਤੋਂ ਆਪਣੀ ਅਸਮਰੱਥਾ ਪ੍ਰਗਟਾਈ। ਅੱਜਕਲ੍ਹ ਜਲੰਧਰ ਤੋਂ ਇਕ ਪ੍ਰਭਾਵਸ਼ਾਲੀ ਸੰਗੀਤ ਸ਼ਾਸਤਰੀ, ਸੰਗੀਤ ਅਧਿਆਪਕ ਦੇ ਤੌਰ ‘ਤੇ ਜਨੇਰ ਦੇ ਧਾਰਮਿਕ ਸੰਗੀਤ ਵਿਦਿਆਲਯ ਵਿਚ ਟ੍ਰੇਨਿੰਗ ਦੇ ਰਿਹਾ ਹੈ।
ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਅਤੇ ਬਾਹਰ ਵਰਾਂਡਿਆਂ ਵਿਚ ਬੈਠ ਕੇ ਜਦੋਂ ਛੋਟੀ ਉਮਰ ਦੇ ਭੁਜੰਗੀ, ਹਰਮੋਨੀਅਨ, ਜੋੜੀ, ਚਿਮਟੇ ਅਤੇ ਹੋਰ ਸੰਗੀਤ ਸਾਜ਼ਾਂ ਨਾਲ ਤੋਤਲੀਆਂ ਆਵਾਜ਼ਾਂ ਵਿਚ ਧਾਰਮਿਕ ਸੰਗੀਤ ਧੁਨਾਂ ਦੇ ਦਾਇਰੇ ਅੰਦਰ ਕੀਰਤਨ ਕਰਦੇ ਹਨ ਤਾਂ ਗੁਰੂ ਘਰ ਵਿਚ ਬਹੁਤ ਹੀ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਥੋੜ੍ਹੇ ਸਮੇਂ ਵਿਚ ਹੀ ਬੱਚੇ ਵਧੀਆ ਕੀਰਤਨੀਏ ਬਣ ਰਹੇ ਹਨ। ਗੁਰੂ ਘਰ ਦੇ ਮੁਖ ਸੇਵਕ ਬਾਬਾ ਮੁਹਿੰਦਰ ਸਿੰਘ ਜੀ ਅਨੁਸਾਰ ਮਾਰਚ 2012 ਤਕ 350 ਬੱਚੇ ਇਸ ਧਾਰਮਿਕ ਸੰਗੀਤ ਵਿਦਿਆਲਯ ਵਿਚੋਂ ਧਾਰਮਿਕ ਸੰਗੀਤ ਵਿਦਿਆ ਹਾਸਲ ਕਰ ਚੁੱਕੇ ਹਨ।
ਜਨੇਰ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ
ਲਗਪਗ 6500 ਵਰ੍ਹੇ ਪਹਿਲਾਂ ‘ਜਨਕ ਨਗਰੀ’, ‘ਅਜਨੇਰ’, ‘ਹਜਨੇਰ’, ‘ਜਜਨੇਰ’, ‘ਜਾਨੀਦ’, ‘ਜਾਨਿਰਗਣ’, ‘ਜਨਕਿ’, ‘ਜਜ਼ਨੀਰਾ’, ‘ਜਗਨੇਰ’, ‘ਜਨੇਸ਼ਰ’ ਅਤੇ ‘ਥੇਹ ਜਨੇਸ਼ਵਰ’ ਦੇ ਨਾਵਾਂ ਹੇਠ ਰਮਾਇਣ ਕਾਲ ਦੇ ਜ਼ੋਰਾਵਰਾਂ ਦੀ ਮਾਰ, ਮਹਾਂਭਾਰਤ ਕਾਲ ਦੀ ਨਸਲਕੁਸ਼ੀ, ਗੁਪਤਾ ਵੰਸ਼ੀਆਂ ਵਲੋਂ ਜਨੇਰ ਦੇ ਉਜਾੜੇ, ਚਿੱਟੇ ਊਠਾਂ ਵਾਲੇ ਹੂੰਨਾਂ ਵਲੋਂ ਤਬਾਹੀ ਅਤੇ ਗਜ਼ਨੀ ਦੇ ਨਿਆਜ਼ੀ ਪਠਾਨਾਂ ਦੀ ਮਾਰ ਤੋਂ ਲੈ ਕੇ ਅਜੋਕੇ ਜਨੇਰ ਤਕ, ਇਸ ਪੁਰਾਤਨ ਅਤੇ ਇਤਿਹਾਸਕ ਨਗਰ ਵਿਚ ਵੱਖ-ਵੱਖ ਨਸਲਾਂ, ਜਾਤਾਂ, ਕਬੀਲਿਆਂ, ਧਰਮਾਂ, ਰਾਜਾਂ, ਬਾਦਸ਼ਾਹੀਆਂ ਅਤੇ ਵੰਸ਼ਾਂ ਦੇ ਲੋਕਾਂ ਨੇ ਵੱਖਰੇ-ਵੱਖਰੇ ਰੂਪ ਵਿਚ ਕਾਲੇ ਦਿਨ ਦੇਖੇ ਪਰੰਤੂ ਵਰਤਮਾਨ ਜਨੇਰ ਵਾਸੀਆਂ ਲਈ 3 ਮਈ 2011 ਦੇ ਤੜਕਸਾਰ ਦਾ ਦਿਨ ਇਸ ਦੇ ਅਤੀ ਪੁਰਾਤਨ ਇਤਿਹਾਸ ਦਾ ਸ਼ਾਇਦ ਸਭ ਤੋਂ ਕਾਲਾ ਦਿਨ ਸਾਬਤ ਹੋਇਆ। ਉਸ ਅਭਾਗੇ ਦਿਨ ਮਰਦ, ਔਰਤ, ਬੱਚੇ, ਬੁੱਢੇ ਅਤੇ ਨੌਜੁਆਨ ਹਰ ਇਕ ਜਨੇਰ ਵਾਸੀ ਦਾ ਦੇਸ਼ ਵਿਦੇਸ਼ ਵਿਚ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਸੱਟ ਲੱਗਣ ਕਾਰਨ, ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ।
ਜਨੇਰ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੀ ਮੰਦਭਾਗੀ ਘਟਨਾ ਇਸ ਤਰ੍ਹਾਂ ਵਾਪਰੀ ਕਿ 2 ਮਈ 2011 ਦੀ ਸ਼ਾਮ ਨੂੰ ਆਮ ਵਾਂਗ ਗੁਰਦੁਆਰਾ ਸਾਹਿਬ ਜਨੇਰ ਦੇ ਗ੍ਰੰਥੀ ਸਿੰਘਾਂ ਨੇ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਸੁਖ ਆਸਨਾਂ ‘ਤੇ ਬਿਰਾਜਮਾਨ ਕਰ ਦਿੱਤਾ। ਤੜਕਸਾਰ ਲਗਪਗ ਦੋ ਵਜੇ ਗੁਰੂ ਘਰ ਵਾਲਾ ਬਿਜਲੀ ਦਾ ਟਰਾਂਸਫਾਰਮਰ ਸ਼ਾਰਟ ਸਰਕਟ ਹੋ ਗਿਆ ਅਤੇ ਦਰਬਾਰ ਸਾਹਿਬ ਦੀ ਦੂਜੀ ਮੰਜ਼ਲ ਉਪਰ ਪਵਿੱਤਰ ਬੀੜਾਂ ਅੱਗ ਦੀ ਲਪੇਟ ਵਿਚ ਆ ਗਈਆਂ। ਗੁਰੂ ਘਰ ਦੇ ਸੇਵਕਾਂ ਅਤੇ ਸਮੂਹ ਨਗਰ ਨਵਾਸੀ ਸੰਗਤਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਮੋਗੇ ਤੋਂ ਫਾਇਰ ਬ੍ਰਿਗੇਡ ਵੀ ਪਹੁੰਚ ਗਿਆ ਪਰੰਤੂ ਤਦ ਤਕ ਗੁਰੂ ਗ੍ਰੰਥ ਸਾਹਿਬ ਦੀਆਂ 17 ਬੀੜਾਂ ਅਗਨ ਭੇਂਟ ਹੋ ਚੁੱਕੀਆਂ ਸਨ। ਜਨੇਰ ਅਤੇ ਨੇੜਲੇ ਇਲਾਕੇ ਦੀਆਂ ਸੰਗਤਾਂ ਵਿਚ ਸੋਗ ਦੀ ਲਹਿਰ ਫੈਲ ਗਈ। ਸੋਗ ਵਿਚ ਸ਼ਰਧਾਵਾਨ ਸੰਗਤਾਂ ਦੇ ਘਰਾਂ ਵਿਚ ਚੁਲ੍ਹੇ ਨਾ ਜਲੇ। ਬਾਬਾ ਮੁਹਿੰਦਰ ਸਿੰਘ ਜੀ ਅਤੇ ਗੁਰੂ ਘਰ ਦੇ ਹੋਰ ਸੇਵਕ ਨੀਮ ਪਾਗ਼ਲ ਅਵਸਥਾ ਵਿਚੋਂ ਗੁਜ਼ਰ ਰਹੇ ਸਨ। ਕਿਸੇ ਦੇ ਮੂੰਹ ਵਿਚੋਂ ਕੋਈ ਸ਼ਬਦ ਬਾਹਰ ਨਹੀਂ ਸੀ ਆ ਰਿਹਾ। ਸਾਰੇ ਪਿੰਡ ਵਿਚ ਸੱਨਾਟਾ ਛਾ ਗਿਆ। ਜਨੇਰ ਗੁਰੂ ਘਰ ਨਾਲ ਜੁੜੀ ਵਿਦੇਸ਼ਾਂ ਵਿਚ ਬੈਠੀ ਸੰਗਤ ਹੋਰ ਵੀ ਦੁਬਿਧਾ ਵਿਚ ਸੀ ਕਿਉਂਕਿ ਉਨ੍ਹਾਂ ਨੂੰ ਗੁਰੂ ਘਰ ਦਾ ਫ਼ੋਨ ਨਹੀਂ ਸੀ ਮਿਲ ਰਿਹਾ ਅਤੇ ਪਿੰਡ ਵਾਸੀਆਂ ਦੇ ਨਿੱਜੀ ਫ਼ੋਨਾਂ ਨਾਲ ਉਨ੍ਹਾਂ ਦੀ ਸੰਤੁਸ਼ਟੀ ਨਹੀਂ ਸੀ ਹੋ ਰਹੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਤ ਸਮਾਜ ਵਾਲਿਆਂ ਨੂੰ ਤੁਰੰਤ ਫ਼ੋਨ ਰਾਹੀਂ ਸੂਚਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਅਤੇ ਸੰਤ ਸਮਾਜ ਵਾਲੇ ਕੁਝ ਸਮੇਂ ਬਾਅਦ ਹੀ ਜਨੇਰ ਪਹੁੰਚ ਗਏ। ਬਿਜਲੀ ਬੋਰਡ ਦਾ ਐਕਸੀਅਨ ਵੀ ਆਪਣੀ ਟੀਮ ਨਾਲ ਜਨੇਰ ਗੁਰੂ ਘਰ ਪਹੁੰਚ ਗਿਆ ਅਤੇ ਨਵਾਂ ਟਰਾਂਸਫ਼ਾਰਮ ਰੱਖ ਦਿੱਤਾ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਪਿੰਡ ਵਾਸੀਆਂ ਨਾਲ ਦੁਖ ਸਾਂਝਾ ਕੀਤਾ ਅਤੇ ਹਰ ਪ੍ਰਕਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਸੰਤ ਸਮਾਜ ਵਾਲਿਆਂ ਨੇ ਵੀ ਧਾਰਮਿਕ ਪੱਖੋਂ ਮਦਦ ਵਾਸਤੇ ਆਪਣੀ ਸਹਿਮਤੀ ਪ੍ਰਗਟਾਈ। ਇਨ੍ਹਾਂ ਹੌਸਲਾ-ਅਫ਼ਜਾਈ ਦੇ ਬਾਵਜੂਦ ਵੀ ਜਨੇਰ ਦੀ ਸੰਗਤ ਡੂੰਘੇ ਸਦਮੇ ਵਿਚ ਸੀ।
ਦਰਬਾਰ ਸਾਹਿਬ ਦੇ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਪਹਿਲਾਂ ਜਨੇਰ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਅਗਨ ਭੇਂਟ ਹੋਈਆਂ 17 ਪਵਿੱਤਰ ਬੀੜਾਂ ਦੇ ਨਮਿੱਤ 11 ਮਈ 2011 ਨੂੰ 17 ਆਖੰਡ ਪਾਠਾਂ ਦੇ ਭੋਗ ਪਾਏ। ਉਪਰੰਤ ‘ਪਸ਼ਚਾਤਾਪ ਦਿਵਸ’ ਦੇ ਰੂਪ ਵਿਚ ਅਗਨ ਭੇਂਟ ਹੋਈਆਂ ਬੀੜਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਜਿਸ ਵਿਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਆਪਦੇ ਨੁਮਾਇੰਦਿਆਂ ਸਮੇਤ ਹਾਜ਼ਰ ਹੋਏ। ਸੰਤ ਸਮਾਜ ਦੇ ਆਗੂ ਅਤੇ ਇਲਾਕੇ ਦੀਆਂ ਹੋਰ ਧਾਰਮਿਕ ਸ਼ਖ਼ਸੀਅਤਾਂ ਨੇ ਉਚੇਚੇ ਤੌਰ ‘ਤੇ ‘ਪਸ਼ਚਾਤਾਪ ਦਿਵਸ’ ਵਿਚ ਸ਼ਿਰਕਤ ਕੀਤੀ।
ਗੁਰੂ ਘਰ ਦੇ ਦਰਬਾਰ ਸਾਹਿਬ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਆਧੁਨਿਕ ਚਿਤਰਕਲਾ ਨਾਲ ਦਸ ਗੁਰੂ ਸਾਹਿਬਾਨਾਂ ਅਤੇ ਹੋਰ ਭਗਤਾਂ ਦੇ ਸਜਾਏ ਹੋਏ ਚਿੱਤਰ ਧੂੰਏਂ ਨਾਲ ਧੁਆਂਖੇ ਗਏ। ਦਰੀਆਂ, ਸ਼ੀਸ਼ੇ ਅਤੇ ਲਕੜੀ ਦੀ ਕਾਰੀਗਰੀ ਸਭ ਕੁਝ ਖ਼ਰਾਬ ਹੋ ਗਿਆ। ਦਰਬਾਰ ਸਾਹਿਬ ਦੀ ਹਾਲਤ ਵੇਖ ਕੇ ਹਰ ਸ਼ਰਧਾਵਾਨ ਸ਼ਰਧਾਲੂ ਦਾ ਕਲੇਜਾ ਮੂੰਹ ਨੂੰ ਆਉਂਦਾ ਪਰੰਤੂ ਠੰਡੀ ਆਹ ਭਰਨ ਤੋਂ ਬਿਨਾਂ ਕੁਝ ਕਰਨੋਂ ਉਹ ਅਸਮਰਥ ਸੀ। ਸਮਾਂ ਪਾ ਕੇ ਬਾਬਾ ਮੁਹਿੰਦਰ ਸਿੰਘ ਜੀ, ਗੁਰੂ ਘਰ ਦੇ ਦੂਜੇ ਸੇਵਕ, ਬਾਲੜੀ ਉਮਰ ਦੇ ਸੰਗੀਤ ਸ਼ਿਸ਼ਾਂ ਅਤੇ ਜਨੇਰ ਵਾਸੀਆਂ ਦੇ ਵਲੂੰਧਰੇ ਹਿਰਦਿਆਂ ‘ਤੇ ਅੰਗੂਰ ਆਉਣ ਲੱਗਿਆ ਤਾਂ ਬਾਬਾ ਜੀ ਨੇ ਸੰਗਤਾਂ ਨਾਲ ਸਲਾਹ ਕਰਕੇ ਲੱਖਾਂ ਰੁਪਏ ਖਰਚਣ ਉਪਰੰਤ ਗੁਰੂ ਘਰ ਦਾ ਦਰਬਾਰ ਸਾਹਿਬ ਇਕ ਵਾਰ ਫੇਰ ਪਹਿਲੀ ਹਾਲਤ ਵਿਚ ਲੈ ਆਂਦਾ। ਸ਼ਰਧਾਲੂ ਸੰਗਤਾਂ ਨੇ ਗੁਰੂ ਘਰ ਦੀ ਮਾਇਆ, ਮੰਜਿਆਂ, ਬਿਸਤਰਿਆਂ ਅਤੇ ਹੋਰ ਲੋੜੀਂਦੇ ਸਮਾਨ ਨਾਲ ਸੇਵਾ ਕੀਤੀ।
ਵਾਹਿਗੁਰੂ ਕਰੇ! ਪਹਿਲਾਂ ਹੀ ਸਮੇਂ-ਸਮੇਂ ਬਹੁਤ ਸਾਰੇ ਕਾਲੇ ਦਿਨ ਦੇਖ ਚੁੱਕੇ ਜਨੇਰ ਵਾਸੀਆਂ ਨੂੰ ਭਵਿੱਖ ਵਿਚ ਕੋਈ ਕਾਲਾ ਦਿਨ ਨਾ ਦੇਖਣਾ ਪਵੇ।
ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਪੁਰਬ
ਜਨੇਰ ਦੇ ਗੁਰਦੁਆਰਾ ਸਾਹਿਬ ਵਿਚ ਆਮ-ਗੁਰੂ ਘਰਾਂ ਵਾਂਗ ਮਰਿਯਾਦਾ ਅਨੁਸਾਰ ਸਵੇਰੇ ਸ਼ਾਮ ਦੇ ਪਾਠ ਅਤੇ ਕੀਰਤਨ ਤਾਂ ਹੁੰਦਾ ਹੀ ਹੈ, ਇਸ ਤੋਂ ਬਿਨਾਂ ਸਿੱਖ ਧਰਮ ਨਾਲ ਸਬੰਧਤ ਹੋਰ ਪੁਰਬ ਵੀ ਮਨਾਏ ਜਾਂਦੇ ਹਨ। ਦੇਸੀ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਉਣ ਦੀ ਰਵਾਇਤ ਇਸ ਗੁਰੂ ਘਰ ਦੇ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਗੁਰੂ ਸਾਹਿਬਾਨਾਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਉਚੇਚੇ ਤੌਰ ‘ਤੇ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾ ਕੇ ਮਨਾਏ ਜਾਂਦੇ ਹਨ। ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ੍ਰੀ ਆਖੰਡ ਪਾਠ ਦੇ ਭੋਗ ਪਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ। ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਵੀ ਮਨਾਇਆ ਜਾਂਦਾ ਹੈ।
108 ਸੰਤ ਬਾਬਾ ਕੇਹਰ ਸਿੰਘ ਜੀ ਦੀ ਸਾਲਾਨਾ ਬਰਸੀ ਜਿਹੜੀ ਕਿ ਦੇਸੀ ਤੇਰ੍ਹਾਂ ਮਹੀਨੇ ਪੋਹ ਦੀ ਤਾਰੀਕ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਦੇ ਦਿਨਾਂ ਵਿਚ ਹੀ ਹੁੰਦੀ ਹੈ, ਜਨੇਰ ਅਤੇ ਇਲਾਕਾ ਨਿਵਾਸੀ ਸੰਗਤਾਂ ਬਹੁਤ ਹੀ ਵੱਡੇ ਪੱਧਰ ‘ਤੇ ਮਨਾਉਂਦੀਆਂ ਹਨ। ਪਿਛਲੇ ਕੁਝ ਸਮੇਂ ਤੋਂ ਤਾਂ ਦੋ ਗਰੁੱਪਾਂ ਵਿਚ ਸੰਪੰਨ ਕੀਤੇ ਜਾਣ ਵਾਲੇ ਸ੍ਰੀ ਆਖੰਡ ਪਾਠਾਂ ਦੀ ਗਿਣਤੀ ‘ਕੋਤਰੀ’ (101 ਆਖੰਡ ਪਾਠਾਂ ਦੀ ਲੜੀ) ਨੂੰ ਵੀ ਪਾਰ ਕਰ ਜਾਂਦੀ ਹੈ। ਜਨੇਰ ਅਤੇ ਇਲਾਕਾ ਨਿਵਾਸੀ ਸੰਗਤਾਂ ਤੋਂ ਬਿਨਾਂ ਪਰਵਾਸੀ ਜਨਾਂ ਦੀ ਵੀ ਇਹੋ ਤਮੰਨਾ ਹੁੰਦੀ ਹੈ ਕਿ ਬਾਬਾ ਕੇਹਰ ਸਿੰਘ ਜੀ ਦੀ ਬਰਸੀ ਸਮੇਂ ਉਹ ਜਨੇਰ ਵਿਚ ਹੀ ਹੋਣ। ਚੋਟੀ ਦੇ ਰਾਗੀ, ਢਾਡੀ ਅਤੇ ਕੀਰਤਨੀਏ ਬਾਬਾ ਜੀ ਦੀ ਬਰਸੀ ਵਿਚ “ਸ਼ਮੂਲੀਅਤ ਕਰਦੇ ਹਨ। ਜਨੇਰ ਗੁਰੂ ਨੂੰ ਸਮਰਪਤ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਬਾਬਾ ਜੀ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਹਾਜ਼ਰੀਆਂ ਭਰਦੇ ਹਨ। ਉਚੇਚੇ ਤੌਰ ‘ਤੇ ਤਿਆਰ ਕੀਤੇ ਗਏ ਗੁਰੂ ਕੇ ਲੰਗਰਾਂ ਦੀ ਭਰਮਾਰ ਹੁੰਦੀ ਹੈ। ਉਨ੍ਹਾਂ ਦਿਨਾਂ ਵਿਚ ਨਗਰ ਜਨੇਰ ਇੰਜ ਜਾਪਦਾ ਹੈ ਜਿਵੇਂ ਕੋਈ ਵੱਡਾ ਤੀਰਥ ਅਸਥਾਨ ਹੋਵੇ। ਬਾਬਾ ਗੱਜਾ ਸਿੰਘ ਜੀ ਅਤੇ ਬਾਬਾ ਦਰਸ਼ਨ ਸਿੰਘ ਜੀ ਹੋਰਾਂ ਦੀਆਂ ਬਰਸੀਆਂ, ਬਾਬਾ ਮੱਲ ਸਿੰਘ ਜੀ ਵਾਲੇ ਗੁਰੂ ਘਰ ਮੋਗਾ ਵਿਖੇ ਮਨਾਈਆਂ ਜਾਂਦੀਆਂ ਹਨ।
ਜਨੇਰ ਦੇ ਗੁਰਦੁਆਰਾ ਸਾਹਿਬ ਵਿਚ ਲੰਮੇ ਸਮੇਂ ਤੋਂ ਚਲੀ ਆ ਰਹੀ ਪਰੰਪਰਾ ਅਨੁਸਾਰ ਸਰਬਤ ਦੇ ਭਲੇ ਲਈ ਇਕ ਵਿਲੱਖਣ ਰੂਪ ਦੀ ਅਰਦਾਸ ਬੇਨਤੀ ਵੀ ਕੀਤੀ ਜਾਂਦੀ ਹੈ ਜਿਹੜੀ ਕਿ ਅੱਜਕਲ੍ਹ ਦੇ ਪਦਾਰਥਵਾਦੀ, ਖ਼ੁਦਗਰਜ਼ ਅਤੇ ਰਾਹੋਂ ਭਟਕੇ ਸਮਾਜ ਲਈ ਆਪਣੀ ਉਦਾਹਰਣ ਆਪ ਹੀ ਹੈ। ਹਰ ਵਰ੍ਹੇ ਫਰਵਰੀ ਦੇ ਮਹੀਨੇ ਵਿਚ ਪਿੰਡ ਵਾਸੀ ਇਕੱਠੇ ਹੋ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚਦੇ ਹਨ। ਦਰਬਾਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਉਨ੍ਹਾਂ ਦੀ ਆਉਣ ਵਾਲੀ ਫ਼ਸਲ ਨੂੰ ਗੜੇ-ਕਾਕੜੇ, ਮੀਂਹ-ਹਨ੍ਹੇਰੀ ਅਤੇ ਹੋਰ ਕੁਦਰਤੀ ਕਰੋਪੀਆਂ ਤੋਂ ਬਚਾ ਕੇ ਰੱਖੇ। ਹਾੜੀ ਦੀ ਫ਼ਸਲ ਘਰ ਪਹੁੰਚਣ ਉਪਰੰਤ ਗੁਰੂ ਕਾ ਲੰਗਰ ਉਚੇਚੇ ਤੌਰ ‘ਤੇ ਤਿਆਰ ਕਰਕੇ ਪਿੰਡ ਵਾਸੀਆਂ, ਗਰੀਬ ਗੁਰਬੇ ਅਤੇ ਹੋਰ ਲੋੜਵੰਦਾਂ ਨੂੰ ਵਰਤਿਆ ਜਾਂਦਾ ਹੈ। ਆਪਣੀ ਸਮਰਥਾ ਅਨੁਸਾਰ ਹਰ ਕੋਈ ਜਨੇਰ ਵਾਸੀ ਇਸ ਗੁਰੂ ਕੇ ਲੰਗਰ ਰੂਪੀ ‘ਯਗ’ ਵਿਚ ਹਿੱਸਾ ਪਾਉਂਦਾ ਹੈ।
ਗੁਰਦੁਆਰਾ ਸਾਹਿਬ ਵਿਚ ‘ਗੁਰਾ ਕਾ ਅਤੁੱਟ ਲੰਗਰ’ 24 ਘੰਟੇ ਵਰਤਾਇਆ ਜਾਂਦਾ ਹੈ ਅਤੇ ਲੰਗਰ ਵਿਚ ਕੋਈ ਅਮੀਰ, ਗ਼ਰੀਬ, ਧਰਮ, ਜ਼ਾਤ ਅਤੇ ਨਸਲ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਪਿੰਡ ਦੀਆਂ ਬੀਬੀਆਂ ਅਤੇ ਕਈ ਨੌਜੁਆਨ ਆਪਣੇ ਘਰੇਲੂ ਕੰਮਾਂ ਕਾਜਾਂ ਨੂੰ ਤਰਜੀਹ ਨਾ ਦੇ ਕੇ ‘ਗੁਰੂ ਕੇ ਲੰਗਰ’ ਵਿਚ ਸੇਵਾ ਕਰਦੇ ਹਨ। ਅਜੋਕੇ ਸਮੇਂ ਦੀਆਂ ਸਮਾਜ ਸੇਵੀ ਸੰਸਥਾਵਾਂ, ਬਿਰਧ ਆਸ਼ਰਮਾਂ, ਅੰਗਹੀਣਾਂ ਲਈ ਬਣੇ ਸਿਹਤ ਸੰਭਾਲ ਘਰਾਂ, ਮਨੁੱਖਤਾ ਭਲਾਈ ਕੇਂਦਰਾਂ ਆਦਿ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ, ਕਿਸੇ ਸਮੇਂ ਪੰਜਾਬ ਦੇ ਮਾਲਵਾ ਖੇਤਰ ਵਿਚ ਅੱਖੋਂ ਮੁਨਾਖਿਆਂ, ਲੂਲ੍ਹੇ ਲੰਗੜਿਆਂ ਅਤੇ ਮਾਨਸਿਕ ਰੋਗੀਆਂ ਲਈ ਪਿੰਡ ‘ਦੌਧਰ’ ਅਤੇ ‘ਜਨੇਰ’ ਦੇ ਗੁਰੂ ਘਰ ਸਾਂਭ ਸੰਭਾਲ ਦੇ ਮੁਖ ਕੇਂਦਰ ਸਨ। ਅੱਜ ਵੀ ਰੱਬ ਦੀ ਦਰਗਾਹੋਂ ਧੱਕੇ ਅਤੇ ਸਮਾਜੋਂ ਦਰਕਾਰੇ ਹੋਇਆਂ ਨੂੰ ‘ਜਨੇਰ ਗੁਰੂ’ ਘਰ ਆਪਣੇ ਗਲੇ ਲਗਾਉਂਦਾ ਹੈ।
ਗੌਰਮਿੰਟ ਗੁਰੂ ਨਾਨਕ ਦੇਵ ਹਾਈ ਸਕੂਲ ਜਨੇਰ
ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜਨੇਰ ਵਿਚ ਕੋਈ ਪ੍ਰਾਇਮਰੀ ਜਾਂ ਹਾਈ ਸਕੂਲ ਨਹੀਂ ਸੀ। ਸਭ ਤੋਂ ਨੇੜਲਾ ਪ੍ਰਾਇਮਰੀ ਸਕੂਲ ਚਾਰ ਕੁ ਕਿਲੋਮੀਟਰ ਦੂਰ ਪਿੰਡ ਖੋਸਾ ਰੰਧੀਰ ਵਿਖੇ ਸੀ। ਮੋਗਾ ਸ਼ਹਿਰ ਵਿਚ ਪਿੰਡ ਤੋਂ ਦਸ ਕਿਲੋਮੀਟਰ ਦੂਰੀ ‘ਤੇ ਬੇਸ਼ਕ ਚਾਰ ਹਾਈ ਸਕੂਲ ਸਨ ਪਰੰਤੂ ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਛੋਟੀ ਉਮਰ ਦੇ ਬੱਚੇ ਉਨ੍ਹਾਂ ਸਕੂਲਾਂ ਵਿਚੋਂ ਵਿਦਿਆ ਪ੍ਰਾਪਤ ਕਰਨ ਤੋਂ ਅਸਮਰੱਥ ਸਨ। ਵਿਦਿਆ ਹਾਸਲ ਕਰਨ ਦੇ ਯੋਗ ਪ੍ਰਬੰਧ ਨਾ ਹੋਣ ਕਰਕੇ ਜਨੇਰ ਅਤੇ ਇਸ ਦੇ ਨਜ਼ਦੀਕੀ ਪਿੰਡਾਂ ਵਿਚ ਅਵਿਦਿਆ ਦੇ ਹਨ੍ਹੇਰੇ ਦਾ ਬੋਲਬਾਲਾ ਸੀ। ਸਿਰਫ਼ ਪਿੰਡ ਦੇ ਗੁਰਦੁਆਰਾ ਸਾਹਿਬ, ਡੇਰਾ ਬਾਬਾ ਹਮੀਰ ਸਿੰਘ ਜੀ ਵਿਚ ਹੀ ਧਾਰਮਿਕ ਵਿਦਿਆ ਅਤੇ ਕੀਰਤਨ ਵਿਦਿਆ ਮੁਹਈਆ ਕਰਵਾਈ ਜਾਂਦੀ ਸੀ।
1951 ਈਸਵੀ ਦੇ ਸ਼ੁਰੂ ਵਿਚ ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਦਾ ਨਾਅਰਾ ਬੁਲੰਦ ਕਰਨ ਵਾਲੇ ਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਸੰਤ ਵਿਸਾਖਾ ਸਿੰਘ ਜੀ ਕਿਸ਼ਨਾਪੁਰਾ ਵਾਲੇ ਲੰਬਰਦਾਰ ਮੱਘਰ ਸਿੰਘ ਚੀਮਾ ਦੇ ਸੱਦੇ ਉਪਰ ਉਨ੍ਹਾਂ ਦੇ ਪਿੰਡ ਰਜੀਵਾਲ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਸਬੰਧ ਵਿਚ ਪਧਾਰੇ। ਵਿਦਿਆ ਦਾ ਚਾਨਣ ਘਰ-ਘਰ ਪਹੁੰਚਾਉਣ ਨੂੰ ਸਮਰਪਤ ਬਾਬਾ ਜੀ ਨੇ ਇਸ ਇਲਾਕੇ ਵਿਚ ਵੀ ਹਾਈ ਸਕੂਲ ਦੀ ਜ਼ਰੂਰਤ ਨੂੰ ਭਾਂਪਿਆ ਅਤੇ ਪਿੰਡ ਰਜੀਵਾਲ ਦੇ ਗੁਰਦੁਆਰਾ ਸਾਹਿਬ ਵਿਚ ਹੀ ਇਲਾਕੇ ਦੀਆਂ ਸੰਗਤਾਂ ਦੀ ਮੀਟਿੰਗ ਰੱਖ ਲਈ। ਇਸ ਮੀਟਿੰਗ ਵਿਚ ਇਕ ਆਰਜ਼ੀ ਕਮੇਟੀ ਬਣਾਈ ਗਈ ਅਤੇ ਇਸ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੀ ਵੱਡੀ ਮੀਟਿੰਗ ਪਿੰਡ ਜਨੇਰ ਦੇ ਗੁਰਦੁਆਰਾ ਸਾਹਿਬ ਵਿਚ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਗਿਆ।
ਕਮੇਟੀ ਦੀ ਪਹਿਲੀ ਮੀਟਿੰਗ ਜਨੇਰ ਦੇ ਗੁਰਦੁਆਰਾ ਸਾਹਿਬ ਵਿਚ
ਆਰਜ਼ੀ ਕਮੇਟੀ ਦੀ ਪਹਿਲੀ ਮੀਟਿੰਗ ਪਿੰਡ ਜਨੇਰ ਦੇ ਗੁਰਦੁਆਰਾ ਸਾਹਿਬ ਵਿਚ ਹੋਈ ਜਿਸ ਵਿਚ ਇਲਾਕੇ ਦੀਆਂ ਸੰਗਤਾਂ ਦੇ ਵੱਡੇ ਇਕੱਠ ਵਿਚ ਸੰਤ ਵਿਸਾਖਾ ਸਿੰਘ ਜੀ ਨੇ ਇਸ ਇਲਾਕੇ ਵਿਚ ਹਾਈ ਸਕੂਲ ਬਣਾਉਣ ਦੀ ਤਜਵੀਜ਼ ਰੱਖੀ। ਸੰਗਤਾਂ ਨੇ ਸਰਬਸੰਮਤੀ ਨਾਲ ਇਸ ਪ੍ਰਸਤਾਵ ਨੂੰ ਪ੍ਰਵਾਨ ਹੀ ਨਹੀਂ ਕੀਤਾ ਸਗੋਂ ਸਭ ਨੇ ਇਕਮੁੱਠ ਹੋ ਕੇ ਇਸ ਪਵਿੱਤਰ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਵਚਨਬੱਧਤਾ ਵੀ ਦਿੱਤੀ। ਇਸ ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਹਾਈ ਸਕੂਲ ਪਿੰਡ ਜਨੇਰ ਵਿਚ ਜੀ.ਟੀ. ਰੋਡ ਉਪਰ ਬੱਸ ਸਟੈਂਡ ਦੇ ਨੇੜੇ ਬਣਾਇਆ ਜਾਵੇ ਜਿਹੜੀ ਕਿ ਇਲਾਕੇ ਦੇ ਸਬੰਧਤ ਪਿੰਡਾਂ ਲਈ ਹਰ ਪੱਖੋਂ ਢੁਕਵੀਂ ਜਗ੍ਹਾ ਸੀ।
ਆਪਣੀ ਪ੍ਰਸਿੱਧ ਪੁਸਤਕ ਮਾਲਵਾ ਇਤਿਹਾਸ ਵਿਚ ਸੰਤ ਵਿਸਾਖਾ ਸਿੰਘ ਜੀ ਲਿਖਦੇ ਹਨ ਕਿ ਇਲਾਕਾ ਨਿਵਾਸੀਆਂ ਦੇ ਇਸ ਭਰਵੇਂ ਇਕੱਠ ਵਿਚ ਲੋਕਾਂ ਨੇ ਖੁਲ੍ਹਦਿਲੀ ਨਾਲ ਦਾਨ ਦੀ ਪੇਸ਼ਕਸ਼ ਕੀਤੀ। ਉਸ ਸਮੇਂ ਦੇ ਦਾਨੀ ਸੱਜਣਾਂ ਦੇ ਨਾਮ ਇਸ ਪ੍ਰਕਾਰ ਹਨ:
1. ਲੰਬਰਦਾਰ ਕ੍ਰਿਪਾਲ ਸਿੰਘ ਰਜੀਵਾਲ, ਇਕ ਘੁਮਾਂ ਜ਼ਮੀਨ
2. ਲਾਲ ਸਿੰਘ, ਕ੍ਰਿਪਾਲ ਸਿੰਘ ਰਜੀਵਾਲ, ਇਕ ਘੁਮਾਂ ਜ਼ਮੀਨ
3. ਤਾਰਾ ਸਿੰਘ ਮੀਂਹਾਂ ਸਿੰਘ ਰਜੀਵਾਲ, ਇਕ ਘੁਮਾਂ 12 ਮਰਲੇ ਜ਼ਮੀਨ
4. ਹਰਦਿੱਤ ਸਿੰਘ ਗਗੜਾ, ਦੋ ਘੁਮਾਂ ਜ਼ਮੀਨ
5. ਗੰਗਾ ਸਿੰਘ ਰਜੀਵਾਲ, ਸੌ ਰੁਪਏ
6. ਸੰਤ, ਸੰਤ ਰਾਮ ਜੀ (ਚੇਲਾ ਮੋਤੀ ਰਾਮ ਜੀ) ਨਲਕੇ ਲਈ ਸਾਢੇ ਤਿੰਨ ਸੌ ਰੁਪਏ
ਇਸ ਤੋਂ ਬਿਨਾਂ ਦਾਨ ਦੇ ਹੋਰ ਵੀ ਵੱਡੇ ਰੂਪ ਵਿਚ ਪਿੰਡ ਜਨੇਰ, ਖੋਸਾ ਰੰਧੀਰ, ਗਗੜਾ, ਰਜੀਵਾਲ, ਔਗੜ੍ਹ (ਮੁਬਾਰਕਪੁਰ) ਅਤੇ ਚੀਮਾ ਦੀਆਂ ਸੰਗਤਾਂ ਨੇ ਸਕੂਲ ਵਾਸਤੇ ਇਕ-ਇਕ ਕਮਰਾ ਬਣਵਾ ਕੇ ਦੇਣ ਦਾ ਯੋਗਦਾਨ ਪਾਉਣ ਲਈ ਵਚਨਬੱਧਤਾ ਦਿੱਤੀ। ਜੈਕਾਰਿਆਂ ਦੀ ਗੂੰਜ ਵਿਚ ਜਨੇਰ ਹਾਈ ਸਕੂਲ ਦਾ ਨਾਮ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉਪਰ ‘ਗੁਰੂ ਨਾਨਕ ਦੇਵ ਹਾਈ ਸਕੂਲ ਜਨੇਰ’ ਰੱਖਿਆ ਗਿਆ। ਸਕੂਲ ਦਾ ਕੰਮ ਚਲਾਉਣ ਲਈ ਪੰਦਰਾਂ ਮੈਂਬਰੀ ਕਾਰਜ ਸਾਧਕ ਕਮੇਟੀ ਬਣਾਈ ਗਈ ਅਤੇ ‘ਗੁਰੂ ਨਾਨਕ ਐਜੂਕੇਸ਼ਨਲ ਸੁਸਾਇਟੀ’ ਦੇ ਨਾਮ ਅਧੀਨ ਇਕ ਨਿਯਮ ਉਪ-ਨਿਯਮ ਬਣਾਉਣ ਵਾਲੀ ਕਮੇਟੀ ਬਣਾ ਕੇ ਰਜਿਸਟਰਡ ਕਰਵਾਈ ਗਈ। ਇਲਾਕੇ ਦੀਆਂ ਪੰਚਾਇਤਾਂ ਨੇ ਜਨੇਰ ਹਾਈ ਸਕੂਲ ਵਾਸਤੇ ਜ਼ਮੀਨ ਵੀ ਦਿੱਤੀ।
ਸਕੂਲ ਵਾਸਤੇ ਪ੍ਰਾਪਤ ਹੋਈ ਜ਼ਮੀਨ ਦਾ ਵੇਰਵਾ:
1. ਪਿੰਡ ਜਨੇਰ, 10 ਕਿੱਲੇ
2. ਪਿੰਡ ਰਜੀਵਾਲ, 7 ਕਿੱਲੇ
3. ਪਿੰਡ ਗਗੜਾ, 6 ਕਿੱਲੇ
4. ਪਿੰਡ ਚੀਮਾ, 2 ਕਿੱਲੇ
5. ਪਿੰਡ ਵਰ੍ਹੇ, 2 ਕਿੱਲੇ
6. ਪਿੰਡ ਖੋਸਾ ਰੰਧੀਰ 8 ਕਿੱਲੇ
ਇਥੇ ਵਰਨਣਯੋਗ ਹੈ ਕਿ ਪਿੰਡ ਖੋਸਾ ਰੰਧੀਰ ਵਾਲਿਆਂ ਨੇ ਆਪਣੇ ਪਿੰਡ ਵਿਚ ਹਾਈ ਸਕੂਲ ਬਣ ਜਾਣ ਬਾਅਦ ਪਿੰਡ ਜਨੇਰ ਦੇ ਹਾਈ ਸਕੂਲ ਨੂੰ ਦਾਨ ਦੇ ਰੂਪ ਵਿਚ ਦਿੱਤੀ ਹੋਈ ਅੱਠ ਕਿੱਲੇ ਜ਼ਮੀਨ ਵਾਪਸ ਲੈ ਲਈ ਸੀ।
ਜਨੇਰ ਹਾਈ ਸਕੂਲ ਦੀ ਕਾਰਜ ਸਾਧਕ/ਅੰਤਰਿਕ ਕਮੇਟੀ
1. ਸੰਤ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਵਾਲੇ (ਸਰਪ੍ਰਸਤ-ਪ੍ਰਧਾਨ)
2. ਸ. ਸਰਦਾਰਾ ਸਿੰਘ ਪ੍ਰਧਾਨ, ਖੋਸਾ ਰੰਧੀਰ
3. ਲੰਬਰਦਾਰ ਮੱਘਰ ਸਿੰਘ ਰਜੀਵਾਲ, ਮੀਤ ਪ੍ਰਧਾਨ
4. ਸ. ਨਰੈਣ ਸਿੰਘ ਜਾਨੀ, ਜਨਰਲ ਸਕੱਤਰ ਕੜਿਆਲ
5. ਗਿਆਨੀ ਬਦਨ ਸਿੰਘ, ਮੀਤ ਸਕੱਤਰ ਚੁੱਘਾ ਕਲਾਂ
6. ਸ. ਹਰਦਿੱਤ ਸਿੰਘ ਗਗੜਾ, ਮੁਖੀ ਪ੍ਰਬੰਧਕ ਅਤੇ ਅੰਤ੍ਰਿਕ ਮੈਂਬਰ
7. ਸ. ਵਧਾਵਾ ਸਿੰਘ ਵਰ੍ਹੇ, ਖਜ਼ਾਨਚੀ
8. ਸ. ਲਾਲ ਸਿੰਘ ਰਜੀਵਾਲ, ਮੁਖੀ ਪ੍ਰਬੰਧਕ ਅਤੇ ਅੰਤ੍ਰਿਕ ਮੈਂਬਰ
9. ਬਾਵਾ ਰਾਮ ਜੀ ਲੁਹਾਰਾ, ਅੰਤ੍ਰਿਕ ਮੈਂਬਰ
10. ਲੰਬਰਦਾਰ ਕੁੰਦਨ ਸਿੰਘ ਖੋਸਾ ਰੰਧੀਰ, ਅੰਕ ਮੈਂਬਰ
11. ਸ. ਕਰਤਾਰ ਸਿੰਘ ਲਹਿਰੀ, ਪ੍ਰਬੰਧਕ ਮੁਖੀ ਅਤੇ ਅੰਤ੍ਰਿਕ ਮੈਂਬਰ
12. ਸ. ਜਿਉਣ ਸਿੰਘ ਗਲੋਟੀ, ਅੰਤ੍ਰਿਕ ਮੈਂਬਰ
13. ਲੰਬਰਦਾਰ ਲਾਲ ਸਿੰਘ ਗਗੜਾ, ਅੰਤ੍ਰਿਕ ਮੈਂਬਰ
14. ਸ. ਸੁੱਚਾ ਸਿੰਘ ਕਿਸ਼ਨਪੁਰਾ ਕਲਾਂ, ਮੁਖੀ ਪ੍ਰਬੰਧਕ ਅਤੇ ਅੰਤ੍ਰਿਕ ਮੈਂਬਰ
15. ਹੌਲਦਾਰ ਗੁਰਮੁਖ ਸਿੰਘ ਚੀਮਾ ਜਨੇਰ, ਅੰਤ੍ਰਿਕ ਮੈਂਬਰ
ਹਾਈ ਸਕੂਲ ਦੀ ਨੀਂਹ ਰੱਖਣ ਦੀ ਰਸਮ
ਸਰਕਾਰ ਪਾਸੋਂ ਪ੍ਰਾਇਮਰੀ ਸਕੂਲ ਦੀ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਦੀ ਪ੍ਰਾਈਵੇਟ ਗੁਰੂ ਨਾਨਕ ਦੇਵ ਹਾਈ ਸਕੂਲ ਵਜੋਂ ਮਾਨਤਾ ਪ੍ਰਾਪਤ ਹੋ ਜਾਣ ਬਾਅਦ ਪਿੰਡ ਜਨੇਰ ਦੇ ਗੁਰਦੁਆਰਾ ਸਾਹਿਬ ਵਿਚ ਆਖੰਡ ਪਾਠ ਦੇ ਭੋਗ ਪਾਉਣ ਉਪਰੰਤ ਇਕ ਵੱਡਾ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਵਿਚ ਹਾਈ ਸਕੂਲ ਦੀਆਂ ਕਮੇਟੀਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਹਾਈ ਸਕੂਲ ਦੀ ਇਮਾਰਤ ਦਾ ਕੰਮ ਸੁਖ ਸ਼ਾਂਤੀ ਨਾਲ ਸੰਪੂਰਨ ਹੋਣ ਲਈ ਅਰਦਾਸ ਬੇਨਤੀਆਂ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਵਿਚੋਂ ਪਵਿੱਤਰ ਹੁਕਮਨਾਮਾ ਲੈ ਕੇ ਸੰਤ ਵਿਸਾਖਾ ਸਿੰਘ ਜੀ ਅਤੇ ਸੰਤ ਗੱਜਾ ਸਿੰਘ ਜੀ ਦੀ ਰਹਿਨੁਮਾਈ ਵਿਚ ਇਲਾਕੇ ਦੀਆਂ ਧਾਰਮਿਕ ਸਖ਼ਸ਼ੀਅਤਾਂ ਅਤੇ ਸੰਗਤਾਂ ਦਾ ਵੱਡਾ ਇਕੱਠ ਜਨੇਰ ਦੇ ਬੱਸ ਸਟੈਂਡ ਨੇੜੇ ਸਕੂਲ ਦੀ ਇਮਾਰਤ ਵਾਸਤੇ ਪ੍ਰਾਪਤ ਹੋਈ ਜਗ੍ਹਾ ‘ਤੇ ਪਹੁੰਚ ਗਏ। ਜਿਨ੍ਹਾਂ ਪੰਜ ਧਾਰਮਿਕ ਸਖ਼ਸ਼ੀਅਤਾਂ ਨੇ ਆਪਣੇ ਕਰ ਕਮਲਾਂ ਨਾਲ ਗੁਰੂ ਨਾਨਕ ਦੇਵ ਹਾਈ ਸਕੂਲ ਜਨੇਰ ਦੀ ਨੀਂਹ ਰੱਖੀ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:
1. ਸੰਤ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਵਾਲੇ
2. ਗੱਜਾ ਸਿੰਘ ਜੀ ਜਨੇਰ
3. ਸੰਤ ਇੰਦਰ ਸਿੰਘ ਜੀ ਖੋਸਾ ਕੋਟਲਾ
4. ਸੰਤ ਨੰਦ ਸਿੰਘ ਜੀ ਲੁਹਾਰਾ
5. ਸੰਤ ਸੋਹਣ ਸਿੰਘ ਜੀ ਪਲਾਕਾ
ਪ੍ਰਾਇਮਰੀ ਸਕੂਲ ਜਨੇਰ ਦੀ ਸੇਖੋਂ ਪੱਤੀ ਦੀ ਧਰਮਸ਼ਾਲਾ ਵਿਚ
ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਤਿਆਰ ਹੋਣ ਤਕ ਕਾਫੀ ਸਮਾਂ ਪ੍ਰਾਇਮਰੀ ਸਕੂਲ ਸੇਖੋਂ ਪੱਤੀ ਦੀ ਧਰਮਸ਼ਾਲਾ ਵਿਚ ਚਲਦਾ ਰਿਹਾ। ਚੀਮਾ ਪੱਤੀ ਵਾਲਿਆਂ ਦਾ ਰਲੇਵਾਂ ਹੋ ਜਾਣ ਬਾਅਦ ਇਸ ਧਰਮਸ਼ਾਲਾ ਨੂੰ ਅੱਜਕਲ੍ਹ ਸੇਖੋਂ-ਚੀਮਾ ਪੱਤੀ ਦੀ ਧਰਮਸ਼ਾਲਾ ਵਜੋਂ ਜਾਣਿਆ ਜਾਂਦਾ ਹੈ। ਹਾਈ ਸਕੂਲ ਦੇ ਕੁਝ ਕਮਰੇ ਤਾਂ ਪਹਿਲ ਦੇ ਆਧਾਰ ‘ਤੇ ਤਿਆਰ ਕਰਕੇ ਉਥੇ ਵੱਡੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਪਰੰਤੂ ਪ੍ਰਾਇਮਰੀ ਸਕੂਲ ਤਾਂ ਸਰਕਾਰ ਨੇ ਤਿਆਰ ਕਰਨਾ ਸੀ ਇਸ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪਹਿਲੀ ਤੋਂ ਚੌਥੀ ਕਲਾਸ ਤਕ ਦੀ ਪੜ੍ਹਾਈ ਕਾਫੀ ਸਮਾਂ ਧਰਮਸ਼ਾਲਾ ਵਿਚ ਹੀ ਕਰਵਾਈ ਜਾਂਦੀ ਰਹੀ। ਇਥੇ ਵਰਨਣਯੋਗ ਹੈ ਕਿ ਉਸ ਸਮੇਂ ਜਨੇਰ ਦਾ ਪ੍ਰਾਇਮਰੀ ਸਕੂਲ ਚੌਥੀ ਜਮਾਤ ਤਕ ਹੀ ਸੀ, ਪੰਜਵੀਂ ਜਮਾਤ ਦੀ ਪੜ੍ਹਾਈ ਹਾਈ ਸਕੂਲ ਵਿਚ ਕਰਵਾਈ ਜਾਂਦੀ ਸੀ।
ਮਾਸਟਰ ਕਰਤਾਰ ਸਿੰਘ ਦਾਤੇਵਾਲ ਅਤੇ ਮਾਸਟਰ ਸਾਧੂ ਸਿੰਘ ਪ੍ਰਾਇਮਰੀ ਸਕੂਲ ਜਨੇਰ ਵਿਚ ਪਹਿਲੇ ਅਧਿਆਪਕਾਂ ਵਜੋਂ ਨਿਯੁਕਤ ਹੋਏ। ਕੁਝ ਸਮੇਂ ਬਾਅਦ ਮਾਸਟਰ ਸਾਧੂ ਸਿੰਘ ਦੀ ਜਗ੍ਹਾ ਮੋਗਾ ਨੇੜਲੇ ਪਿੰਡ ਮਹਿਣਾ ਨਾਲ ਸਬੰਧਤ ਮਾਸਟਰ ਅਜੈਬ ਸਿੰਘ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਜਨੇਰ ਵਿਚ ਹੋ ਗਈ ਜਿਸ ਨੇ ਲੰਮਾ ਸਮਾਂ ਇਸੇ ਸਕੂਲ ਵਿਚ ਪੜ੍ਹਾਇਆ। 1953 ਈਸਵੀ ਵਿਚ ਜੀ.ਟੀ. ਰੋਡ ‘ਤੇ ਹਾਈ ਸਕੂਲ ਦੇ ਨੇੜੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਤਿਆਰ ਹੋ ਗਈ ਅਤੇ ਪ੍ਰਾਇਮਰੀ ਸਕੂਲ ਦੀਆਂ ਸਾਰੀਆਂ ਕਲਾਸਾਂ ਦੀ ਪੜ੍ਹਾਈ ਉਥੇ ਸ਼ੁਰੂ ਹੋ ਗਈ।
ਜਨੇਰ ਹਾਈ ਸਕੂਲ ਦੀ ਬਿਲਡਿੰਗ ਉਸਾਰੀ ਸਮੇਂ ਦਾ ਦ੍ਰਿਸ਼
ਹਾਈ ਸਕੂਲ ਦੀ ਮੌਜੂਦਾ ਬਿਲਡਿੰਗ ਦੇ ਉੱਤਰ ਵੱਲ ਚਾਰ ਛੋਟੇ ਕਮਰੇ ਅਤੇ ਇਕ ਦਫ਼ਤਰ ਤਿਆਰ ਕਰਕੇ ਬੇਸ਼ਕ ਹਾਈ ਸਕੂਲ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਸਰਕਾਰ ਵਲੋਂ ਤਿਆਰ ਕੀਤੇ ਗਏ ਪ੍ਰਾਇਮਰੀ ਸਕੂਲ ਵਿਚ ਵੀ ਛੋਟੀਆਂ ਕਲਾਸਾਂ ਦੇ ਬੱਚੇ ਪੜ੍ਹਾਈ ਕਰ ਰਹੇ ਸਨ ਪਰੰਤੂ ਛੇ ਪਿੰਡਾਂ ਵਲੋਂ ਤਿਆਰ ਕਰਵਾਏ ਜਾਣ ਵਾਲੇ ਵੱਡੇ ਕਮਰਿਆਂ ਦਾ ਕੰਮ ਹਾਲੀਂ ਬਾਕੀ ਸੀ। ਇਕ ਵਾਰ ਫੇਰ ਸੰਤ ਵਿਸਾਖਾ ਸਿੰਘ ਜੀ ਨੇ ਆਪਣੇ ਪ੍ਰਮ ਸੇਵਕ ਸੁੱਚਾ ਸਿੰਘ ਮਲਾਇਆ ਵਾਲੇ ਨਾਲ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਮੋਰਚਾ ਸੰਭਾਲ ਲਿਆ। ਬਿਲਡਿੰਗ ਉਸਾਰੀ ਸਮੇਂ ਦਾ ਇਹ ਵਿਲੱਖਣ ਅਲੌਕਿਕ ਦ੍ਰਿਸ਼ ਆਪਣੇ ਆਪ ਵਿਚ ਇਕ ਯਾਦਗਾਰ ਹੋ ਨਿਬੜਿਆ।
ਮਕਾਨ ਉਸਾਰੀ ਵਾਲੇ ਮਿਸਤਰੀਆਂ ਦੀ ਗਿਣਤੀ ਤਾਂ ਲੋੜੀਂਦੀ ਮਾਤਰਾ ਵਿਚ ਹੁੰਦੀ ਸੀ ਪਰੰਤੂ ਮਜ਼ਦੂਰਾਂ ਦੀ ਗਿਣਤੀ ਘਟ ਹੋਣ ਕਰਕੇ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਲਈ ਜਾਂਦੀ ਸੀ। ਮਿਸਤਰੀਆਂ, ਮਜ਼ਦੂਰਾਂ ਅਤੇ ਬਾਬਾ ਜੀ ਦੇ ਦਰਸ਼ਨਾਂ ਲਈ ਅਕਸਰ ਪਹੁੰਚੀਆਂ ਸੰਗਤਾਂ ਵਾਸਤੇ ਦੁਪਹਿਰ ਦਾ ਲੰਗਰ ਸਕੂਲ ਵਿਚ ਹੀ ਤਿਆਰ ਕਰਨ ਦਾ ਪ੍ਰਬੰਧ ਕੀਤਾ ਗਿਆ। ਸਾਰਾ ਦਿਨ ਚਲਦੇ ਚਾਹ ਦੇ ਲੰਗਰ ਵਾਸਤੇ ਵਿਦਿਆਰਥੀ ਪਿੰਡਾਂ ਵਿਚੋਂ ਦੁੱਧ ਇਕੱਠਾ ਕਰਕੇ ਲਿਆਇਆ ਕਰਦੇ ਸਨ। ਕਈ ਵਾਰ ਇਲਾਕੇ ਦੇ ਪਿੰਡਾਂ ਅਤੇ ਗੁਰੂ ਘਰਾਂ ਵਲੋਂ ਐਨਾ ਦੁੱਧ ਪਹੁੰਚ ਜਾਣਾ ਕਿ ਦੁੱਧ ਦਾ ਲੰਗਰ ਵੀ ਨਾਲ ਹੀ ਸ਼ੁਰੂ ਹੋ ਜਾਂਦਾ ਸੀ । ਜੀ.ਟੀ. ਰੋਡ ਉਪਰੋਂ ਲੰਘ ਰਹੇ ਹਰ ਇਕ ਰਾਹੀ-ਪਾਂਧੀ ਦਾ ਧਿਆਨ ਆਪਣੇ ਆਪ ਇਸ ਕਾਰ ਸੇਵਾ ਰੂਪੀ ਵੱਡੇ ਪ੍ਰੋਜੈਕਟ ਵਲ ਖਿੱਚਿਆ ਜਾਂਦਾ। ਕਈ ਵਿਦਿਅਕ ਸੰਸਥਾਵਾਂ ਅਤੇ ਸਕੂਲੀ ਇਮਾਰਤਾਂ ਉਸਾਰਨ ਦੇ ਮਾਹਿਰ ਸੰਤ ਵਿਸਾਖਾ ਸਿੰਘ ਜੀ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਥੋੜ੍ਹੇ ਸਮੇਂ ਵਿਚ ਹੀ ਇਸ ਵੱਡੇ ਪ੍ਰੋਜੈਕਟ ਨੂੰ ਪੂਰਤੀ ਨੇੜੇ ਪਹੁੰਚਾ ਦਿੱਤਾ। ਬਾਬਾ ਜੀ ਨੂੰ ਦੋ ਹੋਰ ਪ੍ਰੋਜੈਕਟਾਂ ‘ਤੇ ਚਲ ਰਹੇ ਕੰਮਾਂ ਤੋਂ ਬੁਲਾਵਾ ਆ ਗਿਆ ਇਸ ਕਰਕੇ ਉਹ ਰਹਿੰਦਾ ਕੰਮ ਸੁੱਚਾ ਸਿੰਘ ਮਲਾਇਆ ਵਾਲੇ ਹੋਰਾਂ ਦੇ ਸਪੁਰਦ ਕਰਕੇ ਦੂਜੇ ਪ੍ਰੋਜੈਕਟਾਂ ਵਾਲੀ ਜਗ੍ਹਾ ‘ਤੇ ਰਵਾਨਾ ਹੋ ਗਏ। ਸੁੱਚਾ ਸਿੰਘ ਮਲਾਇਆ ਵਾਲੇ ਬਾਅਦ ਵਿਚ ਲੰਮਾ ਸਮਾਂ ਸਕੂਲ ਵਿਚ ਹੀ ਰਹੇ ਅਤੇ ਨਿਸ਼ਕਾਮ ਸੇਵਾਦਾਰ ਵਜੋਂ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਂਦੇ ਰਹੇ। ਬਾਬਾ ਜੀ ਨਾਲ ਆਇਆ ਇਕ ਹੋਰ ਸੇਵਕ ਹਰਨਾਮ ਸਿੰਘ ਨਹਿੰਗ ਨੂੰ ਤਾਂ ਸਕੂਲ ਦੀ ਕਮੇਟੀ ਵਾਲਿਆਂ ਨੇ ਦਰਜਾ ਚਾਰ ਮੁਲਾਜ਼ਮ ਦੀ ਨੌਕਰੀ ਦੇ ਦਿੱਤੀ ਸੀ ਇਸ ਕਰਕੇ ਉਹ ਸੁੱਚਾ ਸਿੰਘ ਹੋਰਾਂ
ਨਾਲ ਸਕੂਲ ਵਿਚ ਹੀ ਰਹਿੰਦਾ ਸੀ।
ਜਨੇਰ ਦੇ ਹਾਈ ਸਕੂਲ ਨਾਲ ਜੁੜੀਆਂ ਸਖ਼ਸ਼ੀਅਤਾਂ ਦਾ ਯੋਗਦਾਨ
ਸੱਠ ਵਰ੍ਹਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਹੋਂਦ ਵਿਚ ਆਏ ਇਲਾਕੇ ਦੇ ਇਸ ਪਹਿਲੇ ਹਾਈ ਸਕੂਲ ਦੇ ਸ਼ੁਰੂ ਹੋਣ ਤੋਂ ਲੈ ਕੇ ਅੱਜ ਤਕ ਵਖਰੇ-ਵਖਰੇ ਰੂਪ ਵਿਚ ਇਲਾਕਾ ਨਿਵਾਸੀਆਂ, ਪੰਚਾਇਤਾਂ, ਧਾਰਮਿਕ ਸਥਾਨਾਂ ਅਤੇ ਦੇਸ਼-ਵਿਦੇਸ਼ ਵਿਚ ਵਸਦੀਆਂ ਕੁਝ ਨਾਮਵਰ ਸਖ਼ਸ਼ੀਅਤਾਂ ਵਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਦਾ ਜੇਕਰ ਲੇਖਾ-ਜੋਖਾ ਕਰਕੇ ਵਿਸਥਾਰ ਪੂਰਵਕ ਲਿਖਿਆ ਜਾਵੇ ਤਾਂ ਬਹੁਤ ਲੰਮਾ ਹੋ ਜਾਵੇਗਾ ਪਰੰਤੂ ਫੇਰ ਵੀ ਇਲਾਕਾ ਨਿਵਾਸੀਆਂ ਦੇ ਸੰਯੁਕਤ ਰੂਪ ਅਤੇ ਨਿੱਜੀ ਰੂਪ ਵਿਚ ਪਾਏ ਗਏ ਯੋਗਦਾਨ ਬਾਰੇ ਕੁਝ ਨਾ ਲਿਖਿਆ ਜਾਵੇ ਤਾਂ ਅਜੋਕੇ ਸਮੇਂ ਦੇ ਗੌਰਮਿੰਟ ਗੁਰੂ ਨਾਨਕ ਦੇਵ ਹਾਈ ਸਕੂਲ ਅਤੇ ਪ੍ਰਾਈਵੇਟ ਤੌਰ ‘ਤੇ ਚਲਾਏ ਜਾ ਰਹੇ ਸੀਨੀਅਰ ਸੈਕੰਡਰੀ ਸਕੂਲ ਜਨੇਰ ਦਾ ਇਤਿਹਾਸ ਅਧੂਰਾ ਹੀ ਨਜ਼ਰ ਆਵੇਗਾ।
ਸੰਤ ਵਿਸਾਖਾ ਸਿੰਘ ਜੀ ਕਿਸ਼ਨਪੁਰਾ
‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਦਾ ਸ਼ਬਦ ਰੂਪੀ ਨਾਹਰਾ ਸੰਤ ਵਿਸਾਖਾ ਸਿੰਘ ਜੀ ਨੇ 1951 ਈਸਵੀ ਸਮੇਂ ਜਨੇਰ ਹਾਈ ਸਕੂਲ ਦੇ ਹੋਂਦ ਵਿਚ ਆਉਣ ਨਾਲ ਸਬੰਧਤ ਛਪਵਾਏ ਗਏ ਸੋਵੀਨਰ ਦੇ ਪਹਿਲੇ ਸਫ਼ੇ ਉਪਰ ਅੰਕਿਤ ਕਰਵਾਇਆ। ਜਦੋਂ ਕਿ ਇਹ ਨਾਹਰਾ ਉਸ ਤੋਂ ਬਾਰ੍ਹਾਂ ਵਰ੍ਹੇ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਂਦ ਵਿਚ ਆਉਣ ਸਮੇਂ ਸੀਮੈਂਟ ਦੇ ਅੱਖਰਾਂ ਵਿਚ ਯੂਨੀਵਰਸਿਟੀ ਦੇ ਮੇਨ ਗੇਟ ਉਪਰ ਲਿਖਵਾਇਆ ਗਿਆ, ਜਿਹੜਾ ਕਿ ਸਿੱਖ ਪੰਥ ਦੀ ਇਸ ਮਹਾਨ ਸ਼ਖ਼ਸੀਅਤ ਦੇ ਵਿਦਿਆ ਹਿਤੈਸ਼ੀ, ਵਿਦਿਆ ਪ੍ਰੇਮੀ, ਵਿਦਿਆ ਨੂੰ ਸਮਰਪਤ ਅਤੇ ਵਿਦਿਆ ਬਾਰੇ ਜਾਗਰੂਕ ਹੋਣ ਦੀ ਹਾਮੀ ਭਰਦਾ ਹੈ।
ਬਾਬਾ ਜੀ ਦਾ ਜਨਮ ਵਿਸਾਖੀ ਦੇ ਪਵਿੱਤਰ ਦਿਹਾੜੇ 13 ਅਪ੍ਰੈਲ 1903 ਈਸਵੀ ਨੂੰ ਪਿਤਾ ਕਰਮ ਸਿੰਘ ਜੌਹਲ ਦੇ ਗ੍ਰਹਿ ਵਿਖੇ ਮਾਤਾ ਕਾਹਨ ਕੌਰ ਦੀ ਸੁਭਾਗੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਜਗਰਾਉਂ ਵਿਚ ਪੈਂਦੇ ਪਿੰਡ ਜਨੇਤਪੁਰ ਵਿਚ ਹੋਇਆ। ਬਚਪਨ ਵਿਚ ਇਨ੍ਹਾਂ ਨੇ ਸੰਤ ਬ੍ਰਹਮ ਪ੍ਰਕਾਸ਼ ਨਾਮੀ ਸਾਧੂ ਪਾਸੋਂ ਉਦਾਸੀ ਮੱਤ ਗ੍ਰਹਿਣ ਕਰ ਲਿਆ ਪਰੰਤੂ 1921 ਈਸਵੀ ਵਿਚ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਭਰ ਜਵਾਨ ਬਾਬਾ ਜੀ ਦੇ ਮਨ ਅੰਦਰ ਛੁਪੀ ‘ਸਿੱਖੀ ਸਪਰਿਟ’ ਨੇ ਇਨ੍ਹਾਂ ਨੂੰ ਵੰਗਾਰਿਆ ਅਤੇ ਅੰਮ੍ਰਿਤਸਰ ਪਹੁੰਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਬਕਾਇਦਾ ਸਿੱਖੀ ਸਰੂਪ ਧਾਰਨ ਕਰ ਲਿਆ। 1923 ਈਸਵੀ ਵਿਚ ਗੰਗਸਰ ਜੈਤੋ ਦੇ ਮੋਰਚੇ ਸਮੇਂ ਬਾਬਾ ਜੀ ਨੇ ਅਹਿਮ ਭੂਮਿਕਾ ਨਿਭਾਈ। ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕਰ ਲਿਆ ਗਿਆ। ਸ਼੍ਰੋਮਣੀ ਕਮੇਟੀ ਦੇ ਦੋ ਧੜਿਆਂ ਵਿਚ ਵੰਡੇ ਜਾਣ ਬਾਅਦ ਆਪ ਜੀ ਨੇ ਨਿਰਪੱਖ ਰਹਿੰਦੇ ਹੋਏ ਇਸ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਅਤੇ ‘ਵਿਦਿਆ ਪਸਾਰੇ’ ਦੇ ਖੇਤਰ ਵਿਚ ਕੁੱਦ ਪਏ। ਬਾਬਾ ਜੀ ਨੇ ਵਿਦਿਆ ਦੇ ਪਸਾਰੇ ਵਾਸਤੇ ਮਾਲਵਾ ਖੇਤਰ ਵਿਚ ਦੂਰ-ਦੂਰ ਤਕ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਸਥਾਪਤ ਕਰਨ ਵਿਚ ਵੱਡਾ ਯੋਗਦਾਨ ਪਾਇਆ। ਕੁਝ ਕਾਲਜ ਅਤੇ ਹੋਰ ਸੰਸਥਾਵਾਂ ਵੀ ਸਥਾਪਤ ਕੀਤੀਆਂ। ਸ਼ਾਇਦ ਇਸੇ ਕਰਕੇ ਸ਼ਾਇਰ ਬਲਵੰਤ ਸਿੰਘ ਗੁਰੂ ਕਾ ਕੋਠਾ ਸੰਤ ਵਿਸਾਖਾ ਸਿੰਘ ਜੀ ਬਾਰੇ ਲਿਖਦਾ ਹੈ:
ਵਿਦਿਆ ਪ੍ਰਚਾਰ ਲਈ ਹਰ ਢੰਗ ਚਲਾਵੇਂ।
ਰਚ ਐਜੂਕੇਸ਼ਨ ਸੁਸਾਇਟੀਆਂ ਸਕੂਲ ਬਣਾਵੇਂ।
ਤੂੰ ਇਸੇ ਲੇਖੇ ਲਾ ਦਿੱਤਾ, ਇਹ ਜੀਵਨ ਸਾਰਾ।
ਸੰਤ ਵਿਸਾਖਾ ਸਿੰਘ ਜੀ, ਤੂੰ ਸਿੱਖੀ ਸਤਾਰਾ।
ਸੰਤ ਵਿਸਾਖਾ ਸਿੰਘ ਜੀ ਦੇ ਸਿੱਖੀ ਪ੍ਰਚਾਰ ਵਿਚ ਪਾਏ ਯੋਗਦਾਨ ਦੀ ਗੱਲ ਕਰੀਏ ਤਾਂ ਗੁਰਮਤਿ ਪ੍ਰਚਾਰ ਕਰਦੇ ਸਮੇਂ ਇਨ੍ਹਾਂ ਨੇ 16 ਗੁਰੂਘਰਾਂ ਦੀ ਕਾਰ ਸੇਵਾ ਵਿਚ ਸੰਗਤਾਂ ਦੀ ਰਹਿਨੁਮਾਈ ਕੀਤੀ। ਇਤਿਹਾਸ ਵਿਚ ਬਾਬਾ ਜੀ ਵਲੋਂ 14000 ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ-ਪਾਨ ਕਰਵਾਉਣ ਦਾ ਵਰਨਣ ਮਿਲਦਾ ਹੈ ਜਿਸ ਵਿਚ ਸਭ ਧਰਮਾਂ, ਜਾਤਾਂ, ਗੋਤਾਂ ਅਤੇ ਉਪਗੋਤਾਂ ਦੇ ਲੋਕ ਸ਼ਾਮਿਲ ਸਨ। ਇਨ੍ਹਾਂ ਨੇ ਲੁਧਿਆਣਾ ਤੋਂ ‘ਗੁਰਮਤਿ ਸਮਾਚਾਰ’ ਨਾਮੀ ਅਖ਼ਬਾਰ ਵੀ ਕਾਫੀ ਸਮਾਂ ਪ੍ਰਕਾਸ਼ਿਤ ਕੀਤਾ ਅਤੇ 1944 ਈਸਵੀ ਵਿਚ ਗੁਰਮਤਿ ਪ੍ਰਚਾਰ ਸਿੰਘ ਸਭਾ ਧਿਆੜਾ ਕਾਇਮ ਕੀਤੀ। ਸਮਾਜ ਸੇਵੀ ਵਜੋਂ ਬਾਬਾ ਜੀ ਨੇ 1947 ਵਿਚ ਦੇਸ਼ ਦੀ ਵੰਡ ਸਮੇਂ ਲੋੜਵੰਦਾਂ ਨੂੰ ਰਜਾਈਆਂ, ਕੰਬਲ, ਖੇਸ, ਦਰੀਆਂ, ਕੁੜਤੇ, ਪਜਾਮੇ ਅਤੇ ਕਛਹਿਰੇ ਮੁਹਈਆ ਕਰਵਾਏ ਅਤੇ ਰਾਤ ਦਿਨ ਗੁਰੂ ਕੇ ਅਤੁੱਟ ਲੰਗਰ ਵੀ ਚਲਾਏ। ਸਾਹਿਤਕ ਖੇਤਰ ਵਿਚ ਬਾਬਾ ਜੀ ਦੀ ਪੰਜਾਬੀ ਸਾਹਿਤ ਨੂੰ ਵੱਡੀ ਦੇਣ ਹੈ। ਉਨ੍ਹਾਂ ਨੇ ਦਸਮੇਸ਼ ਦੁਲਾਰੀਆਂ, ਸੰਤ ਸਿਪਾਹੀ, ਸਰੀਰਕ ਰਖਿਆ, ਪੈਂਤੀ ਰੋਗਾਂ ਦਾ ਇਲਾਜ, ਪੰਗਤੀ ਪ੍ਰਮਾਣ ਅਤੇ ਤਿੰਨ ਜਿਲਦਾਂ ਵਿਚ ਮਾਲਵਾ ਦਾ ਇਤਿਹਾਸ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ।
ਪਿੰਡ ਜਨੇਰ ਅਤੇ ਇਲਾਕਾ ਨਿਵਾਸੀ ਸੰਤ ਵਿਸਾਖਾ ਸਿੰਘ ਜੀ ਦੇ ਹਮੇਸ਼ਾ ਰਿਣੀ ਰਹਿਣਗੇ ਜਿਨ੍ਹਾਂ ਨੇ ਵਿਦਿਆ ਦਾ ਹਨ੍ਹੇਰਾ ਦੂਰ ਕਰਨ ਅਤੇ ਵਿਦਿਆ ਦੇ ਚਾਨਣ ਨੂੰ ਪਸਾਰਨ ਲਈ ਵਡਮੁੱਲਾ ਯੋਗਦਾਨ ਪਾਇਆ।
ਆਜ਼ਾਦੀ ਘੁਲਾਟੀਆ ਸੁੱਚਾ ਸਿੰਘ ਮਲਾਇਆ ਵਾਲਾ
ਧਰਮਕੋਟ ਨੇੜਲੇ ਪਿੰਡ ਕਿਸ਼ਨਪੁਰਾ ਕਲਾਂ ਦੇ ਪਿਛੋਕੜ ਵਾਲੇ ਆਜ਼ਾਦੀ ਘੁਲਾਟੀਏ ਸੁੱਚਾ ਸਿੰਘ ਮਲਾਇਆ ਵਾਲੇ ਦੀ ਜਨੇਰ ਦੀ ਹਾਈ ਸਕੂਲ ਨੂੰ ਬਹੁਤ ਵੱਡੀ ਦੇਣ ਹੈ। ਸੁੱਚਾ ਸਿੰਘ ਦਾ ਜਨਮ ਸੂਬੇਦਾਰ ਮੇਜਰ ਹਜ਼ਾਰਾ ਸਿੰਘ ਮਾਨ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ 1899 ਈਸਵੀ ਵਿਚ ਮਲਾਇਆ ਦੇ ਸ਼ਹਿਰ ਤੇਪੰਨ ਪਾਰਕ ਵਿਚ ਹੋਇਆ। ਵਿਕਟੋਰੀਆ ਇੰਸਟੀਚਿਊਟ ਕੁਆਲੰਮਪੁਰ ਵਿਚੋਂ ਵਿਦਿਆ ਪ੍ਰਾਪਤ ਕਰਕੇ ਛੋਟੀ ਉਮਰ ਵਿਚ ਹੀ ਸੁੱਚਾ ਸਿੰਘ ਮਾਨ ਨੇ ਮਲੇਸ਼ੀਆ ਰੇਲਵੇ ਵਿਚ ਨੌਕਰੀ ਕਰ ਲਈ ਅਤੇ 1920 ਵਿਚ ਸਟੇਸ਼ਨ ਮਾਸਟਰ ਬਣ ਗਿਆ। ਪਰੰਤੂ ਉਸ ਦੇ ਮਨ ਅੰਦਰ ਤਾਂ ਦੇਸ਼ ਪਿਆਰ ਅਤੇ ਸਿੱਖੀ ਦਾ ਜਜ਼ਬਾ ਕੁਟ-ਕੁਟ ਕੇ ਭਰਿਆ ਹੋਇਆ ਸੀ। ਇਸ ਕਰਕੇ 1924 ਈਸਵੀ ਵਿਚ ਸਟੇਸ਼ਨ ਮਾਸਟਰ ਦੀ ਵਧੀਆ ਨੌਕਰੀ ਛੱਡ ਕੇ ਉਹ ਪੰਜਾਬ ਪਹੁੰਚ ਗਿਆ ਅਤੇ ਅਕਾਲੀ ਲਹਿਰਾਂ ਵਿਚ ਸ਼ਾਮਿਲ ਹੋ ਗਿਆ। ਕੁਝ ਪਰਿਵਾਰਕ ਉਲਝਣਾਂ ਕਾਰਨ ਉਹ ਵਾਪਸ ਮਲਾਇਆ ਪਹੁੰਚ ਗਿਆ ਅਤੇ ਦੁਬਾਰਾ ਅੱਛੀ ਨੌਕਰੀ ਵੀ ਮਿਲ ਗਈ ਪਰੰਤੂ ਉਸ ਦੇ ਦਿਲ ਅੰਦਰ ਦੇਸ਼ ਪਿਆਰ ਦੀ ਧੁਖਦੀ ਹੋਈ ਚਿੰਗਾਰੀ ਇਕ ਵਾਰ ਫੇਰ ਲਾਂਬੂ ਦੇ ਰੂਪ ਵਿਚ ਬਾਹਰ ਆਈ ਅਤੇ ਭਾਰਤ ਵਿਚ ਆਜ਼ਾਦੀ ਦੇ ਹੱਕ ਵਿਚ ਚੱਲ ਰਹੀਆਂ ਲਹਿਰਾਂ ਦੀ ਖੁੱਲ੍ਹਮ ਖੁੱਲ੍ਹੀ ਮਦਦ ਉਪਰ ਡਟ ਗਿਆ ਜਿਸ ਦੇ ਸਿੱਟੇ ਵਜੋਂ 1929 ਈਸਵੀ ਸਮੇਂ ਪੰਜਾਬ ਵਿਚ ਚੱਲ ਰਹੀ ਨੌਜੁਆਨ ਭਾਰਤ ਸਭਾ ਦੀ ਮਦਦ ਕਰਨ ਬਦਲੇ ਦੇਸ਼ ਧਿਰੋਹ ਦਾ ਇਲਜ਼ਾਮ ਲਗਾ ਕੇ ਮਲਾਇਆ ਦੀ ਅੰਗਰੇਜ਼ੀ ਸਰਕਾਰ ਨੇ ਸੁੱਚਾ ਸਿੰਘ ਨੂੰ ਨਜ਼ਰਬੰਦ ਕਰ ਦਿੱਤਾ। ਛੇ ਮਹੀਲੇ ਬਾਅਦ ਸੁੱਚਾ ਸਿੰਘ ਨੂੰ ਵੀ ਹੋਰਨਾਂ ਆਜ਼ਾਦੀ ਘੁਲਾਈਆਂ ਦਰਸ਼ਨ ਸਿੰਘ ਫੇਰੂਮਾਨ, ਬਹਾਦਰ ਸਿੰਘ ਮਲ੍ਹਾ, ਹਰਨਾਮ ਸਿੰਘ ਛਜਾਂਵਾਲ ਅਤੇ ਵਸਾਵਾ ਸਿੰਘ ਨਾਲ ਰਿਹਾ ਕਰ ਦਿੱਤਾ ਗਿਆ।
ਸੁੱਚਾ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਨੇ ਮਲਾਇਆ ਵਿਚ ਇੰਡੀਆ ਨੈਸ਼ਨਲ ਕਾਂਗਰਸ ਸਥਾਪਤ ਕਰ ਲਈ। 1937 ਵਿਚ ਜਵਾਹਰ ਲਾਲ ਨਹਿਰੂ ਦੀ ਮਲਾਇਆ ਫੇਰੀ ਸਮੇਂ ਉਹ ਸਵਾਗਤੀ ਕਮੇਟੀ ਦਾ ਮੈਂਬਰ ਸੀ। ਸਿੰਘਾਪੁਰ ਅਤੇ ਬੈਕਾਕ ਦੀਆਂ ਕਾਨਫਰੰਸਾਂ ਵਿਚ ਸੁੱਚਾ ਸਿੰਘ ਨੇ ਈਪੂ ਸ਼ਹਿਰ ਦੀ ਨੁਮਾਇੰਦਗੀ ਕੀਤੀ। ਗਰਮ ਖਿਆਲੀ ਕਾਂਗਰਸੀ ਆਗੂ ਸੁਭਾਸ਼ ਚੰਦਰ ਬੋਸ ਦੇ ਸੰਪਰਕ ਵਿਚ ਆਉਣ ਨਾਲ ਉਸ ਦੀਆਂ ਨਰਮ ਖਿਆਲੀ ਕਾਂਗਰਸੀਆਂ ਨਾਲ ਦੂਰੀਆਂ ਪੈ ਗਈਆਂ। ਗਿਆਨੀ ਪ੍ਰੀਤਮ ਸਿੰਘ ਦੇ ਮਲਾਇਆ ਵਿਚ ਆਜ਼ਾਦ ਹਿੰਦ ਫ਼ੌਜ ਦੀਆਂ ਸ਼ਾਖ਼ਾਵਾਂ ਕਾਇਮ ਕਰਨ ਅਤੇ ਜਨਰਲ ਮੋਹਨ ਸਿੰਘ ਨਾਲ ਨੇੜਤਾ ਹੋ ਜਾਣ ਦੇ ਸਿੱਟੇ ਵਜੋਂ ਉਸ ਦੀਆਂ ਕਾਂਗਰਸੀ ਲੀਡਰਾਂ ਨਾਲ ਦੂਰੀਆਂ ਹੋਰ ਵੀ ਵਧ ਗਈਆਂ। ਉਹ ਆਜ਼ਾਦ ਹਿੰਦ ਫ਼ੌਜ ਦੀਆਂ ਸਫ਼ਾਂ ਵਿਚ ਸ਼ਾਮਿਲ ਹੋ ਕੇ ਆਪਣਾ ਮਲਾਇਆ ਦਾ ਅਸਰ-ਰਸੂਖ਼ ਵਰਤ ਕੇ ਗਰਮ ਖਿਆਲੀ ਆਜ਼ਾਦੀ ਘੁਲਾਟੀਆਂ ਦੀ ਮਦਦ ‘ਤੇ ਨਿੱਤਰ ਆਇਆ। 1947 ਵਿਚ ਦੇਸ਼ ਆਜ਼ਾਦ ਹੋਣ ਬਾਅਦ ਉਹ ਵਾਪਸ ਭਾਰਤ ਆ ਗਿਆ ਅਤੇ ਸੁਭਾਸ਼ ਚੰਦਰ ਬੋਸ ਵਲੋਂ ਸਥਾਪਤ ਕੀਤੀ ਗਈ ਫਾਰਵਰਡ ਬਲਾਕ ਪਾਰਟੀ ਵਿਚ ਸ਼ਾਮਿਲ ਹੋ ਕੇ ਨੇਤਾ ਜੀ ਦੀ ਗਰਮ ਖਿਆਲੀ ਵਿਚਾਰਧਾਰਾ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਥੋੜ੍ਹੇ ਸਮੇਂ ਬਾਅਦ ਉਹ ਸੰਤ ਵਿਸਾਖਾ ਸਿੰਘ ਜੀ ਵਲੋਂ ਕੀਤੀਆਂ ਜਾ ਰਹੀਆਂ ਸਮਾਜ ਸੁਧਾਰਕ ਸੇਵਾਵਾਂ ਵਿਚ ਸ਼ਾਮਿਲ ਹੋ ਗਿਆ। ਬਾਬਾ ਜੀ ਨੇ ਉਸ ਨੂੰ ਜਨੇਰ ਹਾਈ ਸਕੂਲ ਦੀ ਅੰਤ੍ਰਿਮ ਕਮੇਟੀ ਵਿਚ ਸ਼ਾਮਿਲ ਕਰਕੇ ਸਕੂਲ ਵਿਚ ਹੀ ਰਹਾਇਸ਼ ਰੱਖਣ ਲਈ ਰਾਜ਼ੀ ਕਰ ਲਿਆ। ਜਨੇਰ ਸਕੂਲ ਦੀ ਉਸਾਰੀ ਸਮੇਂ ਅਤੇ ਬਾਅਦ ਵਿਚ ਵੀ ਸੁੱਚਾ ਸਿੰਘ ਨੇ ਵੱਖ-ਵੱਖ ਰੂਪ ਵਿਚ ਨਿਸ਼ਕਾਮ ਸੇਵਾਦਾਰ ਦੇ ਤੌਰ ‘ਤੇ ਸ਼ਲਾਘਾਯੋਗ ਕੰਮ ਕੀਤਾ। ਉਹ ਬਹੁਤ ਸਾਹਸੀ ਵੀ ਸੀ। ਸਕੂਲ ਵਿਚ ਰਹਿੰਦਿਆਂ ਇਕ ਵਾਰ ਉਸ ਨੇ ਪ੍ਰਾਇਮਰੀ ਸਕੂਲ ਵਿਚੋਂ ਕਾਲੇ ਰੰਗ ਦਾ ਫ਼ਨੀਅਰ ਸੱਪ (King cobra) ਫੜ ਕੇ ਘੜੇ ਵਿਚ ਬੰਦ ਕਰ ਲਿਆ। ਹਰ ਰੋਜ਼ ਉਹ ਸਵੇਰੇ ਪਰੇਅਰ ਤੋਂ ਬਾਅਦ ਘੜੇ ਵਿਚੋਂ ਇਹ ਜ਼ਹਿਰੀਲਾ ਸੱਪ ਕੱਢ ਕੇ ਵਿਦਿਆਰਥੀਆਂ ਨੂੰ ਦਿਖਾਉਂਦਾ। ਤਰਕ ਵਜੋਂ ਉਹ ਆਖਦਾ ਹੁੰਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀਆਂ ਦੇ ਮਨੋਬਲ ਵਿਚ ਵਾਧਾ ਹੁੰਦਾ ਹੈ ਅਤੇ ਉਹ ਸਮਝ ਜਾਂਦੇ ਹਨ ਕਿ ਇਨਸਾਨ ਵੱਡੇ ਤੋਂ ਵੱਡੇ ਖ਼ਤਰਨਾਕ ਜੀਵਾਂ ਨੂੰ ਵੀ ਕਾਬੂ ਕਰਨ ਦੇ ਸਮਰਥ ਹੈ। ਕੁਝ ਸਮੇਂ ਬਾਅਦ ਜਦੋਂ ਅੰਗਰੇਜ਼ਾਂ ਨੇ ਭਾਰਤ ਵਾਂਗ ਮਲਾਇਆ ਵੀ ਦੋ ਹਿੱਸਿਆਂ ਮਲੇਸ਼ੀਆ ਅਤੇ ਸਿੰਗਾਪੁਰ ਵਿਚ ਵੰਡ ਕੇ ਆਜ਼ਾਦ ਕਰ ਦਿੱਤਾ ਤਾਂ ਸੁੱਚਾ ਸਿੰਘ ਵਾਪਸ ਮਲੇਸ਼ੀਆ ਪਹੁੰਚ ਗਿਆ। ਉੱਨੀ ਸੌ ਅੱਸੀ ਵਿਆਂ ਦੇ ਸ਼ੁਰੂ ਵਿਚ ਜਦੋਂ ਉਹ ਆਪਣੀ ਭਾਰਤ ਫੇਰੀ ਸਮੇਂ ਜਨੇਰ ਦੇ ਹਾਈ ਸਕੂਲ ਵਿਚ ਪਧਾਰਿਆ ਤਾਂ ਉਸ ਨੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਵਾਪਸ ਮਲੇਸ਼ੀਆ ਪਹੁੰਚਣ ਤੋਂ ਥੋੜ੍ਹਾ ਸਮਾਂ ਬਾਅਦ ਹੀ ਆਜ਼ਾਦੀ ਘੁਲਾਟੀਆ ਸੁੱਚਾ ਸਿੰਘ ਮਾਨ ਅਕਾਲ ਚਲਾਣਾ ਕਰ ਗਿਆ।
ਲੰਬਰਦਾਰ ਮੱਘਰ ਸਿੰਘ ਚੀਮਾ ਰਜੀਵਾਲ
ਜਨੇਰ ਦੇ ਸਭ ਤੋਂ ਨੇੜਲੇ ਪਿੰਡ ਰਜੀਵਾਲ (ਚੂਹੜ ਸਿੰਘ ਵਾਲਾ) ਦੇ ਲੰਬਰਦਾਰ ਮੱਘਰ ਸਿੰਘ ਚੀਮਾ ਸਪੁੱਤਰ ਸ਼ਾਮ ਸਿੰਘ ਚੀਮਾ ਦਾ ਨਾਮ ਜਨੇਰ ਹਾਈ ਸਕੂਲ ਦੇ ਬਾਨੀਆਂ ਦੀਆਂ ਮੂਹਰਲੀਆਂ ਸਫ਼ਾਂ ਵਿਚ ਆਉਂਦਾ ਹੈ। ਅਸਲੀਅਤ ਤਾਂ ਇਹ ਵੀ ਹੈ ਕਿ ਲੰਬਰਦਾਰ ਮੱਘਰ ਸਿੰਘ ਹੀ ਸੰਤ ਵਿਸਾਖਾ ਸਿੰਘ ਜੀ ਨੂੰ ਆਪਣੇ-ਪਿੰਡ ਰਜੀਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਵਾਸਤੇ ਲੈ ਕੇ ਆਇਆ ਸੀ। ਉਸ ਸਮੇਂ ਹੀ ਇਲਾਕੇ ਵਿਚ ਹਾਈ ਸਕੂਲ ਬਣਾਉਣ ਦੀ ਗੱਲ ਚੱਲੀ ਅਤੇ ਇਲਾਕੇ ਦੀਆਂ ਸੰਗਤਾਂ ਦੀ ਇਸ ਦੇ ਸਬੰਧ ਵਿਚ ਪਹਿਲੀ ਮੀਟਿੰਗ ਵੀ ਪਿੰਡ ਰਜੀਵਾਲ ਵਿਖੇ ਹੋਈ ਅਤੇ ਆਰਜ਼ੀ ਕਮੇਟੀ ਬਣਾਈ ਗਈ। ਇਸ ਦਾ ਪ੍ਰਗਟਾਵਾ ਖ਼ੁਦ ਸੰਤ ਵਿਸਾਖਾ ਸਿੰਘ ਜੀ ਹੋਰਾਂ ਹੀ ਆਪਣੀ ਇਤਿਹਾਸਕ ਪੁਸਤਕ ਮਾਲਵਾ ਦਾ ਇਤਿਹਾਸ ਭਾਗ ਦੂਜਾ ਵਿਚ ਕੀਤਾ ਹੈ। ਇਥੇ ਹੀ ਬਸ ਨਹੀਂ ਜਦੋਂ ਸਕੂਲ ਵਾਸਤੇ ਦਾਨ ਦੀ ਗੱਲ ਚੱਲੀ ਤਾਂ ਸਭ ਤੋਂ ਪਹਿਲਾਂ ਮੱਘਰ ਸਿੰਘ ਨੇ ਢਾਈ ਘੁਮਾਂ ਜ਼ਮੀਨ ਅਤੇ ਪੰਜ ਸੌ ਰੁਪਏ ਦਾਨ ਵਜੋਂ ਦਿੱਤੇ ਜਿਹੜਾ ਕਿ ਉਸ ਸਮੇਂ ਨਿੱਜੀ ਤੌਰ ‘ਤੇ ਸਭ ਤੋਂ ਵੱਡਾ ਦਾਨ ਸੀ।
ਸ਼ਾਇਦ ਇਸੇ ਕਰਕੇ ਹੀ ਹਾਈ ਸਕੂਲ ਬਣਾਉਣ ਵਾਲੀ ਅੰਤ੍ਰਿਕ ਕਮੇਟੀ ਵਿਚ ਲੰਬਰਦਾਰ ਮੱਘਰ ਸਿੰਘ ਚੀਮਾ ਨੂੰ ਮੀਤ ਪ੍ਰਧਾਨ ਦੇ ਸਤਿਕਾਰਤ ਅਹੁਦੇ ਨਾਲ ਨਿਵਾਜਿਆ ਗਿਆ। ਕਮੇਟੀ ਦੇ ਮੀਤ ਪ੍ਰਧਾਨ ਵਜੋਂ ਉਸ ਨੇ ਤਨੋ, ਮਨੋ ਅਤੇ ਬਹੁਤ ਹੀ ਲਗਨ ਨਾਲ ਕੰਮ ਕੀਤਾ। ਸਕੂਲ ਦੀ ਬਿਲਡਿੰਗ ਤਿਆਰ ਹੋ ਜਾਣ ਬਾਅਦ ਵੀ ਹਮੇਸ਼ਾ ਸਿੱਖੀ ਸਰੂਪ ਵਿਚ ਵਿਚਰਨ ਵਾਲਾ ਦਾਨੀ ਪੁਰਸ਼ ਮੱਘਰ ਸਿੰਘ ਲੰਬਰਦਾਰ ਗਾਹੇ-ਬਿਗਾਹੇ ਕਿਸੇ ਨਾ ਕਿਸੇ ਰੂਪ ਵਿਚ ਸਕੂਲ ਦੀ ਮਦਦ ਕਰਦਾ ਰਿਹਾ।
ਨਰੈਣ ਸਿੰਘ ਜਾਨੀ ਕੜਿਆਲ
ਨਜ਼ਦੀਕੀ ਪਿੰਡ ਕੜਿਆਲ ਨਾਲ ਸਬੰਧਤ ਨਰੈਣ ਸਿੰਘ ਪਿੰਡ ਦੇ ਜਾਨੀ ਗੋਤ ਵਾਲੇ ਪੜ੍ਹੇ ਲਿਖੇ ਪਰਿਵਾਰ ਵਿਚੋਂ ਬੂੜ ਸਿੰਘ ਜਾਨੀ ਦਾ ਲੜਕਾ ਸੀ। ਨਰੈਣ ਸਿੰਘ ਦੀ ਗਿਣਤੀ ਵੀ ਪਿੰਡ ਦੇ ਪੜ੍ਹੇ ਲਿਖੇ ਵਰਗ ਵਿਚ ਸੀ। ਰਾਜਨੀਤਕ ਪੱਖੋਂ ਉਹ ਕਾਂਗਰਸੀ ਪਾਰਟੀ ਦਾ ਪੱਕਾ ਸਮਰਥਕ ਸੀ ਅਤੇ ਸ਼ਾਇਦ ਇਸੇ ਕਰਕੇ ਉਹ ਆਪਣੀ ਦਾਹੜੀ ਵਗੈਰਾ ਪਰੈਸ ਕਰਕੇ, ਲੰਮਾ ਬੰਦ ਗਲੇ ਵਾਲਾ ਕੋਟ ਪਹਿਨ ਕੇ ਕਾਂਗਰਸੀ ਲੀਡਰਾਂ ਵਾਂਗ ਹੀ ਸਮਾਜ ਵਿਚ ਵਿਚਰਦਾ। ਉਹ ਗੱਲਬਾਤ ਕਰਨ ਵਿਚ ਤੇਜ਼-ਤਰਾਰ ਤਾਂ ਹੈ ਹੀ ਸਗੋਂ ਹਰਮੋਨੀਅਮ ਨਾਲ ਅੱਛਾ ਕੀਰਤਨ ਵੀ ਕਰ ਲੈਂਦਾ ਸੀ । ਸੰਤ ਵਿਸਾਖਾ ਸਿੰਘ ਜੀ ਦੀ ਸੰਗਤ ਕਰਕੇ ਉਸ ਦੇ ਮਨ ਅੰਦਰ ਸਮਾਜ ਸੁਧਾਰਕ ਲਹਿਰ ਵਿਚ ਸ਼ਿਰਕਤ ਕਰਨ ਦੀ ਚੇਟਕ ਲੱਗ ਗਈ।
1951 ਈਸਵੀ ਵਿਚ ਜਨੇਰ ਹਾਈ ਸਕੂਲ ਦੀ ਸਥਾਪਤੀ ਸਮੇਂ ਉਸ ਨੂੰ ਪੰਦਰਾਂ ਮੈਂਬਰੀ ਅੰਹਾ ਕਮੇਟੀ ਵਿਚ ਕੜਿਆਲ ਪਿੰਡ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। ਸੰਤ ਵਿਸਾਖਾ ਸਿੰਘ ਜੀ ਉਸ ਦੇ ਕੰਮ-ਕਾਜ ਕਰਨ ਦੇ ਢੰਗ ਤੋਂ ਐਨੇ ਪ੍ਰਭਾਵਿਤ ਹੋਏ ਕਿ ਉਸ ਨੂੰ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ। ਇਸ ਅਹੁਦੇ ’ਤੇ ਉਸ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ। ਸਕੂਲ ਤਿਆਰ ਹੋ ਜਾਣ ਬਾਅਦ ਵੀ ਲੰਮਾ ਸਮਾਂ ਨਰੈਣ ਸਿੰਘ ਜਾਨੀ ਸਕੂਲ ਦੇ ਪ੍ਰਬੰਧਕੀ ਢਾਂਚੇ ਵਿਚ ਕਿਸੇ ਨਾ ਕਿਸੇ ਰੂਪ ਵਿਚ ਜੁੜਿਆ ਰਿਹਾ। ਆਪਣੇ ਪਿੰਡ ਕੜਿਆਲ ਵਿਚ ਵੀ ਉਹ ਦੋ ਵਾਰ ਪਿੰਡ ਦਾ ਸਰਪੰਚ ਬਣਿਆ ਅਤੇ ਕੋਆਪ੍ਰੇਟਿਵ ਸੁਸਾਇਟੀ ਸਮੇਤ ਉਸ ਨੇ ਪਿੰਡ ਵਿਚ ਕਈ ਸੁਧਾਰਕ ਕੰਮ ਕੀਤੇ। ਉਸ ਦੀ ਤੀਜੀ ਪੀੜ੍ਹੀ ਕੈਨੇਡਾ ਦੇ ਸ਼ਹਿਰ ਐਬਸਫੋਰਡ ਵਿਚ ਵਸਦੀ ਹੈ।
ਪ੍ਰਧਾਨ ਸਰਦਾਰਾ ਸਿੰਘ ਸ਼ਾਹ ਖੋਸਾ ਰੰਧੀਰ
ਸਰਦਾਰਾ ਸਿੰਘ ਦਾ ਜਨਮ ਪਿੰਡ ਖੋਸਾ ਰੰਧੀਰ ਦੇ ਗੁਰਸਿੱਖ ਅਤੇ ਮੰਨੇ ਪ੍ਰਮੰਨੇ ਜ਼ਿਮੀਂਦਾਰ ਘਰਾਣੇ ਵਿਚ ਖਜ਼ਾਨ ਸਿੰਘ ਤੂਰ ਦੇ ਘਰ ਮਾਤਾ ਪਰੇਮ ਕੌਰ ਦੀ ਕੁੱਖੋਂ ਹੋਇਆ। ਬਚਪਨ ਵਿਚ ਉਸ ਨੇ ਗੁਰਮੁਖੀ ਦੀ ਪੜ੍ਹਾਈ ਕੀਤੀ ਪਰੰਤੂ ਬਾਅਦ ਵਿਚ ਆੜ੍ਹਤੀਆਂ ਅਤੇ ਮੁਨੀਮਾਂ ਵਲੋਂ ਅਰਥ ਸ਼ਾਸਤਰ ਨਾਲ ਸਬੰਧਤ ‘ਲੰਡੇ’ ਭਾਸ਼ਾ ਦਾ ਅਧਿਅਨ ਕੀਤਾ। ਉਸ ਨੂੰ ਆੜ੍ਹਤੀਆ ਬਣਨ ਦਾ ਬਹੁਤ ਮੌਕਾ ਤਾਂ ਨਹੀਂ ਮਿਲਿਆ ਪਰੰਤੂ ਉਸ ਦੇ ਨਾਮ ਨਾਲ ‘ਸ਼ਾਹ’ ਸ਼ਬਦ ਜ਼ਰੂਰ ਜੁੜ ਗਿਆ। ਖੋਸਾ ਰੰਧੀਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣਨ ਉਪਰੰਤ ਸਰਦਾਰਾ ਸਿੰਘ ਦੇ ਨਾਮ ਨਾਲ ਪ੍ਰਧਾਨ ਸ਼ਬਦ ਵੀ ਜੁੜ ਗਿਆ। ਸ਼ਹੀਦੀ ਜੱਥਿਆਂ ਦੀ ਸੇਵਾ ਕਰਨ ਬਦਲੇ ਕਿਸੇ ਸਮੇਂ ਸਰਦਾਰਾ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਸਰਕਾਰੀ ਜ਼ਿਆਦਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰੰਤੂ ਉਹ ਕਦੀ ਵੀ ਪੰਥ- ਹਿਤੈਸ਼ੀ ਹੋਣ ਤੋਂ ਮੁਨਕਰ ਨਾ ਹੋਇਆ। ਦਸ ਸਾਲ ਤੋਂ ਵੀ ਵੱਧ ਸਮਾਂ ਉਹ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਡਿਸਟ੍ਰਿਕ ਬੋਰਡ ਦਾ ਪ੍ਰਧਾਨ ਰਿਹਾ ਅਤੇ ਜ਼ਿਲ੍ਹੇ ਵਿਚ ਕਈ ਸੁਧਾਰਕ ਕੰਮ ਕੀਤੇ। ਸੰਤ ਵਿਸਾਖਾ ਸਿੰਘ ਜੀ ਦੇ ਉਹ ਬਹੁਤ ਹੀ ਭਰੋਸੇਯੋਗ ਅਤੇ ਵਿਸ਼ਵਾਸਪਾਤਰਾਂ ਵਿਚੋਂ ਹੋਣ ਕਰਕੇ ਬਾਬਾ ਜੀ ਨੇ ਉਸ ਨੂੰ ਇਕ ਹੋਰ ਪ੍ਰਧਾਨਗੀ ਦਾ ਰੁਤਬਾ ਦੇ ਕੇ ਜਨੇਰ ਹਾਈ ਸਕੂਲ ਦੀ ਅੰਤਿਹਾ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ।
ਜਨੇਰ ਹਾਈ ਸਕੂਲ ਦੀ ਪ੍ਰਧਾਨਗੀ ਸਮੇਂ ਵਿਚ ਸਰਦਾਰਾ ਸਿੰਘ ਨੇ ਕਈ ਮਹੱਤਵਪੂਰਨ ਕੰਮ ਕੀਤੇ। ਉਸ ਦੀਆਂ ਨਿੱਜੀ ਕੋਸ਼ਿਸ਼ਾਂ ਨਾਲ ਹੀ ਪਿੰਡ ਖੋਸਾ ਰੰਧੀਰ ਨੇ ਜਨੇਰ ਹਾਈ ਸਕੂਲ ਨੂੰ ਅੱਠ ਏਕੜ ਜ਼ਮੀਨ ਦਾਨ ਵਜੋਂ ਦਿੱਤੀ। ਉਸ ਸਮੇਂ ਇਲਾਕੇ ਵਿਚ ਇਕੋ ਇਕ ਟਰੈਕਟਰ-ਟਰਾਲੀ ਸਿਰਫ਼ ਸਰਦਾਰਾ ਸਿੰਘ ਦੇ ਪਰਿਵਾਰ ਪਾਸ ਹੀ ਸੀ ਜਿਸ ਨੂੰ ਸਕੂਲ ਦੇ ਕੰਮਾਂ ਵਿਚ ਅਕਸਰ ਵਰਤਿਆ ਜਾਂਦਾ। ਸਕੂਲ ਵਾਸਤੇ ਪੈਸਿਆਂ ਦੀ ਉਗਰਾਹੀ ਹੋਵੇ, ਸਰਕਾਰੇ-ਦਰਬਾਰੇ ਕੋਈ ਕੰਮ ਹੋਵੇ ਜਾਂ ਕੋਈ ਹੋਰ ਪ੍ਰਬੰਧਕੀ ਕੰਮ ਹੋਵੇ, ਸਰਦਾਰਾ ਸਿੰਘ ਸਭ ਤੋਂ ਮੂਹਰੇ ਹੁੰਦੇ ਸਨ। ਗੁਰੂ ਨਾਨਕ ਦੇਵ ਹਾਈ ਸਕੂਲ ਜਨੇਰ ਦੇ ਸਥਾਪਤ ਹੋਣ ਵਿਚ ਪ੍ਰਧਾਨ ਸਰਦਾਰਾ ਸਿੰਘ ਨੇ ਬਹੁ-ਪੱਖੀ ਰੋਲ ਬਹੁਤ ਹੀ ਬਾਖ਼ੂਬੀ ਨਿਭਾਇਆ। ਪ੍ਰਧਾਨ ਸਰਦਾਰਾ ਸਿੰਘ ਦਾ ਵੱਡਾ ਪਰਿਵਾਰ ਖੋਸਾ ਰੰਧੀਰ ਅਤੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਵਸਦਾ ਹੈ।
ਹੈਡਮਾਸਟਰ ਪ੍ਰੀਤਮ ਸਿੰਘ ਸੋਢੀ
ਸਰਕਾਰੀ, ਅਰਧ-ਸਰਕਾਰੀ ਜਾਂ ਪ੍ਰਾਈਵੇਟ, ਕਿਸੇ ਵੀ ਕਿਸਮ ਦਾ ਮੁਲਾਜ਼ਮ ਹੋਵੇ ਕਾਰਜ ਕੁਸ਼ਲਤਾ ਅਨੁਸਾਰ ਉਸ ਦੀ ਵੰਡ ਕਰੀਏ ਤਾਂ ਇਕ ਉਹ ਮੁਲਾਜ਼ਮ ਵਰਗ ਹੈ ਜਿਹੜਾ ਆਪਣਾ ਵਕਤ ਟਪਾਉਣ ਅਤੇ ਤਨਖ਼ਾਹ ਲੈਣ ਤਕ ਹੀ ਸੀਮਿਤ ਹੁੰਦਾ ਹੈ, ਦੂਜੀ ਕਿਸਮ ਦੇ ਮੁਲਾਜ਼ਮ ਉਹ ਹੁੰਦੇ ਹਨ ਜਿਹੜੇ ਸਬੰਧਤ ਮਹਿਕਮੇ, ਅਦਾਰੇ ਅਤੇ ਸੰਸਥਾ ਲਈ ‘ਕੁਝ ਵਿਸ਼ੇਸ਼’ ਕਰਕੇ ਆਪਣਾ ਨਾਮ ਅਮਰ ਕਰ ਜਾਂਦੇ ਹਨ। ਜਨੇਰ ਦੇ ਨੇੜਲੇ ਪਿੰਡ ਮਨਾਵਾਂ ਨਾਲ ਸਬੰਧਤ, ਕਿਸੇ ਸਮੇਂ ਗੁਰੂ ਨਾਨਕ ਦੇਵ ਹਾਈ ਸਕੂਲ ਦਾ ਹੈਡਮਾਸਟਰ ਰਿਹਾ ਪ੍ਰੀਤਮ ਸਿੰਘ ਸੋਢੀ ਜਿਥੇ ਇਕ ਅੱਛਾ ਅਧਿਆਪਕ, ਕੁਸ਼ਲ ਪ੍ਰਬੰਧਕ ਅਤੇ ਵਧੀਆ ਇਨਸਾਨ ਸੀ ਉਥੇ ਜਨੇਰ ਦੇ ਇਸ ਪ੍ਰਾਈਵੇਟ ਹਾਈ ਸਕੂਲ ਨੂੰ ਸਰਕਾਰੀ ਹਾਈ ਸਕੂਲ ਵਜੋਂ ਮਾਨਤਾ ਦਿਵਾਉਣ ਵਿਚ ਵੀ ਉਸ ਦਾ ਵੱਡਾ ਯੋਗਦਾਨ ਸੀ। ਜਨੇਰ ਦੇ ਹਾਈ ਸਕੂਲ ਨੂੰ ਹੋਂਦ ਵਿਚ ਆਇਆਂ ਪੰਦਰਾਂ ਵਰ੍ਹੇ ਹੋ ਜਾਣ ਬਾਅਦ
ਵੀ ਪਿੰਡ ਦੀ ਪੰਚਾਇਤ ਵਲੋਂ ਪਹੁੰਚ ਕਰਨ ਅਤੇ ਇਲਾਕੇ ਦੇ ਲੀਡਰਾਂ ਵਲੋਂ ਨਿੱਜੀ ਅਸਰ ਰਸੂਖ਼ ਵਰਤਣ ਦੇ ਬਾਅਦ ਵੀ ਇਹ ਸਰਕਾਰੀ ਹਾਈ ਸਕੂਲ ਨਾ ਬਣ ਸਕਿਆ। ਹੈਡਮਾਸਟਰ ਪ੍ਰੀਤਮ ਸਿੰਘ ਸੋਢੀ ਦੇ ਜਨੇਰ ਹਾਈ ਸਕੂਲ ਵਿਚ ਹੈਡਮਾਸਟਰ ਵਜੋਂ ਤੈਨਾਤ ਹੋਣ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਪਿਤਾ ਜੀ ਗੁਰਚਰਨ ਸਿੰਘ ਸੋਢੀ ਬਲਾਕ ਸੰਮਤੀ ਜ਼ੀਰਾ ਦੇ ਚੇਅਰਮੈਨ ਬਣ ਗਏ। ਦੋਹਾਂ ਪਿਉ-ਪੁੱਤਰਾਂ ਨੇ ਇਸ ਸਕੂਲ ਨੂੰ ਸਰਕਾਰੀ ਸਕੂਲ ਵਜੋਂ ਮਾਨਤਾ ਪ੍ਰਾਪਤ ਕਰਵਾਉਣ ਲਈ ਬਹੁਤ ਨੱਠ-ਭੱਜ ਕੀਤੀ। ਆਖ਼ਰ 1966 ਈਸਵੀ ਵਿਚ ਪ੍ਰੀਤਮ ਸਿੰਘ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਅਤੇ ਗੁਰੂ ਨਾਨਕ ਦੇਵ ਹਾਈ ਸਕੂਲ ਜਨੇਰ ਸਰਕਾਰੀ ਹਾਈ ਸਕੂਲ ਵਜੋਂ ਸਿਖਿਆ ਮਹਿਕਮੇ ਦੇ ਨਕਸ਼ੇ ‘ਤੇ ਆ ਗਿਆ। ਨੇੜਲੇ ਪਿੰਡਾਂ ਨੂੰ ਤਾਂ ਇਸ ਦਾ ਲਾਭ ਹੋਣਾ ਸੁਭਾਵਕ ਹੀ ਸੀ ਸਗੋਂ ਸਕੂਲ ਦੇ ਸਾਰੇ ਸਟਾਫ਼ ਮੈਂਬਰ ਵੀ ਸਰਕਾਰੀ ਮੁਲਾਜ਼ਮ ਬਣ ਗਏ।
ਜਨੇਰ ਵਾਸੀਆਂ ਵਲੋਂ ਯੋਗਦਾਨ
ਇਲਾਕੇ ਦੇ ਨੇੜਲੇ ਪਿੰਡਾਂ, ਪੰਚਾਇਤਾਂ ਅਤੇ ਕੁਝ ਨਾਮਵਰ ਸ਼ਖ਼ਸੀਅਤਾਂ ਵਲੋਂ ਜਨੇਰ ਦੇ ਹਾਈ ਸਕੂਲ ਵਿਚ ਵੱਖ-ਵੱਖ ਖੇਤਰਾਂ ਵਿਚ ਪਾਏ ਗਏ ਯੋਗਦਾਨ ਤੋਂ ਬਿਨਾਂ ਸ਼ੁਰੂ ਤੋਂ ਲੈ ਕੇ ਅੱਜ ਤਕ ਜਨੇਰ ਵਾਸੀਆ ਦਾ ਯੋਗਦਾਨ ਵੀ ਘਟ ਨਹੀਂ ਰਿਹਾ। ਸਮੇਂ- ਸਮੇਂ ਪਿੰਡ ਵਾਸੀ ਸਕੂਲ ਵਲੋਂ ਕੀਤੀ ਗਈ ਪੈਸਿਆਂ ਦੀ ਉਗਰਾਹੀ ਵਿਚ ਵਧ ਚੜ੍ਹ ਕੇ ਹਿੱਸਾ ਪਾਉਂਦੇ ਰਹੇ। ਸਕੂਲ ਵਾਸਤੇ ਪਿੰਡ ਪੱਧਰ ‘ਤੇ ਸਭ ਤੋਂ ਵੱਧ ਦਸ ਏਕੜ ਜ਼ਮੀਨ ਜਨੇਰ ਵਾਸੀਆਂ ਨੇ ਸਕੂਲ ਨੂੰ ਦਾਨ ਵਜੋਂ ਦਿੱਤੀ। ਅਨੇਕਾਂ ਵਾਰ ਪਿੰਡ ਦੇ ਥੇਹ ਦੀ ਸ਼ੋਰੇ ਦੇ ਠੇਕੇਦਾਰਾਂ ਪਾਸੋਂ ਵਸੂਲੀ ਠੇਕੇ ਦੀ ਮੋਟੀ ਰਕਮ ਸਕੂਲ ਨੂੰ ਫੰਡ ਦੇ ਰੂਪ ਵਿਚ ਦਿੱਤੀ ਗਈ। ਜਨੇਰ ਵਾਸੀਆਂ ਵਲੋਂ ਨਿੱਜੀ ਤੌਰ ‘ਤੇ ਕਮਰਿਆਂ ਦੀ ਸੇਵਾ, ਪੱਖਿਆਂ ਦੀ ਸੇਵਾ, ਪੀਣ ਦੇ ਪਾਣੀ ਦਾ ਇੰਤਜ਼ਾਮ, +2 ਦੇ ਮਾਸਟਰਾਂ ਦੀਆਂ ਤਨਖ਼ਾਹਾਂ ਅਤੇ ਕਈ ਹੋਰ ਰੂਪਾਂ ਵਿਚ ਮਦਦ ਕੀਤੀ ਗਈ। ਦਾਨੀਆਂ ਦੀ ਲਿਸਟ ਬਹੁਤ ਲੰਮੀ ਹੈ ਪਰੰਤੂ ਫੇਰ ਵੀ ਕਮਰਿਆਂ ਦੀ ਸੇਵਾ ਦੇ ਸਬੰਧ ਵਿਚ ਅਮਰੀਕਾ ਨਿਵਾਸੀ ਜੋਧ ਸਿੰਘ ਬਰਾੜ ਅਤੇ ਨਛੱਤਰ ਸਿੰਘ ਧਾਲੀਵਾਲ ਦਾ ਕਾਫੀ ਯੋਗਦਾਨ ਹੈ। ਜੋਧ ਸਿੰਘ ਬਰਾੜ ਤਾਂ ਪਿਛਲੇ ਦਸ ਸਾਲ ਤੋਂ +2 ਦੇ ਮਾਸਟਰਾਂ ਦੀ ਇਕ ਮਹੀਨੇ ਦੀ ਤਨਖ਼ਾਹ ਵੀ ਅੱਜ ਤਕ ਦੇ ਰਿਹਾ ਹੈ। ਜਨੇਰ ਦੇ ਨੈਸਲੇ ਮੁਲਾਜ਼ਮਾਂ ਵਲੋਂ ਹਾਈ ਸਕੂਲ ਵਿਚ ਪੀਣ ਦੇ ਪਾਣੀ ਦਾ ਯੋਗ ਪ੍ਰਬੰਧ ਸ਼ਲਾਘਾਯੋਗ ਹੈ। ਗੁਪਤ ਰੂਪ ਵਿਚ ਦਾਨ ਕਰਨ ਵਾਲੇ ਅਤੇ ਛੋਟੀਆਂ ਰਕਮਾਂ ਦੇ ਦਾਨੀਆਂ ਦੀ ਲਿਸਟ ਤਾਂ ਬਹੁਤ ਲੰਮੀ ਹੈ।
ਪਿੰਡ ਦੇ ਗੁਰਦੁਆਰਾ ਸਾਹਿਬ ਵਲੋਂ ਹਾਈ ਸਕੂਲ ਦੀ ਮਦਦ
1951 ਈਸਵੀ ਵਿਚ ਬਾਬਾ ਗੱਜਾ ਸਿੰਘ ਜੀ ਦੇ ਸਕੂਲ ਦੀ ਨੀਂਹ ਰੱਖਣ ਸਮੇਂ ਪੰਜ ਪਿਆਰਿਆਂ ਵਿਚ ਸ਼ਾਮਿਲ ਹੋਣ ਅਤੇ ਮੋਟੀ ਰਕਮ ਦਾਨ ਦੇ ਰੂਪ ਵਿਚ ਦੇਣ ਤੋਂ ਬਾਅਦ ਬਾਬਾ ਕੇਹਰ ਸਿੰਘ ਜੀ, ਬਾਬਾ ਦਰਸ਼ਨ ਸਿੰਘ, ਬਾਬਾ ਗੁਰਦਿਆਲ ਸਿੰਘ ਜੀ ਅਤੇ ਗੁਰਦੁਆਰਾ ਸਾਹਿਬ ਜਨੇਰ ਦੇ ਮੌਜੂਦਾ ਮੁਖ ਸੇਵਾਦਾਰ ਬਾਬਾ ਮੁਹਿੰਦਰ ਸਿੰਘ ਜੀ ਵਲੋਂ ਗੁਰੂ ਘਰ ਤਰਫ਼ੋਂ ਸਮੇਂ-ਸਮੇਂ, ਵੱਖ-ਵੱਖ ਰੂਪਾਂ ਵਿਚ ਜਨੇਰ ਹਾਈ ਸਕੂਲ ਦੀ ਮਦਦ ਕੀਤੀ ਗਈ ਅਤੇ ਕੀਤੀ ਜਾ ਰਹੀ ਹੈ। ਸਕੂਲ ਵਿਚ ਜਦੋਂ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ, ਖੇਡਾਂ ਦਾ ਟੂਰਨਾਮੈਂਟ ਹੋਵੇ ਜਾਂ ਕੋਈ ਹੋਰ ਪ੍ਰੋਗਰਾਮ ਹੋਵੇ ਤਾਂ ਜਨੇਰ ਗੁਰੂ ਘਰ ਲੰਗਰ ਅਤੇ ਚਾਹ ਪਾਣੀ ਦੀ ਸੇਵਾ ਕਰਨ ਸਮੇਂ ਕਦੀ ਪਿਛੇ ਨਹੀਂ ਰਿਹਾ। ਪਿਛਲੇ ਦਸ ਸਾਲ ਤੋਂ ਵੀ ਵਧ ਸਮੇਂ ਤੋਂ ਜਨੇਰ ਹਾਈ ਸਕੂਲ ਦੀਆਂ +2 ਦੇ ਪ੍ਰਾਈਵੇਟ ਮਾਸਟਰਾਂ ਦੀਆਂ ਤਨਖ਼ਾਹਾਂ ਵੀ ਵਧੇਰੇ ਕਰਕੇ ਜਨੇਰ ਗੁਰੂਘਰ ਵਲੋਂ ਹੀ ਦਿੱਤੀਆਂ ਜਾ ਰਹੀਆਂ ਹਨ।
ਉੱਨੀ ਸੌ ਅੱਸੀ ਵਿਆਂ ਦੇ ਅਖ਼ੀਰ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਜਨੇਰ ਦੀ 1952 ਸਮੇਂ ਬਣੀ ਬਿਲਡਿੰਗ ਦੀ ਹਾਲਤ ਬਹੁਤ ਹੀ ਖਸਤਾ ਹੋ ਗਈ। ਨੌਬਤ ਇਥੋਂ ਤਕ ਆ ਪਹੁੰਚੀ ਕਿ ਮੀਂਹ-ਕਣੀ ਸਮੇਂ ਸਕੂਲ ਦਾ ਸਟਾਫ਼, ਬੱਚਿਆਂ ਦੀ ਹਿਫ਼ਾਜ਼ਤ ਪੱਖੋਂ, ਮੀਂਹ-ਕਣੀ ਸਮੇਂ ਉਨ੍ਹਾਂ ਨੂੰ ਛੁੱਟੀ ਕਰਨ ਲਈ ਮਜਬੂਰ ਸੀ। ਸਕੂਲ ਦੇ ਸਟਾਫ਼ ਅਤੇ ਪਿੰਡ ਦੀ ਪੰਚਾਇਤ ਦੀਆਂ ਬੇਨਤੀਆਂ, ਅਰਜ਼ੀਆਂ, ਸਿਫ਼ਾਰਸ਼ਾਂ ਅਤੇ ਨੁਮਾਇੰਦਗੀਆਂ ਦਾ ਸਰਕਾਰੀ ਮਹਿਕਮੇ ‘ਤੇ ਕੋਈ ਅਸਰ ਨਾ ਹੋਇਆ। ਕੋਈ ਵਾਹ ਨਾ ਚਲਦਿਆਂ, ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਜਨੇਰ ਦੀ ਨੌਜਵਾਨ ਸਭਾ ਮੈਦਾਨ ਵਿਚ ਨਿੱਤਰੀ, ਪਿੰਡ ਵਾਸੀਆਂ ਨੇ ਵੀ ਪੂਰਾ ਸਹਿਯੋਗ ਦਿੱਤਾ ਅਤੇ ਥੋੜ੍ਹੇ ਸਮੇਂ ਬਾਅਦ ਵਿਚ ਹੀ ਤਿੰਨ ਕਮਰੇ ਅਤੇ ਇਕ ਵਰਾਂਡਾ ਤਿਆਰ ਕਰਵਾ ਕੇ ਇਲਾਕੇ ਵਿਚ ਵਾਹ-ਵਾਹ ਖੱਟ ਲਈ।
ਅਮਰੀਕਾ ਨਿਵਾਸੀ ਜੋਧ ਸਿੰਘ ਬਰਾੜ ਵੀ ਨੌਜਵਾਨ ਸਭਾ ਦੇ ਕੰਮ ਤੋਂ ਪ੍ਰਭਾਵਿਤ ਹੋਇਆ। ਉਸ ਨੇ ਵੀ ਤਿੰਨ ਕਮਰੇ ਅਤੇ ਇਕ ਵਰਾਂਡਾ ਤਿਆਰ ਕਰਵਾ ਕੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਮੂੰਹ ਮੱਥਾ ਹੋਰ ਵੀ ਸੰਵਾਰ ਦਿੱਤਾ। ਪਰਵਾਸੀ ਭਾਰਤੀ ਨਛੱਤਰ ਸਿੰਘ ਬਰਾੜ (ਪੁਸਤਕ ਦਾ ਲੇਖਕ) ਨੇ ਵੀ 2011 ਈਸਵੀ ਵਿਚ ਕੋਈ ਸਵਾ ਕੁ ਲੱਖ ਰੁਪਿਆ ਖ਼ਰਚ ਕੇ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਲਈ ਡੈਸਕ-ਬੈਂਚ ਬਣਵਾ ਦਿੱਤੇ। ਜਨੇਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਅੱਜ ਕਿਸੇ ਪ੍ਰਾਈਵੇਟ ਅਦਾਰੇ ਵਲੋਂ ਚਲਾਏ ਜਾ ਰਹੇ ਵਧੀਆ ਸਕੂਲ ਵਾਂਗ ਜਾਪਦਾ ਹੈ।
ਇਲਾਕੇ ਦਾ ਸਭ ਤੋਂ ਪੁਰਾਣਾ ਹਾਈ ਸਕੂਲ ਹਾਲੀਂ ਵੀ +2 ਨਹੀਂ ਬਣਿਆ
ਗੌਰਮਿੰਟ ਗੁਰੂ ਨਾਨਕ ਦੇਵ ਹਾਈ ਸਕੂਲ ਜਨੇਰ ਇਲਾਕੇ ਦਾ ਸਭ ਤੋਂ ਪੁਰਾਣਾ ਹਾਈ ਸਕੂਲ ਹੈ। ਨਜ਼ਦੀਕੀ ਇਲਾਕੇ ਕੋਟ ਈਸੇ ਖਾਂ, ਖੋਸ ਰੰਧੀਰ ਅਤੇ ਗਲੋਟੀ ਦੇ ਸਕੂਲ ਕਾਫੀ ਸਮਾਂ ਬਾਅਦ ਵਿਚ ਹੋਂਦ ਵਿਚ ਆਏ ਪਰੰਤੂ ਉਹ ਸਾਰੇ +2 ਤਕ ਦੀਆਂ ਕਲਾਸਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕੇ ਹਨ ਜਦੋਂ ਕਿ ਜਨੇਰ ਦਾ ਹਾਈ ਸਕੂਲ ਹਾਲੀਂ ਵੀ ਹਾਈ ਸਕੂਲ ਹੈ। ਪਿੰਡ ਦੇ ਦਾਨੀ ਸੱਜਣਾਂ ਵਲੋਂ ਉਪਰਾਲਾ ਕਰਕੇ ਬੇਸ਼ਕ ਇਸ ਦੀ ਬਿਲਡਿੰਗ ਵਿਚ ਵਾਧਾ ਵੀ ਕਰ ਦਿੱਤਾ ਗਿਆ, ਫੇਰ ਵੀ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਨਿੱਜੀ ਖ਼ਰਚੇ ਉਪਰ +2 ਦੀਆਂ ਪ੍ਰਾਈਵੇਟ ਤੌਰ ’ਤੇ ਕਲਾਸਾਂ ਸ਼ੁਰੂ ਕਰਨ ਦੀ ਆਗਿਆ ਜ਼ਰੂਰ ਮਿਲ ਗਈ।
ਪੰਜਾਬ ਦੀਆਂ ਲਗਪਗ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੀਡਰ ਸਮੇਂ- ਸਮੇਂ ਸਕੂਲ ਵਿਚ ਆ ਕੇ ਇਲਾਕੇ ਦੇ ਸਭ ਤੋਂ ਪੁਰਾਣੇ ਸਰਕਾਰੀ ਹਾਈ ਸਕੂਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਦੇ ਵਾਅਦੇ ਤਾਂ ਕਰ ਚੁੱਕੇ ਹਨ ਪਰੰਤੂ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਛੇਤੀ ਹੀ ਸੀਨੀਆਰਟੀ ਦੇ ਲਿਹਾਜ਼ ਨਾਲ ਜਨੇਰ ਦੇ ਸਰਕਾਰੀ ਹਾਈ ਸਕੂਲ ਦਾ ਸਰਕਾਰੀ ਸੀਨੀਅਰ ਸੈਕੰਡਰੀ ਬਣਨ ਦਾ ਨੰਬਰ ਲੱਗਣ ਵਾਲਾ ਹੈ ਪਰੰਤੂ ਹਾਲ ਦੀ ਘੜੀ ਦੇ ਹਾਲਾਤ ਤਾਂ ਊਠ ਦੇ ਬੁਲ੍ਹ ਵਾਂਗ ਬਣੇ ਹੋਏ ਹਨ।
ਸਿੰਚਾਈ ਦੇ ਸਾਧਨ ਅਤੇ ਪਿੰਡ ਦੇ ਖੂਹ
ਰਮਾਇਣ ਕਾਲ ਤੋਂ ਸ਼ੁਰੂ ਹੋ ਕੇ ਪੰਵਾਰ ਮੁਸਲਮਾਨ ਰਾਜਪੂਤਾਂ ਦੇ ਜਨੇਰ ਦੇ ਸ਼ਾਸਕ ਬਣਨ ਤਕ ਨਗਰ ਜਨੇਰ ਰਾਜਧਾਨੀ ਜਾਂ ਪ੍ਰਬੰਧਕੀ ਸ਼ਹਿਰ ਵਜੋਂ ਹੀ ਵਿਚਰਦਾ ਰਿਹਾ ਹੈ। ਇਸ ਦੇ ਖੇਤੀਬਾੜੀ ਕਿੱਤਾ ਮੁਖੀ ਹੋਣ ਦਾ ਜ਼ਿਕਰ ਨਹੀਂ ਮਿਲਦਾ। ਉੱਤਰੀ ਭਾਰਤ ਵਿਚ ਮੁਹੰਮਦ ਤੁਗ਼ਲਕ ਦੇ ਸਮੇਂ 1340 ਤੋਂ 1380 ਈਸਵੀ ਤਕ ਉਸ ਵਲੋਂ ਕੀਤੇ ਗਏ ਨਹਿਰੀ ਕੰਮਾਂ ਵਿਚ ਜਨੇਰ ਦਾ ਨਾਮ ਤਾਂ ‘ਜਾਨੀਦ’ ਦੇ ਰੂਪ ਵਿਚ ‘ਸ਼ਾਮਸ- ਏ-ਰਾਜ’ ਪੁਸਤਕ ਵਿਚ ਮਿਲਦਾ ਹੈ ਪਰੰਤੂ ਕਿਸੇ ਨਹਿਰ ਦਾ ਇਸ ਇਲਾਕੇ ਵਿਚ ਜ਼ਿਕਰ ਨਹੀਂ ਹੈ, ਜਦੋਂ ਕਿ ਉਸ ਦੁਆਰਾ ਸਤਲੁਜ ਅਤੇ ਜਮਨਾ ਦਰਿਆਵਾਂ ਵਿਚੋਂ ਨਹਿਰਾਂ ਕੱਢਣ ਦੇ ਸਬੂਤ ਮਿਲਦੇ ਹਨ। ਇਨ੍ਹਾਂ ਇਤਿਹਾਸਕ ਤੱਥਾਂ ਤੋਂ ਅਸੀਂ ਇਸ ਨਿਰਣੇ ‘ਤੇ ਪਹੁੰਚ ਸਕਦੇ ਹਾਂ ਕਿ ‘ਕਿੰਗ ਵਾ’ ਅਤੇ ‘ਇਲਾਹੀ ਵਾ’ ਦੀਆਂ ਨਹਿਰਾਂ ਜਿਨ੍ਹਾਂ ਵਿਚੋਂ ਜਨੇਰ ਦੇ ਉਤਰ ਪੂਰਬ ਅਤੇ ਦੱਖਣ ਪੂਰਬ ਦੀ ਦਿਸ਼ਾ ਵਿਚ ਦੋ ਕੱਸੀਆਂ ਹੋਂਦ ਵਿਚ ਆਈਆਂ, ਤੋਂ ਪਹਿਲਾਂ ਪਿੰਡ ਵਿਚ ਕੋਈ ਨਹਿਰੀ ਪਾਣੀ ਦੇ ਸਿੰਚਾਈ ਦਾ ਸਾਧਨ ਨਹੀਂ ਸੀ।
1760 ਈਸਵੀ ਤੋਂ ਬਾਅਦ ਜਨੇਰ ਦੇ ਮੌਜੂਦਾ ਰੂਪ ਵਿਚ ਆਉਣ ਸਮੇਂ ‘ਕੱਚੀਆਂ ਘੁਹਾਰਾਂ’ ਦੇ ਰੂਪ ਵਿਚ ਕੱਚੇ ਖੂਹ ਅਤੇ ਖੂਹੀਆਂ ਦਾ ਵਰਨਣ ਮਿਲਦਾ ਹੈ ਜਿਨ੍ਹਾਂ ਵਿਚੋਂ ਸਿੰਚਾਈ ਅਤੇ ਪੀਣ ਲਈ ਪਾਣੀ ਚਮੜੇ ਦੇ ਬੋਕਿਆਂ ਨਾਲ ਪਾਣੀ ਰੱਸੇ ਭੌਣੀ (ਪੁਲੀ) ਨਾਲ ਕੱਢਿਆ ਜਾਂਦਾ ਸੀ। ਇਹ ਬਹੁਤ ਹੀ ਜੋਖੋਂ ਭਰਿਆ ਪੁਰਾਤਨ ਢੰਗ ਸੀ। ਫੇਰ ਵੀ ਲੰਮਾ ਸਮਾਂ ਪਾਣੀ ਕੱਢਣ ਦਾ ਇਹ ਢੰਗ ਤਰੀਕਾ ਵਰਤੋਂ ਵਿਚ ਰਿਹਾ। ਸਮਾਂ ਪਾ ਕੇ ਪੱਕੀਆਂ ਇੱਟਾਂ ਦੇ ਖੂਹ ਹੋਂਦ ਵਿਚ ਆਏ ਇਨ੍ਹਾਂ ਵਿਚ ਪਾਣੀ ਕੱਢਣ ਲਈ ਲੋਹੇ ਅਤੇ ਲਕੜੀ ਦੇ ਹਲਟਾਂ ਦੀ ਵਰਤੋਂ ਹੋਣ ਲੱਗੀ ਜਿਹੜੇ ਝਕਲੀਆਂ (ਗੀਅਰ ਸਿਸਟਮ) ਨਾਲ ਚਲਦੇ ਸਨ ਅਤੇ ਇਨ੍ਹਾਂ ਝਕਲੀਆਂ ਨੂੰ ਪਸ਼ੂਆਂ ਦੀ ਮਦਦ ਨਾਲ ਘੁਮਾਇਆ ਜਾਂਦਾ ਸੀ।
ਨਹਿਰੀ ਪਾਣੀ ਦੇ ਸਿੰਚਾਈ ਸਾਧਨਾਂ ਦੀ ਗੱਲ ਕਰੀਏ ਤਾਂ ਪਹਿਲਾਂ ਪਿੰਡ ਦੇ ਉਤਰ ਪੂਰਬ ਵਿਚ ਇਕ ਕੱਸੀ (ਮਾਈਨਰ) ਨਹਿਰ ਮਹਿਕਮੇ ਵਲੋਂ ਕੱਢੀ ਗਈ। ਸ਼ੁਰੂ-ਸ਼ੁਰੂ ਵਿਚ ਇਸ ਦਾ ਪਾਣੀ ਪਿੰਡ ਰਜੀਵਾਲ ਤੋਂ ਹੁੰਦੇ ਹੋਏ ਜਨੇਰ ਦੇ ਉਤਰ ਪੱਛਮ ਵਲ ਖੋਸਾ ਰੰਧੀਰ ਦੀ ਮਾਲਕੀ ਵਾਲੀਆਂ ਜ਼ਮੀਨਾਂ ਤਕ ਸਿੰਚਾਈ ਲਈ ਵਰਤਿਆ ਜਾਂਦਾ ਸੀ। ਹੌਲ਼ੀ-ਹੌਲ਼ੀ ਇਸ ਦਾ ਸਿੰਚਾਈ ਰਕਬਾ ਘਟਦਾ ਹੋਇਆ ਪਿੰਡ ਰਜੀਵਾਲ ਤਕ ਹੀ ਸੀਮਤ ਰਹਿ ਗਿਆ। ਇਸ ਕੱਸੀ ਉਪਰ ਸਾਈਫਨ ਢੰਗ ਨਾਲ ਬਣਿਆ ਹੋਇਆ ਮੋਗਾ- ਅੰਮ੍ਰਿਤਸਰ ਜੀ.ਟੀ. ਰੋਡ ਵਾਲਾ ਪੁਲ ਇਸ ਦੀ ਪੁਰਾਤਨ ਹੋਂਦ ਨੂੰ ਅੱਜ ਵੀ ਪ੍ਰਗਟਾਉਂਦਾ ਹੈ। ਪਾਕਿਸਤਾਨ ਬਣਨ ਸਮੇਂ ਦੇਸ਼ ਦੀ ਵੰਡ ਤੋਂ ਬਾਅਦ ਇਕ ਹੋਰ ਕੱਸੀ, ਮੋਗਾ ਵਾਲੀ ਨਹਿਰ ਵਿਚੋਂ ਨਿਕਲੇ, ਲੁਹਾਰੇ ਵਾਲੇ ਸੂਏ ਵਿਚੋਂ ਪਿੰਡ ਵਰ੍ਹੇ, ਔਗੜ, ਜਨੇਰ ਅਤੇ ਖੋਸਾ ਰੰਧੀਰ ਦੀਆਂ ਜ਼ਮੀਨਾਂ ਦੀ ਸਿੰਚਾਈ ਵਾਸਤੇ ਕੱਢੀ ਗਈ। ਪਹਿਲਾਂ ਇਹ ਕੱਸੀ ‘ਨਿਕਾਸੂ’ (ਵਿਸਾਖੀ ਤੋਂ ਦੀਵਾਲੀ ਤਕ ਛੇ ਮਹੀਨੇ ਪਾਣੀ ਦੇਣ ਵਾਲੀ) ਸੀ ਪਰੰਤੂ ਬਾਅਦ ਵਿਚ ਨਹਿਰ ਮਹਿਕਮੇ ਨੇ ਇਸ ਨੂੰ ‘ਬਾਰਾਂ ਮਾਸੀ” (ਸਾਰਾ ਸਾਲ ਪਾਣੀ ਦੇਣ ਵਾਲੀ) ਬਣਾ ਦਿੱਤਾ।
ਪੰਜਾਬ ਵਿਚ ਪਿੰਡਾਂ ਦੇ ਖੂਹ, ਫ਼ਸਲਾਂ ਦੀ ਸਿੰਚਾਈ, ਪੀਣ ਵਾਲੇ ਪਾਣੀ, ਨਹਾਉਣ ਅਤੇ ਕਪੜੇ ਧੋਣ ਦਾ ਸਰੋਤ ਹੀ ਨਹੀਂ ਸਨ ਸਗੋਂ ਪਿੰਡਾਂ ਦੇ ਖੂਹਾਂ ਨਾਲ ਤਾਂ ਪੰਜਾਬੀਆਂ ਦਾ ਸਭਿਆਚਾਰਕ ਜੀਵਨ ਵੀ ਜੁੜਿਆ ਹੋਇਆ ਸੀ।
ਖੂਹਾਂ ਦੀ ਹੋਂਦ ਨੇ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਵਿਰਸੇ ਨੂੰ ਅਮੀਰ ਬਣਾਉਣ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ। ਖੂਹਾਂ ਨਾਲ ਸਬੰਧਤ ਗੀਤ, ਕਹਾਣੀਆਂ, ਪ੍ਰੇਮ ਗਥਾਵਾਂ, ਨਾਟਕ, ਨਾਵਲ ਅਤੇ ਬੋਲੀਆਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਅਮੀਰ ਬਣਾਇਆ। ਅੱਜ ਦੀ ਘੜੀ ਵੀ ਜੇਕਰ ਪੰਜਾਬ ਦੇ ਕਿਸੇ ਵੀ ਪਿੰਡ ਦੇ ਬਜ਼ੁਰਗਾਂ ਪਾਸ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗ ਜਾਈਏ ਤਾਂ ਉਹ ਆਮ ਹੀ ਖੂਹਾਂ ਨਾਲ ਆਪਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਸੁਣੇ ਜਾ ਸਕਦੇ ਹਨ, “ਫਲਾਣਿਆਂ ਦੇ ਖੂਹ ‘ਤੇ ਇਹ ਹੋਇਆ ਸੀ”, “ਲੰਬਰਦਾਰਾਂ ਦੇ ਖੂਹ ’ਤੇ ਉਹ ਹੋਇਆ ਸੀ” ਆਦਿ। ਉਨੀ ਸੌ ਪੰਜਾਹਵਿਆਂ ਦੇ ਅੱਧ ਤਕ ਜਵਾਨ ਹੋਇਆ ਸ਼ਾਇਦ ਕੋਈ ਪੰਜਾਬੀ ਜਾਂ ਪੰਜਾਬਣ ਹੋਵੇ ਜਿਸ ਦੀ ਖੂਹ ਨਾਲ ਕੋਈ ਕੌੜੀ ਮਿੱਠੀ ਯਾਦ ਨਾ ਜੁੜੀ ਹੋਵੇ। ਜਨੇਰ ਵਾਸੀਆਂ ਵਿਚੋਂ ਵੀ ਉਧੇੜ ਉਮਰ ਜਾਂ ਇਸ ਤੋਂ ਵਧ ਉਮਰ ਭੋਗ ਚੁੱਕਿਆਂ ਦੀਆਂ ਭਾਵਨਾਵਾਂ ਅਤੇ ਯਾਦਾਂ ਜ਼ਰੂਰ ਖੂਹਾਂ ਨਾਲ ਜੁੜੀਆਂ ਹੋਣਗੀਆਂ ਇਸ ਕਰਕੇ ਖੂਹਾਂ ਬਾਰੇ ਲਿਖਣ ਤੋਂ ਬਿਨਾਂ ਪਿੰਡ ਦਾ ਇਤਿਹਾਸ ਅਧੂਰਾ ਹੀ ਜਾਪੇਗਾ। ਪੇਸ਼ ਹੈ ਜਨੇਰ ਦੇ ਖੂਹਾਂ ਦਾ ਸੰਖੇਪ ਵਰਨਣ ਜਿਨ੍ਹਾਂ ਦੀ ਹੋਂਦ ਖ਼ਤਮ ਹੋ ਗਈ ਹੈ ਅਤੇ ਇਨ੍ਹਾਂ ਦੀ ਥਾਂ ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲਾਂ ਨੇ ਲੈ ਲਈ ਹੈ।
ਗੁਰਦੁਆਰੇ ਵਾਲਾ ਖੂਹ
1500 ਈਸਵੀ ਦੇ ਲਗਪਗ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਹਦੂਦ ਵਿਚ ਨਾਨਕਸ਼ਾਹੀ ਇੱਟਾਂ ਨਾਲ ਉਸਾਰਿਆ ਗਿਆ ਇਹ ਖੂਹ ਪਿੰਡ ਦਾ ਸਭ ਤੋਂ ਪੁਰਾਣਾ ਖੂਹ ਹੈ। ਇਸ ਦੇ ਇਤਿਹਾਸਕ ਪਿਛੋਕੜ ਬਾਰੇ ਪਿਛੇ ਕਾਫੀ ਕੁਝ ਲਿਖਿਆ ਜਾ ਚੁੱਕਾ ਹੈ। ਧਾਰਮਿਕ ਅਤੇ ਸਭਿਆਚਾਰਕ ਪੱਖੋਂ ਸਿਰਫ਼ ਐਨਾ ਹੀ ਲਿਖਣਾ ਬਾਕੀ ਹੈ ਕਿ ਇਸ ਇਤਿਹਾਸਕ ਖੂਹ ਦੀਆਂ ਟੂਟੀਆਂ ਤੋਂ ਪਾਣੀ ਪੀ ਕੇ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਇਸ ਦੇ ਗੁਸਖ਼ਾਨਿਆਂ ਵਿਚ ਮੁਹਈਆ ਕਰਵਾਏ ਗਏ ਠੰਡੇ ਅਤੇ ਗਰਮ ਪਾਣੀ ਨਾਲ ਨਹਾ ਕੇ ਬਾਹਰਲੀ ਮੈਲ ਹੀ ਨਹੀਂ ਸਗੋਂ ਮਨ ਅੰਦਰਲੀ ਮੈਲ ਵੀ ਅਲੋਪ ਹੋ ਜਾਂਦੀ ਹੈ।
ਮਿੱਠਾ ਖੂਹ
ਪਿੰਡ ਦੇ ਸਾਰੇ ਖੂਹ ਖੂਹੀਆਂ ਨਾਲੋਂ ਇਸ ਖੂਹ ਦਾ ਪਾਣੀ ਸੁਆਦੀ ਹੋਣ ਕਰਕੇ ਇਸ ਨੂੰ ਮਿੱਠੇ ਖੂਹ ਵਾਲਾ ਰੁਤਬਾ ਮਿਲਿਆ। ਇਹ ਖੂਹ ਪਿੰਡ ਦੇ ਦੱਖਣ ਵੱਲ ਪੰਜਵੀਂ ਪੱਤੀ ਦੇ ਘਰਾਂ ਨੇੜੇ ਸੀ। ਸੇਖੋਂ ਪੱਤੀ ਦੇ ਭੋਲਾ ਸਿੰਘ, ਵਰਿਆਮ ਸਿੰਘ, ਗਿਆਨ ਸਿੰਘ, ਬੀਲ੍ਹਾ ਸਿੰਘ ਅਤੇ ਬਖ਼ਤੌਰ ਸਿੰਘ ਹੋਰੀਂ ਇਸ ਖੂਹ ਦੇ ਮਾਲਕ ਸਨ। ਸੇਖੋਂ ਪਤੀ, ਪੰਜਵੀਂ ਪੱਤੀ ਅਤੇ ਪਿੰਡ ਦੇ ਹੋਰ ਲੋਕ ਵੱਡੀ ਗਿਣਤੀ ਵਿਚ ਇਸ ਖੂਹ ਦਾ ਪਾਣੀ ਪੀ ਕੇ ਖ਼ੁਸ਼ ਸਨ।
ਕਿਸੇ ਸਮੇਂ ਮਿੱਠਾ ਖੂਹ ਪਿੰਡ ਦੇ ਸਭਿਆਚਾਰ ਦਾ ਮੁਖ ਕੇਂਦਰ ਰਿਹਾ ਹੈ। ਇਸ ਖੂਹ ‘ਤੇ ਇਕ ਬਹੁਤ ਉੱਚਾ ਲੰਮਾ ਅਤੇ ਮੋਟੇ-ਮੋਟੇ ਟਾਹਣਿਆਂ ਵਾਲਾ ਪਿੱਪਲ ਦਾ ਰੁਖ਼ ਹੋਣ ਕਾਰਨ ਅਤੇ ਪਾਣੀ ਪੀਣ ਵਿਚ ਠੰਡਾ ਅਤੇ ਸੁਆਦੀ ਹੋਣ ਕਾਰਨ ਹਰ ਇਕ ਦਾ ਮਨ ਉਥੇ ਜਾਣ ਨੂੰ ਲੋਚਦਾ । ਸਾਵਨ ਦੇ ਮਹੀਨੇ ਵਿਚ ਤਾਂ ਇਸ ਦੀ ਵੱਖਰੀ ਹੀ ਕੁਦਰਤੀ ਹੋਂਦ ਸੀ। ਸਾਰੇ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਇਸ ਦੇ ਮੋਟੇ ਟਾਹਣਿਆਂ ਉਪਰ ਪੀਂਘਾਂ ਪਾ ਕੇ ਝੂਟਦੀਆਂ। ਇਸ ਪਿੱਪਲਦੇ ਦਰਖ਼ਤ ਦਾ ਅਕਾਰ ਐਨਾ ਵੱਡਾ ਸੀ ਕਿ ਇਕੋ ਸਮੇਂ ਕਈ ਪੀਂਘਾਂ ਪੈ ਸਕਦੀਆਂ ਸਨ। ਸਾਲ ਦੇ ਬਾਕੀ ਦਿਨ ਵੀ ਇਸ ਖੂਹ ‘ਤੇ ਰੌਣਕਾਂ ਲੱਗੀਆਂ ਰਹਿੰਦੀਆਂ। ਖੂਹਾਂ ਦੇ ਪਾਣੀ ਸੁੱਕ ਜਾਣ ਅਤੇ ਪਰਿਵਾਰਕ ਵੰਡੀਆਂ ਪੈ ਜਾਣ ਦੇ ਕਾਰਨ ਮਿੱਠੇ ਖੂਹ ਦੀ ਰੌਣਕ ਨੂੰ ਗ੍ਰਹਿਣ ਲੱਗ ਗਿਆ। ਅੱਜਕਲ੍ਹ ਇਸ ਜਗ੍ਹਾ ਦਾ ਮਾਲਕ ਅਮਰ ਸਿੰਘ ਸੇਖੋਂ ਹੈ ਅਤੇ ਉਸ ਦੀ ਰਹਾਇਸ਼ ਵੀ ਇਥੇ ਹੀ ਹੈ। ਪੂਰੇ ਜਾਣ ਕਾਰਨ ਮਿੱਠੇ ਖੂਹ ਦੀ ਹੋਂਦ ਤਾਂ ਖ਼ਤਮ ਹੋ ਗਈ ਪਰੰਤੂ ਸੇਖੋਂ ਪਰਿਵਾਰ ਦੇ ਖੂਹ ਵਾਲੇ ਸਾਂਝੇ ਪੜਾਣੇ ਵਿਚ ਇਕ ਛੋਟਾ ਜਿਹਾ ਪਿੱਪਲ ਦਾ ਦਰਖ਼ਤ ਜ਼ਰੂਰ ‘ਪਿੱਪਲਾਂ ਦੀਆਂ ਪੀਂਘਾਂ’ ਦੇ ਅਮੀਰ ਸਭਿਆਚਾਰ ਦੀ ਯਾਦ ਕਰਾਉਂਦਾ ਹੈ।
ਖਾਰਾ ਖੂਹ
ਜਿਸ ਤਰ੍ਹਾਂ ਆਦਮੀਆਂ ਅਤੇ ਔਰਤਾਂ ਦੇ ਨਾਮ ਉਨ੍ਹਾਂ ਦੀ ਸਰੀਰਕ ਬਣਤਰ, ਬੋਲਚਾਲ, ਪਹਿਨਣ-ਪਚਰਣ ਅਤੇ ਸਮਾਜ ਵਿਚ ਵਿਚਰਨ ਅਨੁਸਾਰ ਪੈ ਜਾਂਦੇ ਹਨ। ਇਸੇ ਤਰ੍ਹਾਂ ਖੂਹਾਂ ਦੇ ਨਾਮ ਵੀ ਉਨ੍ਹਾਂ ਦੇ ਪਾਣੀ ਦੇ ਸੁਆਦ, ਜਗ੍ਹਾ ਅਤੇ ਉਥੇ ਖੜ੍ਹੇ ਦਰਖ਼ਤਾਂ ਦੇ ਨਾਮਾਂ ‘ਤੇ ਰੱਖੇ ਜਾਇਆ ਕਰਦੇ ਸਨ। ਸੇਖੋਂ ਪੱਤੀ ਦੇ ਇੰਦਰ ਸਿੰਘ, ਨਗਿੰਦਰ ਸਿੰਘ, ਹਰਨਾਮ ਸਿੰਘ, ਅਤਰ ਸਿੰਘ ਅਤੇ ਉਨ੍ਹਾਂ ਦੇ ਹੋਰ ਸਕਿਆਂ ਦੀ ਮਾਲਕੀ ਵਾਲੇ ਖੂਹ ਦਾ ਨਾਮ ਇਸ ਦੇ ਖਾਰੇ ਪਾਣੀ ਹੋਣ ਕਰਕੇ ‘ਖਾਰਾ ਖੂਹ’ ਪੈ ਗਿਆ। ਪਿੰਡ ਦੇ ਚੜ੍ਹਦੇ ਪਾਸੇ ਥੇਹ ਦੇ ਪੈਰਾਂ ਵਿਚ ਸਥਿਤ ਇਸ ਖੂਹ ‘ਤੇ ਪੰਜਵੀਂ ਪੱਤੀ ਵਾਲੇ ਇਸ਼ਨਾਨ ਵਗੈਰਾ ਕਰਿਆ ਕਰਦੇ ਸਨ।
ਬੋੜੇ ਖੂਹ
ਮਿੱਠੇ ਖੂਹ ਤੋਂ ਕੁਝ ਹੀ ਫ਼ਾਸਲੇ ’ਤੇ ਦੱਖਣ ਵਾਲੇ ਪਾਸੇ ਨੇੜੇ-ਨੇੜੇ ਦੋ ਖੂਹ ਸਨ। ਸ਼ਾਇਦ ਇਹ ਦੋਵੇਂ ਖੂਹ ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਮਿੱਟੀ ਨਾਲ ਪੂਰੇ ਗਏ ਹੋਣ ਕਰਕੇ ਇਨ੍ਹਾਂ ਵਿਚ ਪਾਣੀ ਨਹੀਂ ਸੀ। ਪਾਣੀ, ਬੈੜ, ਲੱਠ, ਬਕਲੀਆਂ, ਗਾਧੀ, ਔਲੂ, ਟਿੰਡਾਂ ਅਤੇ ਹੋਰ ਸਮਾਨ ਦੀ ਗੈਰ-ਹਾਜ਼ਰੀ ਕਾਰਨ ਹੀ ਇਨ੍ਹਾਂ ਦੋਹਾਂ ਖੂਹਾਂ ਦਾ ਨਾਮ ‘ਬੋੜੇ ਖੂਹ’ ਪੈ ਗਿਆ ਹੋਵੇਗਾ। ਇਹ ਨਾਮ ਦੇਣ ਵਾਲੇ ਪਿੰਡ ਦੇ ਪੁਰਖਿਆਂ ਨੂੰ ਸ਼ਾਇਦ ਇਹ ਚਿਤ ਤੇ ਵੀ ਨਹੀਂ ਹੋਵੇਗਾ ਕਿ ਕਿਸੇ ਦਿਨ ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਜਨੇਰ ਦੇ ਸਾਰੇ ਖੂਹ ਹੀ ‘ਬੋੜੇ ਖੂਹ’ ਬਣ ਜਾਣਗੇ। ਇਨ੍ਹਾਂ ਵਿਚੋਂ ਇਕ ਖੂਹ ਦੇ ਮਾਲਕ ਰਾਜ ਮਹਾਜਨ ਦੇ ਪਰਿਵਾਰ ਵਾਲੇ ਸਨ ਅਤੇ ਦੂਸਰੇ ਦੇ ਧੰਨਾ ਸਿੰਘ ਮਿਸਤਰੀ ਦਾ ਪਰਿਵਾਰ।
ਸਾਹਮਣਾ ਖੂਹ
ਸਿੱਧੂ ਪੱਤੀ ਦੇ ਜੰਗੀਰ ਸਿੰਘ, ਗੰਡਾ ਸਿੰਘ, ਘੁਮੰਡਾ ਸਿੰਘ, ਪੂਰਨ ਸਿੰਘ, ਕੇਸਰ ਸਿੰਘ, ਚੰਦਾ ਸਿੰਘ, ਮਹਿੰਗਾ ਸਿੰਘ, ਜਰਨੈਲ ਸਿੰਘ, ਅਨੂਪ ਸਿੰਘ ਅਤੇ ਬਚਿੱਤਰ ਸਿੰਘ ਦੀ ਮਾਲਕੀ ਵਾਲੇ ਇਸ ਖੂਹ ‘ਤੇ ਦੋਵਿਢਾ ਜੁਗਾੜ ਬਣਾਇਆ ਹੋਇਆ ਸੀ ਅਤੇ ਇਸ ਦਾ ਪਾਣੀ ਨਵੀਂ ਕਸੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਦੂਰ-ਦੂਰ ਤਕ ਪਹੁੰਚਾਇਆ ਜਾਂਦਾ ਸੀ। ਸਿੱਧੂ ਪੱਤੀ ਦੇ ਘਰਾਂ ਦੇ ਸਾਹਮਣੇ ਹੋਣ ਕਰਕੇ ਇਸ ਦਾ ਨਾਮ ਹੀ ‘ਸਾਹਮਣਾ ਖੂਹ’ ਵਜੋਂ ਹੋਂਦ ਵਿਚ ਆਇਆ।
ਹਜ਼ਾਰੇ ਵਾਲਾ ਖੂਹ
ਪੰਜਾਬੀ ਸਭਿਆਚਾਰ ਵਿਚ ਬਜ਼ੁਰਗਾਂ ਦੇ ਨਾਵਾਂ ‘ਤੇ ਪਿੰਡਾਂ, ਕਸਬਿਆਂ, ਸ਼ਹਿਰਾਂ ਅਤੇ ਬਸਤੀਆਂ ਦੇ ਨਾਮ ਰੱਖਣਾ ਜਿਥੇ ਆਮ ਜਿਹੀ ਗੱਲ ਹੈ ਉਥੇ ਖੇਤਾਂ, ਝਿੜੀਆਂ, ਛੱਪੜਾਂ, ਟੋਭਿਆਂ, ਖੂਹੀਆਂ ਅਤੇ ਖੂਹਾਂ ਦੇ ਨਾਮ ਵੀ ਪੁਰਖਿਆਂ ਦੇ ਨਾਵਾਂ ‘ਤੇ ਰੱਖੇ ਮਿਲਦੇ ਹਨ। ਹਜ਼ਾਰੇ ਵਾਲਾ ਖੂਹ ਇਸ ਦੀ ਪੁਸ਼ਟੀ ਕਰਦਾ ਹੈ ਕਿ ਜ਼ਰੂਰ ਹੀ ਪੁਰਖੇ ਦਾ ਨਾਮ ਹਜ਼ਾਰਾ ਸਿੰਘ ਸਿੱਧੂ ਸੀ। ਇਹ ਖੂਹ ਵੀ ਕਾਫੀ ਘਰਾਂ ਦਾ ਸਾਂਝਾ ਸੀ। ਸਿੱਧੂ ਪੱਤੀ ਦੇ ਗੁਰਮੁਖ ਸਿੰਘ, ਕੇਹਰ ਸਿੰਘ, ਪ੍ਰਤਾਪ ਸਿੰਘ, ਗੁਰਨਾਮ ਸਿੰਘ ਅਤੇ ਮਿਸਤਰੀ ਵਧਾਵਾ ਸਿੰਘ ਚਾਨਾ ਦੀ ਜ਼ਮੀਨ ਦਾ ਇਹ ਇਕ ਪਾਣੀ ਸਰੋਤ ਸੀ। ਚੇਤ ਸਿੰਘ ਧਾਲੀਵਾਲ ਵੀ ਇਸ ਖੂਹ ਦਾ ਹਿੱਸੇਦਾਰ ਸੀ। ਖੂਹ ਦੀ ਹੋਂਦ ਤਾਂ ਬੇਸ਼ਕ ਖ਼ਤਮ ਹੋ ਗਈ ਪਰੰਤੂ ਉਪਰੋਕਤ ਪਰਿਵਾਰਾਂ ਦਾ ਸਾਂਝਾ ਪੜਾਣਾ ਹਾਲੀਂ ਵੀ ਆਪਣੀ ਹੋਂਦ ਬਰਕਰਾਰ ਰੱਖਦੇ ਹੋਏ ਪਾਸੋਂ ਲੰਘਙ ਵਾਲਿਆਂ ਨੂੰ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾਉਂਦਾ ਹੈ।
ਤਾਬੂ ਕਿਆਂ (ਪ੍ਰਤਾਪ ਸਿੰਘ ਸਿੱਧੂ) ਵਾਲਾ ਖੂਹ
ਹਜ਼ਾਰੇ ਵਾਲੇ ਖੂਹ ਤੋਂ ਸੌ ਕੁ ਮੀਟਰ ਫ਼ਾਸਲੇ ‘ਤੇ ਪੱਛਮ ਵਾਲੇ ਪਾਸੇ ਇਸ ਦੀ ਪਛਾਣ ਪਾਣੀ ਤੋਂ ਸਖਣੇ ਅਤੇ ਦਰਖ਼ਤਾਂ ਦੇ ਝੁੰਡ ਦੇ ਰੂਪ ਵਿਚ ਹਾਲੀਂ ਵੀ ਬਰਕਰਾਰ ਹੈ। ਸਿੱਧੂ ਪੱਤੀ ਦੇ ਪ੍ਰਤਾਪ ਸਿੰਘ ਸਿੱਧੂ ਅਤੇ ਨਿਰੰਜਨ ਸਿੰਘ ਸਿੱਧੂ ਹੋਰਾਂ ਦੀ ਮਾਲਕੀ ਵਾਲੇ ਇਸ ਖੂਹ ਦਾ ਨਾਮ ਉਨ੍ਹਾਂ ਦੇ ਪੁਰਖੇ ਪ੍ਰਤਾਪ ਸਿੰਘ ਦੇ ਛੋਟੇਨਾਮ ‘ਤਾਬੂ’ ਨਾਲ ਜੁੜ ਗਿਆ। ਚੇਤ ਸਿੰਘ ਧਾਲੀਵਾਲ ਵਾਲਾ ਵੀ ਇਸ ਖੂਹ ਦਾ ਹਿੱਸੇਦਾਰ ਸੀ। ਕਿਸੇ ਸਮੇਂ ਇਸ ਖੂਹ ‘ਤੇ ਉੱਚੀਆਂ ਲੰਮੀਆਂ ਨਿੰਮਾਂ ਦੀ ਭਰਮਾਰ ਸੀ ਜਿਨ੍ਹਾਂ ਦੀਆਂ ਨਮੋਲੀਆਂ ਪੱਕਣ ਸਮੇਂ ਵਾਤਾਵਰਨ ਨੂੰ ਖੱਟੀ ਮਿੱਠੀ ਸੁੰਗਧੀ ਨਾਲ ਭਰ ਦਿੰਦੀਆਂ। ਪ੍ਰਤਾਪ ਸਿੰਘ ਸਿੱਧੂ ਦੀ ਜ਼ਮੀਨ ਬਾਅਦ ਵਿਚ ਉਸ ਦੇ ਰਿਸ਼ਤੇਦਾਰ ਪ੍ਰੀਤਮ ਸਿੰਘ ਸਰਾਂ ਪਾਸ ਆ ਜਾਣ ਕਰਕੇ ਅੱਜਕਲ੍ਹ ਇਥੇ ਤਿੰਨ ਮੋਟਰਾਂ ਹਨ। ਖੂਹ ਦੇ ਦੂਜੇ ਹਿੱਸੇਦਾਰ ਵੀ ਮੋਟਰਾਂ ਲਗਵਾਉਣ ਵਿਚ ਪਿੱਛੇ ਨਹੀਂ ਰਹੇ ਪਰੰਤੂ ਪਾਣੀ ਵਾਲਾ ਖੂਹ ਨਹੀਂ ਰਿਹਾ।
ਲੁਹਾਰੇ ਵਾਲਿਆਂ ਦਾ ਖੂਹ
ਪਿੰਡ ਤੋਂ ਪੱਛਮ ਵੱਲ ਜਨੇਰ-ਖੋਸਾ ਰੰਧੀਰ ਸੜਕ ਦੇ ਖੱਬੇ ਪਾਸੇ ‘ਬੋੜੇ ਖੂਹ’ ਦੇ ‘ਖੰਡਰਾਤ ਰੂਪ’ ਵਿਚ ਬੀਤੇ ਸਮੇਂ ਦੀਆਂ ਅਭੁੱਲ ਯਾਦਾਂ ਸਮੋਹੀ ਬੈਠਾ ਇਸ ਖੂਹ ਦਾ ਪੜਾਣਾ, ਹਰ ਇਕ ਰਾਹੀ ਪਾਂਧੀ ਨੂੰ ਰਮਣੀਕ ਸਮੇਂ ਦੀ ਵਿਥਿਆ ਸੁਣਨ ਲਈ ‘ਵਾਜ਼ਾਂ ਮਾਰਦਾ ਹੈ, ਪਰੰਤੂ ਇਸ ‘ਚਲੋ ਚਲੀ’ ਦੇ ਯੁਗ ਵਿਚ ਕਿਸ ਪਾਸ ਵਕਤ ਹੈ ਸਾਡੇ ਅਮੀਰ ਸਭਿਆਚਾਰ ਦੀ ਦਾਸਤਾਨ ਸੁਣਨ ਲਈ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਖੂਹ ਦਾ ਨਾਮ ਮੁਸਲਮਾਨ ਰਾਜਪੂਤਾਂ ਦੇ ਨਾਮ ‘ਰਾਜਪੂਤਾਂ ਵਾਲਾ ਖੂਹ’ ਸੀ । ਬਾਅਦ ਵਿਚ ਉਨ੍ਹਾਂ ਦੇ ਹੀ ਵਡੇਰੇ ਮੋਹਲੀ ਦੇ ਨਾਮ ‘ਮੋਹਲੀ ਕਾ ਖੂਹ’ ਵਜੋਂ ਜਾਣਿਆ ਜਾਣ ਲੱਗਾ। ਪਾਕਿਸਤਾਨ ਬਣਨ ਤੋਂ ਬਾਅਦ ਇਹ ਖੂਹ ਅਤੇ ਜ਼ਮੀਨ ਪਾਕਿਸਤਾਨ ਤੋਂ ਆਏ ਅਲਾਟੀਏ ਮੋਹਨ ਸਿੰਘ ਸ਼ੇਰਗਿਲ, ਬਸੰਤ ਸਿੰਘ ਸਿੱਧੂ, ਬੂਟਾ ਸਿੰਘ ਸਿੱਧੂ ਅਤੇ ਗੁਰਬਚਨ ਸਿੰਘ ਗਿੱਲ ਹੋਣਾਂ ਦੀ ਮਲਕੀਅਤ ਬਣ ਗਏ ਪਰੰਤੂ ਜ਼ਿਆਦਾ ਮਾਲਕੀ ਹਿੱਸਾ ਮੋਹਨ। ਸਿੰਘ ਸ਼ੇਰਗਿਲ ਲੁਹਾਰੇ ਵਾਲਿਆਂ ਦਾ ਹੋਣ ਕਰਕੇ ਇਸ ਦਾ ਨਾਮ ਲੁਹਾਰੇ ਵਾਲਿਆਂ ਦਾ ਖੂਹ ਪੈ ਗਿਆ। ਇਸ ਖੂਹ ਦੇ ਆਸੇ ਪਾਸੇ ਦੀ ਜ਼ਮੀਨ ਪਿੰਡ ਦੀਆਂ ਸਭ ਤੋਂ ਉਪਜਾਊ ਜ਼ਮੀਨਾਂ ਵਿਚ ਗਿਣੀ ਜਾਂਦੀ ਹੈ ਇਸ ਦੋਵਿੱਢੇ ਖੂਹ ਦਾ ਪਾਣੀ ਸੁਆਦੀ ਹੋਣ ਕਰਕੇ ਪਖੀਰੀਆ ਸਿੰਘ ਮਹਿਰਾ ਲੰਮਾ ਸਮਾਂ ਪੀਰ ਖਾਂ ਅਤੇ ਸਿੱਧੂ ਪੱਤੀ ਵਾਲੇ ਥੇਹ ਉਪਰ ਵਸਦੇ ਘਰਾਂ ਨੂੰ ਇਸ ਖੂਹ ਤੋਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦਾ ਰਿਹਾ। ਮਿੱਠੇ ਖੂਹ ਵਾਂਗ ਇਸ ਖੂਹ ‘ਤੇ ਵੀ ਹਰ ਸਮੇਂ ਰੌਣਕਾਂ ਲੱਗੀਆਂ ਰਹਿੰਦੀਆਂ।
ਮਿਸਤਰੀਆਂ ਵਾਲਾ ਖੂਹ
ਪਿੰਡ ਦੇ ਠੀਕ ਪੱਛਮ ਵਾਲੇ ਪਾਸੇ ਥੇਹ ਦੇ ਸ਼ੁਰੂ ਵਿਚ ਹੀ ਖੂਹ ਸੀ ਜਿਹੜਾ ਪਿੰਡ ਦੇ ਮਿਸਤਰੀ ਭਾਈਚਾਰੇ ਦੀ ਥੋੜ੍ਹੀ ਜ਼ਮੀਨ ਵਿਚ ਸਥਿਤ ਸੀ ਪਰੰਤੂ ਇਸ ਦੀ ਜ਼ਿਆਦਾ ਜ਼ਮੀਨ ਸ਼ਾਮਲਾਟ ਹੋਣ ਕਰਕੇ ਇਹ ਖੂਹ ਪਾਕਿਸਤਾਨ ਤੋਂ ਪਹਿਲਾਂ ਹੀ ਆਪਣੀ ਹੋਂਦ ਗੁਆ ਬੈਠਾ ਇਸ ਬਾਰੇ ਕੁਝ ਕੁ ਪੁਰਾਣੇ ਬਜ਼ੁਰਗਾਂ ਨੂੰ ਹੀ ਪਤਾ ਹੈ।
ਬਸੰਤ ਸਿੰਘ ਸਿੱਧੂ ਹੋਰਾਂ ਦਾ ਖੂਹ
ਮਿਸਤਰੀਆਂ ਵਾਲੇ ਖੂਹ ਦੇ ਨਜ਼ਦੀਕ ਹੀ ਪੱਛਮ ਵਾਲੇ ਪਾਸੇ ਮੁਸਲਮਾਨਾਂ ਦੀ ਮਾਲਕੀ ਵਾਲਾ ਇਕ ਹੋਰ ਖੂਹ ਸੀ। ਇਸ ਦਾ ਪਾਣੀ ਖਾਰਾ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਸ ਦੀ ਮਾਲਕੀ ਅਤੇ ਜ਼ਮੀਨ ਪਾਕਿਸਤਾਨ ਤੋਂ ਆਏ ਅਲਾਟੀਏ ਬਸੰਤ ਸਿੰਘ ਸਿੱਧੂ, ਸਰੂਪ ਸਿੰਘ ਸਿੱਧੂ ਅਤੇ ਚੰਚਲ ਸਿੰਘ ਸਿੱਧੂ ਦੇ ਪਰਿਵਾਰਾਂ ਨੂੰ ਅਲਾਟ ਹੋ ਗਈ। ਇਸ ਦਾ ਪਾਣੀ ਖਾਰਾ ਹੋਣ ਕਰਕੇ ਕਈ ਲੋਕ ਇਸ ਨੂੰ ਖਾਰਾ ਖੂਹ ਵੀ ਆਖਦੇ ਸਨ।
ਦੋ ਵਿਢਾ ਖੂਹ
ਰਾਜਪੂਤ ਮੁਸਲਮਾਨਾਂ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਖੂਹ ਲਗਵਾਇਆ ਸੀ ਜਿਹੜਾ ਕਿ ਉਪਰੋਕਤ ਦੋਹਾਂ ਖੂਹਾਂ ਤੋਂ ਹੋਰ ਵੀ ਪੱਛਮ ਦੀ ਦਿਸ਼ਾ ਵਿਚ ਸੀ। ਇਸ ਖੂਹ ‘ਤੇ ਪਾਣੀ ਕੱਢਣ ਵਾਲਾ ਦੂਹਰਾ ਜੁਗਾੜ ਬਣਾਇਆ ਹੋਣ ਕਰਕੇ ਇਸ ਨੂੰ ਦੋ ਵਿੱਢਾ ਖੂਹ ਆਖਦੇ ਸਨ। ਮੁਸਲਮਾਨਾਂ ਦੇ ਪਾਕਿਸਤਾਨ ਪਲਾਇਨ ਕਰ ਜਾਣ ਬਾਅਦ ਸੋਭਾ ਸਿੰਘ ਬਰਾੜ, ਖੇਮ ਸਿੰਘ ਖੋਸਾ ਜਲਾਲ ਅਤੇ ਕਰਨੈਲ ਸਿੰਘ ਖੋਸਾ ਜਲਾਲ ਹੋਰਾਂ, ਪਾਕਿਸਤਾਨ ਤੋਂ ਆਏ ਅਲਾਟੀਆਂ ਨੂੰ ਇਹ ਖੂਹ ਅਤੇ ਇਸ ਦੇ ਸਿੰਚਾਈ ਇਲਾਕੇ ਵਾਲੀ ਜ਼ਮੀਨ ਅਲਾਟ ਹੋ ਗਈ। ਇਸ ਖੂਹ ਦਾ ਪਾਣੀ ਪੀਣ ਲਈ ਹੀ ਨਹੀਂ ਸਗੋਂ ਫ਼ਸਲਾਂ ਲਈ ਵੀ ਲਾਭਦਾਇਕ ਸੀ। ਕੁਝ ਮਿਸਤਰੀ ਪਰਿਵਾਰ ਵੀ ਇਸ ਖੂਹ ਦਾ ਪਾਣੀ ਸਿੰਚਾਈ ਲਈ ਵਰਤਦੇ ਸਨ।
ਮਹਿੰਗਾ ਸਿੰਘ ਮਿਸਤਰੀ ਦਾ ਖੂਹ
ਉਪਰੋਕਤ ਦੋ ਵਿੱਢੇ ਖੂਹ ਤੋਂ ਥੋੜੀ ਦੂਰ ਪੱਛਮ ਵਾਲੇ ਪਾਸੇ ਪਿੰਡ ਰੰਧੀਰ ਦੀ ਜ਼ਮੀਨੀ ਹੱਦਬੰਦੀ ਦੇ ਨਜ਼ਦੀਕ ਮਹਿੰਗਾ ਸਿੰਘ ਮਿਸਤਰੀ ਨੇ ਖੂਹ ਲਗਵਾਇਆ। ਆਪਣੇ ਆਪ ਹੀ ਤਿਆਰ ਕੀਤੇ ਗਏ ਇਸ ਖੂਹ ਦਾ ਰੂਪ ਵੀ ਵਿਲੱਖਣ ਹੀ ਸੀ। ਮਿਸਤਰੀ ਮਹਿੰਗਾ ਸਿੰਘ ਚਾਨਾ ਇਕ ਬਹੁਤ ਹੀ ਹੁਨਰੀ ਇਨਸਾਨ ਸੀ। ਥੇਹ ਵਿਚੋਂ ਪ੍ਰਾਪਤ ਕੀਤੀਆਂ ਪੁਰਾਤਨ ਇੱਟਾਂ, ਇਧਰੋਂ-ਉਧਰੋਂ ਇਕੱਠੇ ਕੀਤੇ ਹੋਰ ਖੂਹ ਦਾ ਸਮਾਨ ਅਤੇ ਆਪੇ ਕੀਤੀ ਖੁਦਾਈ ਪੁਟਾਈ ਦੇ ਕੰਮ ਨਾਲ ਖੂਹ ਤਿਆਰ ਕਰਨਾ ਉਸ ਦੀ ਉਤਮ ਕਾਰੀਗਰੀ ਦੀ ਪੇਸ਼ਕਸ਼ ਸੀ। ਇਸ ਖੂਹ ਤੋਂ ਕੁਝ ਹੋਰ ਮਿਸਤਰੀ ਪਰਿਵਾਰ ਵੀ ਸਿੰਚਾਈ ਲਈ ਪਾਣੀ ਵਰਤੋਂ ਕਰਦੇ ਸਨ।
ਭਾਈ ਕਾ ਖੂਹ
ਜਨੇਰ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਇਹ ਖੂਹ ਬਾਬਾ ਬੁਧ ਸਿੰਘ ਜੀ ਨੇ ਲਗਾਇਆ ਸੀ। ਇਹ ਖੂਹ ਢਾਬਾਂ ਵਾਲੇ ਖੇਤ ਲੰਘ ਕੇ ਪੱਛਮ ਵੱਲ ਸਥਿਤ ਸੀ। ਗੁਰੂ ਘਰ ਦੀ ਜਾਇਦਾਦ ਹੋਣ ਕਰਕੇ ਇਸ ਨੂੰ ‘ਭਾਈ ਕਾ ਖੂਹ’ ਆਖਿਆ ਜਾਂਦਾ ਸੀ। ਉੱਚੀਆਂ ਲੰਮੀਆਂ ਟਾਹਲੀਆਂ, ਨਿੰਮਾਂ ਅਤੇ ਹੋਰ ਰੁੱਖਾਂ ਦੀ ਸੰਘਣੀ ਛਾਂ ਹੋਣ ਕਰਕੇ ਇਸ ਖੂਹ ਦਾ ਕੁਦਰਤੀ ਨਜ਼ਾਰਾ ਹਮੇਸ਼ਾ ਵਿਲੱਖਣਤਾ ਭਰਪੂਰ ਹੀ ਰਹਿੰਦਾ। ਇਸ ਦਾ ਸੁਆਦੀ ਅਤੇ ਠੰਡਾ ਪਾਣੀ ਹਰ ਇਕ ਰਾਹੀ ਪਾਂਧੀ ਨੂੰ ਆਪਣੇ ਵੱਲ ਖਿੱਚਦਾ। ਗਰਮੀਆਂ ਦੇ ਦਿਨਾਂ ਵਿਚ ਪਸ਼ੂ ਡੰਗਰ ਚਾਰਨ ਵਾਲੇ ਇਥੇ ਦੁਪਹਿਰਾਂ ਕੱਟਦੇ। ਗੁਰਦੁਆਰਾ ਸਾਹਿਬ ਵਾਲੇ ਆਪ ਖੇਤੀਬਾੜੀ ਦਾ ਕੰਮ ਕਰਦੇ ਹੋਣ ਕਰਕੇ ਗਰਮੀਆਂ ਦੇ ਰੁੱਤ ਵਿਚ ਗੁਰੂਘਰ ਵਿਖੇ ਰਹਿ ਰਹੇ ਭਗਤ ਜਨ, ਸੂਰਮੇ ਅਤੇ ਹੋਰ ਸੇਵਕ ਥੇਹ ਦੀ ਤਪਸ਼ ਤੋਂ ਬਚਣ ਲਈ ਦੁਪਹਿਰ ਹੋਣ ਤੋਂ ਪਹਿਲਾਂ ਹੀ ਇਧਰ ਠੰਡੀ ਛਾਂ ਦਾ ਆਨੰਦ ਮਾਨਣ ਅਤੇ ਖੂਹ ‘ਤੇ ਬਣੀ ਵੱਡੀ ਖੇਲ ਵਿਚ ਇਸ਼ਨਾਨ ਕਰਨ ਲਈ ਇਧਰ ਪਹੁੰਚ ਜਾਂਦੇ। ਬਹੁਤੇ ਪੜ੍ਹੇ-ਲਿਖੇ ਨਾ ਹੋਣ ਦੇ ਬਾਵਜੂਦ ਜਦੋਂ ਗਰਮੀ ਦੀ ਤਪਸ਼ ਤੋਂ ਬਚ ਕੇ ਅਕਾਲ ਪੁਰਖ ਦੀ ਮਹਿਮਾ ਵਿਚ ਉਸ ਦੀ ਉਸਤਤ ਦੇ ਸ਼ਬਦ ਪੜ੍ਹਦੇ ਤਾਂ ਸਾਰਾ ਮਾਹੌਲ ਹੀ ਰੱਬੀ ਰੰਗ ਦੇ ਨਸ਼ੇ ਵਿਚ ਨਸ਼ਿਆਇਆ ਜਾਂਦਾ। ਬੇਸ਼ਕ ਖੂਹ ਦੀ ਜਗ੍ਹਾ ਹੁਣ ਬਿਜਲੀ ਦੀਆਂ ਮੋਟਰਾਂ ਨੇ ਮੱਲ ਲਈ ਹੈ ਪਰੰਤੂ ਹੁਣ ਪਹਿਲਾਂ ਵਾਲੀਆਂ ਰੌਣਕਾਂ ਮਹਿਜ਼ ਇਕ ਸੁਪਨਾ ਬਣ ਕੇ ਰਹਿ ਗਈਆਂ ਹਨ ਕਿਉਂਕਿ ਗੁਰੂਘਰ ਦੇ ਭਗਤ ਜਨ ਹੁਣ ਬਿਜਲੀ ਦੇ ਪੱਖਿਆਂ ਅਤੇ ਕੂਲਰਾਂ ਦੇ ਆਦੀ ਹੋ ਚੁੱਕੇ ਹਨ।
ਬਾਠਾਂ ਵਾਲਾ ਖੂਹ
ਭਾਈਕੇ ਖੂਹ ਤੋਂ ਉਤਰ ਵਾਲੇ ਪਾਸੇ ਥੋੜ੍ਹੀ ਦੂਰੀ ‘ਤੇ ਬਾਬਾ ਮਾਨ ਸਿੰਘ ਬਾਠ ਦੀ ਔਲਾਦ ਦਾ ਖੂਹ ਸੀ ਜਿਹੜਾ ‘ਬਾਠਾਂ ਵਾਲਾ ਖੂਹ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਬਾਅਦ ਵਿਚ ਇਸ ਦਾ ਨਾਮ ਹਰੀ ਸਿੰਘ, ਨੰਦ ਸਿੰਘ ਹੋਰਾਂ ਦੇ ਖੂਹ ਦੇ ਨਾਮ ਨਾਲ ਮਸ਼ਹੂਰ ਹੋਇਆ। ਖੋਸਾ ਰੰਧੀਰ ਅਤੇ ਪਿੰਡ ਗਲੋਟੀ ਦੀਆਂ ਜੂਹਾਂ ਨੇੜੇ ਹੋਣ ਕਰਕੇ ਇਸ ਖੂਹ ‘ਤੇ ਰੌਣਕਾਂ ਘਟ ਹੀ ਲਗਦੀਆਂ ਸਨ।
ਹੌਲਦਾਰਾਂ ਦਾ ਖੂਹ
ਪੁਰਾਤਨ ਪੰਜਾਬ ਵਿਚ ਨਾਵਾਂ, ਗੋਤਾਂ, ਜਾਤਾਂ ਅਤੇ ਸਰਕਾਰ ਵਲੋਂ ਮਿਲੇ ਸਨਮਾਨਜਨਕ ਅਹੁਦਿਆਂ ਦੇ ਨਾਮ ‘ਤੇ ਤਾਂ ਆਮ ਹੀ ਖੂਹਾਂ ਦੇ ਨਾਮ ਰੱਖ ਦਿੱਤੇ ਜਾਂਦੇ ਸਨ ਜਿਵੇਂ ਲੰਬਰਦਾਰਾਂ ਦਾ ਖੂਹ, ਜੈਲਦਾਰਾਂ ਦਾ ਖੂਹ ਆਦਿ ਪਰੰਤੂ ਜਨੇਰ ਇਹ ਖੂਹ ਮਿਲਟਰੀ ਦੇ ਇਕ ਰੈਂਕ ਨਾਲ ਵੀ ਜੋੜਿਆ ਗਿਆ। ਹਵਾਲਦਾਰ ਗੁਰਮੁਖ ਸਿੰਘ ਚੀਮਾ ਨੇ ਦੁਨੀਆਂ ਦੀ ਪਹਿਲੀ ਵੱਡੀ ਜੰਗ ਸਮੇਂ ਭਰਤੀ ਹੋ ਕੇ ਜਨੇਰ ਦਾ ਪਹਿਲਾ ਫ਼ੌਜੀ ਹੋਣ ਦਾ ਮਾਨ ਪ੍ਰਾਪਤ ਕੀਤਾ ਅਤੇ ਹਵਾਲਦਾਰ ਰੈਂਕ ਵੀ ਹਾਸਲ ਕੀਤਾ। ਗੁਰਮੁਖ ਸਿੰਘ ਚੀਮਾ ਦੇ ਪਰਿਵਾਰ ਦੇ ਖੂਹ ਦਾ ਨਾਮ ਕਿਸੇ ਪਰਿਵਾਰਕ ਮੈਂਬਰ ਦੇ ਨਾਮ ਨਹੀਂ ਸਗੋਂ ਉਸ ਦੇ ਰੈਂਕ ਹਵਾਲਦਾਰ ਤੇ ‘ਹੌਲਦਾਰਾਂ ਵਾਲਾ ਖੂਹ’ ਵਜੋਂ ਜਾਣਿਆ ਜਾਣ ਲੱਗਾ। ਇਹ ਖੂਹ ਸਾਰਾ ਪਿੰਡ ਲੰਘ ਕੇ ਮੋਗਾ-ਅੰਮ੍ਰਿਤਸਰ ਜੀ.ਟੀ. ਰੋਡ ਉਪਰ ਥੇਹਾਂ ਦੇ ਪੈਰਾਂ ਵਿਚ ਸਥਿਤ ਸੀ। ਇਸ ਦਾ ਪਾਣੀ ਪੀਣ ਯੋਗ ਹੋਣ ਕਰਕੇ ਲੰਮਾ ਸਾਹਿਬ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸੰਗਤ ਇਸ ਦਾ ਪਾਣੀ ਪੀ ਕੇ ਆਨੰਦ ਮੰਗਲ ਹੁੰਦੀ ਰਹੀ।
ਪੰਡਤਾਂ ਦਾ ਖੂਹ
ਜਨੇਰ ਦੇ ਬ੍ਰਾਹਮਣ ਭਾਈਚਾਰੇ ਨੇ ਮੁਢ ਕਦੀਮ ਤੋਂ ਹੀ ਧਾਰਮਿਕ ਰਹਿਨੁਮਾਈ ਕਰਨ ਦੀ ਥਾਂ ‘ਉਤਮ ਖੇਤੀ’ ਵਾਲੇ ਕਿੱਤੇ ਨੂੰ ਹੀ ਤਰਜੀਹ ਦਿੱਤੀ। ਪੰਡਤ ਮਾਘ ਰਾਮ ਅਤੇ ਪੰਡਤ ਜਵਾਲਾ ਰਾਮ ਨੇ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਆਪਣੀ ਪਿਤਾ ਪੁਰਖੀ ਜ਼ਮੀਨ ਜਨੇਰ ਤੋਂ ਪਿੰਡ ਔਗੜ੍ਹ (ਮੁਬਾਰਕ ਪੁਰ) ਵਾਲੀ ਸੜਕੇ ਦੇ ਸੱਜੇ ਪਾਸੇ ਲਗਵਾਇਆ। ਸਕੂਲ ਦੀ ਇਮਾਰਤ ਉਸਰਨ ਸਮੇਂ ਇਥੇ ਕਾਫੀ ਚਹਿਲ-ਪਹਿਲ ਰਹਿੰਦੀ ਸੀ। ਬਾਅਦ ਵਿਚ ਵੀ ਪੰਡਤਾਂ ਦੇ ਵੱਡੇ ਪਰਿਵਾਰ ਕਾਰਨ, ਹਰ ਸਮੇਂ ਇਸ ਖੂਹ ‘ਤੇ ਵੱਖ-ਵੱਖ ਰੂਪ ਵਿਚ ਖੇਤੀ ਨਾਲ ਸਬੰਧਤ ਗਤੀਵਿਧੀਆਂ ਨਜ਼ਰੀਂ ਪੈਂਦੀਆਂ । ਪੜ੍ਹਾਈ ਤੋਂ ਡਰਦੇ ਵਿਦਿਆਰਥੀਆਂ ਲਈ ਇਹ ਇਕ ਵਧੀਆ ਛੁਪਣਗਾਹ ਸੀ। ਪਿੰਡ ਦੇ ਦੂਜੇ ਖੂਹਾਂ ਵਾਂਗ ਬਿਜਲੀ ਦੇ ਟਿਊਬਵੈੱਲ ਲੱਗਣ ਨਾਲ ਇਸ ਖੂਹ ਦੀਆਂ ਰੌਣਕਾਂ ਵੀ ਫਿੱਕੀਆਂ ਪੈ ਗਈਆਂ।
ਸ਼ਾਮ ਸਿਉਂ ਵਾਲਾ ਖੂਹ
ਔਗੜਾਂ ਵਾਲੀ ਸੜਕੇ ਉਪਰ ਹੀ ਪੰਡਤਾਂ ਦੇ ਖੂਹ ਤੋਂ ਥੋੜ੍ਹਾ ਜਿਹਾ ਅੱਗੇ ਪੂਰਬ ਵੱਲ ਸੜਕ ਦੇ ਖੱਬੇ ਪਾਸੇ ਇਕ ਹੋਰ ਖੂਹ ਵੀ ਸੀ। ਇਹ ਖੂਹ ਬੇਸ਼ਕ ਬਚਿੱਤਰ ਸਿੰਘ ਸਿੱਧੂ, ਪਾਲਾ ਸਿੰਘ ਸਿੱਧੂ, ਨਿੱਕਾ ਸਿੰਘ ਸਿੱਧੂ ਅਤੇ ਸ਼ਾਮ ਸਿੰਘ ਸਿੱਧੂ ਦੀਆਂ ਜ਼ਮੀਨਾਂ ਵਿਚ ਲੱਗਿਆ ਹੋਇਆ ਸੀ ਪਰੰਤੂ ਇਹ ਸ਼ਾਮ ਸਿਉਂ ਵਾਲਾ ਖੂਹ ਵਜੋਂ ਹੀ ਜਾਣਿਆ ਜਾਂਦਾ ਸੀ। ਕੁਝ ਹੋਰ ਪਰਿਵਾਰਾਂ ਦੀ ਵੀ ਇਸ ਖੂਹ ਵਿਚ ਹਿੱਸੇਦਾਰੀ ਸੀ ਪਰੰਤੂ ਕੁਝ ਸਮੇਂ ਬਾਅਦ ਉਨ੍ਹਾਂ ਪਾਣੀ ਦੇ ਆਪਣੇ ਵਖਰੇ ਇੰਤਜ਼ਾਮ ਕਰ ਲਏ। 044900 ਪਾਖਰ ਸਿੰਘ ਸਿੱਧੂ ਹੋਰਾਂ ਵਾਲਾ ਖੂਹ
ਉਨੀ ਸੌ ਪੰਜਾਹਵਿਆਂ ਦੇ ਸ਼ੁਰੂ ਵਿਚ ਹੀ ਭੋਲਾ ਸਿੰਘ ਸਿੱਧੂ ਦੇ ਚਾਰ ਪੁੱਤਰਾਂ ਪਾਖਰ ਸਿੰਘ, ਈਸ਼ਰ ਸਿੰਘ, ਸੰਤਾ ਸਿੰਘ ਅਤੇ ਬੰਤਾ ਸਿੰਘ ਨੇ ਆਪਣਾ ਖੂਹ ਲਗਵਾਇਆ। ਇਹ ਖੂਹ ਜਨੇਰ ਤੋਂ ਔਗੜਾਂ ਵਾਲੀ ਸੜਕ ‘ਤੇ ਸਥਿਤ ਸੀ। ਇਸ ਖੂਹ ਦੀ ਸਿੰਚਾਈ ਵਾਸਤੇ ਬਹੁਤ ਘਟ ਵਰਤੋਂ ਕੀਤੀ ਗਈ ਕਿਉਂਕਿ ਥੋੜ੍ਹੇ ਸਮੇਂ ਬਾਅਦ ਹੀ ਡੀਜ਼ਲ ਇੰਜਨਾਂ ਵਾਲੇ ਟਿਊਬਵੈੱਲਾਂ ਤੇ ਬਾਅਦ ਵਿਚ ਬਿਜਲੀ ਦੀਆਂ ਮੋਟਰਾਂ ਵਾਲੇ ਟਿਊਬਵੈੱਲਾਂ ਦੀ ਭਰਮਾਰ ਹੋ ਗਈ।
ਗੁਰਨਾਮ ਸਿੰਘ ਸਿੱਧੂ ਦਾ ਖੂਹ
ਸਿੱਧੂ ਪੱਤੀ ਦੇ ਗੁਰਨਾਮ ਸਿੰਘ ਸਿੱਧੂ ਨੇ ਪੰਡਤਾਂ ਦੇ ਖੂਹ ਤੋਂ ਥੋੜ੍ਹੀ ਦੂਰ ਅੱਗੇ ਔਗੜਾਂ ਵਾਲੀ ਸੜਕੇ ਦੇ ਸੱਜੇ ਪਾਸੇ ਆਪਣਾ ਖੂਹ ਲਗਵਾਇਆ। ਇਸ ਖੂਹ ਬਾਰੇ ਮਸ਼ਹੂਰ ਸੀ ਇਕ ਵਿੱਢ ਨਾਲ ਹੀ ਕਾਫੀ ਰਕਬਾ ਸਿੰਜਿਆ ਜਾਂਦਾ ਰਿਹਾ ਜ਼ਿਆਦਾ ਰਕਬੇ ਦੀ ਸਿੰਚਾਈ ਦਾ ਕਾਰਨ ਉਸ ਦਾ ਨਰੋਆ ਊਠ ਸੀ। ਗੁਰਨਾਮ ਸਿੰਘ ਸਿੱਧੂ ਨੂੰ ਨਰੋਏ ਅਤੇ ਸ਼ਕਤੀਸ਼ਾਲੀ ਊਠ ਰੱਖਣ ਦਾ ਬਹੁਤ ਸ਼ੌਕ ਸੀ। ਊਠਾਂ ਦੀ ਉਹ ਮੱਖਣ, ਘਿਉ ਅਤੇ ਹੋਰ ਤਾਕਤ ਦੀਆਂ ਦੇਸੀ ਦਵਾਈਆਂ ਨਾਲ ਸੇਵਾ ਕਰਦਾ। ਸਰਦੀਆਂ ਵਿਚ ਕਣਕ ਦੀ ਸਿੰਚਾਈ ਵੇਲੇ ਉਹ ਖੂੰਖਾਰ, ਹੰਕਾਰੀ ਅਤੇ ਵੱਡੀ ਘੁਟ ਵਾਲੇ ਊਠ ਨੂੰ ਵੱਡੇ ਤੜਕੇ ਖੂਹ ‘ਤੇ ਜੋੜਦਾ ਅਤੇ ਸ਼ਾਮ ਨੂੰ ਸੂਰਜ ਦੀ ਟਿੱਕੀ ਛੁਪਣ ਬਾਅਦ ਹੀ ਛੱਡਦਾ ਫੇਰ ਵੀ ਉਸ ਦਾ ‘ਸਾਂਭਿਆ ਹੋਇਆ’ ਊਠ ਬੁਕਦਾ ਹੋਇਆ ਪਿੰਡ ਵੜਦਾ।
ਮਿਸਤਰੀਆਂ ਵਾਲਾ ਖੂਹ
ਮਿਸਤਰੀ ਵਧਾਵਾ ਸਿੰਘ ਚਾਨਾ ਦੇ ਸੱਤ ਪੁੱਤਰਾਂ, ਮੰਗਲ ਸਿੰਘ, ਹਰਨਾਮ ਸਿੰਘ, ਜਵਾਲਾ ਸਿੰਘ, ਸ਼ਾਮ ਸਿੰਘ, ਅਰਜਨ ਸਿੰਘ, ਭਾਨ ਸਿੰਘ ਅਤੇ ਮਾਘੀ ਸਿੰਘ ਨੇ ਰਲ ਕੇ ਇਕ ਸਾਂਝਾ ਖੂਹ ਲਗਵਾਇਆ। ਮੋਗਾ-ਅੰਮ੍ਰਿਤਸਰ ਜੀ.ਟੀ. ਰੋਡ ‘ਤੇ ਜਨੇਰ ਤੋਂ ਮੋਗੇ ਨੂੰ ਜਾਣ ਸਮੇਂ ਖੱਬੇ ਹੱਥ ਇਹ ਖੂਹ ਮੌਜੂਦ ਸੀ। ‘ਘਟ ਜ਼ਮੀਨ ਅਤੇ ਹਿੱਸੇਦਾਰ ਜ਼ਿਆਦਾ’ ਦੇ ਮੱਦੇਨਜ਼ਰ ਕਿਸੇ ਸਮੇਂ ਇਹ ਖੂਹ ਪੰਜਾਬੀਆਂ ਨੂੰ ਵਿਰਸੇ ਵਿਚੋਂ ਮਿਲੇ ਛੋਟੇ- ਛੋਟੇ ਗਿਲੇ-ਸ਼ਿਕਵੇਂ ਅਤੇ ਭਾਈਚਾਰਕ ਗੁੱਸੇ-ਗੁਸੈਲੇ ਦਾ ਕੇਂਦਰ ਵੀ ਨਜ਼ਰ ਆਉਂਦਾ ਪਰੰਤੂ ਸਮੇਂ ਦੀ ਚਾਲ ਅਤੇ ਟਿਊਬਵੈੱਲਾਂ ਦੇ ਪਾਣੀ ਦੀ ਬਹੁਤਾਤ ਨਾਲ ਇਹ ‘ਨਹੋਰੇ ਭਰੀਆਂ ਲੜਾਈਆਂ’ ਵੀ ਅਲੋਪ ਹੋ ਗਈਆਂ।
ਪਿੱਪਲ ਵਾਲਾ ਖੂਹ
ਪਿੰਡ ਦੇ ਦੱਖਣ ਵਲ ਨਵੀਂ ਕੱਸੀ ਤੋਂ ਪਹਿਲਾਂ ਜਵਾਲਾ ਸਿੰਘ ਸਿੱਧੂ ਦੇ ਲੜਕਿਆਂ ਉਜਾਗਰ ਸਿੰਘ, ਚੰਨਣ ਸਿੰਘ, ਹਜ਼ਾਰਾ ਸਿੰਘ, ਨਰੰਜਨ ਸਿੰਘ ਅਤੇ ਪ੍ਰਤਾਪ ਸਿੰਘ ਸਿੱਧੂ ਦੀ ਜ਼ਮੀਨ ਵਿਚ ਇਕ ਖੂਹ ਹੁੰਦਾ ਸੀ। ਇਸ ਖੂਹ ‘ਤੇ ਬਹੁਤ ਵੱਡਾ ਪਿੱਪਲ ਦਾ ਪੁਰਾਣਾ ਦਰਖ਼ਤ ਹੋਣ ਕਰਕੇ ਇਸ ਦਾ ਨਾਮ ਹੀ ਪਿੱਪਲ ਵਾਲਾ ਖੂਹ ਪੈ ਗਿਆ। ਪਿੰਡ ਤੋਂ ਦੂਰ ਹੋਣ ਕਾਰਨ ਇਥੇ ਮਨੁੱਖੀ ਆਵਾਜਾਈ ਘਟ ਹੀ ਰਹਿੰਦੀ ਸੀ ਪਰੰਤੂ ਖੂਹ ਵਾਲੇ ਪਿੱਪਲ ‘ਤੇ ਬੀਬੜੀਆਂ (ਭੂਤਾਂ) ਦੀ ਰਹਾਇਸ਼ ਬਾਰੇ ਬਹੁਤ ਕੁਝ ਸੁਣਨ ਨੂੰ ਮਿਲਦਾ ਰਿਹਾ।
ਕਬਰਾਂ ਵਾਲਾ ਖੂਹ
ਥੇਹ ਦੇ ਉਤਰ ਵੱਲ ਮੁਸਲਮਾਨਾਂ ਦੀਆਂ ਕਬਰਾਂ ਨੇੜੇ ਹੋਣ ਕਰਕੇ ਇਹ ਖੂਹ ਕਬਰਾਂ ਵਾਲਾ ਖੂਹ ਵਜੋਂ ਜਾਣਿਆ ਜਾਂਦਾ ਰਿਹਾ। ਚੀਮਾ ਪਰਿਵਾਰ ਦੇ ਇੰਦਰ ਸਿੰਘ, ਸੁਰੈਣ ਸਿੰਘ, ਨਰੈਣ ਸਿੰਘ ਅਤੇ ਸੁੰਦਰ ਸਿੰਘ ਦੀਆਂ ਜ਼ਮੀਨਾਂ ਵਿਚ ਇਹ ਖੂਹ ਲਗਵਾਇਆ ਗਿਆ ਸੀ। ਇਸ ਖੂਹ ਦੀ ਮਾਲਕੀ ਵਿਚ ਬਾਠ ਪਰਿਵਾਰਾਂ ਦੀ ਵੀ ਕੁਝ ਹਿੱਸੇਦਾਰੀ ਸੀ।
ਅਮਰ ਸਿੰਘ ਸਿੱਧੂ ਹੋਰਾਂ ਦਾ ਖੂਹ
ਚੀਮਾ ਪੱਤੀ ਵਾਲੇ ਸਿੱਧੂ ਪਰਿਵਾਰਾਂ ਅਮਰ ਸਿੰਘ, ਧਰਮ ਸਿੰਘ, ਕਰਮ ਸਿੰਘ ਅਤੇ ਬਚਿੱਤਰ ਸਿੰਘ ਦਾ ਖੂਹ ਪਿੰਡ ਦੇ ਉਤਰ ਵੱਲ ਜੀ.ਟੀ. ਰੋਡ ਤੋਂ ਖੱਬੇ ਪਾਸੇ ਸਥਿਤ ਸੀ। ਉਪਰੋਕਤ ਪਰਿਵਾਰ ਵਿਚੋਂ ਅਮਰ ਸਿੰਘ ਸਿੱਧੂ ਪਿੰਡ ਦਾ ਮੋਹਤਬਰ ਹੋਣ ਕਰਕੇ ਇਹ ਖੂਹ ਉਸ ਦੇ ਨਾਮ ਨਾਲ ਹੀ ਮਸ਼ਹੂਰ ਹੋਇਆ।
ਸ਼ੇਰੇ ਕਿਆਂ ਵਾਲਾ ਖੂਹ
ਇਹ ਖੂਹ ਵੀ ਪਿੰਡ ਦੇ ਉਤਰ ਵੱਲ ਸੀ ਅਤੇ ਚੀਮਾ ਪੱਤੀ ਦੇ ਸ਼ੇਰ ਸਿੰਘ ਚੀਮਾ ਅਤੇ ਹਰਨਾਮ ਸਿੰਘ ਚੀਮਾ ਇਸ ਖੂਹ ਅਤੇ ਨੇੜਲੀ ਜ਼ਮੀਨ ਦੇ ਮਾਲਕ ਸਨ।
ਕਰਮ ਸਿੰਘ ਸਿੱਧੂ ਦਾ ਖੂਹ
ਪਿੰਡ ਦੇ ਉਤਰ ਵਲ ਢਾਬਾਂ ਵਾਲੇ ਖੇਤਾਂ ਨੇੜੇ ਇਹ ਖੂਹ ਲਗਾਇਆ ਗਿਆ ਸੀ। ਇਸ ਖੂਹ ਦਾ ਮਾਲਕ ਕਰਮ ਸਿੰਘ ਸਿੱਧੂ ਦਾ ਪਰਿਵਾਰ ਸੀ । ਖੂਹ ਦੀ ਹੋਂਦ ਸਮੇਂ ਤਾਂ ਇਥੇ ਘਟ ਹੀ ਰੌਣਕਾਂ ਸਨ ਪਰੰਤੂ ਅੱਜਕਲ੍ਹ ਇਸ ਜਗ੍ਹਾ ‘ਤੇ ਕਰਮ ਸਿੰਘ ਸਿੱਧੂ ਦੇ ਲੜਕਿਆਂ ਗੁਰਬਚਨ ਸਿੰਘ ਅਤੇ ਭਜਨ ਸਿੰਘ ਵਲੋਂ ਵਸੋਂ ਕਰ ਲੈਣ ਬਾਅਦ ਹਰ ਸਮੇਂ ਚਹਿਲ-ਪਹਿਲ ਰਹਿੰਦੀ ਹੈ।
ਇੰਦਰ ਸਿੰਘ ਚੀਮਾ ਦਾ ਖੂਹ
ਪਿੰਡ ਦੇ ਪੁਰਾਣੇ ਫ਼ੌਜੀ ਇੰਦਰ ਸਿੰਘ ਚੀਮਾ ਨੇ ਇਕੱਲਿਆਂ ਹੀ ਆਪਣਾ ਵੱਖਰਾ ਖੂਹ ਲਗਵਾਇਆ। ਪਿੰਡ ਦੇ ਉਤਰ ਵਾਲੇ ਪਾਸੇ ਇਹ ਖੂਹ ਕਾਫੀ ਸਮਾਂ ਬਾਅਦ ਹੋਂਦ ਵਿਚ ਆਇਆ।
ਚੀਮਿਆਂ ਦਾ ਇਕ ਹੋਰ ਖੂਹ
ਚੀਮਾ ਪੱਤੀ ਦੇ ਕਈ ਪਰਿਵਾਰਾਂ ਦੀ ਸਾਂਝੀ ਮਲਕੀਅਤ ਹੋਣ ਕਰਕੇ ਇਸ ਨੂੰ ਸਾਰੇ ਚੀਮਿਆਂ ਵਾਲਾ ਖੂਹ ਆਖਦੇ ਸਨ। ਇਸ ਖੂਹ ਦੇ ਨੇੜੇ ਬੱਗਾ ਸਿੰਘ ਚੀਮਾ, ਸੁੰਦਰ ਸਿੰਘ ਚੀਮਾ, ਕੇਹਰ ਸਿੰਘ ਚੀਮਾ, ਸਰਦਾਰਾ ਸਿੰਘ ਚੀਮਾ, ਪਾਲ ਸਿੰਘ ਚੀਮਾ ਅਤੇ ਕੁਝ ਹੋਰ ਚੀਮਾ ਪਰਿਵਾਰਾਂ ਦੀ ਜ਼ਮੀਨ ਸੀ। ਕਈ ਘਰਾਂ ਦੀ ਸਾਂਝ ਹੋਣ ਕਰਕੇ ਇਥੇ ਹਰ ਸਮੇਂ ਰੌਣਕਾਂ ਲੱਗੀਆਂ ਰਹਿੰਦੀਆਂ।
ਲੰਬਰਦਾਰਾਂ ਵਾਲਾ ਖੂਹ
ਚੀਮਾ ਪਰਿਵਾਰ ਨਾਲ ਸਬੰਧਤ ਬੋਘਾ ਸਿੰਘ, ਬੀਲ੍ਹਾ ਸਿੰਘ, ਨੱਥਾ ਸਿੰਘ ਅਤੇ ਸਾਧੂ ਸਿੰਘ ਹੋਰਾਂ ਪਾਸ ਚੀਮਾ ਪੱਤੀ ਦੀ ਲੰਬਰਦਾਰੀ ਹੋਣ ਕਰਕੇ ਅਤੇ ਖੂਹ ਦੀ ਮਾਲਕੀ ਵੀ ਇਨ੍ਹਾਂ ਪਰਿਵਾਰਾਂ ਦੀ ਹੋਣ ਕਾਰਨ ਇਸ ਦਾ ਹੀ ਲੰਬਰਦਾਰਾਂ ਵਾਲਾ ਖੂਹ ਪੈ ਗਿਆ। ਇਹ ਖੂਹ ਪਿੰਡ ਦੇ ਉਤਰ ਵੱਲ ਜੀ.ਟੀ. ਰੋਡ ਦੇ ਨੇੜੇ ਹੁੰਦਾ ਸੀ ਜਿਸ ਦੇ ਨੇੜੇ-ਤੇੜੇ ਅੱਜਕਲ੍ਹ ਬਿਜਲੀ ਦੇ ਟਿਊਬਵੈੱਲਾਂ ਦੀ ਭਰਮਾਰ ਹੈ।
ਧਾਲੀਵਾਲਾਂ ਦਾ ਖੂਹ
ਮੋਗਾ-ਅੰਮ੍ਰਿਤਸਰ ਜੀ.ਟੀ. ਰੋਡ ‘ਤੇ ਸੱਜੇ ਪਾਸੇ ਪੁਰਾਣੀ ਕੱਸੀ ਲੰਘ ਕੇ ਪਿੰਡ ਦੇ ਉਤਰ ਵੱਲ ਇਹ ਖੂਹ ਸਥਿਤ ਸੀ। ਪੂਰਨ ਸਿੰਘ ਧਾਲੀਵਾਲ ਅਤੇ ਇੰਦਰ ਸਿੰਘ ਧਾਲੀਵਾਲ ਇਸ ਖੂਹ ਅਤੇ ਇਸ ਨੇੜਲੀ ਕਾਫੀ ਜ਼ਮੀਨ ਦੇ ਮਾਲਕ ਸਨ । ਇਹ ਖੂਹ ਪਿੰਡ ਜਨੇਰ ਦੀ ਜ਼ਮੀਦਾ ਹੱਦ ਦਾ ਆਖ਼ਰੀ ਖੂਹ ਸੀ।
ਸੋਭਾ ਸਿੰਘ ਚੀਮਾ ਦਾ ਖੂਹ
ਪਿੰਡਾਂ, ਪੱਤੀਆਂ, ਖੇਤਾਂ ਅਤੇ ਖੂਹਾਂ ਦੇ ਨਾਮ ਕਿਸੇ ਖਾਸ ਅਿਕਤੀਤਵ ਵਾਲੇ ਇਨਸਾਨ ਦੇ ਨਾਮ ਨਾਲ ਜੁੜ ਜਾਣਾ ਸਾਡੇ ਸਮਾਜ ਵਿਚ ਆਮ ਜਿਹੀ ਗੱਲ ਹੈ। ਇਸੇ ਤਰ੍ਹਾਂ ਮੋਹਰ ਸਿੰਘ ਚੀਮਾ ਅਤੇ ਕੋਹਰ ਸਿੰਘ ਚੀਮਾ ਹੋਰਾਂ ਦੇ ਖੂਹ ਦਾ ਨਾਮ ਵੀ ਉਨ੍ਹਾਂ ਦੇ ਉਚ ਕਿਰਦਾਰ ਅਤੇ ਦਾਨੀ ਪੁਰਖੇ ਸੋਭਾ ਸਿੰਘ ਚੀਮਾ ਦੇ ਨਾਮ ਨਾਲ ਜੁੜ ਗਿਆ। ਇਹ ਖੂਹ ਲੰਬਰਦਾਰਾਂ ਦੇ ਖੂਹ ਦੇ ਨੇੜੇ ਹੀ ਸੀ। ਇਥੇ ਹਰ ਸਮੇਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ।
ਸਿੰਚਾਈ ਦੇ ਅਜੋਕੇ ਸਾਧਨ
ਫ਼ਸਲ ਅਤੇ ਪਾਣੀ ਦਾ ਰਿਸ਼ਤਾ ਮਾਂ-ਪੁੱਤਰ ਵਾਲਾ ਹੁੰਦਾ ਹੈ, ਜੇਕਰ ਮਾਂ ਆਪਣੇ ਪੁੱਤਰ ਨੂੰ ਵਕਤ ਸਿੰਘ ਲੋੜੀਂਦੀ ਮਾਤਰਾ ਵਿਚ ਦੁਧ ਅਤੇ ਹੋਰ ਖਾਣ ਵਾਲੇ ਪਦਾਰਥ ਨਾ ਦੇਵੇ ਤਾਂ ਪੁੱਤਰ ਦੀ ਹੋ ਰਹੀ ਪਰਵਰਿਸ਼ ਨੂੰ ਠੀਕ ਨਹੀਂ ਸਮਝਿਆ ਜਾਂਦਾ, ਇਸੇ ਤਰ੍ਹਾਂ ਜੇਕਰ ਫ਼ਸਲ ਨੂੰ ਖਾਦ ਅਤੇ ਖਾਸ ਕਰਕੇ ਪਾਣੀ ਲੋੜੀਂਦੀ ਮਾਤਰਾ ਵਿਚ ਨਾ ਮਿਲਣ ਤਾਂ ਕਿਸਾਨ ਭਰਪੂਰ ਫ਼ਸਲ ਦੀ ਉਮੀਦ ਨਹੀਂ ਰੱਖ ਸਕਦਾ।
ਮੀਂਹ ਤੋਂ ਬਿਨਾਂ ਬੇਸ਼ਕ ਖੂਹਾਂ ਅਤੇ ਦੋ ਕੱਸੀਆਂ ਦੇ ਪਾਣੀ ਨਾਲ ਪਿੰਡ ਦੀ ਜ਼ਮੀਨ ਦੀ ਸਿੰਚਾਈ ਕੀਤੀ ਜਾਂਦੀ ਸੀ ਪਰੰਤੂ ਜਿਵੇਂ-ਜਿਵੇਂ ਜ਼ਮੀਨ ਦਾ ਵੱਧ ਤੋਂ ਵੱਧ ਰਕਬਾ ਸਿੰਚਾਈ ਵਾਲਾ ਹੁੰਦਾ ਗਿਆ, ਪਾਣੀ ਦੀ ਲੋੜ ਵੀ ਵਧਦੀ ਗਈ। ਮੁਰੱਬੇਬੰਦੀ ਹੋਣ ਨਾਲ ਛੋਟੇ-ਛੋਟੇ ਖੇਤ ਵੀ ਵੱਡੇ-ਵੱਡੇ ਖੇਤਾਂ ਦੇ ਅਕਾਰ ਦਾ ਰੂਪ ਧਾਰਨ ਕਰ ਗਏ। ‘ਜ਼ਿਆਦਾ ਜ਼ਮੀਨ ਇਕੋ ਥਾਂ ਕਰਨ’ ਦੀ ਸਰਕਾਰੀ ਯੋਜਨਾ ਨੇ ਵੀ ਪਾਣੀ ਦੀ ਮੰਗ ਵਿਚ ਕਾਫੀ ਵਾਧਾ ਕੀਤਾ। ਪਿੰਡ ਦੇ ਕਿਸਾਨ ਸਿੰਚਾਈ ਦੇ ਨਵੇਂ-ਨਵੇਂ ਸਾਧਨਾਂ ਵੱਲ ਰੁਖ਼ ਕਰਨ ਲੱਗੇ। ਉਨੀ ਸੌ ਪੰਜਾਹ ਤੋਂ ਬਾਅਦ ਪੰਜਾਬ ਵਿਚ ਮੁਰੱਬੇਬੰਦੀ ਦਾ ਕੰਮ ਪੂਰਾ ਹੋ ਜਾਣ ਬਾਅਦ ਖੂਹਾਂ ਵਿਚ ਅਤੇ ਰੜੇ ਮੈਦਾਨ ਜ਼ਮੀਨ ਵਿਚ ਬੋਰ ਕਰਕੇ ਡੀਜ਼ਲ ਇੰਜਨਾਂ ਵਾਲੇ ਪਾਣੀ ਕੱਢਣ ਵਾਲੇ ਟਿਊਬਵੈੱਲ ਹੋਂਦ ਵਿਚ ਆਏ।
ਪਿੰਡ ਜਨੇਰ ਵਿਚ ਡੀਜ਼ਲ ਇੰਜਨ ਨਾਲ ਪਾਣੀ ਕੱਢਣ ਵਾਲੇ ਟਿਊਬਵੈੱਲ ਵਾਸਤੇ ਪੱਧਰੀ ਜ਼ਮੀਨ ‘ਤੇ ਬੋਰ ਕਾਲਾ ਸਿੰਘ ਬਰਾੜ (ਲੇਖਕ ਦੇ ਪਿਤਾ ਜੀ) ਨੇ ਪਿਡ ਦੇ ਦੱਖਣ ਵਾਲੇ ਪਾਸੇ ਕੱਸੀ ਤੋਂ ਪਾਰ ਆਪਣੇ ਖੇਤ ਵਿਚ ਕਰਵਾਇਆ। ਇਹ ਬੋਰ ਅਪ੍ਰੈਲ 1957 ਵਿਚ ਉਸ ਸਮੇਂ ਬੋਰ ਕਰਨ ਵਾਲੇ ਮਹਿਰਾ ਜਾਤੀ ਨਾਲ ਸਬੰਧਤ ਮੋਗੇ ਵਾਲੇ ਮਿਸਤਰੀ ਰਾਮ ਸਿੰਘ ਨੇ ਕੀਤਾ। ਉਸ ਬੋਰ ਦੀ ਕਾਮਯਾਬੀ ਤੋਂ ਪਿਛੋਂ ਕੁਝ ਦਿਨਾਂ ਬਾਅਦ ਕਾਲਾ ਸਿੰਘ ਬਰਾੜ ਦੇ ਭਤੀਜਿਆਂ ਜੋਧ ਸਿੰਘ, ਭਾਨ ਸਿੰਘ ਅਤੇ ਸੰਤਾ ਸਿੰਘ ਹੋਰਾਂ ਨੇ ਪਿੰਡ ਦੇ ਉਤਰ ਵੱਲ ਆਪਣੇ ਢਾਬਾਂ ਵਾਲੇ ਖੇਤਾਂ ਵਿਚ ਮਿਸਤਰੀ ਰਾਮ ਸਿੰਘ ਪਾਸੋਂ ਬੋਰ ਕਰਵਾਇਆ। ਦੋਹਾਂ ਬੋਰਾਂ ਦੀ ਕਾਮਯਾਬੀ ਤੋਂ ਬਾਅਦ ਧੜਾਧੜ ਪਿੰਡ ਵਿਚ ਇੰਜਨ ਵਾਲੇ ਟਿਊਬਵੈੱਲਾਂ ਦੀ ਭਰਮਾਰ ਹੋ ਗਈ। ਕੁਝ ਕਿਸਾਨਾਂ ਨੇ ਆਪਣੇ ਖੂਹ ’ਤੇ ਹੀ ਇੰਜਨ ਵਾਲੇ ਟਿਊਬਵੈੱਲ ਲਗਵਾ ਕੇ ਪਾਣੀ ਦੀਆਂ ਲਹਿਰਾਂ-ਬਹਿਰਾਂ ਕਰਵਾ ਦਿੱਤੀਆਂ।
ਜਨੇਰ ਬਿਜਲੀ ਸਪਲਾਈ ਦੇ ਨਕਸ਼ੇ ‘ਤੇ
1962 ਈਸਵੀ ਵਿਚ ਪਿੰਡ ਬਿਜਲੀ ਸਪਲਾਈ ਦੇ ਨਕਸ਼ੇ ‘ਤੇ ਆ ਗਿਆ। ਉਨ੍ਹਾਂ ਦਿਨਾਂ ਬਿਜਲੀ ਸਪਲਾਈ ਦਾ ਸਬ-ਸਟੇਸ਼ਨ ਧਰਮਕੋਟ ਵਿਖੇ ਸੀ। ਧਰਮਕੋਟ ਸਬ- ਸਟੇਸ਼ਨ ਤੋਂ ‘ਸਵਾਮੀ’ ਨਾਮ ਦਾ ਇਕ ਲਾਈਨ ਸੁਪਰਡੈਂਟ ਪਿੰਡ ਵਿਚ ਆਇਆ ਅਤੇ ਕੁਝ ਮੋਹਤਬਰ ਬੰਦਿਆਂ ਨੂੰ ਕਹਿਣ ਲੱਗਾ ਕਿ ਤੁਹਾਡਾ ਪਿੰਡ ਬਿਜਲੀ ਮਹਿਕਮੇ ਦੇ ਨਕਸ਼ੇ ਵਿਚ ਆ ਗਿਆ ਹੈ ਇਸ ਕਰਕੇ ਤੁਸੀਂ ਘਰਾਂ ਵਿਚ ਬਿਜਲੀ ਦੀ ਫੀਟਿੰਗ ਕਰਵਾ ਲਵੋ ਅਤੇ ਬਿਜਲੀ ਸਪਲਾਈ ਵਾਸਤੇ ਅਰਜ਼ੀਆਂ ਦੇ ਦੇਵੋ| ਅਸੀਂ ਕੁਝ ਦਿਨਾਂ ਵਿਚ ਹੀ ਘਰੇਲੂ ਖਪਤ ਲਈ ਬਿਜਲੀ ਚਾਲੂ ਕਰ ਦੇਵਾਂਗੇ। ਉਸ ਨੇ ਇਹ ਵੀ ਕਿਹਾ ਕਿ ਜਲਦੀ ਹੀ ਅਸੀਂ ਟਿਊਬਵੈੱਲਾਂ ‘ਤੇ ਵੀ ਡੀਜ਼ਲ ਇੰਜਨਾਂ ਦੀ ਥਾਂ ਬਿਜਲੀ ਦੀਆਂ ਮੋਟਰਾਂ ਲਗਾ ਦੇਵਾਂਗੇ ਜਿਹੜੀਆਂ ਕਿ ਤੁਹਾਨੂੰ ਬਹੁਤ ਹੀ ਕਫ਼ਾਇਤੀ ਪੈਣਗੀਆਂ। ਪਿੰਡ ਵਾਸੀਆਂ ਲਈ ਘਰੇਲੂ ਖਪਤ ਲਈ ਬਿਜਲੀ ਦੀ ਹੋਂਦ ਸਿਰਫ਼ ਨਵੀਂ ਗੱਲ ਹੀ ਨਹੀਂ ਸਗੋਂ ਕੁਝ ਰੂੜੀਵਾਦੀ ਖ਼ਿਆਲਾਂ ਵਾਲਿਆਂ ਨੇ ਇਹ ਪ੍ਰਚਾਰ ਵੀ ਕਰ ਦਿੱਤਾ ਕਿ ਬਿਜਲੀ ਬਹੁਤ ਖ਼ਤਰਨਾਕ ‘ਸ਼ੈ’ ਹੈ। ਇਸ ਦੇ ਕਰੰਟ ਲੱਗਣ ਨਾਲ ਮੌਤ ਵੀ ਹੋ ਜਾਂਦੀ ਹੈ। ਇਨ੍ਹਾਂ ਪਿਛਾਂਹ ਖਿੱਚੂ ਸੋਚ ਵਾਲਿਆਂ ਨੇ ‘ਪਿੰਡ’ ਵਿਚ ਬਿਜਲੀ ਚਾਲੂ ਹੋਵੇ ਜਾਂ ਨਾ ਹੋਵੇ’ ਵਾਲਾ ਨਵਾਂ ਭਖਦਾ ਮਸਲਾ ਖੜਾ ਕਰ ਦਿੱਤਾ।
ਉਨ੍ਹਾਂ ਦਿਨਾਂ ਵਿਚ ਭਾਖੜਾ ਡੈਮ ਨਵਾਂ-ਨਵਾਂ ਬਣਿਆ ਹੋਣ ਕਰਕੇ ਬਿਜਲੀ ਦੀ ਸਪਲਾਈ ਖਪਤ ਨਾਲੋਂ ਵਧੇਰੇ ਹੋਣ ਕਰਕੇ ਬਿਜਲੀ ਮਹਿਕਮੇ ਨੂੰ ਹਦਾਇਤਾਂ ਸਨ ਕਿ ਪਿੰਡਾਂ ਵਿਚ ਵੱਧ ਤੋਂ ਵੱਧ ਖਪਤਕਾਰ ਪੈਦਾ ਕੀਤੇ ਜਾਣ ਤਾਂ ਕਿ ਸਰਕਾਰ ਨੂੰ ਕੁਝ ਆਮਦਨ ਹੋ ਸਕੇ। ਇਸ ਕਰਕੇ ਕੁਝ ਦਿਨਾਂ ਬਾਅਦ ਸਵਾਮੀ ਫੇਰ ਪਿੰਡ ਵਿਚ ਆਇਆ। ਆਖ਼ਰ ਸਵਾਮੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ, ਬੇਸ਼ਕ ਸਾਰੇ ਪਿੰਡ ਵਿਚੋਂ ਸਿਰਫ਼ ਦਸ ਘਰ ਹੀ ਬਿਜਲੀ ਲਗਾਉਣ ਲਈ ਸਹਿਮਤ ਹੋਏ ਪਰੰਤੂ ਉਹ ਪਿੰਡ ਵਿਚ ਬਿਜਲੀ ਚਾਲੂ ਕਰਵਾਉਣ ਵਿਚ ਸਫ਼ਲ ਹੋ ਗਿਆ। ਬਿਜਲੀ ਦੀ ਰੌਸ਼ਨੀ ਵਾਲੇ ਇਹ ਦਸ ਘਰ ਉਚੀ ਥਾਂ ਥੇਹ ਉਪਰ ਹੀ ਸਥਿਤ ਹੋਣ ਕਰਕੇ ਰਾਤ ਵੇਲੇ ਬਿਜਲੀ ਦੀ ਰੋਸ਼ਨੀ ਵਿਚ ਪਿੰਡ ਦੂਰੋਂ ਹੀ ਦਿਸਣ ਲੱਗ ਜਾਂਦਾ। ਬਸ ਫੇਰ ਕੀ ਸੀ ਰੀਸੋ ਰੀਸ ਕੁਝ ਮਹੀਨਿਆਂ ਵਿਚ ਹੀ ਬਹੁਤੇ ਘਰਾਂ ਵਿਚ ਬਿਜਲੀ ਚਾਲੂ ਹੋ ਗਈ।
ਘਰਾਂ ਵਿਚ ਬਿਜਲੀ ਦਾ ਸੁਖ ਮਾਣਦਿਆਂ ਹੁਣ ਕਿਸਾਨਾਂ ਦਾ ਧਿਆਨ ਖੇਤਾਂ ਵਿਚ ਇੰਜਨਾਂ ਵਾਲੇ ਟਿਊਬਵੈੱਲਾਂ ਦੀ ਥਾਂ ਮੋਟਰਾਂ ਵਾਲੇ ਟਿਊਬਵੈੱਲਾਂ ਵੱਲ ਖਿੱਚਿਆ ਗਿਆ। 1966 ਤੋਂ 1970 ਈਸਵੀ ਦੇ ਦਰਮਿਆਨ ਪਿੰਡ ਵਿਚ ਮੋਟਰਾਂ ਦੇ ਕਾਫੀ ਕੁਨੈਕਸ਼ਨ ਮਿਲੇ। ਪਹਿਲੀਆਂ ਕੁਝ ਮੋਟਰਾਂ ਉਪਰ ਤਾਂ ਬਿਜਲੀ ਦੀ ਖਪਤ ਦਾ ਲੇਖਾ ਜੋਖਾ ਰੱਖਣ ਲਈ ਮੀਟਰ ਲਗਾਏ ਗਏ ਪਰੰਤੂ ਬਾਅਦ ਵਿਚ ਮੋਟਰ ਦੀ ਹਾਰਸ ਪਾਵਰ ਦੀ ਸ਼ਕਤੀ ਅਨੁਸਾਰ ‘ਫਲੈਟ ਰੇਟ’ ਦੇ ਬਿਲ ਸ਼ੁਰੂ ਹੋ ਗਏ। ਕੁਝ ਸਮੇਂ ਵਿਚ ਹੀ ਝੋਨੇ ਦੀ ਫ਼ਸਲ ਦੇ ਰਕਬੇ ਵਿਚ ਅਥਾਹ ਵਾਧਾ ਹੋਇਆ। ਫੇਰ ਤਾਂ ਬਿਜਲੀ ਦੇ ਟਿਊਬਵੈੱਲਾਂ ਦੀ ਭਰਮਾਰ ਹੋ ਗਈ। ਜ਼ਿਆਦਾ ਜ਼ਮੀਨ ਵਾਲਿਆਂ ਨੇ ਤਾਂ ਇਕ ਤੋਂ ਵਧ ਮੋਟਰਾਂ ਲਗਾ ਲਈਆਂ।
ਪਹਿਲਾਂ ਪਟੇ ਵਾਲੀਆਂ ਮੋਟਰਾਂ ਹੋਂਦ ਵਿਚ ਆਈਆਂ ਪਰੰਤੂ ਜਿਵੇਂ-ਜਿਵੇਂ ਤਕਨੀਕ ਵਿਚ ਵਾਧਾ ਹੁੰਦਾ ਗਿਆ। ਪਟੇ ਵਾਲੀਆਂ ਮੋਟਰਾਂ ਦੀ ਥਾਂ ਮੋਨੋਬਲੌਕ ਮੋਟਰਾਂ ਨੇ ਲੈ ਲਈ। ਬਿਜਲੀ ਦੀ ਮੰਗ ਵਧ ਜਾਣ ਕਰਕੇ ਸਰਕਾਰ ਵਲੋਂ ਘਰੇਲੂ ਖਪਤ ਅਤੇ ਫ਼ੈਕਟਰੀਆਂ ਦੇ ਬਿਜਲੀ ਕੱਟਾਂ ਦੇ ਨਾਲ ਟਿਊਬਵੈਲਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ‘ਤੇ ਵੀ ਕੱਟ ਲਗਣੇ ਸ਼ੁਰੂ ਹੋ ਗਏ। ਬਿਜਲੀ ਕੱਟਾਂ ਦੀ ਸ਼ੁਰੂਆਤ ਨੇ ਟਿਊਬਵੈੱਲ ਚਾਲੂ ਰੱਖਣ ਦੀ ਲੋੜ ਨੇ ‘ਸੈਫ਼ਟਾਂ’ ਨੂੰ ਜਨਮ ਦਿੱਤਾ। ਬਿਜਲੀ ਕੱਟਾਂ ਸਮੇਂ ਮਿਹਨਤੀ ਕਿਸਾਨ ਟ੍ਰੈਕਟਰਾਂ ਨਾਲ ਸੈਫ਼ਟਾਂ ਦੀ ਵਰਤੋਂ ਕਰਕੇ ਟਿਊਬਵੈੱਲਾਂ ਨੂੰ ਚਾਲੂ ਰਖਦੇ ਪਰਤੂ ਫ਼ਸਲ ਖ਼ਾਸ ਕਰਕੇ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿੰਦੇ।
ਪੰਜਾਬ ਦੀ ਕਿਸਾਨੀ ਨੂੰ ਬੋਰਾਂ ਦੇ ਨੀਵੇਂ ਪਾਣੀ ਪੱਧਰ ਦੇ ਰੂਪ ਵਿਚ ਇਕ ਹੋਰ ਕੁਦਰਤੀ ਆਫ਼ਤ ਦਾ ਸਾਹਮਣਾ ਕਰਨਾ ਪਿਆ। ਪੰਜਾਬ ਅਤੇ ਉਤਰੀ ਭਾਰਤ ਦੇ ਹੋਰ ਮਿਹਨਤੀ ਕਿਸਾਨਾਂ ਵਾਂਗ ਜਨੇਰ ਦੇ ਕਿਸਾਨਾਂ ਨੂੰ ਟਿਊਬਵੈੱਲਾਂ ਦੀਆਂ ਖੂਹੀਆਂ ਡੂੰਘੀਆਂ ਕਰਨੀਆਂ ਪਈਆਂ। ਕੁਝ ਸਮੇਂ ਬਾਅਦ ਇਨ੍ਹਾਂ ਡੂੰਘੀਆਂ ਖੂਹੀਆਂ ਦੀ ਹੋਂਦ ਵੀ ਮੋਟਰਾਂ ਦਾ ਪਾਣੀ ਪੂਰਾ ਨਾ ਕਰ ਸਕੀ। ਆਖ਼ਰ ਡੂੰਘੇ ਅਤੇ ਵੱਡੇ ਸਾਈਜ਼ ਦੇ ਮਹਿੰਗੇ ਬੋਰ ਕਰਕੇ ਮੱਛੀ ਮੋਟਰਾਂ (Submersible Pumps) ਦੀ ਵਰਤੋਂ ਕਰਨੀ ਪਈ। ਸਿਆਣਿਆਂ ਦੀ ਕਹਾਵਤ “ਖੂਹ ਦੀ ਮਿੱਟੀ ਖੂਹ ਵਿਚ” ਵਾਲੀ ਗੱਲ ਬਣ ਗਈ। ਔਖੇ ਸੌਖੇ ਹਰ ਇਕ ਗ਼ਰੀਬ ਅਮੀਰ ਕਿਸਾਨ ਨੇ ਮੱਛੀ ਮੋਟਰਾਂ ਲਗਵਾਈਆਂ ਇਥੇ ਹੀ ਬਸ ਨਹੀਂ ਬਿਜਲੀ ਕੱਟਾਂ ਦਾ ਸਾਹਮਣਾ ਕਰਨ ਲਈ ਸੈਫ਼ਟਾਂ ਦੀ ਥਾਂ ਵੱਡੇ ਟਰੈਕਟਰਾਂ ਨਾਲ ਚੱਲਣ ਵਾਲੇ ਮਹਿੰਗੇ ‘ਜਨਰੇਟਰ ਸੈਟ’ ਵੀ ਖ਼ਰੀਦਣੇ ਪਏ।
ਹੱਥ ਵਿਚਲੀ ਕਿਤਾਬ ਲਿਖਣ ਸਮੇਂ ਤਾਂ ਹਾਲੀਂ ਮੱਛੀ ਮੋਟਰਾਂ ਲੋੜੀਂਦੀ ਮਾਤਰਾ ਵਿਚ ਪਾਣੀ ਦੇ ਰਹੀਆਂ ਹਨ ਪਰੰਤੂ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਜਾਣ ਜਾਂ ਫੇਰ ਕੋਈ ਹੋਰ ਕੁਦਰਤੀ ਕਰੋਪੀ ਭਾਰੂ ਹੋ ਜਾਣ ਦੀ ਹਾਲਤ ਵਿਚ ਪਿੰਡ ਦੇ ਸਿੰਚਾਈ ਸਾਧਨ ਕੀ ਹੋਣਗੇ? ਇਸ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪੀਣ ਵਾਲੇ ਪਾਣੀ ਦੇ ਸਰੋਤ
ਪਾਣੀ ਜੀਵਨ ਦੀ ਮੁਢਲੀ ਲੋੜ ਹੈ। ਇਨਸਾਨੀ ਸਰੀਰਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿਚ ਵੀ ਪਾਣੀ ਦੀ ਬਹੁਤਾਤ ਹੈ। ਸੰਸਾਰਕ ਹੋਂਦ ਨੂੰ ਗਹੁ ਨਾਲ ਘੋਖਣ ਤੋਂ ਇਸ ਸਿੱਟੇ ‘ਤੇ ਪੁਜਦੇ ਹਾਂ ਕਿ ਦੁਨੀਆਂ ਦੀਆਂ ਸਾਰੀਆਂ ਸਭਿਆਤਾਵਾਂ, ਵੱਡੇ ਨਗਰਾਂ ਅਤੇ ਸ਼ਹਿਰਾਂ ਦੀ ਵਸੋਂ ਪਾਣੀ ਦੇ ਸਰੋਤਾਂ ਨੇੜੇ ਹੀ ਵਧੀਆਂ ਫੁਲੀਆਂ ਅਤੇ ਵਿਕਸਤ ਹੋਈਆਂ। ਗੁਰੂ ਸਾਹਿਬਾਨਾਂ ਨੇ ਵੀ ਆਪਣੀ ਬਾਣੀ ਵਿਚ ਪਾਣੀ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ “ਪਹਿਲਾਂ ਪਾਣੀ ਜੀਓ ਹੈ, ਜਿਸ ਹਰਿਆ ਸਭ ਕੋਇ।” ਦੇ ਮਹਾਂਵਾਕ ਨਾਲ ਦੁਨਿਆਵੀ ਜੀਵਾਂ ਲਈ ਪਾਣੀ ਦੀ ਮਹਾਨਤਾ ਬਾਰੇ ਦੱਸਿਆ।
ਪੁਰਾਤਨ ਸਮਿਆਂ ਵਿਚ ਜਨੇਰ ਜਿਹੜਾ ਕਿ ਵੱਖ-ਵੱਖ ਸਮਿਆਂ ਵਿਚ ਰਾਜਧਾਨੀਆਂ ਦੇ ਰੂਪ ਵਿਚ ਵੀ ਵਿਚਰਿਆ, ਕਿਹੜੇ ਪਾਣੀ ਸਰੋਤ ਦੇ ਨੇੜੇ ਵਸਦਾ ਰਿਹਾ ਇਸ ਦਾ ਕੋਈ ਠੋਸ ਅਤੇ ਭਰੋਸੇਯੋਗ ਸਬੂਤ ਤਾਂ ਨਹੀਂ ਮਿਲਦਾ ਪਰੰਤੂ ਕੁਝ ਮਿੱਥਾਂ ਜ਼ਰੂਰ ਪੁਰਾਣੇ ਬਜ਼ੁਰਗਾਂ ਪਾਸੋਂ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਕੁਝ ਕੁ ਮਿੱਥਾਂ ਤਾਂ ਆਮ ਸਧਾਰਨ ਬੁੱਧੀ ਵਾਲਾ ਇਨਸਾਨ ਮੁੱਢੋਂ ਹੀ ਰੱਦ ਕਰ ਸਕਦਾ ਹੈ ਪਰੰਤੂ ਦਰਿਆ ਸਤਲੁਜ ਦੇ ਕਿਸੇ ਸਮੇਂ ਜਨੇਰ ਦੇ ਉਤਰ ਵਾਲੇ ਪਾਸੇ ਵਗਦੇ ਹੋਣ ਵਾਲੀ ਮਿੱਥ ਇਤਿਹਾਸਕਾਰਾਂ ਅਤੇ ਖੋਜੀ ਲੇਖਕਾਂ ਦਾ ਧਿਆਨ ਆਪਣੇ ਵਲ ਖਿੱਚਦੀ ਹੈ।
886 ਦਰਿਆ ਸਤਲੁਜ ਦੇ ਪਿੰਡ ਜਨੇਰ ਤੋਂ ਉਤਰ ਪੱਛਮ ਵਾਲੇ ਪਾਸੇ ਵਗਣ ਵਾਲੀ ਮਿਥ ‘ਤੇ ਵਿਚਾਰ ਕਰੀਏ ਤਾਂ ਇਸ ਵਿਚ ਵੀ ਕਈ ਸ਼ੰਕੇ ਪੈਦਾ ਹੁੰਦੇ ਹਨ। ਜੇਕਰ ਭੂ- ਵਿਗਿਆਨੀਆਂ ਦੀ ਗੱਲ ਮੰਨ ਲਈ ਜਾਵੇ ਤਾਂ ਉਨ੍ਹਾਂ ਅਨੁਸਾਰ ਜਿਸ ਜਗ੍ਹਾ ਤੋਂ ਕੁਝ ਸਮੇਂ ਵਾਸਤੇ ਦਰਿਆ ਵਗ ਜਾਵੇ ਉਸ ਥਾਂ ਨੂੰ ਕੁਝ ਕੁ ਫੁੱਟ ਪੁੱਟਣ ਉਪਰੰਤ ਹੀ ਕੱਕੀ ਰੇਤ ਨਿਕਲ ਆਉਂਦੀ ਹੈ। ਜਨੇਰ ਤੋਂ ਦਸ ਬਾਰਾਂ ਕਿਲੋਮੀਟਰ ਉਤਰ ਵਾਲੇ ਪਾਸੇ ਪਿੰਡ ਮਸੀਤਾਂ ਅਤੇ ਦੌਲੇਵਾਲ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ, ਜਦੋਂ ਕਿ ਜਨੇਰ ਦੇ ਨੇੜੇ-ਤੇੜੇ ਵੀ ਕਦੀ ਕੱਕੀ ਰੇਤ ਦੀ ਕੋਈ ਤਹਿ ਨਜ਼ਰ ਨਹੀਂ ਆਈ। ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ‘ਲੇਪਲ ਗਰਿਫ਼ਨ’ ਵੀ 1750 ਈਸਵੀ ਵਿਚ ਸਤਲੁਜ ਦਰਿਆ ਦੇ ਮਸੀਤਾਂ ਨੇੜੇ ਵਗਣ ਦੀ ਗੱਲ ਕਰਦਾ ਹੈ।
ਪਾਣੀ ਸਰੋਤਾਂ ਦੇ ਨੇੜੇ ਸਭਿਆਤਾਵਾਂ ਦੇ ਵਾਸੇ ਦੀ ਗੱਲ ਕਰੀਏ ਤਾਂ ਛੋਟੀਆਂ-ਵੱਡੀਆਂ ਝੀਲਾਂ ਵੀ ਤਾਂ ਪਾਣੀ ਦੇ ਸਰੋਤ ਹੀ ਹਨ ਅਤੇ ਸਮੇਂ-ਸਮੇਂ ਇਤਿਹਾਸ ਵਿਚ ਸਭਿਆਤਾਵਾਂ ਦੇ ਇਨ੍ਹਾਂ ਵਸਣ ਦਾ ਜ਼ਿਕਰ ਵੀ ਮਿਲਦਾ ਹੈ। ਪੁਰਾਤਨ ਜਨੇਰ ਵਿਚ ਪਾਣੀ ਸਰੋਤ ਦੀ ਹੋਂਦ ਬਾਰੇ ਇਕ ਹੋਰ ਗੱਲ ਵੀ ਜ਼ਿਹਨ ਵਿਚ ਆਉਂਦੀ ਹੈ ਕਿ ਹੋ ਸਕਦਾ ਹੈ, ਹਜ਼ਾਰਾਂ ਵਰ੍ਹੇ ਪਹਿਲਾਂ ਜਨੇਰ ਦੇ ਪਹਿਲੀ ਵਾਰ ਅਬਾਦ ਹੋਣ ਸਮੇਂ ਢਾਬਾਂ ਵਾਲੇ ਖੇਤਾਂ ਵਿਚ ਕੋਈ ਝੀਲ ਹੋਵੇ ਅਤੇ ਸਮੇਂ ਦੇ ਫੇਰ ਨਾਲ ਹੌਲ਼ੀ-ਹੌਲ਼ੀ ਮਿੱਟੀ ਨਾਲ ਭਰ ਗਈ ਹੋਵੇ। ਸਾਧਾਰਣ ਨਜ਼ਰੀਏ ਨਾਲ ਹੀ ਦੇਖਿਆ ਜਾਵੇ ਤਾਂ ਅੱਜ ਤੋਂ ਕੋਈ ਸੱਠ ਕੁ ਵਰ੍ਹੇ ਪਹਿਲਾਂ ਨਾਲੋਂ ਢਾਬਾਂ ਵਾਲੀ ਧਰਤੀ ਦਾ ਲੇਵਲ ਹੁਣ ਕੁਝ ਉੱਚਾ ਹੋ ਗਿਆ ਹੈ ਭਾਵੇਂ ਕਿ ਇਹ ਥੇਹ ਦੀ ਮਿੱਟੀ ਦੇ ਖੋਰੇ ਨਾਲ ਹੀ ਹੋਇਆ ਹੈ ਫੇਰ ਵੀ ਖੋਜ ਦਾ ਕੋਈ ਅੰਤ ਨਹੀਂ ਹੁੰਦਾ, ਹੋ ਸਕਦਾ ਹੈ ਕਿ ਅਜੋਕੇ ਜਨੇਰ ਵਾਸੀਆਂ ਵਿਚੋਂ ਕੋਈ ‘ਮਰਦ ਕਾ ਚੇਲਾ’ ਉਠੇ ਅਤੇ ਇਸ ਬਾਰੇ ਕੋਈ ਵਿਸ਼ਵਾਸਪਾਤਰ ਖੋਜ ਪਿੰਡ ਦੀਆਂ ਆਉਣ ਵਾਲੀਆਂ ਨਸਲਾਂ ਲਈ, ਸਾਹਮਣੇ ਲੈ ਆਵੇ।
ਪਿੰਡ ਦੀਆਂ ਖੂਹੀਆਂ
ਇਨਸਾਨ ਦੀਆਂ ਜ਼ਰੂਰਤਾਂ ਅਨੁਸਾਰ ਉਸ ਦੇ ਸਰੋਤ ਵੀ ਲੋੜਾਂ ਦੀ ਪੂਰਤੀ ਅਨੁਸਾਰ ਬਦਲਦੇ ਰਹਿੰਦੇ ਹਨ। ਜਿੱਥੇ ਕੁਝ ਖੂਹਾਂ ਤੋਂ ਪਿੰਡ ਵਾਸੀ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ ਉਥੇ ਉਸ ਸਮੇਂ ਵਿਚ ਕੁਝ ਖੂਹੀਆਂ ਵੀ ਹੋਂਦ ਵਿਚ ਆਈਆਂ। ਪਿੰਡ ਦੀ ਜਵਾਨ ਹੋ ਰਹੀ ਪੀੜ੍ਹੀ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਖੂਹੀ ਕੀ ਹੁੰਦੀ ਸੀ? ਇਹ ਲੋੜ ਅਨੁਸਾਰ ਪੰਦਰਾਂ ਤੋਂ ਪੰਝੀ ਫੁੱਟ ਦੇ ਘੇਰੇ ਵਾਲਾ ਇੱਟਾਂ ਨਾਲ ਬਣਾਇਆ ਹੋਇਆ ਟੋਆ ਹੁੰਦਾ ਸੀ ਉਸ ਵਿਚੋਂ ਐਨੀ ਮਿੱਟੀ ਬਾਹਰ ਕੱਢੀ ਜਾਂਦੀ ਜਦ ਤਕ ਰੇਤ ਨਾ ਆ ਜਾਂਦੀ, ਰੇਤ ਆਉਣ ‘ਤੇ ਵੀ ਕੁਝ ਫੁਟ ਰੇਤ ਹੋਰ ਕੱਢ ਦਿੱਤੀ ਜਾਂਦੀ ਅਤੇ ਖੂਹੀ ਵਿਚ ਪਾਣੀ ਪਾਸਿਆਂ ਤੋਂ ਸਿੰਮ ਕੇ ਕਾਫੀ ਮਾਤਰਾ ਵਿਚ ਇਕੱਠਾ ਹੋ ਜਾਂਦਾ। ਖੂਹੀ ਦੀ ਪੱਕੀ ਮੌਣ ਉਪਰ ਭੌਣੀ ਫਿੱਟ ਕਰਨ ਦਾ ਜੁਗਾੜ ਬਣਾ ਕੇ ਰੱਸੇ ਅਤੇ ਡੋਲ (ਬਾਲਟੀ ਵਰਗਾ ਬਰਤਨ) ਨਾਲ ਲੋੜੀਂਦਾ ਪਾਣੀ ਕੱਢ ਲਿਆ ਜਾਂਦਾ। ਪਿੰਡ ਦੀ ਥੇਹ ਉਪਰਲੀ ਵਸੋਂ ਅਤੇ ਥੇਹ ਤੋਂ ਹੇਠਾਂ ਪੱਧਰ ਜ਼ਮੀਨ ਵਾਲੇ ਘਰਾਂ ਦੀਆਂ ਪਾਣੀ ਦੀਆਂ ਨਿਤਪ੍ਰਤੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕਾਫੀ ਖੂਹੀਆਂ ਹੋਂਦ ਵਿਚ ਆਈਆਂ ਇਨ੍ਹਾਂ ਦਾ ਸੰਖੇਪ ਵਰਨਣ ਇਸ ਪ੍ਰਕਾਰ ਹੈ:
ਸਿੱਧੂ ਪੱਤੀ ਵਾਲੀ ਖੂਹੀ
ਇਹ ਖੂਹੀ ਸਿੱਧੂ ਪੱਤੀ ਦੀ ਵਸੋਂ ਦੇ ਲਗਪਗ ਵਿਚਕਾਰ ਕੇਹਰ ਸਿੰਘ ਸਿੱਧੂ ਦੇ ਘਰ ਨੇੜੇ ਅਤੇ ਪ੍ਰਤਾਪ ਸਿੰਘ ਸਿੱਧੂ ਦੇ ਘਰ ਸਾਹਮਣੇ ਸਥਿਤ ਸੀ। ਇਸ ਖੂਹੀ ਦੀ ਇਹ ਵਿਸ਼ੇਸ਼ਤਾ ਸੀ ਕਿ ਇਸ ਦਾ ਘੇਰਾ ਕਾਫੀ ਖੁਲ੍ਹਾ ਹੋਣ ਕਰਕੇ ਇਸ ਉਪਰ ਇਕ ਤੋਂ ਵੱਧ ਭੌਣੀਆਂ ਦੇ ਜੁਗਾੜ ਲੱਗ ਸਕਦੇ ਸਨ। ਪੱਕੇ ਖੁਲ੍ਹੇ ਚੌਂਤਰੇ ‘ਤੇ ਨਹਾਇਆ ਵੀ ਜਾ ਸਕਦਾ ਸੀ। ਮਾਲ ਡੰਗਰ ਦੇ ਪਾਣੀ ਪੀਣ ਵਾਸਤੇ ਕੁੰਡ ਬਣੇ ਹੋਏ ਸਨ। ਸੰਘਣੀ ਵਸੋਂ ਵਿਚ ਸਥਾਪਤ ਹੋਣ ਕਰਕੇ ਹਰ ਸਮੇਂ ਇਥੇ ਰੌਣਕ ਰਹਿੰਦੀ ਸੀ। ਇਸ ਦਾ ਪਾਣੀ ਪੀਣ ਯੋਗ ਅਤੇ ਥੇਹ ਤੋਂ ਹੇਠਾਂ ਹੋਣ ਕਾਰਨ ਠੰਡਾ ਵੀ ਸੀ
ਮੀਏਂ ਕਿਆਂ ਵਾਲੀ ਖੂਹੀ
ਮੀਆਂ ਅਕਬਰ ਅਲੀ ਹੋਰਾਂ ਦੀ ਹਵੇਲੀ ਦੇ ਨਜ਼ਦੀਕ ਹੋਣ ਕਾਰਨ ਪਾਕਿਸਤਾਨ ਬਣਨ ਤੋਂ ਪਹਿਲਾਂ ਮੀਏਂ ਕਿਆਂ ਵਾਲੀ ਖੂਹੀ ਦੇ ਨਾਮ ਨਾਲ ਮਸ਼ਹੂਰ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਹ ਖੂਹੀ ਵਾਲੀ ਥਾਂ, ਅਲਾਟੀਏ ਬੂਟਾ ਸਿੰਘ ਸਿੱਧੂ ਨੂੰ ਅਲਾਟ ਹੋ ਗਿਆ ਤਾਂ ਇਸ ਦਾ ਨਾਮ ‘ਬੂਟਾ ਸਿਉਂ ਵਾਲੀ ਖੂਹੀ’ ਪੈ ਗਿਆ। ਇਹ ਖੂਹੀ ਥੇਹ ਉਪਰ ਸਥਿਤ ਹੋਣ ਕਰਕੇ ਕਾਫੀ ਡੂੰਘੀ ਸੀ ਅਤੇ ਪਾਣੀ ਕੱਢਣ ਵਾਸਤੇ ਬਹੁਤ ਲੰਮੇ ਰੱਸੇ ਦੀ ਜ਼ਰੂਰਤ ਪੈਂਦੀ ਸੀ। ਇਸ ਖੂਹੀ ਦਾ ਪਾਣੀ ਨਾ ਬਹੁਤਾ ਮਿੱਠਾ ਅਤੇ ਨਾ ਹੀ ਕੌੜਾ ਸੀ ਇਸ ਦੇ ਬਾਵਜੂਦ ਕਈ ਘਰ ਇਸ ਖੂਹੀ ਤੋਂ ਪਾਣੀ ਭਰਦੇ ਸਨ। ਛੋਟੇ ਮੀਆਂ ਅਤੇ ਬੜੇ ਮੀਆਂ ਦੀਆਂ ਹਵੇਲੀਆਂ ਵਿਚ ਪਾਣੀ ਲੈ ਕੇ ਜਾਣ ਵਾਸਤੇ ਅਕਬਰ ਅਲੀ ਦੀ ਹਵੇਲੀ ਵਿਚ ਇਕ ਛੋਟਾ ਜਿਹਾ ਬੂਹਾ ਰਖਿਆ ਹੋਇਆ ਸੀ ਤਾਂ ਕਿ ਸੰਘਣੀ ਵਸੋਂ ਵਾਲੇ ਮੁਸਲਮਾਨ ਭਾਈਚਾਰੇ ਨੂੰ ਪਾਣੀ ਭਰਨ ਲਈ ਘੁੰਮ ਕੇ ਨਾ ਆਉਣਾ ਪਵੇ। ਬੇਸ਼ਕ ਜਨੇਰ ਦੀਆਂ ਦੂਜੀਆਂ ਖੂਹੀਆਂ ਲਗਪਗ ਪੂਰੀਆਂ ਜਾ ਚੁੱਕੀਆਂ ਹਨ ਪਰੰਤੂ ਪਾਣੀ ਖੁਣੋਂ ਮੱਖਣੀ ਖੰਡਰਾਤ ਦੇ ਰੂਪ ਵਿਚ ਇਹ ਖੂਹੀ ਹਾਲੀਂ ਵੀ ‘ਖੂਹੀ ਸਭਿਆਚਾਰ’ ਨੂੰ ਦਰਸਾਉਂਦੀ ਹੈ।
ਮਸੀਤ ਵਾਲੀ ਖੂਹੀ
ਪੀਰ ਖਾਂ ਪੱਤੀ ਵਿਚ ਪਿੰਡ ਦੇ ਮੁਸਲਮਾਨ ਭਾਈਚਾਰੇ ਦੀ ਇਕੋ ਇਕ ਮਸੀਤ ਦੇ ਅਹਾਤੇ ਵਿਚ ਸਥਿਤ ਇਸ ਖੂਹੀ ਦਾ ਪਾਣੀ ਪੀਣ ਦੇ ਯੋਗ ਨਾ ਹੁੰਦਿਆਂ ਵੀ ਇਸ ਖੂਹੀ ਦੀ ਆਪਣੀ ਮਹੱਤਤਾ ਸੀ, ਉਹ ਇਹ ਕਿ ਇਥੇ ਨਹਾਉਣ ਲਈ ਗੁਸਲਖ਼ਾਨੇ ਬਣੇ ਹੋਏ ਸਨ। ਪੱਕੀਆਂ ਇੱਟਾਂ ਅਤੇ ਚੂਨੇ ਨਾਲ ਬਣਾਏ ਗਏ ਇਨ੍ਹਾਂ ਗੁਸਲਖ਼ਾਨਿਆਂ ਨੂੰ ਪਰਦੇ ਲਈ ਦਰਵਾਜ਼ੇ ਨਹੀਂ ਸਨ ਲੱਗੇ ਸਗੋਂ ਪੱਕੀਆਂ ਕੰਧਾਂ ਹੀ ਇਸ ਨਾਲ ਕੱਢੀਆਂ ਹੋਈਆਂ ਸਨ ਕਿ ਨਹਾਉਣ ਵਾਲੇ ਨੂੰ ਕੋਈ ਦੇਖ ਨਹੀਂ ਸੀ ਸਕਦਾ। ਇਨ੍ਹਾਂ ਗੁਸਖ਼ਾਨਿਆਂ ਦੀਆਂ ਕੰਧਾਂ ਅਜੋਕੇ ਸਮੇਂ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਪਰਦਿਆਂ ਦੀਆਂ ਅੱਗੇ ਪਿੱਛੇ ਕਰਕੇ ਕੰਧਾਂ ਦੀ ਉਸਾਰੀ ਦਾ ਨਮੂਨਾ ਪੇਸ਼ ਕਰਦੀਆਂ ਸਨ। ਜਿਸ ਤੋਂ ਪਿੰਡ ਦੀ ਉਸ ਸਮੇਂ ਦੀ ਭਵਨ ਕਲਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੱਕੀਆਂ ਇੱਟਾਂ ਨਾਲ ਬਣਾਈਆਂ ਗਈਆਂ ਛੋਟੀਆਂ-ਛੋਟੀਆਂ ਪਾਣੀ ਵਾਲੀਆਂ ਟੈਂਕੀਆਂ ਵਿਚ ਫਿੱਟ ਕੀਤੀਆਂ ਪਾਣੀ ਨੂੰ ਕੰਟਰੋਲ ਕਰਨ ਵਾਲੀਆਂ ਟੂਟੀਆਂ, ਇਨ੍ਹਾਂ ਦੀ ਸੁੰਦਰਤਾ ਅਤੇ ਨਵੀਨਤਾ ਨੂੰ ਹੋਰ ਵੀ ਚਾਰ-ਚੰਦ ਲਗਾਉਂਦੀਆਂ ਸਨ।
ਮਿਸਤਰੀਆਂ ਵਾਲੀ ਖੂਹੀ
ਪਿੰਡ ਦੀ ਸਭ ਤੋਂ ਉੱਚੀ ਜਗ੍ਹਾ ‘ਤੇ ਮਿਸਤਰੀ ਮਹਿੰਗਾ ਸਿੰਘ ਦੇ ਘਰ ਅੱਗੇ ਬਣੀ ਇਸ ਖੂਹੀ ਦੀ ਡੂੰਘਾਈ ਪਿੰਡ ਦੀਆਂ ਸਾਰੀਆਂ ਖੂਹੀਆਂ ਤੋਂ ਵਧ ਸੀ। ਖੂਹੀ ਦੇ ਨੇੜੇ ਜ਼ਿਆਦਾ ਮਿਸਤਰੀ ਭਾਈਚਾਰੇ ਦੀ ਰਹਾਇਸ਼ ਹੋਣ ਕਰਕੇ ਇਹ ਮਿਸਤਰੀਆਂ ਵਾਲੀ ਖੂਹੀ ਦੇ ਨਾਮ ਨਾਲ ਜਾਣੀ ਜਾਂਦੀ ਸੀ। ਇਸ ਖੂਹੀ ਦੇ ਆਲੇ-ਦੁਆਲੇ ਸੰਘਣੀ ਵਸੋਂ ਹੋਣ ਕਰਕੇ ਹਰ ਸਮੇਂ ਇਥੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਕੋਈ ਪਾਣੀ ਭਰਨ ਆ ਰਿਹਾ ਹੈ, ਕੋਈ ਪਾਣੀ ਲੈ ਕੇ ਜਾ ਰਿਹਾ, ਬਸ ਹਰ ਵਕਤ ਮੇਲੇ ਵਾਲਾ ਮਾਹੌਲ ਬਣਿਆ ਰਹਿੰਦਾ ਸੀ।
ਧਰਮਸ਼ਾਲਾ ਵਾਲੀ ਖੂਹੀ
ਚੀਮਾ ਪੱਤੀ ਦੀ ਧਰਮਸ਼ਾਲਾ ਦੇ ਸਾਹਮਣੇ ਚੌਕ ਵਿਚ ਖੁਲ੍ਹੇ ਡੁਲ੍ਹੇ ਥਾਂ ‘ਤੇ ਇਹ ਖੂਹੀ ਹੋਂਦ ਵਿਚ ਆਈ। ਇਥੋਂ ਵੱਡੀ ਗਿਣਤੀ ਵਿਚ ਲੋਕ ਪਾਣੀ ਭਰਦੇ ਸਨ। ਖੁਲ੍ਹੀ ਜਗ੍ਹਾ ਹੋਣ ਕਰਕੇ ਖੂਹੀ ਦੇ ਨਾਲ ਹੀ ਨਹਾਉਣ, ਕਪੜੇ ਧੋਣ ਅਤੇ ਪਸ਼ੂਆਂ ਨੂੰ ਪਾਣੀ ਪਿਆਉਣ ਵਾਸਤੇ ਵੱਡਾ ਪੱਕਾ ਥੜ੍ਹਾ ਬਣਿਆ ਹੋਇਆ ਸੀ। ਜਦੋਂ ਧਰਮਸ਼ਾਲਾ ਵਿਚ ਕਿਸੇ ਜੰਞ ਦਾ ਉਤਾਰਾ ਹੁੰਦਾ ਜਾਂ ਧਰਮਸ਼ਾਲਾ ਵਿਚ ਗਾਉਣ ਵਾਲਿਆਂ ਦਾ ਅਖਾੜਾ ਲਗ ਜਾਂਦਾ ਤਾਂ ਇਥੋਂ ਦੀ ਰੌਣਕ ਵਿਚ ਹੋਰ ਵੀ ਵਾਧਾ ਹੋ ਜਾਂਦਾ। ਜਦੋਂ ਸੇਖੋਂ ਪੱਤੀ ਦੀ ਧਰਮਸ਼ਾਲਾ ਵਿਚ ਆਰਜ਼ੀ ਤੌਰ ‘ਤੇ ਪ੍ਰਾਇਮਰੀ ਸਕੂਲ ਬਣ ਗਿਆ ਤਾਂ ਗੁਰਦੁਆਰਾ ਸਾਹਿਬ ਵਾਲੇ ਖੂਹ ਦੇ ਨਾਲ ਇਹ ਖੂਹੀ ਵੀ ਛੋਟੇ-ਛੋਟੇ ਬੱਚਿਆਂ ਲਈ ਪਾਣੀ ਪੀਣ ਦਾ ਸਰੋਤ ਸੀ।
ਮਿਸਤਰੀ ਮਾਘੀ ਸਿੰਘ ਵਾਲੀ ਖੂਹੀ
ਮਿਸਤਰੀ ਵਧਾਵਾ ਸਿੰਘ ਚਾਨਾ ਦੇ ਪੁੱਤਰ ਮਾਘੀ ਸਿੰਘ ਦੇ ਘਰ ਅੰਦਰ ਹੀ ਇਕ ਖੂਹੀ ਮੌਜੂਦ ਸੀ। ਇਸ ਖੂਹੀ ਦਾ ਨਿਰਮਾਣ ਉਸ ਸਮੇਂ ਹੋਣ ਬਾਰੇ ਜਾਣਕਾਰੀ ਮਿਲਦੀ ਹੈ ਜਦੋਂ ਮਿਸਤਰੀ ਵਧਾਵਾ ਸਿੰਘ ਚਾਨਾ ਦਾ ਪਰਿਵਾਰ ਸੰਯੁਕਤ ਰੂਪ ਵਿਚ ਆਪਣੇਇਸ ਅੰਦਰਲੇ ਘਰ ਵਿਚ ਰਹਿੰਦਾ ਸੀ। ਮਿਸਤਰੀ ਪਰਿਵਾਰ ਹੋਣ ਕਰਕੇ ਇਸ ਖੂਹੀ ਵਿਚੋਂ ਪਾਣੀ ਕੱਢਣ ਦਾ ਢੰਗ ਭੌਣੀ ਰੱਸੇ ਵਾਲਾ ਨਹੀਂ ਸਗੋਂ ਚਰਖੜੀ ਸਿਧਾਂਤ ਨਾਲ ਬਣਾਇਆ ਗਿਆ ਸੀ ਜਿਸ ਨਾਲ ਛੋਟਾ ਬੱਚਾ ਵੀ ਅਸਾਨੀ ਨਾਲ ਖੂਹੀ ਵਿਚੋਂ ਪਾਣੀ ਕੱਢ ਸਕਦਾ ਸੀ।
ਚਾਨੇ ਮਿਸਤਰੀਆਂ ਦੀ ਸਾਂਝੀ ਖੂਹੀ
ਪਰਿਵਾਰਕ ਵੰਡੀਆਂ ਪੈ ਜਾਣ ਕਰਕੇ ਜਦੋਂ ਮਿਸਤਰੀ ਵਧਾਵਾ ਸਿੰਘ ਚਾਨਾ ਦੇ ਵੱਡੇ ਲੜਕਿਆਂ ਹਰਨਾਮ ਸਿੰਘ ਅਤੇ ਮੰਗਲ ਸਿੰਘ ਨੇ ਥੇਹ ਤੋਂ ਥੱਲੇ ਆਪਣੇ ਨਵੇਂ ਮਕਾਨਾਂ ਵਿਚ ਵਸੋਂ ਕੀਤੀ ਤਾਂ ਉਨ੍ਹਾਂ ਦੋਹਾਂ ਨੇ ਇਕ ਸਾਂਝੀ ਖੂਹੀ ਲਗਾਈ। ਪਰਿਵਾਰਕ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਖੂਹੀ ਹਰਨਾਮ ਸਿੰਘ ਅਤੇ ਮੰਗਲ ਸਿੰਘ ਦੇ ਮਕਾਨਾਂ ਨੂੰ ਵੱਖਰਾ ਕਰਨ ਵਾਲੀ ਕੰਧ ਦੇ ਐਨ ਵਿਚਕਾਰ ਬਣਾਈ ਗਈ ਤਾਂ ਕਿ ਦੋਵੇਂ ਪਰਿਵਾਰ ਅਸਾਨੀ ਨਾਲ ਪਾਣੀ ਭਰ ਸਕਣ। ਇਸ ਖੂਹੀ ਤੋਂ ਕਾਫੀ ਲੋਕ ਪਾਣੀ ਦੀਆਂ ਲੋੜਾਂ ਪੂਰੀਆਂ ਕਰਿਆ ਕਰਦੇ ਸਨ।
ਖ਼ਾਨਗਾਹ ਨੇੜਲੀ ਖੂਹੀ
ਪੰਜਵੀਂ ਪੱਤੀ ਵਿਚ ਥੇਹ ਉਪਰ ਬਾਬਾ ਮੌਜਦੀਨ ਦੀ ਖ਼ਾਨਗਾਹ ਨੇੜੇ ਵੀ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇਕ ਖੂਹੀ ਬਣਾਈ ਗਈ। ਉਨ੍ਹਾਂ ਸਮਿਆਂ ਵਿਚ ਛੂਤ-ਛਾਤ ਅਤੇ ਜਾਤੀਵਾਦ ਦਾ ਬੋਲਬਾਲਾ ਜ਼ਿਆਦਾ ਹੋਣ ਕਰਕੇ ਪੰਜਵੀਂ ਪੱਤੀ ਦੇ ਮਜ਼੍ਹਬੀ ਸਿੱਖ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹੋਰ ਪਰਿਵਾਰ ਵੀ ਇਥੋਂ ਪਾਣੀ ਭਰਦੇ ਸਨ। ਇਹ ਜਗ੍ਹਾ ਉਚਾਈ ‘ਤੇ ਹੋਣ ਕਰਕੇ ਕਾਫੀ ਲੰਮੇ ਰੱਸੇ ਦੀ ਜ਼ਰੂਰਤ ਪੈਂਦੀ ਸੀ। ਇਸਦਾ ਪਾਣੀ ਲਗਪਗ ਠੀਕ ਹੀ ਸੀ, ਨੇੜਲੇ ਖਾਰੇ ਖੂਹ ਵਾਂਗ ਬਹੁਤ ਨਮਕੀਨ ਨਹੀਂ ਸੀ। ਪੰਜਵੀਂ ਪੱਤੀ ਦੀ ਸੰਘਣੀ ਵਸੋਂ ਹੋਣ ਕਰਕੇ ਇਸ ਖੂਹੀ ‘ਤੇ ਵੀ ਹਰ ਸਮੇਂ ਪਾਣੀ ਭਰਨ ਅਤੇ ਨਹਾਉਣ ਧੋਣ ਵਾਲਿਆਂ ਦੀ ਕਾਫੀ ਰੌਣਕ ਰਹਿੰਦੀ।
ਬਾਬੇ ਵਰਿਆਮੇ ਕਿਆਂ ਵਾਲੀ ਖੂਹੀ
ਪੰਜਵੀਂ ਪੱਤੀ ਦੇ ਬਜ਼ੁਰਗਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖੂਹੀ ਝਾਣੇ ਪਰਿਵਾਰ ਦੇ ਮਹਿੰਦੀ ਸ਼ਾਹ ਦੇ ਨੇੜੇ ਬਾਬਾ ਵਰਿਆਮ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਲਗਾਈ ਗਈ ਸੀ ਇਸ ਕਰਕੇ ਖੂਹੀ ਦਾ ਨਾਮ ਹੀ ਬਜ਼ੁਰਗ ਦੇ ਨਾਮ ਨਾਲ ਜੁੜ ਗਿਆ। ਇਹ ਜਗ੍ਹਾ ਗੁਲਾ ਸਿੰਘ ਜਿਸ ਨੂੰ ਭੱਠੇ ‘ਤੇ ਗਧਿਆਂ ਨਾਲ ਇੱਟਾਂ ਢੋਣ ਕਰਕੇ ਪਿੰਡ ਵਾਸੀ ਮਜ਼ਾਕ ਨਾਲ ਗੁਲਾ ਗਧਿਆਂ ਵਾਲਾ ਵੀ ਆਖਦੇ ਸਨ, ਦੇ ਘਰ ਨੇੜੇ ਹੀ ਸੀ। ਇਹ ਖੂਹੀ ਦਾ ਸਾਈਜ਼ ਵੀ ਛੋਟਾ ਜਿਹਾ ਹੋਣ ਬਾਰੇ ਜਾਣਕਾਰੀ ਮਿਲੀ ਹੈ। ਇਹ ਖੂਹੀ ਥੇਹ ਤੋਂ ਥੱਲੇ ਲਗਾਈ ਗਈ ਹੋਣ ਕਰਕੇ ਇਸ ਦੇ ਪਾਣੀ ਦੀ ਡੂੰਘਾਈ ਬਹੁਤੀ ਜ਼ਿਆਦਾ ਨਹੀਂ ਸੀ। ਪੰਜਵੀਂ ਪੱਤੀ ਦੇ ਕਾਫੀ ਲੋਕ ਇਥੋਂ ਪਾਣੀ ਭਰਦੇ ਸਨ।
ਬਸ ਸਟੈਂਡ ਵਾਲੀ ਖੂਹੀ
ਕਿਸੇ ਸਮੇਂ ਮੋਗਾ-ਅੰਮ੍ਰਿਤਸਰ ਜੀ.ਟੀ. ਰੋਡ ਉਪਰ ਜਨੇਰ ਦੇ ਬਸ ਸਟੈਂਡ ਨੇੜੇ ਵੀ ਇਕ ਖੂਹੀ ਹੋਇਆ ਕਰਦੀ ਸੀ। ਇਹ ਖੂਹੀ ਪਿੰਡ ਰਜੀਵਾਲ ਦੇ ਕਿਸੇ ਦਾਨੀ ਪੁਰਸ਼ ਨੇ ਪੁੰਨਦਾਨ ਵਜੋਂ ਲਗਵਾਏ ਜਾਣ ਦਾ ਜ਼ਿਕਰ ਮਿਲਦਾ ਹੈ। ਉਨੀ ਸੌ ਪੰਜਾਹਵਿਆਂ ਦੇ ਸ਼ੁਰੂ ਵਿਚ ਜਨੇਰ ਵਾਸੀ ਦਰਜ਼ੀ ਮੋਹਨ ਸਿੰਘ ਜੱਸਲ ਨੇ ਜਦੋਂ ਇਥੇ ਚਾਹ ਦੀ ਦੁਕਾਨ ਕੀਤੀ ਤਾਂ ਉਹ ਉਚੇਚੇ ਤੌਰ ‘ਤੇ ਇਸ ਖੂਹੀ ਤੋਂ ਪਾਣੀ ਭਰ ਕੇ ਲੰਘਦੇ ਕਰਦੇ ਰਾਹੀਆਂ ਦੀ ਪਿਆਸ ਬੁਝਾਇਆ ਕਰਦਾ ਸੀ। ਉਸ ਦੇ ਦੁਕਾਨ ਬੰਦ ਕਰ ਜਾਣ ਬਾਅਦ ਕੁਝ ਵਰ੍ਹੇ ਪਿੰਡ ਦਾ ਆੜ੍ਹਤੀਆ ਰਿਖੀ ਰਾਮ ਇੱਥੇ ਪੁੰਨ-ਅਰਥ ਠੰਡੇ ਪਾਣੀ ਦਾ ‘ਪਿਆਉ’ ਲਗਵਾਇਆ ਕਰਦਾ ਸੀ। ਪਿੰਡ ਦੀਆਂ ਦੂਜੀਆਂ ਖੂਹੀਆਂ ਵਾਂਗ ਇਹ ਖੂਹੀ ਵੀ ਨੀਵੇਂ ਪਾਣੀ ਪੱਧਰ ਦਾ ਸ਼ਿਕਾਰ ਹੋ ਗਈ ਪਰੰਤੂ ਸਾਡੇ ਪੰਜਾਬੀ ਸਮਾਜ ਵਿਚ ਦਾਨੀਆਂ ਦੀ ਘਾਟ ਨਹੀਂ ਹੈ, ਜਲਦੀ ਇਸ ਖੂਹੀ ਵਾਲੀ ਜਗ੍ਹਾ ਦੇ ਨੇੜੇ ਇਕ ਨਲਕਾ ਹੋਂਦ ਵਿਚ ਆ ਗਿਆ।
ਨਲਕੇ(Hand Pumps)
ਉਦਯੋਗਿਕ ਨਵੀਨੀਕਰਨ, ਖੇਤੀ ਵਿਚ ਆਈ ਹਰੀ ਕ੍ਰਾਂਤੀ, ਆਮਦਨ ਸਰੋਤਾਂ ਵਿਚ ਵਾਧੇ ਅਤੇ ਆਤਮ-ਨਿਰਭਰਤਾ ਵਰਗੀਆਂ ਸਮਾਜਿਕ ਅਤੇ ਆਰਥਿਕ ਤਬਦੀਲੀਆਂ ਦੇ ਮੱਦੇਨਜ਼ਰ ਪੰਜਾਬ ਵਿਚ ਨਲਕੇ ਹੋਂਦ ਵਿਚ ਆਏ। ਹੋਰਨਾਂ ਪਿੰਡਾਂ ਸ਼ਹਿਰਾਂ ਵਾਂਗ ਕੋਈ ਜਨੇਰ ਵਾਸੀ ਵੀ ਇਹ ਨਹੀਂ ਸੀ ਚਾਹੁੰਦਾ ਕਿ ਉਹ ਕਿਸੇ ਸਾਂਝੀ ਖੂਹੀ ਜਾਂ ਖੂਹ ਤੋਂ ਪਾਣੀ ਭਰੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਤਮ ਨਿਰਭਰਤਾ ਵਰਗੀਆਂ ਸਮਾਜਿਕ ਤਬਦੀਲੀਆਂ ਨੇ ਲੋਕਾਂ ਦਾ ਜੀਵਨ ਪੱਧਰ ਤਾਂ ਉਚਾ ਕੀਤਾ ਪਰੰਤੂ ਉਥੇ ਪਰਿਵਾਰਕ ਸਾਂਝਾਂ, ਸਭਿਆਚਾਰਕ ਪਰੰਪਰਾ ਅਤੇ ਸਮਾਜਿਕ ਨਿਰਭਰਤਾ ਵਰਗੇ ਸਾਡੇ ਅਮੀਰ ਸਭਿਆਚਾਰ ਨੂੰ ਵੀ ਸੱਟ ਵੱਜੀ। ਪੰਜਾਬੀਆਂ ਨੇ ਖੁਲ੍ਹੇ ਤੌਰ ‘ਤੇ ਨਲਕਿਆਂ ਵਿਰੁੱਧ ਖੁਲ੍ਹੀ ਆਵਾਜ਼ ਵਿਚ ਰੋਸ ਪ੍ਰਗਟਾਇਆ।
“ਖੂਹਾਂ ਖਾਡਿਆਂ ‘ਤੇ ਮਿਲਣੋਂ ਰਹਿ ਗਏ, ਚੰਦਰੇ ਲਵਾਏ ਨਲਕੇ”
ਥੇਹ ਥੱਲੇ ਵਸ ਰਹੇ ਪਰਿਵਾਰਾਂ ਲਈ ਤਾਂ ਨਲਕਾ ਲਗਾਉਣਾ ਬਹੁਤ ਸੌਖਾ ਸੀ
ਕਿਉਂਕਿ ਸ਼ੁਰੂ ਵਿਚ ਤਾਂ ਵੀਹ ਕੁ ਫੁਟ ਦੀ ਪਾਈਪ, ਪੰਜ ਕੁ ਫੁਟ ਦਾ ਫਿਲਟਰ ਅਤੇ ਪੰਜ ਕੁ ਫੁੱਟ ਦੀ ਹੀ ਮਸ਼ੀਨ ਨਾਲ ਨਲਕਾ ਕਾਫੀ ਮਾਤਰਾ ਵਿਚ ਪਾਣੀ ਦੇ ਦਿੰਦਾ ਪਰੰਤੂ ਥੇਹ ਉਪਰਲੇ ਵਸਨੀਕਾਂ ਲਈ ਮੁਸ਼ਕਲ ਸੀ। ਥੇਹ ਦੀ ਉਚਾਈ ਕਾਫੀ ਹੋਣ ਕਰਕੇ ਸਿਰਫ਼ ਪਾਈਪ, ਫਿਲਟਰ ਅਤੇ ਮਸ਼ੀਨਾਂ ਹੀ ਲੰਮੀਆਂ ਅਤੇ ਮਹਿੰਗੀਆਂ ਨਹੀਂ ਸੀ ਪੈਂਦੀਆਂ ਸਗੋਂ ਪੱਥਰਾਂ ਅਤੇ ਰੋੜਿਆਂ ਕਾਰਨ ਨਲਕਾ ਲਗਾਉਣਾ ਵੀ ਮੁਸ਼ਕਲ ਕੰਮ ਸੀ। ਸਮਾਂ ਪੈਣ ‘ਤੇ ਨਲਕਾ ਲਗਾਉਣ ਦਾ ਕੰਮ ਆਧੁਨਿਕ ਢੰਗਾਂ ਨਾਲ ਕੁਝ ਅਸਾਨ ਹੋ ਗਿਆ। ਜਿਵੇਂ- ਜਿਵੇਂ ਪਾਣੀ ਦਾ ਪੱਧਰ ਨੀਵਾਂ ਹੁੰਦਾ ਗਿਆ ਨਾਲੀਆਂ, ਫਿਲਟਰਾਂ ਅਤੇ ਮਸ਼ੀਨਾਂ ਦੀ ਲੰਬਾਈ ਵੀ ਵਧਦੀ ਗਈ। ਅੱਜਕਲ੍ਹ ਇਹ ਹਾਲਾਤ ਬਣ ਗਏ ਹਨ ਕਿ ਨਲਕਾ ਸਭਿਅਤਾ ਲਗਪਗ ਖ਼ਤਮ ਹੀ ਹੋ ਗਿਆ।
ਘਰੇਲੂ ਨਿੱਜੀ ਬੋਰ ਅਤੇ ਮੱਛੀ ਮੋਟਰਾਂ
ਲੋਕਾਂ ਦੀ ਉੱਚੀ ਜੀਵਨ ਸ਼ੈਲੀ ਅਤੇ ਰਹਿਣ-ਸਹਿਣ ਦੇ ਢੰਗ ਤਰੀਕਿਆਂ ਵਿਚ ਆਈ ਤਬਦੀਲੀ ਕਾਰਨ ਘਰੇਲੂ ਪਾਣੀ ਦੀ ਖਪਤ ਵਿਚ ਹੋਰ ਵੀ ਵਾਧਾ ਹੋਣ ਲੱਗਿਆ। ਕੁਝ ਲੋਕਾਂ ਨੇ ਆਪਣੇ ਘਰ ਨਲਕਿਆਂ ਉਪਰ ਪਾਣੀ ਕੱਢਣ ਲਈ ਛੋਟੀਆਂ- ਛੋਟੀਆਂ ਬਿਜਲੀ ਦੀਆਂ ਮੋਟਰਾਂ ਲਗਵਾ ਲਈਆਂ ਤਾਂ ਕਿ ਉਨ੍ਹਾਂ ਨੂੰ ਨਲਕਾ ਨਾ ਗੇੜਨਾ ਪਵੇ। ਕੁਝ ਕੁ ਗੁਜ਼ਾਰੇ ਵਾਲੇ ਘਰਾਂ ਵਾਲਿਆਂ ਤਾਂ ਘਰ ਵਿਚ ਛੋਟੇ ਸਾਈਜ਼ ਦੇ ਬੋਰ ਵੀ ਕਰਵਾ ਲਏ। ਵੱਧ ਪਾਣੀ ਕੱਢਣ ਵਾਲੇ ਇਹ ਢੰਗ ਤਰੀਕੇ ਵੀ ਨੀਵੇਂ ਪਾਣੀ ਪੱਧਰ ਦੀ ਭੇਂਟ ਚੜ੍ਹ ਗਏ, ਨੌਬਤ ਇਥੋਂ ਤਕ ਆ ਗਈ ਕਿ ਖੇਤੀ ਦੇ ਸਿੰਚਾਈ ਵਾਂਗ ਪਾਣੀ ਦੀ ਘਰੇਲੂ ਖ਼ਪਤ ਲਈ ਵੀ ਮੱਛੀ ਮੋਟਰਾਂ ਦਾ ਸਹਾਰਾ ਲੈਣਾ ਪਿਆ ਇਥੇ ਹੀ ਬਸ ਨਹੀਂ ਸਰਦੇ-ਕਰਦੇ ਘਰਾਂ ਵਿਚ ਤਾਂ ਪੀਣ ਵਾਲੇ ਪਾਣੀ ਨੂੰ ਸ਼ੁਧ ਕਰਨ ਵਾਲੇ ‘ਵਾਟਰ ਫਿਲਟਰ’ ਵੀ ਹੋਂਦ ਵਿਚ ਆ ਗਏ। ਇਹ ਆਧੁਨਿਕ ਸਹੂਲਤਾਂ ਅੱਜ ਵੀ ਮਿਹਨਤ ਮਜ਼ਦੂਰੀ ਕਰਕੇ ਜ਼ਿੰਦਗੀ ਬਸਰ ਕਰਨ ਵਾਲਿਆਂ ਦੀ ਪਹੁੰਚ ਤੋਂ ਬਾਹਰ ਹਨ।
ਸਰਕਾਰ ਵਲੋਂ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ
ਜੀਵਨ ਦੀ ਮੁਢਲੀ ਲੋੜ ਪੀਣ ਵਾਲੇ ਪਾਣੀ ਨੂੰ ਆਮ ਆਦਮੀ ਤਕ ਪਹੁੰਚਾਉਣ ਅਤੇ ਠੀਕ ਢੰਗ ਨਾਲ ਮੁਹਈਆ ਕਰਵਾਉਣ ਲਈ ਜਿਥੇ ਯੂਨਾਈਟਿਡ ਨੇਸ਼ਨ ਔਰਗੇਨਾਈਜੇਸ਼ਨ (U.N.O.) ਦੀ ਸ਼ਾਖ਼ਾ ਵਰਲਡ ਹੈਲਥ ਔਰਗੇਨਾਈਜੇਸ਼ਨ (W.H.O.) ਅਤੇ ਵਰਲਡ ਬੈਂਕ (World Bank) ਵੱਡੇ ਪੱਧਰ ‘ਤੇ ਖ਼ਰਚ ਕਰਦੀ ਹੈ ਉਥੇ ਕੇਂਦਰ ਸਰਕਾਰ ਅਤੇ ਸਮੇਂ ਦੀਆਂ ਰਾਜ ਸਰਕਾਰਾਂ ਵੀ ਇਸ ਵਿਚ ਯੋਗਦਾਨ ਪਾਉਣ ਵਿਚ ਹਮੇਸ਼ਾ ਤਤਪਰ ਰਹਿੰਦੀਆਂ ਹਨ। ਭਾਰਤ ਦੇ ਦੂਜੇ ਹਿੱਸਿਆਂ ਵਾਂਗ ਪੰਜਾਬ ਵਿਚ ਵੀ ਉਪਰੋਕਤ ਸੰਸਥਾਵਾਂ ਅਤੇ ਸਰਕਾਰਾਂ ਨੇ ਪੀਣ ਵਾਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਕਾਫੀ ਸ਼ਲਾਘਾਯੋਗ ਕੰਮ ਕੀਤਾ ਅਤੇ ਕਰ ਵੀ ਰਹੀਆਂ ਹਨ।
ਪੁਰਾਣਾ ਜਲ ਘਰ (Water Works)
ਉਨੀ ਸੌ ਅਸੀਵਿਆਂ ਦੇ ਸ਼ੁਰੂ ਵਿਚ ਜਦੋਂ ਕਿ ਹਾਲੀਂ ਨਲਕਿਆਂ ਤੋਂ ਵੀ ਪਿੰਡ ਵਾਸੀਆਂ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਸੀ, ਜਨੇਰ ਵਿਚ ਵੀ ਸਰਕਾਰ ਵਲੋਂ ਇਕ ਜਲ ਘਰ (ਵਾਟਰ ਵਰਕਸ) ਬਣਾਉਣ ਦੀ ਮਨਜ਼ੂਰੀ ਆ ਗਈ। ਪੰਜਾਬ ਪਬਲਿਕ ਹੈਲਥ ਮਹਿਕਮੇ ਨੇ ਥੋੜੇ ਸਮੇਂ ਵਿਚ ਹੀ ਮੋਗਾ-ਅੰਮ੍ਰਿਤਸਰ ਜੀ.ਟੀ. ਰੋਡ ਉਪਰ ਪ੍ਰਾਇਮਰੀ ਸਕੂਲ ਦੇ ਨੇੜੇ ਇਕ ਵਾਟਰ ਵਰਕਸ ਦਾ ਨਿਰਮਾਣ ਕਰ ਦਿੱਤਾ ਅਤੇ ਇਹ ਜਲ-ਘਰ ਚਾਲੂ ਵੀ ਹੋ ਗਿਆ। ਪਿੰਡ ਦੀ ਵਸੋਂ ਦਾ ਵੱਡਾ ਹਿੱਸਾ ਥੇਹ ਉਪਰ ਵਸਿਆ ਹੋਣ ਕਰਕੇ ਪਾਣੀ ਦੀ ਵੰਡ ਵਾਲੀ ਸਮੱਸਿਆ ਸ਼ੁਰੂ ਹੋ ਗਈ। ਬਿਜਲੀ ਦੇ ਵੱਡੇ-ਵੱਡੇ ਕੱਟਾਂ ਕਾਰਨ ਇਸ ਦੀ ਵੱਡੀ ਟੈਂਕੀ ਨੂੰ ਪਾਣੀ ਨਾਲ ਭਰਨ ਵਿਚ ਵੀ ਔਕੜਾਂ ਪੇਸ਼ ਆਉਣ ਲੱਗੀਆਂ। ਕੁਝ ਨਿੱਜ ਸੁਆਰਥੀ ਅਤੇ ਖ਼ੁਦਗਰਜ਼ ਖ਼ਪਤਕਾਰਾਂ ਨੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਹੀ ਆਪਣੇ ਘਰਾਂ ਵਿਚ ਨਿੱਜੀ ਟੂਟੀਆਂ ਲਗਾ ਕੇ ਟੈਂਕੀਆਂ ਵਿਚ ਲੋੜੋਂ ਵੱਧ ਪਾਣੀ ਜਮ੍ਹਾ ਕਰਨਾ ਸ਼ੁਰੂ ਕਰ ਦਿੱਤਾ। ਏਥੇ ਹੀ ਬਸ ਨਹੀਂ ਕਈਆਂ ਨੇ ਤਾਂ ਆਪਣੇ ਘਰਾਂ ਪਾਸੋਂ ਗੁਜ਼ਰ ਰਹੀਆਂ ਪਾਣੀ ਦੀਆਂ ਨਾਲੀਆਂ ‘ਤੇ ਟੁਲੂ ਪੰਪ ਹੀ ਲਾ ਲਏ। ਇਸ ਨਾਲ ਪਾਣੀ ਦੀ ਦੁਰਵਰਤੋਂ ਵੀ ਹੋਣ ਲੱਗੀ ਅਤੇ ਵੱਡੀ ਮਾਤਰਾ ਵਿਚ ਪਾਣੀ ਜ਼ਾਇਆ ਵੀ ਹੋਣ ਲੱਗਾ। ਪਬਲਿਕ ਹੈਲਥ ਵਾਲੇ ਅੱਵਲ ਤਾਂ ਚੈਕ ਕਰਨ ਵਾਲੇ ਆਉਂਦੇ ਹੀ ਨਹੀਂ ਸਨ ਜੇਕਰ ਕੋਈ ਕਰਮਚਾਰੀ ਆ ਵੀ ਜਾਂਦਾ ਤਾਂ ਇਹ ਸੁਆਰਥੀ ਲੋਕ ਉਨ੍ਹਾਂ ਦੀ ਪ੍ਰਵਾਹ ਹੀ ਨਹੀਂ ਕਰਦੇ ਸਨ। ਦਿਨ ਪ੍ਰਤੀ ਦਿਨ ਪਾਣੀ ਦੀ ਠੀਕ ਢੰਗ ਨਾਲ ਸਪਲਾਈ ਵਿਚ ਵਿਘਨ ਪੈਣ ਲੱਗ ਪਿਆ।
2003 ਈਸਵੀ ਵਿਚ ਵਰਲਡ ਬੈਂਕ ਵਲੋਂ ਸਪੌਂਸਰਸ਼ਿਪ (ਸਰਪ੍ਰਸਤੀ) ਕੀਤੀ ਹੋਈ ਭਾਰਤ ਸਰਕਾਰ ਦੀ ਇਕ ਟੀਮ ਉਚੀ ਜਗ੍ਹਾ ਉਪਰ ਵਸੇ ਪਿੰਡ ਜਨਰ ਦੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹਈਆ ਕਰਵਾਉਣ ਦੇ ਸਬੰਧ ਵਿਚ ਸਰਵੇਖਣ ਕਰਨ ਲਈ ਪਹੁੰਚੀ। ਬਾਬਾ ਮੁਹਿੰਦਰ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਵਜੋਂ ਅਤੇ ਪੰਜਵੀਂ ਪੱਤੀ ਵਾਲੇ ਚਰਨ ਸਿੰਘ ਧਾਲੀਵਾਲ ਨੇ ਪਿੰਡ ਦੇ ਸਰਪੰਚ ਦੇ ਤੌਰ ‘ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪਿੰਡ ਵਾਸੀਆਂ ਦੇ ਪੀਣ ਵਾਲੇ ਪਾਣੀ ਦੀਆਂ ਲੋੜਾਂ ਨੂੰ ਭਾਂਪਦਿਆਂ ਕੇਂਦਰੀ ਟੀਮ ਨੇ ਗੁਰਦੁਆਰਾ ਸਾਹਿਬ ਦੇ ਨੇੜੇ ਸਰਕਾਰੀ ਖ਼ਰਚ ‘ਤੇ ਨਵਾਂ ਜਲ-ਘਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ। ਥੋੜ੍ਹੇ ਸਮੇਂ ਵਿਚ ਹੀ 1300 ਫੁਟ ਡੂੰਘਾ ਬੋਰ ਕਰ ਦਿੱਤਾ ਗਿਆ। ਇਸ ਨਵੇਂ ਜਲ-ਘਰ ਦਾ ਪਾਣੀ ਬਹੁਤ ਹੀ ਅੱਛਾ ਹੈ। ਪਾਣੀ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ ਕਿ ਥੇਹ ਉਪਰਲੇ ਵਸਨੀਕਾਂ ਅਤੇ ਪੰਜਵੀਂ ਪੱਤੀ ਵਾਲੇ ਘਰਾਂ ਨੂੰ ਵੱਧ ਮਾਤਰਾ ਵਿਚ ਪਾਣੀ ਪਹੁੰਚੇ।
ਪਿੰਡ ਦੀ ਪੰਚਾਇਤ ਵਲੋਂ ਸਰਪੰਚ ਚਰਨ ਸਿੰਘ ਧਾਲੀਵਾਲ ਦੀ ਰਹਿਨੁਮਾਈ ਵਿਚ ਤਿੰਨ ਮੱਛੀ ਮੋਟਰਾਂ ਵਿਸ਼ਨੂੰ ਭਗਵਾਨ ਜੀ ਦੇ ਮੰਦਰ, ਬਾਬਾ ਬਾਲਮੀਕ ਜੀ ਦੇ ਮੰਦਰ ਅਤੇ ਪੰਜਵੀਂ ਪੱਤੀ ਵਿਚ ਲਗਵਾਈਆਂ ਗਈਆਂ। ਦਾਨੀ ਸੱਜਣ ਮੇਜਰ ਸਿੰਘ ਧਾਲੀਵਾਲ ਵਲੋਂ ਪਿੰਡ ਵਿਚ ਦੋ ਮੱਛੀ ਮੋਟਰਾਂ ਦੀ ਸੇਵਾ ਕੀਤੀ ਗਈ ਅਤੇ ਇਟਾਲੀ ਵਾਸੀ ਅਮਨਦੀਪ ਸਿੰਘ ਵਲੋਂ ਵੀ ਇਕ ਮੱਛੀ ਮੋਟਰ ਲਗਵਾਈ ਗਈ। ਪਿੰਡ ਦੇ ਹਾਈ ਸਕੂਲ ਵਿਚ ਜਨੇਰ ਨਾਲ ਸਬੰਧਤ ਨੈਸਲੇ ਇੰਡੀਆ, ਮੋਗਾ ਦੇ ਮੁਲਾਜ਼ਮਾਂ ਵਲੋਂ ਇਕ ਮੱਛੀ ਮੋਟਰ ਦਾ ਯੋਗਦਾਨ ਪਾਇਆ ਗਿਆ।
ਆਰ ਓ ਸਿਸਟਮ ਜਨੇਰ (R.O. System Janer)
ਇਨ੍ਹਾਂ ਦਿਨਾਂ ਵਿਚ ਭਾਰਤ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਲਈ ਪੀਣ ਵਾਸਤੇ ਸ਼ੁਧ ਪਾਣੀ ਮੁਹਈਆ ਕਰਵਾਉਣ ਨੇ ਆਰ.ਓ. ਸਿਸਟਮ ਦੀ ਸਕੀਮ ਸ਼ੁਰੂ ਕੀਤੀ ਹੋਈ ਹੈ। ਜਿਸ ਰਾਹੀਂ ਪਿੰਡ ਵਾਸੀਆਂ ਨੂੰ ਬਹੁਤ ਵਾਜਬ ਰੇਟਾਂ ‘ਤੇ ਪੀਣ ਵਾਲਾ ਸ਼ੁਧ ਪਾਣੀ ਉਪਲਬਧ ਕਰਵਾਇਆ ਜਾਂਦਾ ਹੈ। ਜਨੇਰ ਵਿਚ ਆਰ.ਓ. ਸਿਸਟਮ ਨਾਲ ਲੋੜਵੰਦਾਂ ਨੂੰ ਪੀਣ ਵਾਲੇ ਸ਼ੁਧ ਪਾਣੀ ਵਾਲਾ ਪਲਾਂਟ ਮਾਰਚ 2012 ਵਿਚ ਪੰਚਾਇਤ ਘਰ ਦੇ ਨੇੜੇ ਪਿੰਡ ਦੀ ਸਾਂਝੀ ਜ਼ਮੀਨ ਵਿਚ ਲਗਾਇਆ ਗਿਆ। ਸਰਕਾਰ ਨੇ ਤਾਂ ਸਮੇਂ ਦੀ ਲੋੜ ਅਨੁਸਾਰ ਸ਼ੁਧ ਪਾਣੀ ਵਾਲੀ ਮੁਢਲੀ ਜ਼ਰੂਰਤ ਦੀ ਸਮੱਸਿਆ ਇਕ ਵਾਰ ਹੱਲ ਕਰ ਦਿੱਤੀ ਹੈ, ਇਸ਼ ਦੀ ਕਾਮਯਾਬੀ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਸਿਹਤ ਸਹੂਲਤਾਂ
1 ਪਿੰਡ ਜਨੇਰ ਬੇਸ਼ਕ ਮੋਗਾ ਤੋਂ ਅੰਮ੍ਰਿਤਸਰ ਵਾਲੀ ਜੀ.ਟੀ. ਰੋਡ ਉਪਰ ਸਥਿਤ ਹੈ। ਆਵਾਜਾਈ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਸਾਧਨ ਵੀ ਮੌਜੂਦ ਹਨ ਪਰੰਤੂ ਸ਼ੁਰੂ ਤੋਂ ਲੈ ਕੇ ਅੱਜ ਤਕ ਪਿੰਡ ਵਾਸੀ ਸਰਕਾਰੀ ਸਿਹਤ ਸਹੂਲਤਾਂ ਤੋਂ ਵਾਂਝੇ ਹੀ ਰਹੇ ਹਨ ਜਦੋਂ ਕਿ ਘਟ ਆਬਾਦੀ ਵਾਲੇ ਅਤੇ ਆਵਾਜਾਈ ਸਾਧਨਾਂ ਪੱਖੋਂ ਅਧੂਰੇ ਪਿੰਡਾਂ ਵਿਚ ਸਿਹਤ ਮਹਿਕਮੇ ਵਲੋਂ ਸਰਕਾਰੀ ਡਿਸਪੈਂਸਰੀਆਂ ਅਤੇ ਛੋਟੇ ਹਸਪਤਾਲ ਖੋਲ੍ਹੇ ਜਾ ਚੁੱਕੇ ਹਨ। ਪਿੰਡ ਵਾਸੀਆਂ ਨੂੰ ਦਵਾਈ ਬੂਟੀ ਲਈ ਹੁਣ ਤਕ ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਰਹਿਮੋ-ਕਰਮ ਦਾ ਸਹਾਰਾ ਹੀ ਲੈਣਾ ਪੈ ਰਿਹਾ ਹੈ। ਬੇਸ਼ਕ ਮੋਗਾ ਸ਼ਹਿਰ ਪਿੰਡ ਤੋਂ ਬਹੁਤੀ ਦੂਰ ਨਹੀਂ ਹੈ ਅਤੇ ਉਥੇ ਹਰ ਇਕ ਬਿਮਾਰੀ ਦੇ ਵਧੀਆ ਡਾਕਟਰ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਭਰਮਾਰ ਹੈ ਪਰੰਤੂ ਮਹਿੰਗਾਈ ਦੇ ਇਸ ਯੁਗ ਵਿਚ ਪ੍ਰਾਈਵੇਟ ਡਾਕਟਰਾਂ ਦੀਆਂ ਮੂੰਹ-ਮੰਗੀਆਂ ਫੀਸਾਂ ਆਮ ਆਦਮੀ ਅਤੇ ਮਜ਼ਦੂਰੀ ਕਰ ਕੇ ਪਰਿਵਾਰ ਦਾ ਢਿੱਡ ਭਰਨ ਵਾਲਿਆਂ ਦੀ ਪਹੁੰਚ ਤੋਂ ਬਾਹਰ ਹਨ।
ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਵਲੋਂ ਬੇਸਕ ਉਨੀ ਸੌ ਨੱਬੇਵਿਆਂ ਦੇ ਸ਼ੁਰ ਵਿਚ ਆਯੁਰਵੈਦਿਕ ਦਵਾਈਆਂ ਦੀ ਡਿਸਪੈਂਸਰੀ ਪਿੰਡ ਦੇ ਪੁਰਾਣੇ ਕੋਆਪ੍ਰੇਟਿਵ ਸਟੋਰ * ਵਿਚ ਖੋਲ੍ਹੀ ਗਈ ਪਰੰਤੂ ਉਸ ਨੂੰ ਕੋਈ ਖ਼ਾਸ ਕਾਮਯਾਬੀ ਹਾਸਲ ਨਾ ਹੋ ਸਕੀ। ਜਿਸ ਦਾ ਮੁਖ ਕਾਰਨ ਲੋਕਾਂ ਦਾ ਅੰਗਰੇਜ਼ੀ ਦਵਾਈਆਂ ਵਿਚ ਵਧ ਪਰੰਤੂ ਦੇਸੀ ਦਵਾਈਆਂ ਵਿਚ ਘਟ ਵਿਸ਼ਵਾਸ ਰਖਣਾ ਹੈ। ਉਨ੍ਹਾਂ ਦੀ ਤਰਕ ਹੈ ਕਿ ਦੇਸੀ ਦਵਾਈਆਂ ਨਾਲੋਂ ਅੰਗਰੇਜ਼ੀ ਦਵਾਈਆਂ ਨਾਲ ਬਿਮਾਰੀ ਤੋਂ ਜਲਦੀ ਰਾਹਤ ਮਿਲਦੀ ਹੈ। ਪਿੰਡ ਵਿਚ ਕਈ ਆਰ.ਐਮ.ਪੀ. ਡਾਕਟਰ ਆਏ ਤੇ ਚਲੇ ਗਏ ਪਰੰਤੂ ਡਾਕਟਰ ਅਜੀਤ ਸਿੰਘ ਅਤੇ ਡਾਕਟਰ ਅਮਰਜੀਤ ਸਿੰਘ ਲੰਮੇ ਸਮੇਂ ਤੋਂ ਪਿੰਡ ਵਾਸੀਆਂ ਦੀ ਆਪਣੀ ਸਮਰਥਾ ਅਨੁਸਾਰ ਦਵਾਈਆਂ ਨਾਲ ਸੇਵਾ ਕਰ ਰਹੇ ਹਨ।
ਪਸ਼ੂਆਂ ਦਾ ਹਸਪਤਾਲ (ਸਰਕਾਰੀ ਵੈਟਨਰੀ ਡਿਸਪੈਂਸਰੀ)
1978 ਈਸਵੀ ਸਮੇਂ ਪਿੰਡ ਵਿਚ ਪਸ਼ੂਆਂ ਦੀਆਂ ਬਿਮਾਰੀਆਂ ਦੇ ਯੋਗ ਇਲਾਜ ਵਾਸਤੇ ਸਰਕਾਰੀ ਹਸਪਤਾਲ (ਵੈਟੇਨਰੀ ਡਿਸਪੈਂਸਰੀ) ਮਨਜ਼ੂਰ ਹੋ ਗਿਆ ਪਰੰਤੂ ਪਸ਼ੂ ਪਾਲਣ ਵਿਭਾਗ ਨੇ ਇਹ ਸ਼ਰਤ ਵੀ ਰੱਖ ਦਿੱਤੀ ਕਿ ਇਹ ਹਸਪਤਾਲ ਮੋਗਾ-ਅੰਮ੍ਰਿਤਸਰ ਜੀ.ਟੀ. ਰੋਡ ‘ਤੇ ਬਣੇ ਤਾਂ ਕਿ ਨਜ਼ਦੀਕੀ ਪਿੰਡ ਵੀ ਇਸ ਸਰਕਾਰੀ ਸਹੂਲਤ ਦਾ ਲਾਭ ਲੈ ਸਕਣ। ਵਿਭਾਗ ਦੇ ਕਰਮਚਾਰੀਆਂ ਦੀ ਵੀ ਇਸ ਵਿਚ ਨਿੱਜੀ ਦਿਲਚਸਪੀ ਸੀ ਕਿ ਆਵਾਜਾਈ ਪੱਖੋਂ ਮੇਨ ਸੜਕ ਉਨ੍ਹਾਂ ਲਈ ਢੁਕਵੀਂ ਜਗ੍ਹਾ ਸੀ। ਪਿੰਡ ਵਾਸੀਆਂ ਲਈ ਨਵੀਂ ਮੁਸ਼ਕਲ ਖੜੀ ਹੋ ਗਈ ਕਿਉਂਕਿ ਜੀ.ਟੀ. ਰੋਡ ‘ਤੇ ਸਾਂਝੇ ਕੰਮ ਲਈ ਕੋਈ ਆਪਣੀ ਜ਼ਮੀਨ ਕਿਸੇ ਕੀਮਤ ਦੇਣ ਵਾਸਤੇ ਤਿਆਰ ਨਹੀਂ ਸੀ। ਆਖ਼ਰਕਾਰ ਸੇਖੋਂ ਪੱਤੀ ਵਾਲਾ ਕਰਤਾਰ ਸਿੰਘ ਸੇਖੋਂ ਇਸ ਪਸ਼ੂ ਭਲਾਈ ਕੰਮ ਲਈ ਅੱਗੇ ਆਇਆ ਅਤੇ ਉਸ ਨੇ ਸੜਕ ਉਪਰ ਲਗਦੀ ਆਪਣੀ ਕੀਮਤੀ ਜ਼ਮੀਨ ਵਿਚ ਹਸਪਤਾਲ ਨੂੰ ਲੋੜੀਂਦੀ ਜਗ੍ਹਾ ਦਾਨ ਕਰ ਦਿੱਤੀ। ਪਿੰਡ ਦੀ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗ ਦੇ ਆਪਸੀ ਮਿਲਵਰਤਨ ਕਾਰਨ ਥੋੜ੍ਹੇ ਸਮੇਂ ਵਿਚ ਹੀ ਇਹ ਹਸਪਤਾਲ ਤਿਆਰ ਹੋ ਗਿਆ। ਹਸਪਤਾਲ ਦੀ ਦੁਬਾਰਾ ਮੁਰੰਮਤ ਸਮੇਂ ਦੀ ਫ਼ੋਟੋ ਇਸ ਪੁਸਤਕ ਵਿਚ ਸ਼ਾਮਿਲ ਕੀਤੀ ਗਈ ਹੈ।
ਪੇਂਡੂ ਸੰਨ੍ਹਅਤ
ਇਨਸਾਨ ਦੀਆਂ ਨਿੱਤ ਪ੍ਰਤੀ ਜ਼ਰੂਰਤਾਂ ਦੀ ਪੂਰਤੀ ਲਈ ਪਿੰਡਾਂ ਵਿਚ ਕਿਸੇ ਸਮੇਂ ਚਾਕੂ ਜਾਂ ਛੁਰੀ ਦੀ ਧਾਰ ਬਨਾਉਣ ਤੋਂ ਲੈ ਕੇ ਵਰਤਮਾਨ ਸਮੇਂ ਬਿਜਲੀ ਦੀਆਂ ਮੋਟਰਾਂ ਦੀ ਮੁਰੰਮਤ ਤਕ ਕਿਸੇ ਨਾ ਕਿਸੇ ਰੂਪ ਵਿਚ ਪੇਂਡੂ ਸੰਨ੍ਹਅਤ ਹੋਂਦ ਵਿਚ ਰਹੀ ਹੈ। ਪਿੰਡ ਜਨੇਰ ਦੀ ਸੰਨ੍ਹਅਤ ਦਾ ਇਤਿਹਾਸ ਆਮ ਪਿੰਡ ਨਾਲੋਂ ਵੱਖਰਾ ਹੈ ਕਿਉਂਕਿ ਰਮਾਇਣ ਕਾਲ, ਮਹਾਂਭਾਰਤ ਕਾਲ, ਗੁਪਤ ਕਾਲ ਅਤੇ ਰਾਜਪੂਤ ਕਾਲ ਸਮੇਂ ਜਨੇਰ ਇਕ ਰਾਜਧਾਨੀ, ਸੰਨ੍ਹਅਤੀ ਸ਼ਹਿਰ ਅਤੇ ਸਭਿਅਤਾ ਦੇ ਕੇਂਦਰ ਵਜੋਂ ਵਿਚਰ ਚੁੱਕਾ ਹੈ। ਸਿਰਫ਼ ਮੁਗ਼ਲ ਕਾਲ, ਸਿੱਖ ਰਾਜ, ਅੰਗਰੇਜ਼ੀ ਰਾਜ ਅਤੇ ਆਜ਼ਾਦ ਭਾਰਤ ਦੇ ਅਜੋਕੇ ਸਮੇਂ ਵਿਚ ਹੀ ਇਸ ਨੂੰ ਪਿੰਡ ਦਾ ਦਰਜਾ ਦੇ ਸਕਦੇ ਹਾਂ। ਸਮੇਂ ਦੀ ਚਾਲ ਨਾਲ ਪੇਂਡੂ ਸੰਨ੍ਹਅਤ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ਅੱਜ ਤੋਂ 50-60 ਸਾਲ ਪਹਿਲਾਂ ਦੀਆਂ ਲੋੜਾਂ ਦੀ ਸੰਨ੍ਹਅਤ ਅਤੇ ਵਰਤਮਾਨ ਸਮੇਂ ਦੀਆਂ ਲੋੜਾਂ ਦੀ ਪੂਰਤੀ ਵਾਲੀ ਸੰਨ੍ਹਅਤ।
ਮਕਾਨ ਉਸਾਰੀ ਦਾ ਕੰਮ
ਕੁੱਲੀ, ਗੁੱਲੀ ਅਤੇ ਜੁੱਲੀ ਆਦਿ ਸਮੇਂ ਤੋਂ ਹੀ ਮਨੁੱਖ ਦੀਆਂ ਮੁਢਲੀਆਂ ਜ਼ਰੂਰਤਾਂ ਰਹੀਆਂ ਹਨ ਅਤੇ ਅੱਜ ਵੀ ਹਨ। ਕੁੱਲੀ ਜਾਂ ਰਹਿਣ ਬਸੇਰੇ ਦਾ ਮੂੰਹ-ਮੁਹਾਂਦਰਾ ਵੀ ਇਨਸਾਨ ਦੀਆਂ ਜ਼ਰੂਰਤਾਂ ਅਨੁਸਾਰ ਬਦਲਦਾ ਰਿਹਾ ਅਤੇ ਅੱਜ ਵੀ ਬਦਲ ਰਿਹਾ ਹੈ। ਆਮ ਪਿੰਡਾਂ ਵਾਂਗ ਜਨੇਰ ਵਿਚ ਵੀ ਘਾਹ-ਫੂਸ ਦੀਆਂ ਕੁਲੀਆਂ ਤੋਂ ਬਾਅਦ ਕੱਚੇ ਅਤੇ ਬਾਅਦ ਵਿਚ ਪੱਕੇ ਮਕਾਨ ਹੋਂਦ ਵਿਚ ਆਏ। ਪਿੰਡ ਦੇ ਲੁਹਾਰ ਅਤੇ ਰਾਮਗੜ੍ਹੀਆ ਮਿਸਤਰੀ ਦੂਰ-ਦੂਰ ਤਕ ਮਸ਼ਹੂਰ ਸਨ। ਪਾਕਿਸਤਾਨ ਬਣਨ ਤੋਂ ਪਹਿਲਾਂ ਪਿੰਡ ਵਿਚ ਕੁਝ ਮੁਸਲਮਾਨ ਰਾਜ ਮਿਸਤਰੀਆਂ ਦਾ ਆਮ ਤੌਰ ‘ਤੇ ਲੱਕੜੀ ਦੇ ਮਹੀਨ ਕਾਰੀਗਰ ਮਿਸਤਰੀਆਂ ਦਾ ਵਿਸ਼ੇਸ਼ ਤੌਰ ‘ਤੇ ਵਰਨਣ ਮਿਲਦਾ ਹੈ। 1947 ਤੋਂ ਬਾਅਦ ਲੋਕਾਂ ਵਿਚ ਮਕਾਨ ਉਸਾਰੀ ਦਾ ਰੁਝਾਨ ਵਧਣ ਉਪਰੰਤ ਪਿੰਡ ਵਿਚ ਰਾਜਗਿਰੀ ਅਤੇ ਲਕੜੀ ਦੇ ਕੰਮ ਵਾਲੇ ਬਹੁਤ ਸਾਰੇ ਉਚ ਕੋਟੀ ਦੇ ਮਿਸਤਰੀਆਂ ਨੇ ਇਨ੍ਹਾਂ ਖੇਤਰਾਂ ਵਿਚ ਪ੍ਰਤਿਭਾ ਹਾਸਲ ਕਰਕੇ ਨਾਮਣਾ ਖੱਟਿਆ। ਮੌਜੂਦਾ ਠੇਕੇਦਾਰੀ ਦੇ ਯੁਗ ਵਿਚ ਪਿੰਡ ਦੇ ਲੁਹਾਰ ਅਤੇ ਤਰਖਾਣ ਭਾਈਚਾਰੇ ਤੋਂ ਬਿਨਾਂ ਪੰਜਵੀਂ ਪੱਤੀ ਦੇ ਦਲਿਤ ਭਾਈਚਾਰੇ ਵਿਚੋਂ ਵੀ ਮਕਾਨ ਉਸਾਰੀ ਅਤੇ ਲੱਕੜੀ ਦੇ ਕੰਮ ਵਾਲੇ ਠੇਕੇਦਾਰ ਹੋਂਦ ਵਿਚ ਆਏ।
ਲੁਹਾਰੇ ਤਰਖਾਣੇ ਕੰਮ ਦੀ ਸੰਨ੍ਹਅਤ
ਲੁਹਾਰਾ ਤਰਖਾਣਾ ਕੰਮ ਕਰਨ ਦੀ ਸੰਨ੍ਹਅਤ ਨੂੰ ਜੇਕਰ ਆਮ ਵਰਕਸ਼ਾਪ (General Workshop) ਦਾ ਨਾਮ ਦੇ ਦੇਈਏ ਤਾਂ ਸਮੇਂ ਦੀ ਚਾਲ ਅਨੁਸਾਰ ਇਹ ਜ਼ਿਆਦਾ ਢੁਕਵਾਂ ਹੋਵੇਗਾ। ਇਸ ਕੰਮ ਵਿਚ ਲੱਗਿਆ ਮਿਸਤਰੀ ਕਿੱਤਾ ਅਤੇ ਜ਼ਾਤੀ ਮੁਖੀ ਹੁੰਦਾ ਸੀ। ਖੇਤੀਬਾੜੀ ਦੇ ਸਬੰਧ ਵਿਚ ਉਸ ਦਾ ਕੰਮ, ਹਲ, ਸੁਹਾਗੇ, ਪੰਜਾਲੀਆਂ, ਰੰਬੇ, ਦਾਤਰੀਆਂ, ਕਹੀਆਂ, ਗਹਾਈ ਵਾਲੇ ਸੰਦ, ਕੁਤਰਾ ਮਸ਼ੀਨ, ਹਲਟਾਂ ਦੀ ਮੁਰੰਮਤ ਅਤੇ ਹੋਰ ਛੋਟੇ-ਮੋਟੇ ਖੇਤੀ ਸੰਦ ਦੀ ਮੁਰੰਮਤ ਦਾ ਹੁੰਦਾ ਸੀ। ਘਰੇਲੂ ਕੰਮਾਂ ਵਿਚ ਮੰਜੇ, ਪੀੜ੍ਹੀਆਂ, ਰਸੋਈ ਦੇ ਔਜ਼ਾਰ ਅਤੇ ਘਰ ਦੀ ਛੋਟੀ-ਮੋਟੀ ਮੁਰੰਮਤ ਨਾਲ ਜੁੜਿਆ ਲੁਹਾਰਾ ਤਰਖਾਣਾ ਕੰਮ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਕੁਝ ਮੁਸਲਮਾਨ ਲੁਹਾਰ ਅਤੇ ਤਰਖਾਣ ਵੀ ਇਸ ਕੰਮ ਨਾਲ ਜੁੜੇ ਹੋਏ ਸਨ ਪਰੰਤੂ ਬਾਅਦ ਵਿਚ ਲੁਹਾਰਾ ਤਰਖਾਣਾ ਕੰਮ ਪਿੰਡ ਦੇ ਮਿਸਤਰੀ ਚਰਨ ਸਿੰਘ ਚਾਨਾ, ਬਲਵੀਰ ਸਿੰਘ ਚਾਨਾ, ਜੰਗੀਰ ਸਿੰਘ ਚਾਨਾ, ਗੁਰਦੇਵ ਸਿੰਘ ਅਤੇ ਪੂਰਨ ਸਿੰਘ ਚਾਨਾ ਲੰਮੇਂ ਸਮੇਂ ਤਕ ਕਰਦੇ ਰਹੇ। ਸਮੇਂ ਦੀ ਚਾਲ ਨਾਲ ਹਲ, ਪੰਜਾਲੀਆਂ ਅਤੇ ਖੂਹਾਂ ਆਦਿ ਦਾ ਕੰਮ ਘਟ ਕੇ ਖੇਤੀ ਦੇ ਮੌਜੂਦਾ ਸੰਦਾਂ ਅਤੇ ਪਾਣੀ ਕੱਢਣ ਦੇ ਨਵੇਂ ਸਾਧਨਾਂ ਨਾਲ ਜੁੜ ਗਿਆ। ਹੁਣ ਤਾਂ ਇਹ ਲਗਪਗ ਅਲੋਪ ਹੀ ਹੋ ਗਿਆ ਹੈ।
ਆਟਾ ਦਾਣਾ ਪੀਹਣ ਦੀ ਸੰਨ੍ਹਅਤ
ਪਾਣੀ ਤੋਂ ਬਾਅਦ ਧਰਤੀ ਦੇ ਜੀਵਾਂ ਦੀ ਦੂਜੀ ਮੁਢਲੀ ਲੋੜ ਖਾਧ ਖੁਰਾਕ ਹੈ। ਕਿਸੇ ਸਮੇਂ ਮਨੁੱਖ ਦੀ ਖੁਰਾਕ ਦੇ ਵੱਡੇ ਹਿੱਸੇ ਆਟੇ ਨੂੰ ਹੱਥ ਚੱਕੀਆਂ ਨਾਲ ਦਾਣੇ ਪੀਸ ਕੇ ਤਿਆਰ ਕੀਤਾ ਜਾਂਦਾ ਸੀ। ਪਸ਼ੂਆਂ ਲਈ ਲੋੜੀਂਦਾ ਦਾਣਾ ਆਦਿ ਵੀ ਇਨ੍ਹਾਂ ਹੱਥ ਚੱਕੀਆਂ ਨਾਲ ਹੀ ਪੀਸਿਆ ਜਾਂਦਾ ਸੀ ਪਰੰਤੂ ਆਟਾ ਦਾਣਾ ਪੀਹਣ ਲਈ ਖਰਾਸਾਂ ਦੀ ਆਮਦ ਨਾਲ ਚੱਕੀਆਂ ਖ਼ਤਮ ਹੋ ਗਈਆਂ। ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ ‘ਖਰਾਸ’ ਦੋ ਵੱਡੇ ਪੱਥਰਾਂ ਨੂੰ ਪਸ਼ੂਆਂ ਦੀ ਮਦਦ ਨਾਲ ਘੁਮਾ ਕੇ ਰਗੜ ਨਾਲ ਆਟਾ ਜਾਂ ਦਾਣਾ ਤਿਆਰ ਕਰਨ ਵਾਲੇ ਜੁਗਾੜ ਦਾ ਨਾਮ ਸੀ। ਜਨੇਰ ਵਿਚ ਮਿਸਤਰੀ ਮੰਗਲ ਸਿੰਘ ਚਾਨਾ ਦੇ ਦੋ ਖਰਾਸ ਸਨ। ਉਨ੍ਹਾਂ ਖਰਾਸਾਂ ਵਾਲੀ ਜਗ੍ਹਾ ‘ਤੇ ਹੀ ਉਸ ਦੇ ਪਰਿਵਾਰ ਦੀ ਮੌਜੂਦਾ ਰਹਾਇਸ਼ ਹੈ। ਮਿਸਤਰੀ ਪਾਲੂ ਸਿੰਘ ਚਾਨਾ ਦਾ ਇਕ ਖਰਾਸ ਪਿੰਡ ਵਿਚ ਪੁਰਾਣੇ ਕੋਆਪ੍ਰੇਟਿਵ ਸੁਸਾਇਟੀ ਸਟੋਰ ਦੇ ਨੇੜੇ ਸੀ। ਮਿਸਤਰੀ ਮਹਿੰਗਾ ਸਿੰਘ ਚਾਨਾ ਦਾ ਖਰਾਸ ਉਸ ਦੇ ਘਰ ਸਾਹਮਣੇ ਅਤੇ ਮਿਸਤਰੀ ਬੰਤ ਸਿੰਘ ਗੈਦੂ ਦਾ ਖਰਾਸ ਚੀਮਾ ਪੱਤੀ ਵਿਚ ਸੀ।
ਮਸ਼ੀਨਰੀ ਦੀ ਆਮਦ ਨਾਲ ਆਟਾ ਦਾਣਾ ਪੀਹਣ ਲਈ ਡੀਜ਼ਲ ਇੰਜਨ ਵਾਲੀਆਂ ਚੱਕੀਆਂ ਦਾ ਦੌਰ ਸ਼ੁਰੂ ਹੋ ਗਿਆ। ਪਿੰਡ ਵਿਚ ਡੀਜ਼ਲ ਇੰਜਨ ਚੱਕੀ ਕੂਕਿਆਂ ਦੇ ਮਿਸਤਰੀ ਬਾਬੂ ਸਿੰਘ, ਬਲਵੀਰ ਸਿੰਘ ਹੋਰਾਂ ਲਗਾਈ। ਕੁਝ ਸਮੇਂ ਬਾਅਦ ਮਿਸਤਰੀ ਮੰਗਲ ਸਿੰਘ ਚਾਨਾ ਦੇ ਪੁੱਤਰਾਂ ਬਚਨ ਸਿੰਘ ਅਤੇ ਅਮਰ ਸਿੰਘ ਨੇ ਵੀ ਖਰਾਸਾਂ ਦਾ ਭੋਗ ਪਾ ਕੇ ਡੀਜ਼ਲ ਇੰਜਨ ਦੀ ਚੱਕੀ ਲਗਾਈ। ਬਾਅਦ ਵਿਚ ਇਹ ਚੱਕੀਆਂ ਬਿਜਲੀ ਦੀਆਂ ਮੋਟਰਾਂ ਨਾਲ ਚੱਲਣ ਲੱਗੀਆਂ। ਪੀਰ ਖਾਂ ਪੱਤੀ ਦੇ ਭਾਨ ਸਿੰਘ ਬਰਾੜ ਨੇ ਵੀ ਮੋਟਰ ਨਾਲ ਚੱਲਣ ਵਾਲੀ ਚੱਕੀ ਲਗਾ ਦਿੱਤੀ। ਥੋੜ੍ਹੇ ਸਮੇਂ ਵਿਚ ਹੀ ਇਹ ਆਟਾ ਚੱਕੀਆ ਨਾ ਰਹਿ ਕੇ ਛੋਟੀ ਸੰਨ੍ਹਅਤ ਦਾ ਰੂਪ ਧਾਰਨ ਕਰ ਗਈਆਂ ਜਦੋਂ ਇਨ੍ਹਾਂ ਵੱਡੀਆਂ ਸ਼ਕਤੀਸ਼ਾਲੀ ਮੋਟਰਾਂ ਨਾਲ ਗੁੜ ਬਣਾਉਣ ਵਾਲੇ ਵੇਲਣੇ, ਰੂੰ ਪੇਂਜੇ, ਤੇਲ ਕੱਢਣਵਾਲੇ ਕੋਹੂ, ਕਪਾਹ ਵੇਲਣੀਆਂ ਅਤੇ ਦਾਣੇ ਕੱਢਣ ਵਾਲੀਆਂ ਮਸ਼ੀਨਾਂ ਇਕੋ ਸਮੇਂ ਚੱਲਣ ਲੱਗੀਆਂ। ਅੱਜਕਲ੍ਹ ਮਿਸਤਰੀ ਅਮਰ ਸਿੰਘ ਦੇ ਲੜਕਿਆਂ ਦੀਆਂ ਦੋ ਆਟਾ ਚੱਕੀਆਂ ਅਤੇ ਪੰਜਵੀਂ ਪੱਤੀ ਵਾਲੇ ਜ਼ੋਰਾ ਸਿੰਘ ਦੀ ਆਟਾ ਚੱਕੀ ਕਾਮਯਾਬੀ ਨਾਲ ਚੱਲ ਰਹੀਆਂ ਹਨ। ਰੂੰ ਪਿੰਜਣ ਅਤੇ ਰਜਾਈਆਂ ਵਗੈਰਾ ਭਰਨ ਦਾ ਕੰਮ ਬਸ ਸਟੈਂਡ ‘ਤੇ ਮੁਸਲਮਾਨ ਭਾਈਚਾਰੇ ਦਾ ‘ਖ਼ਾਨ ਪਰਿਵਾਰ’ ਕਰ ਰਿਹਾ ਹੈ। ਆਟਾ ਪੀਹਣ ਦਾ ਕੰਮ ਕਈ ਟਰੈਕਟਰਾਂ ਵਾਲੇ ਵੀ ਘੁੰਮ ਫਿਰ ਕੇ ਕਰ ਰਹੇ ਹਨ।
ਵਰਕਸ਼ਾਪਾਂ
ਖੇਤੀ ਦੇ ਮਸ਼ੀਨੀਕਰਨ, ਬਿਜਲੀ ਕਰਨ ਅਤੇ ਘਰੇਲੂ ਜ਼ਰੂਰਤਾਂ ਲਈ ਮਕੈਨੀਕਲ ਅਤੇ ਬਿਜਲੀ ਉਪਕਰਨਾਂ ਦੀ ਵਰਤੋਂ ਕਾਰਨ ਪਿੰਡ ਵਿਚ ਕਈ ਵਰਕਸ਼ਾਪਾਂ ਸਥਾਪਤ ਹੋਈਆਂ। ਮਿਸਤਰੀ ਅਮਰ ਸਿੰਘ ਚਾਨਾ ਨੇ ਪਿੰਡ ਵਿਚ ਵੈਲਡਿੰਗ ਅਤੇ ਡ੍ਰਿਲਿੰਗ ਦੀ ਪਹਿਲੀ ਵਰਕਸ਼ਾਲ ਖੋਲ੍ਹੀ ਜਦੋਂ ਕਿ ਜੀ.ਟੀ. ਰੋਡ ‘ਤੇ ਬੱਸ ਸਟੈਂਡ ਨੇੜੇ ਰਜੀਵਾਲ ਦੇ ਸਕੰਦਰ ਸਿੰਘ ਚੀਮਾ ਦੀ ਵਰਕਸ਼ਾਪ ਵੀ ਸੀ। ਜਨੇਰ ਦੇ ਮਿਸਤਰੀ ਮੇਜਰ ਸਿੰਘ ਚਾਨਾ ਅਤੇ ਗੁਰਦਿਆਲ ਸਿੰਘ ਸੇਖੋਂ ਦੇ ਲੜਕੇ ਨੇ ਵੀ ਆਪਣੀਆਂ ਵਰਕਸ਼ਾਪਾਂ ਖੋਲ੍ਹੀਆਂ। ਸਮੇਂ-ਸਮੇਂ ਇਨ੍ਹਾਂ ਵਰਕਸ਼ਾਪਾਂ ਦੀ ਮਾਲਕੀ ਵੀ ਬਦਲਦੀ ਰਹੀ। ਬੱਸ ਸਟੈਂਡ ‘ਤੇ ਹੀ ਸਕੂਟਰ-ਮੋਟਰ ਸਾਈਕਲ ਮੁਰੰਮਤ ਦੀ ਦੁਕਾਨ ਅਤੇ ਜੁਗਲ ਕਿਸ਼ੋਰ ਦੀ ਸਾਈਕਲ ਮੁਰੰਮਤ ਦੀ ਦੁਕਾਨ ਵੀ ਕਾਮਯਾਬੀ ਨਾਲ ਚੱਲ ਰਹੀ ਹੈ। ਬਿਜਲੀ ਉਪਕਰਨਾਂ ਦੀ ਮੁਰੰਮਤ ਵਾਲੇ ਕਈ ਮਿਸਤਰੀਆਂ ਨੇ ਦੁਕਾਨਾਂ ਖੋਲ੍ਹੀਆਂ ਪਰੰਤੂ ਪਿੰਡ ਦੇ ਗੈਦੂ ਪਰਿਵਾਰ ਨਾਲ ਸਬੰਧਤ ਚੜ੍ਹਤ ਸਿੰਘ ਨੇ ਬਿਜਲੀ ਮੁਰੰਮਤ ਅਤੇ ਜਨਰੇਟਰਾਂ ਦੇ ਕੰਮ ਵਾਲੀ ਵਰਕਸ਼ਾਪ ਨੂੰ ਹੀ ਕਾਮਯਾਬੀ ਨਸੀਬ ਹੋਈ। ਟਰੈਕਟਰ ਮਕੈਨਿਕੀ ਦੇ ਖੇਤਰ ਵਿਚ ਬਾਵਾ ਪਰਿਵਾਰ ਦੇ ਬੂਟਾ ਸਿੰਘ ਦੀ ਇਕੋ ਇਕ ਵਰਕਸ਼ਾਪ ਹੈ। ਇਸ ਤੋਂ ਬਿਨਾਂ ਪਿੰਡ ਦੇ ਕਈ ਮਕੈਨਿਕ, ਟਰੈਕਟਰਾਂ, ਕਾਰਾਂ, ਜੀਪਾਂ ਅਤੇ ਬਿਜਲੀ ਦੀਆਂ ਵੱਡੀਆਂ ਵਰਕਸ਼ਾਪਾਂ ਵਿਚ ਮੋਗਾ ਅਤੇ ਕੋਟ ਈਸੇ ਖਾਂ ਵਿਖੇ ਕੰਮ ਕਰਦੇ ਹਨ ਉਹ ਵੀ ਵੇਲੇ ਕੁਵੇਲੇ ਵਕਤ ਕੱਢ ਕੇ ਪਿੰਡ ਵਚ ਤਕਨੀਕੀ ਕੰਮ ਕਰ ਲੈਂਦੇ ਹਨ। ਪਿੰਡ ਦੇ ਕਈ ਮਕੈਨਿਕਾਂ ਦੀਆਂ ਮੋਗਾ ਅਤੇ ਕੋਟ ਈਸੇ ਖਾਂ ਵਿਚ ਆਪਣੀਆਂ ਵਰਕਸ਼ਾਪਾਂ ਵੀ ਹਨ।
ਪਿੰਡ ਦੀਆਂ ਧਰਮਸ਼ਾਲਾਵਾਂ
ਧਰਮਸ਼ਾਲਾ ਦੇ ਨਾਮ ਤੋਂ ਹੀ ਜ਼ਾਹਿਰ ਹੋ ਜਾਂਦਾ ਹੈ ਕਿ ਇਹ ਕੋਈ ਧਾਰਮਿਕ ਪਿਛੋਕੜ ਵਾਲੀ ਜਗ੍ਹਾ ਹੋਵੇਗੀ ਅਤੇ ਇਸ ਵਿਚ ਕੋਈ ਸੰਦੇਹ ਵੀ ਨਹੀਂ ਹੈ। ਸਮੇਂ ਦੀਆਂ ਪ੍ਰਸਿਥਤੀਆਂ ਅਨੁਸਾਰ ਧਰਮਸ਼ਾਲਾਵਾਂ ਦੀ ਭੂਮਿਕਾ ਵੀ ਬਦਲਦੀ ਰਹੀ। ਦੇਸ਼ ਦੇ ਕਈ ਹਿੱਸਿਆਂ ਵਿਚ ਹਾਲੀਂ ਵੀ ਇਨ੍ਹਾਂ ਨੂੰ ਯਾਤਰੂਆਂ ਦੀ ਅਸਥਾਈ ਠਹਿਰ ਵਜੋਂ ਵਰਤਿਆ ਜਾਂਦਾ ਹੈ। ਕੁਝ ਸਮੇਂ ਪਹਿਲਾਂ ਤਕ ਪੰਜਾਬ ਦੇ ਕਈ ਪਿੰਡਾਂ ਵਿਚ ਧਰਮਸ਼ਾਲਾ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕੰਧ ਸਾਂਝੀ ਹੋਇਆ ਕਰਦੀ ਸੀ। ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਭਰਮਾਰ ਹੇਠ ਸਿੱਖ ਰਹਿਤ ਮਰਿਯਾਦਾ ਦੀਆਂ ਹੋ ਰਹੀਆਂ ਉਲੰਘਣਾ ਕਾਰਨ ਗੁਰੂ ਘਰਾਂ ਨੂੰ ਧਰਮਸ਼ਾਲਾਵਾਂ ਤੋਂ ਦੂਰ ਕਰ ਲਿਆ ਗਿਆ ਅਤੇ ਇਹ ਜੰਞ ਘਰ ਦਾ ਰੂਪ ਧਾਰਨ ਕਰਕੇ ਹੀ ਹਹਿ ਗਈਆਂ। ਮੈਰਿਜ਼ ਪੈਲੇਸਾਂ ਵਿਚ ਵਿਆਹ ਸ਼ਾਦੀਆਂ ਦੇ ਰੁਝਾਨ ਨੇ ਧਰਮਸ਼ਾਲਾ ਪਾਸੋਂ ਜੰਞ ਘਰ ਦਾ ਰੁਤਬਾ ਵੀ ਕਾਫੀ ਹੱਦ ਤਕ ਖੋਹ ਲਿਆ। ਇਸ ਦੇ ਬਾਵਜੂਦ ਪੰਚਾਇਤੀ ਇਕੱਠ ਸ਼ੋਕ ਸਭਾਵਾਂ, ਰਾਜਸੀ ਨੇਤਾਗਨਾਂ ਦੇ ਇਕੱਠਾਂ ਅਤੇ ਗਾਇਕੀ ਅਖਾੜਿਆਂ ਵਜੋਂ ਇਨ੍ਹਾਂ ਦੀ ਵਰਤੋਂ ਜਾਰੀ ਹੈ।
ਜਨੇਰ ਵਾਸੀਆਂ ਦਾ ਸਮਾਜਿਕ, ਸਭਿਆਚਾਰਕ, ਇਤਿਹਾਸਕ, ਮਨੋਰੰਜਕ
ਅਤੇ ਵਿਦਿਅਕ ਪਿਛੋਕੜ ਪਿੰਡ ਦੀਆਂ ਧਰਮਸ਼ਾਲਾਵਾਂ ਨਾਲ ਜੁੜਿਆ ਹੋਣ ਕਰਕੇ ਇਨ੍ਹਾਂ ਬਾਰੇ ਕੁਝ ਲਿਖਣਾ ਵੀ ਜ਼ਰੂਰੀ ਹੈ।
ਸਿੱਧੂ-ਪੀਰ ਖਾਂ ਪੱਤੀ ਦੀ ਧਰਮਸ਼ਾਲਾ
ਇਹ ਧਰਮਸ਼ਾਲਾ ਪਿੰਡ ਵਿਚ ਸਭ ਤੋਂ ਪੁਰਾਣੀ ਹੈ। ਕਿਸੇ ਸਮੇਂ ਇਸਦਾ ਨਾਮ ‘ਸਿੱਧੂ ਪੱਤੀ ਦੀ ਧਰਮਸ਼ਾਲਾ’ ਸੀ। ਪੀਰ ਖਾਂ ਪੱਤੀ ਵਿਚੋਂ ਮੁਸਲਮਾਨ ਭਾਈਚਾਰੇ ਦੇ ਪਾਕਿਸਤਾਨ ਪਲਾਇਨ ਕਰ ਜਾਣ ਉਪਰੰਤ ਉਨ੍ਹਾਂ ਦੇ ਜਗ੍ਹਾ ਪਾਕਿਸਤਾਨ ਵਿਚੋਂ ਆਏ ਜੱਟ ਸਿੱਖ ਅਤੇ ਕੁਝ ਹੋਰ ਜਾਤੀਆਂ ਦੇ ਪੀਰ ਖਾਂ ਪੱਤੀ ਵਿਚ ਵਸ ਜਾਣ ਪਿਛੋਂ ਉਨ੍ਹਾਂ ਵਲੋਂ ਇਸ ਧਰਮਸ਼ਾਲਾ ਦੀ ਮੁਰੰਮਤ ਸਮੇਂ ਮਾਇਆ ਦੇ ਰੂਪ ਵਿਚ ਬਣਦਾ ਯੋਗਦਾਨ ਪਾਉਣ ਉਪਰੰਤ ਇਸ ਦਾ ਨਾਮ ‘ਪੀਰ ਖਾਂ-ਸਿੱਧੂ ਪੱਤੀ ਦੀ ਧਰਮਸ਼ਾਲਾ’ ਪੈ ਗਿਆ। ਕੋਈ ਸਮਾਂ ਸੀ ਜਦੋਂ ਸਵੇਰੇ ਸ਼ਾਮ ਵੱਡੀ ਗਿਣਤੀ ਵਿਚ ਇਥੇ ਬੱਚੇ ਖੇਡਣ ਕੁਦਣ ਨਾਲ ਆਪਣਾ ਦਿਲ ਪ੍ਰਚਾਵਾ ਕਰਦੇ ਸਨ। ਬਜ਼ੁਰਗ ਗਰਮੀਆਂ ਸਮੇਂ ਖੁਲ੍ਹੀ ਹਵਾ ‘ਚ ਵਰਾਂਡੇ ਵਿਚ ਦੁਪਹਿਰ ਕੱਟਣ ਅਤੇ ਸਰਦੀਆਂ ਵਿਚ ਇਸ ਦੇ ਖੁਲ੍ਹੇ ਅਤੇ ਸਾਫ਼ ਸੁਥਰੇ ਵਿਹੜੇ ਵਿਚ ਧੁੱਪ ਦਾ ਆਨੰਦ ਮਾਨਣ ਵਿਚ ਮਾਣ ਮਹਿਸੂਸ ਕਰਦੇ ਸਨ ਪਰੰਤੂ ਵਰਤਮਾਨ ਸਮੇਂ ਬੱਚਿਆਂ ਲਈ ਘਰ ਵਿਚ ਉਪਲਬਧ ਸਹੂਲਤਾਂ, ਪੜ੍ਹਾਈ ਦਾ ਲੋੜੋਂ ਵਧ ਦਬਾਅ ਅਤੇ ਵਢਾਰੂਆਂ ਦੀ ਤੰਗਦਿਲੀ ਮਨੁੱਖੀ ਸੋਚ ਦੇ ਮੱਦੇਨਜ਼ਰ ਪਹਿਲਾਂ ਵਾਲੀਆਂ ਰੌਣਕਾਂ ਕਿਧਰੇ ਗਾਇਬ ਹੋ ਗਈਆਂ। ਹੁਣ ਤਾਂ ਵਰਤਮਾਨ ਸਮੇਂ ਦੀਆਂ ਧਰਮਸ਼ਾਲਾਵਾਂ ਵਾਂਗ ਇਸ ਪਾਸੋਂ ਜੰਞ ਘਰ ਦਾ ਰੁਤਬਾ ਵੀ ਖੁਸ ਗਿਆ ਜਾਪਦਾ ਹੈ। ਹਰ ਕੋਈ ਆਪਣੇ ਲੜਕੇ, ਲੜਕੀ ਦਾ ਵਿਆਹ ਸਮਾਜਿਕ ਸ਼ਿਸ਼ਟਾਚਾਰ, ਸਭਿਅਤਾ, ਭਾਈਚਾਰਕ ਸਾਂਝ, ਅਤੇ ਮਾਨਵੀ ਪਿਆਰ ਤੋਂ ਸੱਖਣੇ ਮੈਰਿਜ਼ ਪੈਲੇਸਾਂ ਵਿਚ ਹੀ ਕਰਨ ਨੂੰ ਆਪਣੀ ਸ਼ਾਨ ਸਮਝਦਾ ਹੈ।
ਜਾਂਞੀਆਂ ਦਾ ਧਰਮਸ਼ਾਲਾ ਦੇ ਵਿਹੜੇ ਅਤੇ ਵਰਾਂਡੇ ਵਿਚ ਸਾਫ਼ ਸੁਥਰੇ ਬਿਸਤਰਿਆਂ ਵਾਲੇ ਮੰਜਿਆਂ ‘ਤੇ ਬੈਠਣਾ, ਪਿੰਡ ਦੇ ਰਾਜੇ (ਨਾਈ) ਦਾ ਵੱਡੇ ਕੜਾਹੇ ਵਿਚ ਉਨ੍ਹਾਂ ਦੇ ਨਹਾਉਣ ਲਈ ਪਾਣੀ ਗਰਮ ਕਰਨਾ, ਪਿੰਡ ਵਾਸੀਆਂ ਵਲੋ ਆਪਣੀਆਂ ਲਿਹਾਜ਼ਾਂ, ਰਿਸ਼ਤੇਦਾਰੀਆਂ ਅਤੇ ਮੂੰਹ ਮੁਲਾਜ਼ੇ ਕੱਢਣ ਜਾਂਞੀਆਂ ਪਾਸ ਜਾਣ ਦਾ ਸਭਿਆਚਾਰ ਤਾਂ ਪਤਾ ਨਹੀਂ ਕਿਧਰ ਅਲੋਪ ਹੋ ਗਿਆ। ਧਰਮਸ਼ਾਲਾ ਦੀ ਛੱਤ ਉਪਰ ਦੋ ਮੰਜੇ ਜੋੜ ਕੇ ਉਚੀ ਆਵਾਜ਼ ਵਾਲੇ ਸਪੀਕਰ ਤਾਂ ਮਾਨੋ ਪੁਰਾਤਨ ਸਮੇਂ ਦੀ ਸਭਿਅਤਾ ਹੀ ਹੋ ਗੁਜ਼ਰੀ। ਕਿਸੇ ਜਾਂਞੀ ਵਲੋਂ ਘਰ ਦੀ ਕੱਢੀ ਦੋ ਛਿੱਟਾਂ ਵਧ ਪੀ ਕੇ ਖਿਲਰ ਜਾਣ ਅਤੇ ਕਿਸੇ ਬਜ਼ੁਰਗ ਜਾਂਞੀ ਵਲੋਂ ਉਸ ਨੂੰ ਘੂਰ ਘਪ ਕਰਨ ਦੇ ਦ੍ਰਿਸ਼ ਤਾਂ ਸ਼ਾਇਦ ਕਦੀ
ਸੁਪਨਿਆਂ ਵਿਚ ਵੀ ਦੇਖਣ ਨੂੰ ਨਾ ਮਿਲਣ।
ਚੀਮਾ ਪੱਤੀ ਦੀ ਧਰਮਸ਼ਾਲਾ
ਚੀਮਾ ਪੱਤੀ ਦੀ ਧਰਮਸ਼ਾਲਾ ਬੇਸ਼ਕ ਥੋੜ੍ਹੀ ਜਿਹੀ ਜਗ੍ਹਾ ਵਿਚ ਹੀ ਬਣਾਈ ਗਈ ਸੀ ਪਰੰਤੂ ਖੁਲ੍ਹੇ ਚੌਕ ਅਤੇ ਸੰਘਣੀ ਵਸੋਂ ਵਾਲੇ ਘਰਾਂ ਵਿਚ ਹੋਣ ਕਰਕੇ ਇਥੇ ਹਰ ਸਮੇਂ ਕਿਸੇ ਨਾ ਕਿਸੇ ਰੂਪ ਵਿਚ ਰੌਣਕਾਂ ਲੱਗੀਆਂ ਰਹਿੰਦੀਆਂ। ਇਸ ਦੀ ਕੰਧ ਦੇ ਨਾਲ ਲਗਦੀ ਪਾਣੀ ਵਾਲੀ ਖੂਹੀ ਅਤੇ ਉਸ ਉਪਰ ਬਣਿਆ ਹੋਇਆ ਪੱਕਾ ਚੌਂਤਰਾ ਧਰਮਸ਼ਾਲਾ ਦੀ ਖੂਬਸੂਰਤੀ ਨੂੰ ਹੋਰ ਵੀ ਵਾਧਾ ਹੋ ਗਿਆ। ਢੱਡ, ਸਾਰੰਗੀ ਨਾਲ ਗਾਉਣ ਵਾਲਾ ਗਾਇਕ ਜਦੋਂ ਚਿੱਟੇ ਕੁੜਤੇ, ਚਾਦਰੇ ਨਾਲ ਸਿਰਾਂ ਉਪਰ ਸਫ਼ੈਦ ਤੁਰਲੇ ਵਾਲੀਆਂ ਪੱਗਾਂ ਬੰਨ੍ਹ ਉੱਚੀ ਸੁਰ ਵਿਚ ਹੀਰ ਰਾਂਝਾ, ਸੱਸੀ ਪੁਨੂੰ, ਮਿਰਜ਼ਾ ਸਾਹਿਬਾਂ ਅਤੇ ਮੀਰੀਂ ਫਰਿਆਦ ਦੀਆਂ ਪਿਆਰ ਗਥਾਵਾਂ ਦੇ ਗਾਇਨ ਕਰਦੇ ਤਾਂ ਇਕੱਲੀ ਚੀਮਾ ਪੱਤੀ ਹੀ ਨਹੀਂ ਸਗੋਂ ਸਾਰਾ ਜਨੇਰ ਗਾਇਕੀ ਦੇ ਰੰਗ ਵਿਚ ਰੰਗਿਆ ਜਾਂਦਾ। ਕੌਣ ਭੁਲ ਸਕੇਗਾ ਉਨੀ ਸੌ ਪੰਜਾਬੀਆਂ ਦੇ ਅੱਧ ਵਿਚ ਲੱਗੇ, ਕੈਂਠੇ ਵਾਲੇ ਗਾਇਕ ਦਰਸ਼ਨ ਦੇ ਅਖਾੜੇ ਨੂੰ, ਜਿਸ ਨੂੰ ਕਿ ਉਸ ਦੇ ਗਲੇ ਦਾ ਕੈਂਠਾ ਵੀ ਕਿਸੇ ਪਿੰਡ ਵਾਲਿਆਂ ਨੇ ਉਸ ਦੀ ਸਭਿਅਕ ਗਾਇਕੀ ਦੇ ਸਤਿਕਾਰ ਵਜੋਂ ਪਾਇਆ ਸੀ। ਕਈ ਦਿਨ ਲਗਾਤਾਰ ਉਹ ਇਸ ਧਰਮਸ਼ਾਲਾ ਵਿਚ ਗਾਉਂਦਾ ਰਿਹਾ ਅਤੇ ਲੋਕ ਰੋਜ਼ ਵਾਂਗ ਉਸ ਦੀ ਗਾਇਕੀ ਦਾ ਆਨੰਦ ਮਾਣਦੇ ਰਹੇ।
ਕੁਝ ਪ੍ਰਬੰਧਕੀ, ਸਮਾਜਿਕ ਅਤੇ ਆਰਥਿਕ ਮਜਬੂਰੀਆਂ ਕਾਰਨ ਚੀਮਾ ਅਤੇ ਸੇਖੋਂ ਪੱਤੀ ਵਾਲਿਆਂ ਨੂੰ ਇਸ ਧਰਮਸ਼ਾਲਾ ਰੂਪੀ ਸਭਿਆਚਾਰ ਦੀ ਹੋਂਦ ਨੂੰ ਮਿਟਾ ਕੇ ਸੇਖੋਂ ਪੱਤੀ ਵਾਲੀ ਧਰਮਸ਼ਾਲਾ ਵਿਚ ਮਿਲਾਉਣ ਪਿਆ। ਉਧੇੜ ਜਾਂ ਉਸ ਤੋਂ ਵੱਧ ਉਮਰ ਵਾਲਿਆਂ ਜਨੇਰ ਵਾਸੀਆਂ ਦੇ ਦਿਲਾਂ ‘ਤੇ ਇਹ ਧਰਮਸ਼ਾਲਾ ਕੈਂਠੇ ਵਾਲੇ ਗਾਇਕ ਦਰਸ਼ਨ ਦੀ ਤਰ੍ਹਾਂ ਆਪਣੀ ਹੋਂਦ ਦੀ ਅਮਿੱਟ ਛਾਪ ਛੱਡ ਗਈ ਹੈ।
ਸੇਖੋਂ-ਚੀਮਾ ਪੱਤੀਆਂ ਦੀ ਧਰਮਸ਼ਾਲਾ
ਰਲੇਵੇਂ ਤੋਂ ਪਹਿਲਾਂ ਇਸ ਧਰਮਸ਼ਾਲਾ ਦਾ ਨਾਮ ਸੇਖੋਂ ਪੱਤੀ ਦੀ ਧਰਮਸ਼ਾਲਾ ਸੀ। ਇਸ ਧਰਮਸ਼ਾਲਾ ਨਾਲ ਕਾਫੀ ਪਿੰਡ ਵਾਸੀਆਂ ਦੀਆਂ ਵਿਦਿਅਕ ਭਾਵਨਾਵਾਂ ਦਾ ਪਿਛੋਕੜ ਜੁੜਿਆ ਹੋਇਆ ਹੈ। 1951 ਈਸਵੀ ਸਮੇਂ ਪਿੰਡ ਵਿਚ ਸਰਕਾਰੀ ਹਾਈ ਸਕੂਲ ਮਨਜ਼ੂਰ ਹੋ ਜਾਣ ਤੋਂ ਬਾਅਦ ਪਹਿਲਾਂ ਹਾਈ ਸਕੂਲ ਦੀ ਇਮਾਰਤ ਦੇ ਕੁਝ ਕਮਰੇ ਤਿਆਰ ਕੀਤੇ ਗਏ ਅਤੇ ਬਾਅਦ ਵਿਚ ਪ੍ਰਾਇਮਰੀ ਸਕੂਲ ਦੇ। ਇਸ ਕਰਕੇ ਸ਼ੁਰੂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਇਸ ਧਰਮਸ਼ਾਲਾ ਵਿਚ ਹੀ ਖੋਲ੍ਹਿਆ ਗਿਆ। ਪਿੰਡ ਦਾਤੇਵਾਲ ਦੇ ਮਾਸਟਰ ਕਰਤਾਰ ਸਿੰਘ ਅਤੇ ਪਿੰਡ ਵਾੜੇ ਨਾਲ ਸਬੰਧਤ ਮਾਸਟਰ ਸਾਧੂ ਸਿੰਘ ਇਸ ਸਕੂਲ ਦੇ ਪਹਿਲੇ ਅਧਿਆਪਕਾਂ ਵਜੋਂ ਨਿਯੁਕਤ ਹੋਏ। ਪ੍ਰਾਇਮਰੀ ਸਕੂਲ ਦੀ ਇਮਾਰਤ ਤਿਆਰ ਹੋਣ ਤਕ ਸਕੂਲ ਇਥੇ ਹੀ ਚਲਦਾ ਰਿਹਾ। ਕੁਝ ਵਰ੍ਹੇ ਪਹਿਲਾਂ ਵੀ ਇਥੇ ਇਕ ਪ੍ਰਾਈਵੇਟ ਅੰਗਰੇਜ਼ੀ ਸਕੂਲ ਹੋਂਦ ਵਿਚ ਆਇਆ ਅਤੇ ਕੁਝ ਸਮੇਂ ਬਾਅਦ ਬੰਦ ਵੀ ਹੋ ਗਿਆ।
ਘਰਾਂ ਤੋਂ ਥੋੜ੍ਹੀ ਦੂਰ ਖੁਲ੍ਹੀ ਜਗ੍ਹਾ ‘ਤੇ ਸਥਿਤ ਹੋਣ ਕਾਰਨ ਥੋੜ੍ਹੇ ਸਮੇਂ ਲਈ ਚੀਮਾ ਪੱਤੀ ਦੇ ਉਲਟ ਇਕ ਅਸਭਿਅਕ ਗਾਇਕੀ ਅਤੇ ਨਾਚਾਂ ਦਾ ਕੇਂਦਰ ਬਣਦੀ-ਬਣਦੀ ਮਸੀਂ ਬਚ ਸਕੀ। ਹੋਇਆ ਇੰਜ ਕੇ ਕਈ ਵਰ੍ਹੇ ਪਹਿਲਾਂ ਕੁਝ ਮਨਚਲੇ ਨੌਜੁਆਨਾਂ ਦੀ ਸ਼ਹਿ ‘ਤੇ ਇਸ ਧਰਮਸ਼ਾਲਾ ਵਿਚ ਜਨਾਨੀਆਂ ਵਾਲੇ ਕਪੜੇ ਪਾ ਕੇ ਰਾਤ ਨੂੰ ਨੱਚਣ ਵਾਲੇ ਗਾਇਕ ਰੂਪੀ ਨਚਾਰ ਅਸ਼ਲੀਲ ਗਾਣੇ ਗਾਉਣ ਲੱਗ ਪਏ ਪਰੰਤੂ ਪਿੰਡ ਦੇ ਮੋਹਤਬਰ ਭੱਦਰ ਪੁਰਸ਼ਾਂ ਨੇ ਜਲਦੀ ਹੀ ਇਹ ਸਭ ਕੁਝ ਬੰਦ ਕਰਵਾ ਦਿੱਤਾ। ਅੱਜਕਲ੍ਹ ਇਥੇ ਸੰਘਣੀ ਛਾਂ ਵਾਲੀ ਵਣੀ ਹੇਠ ਲਕੜੀ ਦੇ ਤਖ਼ਤਪੋਸ਼ ਉਪਰ ਬੈਠ ਕੇ ਪਿੰਡ ਦੇ ਕੁਝ ਬਜ਼ੁਰਗ ਤਾਸ਼ ਖੇਡਦੇ ਹਨ ਜਾਂ ਫੇਰ ਆਪਣੀ ਜੁਆਨੀ ਮੌਕੇ ਦੀਆਂ ਯਾਦਾਂ ਤਾਜ਼ਾ ਕਰਦੇ ਹਨ।
ਪੰਜਵੀਂ ਪੱਤੀ ਦੀ ਧਰਮਸ਼ਾਲਾ
ਇਹ ਧਰਮਸ਼ਾਲਾ ਕੋਈ ਬਹੁਤੀ ਪੁਰਾਣੀ ਨਹੀਂ ਹੈ। ਪੰਜਵੀਂ ਪੱਤੀ ਦੇ ਵਿਚਕਾਰ ਖੁਲ੍ਹੀ ਥਾਂ ਅਤੇ ਪੱਕੀ ਸੜਕ ਦੇ ਨੇੜੇ ਹੋਣ ਕਾਰਨ, ਇਸ ਦੀਆਂ ਬਾਹਰਲੀਆਂ ਕੰਧਾਂ ਨਾਲ ਬਣੀਆਂ ਥੜ੍ਹੀਆਂ ‘ਤੇ ਹਮੇਸ਼ਾ ਰੌਣਕ ਰਹਿੰਦੀ ਹੈ। ਸ਼ਾਮ ਵੇਲੇ ਕੁਝ ਰੇਹੜੀਆਂ ਵਾਲੇ ਇਸ ਜਗ੍ਹਾ ਕੁਝ ਖਾਣ-ਪੀਣ ਦੀਆਂ ਵਸਤਾਂ ਵੇਚਦੇ ਹਨ।
ਇਸ ਧਰਮਸ਼ਾਲਾ ਨੂੰ ਜੇਕਰ ਪਿੰਡ ਦੀਆਂ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਆਖ ਦੇਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਖੁਲ੍ਹ ਡੁਲ੍ਹੀ ਥਾਂ ਹੋਣ ਕਾਰਨ ਲਗਪਗ ਸਾਰੀਆਂ ਰਾਜਨੀਤਕ ਪਾਰਟੀਆਂ ਆਪਣੀਆਂ ਸਿਆਸੀ ਕਾਨਫਰੰਸਾਂ ਅਤੇ ਛੋਟੀਆਂ ਮੋਟੀਆਂ ਮੀਟਿੰਗਾਂ ਅੱਜ ਕਲ੍ਹ ਇਥੇ ਹੀ ਕਰਦੇ ਹਨ। ਨੇਤਾਗਨਾਂ ਦੇ ਫ਼ਾਇਦੇ ਦੀ ਗੱਲ ਇਹ ਵੀ ਹੈ ਕਿ ਇਸ ਧਰਮਸ਼ਾਲਾ ਦੇ ਆਸ ਪਾਸ ਕੁਝ ਬਜ਼ੁਰਗ ਅਤੇ ਨੌਜੁਆਨ ਹਮੇਸ਼ਾ ਬੈਠੇ ਰਹਿੰਦੇ ਹਨ ਇਸ ਕਰਕੇ ਸੁਘੜ ਅਤੇ ਮੌਕਾਪ੍ਰਸਤ ਰਾਜਨੀਤੀਵਾਨਾਂ ਨੂੰ 20- 25 ਜਣਿਆਂ ਦਾ ਇਕੱਠ ਤਾਂ ਮੁਫ਼ਤ ਵਿਚ ਹੀ ਮਿਲ ਜਾਂਦਾ ਹੈ ਅਤੇ ਸੜਕ ਤੋਂ ਲੰਘਦੇ ਕਰਦਿਆਂ ਦਾ ਧਿਆਨ ਵੀ ਉਹ ਅਕਸਰ ਖਿਚ ਹੀ ਲੈਂਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਧਰਮਸ਼ਾਲਾ ਦਾ ਵਿਹੜਾ ਉਚਾਈ ‘ਤੇ ਹੋਣ ਕਰਕੇ ਉਨ੍ਹਾਂ ਨੂੰ ਬਣੀ ਬਣਾਈ ਸਟੇਜ ਵੀ ਮੁਫ਼ਤ ਵਿਚ ਮੁਹਈਆ ਹੋ ਜਾਂਦੀ ਹੈ।
ਪੰਜਵੀਂ ਪੱਤੀ ਵਾਲੇ ਇਸ ਧਰਮਸ਼ਾਲਾ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਬਾਬਾ ਜੀਵਨ ਸਿੰਘ ਰੰਗਰੇਟਾ ਦਾ ਪੁਰਬ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਨ, ਜਿਸ ਵਿਚ ਸਾਰੇ ਪਿੰਡ ਵਾਸੀ ਬਿਨਾਂ ਕਿਸੇ ਭੇਦ-ਭਾਵ ਦੇ ਸ਼ਿਰਕਤ ਕਰਦੇ ਹਨ। ਕਈ ਵਾਰ ਤਾਂ ਇਥੋਂ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ। ਮੁਖ ਤੌਰ ‘ਤੇ ਇਸ ਧਰਮਸ਼ਾਲਾ ਦੀ ਵਰਤੋਂ ‘ਜੰਞ ਘਰ’ ਦੇ ਰੂਪ ਵਿਚ ਹੀ ਕੀਤੀ ਜਾਂਦੀ ਹੈ।
ਪਿੰਡ ਦੇ ਛੱਪੜ
ਖੂਹ, ਖੂਹੀਆਂ ਅਤੇ ਨਲਕਿਆਂ ਦੇ ਪਾਣੀ ਸਰੋਤਾਂ ਤੋਂ ਪਹਿਲਾਂ ਪਸ਼ੂ ਡੰਗਰਾਂ ਦੇ ਪੀਣ ਵਾਲੇ ਪਾਣੀ ਅਤੇ ਉਨ੍ਹਾਂ ਦੇ ਨਹਾਉਣ ਵਾਸਤੇ ਪਿੰਡਾਂ ਦੇ ਛੱਪੜਾਂ ਤੋਂ ਹੀ ਪਸ਼ੂਆਂ ਦੀਆਂ ਉਪਰੋਕਤ ਜ਼ਰੂਰਤਾਂ ਦੀ ਪੂਰਤੀ ਕੀਤੀ ਜਾਂਦੀ ਸੀ। ਕੁਝ ਹਾਲਤਾਂ ਵਿਚ ਤਾਂ ਪਹਾੜੀ ਇਲਾਕਿਆਂ ਵਿਚ ਝੀਲਾਂ ਅਤੇ ਮੈਦਾਨਾਂ ਵਿਚ ਛੱਪੜ ਹੀ ਇਨਸਾਨੀ ਜੀਵਾਂ ਦੇ ਪੀਣ ਵਾਲੇ ਪਾਣੀ ਦੇ ਸਰੋਤ ਸਨ। ਜਨੇਰ ਦੇ ਕੁਝ ਛੱਪੜ ਤਾਂ ਕੁਝ ਕਾਰਨਾਂ ਕਰਕੇ ਪੂਰੇ ਜਾ ਚੁੱਕੇ ਹਨ, ਜਿਹੜੇ ਬਾਕੀ ਹਨ ਉਹ ਵੀ ਪਸ਼ੂ ਡੰਗਰਾਂ ਦੇ ਪਾਣੀ ਸਰੋਤ ਨਾ ਰਹਿ ਕੇ ਨਾਲੀਆਂ ਦੇ ਗੰਦੇ ਪਾਣੀਆਂ ਦੇ ਭੰਡਾਰ ਬਣ ਗਏ ਹਨ। ਇਨ੍ਹਾਂ ਛੱਪੜਾਂ ਦਾ ਮਲਕੀਅਤ ਦੇ ਅਧਾਰ ‘ਤੇ ਵਰਗੀਕਰਨ ਕੀਤਾ ਜਾਵੇ ਤਾਂ ਇਹ ਦੋ ਕਿਸਮ ਦੇ ਹਨ ਪਹਿਲੇ ਉਹ ਜਿਹੜੇ ਸਾਰੇ ਪਿੰਡ ਦੀ ਸਾਂਝੀ ਜਾਇਦਾਦ ਵਿਚ ਸਥਿਤ ਹਨ ਅਤੇ ਦੂਜੇ ਉਹ ਜਿਹੜੇ ਕਿਸੇ ਪਿੰਡ ਵਾਸੀ ਦੀ ਨਿੱਜੀ ਜਾਇਦਾਦ ਵਿਚ ਸਨ।
ਹਜ਼ਾਰੇ ਵਾਲਾ ਛੱਪੜ
ਸਿੱਧੂ ਪੱਤੀ ਵਾਲਿਆਂ ਦੇ ਪੁਰਖੇ ਹਜ਼ਾਰਾ ਸਿੰਘ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਛੱਪੜ ਖੇਤਰਫ਼ਲ ਪੱਖੋਂ ਪਿੰਡ ਦਾ ਸਭ ਤੋਂ ਵੱਡਾ ਛੱਪੜ ਹੈ। ਪਿੰਡ ਦੇ ਪੱਛਮ ਵਲ ਪੀਰ ਖਾਂ-ਸਿੱਧੂ ਪੱਤੀ ਦੇ ਸ਼ਮਸਾਨਘਾਟ ਤੋਂ ਸ਼ੁਰੂ ਹੋਣ ਵਾਲਾ ਵੱਡੇ ਅਕਾਰ ਵਾਲਾ ਛੱਪੜ, ਕਿਸੇ ਸਮੇਂ ਇਨ੍ਹਾਂ ਦੋ ਪੱਤੀਆਂ ਤੋਂ ਬਿਨਾਂ ਹੋਰ ਵੀ ਕਈ ਪਰਿਵਾਰਾਂ ਦੇ ਪਸ਼ੂਆਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਦਾ ਸੀ। ਇਸ ਦਾ ਪਾਣੀ ਸਾਫ਼ ਸੁਥਰਾ ਹੋਣ ਕਰਕੇ ਪਸ਼ੂਆਂ ਤੋਂ ਬਿਨਾਂ ਛੋਟੀ ਉਮਰ ਦੇ ਬੱਚੇ ਵੀ ਇਸ ਵਿਚ ਨਹਾਉਂਦੇ ਆਮ ਦੇਖੇ ਜਾਂਦੇ ਸਨ। ਬਰਸਾਤਾਂ ਦੇ ਮੌਸਮ ਵਿਚ ਤਾਂ ਇਹ ਝੀਲ ਦਾ ਰੂਪ ਧਾਰਨ ਕਰ ਜਾਂਦਾ ਅਤੇ ਇਸ ਦਾ ਪਾਣੀ ਨੇੜਲੇ ਖੇਤਾਂ ਦੀਆਂ ਫ਼ਸਲਾਂ ਨੂੰ ਵੀ ਆਪਣੀ ਮਾਰ ਹੇਠ ਲੈ ਆਉਂਦਾ। ਬਦਲਦੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ, ਹੁਣ ਅੱਧੇ ਪਿੰਡ ਤੋਂ ਵੀ ਵੱਧ ਘਰ ਦੀਆਂ ਨਾਲੀਆਂ ਦਾ ਪਾਣੀ ਇਸ ਵਿਚ ਜਮ੍ਹਾ ਹੋ ਰਹੇ ਕਾਰਨ ਇਹ ਪਿੰਡ ਦੇ ਗੰਦੇ ਪਾਣੀ ਦਾ ਭੰਡਾਰ ਬਣ ਚੁੱਕਾ ਹੈ। ਪਾਣੀ ਵਿਚ ਰੁੜ੍ਹ ਕੇ ਆਏ ਮਿੱਟੀ ਘੱਟੇ ਨਾਲ ਇਸ ਦੀ ਡੂੰਘਾਈ ਵੀ ਘਟ ਗਈ ਹੈ। ਕਿਸੇ ਸਮੇਂ ਆਪਣੇ ਸਾਫ਼ ਸੁਥਰੇ ਪਾਣੀ ਸਰੋਤ ਵਜੋਂ ਜਾਣੇ ਜਾਂਦੇ ਇਸ ਪੁਰਾਤਨ ਛੱਪੜ ਕੋਲੋਂ ਲੰਘਣ ਸਮੇਂ ਵੀ ਹੁਣ ਮੂੰਹ ਢਕਣਾ ਪੈਂਦਾ ਹੈ। ਪਿੰਡ ਦੀ ਪੰਚਾਇਤ, ਕਿਸੇ ਵਾਤਾਵਰਨ ਸਬੰਧੀ ਸੰਸਥਾ ਜਾਂ ਸਮੇਂ ਦੀਆਂ ਸਰਕਾਰਾਂ ਵਲੋਂ ਅੱਜ ਦੀ ਘੜੀ ਤਾਂ ਇਸ ਦੀ ਗੰਦਗੀ ਨਾਲ ਲਿਬਰੇਜ਼ ਦੁਰਦਸ਼ਾ ਨੂੰ ਅੱਖੋਂ ਪਰੋਖੇ ਹੀ ਕੀਤਾ ਹੋਇਆ ਹੈ ਕੱਲ੍ਹ ਬਾਰੇ ਕੁਝ ਕਹਿ ਨਹੀਂ ਸਕਦੇ।
ਰਘਿਆਣੀ ਵਾਲਾ ਛੱਪੜ
ਗੁਰਦੁਆਰਾ ਸਾਹਿਬ ਦੇ ਨੇੜੇ ਪਿੰਡ ਦੇ ਉੱਤਰ ਦੀ ਦਿਸ਼ਾ ਵਿਚ ਕਿਸੇ ਸਮੇਂ ਬਹੁਤ ਵੱਡਾ ਛੱਪੜ ਮੌਜੂਦ ਸੀ, ਜਿਸ ਨੂੰ ਰਘਿਆਣੀ ਵਾਲਾ ਛੱਪੜ ਆਖਦੇ ਸਨ। ਇਹ ਛੱਪੜ ਅੱਜ ਵੀ ਮੌਜੂਦ ਹੈ ਪਰੰਤੂ ਪਿੰਡ ਵਾਸੀਆਂ ਨੇ ਪੁਰਾਣੇ ਛੱਪੜ ਨੂੰ ਮਿੱਟੀ ਨਾਲ ਭਰ ਕੇ, ਨੇੜੇ ਹੀ ਇਸ ਦੀ ਜਗ੍ਹਾ ਬਦਲ ਕੇ ਨਵਾਂ ਰੂਪ ਦੇ ਦਿੱਤਾ ਹੈ। ਚੀਮਾ, ਸੇਖੋਂ ਪੱਤੀਆਂ ਅਤੇ ਪਿੰਡ ਦੇ ਕੁਝ ਹੋਰ ਲੋਕ ਇਥੇ ਆਪਣੇ ਮਾਲ ਡੰਡਰ ਨੂੰ ਪਾਣੀ ਪਿਆਉਣ ਅਤੇ ਨਹਾਉਣ ਵਾਸਤੇ ਲੈ ਕੇ ਆਇਆ ਕਰਦੇ ਸਨ। ਵੱਗ ਚਾਰਨ ਵਾਲੇ ਪਿੰਡ ਦੇ ਵਾਗੀ ਇਸ ਛੱਪੜ ਦੇ ਖੁਲ੍ਹੇ ਡੁਲ੍ਹੇ ਸ਼ਾਮਲਾਟੀ ਰਕਬੇ ਵਿਚ ਪਿੰਡ ਦੀਆਂ ਗਾਵਾਂ ਇਕੱਠੀਆਂ ਕਰਿਆ ਕਰਦੇ ਸਨ। ਥੇਹ ਦੀ ਉੱਚੀ ਥਾਂ ‘ਤੇ ਹੋਣ ਕਰਕੇ ਬਰਸਾਤਾਂ ਵਿਚ ਜਦੋਂ ਇਹ ਛੱਪੜ ਵਧ ਭਰ ਜਾਂਦਾ ਤਾਂ ਫਾਲਤੂ ਪਾਣੀ ਆਪਣੇ ਆਪ ਨੇੜਲੇ ਨੀਵੇਂ ਖੇਤਾਂ ਵੱਲ੍ਹ ਰੁੜ੍ਹ ਜਾਂਦਾ ਇਸ ਤਰ੍ਹਾਂ ਕੁਦਰਤੀ ਫਿਲਟਰ ਨਾਲ ਇਸ ਦਾ ਪਾਣੀ ਹਮੇਸ਼ਾ ਸਾਫ਼ ਸੁਥਰਾ ਰਹਿੰਦਾ।
ਗਾਰੀ (ਗੁਲਜ਼ਾਰ ਸਿੰਘ ਚੀਮਾ) ਵਾਲਾ ਛੱਪੜ
ਇਹ ਛੱਪੜ ਮੌਜੂਦਾ ਪੰਚਾਇਤ ਘਰ ਵਾਲੀ ਜਗ੍ਹਾ ਪਿੰਡ ਦੀ ਸਾਂਝੀ ਜ਼ਮੀਨ ਵਿਚ ਸੀ। ਚੀਮਾ ਪੱਤੀ ਵਾਲੇ ਗੁਲਜ਼ਾਰ ਸਿੰਘ ਚੀਮਾ ਦੇ ਘਰ ਨੇੜੇ ਹੋਥ ਕਰਕੇ ਇਸ ਦਾ ਨਾਮ ਉਸ ਦੇ ਬਚਪਨ ਦੇ ਛੋਟੇ ਨਾਮ ‘ਗਾਰੀ’ ਤੋਂ ‘ਗਾਰੀ ਵਾਲਾ ਛੱਪੜ’ ਪੈ ਗਿਆ। ਇਤਿਹਾਸਕ ਪੱਖ ਵਿਚਾਰਿਆ ਜਾਵੇ ਤਾਂ ਕਿੰਨੇ ਖ਼ੁਸ਼ਕਿਸਮਤ ਹੁੰਦੇ ਹਨ ਉਹ ਲੋਕ ਜਿਨ੍ਹਾਂ ਦਾ ਨਾਮ ਕਿਸੇ ‘ਅਦਾਰੇ’ ਨਾਲ ਜੁੜ ਜਾਵੇ। ਇਸ ਛੱਪੜ ਦੇ ਆਸ-ਪਾਸ ਸੰਘਣੀ ਵਸੋਂ ਹੋਣ ਕਾਰਨ ਇਹ ਛੋਟੇ ਜਿਹੇ ਰਕਬੇ ਵਿਚ ਹੀ ਸੀ । ਗਰਮੀਆਂ ਵਿਚ ਬਰਸਾਤਾਂ ਤੋਂ ਪਹਿਲਾਂ ਤਾਂ ਸੂਰਜ ਦੀ ਤਪਸ਼ ਨਾਲ ਇਸ ਦਾ ਪਾਣੀ ਲਗਪਗ ਖ਼ਤਮ ਹੋ ਜਾਂਦਾ। ਸਮੇਂ ਦੀ ਲੋੜ ਅਨੁਸਾਰ ਪੰਚਾਇਤ ਨੇ ਇਸ ਨੂੰ ਪੂਰ ਦਿੱਤਾ ਅਤੇ ਇਸ ਜਗ੍ਹਾ ਪੰਚਾਇਤ ਘਰ ਬਣਾਇਆ ਗਿਆ। ਕੁਦਰਤ ਦੇ ਬਦਲਾਵ ਚੱਕਰ (Nature’s law of Rotation) ਦੇ ਮੱਦੇਨਜ਼ਰ ਪਸ਼ੂਆਂ ਦੀ ਪਿਆਸ ਬੁਝਾਉਣ ਲਈ ਛੱਪੜ ਵਾਲੀ ਜਗ੍ਹਾ ਆਰ.ਓ. ਸਿਸਟਮ ਦੇ ਹੋਂਦ ਵਿਚ ਆਉਣ ਨਾਲ ਅੱਜਕਲ੍ਹ ਇਨਸਾਨ ਜੀਵਾਂ ਦੀ ਪਿਆਸ ਬੁਝਾ ਰਹੀ ਹੈ।
ਸੜਕ ਵਾਲੇ ਛੱਪੜ
ਪਿੰਡ ਦੇ ਪੂਰਬ ਵੱਲ ਮੋਗਾ-ਅੰਮ੍ਰਿਤਸਰ ਜੀ.ਟੀ. ਰੋਡ ‘ਤੇ ਦੋ ਛੱਪੜ ਹੋਇਆ। ਕਰਦੇ ਸਨ। ਇਨ੍ਹਾਂ ਵਿਚੋਂ ਸੜਕ ਦੇ ਪੂਰਬ ਦੀ ਦਿਸ਼ਾ ਵਾਲਾ ਛੋਟਾ ਛੱਪੜ ਤਾਂ ਕਈ ਵਰ੍ਹੇ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਬਣਨ ਸਮੇਂ ਹੀ ਪੂਰਿਆ ਗਿਆ ਸੀ ਪਰੰਤੂ ਸੜਕ ਦੇ ਪੱਛਮ ਵੱਲ ਦੀ ਦਿਸ਼ਾ ਵਾਲਾ ਵੱਡਾ ਛੱਪੜ ਜਿਹੜਾ ਕਿ ਮੇਜਰ ਸਿੰਘ ਸੇਖੋਂ ਹੋਰਾਂ ਦੇ ਖੇਤਾਂ ਨਾਲ ਜਾ ਲਗਦਾ ਹੈ, ਹਾਲੀਂ ਵੀ ਮੌਜੂਦ ਹੈ। ਹਜ਼ਾਰੇ ਵਾਲੇ ਛੱਪੜ ਵਾਂਗ, ਇਸ ਵਿਚ ਵੀ ਪੰਜਵੀਂ ਪੱਤੀ ਦੇ ਗੰਦੇ ਨਾਲੇ ਦਾ ਪਾਣੀ ਪੈਂਦਾ ਹੋਣ ਕਰਕੇ ਇਹ ਛੱਪੜ ਗੰਦੇ ਪਾਣੀ ਦਾ ਭੰਡਾਰ ਬਣ ਗਿਆ। ਰਹਿੰਦੀ ਕਸਰ ਇਸ ਵਿਚ ਆਪਣੇ ਆਪ ਪੈਦਾ ਹੋਈ ਜਾਲਰੂਪੀ ਹਰੇ ਰੰਗ ਦੀ ਵੇਲਾਂ ਰੂਪੀ ਬੂਟੀ ਨੇ ਪੂਰੀ ਕਰ ਦਿੱਤੀ। ਹਰੇ ਰੰਗ ਦੇ ਚਿਕਨਾਈ ਵਾਲੇ ਪੱਤੇ ਦੂਰੋਂ ਤਾਂ ਲੰਘਦੇ ਕਰਦਿਆਂ ਦਾ ਧਿਆਨ ਆਪਣੇ ਵੱਲ ਖਿਚਦੇ ਹਨ ਪਰੰਤੂ ਨੇੜੇ ਪਹੁੰਚਣ ‘ਤੇ ਛੱਪੜ ਦੇ ਗੰਦੇ ਪਾਣੀ ਦੀ ਬਦਬੂ ਹਰ ਇਕ ਨੂੰ ਦੂਰ ਭਜਾਉਂਦੀ ਹੈ।
ਢਾਬਾਂ ਵਾਲਾ ਛੱਪੜ
ਢਾਬਾਂ ਵਾਲੇ ਖੇਤਾਂ ਵਿਚ, ਪਿੰਡ ਦੇ ਪੱਛਮ ਵਾਲੇ ਪਾਸੇ ਕਿਸੇ ਸਮੇਂ ਵੱਡਾ ਛੱਪੜ ਹੁੰਦਾ ਸੀ। ਇਸ ਛੱਪੜ ਵਿਚ ਮਾਲ ਡੰਗਰ ਘਟ ਆਉਣ ਕਾਰਨ ਅਤੇ ਹੇਠਲੇ ਤਲ ਦੇ ਘਟ ਘੁਲਣਸ਼ੀਲ ਮਿੱਟੀ ਦੀ ਤਹਿ ਦੇ ਕਾਰਨ ਇਸ ਦਾ ਪਾਣੀ ਦੂਜੇ ਛੱਪੜਾਂ ਨਾਲੋਂ ਸਾਫ਼ ਸੀ। ਜਿਸ ਸਮੇਂ ਇਹ ਛੱਪੜ ਰੂਪ ਵਿਚ ਸੀ ਉਸ ਸਮੇਂ ਵੀ ਪਿੰਡ ਵੀਆਂ ਦੀਆਂ ਇਸ ਨਾਲ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਸਨ। ਅੱਜਕਲ੍ਹ ਇਥੇ ਪਿੰਡ ਦੇ ਗੁਰਦੁਆਰਾ ਸਾਹਿਬ ਵਲੋਂ ਇਥੇ ਤਲਾ ਬਣਾ ਦਿੱਤਾ ਗਿਆ ਹੈ ਅਤੇ ਦਮਦਮਾ ਸਾਹਿਬ ਦੇ ਰੂਪ ਵਿਚ ਇਕ ਧਾਰਮਿਕ ਅਸਥਾਨ ਵਜੋਂ ਮਾਨਤਾ ਪ੍ਰਾਪਤ ਹੋ ਚੁੱਕੀ ਹੈ। ਇਸ ਦੇ ਇਤਿਹਾਸਕ ਪਿਛੋਕੜ ਬਾਰੇ ਕਾਫੀ ਕੁਝ ਪਹਿਲਾਂ ਲਿਖਿਆ ਜਾ ਚੁੱਕਾ ਹੈ।
ਨਿੱਜੀ ਜ਼ਮੀਨ ਵਾਲੀਆਂ ਛਪੜੀਆਂ
ਇਕ ਤੌਰ ਛੱਪੜ ਦੇ ਛੋਟੇ ਰੂਪ ਨੂੰ ਸਰਲ ਪੰਜਾਬੀ ਭਾਸ਼ਾ ਵਿਚ ਛਪੜੀ ਆਖਦੇ ਹਨ। ਜਨੇਰ ਵਿਚ ਵੀ ਨਿੱਜੀ ਜ਼ਮੀਨਾਂ ਵਿਚ ਕਈ ਛੋਟੀਆਂ-ਛੋਟੀਆਂ ਛਪੜੀਆਂ ਹੁੰਦੀਆਂ ਸਨ। ਇਕ ਛਪੜੀ ਪਿੰਡ ਦੇ ਦੱਖਣ ਵੱਲ ਜੰਗੀਰ ਸਿੰਘ ਸਿੱਧੂ ਦੇ ਖੇਤਾਂ ਨੇੜੇ ਹੁੰਦੀ ਸੀ ਜਿਹੜੀ ਅੱਜਕਲ੍ਹ ਮਿੱਟੀ ਨਾਲ ਭਰੀ ਜਾ ਚੁੱਕੀ ਹੈ। ਇਸ ਦੇ ਨੇੜੇ ਪਿੜਾਂ ਵਾਲੀ ਖਾਲੀ ਜਗ੍ਹਾ ‘ਤੇ ਸੌਣ ਦੇ ਮਹੀਨੇ ਪਿੰਡ ਦੀਆਂ ਕੁੜੀਆਂ ਤੀਆਂ ਦਾ ਤਿਉਹਾਰ ਮਨਾਇਆ ਕਰਦੀਆਂ ਸਨ। ਇਸ ਕਰਕੇ ਇਸ ਨੂੰ ‘ਤੀਆਂ ਵਾਲੀ ਛਪੜੀ’ ਵੀ ਆਖਦੇ ਸਨ। ਸੇਖੋਂ ਪੱਤੀ ਦੀ ਮਾਲਕੀ ਵਾਲੀ ਕੁਝ ਘਰਾਂ ਦੀ ਜ਼ਮੀਨ ਵਿਚ ਪਿੰਡ ਤੋਂ ਪੂਰਬ ਵੱਲ ਇਕ ਛਪੜੀ ਹੋਇਆ ਕਰਦੀ ਸੀ ਜਿਹੜੀ ਹੁਣ ਛਪੜੀ ਨਾ ਰਹਿ ਕੇ ਵਾਹੀਯੋਗ ਜ਼ਮੀਨ ਦਾ ਰੂਪ ਧਾਰਨ ਕਰ ਚੁੱਕੀ ਹੈ। ਕੁਝ ਛੋਟੀਆਂ-ਛੋਟੀਆਂ ਛਪੜੀਆਂ ਹੋਰ ਵੀ ਸਨ ਪਰੰਤੂ ਉਨ੍ਹਾਂ ਦਾ ਅਕਾਰ ਬਹੁਤ ਛੋਟਾ ਹੋਣ ਕਰਕੇ ‘ਟੋਏ’ ਆਖ ਦੇਈਏ ਤਾਂ ਠੀਕ ਰਹੇਗਾ।
ਵੱਗ ਚਾਰਨ ਵਾਲੇ (ਵਾਗੀ)
ਵੱਗਾਂ ਦੇ ਛੇੜੂ, ਵੱਗ ਚਾਰਨ ਵਾਲੇ, ਵੱਗਾਂ ਦੇ ਪਾਲੀ ਅਤੇ ਵਾਗੀ ਆਦਿ ਸ਼ਬਦ ਪੰਜਾਬੀਆਂ ਦੇ ਸਰਭ ਸਾਂਝੀਵਾਲਤਾ ਵਾਲੇ ਉਤਮ ਚਿੰਨਾਂ ਦੇ ਪ੍ਰਤੀਕ ਹਨ। ਸਾਰੇ ਪਿੰਡ ਦੀਆਂ ਗਾਵਾਂ ਅਤੇ ਵੱਛੇ, ਵੱਛੀਆਂ ਨੂੰ ਇਕ ਖ਼ਾਸ ਜਗ੍ਹਾ ‘ਤੇ ਇਕੱਠਾ ਕਰਨ ਵਾਲੇ ਅਤੇ ਬਾਅਦ ਵਿਚ ਚਰਾਂਦਾਂ ਦੇ ਰੂਪ ਵਿਚ ਖਾਲੀ ਪਏ ਖੇਤਾਂ ਵਿਚ ਉਨ੍ਹਾਂ ਨੂੰ ਹਰਾ ਪੱਠਾ ਆਦਿ ਖੁਆ ਕੇ ਲਿਆਉਣ ਵਾਲੇ ਨੂੰ ਵਾਗੀ ਆਖਦੇ ਸਨ। ਇਹ ਕੰਮ ਐਨਾ ਸੌਖਾ ਨਹੀਂ ਸੀ ਜਿੰਨਾ ਕਿ ਹੁਣ ਸਾਨੂੰ ਪੜ੍ਹਨ ਸੁਣਨ ਸਮੇਂ ਜਾਪਦਾ ਹੈ । ਵਾਗੀ ਨੂੰ ਹਰ ਸਮੇਂ ਪਸ਼ੂਆਂ ਨਾਲ ਪਸ਼ੂ ਵਾਂਗ ਹੀ ਵਿਚਰਨਾ ਪੈਂਦਾ ਸੀ, ਫੇਰ ਵੀ ਤਜਰਬੇਕਾਰ ਵਾਗੀ ਸੀਲ ਪਸ਼ੂ ਨੂੰ ਪਿਆਰ ਨਾਲ ਅਤੇ ਅੜਬ ਪਸ਼ੂ ਨੂੰ ਉਸ ਦੇ ਗਲ ਵਿਚ ਤਿੰਨ ਸਾਢੇ ਤਿੰਨ ਫੁੱਟ ਲੰਮੀ ਲੱਕੜ ਰੱਸੇ ਨਾਲ ਬੰਨ੍ਹ ‘ਡੈਹਾ ਬੰਨ੍ਹਣ’ ਦੀ ਕਿਰਿਆ ਨਾਲ ਕਾਬੂ ਕਰ ਲੈਂਦਾ ਸੀ।
ਜਨੇਰ ਦਾ ਵਾਗੀ ਗੋਕੇ ਪਸ਼ੂਆਂ ਨੂੰ ਗੁਰਦੁਆਰਾ ਸਾਹਿਬ ਨੇੜੇ ਰਘਿਆਣੀ ਵਾਲੇ ਛੱਪੜ ‘ਤੇ ਸਵੇਰੇ ਨੌਂ ਕੁ ਵਜੇ ਤਕ ਇਕੱਠੇ ਕਰ ਲੈਂਦਾ, ਘਰ ਤੋਂ ਰਘਿਆਣੀ ਵਾਲੇ ਛੱਪੜ ਤਕ ਪਸ਼ੂ ਪਹੁੰਚਾਉਣ ਦੀ ਜ਼ਿੰਮੇਵਾਰੀ ਪਸ਼ੂ ਮਾਲਕ ਦੀ ਹੁੰਦੀ ਸੀ। ਸਾਰਾ ਦਿਨ ਵਾਗੀ ਪਸ਼ੂਆਂ ਨੂੰ ਖਾਲੀ ਪਏ ਖੇਤਾਂ ਵਿਚ ਘਾਹ-ਪੱਠਾ ਚਾਰਦਾ ਰਹਿੰਦਾ। ਜੇਕਰ ਮੀਂਹ ਪੈ ਜਾਂਦਾ ਜਾਂ ਧੁੰਦ ਪੈ ਜਾਂਦੀ ਤਾਂ ਵਾਗੀ ਪਸ਼ੂਆਂ ਨੂੰ ਖਾਲੀ ਪਏ ਲੰਮੇ ਚੌੜੇ ਥੇਹ ਜਾਂ ਜੀ.ਟੀ. ਰੋਡ ਉਪਰ ਲੈ ਜਾਦਾ। ਸ਼ਾਮ ਵੇਲੇ ਜਿਸ ਸਮੇਂ ਨੂੰ ਵਾਗੀਆਂ ਦੀ ਬੋਲੀ ਵਿਚ ‘ਵੱਗਾਂ ਵੇਲਾ’ ਆਖਦੇ ਸਨ, ਵਾਗੀ ਪਸ਼ੂਆਂ ਨੂੰ ਵਾਪਸ ਰਘਿਆਣੀ ਵਾਲੇ ਛੱਪੜ ‘ਤੇ ਲੈ ਆਉਂਦਾ ਜਿਥੋਂ ਪਾਣੀ ਵਗੈਰਾ ਪੀ ਕੇ ਪਸ਼ੂ ਆਪ ਘਰੋਂ-ਘਰੀਂ ਪਹੁੰਚ ਜਾਂਦੇ। ਸ਼ਾਮ ਨੂੰ ਨਹਾ ਧੋ ਕੇ ਵਾਗੀ ਪਸ਼ੂ ਮਾਲਕਾਂ ਦੇ ਘਰਾਂ ਤੋਂ ਪਸ਼ੂਆਂ ਦੀ ਚਰਾਈ ਦੇ ਇਵਜ਼ ਵਿਚ ਆਟਾ ਇਕੱਠਾ ਕਰਦਾ। ਇਸ ਤੋਂ ਬਿਨਾਂ ਹਾੜ੍ਹੀ, ਸੌਣੀ ਦੀ ਫ਼ਸਲ ਸਮੇਂ ਵੀ ਉਹ ਸਬੰਧਤ ਘਰਾਂ ਤੋਂ ਅਨਾਜ ਇਕੱਠਾ ਕਰ ਲੈਂਦਾ।
ਦੇਸ਼ ਦੀ ਵੰਡ ਤੋਂ ਪਹਿਲਾਂ ਕੁਝ ਮੁਸਲਮਾਨ ਵਾਗੀਆਂ ਅਤੇ ਬਾਅਦ ਵਿਚ ਸ਼ੇਰੂ ਵਾਗੀ ਅਤੇ ਮਹਿੰਦੀ ਸ਼ਾਹ ਵਲੋਂ ਵੱਗ ਚਾਰਨ ਬਾਰੇ ਜਾਣਕਾਰੀ ਮਿਲਦੀ ਹੈ ਪਰੰਤੂ ਆਪਣੇ ਕੰਮ ਵਿਚ ਪ੍ਰਪੱਕਤਾ ਰੱਖਣ ਵਾਲੇ ‘ਚੰਨਣ ਵਾਗੀ’ ਨੂੰ ਪੁਰਾਣੇ ਲੋਕ ਅੱਜ ਵੀ ਯਾਦ ਕਰਦੇ ਹਨ। ਸੁਣਨ ਵਿਚ ਆਇਆ ਹੈ ਕਿ ਉਹ ਹਰ ਇਕ ਪਸ਼ੂ ਨੂੰ ਆਪਣਾ ਪਸ਼ੂ ਹੀ ਸਮਝਦਾ ਸੀ। ਜਦੋਂ ਕਿਸੇ ਦੀ ਗਾਂ ਵੱਗ ਵਾਲੇ ਸਾਹਨਾਂ ਪਾਸੋਂ ਨਵੇਂ ਦੁੱਧ ਹੋ ਜਾਣੀ ਤਾਂ ਉਹ ਆਟਾ ਮੰਗਣ ਸਮੇਂ ਉਚੇਚੇ ਤੌਰ ‘ਤੇ ਸਬੰਧਤ ਔਰਤ ਨੂੰ ਆਖਦਾ, “ਭਾਈ ਬੀਬੀ ਤੁਹਾਡੀ ਗਾਂ ‘ਬਣ ਗਈ’ ਹੈ, ਦਿਨ ਮਹੀਨਾ ਯਾਦ ਰੱਖ ਲੈਣਾ।” ਅੱਗੋਂ ਗਾਂ ਮਾਲਕਣ ਨੇ ਜਦੋਂ ਉਸ ਨੂੰ ਵੱਧ ਆਟਾ ਅਤੇ ਗੁੜ ਦੇ ਕੇ ਨਿਵਾਜਣਾ ਤਾਂ ਐਨੇ ਕੁ ਮਾਨ ਸਤਿਕਾਰ ਨਾਲ ਹੀ ਚੰਨਣ ਸਿਉਂ ਦਾ ਪੈਰ ਧਰਤੀ ‘ਤੇ ਨਾ ਲੱਗਣਾ ਕਹਿੰਦੇ ਹਨ ਕਿ ਚੰਨਣ ਸਿਉਂ ‘ਗਾਰੜੂ’ (ਸੱਪ ਦੇ ਡੰਗੇ ਜਾਣ ਤੋਂ ਬਾਅਦ ਮੂੰਹ ਨਾਲ ਜ਼ਹਿਰ ਚੂਸਣ ਵਾਲਾ) ਵੀ ਸੀ।
ਜ਼ਮੀਨਾਂ ਦੇ ਬਹੁਫ਼ਸਲੀ ਬਣਨ, ਚਰਾਂਦਾਂ ਦੀ ਘਾਟ ਅਤੇ ਗਾਵਾਂ ਦੀ ਨਸਲ ਤਬਦੀਲੀ ਕਾਰਨ ਪੰਜਬ ਵਿਚੋਂ ‘ਵਾਗੀ ਸਭਿਆਚਾਰ’ ਦਾ ਅੰਤ ਹੋ ਗਿਆ। ਅੱਜ ਦੇ ਸਮੇਂ ਵਿਚ ਵੀ ਸਾਧੂ, ਮਹਾਤਮਾਵਾਂ ਦੇ ਅਸਰ ਰਸੂਖ ਨਾਲ ਬੇਸ਼ਕ ਥਾਂ-ਥਾਂ ਖੁਲ੍ਹੀਆਂ ਗਊਸ਼ਾਲਾਵਾਂ ਦੀਆਂ ਗਾਵਾਂ ਨੂੰ ‘ਇਕੱਠੀਆਂ’ ਚਰਨ ਵਾਸਤੇ ਲਿਜਾਇਆ ਜਾਂਦਾ ਹੈ। ਪਰੰਤੂ ਜਨੇਰ ਦੇ ਚੰਨਣ ਸਿਉਂ ਅਤੇ ਹੋਰਾਂ ਪਿੰਡ ਦੇ ਪੁਰਾਤਨ ਸਮੇਂ ਦੇ ਵਾਗੀਆਂ ਵਾਲੀ ਸੰਸਕ੍ਰਿਤੀ ਕਿਧਰੇ ਨਜ਼ਰ ਨਹੀਂ ਆਉਂਦੀ।
ਜਨੇਰ ਦੀਆਂ ਤੀਆਂ
‘ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ’ ਤੀਆਂ ਦੇ ਤਿਉਹਾਰ ਦੇ ਸਬੰਧ ਵਿਚ ਪੰਜਾਬਣ ਦੇ ਮੂੰਹੋਂ ਨਿਕਲੇ ਸਹਿਜ ਸੁਭਾ ਉਪਰੋਕਤ ਸ਼ਬਦ ਤੀਆਂ ਦੇ ਸਾਉਣ ਮਹੀਨੇ ਸ਼ੁਰੂ ਹੋਣ ਅਤੇ ਭਾਦੋਂ ਵਿਚ ਖ਼ਤਮ ਹੋਣ ਦੀ ਸ਼ਾਹਦੀ ਭਰਦੇ ਹਨ। ਤੀਆਂ ਦੇ ਤਿਉਹਾਰ ਦਾ ਪਿਛੋਕੜ ਤਾਂ ਬੇਸ਼ਕ ਸਾਹਿਤਕਾਰਾਂ, ਇਤਿਹਾਸਕਾਰਾਂ ਅਤੇ ਬੁੱਧੀਜੀਵੀ ਲੇਖਕਾਂ ਦੇ ਵਿਚਾਰਾਂ ਦੀ ਅਸਹਿਮਤੀ ਕਾਰਨ ਹਮੇਸ਼ਾ ਵਿਵਾਦਪ੍ਰਸਤ ਵਾਲਾ ਮੁੱਦਾ ਹੀ ਰਿਹਾ ਹੈ ਪਰੰਤੂ ਇਸ ਤਿਉਹਾਰ ਨੂੰ ਮਨਾਏ ਜਾਣ ਦੀਆਂ ਤਰੀਕਾਂ ਨਾਲ ਸਾਰੇ ਸਹਿਮਤ ਹਨ। ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੇ ਚੰਦ ਚੜ੍ਹਨ ਤੋਂ ਤਿੰਨ ਦਿਨ ਬਾਅਦ ਸ਼ੁਰੂ ਹੁੰਦੀਆਂ ਹਨ। ਦੋ ਕੁ ਹਫ਼ਤੇ ਤੋਂ ਵੀ ਘੱਟ ਸਮੇਂ ਤਕ ਮਨਾਇਆ ਜਾਣ ਵਾਲਾ ਇਹ ਤਿਉਹਾਰ ਸਾਉਣ ਮਹੀਨੇ ਦੀ ਮੱਸਿਆ ਤਕ ਚਲਦਾ ਹੈ। ਤਿਉਹਾਰ ਖ਼ਤਮ ਹੋਣ ਵਾਲੇ ਆਖ਼ਰੀ ਦਿਨ ਨੂੰ ‘ਬਲ੍ਹ ਪੈਣੀ’ ਕਿਹਾ ਜਾਂਦਾ ਹੈ। ਆਪਣੇ ਜੋਬਨ ਦੇ ਸਮਿਆਂ ਵਿਚ ਤਾਂ ਤੀਆਂ ਦੇ ਬਲ੍ਹ ਵਾਲੇ ਦਿਨ ਲੜਕੀਆਂ ਵਲੋਂ ਹੁਲੜਬਾਜ਼ੀ ਵੀ ਦੇਖਣ ਨੂੰ ਮਿਲਦੀ ਸੀ।
ਜਨੇਰ ਦੀਆਂ ਤੀਆਂ ਮਿਸਤਰੀ ਮੰਗਲ ਸਿੰਘ, ਮਿਸਤਰੀ ਮਾਧਾ ਸਿੰਘ, ਹਰਨੇਕ ਸਿੰਘ ਬਰਾੜ ਅਤੇ ਸ਼ੇਰ ਸਿੰਘ ਸੇਖੋਂ ਹੋਰਾਂ ਦੇ ਘਰਾਂ ਸਾਹਮਣੇ ਖਾਲੀ ਪਏ ਪਿੜਾਂ ਦੇ ਪਲਾਟਾਂ ਵਿਚ ਜੰਗੀਰ ਸਿੰਘ ਸਿੱਧੂ ਅਤੇ ਛੱਪੜੀ ਤਕ ਦੇ ਥਾਵਾਂ ਵਿਚ ਲੱਗਿਆ ਕਰਦੀਆਂ ਸਨ। ਤੀਆਂ ਦੇ ਤਿਉਹਾਰ ਨੂੰ ਵਿਆਹੀਆਂ ਲੜਕੀਆਂ ਆਪਣੇ ਸਹੁਰੇ ਘਰ ਬਹੁਤ ਹੀ ਬੇਸਬਰੀ ਨਾਲ ਉਡੀਕਦੀਆਂ। ਇਨ੍ਹਾਂ ਵਿਆਹੀਆਂ ਲੜਕੀਆਂ ਨੂੰ ਉਚੇਚੇ ਤੌਰ ‘ਤੇ ਉਨ੍ਹਾਂ ਦੇ ਭਰਾ, ਚਾਚੇ, ਪਿਤਾ ਜਾਂ ਕੋਈ ਹੋਰ ਨਜ਼ਦੀਕੀ ਰਿਸ਼ਤੇਦਾਰ ਸਹੁਰੇ ਘਰ ਤੋਂ ਜਨੇਰ ਲੈ ਆਉਂਦਾ। ਪੇਕੇ ਘਰ ਪਹੁੰਚਣ ਉਪਰੰਤ ਇਹ ਲੜਕੀਆਂ ਆਪਣੀਆਂ ਹਮਉਮਰ ਵਿਆਹੀਆਂ, ਕੁਆਰੀਆਂ ਲੜਕੀਆਂ, ਚਾਚੀਆਂ, ਤਾਈਆਂ, ਦਾਦੀਆਂ ਅਤੇ ਹੋਰ ਔਰਤਾਂ ਨੂੰ ਸਿਰਫ਼ ਮਿਲਦੀਆਂ ਹੀ ਨਹੀਂ ਸਨ ਸਗੋਂ ਉਨ੍ਹਾਂ ਨਾਲ ਆਪਣੇ ਵਿਆਹੁਤਾ ਜੀਵਨ ਅਤੇ ਸਹੁਰੇ ਘਰ ਦਾ ਦੁਖ-ਸੁਖ ਵੀ ਸਾਂਝਾ ਕਰਦੀਆਂ। ਕੁਝ ਕਾਰਨਾਂ ਕਰਕੇ ਆਪਣੇ ਪੇਕੇ ਘਰ ਨਾ ਪਹੁੰਚ ਸਕਣ ਵਾਲੀਆਂ ਪਿੰਡ ਦੀਆਂ ਨੂੰਹਾਂ ਵੀ ਇਨ੍ਹਾਂ ਦੀਆਂ ਹਮਜੋਲਣਾ ਬਣ ਜਾਂਦੀਆਂ।
ਸਹੁਰੇ ਘਰੋਂ ਆਈ ਲੜਕੀ ਦੇ ਮਾਨ ਸਤਿਕਾਰ ਵਿਚ ਮਾਵਾਂ, ਭੈਣਾਂ, ਭਰਜਾਈਆਂ, ਚਾਚੀਆਂ ਅਤੇ ਤਾਈਆਂ ਵਲੋਂ ਉਚੇਚੇ ਤੌਰ ‘ਤੇ ਖੀਰਾਂ ਰਿਨੀਆਂ ਜਾਂਦੀਆਂ, ਪੂੜੇ ਪਕਾਏ ਜਾਂਦੇ। ਸਰ੍ਹੋਂ ਦੇ ਖਾਲਸ ਤੇਲ ਵਿਚ ਜਦੋਂ ਮਿੱਠੇ ਅਤੇ ਲੂਣ ਵਾਲੇ ਗੁਲਗਲੇ (ਪਕੌੜੇ) ਤਲੇ ਜਾਂਦੇ ਤਾਂ ਸਾਉਣ ਮਹੀਨੇ ਦੀਆਂ ਠੰਡੀਆਂ ਫੁਹਾਰਾਂ ਨਾਲ ਪਹਿਲਾਂ ਹੀ ਨਸ਼ਿਆਈ ਹੋਈ ਹਵਾ ਵਿਚ ਤਲੇ ਜਾ ਰਹੇ ਗੁਲਗੁਲਿਆਂ ਦੀ ਮਹਿਕ ਨਾਲ ਹੋਰ ਵੀ ਮਸਤੀ ਦਾ ਰੰਗ ਭਰਿਆ ਜਾਂਦਾ। ਪਿੰਡ ਦੀਆਂ ਭਠਿਆਰੀਆਂ, ਭੱਠੀਆਂ ਤੇ ਗੁੜ ਪਾ ਕੇ ਕਣਕ ਦੇ ਦਾਣੇ ਭੁੰਨਦੀਆਂ ਤਾਂ ਸਾਰੇ ਪਿੰਡ ਵਿਚ ਮਾਨੋ ਵਿਆਹ ਵਾਲਾ ਮਾਹੌਲ ਬਣਿਆ ਜਾਪਦਾ।
ਦਿਨ ਵੇਲੇ ਪਿੰਡ ਦੀਆਂ ਵਿਆਹੀਆਂ ਅਤੇ ਕੁਆਰੀਆਂ ਲੜਕੀਆਂ ਮਿੱਠੇ ਖੂਹ ਉਪਰਲੇ ਵੱਡੇ ਪਿੱਪਲ ‘ਤੇ ਪੀਂਘਾਂ ਝੂਟਦੀਆਂ। ਸ਼ਾਮ ਵੇਲੇ ਇਹ ਸੱਜ ਵਿਆਹੀਆਂ, ਜਨੇਰ ਦੀਆਂ ਜਾਈਆਂ, ਪਹਿਨ ਪਚਰ, ਗਹਿਣਾ ਗੱਟਾ ਪਾ ਆਪਣੀਆਂ ਕੁਆਰੀਆਂ ਅਤੇ ਵਿਆਹੀਆਂ ਸਹੇਲੀਆਂ ਨਾਲ ਤੀਆਂ ਵਿਚ ਪਹੁੰਚ ਨੱਚ, ਗਾ ਕੇ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਦੀਆਂ। ਛੋਟੀ ਉਮਰ ਦੇ ਲੜਕੇ ਵੀ ਤੀਆਂ ਵਿਚ ਪਹੁੰਚ ਕੇ ਆਪਣੇ ਸਾਥੀਆਂ ਨਾਲ ਬਚਪਨ ਵਾਲੀਆਂ ਛੋਟੀਆਂ-ਛੋਟੀਆਂ ਖੇਡਾਂ ਖੇਡਦੇ। ਕੀ ਮਜਾਲ ਸੀ ਪਿੰਡ ਦੇ ਕਿਸੇ ਮਨਚਲੇ’ ਗਭਰੂ ਦੀ ਕਿ ਉਹ ਤੀਆਂ ਵਾਲੇ ਪਿੜਾਂ ਦੇ ਕੋਲੋਂ ਦੀ ਵੀ ਲੰਘ ਜਾਵੇ।
‘ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਤੀਆਂ ਵਾਲੀ ਛਪੜੀ ਪੂਰੀ ਗਈ, ਪਿੜਾਂ ਵਾਲੇ ਪਲਾਟਾਂ ਵਿਚ ਮਕਾਨ ਉਸਰ ਗਏ, ਮਿੱਠੇ ਖੂਹ ਵਾਲੇ ਪਿੱਪਲ ਦੀ ਹੋਂਦ ਹੀ ਖ਼ਤਮ ਹੋ ਗਈ। ਤੀਆਂ ਵੀ ਹੁਣ ਦੇਸ਼, ਵਿਦੇਸ਼ ਵਿਚ ਆਪਣੇ ਬਣਾਏ ‘ਸਭਿਆਚਾਰਕ ਮੇਲਿਆਂ’ ਦਾ ਰੂਪ ਧਾਰਨ ਕਰ ਗਈਆਂ ਹਨ। ਕਈ ਵਾਰ ਜਾਪਦਾ ਹੈ ਜਿਵੇਂ ਸਾਡੇ ਅਮੀਰ ਸਭਿਆਚਾਰ ਦਾ ਤੀਆਂ ਵਾਲਾ ਪੱਖ ਗ੍ਰਹਿਣਿਆ ਗਿਆ ਹੋਵੇ।
ਹੱਸਣ ਖੇਡਣ ਮਨ ਕਾ ਚਾਉ
ਨੱਚਣਾ, ਟੱਪਣਾ, ਹੱਸਣਾ, ਖੇਡਣਾ, ਗਾਉਣਾ ਅਤੇ ਮਨ ਪਰਚਾਉਣਾ, ਪੰਜਾਬੀਆਂ ਨੂੰ ਜਨਮ ਸਮੇਂ ‘ਗੁੜ੍ਹਤੀ’ ਵਿਚ ਹੀ ਨਸੀਬ ਹੋ ਜਾਂਦਾ ਹੈ ਕਿਉਂਕਿ ਪਰੰਪਰਾਵਾਂ ਅਤੇ ਰਵਾਇਤਾਂ ਅਨੁਸਾਰ ਨਵਜੰਮੇ ਬੱਚੇ ਨੂੰ ਗੁੜ੍ਹਤੀ ਕਿਸੇ ਹੱਸਮੁਖ ਔਰਤ ਜਾਂ ਮਰਦ ਪਾਸੋਂ ਹੀ ਦਿਵਾਈ ਜਾਂਦੀ ਹੈ। ਜਨੇਰ ਵਿਚ ਵੀ ਕਦੀ ਖ਼ੁਸ਼ੀਆਂ ਅਤੇ ਖੇੜੇ ਖਿਲਾਰਨ ਵਾਲਿਆਂ ਦੀ ਕਮੀ ਮਹਿਸੂਸ ਨਹੀਂ ਹੋਈ। ਬਹੁਤੇ ਪਿਛੋਕੜ ਦੀਆਂ ਪਰਤਾਂ ਨਾ ਵੀ ਫਰੋਲੀਏ ਤਾਂ ਕਿਸੇ ਸਮੇਂ ਗਿੱਧੇ ਦੀਆਂ ਬੋਲੀਆਂ ਦਾ ਬਾਦਸ਼ਾਹ ਰਿਹਾ ਪੰਜਵੀਂ ਪੱਤੀ ਵਾਲੇ ਚਾਖਰ ਸਿੰਘ ਸਿੱਧੂ ਦੀ ਇਸ ਖੇਤਰ ਵਿਚ ਮੁਹਾਰਤ ਤਾਂ ਅਜੇ ਕਲ੍ਹ ਦੀਆਂ ਗੱਲਾਂ ਹਨ। ਪਿੰਡ ਵਿਚ ਫ਼ਿਲਮਾਈ ਗਈ ਫ਼ਿਲਮ ‘ਕਣਕਾਂ ਦੇ ਓਹਲੇ’ ਸਮੇਂ ਮੇਲੇ ਦੇ ਇਕ ਸੀਨ ਦੌਰਾਨ ਫ਼ਿਲਮੀ ਹਸਤੀਆਂ ਨੇ ਉਚੇਚੇ ਤੌਰ ‘ਤੇ ਇਕ ਬੋਲੀ ਉਸ ਪਾਸੋਂ ਪਵਾਈ। ਫ਼ਿਲਮ ਦਾ ਪ੍ਰੋਡਿਊਸਰ ਉਸ ਦੀ ਪਾਈ ਬੋਲੀ ‘ਤੇ ਇਸ ਕਦਰ ਤਕ ਕਾਇਲ ਹੋਇਆ ਕਿ ਬਿਨਾਂ ਕਿਸੇ ਸੋਧ ਦੇ ਚਾਖਰ ਸਿੰਘ ਦੀ ਬੋਲੀ ਨੂੰ ਫ਼ਿਲਮੀ ਸੀਨ ਵਿਚ ਸ਼ਾਮਿਲ ਕਰ ਲਿਆ। ਸ਼ਾਇਦ ਇਸ ਤੋਂ ਪ੍ਰਭਾਵਿਤ ਹੋ ਕੇ ਹੀ ਪਿੰਡ ਦਾ ਸ਼ਾਇਰ ਪੀਰ ਕਾਦਰੀ ਸੱਦਾ ਉਸ ਨੂੰ
ਸ਼ਰਧਾਂਜਲੀ ਭੇਂਟ ਕਰਦਾ ਪਿੰਡ ਦੇ ਇਤਿਹਾਸ ਵਿਚ ਲਿਖਦਾ ਹੈ
:……….. ਬਾਬਾ ਚਾਖਰ ਗਿੱਧੇ ਦਾ ਬਣ ਸ਼ਿੰਗਾਰ ਹੋਏ।”
ਪੰਜਵੀਂ ਪੱਤੀ ਦੇ ਹੀ ਦੋ ਭਰਾ ਸਰਬਣ ਸਿੰਘ ਅਤੇ ਜੀਤ ਸਿੰਘ ਵੀ ਨੱਚਣ ਗਾਉਣ ਦੇ ਮਾਹਿਰ ਕਲਾਕਾਰ ਹੋਏ ਹਨ। ਸਰਬਣ ਸਿੰਘ ਪੇਟੀ ਵਾਜਾ (ਅੱਜ ਦਾ ਹਰਮੋਨੀਅਮ) ਵਜਾਉਂਦਾ ਅਤੇ ਜੀਤ ਸਿੰਘ ਨੱਚਿਆ ਕਰਦਾ ਸੀ। ‘ਨਾਚ ਕਲਾ’ ਦੇ ਗਿਆਨ ਤੋਂ ਸੱਖਣੇ ਕੁਝ ਰੂੜ੍ਹੀਵਾਦੀ ਖ਼ਿਆਲਾਂ ਵਾਲਿਆਂ ਨੇ ਇਨ੍ਹਾਂ ਨੂੰ ‘ਨਾਚੇ’ ਸ਼ਬਦ ਵਾਲਾ ਰੁਤਬਾ ਵੀ ਦੇ ਦਿੱਤਾ। ਸੁਣਨ ਵਿਚ ਆਇਅ ਹੈ ਕਿ ਸ਼ਾਇਦ ਇਸ ਕਰਕੇ ਹੀ ਇਨ੍ਹਾਂ ਦੋਹਾਂ ਭਰਾਵਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੇ ਕਿਸੇ ਫ਼ਿਲਮ ਵਿਚ ਮਿਲ ਰਿਹਾ ਰੋਲ ਵੀ ਨਾ ਕਰਨ ਦਿੱਤਾ।
ਹਲ ਵਾਹੁਣ, ਖੂਹਾਂ ‘ਤੇ ਪਾਣੀ ਲਾਉਣ, ਨਹਿਰੀ ਪਾਣੀਆਂ ਦੀ ਵਾਰੀ ਨਿਭਾਉਣ ਅਤੇ ਫ਼ਸਲ ਨੂੰ ਗੇੜਾ ਮਾਰਨ ਸਮੇਂ ਜੱਟ ਕਾਮਿਆਂ ਅਤੇ ਖੇਤ ਮਜ਼ਦੂਰ ਕਾਮਿਆਂ ਵਲੋਂ ਲੰਮੀਆਂ ਬੋਲੀਆਂ ਪਾਉਣੀਆਂ, ਹੀਰ ਰਾਂਝਾ, ਸੱਸੀ ਪੁਨੂੰ ਅਤੇ ਮਿਰਜ਼ਾ ਸਾਹਿਬਾਂ ਦੇ ਪਿਆਰ ਕਿੱਸਿਆਂ ਵਿਚੋਂ ਉੱਚੀ ਆਵਾਜ਼ ਵਿਚ ਕੁਝ ਟੂਕਾਂ ਗਾਉਣੀਆਂ ਪੰਜਾਬੀਆਂ ਵਲੋਂ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਨ ਦੇ ਮੁਖ ਸਰੋਤ ਸਨ। ਮਾਲਵੇ ਦੀ ਪੇਂਡੂ ਬੋਲੀ ਵਿਚ ਇਸ ਨੂੰ ‘ਵਾਜ਼ਾਂ ਲਾਉਣੀਆਂ’ ਆਖਦੇ ਹਨ। ਉਂਝ ਤਾਂ ਹਰ ਇਕ ਪੰਜਾਬੀ ਦਾ ਬੋਲੀਆਂ ਦੇ ਰੂਪ ਵਿਚ ਦਿਲ ਦੀਆਂ ਪੜਤਾਂ ਖੋਲ੍ਹਣ ਲਈ ਮਨ ਲਲਚਾਉਂਦਾ ਹੈ ਅਤੇ ਉਹ ਇਸ ਦੀ ਕੋਸ਼ਿਸ਼ ਵੀ ਕਰਦਾ ਹੈ ਪਰੰਤੂ ਗਿਣੇ ਚੁਣੇ ਕਿਸਮਤ ਵਾਲਿਆਂ ਨੂੰ ਹੀ ਇਸ ਦੀ ਮੁਹਾਰਤ ਹੁੰਦੀ ਹੈ। ਪਿੰਡ ਦੇ ਪੁਰਾਣੇ ਬਜ਼ੁਰਗਾਂ ਵਿਚੋਂ ਜਵਾਨੀ ਸਮੇਂ ਅਮਰ 4 ਸਿੰਘ ਚੀਮਾ ਪਾਸ ਲੈਅ ਵਿਚ ਬੋਲੀਆਂ ਪਾਉਣ ਦੀ ‘ਗੁਰਜ’ ਸੀ। ਸਿੱਧੂ ਪੱਤੀ ਦੇ ਕਰਤਾਰ ਸਿੰਘ ਸਿੱਧੂ (ਮਲੂ ਸਿੰਘ) ਰੁਤਾਂ ਅਤੇ ਮੌਸਮਾਂ ਦੇ ਅਨੁਕੂਲ ਬੋਲੀਆਂ ਪਾਉਣ ਦੀ ਮੁਹਾਰਤ ਰਖਦਾ ਸੀ। ਸਿੱਧੂ ਪੱਤੀ ਦਾ ਹੀ ਮੰਦਰ ਸਿੰਘ ਸਿੱਧੂ ਉਚੀ ਆਵਾਜ਼ ਵਿਚ ਬੋਲੀਆਂ ਪਾਉਣ ਵਿਚ ਵਿਸ਼ੇਸ਼ ਥਾਂ ਰਖਦਾ ਸੀ ਪਰੰਤੂ ਰਾਜਿਆਂ ਦੇ ਮੇਹਰ ਸਿੰਘ ਦਾ ਬੋਲੀਆਂ ਪਾਉਣ ਅਤੇ ਵਾਜ਼ਾਂ ਲਾਉਣ ਦਾ ਵੱਖਰਾ ਅੰਦਾਜ਼ ਹੋਣ ਕਰਕੇ ਤੁਰੇ ਜਾਂਦੇ ਰਾਹੀ ਪਾਂਧੀ ਵੀ ਉਸ ਦੀ ਮਦਰ ਆਵਾਜ਼ ਨੂੰ ਸੁਣਨ ਲਈ ਰੁਕ ਜਾਂਦੇ ਸਨ । ਪੰਜਵੀਂ ਪੱਤੀ ਦੇ ਵੀ ਕੁਝ ਖੇਤ ਮਜ਼ਦੂਰ ਅੱਛੀਆਂ ‘ਵਾਜ਼ਾਂ ਲਾਉਂਦੇ ਸਨ ਪਰੰਤੂ ਮੁਹਾਰਤ ਤੋਂ ਸੱਖਣੇ ਸਨ।
ਸਾਹਿਤਕਾਰ ਅਤੇ ਲੇਖਕ
ਸਾਹਿਤਕ ਖੇਤਰ ਵਿਚ ਇਹ ਪਿੰਡ ਪਛੜਿਆ ਹੀ ਰਿਹਾ। ਕੁਝ ਹੱਦ ਤਕ ਤਾਂ ਅਸੀਂ ਪਿੰਡ ਵਾਸੀਆਂ ਦੀ ਸਾਹਿਤਕ ਘਾਟ ਨੂੰ ਅਵਿਦਿਆ ਦੇ ਹਨ੍ਹੇਰੇ ਨਾਲ ਜੋੜ ਸਕਦੇ ਹਾਂ ਪਰੰਤੂ ਫੇਰ ਵੀ ਸਾਹਿਤਕ ਸੰਜੀਦਗੀ ਵਾਲੇ ਕੁਝ ਲੋਕ ਇਥੇ ਮੌਜੂਦ ਸਨ। ਆਮ ਹੀ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀਆਂ ਨੂੰ ਸਾਹਿਤਕ ਰੁਚੀਆਂ ਦੀ ਘਾਟ ਹਮੇਸ਼ਾ ਰਹੀ ਹੈ। ਸਕੂਲੀ ਵਿਦਿਆ ਦੀ ਘਾਟ ਕਾਰਨ ਜਨੇਰ ਵਾਸੀਆਂ ਨੇ ਆਮ ਸਾਹਿਤ (General Litrature) ਨਾਲੋਂ ਟਕਸਾਲੀ ਗੁਰਦੁਆਰਾ ਸਾਹਿਬ ਦੀ ਹੋਂਦ ਦੇ ਮੱਦੇਨਜ਼ਰ ਧਾਰਮਿਕ ਸਾਹਿਤ ਵਿਚ ਵੱਧ ਦਿਲਚਸਪੀ ਦਿਖਾਈ। ਪਿਛਲੇ ਕੁਝ ਸਮੇਂ ਤੋਂ ਜ਼ਰੂਰ ਗੀਤਾਂ, ਗ਼ਜ਼ਲਾਂ, ਕਵਿਤਾਵਾਂ, ਕਹਾਣੀਆਂ, ਇਤਿਹਾਸ ਅਤੇ ਨਾਵਲਾਂ ਦੇ ਰੂਪ ਵਿਚ ਕੁਝ ਸਾਹਿਤ ਰਚਿਆ ਜਾ ਰਿਹਾ ਹੈ ਅਤੇ ਨਵੀਂ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੇ ਨਾਲ ਹੀ ਸਾਹਿਤ ਰਚਣ ਵਿਚ ਦਿਲਚਸਪੀ ਵਧੀ ਹੈ। ਕੁਝ ਸਾਹਿਤਕਾਰ ਅਤੇ ਲਿਖਾਰੀਆਂ ਬਾਰੇ ਲਿਖਣਾ ਜ਼ਰੂਰੀ ਹੈ।
ਮੁਖਤਿਆਰ ਸਿੰਘ ਸੇਵਕ (ਜੱਸਲ)
ਪ੍ਰਸਿੱਧ ਗ੍ਰੰਥੀ, ਮੁਖਤਿਆਰ ਸਿੰਘ ਸੇਵਕ ਨੂੰ ਜੇਕਰ ਜਨੇਰ ਦਾ ਪਹਿਲਾ ਸਾਹਿਤਕਾਰ ਮੰਨ ਲਈਏ ਤਾਂ ਇਹ ਉਸ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਉਸ ਨੇ ਬੇਸ਼ਕ ਇਕੋ ਇਕ ਛੋਟੀ ਜਿਹੀ ਧਾਰਮਿਕ ਪੁਸਤਕ ‘ਸੰਤਾਂ ਦੀ ਮਹਿਮਾ’ ਦੇ ਰੂਪ ਵਿਚ ਪੰਜਾਬੀ ਸਾਹਿਤ ਦੀ ਝੋਲੀ ਪਾਈ ਪਰੰਤੂ ਉਸ ਨੇ ਪਿੰਡ ਵਾਸੀਆਂ ਨੂੰ ਸਾਹਿਤ ਰਚਨਾ ਦਾ ਰਸਤਾ ਜ਼ਰੂਰ ਦਿਖਾਇਆ। ਕੁਝ ਲੇਖਕ ਅਤੇ ਪਿੰਡ ਦਾ ਪੜ੍ਹਿਆ ਲਿਖਿਆ ਵਰਗ ਇਸ ਤੀਹ ਕੁ ਸਫ਼ਿਆਂ ਦੀ ਪੁਸਤਕ ਨੂੰ ਸਾਹਿਤਕ ਵਿਧੀ ਵਿਧਾਨ ਦੀ ਘਾਟ ਪੱਖੋਂ ਅਧੂਰੀ ਪੁਸਤਕ ਗਰਦਾਨਦੇ ਹਨ ਪਰੰਤੂ ਉਨ੍ਹਾਂ ਨੂੰ ਮੁਖਤਿਆਰ ਸਿੰਘ ਸੇਵਕ ਦੀ ਕੋਈ ਸਕੂਲੀ ਵਿਦਿਆ ਨਾ ਹੋਣ ਅਤੇ ਸਿਰਫ਼ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕੀਤੀ ਥੋੜ੍ਹੀ ਬਹੁਤ ਧਾਰਮਿਕ ਵਿਦਿਆ ਹੀ ਹੋਣ ਬਾਰੇ ਵੀ ਆਲੋਚਨਾ ਤੋਂ ਪਹਿਲਾਂ ਇਹ ਪੱਖ ਵਿਚਾਰਨਾ ਚਾਹੀਦਾ ਹੈ। ਰੋਟੀ ਰੋਜ਼ੀ ਕਮਾਉਣ ਦੇ ਚੱਕਰ ਵਿਚ ਸੁਹੇੜੇ ਕਈ ਛੋਟੇ-ਛੋਟੇ ਕੰਮਾਂ ਵਿਚੋਂ ਵਿਹਲ ਕੱਢ ਕੇ ਪਤਾ ਨਹੀਂ ਕਿੰਨੇ ਕੁ ਘੰਟੇ ਉਸ ਨੇ ਇਹ ਛੋਟੀ ਜਿਹੀ ਪੁਸਤਕ ਨਮਿਤ ਲਗਾਏ ਹੋਣਗੇ। ਮੁਖਤਿਆਰ ਸਿੰਘ ਜੱਸਲ ਧਾਰਮਿਕ ਕਵਿਤਾਵਾਂ ਵੀ ਲਿਖਦਾ ਸੀ ਉਸ ਦੀਆਂ ਰਚਨਾਵਾਂ ਵਿਚੋਂ ਕੁਝ ਸਤਰਾਂ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਕਵੀਸ਼ਰ ਹੋਣ ਦੇ ਨਾਤੇ ਉਹ ਕਵਿਸ਼ਰੀ ਦੇ ਦੋਹਰੇ, ਬੰਦ ਅਤੇ ਛੰਦ ਆਦਿ ਵੀ ਲਿਖਦਾ ਸੀ।
ਮੰਦਰ ਸਿੰਘ ਸਿੱਧੂ (ਲਿਖਾਰੀ)
ਅਜੋਕੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਦੇ ਤਰੱਕੀਆਂ ਦੀਆਂ ਬੁਲੰਦੀਆਂ ਛੂਹਣ ਉਪਰੰਤ ਵੀ ਪੰਜਾਬ ਦਾ ਮਣਾਂਮੂੰਹੀਂ ਸਾਹਿਤ ਲਿਖਣ ਅਤੇ ਰੀਕਾਰਡ ਕਰਨ ਤੋਂ ਵਾਂਝਾ ਪਿਆ ਹੈ। ਇਸ ਮੂੰਹ ਜ਼ੁਬਾਨੀ ਰਚੇ ਸਾਹਿਤ (Oral Litrature) ਵਿਚ ਬੋਲੀਆਂ, ਟੱਪੇ, ਛੰਦ, ਗੀਤ, ਭਜਨ, ਭੱਟਾਂ, ਬੰਦਗੀਆਂ, ਵਾਰਾਂ, ਲਤੀਫ਼ੇ ਅਤੇ ਕਹਾਣੀਆਂ ਦੀ ਭਰਮਾਰ ਹੈ।
ਮੰਦਰ ਸਿੰਘ ਸਿੱਧੂ ਨੂੰ ਉਸ ਦੇ ਹਮਉਮਰ ਅਤੇ ਕੁਝ ਵਰ੍ਹੇ ਛੋਟੇ-ਵੱਡੇ ਉਸ ਨੂੰ ‘ਲਿਖਾਰੀ’ ਨਾਮ ਨਾਲ ਹੀ ਬੁਲਾਉਂਦੇ ਹਨ। ਸਕੂਲੀ ਵਿਦਿਆ ਵਿਚ ਸਿਰਫ਼ ਤਿੰਨ ਜਮਾਤਾਂ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਕੁਝ ਧਾਰਮਿਕ ਵਿਦਿਆ ਹੀ ਹਾਸਲ ਕੀਤੀ ਹੋਣ ਦੇ ਬਾਵਜੂਦ ਵੀ ਉਸ ਨੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਆਲ਼ੇ- ਦੁਆਲੇ, ਪੇਂਡੂ ਵਾਤਾਵਰਨ ਅਤੇ ਪਿਆਰ ਮੁਹੱਬਤ ਦੀਆਂ ਵੱਡੀ ਗਿਣਤੀ ਵਿਚ ਬੋਲੀਆਂ, ਕਥਾਵਾਂ ਅਤੇ ਛੰਦ ਮੂੰਹ ਜ਼ਬਾਨੀ ਜੋੜੇ ਪਰੰਤੂ ਇਸ ਨੂੰ ਲਿਖਤੀ ਜਾਂ ਰੀਕਾਰਡੀ ਰੂਪ ਨਾ ਦਿੱਤਾ ਗਿਆ। ਸਮਾਜਿਕ ਬੋਲੀਆਂ ਵਿਚ ਉਹ ਚਾਚੀਆਂ, ਤਾਈਆਂ, ਮਾਮੀਆਂ ਅਤੇ ਭਰਜਾਈਆਂ ਨੂੰ ਆਪਣੇ ਪਾਤਰ ਬਣਾਉਂਦਾ ਹੈ:
ਸੋਧਾਂ ਕਹਿੰਦੀ ਚਲੀਏ ਸਾਗ ਨੂੰ,
ਧਨ ਕੁਰ ਕਹਿੰਦੀ ਮੈਂ ਨਹੀਂ ਜਾਣਾ
ਚਾਚੀ…………………..
ਜੈਲੋ ਮਾਮੀ……………….
ਪਿੰਡ ਵਾਸੀਆਂ ਦੇ ਕਿੱਤੇ ਅਤੇ ਕਿਰਦਾਰਾਂ ਨੂੰ ਉਹ ਸ਼ਾਇਰਾਨਾ ਰੰਗ ਵਿਚ ਬੰਨ੍ਹਦਾ ਹੈ:
ਪੂਰਨ ਦਸੌਂਧੇ ਦਾ, ਜਿਹਨੂੰ ਕਿੱਸਾ ਪੜ੍ਹਨਾ ਨਾ ਆਵੇ। ਗੁਰਦੇਵ ਨਾਜਰ ਦਾ, ਜਿਹੜਾ ਵਧੀਆ ਕਿੱਸਾ ਸੁਣਾਵੇ। ਅਰਜੂ ਸ਼ਾਮੇ ਕਾ ਜਿਹੜਾ ਕੁੱਤਿਆਂ ਨੂੰ ਰੋਟੀਆਂ ਪਾਵੇ। ਨਾਜਰ, ਪਾਖਰ ਕਾ ਜਿਹੜਾ ਮੋਗੇ ਹੀ ਕੋਠੀਆਂ ਪਾਵੇ।
ਦੇਖਣ ਵਿਚ ਸ਼ਾਇਦ ਇਹ ਬੋਲੀਆਂ ਰੂਪੀ ਕਵਿਤਾ ‘ਪਿੰਗਲ’ ਦੀ ਕਸਵੱਟੀ ‘ਤੇ ਪੂਰੀ ਨਾ ਉਤਰਦੀ ਹੋਵੇ ਪਰੰਤੂ ਸਮਾਜਿਕ ਪੱਖੋਂ ਇਹ ਆਪਣੇ ਅੰਦਰ ਜਨੇਰ ਦਾ ਸਭਿਆਚਾਰ ਛੁਪਾਈ ਬੈਠੀ ਹੈ। ਨਵੀਂ ਪੀੜ੍ਹੀ ਵਾਸਤੇ ਮੰਦਰ ਸਿੰਘ ਸਿੱਧੂ ਦੀਆਂ ਉਪਰੋਕਤ ਚਾਰ ਲਾਈਨਾਂ ਦੀ ਕਵਿਤਾ ਦਾ ਵਰਨਣ ਕਰੀਏ ਤਾਂ ਇਸ ਤਰ੍ਹਾਂ ਹੈ:-
ਮਿਸਤਰੀ ਦਸੌਂਧਾ ਸਿੰਘ ਚਾਨਾ ਦਾ ਪੁੱਤਰ ਪੂਰਨ ਸਿੰਘ ਸਿਰਫ਼ ਗੁਰਦੁਆਰੇ ਪੜ੍ਹਿਆ ਸੀ। ਜਦੋਂ ਪਿੰਡ ਦੇ ਉਸ ਨਾਲੋਂ ਵੱਡੀ ਉਮਰ ਦੇ ਗਭਰੂ ਪੂਰਨ ਸਿੰਘ ਨੂੰ ਹੀਰ ਰਾਂਝਾ ਜਾਂ ਸੱਸੀ ਪੁਨੂੰ ਦਾ ਕਿੱਸਾ ਪੜ੍ਹਨ ਲਈ ਆਖਦੇ ਤਾਂ ਉਹ ਝਿਜਕ ਨਾਲ ਹੀ ਪੜ੍ਹਦਾ ਉਧਰ ਨਾਜਰ ਸਿੰਘ ਸਿੱਧੂ ਦਾ ਲੜਕਾ ਗੁਰਮੇਲ ਸਿੰਘ (ਬੋਹੜ ਵਾਲੇ ਗੁਰਨਾਮ ਸਿੰਘ ਸਿੱਧੂ ਦਾ ਭਤੀਜਾ ਅਤੇ ਭਗਵਾਨ ਕੌਰ ਦਾ ਲੜਕਾ) ਸਕੂਲੀ ਵਿਦਿਆ ਦਾ ਮਿਡਲ ਪਾਸ ਹੋਣ ਕਰਕੇ ਕਿੱਸੇ ਪੜ੍ਹਨ ਵਜੋਂ ਮਾਹਿਰ ਸਮਝਿਆ ਜਾਂਦਾ ਸੀ। ਕਵਿਤਾ ਦੀ ਤੀਜੀ ਪੰਗਤੀ ਅਨੁਸਾਰ ਮਿਸਤਰੀ ਸ਼ਾਮਾ ਸਿੰਘ ਚਾਨਾ ਦਾ ਭਰਾ ਅਰਜਨ ਸਿੰਘ ਚਾਨਾ (ਅਰਜੂ) ਪੁੰਨਦਾਨ ਵਿਚ ਵਿਸ਼ਵਾਸ ਰਖਦਾ ਸੀ। ਸਾਉਣ ਮਹੀਨੇ ਵਿਚ ਜਦੋਂ ਮੀਂਹ ਪੈਣ ਵਿਚ ਦੇਰੀ ਹੋ ਜਾਣੀ ਤਾਂ ਉਹ ਉਸ ਨੂੰ ਕੁਦਰਤ ਦੀ ਕਰੋਪੀ ਸਮਝਦਾ ਸੀ। ਇੰਦਰ ਦੇਵਤਾ ਨੂੰ ਖ਼ੁਸ਼ ਕਰਨ ਵਾਸਤੇ ਉਹ ਘਰ ਘਰ ਜਾ ਕੇ ਰੋਟੀਆਂ ਇਕੱਠੀਆਂ ਕਰਦਾ ਅਤੇ ਅਵਾਰਾ ਕੁਤਿਆਂ ਨੂੰ ਖੁਆਉਂਦਾ। ਜੇਕਰ ਜਲਦੀ ਮੀਂਹ ਪੈ ਜਾਣਾ ਤਾਂ ਉਸ ਨੇ ਕਹਿਣਾ “ਪੁੰਨਦਾਨ ਕਰਨ ਨਾਲ ਹੀ ਸਭ ਕੁਝ ਮਿਲਦਾ ਹੈ।” ਚੌਥੀ ਲਾਈਨ ਅਨੁਸਾਰ ਮਿਸਤਰੀ ਪਾਖਰ ਸਿੰਘ ਦਾ ਭਰਾ ਨਾਜਰ ਸਿੰਘ ਕੋਠੀਆਂ ਪਾਉਣ ਦੇ ਮਾਹਿਰ ਵਜੋਂ ਜਾਣਿਆ ਜਾਂਦਾ ਹੋਣ ਕਰਕੇ ਕਦੀ ਵੀ ਉਹ ਪਿੰਡ ਵਿਚ ਮਕਾਨ ਉਸਾਰੀ ਦਾ ਕੰਮ ਨਹੀਂ ਸੀ ਕਰਦਾ। ਇਹ ਸਭ ਸਮਾਜਿਕ ਅਤੇ ਸਭਿਆਚਾਰਕ ਸਚਾਈਆਂ ਹਨ ਜਿਨ੍ਹਾਂ ਨੂੰ ਮੰਦਰ ਸਿੰਘ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਦਿੱਤਾ ਹੋਇਆ ਹੈ।
ਗੀਤਕਾਰ ਸੁਖਪਾਲ ਪਾਲੀ ਜਨੇਰ ਵਾਲਾ
ਪੰਡਤ ਮਾਘੀ ਰਾਮ ਦੇ ਪੋਤਰੇ ਅਤੇ ਪੰਡਤ ਤੇਜ ਰਾਮ ਦੇ ਲੜਕੇ ਸੁਖਪਾਲ ਪਾਲੀ ਨੇ ਪਿੰਡ ਦੇ ਸਕੂਲ ਵਿਚ ਪੜ੍ਹਦਿਆਂ ਹੀ ਸਕੂਲ ਦੀ ਹਫ਼ਤਾਵਾਰੀ ਸਭਾਵਾਂ ਵਿਚ ਕਵਿਤਾ ਅਤੇ ਗੀਤ ਪੜ੍ਹਨੇ ਸ਼ੁਰੂ ਕਰ ਦਿੱਤੇ ਸਨ। ਕੁਝ ਸਮੇਂ ਬਾਅਦ ਉਸ ਨੇ ਗੀਤ ਲਿਖਣੇ ਅਤੇ ਤੂੰਬੀ ਨਾਲ ਗਾਉਣੇ ਵੀ ਸ਼ੁਰੂ ਕਰ ਦਿੱਤੇ। ਪਾਲੀ ਦੀ ਆਵਾਜ਼ ਅਛ ਹੋਣ ਦੇ ਬਾਵਜੂਦ ਵੀ ਉਸ ਨੇ ਗੀਤ ਗਾਉਣ ਨਾਲੋਂ ਗੀਤ ਲਿਖਣ ਨੂੰ ਤਰਜੀਹ ਦਿੱਤੀ ਅਤੇ ਇਸ ਵਿਚ ਕਾਮਯਾਬੀ ਵੀ ਹਾਸਲ ਕੀਤੀ।
ਪਾਲੀ ਦੇ ਗੀਤਾਂ ਵਿਚ ਲੱਚਰਤਾ ਨਹੀਂ ਹੈ ਸਗੋਂ ਉਹ ਸਮਾਜ ਦੇ ਹਰ ਇਕ ਪਹਿਲੂ ਨੂੰ ਬਹੁਤ ਹੀ ਸੰਜੀਦਗੀ ਨਾਲ ਚਿਤਰਦਾ ਹੈ। ਪਾਲੀ ਦੇ ਗੀਤਾਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੇ ਕਿ ਉਸ ਦੇ ਲਿਖੇ ਗੀਤਾਂ ਦੇ ਆਖ਼ਰ ਵਿਚ ਉਸ ਦੇ ਪਿੰਡ ‘ਜਨੇਰ’ ਦਾ ਨਾਮ ਪੜ੍ਹਨ, ਸੁਣਨ ਨੂੰ ਮਿਲਦਾ ਹੋਣ ਕਰਕੇ ਲੋਕ ਉਸ ਨੂੰ ਪਸੰਦ ਕਰਦੇ ਹਨ, ਕਿਉਂਕਿ ਪਿੰਡ ਦੇ ਨਾਮ ਤੋਂ ਉਸ ਦੇ ਜਨਮ ਭੂਮੀ ਨਾਲ ਦਿਲੋਂ ਲਗਾਓ ਅਤੇ ਸਮਾਜਿਕ ਭਰਾਤਰੀਭਾਵ ਦੇ ਪਿਆਰ ਦੀ ਝਲਕ ਪੈਂਦੀ ਹੈ। ਉਸ ਦੇ ਗੀਤਾਂ ਵਿਚ ਚਿਤਰੇ ਗਏ ਪਾਤਰ ਦੂਰ ਦੇ ਨਹੀਂ ਸਗੋਂ ਨੇੜੇ-ਤੇੜੇ ਦੀ ਨਿਤ ਪ੍ਰਤੀ ਜ਼ਿੰਦਗੀ ਦਾ ਹਿੱਸਾ ਹੁੰਦੇ ਹਨ। ਨਾਮਵਰ ਗਾਇਕਾਂ ਵਲੋਂ ਉਸ ਦੇ ਗੀਤ ਗਾਏ ਅਤੇ ਰੀਕਾਰਡ ਕਰਵਾਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਰੇਮੇਸ਼ ਰਾਨਾ, ਗੁਰਨਾਮ, ਨਿੱਕਾ ਵਿਰਦੀ ਚੰਦਾਂ ਵਾਲਾ ਅਤੇ ਗਾਇਕ ਸੋਨੀ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਉਹ ਦੁਗਾਣੇ ਲਿਖਣ ਵਿਚ ਵੀ ਮੁਹਾਰਤ ਰਖਦਾ ਹੈ। ਪ੍ਰਸਿੱਧ ਗਾਇਕਾ ਮੀਤਾ ਸੁਨਾਮ ਜਿਹੜੀਕਿ ਪੰਜਾਬ ਦੇ ਪ੍ਰਸਿੱਧ ਗਾਇਕ ਰਾਜ ਬਰਾੜ ਨਾਲ ਗਾਉਂਦੀ ਹੈ ਉਹ ਪਾਲੀ ਦੇ ਕਈ ਸੋਲੋ ਅਤੇ ਦੁਗਾਣੇ ਗੀਤ ਗਾ ਚੁੱਕੀ ਹੈ ਅਤੇ ਉਨ੍ਹਾਂ ਵਿਚੋਂ ਕੁਝ ਰੀਕਾਰਡ ਵੀ ਹੋ ਚੁੱਕੇ ਹਨ।
ਗੀਤ ਗਾਣਿਆਂ ਤੋਂ ਬਿਨਾਂ ਸੁਖਪਾਲ ਪਾਲੀ ਕਵਿਤਾ ਵੀ ਲਿਖਦਾ ਹੈ ਅਤੇ ਇਸ ਦੀ ਕਵਿਤਾ ਵਿਚ ਵੀ ਗੀਤ ਗਾਣਿਆਂ ਵਾਂਗ ਆਮ ਪੰਜਾਬੀ ਜੀਵਨ ਦੀ ਝਲਕ ਨਜ਼ਰੀਂ ਪੈਂਦੀ ਹੈ। ਇਸ ਉਭਰ ਰਹੇ ਲੇਖਕ ਤੋਂ ਪੰਜਾਬੀ ਸਾਹਿਤ ਅਤੇ ਜਨੇਰ ਵਾਸੀਆਂ ਨੂੰ ਬਹੁਤ ਉਮੀਦਾਂ ਹਨ।
ਪੀਰ ਕਾਦਰੀ ਸੱਦਾ
ਪੀਰ ਕਾਦਰੀ ਸੱਦਾ ਬਾਬਾ ਤੁਲੇ ਸ਼ਾਹ ਦੇ ਪੋਤਰੇ ਅਤੇ ਤਾਬੇ ਸ਼ਾਹ ਦੇ ਲੜਕੇ ਸੱਜਣ ਸ਼ਾਹ ਦਾ ਸਾਹਿਤਕ ਨਾਮ ਹੈ। ਜਮਾਂਦਰੂ ਅਪਾਹਜ ਅਤੇ ਹੁਣ ਭਰ ਜਵਾਨੀ ਵਿਚ ਵੀ ਸਿਰਫ਼ ਬਿਸਾਖੀਆਂ ਦੇ ਸਹਾਰੇ ਤੁਰਨ ਫ਼ਿਰਨਯੋਗ ਇਸ ਜ਼ਿੰਦਾਦਿਲ ਸ਼ਾਇਰ ਦੀ ਆਪਣੇ ਪਰਿਵਾਰ ਨੂੰ ਆਰਥਿਕ ਰੂਪ ਵਿਚ ਅਤੇ ਪਿੰਡ ਨੂੰ ਸਾਹਿਤਕ ਰੂਪ ਵਿਚ ਵੱਡੀ ਦੇਣ ਹੈ। ਬਚਪਨ ਤੋਂ ਹੀ ਬਿਸਾਖੀਆਂ ਸਹਾਰੇ ਸਕੂਲ ਪਹੁੰਚ ਕੇ ਘਰ ਅਤੇ ਸਿਹਤ ਦੋਹਾਂ ਪੱਖੋਂ ਤੋਂ ਗ਼ਰੀਬ ਬੱਚੇ ਲਈ ਵਧੀਆ ਨੰਬਰ ਲੈ ਕੇ ਦਸ ਜਮਾਤਾਂ ਪਾਸ ਕਰ ਲੈਣੀਆਂ ਕੋਈ ਛੋਟੀ-ਮੋਟੀ ਪ੍ਰਾਪਤੀ ਨਹੀਂ ਹੁੰਦੀ । ਉਹ ਅੱਗੇ ਪੜ੍ਹਾਈ ਜਾਰੀ ਰੱਖ ਕੇ ਉਚ ਵਿਦਿਆ ਹਾਸਲ ਕਰਨੀ ਚਾਹੁੰਦਾ ਸੀ ਪਰੰਤੂ ਆਮ ਹੋਣਹਾਰ ਗ਼ਰੀਬ ਬੱਚਿਆਂ ਵਾਂਗ ਪੀਰ ਕਾਦਰੀ ਨੂੰ ‘ਘਰ ਦੀ ਗ਼ਰੀਬੀ ਮਾਰ ਗਈ’ ਅਪਾਹਜ ਹੁੰਦਿਆਂ ਵੀ ਉਸ ਨੇ ਹੌਸਲਾ ਨਾ ਹਾਰਿਆ ਸਗੋਂ ਸਿਲਾਈ-ਕਢਾਈ ਦਾ ਕੰਮ ਸਿਖ ਕੇ ਸਖ਼ਤ ਮਿਹਨਤ ਕੀਤੀ ਅਤੇ ਆਪਣੇ ਛੋਟੇ ਭਰਾਵਾਂ ਨੂੰ ਪੜ੍ਹਾ ਲਿਖਾ ਕੇ ਵਧੀਆ ਨੌਕਰੀਆਂ ਦੇ ਯੋਗ ਬਣਾਇਆ। ਜਿਹੜੇ ਉਸ ਦੀ ਬਦੌਲਤ ਅੱਜ ਦੀ ਘੜੀ ਵਧੀਆ ਸਰਕਾਰੀ ਨੌਕਰੀਆਂ ਦਾ ਆਨੰਦ ਮਾਣ ਰਹੇ ਹਨ।
ਪੀਰ ਕਾਦਰੀ ਸੱਦਾ ਬਹੁਪੱਖੀ ਸਾਹਿਤਕਾਰ ਹੈ। ਉਸ ਨੇ ਗਲਪ ਰਚਨਾ ਵਿਚ ਕਹਾਣੀਆਂ, ਮਿੰਨੀ ਕਹਾਣੀਆਂ ਅਤੇ ਸਾਹਿਤਕ ਲੇਖ ਲਿਖੇ ਹਨ। ਕਾਵਿ ਰੂਪ ਵਿਚ ਉਸ ਦੀਆਂ ਰਚਨਾਵਾਂ ਵਿਚ ਗੀਤ, ਗ਼ਜ਼ਲਾਂ, ਕਵਿਤਾ ਅਤੇ ਵਾਰਾਂ ਸ਼ਾਮਿਲ ਹਨ। ਉਸ ਨੇ ‘ਲਾਲਚ’ ਨਾਮ ਦਾ ਇਕ ਡਰਾਮਾ ਵੀ ਲਿਖਿਆ ਹੈ। ਮੁਸਲਮਾਨ ਸੂਫ਼ੀ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਪੀਰ ਕਾਦਰੀ ਦੀਆਂ ਰਚਨਾਵਾਂ ਵਿਚ ਸੂਫ਼ੀਆਨਾ ਦੀ ਝਲਕ ਸਪਸ਼ਟ ਨਜ਼ਰੀਂ ਪੈਂਦੀ ਹੈ। ਇਸ ਪੁਸਤਕ ਵਿਚ ਵੀ ਕਈ ਥਾਂ ਜਨੇਰ ਅਤੇ ਜਨੇਰੀਆਂ ਨਾਲ ਸਬੰਧਤ ਪੀਰ ਕਾਦਰੀ ਦੀ ਕਵਿਤਾ ਦੀਆਂ ਟੂਕਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਗ਼ਰੀਬੀ ਦੀ ਮਾਰ ਹੇਠ ਜੀਵਨ ਬਸਰ ਕਰ ਰਿਹਾ ਇਹ ਹੋਣਹਾਰ ਲੇਖਕ ਆਪਣੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਨਹੀਂ ਦੇ ਸਕਿਆ। ਪਰੰਤੂ ਹੁਣ ਕੁਝ ਆਸ਼ਾ ਦੀ ਕਿਰਨ ਨਜ਼ਰੀਂ ਪਈ ਹੈ, ਮੋਗਾ ਸਾਹਿਤ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਸੜਕਨਾਮਾ ਅਤੇ ਜਨੇਰ ਦੇ ਕੁਝ ਪਰਵਾਸੀ ਸੱਜਣਾਂ ਨੇ ਇਸ ਸੂਫ਼ੀਆਨਾ ਅੰਦਾਜ਼ ਵਿਚ ਲਿਖਣ ਵਾਲੇ ਸਾਹਿਤਕਾਰ ਦੀ ਬਾਂਹ ਫੜੀ ਹੈ, ਹੋ ਸਕਦਾ ਹੈ ਕਿ ਜਲਦੀ ਹੀ ਇਸ ਦੀਆਂ ਕੁਝ ਰਚਨਾਵਾਂ ਨੂੰ ਪੁਸਤਕ ਰੂਪ ਮਿਲ ਸਕੇ।
ਪਰਵਾਸੀ ਸਾਹਿਤਕਾਰ ਨਛੱਤਰ ਸਿੰਘ ਬਰਾੜ (ਕੈਨੇਡੀਅਨ)
ਪਿੰਡ ਜਨੇਰ ਨਾਲ ਸਬੰਧਤ ਕੈਨੇਡਾ ਨਿਵਾਸੀ ਪਰਵਾਸੀ ਸਾਹਿਤਕਾਰ ਨਛੱਤਰ ਸਿੰਘ ਬਰਾੜ ਪੰਜਾਬੀ ਸਾਹਿਤ ਵਿਚ ਇਕ ਸਥਾਪਿਤ ਸਾਹਿਤਕਾਰ ਹੈ। ਹੱਥ ਵਿਚਲੀ ਇਤਿਹਾਸਕ ਪੁਸਤਕ ਲਿਖਣ ਤੋਂ ਪਹਿਲਾਂ ਉਹ ਦੋ ਨਾਵਲ, ਇਕ ਵਾਰਤਕ, ਦਰਜਨਾਂ ਕਹਾਣੀਆਂ ਅਤੇ ਕਵਿਤਾਵਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕਿਆ ਹੈ। ਉਸ ਦੀਆਂ ਤਿੰਨ ਹੋਰ ਪੁਸਤਕਾਂ ਜਿਨ੍ਹਾਂ ਵਿਚ ਪਰਵਾਸੀ ਜ਼ਿੰਦਗੀ ਨਾਲ ਸਬੰਧਤ ਇਕ ਨਾਵਲ, ਇਕ ਕਹਾਣੀ ਸੰਗ੍ਰਹਿ ਅਤੇ ‘ਘੁੰਮਦੀ ਫਿਰਦੀ ਕਵਿਤਾ’ ਨਾਮ ਦੀ ਇਕ ਕਾਵਿ ਰਚਨਾ ਜਲਦੀ ਹੀ ਪਾਠਕਾਂ ਦੇ ਰੂਬਰੂ ਹੋ ਜਾਣਗੀਆਂ। ਨਛੱਤਰ ਸਿੰਘ ਬਰਾੜ ਅੰਗਰੇਜ਼ੀ ਵਿਚ ਵੀ ਲਿਖਦਾ ਹੈ। ਉਸ ਦੀਆਂ ਰਚਨਾਵਾਂ ਅਕਸਰ ਅੰਗਰੇਜ਼ੀ ਦੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪਦੀਆਂ ਰਹਿੰਦੀਆਂ ਹਨ। ਉਸ ਦੇ ਦੋ ਨਾਵਲਾਂ ‘ਕਿਹੜੀ ਰੁੱਤੇ ਆਏ’ ਅਤੇ ‘ਚਿੱਠੀਆਂ ਦੀ ਸਜ਼ਾ’ ਨੂੰ ਜਿਥੇ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਉਥੇ ਉਸ ਨੂੰ ‘ਯਾਦਾਂ ਫਾਈਟਰ ਨੈਟ ਦੀਆਂ’ ਦੇ ਰੂਪ ਵਿਚ ਭਾਰਤੀ ਹਵਾਈ ਫ਼ੌਜ ਨਾਲ ਸਬੰਧਤ ਪੰਜਾਬੀ ਵਿਚ ਪਹਿਲੀ ਪੁਸਤਕ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ।
ਨਛੱਤਰ ਸਿੰਘ ਬਰਾੜ ਵਲੋਂ ਭਾਰਤੀ ਹਵਾਈ ਫ਼ੌਜ ਨਾਲ ਸਬੰਧਤ ਪੰਜਾਬੀ ਵਿਚ ਲਿਖੀ ਗਈ ਇਕੋ ਇਕ ਪੁਸਤਕ ‘ਯਾਦਾਂ ਫਾਈਟਰ ਨੈਟ ਦੀਆਂ’ ਅਤੇ ਉਸ ਦਾ ਨਾਵਲ ‘ਚਿੱਠੀਆਂ ਦੀ ਸਜ਼ਾ’ ਵਿਦੇਸ਼ਾਂ ਵਿਚ ਛਪਦੇ ਪੰਜਾਬੀ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਹਫ਼ਤਾਵਾਰੀ ‘ਮੈਗਜ਼ੀਨ ਇੰਡੋ-ਕੈਨੇਡੀਅਨ ਟਾਈਮਜ਼’ ਵਿਚ ਛਪ ਚੁੱਕੇ ਹਨ। ਇਹ ਹਫ਼ਤਾਵਰੀ ਮੈਗਜ਼ੀਨ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਇਟਲੀ ਅਤੇ ਆਸਟ੍ਰੇਲੀਆ ਸਮੇਤ 17 ਦੇਸ਼ਾਂ ਵਿਚ ਪੜ੍ਹਿਆ ਜਾਂਦਾ ਹੈ। ਡਾਕਟਰ ਅਮਰਜੀਤ ਸਿੰਘ ‘ਆਰਸੀ’ ਵਾਲੇ ਦਿੱਲੀ, ਡਾਕਟਰ ਗੁਰਭਜਨ ਗਿੱਲ, ਡਾਕਟਰ ਰਵਿੰਦਰ ਭੱਠਲ, ਡਾਕਟਰ ਰਵਿੰਦਰ ਰਵੀ, ਡਾਕਟਰ ਦਰਸ਼ਨ ਗਿੱਲ, ਨਿੰਦਰ ਘੁਗਿਆਣਵੀ, ਜਰਨੈਲ ਸਿੰਘ ਸੇਖਾ, ਕੇ.ਐਲ. ਗਰਗ, ਹਰਬੀਰ ਸਿੰਘ ਭੰਵਰ, ਨਦੀਪ ਪਰਮਾਰ, ਡਾਕਟਰ ਸੁਰਜੀਤ ਬਰਾੜ, ਬਲਦੇਵ ਸਿੰਘ ਸੜਕਨਾਮਾ, ਮੋਹਨ ਗਿੱਲ, ਡਾਕਟਰ ਇੰਦਰਜੀਤ ਕੌਰ ਸਿੱਧੂ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਅਤੇ ਕਈ ਹੋਰ ਪੰਜਾਬੀ ਦੇ ਨਾਮਵਰ ਲੇਖਕ ਅਤੇ ਆਲੋਚਕ ਨਛੱਤਰ ਸਿੰਘ ਬਰਾੜ ਦੀ ਸਾਹਿਤ ਰਚਨਾ ਬਾਰੇ ਅਖ਼ਬਾਰਾਂ, ਮੈਗਜ਼ੀਨਾਂ ਅਤੇ ਸੋਵੀਨਰਾਂ ਵਿਚ ਕਾਫੀ ਕੁਝ ਲਿਖ ਚੁੱਕੇ ਹਨ।
ਨਵੰਬਰ 2011 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾਂ ਨਾਲ ਨਛੱਤਰ ਸਿੰਘ ਬਰਾੜ ਨੂੰ ਵੀ ਪਰਵਾਸੀ ਨਾਵਲਕਾਰਾਂ ਵਲੋਂ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਵਜੋਂ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਕਈ ਨਾਮਵਰ ਕਾਲਜਾਂ ਵਲੋਂ ਉਸ ਨੂੰ ਐਮ.ਏ. ਪੰਜਾਬੀ ਅਤੇ ਬੀ.ਐਡ. ਆਦਿ ਦੇ ਵਿਦਿਆਰਥੀਆਂ ਲਈ ਉਲੀਕੇ ‘ਰੂਬਰੂ’ ਪ੍ਰੋਗਰਾਮਾਂ ਵਿਚ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਨਛੱਤਰ ਸਿੰਘ ਬਰਾੜ ਪੰਜਾਬੀ ਸਾਹਿਤ ਅਕਾਡਮੀ ਦਾ ਲਾਈਫ਼ ਮੈਂਬਰ ਅਤੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਸਥਿਤ ‘ਬੀ.ਸੀ. ਪੰਜਾਬੀ ਕਲਚਰਲ ਫਾਊਡੇਸ਼ਨ’ ਦਾ ਡਾਇਰੈਕਟਰ ਹੈ। ਇਸ ਤੋਂ ਬਿਨਾਂ ਉਹ ਵੈਨਕੂਵਰ ਪੰਜਾਬੀ ਮੰਚ ਅਤੇ ਕੇਂਦਰੀ ਲਿਖਾਰੀ ਸਭਾ ਉਤਰੀ ਅਮਰੀਕਾ ਦਾ ਸਰਗਰਮ ਮੈਂਬਰ ਹੈ।
ਜਨੇਰ ਦੇ ਕੁਝ ਹੋਰ ਲੇਖਕ
ਪੰਜਵੀਂ ਪੱਤੀ ਦੇ ਪੇਂਟਰ ਸੁੱਖਾ ਸਿੰਘ ਨੇ ਮਾਤਾ ਦੀਆਂ ਭੇਂਟਾਂ ਤੋਂ ਬਿਨਾਂ ਮੰਦਰਾਂ ਨਾਲ ਸਬੰਧਤ ਧਾਰਮਿਕ ਰਚਨਾਵਾਂ ਵੀ ਲਿਖੀਆਂ ਹਨ। ਉਸ ਦਾ ਭਰਾ ਫ਼ੌਜੀ ਗੁਰਬਚਨ ਸਿੰਘ ‘ਕਮਲ’ ਫ਼ੌਜੀ ਡਿਊਟੀ ਵਿਚੋਂ ਵਕਤ ਕੱਢ ਕੇ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਲਿਖਣ ‘ਤੇ ਹੱਥ ਅਜ਼ਮਾਈ ਕਰ ਰਿਹਾ ਹੈ। ਪੰਜਵੀਂ ਪੱਤੀ ਦੇ ਹੀ ਵਿਸਾਖਾ ਸਿੰਘ ਨੇ ਗਾਇਕ ਕਲਾਕਾਰਾਂ ਲਈ ਕਈ ਗੀਤ ਲਿਖੇ ਹਨ। ਉਸ ਦੇ ਗੀਤ ਪ੍ਰੀਤਾ ਖੋਸਾ ਨਾਮ ਦੀ ਗਾਇਕ ਨੇ ਗਾਏ ਹਨ ਅਤੇ ਕੁਝ ਹੋਰ ਨਵੇਂ ਉਭਰ ਰਹੇ ਗਾਇਕ ਕਲਾਕਾਰ ਵੀ ਉਸ ਦੀਆਂ ਰਚਨਾਵਾਂ ਦੀ ਮੰਗ ਕਰ ਰਹੇ ਹਨ। ਪਿੰਡ ਜਨੇਰ ਨਾਲ ਸਬੰਧਤ ਪਟਵਾਰੀ ਪਿਆਰਾ ਸਿੰਘ ਵੀ ਗ਼ਜ਼ਲਾਂ ਤੇ ਗੀਤ ਲਿਖਦਾ ਹੈ।
6 ਜੱਸਲਾਂ ਦੇ ਮੁਖਤਿਆਰ ਸਿੰਘ ਸੇਵਕ ਵਲੋਂ ਜਨੇਰ ਵਿਚ ਲਗਾਏ ਸਾਹਿਤਕ ਰੂਪੀ ਬੂਟੇ ਨੂੰ ਪਿੰਡ ਦੇ ਸਾਹਿਤਕਾਰ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਦੇ ਰਹੇ ਪਾਣੀ ਨਾਲ ਕਿੰਨਾ ਕੁ ਵਧਣ ਫੁਲਣ ਦੇ ਸਮਰਥ ਬਣਾਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਪਿੰਡ ਦੇ ਮੌਜੂਦਾ ਸਾਹਿਤਕਾਰਾਂ ਵਲੋਂ ਆਪਣੀਆਂ ਕੋਸ਼ਿਸ਼ਾਂ ਜਾਰੀ ਹਨ।
ਖੇਡਾਂ ਅਤੇ ਖਿਡਾਰੀ
ਪੰਜਾਬ ਦਾ ਮਾਲਵਾ ਖੇਤਰ, ਮਾਝੇ ਅਤੇ ਦੁਆਬੇ ਨਾਲੋਂ ਖੇਡਾਂ ਵਿਚ ਪਛੜਿਆ ਹੀ ਰਿਹਾ ਹੈ। ਮਾਲਵੇ ਵਿਚੋਂ ਵੀ ਇਸ ਦਾ ਉਤਰ-ਪੱਛਮੀ ਖਿੱਤਾ ਜਿਸ ਵਿਚ ਜਨੇਰ ਵੀ ਸ਼ਾਮਿਲ ਹੈ ਜੀਵਨ ਦੇ ਇਸ ਜ਼ਰੂਰੀ ਅੰਗ ਵਿਚ ਸ਼ਿਰਕਤ ਕਰਨ ਪੱਖੋਂ ਫਾਡੀ ਹੀ ਰਿਹਾ। .ਕਦੀ ਵੀ ਕਿਸੇ ਪਿੰਡ ਵਾਸੀ ਤੋਂ ਸੁਣਨ ਵਿਚ ਨਹੀਂ ਆਇਆ ਕਿ ਫਲਾਣੇ ਦੇ ਪੜਦਾਦੇ ਜਾਂ ਨਕੜਦਾਦੇ ਨੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹੋਣ। ਇਤਿਹਾਸ ਦੇ ਪੰਨਿਆਂ ਵਿਚ ਖੇਡ-ਪਾਤਰ ਬਣਨਾ ਤਾਂ ਦੂਰ ਦੀਆਂ ਗੱਲਾਂ ਹਨ। ‘ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ’ ਵਾਲੀ ਸਿਆਣਿਆਂ ਵਲੋਂ ਅਜ਼ਮਾਈ ਗਈ ਇਹ ਤੁਕ ਜਨੇਰ ਵਾਸੀਆਂ ‘ਤੇ ਵੀ ਕੁਝ ਹੱਦ ਤਕ ਢੁਕਦੀ ਹੈ ਕਿਉਂਕਿ ਉਨੀ ਸੌ ਤੀਹਵਿਆਂ ਤੋਂ ਬਾਅਦ ਇਥੇ ਵੀ ਸਮੇਂ- ਸਮੇਂ ਆਪਣੀ ਸਮਰਥਾ ਅਨੁਸਾਰ ਖਿਡਾਰੀਆਂ ਨੇ ਖੇਡਾਂ ਦਾ ਬੀਜ ਨਾਸ ਨਹੀਂ ਹੋਣ ਦਿੱਤਾ।
ਅੱਜ ਤੋਂ ਕੋਈ 70-80 ਵਰ੍ਹੇ ਪਹਿਲਾਂ ਬਚਿੱਤਰ ਸਿੰਘ ਸਿੱਧੂ ਜਿਹੜਾ ਬਾਅਦ ਵਿਚ ਪਿੰਡ ਦਾ ਸਰਪੰਚ ਵੀ ਬਣਿਆ ‘ਸੌਂਚੀ ਪੱਕੀ’ ਖੇਡ ਦਾ ਵਧੀਆ ਖਿਡਾਰੀ ਸੀ। ਇਸ ਖੇਡ ਨੂੰ ਅਸੀਂ ਅਜੋਕੇ ਸਮੇਂ ਦੀ ਕਬੱਡੀ ਅਤੇ ਕੁਸ਼ਤੀ ਦਾ ਸੁਮੇਲ ਆਖ ਸਕਦੇ ਹਾਂ। ਕਬੱਡੀ ਵਿਚ ਦੋਹਾਂ ਟੀਮਾਂ ਵਿਚ ਅੱਠ ਖਿਡਾਰੀ ਹੁੰਦੇ ਹਨ, ਪਰੰਤੂ ਸੌਂਚੀ ਪੱਕੀ ਵਿਚ ਇਕ-ਇਕ ਖਿਡਾਰੀ ਹੋਇਆ ਕਰਦਾ ਸੀ ਮਤਲਬ ਇਕੱਲੇ ਨੂੰ ਇਕੱਲਾ ਫੜਦਾ ਸੀ ਇਸ ਖੇਡ ਵਿਚ ਧੌਲ-ਧੱਫ਼ਾ ਕਰਨ ਦੀ ਥੋੜ੍ਹੀ ਬਹੁਤੀ ਆਗਿਆ ਸੀ ਅਤੇ ਖਿਡਾਰੀ ਇਕ ਦੂਜੇ ਉਪਰ ਕੁਸ਼ਤੀਆਂ ਵਾਲੇ ਦਾਅਪੇਚ ਵੀ ਵਰਤਦੇ ਸਨ। ਬਾਅਦ ਵਿਚ ਗੰਡਾ ਸਿੰਘ ਸਿੱਧੂ ਅਤੇ ਅਮਰ ਸਿੰਘ ਸਿੱਧੂ ਨੇ ਜੋੜੀ ਦੇ ਰੂਪ ਵਿਚ ‘ਬੋਰੀ ਚੁੱਕਣ’ ਜਾਂ ‘ਮੁਧਕਰ ਚੁਕਣ’ ਦੀ ਖੇਡ ਵਿਚ ਕਾਫੀ ਪ੍ਰਸਿੱਧੀ ਖੱਟੀ। ਗ੍ਰਾਮ ਸੇਵਕ ਦਲੀਪ ਸਿੰਘ ਸ਼ੇਰਗਿਲ ਕਿਸੇ ਸਮੇਂ ਕਬੱਡੀ ਦਾ ਅੱਛਾ ਖਿਡਾਰੀ ਰਿਹਾ ਹੈ ਉਹ ਕਬੱਡੀ ਪਾਉਣ ਅਤੇ ਕਬੱਡੀ ਪਾਉਣ ਆਏ ਨੂੰ ਫੜ੍ਹਨ, ਦੋਨਾਂ ਅਮਲਾਂ ਵਿਚ ਹੀ ਮੁਹਾਰਤ ਰਖਦਾ ਸੀ। ਉਸ ਸਮੇਂ ਦੌਰਾਨ ਹੀ ਮੇਜਰ ਸਿੰਘ ਸੇਖੋਂ, ਮੋਹਰ ਸਿੰਘ ਚੀਮਾ, ਸ਼ਾਮ ਸਿੰਘ ਚੀਮਾ, ਪ੍ਰੀਤਮ ਸਿੰਘ ਸਰਾਂ ਨੇ ਵੀ ਕਬੱਡੀ ਖੇਡੀ ਪਰੰਤੂ ਪੁਰਾਣੇ ਬਜ਼ੁਰਗਾਂ ਅਨੁਸਾਰ ਇਹ ਸਾਰੇ ਵੱਧ ਖੁਰਾਕ ਅਤੇ ਘਟ ਕਸਰਤ ਦੇ ਸ਼ਿਕਾਰ ਹੋ ਗਏ। ਉਸ ਤੋਂ ਬਾਅਦ ਦਲੀਪ ਸਿੰਘ ਸ਼ੇਰਗਿਲ ਦਾ ਲੜਕਾ ਪਿੰਦਰ ਸਿੰਘ ਬਹੁਤ ਹੀ ਵਧੀਆ ਪਲੇਅਰ ਵਜੋਂ ਉਭਰਿਆ ਅਤੇ ਅੰਤਰਰਾਸ਼ਟਰੀ ਪੱਧਰ ਤਕ ਦਾ ਖਿਡਾਰੀ ਬਣ ਕੇ ਅਮਰੀਕਾ ਅਤੇ ਕੈਨੇਡਾ ਦੀਆਂ ਨਾਮਵਰ ਕਲੱਬਾਂ ਵਿਚ ਕਬੱਡੀ ਖੇਡਿਆ। ਸਿੱਧੂ ਪੱਤੀ ਵਾਲਾ ਮੀਤਾ ਸਿੰਘ ਵੀ ਕਬੱਡੀ ਦਾ ਅੱਛਾ ਖਿਡਾਰੀ ਸੀ। ਜੀਵਾ ਸਿੰਘ ਸੇਖੋਂ ਅਤੇ ਸੁਰਜੀਤ ਸਿੰਘ ਸ਼ੇਰਗਿਲ ਵੀ ਕੁਝ ਸਮਾਂ ਕਬੱਡੀ ਖੇਡੇ ਪਰੰਤੂ ਪਿੰਡ ਲੇਵਲ ਤਕ ਦੇ ਪਲੇਅਰ ਹੀ ਬਣ ਸਕੇ। ਨਵੀਂ ਪੀੜ੍ਹੀ ਦੇ ਕੁਝ ਬੱਚੇ ਅੱਜਕਲ੍ਹ ਅੱਛੀ ਕਬੱਡੀ ਖੇਡ ਰਹੇ ਹਨ, ਉਨ੍ਹਾਂ ਬਾਰੇ ਲਿਖਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਕਿਉਂਕਿ ਖਿਡਾਰੀਆਂ ਦੀਆਂ ਕਾਰਗੁਜ਼ਾਰੀਆਂ ਵਿਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ।
ਪੰਜਵੀਂ ਪੱਤੀ ਵਾਲਾ ਮੁਹਿੰਦਰ ਸਿੰਘ ਫ਼ੌਜੀ ਭਾਰਤੀ ਫ਼ੌਜ ਵਿਚ ਨੌਕਰੀ ਕਰਦੇ ਸਮੇਂ ਅੱਛਾ ਅਥਲੀਟ ਸੀ। ਲੰਮੀ ਛਾਲ ਵਿਚ ਉਹ ਕਮਾਂਡ ਚੈਂਪੀਅਨ ਰਹਿ ਚੁੱਕਾ ਹੈ। ਮੇਲਾ ਰਾਮ ਸ਼ਰਮਾ ਭਾਰਤੀ ਹਵਾਈ ਫ਼ੌਜ ਵਿਚ ਵੇਟ ਲਿਫਟਿੰਗ ਕਰਿਆ ਕਰਦਾ ਸੀ। ਨਛੱਤਰ ਸਿੰਘ ਬਰਾੜ (ਲੇਖਕ) ਭਾਰਤੀ ਹਵਾਈ ਫ਼ੌਜ ਵਿਚ ਕਮਾਂਡ ਲੇਵਲ ਦਾ ਹਾਕੀ ਪਲੇਅਰ ਸੀ, ਬਾਅਦ ਵਿਚ ਉਸ ਨੇ ਆਈ.ਟੀ.ਆਈ. ਮੋਗਾ ਵਿਚ ਨੌਕਰੀ ਕਰਦੇ ਸਮੇਂ 1986-1988 ਵਿਚ ਹਾਕੀ ਦੀ ਟੀਮ ਤਿਆਰ ਕੀਤੀ ਅਤੇ ਉਸ ਦੀ ਅਗਵਾਈ ਵਿਚ ‘ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਸੰਗਰੂਰ ਵਿਖੇ ਆਈ.ਟੀ.ਆਈ. ਮੋਗਾ ਨੇ ਪਹਿਲੀ ਵਾਰ ਪੰਜਾਬ ਚੈਂਪੀਅਨਸ਼ਿਪ ਜਿੱਤੀ। ਚੰਡੀਗੜ੍ਹ ਵਾਸੀ ਪਿੰਡ ਜਨੇਰ ਦੇ ਕਰਨੈਲ ਸਿੰਘ ਜੱਸਲ ਦਾ ਲੜਕਾ ਚੰਡੀਗੜ੍ਹ ਤਰਫ਼ੋਂ ਜੂਨੀਅਰ ਅਤੇ ਸੀਨੀਅਰ ਦੋਹਾਂ ਵਰਗਾਂ ਵਿਚ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਖੇਡ ਚੁੱਕਾ ਹੈ। ਉਹ ਐਨ.ਆਈ.ਐਸ. ਪਟਿਆਲਾ ਦਾ ਟ੍ਰੇਡ ਹਾਕੀ ਕੋਚ ਹੈ। ਅਤੇ ਚੰਡੀਗੜ੍ਹ ਵਿਚ ਹੀ ਸਪੋਰਟਸ ਅਫ਼ਸਰ (ਹਾਕੀ) ਤਾਇਨਾਤ ਹੈ।
ਲੜਕੀਆਂ ਦੀਆਂ ਖੇਡਾਂ ਦੇ ਖੇਤਰ ਵਿਚ ਸਾਧਾ ਸਿੰਘ ਸ਼ੇਰਗਿਲ ਦੀਆਂ ਦੋਹਾਂ ਲੜਕੀਆਂ ਨੇ ਆਪਣੀ ਪੜ੍ਹਾਈ ਸਮੇਂ ਜਲੰਧਰ ਵਿਖੇ ਵਾਲੀਬਾਲ ਦੀ ਖੇਡ ਵਿਚ ਅੱਛੀਆਂ ਪ੍ਰਾਪਤੀਆਂ ਕੀਤੀਆਂ। ਦੋਹਾਂ ਨੇ ਇਟਰ ਕਾਲਜ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਚੈਂਪੀਅਨਸ਼ਿਪ ਇੰਟਰ ਏਰੀਆ ਟੀਮਾਂ ਵਲੋਂ ਵਾਲੀਬਾਲ ਖੇਡ ਕੇ ਜਨੇਰ ਨੂੰ ਲੜਕੀਆਂ। ਦੀਆਂ ਖੇਡਾਂ ਦੇ ਖੇਤਰ ਵਿਚ ਫਾਡੀ ਹੋਣ ਤੋਂ ਬਚਾ ਲਿਆ।
ਮੇਰੀ ਦਾਤੀ ਨੂੰ ਲਵਾ ਦੇ ਘੁੰਗਰੂ
ਹਾਕੀ, ਫੁੱਟਬਾਲ, ਵਾਲੀਬਾਲ, ਕੱਬਡੀ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਨੂੰ ਖੇਡ ਮੰਡਰਾਲੇ ਅਤੇ ਖੇਡ ਸੰਸਥਾਵਾਂ ਵਲੋਂ ਮਾਨਤਾ ਪ੍ਰਾਪਤ ਹੋਣ ਕਰਕੇ ਅਕਸਰ ਇਨ੍ਹਾਂ ਖੇਡਾਂ ਨਾਲ ਸਬੰਧਤ ਨਾਮਣਾ ਖੱਟਣ ਵਾਲਿਆਂ ਦੀ ਚਰਚਾ ਗਾਹੇ-ਬਿਗਾਹੇ ਸਮਾਜ ਵਿਚ ਹੁੰਦੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਖੇਤੀਬਾੜੀ ਨਾਲ ਸਬੰਧਤ ਕੁਝ ਖੇਡਾਂ ਜਿਵੇਂ ਬੈਲ ਗੱਡੀਆਂ ਦੀਆਂ ਦੌੜਾਂ, ਸੁਹਾਗਾ ਦੌੜਾਂ ਅਤੇ ਹਲਟ ਦੌੜਾਂ ਆਦਿ ਨੂੰ ਵੀ ਖੇਡਾਂ ਦੇ ਤੌਰ ‘ਤੇ ਮਾਨਤਾ ਮਿਲ ਗਈ ਪਰੰਤੂ ਖੇਤੀਬਾੜੀ ਨਾਲ ਸਬੰਧਤ ਮਨੁੱਖੀ ਜ਼ੋਰ ਅਜ਼ਮਾਈ ਦੇ ਕੁਝ ਕਰਤਵ ਜਿਵੇਂ ਤੇਜ਼ੀ ਨਾਲ ਵਾਢੀ ਵੱਢਣੀ ਜਾਂ ਸਿਰ ‘ਤੇ ਵੱਧ ਭਾਰ ਚੁਕ ਲੈਣਾ ਵੀ ਖੇਡਾਂ ਵਾਂਗ ਸਮਾਜਿਕ ਪ੍ਰਵਾਨਤਾ ਅਤੇ ਇਨ੍ਹਾਂ ਬਾਰੇ ਕੁਝ ਲਿਖੇ ਜਾਣ ਦੀ ਮੰਗ ਕਰਦੇ ਹਨ। ਉਪਰੋਕਤ ਕੰਮਾਂ ਦੇ ਜ਼ੋਰਾਵਰ ਜਨੇਰ ਵਾਸੀਆਂ ਬਾਰੇ ਕੁਝ ਨਾ ਲਿਖਿਆ ਜਾਵੇ ਤਾਂ ਉਹ ਸਿਰਫ਼ ਬੇਇਨਸਾਫ਼ੀ ਹੀ ਨਹੀਂ ਹੋਵੇਗੀ ਸਗੋਂ ਪਿੰਡ ਦੇ ਇਤਿਹਾਸ ਦੇ ਪਾਤਰ ਬਣਨੋਂ ਵੀ ਖੁੰਝ ਜਾਣਗੇ।
ਫ਼ਸਲ ਕੱਟਣ ਦੇ ਕੰਬਾਈਨੀਕਰਨ ਹੋਣ ਤੋਂ ਪਹਿਲਾਂ ‘ਵਾਢੀ ਵੱਢਣ’ ਦੀ ਪ੍ਰਕਿਰਿਆ ਕਿਸਾਨ ਅਤੇ ਕਿਸਾਨੀ ਨਾਲ ਸਬੰਧਤ ਮਜ਼ਦੂਰ ਦੀ ਜ਼ੋਰ-ਅਜ਼ਮਾਈ ਵੱਡੀ ਚੁਣੌਤੀ ਹੋਇਆ ਕਰਦੀ ਸੀ। ਆਮ ਹੀ ਸੁਣਨ ਵਿਚ ਮਿਲਦਾ ਸੀ “ਬਈ ਫਲਾਣੇ ਪਿੰਡ ਵਾਲਾ…, ਬਹੁਤ ਤਕੜਾ ਵਾਢਾ ਹੈ।” ਜਾਂ “ਫਲਾਣਾ ਸਿਉਂ ਤਾਂ ਬਈ ਤਿੰਨ ਬੰਦਿਆਂ ਜਿੰਨੀ ਵਾਢੀ ਇਕੱਲਾ ਹੀ ਵੱਢ ਦਿੰਦਾ ਹੈ।” ਏਥੇ ਹੀ ਬਸ ਨਹੀਂ ਵਾਢੀ ਵੱਢਣ ਦੇ ਸਬੰਧ ਵਿਚ ਗੀਤਾਂ, ਗਾਣਿਆਂ, ਕਲੀਆਂ ਅਤੇ ਟੱਪਿਆਂ ਦੇ ਰੂਪ ਵਿਚ ਬਹੁਤ ਸਾਰਾ ਸਾਹਿਤ ਵੀ ਰਚਿਆ ਗਿਆ। ਜਨੇਰ ਵਿਚ ਵਾਢੀ ਵੱਢਣ ਵਾਲੇ ਕਈ ਨਾਮਵਰ ਵਾਢਿਆਂ ਨੇ ‘ਵਾਢੀ ਵੱਢਣ’ ਵਿਚ ਆਪਣੀ ਫੁਰਤੀ ਅਤੇ ਤਾਕਤ ਦਾ ਲੋਹਾ ਮਨਵਾਇਆ। ਚੀਮਾ ਪੱਤੀ ਦੇ ਅਜਮੇਲ ਸਿੰਘ ਅਤੇ ਕੋਹਰ ਸਿੰਘ, ਪੰਜਵੀਂ ਪੱਤੀ ਦੇ ਚਰਨਾ ਸਿੰਘ, ਤੋਤਾ ਸਿੰਘ, ਬੂਟਾ ਸਿੰਘ, ਤਾਬੇ ਸ਼ਾਹ, ਸਲਾਮਤ ਸ਼ਾਹ ਅਤੇ ਨੇਗਾ ਸਿੰਘ (ਗੁਰਦੇਵ ਸਿੰਘ), ਸਿੱਧੂ ਪੱਤੀ ਦੇ ਸਰਦਾਰਾ ਸਿੰਘ ਅਤੇ ਮਘਰ ਸਿੰਘ ਧਾਲੀਵਾਲ ਅਤੇ ਸੇਖੋਂ ਪੱਤੀ ਦੇ ਗੁਰਮੇਲ ਸਿੰਘ ਦਾ ਨਾਮ ਤੇਜ਼ ਤਰਾਕ ਵਾਢੀ ਵੱਢਣ ਵਾਲਿਆਂ ਦੀ ਮੂਹਰਲੀ ਕਤਾਰ ਵਿਚ ਆਉਂਦਾ ਹੈ। ਅਜਮੇਲ ਸਿੰਘ ਚੀਮਾ ਬਾਰੇ ਤਾਂ ਕਿਹਾ ਜਾਂਦਾ ਹੈ ਕਿ ਉਹ ਇਕੱਲਾ ਹੀ ਇਕ ਘੁਮਾਂ ਹਾੜੀ ਵੱਢ ਦਿੰਦਾ ਸੀ। ਕੋਹਰ ਸਿੰਘ ਚੀਮਾ ਅਤੇ ਉਸ ਦੇ ਸੀਰੀ ਚਰਨਾ ਸਿੰਘ (ਬਾਅਦ ਵਿਚ ਚੌਂਕੀਦਾਰ) ਦੀਆਂ ਦਾਤੀਆਂ ਨੂੰ ਤਾਂ ਛੋਟੇ-ਛੋਟੇ ਘੁੰਗਰੂ ਲੱਗੇ ਹੁੰਦੇ ਸਨ । ਜਵਾਨੀ ਵੇਲੇ ਦੇ ‘ਸ਼ੌਕੀਨ ਪੁੱਤ’ ਕੋਹਰ ਸਿੰਘ ਚੀਮਾ ਨੇ ‘ਮੇਰੀ ਦਾਤੀ ਨੂੰ ਲਵਾ ਦੇ ਘੁੰਗਰੂ’ ਵਾਲਾ ਗੀਤ ਸੁਣ ਕੇ ਹੀ ਸ਼ਾਇਦ ਦਾਤੀਆਂ ਨੂੰ ਘੁੰਗਰੂ ਲਗਵਾ ਕੇ ਦਿੱਤੇ ਹੋਣ।
ਪੰਜਵੀਂ ਪੱਤੀ ਵਾਲਾ ਬੰਤਾ ਸਿੰਘ ਸਿੱਧੂ ਤੀਆਂ ਵਾਲੇ ਪਿੜਾਂ ਵਿਚੋਂ ਤਿੰਨ ਮਣ ਦਾਣੇ ਸਿਰ ਉਪਰ ਚੁੱਕ ਕੇ ਗੁਰਦੁਆਰਾ ਸਾਹਿਬ ਨੇੜੇ ਪਿੰਡ ਦੀ ਸਭ ਤੋਂ ਉਚੀ ਥਾਂ ‘ਤੇ ਪਹੁੰਚ ਗਿਆ ਸੀ। ਬੂਟਾ ਸਿੰਘ (ਜਿਹੜਾ ਬਾਅਦ ਵਿਚ ਸਕੂਲ ਦਾ ਚੌਂਕੀਦਾਰ ਵੀ ਲੱਗਿਆ) ਕਿਹਾ ਕਰਦਾ ਸੀ, “ਜੇਕਰ ਮੇਰੀ ਸਿਰ ‘ਤੇ ਚੁੱਕ ਕੇ ਲਿਆਂਦੀ ਹੋਈ ਪੱਠਿਆਂ ਦੀ ਪੰਡ ਕਿਸੇ ਦੀ ਮੱਝ, ਗਾਂ ਇਕੱਲੀ ਖਾ ਜਾਵੇ ਤਾਂ ਮੈਂ ਇਕ ਸਾਲ ਮੁਫ਼ਤ ਕੰਮ ਕਰਾਂਗਾ।” ਕਹਿੰਦੇ ਹਨ ਪਿੰਡ ਦੇ ਇਕ ਬਜ਼ੁਰਗ ਨੇ ਕਿਹਾ, “ਪਤੰਦਰਾ ਊਠ ਜਿੰਨੇ ਪੱਠੇ ਤਾਂ ਤੂੰ ਸਿਰ ‘ਤੇ ਚੁੱਕ ਲਿਆਉਨਾ ਐਂ, ਤੇਰੇ ਨਾਲ ਸ਼ਰਤ ਕਿਹੜਾ ਭੜੂਆ ਲਾਊ।” ਝਾਣਿਆਂ ਦਾ ਸਲਾਮਤ ਖ਼ਾਨ ਜਿਸ ਨੂੰ ਪਿਆਰ ਨਾਲ ‘ਲੋਦੀ’ ਆਖਦੇ ਸਨ, ਉਹ ਕਈ ਪੰਡਾਂ ਪੱਠੇ ਹੱਥੀਂ ਕੁਤਰਾ ਕਰਨ ਵਾਲੀ ਮਸ਼ੀਨ ਨਾਲ ਕੁਤਰਾ ਕਰ ਦਿੰਦਾ ਸੀ। ਇਹ ਵੀ ਹੋ ਸਕਦਾ ਹੈ ਕਿਉਂਕਿ ਮੀਟਰ ਮੀਟਰ ਤੋਂ ਵੱਧ ਲੰਮੀਆਂ ਤਾਂ ਉਸ ਦੀਆਂ ਬਾਹਾਂ ਸਨ ਅਕਸਰ ਲੀਵਰੇਜ ਦਾ ਫ਼ਾਇਦਾ ਤਾਂ ਪਹੁੰਚਦਾ ਹੀ ਹੋਵੇਗਾ।
ਸ਼ਕਤੀ ਪ੍ਰਦਰਸ਼ਨ ਵਾਲੇ ਕੁਝ ਕਾਰਨਾਮਿਆਂ ਤੋਂ ਬਿਨਾਂ ਖੇਤੀ ਨਾਲ ਸਬੰਧਤ ਕੁਝ ਸਿਆਣਪ ਅਤੇ ਤਜਰਬਾ ਅਧਾਰਤ ਕੰਮਾਂ ਦੀ ਮੁਹਾਰਤ ਦਾ ਵੀ ਬੋਲਬਾਲਾ ਰਿਹਾ। ਹੈ, ਜਿਨ੍ਹਾਂ ਕਰਕੇ ਕੁਝ ਪਿੰਡ ਵਾਸੀ ਅੱਛੇ ਪੱਖੋਂ ਚਰਚਾ ਦਾ ਵਿਸ਼ਾ ਬਣੇ। ਅਮਰ ਸਿੰਘ ਚੀਮਾ, ਕਰਨੈਲ ਸਿੰਘ ਸੇਖੋਂ, ਕਰਤਾਰ ਸਿੰਘ ਸਿੱਧੂ ਅਤੇ ਗੁਰਦੇਵ ਸਿੰਘ ਸਿੱਧੂ ਲਾਂਗੇ ਦਾ ਗੱਡਾ ਲੱਦਣ ਵਿਚ ਮਾਹਿਰ ਸਨ। ਅਮਰ ਸਿੰਘ ਚੀਮਾ ਤਾਂ ਇਥੋਂ ਤਕ ਆਖ ਦਿੰਦਾ ਸੀ ਕਿ ਮੇਰਾ ਲੱਦਿਆ ਹੋਇਆ ਗੱਡਾ ਚਾਹੇ ਬਿਨਾਂ ਰੱਸੇ ਬੰਨ੍ਹਿਆਂ ਹੀ ਲੈ ਜਾਵੋ ਮਜ਼ਾਲ ਲਾਣ ਦੀ ਇਕ ਤੀਲੀ ਵੀ ਰਸਤੇ ਵਿਚ ਡਿੱਗ ਪਵੇ। ਕੇਹਰ ਸਿੰਘ ਚੀਮਾ, ਪਾਖਰ ਸਿੰਘ ਸਿੱਧੂ, ਮੱਲ ਸਿੰਘ ਸੇਖੋਂ, ਕਰਮ ਸਿੰਘ ਸ਼ੇਰਗਿਲ ਅਤੇ ਪੰਜਵੀਂ ਪੱਤੀ ਦੇ ਬਚਨ ਸਿੰਘ ਮੈਂਬਰ, ਦੁਲਾ ਸਿਘ ਹਾਂਸ, ਲਛਮਣ ਸਿੰਘ ਧਾਲੀਵਾਲ, ਸਰਦਾਰਾ ਸਿੰਘ ਸਿੱਧੂ ਅਤੇ ਨਾਜ਼ਰ ਸਿੰਘ ਕਲਿਆਣਾ ਆਪਣੇ ਸਮੇਂ ਦੇ ਅੱਛੇ ਹਾਲੀ ਸਨ। ਪਾਖਰ ਸਿੰਘ ਸਿੱਧੂ ਆਖਿਆ ਕਰਦਾ ਸੀ, “ਅੱਛਾ ਹਾਲੀ ਤਾਂ ਬਲਦਾਂ ਨਾਲ ਅੱਧਾ ਆਪ ਵਗਦਾ ਹੈ ਭਾਈ।” ਖੇਤੀ ਦੇ ਮਸ਼ੀਨੀਕਰਨ ਹੋਣ ਨਾਲ ਪੰਜਾਬੀਆਂ ਦਾ ਜਸਮਾਨੀ ਖੇਤੀਕਰਨ ਵਿਰਸਾ ਇਤਿਹਾਸਕ ਕਿਤਾਬਾਂ ਤਕ ਹੀ ਸੀਮਿਤ ਹੋ ਗਿਆ।
ਸ਼ਾਹੀ ਸ਼ੌਕਾਂ ਵਾਲੇ
ਕਬੂਤਰ ਰੱਖਣੇ, ਕਬੂਤਰਾਂ ਦੀਆਂ ਬਾਜ਼ੀਆਂ ’ਤੇ ਜਾਣਾ, ਸ਼ਿਕਾਰੀ ਕੁੱਤੇ ਰੱਖਣੇ, ਸ਼ਿਕਾਰ ਖੇਡਣਾ, ਕੁੱਤਿਆਂ ਦੀਆਂ ਦੌੜਾਂ ਵਿਚ ਸ਼ਿਰਕਤ ਕਰਨਾ, ਵਧੀਆ ਬਲਦ ਪਾਲਣੇ, ਬੈਲ ਗੱਡੀਆਂ ਦੀਆਂ ਦੌੜਾਂ ਵਿਚ ਸ਼ਾਮਿਲ ਹੋਣਾ, ਨਸਲੀ ਘੋੜੇ ਘੋੜੀਆਂ ਤਿਆਰ ਕਰਕੇ ਵੇਚਣੇ ਜਾਂ ਘਰ ਰੱਖਣੇ। ਇਨ੍ਹਾਂ ਸ਼ੌਕਾਂ ਨੂੰ ਸਮਾਜ ਵਿਚ ਸ਼ਾਹੀ ਸ਼ੌਕਾਂ ਵਜੋਂ ਪ੍ਰਮਾਰਥਿਕਤਾ ਮਿਲੀ ਹੋਈ ਹੈ। ਇਨ੍ਹਾਂ ਸ਼ੌਕਾਂ ਦਾ ਇਤਿਹਾਸ ਮਨੁੱਖ ਦੀ ਹੋਂਦ ਜਿੰਨਾ ਹੀ ਪੁਰਾਣਾ ਹੈ ਪਰੰਤੂ ਭਾਰਤ ਵਿਚ ਇਹ ਮੁਗਲ ਕਾਲ ਦੇ ਸਮੇਂ ਬਹੁਤ ਵਧਿਆ ਫੁਲਿਆ। ਜਨੇਰ ਦੇ ਪੁਰਾਤਨ ਇਤਿਹਾਸ ਵਿਚ ਸ਼ਾਹੀ ਸ਼ੌਕ ਰੱਖਣ ਵਾਲੇ ਦਾ ਨਿੱਜੀ ਤੌਰ ‘ਤੇ ਕੋਈ ਵਰਨਣ ਨਹੀਂ ਮਿਲਦਾ। ਉਂਝ ਵੀ ਇਤਿਹਾਸਕਾਰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਿੱਜੀ ਸ਼ੌਕਾਂ ਨੂੰ ਘਟ ਹੀ ਕਲਮਬੰਦ ਕਰਦੇ ਹਨ, ਜਦੋਂ ਤਕ ਸਬੰਧਤ ਸ਼ੌਕ ਕਾਰਨ ਕੁਝ ਵੱਡੀਆਂ ਘਟਨਾਵਾਂ ਨਾ ਵਾਪਰੀਆਂ ਹੋਣ। ਕੁਝ ਸਮਾਂ ਪਹਿਲਾਂ ਤੋਂ ਵਰਤਮਾਨ ਸਮੇਂ ਤਕ ਦੇ ਕੁਝ ਸ਼ਾਹੀ ਸ਼ੌਕੀਆਂ ਦਾ ਜ਼ਿਕਰ ਜ਼ਰੂਰ ਮਿਲਦਾ ਹੈ ਅਤੇ ਇਸ ਬਾਰੇ ਲਿਖਣਾ ਵੀ ਬਣਦਾ ਹੈ। ਉਨੀ ਸੌ ਪੰਜਾਹਵਿਆਂ ਦੇ ਸ਼ੁਰੂ ਵਿਚ ਪੰਜਵੀਂ ਪੱਤੀ ਵਾਲਾ ਦਲੀਪ ਸਿੰਘ ਸ਼ੇਰਗਿਲ ਗੁਆਂਢੀ ਪਿੰਡ ਲੁਹਾਰਾ ਵਾਲੇ ਆਪਣੇ ਸਮੇਂ ਦੇ ਮਸ਼ਹੂਰ ਸ਼ਿਕਾਰੀਆ ਦਾਰਾ ਸਿੰਘ ਅਤੇ ਕਰਤਾਰਾ ਸਿੰਘ ਨਾਲ ਸ਼ਿਕਾਰ ਖੇਡਿਆ ਕਰਦਾ ਸੀ। ਨੇੜਲੇ ਇਲਾਕੇ ਵਿਚ ਖਰਗੋਸ਼ਾਂ ਅਤੇ ਹਿਰਨਾਂ ਤੋਂ ਬਿਨਾਂ ਸਤਲੁਜ ਦਰਿਆ ਦੀ ਕਾਛੜ ਦੇ ਮੰਡ ਇਲਾਕੇ ਤਕ ਜੰਗਲੀ ਸੂਰਾਂ ਦੇ ਸ਼ਿਕਾਰ ਵਾਸਤੇ ਉਹ ਉਚੇਚੇ ਤੌਰ ‘ਤੇ ਜਾਇਆ ਕਰਦੇ ਸਨ। ਉਸ ਦਾ ਛੋਟਾ ਭਰਾ ਅਮਰਜੀਤ ਸਿੰਘ ਵੀ ਸ਼ਿਕਾਰ ਖੇਡਣ ਦਾ ਬਹੁਤ ਸ਼ੌਕੀਨ ਸੀ। ਸਿੱਧੂ ਪੱਤੀ ਵਾਲੇ ਮੀਤ ਸਿੰਘ ਨਾਲ ਮਿਲ ਕੇ ਉਹ ਸ਼ਿਕਾਰੀ ਕੁੱਤੇ ਅਤੇ ਕਬੂਤਰ ਪਾਲਦਾ ਹੁੰਦਾ ਸੀ। ਦੋਵੇਂ ਇਕੱਠੇ ਸ਼ਿਕਾਰ ਵੀ ਖੇਡਦੇ ਅਤੇ ਕਬੂਤਰਾਂ ਦੀਆਂ ਬੁਰਦਾਂ ‘ਤੇ ਵੀ ਜਾਂਦੇ ਸਨ। ਬੌਰੀਆ ਭਾਈਚਾਰੇ ਵਾਲਾ ਜੀਤ ਸਿੰਘ ਵੀ ਜਵਾਨੀ ਸਮੇਂ ਵੱਡਾ ਸ਼ਿਕਾਰੀ ਰਿਹਾ ਹੈ। ਤਿੱਤਰ, ਬਟੇਰੇ ਫੜਨ ਲਈ ਉਸ ਪਾਸ ਵੱਡਾ ਜਾਲ ਸੀ ਅਤੇ ‘ਗੋਹ’ ਨਾਮ ਦਾ ਇਕ ਪਾਲਤੂ ਜਾਨਵਰ ਵੀ ਉਹ ਸ਼ਿਕਾਰ ਖੇਡਣ ਲਈ ਵਰਤਦਾ।
ਚੀਮਾ ਪੱਤੀ ਵਾਲਾ ਰਾਮ ਸਿੰਘ ਚੀਮਾ (ਰਾਮਾ) ਬਹੁਤ ਵੱਡਾ ਕਬੂਤਰਬਾਜ਼ ਹੋਇਆ ਹੈ। ਖੰਗੂੜਿਆਂ ਦਾ ਅਵਤਾਰ ਸਿੰਘ ਖੰਗੂੜਾ (ਤਾਰੀ) ਉਸ ਦਾ ਭਰੋਸੇਯੋਗ ਚੇਲਾ ਸੀ। ਦੋਹਾਂ ਪਾਸ ਵਧੀਆ ਨਸਲ ਦੇ ਕਬੂਤਰਾਂ ਦੀ ਭਰਮਾਰ ਰਹਿੰਦੀ। ਇਨ੍ਹਾਂ ਕਬੂਤਰਾਂ ਨੂੰ ਉਹ ਪੁੱਤਰਾਂ ਵਾਂਗ ਪਾਲਦੇ, ਖਾਸ ਕਿਸਮ ਦੀ ਇਕ ‘ਖੁਰਾਕ’ ਅਤੇ ਮਹਿੰਗੇ ਭਾਅ ਦੇ ਬਦਾਮਾਂ ਨਾਲ ਇਨ੍ਹਾਂ ਦੀ ਸੇਵਾ ਕਰਦੇ। ਕਬੂਤਰਾਂ ਨੂੰ ਬਦਾਮ ਖੁਆਉਣ ਤੋਂ ਪਹਿਲਾਂ ਤਾਰੀ ਉਸ ਦਾ ਕੁਝ ਹਿੱਸਾ ਆਪ ਖਾ ਕੇ ਦੇਖਦਾ ਤਾਂ ਕਿ ‘ਜਾਨਵਰ’ ਨੂੰ ਕਿਸੇ ਜ਼ਹਿਰੀਲੇ ਮਾਦੇ ਤੋਂ ਬਚਾਇਆ ਜਾ ਸਕੇ। ਕਬੂਤਰਾਂ ਦੇ ਵੱਖਰੇ-ਵੱਖਰੇ ਨਾਮ ਰੱਖੇ ਜਾਂਦੇ ਸਨ। ਅੱਧਖੜ ਉਮਰ ਦਾ ਰਾਮ ਸਿਉਂ (ਰਾਮਾ) ਜਦੋਂ ਧੂਵਾਂ ਚਾਦਰ ਬੰਨ੍ਹ ਕੇ, ਹੱਥ ਵਿਚ ਤਿੰਨ ਕੁ ਫੁੱਟ ਦੀ ਗੰਡਾਸੀ ਫੜੀ ਅੱਗੇ ਅੱਗੇ ਜਾਂਦਾ ਅਤੇ ਤਾਰੀ ਖੰਗੂੜਾ ਹੱਥ ਵਿਚ ਕਬੂਤਰਾਂ ਵਾਲਾ ‘ਖਾਸ ਪਿੰਜਰਾ’ ਦੁਪੱਟੇ ਨਾਲ ਢੱਕ ਕੇ ਉਸ ਦੇ ਪਿੱਛੇ-ਪਿੱਛੇ ਜਾ ਰਿਹਾ ਹੁੰਦਾ ਤਾਂ ਆਮ ਜਨੇਰ ਵਾਸੀ ਦੇ ਮੂੰਹੋਂ ਇਹ ਗੱਲ ਸਹਿਜ ਸੁਭਾਅ ਹੀ ਨਿਕਲਦੀ, “ਅੱਜ ਤਾਂ ਬਈ ਜੱਟ ਕਿਸੇ ਵੱਡੀ ਬੁਰਦ ‘ਤੇ ਜਾਂਦੇ ਲਗਦੇ ਹਨ।” ਕਈ ਵਾਰ ਸਿੱਧੂ ਪੱਤੀ ਵਾਲਾ ਉਜਾਗਰ ਸਿੰਘ ਸਿੱਧੂ ਵੀ ਇਨ੍ਹਾਂ ਦੇ ਨਾਲ ਹੁੰਦਾ। ਪੰਜਵੀਂ ਪੱਤੀ ਵਾਲਾ ਮੁਨਸ਼ੀ ਸਿੰਘ ਸਿੱਧੂ ਅਤੇ ਸਾਈਂ ਸਿੰਘ ਭੱਟੀ ਨੂੰ ਵੀ ਕਬੂਤਰ ਪਾਲਣ ਦਾ ਬਹੁਤ ਸ਼ੌਕ ਸੀ। ਲਾਲ ਸਿੰਘ ਸੇਖੋਂ ਪਾਸ ਵੀ ਵਧੀਆ ਨਸਲ ਦੇ ਕਬੂਤਰ ਹੁੰਦੇ ਸਨ।
ਵਧੀਆ ਨਸਲ ਦੇ ਘੋੜੇ, ਘੋੜੀਆਂ ਦੇ ਸ਼ੌਕਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਬਾਰ ਇਲਾਕੇ ਵਿਚੋਂ ਮੋਟੀਆਂ ਜਾਇਦਾਦਾਂ ਛੱਡ ਕੇ ਜਨੇਰ ਦੀ ਪੀਰ ਖਾਂ ਪੱਤੀ ਵਿਚ ਆ ਕੇ ਵਸੇ ਜੱਟ ਪਰਿਵਾਰਾਂ ਪਾਸ ਉਧਰ ਵਧੀਆ ਨਸਲ ਦੀਆਂ ਘੋੜੀਆਂ ਸਨ ਜਿਨ੍ਹਾਂ ਬਾਰੇ ਆਮ ਹੀ ਉਨ੍ਹਾਂ ਦੇ ਬਜ਼ੁਰਗਾਂ ਪਾਸੋਂ ਸੁਣਨ ਨੂੰ ਮਿਲਦਾ ਹੈ ਪਰੰਤੂ ਉਨ੍ਹਾਂ ਵਿਚੋਂ ਇਕ ਵੀ ਪਰਿਵਾਰ ਨੇ ਇਧਰ ਆ ਕੇ ਘੋੜੇ, ਘੋੜੀਆਂ ਦੇ ਸ਼ੌਕ ਵਲ ਤਵੱਜੋਂ ਨਾ ਦਿੱਤੀ ਸਿਰਫ਼ ਗੁਰਬਚਨ ਸਿੰਘ ਗਿੱਲ ਨੇ ਕੁਝ ਸਮਾਂ ਬੱਘੀ-ਘੋੜਾ ਆਪਣੇ ਆਵਾਜਾਈ ਦੇ ਸਾਧਨ ਵਜੋਂ ਵਰਤਿਆ। ਚੀਮਾ ਪੱਤੀ ਦੇ ਸੋਭਾ ਸਿੰਘ ਚੀਮਾ ਦੇ ਪਰਿਵਾਰ ਨੂੰ ਘੋੜੀਆਂ ਰੱਖਣ ਦਾ ਬਹੁਤ ਸ਼ੌਕ ਸੀ ਜਿਹੜਾ ਕਿ ਉਨੀ ਸੌ ਸੱਠਵਿਆਂ ਤਕ ਰਿਹਾ। ਸਿੱਧੂ ਪੱਤੀ ਦੇ ਸ਼ਾਮ ਸਿੰਘ ਸਿੱਧੂ ਨੂੰ ਅੱਛੀਆਂ ਘੋੜੀਆਂ ਪਾਲਣ ਅਤੇ ਰੱਖਣ ਦਾ ਬਹੁਤ ਸ਼ੌਕ ਸੀ। ਪਿੰਡ ਵਿਚ ਕਈ ਪਰਿਵਾਰਾਂ ਨੂੰ ਅੱਛੇ ਬਲਦ ਰੱਖਣ ਦਾ ਸ਼ੌਕ ਸੀ ਜਿਨ੍ਹਾਂ ਵਿਚ ਮੋਹਰ ਸਿੰਘ ਚੀਮਾ, ਪ੍ਰੀਤਮ ਸਿੰਘ ਸਰਾਂ ਅਤੇ ਚੰਦਾ ਸਿੰਘ ਸਿੱਧੂ ਦਾ ਨਾਂ ਵਿਸ਼ੇਸ ਤੌਰ ‘ਤੇ ਵਰਨਣਯੋਗ ਹੈ। ਅੱਜਕਲ੍ਹ ਨਵੇਂ ਯੁਗ ਦੇ ਨਵੇਂ ਸ਼ੌਕਾਂ ਵਿਚ ਕੁੱਤਿਆਂ ਦੀਆਂ ਦੌੜਾਂ ਵਿਚ ਹਿੱਸਾ। ਲੈਣ ਵਾਲੇ ਕੁੱਤੇ ਪਾਲਣ ਦਾ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਵਿਚ ਬੂਟਾ ਸਿੰਘ ਸਿੱਧੂ ਦਾ ਪੋਤਰਾ ਬਰਿੰਦਰ ਸਿੰਘ ਇਸ ਦਾ ਸ਼ੌਕ ਰਖਦਾ ਹੈ। ਕੁਝ ਅਮੀਰਜ਼ਾਦੇ ਦੋਸਤਾਂ ਦੀ ਸੰਗਤ ਵਿਚ ਉਹ ਕੁੱਤਿਆਂ ਦੀਆਂ ਦੌੜਾਂ ਦੇ ਟੂਰਨਾਮੈਂਟਾਂ ਵਿਚ ਹਿੱਸਾ ਲੈਂਦਾ ਹੈ। ਸਾਨ੍ਹ ਕੁੱਤੇ ਪਾਲਣ ਦਾ ਸ਼ੌਕੀਨ ਹੋਣ ਤੋਂ ਬਿਨਾਂ ਉਹ ਕੁੱਤਿਆਂ ਦੀਆਂ ਦੌੜਾਂ ਦਾ ਪ੍ਰਮਾਣਿਤ ਰੈਫਰੀ ਵੀ ਹੈ।
ਉਪਰੋਕਤ ਸਾਰੇ ਸ਼ਾਹੀ ਸ਼ੌਕ ਸਿੱਧੇ ਜਾਂ ਅਸਿੱਧੇ ਰੂਪ ਵਿਚ ਪਸ਼ੂਆਂ ਅਤੇ ਜਾਨਵਰਾਂ ਨਾਲ ਜੁੜੇ ਹੋਏ ਹਨ। ਕੁਝ ਪਸ਼ੂ ਅਤੇ ਜਾਨਵਰ ਹਿਤੈਸ਼ੀ ਜਥੇਬੰਦੀਆਂ, ਅੱਜ ਕਲ੍ਹ ਘੋੜ ਦੌੜਾਂ, ਬੈਲ ਗੱਡੀਆਂ ਦੀਆਂ ਦੌੜਾਂ, ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ, ਕਬੂਤਰਬਾਜ਼ੀ ਦੇ ਟੂਰਨਾਮੈਂਟ ਅਤੇ ਪਸ਼ੂਆਂ, ਜਾਨਵਰਾਂ ਨਾਲ ਸਬੰਧਤ ਕੁਝ ਹੋਰ ਖੇਡਾਂ ਦੇ ਵਿਰੋਧ ਵਿਚ ਡਟ ਗਈਆਂ ਹਨ। ਕੁਝ ਖੇਡਾਂ ਬੰਦ ਕਰਵਾਉਣ ਵਿਚ ਉਹ ਕਾਮਯਾਬ ਵੀ ਹੋ ਗਈਆਂ ਹਨ। ਇਨ੍ਹਾਂ ਸ਼ਾਹੀ ਸ਼ੌਕ ਰੱਖਣ ਵਾਲਿਆਂ ਦੇ ਸ਼ੌਕਾਂ ਦਾ ਭਵਿੱਖ ਗੰਦਲਾ ਹੀ ਜਾਪਦਾ ਹੈ।
ਸੜਕੀ ਆਵਾਜਾਈ
ਰਮਾਇਣ ਕਾਲ ਤੋਂ ਮੁਗਲ ਕਾਲ ਦੇ ਪਹਿਲੇ ਸਮੇਂ, ਸਤਾਰ੍ਹਵੀਂ ਸਦੀ ਦੇ ਅੱਧ ਤਕ ਦੀ ਸੜਕੀ ਆਵਾਜਾਈ ‘ਤੇ ਇਕ ਸਰਸਰੀ ਜਿਹੀ ਨਜ਼ਰ ਮਾਰਨ ਉਪਰੰਤ ਸਾਰੇ ਭਾਰਤ ਵਿਚ ਆਮ ਤੌਰ ‘ਤੇ ਉਤਰੀ ਭਾਰਤ ਵਿਚ ਖ਼ਾਸ ਕਰਕੇ ਸੜਕਾਂ ਦੀ ਹੋਂਦ ਦਾ ਘਟ ਹੀ ਵਰਨਣ ਮਿਲਦਾ ਹੈ। ਸ਼ੇਰਸ਼ਾਹ ਸੂਰੀ ਦੇ ਦਿੱਲੀ ਤਖ਼ਤ ਉਪਰ ਕਾਬਜ਼ ਹੋ ਜਾਣ ਬਾਅਦ ਉਸ ਨੇ ਦੇਸ਼ ਦੇ ਉਤਰ-ਪੂਰਬੀ ਅਤੇ ਉਤਰ-ਪੱਛਮੀ ਖਿੱਤੇ ਵਿਚ ਕਲਕੱਤੇ ਤੋਂ ਪਿਸ਼ਾਵਰ ਤਕ ਪਹਿਲੀ ਜਰਨੈਲੀ ਸੜਕ ਦਾ ਨਿਰਮਾਣ ਕੀਤਾ ਜਿਸ ਨੂੰ ਇਤਿਹਾਸ ਵਿਚ ‘ਸ਼ੇਰਸ਼ਾਹ ਸੂਰੀ ਮਾਰਗ’ ਵਜੋਂ ਜਾਣਿਆ ਜਾਂਦਾ ਹੈ। ਇਹ ਸੜਕ ਸਤਾਰ੍ਹਵੀਂ ਸਦੀ ਦੇ ਅੱਧ ਵਿਚ ਤਿਆਰ ਹੋਈ। ਨੇੜੇ ਤੋਂ ਨੇੜੇ ਪਿੰਡ ਜਨੇਰ ਤੋਂ ਲਗਪਗ 40 ਮੀਲ ਦੂਰ ਲੰਮਾ ਸਮਾਂ ਇਹ ਨੈਸ਼ਨਲ ਹਾਈ ਵੇ ਵਾਲੀ ਸੜਕ ਪਿੰਡ ਦੀ ਸਭ ਤੋਂ ਨੇੜਲੀ ਪੱਕੀ ਸੜਕ ਵਜੋਂ ਰਹੀ। 1845 ਈਸਵੀ ਸਮੇਂ ਜਨੇਰ ਦੇ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਹੋਣ ਤੋਂ ਬਾਅਦ ਲੁਧਿਆਣਾ-ਫ਼ਿਰੋਜ਼ਪੁਰ ਸੜਕ ਦੇ ਹੋਂਦ ਵਿਚ ਆਉਣ ਸਮੇਂ ਹੀ ਪਿੰਡ ਪੱਕੀ ਸੜਕ ਤੋਂ ਛੇ ਮੀਲ ਦੀ ਦੂਰੀ ‘ਤੇ ਆਇਆ।
ਮੋਗਾ-ਅੰਮ੍ਰਿਤਸਰ ਸੜਕ
ਮੋਗਾ ਤੋਂ ਅੰਮਿ੍ਤਸਰ ਵਾਲੀ ਸੜਕ ਜਿਸ ਨੂੰ ਸਰਕਾਰੀ ਰਿਕਾਰਡ ਵਿਚ ਸਟੇਟ ਹਾਈਵੇ ਨੰਬਰ 19 ਵਜੋਂ ਜਾਣਿਆ ਜਾਂਦਾ ਹੈ ਕਦੋਂ ਬਣੀ? ਇਸ ਬਾਰੇ ਪੱਕੀ ਤਾਰੀਕ ਦਾ ਵਰਨਣ ਤਾਂ ਨਹੀਂ ਮਿਲਦਾ ਪਰੰਤੂ ਅੰਗਰੇਜ਼ ਇਤਿਹਾਸਕਾਰ ਕਨਿੰਘਮ 1878-79 ਸਮੇਂ ਆਪਣੀ ਜਨੇਰ ਫੇਰੀ ਦੌਰਾਨ ਪੱਕੀ ਸੜਕ ਦੀ ਹੋਂਦ ਦਾ ਵਰਨਣ ਜ਼ਰੂਰ ਕਰਦਾ ਹੈ। ਹਰੀਕੇ ਹੈਡ ਵਰਕਸ ਦਾ ਪੁਲ ਬਣਨ ਤੋਂ ਪਹਿਲਾਂ ਇਹ ਸੜਕ ਮੋਗਾ ਤੋਂ ਸ਼ੁਰੂ ਹੋ ਕੇ ਹਰੀਕੇ ਪਿੰਡ ਤਕ ਖ਼ਤਮ ਹੋ ਜਾਂਦੀ ਸੀ। ਅੱਗੇ ਦਰਿਆ ਪਾਰ ਕਰਨ ਲਈ ਕਿਸ਼ਤੀਆਂ ਅਤੇ ਬੇੜੀਆਂ ਦਾ ਸਹਾਰਾ ਲਿਆ ਜਾਂਦਾ ਸੀ। ਦਰਿਆ ਪਾਰ ਕਰਨ ਉਪਰੰਤ ਅੱਗੇ ਅੰਮ੍ਰਿਤਸਰ ਪਹੁੰਚਣ ਵਾਸਤੇ ਪੱਕੀਆਂ ਸੜਕਾਂ ਸਨ। ਉਨੀ ਸੌ ਪੰਜਾਹਵਿਆਂ ਦੇ ਸ਼ੁਰੂ ਤਕ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਵੀ ਮੋਗਾ ਤੋਂ ਹਰੀਕੇ ਤਕ ਹੀ ਚਲਦੀਆਂ ਸਨ। ਹਰੀਕੇ ਹੈਡ ਵਰਕਸ ਵਾਲਾ ਪੁਲ ਤਿਆਰ ਹੋਣ ਤੋਂ ਬਾਅਦ ਹੀ ਮੋਗਾ ਤੋਂ ਸਿੱਧੀਆਂ ਬੱਸਾਂ ਅੰਮ੍ਰਿਤਸਰ ਤਕ ਜਾਣ ਲੱਗੀਆਂ। ਅੱਜ ਦੇ ਸਮੇਂ ਤਾਂ ਪਿੰਡ ਜਨੇਰ ਸਿੱਧਾ ਹੀ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਲੁਧਿਆਣਾ-ਫ਼ਿਰੋਜ਼ਪੁਰ ਰੇਲ ਮਾਰਗ ਦੇ ਸ਼ੁਰੂ ਹੋ ਜਾਣ ਨਾਲ ਮੋਗਾ ਦੇ ਰੂਪ ਵਿਚ ਨੇੜਲਾ ਰੇਲਵੇ ਸਟੇਸ਼ਨ ਵੀ ਛੇ ਮੀਲ ਦੀ ਦੂਰੀ ‘ਤੇ ਹੈ।
ਜਨੇਰ-ਖੋਸਾ ਕੋਟਲਾ ਸੜਕ
ਜਨੇਰ ਵਿਧਾਨ ਸਭਾ ਹਲਕਾ ਧਰਮਕੋਟ ਵਿਚ ਪੈਂਦਾ ਹੈ। ਕਿਸੇ ਸਮੇਂ ਪਿੰਡ ਚੂਹੜ ਚੱਕ ਵੀ ਧਰਮਕੋਟ ਵਿਧਾਨ ਸਭਾ ਹਲਕੇ ਵਿਚ ਸੀ। ਚੂਹੜ ਚੱਕ ਪਿੰਡ ਨਾਲ ਸਬੰਧਤ ਅਕਾਲੀ ਲੀਡਰ ਲਛਮਣ ਸਿੰਘ ਗਿੱਲ ਅਕਾਲੀ ਪਾਰਟੀ ਦੀ ਟਿਕਟ ‘ਤੇ ਧਰਮਕੋਟ ਵਿਧਾਨ ਸਭਾ ਹਲਕੇ ਤੋਂ ਐਮਐਲ.ਏ. ਬਣ ਗਿਆ। ਪੰਜਾਬ ਵਿਚ ਅਕਾਲੀ ਪਾਰਟੀ ਦੀ ਸਰਕਾਰ ਬਣ ਗਈ ਪਰੰਤੂ ਕੁਝ ਰਾਜਨੀਤਕ ਘਟਨਾਵਾਂ ਕਾਰਨ ਸਰਕਾਰ ਟੁੱਟ ਗਈ ਅਤੇ 1968 ਵਿਚ ਲਛਮਣ ਸਿੰਘ ਗਿੱਲ, ਪੰਜਾਬ ਦੀ ਨਵੀਂ ਪਾਰਟੀ ਪੰਜਾਬ ਜੰਤਾ ਦਲ ਦਾ ਲੀਡਰ ਬਣ ਗਿਆ। ਕੁਝ ਦਿਨਾਂ ਬਾਅਦ ਹੀ ਉਹ ਕਾਂਗਰਸ ਸਮੇਤ ਕੁਝ ਹੋਰ ਪਾਰਟੀਆਂ ਦੀ ਬਾਹਰੋਂ ਮਦਦ ਨਾਲ ਪੰਜਾਬ ਦਾ ਮੁਖ ਮੰਤਰੀ ਬਣ ਗਿਆ। ਲਛਮਣ ਸਿੰਘ ਗਿੱਲ ਬੇਸ਼ਕ ਬਹੁਤ ਘਟ ਸਮਾਂ ਹੀ ਪੰਜਾਬ ਦਾ ਮੁਖ ਮੰਤਰੀ ਰਿਹਾ ਪਰੰਤੂ ਉਸ ਨੇ ਆਪਣੇ ਵਿਧਾਨ ਸਭਾ ਹਲਕੇ ਵਿਚ ਸੜਕਾਂ ਬਣਾਉਣ ਅਤੇ ਹੋਰ ਵਿਕਾਸ ਕਾਰਜਾਂ ਦੀ ਹਨੇਰੀ ਲੈ ਆਂਦੀ। ਥੋੜ੍ਹੇ ਸਮੇਂ ਵਿਚ ਹੀ ਧਰਮਕੋਟ ਚੋਣ ਹਲਕੇ ਵਿਚ ਸੜਕਾਂ ਦਾ ਜਾਲ ਵਿਛਣ ਲੱਗਿਆ ਜਿਸ ਦੇ ਫਲਸਰੂਪ ਸਟੇਟ ਹਾਈਵੇ ‘ਤੇ ਲਗਦੇ ਪਿੰਡ ਜਨੇਰ ਤੋਂ ਖੋਸਾ ਕੋਟਲਾ ਤਕ ਦੀ ਸੜਕ ਵੀ ਮੁਖ ਮੰਤਰੀ ਦੇ ਸੜਕਾਂ ਵਾਲੇ ਮਾਸਟਰ ਪਲਾਨ ਵਿਚ ਆ ਗਈ। ਜਨੇਰ ਵਾਸੀਆਂ ਨਾਲੋਂ ਖੋਸਾ ਰੰਧੀਰ ਅਤੇ ਖੋਸਾ ਕੋਟਲਾ ਦੇ ਪਿੰਡਾਂ ਵਾਲਿਆਂ ਨੂੰ ਇਸ ਸੜਕ ਦੀ ਵੱਧ ਲੋੜ ਸੀ ਕਿਉਂਕਿ ਜਨੇਰ ਤਾਂ ਪਹਿਲਾਂ ਹੀ ਸਟੇਟ ਹਾਈ ਵੇ ਦੇ ਰੂਪ ਵਿਚ ਜੀ.ਟੀ. ਰੋਡ ਨਾਲ ਜੁੜਿਆ ਹੋਇਆ ਸੀ। ਜਨੇਰ ਤੋਂ ਖੋਸਾ ਰੰਧੀਰ ਅਤੇ ਖੋਸਾ ਕੋਟਲਾ ਤਕ ਪੱਕੀ ਹੋਣ ਵਾਲੀ ਸੜਕ ਦੇ ਕੱਚੇ ਰਸਤੇ ‘ਤੇ ਮਿੱਟੀ ਵਗੈਰਾ ਪਾ ਕੇ ਪੱਧਰਾ ਕਰਨ ਦੇ ਕੰਮ ਵਿਚ ਦੋਹਾਂ ਖੋਸਾ ਪਿੰਡ ਵਾਲਿਆਂ ਨੇ ਜਨੇਰ ਵਾਸੀਆਂ ਨਾਲੋਂ ਵੀ ਵਧ ਯੋਗਦਾਨ ਪਾਇਆ। ਮਹੀਨਿਆਂ ਦਾ ਕੰਮ ਦਿਨਾਂ ਵਿਚ ਹੋਣ ਲੱਗਾ ਅਤੇ ਸੜਕ ਪੱਕੀ ਹੋ ਗਈ। ਕੁਝ ਸਮੇਂ ਬਾਅਦ ਖੋਸਾ ਰੰਧਰੀ ਅਤੇ ਖੋਸਾ ਕੋਟਲਾ ਤੋਂ ਹੋਰ ਲਿੰਕ ਸੜਕਾਂ ਵੀ ਬਣ ਗਈਆਂ ਅਤੇ ਜਨੇਰ ਪੱਛਮ-ਉਤਰ ਅਤੇ ਪੱਛਮ ਦੱਖਣ ਦੇ ਕਈ ਹੋਰ ਪਿੰਡਾਂ ਨਾਲ ਵੀ ਪੱਕੀਆਂ ਸੜਕਾਂ ਨਾਲ ਜੁੜ ਗਿਆ।
ਜਨੇਰ ਤੋਂ ਔਗੜ੍ਹ (ਮੁਬਾਰਕਪੁਰ) ਵਰ੍ਹੇ ਸੜਕ
ਕੁਝ ਰਾਜਨੀਤਕ ਅਤੇ ਪ੍ਰਬੰਧਕੀ ਕਾਰਨਾਂ ਕਰਕੇ 1968 ਈਸਵੀ ਵਿਚ ਸ. ਲਛਮਣ ਸਿੰਘ ਗਿੱਲ ਦੇ ਪੰਜਾਬ ਦੇ ਮੁਖ ਮੰਤਰੀ ਸਮੇਂ ਜਨੇਰ ਤੋਂ ਔਗੜ੍ਹ ਅਤੇ ਅੱਗ ਵਰ੍ਹੇ ਪਿੰਡ ਤਕ ਦੀ ਸੜਕ ਪੱਕੀ ਨਾ ਹੋ ਸਕੀ ਜਿਸ ਦੀ ਕਿ ਜਨੇਰ ਵਾਸੀਆਂ ਸਮੇਤ ਔਗੜ ਅਤੇ ਵਰ੍ਹੇ ਪਿੰਡ ਵਾਸੀਆਂ ਲਈ ਬਹੁਤ ਜ਼ਰੂਰਤ ਸੀ। ਸ. ਲਛਮਣ ਸਿੰਘ ਗਿੱਲ ਦੀ ਸਰਕਾਰ ਟੁੱਟਣ ਬਾਅਦ ਨਵੀਆਂ ਚੋਣਾਂ ਦਾ ਐਲਾਨ ਹੋ ਗਿਆ। ਔਗੜ੍ਹ ਅਤੇ ਵਰ੍ਹੇ ਪਿੰਡ ਵਾਸੀਆਂ ਨੇ ਚੋਣਾਂ ਲੜ ਰਹੇ ਨਵੇਂ ਉਮੀਦਵਾਰ ਪਾਸ ਸੜਕ ਪੱਕੀ ਹੋਣ ਦਾ ਮੁੱਦਾ ਉਠਾਇਆ। ਨਵੀਂ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਕੁਝ ਸਮਾਂ ਬਾਅਦ ਜਨੇਰ ਤੋਂ ਔਗੜ੍ਹ, ਵਰ੍ਹੇ ਵਾਲੀ ਸੜਕ ਪੱਕੀ ਹੋ ਗਈ। ਕੁਝ ਸਮੇਂ ਵਾਸਤੇ ਤਾਂ ਇਕ ਨਿੱਜੀ ਟਰਾਂਸਪੋਰਟ ਕੰਪਨੀ ਨੇ ਮੋਗਾ ਤੋਂ ਜ਼ੀਰਾ ਜਾਣ ਵਾਲੀਆਂ ਕੁਝ ਬੱਸਾਂ ਦੇ ਰੂਟ ਵੀ ਵਾਇਆ ਔਗੜ੍ਹ, ਵਰ੍ਹੇ ਕਰ ਦਿੱਤੇ। ਇਸ ਨਵੀਂ ਸੜਕ ਬਣ ਜਾਣ ਉਪਰੰਤ ਜਨੇਰ ਚਾਰੇ ਪਾਸਿਆਂ ਤੋਂ ਪੱਕੀਆਂ ਸੜਕਾਂ ਨਾਲ ਘਿਰ ਗਿਆ ਅਤੇ ਪਿੰਡ ਵਾਸੀਆਂ ਲਈ ਆਵਾਜਾਈ ਵਿਚ ਸੌਖ ਹੋ ਗਈ।
ਜਨੇਰ-ਧਲੇਕੇ ਸੜਕ
ਜਨੇਰ ਤੋਂ ਮੋਗੇ ਜਾਣ ਵਾਸਤੇ ਪਿੰਡ ਵਾਸੀਆਂ ਨੂੰ ਅੰਮ੍ਰਿਤਸਰ-ਮੋਗਾ ਸੜਕ ਰਸਤੇ ਲੋਹਾਰਾ ਅਤੇ ਲੰਢੋਕੇ ਪਿੰਡਾਂ ਰਾਹੀਂ ਵਲ ਪਾ ਕੇ ਜਾਣਾ ਪੈਂਦਾ ਸੀ ਜਦੋਂ ਕਿ ਜਨੇਰ ਤੋਂ ਧਲੇਕੇ ਪਿੰਡ ਨੂੰ ਇਕ ਕੱਚੀ ਸੜਕ ਵੀ ਸੀ। ਧਲੇਕੇ ਪਿੰਡ ਮੋਗੇ ਨਾਲ ਜੁੜਿਆ ਹੋਣ ਕਰਕੇ ਜਾਂ ਇੰਜ ਆਖ ਲਈਏ ਕਿ ਮੋਗੇ ਦਾ ਹੀ ਹਿੱਸਾ ਬਣ ਚੁੱਕਾ ਹੋਣ ਕਰਕੇ, ਹਰ ਇਕ ਜਨੇਰ ਵਾਸੀ ਦੀ ਚਾਹਨਾ ਸੀ ਕਿ ਜੇਕਰ ਜਨੇਰ ਤੋਂ ਧਲੇਕੇ ਵਾਲੀ ਸੜਕ ਪੱਕੀ ਹੋ ਜਾਵੇ ਤਾਂ ਸਫ਼ਰ ਘਟ ਹੋ ਜਾਣ ਕਰਕੇ ਮੌਜਾਂ ਹੀ ਲੱਗ ਜਾਣ। ਮੋਗਾ ਦੇ ਜ਼ਿਲ੍ਹਾ ਬਣ ਜਾਣ ਉਪਰੰਤ ਇਸ ਦੀ ਜ਼ਰੂਰਤ ਹੋਰ ਵੀ ਵਧ ਗਈ। ਇਹ ਸੜਕ ਪੱਕੀ ਹੋ ਜਾਣ ਦੇ ਰਾਹ ਵਿਚ ਕੁਝ ਪ੍ਰਬੰਧਕੀ ਅੜਚਨਾਂ ਸਨ ਜਿਵੇਂ ਕਿ ਜਨੇਰ ਤੋਂ ਧਲੇਕੇ ਵਿਚਕਾਰ ਲੁਹਾਰਾ ਪਿੰਡ ਦੀ ਜ਼ਮੀਨ ਵਿਚੋਂ ਸਰਕਾਰੀ ਰਸਤਾ ਨਾ ਹੋਣਾ ਅਤੇ ਲੁਹਾਰੇ ਵਾਲੇ ਸੂਏ ‘ਤੇ ਪੁਲ ਦਾ ਨਾ ਹੋਣਾ ਆਦਿ।
ਪਿੰਡ ਦੇ ਦੋਹਾਂ ਸਾਬਕਾ ਸਰਪੰਚਾਂ ਜਗਜੀਤ ਸਿੰਘ ਗਿੱਲ, ਮੱਘਰ ਸਿੰਘ ਸਿੱਧੂ ਅਤੇ ਲੰਬਰਦਾਰ ਸੰਤਾ ਸਿੰਘ ਬਰਾੜ ਨੇ ਸਲਾਹ ਬਣਾਈ ਕਿ ਕਿਉਂ ਨਾ ਲੁਹਾਰੇ ਵਾਲੇ ਜ਼ਮੀਨ ਮਾਲਕਾਂ ਤੋਂ ਸੜਕ ਵਾਸਤੇ ਕੁਝ ਜ਼ਮੀਨ ਖ਼ਰੀਦ ਲਈ ਜਾਵੇ। ਇਸ ਦੇ ਸੰਦਰਭ ਵਿਚ ਜਗਜੀਤ ਸਿੰਘ ਗਿੱਲ ਦੇ ਫਾਰਮ ਵਿਚ ਲੁਹਾਰਾ ਪਿੰਡ ਵਾਲੇ ਜ਼ਮੀਨ ਦੇ ਮਾਲਕ ਅਜੈਬ ਸਿੰਘ ਜੌਹਲ ਉਸ ਦੇ ਲੜਕਿਆਂ ਗੁਰਮੇਲ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ ਅਤੇ ਲੁਹਾਰਾ ਪਿੰਡ ਦੇ ਕੁਝ ਮੋਹਤਬਰਾਂ ਨਾਲ ਮੀਟਿੰਗ ਕੀਤੀ ਗਈ। ਜਨੇਰ ਵਲੋਂ ਜਗਜੀਤ ਸਿੰਘ ਗਿੱਲ, ਮੱਘਰ ਸਿੰਘ ਸਿੱਧੂ, ਸੰਤਾ ਸਿੰਘ ਬਰਾੜ, ਦਲੀਪ ਸਿੰਘ ਚੀਮਾ, ਮਿਸਤਰੀ ਬਾਬੂ ਸਿੰਘ ਚਾਨਾ ਅਤੇ ਚੌਂਕੀਦਾਰ ਗੁਲੂ ਸਿੰਘ ਭੱਟੀ ਸ਼ਾਮਿਲ ਹੋਏ। ਇਸ ਪੁਸਤਕ ਦੇ ਲੇਖਕ ਨੂੰ ਵੀ ਜ਼ਮੀਨ ਦੀ ਗਿਣਤੀ ਮਿਣਤੀ ਕਰਨ ਅਤੇ ਪੈਸਿਆਂ ਦਾ ਹਿਸਾਬ ਕਿਤਾਬ ਲਗਾਉਣ ਲਈ ਬੁਲਾਇਆ ਗਿਆ। ਲੁਹਾਰਾ ਪਿੰਡ ਦੇ ਜੌਹਲ ਪਰਿਵਾਰ ਨੇ ਬਹੁਤ ਹੀ ਖੁਲ੍ਹ ਦਿਲੀ ਦਿਖਾਉਂਦਿਆਂ ਸਾਂਝੇ ਕਾਰਜ ਵਾਸਤੇ ਆਪਣੀ ਜ਼ਮੀਨ ਦੇ ਵਿਚਕਾਰੋਂ ਸੜਕ ਵਾਸਤੇ ਲੋੜੀਂਦੀ ਜ਼ਮੀਨ ਹੀ ਦੇਣ ਵਾਸਤੇ ਹਾਂ ਨਹੀਂ ਕੀਤੀ ਸਗੋਂ ਜ਼ਮੀਨ ਦਾ ਬਹੁਤ ਹੀ ਵਾਜਬ ਰੇਟ ਮੰਗਿਆ ਜਿਹੜਾ ਕਿ ਹਿਸਾਬ ਕਿਤਾਬ ਲਗਾ ਕੇ ਸੱਤਰ ਕੁ ਹਜ਼ਾਰ ਹੀ ਬਣਿਆ। ਆਮ ਹਾਲਤਾਂ ਵਿਚ ਪਹਿਲੀ ਗੱਲ ਤਾਂ ਇਹ ਹੈ ਕਿ ਜੱਟ ਜ਼ਮੀਨ ਵਿਚੋਂ ਪਾਣੀ ਦਾ ਖਾਲ ਨਹੀਂ ਨਿਕਲਣ ਦਿੰਦਾ ਪੱਕੀ ਸੜਕ ਤਾਂ ਵੱਡੀ ਗੱਲ ਹੈ। ਦੂਜੇ ਇਹ ਕਿ ਖ਼ਰੀਦਣ ਵਾਲੇ ਲੋੜਵੰਦ ਤੋਂ ਜ਼ਮੀਨ ਦਾ ਮੁੱਲ ਵੀ ਜੱਟ ਮੂੰਹ ਮੰਗਿਆ ਹੀ ਵਸੂਲਦਾ ਹੈ। ਉਪਰੋਕਤ ਦੋਹਾਂ ਗੱਲਾਂ ਨੂੰ ਅੱਖੋਂ ਪਰੋਖੇ ਕਰਨ ਅਤੇ ਭਾਈਚਾਰਕ ਸਾਂਝਾਂ ਦੇ ਮੱਦੇਨਜ਼ਰ ਜਨੇਰ ਵਾਸੀਆਂ ਨੂੰ ਸਦਾ ਹੀ ਜੌਹਲ ਪਰਿਵਾਰ ਦੇ ਰਿਣੀ ਰਹਿਣਾ ਬਣਦਾ ਹੈ। ਸ਼ਾਮ ਨੂੰ ਇਕ ਹੋਰ ਮੀਟਿੰਗ ਲੰਬਰਦਾਰ ਸੰਤਾ ਸਿੰਘ ਬਰਾੜ ਦੇ ਘਰੇ ਹੋਈ। ਸਰਪੰਚ ਮੱਘਰ ਸਿੰਘ ਸਿੱਧੂ ਨੇ ਹਿਸਾਬ ਕਿਤਾਬ ਲਗਾ ਕੇ ਦੱਸਿਆ ਕਿ ਕੁਝ ਫੰਡਾਂ ਦੇ ਪੈਸੇ ਪੰਚਾਇਤ ਪਾਸ ਹਨ ਫੇਰ ਵੀ ਵੀਹ ਹਜ਼ਾਰ ਰੁਪਇਆ ਘਟ ਹੈ। ਜਗਜੀਤ ਸਿੰਘ ਗਿੱਲ, ਮੱਘਰ ਸਿੰਘ ਸਿੱਧੂ ਅਤੇ ਸੰਤਾ ਸਿੰਘ ਬਰਾੜ ਨੇ ਮਿਲ ਕੇ ਇਹ ਵੀਹ ਹਜ਼ਾਰ ਆਪਣੇ ਪਾਸੋਂ ਪਾ ਦਿੱਤਾ ਅਤੇ ਅਗਲੇ ਦਿਨ ਸੜਕ ਲਈ ਲੋੜੀਂਦੀ ਜ਼ਮੀਨ ਦੀ ਰਜਿਸਟਰੀ ਹੋ ਗਈ ਤਾਂ ਜਨੇਰ-ਧਲੇਕੇ ਸੜਕ ਦਾ ਮੁੱਢ ਬੱਝ ਗਿਆ। ਇਸ ਤੋਂ ਅਗਲੇ ਲਗਪਗ ਤਿੰਨ ਸਾਲ ਸਮੇਂ ਤਕ ਜਨੇਰ ਵਾਸੀਆਂ ਨੇ ਇਲਾਕੇ ਦੇ ਐਮ.ਐਲ.ਏ., ਐਮ.ਪੀ. ਅਤੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਸੜਕ ਪੱਕੀ ਕਰਨ ਵਾਸਤੇ ਪਹੁੰਚ ਕੀਤੀ ਪਰੰਤੂ ਨਿਰਾਸ਼ਾ ਹੀ ਪੱਲੇ ਪਈ। ਕਹਿੰਦੇ ਹਨ ਕਿ ਸੱਚੇ ਦਿਲੋਂ ਵਿੱਢੇ ਕਿਸੇ ਕੰਮ ਨੂੰ ਪੂਰਾ ਕਰਨ ਲਈ ਕੋਈ ਢੋ ਮੇਲ ਬਣ ਹੀ ਜਾਂਦਾ ਹੈ। ਮਾਝੇ ਇਲਾਕੇ ਦਾ ਸੀਨੀਅਰ ਕਾਂਗਰਸੀ ਲੀਡਰ ਅਤੇ ਵਜ਼ੀਰ ਸ. ਪ੍ਰਤਾਪ ਸਿੰਘ ਬਾਜਵਾ ਆਪਣੀ ਕੈਨੇਡਾ ਫੇਰੀ ਸਮੇਂ ਜਨੇਰ ਵਾਸੀਆਂ ਦੇ ਸਭ ਤੋਂ ਵੱਧ ਵਸੇਬੇ ਵਾਲੇ ਸ਼ਹਿਰ ‘ਸਰੀ’ ਵਿਚ ਪਧਾਰਿਆ। ਪੁਰਾਣੇ ਕਾਂਗਰਸੀ ਹੋਣ ਕਾਰਨ ਜਗਜੀਤ ਸਿੰਘ ਗਿੱਲ ਨੇ ਉਸ ਨੂੰ ਸਰੀ ਸ਼ਹਿਰ ਦੇ ਸਿਰਕੱਢ ਕਾਂਗਰਸੀ ਲੀਡਰਾਂ ਨਾਲ ਆਪਣੇ ਘਰ ਰਾਤ ਦੇ ਖਾਣੇ ਦੀ ਦਾਅਵਤ ‘ਤੇ ਬੁਲਾਇਆ ਅਤੇ ਇਨ੍ਹਾਂ ਸਿਰਕੱਢ ਕਾਂਗਰਸੀ ਲੀਡਰਾਂ ਦੀ ਹਾਜ਼ਰੀ ਵਿਚ ਹੀ ਜਨੇਰ-ਧਲੇਕੇ ਸੜਕ ਦੀ ਮਦਦ ਮੰਗੀ। ਮੋਗਾ ਇਲਾਕੇ ਦਾ ਲੀਡਰ ਨਾ ਹੋਣ ਦੀ ਸੂਰਤ ਵਿਚ ਵੀ ਬਾਜਵਾ ਸਾਹਿਬ ਨੇ ਜਨੇਰ ਵਾਸੀਆਂ ਦੇ ਇਸ ਕੰਮ ਲਈ ਸਿਰਫ਼ ਹਾਂ ਹੀ ਨਹੀਂ ਕੀਤੀ ਸਗੋਂ ਸੜਕ ਨਿਰਮਾਣ ਮਹਿਕਮੇ ਦੀ ਐਕਸੀਅਨ (ਹੁਣ ਐਸ.ਈ. ਪਟਿਆਲਾ) ਸ. ਵਰਿੰਦਰਜੀਤ ਸਿੰਘ ਢੀਂਡਸਾ ਨੂੰ ਸਭ ਦੇ ਸਾਹਮਣੇ ਫ਼ੋਨ ‘ਤੇ ਜਨੇਰ ਵਾਸੀਆਂ ਦਾ ਕੰਮ ਪਹਿਲ ਦੇ ਆਧਾਰ ‘ਤੇ ਕਰਨ ਲਈ ਹਦਾਇਤਾਂ ਵੀ ਕਰ ਦਿੱਤੀਆਂ। ਬਿਨਾਂ ਵਕਤ ਗਵਾਏ ਜਗਜੀਤ ਸਿੰਘ ਗਿੱਲ ਨੇ ਵੀ ਫ਼ੋਨ ‘ਤੇ ਪਿੰਡ ਦੇ ਸਰਪੰਚ ਪੰਜਵੀਂ ਪੱਤੀ ਵਾਲੇ ਚਰਨ ਸਿੰਘ ਧਾਲੀਵਾਲ ਨਾਲ ਐਕਸੀਅਨ ਢੀਂਡਸਾ ਦੀ ਸਿੱਧੀ ਗੱਲਬਾਤ ਕਰਵਾ ਦਿੱਤੀ। ਪੰਜਾਬ ਪਹੁੰਚ ਕੇ ਐਕਸੀਅਨ ਢੀਂਡਸਾ ਨੇ ਜਨੇਰ-ਧਲੇਕੇ ਦਾ ਐਸਟੀਮੇਟ ਜੋ ਕਿ 85 ਲੱਖ ਦੇ ਕਰੀਬ ਬਣਿਆ, ਮਹਿਕਮੇ ਤੋਂ ਪਾਸ ਕਰਵਾ ਦਿੱਤਾ ਤਾਂ ਕਿ ਸਰਕਾਰ ਬਦਲਣ ਵਾਲੀ ਹੋਣ ਕਰਕੇ ਸੜਕ ਦੇ ਨਿਰਮਾਣ ਵਿਚ ਕੋਈ ਵਿਗਨ ਨਾ ਪਵੇ।
ਸਰਕਾਰੀ ਕਾਰਵਾਈਆਂ ਪੂਰੀਆਂ ਹੋ ਜਾਣ ਉਪਰੰਤ ਕੱਚੇ ਰਸਤੇ ਨੂੰ ਪੱਕੀ ਸੜਕ ਵਿਚ ਬਦਲਣ ਲਈ ਇਸ ਨੂੰ ਉਚਾ ਅਤੇ ਪੱਧਰਾ ਕਰਨ ਦੀ ਲੋੜ ਸੀ। ਪਿੰਡ ਦੇ ਗੁਰੂ ਘਰ ਦੇ ਮੁਖ ਸੇਵਾਦਾਰ ਵਲੋਂ ਸਪੀਕਰ ਵਿਚ ਅਵਾਜ਼ ਦੇਣ ਦੀ ਦੇਰ ਹੀ ਸੀ ਕਿ ਇਸ ਸਾਂਝੇ ਕਾਰਜ ਵਾਸਤੇ ਪਿੰਡ ਵਾਸੀ ਬਹੁਤ ਹੀ ਜੋਸ਼ੋ ਖਰੋਸ਼ ਨਾਲ ਅੱਗੇ ਆਏ। ਪਿੰਡ ਦੇ ਟਰੈਕਟਰਾਂ, ਟਰਾਲੀਆਂ ਅਤੇ ਨੌਜੁਆਨਾਂ ਦੇ ਜੋਸ਼ ਮੂਹਰੇ ਇਹ ਵੱਡਾ ਸਾਰਾ ਕੰਮ ਬਹੁਤ ਹੀ ਬੌਣਾ ਹੋ ਨਿਬੜਿਆ। ਹਰ ਇਕ ਨੇ ਆਪਣੀ ਸਮਰਥਾ ਤੋਂ ਵਧ ਯੋਗਦਾਨ ਪਾਇਆ। ਨਾਮ ਲਿਖਣ ਲੱਗੀਏ ਤਾਂ ਲਿਸਟ ਬਹੁਤ ਲੰਮੀ ਹੋ ਜਾਵੇਗੀ। ਸੜਕ ਬਣਨ ਸਮੇਂ ਐਕਸੀਅਨ ਵਰਿੰਦਰਜੀਤ ਸਿੰਘ ਢੀਂਡਸਾ ਨੇ ਨਿੱਜੀ ਦਿਲਚਸਪੀ ਲੈ ਕੇ ਮਹੀਨਿਆਂ ਦਾ ਕੰਮ ਦਿਨਾਂ ਵਿਚ ਖ਼ਤਮ ਕਰਵਾ ਦਿੱਤਾ। ਫੇਰ ਇਕ ਹੋਰ ਅੜਚਨ ਲੁਹਾਰੇ ਵਾਲੇ ਸੂਏ ‘ਤੇ ਪੱਕਾ ਪੁਲ ਨਾ ਹੋਣ ਵਜੋਂ ਖੜ੍ਹੀ ਹੋ ਗਈ। ਜਗਜੀਤ ਸਿੰਘ ਗਿੱਲ ਨੇ ਪੁਲ ਬਣਾਉਣ ਲਈ ਲੋੜੀਂਦੇ ਪੈਸੇ ਲੰਬਰਦਾਰ ਕੌਰ ਸਿੰਘ ਬਰਾੜ ਨੂੰ ਭੇਜ ਦਿੱਤੇ। ਪਿੰਡ ਦੇ ਠੇਕੇਦਾਰ ਮਿਸਤਰੀ ਬਲਵਿੰਦਰ ਸਿੰਘ ਚਾਨਾ ਨੇ ਕੌਰ ਸਿੰਘ ਬਰਾੜ ਦੀ ਦੇਖ-ਰੇਖ ਹੇਠ ਇਹ ਪੁਲ ਕੁਝ ਦਿਨਾਂ ਵਿਚ ਹੀ ਤਿਆਰ ਕਰ ਦਿੱਤਾ ਅਤੇ ਆਵਾਜਾਈ ਸ਼ੁਰੂ ਹੋ ਗਈ
ਪਿੰਡ ਦੇ ਸਰਪੰਚ
‘ਸੱਥ ਵਿਚ ਖੜ੍ਹਨਾ, ਗੱਲ ਦਾ ਕਰਨਾ, ਜਣੇ ਖਣੇ ਦੇ ਵੱਸ ਦਾ ਨਹੀਂ”
ਪੀੜ੍ਹੀ ਦਰ ਪੀੜ੍ਹੀ ਸੁਣਦੇ ਆ ਰਹੇ ਇਸ ਲੋਕ ਤੱਥ ਵਿਚ ਅਥਾਹ ਸਚਾਈ ਹੈ। ਚੇਅਰਮੈਨ ਬਣ ਜਾਣਾ, ਸਰਪੰਚੀ ਜਾਂ ਪੰਚੀ ਹਥਿਆ ਲੈਣੀ, ਕੋਈ ਪ੍ਰਧਾਨਗੀ ਲੈ ਲੈਣੀ, ਖ਼ਾਨਦਾਨੀ ਲੰਬਰਦਾਰੀ ਸਾਂਭ ਲੈਣੀ ਜਾਂ ਆਪਣੇ ਆਪ ਨੂੰ ਲੀਡਰ ਅਖਵਾਉਣ ਲੱਗ ਪੈਣਾ ਵੱਖਰੀ ਗੱਲ ਹੈ ਪਰੰਤੂ ਪਿੰਡ ਦੇ ਇਕੱਠ ਵਿਚ ਆਪਣੀ ਵਜ਼ਨਦਾਰ ਦਲੀਲ ਨਾਲ ਸਾਰਿਆਂ ਨੂੰ ਕਾਇਲ ਕਰਨਾ, ਤਹਿਸੀਲਾਂ, ਕਚਿਹਰੀਆਂ, ਸਰਕਾਰੀ ਦਫ਼ਤਰਾਂ ਅਤੇ ਠਾਣਿਆਂ ਵਿਚ ਅਫ਼ਸਰਾਂ ਨਾਲ ਬੇਝਿਜਕ ਹੋ ਕੇ ਗੱਲ ਕਰਨੀ ਸਿਰਫ਼ ਕਿਸੇ ਤਜਰਬੇਕਾਰ ‘ਖੜਪੰਚ’ ਦੇ ਹੀ ਵਸ ਦਾ ਰੋਗ ਹੈ। ਕਿਸੇ ਸਮੇਂ ਪਿੰਡਾਂ ਦੇ ਖੜਪੰਚਾਂ ਨੂੰ ਬਹੁਤ ਹੀ ਆਦਰ- ਮਾਨ ਅਤੇ ਸਤਿਕਾਰਯੋਗ ਨਿਗਾਹਾਂ ਨਾਲ ਦੇਖਿਆ ਜਾਂਦਾ ਸੀ ਜਿਸ ਦਾ ਮੁਖ ਕਾਰਨ ਇਹ ਸੀ ਕਿ ਆਪਣੇ ਨਿੱਜੀ ਕੰਮ ਛੱਡ ਕੇ ਲੋਕਾਂ ਦੇ ਕੰਮ ਕਰਵਾਉਣ ਵਾਲੇ ਖੜਪੰਚ ਕਿਸੇ ਅਹੁਦੇ, ਰੁਤਬੇ ਜਾਂ ਫੋਕੀ ਸ਼ੌਹਰਤ ਖ਼ਾਤਰ ਨਹੀਂ ਸਗੋਂ ਲੋਕ ਭਲਾਈ ਖਾਤਰ ਕਰਦੇ ਸਨ। ਸਮੇਂ ਦੇ ਬਦਲ ਅਤੇ ਅੱਜ ਕਲ੍ਹ ਖੜਪੰਚਾਂ ਦੀ ਬਦਲ ਵਜੋਂ ਹੋਂਦ ਵਿਚ ਆਏ ‘ਪ੍ਰਧਾਨਾਂ’ ਇਨ੍ਹਾਂ ਦੀ ਜਗ੍ਹਾ ਲੈ ਲਈ ਹੈ ਜਿਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਿਸੇ ਰਾਜਨੀਤਕ ਪਾਰਟੀ, ਗਰੁੱਪ ਜਾਂ ਸੰਸਥਾ ਨਾਲ ਸਬੰਧ ਜ਼ਰੂਰ ਹੁੰਦਾ ਹੈ ਜਿਸ ਕਾਰਨ ਉਹ ਨਿਰਪੱਖ ਰਹਿ ਕੇ ਗੱਲਬਾਤ ਕਰਨ ਤੋਂ ਅਸਮਰਥ ਹੁੰਦੇ ਹਨ। ਪਿੰਡ ਦਾ ਸ਼ਾਇਰ ਪੀਰ ਕਾਦਰੀ ਸੱਦਾ ਬੇਸ਼ਕ ਆਪਣੇ ਕਲਾਮ ਵਿਚ ਪਿੰਡ ਦੇ ਕੁਝ ਕੁ ਖੜਪੰਚਾਂ ਦੇ ਨਾਵਾਂ ਦੇ ਜ਼ਿਕਰ ਕਰ ਚੁੱਕਾ ਹੈ ਪਰੰਤੂ ਖੜਪੰਚਾਂ ਬਾਰੇ ਹੋਰ ਵੀ ਲਿਖਣਾ ਇਤਿਹਾਸ ਦੀ ਲੋੜ ਹੈ।
ਅਮਰ ਸਿੰਘ ਸਿੱਧੂ
ਉਨੀ ਸੌ ਪੰਜਾਹਵਿਆਂ ਤੋਂ ਵੀ ਪਹਿਲਾਂ ਸ਼ੁਰੂ ਹੋ ਕੇ ਵੀਹ ਸਾਲ ਤੋਂ ਵੀ ਵਧ ਸਮੇਂ ਤਕ ਚੀਮਾ ਪੱਤੀ ਵਾਲੇ ਅਮਰ ਸਿੰਘ ਸਿੱਧੂ ਦੀ ਖੜਪੰਚੀ ਦੀ ਧਾਂਕ ਪਿੰਡ ਵਿਚ ਜੰਮੀ ਰਹੀ। ਉਸ ਦੇ ‘ਖੜਪੰਚੀ ਕਾਲ’ ਸਮੇਂ ਬਚਿੱਤਰ ਸਿੰਘ ਸਿੱਧੂ, ਨਗਿੰਦਰ ਸਿੰਘ ਸੇਖੋਂ ਅਤੇ ਪੂਰਨ ਸਿੰਘ ਸਿੱਧੂ ਪਿੰਡ ਦੇ ਸਰਪੰਚ ਰਹੇ ਪਰੰਤੂ ਪਿੰਡ ਦਾ ਕੋਈ ਵੀ ਮਹੱਤਵਪੂਰਨ ਫੈਸਲਾ ਅਮਰ ਸਿੰਘ ਸਿੱਧੂ ਦੀ ਗ਼ੈਰ-ਹਾਜ਼ਰੀ ਜਾ ਉਸ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਆ ਗਿਆ ਕਿਉਂਕਿ ਉਹ ਹਮੇਸ਼ਾ ਸਭ ਦਾ ਭਲਾ ਮੰਗਣ ਵਾਲਾ ਇਨਸਾਨ ਸੀ।
ਅਮਰ ਸਿੰਘ ਸਿੱਧੂ ਸਿਹਤ ਪੱਖੋਂ ਨਰੋਆ, ਦਰਮਿਆਨੇ ਕੱਦ ਕਾਠ ਵਾਲਾ ਅਤੇ ਸਮੇਂ ਅਨੁਸਾਰ ਪਹਿਨ ਪਚਰ ਕੇ ਸਮਾਜ ਵਿਚ ਵਿਚਰਨ ਵਾਲਾ ਸੀ । ਉਸ ਦੇ ਬੋਲਾਂ ਵਿਚ ਗੜ੍ਹਕਾ ਸੀ ਪਰੰਤੂ ਲੋੜ ਪੈਣ ‘ਤੇ ਉਹ ਬਹੁਤ ਹੀ ਨਰਮ ਲਹਿਜੇ ਵਿਚ ਕੁਝ ਸ਼ਬਦਾਂ ਵਿਚੀਂ ਵੱਡੀ ਗੱਲ ਆਖ ਕੇ ਸਾਹਮਣੇ ਵਾਲੇ ਦਾ ਦਿਲ ਲੁੱਟ ਲੈਂਦਾ। ਪਿੰਡ ਵਾਸੀਆਂ ਦੇ ਆਪਸੀ ਛੋਟੇ-ਮੋਟੇ ਗੁੱਸੇ-ਗਿਲੇ ਅਤੇ ਪਰਿਵਾਰਕ ਲੜਾਈ ਝਗੜੇ ਹੱਲ ਕਰਨ ਦੀ ਉਸ ਨੂੰ ਮੁਹਾਰਤ ਹਾਸਲ ਸੀ। ਜਦੋਂ ਕਿਸੇ ਨਾਲ ਕੋਈ ਨਾਜਾਇਜ਼ ਕੁੱਟਮਾਰ ਹੋਈ ਹੁੰਦੀ ਜਾਂ ਕਿਸੇ ਨੇ ਗੁੱਸੇ ਵਿਚ ਦੂਜੀ ਧਿਰ ਨੂੰ ਗਾਲ੍ਹਾਂ ਦੇ ਰੂਪ ਵਿਚ ਕੋਈ ਮੰਦੇ ਬੋਲ ਬੋਲੇ ਹੁੰਦੇ ਅਤੇ ਜ਼ਿਆਦਤੀ ਦਾ ਸ਼ਿਕਾਰ ਪਾਰਟੀ ਰਾਜ਼ੀਨਾਮਾ ਕਰਨ ਤੋਂ ਨਾਹ ਕਰ ਦਿੰਦੀ ਤਾਂ ਉਹ ਬਹੁਤ ਹਲੀਮੀ ਭਾਵ ਨਾਲ ਸਬੰਧਤ ਪਾਰਟੀ ਨੂੰ ਆਖਦਾ, “ਲੈ ਬਈ ਤੂੰ ਪੰਚਾਇਤ ਦੀ ਹਾਜ਼ਰੀ ਵਿਚ ਹੀ ਇਸ ਨੂੰ ਗਾਲ੍ਹ ਦੁਪੜ ਕਰ ਲੈ ਜਾਂ ਚਾਰ ਛਿੱਤਰ ਮਾਰ ਲੈ। ਜੇਕਰ ਤੇਰਾ ਗੁੱਸਾ ਹਾਲੀਂ ਵੀ ਠੰਡਾ ਨਹੀਂ ਹੋਇਆ ਤਾਂ ਸਾਨੂੰ ਗਾਲ੍ਹਾਂ ਕੱਢ ਲੈ, ਕਿ ਅਸੀਂ ਪੰਚਾਇਤ ਵਾਲੇ ਤੁਹਾਡਾ ਰਾਜ਼ੀਨਾਮਾ ਕਿਉਂ ਕਰਵਾਉਂਦੇ ਹਾਂ?” ਅਮਰ ਸਿੰਘ ਸਿੱਧੂ ਦੀਆਂ ਇਹ ‘ਖੜਪੰਚੀ ਗੱਲਾਂ’ ਦੂਜੀ ਧਿਰ ਨੂੰ ਕੀਲ ਲੈਂਦੀਆਂ ਅਤੇ ਬਿਨਾਂ ਗੱਲ ਨੂੰ ਹੋਰ ਵਧਾਇਆਂ ਉਹ ਰਾਜ਼ੀਨਾਮੇ ਲਈ ਸਹਿਮਤ ਹੋ ਜਾਂਦਾ। ਉਸ ਪਾਸ ਅਜੋਕੇ ਸਮੇਂ ਦੇ ਪ੍ਰਧਾਨਾਂ ਵਾਲੀ ‘ਇਧਰੋਂ ਲਾਉਣ ਅਤੇ ਉਧਰੋਂ ਬੁਝਾਉਣ’ ਵਾਲੀ ਰਾਜਨੀਤੀ ਨਹੀਂ ਸੀ।
ਅਮਰ ਸਿੰਘ ਸਿੱਧੂ ਖਾਣ-ਪੀਣ ਦਾ ਬਹੁਤ ਸ਼ੌਕੀਨ ਸੀ। ਬੁਕਲ ਵਿਚ ਭੇਲੀ ਭੰਨਣ ਦੀ ਬਜਾਏ ਉਹ ਗਾਉਣ ਵਾਲਿਆਂ ਦੇ ਅਖਾੜਿਆਂ ਹੋਰ ਖ਼ੁਸ਼ੀ ਦੇ ਇਕੱਠਾਂ ਵਿਚ ਮੀਟ ਸ਼ਰਾਬ ਦੀ ਵਰਤੋਂ ਸਭ ਦੇ ਸਾਹਮਣੇ ਕਰਨ ਤੋਂ ਨਹੀਂ ਸੀ ਝਿਜਕਦਾ। ਵਿਆਹ ਸ਼ਾਦੀਆਂ ਜਾਂ ਖ਼ੁਸ਼ੀ ਦੇ ਹੋਰ ਮੌਕਿਆਂ ਸਮੇਂ ਖ਼ੁਸ਼ੀ ਨਾਲ ਸਬੰਧਤ ਪਰਿਵਾਰ ਨੂੰ ਇਹ ਕਹਿਣੋਂ ਕਦੀ ਨਾ ਝਿਜਕਦਾ “ਉਹ ਬਈ ਮੁੰਡੇ ਢਿੱਲੇ ਜਿਹੇ ਬੈਠੇ ਐ, ਇਨ੍ਹਾਂ ਨੂੰ ਕੁਛ ਖੁਆਓ, ਪਿਆਓ ਖ਼ੁਸ਼ੀ ਦੇ ਦਿਨ ਕਿਹੜਾ ਨਿੱਤ-ਨਿੱਤ ਆਉਂਦੇ ਐ।” ਗ਼ਮੀ ਦੇ ਮੌਕੇ ਪੀੜਤ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਉਹ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਵਿਚ ਹੁੰਦਾ। ਉਸ ਨੇ ਜ਼ਿੰਦਗੀ ਭਰ ਕਦੀ ਵੀ ਪਿੰਡ ਦਾ ਲੰਬਰਦਾਰ, ਪੰਚ ਜਾਂ ਸਰਪੰਚ ਬਣਨ ਦੀ ਲਾਲਸਾ ਨਹੀਂ ਰੱਖੀ ਜਦੋਂ ਕਿ ਉਹ ਇਸ ਦੇ ਯੋਗ ਹੋਣ ਤੋਂ ਬਿਨਾਂ, ਪਿੰਡ ਵਾਲਿਆਂ ਦੀ ਬਹੁਸੰਮਤੀ ਵੀ ਹਮੇਸ਼ਾ ਉਸ ਦੇ ਨਾਲ ਹੁੰਦੀ ਸੀ। ਅਮਰ ਸਿੰਘ ਦੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਸ ਦਾ ਗੱਲਬਾਤ ਕਰਨ ਦਾ ਢੰਗ-ਤਰੀਕਾ ਅੱਛੇ ਵਿਦਵਾਨਾਂ ਵਰਗਾ ਸੀ।
“ਸਾਫ਼ ਨੀਤ ਨਾਲ ਨਿਰਪੱਖ ਹੋ ਕੇ ਕਿਸੇ ਦਾ ਰਾਜ਼ੀਨਾਮਾ ਕਰਵਾਉਣ ਜਾਈਏ ਤਾਂ ਉਹ ਸਿਰੇ ਚੜ੍ਹ ਹੀ ਜਾਂਦਾ ਹੈ”, “ਦੋਹਾਂ ਧਿਰਾਂ ਨੂੰ ਇਕੋ ਨਜ਼ਰ ਨਾਲ ਦੇਖੋ”, “ਪਿੰਡ ਦੀ ਨੂੰਹ ਵਿਆਹ ਤੋਂ ਬਾਅਦ ਪਿੰਡ ਦੀ ਧੀ ਹੁੰਦੀ ਹੈ”, “ਭਾਈ ਅਸੀਂ ਥੋਨੂੰ ਕੁਝ ਦੇਣ ਆਏ ਹਾਂ, ਲੈਣ ਨਹੀਂ ਆਏ” ਵਰਗੇ ਉਚੇ ਸਮਾਜਿਕ ਗੁਣਾਂ ਦੇ ਧਾਰਨੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਅਮਲੀ ਰੂਪ ਦੇਣ ਵਾਲੇ ਖੜਪੰਚ ਅਮਰ ਸਿੰਘ ਸਿੱਧੂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।
ਲੰਬਰਦਾਰ ਸੰਤਾ ਸਿੰਘ ਬਰਾੜ
ਲੰਬਰਦਾਰ ਸੰਤਾ ਸਿੰਘ ਬਰਾੜ (ਲੇਖਕ ਦਾ ਚਚੇਰਾ ਭਰਾ) ਸਰਪੰਚ ਪੂਰਨ ਸਿੰਘ ਸਿੱਧੂ ਦੇ ਸਰਪੰਚੀ ਕਾਲ ਸਮੇਂ ਇਕ ਪ੍ਰਾਈਵੇਟ ਕੰਪਨੀ ਦੀ ਕੰਡਕਟਰੀ ਤੋਂ ਅਸਤੀਫ਼ਾ ਦੇ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕਰਨ ਸਮੇਂ ਪਿੰਡ ਦੇ ਖੜਪੰਚੀ ਖੇਤਰ ਵਿਚ ਆਇਆ। ਅਮਰ ਸਿੰਘ ਸਿੱਧੂ ਨੂੰ ਉਹ ਆਪਣਾ ‘ਖੜਪੰਚੀ ਗੁਰੂ’ ਮੰਨਦਾ ਸੀ ਅਤੇ ਉਸ ਦੇ ਜਿਉਂਦੇ ਜੀ ਹੀ ਉਹ ਇਸ ਲੋਕ ਭਲਾਈ ਦੇ ਕੰਮ ਵਿਚ ਟਰੇਂਡ ਹੋ ਗਿਆ ਸੀ। ਉਸ ਪਾਸ ਬਰਾੜ ਪਰਿਵਾਰ ਦੀ ਖ਼ਾਨਦਾਨੀ ਲੰਬਰਦਾਰੀ ਸੀ ਅਤੇ ਇਕ ਵਾਰ ਪੰਚਾਇਤ ਮੈਂਬਰ ਵੀ ਬਣਿਆ ਪਰੰਤੂ ਉਸ ਨੇ ਤਰਜੀਹ ਖੜਪੰਚ ਨੂੰ ਹੀ ਦਿੱਤੀ ਅਤੇ ਇਸ ਵਿਚ ਕਾਮਯਾਬ ਵੀ ਹੋਇਆ। ਉਸ ਦਾ ਖੜਪੰਚੀ ਕਾਲ, ਪੂਰਨ ਸਿੰਘ ਸਿੱਧੂ, ਜਗਜੀਤ ਸਿੰਘ ਗਿੱਲ, ਦਰਸ਼ਨ ਸਿੰਘ ਸਿੱਧੂ, ਜਸਮੇਲ ਕੌਰ ਸਿੱਧੂ, ਮੱਘਰ ਸਿੰਘ ਸਿੱਧੂ ਅਤੇ ਸਰਜੀਤ ਸਿੰਘ ਸ਼ੇਰਗਿਲ ਦੀ ਸਰਪੰਚੀ ਵਕਤ ਦਾ ਤੀਹ ਸਾਲ ਤੋਂ ਵਧ ਦਾ ਲੰਮਾ ਸਮਾਂ ਸੀ। ਉਹ ਉਰਦੂ ਪੜ੍ਹਿਆ ਅਤੇ ਜ਼ਿੰਦਗੀ ਵਿਚ ਘੁੰਮਿਆ-ਫਿਰਿਆ ਹੋਣ ਦੀ ਬਦੌਲਤ ਜਲਦੀ ਸਫ਼ਲ ਖੜਪੰਚ ਵਜੋਂ ਉਭਰਿਆ।
ਪੁਲਿਸ ਵਾਲੇ ਹੋਣ ਜਾਂ ਮਾਲ ਮਹਿਕਮਾ, ਬਿਜਲੀ ਬੋਰਡ ਜਾਂ ਬੈਂਕਾਂ ਵਾਲੇ, ‘ਖਾਣ ਪੀਣ’ ਵਾਸਤੇ ਉਹ ਵਲ ਭੰਨ ਕੇ ਖੜਪੰਚ ਸੰਤਾ ਸਿੰਘ ਬਰਾੜ ਪਾਸ ਪਹੁੰਚਦੇ। ਅੱਗੋਂ ਉਹ ਵੀ ‘ਸੇਵਾ’ ਕਰਨੋਂ ਕਦੀ ਨਾ ਝਿਜਕਦਾ। ਕੁਝ ਸਮੇਂ ਬਾਅਦ ਉਸ ਦੀ ਸਰਕਾਰੇ-ਦਰਬਾਰੇ ਪਹੁੰਚ ਹੋਰ ਵੀ ਵਧ ਗਈ ਕਿਉਂਕਿ ਉਸ ਦੇ ਨਜ਼ਦੀਕੀ ਸਿਪਾਹੀ, ਹੌਲਦਾਰ ਤਾਂ ਠਾਣੇਦਾਰ ਬਣ ਗਏ, ਪਟਵਾਰੀ ਕਾਨੂੰਗੋ ਤਰੱਕੀ ਕਰਕੇ ਤਹਿਸੀਲਦਾਰ ਲੱਗ ਗਏ, ਬਿਜਲੀ ਮਹਿਕਮੇ ਵਾਲੇ ਲਾਈਨਮੈਨ, ਜੇ.ਈ. ਅਤੇ ਬੈਂਕਾਂ ਵਾਲੇ ਕਈ ਕਲਰਕ, ਕੈਸ਼ੀਅਰ, ਬਰਾਂਚ ਮੈਨੇਜਰ ਦੀ ਪੋਸਟ ਤਕ ਪਹੁੰਚ ਗਏ। ਬਸ ਫੇਰ ਕੀ ਸੀ? ਸੰਤਾ ਸਿੰਘ ਬਰਾੜ ਦੀ ਖੜਪੰਚੀ ਖੂਬ ਚਮਕੀ। ਉਸ ਦਾ ਖੜਪੰਚੀ ਕਰਨ ਦਾ ਢੰਗ ਅਮਰ ਸਿੰਘ ਸਿੱਧੂ ਨਾਲੋਂ ਥੋੜ੍ਹਾ ਇਸ ਕਰਕੇ ਵੱਖਰਾ ਹੋ ਗਿਆ ਕਿ ਹੁਣ ਸਰਕਾਰੀ ਮੁਲਾਜ਼ਮਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਗਿਆ ਸੀ ਇਸ ਕਰਕੇ ਸਰਕਾਰੀ ਮੁਲਾਜ਼ਮਾਂ ਦਾ ਮੂੰਹ ਬੰਦ ਕਰਨ ਵਾਸਤੇ ਜੇਬ ਵਿਚੋਂ ਪੈਸੇ ਵੀ ਖਰਚਣੇ ਪੈਂਦੇ ਪਰੰਤੂ ਮਾਲੀ ਹਾਲਤ ਅੱਛੀ ਹੋਣ ਕਰਕੇ ਉਹ ਇਸ ਦੀ ਪਰਵਾਹ ਨਹੀਂ ਸੀ ਕਰਦਾ। ਉਹ ਵੱਡੇ ਤੋਂ ਵੱਡੇ ਅਫ਼ਸਰ ਸਾਹਮਣੇ ਵੀ ਗੱਲ ਕਰਨ ਤੋਂ ਝਿਜਕਦਾ ਨਹੀਂ ਸੀ।
“ਬਈ ਸਾਫ਼ ਗੱਲ ਹੈ”, ਸੰਤਾ ਸਿੰਘ ਬਰਾੜ ਦਾ ਤਕੀਆ ਕਲਾਮ ਸੀ। ਘਰੇਲੂ ਝਗੜਿਆਂ ਵਿਚ ਆਮ ਤੌਰ ‘ਤੇ ਉਹ ਔਰਤ ਦਾ ਪੱਖ ਪੂਰਦਾ ਜਿਸ ਬਾਰੇ ਉਹ ਦਲੀਲ ਦਿੰਦਾ, “ਯਾਰ ਬੰਦੇ ਦਾ ਕੀ ਹੈ? ਬਾਅਦ ਵਿਚ ਇਕੱਠੇ ਬੈਠ ਖਾ ਪੀ ਕੇ ਮਨਾ ਲਵਾਂਗੇ ਪਹਿਲਾਂ ਘਰ ਦਾ ਕਲੇਸ਼ ਤਾਂ ਖ਼ਤਮ ਕਰ ਲਈਏ।” ਵਾਹ ਲਗਦੀ ਉਹ ਪਿੰਡ ਦੇ ਘਰੇਲੂ ਅਤੇ ਸ਼ਰੀਕੇ ਵਾਲਿਆਂ ਦੇ ਝਗੜੇ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਪਿੰਡ ਵਿਚ ਨਿਬੇੜਨ ਦੀ ਕੋਸ਼ਿਸ਼ ਕਰਦਾ ਜਾਂ ਫੇਰ ਵਧ ਤੋਂ ਵਧ ਕਿ ਪੰਚਾਇਤ ਨੂੰ ਨਾਲ ਲੈ ਕੇ ਉਸ ਨੂੰ ਸ਼ਾਮ ਤਕ ਠਾਣੇ ਪਹੁੰਚਣ ‘ਤੇ ਪੁਲਿਸ ਸਟੇਸ਼ਨ ਤੋਂ ਵਾਪਸ ਲੈ ਆਉਂਦਾ । ਲੋਕਾਂ ਵਿਚ ਜ਼ਿਆਦਾ ਰਾਜਨੀਤਕ ਸੂਝ-ਬੂਝ ਆਉਣ ਅਤੇ ਪ੍ਰਧਾਨਾਂ ਦੀ ਵਧ ਰਹੀ ਹੋਂਦ ਕਾਰਨ ਕੁਝ ਉਸ ਦੇ ਵਿਰੋਧੀ ਵੀ ਸਨ ਪਰੰਤੂ ਉਸ ਦੇ ਜਿਉਂਦੇ ਜੀ, ਕਿਸੇ ਨੇ ਸਾਹਮਣੇ ਆ ਕੇ ਉਸ ਦੀ ਖੜਪੰਚੀ ਨੂੰ ਵੰਗਾਰਿਆ ਨਹੀਂ। 1999 ਵਿਚ ਅਚਾਨਕ ਦਿਲ ਦਾ ਦੌਰਾ ਲੰਬਰਦਾਰ ਸੰਤਾ ਸਿੰਘ ਬਰਾੜ ਲਈ ਜਾਨਲੇਵਾ ਸਿੱਧ ਹੋਇਆ ਪਰੰਤੂ ਉਸ ਦੀ ਖੜਪੰਚੀ ਸਮੇਂ ਪਿੰਡ ਦੀ ਦੇਣ ਨੂੰ ਉਸ ਦੇ ਵਿਰੋਧੀ ਵੀ ਠੀਕ ਸਮਝਦੇ ਹਨ।
ਬੰਤਾ ਸਿੰਘ ਸਿੱਧੂ ਪੰਜਵੀਂ ਪੱਤੀ
ਪੌਣੀ ਸਦੀ ਤੋਂ ਵੀ ਵੱਧ ਜ਼ਿੰਦਗੀ ਦਾ ਤਜਰਬਾ ਰੱਖਣ ਵਾਲੇ, ਪੰਜਵੀਂ ਪੱਤੀ ਵਾਲੇ ਬੰਤਾ ਸਿੰਘ ਸਿੱਧੂ ਦਾ ਪਿੰਡ ਦੇ ਪੁਰਾਣੀ ਪੀੜ੍ਹੀ ਦੇ ਖੜਪੰਚਾਂ ਵਿਚ ਆਪਣਾ ਨਿਵੇਕਲਾ ਹੀ ਸਥਾਨ ਹੈ। ਨਰਮ ਸੁਭਾ ਨਾਪ ਤੋਲ ਕੇ ਗੱਲ ਕਰਨੀ, ਬਿਨਾਂ ਕਿਸੇ ਪੱਖਪਾਤ ਤੋਂ ਬੋਲਣਾ ਅਤੇ ਸਬੰਧਤ ਧਿਰਾਂ ਦੀ ਗੱਲਬਾਤ ਧਿਆਨ ਨਾਲ ਸੁਣਨੀ ਉਸੇ ਦੇ ਪਿੰਡ ਅਤੇ ਆਪਣੀ ਪੱਤੀ ਵਿਚ ਹਰਮਨ ਪਿਆਰਤਾ ਦੇ ਮੁਖ ਕਾਰਨ ਹਨ। ਅੰਮ੍ਰਿਤਧਾਰੀ ਹੋਣਾ ਉਸ ਦੀ ਸ਼ਖ਼ਸੀਅਤ ਵਿਚ ਹੋਰ ਵੀ ਵਾਧਾ ਕਰਦਾ ਹੈ। ਲੰਮਾ ਸਮਾਂ ਪਹਿਲਾਂ ਉਹ ਮੈਂਬਰ ਪੰਚਾਇਤ ਵੀ ਰਿਹਾ ਪਰੰਤੂ ਅੱਜਕਲ੍ਹ ਦੇ ਵੋਟਾਂ ਦੇ ਰੌਲੇ ਗੌਲੇ ਵਾਲੀਆਂ ਪੰਚਾਇਤਾਂ ਤੋਂ ਉਸ ਨੇ ਮੈਂਬਰੀ ਤੋਂ ਕਿਨਾਰਾ ਕਰ ਲਿਆ। ਇਸ ਦੇ ਬਾਵਜੂਦ ਪੰਜਵੀਂ ਪੱਤੀ ਜਾਂ ਪਿੰਡ ਦੀ ਪੰਚਾਇਤ ਦਾ ਸ਼ਾਇਦ ਹੀ ਕੋਈ ਇਕੱਠ ਹੋਵੇਗਾ ਜਿਸ ਵਿਚ ਉਸ ਨੂੰ ਬੁਲਾਇਆ ਨਾ ਜਾਂਦਾ ਹੋਵੇ।
ਛੇ ਫੁੱਟ ਤੋਂ ਵੀ ਲੰਮਾ ਬੰਤਾ ਸਿੰਘ ਸਿੱਧੂ ਜਵਾਨੀ ਵਿਚ ਬਹੁਤ ਜ਼ੋਰਾਵਰ ਸੀ ਅਤੇ ਪਿੰਡ ਦੇ ਮਿਹਨਤੀ ਕਾਮਿਆਂ ਦੀ ਕਤਾਰ ਵਿਚ ਸੀ। ਆਪਣੀ ਸਾਦਗੀ ਭਰੀ ਅਤੇ ਗੁਰੂ ਸਿੱਖੀ ਵਾਲੀ ਜੀਵਨ ਸ਼ੈਲੀ ਵਿਚ ਜ਼ਿੰਦਗੀ ਬਸਰ ਕਰਨ ਵਾਲਾ ਗੁਰਸਿੱਖ ਬੰਤਾ ਸਿੰਘ ਸਿੱਧੂ ਦਾ ਕਿਰਦਾਰ ਬੇਦਾਗ ਹੈ। ਆਪਣੀ ਪੱਤੀ ਅਤੇ ਪਿੰਡ ਦੀਆਂ ਪਰ੍ਹੇ ਪੰਚਾਇਤਾਂ ਵਿਚ ਉਹ ਕਿਸੇ ਗੱਲ ਵਿਚ ਅੜਿੱਕਾ ਨਹੀਂ ਬਣਦਾ ਸਗੋਂ ਅਗਾਂਹਵਧੂ ਅਤੇ ਧਾਰਮਿਕ ਵਿਚਾਰਾਂ ਦੇ ਪ੍ਰਭਾਵ ਤੇ ਪੰਜਵੀਂ ਪੱਤੀ ਅਤੇ ਪਿੰਡ ਦੇ ਭਲੇ ਦੀ ਗੱਲ ਕਰਦਾ ਹੈ। ਪਿੰਡ ਵਾਸੀ ਉਸ ਦੇ ਮਹਾਨ ਗੁਣਾਂ ਦੀ ਕਦਰ ਕਰਦੇ ਹਨ।
ਪਿੰਡ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਉਹ ਉਚੇਚੇ ਤੌਰ ‘ਤੇ ਸ਼ਿਰਕਤ ਕਰਦਾ ਹੈ। ਧਾਰਮਿਕ ਸੋਚ ਅਤੇ ਗੁਰੂਆਂ ਪੀਰਾਂ ਪ੍ਰਤੀ ਸ਼ਰਧਾ-ਭਾਵ ਦਾ ਧਾਰਨੀ ਹੋਣ ਕਰਕੇ ਉਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਸੋਂ ‘ਰੰਘਰੇਟੇ ਗੁਰੂ ਕੇ ਬੇਟੇ’ ਵਜੋਂ ਵਰੋਸਾਏ ਗਏ ਭਾਈ ਜੀਵਨ ਸਿੰਘ ਰੰਘਰੇਟਾ ਦਾ ਅਨੰਨ ਭਗਤ ਹੈ। ਬੰਤਾ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਹੀ ਪੰਜਵੀਂ ਪੱਤੀ ਵਾਲਿਆਂ ਨੇ ਭਾਈ ਜੀਵਨ ਸਿੰਘ ਰੰਘਰੇਟੇ ਦਾ ਪੁਰਬ ਮਨਾਉਣਾ ਸ਼ੁਰੂ ਕੀਤਾ। ਉਚਾ ਸੁੱਚਾ ਆਚਰਨ ਅਤੇ ਇਸ ਉਮਰ ਵਿਚ ਵੀ ਖੜਪੰਚ ਬੰਤਾ ਸਿੰਘ ਸਿੱਧੂ ਦੀ ਵਧੀਆ ਸਿਹਤ ਸਮੇਂ ਦੇ ਨੌਜੁਆਨਾਂ ਲਈ ਇਕ ਮਿਸਾਲ ਹੈ।
ਮੈਂਬਰ ਬਚਨ ਸਿੰਘ ਹਾਂਸ ਪੰਜਵੀਂ ਪੱਤੀ
ਪੰਜਵੀਂ ਪੱਤੀ ਵਾਲਾ ਬਚਨ ਸਿੰਘ ਹਾਂਸ ਬੇਸ਼ਕ ਮੈਂਬਰ ਪੰਚਾਇਤ ਨਹੀਂ ਪਰੰਤੂ ਕਾਫੀ ਸਮਾਂ ਪਹਿਲਾਂ ਇਕ ਵਾਰ ਉਹ ਮੈਂਬਰ ਪੰਚਾਇਤ ਬਣਿਆ ਸੀ ਇਸ ਕਰਕੇ ‘ਮੈਂਬਰ’ ਸ਼ਬਦ ਉਸ ਦੇ ਨਾਮ ਨਾਲ ਪੱਕਾ ਹੀ ਜੁੜ ਗਿਆ। ਪਿਛਲੇ ਕਾਫੀ ਸਮੇਂ ਤੋਂ ਖੜਪੰਚ ਬੰਤਾ ਸਿੰਘ ਸਿੱਧੂ ਨਾਲ ਉਹ ਪੰਜਵੀਂ ਪੱਤੀ ਅਤੇ ਸਮੁੱਚੇ ਪਿੰਡ ਦੇ ਮਹੱਤਵਪੂਰਨ ਇਕੱਠਾਂ ਵਿਚ ਸ਼ਿਰਕਤ ਕਰਦਾ ਹੈ। ਪੰਜਵੀਂ ਪੱਤੀ ਦੇ ਛੋਟੇ-ਮੋਟੇ ਪਰਿਵਾਰਕ ਝਗੜੇ, ਸ਼ਰੀਕੇ ਦੇ ਆਪਸੀ ਗੁੱਸੇ-ਗੁਸੈਲੇ ਅਤੇ ਭਾਈਚਾਰਕ ਸਾਂਝਾਂ ਦੇ ਇਕੱਠਾਂ ਵਿਚ ਉਸ ਦੀ ਹਾਜ਼ਰੀ ਬਹੁਤ ਮਹੱਤਵਪੂਰਨ ਹੁੰਦੀ ਹੈ।
ਜਵਾਨੀ ਸਮੇਂ ਉਹ ਬਹੁਤ ਅੱਛੇ ਕੰਮ ਦੇ ਕਰਿੰਦੇ ਵਜੋਂ ਜਾਣਿਆ ਜਾਂਦਾ ਸੀ। ਸਰੀਰਕ ਪੱਖੋਂ ਸਡੌਲ ਅਤੇ ਕਿਸਾਨੀ ਕੰਮ ਦੇ ਮਾਹਿਰ ਹੋਣ ਕਰਕੇ ਕਿਸਾਨੀ ਖੇਤਰ ਵਿਚ ਉਸ ਦੀ ਮੰਗ ਕੁਝ ਜ਼ਿਆਦਾ ਹੀ ਰਹਿੰਦੀ। “ਜਦੋਂ ਆ ਹੀ ਗਏ ਹਾਂ ਤਾਂ ਭਾਈ ਅਗਲੇ ਦਾ ਵੀ ਕੁਝ ਕਰ ਕੇ ਜਾਈਏ।” ਦਾ ਉਦੇਸ਼ ਲੈ ਕੇ ਦਿਹਾੜੀਏ ਦੇ ਰੂਪ ਵਿਚ ਵੀ ਕਿਸੇ ਦੇ ਕੰਮ ‘ਤੇ ਪਹੁੰਚਣ ਵਾਲਾ ਖੜਪੰਚ ਬਚਨ ਸਿੰਘ ਹਾਂਸ ਹਮੇਸ਼ਾ ਦੂਜੇ ਦੇ ਕੰਮ ਨੂੰ ਆਪਣਾ ਕੰਮ ਸਮਝਦਾ। ਜਵਾਨੀ ਪਹਿਰੇ ਉਹ ਬਹੁਤ ਗਰਮ ਸੁਭਾ ਦਾ ਮਾਲਕ ਸੀ ਪਰੰਤੂ ਵਧਦੀ ਉਮਰ ਅਤੇ ਖੜਪੰਚੀ ਕੰਮਾਂ ਵਿਚ ਉਸ ਦੀ ਜ਼ਿਆਦਾ ਸ਼ਮੂਲੀਅਤ ਹੋਣ ਕਰਕੇ ਉਸ ਦੇ ਸੁਭਾ ਵਿਚ ਨਰਮੀ ਆ ਗਈ।
ਅਜੋਕੇ ਸਮੇਂ ਦੇ ਨੌਜੁਆਨ ਵਰਗ ਦੀ ਸਾਡੇ ਅਮੀਰ ਸਭਿਆਚਾਰਕ ਵਿਰਸੇ ਦੇ ਵਿਰੁੱਧ ਜਾ ਰਹੀ ‘ਆਧੁਨਿਕ ਸੋਚ’ ਵਜੋਂ ਜਾਣੀ ਜਾਂਦੀ ‘ਸਮਾਜਿਕ ਖੁਲ੍ਹ’ ਦਾ ਉਹ ਡਟ ਕੇ ਵਿਰੋਧ ਕਰਦਾ ਹੈ ਅਤੇ ਗਾਹੇ-ਬਿਗਾਹੇ ਇਸ ਵਿਰੁੱਧ ਆਪਣੇ ਵਿਚਾਰ ਦੇਣੋਂ ਵੀ ਸੰਕੋਚ ਨਹੀਂ ਕਰਦਾ। ਪੰਜਵੀਂ ਪੱਤੀ ਦੇ ਬਜ਼ੁਰਗਾਂ ਵਜੋਂ ਜਾਣੇ ਜਾਂਦੇ ਖੜਪੰਚ ਬੰਤਾ ਸਿੰਘ ਸਿੱਧੂ ਅਤੇ ਬਚਨ ਸਿੰਘ ਹਾਂਸ ਨੂੰ ਜੇਕਰ ‘ਖੜਪੰਚਾਂ ਦੀ ਜੋੜੀ’ ਆਖ ਦੇਈਏ ਤਾਂ ਸ਼ਾਇਦ ਢੁਕਵਾਂ ਹੀ ਜਾਪੇਗਾ।
ਨਵੀਨਤਮ ਸਮੇਂ ਦੀਆਂ ਬਦਲਦੀਆਂ ਪ੍ਰਸਥਿਤੀਆਂ ਵਿਚ ‘ਖੜਪੰਚੀ’ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਸ ਦੇ ਕਈ ਕਾਰਨ ਹਨ ਪਰੰਤੂ ਲੋਕਾਂ ਵਿਚ ਰਾਜਨੀਤਕ ਚੇਤਨਤਾ ਅਤੇ ਇਸ ਦਾ ਨਿਤਪ੍ਰਤੀ ਜ਼ਿੰਦਗੀ ਵਿਚ ਦਖ਼ਲ, ਪਰਿਵਾਰਕ ਅਤੇ ਭਾਈਚਾਰਕ ਸਾਂਝਾਂ ਦਾ ਘਾਣ, ਨਿੱਜੀ ਵਿਚਾਰ ਅਤੇ ਸੋਚਾਂ ਵਿਚ ਵਿਭੰਨਤਾ, ਮਾਇਆ ਅਤੇ ਗਿਆਨ ਦੀ ਹਉਮੈਂ ਅਤੇ ਫੋਕੀ ਸਮਾਜਿਕ ਚੌਧਰ ਇਸ ਦੇ ਮੁਖ ਕਾਰਨ ਹਨ। ਇਨ੍ਹਾਂ ਕਾਰਨਾਂ ਨੂੰ ਇਕ ਪਾਸੜ ਸੋਚ ਦੇ ਅਧੀਨ, ਲੋਕਾਂ ਵਲੋਂ ਹੀ ਨਾਂਹਵਾਦੀ ਹੁੰਗਾਰੇ ਵਲੋਂ ਹੀ ਨਹੀਂ ਲਿਆ ਜਾਣਾ ਚਾਹੀਦਾ ਸਗੋਂ ਅੱਜਕਲ੍ਹ ਦੇ ਖੜਪੰਚਾਂ ਨੂੰ ਵੀ ਲੋੜੋਂ ਵੱਧ ਰਾਜ ਨੇਤਾਗਣਾਂ ਦਾ ਪ੍ਰਭਾਵ, ਨਿਰਪੱਖ ਹੋ ਕੇ ਨਾ ਵਿਚਰਨ, ਨੈਤਿਕ ਕਦਰਾਂ ਕੀਮਤਾਂ ਦੀ ਅਣਦੇਖੀ ਅਤੇ ਸਾਰਿਆਂ ਦੇ ਪੱਖ ਸੁਣਨ ਲਈ ਸਮੇਂ ਦੀ ਘਾਟ ਵਰਗੇ ਦੋਸ਼ਾਂ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਕਈ ਵਾਰ ਤਾਂ ਇੰਜ ਜਾਪਦਾ ਹੈ ਜਿਵੇਂ ‘ਖੜਪੰਚੀ ਸਭਿਆਚਾਰ’ ਦਾ ਅੰਤ ਨੇੜੇ ਹੀ ਹੋਵੇ। ਨਵੀਂ ਪੀੜ੍ਹੀ ਦੇ ਖੜਪੰਚਾਂ ਦੀ ਪੁਰਾਣੀ ਪੀੜ੍ਹੀ ਦੇ ਖੜਪੈਚਾਂ ਨਾਲੋਂ ਇਕ ਹੋਰ ਵੱਖਰੀ ਗੱਲ ਇਹ ਹੈ ਕਿ ਇਹ ਸਾਰੇ ਸਰਪੰਚੀ, ਪੰਚਾਇਤ ਮੈਂਬਰੀ ਜਾਂ ਕਿਸੇ ਹੋਰ ਰੂਪ ਵਿਚ ਪੰਚਾਇਤ ਨਾਲ ਜ਼ਰੂਰ ਜੁੜੇ ਹੋਏ ਹੁੰਦੇ ਹਨ।
ਦਰਸ਼ਨ ਸਿੰਘ ਚਾਨਾ ਸਿਰਫ਼ ਮਿਸਤਰੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਤਕ ਹੀ ਸੀਮਿਤ ਨਹੀਂ ਸਗੋਂ ਪੂਰੇ ਪੰਚਾਇਤਾਂ ਵਿਚ ਸਾਰੇ ਪਿੰਡ ਵਜੋਂ ਵਿਚਰਦਾ ਹੈ। ਮੋਗਾ ਸ਼ਹਿਰ ਵਿਚ ਆਪਣੀ ਵੱਡੀ ਵਰਕਸ਼ਾਪ ਹੋਣ ਦੇ ਬਾਵਜੂਦ ਵੀ ਉਹ ਸਵੇਰੇ ਸ਼ਾਮ ਸਮਾਂ ਕੱਢ ਕੇ ਇਕੱਠਾਂ ਵਿਚ ਸ਼ਾਮਿਲ ਹੁੰਦਾ ਹੈ। ਉਸ ਦੀ ਖੜਪੰਚੀ ਮੈਂਬਰ ਪੰਚਾਇਤ ਬਣਨ ਦੇ ਬਾਅਦ ਸ਼ੁਰੂ ਹੋਈ ਜਿਹੜੀ ਕਿ ਨਿਰੰਤਰ ਜਾਰੀ ਹੈ। ਮੇਜਰ ਸਿੰਘ ਧਾਲੀਵਾਲ ਵੀ ਪਰਿਵਾਰ ਨੂੰ ਪੰਚਾਇਤ ਮੈਂਬਰੀ ਮਿਲਣ ਤੋਂ ਬਾਅਦ ਹੀ ਖੜਪੰਚੀ ਦੇ ਖੇਤਰ ਵਿਚ ਕੁੱਦਿਆ। ਮਾਲੀ ਹਾਲਤ ਅੱਛੀ ਹਣ ਕਾਰਨ ਉਹ ਪਿੰਡ ਦੇ ਸਾਂਝੇ ਕੰਮਾਂ ਅਤੇ ਭਾਈਚਾਰਕ ਇਕੱਠਾਂ ਵਿਚ ਲਏ ਗਏ ਫ਼ੈਸਲਿਆਂ ਲਈ ਜੇਬ ਵਿਚੋਂ ਪੈਸੇ ਖਰਚਣ ਤੋਂ ਵੀ ਸੰਕੋਚ ਨਹੀਂ ਕਰਦਾ। ਬਰਿੰਦਰ ਸਿੰਘ ਸਿੱਧੂ ਕਾਫੀ ਘੁੰਮਿਆ-ਫਿਰਿਆ ਅਤੇ ਤਜਰਬੇਕਾਰ ਖੜਪੰਚ ਹੈ। ਕੁੱਤਿਆਂ ਦੀਆਂ ਦੌੜਾਂ ਦੇ ਸ਼ੌਕੀਨ ਅਮੀਰਜ਼ਾਦਿਆਂ ਨਾਲ ਉਸ ਦੀ ਦੋਸਤੀ ਅਤੇ ਮੋਗਾ ਸ਼ਹਿਰ ਦੇ ਅਮੀਰ ਰਾਜਨੀਤਕ ਘਰਾਣੇ ਨਾਲ ਜੁੜੀਆਂ ਸਿੱਧੀਆਂ ਤਾਰਾਂ ਕਾਰਨ, ਬਣੀ ਹੋਈ ਸਰਕਾਰੇ ਦਰਬਾਰੇ ਦੀ ਪਹੁੰਚ ਦੇ ਮੱਦੇਨਜ਼ਰ ਉਸ ਨੂੰ ਸਰਕਾਰੀ ਜਾਂ ਅਰਧ-ਸਰਕਾਰੀ ਦਫ਼ਤਰਾਂ ਵਿਚ ਪਿੰਡ ਵਾਸੀਆਂ ਦੇ ਕੰਮ ਕਰਵਾਉਣ ਸਮੇਂ ਕੋਈ ਦਿੱਕਤ ਪੇਸ਼ ਨਹੀਂ ਆਉਂਦੀ। ਵੱਡੇ ਤੋਂ ਵੱਡੇ ਅਫ਼ਸਰ ਨਾਲ ਵੀ ਉਹ ਖਗਲ ਕਰਨ ਤੋਂ ਨਹੀਂ ਝਿਜਕਦਾ।
ਨਵੀਂ ਪੀੜ੍ਹੀ ਵਿਚੋਂ ਵੀ ਹੋਰ ਨਵੀਂ ਪੀੜ੍ਹੀ ਦੇ ਖੜਪੰਚਾਂ ਦੀ ਗੱਲ ਕਰੀਏ ਤਾਂ ਚੀਮਾ ਪੱਤੀ ਵਾਲੇ ਜਗਰਾਜ ਸਿੰਘ ਚੀਮਾ ਉਰਫ਼ ਘੰਮਾ ਚੀਮਾ ਦਾ ਨਾਮ ਮੂਹਰਲੀਆਂ ਕਤਾਰਾਂ ਵਿਚ ਆਉਂਦਾ ਹੈ। ਪੰਚਾਇਤ ਮੈਂਬਰੀ ਅਤੇ ਖੜਪੰਚੀ ਉਸ ਨੂੰ ਵਿਰਸੇ ਵਿਚ ਆਪਣੇ ਪੜਦਾਦਾ ਸੋਭਾ ਸਿੰਘ ਚੀਮਾ ਅਤੇ ਪਿਤਾ ਕੋਹਰ ਸਿੰਘ ਚੀਮਾ ਪਾਸੋਂ ਮਿਲੀ ਹੋਈ ਹੈ। ਸਿੱਧੂ ਪੱਤੀ ਵਾਲਾ ਲਖਵੀਰ ਸਿੰਘ ਸਿੱਧੂ (ਪੱਪਣ) ਬੇਸ਼ਕ ਮੈਂਬਰ ਪੰਚਾਇਤ ਹੈ, ਪਰੰਤੂ ਉਸ ਨੂੰ ਪਿੰਡ ਦੀ ਮੈਂਬਰੀ ਨਾਲੋਂ ਪੀਰ ਖਾਂ ਪੱਤੀ ਅਤੇ ਸਿੱਧੂ ਦੇ ਖੜਪੰਚਾਂ ਵਾਲੇ ਕੰਮ ਵਧ ਕਰਨੇ ਪੈਂਦੇ ਹਨ। ਇਸ ਪਰਿਵਾਰ ਪਾਸ ਲੰਮਾ ਸਮਾਂ ਪਿੰਡ ਦੀ ਸਰਪੰਚੀ ਰਹਿਣ ਕਾਰਨ ਹੁਣ ਵੀ ਲਖਵੀਰ ਸਿੰਘ ਨੂੰ ਪਰਿਵਾਰ ਦੀ ਨੁਮਾਇੰਦਗੀ ਕਰਨ ਲਈ ਜ਼ਰੂਰੀ ਇਕੱਠਾਂ ਅਤੇ ਮੀਟਿੰਗਾਂ ਵਿਚ ਸ਼ਿਰਕਤ ਕਰਨੀ ਹੀ ਪੈਂਦੀ ਹੈ। ਪੰਜਵੀਂ ਪੱਤੀ ਦੇ ਕੁਝ ਨੌਜੁਆਨ ਵੀ ਖੜਪੰਚੀ ਦੇ ਖੇਤਰ ਵਿਚ ਪੱਤੀ ਅਤੇ ਪਿੰਡ ਲੇਵਲ ‘ਤੇ ਕਾਫੀ ਸਰਗਰਮ ਹਨ ਪਰੰਤੂ ਇਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਕੁਝ ਲਿਖਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ।
ਪਿੰਡ ਵਿਚ ਮੁਢ ਕਦੀਮ ਤੋਂ ਹੀ ਵੱਡਾ ਗੁਰਦੁਆਰਾ ਸਾਹਿਬ ਅਤੇ ਧਾਰਮਿਕ ਸਿੱਖਿਆ ਦਾ ਕੇਂਦਰ ਹੋਣ ਕਰਕੇ ਕੁਝ ‘ਧਾਰਮਿਕ ਖੜਪੰਚਾਂ” ਦਾ ਵੀ ਇਥੇ ਕਾਫੀ ਬੋਲਬਾਲਾ ਰਿਹਾ ਹੈ। ਬਹੁਤ ਪਿਛੋਕੜ ਵਲ ਨਾ ਵੀ ਝਾਤ ਮਾਰੀਏ ਤਾਂ ਪੰਜਾਹਵਿਆਂ ਦੇ ਸ਼ੁਰੂ ਵਿਚ ਮੋਹਨ ਸਿੰਘ ਜੱਸਲ, ਪਾਲ ਸਿੰਘ ਸਿੱਧੂ, ਸਾਧਾ ਸਿੰਘ ਸ਼ੇਰਗਿਲ, ਮੁਖਤਿਆਰ ਸਿੰਘ ਜੱਸਲ, ਮੁਹਿੰਦਰ ਸਿੰਘ ਸ਼ੇਰਗਿਲ, ਕਿਸ਼ਨ ਸਿੰਘ ਸੇਖੋਂ, ਕਰਨੈਲ ਸਿੰਘ ਚੀਮਾ, ਗੁਰਮੁਖ ਸਿੰਘ ਚੀਮਾ ਅਤੇ ਨਰੈਣ ਸਿੰਘ ਚਾਨਾ ਗੁਰੂ ਦੇ ਸੇਵਕ ਹੀ ਨਹੀਂ ਸਨ ਸਗੋਂ ਗਾਹੇ-ਬਿਗਾਹੇ ਗੁਰੂ ਘਰ ਦੇ ਪ੍ਰਬੰਧਾਂ ਵਿਚ ਵੀ ਖੜਪੰਚੀ ਸਲਾਹ ਮਸ਼ਵਰੇ ਦਿੰਦੇ ਰਹੇ ਹਨ। ਅਜੋਕੇ ਸਮੇਂ ਵਾਲੇ ਧਾਰਮਿਕ ਖੜਪੰਚਾਂ ਵਿਚ ਸਰਜੀਤ ਸਿੰਘ ਸ਼ੇਰਗਿੱਲ, ਬੋਹੜ ਸਿੰਘ ਸਰਾਂ, ਮੋਹਨ ਸਿੰਘ ਸੇਖੋਂ, ਕੌਰ ਸਿੰਘ ਸੇਖੋਂ ਅਤੇ ਚੜ੍ਹਤ ਸਿੰਘ ਗੈਦੂ ਤੋਂ ਬਿਨਾਂ ਕੁਝ ਹੋਰ ਵੀ ਸੇਵਾਦਾਰ ਰੂਪੀ ਖੜਪੰਚਾਂ ਦਾ ਨਾਮ ਉਭਰ ਕੇ ਆਉਂਦਾ ਹੈ।
ਨੌਕਰੀ ਪੇਸ਼ਾ ਪਤੀ-ਪਤਨੀ
ਨੌਕਰੀ ਪੇਸ਼ਾ ਔਰਤਾਂ ਦੇ ਖੇਤਰ ਵਿਚ ਜਨੇਰ ਸ਼ੁਰੂ ਤੋਂ ਹੀ ਪਛੜਿਆ ਰਿਹਾ ਹੈ। ਪਿੰਡ ਦੀਆਂ ‘ਨੂੰਹਾਂ’ ਅਤੇ ‘ਧੀਆਂ’ ਦੀ ਨੌਕਰੀ ਪੇਸ਼ੇ ਦੇ ਸੰਦਰਭ ਵਿਚ ਤੁਲਨਾਤਮਕ ਸਮੀਖਿਆ ਕਰੀਏ ਤਾਂ ਵਿਦਿਆ ਅਤੇ ਨੌਕਰੀ ਦੇ ਖੇਤਰ ਵਿਚ ਦੋਹਾਂ ਦੀ ਕਾਰਗੁਜ਼ਾਰੀ ਇਲਾਕੇ ਦੇ ਦੂਜੇ ਪਿੰਡਾਂ ਦੇ ਮੁਕਾਬਲੇ ਸੰਤੋਸ਼ਜਨਕ ਨਹੀਂ ਹੈ। ਵਿਦੇਸ਼ਾਂ ਵਿਚ ਪਲਾਇਨ ਕਰ ਚੁੱਕੇ ਪਰਿਵਾਰਾਂ ਨਾਲ ਸਬੰਧਤ ਨੌਕਰੀ ਕਰ ਰਹੀਆਂ ਔਰਤਾਂ ਨੂੰ ਜੇਕਰ ਨਜ਼ਰ ਅੰਦਾਜ਼ ਕਰ ਦੇਈਏ ਤਾਂ ਉਪਰੋਕਤ ਹਾਲਾਤ ਹਾਲੀਂ ਵੀ ਬਰਕਰਾਰ ਹਨ ਪਰੰਤੂ ਫੇਰ ਵੀ ਪੜ੍ਹਾਈ ਲਿਖਾਈ ਅਤੇ ਨੌਕਰੀ ਪੇਸ਼ੇ ਵਿਚ ਨੂੰਹਾਂ ਨਾਲੋਂ ਧੀਆਂ ਦੀ ਕਾਰਗੁਜ਼ਾਰੀ ਕੁਝ ਅੱਛੀ ਰਹੀ ਹੈ। ਇਸ ਦੇ ਕਾਰਨਾਂ ਉਪਰ ਅਗਰ ਸਰਸਰੀ ਜਿਹੀ ਨਜ਼ਰ ਮਾਰੀਏ ਤਾਂ ਸਭ ਤੋਂ ਵੱਡਾ ਕਾਰਨ ਵਿਆਹ ਤੋਂ ਪਹਿਲਾਂ ਨੌਜੁਆਨਾਂ ਦਾ ਨੌਕਰੀ ਨਾ ਕਰਨ ਦਾ ਕਾਰਨ ਹੀ ਸਾਹਮਣੇ ਆਉਂਦਾ ਹੈ। ਅਕਸਰ ਨੌਕਰੀ ਪੇਸ਼ੇ ਵਾਲੀ ਲੜਕੀ ਦੇ ਪਰਿਵਾਰ ਵਾਲੇ ਉਸ ਲਈ ਨੌਕਰੀ ਵਾਲੇ ਲੜਕੇ ਦੇ ਰੂਪ ਵਿਚ ਯੋਗ ਵਰ ਸਮਝਦੇ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਵਿਚ ਵੀ ਕੋਈ ਪਿੰਡ ਦੀ ਨੂੰਹ ਨੌਕਰੀ ਨਹੀਂ ਸੀ ਕਰਦੀ। 1957 ਈਸਵੀ ਵਿਚ ਅਧਿਆਪਕਾ ਦਲੀਪ ਕੌਰ (ਲੇਖਕ ਦੀ ਵੱਡੀ ਭਰਜਾਈ) ਨੂੰ ਹੈਡਮਾਸਟਰ ਬੰਤ ਸਿੰਘ ਬਰਾੜ (ਬਾਅਦ ਵਿਚ ਆਰਮੀ ਅਫ਼ਸਰ) ਦੀ ਪਤਨੀ ਦੇ ਰੂਪ ਵਿਚ ਪਿੰਡ ਦੀ ਪਹਿਲੀ ਨੌਕਰੀ ਪੇਸ਼ਾ ਨੂੰਹ ਬਣਨ ਦਾ ਮਾਨ ਪ੍ਰਾਪਤ ਹੋਇਆ। ਇਨ੍ਹਾਂ ਦੋਹਾਂ ਨੂੰ ਪਿੰਡ ਦਾ ਪਹਿਲਾ ਨੌਕਰੀ ਪੇਸ਼ਾ ਪਤੀ-ਪਤਨੀ ਆਖ ਦੇਈਏ ਤਾਂ ਜ਼ਿਆਦਾ ਢੁਕਵਾਂ ਹੋਵੇਗਾ। ਕੁਝ ਸਮੇਂ ਬਾਅਦ ਪੀਰ ਖਾਂ ਪੱਤੀ ਵਾਲੇ ਮਾਸਟਰ ਅਜੈਬ ਸਿੰਘ ਦਾ ਵਿਆਹ ਅਧਿਆਪਕਾ ਗਿਆਨ ਕੌਰ ਨਾਲ ਹੋ ਗਿਆ ਅਸਲ ਵਿਚ ਇਸ ਜੋੜੇ ਨੂੰ ਜੇਕਰ ਪਿੰਡ ਦਾ ਪਹਿਲਾ ਅਧਿਆਪਕ ਜੋੜਾ ਆਖ ਦੇਈਏ ਤਾਂ ਠੀਕ ਹੈ ਕਿਉਂਕਿ ਬੰਤ ਸਿੰਘ ਬਰਾੜ ਤਾਂ ਅਧਿਆਪਕ ਦੀ ਨੌਕਰੀ ਛੱਡ ਕੇ ਫ਼ੌਜੀ ਅਫ਼ਸਰ ਬਣ ਗਿਆ ਸੀ। ਮਾਸਟਰ ਅਜੈਬ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਗਿਆਨ ਕੌਰ ਨੇ ਲੰਮਾ ਸਮਾਂ ਪਿੰਡ ਵਿਚ ਹੀ ਪੜ੍ਹਾਉਂਦਿਆਂ ‘ਅਵਿਦਿਆ ਦਾ ਹਨ੍ਹੇਰਾ’ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਭਾਨ ਸਿੰਘ ਬਰਾੜ ਦੇ ਲੜਕੇ ਜਗਦੇਵ ਸਿੰਘ ਬਰਾੜ, ਨੈਸਲੇ ਇੰਡੀਆ ਦੇ ਮੁਲਾਜ਼ਮ ਨੇ ਵੀ ਅਧਿਆਪਕਾ ਚਰਨਜੀਤ ਕੌਰ ਨਾਲ ਵਿਆਹ ਕਰਵਾ ਕੇ ਨੌਕਰੀ ਪੇਸ਼ਾ ਪਤੀ-ਪਤਨੀ ਜੋੜਿਆਂ ਵਿਚ ਆਪਣਾ ਨਾਮ ਦਰਜ ਕਰਵਾਇਆ। ਮਾਸਟਰ ਸੇਵਕ ਸਿੰਘ ਸਿੱਧੂ ਅਤੇ ਉਸ ਦੀ ਅਧਿਆਪਕ ਪਤਨੀ ਮਾਸਟਰ ਅਜੈਬ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਦੀ ਰੀਟਾਇਰਮੈਂਟ ਹੋਣ ਬਾਅਦ ਪਦ-ਉਨਤੀ ਕਰਦਿਆਂ ਪਿੰਡ ਦੇ ਅਧਿਆਪਕ ਜੋੜੇ ਵਾਲਾ ਕੀਰਤੀਮਾਨ ਹਾਸਲ ਕਰ ਚੁੱਕੇ ਹਨ।
ਪਿੰਡ ਦੀਆਂ ਕੁਝ ਲੜਕੀਆਂ ਨੇ ਵੀ ਉਚ ਵਿਦਿਆ ਹਾਸਲ ਕੀਤੀ ਪਰੰਤੂ ਵਿਆਹ ਤੋਂ ਬਾਅਦ ਜਾਂ ਤਾਂ ਉਹ ਵਿਦੇਸ਼ ਪਹੁੰਚ ਕੇ ਜਾਂ ਫਿਰ ਇੱਧਰ ਦੇਸ਼ ਵਿਚ ਹੀ ਆਪਣੇ ਸਹੁਰੇ ਪਰਿਵਾਰ ਨੂੰ ਨੌਕਰੀ ਪੇਸ਼ੇ ਦੀ ਕਮਾਈ ਨਾਲ ਰੰਗ ਭਾਗ ਲਗਾਏ। ਵਿਦੇਸ਼ਾਂ ਵਿਚ ਪਿੰਡ ਦੀਆਂ ਲਗਪਗ ਸਾਰੀਆਂ ਨੂੰਹਾਂ ਹੀ ਨੌਕਰੀ ਪੇਸ਼ਾ ਔਰਤਾਂ ਵਜੋਂ ਵਿਚਰ ਰਹੀਆਂ ਹਨ ਪਰੰਤੂ ਨਾਗਰਿਕਤਾ ਬਦਲ ਜਾਣ ਕਰਕੇ ਉਹ ‘ਪੱਕੀਆਂ ਪ੍ਰਦੇਸਣਾਂ’ ਹੋ ਗਈਆਂ।
ਪਿੰਡ ਵਿਚ ਦਾਣਾ ਮੰਡੀ
ਲੰਮੇ ਸਮੇਂ ਤੋਂ ਹੀ ਫ਼ਸਲਾਂ ਦਾ ਮੰਡੀਕਰਨ ਪੰਜਾਬ ਦੀ ਕਿਸਾਨੀ ਵਾਸਤੇ ਇਕ ਚੁਣੌਤੀ ਭਰੀ ਸਮੱਸਿਆ ਰਹੀ ਹੈ। ਦੇਸ਼ ਵਿਚ ਹਰੀ ਕਰਾਂਤੀ ਦੇ ਆਉਣ ਅਤੇ ਖੇਤੀਬਾੜੀ ਦੇ ਮਸ਼ੀਨੀਕਰਨ ਹੋਣ ਨਾਲ ਫ਼ਸਲਾਂ ਦੀ ਪ੍ਰਤੀ ਏਕੜ ਪੈਦਾਵਾਰ ਵਿਚ ਬੇਤਹਾਜ਼ਾ ਵਾਧਾ ਹੋਇਆ। ਕਿਸੇ ਸਮੇਂ ਮੀਂਹ ਸਹਾਰੇ ਹੋਣ ਵਾਲੀਆਂ ਮਾਰੂ ਫ਼ਸਲਾਂ ਦਾ ਝਾੜ ਚਾਰ-ਪੰਜ ਕੁਇੰਟਲ ਪ੍ਰਤੀ ਏਕੜ ਤੋਂ ਵੱਧ ਨਹੀਂ ਸੀ ਹੁੰਦਾ। ਆਧੁਨਿਕ ਖੇਤੀਕਰਨ ਅਤੇ ਕਣਕ- ਝੋਨੇ ਦੇ ਫ਼ਸਲੀ ਚੱਕਰ ਨਾਲ ਕਣਕ ਦੀ ਪੈਦਾਵਾਰ ਵੀਹ ਕੁਇੰਟਲ ਅਤੇ ਝੋਨੇ ਦੀ ਪੈਦਾਵਾਰ ਪੰਝੀ ਕੁਇੰਟਲ ਪ੍ਰਤੀ ਏਕੜ ਤੋਂ ਵੀ ਵੱਧ ਹੋਣ ਲੱਗੀ। ਸਭ ਤੋਂ ਵੱਡੀ ਸਮੱਸਿਆ ਇਹ ਪੈਦਾ ਹੋਈ ਕਿ ਫ਼ਸਲਾਂ ਦੀ ਕਟਾਈ ਅਤੇ ਕਢਾਈ ਦਾ ਸਮਾਂ ਕੁਝ ਦਿਨਾਂ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਜਿਸ ਕਾਰਨ ਫ਼ਸਲਾਂ ਦੇ ਮੰਡੀਕਰਨ ਦੀਆਂ ਮੁਸ਼ਕਲਾਂ ਵਿਚ ਹੋਰ ਵੀ ਵਾਧਾ ਹੋ ਗਿਆ। ਪਿੰਡ ਜਨੇਰ ਬੇਸ਼ਕ ਮੋਗਾ ਸ਼ਹਿਰ ਦੇ ਨੇੜੇ ਸੀ ਅਤੇ ਉਥੇ ਬਹੁਤ ਵੱਡੀ ਦਾਣਾ ਮੰਡੀ ਵੀ ਸੀ ਫੇਰ ਵੀ ਉਪਰੋਕਤ ਕਾਰਨਾਂ ਕਰਕੇ ਪਿੰਡ ਵਿਚ ਦਾਣਾ ਮੰਡੀ ਦਾ ਹੋਣਾ ਸਮੇਂ ਦੀ ਲੋੜ ਬਣ ਗਿਆ।ਨੂੰ
ਕੁਝ ਸਮਾਂ ਪਹਿਲਾਂ ਪੰਜਾਬ ਮੰਡੀ ਬੋਰਡ ਨੇ ਪਿੰਡ ਵਿਚ ਦਾਣਾ ਮੰਡੀ ਤਾਂ ਮਨਜ਼ੂਰ ਕਰ ਦਿੱਤੀ ਸੀ ਪਰੰਤੂ ਲੋੜ ਸੀ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ। ਦਾਣਾ ਮੰਡੀ ਦੀ ਸਥਾਪਤੀ ਲਈ ਲੋੜੀਂਦੀਆਂ ਦੋ ਵਸਤਾਂ ਜ਼ਮੀਨ ਅਤੇ ਪੱਕੇ ਫ਼ਰਸ਼ ਵਿਚੋਂ ਜ਼ਮੀਨ ਹਾਸਲ ਕਰਨ ਦੀ ਤਾਂ ਕੋਈ ਸਮੱਸਿਆ ਨਹੀਂ ਸੀ ਕਿਉਂਕਿ ਉਨ੍ਹਾਂ ਪਾਸ ਖਾਲੀ ਪਏ ਥੇਹ ਦਾ ਵੱਡਾ ਰਕਬਾ ਇਸ ਕਾਰਜ ਵਾਸਤੇ ਉਪਲਬਧ ਸੀ। ਸਮੱਸਿਆ ਸਿਰਫ਼ ਮੰਡੀ ਦੇ ਫਰਸ਼ (ਪੱਕੇ ਫੜ੍ਹ) ਲਈ ਪੈਸਿਆਂ ਦੀ ਸੀ।
ਪਿੰਡ ਵਾਸੀ ਸਿਰ ਜੋੜ ਕੇ ਬੈਠੇ ਅਤੇ ਫ਼ੈਸਲਾ ਲਿਆ ਕਿ ਥੇਹ ਦੀ ਮਿੱਟੀ ਭਰਤੀ ਪਾਉਣ ਵਾਲੇ ਠੇਕੇਦਾਰਾਂ ਨੂੰ ਵੇਚੀ ਜਾਵੇ ਅਤੇ ਕੁਝ ਪੈਸੇ ਪਿੰਡ ਵਿਚੋਂ ਇਕੱਠੇ ਕਰਕੇ ਮੰਡੀ ਦਾ ਪੱਕਾ ਫ਼ਰਸ਼ ਬਣਾਉਣ ਲਈ ਪੱਕੀਆਂ ਇੱਟਾਂ ਅਤੇ ਹੋਰ ਲੋੜੀਂਦਾ ਮੈਟੀਰੀਅਲ ਖ਼ਰੀਦ ਲਿਆ ਜਾਵੇ। ਬਸ ਫੇਰ ਕੀ ਸੀ? ਬਾਬਾ ਮੁਹਿੰਦਰ ਸਿੰਘ ਜੀ ਦੀ ਯੋਗ ਅਗਵਈ ਵਿਚ ਪਿੰਡ ਵਾਸੀਆਂ ਨੇ ਆਪਣੇ ਟਰੈਕਟਰ ਅਤੇ ਹੋਰ ਮਸ਼ੀਨਰੀ ਥੇਹ ਨੂੰ ਪੱਧਰ ਕਰਨ ਅਤੇ ਪੈਸੇ ਦੇ ਕੇ ਭਰਤੀ ਲਈ ਮਿੱਟੀ ਲੈ ਕੇ ਜਾਣ ਵਾਲੇ ਠੇਕੇਦਾਰਾਂ ਦੀਆਂ ਟਰਾਲੀਆਂ ਭਰਨ ਦੇ ਕੰਮ ਵਿਚ ਝੋਕ ਦਿੱਤੇ। ਹਰ ਇਕ ਪਿੰਡ ਵਾਸੀ ਨੇ ਆਪਣੇ ਵਿੱਤ ਅਨੁਸਾਰ ਬਣਦਾ ਯੋਗਦਾਨ ਪਾਇਆ। ਪੈਸੇ ਦਾ ਜੁਗਾੜ ਬਣ ਜਾਣ ਬਾਅਦ, ਗੁਰਦੁਆਰਾ ਸਾਹਿਬ ਦੇ ਉਤਰ ਵੱਲ ਚੀਮਾ ਪੱਤੀ ਦੇ ਸ਼ਮਸਾਨ ਘਾਟ ਨੇੜੇ ਮੰਡੀ ਦਾ ਪੱਕਾ ਫ਼ਰਸ਼ ਲੱਗਣਾ ਸ਼ੁਰੂ ਹੋ ਗਿਆ। ਉਧਰ ਪੰਜਾਬ ਮੰਡੀ ਬੋਰਡ ਵਲੋਂ ਵੀ ‘ਮੈਚਿੰਗ ਗਰਾਂਟ’ ਸਕੀਮ ਦੇ ਅਧੀਨ ਬਣਦਾ ਯੋਗਦਾਨ ਪੈ ਗਿਆ ਤਾਂ ਪਿੰਡ ਦੀ ਦਾਣਾ ਮੰਡੀ ਤਿਆਰ ਹੋ ਗਈ। ਆਉਣ ਵਾਲੀ ਪਹਿਲੀ ਫ਼ਸਲ ਪਿੰਡ ਜਨੇਰ ਦੇ ਆਪਣੀ ਦਾਣਾ ਮੰਡੀ ਵਿਚ ਹੀ ਵਿਕੀ।
ਸੇਖੋਂ ਪੱਤੀ
ਆਬਾਦੀ ਅਤੇ ਵਸੋਂ ਅਧੀਨ ਪੈਂਦੇ ਰਕਬੇ ਅਨੁਸਾਰ ਸੇਖੋਂ ਪੱਤੀ ਪਿੰਡ ਦੀਆਂ ਪੰਜਾਂ ਪੱਤੀਆਂ ਵਿਚੋਂ ਸਭ ਤੋਂ ਛੋਟੀ ਹੈ। ਕਿਸੇ ਸਮੇਂ ਸੇਖੋਂ ਪੱਤੀ ਵਾਲਿਆਂ ਦੀ ਲਗਪਗ ਸਾਰੀ ਵਸੋਂ ਪਿੰਡ ਦੇ ਵਿਚਕਾਰ ਹੋਇਆ ਕਰਦੀ ਸੀ ਪਰੰਤੂ ਕੁਝ ਪਰਿਵਾਰ ਥੇਹ ਤੋਂ ਹੇਠਲੀ ਜਗ੍ਹਾ ਆਪਣੇ ਪਲਾਟਾਂ ਵਿਚ ਵਸੋਂ ਕਰ ਲੈਣ ਜਾਂ ਖੇਤਾਂ ਵਿਚ ਮਕਾਨ ਬਣਾ ਲੈਣ ਉਪਰੰਤ ਇਨ੍ਹਾਂ ਦੀ ਖਿਲਰਵੀਂ ਵਸੋਂ ਪਿੰਡ ਦੀਆਂ ਵੱਖ-ਵੱਖ ਦਿਸ਼ਾਵਾਂ ਵਿਚ ਫੈਲ ਗਈ। ਕਿਸੇ ਸਮੇਂ ਮਹਾਜਨ ਅਤੇ ਬਾਣੀਆਂ ਪਰਿਵਾਰ ਸੇਖੋਂ ਪੱਤੀ ਵਿਚ ਸ਼ਾਮਿਲ ਸਨ ਪਰੰਤੂ ਉਸ ਦੇ ਸ਼ਹਿਰਾਂ ਵਿਚ ਪਲਾਇਨ ਕਰ ਜਾਣ ਬਾਅਦ ਅਰੋੜੇ, ਖੱਤਰੀ ਪਰਿਵਾਰਾਂ ਨੇ ਮਹਾਜਨ, ਬਾਣੀਆਂ ਵਾਲਾ ਦੁਕਾਨਦਾਰੀ ਦਾ ਕਾਰੋਬਾਰ ਸਾਂਭ ਲਿਆ। ਅਜੋਕੇ ਸਮੇਂ ਵਿਚ ਪਿੰਡ ਦਾ ਬ੍ਰਾਹਮਣ ਭਾਈਚਾਰਾ ਮਾਲ ਮਹਿਕਮੇ ਦੇ ਪ੍ਰਬੰਧਕੀ ਢਾਂਚੇ, ਰਾਜਨੀਤਕ ਪ੍ਰਬੰਧਾਂ ਅਤੇ ਸਭਿਆਚਾਰ ਦੀ ਭਾਈਚਾਰਕ ਸਾਂਝੀਵਾਲਤਾ ਪੱਖੋਂ ਸੇਖੋਂ ਪੱਤੀ ਦਾ ਮੁਖ ਅੰਗ ਹੈ। ਸੇਖੋਂ ਜੱਟ, ਬ੍ਰਾਹਮਣ ਅਤੇ ਮਹਾਜਨ ਬਾਣੀਏਂ ਪਰਿਵਾਰਾਂ ਦੇ ਵਰਨਣ ਕਰਨ ਤੋਂ ਪਹਿਲਾਂ ਇਨ੍ਹਾਂ ਦੇ ਪਿਛੋਕੜ ਬਾਰੇ ਲਿਖਣਾ ਜ਼ਰੂਰੀ ਹੈ।
ਸੇਖੋਂ ਗੋਤ ਦਾ ਸੰਖੇਪ ਇਤਿਹਾਸ
ਇਤਿਹਾਸਕਾਰਾਂ ਵਲੋਂ ਸੇਖੋਂ ਗੋਤ ਦਾ ਮੋਢੀ ਸ਼ੇਸ਼ਰਾਮ ਪੰਵਾਰ ਨੂੰ ਮੰਨਿਆ ਜਾਂਦਾ ਹੈ ਜਿਹੜਾ ਕਿ ਪਿਛੋਂ ਪਰਮਾਰ ਰਾਜਪੂਤ ਘਰਾਣਿਆਂ ਨਾਲ ਸਬੰਧਤ ਸੀ। ‘ਸੇਖੋਂ’ ਨੂੰ ਕਈ ਇਤਿਹਾਸਕਾਰ ‘ਸੇਖੂ’ ਵੀ ਲਿਖਦੇ ਹਨ। ਇਨ੍ਹਾਂ ਦੇ ਪੁਰਖੇ ਰਾਜਾ ਜਗਦੇਵ ਪਰਮਾਰ ਦੀ ਗਜ਼ਨੀ ਦੇ ਪਠਾਨ ਨਾਲ ਪਿੰਡ ਜਰਗ ਦੇ ਨੇੜੇ ਗਹਿਗੱਚ ਲੜਾਈ ਹੋਈ ਜਿਸ ਕਾਰਨ ਗਜ਼ਨੀ ਵਾਲੇ ਅੱਗੇ ਵਧਣ ਤੋਂ ਰੁਕ ਗਏ। ਸਾਂਭਰਮਤੀ ਦੇ ਚੌਹਾਨਾਂ ਅਤੇ ਬਘੌਰ ਇਲਾਕੇ ਦੇ ਟਿਵਾਣਿਆਂ ਨੇ ਜਗਦੇਵ ਪਰਮਾਰ ਦੀ ਇਸ ਯੁਧ ਵਿਚ ਬਹੁਤ ਮਦਦ ਕੀਤੀ। ਜਗਦੇਵ ਦੇ ਪੁੱਤਰ ਸੁਲਖਣ ਅਤੇ ਮੱਖਣ ਆਪਣੇ ਸਮੇਂ ਦੇ ਮਸ਼ਹੂਰ ਯੋਧੇ ਹੋਏ ਹਨ। ਸਿੱਧ ਸੁਲੱਖਣ ਤਾਂ ਭਗਤੀ ਅਤੇ ਸ਼ਕਤੀ ਦੋਹਾਂ ਦਾ ਧਾਰਨੀ ਸੀ। ਸਿੱਧ ਸੁਲਖਣ ਦੇ ਲੜਕੇ ਸ਼ੇਸ਼ ਰਾਮ ਸੇਖੋਂ ਦੇ ਦੋ ਪੁੱਤਰ ਸਰਾਇ ਅਤੇ ਮਰਾਇਚ ਸਨ ਅਤੇ ਬਾਰਾਂ ਪੋਤਰੇ ਛਰਤ, ਝਾਮ, ਦੂੰਮ, ਤੇਜ, ਬਲ, ਔਲਖ, ਕੱਕੜ, ਸੋਹਲ, ਦਿਉਲ, ਦੇਓ, ਗੁਰਮ ਅਤੇ ਸੁਰ੍ਹੋਂ ਸਨ। ਇਨ੍ਹਾਂ ਦੇ ਨਾਮ ‘ਤੇ ਹੀ ਕਈ ਨਵੇਂ ਗੋਤ ਹੋਂਦ ਵਿਚ ਆਏ। ਸੁਲਖਣੇ ਨੇ ਆਪਣੇ ਸੇਖੋਂ ਭਾਈਚਾਰੇ, ਦੋ ਪੁੱਤਰਾਂ ਅਤੇ ਪੋਤਰਿਆਂ ਦੀ ਮਦਦ ਨਾਲ ਸਿੰਧ ਦੇ ਮਾਰਵਾੜ ਖੇਤਰ ਵਿਚ ਭੱਟੀ ਮੁਸਲਮਾਨਾਂ ‘ਤੇ ਚੜ੍ਹਾਈ ਕਰ ਦਿੱਤੀ। ਇਸ ਘਮਸਾਨ ਦੇ ਯੁਧ ਵਿਚ ਉਸ ਦਾ ਭਰਾ ਮੱਖਣ ਸ਼ਹੀਦੀ ਪਾ ਗਿਆ ਪਰੰਤੂ ਜਿੱਤ ਸੇਖੋਂ ਭਾਈਚਾਰੇ ਦੀ ਹੀ ਹੋਈ। ਇਸ ਲੜਾਈ ਦੀਆਂ ਵਾਰਾਂ ਵੀ ਮਸ਼ਹੂਰ ਹੋਈਆਂ।
ਸੇਖੋਂ ਪਰਿਵਾਰ ਦੇ ਹੰਬੂ, ਪ੍ਰਿਥ ਅਤੇ ਚਾਹਰ ਫ਼ਿਰਕੇ ਵਾਲੇ ਮਾਲਵਾ ਇਲਾਕੇ ਤੋਂ ਹਿਜ਼ਰਤ ਕਰਕੇ ਮੌਜੂਦਾ ਪਾਕਿਸਤਾਨ ਦੇ ਗੁਜਰਾਂਵਾਲਾ, ਲਾਹੌਰ ਅਤੇ ਮਿੰਟਰਗੁਮਰੀ ਇਲਾਕੇ ਵਿਚ ਜਾ ਵਸੇ। ਇਹ ਸਾਰੇ ਉਸ ਇਲਾਕੇ ਦੇ ਮਸ਼ਹੂਰ ਸੇਖਮ ਅਤੇ ਨੰਦਪੁਰ ਆਦਿ ਲਗਪਗ ਵੀਹ ਪਿੰਡਾਂ ਵਿਚ ਵਸਦੇ ਸਨ। ਇਕ ਇਤਿਹਾਸਕਾਰ ਅਨੁਸਾਰ ਸੇਖੋਂ ਭਾਈਚਾਰੇ ਦੇ ਕੁਝ ਲੋਕਾਂ ਨੇ ਹੋਰ ਜਾਤੀਆਂ ਵਿਚ ਵਿਆਹ ਵੀ ਕਰਵਾਏ। ਦੇਸ਼ ਦੀ ਵੰਡ ਤੋਂ ਬਾਅਦ ਇਹ ਸਾਰੇ ਪਰਿਵਾਰ ਪੱਛਮੀ ਪੰਜਾਬ ਤੋਂ ਵਾਪਸ ਪੂਰਬੀ ਪੰਜਾਬ ਵਿਚ ਆ ਵਸੇ।
ਸੇਖੋਂ ਜੱਟ ਜੱਗਦੇਓ ਪਰਮਾਰ ਨੂੰ ਆਪਣਾ ਵਡੇਰਾ ਮੰਨਦੇ ਹਨ। ਉਸ ਦੇ ਪੁੱਤਰ ਛਾਪਾ ਰਾਏ ਨੇ 1140 ਈਸਵੀ ਦੇ ਲਗਪਗ ‘ਛਪਾਰ’ ਦਾ ਮਸ਼ਹੂਰ ਪਿੰਡ ਵਸਾਇਆ। ਰਿਧੀਆਂ ਸਿਧੀਆਂ ਦਾ ਮਾਲਕ ਸਿੱਧ ਸੁਲਖਣ ਸੇਖੋਂ ਵੀ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿਚ ਹੀ ਰਹਿੰਦਾ ਸੀ। ਉਸ ਨੇ 1150 ਈਸਵੀ ਵਿਚ ਜੱਗਦੇਓ ਪਾਸੋਂ ਦੀਖਿਆ ਮੰਤਰ ਲੈ ਕੇ ਸਿੱਧੀ ਪ੍ਰਾਪਤ ਕੀਤੀ। ਜਰਗ ਦੇ ਲੋਕਾਂ ਵਿਚ ਜੱਗਦੇਓ ਅਤੇ ਸਿੱਧ ਸੁਲਖਣ ਦੀਆਂ ਸਿੱਧੀਆਂ ਬਾਰੇ ਬਹੁਤ ਦੰਦ ਕਥਾਵਾਂ ਅਤੇ ਗਾਥਾਂ ਪ੍ਰਚਲਤ ਹਨ ਜਿਨ੍ਹਾਂ ਵਿਚ ਜਗਦੇਓ ਦੀਆਂ ਲੰਮੀਆਂ ਬਾਹਾਂ ਦਾ ਜ਼ਿਕਰ ਅਤੇ ਕਰਾਮਾਤਾਂ ਦੀ ਚਰਚਾ ਵੀ ਸ਼ਾਮਿਲ ਹੈ। ਰਾਜੇ ਜਗਦੇਓ ਬਾਰੇ ਹਾਲੀਂ ਤਕ ਕੋਈ ਇਤਿਹਾਸਕ ਪੁਸਤਕ ਨਹੀਂ ਛਪੀ ਪਰੰਤੂ ਛੱਜੂ ਸਿੰਘ ਪਟਿਆਲਾ ਅਤੇ ਪੰਡਤ ਕਿਸ਼ੋਰ ਚੰਦ ਬੱਦੋਵਾਲੀਆ ਵਲੋਂ ਕਿੱਸੇ ਜ਼ਰੂਰ ਲਿਖੇ ਗਏ. ਹਨ।
ਲੁਧਿਆਣਾ ਜ਼ਿਲ੍ਹੇ ਦੇ ਸੇਖੋਂ ਰਾਜੇ ਭੋਜ ਅਤੇ ਸੂਰਬੀਰ ਜਗਦੇਓ ਪਰਮਾਰ ਦੀ ਬੰਸ ਵਿਚੋਂ ਹਨ। ਇਸ ਜ਼ਿਲ੍ਹੇ ਦੇ ਮੁਲਾਂਪੁਰ, ਦਾਖਾ ਅਤੇ ਈਸਵਾਲ ਜਿਹੇ ਕਸਬਿਆਂ ਅਤੇ ਵੱਡੇ ਪਿੰਡਾਂ ਵਿਚ ਸੇਖੋਂ ਗੋਤ ਦੇ ਜੱਟਾਂ ਦੀ ਸੰਘਣੀ ਵਸੋਂ ਹੈ। ਪੰਜਾਬੀ ਸਾਹਿਤ ਦਾ ਬਾਬਾ ਬੋਹੜ ਸੰਤ ਸਿੰਘ ਸੇਖੋਂ ਇਸੇ ਇਲਾਕੇ ਨਾਲ ਹੀ ਸਬੰਧਤ ਸੀ। ਇਨ੍ਹਾਂ ਪਿੰਡਾਂ ਅਤੇ ਕਸਬਿਆਂ ਦੇ ਸੇਖੋਂ ਫ਼ੌਜੀ, ਪੁਲਿਸ, ਵਿਦਿਆ ਅਤੇ ਖੇਤੀਬਾੜੀ ਦੇ ਮਹਿਕਮਿਆਂ ਵਿਚ ਉਚ ਅਹੁਦਿਆਂ ‘ਤੇ ਤੈਨਾਤ ਹਨ। ਈਸੇਵਾਲ ਪਿੰਡ ਨਾਲ ਸਬੰਧਤ ਭਾਰਤੀ ਹਵਾਈ ਫ਼ੌਜ ਦਾ ਜਾਂਬਾਜ਼ ਪਾਇਲਟ ਅਤੇ ਸ਼ਹੀਦ ਫਲਾਈਂਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਨੂੰ ਭਾਰਤੀ ਫ਼ੌਜ ਦੇ ਸਭ ਤੋਂ ਵੱਡੇ ਬਹਾਦਰੀ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਤ ਹੋਣ ਦਾ ਮਾਨ ਪ੍ਰਾਪਤ ਹੋਇਆ। ਭਾਰਤੀ ਹਵਾਈ ਫ਼ੌਜ ਦੇ ਕਿਸੇ ਵੀ ਰੈਂਕ ਨੂੰ ਬਹਾਦਰੀ ਲਈ ਮਿਲਣ ਵਾਲਾ ਇਹ ਹੁਣ ਤਕ ਦਾ ਇਕੋ ਇਕ ਪਰਮਵੀਰ ਚੱਕਰ ਹੈ। ਸ਼ਹੀਦ ਸੇਖੋਂ ਨੂੰ 14 ਦਸੰਬਰ 1971 ਵਿਚ ਹਿੰਦ-ਪਾਕਿ ਲੜਾਈ ਸਮੇਂ ਸ੍ਰੀ ਨਗਰ ਦੇ ਫਾਈਟਰ ਹਵਾਈ ਅੱਡੇ ‘ਤੇ ਇਕ ਨੈਟ ਫਾਈਟਰ ਹਵਾਈ ਜਹਾਜ਼ ਨਾਲ ਪਾਕਿਸਤਾਨ ਦੇ ਛੇ ਸੈਬਰਜੈਟ ਫਾਈਟਰਾਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਪਾਉਣ ਉਪਰੰਤ ਪ੍ਰਾਪਤ ਹੋਇਆ। ਇਸ ਦਾ ਹੋਰ ਵੇਰਵਾ ਇਸ ਕਿਤਾਬ ਦੇ ਲੇਖਕ ਵਲੋਂ ਭਾਰਤੀ ਹਵਾਈ ਫ਼ੌਜ ਬਾਰੇ ਪੰਜਾਬੀ ਵਿਚ ਲਿਖੀ ਗਈ ਪਹਿਲੀ ਪੁਸਤਕ ‘ਯਾਦਾਂ ਫਾਈਟਰ ਨੈਟ ਦੀਆਂ’ ਵਿਚੋਂ ਮਿਲ ਸਕਦਾ ਹੈ। ਜ਼ਿਲ੍ਹਾ ਸੰਗਰੂਰ ਵਿਚ ਵੀ ਸੇਖੋਂ ਜੱਟਾਂ ਦੇ ਕਈ ਪਿੰਡ ਹਨ। ਜੱਟਾਂ ਦੇ ਇਕ ਸੌ ਇਕ ਗੋਤਾਂ ਵਾਲੀ ਪੁਸਤਕ ਦੇ ਲੇਖਕ ਹੁਸ਼ਿਆਰ ਸਿੰਘ ਦਲੇਹ ਅਨੁਸਾਰ ਸੰਗਰੂਰ ਸ਼ਹਿਰ ਤਾਂ ਅਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ। ਇਸ ਇਲਾਕੇ ਵਿਚ ਇਨ੍ਹਾਂ ਦਾ ਜਠੇਰਾ ਬਾਬਾ ਮੋਹਨ ਹੈ। ਇਕ ਰਵਾਇਤ ਵੀ ਬਾਬਾ ਮੋਹਨ ਦੀ ਸ਼ਹੀਦੀ ਬਾਰੇ ਪ੍ਰਚਲਤ ਹੈ। ਮਾਨਸਾ ਇਲਾਕੇ ਵਿਚ ਕਾਹਨਗੜ੍ਹ, ਫਰਵਾਈ ਅਤੇ ਕੁਝ ਹੋਰ ਪਿੰਡਾਂ ਵਿਚ ਸੇਖੋਂ ਗੋਤ ਵਾਲੇ ਜੱਟਾਂ ਦੀ ਕਾਫੀ ਵਸੋਂ ਹੈ। ਸੇਖੋਂ ਭਾਈਚਾਰੇ ਦੇ ਬਾਬੇ ਬੋਹੜੇ ਨੇ ਹੀ ਕਿਸੇ ਸਮੇਂ ਬੋਹੜਵਾਲ ਪਿੰਡ ਵਸਾਇਆ ਸੀ। ਮੁਕਤਸਰ ਇਲਾਕੇ ਦੇ ਆਲਮਵਾਲਾ, ਰੁਖਾਲਾ, ਚਿਬੜਾਂਵਾਲੀ ਆਦਿ ਪਿੰਡ ਵਿਚ ਵੀ ਵੱਡੀ ਗਿਣਤੀ ਵਿਚ ਜੱਟ ਸੇਖੋਂ ਵਸਦੇ ਹਨ। ਅਬੋਹਰ ਦੇ ਨੇੜੇ ਗੋਬਿੰਦਗੜ੍ਹ ਦੇ ਵਾਸੀ ਸੇਖੋਂ ਹਨ ਪਰੰਤੂ ਉਹ ਆਪਣਾ ਪਿਛੋਕੜ ਰਾਜਸਥਾਨ ਨਾਲ ਜੋੜਦੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਸੇਖੋਂ ਜੱਟਾਂ ਦਾ ਇਕ ਪੁਰਾਣਾ ਪਿੰਡ ਧਰਾਂਗ ਵਾਲਾ ਹੈ। ਇਸ ਦੇ ਨੇੜੇ ਹੀ ਸੇਖੋਂ ਗੋਤ ਵਾਲਿਆਂ ਦਾ ਪਿੰਡ ਸੇਖਵਾਂ ਹੈ। ਖੰਨਾ ਨੇੜੇ ਵੀ ਕਾਫੀ ਸੇਖੋਂ ਵਸਦੇ ਹਨ। ਕੋਟ ਸੇਖੋਂ ਅਤੇ ਭੜੀ ਪਿੰਡ ਵਿਚ ਇਨ੍ਹਾਂ ਦੀ ਕਾਫੀ ਅਬਾਦੀ ਹੈ।
ਸੇਖੋਂ ਗੋਤ ਦੇ ਇਕ ਵਰਗ ਨੂੰ ਸੇਖੂਕੇ ਵੀ ਆਖਿਆ ਜਾਂਦਾ ਹੈ। ਇਨ੍ਹਾਂ ਦਾ ਜਠੇਰਾ ਸਿਧ ਬਾਬਾ ਪਰਮਾਨੰਦ ਸੀ। ਉਹ ਰਿੱਧੀਆਂ-ਸਿੱਧੀਆਂ ਦਾ ਮਾਲਕ ਅਤੇ ਕਰਾਮਾਤੀ ਬਾਬੇ ਵਜੋਂ ਜਾਣਿਆ ਜਾਂਦਾ ਸੀ। ਇਸ ਦਾ ਮੱਠ ਸੰਗਰੂਰ ਤੋਂ ਬਾਹਰਵਾਰ ਨਾਭਾ ਗੇਟ ਨੇੜੇ ਸਥਿਤ ਹੈ। ਇਕ ਪੁਰਾਤਨ ਦੰਦ ਕਥਾ ਅਨੁਸਾਰ ਬਾਬਾ ਪਰਮਾਨੰਦ ਜੰਗਲ ਵਿਚ ਪਸ਼ੂ ਚਾਰਦਾ ਸੀ। ਕੁਝ ਸ਼ਰਾਰਤੀ ਮੁੰਡੇ ਇਸਨੂੰ ਪਾਗਲ-ਪਾਗਲ ਆਖ ਕੇ ਪੁਕਾਰਨ ਲੱਗ ਪਏ। ਬਾਬੇ ਨੇ ਉਨ੍ਹਾਂ ਮੁੰਡਿਆਂ ਨੂੰ ਆਪਣੀਆਂ ਮਿਸਾਲਾਂ ਵਰਗੀਆਂ ਜਗਦੀਆਂ ਅੱਖਾਂ ਦਿਖਾਈਆਂ ਤਾਂ ਉਹ ਡਰ ਕੇ ਭੱਜ ਗਏ। ਇਸੇ ਕਾਰਨ ਬਾਬਾ ਪਰਮਾਨੰਦ ਨੂੰ ਸਾਰੇ ਸਿੱਧ ਆਖਣ ਲੱਗ ਪਏ। ਸੇਖੂਕੇ ਪਰਿਵਾਰਾਂ ਵਲੋਂ ਐਤਵਾਰ ਵਾਲੇ ਦਿਨ ਸੱਜਰ ਸੂਈ ਗਾਂ ਜਾਂ ਮੱਝ ਦਾ ਦੁੱਧ ਬਾਬਾ ਪਰਮਾਨੰਦ ਦੇ ਮੱਠ ‘ਤੇ ਚੜਾਉਂਦੇ ਹਨ। ਦੀਵਾਲੀ ਵਾਲੇ ਦਿਨ ਮਠਿਆਈ ਦਾ ਚੜ੍ਹਾਵਾ ਚੜ੍ਹਾ ਕੇ ਸਿੱਧ ਬਾਬੇ ਨੂੰ ਆਪਣੀ ਖ਼ੁਸ਼ੀ ਵਿਚ ਸ਼ਾਮਿਲ ਕਰਦੇ ਹਨ।
ਜਨੇਰ ਦੇ ਸੇਖੋਂ
ਜਨੇਰ ਦੇ ਸੇਖੋਂ ਆਪਣਾ ਪਿਛੋਕੜ ਵਰਤਮਾਨ ਜ਼ਿਲ੍ਹੇ ਸੰਗਰੂਰ ਅਤੇ ਲੁਧਿਆਣਾ ਦੇ ਇਲਾਕੇ ਨਾਲ ਜੋੜਦੇ ਹਨ। ਇਹ ਵੀ ਸਿੱਧੂ ਪੱਤੀ ਵਾਲਿਆਂ ਦੀ ਪੁਰਾਣੀ ਵਸੋਂ ਧੂਲੀ ਵਾਲੇ ਖੇਤਾਂ ਨੇੜੇ ਹੀ ਗਿਆਨ ਸਿੰਘ ਸੇਖੋਂ ਹੋਰਾਂ ਦੇ ਟਿੱਬੇ ਜਿਹੜਾ ਕਿ ‘ਗਿਆਨੇ ਕਿਆਂ ਵਾਲਾ ਟਿੱਬਾ’ ਦੇ ਨਾਮ ਨਾਲ ਮਸ਼ਹੂਰ ਸੀ, ਉਪਰ ਵੱਸਦੇ ਸਨ। ਮੌਜੂਦਾ ਪਿੰਡ ਜਨੇਰ ਵਿਚ ਸੇਖੋਂ ਪੱਤੀ ਵਾਲੇ ਵੀ 1760 ਈਸਵੀ ਤੋਂ ਬਾਅਦ ਹੀ ਆ ਕੇ ਵਸੇ। ‘ਗਿਆਨੇ ਕਿਆਂ ਵਾਲੇ ਟਿੱਬੇ’ ਤੋਂ ਆ ਕੇ ਜਨੇਰ ਵਸਣ ਦੇ ਕਾਰਨ ਵੀ ਉਹ ਹੀ ਹਨ ਜਿਹੜੇ ਸਿੱਧੂ ਪੱਤੀ ਵਾਲਿਆਂ ਦੇ।
ਪਿੰਡ ਵਿਚ ਪ੍ਰੇਮ ਸਿੰਘ ਸੇਖੋਂ ਦਾ ਕਾਫੀ ਵੱਡਾ ਪਰਿਵਾਰ ਵਸਦਾ ਹੈ। ਉਸ ਦੇ ਲੜਕੇ ਚਤਰ ਸਿੰਘ ਸੇਖੋਂ ਦੇ ਤਿੰਨ ਪੁੱਤਰ ਇੰਦਰ ਸਿੰਘ, ਕਿਰਪਾਲ ਸਿੰਘ ਅਤੇ ਨਗਿੰਦਰ ਸਿੰਘ ਹੋਵੇ। ਇੰਦਰ ਸਿੰਘ ਦਾ ਇਕੋ ਇਕ ਪੁੱਤਰ ਗੁਰਬਖ਼ਸ਼ ਸਿੰਘ ਹੋਇਆ। ਉਸ ਨੂੰ ਗੁਆਂਢੀ ਪਿੰਡ ਖੋਸਾ ਰੰਧੀਰ ਵਿਚ ਪੜ੍ਹਨ ਲਈ ਵੀ ਭੇਜਿਆ ਪਰੰਤੂ ਕੋਈ ਉਚ ਵਿਦਿਆ ਹਾਸਲ ਨਾ ਕਰ ਸਕਿਆ ਅਤੇ ਜਵਾਨ ਹੋਣ ਉਪਰੰਤ ਮਾਰਕੀਟ ਵਿਚ ਨਵਾਂ-ਨਵਾਂ ਪਹੁੰਚਿਆ ਹਿੰਦੁਸਤਾਨ ਟਰੈਕਟਰ ਲੈ ਕੇ ਖੇਤੀ ਕਰਨ ਲੱਗਿਆ ਪਰੰਤੂ ਕਿਸਮਤ ਨੇ ਸਾਥ ਨਾ ਦਿੱਤਾ। ਉਸ ਦਾ ਲੜਕਾ ਬਿੱਲੂ ਵੀ ਖੇਤੀ ਵਿਚ ਬਹੁਤਾ ਕਾਮਯਾਬ ਨਾ ਹੋ ਸਕਿਆ ਅਤੇ ਨੌਕਰੀ ਕਰ ਲਈ। ਕਿਰਪਾਲ ਸਿੰਘ ਸੇਖੋਂ ਦਾ ਇਕਲੌਤਾ ਪੁੱਤਰ ਮੋਹਰ ਸਿੰਘ ਬਹੁਤ ਹੀ ਸ਼ੀਤਲ ਸੁਭਾ ਵਾਲਾ ਅਤੇ ਮਿੱਠ ਬੋਲੜਾ ਸੀ। ਕਿਸੇ ਨੂੰ ਚੰਗੀ ਮਾੜੀ ਨਾ ਕਹਿਣ ਸ਼ਾਇਦ ਉਸ ਨੂੰ ਆਪਣੀ ਮਾਤਾ ਸਰੂਪ ਕੌਰ ਕੋਲੋਂ ਵਿਰਸੇ ਵਿਚ ਮਿਲਿਆ ਸੀ। ਉਸ ਦੇ ਦੋ ਲੜਕਿਆਂ ਵਿਚੋਂ ਵੱਡਾ ਜਸਵੰਤ ਸਿੰਘ ਜਰਮਨੀ ਚਲਾ ਗਿਆ ਅਤੇ ਜਰਮਨ ਦੇਸ਼ ਦੀ ਨਾਗਰਿਕਤਾ ਅਪਣਾ ਲਈ। ਛੋਟਾ ਕੌਰ ਸਿੰਘ ਪਿੰਡ ਵਿਚ ਰਹਿੰਦਾ ਹੈ; ਗੁਰੂ ਘਰ ਦਾ ਸੇਵਕ ਹੋਣ ਕਰਕੇ ਹਰ ਸਮੇਂ ਆਪਣੇ ਨਿੱਜੀ ਕੰਮਾਂ ਨੂੰ ਭੁਲਾ ਕੇ ਗੁਰੂ ਕੇ ਲੰਗਰ ਦੀ ਸੇਵਾ ਵਿਚ ਮਸਤ ਰਹਿੰਦਾ ਹੈ। ਮੋਹਰ ਸਿੰਘ ਸੇਖੋਂ ਦੇ ਪਰਿਵਾਰ ਵਾਲੇ ਪਿੰਡ ਤੋਂ ਬਾਹਰਵਾਰ ਜੀ.ਟੀ. ਰੋਡ ‘ਤੇ ਸ਼ਾਨਦਾਰ ਕੋਠੀ ਵਿਚ ਰਹਿੰਦੇ ਹਨ।
8. ਨਗਿੰਦਰ ਸਿੰਘ ਸੇਖੋਂ ਨੇ ਲੰਮਾ ਸਮਾਂ ਬਿਨਾਂ ਵੋਟਾਂ ਤੋਂ ਸਰਪੰਚ ਬਣ ਕੇ ਪਿੰਡ ਵਾਸੀਆਂ ਦੀ ਬਿਨਾਂ ਕਿਸੇ ਪੱਖਪਾਤ ਦੇ ਸੇਵਾ ਕੀਤੀ। ਉਸ ਦਾ ਲੜਕਾ ਜੀਵਾ ਸਿੰਘ ਪੜ੍ਹਿਆ-ਲਿਖਿਆ ਹੈ ਅਤੇ ਸੇਖੋਂ ਪੱਤੀ ਦਾ ਲੰਬਰਦਾਰ ਵੀ ਹੈ। ਜੀਵਾ ਸਿੰਘ ਦਾ ਵੱਡਾ ਲੜਕਾ ਬਲਦੇਵ ਸਿੰਘ ਵੀ ਪੜ੍ਹ ਲਿਖ ਕੇ ਪਹਿਲਾਂ ਅਰਬ ਦੇਸ਼ਾਂ ਵਿਚ ਚਲਿਆ ਗਿਆ ਉਸ ਤੋਂ ਬਾਅਦ ਖੇਤੀਬਾੜੀ ਕਰਨ ਲੱਗ ਪਿਆ ਜਦੋਂ ਕਿ ਉਸ ਤੋਂ ਛੋਟਾ ਲਾਡਲਾ ਪੁੱਤਰ ਹੀ ਰਿਹਾ। ਬਲਦੇਵ ਸਿੰਘ ਦਾ ਲੜਕਾ ਅੱਜਕਲ੍ਹ ਕੈਨੇਡਾ ਦਾ ਸ਼ਹਿਰੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਫੋਰਡ ਵਿਚ ਵਸਦਾ ਹੈ।
ਗਿਣਤੀ ਪੱਖੋਂ ਭੋਲਾ ਸਿੰਘ ਸੇਖੋਂ ਦੇ ਚਾਰ ਪੁੱਤਰਾਂ ਮਾਹਲਾ ਸਿੰਘ, ਗੱਜਣ ਸਿੰਘ, ਲਛਮਣ ਸਿੰਘ ਅਤੇ ਰਤਨ ਸਿੰਘ ਦਾ ਪਰਿਵਾਰ ਸੇਖੋਂ ਪੱਤੀ ਵਿਚ ਕਾਫੀ ਵੱਡਾ ਗਿਣਿਆ ਜਾਂਦਾ ਹੈ। ਮਾਹਲਾ ਸਿੰਘ ਦੇ ਚਾਰ ਪੁੱਤਰ ਸਰਜੀਤ ਸਿੰਘ, ਮੀਤ ਸਿੰਘ, ਸ਼ੇਰ ਸਿੰਘ ਫ਼ੌਜੀ ਅਤੇ ਬਲਵੀਰ ਸਿੰਘ ਹੋਏ। ਸੁਰਜੀਤ ਸਿੰਘ ਨੇ ਆਪਣੀ ਰਹਾਇਸ਼ ਬਾਹਰ ਪਲਾਟਾਂ ਵਿਚ ਕਰ ਲਈ। ਉਸ ਦੇ ਲੜਕਿਆਂ ਨੇ ਟੈਕਨੀਕਲ ਕੰਮ ਸਿਖਿਆ ਅਤੇ ਵਰਕਸ਼ਾਪਾਂ ਬਣਾ ਲਈਆਂ। ਮੀਤ ਸਿੰਘ ਖੇਤੀਬਾੜੀ ਦੇ ਕੰਮ ਵਿਚ ਹੀ ਉਲਝਿਆ ਰਿਹਾ ਪਰੰਤੂ ਉਸ ਦਾ ਲੜਕਾ ਮਕੈਨਿਕ ਬਣ ਗਿਆ। ਸ਼ੇਰ ਸਿੰਘ ਫ਼ੌਜ ਵਿਚ ਭਰਤੀ ਹੋ ਕੇ ਪੈਨਸ਼ਨਰ ਬਣ ਬਾਅਦ ਵਿਚ ਸੋਨੀਪਤ ਵਿਖੇ ਲੰਮਾ ਸਮਾਂ ਐਟਲਸ ਸਾਈਕਲ ਕੰਪਨੀ ਵਿਚ ਕੰਮ ਕਰਦਾ ਰਿਹਾ ਉਸ ਦੇ ਬੱਚੇ ਵੀ ਉਥੇ ਹੀ ਕੰਮ ਕਰਦੇ ਹਨ। ਬਲਵੀਰ ਸਿੰਘ ਦੇ ਕੋਈ ਔਲਾਦ ਨਹੀਂ ਸੀ। ਗੱਜਣ ਸਿੰਘ ਸੇਖੋਂ ਦੇ ਤਿੰਨ ਪੁੱਤਰ ਅਮਰ ਸਿੰਘ, ਬਖ਼ਸ਼ੀਸ਼ ਸਿੰਘ ਅਤੇ ਦਰਸ਼ਨ ਸਿੰਘ ਹਨ। ਅਮਰ ਸਿੰਘ ਨੇ ਆਪਣਾ ਪਿਤਾ-ਪੁਰਖੀ ਕੰਮ ਖੇਤੀਬਾੜੀ ਹੀ ਅਪਣਾਇਆ ਪਰੰਤੂ ਉਸ ਦਾ ਲੜਕਾ ਮੋਗੇ ਨੈਸਲੇ ਇੰਡੀਆ ਦਾ ਮਕੈਨਿਕ ਹੈ। ਬਖ਼ਸ਼ੀਸ਼ ਸਿੰਘ ਅਤੇ ਦਰਸ਼ਨ ਸਿੰਘ ਪਹਿਲਾਂ ਵਰਕਸ਼ਾਪਾਂ ਵਿਚ ਮਕੈਨਿਕ ਰਹੇ ਅੱਜਕਲ੍ਹ ਸੁਰਜੀਤ ਸਿੰਘ ਦੇ ਘਰ ਨੇੜੇ ਖੁਲ੍ਹਾ ਮਕਾਨ ਬਣਾ ਕੇ ਵੱਡੇ ਟਰੈਕਟਰਾਂ ਨਾਲ ਕਰਾਏ, ਭਾੜੇ ਦਾ ਕੰਮ ਕਰਦੇ ਹਨ। ਭੋਲਾ ਸਿੰਘ ਸੇਖੋਂ ਦੇ ਦੋ ਪੁੱਤਰਾਂ ਰਤਨ ਸਿੰਘ ਅਤੇ ਲਛਮਣ ਸਿੰਘ ਦੇ ਔਲਾਦ ਨਹੀਂ ਸੀ।
ਸੇਖੋਂ ਪੱਤੀ ਦੇ ਗਿਆਨਾ ਸਿੰਘ ਅਤੇ ਵਰਿਆਮਾ ਸਿੰਘ ਦੋ ਭਰਾਵਾਂ ਵਿਚੋਂ ਵਰਿਆਮਾ ਸਿੰਘ ਦਾ ਇਕੋ-ਇਕ ਲੜਕਾ ਨਿਰੰਜਨ ਸਿੰਘ ਸੀ ਜਿਸ ਨੂੰ ਸਿਹਤਮੰਦ ਹੋਣ ਕਰਕੇ ਮੱਲ ਸਿੰਘ ਵੀ ਆਖਦੇ ਸਨ । ਮੱਲ ਸਿੰਘ ਖੇਤੀਬਾੜੀ ਕਰਦਾ ਰਿਹਾ ਅਤੇ ਅੱਗੇ ਉਸ ਦਾ ਲੜਕਾ ਵੀ ਆਪਣੇ ਜੱਦੀ ਮਕਾਨ ਵਿਚ ਹੀ ਰਹਿੰਦਾ ਹੈ ਅਤੇ ਪਿਤਾ ਪੁਰਖੀ ਖੇਤੀਬਾੜੀ ਦਾ ਕੰਮ ਕਰਦਾ ਹੈ। ਗਿਆਨ ਸਿੰਘ ਦੇ ਤਿੰਨ ਲੜਕੇ ਕਰਨੈਲ ਸਿੰਘ, ਜਰਨੈਲ ਸਿੰਘ ਅਤੇ ਬਹਾਲ ਸਿੰਘ ਹੋਏ। ਕਰਨੈਲ ਸਿੰਘ ਦੇ ਇਕ ਲੜਕਾ ਹੋਇਆ ਜਿਸ ਨੂੰ ਪਿਆਰ ਨਾਲ ਸਾਰੇ ਘਾਲੀ ਆਖਦੇ ਹਨ। ਜਰਨੈਲ ਸਿੰਘ ਜਿਸ ਨੂੰ ਪਿੰਡ ਵਾਸੀ ‘ਬਿਲੋ’ ਵੀ ਆਖਦੇ ਹਨ। ਉਸ ਦੇ ਦੋ ਲੜਕੇ ਗੁਰਦੀਪ ਸਿੰਘ ਅਤੇ ਪਲਵਿੰਦਰ ਸਿੰਘ ਜਿਹੜੇ ਬਹੁਤ ਮਿਹਨਤੀ ਹਨ। ਸੇਖੋਂ ਪੱਤੀ ਦੇ ਸ਼ਮਸਾਨ ਘਾਟ ਨੇੜੇ ਆਪਣੀ ਜ਼ਮੀਨ ਵਿਚ ਬਣਾਏ ਵਧੀਆ ਘਰਾਂ ਵਿਚ ਰਹਿੰਦੇ ਹਨ। ਉਸੇ ਪਰਿਵਾਰ ਦਾ ਇਕ ਹੋਰ ਲੜਕਾ ਬਲਜੀਤ ਸਿੰਘ ਬਚਪਨ ਤੋਂ ਹੀ ਬਿਮਾਰ ਰਹਿੰਦਾ ਹੈ।ਬਹਾਲ ਸਿੰਘ ਦੇ ਕੋਈ ਲੜਕਾ ਨਹੀਂ ਹੋਇਆ ਪਰੰਤੂ ਇਸ ਦੇ ਬਾਵਜੂਦ ਉਹ ਗੁਰੂ ਘਰ ਦਾ ਪੱਕਾ ਸ਼ਰਧਾਲੂ ਹੈ। ਮੀਂਹ ਹੋਵੇ ਜਾਂ ਹਨ੍ਹੇਰੀ ਗੁਰੂ ਘਰ ਦੀ ਹਾਜ਼ਰੀ ਭਰਨ ਅਤੇ ਉਥੇ ਜਾ ਕੇ ਸੇਵਾ ਕਰਨ ਵਿਚ ਉਸ ਦਾ ਅਥਾਹ ਵਿਸ਼ਵਾਸ ਹੈ। ਇਸ ਪਰਿਵਾਰ ਦੇ ਸ਼ਰੀਕੇ ਵਿਚ ਨਜ਼ਦੀਕੀ ਇਕ ਪਰਿਵਾਰ ਨਾਜਰ ਸਿੰਘ ਸੇਖੋਂ ਦਾ ਵੀ ਹੈ ਉਸ ਦੇ ਪਰਿਵਾਰ ਦੀ ਰਹਾਇਸ਼ ਪਿੰਡ ਤੋਂ ਬਾਹਰ ਜੀ.ਟੀ. ਰੋਡ ਲੰਘਦੇ ਖੇਤਾਂ ਵਿਚ ਵਸਦੀ ਹੈ। ਨਾਜਰ ਸਿੰਘ ਸੇਖੋਂ ਦੇ ਦੋ ਲੜਕੇ ਗੁਰਮੇਲ ਸਿੰਘ ਅਤੇ ਹਰਨੇਕ ਸਿੰਘ ਹੋਏ। ਗੁਰਮੇਲ ਸਿੰਘ ਪਿੰਡ ਦੀ ਕੋਆਪ੍ਰੇਟਿਵ ਸੁਸਾਇਟੀ ਦਾ ਪ੍ਰਧਾਨ ਵੀ ਰਿਹਾ। ਉਸ ਦੇ ਦੋ ਲੜਕਿਆਂ ਜਸਵੀਰ ਸਿੰਘ ਅਤੇ ਮੁਹਿੰਦਰ ਸਿੰਘ ਨੇ ਸਕੂਲੀ ਵਿਦਿਆ ਹਾਸਲ ਕੀਤੀ ਹੋਣ ਕਰਕੇ ਵੱਡਾ ਲੜਕਾ ਪਿੰਡ ਵਿਚ ਹੀ ਆਰ.ਐਮ.ਪੀ. ਡਾਕਟਰ ਵਜੋਂ ਕੰਮ ਕਰਦਾ ਹੈ।
ਤੋਤਾ ਸਿੰਘ ਸੇਖੋਂ ਦੇ ਪੁੱਤਰ ਬਖ਼ਤੌਰ ਸਿੰਘ ਸੇਖੋਂ ਦੇ ਤਿੰਨ ਲੜਕੇ ਲਾਲ ਸਿੰਘ, ਗੁਰਦਿਆਲ ਸਿੰਘ ਅਤੇ ਜੋਧ ਸਿੰਘ ਹੋਏ। ਇਨ੍ਹਾਂ ਤਿੰਨਾਂ ਭਰਾਵਾਂ ਨੇ ਆਪਣਾ ਥੇਹ ਉਪਰਲਾ ਜੱਦੀ ਘਰ ਛੱਡ ਕੇ ਪਿੰਡ ਤੋਂ ਬਾਹਰ ਜੀ.ਟੀ. ਰੋਡ ਨੇੜੇ ਆਪਣੇ ਖੇਤਾਂ ਵਿਚ ਵਸੋਂ ਕਰ ਲਈ। ਲਾਲ ਸਿੰਘ ਦਾ ਇਕੋ ਇਕ ਲੜਕਾ ਮੋਗੇ ਕਿਸੇ ਫ਼ੈਕਟਰੀ ਵਿਚ ਕੰਮ ਕਰਦਾ ਹੈ। ਗੁਰਦਿਆਲ ਸਿੰਘ ਦੇ ਲੜਕੇ ਦੀ ਪਿੰਡ ਦੇ ਬੱਸ ਸਟੈਂਡ ਨੇੜੇ ਵਰਕਸ਼ਾਪ ਹੈ। ਅਤੇ ਜੋਧ ਸਿੰਘ ਅਤੇ ਉਸ ਦਾ ਲੜਕਾ ਖੇਤੀਬਾੜੀ ਦਾ ਕੰਮ ਕਰਦੇ ਹਨ। ਚੰਨਣ ਸਿੰਘ ਸੇਖੋਂ ਦੇ ਦੋ ਪੁੱਤਰ ਕਿਸ਼ਨ ਸਿੰਘ ਅਤੇ ਕਰਤਾਰ ਸਿੰਘ ਸਨ। ਕਿਸ਼ਨ ਸਿੰਘ ਨੇ ਵਿਆਹ ਨਾ ਕਰਵਾਇਆ ਅਤੇ ਗੁਰੂ ਘਰ ਨਾਲ ਜੁੜ ਕੇ ਧਾਰਮਿਕ ਬਿਰਤੀ ਵਾਲਾ ਇਨਸਾਨ ਬਣ ਗਿਆ। ਉਸ ਦੀ ਗਿਣਤੀ ਵਧੀਆ ਆਖੰਡ ਪਾਠੀਆਂ ਵਿਚ ਸੀ। ਕਰਤਾਰ ਸਿੰਘ ਦਾਨੀ ਪੁਰਸ਼ ਸੀ, ਉਸ ਜੀ.ਟੀ. ਰੋਡ ’ਤੇ ਡੰਗਰਾਂ ਦਾ ਹਸਪਤਾਲ ਬਣਾਉਣ ਲਈ ਲੋੜੀਂਦੀ ਜ਼ਮੀਨ ਦਾਨ ਵਿਚ ਦਿੱਤੀ। ਉਸ ਦਾ ਲੜਕਾ ਮੋਹਰ ਸਿੰਘ ਆਪਣੇ ਤਾਏ ਕਿਸ਼ਨ ਸਿੰਘ ਵਾਂਗ ਗੁਰੂ ਘਰ ਦਾ ਸੇਵਕ ਹੈ। ਮੋਹਰ ਸਿੰਘ ਦੇ ਦੋ ਲੜਕੇ ਹਨ। ਇਸੇ ਪਰਿਵਾਰ ਨਾਲ ਸਬੰਧਤ ਵਧਾਵਾ ਸਿੰਘ ਲੰਬਰਦਾਰ ਵੀ ਸੀ। ਉਸ ਦਾ ਲੜਕਾ ਮਹਿੰਗਾ ਸਿੰਘ ਛੋਟੀ ਉਮਰ ਵਿਚ ਹੀ ਮਲੇਸ਼ੀਆ ਚਲਿਆ ਗਿਆ, ਉਧੇੜ ਉਮਰ ਵਿਚ ਪੰਜਾਬ ਵਾਪਸ ਆ ਕੇ ਵਿਆਹ ਵੀ ਕਰਵਾਇਆ ਪਰੰਤੂ ਬੇਔਲਾਦ ਹੀ ਰੱਬ ਨੂੰ ਪਿਆਰਾ ਹੋ ਗਿਆ।
ਸੇਖੋਂ ਪੱਤੀ ਦਾ ਇਕ ਹੋਰ ਮਹੱਤਵਪੂਰਨ ਪਰਿਵਾਰ ਆਲਾ ਸਿੰਘ ਸੇਖੋਂ ਅਤੇ ਚਤਰ ਸਿੰਘ ਸੇਖੋਂ ਦਾ ਹੈ। ਚਤਰ ਸਿੰਘ ਦਾ ਇਕਲੌਤਾ ਲੜਕਾ ਮੇਜਰ ਸਿੰਘ ਹੈ। ਮੇਜਰ ਸਿੰਘ ਪਰਿਵਾਰਕ ਜ਼ਿੰਮੇਵਾਰੀਆਂ ਵਲ ਘਟ ਪਰੰਤੂ ਪੰਚਾਇਤੀ ਜ਼ਿੰਮੇਵਾਰੀਆਂ ਵੱਲ ਵੱਧ ਧਿਆਨ ਦੇਣ ਵਾਲਾ ਪੁਰਸ਼ ਸਾਬਤ ਹੋਇਆ। ਉਸ ਦੇਚਾਰ ਲੜਕੇ ਛਿੰਦਰ ਸਿੰਘ, ਦਰਬਾਰਾ ਸਿੰਘ, ਅਵਤਾਰ ਸਿੰਘ ਅਤੇ ਲਛਮਣ ਸਿੰਘ ਹਨ। ਛਿੰਦਰ ਸਿੰਘ ਜ਼ਿਆਦਾ ਪੜ੍ਹਾਈ ਨਾ ਕਰ ਸਕਿਆ ਕਿਉਂਕਿ ਛੋਟੀ ਉਮਰ ਵਿਚ ਹੀ ਉਸ ਨੂੰ ਘਰ ਦੀ ਕਬੀਲਦਾਰੀ ਸਾਂਭਣੀ ਪਈ। ਦਰਬਾਰਾ ਸਿੰਘ ਫ਼ੌਜ ਵਿਚ ਭਰਤੀ ਹੋ ਗਿਆ ਅਤੇ ਸੂਬੇਦਾਰ ਅਹੁਦੇ ਤਕ ਦੇ ਸਤਿਕਾਰਤ ਰੈਂਕ ਤਕ ਪਹੁੰਚਿਆ। ਉਸ ਤੋਂ ਛੋਟਾ ਅਵਤਾਰ ਸਿੰਘ ਵੀ ਭਾਰਤੀ ਫ਼ੌਜ ਵਿਚੋਂ ਹਵਾਲਦਾਰ ਰਿਟਾਇਰ ਹੋ ਕੇ ਖੇਤੀਬਾੜੀ ਕਰ ਰਿਹਾ ਹੈ। ਲਛਮਣ ਸਿੰਘ ਪੜ੍ਹਾਈ ਨਾ ਕਰ ਸਕਿਆ ਪਰੰਤੂ ਇਕ ਮਿਹਨਤੀ ਕਿਸਾਨ ਹੈ। ਆਲਾ ਸਿੰਘ ਸੇਖੋਂ ਦੇ ਦੋ ਪੁੱਤਰ ਪ੍ਰੀਤਮ ਸਿੰਘ ਅਤੇ ਗੁਰਦੇਵ ਸਿੰਘ ਹੋਏ। ਦੋਵੇਂ ਖੇਤੀਬਾੜੀ ਦਾ ਕੰਮ ਹੀ ਕਰਦੇ ਰਹੇ, ਅੱਗੇ ਉਨ੍ਹਾਂ ਦੇ ਲੜਕੇ ਵੀ ਖੇਤੀਬਾੜੀ ਕਰਦੇ ਹਨ।
ਕੁਝ ਖ਼ਾਸ ਸ਼ਖ਼ਸੀਅਤਾਂ ਵਾਲੇ ਸੇਖੋਂ
ਕਿਸੇ ਖ਼ਾਸ ਵਰਗ, ਫ਼ਿਰਕੇ, ਜਾਤ, ਗੋਤ, ਸੰਪਰਦਾ ਅਤੇ ਕਬੀਲੇ ਦੀਆਂ ਖ਼ਾਸ ਸ਼ਖ਼ਸੀਅਤਾਂ ਦੀ ਚੋਣ ਕਰਨ ਦਾ ਹਰ ਇਕ ਲੇਖਕ ਦਾ ਆਪਣਾ ਵੱਖਰਾ ਨਜ਼ਰੀਆ ਅਤੇ ਮਾਪਦੰਡ ਹੁੰਦਾ ਹੈ ਜਿਸ ਦੇ ਅਧੀਨ ਉਹ ‘ਖ਼ਾਸ ਸ਼ਖ਼ਸੀਅਤਾਂ’ ਦੀ ਚੋਣ ਕਰਦਾ ਹੈ ਪਰੰਤੂ ਆਮ ਹਾਲਤਾਂ ਵਿਚ ਇਨ੍ਹਾਂ ਖ਼ਾਸ ਸ਼ਖ਼ਸੀਅਤਾਂ ਦੀ ਚੋਣ ਕਿਸੇ ਦੀ ਧਨ ਦੌਲਤ, ਜ਼ਮੀਨ ਜਾਇਦਾਦ, ਸਰਕਾਰੀ ਅਹੁਦੇ ਜਾਂ ਸਿਆਸੀ ਪਹੁੰਚ ‘ਤੇ ਅਧਾਰਤ ਨਹੀਂ ਹੁੰਦੀ ਸਗੋਂ ਇਨਸਾਨ ਦਾ ਨਿੱਜੀ ਵਿਅਕਤੀਤਵ, ਉਸ ਦੀ ਸਮਾਜ ਦੇਣ ਅਤੇ ਕਿਸੇ ਖੇਤਰ ਵਿਚ ਪਹਿਲ ਕਦਮੀ ਆਦਿ ਵਿਚਾਰੇ ਜਾਂਦੇ ਹਨ। ਪਿੰਡ ਦੀ ਸੇਖੋਂ ਪੱਤੀ ਵਿਚ ਕਿਸੇ ਸਮੇਂ ਕੁਝ ਖ਼ਾਸ ਸ਼ਖ਼ਸੀਅਤਾਂ ਹੋਈਆਂ ਹਨ।
ਕਿਸਮਤ ਦਾ ਧਨੀ ਮੇਜਰ ਸਿੰਘ ਸੇਖੋਂ
ਬਿਨਾਂ ਕੋਈ ਪਰਿਵਾਰਕ ਜ਼ਿੰਮੇਵਾਰੀ ਨਿਭਾਉਂਦਿਆਂ ਬਗ਼ੈਰ ਕੰਮ ਕਾਜ ਕਰਦਿਆਂ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਹੁੰਦਿਆਂ ਵੀ ਮਿੱਟੀ ਨਾਲ ਮਿੱਟੀ ਹੋਣ ਤੋਂ ਬਿਨਾਂ ਕਿਸੇ ਨੂੰ ਅੱਛਾ ਖਾਣ-ਪੀਣ ਅਤੇ ਪਹਿਨਣ-ਪਚਰਣ ਨੂੰ ਮਿਲ ਜਾਵੇ ਤਾਂ ਸਮਾਜ ਵਿਚ ਅਸੀਂ ਕਿਸਮਤ ਦਾ ਧਨੀ ਨਹੀਂ ਤਾਂ ਹੋਰ ਕਿਹੜੇ ਸ਼ਬਦ ਨਾਲ ਸੰਬੋਧਨ ਕਰਾਂਗੇ? ਜੇਕਰ ਇਸ ਕਸਵਟੀ ਨੂੰ ਕਿਸਮਤ ਦੇ ਧਨੀ ਹੋਣ ਦਾ ਪੈਮਾਨਾ ਮੰਨ ਲਈਏ ਅਤੇ ਪਿੰਡ ਵਾਸੀਆਂ ਨੂੰ ਪੁਛੀਏ, “ਜਨੇਰ ਵਿਚ ਕਿਸਮਤ ਦਾ ਧਨੀ ਕੌਣ ਹੈ?” ਤਾਂ ਨਿਰਸੰਦੇਹ ਹਰ ਇਕ ਦਾ ਇਕੋ ਹੀ ਜੁਆਬ ਹੋਵੇਗਾ “ਮੈਂਬਰ ਮੇਜਰ ਸਿੰਘ ਸੇਖੋਂ।” ਇਸ ਕਥਨ ਵਿਚ ਅਥਾਹ ਸਚਾਈ ਵੀ ਹੈ।
ਮੇਜਰ ਸਿੰਘ ਸੇਖੋਂ ਸਕੂਲ ਤਾਂ ਨਹੀਂ ਗਿਆ ਪਰੰਤੂ ਗੱਲਬਾਤ ਵਿਚ ਉਹ ਬਚਪਨ ਤੋਂ ਹੀ ਤੇਜ਼ ਸੀ। ਸਾਂਝੇ ਪਰਿਵਾਰ ਵਿਚ ਜਦੋਂ ਉਹ ਜਵਾਨ ਹੋ ਕੇ ਹਲ਼ ਵਾਹੁਣ ਅਤੇ ਹੋਰ ਕੰਮ ਕਰਨ ਦੇ ਯੋਗ ਹੋ ਗਿਆ ਤਾਂ ਉਸ ਦੇ ਚਾਚੇ ਚਤਰ ਸਿੰਘ ਨੇ ਕਿਹਾ ਕਿ ਹਾਲੀਂ ਤਾਂ ਮੈਂ ਕਰਨ ਅਤੇ ਹਲ ਵਾਹੁਣਯੋਗ ਹਾਂ ਮੁੰਡੇ ਨੂੰ ਕਬੱਡੀ ਖੇਡਣ ਦਿਓ। ਹਲ ਵਾਹੇਗਾ ਤਾਂ ਖੁਚਾਂ ਦੀਆਂ ਨਾੜਾਂ ਕਮਜ਼ੋਰ ਹੋ ਜਾਣਗੀਆਂ, ਨਠਿਆ ਨਹੀਂ ਜਾਣਾ। ਘਰ ਵਾਲਿਆਂ ਦੁੱਧ ਘਿਉ ਰੱਜ ਕੇ ਖਵਾਇਆ ਪਰੰਤੂ ਅੱਛਾ ਖਿਡਾਰੀ ਨਾ ਬਣ ਸਕਿਆ। ਅਤਰ ਸਿੰਘ ‘ਤੇ ਬੁਢੇਪਾ ਭਾਰੂ ਹੋਣ ਲੱਗਾ ਤਾਂ ਉਸ ਦੇ ਪੁੱਤਰ ਪ੍ਰੀਤਮ ਸਿੰਘ ਨੇ ਘਰ ਦਾ ਕੰਮ ਕਾਜ ਸਾਂਭ ਲਿਆ। ਪਰਿਵਾਰਕ ਵੰਡ ਤੋਂ ਬਾਅਦ ਮੇਜਰ ਸਿੰਘ ਦੇ ਵੱਡੇ ਲੜਕੇ ਛਿੰਦਰ ਸਿੰਘ ਨੇ ਘਰ ਦੀ ਕਬੀਲਦਾਰੀ ਸਾਂਭ ਲਈ। ਮੇਜਰ ਸਿੰਘ ਫੇਰ ਵੀ ਵਿਹਲਾ। ਉਸ ਦੇ ਦੋ ਲੜਕੇ ਦਰਬਾਰਾ ਸਿੰਘ ਅਤੇ ਅਵਤਾਰ ਸਿੰਘ ਫ਼ੌਜ ਵਿਚ ਭਰਤੀ ਹੋ ਗਏ। ਕਿਸਮਤ ਦੇ ਧਨੀ ਮੇਜਰ ਸਿੰਘ ਦੀ ਸ਼ਾਮ ਰੰਗੀਨ ਬਣਾਉਣ ਲਈ ਰੰਮ ਵੀ ਆਮ ਹੋ ਗਈ।
ਜਵਾਨੀ ਪਹਿਰੇ ਵਧੀਆ ਢੰਗ ਨਾਲ ਕੱਟੀ ਹੋਈ ਦਾਹੜੀ ਅਤੇ ਉਧੇੜ ਉਮਰ ਤੋਂ ਬਾਅਦ ਖੁਲ੍ਹਾ ਪ੍ਰਕਾਸ਼ ਕੀਤਾ ਹੋਇਆ ਸਫ਼ੈਦ ਦਾਹੜਾ ਉਸਦੇ ਵਿਅਕਤੀਤਵ ਨੂੰ ਹੋਰ ਵੀ ਨਿਖਾਰਦਾ ਹੈ। ਜ਼ਿੰਦਗੀ ਦੀਆਂ ਅੱਸੀ ਤੋਂ ਵੱਧ ਲੰਘਾ ਚੁੱਕਿਆ ਗਰਮੀਆਂ, ਸਰਦੀਆਂ, ਵਾਲਾ ਮੇਜਰ ਸਿੰਘ ਕਪੜਾ ਲੀੜਾ ਤਾਂ ਸਾਫ਼ ਸੁਥਰਾ ਅਤੇ ਸਲੀਕੇ ਨਾਲ ਪਹਿਨਦਾ ਹੀ ਹੈ ਸਗੋਂ ਹੁਣ ਕੁਝ ਸਮੇਂ ਤੋਂ ਕੋਕਿਆਂ ਜੜਿਆ ਵਧੀਆ ਖੂੰਡਾ ਵੀ ਉਸ ਦੇ ਰੋਹਬ ਵਾਲੇ ਪਹਿਰਾਵੇ ਦਾ ਜ਼ਰੂਰੀ ਅੰਗ ਬਣ ਚੁੱਕਿਆ ਹੈ।
ਮੇਜਰ ਸਿੰਘ ਸੇਖੋਂ ਨੂੰ ਬੇਸ਼ਕ ਅੱਜ ਤਕ ਕਿਸੇ ਪਿੰਡ ਵਾਸੀ ਨੇ ਕੰਮ ਕਰਦੇ ਤਾਂ ਨਹੀਂ ਦੇਖਿਆ ਹੋਣਾ ਪਰੰਤੂ ਉਸ ਵਿਚ ਸਮਾਜਿਕ, ਸਭਿਆਚਾਰਕ ਅਤੇ ਭਾਈਚਾਰਕ ਸਾਂਝਾਂ ਵਾਲੇ ਉਤਮ ਗੁਣ ਮੌਜੂਦ ਹਨ। ਹਰ ਇਕ ਪਿੰਡ ਵਾਸੀ ਦੇ ਉਹ ਖ਼ੁਸ਼ੀ-ਗ਼ਮੀ ਮੌਕੇ ਜ਼ਰੂਰ ਸ਼ਿਰਕਤ ਕਰਦਾ ਹੈ। ਬੜਬੋਲਾ ਅਤੇ ਨਿਧੜਕ ਹੋ ਕੇ ਗੱਲ ਕਰਨ ਵਾਲਾ ਇਨਸਾਨ ਹੈ। ਕਈ ਵਾਰ ਮੈਂਬਰ ਪੰਚਾਇਤ ਰਿਹਾ ਹੋਣ ਕਰਕੇ ‘ਮੈਂਬਰ’ ਸ਼ਬਦ ਤਾਂ ਪੱਕਾ ਹੀ ਉਸ ਦੇ ਨਾਮ ਨਾਲ ਜੁੜ ਚੁੱਕਾ ਹੈ।
ਲੰਬਰਦਾਰ ਜੀਵਾ ਸਿੰਘ ਸੇਖੋਂ
ਸੇਖੋਂ ਪੱਤੀ ਦੀ ਲੰਬਰਦਾਰੀ ਜੀਵਾ ਸਿੰਘ ਸੇਖੋਂ ਨੂੰ ਆਪਣੇ ਪਿਤਾ ਅਤੇ ਪਿੰਡ ਦੇ ਸਾਬਕਾ ਸਰਪੰਚ ਨਗਿੰਦਰ ਸਿੰਘ ਸੇਖੋਂ ਪਾਸੋਂ ਵਿਰਾਸਤ ਵਿਚ ਮਿਲੀ। ਜੀਵਾ ਸਿੰਘ ਨੂੰ ਪਿੰਡ ਦੇ ਗੁਰੂ ਨਾਨਕ ਦੇਵ ਹਾਈ ਸਕੂਲ ਜਨੇਰ ਦੇ 1954 ਸ਼ੈਸਨ ਦੇ ਪਹਿਲੇ ਦਸਵੀਂ ਪਾਸ ਬੈਚ ਵਿਚ ਪਹਿਲੇ ਜਨੇਰ ਵਾਸੀ ਵਜੋਂ ਦਸ ਜਮਾਤਾਂ ਪਾਸ ਕਰਨ ਦਾ ਮਾਨ ਪ੍ਰਾਪਤ ਹੋਇਆ। ਜਵਾਨੀ ਵੇਲੇ ਕੁਝ ਸਮਾਂ ਉਹ ਕਬੱਡੀ ਵੀ ਖੇਡਿਆ ਪਰੰਤੂ ਘਰ ਵਿਚ ਦੁੱਧ, ਘਿਉ ਦੀ ਬਹੁਤਾਤ ਹੋਣ ਕਾਰਨ ਵੀ ਉਹ ਅੱਛਾ ਖਿਡਾਰੀ ਨਾ ਬਣ ਸਕਿਆ। ਕਬੱਡੀ ਦੀ ਖੇਡ ਵਿਚ ਨਾਕਾਮਯਾਬੀ ਦਾ ਕਾਰਨ ਆਪਣੇ ਮੂੰਹੋਂ ਉਹ ਛੋਟੀ ਉਮਰ ਵਿਚ ਗਲੇ ਪਈਆਂ ਘਰ ਦੀਆਂ ਕਬੀਲਦਾਰੀਆਂ ਨੂੰ ਦਸਦਾ ਹੈ। ਪੁਰਾਣਾ ਦਸਵੀਂ ਪਾਸ ਹੋਣ ਕਰਕੇ ਉਹ ਸੇਖੋਂ ਪੱਤੀ ਦੇ ਪੜ੍ਹੇ ਲਿਖੇ ਜੱਟਾਂ ਵਿਚ ਗਿਣਿਆਂ ਜਾਂਦਾ ਹੈ।
ਸੰਤ ਵਿਸਾਖਾ ਸਿੰਘ ਜੀ ਦੇ ਜਨੇਰ ਸਕੂਲ ਦੀ ਇਮਾਰਤ ਬਣਾਉਣ ਸਮੇਂ ਪਿੰਡ ਦਾ ਸਭ ਤੋਂ ਵੱਡੀ ਉਮਰ ਦਾ ਵਿਦਿਆਰਥੀ ਹੋਣ ਦੀ ਹੈਸੀਅਤ ਵਿਚ ਬਾਬਾ ਜੀ ਦੇ ਬਹੁਤ ਨੇੜੇ ਸੀ। ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲ ਦੇ ਕਮੇਟੀ ਮੈਂਬਰਾਂ ਨਾਲ ਕੋਈ ਸੰਪਰਕ ਬਣਾਉਣਾ ਹੁੰਦਾ ਤਾਂ ਸੰਤ ਵਿਸਾਖਾ ਸਿੰਘ ਜੀ ਹਮੇਸ਼ਾ ਜੀਵਾ ਸਿੰਘ ਨੂੰ ਹੀ ਉਨ੍ਹਾਂ ਪਾਸ ਭੇਜਦੇ ਅਤੇ ਉਹ ਹਰ ਕਿਸਮ ਦੀ ਸੂਚਨਾ ਅਤੇ ਵਿਚਾਰ ਵਟਾਂਦਰੇ ਦੇ ਸੁਨੇਹੇ ਖਿੜੇ ਮੱਥੇ ਪਹੁੰਚਾਉਣ ਵਿਚ ਮਾਣ ਮਹਿਸੂਸ ਕਰਦਾ। ਸਕੂਲ ਦੀ ਉਸਾਰੀ ਸਮੇਂ ਜਦੋਂ ਇੱਟਾਂ ਅਤੇ ਹੋਰ ਸਮਾਨ ਦੀ ਢੋਅ-ਢੁਆਈ ਲਈ ਵਿਦਿਆਰਥੀਆਂ ਦੀ ਜ਼ਰੂਰਤ ਪੈਂਦੀ ਤਾਂ ਉਹ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਮੂਹਰੇ ਲੱਗ ਕੇ ਕੰਮ ਕਰਦਾ ਨਜ਼ਰ ਆਉਂਦਾ।
ਜੀਵਾ ਸਿੰਘ ਰੰਗੀਨ ਮਜ਼ਾਜ਼ ਵਾਲਾ ਇਨਸਾਨ ਹੋਣ ਕਾਰਨ ਆਮ ਲੰਬਰਦਾਰਾਂ ਵਾਂਗ ਖਾਣ-ਪੀਣ ਦਾ ਸ਼ੌਕੀਨ ਹੈ ਪਰੰਤੂ ਕਿਸੇ ਦਾ ਬੁਰਾ ਨਹੀਂ ਤੱਕਦਾ। ਗ਼ਰੀਬ ਅਮੀਰ ਹਰ ਇਕ ਪਿੰਡ ਵਾਸੀ ਦਾ ਲੰਬਰਦਾਰੀ ਨਾਲ ਸਬੰਧਤ ਕੰਮ ਉਹ ਪਹਿਲ ਦੇ ਆਧਾਰ ‘ਤੇ ਕਰਦਾ ਹੈ। ਉਸ ਦੇ ਪਿੰਡ ਵਿਚ ਕਈ ਵਿਰੋਧੀ ਵੀ ਹਨ ਇਸ ਬਾਰੇ ਉਸ ਦਾ ਕਹਿਣਾ ਹੈ ਕਿ ਮੈਂ ਕਦੀ ਕਿਸੇ ਦਾ ਬੁਰਾ ਨਹੀਂ ਸੋਚਿਆ, ਫੇਰ ਵੀ ਜੇਕਰ ਕੋਈ ਮੇਰੇ ਨਾਲ ਖ਼ੁਸ਼ ਨਹੀਂ ਤਾਂ ਮੈਨੂੰ ਉਸ ਦੀ ਕੋਈ ਪ੍ਰਵਾਹ ਨਹੀਂ
ਗ੍ਰੰਥੀ ਕਿਸ਼ਨ ਸਿੰਘ ਸੇਖੋਂ
ਚੰਨਣ ਸਿੰਘ ਸੇਖੋਂ ਦੇ ਵੱਡੇ ਲੜਕੇ ਕਿਸ਼ਨ ਸਿੰਘ ਦਾ ਜਨਮ ਉਸ ਦੇ ਪਰਿਵਾਰਕ ਸੂਤਰਾਂ ਅਨੁਸਾਰ 1921 ਈਸਵੀ ਦੇ ਲਗਪਗ ਹੋਇਆ। ਸਕੂਲੀ ਵਿਦਿਆ ਦਾ ਕੋਈ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਸੇਖੋਂ ਪਰਿਵਾਰ ਨੇ ਪੜ੍ਹਾਈ ਕਰਨ ਦੇ ਇੱਛੁਕ ਕਿਸ਼ਨ ਸਿੰਘ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪੜ੍ਹਨੇ ਪਾ ਦਿੱਤਾ। ਸੰਤਾ ਬਾਬਾ ਕੇਹਰ ਸਿੰਘ ਜੀ ਦੀ ਸ਼ਖ਼ਸੀਅਤ ਦਾ ਬਾਲਕ ਕਿਸ਼ਨ ਸਿੰਘ ਉਪਰ ਡੂੰਘਾ ਪ੍ਰਭਾਵ ਪਿਆ ਅਤੇ ਉਹ ਧਾਰਮਿਕ ਸਿਖਿਆ ਦੇ ਰੰਗ ਵਿਚ ਰੰਗਿਆ ਗਿਆ। ਪਿੰਡ ਦੇ ਗੁਰੂ ਘਰ ਵਿਚ ਨਾਮਵਰ ਪਾਠੀਆਂ ਅਤੇ ਗ੍ਰੰਥੀਆਂ ਦੀ ਸੰਗਤ ਵਿਚ ਉਹ ਛੋਟੀ ਉਮਰ ਵਿਚ ਹੀ ਆਖੰਡ ਪਾਠੀ ਬਣ ਗਿਆ। ਕੁਝ ਸਮੇਂ ਤਕ ਤਾਂ ਉਹ ਪਰਿਵਾਰ ਦੀ ਖੇਤੀ ਦੇ ਕੰਮ ਵਿਚ ਵੀ ਮਦਦ ਕਰਦਾ ਰਿਹਾ ਪਰੰਤੂ ਜਵਾਨ ਹੋਣ ਉਪਰੰਤ ਉਸ ਦਾ ਝੁਕਾਅ ਗੁਰੂ ਘਰ ਦੀ ਸੇਵਾ. ਵਿਚ ਕੁਝ ਜ਼ਿਆਦਾ ਹੀ ਹੋ ਗਿਆ। ਵਿਆਹ ਕਰਵਾਉਣ ਲਈ ਵੀ ਘਰ ਵਾਲਿਆਂ ਨੂੰ ਨਾਂਹ ਕਰ ਦਿੱਤੀ। ਪਰਿਵਾਰਕ ਜ਼ਿੰਮੇਵਾਰੀਆਂ ਆਪਣੇ ਛੋਟੇ ਭਰਾ ਕਰਤਾਰ ਸਿੰਘ ਨੂੰ ਸੌਂਪ ਪੱਕਾ ਹੀ ਗੁਰੂ ਘਰ ਨੂੰ ਸਮਰਪਿਤ ਹੋ ਗਿਆ।
ਸੰਤ ਬਾਬਾ ਕੇਹਰ ਸਿੰਘ ਜੀ ਦੇ ਵਿਸ਼ਵਾਸ ਪਾਤਰਾਂ ਅਤੇ ਅਨੰਨ ਭਗਤਾਂ ਵਜੋਂ ਜਾਣਿਆ ਜਾਣ ਵਾਲਾ ਕਿਸ਼ਨ ਸਿੰਘ ਗੁਰਦੁਆਰਾ ਸਾਹਿਬ ਦੀ ਇਕ ਸਤਿਕਾਰਤ ਹਸਤੀ ਗ੍ਰੰਥੀ ਕਿਸ਼ਨ ਸਿੰਘ ਸੇਖੋਂ ਬਹੁਤ ਹੀ ਸਾਦਗੀ ਭਰਿਆ ਅਤੇ ਉਚਾ-ਸੁੱਚਾ ਜੀਵਨ ਜੀਵਿਆ। ਰੂਹਾਨੀ ਅਤੇ ਜਸਮਾਨੀ ਤੌਰ ‘ਤੇ ਸੰਤ ਬਾਬਾ ਕੇਹਰ ਸਿੰਘ ਜੀ ਦੇ ਨੇੜੇ ਹੋਣ ਕਰਕੇ ਉਹ ਬਾਬਾ ਜੀ ਦੇ ਆਖ਼ਰੀ ਸਵਾਸਾਂ ਸਮੇਂ ਵੀ ਉਨ੍ਹਾਂ ਪਾਸ ਹਾਜ਼ਰ ਸੀ। ਪਰਿਵਾਰਕ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਾਬਾ ਜੀ ਦੇ ਗੁਰਪੁਰੀ ਸੁਧਾਰ ਜਾਣ ਉਪਰੰਤ ਕਾਫੀ ਸਮੇਂ ਤਕ ਉਹ ਜ਼ਿੰਦਗੀ ਵਿਚ ਕੁਝ ਅਧੂਰਾਪਨ ਮਹਿਸੂਸ ਕਰਦਾ ਰਿਹਾ। ਗ੍ਰੰਥੀ ਕਿਸ਼ਨ ਸਿੰਘ ਸੇਖੋਂ 2006 ਈਸਵੀ ਵਿਚ ਰੱਬ ਨੂੰ ਪਿਆਰਾ ਹੋ ਗਿਆ ਪਰੰਤੂ ਗੁਰੂ ਘਰ ਪ੍ਰਤੀ ਉਸ ਦੀ ਸ਼ਰਧਾ ਅਤੇ ਸੇਵਾ ਭਾਵ ਨੂੰ ਪਿੰਡ ਵਾਸੀ ਹਾਲੀਂ ਵੀ ਯਾਦ ਕਰਦੇ ਹਨ।
ਸੇਖੋਂ ਗੋਤ ਦੀਆਂ ਮਿੱਥਾਂ ਅਤੇ ਦੰਦ ਕਥਾਵਾਂ ਛਪਾਰ ਪਿੰਡ ਵਾਲੀ ਮੜ੍ਹੀ
ਇਕ ਦੰਦ ਕਥਾ ਅਨੁਸਾਰ ਤੇਜਪਾਲ ਸੇਖੋਂ ਦੇ ਚਾਰ ਪੁੱਤਰਾਂ ਵਿਚੋਂ ਦੋ ਜੋੜੇ ਭਰਾ ਲੱਖਣ ਅਤੇ ਝਲੱਖਣ ਸਨ। ਝਲੱਖਣ ਦਾ ਸਰੀਰ ਪਤਲਾ ਹੋਣ ਕਰਕੇ ਉਸ ਦੀ ਸ਼ਕਲ ਸੱਪ ਵਰਗੀ ਲਗਦੀ ਸੀ। ਉਨ੍ਹਾਂ ਦੀ ਮਾਂ ਲੱਖਣ ਅਤੇ ਝਲੱਖਣ ਨੂੰ ਨਾਲ ਲੈ ਕੇ ਕਪਾਹ ਚੁਗਣ ਚਲੀ ਗਈ। ਉਹ ਲੱਖਣ ਨੂੰ ਮੰਜੇ ਉਪਰ ਅਤੇ ਝਲੱਖਣ ਨੂੰ ਜ਼ਮੀਨ ‘ਤੇ ਲਿਟਾ ਕੇ ਆਪਣੇ ਕੰਮ ਵਿਚ ਰੁਝ ਗਈ। ਇਕ ਰਾਹਗੀਰ ਨੇ ਭੁਲੇਖੇ ਨਾਲ ਝਲਖਣ ਨੂੰ ਸੱਪ ਸਮਝ ਕੇ ਮਾਰ ਦਿੱਤਾ। ਜੌੜੇ ਹੋਣ ਕਾਰਨ ਕਹਿੰਦੇ ਹਨ ਲੱਖਣ ਦੀ ਵੀ ਉਸੇ ਸਮੇਂ ਮੌਤ ਹੋ ਗਈ। ਜਦੋਂ ਉਨ੍ਹਾਂ ਦੀ ਮਾਂ ਕਪਾਹ ਚੁਗ ਕੇ ਵਾਪਸ ਆਈ ਤਾਂ ਦੋਹਾਂ ਪੁੱਤਰਾਂ ਨੂੰ ਮੋਇਆ ਦੇਖ ਕੇ ਰੋਣਾ ਸ਼ੁਰੂ ਕਰ ਦਿੱਤਾ। ਸਮੇਂ ਦੇ ਰਿਵਾਜਾਂ ਅਨੁਸਾਰ ਪਰਿਵਾਰ ਵਾਲਿਆਂ ਨੇ ਦੋਹਾਂ ਮ੍ਰਿਤਕ ਭਰਾਵਾਂ ਨੂੰ ਟੋਆ ਪੁੱਟ ਕੇ ਇਕੱਠਿਆਂ ਹੀ ਧਰਤੀ ਵਿਚ ਦਬ ਦਿੱਤਾ।
ਕੁਝ ਸਮੇਂ ਬਾਅਦ ਸੇਖੋਂ ਪਰਿਵਾਰ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਦੀਵਾਨ ਸਿੰਘ ਨੂੰ ਦੋਵੇਂ ਬੱਚੇ ਸੁਪਨੇ ਵਿਚ ਦਿਖਾਈ ਦਿੱਤੇ। ਦੀਵਾਨ ਸਿੰਘ ਦੇ ਉਪਰਾਲੇ ਨਾਲ ਦੋਹਾਂ ਨੂੰ ਸ਼ਹੀਦ ਕਰਾਰ ਦੇ ਕੇ ਉਨ੍ਹਾਂ ਦੋਹਾਂ ਦੀ ਛਪਾਰ ਪਿੰਡ ਵਿਚ ਗੁੱਗੇ ਪੀਰ ਦੀ ਮੜ੍ਹੀ ਨਾਲ ਹੀ ਇਕ ਹੋਰ ਮੜ੍ਹੀ ਬਣਾ ਦਿੱਤੀ। ਇਸ ਮੜ੍ਹੀ ‘ਤੇ ਵੀ ਗੁੱਗੇ ਪੀਰ ਦੇ ਮੇਲੇ ਸਮੇਂ ਹੀ ਮੇਲਾ ਲਗਦਾ ਹੈ। ਇਸ ਮੜ੍ਹੀ ਤੋਂ ਮਿੱਟੀ ਲਿਆ ਕੇ ਲੁਧਿਆਣੇ ਨੇੜੇ ਵੀ ਪਿੰਡ ਫੂਲਾ ਸਿੰਘ ਵਿਚ ਇਨ੍ਹਾਂ ਦੀ ਮੜ੍ਹੀ ਬਣਾ ਦਿੱਤੀ ਗਈ। ਭਾਦੋਂ ਮਹੀਨੇ ਦੀ ਚੌਦੇਂ ਨੂੰ ਇਥੇ ਸੇਖੋਂ ਗੋਤ ਵਾਲੇ ਉਚੇਚੇ ਤੌਰ ‘ਤੇ ਪਹੁੰਚ ਕੇ ਮਿੱਟੀ ਕਢਦੇ ਹਨ ਅਤੇ ਮੇਲਾ ਵੀ ਲਗਦਾ ਹੈ ਜਿਸ ਨੂੰ ‘ਝਲੱਖਣ ਦਾ ਮੇਲਾ’ ਆਖਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਥੇ ਸ਼ਰਧਾ ਭਾਵਨਾ ਨਾਲ ਮਿੱਟੀ ਕੱਢੇਗਾ ਉਸ ਦੇ ਕਦੀ ਸੱਪ ਨਹੀਂ ਲੜੇਗਾ। ਛਪਾਰ ਵਿਚ ਸਿੱਧ ਸੁਲੱਖਣ ਅਤੇ ਗੁੱਗਾ ਪੀਰ ਦੋਹਾਂ ਦੀਆਂ ਹੀ ਮੜ੍ਹੀਆਂ ਦੇ ਰੂਪ ਵਿਚ ਯਾਦਗਾਰਾਂ ਬਣੀਆਂ ਹੋਈਆਂ ਹਨ।
ਲੱਖ ਫੁਲਾਣੀ ਮਾਰੀ ਸੇਖਵਾਂ ਪਰਜਾ ਹੈ ਹੈਰਾਨ
ਬੀਰ ਰਸ ਵਿਚ ਗਾਈਆਂ ਹੋਈਆਂ ਢਾਡੀ ਵਾਰਾਂ ਯੋਧਿਆਂ ਦੇ ਮਨਾਂ ਅੰਦਰ ਹੋਰ ਜੋਸ਼ ਪੈਦਾ ਕਰਦੀਆਂ ਹਨ। ਆਮ ਸਾਧਾਰਣ ਵਿਅਕਤੀ ਅੰਦਰ ਵੀ ਇਨ੍ਹਾਂ ਜੋਸ਼ੀਲੀਆਂ ਵਾਰਾਂ ਨੂੰ ਸੁਣਨ ਉਪਰੰਤ ਕੁਰਬਾਨੀ ਦਾ ਅਥਾਹ ਜਜ਼ਬਾ ਭਰ ਜਾਂਦਾ ਹੈ ਅਤੇ ਉਹ ਦੇਸ਼ ਕੌਮ ਲਈ ਕੁਝ ਵੀ ਕਰਨ ਲਈ ਜੂਝ ਜਾਣ ਵਾਸਤੇ ਤਿਆਰ ਹੋ ਜਾਂਦਾ ਹੈ। ਸੇਖੋਂ ਗੋਤ ਦੇ ਸੂਰਬੀਰ ਯੋਧਿਆਂ ਵਲੋਂ ਸਿੰਧ ਪ੍ਰਾਂਤ ਦੀ ਲੜਾਈ ਵਿਚ ਦਿਖਾਈ ਗਈ ਬਹਾਦਰੀ ਦਾ ਵਾਰ ਦੇ ਰੂਪ ਵਿਚ ਵੱਖਰਾ ਹੀ ਸਥਾਨ ਹੈ।
ਪ੍ਰਸਿੱਧ ਯੋਧੇ ਸੁਲੱਖਣ ਸੇਖੋਂ ਸਮੇਂ ਰਾਜਸਥਾਨ ਦੇ ਮਾਰਵਾੜ ਇਲਾਕੇ ਵਿਚ ਰਾਜਪੂਤ ਭੱਟੀ ਮੁਸਲਮਾਨ ਬਹੁਤ ਜ਼ੋਰ ਫੜ ਗਏ ਸਨ (ਵਰਨਣਯੋਗ ਹੈ ਕਿ ਇਹ ਭੱਟੀ ਰਾਜਪੂਤ ਮੁਸਲਮਾਨ ਪਹਿਲਾਂ ਹਿੰਦੂ ਸਨ ਅਤੇ ਬਾਅਦ ਵਿਚ ਉਨ੍ਹਾਂ ਮੁਸਲਮਾਨ ਧਰਮ ਗ੍ਰਹਿਣ ਕਰ ਲਿਆ)। ਉਸ ਇਲਾਕੇ ਦੇ ਸੇਖਾਵਤ ਹਿੰਦੂ ਰਾਜਪੂਤ ਜਿਹੜੇ ਕਿ ਆਪਣੇ ਆਪ ਨੂੰ ਸੇਖੋਂ ਭਾਈਚਾਰੇ ਨਾਲ ਸਬੰਧਤ ਹੀ ਸਮਝਦੇ ਸਨ, ਉਹ ਵੀ ਇਨ੍ਹਾਂ ਭੱਟੀ ਮੁਸਲਮਾਨਾਂ ਹੱਥੋਂ ਕਾਫੀ ਦੁਖੀ ਸਨ। ਸੁਲਖਣ ਸੇਖੋਂ ਨੇ ਸੇਖਾਵਤਾਂ ਦੀ ਮਦਦ ਲਈ ਬੇਨਤੀ ਸਵੀਕਾਰ ਕਰਦਿਆਂ ਇਨ੍ਹਾਂ ਭੱਟੀ ਮੁਸਲਮਾਨਾਂ ਨੂੰ ਸਬਕ ਸਿਖਾਉਣ ਅਤੇ ਉਨ੍ਹਾਂ ਦਾ ਇਲਾਕਾ ਹਥਿਆਉਣ ਲਈ ਕਮਰਕੱਸੇ ਕਰ ਲਏ। ਸੁਲਖਣ ਸੇਖੋਂ ਦਾ ਛੋਟਾ ਭਰਾ ਅਤੇ ਮਹਾਨ ਯੋਧਾ ਮੱਖਣ ਸੇਖੋਂ ਬੇਸ਼ਕ ਸਿੰਧ ਦੀ ਲੜਾਈ ਸਮੇਂ ਸ਼ਹੀਦ ਹੋ ਗਿਆ ਸੀ ਫੇਰ ਵੀ ਉਸ ਨੇ ਹੌਸਲਾ ਨਾ ਛੱਡਿਆ।
ਇਤਿਹਾਸਕਾਰਾਂ ਅਨੁਸਾਰ ਇਸ ਇਤਿਹਾਸਕ ਅਤੇ ਵੱਕਾਰੀ ਯੁੱਧ ਵਿਚ ਸੁਲੱਖਣ ਸੇਖੋਂ ਦੀਆਂ ਤਿੰਨ ਪੁਸ਼ਤਾਂ ਨੇ ਹਿੱਸਾ ਲਿਆ। ਇਸ ਲੜਾਈ ਵਿਚ ਸੁਲੱਖਣ ਸੇਖੋਂ ਖ਼ੁਦ ਆਪ, ਉਸ ਦੇ ਦੋਵੇਂ ਪੁੱਤਰ ਸਰਾਇ ਅਤੇ ਸਰਾਇਚ ਅਤੇ ਬਾਰਾਂ ਪੋਤਰੇ ਸ਼ਾਮਿਲ ਹੋਏ। ਬਹੁਤ ਘਮਸਾਨ ਦਾ ਯੁੱਧ ਹੋਇਆ, ਭੱਟੀਆਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ। ਸੁਲੱਖਣ ਸੇਖੋਂ ਨੇ ਭੱਟੀਆਂ ਦੇ ਸਾਰੇ ਇਲਾਕੇ ‘ਤੇ ਕਬਜ਼ਾ ਕਰ ਲਿਆ ਜਿਸ ਦੇ ਲਗਾਨ ਦੀ ਉਗਰਾਹੀ ਉਸ ਸਮੇਂ ਇਕ ਲੱਖ ਰੁਪਏ ਤੋਂ ਵੀ ਵੱਧ ਸੀ। ਢਾਡੀਆਂ ਅਤੇ ਮਰਾਸੀਆਂ ਨੇ ਸੇਖੋਂ ਭਾਈਚਾਰੇ ਦੀ ਬਹਾਦਰੀ ਭਰੀ ਵਾਰ ਜੋੜੀ:
“ਲੱਖ ਫੁਲਾਣੀ ਮਾਰੀ ਸੇਖਵਾਂ, ਪਰਜਾ ਹੈ ਹੈਰਾਨ।”
ਸਿੱਧ ਬਾਬਾ ਮੋਹਨ ਦੀ ਕਥਾ
ਸੇਖੋਂ ਗੋਤ ਵਾਲਿਆਂ ਦਾ ਜਠੇਰਾ ਬਾਬਾ ਮੋਹਨ ਸੇਖੋਂ ਭਗਤੀ ਅਤੇ ਸ਼ਕਤੀ ਦੇ ਧਾਰਨੀ ਵਜੋਂ ਜਾਣਿਆ ਜਾਂਦਾ ਸੀ। ਇਕ ਪ੍ਰਚਲਤ ਰਵਾਇਤੀ ਕਥਾ ਅਨੁਸਾਰ ਉਹ ਸੰਗਰੂਰ ਨੇੜੇ ਡੰਗਰ ਚਰਾ ਰਿਹਾ ਸੀ। ਕੁਝ ਧਾੜਵੀ ਲੁਟੇਰਿਆਂ ਨੇ ਉਸ ਉਪਰ ਅਚਾਨਕ ਹਮਲਾ ਕਰਕੇ ਉਸ ਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ। ਕਹਿੰਦੇ ਹਨ ਆਪਣੀ ‘ਸਿੱਧ ਸ਼ਕਤੀ’ ਦਾ ਪ੍ਰਦਰਸ਼ਨ ਕਰਦਾ ਹੋਇਆ ਉਹ ਬਿਨਾਂ ਸਿਰ ਦੇ ਧਾੜਵੀਆਂ ਨਾਲ ਲੜਦਾ ਰਿਹਾ ਅਤੇ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਕੇ ਡਿੱਗ ਪਿਆ। ਜਿਸ ਥਾਂ ਉਪਰ ਬਾਬਾ ਮੋਹਨ ਸੇਖੋਂ ਡਿੱਗਿਆ, ਉਸ ਜਗ੍ਹਾ ਸੇਖੋਂ ਭਾਈਚਾਰੇ ਨੇ ਮੱਠ ਦੇ ਰੂਪ ਵਿਚ ਇਕ ਪੂਜਾ ਅਸਥਾਨ ਬਣਾ ਦਿੱਤਾ।
ਦੀਵਾਲੀ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ‘ਤੇ ਸੇਖੋਂ ਗੋਤ ਵਾਲੇ ਇਥੇ ਮਠਿਆਈ ਅਤੇ ਹੋਰ ਰੂਪਾਂ ਵਿਚ ਚੜ੍ਹਾਵੇ ਚੜਾ ਕੇ ਆਪਣੇ ਸਿੱਧ ਬਾਬੇ ਦੀ ਪੂਜਾ ਕਰਦੇ ਹਨ। ਸੋਮਵਾਰ ਵਾਲੇ ਦਿਨ ਇਸ ਮੱਠ ਰੂਪੀ ਪੂਜਾ ਅਸਥਾਨ ‘ਤੇ ਨਵੀਂ ਸੂਈ ਮੱਝ ਗਾਂ ਦਾ ਦੁੱਧ ਵੀ ਪਿਆਇਆ ਜਾਂਦਾ ਹੈ।
ਸ਼ਹੀਦ ਨਿਰਮਲਜੀਤ ਸਿੰਘ ਸੇਖੋਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹਾਨ ਸਿੱਖ ਸ਼ਹੀਦਾਂ ਦੀ ਫੋਟੋ ਗੈਲਰੀ ਵਿਚ ਇਕ 26-27 ਵਰ੍ਹਿਆਂ ਦੇ ਨੌਜੁਆਨ ਦੀ ਫ਼ੋਟੋ ਭਾਰਤੀ ਹਵਾਈ ਫ਼ੌਜ ਦੀ ਵਰਦੀ ਵਿਚ ਸਥਾਪਤ ਕੀਤੀ ਗਈ ਹੈ। ਫ਼ੋਟੋ ਦੇ ਹੇਠਲੇ ਹਿੱਸੇ ਉਪਰ ਲਿਖਿਆ ਹੋਇਆ ਹੈ “ਸ਼ਹੀਦ ਫਲਾਈਂਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ।” ਜਿਸ ਨੂੰ ਸੇਖੋਂ ਭਾਈਚਾਰਾ ਬਹੁਤ ਹੀ ਸਤਿਕਾਰ ਸਹਿਤ ਦੇਖਦਾ ਹੈ।
ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਦਾਖਾ ਨੇੜਲੇ ਪਿੰਡ ਈਸੇਵਾਲ ਨਾਲ ਸਬੰਧਤ ਸੀ। ਸ਼ਹੀਦੀ ਸਮੇਂ ਸੇਖੋਂ ਭਾਰਤੀ ਹਵਾਈ ਫ਼ੌਜ ਦੇ ਨੰਬਰ 18 ਫਾਈਟਰ ਸਕੂਆਡਰਨ ਵਿਚ ਸ੍ਰੀਨਗਰ ਹਵਾਈ ਅੱਡੇ ‘ਤੇ ਤੈਨਾਤ ਸੀ। ਭਾਰਤ- ਪਾਕਿ ਜੰਗ ਸਮੇਂ 14 ਦਸੰਬਰ 1971 ਨੂੰ ਸਵੇਰੇ ਸਾਢੇ ਅੱਠ ਵਜੇ ਉਹ ਇਕੋ ਨੈਟ ਫਾਈਟਰ ਹਵਾਈ ਜਹਾਜ਼ ਨਾਲ ਪਾਕਿਸਤਾਨ ਦੇ ਛੇ ਸੈਬਰ ਜੈਟ ਫਾਈਟਰਾਂ ਨਾਲ ਲੜਿਆ। ਅੱਧ ਅਸਮਾਨੇ ਹੋਈ ਲੜਾਈ ਵਿਚ ਦੋ ਸੈਬਰੇ ਜੈਟਾਂ ਨੂੰ ਤਬਾਹ ਕਰਨ ਬਾਅਦ ਸੇਖੋਂ ਦਾ ਨੈਟ ਫਾਈਟਰ ਵੀ ਤਬਾਹ ਹੋ ਕੇ ਡਿੱਗ ਪਿਆ ਅਤੇ ਉਹ ਸ਼ਹੀਦੀ ਦਾ ਜਾਮ ਪੀ ਗਿਆ। ਜਹਾਜ਼ਾਂ ਦੇ ਅੱਧ ਅਮਸਾਨੇ ਹੋਈ ਇਹ ਖ਼ੌਫ਼ਨਾਕ ਲੜਾਈ ਦੁਨੀਆਂ ਦੀ ਹਵਾਈ ਜਹਾਜ਼ਾਂ ਦੀਆਂ ਅਧ ਅਸਮਾਨੇ ਹੋਈਆਂ ਪਹਿਲੀਆਂ ਦਸ ਖ਼ਤਰਨਾਕ ਲੜਾਈਆਂ ਵਿਚ ਸ਼ਾਮਿਲ ਹੈ। ਭਾਰਤ ਸਰਕਾਰ ਨੇ ਸੇਖੋਂ ਦੇ ਬਹਾਦਰੀ ਭਰੇ ਅਤੇ ਸਾਹਸੀ ਕਾਰਨਾਮੇ ਦੇ ਇਵਜ਼ ਵਿਚ ਉਸ ਨੂੰ ਭਾਰਤੀ ਹਵਾਈ ਫ਼ੌਜ ਦੇ ਕਿਸੇ ਵੀ ਰੈਂਕ ਨੂੰ ਮਿਲਣ ਵਾਲੇ ਪਹਿਲੇ ਪਰਮਵੀਰ ਚੱਕਰ ਨਾਲ ਨਿਵਾਜ਼ਿਆ। ਭਾਰਤ ਦੇ ਡਾਕ-ਤਾਰ ਵਿਭਾਗ ਨੇ ਉਸ ਦੀ ਯਾਦ ਵਿਚ ਤਿੰਨ ਰੁਪਏ ਦੀ ਡਾਕ-ਟਿਕਟ ਜਾਰੀ ਕੀਤੀ। ਸ਼ਹੀਦ ਫਲਾਈਂਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਸਿਰਫ਼ ਸੇਖੋਂ ਭਾਈਚਾਰੇ ਲਈ ਹੀ ਨਹੀਂ ਸਗੋਂ ਸਾਰੇ ਭਾਰਤ ਲਈ ਕੁਰਬਾਨੀ ਦਾ ਰੋਲ ਮਾਡਲ ਹੈ।
ਪਿੰਡ ਦੇ ਬਾਣੀਏਂ ਅਤੇ ਅਰੋੜੇ
ਬਾਣੀਆਂ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਬਨਜਿਯਾ’ ਤੋਂ ਉਤਪਤ ਹੋਇਆ ਜਿਸ ਦਾ ਅਰਥ ਹੈ, ਵਣਜ ਕਰਨ ਵਾਲਾ। ਕੁਝ ਇਤਿਹਾਸਕਾਰ ਇਨ੍ਹਾਂ ਨੂੰ ਕਿਸੇ ਸਮੇਂ ਹਰਿਆਣਾ ਦੇ ਹੁਕਮਰਾਨ ਰਹੇ ਅਗਰਸੈਨ ਨਾਲ ਜੋੜਦੇ ਹਨ ਪਰੰਤੂ ਕੁਝ ਵਿਦਵਾਨ ਇਨ੍ਹਾਂ ਨੂੰ ਗੁਪਤਾ ਵੰਸ਼ ਨਾਲ ਜੋੜ ਕੇ ਭਾਰਤੀ ਇਤਿਹਾਸ ਦਾ ‘ਸੁਨਹਿਰੀ ਯੁਗ’ ਦੇ ਮਹਾਨ ਸਮਰਾਟਾਂ ਚੰਦਰਗੁਪਤ, ਵਿਕਰਮਦਿਤਯ ਅਤੇ ਸਿਕੰਦਰ ਗੁਪਤ ਦੇ ਉਤਰ ਅਧਿਕਾਰੀ ਮੰਨਦੇ ਹਨ। ਇਨ੍ਹਾਂ ਸਮਰਾਟਾਂ ਨੇ ਚੌਥੀ ਅਤੇ ਪੰਜਵੀਂ ਸਦੀ ਵਿਚ ‘ਹੂਨਾਂ’ ਪਾਸੋਂ ਹਾਰ ਖਾਣ ਤਕ ਭਾਰਤ ਦੇ ਵੱਡੇ ਹਿੱਸੇ ‘ਤੇ ਰਾਜ ਕੀਤਾ।
ਧਾਰਮਿਕ ਵੰਡਾਂ ਅਨੁਸਾਰ ਬਾਣੀਏਂ ਜੈਨੀ, ਮਹੇਸ਼ਵਰੀ, ਸ਼ੈਵ ਅਤੇ ਵੈਸ਼ਨਵ ਆਦਿ ਵਰਗਾਂ ਵਿਚ ਵੰਡੇ ਹੋਏ ਹਨ। ਗੋਤਾਂ ਦੀ ਵੰਡ ਅਨੁਸਾਰ ਇਨ੍ਹਾਂ ਦੇ ਮੁਖ ਗੋਤ ਅਗਰਵਾਲ, ਸਰਾਲੀਆਂ, ਸ਼ੈਵ ਅਤੇ ਓਸਵਾਲ ਹਨ। ਅੱਗੇ ਇਨ੍ਹਾਂ ਗੋਤਾਂ ਦੀ ਵੰਡ ਸਬ-ਗੋਤਾਂ ਵਿਚ ਹੋ ਚੁੱਕੀ ਹੈ। ਵਪਾਰ ਦੇ ਖੇਤਰ ਵਿਚ ਬਾਣੀਆ ਜਾਤੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ। ਪੜ੍ਹਾਈ ਲਿਖਾਈ ਅਤੇ ਰਾਜਨੀਤੀ ਵਿਚ ਵੀ ਇਨ੍ਹਾਂ ਕਾਫੀ ਪ੍ਰਾਪਤੀਆਂ ਕੀਤੀਆਂ ਹਨ।
ਜਨੇਰ ਨਾਲ ਬਾਣੀਆਂ ਜਾਤੀ ਦਾ ਪੁਰਾਣਾ ਵਾਹ ਵਾਸਤਾ ਰਿਹਾ ਹੈ। ਗੁਪਤਾ ਵੰਸ਼ ਦੇ ਰਾਜ ਭਾਗ ਦਾ ਸਮਾਂ ਜਿਸ ਨੂੰ ਭਾਰਤੀ ਇਤਿਹਾਸ ਵਿਚ ਸੁਨਹਿਰੀ ਯੁਗ ਵਜੋਂ ਜਾਣਿਆ ਜਾਂਦਾ ਹੈ ਪੁਰਾਤਨ ਜਨੇਰ ਵਾਸੀਆਂ (ਜਦੋਂ ਇਸ ਦਾ ਨਾਮ ‘ਜਜਨੇਰ’ ਸੀ) ਲਈ ਇਹ ‘ਕਾਲਾਯੁਗ’ ਹੋ ਨਿਬੜਿਆ ਜਦੋਂ ਗੁਪਤਾ ਵੰਸ਼ ਦੇ ਰਾਜੇ ਰਾਮ ਗੁਪਤ ਨੇ ਨਗਰ ਨੂੰ ਤਬਾਹ ਕਰ ਦਿੱਤਾ ਸੀ। ਤਬਾਹੀ ਦਾ ਕਾਰਨ ਗੁਪਤਾ ਵੰਸ਼ ਦੀ ਰਾਣੀ ਸੀ (ਘਟਨਾ ਦਾ ਵਿਸਥਾਰ ਪਿੱਛੇ ਲਿਖ ਚੁੱਕੇ ਹਾਂ)।
ਪਿੰਡ ਦਾ ਮੌਜੂਦਾ ਬਾਣੀਆ ਪਰਿਵਾਰ ਉਨ੍ਹਾਂ ਦੇ ‘ਅਗਰਵਾਲ’ ਉਪ ਗੋਤ ਨਾਲ ਸਬੰਧਤ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਜਨੇਰ ਦੇ ਅਗਰਵਾਲ ਵੀ 1760 ਈਸਵੀ ਤੋਂ ਬਾਅਦ ਹੀ ਆ ਕੇ ਪਿੰਡ ਵਿਚ ਵਸੇ ਸਨ। ਇਨ੍ਹਾਂ ਦੀ ਵਸੋਂ ਸੇਖੋਂ ਪੱਤੀ ਦੇ ਘਰਾਂ ਵਿਚ ਸੀ।
ਬਿਸ਼ਨ ਦਾਸ ਅਤੇ ਸੰਤ ਰਾਮ ਦੋਹਾਂ ਦੇ ਘਰ ਅਤੇ ਦੁਕਾਨਾਂ ਪਿੰਡ ਦੇ ਐਨ. ਵਿਚਕਾਰ ਸਨ। ਬਿਸ਼ਨ ਦਾਸ ਦੇ ਵੱਡੇ ਲੜਕੇ ਠਾਕਰ ਦਾਸ ਨੇ ਮੋਗਾ ਪੁਰਾਣੀ ਦਾਣਾ ਮੰਡੀ ਵਿਚ ਆੜ੍ਹਤ ਦੀ ਦੁਕਾਨ ਕਰ ਲਈ ਸੀ। ਲੰਮਾ ਸਮਾਂ ਉਹ ਆੜ੍ਹਤ ਦੀ ਦੁਕਾਨ ਕਰਦਾ ਰਿਹਾ ਅਤੇ ਪੱਕਾ ਮੋਗਾ ਨਿਵਾਸੀ ਬਣ ਗਿਆ। ਉਸ ਦੇ ਲੜਕਿਆਂ ਨੇ ਆੜਤ ਦਾ ਕਾਰੋਬਾਰ ਨਾ ਕੀਤਾ ਸਗੋਂ ਸਪੇਅਰ ਪਾਰਟਸ ਦੀਆਂ ਦੁਕਾਨਾਂ ਅਤੇ ਹੋਰ ਕਾਰੋਬਾਰਾਂ ਵਿਚ ਪੈ ਗਏ। ਉਨ੍ਹਾਂ ਜਨੇਰ ਵੀ ਘੱਟ ਹੀ ਗੇੜਾ ਮਾਰਿਆ। ਬਿਸ਼ਨ ਦਾਸ ਦੇ ਛੋਟੇ ਲੜਕੇ ਹੰਸ ਰਾਜ ਨੇ ਕੁਝ ਸਮਾਂ ਤਾਂ ਪਿੰਡ ਵਿਚ ਦੁਕਾਨਦਾਰੀ ਕੀਤੀ ਪਰੰਤੂ ਬਾਅਦ ਵਿਚ ਉਹ ਆਪਣੇ ਛੋਟੇ ਲੜਕੇ ਪਾਸ ਮੋਗੇ ਹੀ ਰਹਿਣ ਲੱਗ ਪਿਆ। ਉਸ ਦਾ ਵੱਡਾ ਲੜਕਾ ਮੁਹਿੰਦਰ ਪਾਲ ਹੁਸ਼ਿਆਰਪੁਰ ਵਿਖੇ ਪੰਜਾਬ ਟਿਊਬਵੈਲ ਕਾਰਪੋਰੇਸ਼ਨ ਵਿਚ ਐਸ.ਡੀ.ਓ ਸੀ ਅਤੇ ਰਿਟਾਇਰਮੈਂਟ ਤੋਂ ਬਾਅਦ ਉਥੇ ਹੀ ਵਸ ਗਿਆ। ਸੰਤ ਰਾਮ ਦਾ ਕੋਈ ਲੜਕਾ ਨਹੀਂ ਸੀ ਅਤੇ ਬੁਢੇਪੇ ਸਮੇਂ ਉਹ ਆਪਣੀਆਂ ਲੜਕੀਆਂ ਪਾਸ ਰਹਿਣ ਲੱਗ ਪਿਆ ਅਤੇ ਜ਼ਿੰਦਗੀ ਦੇ ਆਖ਼ਰੀ ਪਲ ਲੜਕੀਆਂ ਪਾਸ ਹੀ ਗੁਜ਼ਾਰੇ।
ਇਸੇ ਪਰਿਵਾਰ ਨਾਲ ਸਬੰਧਤ ਮਾਘੀ ਰਾਮ ਦਾ ਪੁੱਤਰ ਰਾਜ ਸੀ ਜਿਸ ਨੂੰ ਸਾਰੇ ਰਾਜ ਮਹਾਜਨ ਆਖਦੇ ਸਨ। ਉਹ ਪਿੰਡ ਵਿਚ ਦੁਕਾਨਦਾਰੀ ਕਰਦਾ ਸੀ। ਕਿਸੇ ਸਮੇਂ ਉਹ ਹੀ ਸਾਰੇ ਪਿੰਡ ਵਿਚ ਪੜ੍ਹਿਆ ਲਿਖਿਆ ਅਤੇ ਉਰਦੂ ਭਾਸ਼ਾ ਤੋਂ ਜਾਣੂ ਹੋਣ ਕਰਕੇ ਪਿੰਡ ਵਾਸੀਆਂ ਦੇ ਲਿਖਤ ਪੜ੍ਹਤ ਵਾਲੇ ਸਾਰੇ ਕੰਮ ਉਹੀ ਕਰਦਾ ਸੀ। ਆਤਮਾ ਰਾਮ ਵੀ ਇਸੇ ਪਰਿਵਾਰ ਨਾਲ ਸਬੰਧਤ ਸੀ। ਕਿਸੇ ਸਮੇਂ ਮੋਗੇ ਸ਼ਹਿਰ ਦਾ ਮਸ਼ਹੂਰ ਰਿਹਾ ਆੜ੍ਹਤੀਆ ਰਿਖੀ ਰਾਮ ਵੀ ਜਨੇਰ ਪਿੰਡ ਨਾਲ ਹੀ ਸਬੰਧਤ ਸੀ ਪਰੰਤੂ ਉਸ ਦੇ ਕੋਈ ਔਲਾਦ ਨਾ ਹੋਣ ਕਾਰਨ ਉਸ ਦੀ ਜ਼ਿੰਦਗੀ ਦੇ ਨਾਲ ਹੀ ਆੜ੍ਹਤ ਦਾ ਵੀ ਭੋਗ ਪੈ ਗਿਆ। ਇਨ੍ਹਾਂ ਪਰਿਵਾਰਾਂ ਦੀ ਜ਼ਮੀਨ ਵੀ ਪਿੰਡ ਵਿਚ ਹੁੰਦੀ ਸੀ ਜਿਸ ਵਿਚ ਖੂਹ ਵੀ ਲੱਗਿਆ ਹੋਇਆ ਸੀ ਜਿਸ ਨੂੰ ਪੂਰੇ ਜਾਣ ਬਾਅਦ ਸਾਰੇ ਬੋੜਾ ਖੂਹ ਆਖਦੇ ਸਨ। ਸਾਰਿਆਂ ਨੇ ਆਪਣੀ ਜਾਇਦਾਦ, ਘਰ ਬਾਰ ਵੇਚ ਦਿੱਤੇ ਅਤੇ ਹੋਰ ਥਾਵਾਂ ‘ਤੇ ਚਲੇ ਗਏ। ਇਸ ਅਗਰਵਾਲ ਪਰਿਵਾਰ ਦੇ ਵੱਡੀ ਉਮਰ ਵਾਲੇ ਚੜ੍ਹਾਈ ਕਰ ਚੁੱਕੇ ਹਨ, ਨਵੀਂ ਪੀੜ੍ਹੀ ਨੂੰ ਜਨੇਰ ਨਾਲ ਕੋਈ ਮੋਹ ਪਿਆਰ ਨਹੀਂ ਹੈ।
ਅਰੋੜੇ
ਅਰੋੜਾ ਬਹੁਤ ਹੀ ਉਦਮੀ, ਮਿਹਨਤੀ, ਸਿਆਣੀ ਅਤੇ ਵਪਾਰਕ ਸੋਚ ਰੱਖਣ ਵਾਲੀ ਜਾਤ ਹੈ। ਕਿਸੇ ਸਮੇਂ ਪੱਛਮੀ ਪੰਜਾਬ ਵਿਚ ਬਹਾਲਪੁਰ ਤੋਂ ਲੈ ਕੇ ਸਿੰਧ ਤਕ ਇਨ੍ਹਾਂ ਦੀ ਸੰਘਣੀ ਵਸੋਂ ਸੀ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਸੇ ਅਰੋੜੇ ਦੇਸ਼ ਦੀ ਵੰਡ ਤੋਂ ਬਾਅਦ ਪੱਛਮੀ ਪੰਜਾਬ ਵਿਚੋਂ ਹੀ ਆਏ ਹਨ। ਭਾਈ ਕਾਹਨ ਸਿੰਘ ਨਾਭਾ ਅਰੋੜਿਆਂ ਬਾਰੇ ਲਿਖਦੇ ਹਨ, “ਅਰੋੜੇ ਖੱਤਰੀਆਂ ਵਿਚੋਂ ਨਿਕਲੀ ਇਕ ਵਪਾਰ ਕਰਨ ਵਾਲੀ ਜਾਤੀ, ਸਿੰਧ ਵਿਚ ਸੱਖਰ ਜ਼ਿਲ੍ਹੇ ਦੇ ਰੋਹੜੀ ਪਰਗਨੇ ਵਿਚ ਇਕ ‘ਅਰੋਰ’ ਪਿੰਡ ਹੈ, ਜਿਸ ਤੋਂ ਨਿਕਾਸ ਹੋਣ ਕਰਕੇ ਇਹ ਸੰਗਿਆ ਹੋ ਗਈ। ਵਪਾਰ ਵਿਚ ਛੋਟੇ ਤੋਂ ਛੋਟੇ ਕੰਮ ਤੋਂ ਲੈ ਕੇ ਵੱਡੇ ਤੋਂ ਵੱਡੇ ਵਪਾਰੀਆਂ ਵਿਚ ਇਨ੍ਹਾਂ ਦੀ ਗਿਣਤੀ ਹੈ। ਕੁਝ ਅਰੋੜੇ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ। ਅਜੋਕੇ ਸਮੇਂ ਵਿਚ ਅਰੋੜਿਆਂ ਨੇ ਬਹੁਤ ਤਰੱਕੀ ਕੀਤੀ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਵਪਾਰੀ, ਡਾਕਟਰ, ਇੰਜਨੀਅਰ, ਸਾਇੰਸਦਾਨ, ਲੇਖਕ, ਰਾਜਨੀਤਕ ਨੇਤਾ ਅਤੇ ਫ਼ੈਕਟਰੀਆਂ ਦੇ ਮਾਲਕ ਹਨ।
ਜਨੇਰ ਵਿਚ ਅਰੋੜਿਆਂ ਦੇ ਪਰਿਵਾਰ ਪਾਕਿਸਤਾਨ ਤੋਂ ਬਾਅਦ ਹੀ ਆਏ, ਸਭ ਤੋਂ ਪਹਿਲਾਂ ਮੋਤੀ ਲਾਲ ਆਪਣੇ ਪਰਿਵਾਰ ਨਾਲ ਪਿੰਡ ਵਿਚ ਪੱਕੇ ਤੌਰ ‘ਤੇ ਰਹਿਣ ਲਈ ਆਇਆ। ਮਾਸਟਰ ਅਜੈਬ ਸਿੰਘ ਦੇ ਖਾਲੀ ਪਏ ਘਰ ਵਿਚ ਮਸੀਤ ਦੇ ਨੇੜੇ ਉਸ ਨੇ ਰਹਾਇਸ਼ ਵੀ ਕਰ ਲਈ ਅਤੇ ਦੁਕਾਨ ਵੀ ਕਰ ਲਈ ਪਰੰਤੂ ਉਸ ਦੇ ਲੜਕਿਆਂ ਮੋਹਨ ਲਾਲ ਅਤੇ ਬਾਸ਼ੂ ਨੂੰ ਕੁਝ ਅੱਛਾ ਨਾ ਲੱਗਿਆ ਅਤੇ ਕਿਸੇ ਰਿਸ਼ਤੇਦਾਰ ਪਾਸ ਪਲਾਇਨ
ਕਰ ਗਏ।
ਕੁਝ ਸਮਾਂ ਬਾਅਦ ਦੌਲਤ ਰਾਮ ਗਰੋਵਰ ਪਰਿਵਾਰ ਸਹਿਤ ਪਿੰਡ ਵਿਚ ਆ ਕੇ ਵਸ ਗਿਆ। ਪੰਜਵੀਂ ਪੱਤੀ ਵਿਚ ਉਸ ਨੇ ਮਕਾਨ ਵੀ ਬਣਾ ਲਿਆ ਅਤੇ ਦੁਕਾਨਦਾਰੀ ਵੀ ਕਰ ਲਈ। ਉਸ ਦੇ ਲੜਕੇ ਦੁਕਾਨਦਾਰੀ ਕਰਦੇ ਅਤੇ ਆਪ ਉਹ ਸਾਈਕਲ ‘ਤੇ ਫੇਰੀ ਪਾ ਕੇ ਸਬਜ਼ੀ ਵੇਚਦਾ ਹੁੰਦਾ ਸੀ। ਉਸ ਦਾ ਪਰਿਵਾਰੀ ਕਾਫੀ ਵਧਿਆ ਫੁਲਿਆ। ਉਸ ਦੇ ਦੋ ਲੜਕਿਆਂ ਕਿਸ਼ਨ ਚੰਦ ਅਤੇ ਬਲਦੇਵ ਰਾਜ ਦਾ ਪਰਿਵਾਰ ਤਾਂ ਹਾਲੇ ਵੀ ਜਨੇਰੀ ਵਸਦਾ ਹੈ ਅਤੇ ਸਫ਼ਲ ਦੁਕਾਨਦਾਰ ਹਨ। ਉਸ ਦੇ ਕੁਝ ਪਰਿਵਾਰਕ ਮੈਂਬਰ ਮੋਗਾ ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ ਵਸ ਗਏ।
ਹੁਕਮ ਚੰਦ ਵੀ ਕੁਝ ਸਮੇਂ ਬਾਅਦ ਜਨੇਰ ਵਿਚ ਆ ਵਸਿਆ। ਸਿੱਧੂ ਪੱਤੀ ਵਿਚ ਉਸ ਦੇ ਪਰਿਵਾਰ ਨੇ ਮਕਾਨ ਵੀ ਬਣਾ ਲਿਆ ਅਤੇ ਦੁਕਾਨਾਂ ਵੀ ਪਾ ਲਈਆਂ ਪਰੰਤੂ ਕੁਝ ਸਮੇਂ ਬਾਅਦ ਉਸ ਦਾ ਛੋਟਾ ਲੜਕਾ ਤਿਲਕ ਰਾਜ ਦਿੱਲੀ ਜਾ ਵਸਿਆ। ਵੱਡੇ ਲੜਕੇ ਚਮਨ ਲਾਲ ਨੇ ਮੋਗੇ ਸ਼ਹਿਰ ਵਿਚ ਆਪਣਾ ਕਾਰੋਬਾਰ ਕਰ ਲਿਆ ਅਤੇ ਕੁਝ ਸਮੇਂ ਬਾਅਦ ਪੱਕਾ ਹੀ ਮੋਗਾ ਵਾਸੀ ਬਣ ਗਿਆ।
ਸਬਜ਼ੀ ਵਾਲਾ ਦੌਲਤ ਰਾਮ ਗਰੋਵਰ
ਗ਼ਰੀਬੀ ਦੇ ਆਲਮ ਵਿਚੋਂ ਗੁਜ਼ਰਦਿਆਂ ਵੀ ਕਈ ਇਨਸਾਨ ਆਪਣੀ ਮਿੱਠੀ ਬੋਲੀ, ਨਿਮਰਤਾ, ਹੱਸਮੁਖ ਸੁਭਾ, ਦੁਖ-ਸੁਖ ਦੇ ਸਾਂਝੀਵਾਲ ਅਤੇ ਮੁਸੀਬਤਾਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਵਾਲੇ ਉਤਮ ਗੁਣਾਂ ਦੇ ਧਾਰਨੀ ਹੋਣ ਕਰਕੇ ਲੋਕਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਲੈਂਦੇ ਹਨ। ਪਾਕਿਸਤਾਨ ਵਿਚੋਂ ਉਜੜ ਕੇ ਆਇਆ ਦੌਲਤ ਰਾਮ ਗਰੋਵਰ ਉਪਰੋਕਤ ਉਚ ਗੁਣਾਂ ਦਾ ਧਾਰਨੀ ਹੋਣ ਕਰਕੇ ਥੋੜ੍ਹੇ ਸਮੇਂ ਵਿਚ ਹੀ ਉਹ ਪਿੰਡ ਵੀਆਂ ਵਿਚ ਇਜ ਘੁਲ ਮਿਲ ਗਿਆ ਜਿਵੇਂ ਉਹ ਜਨੇਰ ਵਿਚ ਹੀ ਜੰਮਿਆ ਅਤੇ ਵੱਡਾ ਹੋਇਆ ਹੋਵੇ।
ਜਨੇਰ ਪਹੁੰਚਣ ਤੋਂ ਕੁਝ ਸਮਾਂ ਬਾਅਦ ਹੀ ਉਸ ਨੇ ਨੇੜਲੇ ਸ਼ਹਿਰ ਮੋਗਾ ਤੋਂ ਸਾਈਕਲ ‘ਤੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸਬਜ਼ੀ ਮੰਡੀ ਤੋਂ ਸਬਜ਼ੀ ਖ਼ਰੀਦ ਕੇ ਲੈ ਆਉਣੀ ਅਤੇ ਨੇੜਲੇ ਪਿੰਡਾਂ ਰਜੀਵਾਲ, ਔਗੜ੍ਹ, ਵਰ੍ਹੇ ਅਤੇ ਗਗੜੇ ਆਦਿ ਵਿਚ ਵੇਚਣ ਦਾ ਧੰਦਾ ਅਪਣਾਇਆ। ਲੋਕ ਉਸ ਦੀ ਸਬਜ਼ੀ ਪੈਸਿਆਂ ਨਾਲ ਘਟ ਪਰੰਤੂ ਦਾਣਿਆਂ ਵੱਟੇ ਵਟਾ ਕੇ ਜ਼ਿਆਦਾ ਖ਼ਰੀਦਦੇ ਸਨ। ਇਸ ਤਰ੍ਹਾਂ ਉਸ ਨੂੰ ਦੂਹਰੀ ਆਮਦਨ ਹੋ ਗਈ। ਥੋੜ੍ਹੇ ਸਮੇਂ ਵਿਚ ਹੀ ਉਸ ਦੀ ਆਮਦਨ ਵਿਚ ਕਾਫੀ ਵਾਧਾ ਹੋ ਗਿਆ ਅਤੇ ਪਿੰਡ ਵਿਚ ਆਪਣਾ ਮਕਾਨ ਵੀ ਬਣਾ ਲਿਆ। ਮਕਾਨ ਦੇ ਅੱਗੇ ਹੀ ਉਸ ਨੇ ਕਰਿਆਨੇ ਦੀ ਦੁਕਾਨ ਵੀ ਖੋਲ੍ਹ ਦਿੱਤੀ। ਪਿਤਾ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਉਸ ਦੇ ਲੜਕਿਆਂ ਕਿਸ਼ਨ ਚੰਦ ਅਤੇ ਬਲਦੇਵ ਰਾਜ ਨੇ ਕਰਿਆਨੇ ਦੀ ਦੁਕਾਨਦਾਰੀ ਨੂੰ ਹੋਰ ਵੀ ਵਧਾ ਲਿਆ। ਉਸ ਦੇ ਦੂਜੇ ਲੜਕਿਆਂ ਨੇ ਵੀ ਨੇੜਲੇ ਪਿੰਡਾਂ ਵਿਚ ਦੁਕਾਨਦਾਰੀ ਕਰ ਲਈ। ਦੌਲਤ ਰਾਮ ਦੀ ਸਖ਼ਤ ਮਿਹਨਤ ਦੇ ਫ਼ਲਸਰੂਪ ਉਸ ਦਾ ਪਰਿਵਾਰ ਅੱਜਕਲ੍ਹ ਪੂਰੀ ਤਰ੍ਹਾਂ ਸੈੱਟ ਹੈ।
ਦੌਲਤ ਰਾਮ ਗਰੋਵਰ ਬਹੁਤ ਹੀ ਮਿਹਨਤੀ ਇਨਸਾਨ ਸੀ। ਮੀਂਹ ਹੋਵੇ ਜਾਂ ਹਨ੍ਹੇਰੀ, ਗਰਮੀ ਹੋਵੇ ਜਾਂ ਸਰਦੀ ਉਹ ਵੱਡੇ ਤੜਕੇ ਜਾਗਦਾ, 12-13 ਮੀਲ ਸਾਈਕਲ ‘ਤੇ ਆਉਣ ਜਾਣ ਕਰਕੇ ਸੂਰਜ ਨਿਕਲਣ ਤੋਂ ਪਹਿਲਾਂ ਪਿੰਡ ਪਹੁੰਚ ਜਾਂਦਾ। ਉਸ ਦਾ ਸੁਭਾ ਬਹੁਤ ਹੀ ਨਿੱਘਾ ਸੀ ਜਦੋਂ ਕਿਸੇ ਗਾਹਕ ਇਹ ਕਹਿਣਾ ਕਿ ਤੇਰੇ ਲਈ ਅੱਜ ਪੈਸੇ ਜਾਂ ਦਾਣੇ ਨਹੀਂ ਹਨ ਤਾਂ ਉਸ ਨੇ ਅੱਗੋਂ ਕਹਿਣਾ, “ਮੈਂ ਕਿਹੜਾ ਦਾਣੇ ਜਾਂ ਪੈਸੇ ਮੰਗ ਰਿਹਾ ਹਾਂ ਮੈਂ ਤਾਂ ਸਬਜ਼ੀ ਦੇ ਰਿਹਾ ਹਾਂ।” ਇਨ੍ਹਾਂ ਗੱਲਾਂ ਨਾਲ ਉਹ ਭਾਈਚਾਰੇ ਦੇ ਲੋਕਾਂ ਦੇ ਦਿਲਾਂ ਵਿਚ ਵਸ ਜਾਂਦਾ। ਪਿੰਡ ਕਿਸੇ ਦੇ ਘਰ ਜਦੋਂ ਕੋਈ ਖ਼ੁਸ਼ੀ ਗ਼ਮੀ ਹੁੰਦੀ ਤਾਂ ਉਹ ਹਾਜ਼ਰੀ ਜ਼ਰੂਰ ਭਰਦਾ। ਇਕੱਲੇ ਜਨੇਰ ਵਿਚ ਨਹੀਂ ਸਗੋਂ ਪਿਆਰ ਮੁਹੱਬਤ ਦਾ ਬੀਜ ਉਹ ਗੁਆਂਢੀ ਪਿੰਡਾਂ ਰਜੀਵਾਲ, ਔਗੜ, ਵਰ੍ਹੇ ਅਤੇ ਗਗੜੇ ਵਿਚ ਵੀ ਬੀਜ ਗਿਆ। ਪਿੰਡ’ਚ ਧੀ, ਭੈਣ ਜਾਂ ਮਾਤਾ ਨੂੰ ਉਸ ਦੀ ਉਮਰ ਮੁਤਾਬਿਕ ਰੁਤਬੇ ਨਾਲ ਬੋਲਣਾ, ਗਭਰੂਆਂ ਨਾਲ ਪਿਆਰ ਅਤੇ ਬਜ਼ੁਰਗਾਂ ਨੂੰ ਸਤਿਕਾਰ ਦੇਣਾ ਉਸ ਦੇ ਉਚਤਮ ਵਿਅਕਤੀਤਵ ਦੀ ਮੂੰਹ ਬੋਲਦੀ ਤਸਵੀਰ ਸੀ। ਅੱਜ ਵੀ ਪਿੰਡ ਵਾਸੀ ਦੌਲਤ ਰਾਮ ਗਰੋਵਰ ਨੂੰ ਉਸ ਦੇ ਉਚੇ ਕਿਰਦਾਰ ਸਦਕਾ ਯਾਦ ਕਰਦੇ ਹਨ।
ਬ੍ਰਾਹਮਣ (ਪੰਡਤ)
ਜੁਗਾਂ-ਜੁਗਾਂਤਰਾਂ ਤੋਂ ਭਾਰਤ ਦੇ ਲਗਪਗ ਹਰ ਇਕ ਕੋਨੇ ਵਿਚ ਹੀ ਬ੍ਰਾਹਮਣ ਵੱਡੀ ਗਿਣਤੀ ਵਿਚ ਵਸਦੇ ਰਹੇ ਹਨ ਅਤੇ ਹੁਣ ਵੀ ਵਸੇ ਹੋਏ ਹਨ। ਦੇਸ਼ ਦੇ ਵੱਖ-ਵੱਖ ਖਿੱਤਿਆਂ ਵਿਚ ਇਨ੍ਹਾਂ ਨੂੰ ਵੱਖ-ਵੱਖ ਗੋਤਾਂ, ਵੇਦਾਂ ਅਤੇ ਪੁਰਾਣਾਂ ਵਿਚਲੇ ਨਾਵਾਂ ਦੇ ਆਧਾਰ ‘ਤੇ ਸੰਗਿਆ ਦਿੱਤੀ ਗਈ ਹੈ। ਉਦਾਹਰਣ ਦੇ ਤੌਰ ‘ਤੇ ਉਤਰੀ ਭਾਰਤ ਵਿਚ ਪੰਡਤ, ਪੂਰਬੀ ਖੇਤਰ ਵਿਚ ਪ੍ਰੋਹਿਤ, ਪੱਛਮ ਦੇ ਕੁਝ ਖੇਤਰਾਂ ਵਿਚ ਸ਼ਰਾਸਟ ਅਤੇ ਦੱਖਣ ਵਿਚ ਨਮੁਦਰੀ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ। ਬ੍ਰਾਹਮਣ ਸ਼ਬਦ ਦਾ ਵਿਸ਼ਲੇਸ਼ਨ ਕਰੀਏ ਤਾਂ ਇਸ ਦੇ ਅਰਥ ਹਨ, ਬ੍ਰਹਮ ਨੂੰ ਜਾਨਣ ਵਾਲਾ, ਬੁੱਧੀਮਾਨ, ਗਿਆਨਵਾਨ ਅਤੇ ਵੇਦ ਪੜ੍ਹਨ ਵਾਲਾ।
ਪੁਰਾਤਨ ਸਮੇਂ ਧਾਰਮਿਕ ਪੱਖੋਂ ਬ੍ਰਾਹਮਣ ਹਿੰਦੂ ਧਰਮ ਵਿਚ ਸਭ ਤੋਂ ਉੱਚਾ ਵਰਣ ਸਮਝਿਆ ਜਾਂਦਾ ਸੀ ਅਤੇ ਹੁਣ ਕੁਝ ਨਵੇਂ ਧਰਮਾਂ ਦੇ ਹੋਂਦ ਵਿਚ ਆ ਜਾਣ ਬਾਅਦ ਵੀ ਇਹ ਪਰੰਪਰਾ ਜਾਰੀ ਹੈ। ਭਾਰਤ ਵਿਚ ਪੈਦਾ ਹੋਏ ਰਿਸ਼ੀ-ਮੁਨੀਆਂ ਵਿਚੋਂ ਬਹੁਤਿਆਂ ਨੂੰ ਬ੍ਰਾਹਮਣ ਵਰਗ ਵਿਚ ਹੀ ਗਿਣਿਆ ਜਾਂਦਾ ਸੀ। ਕੁਝ ਇਤਿਹਾਸਕਾਰ ਬ੍ਰਾਹਮਣਵਾਦ ਦੀ ਮਨੂੰ ਸਮ੍ਰਿਤੀ ਅਤੇ ਕੁਟਲਨੀਤੀ ਦੇ ਅਰਥ ਸ਼ਾਸਤਰਾਂ ਦਾ ਵਿਰੋਧ ਕਰਦੇ ਹੋਏ ਆਪਣੀ ਰਾਇ ਪ੍ਰਗਟ ਕਰਦੇ ਹਨ ਕਿ ਇਨ੍ਹਾਂ ਦੀਆਂ ਬ੍ਰਾਹਮਣਵਾਦੀ ਨੀਤੀਆਂ ਭਾਰਤ ਦੇ ਵਿਕਾਸ ਵਿਚ ਰੋੜਾ ਰਹੀਆਂ ਹਨ ਪਰੰਤੂ ਇਸ ਦੇ ਉਲਟ ਬ੍ਰਾਹਮਣਵਾਦ ਹਿਤੈਸ਼ੀ ਲਿਖਾਰੀ ਅਤੇ ਬੁੱਧੀਜੀਵੀ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ। ਬ
ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਕਰਨਲ ਟਾਡ (Col. Tod.) ਬ੍ਰਾਹਮਣਾਂ ਦੀ ਅੰਗਰੇਜ਼ ਰਾਜ ਸਮੇਂ ਫ਼ੌਜਾਂ ਵਿਚ ਵੱਡੇ ਪੱਧਰ ‘ਤੇ ਸ਼ਮੂਲੀਅਤ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਲਿਖਦਾ ਹੈ ਕਿ ਬ੍ਰਾਹਮਣ ਸੈਨਿਕਾਂ ਵਿਚ ਨੈਤਿਕ ਉਚਤਾ ਹੈ ਅਤੇ ਸ੍ਰੇਸ਼ਟ ਸੈਨਿਕ ਵੀ ਹਨ ਪਰੰਤੂ ਬ੍ਰਾਹਮਣ ਸੰਪਰਦਾਇਕ ਸੋਚ ਰੱਖਣ ਵਾਲੇ ਹੋਣ ਕਰਕੇ ਇਨ੍ਹਾਂ ਦੀ ਫ਼ੌਜ ਵਿਚ ਵੱਧ ਸ਼ਮੂਲੀਅਤ ਹਾਨੀਕਾਰਕ ਅਤੇ ਘਾਤਕ ਸਿੱਧ ਹੋ ਸਕਦੀ ਹੈ। ਪੰਜਾਬ ਦੇ ਕੁਝ ਇਤਿਹਾਸਕਾਰ ਕਰਨਲ ਟਾਡ ਦੀ ਇਸ ਦਲੀਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਦੇ ਬ੍ਰਾਹਮਣਾਂ ਦੀ ਸੋਚ ਅਤੇ ਸਥਿਤੀ, ਦੇਸ਼ ਦੇ ਦੂਜੇ ਖਿਤਿਆਂ ਦੇ ਬ੍ਰਾਹਮਣਾਂ ਨਾਲੋਂ ਵੱਖਰੀ ਹੈ ਅਤੇ ਉਹ ਅਸੰਪ੍ਰਦਾਇਕ ਹਨ। ਪੰਜਾਬੀ ਮੂਲ ਦੇ ਬ੍ਰਾਹਮਣ ਪੱਖੀ ਇਹ ਇਤਿਹਾਸਕਾਰ ਅਤੇ ਲੇਖਕ ਸਿੱਖ ਧਰਮ ਅਤੇ ਸਿੱਖੀ ਵਿਚ ਪਾਏ ਬ੍ਰਾਹਮਣਾਂ ਦੇ ਯੋਗਦਾਨ, ਭਾਈ ਮਤੀ ਦਾਸ ਅਤੇ ਸਤੀ ਦਾਸ ਦੀ ਸ਼ਹੀਦੀ ਦੀ ਮਿਸਾਲ ਤਰਕ ਵਜੋਂ ਪੇਸ਼ ਕਰਦੇ ਹਨ। ਇਥੇ ਬਸ ਨਹੀਂ ਪ੍ਰਸਿੱਧ ਸਵਤੰਤਰਤਾ ਸੰਗਰਾਮੀ ਅਤੇ ਅਕਾਲੀ ਆਗੂਆਂ ਦੇ ਮੋਢੀਆਂ ਵਜੋਂ ਉਭਰੇ ਗਿਆਨੀ ਹੀਰਾ ਸਿੰਘ ਦਰਦ ਦੀ ਮਿਸਾਲ ਵੀ ਉਹ ਦਿੰਦੇ ਹਨ।
ਪੰਜਾਬੀ ਦੇ ਸਿਰਮੌਰ ਲੇਖਕ ਕਿਰਪਾਲ ਸਿੰਘ ਦਰਦੀ ਦਾ ਵਿਚਾਰ ਵੱਖਰਾ ਹੈ, ‘ਸਮਾਜਿਕ ਵਿਗਿਆਨ ਪੱਤਰ’ ਦੇ ਹਵਾਲੇ ਨਾਲ ਉਹ ਪੰਜਾਬ ਵਿਚ ਬ੍ਰਾਹਮਣਵਾਦ ਦੀ ਮਜਬੂਤ ਪਕੜ ਨਾ ਹੋਣ ਦਾ ਕਾਰਨ ਸਿੱਖ ਧਰਮ ਅਤੇ ਇਸਲਾਮ ਦੇ ਜਲਦੀ ਵਿਕਾਸ ਨੂੰ ਮੰਨਦੇ ਹਨ। ਉਸ ਦੇ ਵਿਚਾਰ ਅਨੁਸਾਰ ਪੰਜਾਬ ਦੇ ਬ੍ਰਾਹਮਣ ਨੇ ਪੂਜਾ ਦੀ ਕਮਾਈ ‘ਤੇ ਨਿਰਭਰ ਰਹਿਣ ਨਾਲੋਂ ਮੰਦਰਾਂ ਦੀ ਜ਼ਮੀਨ ‘ਤੇ ਖੇਤੀਬਾੜੀ ਵਾਲਾ ਉਤਮ ਕੰਮ ਆਰੰਭਿਆ। ਕਈ ਬ੍ਰਾਹਮਣ ਪਰਿਵਾਰਾਂ ਨੇ ਦੁਕਾਨਦਾਰੀ ਅਤੇ ਵਪਾਰ ਦੇ ਕਿੱਤੇ ਨੂੰ ਤਰਜੀਹ ਦਿੱਤੀ। ਵੱਡੀ ਗਿਣਤੀ ਵਿਚ ਬ੍ਰਾਹਮਣ ਭਾਈਚਾਰੇ ਦੇ ਲੋਕ ਵਿਦਿਅਕ ਯੋਗਤਾਵਾਂ ਵਿਚ ਵਾਧਾ ਕਰਕੇ ਸਰਕਾਰੀ ਨੌਕਰੀਆਂ, ਵਕੀਲਾਂ, ਡਾਕਟਰਾਂ ਅਤੇ ਇੰਜਨੀਅਰ ਆਦਿ ਬਣਨ ਦੀ ਦੌੜ ਵਿਚ ਸ਼ਾਮਿਲ ਹੋਏ ਅਤੇ ਸਫ਼ਲਤਾ ਵੀ ਹਾਸਲ ਕੀਤੀ। ਬਹੁਤ ਸਾਰੇ ਪਰਿਵਾਰਾਂ ਨੇ ਰਾਜਨੀਤੀ ਵਿਚ ਸ਼ਾਮਿਲ ਹੋ ਕੇ ਵੱਡੀਆਂ ਮੁੱਲਾਂ ਮਾਰੀਆਂ। ਬ੍ਰਾਹਮਣ ਜਾਤੀ ਬੜੀ ਵੱਡੀ ਗਿਣਤੀ ਵਿਚ ਹੋਣ ਕਾਰਨ ਇਸ ਦੇ ਹਜ਼ਾਰਾਂ ਹੀ ਗੋਤ ਅਤੇ ਮੂੰਹੀਆਂ ਹਨ।
ਕੁਝ ਦੰਦ ਕਥਾਵਾਂ
ਵੇਦਾਂ ਅਤੇ ਪੁਰਾਣਾਂ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਸਰਸਵਤੀ ਬ੍ਰਾਹਮਣਾਂ ਦੇ ਹੋਂਦ ਵਿਚ ਆਉਣ ਦੀ ਦੰਦ ਕਥਾ ਦਾ ਵਰਨਣ ਕਰਦੇ ‘ਮਹਾਨ ਕੋਸ਼’ ਵਿਚ ਲਿਖਦੇ ਹਨ, “ਪਰਸ਼ੂਰਾਮ ਨੇ ਜਦੋਂ ਕਸ਼ਤਰੀਆਂ ਦਾ ਨਾਸ ਕੀਤਾ ਤਦ ਕੁਝ ਗਰਭਵਤੀ ਕਸ਼ਤਰਾਣੀਆਂ ਸਰਸਾਵਤੀ ਨਦੀ ਕਿਨਾਰੇ ਰਹਿਣ ਵਾਲੇ ਰਿਸ਼ੀਆਂ ਦੇ ਆਸ਼ਰਮ ਵਿਚ ਜਾ ਲੁਕੀਆਂ। ਪਰਸ਼ੂਰਾਮ ਉਨ੍ਹਾਂ ਨੂੰ ਢੂੰਡਦਾ ਹੋਇਆ ਉਥੇ ਜਾ ਪਹੁੰਚਿਆ। ਪਨਾਹ ਦੇਣ ਵਾਲੇ ਰਿਸ਼ੀਆਂ ਨੇ ਆਖਿਆ ਕਿ ਸਾਡੇ ਘਰ ਕੋਈ ਕਸ਼ਤਰਾਣੀ ਨਹੀਂ। ਇਹ ਜੋ ਸਾਡੇ ਘਰ ਇਸਤੀਆਂ ਹਨ, ਸਭ ਬ੍ਰਾਹਮਣ ਹਨ। ਪਰਸ਼ੂਰਾਮ ਨੇ ਆਖਿਆ ਕਿ ਜੇਕਰ ਇਹ ਬ੍ਰਾਹਮਣੀਆਂ ਹਨ ਤਾਂ ਇਨ੍ਹਾਂ ਦੇ ਹੱਥ ਦੀ ਪੱਕੀ ਰੋਟੀ ਖਾਉ। ਰਿਸ਼ੀਆਂ ਨੇ ਉਨ੍ਹਾਂ ਦੇ ਹੱਥ ਦੀ ਪੱਕੀ ਰੋਟੀ ਖਾਧੀ। ਉਨ੍ਹਾਂ ਕਸ਼ਤਰਾਣੀਆਂ ਦੀ ਔਲਾਦ ਸਰਸਵਤ ਹੋਏ।” 86 ਪੁਰਾਣ ਕਥਾ ਇੰਜ ਵੀ ਹੈ, “ਦੁਧੀਚਿ ਰਿਸ਼ੀ ਇਕ ਵਾਰ ਤਪੱਸਿਆ ਕਰ ਰਿਹਾ ਸੀ, ਇੰਦਰ ਨੇ ਉਸ ਦਾ ਤਪ ਭੰਗ ਕਰਨ ਲਈ ‘ਅਲੰਬੁਕਾ’ ਅਪਸਰਾ ਭੇਜੀ ਜਿਸ ਨੂੰ ਦੇਖ ਕੇ ਰਿਸ਼ੀ ਦਾ ਵੀਰਯ ਸਰਸਵਤੀ ਵਿਚ ਡਿੱਗ ਪਿਆ ਜਿਸ ਤੋਂ ਸਾਰਸਵਤ ਪੈਦਾ ਹੋਇਆ ਜੋ ਗੋਤ ਦਾ ਮੁਖੀ ਸੀ।
ਜਨੇਰ ਦੇ ਬ੍ਰਾਹਮਣ (ਪੰਡਤ)
ਜਨੇਰ ਵਿਚ ਬ੍ਰਾਹਮਣ ਭਾਈਚਾਰਾ ਪਿੰਡ ਦੀ ਸੇਖੋਂ ਪੱਤੀ ਦਾ ਹਿੱਸਾ ਹੈ। ਪਿੰਡ ਵਿਚ ਇਹ ਬ੍ਰਾਹਮਣਾਂ ਵਜੋਂ ਘਟ ਪਰੰਤੂ ਪੰਡਤ ਨਾਮ ਨਾਲ ਜਾਣੇ ਜਾਂਦੇ ਹਨ ਜਿਵੇਂ ਪੰਡਤਾਂ ਦੇ ਘਰ, ਪੰਡਤਾਂ ਦਾ ਖੂਹ ਅਤੇ ਪੰਡਤਾਂ ਦਾ ਫਲਾਣਾ ਆਦਮੀ ਆਦਿ। ਇਹ ਜਨੇਰ ਦੇ ਬਹੁਤ ਪੁਰਾਣੇ ਵਸਨੀਕ ਹਨ। ਪਿੰਡ ਦੇ ਜੱਟ ਭਾਈਚਾਰੇ ਵਾਂਗ ਇਹ ਵੀ ਖੇਤੀ ਮੁਖੀ ਕਿੱਤੇ ਨਾਲ ਹੀ ਸਬੰਧਤ ਰਹੇ। ਬ੍ਰਾਹਮਣਾਂ ਜਾਂ ਪੰਡਤਾਂ ਦਾ ਖੇਤੀ ਮੁਖੀ ਕਿੱਤੇ ਵਿਚ ਹੋਣਾ ਕੋਈ ਨਵੀਂ ਗੱਲ ਨਹੀਂ। ਦੇਸ਼ ਦੀ ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਵਿਚ ਪੋਠੋਹਾਰ ਦੇ ਬ੍ਰਾਹਮਣ ਖੇਤੀਬਾੜੀ ਦਾ ਕੰਮ ਕਰਦੇ ਹੋਣ ਕਰਕੇ ‘ਜੱਟ ਬ੍ਰਾਹਮਣ’ ਵਜੋਂ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਵਿਚੋਂ ਬਹੁਤੇ ਸਿੱਖ ਵੀ ਸਨ। ਮੌਜੂਦਾ ਪੰਜਾਬ ਵਿਚ ਗੌੜ ਅਤੇ ਮੋਹਿਆਲ ਬ੍ਰਾਹਮਣ ਵੀ ਆਮ ਤੌਰ ‘ਤੇ ਖੇਤੀਬਾੜੀ ਦਾ ਕੰਮ ਕਰਦੇ ਹਨ। ਜਨੇਰ ਦੇ ਪੰਡਤਾਂ ਨੂੰ ਵੀ ਉਨ੍ਹਾਂ ਦੇ ਕਿੱਤੇ ਨਾਲ ਜੋੜ ਕੇ ਜੱਟ ਪੰਡਤ ਆਖ ਦੇਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕੁਝ ਸਮਾਂ ਪਹਿਲਾਂ ਤਕ ਉਨ੍ਹਾਂ ਦਾ ਆਪਣਾ ਖੂਹ ਹੁੰਦਾ ਸੀ ਜਿਸ ਨੂੰ ਪੰਡਤਾਂ ਦਾ ਖੂਹ ਆਖਿਆ ਜਾਂਦਾ ਸੀ । ਅੱਜ ਦੇ ਸਮੇਂ ਵਿਚ ਵੀ ਇਹ ਬਿਜਲੀ ਦੀਆਂ ਮੋਟਰਾਂ ਅਤੇ ਟਰੈਕਟਰਾਂ ਦੇ ਮਾਲਿਕ ਹਨ। ਜੱਟਾਂ ਵਾਂਗ ਬੇਸ਼ਕ ਇਨ੍ਹਾਂ ਵਿਚੋਂ ਕਈ ਪਰਿਵਾਰਾਂ ਦੇ ਲੜਕੇ ਲੜਕੀਆਂ ਨੇ ਪੜ੍ਹ ਲਿਖ ਕੇ ਨੌਕਰੀਆਂ ਕਰ ਲਈਆਂ ਪਰੰਤੂ ਇਨ੍ਹਾਂ ਵਿਚੋਂ ਹਾਲੀਂ ਵੀ ਕੁਝ ਨੇ ਖੇਤੀਬਾੜੀ ਵਾਲਾ ਪਿਤਾ ਪੁਰਖੀ ਧੰਦਾ ਅਪਣਾਇਆ ਹੋਇਆ ਹੈ। ਪੰਡਤ ਹਰਬਦਿਆਲ ਜੀ ਦੇ ਦੋ ਲੜਕਿਆਂ ਪੰਡਤ ਜਵਾਲਾ ਰਾਮ ਅਤੇ ਪੰਡਤ ਮਾਘੀ ਰਾਮ ਦਾ ਜਨੇਰ ਵਿਚ ਵੱਡਾ ਪਰਿਵਾਰ ਵਸਦਾ ਹੈ। ਜਵਾਲਾ ਰਾਮ ਦੇ ਚਾਰ ਲੜਕੇ ਸਨ ਰਾਮ ਲਾਲ, ਸ਼ਾਮ ਲਾਲ, ਤਿਲਕ ਰਾਜ ਅਤੇ ਮੋਠੂ ਰਾਮ । ਰਾਮ ਲਾਲ ਨੇ ਉਪਜੀਵਕਾ ਲਈ ਕਈ ਕੰਮ ਕੀਤੇ, ਕਿਸੇ ਸਮੇਂ ਸੇਖੋਂ ਪੱਤੀ ਦੇ ਐਨ ਵਿਚਕਾਰ ਉਸ ਦੀ ਹੱਟੀ ਬਹੁਤ ਚਲਦੀ ਸੀ। ਇਸ ਤੋਂ ਬਾਅਦ ਉਸ ਨੇ ਖੇਤੀਬਾੜੀ ਵੀ ਕੀਤੀ। ਉਸ ਦੇ ਤਿੰਨਾਂ ਲੜਕਿਆਂ ਨੇ ਵੀ ਕਈ ਕੰਮਾਂ ਵਿਚ ਹੱਥ ਅਜਮਾਈ ਕੀਤੀ ਪਰੰਤੂ ਆਖਰ ਪਿਤਾ ਵਾਂਗ ਦੁਕਾਨਦਾਰੀ ਵਿਚ ਹੀ ਕਾਮਯਾਬੀ ਹਾਸਲ ਕੀਤੀ। ਅੱਜਕਲ੍ਹ ਉਨ੍ਹਾਂ ਦੀ ਦੁਕਾਨ ‘ਤੇ ਹਰ ਸਮੇਂ ਗਾਹਕਾਂ ਦੀ ਭੀੜ ਨਜ਼ਰ ਆਉਂਦੀ ਹੈ। ਸ਼ਾਮ ਲਾਲ ਆਪਣੇ ਸਮੇਂ ਦਾ ਸ਼ੁਕੀਨ ਪੁੱਤਰ ਸੀ। ਲੰਮਾ ਸਮਾਂ ਉਹ ਪਹਿਨ ਪਚਰ ਕੇ ਟਾਂਗੇ-ਘੋੜੇ ਦਾ ਕਾਰੋਬਾਰ ਕਰਦਾ ਰਿਹਾ। ਉਹ ਵਧੀਆ ਘੋੜੇ ਰੱਖਣ ਦਾ ਵੀ ਸ਼ੌਕੀਨ ਸੀ। ਉਸ ਦੀ ਔਲਾਦ ਨੇ ਖੇਤੀਬਾੜੀ ਦਾ ਧੰਦਾ ਹੀ ਅਪਣਾਇਆ। ਤਿਲਕ ਰਾਜ ਅਤੇ ਮੋਠੂ ਰਾਮ ਬਹੁਤ ਲੰਮੀ ਜ਼ਿੰਦਗੀ ਨਾ ਜਿਉ ਸਕੇ ਅਤੇ ਸ਼ਾਮ ਲਾਲ ਦੇ ਪਰਿਵਾਰ ਨਾਲ ਹੀ ਰਹਿੰਦੇ ਸਨ।
ਮਾ ਪੰਡਤ ਮਾਘੀ ਰਾਮ ਦਾ ਪਰਿਵਾਰ ਕਾਫੀ ਵਧਿਆ ਫੁਲਿਆ। ਮਾਘੀ ਰਾਮ ਦੇ ਚਾਰ ਪੁੱਤਰ ਚੇਤ ਰਾਮ, ਲੇਖ ਰਾਮ, ਦੇਸ ਰਾਜ ਅਤੇ ਤੇਜ ਰਾਮ ਹੋਏ। ਆਪਣੀ ਗੁਜ਼ਾਰੇ ਯੋਗ ਜ਼ਮੀਨ ਅਤੇ ਆਪਣੇ ਪਾਣੀ ਦੇ ਸਾਧਨ ਵਜੋਂ ਪਹਿਲਾਂ ਆਪਣਾ ਖੂਹ ਅਤੇ ਬਾਅਦ ਵਿਚ ਬਿਜਲੀ ਦੀਆਂ ਮੋਟਰਾਂ ਲਗ ਜਾਣ ਕਰਕੇ ਚੌਹਾਂ ਭਰਾਵਾਂ ਨੇ ਖੇਤੀਬਾੜੀ ਦੇ ਕੰਮ ਨੂੰ ਹੀ ਪ੍ਰਮੁਖਤਾ ਦਿੱਤੀ। ਸਭ ਤੋਂ ਵੱਡੇ ਚੇਤ ਰਾਮ ਦੇ ਲੜਕਿਆਂ ਵੀਰ ਭਾਨ, ਵੇਦ ਪ੍ਰਕਾਸ਼, ਮੇਲਾ ਰਾਮ, ਗੰਗਾ ਰਾਮ, ਸੇਵਕ ਰਾਮ ਅਤੇ ਰਾਜਾ ਰਾਮ ਦਾ ਕਾਰਜ ਖੇਤਰ ਵਖਰਾ ਹੀ ਰਿਹਾ। ਵੀਰ ਭਾਨ ਫ਼ੌਜ ਵਿਚ ਭਰਤੀ ਹੋ ਗਿਆ, ਬਣਦੀ ਪੈਨਸ਼ਨ ਲੈ ਕੇ ਬਾਅਦ ਵਿਚ ਫੂਡ ਕਾਰਪੋਰੇਸ਼ਨ ਵਿਚ ਨੌਕਰੀ ਕੀਤੀ ਅਤੇ ਹਰਿਆਣਾ ਵਿਚ ਨੌਕਰੀ ਕਰਦੇ ਸਮੇਂ ਉਥੇ ਹੀ ਸੈੱਟ ਹੋ ਗਿਆ। ਮੇਲਾ ਰਾਮ ਭਾਰਤੀ ਹਵਾਈ ਫ਼ੌਜ ਵਿਚ ਨੌਕਰੀ ਕਰਨ ਉਪਰੰਤ ਬਾਅਦ ਵਿਚ ਇਕ ਅੱਛੇ ਤਕਨੀਕੀ ਮਾਹਿਰ ਦੀ ਹੈਸੀਅਤ ਵਿਚ ਅਫ਼ਰੀਕਾ ਪਰਵਾਸ ਕਰਕੇ ਪਰਿਵਾਰ ਸਹਿਤ ਅਫ਼ਰੀਕੀ ਸ਼ਹਿਰੀ ਬਣ ਗਿਆ। ਬਾਅਦ ਵਿਚ ਉਸ ਨੇ ਆਪਣੇ ਸਭ ਤੋਂ ਛੋਟੇ ਭਰਾ ਰਾਜ ਰਾਮ ਨੂੰ ਵੀ ਆਪਣੇ ਪਾਸ ਬੁਲਾ ਲਿਆ। ਗੰਗਾ ਰਾਮ ਨੇ ਵੀ ਫ਼ੌਜ ਦੀ ਨੌਕਰੀ ਕੀਤੀ ਅਤੇ ਬਾਅਦ ਵਿਚ ਹਰਿਆਣਾ ਰੋਡਵੇਜ਼ ਵਿਚ ਡਰਾਈਵਰ ਲਗ ਗਿਆ। ਸੇਵਕ ਰਾਮ ਆਪਣੇ ਨਾਮ ਅਨੁਸਾਰ ਮੰਦਰ ਦਾ ‘ਸੇਵਕ’ ਬਣ ਗਿਆ ਅਤੇ ਸਰਦੂਲਗੜ੍ਹ ਮਾਤਾ ਦੇ ਮੰਦਰ ਵਿਚ ਇਕ ਸਤਿਕਾਰਯੋਗ ਹਸਤੀ ਹੈ। ਵੇਦ ਪ੍ਰਕਾਸ਼ ਘਟ ਪੜ੍ਹਿਆ ਹੋਣ ਕਰਕੇ ਖੇਤੀਬਾੜੀ ਦੇ ਕੰਮ ਵਿਚ ਹੀ ਉਲਝਿਆ ਰਿਹਾ। ਚੇਤ ਰਾਮ ਦੇ ਛੋਟੇ ਭਰਾ ਲੇਖ ਰਾਮ ਦਾ ਪਰਿਵਾਰ ਪਿੰਡ ਦੇ ਪੂਰਬ ਵਲ ਉਨ੍ਹਾਂ ਦੀ ਜੱਦੀ ਜ਼ਮੀਨ ਵਿਚ ਵਸਦਾ ਹੈ। ਲੇਖ ਰਾਮ ਦੇ ਵੱਡੇ ਲੜਕੇ ਨੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰ ਲਈ। ਮੇਘਰਾਮ ਅਤੇ ਚਮਨ ਖੇਤੀਬਾੜੀ ਕਰਦੇ ਹਨ।
ਦੇਸ ਰਾਜ ਬਹੁਤ ਹੀ ਦੂਰ ਅੰਦੇਸ਼ੀ ਅਤੇ ਮਿਹਨਤੀ ਇਨਸਾਨ ਸੀ। ਉਸ ਦਾ ਵੱਡਾ ਲੜਕਾ ਕਸਤੂਰੀ ਲਾਲ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ। ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂੰਹਦਾ ਅੱਜਕਲ੍ਹ ਉਹ ਠਾਣੇਦਾਰ ਬਣ ਕੇ ਫ਼ਰੀਦਕੋਟ ਸ਼ਹਿਰ ਦਾ ਪੱਕਾ ਵਾਸੀ ਬਣ ਗਿਆ। ਉਸ ਤੋਂ ਛੋਟੇ ਉਸ ਦੇਦੂਜੇ ਦੋਵੇਂ ਭਰਾ ਵੀ ਪੰਜਾਬ ਪੁਲਿਸ ਵਿਚ ਮੁਲਾਜ਼ਮ ਹਨ ਪਰੰਤੂ ਉਨ੍ਹਾਂ ਆਪਣੀ ਰਹਾਇਸ਼ ਹਾਲੀਂ ਵੀ ਜਨੇਰ ਹੀ ਰੱਖੀ ਹੋਈ ਹੈ। ਮਾਘੀ ਰਾਮ ਦੇ ਸਭ ਤੋਂ ਛੋਟੇ ਲੜਕੇ ਤੇਜ ਰਾਮ ਜਿਸ ਨੂੰ ਪਿੰਡ ਵਿਚ ਉਧੇੜ ਉਮਰ ਵਿਚ ਵੀ ‘ਬੱਗਾ’ ਆਖ ਕੇ ਬੁਲਾਉਂਦੇ ਹਨ, ਉਸ ਦਾ ਸਾਰਾ ਪਰਿਵਾਰ ਪਿੰਡ ਵਿਚ ਹੀ ਵਸਦਾ ਹੈ। ਉਸ ਦਾ ਵੱਡਾ ਲੜਕਾ ਸੁਖਪਾਲ ਪਾਲੀ ਅੱਛਾ ਲਿਖਾਰੀ ਹੈ। ਉਸ ਦੇ ਗਾਏ ਗੀਤ ਪੰਜਾਬ ਦੇ ਨਾਮਵਰ ਗਾਇਕਾਂ ਨੇ ਗਾਏ ਹਨ। ਪੇਸ਼ੇ ਵਜੋਂ ਉਹ ਸੜਕਾਂ ਨਿਰਮਾਣ ਕਰਨ ਵਾਲੀ ਇਕ ਵੱਡੀ ਕੰਪਨੀ ਵਿਚ ਸੁਪਰਵਾਈਜ਼ਰ ਹੈ। ਉਸ ਤੋਂ ਛੋਟੇ ਹਰਪ੍ਰੀਤ ਅਤੇ ਗੋਰਾ ਖੇਤੀਬਾੜੀ ਦਾ ਕੰਮ ਕਰਦੇ ਹਨ।
ਕੁਝ ਸਮਾਂ ਪਹਿਲਾਂ ਇਕ ਹੋਰ ਪੰਡਤ ਪਰਿਵਾਰ ਪਿੰਡ ਦੇ ਹੀ ਪੰਡਤ ਰਾਮ ਲਾਲ ਦਾ ਜਵਾਈ ਜੀਤ ਰਾਮ ਪੱਕਾ ਹੀ ਜਨੇਰ ਵਾਸੀ ਬਣ ਗਿਆ। ਇਸੇ ਸਮੇਂ ਪੰਡਤ ਸ਼ਾਮ ਲਾਲ ਦੀ ਲੜਕੀ ਅਤੇ ਜਵਾਈ ਦਰਸ਼ਨ ਸਿੰਘ ਨੇ ਵੀ ਜਨੇਰ ਨੂੰ ਆਪਣੀ ਪੱਕੀ ਰਹਾਇਸ਼ ਬਣਾ ਲਿਆ।
ਪੰਡਤ ਮਾਘੀ ਰਾਮ ਦੇ ਲੜਕੇ ਚੇਤ ਰਾਮ ਦੀ ਸ਼ਾਦੀ ਪਿੰਡ ਦਾਤਾ ਰੌਲੀ ਵਿਖੇ ਪੰਡਤ ਕਿਸ਼ਨ ਚੰਦ ਦੀ ਲੜਕੀ ਨਾਲ ਹੋਈ ਸੀ। ਪੰਡਤ ਕਿਸ਼ਨ ਚੰਦ ਪੜ੍ਹਿਆ ਲਿਖਿਆ ਅਤੇ ਧਾਰਮਿਕ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਪਿੰਡ ਵਾਸੀਆਂ ਨੇ ਉਸ ਨੂੰ ਪੁਰਾਤਨ ਹਿੰਦੂ ਡੇਰੇ ਦਾ ਮੁਖੀ ਬਣਾ ਦਿੱਤਾ। ਉਸ ਵਿਚ ਕਈ ਯੋਗ ਸੁਧਾਰ ਕੀਤੇ ਅਤੇ ਡੇਰਾ ਬਹੁਤ ਹੀ ਸੁਚੱਜੇ ਢੰਗ ਨਾਲ ਚੱਲਣ ਲੱਗ ਪਿਆ। ਉਨੀ ਸੌ ਪੰਜਾਹਵਿਆਂ ਦੇ ਸ਼ੁਰੂ ਵਿਚ ਕੁਝ ਕਾਰਨਾਂ ਕਰਕੇ ਉਸ ਨੇ ਡੇਰੇ ਤੋਂ ਕਿਨਾਰਾ ਕਰ ਲਿਆ ਅਤੇ ਪਰਿਵਾਰ ਸਹਿਤ ਜਨੇਰ ਪਹੁੰਚ ਕੇ ਪੱਕਾ ਜਨੇਰ ਵਾਸੀ ਬਣ ਗਿਆ। ਉਸ ਦੇ ਦੋ ਲੜਕੇ ਭਾਗ ਸਿੰਘ ਅਤੇ ਭਜਨ ਸਿੰਘ ਉਸ ਸਮੇਂ ਛੋਟੇ-ਛੋਟੇ ਹੀ ਸਨ। ਭਾਗ ਸਿੰਘ ਤਾਂ ਹਾਈਵੇ ਦਾ ਡਰਾਈਵਰ ਬਣ ਗਿਆ ਅਤੇ ਨਿਤਪ੍ਰਤੀ ਸਫ਼ਰਾਂ ਦੀ ਜ਼ਿੰਦਗੀ ਦੇ ਮੱਦੇਨਜ਼ਰ ਵਿਆਹ ਵੀ ਨਹੀਂ ਕਰਵਾਇਆ। ਭਜਨ ਸਿੰਘ ਨੇ ਪਿੰਡ ਦੇ ਸਕੂਲ ਵਿਚੋਂ ਦਸਵੀਂ ਪਾਸ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰ ਲਈ ਅਤੇ ਜੇ.ਈ. ਦੇ ਅਹੁਦੇ ਤੋਂ ਰਿਟਾਇਰ ਹੋਇਆ। ਉਸ ਦੇ ਦੋ ਲੜਕਿਆਂ ਵਿਚੋਂ ਲਾਡੀ ਤਾਂ ਮੋਗੇ ਮਾਲਵਾ ਪੈਟਰੋਲ ਪੰਪ ਦਾ ਕਰਤਾ-ਧਰਤਾ ਹੈ ਪਰੰਤੂ ਦੂਜਾ ਦੁਬਈ ਵਿਚੋਂ ਵਿਆਹ ਕਰਵਾਉਣ ਲਈ ਆਇਆ ਸੀ ਕਿ ਹੌਲਨਾਕ ਸੜਕ ਹਾਦਸੇ ਵਿਚ ਮੌਤ ਰਾਣੀ ਨੇ ਆਪਣੀ ਬੁਕਲ ਵਿਚ ਲੈ ਲਿਆ।
ਫ਼ੋਟੋਗ੍ਰਾਫ਼ਰ ਕਮਲ ਸ਼ਰਮਾ
ਬਦਲਦੀਆਂ ਸਮਾਜਿਕ ਪ੍ਰਸਥਿਤੀਆਂ ਅਤੇ ਰੋਟੀ-ਰੋਜ਼ੀ ਦੀ ਤਲਾਸ਼ ਵਿਚ ਸਮੇਂ-ਸਮੇਂ ਇਨਸਾਨ ਨੂੰ ਇਕ ਤੋਂ ਦੂਜੀ ਥਾਂ ਹਿਜ਼ਰਤ ਕਰਨ ਲਈ ਮਜਬੂਰ ਹੋਣਾ ਪਿਆ। ਵਰਤਮਾਨ ਸਮੇਂ ਵਿਚ ਤਾਂ ਸਗੋਂ ਇਹ ਸਿਲਸਿਲਾ ਵੱਡੀ ਪੱਧਰ ‘ਤੇ ਚਲ ਰਿਹਾ ਹੈ। ਨੇੜਲੇ ਪਿੰਡ ਮੁੰਨਣ-ਮਨਾਵਾਂ ਤੋਂ ਆ ਕੇ 1996 ਈਸਵੀ ਵਿਚ ਕਮਲ ਸ਼ਰਮਾ ਨਾਮ ਦੇ ਇਕ ਨੌਜੁਆਨ ਫ਼ੋਟੋਗ੍ਰਾਫ਼ਰ ਨੇ ਜਨੇਰ ਵਿਚ ‘ਕਮਲ ਸਟੂਡੀਓ’ ਨਾਮ ਦੀ ਫ਼ੋਟੋਗ੍ਰਾਫ਼ੀ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਜਨੇਰ ਅਤੇ ਨੇੜਲੇ ਪਿੰਡਾਂ ਵਾਲਿਆਂ ਤੋਂ ਉਹ ਬਹੁਤ ਹੀ ਵਾਜਬ ਪੈਸੇ ਲੈ ਕੇ ਫੋਟੋਗ੍ਰਾਫ਼ੀ ਅਤੇ ਵੀਡੀਓ ਬਣਾਉਣ ਦਾ ਕੰਮ ਕਰਨ ਲਗ ਪਿਆ। ਉਸ ਨੂੰ ਆਪਣੇ ਕੰਮ ਵਿਚ ਮੁਹਾਰਤ ਵੀ ਹਾਸਲ ਸੀ। ਥੋੜ੍ਹੇ ਸਮੇਂ ਵਿਚ ਹੀ ਉਸ ਦੀ ਧੁੰਮ ਜਨੇਰ ਅਤੇ ਲਾਗਲੇ ਪਿੰਡਾਂ ਵਿਚ ਪੈ ਗਈ। ਅੱਜਕਲ੍ਹ ਉਸ ਨੇ ਜਨੇਰ-ਧਲੇਕੇ ਸੜਕ ‘ਤੇ ਆਪਣੀ ਕੋਠੀ ਬਣਾ ਲਈ ਹੈ ਅਤੇ ਪਰਿਵਾਰ ਸਹਿਤ ਇੱਜ਼ਤ ਭਰੀ ਜ਼ਿੰਦਗੀ ਬਸਰ ਕਰ ਰਿਹਾ ਹੈ। ਸੰਜੋਗ ਵਸ ਇਸ ਪੁਸਤਕ ਵਿਚ ਸ਼ਾਮਿਲ ਲਗਪਗ ਸਾਰੀਆਂ ਫ਼ੋਟੋਆਂ ਕਮਲ ਸ਼ਰਮਾ ਦੀ ਹੀ ਕਿਰਤ ਹਨ।
ਪੰਡਤ ਦੇਸ ਰਾਜ
ਅਜੋਕੇ ਪਦਾਰਥਵਾਦੀ ਯੁਗ ਵਿਚ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਕੋਈ ਵੱਡੇ ਪੁੰਨ ਦੇ ਕੰਮ ਕੀਤੇ ਹੋਣ, ਲੋਕ ਭਲਾਈ ਦੇ ਕੰਮਾਂ ਕਾਰਨ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਰਹੇ ਹੋਣ, ਮਾਨ ਸਤਿਕਾਰ ਵਾਲਾ ਕੋਈ ਸਰਕਾਰੀ ਅਹੁਦਾ ਹਾਸਲਕੀਤਾ ਹੋਵੇ; ਉਚੀ ਵਿਦਿਆ ਹਾਸਲ ਕੀਤੀ ਹੋਵੇ, ਵੱਡੀ ਜਾਇਦਾਦ ਇਕੱਠੀ ਕੀਤੀ ਹੋਵੇ ਜਾਂ ਫੇਰ ਰਾਜਨੀਤੀ ਖੇਤਰ ਵਿਚ ਕੋਈ ਵੱਡੀ ਮੱਲ ਮਾਰੀ ਹੋਵੇ। ਇਸ ਦੇ ਬਾਵਜੂਦ ਵੀ ਕੁਝ ਅਨਪੜ੍ਹ, ਰਾਜਨੀਤੀ ਤੋਂ ਕੋਰੇ ਅਤੇ ਦਰਮਿਆਨੇ ਗੁਜ਼ਾਰੇ ਵਾਲੇ ਇਨਸਾਨ ਆਪਣੀ ਮਿੱਠੀ ਬੋਲੀ, ਸਖ਼ਤ ਮਿਹਨਤ ਅਤੇ ਉਚੇ ਆਚਰਨ ਨਾਲ ਇਸ ਸਮਾਜ ਵਿਚ ਅਜਿਹੀਆਂ ਪੈੜਾਂ ਛੱਡ ਜਾਂਦੇ ਹਨ ਕਿ ਮਰਨ ਉਪਰੰਤ ਵੀ ਉਹ ਲੋਕਾਂ ਦੇ ਦਿਲਾਂ ਉਪਰ ਰਾਜ ਕਰਦੇ ਹਨ। ਅਜਿਹੇ ਹੀ ਗੁਣਾਂ ਦਾ ਧਾਰਨੀ ਸੀ ਪੰਡਤ ਮਾਘੀ ਰਾਮ ਦਾ ਲੜਕਾ ਪੰਡਤ ਦੇਸ ਰਾਜ। ਦੇਸ ਰਾਜ ਨੇ ਕਦੀ ਸਕੂਲ ਦਾ ਮੂੰਹ ਨਹੀਂ ਵੇਖਿਆ ਅਤੇ ਇਕ ਸਧਾਰਣ ਜਿਹੇ ਪਰਿਵਾਰ ਵਿਚ ਪੈਦਾ ਹੋ ਕੇ ਆਪਣੀ ਮਿੱਠੀ ਬੋਲੀ ਅਤੇ ਸਖ਼ਤ ਮਿਹਨਤ ਦੇ ਬਲਬੂਤੇ ਉਸ
ਨੇ ਕਾਫੀ ਤਰੱਕੀ ਕੀਤੀ। ਪਿੰਡ ਦੇ ਕਿਸੇ ਵੀ ਸਾਂਝੇ ਕੰਮ ਸਮੇਂ ਉਹ ਪਿਛਾਂਹ ਨਹੀਂ ਸੀ ਰਹਿੰਦਾ। ਉਹ ਅਨਪੜ੍ਹ ਹੁੰਦਿਆਂ ਵੀ ਆਪਣੇ ਲੜਕਿਆਂ ਨੂੰ ਬੇਸ਼ਕ ਉਚ ਵਿਦਿਆ ਤਾਂ ਨਹੀਂ ਦੇ ਸਕਿਆ ਪਰੰਤੂ ਇਸ ਕਾਬਲ ਜ਼ਰੂਰ ਬਣਾਇਆ ਤਾਂ ਕਿ ਉਹ ਪੁਲਿਸ ਵਿਚ ਭਰਤੀ ਹੋ ਸਕਣ ਅਤੇ ਉਹ ਹੋ ਵੀ ਗਏ। ਵੱਡਾ ਲੜਕਾ ਕਸਤੂਰੀ ਲਾਲ ਤਾਂ ਠਾਣੇਦਾਰ ਵੀ ਬਣ ਚੁੱਕਾ ਹੈ ਅਤੇ ਛੋਟੇ ਦੋਵੇਂ ਲਾਈਨ ਵਿਚ ਹਨ।
ਧਾਰਮਿਕ ਪੱਖੋਂ ਵੀ ਦੇਸ ਰਾਜ ਦੀ ਸਮਾਜ ਅਤੇ ਪਿੰਡ ਨੂੰ ਕਾਫੀ ਦੇਣ ਹੈ। ਪਿੰਡ ਦਾ ਗੁਰਦੁਆਰਾ ਸਾਹਿਬ ਹੋਵੇ ਜਾਂ ਵਿਸ਼ਨੂੰ ਭਗਵਾਨ ਦਾ ਮੰਦਰ, ਹੱਥ ਵਿਚ ਦੁੱਧ ਦਾ ਭਰਿਆ ਡੋਲਣਾ ਲੈ ਕੇ ਉਹ ਜ਼ਰੂਰ ਪਹੁੰਚਦਾ। ਉਹ ਪਿੰਡ ਦੀ ਬ੍ਰਾਹਮਣ ਸਭਾ ਦਾ ਸਥਾਪਤ ਪ੍ਰਧਾਨ ਵੀ ਸੀ। ਕੁਝ ਸਮਾਂ ਪਹਿਲਾਂ ਉਸ ਦੇ ਅਕਾਲ ਚਲਾਣਾ ਕਰਨ ਸਮੇਂ ਭੋਗ ਦੀਆਂ ਅੰਤਮ ਅਰਦਾਸਾਂ ਸਮੇਂ ਹੋਇਆ ਵੱਡਾ ਇਕੱਠ ਪੰਡਤ ਦੇਸ ਰਾਜ ਦੀ ਸਮਾਜਿਕ ਹਰਮਨ ਪਿਆਰਤਾ ਦੇ ਸਬੂਤ ਦੀ ਹਾਮੀ ਭਰਦਾ ਸੀ।
ਚੀਮਾ ਪੱਤੀ
ਚੀਮਾ ਪੱਤੀ ਵਾਲਿਆਂ ਦੀ ਜ਼ਿਆਦਾ ਵਸੋਂ ਪਿੰਡ ਦੇ ਵਿਚਕਾਰੋਂ ਸ਼ੁਰੂ ਹੋ ਕੇ ਇਸ ਦੇ ਉਤਰ ਪੂਰਬ ਦੀ ਦਿਸ਼ਾ ਵੱਲ ਹੈ। ਚੀਮਾ ਗੋਤ ਦੇ ਜੱਟਾਂ ਤੋਂ ਬਿਨਾਂ ਸਿੱਧੂ, ਬਾਠ ਅਤੇ ਖੰਗੂੜਾ ਗੋਤਾਂ ਦੇ ਜੱਟ ਵੀ ਇਸ ਪੱਤੀ ਵਿਚ ਵਸਦੇ ਹਨ। ਮਿਸਤਰੀ, ਲੁਹਾਰ, ਨਾਈ (ਰਾਜੇ), ਮਹਿਰਾ, ਬੌਰੀਆ ਅਤੇ ਚਮਿਆਰ ਜਾਤੀ ਦੇ ਲੋਕ ਵੀ ਇਸੇ ਪੱਤੀ ਦੇ ਵੱਡੇ ਹਿੱਸੇ ਵਿਚ ਰਹਿੰਦੇ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਬੇਸ਼ਕ ਜ਼ਿਆਦਾ ਮੁਸਲਮਾਨ ਭਾਈਚਾਰਾ ਪਿੰਡ ਦੀ ਪੀਰ ਖਾਂ ਪੱਤੀ ਵਿਚ ਵਸਦਾ ਸੀ ਪਰੰਤੂ ਕੁਝ ਮੁਸਲਮਾਨ ਪਰਿਵਾਰਾਂ ਦੀ ਰਹਾਇਸ਼ ਚੀਮਾ ਪੱਤੀ ਵਿਚ ਵੀ ਸੀ, ਜਿਹੜੇ 1947 ਸਮੇਂ ਪਾਕਿਸਤਾਨ ਪਲਾਇਨ ਕਰ ਗਏ। ਪਿੰਡ ਦੇ ਦੂਜੀਆਂ ਪੱਤੀਆਂ ਦੇ ਵਾਸੀਆਂ ਵਾਂਗ ਚੀਮਾ ਪੱਤੀ ਵਾਲੇ ਵੀ 1760 ਈਸਵੀ ਤੋਂ ਬਾਅਦ ਹੀ ਜਨੇਰ ਵਿਚ ਆ ਕੇ ਵਸੇ।
ਚੀਮਾ ਗੋਤ ਦਾ ਪਿਛੋਕੜ
ਚੀਮੇਂ ਜੱਟ ਚੌਹਾਨ ਰਾਜਪੂਤਾਂ ਵਿਚੋਂ ਹਨ। ਇਤਿਹਾਸਕਾਰ ਡਾਕਟਰ ਰਾਏ ਜਸਬੀਰ ਸਿੰਘ ਸਿਆਲਕੋਟ ਪੈਂਫਲੇਟ 1866 ਦਾ ਹਵਾਲਾ ਦਿੰਦਿਆਂ ਇਨ੍ਹਾਂ ਦਾ ਮੁਢ ਸੂਰਜ ਬੰਸੀ ਰਾਜਪੂਤ ਸ੍ਰੀ ਰਾਮ ਚੰਦਰ ਜੀ ਨਾਲ ਜੋੜਦਾ ਹੈ। ਲਗਪਗ ਸਾਰੇ ਇਤਿਹਾਸਕਾਰ ਇਸ ਨਾਲ ਵੀ ਸਹਿਮਤੀ ਪ੍ਰਗਟਾਉਂਦੇ ਹਨ ਕਿ ਚੀਮੇਂ ਪ੍ਰਿਥਵੀ ਰਾਜ ਚੌਹਾਨ ਦੇ ਵੰਸ਼ ਵਿਚੋਂ ਹਨ। ਮੁਹੰਮਦ ਗੌਰੀ ਨੇ 1193 ਈਸਵੀ ਵਿਚ ਪ੍ਰਿਥਵੀ ਰਾਜ ਚੌਹਾਨ ਨੂੰ ਲੜਾਈ ਵਿਚ ਹਰਾ ਕੇ ਉਸ ਦੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਚੌਹਾਨ ਰਾਜਪੂਤ ਮੁਹੰਮਦ ਗੌਰੀ ਦੀ ਪਹੁੰਚ ਤੋਂ ਬਾਹਰ ਬਠਿੰਡਾ ਅਤੇ ਕਾਂਗੜ ਦੇ ਇਲਾਕੇ ਵਲ ਭੱਜ ਗਏ। ਪ੍ਰਿਥਵੀ ਰਾਜ ਚੌਹਾਨ ਦੇ ਪੁੱਤਰ ਛੋਟੂ ਰਾਮ ਨੇ ਚੌਹਾਨ ਰਾਜਪੂਤਾਂ ਨੂੰ ਇਕ ਵਾਰ ਫੇਰ ਇਕੱਠੇ ਕਰਕੇ ਬਠਿੰਡੇ ‘ਤੇ ਕਬਜ਼ਾ ਕਰ ਲਿਆ। ਕੁਝ ਇਤਿਹਾਸਕਾਰ ਤਾਂ ਛੋਟੂ ਮੱਲ ਚੌਹਾਨ ਨੂੰ ਹੀ ਚੀਮਾ ਗੋਤ ਦਾ ਬਾਨੀ ਮੰਨਦੇ ਹਨ। ਉਹ ਬਹੁਤ ਬਹਾਦਰ ਯੋਧਾ ਹੋਣ ਦੇ ਨਾਲ ਅੱਛਾ ਪ੍ਰਬੰਧਕ ਵੀ ਸੀ।
ਬਠਿੰਡੇ ‘ਤੇ ਕਬਜ਼ਾ ਕਰਨ ਤੋਂ ਬਾਅਦ ਚੀਮੇਂ ਕਾਂਗੜ ਵਲ ਵਧੇ। ਉਥੇ ਵਸ ਰਹੇ ਕੰਗ ਗੋਤ ਦੇ ਜੱਟਾਂ ਨੂੰ ਹਰਾ ਕੇ ਚੀਮੇਂ ਕਾਂਗੜ ਵਿਚ ਵੀ ਅਬਾਦ ਹੋ ਗਏ। ਕੁਝ ਸਮਾਂ ਬਾਅਦ ਇਸ ਇਲਾਕੇ ਦੇ ਧਾਲੀਵਾਲ ਜੱਟਾਂ ਨਾਲ ਵੀ ਚੀਮਿਆਂ ਦੀ ਖੜਕ ਗਈ। ਪਿੰਡ ਝਨੀਰ ਦੇ ਧਾਲੀਵਾਲ ਆਪਣੇ ਹਮਗੋਤੀ ਧਾਲੀਵਾਲਾਂ ਦੀ ਮੱਦਦ ਵਾਸਤੇ ਨਿਤਰੇ ਅਤੇ ਉਨ੍ਹਾਂ ਨੇ ਚੀਮਿਆਂ ‘ਤੇ ਹਮਲਾ ਕਰ ਦਿੱਤਾ। ਧਾਲੀਵਾਲ ਚੀਮਿਆਂ ਨੂੰ ਹਰਾ ਕੇ ਕਾਂਗੜ ਤੇ ਕਬਜ਼ਾ ਕਰਨ ਵਿਚ ਸਫ਼ਲ ਹੋ ਗਏ। ਅੱਜ ਵੀ ਕਾਂਗੜ ਵਿਚ ਧਾਲੀਵਾਲ ਵੱਡੀ ਗਿਣਤੀ ਵਿਚ ਵਸਦੇ ਹਨ।
ਧਾਲੀਵਾਲਾਂ ਹੱਥੋਂ ਲੜਾਈ ਵਿਚ ਮਾਤ ਖਾਣ ਉਪਰੰਤ ਚੀਮੇਂ ਕਾਂਗੜ ਛੱਡ ਕੇ ਫ਼ਿਰੋਜ਼ਪੁਰ ਅਤੇ ਮੋਗੇ ਦੇ ਇਲਾਕੇ ਵਲ ਚਲੇ ਗਏ। ਫ਼ਿਰੋਜ਼ਪੁਰ ਦੇ ਇਲਾਕੇ ਵਿਚ ਇਨ੍ਹਾਂ ਨੇ ਚੀਮਾ ਪਿੰਡ ਵਸਾਇਆ। ਕੁਝ ਚੀਮੇਂ ਲੁਧਿਆਣੇ ਵਲ ਚਲੇ ਗਏ ਅਤੇ ਉਹ ਕਾਲਖ, ਮਲੌਦ, ਚੀਮਾ, ਰਾਮਗੜ੍ਹ ਅਤੇ ਜੰਗਪੁਰ ਆਦਿ ਪਿੰਡਾਂ ਵਿਚ ਵਸ ਗਏ। ਉਨ੍ਹਾਂ ਦਿਨਾਂ ਵਿਚ ਹੀ ਛੋਟੂ ਮੱਲ ਕੁਝ ਪਰਿਵਾਰਾਂ ਨੂੰ ਨਾਲ ਲੈ ਕੇ ਦੁਆਬੇ ਵੱਲ ਨੂੰ ਵਧਿਆ ਅਤੇ ਦਰਿਆ ਬਿਆਸ ਦੇ ਕੰਢੇ ਇਕ ਪਿੰਡ ਵਸਾਇਆ। ਕੁਝ ਇਤਿਹਾਸਕਾਰ ਚੀਮਾ ਗੋਤ ਦੇ ਜੱਟਾਂ ਦੀ ਦੁਆਬੇ ਵੱਲ ਹਿਜ਼ਰਤ ਲੁਧਿਆਣੇ ਇਲਾਕੇ ਵਿਚੋਂ ਹੋਈ ਵੀ ਲਿਖਦੇ ਹਨ ਪਰੰਤੂ ਹਿਜ਼ਰਤ ਚਾਹੇ ਕਿਤੋਂ ਵੀ ਹੋਈ ਹੋਵੇ ਨੂਰਮਹਿਲ ਦੇ ਇਲਾਕੇ ਵਿਚ ਚੀਮਿਆਂ ਦੇ ਦੋ ਨਵੇਂ ਪਿੰਡ ਚੀਮਾ ਕਲਾਂ ਅਤੇ ਚੀਮਾ ਖੁਰਦ ਹੋਂਦ ਵਿਚ ਆਏ। ਇਤਿਹਾਸ ਵਿਚ ਇਸ ਸਮੇਂ ਦੇ ਦੋ ਯੋਧਿਆਂ ਰਾਣਾ ਅਤੇ ਢੋਲ ਦਾ ਜ਼ਿਕਰ ਵੀ ਆਉਂਦਾ ਹੈ।
ਅਣਵੰਡੇ ਪੰਜਾਬ ਦੇ ਪੱਛਮੀ ਹਿੱਸੇ ਵਿਚ ਵੱਡੀ ਗਿਣਤੀ ਵਿਚ ਚੀਮੇ ਵਸਦੇ ਸਨ। ਉਨ੍ਹਾਂ ਵਿਚੋਂ ਬਹੁਤੇ ਚੀਮੇਂ ਪੱਛਮੀ ਪੰਜਾਬ ਦੇ ਸਿਆਲਕੋਟ, ਗੁਜਰਾਂਵਾਲਾ ਅਤੇ ਗੁਜਰਾਤ ਦੇ ਇਲਾਕਿਆਂ ਵਿਚ ਵਸ ਗਏ। ਫ਼ਿਰੋਜ਼ਸ਼ਾਹ ਅਤੇ ਔਰੰਗਜ਼ੇਬ ਦੇ ਸਮਿਆਂ ਸਮੇਂ ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਚੀਮਿਆਂ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਪਰੰਤੂ ਆਪਣੇ ਗੋਤ ਦਾ ਨਾਮ ਚੀਮਾ ਹੀ ਰਹਿਣ ਦਿੱਤਾ ਅਤੇ ਆਪਣੇ ਰੀਤੀ ਰਿਵਾਜ ਵੀ ਪਹਿਲਾਂ ਵਾਲੇ ਹੀ ਰੱਖੇ। ਕਿਸੇ ਸਮੇਂ ਇਸ ਇਲਾਕੇ ਵਿਚ ਚੀਮਿਆਂ ਦੇ 40- 50 ਪਿੰਡ ਸਨ। ਦੇਸ਼ ਦੀ ਵੰਡ ਤੋਂ ਬਾਅਦ ਜਿਹੜੇ ਚੀਮਾ ਪਰਿਵਾਰਾਂ ਨੇ ਧਰਮ ਤਬਦੀਲੀ ਕਰਕੇ ਇਸਲਾਮ ਨਹੀਂ ਸੀ ਗ੍ਰਹਿਣ ਕੀਤਾ ਉਨ੍ਹਾਂ ਵਿਚੋਂ ਜ਼ਿਆਦਾਤਰ ਮੌਜੂਦਾ ਹਰਿਆਣਾ ਸਟੇਟ ਦੇ ਸਰਸਾ ਅਤੇ ਕਰਨਾਲ ਆਦਿ ਇਲਾਕਿਆਂ ਵਿਚ ਵਸਦੇ ਹਨ।
ਪੂਰਬੀ ਪੰਜਾਬ ਵਿਚ ਚੀਮੇਂ ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮਲੇਰ ਕੋਟਲਾ ਦੇ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਵਸਦੇ ਹਨ। ਦੁਆਬੇ ਅਤੇ ਮਾਝਾ ਖੇਤਰ ਨਾਲੋਂ ਮਾਲਵੇ ਵਿਚ ਚੀਮਿਆਂ ਦੀ ਅਬਾਦੀ ਵੱਧ ਹੈ। ਮੋਗਾ ਇਲਾਕੇ ਵਿਚ ਵੀ ਜਨੇਰ, ਰਜੀਵਾਲ (ਚੂਹੜ ਸਿੰਘ ਵਾਲਾ), ਚੀਮੇਂ ਅਤੇ ਕਈ ਹੋਰ ਨੇੜਲੇ ਪਿੰਡਾਂ ਵਿਚ ਚੀਮਿਆਂ ਦੀ ਕਾਫੀ ਵਸੋਂ ਹੈ। ਕਿਸੇ ਕਾਰਨ ਕੁਝ ਚੀਮੇਂ ਦਲਿਤ ਜਾਤੀਆਂ ਵਿਚ ਵੀ ਚਲੇ ਗਏ। ਪੱਛਮੀ ਪੰਜਾਬ ਵਿਚ ਸਾਰੇ ਚੀਮੇਂ ਮੁਸਲਮਾਨ ਜੱਟ ਚੀਮੇਂ ਅਤੇ ਪੂਰਬੀ ਪੰਜਾਬ ਵਿਚ ਚੀਮੇਂ ਆਪਣੇ ਆਪ ਨੂੰ ਜੱਟ ਸਿੱਖ ਚੀਮਾ ਅਖਵਾਉਂਦੇ ਹਨ। ਚੀਮਾ ਗੋਤ ਵਾਲੇ ਜੱਟਾਂ ਦੀ ਵੱਡੀ ਗਿਣਤੀ ਵਿਦੇਸ਼ਾਂ ਵਿਚ ਵੀ ਪਰਵਾਸ ਕਰ ਗਈ। ਇਹ ਬਹੁਤ ਸਿਰੜੀ, ਮਿਹਨਤੀ ਅਤੇ ਆਪਣੀ ਧੁਨ ਦੇ ਪੱਕੇ ਹੋਣ ਵਜੋਂ ਜਾਣੇ ਜਾਂਦੇ ਹਨ। ਕੈਪਟਨ ਏ.ਐਸ. ਚੀਮਾ ਹਿਮਾਲੀਆ ਪਰਬਤ ਦੀ ਸਭ ਤੋਂ ਉਚੀ ਚੋਟੀ ਨੂੰ ਫਤਿਹ ਕਰਨ ਵਾਲਾ ਪਹਿਲਾ ਭਾਰਤੀ ਸੀ।
ਚੀਮਾ ਗੋਤ ਦੀਆਂ ਕੁਝ ਪ੍ਰਚਲਤ ਚੁੰਝ-ਚਰਚਾਵਾਂ
ਦੂਜੇ ਗੋਤਾਂ ਦੇ ਲੋਕਾਂ ਵਾਂਗ ਚੀਮਾ ਗੋਤ ਵਾਲਿਆਂ ਬਾਰੇ ਵੀ ਇਤਿਹਾਸ ਵਿਚ ਉਨ੍ਹਾਂ ਦੀ ਮਾਨਸਿਕਤਾ, ਜੀਵਨ ਸ਼ੈਲੀ, ਰੀਤੀ-ਰਿਵਾਜਾਂ ਅਤੇ ਚੰਗੀਆਂ ਮਾੜੀਆਂ ਪਰੰਪਰਾਵਾਂ ਦਾ ਵਰਨਣ ਅੰਕਿਤ ਹੈ। ਪੜ੍ਹਾਈ ਲਿਖਾਈ, ਸਮਾਜਿਕ ਜਾਗਰੂਕਤਾ ਅਤੇ ਸਮੇਂ ਦੇ ਬਦਲਣ ਕਾਰਨ ਬੇਸ਼ਕ ਚੀਮਾ ਭਾਈਚਾਰੇ ਵਿਚ ਅਜੋਕੇ ਸਮੇਂ ਸਭ ਕੁਝ ਬਦਲ ਚੁੱਕਾ ਹੈ ਪਰੰਤੂ ਚੀਮਿਆਂ ਬਾਰੇ ਪ੍ਰਚਲਤ ਕੁਝ ਕੁ ਦੰਦ ਕਥਾਵਾਂ ਅਤੇ ਚੁੰਝ ਚਰਚਾਵਾਂ ਬਾਰੇ ਲਿਖਣ ਤੋਂ ਬਿਨਾਂ ਚੀਮਾ ਗੋਤ ਵਾਲਿਆਂ ਦਾ ਇਤਿਹਾਸ ਅਧੂਰਾ ਹੀ ਨਜ਼ਰ ਆਵੇਗਾ।
ਝਗੜਾਲੂ ਚੀਮਿਆਂ ਦੀ ਭੈਣ ਨਾਲ ਵੀ ਲੜਾਈ
ਇਤਿਹਾਸਕਾਰਾਂ ਨੇ ਆਪਣੀਆਂ ਲਿਖਤਾਂ ਵਿਚ ਚੀਮਾ ਗੋਤ ਵਾਲਿਆਂ ਨੂੰ ਚਾਹੇ ਉਹ ਸਿੱਖ, ਹਿੰਦੂ ਜਾਂ ਮੁਸਲਮਾਨ ਹੋਣ ਝਗੜਾਲੂ ਅਤੇ ਲੜਾਕੇ ਲਿਖਿਆ ਹੈ। ਹੋ ਸਕਦਾ ਹੈ ਕਿ ਸਬੰਧਤ ਇਤਿਹਾਸਕਾਰਾਂ ਨੇ ਚੀਮਿਆਂ ਦੀ ਆਪਣੀ ਸਕੀ ਭੈਣ ਨਾਲ ਹੋਈ ਲੜਾਈ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਨੂੰ ਝਗੜਾਲੂ ਅਤੇ ਲੜਾਕੇ ਗਰਦਾਨਿਆ ਹੋਵੇ। ਜਿਸ ਤਰ੍ਹਾਂ ਪਿੱਛੇ ਲਿਖ ਚੁੱਕੇ ਹਾਂ ਚੀਮਿਆਂ ਨੇ ਕਾਂਗੜ ਦੇ ਕੰਗ ਗੋਤ ਵਾਲਿਆਂ ਨੂੰ ਮਾਤ ਪਾ ਕੇ ਧਾਲੀਵਾਲ ਪਰਿਵਾਰਾਂ ਨਾਲ ਵੀ ਸਿੰਗ ਫਸਾ ਲਏ। ਅਸਲ ਵਿਚ ਜਿਸ ਧਾਲੀਵਾਲ ਪਰਿਵਾਰ ਨਾਲ ਚੀਮਿਆਂ ਦਾ ਝਗੜਾ ਹੋਇਆ ਉਹ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਸਕੀ ਭੈਣ ਹੀ ਸੀ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਵਿਧਵਾ ਔਰਤ ਆਪਣੇ ਇਕਲੌਤੇ ਪੁੱਤਰ ਦਾ ਪਾਲਣ-ਪੋਸ਼ਣ ਕਰ ਰਹੀ ਸੀ। ਚੀਮੇਂ ਆਪਣੀ ਇਸ ਵਿਧਵਾ ਭੈਣ ਅਤੇ ਭਾਣਜੇ ਦੀ ਜਾਇਦਾਦ ਹੜੱਪਣਾ ਚਾਹੁੰਦੇ ਸਨ । ਚੀਮਿਆਂ ਦੀ ਭੈਣ ਦਾ ਸਹੁਰਾ ਪਿੰਡ ਝੁਨੀਰ ਸੀ ਪਰੰਤੂ ਸਹੁਰੇ ਪਰਿਵਾਰ ਨੇ ਉਸ ਨੂੰ ਕਾਂਗੜ ਪਿੰਡ ਨੇੜੇ ਜ਼ਮੀਨ ਦਾ ਵੱਡਾ ਹਿੱਸਾ ਮਾਂ-ਪੁੱਤਰ ਨੂੰ ਉਨ੍ਹਾਂ ਦੇ ਹਿੱਸੇ ਵਜੋਂ ਦੇ ਦਿੱਤਾ ਸੀ ਤਾਂ ਕਿ ਉਹ ਅਰਾਮ ਦੀ ਜ਼ਿੰਦਗੀ ਬਸਰ ਕਰ ਸਕਣ।
ਜਦੋਂ ਚੀਮੇਂ ਆਪਣੀ ਧਾਲੀਵਾਲ ਗੋਤ ਨਾਲ ਸਬੰਧਤ ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਾਜ ਨਾ ਆਏ ਤਾਂ ਉਸ ਵਿਧਵਾ ਔਰਤ ਨੇ ਆਪਣੇ ਸਹੁਰੇ ਪਿੰਡ ਝੁਨੀਰ ਪਹੁੰਚ ਕੇ ਆਪਣੇ ਸਕੇ ਸੋਧਰੇ ਧਾਲੀਵਾਲਾਂ ਪਾਸ ਮੱਦਦ ਲਈ ਫਰਿਆਦ ਕੀਤੀ। ਝੁਨੀਰ ਦੇ ਧਾਲੀਵਾਲਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਕਾਂਗੜ ‘ਤੇ ਹਮਲਾ ਕਰ ਦਿੱਤਾ। ਅਤੇ ਚੀਮਿਆਂ ਨੂੰ ਉਥੋਂ ਭੱਜਣਾ ਪਿਆ। ਅਜੋਕੇ ਸਮੇਂ ਵਿਚ ਧਾਲੀਵਾਲਾਂ ਦੀ ਕਾਂਗੜ ਵਿਚ ਵਸੋਂ ਇਸ ਚੁੰਝ-ਚਰਚਾ ਦੀ ਪੁਸ਼ਟੀ ਕਰਦੀ ਹੈ।
ਚੀਮਿਆਂ ਦੇ ਅਨੋਖੇ ਰੀਤੀ-ਰਿਵਾਜ
ਚੀਮਾ ਗੋਤ ਵਾਲਿਆਂ ਦੇ ਕਈ ਕਿਸਮ ਦੇ ਸਮਾਜਿਕ ਰੀਤੀ-ਰਿਵਾਜਾਂ ਦੀ ਚੁੰਝ-ਚਰਚਾ ਇਤਿਹਾਸ ਵਿਚ ਚਰਚਾ ਦਾ ਵਿਸ਼ਾ ਰਹੀ ਹੈ। ਕਿਸੇ ਸਮੇਂ ਚੀਮੇਂ ਲੜਕੇ ਦੇ ਵਿਆਹ ਸਮੇਂ ਉਸ ਦੇ ਜੰਞ ਚੜ੍ਹਨ ਦੀ ਤਿਆਰੀ ਕਰਦੇ ਹੋਏ ਵਿਆਂਹਦੜ ਲੜਕੇ ਦੇ ਮੱਥੇ ਉਪਰ ਬੱਕਰੀ ਦਾ ਕੰਨ ਕੱਟ ਕੇ ਉਸ ਦੇ ਖ਼ੂਨ ਦਾ ਤਿਲਕ ਲਗਾਇਆ ਕਰਦੇ ਸਨ। ਏਥੇ ਹੀ ਬਸ ਨਹੀਂ ਕਈ ਹੋਰ ਗੋਤਾਂ ਦੇ ਲੋਕਾਂ ਵਾਂਗ ਜੰਞ ਚੜ੍ਹਦੇ ਸਮੇਂ ਲਾੜਾ ਜੰਡੀ ਤਾਂ ਵੱਢਦਾ ਹੀ ਸੀ ਪਰੰਤੂ ਚੀਮੇਂ ਗੋਤ ਵਾਲਿਆਂ ਦਾ ਕਈ ਰਸਮਾਂ ਸਮੇਂ ਜੰਡ ਦੀ ਪੂਜਾ ਕਰਨ ਦਾ ਵਰਨਣ ਵੀ ਮਿਲਦਾ ਹੈ। ਚੀਮਿਆਂ ਦੀ ਇਕ ਹੋਰ ਪੁਰਾਤਨ ਰੀਤ ਇਹ ਵੀ ਸੀ ਕਿ ਉਹ ਵਿਆਹ ਦੀਆਂ ਰਸਮਾਂ ਪੰਡਤਾਂ ਤੋਂ ਨਹੀਂ ਸਗੋਂ ਜੋਗੀਆਂ ਪਾਸੋਂ ਕਰਵਾਉਂਦੇ ਸਨ। ਪਰੰਤੂ ਹੁਣ ਸਮੇਂ ਦੇ ਬਦਲਣ ਨਾਲ ਉਪਰੋਕਤ ਵਿਲੱਖਣਤਾਵਾਂ ਵਾਲੀਆਂ ਰਸਮਾਂ ਦਾ ਵੀ ਭੋਗ ਪੈ ਚੁੱਕਾ ਹੈ।
ਸ਼ਹੀਦ ਬਾਬਾ ਰਾਮ ਸਿੰਘ ਚੀਮਾ
ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਹੈਨਰੀ ਪਰਿਨਸਿਪ ਆਪਣੀਆਂ ਇਤਿਹਾਸਕ ਲਿਖਤਾਂ ਵਿਚ ਪੰਜਾਬ ਨੂੰ ਬਹਾਦਰ ਸ਼ਹੀਦਾਂ ਦੀ ਧਰਤੀ ਦਾ ਰੁਤਬਾ ਦਿੰਦਾ ਹੈ। ਇਸ ਬਾਰੇ ਦੋ ਰਾਵਾਂ ਵੀ ਨਹੀਂ ਹਨ। ਪੰਜਾਬ ਦਾ ਇਤਿਹਾਸ ਸਮੇਂ-ਸਮੇਂ ਇਸ ਦੇ ਸੂਰਬੀਰਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਦਿੱਤੀਆਂ ਅਦੁੱਤੀ ਸ਼ਹਾਦਤਾਂ ਨਾਲ ਭਰਿਆ ਪਿਆ ਹੈ, ਖ਼ਾਸ ਕਰਕੇ ਸਿੱਖ ਕੌਮ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਵਰਗੀਆਂ ਉਦਾਹਰਣਾਂ ਤਾਂ ਸੰਸਾਰ ਦੀ ਕਿਸੇ ਵੀ ਕੌਮ ਦੇ ਇਤਿਹਾਸ ਵਿਚ ਘਟ ਹੀ ਮਿਲਦੀਆਂ ਹਨ। ਚੀਮਿਆਂ ਦੇ ਮਹਾਨ ਸ਼ਹੀਦ ਬਾਬਾ ਰਾਮ ਸਿੰਘ ਚੀਮਾ ਬਾਰੇ ਲਿਖਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਚੀਮਾ ਗੋਤ ਦੇ ਪਿਛੋਕੜ ਬਾਰੇ।
1811 ਈਸਵੀ ਵਿਚ ਪੰਜਾਬ ਦੇ ਦੋਰਾਹਾ ਇਲਾਕੇ ਦੇ ਪਿੰਡ ਰਾਮਗੜ੍ਹ ਸਰਦਾਰ ਵਿਖੇ ਚੀਮਿਆਂ ਦੇ ਪੁਰਖੇ ਸ਼ਹੀਦ ਬਾਬਾ ਰਾਮ ਸਿੰਘ ਚੀਮਾ ਨੇ ਆਪਣੇ ਸਾਥੀਆਂ ਨਾਲ ਮੁਗ਼ਲ ਫ਼ੌਜਾਂ ਨਾਲ ਟੱਕਰ ਲਈ। ਇਤਿਹਾਸਕ ਹਵਾਲਿਆਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਾਬਾ ਜੀ ਦੇ ਨਾਲ ਬਹੁਤ ਹੀ ਥੋੜ੍ਹੀ ਗਿਣਤੀ ਵਿਚ ਫ਼ੌਜ ਸੀ, ਜਦੋਂ ਕਿ ਮੁਗ਼ਲਾਂ ਦਾ ਲਾਮ ਲਸ਼ਕਰ ਬਹੁਤ ਵੱਡਾ ਸੀ। ਮੁੱਠੀ ਭਰ ਸਿੱਖ ਯੋਧਿਆਂ ਨੇ ਆਪਣੀ ਬਹਾਦਰੀ ਦੇ ਉਹ ਜੌਹਰ ਦਿਖਾਏ ਕਿ ਮੁਗ਼ਲ ਫ਼ੌਜ ਦੇ ਕਮਾਂਡਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਬਾਬਾ ਜੀ ਫੱਟੜ ਹੋ ਗਏ ਪਰੰਤੂ ਕਈ ਮੀਲਾਂ ਤਕ ਉਹ ਫੱਟੜ ਹਾਲਤ ਵਿਚ ਲੜਦੇ ਰਹੇ। ਅੰਤ ਸ਼ਹੀਦੀ ਜਾਮਾ ਪੀ ਗਏ। ਬਾਬਾ ਜੀ ਦੀ ਯਾਦ ਵਿਚ ਚੀਮਿਆਂ ਨੇ ਉਸ ਜਗ੍ਹਾ ‘ਤੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਅਤੇ ਹਰ ਸਾਲ 14 ਅਕਤੂਬਰ ਨੂੰ ਬਾਬਾ ਰਾਮ ਸਿੰਘ ਚੀਮਾ ਦੀ ਯਾਦ ਵਿਚ ਭਾਰੀ ਜੋੜ ਮੇਲਾ ਲਗਦਾ ਹੈ।
ਜਨੇਰ ਦੇ ਚੀਮੇ
ਪਿੰਡ ਦੇ ਬਜ਼ੁਰਗਾਂ ਲੰਬਰਦਾਰ ਸਾਧੂ ਸਿੰਘ ਚੀਮਾ ਅਤੇ ਅਮਰ ਸਿੰਘ ਚੀਮਾ ਨਾਲ ਕੀਤੀਆਂ ਲੰਮੀਆਂ ਮੁਲਾਕਾਤਾਂ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਗਜ਼ਟ ਤੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਜਨੇਰ ਦੇ ਚੀਮੇ ਵੀ ਦੂਜੇ ਗੋਤਾਂ ਦੇ ਜੱਟ ਸਿੱਖਾਂ ਵਾਂਗ 1760 ਈਸਵੀ ਤੋਂ ਬਾਅਦ ਹੀ ਜਨੇਰ ਵਿਚ ਆ ਕੇ ਵਸੇ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਨੇਰ ਦੇ ਚੀਮੇਂ ਦੋ ਥਾਵਾਂ ਤੋਂ ਪਲਾਇਨ ਕਰਕੇ ਇਥੇ ਆਏ। ਇਨ੍ਹਾਂ ਵਿਚੋਂ ਕੁਝ ਚੀਮਾ ਪਰਿਵਾਰ ਲੁਧਿਆਣਾ ਜ਼ਿਲ੍ਹੇ ਦੇ ਮੁਲਾਂਪੁਰ ਨੇੜਲੇ ਪਿੰਡ ਜਾਂਗਪੁਰ ਤੋਂ ਆ ਕੇ ਵਸੇ ਅਤੇ ਕੁਝ ਪਰਿਵਾਰ ਨੇੜਲੇ ਪਿੰਡ ਚੀਮਾ ਤੋਂ ਆ ਕੇ ਜਨੇਰ ਵਾਸੀ ਬਣੇ। ਚੀਮਾ ਪਿੰਡ ਤੋਂ ਆ ਕੇ ਵਸਣ ਵਾਲੇ ਚੀਮਿਆਂ ਦਾ ਪਿਛੋਕੜ ਪਾਕਿਸਤਾਨ ਵਿਚ ਲਹਿੰਦੇ ਪੰਜਾਬ ਨਾਲ ਜਾ ਮਿਲਦਾ ਹੈ।
ਬੱਗਾ ਸਿੰਘ ਚੀਮਾ ਦਾ ਕਾਫੀ ਵੱਡਾ ਪਰਿਵਾਰ, ਚੀਮਾ ਪੱਤੀ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਸਦਾ ਹੈ। ਉਸ ਦੇ ਪੰਜ ਲੜਕੇ ਅਮਰ ਸਿੰਘ, ਹਰਬੰਸ ਸਿੰਘ, ਜੰਗੀਰ ਸਿੰਘ, ਜਰਨੈਲ ਸਿੰਘ ਅਤੇ ਜਸਵੰਤ ਸਿੰਘ ਹਨ। ਅਮਰ ਸਿੰਘ ਚੀਮਾ ਦੀ ਦੇਖ-ਰੇਖ ਹੇਠ ਲੰਮਾ ਸਮਾਂ ਇਸ ਪਰਿਵਾਰ ਨੇ ਖੇਤੀਬਾੜੀ ਦਾ ਕੰਮ ਹੀ ਕੀਤਾ। ਅਮਰ ਸਿੰਘ ਦੇ ਦੋ ਲੜਕੇ ਪੜ੍ਹੇ ਲਿਖੇ ਸਨ ਅਤੇ ਪੁਲਿਸ ਵਿਚ ਨੌਕਰੀ ਵੀ ਕਰਦੇ ਸਨ ਪਰੰਤੂ ਵਿਦੇਸ਼ੀ ਧਰਤੀਆਂ ਦੇ ਡਾਲਰ ਮੋਹ ਦੇ ਅਸਰ ਹੇਠ ਦੋਵੇਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਪਹੁੰਚ ਕੈਨੇਡੀਅਨ ਸ਼ਹਿਰੀ ਬਣ ਗਏ। ਹਰਬੰਸ ਸਿੰਘ ਨੇ ਪਿਤਾ ਪੁਰਖੀ ਖੇਤੀਬਾੜੀ ਧੰਦਾ ਹੀ ਅਪਣਾਇਆ ਅਤੇ ਉਸ ਦੇ ਲੜਕੇ ਅਮੋਲਕ ਸਿੰਘ ਨੇ ਵੀ। ਜੰਗੀਰ ਸਿੰਘ ਵਿਆਹਿਆ ਨਹੀਂ, ਹਰਬੰਸ ਸਿੰਘ ਦੇ ਪਰਿਵਾਰ ਨਾਲ ਹੀ ਰਹਿੰਦਾ ਹੈ। ਜਰਨੈਲ ਸਿੰਘ ਨੇ ਦਸਵੀਂ ਪਾਸ ਕਰਕੇ ਫ਼ੌਜ ਦੀ ਨੌਕਰੀ ਕਰ ਲਈ ਅਤੇ ਕੈਪਟਨ ਦੇ ਅਹੁਦੇ ਤੋਂ ਰਿਟਾਇਰ ਹੋਏ। ਉਸ ਦੇ ਲੜਕੇ ਸਰਤਾਜ ਸਿੰਘ ਨੇ ਬੇਸ਼ਕ ਐਮ.ਐਸ.ਸੀ. ਪਾਸ ਕਰ ਲਈ ਪਰੰਤੂ ਉਹ ਵੀ ‘ਡਾਲਰ ਮੋਹ’ ਦਾ ਸ਼ਿਕਾਰ ਹੋਣੋਂ ਬਚ ਨਾ ਸਕਿਆ। ਜਰਨੈਲ ਸਿੰਘ ਨੂੰ ਰਵਾਇਤਾਂ ਅਨੁਸਾਰ ਉਸ ਪਾਸ ਕੈਨੇਡਾ ਹੀ ਪਹੁੰਚਣਾ ਪਿਆ। ਜਰਨੈਲ ਸਿੰਘ ਨੂੰ ਸਿੱਖ ਧਰਮ, ਸਿੱਖ ਵਿਰਸੇ ਅਤੇ ਸਿੱਖੀ ਜੀਵਨ ਦੀ ਡੂੰਘੀ ਜਾਣਕਾਰੀ ਹੈ ਅਤੇ ਉਹ ਵਿਦੇਸ਼ੀ ਧਰਤੀ ‘ਤੇ ਵੀ ਸਿੱਖੀ ਨੂੰ ਸਮਰਪਤ ਹੈ। ਜਸਵੰਤ ਸਿੰਘ ਪੁਰਾਣੀ ਦਸਵੀਂ ਪਾਸ ਹੈ ਸਰਕਾਰੀ ਨੌਕਰੀ ਵੀ ਕੁਝ ਕੀਤੀ ਪਰੰਤੂ ਕੁਝ ਕਾਰਨਾਂ ਕਰਕੇ ਨੌਕਰੀ ਚਲੀ ਜਾਣ ਬਾਅਦ ਖੇਤੀਬਾੜੀ ਦੇ ਕੰਮ ਵਿਚ ਹੀ ਲਗ ਗਿਆ। ਉਂਝ ਉਹ ਸ਼ੁਧ ਪਾਠ ਉਚਾਰਨ ਵਾਲਾ ਆਖੰਡ ਪਾਠੀ ਹੈ। ਉਸ ਦੇ ਲੜਕਾ ਵੀ ਪੜ੍ਹਿਆ ਲਿਖਿਆ ਹੈ ਪਰੰਤੂ ਖੇਤੀਬਾੜੀ ਦਾ ਕੰਮ ਹੀ ਕਰਦਾ ਹੈ।
ਸੋਭਾ ਸਿੰਘ ਚੀਮਾ ਜਿਹੜਾ ਕਿ ਪਿੰਡ ਵਿਚ ਦਾਨੀ ਪੁਰਸ਼ ਵਜੋਂ ਜਾਣਿਆ ਜਾਂਦਾ ਸੀ, ਦੇ ਲੜਕੇ ਸੁਰੈਣ ਸਿੰਘ ਦੇ ਦੋਹਾਂ ਪੁੱਤਰਾਂ ਮੋਹਰ ਸਿੰਘ ਅਤੇ ਕੋਹਰ ਸਿੰਘ ਦੇ ਘਰ ਕਿਸੇ ਸਮੇਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਸਨ ਪਰੰਤੂ ਦੋਹਾਂ ਭਰਾਵਾਂ ਨੇ ਆਪਣੇ ਜੱਦੀ ਘਰ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੇ। ਮੋਹਰ ਸਿੰਘ ਦੇ ਦੋਹਾਂ ਲੜਕਿਆਂ ਛਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਆਪਣੇ ਖੇਤਾਂ ਵਿਚ ਖੁਲ੍ਹੇ ਡੁਲ੍ਹੇ ਮਕਾਨ ਬਣਾ ਕੇ ਰਹਾਇਸ਼ ਕਰ ਲਈ ਕਿਉਂਕਿ ਦੋਵੇਂ ਖੇਤੀ ਦਾ ਕੰਮ ਕਰਦੇ ਹਨ। ਕੋਹਰ ਸਿੰਘ ਦੇ ਲੜਕਿਆਂ ਜਗਰਾਜ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣੇ ਮਕਾਨ ਬਣਾ ਲਏ। ਕੋਹਰ ਸਿੰਘ ਜਵਾਨੀ ਸਮੇਂ ਰੰਗੀਨ ਮਿਜਾਜ਼ ਵਾਲਾ ਸ਼ੁਕੀਨ ਪੁੱਤਰ ਸੀ, ਵਧੀਆ ਘੋੜੀਆਂ ਵੀ ਰਖਦਾ ਸੀ। ਲੰਮਾ ਸਮਾਂ ਉਹ ਪਿੰਡ ਦਾ ਮੈਂਬਰ ਪੰਚਾਇਤ ਰਿਹਾ। ਅੱਜਕਲ੍ਹ ਉਸ ਦਾ ਛੋਟਾ ਲੜਕਾ ਜਗਰਾਜ ਸਿੰਘ ਮੈਂਬਰ ਪੰਚਾਇਤ ਹੈ। ਸ਼ਮਸ਼ੇਰ ਸਿੰਘ ਦੇ ਲੜਕੇ ਖੇਤੀਬਾੜੀ ਕਰਦੇ ਹਨ ਪਰੰਤੂ ਜਗਰਾਜ ਸਿੰਘ ਦਾ ਲੜਕਾ ਬਲਜੀਤ ਸਿੰਘ ਡਾਲਰਾਂ ਦੀ ਚਕਾਚੌਂਧ ਤੋਂ ਪ੍ਰਭਾਵਿਤ ਹੋ ਕੇ ਪਰਿਵਾਰ ਸਹਿਤ ਪੱਕੇ ਤੌਰ ‘ਤੇ ਕੈਨੇਡਾ ਦੀ ਐਲਬਰਟਾ ਸਟੇਟ ਵਿਚ ਜਾ ਵਸਿਆ।
ਕੋਹਰ ਸਿੰਘ ਹੋਰਾਂ ਦੇ ਜੱਦੀ ਘਰ ਨੇੜੇ ਦੋ ਭਰਾਵਾਂ, ਵਜੀਦ ਸਿੰਘ ਚੀਮਾ ਦੇ ਲੜਕਿਆਂ ਇੰਦਰ ਸਿੰਘ ਅਤੇ ਨਗਿੰਦਰ ਸਿੰਘ ਦੀ ਵਸੋਂ ਸੀ ਪਰੰਤੂ ਉਨ੍ਹਾਂ ਦੇ ਕੋਈ ਔਲਾਦ ਨਾ ਹੋਈ। ਇਨ੍ਹਾਂ ਦੇ ਨੇੜੇ ਹੀ ਸੁੰਦਰ ਸਿੰਘ ਚੀਮਾ ਦਾ ਪਰਿਵਾਰ ਵਸਦਾ ਹੈ। ਸੁੰਦਰ ਸਿੰਘ ਚੀਮਾ ਦੇ ਦੋ ਲੜਕੇ ਗ੍ਰੰਥੀ ਕਰਨੈਲ ਸਿੰਘ ਅਤੇ ਦਲੀਪ ਸਿੰਘ ਚੀਮਾ ਦਾ ਪਰਿਵਾਰ ਹਾਲੀਂ ਵੀ ਆਪਣੇ ਪੁਰਾਣੇ ਤੋਂ ਨਵੀਨੀਕਰਨ ਕੀਤੇ ਹੋਏ ਜੱਦੀ ਘਰ ਵਿਚ ਵਸਦਾ ਹੈ। ਗ੍ਰੰਥੀ ਕਰਨੈਲ ਸਿੰਘ ਤਾਂ ਬੇਔਲਾਦਾ ਹੀ ਪ੍ਰਲੋਕ ਸੁਧਾਰ ਗਿਆ ਪਰੰਤੂ ਦਲੀਪ ਸਿੰਘ ਦੇ ਦੋ ਲੜਕੇ ਜਗਰੂਪ ਸਿੰਘ ਅਤੇ ਕੁਲਵੰਤ ਸਿੰਘ ਖੇਤੀਬਾੜੀ ਅਤੇ ਦੁੱਧ ਦੀ ਡੇਅਰੀ ਦਾ ਧੰਦਾ ਕਰਦੇ ਹਨ। ਦਲੀਪ ਸਿੰਘ ਪੜ੍ਹਿਆ ਲਿਖਿਆ ਅਤੇ ਸ਼ੁਧ ਉਚਾਰਨ ਵਾਲਾ ਆਖੰਡ ਪਾਠੀ ਹੈ। ਦਲੀਪ ਸਿੰਘ ਚੀਮਾ ਦੇ ਗੁਆਂਢ ਵਿਚ ਹੀ ਮੁਨਸ਼ੀ ਸਿੰਘ ਚੀਮਾ ਦਾ ਘਰ ਸੀ ਅਤੇ ਉਸ ਦਾ ਲੜਕਾ ਗੁਲਜ਼ਾਰ ਸਿੰਘ (ਗਾਰੀ) ਹੋਇਆ। ਲਾਲ ਸਿੰਘ ਚੀਮਾ ਵੀ ਇਸੇ ਖ਼ਾਨਦਾਨ ਨਾਲ ਸਬੰਧਤ ਸੀ। ਕਿਸੇ ਸਮੇਂ ਪਾਲਾ ਸਿੰਘ ਚੀਮਾ ਦਾ ਪੁਰਾਣਾ ਘਰ ਵੀ ਇਸ ਦੇ ਨੇੜੇ ਹੀ ਸੀ ਪਰੰਤੂ ਉਸ ਦੇ ਲੜਕੇ ਰੁਲਦਾ ਸਿੰਘ ਚੀਮਾ ਨੇ ਆਪਣਾ ਨਵਾਂ ਮਕਾਨ ਚੀਮਾ-ਸੇਖੋਂ ਪੱਤੀ ਦੀ ਧਰਮਸ਼ਾਲਾ ਨੇੜੇ ਬਣਾ ਲਿਆ। ਰੁਲਦਾ ਸਿੰਘ ਦੇ ਦੋ ਲੜਕੇ ਹਨ। ਖੇਤੀਬਾੜੀ ਕਰਦੇ ਹਨ। ਇਸ ਪਰਿਵਾਰ ਦੇ ਨਜ਼ਦੀਕੀ ਰਾਮਾ ਸਿੰਘ ਅਤੇ ਸਰਦਾਰਾ ਸਿੰਘ ਵੀ ਸਨ ਜਿਹੜੇ ਬੇਔਲਾਦੇ ਹੀ ਚੜ੍ਹਾਈ ਕਰ ਗਏ। ਅਨੋਖ ਸਿੰਘ ਚੀਮਾ ਦੇ ਲੜਕੇ ਲੰਬਰਦਾਰ ਸਾਧੂ ਸਿੰਘ ਚੀਮਾ ਨੇ ਆਪਣੀ ਰਹਾਇਸ਼ ਚੀਮਾ ਪੱਤੀ ਵਿਚੋਂ ਸਮੇਟ ਕੇ ਪਿੰਡ ਦੇ ਉਤਰ ਵਾਲੇ ਪਾਸੇ ਪਿੰਡ ਤੋਂ ਬਾਹਰਵਾਰ ਬਣਾ ਲਈ। ਉਸ ਦਾ ਲੜਕਾ ਬੂਟਾ ਸਿੰਘ ਬਹੁਤਾ ਪੜ੍ਹਿਆ ਲਿਖਿਆ ਨਾ ਹੋਣ ਦੇ ਬਾਵਜੂਦ ਵੀ ਘੁੰਮਿਆ ਫਿਰਿਆ ਹੋਣ ਕਾਰਨ ਕਬੀਲਦਾਰੀ ਅਤੇ ਸਮਾਜ ਦੀ ਕਾਫੀ ਸੂਝ-ਬੂਝ ਰਖਦਾ ਹੈ। ਪੱਤੀ ਦੀ ਲੰਬਰਦਾਰੀ ਦਾ ਕੰਮ ਵੀ ਬਹੁਤਾ ਆਪ ਹੀ ਕਰਦਾ ਹੈ। ਉਸ ਦੇ ਦੋਵੇਂ ਲੜਕੇ ਹਾਲੀਂ ਪੜ੍ਹਾਈ ਕਰ ਰਹੇ ਹਨ। ਲੰਬਰਦਾਰ ਸਾਧੂ ਸਿੰਘ ਚੀਮਾ ਨੂੰ ਆਪਣੇ ਚੀਮਾ ਭਾਈਚਾਰੇ ਬਾਰੇ ਇਨ੍ਹਾਂ ਦੇ ਪੁਰਾਤਨ ਇਤਿਹਾਸ ਅਤੇ ਸਭਿਆਚਾਰ ਬਾਰੇ ਕਾਫੀ ਵਾਕਫ਼ੀ ਹੈ।
ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਕਾਫੀ ਰਕਬੇ ਵਿਚ ਜੈਮਲ ਸਿੰਘ ਚੀਮਾ ਦਾ ਵੱਡਾ ਪਰਿਵਾਰ ਵਸਦਾ ਹੈ। ਇਨ੍ਹਾਂ ਦੇ ਚਾਰ ਲੜਕੇ ਗੁਰਮੁਖ ਸਿੰਘ ਚੀਮਾ, ਅਰਜਨ ਸਿੰਘ ਚੀਮਾ, ਸੁੱਚਾ ਸਿੰਘ ਚੀਮਾ ਅਤੇ ਗੁਰਦਿੱਤ ਸਿੰਘ ਚੀਮਾ ਹੋਏ। ਗੁਰਮੁਖ ਸਿੰਘ ਚੀਮਾ ਨੂੰ ਪਿੰਡ ਦੇ ਸਭ ਤੋਂ ਪਹਿਲੇ ਫ਼ੌਜੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਦੁਨੀਆਂ ਦੀ ਪਹਿਲੀ ਵੱਡ ਲੜਾਈ 1914 ਤੋਂ 1919 ਸਮੇਂ ਲੜੀ। ਹਵਾਲਦਾਰ ਰੈਂਕ ਹਾਸਲ ਕਰਕੇ ਪੈਨਸ਼ਨਰ ਵੀ ਬਣੇ। ਹੌਲਦਾਰ ਗੁਰਮੁਖ ਸਿੰਘ ਦੇ ਤਿੰਨ ਲੜਕੇ ਗੁਰਦੇਵ ਸਿੰਘ, ਹਰਨੇਕ ਸਿੰਘ ਅਤੇ ਮਹਿੰਦਰ ਸਿੰਘ ਹਨ। ਵੱਡੇ ਲੜਕੇ ਗੁਰਦੇਵ ਸਿੰਘ ਨੇ ਕੋਈ ਉਚ ਵਿਦਿਆ ਤਾਂ ਹਾਸਲ ਨਹੀਂ ਕੀਤੀ ਪਰੰਤੂ ਪਿੰਡ ਅਤੇ ਇਲਾਕੇ ਦੀ ਸਿਆਸਤ ਵਿਚ ਕਾਫੀ ਸਰਗਰਮ ਹੈ। ਗੁਰਦੇਵ ਸਿੰਘ ਦੇ ਵੱਡੇ ਲੜਕੇ ਪਿਆਰਾ ਸਿੰਘ ਨੇ ਜੱਟਾਂ ਵਾਸਤੇ ਨਵਾਂ ਕੰਮ ਸਬਜ਼ੀ ਮੰਡੀ ਦੀ ਮੁਨੀਮੀ ਅਤੇ ਸਬਜ਼ੀ ਦੀ ਆੜ੍ਹਤ ਦੀ ਦੁਕਾਨਦਾਰੀ ਵਿਚ ਹਿੱਸੇਦਾਰੀ ਦਾ ਕੰਮ ਤੋਂ ਕੀਤਾ। ਉਸ ਛੋਟੇ ਖੇਤੀਬਾੜੀ ਦਾ ਕੰਮ ਹੀ ਸੰਭਾਲਦੇ ਹਨ। ਹਰਨੇਕ ਸਿੰਘ ਆਪਣੇ ਪਿਤਾ ਦੇ ਪਦ ਚਿੰਨ੍ਹਾਂ ‘ਤੇ ਚਲਦਿਆਂ ਫ਼ੌਜ ਦੀ ਨੌਕਰੀ ਕੀਤੀ ਅਤੇ ਪੈਨਸ਼ਨ ਲੈਣ ਦਾ ਹੱਕਦਾਰ ਵੀ ਬਣਿਆ। ਅੱਗੇ ਉਸ ਦੇ ਲੜਕੇ ਘਰੇਲੂ ਕੰਮਕਾਜ ਅਤੇ ਨੌਕਰੀ ਕਰ ਰਹੇ ਹਨ। ਮੁਹਿੰਦਰ ਸਿੰਘ ਪੜ੍ਹਾਈ ਬਾਅਦ ਪੰਜਾਬ ਮੰਡੀਕਰਨ ਬੋਰਡ ਵਿਚ ਸੁਪਰਵਾਇਜ਼ਰ ਲੱਗ ਗਿਆ। ਉਸ ਦੇ ਲੜਕੇ ਵੀ ਖੇਤੀਬਾੜੀ ਦੇ ਨਾਲ ਪੜ੍ਹਾਈ ਵੀ ਕਰ ਰਹੇ ਹਨ। ਅਰਜਨ ਸਿੰਘ ਚੀਮਾ ਦੇ ਦੋਵੇਂ ਲੜਕੇ ਕਰਨੈਲ ਸਿੰਘ ਅਤੇ ਜਰਨੈਲ ਸਿੰਘ ਦੀ ਰਹਾਇਸ਼ ਵੀ ਉਪਰੋਕਤ ਪਰਿਵਾਰਾਂ ਦੇ ਨੇੜੇ ਹੀ ਹੈ। ਇਨ੍ਹਾਂ ਦੋਹਾਂ ਦੇ ਪਰਿਵਾਰਾਂ ਵੀ ਖੇਤੀਬਾੜੀ ਕਰਨ ਦੇ ਨਾਲ ਕੁਝ ਸਹਾਇਕ ਧੰਦੇ ਵੀ ਕਰਦੇ ਹਨ। ਸੁੱਚਾ ਸਿੰਘ ਚੀਮਾ ਦੇ ਲੜਕੇ ਨਛੱਤਰ ਸਿੰਘ ਨੇ ਵੀ ਪਿਤਾ ਪੁਰਖੀ ਖੇਤੀਬਾੜੀ ਵਾਲਾ ਧੰਦਾ ਹੀ ਅਪਣਾਇਆ ਪਰੰਤੂ ਉਸ ਦੀ ਗਿਣਤੀ ਪਿੰਡ ਦੇ ਮਿਹਨਤੀ, ਈਮਾਨਦਾਰ ਅਤੇ ਸੂਝਵਾਨ ਇਨਸਾਨਾਂ ਵਿਚ ਕੀਤੀ ਜਾਂਦੀ ਹੈ। ਉਸ ਦੇ ਤਿੰਨ ਲੜਕੇ ਦਰਸ਼ਨ ਸਿੰਘ, ਪ੍ਰਿਥੀ ਸਿੰਘ ਅਤੇ ਕੁਲਵੰਤ ਸਿੰਘ ਪੜ੍ਹੇ ਲਿਖੇ ਵੀ ਹਨ ਪਰੰਤੂ ਉਨ੍ਹਾਂ ਖੇਤੀਬਾੜੀ ਦੇ ਕੰਮ ਨੂੰ ਹੀ ਤਰਜੀਹ ਦਿੱਤੀ। ਅੱਗੇ ਇਨ੍ਹਾਂ ਭਰਾਵਾਂ ਦੇ ਬੱਚੇ ਹਾਲੀਂ ਪੜ੍ਹ ਰਹੇ ਹਨ।
ਗੁਰਦਿੱਤ ਸਿੰਘ ਚੀਮਾ ਦਾ ਪਰਿਵਾਰ ਚੀਮਾ ਪੱਤੀ ਵਿਚ ਸਭ ਤੋਂ ਵਧ ਪੜ੍ਹੇ ਲਿਖੇ ਪਰਿਵਾਰਾਂ ਵਿਚੋਂ ਗਿਣਿਆ ਜਾਂਦਾ ਹੈ। ਗੁਰਦਿੱਤ ਸਿੰਘ ਨੂੰ ਜਨੇਰ ਪਿੰਡ ਦੇ ਪਹਿਲੇ ਦਸਵੀਂ ਪਾਸ ਹੋਣ ਦਾ ਮਾਨ ਪ੍ਰਾਪਤ ਹੋਇਆ ਅਤੇ ਉਹ ਪੀ.ਏ.ਪੀ. (ਪੰਜਾਬ ਆਰਮਡ ਪੁਲਿਸ) ਵਿਚ ਭਰਤੀ ਹੋ ਗਿਆ। ਪੰਜਾਬ ਅਤੇ ਹਰਿਆਣਾ ਦੀ ਮੁਲਾਜ਼ਮ ਵੰਡ ਸਮੇਂ ਉਸ ਨੇ ਹਰਿਆਣਾ ਕੇਡਰ ਨੂੰ ਤਰਜੀਹ ਦਿੱਤੀ ਅਤੇ ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਇਆ। ਉਸ ਦਾ ਲੜਕਾ ਚਰਨਜਤ ਸਿੰਘ ਐਕਸਰੇ ਦੇ ਸੀਨੀਅਰ ਸਪੈਸ਼ਲਿਸਟ ਵਜੋਂ ਲੁਧਿਆਣੇ ਨੌਕਰੀ ਕਰਦਾ ਹੈ ਅਤੇ ਦੂਜਾ ਅਮਰਜੀਤ ਸਿੰਘ ਅੱਛੀ ਪੜ੍ਹਾਈ ਕਰਕੇ. ਇੰਗਲੈਂਡ ਪਹੁੰਚ ਉਥੋਂ ਦਾ ਪੱਕਾ ਵਸਨੀਕ ਬਣ ਗਿਆ।DER
ਸੰਤੋਖ ਚੀਮਾ ਦਾ ਵੱਡਾ ਪਰਿਵਾਰ ਹੈ। ਕਿਸੇ ਸਮੇਂ ਚੀਮਾ ਪੱਤੀ ਦੀ ਨੰਬਰਦਾਰੀ ਵੀ ਇਸ ਪਰਿਵਾਰ ਪਾਸ ਸੀ। ਉਸ ਦੇ ਦੋ ਲੜਕੇ ਬੋਘਾ ਸਿੰਘ ਅਤੇ ਪ੍ਰੀਤਮ ਸਿੰਘ ਹੋਏ। ਪ੍ਰੀਤਮ ਸਿੰਘ ਦਾ ਇਕੋ ਇਕ ਲੜਕਾ ਖੇਤੀਬਾੜੀ ਦਾ ਕੰਮ ਕਰਦਾ ਹੈ। ਬੋਘਾ ਸਿੰਘ ਚੀਮਾ ਦੇ ਤਿੰਨ ਲੜਕੇ ਨਾਇਬ ਸਿੰਘ, ਅਜੈਬ ਸਿੰਘ ਅਤੇ ਕਾਕਾ ਸਿੰਘ ਹਨ। ਨਾਇਬ ਸਿੰਘ ਨੇ ਫ਼ੌਜ ਦੀ ਨੌਕਰੀ ਕਰਨ ਉਪਰੰਤ ਪੈਨਸ਼ਨ ਲੈ ਕੇ ਪੰਜਾਬ ਰੋਡਵੇਜ਼ ਦੀ ਬਤੌਰ ਡਰਾਈਵਰ ਵਾਲੀ ਨੌਕਰੀ ਕੀਤੇ ਅਤੇ ਦੋ ਪੈਨਸ਼ਨਾਂ ਹਾਸਲ ਕੀਤੀਆਂ। ਅਜੈਬ ਸਿੰਘ ਨੇ ਘਰ ਦੀ ਕਬੀਲਦਾਰੀ ਦੇ ਨਾਲ ਖੇਤੀਬਾੜੀ ਦਾ ਮੋਰਚਾ ਵੀ ਸੰਭਾਲਿਆ। ਕਾਕਾ ਸਿੰਘ ਵੀ ਘਰ ਦੇ ਕੰਮ ਵਿਚ ਗ੍ਰਸਤ ਰਿਹਾ। ਅੱਗੇ ਇਨ੍ਹਾਂ ਤਿੰਨਾਂ ਭਰਾਵਾਂ ਦੇ ਬੱਚੇ ਹਾਲੀਂ ਪੜ੍ਹ ਰਹੇ ਹਨ। ਅੱਜਕਲ੍ਹ ਅਜੈਬ ਸਿੰਘ ਅਤੇ ਕਾਕਾ ਸਿੰਘ ਨੇ ਆਪਣੀ ਰਿਹਾਇਸ਼ ਪਿੰਡ ਤੋਂ ਬਾਹਰਵਾਰ ਸਾਧੂ ਸਿੰਘ ਲੰਬਰਦਾਰ ਦੇ ਘਰ ਪਾਸ ਕਰ ਲਈ ਅਤੇ ਨਾਇਬ ਸਿੰਘ ਨੇ ਮੋਗੇ ਨਿਵਾਸ ਕਰ ਲਿਆ ਹੈ।
ਨੱਥਾ ਸਿੰਘ ਚੀਮਾ ਦਾ ਪਰਿਵਾਰ ਆਪਣੇ ਜੱਦੀ ਪੁਸ਼ਤੀ ਚੀਮਾ ਪੱਤੀ ਵਾਲੇ ਘਰਾਂ ਵਿਚ ਹੀ ਵਸਦਾ ਹੈ। ਉਸ ਦੇ ਦੋ ਲੜਕੇ ਗੁਰਨਾਮ ਸਿੰਘ ਅਤੇ ਸ਼ਾਮ ਸਿੰਘ ਹੋਏ। ਗੁਰਨਾਮ ਸਿੰਘ ਦਾ ਲੜਕਾ ਛਿੰਦਾ ਸਿੰਘ ਆਪਣੇ ਦੋਹਾਂ ਭਰਾਵਾਂ ਨਾਲ ਮਿਲ ਕੇ ਖੇਤੀ ਦਾ ਕੰਮ ਕਰਦਾ ਹੈ ਜਦੋਂ ਕਿ ਸ਼ਾਮ ਦਾ ਇਕੋ ਇਕ ਲੜਕਾ ਜੀਤ ਸਿੰਘ ਹੈ। ਇੰਦਰ ਸਿੰਘ. ਚੀਮਾ ਦਾ ਪਰਿਵਾਰ ਵੀ ਗੁਰਨਾਮ ਸਿੰਘ ਚੀਮਾ ਦੇ ਘਰ ਨੇੜੇ ਵਸਦਾ ਹੈ। ਇੰਦਰ ਸਿੰਘ ਨੇ ਕਾਫੀ ਸਮਾਂ ਪਹਿਲਾਂ ਨੌਕਰੀ ਕੀਤੀ ਸੀ। ਉਸ ਦਾ ਲੜਕਾ ਗੁਰਦਿਆਲ ਸਿੰਘ ਧਾਰਮਿਕ ਰੁਚੀਆਂ ਵਾਲਾ ਹੋਣ ਕਰਕੇ ਉਸ ਦਾ ਵੱਡਾ ਲੜਕਾ ਬਹੁਤ ਹੀ ਅੱਛਾ ਕੀਰਤਨ ਕਰਦਾ ਹੈ, ਉਸ ਨੇ ਪ੍ਰਸਿੱਧ ਕੀਰਤਨੀਏ ‘ਮਸਤਾਨਾ’ ਨਾਲ ਰਲ ਕੇ ਆਪਣਾ ਹੀ ਕੀਰਤਨ ਜੱਥਾ ਬਣਾਇਆ ਹੋਇਆ ਹੈ ਅਤੇ ਦੂਰ-ਦੂਰ ਤਕ ਕੀਰਤਨ ਕਰਨ ਜਾਂਦੇ ਹਨ। ਬਿੱਕਰ ਸਿੰਘ ਚੀਮਾ ਦਾ ਪੁਰਾਣਾ ਘਰ ਕਿਸੇ ਸਮੇਂ ਹੌਲਦਾਰ ਗੁਰਮੁਖ ਸਿੰਘ ਚੀਮਾ ਦੇ ਘਰ ਨੇੜੇ ਹੁੰਦਾ ਸੀ, ਅੱਜਕਲ੍ਹ ਉਸ ਨੇ ਆਪਣੀ ਰਹਾਇਸ਼ ਪਿੰਡ ਤੋਂ ਬਾਹਰ ਕਰ ਲਈ ਹੈ। ਬਿੱਕਰ ਸਿੰਘ ਚੀਮਾ ਦੇ ਪਿਤਾ ਦਾ ਛੋਟੀ ਉਮਰੇ ਦਿਹਾਂਤ ਹੋ ਜਾਣ ਕਾਰਨ ਉਸ ਦੀ ਮਾਂ ਨੇ ਔਕੜਾਂ ਭਰੀ ਜ਼ਿੰਦਗੀ ਵਿਚ ਬਿੱਕਰ ਸਿੰਘ ਨੂੰ ਪਾਲਿਆ। ਅੱਗੇ ਉਸ ਦੇ ਤਿੰਨ ਲੜਕੇ ਸੁਖਦੇਵ ਸਿੰਘ, ਬਲਦੇਵ ਸਿੰਘ ਅਤੇ ਪ੍ਰੀਤਮ ਸਿੰਘ ਹੋਏ। ਸੁਖਦੇਵ ਸਿੰਘ ਨੇ ਤਾਂ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰ ਲਈ ਪਰੰਤੂ ਬਲਦੇਵ ਸਿੰਘ ਅਤੇ ਪ੍ਰੀਤਮ ਸਿੰਘ ਨੇ ਪਿਤਾ ਪੁਰਖੀ ਖੇਤੀਬਾੜੀ ਦਾ ਕੰਮ ਸੰਭਾਲਿਆ।
ਦਾਨੀ ਪੁਰਸ਼ ਸੋਭਾ ਸਿੰਘ ਚੀਮਾ
‘ਸੋਭਾ ਸਿੰਘ ਚੀਮਾ ਕਰੇ ਦਾਨ ਭਾਰਾ’
ਮੋਹਰ ਸਿੰਘ, ਕੋਹਰ ਸਿੰਘ ਹੋਰਾਂ ਦੇ ਦਾਦੇ ਅਤੇ ਸੁਰੈਣ ਸਿੰਘ ਦੇ ਪਿਤਾ ਸੋਭਾ ਸਿੰਘ ਚੀਮਾ ਦੇ ਸਬੰਧ ਵਿਚ ਪਿੰਡ ਦੇ ਸ਼ਾਇਰ ਪੀਰ ਕਾਦਰੀ ਸੱਦਾ ਵਲੋਂ ਲਿਖੇ ਉਪਰੋਕਤ ਕੁਝ ਸ਼ਬਦਾਂ ਬਾਰੇ ਜਦੋਂ ਪਿੰਡ ਦੇ ਬਜ਼ੁਰਗਾਂ ਅਤੇ ਗੁਆਂਢੀ ਪਿੰਡਾਂ ਗਗੜੇ ਅਤੇ ਰਜੀਵਾਲ ਦੇ ਵੱਡੀ ਉਮਰ ਵਾਲਿਆਂ ਪਾਸੋਂ ਪ੍ਰਾਪਤ ਹੋਈ ਜਾਣਕਾਰੀ ‘ਤੇ ਵਿਚਾਰ ਕੀਤਾ ਤਾਂ ਸਹਿਜੇ ਹੀ ਇਸ ਨਤੀਜੇ ‘ਤੇ ਪਹੁੰਚੇ ਕਿ ਸ਼ਾਇਰ ਨੇ ਸੋਭਾ ਸਿੰਘ ਚੀਮਾ ਦੀ ਵਡਿਆਈ ਨਹੀਂ ਕੀਤੀ ਸਗੋਂ ਸਚਾਈ ਬਿਆਨ ਕੀਤੀ ਹੈ। ਹੋਰ ਅੱਗੇ ਵਧਦਿਆਂ ਜੇਕਰ ਸੋਭਾ ਸਿੰਘ ਚੀਮਾ ਦੇ ਨਾਮ ਅੱਗੇ ‘ਦਾਨੀ ਪੁਰਸ਼’ ਜੋੜ ਦਿੱਤਾ ਜਾਵੇ ਤਾਂ ਇਹ ਸਿਰਫ਼ ਚੀਮਾ ਪੱਤੀ ਹੀ ਨਹੀਂ ਸਗੋਂ ਸਮੂਹ ਪਿੰਡ ਵਾਸੀਆਂ ਲਈ ਬੜੇ ਮਾਨ ਵਾਲੀ ਗੱਲ ਹੋਵੇਗੀ ਜਿਨ੍ਹਾਂ ਵਿਚੋਂ ਇਹੋ ਜਿਹੇ ‘ਦਾਨੀ ਸੋਚ’ ਵਾਲੇ ਇਨਸਾਨ ਪੈਦਾ ਹੋਏ।
ਸੋਭਾ ਸਿੰਘ ਚੀਮਾ ਦਾ ਪਰਿਵਾਰ ਜਨੇਰ ਦੇ ਸਰਦੇ ਬਰਦੇ ਘਰਾਂ ਵਿਚੋਂ ਇਕ ਸੀ। ਕਹਿੰਦੇ ਹਨ ਅੱਛੀ ਮਾਲੀ ਹਾਲਤ ਦੇ ਹੁੰਦਿਆਂ ਅਕਸਰ ਗ਼ਰੀਬ ਗੁਰਬਾ ਆਪਣੀਆਂ ਪਰਿਵਾਰਕ ਲੋੜਾਂ ਪੂਰੀਆਂ ਕਰਨ ਲਈ ਉਸ ਦਾ ਦਰ ਖੜਕਾਉਂਦਾ ਤਾਂ ਉਹ ਕਦੀ ਮੱਥੇ ਵੱਟ ਪਾਉਂਦਾ ਨਹੀਂ ਸੀ ਦੇਖਿਆ। ਦਾਣੇ ਅਤੇ ਪੈਸਿਆਂ ਦੇ ਰੂਪ ਵਿਚ ਮਦਦ ਕਰਨ ਸਮੇਂ ਕਿਸੇ ਤੋਂ ਵਿਆਜ਼ ਲੈਣਾ ਤਾਂ ਦੂਰ ਦੀ ਗੱਲ ਸੀ ਸਗੋਂ ਕਈ ਵਾਰ ਉਹ ਮੂਲ ਵਿਚੋਂ ਵੀ ਛੋਟਾਂ ਕਰ ਦਿੰਦਾ। ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਮਦਦ ਕਰਨੀ ਤਾਂ ਉਸ ਦਾ ਸੁਭਾਅ ਹੀ ਬਣ ਚੁੱਕਿਆ ਸੀ। ਅਨਾਜ ਦੇ ਪਿੜ ਚੁਕਣ ਸਮੇਂ ਉਹ ਗ਼ਰੀਬਾਂ ਅਤੇ ਬੱਚਿਆਂ ਨੂੰ ‘ਰਿੜੀ’ ਦੇ ਰੂਪ ਵਿਚ ਬਹੁਤ ਅਨਾਜ ਵੰਡਦਾ ਸੀ।
ਦੂਰ ਅੰਦੇਸ਼ੀ ਵਾਲੀ ਕਿਸਾਨੀ ਸੋਚ ਸੋਭਾ ਸਿੰਘ ਚੀਮਾ ਦੇ ‘ਦਿਲ ਦਰਿਆ ਕਿਰਦਾਰ’ ਦੀ ਮੂੰਹ ਬੋਲਦੀ ਤਸਵੀਰ ਸੀ। ਸੁਣਨ ਵਿਚ ਆਇਆ ਹੈ ਕਿ ਜਦੋਂ ਕੋਈ ਜੱਟ ਪਰਿਵਾਰ ਉਸ ਪਾਸ ਪਹੁੰਚ ਕੇ ਇਹ ਆਖਦੇ ਕਿ ਮੇਰੀ ਜ਼ਮੀਨ ਖ਼ਰੀਦ ਲਵੋ ਮੈਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ ਤਾਂ ਉਹ ਅੱਗੋਂ ਇਸ ਨੂੰ ‘ਕਬੀਲਾ ਮਾਰੂ ਕਰਮ’ ਆਖ ਕੇ ਨਾਂਹ ਕਰ ਦਿੰਦਾ। ਲੋੜਵੰਦ ਸੱਜਣ ਜਦੋਂ ਉਸ ‘ਤੇ ਜ਼ਿਆਦਾ ਹੀ ਦਬਾਅ ਪਾਉਂਦੇ ਤਾਂ ਉਨ੍ਹਾਂ ਦੀ ਜ਼ਮੀਨ ਗਹਿਣੇ ਜ਼ਰੂਰ ਲੈ ਲੈਂਦਾ ਤਾਂ ਕਿ ਉਨ੍ਹਾਂ ਦੇ ਜਾਨਸ਼ੀਨ ਜਦੋਂ ਚਾਹੁਣ ਪੈਸੇ ਵਾਪਸ ਕਰਕੇ ਗਹਿਣੇ ਪਈ ਜ਼ਮੀਨ ਦੇ ਮਾਲਕ ਬਣ ਸਕਦੇ ਸਨ। ਉਸ ਦੇ ਪੋਤਰੇ ਕੋਹਰ ਸਿੰਘ ਚੀਮਾ ਅਨੁਸਾਰ 1937 ਈਸਵੀ ਵਿਚ ਉਨ੍ਹਾਂ ਦੇ ਘਰ ਡਾਕਾ ਪਿਆ ਅਤੇ ਉਨ੍ਹਾਂ ਦੇ ਦਾਦਾ ਡਾਕੂਆਂ ਦੀ ਇਕ ਵੱਡੀ ਧਾੜ ਨਾਲ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ। ਸੋਭਾ ਸਿੰਘ ਚੀਮਾ ਇਕ ਦਾਨੀ ਦੇ ਰੂਪ ਵਿਚ ਚੀਮਾ ਪੱਤੀ ਅਤੇ ਜਨੇਰ ਵਾਸੀਆਂ ਲਈ ਆਪਣੀਆਂ ਡੂੰਘੀਆਂ ਪੈੜਾਂ ਛੱਡ ਗਿਆ।
ਹੌਲਦਾਰ ਗੁਰਮੁਖ ਸਿੰਘ ਚੀਮਾ
ਜੈਮਲ ਸਿੰਘ ਚੀਮਾ ਦਾ ਸਭ ਤੋਂ ਵੱਡਾ ਪੁੱਤਰ ਹੌਲਦਾਰ ਗੁਰਮੁਖ ਸਿੰਘ ਚੀਮਾ ਪਿੰਡ ਅਤੇ ਇਲਾਕੇ ਦੀਆਂ ਫ਼ੌਜੀ ਸਫ਼ਾਂ ਵਿਚ ‘ਫ਼ੌਜ ਦੇ ਬਾਬਾ ਬੋਹੜ’ ਵਜੋਂ ਜਾਣਿਆ ਜਾਂਦਾ ਹੈ। ਉਸ ਨੂੰ ਪਿੰਡ ਜਨੇਰ ਦੇ ਪਹਿਲੇ ਫ਼ੌਜੀ ਪੈਨਸ਼ਨਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਉਹ ਕੋਈ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪਰੰਤੂ ਘਰ ਗੁਰਦੁਆਰਾ ਸਾਹਿਬ ਦੇ ਨੇੜੇ ਹੋਣ ਕਾਰਨ ਗੁਰਮੁਖੀ ਪੜ੍ਹਨ ਦੀ ਲਿਵ ਲੱਗੀ ਅਤੇ ਜਲਦੀ ਹੀ ਗੁਰਮੁਖੀ ਪੜ੍ਹਨਾ ਅਤੇ ਲਿਖਣਾ ਸਿੱਖ ਲਿਆ।
ਉਸ ਦੇ ਗੁੰਦਵੇਂ ਸਰੀਰ ਅਤੇ ਭਰਵੇਂ ਜੁੱਸੇ ਕਾਰਨ 1915 ਈਸਵੀ ਵਿਚ ਅੰਗਰੇਜ਼ਾਂ ਨੇ ਉਸ ਨੂੰ ਭਾਰਤੀ ਅੰਗਰੇਜ਼ੀ ਫ਼ੌਜ ਵਿਚ ਭਰਤੀ ਕਰ ਲਿਆ । ਰੰਗਰੂਟੀ ਪਾਸ ਕਰਨ ਤੋਂ ਬਾਅਦ ਅੰਗਰੇਜ਼ ਅਫ਼ਸਰਾਂ ਨੇ ਉਸ ਨੂੰ ਛੁੱਟੀ ਤਾਂ ਕੀ ਦੇਣੀ ਸੀ ਸਗੋਂ ਦੂਜੇ ਸਾਥੀਆਂ ਨਾਲ ਯੁਧ ਮੋਰਚੇ ਉਪਰ ਧੱਕ ਦਿੱਤਾ। ਦੁਨੀਆਂ ਦੀ ਪਹਿਲੀ ਵੱਡੀ ਜੰਗ (1914 ਤੋਂ 1919) ਸਮੇਂ ਉਸ ਨੂੰ ਵੱਖ-ਵੱਖ ਮੋਰਚਿਆਂ ‘ਤੇ ਤੈਨਾਤ ਕੀਤਾ ਗਿਆ ਜਿਥੇ ਗੁਰਮੁਖ ਸਿੰਘ ਨੇ ਜੋਖੋਂ ਭਰੇ ਕਾਰਨਾਮੇ ਕਰਕੇ ਚੋਖਾ ਨਾਮਣਾ ਖੱਟਿਆ। ਪੰਦਰਾਂ ਕੁ ਸਾਲ ਦੀ ਨੌਕਰੀ ਪਿਛੋਂ ਉਹ ਹਵਾਲਦਾਰ ਬਣ ਗਿਆ। 1935 ਈਸਵੀ ਵਿਚ 20 ਸਾਲ ਦੀ ਨੌਕਰੀ ਕਰਕੇ ਪਿੰਡ ਪਹੁੰਚੇ ਅਤੇ ਆਪਣਾ ਵਿਆਹੁਤਾ ਜੀਵਨ ਸ਼ੁਰੂ ਕੀਤਾ।
ਫ਼ੌਜ ਦੀ ਨੌਕਰੀ ਤੋਂ ਬਾਅਦ ਵੀ ਹੌਲਦਾਰ ਗੁਰਮੁਖ ਸਿੰਘ ਆਮ ਫ਼ੌਜੀਆਂ ਵਾਂਗ ਸਰਗਰਮ ਰਿਹਾ। ਕਾਫੀ ਸਮਾਂ ਉਹ ਪਿੰਡ ਦੇ ਗੁਰਦੁਆਰੇ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਰਿਹਾ। 1950 ਈਸਵੀ ਵਿਚ ਜਦੋਂ ਸੰਤ ਵਿਸਾਖਾ ਸਿੰਘ ਜੀ ਨੇ ਪਿੰਡ ਵਿਚ ਹਾਈ ਸਕੂਲ ਬਣਾਉਣ ਦਾ ਬੀੜਾ ਚੁੱਕਿਆ ਤਾਂ ਉਨ੍ਹਾਂ ਨੇ ਗੁਰਮੁਖ ਸਿੰਘ ਨੂੰ ਉਚੇਚੇ ਤੌਰ ‘ਤੇ ਸਕੂਲ ਦੀ ਪੰਦਰਾਂ ਮੈਂਬਰੀ ਅੰਤਰਿਕ ਕਮੇਟੀ ਵਿਚ ਸ਼ਾਮਿਲ ਕਰ ਲਿਆ। ਉਸ ਅੰਤਰਿਕ ਕਮੇਟੀ ਦੀ ਫ਼ੋਟੋ ਇਸ ਕਿਤਾਬ ਵਿਚ ਸ਼ਾਮਿਲ ਕੀਤੀ ਗਈ ਹੈ। 1990 ਈਸਵੀ ਵਿਚ ਪਿੰਡ ਦਾ ਪਹਿਲਾ ਫ਼ੌਜੀ ਪੈਨਸ਼ਨਰ ਰੱਬ ਨੂੰ ਪਿਆਰਾ ਹੋ ਗਿਆ। ਸਰਵਿਸ ਬੁਕ ਅਨੁਸਾਰ ਉਸ ਸਮੇਂ ਉਸ ਦੀ ਉਮਰ 95 ਸਾਲ ਸੀ।
ਇੰਸਪੈਕਟਰ ਗੁਰਦਿੱਤ ਸਿੰਘ ਚੀਮਾ
ਗੁਰਦਿੱਤ ਸਿੰਘ ਚੀਮਾ ਨੂੰ ਪਿੰਡ ਦਾ ਪਹਿਲਾ ਮੈਟ੍ਰਿਕ ਪਾਸ ਹੋਣ ਦਾ ਮਾਣ ਪ੍ਰਾਪਤ ਹੋਇਆ। ਮੈਟ੍ਰਿਕ ਪਾਸ ਕਰਨ ਬਾਅਦ ਉਹ ਪੀ.ਏ.ਪੀ. (ਪੰਜਾਬ ਆਰਮਡ ਪੁਲਿਸ) ਵਿਚ ਸਿਪਾਹੀ ਭਰਤੀ ਹੋ ਗਿਆ। ਉਨ੍ਹਾਂ ਦਿਨਾਂ ਵਿਚ ਪੀ.ਏ.ਪੀ., ਮੌਜੂਦਾ ਬਾਰਡਰ ਸਕਿਊਰਟੀ ਫੋਰਸ ਵਾਲਾ ਰੋਲ ਅਦਾ ਕਰਦੀ ਸੀ। ਇਸ ਕਰਕੇ ਨੌਕਰੀ ਦਾ ਵਧੇਰੇ ਸਮਾਂ ਉਹ ਭਾਰਤ-ਪਾਕਿਸਤਾਨ ਬਾਰਡਰ ‘ਤੇ ਹੀ ਤੈਨਾਤ ਰਿਹਾ। 1965 ਦੀ ਭਾਰਤ- ਪਾਕਿਸਤਾਨ ਲੜਾਈ ਸਮੇਂ ਉਹ ਫ਼ਾਜ਼ਿਲਕਾ ਸੈਕਟਰ ਵਿਚ ਤੈਨਾਤ ਸੀ। 1966 ਈਸਵੀ ਵਿਚ ਹਰਿਆਣਾ ਰਾਜ ਦੇ ਹੋਂਦ ਵਿਚ ਆਉਣ ਸਮੇਂ ਉਸ ਨੇ ਹਰਿਆਣਾ ਕੇਡਰ ਵਿਚ ਜਾਣ ਦੀ ਇੱਛਾ ਪ੍ਰਗਟਾਈ ਅਤੇ ਉਸ ਨੂੰ ਹਰਿਆਣਾ ਕੇਡਰ ਮਿਲ ਵੀ ਗਿਆ। ਹਰਿਆਣਾ ਕੇਡਰ ਵਿਚ ਪੰਜਾਬ ਕੇਡਰ ਨਾਲੋਂ ਤਰੱਕੀਆਂ ਦੇ ਮੌਕੇ ਵੱਧ ਹੋਣ ਕਾਰਨ ਉਹ ਜਲਦੀ ਹੀ ਇਸਪੈਕਟਰ ਬਣ ਗਿਆ ਅਤੇ ਨੌਕਰੀ ਦੇ ਅੰਤ ਵਿਚ ਇੰਸਪੈਕਟਰ ਰੈਂਕ ਤੋਂ ਰਿਟਾਇਰ ਹੋਇਆ। ਲੰਮਾ ਸਮਾਂ ਰਿਟਾਇਰ ਜ਼ਿੰਦਗੀ ਮਾਨਣ ਬਾਅਦ ਉਸ ਦਾ ਦਿਹਾਂਤ ਹੋਇਆ।
ਗੁਰਦਿੱਤ ਸਿੰਘ ਚੀਮਾ ਬਹੁਤ ਹੀ ਰੀਜ਼ਰਵ ਲਹਿਜੇ ਵਿਚ ਗੱਲਬਾਤ ਕਰਨ ਵਾਲਾ ਇਨਸਾਨ, ਉਹ ਬਹੁਤ ਹੀ ਨਾਪ-ਤੋਲ ਕੇ ਗੱਲ ਕਰਦਾ। ਪਿੰਡ ਵਾਸੀਆਂ ਨੂੰ ਹਰ ਸਮੇਂ ਬੱਚਿਆਂ ਨੂੰ ਉਚ ਵਿਦਿਆ ਮੁਹਈਆ ਕਰਵਾਉਣ ਦੀ ਨੇਕ ਸਲਾਹ ਦਿੰਦਾ। ਆਪਣੇ ਪਰਿਵਾਰ ਨੂੰ ਵੀ ਉਸ ਦੀ ਸਭ ਤੋਂ ਵੱਡੀ ਦੇਣ ਉਚ ਵਿਦਿਆ ਹੀ ਸੀ ਜਿਸ ਕਾਰਨ ਗੁਰਦਿੱਤ ਸਿੰਘ ਚੀਮਾ ਦੇ ਪਰਿਵਾਰ ਦੇ ਗਿਣਤੀ ਅੱਜ ਪਿੰਡ ਦੇ ਵੱਧ ਪੜ੍ਹੇ ਲਿਖੇ ਪਰਿਵਾਰ ਵਿਚ ਹੈ। ਉਸ ਦਾ ਇਕ ਲੜਕਾ ਲੁਧਿਆਣੇ ਐਕਸਰੇ ਸਪੈਸ਼ਲਿਸਟ ਹੈ ਅਤੇ ਦੂਜਾ ਉਚ ਵਿਦਿਆ ਪ੍ਰਾਪਤ ਕਰਕੇ ਪਰਿਵਾਰ ਸਹਿਤ ਇਗਲੈਂਡ ਪਹੁੰਚ ਕੇ ਉਥੋਂ ਦੀ ਨਾਗਰਿਕਤਾ ਗ੍ਰਹਿਣ ਕਰ ਲਈ। ਉਸ ਦੀਆਂ ਲੜਕੀਆਂ ਵੀ ਉਚ ਵਿਦਿਆ ਪ੍ਰਾਪਤ ਹਨ ਅਤੇ ਅੱਛੀਆਂ ਨੌਕਰੀਆਂ ਕਰ ਰਹੀਆਂ ਹਨ।
ਹੈਡ ਗ੍ਰੰਥੀ ਕਰਨੈਲ ਸਿੰਘ ਚੀਮਾ
ਗਰਮ ਖਿਆਲੀ ਸਿੱਖੀ ਵਿਚਾਰਧਾਰਾ ਨੂੰ ਸਮਰਪਤ ਕਰਨੈਲ ਸਿੰਘ ਚੀਮਾ ਆਪਣੀਆਂ ਖ਼ਾਲਿਸਤਾਨ ਹਮਾਇਤੀ ਟਿੱਪਣੀਆਂ ਕਾਰਨ ਹਮੇਸ਼ਾ ਵਿਵਾਦਾਂ ਦੇ ਘੇਰੇ ਵਿਚ ਰਹਿੰਦਾ ਸੀ। ਖਾੜਕੂਵਾਦ ਲਹਿਰ ਦੇ ਸਿਖ਼ਰ ਸਮੇਂ ਤਾਂ ਉਸ ਦੇ ਸਿਰ ਉਪਰ ਵੀ ਖ਼ਾਲਿਸਤਾਨ ਦਾ ਭੂਤ ਅਸਵਾਰ ਹੋ ਚੁੱਕਿਆ ਸੀ। ਪਿੰਡ ਦੇ ਗੁਰਦੁਆਰਾ ਸਾਹਿਬ ਦਾ ਪੁਰਾਣਾ ਗ੍ਰੰਥੀ ਹੋਣ ਕਾਰਨ ਬਾਬਾ ਦਰਸ਼ਨ ਸਿੰਘ ਜੀ ਅਤੇ ਬਾਬਾ ਗੁਰਦਿਆਲ ਸਿੰਘ ਜੀ ਉਸ ਨੂੰ ਹਮੇਸ਼ਾ ‘ਹੈਡ ਗ੍ਰੰਥੀ’ ਦੇ ਨਾਮ ਨਾਲ ਹੀ ਸੰਬੋਧਨ ਕਰਦੇ ਸਨ।
ਕਰਨੈਲ ਸਿੰਘ ਚੀਮਾ ਦਾ ਜਨਮ 1937 ਈਸਵੀ ਵਿਚ ਆਪਣੇ ਨਾਨਕੇ ਪਿੰਡ ਭਰੋਵਾਲ ਵਿਖੇ ਹੋਇਆ। ਕੁਝ ਸਮਾਂ ਉਹ ਨੇੜਲੇ ਪਿੰਡ ਖੋਸਾ ਰੰਧੀਰ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਗਿਆ ਪਰੰਤੂ ਪਰਿਵਾਰ ਦੀ ਵਸੋਂ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਹੋਣ ਕਰਕੇ ਧਾਰਮਿਕ ਪ੍ਰਭਾਵ ਪੈਣਾ ਸੁਭਾਵਕ ਹੀ ਸੀ ਅਤੇ ਉਹ ਸਕੂਲੀ ਵਿਦਿਆ ਵਲੋਂ ਰੁਖ ਮੋੜ ਕੇ ਧਾਰਮਿਕ ਵਿਦਿਆ ਦੇ ਰਾਹ ਤੁਰ ਪਿਆ। ਛੋਟੀ ਉਮਰ ਵਿਚ ਹੀ ਉਹ ਆਖੰਡ ਪਾਠੀ ਬਣ ਗਿਆ। ਜਵਾਨੀ ਵਿਚ ਵਿਆਹ ਵੀ ਹੋਇਆ ਪਰੰਤੂ ਕੋਈ ਔਲਾਦ ਨਾ ਹੋਈ।
1980 ਈਸਵੀ ਵਿਚ ਕਰਨੈਲ ਸਿੰਘ ਕਿਸੇ ਦੋਸਤ ਰਾਹੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸੰਪਰਕ ਵਿਚ ਆਇਆ, ਜਿਨ੍ਹਾਂ ਦੀਆਂ ਗਰਮ ਖ਼ਿਆਲੀ ਅਤੇ ਖ਼ਾਲਿਸਤਾਨ ਹਿਤੈਸ਼ੀ ਤਕਰੀਰਾਂ ਦਾ ਉਸ ਦੇ ਪਹਿਲਾਂ ਹੀ ਸਿੱਖੀ ਨੂੰ ਸਮਰਪਤ ਜੀਵਨ ‘ਤੇ ਡੂੰਘਾ ਅਸਰ ਹੋਇਆ। 1984 ਵਿਚ ਭਾਰਤੀ ਫ਼ੌਜ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਚੜ੍ਹਾਈ ਕਰਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਨਾਲ ਉਸ ਦਾ ਹਿਰਦਾ ਵਲੂੰਧਰਿਆ ਗਿਆ। ਉਸ ਦੀ ਸੋਚ ਗਰਮ ਖ਼ਿਆਲੀ ਹੋਣ ਦੇ ਨਾਲ-ਨਾਲ ਵੱਖਵਾਦੀ ਵਿਚਾਰਧਾਰਾ ਵਾਲੀ ਵੀ ਹੋ ਗਈ। ਉਸ ਦੇ ਸੁਭਾਅ ਵਿਚ ਵੀ ਖਰਵਾਪਨ, ਕੱਟੜਵਾਦ ਅਤੇ ਭੜਕੀਲਾਪਨ ਘਰ ਕਰ ਗਏ। ਕਈ ਨਰਮ ਖ਼ਿਆਲੀ ਪਿੰਡ ਵਾਸੀ ਉਸ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਸਨ।
ਕਰਨੈਲ ਸਿੰਘ ਚੀਮਾ ਦੀ ਧਾਰਮਿਕ ਵਿਚਾਰਧਾਰਾ ਕੋਈ ਵੀ ਹੋਵੇ ਪਰੰਤੂ ਉਹ ਆਪਣੀ ਧੁਨ ਵਿਚ ਪਰਪੱਕ ਅਤੇ ਸਮੇਂ ਦਾ ਪਾਬੰਦ ਨਿਤਨੇਮੀ ਸੀ। ਉਹ ਸਵੇਰੇ ਵੱਡੇ ਤੜਕੇ ਜਾਗ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਪਹੁੰਚਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਹੁਕਮਨਾਮਾ ਲੈ ਕੇ ਉਸ ਹੁਕਮਨਾਮੇ ਦਾ ਆਪਣੀ ਸਮਝ ਅਨੁਸਾਰ ਅਰਥ ਕਰਕੇ ਵੀ ਪਿੰਡ ਵਾਸੀਆਂ ਨੂੰ ਦਸਦਾ। ਹੈੱਡ ਗ੍ਰੰਥੀ ਕਰਨੈਲ ਸਿੰਘ ਚੀਮਾ 2000 ਈਸਵੀ ਨੂੰ ਇਕ ਮਾਮੂਲੀ ਜਿਹੀ ਬਿਮਾਰੀ ਨਲ ਹੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।
ਕੈਪਟਨ ਜਰਨੈਲ ਸਿੰਘ ਚੀਮਾ ਕੈਨੇਡਾ
ਸਿੱਖ ਰਹਿਤ ਮਰਿਆਦਾ ਅਤੇ ਪੂਰਨ ਰੂਪ ਵਿਚ ਸਿੱਖੀ ਜੀਵਨ ਨੂੰ ਸਮਰਪਤ ਕੈਨੇਡਾ ਨਿਵਾਸੀ ਕੈਪਟਨ ਜਰਨੈਲ ਸਿੰਘ ਚੀਮਾ ਸਿੱਖ ਇਤਿਹਾਸ ਨਾਲ ਸਬੰਧਤ ਜਾਣਕਾਰੀ ਵਾਲੀ ਇਕ ਘੁੰਮਦੀ-ਫਿਰਦੀ ਲਾਇਬ੍ਰੇਰੀ ਹੈ। ਸਮਾਂ ਮੁਗ਼ਲ ਕਾਲ ਦਾ ਹੋਵੇ ਜਾਂ ਸਿੱਖ ਰਾਜ ਦਾ, ਅੰਗਰੇਜ਼ੀ ਰਾਜ ਜਾਂ ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ਦਾ, ਜਰਨੈਲ ਸਿੰਘ ਚੀਮਾ ਸਿੱਖ ਕੌਮ ਦੀਆਂ ਕੁਰਬਾਨੀਆਂ ਅਤੇ ਬਹਾਦਰੀ ਭਰੇ ਕਾਰਨਾਮਿਆਂ ਤੋਂ ਬਿਨਾਂ ਸਿੱਖਾਂ ਦੀਆਂ ਗਦਾਰੀਆਂ ਆਦਿ ਦੀ ਗਿਣਤੀ ਉਂਗਲੀਆਂ ‘ਤੇ ਗਿਣਨ ਦੀ ਸਮਰਥਾ ਰਖਦਾ ਹੈ।
ਜਰਨੈਲ ਸਿੰਘ ਚੀਮਾ ਦਾ ਵਿਦਿਆਰਥੀ ਜੀਵਨ ਬਹੁਤ ਸੰਘਰਸ਼ ਭਰਿਆ ਸੀ। ਪਿੰਡ ਵਿਚ ਕੋਈ ਸਕੂਲ ਨਾ ਹੋਣ ਕਾਰਨ ਪੰਜ ਜਮਾਤਾਂ ਉਸ ਨੇ ਨੇੜਲੇ ਪਿਡੰ ਖੋਧਾ ਰੰਧੀਰ ਤੋਂ ਪਾਸ ਕੀਤੀਆਂ। ਗਰਮੀ, ਸਰਦੀ, ਮੀਂਹ ਜਾਂ ਹਨ੍ਹੇਰੀ ਹਰ ਰੋਜ਼ ਕੰਡਿਆਂ ਭਰੀਆਂ ਡੰਡੀਆਂ ਉਪਰ ਛੇ ਮੀਲ ਆਉਣ ਜਾਣ ਕਰਨਾ ਹੀ ਪੈਂਦਾ ਸੀ। ਹਾਈ ਸਕੂਲ ਉਸ ਨੇ ਆਪਣੀ ਭੂਆ ਦੇ ਪਿੰਡ ਵਰੋਕੇ ਵਿਖੇ ਰਹਿ ਕੇ, ਗੁਰੂ ਤੇਗ਼ ਬਹਾਦਰਗੜ੍ਹ (ਰੋਡੇ) ਤੋਂ ਪਾਸ ਕੀਤਾ। ਆਉਣ ਜਾਣ ਇਥੇ ਵੀ ਇਸ ਤਰ੍ਹਾਂ ਦਾ ਹੀ ਸੀ ਪਰੰਤੂ ਫੇਰ ਵੀ ਅੱਛੇ ਨੰਬਰ ਲੈ ਕੇ ਮੈਟ੍ਰਿਕ ਪਾਸ ਕਰ ਲਈ।
ਦਸਵੀਂ ਪਾਸ ਕਰਦਿਆਂ ਹੀ ਜਰਨੈਲ ਸਿੰਘ ਫ਼ੌਜ ਵਿਚ ਸਿਪਾਹੀ ਕਲਰਕ ਭਰਤੀ ਹੋ ਗਿਆ ਅਤੇ ਆਨਰੇਰੀ ਕੈਪਟਨ ਰੈਂਕ ਤੋਂ ਰਿਟਾਇਰ ਹੋਇਆ। ਫ਼ੌਜ ਦੀ ਨੌਕਰੀ ਸਮੇਂ ਉਸ ਨੂੰ ਇੰਗਲੈਂਡ ਵਿਚ ਆਰਮੀ ਅਟੈਚੀ ਦੇ ਹੈੱਡ ਕਲਰਕ ਵਜੋਂ ਵੀ ਕੰਮ ਕਰਨ ਦਾ ਮੌਕਾ ਮਿਲਿਆ ਜਿਹੜਾ ਕਿ ਹਥਿਆਰਬੰਦ ਫ਼ੌਜਾਂ ਵਿਚ ਬਹੁਤ ਮਾਣ ਵਾਲੀ ਪ੍ਰਾਪਤੀ ਸਮਝੀ ਜਾਂਦੀ ਹੈ। ਪਿੰਡ ਵਿਚ ਘਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਣ ਕਾਰਨ ਸਿੱਖੀ ਦਾ ਬੂਟਾ ਤਾਂ ਜਰਨੈਲ ਸਿੰਘ ਦੇ ਹਿਰਦੇ ਵਿਚ ਬਚਪਨ ਵਿਚ ਹੀ ਬੀਜਿਆ ਗਿਆ ਸੀ ਪਰੰਤੂ ਫ਼ੌਜ ਵਿਚ ਜਾ ਕੇ ਅੰਮ੍ਰਿਤ-ਪਾਨ ਕਰ ਲੈਣ ਨਾਲ ਇਸ ਨੂੰ ਹੋਰ ਵੀ ਪਿਉਂਦ ਚੜ੍ਹ ਗਈ। ਖ਼ੁਦ ਆਪ ਅਤੇ ਬੇਟਾ ਸਰਤਾਜ ਸਿੰਘ ਤਾਂ ਸਿੱਖੀ ਸਰੂਪ ਵਿਚ ਵਿਚਰ ਹੀ ਰਹੇ ਸਨ। ਸਗੋਂ ਇਨ੍ਹਾਂ ਦੀ ਧਰਮ ਪਤਨੀ ਅਤੇ ਲੜਕੀਆਂ ਨੇ ਵੀ ਕੇਸਕੀਆਂ ਸਜਾ ਲਈਆਂ। ਫ਼ੌਜ ਦੀ ਰਿਟਾਇਰਮੈਂਟ ਬਾਅਦ ਪਿੰਡ ਵਾਸੀਆਂ ਨੂੰ ਇਹੋ ਜਿਹੇ ਸਿੱਖੀ ਨੂੰ ਸਮਰਪਤ ਗਿਆਨਵਾਨ ਬੁੱਧੀਜੀਵੀ ਦੀ ਜ਼ਰੂਰਤ ਸੀ ਪਰੰਤੂ ਇਹ ਹੋ ਨਾ ਸਕਿਆ ਕਿਉਂਕਿ ਜਰਨੈਲ ਸਿੰਘ ਨੂੰ ਪਰਿਵਾਰ ਸਹਿਤ ਆਪਣੇ ਕੈਨੇਡੀਅਨ ਪੁੱਤਰ ਪਾਸ ਰਹਿਣ ਲਈ ਦੇਸ਼ ਛੱਡਣਾ ਪਿਆ। ਅੱਜਕਲ੍ਹ ਕੈਪਟਨ ਜਰਨੈਲ ਸਿੰਘ ਚੀਮਾ ਕੈਨੇਡਾ ਦੇ ਸਰੀ ਸ਼ਹਿਰ ਦਾ ਵਾਸੀ ਹੈ। ਧੁਰੋਂ ਗੁਰਸਿੱਖੀ ਜੀਵਨ ਨਾਲ ਜੁੜੇ ਹੋਣ ਕਰਕੇ ਕੈਨੇਡਾ ਪਹੁੰਚਣ ਤੋਂ ਬਾਅਦ ਇਕ ਅੰਤਰਾਸ਼ਟਰੀ ਕੰਪਨੀ ਵਿਚ ਸਕਿਊਰਟੀ ਅਫ਼ਸਰ ਵਜੋਂ ਕੰਮ ਕਰਦੇ ਸਮੇਂ ਵੀ ਇਸ ਨੇ ਗੁਰਸਿੱਖ ਰਵਾਇਤਾਂ ਨੂੰ ਕਾਇਮ ਰੱਖਿਆ। ਜਰਨੈਲ ਸਿੰਘ ਨੇ ਸਿੱਖ ਧਰਮ ਅਤੇ ਸਿੱਖੀ ਦੇ ਪ੍ਰਚਾਰ ਵਿਚ ਇਥੇ ਵੀ ਵਧ ਚੜ੍ਹ ਕੇ ਯੋਗਦਾਨ ਪਾਇਆ ਅਤੇ ਪਾ ਵੀ ਰਿਹਾ ਹੈ। ਅੱਜਕਲ੍ਹ ਜਰਨੈਲ ਸਿੰਘ ਚੀਮਾ ਕੈਨੇਡਾ ਦੇ ਸਭ ਤੋਂ ਵੱਧ ਸਿੱਖੀ ਨੂੰ ਸਮਰਪਤ ਅਤੇ ਪ੍ਰਚਾਰ ਕਰਨ ਵਾਲੇ ਸਰੀ ਸ਼ਹਿਰ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਚ ਇਕ ਸਤਿਕਾਰਤ ਹਸਤੀ ਹੈ। ਪਰੰਤੂ ਪ੍ਰਬੰਧਕੀ ਕਮੇਟੀ ਵਿਚ ਕੋਈ ਅਹੁਦਾ ਲੈਣ ਤੋਂ ਇਨਕਾਰੀ ਹੈ।
ਬਾਠ ਪਰਿਵਾਰ
ਚੀਮਾ ਪੱਤੀ ਵਿਚ ਇਕ ਛੋਟਾ ਜਿਹਾ ਬਾਠ ਗੋਤ ਨਾਲ ਸਬੰਧਤ ਜੱਟ ਭਾਈਚਾਰਾ ਹੈ ਜਿਨ੍ਹਾਂ ਦੀ ਵਸੋਂ ਚੀਮਾ ਪੱਤੀ ਵਾਲੇ ਘਰਾਂ ਦੇ ਐਨ ਵਿਚਕਾਰ ਹੈ। ਬਾਠ ਗੋਤ ਨਾਲ ਸੰਬੰਧਤ ਪਰਿਵਾਰ ਚੀਮਾ ਪੱਤੀ ਵਾਲਿਆਂ ਤੋਂ ਬਾਅਦ ਹੀ ਜਨੇਰ ਵਾਸੀ ਬਣੇ ਸਨ।
ਇਤਿਹਾਸਕਾਰ ਪੰਜਾਬ ਵਿਚ ਬਾਠਾਂ ਦੀ ਆਮਦ ਦਾ ਸਮਾਂ ਲਗਪਗ 2200 ਸਾਲ ਪਹਿਲਾਂ ਦਾ ਜ਼ਿਕਰ ਕਰਦੇ ਹਨ। ਇਹ ਚੰਦਰ ਬੰਸੀ ਬੰਸਾਵਲੀ ਨਾਲ ਜੁੜਦੇ ਹਨ। ਸਭ ਤੋਂ ਪਹਿਲਾਂ ਬਾਠ ਪੰਜਾਬ ਦੇ ਮਾਲਵਾ ਇਲਾਕੇ ਵਿਚ ਆਏ। ਬਾਅਦ ਵਿਚ ਕੋਈ 800 ਸਾਲ ਪਹਿਲਾਂ ਇਹ ਪੱਛਮੀ ਪੰਜਾਬ ਦੇ ਲਾਹੌਰ, ਮਿੰਟਗੁਮਰੀ ਅਤੇ ਸਾਂਦਲ ਬਾਰ ਦੇ ਇਲਾਕੇ ਵਿਚ ਪਹੁੰਚ ਗਏ। ਲਾਹੌਰ ਦੇ ਹੁਡਿਆਰਾ ਖੇਤਰ ਤੋਂ ਆ ਕੇ ਕੁਝ ਬਾਠ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਵਸ ਗਏ। ਦੇਵਮਿੱਤਰ ਬਾਠਾਂ ਦਾ ਪ੍ਰਸਿੱਧ ਰਾਜਾ ਸੀ ਜਿਸ ਨੇ ਬਿਆਸ-ਪਾਰ ਵਾਲੇ ਇਲਾਕੇ ‘ਤੇ ਰਾਜ ਕੀਤਾ। ਬਾਠਾਂ ਦਾ ਵਡੇਰਾ ਸੈਨਪਾਲ ਸੀ। ਉਸ ਨੇ ਆਪਣੇ ਚੰਦਰ ਬੰਸੀ, ਬੰਸਾਵਲੀ ਨੂੰ ਛੱਡ ਕੇ ਜੱਟ ਘਰਾਣੇ ਵਿਚ ਵਿਆਹ ਕਰਵਾਇਆ ਅਤੇ ਉਹ ਰਾਜਪੂਤ ਤੋਂ ਜੱਟ ਬਣ ਗਿਆ । ਬਾਠਾਂ ਦੀਆਂ ਕਈ ਮੂੰਹੀਆਂ ਹਨ ਜਿਨ੍ਹਾਂ ਵਿਚ ਹੋਤੀ, ਖੈਰੇ, ਘੁੰਮਣ, ਤਤਲਾ ਅਤੇ ਸੇਤੀ ਆਦਿ ਸ਼ਾਮਿਲ ਹਨ। ਪਾਕਿਸਤਾਨ ਵਿਚ ਜਾ ਕੇ ਵਸਣ ਵਾਲੇ ਬਾਠਾਂ ਵਿਚੋਂ ਕਾਫੀ ਮੁਸਲਮਾਨ ਬਣ ਗਏ ਅਤੇ ਉਹ ਅੱਜ ਵੀ ਆਪਣੇ ਨਾਮ ਦੇ ਪਿੱਛੇ ਬਾਠ ਜੋੜਦੇ ਹਨ। ਤਰਨਤਾਰਨ ਨੇੜੇ ਬਾਠਾਂ ਦੇ ਤਿੰਨ ਚਾਰ ਪਿੰਡ ਹਨ। ਕਪੂਰਥਲਾ ਅਤੇ ਰੋਪੜ ਜ਼ਿਲ੍ਹੇ ਵਿਚ ਬਾਠਾਂ ਦੀ ਵਿਰਲੀ-ਵਿਰਲੀ ਵਸੋਂ ਹੈ। ਮਾਲਵੇ ਵਿਚ ਬਾਠਾਂ ਦੀ ਵਸੋਂ ਜ਼ਰੂਰ ਹੈ ਪਰੰਤੂ ਬਹੁਗਿਣਤੀ ਨਹੀਂ। ਫ਼ਿਰੋਜ਼ਪੁਰ, ਮੋਗਾ, ਬਠਿੰਡਾ, ਮਾਨਸਾ ਅਤੇ ਪਟਿਆਲੇ ਦੇ ਇਲਾਕੇ ਵਿਚ ਕਈ ਪਿੰਡਾਂ ਵਿਚ ਬਾਠ ਵਸਦੇ ਹਨ। ਲੁਧਿਆਣੇ ਜ਼ਿਲ੍ਹੇ ਵਿਚ ਨੂਰਪੁਰ, ਮਾਣਕੀ, ਰਾਜੇਵਾਲ ਅਤੇ ਕੁਲੇਵਾਲ ਪਿੰਡਾਂ ਵਿਚ ਕਾਫੀ ਬਾਠ ਵਸਦੇ ਹਨ। ਬਾਠ ਗੋਤ ਦੇ ਕਈ ਜੱਟ ਪਰਿਵਾਰ ਦਲਿਤ ਜਾਤੀਆਂ ਵਿਚ ਵੀ ਚਲੇ ਗਏ। ਦੂਜੇ ਜੱਟ ਗੋਤਾਂ ਵਾਂਗ ਬਾਠ ਵੀ ਅਮਰੀਕਾ, ਕੈਨੇਡਾ ਅਤੇ ਯੂਰਪੀ ਦੇਸ਼ਾਂ ਦੇ ਬਸ਼ਿੰਦੇ ਬਣ ਗਏ।
ਜਨੇਰ ਵਿਚ ਮਾਨ ਸਿੰਘ ਬਾਠ ਦਾ ਪਰਿਵਾਰ ਵਸਦਾ ਹੈ। ਇਸ ਦੇ ਦੋ ਪੁੱਤਰ ਹਰੀ ਸਿੰਘ ਅਤੇ ਨੰਦ ਸਿੰਘ ਹੋਏ। ਹਰੀ ਸਿੰਘ ਦੇ ਕੋਈ ਔਲਾਦ ਨਹੀਂ ਸੀ। ਨੰਦ ਸਿੰਘ ਦੇ ਬਾਹਲਾ ਸਿੰਘ ਅਤੇ ਬਿੱਲੂ ਸਿੰਘ ਦਾ ਪਰਿਵਾਰ ਚੀਮਾ ਪੱਤੀ ਵਿਚ ਵਸਦਾ ਹੈ। ਇਸੇ ਪਰਿਵਾਰ ਨਾਲ ਸਬੰਧਤ ਗੁਰਦਿੱਤ ਸਿੰਘ ਬਾਠ ਦੇ ਵੀ ਦੋ ਪੁੱਤਰਾਂ ਦਰਸ਼ਨ ਸਿੰਘ ਅਤੇ ਤਾਰਾ ਸਿੰਘ ਦੇ ਪਰਿਵਾਰ ਇਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਹਨ।
ਖੰਗੂੜੇ
ਖੰਗੂੜਾ ਗੋਤ ਦਾ ਜੱਟ ਭਾਈਚਾਰਾ ਗਿਣਤੀ ਪੱਖੋਂ ਬਹੁਤ ਛੋਟਾ ਹੈ। ਇਤਿਹਾਸਕ ਪੁਸਤਕਾਂ ਵਿਚ ਵੀ ਖੰਗੂੜਿਆਂ ਦਾ ਵਰਨਣ ਥੋੜ੍ਹਾ ਹੀ ਮਿਲਦਾ ਹੈ। ਪੰਜਾਬ ਵਿਚ ਖੰਗੂੜੇ ਲਗਪਗ ਹਰ ਇਲਾਕੇ ਵਿਚ ਘਟ ਗਿਣਤੀ ਵਿਚ ਵਸਦੇ ਹਨ। ਸੰਗਰੂਰ ਜ਼ਿਲ੍ਹੇ ਵਿਚ ਖੰਗੂੜਿਆਂ ਦੀ ਆਬਾਦੀ ਦੂਜੇ ਇਲਾਕਿਆਂ ਨਾਲੋਂ ਵਧ ਹੈ।
ਜਨੇਰ ਦੇ ਖੰਗੂੜਾ ਪਰਿਵਾਰ ਦਾ ਪਿਛੋਕੜ ਵੀ ਸੰਗਰੂਰ ਜ਼ਿਲ੍ਹੇ ਨਾਲ ਹੀ ਹੈ। ਪਿੰਡ ਵਾਸੀ ਭਗਤ ਸਿੰਘ ਖੰਗੂੜਾ ਅਨੁਸਾਰ ਸਭ ਤੋਂ ਪਹਿਲਾਂ ਉਸ ਦਾ ਚਾਚਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਟਾਲਾ ਤੋਂ ਆਪਣੀ ਪਤਨੀ ਸੂਟੀ ਕੌਰ ਨਾਲ ਜਨੇਰ ਆ ਕੇ ਵਸਿਆ। ਉਸ ਦੀ ਜ਼ਮੀਨ ਸੜਕ ਵਾਲੇ ਖੂਹ ਦੇ ਨੇੜੇ ਸੀ। ਕੁਝ ਸਮੇਂ ਬਾਅਦ ਉਹ ਆਪਣੇ ਵੱਡੇ ਭਰਾ ਜਿਉਣ ਸਿੰਘ ਨੂੰ ਵੀ ਜਨੇਰ ਲੈ ਆਇਆ। ਜਿਉਣ ਸਿੰਘ ਧਾਰਮਿਕ ਵਿਚਾਰਾਂ ਵਾਲਾ ਹੋਣ ਕਰਕੇ ਗੁਰੂ ਘਰ ਦਾ ਪ੍ਰੇਮੀ ਅਤੇ ਆਖੰਡ ਪਾਠੀ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਸੂਟੀ ਕੌਰ ਨੇ ਸਾਰੀ ਜ਼ਮੀਨ ਜਿਉਣ ਸਿੰਘ ਦੇ ਨਾਮ ਕਰਵਾ ਦਿੱਤੀ।
ਜਿਉਣ ਸਿੰਘ ਖੰਗੂੜਾ ਦੇ ਤਿੰਨ ਲੜਕੇ ਹੋਏ। ਸਭ ਤੋਂ ਵੱਡਾ ਭਗਤ ਸਿੰਘ ਹੈ। ਜਵਾਨੀ ਸਮੇਂ ਉਹ ਪਿੰਡ ਛੱਡ ਕੇ ਕਿਸੇ ਹੋਰ ਥਾਂ ਜਾ ਕੇ ਜ਼ਮੀਨ ਖ਼ਰੀਦੀ ਅਤੇ ਖੇਤੀ ਕਰਨ ਲੱਗ ਪਿਆ ਪਰੰਤੂ ਉਧੇੜ ਉਮਰ ਵਿਚ ਜਨਮ ਭੂਮੀ ਦਾ ਮੋਹ ਇਕ ਵਾਰ ਫੇਰ ਉਸ ਨੂੰ ਜਨੇਰ ਖਿੱਚ ਲਿਆਇਆ। ਉਸ ਦੇ ਦੋ ਲੜਕੇ ਬਲਵਿੰਦਰ ਸਿੰਘ ਅਤੇ ਜਗਵਿੰਦਰ ਸਿੰਘ ਹਨ। ਜੀ.ਟੀ. ਰੋਡ ‘ਤੇ ਛੋਟਾ ਜਿਹਾ ਜਨਰਲ ਸਟੋਰ ਖੋਲ੍ਹ ਕੇ ਰੋਟੀ ਰੋਜ਼ੀ ਚਲਾ ਰਹੇ ਹਨ। ਭਗਤ ਸਿੰਘ ਤੋਂ ਛੋਟਾ ਤਾਰੀ ਸਿੰਘ ‘ਸ਼ੁਕੀਨ ਪੁੱਤਰ’ ਸੀ। ਕਬੂਤਰ ਉਡਾਉਣਾ ਅਤੇ ਘੁੰਮਣਾ ਫਿਰਨਾ ਉਸ ਦਾ ਮਨਭਾਉਂਦਾ ਸ਼ੌਕ ਸੀ। ਪੱਕੀ ਉਮਰੇ ਵਿਆਹ ਵੀ ਕਰਵਾਇਆ ਪਰੰਤੂ ਅੱਗੇ ਔਲਾਦ ਨਾ ਵਧੀ। ਸਭ ਤੋਂ ਛੋਟਾ ਨਾਜਰ ਸਿੰਘ ਰੱਬੀ ਰੰਗ ਵਿਚ ਰੰਗਿਆ ਗੁਰੂ ਘਰ ਦਾ ਪੱਕਾ ਸੇਵਕ ਸੀ। ਸਾਰਾ ਦਿਨ ਗੁਰੂ ਘਰ ਦੇ ਛੋਟੇ-ਮੋਟੇ ਕੰਮਾਂ ਵਿਚ ਮਸਤ ਰਹਿਣਾ, ਉਸ ਦੀ ਤਰਜ਼ੇ-ਜ਼ਿੰਦਗੀ ਸੀ। ਲਗਪਗ 60 ਕੁ ਵਰ੍ਹਿਆਂ ਦੀ ਉਮਰ ਵਿਚ ਉਹ ਰੱਬ ਨੂੰ ਪਿਆਰਾ ਹੋ ਗਿਆ।
ਨਾਈ ਭਾਈਚਾਰਾ
“ਇਕ ਵਿਅਕਤੀ ਬ੍ਰਾਹਮਣ ਹੋ ਕੇ ਕਬੱਤਰੀ ਹੋ ਜਾਂਦਾ ਹੈ, ਉਹ ਵਹੀਕ ਕਬੂਤਰੀ ਤੋਂ ਵੈਸ਼ਯ ਅਤੇ ਵੈਬਯ ਤੋਂ ਸ਼ੂਦਰ ਹੋ ਜਾਂਦਾ ਹੈ ਅਤੇ ਫੇਰ ਨਾਈ ਹੋ ਜਾਂਦਾ ਹੈ। ਨਾਈ ਤੋਂ ਫਿਰ ਬ੍ਰਾਹਮਣ ਬਣ ਜਾਂਦਾ ਹੈ, ਇਸ ਤਰ੍ਹਾਂ ਬ੍ਰਾਹਮਣ ਹੋ ਕੇ ਦਾਸ ਹੋ ਜਾਂਦਾ ਹੈ।”
ਮਹਾਂਭਾਰਤ ਦੇ ਉਪਰੋਕਤ ਤੱਥ ਤੋਂ ਇਹ ਸਪਸ਼ਟ ਹੈ ਕਿ ਨਾਈ ਜਾਤ ਆਰੀਆ ਮੂਲ ਦੀ ਹੈ ਅਤੇ ਕੇਵਲ ਕਿੱਤਾ ਮੁਖੀ ਹੋਣ ਕਾਰਨ ਹੀ ਨਾਈ ਅਖਵਾਉਂਦੀ ਹੈ। ਕਿੱਤਾ ਮੁਖੀ ਹੋਣ ਕਾਰਨ ਹੀ ਨਾਈ ਭਾਈਚਾਰੇ ਦਾ ਰੁਤਬਾ ਸਮਾਜ ਵਿਚ ਹਮੇਸ਼ਾ ਨੀਵਾਂ ਰਿਹਾ। ਇਸੇ ਸਮਾਜ ਦੇ ਕੁਝ ਬੁੱਧੀਜੀਵੀਆਂ ਜਿਨ੍ਹਾਂ ਵਿਚ ਆਧੁਨਿਕ ਸਾਹਿਤ ਦੇ ਬਾਨੀ ਭਾਈ ਵੀਰ ਸਿੰਘ ਵੀ ਸ਼ਾਮਿਲ ਹਨ, ਨਾਈ ਭਾਈਚਾਰੇ ਨੂੰ ਸਮਾਜ ਵਿਚ ਸ਼ਰਾਫ਼ਤ ਦੀ ਇਕ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦੇ ਹੋਏ ਆਪਣੇ ਪ੍ਰਸਿੱਧ ਲੇਖ ‘ਸਾਊਪੁਣਾ’ ਵਿਚ ਇਨ੍ਹਾਂ ਬਾਰੇ ਲਿਖਦੇ ਹਨ, “ਨਾਈਆਂ ਦੀ ਜੰਞ ਅਤੇ ਸਭੇ ਸਾਊ।” ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਇਹ ‘ਵਿਵਸਾਇਕ ਜਾਤ’ ਹੈ ਅਤੇ ਇਸ ਦਾ ਕੋਈ ‘ਪੌਰਾਣਕ ਮੂਲ’ ਨਹੀਂ। ਸ਼ਾਇਦ ਇਹ ਹੀ ਕਾਰਨ ਹੋਣਗੇ ਜਿਨ੍ਹਾਂ ਸਦਕਾ ਸਾਡੇ ਵੱਡੇ-ਵਡੇਰਿਆਂ ਨੇ ਸਤਿਕਾਰ ਸਹਿਤ ਇਸ ਜਾਤੀ ਵਾਲਿਆਂ ਨੂੰ ਬਹੁਤ ਹੀ ਉਚਤਮ ਖ਼ਿਤਾਬ ‘ਰਾਜਾ’ ਨਾਲ ਨਿਵਾਜਿਆ। ਸਾਰੀਆਂ ਜਾਤੀਆਂ ਦੇ ਪੁਰਖਿਆਂ ਨੇ ਇਸ ਨੂੰ ‘ਰਾਜਾ’ ਦੇ ਰੂਪ ਵਿਚ ਮਾਨ ਸਤਿਕਾਰ ਬਖ਼ਸ਼ ਕੇ ਲੜਕੇ, ਲੜਕੀਆਂ ਲਈ ਯੋਗ ਵਰ ਲੱਭਣ ਅਤੇ ਸ਼ਗਨ ਸਮੇਂ ਦੀਆਂ ਰਸਮਾਂ ਵੇਲੇ ਇਨ੍ਹਾਂ ਨੂੰ ਮੂਹਰਲੀ ਕਤਾਰ ਵਿਚ ਰੱਖਿਆ, ਜਿਹੜਾ ਅੱਜ ਤਕ ਪੀੜ੍ਹੀ ਦਰ ਪੀੜ੍ਹੀ ਚਲਿਆ ਆ ਰਿਹਾ ਹੈ।
ਅਜੋਕੇ ਸਮੇਂ ਵਿਚ ਨਾਈਆਂ ਦਾ ਕੰਮ ਸਿਰਫ਼ ਹਜ਼ਾਮਤਾਂ ਕਰਨ, ਵਿਆਹ ਸਮੇਂ ਮਹਿਮਾਨਾਂ ਦੀ ਸੇਵਾ ਕਰਨ, ਨਹੁੰ ਕੰਡਾ ਕਰਨ ਜਾਂ ਫੇਰ ਛੋਟੇ-ਮੋਟੇ ਹਲਵਾਈ ਦੇ ਕੰਮ ਤਕ ਹੀ ਸੀਮਿਤ ਨਹੀਂ ਰਿਹਾ ਸਗੋਂ ਵਿਆਹ ਸ਼ਾਦੀਆਂ ਸਮੇਂ ਰਿਸ਼ਤੇਦਾਰਾਂ ਨੂੰ ਕਪੜਾ ਲੈਣ ਦੇਣ, ਸਮਾਜਿਕ ਰਸਮਾਂ ਪੂਰੀਆਂ ਕਰਨ ਅਤੇ ਪਰਿਵਾਰਾਂ ਦੇ ਆਪਸੀ ਗੁਸੇ-ਗੁਸੈਲੇ ਦੂਰ ਕਰਨ ਵਿਚ ਵੀ ਵੱਡੀ ਭੂਮਿਕਾ ਨਿਭਾਉਣਾ ਸ਼ਾਮਿਲ ਹੈ। ਲੰਘ ਚੁੱਕੇ ਸਮਿਆਂ ਵਿਚ ਵੀ ਨਾਈਆਂ ਨੂੰ ਬਹੁਤ ਭਰੋਸੇਯੋਗ ਸਮਝਿਆ ਜਾਂਦਾ ਹੋਣ ਕਰਕੇ ਨਵੀਂ ਵਿਆਹੀ ਲੜਕੀ ਦੀ ਡੋਲੀ ਨਾਲ ਨਾਈ ਦੀ ਪਤਨੀ ਨਾਇਣ ਨੂੰ ਹੀ ਭੇਜਿਆ ਜਾਂਦਾ ਸੀ। ਦੁਖ ਦੇ ਸਮੇਂ ਵੀ ਪਰਿਵਾਰਾਂ ਨਾਲ ਦੁਖ ਸਾਂਝਾ ਕਰਨ ਆਈਆਂ ਮਕਾਣਾਂ ਦੀ ਅਗਵਾਈ ਵੀ ਨਾਇਣ ਹੀ ਕਰਦੀ ਸੀ। ਮੁਕਦੀ ਗੱਲ ਇਹ ਹੈ ਕਿ ਦੁਖ ਦਾ ਸਮਾਂ ਹੋਵੇ ਜਾਂ ਸੁਖ ਦਾ, ਨਾਈ ਸਬੰਧਤ ਪਰਿਵਾਰ ਦੇ ਮੁਖ ਪਾਤਰ ਵਾਲਾ ਰੋਲ ਅਦਾ ਕਰਦਾ ਰਿਹਾ ਹੈ ਅਤੇ ਕਰ ਵੀ ਰਿਹਾ ਹੈ। ਇਸ ਨੂੰ ਇਸ ਦੇ ਇਵਜ਼ ਵਜੋਂ ‘ਲਾਗ’ ਦੇ ਰੂਪ ਵਿਚ ਤੋਹਫ਼ਿਆਂ ਨਾਲ ਨਿਵਾਜਿਆ ਜਾਂਦਾ ਸੀ ਅਤੇ ਹੁਣ ਵੀ ਨਿਵਾਜਿਆ ਜਾਂਦਾ ਹੈ ਸਿਰਫ਼ ਢੰਗ ਤਰੀਕੇ ਵਿਚ ਹੀ ਤਬਦੀਲੀ ਹੋਈ ਹੈ।
‘ਭਗਤ ਸੈਣ ਜੀ’ ਦਾ ਜ਼ਿਕਰ ਕੀਤੇ ਬਗ਼ੈਰ ਨਾਈ ਭਾਈਚਾਰੇ ਬਾਰੇ ਗੱਲ ਕਰਨੀ ਜਾਂ ਲਿਖਣਾ ਅਧੂਰਾ ਹੀ ਹੈ। ਬੰਭੇਰੂ ਗੋਤ ਨਾਲ ਸਬੰਧਤ ਭਗਤ ਸੈਣ ਜੀ ਨੇ ਭਗਤ ਰਾਮਾਨੰਦ ਜੀ ਪਾਸੋਂ ਸਿਖਿਆ ਪ੍ਰਾਪਤ ਕੀਤੀ ਅਤੇ ਉਚ ਸ਼੍ਰੇਣੀ ਦੇ ਭਗਤ ਜਨਾਂ ਵਿਚ ਆਪਣਾ ਨਾਮ ਅੰਕਿਤ ਕਰਵਾਇਆ। ਭਗਤ ਸੈਣ ਜੀ ਰੀਵਾ ਦੇ ਰਾਜੇ ਰਾਜਾ ਰਾਮ ਦੇ ਜੱਦੀ ਪੁਸ਼ਤੀ ਨਾਈ ਸਨ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਨ੍ਹਾਂ ਦਾ ਧਨਾਸਰੀ ਰਾਗ ਵਾਲਾ ਸ਼ਬਦ “ਸੈਣ ਭਣੈ ਭਜ ਪਰਮਾ ਨੰਦੇ” ਭਗਤੀ ਰਸ ਦਾ ਉਤਮ ਨਮੂਨਾ ਪੇਸ਼ ਕਰਦਾ ਹੈ। ਭਵਾਨੀ ਵਿਚ ਸੈਣ ਭਗਤਾਂ ਵਲੋਂ ਬਣਾਇਆ ਗਿਆ ਮੰਦਰ ਭਵਨ ਕਲਾ ਦਾ ਉਤਮ ਨਮੂਨਾ ਪੇਸ਼ ਕਰਦਾ ਹੈ। ਲਾਹੌਰ ਅਤੇ ਨੂਰਮਹਿਲ ਦੇ ਨੇੜੇ ਵੀ ਸੈਣ ਭਗਤ ਜੀ ਦੇ ਮੰਦਰ ਹਨ।
ਜਨੇਰ ਦਾ ਨਾਈ ਭਾਈਚਾਰਾ
ਸੰਧੂਰਾ ਸਿੰਘ ਅਤੇ ਮੋਤੀ ਸਿੰਘ ਦੇ ਪਿੰਡ ਵਿਚ ਨਾਈ ਭਾਈਚਾਰੇ ਨਾਲ ਸਬੰਧਤ ਦੋ ਵੱਡੇ ਪਰਿਵਾਰ ਵਸਦੇ ਹਨ। ਇਨ੍ਹਾਂ ਤੋਂ ਬਿਨਾਂ ਕੁਝ ਛੋਟੇ ਪਰਿਵਾਰ ਵੀ ਹਨ। ਸੰਧੂਰਾ ਸਿੰਘ ਦਾ ਪਰਿਵਾਰ ਗਿੱਲ ਗੋਤ ਨਾਲ ਸਬੰਧਤ ਹੈ। ਜਿਸ ਤਰ੍ਹਾਂ ਮਹਾਂਭਾਰਤ ਦੇ ਹਵਾਲੇ ਨਾਲ ਪਹਿਲਾਂ ਲਿਖ ਚੁੱਕੇ ਹਾਂ ਕਿ ਜਾਤਾਂ, ਉਪਜਾਤਾਂ ਅਤੇ ਗੋਤ ਕਿੱਤਾਮੁਖੀ ਹੋਣ ਕਰਕੇ ਅਕਸਰ ਬਦਲਦੇ ਹਨ, ਜੇਕਰ ਇਸ ਟਿੱਪਣੀ ਨੂੰ ਅਧਾਰ ਮੰਨ ਲਈਏ ਤਾਂ ਹੋ ਸਕਦਾ ਹੈ ਜਨੇਰ ਦੇ ਗਿੱਲ ਗੋਤ ਨਾਲ ਸਬੰਧਤ ਨਾਈ ਭਾਈਚਾਰਾ ਵੀ ਰਾਜਪੂਤ ਜਾਂ ਜੱਟ ਘਰਾਣਿਆਂ ਨਾਲ ਕਿਸੇ ਸਮੇਂ ਸਬੰਧਤ ਹੋਵੇ। ਨਾਈ ਭਾਈਚਾਰੇ ਦੇ ਸੰਧੂਰਾ ਸਿੰਘ ਅਤੇ ਮੋਤੀ ਸਿੰਘ ਦਾ ਪਰਿਵਾਰ ਪਿੰਡ ਦੀਆਂ ਸੇਖੋਂ ਅਤੇ ਚੀਮਾ ਪੱਤੀ ਦੇ ਘਰਾਂ ਵਿਚ ਵਸਦੇ ਹਨ।
ਸੰਧੂਰਾ ਸਿੰਘ ਗਿੱਲ ਦੇ ਪੰਜ ਲੜਕਿਆਂ ਜਵਰੂ ਸਿੰਘ, ਦਲਬਾਗ ਸਿੰਘ, ਸ਼ਾਮ ਸਿੰਘ, ਗੁਲਜ਼ਾਰ ਸਿੰਘ ਅਤੇ ਦਲੀਪ ਸਿੰਘ ਦਾ ਵੱਡਾ ਪਰਿਵਾਰ ਹੈ। ਸੰਧੂਰਾ ਸਿੰਘ 1947 ਵਿਚ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਆਇਆ ਸੀ। ਇਸ ਪਰਿਵਾਰ ਨੂੰ ਪਹਿਲਾਂ ਨੇੜਲੇ ਪਿੰਡ ਚੀਮਾ ਵਾਲੇ ਲੈ ਗਏ ਕਿਉਂਕਿ ਉਥੇ ਕੋਈ ਰਾਜਾ ਨਹੀਂ ਸੀ ਪਰੰਤੂ ਕੁਝ ਦੇਰ ਬਾਅਦ ਹੀ ਇਹ ਪਰਿਵਾਰ ਜਨੇਰ ਵਾਪਸ ਆ ਗਿਆ । ਮੁਖ ਕਾਰਨ ਮਰੂਸੀ ਹੋਣ ਅਤੇ ਜਾਇਦਾਦ ਦਾ ਸੀ। ਸੰਧੂਰਾ ਸਿੰਘ ਦੇ ਦੋ ਲੜਕੇ ਦਲਬਾਗ ਸਿੰਘ ਅਤੇ ਦਲੀਪ ਸਿੰਘ ਤਾਂ ਪੱਕੇ ਤੌਰ ‘ਤੇ ਕੋਟ ਈਸੇ ਖਾਂ ਵਸ ਗਏ। ਗੁਲਜ਼ਾਰਾ ਸਿੰਘ ਜਿਹੜਾ ਕਿ ਬਿਜਲੀ ਦਾ ਮਿਸਤਰੀ ਸੀ, ਉਸ ਨੇ ਮੋਗਾ ਸ਼ਹਿਰ ਵਿਚ ਬਿਜਲੀ ਦੇ ਉਪਕਰਨਾਂ ਦੀ ਦੁਕਾਨ ‘ਗਿੱਲ ਇਲੈਕਟ੍ਰੀਕਲ’ ਖੋਲ੍ਹ ਲਈ ਅਤੇ ਮੋਗਾ ਸ਼ਹਿਰ ਦਾ ਬਸ਼ਿੰਦਾ ਬਣ ਗਿਆ। ਸ਼ਾਮ ਸਿੰਘ ਫ਼ਿਰੋਜ਼ਪੁਰ ਜਾ ਕੇ ਵਸ ਗਿਆ। ਜਵਰੂ ਸਿੰਘ ਨੇ ਪਹਿਲਾਂ ਕੁਝ ਸਮਾਂ ਕੋਟ ਈਸੇ ਖਾਂ ਕਪੜੇ ਦੇ ਦਰਜ਼ੀ ਵਜੋਂ ਕੰਮ ਕੀਤਾ। ਪਰੰਤੂ ਬਾਅਦ ਵਿਚ ‘ਪਿੰਡ ਦੇ ਰਾਜੇ’ ਵਾਲਾ ਕੰਮ ਸੰਭਾਲ ਲਿਆ। ਉਮਰ ਭਾਰੂ ਹੋਣ ਲੱਗੀ ਤਾਂ ਉਸ ਦੇ ਵੱਡੇ ਲੜਕੇ ਗੁਰਦੇਵ ਸਿੰਘ ਨੇ ‘ਰਾਜੇ’ ਵਾਲੀ ਜ਼ਿੰਮੇਵਾਰੀ ਚੁਕ ਲਈ। ਲੰਮਾ ਸਮਾਂ ਉਹ ਭਾਈਚਾਰਕ ਕੰਮ ਕਰਦਾ ਰਿਹਾ, ਉਸ ਦੇ ਲੜਕੇ ਮਕੈਨਿਕ ਹਨ। ਉਸ ਤੋਂ ਛੋਟਾ ਮਦਨ ਸਿਘ ਵਿਆਹਿਆ ਨਹੀਂ ਸੀ ਪਰੰਤੂ ਉਸ ਦੀ ਪਿੰਡ ਵਿਚ ਹੀ ਛੋਟੀ ਜਿਹੀ ਦੁਕਾਨ ਪਾਈ ਹੋਈ ਸੀ। ਲੋੜ ਪੈਣ ‘ਤੇ ਹਲਵਾਈ ਵੀ ਬਣ ਜਾਂਦਾ। ਸਭ ਤੋਂ ਛੋਟਾ ਛਿੰਦਰ ਪਾਲ ਸਿੰਘ ਫ਼ੌਜ ਵਿਚ ਭਰਤੀ ਹੋ ਗਿਆ। ਫ਼ੌਜੀ ਪੈਨਸ਼ਨਰ ਬਣਨ ਤੋਂ ਬਾਅਦ ਉਸ ਨੇ ਪਿੰਡ ਦੇ ਸਕੂਲ ਵਿਚ ਹੀ ਚੌਥਾ ਦਰਜਾ ਕਰਮਚਾਰੀ ਦੀ ਨੌਕਰੀ ਕਰ ਲਈ। ਉਸ ਦੇ ਬੱਚੇ ਟੈਕਨੀਕਲ ਕੰਮ ਕਰਦੇ ਹਨ।
ਮੋਤੀ ਸਿੰਘ ਦੇ ਤਿੰਨ ਲੜਕੇ ਕੇਹਰ ਸਿੰਘ, ਬਘੇਲ ਸਿੰਘ ਅਤੇ ਮੇਹਰ ਸਿੰਘ ਸਨ। ਕੇਹਰ ਸਿੰਘ ਵਿਆਹਿਆ ਨਹੀਂ ਸੀ ਪਰੰਤੂ ਉਹ ਪਿੰਡ ਦੇ ‘ਰਾਜੇ’ ਵਜੋਂ ਖ਼ੁਸ਼ੀ ਗ਼ਮੀ ਦੇ ਮੌਕਿਆਂ ਸਮੇਂ ਸਮਾਜਿਕ ਰੀਤੀ ਰਿਵਾਜ ਨਿਭਾਉਣ ਸਮੇਂ ਪਿੰਡ ਵਾਸੀਆਂ ਦੀ ਮਦਦ ਕਰਦਾ ਸੀ। ਮੇਹਰ ਸਿੰਘ ਦੇ ਤਿੰਨ ਲੜਕੇ ਜਰਨੈਲ ਸਿੰਘ, ਜੀਤ ਸਿੰਘ ਅਤੇ ਭਾਨ ਸਿੰਘ ਹਨ। ਕੇਹਰ ਸਿੰਘ ਦੇ ਚਲਾਣਾ ਕਰ ਜਾਣ ਬਾਅਦ ਜਰਨੈਲ ਸਿੰਘ ਉਸ ਦੀ ਥਾਂ ਪਿੰਡ ਦੇ ਰਾਜੇ ਵਜੋਂ ਵਿਚਰ ਰਿਹਾ ਹੈ। ਜੀਤ ਸਿੰਘ ਗੁਰਸਿੱਖ ਹੋਣ ਦੇ ਨਾਤੇ ਮੋਗੇ ਦੇ ਇਕ ਵੱਡੇ ਗੁਰਦੁਆਰੇ ਵਿਚ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾ ਰਿਹਾ ਹੈ। ਭਾਨ ਸਿੰਘ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਬਘੇਲ ਸਿੰਘ ਦਾ ਕਾਫੀ ਵੱਡਾ ਪਰਿਵਾਰ ਹੈ। ਬੇਸ਼ਕ ਬਘੇਲ ਸਿੰਘ ਖ਼ੁਦ ਪੜ੍ਹਿਆ ਲਿਖਿਆ ਨਹੀਂ ਸੀ ਪਰੰਤੂ ਉਸ ਨੇ ਆਪਣੇ ਲੜਕਿਆਂ ਨੂੰ ਪੜ੍ਹਾਈ ਕਰਾ ਕੇ ਸਰਕਾਰੀ ਨੌਕਰੀਆਂ ਕਰਨ ਦੇ ਯੋਗ ਬਣਾਇਆ। ਸਭ ਤੋਂ ਵੱਡਾ ਗੁਰਦਿਆਲ ਸਿੰਘ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਸੀ ਪਰੰਤੂ ਅਧ ਉਮਰੇ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ। ਉਸ ਦੇ ਲੜਕੇ ਵੀ ਪੜ੍ਹ ਗਏ ਸਨ ਅਤੇ ਛੋਟੀਆਂ ਦੁਕਾਨਦਾਰੀਆਂ ਕਰਦੇ ਹਨ। ਉਸ ਤੋਂ ਛੋਟਾ ਮੁਖਤਿਆਰ ਵੀ ਫ਼ੌਜ ਦੀ ਨੌਕਰੀ ਕਰਦਾ ਰਿਹਾ। ਬਾਅਦ ਵਿਚ ਉਹ ਪੰਜਾਬ ਰੋਡਵੇਜ਼ ਵਿਚ ਡਰਾਈਵਰ ਲਗ ਗਿਆ ਅਤੇ ਉਸ ਦੀ ਗਿਣਤੀ ਪੰਜਾਬ ਰੋਡਵੇਜ਼ ਦੇ ਵਧੀਆ ਡਰਾਈਵਰਾਂ ਵਿਚ ਸੀ। ਸਰਵਣ ਸਿੰਘ ਨੇ ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰ ਲਈ ਅਤੇ ਜੇ.ਈ. ਦੇ ਅਹੁਦੇ ਤੋਂ ਰਿਟਾਇਰ ਹੋਇਆ। ਉਸ ਦਾ ਲੜਕਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਸਭ ਤੋਂ ਛੋਟੇ ਕਰਨੈਲ ਸਿੰਘ ਨੇ ਪੰਜਾਬ ਰੋਡਵੇਜ਼ ਵਿਚ ਬਤੌਰ ਵਰਕਸ਼ਾਪ ਮਕੈਨਿਕ ਲੰਮਾ ਸਮਾਂ ਨੌਕਰੀ ਕੀਤੀ। ਨੌਕਰੀ ਸਮੇਂ ਵਿਚ ਉਹ ਮੁਲਾਜ਼ਮਾਂ ਦੀ ਯੂਨੀਅਨਾਂ ਵਿਚ ਕਾਫੀ ਸਰਗਰਮ ਰਿਹਾ। ਉਸ ਦੇ ਲੜਕੇ ਪੜ੍ਹਾਈ ਕਰ ਰਹੇ ਹਨ।
ਨਾਈ ਭਾਈਚਾਰੇ ਨਾਲ ਸਬੰਧਤ ਬਾਬੂ ਸਿੰਘ ਦੇ ਪਰਿਵਾਰ ਨੂੰ ਸੰਤ ਬਾਬਾ ਗੱਜਾ ਸਿੰਘ ਜੀ ਦੇ ਕਾਨੂੰਨੀ ਵਾਰਸਾਂ ਵਜੋਂ ਜਨੇਰ ਵਿਚ ਜ਼ਮੀਨ ਮਿਲੀ। ਬਾਬੂ ਸਿੰਘ ਦੇ ਦੋ ਲੜਕੇ ਸਾਧੂ ਸਿੰਘ ਅਤੇ ਸਰਵਣ ਸਿੰਘ ਹਨ। ਸਾਧੂ ਸਿੰਘ ਦਾ ਇਕ ਲੜਕਾ ਦਿੱਲੀ ਵਿਚ ਕਾਮਯਾਬ ‘ਡਾਈ ਫਿਟਰ’ ਹੈ, ਦੂਜਾ ਖੇਤੀ ਕਰਦਾ ਹੈ। ਸਰਵਣ ਸਿੰਘ ਵੀ ਵਾਹੀ ਖੇਤੀ ਦਾ ਕੰਮ ਹੀ ਕਰਦਾ ਹੈ। ਇਸੇ ਭਾਈਚਾਰੇ ਨਾਲ ਸਬੰਧਤ ਗੁਰਦਿੱਤ ਸਿੰਘ ਦਾ ਪ੍ਰਵਾਰ ਵੀ ਸੀ। ਗੁਰਦਿੱਤਾ ਸਿੰਘ ਲੰਮਾ ਸਮਾਂ ਪਿੰਡ ਦਾ ਚੌਕੀਦਾਰ ਰਿਹਾ ਪਰਤੂ ਉਸ ਦੇ ਕੋਈ ਲੜਕਾ ਨਹੀਂ ਸੀ ਅਤੇ ਇਕੋ ਇਕ ਲੜਕੀ ਵਿਆਹ ਬਾਅਦ ਆਪਣੇ ਸਹੁਰੇ ਘਰ ਚਲੀ ਗਈ। ਸਿੱਧੂ ਪੱਤੀ ਵਿਚ ਇਕ ਹੋਰ ਪਰਿਵਾਰ ਵੀ ਨਾਈ ਭਾਈਚਾਰੇ ਨਾਲ ਸਬੰਧਤ ਨੇੜਲੇ ਪਿੰਡ ਵਰ੍ਹੇ ਤੋਂ ਹਿਜ਼ਰਤ ਕਰਕੇ ਜਨੇਰ ਵਿਚ ਵਸਿਆ। ਬਚਿੰਤ ਸਿੰਘ ਦੇ ਦੋਵੇਂ ਲੜਕੇ ਪੇਸ਼ੇ ਵਜੋਂ ਡਰਾਈਵਰ ਹੋਣ ਕਰਕੇ ਸਾਰਾ ਪਿੰਡ ਛਿੰਦਰਪਾਲ ਸਿੰਘ ਅਤੇ ਚਰਨਜੀਤ ਸਿੰਘ ਨੂੰ ਡਰਾਈਵਰ ਨਾਮ ਨਾਲ ਹੀ ਬੁਲਾਉਂਦਾ ਹੈ। ਇਹ ਪਰਿਵਾਰ ਸਿੱਧੂ ਪੱਤੀ ਵਿਚ ਲਖਵੀਰ ਸਿੰਘ ਸਿੱਧੂ ਦੇ ਗੁਆਂਢ ਵਿਚ ਵਸਦਾ ਹੈ।
ਜਨੇਰ ਦੀ ਰਾਣੀ ਭਾਨ ਕੌਰ (ਭਾਨੋ)
ਸਾਡੇ ਪੁਰਖਿਆਂ ਨੇ ਪਿੰਡ ਦੇ ਨਾਈ ਨੂੰ ‘ਰਾਜਾ’ ਅਤੇ ਨਾਇਣ ਨੂੰ ‘ਰਾਣੀ’ ਵਰਗੇ ਸਤਿਕਾਰਤ ਸ਼ਬਦ ਨਾਲ ਨਿਵਾਜ ਕੇ ਕਿੰਨੀ ਕੁ ਦੂਰ ਅੰਦੇਸ਼ੀ ਤੋਂ ਕੰਮ ਲਿਆ ਹੋਵੇਗਾ ਇਹ ਤਾਂ ਉਹ ਹੀ ਜਾਣਦੇ ਹੋਣਗੇ ਪਰੰਤੂ ਅਜੋਕੇ ਪਦਾਰਥਵਾਦੀ, ਖ਼ੁਦਗਰਜ਼, ਬੇਦਰਦ ਅਤੇ ਨਸਲਵਾਦ ਦੀ ਬੋ ਨਾਲ ਭਰੇ ਜ਼ਮਾਨੇ ਵਿਚ ਸਾਨੂੰ ਉਨ੍ਹਾਂ ਦੀ ਡੂੰਘੀ ਸੋਚ ਦੀ ਦਾਦ ਦੇਣੀ ਬਣਦੀ ਹੈ। ਸਮੁੱਚੀਆਂ ਕੌਮਾਂ ਤੇ ਜਾਹੋ-ਜ਼ੁਲਮ ਨਾਲ ਰਾਜ ਕਰਨ ਵਾਲੇ ਜੱਦੀ ਪੁਸ਼ਤੀ ਰਾਜੇ ਰਾਣੀਆਂ ਨਾਲੋਂ ਸਾਡੇ ਆਪਣੇ ਪੁਰਖਿਆਂ ਵਲੋਂ ਆਪਣੇ ਮਹਾਨ ਸਮਾਜਿਕ ਵਿਰਸੇ ਵਿਚੋਂ ਨਾਈ ਅਤੇ ਨਾਇਣ ਦੇ ਰੂਪ ਵਿਚ ਪ੍ਰਾਪਤ ਹੋਏ ‘ਰਾਜਾ’ ਅਤੇ ‘ਰਾਣੀ’ ਦੀ ਸਾਡੀ ਨਿਤਪ੍ਰਤੀ ਜ਼ਿੰਦਗੀ ਨੂੰ ਵੱਡੀ ਦੇਣ ਹੈ।
08 ਜਨੇਰ ਵਾਸੀਆਂ ਨੂੰ ਵੀ ਭਾਨ ਕੌਰ (ਭਾਨੋ) ਦੇ ਰੂਪ ਵਿਚ ਇਕ ‘ਰਾਣੀ’ ਦੀ ਹੋਂਦ ਦਾ ਨਿੱਘ ਪ੍ਰਾਪਤ ਹੋਇਆ। ਰਾਣੀ ਭਾਨ ਕੌਰ ਦੀ ਪਿੰਡ ਨੂੰ ਦੇਣ ਅਤੇ ਉਸ ਦੇ ਗੁਣਾਂ ਦੀ ਲਿਸਟ ਬਹੁਤ ਲੰਮੀ ਹੈ। ਪਿੰਡ ਵਿਚ ਵਿਆਹ ਸ਼ਾਦੀ ਦੀਆਂ ਰਸਮਾਂ, ਮੌਤ ਵੇਲੇ ਦੀਆਂ ਮਕਾਣਾਂ ਕਾਣਾਂ, ਜਾਂ ਕੋਈ ਹੋਰ ਸਮਾਜਿਕ ਅਤੇ ਪਰਿਵਾਰਕ ਰੀਤੀ ਰਿਵਾਜਾਂ ਸਮੇਂ ਘਰ ਵਾਲਿਆਂ ਨੂੰ ਕੋਈ ਫ਼ਿਕਰ ਨਹੀਂ ਸੀ ਹੁੰਦਾ ਕਿ ਕੀ ਕਰਨਾ ਹੈ? ਬਸ ਹਰ ਇਕ ਦੀ ਇਕ ਗੱਲ ਹੁੰਦੀ ਸੀ, “ਰਾਣੀ ਭਾਨੋ ਨੂੰ ਬੁਲਾ ਲਵੋ, ਸਭ ਕੁਝ ਆਪੇ ਸਾਂਭ ਲਵੇਗੀ।” ਖ਼ੁਸ਼ੀ ਦੇ ਮੌਕੇ ‘ਰੁਸੀਆਂ ਜਾਂ ਰੁਸੇ ਮਨਾਉਣ’ ਦੀ ਉਹ ਮਾਹਿਰ ਸੀ। ਪਤਾ ਨਹੀਂ ਉਸ ਪਾਸ ਕਿਹੜੀ ਜਾਦੂ ਦੀ ਛੜੀ ਸੀ ਕਿ ਰਾਣੀ ਭਾਨੋ ਗਈ ਨੀ ਅਤੇ ਰੁੱਸੇ ਮੰਨੇ ਨੀ? ਇਸ ਦਾ ਜੁਆਬ ਅੱਜ ਵੀ ਕਿਸੇ ਪਿੰਡ ਵਾਸੀ ਪਾਸ ਨਹੀਂ ਹੈ। ਭਾਨੋ ਵਿਆਹੀਆਂ ਆਈਆਂ ਦੀ ਭਾਬੀ, ਚਾਚੀ, ਤਾਈ, ਭੂਆ, ਮਾਮੀ ਜਾਂ ਬੇਬੇ ਜ਼ਰੂਰ ਲਗਦੀ ਹੁੰਦੀ। ਇਸੇ ਤਰ੍ਹਾਂ ਪਿੰਡ ਹਰ ਇਕ ਵਿਆਹੀ ਜਾਂ ਕੁਆਰੀ ਲੜਕੀ ਦੀ ਉਹ ਕੁਝ ਨਾ ਕੁਝ ਜ਼ਰੂਰ ਲਗਦੀ ਹੁੰਦੀ। ਵਿਆਹ ਸਮੇਂ ਜਦੋਂ ਉਹ ਪਿੰਡ ਦੀ ਲੜਕੀ ਦੀ ਡੋਲੀ ਨਾਲ ਜਾਂਦੀ ਉਹ ਸਹੁਰੇ ਪਰਿਵਾਰ ਵਿਚ ਛਾ ਜਾਂਦੀ। ਵਿਆਹ ਤੋਂ ਬਾਅਦ ਪਿੰਡ ਦੀਆਂ ਜਾਈਆਂ ਸੱਸ ਬਣਨ ਬਾਅਦ ਵੀ ਉਸ ਨੂੰ ਉਚੇਚੇ ਮਿਲਣ ਜਾਂਦੀਆਂ।
ਇਤਿਹਾਸ ਗਵਾਹ ਹੈ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ‘ਰਾਜੇ’ ‘ਰਾਣੀ’ ਦਾ ਅੰਤ ਦੁਖਦਾਈ ਹੁੰਦਾ ਹੈ। ਭਾਨ ਕੌਰ ਨਾਲ ਕੁਝ ਇੰਝ ਹੀ ਵਾਪਰਿਆ। ਪੰਜਾਬ ਵਿਚ ਖਾੜਕੂ ਲਹਿਰ ਦੇ ਸਿਖ਼ਰ ਸਮੇਂ ਉਹ ਪਰਿਵਾਰ ਸਹਿਤ ਆਪਣੇ ਪੁਲਿਸ ਅਫ਼ਸਰ ਭਰਾ ਦੇ ਘਰ ਖ਼ੁਸ਼ੀ ਦੀਆਂ ਰਸਮਾਂ ਵਿਚ ਸ਼ਿਰਕਤ ਕਰਨ ਲਈ ਗਈ ਅਤੇ ਆਪਣੇ ਕੁਝ ਪਰਿਵਾਰਕ ਮੈਂਬਰਾਂ ਸਮੇਤ ਖਾੜਕੂਵਾਦ ਦੀ ਭੇਂਟ ਚੜ੍ਹ ਗਈ। ਇਸ ਮੰਦਭਾਗੀ ਘਟਨਾ ਵਿਚ ਕਸੂਰ ਖਾੜਕੂਆਂ ਜਾਂ ਪੁਲਿਸ ਅਫ਼ਸਰ ਦਾ ਨਹੀਂ ਸਗੋਂ ਜਨੇਰ ਵਾਸੀਆਂ ਦਾ ਸਮਝਿਆ ਜਾਂਦਾ ਹੈ ਜਿਨ੍ਹਾਂ ਤੋਂ ‘ਪਿੰਡ ਦੀ ਰਾਣੀ’ ਸਦਾ ਲਈ ਵਿੱਛੜ ਗਈ। ਉਸ ਸਮੇਂ ਹਰ ਇਕ ਪਿੰਡ ਵਾਸੀ ਦੀ ਅੱਖ ਨਮ ਸੀ।
ਗੁਰਦੇਵ ਸਿੰਘ ‘ਰਾਜਾ’
ਉੱਚੇ ਲੰਮੇ ਕੱਦ, ਅੱਛੀ ਡੀਲ ਡੌਲ, ਗੋਰੇ ਰੰਗ ਅਤੇ ਹਸਮੁਖ ਚਿਹਰੇ ਦਾ ਮਾਲਕ ਨਾਈ ਭਾਈਚਾਰੇ ਦੇ ਗਿੱਲ ਗੋਤ ਨਾਲ ਸਬੰਧਤ ਗੁਰਦੇਵ ਸਿੰਘ ‘ਰਾਜਾ’ ਲੰਮਾ ਸਮਾਂ ਪਿੰਡ ਵਾਸੀਆਂ ਦੀਆਂ ਸਮਾਜਿਕ ਰਹੁ-ਰੀਤਾਂ ਵਿਚ ਆਪਣੀ ਬਣਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਨਿਭਾਉਂਦਾ ਰਿਹਾ। ਵਕਤ ਸਿਰ ਸਹੀ ਰਾਇ ਦੇਣਾ ਅਤੇ ਸਮੇਂ ਦਾ ਪਾਬੰਦ ਹੋਣਾ ਉਸ ਦੀ ਸ਼ਖ਼ਸੀਅਤ ਦੇ ਖ਼ਾਸ ਗੁਣ ਸਨ। ਮੀਂਹ ਹੋਵੇ ਜਾਂ ਹਨੇਰੀ, ਗਰਮੀ ਜਾਂ ਸਰਦੀ ਪਰਿਵਾਰਾਂ ਦੀਆਂ ਰਸਮਾਂ ਵਿਚ ਉਹ ਹਮੇਸ਼ਾ ਠੀਕ ਵਕਤ ‘ਤੇ ਪਹੁੰਚ ਜਾਂਦਾ। ਰੱਜੀ ਨੀਅਤ ਦਾ ਮਾਲਕ ਗੁਰਦੇਵ ਸਿੰਘ ਖ਼ੁਸ਼ੀ ਮੌਕੇ ਬਖ਼ਸ਼ੀਸ਼ ਜਾਂ ਇਨਾਮ ਮੰਗਦਾ ਪਿੰਡ ਵਿਚ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇ।
ਅੱਖਾਂ ਦੀ ਬੇਵਕਤ ਬਿਮਾਰੀ ਨੇ ਉਸ ਨੂੰ ਪਿੰਡ ਵਾਸੀਆਂ ਦੀ ਜ਼ਿਆਦਾ ਸੇਵਾ ਕਰਨੋਂ ਵਾਂਝਿਆ ਕਰ ਦਿੱਤਾ ਫੇਰਵੀ ਸ਼ਗਨਾਂ ਵਿਆਹਾਂ ਦੀਆਂ ਗੁੰਝਲਾਂ ਦਾ ਮਾਹਿਰ ਗੁਰਦੇਵ ਸਿੰਘ ਹਰ ਇਕ ਨੂੰ ਦਿਲੋਂ ਨੇਕ ਰਾਇ ਹੀ ਦਿੰਦਾ ਹੈ। ਜਵਾਨੀ ਵੇਲੇ ਉਹ ਨੌਜੁਆਨਾਂ ਵਾਂਗ ਬਹੁਤ ਸਟਾਈਲ ਦੀ ਦਾਹੜੀ ਤਾਂ ਬਣਾਉਂਦਾ ਹੀ ਸੀ ਸਗੋਂ ਖ਼ੁਦ ਵੀ ਬਣ ਠਣ ਕੇ ਵਿਚਰਦਾ ਸੀ।
ਆਪਣੀ ਉਮਰ ਦੀ ਸ਼ਾਮ ਵੇਲੇ ਉਸ ਨੇ ਆਪਣੀ ਜੀਵਨ ਸ਼ੈਲੀ ਬਦਲ ਲਈ। ਗੁਰਦੇਵ ਸਿੰਘ ਰਾਜਾ ਹੁਣ ਗੁਰੂ ਘਰ ਦਾ ਸੇਵਕ ਬਣ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ‘ਅਸਲੀ ਰਾਜੇ’ ਅਕਾਲ ਪੁਰਖ ਦੀ ਸੇਵਾ ਵਿਚ ਜ਼ਿਆਦਾ ਸਮਾਂ ਬਿਤਾਉਂਦਾ ਹੈ। ਸੰਤਾਂ ਦੀ ਬਰਸੀ ਦੇ ਦਿਨ ਹੋਣ ਜਾਂ ਮਾਘੀ ਮੌਕੇ ਦੇ ਸਲਾਨਾ ਜੋੜ ਮੇਲੇ ਦੇ ਜਾਂ ਫੇਰ ਕੋਈ ਹੋਰ ਪੁਰਬ ਹੋਵੇ, ਗੁਰਦੇਵ ਸਿੰਘ ਵਿਰਸੇ ਵਿਚ ਮਿਲੇ ਸੰਦਾਂ ‘ਮਸਦ-ਝਾਰਨੀ’ ਨਾਲ ਗੁਰਦੁਆਰਾ ਸਾਹਿਬ ਵਿਚ ਬਿਨਾਂ ਬੁਲਾਇਆਂ ਹਾਜ਼ਰ ਹੋ ਕੇ ਸੇਵਾ-ਭਾਵ ਵਿਚ ਆਪਣਾ ਜੀਵਨ ਸਫ਼ਲ ਕਰ ਰਿਹਾ ਹੈ।
ਚਮਿਆਰ ਜਾਂ ਮੋਚੀ
ਕਿੱਤਾ ਮੁਖੀ ਜਾਤੀ ਚਮਿਆਰ ਨੂੰ ਕਈ ਹੋਰ ਉਪ-ਜਾਤੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ਮੋਚੀ, ਰਾਮਦਾਸੀਆ, ਰਵਿਦਾਸੀਆ ਆਦਿ ਪਰੰਤੂ ਇਨ੍ਹਾਂ ਨਾਵਾਂ ਨਾਲੋਂ ਚਮਿਆਰ ਨਾਮ ਦਾ ਜ਼ਿਕਰ ਇਤਿਹਾਸ ਵਿਚ ਪਹਿਲਾਂ ਆਉਂਦਾ ਹੈ। ਪੰਜਾਬੀ ਇਤਿਹਾਸ ਦੀ ਪ੍ਰਸਿੱਧ ਪੁਸਤਕ ‘ਮਹਾਨ ਕੋਸ਼’ ਅਨੁਸਾਰ ਚੰਮ ਦਾ ਕੰਮ ਕਰਨ ਵਾਲੇ ਨੂੰ ਸੰਸਕ੍ਰਿਤ ਵਿਚ ‘ਚਰਮਕਾਰ’ ਆਖਦੇ ਹਨ ਅਤੇ ਚਮਿਆਰ ਇਸੇ ਚਰਕਾਰ ਸ਼ਬਦ ਦਾ ਹੀ ਵਿਗੜਿਆ ਰੂਪ ਹੈ। ‘ਔਸ਼ਨਸ ਸਿਮ੍ਰਿਤਿ’ ਅਨੁਸਾਰ ਖੱਤਰੀ ਦੀ ਲੜਕੀ ਤੋਂ ਪੈਦਾ ਹੋਇਆ ਪੁੱਤਰ ਚਰਮਕਾਰ ਬਣਿਆ। ਕੁਝ ਵੀ ਸਮਝੋ ਕਿਸੇ ਸਮੇਂ ਚਰਮਕਾਰ ਜਾਂ ਚਮਿਆਰ ਉਸ ਨੂੰ ਆਖਦੇ ਸਨ ਜਿਹੜਾ ਪਸ਼ੂਆਂ ਦੇ ਚੰਮ ਲਾਹੇ, ਰੰਗੇ ਅਤੇ ਚੰਮ ਦਾ ਸਮਾਨ ਤਿਆਰ ਕਰੇ।
ਸਮੇਂ ਦੀਆਂ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਇਸ ਕਿੱਤਾ ਮੁਖੀ ਜਾਤ ਨੂੰ ਸੰਬੋਧਨ ਕਰਨ ਵਿਚ ਕਈ ਤਬਦੀਲੀਆਂ ਆਈਆਂ। ਮੁਸਲਮਾਨ ਸਭਿਆਚਾਰ ਨੇ ਚਮਿਆਰ ਨੂੰ ‘ਮੋਚੀ’ ਸ਼ਬਦ ਨਾਲ ਬੁਲਾਇਆ। ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਸਮਾਜ ਦੇ ਉਚ ਵਰਗ ਵਲੋਂ ਲਿਤਾੜੀਆਂ ਹੋਈਆਂ ਨੀਵੀਆਂ ਜਾਤਾਂ ਉਪਰ ਚੁਗਿਰਦੇ ਦੇ ਧਰਮ ਪ੍ਰਚਾਰ ਦਾ ਅਸਰ ਜਲਦੀ ਹੁੰਦਾ ਹੈ। ਨੀਵੀਂ ਜਾਤੀ ਨਾਲ ਸਬੰਧਤ ਦੇਸ਼ ਵਿਚ ‘ਭਗਤੀ ਦੀ ਲਹਿਰ’ ਦੇ ਮੋਚੀਆਂ ਵਿਚ ਗਿਣੇ ਜਾਂਦੇ ਭਗਤ ਰਵਿਦਾਸ ਜੀ ਨੂੰ ਕੌਣ ਨਹੀਂ ਜਾਣਦਾ? ਵੱਡੀ ਗਿਣਤੀ ਵਿਚ ਚਮਿਆਰ ਵਰਗ ਦੇ ਲੋਕ ਉਸ ਦੇ ਪੈਰੋਕਾਰ ਬਣੇ ਅਤੇ ਆਪਣੇ ਆਪ ਨੂੰ ਰਵਿਦਾਸੀਏ ਅਖਵਾਇਆ। ਸਿੱਖ ਗੁਰੂਆਂ ਦੀ ਬਾਣੀ ਨੇ ਵੀ ਇਸ ਵਰਗ ਦੇ ਲੋਕਾਂ ਉਪਰ ਆਪਣਾ ਡੂੰਘਾ ਪ੍ਰਭਾਵ ਪਾਇਆ ਅਤੇ ਗੁਰੂ ਰਾਮ ਦਾਸ ਜੀ ਦੀ ਬਾਣੀ ਦੇ ਅਸਰ ਹੇਠ ਚਮਿਆਰ ਤੋਂ ਰਾਮਦਾਸੀਏ ਬਣੇ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਤੋਂ ਬਾਅਦ ਰਵਿਦਾਸੀਆਂ ਦੀ ਗਿਣਤੀ ਵਿਚ ਰਿਕਾਰਡ ਤੋੜ ਵਾਧਾ ਹੋਇਆ। ਕਿਸੇ ਸਮੇਂ ਚਮਿਆਰ ਜਾਂ ਮੋਚੀ ਸ਼ਬਦ ਨਾਲ ਪੁਕਾਰੇ ਜਾਣ ਵਾਲੇ ਇਨ੍ਹਾਂ ਲੋਕਾਂ ਵਿਚੋਂ ਅੰਮ੍ਰਿਤਧਾਰੀ ਸਿੱਖ ਵੀ ਬਣੇ ਅਤੇ ਆਪਣੇ ਆਪਨੂੰ ਰਵਿਦਾਸੀਏ ਸਿੱਖ ਵੀ ਕਹਾਉਣ ਲੱਗ ਪਏ। ਇਨ੍ਹਾਂ ਦੇ ਨਾਮ ਨਾਲ ਸਰਦਾਰ ਸ਼ਬਦ ਆਪਣੇ ਆਪ ਜੁੜ ਗਿਆ।
ਚਮਿਆਰ ਜਾਤੀ ਦਾ ਇਤਿਹਾਸਕ ਪਿਛੋਕੜ ਘੋਖਣ ਤੋਂ ਬਾਅਦ ਇਕ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਵੱਖ-ਵੱਖ ਇਲਾਕਿਆਂ ਵਿਚ ਰਹਿਣ ਵਾਲੇ ਚਮਿਆਰ ਜਾਂ ਆਪਣੇ ਪੁਰਾਤਨ ਵਖਰੇਵਿਆਂ ਨਾਲ ਪੇਸ਼ ਕਰਦੇ ਹਨ। ਇਸ ਜਾਤੀ ਦੇ ਕੁਝ ਲੋਕ ਆਪਣੇ ਆਪ ਨੂੰ ‘ਕਛਵਾਹਾ’ ਰਾਜਪੂਤਾਂ ਨਾਲ ਜੋੜਦੇ ਹੋਏ ਆਪ ਉਪ ਗੋਤ ਵੀ ਕਛਵਾਹਾ ਹੀ ਲਿਖਦੇ ਹਨ। ਉਤਰ ਪ੍ਰਦੇਸ਼ ਅਤੇ ਬਿਹਾਰ ਵਿਚ ਕਛਵਾਹ ਰਾਜਪੂਤ, ਜਿਹੜੇ ਆਪ ਨੂੰ ‘ਕੁਸ਼ਵਾਹਾ ਰਾਜਪੂਤ’ ਦਸਦੇ ਹਨ, ਦੀ ਵੱਡੀ ਗਿਣਤੀ ਹੈ। ਇਨ੍ਹਾਂ ਦਾ ਇਕ ਵਰਗ ਆਪ ਨੂੰ ਭੰਗ ਰਾਜਪੂਤਾਂ ਵਜੋਂ ਪੇਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਚੌਧਰੀਆਂ ਵਜੋਂ ਜਾਣੇ ਜਾਂਦੇ ਹੋਣ ਕਰਕੇ ਚਮਿਆਰ ਜਾਤੀ ਨਾਲ ਰਿਸ਼ਤਾ ਨਾਤਾ ਵੀ ਨਹੀਂ ਜੋੜਦੇ। ਮੁਸਲਮਾਨ ਮੋਚੀ ਆਪਣਾ ਪਿਛੋਕੜ ਜੈਸਲਮੇਰ ਦੇ ਰਾਜਪੂਤਾਂ ਨਾਲ ਜੋੜਦੇ ਹਨ। ਚਮਿਆਰ ਜਨ ਦਾ ਇਕ ਫ਼ਿਰਕਾ ‘ਆਦਿਧਰਮੀ’ ਵਜੋਂ ਵੀ ਜਾਣਿਆ ਜਾਂਦਾ ਹੈ।
ਸਮੇਂ ਦੇ ਬਦਲਣ ਨਾਲ ਚਮਿਆਰ ਜਾਤੀ ਨੇ ਬਹੁਤ ਤਰੱਕੀ ਕਰ ਲਈ ਹੈ। ਸਿੱਖ ਧਰਮ ਵਿਚ ਵੀ ਆਪਣੀਆਂ ਕੁਰਬਾਨੀਆਂ ਸਦਕਾ ਇਸ ਨੇ ਸਤਿਕਾਰਤ ਥਾਂ ਹਾਸਲ ਕਰ ਲਈ ਹੈ। ਚਮਕੌਰ ਦੀ ਗੜ੍ਹੀ ਦੇ ਸ਼ਹੀਦ ਭਾਈ ਸੰਗਤ ਸਿੰਘ ਨੂੰ ਕੌਣ ਨਹੀਂ ਜਾਣਦਾ? ਸਿੰਘ ਸਭਾ ਲਹਿਰ ਦੇ ਚਮਿਆਰ ਜਾਤੀ ਨਾਲ ਸਬੰਧਤ ਬੁੱਧੀਜੀਵੀ ਗਿਆਨੀ ਦਿੱਤ ਸਿੰਘ ਦਾ ਨਾਮ ਪੰਥਕ ਹਸਤੀਆਂ ਵਿਚ ਵਿਸ਼ੇਸ਼ ਥਾਂ ਰਖਦਾ ਹੈ। ਸਵਾਮੀ ਦਯਾਨੰਦ ਜੀ ਨੂੰ ਤੱਥਾਂ ਦੇ ਆਧਾਰ ‘ਤੇ ਧਾਰਮਿਕ ਬਹਿਸ ਵਿਚ ਮਾਤ ਦੇਣੀ ਸਿਰਫ਼ ਗਿਆਨੀ ਦਿੱਤ ਸਿੰਘ ਹੋਰਾਂ ਦੇ ਹਿੱਸੇ ਹੀ ਆਇਆ ਸੀ। ਰਾਜਨੀਤੀ ਦੇ ਖੇਤਰ ਵਿਚ ਵੀ ਇਸ ਵਰਗ ਦੇ ਲੋਕਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।
ਕੁਝ ਰਵਾਇਤੀ ਚਰਚਾਵਾਂ
ਇਕ ਪੁਰਾਤਨ ਰਵਾਇਤ ਅਨੁਸਾਰ ‘ਚੰਨੂ’ ਅਤੇ ‘ਬੰਨੂ’ ਦੋ ਸਕੇ ਭਰਾ ਉਚ ਜਾਤੀ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੀ ਗਾਂ ਮਰ ਗਈ। ਮਰੀ ਹੋਈ ਗਾਂ ਰਸਤੇ ਦੇ ਵਿਚਕਾਰ ਪਈ ਹੋਣ ਕਰਕੇ ਲੰਘਣ ਵਾਲਿਆਂ ਨੂੰ ਕਾਫੀ ਔਕੜ ਪੇਸ਼ ਆ ਰਹੀ ਸੀ। ‘ਚੰਨੂ’ ਨੇ ਉਹ ਮਰੀ ਹੋਈ ਗਾਂ ਚੁੱਕ ਕੇ ਪਾਸੇ ਕਰ ਦਿੱਤੀ ਤਾਂ ਕਿ ਲੋਕਾਂ ਦੀ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ। ਉਚ ਵਰਗ ਵਾਲੇ ਸਕੇ ਸੋਧਰਿਆਂ ਨੇ ਇਸ ਨੂੰ ਉਚ ਜਾਤੀ ਦਾ ਅਪਮਾਨ ਵਜੋਂ ਲਿਆ ਜਿਸ ਦੇ ਫ਼ਲਸਰੂਪ ‘ਬੰਨੂ’ ਨੇ ਆਪਣੇ ਸਕੇ ਭਰਾ ‘ਚੰਨੂ’ ਨੂੰ ਉਚ ਬਰਾਦਰੀ ਵਿਚੋਂ ਸ਼ੇਕ ਦਿੱਤਾ। ਕਹਿੰਦੇ ਹਨ ਇਹ ਚੰਨੂ ਦੀ ਔਲਾਦ ਅੱਗੇ ਜਾ ਕੇ ਚਮਿਆਰ ਬਣੀ ਅਤੇ ਮਰੇ ਹੋਏ ਪਸ਼ੂ ਵਗੈਰਾ ਚੁੱਕਣ ਦਾ ਕੰਮ ਕਰਨ ਲੱਗੀ।
ਇਤਿਹਾਸ ਦੀ ਪ੍ਰਸਿੱਧ ਅੰਗਰੇਜ਼ੀ ਪੁਸਤਕ ਗਲੌਸਰੀ ਔਫ਼ ਟਰਾਈਬਜ਼ ਐਂਡ ਕਾਸਟਸ ਵਿਚ ਇਕ ਹੋਰ ਚੁੰਝ ਚਰਚਾ ਦਾ ਵਰਨਣ ਵੀ ਮਿਲਦਾ ਹੈ। ਉਸ ਅਨੁਸਾਰ ‘ਗਾਤ’ ਅਤੇ ‘ਮੇਤ’ ਉਚ ਵਰਗ ਦੀ ਜਾਤੀ ਨਾਲ ਸਬੰਧ ਰੱਖਣ ਵਾਲੇ ਦੋ ਦੋਸਤ ਸਨ। ਗਾਤ ਨੇ ਦੋਸਤ ਮੇਤ ਨੂੰ ਇਕ ਮਰਿਆ ਹੋਇਆ ਪਸ਼ੂ ਚੁੱਕਣ ਲਈ ਕਿਹਾ ਅਤੇ ਉਹ ਸਹਿਮਤ ਹੋ ਗਿਆ। ਜਦੋਂ ਮੇਤ ਮਰਿਆ ਹੋਇਆ ਪਸ਼ੂ (ਮਰਦਾਰ) ਚੁੱਕ ਰਿਹਾ ਸੀ ਤਾਂ ਇਕ ਮਰਾਸੀ ਨੇ ਉਸ ਨੂੰ ਦੇਖ ਲਿਆ ਅਤੇ ਉਚ ਵਰਗ ਦੇ ਜਾਤੀ ਜਨਾਂ ਵਿਚ ਖ਼ਬਰ ਪਹੁੰਚਾ ਦਿੱਤੀ। ਮਜਬੂਰੀ ਵੱਸ ਗਾਤ ਨੂੰ ਮਤੇ ਨਾਲੋਂ ਆਪਣੇ ਸਬੰਧ ਤੋੜਨੇ ਪਏ। ਦੇਖਾ ਦੇਖੀ ਹੋਰ ਸ਼ਰੀਕੇ ਵਾਲਿਆਂ ਨੇ ਵੀ ਮੇਤ ਨਾਲੋਂ ਮਿਲਵਰਤਨ ਬੰਦ ਕਰ ਦਿੱਤਾ! ਮਿਰਾਸੀਆਂ ਦੀ ਇਸ ਰਵਾਇਤੀ ਮਿਥ ਅਨੁਸਾਰ ਮੇਤ ਦੀਆਂ ਬਾਅਦ ਵਾਲੀਆਂ ਨਸਲਾਂ ਚਮਿਆਰ ਬਣੀਆਂ।
ਜਨੇਰ ਦੇ ਚਮਿਆਰ
ਪਿੰਡ ਦੇ ਬਜ਼ੁਰਗਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਣਵੰਡੇ ਪੰਜਾਬ ਸਮੇਂ ਚੀਮਾ ਪੱਤੀ ਵਿਚ ਦੋ ਚਮਿਆਰਾਂ ਦੀਨ ਅਤੇ ਜਾਨ ਦੇ ਪਰਿਵਾਰ ਵਸਦੇ ਸਨ। ਮੁਸਲਮਾਨ ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨੂੰ ਪਿੰਡ ਵਾਸੀ ਦੀਨ ਮੋਚੀ ਅਤੇ ਜਾਨ ਮੋਚੀ ਆਖ ਕੇ ਬੁਲਾਉਂਦੇ ਸਨ। ਇਕ ਹੋਰ ਜੁੱਤੀਆਂ ਬਣਾਉਣ ਦੇ ਮਾਹਿਰ ਵਜੋਂ ਜਾਣੇ ਜਾਂਦੇ ਮੁਸਲਮਾਨ ਮਾਮੂ ਮੋਚੀ ਦਾ ਜ਼ਿਕਰ ਵੀ ਮਿਲਦਾ ਹੈ। ਦੇਸ਼ ਦੀ ਵੰਡ ਤੋਂ ਬਾਅਦ ਦੁਆਬੇ ਦੇ ਕਿਸੇ ਪਿੰਡ ਵਿਚੋਂ ਭਾਗ ਸਿੰਘ (ਭਾਗੂ) ਚਮਿਆਰ ਦਾ ਪਰਿਵਾਰ ਪੀਰ ਖਾਂ ਪੱਤੀ ਵਿਚ ਆ ਕੇ ਵਸਿਆ। ਉਸ ਦੇ ਤਿੰਨ ਲੜਕੇ ਗੁਰਦੀਪ ਸਿੰਘ, ਸੰਤ ਸਿੰਘ ਅਤੇ ਸਰਵਣ ਸਿੰਘ ਸਨ। ਉਹ ਮਿਹਨਤ ਮਜ਼ਦੂਰੀ ਹੀ ਕਰਦੇ ਸਨ। ਕੁਝ ਸਮੇਂ ਬਾਅਦ ਉਹ ਪਰਿਵਾਰ ਵਾਪਸ ਦੁਆਬੇ ਵਲ ਚਲਿਆ ਗਿਆ।
ਲਾਲ ਸਿੰਘ ਚਮਿਆਰ (ਮੋਚੀ) ਦਾ ਪਰਿਵਾਰ ਚੀਮਾ ਪੱਤੀ ਵਿਚ ਵਸਦਾ ਹੈ। ਉਹ ਆਪਣਾ ਪਿਤਾ ਪੁਰਖੀ ਕੰਮ ਜੁੱਤੀਆਂ ਆਦਿ ਬਣਾਉਣ ਵਿਚ ਮਾਹਿਰ ਵਜੋਂ ਜਾਣਿਆ ਜਾਂਦਾ ਹੈ। ਉਸ ਦੇ ਲੜਕਿਆਂ ਨੇ ਆਪਣਾ ਪਿਤਾ ਪੁਰਖੀ ਧੰਦਾ ਨਹੀਂ ਅਪਣਾਇਆ। ਸਗੋਂ ਮਕੈਨਿਕੀ ਵਗੈਰਾ ਦੇ ਕੰਮਾਂ ਵਿਚ ਲੱਗ ਗਏ ਹਨ।
ਜੁਲਾਹੇ
ਜੁਲਾਹਾ ਸ਼ਬਦ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਫ਼ਾਰਸੀ ਦੇ ਲਫ਼ਜ਼ ‘ਜੁਲ੍ਹ’ ਨਾਲ ਜੁੜਦਾ ਹੈ, ਜਿਸ ਦਾ ਅਰਥ ਹੁੰਦਾ ਹੈ ਧਾਗੇ ਦਾ ਗੋਲਾ। ਸੰਭਵ ਹੈ ਕਿ ਧਾਗੇ ਦਾ ਜ਼ਿਕਰ ਆਉਣ ਕਰਕੇ ਕਿਸੇ ਸਮੇਂ ਸਮਾਜ ਨੇ ਇਸ ਨੂੰ ‘ਜੁਲਾਹਾ’ ਨਾਮ ਦੇ ਦਿੱਤਾ ਹੋਵੇ। ਅੰਗਰੇਜ਼ੀ ਵਿਚ ਜੁਲਾਹੇ (Weavers) ਨੂੰ ਮਾਹਿਰ ਕਾਰੀਗਰ ਵਜੋਂ ਮਾਨਤਾ ਪ੍ਰਾਪਤ ਹੈ ਪਰੰਤੂ ਭਾਰਤੀ ਸਮਾਜ ਵਿਚ ਇਸ ਨੂੰ ਨੀਵੀਂ ਜਾਤੀ ਵਿਚ ਰਖਿਆ ਗਿਆ। ਜੁਲਾਹਾ ਜਾਤੀ ਕਈ ਜਾਤੀਆਂ ਜਿਵੇਂ ਮੁਲਾਵਾਂ, ਮਰਾਸੀਆਂ, ਮਾਛੀਆਂ, ਲਲਾਰੀਆਂ, ਝਾੜੂ ਬਰਦਾਰਾਂ ਅਤੇ ਸੱਯਦ ਦੇ ਜੁਲਾਹ ਧੰਦੇ ਨੂੰ ਅਪਣਾਉਣ ਬਾਅਦ ਹੋਂਦ ਵਿਚ ਆਈ। ਉਚ ਜਾਤੀਆਂ ਜਿਨ੍ਹਾਂ ਵਿਚ ਰਹਿਲ, ਚੌਹਾਨ, ਭੱਟੀ, ਸਰੋਆ, ਭੁੱਲਰ, ਖੋਖਰ, ਜੰਜੂਆ ਅਤੇ ਜੋਈਏ ਸ਼ਾਮਿਲ ਹਨ, ਵਿਚੋਂ ਵੀ ਜੁਲਾਹੇ ਧੰਦੇ ਅਤੇ ਜੁਲਾਹੇ ਫ਼ਿਰਕੇ ਵਿਚ ਸ਼ਮੂਲੀਅਤ ਕੀਤੀ।
ਅਜੋਕੇ ਸਮੇਂ ਦੇ ਕੁਝ ਬੁਧੀਜੀਵੀ ਅਤੇ ਆਲੋਚਕ ਜੁਲਾਹਾ ਜਾਤੀ ਨੂੰ ਨੀਵੀਂ ਜਾਤੀ ਵਜੋਂ ਜਾਣੇ ਜਾਂਦੇ ਹੋਣ ਕਰਕੇ ਇਨ੍ਹਾਂ ਨਾਲ ਹੋ ਰਹੀ ਜ਼ਿਆਦਤੀ ਦਾ ਸਖ਼ਤ ਇਤਰਾਜ਼ ਕਰਦੇ ਹਨ। ਉਨ੍ਹਾਂ ਦੀ ਤਰਕ ਹੈ ਕਿ ਪੰਜਾਬ ਦੇ ਉਦਯੋਗੀ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਫਗਵਾੜਾ ਵਿਚ ਬ੍ਰਾਹਮਣ, ਬਾਣੀਏਂ, ਜੱਟ, ਖੱਤਰੀ ਅਤੇ ਹੋਰ ਉਚੀਆਂ ਜਾਤੀਆਂ ਵਾਲੇ ਉਦਯੋਗਪਤੀਆਂ ਅਤੇ ਮਿੱਲਾਂ ਦੇ ਮਾਲਕਾਂ ਨੂੰ ਜੁਲਾਹੇ ਕਿਉਂ ਨਹੀਂ ਆਖਿਆ ਜਾਂਦਾ। ਕਿੱਤਾਮੁਖੀ ਧੰਦੇ ਦੇ ਤਰਾਜੂ ਵਿਚ ਤੋਲ ਕੇ ਦੇਖਿਆ ਜਾਵੇ ਤਾਂ ਉਨ੍ਹਾਂ ਦਾ ਇਤਰਾਜ਼ ਜਾਇਜ ਵੀ ਹੈ। ਇਸ ਦੇ ਪੱਖ ਵਿਚ ਉਹ ਸੰਤ ਕਬੀਰ ਜੀ ਦਾ ਹਵਾਲਾ ਦਿੰਦੇ ਹਨ ਕਿ ਕਬੀਰ ਜੀ ਦਾ ਜਨਮ ਬ੍ਰਾਹਮਣ ਪਰਿਵਾਰ ਵਿਚ ਹੋਇਆ, ਪਾਲਣ ਪੋਸ਼ਣ ਮੁਸਲਮਾਨ ਜੁਲਾਹੇ ਨੇ ਕੀਤਾ, ਇਸਲਾਮਿਕ ਵਿਦਿਆ ਹਾਸਲ ਕੀਤੀ ਪਰੰਤੂ ਫੇਰ ਵੀ ਜੁਲਾਹਾ ਕਿੱਤਾਮੁਖੀ ਹੋਣ ਕਰਕੇ, ਅਧਿਆਤਮ ਗਿਆਨ ਹਾਸਲ ਕਰਨ ਤੋਂ ਬਾਅਦ ਵੀ ਸੰਤ ਦੀ ਪਦਵੀ ‘ਤੇ ਪਹੁੰਚਣ ਤੋਂ ਪਹਿਲਾਂ ‘ਕਬੀਰ ਜੁਲਾਹੇ’ ਵਜੋਂ ਹੀ ਜਾਣੇ ਜਾਂਦੇ ਰਹੇ। ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਤੋਂ ਬਾਅਦ ਉਸੇ ‘ਕਬੀਰ ਜੁਲਾਹੇ’ ਦੇ ਨਾਮ ਉਪਰ ਇਕ ਵੱਖਰਾ ਮੌਤ ‘ਕਬੀਰ ਪੰਥੀ’ ਵੀ ਸਥਾਪਤ ਹੋ ਗਿਆ ਜਿਸ ਦੇ ਅੱਜਕਲ੍ਹ ਲੱਖਾਂ ਦੀ ਗਿਣਤੀ ਵਿਚ ਅਨੁਯਾਈ ਹਨ। ਇਥੇ ਹੀ ਬਸ ਨਹੀਂ ਹੋਈ, ਸਿਆਲਕੋਟ ਤੋਂ ਪਾਕਿਸਤਾਨ ਬਣਨ ਸਮੇਂ ਜਿਹੜੇ ਸ਼ਰਨਾਰਥੀ ਕਬੀਰ ਪੰਥੀ ਜਲੰਧਰ ਆ ਕੇ ਵਸੇ ਉਨ੍ਹਾਂ ਨੇ ਆਪਣੇ ਨਾਮ ਪਿੱਛੇ ‘ਭਗਤ’ ਸ਼ਬਦ ਵੀ ਜੋੜ ਲਿਆ।
ਜਨੇਰ ਦੇ ਜੁਲਾਹੇ
ਵਰਤਮਾਨ ਸਮੇਂ ਪਿੰਡ ਵਿਚ ਕੋਈ ਵੀ ਜੁਲਾਹਾ ਪਰਿਵਾਰ ਨਹੀਂ ਵਸਦਾ ਪਰੰਤੂ ਉਨੀ ਸੌ ਚਾਲੀਵਿਆਂ ਤੋਂ ਬਾਅਦ ਦੇ ਸਮੇਂ ਤਕ ਮੁੰਧਾ, ਮੂਸਾ, ਗਗੜ ਅਤੇ ਦੌਲੀ ਨਾਮੀ ਜੁਲਾਹਿਆਂ ਦਾ ਜਨੇਰ ਵਿਚ ਵਸਣ ਦਾ ਜ਼ਿਕਰ ਜ਼ਰੂਰ ਮਿਲਦਾ ਹੈ। ਇਸ ਤੋਂ ਬਿਨਾਂ ਹਾਕਮ ਅਤੇ ਨੱਥੂ ਜੁਲਾਹਾ ਵੀ ਕਿਸੇ ਸਮੇਂ ਇਥੇ ਵਸਦੇ ਰਹੇ ਹਨ। ਕਾਫੀ ਸਮਾਂ ਪਹਿਲਾਂ ਇਕ ਹੋਰ ਜੁਲਾਹਾ ਪਰਿਵਾਰ ਵੀ ਪਿੰਡ ਵਿਚ ਆ ਕੇ ਵਸਿਆ ਪਰੰਤੂ ਉਹ ਨੇੜਲੇ ਪਿੰਡ ਰਜੀਵਾਲ ਵਾਸੀ ਬਣ ਗਿਆ।
ਬਾਜੀਗਰ
ਫ਼ਾਰਸੀ ਭਾਸ਼ਾ ਦੇ ਲਫ਼ਜ਼ ਬਾਜੀਗਰ ਤੋਂ ਭਾਵ ਹੈ ਕਲਾਬਾਜ਼ੀਆਂ ਜਾਂ ਬਾਜੀ ਕਰਨ ਵਾਲਾ। ਕਈ ਇਤਿਹਾਸਕਾਰ ਬਾਜੀਗਰਾਂ ਨੂੰ ਨਟਾਂ ਨਾਲ ਜੋੜਦੇ ਹਨ ਪਰੰਤੂ ਦੋਹਾਂ ਦੇ ਕਾਰਨਾਮਿਆਂ ‘ਤੇ ਨਿਗਾਹ ਮਾਰੀ ਜਾਵੇ ਤਾਂ ਦੋਵੇਂ ਵੱਖ-ਵੱਖ ਉਪ ਜਾਤੀਆਂ ਹਨ। ਸਰ ਡੈਨਜ਼ਿਲ ਐਬਿਸਟਨ ਨੇ ਵੀ ਆਪਣੀ 1881 ਈਸਵੀ ਦੀ ਮਰਦਮਸ਼ੁਮਾਰੀ (ਜਨਗਨਣਾ) ਵਿਚ ਇਨ੍ਹਾਂ ਦੇ ਵਖਰੇ ਕਾਰਨਾਮਿਆਂ ਦਾ ਸੰਕੇਤ ਦਿੱਤਾ ਹੈ। ਉਂਝ ਵੀ ਨਟ ਉਪ ਜਾਤੀ ਵਾਲੇ ਰੱਸਿਆਂ ਉਪਰ ਆਪਣੇ ਜ਼ੋਰ ਦਿਖਾਉਂਦੇ ਹਨ ਅਤੇ ਬਾਜੀਗਰ ਆਮ ਤੌਰ ‘ਤੇ ਜ਼ਮੀਨ ‘ਤੇ ਹੀ ਆਪਣੀਆਂ ਕਲਾਬਾਜ਼ੀਆਂ ਦਿਖਾਉਂਦੇ ਹਨ।
ਅੱਜਕਲ੍ਹ ਸਾਰੇ ਉਤਰੀ ਭਾਰਤ ਵਿਚ ਵਸੇ ਹੋਏ ਬਾਜੀਗਰ ਆਪਣਾ ਪਿਛੋਕੜ ਮਾਰਵਾੜ ਦੇ ਇਲਾਕੇ ਨਾਲ ਜੋੜਦੇ ਹਨ। ਕਿਸੇ ਸਮੇਂ ਇਨ੍ਹਾਂ ਦੀਆਂ ਰਹਾਇਸ਼ਾਂ ਆਰਜ਼ੀ ਤੌਰ ‘ਤੇ ਹੀ ਹੁੰਦੀਆਂ ਸਨ ਪਰੰਤੂ ਸਮਾਂ ਪਾ ਕੇ ਇਨ੍ਹਾਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਆਪਣੀਆਂ ਪੱਕੀਆਂ ਰਹਾਇਸ਼ਗਾਹਾਂ ਬਣਾ ਲਈਆਂ। ਕਈ ਕਸਬਿਆਂ ਅਤੇ ਸ਼ਹਿਰਾਂ ਵਿਚ ਤਾਂ ਇਨ੍ਹਾਂ ਨੇ ‘ਬਾਜੀਗਰ ਬਸਤੀਆਂ’ ਦੇ ਰੂਪ ਵਿਚ ਆਪਣੀ ਵੱਖਰੀ ਵਸੋਂ ਦੀ ਪਹਿਚਾਣ ਬਣਾ ਲਈ ਹੈ।
ਬਾਜੀਗਰਾਂ ਦੇ ਬੀਤੇ ਕਲ੍ਹ ਦੀਆਂ ਗੱਲਾਂ ਕਰੀਏ ਤਾਂ ਇਹ ਲੋਕ ਕਸਰਤ ਕਰਨ, ਚੰਗੀ ਖੁਰਾਕ ਖਾਣ ਅਤੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਵਿਚ ਵਿਸ਼ਵਾਸ ਰਖਦੇ ਸਨ। ਆਪਣੇ ਸਰੀਰਕ ਬਲ ਨਾਲ ਜੌਹਰ ਦਿਖਾ ਕੇ ਪੈਸਾ ਕਮਾਉਣ ਤੋਂ ਬਿਨਾਂ ਇਹ ਲੋਕ ਵਾਣ ਵੱਟਣ, ਸਿਰਕੀਆਂ ਬਣਾਉਣ ਅਤੇ ਹਰ ਇਕ ਸਾਈਜ਼ ਦੀਆਂ ਟੋਕਰੀਆਂ ਆਦਿ ਬਣਾਉਣ ਵਿਚ ਵੀ ਮਾਹਿਰ ਸਨ ਅਤੇ ਵਿਹਲੇ ਸਮੇਂ ਇਨ੍ਹਾਂ ਛੋਟੇ-ਛੋਟੇ ਕੰਮਾਂ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾ ਲੈਂਦੇ ਸਨ। ਧਾਰਮਿਕ ਤੌਰ ‘ਤੇ ਬਾਜੀਗਰ ਕਬੀਲਾ ਹਿੰਦੂ ਧਰਮ ਵਿਚ ਵਿਸ਼ਵਾਸ ਰਖਦਾ ਸੀ ਅਤੇ ਵਿਆਹ ਸ਼ਾਦੀਆਂ ਸਮੇਂ ਫੇਰਿਆਂ ਦੀ ਰਸਮ ਅਦਾ ਕਰਦੇ ਸਨ। ਦੇਵੀ ਅਤੇ ਹਨੂੰਮਾਨ ਦੀ ਪੂਜਾ ਵਿਚ ਵਿਸ਼ਵਾਸ ਰੱਖਣ ਵਾਲਾ ਇਹ ਕਬੀਲਾ, ਦੇਵੀਆਂ ਅਤੇ ਹਨੂੰਮਾਨ ਦੀਆਂ ਮੂਰਤੀਆਂ ਆਪਣੇ ਘਰ ਵਿਚ ਹਮੇਸ਼ਾ ਰਖਦੇ ਸਨ। ਸਮਾਂ ਪਾ ਕੇ ਇਸ ਕਬੀਲੇ ਦੇ ਕੁਝ ਲੋਕ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਵਧ ਜਾਣ ਨਾਲ ਸਿੱਖ ਧਰਮ ਅਤੇ ਸਿੱਖ ਰਹੁ-ਰੀਤਾਂ ਅਪਨਾਉਣ ਲੱਗ ਪਏ।
ਸ਼ਾਮਾ ਸਿੰਘ (ਛਾਮਾ) ਬਾਜੀਗਰ ਅਤੇ ਪਿੰਡ ਦੀ ਬਾਜੀ
ਤਕੀਏ ਪੈਂਦੀ ਬਾਜੀ,
ਵੇ ਤੂੰ ਬਾਜੀ ਕਿਉਂ ਨਹੀਂ ਦੇਖਦਾ।
ਪੰਜਾਬੀ ਦਾ ਇਹ ਪ੍ਰਸਿੱਧ ਅਖਾਣ ਰੂਪੀ ਗੀਤ ਦਾ ਟੱਪਾ ਕਿਸੇ ਪੰਜਾਬਣ ਦੇ ਦਿਲ ਦੀ ਧੜਕਣ ਵਿਚੋਂ ਨਿਕਲੇ ਉਸ ਦੇ ਅਮੀਰ ਸਭਿਆਚਾਰਕ ਵਿਰਸੇ ਦੀ ਅਮੀਰ ਖੇਡ ‘ਬਾਜੀ’ ਦੇ ਹਰਮਨ ਪਿਆਰੀ ਹੋਣ ਦੀ ਪ੍ਰੋੜਤਾ ਕਰਦਾ ਹੈ। ਬਾਜੀ ਦੇ ਮਨੋਰੰਜਕ ਗੁਣਾਂ, ਲੋਕਪ੍ਰਿਅਤਾ ਅਤੇ ਕਲਾਤਮਕ ਜ਼ੋਰ ਅਜ਼ਮਾਈ ਜੌਹਰਾਂ ਬਾਰੇ ਤਾਂ ਅੱਜ ਦੀ ਪੀੜ੍ਹੀ ਪੰਜਾਹਵਿਆਂ ਵਿਚੋਂ ਗੁਜ਼ਰ ਰਹੇ ਪੰਜਾਬੀ ਜਾਂ ਪੰਜਾਬਣਾਂ ਹੀ ਬਿਆਨ ਕਰ ਸਕਦੇ ਹਨ ਬਾਅਦ ਵਿਚ ਜੰਮੇਂ ਤਾਂ ਇਸ ਮਹਾਨ ਖੇਡ ਬਾਰੇ ਸ਼ਾਇਦ ਕਿਤਾਬੀ ਜਾਣਕਾਰੀ ਵੀ ਨਾ ਰਖਦੇ ਹੋਣ। ਸਾਡੇ ਖੇਡ ਭਾਵਨਾ ਵਾਲੇ ਪਿਛੋਕੜ ਵਿਚੋਂ ਬਾਜੀ ਵਰਗੀ ਖੇਡ ਦੇ ਅਲੋਪ ਹੋ ਜਾਣ ਕਾਰਨ ਪੰਜਾਬ ਅਤੇ ਪੰਜਾਬੀਆਂ ਨੂੰ ਬਾਜੀ ਖੇਡ ਵਿਹੂਣੇ ਨਹੀਂ ਤਾਂ ਹੋਰ ਕੀ ਆਖਾਂਗੇ? ਇਕ ਸਧਾਰਣ ਸੋਚ ਵਾਲੇ ਪੰਜਾਬੀ ਦੇ ਜ਼ਿਹਨ ਵਿਚ ਇਹ ਤਰਕ ਅਸਾਨੀ ਨਾਲ ਘਰ ਕਰ ਜਾਂਦੀ ਹੈ ਕਿ ਪਿਤਾ ਪੁਰਖੀ ਲਚਕੀਲੇਪਨ ਵਾਲੇ ਜੀਨ ਰੱਖਣ ਵਾਲੇ ਇਸ ਬਾਜੀਗਰ ਕਬੀਲੇ ਦੇ ਜਾਨਸ਼ੀਨਾਂ ਨੂੰ ਜੇਕਰ ਤਕਨੀਕੀ ਤੌਰ ‘ਤੇ ਅੱਜਕਲ੍ਹ ਦੀ ਉਚੀ ਛਾਲ, ਲੰਮੀ ਛਾਲ, ਅੜਿੱਕਾ ਛਾਲ ਅਤੇ ਪਾਣੀ ਦੀਆਂ ਛਾਲਾਂ ਲਈ ਉਤਸ਼ਾਹਿਤ ਕਰਕੇ ਵਿਕਸਤ ਕੀਤਾ ਹੁੰਦਾ ਤਾਂ ਪਤਾ ਨਹੀਂ ਕਿੰਨੇ ਕੁ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਉਲੰਪਿਕ ਤਮਗ਼ੇ ਦੇਸ਼ ਦੀ ਝੋਲੀ ਵਿਚ ਪੈਣੇ ਸਨ। ਕਾਸ਼! ਇਹ ਤਾਂ ਕੀ ਹੋਣਾ ਸੀ ਸਗੋਂ ਅੱਜ ਦੀ ਘੜੀ ਤਾਂ ਹੋਰ ਪੰਜਾਬੀਆਂ ਵਾਂਗ ਜਨੇਰ ਵਾਸੀ ਵੀ ਬਾਜੀ ਦੇਖਣ ਨੂੰ ਤਰਸ ਰਹੇ ਹਨ।
ਸ਼ਾਮ ਸਿੰਘ (ਛਾਮਾ) ਪਿੰਡ ਦਾ ਜੱਦੀ ਬਾਜੀਗਰ ਸੀ। ਆਏ ਸਾਲ ਉਹ ਪਿੰਡ ਵਿਚ ਬਾਜੀ ਦਾ ਟੂਰਨਾਮੈਂਟ ਕਰਵਾਇਆ ਕਰਦਾ ਸੀ। ਬਾਜੀ ਦੀ ਤਾਰੀਕ ਮਿੱਥ ਕੇ ਦੂਰੋਂ-ਦੂਰੋਂ ਬਾਜੀਗਰਾਂ ਨੂੰ ਬਾਜੀ ਲਈ ਸੱਦੇ ਭੇਜੇ ਜਾਂਦੇ। ਲਗਪਗ ਹਫ਼ਤਾ ਕੁ ਪਹਿਲਾਂ ਬਾਜੀ ਵਿਚ ਹਿੱਸਾ ਲੈਣ ਵਾਲੇ ਬਾਜੀਗਰ ਪਿੰਡ ਵਿਚ ਪਹੁੰਚ ਜਾਂਦੇ। ਸਵੇਰੇ ਅਤੇ ਰਾਤ ਦੇ ਖਾਣੇ ਵਿਚ ਉਨ੍ਹਾਂ ਨੂੰ ਦੇਸੀ ਘਿਉ ਅਤੇ ਸ਼ੱਕਰ ਖਾਣ ਨੂੰ ਦਿੱਤੇ ਜਾਂਦੇ। ਸੌਣ ਸਮੇਂ ਪਿੰਡ ਵਾਸੀਆਂ ਵਲੋਂ ਇਕੱਠਾ ਕੀਤਾ ਹੋਇਆ ਕੱਚਾ ਦੁੱਧ ਵੀ ਕਾੜ੍ਹ ਕੇ ਪਿਆਇਆ ਜਾਂਦਾ। ਸ਼ਾਮ ਨੂੰ ਬਾਜੀ ਵਿਚ ਹਿੱਸਾ ਲੈਣ ਆਏ ਬਾਜੀਗਰ ਪਿੰਡ ਦੇ ਚੌਕਾਂ ਵਿਚ ਢੋਲ ਦੇ ਡੱਗੇ ਉਪਰ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਅਤੇ ਸ਼ਾਮ ਸਿੰਘ ਸਾਰੇ ਪਿੰਡ ਵਾਸੀਆਂ ਨੂੰ ਬਾਜੀ ਵਾਲੇ ਦਿਨ ਪਹੁੰਚਣ ਵਾਸਤੇ ਬੇਨਤੀਆਂ ਵੀ ਕਰਦਾ।
ਬਾਜੀ ਵਾਲੇ ਦਿਨ ਸ਼ਾਮ ਸਿੰਘ ਢੋਲ ਖ਼ੁਦ ਆਪਣੇ ਗਲ ਵਿਚ ਪਾ ਕੇ ਡੱਗਾ ਲਗਾਉਂਦਾ। ਬਾਜੀ ਵਿਚ ਹਿੱਸਾ ਲੈਣ ਵਾਲੇ ਬਾਜੀਗਰ ਖਿਡਾਰੀ ਅਤੇ ਉਨ੍ਹਾਂ ਨਾਲ ਆਏ ਹਮਾਇਤੀ ਬਾਜੀ ਸ਼ੁਰੂ ਹੋਣ ਤੋਂ ਪਹਿਲਾਂ ਦੇਵੀ ਅਤੇ ਹਨੂੰਮਾਨ ਦੀ ਪੂਜਾ ਕਰਦੇ ਪਰੰਤੂ ਸ਼ਾਮ ਸਿੰਘ ਆਪ ਦਾੜ੍ਹੀ ਰੱਖੀ ਹੋਈ, ਪਗੜੀ ਬੰਨ੍ਹਦਾ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਰਖਦਾ ਹੋਣ ਕਰਕੇ ਪਿੰਡ ਦੇ ਗੁਰਦੁਆਰਾ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਬੇਨਤੀ ਕਰਦਾ ਹੁੰਦਾ ਸੀ। ਬਾਜੀਗਰ ਪੁੱਠੀਆਂ ਸਿੱਧੀਆਂ ਛਾਲਾਂ, ਲੰਮੀਆਂ ਛਾਲਾਂ, ਉੱਚੀਆਂ ਛਾਲਾਂ ਅਤੇ ਕਈ ਹੋਰ ਕਰਤਵ ਕਰਕੇ ਲੋਕਾਂ ਦੇ ਵੱਡੇ ਇਕੱਠ ਸਾਹਮਣੇ ਆਪਣੀ ਬਾਜੀਗਰੀ ਕਲਾ ਦੇ ਜੌਹਰ ਦਿਖਾਉਂਦੇ। ਜਦੋਂ ਪਿੰਡ ਦੀਆਂ ਔਰਤਾਂ ਅਨਾਜ ਦੀਆਂ ਪ੍ਰਾਤਾਂ ਭਰ ਕੇ ਅਤੇ ਨਾਲ ਘਰ ਦੇ ਬਣੇ ਖੱਦਰ ਦੇ ਖੇਸ ਆਦਿ ਲੈ ਕੇ ਢਾਣੀਆਂ ਵਿਚ ਪਹੁੰਚਦੀਆਂ ਤਾਂ ਸ਼ਾਮ ਸਿੰਘ ਉਨ੍ਹਾਂ ਦੇ ਮਾਨ ਸਤਿਕਾਰ ਵਿਚ ਢੋਲ ਦਾ ਡੱਗਾ ਹੋਰ ਵੀ ਤੇਜ਼ ਕਰ ਦਿੰਦਾ ਅਤੇ ਉਸ ਦਾ ਪੈਰ ਧਰਤੀ ‘ਤੇ ਨਾ ਲਗਦਾ।
‘ਪਟੜੀ ਦੀ ਛਾਲ’ ਇਸ ਟੂਰਨਾਮੈਂਟ ਦਾ ਸਭ ਤੋਂ ਔਖਾ ਅਤੇ ਦਿਲ-ਖਿਚਵੇਂ ਕਰਤਵ ਵਜੋਂ ਜਾਣਿਆ ਜਾਂਦਾ ਸੀ। ਲੱਕੜੀ ਦੇ ਸ਼ਤੀਰ, ਸ਼ਤੀਰੀਆਂ, ਬਾਲੇ ਅਤੇ ਫੱਟਿਆਂ ਦੀ ਮਦਦ ਨਾਲ ਕੋਈ 20-25 ਫੁੱਟ ਉੱਚਾ ਚੌਂਤਰਾ ਜਿਹਾ ਬਣਾਇਆ ਜਾਂਦਾ ਸੀ, ਜਿਸ ਉਪਰ ਪਟੜੀ ਦੀ ਛਾਲ ਲਗਾਈ ਜਾਂਦੀ। ਪਟੜੀ ਦੀ ਛਾਲ ਦਾ ਮਤਲਬ ਹੁੰਦਾ ਕਿ ਪੈਰਾਂ ਪਰਨੇ ਬੈਠ ਕੇ ਪੁੱਠੀ ਛਾਲ ਲਗਾ ਕੇ ਬਾਜੀਗਰ ਉਸੇ ਹਾਲਤ ਵਿਚ ਫੇਰ ਬੈਠ ਜਾਦਾ ਸੀ। ਇਹ ਜੋਖੋਂ ਭਰਿਆ ਕਰਤਵ ਕਰਨ ਤੋਂ ਪਹਿਲਾਂ ਪਟੜੀ ਦੀ ਛਾਲ ‘ ਲਗਾਉਣ ਦਾ ਮਾਹਿਰ ਬਾਜੀਗਰ ਪਟੜੀ (ਚੌਂਤਰੇ) ਉਪਰ ਚੜ੍ਹ ਜਾਂਦਾ ਤਾਂ ਇਸ ਛਾਲ ਦਾ ਇੰਤਜ਼ਾਮ ਕਰਨ ਵਾਲਾ ‘ਕੋਚ ਬਾਜੀਗਰ’ ਪਹਿਲਾਂ ਦੇਵੀ ਜਾਂ ਹਨੂੰਮਾਨ ਨੂੰ ਧਿਆਇਆ ਕਰਦਾ ਸੀ।
ਜਨੇਰ ਦੀ ਬਾਜੀ ਸਮੇਂ ਸ਼ਾਮ ਸਿੰਘ ਦਾ ਵੱਡਾ ਲੜਕਾ ਰੁਲਦੂ ਸਿੰਘ ਪਟੜੀ ਦੀ ਛਾਲ ਲਗਾਇਆ ਕਰਦਾ ਸੀ। ਪਿੰਡ ਦੇ ਪਤਵੰਤੇ ਰੁਲਦੂ ਨੂੰ ਕੁਝ ਪੈਸੇ ਵੀ ਇਨਾਮ ਵਜੋਂ ਦਿੰਦੇ। ਸ਼ਾਮ ਸਿੰਘ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਨਾ ਥੱਕਦਾ। ਰੁਲਦੂ ਦੀ ਬੇਵਕਤ ਮੌਤ ਬਾਅਦ ਪਿੰਡ ਦੀ ਬਾਜੀ ਵੀ ਖ਼ਤਮ ਹੋ ਗਈ। ਸ਼ਾਮ ਸਿੰਘ ਵੀ ਰੱਬ ਨੂੰ ਪਿਆਰਾ ਹੋ ਗਿਆ। ਕਾਫੀ ਸਮੇਂ ਤਕ ਮੋਗਾ ਸ਼ਹਿਰ ਦੀ ਵਸਨੀਕ ਰੁਲਦੂ ਦੀ ਵਿਧਵਾ ਹਾੜੀ ਸੌਣੀ ਪਿੰਡ ਫੇਰਾ ਮਾਰਦੀ ਅਤੇ ਪਿੰਡ ਵਾਸੀ ਉਸ ਦੀ ਅਨਾਜ, ਪੈਸੇ ਅਤੇ ਕਪੜਿਆਂ ਆਦਿ ਨਾਲ ਮਦਦ ਵੀ ਕਰਦੇ ਰਹੇ ਪਰੰਤੂ ਜਨੇਰ ਵਿਚ ਮੁੜ ਬਾਜੀ ਨਾ ਪਈ।
ਬੌਰੀਆ ਜਾਂ ਬਾਵਰੀਆ ਕਬੀਲਾ
ਬੌਰੀਆ ਜਾਤੀ ਦਾ ਨਾਮ ‘ਬਾਵਰ’ ਸ਼ਬਦ ਦੇ ਵਿਗੜੇ ਰੂਪ ਵਿਚ ਨਿਕਲਿਆ ਹੈ। ਇਹ ਜਾਤੀ ਸ਼ਿਕਾਰ ਕਰਨ ਦੇ ਮਾਹਿਰਾਂ ਵਿਚ ਗਿਣੀ ਜਾਂਦੀ ਸੀ। ਇਤਿਹਾਸ ਵਿਚ ਇਨ੍ਹਾਂ ਦੇ ਜੰਗਲੀ ਜਾਨਵਰ ਫੜਨ ਦੇ ਅਨੋਖੇ ਢੰਗ ਦਾ ਵੀ ਜ਼ਿਕਰ ਆਉਂਦਾ ਹੈ। ਉਸ
ਅਨੁਸਾਰ ਬੌਰੀਆ ਜਾਤੀ ਦੇ ਲੋਕ ਜੰਗਲਾਂ ਵਿਚ ਪਹੁੰਚ ਕੇ ਚਮੜੇ ਦੇ ਬਣਾਏ ਹੋਏ। ਮਜਬੂਤ ਫੰਧਿਆਂ ਨੂੰ ਇਕ ਲਾਈਨ ਵਿਚ ਸੈੱਟ ਕਰ ਦਿੰਦੇ, ਬਾਅਦ ਵਿਚ ਆਪਣੇ ਸ਼ਿਕਾਰ ਪਸੰਦ ਜਾਨਵਰਾਂ ਨੂੰ ਇਹ ਲੋਕ ਦੋਹਾਂ ਪਾਸਿਆਂ ਤੋਂ ਖਦੇੜਦੇ। ਭੱਜਦੇ ਹੋਏ। ਜਾਨਵਰ ਇਨ੍ਹਾਂ ਦੇ ਫੰਧਿਆਂ ਵਿਚ ਫਸ ਜਾਂਦੇ ਅਤੇ ਬੌਰੀਏ ਇਨ੍ਹਾਂ ਨੂੰ ਜਿਉਂਦੇ ਹੀ ਫੜ ਕੇ ਆਪਣੀ ਰਹਾਇਸ਼ਾਂ ਵਿਚ ਲਿਜਾ ਕੇ ਲੋੜ ਅਨੁਸਾਰ ਮੀਟ ਬਣਾ ਕੇ ਖਾਂਦੇ ਰਹਿੰਦੇ ਸਨ। ਬੌਰੀਆ ਜਾਤੀ ਦੇਵੀ ਦੀ ਪੂਜਾ ਅਤੇ ਪਸ਼ੂਬਲੀ ਦੇਣ ਵਿਚ ਵੀ ਵਿਸ਼ਵਾਸ ਰਖਦੀ ਸੀ। ਬੌਰੀਆ ਜਾਤੀ ਦਾ ਮੁਢ ਇਤਿਹਾਸਕਾਰਾਂ ਵਲੋਂ ਰਾਜਸਥਾਨ ਦੇ ਮੇਵਾੜ, ਅਜਮੇਰ ਅਤੇ ਜੋਧਪੁਰ ਦੇ ਇਲਾਕਿਆਂ ਨਾਲ ਜੋੜਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ 1881 ਈਸਵੀ ਵਿਚ ਹੋਈ ਜਨਗਣਨਾ (ਮਰਦਮਸ਼ੁਮਾਰੀ) ਵਿਚ ਬੌਰੀਆ ਜਾਤੀ ਨੂੰ ਖ਼ਾਨਾਬਦੋਸ਼ ਜਾਤੀਆਂ ਵਿਚ ਦਰਸਾਇਆ ਗਿਆ ਹੈ, ਪਰੰਤੂ ਅਜੋਕੇ ਸਮੇਂ ਵਿਚ ਇਹ ਖ਼ਾਨਬਦੋਸ਼ ਨਹੀਂ ਰਹੇ। ਪੰਜਾਬ ਵਿਚ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਪਟਿਆਲਾ ਦੇ ਇਲਾਕਿਆਂ ਵਿਚ ਇਸ ਕਬੀਲੇ ਦੀਆਂ ਕਈ ਥਾਵਾਂ ‘ਤੇ ਪੱਕੀਆਂ ਰਹਾਇਸ਼ਾਂ ਹਨ। ਹਰਿਆਣੇ ਵਿਚ ਵੀ ਹਿਸਾਰ, ਰੋਹਤਕ ਅਤੇ ਗੁੜਗਾਉਂ ਦੇ ਇਲਾਕਿਆਂ ਵਿਚ ਬੌਰੀਆ ਜਾਤੀ ਲੋਕ ਕਾਫੀ ਗਿਣਤੀ ਵਿਚ ਵਸਦੇ ਹਨ। ਇਨ੍ਹਾਂ ਦੀ ਆਪਣੀ ਇਕ ਅਨਪ੍ਰਮਾਣਿਤ ਬੋਲੀ ਹੈ ਜਿਹੜੀ ਇਹ ਆਪਸੀ ਗੱਲਬਾਤ ਸਮੇਂ ਬੋਲਦੇ ਹਨ। ਕੁਝ ਸਾਹਿਤਕਾਰਾਂ ਨੇ ਇਸ ਬੋਲੀ ਨੂੰ ‘ਟੁੱਟ ਫੁੱਟੀ ਭਾਸ਼ਾ’
(Braken Language) ही विग वै।
ਸਮੇਂ ਦੇ ਬਦਲਾਵ ਨਾਲ ਬੌਰੀਆ ਜਾਤੀ ਦੇ ਰਹਿਣ-ਸਹਿਣ, ਖਾਣ-ਪੀਣ, -ਕਾਰੋਬਾਰੀ ਧੰਦਿਆਂ ਅਤੇ ਧਾਰਮਿਕ ਰਹੁ-ਰੀਤਾਂ ਵਿਚ ਵੱਡੀਆਂ ਤਬਦੀਲੀਆਂ ਆਈਆਂ ਹਨ। ਇਨ੍ਹਾਂ ਨੇ ਥਾਂ-ਥਾਂ ਘੁੰਮ ਫਿਰ ਕੇ ਜ਼ਿੰਦਗੀ ਬਸਰ ਕਰਨ ਨਾਲੋਂ ਪੱਕੀਆਂ ਰਹਾਇਸ਼ਾਂ ਸਥਾਪਤ ਕਰ ਲਈਆਂ। ਜੰਗਲਾਂ ਵਿਚ ਸ਼ਿਕਾਰ ਕਰਕੇ ਜੰਗਲੀ ਜਾਨਵਰਾਂ ਦਾ ਮੀਟ ਵਗੈਰਾ ‘ਤੇ ਨਿਰਭਰ ਨਾ ਹੋ ਕੇ ਆਪ ਸ਼ਹਿਰੀਆਂ ਵਾਂਗ ਸਭਿਅਕ ਖਾਣ- ਪੀਣ ਦੇ ਆਦੀ ਹੋ ਚੁੱਕੇ ਹਨ। ਪਸ਼ੂਆਂ ਦੀ ਬਲੀ ਆਦਿ ਦੀਆਂ ਪੁਰਾਣੀਆਂ ਧਾਰਮਿਕ ਰਹੁ-ਰੀਤਾਂ ਤਾਂ ਲਗਪਗ ਖ਼ਤਮ ਹੀ ਹੋ ਗਈਆਂ ਹਨ। ਆਪਣੇ ਰਹਾਇਸ਼ੀ ਇਲਾਕਿਆਂ ਅਨੁਸਾਰ ਜ਼ਿਆਦਾਤਰ ਉਤਰੀ ਭਾਰਤ ਵਿਚ ਰਹਿਣ ਵਾਲੀ ਇਸ ਬੌਰੀਆ ਜਾਤੀ ਨੇ ਬਹੁਤ ਸਾਰੀਆਂ ਥਾਵਾਂ ਉਪਰ ਮੁਸਲਮਾਨ, ਹਿੰਦੂ ਅਤੇ ਸਿੱਖ ਧਰਮ ਗ੍ਰਹਿਣ ਕਰ ਲਿਆ ਹੈ। ਇਨ੍ਹਾਂ ਦੇ ਕੰਮ ਧੰਦੇ ਪਹਿਲਾਂ ਵਾਂਗ ਪਸ਼ੂ ਪਾਲਣ, ਟੋਕਰੇ, ਟੋਕਰੀਆਂ ਬਣਾਉਣ ਤਕ ਸੀਮਿਤ ਨਹੀਂ ਰਹੇ ਸਗੋਂ ਆਮ ਮਜ਼ਦੂਰ ਵਾਲਾ ਕਿੱਤਾ ਵੀ ਸ਼ੁਰੂ ਕਰ ਚੁੱਕੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਬੋਰੀਆ ਜਾਤੀ ਨੇ ਜ਼ਮੀਨਾਂ ਠੇਕੇ ‘ਤੇ ਲੈ ਕੇ ਸਬਜ਼ੀਆਂ ਅਤੇ ਹੋਰ ਵਪਾਰਕ ਫ਼ਸਲਾਂ ਪੈਦਾ ਕਰਨ ਦੇ ਖੇਤਰ ਵਿਚ ਅੱਛਾ ਮਾਹਰਕਾ ਮਾਰਿਆ ਹੈ। ਖੇਤੀਬਾੜੀ ਦੇ ਖੇਤਰ ਵਿਚ ਬਹੁਤ ਥਾਵਾਂ ‘ਤੇ ਅੱਜਕਲ੍ਹ ਦੀ ਨਵੀਨਤਮ ਮਸ਼ੀਨਰੀ ਨਾਲ ਖੇਤੀ ਕਰਦੇ ਇਹ ਲੋਕ ਆਮ ਦੇਖੇ ਜਾਂਦੇ ਹਨ। ਛੋਟੇ ਪੱਧਰ ਦੇ ਡੇਅਰੀ ਫਾਰਮਿੰਗ ਨਾਲ ਵੀ ਇਨ੍ਹਾਂ ਵਿਚੋਂ ਕੁਝ ਪਰਿਵਾਰ ਜੁੜੇ ਹੋਏ ਹਨ। ਉਪਰੋਕਤ ਸਾਰੇ ਧੰਦਿਆਂ ਵਿਚ ਇਨ੍ਹਾਂ ਦੀ ਗਿਣਤੀ ਸਖ਼ਤ ਮਿਹਨਤੀ ਕੌਮ ਵਜੋਂ ਕੀਤੀ ਜਾਂਦੀ ਹੈ।
ਜਨੇਰ ਵਾਸੀ ਬੌਰੀਆ ਕਬੀਲਾ
‘ਮਟਾਵਤ’ ਰਾਜਪੂਤ ਗੋਤ ਦੇ ਪਿਛੋਕੜ ਵਾਲਾ ਫੱਗੂ ਸਿੰਘ ਬੌਰੀਆ ਪਰਿਵਾਰ ਪਿੰਡ ਵਿਚ ਵਸਦੇ ਦੂਜੇ ਬੌਰੀਆ ਪਰਿਵਾਰਾਂ ਵਿਚ ਸਭ ਤੋਂ ਪੁਰਾਣਾ ਹੈ। ਉਂਝ ਪਿੰਡ ਦਾ ਸਾਰਾ ਬੌਰੀਆ ਭਾਈਚਾਰਾ ਪਿੰਡ ਦੇ ਬਾਹਰਵਾਰ ਕੋਟ ਈਸੇ ਖਾਂ ਸ਼ਹਿਰ ਦੀ ਦਿਸ਼ਾ ਵੱਲ ਪਿੰਡ ਦੀ ਨਵੀਂ ਬਣੀ ਦਾਣਾ ਮੰਡੀ ਦੇ ਪਾਸ ਵਸਦਾ ਹੈ। ਫੱਗੂ ਸਿੰਘ ਦੇ ਸਮੇਂ ਤੋਂ ਹੀ ਇਹ ਪਰਿਵਾਰ ਸਿੱਖ ਧਰਮ ਵਿਚ ਵਿਸ਼ਵਾਸ ਰਖਦਾ ਹੈ। ਹੋ ਸਕਦਾ ਹੈ ਕਿ ਪਿੰਡ ਦਾ ਗੁਰਦੁਆਰਾ ਸਾਹਿਬ ਇਨ੍ਹਾਂ ਦੀ ਰਹਾਇਸ਼ ਦੇ ਨੇੜੇ ਹੋਣ ਕਾਰਨ ਸਿੱਖੀ ਦਾ ਪ੍ਰਭਾਵ ਪੈ ਗਿਆ ਹੋਵੇ। ਫੱਗੂ ਸਿੰਘ ਦਾ ਪੁੱਤਰ ਵਿਸਾਖਾ ਸਿੰਘ ਸੀ। ਵਿਸਾਖਾ ਸਿੰਘ ਨੂੰ ਮਿਹਨਤ ਮਜ਼ਦੂਰੀ ਕਰਨ ਤੋਂ ਬਿਨਾਂ ਪਿੰਡ ਵਿਚ ਦਰਖ਼ਤ ਲਗਾਉਣ ਦਾ ਬਹੁਤ ਸ਼ੌਕ ਸੀ। ਪਿੰਡ ਦੇ ਬੱਸ ਸਟੈਂਡ ‘ਤੇ ਲੱਗਿਆ ਬੋਹੜ ਅਤੇ ਪਿੱਪਲ ਦਾ ਜੋੜਾ ਵਿਸਾਖਾ ਸਿੰਘ ਦੀ ਹੀ ਦੇਣ ਹੈ। ਇਸ ਪਰਿਵਾਰ ਦੀ ਵਸੋਂ ਚੀਮਾ ਪੱਤੀ ਵਿਚ ਹੋਣ ਕਰਕੇ ਉਸ ਨੇ ਚੀਮਾ ਪੱਤੀ ਦੇ ਸ਼ਮਸਾਨਘਾਟ ਵਿਚ ਵੀ ਕਾਫੀ ਦਰਖ਼ਤ ਲਗਾਏ । ਰੁਖ਼ ਲਗਾਉਣਾ ਸ਼ਾਇਦ ਵਿਸਾਖਾ ਸਿੰਘ ਨੂੰ ਪਰਿਵਾਰਕ ਵਿਰਸੇ ਵਿਚੋਂ ਹੀ ਮਿਲਿਆ ਹੋਵੇ ਕਿਉਂਕਿ ਵਿਸਾਖਾ ਸਿੰਘ ਦੇ ਪੁੱਤਰ ਗੁਰਦਿਆਲ ਸਿੰਘ ਅਨੁਸਾਰ ਸਿੱਧੂ ਪੱਤੀ ਵਾਲੇ ਗੁਰਨਾਮ ਸਿੰਘ ਕੈਨੇਡੀਅਨ ਦੇ ਘਰ ਵਿਚ ਲੱਗਿਆ ਹੋਇਆ ਵੱਡੇ ਅਕਾਰ ਵਾਲਾ ਬੋਹੜ ਦਾ ਦਰਖ਼ਤ ਉਸ ਦੇ ਦਾਦੇ ਫੱਗੂ ਸਿੰਘ ਨੇ ਹੀ ਲਗਾਇਆ ਸੀ। ਵਿਸਾਖਾ ਸਿੰਘ ਦਾ ਇਕੋ ਇਕ ਪੁੱਤਰ ਗੁਰਦਿਆਲ ਸਿੰਘ ਹੀ ਹੈ।
ਪਿੰਡ ਵਿਚ ਜੀਤ ਸਿੰਘ ਦਾ ਇਕ ਹੋਰ ਬੌਰੀਆ ਪਰਿਵਾਰ ਵੀ ਗੁਰਦਿਆਲ ਸਿੰਘ ਦੇ ਘਰ ਨੇੜੇ ਹੀ ਰਹਿੰਦਾ ਹੈ ਪਰੰਤੂ ਇਹ ਪਰਿਵਾਰ ਬਹੁਤ ਬਾਅਦ ਵਿਚ ਆ ਕੇ ਪਿੰਡ ਵਿਚ ਵਸਿਆ। ਜੀਤ ਸਿੰਘ ਜਵਾਨੀ ਸਮੇਂ ਆਪਣੇ ਪਿਤਾ ਪੁਰਖੀ ਕੰਮ ‘ਸ਼ਿਕਾਰ ਖੇਡਣ’ ਦਾ ਵੀ ਸ਼ੌਕੀਨ ਸੀ ਪਰੰਤੂ ਅੱਜਕਲ੍ਹ ਸਭ ਕੁਝ ਬਦਲ ਚੁੱਕਾ ਹੈ। ਜੀਤ ਸਿੰਘ ਦੇ ਲੜਕੇ ਵੀ ਉਸ ਨਾਲ ਹੀ ਖੇਤੀਬਾੜੀ ਦਾ ਕੰਮ ਕਰਦੇ ਹਨ। ਸੇਵਾ ਸਿੰਘ ਦੇ ਪਰਿਵਾਰ ਨੂੰ ਪਿੰਡ ਵਿਚ ਵਸਿਆਂ ਕੋਈ ਬਹੁਤਾ ਸਮਾਂ ਨਹੀਂ ਹੋਇਆ। ਉਸ ਨੇ ਪਿੰਡ ਸ਼ੇਰਪੁਰ ਤੋਂ ਪਲਾਇਨ ਕਰਕੇ ਆਪਣੀ ਪੱਕੀ ਠਹਿਰ ਜਨੇਰ ਵਿਚ ਬਣਾਈ। ਇਹ ਸਾਰੇ ਬੌਰੀਏ ਪਰਿਵਾਰ ਸਿੱਖ ਧਰਮ ਵਿਚ ਵਿਸ਼ਵਾਸ ਰਖਦੇ ਹਨ। ਪਗੜੀਆਂ ਬੰਨ੍ਹ ਕੇ ਗੁਰਦੁਆਰਾ ਸਾਹਿਬ ਜਾਂਦੇ ਹਨ। ਬੇਸ਼ਕ ਇਨ੍ਹਾਂ ਦਾ ਮੁਖ ਕਿੱਤਾ ਸਬਜ਼ੀਆਂ ਉਗਾਉਣਾ ਅਤੇ ਵੇਚਣਾ ਹੈ ਪਰੰਤੂ ਇਸ ਦੇ ਨਾਲ ਇਨ੍ਹਾਂ ਪਸ਼ੂ ਪਾਲਣ ਵਾਲਾ ਸਹਾਇਕ ਧੰਦਾ ਵੀ ਅਪਣਾਇਆ ਹੋਇਆ ਹੈ। ਆਪਣੀ ਕੋਈ ਜ਼ਮੀਨ ਜਾਇਦਾਦ ਨਾ ਹੋਣ ਦੇ ਬਾਵਜੂਦ ਵੀ ਮਿਹਨਤੀ ਹੋਣ ਕਾਰਨ, ਠੇਕੇ ‘ਤੇ ਜ਼ਮੀਨ ਲੈ ਕੇ ਕਾਫੀ ਮੁਨਾਫ਼ਾ ਖੱਟ ਲੈਂਦੇ ਹਨ। ਸਰਦੀਆਂ ਰੁੱਤੇ, ਵਿਹਲ ਦੇ ਦਿਨਾਂ ਵਿਚ ਇਹ ਟੋਕਰੇ, ਟੋਕਰੀਆਂ ਬਣਾ ਕੇ ਵੇਚਦੇ ਹਨ। ਸਮਾਜ ਵਿਚ ਬੌਰੀਆ ਭਾਈਚਾਰੇ ਦੀ ਇਕ ਮਿਹਨਤੀ ਅਤੇ ਈਮਾਨਦਾਰ ਵਜੋਂ ਦੀ ਆਪਣੀ ਵੱਖਰੀ ਪਛਾਣ ਹੈ।
ਡੂੰਮ ਅਤੇ ਮਰਾਸੀ
ਸਰ ਡੈਨੀਜ਼ਲ ਇਬਟਿਸਨ ਦੀ ਦੇਖ-ਰੇਖ ਹੇਠ ਕਰਵਾਈ ਗਈ 1881 ਈਸਵੀ ਦੀ ਮਰਦਮਸ਼ੁਮਾਰੀ ਵਿਚ ਡੂੰਮਾਂ ਅਤੇ ਮਰਾਸੀਆਂ ਨੂੰ ਇਕੋ ਜਾਤੀ ਵਿਚ ਗਿਣਿਆ ਗਿਆ ਹੈ ਪਰੰਤੂ ਇਸ ਦੇ ਨਾਲ ਹੀ ਵੱਖਰਾ ਨੋਟ ਵੀ ਲਿਖਿਆ ਗਿਆ ਹੈ ਜਿਸ ਅਨੁਸਾਰ ਡੂੰਮ ਕਬੀਲਾ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਹੈ ਅਤੇ ਮਰਾਸੀ ਹਿੰਦੂ ਭਾਈਚਾਰੇ ਨਾਲ। ਅੱਜ ਦੇ ਸਮੇਂ ਵਿਚ ਡੂੰਮ ਅਤੇ ਮਰਾਸੀ ਇਕੋ ਨਜ਼ਰੀਏ ਨਾਲ ਹੀ ਦੇਖੇ ਜਾਂਦੇ ਹਨ। ਇਨ੍ਹਾਂ ਦੀ ਗਿਣਤੀ ਨੀਵੀਆਂ ਜਾਤੀਆਂ ਵਿਚ ਹੁੰਦੀ ਹੈ ਪਰੰਤੂ ਕੁਝ ਸਮੇਂ ਪਹਿਲਾਂ ਤਕ ਇਨ੍ਹਾਂ ਨੂੰ ਵਿਆਹ ਸ਼ਾਦੀਆਂ ਅਤੇ ਖ਼ੁਸ਼ੀਆਂ ਗ਼ਮੀਆਂ ਸਮੇਂ ਉਚ ਜਾਤੀਆਂ ਵਾਲਾ ਮਾਨ ਸਤਿਕਾਰ ਹੀ ਮਿਲਦਾ ਸੀ। ਭਾਰਤ ਵਿਚ ਰਾਜਿਆਂ, ਮਹਾਰਾਜਿਆਂ ਦੇ ਰਾਜ ਕਾਲ ਸਮੇਂ ਤਾਂ ਡੂੰਮਾਂ ਅਤੇ ਮਰਾਸੀਆਂ ਨੂੰ ਸਰਕਾਰਾਂ ਵਿਚ ਉਚ ਅਹੁਦੇ ਵੀ ਪ੍ਰਾਪਤ ਸਨ। ਇਨ੍ਹਾਂ ਦਾ ਜੀਵਨ ਨਿਰਬਾਹ ਲੋਕਾਂ ਵਲੋਂ ਇਨ੍ਹਾਂ ਨੂੰ ਦਿੱਤੇ ਜਾਂਦੇ ਪੁੰਨ-ਦਾਨ ਅਤੇ ਤੋਹਫ਼ਿਆਂ ‘ਤੇ ਹੀ ਨਿਰਭਰ ਹੁੰਦਾ ਸੀ ਜਿਹੜਾ ਕਿ ਕੁਝ ਹੱਦ ਤਕ ਅੱਜ ਤਕ ਵੀ ਜਾਰੀ ਹੈ।
‘ਚੁਨਹਾਰ’ ਅਤੇ ‘ਕਲੇਟ’ ਇਨ੍ਹਾਂ ਦੇ ਦੋ ਹੀ ਮੁਖ ਗੋਤਾਂ ਦਾ ਵਰਨਣ ਮਿਲਦਾ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਇਨ੍ਹਾਂ ਦੀ ਜ਼ਿਆਦਾ ਵਸੋਂ ਅੰਮ੍ਰਿਤਸਰ, ਲਾਹੌਰ, ਰਾਵਲਪਿੰਡੀ ਅਤੇ ਮੁਲਤਾਨ ਵਿਚ ਜ਼ਿਆਦਾ ਸੀ। ਗਾਉਣ ਵਜਾਉਣ ਦੀ ਮੁਹਾਰਤ ਇਨ੍ਹਾਂ ਨੂੰ ਵਿਰਸੇ ਵਿਚੋਂ ਹੀ ਮਿਲਦੀ ਸੀ। ਇਸ ਫ਼ਿਰਕੇ ਵਿਚੋਂ ਬਹੁਤ ਵੱਡੇ-ਵੱਡੇ ਰਾਗੀ, ਸੰਗੀਤਕਾਰ ਅਤੇ ਗਾਉਣ ਵਾਲੇ ਪੈਦਾ ਹੋਏ ਹਨ। ਗੁਰੂ ਨਾਨਕ ਦੇਵ ਜੀ ਦਾ ਸਾਥੀ ਭਾਈ ਮਰਦਾਨਾ ਜੀ ਆਪਣੇ ਸਮੇਂ ਦਾ ਬਹੁਤ ਵੱਡਾ ਸੰਗੀਤਕਾਰ ਹੋਇਆ ਹੈ। ਉਸ ਦੀ ਵੰਸ਼ ਨਾਲ ਸਬੰਧਤ ਮੋਗੇ ਜ਼ਿਲ੍ਹੇ ਦੇ ਬੱਧਨੀ ਕਲਾਂ ਕਸਬੇ ਦੇ ਇਲਾਕੇ ਵਿਚ ਭਾਈ ਮਰਦਾਨੇ ਕਿਆਂ ਦਾ ਰਾਗੀ ਜੱਥਾ ਅੱਜ ਵੀ ਮਸ਼ਹੂਰ ਹੈ। ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ, ਇਸ ਭਾਈਚਾਰੇ ਨਾਲ ਸਬੰਧਤ ਪੰਜਾਬ ਦਾ ਵੱਡਾ ਗਾਇਕ ਸੀ।
ਜਨੇਰ ਵਿਚ ਪਾਕਿਸਤਾਨ ਬਣਨ ਤੋਂ ਪਹਿਲਾਂ ਕੁਝ ਮੁਸਲਮਾਨ ਮਰਾਸੀ ਪਿੰਡ ਵਿਚ ਵਸਦੇ ਸਨ। ਇਥੇ ਹੀ ਬਸ ਨਹੀਂ ਕੁਝ ਬਜ਼ੁਰਗਾਂ ਅਨੁਸਾਰ ਪਿੰਡ ਵਿਚ ਮਰਾਸੀਆਂ ਦੇ ਵੀ ਅੱਗੇ ਮਰਾਸੀ ਹੁੰਦੇ ਸਨ। 1947 ਤੋਂ ਬਾਅਦ ਪਿੰਡ ਵਿਚ ਨੰਦੂ ਨਾਮ ਦੇ ਇਕੋ ਮਰਾਸੀ ਦਾ ਪਰਿਵਾਰ ਵਸਦਾ ਸੀ। ਉਹ ਭੂਮ ਸੀ ਜਾਂ ਮਰਾਸੀ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਮਿਲਦੀ ਪਰੰਤੂ ਉਹ ਪਗੜੀ ਬੰਨ੍ਹਦਾ ਸੀ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਵੀ ਨਤਮਸਤਕ ਹੁੰਦਾ ਸੀ। ਉਸ ਪਾਸ ਇਕ ਘੋੜੀ ਹੁੰਦੀ ਸੀ। ਹਾੜੀ ਦੀ ਫ਼ਸਲ ਸਮੇਂ ਉਹ ਖੇਤਾਂ ਵਿਚ ਪਹੁੰਚ ਕੇ ਜੱਟ ਪਰਿਵਾਰਾਂ ਪਾਸੋਂ ਕਣਕ, ਛੋਲੇ ਅਤੇ ਹੋਰ ਹਾੜ੍ਹੀ ਦੀਆਂ ਫ਼ਸਲਾਂ ਦਾ ਲਾਂਗਾ ਇਕੱਠਾ ਕਰਕੇ ਘੋੜੀ ‘ਤੇ ਲੱਦ ਕੇ ਪਿੰਡ ਲਿਆਇਆ ਕਰਦਾ ਸੀ ਅਤੇ ਬਾਅਦ ਵਿਚ ਦਾਣੇ ਕੱਢ ਲੈਂਦਾ। ਇਸ ਤਰ੍ਹਾਂ ਉਹ ਸੌਣੀ ਫ਼ਸਲ ਸਮੇਂ ਅਨਾਜ ਇਕੱਠਾ ਕਰ ਲੈਂਦਾ। ਨਵੇਂ ਵਿਆਹ ਹੋਏ ਘਰਾਂ, ਮੁੰਡੇ ਜੰਮਣ ਦੀ ਖ਼ੁਸ਼ੀ ਵਾਲੇ ਪਰਿਵਾਰਾਂ ਅਤੇ ਹੋਰ ਖ਼ੁਸ਼ੀਆਂ ਵਾਲੇ ਘਰਾਂ ਤੋਂ ਉਸ ਦਾ ਪਰਿਵਾਰ ਬਣਦਾ ਲਾਗ ਲੈ ਲੈਂਦਾ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਮੋਗਾ ਸ਼ਹਿਰ ਵਿਚ ਜਾ ਵਸਿਆ। ਕੁਝ ਸਮੇਂ ਤਕ ਉਸ ਦੀ ਵਿਧਵਾ ਕਰਮੋ ਵੀ ਪਿੰਡ ਵਿਚ ਹਾੜੀ-ਸੌਣੀ ਸਮੇਂ ਅਨਾਜ ਇਕੱਠਾ ਕਰਦੀ ਰਹੀ। ਅੱਜ ਦੇ ਸਮੇਂ ਵਿਚ ਵਿਆਹ ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ‘ਤੇ ਧਰਮਕੋਟ ਤੋਂ ਕੁਝ ਮਰਾਸੀ ਪਿੰਡ ਵਿਚ ਲਾਗ ਲੈਣ ਲਈ ਗੇੜਾ ਮਾਰਦੇ ਹਨ ਅਤੇ ਆਪਣੇ ਆਪ ਨੂੰ ਪਿੰਡ ਦੇ ਜੱਦੀ ਮਰਾਸੀਆਂ ਨਾਲ ਵੀ ਜੋੜਦੇ ਹਨ।
ਸਿੱਧੂ ਪੱਤੀ
‘ਥੇਹ ਜਨੇਰ’ ਨੂੰ ‘ਪਿੰਡ ਜਨੇਰ’ ਦੇ ਰੂਪ ਵਿਚ ਬਦਲਣ ਵਾਲੇ ਮੌਜੂਦਾ ਸਿੱਧੂ ਪੱਤੀ ਵਾਲਿਆਂ ਦੇ ਪੁਰਖੇ ਪਿੰਡ ਦੇ ਪਹਿਲੇ ਬਸ਼ਿੰਦਿਆਂ ਵਿਚੋਂ ਹਨ। ਅਬਾਦੀ ਪੱਖੋਂ ਸਿੱਧੂ ਪੱਤੀ ਪੰਜਵੀਂ ਪੱਤੀ ਤੋਂ ਬਾਅਦ ਪਿੰਡ ਵਿਚ ਸਭ ਤੋਂ ਵੱਡੀ ਪੱਤੀ ਹੈ। ਇਸ ਪੱਤੀ ਵਿਚ ਸਿੱਧੂ ਜੱਟਾਂ ਤੋਂ ਬਿਨਾਂ ਧਾਲੀਵਾਲ, ਸਰਾਂ ਅਤੇ ਗਿੱਲ ਗੋਤ ਦੇ ਲੋਕ ਵੀ ਵਸਦੇ ਹਨ। ਜੱਟ ਪਰਿਵਾਰਾਂ ਤੋਂ ਬਿਨਾਂ ਦਰਜੀ, ਮਿਸਤਰੀ, ਮਹਿਰਾ ਅਤੇ ਬਾਵਾ ਬਰਾਦਰੀ ਦੇ ਲੋਕ ਵੀ ਇਸ ਪੱਤੀ ਦੀ ਵਸੋਂ ਦਾ ਹਿੱਸਾ ਹਨ। ਕੁਝ ਮੁਸਲਮਾਨ ਪਰਿਵਾਰ ਵੀ ਇਸ ਪੱਤੀ ਦੇ ਬਸ਼ਿੰਦੇ ਸਨ ਪਰੰਤੂ ਪਾਕਿਸਤਾਨ ਬਣਨ ਸਮੇਂ ਉਹ ਉਧਰ ਸ਼ਿਰਕਤ ਕਰ ਗਏ। ਪੱਤੀ ਦੇ ਸਭ ਤੋਂ ਵੱਡੇ ਸਿੱਧੂ ਗੋਤ ਦੀ ਗੱਲ ਕਰੀਏ ਤਾਂ ਲਗਪਗ ਸਾਰੀਆਂ ਇਤਿਹਾਸਕ ਪੁਸਤਕਾਂ ਵਿਚ ਸਿੱਧੂ ਅਤੇ ਬਰਾੜ ਦੋਹਾਂ ਗੋਤਾਂ ਨੂੰ ਪੁਰਾਤਨ ਇਤਿਹਾਸ ਇਕੱਠਾ ਹੀ ਪੜ੍ਹਨ ਨੂੰ ਮਿਲਦਾ ਹੈ, ਜਿਸ ਕਰਕੇ ਇਤਿਹਾਸਕ ਪੱਖੋਂ ਮਿਲਗੋਭਾ ਜਿਹਾ ਬਣਿਆ ਹੋਇਆ ਜਾਪਦਾ ਹੈ। ਇਸ ਕਰਕੇ ਦੋਹਾਂ ਗੋਤਾਂ ਨੂੰ ਵਖਰੇਵੇਂ ਦੇ ਰੂਪ ਵਿਚ ਇਤਿਹਾਸੇ ਜਾਣ ਦੀ ਜ਼ਰੂਰਤ ਹੈ।
ਸਿੱਧੂਆਂ ਦਾ ਪੁਰਾਤਨ ਇਤਿਹਾਸ
ਸਿੱਧੂ ਚੰਦਰ ਬੰਸੀ, ਯਾਦਵ ਖ਼ਾਨਦਾਨ ਦੀ ਬੰਸਾਵਲੀ ਭੱਟੀ ਰਾਜਪੂਤਾਂ ਦੀ ਅੰਸ਼ ਵਿਚੋਂ ਹਨ। ਜੈਸਲ ਰਾਓ ਭੱਟੀ ਨੇ ਰਾਜਸਥਾਨ ਦੇ ਇਲਾਕੇ ਵਿਚ ਆਪਣੇ ਨਾਮ ‘ਤੇ ਜੈਸਲਮੇਰ ਨਾਮ ਦਾ ਨਗਰ ਵਸਾਇਆ। ਜੈਸਲ ਰਾਓ ਦੇ ਹੋਰ ਖ਼ਾਨਦਾਨੀ ਪਿਛੋਕੜ ਵਲ ਝਾਤ ਮਾਰੀਏ ਤਾਂ ਇਸ ਦੀ ਵੰਸ਼ ਰਾਏ ਆੜ, ਮੰਗਨੀ, ਜਵੰਦਾ, ਕਮੇਰੂ, ਮੁਨੇਸਰ, ਦੁਸਰ ਅਤੇ ਭੁਮੇਲ ਨਾਮ ਦੇ ਪੁਰਖਿਆਂ ਤੋਂ ਹੁੰਦੀ ਹੋਈ ਸਲਵਾਨ ਨਾਲ ਜਾ ਮਿਲਦੀ ਹੈ। ਲਗਪਗ 1180 ਈਸਵੀ ਨੇੜੇ-ਤੇੜੇ ਜੈਸਲ ਰਾਓ ਦੇ ਤਿੰਨ ਪੁੱਤਰਾਂ ਕਾਲਨ, ਹੇਲ ਮੇਲ ਅਤੇ ਸਮਾਲਬਾਹਨ ਵਿਚਕਾਰ ਕੁਝ ਰਾਜਸੀ ਮੱਤਭੇਦ ਪੈਦਾ ਹੋ ਗਏ।
ਹੇਮ ਹੇਲ ਜਿਸ ਨੂੰ ਇਤਿਹਾਸਕਾਰ ਹੇਮਰਾਜ ਅਤੇ ਹੇਮ ਰਾਓ ਦੇ ਨਾਮ ਵਜੋਂ ਵੀ ਲਿਖਦੇ ਹਨ, ਆਪਣੇ ਬਹਾਦਰੀ ਭਰੇ ਕਾਰਨਾਮਿਆਂ ਕਾਰਨ ਹੇਮ ਰਾਓ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ ਹੋਇਆ। ਭਰਾਵਾਂ ਨਾਲ ਮੱਤਭੇਦ ਹੋ ਜਾਣ ਉਪਰੰਤ ਹੇਮ ਰਾਓ ਨੇ ਦਿੱਲੀ ਵਲ ਵੱਧਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਬਠਿੰਡੇ ‘ਤੇ ਕਬਜ਼ਾ ਕਰ ਲਿਆ । ਬਾਅਦ ਵਿਚ ਉਸ ਨੇ ਹਿਸਾਰ ਵਿਚ ਇਕ ਕਿਲਾ ਨਿਰਮਾਣ ਕੀਤਾ। ਉਸ ਸਮੇਂ ਦਿੱਲੀ ਤਖ਼ਤ ‘ਤੇ ਤੋਮਰ ਰਾਜਪੂਤ ਬਰਾਜਮਾਨ ਸਨ ਪਰੰਤੂ ਥੋੜੇ ਸਮੇਂ ਬਾਅਦ ਹੀ ਦਿੱਲੀ ‘ਤੇ ਸ਼ਰਾਬ-ਉਲ-ਦੀਨ ਦਾ ਕਬਜ਼ਾ ਹੋ ਗਿਆ ਪਰੰਤੂ ਉਸ ਸਮੇਂ ਤਕ ਹੇਮ ਰਾਓ ਨੇ ਹਿਸਾਰ ਅਤੇ ਸਿਰਸਾ ਦੇ ਇਲਾਕੇ ਵੀ ਆਪਣੇ ਅਧੀਨ ਕਰ ਲਏ ਸਨ। ਸ਼ਹਾਬੁਦੀਨ ਮੁਹੰਮਦ ਗੋਰੀ ਦੇ ਦਿੱਲੀ ਉਪਰ ਹਮਲੇ ਸਮੇਂ ਹੇਮ ਰਾਓ ਨੇ ਆਪਣੇ
ਭੱਟੀ ਸਰਦਾਰਾਂ ਅਤੇ ਹੋਰ ਕਬੀਲਿਆਂ ਨਾਲ ਰਲ ਕੇ ਉਸ ਦੀ ਮਦਦ ਕੀਤੀ। ਕੁਝ ਇਤਿਹਾਸਕਾਰਾਂ ਦੀ ਰਾਇ ਹੈ ਕਿ ਮੁਹੰਮਦ ਗੌਰੀ ਨੇ ਮਦਦ ਕਰਨ ਦੇ ਇਵਜ਼ ਵਜੋਂ ਹੇਮ ਰਾਓ ਨੂੰ ਸਿਰਸਾ, ਹਿਸਾਰ ਅਤੇ ਬਠਿੰਡਾ ਦਾ ਚੌਧਰੀ ਨਿਯੁਕਤ ਕਰ ਦਿੱਤਾ ਪਰੰਤੂ ਇਤਿਹਾਸਕਾਰਾਂ ਦਾ ਇਕ ਵਰਗ ਇਸ ਨਾਲ ਸਹਿਮਤੀ ਨਹੀਂ ਪ੍ਰਗਟਾਉਂਦਾ। ਉਨ੍ਹਾਂ ਅਨੁਸਾਰ ਇਹ ਸਾਰਾ ਇਲਾਕਾ ਤਾਂ ਪਹਿਲਾਂ ਹੀ ਹੇਮ ਰਾਓ ਦੇ ਕਬਜ਼ੇ ਵਿਚ ਸੀ। ਇਤਿਹਾਸਕਾਰਾਂ ਦੀ ਰਾਇ ਕੁਝ ਵੀ ਹੋਵੇ ਸਾਰੇ ਇਸ ਨਾਲ ਸਹਿਮਤ ਹਨ ਕਿ ਹੇਮ ਰਾਓ ਦੇ ਸਿਰਸਾ, ਹਿਸਾਰ ਅਤੇ ਬਠਿੰਡਾ ਦੇ ਸ਼ਾਸਕ ਹੋਣ ਸਾਰੇ ਸਹਿਮਤ ਹਨ ਅਤੇ ਹਿਸਾਰ ਵਿਚ ਉਸ ਦੇ ਕਿਲਾ ਬਣਾਉਣ ਬਾਰੇ ਵੀ ਸਾਰੇ ਇਕਮਤ ਹਨ। ਹੇਮ ਰਾਓ ਨੇ ਮੁਕਤਸਰ ਦੇ ਇਲਾਕੇ ਵਿਚੋਂ ਵੀ ਪੰਵਾਰ ਰਾਜਪੂਤਾਂ ਨੂੰ ਲੁਧਿਆਣੇ ਵਲ ਭਜਾ ਦਿੱਤਾ। ਹੇਮ ਰਾਓ 1214 ਈਸਵੀ ਵਿਚ ਚਲਾਣਾ ਕਰ ਗਿਆ। ਉਸ ਦੇ ਪੁੱਤਰ ਦਾ ਨਾਮ ਰਾਊ ਜੌਂਧਰ ਸੀ। ਰਾਓ ਜੌਂਧਰ ਦੇ 21 ਪੁੱਤਰ ਸਨ। ਇਨ੍ਹਾਂ ਪੁੱਤਰਾਂ ਦੀਆਂ ਔਲਾਦਾਂ ਤੋਂ ਹੀ ਅੱਗੇ ਸਿੱਧੂਆਂ ਦੀਆਂ ਵੱਖ-ਵੱਖ ਮੂੰਹੀਆਂ ਪ੍ਰਸਿੱਧ ਹੋਈਆਂ। ਰਾਓ ਜੌਂਧਰ ਦਾ 1269 ਈਸਵੀ ਵਿਚ ਦਿਹਾਂਤ ਹੋ ਗਿਆ। ਉਸ ਦਾ ਇਕ ਪੁੱਤਰ ਮੰਗਲ ਰਾਓ ਮਹਾਨ ਯੋਧਾ ਸੀ। ਉਸ ਦੀ ਦਿੱਲੀ ਦਰਬਾਰ ਨਾਲ ਟੈਕਸ ਵਸੂਲੀ ਦੇ ਝਗੜੇ ਕਾਰਨ ਅਣਬਣ ਹੋ ਗਈ ਅਤੇ ਉਸ ਨੇ ਸ਼ਰੇਆਮ ਬਗ਼ਾਵਤ ਕਰ ਦਿੱਤੀ। ਦਿੱਲੀ ਦਰਬਾਰ ਨੇ ਭਾਰੀ ਫ਼ੌਜੀ ਤਾਕਤ ਨਾਲ ਉਸ ਦੀ ਬਗ਼ਾਵਤ ਨੂੰ ਕੁਚਲ ਦਿੱਤਾ ਅਤੇ ਉਹ ਮੈਦਾਨੇ ਜੰਗ ਵਿਚ ਸ਼ਹੀਦੀ ਪਾ ਗਿਆ। ਇਥੇ ਵਰਨਣਯੋਗ ਹੈ ਕਿ ਇਸ ਸਮੇਂ ਤਕ ਸਿੱਧੂਆਂ ਦੇ ਪੁਰਖੇ ਆਪ ਨੂੰ ਭੱਟੀ ਰਾਜਪੂਤ ਅਖਵਾਉਂਦੇ ਸਨ ਅਤੇ ਉਸ ਸਮੇਂ ਰਾਜਪੂਤਾਂ ਨੂੰ ਜੱਟਾਂ ਨਾਲੋਂ ਉੱਚੀ ਕੌਮ ਸਮਝਿਆ ਜਾਂਦਾ ਸੀ। ਰਾਜਪੂਤ ਜੱਟਾਂ ਨਾਲ ਰਿਸ਼ਤਾ ਪਾਉਣ ਨੂੰ ਆਪਣੀ ਤੌਹੀਨ ਸਮਝਦੇ ਸਨ। ਰਾਓ ਜੌਂਧਰ ਦੇ 21 ਪੁੱਤਰਾਂ ਵਿਚੋਂ ਇਕ ਦਾ ਨਾਮ ਆਨੰਦ ਰਾਓ ਸੀ।
ਆਨੰਦ ਰਾਓ ਦੇ ਪੁੱਤਰ ਖੀਵਾ ਰਾਉ ਦੀ ਰਾਜਪੂਤ ਰਾਣੀ ਦੀ ਕੁੱਖੋਂ ਜਦੋਂ ਕੋਈ ਪੁੱਤਰ ਪੈਦਾ ਨਾ ਹੋਇਆ ਤਾਂ ਉਸ ਨੇ ਘੱਗਰ ਨੇੜਲੇ ਇਲਾਕੇ ਦੇ ਪਿੰਡ ਲਖੂਕੋਟ ਦੀ ਸਰਾਂ ਜੱਟਾਂ ਦੀ ਲੜਕੀ ਨਾਲ ਵਿਆਹ ਕਰਵਾ ਲਿਆ। ਭੱਟੀ ਰਾਜਪੂਤਾਂ ਨੇ ਖੀਵਾ ਰਾਉ ਦੇ ਜੱਟਾਂ ਦੀ ਲੜਕੀ ਨਾਲ ਵਿਆਹ ਕਰਵਾਉਣ ‘ਤੇ ਸਖ਼ਤ ਨੋਟਿਸ ਲਿਆ ਅਤੇ ਉਸ ਦੇ ਸਰ੍ਹਾਂ ਗੋਤ ਦੇ ਜੱਟਾਂ ਦੀ ਲੜਕੀ ਨਾਲ ਵਿਆਹ ਨੂੰ ਅਪ੍ਰਵਾਨਤ ਕਰਦਿਆਂ ‘ਖੋਟਾ ਖੀਵਾ’ ਦੇ ਨਾਮ ਨਾਲ ਗਰਦਾਨਿਆ। ਉਧਰ ਖੀਵਾ ਰਾਓ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ। ਸਰਾਂ ਗੋਤ ਵਾਲੇ ਜੱਟਾਂ ਦੀ ਲੜਕੀ ਕੁਖੋਂ ਪੈਦਾ ਹੋਏ ਲੜਕੇ ਦਾ ਨਾਮ ‘ਸਿੱਧੂ ਰਾਓ’ ਰਖਿਆ ਗਿਆ। ਸਿੱਧੂ ਰਾਓ ਦੇ ਜਨਮ ਤੋਂ ਹੀ ਸਿੱਧੂ ਗੋਤ ਹੋਂਦ ਵਿਚ ਆਇਆ। ਖੀਵਾ ਰਾਓ ਦਾ ਦਿਹਾਂਤ 1383 ਈਸਵੀ ਵਿਚ ਹੋਇਆ ਪਰੰਤੂ ਮੌਤ ਤੋਂ ਪਹਿਲਾਂ ਉਹ ਇਕ ਚੁਣੌਤੀ ਭਰੀ ਵਸੀਅਤ ਸਿੱਧੂਆਂ ਦੇ ਨਾਮ ਲਿਖ ਗਿਆ ਜਿਸ ਅਨੁਸਾਰ ਉਹ ਭੱਟੀਆਂ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਲੈਣ ਅੱਗੇ ਤੋਂ ਸਿਰਫ਼ ਜੱਟ ਗੋਤ ਵਾਲਿਆਂ ਨਾਲ ਹੀ ਰਿਸ਼ਤੇਦਾਰੀਆਂ ਪਾਉਣ।
ਆਪਣੇ ਪਿਤਾ ਖੀਵਾ ਰਾਓ ਦੇ ਪਦ ਚਿੰਨ੍ਹਾਂ ‘ਤੇ ਚਲਦਿਆਂ ਸਿੱਧੂ ਰਾਓ ਗਿੱਲ ਜੱਟਾਂ ਦੇ ਭਾਈਚਾਰੇ ਵਿਚ ਵਿਆਹ ਕਰਵਾਇਆ ਜਿਸ ਦੇ ਛੇ ਪੁੱਤਰ ਪੈਦਾ ਹੋਏ ਉਨ੍ਹਾਂ ਦੀ ਔਲਾਦ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1. ਦਾਹੜ – ਇਸ ਦੀ ਔਲਾਦ ਝੰਬੇ, ਕੈਂਥਲ ਆਦਿ ਵਾਲੇ ਭਾਈਕੇ ਸਿੱਧੂ ਹਨ।
2. ਧਰ – ਧਰ ਦੀ ਔਲਾਦ ਪੀਰ ਕੋਟੀਏ ਸਿੱਧੂ ਹੋਏ।
3. ਰੂਪ – ਫ਼ਰੀਦਕੋਟ ਇਲਾਕੇ ਵਿਚ ਟਹਿਣਾ ਆਦਿ ਪਿੰਡਾਂ ਦੇ ਵਸਨੀਕ ਰੋਸੇ ਸਿੱਧੂਆਂ ਵਜੋਂ ਜਾਣੇ ਜਾਂਦੇ ਰੂਪ ਦੀ ਔਲਾਦ ਵਿਚੋਂ ਹਨ।
4. ਮਾਣੋ – ਇਸ ਦੀ ਔਲਾਦ ਮਲਕਾਣੇ ਅਤੇ ਨੌਰੰਗ ਆਦਿ ਪਿੰਡਾਂ ਵਿਚ ਵਸੀ।
5. ਭੂਰਾ – ਬਰਾੜ ਅਤੇ ਹਰੀਕੇ ਸਿੱਧੂ ਅੱਗੇ ਜਾ ਕੇ ਭੂਰੇ ਦੇ ਬੰਸ ਵਿਚੋਂ ਨਿਕਲੇ।
6. ਸੁਰੋ – ਮਹਿਰਮੀਏ ਸਿੱਧੂਆਂ ਨੂੰ ਸੁਰੋ ਦੇ ਬੰਸ ਨਾਲ ਜੋੜਿਆ ਜਾਂਦਾ ਹੈ।
ਸਿੱਧੂ ਰਾਓ ਦੀ ਬੰਸਾਵਲੀ ਦੇ ਉਪਰੋਕਤ ਗੋਤ ਅਤੇ ਇਲਾਕੇ ਚੌਧਵੀਂ ਸਦੀ ਵਾਲੇ ਸਮੇਂ ਅਨੁਸਾਰ ਦਰਸਾਏ ਗਏ ਹਨ। ਅੱਜਕਲ੍ਹ ਸਭ ਕੁਝ ਬਦਲ ਚੁੱਕਾ ਹੈ। ਹੁਣ ਗਿਣਤੀ ਕਰੀਏ ਤਾਂ ਸਿੱਧੂ ਰਾਓ ਦੀ ਔਲਾਦ ਹਰੀਕੇ ਸਿੱਧੂ, ਮਹਿਰਮੀਏ ਸਿੱਧੂ, ਭਾਈਕੇ ਸਿੱਧੂ ਅਤੇ ਬਰਾੜ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਵਿਚ ਹੀ ਨਹੀਂ ਸਗੋਂ ਉਤਰੀ ਭਾਰਤ ਦੇ ਲਗਪਗ ਸਾਰੇ ਖੇਤਰਾਂ ਵਿਚ ਵਸਦੀ ਹੈ।
ਸਿੱਧੂ ਰਾਓ ਦੀ ਵੰਸ਼ ਵਿਚੋਂ ਹੀ ਇਕ ਸਿੱਧੂ ਗੋਤ ਵਾਲੇ ਨੇ ਦਲਿਤ ਜਾਤੀ ਨਾਲ ਵਿਆਹ ਕਰਵਾ ਲਿਆ ਅਤੇ ਉਸ ਦੀ ਔਲਾਦ ਤੋਂ ਅੱਗੇ ਚੱਲੀ ਬੰਸਾਵਲੀ ਸਿੱਧੂ ਗੋਤ ਵਾਲੇ ਮਜ਼੍ਹਬੀ ਸਿੱਖ ਹੋਂਦ ਵਿਚ ਆਏ। ਜਨੇਰ ਦੀ ਪੰਜਵੀਂ ਪੱਤੀ ਵਾਲੇ ਸਿੱਧੂ ਇਸ ਦੀ ਉਦਾਹਰਣ ਹਨ। ਸਿੱਧੂਆਂ ਦੀ ਵੰਸ਼ ਵਿਚੋਂ ਕਈਆਂ ਨੇ ਪੱਛੜੀਆਂ ਜਾਤੀਆਂ ਵਿਚ ਵਿਆਹ ਕਰਵਾ ਲਏ, ਖ਼ਾਸ ਕਰਕੇ ਨਾਈ ਅਤੇ ਛੀਂਬਾ ਜਾਤੀਆਂ ਵਿਚ। ਬਾਘਾਪੁਰਾਣਾ ਨੇੜਲੇ ਪਿੰਡ ਲੰਙਿਆਣਾ ਦੇ ਛੀਂਬਾ ਭਾਈਚਾਰੇ ਦੇ ਲੋਕ ਆਪਣੇ ਨਾਮ ਪਿੱਛੇ ਸਿੱਧੂ ਗੋਤ ਲਿਖਦੇ ਹਨ।
ਸਿੱਧੂ ਰਾਓ ਤੋਂ ਬਾਅਦ ਰਾਓ ਭੂਰਾ ਸਿੱਧੂਆਂ ਦਾ ਚੌਧਰੀ ਬਣਿਆ। ਸਿੱਧੂਆਂ ਨਾਲ ਭੱਟੀਆਂ ਦੀ ਦੁਸ਼ਮਣੀ ਦਿਨੋਂ ਦਿਨ ਵਧਦੀ ਹੀ ਗਈ ਅਤੇ ਰਾਓ ਭੂਰਾ ਦੀ ਚੌਧਰ ਸਮੇਂ ਇਹ ਦੁਸ਼ਮਣੀ ਹੋਰ ਵੀ ਵਧੀ। ਭੂਰੇ ਤੋਂ ਬਾਅਦ ਬੀਰ ਸਿੱਧੂਆਂ ਦਾ ਮੁਖੀ ਬਣਿਆ, ਉਸ ਦੇ ਪੁੱਤਰ ਤਿਲਕ ਰਾਓ ਅਤੇ ਸਰਤਾਜ ਨੇ ਵੀ ਭੱਟੀਆਂ ਨਾਲ ਲੜਾਈਆਂ ਜਾਰੀ ਰੱਖੀਆਂ। ਇਨ੍ਹਾਂ ਦੇ ਇਕ ਭਰਾ ਤਿਲੋਕਾ ਦਾ ਜ਼ਿਕਰ ਵੀ ਇਤਿਹਾਸ ਵਿਚ ਆਉਂਦਾ ਹੈ। ਉਸ ਬਾਰੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਸਾਧ ਬਿਰਤੀ ਵਾਲਾ ਹੋਣ ਕਰਕੇ ਸਾਰੇ ਉਸਨੂੰ ਸਾਧੂ ਤਿਲੋਕਾ ਆਖਦੇ ਸਨ। ਸਰਤਾਜ ਦੇ ਦੋ ਪੁੱਤਰ ਗੁਲ ਅਤੇ ਲਖਮਾ ਹੋਏ। ਲਖਮਾ ਦੀ ਔਲਾਦ ਮਾਝੇ ਵਿਚ ਜਾ ਕੇ ਵਸ ਗਈ। ਉਸ ਦੀ ਵੰਸ਼ ਵਿਚੋਂ ਹੀ ਸਿੱਖ ਰਾਜ ਦੀ ਸਿਖ਼ਰ ਸਮੇਂ ਦਾ ਮਹਾਨ ਯੋਧਾ ਸ਼ਾਮ ਸਿੰਘ ਅਟਾਰੀ ਵਾਲਾ ਪੈਦਾ ਹੋਇਆ। ਇਸੇ ਵੰਸ਼ ਦੇ ਹੀ ਰਾਉ ਹਰੀ ਨੇ ਆਪਣੇ ਨਾਮ ‘ਤੇ ਹਰੀਕੇ ਪਿੰਡ ਵਸਾਇਆ। ਹਰੀਕੇ ਤੋਂ ਕੁਝ ਪਰਿਵਾਰ ਉਠ ਕੇ ਕੁਸਾ ਮੀਨੀਆਂ ਪਿੰਡਾਂ ਵਿਚ ਚਲੇ ਗਏ, ਬਾਕੀ ਪਰਿਵਾਰ ਉਥੇ ਹੀ ਵਸੇ ਰਹੇ। ਸਿੱਧੂ ਰਾਓ ਦੀ ਦਸਵੀਂ ਪੀੜ੍ਹੀ ਤੋਂ ਬਰਾੜ ਪੈਦਾ ਹੋਇਆ ਜਿਸ ਦੇ ਨਾਮ ‘ਤੇ ਸਿੱਧੂਆਂ ਵਿਚੋਂ ਬਰਾੜ ਗੋਤ ਨਿਕਲਿਆ।
ਜਨੇਰ ਦੇ ਸਿੱਧੂ
ਰਾਜਪੂਤ ਭੱਟੀਆਂ ਨਾਲੋਂ ਰਿਸ਼ਤਾ ਟੁੱਟਣ ਅਤੇ ਉਨ੍ਹਾਂ ਨਾਲ ਦੁਸ਼ਮਣੀ ਪੈ ਜਾਣ ਉਪਰੰਤ ਸਿੱਧੂ ਰਾਓ ਪਾਸ ਰਾਜਸਥਾਨ ਦਾ ਖੁਸ਼ਕ ਇਲਾਕਾ ਹੀ ਰਹਿ ਗਿਆ। ਉਸ ਦੀ ਔਲਾਦ ਅੱਗੇ ਦੀ ਅੱਗੇ ਕਈ ਮੂੰਹੀਆਂ ਅਤੇ ਉਪਗੋਤਾਂ ਵਿਚ ਵੰਡੀ ਗਈ। ਸਿੱਧੂ ਦੀ ਔਲਾਦ ਇਕ ਥਾਂ ਟਿਕ ਕੇ ਨਾ ਬੈਠਣ ਦੇ ਦੋ ਮੁਖ ਕਾਰਨ ਸਨ, ਇਕ ਪਾਸੇ ਤਾਂ ਭੱਟੀਆਂ ਨਾਲ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਕਾਰਨ ਨਿੱਤ ਨਵੀਆਂ ਮੁਹਿੰਮਾਂ ਵਿਚ ਉਨ੍ਹਾਂ ਨੂੰ ਹਿੱਸਾ ਲੈਣਾ ਪੈਂਦਾ, ਦੂਜਾ ਸਿੱਧੂਆਂ ਦੇ ਕਬੀਲਿਆਂ ਦੀਆਂ ਆਪਸੀ ਦੁਸ਼ਮਣੀਆਂ ਵਧਣ ਲੱਗ ਪਈਆਂ। ਇਸ ਦਾ ਨਤੀਜਾ ਇਹ ਹੋਇਆ ਕਿ ਖੁਸ਼ਕ ਇਲਾਕੇ ਤੋਂ ਕੁਝ ਸਿੱਧੂ ਪਰਿਵਾਰ ਮਾਲਵੇ ਦੇ ਜਰਖੇਜ਼ ਇਲਾਕਿਆਂ ਮੋਗਾ, ਦੌਧਰ, ਜਗਰਾਓਂ, ਲੁਧਿਆਣਾ ਅਤੇ ਸਿੱਧਵਾਂ ਬੇਟ ਵਲ ਫੈਲ ਗਏ। ਸਿੱਧੂਆਂ ਦੇ ਛੋਟੇ-ਛੋਟੇ ਪਰਿਵਾਰਾਂ ਅਤੇ ਕਬੀਲਿਆਂ ਦੇ ਰੂਪ ਵਿਚ ਕਈ ਪਿੰਡਾਂ
ਥਾਵਾਂ ‘ਤੇ ਵਸਣ ਕਾਰਨ ਇਤਿਹਾਸ ਵਿਚ ਇਹ ਛੋਟੀਆਂ ਘਟਨਾਵਾਂ ਵਜੋਂ ਜਾਣੀਆਂ ਜਾਂਦੀਆਂ ਹੋਣ ਕਰਕੇ ਕੋਈ ਲਿਖਤੀ ਰੂਪ ਵਿਚ ਪੱਕਾ ਸਬੂਤ ਤਾਂ ਨਹੀਂ ਮਿਲਦਾ ਪਰੰਤੂ ਉਸ ਸਮੇਂ ਦੀਆਂ ਰਾਜਨੀਤਕ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਹਿਜੇ ਹੀ ਇਸ ਨਤੀਜੇ ‘ਤੇ ਪਹੁੰਚ ਸਕਦੇ ਹਾਂ ਕਿ ਜਨੇਰ, ਲੁਹਾਰਾ ਅਤੇ ਵਰ੍ਹੇ ਆਦਿ ਪਿੰਡਾਂ ਦੇ ਸਿੱਧੂ ਦੌਧਰ ਦੇ ਇਲਾਕੇ ਵਿਚ ਕਿਸੇ ਸਮੇਂ ਵਸਦੇ ਰਹੇ ਹਨ। ਸਰਕਾਰੀ ਗਜ਼ਟ ਅਨੁਸਾਰ ਜਨੇਰ ਦੇ ਵਾਸੀ 1760 ਈਸਵੀ ਤੋਂ ਪਹਿਲਾਂ ਧੂਲੀਵਾਲੇ ਖੇਤਾਂ ਵਿਚ ਵਸਦੇ ਸਨ। ਕੁਝ ਅਣਪ੍ਰਮਾਣਿਤ ਵਸੀਲਿਆਂ ਤੋਂ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਧੂਲੀਵਾਲੇ ਖੇਤਾਂ ਦਾ ਨਾਮ ਸਿੱਧੂਆਂ ਦੇ ‘ਧੂਲੀਵਾਲ’ ਨਾਮੀ ਵਡੇਰੇ ਤੋਂ ਪਿਆ ਸੀ। ਕੁਝ ਚੁੰਝ ਚਰਚਾਵਾਂ ਵੀ ਇਸ ਕਥਨ ਦੀ ਪੁਸ਼ਟੀ ਕਰਦੀਆਂ ਹਨ।
ਸਿੱਧੂ ਪੱਤੀ ਦਾ ਜਨੇਰ ਦੇ ਜਨੇਰ ਥੇਹ ਉਪਰ ਵਸਣ ਦਾ ਕਾਰਨ
ਸਿੱਧੂ ਪੱਤੀ ਵਾਲਿਆਂ ਦਾ ਧੂਲੀ ਵਾਲੇ ਖੇਤਾਂ ਤੋਂ ਉਠ ਕੇ ਜਨੇਰ ਦੇ ਥੋਹ ਉਪਰ ਵਸਣ ਬਾਰੇ ਵੀ ਇਤਿਹਾਸਕਾਰਾਂ ਦੀਆਂ ਦੋ ਰਾਵਾਂ ਪੜ੍ਹਨ ਲਈ ਮਿਲਦੀਆਂ ਹਨ। ਕੁਝ ਇਤਿਹਾਸਕਾਰਾਂ ਦਾ ਤਰਕ ਹੈ ਕਿ 1760 ਈਸਵੀ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਦੇ ਜਨੇਰ ਦੇ ਖਾਲੀ ਪਏ ਥੇਹ ਉਪਰ ਲੜਾਈ ਪੱਖੋਂ ਅਤੀ ਜ਼ਰੂਰੀ ਸਮਝੇ ਜਾਂਦੇ ਕਿਲਾ ਬਣਾਉਣ ਉਪਰੰਤ ਉਸ ਦੀ ਫ਼ੌਜ ਅਤੇ ਪੁਲਿਸ ਵਾਲਿਆਂ ਨੇ ਕਿਲੇ ਵਿਚ ਰਹਾਇਸ਼ ਕਰ ਲਈ। ਜੱਸਾ ਸਿੰਘ ਆਹਲੂਵਾਲੀਆ ਨੇ ਕਿਲੇ ਦੇ ਨਾਲ ਥੇਹ ਉਪਰ ਪਿੰਡ ਵੀ ਵਸਾਉਣਾ ਚਾਹਿਆਇਸ ਕਰਕੇ ਉਸ ਨੇ ਖ਼ੁਦ ਸਿੱਧੂ ਪੱਤੀ ਵਾਲਿਆਂ ਨੂੰ ਧੂਲੀ ਵਾਲੇ ਖੇਤਾਂ ਤੋਂ ਉਠ ਕੇ ਥੇਹ ਉਪਰ ਵਸੋਂ ਕਰਨ ਲਈ ਕਿਹਾ ਤਾਂ ਕਿ ਸਿੱਧੂ ਪੱਤੀ ਵਾਲੇ ਜੱਸਾ ਸਿੰਘ ਆਹਲੂਵਾਲੀਏ ਦੇ ਦੁਸ਼ਮਣ ਮੁਸਲਮਾਨ ਅਤੇ ਪਠਾਨ ਧਾੜਵੀਆਂ ਦੀ ਮਾਰ ਤੋਂ ਬਚ ਸਕਣ। ਲੰਮਾ ਸਮਾਂ ਜੱਸਾ ਸਿੰਘ ਦੀ ਫ਼ੌਜ ਅਤੇ ਜਨੇਰ ਵਾਸੀਆਂ ਦੇ ਚੰਗੇ ਆਪਸੀ ਸਬੰਧਾਂ ਦੀ ਚੁੰਝ ਚਰਚਾ ਵੀ ਇਸ ਕਥਨ ਦੀ ਹਾਮੀ ਭਰਦੀ ਹੈ। ਕੁਝ ਇਤਿਹਾਸਕਾਰ ਜਿਨ੍ਹਾਂ ਵਿਚ ਹਰਦੀਪ ਸਿੰਘ ਸ਼ੇਰਗਿਲ ਵੀ ਸ਼ਾਮਿਲ ਹੈ, ਅਨੁਸਾਰ ਧੂਲੀ ਵਾਲੇ ਖੇਤਾਂ ਨੇੜੇ ਸੰਘਣੇ ਜੰਗਲ ਵਿਚ ਖ਼ਤਰਨਾਕ ਜੰਗਲੀ ਜਾਨਵਰਾਂ ਦੀ ਭਰਮਾਰ ਹੋਣ ਕਰਕੇ ਸਿੱਧੂ ਪੱਤੀ ਵਾਲਿਆਂ ਦੇ ਵਡੇਰੇ ਆਪ ਕਿਲੇ ਦੇ ਫ਼ੌਜੀ ਅਹਿਲਕਾਰਾਂ ਪਾਸ ਗਏ ਅਤੇ ਜਨੇਰ ਦੇ ਥੇਹ ਉਪਰ ਵਸਣ ਲਈ ਬੇਨਤੀ ਕੀਤੀ। ਕੁਝ ਵੀ ਹੋਵੇ, ਸਾਰੇ ਇਤਿਹਾਸਕਾਰ ਇਸ ਰਾਇ ਨਾਲ ਇਕਜੁਟ ਹਨ ਕਿ ਸਿੱਧੂ ਪੱਤੀ ਦੀ ਜਨੇਰ ਦੇ ਥੇਹ ਉਪਰ ਵਸੋਂ 1760 ਈਸਵੀ ਤੋਂ ਬਾਅਦ ਹੀ ਹੋਈ। ਇਥੇ ਇਹ ਵੀ ਵਰਨਣਯੋਗ ਹੈ ਕਿ ਸਿੱਧੂ ਪੱਤੀ ਵਾਲਿਆਂ ਵਿਚ ਸਿੱਧੂ ਗੋਤ ਦੇ ਜੱਟਾਂ ਤੋਂ ਬਿਨਾਂ ਤਰਖਾਣ, ਛੀਂਬੇ ਅਤੇ ਪੰਜਵੀਂ ਪੱਤੀ ਦੇ ਕੁਝ ਪਰਿਵਾਰ ਵੀ ਸ਼ਾਮਿਲ ਸਨ। ਇਨ੍ਹਾਂ ਦਾ ਨਾਲ ਕੁਝ ਮੁਸਲਮਾਨ ਰਾਜਪੂਤ ਪਰਿਵਾਰ ਵੀ ਸਨ।
ਸਿੱਧੂਆਂ ਬਾਰੇ ਕੁਝ ਦੰਦ ਕਥਾਵਾਂ
ਆਮ ਫ਼ਿਰਕਿਆਂ, ਕਬੀਲਿਆਂ, ਗੋਤਾਂ, ਜਾਤਾਂ, ਉਪਜਾਤਾਂ ਅਤੇ ਵੰਸ਼ਾਂ ਵਾਂਗ ਸਿੱਧੂ ਗੋਤ ਵਾਲੇ ਜੱਟਾਂ ਬਾਰੇ ਵੀ ਭੱਟਾਂ, ਮਰਾਸੀਆਂ ਅਤੇ ਆਮ ਲੋਕਾਂ ‘ਤੇ ਅਧਾਰਤ ਦੰਦ ਕਥਾਵਾਂ ਅਤੇ ਚੁੰਝ ਚਰਚਾਵਾਂ ਪ੍ਰਚਲਤ ਹਨ। ਇਨ੍ਹਾਂ ਵਿਚੋਂ ਕੁਝ ਦਿਲਚਸਪ ਵੀ ਹਨ।
ਵੰਗੜ ਮੋਚੀ ਅਤੇ ਸਿੱਧੂ
ਸਿੱਧੂਆਂ ਦੇ ਵਡੇਰੇ ਰਾਓ ਆੜ ਭੱਟੀ ਦੇ ਪਰਿਵਾਰ ਨਾਲ ਭੱਟਾਂ ਅਤੇ ਮਰਾਸੀਆਂ ਤੋਂ ਸੁਣ ਕੇ ਇਤਿਹਾਸਕਾਰਾਂ ਵਲੋਂ ਇਤਿਹਾਸ ਵਿਚ ਦਰਜ ਇਕ ਚੁੰਝ ਚਰਚਾ ਅਨੁਸਾਰ ਜਦੋਂ ਰਾਓ ਆੜ ਭੱਟੀ ਦੀ ਵਿਧਵਾ ਲੱਛਮੀ ਦੇ ਬੱਚਾ ਪੈਦਾ ਹੋਇਆ ਤਾਂ ਕਬੀਲੇ ਦੇ ਮਰਾਸੀ ਨੇ ਉਸ ਨੂੰ ਵੰਗੜ ਗੋਤ ਦੇ ਮੋਚੀ ਦੀ ਝੋਲੀ ਵਿਚ ਪਾ ਦਿੱਤਾ। ਰਵਾਇਤ ਅਨੁਸਾਰ ਉਸ ਬੱਚੇ ਨੇ ਵੰਗੜ ਗੋਤ ਦੀ ਮੋਚਣ ਦਾ ਦੁਧ ਚੁੰਘਿਆ। ਬੱਚੇ ਦੇ ਵੱਡੇ ਹੋਣ ’ਤੇ ਉਸ ਔਰਤ ਨੇ ਜਵਾਨ ਹੋਏ ਸਿੱਧੂ ਗੋਤ ਵਾਲੇ ਲੜਕੇ ਨੂੰ ਮੋਚੀਆਂ ਦੀ ਰੋਟੀ ਰੋਜ਼ੀ ਕਮਾਉਣ ਵਾਲੇ ਔਜ਼ਾਰ ਰੰਬੀ ਅਤੇ ਆਰ ਦਾ ਸਨਮਾਨ ਕਰਨ ਲਈ ਕਿਹਾ। ਸਿੱਧੂਆਂ ਨੇ ਵਿਆਹ ਸ਼ਾਦੀਆਂ ਦੀਆਂ ਰਸਮਾਂ ਸਮੇਂ ਰੰਬੀ ਅਤੇ ਆਰ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਹੌਲ਼ੀ-ਹੌਲ਼ੀ ਇਹ ਪ੍ਰਥਾ ਖ਼ਤਮ ਹੋ ਗਈ। ਸ਼ਾਇਦ ਇਹ ਹੀ ਕਾਰਨ ਹੋਵੇ ਕਿ ਵੰਗੜ ਗੋਤ ਵਾਲਾ ਮੋਚੀ ਭਾਈਚਾਰਾ ਅੱਜ ਵੀ ਆਪਣੇ ਨਾਮ ਨਾਲ ਵੰਗੜ ਸਿੱਧੂ ਜੋੜਦਾ ਹੈ। ਇਸ ਦਾ ਇਤਿਹਾਸਕ ਗੋਤ ਨਾਲ ਸਪਸ਼ਟੀਕਰਨ ਦੁਆਬੇ ਇਲਾਕੇ ਵਿਚ ਵਸੇ ਵੰਗੜ ਸਿੱਧੂਆਂ ਤੋਂ ਮਿਲਦਾ ਹੈ ਜਿਨ੍ਹਾਂ ਵਿਚੋਂ ਬਹੁਤੇ 1947 ਸਮੇਂ ਪਾਕਿਸਤਾਨ ਵਿਚ ਹਿਜ਼ਰਤ ਕਰ ਗਏ।
ਇਕ ਝਾੜ ਵੱਢਿਆ ਅਤੇ ਸੌ ਸਿੱਧੂ ਕੱਢਿਆ
ਸਮਰਕੰਦੀ ਲੁਟੇਰਾ ਅਮੀਰ ਤੈਮੂਰ ਜਿਹੜਾ ਇਤਿਹਾਸ ਵਿਚ ਤੈਮੂਰ ਲੰਗ ਵਜੋਂ ਜਾਣਿਆ ਜਾਂਦਾ ਹੈ, ਬਹੁਤ ਹੀ ਧਾਕੜ ਲੁਟੇਰਾ ਸੀ। ਦਿੱਲੀ ਵਿਚ ਤੁਗ਼ਲਕ ਖ਼ਾਨਦਾਨ ਦੇ ਰਾਜ ਭਾਗ ਸਮੇਂ 1398 ਤੋਂ 1400 ਈਸਵੀ ਵਿਚਕਾਰ ਤੈਮੂਰ ਲੰਗ ਨੇ ਮਾਲਵੇ ਦੇ ਇਲਾਕੇ ਸਮੇਤ ਦਿੱਲੀ ਅਤੇ ਪੰਜਾਬ ਨੂੰ ਖੂਬ ਲੁੱਟਿਆ। ਉਸ ਨੇ ਇਨ੍ਹਾਂ ਇਲਾਕਿਆਂ ਅਤੇ ਉਤਰੀ ਭਾਰਤ ਦੇ ਹੋਰ ਖੇਤਰਾਂ ਵਿਚ ਆਪਣਾ ਕੋਈ ਰਾਜ ਸਥਾਪਤ ਨਹੀਂ ਕੀਤਾ ਸਗੋਂ ਲੁੱਟ ਮਾਰ ਕਰਕੇ ਵਾਪਸ ਮੁੜ ਜਾਂਦਾ ਸੀ।
ਇਨ੍ਹਾਂ ਸਮਿਆਂ ਵਿਚ ਸਿੱਧੂ ਅਤੇ ਬਰਾੜਾ ਦੇ ਕੁਝ ਕਬੀਲੇ ਟੋਹਾਣਾ ਨੇੜੇ ਝਾੜਾਂ, ਵਣਾਂ ਅਤੇ ਕਰੀਰਾਂ ਦੀ ਆੜ ਵਿਚ ਭੋਰੇ ਬਣਾ ਕੇ ਰਹਿੰਦੇ ਸਨ। ਲੁੱਟਾਂ ਖੋਹਾਂ ਕਰਨਾ ਇਨ੍ਹਾਂ ਕਬੀਲਿਆਂ ਦਾ ਪੇਸ਼ਾ ਸੀ। ਇਕ ਵਾਰ ਤੈਮੂਰ ਲੰਗ ਜਦੋਂ ਲੁੱਟਮਾਰ ਕਰਕੇ ਵਾਪਸ ਜਾ ਰਿਹਾ ਸੀ ਤਾਂ ਟੋਹਾਣਾ ਇਲਾਕੇ ਵਿਚੋਂ ਗੁਜ਼ਰਦੇ ਸਮੇਂ ਸਿੱਧੂ ਅਤੇ ਬਰਾੜਾਂ ਦੇ ਕਬੀਲਿਆਂ ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਲੁੱਟ ਦਾ ਮਾਲ ਖੋਹ ਲਿਆ। ਆਪਣੇ ਲਾਮ ਲਸ਼ਕਰ ਦੇ ਲੁੱਟੇ ਜਾਣ ‘ਤੇ ਤੈਮੂਰ ਲੰਗ ਕਾਫੀ ਖਫ਼ਾ ਹੋਇਆ ਅਤੇ ਆਪਣੀ ਫ਼ੌਜ ਨੂੰ ਹੁਕਮ ਦੇ ਦਿੱਤਾ ਕਿ ਸਾਰੇ ਝਾੜ, ਵਣ ਅਤੇ ਕਰੀਰ ਆਦਿ ਪੁੱਟ ਦਿਉ। ਜਦੋਂ ਝਾੜ, ਕਰੀਰ ਵਗੈਰਾ ਵੱਢਣੇ ਸ਼ੁਰੂ ਹੋ ਗਏ ਤਾਂ ਸਿੱਧੂ ਅਤੇ ਬਰਾੜਾਂ ਦੇ ਪਰਿਵਾਰ ਭੋਰਿਆਂ ਵਿਚੋਂ ਬਾਹਰ ਆਉਣ ਲੱਗੇ। ਉਥੋਂ ਇਹ ਕਹਾਵਤ ਪ੍ਰਸਿੱਧ ਹੋਈ “ਇਕ ਝਾੜ ਵੱਢਿਆ ਤੇ ਸੌ ਸਿੱਧੂ ਕੱਢਿਆ।”
ਸਿਰਲੱਥ ਸੂਰਮਾ ਤਿਲਕ ਰਾਓ ਉਰਫ਼ ਤਿਲੋਕਾ ਸਿੱਧੂ
ਤਿਲਕ ਰਾਓ ਜਿਸ ਦਾ ਇਤਿਹਾਸ ਵਿਚ ਜ਼ਿਆਦਾ ਜ਼ਿਕਰ ਤਿਲੋਕਾ ਸਿੱਧੂ ਦੇ ਨਾਮ ਵਜੋਂ ਮਿਲਦਾ ਹੈ ਬੀਰ ਰਾਓ ਦਾ ਪੁੱਤਰ ਅਤੇ ਘੱਗਰ ਇਲਾਕੇ ਦੇ ਸਿੱਧੂ ਕਬੀਲਾ ਮੁਖੀ ਸਰਤਾਜ ਸਿੰਘ ਦਾ ਛੋਟਾ ਭਰਾ ਸੀ। ਤਿਲੋਕਾ ਸਿੱਧੂ ਇਕ ਸਾਧ ਬਿਰਤੀ ਵਾਲਾ ਇਨਸਾਨ ਹੋਣ ਕਰਕੇ ਕਬੀਲਿਆਂ ਦੀਆਂ ਲੜਾਈਆਂ ਆਦਿ ਤੋਂ ਦੂਰ ਜੰਗਲ ਵਿਚ ਵੀ ਜ਼ਿਆਦਾ ਸਮਾਂ ਤਪ ਕਰਦਿਆਂ ਬਿਤਾਉਂਦਾ ਸੀ। ਇਕ ਵਾਰ ਘੱਗਰ ਦੇ ਇਲਾਕੇ ਵਿਚ ਸਿੱਧੂਆਂ ਅਤੇ ਭੱਟੀਆਂ ਦੀ ਗਹਿਗਚ ਲੜਾਈ ਹੋਈ ਪਰੰਤੂ ਇਸ ਦਾ ਕੋਈ ਨਤੀਜਾ ਨਾ ਨਿਕਲਿਆ।
ਭੱਟੀਆਂ ਨੇ ਗੁੱਸੇ ਵਿਚ ਆ ਕੇ ਜੰਗਲ ਵਿਚ ਤਪ ਕਰ ਰਹੇ ਤਿਲੋਕੇ ਸਿੱਧੂ ਦਾ ਗਲ ਕੱਟ ਦਿੱਤਾ। ਕਹਿੰਦੇ ਹਨ ਤਿਲੋਕਾ ਬਿਨਾਂ-ਸਿਰ ਤੋਂ ਹੀ ਭੱਟੀਆਂ ਨਾਲ ਲੜਦਾ ਰਿਹਾ ਅਤੇ ਸਿੱਧੂ ਦੀ ਆਬਾਦੀ ਦੀਆਂ ਠਹਿਰਾਂ ਵਲ ਚਲਦਾ ਵੀ ਰਿਹਾ। ਅਬਾਦੀ ਨੇੜੇ ਕੁਝ ਔਰਤਾਂ ਪਾਣੀ ਭਰ ਰਹੀਆਂ ਸਨ। ਉਹ ਇਹ ਕੌਤਕ ਵੇਖ ਕੇ ਹੈਰਾਨ ਰਹਿ ਗਈਆਂ। ਇਕ ਰਵਾਇਤ ਅਨੁਸਾਰ ਔਰਤਾਂ ਨੇ ਅਬਾਦੀ ਵਿਚ ਪਹੁੰਚ ਕੇ ਇਸ ਅਣਹੋਣੀ ਘਟਨਾ ਬਾਰੇ ਦੱਸਿਆ ਤਾਂ ਸਿੱਧੂ ਭਾਈਚਾਰਾ ਤਿਲੋਕੇ ਪਾਸ ਪਹੁੰਚ ਗਿਆ। ਤਦ ਤਕ ਉਹ ਠੰਡਾ ਹੋ ਚੁੱਕਿਆ ਸੀ ਅਤੇ ਭੱਟੀ ਦੌੜ ਗਏ ਸਨ। ਤਿਲੋਕੇ ਸਿੱਧੂ ਦੀ ਸ਼ਹੀਦੀ ਯਾਦਗਾਰ ਵਜੋਂ ਸਿੱਧੂਆਂ ਨੇ ਪਹਿਲਾਂ ਉਸ ਦੇ ਸਰੀਰ ਛੱਡਣ ਵਾਲੀ ਜਗ੍ਹਾ ‘ਤੇ ਸਮਾਧ ਬਣਾਈ। ਬਾਅਦ ਵਿਚ ਉਨ੍ਹਾਂ ਨੇ ਮਰਾਝ ਪਿੰਡ ਦੇ ਮੌਜੂਦਾ ਗੁਰਦੁਆਰਾ ਸਾਹਿਬ ਵਾਲੀ ਥਾਂ ‘ਤੇ ਸ਼ਹੀਦ ਤਿਲੋਕੇ ਸਿੱਧੂ ਦੀ ਯਾਦ ਵਿਚ ਇਕ ‘ਜਗ੍ਹਾ’ ਬਣਾ ਦਿੱਤੀ। ਇਸ ਥਾਂ ‘ਤੇ ਬਾਹੀਏ (ਸਿੱਧੂ ਬਰਾੜਾਂ ਦੇ ਬਾਈ ਪਿੰਡਾਂ ਦਾ ਸਮੂਹ) ਦੀਆਂ ਔਰਤਾਂ ਮਿੱਟੀ ਕੱਢਦੀਆਂ ਹਨ। ਰਾਇਕਾ ਪਿੰਡ ਜਿਹੜਾ ਕਿ ਜ਼ਿਲ੍ਹਾ ਬਠਿੰਡਾ ਵਿਚ ਹੈ ਉਥੇ ਵੀ ਇਸ ਸ਼ਹੀਦ ਦੀ ‘ਜਗ੍ਹਾ’ ਬਣੀ ਹੋਈ ਹੈ।
ਕੁੜੀ ਮਾਰ ਸਿੱਧੂ (ਬਰਾੜ)
ਕਿਸੇ ਵੀ ਭਾਈਚਾਰੇ ਨਾਲ ਸਬੰਧਤ ਕੋਈ ਵਿਅਕਤੀ ਸਮਾਜਿਕ ਕਦਰਾਂ ਕੀਮਤਾਂ ਨੂੰ ਅੱਖੋਂ ਪਰੋਖੇ ਕਰਕੇ ਕੋਈ ਘਨੌਣੀ ਹਰਕਤ ਕਰ ਦੇਵੇ ਖ਼ਾਸ ਕਰਕੇ ਜੇਕਰ ਉਹ ਕਬੀਲੇ ਦਾ ਮੁਖੀ ਸਰਦਾਰ, ਚੌਧਰੀ ਜਾਂ ਰਾਜਾ ਹੋਵੇ ਤਾਂ ਇਤਿਹਾਸ ਉਸ ਨੂੰ ਕਦੀ ਮੁਆਫ਼ ਨਹੀਂ ਕਰਦਾ। ਕਿਸੇ ਸਮੇਂ ਜੀਂਦ ਸਰਦਾਰ ਰਹੇ ਅਤੇ ਬਾਅਦ ਵਿਚ ਰਿਆਸਤ ਜੀਂਦ ਦੇ ਰਾਜਾ ਬਣੇ ਗਜਪਤ ਸਿੰਘ ਵਲੋਂ ਸਮਾਜਿਕ ਪੱਖੋਂ ਇਖਲਾਕ ਤੋਂ ਗਿਰੇ ਹੋਏ ਕੀਤੇ ਕਾਰਨਾਮੇ ਦਾ ਕਲੰਕ ਧੋਣ ਲਈ ਸਿੱਧੂਆਂ ਨੂੰ ਕਈ ਪੁਸ਼ਤਾਂ ਦਾ ਸਮਾਂ ਲੱਗਿਆ।
ਸਿੱਖ ਇਤਿਹਾਸ ਵਿਚ ਸਿੱਧੂ ਭਾਈਚਾਰੇ ਨਾਲ ਜੁੜੀ ਇਕ ਰਵਾਇਤ ਅਨੁਸਾਰ ਬਡਰੁਖਿਆਂ ਦੇ ਸਰਦਾਰ ਜਿਹੜਾ ਬਾਅਦ ਵਿਚ ਰਾਜਾ ਗਜਪਤ ਸਿੰਘ ਸਿੱਧੂ ਬਣਿਆ, ਆਪਣੀ ਨਵ-ਜੰਮੀ ਬੱਚੀ ਰਾਜ ਨੂੰ ਜਿਉਂਦਿਆਂ ਹੀ ਦੱਬ ਦਿੱਤਾ। ਦਰਬਾਰ ਵਿਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਦਰਬਾਰ ਦੇ ਇਕ ਮਹਾਂਪੁਰਸ਼ ਨੇ ਗਜਪਤ ਸਿੰਘ ਨੂੰ ਕਿਹਾ ਕਿ ਉਨ੍ਹਾਂ ਨੇ ਇਹ ਅੱਛਾ ਕੰਮ ਨਹੀਂ ਕੀਤਾ ਕਿਉਂਕਿ ਇਸ ਲੜਕੀ ਨੇ ਤਾਂ ਵੱਡੀ ਹੋ ਕੇ ਇਕ ਮਹਾਂਬਲੀ ਨੂੰ ਜਨਮ ਦੇਣਾ ਸੀ। ਦਰਬਾਰੀ ਮਹਾਂਪੁਰਸ਼ ਦੀ ਗੱਲ ਮੰਨ ਗਜਪਤ ਸਿੰਘ ਉਸ ਲੜਕੀ ਨੂੰ ਸਹੀ ਸਲਾਮਤ ਟੋਏ ਵਿਚੋਂ ਕੱਢ ਕੇ ਲੈ ਆਇਆ ਅਤੇ ਸ਼ਾਨੋ ਸ਼ੌਕਤ ਨਾਲ ਉਸ ਦੀ ਪਰਵਰਿਸ਼ ਸ਼ੁਰੂ ਕਰ ਦਿੱਤੀ।
ਵੱਡੀ ਹੋ ਕੇ ਇਹ ਲੜਕੀ ਰਾਜ ਤੋਂ ਰਾਜਕੁਮਾਰੀ ਰਾਜ ਕੌਰ ਬਣੀ ਅਤੇ ਉਸ ਦਾ ਵਿਆਹ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਨਾਲ ਹੋਇਆ। ਰਾਣੀ ਰਾਜ ਕੌਰ ਦੀ ਸੁਭਾਗੀ ਕੁਖੋਂ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਸਿੱਧੂਆਂ ਅਤੇ ਬਰਾੜਾਂ ਦਾ ਪਿਛੋਕੜ ਇਕ ਹੋਣ ਕਰਕੇ ਇਨ੍ਹਾਂ ਦਾ ਨਾਮ ‘ਕੁੜੀਮਾਰ ਸਿੱਧੂ ‘ਬਰਾੜ’ ਪੈ ਗਿਆ। ਕਿਸੇ ਵੀ ਹਿੰਦੀ ਜਾਂ ਅੰਗਰੇਜ਼ੀ ਇਤਿਹਾਸਕਾਰ ਦੀ ਕਿਤਾਬ ਚੁੱਕ ਲਵੋ ਦੋਹਾਂ ਦੇ ਨਾਮ ਨਾਲ ਕੁੜੀਮਾਰ ਵਿਸ਼ੇਸ਼ਣ ਜ਼ਰੂਰ ਜੁੜਿਆ ਹੋਇਆ ਮਿਲੇਗਾ। ਉਂਝ ਸਿੱਧੂ ਬਰਾੜ ਬਣੇ ਮਾਨ ਨਾਲ ਆਖਦੇ ਹਨ, “ਸ਼ੇਰੇ ਪੰਜਾਬ ਸਾਡਾ ਦੋਹਤਰਾ ਸੀ।”
ਪਿੰਡ ਦੇ ਸਿੱਧੂ ਪਰਿਵਾਰਾਂ ਦਾ ਸੰਖੇਪ ਵਰਣਨ
ਭੋਲਾ ਸਿੰਘ ਸਿੱਧੂ ਦੇ ਚਾਰ ਪੁੱਤਰਾਂ ਪਾਖਰ ਸਿੰਘ, ਈਸਰ ਸਿੰਘ, ਸੰਤਾ ਸਿੰਘ ਅਤੇ ਬੰਤਾ ਸਿੰਘ ਦਾ ਵੱਡਾ ਪਰਿਵਾਰ ਕਿਸੇ ਸਮੇਂ ਸਿੱਧੂ-ਪੀਰ ਖਾਂ ਪੱਤੀ ਦੀ ਧਰਮਸ਼ਾਲਾ। ਸਾਹਮਣੇ ਇਕੋ ਛੱਤ ਹੇਠ ਰਹਿੰਦਾ ਸੀ। ਪਰਿਵਾਰ ਹੋਰ ਵੱਡਾ ਹੋਣ ਬਾਅਦ ਇਸ ਪਰਿਵਾਰ ਨੇ ਕਈ ਥਾਵਾਂ ‘ਤੇ ਵਾਸਾ ਕਰ ਲਿਆ ਹੈ। ਪਾਖਰ ਸਿੰਘ ਸਿੱਧੂ ਖੇਤੀਬਾੜੀ ਦੇ ਕੰਮ ਵਿਚ ਮਾਹਰ ਵਜੋਂ ਮਸ਼ਹੂਰ ਸੀ। ਉਸ ਦੇ ਤਿੰਨ ਲੜਕਿਆਂ ਸਰਦਾਰਾ ਸਿੰਘ, ਗੁਰਨਾਮ ਸਿੰਘ ਅਤੇ ਦਲੀਪ ਸਿੰਘ ਨੇ ਖੇਤੀਬਾੜੀ ਦਾ ਕੰਮ ਹੀ ਕੀਤਾ। ਸਰਦਾਰਾ ਸਿੰਘ ਦਾ ਪਰਿਵਾਰ ਰਾਜਸਥਾਨ ਚਲਿਆ ਗਿਆ। ਗੁਰਨਾਮ ਸਿੰਘ ਦੇ ਲੜਕੇ ਅਰਬ ਦੇਸ਼ਾਂ ਵਿਚ ਵੀ ਗਏ ਅਤੇ ਇਧਰ ਵੀ ਮਕੈਨਿਕੀ ਆਦਿ ਦੇ ਕੰਮ ਕੀਤੇ। ਈਸਰ ਸਿੰਘ ਸਿੱਧੂ ਦੇ ਕੋਈ ਔਲਾਦ ਨਹੀਂ ਸੀ। ਸੰਤਾ ਸਿੰਘ ਸਿੱਧੂ ਦਾ ਲੜਕਾ ਬਾਬੂ ਸਿੰਘ ਅਤੇ ਉਸ ਦਾ ਪੁੱਤਰ ਕੰਮਕਾਜ ਦੇ ਸਿਲਸਿਲੇ ਵਿਚ ਅਰਬ ਦੇਸ਼ਾਂ ਵਿਚ ਵੀ ਕੰਮ ਕਰ ਆਏ ਹਨ। ਬੰਤਾ ਸਿੰਘ ਸਿੱਧੂ ਜਵਾਨੀ ਸਮੇਂ ਬਹੁਤ ਸ਼ੌਕੀਨ ਸੀ । ਬੱਕਰੀਆਂ ਵੀ ਪਾਲਦਾ ਸੀ । ਉਸ ਦੇ ਤਿੰਨ ਲੜਕਿਆਂ ਗੁਰਮੇਲ ਸਿੰਘ, ਬਲਦੇਵ ਸਿੰਘ ਅਤੇ ਅਮੋਲਕ ਸਿੰਘ ਨੇ ਖੇਤੀਬਾੜੀ ਤੋਂ ਬਿਨਾਂ ਕੁਝ ਹੋਰ ਸਹਾਇਕ ਧੰਦੇ ਵੀ ਅਪਣਾਏ ਹੋਏ ਹਨ। ਅਰਬ ਦੇਸ਼ਾਂ ਵਿਚ ਵੀ ਕੰਮ ਕਰ ਚੁੱਕੇ ਹਨ।
ਸ਼ਾਮ ਸਿੰਘ ਸਿੱਧੂ ਦਾ ਵੱਡਾ ਪਰਿਵਾਰ ਹੈ। ਇਸ ਦੇ ਲੜਕਿਆਂ ਸੂਬਾ ਸਿੰਘ, ਕਰਤਾਰ ਸਿਘ, ਬਚਨ ਸਿੰਘ ਅਤੇ ਸ਼ੇਰ ਸਿੰਘ ਨੇ ਵਖਰੇ-ਵਖਰੇ ਧੰਦਿਆਂ ਨੂੰ ਤਰਜੀਹ ਦਿੱਤੀ। ਜਵਾਨੀ ਸਮੇਂ ਸੂਬਾ ਸਿੰਘ ਸਿੱਧੂ ਬਹੁਤ ਸ਼ੌਕੀਨ ਸੀ, ਮੋਗਾ ਸ਼ਹਿਰ ਵਿਚ ਬਕਰੀਆਂ ਰੱਖ ਕੇ ਦੁੱਧ ਦਾ ਕਾਰੋਬਾਰ ਕਰਦਾ ਸੀ ਪਰੰਤੂ ਪਾਕਿਸਤਾਨ ਬਣਨ ਤੋਂ ਬਾਅਦ ਪਿੰਡ ਵਾਪਸ ਆ ਗਿਆ। ਉਸ ਦੇ ਕੋਈ ਲੜਕਾ ਨਹੀਂ ਸੀ। ਖ਼ਾਨਦਾਨ ਨੂੰ ਸਮਰਪਤ ਸੂਬਾ ਸਿੰਘ ਨੇ ਆਪਣੇ ਭਤੀਜੇ ਭਾਗ ਸਿੰਘ ਨੂੰ ਗੋਦ ਲੈ ਕੇ ਪੜ੍ਹਾਇਆ, ਅਤੇ ਬਾਅਦ ਵਿਚ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ‘ਤੇ ਲੁਆ ਦਿੱਤਾ। ਜਿਹੜਾ ਹੁਣ ਸਿੱਧੂ ਪੱਤੀ ਹੀ ਨਹੀਂ ਸਗੋਂ ਸਾਰੇ ਪਿੰਡ ਵਾਸੀਆਂ ਦੇ ਬਿਜਲੀ ਨਾਲ ਸਬੰਧਤ ਕੰਮ ਬਿਨਾਂ ਕਿਸੇ ਭੇਦ- ਭਾਵ ਦੇ ਕਰਦਾ ਹੈ। ਕਰਤਾਰ ਸਿੰਘ ਸਿੱਧੂ ਬਹੁਤ ਹੀ ਖ਼ੁਸ਼ਦਿਲ, ਖ਼ੁਸ਼ੀਆਂ ਵੰਡਣ ਵਾਲਾ ਅਤੇ ਚਿੰਤਨ ਪੁਰਸ਼ ਸੀ। ਮੀਂਹ, ਕਣੀ ਅਤੇ ਗ੍ਰਹਿਆਂ ਬਾਰੇ ਕਾਫੀ ਵਾਕਫ਼ੀ ਰੱਖਣ ਵਾਲੇ ਇਸ ਨੇਕ ਇਨਸਾਨ ਦਾ ਪਰਿਵਾਰ ਬਹੁਤ ਵਧਿਆ ਫੁਲਿਆ। ਉਸ ਨੇ ਆਪਣੇ ਦੋ ਵੱਡੇ ਲੜਕਿਆਂ ਨਾਜਰ ਸਿੰਘ ਅਤੇ ਬਹਾਦਰ ਸਿੰਘ ਨੂੰ ਭਾਰਤੀ ਫ਼ੌਜ ਵਿਚ ਭਰਤੀ ਕਰਵਾਇਆ। ਜਿਨ੍ਹਾਂ ਨੇ 1965 ਅਤੇ 1971 ਦੀਆਂ ਭਾਰਤ-ਪਾਕਿ ਲੜਾਈਆਂ ਸਮੇਂ ਵਡਮੁੱਲਾ ਯੋਗਦਾਨ ਪਾਇਆ। ਦੋਹਾਂ ਨੇ ਪੈਨਸ਼ਨ ਹੋ ਜਾਣ ਬਾਅਦ ਪੰਜਾਬ ਦੇ ਸਿਵਲ ਸਪਲਾਈ ਮਹਿਕਮੇ ਵਿਚ ਵੀ ਨੌਕਰੀ ਕੀਤੀ। ਵਿਚਕਾਰਲੇ ਲੜਕੇ ਸੌਦਾਗਰ ਸਿੰਘ ਨੇ ਖੇਤੀਬਾੜੀ ਕੀਤੀ। ਕਰਤਾਰ ਸਿੰਘ ਦੇ ਛੋਟੇ ਲੜਕੇ ਮੇਜਰ ਸਿੰਘ ਅਤੇ ਮੇਘਾ ਸਿੰਘ ਕੈਨੇਡਾ ਪਰਵਾਸ ਕਰ ਗਏ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਸਟਸਫੋਰਡ ਦੇ ਨਿਵਾਸੀ ਹਨ।
ਬਚਨ ਸਿੰਘ ਸਿੱਧੂ (ਵਰਨਣ ਅੱਗੇ) ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਵਜੋਂ ਕੁੱਦਿਆ ਅਤੇ ਜਨੇਰ ਦਾ ਨਾਮ ਅੰਤਰਰਾਸ਼ਟਰੀ ਪੱਧਰ ਤਕ ਚਮਕਾਇਆ। ਉਸ ਦੇ ਤਿੰਨ ਲੜਕੇ ਸੁਰਜੀਤ ਸਿੰਘ, ਅਮਰਜੀਤ ਸਿੰਘ ਅਤੇ ਬਲਵੰਤ ਸਿੰਘ ਹਨ। ਸੁਰਜੀਤ ਸਿੰਘ ਪੜ੍ਹਿਆ ਨਹੀਂ ਪਰੰਤੂ ਸਮਝਦਾਰ ਕਿਸਾਨ ਹੈ। ਅਮਰਜੀਤ ਸਿੰਘ ਕੁਵੈਤ ਦੇਸ਼ ਵਿਚ ਬਤੌਰ ਇਲੈਕਟ੍ਰੀਸ਼ਨ ਵਧੀਆ ਕੰਪਨੀ ਦਾ ਪੱਕਾ ਮੁਲਾਜ਼ਮ ਹੈ। ਗੁਰਸਿੱਖ ਵਾਲੀ ਜੀਵਨ ਸ਼ੈਲੀ ਦਾ ਧਾਰਨੀ ਹੈ। ਉਸ ਦਾ ਲੜਕਾ ਖੇਤੀਬਾੜੀ ਦਾ ਕੰਮ ਕਰਦਾ ਹੈ। ਬਲਵੰਤ ਸਿੰਘ ਨੇ ਰੋਟੀ ਰੋਜ਼ੀ ਲਈ ਕਈ ਕੰਮ ਕੀਤੇ। ਅੱਜ ਕਲ੍ਹ ਆਪ ਪ੍ਰਾਈਵੇਟ ਸਕਿਊਰਟੀ ਗਾਰਡ ਵਜੋਂ ਅਤੇ ਉਸ ਦਾ ਲੜਕਾ ਡਰਾਈਵਰ ਦੇ ਤੌਰ ‘ਤੇ ਬਾਬਾ ਈਸਰ ਸਿੰਘ ਸਿਖਿਆ ਸੰਸਥਾਵਾਂ ਵਿਚ ਕੰਮ ਕਰਦੇ ਹਨ। ਸ਼ੇਰ ਸਿੰਘ ਸਿੱਧੂ ਦੇ ਦੋ ਲੜਕੇ ਗੁਰਸੇਵ ਸਿੰਘ ਅਤੇ ਕੇਵਲ ਸਿੰਘ ਜਮਾਂਦਰੂ ਗੁੰਗੇ ਹੋਣ ਦੇ ਬਾਵਜੂਦ ਵੀ ਹਰ ਵੇਲੇ ਹੰਸੂ-ਹੰਸੂ ਕਰਦੇ ਰਹਿੰਦੇ ਹਨ ਅਤੇ ਆਪਣੇ ਕੰਮ ਵਿਚ ਮਸਤ ਵੀ ਰਹਿੰਦੇ ਹਨ। ਸੇਖਾ ਸਿੰਘ ਪੰਚਾਇਤੀ ਕੰਮਾਂ ਵਿਚ ਕਾਫੀ ਸਰਗਰਮ ਹੈ। ਕੁਲਵੰਤ ਸਿੰਘ ਨੇ ਖੇਤੀਬਾੜੀ ਦਾ ਕੰਮ ਸੰਭਾਲਿਆ ਹੋਇਆ ਹੈ।
ਗੰਡਾ ਸਿੰਘ ਸਿੱਧੂ ਅਤੇ ਘੁਮੰਡਾ ਸਿੰਘ ਸਿੱਧੂ ਦੋਹਾਂ ਭਰਾਵਾਂ ਦੀ ਰਹਾਇਸ਼ ਜਨੇਰ-ਖੋਸਾ ਸੜਕ ਉਪਰ ਹੈ। ਗੰਡਾ ਸਿੰਘ ਜਵਾਨੀ ਸਮੇਂ ਬੋਰੀ ਅਤੇ ਮੁਦਕਰ ਚੁੱਕਣ ਵਿਚ ਮਸ਼ਹੂਰ ਸੀ। ਉਸ ਦੇ ਪੁੱਤਰ ਲਛਮਣ ਸਿੰਘ ਅਤੇ ਜੈਂਟ ਸਿੰਘ ਹਨ। ਲਛਮਣ ਸਿੰਘ ਤਾਂ ਖੇਤੀਬਾੜੀ ਦਾ ਕਾਰੋਬਾਰ ਹੀ ਕਰਦਾ ਰਿਹਾ ਪਰੰਤੂ ਜੈਂਟ ਸਿੰਘ ਖੇਤੀਬਾੜੀ ਵੀ ਸਾਂਭਦਾ ਹੈ ਅਤੇ ਅਰਬ ਦੇਸ਼ਾਂ ਵਿਚ ਵੀ ਕੰਮ ਕਰ ਆਉਂਦਾ ਹੈ। ਘੁਮੰਡਾ ਸਿੰਘ ਦੇ ਚਾਰ ਲੜਕਿਆਂ ਵਿਚੋਂ ਵੱਡੇ ਦੋ ਬਿੱਲੂ ਸਿੰਘ ਅਤੇ ਦੇਵ ਸਿੰਘ ਨੇ ਤਾਂ ਖੇਤੀਬਾੜੀ ਦਾ ਧੰਦਾ ਹੀ ਅਪਣਾਇਆ ਪਰੰਤੂ ਛੋਟੇ ਦੋਵੇਂ ਮੇਜਰ ਸਿੰਘ ਅਤੇ ਠਾਣਾ ਸਿੰਘ ਮਕੈਨਕੀ ਲਾਈਨ ਵਿਚ ਹਨ। ਵਰਕਸ਼ਾਪਾਂ ਵਿਚ ਕੰਮ ਕਰਦੇ ਹਨ ਅਤੇ ਅਰਬ ਦੇਸ਼ਾਂ ਵਿਚ ਵੀ ਮਕੈਨਿਕੀ ਦੇ ਕੰਮ ਕਰ ਆਉਂਦੇ ਹਨ। ਇਨ੍ਹਾਂ ਪਰਿਵਾਰਾਂ ਦੇ ਸਕਿਆਂ ਵਿਚੋਂ ਹੀ ਜੰਗੀਰ ਸਿੰਘ ਸਿੱਧੂ ਦਾ ਪਰਿਵਾਰ ਹੈ। ਪਹਿਲਾਂ ਇਸ ਪਰਿਵਾਰ ਦੀ ਰਹਾਇਸ਼ ਪਿੰਡ ਦੇ ਵਿਚਕਾਰ ਥੇਹ ਉਪਰਲੇ ਮਕਾਨ ਵਿਚ ਸੀ ਅੱਜਕਲ੍ਹ ਇਹ ਪਰਿਵਾਰ ਮੋਗਾ ਧਲੇਕੇ ਸੜਕ ‘ਤੇ ਆਪਣੇ ਖੇਤਾਂ ਵਿਚ ਵਸ ਗਿਆ ਹੈ। ਜੰਗੀਰ ਸਿੰਘ ਬਹੁਤ ਬੜ੍ਹਕ ਵਾਲਾ ਬੰਦਾ ਸੀ ਖਾਣ-ਪੀਣ ਦਾ ਸ਼ੌਕੀਨ ਪਰੰਤੂ ਸਾਫ਼ ਦਿਲ ਇਨਸਾਨ ਸੀ। ਉਸ ਦੇ ਵੱਡੇ ਲੜਕੇ ਅਜੈਬ ਸਿੰਘ ਦੇ ਤਿੰਨ ਪੁੱਤਰ ਚਮਕੌਰ ਸਿੰਘ, ਜਰਨੈਲ ਸਿੰਘ ਅਤੇ ਕਰਨੈਲ ਸਿੰਘ ਹਨ। ਖੇਤੀਬਾੜੀ ਦੇ ਕੰਮ ਦੇ ਨਾਲ ਵਰਕਸ਼ਾਪਾਂ ਵਿਚ ਵੀ ਕੰਮ ਕਰ ਲੈਂਦੇ ਹਨ। ਹਾਕਮ ਦੇ ਦੋ ਲੜਕੇ ਹਨ।
ਅਨੂਪ ਸਿੰਘ ਸਿੱਧੂ ਦਾ ਪਰਿਵਾਰ ਭਾਰਤ, ਮਲੇਸ਼ੀਆ ਅਤੇ ਕੈਨੇਡਾ ਤਿੰਨ ਦੇਸ਼ਾਂ ਵਿਚ ਵਸਦਾ ਹੈ। ਉਸ ਦੇ ਤਿੰਨ ਲੜਕਿਆਂ ਦਲੀਪ ਸਿੰਘ, ਪ੍ਰੇਮ ਸਿੰਘ, ਗੁਰਨਾਮ ਸਿੰਘ ਵਿਚੋਂ ਪਹਿਲੇ ਦੋਵੇਂ ਤਾਂ ਲੰਮਾ ਸਮਾਂ ਪਹਿਲਾਂ ਮਲੇਸ਼ੀਆ ਨਿਵਾਸੀ ਬਣ ਗਏ ਸਨ ਉਥੇ ਉਨ੍ਹਾਂ ਦੀ ਤੀਜੀ ਪੀੜ੍ਹੀ ਚਲ ਰਹੀ ਹੈ। ਗੁਰਨਾਮ ਸਿੰਘ ਸਿੱਧੂ ਸਮੇਤ ਉਸ ਦੇ ਛੋਟੇ ਦੋਵੇਂ ਲੜਕੇ ਮੋਹਰ ਸਿੰਘ ਅਤੇ ਕੇਵਲ ਸਿੰਘ ਕੈਨੇਡਾ ਨਿਵਾਸੀ ਬਣ ਗਏ ਸਨ। ਮੋਹਰ ਸਿੰਘ ਦਾ ਵੱਡਾ ਲੜਕਾ ਕੈਨੇਡਾ ਵਿਚ ਦੰਦਾਂ ਦਾ ਡਾਕਟਰ ਹੈ ਅਤੇ ਦੋਹਾਂ ਦੇ ਦੂਜੇ ਬੱਚੇ ਪੜ੍ਹਾਈ ਕਰ ਰਹੇ ਹਨ। ਸਾਰੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਹਨ। ਗੁਰਨਾਮ ਸਿੰਘ ਸਿੱਧੂ ਦੇ ਵੱਡੇ ਦੋਵੇਂ ਲੜਕੇ ਗੁਰਤੇਜ ਸਿੰਘ ਅਤੇ ਸਾਧੂ ਸਿੰਘ ਜਨੇਰ ਹੀ ਵਸਦੇ ਹਨ, ਖੇਤੀਬਾੜੀ ਦਾ ਅੱਛਾ ਕਾਰੋਬਾਰ ਹੈ। ਗੁਰਤੇਜ ਸਿੰਘ ਦਾ ਵੱਡਾ ਲੜਕਾ ਗੁਰਮੀਤ ਸਿੰਘ ਤਾਂ ਕੈਨੇਡੀਅਨ ਸ਼ਹਿਰੀ ਬਣ ਕੇ ਐਡਮਿੰਟਨ ਸ਼ਹਿਰ ਵਿਚ ਵਸ ਗਿਆ, ਛੋਟਾ ਜੀਤਾ ਸਿੰਘ ਪਿੰਡ ਵਿਚ ਸਫ਼ਲ ਕਿਸਾਨ ਹੈ। ਸਾਧੂ ਸਿੰਘ ਦਾ ਪਰਿਵਾਰ ਦਾ ਵੀ ਕੈਨੇਡਾ ਪਹੁੰਚਣ ਦੀ ਤਿਆਰੀ ਵਿਚ ਹੈ। ਗੁਰਨਾਮ ਸਿੰਘ ਸਿੱਧੂ ਦੇ ਪਰਿਵਾਰ ਨਾਲ ਸਬੰਧਤ ਨਾਜਰ ਸਿੰਘ ਸਿੱਧੂ ਦਾ ਪਰਿਵਾਰ ਵੀ ਕਿਸੇ ਸਮੇਂ ਜਨੇਰ ਵਿਚ ਵਸਦਾ ਸੀ, ਉਸ ਦੇ ਤਿੰਨ ਲੜਕਿਆਂ ਗੁਰਮੇਲ ਸਿਘ, ਮੁਹਿੰਦਰ ਸਿੰਘ ਅਤੇ ਜੁਗਿੰਦਰ ਸਿੰਘ ਨੇ ਜਨੇਰ ਵਾਲੀ ਜ਼ਮੀਨ ਜਾਇਦਾਦ ਵੇਚ ਕੇ ਸਰਸੇ ਨੇੜੇ ਜ਼ਮੀਨ ਖ਼ਰੀਦ ਲਈ। ਇਨ੍ਹਾਂ ਦੇ ਗੁਆਂਢ ਵਿਚ ਹੀ ਸ਼ਾਮ ਸਿੰਘ ਸਿੱਧੂ ਦਾ ਪਰਿਵਾਰ ਵਸਦਾ ਸੀ। ਸ਼ਾਮ ਸਿੰਘ ਘੋੜੀਆਂ ਪਾਲਣ ਦਾ ਸ਼ੌਕੀਨ ਸੀ। ਉਸ ਦੇ ਕੋਈ ਲੜਕਾ ਨਾ ਹੋਣ ਕਰਕੇ ਉਸ ਦੀਆਂ ਲੜਕੀਆਂ ਨੇ ਜ਼ਮੀਨ ਵੇਚ ਦਿੱਤੀ ਅਤੇ ਆਪਣੇ ਸਹੁਰੇ ਘਰ ਹੋਰ ਜ਼ਮੀਨ ਖ਼ਰੀਦ ਕੇ ਉਨ੍ਹਾਂ ਦੀ ਪਹਿਲਾਂ ਹੀ ਵੱਡੀ ਜਾਇਦਾਦ ਵਿਚ ਹੋਰ ਵਾਧਾ ਕਰ ਦਿੱਤਾ।
ਪ੍ਰਤਾਪ ਸਿੰਘ ਸਿੱਧੂ ਅਤੇ ਬਿਸ਼ਨ ਸਿੰਘ ਸਿੱਧੂ ਦਾ ਪਰਿਵਾਰ ਹਾਲੀਂ ਵੀ ਸੰਯੁਕਤ ਪਰਿਵਾਰ ਵਜੋਂ ਵਿਚਰ ਰਿਹਾ ਹੈ। ਇਨ੍ਹਾਂ ਦੇ ਚਾਰ ਲੜਕੇ ਸਾਧੂ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ ਅਤੇ ਬਿੱਕਰ ਸਿੰਘ ਇਕੋ ਜਗ੍ਹਾ ਇਕੱਠੇ ਰਹਿੰਦੇ ਹਨ। ਸਾਧੂ ਸਿੰਘ ਫ਼ੌਜ ਦੀ ਨੌਕਰੀ ਕਰਕੇ ਹਵਾਲਦਾਰ ਦੇ ਰੈਂਕ ਤੋਂ ਰਿਟਾਇਰ ਹੋਇਆ ਸੀ । ਉਸ ਦਾ ਲੜਕਾ ਆਪਣੇ ਚਾਚੇ ਮਲਕੀਤ ਨਾਲ ਖੇਤੀਬਾੜੀ ਦਾ ਕੰਮ ਕਰਦਾ ਹੈ। ਮਲਕੀਤ ਸਿੰਘ 65 ਕਿਲੋ ਭਾਰ ਵਿਚ ਅੱਛਾ ਖਿਡਾਰੀ ਵੀ ਰਿਹਾ ਹੈ। ਗੁਰਦੀਪ ਸਿੰਘ ਅਤੇ ਬਿੱਕਰ ਸਿੰਘ ਵਿਆਹੇ ਨਹੀਂ ਹਨ ਅਤੇ ਬੇਫ਼ਿਕਰੀ ਵਾਲੀ ਮਸਤ ਜ਼ਿੰਦਗੀ ਵਿਚ ਹੀ ਰਹਿਣਾ ਪਸੰਦ ਕਰਦੇ ਹਨ।
ਜਵਾਲਾ ਸਿੰਘ ਸਿੱਧੂ ਦੇ ਚਾਰ ਲੜਕੇ ਉਜਾਗਰ ਸਿੰਘ, ਚੰਨਣ ਸਿੰਘ, ਹਜ਼ਾਰਾ ਸਿੰਘ ਅਤੇ ਨਿਰੰਜਨ ਸਿੰਘ ਹੋਏ। ਇਨ੍ਹਾਂ ਵਿਚੋਂ ਸਿਰਫ਼ ਨਿਰੰਜਨ ਸਿੰਘ ਸਿੱਧੂ ਨੇ ਹੀ ਵਿਆਹ ਕਰਵਾਇਆ। ਮੋਟੀ ਜਾਇਦਾਦ ਦੇ ਮਾਲਕ ਹੁੰਦਿਆਂ ਵੀ ਦੂਜੇ ਤਿੰਨਾਂ ਨੇ ਵਿਆਹ ਨਹੀਂ ਕਰਵਾਏ ਸਗੋਂ ਐਸ਼ ਇਸ਼ਰਤ ਦੀ ਜ਼ਿੰਦਗੀ ਬਤੀਤ ਕਰਨ ਵਿਚ ਹੀ ਮਸਤ ਰਹੇ। ਨਿਰੰਜਨ ਸਿੰਘ ਸਿੱਧੂ ਬਹੁਤ ਦੂਰ-ਅੰਦੇਸ਼ੀ ਹੋਣ ਕਰਕੇ ਉਸ ਨੇ ਆਪਣੇ ਦੋਵਾਂ ਲੜਕਿਆਂ ਨੂੰ ਪੜ੍ਹਾ ਲਿਖਾ ਕੇ ਨੌਕਰੀਆਂ ਕਰਨ ਦੇ ਯੋਗ ਬਣਾਇਆ। ਉਸ ਦਾ ਵੱਡਾ ਲੜਕਾ ਨਾਇਬ ਸਿੰਘ ਸਿੱਧੂ ਸਰਕਾਰੀ ਸਕੂਲ ਵਿਚ ਲੰਮਾ ਸਮਾਂ ਮਾਸਟਰ ਲੱਗਾ ਰਿਹਾ ਪਰੰਤੂ ਬੇਵਕਤ ਮੌਤ ਕਾਰਨ ਉਹ ਮਾਸਟਰੀ ਦੀ ਪੈਨਸ਼ਨ ਦਾ ਆਨੰਦ ਨਾ ਮਾਣ ਸਕਿਆ। ਉਸ ਦਾ ਇਕੋ ਇਕ ਲੜਕਾ ਸੇਵਕ ਸਿੰਘ ਬਹੁਤ ਮਿਹਨਤੀ ਨਿਕਲਿਆ। ਬਾਰ੍ਹਵੀਂ ਜਮਾਤ ਪਾਸ ਕਰਕੇ ਉਹ ਸਕੂਲ ਵਿਚ ਕਲਰਕ ਲੱਗ ਗਿਆ ਪਰੰਤੂ ਅੱਛੀ ਸੰਗਤ ਨੇ ਉਸ ਨੂੰ ਅੱਗੇ ਹੋਰ ਪੜ੍ਹਾਈ ਦੀ ਲਿਵ ਨਾਲ ਜੋੜਿਆ। ਮਿਹਨਤੀ ਸੇਵਕ ਸਿੰਘ ਪ੍ਰਾਈਵੇਟ ਤੌਰ ‘ਤੇ ਐਮ.ਏ., ਬੀ.ਐਡ ਪਾਸ ਕਰਕੇ ਸਿੱਧੂ ਪੱਤੀ ਦੇ ਨੌਜੁਆਨਾਂ ਲਈ ਰੋਲ ਮਾਡਲ ਬਣਿਆ। ਨਿਰੰਜਨ ਸਿੰਘ ਸਿੱਧੂ ਦਾ ਛੋਟਾ ਲੜਕਾ ਅਜੈਬ ਸਿੰਘ ਸਿੱਧੂ ਚੰਡੀਗੜ੍ਹ ਨਿਵਾਸੀ ਬਣ ਗਿਆ ਹੈ। ਉਸ ਨੇ ਵੀ ਆਪਣੀ ਵਿਦਿਅਕ ਯੋਗਤਾ ਵਿਚ ਵਾਧਾ ਕਰ ਲਿਆ ਅਤੇ ਫੂਡ ਐਂਡ ਸਪਲਾਈ ਅਫ਼ਸਰ ਦੇ ਅਹੁਦੇ ਤੋਂ ਰਿਟਾਇਰ ਹੋਇਆ। ਉਸ ਦੀਆਂ ਲੜਕੀਆਂ ਦੀ ਸ਼ਾਦੀ ਅਮਰੀਕਾ ਵਿਚ ਹੋ ਗਈ।
ਨਿਰੰਜਨ ਸਿੰਘ ਸਿੱਧੂ ਦੇ ਸਕਿਆਂ ਵਿਚੋਂ ਹੀ ਤਿੰਨ ਭਰਾ ਪ੍ਰਤਾਪ ਸਿੰਘ ਸਿੱਧੂ, ਵਸਾਵਾ ਸਿੰਘ ਸਿੱਧੂ ਅਤੇ ਇੰਦਰ ਸਿੰਘ ਸਿੱਧੂ ਸਨ। ਇਨ੍ਹਾਂ ਵਿਚੋਂ ਪ੍ਰਤਾਪ ਸਿੰਘ ਸਿੱਧੂ ਹੀ ਵਿਆਹਿਆ ਹੋਇਆ ਸੀ, ਉਸ ਦੇ ਔਲਾਦ ਨਾ ਹੋਈ ਤਾਂ ਉਸ ਨੇ ਆਪਣੀ ਪਤਨੀ ਦੇ ਪੇਕੇ ਪਰਿਵਾਰ ਤੋਂ ਸਰ੍ਹਾਂ ਪਰਿਵਾਰ ਨੂੰ ਆਪਣੀ ਅਤੇ ਜਾਇਦਾਦ ਦੀ ਦੇਖਭਾਲ ਲਈ ਬੁਲਾ ਲਿਆ। ਸਰ੍ਹਾਵਾਂ ਬਾਰੇ ਵਖਰਾ ਲਿਖਿਆ ਜਾਵੇਗਾ। ਇਕ ਹੋਰ ਮਹਿੰਗਾ ਸਿੰਘ ਸਿੱਧੂ, ਸਰਵਣ ਸਿੰਘ ਸਿੱਧੂ ਅਤੇ ਜਰਨੈਲ ਸਿੰਘ ਸਿੱਧੂ ਦਾ ਪਰਿਵਾਰ ਵੀ ਸਿੱਧੂ ਪੱਤੀ ਵਿਚ ਵਸਦਾ ਹੈ। ਮਹਿੰਗਾ ਸਿੰਘ ਸਿੱਧੂ ਖੇਤੀਬਾੜੀ ਦਾ ਕੰਮ ਹੀ ਕਰਦਾ ਰਿਹਾ। ਉਸ ਦਾ ਲੜਕਾ ਨਛੱਤਰ ਸਿੰਘ ਵੀ ਘਰੇਲੂ ਕੰਮ ਕਾਜਾਂ ਵਿਚ ਹੀ ਗ੍ਰਸਤ ਰਿਹਾ। ਅੱਗ ਉਸ ਦਾ ਲੜਕਾ ਤਰਸੇਮਾ ਸਿੰਘ ਹਾਈਵੇ ਡਰਾਈਵਰ ਹੈ। ਸਰਵਣ ਸਿੰਘ ਵਿਆਹਿਆ ਨਹੀਂ ਸੀ। ਜਰਨੈਲ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਇਹ ਉਹ ਹੀ ਜਰਨੈਲ ਸਿੰਘ ਸਿੱਧੂ ਹੈ ਜਿਸ ਨੂੰ ਆਪਣੇ ਗੋਦ ਲਈ ਲੜਕੇ ਗੁਰਮੇਲ ਸਿੰਘ ਨਾਲ ਮਿੱਟੀ ਪੁਟਦੇ ਸਮੇਂ ਵਿਸ਼ਨੂੰ ਭਗਵਾਨ ਦੀ ਮੂਰਤੀ ਲੱਭੀ ਸੀ। ਜਰਨੈਲ ਸਿੰਘ ਸਿੱਧੂ ਦੇ ਕੋਈ ਔਲਾਦ ਨਾ ਹੋਣ ਕਰਕੇ ਉਸ ਨੇ ਆਪਣੀ ਪਤਨੀ ਕਰਤਾਰ ਕੌਰ ਦਾ ਭਤੀਜਾ ਗੁਰਮੇਲ ਸਿੰਘ ਗੋਦ ਲੈ ਲਿਆ ਸੀ। ਗੁਰਮੇਲ ਸਿੰਘ ਖੇਤੀਬਾੜੀਵੀ ਕਰਦਾ ਹੈ ਅਤੇ ਇਸ ਤੋਂ ਬਿਨਾਂ ਜੇ.ਸੀ.ਬੀ. ਮਸ਼ੀਨ ਨਾਲ ਮਿੱਟੀ ਪੁੱਟ ਕੇ ਟਰੈਕਟਰ ਟਰਾਲੀਆਂ ਨਾਲ ਭਰਤੀ ਪਾਉਣ ਦਾ ਅੱਛਾ ਕਾਰੋਬਾਰ ਕਰਦਾ ਹੈ।
ਸਿੱਧੂ ਪੱਤੀ ਵਾਲੇ ਟਹਿਲ ਸਿੰਘ ਸਿੱਧੂ ਅਤੇ ਮਹਿਲ ਸਿੰਘ ਸਿੱਧੂ ਦੋਹਾਂ ਭਰਾਵਾਂ ਵਿਚੋਂ ਕੇਹਰ ਸਿੰਘ ਸਿੱਧੂ ਦੇ ਹੀ ਔਲਾਦ ਹੋਈ। ਕੇਹਰ ਸਿੰਘ ਸਿੱਧੂ ਧਾਰਮਿਕ ਵਿਚਾਰਾਂ ਵਾਲਾ ਇਨਸਾਨ ਸੀ, ਜਿਸ ਦੀ ਪਛਾਣ ਸਹਿਜੇ ਹੀ ਉਸ ਦੇ ਲੰਮੇ ਚਿੱਟੇ ਪ੍ਰਕਾਸ਼ ਕੀਤੇ ਦਾਹੜੇ ਤੋਂ ਹੁੰਦੀ ਸੀ। ਉਸ ਦੇ ਦੋ ਲੜਕੇ ਗੁਰਦੇਵ ਸਿੰਘ ਅਤੇ ਮੰਦਰ ਸਿੰਘ ਹਨ। ਗੁਰਦੇਵ ਸਿੰਘ ਸਕੂਲ ਨਹੀਂ ਗਿਆ ਅਤੇ ਪਿਤਾ ਪੁਰਖੀ ਕੰਮ ਖੇਤੀਬਾੜੀ ਵਿਚ ਹੀ ਰੁਝਿਆ ਰਿਹਾ। ਅੱਗੇ ਉਸ ਦੇ ਦੋ ਲੜਕਿਆਂ ਵਿਚੋਂ ਵੱਡਾ ਕੁੰਢਾ ਸਿੰਘ ਖੇਤੀਬਾੜੀ ਕਰਦਾ ਹੈ, ਛੋਟਾ ਕੁਲਵੰਤ ਸਿੰਘ ਮਲੇਸ਼ੀਆ ਵਿਚ ਵਿਆਹ ਕਰਵਾ ਕੇ ਪੱਕਾ ਹੀ ਮਲੇਸ਼ੀਆ ਵਾਸੀ ਬਣ ਗਿਆ। ਮੰਦਰ ਸਿੰਘ ਸਿੱਧੂ ਦਾ ਪਰਿਵਾਰ ਅਲੋਪ ਹੋ ਗਈ ਸਿੱਧੂ ਪੱਤੀ ਦੀ ਖੂਹੀ ਨੇੜੇ ਵਸਦਾ ਹੈ। ਮੰਦਰ ਸਿੰਘ ਨੇ ਪਹਿਲਾਂ ਤਿੰਨ ਕੁ ਸਾਲ ਸਕੂਲੀ ਵਿਦਿਆ ਹਾਸਲ ਕੀਤੀ, ਬਾਅਦ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪੜ੍ਹਦਾ ਰਿਹਾ ਸ਼ਾਇਦ ਇਹ ਹੀ ਕਾਰਨ ਹੈ ਕਿ ਉਹ ਕਬੀਲਦਾਰੀ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਕੇ ਹੁਣ 67 ਸਾਲ ਦੀ ਉਮਰ ਵਿਚ ਵੀ ਗੁਰੂ ਘਰ ਦਾ ਨਿਸ਼ਕਾਮ ਸੇਵਕ ਹੈ। ਟਰੈਕਟਰ ਚਲਾਉਣ ਸਮੇਤ ਗੁਰੂ ਘਰ ਦੇ ਹੋਰ ਸਾਰੇ ਕੰਮ ਵੀ ਉਸ ਦੇ ਪ੍ਰਬੰਧ ਹੇਠ ਚਲ ਰਹੇ ਹਨ। ਮੰਦਰ ਸਿੰਘ ਸਿੱਧੂ ਦੇ ਦੋ ਲੜਕੇ ਹਨ, ਵੱਡਾ ਲੜਕਾ ਲਖਵੀਰ ਸਿੰਘ ਸਿੱਧੂ ਪੱਤੀ ਦੀ ਪੰਚਾਇਤ ਮੈਂਬਰੀ ਦੀ ਨੁਮਾਇੰਦਗੀ ਵੀ ਕਰਦਾ ਹੈ ਅਤੇ ਨਵੀਂ ਪੀੜ੍ਹੀ ਦਾ ਖੜਪੰਚ ਵੀ। ਛੋਟਾ ਸਤਵੀਰ ਸਿੰਘ ਨਾਣਾ ਸਕੂਲ ਨਹੀਂ ਗਿਆ ਪਰੰਤੂ ਖੇਤੀਬਾੜੀ ਦੇ ਕੰਮ ਵਿਚ ਕਾਫੀ ਮਿਹਨਤੀ ਸਾਬਤ ਹੋਇਆ।
ਅਤਰ ਸਿੰਘ ਸਿੱਧੂ ਦੇ ਲੜਕੇ ਲੰਬਰਦਾਰ ਗੁਰਮੁਖ ਸਿੰਘ ਸਿੱਧੂ ਦਾ ਪਰਿਵਾਰ ਭਾਰਤ ਅਤੇ ਅਮਰੀਕਾ ਵਿਚ ਵਸਦਾ ਹੈ। ਗੁਰਮੁਖ ਸਿੰਘ ਪਾਸ ਸਿੱਧੂ ਪੱਤੀ ਦੀ ਲੰਬਰਦਾਰੀ ਸੀ ਜਿਹੜੀ ਅੱਜਕਲ੍ਹ ਉਸ ਦੇ ਲੜਕੇ ਮੁਕੰਦ ਸਿੰਘ ਪਾਸ ਹੈ। ਉਹ ਮੂੰਹ ‘ਤੇ ਸੱਚੀ ਗੱਲ ਕਹਿਣ ਲਈ ਮਸ਼ਹੂਰ ਸੀ ਪਰੰਤੂ ਸਾਫ਼ ਦਿਲ ਇਨਸਾਨ ਹੋਣ ਕਰਕੇ ਕੋਈ ਉਸ ਦਾ ਬੁਰਾ ਨਹੀਂ ਸੀ ਮਨਾਉਂਦਾ। ਉਸ ਦੇ ਤਿੰਨ ਲੜਕੇ ਮੱਘਰ ਸਿੰਘ, ਮੁਕੰਦ ਸਿੰਘ ਅਤੇ ਗੁਰਦਿਆਲ ਸਿੰਘ ਹਨ। ਕਿਸੇ ਸਮੇਂ ਇਸ ਪਰਿਵਾਰ ਨੇ ਆਪਣੇ ਖੇਤ ਵਿਚ ਲਗਭਗ ਇਕ ਏਕੜ ਵਿਚ ਲੰਮਾ ਚੌੜਾ ਮਕਾਨ ਬਣਾਇਆ ਪਰੰਤੂ ਪਰਿਵਾਰ ਦੇ ਜ਼ਿਆਦਾ ਮੈਂਬਰਾਂ ਦੇ ਅਮਰੀਕਾ ਪਰਵਾਸ ਕਰ ਜਾਣ ਬਾਅਦ ਅੱਜਕਲ੍ਹ ਲਗਪਗ ਵਿਰਾਨ ਪਿਆ ਜਾਪਦਾ ਹੈ। ਮੱਘਰ ਸਿੰਘ ਸਿੱਧੂ ਨੇ ਜਵਾਨੀ ਵਿਚ ਬਹੁਤ ਮਿਹਨਤੀ ਖੇਤੀ ਕਾਮੇ ਵਜੋਂ ਪਰਿਵਾਰਕ ਖੇਤੀਬਾੜੀ ਧੰਦੇ ਵਿਚ ਵੱਡਾ ਯੋਗਦਾਨ ਪਾਇਆ। ਬਾਅਦ ਵਿਚ ਉਸ ਨੇ ਵਧੀਆ ਢੰਗ ਨਾਲ ਸਰਪੰਚੀ ਕਰਕੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ ਸਮੇਤ ਹੋਰ ਵੀ ਕਈ ਸੁਧਾਰ ਦੇ ਕੰਮ ਕੀਤੇ। ਉਸ ਦੇ ਦੋਵੇਂ ਲੜਕੇ ਦਰਸ਼ਨ ਸਿੰਘ ਅਤੇ ਬਲਵਿੰਦਰ ਸਿੰਘ ਅਮਰੀਕਾ ਨਿਵਾਸੀ ਹਨ। ਉਨ੍ਹਾਂ ਦੇ ਉਥੇ ਅੱਛੇ ਕਾਰੋਬਾਰ ਹਨ। ਮੱਘਰ ਸਿੰਘ ਸਿੰਧ ਨੂੰ ਵੀ ਉਨ੍ਹਾਂ ਪਾਸ ਪਰਵਾਸ ਕਰਨਾ ਪਿਆ। ਮੁਕੰਦ ਸਿੰਘ ਸਿੱਧੂ ਦੇ ਦੋਵੇਂ ਲੜਕੇ ਇੰਦਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਅਮਰੀਕਾ ਦੇ ਪੱਕੇ ਨਿਵਾਸੀ ਹਨ ਪਰੰਤੂ ਉਸ ਨੇ ਪਿੰਡ ਵਿਚ ਰਹਿਣ ਨੂੰ ਤਰਜੀਹ ਦਿੱਤੀ। ਪਹਿਲਾਂ ਉਹ ਮੱਘਰ ਸਿੰਘ ਤੋਂ ਬਾਅਦ ਪਿੰਡ ਦਾ ਸਰਪੰਚ ਬਣਿਆ, ਅੱਜਕਲ੍ਹ ਉਸ ਪਾਸ ਖ਼ਾਨਦਾਨੀ ਲੰਬਰਦਾਰੀ ਹੈ। ਗੁਰਦਿਆਲ ਸਿੰਘ ਸਿੱਧੂ ਨੇ ਜ਼ਿੰਦਗੀ ਵਿਚ ਬਹੁਤ ਮਿਹਨਤ ਕੀਤੀ। ਲੰਮਾ ਸਮਾਂ ਉਹ ਪਰਿਵਾਰਕ ਮੋਹ, ਪਿਆਰ ਅਤੇ ਸੁਖਾਂ ਦਾ ਤਿਆਗ ਕਰਕੇ ਵੱਡੀਆਂ ਸ਼ਿਪਿੰਗ ਕੰਪਨੀਆਂ ਵਿਚ ‘ਸ਼ਿਪਮੈਨ’ ਵਜੋਂ ਕੰਮ ਕਰਦਾ ਰਿਹਾ ਅਤੇ ਆਖ਼ਰ ਅਮਰੀਕਾ ਪਹੁੰਚ ਗਿਆ। ਉਸ ਦੀ ਇਕ ਲੜਕੀ ਅਮਰੀਕਾ ਵਿਚ ਪਰਿਵਾਰ ਸਹਿਤ ਰਹਿੰਦੀ ਹੈ ਅਤੇ ਦੂਜੀ ਪੰਜਾਬ ਵਿਚ । ਲੰਬਰਦਾਰ ਗੁਰਮੁਖ ਸਿੰਘ ਸਿੱਧੂ ਦਾ ਚੌਧਾ ਲੜਕਾ ਸੱਘੜ ਸਿੰਘ ਵੀ ਸੀ, ਉਹ ਮਾਨਸਿਕ ਅਤੇ ਸਰੀਰਕ ਪੱਖੋਂ ਜਮਾਂਦਰੂ ਬਿਮਾਰ ਸੀ ਅਤੇ ਪੰਜਾਹ ਕੁ ਸਾਲ ਦੀ ਉਮਰ ਵਿਚ ਹੀ ਪ੍ਰਲੋਕ ਸੁਧਾਰ ਗਿਆ। ਲੰਬਰਦਾਰ ਗੁਰਮੁਖ ਸਿੰਘ ਸਿੱਧੂ ਦਾ ਪਰਿਵਾਰ ਜ਼ਰੂਰਤਮੰਦਾਂ ਦੀ ਮਦਦ ਕਰਨ ਅਤੇ ਗੁਰੂ ਘਰ ਦੇ ਵੱਡੇ ਦਾਨੀਆਂ ਵਜੋਂ ਜਾਣਿਆ ਜਾਂਦਾ ਹੈ।
ਬਚਿੱਤਰ ਸਿੰਘ ਸਿੱਧੂ ਆਜ਼ਾਦੀ ਤੋਂ ਬਾਅਦ ਜਨੇਰ ਦਾ ਪਹਿਲਾ ਸਰਪੰਚ ਬਣਿਆ। ਅਨਪੜ੍ਹ ਹੁੰਦਿਆਂ ਵੀ ਉਹ ਸੌਂਚੀ ਪੱਕੀ ਖੇਡ ਦਾ ਵਧੀਆ ਖਿਡਾਰੀ ਸੀ । ਉਸ ਦੇ ਕੋਈ ਲੜਕਾ ਨਹੀਂ ਸੀ। ਉਸ ਦੀ ਲੜਕੀ ਵੀ ਭਰ ਜਵਾਨੀ ਵਿਚ ਗੀਟਣ ਸਿੰਘ ਨਾਮੀ ਬੱਚੇ ਨੂੰ ਜਨਮ ਦੇ ਕੇ ਰੱਬ ਨੂੰ ਪਿਆਰੀ ਹੋ ਗਈ। ਬਚਿੱਤਰ ਸਿੰਘ ਸਿੱਧੂ ਅਤੇ ਉਸ ਦੀ ਮਾਸੀ ਦੇ ਲੜਕੇ ਤਾਰਾ ਸਿੰਘ ਨੇ ਉਸ ਬੱਚੇ ਨੂੰ ਬੜੇ ਪਿਆਰ ਨਾਲ ਪਾਲਿਆ। ਗੀਟਣ ਸਿੰਘ ਅਤੇ ਉਸ ਦਾ ਲੜਕਾ ਗੁਰਮੇਲ ਸਿੰਘ ਕੈਨੇਡਾ ਦੇ ਸਰੀ ਸ਼ਹਿਰ ਦੇ ਪੱਕੇ ਨਿਵਾਸੀ ਹਨ। ਛੋਟਾ ਲੜਕਾ ਛਿੰਦਰ ਸਿੰਘ ਜਨੇਰ ਹੀ ਰਹਿੰਦਾ ਹੈ। ਬਚਿੱਤਰ ਸਿੰਘ ਸਿੱਧੂ ਦੇ ਸਕਿਆਂ ਵਿਚ ਦੋ ਭਰਾ ਨਿੱਕਾ ਸਿੰਘ ਸਿੱਧੂ ਅਤੇ ਪਾਲਾ ਸਿੰਘ ਸਿੱਧੂ ਵੀ ਬੇਔਲਾਦੇ ਰੱਬ ਨੂੰ ਪਿਆਰੇ ਹੋਏ। ਸੁਰਮੁਖ ਸਿੰਘ ਸਿੱਧੂ ਦਾ ਇਕ ਹੋਰ ਪਰਿਵਾਰ ਵੀ ਸਿੱਧੂ ਪੱਤੀ ਵਿਚ ਵਸਦਾ ਸੀ। ਸੁਰਮੁਖ ਸਿੰਘ ਸਿੱਧੂ ਦੇ ਕੋਈ ਲੜਕਾ ਨਹੀਂ ਸੀ। ਰੱਜੇ ਪੁੱਜੇ ਪਰਿਵਾਰ ਵਿਚ ਵਿਆਹੀ ਹੋਈ ਉਸ ਦੀ ਲੜਕੀ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਜਨੇਰ ਵਾਲੀ ਜਾਇਦਾਦ ਵੇਚ ਗਈ।
ਚੀਮਾ ਪੱਤੀ ਦਾ ਸਿੱਧੂ ਪਰਿਵਾਰ
ਸਿੱਧੂ ਪੱਤੀ ਵਾਲੇ ਸਿੱਧੂਆਂ ਤੋਂ ਬਿਨਾਂ ਚੀਮਾ ਪੱਤੀ ਵਿਚ ਵੀ ਸਿੱਧੂ ਭਾਈਚਾਰੇ ਨਾਲ ਸਬੰਧਤ ਇਕ ਵੱਡਾ ਪਰਿਵਾਰ ਵਸਦਾ ਹੈ। ਰੌਲਾ ਸਿੰਘ ਸਿੱਧੂ ਦੇ ਪਰਿਵਾਰ ਦੀ ਰਹਾਇਸ਼ ਕਿਸੇ ਸਮੇਂ ਚੀਮਾ ਪੱਤੀ ਵਿਚ ਹੁੰਦੀ ਸੀ । ਪਰੰਤੂ ਸਮੇਂ ਦੀਆਂ ਲੋੜਾਂ ਨੂੰ ਮੁਖ ਰਖਦੇ ਹੋਏ ਇਸ ਪਰਿਵਾਰ ਨੇ ਆਪਣੀ ਰਹਾਇਸ਼ ਜੀ.ਟੀ. ਰੋਡ ਉਪਰ ਸਥਿਤ ਆਪਣੀ ਜ਼ਮੀਨ ਵਿਚ ਕੋਟ ਈਸੇ ਖਾਂ ਸ਼ਹਿਰ ਦੀ ਦਿਸ਼ਾ ਵਲ ਕਰ ਲਈ। ਰੌਲਾ ਸਿੰਘ ਦਾ ਪੁੱਤਰ ਅਮਰ ਸਿੰਘ ਕਿਸੇ ਸਮੇਂ ਪਿੰਡ ਅਤੇ ਇਲਾਕੇ ਦੇ ਧੜੱਲੇਦਾਰ ਅਤੇ ਸਿਰਕੱਢ ਆਦਮੀਆਂ ਵਿਚ ਗਿਣਿਆ ਜਾਂਦਾ ਸੀ। ਉਸ ਦੇ ਦੋ ਪੁੱਤਰ ਪਾਲ ਸਿੰਘ ਅਜੈਬ ਸਿਘ ਹਨ। ਪਾਲ ਸਿੰਘ ਕਿਸੇ ਸਮੇਂ ਗੁਰੂ ਘਰ ਦਾ ਪੱਕਾ ਸੇਵਕ ਅਤੇ ਆਖੰਡ ਪਾਠੀ ਵੀ ਸੀ। ਉਸ ਦੇ ਤਿੰਨ ਲੜਕੇ ਜੋਰਾ ਸਿੰਘ, ਗੁਰਮੇਲ ਸਿੰਘ ਅਤੇ ਜਸਵਿੰਦਰ ਸਿੰਘ ਹਨ। ਜੋਰਾ ਸਿੰਘ ਨੇ ਤਾਂ ਛਟੀ ਉਮਰ ਵਿਚ ਹੀ ਪਿਤਾ ਪੁਰਖੀ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਗੁਰਮੇਲ ਸਿੰਘ ਦੁਬਈ ਵਿਚ ਅਤੇ ਜਸਵਿੰਦਰ ਸਿੰਘ ਜਿਹੜਾ ਕਿ ਪੇਸ਼ੇ ਵਜੋਂ ਕਾਰਪੈਂਟਰ ਹੈ ਬਹਿਰੀਨ ਦੇਸ਼ ਵਿਚ ਕੰਮ ਕਰਦਾ ਹੈ। ਅਜੈਬ ਸਿੰਘ ਪਿੰਡ ਦੀ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਬੰਧਾਂ ਵਿਚ ਸਰਗਰਮੀਆਂ ਰਖਦਾ ਹੈ ਅਤੇ ਉਸ ਦੇ ਲੜਕੇ ਹਰਜਿੰਦਰ ਨੇ ਘਰ ਦੀ ਖੇਤੀਬਾੜੀ ਅਤੇ ਹੋਰ ਜ਼ਿੰਮੇਵਾਰੀਆਂ ਸੰਭਾਲੀਆਂ ਹੋਈਆਂ ਹਨ।
ਇਸੇ ਪਰਿਵਾਰ ਦੇ ਨਜ਼ਦੀਕੀਆਂ ਵਿਚੋਂ ਹੀ ਧਰਮ ਸਿੰਘ ਸਿੱਧੂ, ਕਰਮ ਸਿੰਘ ਸਿੱਧੂ ਅਤੇ ਬਚਿੱਤਰ ਸਿੰਘ ਸਿੱਧੂ ਤਿੰਨ ਭਰਾ ਸਨ। ਧਰਮ ਸਿੰਘ ਦੇ ਕੋਈ ਲੜਕਾ ਨਾ ਹੋਣ ਕਾਰਨ ਪਰਿਵਾਰ ਅੱਗੇ ਨਾ ਵਧ ਸਕਿਆ। ਕਰਮ ਸਿੰਘ ਸਿੱਧੂ ਦੇ ਦੋ ਲੜਕੇ ਗੁਰਬਚਨ ਸਿੰਘ ਅਤੇ ਭਜਨ ਸਿੰਘ ਹਨ। ਗੁਰਬਚਨ ਸਿੰਘ ਦੇ ਦੋ ਲੜਕੇ ਰਣਜੀਤ ਸਿੰਘ ਅਤੇ ਹਰਜਿੰਦਰ ਸਿੰਘ ਖੇਤੀਬਾੜੀ ਕਰਦੇ ਹਨ। ਗੁਰਮੀਤ ਸਿੰਘ ਮੋਗਾ ਦੀ ਨੈਸਲੇ ਇੰਡੀਆ ਲਿਮਟਿਡ ਕੰਪਨੀ ਦਾ ਸੀਨੀਅਰ ਮੁਲਾਜ਼ਮ ਹੈ। ਆਪਣੀ ਸਖ਼ਤ ਮਿਹਨਤ ਸਦਕਾ ਇਸ ਨੇ ਕੰਪਨੀ ਵਿਚ ਅੱਛਾ ਅਸਰ-ਰਸੂਖ ਬਣਾਇਆ ਹੋਇਆ ਹੈ। ਭਜਨ ਸਿੰਘ ਸਿੱਧੂ ਤਾਂ ਜਵਾਨੀ ਵਿਚ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ ਪਰੰਤੂ ਉਸ ਦਾ ਲੜਕਾ ਸੁਖਵਿੰਦਰ ਸਿੰਘ ਪਰਿਵਾਰ ਸਹਿਤ ਕੈਨੇਡਾ ਦਾ ਪੱਕਾ ਨਿਵਾਸੀ ਬਣ ਕੇ
ਕੈਲਗਰੀ ਸ਼ਹਿਰ ਵਿਚ ਵਸਦਾ ਹੈ। ਬਚਿੱਤਰ ਸਿੰਘ ਸਿੱਧੂ ਦਾ ਇਕਲੌਤਾ ਪੁੱਤਰ ਨੈਬ ਸਿੰਘ ਸੀ। ਬਚਿੱਤਰ ਸਿੰਘ ਭਰ ਜਵਾਨੀ ਸਮੇਂ ਅਕਾਲ ਚਲਾਣਾ ਕਰ ਗਿਆ ਜਦੋਂ ਕਿ ਉਸ ਸਮੇਂ ਨੈਬ ਸਿੰਘ ਦੀ ਉਮਰ ਬਹੁਤ ਹੀ ਛੋਟੀ ਸੀ। ਬਚਿੱਤਰ ਸਿੰਘ ਦੀ ਵਿਧਵਾ ਬਚਨ ਕੌਰ ਨੇ ਬਹੁਤ ਹੀ ਮੁਸ਼ਕਲ ਭਰੇ ਹਾਲਾਤਾਂ ਵਿਚ ਨੈਬ ਸਿੰਘ ਨੂੰ ਪਾਲਿਆ। ਨੈਬ ਸਿੰਘ ਦਾ ਇਕੋ ਇਕ ਪੁੱਤਰ ਬਲਤੇਜ ਸਿੰਘ ਹੈ ਜਿਸ ਨੇ ਪਿੰਡ ਦੇ ਪੜ੍ਹੇ ਲਿਖੇ ਨੌਜੁਆਨ ਵਰਗ ਵਿਚ ਆਪਣੀ ਨਿਵੇਕਲੀ ਥਾਂ ਬਣਾਈ ਹੋਈ ਹੈ। ਇਸ ਅਗਾਂਹ ਵਧੂ ਸੋਚ ਦੇ ਧਾਰਨੀ ਨੌਜੁਆਨ ਨੇ ਪਿਡ ਵਿਚ ਹੀ ਕੀੜੇਮਾਰ ਦਵਾਈਆਂ ਅਤੇ ਬੀਜਾਂ ਦਾ ਕਾਰੋਬਾਰ ਕੀਤਾ ਹੋਇਆ ਹੈ।
ਇਥੇ ਵਰਨਣਯੋਗ ਹੈ ਕਿ ਸੰਤ ਬਾਬਾ ਅਤਰ ਸਿੰਘ ਜੀ ਵੀ ਉਪਰੋਕਤ ਸਿੱਧੂ ਪਰਿਵਾਰ ਨਾਲ ਸਬੰਧਤ ਸਨ ਜਿਨ੍ਹਾਂ ਨੂੰ ਬਾਬਾ ਪੌੜਾ ਸਿੰਘ ਜੀ ਦੇ ਗੁਰਪੁਰੀ ਸੁਧਾਰ ਜਾਣ ਬਾਅਦ ਜਨੇਰ ਦੇ ਗੁਰਦੁਆਰਾ ਸਾਹਿਬ ਦੇ ਰਾਹਨੁਮਾਹ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਜੀ ਨੇ ਗੁਰਸਿੱਖੀ ਅਤੇ ਗੁਰੂ ਘਰ ਨੂੰ ਸਮਰਪਤ ਜੀਵਨ ਤੋਂ ਸੇਧ ਲੈ ਕੇ ਇਹ ਸਿੱਧੂ ਪਰਿਵਾਰ ਵੀ ਗੁਰੂ ਘਰ ਦਾ ਸ਼ਰਧਾਵਾਨ ਹੈ ਅਤੇ ਸਿੱਖ ਰਹਿਤ ਮਰਿਆਦਾ ਨੂੰ ਆਪਣੀ ਜੀਵਨ ਸ਼ੈਲੀ ਵਿਚ ਅਪਨਾਉਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ।
ਧਾਲੀਵਾਲ ਪਰਿਵਾਰ
ਧਾਲੀਵਾਲ ਚੰਦਰਬੰਸੀ ਭੱਟੀ ਰਾਜਪੂਤਾਂ ਦੀ ਵੰਸ਼ ਵਿਚੋਂ ਹਨ। ਅੰਗਰੇਜ਼ੀ ਦੀ ਇਤਿਹਾਸਕ ਪੁਸਤਕ ‘ਪੰਜਾਬ ਕਾਸਟਸ’ ਵਿਚ ਧਾਲੀਵਾਲ ਜੱਟਾਂ ਨੂੰ ਧਾਰੀਵਾਲ ਵੀ ਲਿਖਿਆ ਮਿਲਦਾ ਹੈ। ਭੱਟੀ ਰਾਜਪੂਤਾਂ ਦਾ ਮੁਢਲਾ ਸਥਾਨ ਰਾਜਸਥਾਨ ਦਾ ਜੈਸਲਮੇਰ ਇਲਾਕਾ ਸੀ। ਇਤਿਹਾਸਕਾਰਾਂ ਦੀ ਰਾਇ ਹੈ ਕਿ ਜਦੋਂ ਬਾਰਵੀਂ ਸਦੀ ਵਿਚ ਜੱਗ ਦੇਉ ਪਰਮਾਰ ਰਾਜਪੂਤ ਕਬੀਲਿਆਂ ਨੂੰ ਨਾਲ ਲੈ ਕੇ ਪੰਜਾਬ ਆਇਆ ਸੀ ਤਾਂ ਹੋ ਸਕਦਾ ਹੈ। ਕਿ ਉਸ ਸਮੇਂ ਧਾਲੀਵਾਲਾਂ ਦਾ ‘ਬਾਬਾ ਭੋਇ’ ਵੀ ਆਪਣੇ ਕਬੀਲੇ ਨਾਲ ਉਨ੍ਹਾਂ ਦੇ ਨਾਲ ਹੀ ਪੰਜਾਬ ਆਇਆ ਹੋਵੇ।
ਸੰਤ ਵਿਸਾਖਾ ਸਿੰਘ ਅਨੁਸਾਰ ਅੱਠਵੀਂ ਸਦੀ ਵਿਚ ਧਾਲੀਵਾਲ ਧਾਰਾ ਤੋਂ ਨਿਕਲ ਕੇ ਬਮਰੌਲੀ ਨਗਰ ਵਿਚ ਵਸ ਗਏ। ਇਹ ਬਮਰੌਲੀ ਨਗਰ ਧੌਲਪੁਰ ਦੇ ਇਲਾਕੇ ਵਿਚ ਹੈ। ਕੁਝ ਧਾਲੀਵਾਲ ਰਾਜਸਥਾਨ ਦੇ ਜੋਧਪੁਰ ਇਲਾਕੇ ਵਿਚ ਵਸ ਗਏ ਅਤੇ ਕੁਝ ਸਰਸਾ ਨਦੀ ਦੇ ਆਸ-ਪਾਸ ਘੱਗਰ ਦਰਿਆ ਦੇ ਨੇੜਲੇ ਇਲਾਕੇ ਦੇ ਬਸ਼ਿੰਦੇ ਬਣ ਗਏ। ਗਿਆਰਵੀਂ ਸਦੀ ਦੇ ਅਖੀਰ ਵਿਚ ਬਗਦਾਦੀ ਹਮਲਾਵਰਾਂ ਨੇ ਇਨ੍ਹਾਂ ਦੀਆਂ ਰਿਹਾਇਸ਼ਾਂ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ। ਕੁਝ ਇਤਿਹਾਸਕਾਰਾਂ ਨੇ ਬਗਦਾਦੀ ਹਮਲਾਵਰਾਂ ਨੂੰ ‘ਪੜ੍ਹਾਂਦੇ ਮੁਸਲਮਾਨਾਂ’ ਦਾ ਨਾਮ ਵੀ ਦਿੱਤਾ ਹੈ। ਉਨ੍ਹਾਂ ਅਨੁਸਾਰ ਸਰਦੂਲਗੜ੍ਹ ਨੇੜੇ ਹੋਈ। ਲੜਾਈ ਵਿਚ ਧਾਲੀਵਾਲਾਂ ਨੇ ਜਿਨ੍ਹਾਂ ਦੀ ਅਗਵਾਈ ਉਨ੍ਹਾਂ ਦਾ ਬਾਬਾ ਭੋਇ ਕਰ ਰਿਹਾ। ਸੀ, ਪਚਾਧਿਆਂ ਦੇ ਆਗੂ ‘ਹੱਕ ਡਾਲੇ’ ਨੂੰ ਮਾਰ ਮੁਕਾਇਆ। ਧਾਲੀਵਾਲਾਂ ਦਾ ਵੀ ਕਾਫੀ ਜਾਨੀ ਨੁਕਸਾਨ ਹੋਇਆ। ਇਕ ਵਾਰ ਫੇਰ ਝੁਨੀਰ ਦੇ ਨੇੜੇ ਦੋਹਾਂ ਲਸ਼ਕਰਾਂ ਦੀ ਲੜਾਈ ਹੋਈ ਜਿਸ ਜਿਸ ਵਿਚ ਧਾਲੀਵਾਲਾਂ ਦਾ ਸਿੱਧ ਬਾਬਾ ਭੋਇ ਸ਼ਹੀਦ ਹੋ ਗਿਆ।
ਮਾਲਵੇ ਦਾ ਪ੍ਰਸਿੱਧ ਇਤਿਹਾਸਕਾਰ ਸਰਬਨ ਸਿੰਘ ਬੀਰ ਧਾਲੀਵਾਲਾਂ ਨੂੰ ਚੰਬਲ ਘਾਟੀ ਦੇ ਧੋਲੀਪਾਲ (ਗਊਪਾਲਕ) ਲਿਖਦਾ ਹੈ ਜਿਥੋਂ ਹੀ ਇਹ ਨਾਮ ਬਦਲਦਾ ਹੋਇਆ। ਹੌਲ਼ੀ-ਹੌਲ਼ੀ ਧਾਲੀਵਾਲ ਬਣ ਗਿਆ। ਉਸ ਅਨੁਸਾਰ ਖਿਆਲਾ ਪਿੰਡ ਦੇ ਲਲੂ ਪੱਤੀ ਵਾਲਾ ‘ਬਾਬਾ ਲਲੂ’ ਸਿੱਧ ਬਾਬਾ ਭੋਇ ਦੀ ਸ਼ਹੀਦੀ ਬਾਅਦ ਉਸ ਦਾ ਸੀਸ ਚੁੱਕ ਕੇ ਆਪਣੇ ਛੋਟੇ ਜਿਹੇ ਕੱਚੇ ਕਿਲੇ ਵਿਚ ਲੈ ਆਇਆ ਅਤੇ ਬਾਅਦ ਵਿਚ ਉਸ ਦੀ ਸਮਾਧ ਵੀ ਬਣਾਈ। ਬਾਬਾ ਭੋਇ ਦੇ ਵੱਡੇ ਲਸ਼ਕਰ ਵਿਚੋਂ ਜਿਉਂਦੇ ਬਚੇ ਧਾਲੀਵਾਲ ਮਾਨਸਾ। ਇਲਾਕੇ ਦੇ ਭੰਮਾ ਕਲਾਂ, ਭੰਮਾ ਖੁਰਦ, ਰਾਮਾਨੰਦੀ ਅਤੇ ਬਾਜੇ ਵਾਲ ਆਦਿ ਪਿੰਡਾਂ ਵਿਚ ਵਸ ਗਏ। ਹੌਲ਼ੀ-ਹੌਲ਼ੀ ਧਾਲੀਵਾਲ ਨਿਹਾਲ ਸਿੰਘ ਵਾਲਾ, ਕਪੂਰਥਲੇ ਦੇ ਧਾਲੀਵਾਲ ਅਤੇ ਗੁਰਦਾਸਪੁਰ ਦੇ ਧਾਰੀਵਾਲ ਇਲਾਕਿਆਂ ਵਿਚ ਵੀ ਆਪਣੀਆਂ ਰਹਾਇਸ਼ਾਂ ਸਥਾਪਿਤ ਕਰਨ ਵਿਚ ਕਾਮਯਾਬ ਹੋ ਗਏ। ਮਾਲਵੇ ਦੇ ਇਲਾਕੇ ਵਿਚ ਧਾਲੀਵਾਲਾਂ ਦਾ ਤਪਾ ਮਸ਼ਹੂਰ ਹੈ ਜਿਸ ਵਿਚ ਬੱਧਨੀ, ਅਠੂਰ, ਕੁੱਸਾ, ਰਾਮਾ, ਲੁਹਾਰਾ, ਸੈਦੋ, ਖਾਈ, ਬਿਲਾਸਪੁਰ, ਮੀਨੀਆਂ, ਲੋਪੋ, ਮਾਛੀਕੇ, ਨਿਹਾਲ ਸਿੰਘ ਵਾਲਾ, ਤਖ਼ਤੂਪੁਰਾ, ਕਾਗੜ, ਦੀਨਾ, ਭਾਗੀ ਕੇ, ਰਾਮੂੰਵਾਲਾ, ਰਣਸੀਂਹ, ਰਣੀਆਂ, ਬੌਡੇ, ਧੂੜਕੋਟ, ਮਲ੍ਹਾ ਅਤੇ ਰਸੂਲਪੁਰ ਪਿੰਡ ਸ਼ਾਮਿਲ ਹਨ।
ਝੁਨੀਰ ਦੇ ਆਸ ਪਾਸ ਵੀ ਧਾਲੀਵਾਲਾਂ ਦੀ ਕਾਫੀ ਵਸੋਂ ਵਧ ਗਈ ਸੀ। ਦੰਦੀਵਾਲਾ ਦੀ ਲੜਾਈ ਤੋਂ ਬਾਅਦ ਧਾਲੀਵਾਲਾਂ ਨੂੰ ਚੀਮਿਆਂ ਨੂੰ ਹਰਾ ਕੇ ਕਾਂਗੜ ‘ਤੇ ਕਬਜ਼ਾ ਕਰ ਲਿਆ। ਕਾਂਗੜ ਵਿਖੇ ਹੀ ਇਨ੍ਹਾਂ ਨੇ ਆਪਣਾ ਕਿਲਾ ਬਣਾ ਕੇ ਆਪਣੀ ਸ਼ਕਤੀ ਨੂੰ ਵਧਾਇਆ। ਕਾਂਗੜ ਅਤੇ ਧੌਲੇ ਦੇ ਖੇਤਰ ਵਿਚ ਵੀ ਇਨ੍ਹਾਂ ਸਮਿਆਂ ਵਿਚ ਧਾਲੀਵਾਲਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਆਪਣੀਆਂ ਚੌਧਰਾਂ ਕਾਇਮ ਕਰ ਲਈਆਂ। ਇਥੇ ਹੀ ਧਾਲੀਵਾਲਾਂ ਦੇ ਵਡੇਰੇ ਨੂੰ ਰਾਜੇ ਦੀ ਪਦਵੀ ਦੇ ਕੇ ਦੂਜੇ ਰਾਜਿਆਂ ਦੀ ਮੱਦਦ ਨਾਲ ਰਾਜ ਗੱਦੀ ‘ਤੇ ਬਿਠਾਇਆ ਗਿਆ।
ਇਨ੍ਹਾਂ ਸਮਿਆਂ ਵਿਚ ਹੀ ਧਾਲੀਵਾਲਾਂ ਦੇ ਅਕਬਰ ਬਾਦਸ਼ਾਹ ਨਾਲ ਸਬੰਧ ਵਿਗੜ ਗਏ ਅਤੇ ਉਨ੍ਹਾਂ ਨੂੰ ਆਪਣਾ ਕਾਂਗੜ ਦਾ ਇਲਾਕਾ ਛੱਡਣਾ ਪਿਆ ਜਿਸ ਕਾਰਨ ਉਨ੍ਹਾਂ ਧੌਲਾ ਪਿੰਡ ਫੇਰ ਵਸਾ ਲਿਆ। ਬਾਅਦ ਵਿਚ ਉਹ ਠੀਕਰੀਵਾਲਾ, ਰਖੜਾ, ਡਕਾਲਾ, ਬਰਨਾਲਾ, ਹੰਡਿਆਇਆ, ਉਗੋ, ਸ਼ੇਰਗੜ੍ਹ, ਰਾਜਗੜ੍ਹ, ਸਹਿਜੜਾ ਅਤੇ ਬਖ਼ਤਗੜ੍ਹ ਦੇ ਇਲਾਕਿਆਂ ਤਕ ਫੈਲ ਗਏ। ਹੌਲ਼ੀ-ਹੌਲ਼ੀ ਧਾਲੀਵਾਲਾਂ ਦੀ ਵਸੋਂ ਮਾਲਵੇ ਇਲਾਕੇ ਤੋਂ ਬਾਹਰ ਦੁਆਬੇ ਅਤੇ ਮਾਝੇ ਇਲਾਕੇ ਵਿਚ ਵੀ ਹੋ ਗਈ। ਪੱਛਮੀ ਪਾਕਿਸਤਾਨ ਵਿਚ ਵੀ ਕਾਫੀ ਧਾਲੀਵਾਲ ਵਸ ਗਏ ਸਨ ਪਰੰਤੂ ਉਨ੍ਹਾਂ ਵਿਚੋਂ ਬਹੁਤਿਆਂ ਨੇ ਮੁਸਲਮਾਨ ਧਰਮ ਅਪਣਾ ਲਿਆ।
ਚੌਧਰੀ ਜੋਧ ਰਾਏ ਧਾਲੀਵਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੰਪਰਕ ਵਿਚ ਆ ਕੇ ਸਿੱਖ ਸ਼ਰਧਾਲੂ ਬਣਿਆ। ਇਹ ਚੌਧਰੀ ਮਿਹਰ ਮਿੱਠੇ ਧਾਲੀਵਾਲ ਦੇ ਵੰਸ਼ ਵਿਚੋਂ ਸੀ। ਮਹਿਰਾਜ ਦੇ ਯੁੱਧ ਵਿਚ ਉਸ ਨੇ ਆਪਣੀ ਘੋੜ ਸਵਾਰ ਫ਼ੌਜ ਨਾਲ ਗੁਰੂ ਸਾਹਿਬ ਦੀ ਮਦਦ ਕੀਤੀ। ਇਹ ਵੀ ਵਰਨਣਯੋਗ ਹੈ ਕਿ ਜੋਧ ਰਾਏ ਧਾਲੀਵਾਲ ਦੇ ਵੰਸ਼ ਪਾਸ ਹਰਿਗੋਬਿੰਦ ਸਾਹਿਬ ਜੀ ਦੀ ਬਖੁਸ਼ੀ ਹੋਈ ਇਕ ਕਟਾਰ ਅਤੇ ਕੁਝ ਕਪੜੇ ਹਾਲੀਂ ਵੀ ਮੌਜੂਦ ਹਨ। ਕੁਝ ਧਾਲੀਵਾਲ ਦਲਿਤ ਜਾਤੀਆਂ ਵਿਚ ਵੀ ਚਲੇ ਗਏ ਅਤੇ ਉਨ੍ਹਾਂ ਦੀ ਵੱਡੀ ਗਿਣਤੀ ਅੱਜ ਵੀ ਮੌਜੂਦ ਹੈ। ਪ੍ਰਸਿੱਧ ਦਲਿਤ ਅਕਾਲੀ ਲੀਡਰ ਧੰਨਾ ਗੁਲਸ਼ਾਨ ਵੀ ਧਾਲੀਵਾਲ ਸੀ। ਮਹਾਨ ਵਿਦਵਾਨ ਸਰਦਾਰ ਕਪੂਰ ਸਿੰਘ ਆਈ.ਸੀ.ਐਸ. ਵੀ ਧਾਲੀਵਾਲ ਗੋਤ ਨਾਲ ਸਬੰਧਤ ਸੀ।
ਮੇਹਰ ਮਿੱਠਾ ਧਾਲੀਵਾਲ
ਅਕਬਰ ਬਾਦਸ਼ਾਹ ਦੇ ਸਮੇਂ ਮੇਹਰ ਸਿੰਘ ਮਿੱਠਾ ਧਾਲੀਵਾਲ ਕਾਂਗੜ ਇਲਾਕੇ ਵਿਚ 60 ਪਿੰਡਾਂ ਦੇ ਮਾਲਕ ਹੋਣ ਵਜੋਂ ਵੱਡਾ ਚੌਧਰੀ ਜਾਣਿਆ ਜਾਂਦਾ ਸੀ। ਆਪਣੀ ਦੂਰ-ਅੰਦੇਸ਼ੀ ਅਤੇ ਡੂੰਘੀ ਸੂਝ-ਬੂਝ ਦਾ ਮਾਲਕ ਬਾਦਸ਼ਾਹ ਅਕਬਰ ਜੱਟਾਂ ਨਾਲ ਰਿਸ਼ਤੇਦਾਰੀਆਂ ਪਾ ਕੇ ਆਪਣੇ ਸਬੰਧ ਵਧਾਉਣ ਲਈ ਹਮੇਸ਼ਾ ਤਤਪਰ ਰਹਿੰਦਾ, ਵਿਰੋਧੀਆਂ ਨੂੰ ਤਲਵਾਰ ਨਾਲ ਨਹੀਂ, ਸਗੋਂ ਪਿਆਰ ਨਾਲ ਜਿੱਤਣਾ ਹਮੇਸ਼ਾ ਉਸ ਦੀ ਰਾਜਸੀ ਪਾਲਿਸੀ ਦਾ ਹਿੱਸਾ ਰਿਹਾ ਹੈ। ਉਸ ਨੇ ਮੇਹਰ ਮਿੱਠੇ ਧਾਲੀਵਾਲ ਦੀ ਬਹੁਤ ਹੀ ਖੂਬਸੂਰਤ ਪੋਤਰੀ ਭਾਗਭਰੀ ਦਾ ਡੋਲਾ ਆਪਣੇ ਲਈ ਮੰਗ ਲਿਆ। ਮੇਹਰ ਮਿੱਠੇ ਨੇ ਇਲਾਕੇ ਦੇ ਜੱਟਾਂ ਦੀ ਇਕ ਪੰਚਾਇਤ ਬੁਲਾ ਲਈ। ਕੁਝ ਜੱਟ ਗੋਤ ਵਾਲਿਆਂ ਨੇ ਇਸ ਦਾ ਵਿਰੋਧ ਵੀ ਕੀਤਾ ਪਰੰਤੂ ਗਰੇਵਾਲ ਅਤੇ ਗਿੱਲ ਗੋਤ ਵਾਲਿਆਂ ਦੇ ਜ਼ੋਰ ਪਾਉਣ ‘ਤੇ ਮੇਹਰ ਮਿੱਠੇ ਨੇ ਆਪਣੀ ਪੋਤਰੀ ਭਾਗਭਰੀ ਦਾ ਰਿਸ਼ਤਾ ਅਕਬਰ ਬਾਦਸ਼ਾਹ ਨਾਲ ਕਰ ਦਿੱਤਾ ਅਤੇ 101 ਘੁਮਾ ਜ਼ਮੀਨ ਵੀ ਦਾਜ ਵਿਚ ਦਿੱਤੀ।
ਅਕਬਰ ਬਾਦਸ਼ਾਹ ਮਿਹਰ ਮਿੱਠੇ ਨਾਲ ਰਿਸ਼ਤੇਦਾਰੀ ਪਾ ਕੇ ਬਹੁਤ ਖ਼ੁਸ਼ ਹੋਇਆ। ਉਸ ਸਮੇਂ ਜੰਗਲ ਇਲਾਕੇ ਦਾ ਚੌਧਰੀ ਭੱਲਣ ਬਰਾੜ ਤਾਂ ਪਹਿਲਾਂ ਹੀ ਮਨਸੂਰ ਅਲੀ ਖਾਂ ਨਾਲ ਦੁਸ਼ਮਣੀ ਹੋਣ ਕਰਕੇ ਦਿੱਲੀ ਦਰਬਾਰ ਦੀ ਮਦਦ ਕਰ ਰਿਹਾ ਸੀ। ਇਸ ਰਿਸ਼ਤੇ ਤੋਂ ਬਾਅਦ ਤਾਂ ਅਕਬਰ ਬਾਦਸ਼ਾਹ ਦੀ ਵੱਡੇ ਜੱਟ ਚੌਧਰੀਆਂ ਨਾਲ ਨੇੜਤਾ ਹੋਰ ਵੀ ਪ੍ਰਪੱਕ ਹੋ ਗਈ। ਖ਼ੁਸ਼ੀ ਵਿਚ ਉਸ ਨੇ ਮੇਹਰ ਮਿੱਠੇ ਧਾਲੀਵਾਲ ਨੂੰ ‘ਮੀਆਂ’ ਦਾ ਖ਼ਿਤਾਬ ਅਤੇ 120 ਪਿੰਡਾਂ ਦੀ ਜਗੀਰ ਵੀ ਦੇ ਦਿੱਤੀ। ਉਨ੍ਹਾਂ ਸਮਿਆਂ ਵਿਚ ਧਾਲੀਵਾਲਾਂ ਦੇ ਹਿੰਦੂ ਹੁੰਦਿਆਂ ਵੀ ਮੁਸਲਮਾਨਾਂ ਵਾਲੇ ਨਾਮ ਰੱਖ ਲੈਣ ਦਾ ਇਤਿਹਾਸ ਵਿਚ ਵਰਨਣ ਮਿਲਦਾ ਹੈ। ਹੌਲ਼ੀ-ਹੌਲ਼ੀ ਇਹ ਪ੍ਰਥਾ ਘਟ ਗਈ ਅਤੇ ਗੁਰੂ ਕਾਲ ਸਮੇਂ ਤਾਂ ਲਗਪਗ ਇਸ ਦਾ ਅੰਤ ਹੀ ਹੋ ਗਿਆ ਪਰੰਤੂ ਮਾਲਵੇ ਦੇ ਇਲਾਕੇ ਵਿਚ ਇਕ ਕਹਾਵਤ ‘ਅਕਬਰ ਜਿਹਾ ਨਹੀਂ ਬਾਦਸ਼ਾਹ ਅਤੇ ਮੇਹਰ ਮਿੱਠੇ ਜਿਹਾ ਨਹੀਂ ਜੱਟ’ ਅੱਜ ਵੀ ਦੋਹਾਂ ਦੇ ਵੱਡੇਪਨ ਵਜੋਂ ਇਤਿਹਾਸ ਦੀਆਂ ਪਰਤਾਂ ਵਿਚ ਪੜ੍ਹਨ ਲਈ ਮਿਲਦੀ ਹੈ।
ਧਾਲੀਵਾਲਾਂ ਦਾ ਸਿੱਧ ‘ਬਾਬਾ ਭੋਇ’
ਜੱਟ ਸਿੱਖ ਧਾਲੀਵਾਲ, ਮੁਸਲਮਾਨ ਧਾਲੀਵਾਲ ਅਤੇ ਦਲਿਤ ਜਾਤੀਆਂ ਨਾਲ ਸਬੰਧਤ ਧਾਲੀਵਾਲ ਗੋਤ ਵਾਲੇ ਆਪਣੇ ਸ਼ਹੀਦ ਪੁਰਖੇ ਸਿੱਧ ਬਾਬਾ ਭੋਇ’ ਨੂੰ ਬਹੁਤ ਮੰਨਦੇ ਹਨ। ਕੁਝ ਇਤਿਹਾਸਕਾਰ ਇਸ ਸ਼ਹੀਦ ਦਾ ਨਾਮ ‘ਬਾਬਾ ਭੋਈ’ ਲਿਖਦੇ ਹਨ। ਬਾਬਾ ਜੀ ਦੀ ਸ਼ਹੀਦੀ ਨਾਲ ਸਬੰਧਤ ਇਕ ਚੁੰਝ ਚਰਚਾ ਦਾ ਵਰਨਣ ਵੀ ਇਤਿਹਾਸ ਵਿਚ ਮਿਲਦਾ ਹੈ। ਕਹਿੰਦੇ ਹਨ ਕਿ ਸ਼ਹੀਦੀ ਸਮੇਂ ਬਾਬਾ ਜੀ ਦੇ ਨਾਲ ਇਕ ਪੰਡਤ, ਇਕ ਮਰਾਸੀ, ਕਾਲਾ ਕੁੱਤਾ ਅਤੇ ਇਕ ਦਲਿਤ ਸੇਵਕ ਲਲੂਆਣਾ ਪਿੰਡ ਨੇੜੇ ਜਾ ਰਹੇ ਸਨ। ਕਿ ਪਿਛੋਂ ਦੁਸ਼ਮਣਾਂ ਦੀ ਧਾੜ ਨੇ ਹਮਲਾ ਕਰ ਦਿੱਤਾ। ਪੰਡਤ ਤਾਂ ਭੱਜ ਗਿਆ ਪਰੰਤੂ ਬਾਬਾ ਜੀ ਨੇ ਬਹਾਦਰੀ ਦੇ ਜੌਹਰ ਦਿਖਾਉਂਦਿਆਂ ਸ਼ਹੀਦੀ ਪਾਈ। ਮਰਾਸੀ, ਦਲਿਤ ਸੇਵਕ ਅਤੇ ਕਾਲਾ ਕੁੱਤਾ ਵੀ ਇਸ ਲੜਾਈ ਵਿਚ ਮਾਰੇ ਗਏ। ਇਸ ਘਟਨਾ ਦੀ ਕੋਈ ਪੱਕੀ ਤਰੀਕ ਤਾਂ ਨਹੀਂ ਮਿਲਦੀ ਪਰੰਤੂ ਰਾਜਨੀਤਕ ਘਟਨਾਵਾਂ ਦੇ ਮੱਦੇਨਜ਼ਰ ਇਹ ਸਮਾਂ ਤੇਰ੍ਹਵੀਂ ਸਦੀ ਦੇ ਲਗਪਗ ਹੋ ਸਕਦੀ ਹੈ।
ਹਾੜ ਮਹੀਨੇ ਦੀ ਤੇਰਸ ਵਾਲੇ ਦਿਨ ਮਾਨਸਾ ਦੇ ਨਜ਼ਦੀਕ ਪਿੰਡ ਕੋਟ ਲਲੂ ਵਿਚ ਬਾਬਾ ਭੋਇ ਦੀ ਯਾਦ ਵਿਚ ਕਾਫੀ ਵੱਡਾ ਮੇਲਾ ਲਗਦਾ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਸਿਆਲਕੋਟ ਅਤੇ ਗੁਜਰਾਂਵਾਲਾ ਦੇ ਮੁਸਲਮਾਨ ਧਾਲੀਵਾਲ ਵੀ ਇਸ ਮੇਲੇ ਵਿਚ ਸ਼ਿਰਕਤ ਕਰਦੇ ਸਨ। ਦਲਿਤ ਧਾਲੀਵਾਲ ਵੀ ਇਸ ਧਾਰਮਿਕ ਇਕੱਠ ਵਿਚ ਆਪਣੀ ਹਾਜ਼ਰੀ ਲਗਵਾਉਂਦੇ ਹਨ। ਅੱਜਕਲ੍ਹ ਧਾਲੀਵਾਲਾਂ ਨੇ ਆਪਣੇ-ਆਪਣੇ ਇਲਾਕਿਆਂ ਵਿਚ ‘ਬਾਬਾ ਭੋਇ’ ਦੀ ਯਾਦ ਵਿਚ ਪੂਜਣ-ਅਸਥਾਨ ਸਥਾਪਤ ਕਰ ਲਏ ਹਨ। ਲਲੂਆਣੇ ਵਾਲੇ ਬਾਬੇ ਦੇ ਮੰਦਰ ਵਿਚ ਉਸ ਦੀ ਫੋਟੋ ਵੀ ਰੱਖੀ ਹੋਈ ਹੈ। ਇਥੇ ਧਾਲੀਵਾਲ ਨਵੀਂ ਸੂਈ ਗਾਂ, ਮੱਝ ਦੇ ਦੁੱਧ ਦੀ ਖੀਰ ਤਿਆਰ ਕਰਕੇ ‘ਥੇਈ’ ਦੇ ਰੂਪ ਵਿਚ ਲੈ ਕੇ ਆਉਂਦੇ ਹਨ ਪਰੰਤੂ ਉਪਰੋਕਤ ਚੁੰਝ ਚਰਚਾ ਦੇ ਪ੍ਰਭਾਵ ਹੇਠ ਪੰਡਤ ਤੋਂ ਪਹਿਲਾਂ ਮਰਾਸੀ ਨੂੰ ਖੀਰ ਛਕਾਉਂਦੇ ਹਨ। ਅੱਜ ਕਲ੍ਹ ਬਾਬਾ ਭੋਇ ਦੀ ਯਾਦ ਵਿਚ ਲਲੂਆਣਾ, ਧੂਰਕੋਟ, ਰੇੜੀਕੇ ਅਤੇ ਰਾਜਿਆਣਾ ਵਿਖੇ ਵੀ ਪੂਜਾ ਸਥਾਨ ਬਣ ਗਏ ਹਨ। ਆਪਣੇ- ਆਪਣੇ ਪਿੰਡਾਂ ਵਿਚ ਵੀ ਧਾਲੀਵਾਲਾਂ ਨੇ ਬਾਬੇ ਦੀਆਂ ‘ਭੋਈਆਂ’ ਬਣਾ ਲਈਆਂ ਹਨ।
ਟਿੱਕਾ ਧਾਲੀਵਾਲ
ਸਰਕਾਰ ਦੀ ਮਦਦ ਨਾਲ ਧਾਲੀਵਾਲਾਂ ਨੇ ਕਾਂਗੜ ਅਤੇ ਧੌਲੇ ਦੇ ਇਲਾਕਿਆਂ ਵਿਚ ਆਪਣੀਆਂ ਚੌਧਰਾਂ ਕਾਇਮ ਕਰ ਲਈਆਂ। ਜਦੋਂ ਧਾਲੀਵਾਲਾਂ ਦੇ ਵਡੇਰੇ ਅਤੇ ਰਾਜ ਭਾਗ ਦੀ ਪਦਵੀ ਲਈ ਚੁਣੇ ਗਏ ਧਾਲੀਵਾਲ ਨੂੰ ਦੂਜਿਆਂ ਰਾਜਿਆਂ ਦੀ ਹਾਜ਼ਰੀ ਵਿਚ ਰਾਜ ਸਿੰਘਾਸਨ ‘ਤੇ ਬਿਠਾਇਆ ਜਾ ਰਿਹਾ ਸੀ ਤਾਂ ਉਸ ਦੇ ਮੱਥੇ ਉਪਰ ਟਿੱਕਾ ਲਗਾਉਣ ਦੀ ਰਸਮ ਹੋਈ। ਰਾਜਸੀ ਹਲਕਿਆਂ ਵਿਚ ਇਸ ਰਸਮ ਦੀ ਕਾਫੀ ਚਰਚਾ ਹੋਈ ਅਤੇ ਇਸ ਦਾ ਨਾਮ ਹੀ ‘ਟਿੱਕਾ ਧਾਲੀਵਾਲ’ ਪੈ ਗਿਆ।
‘ਟਿੱਕਾ ਧਾਲੀਵਾਲ’ ਇਸ ਗੋਤ ਵਾਲੇ ਜੱਟਾਂ ਵਿਚ ਐਨੀ ਪ੍ਰਸਿੱਧੀ ਹਾਸਲ ਕਰ ਗਿਆ ਕਿ ਧਾਲੀਵਾਲ ਪਰਿਵਾਰ ਵਿਚ ਜਦੋਂ ਕਿਸੇ ਲੜਕੇ ਨੂੰ ਸ਼ਗਨ ਪਾਉਣ ਦੀ ਰਸਮ ਹੁੰਦੀ ਤਾਂ ਉਸ ਸਮੇਂ ਉਸ ਦੇ ਮੱਥੇ ਉਪਰ ਟਿੱਕਾ ਜ਼ਰੂਰ ਲਗਾਇਆ ਜਾਂਦਾ। ਇਸ ਦੇ ਉਲਟ ਜਦੋਂ ਧਾਲੀਵਾਲ ਆਪਣੀ ਲੜਕੀ ਦਾ ਰਿਸ਼ਤਾ ਕਿਸੇ ਹੋਰ ਗੋਤ ਵਿਚ ਕਰਨ ਜਾਂਦੇ ਤਾਂ ਉਥੇ ਟਿੱਕੇ ਦੀ ਰਸਮ ਨਹੀਂ ਸੀ ਕੀਤੀ ਜਾਂਦੀ। ਪੁਰਾਤਨ ਰਵਾਇਤਾਂ ਅਨੁਸਾਰ ਸਿਰਫ਼ ਧਾਲੀਵਾਲ ਪਰਿਵਾਰਾਂ ਦੇ ਲੜਕੇ ਹੀ ‘ਟਿੱਕਾ ਧਾਲੀਵਾਲ’ ਰਸਮ ਦੇ ਹੱਕਦਾਰ ਸਨ ਪਰੰਤੂ ਵਰਤਮਾਨ ਸਮੇਂ ਵਿਚ ਇਹ ਪੁਰਾਣੇ ਰੀਤੀ-ਰਿਵਾਜ ਖ਼ਤਮ ਹੋ ਚੁੱਕੇ ਹਨ।
ਜਨੇਰ ਦੇ ਧਾਲੀਵਾਲ
ਕਪੂਰਥਲਾ ਜ਼ਿਲ੍ਹੇ ਵਿਚੋਂ ਕੁਝ ਧਾਲੀਵਾਲ ਪਰਿਵਾਰ ਮਾਲਵੇ ਦੇ ਇਲਾਕੇ ਵਿਚ ਹਿਜ਼ਰਤ ਕਰਕੇ ਆਏ ਇਨ੍ਹਾਂ ਵਿਚੋਂ ਕੁਝ ਧਾਲੀਵਾਲ ਕੜਿਆਲ ਪਿੰਡ ਵਿਚ ਵੀ ਆ ਕੇ ਵਸ ਗਏ। ਇਤਿਹਾਸ ਵਿਚ ਇਨ੍ਹਾਂ ਧਾਲੀਵਾਲਾਂ ਦਾ ਕੜਿਆਲ ਵਿਚ ਵਸਣ ਦਾ ਸਮਾਂ ਤਾਂ ਨਹੀਂ ਲਭਦਾ ਪਰੰਤੂ ਇਨ੍ਹਾਂ ਦੇ ਹਿਜ਼ਰਤ ਕਰਨ ਦਾ ਪੱਕਾ ਸੰਕੇਤ ਜ਼ਰੂਰ ਮਿਲਦਾ ਹੈ। ਜਨੇਰ ਦੇ ਧਾਲੀਵਾਲ ਵੀ ਕੜਿਆਲ ਪਿੰਡ ਵਿਚੋਂ ਆ ਕੇ ਪਿੰਡ ਦੀ ਸਿੱਧੂ ਪੱਤੀ ਵਿਚ ਵਸ ਗਏ। ਧਾਲੀਵਾਲ ਪਰਿਵਾਰ ਨਾਲ ਸਬੰਧਤ ਮੇਹਰ ਸਿੰਘ ਧਾਲੀਵਾਲ (ਗੁੱਗ) ਅਨੁਸਾਰ ਉਨ੍ਹਾਂ ਦੇ ਪੁਰਖਿਆਂ ਵਲੋਂ ਕੜਿਆਲ ਵਸਣ ਦੀ ਪੁਸ਼ਟੀ ਉਸ ਸਮੇਂ ਹੋਈ ਜਦੋਂ 1954 ਈਸਵੀ ਦੀ ਮੁਰੱਬੇਬੰਦੀ ਸਮੇਂ ਕੜਿਆਲ ਪਿੰਡ ਵਿਚ ਕੁਝ ਜ਼ਮੀਨ ਜਨੇਰ ਵਾਲੇ ਧਾਲੀਵਾਲਾਂ ਦੇ ਨਾਮ ਹੋਣ ਦਾ ਪਤਾ ਲੱਗਿਆ। ਉਨ੍ਹਾਂ ਦਿਨਾਂ ਵਿਚ ਜ਼ਮੀਨ ਦੀ ਕੋਈ ਖ਼ਾਸ ਅਹਿਮੀਅਤ ਨਾ ਹੋਣ ਕਰਕੇ ਜਨੇਰ ਦੇ ਧਾਲੀਵਾਲਾਂ ਨੇ ਕੋਈ ਉਜਰ ਨਾ ਕੀਤਾ। ਤਹਿਸੀਲਦਾਰ ਨੇ ਉਹ ਜ਼ਮੀਨ ਕੜਿਆਲ ਵਾਸੀ ਧਾਲੀਵਾਲਾਂ ਦੇ ਖਾਤੇ ਵਿਚ ਪਾ ਦਿੱਤੀ।
ਪਿੰਡ ਦੀ ਸਿੱਧੂ ਪੱਤੀ ਵਿਚ ਵਸਦੇ ਧਾਲੀਵਾਲ ਪਰਿਵਾਰਾਂ ਦੀ ਗਿਣਤੀ ਪਿੰਡ ਦੇ ਦਾਨੀ ਪਰਿਵਾਰਾਂ ਵਿਚ ਕੀਤੀ ਜਾਂਦੀ ਹੈ। ਇਨ੍ਹਾਂ ਦੇ ਪੁਰਖੇ ਹਰਨਾਮ ਸਿੰਘ ਧਾਲੀਵਾਲ ਨੇ ਬਾਰਾਂ ਏਕੜ ਤੋਂ ਵੀ ਵੱਧ ਜ਼ਮੀਨ (ਜਿਸ ਵਿਚ ਦਸ ਏਕੜ ਜ਼ਮੀਨ ਮੌਜੂਦਾ ਬਿਜਲੀ ਘਰ ਵਾਲੀ ਵੀ ਸ਼ਾਮਲ ਹੈ) ਗੁਰਦੁਆਰਾ ਸਾਹਿਬ ਜਨੇਰ ਨੂੰ ਦਾਨ ਵਜੋਂ ਦਿੱਤੀ। ਅਮਰੀਕਾ ਨਿਵਾਸੀ ਬਹਾਦਰ ਸਿੰਘ ਧਾਲੀਵਾਲ ਦੇ ਲੜਕੇ ਜਗਤਾਰ ਸਿੰਘ, ਜੈਲਦਾਰ ਸਿੰਘ ਅਤੇ ਨਛੱਤਰ ਸਿੰਘ ਧਾਲੀਵਾਲ ਵੀ ਪਿੰਡ ਦੇ ਸਕੂਲ ਅਤੇ ਗੁਰਦੁਆਰਾ ਸਾਹਿਬ ਨੂੰ ਮੋਟੀਆਂ ਰਕਮਾਂ ਦਾਨ ਕਰ ਚੁੱਕੇ ਹਨ। ਇਸੇ ਪਰਿਵਾਰ ਨਾਲ ਸਬੰਧਤ ਕੈਨੇਡਾ ਨਿਵਾਸੀ ਚਰਨਜੀਤ ਸਿੰਘ ਵੀ ਕਾਫੀ ਪੁੰਨ-ਦਾਨ ਕਰ ਰਿਹਾ ਹੈ।
ਪੂਰਨ ਸਿੰਘ ਧਾਲੀਵਾਲ ਦਾ ਦੇਸ਼ ਵਿਦੇਸ਼ ਵਿਚ ਵੱਡਾ ਪਰਿਵਾਰ ਹੈ। ਪੂਰਨ ਸਿੰਘ ਧਾਲੀਵਾਲ ਦਾ ਵੱਡਾ ਲੜਕਾ ਬਹਾਦਰ ਸਿੰਘ ਧਾਲੀਵਾਲ ਲੰਮਾ ਸਮਾਂ ਪਹਿਲਾਂ ਪਰਿਵਾਰ ਸਮੇਤ ਅਮਰੀਕਾ ਪਰਵਾਸ ਕਰ ਗਿਆ। ਉਸ ਦੇ ਤਿੰਨ ਲੜਕੇ ਜਗਤਾਰ ਸਿੰਘ, ਜ਼ੈਲਦਾਰ ਸਿੰਘ ਅਤੇ ਨਛੱਤਰ ਸਿੰਘ ਹਨ। ਬਹਾਦਰ ਸਿੰਘ ਨੇ ਜ਼ਿੰਦਗੀ ਦੇ ਪਹਿਲੇ ਅਧ ਵਿਚ ਬਹੁਤ ਸੰਗਰਸ਼ਮਈ ਜੀਵਨ ਜੀਵਿਆ ਪਰੰਤੂ ਉਸ ਦੀ ਸ਼ਰਾਫ਼ਤ ਅਤੇ ਸਖ਼ਤ ਮਿਹਨਤ ਰੰਗ ਲੈ ਆਈ। ਅੱਜ ਦੀ ਘੜੀ ਉਸ ਦੇ ਤਿੰਨਾਂ ਲੜਕਿਆਂ ਦੇ ਅਮਰੀਕਾ ਦੇ ਫਰਿਜ਼ਨੋ ਇਲਾਕੇ ਵਿਚ ਅੱਛੇ ਕਾਰੋਬਾਰ ਹਨ ਅਤੇ ਇਹ ਪਰਿਵਾਰ ਗੁਰਸਿੱਖ ਜੀਵਨ ਸ਼ੈਲੀ ਨੂੰ ਵੀ ਸਮਰਪਤ ਹੈ। ਪੂਰਨ ਸਿੰਘ ਧਾਲੀਵਾਲ ਦੇ ਹੋਰ ਪੁੱਤਰ ਮੇਹਰ ਸਿੰਘ ਅਤੇ ਮੇਜਰ ਸਿੰਘ ਹਨ। ਮੇਹਰ ਸਿੰਘ ਦਾ ਪਰਿਵਾਰ ਪਿੰਡ ਵਿਚ ਖੇਤੀਬਾੜੀ ਕਰਦਾ ਹੈ ਅਤੇ ਮੇਹਰ ਸਿੰਘ ਆਪਣੇ ਲੜਕੇ ਨਾਲ ਅਰਬ ਦੇਸ਼ਾਂ ਵਿਚ ਵੀ ਕੰਮ ਕਰ ਲੈਂਦਾ ਹੈ, ਮੇਜਰ ਸਿੰਘ ਖੇਤੀ ਵੀ ਕਰਦਾ ਹੈ ਅਤੇ ਪਿੰਡ ਦੇ ਪੰਚਾਇਤੀ ਕੰਮਾਂ ਵਿਚ ਵੀ ਸਰਗਰਮ ਹਿੱਸਾ ਲੈਂਦਾ ਹੈ। ਉਸ ਦਾ ਲੜਕਾ ਚਰਨਜੀਤ ਸਿੰਘ ਕੈਨੇਡਾ ਦੇ ਸਰੀ ਸ਼ਹਿਰ ਦਾ ਨਿਵਾਸੀ ਹੈ। ਇਥੇ ਵਰਨਣਯੋਗ ਹੈ ਕਿ ਉਪਰੋਕਤ ਧਾਲੀਵਾਲ ਪਰਿਵਾਰ ਪਿੰਡ ਦੇ ਪੂਜਾ ਸਥਾਨ ਬਾਬਾ ਮਧਰੇ ਸ਼ਾਹ (ਬੰਦਰੇ ਸ਼ਾਹ) ਦੀ ਲੰਮੇ ਸਮੇਂ ਤੋਂ ਸਾਂਭ-ਸੰਭਾਲ ਅਤੇ ਧਾਰਮਿਕ ਸੇਵਾ ਨਾਲ ਜੁੜਿਆ ਹੋਇਆ ਹੈ।
ਲੰਬਰਦਾਰ ਚੇਤ ਸਿੰਘ ਧਾਲੀਵਾਲ ਦਾ ਪਰਿਵਾਰ ਵੀ ਕਾਫੀ ਵੱਡਾ ਹੈ। ਜ਼ਿੰਦਗੀ ਦੇ ਆਖ਼ਰੀ ਸਮੇਂ ਉਸ ਨੇ ਸਿੱਧੂ ਪੱਤੀ ਦੀ ਲੰਬਰਦਾਰੀ ਛੱਡ ਦਿੱਤੀ ਸੀ। ਉਸ ਦੇ ਚਾਰ ਲੜਕੇ ਹੋਏ। ਸਭ ਤੋਂ ਵੱਡੇ ਮੱਘਰ ਸਿੰਘ ਨੂੰ ਛੋਟੀ ਉਮਰੇ ਹੀ ਕਬੀਲਦਾਰੀ ਦੀ ਭਾਰੀ ਪੰਡ ਚੁਕਣੀ ਪਈ ਇਸ ਕਰਕੇ ਉਹ ਜ਼ਿਆਦਾ ਪੜ੍ਹਾਈ ਨਾ ਕਰ ਸਕਿਆ। ਉਸ ਦਾ ਲੜਕਾ ਬਿੰਦਰ ਸਿੰਘ ਪੜ੍ਹਿਆ ਲਿਖਿਆ ਹੈ, ਖੇਤੀ ਵੀ ਕਰਦਾ ਹੈ ਅਤੇ ਹਰ ਇਕ ਕਿਸਮ ਦੀ ਮੋਟਰ ਗੱਡੀ ਦਾ ਤਜਰਬੇਕਾਰ ਡਰਾਈਵਰ ਵੀ ਹੈ। ਚੇਤ ਸਿੰਘ ਧਾਲੀਵਾਲ ਦਾ ਦੂਜੇ ਨੰਬਰ ਵਾਲਾ ਲੜਕਾ ਸੁਖਦੇਵ ਸਿੰਘ ਖੇਤੀਬਾੜੀ ਕਰਨ ਦੇ ਨਾਲ ਪੰਚਾਇਤੀ ਕੰਮਾਂ ਵਿਚ ਵੀ ਹਿੱਸਾ ਲੈਂਦੇ ਹੈ। ਉਸ ਤੋਂ ਛੋਟੇ ਜੋਰਾ ਸਿੰਘ ਅਤੇ ਸੱਘੜ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਹਨ। ਸੰਘੜ ਸਿੰਘ ਜਨਮ ਤੋਂ ਹੀ ਗੁੰਗਾ ਹੈ। ਇੰਦਰ ਸਿੰਘ ਧਾਲੀਵਾਲ ਦੇ ਲੜਕੇ ਸਾਹਿਬ ਸਿੰਘ ਦਾ ਇਕ ਹੋਰ ਧਾਲੀਵਾਲ ਪਰਿਵਾਰ ਵੀ ਸਿੱਧੂ ਪੱਤੀ ਦੇ ਧਾਲੀਵਾਲ ਘਰਾਂ ਵਿਚ ਵਸਦਾ ਹੈ। ਸਾਹਿਬ ਸਿੰਘ ਧਾਲੀਵਾਲ ਇਕ ਪੂਰਨ ਗੁਰਸਿਖ ਅਤੇ ਸਾਦਗੀ ਭਰਿਆ ਇਨਸਾਨ ਹੈ। ਉਸ ਦੇ ਕੋਈ ਲੜਕਾ ਨਹੀਂ ਹੋਇਆ ਪਰੰਤੂ ਉਸ ਨੇ ਆਪਣੇ ਵੱਡੇ ਜਵਾਈ ਗੁਰਦਿਆਲ ਸਿੰਘ ਨੂੰ ਘਰ ਜਵਾਈ ਬਣਾ ਕੇ ਉਸ ਦੇ ਪਰਿਵਾਰ ਨੂੰ ਪੁਰਖਿਆਂ ਵਾਲਾ ਪਿਆਰ ਦਿੰਦਿਆਂ ਗੁਰਸਿੱਖੀ ਜੀਵਨ ਦੀਆਂ ਮਹਾਨ ਪਰੰਪਰਾਵਾਂ ਨੂੰ ਕਾਇਮ ਰੱਖਿਆ। ਗੁਰਦਿਆਲ ਸਿੰਘ ਪੜ੍ਹਿਆ ਲਿਖਿਆ ਹੈ ਅਤੇ ਉਸ ਦੇ ਦੋਵੇਂ ਲੜਕੇ ਵੀ ਪਿੰਡ ਦੇ ਨੌਜੁਆਨ ਪੜ੍ਹੇ ਲਿਖੇ ਵਰਗ ਵਿਚ ਗਿਣੇ ਜਾਂਦੇ ਹਨ।
ਸਿੱਧੂ ਪੱਤੀ ਦੇ ਸਰ੍ਹਾਂ ਪਰਿਵਾਰ
ਬਹੁਤੇ ਜੱਟ ਸਿੱਖ ਗੋਤਾਂ ਵਾਂਗ ਸਰ੍ਹਾਂ ਗੋਤ ਦੇ ਜੱਟਾਂ ਦਾ ਪਿਛੋਕੜ ਵੀ ਭੱਟੀ ਰਾਜਪੂਤਾਂ ਨਾਲ ਜਾ ਜੁੜਦਾ ਹੈ। ਭੱਟੀਆਂ ਦੇ ਪ੍ਰਸਿੱਧ ਰਾਜੇ ਸਲਵਾਨ ਦੇ ਪੁੱਤਰਾਂ ਵਿਚੋਂ ਇਕ ਦਾ ਨਾਮ ਸਾਇਰ ਰਾਓ ਸੀ। ਇਸ ਸਾਇਰ ਰਾਓ ਨੂੰ ਜਿਸ ਦਾ ਨਾਮ ਇਤਿਹਾਸ ਵਿਚ ‘ਸਰਾਓ’ ਵੀ ਲਿਖਿਆ ਮਿਲਦਾ ਹੈ। ਬਹੁਤੇ ਜਾਤ-ਪਾਤ ਖੋਜੀ ਲਿਖਾਰੀਆਂ ਨੇ ਸਰ੍ਹਾਂ ਗੋਤ ਦੇ ਬਾਨੀ ਵਜੋਂ ਮਾਨਤਾ ਦਿੱਤੀ ਹੈ। ਇਨ੍ਹਾਂ ਦੇ ਮੁਢਲੇ ਵਸੇਬੇ ਵਾਲੀ ਥਾਂ ਉਹ ਭਟਨੇਰ ਨੂੰ ਮੰਨਦੇ ਹਨ। ਕੁਝ ਰਾਜਨੀਤਕ ਉਥਲ-ਪੁਥਲ ਘਟਨਾਵਾਂ ਦੇ ਕਾਰਨ ਸਰ੍ਹਾਂ ਗੋਤ ਵਾਲੇ ਭਟਨੇਰ ਨੂੰ ਛੱਡ ਕੇ ਹਿਸਾਰ, ਬਠਿੰਡਾ ਅਤੇ ਸਿਰਸੇ ਦੇ ਇਲਾਕਿਆਂ ਵਿਚ ਵਸ ਗਏ।
ਪ੍ਰਸਿੱਧ ਇਤਿਹਾਸਕਾਰ ਕੈਪਟਨ ਦਲੀਪ ਸਿੰਘ ਅਲਾਹਤ ਸਰ੍ਹਾਂ ਗੋਤ ਵਾਲੇ ਜੱਟਾਂ ਦੇ ਪਿਛੋਕੜ ਬਾਰੇ ਦੂਜੇ ਇਤਿਹਾਸਕਾਰਾਂ ਨਾਲ ਸਹਿਮਤ ਨਹੀਂ ਹੈ। ਆਪਣੀ ਪ੍ਰਸਿੱਧ ਪੁਸਤਕ ‘ਜਾਟ ਬੀਰੋਂ ਕਾ ਇਤਿਹਾਸ’ ਵਿਚ ਉਹ ਸਰਾਵਾਂ ਨੂੰ ਤੂਰ ਜੱਟਾਂ ਨਾਲ ਜੋੜਦਾ ਹੋਇਆ ਇਨ੍ਹਾਂ ਨੂੰ ਮੱਧ ਏਸ਼ੀਆ ਦੇ ਸਾਇਰ ਦਰਿਆ ਦੇ ਖੇਤਰ ਤੋਂ ਆਏ ਹੋਏ ਲਿਖਦਾ ਹੈ। ਆਪਣੀ ਖੋਜ ਵਿਚ ਕੈਪਟਨ ਅਲਾਹਵਤ ਸਰ੍ਹਾਵਾਂ ਨੂੰ ਭੱਟੀਆਂ ਦੇ ਪਿਛੋਕੜ ਨਾਲੋਂ ਤੋੜਦਿਆਂ ਤੂਰਾਂ ਦੇ ਬੰਸੀ ਕਬੀਲੇ ਦੀ ਗੱਲ ਕਰਦਾ ਹੈ ਪਰੰਤੂ ਸਰਾਵਾਂ ਦੇ ਘੱਗਰ ਦਰਿਆ ਦੇ ਨੇੜੇ ਵਸਣ ਬਾਰੇ ਸਾਰੇ ਸਹਿਮਤ ਹਨ।
ਬਠਿੰਡੇ ਦੇ ਇਲਾਕੇ ਵਿਚ ਪੱਕਾ, ਪਥਰਾਲਾ, ਸੇਖੂ ਜੋਗੇਵਾਲ, ਤਖ਼ਤੂ, ਫਲ, ਸ਼ੇਰਗੜ੍ਹ, ਵਾਘਾ, ਦੇਸੂ ਅਤੇ ਮਸਾਣਾ ਪਿੰਡ ਵਿਚ ਸਰਾਵਾਂ ਦੀ ਕਾਫੀ ਵਸੋਂ ਹੈ। ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਵੀ ਸਰ੍ਹਾਂ ਵਸਦੇ ਹਨ। ਸਤਲੁਜ ਦੇ ਖੇਤਰਾਂ ਲੁਧਿਆਣਾ ਅਤੇ ਫ਼ਿਰੋਜ਼ਪੁਰ ਵਿਚ ਸਰਾਵਾਂ ਦੀ ਵਸੋਂ ਵਾਲੇ ਕਈ ਪਿੰਡ ਹਨ। ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ ਵਿਚ ਵੀ ਕਾਫੀ ਸਰ੍ਹਾਂ ਵਸਦੇ ਹਨ। ਮੁਕਤਸਰ ਜ਼ਿਲ੍ਹੇ ਵਿਚ ਤਾਂ ਕਾਲੇਵਾਲਾ ਸਾਰਾ ਪਿੰਡ ਹੀ ਸਰਾਵਾਂ ਜੱਟਾਂ ਦਾ ਹੈ। ਪਾਕਿਸਤਾਨ ਪੰਜਾਬ ਵਿਚ ਸਿਆਲਕੋਟ, ਗੁਜਰਾਂਵਾਲਾ ਅਤੇ ਲਾਹੌਰ ਵਿਚ ਵੀ ਸਰਾਵਾਂ ਦੀ ਕਾਫੀ ਗਿਣਤੀ ਸੀ ਪਰੰਤੂ ਉਨ੍ਹਾਂ ਵਿਚ ਬਹੁਤ ਸਾਰੇ ਮੁਸਲਮਾਨ ਬਣ ਗਏ ਸਨ। ਸਰ੍ਹੋਂ ਗੋਤ ਦੇ ਲੋਕ ਦਲਿਤ ਜਾਤੀਆਂ ਵਿਚ ਵੀ ਹਨ। ਸਿੱਖ ਕੋਮ ਦਾ ਮਹਾਨ ਜੋਧਾ ਅਕਾਲੀ ਫੂਲਾ ਸਿੰਘ ਜੱਟਾਂ ਦੇ ਸਰਾਂ ਗੋਤ ਨਾਲ ਹੀ ਸਬੰਧਤ ਸੀ। ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸੁਫ਼ਨਾ ਸਿੰਘ ਸਰਾਂ, ਗੁਰੂ ਗੋਬਿੰਦ ਸਿੰਘ ਜੀ ਦਾ ਪੰਕਾ ਸੇਵਕ ਹੋਇਆ ਹੈ।
ਮੋਗਾ ਨੇੜਲੇ ਪਿੰਡਾਂ ਫਤਿਹਗੜ੍ਹ, ਜਲਾਲਾਬਾਦ ਅਤੇ ਮੋਗਾ ਸ਼ਹਿਰ ਵਾਸੀ ਸਰਾਵਾਂ ਦਾ ਪਿਛੋਕੜ ਇਤਿਹਾਸਕਾਰ ਬਠਿੰਡਾ ਜ਼ਿਲ੍ਹੇ ਦੇ ਪਥਰਾਲਾ ਪਿੰਡ ਨਾਲ ਜੋੜਦੇ ਹਨ। ਜਨੇਰ ਦੀ ਸਿੱਧੂ ਪੱਤੀ ਵਿਚ ਵੀ ਕੁਝ ਸਰ੍ਹਾਂ ਗੋਤ ਦੇ ਜੱਟ ਵਸਦੇ ਹਨ ਜਿਨ੍ਹਾਂ ਦਾ ਪਿਛਲਾ ਪਿੰਡ ਫਤਿਹਗੜ੍ਹ ਦਤਾਰੀਆ ਵਾਲਾ ਹੈ ਜਿਹੜਾ ਕਿ ਸਿੱਧੂ ਪੱਤੀ ਵਾਲੇ ਪ੍ਰਤਾਪ ਸਿੰਘ ਸਿੱਧੂ ਦੀ ਪਤਨੀ ਸ਼ਾਮ ਕੌਰ ਦਾ ਪੇਕਾ ਪਿੰਡ ਸੀ। ਪ੍ਰਤਾਪ ਸਿੰਘ ਸਿੱਧੂ ਦੇ ਕੋਈ ਔਲਾਦ ਨਾ ਹੋਈ। ਦੋਹਾਂ ਪਤੀ-ਪਤਨੀ ਨੇ ਆਪਣੀ ਬੁਢੇਪੇ ਦੀ ਡੰਗੋਰੀ ਦਾ ਸਹਾਰਾ ਬਣਾਉਣ ਲਈ ਫਤਿਹਗੜ੍ਹ ਪਿੰਡ ਤੋਂ ਸ਼ਾਮ ਕੌਰ ਦੇ ਪੇਕੇ ਪਰਿਵਾਰ ਨੂੰ ਆਪਣੇ ਪਾਸ ਬੁਲਾ ਲਿਆ। ਆਪਣੀ ਸੇਵਾ ਦੇ ਇਵਜ਼ ਵਿਚ ਬਜ਼ੁਰਗ ਜੋੜੇ ਨੇ ਆਪਣੀ ਸਾਰੀ ਜਾਇਦਾਦ ਸਰ੍ਹਾਂ ਪਰਿਵਾਰ ਦੇ ਨਾਮ ਕਰਵਾ ਦਿੱਤੀ।
ਰੋਡਾ ਸਿੰਘ ਸਰਾਂ ਦੇ ਲੜਕੇ ਪ੍ਰੀਤਮ ਸਿੰਘ ਸਰਾਂ ਦਾ ਸਿੱਧੂ ਪੱਤੀ ਵਿਚ ਵੱਡਾ ਪਰਿਵਾਰ ਵਸਦਾ ਹੈ। ਇਹ ਪਰਿਵਾਰ ਪਿੰਡ ਵਿਚ ਗੁਰੂ ਘਰ ਦੇ ਸ਼ਰਧਾਲੂਆਂ ਵਜੋਂ ਜਾਣਿਆ ਜਾਂਦਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਹਰ ਇਕ ਛੋਟੀ ਵੱਡੀ ਸੇਵਾ ਲਈ ਇਹ ਪਰਿਵਾਰ ਹਮੇਸ਼ਾ ਤਤਪਰ ਰਹਿੰਦਾ ਹੈ। ਪ੍ਰੀਤਮ ਸਿੰਘ ਸਰ੍ਹਾਂ ਦੀ ਭਾਈਚਾਰੇ ਵਿਚ ਆਪਣੀ ਵੱਖਰੀ ਹੀ ਸ਼ਖ਼ਸੀਅਤ ਹੈ, ਛੋਟਾ ਵੱਡਾ ਹਰ ਇਕ ਪਿੰਡ ਵਾਸੀ ਉਸ ਨੂੰ ਸਤਿਕਾਰ ਸਹਿਤ ਮਾਮਾ ਆਖ ਕੇ ਬੁਲਾਉਂਦਾ ਹੈ। ਪ੍ਰੀਤਮ ਸਿੰਘ ਸਰਾਂ ਦੇ ਤਿੰਨ ਲੜਕੇ ਬੋਹੜ ਸਿੰਘ, ਜਗਤਾਰ ਸਿੰਘ ਅਤੇ ਗੁਰਬਚਨ ਸਿੰਘ ਹਨ। ਬੋਹੜ ਸਿੰਘ ਗੁਰੂ ਘਰ ਦਾ ਪੱਕਾ ਸੇਵਕ ਹੈ। ਖੇਤੀਬਾੜੀ ਦੇ ਕੰਮ ਨਾਲ ਕਾਰਾਂ, ਜੀਪਾਂ ਅਤੇ ਟਰੈਕਟਰਾਂ ਦੀ ਖ਼ਰੀਦ- ਵੇਚ ਦਾ ਕੰਮ ਕਰਦਾ ਹੈ। ਉਸ ਦੇ ਦੋਵੇਂ ਲੜਕੇ ਜਗਦੀਪ ਸਿੰਘ ਅਤੇ ਮਨਦੀਪ ਸਿੰਘ ਵੀ ਇਹੋ ਕੰਮ ਕਰਦੇ ਹਨ। ਜਗਤਾਰ ਸਿੰਘ ਅਤੇ ਗੁਰਬਚਨ ਸਿੰਘ ਖੇਤੀਬਾੜੀ ਕਰਦੇ ਹਨ। ਉਨ੍ਹਾਂ ਦੇ ਬੱਚੇ ਹਾਲੀਂ ਪੜ੍ਹ ਰਹੇ ਹਨ।
ਇਸ ਪਰਿਵਾਰ ਨਾਲ ਸਬੰਧਤ ਦਲੀਪ ਸਿੰਘ ਸਰਾਂ ਦੇ ਲੜਕੇ ਹਾਕਮ ਸਿੰਘ ਸਰ੍ਹਾਂ ਦਾ ਪਰਿਵਾਰ ਵੀ ਸਿੱਧੂ ਪੱਤੀ ਦਾ ਵਾਸੀ ਹੈ । ਅਸਲ ਵਿਚ ਹਾਕਮ ਸਿੰਘ ਸਰ੍ਹਾਂ ਵੀ ਪ੍ਰੀਤਮ ਸਿੰਘ ਸਰ੍ਹਾਂ ਦਾ ਭਤੀਜਾ ਹੀ ਲਗਦਾ ਸੀ। ਪ੍ਰਤਾਪ ਸਿੰਘ ਸਿੱਧੂ ਨੇ ਆਪਣੀ ਜਾਇਦਾਦ ਦਾ ਕੁਝ ਹਿੱਸਾ ਹਾਕਮ ਸਿੰਘ ਸਰ੍ਹਾਂ ਦੇ ਨਾਮ ਵੀ ਕਰਵਾ ਦਿੱਤਾ ਸੀ। ਹਾਕਮ ਸਿੰਘ ਸਰ੍ਹਾਂ ਦੇ ਦੋਵੇਂ ਲੜਕੇ ਗੁਰਭੇਜ ਸਿੰਘ ਅਤੇ ਗੁਰਤੇਜ ਸਿੰਘ ਨੇ ਆਪਣੇ ਛੋਟੇ ਟਰੱਕ ਖ਼ਰੀਦੇ ਹੋਏ ਹਨ ਅਤੇ ਕਰਾਏ ਭਾੜੇ ਦਾ ਕਾਰੋਬਾਰ ਕਰਦੇ ਹਨ।
ਬਾਵਾ ਪਰਿਵਾਰ
ਬਾਵਾ ਜਾਂ ਬੈਰਾਗੀ ਦੋਹਾਂ ਉਪਜਾਤੀਆਂ ਦਾ ਇਤਿਹਾਸਕ ਪਿਛੋਕੜ ਮਿਲਿਆ- ਜੁਲਿਆ ਹੀ ਲੱਭਦਾ ਹੈ। ਦੋਵੇਂ ਪੁਰਾਤਨ ਰਾਜਪੂਤ ਘਰਾਣਿਆਂ ਨਾਲ ਸਬੰਧਤ ਹਨ। ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਹਾਲਾਤਾਂ ਦੀਆਂ ਤਬਦੀਲੀਆਂ ਦੇ ਅਸਰ ਹੇਠ ਬਾਵਾ ਉਪਜਾਤੀ ਵਾਲਿਆਂ ਨੇ ਹਿੰਦੂ, ਸਿੱਖ ਅਤੇ ਮੁਸਲਮਾਨ ਧਰਮਾਂ ਵਿਚ ਪ੍ਰਵੇਸ਼ ਕੀਤਾ। ਬੈਰਾਗੀ ਜਾਂ ਬਾਵਾ ਉਪ-ਜਾਤੀ ਨਾਲ ਸਬੰਧਤ ਫਕਰੇ ਕੌਮ, ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਸਾਲ ਸਭ ਦੇ ਸਾਹਮਣੇ ਹੈ।
ਸਿੱਧੂ ਪੱਤੀ ਵਿਚ ਬਾਵਾ ਉਪਜਾਤੀ ਨਾਲ ਸਬੰਧਤ ਭੀਖ ਰਾਮ ਸਲੂਕੇ ਦਾ ਪਰਿਵਾਰ ਪਿੰਡ ਦਾ ਪੁਰਾਣਾ ਵਸਨੀਕ ਹੈ। ਉਸ ਦੇ ਪੁੱਤਰ ਦੌਲਤ ਰਾਮ, ਰਾਮ ਸਲੂਕੇ ਦਾ ਇਕੋ ਪੁੱਤਰ ਨਗਿੰਦਰ ਰਾਮ ਸਲੂਕੇ ਹੋਇਆ। ਨਗਿੰਦਰ ਨੇ ਕੇਸਧਾਰੀ ਬਣ ਕੇ ਦਸਤਾਰ ਸਜਾ ਲਈ ਅਤੇ ਗੁਰੂ ਘਰ ਦਾ ਸ਼ਰਧਾਵਾਨ ਸਿੱਖ ਬਣ ਗਿਆ। ਆਪਣੇ ਨਾਮ ਨਾਲ ਸਿੰਘ ਜੋੜ ਕੇ ਉਹ ਨਗਿੰਦਰ ਸਿੰਘ ਰਾਮ ਸਲੂਕੇ ਅਖਵਾਉਣ ਲੱਗ ਪਿਆ। ਉਸ ਦੇ ਕੋਈ ਔਲਾਦ ਨਾ ਹੋਈ ਤਾਂ ਉਸ ਨੇ ਆਪਣੇ ਸਹੁਰੇ ਪਰਿਵਾਰ ਵਿਚੋਂ ਬੱਚਾ ਗੋਦ ਲੈ। ਕੇ ਉਸ ਦਾ ਨਾਮ ਬੂਟਾ ਸਿੰਘ ਰੱਖਿਆ। ਬੂਟਾ ਸਿੰਘ ਟਰੈਕਟਰ ਮਕੈਨਿਕ ਹੈ, ਪਿੰਡ ਦੇ ਬੱਸ ਸਟੈਂਡ ਨੇੜੇ ਜੀ.ਟੀ. ਰੋਡ ‘ਤੇ ਇਸ ਬਾਵਾ ਪਰਿਵਾਰ ਦੀ ਰਹਾਇਸ਼ ਹੈ। ਸਹਾਇਕ ਧੰਦੇ ਵਜੋਂ ਬੂਟਾ ਸਿੰਘ ਖੇਤੀਬਾੜੀ ਵੀ ਕਰਦਾ ਹੈ। ਇਸੇ ਪਰਿਵਾਰ ਨਾਲ ਸਬੰਧਤ ਚਾਨਣ ਰਾਮ ਸਲੂਕੇ ਦਾ ਪਰਿਵਾਰ ਵੀ ਜਨੇਰ ਦੀ ਸਿੱਧੂ ਪੱਤੀ ਵਿਚ ਵਸਦਾ ਸੀ। ਉਸ ਦੇ ਦੋ ਲੜਕੇ ਮਦਨ ਸਿੰਘ ਅਤੇ ਸੁਖਦੇਵ ਸਿੰਘ ਜਨੇਰ ਨੂੰ ਅਲਵਿਦਾ ਆਖ ਕੇ ਨਜ਼ਦੀਕ ਪਿੰਡ ਸਲ੍ਹੀਣਾ ਵਿਚ ਵਸ ਗਏ।
ਸਿੱਧੂ ਪੱਤੀ ਦੀਆਂ ਕੁਝ ਚਰਚਿਤ ਸ਼ਖ਼ਸੀਅਤਾਂ
ਹਰ ਇਕ ਫਿਰਕੇ ਕਬੀਲੇ, ਧਰਮ, ਨਸਲ, ਜਾਤ ਅਤੇ ਗੋਤ ਵਿਚ ਕੁਝ ਚਰਚਿਤ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਹੜੀਆਂ ਸਮਾਜ ਵਿਚ ਪੜ੍ਹਾਈ-ਲਿਖਾਈ, ਪੁੰਨਦਾਨ, ਬੋਲ-ਚਾਲ, ਸਮਾਜ ਸੇਵਾ, ਧਰਮ, ਦੇਸ਼ ਭਗਤੀ ਅਤੇ ਸਰੀਰਕ ਬਲਬੂਤੇ ਦੇ ਅਧਾਰ ‘ਤੇ ਚਰਚਿਤ ਰਹੀਆਂ ਹੋਣ। ਇਸ ਦਾ ਇਹ ਮਤਲਬ ਨਹੀਂ ਕਿ ਚਰਚਾ ਵਿਚ ਨਾ ਆਉਣ ਵਾਲੇ ਇਨਸਾਨਾਂ ਦੀ ਸਮਾਜ ਅਤੇ ਭਾਈਚਾਰੇ ਨੂੰ ਕੋਈ ਦੇਣ ਨਹੀਂ ਹੁੰਦੀ। ਸਮਾਜਿਕ ਦੇਣ ਅਤੇ ਚਰਚਾ ਵਿਚ ਰਹਿਣਾ ਦੋ ਵੱਖਰੇ ਵਿਸ਼ੇ ਹਨ। ਚਰਚਾ ਵਿਚ ਤਾਂ ਇਨਸਾਨ ਬਦਮਾਸ਼, ਚੋਰ, ਡਾਕੂ, ਲੁਟੇਰਾ ਅਤੇ ਕਾਤਲ ਬਣ ਵੀ ਆ ਸਕਦਾ ਹੈ ਪਰੰਤੂ ਸਮਾਜਿਕ ਕਦਰਾਂ ਕੀਮਤਾਂ ਦੇ ਮੱਦੇਨਜ਼ਰ ਚਰਚਾ ਵਿਚ ਰਹਿਣਾ ਜਾਂ ਆਉਣਾ ਵੱਖਰਾ ਹੈ। ਇਸ ਕਾਂਡ ਵਿਚ ਸਿੱਧੂ ਪੱਤੀ ਵਿਚ ਰਹਿ ਚੁੱਕੇ ਜਾਂ ਰਹਿ ਰਹੇ ਕੁਝ ਚਰਚਿਤ ਲੋਕਾਂ ਬਾਰੇ ਲਿਖਿਆ ਜਾਵੇਗਾ। ਹਰ ਇਕ ਸਾਹਿਤਕਾਰ ਦੁਨੀਆਂ ਨੂੰ ਆਪਣੀ ਵੱਖਰੀ ਸੋਚ ਅਤੇ ਨਜ਼ਰੀਏ ਨਾਲ ਦੇਖਦਾ ਹੈ। ਇਸੇ ਤਰ੍ਹਾਂ ਪਾਠਕ ਵੀ ਸਾਹਿਤਕਾਰਾਂ ਨੂੰ ਆਪਣੇ ਵਖਰੇ ਨਜ਼ਰੀਏ ਨਾਲ ਪੜ੍ਹਦੇ ਅਤੇ ਵਿਚਾਰਦੇ ਹਨ। ਫੇਰ ਵੀ ਇਕ ਆਮ ਲੇਖਕ ਨਾਲ ਬਹੁ- ਸੰਮਤੀ ਦਾ ਸਹਿਮਤ ਹੋਣਾ ਕਾਫੀ ਹੈ, ਸੌ ਫੀਸਦੀ ਸਹਿਮਤੀ ਜ਼ਰੂਰੀ ਨਹੀਂ।
ਆਜ਼ਾਦੀ ਘੁਲਾਟੀਆ ਬਚਨ ਸਿੰਘ ਸਿੱਧੂ
“ਬਚਨਾ ਜੱਟ ਹੋਇਆ ਇਕ ਸਿੱਧੂਆਂ ‘ਚੋਂ, ਆਜ਼ਾਦ ਹਿੰਦ ਫ਼ੌਜ ਦੇ ‘ਸਿਪਾਹ ਸਿਲਾਰ’ ਹੋਏ।”
ਪਿੰਡ ਦਾ ਸ਼ਾਇਰ ਪੀਰ ਕਾਦਰੀ ਸੱਦਾ ਆਜ਼ਾਦੀ ਘੁਲਾਟੀਏ ਬਚਨ ਸਿੰਘ ਸਿੱਧੂ ਨੂੰ ਆਪਣੇ ਕਲਾਮ ਵਿਚ, ਸ਼ਰਧਾਂਜਲੀ ਦੇ ਰੂਪ ਵਿਚ, ਉਸ ਦੇ ਆਜ਼ਾਦੀ ਦੀ ਲੜਾਈ ਵਿਚ ਪਾਏ ਵਡਮੁੱਲੇ ਯੋਗਦਾਨ ਵਜੋਂ ਉਸ ਨੂੰ ‘ਸਿਪਾਹ ਸਿਲਾਰ’ ਵਰਗੇ ਜੰਗਜੂ ਰੁਤਬੇ ਨਾਲ ਨਿਵਾਜਦਾ ਹੈ। ਪੀਰ ਕਾਦਰੀ ਦੀਆਂ ਉਪਰੋਕਤ ਸਤਰਾਂ ਵਿਚ ਅਥਾਹ ਸਚਾਈ ਹੈ ਕਿਉਂਕਿ ਆਪਣੇ ਪਰਿਵਾਰ ਲਈ ਤਾਂ ਹਰ ਕੋਈ ਵੱਡੀਆਂ ਘਾਲਣਾ ਘਾਲਦਾ ਹੈ ਪਰੰਤੂ ਦੇਸ਼ ਕੌਮ ਲਈ ‘ਕੁਝ ਕਰਨ’ ਵਾਲਿਆਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ ਹੁੰਦੀ।
ਹੋਰਨਾਂ ਪੰਜਾਬੀਆਂ ਵਾਂਗ 1940 ਈਸਵੀ ਸਮੇਂ ਮਲਾਇਆ ਵਿਚ ਗਿਆ ਤਾਂ ਖੱਟਣ ਕਮਾਉਣ ਸੀ ਪਰੰਤੂ ਥੋੜ੍ਹੇ ਸਮੇਂ ਬਾਅਦ ਹੀ ਪ੍ਰਸਿੱਧ ਆਜ਼ਾਦੀ ਸੰਗਰਾਮੀਏ ਸੁਭਾਸ਼ ਚੰਦਰ ਬੋਸ ਦਾ ਲੈਕਚਰ ਸੁਣ ਕੇ ਨੌਜਵਾਨ ਬਚਨ ਸਿੰਘ ਦਾ ਖੂਨ ਖੌਲ ਉਠਿਆ ਅਤੇ ਉਹ ਆਜ਼ਾਦੀ ਦੀ ਲੜਾਈ ਵਿਚ ਕੁੱਦ ਪਿਆ। ਜਨਰਲ ਮੋਹਨ ਸਿੰਘ ਦੇ ਸੰਪਰਕ ਨੇ ਉਸ ਦੀ ਦੇਸ਼ ਭਗਤੀ ਦੀ ਰੰਗਤ ਦਾ ਰੰਗ ਹੋਰ ਵੀ ਗੂੜਾ ਕਰ ਦਿੱਤਾ ਅਤੇ ਆਜ਼ਾਦ ਹਿੰਦ ਫ਼ੌਜ ਵਿਚ ਭਰਤੀ ਹੋ ਗਿਆ। ਟ੍ਰੇਨਿੰਗ ਉਪਰੰਤ ਉਸ ਨੂੰ ਅੰਗਰੇਜ਼ਾਂ ਦੀਆਂ ਫ਼ੌਜਾਂ ਦੇ ਵਿਰੁੱਧ ਅਸਾਮ ਦੇ ਮਨੀਪੁਰ ਇਲਾਕੇ ਵਿਚ ਤੈਨਾਤ ਕਰ ਦਿੱਤਾ। ਲੜਾਈ ਦੌਰਾਨ ਬਚਨ ਸਿੰਘ ਫੱਟੜ ਹੋ ਗਿਆ, ਅੰਗਰੇਜ਼ੀ ਫ਼ੌਜ ਨੇ ਉਸ ਨੂੰ ਕੈਦ ਕਰਕੇ ਇਲਾਜ ਲਈ ਕਲਕੱਤੇ ਹਸਪਤਾਲ ਵਿਚ ਭੇਜ ਦਿੱਤਾ। ਹਾਲੀਂ ਉਹ ਚੰਗੀ ਤਰ੍ਹਾਂ ਠੀਕ ਵੀ ਨਹੀਂ ਸੀ ਹੋਇਆ ਕਿ ਹੋਰਨਾਂ ਆਜ਼ਾਦ ਹਿੰਦ ਫ਼ੌਜ ਦੇ ਕੈਦੀਆਂ ਵਾਂਗ ਦਿੱਲੀ ਦੇ ਲਾਲ ਕਿਲੇ ਵਿਚ ਕੈਦ ਹੋ ਗਿਆ।
1947 ਵਿਚ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਪੰਜਾਬ ਦੀ ਪੁਲਿਸ ਉਸ ਨੂੰ ਧਰਮਕੋਟ ਠਾਣੇ ਵਿਚ ਲੈ ਆਈ। ਜਨੇਰ ਦੀ ਪੰਚਾਇਤ ਆਜ਼ਾਦੀ ਘੁਲਾਟੀਏ ਬਚਨ ਸਿੰਘ ਸਿੱਧੂ ਨੂੰ ਪਿੰਡ ਲੈ ਆਈ। ਉਸ ਦੀਆਂ ਔਕੜਾਂ ਦੀ ਦਾਸਤਾਨ ਆਜ਼ਾਦ ਭਾਰਤ ਵਿਚ ਵੀ ਖ਼ਤਮ ਨਾ ਹੋਈ। ਉਸ ਨੂੰ ਹਰ ਹਫ਼ਤੇ ਲਗਪਗ 20 ਮੀਲ ਪੈਦਲ ਤੁਰ ਕੇ ਧਰਮਕੋਟ ਠਾਣੇ ਵਿਚ ਹਾਜ਼ਰੀ ਦੇਣੀ ਪੈਂਦੀ ਸੀ। ਜਵਾਨੀ ਦਾ ਖੱਟ ਕਮਾਉਣ ਦਾ ਸਮਾਂ ‘ਦੇਸ਼ ਦੇ ਅਰਪਣ’ ਰਿਹਾ ਹੋਣ ਕਰਕੇ ‘ਦੇਸ਼ ਭਗਤ’ ਬਚਨ ਸਿੰਘ ਨੂੰ ਕਾਫੀ ਮਾਲੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਧਰ ਸ਼ਰੀਕੇ ਵਾਲਿਆਂ ਦੇ ‘ਆ ਗਿਆ ਕਮਾਈਆਂ ਕਰਕੇ’, ‘ਜਿਹੋ ਜਿਹਾ ਗਿਆ ਉਹੋ ਜਿਹਾ ਮੁੜ ਆਇਆ’ ਅਤੇ ‘ਸੁਣਾ ਬਈ ਮਲਾਇਆ ਵਾਲਿਆ’ ਦੇ ਵਿਅੰਗ ਵੱਖਰੇ ਸਹਿਣੇ ਪਏ। ਪਰਿਵਾਰ ਦੀ ਪਰਵਰਿਸ਼ ਲਈ ਛੋਟੀ ਜਾਇਦਾਦ ਹੋਣ ਕਾਰਨ ਉਸ ਨੂੰ ਕਈ ਛੋਟੇ-ਮੋਟੇ ਕੰਮ ਵੀ ਕਰਨੇ ਪਏ ਪਰੰਤੂ ਬਚਨ ਸਿੰਘ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ, ਉਸ ਨੇ ਦੇਸ਼ ਨੂੰ ਕਦੀ ਮਾਤਾ ਨਾ ਕਿਹਾ ਸਗੋਂ ਗ਼ਰੀਬੀ, ਤੰਗੀ-ਤੁਰਸ਼ੀ ਅਤੇ ਸ਼ਰੀਕਾਂ ਦੇ ਵਿਅੰਗਾਂ ਨੂੰ ਜ਼ਿੰਦਗੀ ਦੀ ਇਕ ਚੁਣੌਤੀ ਵਜੋਂ ਸਵੀਕਾਰ ਕੀਤਾ। ਦੇਸ਼ ਪਿਆਰ ਦੇ ਬੀਜ ਨੂੰ ਪਤਾ ਨਹੀਂ ਕਿਹੜੀ ਚੀਜ਼ ਦੀ ਪੁੱਠ ਦਿੱਤੀ ਜਾਂਦੀ ਹੈ ਕਿ ਉਹ ਵਰ੍ਹਿਆਂ ਬੱਧੀ ਵੀ ਗਲਦਾ ਨਹੀਂ। ਭਾਰਤ-ਚੀਨ ਦੀ 1962 ਈਸਵੀ ਵਾਲੀ ਲੜਾਈ ਸਮੇਂ ਬਚਨ ਸਿੰਘ ਨੇ ‘ਪੰਜਾਬ ਰਕਸ਼ਾ ਦਲ’ ਵਿਚ ਇਕ ਸਰਗਰਮ ਮੈਂਬਰ ਵਜੋਂ ਡਿਊਟੀ ਨਿਭਾਈ।
‘ਦੇਰ ਆਏ ਦਰੁਸਤ ਆਏ’ ਦਾ ਅਖਾਣ ਸੱਚ ਹੋਇਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪਹਿਲੇ ਕਾਰਜਕਾਲ ਸਮੇਂ ਆਜ਼ਾਦ ਹਿੰਦ ਫ਼ੌਜ ਦੇ ਸਵਤੰਤਰਤਾ ਸੰਗਰਾਮੀਆਂ ਨੂੰ ਸਨਮਾਨ ਚਿੰਨ੍ਹ ‘ਤਾਮਰ ਪਾਤਰਾ’ ਅਤੇ ਮਹੀਨਾਵਾਰੀ ਪੈਨਸ਼ਨ ਨਾਲ ਸਰਕਾਰ ਨੇ ਨਿਵਾਜਿਆ ਜਿਸ ਵਿਚ ਬਚਨ ਸਿੰਘ ਵੀ ਸ਼ਾਮਿਲ ਸੀ । ਲੰਮਾ ਸਮਾਂ ਉਹ ਸਰਕਾਰ ਵਲੋਂ ਮਿਲੀ ਪੈਨਸ਼ਨ ਅਤੇ ਹੋਰ ਸਹੂਲਤਾਂ ਦਾ ਆਨੰਦ ਮਾਣਦਾ ਰਿਹਾ। ਬਚਨ ਸਿੰਘ ਸਿੱਧੂ ਨੂੰ ਅੱਜ ਵੀ ਪਿੰਡ ਵਾਸੀ ਯਾਦ ਕਰਦੇ ਹਨ ਅਤੇ ਉਹ ਇਸ ਦਾ ਹੱਕਦਾਰ ਵੀ ਹੈ।
ਰੱਜੀ ਨੀਯਤ ਵਾਲਾ ਜਰਨੈਲ ਸਿੰਘ ਸਿੱਧੂ
ਮਨ ਦੀ ਸੰਤੁਸ਼ਟੀ ਮਾਇਆ ਦੀ ਬਹੁਤਾਤ, ਮੋਟੀ ਜਾਇਦਾਦ, ਵੱਡੇ ਕਾਰੋਬਾਰਾਂ, ਉਚ ਸਰਕਾਰੀ ਅਹੁਦਿਆਂ ਜਾਂ ਫੋਕੀ ਸ਼ੌਹਰਤ ਨਾਲ ਨਹੀਂ ਹੁੰਦੀ ਸਗੋਂ ਇਹ ਤਾਂ ਪ੍ਰਮਾਤਮਾ ਵਲੋਂ ਬਖ਼ਸ਼ੀ ਹੋਈ ਰੱਜੀ ਨੀਯਤ ਹੈ ਜੋ ਹਰ ਇਨਸਾਨ ਦੇ ਹਿੱਸੇ ਨਹੀਂ ਆਉਂਦੀ । ਕਈ ਵਾਰ ਮਨ ਦੀ ਸੰਤੁਸ਼ਟੀ ਕਾਰਨ ਇਨਸਾਨ ਇਤਿਹਾਸ ਦਾ ਇਕ ਵਧੀਆ ਪਾਤਰ ਬਣ ਜਾਂਦਾ। ਹੈ। ਸਿੱਧੂ ਪੱਤੀ ਵਾਲਾ ਜਰਨੈਲ ਸਿੰਘ ਸਿੱਧੂ ਕੋਈ ਬਹੁਤਾ ਅਮੀਰ ਨਹੀਂ ਸੀ ਸਗੋਂ ਸਾਧਾਰਣ ਜੀਵਨ ਬਸਰ ਕਰਨ ਵਾਲਾ ਮਿਹਨਤਕਸ਼ ਕਿਸਾਨ ਸੀ। ਰੱਜੀ ਨੀਯਤ ਨਾਲ ਮਾਇਆ ਦੇ ਵੱਡੇ ਗੱਫੇ ਨੂੰ ਠੁਕਰਾਉਣ ਕਾਰਨ ਉਹ ਪਿੰਡ ਜਨੇਰ ਅਤੇ ਇਲਾਕੇ ਦੇ ਲੋਕਾਂ ਵਿਚ ਰਾਤੋ-ਰਾਤ ਇਕ ਨਾਇਕ ਵਾਂਗ ਉਭਰਿਆ।
ਪਹਿਲੀ ਜਨਵਰੀ 1968 ਨੂੰ ਜਦੋਂ ਜਰਨੈਲ ਸਿੰਘ ਅਤੇ ਉਸ ਦੇ ਲੜਕੇ ਗੁਰਮੇਲ ਸਿੰਘ ਗੁੱਗ ਨੂੰ ਘਰ ਦੇ ਨੇੜੇ ਮਿੱਟੀ ਪੁੱਟਦੇ ਸਮੇਂ ਵਿਸ਼ਨੂੰ ਭਗਵਾਨ ਦੀ ਦੁਰਲਭ ਮੂਰਤੀ ਲੱਭੀ ਤਾਂ ਪੰਜਾਬ ਵਿਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਦੇ ਅਖ਼ਬਾਰਾਂ ਵਿਚ ਇਸ ਦੀਆਂ ਖ਼ਬਰਾਂ ਫ਼ੋਟੋ ਸਹਿਤ ਪ੍ਰਕਾਸ਼ਿਤ ਹੋਈਆਂ। ਉਸ ਸਮੇਂ ਟੈਲੀਵਿਜ਼ਨ ਤਾਂ ਨਹੀਂ ਸਨ ਪਰੰਤੂ ਕਈ ਭਾਸ਼ਾਵਾਂ ਦੇ ਰੇਡੀਓ ਸਟੇਸ਼ਨਾਂ ਤੋਂ ਵੀ ਇਹ ਖ਼ਬਰ ਨਸ਼ਰ ਹੋਈ। ਦੁਰਲਭ ਮੂਰਤੀਆਂ ਦੇ ਅਮੀਰ ਸਮਗਲਰ ਵਪਾਰੀਆਂ ਨੇ ਵੇਲੇ ਕੁਵੇਲੇ ਅਤੇ ਰਾਤ-ਬਰਾਤੇ ਜਰਨੈਲ ਸਿੰਘ ਸਿੱਧੂ ਪਾਸ ਵਿਸ਼ਨੂੰ ਭਗਵਾਨ ਦੀ ਦੁਰਲਭ ਮੂਰਤੀ ਖ਼ਰੀਦਣ ਲਈ ਵੱਡੀਆਂ ਰਕਮਾਂ ਦੀ ਪੇਸ਼ਕਸ਼ ਕੀਤੀ ਪਰੰਤੂ ਰੱਜੀ ਨੀਯਤ ਅਤੇ ਸੰਤੁਸ਼ਟ ਮਨ ਵਾਲੇ ਜਰਨੈਲ ਸਿੰਘ ਦਾ ਇਕੋ ਘੜਿਆ ਘੜਾਇਆ ਜਵਾਬ ਹੁੰਦਾ, “ਭਾਈ ਰੱਬ ਤੋਂ ਡਰੋ, ਮੈਂ ਇਹ ਕੰਮ ਨਹੀਂ ਕਰ ਸਕਦਾ।” ਇਸੇ ਕਿਤਾਬ ਵਿਚ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਬੇਰਗਿੱਲ ਮੂਰਤੀਆਂ ਦੇ ਵਪਾਰੀਆਂ ਨੂੰ ਜਰਨੈਲ ਸਿੰਘ ਸਿੱਧੂ ਇਹ ਕਹਿੰਦਾ ਦਰਸਾਇਆ ਗਿਆ ਹੈ, “ਭਗਵਾਨ ਦਾ ਮੁੱਲ ਨਹੀਂ ਲਿਆ ਜਾਂਦਾ।”
ਪਰਦੇ ਵਿਚ ਮਿਲ ਰਹੀਆਂ ਵੱਡੀਆਂ ਰਕਮਾਂ ਨੂੰ ਸਿਰਫ਼ ਰੱਜੀ ਨੀਯਤ ਅਤੇ ਦਿਲੋਂ ਅਮੀਰ ਜਰਨੈਲ ਸਿੰਘ ਸਿੱਧੂ ਵਰਗਾ ਮਨ ਦੀ ਸੰਤੁਸ਼ਟੀ ਵਾਲਾ ਇਨਸਾਨ ਹੀ ਠੋਕਰ ਮਾਰ ਸਕਦਾ ਹੈ, ਆਮ ਆਦਮੀ ਦੇ ਵਸ ਦਾ ਰੋਗ ਨਹੀਂ।
ਸਾਰੇ ਪਿੰਡ ਦਾ ਮਾਮਾ, ਪ੍ਰੀਤਮ ਸਿੰਘ ਸਰ੍ਹਾਂ
ਪੰਜਾਬੀ ਸਭਿਆਚਾਰ ਵਿਚ ‘ਮਾਮਾ’ ਸ਼ਬਦ ਨੂੰ ਬਹੁਪੱਖੀ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਸਮਾਜਿਕ ਰਿਸ਼ਤਿਆਂ ਵਿਚ ਮਾਮਾ ਬਹੁਤ ਹੀ ਪਿਆਰਾ ਅਤੇ ਸਤਿਕਾਰਤ ਰਿਸ਼ਤਾ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਲੜਕਾ, ਲੜਕੀ ਦੇ ਵਿਆਹ ਸਮੇਂ ਸਾਰੇ ਸ਼ਗਨ ਵਿਆਹਾਂ ਵਿਚ ਮਾਮੇ ਨੂੰ ਦੂਜੇ ਰਿਸ਼ਤੇਦਾਰਾਂ ਨਾਲੋਂ ਵਧ ਤਰਜੀਹ ਦਿੱਤੀ ਜਾਂਦੀ ਹੈ। ਮਾਮੇ ਦਾ ਦੂਜਾ ਪੱਖ ਵੀ ਹੈ। ਸਮਾਜ ਵਿਚ ਇਸ ਰਿਸ਼ਤੇ ਨੂੰ ਗਾਲ੍ਹ ਦੇ ਰੂਪ ਵਿਚ ਵੀ ਵਰਤਿਆ ਗਿਆ ਜਿਵੇਂ, ‘ਮਾਮਾ ਮੁੰਡਿਆਂ ਦਾ’ ਜਾਂ ਫੇਰ ‘ਤੂੰ ਮਾਮਾ ਲਗਦਾ। ਸੀ, ਸਾਡੇ ਪੁੱਛੇ ਬਗ਼ੈਰ ਫਲਾਣਾ ਕੰਮ ਕਰ ਦਿੱਤਾ’ ਆਦਿ। ਕੁਝ ਪਰਿਵਾਰਕ ਮਜਬੂਰੀਆਂ ਅਤੇ ਲੋੜਾਂ ਦੇ ਮੱਦੇਨਜ਼ਰ ਲਗਪਗ ਹਰ ਇਕ ਪਿੰਡ ਵਿਚ ਹੀ ਇਕ ਜਾਂ ਵਧ ਮਾਮਿਆਂ ਨੂੰ ਰਹਿਣਾ ਪੈਂਦਾ ਹੈ ਪਰੰਤੂ ਸਿੱਧੂ ਪੱਤੀ ਵਾਲੇ ਸਰਬ ਸਾਂਝੇ ਮਾਮੇ ਪ੍ਰੀਤਮ ਸਿੰਘ ਸਰ੍ਹਾਂ ਦੀ ਪਿੰਡ ਵਿਚ ਆਪਣੀ ਨਿਵੇਕਲੀ ਥਾਂ ਹੈ।
ਸਿੱਧੂ ਪੱਤੀ ਵਾਲੇ ਲੰਬਰਦਾਰ ਪ੍ਰਤਾਪ ਸਿੰਘ ਦੇ ਕੋਈ ਔਲਾਦ ਨਾ ਹੋਣ ਕਾਰਨ ਉਸ ਨੇ ਆਪਣੀ ਪਤਨੀ ਸ਼ਾਮ ਕੌਰ ਦੇ ਭਰਾ ਪ੍ਰੀਤਮ ਸਿੰਘ ਸਰ੍ਹਾਂ ਨੂੰ ਬੁਢੇਪੇ ਦੀ ਡੰਗੋਰੀ ਦਾ ਸਹਾਰਾ ਬਣਨ ਲਈ ਨੇੜਲੇ ਪਿੰਡ ਫਤਿਹਗੜ੍ਹ ਤੋਂ ਆਪਣੇ ਪਾਸ ਬੁਲਾ ਲਿਆ ਅਤੇ ਉਸ ਦਾ ਵਿਆਹ ਵੀ ਕਰ ਦਿੱਤਾ। ਪ੍ਰੀਤਮ ਸਿੰਘ ਅਤੇ ਉਸ ਦੀ ਪਤਨੀ ਸਹੀ ਮਾਅਨਿਆਂ ਵਿਚ ਹੀ ਉਨ੍ਹਾਂ ਦੇ ਬੁਢੇਪੇ ਦਾ ਸਹਾਰਾ ਬਣੇ। ਭੈਣ ਦੇ ਘਰ ਭਰਾ ਦਾ ਰਹਿਣਾ ਸਾਡੇ ਸਮਾਜ ਵਿਚ ਜੋਖੋਂ ਭਰਿਆ ਕੰਮ ਹੈ ਪਰੰਤੂ ਮਿੱਠ-ਬੋਲੜੇ, ਹਰ ਵਕਤ ਹੰਸੂ-ਹੰਸੂ ਕਰਨ ਵਾਲੇ ਅਤੇ ਕਈ ਸ਼ਰੀਕੇ ਵਾਲਿਆਂ ਦੇ ‘ਥਾਂ ਸਿਰ ਲੱਗਣ ਵਾਲੇ’ ਪ੍ਰੀਤਮ ਸਿੰਘ ਨੇ ‘ਚੰਗੀ ਮਾੜੀ ਆਖੀ’ ਦਾ ਜਵਾਬ ਵੀ ਖਿੜੇ ਮੱਥੇ ਦਿੱਤਾ। ਥੋੜ੍ਹੇ ਸਮੇਂ ਵਿਚ ਹੀ ਉਹ ਇਕ ਸਿੱਧੂ ਪੱਤੀ ਹੀ ਨਹੀਂ ਸਗੋਂ ਸਮੂਹ ਪਿੰਡ ਵਾਸੀਆਂ ਦਾ ਦਿਲ ਜਿੱਤ ਕੇ ਸਾਰੇ ਪਿੰਡ ਦਾ ਮਾਮਾ ਬਣ ਗਿਆ।
ਮਾਮਾ ਪ੍ਰੀਤਮ ਸਿੰਘ ਸਰ੍ਹਾਂ ਦੀ ਉਮਰ ਬੇਸ਼ਕ 80 ਸਾਲ ਦੇ ਲਗਪਗ ਹੈ ਪਰੰਤੂ ਉਹਦੇ ਭਾਣਜਿਆਂ ਦੀ ਉਮਰ ਵੀ ਨਵ-ਜੰਮਿਆਂ ਤੋਂ ਲੈ ਕੇ 80 ਸਾਲ ਤੀਕ ਹੀ ਹੈ। ਪਿੰਡ ਦਾ ਹਰ ਇਕ ਬੱਚਾ, ਬੁਢਾ ਅਤੇ ਨੌਜੁਆਨ ਉਸ ਨੂੰ ਮਾਮਾ ਆਖ ਕੇ ਬੁਲਾਉਂਦਾ ਹੈ। ਏਥੇ ਹੀ ਬਸ ਨਹੀਂ ਗੁਆਂਢੀ ਪਿੰਡ ਵਾਲੇ ਵੀ ਉਸ ਨੂੰ ਮਾਮਾ ਹੀ ਆਖਦੇ ਹਨ। ਸਾਬਕਾ ਸਰਪੰਚ ਜਗਜੀਤ ਸਿੰਘ ਗਿੱਲ ਤਾਂ ਇਸ ਨੂੰ ‘ਸਰਕਾਰੀ ਮਾਮਾ’ ਆਖਿਆ ਕਰਦਾ ਸੀ। ਮਾਮਾ ਪਿੰਡ ਵਾਲਿਆਂ ਦੇ ਬਹੁਤ ਕੰਮ ਆਉਂਦਾ ਹੈ। ਜੇਕਰ ਕਿਸੇ ਲੜਕੇ-ਲੜਕੀ ਦੇ ਵਿਆਹ ਵਿਚ ਮਿਲਣੀ ਦੀ ਰਸਮ ਸਮੇਂ ਉਸ ਦਾ ਮਾਮਾ ਨਾ ਪਹੁੰਚ ਸਕੇ ਜਾਂ ਰੂਸ ਜਾਵੇ ਤਾਂ ਇਹੋ ਜਿਹੇ ਸਮਿਆਂ ਵਿਚ ਮਾਮਾ ਪ੍ਰੀਤਮ ਸਿੰਘ ਹੀ ਡੰਗ ਸਾਰਦਾ ਹੈ। ਸ਼ਾਇਦ ਹੀ ਕੋਈ ਪਿੰਡ ਵਾਸੀ ਹੋਵੇਗਾ ਜਿਸ ਨੇ ਮਾਮੇ ਦਾ ਭਾਨ ਸਿੰਘ ਬਰਾੜ ਅਤੇ ਮੋਹਰ ਸਿੰਘ ਚੀਮਾ ਨਾਲ ‘ਗਾਲਾਂ ਦਾ ਸ਼ੋ ਮੈਚ’ ਨਾ ਵੇਖਿਆ ਹੋਵੇ।
ਕਈ ਵਾਰ ਹਾਸੇ-ਹਾਸੇ ਵਿਚ ਮਾਮਾ ਵੱਡੀ ਗੱਲ ਆਖ ਜਾਂਦਾ ਹੈ। ਇਕ ਦਿਨ ਸਰਦੀ ਦੀ ਸ਼ਾਮ ਸੀ, ਮਾਮੇ ਨੇ ਬਰਾਂਡੀ ਦਾ ਪੈੱਗ ਲਗਾਇਆ ਹੋਇਆ ਸੀ। ਮਾਮੇ ਦੇ ਦਰਜਨ ਕੁ ਭਾਣਜੇ ਵੀ ਉਸ ਨਾਲ ਤਖ਼ਤਪੋਸ਼ ‘ਤੇ ਬੈਠੇ ਹੋਏ ਸਨ । ਹਾਸੇ ਮਜ਼ਾਕ ਦਾ ਦੌਰ ਚੱਲ ਰਿਹਾ ਸੀ। ਉਸ ਦੇ ਗੁਆਂਢੀ ਮਾਸਟਰ ਅਜੈਬ ਸਿੰਘ ਦਾ ਪੋਤਰਾ ਆ ਕੇ ਕਹਿਣ ਲੱਗਾ “ਮਾਮਾ ਟੌਫੀ ਲੈਣੀ ਹੈ” ਮਾਮੇ ਨੇ ਹੱਸ ਕੇ ਕਿਹਾ, “ਕੰਜਰੋ ਮੈਂ ਤਿੰਨ ਚਾਰ ਪੀੜ੍ਹੀਆਂ ਤੋਂ ਤੁਹਾਡਾ ਮਾਮਾ ਚਲਿਆ ਆ ਰਿਹਾ ਹਾਂ, ਹੁਣ ਮੈਂ ਬੁੱਢਾ ਹੋ ਗਿਆ ਹਾਂ ਅਤੇ ਰੱਬ ਦੇ ਨੇੜੇ ਵੀ ਹੋ ਗਿਆ ਹਾਂ, ਹੁਣ ਕੋਈ ਨਵਾਂ ਮਾਮਾ ਲੱਭ ਲਵੋ।” ਉਸ ਸਮੇਂ ਤਾਂ ਗੱਲ ਹਾਸੇ ਵਿਚ ਟਲ ਗਈ ਪਰੰਤੂ ਘਰ ਪਹੁੰਚ ਕੇ ਜ਼ਰੂਰ ਸਾਰਿਆਂ ਨੇ ਮਾਮੇ ਦੇ ਬਦਲ ਬਾਰੇ ਕੁਝ ਸੋਚਿਆ ਹੋਵੇਗਾ।
ਸਰਪੰਚ ਮੱਘਰ ਸਿੰਘ ਸਿੱਧੂ (ਅਮਰੀਕਾ ਵਾਲੇ)
‘ਸਰਪੰਚੀ ਲੈਣੀ ਸੌਖੀ ਹੈ ਪਰੰਤੂ ਨਿਭਾਉਣੀ ਔਖੀ ਹੈ’ ਜ਼ੀਰਾ ਨੇੜਲੇ ਪਿੰਡ ਬੋਤੀਆਂ ਵਾਲਾ ਦੇ ਸਾਬਕਾ ਸਰਪੰਚ ਅਜੀਤ ਸਿੰਘ ਢਿਲੋਂ, ਜਿਸ ਨੇ ਵੀਹ ਵਰ੍ਹੇ ਬਿਨਾਂ ਚੋਣਾਂ ਲੜਿਆਂ ਸਰਪੰਚੀ ਕੀਤੀ, ਦੇ ਤਜਰਬੇ ‘ਤੇ ਅਧਾਰਤ ਕਥਨ ਵਿਚ ਅਥਾਹ ਸਚਾਈ ਹੈ। ਲਗਪਗ ਹਰ ਇਕ ਮੌਜੂਦਾ ਜਾਂ ਸਾਬਕਾ ਸਰਪੰਚ ਉਸ ਦੇ ਕਥਨ ਨਾਲ ਸਹਿਮਤ ਹੋਵੇਗਾ। ਸਮੇਂ ਦੇ ਬਦਲ ਨਾਲ ਲੋਕਾਂ ਵਿਚ ਰਾਜਨੀਤਕ ਚੇਤਨਤਾ ਆਉਣ ਅਤੇ ਆਪਣੇ ਮੌਲਿਕ ਅਧਿਕਾਰਾਂ ਬਾਰੇ ਜਾਗਰੂਕ ਹੋਣ ਕਾਰਨ ਅਜੋਕੇ ਸਰਪੰਚਾਂ ਨੂੰ ਹਰ ਇਕ ਕਦਮ ਫੂਕ-ਫੂਕ ਕੇ ਰਖਣਾ ਪੈਂਦਾ ਹੈ।
ਮੱਘਰ ਸਿੰਘ ਸਿੱਧੂ ਨੇ ਬਹੁਤ ਹੀ ਸਹਿਜਤਾ, ਹਲੀਮੀ, ਉਦਾਰਚਿਤ, ਠੰਡੇ ਮਨ, ਸ਼ਾਂਤ ਸੁਭਾ, ਨਿਰਪੱਖਤਾ ਅਤੇ ਬਿਨਾਂ ਕਿਸੇ ਵਿਤਕਰੇ ਦੇ ਸਰਪੰਚੀ ਕੀਤੀ। ਹਰ ਇਕ ਦੇ ਦੁਖ-ਸੁਖ ਵਿਚ ਸਹਾਈ ਹੋਣ, ਲੋੜ ਪੈਣ ‘ਤੇ ਲੋਕਾਂ ਦੀ ਮਾਲੀ ਮਦਦ ਕਰਨ ਅਤੇ ਪਿੰਡ ਵਾਸੀਆਂ ਦੇ ਛੋਟੇ-ਛੋਟੇ ਆਪਸੀ ਝਗੜੇ ਪਿੰਡ ਵਿਚ ਹੀ ਸੁਲਝਾਉਣ ਕਾਰਨ ਉਹ ਪਿੰਡ ਵਾਲਿਆਂ ਦੇ ਦਿਲਾਂ ‘ਤੇ ਸਰਪੰਚੀ ਕਰ ਗਿਆ। ਸਾਰੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਉਣ ਸਮੇਤ ਉਸਨੇ ਪਿੰਡ ਵਿਚ ਹੋਰ ਵੀ ਕਈ ਸੁਧਾਰ ਕੀਤੇ। ਅਨਪੜ੍ਹ ਹੋਣ ਦੇ ਬਾਵਜੂਦ ਵੀ ਸਾਰੇ ਮਹਿਕਮਿਆਂ ਦੇ ਮੁਲਾਜ਼ਮ ਉਸ ਦੀ ਕਦਰ ਕਰਦੇ ਸਨ। ਪਿੰਡ ਦਾ ਸਰਪੰਚ ਹੋਣ ਤੋਂ ਬਿਨਾਂ ਉਸ ਪਾਸ ਸਿੱਧੂ ਪੱਤੀ ਦੀ ਲੰਬਰਦਾਰੀ ਵੀ ਸੀ। ਸ਼ਾਇਦ ਮੱਘਰ ਸਿੰਘ ਸਿੱਧੂ ਦੇ ਉਪਰੋਕਤ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਹੀ ਪਿੰਡ ਦਾ ਸ਼ਾਇਰ ਪੀਰ ਕਾਦਰੀ ਸੱਦਾ ਲਿਖਦਾ ਹੈ:-
“ਮੱਘਰ ਸਿੰਘ ਸਰਪੰਚ ਸੀ ਦੇਸੀ ਘਿਉ ਵਰਗਾ, ਪਿੰਡ ਦੀ ਸ਼ਾਨ ਅਤੇ ਨੰਬਰਦਾਰ ਹੋਏ”
ਪਿੰਡ ਦੇ ਪਹਿਲੇ ਸਰਪੰਚ ਅਤੇ ਮੱਘਰ ਸਿੰਘ ਸਿੱਧੂ ਦੇ ਰਿਸ਼ਤੇਦਾਰ ਦਰਸ਼ਨ ਸਿੰਘ ਸਿੱਧੂ ਜਿਸ ਨੇ ਉਸ ਨੂੰ ਸਰਪੰਚੀ ਦੀ ਚੋਣ ਵਿਚ ਹਰਾਇਆ ਸੀ, ਦੀ ਬੇਵਕਤ ਅਤੇ ਦੁਖਦਾਈ ਮੌਤ ਤੋਂ ਬਾਅਦ ਮੱਘਰ ਸਿੰਘ ਸਿੱਧੂ ਦਾ ਉਪ ਚੋਣ ਨਾ ਲੜਣਾ ਅਤੇ ਦਰਸ਼ਨ ਸਿੰਘ ਸਿੱਧੂ ਦੀ ਪਤਨੀ ਦੇ ਹੱਕ ਵਿਚ ਸਰਪੰਚੀ ਰਹਿਣ ਦੇਣ ਲਈ ਪਿੰਡ ਵਾਸੀਆਂ ਨੂੰ ਰਾਜ਼ੀ ਕਰ ਲੈਣਾ ਉਸ ਦੇ ਵੱਡੇਪਣ ਦਾ ਸਬੂਤ ਸੀ। ਇਸ ਨਾਲ ਪਿੰਡ ਅਤੇ ਇਲਾਕੇ ਵਿਚ ਮੱਘਰ ਸਿੰਘ ਦਾ ਕੱਦ ਹੋਰ ਵੀ ਉਚਾ ਹੋਇਆ। ਅਗਲੀਆਂ ਚੋਣਾਂ ਵਿਚ ਬੇਸ਼ਕ ਉਸ ਨੇ ਕੋਹਰ ਸਿੰਘ ਚੀਮਾ ਨੂੰ ਵੱਡੇ ਫ਼ਰਕ ਨਾਲ ਹਰਾਇਆ ਪਰੰਤੂ ਉਨ੍ਹਾਂ ਦੋਹਾਂ ਦੇ ਪਰਿਵਾਰਕ ਸਬੰਧਾਂ ਵਿਚ ਕੋਈ ਫ਼ਰਕ ਨਾ ਪਿਆ। ਮੱਘਰ ਸਿੰਘ ਸਿੱਧੂ, ਕੋਹਰ ਸਿੰਘ ਚੀਮਾ ਅਤੇ ਪਿੰਡ ਵਾਸੀਆਂ ਲਈ ਇਹ ਇਕ ਵੱਡੀ ਅਤੇ ਮਾਣ ਕਰਨ ਵਾਲੀ ਪ੍ਰਾਪਤੀ ਸੀ। ਪਿੰਡ ਦੇ ਸਾਂਝੇ ਕੰਮਾਂ ਬਾਰੇ ਫ਼ੈਸਲਾ ਲੈਣ ਸਮੇਂ ਉਹ ਹਮੇਸ਼ਾ ਆਪਣੇ ਸਰਪੰਚੀ ਦੀ ਚੋਣ ਸਮੇਂ ਦੇ ਵਿਰੋਧੀਆਂ ਕੋਹਰ ਸਿੰਘ ਚੀਮਾ, ਮੇਜਰ ਸਿੰਘ ਸੇਖੋਂ ਅਤੇ ਪੰਜਵੀਂ ਪੱਤੀ ਦੇ ਮੋਹਤਬਰਾਂ ਦੀ ਰਾਇ ਜ਼ਰੂਰ ਲੈਂਦਾ। ਲੰਬਰਦਾਰ ਸੰਤਾ ਸਿੰਘ ਬਰਾੜ ਪੰਚਾਇਤੀ ਦਾਅ ਪੇਚਾਂ ਦੇ ਮਾਹਿਰ ਵਜੋਂ ਉਸ ਦਾ ਮੁਖ ਸਲਾਹਕਾਰ ਸੀ।
ਸਰਪੰਚੀ ਦੇ ਆਖ਼ਰੀ ਸਮੇਂ ਵਿਚ ਤਾਂ ਉਹ ਐਨਾ ਹਰਮਨ ਪਿਆਰਾ ਹੋ ਚੁੱਕਾ ਸੀ ਕਿ ਪਿੰਡ ਵਾਸੀ ਉਸ ਨੂੰ ਬਿਨਾਂ ਵੋਟਾਂ ਤੋਂ ਸਰਪੰਚ ਬਣਾਉਣ ਦੇ ਰੌਂ ਵਿਚ ਸਨ। ਸ਼ਾਇਦ ਉਸ ਦੀ ਕਿਸਮਤ ਵਿਚ ਸਰਪੰਚੀ ਦਾ ਕੁਝ ਮਹੀਨਿਆਂ ਦਾ ਰਹਿੰਦਾ ਸਮਾਂ ਲੋਕ ਸੇਵਾ ਕਰਨ ਦਾ ਨਹੀਂ ਸੀ। ਉਸ ਦੇ ਲੜਕਿਆਂ ਨੇ ਉਸ ਨੂੰ ਪੱਕੇ ਤੌਰ ‘ਤੇ ਅਮਰੀਕਾ ਬੁਲਾਉਣ ਦੇ ਕਾਗਜ਼ ਭੇਜ ਦਿੱਤੇ ਅਤੇ ਉਸ ਨੂੰ ਮਜਬੂਰੀ ਵੱਸ ਸੁਰਜੀਤ ਸਿੰਘ ਸ਼ੇਰਗਿੱਲ ਦੇ ਹੱਕ ਵਿਚ ਸਰਪੰਚੀ ਛੱਡ ਕੇ ਅਮਰੀਕਾ ਜਾਣਾ ਪਿਆ। ਪਿੰਡ ਵਾਸੀਆਂ ਨੇ ਅਗਲੀਆਂ ਸਰਪੰਚ ਦੀਆਂ ਚੋਣਾਂ ਵਿਚ ਉਸ ਦੇ ਛੋਟੇ ਭਰਾ ਮੁਕੰਦ ਸਿੰਘ ਸਿੱਧੂ ਦੇ ਹੱਕ ਵਿਚ ਫ਼ਤਵਾ ਦੇ ਕੇ ਮੱਘਰ ਸਿੰਘ ਸਿੱਧੂ ਦੇ ਪਿੰਡ ਵਿਚ ਕੀਤੇ ਚੰਗੇ ਕੰਮਾਂ ਦਾ ਮੁਲ ਮੋੜਿਆ। ਹੁਣ ਜਦੋਂ ਵੀ ਮੱਘਰ ਸਿੰਘ ਸਿੱਧੂ ਅਮਰੀਕਾ ਤੋਂ ਕੁਝ ਸਮੇਂ ਲਈ ਪਿੰਡ ਆਉਂਦਾ ਹੈ ਤਾਂ ਪਿੰਡ ਵਾਸੀ ਉਸ ਨੂੰ ‘ਸਰਪੰਚ’ ਆਖ ਕੇ ਹੀ ਬੁਲਾਉਂਦੇ ਹਨ।
ਚੀਮਾ ਪੱਤੀ ਵਾਲੀ ਮਾਤਾ ਕਿਸ਼ਨ ਕੌਰ ਸਿੱਧੂ
ਪੰਜਾਬ ਦੇ ਹੋਰਨਾਂ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਦੁਖਾਂ, ਔਕੜਾਂ, ਮੁਸੀਬਤਾਂ ਅਤੇ ਸਮਾਜਿਕ ਕਠਿਨਾਈਆਂ ਨੂੰ ਖਿੜੇ ਮੱਥੇ ਕਬੂਲ ਕਰਨ ਵਾਲੀਆਂ ਮਹਾਨ ਔਰਤਾਂ ਵਾਂਗ ਜਨੇਰ ਵਿਚੋਂ ਵੀ ਕੁਝ ਸਾਹਸੀ, ਦਲੇਰ ਅਤੇ ਦੁਖ ਨੂੰ ਵੰਗਾਰ, ਪਰਿਵਾਰ ਹਿੱਤ ਜਿਊਣ ਵਾਲੀਆਂ ਸੁਆਣੀਆਂ ਪੈਦਾ ਹੋਈਆਂ। ਪਿੰਡ ਦੇ ਬਜ਼ੁਰਗਾਂ ਪਾਸੋਂ ਸੁਣਨ ਅਤੇ ਕਾਫੀ ਕੁਝ ਆਪਣੇ ਅੱਖੀਂ ਦੇਖਣ ਬਾਅਦ ਮਹਿਸੂਸ ਹੋਇਆ ਕਿ ਚੀਮਾ ਪੱਤੀ ਵਾਲੀ ਮਾਤਾ ਕਿਸ਼ਨ ਕੌਰ ਸਿੱਧੂ ਦੀ ਕੁਰਬਾਨੀ ਭਰੀ ਦਾਸਤਾਨ ਕਲਮ ਬੰਦ ਕਰਨ ਦਾ ਹੱਕ ਮੰਗਦੀ ਹੈ।
ਮਾਤਾ ਕਿਸ਼ਨ ਕੌਰ ਨੂੰ ਦੁਖਾਂ, ਮੁਸੀਬਤਾਂ ਅਤੇ ਔਕੜਾਂ ਭਰੀ ਕਿਸਾਨੀ ਜੀਵਨ ਸ਼ੈਲੀ ਦੀ ਪੰਡ ਵਿਆਹ ਤੋਂ ਚਾਰ ਸਾਲ ਬਾਅਦ ਹੀ ਚੁੱਕਣ ਲਈ ਮਜਬੂਰ ਹੋਣਾ ਪਿਆ, ਜਦੋਂ ਉਸ ਦੇ ਸਿਰ ਦਾ ਸਾਈਂ ਬਚਿੱਤਰ ਸਿੰਘ ਸਿੱਧੂ ਭਰ ਜਵਾਨੀ ਵਿਚ ਹੀ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਿਆ। ਉਸ ਸਮੇਂ ਉਸ ਦੀ ਲੜਕੀ ਤਿੰਨ ਕੁ ਵਰ੍ਹਿਆਂ ਦੀ ਅਤੇ ਲੜਕਾ ਨੈਬ ਸਿੰਘ ਹਾਲੀਂ ਰੁੜ੍ਹਨਾ ਹੀ ਸਿੱਖ ਰਿਹਾ ਸੀ। ਸੰਤ ਬਾਬਾ ਅਤਰ ਸਿੰਘ ਜੀ ਦੇ ਖ਼ਾਨਦਾਨ ਨਾਲ ਸਬੰਧਤ, ਗੁਰਸਿੱਖੀ ਜੀਵਨ ਵਿਚ ਵਿਸ਼ਵਾਸ ਰੱਖਣ ਵਾਲੀ ਕਿਸ਼ਨ ਕੌਰ ਇਸ ਨੂੰ ਪਰਮਾਤਮਾ ਦਾ ਭਾਣਾ ਸਵੀਕਾਰਦਿਆਂ ਦੋਹਾਂ ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਰੁਝ ਗਈ। ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਸ ਨੇ ਕਿਸਾਨੀ ਨਾਲ ਸਬੰਧਤ ਮਰਦਾਂ ਵਾਲੇ ਸਾਰੇ ਕੰਮ ਆਪਣੇ ਹੱਥਾਂ ਨਾਲ ਕੀਤੇ। ਪਿੰਡ ਦੇ ਸੱਠ ਸਾਲਾਂ ਤੋਂ ਵੱਧ ਉਮਰ ਦੇ ਮਰਦ ਔਰਤਾਂ ਨੇ ਤਾਂ ਉਸ ਨੂੰ ਪਗੜੀ ਬੰਨ੍ਹ ਕੇ ਹਲ਼ ਵਾਹੁੰਦਿਆਂ ਵੀ ਤੱਕਿਆ ਹੈ ਪਰੰਤੂ ਉਸ ਨੇ ਆਪਣੀ ਚਿੱਟੀ ਚੁੰਨੀ ਨੂੰ ਦਾਗ਼ ਨਹੀਂ ਲੱਗਣ ਦਿੱਤਾ।
ਜਵਾਨੀ ਪਹਿਰੇ ਦੀਆਂ ਸਾਰੀਆਂ ਦੁਖ ਤਕਲੀਫ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਮਾਤਾ ਬਚਨ ਕੌਰ ਨੇ ਆਪਣੀ ਲੜਕੀ ਦਾ ਵਿਆਹ ਕਰਨ ਤੋਂ ਬਾਅਦ ਮੁਸ਼ਕਲਾਂ ਨਾਲ ਪਾਲੇ ਆਪਣੇ ਦਿਲ ਦੇ ਟੁਕੜੇ ਨਾਇਬ ਸਿੰਘ ਦਾ ਵਿਆਹ ਬਹੁਤ ਹੀ ਚਾਵਾਂ ਮਲ੍ਹਾਰਾਂ ਨਾਲ ਕੀਤਾ। ਜਦੋਂ ਉਸ ਦੇ ਘਰ ਪੋਤਰੇ ਬਲਤੇਜ ਸਿੰਘ ਨੇ ਜਨਮ ਲਿਆ ਤਾਂ ਉਹ ਪਹਿਲੀ ਉਮਰ ਦੇ ਸਾਰੇ ਦੁਖ ਤਕਲੀਫ਼ਾਂ ਨੂੰ ਭੁੱਲ ਗਈ। ਬਚਨ ਕੌਰ ਦੇ ਦੁਖਾਂ ਦੀ ਦਾਸਤਾਨ ਇਥੇ ਹੀ ਖ਼ਤਮ ਨਾ ਹੋਈ ਸ਼ਾਇਦ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਚਾਨਕ ਹੀ ਉਸ ਦੇ 1943 ਵਿਚ ਜਨਮੇ ਪੁੱਤਰ ਨਾਇਬ ਸਿੰਘ ਦਾ 1976 ਵਿਚ 33 ਸਾਲ ਉਮਰ ਵਿਚ ਹੀ ਦਿਹਾਂਤ ਹੋ ਗਿਆ। ਚੁੱਪਚਾਪ ਤਕਲੀਫ਼ਾਂ ਨੂੰ ਹੌਸਲੇ ਨਾਲ ਫ਼ਤਿਹ ਕਰਨ ਵਾਲੀ ਬਚਨ ਕੌਰ ਨੇ ਆਪਣੀ ਨੂੰਹ ਨੂੰ ਹੌਸਲਾ ਦਿੱਤਾ। ਦੋਹਾਂ ਨੇ ਬਲਤੇਜ ਸਿੰਘ ਨੂੰ ਸਿਰਫ਼ ਪੜ੍ਹਾਇਆ-ਲਿਖਾਇਆ ਹੀ ਨਹੀਂ ਸਗੋਂ ਗੁਰਸਿੱਖੀ ਵਾਲੀ ਜੀਵਨ ਜਾਚ ਵਿਚ ਵੀ ਢਾਲਿਆ। ਇਹ ਮਾਤਾ ਬਚਨ ਕੌਰ ਦੀ ਹੀ ਦੇਣ ਹੈ ਜਿਸ ਕਾਰਨ ਬਲਤੇਜ ਸਿੰਘ ਸਿੱਧੂ ਭਾਈਚਾਰੇ ਵਿਚ ਇਕ ਵਧੀਆ ਇਨਸਾਨ ਵਜੋਂ ਵਿਚਰ ਰਿਹਾ ਹੈ।
ਪਿੰਡ ਦੀਆਂ ਨੂੰਹਾਂ, ਧੀਆਂ ਨੂੰ ਉਚ ਚਰਿਤਰ, ਸੰਜਮੀ ਜੀਵਨ, ਦੁਖ ਸਮੇਂ ਨਾ ਘਬਰਾਉਣ, ਸਖ਼ਤ ਮਿਹਨਤ ਅਤੇ ਰੱਬ ਦੀ ਰਜ਼ਾ ਵਿਚ ਰਹਿਣ ਵਰਗੇ ਭਾਰਤੀ ਨਾਰੀ ਦੇ ਉਚਤਮ ਗੁਣਾਂ ਦਾ ਸੁਨੇਹਾ ਛੱਡ ਕੇ 1984 ਈਸਵੀ ਵਿਚ, ਸੱਚੇ ਸੁੱਚੇ ਜੀਵਨ ਦੀਆਂ ਪੈੜਾਂ ਛੱਡਦੀ ਹੋਈ ਮਾਤਾ ਬਚਨ ਕੌਰ ਸਿੱਧੂ ਆਪਣੇ ਪਤੀ ਅਤੇ ਪੁੱਤਰ ਦੇ ਰਾਹ ਤੁਰ ਗਈ।
ਭਗਤ ਲੋਕ’ ਸਾਹਬ ਸਿੰਘ ਧਾਲੀਵਾਲ
“ਭਾਈ ਧਾਲੀਵਾਲਾਂ ਦਾ ਸਾਹਬ ਸਿਉਂ ਤਾਂ ਅਸਲੀ ਸਿੱਖ ਹੈ, ਵਿਚਾਰਾ ਭਗਤ ਲੋਕ।”
ਸਿੱਧ ਪੱਧਰੀ ਬੋਲੀ ਵਿਚ ਇਹ ਬੋਲ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਇਕ ਵਾਰ ਪਿੰਡ ਦੇ ਮੋਹਤਬਰ ਬੰਦਿਆਂ ਦੇ ਸਾਹਮਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਕਹੇ ਸਨ। ‘ਸਾਹਬ ਸਿੰਘ ਸੁਹੰਦਾ ਵਿਚ ਸਾਦਗੀ ਦੇ’ ਭਗਤ ਲੋਕ ਸਾਹਬ ਸਿੰਘ ਧਾਲੀਵਾਲ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਸ਼ਾਇਰ ਪੀਰ ਕਾਦਰੀ ਸੱਦਾ ਨੇ ਇਹ ਸ਼ਬਦ ਆਪਣੀ ਪਿੰਡ ਜਨੇਰ ਬਾਰੇ ਲਿਖੀ ‘ਵਾਰ’ ਰੂਪੀ ਕਵਿਤਾ ਵਿਚ ਆਖੇ ਹਨ। ਜਿਹੜੀ ਇਸ
ਪੁਸਤਕ ਵਿਚ ਵੀ ਦਰਜ ਹੈ।
ਸੱਚਮੁਚ ਹੀ ਸਾਹਬ ਸਿੰਘ ਧਾਲੀਵਾਲ ਪੂਰਨ ਗੁਰਸਿੱਖ ਅਤੇ ਸਾਦਗੀ ਦੀ ਇਕ ਜਿਉਂਦੀ ਜਾਗਦੀ ਤਸਵੀਰ ਹੈ। ਉਸ ਦੀ ਜੀਵਨ ਸ਼ੈਲੀ, ਪਹਿਰਾਵੇ, ਖਾਣ-ਪੀਣ, ਬੋਲ- ਚਾਲ ਅਤੇ ਸਾਊਪੁਣੇ ਵਿਚੋਂ ਸਾਦਗੀ ਡੁਲ੍ਹ-ਡੁਲ੍ਹ ਪੈਂਦੀ ਹੈ। ਜ਼ਿੰਦਗੀ ਦੇ ਅੱਸੀਵਿਆਂ ਵਿਚੋਂ ਗੁਜ਼ਰ ਰਹੇ, ਪਿੰਡ ਵਿਚ ਸ਼ਰਾਫ਼ਤ ਦੇ ਮਸੀਹਾ ਵਜੋਂ ਜਾਣੇ ਜਾਂਦੇ ਇਸ ਸਾਊ ਪੁਰਸ਼ ਨੂੰ ਅੱਜ ਤਕ ਕਿਸੇ ਵੀ ਪਿੰਡ ਵਾਸੀ ਨੇ ਕਦੀਂ ਕਿਸੇ ਨਾਲ ਲੜਾਈ ਝਗੜਾ ਕਰਦੇ ਨਹੀਂ ਦੇਖਿਆ। ਇਨਸਾਨਾਂ ਨਾਲ ਗਾਲੀ ਗਲੋਚ ਤਾਂ ਦੂਰ ਦੀ ਗੱਲ ਹੈ, ਇਸ ਭੱਦਰ ਪੁਰਸ਼ ਨੇ ਜ਼ਿੰਦਗੀ ਭਰ ਕਿਸੇ ਕੁੱਤੇ ਬਿੱਲੀ ਨੂੰ ਵੀ ਸੋਟੀ ਨਹੀਂ ਮਾਰੀ ਹੋਣੀ। ਜੇਕਰ ਸਾਹਬ ਸਿੰਘ ਨੂੰ ਕੋਈ ਉਚੀ ਨੀਵੀਂ ਗਾਲ੍ਹ ਆਖ ਦੇਵੇ ਜਾਂ ਕੋਈ ਮੰਦਾ ਬੋਲ ਹੀ ਬੋਲ ਦੇਵੇ ਉਹ ਸ਼ਰਾਫ਼ਤ ਦੀ ਮੂਰਤੀ ਬਣਿਆ ਅੱਗੋਂ ਕੁਝ ਨਹੀਂ ਬੋਲਦਾ ਸਗੋਂ ‘ਅੱਛਾ ਜੀ’ ‘ਹਾਂ ਜੀ’ ਆਖ ਕੇ ਮਾੜੇ ਬਚਨ ਬੋਲਣ ਵਾਲੇ ਨੂੰ ਸ਼ਰਮਿੰਦਾ ਕਰ ਦਿੰਦਾ ਹੈ।
ਸਾਹਬ ਸਿੰਘ ਧਾਲੀਵਾਲ ਪਾਸ ਆਯੁਰਵੈਦਿਕ ਦਵਾਈਆਂ ਦਾ ਪ੍ਰੈਕਟਿਸ ਕਰਨ ਦਾ ਸਰਟੀਫ਼ਿਕੇਟ ਹੈ ਪਰੰਤੂ ਰੱਬ ਤੋਂ ਡਰ ਕੇ ਜਿਉਣ ਵਾਲੇ ਸਾਹਬ ਸਿੰਘ ਨੇ ਕਦੀ ਵੀ ਇਸ ਦੀ ਦੁਰਵਰਤੋਂ ਨਹੀਂ ਕੀਤੀ। ਬਿਨਾਂ ਕਿਸੇ ਵਿਤਕਰੇ ਤੋਂ ਉਹ ਹਰ ਇਕ ਪਿੰਡ ਵਾਸੀ ਦੇ ਦੁਖ ਸੁਖ ਦਾ ਭਾਗੀ ਬਣਦਾ ਹੈ। ਉਸ ਦੇ ਕੋਈ ਲੜਕਾ ਨਾ ਹੋਣ ਅਤੇ ਸਿਰਫ਼ ਤਿੰਨ ਲੜਕੀਆਂ ਹੀ ਹੋਣ ਬਾਰੇ ਜਦੋਂ ਕੋਈ ਰੂੜੀਵਾਦੀ ਸੋਚ ਵਾਲਾ ਪੁੱਛਦਾ ਹੈ, ਤਾਂ ਉਹ ਅੱਗੋਂ “ਜਿਵੇਂ ਵਾਹਿਗੁਰੂ ਦੀ ਮਰਜ਼ੀ” ਜਾਂ ਫੇਰ “ਕੁੜੀਆਂ ਕਿਹੜਾ ਮੁੰਡਿਆਂ ਨਾਲੋਂ ਘਟ ਹਨ” ਵਾਲੇ ਅਗਾਂਹ ਵਧੂ ਵਿਚਾਰ ਪੇਸ਼ ਕਰਦਾ ਹੈ। ਸੌੜੀ ਸੋਚ ਵਾਲੇ ਅਗਿਆਨੀ ਪੁਰਬ ਨੂੰ ਸਾਹਬ ਸਿੰਘ ਧਾਲੀਵਾਲ ਪਾਸੋਂ ਉਸਾਰੂ ਸੋਚ ਦੀਆਂ ਗੱਲਾਂ ਸੁਣਨ ਉਪਰੰਤ ਮੂੰਹ ਦੀ ਖਾਣੀ ਪੈਂਦੀ ਹੈ।
ਗੁਰਸਿੱਖ ਦਾਨੀ ਪੁਰਸ਼ ਨਛੱਤਰ ਸਿੰਘ ਧਾਲੀਵਾਲ (ਅਮਰੀਕਾ)
ਪੂਰਨ ਸਿੰਘ ਧਾਲੀਵਾਲ ਦੇ ਪੋਤਰੇ ਅਤੇ ਬਹਾਦਰ ਸਿੰਘ ਧਾਲੀਵਾਲ ਦੇ ਲੜਕੇ ਨਛੱਤਰ ਸਿੰਘ ਧਾਲੀਵਾਲ ਨੇ ਅਮਰੀਕਾ ਨਿਵਾਸੀ ਹੁੰਦਿਆਂ ਵੀ ਕੈਲੇਫੋਰਨੀਆਂ ਸਟੇਟ ਦੇ ਫਰਿਜ਼ਨੋ ਇਲਾਕੇ ਵਿਚ ਸਿੱਖੀ ਪ੍ਰਚਾਰ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ। ਉਂਝ ਤਾਂ ਉਸ ਦੇ ਦੂਜੇ ਦੋ ਭਰਾ ਜਗਤਾਰ ਸਿੰਘ ਅਤੇ ਜ਼ੈਲਦਾਰ ਸਿੰਘ ਵੀ ਇਸ ਧਾਰਮਿਕ ਕਾਰਜ ਵਿਚ ਕਾਫੀ ਰੁਚੀ ਰਖਦੇ ਹਨ ਪਰੰਤੂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਨਛੱਤਰ ਸਿੰਘ ਧਾਲੀਵਾਲ ਦਾ ਯੋਗਦਾਨ ਸ਼ਲਾਘਾਯੋਗ ਹੈ।
ਇਨ੍ਹਾਂ ਦਿਨਾਂ ਵਿਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ, ਵਿਸਾਖੀ ਅਤੇ ਸਿੱਖਾਂ ਨਾਲ ਸਬੰਧਤ ਹੋਰ ਧਾਰਮਿਕ ਪੁਰਬਾਂ ਸਮੇਂ ਬੱਕਰੇ ਝਟਕਾਉਣ ਦਾ ਮੁਆਮਲਾ ਕਾਫੀ ਭਖਿਆ ਹੋਇਆ ਹੈ। ਸ੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਸਿੱਖਾਂ ਦੇ ਇਸ ਵਿਵਾਦਪ੍ਰਸਤ ਮਸਲੇ ਨੂੰ ਸਿੱਖੀ ਹਿਤੈਸ਼ੀਆਂ ਨੇ ਬਹੁਤ ਜ਼ੋਰ-ਸ਼ੋਰ ਨਾਲ ਉਠਾਇਆ ਹੈ ਅਤੇ ਇਸ ਦੇ ਸਿੱਖ ਵਿਰੋਧੀ ਹੋਣ ਜਾਂ ਨਾ ਹੋਣ ਬਾਰੇ ਵਿਚਾਰਾਂ ਵੀ ਹੋ ਰਹੀਆਂ ਹਨ। ਨਛੱਤਰ ਸਿੰਘ ਧਾਲੀਵਾਲ ਨੇ ਬੱਕਰੇ ਝਟਕਾਉਣ ਦਾ ਵਿਰੋਧ ਅੱਜ ਤੋਂ 4-5 ਸਾਲ ਪਹਿਲਾਂ ਆਪਣੀ ਹਜ਼ੂਰ ਸਾਹਿਬ ਦੀ ਯਾਤਰਾ ਸਮੇਂ ਉਥੇ ਪਹੁੰਚ ਕੇ ਉਠਾਇਆ ਸੀ। ਇਸ ਦੇ ਸਬੰਧ ਵਿਚ ਤਖ਼ਤ ‘ਤੇ ਕਾਬਜ਼ ਸਿੱਖਾਂ ਨੇ ਨਛੱਤਰ ਸਿੰਘ ਨੂੰ ਬੁਰਾ ਭਲਾ ਕਿਹਾ ਅਤੇ ਖਿੱਚ-ਧੂਹ ਵੀ ਕੀਤੀ। ਪੰਜਾਬ ਦੇ ਨਾਮਵਰ ਅਖ਼ਬਾਰਾਂ ਵਿਚ ਇਸ ਸਬੰਧੀ ਖ਼ਬਰਾਂ ਛਪੀਆਂ। ਉਸ ਸਮੇਂ ਇਸ ਘਟਨਾ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਪਾਸ ਵੀ ਪਹੁੰਚੀ ਸੀ ਪਰ ਇਸ ਦਾ ਕੋਈ ਨੋਟਿਸ ਨਾ ਲਿਆ ਗਿਆ ਕਿਉਂਕਿ ਇਹ ਵਾਕਿਆ ਬੇਸ਼ਕ ਸਿੱਖ ਧਰਮ ਦੀ ਰਹਿਤ ਮਰਿਯਾਦਾ ਨਾਲ ਸਬੰਧਤ ਪਰੰਤੂ ਸ਼੍ਰੋਮਣੀ ਕਮੇਟੀ ਦੇ ਕਿਸੇ ‘ਖ਼ਾਸ ਆਦਮੀ’ ਨਾਲ ਨਹੀਂ
ਸੀ ਵਾਪਰੀ। ਦਾਨੀ ਪੁਰਸ਼ ਵਜੋਂ ਵੀ ਨਛੱਤਰ ਸਿੰਘ ਧਾਲੀਵਾਲ ਪਿੰਡ ਦੇ ਦਾਨੀਆਂ ਦੀ ਮੂਹਰਲੀ ਕਤਾਰ ਵਿਚ ਆਉਂਦਾ ਹੈ। ਉਸ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਦੋ ਕਮਰੇ ਬਣਵਾਏ, ਪਿੰਡ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਕਾਫੀ ਖ਼ਰਚ ਕੀਤਾ। ਪਿੰਡ ਵਿਚ ਆਮ ਲੋਕਾਂ ਦੀ ਸਹੂਲਤ ਲਈ ਵੀ ਉਸ ਨੇ ਕਈ ਉਪਕਾਰੀ ਕੰਮ
ਕੀਤੇ ਹਨ।
ਬਾਬਾ ਹਰਨਾਮ ਸਿੰਘ ਧਾਲੀਵਾਲ
ਦਾਨੀ ਪੁਰਸ਼ ਬਾਬਾ ਹਰਨਾਮ ਸਿੰਘ ਧਾਲੀਵਾਲ ਪਿੰਡ ਦੀ ਸਿੱਧੂ ਪੱਤੀ ਵਿਚ ਵਸਦੇ ਧਾਲੀਵਾਲ ਪਰਿਵਾਰਾਂ ਦਾ ਪੁਰਖਾ ਸੀ। ਛੋਟੀ ਉਮਰ ਵਿਚ ਹੀ ਸਾਧੂ ਬਿਰਤੀ ਵਾਲਾ ਹਰਨਾਮ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਨਾਲ ਜੁੜ ਗਿਆ। ਗਰੂ ਘਰ ਵਿਚ ਪੜ੍ਹਾਈ ਕਰਕੇ ਜਾਂ ਕੀਰਤਨ ਵਿਦਿਆ ਹਾਸਲ ਕਰਕੇ ਆਖੰਡ ਪਾਠੀ, ਰਾਗੀ, ਢਾਡੀ, ਕੀਰਤਨੀਏ ਜਾਂ ਕਥਾ ਵਾਚਕ ਬਣ ਕੇ ਵਿਚਰਨ ਨਾਲੋਂ ਉਸ ਨੇ ਗੁਰਦੁਆਰਾ ਸਾਹਿਬ ਵਿਚ ਰਹਿੰਦੇ ਹੋਏ ਨਾਮ ਸਿਮਰਨ ਅਤੇ ਸੇਵਾ ਭਾਵ ਵਾਲੇ ਸਾਦਗੀ ਭਰੇ ਰਸਤੇ ਨੂੰ ਹੀ ਅਪਣਾਇਆ।
ਅੱਛੀ ਖਾਸੀ ਜ਼ਮੀਨ ਦਾ ਮਾਲਕ ਹੁੰਦਿਆਂ ਵੀ ਬਾਬਾ ਹਰਨਾਮ ਸਿੰਘ ਨੇ ਵਿਆਹ ਨਹੀਂ ਕਰਵਾਇਆ ਕਿਉਂਕਿ ਗੁਰੂ ਘਰ ਵਿਚ ਉਸ ਦਾ ਅਥਾਹ ਪਿਆਰ ਸੀ। ਬਾਬਾ ਗੱਜਾ ਸਿੰਘ ਜੀ ਦੀ ਸ਼ਖ਼ਸੀਅਤ ਦਾ ਉਸ ਉਪਰ ਡੂੰਘਾ ਪ੍ਰਭਾਵ ਸੀ। ਧਾਲੀਵਾਲ ਪਰਿਵਾਰ ਵਲੋਂ ਉਸ ਦੇ ਹਿੱਸੇ ਆਈ ਸਾਢੇ ਬਾਰਾਂ ਕਿੱਲੇ ਜ਼ਮੀਨ ਉਸ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਮ ਕਰਵਾ ਦਿੱਤੀ। ਉਧਰ ਧਾਲੀਵਾਲ ਪਰਿਵਾਰ ਨੇ ਵੀ ਇਸ ਦਾ ਵਿਰੋਧ ਨਾ ਕੀਤਾ ਸਗੋਂ ਆਪਣੇ ਵਡੇਰੇ ਵਲੋਂ ਦਿੱਤੇ ਇਸ ਦਾਨ ਨੂੰ ਪਰਿਵਾਰ ਲਈ ਇਕ ਮਾਣ ਵਾਲੀ ਪ੍ਰਾਪਤੀ ਵਜੋਂ ਸਵੀਕਾਰਿਆ। ਬਾਬਾ ਹਰਨਾਮ ਸਿੰਘ ਧਾਲੀਵਾਲ ਵਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਦੇ ਰੂਪ ਵਿਚ ਦਿੱਤੀ ਇਸ ਜ਼ਮੀਨ ਦੀ ਕਮਾਈ ਵਿਚੋਂ ਪਤਾ ਨਹੀਂ ਅੱਜ ਤਕ ਕਿੰਨੇ ਕੁ ਭੁੱਖਿਆਂ ਦਾ ਪੇਟ ਭਰਿਆ ਹੋਵੇਗਾ।
ਪੀਰ ਖਾਂ ਪੱਤੀ
ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਨੇਰ ਦੀ ਪੀਰ ਖਾਂ ਪੱਤੀ ਦਾ ਨਾਮ ਉਨ੍ਹਾਂ ਦੇ ਵਡੇਰੇ ਮੰਝ ਰਾਜਪੂਤ ਮੁਸਲਮਾਨ ‘ਪੀਰ ਖਾਂ’ ਦੇ ਨਾਮ ‘ਤੇ ਰੱਖਿਆ ਗਿਆ। ਪਿੰਡ ਦੀਆਂ ਦੂਜੀਆਂ ਚਾਰ ਪੱਤੀਆਂ ਸਿੱਧੂ ਪੱਤੀ, ਸੇਖੋਂ ਪੱਤੀ, ਚੀਮਾ ਪੱਤੀ ਅਤੇ ਪੰਜਵੀਂ ਪੱਤੀ ਨਾਲੋਂ ਪੀਰ ਖਾਂ ਪੱਤੀ ਦੀ ਵਸੋਂ ਅਤੇ ਇਤਿਹਸ ਵਿਚ ਵਖਰੇਵਾਪਨ ਹੈ। ਜਿਸ ਦਾ ਮੁਖ ਕਾਰਨ ਹੈ, ਪੀਰ ਖਾਂ ਪੱਤੀ ਦੀ ਮੁਸਲਮਾਨ ਵਸੋਂ ਦਾ 1947 ਵਿਚ ਪਾਕਿਸਤਾਨ ਪਲਾਇਨ ਕਰਨਾ। ਇਸ ਅਧਾਰ ‘ਤੇ ਅਸੀਂ ਪੀਰ ਖਾਂ ਪੱਤੀ ਦੇ ਇਤਿਹਾਸ ਨੂੰ ਦੋ ਭਾਗਾਂ ਵਿਚ ਵੰਡ ਸਕਦੇ ਹਾਂ, ਪਹਿਲਾ ਜਨੇਰ ਦੇ ਪੁਨਰਵਾਸ ਤੋਂ ਪਾਕਿਸਤਾਨ ਬਣਨ ਦਾ ਸਮਾਂ ਅਤੇ ਦੂਜਾ ਪਾਕਿਸਤਾਨ ਬਣਨ ਤੋਂ ਬਾਅਦ ਦਾ ਸਮਾਂ।
1760 ਈਸਵੀ ਤੋਂ 1947 ਦਾ ਸਮਾਂ
ਇਸ ਸਮੇਂ ਦੌਰਾਨ ਪੀਰ ਖਾਂ ਪੱਤੀ ਵਿਚ ਮੁਸਲਮਾਨਾਂ ਤੋਂ ਬਿਨਾਂ ਮਿਸਤਰੀ, ਦਰਜੀ, ਸੁਨਿਆਰੇ ਅਤੇ ਕਈ ਹੋਰ ਜਾਤੀਆਂ ਅਤੇ ਉਪ ਜਾਤੀਆਂ ਦੇ ਲੋਕ ਵਸਦੇ ਸਨ। ਜਿਨ੍ਹਾਂ ਦੇ ਸੰਖੇਪ ਇਤਿਹਾਸ ਦੀ ਜਾਣਕਾਰੀ ਸਬੰਧਤ ਜਾਤੀ ਦੇ ਇਤਿਹਾਸ ਵਿਚ ਦਿੱਤੀ ਗਈ ਹੈ। ਇਸ ਕਾਂਡ ਵਿਚ ਸਿਰਫ਼ ਮੁਸਲਮਾਨ ਭਾਈਚਾਰੇ ਵਿਚ ਹੀ ਲਿਖਿਆ ਜਾਵੇਗਾ। 1760 ਈਸਵੀ ਵਿਚ ਜੱਸਾ ਸਿੰਘ ਆਹਲੂਵਾਲੀਆ ਦੇ ਜਨੇਰ ਦੇ ਥੇਹ ਉਪਰ ਕਿਲਾ ਬਣਾਉਣ ਅਤੇ ਫ਼ੌਜ ਰੱਖਣ ਸਮੇਂ ਇਸ ਦੇ ਨੇੜਲੇ ਇਲਾਕਿਆਂ ਵਿਚ ਮੰਝ ਰਾਜਪੂਤ ਮੁਸਲਮਾਨਾਂ ਦੀ ਸੰਘਣੀ ਵਸੋਂ ਸੀ। ਪੰਵਾਰ ਰਾਜਪੂਤ ਮੁਸਲਮਾਨ ਤਾਂ ਗਜ਼ਨੀ ਦੇ ਨਿਆਜ਼ੀ ਪਠਾਨਾਂ ਦੇ ਜਨੇਰ ਨੂੰ ਉਜਾੜਨ ਅਤੇ ਕਬਜ਼ਾ ਕਰਨ ਸਮੇਂ ਕੁਝ ਤਾਂ ਮਾਰੇ ਗਏ ਸਨ ਅਤੇ ਬਾਕੀ ਇਹ ਇਲਾਕਾ ਛੱਡ ਗਏ ਸਨ। ਮੰਝ ਰਾਜਪੂਤ ਮੁਸਲਮਾਨਾਂ ਨੇ ਜਨੇਰ ਦਾ ਇਲਾਕਾ 1558 ਸਮੇਂ ਗਜ਼ਨੀ ਦੇ ਨਿਆਜ਼ੀ ਪਠਾਨਾਂ ਪਾਸੋਂ ਖੋਹ ਲਿਆ ਸੀ। ਇਸ ਕਰਕੇ ਇਸ ਇਲਾਕੇ ਵਿਚ ਮੰਝ ਰਾਜਪੂਤ ਮੁਸਲਮਾਨਾਂ ਦੀ ਚੜ੍ਹ ਮੱਚੀ ਹੋਈ ਸੀ। ਜਿਸ ਤਰ੍ਹਾਂ ਮੌਜੂਦਾ ਪਿੰਡ ਵਾਸੀਆਂ ਦੀਆਂ ਜਾਤੀਆਂ, ਉਪ-ਜਾਤੀਆਂ ਅਤੇ ਗੋਤਾਂ, ਉਪ- ਗੋਤਾਂ ਦੇ ਪਿਛੋਕੜ ਬਾਰੇ ਲਿਖਿਆ ਗਿਆ ਹੈ ਇਸ ਤਰ੍ਹਾਂ ਮੰਝ ਰਾਜਪੂਤ ਮੁਸਲਮਾਨਾਂ ਦੇ ਇਤਿਹਾਸਕ ਪਿਛੋਕੜ ਅਤੇ ਹੋਂਦ ਵਿਚ ਆਉਣ ਸਬੰਧੀ ਕੁਝ ਨਾ ਲਿਖਣਾ ਮੁੰਝਾਂ ਨਾਲ ਇਤਿਹਾਸਕ ਜ਼ਿਆਦਤੀ ਹੋਵੇਗੀ
ਮੰਝ ਰਾਜਪੂਤ ਮੁਸਲਮਾਨਾਂ ਦਾ ਇਤਿਹਾਸਕ ਪਿਛੋਕੜ
1210 ਈਸਵੀ ਵਿਚ ਦਿੱਲੀ ਦੇ ਸਿੰਘਾਸਨ ‘ਤੇ ਬਿਰਾਜਮਾਨ ਮੁਸਲਮਾਨ ਸ਼ਾਸਕ ਕੁਤਬਦੀਨ ਦੀ ਲਾਹੌਰ ਵਿਚ ਅਚਾਨਕ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਕਿਸੇ ਸਮੇਂ ਉਸ ਦਾ ਗੁਲਾਮ ਰਹਿ ਚੁੱਕਿਆ ਸਮੁਸਦੀਨ ਅਲਤਮਸ਼ ਅਤੇ ਬਾਅਦ ਵਿਚ ਬਣਿਆ ਜਵਾਈ ਦਿੱਲੀ ਦੇ ਤਖ਼ਤ ‘ਤੇ ਕਾਬਜ਼ ਹੋ ਗਿਆ। ਬਾਦਸ਼ਾਹ ਸਮੁਸਦੀਨ ਅਲਤਮਸ਼ ਨੇ ਰਾਜ ਭਾਗ ਸੰਭਾਲਦਿਆਂ ਹੀ ਮਾਲਵਾ ਅਤੇ ਉਜੈਨ ਜਿਹੀਆਂ ਮਹੱਤਵਪੂਰਨ ਰਿਆਸਤਾਂ ‘ਤੇ ਕਬਜ਼ਾ ਕਰ ਲਿਆ। ਉਸ ਦੇ ਰਾਜ ਕਾਲ ਸਮੇਂ ਵੱਡੀ ਗਿਣਤੀ ਵਿਚ ਰਾਜਪੂਤਾਂ ਨੇ ਮੁਸਲਮਾਨ ਧਰਮ ਗ੍ਰਹਿਣ ਕੀਤਾ।
ਮੰਝ ਰਾਜਪੂਤ ਮੁਸਲਮਾਨਾਂ ਦਾ ਪਿਛੋਕੜ ਭੱਟੀ ਰਾਜਪੂਤ ਹਿੰਦੂਆਂ ਨਾਲ ਜਾ ਮਿਲਦਾ ਹੈ। ਕਿਸੇ ਸਮੇਂ ਜੈਸਲਮੇਰ ਦੇ ਇਲਾਕੇ ਨੂੰ ਭੱਟੀ ਰਾਜਪੂਤ ਹਿੰਦੂਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਇਸ ਇਲਾਕੇ ਵਿਚ ਭੱਟੀਆਂ ਦੇ ਕਈ ਵੱਡੇ-ਛੋਟੇ ਕਬੀਲੇ ਸਨ ਅਤੇ ਹਰ ਕਬੀਲਾ ਵਖਰੇ ਚੌਧਰੀ ਦੇ ਅਧੀਨ ਸੀ। ਇਨ੍ਹਾਂ ਦੇ ਤਿੰਨ ਵੱਡੇ ਕਬੀਲਿਆਂ ਦਾ ਜ਼ਿਕਰ ਮਿਲਦਾ ਹੈ, ਜਿਹੜੇ ਧਾਰਮਿਕ ਪੱਖੋਂ ਹਿੰਦੂ ਸਨ:-
1. ਤੁਲਸੀ ਰਾਮ ਮੰਝ ਦਾ ਕਬੀਲਾ
2. ਲਖੀ ਭੱਟੀ ਦਾ ਕਬੀਲਾ
3. ਭੱਟੀ ਗੁਜਰਾਂ ਦਾ ਕਬੀਲਾ।
ਤੁਲਸੀ ਰਾਮ ਭੱਟੀ ਦਾ ਹਿੰਦੂ ਰਾਜਪੂਤ ਕਬੀਲਾ, ਜੈਸਲਮੇਰ ਦਾ ਸਭ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਕਬੀਲਾ ਸੀ। ਮੁਸਲਮਾਨ ਧਾਰਮਿਕ ਪੀਰ ਮਖ਼ਦੂਮ ਜਹਾਨੀਆਂ ਦੇ ਸੰਪਰਕ ਵਿਚ ਆਉਣ ਉਪਰੰਤ ਤੁਲਸੀ ਰਾਮ ਭੱਟੀ ਮੰਝ ਰਾਜਪੂਤ ਨੇ ਆਪਣੇ ਸਾਰੇ ਕਬੀਲੇ ਸਮੇਤ ਮੁਸਲਮਾਨ ਧਰਮ ਗ੍ਰਹਿਣ ਕਰ ਲਿਆ ਅਤੇ ਤੁਲਸੀ ਰਾਮ ਮੰਝ ਤੋਂ ਬਦਲ ਕੇ ਨਾਮ ‘ਸ਼ੇਖ ਚਾਚੋ ਮੰਝ’ ਰੱਖ ਲਿਆ। ਉਸ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਜਗਰਾਉਂ ਨੇੜੇ ਪਿੰਡ ਹਠੂਰ ਇਕ ਵੱਡਾ ਸ਼ਹਿਰ ਸੀ। ਸ਼ੇਖ ਚਾਚੋ ਮੰਝ ਆਪਣੇ ਕਬੀਲੇ ਨੂੰ ਨਾਲ ਲੈ ਕੇ ਪੰਜਾਬ ਵੱਲ ਵਧਿਆ ਅਤੇ ਹਠੂਰ ਨੂੰ ਉਜਾੜ ਕੇ ਇਸ ‘ਤੇ ਕਬਜ਼ਾ ਕਰ ਲਿਆ। ਵਰਨਣਯੋਗ ਹੈ ਕਿ ਜਨੇਰ ਵਾਂਗ ਪਿੰਡ ਹਠੂਰ ਦਾ ਵੱਡਾ ਥੇਹ ਵੀ ਆਪਣੇ ਉਜਾੜੇ ਜਾਣ ਦੀ ਹਾਮੀ ਭਰਦਾ ਹੈ। ਸ਼ੇਖ ਚਾਚੋ ਮੰਝ ਨੇ ਹਠੂਰ ‘ਤੇ ਕਾਬਜ਼ ਹਿੰਦੂ ਚੌਧਰੀਆਂ ਨੂੰ ਮਾਰ ਮੁਕਾ ਕੇ ਹੀ ਆਪਣੀ ਚੌਧਰ ਕਾਇਮ ਕੀਤੀ। ਜਲਦੀ ਹੀ ਉਸ ਨੇ ਨੇੜੇ ਕਈ ਛੋਟੀਆਂ- ਛੋਟੀਆਂ ਰਾਜਪੂਤ ਰਿਆਸਤਾਂ ਵੀ ਆਪਣੇ ਅਧੀਨ ਕਰ ਲਈਆਂ। ਇਨ੍ਹਾਂ ਮੰਝ ਰਾਜਪੂਤ ਮੁਸਲਮਾਨਾਂ ਨੇ ਸ਼ਾਹਜਹਾਨਪੁਰ, ਤਲਵੰਡੀ, ਆਂਡਲੂ, ਹਲਵਾਰਾ ਅਤੇ ਰਾਇਕੋਟ ਦੇ ਛੋਟੇ-ਛੋਟੇ ਸ਼ਹਿਰ ਵੀ ਵਸਾਏ। ਉਧਰ ਭੱਟੀਆਂ ਦੇ ਦੂਜੇ ਵੱਡੇ ਕਬੀਲੇ ਦੇ ਚੌਧਰੀ ‘ਲੱਖੀ ਭੱਟੀ’ ਦੀ ਔਲਾਦ ਵੀ ਮੁਸਲਮਾਨ ਬਣ ਗਈ ਅਤੇ ਭਟਿਆਣਾ ਦੇ ਇਲਾਕੇ ਉਪਰ ਕਬਜ਼ਾ ਕਰ ਲਿਆ। ਤੀਜੇ ਵੱਡੇ ਕਬੀਲੇ ਰਾਜਪੂਤ ਭੱਟੀ ਗੁਜਰਾਂ ਨੇ ਵੀ ਮੁਸਲਮਾਨ ਬਣ ਕੇ ਤਲਵੰਡੀ ਸਾਬੋ ਦਾ ਇਲਾਕਾ ਆਪਦੇ ਅਧੀਨ ਕਰ ਲਿਆ।
ਮੰਝ ਰਾਜਪੂਤ ਮੁਸਲਮਾਨਾਂ ਨੇ ਆਪਣੇ ਰਾਜ ਭਾਗ ਦਾ ਪਸਾਰਾ ਦੂਰ-ਦੂਰ ਤਕ ਕਰ ਲਿਆ ਜਿਸ ਵਿਚ ਵਰਤਮਾਨ ਲੁਧਿਆਣਾ, ਬੱਧਨੀ, ਦੌਧਰ ਅਤੇ ਮੋਗਾ ਦਾ ਇਲਾਕਾ ਵੀ ਸ਼ਾਮਿਲ ਸੀ। ਇਨ੍ਹਾਂ ਦੀ ਵੰਸ਼ ਵਿਚੋਂ ਹੀ ਬਾਬੂ ਮੰਝ ਹਲਵਾਰੇ ਦਾ ਅਤੇ ਰਾਇ ਅਹਿਮਦ ਖਾਂ ਮੰਝ ਰਾਇ ਕੋਟ ਦਾ ਚੌਧਰੀ ਬਣ ਗਿਆ। ਪੀਰ ਖਾਂ ਪੱਤੀ ਦੇ ਮੰਝ ਰਾਜਪੂਤ ਮੁਸਲਮਾਨਾਂ ਦਾ ਪਿਛੋਕੜਾ ਦੌਧਰ ਪਿੰਡ ਨਾਲ ਜਾ ਜੁੜਦਾ ਹੈ ਜਿਹੜੇ ਕਿ ਪਿੰਡ ਦੀ ਸਿੱਧੂ ਪੱਤੀ ਦੇ ਨਾਲ ਹੀ 1760 ਈਸਵੀ ਤੋਂ ਬਾਅਦ ਜਨੇਰ ਦੇ ਥੇਹ ਉਪਰ ਆ ਕੇ ਵਸੇ। ਪਹਿਲਾਂ ਧੂਲੀਵਾਲੇ ਖੇਤਾਂ ਵਿਚ ਵੀ ਸਿੱਧੂ ਪੱਤੀ ਵਾਲਿਆਂ ਦੇ ਨਾਲ ਹੀ ਵਸਦੇ ਸਨ।
ਮੰਝ ਰਾਜਪੂਤ ਮੁਸਲਮਾਨ 1947 ਵਿਚ ਪਾਕਿਸਤਾਨ ਪਲਾਇਨ ਕਰ ਗਏ। ਉਨ੍ਹਾਂ ਦੇ ਨਾਲ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਕੁਝ ਹੋਰ ਜਾਤੀਆਂ ਅਤੇ ਉਪਜਾਤੀਆਂ ਦੇ ਲੋਕਾਂ ਨੇ ਵੀ ਪਾਕਿਸਤਾਨ ਵਿਚ ਹਿਜ਼ਰਤ ਕੀਤੀ। ਪੀਰ ਖਾਂ ਪੱਤੀ ਵਿਚ ਮੰਝ ਰਾਜਪੂਤ ਮੁਸਲਮਾਨਾਂ ਦੀ ਕਾਫੀ ਜ਼ਮੀਨ ਸੀ ਅਤੇ ਅੱਛੇ ਮਕਾਨ ਸਨ। ਉਨ੍ਹਾਂ ਦੀਆਂ ਜ਼ਮੀਨਾਂ ਅਤੇ ਘਰ-ਬਾਰ ਪਾਕਿਸਤਾਨ ਤੋਂ ਹਿਜ਼ਰਤ ਕਰਕੇ ਆਏ ਜੱਟ ਸਿੱਖਾਂ ਨੂੰ ਅਲਾਟ ਹੋ ਗਏ ਕਿਉਂਕਿ ਉਹ ਵੀ ਪਾਕਿਸਤਾਨ ਵਿਚ ਆਪਣੀਆਂ ਜ਼ਮੀਨਾਂ, ਘਰ ਅਤੇ ਮਾਲ ਡੰਗਰ ਛੱਡ ਕੇ ਆਏ ਸਨ। ਇਨ੍ਹਾਂ ਜੱਟ ਸਿੱਖਾਂ ਵਿਚ ਗਿੱਲ, ਸ਼ੇਰਗਿੱਲ, ਸਿੱਧੂ, ਤੂਰ ਅਤੇ ਬਰਾੜ ਆਦਿ ਗੋਤਾਂ ਵਾਲੇ ਸ਼ਾਮਿਲ ਸਨ। ਇਨ੍ਹਾਂ ਜੱਟ ਸਿੱਖਾਂ ਤੋਂ ਬਿਨਾਂ ਕੁਝ ਹੋਰ ਜਾਤੀਆਂ ਅਤੇ ਉਪਜਾਤੀਆਂ ਦੇ ਲੋਕ ਜਿਵੇਂ ਚਮਿਆਰ, ਮਹਿਰੇ, ਖੱਤਰੀ ਅਤੇ ਅਰੋੜੇ ਵੀ ਪੀਰ ਖਾਂ ਪੱਤੀ ਵਿਚ ਵਸ ਗਏ। ਪੀਰ ਖਾਂ ਪੱਤੀ ਵਿਚ ਪਹਿਲਾਂ ਵਸ ਰਹੇ ਤਰਖਾਣ, ਦਰਜੀ, ਸੁਨਿਆਰੇ ਅਤੇ ਹੋਰ ਜਾਤੀਆਂ ਦੇ ਲੋਕ ਪਹਿਲਾਂ ਵਾਂਗ ਹੀ ਵਸਦੇ ਰਹੇ।
ਗਿੱਲ ਅਤੇ ਸ਼ੇਰਗਿੱਲ
ਗਿੱਲ ਅਤੇ ਸ਼ੇਰਗਿੱਲ ਜੱਟਾਂ ਦਾ ਬਹੁਤ ਵੱਡਾ ਗੋਤ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਪਿੰਡ ਜਨੇਰ ਜਾਂ ਪੀਰ ਖਾਂ ਪੱਤੀ ਵਿਚ ਗਿੱਲ ਅਤੇ ਸ਼ੇਰਗਿੱਲ ਗੋਤ ਦੇ ਜੱਟਾਂ ਦੀ ਵਸੋਂ ਨਹੀਂ ਸੀ। ਪੀਰ ਖਾਂ ਪੱਤੀ ਦਾ ਮੌਜੂਦਾ ਗਿੱਲ ਅਤੇ ਸ਼ੇਰਗਿੱਲ ਭਾਈਚਾਰਾ ਦੇਸ਼ ਦੀ ਵੰਡ ਤੋਂ ਬਾਅਦ ਹੀ ਇੱਥੇ ਆ ਕੇ ਵਸਿਆ। ਦੋਹਾਂ ਦਾ ਇਤਿਹਾਸਕ ਪਿਛੋਕੜ ਇਕੋ ਹੀ ਹੈ, ਸਿਰਫ਼ ਮੂੰਹੀਆਂ ਹੀ ਵਖਰੀਆਂ ਹਨ।
1. ਸ਼ੇਰਗਿੱਲ
2.ਜੇਜੀ ਗਿੱਲ
3. ਵੈਰਿਸ਼ੀ ਗਿੱਲ
4. ਵਧਣ ਗਿੱਲ
5.ਝੋਰੜ ਗਿੱਲ
6. ਸਿਪਰਾ ਗਿੱਲ
7. ਮੋਦਗਿੱਲ
8. ਗੈਡਗਿੱਲ
9. ਯੂਰਪੀ ਦੇਸ਼ਾਂ ਦੇ ਅੰਗਰੇਜ਼ ਗਿੱਲ,10. ਘੱਟ ਗਿਣਤੀ ਵਾਲੀਆਂ ਮੂੰਹੀਆਂ ਦੇ ਗਿੱਲ
11. ਦਲਿਤ ਗਿੱਲ
ਸਾਰੇ ਗਿੱਲਾਂ ਦੇ ਵੱਡ-ਵਡੇਰੇ ਰਘੁਵੰਸ਼ੀ, ਵਰਿਆਹ ਰਾਜਪੂਤਾਂ ਨਾਲ ਸਬੰਧਤ ਹਨ। ਪ੍ਰਸਿੱਧ ਪ੍ਰਾਚੀਨ ਰਾਜਾ ਵਿਕਰਮਾਦਿੱਤ ਦੀ ਅੰਸ਼ ਵਿਚੋਂ ਵਰਿਆਹ ਰਾਜਪੂਤ ਪੈਦਾ ਹੋਇਆ। ਵਰਿਆਹ ਦੀ ਬੰਸ ਵਿਚੋਂ ਹੀ ਵਿਜੇਪਾਲ, ਵਿਨੇਪਾਲ, ਸਤਪਾਲ ਅਤੇ ਗਣਪਾਲ ਆਦਿ ਪੈਦਾ ਹੋਏ।
ਪ੍ਰਸਿੱਧ ਇਤਿਹਾਸਕਾਰ ਭੀਮ ਸਿੰਘ ਦਹੀਆ ਇਸ ਨਾਲ ਸਹਿਮਤੀ ਨਹੀਂ ਪ੍ਰਗਟਾਉਂਦਾ ਉਹ ਗਿੱਲਾਂ ਦੇ ਪਿਛੋਕੜ ਨੂੰ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੀ ਤਰਕ ਹੈ ਕਿ ਯੂਨਾਨੀ ਯੋਧੇ ਹਰਕੁਲੀਸ ਦੇ ਇਕ ਪੁੱਤਰ ਦਾ ਨਾਮ ‘ਗਿੱਲਾ’ ਸੀ ਜਿਹੜਾ ‘ਨਾਮ ਵਿਗੜਨ’ ਦੇ ਚੱਕਰ ਵਿਚ ਗਿੱਲ ਬਣ ਗਿਆ। ਆਪਣੇ। ਪੱਖ ਦੀ ਪੂਰਤੀ ਵਿਚ ਉਹ ਯੂਨਾਨੀ ਕਬੀਲਿਆਂ ਦੇ ਸਿਕੰਦਰ ਦੇ ਹਮਲੇ ਸਮੇਂ ਉਸ ਨਾਲ ਭਾਰਤ ਆਉਣ ਦੀ ਗੱਲ ਕਰਦਾ ਹੈ। ਉਸ ਅਨੁਸਾਰ ਇਨ੍ਹਾਂ ਯੂਨਾਨੀ ਕਬੀਲਿਆਂ ਵਿਚ ਹੀ ‘ਗਿੱਲਾ’ ਦੀ ਔਲਾਦ ਸੀ, ਜਿਨ੍ਹਾਂ ਵਿਚੋਂ ਕੁਝ ਲੋਕ ਕਾਬਲ, ਕੰਧਾਰ ਅਤੇ ਪੰਜਾਬ ਵਿਚ ਵਸ ਗਏ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਪੁਰਖੇ ਮੱਧ ਏਸ਼ੀਆ ਤੋਂ ਯੂਨਾਨ ਹੁੰਦੇ ਹੋਏ ਭਾਰਤ ਵਿਚ ਆਕੇ ਵਸ ਗਏ ਹੋਣ।
ਯੂਰਪੀ ਦੇਸ਼ਾਂ ਵਿਚ ਵਸਦੇ ਗਿੱਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਿਜ਼ਰਤ ਭਾਰਤ ਵਿਚੋਂ ਬਹੁਤੀ ਪੁਰਾਣੀ ਨਹੀਂ ਹੈ। ਮਹਿਮੂਦ ਗਜ਼ਨਵੀ ਵਰਗੇ ਧਾਰਮਿਕ ਕੱਟੜਤਾ ਵਾਲੇ ਅਤੇ ਲੁਟੇਰੇ ਮੁਸਲਮਾਨਾਂ ਤੋਂ ਭੈਭੀਤ ਹੋਣ ਉਪਰੰਤ ਸਿਰਫ਼ ਗਿੱਲ ਹੀ ਨਹੀਂ ਸਗੋਂ ਕੁਝ ਹੋਰ ਜੱਟ ਗੋਤਾਂ ਜਿਵੇਂ ਹਾਂਸ, ਬੈਂਸ, ਮਲ੍ਹੀ, ਹੇਅਰ, ਮਾਨ, ਢਿਲੋਂ ਅਤੇ ਭੁੱਲਰ ਗੋਤ ਵਾਲੇ ਵੀ ਰੂਸ ਅਤੇ ਯੂਰਪੀ ਦੇਸ਼ਾਂ ਵਿਚ ਹਿਜ਼ਰਤ ਕਰ ਗਏ ਇਨ੍ਹਾਂ ਦੇਸ਼ਾਂ ਵਿਚ ਜੱਟ ਗੋਤਾਂ ਵਾਲੇ ਗੋਰੇ ਆਮ ਹੀ ਮਿਲਦੇ ਹਨ ਸਿਰਫ਼ ਅੱਖਰਾਂ ਦੇ ਜੋੜ (Spellings) ਦਾ ਹੀ ਫ਼ਰਕ ਹੈ निदें: Dillon (Dhilon), McGill (Gill), Hyer (Hayer), Maan (Mann), Bans (Bains) ਆਦਿ। ਰੌਬਰਟ ਸਦਰਲੈਂਡ ਗਿੱਲ (Robert Sutherland Gill) ਯੂਰਪ ਦਾ ਪ੍ਰਸਿੱਧ ਅੰਗਰੇਜ਼ ਲੇਖਕ ਹੋਇਆ ਹੈ।
ਗਿੱਲ ਗੋਤ ਦਾ ਪਸਾਰਾ
ਇਤਿਹਾਸਕਾਰ ਸੰਤ ਵਿਸਾਖਾ ਸਿੰਘ ਅਨੁਸਾਰ ਵਿਨੇਪਾਲ ਦੀ ਅੱਠ ਪੀੜ੍ਹੀਆਂ ਤੋਂ ਬਾਅਦ ਜੈਪਾਲ ਦਾ ਜਨਮ ਹੋਇਆ। ਉਸ ਨੇ ਯਾਦਵ ਬੰਸ ਦੀ ਔਰਤ ਨਾਲ ਵਿਆਹ ਕਰਵਾਇਆ ਜਿਸ ਦੇ ਪੇਟੋਂ ਗਿੱਲ ਪਾਲ ਦਾ ਜਨਮ ਹੋਇਆ। ਹਿੰਦੂ ਤੋਂ ਮੁਸਲਮਾਨ ਬਣੇ ਹਾਜੀ ਰਤਨ ਵਜ਼ੀਰ ਨੇ ਬਗਦਾਦ ਦੇ ਖ਼ਲੀਫ਼ੇ ਅਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਗਿੱਲ ਪਾਲ ਨੂੰ ਮੋਗੇ ਵਲ ਭਜਾ ਦਿੱਤਾ। ਗਿੱਲ ਪਾਲ ਦਾ ਵੰਸ਼ ਬਹੁਤ ਵਧਿਆ ਫੁਲਿਆ। ਉਸ ਦੇ ਪੁੱਤਰਾਂ ਦੀ ਔਲਾਦ ਮੋਗਾ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਬਠਿੰਡੇ ਦੇ ਕੁਝ ਇਲਾਕਿਆਂ ਵਿਚ ਵੀ ਵਸ ਗਈ। ਉਦਾਹਰਣ ਦੇ ਤੌਰ ‘ਤੇ ਵੈਰਸੀ ਦੀ ਔਲਾਦ ਘੱਲ ਕਲਾਂ ਪਿੰਡ ਤੋਂ ਵਧਣੀ ਸ਼ੁਰੂ ਹੋਈ। ਗਿੱਲਾਂ ਦੇ ਮਸ਼ਹੂਰ ਪਿੰਡ ਸਿੰਘਾਂ ਵਾਲਾ, ਬੁੱਕਣ ਵਾਲਾ, ਚੜਿਕ, ਫੂਲੇ ਵਾਲਾ ਅਤੇ ਰਣੀਆਂ ਆਦਿ ਹਨ। ਬੱਧਣ ਦੀ ਔਲਾਦ ਨੇ ਬੱਧਨੀ ਪਿੰਡ ਵਸਾਇਆ। ਇਥੋਂ ਹੀ ਗਿੱਲ ਚੁਗਾਵਾਂ ਆਦਿ ਪਿੰਡਾਂ ਵਿਚ ਫੈਲ ਗਏ। ਚੂਹੜ ਚੱਕ ਅਤੇ ਢੁੱਡੀਕੇ ਵੀ ਗਿੱਲਾਂ ਦਾ ਗੜ੍ਹ ਹਨ।
ਮੋਗੇ ਤੋਂ ਬਾਅਦ ਗਿੱਲਾਂ ਦੀ ਸੰਘਣੀ ਵਸੋਂ ਵਾਲਾ ਇਲਾਕਾ ਲੁਧਿਆਣੇ ਜ਼ਿਲ੍ਹੇ ਵਿਚ ਹੈ, ਇਥੇ ਚਾਰ ਦਰਜਨ ਤੋਂ ਵੱਧ ਪਿੰਡਾਂ ਵਿਚ ਗਿੱਲ ਵਸਦੇ ਹਨ। ਗਿੱਲ ਪਾਲ ਦੇ ਇਕ ਪੁੱਤਰ ਦੀ ਔਲਾਦ ਨੇ ਪਾਇਲ ਨੂੰ ਕੇਂਦਰ ਬਣਾ ਕੇ ਇਸ ਇਲਾਕੇ ਵਿਚ ਆਪਣੀ ਚੌਧਰ ਕਾਇਮ ਕੀਤੀ। ਮਾਝੇ ਦੇ ਇਲਾਕੇ ਵਿਚ ਵੀ ਗਿੱਲਾਂ ਦੀਕਾਫੀ ਵਸੋਂ ਹੈ। ਦੁਆਬੇ ਦੇ ਇਲਾਕੇ ਵਿਚ ਘਟ ਗਿੱਲ ਵਸਦੇ ਹਨ। ਪਟਿਆਲਾ ਅਤੇ ਜੀਂਦ ਦੀਆਂ ਪੁਰਾਣੀਆਂ ਰਿਆਸਤਾਂ ਦੇ ਇਲਾਕਿਆਂ ਵਿਚ ਗਿੱਲਾਂ ਦੀ ਬਹੁਤੀ ਵਸੋਂ ਨਹੀਂ ਹੈ। ਕਈ ਪਿੰਡਾਂ ਦਾ ਤਾਂ ਨਾਮ ਹੀ ਗਿੱਲ ਹੈ। ਉਂਝ ਦੇਖਿਆ ਜਾਵੇ ਤਾਂ ਲਗਪਗ ਪੰਜਾਬ ਦੇ ਸਾਰੇ ਇਲਾਕਿਆਂ ਵਿਚ ਗਿੱਲ ਵਸਦੇ ਹਨ।
ਗਿੱਲ ਗੋਤ ਦੇ ਲੋਕ ਮੁਸਲਮਾਨ ਭਾਈਚਾਰੇ ਵਿਚ ਵੀ ਕਾਫੀ ਹਨ। ਸਿਪਰਾ ਗਿੱਲ ਦੀ ਉਪਜਾਤੀ ਗਿੱਲਾਂ ਵਿਚੋਂ ਹੀ ਮੁਸਲਮਾਨ ਬਣ ਕੇ ਝੰਗ ਦੇ ਇਲਾਕੇ ਵਿਚ ਵਸੀ ਸੀ। ਮਿੰਟਗੁਮਰੀ, ਸ਼ਾਹਪੁਰ ਆਦਿ ਜ਼ਿਲ੍ਹਿਆਂ ਵਿਚ ਵੀ ਮੁਸਲਮਾਨ ਗਿੱਲਾਂ ਦੀ ਕਾਫੀ ਵਸੋਂ ਸੀ। ਸਾਂਦਲ ਬਾਰ ਵਿਚ ਮੁਸਲਮਾਨ ਗਿੱਲਾਂ ਦਾ ਮਸ਼ਹੂਰ ਪਿੰਡ ਕੱਕੜ ਗਿੱਲ ਸੀ। ਹਰਿਆਣੇ ਵਿਚ ਮੋਦਗਿਲ ਗੋਤ ਵਾਲੇ ਹਿੰਦੂ ਹਨ। ਮਹਾਰਾਸਟਰ ਸਟੇਟ ਵਿਚ ਗਾਡਗਿਲ ਗੋਤ ਵੀ ਗਿੱਲਾਂ ਵਿਚੋਂ ਹੀ ਹੋਂਦ ਵਿਚ ਆਇਆ ਪਰੰਤੂ ਅੱਜਕਲ੍ਹ ਇਹ ਬ੍ਰਾਹਮਣ ਹੋ ਕੇ ਹਿੰਦੂ ਧਰਮ ਵਿਚ ਵਿਸ਼ਵਾਸ ਰਖਦੇ ਹਨ।
ਗਿੱਲਾਂ ਅਤੇ ਸ਼ੇਰਗਿੱਲਾਂ ਬਾਰੇ ਕੁਝ ਦੰਦ ਕਥਾਵਾਂ
ਸ਼ੇਰਗਿੱਲ ਕਿਵੇਂ ਹੋਂਦ ਵਿਚ ਆਏ? ਇਤਿਹਾਸ ਵਿਚ ਇਸ ਬਾਰੇ ਇਕ ਆਮ ਰਵਾਇਤ ਪ੍ਰਚਲਤ ਹੈ ਕਿ ਫ਼ਿਰੋਜ਼ਪੁਰ ਦੇ ਰਘੂਵੰਸ਼ੀ ਰਾਜਪੂਤ ਰਾਜੇ ਪ੍ਰਿਥੀਰਾਜ ਦੇ ਕੋਈ ਔਲਾਦ ਨਹੀਂ ਸੀ। ਉਸ ਨੇ ਇਕ ਸਾਧੂ ਮਹਾਤਮਾ ਦਾ ਕਹਿਣਾ ਮੰਨ ਕੇ ਭੁੱਲਰ ਜੱਟ ਗੋਤ ਦੀ ਇਕ ਲੜਕੀ ਨਾਲ ਵਿਆਹ ਕਰਵਾ ਲਿਆ (ਉਸ ਸਮੇਂ ਰਾਜਪੂਤ ਜੱਟਾਂ ਨੂੰ ਆਪਣੇ ਤੋਂ ਨੀਵੀਂ ਜਾਤ ਵਾਲੇ ਸਮਝਦੇ ਸਨ)। ਪ੍ਰਿਥੀਰਾਜ ਦੀਆਂ ਰਾਜਪੂਤ ਰਾਣੀਆਂ ਨੇ ਭੁੱਲਰ ਜੱਟਾਂ ਦੀ ਕੁੜੀ ਤੋਂ ਬਣੀ ਰਾਜਪੂਤ ਰਾਣੀ ਦੇ ਨਵਜੰਮੇ ਬੱਚੇ ਨੂੰ ਜੰਗਲ ਵਿਚ ਸੁੱਟਵਾ ਦਿੱਤਾ।
ਰਾਜਾ ਪ੍ਰਿਥੀਰਾਜ ਆਪਣੀਆਂ ਰਾਜਪੂਤ ਰਾਣੀਆਂ ਦੀ ਇਸ ਜ਼ਾਲਮਾਨਾ* ਹਰਕਤ ਤੋਂ ਵਾਕਫ਼ ਨਹੀਂ ਸੀ। ਦੂਜੇ ਦਿਨ ਅਚਾਨਕ ਹੀ ਰਾਜਾ ਪ੍ਰਿਥੀਰਾਜ ਆਪਣੇ ਲਾਮ-ਲਸ਼ਕਰ ਨਾਲ ਜੰਗਲ ਵਿਚ ਸ਼ਿਕਾਰ ਖੇਡਣ ਗਿਆ। ਪ੍ਰਚਲਤ ਰਵਾਇਤ ਅਨੁਸਾਰ ਰਾਜੇ ਦੀ ਨਜ਼ਰ ਇਕ ਸ਼ੇਰ ‘ਤੇ ਪਈ ਜਿਹੜਾ ਕਿ ਗਿੱਲੀ ਥਾਂ ਉਪਰ ਲੇਟੇ ਹੋਏ ਇਕ ਮਾਸੂਮ ਬੱਚੇ ਦੀ ਰਾਖੀ ਕਰ ਰਿਹਾ ਸੀ । ਰਾਜਾ ਉਸ ਬੱਚੇ ਨੂੰ ਚੁੱਕ ਕੇ ਆਪਣੇ ਮਹਿਲਾਂ ਵਿਚ ਲੈ ਆਇਆ। ਰਾਜੇ ਨੂੰ ਮਹਿਲ ਦੀ ਨੌਕਰਾਣੀ ਪਾਸੋਂ ਰਾਜਪੂਤ ਰਾਣੀਆਂ ਦੀ ਕਾਲੀ ਕਰਤੂਤ ਦਾ ਪਤਾ ਲੱਗ ਗਿਆ। ਰਾਜੇ ਦੇ ਦਬਾਅ ਪਾਉਣ ‘ਤੇ ਰਾਣੀਆਂ ਨੇ ਉਸ ਨੂੰ ਸਭ ਕੁਝ ਸੱਚ ਸੱਚ ਦਸ ਦਿੱਤਾ। ਉਸ ਨੇ ਤੁਰੰਤ ਬਾਦਸ਼ਾਹੀ ਹੁਕਮ ਜਾਰੀ ਕਰ ਦਿੱਤਾ ਕਿ ਇਹ ਲੜਕਾ ਇਧਰ ਸ਼ਾਹੀ ਮਹਿਲਾਂ ਦਾ ਹੀ ਸ਼ਿੰਗਾਰ ਬਣੇਗਾ। ਗਿੱਲੀ ਥਾਂ ਉਪਰ ਸ਼ੇਰ ਦੇ ਨੇੜੇ ਲੇਟਿਆ ਹੋਣ ਕਾਰਨ ਸ਼ਾਹੀ ਪੰਡਤ ਨੇ ਉਸ ਬੱਚੇ ਦਾ ਨਾਮ ‘ਸ਼ੇਰਗਿੱਲ’ ਰੱਖ ਦਿੱਤਾ ਜਿਸ ਤੋਂ ਗਿੱਲਾਂ ਦੀ ਉਪਜਾਤੀ ‘ਸ਼ੇਰਗਿੱਲ’ ਸ਼ੁਰੂ ਹੋਈ।
ਜੰਡੀ ਵੱਢਣ ਦੀ ਰਸਮ ਗਿੱਲਾਂ ਤੋਂ ਸ਼ੁਰੂ ਹੋਈ
ਭਾਰਤ ਇਕ ਬਹੁ-ਭਾਸ਼ੀ, ਬਹੁ-ਕੌਮੀ, ਬਹੁ-ਨਸਲੀ, ਬਹੁ-ਸੰਖਿਅਕ, ਵਿਵਿਧ ਰੂਪੀ ਅਤ ਲੋਕ ਹਿਤਵਾਦੀ ਦੇਸ਼ ਹੈ। ਇਸ ਦੇ ਰੀਤੀ-ਰਿਵਾਜਾਂ, ਜੀਵਨ ਸ਼ੈਲੀ, ਸੰਸਕਾਰਾਂ ਅਤੇ ਸੰਸਕ੍ਰਿਤਕਾਂ ਦਾ ਦੁਨੀਆਂ ਵਿਚ ਵੱਖਰਾ ਹੀ ਸਥਾਨ ਹੈ। ਜਨਮ ਤੋਂ ਸ਼ੁਰੂ ਹੋ ਕੇ ਮਰਨ ਤਕ ਇਥੇ ਸਭ ਕੁਝ ਪਰੰਪਰਾਵਾਂ ਅਨੁਸਾਰ ਹੀ ਚਲਦਾ ਹੈ।
ਪੰਜਾਬੀ ਸਭਿਆਚਾਰ ਵੀ ਭਾਰਤੀ ਭਾਈਚਾਰੇ ਦਾ ਹਿੱਸਾ ਹੋਣ ਕਰਕੇ ਇਸ ਦੀਆਂ ਕਈ ਵਿਲੱਖਣ ਪਰੰਪਰਾਵਾਂ ਹਨ। ਪੰਜਾਬੀਆਂ ਦੇ ਕੁਝ ਗੋਤਾਂ, ਉਪਗੋਤਾਂ ਵਿਚ ਲੜਕੇ ਦੇ ਵਿਆਹ ਸਮੇਂ ਜਦੋਂ ਲਾੜਾ ਜੰਞ ਲੈ ਕੇ ਆਪਣੇ ਸਹੁਰੇ ਘਰ ਵੱਲ ਰਵਾਨਾ ਹੁੰਦਾ ਹੈ ਤਾਂ ਪਿੰਡ ਦੇ ਬਾਹਰ ਨਿਕਲਦਿਆਂ ਹੀ ਉਹ ਆਪਣੀ ਕਿਰਪਾਨ ਨਾਲ ਜੰਡੀ ਦੇ ਦਰਖ਼ਤ ਦੀ ਇਕ ਟਾਹਣੀ ਕੱਟਦਾ ਹੈ। ਉਸ ਸਮੇਂ ਲਾੜੇ ਨੂੰ ਸਹੁਰੇ ਘਰ ਤਕ ਆਈਆਂ ਔਰਤਾਂ ਇਹ ਗੀਤ ਵੀ ਗਾਉਂਦੀਆਂ ਹਨ:- “ਵੱਢ ਜੰਡੀ…।” ਇਕ ਮਿੱਥ ਅਨੁਸਾਰ ਜੰਡੀ ਵੱਢਣ ਦੀ ਰਸਮ ਪਹਿਲਾ ਗਿੱਲ ਗੋਤ ਵਾਲਿਆਂ ਤੋਂ ਸ਼ੁਰੂ ਹੋਈ। ਹੌਲ਼ੀ-ਹੌਲ਼ੀ ਸਮਾਜ ਦੇ ਸਾਰੇ ਵਰਗ ਇਸ ਰਸਮ ਦੀ ਪੂਰਤੀ ਕਰਨ ਲੱਗ ਪਏ। ਸਮੇਂ ਦੇ ਬਦਲਾਅ ਨਾਲ ਵੱਡੇ ਗੋਤਾਂ ਵਿਚ ਲਗਪਗ ਇਹ ਰਸਮ ਖ਼ਤਮ ਹੋ ਚੁੱਕੀ ਹੈ ਪਰੰਤੂ ਕੁਝ ਉਪਗੋਤਾਂ ਵਿਚ ਲਾੜਾ ਹਾਲੀਂ ਵੀ ਜੰਞ ਚੜ੍ਹਨ ਸਮੇਂ ਜੰਡੀ ਵੱਢਣ ਦੀ ਰਸਮ ਅਦਾ ਕਰਦਾ ਹੈ।
ਗਿੱਲਾਂ ਦਾ ਬਤਾਲੀਆ ਜਾਂ ਮੋਗਾ ਬਤਾਲੀਆ
ਕਬੀਲਿਆਂ, ਸਮੂਹਾਂ, ਇਕੱਠਾਂ, ਢਾਣੀਆਂ ਅਤੇ ਵਰਗਾਂ ਦੇ ਵਸੋਂ ਵਾਲੇ ਖੇਤਰਾਂ ਨੂੰ ਉਨ੍ਹਾਂ ਦੀ ਗਿਣਤੀ ਦੇ ਅਧਾਰ ‘ਤੇ ਨਾਮ ਦੇਣਾ ਪੁਰਾਣੀ ਇਤਿਹਾਸਕ ਪਰੰਪਰਾ ਰਹੀ ਹੈ। ਸਿੱਧੂ ਬਰਾੜਾਂ ਦੇ ਬਾਈ ਪਿੰਡਾਂ ਦੇ ਸਮੂਹ ‘ਸਿੱਧੂ ਬਰਾੜਾਂ ਬਾਹੀਆ’ ਨਾਮ ਦੇਣ ਵਾਂਗ ਮੋਗੇ ਇਲਾਕੇ ਵਿਚ ਗਿੱਲ ਗੋਤ ਦੇ ਬਤਾਲੀ ਪਿੰਡਾਂ ਦੇ ਇਕੋ ਜਗ੍ਹਾ ਨੇੜੇ-ਨੇੜੇ ਹੋਂਦ ਵਿਚ ਆਉਣ ਤੋਂ ਬਾਅਦ ਇਸ ਨੂੰ ‘ਗਿੱਲਾਂ ਦਾ ਬਤਾਲੀਆ’ ਜਾਂ ‘ਮੋਗਾ ਬਤਾਲੀਆ’ ਦਾ ਨਾਮ ਦਿੱਤਾ ਗਿਆ।
ਪ੍ਰਚਲਤ ਦੰਦ ਕਥਾ ਅਨੁਸਾਰ ਰਾਜਾ ਜੈਪਾਲ ਦਾ ਲੜਕਾ ਗਿੱਲ ਪਾਲ ਹਿੰਦੂ ਸਿੱਧਾਂ ਦਾ ਉਪਾਸ਼ਕ ਸੀ। ਇਸ ਕਰਕੇ ਹਿੰਦੂ ਤੋਂ ਨਵਾਂ-ਨਵਾਂ ਮੁਸਲਮਾਨ ਬਣਿਆ ਅਹਿਲਕਾਰ ਹਾਜੀ ਰਤਨ ਉਸ ਨਾਲ ਖਾਰ ਖਾਂਦਾ ਸੀ । ਬਗਦਾਦ ਦੇ ਖ਼ਲੀਫ਼ੇ ਅਤੇ ਲੱਖੀ ਭੱਟੀ ਮੁਸਲਮਾਨ ਦੀ ਮੱਦਦ ਨਾਲ ਉਸ ਨੇ ਗਿੱਲ ਪਾਲ ਨੂੰ ਮੋਗੇ ਵਲ ਭਜਾ ਦਿੱਤਾ ਅਤੇ ਨਾਲ ਹੀ ਸਰਾਪ ਦੇ ਦਿੱਤਾ ਕਿ ਉਹ ਬੇਔਲਾਦਾ ਹੀ ਮਰੇਗਾ। ਗਿੱਲ ਪਾਲ ਨੇ ਮੋਰੀ ਦੇ ਥੇਹ ਉਪਰ ਮੋਗਾ ਪਿੰਡ ਤਾਂ ਬੰਨ੍ਹ ਲਿਆ ਪਰੰਤੂ ਉਸ ਦੇ ਕੋਈ ਔਲਾਦ ਨਾ ਹੋਈ। ਗਿੱਲ ਪਾਲ ਇਕ ਮੁਸਲਮਾਨ ਸਿੱਧ ਪੀਰ ਪਾਸ ਗਿਆ ਅਤੇ ਸਾਰੀ ਵਿਥਿਆ ਸੁਣਾਈ। ਕਹਿੰਦੇ ਹਨ ਸਾਈਂ ਲੋਕ ਮੁਸਲਮਾਨ ਸਿੱਧ ਨੇ ਗਿੱਲ ਪਾਲ ਨੂੰ ਵਰ ਦਿੱਤਾ ਕਿ ਉਸ ਦੇ ਨਾਮ ‘ਤੇ ਬਤਾਲੀ ਪਿੰਡ ਵਸਣਗੇ ਇਸ ਵਾਸਤੇ ਉਹ ਬਤਾਲੀ ਦਿਨ ਤਪ ਕਰੇਗਾ। ਇਸ ਦੇ ਨਾਲ ਹੀ ਉਸ ਨੇ ਇਹ ਸ਼ਰਤ ਰੱਖੀ ਕਿ ਸਭ ਤੋਂ ਵੱਡੇ ਪੁੱਤਰ ਨੂੰ ਸਾਡਾ ਸਿੱਧ ਪੀਰਾਂ ਵਾਲਾ ਨਾਮ ਦੇਵੇ।
ਚੁੰਝ ਚਰਚਾ ਵਿਚ ਸੁਣਨ ਨੂੰ ਮਿਲਦਾ ਹੈ ਕਿ ਗਿੱਲ ਪਾਲ ਤੋਂ ‘ਮੋਗਾ ਗਿੱਲ’ ਬਣੇ ਚੌਧਰੀ ਨੇ ਆਪਣੇ ਪਹਿਲੇ ਪੁੱਤਰ ਦਾ ਨਾਮ ਮੁਸਲਮਾਨ ਸਿੱਧ ਪੀਰ ਦੀ ਮਰਜ਼ੀ ਨਾਲ ‘ਅਵਲ ਖੈਰ’ ਰਖਿਆ ਜਿਸ ਨੇ ਵੱਡਾ ਹੋ ਕੇ ‘ਅਵਲ ਖੁਰਾਣਾ’ ਪਿੰਡ ਬੰਨ੍ਹ ਕੇ ਚੌਧਰ ਕੀਤੀ। ‘ਮੋਗਾ ਗਿੱਲ’ ਦਾ ਬੰਸ ਅੱਗੇ ਹੋਰ ਵੀ ਵਧਿਆ ਜਿਨ੍ਹਾਂ ਦੇ ਪਿੰਡਾਂ ਦੀ ਗਿਣਤੀ ਬਤਾਲੀ ਹੋ ਗਈ ਅਤੇ ਇਤਿਹਾਸ ਵਿਚ ਇਸ ਪਿੰਡ ਸਮੂਹ ਦਾ ਨਾਮ ‘ਗਿੱਲਾਂ ਦਾ ਬਤਾਲੀਆ’ ਜਾਂ ‘ਮੋਗਾ ਬਤਾਲੀਆ’ ਪੈ ਗਿਆ।
ਪੀਰ ਖਾਂ ਪੱਤੀ ਦੇ ਗੁਰਬਚਨ ਸਿੰਘ ਗਿੱਲ ਦੇ ਪਰਿਵਾਰ ਦਾ ਪਿਛੋਕੜ ਮੋਗਾ ਸ਼ਹਿਰ ਦੇ ਗੋਧੇਵਾਲਾ ਮੁਹੱਲੇ ਨਾਲ ਸਬੰਧਤ ਸੀ। ਇਸ ਪਰਿਵਾਰ ਨੂੰ ਪੀਰ ਖਾਂ ਪੱਤੀ ਵਿਚ ਪਾਕਿਸਤਾਨ ਵਾਲੀ ਜ਼ਮੀਨ ਅਤੇ ਘਰ ਬਾਰ ਛੱਡ ਕੇ ਆਉਣ ਦੇ ਇਵਜ਼ ਵਿਚ ਕਾਫੀ ਜ਼ਮੀਨ ਅਤੇ ਮੰਝ ਰਾਜਪੂਤਾਂ ਦੇ ‘ਬੜੇ ਮੀਆਂ ਵਾਲੀ’ ਪੱਕੀ ਹਵੇਲੀ ਅਲਾਟ ਹੋਈ। ਇਸ ਦਾ ਇਕਲੌਤਾ ਲੜਕਾ ਜਗਜੀਤ ਸਿੰਘ ਗਿੱਲ ਦਿੱਲੀ ਪੁਲਿਸ ਵਿਚ ਇੰਸਪੈਕਟਰ ਸੀ ਪਰੰਤੂ 1956 ਵਿਚ ਉਹ ਅਸਤੀਫ਼ਾ ਦੇ ਕੇ ਪੰਜਾਬ ਪਹੁੰਚ ਗਿਆ ਅਤੇ ਖੇਤੀਬਾੜੀ ਕਰਨ ਲੱਗਾ। ਉਸ ਨੇ ਪਿੰਡ ਦੀ ਸਰਪੰਚੀ ਵੀ ਕੀਤੀ ਅਤੇ ਪੰਜਾਬ ਮੰਡੀਕਰਨ ਬੋਰਡ ਦਾ ਮੈਂਬਰ ਵੀ ਰਿਹਾ। ਉਸ ਦੇ ਤਿੰਨ ਲੜਕੇ ਗੁਰਵਿੰਦਰ ਸਿੰਘ, ਸਤਵਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਹੋਏ। ਗੁਰਵਿੰਦਰ ਸਿੰਘ ਦੀ ਅਚਾਨਕ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਸਤਵਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਕੈਨੇਡਾ ਪਰਵਾਸ ਕਰ ਗਏ। ਉਥੇ ਦੋਹਾਂ ਭਰਾਵਾਂ ਦਾ ਟਰਕਿੰਗ ਕੰਪਨੀ ਅਤੇ ਬੀਮਾ ਕੰਪਨੀਆਂ ਦਾ ਅੱਛਾ ਕਾਰੋਬਾਰ ਹੈ। ਜਗਜੀਤ ਸਿੰਘ ਕੈਨੇਡਾ ਪਰਵਾਸ ਕਰ ਗਿਆ ਅਤੇ ਉਥੇ ਹੀ ਉਹ 2008 ਈਸਵੀ ਵਿਚ ਰੱਬ ਨੂੰ. ਪਿਆਰਾ ਹੋ ਗਿਆ।
ਭਾਨ ਸਿੰਘ ਸ਼ੇਰਗਿੱਲ ਦਾ ਪਰਿਵਾਰ ਅਬਾਦੀ ਪੱਖੋਂ ਪੀਰ ਖਾਂ ਪੱਤੀ ਵਿਚ ਸਭ ਤੋਂ ਵੱਡਾ ਹੈ। ਉਸ ਦੇ ਤਿੰਨ ਪੁੱਤਰ ਮੋਹਨ ਸਿੰਘ, ਕਰਮ ਸਿੰਘ ਅਤੇ ਤੇਜਾ ਸਿੰਘ ਹੋਏ। ਇਸ ਪਰਿਵਾਰ ਦਾ ਸਬੰਧ ਗੁਆਂਢੀ ਪਿੰਡ ਲੁਹਾਰਾ ਨਾਲ ਹੈ। ਤੇਜਾ ਸਿੰਘ ਤਾਂ ਲੁਹਾਰੇ ਪਿੰਡ ਵਿਚ ਹੀ ਵਸਦਾ ਰਿਹਾ ਪਰੰਤੂ ਮੋਹਨ ਸਿੰਘ ਅਤੇ ਕਰਮ ਸਿੰਘ ਨੂੰ ਪਾਕਿਸਤਾਨ ਬਣਨ ਤੋਂ ਬਾਅਦ ਦੋਹਾਂ ਭਰਾਵਾਂ ਪੀਰ ਖਾਂ ਪੱਤੀ ਵਿਚ ਜ਼ਮੀਨ ਅਤੇ ਘਰ ਅਲਾਟ ਹੋ ਗਏ। ਮੋਹਨ ਸਿੰਘ ਸ਼ੇਰਗਿੱਲ ਬਹੁਤ ਹੀ ਗਰਮ ਸੁਭਾ ਵਾਲਾ ਪਰੰਤੂ ਸਾਫ਼ ਦਿਲ ਇਨਸਾਨ ਸੀ। ਉਹ ਮੈਂਬਰ ਪੰਚਾਇਤ ਵੀ ਰਿਹਾ ਅਤੇ ਤਾਸ਼ ਦੀ ਖੇਡ ਸੀਪ ਦਾ ਅੱਛਾ ਖਿਡਾਰੀ ਸੀ। ਉਨ੍ਹਾਂ ਸਮਿਆਂ ਦੇ ਰਈਸ ਜ਼ਿੰਮੀਂਦਾਰਾਂ ਵਾਂਗ ਮੋਹਨ ਸਿੰਘ ਸ਼ੇਰਗਿੱਲ ਨੇ ਦੋ ਵਿਆਹ ਕਰਵਾਏ। ਉਸ ਦੀਆਂ ਦੋਹਾਂ ਪਤਨੀਆਂ ਤੋਂ ਅੱਠ ਲੜਕੇ ਪੈਦਾ ਹੋਏ। ਉਸ ਦੀ ਪਹਿਲੀ ਪਤਨੀ ਦੇ ਤਿੰਨ ਪੁੱਤਰ ਦਲੀਪ ਸਿੰਘ, ਮਲਕੀਤ ਸਿੰਘ ਅਤੇ ਸਾਧਾ ਸਿੰਘ ਹੋਏ। ਦਲੀਪ ਸਿੰਘ ਨੇ ਖੇਤੀਬਾੜੀ ਮਹਿਕਮੇ ਵਿਚ ਬਤੌਰ ਗਰਾਮ ਸੇਵਕ ਨੌਕਰੀ ਕੀਤੀ ਅਤੇ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਵੀ ਸੀ। ਦਲੀਪ ਸਿੰਘ ਦੇ ਤਿੰਨ ਲੜਕੇ ਬਲਵਿੰਦਰ ਸਿੰਘ, ਪਿੰਦਰ ਸਿੰਘ ਅਤੇ ਦਵਿੰਦਰ ਸਿੰਘ ਹਨ ਅਤੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਤਿੰਨੇ ਹੀ ਅੱਛੇ ਕਬੱਡੀ ਖਿਡਾਰੀ ਰਹੇ ਹਨ। ਪਿੰਦਰ ਸਿੰਘ ਤਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਜੋਂ ਸਟਾਰ ਬਣ ਕੇ ਉਭਰਿਆ ਅਤੇ ਕੈਨੇਡਾ, ਅਮਰੀਕਾ ਵਿਚ ਆਪਣੀ ਖੇਡ ਦਾ ਲੋਹਾ ਮਨਵਾਇਆ। ਆਖ਼ਰ ਪੱਕਾ ਅਮਰੀਕਾ ਨਿਵਾਸੀ ਹੀ ਬਣ ਗਿਆ। ਦਵਿੰਦਰ ਸਿੰਘ ਦੁਬਈ ਵਿਚ ਮਕੈਨਿਕ ਹੈ। ਮਲਕੀਤ ਸਿੰਘ ਵਿਆਹਿਆ ਨਹੀਂ ਸੀ ਸਭ ਤੋਂ ਛੋਟੇ ਸਾਧਾ ਸਿੰਘ ਨੇ ਥੋੜ੍ਹੀ ਸਕੂਲੀ ਵਿਦਿਆ ਹਾਸਲ ਕਰਨ ਤੋਂ ਬਾਅਦ ਧਾਰਮਿਕ ਵਿਦਿਆ ਹਾਸਲ ਕੀਤੀ। ਉਹ ਅੱਛਾ ਕੀਰਤਨੀਆ ਅਤੇ ਆਖੰਡ ਪਾਠੀ ਹੈ।
ਮੋਹਨ ਸਿੰਘ ਸ਼ੇਰਗਿੱਲ ਦੀ ਦੂਜੀ ਪਤਨੀ ਦੇ ਪੰਜ ਲੜਕੇ ਹੋਏ। ਸਭ ਤੋਂ ਵੱਡਾ ਸੁਰਜੀਤ ਸਿੰਘ ਹਾਇਰ ਸੈਕੰਡਰੀ ਪਾਸ ਹੈ। ਉਸ ਨੇ ਪੰਚਾਇਤ ਮੈਂਬਰੀ ਅਤੇ ਥੋੜ੍ਹਾ ਸਮਾਂ ਪਿੰਡ ਦੀ ਸਰਪੰਚੀ ਵੀ ਕੀਤੀ। ਅੱਜਕਲ੍ਹ ਉਹ ਪਿੰਡ ਦੇ ਵਿਸ਼ਨੂੰ ਭਗਵਾਨ ਮੰਦਰ ਦਾ ਪ੍ਰਧਾਨ ਹੈ। ਉਸ ਦਾ ਲੜਕਾ ਲਖਵੀਰ ਸਿੰਘ ਖੇਤੀਬਾੜੀ ਕਰਦਾ ਹੈ। ਅਮਰਜੀਤ ਸਿੰਘ ਦੇ ਚਾਰ ਲੜਕੇ ਛਿੰਦਰ ਸਿੰਘ, ਲਖਵੀਰ ਸਿੰਘ, ਬਲਵੀਰ ਸਿੰਘ ਅਤੇ ਨਣਕੂ ਹੋਏ। ਇਨ੍ਹਾਂ ਸਾਰਿਆਂ ਹੀ ਖੇਤੀਬਾੜੀ ਅਤੇ ਵਰਕਸ਼ਾਪਾਂ ਵਿਚ ਕੰਮ ਕੀਤਾ। ਛੋਟੇ ਦੋਵੇਂ ਤਾਂ ਅਮਰਜੀਤ ਸਿੰਘ ਵਾਂਗ ਰੱਬ ਨੂੰ ਪਿਆਰੇ ਹੋ ਗਏ ਹਨ। ਬਲਦੇਵ ਸਿੰਘ ਪਹਿਲਾਂ ਤਾਂ ਖੇਤੀਬਾੜੀ ਕਰਦਾ ਸੀ ਪਰੰਤੂ ਬਾਅਦ ਵਿਚ ਆਪਣੇ ਲੜਕੇ ਪਰਮਜੀਤ ਸਿੰਘ ਅਤੇ ਸਮੂਹ ਪਰਿਵਾਰ ਨਾਲ ਲੁਧਿਆਣੇ ਜਾ ਵਸਿਆ। ਦਵੇਂ ਪਿਉ ਪੁੱਤਰ ਫ਼ੈਕਟਰੀ ਵਿਚ ਕੰਮ ਕਰਦੇ ਹਨ। ਬਲਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਮੈਡੀਕਲ ਦਾ ਪ੍ਰੈਕਟੀਸ਼ਨਰ ਵੀ ਹੈ। ਉਸ ਦਾ ਲੜਕਾ ਮਨਪ੍ਰੀਤ ਸਿੰਘ ਕੰਪਿਊਟਰ ਦੀ ਛਪਾਈ ਅਤੇ ਟਾਈਪਿੰਗ ਦਾ ਕੰਮ ਕਰਦਾ ਹੈ। ਸਭ ਤੋਂ ਛੋਟਾ ਜੋਰਾ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਬੱਚੇ ਹਾਲੀਂ ਪੜ੍ਹ ਰਹੇ ਹਨ।
ਕਰਮ ਸਿੰਘ ਸ਼ੇਰਗਿੱਲ ਪੜ੍ਹਿਆ ਨਹੀਂ ਸੀ ਪਰੰਤੂ ਉਹ ਪਿੰਡ ਵਿਚ ਖੇਤੀਬਾੜੀ ਦੇ ਮਾਹਿਰਾਂ ਵਿਚ ਗਿਣਿਆ ਜਾਂਦਾ ਸੀ। ਉਹ ਬਹੁਤ ਹੀ ਬੇਫ਼ਿਕਰੀ ਵਾਲੀ ਜ਼ਿੰਦਗੀ ਜਿਉਣ ਵਿਚ ਵਿਸ਼ਵਾਸ ਰਖਦਾ ਸੀ। ਲੰਮਾ ਸਮਾਂ ਉਸ ਨੇ ਪਹਿਲਾਂ ਪਾਕਿਸਤਾਨ ਅਤੇ ਬਾਅਦ ਵਿਚ ਇੱਧਰ ਪੰਜਾਬ ਆ ਕੇ ਸੀਰੀਆਂ ਸਾਂਝੀਆਂ ਨਾਲ ਸਖ਼ਤ ਕੰਮ ਕੀਤਾ। ਉਸ ਦੇ ਪੰਜ ਲੜਕਿਆਂ ਵਿਚੋਂ ਮੁਹਿੰਦਰ ਸਿੰਘ ਅਤੇ ਜੁਗਿੰਦਰ ਸਿੰਘ ਵਿਆਹੇ ਨਹੀਂ ਸਨ। ਮੁਹਿੰਦਰ ਸਿੰਘ ਗੁਰੂ ਘਰ ਦਾ ਸ਼ਰਧਾਵਾਨ ਸਿੱਖ ਸੀ ਅਤੇ ਸ਼ੁਧ ਪਾਠ ਉਚਾਰਨ ਵਾਲਾ ਆਖੰਡ ਪਾਠੀ ਸੀ। ਕਿਰਪਾਲ ਸਿੰਘ ਕੋਆਪ੍ਰੇਟਿਵ ਸੁਸਾਇਟੀਆਂ ਦੇ ਮਹਿਕਮੇ ਵਿਚੋਂ 8 ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਇਆ। ਉਸ ਦਾ ਲੜਕਾ ਹਰਪ੍ਰੀਤ ਸਿੰਘ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ। ਬਲਵੀਰ ਸਿੰਘ ਖੇਤੀਬਾੜੀ ਕਰਦਾ ਹੈ। ਉਸ ਨੂੰ ਦੇਸ਼ ਦੀ ਰਾਜਨੀਤੀ ਦੀ ਅੱਛੀ ਸੂਝ-ਬੂਝ ਹੈ। ਉਸ ਦਾ ਲੜਕਾ ਸੁਖਦੇਵ ਸਿੰਘ ਨੇ ਵੀ ਪਿਤਾ ਪੁਰਖੀ ਧੰਦਾ ਖੇਤੀਬਾੜੀ ਹੀ ਅਪਣਾਹਿਆ। ਸਭ ਤੋਂ ਛੋਟਾ ਗੁਰਦੀਪ ਸਿੰਘ ਸਿੱਖ ਰੈਜੀਮੈਂਟਾਂ ਵਿਚ ਹਵਾਲਦਾਰ ਰੈਂਕ ਦੀ ਪੈਨਸ਼ਨ ਲੈ ਕੇ ਬਾਅਦ ਵਿਚ ਕਾਫੀ ਸਮਾਂ ਪੰਜਾਬ ਨੈਸ਼ਨਲ ਬੈਂਕ ਵਿਚ ਕੰਮ ਕਰਦਾ ਰਿਹਾ। ਉਸ ਦੇ ਦੋਵੇਂ ਲੜਕੇ ਗੁਰਬਖ਼ਸ਼ ਸਿੰਘ ਅਤੇ ਹਰਦੇਵ ਸਿੰਘ ਮਕੈਨਿਕ ਵੀ ਹਨ ਅਤੇ ਖੇਤੀਬਾੜੀ ਵੀ ਕਰਦੇ ਹਨ।
ਪੀਰ ਖਾਂ ਪੱਤੀ ਦੇ ਸਿੱਧੂ
ਪੀਰ ਖਾਂ ਪੱਤੀ ਦੇ ਸਿੱਧੂਆਂ ਵਿਚੋਂ ਜ਼ਿਆਦਾ ਪਰਿਵਾਰ ਨੇੜਲੇ ਪਿੰਡ ਲੁਹਾਰਾ ਤੋਂ ਹੀ ਪਾਕਿਸਤਾਨ ਦੇ ਬਾਰ ਇਲਾਕੇ ਵਿਚ ਪਹੁੰਚੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਨੂੰ ਜਨੇਰ ਦੀ ਪੀਰ ਖਾਂ ਪੱਤੀ ਵਿਚ ਜ਼ਮੀਨਾਂ ਅਤੇ ਘਰ ਅਲਾਟ ਹੋ ਗਏ। ਸਿੱਧੂ ਪੱਤੀ ਦੇ ਕਾਂਡ ਵਿਚ ਲਿਖਿਆ ਜਾ ਚੁੱਕਾ ਹੈ ਕਿ ਜਨੇਰ ਲੁਹਾਰਾ ਅਤੇ ਵਰ੍ਹੇ ਆਦਿ ਪਿੰਡਾਂ ਦਾ ਪਿਛੋਕੜ ਦੌਧਰ ਪਿੰਡ ਦੇ ਇਲਾਕੇ ਨਾਲ ਜੁੜਦਾ ਹੈ। ਇਸ ਕਰਕੇ ਪੀਰ ਖਾਂ ਪੱਤੀ ਵਾਲੇ ਸਿੱਧੂਆਂ ਦਾ ਇਤਿਹਾਸਕ ਪਿਛੋਕੜ ਵੀ ਸਿੱਧੂ ਪੱਤੀ ਵਾਲੇ ਸਿੱਧੂਆਂ ਵਾਲਾ ਹੀ ਹੈ।
ਪੀਰ ਖਾਂ ਪੱਤੀ ਦੇ ਸਿੱਧੂਆਂ ਵਿਚੋਂ ਬਸੰਤ ਸਿੰਘ ਸਿੱਧੂ ਦਾ ਪਰਿਵਾਰ ਬਹੁਤ ਵੱਡਾ ਹੈ। ਉਸ ਦੇ ਪਹਿਲੇ ਵਿਆਹ ਤੋਂ ਬਾਅਦ ਕੋਈ ਲੜਕਾ ਨਾ ਹੋਣ ਕਾਰਨ ਮਜਬੂਰੀ ਵਸ ਉਸ ਨੂੰ ਦੂਜਾ ਵਿਆਹ ਕਰਵਾਉਣਾ ਪਿਆ, ਜਿਸ ਤੋਂ ਚਾਰ ਲੜਕੇ ਦਰਸ਼ਨ ਸਿੰਘ, ਹਰਦਿਆਲ ਸਿੰਘ, ਹਰਜੁਗਿੰਦਰ ਸਿੰਘ ਅਤੇ ਸੁਖਦੇਵ ਸਿੰਘ ਪੈਦਾ ਹੋਏ। ਜ਼ਮੀਨ ਜਾਇਦਾਦ ਅੱਛੀ ਹੋਣ ਕਰਕੇ ਬਸੰਤ ਸਿੰਘ ਸਿੱਧੂ ਨੇ ਪੰਜਾਬ ਵਿਚ ਵਸ ਕੇ ਵੀ ਖੇਤੀਬਾੜੀ ਦੇ ਕਾਰੋਬਾਰ ਨੂੰ ਹੀ ਤਰਜੀਹ ਦਿੱਤੀ। ਉਹ ਸ਼ਤਰੰਜ ਅਤੇ ਤਾਸ਼ ਦੀ ਖੇਡ ਸੀਪ ਦਾ ਵਧੀਆ ਖਿਡਾਰੀ ਸੀ। ਉਸ ਦੇ ਵੱਡੇ ਲੜਕੇ ਦਰਸ਼ਨ ਸਿੰਘ ਨੇ ਦਸਵੀਂ ਦੀ ਪੜਾਈ ਅੱਧ ਵਿਚਕਾਰ ਛੱਡ ਕੇ ਟਰੈਕਟਰ ਖਰੀਦ ਲਿਆ ਅਤੇ ਖੇਤੀਬਾੜੀ ਦਾ ਕੰਮ ਸਾਂਭ ਲਿਆ। ਜਲਦੀ ਹੀ ਉਹ ਪਿੰਡ ਦੀ ਰਾਜਨੀਤੀ ਵਿਚ ਕੁੱਦ ਪਿਆ ਅਤੇ ਇਕ ਵਾਰ ਸਰਪੰਚੀ ਦੀ ਚੋਣ ਹਾਰਨ ਬਾਅਦ ਦੂਜੀ ਵਾਰ ਅਸਾਨੀ ਨਾਲ ਸਰਪੰਚ ਬਣ ਗਿਆ। ਉਸ ਦੀ ਬੇਵਕਤ ਮੌਤ ਬਾਅਦ ਉਸ ਦੀ ਪਤਨੀ ਜਸਮੇਲ ਕੌਰ ਨੂੰ ਪਿੰਡ ਵਾਸੀਆਂ ਨੇ ਸਰਬ- ਸੰਮਤੀ ਨਾਲ ਸਰਪੰਚ ਬਣਾ ਦਿੱਤਾ। ਕੁਝ ਸਮੇਂ ਬਾਅਦ ਉਹ ਆਪਣੇ ਲੜਕੇ ਗੁਰਚਰਨ ਸਿੰਘ ਸਮੇਤ ਸਾਰੇ ਪਰਿਵਾਰ ਨਾਲ ਕੈਨੇਡਾ ਪਰਵਾਸ ਕਰ ਗਈ। ਬਸੰਤ ਸਿੰਘ ਸਿੱਧੂ ਦੇ ਦੂਜੇ ਲੜਕੇ ਹਰਦਿਆਲ ਸਿੰਘ ਨੇ ਨੈਸਲੇ ਡੇਅਰੀ ਦੇ ਦੁੱਧ ਦੇ ਏਜੰਟ ਅਤੇ ਖੇਤੀਬਾੜੀ ਦਾ ਕਾਰੋਬਾਰ ਕੀਤਾ। ਉਸ ਦੇ ਲੜਕਿਆਂ ਸਵਰਨ ਸਿੰਘ ਅਤੇ ਅਵਤਾਰ ਸਿੰਘ ਨੇ ਆਪਣੇ ਪਿਤਾ ਦੇ ਚੜ੍ਹਾਈ ਕਰ ਜਾਣ ਬਾਅਦ ਡੇਅਰੀ ਦਾ ਕੰਮ ਛੱਡ ਦਿੱਤਾ ਅਤੇ ਖੇਤੀਬਾੜੀ ਦੇ ਨਾਲ ਟਰੈਕਟਰਾਂ ਦੀ ‘ਵੇਚ-ਖ਼ਰੀਦ’ ਦਾ ਕੰਮ ਕਰ ਲਿਆ। ਲੋੜ ਪਵੇ ਤਾਂ ਜ਼ਮੀਨ ਜਾਇਦਾਦ ਦੀ ਖ਼ਰੀਦ-ਵੇਚ ਦੇ ਸੌਦਿਆਂ ਦੀ ਦਲਾਲੀ ਵੀ ਕਰ ਲੈਂਦੇ ਹਨ।
ਮਾਸਟਰ ਹਰਜੁਗਿੰਦਰ ਸਿੰਘ ਇਸ ਪਰਿਵਾਰ ਦਾ ਤੀਜਾ ਲੜਕਾ ਸੀ। ਉਹ ਸਰਕਾਰੀ ਸਕੂਲ ਵਿਚ ਡਰਾਇੰਗ ਮਾਸਟਰ ਸੀ ਪਰੰਤੂ ਜ਼ਿੰਦਗੀ ਦਾ ਸਾਥ ਜ਼ਿਆਦਾ ਨਾ ਨਿਭਾ ਸਕਿਆ। ਉਸ ਦੇ ਵੱਡੇ ਲੜਕੇ ਪਰਮਿੰਦਰ ਸਿੰਘ ਦਾ ਆਪਣੇ ਫੁੱਫੜ ਦਵਿੰਦਰ ਸਿੰਘ ਗਿੱਲ ਨਾਲ ਹਾਰਵੈਸਟ ਕੰਬਾਈਨਾਂ, ਜੇ.ਸੀ.ਬੀ.ਮਸ਼ੀਨ ਅਤੇ ਟਰਾਲੀਆਂ ਨਾਲ ਭਰਤੀ ਵਗੈਰਾ ਪਾਉਣ ਦਾ ਕਾਰੋਬਾਰ ਹੈ। ਛੋਟਾ ਸਤਵਿੰਦਰ ਸਿੰਘ ਅਮਰੀਕਾ ਚਲਾ ਗਿਆ ਅਤੇ ਉਥੋਂ ਦਾ ਪੱਕਾ ਵਸਨੀਕ ਬਣ ਗਿਆ। ਸਭ ਤੋਂ ਛੋਟਾ ਸੁਖਦੇਵ ਸਿੰਘ ਵੀ ਸ਼ਾਇਦ ਪ੍ਰਮਾਤਮਾ ਪਾਸੋਂ ਛੋਟੀ ਉਮਰ ਹੀ ਲਿਖਾ ਕੇ ਲਿਆਇਆ ਸੀ, ਖੇਤੀਬਾੜੀ ਕਰਦੇ ਹੋਇਆਂ ਛੋਟੀ ਉਮਰ ਵਿਚ ਹੀ ਚੜ੍ਹਾਈ ਕਰ ਗਿਆ। ਉਸ ਦੇ ਦੋਵੇਂ ਲੜਕੇ ਕੁਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਟੈਕਸੀਆਂ ਦਾ ਕੰਮ ਕਰਦੇ ਹਨ।
ਇਸ ਪਰਿਵਾਰ ਦੇ ਸਕਿਆਂ ਵਿਚੋਂ ਹੀ ਚੰਚਲ ਸਿੰਘ ਸਿੱਧੂ ਦਾ ਪਰਿਵਾਰ ਵੀ ਪੀਰ ਖਾਂ ਪੱਤੀ ਵਿਚ ਵਸਦਾ ਹੈ। ਚੰਚਲ ਸਿੰਘ ਸਿੱਧੂ ਬਹੁਤ ਹੀ ਸ਼ੀਤਲ ਸੁਭਾਅ ਵਾਲਾ ਅਤੇ ਸਿੱਧ ਪੱਧਰਾ ਇਨਸਾਨ ਸੀ। ਉਸ ਦੇ ਤਿੰਨ ਲੜਕੇ ਹੋਏ। ਵਿਚਕਾਰਲਾ ਤਾਂ ਛੋਟੀ ਉਮਰ ਵਿਚ ਹੀ ਰੱਬ ਨੂੰ ਪਿਆਰਾ ਹੋ ਗਿਆ। ਸਭ ਤੋਂ ਵੱਡਾ ਨਗਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਤਿੰਨ ਲੜਕਿਆਂ ਵਿਚੋਂ ਵੱਡਾ ਛਿੰਦਰ ਸਿੰਘ ਟੈਕਸੀ ਦਾ ਕੰਮ ਕਰਦਾ ਹੈ ਅਤੇ ਛੋਟੇ ਦੋਵੇਂ ਵਰਕਸ਼ਾਪਾਂ ਵਿਚ ਮਕੈਨਿਕ ਹਨ ਚੰਚਲ ਸਿੰਘ ਸਿੱਧੂ ਦੇ ਛੋਟੇ ਲੜਕੇ ਕਾਲਾ ਸਿੰਘ ਦੇ ਬੱਚੇ ਹਾਲੀਂ ਛੋਟੇ ਹਨ। ਸਾਰਾ ਪਰਿਵਾਰ ਇਕੋ ਛੱਤ ਹੇਠ
ਰਹਿੰਦਾ ਹੈ।
ਸਰੂਪ ਸਿੰਘ ਸਿੱਧੂ ਵੀ ਉਪਰੋਕਤ ਸਿੱਧੂ ਪਰਿਵਾਰ ਦੇ ਨਜ਼ਦੀਕੀਆਂ ਵਿਚੋਂ ਸੀ ਪਰੰਤੂ ਭਰ ਜਵਾਨੀ ਵਿਚ ਉਹ ਦੋ ਛੋਟੇ-ਛੋਟੇ ਬੱਚਿਆਂ ਨੂੰ ਵਿਛੋੜਾ ਦੇ ਕੇ ਮੌਤ ਰਾਣੀ ਦੀ ਬੁੱਕਲ ਵਿਚ ਚਲਿਆ ਗਿਆ। ਉਸ ਦੀ ਵਿਧਵਾ ਪਤਨੀ ਨੇ ਮੁਸ਼ਕਲ ਹਾਲਾਤਾਂ ਵਿਚ ਆਪਣੇ ਲੜਕੇ ਅਜੈਬ ਸਿੰਘ ਸਿੱਧੂ ਨੂੰ ਪੜ੍ਹਾ-ਲਿਖਾ ਕੇ ਡਰਾਇੰਗ ਮਾਸਟਰ ਬਣਨ ਦੇ ਯੋਗ ਬਣਾਇਆ। ਉਸ ਨੇ ਜ਼ਿਆਦਾ ਨੌਕਰੀ ਪਿੰਡ ਦੇ ਸਕੂਲ ਵਿਚ ਹੀ ਕੀਤੀ ਅਤੇ ਇਥੋਂ ਹੀ ਰਿਟਾਇਰ ਹੋਇਆ। ਉਸ ਦਾ ਲੜਕਾ ਬਰਜਿੰਦਰ ਸਿੰਘ ਪਿੰਡ ਦੇ ਸਕੂਲ ਵਿਚੋਂ ਦਸਵੀਂ ਜਮਾਤ ਪਾਸ ਕਰਕੇ ਖੇਤੀਬਾੜੀ ਦਾ ਧੰਦਾ ਕਰਦਾ ਹੈ।
ਬੂਟਾ ਸਿੰਘ ਸਿੱਧੂ ਦੇ ਪਰਿਵਾਰ ਨੂੰ ਵੀ ਜਨੇਰ ਦੀ ਪੀਰ ਖਾਂ ਪੱਤੀ ਵਿਚ ਜ਼ਮੀਨ ਅਤੇ ਇਕ ਘਰ ਅਲਾਟ ਹੋਇਆ। ਉਸ ਦਾ ਪੰਜਾਬ ਵਿਚ ਪੁਰਾਣਾ ਪਿੰਡ ਵਾੜਾ ਸੀ। ਬੂਟਾ ਸਿੰਘ ਸਿੱਧੂ ਬਹੁਤ ਖ਼ੁਸ਼ ਤਬੀਅਤ ਵਾਲਾ ਹੋਣ ਕਰਕੇ ਹਰ ਇਕ ਗੱਲ ਨੂੰ ਹਲਕੇ ਵਿਚ ਹੀ ਲੈਂਦਾ ਹੈ। ਉਸ ਦਾ ਇਕਲੌਤਾ ਲੜਕਾ ਅਜੀਤ ਸਿੰਘ ਉਚਾ ਲੰਮਾ ਅਤੇ ਸ਼ੈਲ- ਸ਼ਬੀਲਾ ਗਭਰੂ ਸੀ, ਕੁਝ ਸਮਾਂ ਕਬੱਡੀ ਵੀ ਖੇਡਿਆ ਪਰੰਤੂ ਨਸ਼ਿਆਂ ਦਾ ਘੁਣ ਉਸ ਨੂੰ ਖਾ ਗਿਆ। ਜੀਤ ਸਿੰਘ ਦੇ ਦੋ ਲੜਕੇ ਬਰਿੰਦਰ ਸਿੰਘ ਅਤੇ ਗਮਦੂਰ ਸਿੰਘ ਹਨ। ਖੇਤੀਬਾੜੀ ਦਾ ਕੰਮ ਕਰਦੇ ਹਨ। ਬਰਿੰਦਰ ਸਿੰਘ ਦੀ ਗਿਣਤੀ ਨਵੀਂ ਪੀੜ੍ਹੀ ਦੇ ਲੀਡਰਾਂ ਵਿਚ ਆਉਂਦੀ ਹੈ। ਘੁੰਮਿਆ, ਫਿਰਿਆ ਅਤੇ ਸੂਝਵਾਨ ਹੋਣ ਕਾਰਨ ਲੋਕਾਂ ਦੀ ਨਬਜ਼ ਨੂੰ ਪਛਾਣਦਾ ਹੈ ਅਤੇ ਪਰ੍ਹੇ ਪੰਚਾਇਤਾਂ ਵਿਚ ਗੱਲਬਾਤ ਕਰਨ ਦੀ ਸੂਝ-ਬੂਝ ਰਖਦਾ ਹੈ।
ਨੇੜਲੇ ਪਿੰਡ ਔਗੜ੍ਹ ਤੋਂ ਮੁਰਿੰਦਰ ਸਿੰਘ ਅਤੇ ਬੰਤ ਸਿੰਘ ਦੇ ਪਰਿਵਾਰ ਨੂੰ ਵੀ ਪੀਰ ਖਾਂ ਪੱਤੀ ਵਿਚ ਜ਼ਮੀਨ ਅਤੇ ਘਰ ਅਲਾਟ ਹੋਏ ਪਰੰਤੂ ਕੁਝ ਸਮੇਂ ਬਾਅਦ ਹੀ ਉਹ ਸਭ ਕੁਝ ਵੇਚ ਵੱਟ ਗਏ ਅਤੇ ਆਪਣੇ ਜੱਦੀ ਪਿੰਡ ਔਗੜ੍ਹ ਵਿਖੇ ਹੀ ਹੋਰ ਜ਼ਮੀਨ ਖ਼ਰੀਦ ਲਈ। ਲਗਪਗ ਤਿੰਨ ਕੁ ਦਹਾਕੇ ਪਹਿਲਾਂ ਮਾਝੇ ਦੇ ਇਲਾਕੇ ਵਿਚ ਆ ਕੇ ਦਲਬੀਰ ਸਿੰਘ ਸਿੱਧੂ ਦਾ ਪਰਿਵਾਰ ਪੀਰ ਖਾਂ ਪੱਤੀ ਵਿਚ ਵਸ ਗਿਆ। ਇਸ ਪਰਿਵਾਰ ਨੇ ਪਿੰਡ ਵਿਚ ਜ਼ਮੀਨ ਵੀ ਖ਼ਰੀਦੀ ਅਤੇ ਆਪਣੇ ਘਰ ਬਾਰ ਵੀ ਬਣਾ ਲਿਆ। ਦਲਬੀਰ ਸਿੰਘ ਸਿੱਧੂ ਦੇ ਤਿੰਨੇ ਲੜਕੇ ਅਜੀਤ ਸਿੰਘ, ਜਸਵਿੰਦਰ ਸਿੰਘ ਅਤੇ ਨਛੱਤਰ ਸਿੰਘ ਮੈਡੀਕਲ ਪ੍ਰੈਕਟੀਸ਼ਨਰ ਹਨ।
ਖੋਸਾ (ਤੂਰ) ਪਰਿਵਾਰ
ਪੀਰ ਖਾਂ ਪੱਤੀ ਵਿਚ ਹੀ ਪਾਕਿਸਤਾਨ ਤੋਂ ਆਏ ਅਤੇ ਨਜ਼ਦੀਕੀ ਪਿਡੰ ਖੋਸਾ ਜਲਾਲ ਨਾਲ ਪਿਛੋਕੜ ਰੱਖਣ ਵਾਲੇ ਦੋ ਭਰਾਵਾਂ ਕਰਨੈਲ ਸਿੰਘ ਤੂਰ ਅਤੇ ਖੇਮ ਸਿੰਘ ਤੂਰ ਘਰ ਅਤੇ ਜ਼ਮੀਨ ਅਲਾਟ ਹੋਏ। ਕਰਨੈਲ ਸਿੰਘ ਖੋਸਾ ਪੁਰਾਣਾ ਬੀ.ਏ. ਪਾਸ ਸੀ ਅਤੇ ਉਸ ਨੂੰ ਮਿਊਂਸੀਪਲ ਕਮੇਟੀ ਮੋਗਾ ਵਿਚ ਬਤੌਰ ਸੈਕਟਰੀ ਅੱਛੀ ਨੌਕਰੀ ਮਿਲ ਗਈ ਪਰੰਤੂ ਕੌਂਸਲਰਾਂ ਨਾਲ ਵਿਚਾਰਾਂ ਦੀ ਵਿਭਿੰਨਤਾ ਹੋਣ ਕਾਰਨ ਉਸ ਨੇ ਅਸਤੀਫ਼ਾ ਦੇ ਦਿੱਤਾ ਅਤੇ ਪਿਤਾ ਪੁਰਖੀ ਕੰਮ ਖੇਤੀਬਾੜੀ ਸ਼ੁਰੂ ਕਰ ਲਈ। ਉਸ ਦਾ ਲੜਕਾ ਇੰਦਰਜੀਤ ਸਿੰਘ ਖੋਸਾ, ਮੋਗਾ ਕਚਹਿਰੀਆਂ ਵਿਚ ਸੀਨੀਅਰ ਵਕੀਲ ਹੈ। ਇੰਦਰਜੀਤ ਸਿੰਘ ਦਾ ਵੱਡਾ ਲੜਕਾ ਡਾਕਟਰ ਹੈ ਅਤੇ ਛੋਟੇ ਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰ ਲੈਣ ਉਪਰੰਤ ਚੰਡੀਗੜ੍ਹ ਵਿਚ ਆਪਣੀ ਫ਼ੈਕਟਰੀ ਲਗਾਈ ਹੋਈ ਹੈ।
ਖੇਮ ਸਿੰਘ ਖੋਸਾ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ, ਇਸ ਕਰਕੇ ਉਸ ਨੇ ਖੇਤੀਬਾੜੀ ਵਾਲੇ ਜੱਦੀ ਪੁਸ਼ਤੀ ਧੰਦੇ ਨੂੰ ਹੀ ਤਰਜੀਹ ਦਿੱਤੀ। ਉਸ ਦੇ ਲੜਕੇ ਨਛੱਤਰ ਸਿੰਘ ਨੇ ਵੀ ਇਹੋ ਧੰਦਾ ਅਪਣਾਇਆ। ਪਰੰਤੂ ਉਹ ਸਿਆਸਤ ਵਿਚ ਕਾਫੀ ਸਰਗਰਮੀਆਂ ਰਖਦਾ ਰਿਹਾ। ਇਕ ਵਾਰ ਸਿਰਫ਼ ਇਕ ਵੋਟ ਨਾਲ ਸਰਪੰਚੀ ਦੀਆਂ ਚੋਣਾਂ ਹਾਰ ਕੇ ਜਮਹੂਰੀਅਤ ਵਿਚ ਇਤਿਹਾਸ ਵੀ ਰਚਿਆ। ਨਛੱਤਰ ਸਿੰਘ ਤੂਰ ਦੇ ਛੋਟੇ ਲੜਕੇ ਨੇ ਫੀ ਈ ਨੈਨਸ ਕੰਪਨੀ ਖੋਲ੍ਹੀ ਹੋਈ ਹੈ। ਵੱਡੇ ਲੜਕੇ ਨੇ ਕੈਨੇਡਾ ਵਿਚ ਵਿਆਹ ਕਰਵਾ ਲਿਆ। ਅਤੇ ਕੈਨੇਡੀਅਨ ਸ਼ਹਿਰੀ ਬਣ ਗਿਆ।
ਬਰਾੜ ਪਰਿਵਾਰ
ਜੱਟਾਂ ਦੇ ਇਤਿਹਾਸ ਨਾਲ ਸਬੰਧਤ ਕਿਸੇ ਵੀ ਪੰਜਾਬੀ ਦੀ ਪੁਸਤਕ ਵਿਚ ਸਿੱਧੂਆਂ ਅਤੇ ਬਰਾੜਾਂ ਦੇ ਇਤਿਹਾਸ ਦਾ ਵਰਨਣ ਵਖਰੇਵੇਂ ਨਾਲ ਕੀਤਾ ਹੋਇਆ ਨਹੀਂ ਮਿਲਦਾ, ਜਿਸ ਦਾ ਮੁਖ ਕਾਰਨ ਹੈ ਕਿ ਲਗਪਗ ਸਾਰੇ ਪੰਜਾਬੀ ਇਤਿਹਾਸਕਾਰਾਂ, ਜਿਨ੍ਹਾਂ ਵਿਚ ਕੁਝ ਨਾਮਵਰ ਪੰਜਾਬੀ ਇਤਿਹਾਸਕਾਰ ਵੀ ਸ਼ਾਮਿਲ ਹਨ, ਸਿੱਧੂਆਂ ਅਤੇ ਬਰਾੜਾਂ ਦਾ ਇਤਿਹਾਸ, ਅੰਗਰੇਜ਼ੀ, ਉਰਦੂ ਅਤੇ ਹਿੰਦੀ ਦੀਆਂ ਇਤਿਹਾਸਕ ਪੁਸਤਕਾਂ ਨੂੰ ਅਧਾਰ ਬਣਾ ਕੇ ਹੀ ਲਿਖਿਆ ਹੈ। ਇਨ੍ਹਾਂ ਪੁਸਤਕਾਂ ਵਿਚ ਸਿੱਧੂ ਅਤੇ ਬਰਾੜ ਗੋਤਾਂ ਨੂੰ ਇਕੋ ਗੋਤ ਹੀ ਲਿਖਿਆ ਜਾਂਦਾ ਰਿਹਾ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਅਤੇ ਇਤਿਹਾਸਕ ਸਬੂਤ ਵੀ ਹਨ ਕਿ ਸਿੱਧੂਆਂ ਅਤੇ ਬਰਾੜਾਂ ਦੀ ਬੰਸਾਵਲੀ ਅਤੇ ਕੁਰਸੀਨਾਮਾ ਇਕੋ ਹੀ ਹੈ, ਫੇਰ ਵੀ ਜਿਸ ਤਰ੍ਹਾਂ ਸਿੱਧੂ ਗੋਤ ਦਾ ਪਿਛੋਕੜ ਲੇਖਕ ਵਲੋਂ ਕਾਫੀ ਹੱਦ ਤਕ ਵਖਰੇਵੇਂ ਸਹਿਤ ਲਿਖਿਆ ਗਿਆ ਹੈ। ਬਰੜਾਂ ਦਾ ਪਿਛੋਕੜ ਵੀ ਵੱਧ ਵਖਰੇਵੇਂ ਸਹਿਤ ਹੀ ਲਿਖਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬਰਾੜਾਂ ਦਾ ਇਤਿਹਾਸਕ ਪਿਛੋਕੜ
ਖੀਵਾ ਰਾਓ ਦੇ ਪੁੱਤਰ ਰਾਓ ਸਿੱਧੂ ਜਾਂ ਸਿੱਧੂ ਰਾਓ ਦੀ ਨੌਵੀਂ ਪੁਸ਼ਤ ਤੋਂ ‘ਬਰਾੜ’ ਪੈਦਾ ਹੋਇਆ। ਇਤਿਹਾਸਕਾਰਾਂ ਅਨੁਸਾਰ ਉਹ ਵੱਡਾ ਧਾੜਵੀ, ਸੂਰਬੀਰ ਅਤੇ ਬਹਾਦਰ ਯੋਧਾ ਸੀ। ਉਸ ਨੇ ਬਠਿੰਡਾ ਇਲਾਕੇ ਵਿਚ ਬੀਦੋਵਾਲ ਨੂੰ ਆਪਣੀ ਠਹਿਰ ਬਣਾ ਕੇ ਮੁਸਲਮਾਨ ਭੱਟੀਆਂ ਪਾਸੋਂ ਸਾਰਾ ਇਲਾਕਾ ਇਕ ਵਾਰ ਫਿਰ ਜਿੱਤ ਲਿਆ। ਉਸ ਨੇ 1415 ਈਸਵੀ ਤਕ ਆਪਣੇ ਆਖ਼ਰੀ ਦਮ ਤਕ ਇਸ ਇਲਾਕੇ ਵਿਚ ਆਪਣੀ ਧਾਂਕ ਬਣਾਈ ਰੱਖੀ। ਇਸ ਦੇ ਨਾਮ ‘ਤੇ ਹੀ ਸਿੱਧੂ ਗੋਤ ਵਿਚੋਂ ਇਕ ਹੋਰ ਮੂੰਹੀ, ਨਵੇਂ ਗੋਤ ਬਰਾੜ ਵਜੋਂ ਹੋਂਦ ਵਿਚ ਆਈ। ਦਿੱਲੀ ਵਿਚ ਇਸ ਸਮੇਂ ਲੋਧੀ ਵੰਸ਼ ਦਾ ਰਾਜ ਸੀ ਪਰੰਤੂ ਬਰਾੜ ਦਿੱਲੀ ਦਰਬਾਰ ਦੀ ਪਰਿਵਾਰ ਨਾ ਕਰਦਾ ਹੋਣ ਕਰਕੇ ਬਰਾੜਾਂ ਅਤੇ ਲੋਧੀਆਂ ਦਾ ਵੈਰ ਵਿਰੋਧ ਕਾਫੀ ਵਧ ਗਿਆ। ਸਿੱਟੇ ਵਜੋਂ ਦੋਹਾਂ ਦੀਆਂ ਝੜਪਾਂ ਅਕਸਰ ਹੁੰਦੀਆਂ ਰਹਿੰਦੀਆਂ। ਬਰਾੜ ਦੇ ਪੁੱਤਰਾਂ ਵਿਚੋਂ ਰਾਓ ਦੁਲ ਦੀ ਔਲਾਦ ਫ਼ਰੀਦਕੋਟ ਅਤੇ ਕੋਟਕਪੂਰੇ ਦੇ ਇਲਾਕੇ ਵਿਚ ਵਸ ਗਈ। ਰਾਓ ਪੌੜ ਦੀ ਔਲਾਦ ਪਟਿਆਲਾ, ਨਾਭਾ, ਜੀਂਦ, ਕੈਂਥਲ ਅਤੇ ਫੂਲ ਮਹਿਰਾਜ ਇਲਾਕੇ ਵਿਚ ਜਾ ਵਸੀ। ਇਨ੍ਹਾਂ ਪੰਜ ਰਿਆਸਤਾਂ ਦੀਆਂ ਬੇਸ਼ਕ ਅੱਗੇ ਜਾ ਕੇ ਬਾਦਸ਼ਾਹੀਆਂ ਵੀ ਹੋਂਦ ਵਿਚ ਆਈਆਂ। ਪਰੰਤੂ ਇਹ ਆਪਣੇ ਆਪ ਨੂੰ ਸਿੱਧੂ ਬਰਾੜ ਦੀ ਥਾਂ ਜ਼ਿਆਦਾ ਸਿੱਧੂ ਦੀ ਲਿਖਦੇ ਰਹੇ। ਬਰਾੜ ਦੇ ਤਿੰਨ ਹੋਰ ਪੁੱਤਰ ਪੈਲੂ, ਸੇਰੂ ਅਤੇ ਧਨਦਾਨ ਸਲ ਜਿਹੜੇ ਕਿ ਪਰਿਵਾਰਕ ਅਤੇ ਖ਼ਾਨਦਾਨੀ ਫਸਾਦਾਂ ਕਾਰਨ ਯਮਨਾ ਪਾਰ ਦੇ ਇਲਾਕੇ ਵਿਚ ਵਸ ਗਏ।
ਰਾਊ ਦੁੱਲ ਦੇ ਚਾਰ ਪੁੱਤਰ ਬਿਨੇਪਾਲ, ਸਾਹਨਪਾਲ, ਲਖਨਪਾਲ ਅਤੇ ਰਤਨ ਪਾਲ ਸਨ, ਇਨ੍ਹਾਂ ਵਿਚੋਂ ਵੱਡੇ ਬਿਨੇਪਾਲ ਪਾਸ ਪਰਿਵਾਰ ਦੀ ਚੌਧਰ ਆਈ ਤਾਂ ਉਹ ਬਠਿੰਡੇ ਦੇ ਇਲਾਕੇ ਉਪਰ ਕਾਬਜ਼ ਹੋ ਗਿਆ। ਸ਼ਾਇਦ ਇਸ ਕਰਕੇ ਕੁਝ ਇਤਿਹਾਸਕਾਰ ਇਸ ਦਾ ਨਾਮ ਇੱਜ਼ਤ ਸਿੰਘ ਵੀ ਲਿਖਦੇ ਹਨ। ਇਸ ਦੇ ਚਾਰ ਪੁੱਤਰ ਮਾਨਕ ਸਿੰਘ, ਦੋਦਾ, ਕੋਲ੍ਹਾ ਅਤੇ ਹਿਦੂ ਸਨ। ਬਿਨੇਪਾਲ ਤੋਂ ਬਾਅਦ ਵੱਡਾ ਮਾਨਕ ਸਿੰਘ ਚੌਧਰੀ ਬਣਿਆ। ਮਾਨਕ ਦੇ ਸੱਤ ਪੁੱਤਰ ਸਨ ਪਰੰਤੂ ਇਸ ਤੋਂ ਅੱਗੇ ਬਰਾੜਾਂ ਦੇ ਵਧ ਰਹੇ ਕੁਰਸੀਨਾਮਾ ਵਿਚੋਂ ਸਿਰਫ਼ ਜਨੇਰ ਦੇ ਬਰਾੜ ਪਰਿਵਾਰ ਨਾਲ ਸਬੰਧਤ ਪੁਰਖਿਆਂ ਬਾਰੇ ਹੀ ਲਿਖਿਆ ਜਾਵੇਗਾ। ਮਾਨਕ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਟੀਂਡਾ ਸੀ ਅਤੇ ਉਹ ਹੀ ਮਾਨਕ ਸਿੰਘ ਤੋਂ ਬਾਅਦ ਰਿਆਸਤ ਦਾ ਮੁਖੀ ਬਣਿਆ। ਉਸ ਤੋਂ ਬਾਅਦ ਟੀਂਡੇ ਦਾ ਪੁੱਤਰ ਆਸੀ ਰਿਆਸਤ ਦਾ ਸਰਬਰਾਹ ਸਥਾਪਤ ਹੋਇਆ। ਆਸੀ ਦੇ ਚਾਰ ਪੁੱਤਰਾਂ ਦਹੀਰਾ, ਫਤੂ, ਕਾਲਾ ਅਤੇ ਮਾਲਕ ਵਿਚੋਂ ਦਹੀਰਾ ਪਾਸ ਰਿਆਸਤ ਦੀ ਚੌਧਰ ਆਈ। ਦਹੀਰਾ ਨੇ ਖੁਰਮਾਨਾਂ ਅਤੇ ਤਤਾਰਾਂ ਧਾੜਵੀਆਂ ਰਾਹੀਂ ਦਿੱਲੀ ਦਰਬਾਰ ਵਿਚ ਲੋਧੀਆਂ ਨਾਲ ਨੇੜਲੇ ਸਬੰਧ ਕਾਇਮ ਕਰ ਲਏ। ਦਹੀਰੇ ਦੇ ਲੜਕੇ ਫਤੂ ਦਾ ਇਤਿਹਾਸ ਵਿਚ ਮਹਾਨ ਯੋਧੇ ਦੇ ਰੂਪ ਵਿਚ ਵਰਨਣ ਮਿਲਦਾ ਹੈ, ਸ਼ਾਇਦ ਇਸੇ ਕਰਕੇ ਰਿਆਸਤ ਦਾ ਚੌਧਰੀ ਬਣਨ ਉਪਰੰਤ ਉਸ ਦੇ ਨਾਮ ਨਾਲ ਸਿੱਧੂ ਬਰਾੜਾਂ ਦਾ ਪੁਰਾਣਾ ਨਾਮ ਰਾਓ ਜੁੜ ਗਿਆ ਉਸ ਨੂੰ ਸਾਰੇ ਫਤੂ ਰਾਓ ਆਖਣ ਲੱਗ ਪਏ। ਦਿੱਲੀ ਦਰਬਾਰ ਦਾ ਬਾਦਸ਼ਾਹ ਇਬਰਾਹਿਮ ਲੋਧੀ ਤਾਂ ਇਸ ਦੀ ਬਹਾਦਰੀ ਉਪਰ ਕਾਇਲ ਸੀ ਅਤੇ ਹਮੇਸ਼ਾ ਸਤਿਕਾਰ ਵਜੋਂ ‘ਫਤਿਹ ਖ਼ਾਨ’ ਸ਼ਬਦ ਨਾਲ ਸੰਬੋਧਨ ਕਰਦਾ ਸੀ।
ਫਤੂ ਰਾਓ ਦੇ ਚਾਰ ਪੁੱਤਰ ਸੰਘਰ, ਸਿਹਨੂੰ, ਹੇਬੂ ਅਤੇ ਲੰਘਰ ਸਨ। ਇਨ੍ਹਾ ਵਿਚੋਂ ਵੱਡਾ ਸੰਘਰ ਹੀ ਫਤੂ ਰਾਓ ਤੋਂ ਬਾਅਦ ਚੌਧਰੀ ਬਣਿਆ। ਸੰਘਰ ਬਹੁਤ ਹੀ ਬਹਾਦਰ ਅਤੇ ਦੂਰ-ਅੰਦੇਸ਼ੀ ਸੀ। 1526 ਈਸਵੀ ਸਮੇਂ ਜਦੋਂ ਬਾਬਰ ਭਾਰਤ ‘ਤੇ ਹਮਲਾ ਕਰਨ ਦੀਆਂ ਵਿਉਂਤਾਂ ਬਣਾ ਰਿਹਾ ਸੀ ਤਾਂ ਉਸ ਨੇ ਦਿੱਲੀ ਦਰਬਾਰ ਦੇ ਲੋਧੀਆਂ ਨਾਲੋਂ, ਆਪਣੇ ਪੁਰਖਿਆਂ ਦੇ ਉਲਟ ਰਿਸ਼ਤਾ ਤੋੜ ਲਿਆ ਅਤੇ ਬਾਬਰ ਨੂੰ ਅਗਾਉਂ ਹੀ ਲਾਹੌਰ ਵਿਖੇ ਜਾ ਮਿਲਿਆ। ਪਾਨੀਪਤ ਦੀ ਪਹਿਲੀ ਲੜਾਈ ਜਿਹੜੀ 1526 ਈਸਵੀ ਸਮੇਂ ਬਾਬਰ ਅਤੇ ਇਬਰਾਹਿਮ ਲੋਧੀ ਵਿਚਕਾਰ ਹੋਈ, ਸੰਘਰ ਅਤੇ ਉਸ ਦੇ ਭਰਾਵਾਂ ਨੇ ਬਾਬਰ ਦੀ ਖੁਲ੍ਹਮ ਖੁਲ੍ਹੀ ਮੱਦਦ ਕੀਤੀ । ਬਾਬਰ ਦੀ ਮੌਤ ਤੋਂ ਬਾਅਦ ਸੰਘਰ ਉਸ ਦੇ ਪੁੱਤਰ ਹੰਮਾਯੂ ਦਾ ਮਦਦਗਾਰ ਵੀ ਰਿਹਾ ਅਤੇ ਸ਼ੇਰਸ਼ਾਹ ਸੂਰੀ ਸਮੇਂ ਉਸ ਦੀ ਮਦਦ ਵੀ ਕੀਤੀ। ਇਸ ਸਮੇਂ ਸਾਰੇ ਲੱਖੀ ਜੰਗ ਵਿਚ ਸੰਘਰ ਦੀ ਤੂਤੀ ਬੋਲਦੀ ਸੀ। ਇਨ੍ਹਾਂ ਮੁਹਿੰਮਾਂ ਵਿਚ ਸੰਘਰ ਦਾ ਭਰਾ ਲੰਘਰ ਸ਼ਹੀਦ ਹੋ ਗਿਆ। ਸੰਘਰ ਨੇ ਆਪਣੇ ਭਰਾ ਲੰਘਰ ਦੀ ਰਾਣੀ ਨਾਲ ਵੀ ਕਰੇਵਾ ਵਿਆਹ ਕਰ ਲਿਆ। ਸੰਘਰ ਦੀਆਂ ਦੋਹਾਂ ਰਾਣੀਆਂ ਵਿਚੋਂ ਪਹਿਲੀ ਰਾਣੀ ਦੇ ਅੱਠ ਅਤੇ ਦੂਜੀ ਰਾਣੀ ਦੇ ਛੇ ਪੁੱਤਰ ਹੋਏ। ਇਤਿਹਾਸ ਵਿਚ ਉਸ ਦੇ ਚਾਰ ਵੱਡੇ ਪੁੱਤਰਾਂ ਭੱਲਣ, ਯਕੂ, ਪੇਰੂ ਅਤੇ ਵਰਿਆਹ ਦਾ ਮੁਹਿੰਮਾਂ ਵਿਚ ਹਿੱਸਾ ਲੈਣ ਦਾ ਵਰਨਣ ਮਿਲਦਾ ਹੈ
ਸੰਘਰ ਦੇ ਦੂਜੇ ਪੁੱਤਰਾਂ ਦੇ ਨਾਮ ਲਾਲਾ, ਗਿਆਨਾ, ਜੋਧਾ, ਸੂਰਤੀਆ ਦੀਦਾ, ਰਾਮ, ਨੰਦ ਅਤੇ ਉਗਰਾ ਸਨ। ਇਨ੍ਹਾਂ ਵਿਚੋਂ ਉਗਰਾ ਦੀ ਔਲਾਦ ਭੇਖਾ, ਦੱਦਾ ਹੂਰ, ਲੰਗੇਆਣਾ, ਆਲਮ ਵਾਲਾ, ਚੋਟੀਆਂ, ਬਾਘਾ ਪੁਰਾਣਾ, ਗੱਜਣ ਵਾਲਾ ਅਤੇ ਜੈਮਲਵਾਲਾ ਪਿੰਡਾਂ ਵਿਚ ਵਸਦੀ ਹੈ। ਜਨੇਰ ਦੇ ਬਰਾੜਾਂ ਦਾ ਪਿਛਲਾ ਪਿੰਡ ਜੈਮਲਵਾਲਾ ਹੋਣ ਕਰਕੇ ਜਨੇਰ ਵਾਸੀ ਬਰਾੜ ਉਗਰਾ ਦੀ ਔਲਾਦ ਹਨ। ਉਗਰਾ ਦੀ ਵੰਸ਼ ਵਿਚੋਂ ਹੀ ਫੌਜੂ ਪੈਦਾ ਹੋਇਆ, ਜਿਹੜਾ ਕਿ ਬਹਾਦਰ ਘੋੜ ਸਵਾਰ ਫੌਜੀ ਹੋਣ ਕਰਕੇ ‘ਬਾਬਾ ਫੌਜੂ’ ਵਜੋਂ ਜਾਣਿਆ ਜਾਂਦਾ ਸੀ। ਪਿੰਡ ਜੈਮਲਵਾਲਾ ਵਿਚ ਬਾਬਾ ਫੌਜੂ ਦੀ ਯਾਦਾਗਰ ਬਣੀ ਹੋਈ। ਹੈ। ਜੈਮਲਵਾਲਾ ਅਤੇ ਜਨੇਰ ਦੇ ਬਰਾੜ ਪਰਿਵਾਰ ਦੀਵਾਲੀ ਵਾਲੀ ਅਤੇ ਚੇਤ ਚੌਧੇ ਨੂੰ ਉਸ ਦੀ ਮਿੱਟੀ ਕੱਢਦੇ ਹਨ।
ਸੰਘਰ ਦੀ ਮੌਤ ਤੋਂ ਬਾਅਦ ਉਸ ਦਾ ਸਭ ਤੋਂ ਵੱਡਾ ਪੁੱਤਰ ਭੱਲਣ ਇਲਾਕੇ ਦਾ ਚੌਧਰੀ ਬਣਿਆ। ਉਸ ਨੇ ਸਮੇਂ ਦੇ ਮੁਗਲ ਬਾਦਸ਼ਾਹ ਅਕਬਰ ਨਾਲ ਦੋਸਤੀ ਵਾਲੀ ਨੀਤੀ ਰੱਖਣ ਨੂੰ ਹੀ ਤਰਜੀਹ ਦਿੱਤੀ। ਅਕਬਰ ਬਾਦਸ਼ਹ ਦੇ ਮਾਲ ਵਿਭਾਗ ਦੇ ਸ਼ਕਤੀਸ਼ਾਲੀ ਮੰਤਰੀ ਟੋਡਰ ਮੱਲ ਨੂੰ ਰਿਸ਼ਤਾ ਕਰਵਾ ਕੇ ਭੱਲਣ ਨੇ ਸਰਕਾਰੇ ਦਰਬਾਰੇ ਆਪਣੀ ਪਹੁੰਚ ਹੋਰ ਵੀ ਪੱਕੀ ਕਰ ਲਈ। ਉਂਝ ਵੀ ਇਕ ਮਹਾਨ ਯੋਧੇ ਵਜੋਂ ਅਕਬਰ ਬਾਦਸ਼ਾਹ ਉਸ ਦੀ ਕਦਰ ਕਰਦਾ ਸੀ। ਉਧਰ ਲੱਖੀ ਜੰਗਲ ਇਲਾਕੇ ਦੇ ਇਕ ਹੋਰ ਭੱਟੀ ਮੁਸਲਮਾਨ ਯੋਧੇ ਮਨਸੂਰ ਖ਼ਾਨ ਜਿਹੜਾ ਕਿ ਭੱਲਣ ਦਾ ਕੱਟੜ ਵਿਰੋਧੀ ਸੀ, ਨੇ ਵੀ ਆਪਣੀ ਭੈਣ ਦਾ ਡੋਲਾ ਅਕਬਰ ਬਾਦਸ਼ਾਹ ਨੂੰ ਦੇ ਕੇ ਆਪਣਾ ਅਸਰ ਰਸੂਖ ਹੋਰ ਵਧਾ ਲਿਆ। ਇਸ ਦਾ ਨਤੀਜਾ ਇਹ ਹੋਇਆ ਕਿ ਚੌਧਰ ਦੀ ਵੰਡ ਸਮੇਂ ਦੋਵੇਂ ਬਾਦਸ਼ਾਹ ਦੇ ਦਰਬਾਰ ਵਿਚ ਹੀ ਉਲਝ ਗਏ ਅਤੇ ਭੱਲਣ ਨੇ ਮਨਸੂਰ ਖਾਂ ਪਾਸੋਂ ਚੌਧਰ ਦੀ ਪਗੜੀ ਖੋਹ ਕੇ ਆਪਣੇ ਸਿਰ ਉਪਰ ਬੰਨ੍ਹ ਲਈ। ਅਕਬਰ ਬਾਦਸ਼ਾਹ ਦੀਆਂ ਹਦਾਇਤਾਂ ‘ਤੇ ਵਜ਼ੀਰ ਟੋਡਰ ਮੱਲ ਨੇ ਦੋਹਾਂ
ਨੂੰ ਚੌਧਰ ਦਾ ਇਲਾਕਾ ਅੱਧਾ-ਅੱਧਾ ਵੰਡ ਦਿੱਤਾ। ਇਤਿਹਾਸਕਾਰਾਂ ਅਨੁਸਾਰ ਭੱਲਣ ਬਰਾੜ 1632 ਈਸਵੀ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਬਣਿਆ। ਭੱਲਣ ਦੇ ਕੋਈ ਔਲਾਦ ਨਹੀਂ ਸੀ, ਇਸ ਕਰਕੇ ਉਸ ਦੀ ਮੌਤ ਤੋਂ ਬਾਅਦ ਸੰਘਰ ਦੇ ਦੂਜੇ ਲੜਕੇ ਲਾਲੇ ਦਾ ਲੜਕਾ ਅਤੇ ਭੱਲਣ ਦਾ ਭਤੀਜਾ ਕਪੂਰਾ, ਰਿਆਸਤ ਦਾ ਚੌਧਰੀ ਬਣਿਆ। ਉਸ ਨੇ 1661 ਈਸਵੀ ਵਿਚ ਕੋਟਕਪੂਰਾ ਸ਼ਹਿਰ ਵਸਾਇਆ। ਕਪੂਰੇ ਚੌਧਰੀ ਬਾਰੇ ਪਿੱਛੇ ਵਿਸਥਾਰ ਸਹਿਤ ਲਿਖ ਚੁੱਕੇ ਹਾਂ। ਗੁਰੂ ਗੋਬਿੰਦ ਸਿੰਘ ਜੀ ਵੀ ਬਰਾੜ ਭਾਈਚਾਰੇ ਵਿਚ ਅਥਾਹ ਵਿਸ਼ਵਾਸ ਰਖਦੇ ਸਨ, ਸ਼ਾਇਦ ਇਸੇ ਕਰਕੇ ਗੁਰੂ ਜੀ ਨੇ ਫਾਰਸੀ ਭਾਸ਼ਾ ਵਿਚ ‘ਜਫ਼ਰਨਾਮਾ’ ਵਿਚ ਬਰਾੜਾਂ ਬਾਰੇ ਲਿਖਿਆ ਹੈ:-
ਨਾ ਜ਼ੱਰਗੇ ਦਰੀਂ ਰਾਹਿ ਖ਼ਾਤਰਾ। ਤੁਰਾਸਾਤ।
ਹਮਹ ਕੌਮਿ ਬੈਰਾੜ ਹੁਕਮਿ ਮਰਾਸਤ 1591
ਜਿਸ ਅਨੁਸਾਰ ਗੁਰੂ ਜੀ ਨੇ ਔਰੰਗ ਬਾਦਸ਼ਾਹ ਨੂੰ ਕਾਂਗੜ ਆਉਣ ਲਈ ਕਿਹਾ। ਅਤੇ ਭਰੋਸਾ ਦਿੱਤਾ ਕਿ ਇਥੇ ਵਸਣ ਵਾਲੀ ਬਰਾੜ ਕੌਮ ਉਸ ਦੀ ਆਗਿਆਕਾਰੀ ਹੈ। ਬਰਾੜ ਬੰਸ ਵਿਚੋਂ ਸੰਘਰ, ਕਪੂਰਾ, ਭਾਈ ਡੱਲਾ, ਦਾਨ ਸਿੰਘ, ਸੇਮਾ, ਭੱਲਣ ਅਤੇ ਮਹਾਰਾਜਾ ਆਲਾ ਸਿੰਘ ਮਹਾਨ ਯੋਧੇ ਸਨ ਜਦੋਂ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਜੀਂਦ ਦੇ ਸਿੱਧੂ ਬਰਾੜ ਮਹਾਰਾਜਾ ਗਜਪੱਤ ਸਿੰਘ ਦਾ ਦੋਹਤਰਾ ਸੀ। ਸਿੱਧੂ ਬਰਾੜਾਂ ਦੀਆਂ ਪੰਜਾਬ ਵਿਚ ਪਟਿਆਲਾ, ਨਾਭਾ, ਜੀਂਦ, ਕੈਂਥਲ ਅਤੇ ਫ਼ਰੀਦਕੋਟ ਪੰਜ ਸਿੱਖ ਰਾਜ ਦੀਆਂ ਰਿਆਸਤਾਂ ਹੋਂਦ ਵਿਚ ਆਈਆਂ। ਇਨ੍ਹਾਂ ਰਿਆਸਤਾਂ ਦਾ ਜਾਂਨਸ਼ੀਨ ਅਤੇ ਹੋਰ ਆਮ ਲੋਕ ਕੋਈ ਆਪਣੇ ਆਪ ਨੂੰ ਸਿੱਧੂ, ਕੋਈ ਬਰਾੜ ਜਾਂ ਕੋਈ ਸਿੱਧੂ ਬਰਾੜ ਲਿਖਦਾ ਹੈ। ਇਸ ਕਰਕੇ ਕਈ ਵਾਰ ਇਤਿਹਾਸਕਾਰ ਵੀ ਇਨ੍ਹਾਂ ਕਬੀਲਿਆਂ ਦਾ ਇਤਿਹਾਸ, ਕਲਮਬੰਦ ਕਰਨ ਸਮੇਂ ਟਪਲਾ ਖਾ ਜਾਂਦੇ ਹਨ।
ਬਰਾੜਾਂ ਬਾਰੇ ਕੁਝ ਪ੍ਰਚਲਤ ਦੰਦ ਕਥਾਵਾਂ
ਹੋਰਨਾਂ ਜਾਤਾਂ, ਗੋਤਾਂ ਅਤੇ ਕਬੀਲਿਆਂ ਵਾਂਗ ਬਰਾੜ ਗੋਤ ਬਾਰੇ ਵੀ ਕਈ
ਦੰਦ ਕਥਾਵਾਂ ਪ੍ਰਚਲਤ ਹਨ। ਇਨ੍ਹਾਂ ਵਿਚ ਕੁਝ ਦੰਦ ਕਥਾਵਾਂ ਤਾਂ ਪਹਿਲਾਂ ਹੀ ਇਤਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ ਪਰੰਤੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸਾਕਾ ਨੀਲਾ ਤਾਰਾ ਸਮੇਂ ਬਰਾੜਾਂ ਦੀ ਭੂਮਿਕਾ ਨੇ ਸਮਾਜ ਵਿਚ ਇਕ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ।
ਭੱਲਣ ਚੀਰਾ ਪਾੜਿਆ ਅਕਬਰ ਦੇ ਦਰਬਾਰ
ਮੁਗ਼ਲ ਸ਼ਹਿਨਸ਼ਾਹ ਦੇ ਸਮੇਂ ਦਿੱਲੀ ਦਰਬਾਰ ਵਿਚ ਬਰਾੜਾਂ ਦਾ ਕਾਫੀ ਬੋਲਬਾਲਾ ਰਿਹਾ ਜਿਸ ਦਾ ਮੁਖ ਕਾਰਨ ਇਹ ਸੀ ਕਿ ਇਨ੍ਹਾਂ ਦੇ ਵਡੇਰੇ ਸੰਘਰ ਨੇ ਬਾਬਰ ਅਤੇ ਹੰਮਾਯੂ ਦੀ ਲੋਧੀਆਂ ਅਤੇ ਪਠਾਨਾਂ ਵਿਰੁੱਧ ਮੁਗ਼ਲਾਂ ਦੀਆਂ ਮੁਹਿੰਮਾਂ ਸਮੇਂ ਮਦਦ ਕੀਤੀ ਸੀ। ਬਾਅਦ ਵਿਚ ਪਿਤਾ ਪੁਰਖੀ ਰਵਾਇਤਾਂ ਨੂੰ ਅੱਗੇ ਤੋਰਦਿਆਂ ਭੱਲਣ ਬਰਾੜ ਨੇ ਵੀ ਅਕਬਰ ਬਾਦਸ਼ਾਹ ਨਾਲ ਨੇੜਤਾ ਬਣਾ ਲਈ। ਦਿੱਲੀ ਦਰਬਾਰ ਦੇ ਮਾਲ ਮਹਿਕਮੇ ਨਾਲ ਸਬੰਧਤ ਸ਼ਕਤੀਸ਼ਾਲੀ ਵਜ਼ੀਰ ਟੋਡਰ ਮੱਲ ਦੇ ਵਿਆਹ ਸਮੇਂ ਵਿਚੋਲਗੀ ਦੀ ਭੂਮਿਕਾ ਨਿਭਾਉਣ ਉਪਰੰਤ ਭੱਲਣ ਬਰਾੜ ਦੀ ਪੁੱਛਗਿਛ ਹੋਰ ਵੀ ਵਧ ਗਈ। ਉਧਰ ਬਰਾੜਾਂ ਦੇ ਕੱਟੜ ਵਿਰੋਧੀ ਅਤੇ ਮਾਲਵੇ ਦੇ ਇਲਾਕੇ ਵਿਚ ਆਏ ਦਿਨ ਉਨ੍ਹਾਂ ਨਾਲ ਲੜਾਈਆਂ ਲੜਨ ਵਾਲੇ ਭੱਟੀ ਰਾਜਪੂਤ ਮੁਸਲਮਾਨ ਯੋਧੇ ਮਨਸੂਰ ਖ਼ਾਨ ਨੇ ਆਪਣੀ ਭੈਣ ਦਾ ਰਿਸ਼ਤਾ ਅਕਬਰ ਬਾਦਸ਼ਾਹ ਨਾਲ ਕਰਕੇ ਆਪਣੀ ਨੇੜਤਾ ਵਧਾ ਲਈ। ਭੁੱਲਣ ਬਰਾੜ ਅਤੇ ਮਨਸੂਰ ਖ਼ਾਨ ਦੀ ਆਪਸੀ ਖਹਿਬਾਜ਼ੀ ਅਤੇ ਨਿਤਪ੍ਰਤੀ ਝੜਪਾਂ ਵਿਚ ਹੋਰ ਵੀ ਵਾਧਾ ਹੋ ਗਿਆ। ਮੁਖ ਮਸਲਾ ਮਾਲਵੇ ਦੇ ਲੱਖੀ ਜੰਗਲ ਇਲਾਕੇ ਦੀ ਚੌਧਰ ਸੀ।
ਅਕਬਰ ਬਾਦਸ਼ਾਹ ਨੇ ਦੋਹਾਂ ਨੂੰ ਇਲਾਕਾ ਵੰਡ ਕਰਨ ਵਾਸਤੇ ਆਪਣੇ ਦਰਬਾਰ ਵਿਚ ਬੁਲਾਇਆ। ਦਰਬਾਰ ਦੀਆਂ ਰਵਾਇਤਾਂ ਅਨੁਸਾਰ ਚੌਧਰ ਦੀ ਨਿਸ਼ਾਨੀ ਵਜੋਂ ਚੀਰਾ ਪਗੜੀ ਸ਼ਾਹੀ ਦਰਬਾਰ ਵਿਚ ਹੀ ਆਪਣੇ ਸਿਰ ਉਪਰ ਬੰਨ੍ਹਣੀ ਪੈਂਦੀ ਸੀ। ਬਾਦਸ਼ਾਹ ਦੇ ਇਸ਼ਾਰੇ ‘ਤੇ ਦਰਬਾਰੀਆਂ ਨੇ ਚੀਰਾ ਪਗੜੀ ਪਹਿਲਾਂ ਮਨਸੂਰ ਖ਼ਾਨ ਨੂੰ ਦੇ ਦਿੱਤੀ ਜਿਸ ਨੂੰ ਦੇਖ ਕੇ ਭੁੱਲਣ ਬਰਾੜ ਅੱਗ ਬਬੂਲਾ ਹੋ ਗਿਆ। ਜਦੋਂ ਮਨਸੂਰ ਖ਼ਾਨ। ਚੀਰਾ ਪਗੜੀ ਆਪਣੇ ਸਿਰ ਉਪਰ ਬੰਨ੍ਹਣ ਲੱਗਿਆ ਉਸ ਨੇ ਕਿਰਪਾਨ ਨਾਲ ਅੱਧੀ ਚੀਰਾ ਪਗੜੀ ਵੱਢ ਕੇ ਆਪਣੇ ਸਿਰ ‘ਤੇ ਬੰਨ੍ਹ ਲਈ। ਦੂਰ-ਅੰਦੇਸ਼ੀ ਸ਼ਹਿਨਸ਼ਾਹ ਨੇ ਇਸ ਦਾ ਬੁਰਾ ਨਹੀਂ ਮਨਾਇਆ ਸਗੋਂ ਹਸਦੇ ਹੋਏ ਆਪਣੇ ਮਾਲ ਮੰਤਰੀ ਟੋਡਰ ਮੱਲ ਨੂੰ ਸਬੰਧਤ ਰਿਆਸਤ ਦਾ ਇਲਾਕਾ ਦੋ ਹਿੱਸਿਆਂ ਵਿਚ ਵੰਡਣ ਦੇ ਆਦੇਸ਼ ਦੇ ਦਿੱਤੇ। ਦਰਬਾਰ ਵਿਚ ਹਾਜ਼ਰ ਸ਼ਾਹੀ ਮਿਰਾਸੀ ਨੇ ਤੁਕ ਜੋੜਦਿਆਂ ਕਿਹਾ:-
ਭੁੱਲਣ ਚੀਰਾ ਪਾੜਿਆ
ਅਕਬਰ ਦੇ ਦਰਬਾਰ
ਕਰਮਹੀਣ ਤੋਂ ਕਪੂਰਾ ਕਰਮਾਂ ਵਾਲਾ
ਕਪੂਰ ਸਿੰਘ ਬਰਾੜ ਦਾ ਪਰਿਵਾਰ ਜਨੇਰ, ਕੋਟ ਈਸੇ ਖਾਂ ਅਤੇ ਇਸ ਦੇ ਨੇੜਲੇ ਇਲਾਕਿਆਂ ਦਾ ਸ਼ਾਸਕ ਰਿਹਾ ਹੈ। ਸ਼ਾਸਕਾਂ ਦੇ ਅੱਛੇ ਮਾੜੇ ਕਾਰਨਾਮਿਆਂ ਨੂੰ ਇਤਿਹਾਸ ਵਿਚ ਸ਼ਾਮਿਲ ਕਰਨਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਉਸ ਸਮੇਂ ਦੀਆਂ ਘਟਨਾਵਾਂ ਨੂੰ ਕਲਮਬੰਦ ਕਰਨਾ।
1704 ਈਸਵੀ ਵਿਚ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੀਆਂ ਲੜਾਈਆਂ ਤੋਂ ਬਾਅਦ ਮਾਛੀਵਾੜੇ ਅਤੇ ਮਾਲਵੇ ਦੇ ਹੋਰ ਇਲਾਕਿਆਂ ਵਿਚੋਂ ਗੁਜ਼ਰਦੇ ਹੋਏ ਕੋਟ ਕਪੂਰਾ ਰਿਆਸਤ ਦੇ ਮੁਖੀ ਕਪੂਰੇ ਚੌਧਰੀ ਪਾਸ ਪਹੁੰਚੇ ਅਤੇ ਮੱਦਦ ਮੰਗੀ ਪਰੰਤੂ ਕਪੂਰੇ ਚੌਧਰੀ ਨੇ ਮੁਗ਼ਲਾਂ ਨਾਲ ਨੇੜਤਾ ਹੋਣ ਕਰਕੇ ਗੁਰੂ ਸਾਹਿਬ ਦੀ ਮੱਦਦ ਨਾ ਕੀਤੀ। ਪ੍ਰਚਲਤ ਦੰਦ ਕਥਾ ਅਨੁਸਾਰ ਦਸਮ ਪਾਤਸ਼ਾਹ ਨੇ ਕਪੂਰੇ ਚੌਧਰੀ ਨੂੰ ਸਰਾਪ ਦੇ ਦਿੱਤਾ। ਕਿ ਤੇਰਾ ਅੰਤ ਤੇਰੇ ਮੁਸਲਮਾਨ ਦੋਸਤ ਹੀ ਕਰਨਗੇ। ਸਿੱਖਾਂ ਦੀ ਮੁਕਤਸਰ ਸਾਹਿਬ ਵਿਚੇ 1705 ਈਸਵੀ ਨੂੰ ਮੁਗ਼ਲਾਂ ਨਾਲ ਹੋਈ ਇਤਿਹਾਸਕ ਜੰਗ ਸਮੇਂ ਕਪੂਰੇ ਚੌਧਰੀ ਨੇ ਸਿੱਖ ਫ਼ੌਜਾਂ ਦੀ ਲੁਕਵੇਂ ਰੂਪ ਵਿਚ ਹੀ ਮਦਦ ਕੀਤੀ ਜਦੋਂ ਕਿ ਇਸ ਦਾ ਸਮਕਾਲੀ ਦਾਨ ਸਿੰਘ ਬਰਾੜ 1500 ਸਿੰਘਾਂ ਦਾ ਜਥਾ ਲੈ ਕੇ ਮੈਦਾਨੇ ਜੰਗ ਵਿਚ ਕੁੱਦਿਆ ਅਤੇ ਬਹਾਦਰੀ ਦੇ ਜੌਹਰ ਦਿਖਾਏ। ਸਿੱਖ ਹਲਕਿਆਂ ਵਿਚ ਲੋਕ ਕਪੂਰੇ ਚੌਧਰੀ ਨੂੰ ‘ਕਰਮਹੀਣ’ ਕਪੂਰਾ ਆਖਣ ਲੱਗ ਪਏ।
ਕੁਝ ਸਮੇਂ ਬਾਅਦ ਕਪੂਰਾ ਚੌਧਰੀ ਗੁਰੂ ਜੀ ਦੇ ਪਰਮ ਸੇਵਕ ਸੋਢੀ ਕੋਲ ਜੀ ਨਾਲ ਆਪਣੇ ਤਿੰਨ ਲੜਕਿਆਂ ਸੁਖਾ, ਸੇਮਾ ਅਤੇ ਸਾਜਾ ਨੂੰ ਨਾਲ ਲੈ ਕੇ ਢਿਲਵਾਂ ਪਿੰਡ ਨੇੜੇ ਗੁਰੂ ਸਾਹਿਬ ਦੇ ਨਤਮਸਤਕ ਹੋਇਆ ਅਤੇ ਮੁਆਫ਼ੀ ਮੰਗੀ। ਬਖ਼ਸ਼ਣਹਾਰ ਦਸਮ ਪਿਤਾ ਨੇ ਕਪੂਰੇ ਚੌਧਰੀ ਦੇ ਲੜਕਿਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾ ਦਿੱਤਾ ਅਤੇ ਇਕ ਖੰਡਾ ਬਖ਼ਬਦੇ ਹੋਏ ਇਹ ਵੀ ਬਚਨ ਕੀਤਾ ਕਿ ਜਦ ਤਕ ਇਸ ਖੇਡੇ ਦਾ ਸਤਿਕਾਰ ਕਰੋਗੇ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ। ਪ੍ਰਸਿੱਧ ਇਤਿਹਾਸਕ ਪੁਸਤਕ ‘ਮਾਲਵਾ ਇਤਿਹਾਸ’ ਭਾਗ ਪਹਿਲਾ ਅਨੁਸਾਰ ਕੁਝ ਸਮੇਂ ਬਾਅਦ ਕਪੂਰਾ ਚੌਧਰੀ ਇਕ ਵਾਰ ਫੇਰ ਸੋਢੀ ਜੀ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਸਿਰੀਏ ਵਾਲਾ ਪਿੰਡ ਵਿਚ ਮਿਲਿਆ। ਦਸਮ ਪਾਤਸ਼ਾਹ ਨੇ ਕਪੂਰੇ ਚੌਧਰੀ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ ਅਤੇ ਉਹ ਕਪੂਰੇ ਚੌਧਰੀ ਤੋਂ ਕਪੂਰ ਸਿੰਘ ਬਰਾੜ ਬਣ ਗਿਆ। ਇਸ ਤੋਂ ਬਾਅਦ ਉਹ ਸਿੱਖ ਸੰਗਤਾਂ ਵਿਚ ‘ਕਰਮਾਂ ਵਾਲਾ ਕਪੂਰ ਸਿੰਘ ਬਰਾੜ’ ਨਾਲ ਜਾਣਿਆ ਜਾਣ ਲੱਗਾ। ਪਰੰਤੂ ਗੁਰੂ ਜੀ ਦਾ ਸਰਾਪ ਸੱਚ ਸਾਬਿਤ ਹੋਇਆ ਜਦੋਂ 1709 ਈਸਵੀ ਨੂੰ ਈਸੇ ਖਾਂ ਚੌਧਰੀ ਨੇ ਉਸ ਦਾ ਕਤਲ ਕਰ ਦਿੱਤਾ।
ਸਿੱਖੀ ਨੂੰ ਬਚਾਉਣ ਅਤੇ ਢਾਅ ਲਾਉਣ ਵਾਲੇ ਦੋਵੇਂ ਬਰਾੜ
ਇਤਿਹਾਸ ਇਕ ਪਾਰਦਰਸ਼ੀ ਸ਼ੀਸ਼ੇ ਵਾਂਗ ਹੁੰਦਾ ਹੈ, ਜਿਸ ਰਾਹੀਂ ਕਿਸੇ ਦੀ ਵੀ ਨਸਲ, ਜਾਤ, ਗੋਤ, ਧਰਮ, ਕਬੀਲੇ ਜਾਂ ਫਿਰਕੇ ਵਾਲੇ ਕਿਸੇ ਇਨਸਾਨ ਵਲੋਂ ਕੀਤਾ ਹੋਇਆ ਚੰਗਾ ਜਾਂ ਮਾੜਾ ਕਰਮ ਛੁਪਾਇਆ ਨਹੀਂ ਜਾ ਸਕਦਾ ਬੇਸ਼ਰਤੇ ਕਿ ਉਹ ਇਤਿਹਾਸ ਬਿਨਾਂ ਪੱਖਪਾਤ, ਦਬਾਅ, ਝੁਕਾਅ ਜਾਂ ਤਰਫ਼ਦਾਰੀ ਅਧੀਨ ਨਾ ਰਚਿਆ ਗਿਆ ਹੋਵੇ।
1984 ਈਸਵੀ ਦੇ ਸਾਕਾ ਨੀਲਾ ਤਾਰਾ ਅਧੀਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਭਾਰਤੀ ਫ਼ੌਜਾਂ ਵਲੋਂ ਹਮਲਾ ਬੇਸ਼ਕ ਸਾਡੇ ਵਾਸਤੇ ਕੱਲ੍ਹ ਦੀ ਗੱਲ ਹੈ। ਪਰੰਤੂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇਹ ਇਕ ਵੱਡੀ ਇਤਿਹਾਸਕ ਘਟਨਾ ਹੋਵੇਗੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੇ ਸਮੇਂ ਦੇ ਬਹਾਦਰ ਸੈਨਾਪਤੀ ਸੰਘਰ ਬਰਾੜ ਦੇ ਲੜਕੇ ਜੋਧਾ ਬਰਾੜ ਦੀ ਅੰਸ਼ ਵਿਚੋਂ ਪਿੰਡ ਰੋਡੇ ਨਾਲ ਸਬੰਧਤ ਸੀ। ਸਿੱਖੀ ਨੂੰ ਬਚਾਉਣ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਵਿਚ ਉਸ ਦਾ ਵੱਡਾ ਯੋਗਦਾਨ ਸਮਝਿਆ ਜਾਂਦਾ ਹੈ। ਉਨ੍ਹਾਂ ਅਨੁਸਾਰ ਉਸ ਨੇ ਆਪਣੇ ਜੁਝਾਰੂ ਸਿੰਘਾਂ ਨਾਲ ਸਿੱਖੀ ਨੂੰ ਬਚਾਉਣ ਲਈ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਸਮੂਹ ਵਿਚ ਕਿਲਾਬੰਦੀ ਕੀਤੀ। ਇੰਝ ਕਰਨਾ ਠੀਕ ਸੀ ਜਾਂ ਗ਼ਲਤ ਇਸ ਵਾਦ-ਵਿਵਾਦ ਤੋਂ ਕਿਨਾਰਾ ਕਰਦਿਆਂ ਇਤਿਹਾਸ ਅਨੁਸਾਰ ਤਾਂ ਇਹ ਇਕ ਘਟਨਾ ਹੈ।
ਉਧਰ ਦਰਬਾਰ ਸਾਹਿਬ ਸਮੂਹ ਉਪਰ ਹਮਲਾ ਕਰਨ ਵਾਲੀ ਫ਼ੌਜ ਦਾ ਕਮਾਂਡਰ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਪੱਤੋ ਹੀਰਾ ਸਿੰਘ ਦੇ ਬਰਾੜ ਪਰਿਵਾਰ ਨਾਲ ਸਬੰਧਤ ਸੀ। ਦਰਬਾਰ ਸਾਹਿਬ ਸਮੂਹ ਵਿਚ ਸਾਕਾ ਨੀਲਾ ਤਾਰਾ ਸਮੇਂ ਵੱਡੀ ਗਿਣਤੀ ਵਿਚ ਬੇਦੋਸ਼ੇ ਸਿੱਖ ਸ਼ਰਧਾਲੂ ਜਿਨ੍ਹਾਂ ਵਿਚ ਮਰਦ, ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ, ਦੀਆਂ ਜਾਨਾਂ ਗਈਆਂ। ਫ਼ੌਜ ਦਾ ਵੀ ਕਾਫੀ ਨੁਕਸਾਨ ਹੋਇਆ। ਦਰਬਾਰ ਸਾਹਿਬ ਸਮੂਹ ਵਿਚ ਵਿਭਿੰਨ ਰੂਪ ਵਿਚ ਹੋਏ ਨੁਕਸਾਨ ਦੀ ਪੂਰਤੀ ਅੱਜ ਤਕ ਨਹੀਂ ਹੋ ਸਕੀ। ਧਾਰਮਿਕ ਸੋਚ ਰੱਖਣ ਵਾਲੇ ਆਮ ਆਦਮੀ ਅਨੁਸਾਰ ਵੀ ਸਿੱਖੀ ਨੂੰ ਢਾਅ ਲੱਗੀ, ਮੇਜਰ ਜਨਰਲ ਬਰਾੜ ਵੱਡੇ ਫ਼ੌਜੀ ਅਫ਼ਸਰਾਂ ਦੇ ਹੁਕਮ ਦੀ ਪਾਲਣਾ ਤੋਂ ਇਨਕਾਰੀ ਹੋ ਜਾਂਦਾ ਜਾਂ ਅਸਤੀਫ਼ਾ ਦੇ ਦਿੰਦਾ ਇਸ ਵਾਦ-ਵਿਵਾਦ ਨੂੰ ਅਣਗੌਲੇ ਕਰਦਿਆਂ ਇਤਿਹਾਸ ਅਨੁਸਾਰ ਤਾਂ ਇਹ ਘਟਨਾ ਹੀ ਘਟੀ ਹੈ ਨਾ। ਚੁੰਝ ਚਰਚਾਵਾਂ ਅਤੇ ਦੰਦ ਕਥਾਵਾਂ ਤਾਂ ਅਕਸਰ ਇਤਿਹਾਸ ਦੇ ਨੇੜੇ-ਤੇੜੇ ਹੀ ਹੁੰਦੀਆਂ ਹਨ। ਸਿੱਖ ਭਾਈਚਾਰੇ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਲਿਆਰਿਆਂ ਵਿਚ ਦੰਦ ਕਥਾ ਸ਼ੁਰੂ ਹੋ ਚੁੱਕੀ ਹੈ ‘ਸਿੱਖੀ ਨੂੰ ਬਚਾਉਣ ਅਤੇ ਢਾਅ ਲਾਉਣ ਵਾਲੇ ਦੋਵੇਂ ਬਰਾੜ’।
ਜਨੇਰ ਦਾ ਬਰਾੜ ਪਰਿਵਾਰ
ਪੀਰ ਖਾਂ ਪੱਤੀ ਵਿਚ ਵਸਦਾ ਬਰਾੜ ਪਰਿਵਾਰ ਦਾ ਸਬੰਧ ਮੋਗਾ ਜ਼ਿਲ੍ਹੇ ਦੇ ਪਿੰਡ ਜੈਮਲਵਾਲਾ ਨਾਲ ਹੈ। ਕਰਮ ਸਿੰਘ ਬਰਾੜ ਨੇ ਪਾਕਿਸਤਾਨ ਦੇ ਮਿੰਟਗੁਮਰੀ ਜ਼ਿਲ੍ਹੇ ਦੀ ਤਹਿਸੀਲ ਚੀਚਾਵਤਨੀ ਦੇ ਪਿੰਡ ਚੱਕ ਨੰਬਰ 176-9L ਅਤੇ 181-9L ਵਿਖੇ ਕਾਫੀ ਜ਼ਮੀਨ ਖ਼ਰੀਦ ਲਈ ਅਤੇ ਆਪਣੇ ਪੁੱਤਰ ਸੋਭਾ ਸਿੰਘ ਬਰਾੜ ਅਤੇ ਕਾਲਾ ਸਿੰਘ ਬਰਾੜ ਨਾਲ ਉਥੇ ਜਾ ਕੇ ਵਸ ਗਿਆ। ਕਾਲਾ ਸਿੰਘ ਬਰਾੜ ਨੇ ਖੇਤੀਬਾੜੀ ਦਾ ਕੰਮ ਸਾਂਭ ਲਿਆ ਅਤੇ ਸੋਭਾ ਸਿੰਘ ਬਰਾੜ ਨੂੰ ਚਾਰ ਪੰਜ ਪਿੰਡਾਂ ਦੀ ਲੰਬਰਦਾਰੀ ਸਾਂਭਣੀ ਪਈ। ਉਸ ਦੇ ਸਰਕਾਰੇ ਦਰਬਾਰੇ ਆਉਣ ਜਾਣ ਕਾਰਨ, ਸੂਝ-ਬੂਝ ਵਿਚ ਕਾਫੀ ਵਾਧਾ ਹੋ ਗਿਆ ਅਤੇ ਪਾਕਿਸਤਾਨ ਦੇ ਹੋਂਦ ਵਿਚ ਆਉਣ ਬਾਰੇ ਵੀ ਉਸ ਨੂੰ ਗਿਆਨ ਹੋ ਜਾਣ ਕਰਕੇ 1940 ਵਿਚ ਹੀ ਉਹ ਸਾਰੇ ਪਰਿਵਾਰ ਨੂੰ ਦੁਬਾਰਾ ਪਿੰਡ ਜੈਮਲਵਾਲਾ ਵਿਚ ਲੈ ਆਇਆ। ਪਾਕਿਸਤਾਨ ਵਾਲੀ ਜ਼ਮੀਨ ਠੇਕੇ ‘ਤੇ ਦੇ ਦਿੱਤੀ ਅਤੇ ਵੱਡੇ ਲੜਕੇ ਭਾਗ ਸਿੰਘ ਨੂੰ ਘਰਾਂ ਅਤੇ ਜ਼ਮੀਨ ਦੇ ਦੇਖਭਾਲ ਲਈ ਉਥੇ ਛੱਡ ਦਿੱਤਾ।
ਪਾਕਿਸਤਾਨ ਬਣਨ ਤੋਂ ਬਾਅਦ ਸੋਭਾ ਸਿੰਘ ਬਰਾੜ ਅਤੇ ਕਾਲਾ ਸਿੰਘ ਬਰਾੜ ਨੂੰ ਜਨੇਰ ਵਿਚ ਪਾਕਿਸਤਾਨ ਵਾਲੀ ਜਾਇਦਾਦ ਦੇ ਇਵਜ਼ ਵਿਚ ਜ਼ਮੀਨ ਅਲਾਟ ਹੋ ਗਈ ਅਤੇ ਰਹਿਣ ਵਾਸਤੇ ਪੀਰ ਖਾਂ ਪੱਤੀ ਵਿਚ ਛੋਟੇ ਮੀਆਂ ਵਾਲੀ ਪੱਕੀ ਹਵੇਲੀ ਅਤੇ ਦੋ ਕੱਚੇ ਮਕਾਨ ਅਲਾਟ ਹੋ ਗਏ।
ਸੋਭਾ ਸਿੰਘ ਬਰਾੜ ਦੇ ਚਾਰ ਪੁੱਤਰ ਭਾਗ ਸਿੰਘ, ਜੋਧ ਸਿੰਘ, ਭਾਨ ਸਿੰਘ ਅਤੇ ਸੰਤਾ ਸਿੰਘ ਹੋਏ। ਭਾਗ ਸਿੰਘ ਨੇ ਤਾਂ ਪਿਤਾ ਪੁਰਖੀ ਪਿੰਡ ਜੈਮਲਵਾਲਾ ਵਾਲੀ ਜ਼ਮੀਨ ਸਾਂਭ ਲਈ ਅਤੇ ਜਨੇਰ ਆਇਆ ਹੀ ਨਹੀਂ। ਲੰਮਾ ਸਮਾਂ ਉਹ ਪਿੰਡ ਜੈਮਲਵਾਲੇ ਦਾ ਸਰਪੰਚ ਵੀ ਰਿਹਾ। ਜੋਧ ਸਿੰਘ ਬਰਾੜ ਅਤੇ ਭਾਨ ਸਿੰਘ ਬਰਾੜ ਪਾਕਿਸਤਾਨ ਬਣਨ ਸਮੇਂ ਅੰਗਰੇਜ਼ਾਂ ਦੀ ਭਾਰਤੀ ਫ਼ੌਜ ਵਿਚ ਨੌਕਰੀ ਕਰ ਰਹੇ ਸਨ ਜਿਹੜੀ ਕਿ ਉਨ੍ਹਾਂ 1950 ਈਸਵੀ ਤਕ ਕੀਤੀ ਬਾਅਦ ਵਿਚ ਦੋਹਾਂ ਭਰਾਵਾਂ ਨੇ ਮੋਗਾ ਸ਼ਹਿਰ ਵਿਚ ਆਪਣੀਆਂ ਟੈਕਸੀਆਂ ਦਾ ਕਾਰੋਬਾਰ ਕੀਤਾ। ਮੋਗਾ ਸ਼ਹਿਰ ਵਿਚ ਉਹ ਪਹਿਲੇ ਟੈਕਸੀ ਮਾਲਕਾਂ ਵਿਚੋਂ ਸਨ। ਵਰਨਣਯੋਗ ਹੈ ਕਿ 1950 ਈਸਵੀ ਵਿਚ ਮੋਗਾ ਸ਼ਹਿਰ ਵਿਚ ਕੁਲ ਪੰਜ ਟੈਕਸੀਆਂ ਸਨ। ਸੰਤਾ ਸਿੰਘ ਬਰਾੜ ਮੋਗਾ ਟਰਾਂਸਪੋਰਟ ਕੰਪਨੀ ਵਿਚ ਕੰਡਕਟਰ ਲੱਗ ਗਿਆ ।
ਜੋਧ ਸਿੰਘ ਬਰਾੜ ਦੇ ਤਿੰਨ ਲੜਕੇ ਭਰਪੂਰ ਸਿੰਘ, ਸਰਦੂਲ ਸਿੰਘ ਅਤੇ ਗਮਦੂਰ ਸਿੰਘ ਹਨ। ਇਹ ਤਿੰਨੇ ਹੀ ਅਮਰੀਕਾ ਵਿਚ ਡਾਕਟਰ ਅਤੇ ਤਿੰਨਾਂ ਦੀਆਂ ਪਤਨੀਆਂ ਵੀ ਡਾਕਟਰ ਹਨ। ਅਮਰੀਕਾ ਦੇ ਸ਼ਹਿਰੀ ਬਣ ਕੇ ਪੱਕੇ ਅਮਰੀਕਾ ਨਿਵਾਸੀ ਬਣ ਗਏ ਹਨ। ਜੋਧ ਸਿੰਘ ਬਰਾੜ ਅਤੇ ਉਸ ਦੀ ਪਤਨੀ ਨੂੰ ਵੀ ਅਮਰੀਕਾ ਨਿਵਾਸੀ ਬਣਨਾ ਪਿਆ। ਭਰਪੂਰ ਸਿੰਘ ਬਰਾੜ ਦੇ ਦੋਵੇਂ ਲੜਕੇ ਅਤੇ ਨੂੰਹਾਂ ਵੀ ਅਮਰੀਕਾ ਵਿਚ ਡਾਕਟਰ ਹਨ। ਸਰਦੂਲ ਸਿੰਘ ਬਰਾੜ ਦਾ ਲੜਕਾ ਐਮ.ਬੀ.ਏ. ਦੀ ਮਾਸਟਰਜ਼ ਕਰਕੇ ਅੰਤਰਰਾਸ਼ਟਰੀ ਸ਼ੇਅਰ ਬਾਜ਼ਾਰ ਵਿਚ ਨਾਮਵਰ ਹਸਤੀ ਹੈ। ਗਮਦੂਰ ਸਿੰਘ ਬਰਾੜ ਦੇ ਬੱਚੇ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੇ ਹਨ। ਭਾਨ ਸਿੰਘ ਬਰਾੜ ਦਾ ਵੱਡਾ ਲੜਕਾ ਦਰਸ਼ਨ ਸਿੰਘ ਪਿੰਡ ਵਿਚ ਖੇਤੀਬਾੜੀ ਕਰਦਾ ਹੈ, ਛੋਟਾ ਜਗਦੇਵ ਸਿੰਘ ਨੈਸਲੇ ਇੰਡੀਆ ਦਾ ਸੀਨੀਅਰ ਮੁਲਾਜ਼ਮ ਹੈ ਅਤੇ ਆਪਣੀ ਮਾਸਟਰਨੀ ਪਤਨੀ ਨਾਲ ਮੋਗਾ ਨਿਵਾਸੀ ਬਣ ਗਿਆ। ਉਸ ਦਾ ਇਕ ਲੜਕਾ ਪਰਿਵਾਰ ਸਹਿਤ ਆਸਟ੍ਰੇਲੀਆ ਨਿਵਾਸੀ ਬਣ ਗਿਆ ਅਤੇ ਦੂਜਾ ਕਾਲਜ ਵਿਚ ਪੜ੍ਹਾਈ ਕਰ ਰਿਹਾ ਹੈ। ਸੰਤਾ ਸਿੰਘ ਬਰਾੜ ਨੇ ਕੰਡਕਟਰੀ ਦੀ ਨੌਕਰੀ ਛੱਡ ਕੇ ਖੇਤੀਬਾੜੀ ਦਾ ਧੰਦਾ ਅਪਣਾਇਆ, ਉਸ ਪਾਸ ਬਰਾੜ ਪਰਿਵਾਰ ਦੀ ਖ਼ਾਨਦਾਨੀ ਲੰਬਰਦਾਰੀ ਵੀ ਸੀ। ਉਸ ਦਾ ਵੱਡਾ ਲੜਕਾ ਕੌਰ ਸਿੰਘ ਬਰਾੜ ਖੇਤੀਬਾੜੀ ਕਰਦਾ ਹੈ ਅਤੇ ਪੀਰ ਖਾਂ ਪੱਤੀ ਦਾ ਲੰਬਰਦਾਰ ਵੀ ਹੈ। ਅੱਗੇ ਉਸ ਦਾ ਵੱਡਾ ਲੜਕਾ ਅਮਰੀਕਨ ਸ਼ਹਿਰੀ ਬਣ ਕੇ ਉਥੋਂ ਦੇ ਸਿਆਟਲ ਸ਼ਹਿਰ ਦਾ ਨਿਵਾਸੀ ਬਣ ਗਿਆ। ਛੋਟੇ ਦੋਵੇਂ ਪੜ੍ਹਾਈ ਕਰ ਰਹੇ ਹਨ। ਸੰਤਾ ਸਿੰਘ ਬਰਾੜ ਦਾ ਛੋਟਾ ਲੜਕਾ ਚਮਕੌਰ ਤੋਂ ਅਮਰੀਕਾ ਦੇ ਸਿਆਟਲ ਸ਼ਹਿਰ ਵਿਚ ਵਸਿਆ ਹੋਇਆ ਹੈ।
ਸਿੰਘ ਬਰਾੜ ਲੰਮੇ ਸਮੇਂ a ਕਾਲਾ ਸਿੰਘ ਬਰਾੜ ਦੇ ਤਿੰਨ ਲੜਕੇ ਬੰਤ ਸਿੰਘ ਬਰਾੜ, ਹਰਨੇਕ ਸਿੰਘ ਬਰਾੜ ਅਤੇ ਨਛੱਤਰ ਸਿੰਘ ਬਰਾੜ (ਪੁਸਤਕ ਦਾ ਲੇਖਕ) ਹੋਏ। ਬੰਤ ਸਿੰਘ ਬਰਾੜ ਜਨੇਰ ਪਿੰਡ ਦਾ ਪਹਿਲਾ ਬੀ.ਏ., ਬੀ.ਟੀ. ਅਧਿਆਪਕ ਅਤੇ ਬਾਅਦ ਵਿਚ ਭਾਰਤੀ ਫ਼ੌਜ ਦਾ ਪਹਿਲਾ ਕਮਿਸ਼ਨ ਅਫ਼ਸਰ ਅਤੇ ਪਹਿਲਾ ਹੈੱਡਮਾਸਟਰ ਬਣਿਆ। ਬਾਅਦ ਵਿਚ ਉਹ ਆਪਣੀ ਮਾਸਟਰਨੀ ਪਤਨੀ ਨਾਲ ਕੈਨੇਡਾ ਪਰਵਾਸ ਕਰ ਗਿਆ। ਉਸ ਦਾ ਵੱਡਾ ਲੜਕਾ ਇਕਬਾਲ ਸਿੰਘ ਬਰਾੜ ਵੀ ਟਿਊਬਵੈੱਲ ਕਾਰਪੋਰੇਸ਼ਨ ਵਿਚੋਂ ਜੇ.ਈ. ਦੀ ਨੌਕਰੀ ਛਡ ਕੇ ਕੈਨੇਡੀਅਨ ਬਣ ਗਿਆ। ਉਸ ਦੀ ਲੜਕੀ ਕੈਨੇਡਾ ਵਿਚ ਦੰਦਾਂ ਦੇ ਡਾਕਟਰ ਦੀ ਐਮ.ਡੀ. ਕਰ ਰਹੀ ਹੈ। ਛੋਟਾ ਲੜਕਾ ਕਰਨਪਾਲ ਸਿੰਘ ਬਰਾੜ ਲੰਮੇ ਸਮੇਂ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਵਸਦਾ ਹੈ। ਉਸ ਦਾ ਵੱਡਾ ਲੜਕਾ ਪਰਿਵਾਰ ਸਮੇਤ ਆਸਟ੍ਰੇਲੀਆ ਜਾ ਵਸਿਆ, ਛੋਟਾ ਹਾਲੀਂ ਪੜ੍ਹਾਈ ਕਰ ਰਿਹਾ ਹੈ। ਕਾਲਾ ਸਿੰਘ ਬਰਾੜ ਦਾ ਵਿਚਕਾਰਲਾ ਲੜਕਾ ਹਰਨੇਕ ਸਿੰਘ ਬਰਾੜ, ਬੇਸ਼ਕ ਪੜ੍ਹਿਆ ਲਿਖਿਆ ਸੀ ਪਰੰਤੂ ਉਸ ਨੇ ਜੱਦੀ ਪੁਸ਼ਤੀ ਕੰਮ ਖੇਤੀਬਾੜੀ ਨੂੰ ਪਹਿਲ ਦਿੱਤੀ। ਉਸ ਦੇ ਦੋ ਲੜਕੇ ਨਰਿਪਜੀਤ ਸਿੰਘ ਅਤੇ ਗੁਰਜੀਤ ਸਿੰਘ ਵੀ ਘਰੇਲੂ ਕੰਮਾਂ ਕਾਜਾਂ ਵਿਚ ਹੀ ਮਸਤ ਹਨ।
ਸਭ ਤੋਂ ਛੋਟੇ ਨਛੱਤਰ ਬਰਾੜ 1963 ਈਸਵੀ ਵਿਚ ਹਾਇਰ ਸੈਕੰਡਰੀ ਪਾਸ ਕਰਕੇ ਨੇੜਲੇ ਇਲਾਕੇ ਵਿਚੋਂ ਭਾਰਤੀ ਹਵਾਈ ਫ਼ੌਜ ਦਾ ਪਹਿਲਾ ਏਅਰਮੈਨ ਬਣਿਆ। ਪ੍ਰਾਈਵੇਟ ਤੌਰ ‘ਤੇ ਐਮ.ਏ. ਤਕ ਪੜ੍ਹਾਈ ਕੀਤੀ; ਇੰਜਨੀਅਰਿੰਗ ਦਾ ਡਿਪਲੋਮਾ ਹੋਣ ਕਰਕੇ ਏਅਰ ਫੋਰਸ ਵਿਚੋਂ ਪੈਨਸ਼ਨ ਲੈ ਕੇ ਤਕਨੀਕ ਸਿੱਖਿਆ ਵਿਭਾਗ ਪੰਜਾਬ ਵਿਚ ਇੰਸਟਰੱਕਟਰ ਲੱਗ ਗਿਆ। ਇਕ ਹੋਰ ਸਵੈ-ਇੱਛਾ ਪੈਨਸ਼ਨ ਲੈ ਕੇ ਆਪਣੇ ਲੜਕਿਆਂ ਪਾਸ ਕੈਨੇਡਾ ਪਰਵਾਸ ਕਰ ਗਿਆ। ਉਥੇ ਪਹੁੰਚ ਕੇ ਉਸ ਨੇ ਪਹਿਲਾਂ ਸਕਿਊਰਟੀ ਗਾਰਡ ਅਤੇ ਬਾਅਦ ਵਿਚ ਸਕਿਊਰਟੀ ਸੁਪਰਵਾਈਜ਼ਰ ਅਤੇ ਟ੍ਰੇਨਿੰਗ ਅਫ਼ਸਰ ਵਜੋਂ ਇਕ ਨਾਮਵਰ ਸਕਿਊਰਟੀ ਕੰਪਨੀ ਵਿਚ ਨੌਕਰੀ ਕਰਕੇ ਰਿਟਾਇਰਡ ਹੋਇਆ। ਅੱਜਕਲ੍ਹ ਉਹ ਲੇਖਕ ਵਜੋਂ ਵਿਚਰ ਰਿਹਾ ਹੈ। ਉਸ ਦੀ ਲੜਕੀ ਅਮਰੀਕਾ ਨਿਵਾਸੀ ਹੈ। ਨਛੱਤਰ ਸਿੰਘ ਬਰਾੜ ਦੇ ਦੋਵੇਂ ਲੜਕੇ ਹਰਿੰਦਰਪਾਲ ਸਿੰਘ ਅਤੇ ਬਿੰਦਰਪਾਲ ਸਿੰਘ ਪਰਿਵਾਰ ਸਹਿਤ ਕੈਨੇਡਾ ਦੇ ਸਸ੍ਰੀ ਸ਼ਹਿਰ ਵਿਚ ਵਸਦੇ ਹਨ। ਉਹ ਹਾਈਵੇ ‘ਤੇ ਚੱਲਣ ਵਾਲੇ ਟਰੱਕਾਂ ਵਾਲੀ ਕੰਪਨੀ ‘ਵਿਲਜ਼ ਟਰਾਂਸਪੋਰਟੇਸ਼ਨ ਲਿਮਟਿਡ’ ਦੇ ਮਾਲਕ ਹਨ।
ਪੀਰ ਖਾਂ ਪੱਤੀ ਦੀਆਂ ਕੁਝ ਬਹੁ-ਚਰਚਿਤ ਸ਼ਖ਼ਸੀਅਤਾਂ
ਤੁਲਨਾਤਮਕ ਪੱਖੋਂ ਪਿੰਡ ਦੀਆਂ ਦੂਜੀਆਂ ਚਾਰ ਪੱਤੀਆਂ ਨਾਲੋਂ ਪੀਰ ਖਾਂ ਪੱਤੀ ਵਿਚ ਪੜ੍ਹਾਈ ਲਿਖਾਈ ਦਾ ਰੁਝਾਨ ਕੁਝ ਵਧੇਰੇ ਹੀ ਰਿਹਾ ਅਤੇ ਅੱਜ ਵੀ ਜਾਰੀ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਪਿੰਡ ਦੇ ਦੋਵੇਂ ਅਧਿਆਪਕ ਅਕਬਰ ਅਲੀ ਅਤੇ ਅਸਾਰ ਅਲੀ ਜਿਹੜੇ ਕ੍ਰਮਵਾਰ ਨੇੜਲੇ ਪਿੰਡ ਖੋਸਾ ਰੰਧੀਰ ਅਤੇ ਖੋਸਾ ਪਾਂਡੋ ਵਿਖੇ ਪੜ੍ਹਾਉਂਦੇ ਸਨ, ਪੀਰ ਖਾਂ ਪੱਤੀ ਨਾਲ ਸਬੰਧਤ ਸਨ । ਪਾਕਿਸਤਾਨ ਬਣਨ ਤੋਂ ਬਾਅਦ ਵੀ ਦੇਸ਼-ਵਿਦੇਸ਼ ਵਿਚ ਡਾਕਟਰ, ਇੰਜੀਨੀਅਰ, ਮਾਸਟਰ, ਫ਼ੌਜੀ ਅਫ਼ਸਰ ਅਤੇ ਹੋਰ ਮਹਿਕਮਿਆਂ ਵਿਚ ਜ਼ਿਆਦਾ ਮੁਲਾਜ਼ਮ ਇਸੇ ਪੱਤੀ ਵਿਚੋਂ ਹੀ ਪੈਦਾ ਹੋਏ। ਵਿਦੇਸ਼ਾਂ ਵਿਚ ਜਾ ਕੇ ਵਸਣ ਦਾ ਰੁਝਾਨ ਵੀ ਪੀਰ ਖਾਂ ਪੱਤੀ ਵਿਚ ਕੁਝ ਜ਼ਿਆਦਾ ਹੀ ਰਿਹਾ, ਸ਼ਾਇਦ ਇਹ ਹੀ ਕਾਰਨ ਹੈ ਕਿ ਇਸ ਪੱਤੀ ਵਿਚ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਭਰਮਾਰ ਰਹੀ ਅਤੇ ਅੱਜ ਵੀ ਹੈ।
ਵੱਡਾ ਦਾਨੀ ਜੋਧ ਸਿੰਘ ਬਰਾੜ (ਅਮਰੀਕਾ ਵਾਲੇ)
ਭਾਰਤੀ ਸਮਾਜ ਵਿਚ ਦਾਨੀ ਪੁਰਸ਼ਾਂ ਦੇ ਦਾਨ ਕਰਨ ਦੇ ਢੰਗ-ਤਰੀਕੇ ਵੱਖਰੇ- ਵੱਖਰੇ ਹਨ। ਧਾਰਮਿਕ ਬਿਰਤੀ ਰੱਖਣ ਵਾਲੇ ਦਾਨੀ ਸੱਜਣ ਧਾਰਮਿਕ ਅਦਾਰਿਆਂ, ਮੰਦਰਾਂ, ਮਸਜਿਦਾਂ, ਗਿਰਜਾਘਰਾਂ ਅਤੇ ਗੁਰਦੁਆਰਿਆਂ ਨੂੰ ਦਾਨ ਦੇ ਕੇ ਆਪਣੇ ਮਨ ਦੀ ਸੰਤੁਸ਼ਟੀ ਪੂਰਦੇ ਹਨ। ਸਮਾਜ ਪ੍ਰਤੀ ਸਮਰਪਤ ਦਾਨੀ ਪੁਰਸ਼ ਗ਼ਰੀਬ ਲੋਕਾਂ ਦੀਆਂ ਨਿਤਪ੍ਰਤੀ ਲੋੜਾਂ ਪੂਰੀਆਂ ਕਰਨ ਜਾਂ ਫੇਰ ਗ਼ਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹਾਂ ‘ਤੇ ਖ਼ਰਚ ਕਰਦੇ ਹਨ। ਕੁਝ ਲੋਕ ਸਿਹਤ ਸੰਭਾਲ ਦੇ ਕਾਰਜਾਂ ਲਈ ਵੱਡੀਆਂ ਰਕਮਾਂ ਦਾਨ ਵਜੋਂ ਦਿੰਦੇ ਹਨ।
ਪਿੰਡ ਦੀ ਪੀਰ ਖਾਂ ਪੱਤੀ ਨਾਲ ਸਬੰਧਤ ਅਮਰੀਕਾ ਨਿਵਾਸੀ ਜੋਧ ਸਿੰਘ ਬਰਾੜ (ਲੇਖਕ ਦਾ ਚਚੇਰਾ ਭਰਾ) ਪਿੰਡ ਵਿਚੋਂ ਅਵਿਦਿਆ ਦਾ ਹਨੇਰਾ ਦੂਰ ਕਰਨ ਦੇ ਖੇਤਰ ਵਿਚ ਦਾਨ ਕਰਨ ਵਿਚ ਵਿਸ਼ਵਾਸ ਰਖਦਾ ਹੈ। ਇਹ ਸਮਾਜ ਭਲਾਈ ਵਾਲੀ ਚੇਟਕ ਉਸ ਨੂੰ ਉਨੀ ਸੌ ਪੰਜਾਹਵਿਆਂ ਦੇ ਸ਼ੁਰੂ ਵਿਚ ਸੰਤ ਵਿਸਾਖਾ ਸਿੰਘ ਜੀ ਦੇ ਜਨੇਰ ਵਿਚ ਹਾਈ ਸਕੂਲ ਬਣਾਉਣ ਸਮੇਂ ਉਨ੍ਹਾਂ ਦੀ ਸੰਗਤ ਕਰਕੇ ਨਸੀਬ ਹੋਈ। ਪਿੰਡ ਦੀ ਪੰਜਵੀਂ ਪੱਤੀ ਦੇ ਕਈ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੀਆਂ ਸਕੂਲੀ ਫ਼ੀਸਾਂ ਅਤੇ ਕਿਤਾਬਾਂ ਕਾਪੀਆਂ ਦਾ ਖ਼ਰਚ ਜੋਧ ਸਿੰਘ ਬਰਾੜ ਦਿੰਦਾ ਰਿਹਾ। ਮੋਗਾ ਸ਼ਹਿਰ ਵਿਚ ਈਸਾਈ ਭਾਈਚਾਰੇ ਵਲੋਂ ਚਲਾਏ ਜਾ ਰਹੇ ਗ਼ਰੀਬ ਅਤੇ ਅਨਾਥ ਬੱਚਿਆਂ ਦੇ ਸਕੂਲ ਵਿਚ ਉਸ ਨੇ ਕਾਫੀ ਮਾਲੀ ਮੱਦਦ ਕੀਤੀ। ਪਿੰਡ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਵਿਚ ਵੀ ਉਹ ਸਮੇਂ ਸਮੇਂ ਬਿਜਲੀ ਦੇ ਪੱਖੇ ਲਗਵਾਉਣ ਅਤੇ ਨਲਕੇ ਆਦਿ ਦੀਆਂ ਮੁਰੰਮਤਾਂ ਕਰਵਾਉਂਦਾ ਰਿਹਾ।
ਫੇਰ ਵਕਤ ਆਇਆ ‘ਵੱਡਾ ਦਾਨੀ’ ਬਣਨ ਦਾ। ਬੱਚਿਆਂ ਦੀ ਗਿਣਤੀ ਵੱਧ ਜਾਣ ਕਾਰਨ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਬਹੁਤ ਛੋਟੀ ਹੋ ਗਈ। ਉਧਰ ਪਿੰਡ ਦਾ ਸਰਕਾਰੀ ਹਾਈ ਸਕੂਲ ਬੇਸ਼ਕ 1951 ਤੋਂ ਹੋਂਦ ਵਿਚ ਆਇਆ ਸੀ, ਫੇਰ ਵੀ ਬਾਰ੍ਹਵੀਂ ਜਮਾਤ ਤਕ ਦਾ ਨਾ ਹੋ ਸਕਿਆ ਕਿਉਂਕਿ ਸਕੂਲ ਦੀ ਇਮਾਰਤ ਛੋਟੀ ਸੀ। ਨੇੜਲੇ ਪਿੰਡਾਂ ਦੇ ਸਕੂਲ ਜਿਹੜੇ ਕਾਫੀ ਦੇਰ ਬਾਅਦ ਹਾਈ ਸਕੂਲ ਬਣੇ ਸਨ, ਸਾਰੇ ਬਾਰ੍ਹਵੀਂ ਜਮਾਤ ਤਕ ਦੇ ਹੋ ਗਏ। ਜੋਧ ਸਿੰਘ ਬਰਾੜ ਨੇ ਆਪਣੀ ਪਿੰਡ ਜਨੇਰ ਵਾਲੀ ਸਾਢੇ ਸੱਤ ਏਕੜ ਜ਼ਮੀਨ ਵੇਚ ਕੇ ਪ੍ਰਾਇਮਰੀ ਅਤੇ ਹਾਈ ਸਕੂਲ ਵਿਚ ਹੋਰ ਨਵੇਂ ਕਮਰੇ ਬਣਵਾ ਦਿੱਤੇ ਅਤੇ ਕੁਝ ਹੋਰ ਸਹੂਲਤਾਂ ਵੀ ਮੁਹਈਆ ਕਰਵਾ ਦਿੱਤੀਆਂ। ਨਤੀਜੇ ਵਜੋਂ ਪ੍ਰਾਇਮਰੀ ਸਕੂਲ ਦੇ ਬੱਚੇ ਖੁਲ੍ਹੀ ਡੁਲ੍ਹੀ ਥਾਂ ‘ਤੇ ਪੜ੍ਹਾਈ ਕਰਨ ਲੱਗ ਪਏ ਅਤੇ ਪੰਜਾਬ ਦੇ ਸਕੂਲ ਸਿਖਿਆ ਬੋਰਡ ਨੇ ਵਾਧੂ ਲੈਕਚਰਾਰਾਂ ਦੀਆਂ ਤਨਖ਼ਾਹਾਂ ਪਿੰਡ ਵਾਸੀਆਂ ਵਲੋਂ ਦੇਣ ਦੀਆਂ ਸ਼ਰਤਾਂ ਅਧੀਨ ਆਰਜ਼ੀ ਤੌਰ ‘ਤੇ ਬਾਰ੍ਹਵੀਂ ਜਮਾਤ ਤਕ ਪੜ੍ਹਾਈ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਜਿਸ ਦੇ ਕਿ ਕੁਝ ਸਮੇਂ ਤਕ ਸਾਰਾ ਖਰਚਾ ਸਰਕਾਰੀ ਹੋ ਜਾਣ ਦੀ ਸੰਭਾਵਨਾ ਹੈ। ਜ਼ਿੰਦਗੀ ਦੇ ਨੱਬੇਵਿਆਂ ਨੂੰ ਢੁੱਕ ਚੁੱਕਾ, ਸਿਹਤ ਪੱਖੋ ਕਾਫੀ ਕਮਜ਼ੋਰ, ਜੋਧ ਸਿੰਘ ਬਰਾੜ ਵਿਦਿਆ ਦੇ ਖੇਤਰ ਵਿਚ ਪਿੰਡ ਵਾਸੀਆਂ ਲਈ ਹਾਲੀਂ ਵੀ ਕੁਝ ਕਰਨ ਲਈ ਤਤਪਰ ਹੈ।
ਜਗਜੀਤ ਸਿੰਘ ਗਿੱਲ (ਕੈਨੇਡਾ)
ਜਗਜੀਤ ਸਿੰਘ ਗਿੱਲ ਦੇਸ਼-ਵਿਦੇਸ਼ ਵਿਚ ਇਕ ਬਹੁ-ਪੱਖੀ ਸ਼ਖ਼ਸੀਅਤ ਦਾ ਮਾਲਕ ਹੋ ਗੁਜ਼ਰਿਆ। ਵਿਦਿਆਰਥੀ ਜੀਵਨ ਸਮੇਂ ਉਹ ਖ਼ਾਲਸਾ ਕਾਲਜ ਲਾਹੌਰ ਵਿਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਰਗਰਮ ਮੈਂਬਰ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਹ ਦਿੱਲੀ ਪੁਲਿਸ ਵਿਚ ਬਤੌਰ ਛੋਟਾ ਠਾਣੇਦਾਰ ਭਰਤੀ ਹੋ ਗਿਆ ਅਤੇ ਜਲਦੀ ਹੀ ਵੱਡਾ ਠਾਣੇਦਾਰ ਬਣ ਗਿਆ। ਇਕ ਕੱਟੜ ਹਿੰਦੂ ਖ਼ਿਆਲੀ ਉਚ ਪੁਲਿਸ ਅਫ਼ਸਰ ਵਲੋਂ ਸਿੱਖਾਂ ਬਾਰੇ ਕੁਝ ਇਤਰਾਜ਼ਯੋਗ ਟਿੱਪਣੀਆਂ ਕਰਨ ‘ਤੇ ਉਸ ਨਾਲ ਜਗਜੀਤ ਸਿੰਘ ਦੀ ਸ਼ਬਦੀ ਜੰਗ ਸ਼ੁਰੂ ਹੋ ਗਈ ਅਤੇ ਅੰਤ ਵਿਚ ਉਸ ਨੇ ਅਸਤੀਫ਼ਾ ਦੇ ਦਿੱਤਾ। ਕੁਝ ਸਿੱਖ ਪੁਲਿਸ ਅਫ਼ਸਰਾਂ ਵਲੋਂ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰੰਤੂ ਜੱਟ ਸਿੱਖਾਂ ਦੀਆਂ ਖ਼ਾਨਦਾਨੀ ਰਵਾਇਤਾਂ ਨੂੰ ਕਾਇਮ ਰਖਦਿਆਂ ਜਗਜੀਤ ਸਿੰਘ ਨੇ ਮੁੜ ਪੁਲਿਸ ਦੀ ਵਰਦੀ ਨਾ ਪਹਿਨੀ ।
1956 ਵਿਚ ਪੰਜਾਬ ਵਾਪਸ ਆ ਕੇ ਉਸ ਨੇ ਟਰੈਕਟਰ ਖ਼ਰੀਦ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਅਤੇ ਆਪ ਟਰੈਕਟਰ ਚਲਾਇਆ। ਆਪਣੇ 25 ਏ ਜੀਟਰ ਟਰੈਕਟਰ ਨਾਲ ਉਸ ਨੇ ਝੋਨੇ ਦੇ ਸੀਜ਼ਨ ਵਿਚ ਬੇਟ ਏਰੀਆ ਤੋਂ ਮੋਗੇ ਤਕ ਕਿਰਾਏ ‘ਤੇ ਟਰੈਕਟਰ ਚਲਾਇਆ। 1968 ਵਿਚ ਪਿੰਡ ਦੇ ਵਿਸ਼ਨੂੰ ਭਗਵਾਨ ਮੰਦਰ ਵਿਚੋਂ ਵਿਸ਼ਨੂੰ ਭਗਵਾਨ ਜੀ ਦੀ ਮੂਰਤੀ ਦਿੱਲੀ ਦੇ ਵੱਡੇ ਸਮਗਲਰਾਂ ਪਾਸੋਂ ਵਾਪਸ ਲੈ ਕੇ ਆਉਣ ਦੀ ਵੱਡੀ ਪ੍ਰਾਪਤੀ ਬਾਅਦ ਵਿਚ ਉਸ ਨੇ ਪਿੰਡ ਦੀ ਸਰਪੰਚੀ ਵੀ ਧੜੱਲੇਦਾਰ ਲਹਿਜੇ ਵਿਚ ਕੀਤੀ। ਪੰਜਾਬ ਮੰਡੀ ਬੋਰਡ ਦਾ ਮੈਂਬਰ ਵੀ ਰਿਹਾ ਅਤੇ ਇਲਾਕੇ ਦੀ ਨੁਮਾਇੰਦਗੀ ਬਿਨਾਂ ਕਿਸੇ ਭੈਅ ਜਾਂ ਲਾਲਚ ਨਾਲ ਨਿਭਾਈ।
ਕੈਨੇਡਾ ਪਰਵਾਸ ਕਰਨ ਤੋਂ ਬਾਅਦ ਵੀ ਜਗਜੀਤ ਸਿੰਘ ਗਿੱਲ ਨੇ ਆਪਣੀਆਂ ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਸਰਗਰਮੀਆਂ ਜਾਰੀ ਰੱਖੀਆਂ। ਰਾਜਨੀਤੀ ਦੇ ਖੇਤਰ ਵਿਚ ਉਸ ਨੇ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਦੀ ਮੈਂਬਸ਼ਿਪ ਹਾਸਲ ਕਰ ਲਈ। ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸਾਬਕਾ ਪ੍ਰੀਮੀਅਰ (ਮੁਖ ਮੰਤਰੀ) ਉਜਲ ਦੁਸਾਂਝ, ਸਾਬਕਾ ਮਨਿਸਟਰ ਮੋਹ ਸਹੋਤਾ ਅਤੇ ਚਰਨਪਾਲ ਗਿੱਲ ਵਰਗੇ ਦੂਰ-ਅੰਦੇਸ਼ੀ ਰਾਜਨੀਤਕ ਘੁਲਾਟੀਆਂ ਦੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕੀਤਾ। ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿਚ ਵੀ ਮਾਡਰੇਟ ਸਿੱਖ ਸਲੇਟ ਵਿਚ ਸਰਗਰਮ ਭੂਮਿਕਾ ਨਿਭਾ ਕੇ ਜਿੱਤ ਹਾਸਲ ਕੀਤੀ ਪਰੰਤੂ ਕੋਈ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ। ਜਗਜੀਤ ਸਿੰਘ ਗਿੱਲ ਲੰਮਾ ਸਮਾਂ ਭਾਰਤੀ ਭਾਈਚਾਰੇ ਦੀ ਇੰਡੋ-ਕੈਨੇਡੀਅਨ ਸੀਨੀਅਰ ਸਿਟੀਜ਼ਨ ਸੁਸਾਇਟੀ ਦਾ ਪ੍ਰਧਾਨ ਰਿਹਾ। ਇਸ ਸੁਸਾਇਟੀ ਵਿਚ ਉਸ ਨੇ ਭਾਰਤੀ ਭਾਈਚਾਰੇ ਦੇ ਬਜ਼ੁਰਗਾਂ ਲਈ ਕਈ ਸਹੂਲਤਾਂ ਸਰਕਾਰ ਪਾਸੋਂ ਲੈਣ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਦੂਰ-ਦੂਰ ਤਕ ਇਨ੍ਹਾਂ ਵੱਡੀ ਉਮਰ ਵਾਲਿਆਂ ਲਈ ਟੂਰਾਂ ਦਾ ਵਧੀਆ ਇੰਤਜ਼ਾਮ ਕੀਤਾ। ਕੈਨੇਡਾ ਦੀ ਧਰਤੀ ‘ਤੇ ਹੀ ਜੁਲਾਈ 200 ਵਿਚ ਜਗਜੀਤ ਸਿੰਘ ਅਕਾਲ ਚਲਾਣਾ ਕਰ ਗਿਆ।
ਦਰਸ਼ਨ ਸਿੰਘ ਸਿੱਧੂ
ਬਸੰਤ ਸਿੰਘ ਸਿੱਧੂ ਦੇ ਚਾਰ ਲੜਕਿਆਂ ਵਿਚੋਂ ਦਰਸ਼ਨ ਸਿੰਘ ਸਭ ਤੋਂ ਵੱਡਾ ਸੀ। ਸਕੂਲ ਵਿਚ ਪੜ੍ਹਨ ਸਮੇਂ ਉਹ ਪੜ੍ਹਾਈ ਵਿਚ ਬਹੁਤਾ ਹੁਸ਼ਿਆਰ ਨਹੀਂ ਸੀ। ਸ਼ਾਇਦ ਪਰਿਵਾਰ ਦਾ ਵੱਡਾ ਅਤੇ ਲਾਡਲਾ ਬੱਚਾ ਹੋਣਾ ਇਸ ਦਾ ਮੁਖ ਕਾਰਨ ਹੋਵੇ। ਸਕੂਲ ਵੀ ਉਹ ਨੇਮ ਨਾਲ ਜਾਂਦਾ ਪਰੰਤੂ ਪਿੰਡ ਵਿਚ ਸਕੂਲ ਹੋਣ ਦੇ ਬਾਵਜੂਦ ਵੀ ਉਹ ਦਸਵੀਂ ਜਮਾਤ ਪਾਸ ਨਾ ਕਰ ਸਕਿਆ। ਪੜ੍ਹਾਈ ਨਾ ਕਰ ਸਕਣ ਦਾ ਇਕ ਕਾਰਨ ਹੋਰ ਵੀ ਸੀ ਕਿ ਪਰਿਵਾਰ ਦਾ ਵੱਡਾ ਲੜਕਾ ਹੋਣ ਕਰਕੇ ਛੋਟੀ ਉਮਰ ਵਿਚ ਹੀ ਉਸਨੂੰ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਕਬੀਲਦਾਰੀ ਦੇ ਜੰਜਾਲ ਨਾਲ ਵੀ ਜੂਝਣਾ ਪੈਂਦਾ। ਅਖ਼ੀਰ ਪੜ੍ਹਾਈ ਅੱਧ ਵਿਚਕਾਰ ਛੱਡ ਕੇ ਉਹ ਖੇਤੀਬਾੜੀ ਹੀ ਕਰਨ ਲੱਗ ਪਿਆ। ਥੋੜ੍ਹੇ ਸਮੇਂ ਬਾਅਦ ਹੀ ਉਹ ਪਿੰਡ ਦੀ ਰਾਜਨੀਤੀ ਅਤੇ ਪੰਚਾਇਤੀ ਕੰਮਾਂ ਵਿਚ ਸਰਗਰਮ ਹੋ ਗਿਆ।
ਦਰਸ਼ਨ ਸਿੰਘ ਸਿੱਧੂ ਨੇ ਛੋਟੀ ਉਮਰ ਵਿਚ ਹੀ ਪਿੰਡ ਦੀ ਸਰਪੰਚੀ ਵਾਲੀ ਚੋਣ ਲੜੀ। ਜਿਵੇਂ ਸਾਡੇ ਰਾਜਨੀਤਕ ਹਲਕਿਆਂ ਵਿਚ ਪ੍ਰਚਲਤ ਹੈ ਕਿ ਪਹਿਲੀ ਵਾਰ ਤਾਂ ਚੋਣਾਂ ਲੜਨ ਵਾਲੇ ਉਮੀਦਵਾਰ ਨੂੰ ਚੋਣ ਲੜਨ ਦਾ ਢੰਗ-ਤਰੀਕਾ ਹੀ ਪਤਾ ਲਗਦਾ ਹੈ ਇਹ ਗੱਲ ਦਰਸ਼ਨ ਸਿੰਘ ਸਿੱਧੂ ਲਈ ਠੀਕ ਸਾਬਤ ਹੋਈ ਅਤੇ ਉਹ ਚੋਣ ਹਾਰ ਗਿਆ। ਜਗਜੀਤ ਸਿੰਘ ਗਿੱਲ ਸਰਪੰਚ ਚੁਣਿਆ ਗਿਆ। ਨਤੀਜਾ ਇਸ ਤਰ੍ਹਾਂ ਰਿਹਾ:-
1. ਜਗਜੀਤ ਸਿੰਘ ਗਿੱਲ ਪੀਰ ਖਾਂ ਪੱਤੀ – 227 ਵੋਟਾਂ
2. ਦਰਸ਼ਨ ਸਿੰਘ ਸਿੱਧੂ ਪੀਰ ਖਾਂ ਪੱਤੀ – 199 ਵੋਟਾਂ
3. ਫ਼ੌਜੀ ਇੰਦਰ ਸਿੰਘ ਹਾਂਸ ਪੰਜਵੀਂ ਪੱਤੀ -187 ਵੋਟਾਂ
ਪੰਜ ਸਾਲ ਬਾਅਦ ਅਗਲੀਆਂ ਚੋਣਾਂ ਵਿਚ ਸਰਪੰਚ ਦੀ ਚੋਣ ਅਸਿੱਧੇ ਢੰਗ ਨਾਲ ਚੁਣੇ ਹੋਏ ਪੰਚਾਂ ਨੇ ਕੀਤੀ। ਇਸ ਚੋਣ ਵਿਚ ਦਰਸ਼ਨ ਸਿੰਘ ਸਿੱਧੂ ਨੇ ਲੰਬਰਦਾਰ ਸੰਤਾ ਸਿੰਘ ਬਰਾੜ ਨੂੰ ਸੱਤ ਮੈਂਬਰ ਪੰਚਾਇਤ (ਪੰਚਾਂ) ਵਿਚੋਂ ਚਾਰ ਪੰਚਾਂ ਦੀ ਹਮਾਇਤ ਹਾਸਲ ਕਰਕੇ ਇਕ ਵੋਟ ਨਾਲ ਹਰਾ ਦਿੱਤਾ ਅਤੇ ਸਰਪੰਚੀ ਦੀ ਚੋਣ ਜਿੱਤ ਲਈ। ਦਰਸ਼ਨ ਸਿੰਘ ਸਿੱਧੂ ਦੇ ਇਸ ਸਰਪੰਚੀ ਦੇ ਕਾਰਜ ਕਾਲ ਵਿਚ ਪਿੰਡ ਦਾ ਪੁਰਾਣਾ ਜਲ- ਘਰ ਅਤੇ ਡੰਗਰਾਂ ਦਾ ਹਸਪਤਾਲ ਬਣਿਆ। ਉਸ ਤੋਂ ਅਗਲੀਆਂ ਸਰਪੰਚੀ ਦੀਆਂ ਚੋਣਾਂ ਵਿਚ ਦਰਸ਼ਨ ਸਿੰਘ ਸਿੱਧੂ ਨੇ ਸਰਪੰਚੀ ਦੀ ਸਿੱਧੀ ਚੋਣ ਵਿਚ ਮੱਘਰ ਸਿੰਘ ਸਿੱਧੂ ਨੂੰ ਹਰਾ ਕੇ ਪਿੰਡ ਦੀ ਸਰਪੰਚੀ ਦੀ ਚੋਣ ਵਿਚ ਜਿੱਤ ਹਾਸਲ ਕੀਤੀ ਪਰੰਤੂ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਮਾੜੀ ਕਿਸਮਤ ਕਿ ਆਪਣੇ ਸਰਪੰਚੀ-ਕਾਲ ਦੇ ਅਧ-ਵਿਚਕਾਰ ਹੀ ਅਚਾਨਕ ਉਹ ਪ੍ਰਲੋਕ ਸੁਧਾਰ ਗਿਆ। ਸਾਰੇ ਪਿੰਡ ਵਾਸੀਆਂ ਨੇ ਉਸ ਦੀ ਇਸ ਬੇਵਕਤ ਮੌਤ ਦਾ ਦੁਖ ਮਨਾਇਆ। ਦਰਸ਼ਨ ਸਿੰਘ ਸਿੱਧੂ ਦੇ ਮੁਖ ਵਿਰੋਧੀ ਅਤੇ ਨਜ਼ਦੀਕੀ ਰਿਸ਼ਤੇਦਾਰ ਮੱਘਰ ਸਿੰਘ ਸਿੱਧੂ ਨੇ ਉਪ-ਚੋਣ ਲੜਨ ਦੀ ਬਜਾਏ ਪਿੰਡ ਵਾਸੀਆਂ ਨੂੰ ਦਰਸ਼ਨ ਸਿੰਘ ਸਿੱਧੂ ਦੀ ਪਤਨੀ ਜਸਮੇਲ ਕੌਰ ਨੂੰ ਰਹਿੰਦਾ ਸਮਾਂ ਸਰਪੰਚੀ ਕਰਨ ਵਾਸਤੇ ਰਾਜ਼ੀ ਕਰ ਲਿਆ। ਸਮੂਹ ਜਨੇਰ ਵਾਸੀਆਂ ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਸੀ। ਸਮੇਂ ਦੇ ਗੁਜ਼ਰਨ ਨਾਲ ਸਦੀਵੀ ਵਿਛੋੜਿਆ ਦਾ ਦੁਖ ਭੁਲਾਇਆ ਤਾਂ ਨਹੀਂ ਜਾਂਦਾ ਪਰੰਤੂ ਜ਼ਿੰਦਗੀ ਦੇ ਨਿਤ ਪ੍ਰਤੀ ਰੁਝੇਵਿਆਂ ਕਾਰਨ ਦੁਖਾਂ ਵਲ ਧਿਆਨ ਜ਼ਰੂਰ ਘਟ ਜਾਂਦਾ ਹੈ। ਦਰਸ਼ਨ ਸਿੰਘ ਸਿੱਧੂ ਦੇ ਬੱਚੇ ਕੁਝ ਵੱਡੇ ਹੋਏ ਤਾਂ ਉਸ ਦੀ ਲੜਕੀ ਦਾ ਰਿਸ਼ਤਾ ਕੈਨੇਡਾ ਵਿਚ ਹੋ ਗਿਆ। ਉਸ ਨੇ ਆਪਣੀ ਮਾਤਾ, ਵੀਰ ਗੁਰਬਚਨ ਸਿੰਘ ਸਿੱਧੂ ਅਤੇ ਛੋਟੀ ਭੈਣ ਨੂੰ ਆਪਣੇ ਪਾਸ ਪੱਕੇ ਤੌਰ ‘ਤੇ ਕੈਨੇਡਾ ਬੁਲਾ ਲਿਆ। ਗੁਰਬਚਨ ਸਿੰਘ ਸਿੱਧੂ ਦਾ ਪਰਿਵਾਰ ਅੱਜਕਲ੍ਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਵਸਦਾ ਹੈ।
ਸੁਰਜੀਤ ਸਿੰਘ ਸ਼ੇਰਗਿੱਲ
ਮੋਗਾ ਦੇ ਸਨਾਤਨ ਧਰਮ ਹਾਇਰ ਸੈਕੰਡਰੀ ਸਕੂਲ ਵਿਚੋਂ 1963 ਵਿਚ ਨਵੀਂ- ਨਵੀਂ ਸ਼ੁਰੂ ਹੋਈ ਹਾਇਰ ਸੈਕੰਡਰੀ ਪਾਸ, ਸੁਰਜੀਤ ਸਿੰਘ ਸ਼ੇਰਗਿੱਲ ਦੀ ਗਿਣਤੀ ਪਿੰਡ ਦੇ ਪੜ੍ਹੇ ਲਿਖੇ ਵਰਗ ਵਿਚ ਕੀਤੀ ਜਾਂਦੀ ਹੈ। ਸਕੂਲ ਸਮੇਂ ਵਾਲੀਵਾਲ, ਫੁਟਬਾਲ ਅਤੇ ਕਬੱਡੀ ਦਾ ਵਧੀਆ ਖਿਡਾਰੀ ਹੋਣ ਕਰਕੇ ਉਹ ਪੜ੍ਹਾਈ ਵਲ ਵਿਸ਼ੇਸ਼ ਧਿਆਨ ਨਾ ਦੇ ਸਕਿਆ। ਇਸ ਕਰਕੇ ਕਾਲਜ ਦੀ ਪੜ੍ਹਾਈ ਪੱਖੋਂ ਖੁੰਝ ਗਿਆ। ਲੀਡਰ ਅਤੇ ਪ੍ਰਧਾਨ। ਬਣਨ ਦੀ ਗੁੜ੍ਹਤੀ ਉਸ ਨੂੰ ਘਰ ਵਿਚੋਂ ਹੀ ਮਿਲ ਗਈ ਕਿਉਂਕਿ ਉਸ ਦਾ ਪਿਤਾ ਮੋਹਨ ਸਿੰਘ ਸ਼ੇਰਗਿੱਲ ਲੰਮਾ ਸਮਾਂ ਪਿੰਡ ਦੀ ਪੰਚਾਇਤ ਦਾ ਮੈਂਬਰ ਸੀ।
ਸੁਰਜੀਤ ਸਿੰਘ ਸ਼ੇਰਗਿੱਲ ਪੰਚਾਇਤ ਮੈਂਬਰ ਰਹਿ ਚੁੱਕਾ ਹੈ ਅਤੇ ਕੁਝ ਸਮਾਂ ਉਹ ਸਰਪੰਚ ਮੱਘਰ ਸਿੰਘ ਸਿੱਧੂ ਦੇ ਅਮਰੀਕਾ ਚਲੇ ਜਾਣ ਬਾਅਦ ਪਿੰਡ ਦਾ ਸਰਪੰਚ ਵੀ ਰਿਹਾ। ਉਸ ਤੋਂ ਪਹਿਲਾਂ ਉਹ ਪਿੰਡ ਦੀ ਨੌਜੁਆਨ ਸਭਾ ਦਾ ਪ੍ਰਧਾਨ ਵੀ ਸੀ। ਅੱਜਕਲ੍ਹ ਉਹ ਸ੍ਰੀ ਵਿਸ਼ਨੂੰ ਮੰਦਰ ਵੈਲਫੇਅਰ ਸਭਾ (ਰਜਿ.) ਜਨੇਰ ਦਾ ਪ੍ਰਧਾਨ ਹੈ। ਸੁਰਜੀਤ ਸਿੰਘ ਸ਼ੇਰਗਿੱਲ ਪੰਚਾਇਤੀ ਲਿਖਤਾਂ ਦਾ ਮਾਹਿਰ ਹੈ। ਇਸ ਕਿਤਾਬ ਵਿਚ ਸ਼ਾਮਿਲ ਉਸ ਦਾ ਵਿਸ਼ਨੂੰ ਭਗਵਾਨ ਬਾਰੇ ਲੇਖ “ਪਿੰਡ ਜਨੇਰ ਵਿਚ ਸ੍ਰੀ ਵਿਸ਼ਨੂੰ ਭਗਵਾਨ ਜੀ ਦੀ ਪਵਿੱਤਰ ਮੂਰਤੀ ਪ੍ਰਗਟ ਹੋਣ ਬਾਰੇ” ਬਹੁਤ ਹੀ ਜਾਣਕਾਰੀ ਭਰਪੂਰ ਹੈ।
ਵਧੀਆ ਬਾਵਰਚੀ ਹੋਣਾ ਉਸ ਦੀ ਸ਼ਖਸ਼ੀਅਤ ਵਿਚ ਹੋਰ ਵੀ ਵਾਧਾ ਕਰਦਾ ਹੈ। ਪਿੰਡ ਵਿਚ ਕਿਸੇ ਦੇ ਵਿਆਹ ਸ਼ਾਦੀ ਹੋਵੇ ਜਾਂ ਖ਼ੁਸ਼ੀ-ਗ਼ਮੀ ਦਾ ਪਾਠ, ਜੇਕਰ ਕਿਸੇ ਪਰਿਵਾਰ ਦਾ ਅਣਜਾਣ ਹਲਵਾਈ ਨਾਲ ਵਾਸਤਾ ਪੈ ਜਾਵੇ ਜਾਂ ਹਲਵਾਈ ਹੋਵੇ ਹੀ ਨਾ ਤਾਂ ਸੁਰਜੀਤ ਸਿੰਘ ਹਲਵਾਈਪੁਣੇ ਦਾ ਕੰਮ ਵਧੀਆ ਢੰਗ ਨਾਲ ਨੇਪਰੇ ਚਾੜ੍ਹ ਦਿੰਦਾ। ਹੇ। ਪਿੰਡ ਵਿਚ ਬਾਬਿਆਂ ਦੀਆਂ ਬਰਸੀਆਂ ਮਨਾਉਣ ਦਾ ਧਾਰਮਿਕ ਦਿਹਾੜਾ ਹੋਵੇ ਜਾਂ ਫੇਰ ਵਿਸ਼ਨੂੰ ਭਗਵਾਨ ਜੀ ਦੇ ਪ੍ਰਗਟ ਹੋਣ ਦਾ ਦਿਹਾੜਾ, ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਅੱਖੋਂ ਪਰੋਖੇ ਕਰਕੇ ਸੁਰਜੀਤ ਸਿੰਘ ਸ਼ੇਰਗਿੱਲ ਸਭ ਤੋਂ ਪਹਿਲਾਂ ਗੁਰਦੁਆਰੇ ਜਾਂ ਮੰਦਰ ਪਹੁੰਚਦਾ ਹੈ ਅਤੇ ਪਵਿੱਤਰ ਕਾਰਜਾਂ ਦੇ ਖ਼ਤਮ ਹੋਣ ਉਪਰੰਤ ਹੀ ਘਰ ਵਾਪਸ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਧਰਮ ਕਰਮ ਦੇ ਕਾਰਜਾਂ ਵਿਚ ਸੇਵਾ ਕਰਦਿਆਂ ਕੋਈ ਉਸ ਨੂੰ ਉੱਚਾ-ਨੀਵਾਂ ਬੋਲ ਕਸ ਦੇਵੇ ਤਾਂ ਉਹ ਉਸਦਾ ਬੁਰਾ ਨਹੀਂ ਮਨਾਉਂਦਾ। ਇਹ ਉਸ ਦਾ ਸਭਿਆਚਾਰਕ ਵੱਡਪਣ ਹੈ।
ਮੇਜਰ ਬੰਤ ਸਿੰਘ ਬਰਾੜ (ਹੈਡਮਾਸਟਰ) ਕੈਨੇਡਾ ਵਾਲੇ
ਬੈਤ ਸਿੰਘ ਬਰਾੜ (ਲੇਖਕ ਦਾ ਵੱਡਾ ਭਰਾ ਰਿਟਾਇਰਡ ਆਰਮੀ ਮੇਜਰ ਅਤੇ ਹੈਡਮਾਸਟਰ ਨੇ 1953 ਵਿਚ ਬੀ.ਏ. ਪਾਸ ਕਰਕੇ ਪਿੰਡ ਦਾ ਪਹਿਲਾ ਗਰੈਜੂਏਟ ਪਾਸ ਹੋਣੇ ਦਾ ਮਾਣ ਪ੍ਰਾਪਤ ਕੀਤਾ। 1954 ਵਿਚ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ ਤੋਂ ਬੀ.ਟੀ. ਪਾਸ ਕਰਕੇ ਪਹਿਲਾ ਟ੍ਰੇਡ ਅਧਿਆਪਕ ਵੀ ਉਹ ਹੀ ਬਣਿਆ। 1964 ਵਿਚ ਭਾਰਤੀ ਫ਼ੌਜ ਦਾ ਸੈਕੰਡ ਲੈਫਟੀਨੈਂਟ ਬਣ ਕੇ ਪਿੰਡ ਦਾ ਪਹਿਲਾ ਕਮਿਸ਼ਨਡ ਅਫ਼ਸਰ ਵੀ ਬੈਤ ਸਿੰਘ ਬਰਾੜ ਹੀ ਸੀ।
ਪੜ੍ਹਾਈ ਲਿਖਾਈ ਵਿਚ ਹੁਸ਼ਿਆਰ ਤਾਂ ਹੈ ਹੀ ਸੀ ਪਰੰਤੂ ਉਸ ਦੀ ਅੰਗਰੇਜ਼ੀ, ਪੰਜਾਬੀ, ਉਰਦੂ ਅਤੇ ਫ਼ਾਰਸੀ ਦੀ ਲਿਖਾਈ ਇਸ ਤਰ੍ਹਾਂ ਲਗਦਾ ਜਿਵੇਂ ਮੋਤੀ ਪਰੋਏ ਹੋਣ, ਹਾਈ ਸਕੂਲ ਵਿਚ ਅੰਗਰੇਜ਼ੀ ਦਾ ਅਧਿਆਪਕ ਹੋਣ ਕਰਕੇ ਉਹ ਪ੍ਰਵਾਹਮਨ ਅੰਗਰੇਜ਼ੀ ਬੋਲਦਾ ਸੀ। 1962 ਦੀ ਭਾਰਤ-ਚੀਨ ਲੜਾਈ ਤੋਂ ਬਾਅਦ ਜਦੋਂ ਭਾਰਤੀ ਫ਼ੌਜ ਵਿਚ ਸੈਕੰਡ ਲੈਫਟੀਨੈਂਟ ਦੀ ਭਰਤੀ ਲਈ ਉਮਰ ਦੀ ਹੱਦ ਸਰਕਾਰ ਵਲੋਂ 35 ਸਾਲ ਕਰ ਦਿੱਤੀ ਗਈ ਤਾਂ ਸਕੂਲ ਵਿਚ ਐਨ.ਸੀ.ਸੀ. ਦੀ ਟ੍ਰੇਨਿੰਗ ਲਈ ਹੋਣ ਕਰਕੇ ਉਸ ਨੂੰ ਚੋਣ ਵਿਚ ਕੋਈ ਮੁਸ਼ਕਲ ਨਾ ਆਈ। ਉਸ ਨੇ ਲਗਪਗ ਵੀਹ ਸਾਲ ਫ਼ੌਜ ਦੀ ਨੌਕਰੀ ਕੀਤੀ ਅਤੇ ਮੇਜਰ ਦੇ ਰੈਂਕ ਤੋਂ ਰਿਟਾਇਰ ਹੋਇਆ। 1965 ਅਤੇ 1971 ਦੀਆਂ ਲੜਾਈਆਂ ਵਿਚ ਏਅਰ ਡੀਫੈਨਸ ਰੈਜੀਮੈਂਟਾਂ ਵਿਚ ਉਸ ਨੇ ਕਾਫੀ ਸ਼ਲਾਘਾਯੋਗ ਭੂਮਿਕਾ ਨਿਭਾਈ। ਭਾਰਤ ਸਰਕਾਰ ਵਲੋਂ ਮਾਨ-ਸਨਮਾਨ ਵੀ ਮਿਲਿਆ ਅਤੇ ਰਿਟਾਇਰਮੈਂਟ ਬਾਅਦ ਫ਼ੌਜ ਵਿਚ ਕੀਤੀ ਨੌਕਰੀ ਦਾ ਲਾਹਾ ਦੇ ਕੇ ਪੰਜਾਬ ਸਰਕਾਰ ਨੇ ਉਸ ਨੂੰ ਹਾਈ ਸਕੂਲ ਵਿਚ ਬਤੌਰ ਹੈਡਮਾਸਟਰ ਸਿਖਿਆ ਮਹਿਮੇ ਵਿਚ ਤੈਨਾਤ ਕਰ ਦਿੱਤਾ। ਰਿਟਾਇਰਮੈਂਟ ਤੋਂ ਬਾਅਦ ਉਹ ਕੈਨੇਡਾ ਚਲਾ ਗਿਆ ਉਥੇਹੀ 2000 ਈਸਵੀ ਵਿਚ ਹਰਟ ਸਟਰੋਕ ਉਸ ਲਈ ਜਾਨਲੇਵਾ ਸਾਬਤ ਹੋਇਆ।
ਮੇਜਰ ਬੰਤ ਸਿੰਘ ਬਰਾੜ ਬਹੁਤ ਹੀ ਠੰਡੇ ਸੁਭਾਅ ਦਾ ਮਾਲਕ ਅਤੇ ਰੀਜ਼ਰਵ- ਲਹਿਜੇ ਵਿਚ ਵਿਚਰਨ ਵਾਲਾ ਇਨਸਾਨ ਸੀ। ਵੱਡੀ ਤੋਂ ਵੱਡੀ ਮੁਸੀਬਤ ਸਮੇਂ ਵੀ ਘਬਰਾਹਟ ਉਸ ਦੇ ਚਿਹਰੇ ‘ਤੇ ਨਾ ਆਉਂਦੀ। ਭਾਰਤ ਦੇਸ਼ ਦੀ ਖ਼ਾਤਰ 1965 ਅਤੇ 1971 ਦੀਆਂ ਪਾਕਿਸਤਾਨ ਵਿਰੁੱਧ ਲੜੀਆਂ ਲੜਾਈਆਂ ਅਤੇ ਵਿਦਿਆ ਦੇ ਖੇਤਰ ਵਿਚ ਪਾਏ ਵੱਡੇ ਯੋਗਦਾਨ ਵਜੋਂ ਭਾਰਤ ਵਾਸੀ ਸਦਾ ਉਸ ਦੇ ਰਿਣੀ ਰਹਿਣਗੇ।
ਘੁਮਿਆਰ (ਪਰਜਾਪਤਿ)
ਧਰਮ ਸ਼ਾਸਤਰਾਂ ਵਿਚ ਘੁਮਿਆਰ ਨੂੰ ਪਰਜਾਪਤਿ ਦੇ ਰੂਪ ਵਿਚ ਧਰਤੀ ਲਈ ਵਸਤੂਆਂ ਬਣਾਉਣ ਵਾਲਾ ਦਰਸਾਇਆ ਗਿਆ ਹੈ। ਘੁਮਿਆਰ ਆਪਣੀ ਹੋਂਦ ਦਾ ਪਿਛੋਕੜ ਬ੍ਰਹਮਾ ਨਾਲ ਜੋੜਦੇ ਹਨ।
ਰਾਮ ਜਾਤ ਕਾ ਰਾਂਗੜਾ, ਕਿਸਨ ਜਾਤ ਕਾ ਅਹੀਰ। ਬ੍ਰਹਮਾ ਜਾਤ ਕੁਮਹਾਰ ਹੈ, ਸ਼ਿਵ ਕੀ ਜਾਤ ਫ਼ਕੀਰ।
‘ਭਗਤ ਕੁੱਬਾ’ ਨੂੰ ਇਤਿਹਾਸਕਾਰ ਘੁਮਿਆਰਾਂ ਦਾ ਵਡੇਰਾ ਮੰਨਦੇ ਹਨ। ਇਕ ਚੁੰਝ ਚਰਚਾ ਅਨੁਸਾਰ ਭਗਤ ਕੁੱਬਾ ਦੀਆਂ ਦੋ ਪਤਨੀਆਂ ਤੋਂ ਇਕ ਦੇ ਪੁੱਤਰ ਨੂੰ ‘ਗੋਲਾ ਘੁਮਿਆਰ’ ਅਤੇ ਦੂਜੀ ਦੇ ਪੁੱਤਰ ਨੂੰ ‘ਮਾਹਿਰ ਘੁਮਿਆਰ’ ਆਖਿਆ ਜਾਂਦਾ ਹੈ। ਸਿਰਸੇ ਇਲਾਕੇ ਦੇ ਘੁਮਿਆਰ ਆਪਣਾ ਪਿਛੋਕੜ ਰਾਜਸਥਾਨ ਦੇ ਜੋਧਪੁਰ ਇਲਾਕੇ ਨਾਲ ਜੋੜਦੇ ਹੋਏ ਆਪਣੇ ਆਪ ਨੂੰ ਜੋਧਪੁਰੀਏ ਅਖਵਾਉਂਦੇ ਹਨ। ਬੀਕਾਨੇਰ ਤੋਂ ਹੋਰ ਕਈ ਥਾਵਾਂ ‘ਤੇ ਜਾ ਕੇ ਵਸੇ ਘੁਮਿਆਰ ਬੀਕਾਨੇਰੀ ਵਜੋਂ ਜਾਣੇ ਜਾਂਦੇ ਹਨ।
ਕਿਸੇ ਸਮੇਂ ਘੁਮਿਆਰਾਂ ਦਾ ਮੁਖ ਧੰਦਾ ਖੂਹ ਦੀਆਂ ਟਿੰਡਾਂ, ਘੜੇ, ਘੜੀਆਂ, ਸੁਰਾਹੀਆਂ, ਚਾਟੀਆਂ, ਤੌੜੀਆਂ, ਕਾੜ੍ਹਨੀਆਂ, ਕੁੱਜੇ ਅਤੇ ਦੀਵੇ ਇਕ ਖ਼ਾਸ ਕਿਸਮ ਦੀ ਮਿੱਟੀ ਨਾਲ ਬਣਾ ਕੇ, ਭੱਠੀਆਂ ਵਿਚ ਪਕਾਇਆ ਕਰਦੇ ਸਨ। ਇਹ ਪਕਾਇਆ ਹੋਇਆ ਸਮਾਨ ਉਹ ਪਿੰਡਾਂ ਅਤੇ ਸ਼ਹਿਰਾਂ ਵਿਚ ਵੇਚਦੇ ਸਨ। ਸ਼ਹਿਰੀਆਂ ਪਾਸੋਂ ਤਾਂ ਉਹ ਸਮਾਨ ਦੇਣ ਬਦਲੇ ਪੈਸੇ ਲੈਂਦੇ ਪਰੰਤੂ ਪਿੰਡਾਂ ਵਿਚ ਉਹ ਅਨਾਜ ਲੈ ਕੇ ਸਮਾਨ ਵੇਚਦੇ। ਦੇਸ਼ ਦੇ ਕੁਝ ਹਿੱਸਿਆਂ ਵਿਚ ਤਾਂ ਘੁਮਿਆਰਾਂ ਦਾ ਆਵਿਆਂ ਵਿਚ ਮਿੱਟੀ ਦੀਆਂ ਇੱਟਾਂ ਪਕਾ ਕੇ ਵੇਚਣ ਦਾ ਵਰਨਣ ਮਿਲਦਾ ਹੈ। ਪਾਕਿਸਤਾਨ ਵਿਚ ਘੁਮਿਆਰ ਲਾਹੌਰ, ਸ਼ੇਖੂਪੁਰਾ, ਲਾਇਲਪੁਰ ਅਤੇ ਸਿਆਲਕੋਟ ਵਿਚ ਕਿਸੇ ਸਮੇਂ ਖੇਤੀ ਵੀ ਕਰਦੇ ਸਨ। ਅੱਜ ਵੀ ਫ਼ਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਅਤੇ ਪਟਿਆਲਾ ਜ਼ਿਲ੍ਹੇ ਦੇ ਕੁਝ ਘੁਮਿਆਰ ਵੱਡੀ ਗਿਣਤੀ ਵਿਚ ਖੇਤੀ ਕਰਦੇ ਹਨ।
ਸਮੇਂ ਦੇ ਬਦਲਣ ਨਾਲ ਭਾਂਡੇ ਪੱਥਣ ਅਤੇ ਪਕਾਉਣ ਦਾ ਕੰਮ ਘਟ ਜਾਣ ਕਾਰਨ ਇਨ੍ਹਾਂ ਨੇ ਵੀ ਆਪਣੇ ਕੰਮ ਅਤੇ ਕਾਰੋਬਾਰ ਦੇ ਢੰਗ-ਤਰੀਕੇ ਬਦਲ ਲਏ ਹਨ। ਅੱਜਕਲ੍ਹ ਘੁਮਿਆਰ ਭਾਈਚਾਰੇ ਦੇ ਲੋਕ ਕਪੜੇ ਦੀ ਸਿਲਾਈ, ਕਰਿਆਨੇ ਦੀਆਂ ਦੁਕਾਨਾਂ ਅਤੇ ਮਨਿਆਰੀ ਆਦਿ ਵੇਚਣ ਦਾ ਧੰਦਾ ਕਰ ਰਹੇ ਹਨ। ਇਨ੍ਹਾਂ ਦੀ ਨਵੀਂ ਪੀੜ੍ਹੀ ਵਾਲੇ ਵਰਕਸ਼ਾਪਾਂ, ਹਲਵਾਈ ਦੀਆਂ ਦੁਕਾਨਾਂ ਅਤੇ ਛੋਟੇ ਰੈਸਟੋਰੈਂਟਾਂ ਦੇ ਮਾਲਿਕ ਹਨ। ਪਰਜਾਪਤਿ ਜਾਤੀ ਨੇ ਦੁਨੀਆਂ ਭਰ ਵਿਚ ਵੱਡੇ ਫ਼ੌਜੀ ਅਫ਼ਸਰ, ਡਾਕਟਰ, ਇੰਜੀਨੀਅਰ, ਰਾਜਨੀਤਕ ਨੇਤਾ ਅਤੇ ਲਿਖਾਰੀ ਪੈਦਾ ਕੀਤੇ ਹਨ। ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਰੂਸ ਦਾ ਰਾਸ਼ਟਰਪਤੀ ਸ੍ਰੀ ਪੂਤਨ ਵੀ ਉਥੋਂ ਦੀ ਘੁਮਿਆਰ ਜਾਤੀ ਨਾਲ ਸਬੰਧਤ ਹੈ।
ਘੁਮਿਆਰਾਂ ਦੀ ਬ੍ਰਹਮਾ ਨਾਲ ਜੁੜਦੀ ਮਿੱਥ
ਇਕ ਮਿਥਹਾਸਿਕ ਕਥਾ ਅਨੁਸਾਰ ਬ੍ਰਹਮਾ ਜੀ ਦੇ ਕਈ ਪੁੱਤਰ ਸਨ। ਉਸ ਨੇ ਆਪਣੇ ਸਾਰੇ ਪੁੱਤਰਾਂ ਨੂੰ ਇਕ ਇਕ ਗੰਨਾ ਦੇ ਕੇ ਉਸ ਦੀ ਮਾਨਸਿਕਤਾ ਚੈਕ ਕਰਨੀ ਚਾਹੀ। ਉਸ ਦੇ ਸਾਰੇ ਪੁੱਤਰਾਂ ਨੇ ਆਪਣੇ ਆਪਣੇ ਗੰਨੇ ਚੂਪ ਲਏ ਪਰੰਤੂ ਇਕ ਪੁੱਤਰ ਨੇ ਗੰਨਾ ਚੂਪਣ ਦੀ ਬਜਾਏ ਇਕ ਪਾਣੀ ਦੇ ਘੜੇ ਵਿਚ ਰਖ ਦਿੱਤਾ। ਪਾਣੀ ਦੇ ਭਰੇ ਹੋਏ ਘੜੇ ਵਿਚ ਰੱਖੇ ਹੋਏ ਗੰਨੇ ਦੀਆਂ ਜੜ੍ਹਾਂ ਲੱਗ ਗਈਆਂ। ਬ੍ਰਹਮਾ ਜੀ ਨੇ ਕੁਝ ਦਿਨਾਂ ਬਾਅਦ ਆਪਣੇ ਸਾਰੇ ਪੁੱਤਰਾਂ ਪਾਸੋਂ ਗੰਨਿਆਂ ਬਾਰੇ ਪੁੱਛਿਆ। ਉਸ ਦੇ ‘ਘੁਮਹਾਰ’ ਨਾਮੀ ਪੁੱਤਰ ਤੋਂ ਬਿਨਾਂ ਸਾਰਿਆਂ ਨੇ ਕਿਹਾ ਕਿ ਅਸੀਂ ਤਾਂ ਗੰਨੇ ਚੂਪ ਚੁੱਕੇ ਹਾਂ। ਜਦੋਂ ਬ੍ਰਹਮਾ ਜੀ ਨੇ ਘੁਮਹਾਰ ਪਾਸੋਂ ਗੰਨੇ ਬਾਰੇ ਪੁੱਛਿਆ ਤਾਂ ਉਸ ਨੇ ਪਾਣੀ ਦੇ ਭਰੇ ਹੋਏ ਘੜੇ ਵਿਚੋਂ ਜੜ੍ਹਾਂ ਵਾਲਾ ਗੰਨਾ ਵਾਪਸ ਕਰ ਦਿੱਤਾ।
ਬ੍ਰਹਮਾ ਜੀ ਆਪਣੇ ਲੜਕੇ ਘੁਮਹਾਰ ਦੀ ਸੂਝ-ਬੂਝ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਗੰਨਾ ਵਾਪਸ ਕਰਨ ਸਮੇਂ ਇਹ ਵੀ ਕਿਹਾ ਕਿ ਅਸੀਂ ਘੁਮਹਾਰ ਨਾਮੀ ਇਸ ਲੜਕੇ ਨੂੰ ਪਰਜਾਪਤਿ ਦੀ ਉਪਾਧੀ ਨਾਲ ਨਿਵਾਜਦੇ ਹਾਂ। ਇਥੋਂ ਹੀ ਇਹ ਮਿੱਥ ਪ੍ਰਚਲਤ ਹੋਈ ਕਿ ਘੁਮਹਾਰ ਬ੍ਰਹਮਾ ਜੀ ਦੀ ਵੰਸ਼ ਵਿਚੋਂ ਹਨ, ਜਿਨ੍ਹਾਂ ਨੂੰ ਪਰਜਾਪਤਿ ਕਿਹਾ।
ਘੁਮਿਆਰ ਦੇ ਗੋਤਾਂ ਦੀ ਦਿਲਚਸਪ ਦੰਦ ਕਥਾ
ਘੁਮਿਆਰਾਂ ਦੇ ਲਾਹੌਰ ਸ਼ਹਿਰ ਤੋਂ ਸ਼ੁਰੂ ਹੋਏ ਚਾਰ ਵੱਡੇ ਗੋਤਾਂ ਦੀ ਦੰਦ ਕਥਾ ਹਰ ਕੋਈ ਦਿਲਚਸਪੀ ਨਾਲ ਪੜ੍ਹਦਾ ਸੁਣਦਾ ਹੈ। ਜਿਸ ਅਨੁਸਾਰ ਬ੍ਰਹਮਾ ਦੇ ਦੋ ਪੁੱਤਰ ਘੁਮਹਾਰ ਅਤੇ ਮਹਿਰ ਘੁਮਾਰਾਂ ਦੇ ਪੁਰਖੇ ਸਨ, ਇਨ੍ਹਾਂ ਦੇ ਅੱਗੇ ਚਾਰ ਪੁੱਤਰ ਹੋਏ। ਘੁਮਿਆਰਾਂ ਦੇ ਇਨ੍ਹਾਂ ਪੁਰਖਿਆਂ ਨੇ ਆਪਣੇ ਇਕ ਪੁੱਤਰ ਨੂੰ ਮਿੱਟੀ ਛਾਨਣ ਦਾ ਕੰਮ ਦਿੱਤਾ, ਦੂਜੇ ਨੂੰ ਚੱਕਰ ਅਤੇ ਕਿਲਾ ਦਿੱਤਾ, ਤੀਜੇ ਤੋਂ ਗਿੱਲੀ ਮਿੱਟੀ ਨਾਲ ਨੋਕ ਬਣਵਾਈ ਅਤੇ ਚੌਥੇ ਪੁੱਤਰ ਨੂੰ ਭਾਂਡੇ ਸੁਕਾਉਣ ਦਾ ਕੰਮ ਦਿੱਤਾ। ਇਸ ਤਰ੍ਹਾਂ ਮਿੱਟੀ ਛਾਨਣ ਵਾਲੇ ਤੋਂ ਸੰਗਰੋਹਾ ਗੋਤ, ਚੱਕਰ ਅਤੇ ਕਿਲੇ ਵਾਲੇ ਤੋਂ ਕਿਲੀਆ ਗੋਤ, ਨੋਕ ਬਣਾਉਣ ਵਾਲੇ ਤੋਂ ਨੋਕ ਗੋਤ ਅਤੇ ਭਾਂਡੇ ਸੁਕਾਉਣ ਵਾਲੇ ਤੋਂ ਸੋਖਲ ਗੋਤ ਸ਼ੁਰੂ ਹੋਇਆ। ਇਸ ਦੰਦ ਕਥਾ ਵਿਚ ਵਿਸ਼ਵਾਸ ਕਰਨ ਵਾਲੇ ਘੁਮਿਆਰ, ਸੰਗਰੋਹਾ, ਕਿਲੀਆ, ਨੋਕ ਅਤੇ ਸੋਖਲ ਚਾਰ ਗੋਤਾਂ ਨੂੰ ਦੂਜੇ ਗੋਤਾਂ ਦਾ ਅਧਾਰ ਮੰਨਦੇ ਹਨ।
ਪੀਰ ਖਾਂ ਪੱਤੀ ਦੇ ਘੁਮਿਆਰ
ਪਿੰਡ ਦੇ ਬਜ਼ੁਰਗਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਾਕਿਸਤਾਨ ਬਣਨ ਤੋਂ ਪਹਿਲਾਂ ਪਿੰਡ ਦੀ ਪੀਰ ਖਾਂ ਪੱਤੀ ਵਿਚ ਇਕ ਘੁਮਿਆਰ ਪਰਿਵਾਰ ਵਸਦਾ ਸੀ, ਉਹ ਵੀ ਪੱਕਾ ਜਨੇਰ ਵਾਸੀ ਨਹੀਂ ਸੀ ਅਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਉਹ ਕਿਸੇ ਹੋਰ ਥਾਂ ਜਾ ਵੱਸਿਆ। ਪਾਕਿਸਤਾਨ ਬਣਨ ਤੋਂ ਬਾਅਦ ਪੀਰ ਖਾਂ ਪੱਤੀ ਵਿਚ ਇਕ ਘੁਮਿਆਰ ਪਰਿਵਾਰ ਬੂਟਾ ਸਿੰਘ ਸਿੱਧੂ ਹੋਰਾਂ ਦੇ ਘਰ ਨੇੜੇ ਆ ਕੇ ਵਸਿਆ। ਉਸ ਪਰਿਵਾਰ ਨੇ ਭਾਂਡੇ ਵਗੈਰਾ ਬਣਾਉਣੇ ਵੀ ਸ਼ੁਰੂ ਕੀਤੇ ਪਰੰਤੂ ਦੋ ਕੁ ਸਾਲ ਬਾਅਦ ਉਹ ਵੀ ਕਿਧਰੇ ਹੋਰ ਜਾ ਵਸਿਆ।
ਸ਼ੋਰੇਗਰ’ ਘੁਮਿਆਰ
‘ਸ਼ੋਰੇਗਰ’ ਪਰਜਾਪਤਿ ਜਾਂ ਘੁਮਿਆਰ ਭਾਈਚਾਰੇ ਦੀ ਕੋਈ ਉਪ-ਜਾਤੀ ਨਹੀਂ। ਹੈ ਸਗੋਂ ਇਕ ਕਿੱਤਾ-ਮੁਖੀ ਨਾਮ ਹੈ। ਜਿਵੇਂ ਦੁੱਧ ਵੇਚਣ ਵਾਲੇ ਨੂੰ ਦੋਧੀ ਅਤੇ ਗੁੜ ਬਣਾਉਣ ਵਾਲੇ ਨੂੰ ਗੁੜਵਈ ਆਖਦੇ ਹਨ ਇਸ ਤਰ੍ਹਾਂ ਕੱਲਰ ਵਾਲੀ ਮਿੱਟੀ ਵਿਚੋਂ ਸ਼ੋਰਾ ਤਿਆਰ ਕਰਨ ਵਾਲੇ ਨੂੰ ਸ਼ੋਰੇਗਰ ਆਖਦੇ ਹਨ। ਉਂਝ ਤਾਂ ਸ਼ੋਰਾ ਕੱਢਣ ਵਾਲਾ ਕੰਮ ਕੋਈ ਵੀ ਕਰ ਸਕਦਾ ਹੈ ਪਰੰਤੂ ਕੱਲਰ ਵਾਲੇ ਪਾਣੀ ਨੂੰ ‘ਮਨੀਆਂ’ ਵਿਚ ਫਿਲਟਰ ਕਰਨਾ, ਪਾਣੀ ਦੇ ਵਹਿਣ ਲਈ ਚੂਨਾ ਪਕਾ ਕੇ ਪੱਕੀਆਂ ਨਾਲੀਆਂ ਤਿਆਰ ਕਰਨਾ, ਕੱਲਰ ਮਿਲੇ ਪਾਣੀ ਨੂੰ ਸੁਕਾਉਣ ਵਾਸਤੇ ਪੱਕੇ ਚੁਬਚੇ ਬਣਾਉਣੇ ਅਤੇ ਸਭ ਤੋਂ ਜ਼ਰੂਰੀ ਉੱਚੇ ਨੀਵੇਂ ਥਾਂ ‘ਤੇ ਢੋਆ-ਢੁਆਈ ਲਈ ਖੋਤੇ, ਖਚਰੇ ਵਰਤਣੇ ਆਦਿ ਸਾਰੇ ਕੰਮ ਘੁਮਿਆਰ ਜਾਤੀ ਨਾਲ ਸਬੰਧਤ ਹੋਣ ਕਰਕੇ ਇਹ ਕਾਰੋਬਾਰ ਆਮ ਤੌਰ ‘ਤੇ ਘੁਮਿਆਰ ਹੀ ਕਰਦੇ ਹਨ।
ਉਨੀ ਸੌ ਪੰਜਾਹਵਿਆਂ ਦੇ ਆਰੰਭਕ ਸਮਿਆਂ ਵਿਚ ਵੱਡੇ ਰਕਬੇ ਵਿਚ ਫੈਲੇ ਪਿੰਡ ਦੇ ਥੇਹ ਅਤੇ ਮੁਸਲਮਾਨਾਂ ਦੇ ਖੋਲਿਆਂ (ਅੱਧ ਢੱਠੇ ਮਕਾਨ) ਵਿਚ ਭੂਰੇ ਰੰਗ ਦੇ ਕੱਲਰ ਦੀ ਭਰਮਾਰ ਹੋ ਗਈ। ਜਿਸ ਵਿਚੋਂ ਵੱਡੀ ਮਾਤਰਾ ਵਿਚ ਵਧੀਆ ਕਿਸਮ ਦਾ ਸ਼ੋਰਾ ਕੱਢਿਆ ਜਾ ਸਕਦਾ ਸੀ। ਸਰਪੰਚ ਬਚਿੱਤਰ ਸਿੰਘ ਸਿੱਧੂ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਹਰਿਆਣਾ ਤੋਂ ਆਏ ਇਕ ਠੇਕੇਦਾਰ ਸ਼ੋਰੇਗਰ ਸੁਰਜਾ ਰਾਮ ਨੂੰ ਸ਼ੋਰਾ ਕੱਢਣ ਲਈ ਪਿੰਡ ਦਾ ਥੇਹ ਇਕ ਸਾਲ ਲਈ ਠੇਕੇ ‘ਤੇ ਦੇ ਦਿੱਤਾ। ਠੇਕੇਦਾਰ ਸੁਰਜਾ ਰਾਮ ਅਤੇ ਉਸ ਦੇ ਤਿੰਨ ਲੜਕਿਆਂ ਦਰੀਆ ਰਾਮ, ਲੱਛੂ ਦਾਸ ਅਤੇ ਲਾਲੂ ਰਾਮ ਨੇ ਲਗਾਤਾਰ ਤਿੰਨ ਸਾਲ ਸ਼ੋਰਾ ਕੱਢਣ ਦਾ ਕੰਮ ਕੀਤਾ। ਉਸ ਤੋਂ ਬਾਅਦ ਇਕ ਹੋਰ ਠੇਕੇਦਾਰ ਘੁਮਿਆਰ ਦੇਵਕੀ ਰਾਮ ਨੇ ਵੀ ਸ਼ੋਰਾ ਕੱਢਿਆ ਪਰੰਤੂ ਉਹ ਜ਼ਿਆਦਾ ਦੇਰ ਟਿਕ ਨਾ ਸਕਿਆ।
ਥੋੜ੍ਹੇ ਸਮੇਂ ਵਿਚ ਹੀ ਜਨੇਰ ਦਾ ਥੇਹ ਸ਼ੋਰਾ ਨਿਕਲਣ ਦੇ ਇਕ ਵੱਡੇ ਸੋਮੇ ਵਜੋਂ ਦੂਰ-ਦੂਰ ਤਕ ਮਸ਼ਹੂਰ ਹੋ ਗਿਆ। ਸ਼ੋਰਾ ਕੱਢਣ ਦੇ ਕਾਰੋਬਾਰ ਨਾਲ ਸਬੰਧਤ ਵੱਡੇ-ਵੱਡੇ ਸ਼ੋਰੇਗਰ ਠੇਕੇਦਾਰ ਪਿੰਡ ਵਿਚ ਗੇੜੇ ਮਾਰਨ ਲੱਗੇ। ਆਖ਼ਰ ਹਰਿਆਣੇ ਦੇ ਪਿੰਡ ਬਾਸਦੁਦਾ ਨਿਵਾਸੀ ਠੇਕੇਦਾਰ ਜੈ ਰਾਮ ਅਤੇ ਉਸ ਦੇ ਲੜਕੇ ਚਰੰਜੀਲਾਲ ਨੇ ਪਿੰਡ ਵਾਸੀਆਂ ਨੂੰ ਮੋਟੀ ਰਕਮ ਠੇਕੇ ਵਜੋਂ ਦੇ ਕੇ ਵੱਡੀ ਪੱਧਰ ‘ਤੇ 14 ਸਾਲ, ਪਿੰਡ ਦੇ ਬੇਹ, ਕੁਝ ਸ਼ਾਮਲਾਟਾਂ ਅਤੇ ਕੁਝ ਨਿੱਜੀ ਮਾਲਕੀ ਵਾਲੀਆਂ ਥਾਵਾਂ ਵਿਚੋਂ ਕੱਲਰ ਇਕੱਠਾ ਕਰਕੇ ਸੈਂਕੜੇ ਮਣ ਸ਼ੋਰਾ ਕੱਢ ਕੇ ਵੇਚਿਆ। ਸ਼ੁਰੂ ਵਿਚ ਤਾਂ ਪਿੰਡ ਵਾਸੀ ਸ਼ੋਰੇ ਦੇ ਠੇਕੇ ਵਾਲੀ ਮੋਟੀ ਰਕਮ ਨੂੰ ਭਾਈਚਾਰਕ ਵੰਡਾਂ ਅਨੁਸਾਰ ਵੰਡ ਲੈਂਦੇ ਪਰੰਤੂ ਕੁਝ ਸਮੇਂ ਬਾਅਦ ਕਦੀ ਇਹ ਪੈਸਾ ਪਿੰਡ ਦੇ ਗੁਰਦੁਆਰਾ ਸਾਹਿਬ, ਕਦੀ ਸਕੂਲ ਅਤੇ ਕਦੀ ਹੋਰ ਪੇਂਡੂ ਸੁਧਾਰਾਂ ਲਈ ਖਰਚਿਆ ਜਾਣ ਲੱਗ ਪਿਆ। 1960 ਈਸਵੀ ਸਮੇਂ ਠੇਕੇਦਾਰ ਜੈ ਰਾਮ ਦੇ ਨਾਲ ਇਕ ਹੋਰ ਵੱਡਾ ਠੇਕੇਦਾਰ ਮੁਨਸ਼ੀ ਰਾਮ ਵੀ ਆ ਰਲਿਆ। ਦੋਹਾਂ ਦੋ ਸਾਲ ਤਾਂ ਇਕੱਠਿਆਂ ਕੰਮ ਕੀਤਾ ਪਰੰਤੂ ਬਾਅਦ ਵਿਚ ਇਹ ਸਾਰਾ ਕਾਰੋਬਾਰ ਇਕੱਲੇ ਮੁਨਸ਼ੀ ਰਾਮ ਦੇ ਪਰਿਵਾਰ ਨੇ ਸੰਭਾਲ ਲਿਆ।
ਮੁਨਸ਼ੀ ਰਾਮ ਦਾ ਪਰਿਵਾਰ ਪੱਕਾ ਜਨੇਰ ਵਾਸੀ ਬਣ ਗਿਆ।
ਹਰਿਆਣਾ ਨਾਲ ਸਬੰਧਤ ਘੁਮਾਰ ਜਾਤੀ ਵਾਲੇ ਠੇਕੇਦਾਰ ਮੁਨਸ਼ੀ ਰਾਮ ਦਾ ਪਰਿਵਾਰ 1968 ਵਿਚ ਥੇਹ ਵਿਚੋਂ ਸ਼ੋਰਾ ਕੱਢਣ ਦੇ ਕਾਰੋਬਾਰ ਵਾਸਤੇ ਜਨੇਰ ਆਇਆ ਸੀ। ਪੀਰ ਖਾਂ ਪੱਤੀ ਦੇ ਗੁਰਬਚਨ ਸਿੰਘ ਗਿੱਲ, ਮਹਿੰਦਰ ਸਿੰਘ ਔਗੜ੍ਹ, ਕਰਨੈਲ ਸਿੰਘ ਅਤੇ ਖੇਮਾ ਸਿੰਘ ਖੋਸਾ ਜਲਾਲ, ਸੋਭਾ ਸਿੰਘ ਬਰਾੜ ਅਤੇ ਕਾਲਾ ਸਿੰਘ ਬਰਾੜ ਦੇ ਫਾਲਤੂ ਪਏ ਬਾਵਾਂ ‘ਤੇ ਕੁਝ ਥੇਹ ਦੀ ਸ਼ਾਮਲਾਟ ਵਾਲੀ ਜਗ੍ਹਾ ‘ਤੇ ਉਸ ਦੇਪਰਿਵਾਰ ਨੇ ਆਰਜ਼ੀ ਰਹਾਇਸ਼ ਬਣਾ ਕੇ ਵਸੋਂ ਕਰ ਲਈ। ਅੰਤਰਰਾਸ਼ਟਰੀ ਮੰਡੀ ਵਿਚ ਸ਼ੇਰੇ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋ ਜਾਣਕਰਕੇ ਉਸ ਨੇ ਇਸ ਕਾਰੋਬਾਰ ਵਿਚ ਕਾਫੀ ਮੁਨਾਫ਼ਾ ਖੱਟਿਆ। ਜਿਸ ਦੇ ਫ਼ਲਸਰੂਪ ਉਸ ਨੇ ਮੋਗਾ-ਅੰਮ੍ਰਿਤਸਰ ਸੜਕ ‘ਤੇ ਕਾਫੀ ਜ਼ਮੀਨ ਖ਼ਰੀਦ ਲਈ। ਇਸੇ ਸਮੇਂ ਦੌਰਾਨ ਹੀ ਜਿਹੜੇ ਗਿੱਲ, ਬਰਾੜ, ਔਗੜ ਅਤੇ ਖੋਸਾ ਪਰਿਵਾਰਾਂ ਦੀ ਫ਼ਾਲਤੂ ਜਗ੍ਹਾ ‘ਤੇ ਉਸ ਦਾ ਪਰਿਵਾਰ ਵਸ ਰਿਹਾ ਸੀ ਉਨ੍ਹਾਂ ਨੇ ਥੇਹ ਤੋਂ ਥੱਲੇ ਜਾ ਕੇ ਹੋਰ ਥਾਵਾਂ ‘ਤੇ ਆਪਣੇ ਮਕਾਨ ਬਣਾ ਲਏ ਜਿਸ ਕਾਰਨ ਉਸ ਦੇ ਵਰਤਣ ਲਈ ਹੋਰ ਜਗ੍ਹਾ ਵੀ ਉਪਲਬਧ ਹੋ ਗਈ।
ਨਰਮ ਸੁਭਾਅ, ਮਿੱਠ ਬੋਲੜੇ ਅਤੇ ਹਰ ਇਕ ਨਾਲ ਜਲਦੀ ਘੁਲ ਮਿਲ ਜਾਣ ਵਾਲੇ ਮੁਨਸ਼ੀ ਰਾਮ ਨੇ ਪਿੰਡ ਦੇ ਕੁਝ ਮੋਹਤਬਰ ਬੰਦਿਆਂ ਨੂੰ ਪਾ ਕੇ ਇਨ੍ਹਾਂ ਸਰਦੇ-ਬਰਦੇ, ਮੋਟੀਆਂ ਜਾਇਦਾਦਾਂ ਵਾਲੇ ਪਰਿਵਾਰਾਂ ਪਾਸੋਂ ਉਨ੍ਹਾਂ ਦੀ ਥੇਹ ਵਾਲੀ ਸਾਰੀ ਜਗ੍ਹਾ ਕੌਡੀਆਂ ਦੇ ਭਾਅ ਖ਼ਰੀਦ ਲਈ ਜਿਹੜੀ ਕਿ ਲਗਪਗ ਦੋ ਏਕੜ ਦਾ ਰਕਬਾ ਬਣ ਗਿਆ। ਇਸ ਖੁਲ੍ਹੀ ਡੁਲ੍ਹੀ ਜਗ੍ਹਾ ਵਿਚ ਉਸ ਦੇ ਅੱਠ ਪੁੱਤਰਾਂ ਦੇ ਪਰਿਵਾਰਾਂ ਦੀ ਵੱਖਰੀ ਬਸਤੀ ਹੀ ਹੋਂਦ ਵਿਚ ਆ ਗਈ ਅਤੇ ਉਹ ਜਨੇਰ ਦੇ ਪੱਕੇ ਵਾਸੀ ਬਣ ਗਏ। ਸਮਾਂ ਪਾ ਕੇ ਵਰਤਮਾਨ ਵਿਚ ਤਬਦੀਲੀ, ਥੇਹ ਉਪਰ ਦਰਖ਼ਤਾਂ ਦੀ ਭਰਮਾਰ ਅਤੇ ਬਾਰਸ਼ਾਂ ਘਟ ਜਾਣ ਕਾਰਨ ਸ਼ੋਰਾ ਕੱਢਣ ਵਾਸਤੇ ਲੋੜੀਂਦੇ ਕੱਲਰ ਦੀ ਮਿਕਦਾਰ ਵਿਚ ਕਮੀ ਹੋ ਗਈ ਅਤੇ ਮੁਨਸ਼ੀ ਰਾਮ ਦੇ ਪਰਿਵਾਰ ਨੇ ਸ਼ੋਰੇ ਦਾ ਕਾਰੋਬਾਰ ਬੰਦ ਕਰ ਦਿੱਤਾ। ਉਸ ਦੇ ਪੁੱਤਰਾਂ, ਪੋਤਰਿਆਂ ਨੇ ਹੋਰ ਧੰਦੇ ਅਪਣਾ ਲਏ। ਠੇਕੇਦਾਰ ਮੁਨਸ਼ੀ ਰਾਮ ਦਾ ਇਹ ਵੱਡਾ ਪਰਿਵਾਰ ਸਭਿਆਚਾਰਕ ਅਤੇ ਰਾਜਨੀਤਕ ਪੱਖੋਂ ਪੀਰ ਖਾਂ ਪੱਤੀ ਅਤੇ ਪਿੰਡ ਜਨੇਰ ਦਾ ਇਕ ਮਹੱਤਵਪੂਰਨ ਅੰਗ ਬਣ ਚੁੱਕਾ ਹੈ।
ਕਾਲੂ ਰਾਮ ਦੇ ਪੁੱਤਰ ਮੁਨਸ਼ੀ ਰਾਮ ਦੇ ਅੱਠ ਪੁੱਤਰ ਫੂਲ ਚੰਦ, ਬਨਵਾਰੀ ਲਾਲ, ਚੋਖਾ ਰਾਜ, ਓਮ ਪ੍ਰਕਾਸ਼, ਗੁਲਜ਼ਾਰੀ ਲਾਲ, ਰੂਪ ਲਾਲ, ਬਿਸ਼ੰਬਰ ਦਾਸ ਅਤੇ ਲਛਮਣ ਦਾਸ ਹਨ। ਸਭ ਤੋਂ ਵੱਡੇ ਫੂਲ ਚੰਦ ਦੇ ਚਾਰ ਲੜਕੇ ਹਨ, ਵੱਡੇ ਦੋਵੇਂ ਨੰਦ ਲਾਲ ਅਤੇ ਲੱਖੀ ਰਾਮ ਭੱਠੇ ‘ਤੇ ਇੱਟਾਂ ਦੀ ਦੋ-ਢੁਆਈ ਦਾ ਕੰਮ ਕਰਦੇ ਹਨ। ਛੋਟੇ ਦੋਵੇਂ ਲੜਕੇ ਜਸਵੰਤ ਸਿੰਘ ਅਤੇ ਜਰਨੈਲ ਸਿੰਘ ਮੋਗਾ ਸ਼ਹਿਰ ਵਿਚ ਦੁਕਾਨਦਾਰੀ ਕਰਦੇ ਹਨ। ਬਨਵਾਰੀ ਲਾਲ ਆਪ ਤਾਂ ਜੋੜਾਂ ਦੀਆਂ ਦਰਦਾਂ ਪੀੜਾਂ ਦੀਆਂ ਦੇਸੀ ਦਵਾਈਆਂ ਦਿੰਦਾ ਹੈ। ਉਸ ਦੇ ਤਿੰਨ ਲੜਕਿਆਂ ਵਿਚੋਂ ਵੱਡਾ ਮੇਜਰ ਸਿੰਘ ਮੋਗਾ ਦੀ ਨੈਸਲੇ ਇੰਡੀਆ ਕੰਪਨੀ ਦਾ ਪੱਕਾ ਅਤੇ ਸੀਨੀਅਰ ਮੁਲਾਜ਼ਮ ਹੈ। ਸਤਪਾਲ ਸਿੰਘ ਨੇ ਖੇਤੀਬਾੜੀ ਦਾ ਕੰਮ ਸਾਂਭਿਆ ਹੋਇਆ ਹੈ, ਸਭ ਤੋਂ ਛੋਟਾ ਡਰਾਈਵਰ ਵਜੋਂ ਦੁਬਈ ਚਲਿਆ ਗਿਆ। ਚੋਖਾ ਰਾਜ ਦਾ ਕੰਮ ਹਰਿਆਣਾ ਵਿਚ ਹੈ, ਉਸ ਦੇ ਦੋ ਲੜਕੇ ਰਮੇਸ਼ ਕੁਮਾਰ ਅਤੇ ਪਵਨ ਕੁਮਾਰ ਹਰਿਆਣਾ ਪੁਲਿਸ ਵਿਚ ਮੁਲਾਜ਼ਮ ਹਨ, ਤੀਜਾ ਪ੍ਰਿਥੀ ਲਾਲ ਹਲਵਾਈ ਦਾ ਕੰਮ ਕਰਦਾ ਹੈ। ਓਮ ਪ੍ਰਕਾਸ਼ ਦਾ ਵੱਡਾ ਲੜਕਾ ਸੁਖਵਿੰਦਰ ਸਿੰਘ ਚਾਹੇ ਮਜ਼ਦੂਰੀ ਤਕ ਹੀ ਸੀਮਿਤ ਰਿਹਾ ਪਰੰਤੂ ਵਿਚਕਾਰਲਾ ਪਰਮਵੀਰ ਸਿੰਘ ਦੁਕਾਨਦਾਰੀ ਵਿਚ ਕਾਫੀ ਸਫ਼ਲ ਹੋਇਆ। ਸਭ ਤੋਂ ਛੋਟਾ ਰਾਹੁਲ ਕੁਮਾਰ ਹਰਿਆਣਾ ਪੁਲਿਸ ਵਿਚ ਨੌਕਰੀ ਕਰਦਾ ਹੈ। ਮੁਨਸ਼ੀ ਰਾਮ ਦੇ ਪੰਜਵੇਂ ਨੰਬਰ ਵਾਲੇ ਲੜਕੇ ਗੁਲਜ਼ਾਰੀ ਲਾਲ ਦਾ ਵੱਡਾ ਲੜਕਾ ਬਹਾਦਰ ਸਿੰਘ ਆੜ੍ਹਤੀਆਂ ਦਾ ਮੁਨਸ਼ੀ ਬਣ ਗਿਆ, ਵਿਚਕਾਰਲਾ ਪ੍ਰਿਥੀ ਪਾਲ ਹਲਵਾਈ ਬਣਿਆ ਅਤੇ ਸਭ ਤੋਂ ਛੋਟੇ ਬਾਬੂ ਲਾਲ ਨੇ ਕਰਿਆਨੇ ਦੀ ਦੁਕਾਨ ਪਾ ਲਈ।
ਬਿਸ਼ੰਬਰ ਦਾਸ ਨੂੰ ਠੇਕੇਦਾਰ ਮੁਨਸ਼ੀ ਰਾਮ ਦਾ ਚਹੇਤਾ ਪੁੱਤਰ ਆਖ ਸਕਦੇ ਹਾਂ ਕਿਉਂਕਿ ਜ਼ਿੰਦਗੀ ਦੇ ਆਖ਼ਰੀ ਸਵਾਸਾਂ ਤਕ ਉਹ ਬਿਸ਼ੰਬਰ ਦਾਸ ਦੇ ਪਰਿਵਾਰ ਨਾਲ ਹੀ ਰਿਹਾ। ਉਸ ਦੇ ਪਰਿਵਾਰ ਨੇ ਮੁਨਸ਼ੀ ਰਾਮ ਦੀ ਸੇਵਾ ਵੀ ਕਾਫੀ ਕੀਤੀ। ਬਿਸ਼ੰਬਰ ਦਾਸ ਦਾ ਵੱਡਾ ਲੜਕਾ ਸੁਰੇਸ਼ ਸਿੰਘ ਘਰ ਦੇ ਛੋਟੇ-ਮੋਟੇ ਕੰਮ ਕਰਦਾ ਹੈ, ਛੋਟੇ ਹਾਲੀਂ ਪੜ੍ਹਾਈ ਕਰ ਰਹੇ ਹਨ। ਮੁਨਸ਼ੀ ਰਾਮ ਦੇ ਸਭ ਤੋਂ ਛੋਟੇ ਲਛਮਣ ਦਾਸ ਲੜਕੇ ਦੇ ਤਿੰਨ ਪੁੱਤਰਾਂ ਵਿਚੋਂ ਰਜੀਵ ਬਿਜਲੀ ਮਕੈਨਿਕ ਹੈ, ਉਸ ਤੋਂ ਛੋਟਾ ਸੰਜੀਵ ਕੁਮਾਰ ਮਕੈਨਿਕ ਅਤੇ ਸਭ ਤੋਂ ਛੋਟਾ ਹਲਵਾਈ ਹੈ।
ਕੁਝ ਠੇਕੇਦਾਰ ਮੁਨਸ਼ੀ ਰਾਮ ਬਾਰੇ
ਚਾਲੀ ਵਰ੍ਹਿਆਂ ਤੋਂ ਵੀ ਵੱਧ ਸਮਾਂ ਠੇਕੇਦਾਰ ਮੁਨਸ਼ੀ ਰਾਮ ਨੇ ਜਨੇਰ ਦੇ ਸਭਿਆਚਾਰਕ ਜੀਵਨ ਦੇ ਇਕ ਪਾਤਰ ਵਜੋਂ ਗੁਜ਼ਾਰਿਆ। ਇਸ ਲੰਮੇ ਸਮੇਂ ਦੌਰਾਨ ਉਹ ਆਪਣੇ ਹਮਉਮਰਾਂ ਦੇ ਹੀ ਨਹੀਂ ਸਗੋਂ ਛੋਟੀ ਉਮਰ ਅਤੇ ਵੱਡੀ ਉਮਰ ਵਾਲਿਆਂ ਦੇ ਦਿਲਾਂ ਉਪਰ, ਪਿਆਰ ਦੀ ਉਹ ਅਮਿੱਟ ਛਾਪ ਛੱਡ ਗਿਆ ਕਿ ਪਿੰਡ ਵਾਸੀ ਅੱਜ ਵੀ ਉਸ ਨੂੰ ਯਾਦ ਕਰਦੇ ਹਨ। ਦੋ ਕੁ ਵਰ੍ਹੇ ਪਹਿਲਾਂ ਦੁਨਿਆਵੀ ਵਿਛੋੜੇ ਸਮੇਂ ਉਸ ਦੇ ਜਨਾਜ਼ੇ ਪਿੱਛੇ ਪਿੰਡ ਵਾਸੀਆਂ ਦਾ ਭਾਰੀ ਇਕੱਠ ਉਸ ਦੀ ਹਰਮਨ ਪਿਆਰਤਾ ‘ਤੇ ਮੋਹਰ ਲਗਾਉਂਦਾ ਹੈ।
ਠੇਕੇਦਾਰ ਵੱਡੇ ਕਾਰੋਬਾਰ ਵਾਲਾ ਹੋਵੇ ਜਾਂ ਛੋਟੇ ਕਾਰੋਬਾਰ ਵਾਲਾ ਸਾਡੇ ਸਮਾਜ ਵਿਚ ਉਸ ਬਾਰੇ ਆਮ ਰਾਇ ਪ੍ਰਚਲਿਤ ਹੈ ਕਿ ਉਸ ਵਿਚ ਨਿਮਰਤਾ, ਮਿੱਠੀ ਬੋਲੀ, ਸਹਿਣਸ਼ੀਲਤਾ ਤੋਂ ਬਿਨਾਂ ਲੋਕਾਂ ਵਿਚ ਫੁੱਟ ਪਾ ਕੇ ਆਪਣਾ ਮਤਲਬ ਕੱਢ ਲੈਣ ਵਾਲੇ ਗੁਣਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਮੁਨਸ਼ੀ ਰਾਮ ਪਹਿਲੇ ਤਿੰਨ ਗੁਣਾਂ ਦਾ ਧਾਰਨੀ ਜ਼ਰੂਰ ਸੀ ਪਰੰਤੂ ਉਸ ਨੇ ਪਿੰਡ ਵਾਸੀਆਂ ਵਿਚ ਭਾਈਚਾਰਕ ਫੁੱਟ ਪਾ ਕੇ ਆਪਣਾ ਮਤਲਬ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਲੰਮਾ ਸਮਾਂ ਪਹਿਲਾਂ ਉਸ ਦੇ ਇਕ ਸਮਕਾਲੀ ਠੇਕੇਕਾਰ ਨੇ ਪਿੰਡ ਵਾਸੀਆਂ ਨੂੰ ਸ਼ੋਰੇ ਦੇ ਠੇਕੇ ਵਿਚ ਵੰਡਣ ਦੀ ਕੋਸ਼ਿਸ਼ ਕੀਤੀ ਪਰੰਤੂ ਮੁਨਸ਼ੀ ਰਾਮ ਨੇ ਬਹੁਤ ਹੀ ਹਲੀਮੀ ਨਾਲ ‘ਅੰਦਰ ਖਾਤੇ’ ਆਪਣਾ ਅਸਰ ਰਸੂਖ਼ ਵਰਤ ਕੇ ਉਭਰ ਰਹੀਆਂ ਬਾਗ਼ੀ ਸੁਰਾਂ ਨੂੰ ਦਬਾ ਦਿੱਤਾ। ਉਹ ਇਕ ਕੁਸ਼ਲ ਪ੍ਰਬੰਧਕ ਵੀ ਸੀ, ਹਰਿਆਣਾ ਤੋਂ ਲਿਆਂਦੇ ਹੋਏ ਥੋੜ੍ਹੇ ਜਿਹੇ ਨੌਕਰਾਂ ਨਾਲ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਗਾ ਕੇ ਵੱਡੀ ਪੱਧਰ ਦਾ ਕਾਰੋਬਾਰ ਕਰਨ ਵਿਚ ਮਾਹਿਰ ਸੀ।
ਮੁਨਸ਼ੀ ਰਾਮ ਦਾ ਪਿੰਡ ਦੇ ਕੁਝ ਬਜ਼ੁਰਗਾਂ ਸਰਪੰਚ ਪੂਰਨ ਸਿੰਘ ਸਿੱਧੂ, ਅਮਰ ਸਿੰਘ ਸਿੱਧੂ, ਲੰਬਰਦਾਰ ਸਾਧੂ ਸਿੰਘ ਚੀਮਾ, ਮੋਹਨ ਸਿੰਘ ਸ਼ੇਰਗਿੱਲ, ਕਾਲਾ ਸਿੰਘ ਬਰਾੜ, ਮੇਜਰ ਸਿੰਘ ਸੇਖੋਂ, ਸਰਪੰਚ ਜਗਜੀਤ ਸਿੰਘ ਗਿੱਲ, ਜੋਧ ਸਿੰਘ ਬਰਾੜ, ਪ੍ਰੀਤਮ ਸਿੰਘ ਸਰਾਂ ਅਤੇ ਸੰਤਾ ਸਿੰਘ ਬਰਾੜ ਨਾਲ ਬਹੁਤ ਪਿਆਰ ਸੀ। ਨਵੀਂ ਪੀੜ੍ਹੀ ਦੇ ਪ੍ਰਬੰਧਕੀ ਕੰਮਾਂ ਵਿਚ ਆਉਣ ਸਮੇਂ ਉਸ ਨੇ ਸਰਪੰਚ ਮੱਘਰ ਸਿੰਘ ਸਿੱਧੂ, ਕੋਹਰ ਸਿੰਘ ਚੀਮਾ, ਸਰਪੰਚ ਦਰਸ਼ਨ ਸਿੰਘ ਸਿੱਧੂ, ਮਿਸਤਰੀ ਦਰਸ਼ਨ ਸਿੰਘ ਚਾਨਾ, ਲੰਬਰਦਾਰ ਜੀਵਾ ਸਿੰਘ ਸੇਖੋਂ ਅਤੇ ਪੰਜਵੀਂ ਪੱਤੀ ਵਾਲੇ ਕੁਝ ਮੋਹਤਬਰਾਂ ਨਾਲ ਆਪਣੀ ਨੇੜਤਾ ਵਧਾ ਲਈ। ਮੁਕਦੀ ਗੱਲ ਇਹ ਹੈ ਕਿ ਪਿੰਡ ਵਾਸੀਆਂ ਵਿਚ ਦੁਫਾੜ ਪਾਉਣ ਦੀ ਬਜਾਏ ਉਹ ਪਿਆਰ ਮੁਹੱਬਤ ਨਾਲ ਆਪਣਾ ਮਸਲਾ ਹੱਲ ਕਰਨ ਵਿਚ ਯਕੀਨ ਰਖਦਾ ਸੀ। ਸ਼ਾਇਦ ਇਸੇ ਕਰਕੇ ਅੱਜ ਵੀ ਉਸ ਨੂੰ ਇੱਜ਼ਤ ਦੀ ਨਜ਼ਰ ਨਾਲ ਹੀ ਯਾਦ ਕੀਤਾ ਜਾਂਦਾ ਹੈ।
ਜ਼ਿੰਦਗੀ ਦੇ ਆਖ਼ਰੀ ਸਮੇਂ ਉਸ ਦੇ ਅੱਠ ਲੜਕਿਆਂ ਦੇ ਵੱਡੇ ਪਰਿਵਾਰ ਵਿਚ ਤ੍ਰੇੜਾਂ ਪੈ ਗਈਆਂ। ਅੱਜਕਲ੍ਹ ਦੇ ਪਦਾਰਥਵਾਦੀ ਯੁਗ ਵਿਚ ਇਹ ਕੋਈ ਨਿਵੇਕਲੀ ਗੱਲ ਨਹੀਂ ਹੈ। ਅੱਜਕਲ੍ਹ ਦੇ ਸਮੇਂ ਵਿਚ ਤਾਂ ਇਕ ਲੜਕੇ ਦੇ ਪਰਿਵਾਰ ਨੂੰ ਕੰਟਰੋਲ ਵਿਚ ਰਖਣਾ ਬਹੁਤ ਮੁਸ਼ਕਲ ਹੈ, ਅੱਠ ਲੜਕਿਆਂ ਦਾ ਪਰਿਵਾਰ ਤਾਂ ਬਹੁਤ ਵੱਡਾ ਹੋ ਜਾਂਦਾ ਹੈ।
ਇਕ ਹੋਰ ਘੁਮਿਆਰ ਪਰਿਵਾਰ
1980 ਈਸਵੀ ਵਿਚ ਇਕ ਹੋਰ ਘੁਮਿਆਰ ਪਰਿਵਾਰ ਪੀਰ ਖਾਂ ਪੱਤੀ ਵਿਚ ਆ ਕੇ ਵਸ ਗਿਆ। ਘੁਮਿਆਰ ਜਾਤੀ ਦਾ ਪਾਂਡੀ ਗੋਤ ਨਾਲ ਸਬੰਧਤ ਇਹ ਪਰਿਵਾਰ ਪਾਕਿਸਤਾਨ ਬਣਨ ਸਮੇਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਬਾਬਾ ਬੁੱਢਾ ਜੀ ਦੇ ਡੇਰੇ ਨੇੜੇ ਆ ਕੇ ਵਸਿਆ। ਪਰੰਤੂ ਕੁਝ ਕਾਰਨਾਂ ਕਰਕੇ ਲਾਭ ਸਿੰਘ ਪਾਂਡੀ ਅਤੇ ਉਸ ਦੇ ਲੜਕੇ ਮੁਲਖਾ ਸਿੰਘ ਪਾਂਡੀ ਨੂੰ ਉਹ ਜਗ੍ਹਾ ਰਾਸ ਨਾ ਆਈ ਅਤੇ ਜਨੇਰ ਦੀ ਪੀਰ ਖਾਂ ਪਤੀ ਵਿਚ ਆ ਵਸੇ। ਮੁਲਖਾ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਖੋਸਾ ਰੰਧੀਰ ਦੇ ਬਸ਼ਿੰਦੇ ਹੋਣ ਕਰਕੇ ਸ਼ਾਇਦ ਇਸ ਪਰਿਵਾਰ ਨੇ ਜਨੇਰ ਨੂੰ ਆਪਣੀ ਰਹਾਇਸ਼ ਲਈ ਚੁਣਿਆ ਹੋਵੇ। ਮੁਲਖਾ ਸਿੰਘ ਨੇ ਕਾਫੀ ਸਮਾਂ ਪਿੰਡ ਤੋਂ ਮੋਗੇ ਤਕ ਘੋੜੇ-ਰੇੜੇ ਦਾ ਕੰਮ ਕੀਤਾ। ਉਸ ਦੇ ਵੱਡੇ ਲੜਕੇ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਧਾਰਮਿਕ ਵਿਦਿਆ ਹਾਸਲ ਕੀਤੀ ਅਤੇ ਹੁਣ ਕੋਟ ਈਸੇ ਖਾਂ ਨੇੜੇ ਸ਼ਾਹਕੋਟ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਮੁਖ ਸੇਵਾਦਾਰ ਹੈ। ਦੂਜਾ ਲੜਕਾ ਕੋਟ ਈਸੇ ਖਾਂ ਵਿਖੇ ਆਪਣੀ ਦਰਜੀ ਦੀ ਦੁਕਾਨ ਵਧੀਆ ਢੰਗ ਨਾਲ ਚਲਾ ਰਿਹਾ ਹੈ। ਤੀਜਾ ਲੜਕਾ ਲਕੜੀ ਦਾ ਮਿਸਤਰੀ ਬਣ ਗਿਆ।
ਪਿੰਡ ਦੀ ਸਪਲਾਈ ਲਾਈਨ, ਰੇਹੜੇ ਵਾਲਾ ਮੁਲਖਾ ਸਿੰਘ
ਪੈਸੇ ਅਤੇ ਤਾਕਤ ਨਾਲ ਹਾਸਲ ਕੀਤੀ ਹੋਈ ਫੋਕੀ ਸ਼ੁਹਰਤ ਸਦੀਵੀ ਨਹੀਂ ਹੁੰਦੀ ਪਰੰਤੂ ਸਭਿਅਕ ਬੋਲੀ, ਈਮਾਨਦਰੀ, ਸਖ਼ਤ ਮਿਹਨਤ ਅਤੇ ਭਾਈਚਾਰਕ ਕਦਰਾਂ- ਕੀਮਤਾਂ ਦਾ ਸਨਮਾਨ ਕਰਦਿਆਂ ਹਾਸਲ ਕੀਤੀ ਹੋਈ ਲੋਕ-ਪ੍ਰਿਅਤਾ ਲੋਕਾਂ ਦੇ ਦਿਲਾਂ ਅੰਦਰ ਘਰ ਕਰ ਜਾਂਦੀ ਹੈ। ਰੇਹੜੇ ਵਾਲਾ ਮੁਲਖਾ ਸਿੰਘ ਵੀ ਰੇਹੜੇ ਦੀ ਨੇਕ ਕਮਾਈ ਨਾਲ ਜਨੇਰ ਵਾਸੀਆਂ ਦਾ ਹੀ ਨਹੀਂ ਸਗੋਂ ਨੇੜਲੇ ਪਿੰਡਾਂ ਦੇ ਲੋਕਾਂ ਦਾ ਵੀ ਚਹੇਤਾ ਬਣ ਗਿਆ। ਏਥੇ ਹੀ ਬਸ ਨਹੀਂ ਮੋਗਾ ਸ਼ਹਿਰ ਦੇ ਵੱਖ-ਵੱਖ ਕਾਰੋਬਾਰ ਨਾਲ ਸਬੰਧਤ ਦੁਕਾਨਦਾਰ ਵੀ ਉਸ ਦੀ ਕਦਰ ਕਰਦੇ ਹਨ।
ਰੇਹੜੇ ਦਾ ਕੰਮ ਕਰਦੇ ਸਮੇਂ ਵਾਹ ਲਗਦੀ ਹਰ ਰੋਜ਼ ਉਹ ਸਵੇਰੇ ਨੌਂ ਕੁ ਵਜੇ ਆਪਣਾ ਘੋੜਾ-ਰੇਹੜਾ ਤਿਆਰ ਕਰਕੇ ਮੋਗਾ ਸ਼ਹਿਰ ਨੂੰ ਰਵਾਨਾ ਹੋ ਜਾਂਦਾ। ਛੋਟੀ-ਮੋਟੀ ਫ਼ਸਲ ਵੇਚਣ ਵਾਲੇ ਤਾਂ ਉਸ ਦੇ ਨਾਲ ਜਾਂਦੇ ਹੀ ਸਨ ਪਰੰਤੂ ਪਿੰਡ ਦੇ ਕਈ ਬਜ਼ੁਰਗ ਉਚੇਚੇ ਤੌਰ ‘ਤੇ ਬੱਸਾਂ, ਟੈਂਪੂਆਂ ਅਤੇ ਹੋਰ ਸਾਧਨਾਂ ‘ਤੇ ਜਾਣ ਦੀ ਬਜਾਏ ਮੁਲਖਾ ਸਿੰਘ ਨਾਲ ਰੇਹੜੇ ਦੀ ਸਵਾਰੀ ਨੂੰ ਹੀ ਤਰਜੀਹ ਦਿੰਦੇ। ਉਨ੍ਹਾਂ ਮੁਤਾਬਕ ਉਹ ਮੁਲਖਾ ਸਿੰਘ ਨਾਲ ਰੇਹੜੇ ਦੀ ਸਵਾਰੀ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਸਨ। ਮੋਗਾ ਸ਼ਹਿਰ ਤੋਂ ਵਾਪਸੀ ਸਮੇਂ ਉਸ ਦਾ ਰੇਹੜਾ ਹਮੇਸ਼ਾ ਲੋੜੋਂ ਵਧ ਨਿਤ ਵਰਤੋਂ ਦੇ ਸਮਾਨ ਨਾਲ ਲੱਦਿਆ ਹੁੰਦਾ। ਪਿੰਡ ਦੇ ਬਹੁਤ ਸਾਰੇ ਲੋਕ ਅਤੇ ਦੁਕਾਨਦਾਰ ਤਾਂ ਉਸ ਨੂੰ ਪੈਸੇ ਫੜਾ। ਦਿੰਦੇ, ਸ਼ਹਿਰ ਵਿਚ ਉਹ ਆਪਣਾ ਅਸਰ-ਰਸੂਖ਼ ਵਰਤ ਕੇ ਨਿਤ ਪ੍ਰਤੀ ਜ਼ਰੂਰਤ ਦੀਆਂ ਵਸਤਾਂ ਉਹ ਵਧੀਆ ਅਤੇ ਵਾਜਬ ਰੇਟ ‘ਤੇ ਲੈ ਆਉਂਦਾ। ਕਿਸੇ ਵੀ ਪਿੰਡ ਵਾਸੀ ਨੇ ਕਦੀ ਉਸ ਦੀ ਇਮਾਨਦਾਰੀ ‘ਤੇ ਸ਼ੱਕ ਨਹੀਂ ਸੀ ਕੀਤਾ। ਅਸਲ ਵਿਚ ਉਹ ਪਿੰਡ ਦੀ ਸਲਪਾਈ ਲਾਈਨ ਦਾ ਕੰਮ ਕਰਦਾ ਸੀ।
ਆਪਣੇ ਪਿਤਾ ਵਾਂਗ ਉਸ ਦੀ ਔਲਾਦ ਵੀ ਮਿਹਨਤੀ, ਇਮਾਨਦਾਰ ਅਤੇ ਵੱਡਿਆਂ ਦੀ ਕਦਰ ਕਰਨ ਵਾਲੀ ਨਿਕਲੀ । ਉਨ੍ਹਾਂ ਆਪਣੇ ਛੋਟੇ-ਛੋਟੇ ਕਾਰੋਬਾਰ ਸਥਾਪਤ ਕਰ ਲਏ। ਮੁਲਖਾ ਸਿੰਘ ਨੂੰ ਉਸ ਦੀ ਉਮਰ ਦੀ ਸ਼ਾਮ ਸਮੇਂ 1904 ਵਿਚ ਉਸ ਦੇ ਲੜਕਿਆਂ ਨੇ ਘੋੜੇ-ਰੇਹੜੇ ਦਾ ਕੰਮ ਬੰਦ ਕਰਵਾ ਦਿੱਤਾ। ਬੁਢੇ ਹੋਏ ਮੁਲਖਾ ਸਿੰਘ ਦੀ ਮਿੱਠੀ ਬੋਲੀ, ਇਮਾਨਦਾਰੀ ਅਤੇ ਸਖ਼ਤ ਮਿਹਨਤ ਦੀਆਂ ਗੱਲਾਂ ਅੱਜ ਵੀ ਲੋਕ ਕਰਦੇ ਹਨ।
ਰਾਮਗੜ੍ਹੀਏ (ਲੁਹਾਰ, ਤਰਖਾਣ)
ਯੁਗਾਂ-ਯੁਗਾਂਤਰਾਂ ਤੋਂ ਹੀ ਆਦਿ ਕਾਲ, ਪੱਥਰ ਯੁਗ, ਲੋਹ ਯੁਗ, ਆਰੀਆ ਸਭਿਅਤਾ, ਰਮਾਇਣ ਕਾਲ ਮਹਾਭਾਰਤ ਕਾਲ ਅਤੇ ਆਧੁਨਿਕ ਕਾਲ ਦੇ ਸਮਿਆਂ ਵਿਚ ਮਨੁੱਖ ਦੀਆਂ ਨਿਤ-ਪ੍ਰਤੀ ਲੋੜਾਂ ਦੀ ਪੂਰਤੀ ਦੇ ਸਮਾਨ ਦਾ ਘਾੜਾ ਅਕਸਰ ਕੋਈ ਇਨਸਾਨ ਹੀ ਰਿਹਾ ਹੈ। ਸਮੇਂ-ਸਮੇਂ ਦੀਆਂ ਕਾਢਾਂ ਜਿਵੇਂ ਅਸਤਰਾਂ-ਸ਼ਾਸਤਰਾਂ, ਪਹੀਏ, ਬਿਜਲੀ, ਦੂਰਸੰਚਾਰ ਅਤੇ ਹੋਰ ਵਰਤਮਾਨ ਟੈਕਨਾਲੋਜੀ ਸ਼ਾਮਿਲ ਹੈ, ਮੁਢਲੇ ਰੂਪ ਵਿਚ ਤਾਂ ਇਹ ਬਾਬਾ ਵਿਸ਼ਕਰਮਾ ਜੀ ਵਲੋਂ ਵਰੋਸਾਏ ਲੁਹਾਰ ਅਤੇ ਤਰਖ਼ਾਣ ਜਾਤੀ ਵਾਲਿਆਂ ਦੀ ਹੀ ਦੇਣ ਹੈ। ਪ੍ਰਸਿੱਧ ਇਤਿਹਾਸਕਾਰ ਕਾਹਨ ਸਿੰਘ ਨਾਭਾ ਤਾਂ ਬਾਬਾ ਵਿਸ਼ਕਰਮਾ ਜੀ ਨੂੰ ‘ਸੰਸਾਰ ਰਚਣ ਵਾਲਾ ਕਰਤਾਰ’ ਅਤੇ ਪੁਰਾਣਾਂ ਵਿਚ ‘ਦੇਵਤਿਆਂ ਦਾ ਚੀਫ਼ ਇੰਜਨੀਅਰ’ ਦਾ ਰੁਤਬਾ ਦਿੰਦਾ ਹੈ। ‘ਮਹਾਨ ਕੋਸ਼’ ਵਿਚ ਰਮਾਇਣ ਦੇ ਹਵਾਲੇ ਨਾਲ ਲਿਖਿਆ ਮਿਲਦਾ ਹੈ ਕਿ ਬਾਬਾ ਵਿਸ਼ਵਕਰਮਾ ਜੀ ਨੇ ਆਪਣੀ ਲੜਕੀ ਸੰਜਨਾ ਦੇ ਪਤੀ ਸੂਰਜ ਦੇਵਤਾ ਦੀ ਗਰਮੀ ਘਟ ਕਰਨ ਵਾਸਤੇ ਉਸ ਨੂੰ ਖਰਾਦ ‘ਤੇ ਚੜ੍ਹਾ ਕੇ ਛਿੱਲਿਆ, ਉਸ ਛਿੱਲੜ ਤੋਂ ਵਿਸ਼ਨੂੰ ਦਾ ਚੱਕਰ, ਸ਼ਿਵ ਦਾ ਤ੍ਰਿਸ਼ੂਲ ਅਤੇ ਆਰਤਿਕੇਯ ਦੀ ਬਰਛੀ ਤਿਆਰ ਕੀਤੀ।
ਨਸਲੀ ਵਿਗਿਆਨ ਨਜ਼ਰੀਏ ਨਾਲ ਇਕ ਸਰਸਰੀ ਜਿਹੀ ਝਾਤ ਆਪਣੇ ਸਮਾਜਿਕ ਪਿਛੋਕੜ ਵੱਲ ਮਾਰੀਏ ਤਾਂ ਇਕ ਪਾਸੇ ਅਸੀਂ ਆਪਣੇ ਪ੍ਰਾਚੀਨ ਗ੍ਰੰਥਾਂ ਵਿਚ ਬਾਬਾ ਵਿਸ਼ਵਕਰਮਾ ਜੀ ਨੂੰ ਵਿਸ਼ਨੂੰ, ਸ਼ਿਵ ਅਤੇ ਆਰਤਿਕੇਯ ਵਰਗੇ ਮਹਨ ਦੇਵਤਿਆਂ ਦੇ ਸ਼ਾਸਤਰ ਬਣਾਉਣ ਸਮੇਂ ਉਸ ਨੂੰ ਵੀ ਮਹਾਨ ਦੇਵਤੇ ਦੇ ਰੁਤਬੇ ਨਾਲ ਸਤਿਕਾਰਦੇ ਹਾਂ, ਦੂਜੇ ਪਾਸੇ ਲੰਮੇ ਸਮੇਂ ਤੋਂ ਦਸਤਕਾਰੀ ਵਿਚ ਵੱਡਾ ਯੋਗ ਪਾਉਣ ਵਾਲੇ ਲੁਹਾਰ ਅਤੇ ਤਰਖਾਣ ਜਾਤੀ ਵਾਲਿਆਂ ਨੂੰ ਅਜੋਕੇ ਸਮੇਂ ਵਿਚ ਪੱਛੜੀ ਜਾਤੀ ਗਰਦਾਨਿਆ ਹੋਇਆ ਹੈ। ਅਸਲ ਵਿਚ ਰਾਮਗੜ੍ਹੀਆ ਭਾਈਚਾਰਾ ਕੋਈ ਨਸਲੀ ਜਾਤ ਨਹੀਂ ਸਗੋਂ ਇਕ ਕਿੱਤਾ ਮੁਖੀ ਅਧਾਰਤ ਜਾਤ ਹੈ। ਪ੍ਰਸਿੱਧ ਬੰਗਾਲੀ ਇਤਿਹਾਸਕਾਰ ਆਰ.ਸੀ. ਮਾਜੂਮਦਾਰ ਆਪਣੀਆਂ ਲਿਖਤਾਂ ਵਿਚ ਬਾਬਾ ਵਿਸ਼ਵਕਰਮਾ ਜੀ ਅਤੇ ਇਸ ਦੇ ਜਾਨਸ਼ੀਨਾਂ ਨੂੰ ਬ੍ਰਾਹਮਣ ਆਰਕੀਟੈਕਟ ਹੋਣ ਦਾ ਦਾਅਵਾ ਕਰਦਾ ਹੈ।
ਰਾਮਗੜ੍ਹੀਆ ਮਿਸਲ
ਲੁਹਾਰ ਅਤੇ ਤਰਖਾਣ ਦੋਹਾਂ ਕਿੱਤਾ ਮੁਖੀ ਜਾਤੀਆਂ ਨੂੰ ਇਕ ਪਲੇਟਫਾਰਮ ‘ਤੇ ਲਿਆ ਕੇ ਖੜਾ ਕਰਨਾ ਅਤੇ ਦੋਹਾਂ ਜਾਤੀਆਂ ਨੂੰ ਸੰਯੁਕਤ ਨਾਮ ‘ਰਾਮਗੜ੍ਹੀਆ’ ਦੇਣਾ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਦੇਣ ਹੈ। ਉਸ ਦੁਆਰਾ ਸਥਾਪਤ ਕੀਤੀ ਗਈ ਰਾਮਗੜ੍ਹੀਆ ਸਿੱਖ ਮਿਸਲ ਤੋਂ ਬਾਅਦ ਦੋਵੇਂ ਉਪ ਜਾਤੀਆਂ ਆਪਣੇ ਆਪ ਨੂੰ ‘ਰਾਮਗੜ੍ਹੀਆ’ ਅਖਵਾਉਣ ਵਿਚ ਮਾਣ ਮਹਿਸੂਸ ਕਰਨ ਲੱਗ ਪਈਆਂ ਅਤੇ ਮਿਸਲ ਦੇ ਨਾਮ ਨੂੰ ਹੀ ਆਪਣੀਆਂ ਜਾਤੀਆਂ ਦੇ ਨਾਮ ਵਜੋਂ ਅਪਣਾ ਲਿਆ। ਉਸ ਮਹਾਨ ਸਿੱਖ ਜਰਨੈਲ ਬਾਰੇ ਕੁਝ ਲਿਖਣਾ ਅਤਿ ਜ਼ਰੂਰੀ ਹੈ।
ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਅਣਖੀਲੇ ਯੋਧੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸੁਰ ਸਿੰਘ ਵਾਲਾ ਵਿਚ ਹੋਇਆ। ਜੱਸਾ ਸਿੰਘ ਦੇ ਪਿਤਾ ਬਾਬਾ ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕੀਤਾ ਸੀ। ਆਪਣੇ ਪੁਰਖਿਆਂ ਦੀ ਜਗੀਰ ਵਿਚੋਂ ਜੱਸਾ ਸਿੰਘ ਨੂੰ ਬੇਸ਼ਕ ਇਕ ਪਿੰਡ ਹੀ ਹਿੱਸੇ ਵਿਚ ਮਿਲਿਆ ਪਰੰਤੂ ਥੋੜ੍ਹੇ ਸਮੇਂ ਵਿਚ ਹੀ ਉਸ ਨੇ ਆਪਣੇ ਰਾਜ ਖੇਤਰ ਵਿਚ ਕਾਫੀ ਵਾਧਾ ਕਰ ਲਿਆ ਅਤੇ ਰਾਮਗੜ੍ਹੀਆ ਮਿਸਲ ਹੋਂਦ ਵਿਚ ਆ ਗਈ ਜਿਸ ਦਾ ਕਿ ਉਸ ਸਮੇਂ ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿਚ ਇਕ ਸਥਾਨ ਸੀ। ਰਾਮਗੜ੍ਹੀਆ ਮਿਸਲ ਦੀ ਧਾਂਕ ਦਿੱਲੀ ਦਰਬਾਰ ਤਕ ਵੀ ਪਹੁੰਚੀ। ਮੁਗ਼ਲ ਸ਼ਹਿਨਸ਼ਾਹ ਸ਼ਾਹ ਆਲਮ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਨੇ ਦਿੱਲੀ ‘ਤੇ ਹਮਲਾ ਕਰ ਦਿੱਤਾ ਅਤੇ ਸ਼ਹਿਨਸ਼ਾਹ ਤੋਂ ਖਰਾਜ ਲੈ ਕੇ ਉਸ ਦਾ ਖਹਿੜਾ ਛੱਡਿਆ। ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਨੁਸਾਰ ਜੱਸਾ ਸਿੰਘ ਨੇ ਨਾਦਰਸ਼ਾਹ ਨੂੰ ਲੁੱਟ ਕੇ ਵੀ ਚੋਖਾ ਮਾਲ ਪ੍ਰਾਪਤ ਕੀਤਾ। ਉਸ ਦਾ ਹੌਸਲਾ ਇਸ ਕਦਰ ਤਕ ਵਧ ਗਿਆ ਸੀ, ਕਹਿੰਦੇ ਹਨ ਉਹ ਦਿੱਲੀ ਦੇ ਲਾਲ ਕਿਲੇ ਤੋਂ ਇਕ ਵੱਡਾ ਪੱਥਰ ਚੁੱਕ ਕੇ ਲੈ ਆਇਆ ਪਰੰਤੂ ਮੁਗ਼ਲ ਫ਼ੌਜ ਉਸ ਦਾ ਪਿੱਛਾ ਕਰਨ ਦਾ ਹੌਸਲਾ ਨਾ ਕਰ ਸਕੀ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਰਾਮਗੜ੍ਹੀਆ ਸਰਦਾਰ ਦੀ ਬਹਾਦਰੀ ਦਾ ਜ਼ਿਕਰ ਕਰਦਾ ਇਤਿਹਾਸਕਾਰ ਰਤਨ ਸਿੰਘ ਭੰਗੂ ਲਿਖਦਾ ਹੈ:
ਰਾਮਗੜ੍ਹੀਏ ਭਾਈ ਅਤਿ ਵੱਡੇ ਸੂਰੇ।
ਜਿਨਸੋ ਲਰ ਕੋਊ, ਉਤਰਿਓ ਨਾ ਪੂਰੇ।
ਉਨਕੀ ਪਿੱਠ ਦੇਖੀ, ਕਿਨ ਨਾਹਿ।
ਮਲਯੋ ਕਾਂਗੜਾ, ਇਕ ਦਿਨ ਮਹਿ।
ਦਰਬਾਰ ਸਾਹਿਬ ਵਿਚ ਸ਼ੁਸ਼ੋਭਿਤ ‘ਬੁੰਗਾ ਰਾਮਗੜ੍ਹੀਆ’ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਦੂਜੇ ਰਾਮਗੜ੍ਹੀਏ ਸਰਦਾਰਾਂ ਦੀ ਬਹਾਦਰੀ ਅਤੇ ਵੱਢਪਣ ਦੀ ਯਾਦ ਤਾਜ਼ਾ ਕਰਵਾਉਂਦਾ ਹੈ।
ਰਾਮਗੜ੍ਹੀਆਂ ਦੇ ਸਮੇਂ ਅਨੁਸਾਰ ਬਦਲਦੇ ਕੰਮ
ਰਾਮਗੜ੍ਹੀਆ ਭਾਈਚਾਰੇ ਦਾ ਕੰਮ ਸਮੇਂ-ਸਮੇਂ ਅਨੁਸਾਰ ਬਦਲਦਾ ਰਿਹਾ। ਪੁਰਾਣੇ ਸਮਿਆਂ ਵਿਚ ਜ਼ਿੰਮੀਦਾਰੀ ਦੇ ਸੰਦ ਹਲ, ਪੰਜਾਲੀ, ਸੁਹਾਗਾ, ਖੂਹ ਦਾ ਚਕਲਾ ਅਤੇ ਗੱਡੇ ਆਦਿ ਬਣਾਉਣਾ ਅਤੇ ਘਰ ਦੇ ਸਮਾਨ ਸੰਦੂਕ, ਪੇਟੀਆਂ, ਉਖਲੀਆਂ, ਮੁਹਲੇ, ਚਕਲੇ, ਵੇਲਣੇ, ਮਧਾਣੀਆਂ, ਚੌਕੀਆਂ, ਪਲੰਘ, ਮੰਜੇ, ਚਰਖੇ, ਘਰਾਂ ਦੇ ਦਰਵਾਜ਼ੇ, ਬਾਲੇ ਅਤੇ ਬਾਰੀਆਂ, ਅਲਮਾਰੀਆਂ ਆਦਿ ਬਣਾਈਆਂ ਜਾਂਦੀਆਂ ਸਨ।
ਲੋਹੇ ਦੇ ਕੰਮਾਂ ਵਿਚ ਮਾਹਿਰ ਲੋਕ ਲੱਕੜੀ ਹਲ ਦੇ ਫਾਲੇ, ਲੋਹੇ ਦੇ ਹਲ, ਚਾਕੂ ਛੁਰੀਆਂ, ਕਿਰਪਾਨਾਂ, ਬਰਛੀਆਂ, ਦਾਤੀਆਂ, ਸੱਬਲਾਂ, ਰੰਬੇ ਅਤੇ ਟਕੂਏ ਆਦਿ ਬਣਾਉਂਦੇ ਸਨ। ਕੁਝ ਸਮੇਂ ਬਾਅਦ ਫਾਊਂਡਰੀਆਂ ਦਾ ਜ਼ਮਾਨਾ ਆ ਗਿਆ ਜਿਸ ਵਿਚ ਵੇਲਣੇ, ਪੱਠਿਆਂ ਵਾਲੀਆਂ ਮਸ਼ੀਨਾਂ ਅਤੇ ਟੋਕੇ ਬਣਦੇ ਸਨ। ਵਰਤਮਾਨ ਸਮੇਂ ਵਿਚ ਖੇਤੀ ਦੇ ਮਸ਼ੀਨੀਕਰਨ ਹੋ ਜਾਣ ਬਾਅਦ ਟਰੈਕਟਰਾਂ ਦੇ ਹਲ, ਕਰਾਹੇ, ਤਵੀਆਂ, ਟਰਾਲੀਆਂ, ਬਿਜਾਈ ਦੀਆਂ ਮਸ਼ੀਨਾਂ, ਧਰੈਸ਼ਰ, ਕੰਬਾਇਨਾਂ, ਬਿਜਲੀ ਦੀਆਂ ਮੋਟਰਾਂ ਅਤੇ ਜਨਰੇਟਰ ਬਣਨੇ ਸ਼ੁਰੂ ਹੋਏ। ਘਰੇਲੂ ਸਮਾਨ ਵਿਚ ਅਲਮਾਰੀਆਂ, ਕੂਲਰ, ਏ ਸੀ, ਸਲਾਈ ਮਸ਼ੀਨਾਂ, ਪੱਖੇ, ਵਾਸ਼ਿੰਗ ਮਸ਼ੀਨਾਂ ਆਦਿ ਬਣਨ ਲੱਗੇ। ਹੁਣ ਤਾਂ ਕਾਰਾਂ, ਜੀਪਾਂ, ਟਰੈਕਟਰਾਂ, ਟਰੱਕਾਂ ਅਤੇ ਕੰਬਾਇਨਾਂ ਦੇ ਪੁਰਜ਼ੇ ਆਦਿ ਬਣਾਉਣ ਵਿਚ ਵੀ ਰਾਮਗੜੀਏ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਰਾਮਗੜ੍ਹੀਆਂ ਤੋਂ ਬਿਨਾਂ ਕੁਝ ਹੋਰ ਜਾਤਾਂ, ਨਸਲਾਂ, ਧਰਮਾਂ, ਕਬੀਲਿਆਂ ਦੇ ਕੁਝ ਲੋਕ ਵੀ ਉਪਰੋਕਤ ਸਮਾਨ ਤਿਆਰ ਕਰਦੇ ਹਨ ਪਰੰਤੂ ਗਿਣਤੀ ਪੱਖੋਂ ਉਹ ਬਹੁਤ ਘਟ ਹਨ।
ਰਾਮਗੜੀਆ ਭਾਈਚਾਰੇ ਵਿਚ ਜਗਤ ਪ੍ਰਸਿੱਧੀ ਵਾਲੇ ਮਹਾਨ ਲੋਕਾਂ ਦੀ ਲਿਸਟ ਬਹੁਤ ਲੰਮੀ ਹੈ। ਮਹਾਨ ਗੁਰੂ ਭਗਤਾਂ ਵਿਚ ਭਾਈ ਲਾਲੋ, ਭਾਈ ਰੂਪਾ ਅਤੇ ਅਸ਼ੋਕ ਸਿੰਘ ਬਾਗੜੀਆਂ ਦਾ ਨਾਮ ਪਹਿਲੀਆਂ ਕਤਾਰਾਂ ਵਿਚ ਆਉਂਦਾ ਹੈ। ਕੂਕਾ ਲਹਿਰ ਦੇ ਸੰਚਾਲਕ ਸਤਿਗੁਰੂ ਰਾਮ ਸਿੰਘ ਜੀ ਭੈਣੀ ਨੂੰ ਕੌਣ ਨਹੀਂ ਜਾਣਦਾ। ਰਾਜਨੀਤੀ ਵਿਚ ਗਿਆਨੀ ਜੈਲ ਸਿੰਘ ਅਤੇ ਪਹਿਲਾ ਭਾਰਤੀ ਅਮਰੀਕੀ ਸੰਸਦ ਦਲੀਪ ਸਿੰਘ ਸੌਂਧ ਸੰਸਾਰ ਪ੍ਰਸਿੱਧ ਹਸਤੀਆਂ ਹਨ। ਰਾਮਗੜ੍ਹੀਆ ਬਰਾਦਰੀ ਨਾਲ ਸਬੰਧਤ ਪਾਕਿਸਤਾਨ ਦੇ ਨਵਾਜ਼ ਸ਼ਰੀਫ਼ ਅਤੇ ਉਸ ਦਾ ਭਰਾ ਸਹਿਬਾਜ਼ ਸ਼ਰੀਫ਼ ਪ੍ਰਸਿੱਧ ਰਾਜਨੀਤਕ ਨੇਤਾ ਹਨ। ਰਾਮਗੜ੍ਹੀਆ ਬਰਾਦਰੀ ਨੇ ਵੱਡੇ ਲੇਖਕ, ਚਿਤਰਕਾਰ, ਐਕਟਰ, ਡਾਕਟਰ, ਇੰਜਨੀਅਰ, ਰਾਗੀ, ਢਾਡੀ ਅਤੇ ਪ੍ਰਸਿੱਧ ਕਥਾਵਾਚਕ ਪੈਦਾ ਕੀਤੇ ਹਨ।
ਜਨੇਰ ਦੇ ਲੁਹਾਰ ਅਤੇ ਤਰਖਾਣ
ਜਨੇਰ ਵਿਚ ਲੁਹਾਰ ਅਤੇ ਤਰਖਾਣ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਵਸਦੇ ਹਨ। ਪਿੰਡ ਦੇ ਸਰਕਾਰੀ ਰਿਕਾਰਡਾਂ ਅਨੁਸਾਰ ਤਰਖਾਣਾਂ ਦੀ ਵਸੋਂ ਪੀਰ ਖਾਂ ਪੱਤੀ ਵਿਚ ਅਤੇ ਲੁਹਾਰਾਂ ਦੀ ਵਸੋਂ ਚੀਮਾ ਪੱਤੀ ਵਿਚ ਦਿਖਾਈ ਜਾਂਦੀ ਰਹੀ ਹੈ, ਪਰੰਤੂ ਅੱਜਕਲ੍ਹ ਸਭ ਕੁਝ ਰਲ ਮਿਲ ਗਿਆ ਹੈ ਅਤੇ ਦੂਜੀਆਂ ਦੋਹਾਂ ਸੇਖੋਂ ਅਤੇ ਸਿੱਧੂ ਪੱਤੀ ਵਿਚ ਵੀ ਇਨ੍ਹਾਂ ਦੀ ਵਸੋਂ ਹੋ ਗਈ ਹੈ। ਪਿੰਡ ਦੇ ਲਗਪਗ ਸਾਰੇ ਤਰਖਾਣ ਅਤੇ ਲੁਹਾਰ ਭਾਈਚਾਰੇ ਪਾਸ ਜ਼ਮੀਨਾਂ ਹਨ ਪਰੰਤੂ ਤਰਖਾਣ ਬਰਾਦਰੀ ਪਾਸ ਜ਼ਿਆਦਾ ਜ਼ਮੀਨ ਹੈ ਇਨ੍ਹਾਂ ਵਿਚੋਂ ਕਈ ਤਾਂ ਹੋਰ ਧੰਦਿਆਂ ਦੇ ਨਾਲ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ ਅਤੇ ਖੇਤੀਬਾੜੀ ਦੇ ਆਧੁਨਿਕ ਸੰਦ ਵੀ ਖਰੀਦੇ ਹੋਏ ਹਨ।
ਪੁਰਾਣੀ ਪੀੜ੍ਹੀ ਦੇ ਜ਼ਿਆਦਾਤਰ ਤਰਖਾਣ ਅਤੇ ਲੁਹਾਰ ਰਾਜ ਮਿਸਤਰੀ ਦਾ ਕੰਮ ਕਰਦੇ ਸਨ, ਕੁਝ ਲੱਕੜੀ ਦਾ ਕੰਮ ਵੀ ਕਰਦੇ ਸਨ ਅਤੇ ਖੇਤੀਬਾੜੀ ਦੇ ਸੰਦਾਂ ਅਤੇ ਹੋਰ ਘਰੇਲੂ ਸਮਾਨ ਦੀ ਮੁਰੰਮਤ ਆਦਿ ਦਾ ਵੀ। ਨਵੀਂ ਪੀੜ੍ਹੀ ਵਿਚੋਂ ਬਹੁਤ ਹੀ ਘਟ ਨੇ ਆਪਣਾ ਪਿਤਾ ਪੁਰਖੀ ਧੰਦਾ ਅਪਣਾਇਆ ਸਗੋਂ ਅੱਜਕਲ੍ਹ ਦੇ ਇੰਜਨੀਅਰਿੰਗ ਯੁਗ ਵਿਚ ਵਰਕਸ਼ਾਪਾਂ ਵਿਚੋਂ ਟੈਕਨੀਕਲ-ਕੰਮ ਸਿਖਿਆ। ਕਈ ਤਾਂ ਵੱਡੀਆਂ, ਛੋਟੀਆਂ ਵਰਕਸ਼ਾਪਾਂ ਦੇ ਖ਼ੁਦ ਮਾਲਕ ਵੀ ਹਨ। ਵਿਦਿਆ ਦੇ ਖੇਤਰ ਵਿਚ ਪਿੰਡ ਦੀ ਰਾਮਗੜ੍ਹੀਆ ਬਰਾਦਰੀ ਪਛੜੀ ਹੀ ਰਹੀ। ਬੇਸ਼ਕ ਪਿੰਡ ਵਿਚ ਕਾਫੀ ਪੁਰਾਣਾ ਹਾਈ ਸਕੂਲ ਹੈ ਫੇਰ ਵੀ ਇਨ੍ਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਉਚ ਵਿਦਿਆ ਵਲ ਉਤਸ਼ਾਹਿਤ ਨਾ ਕੀਤਾ ਅਤੇ ਨਾ ਹੀ ਇਨ੍ਹਾਂ ਦੀ ਔਲਾਦ ਨੇ ਹੀ ਇਸ ਵਿਚ ਕੋਈ ਦਿਲਚਸਪੀ ਦਿਖਾਈ। ਕੁਝ ਗਿਣੇ ਚੁਣੇ ਬੱਚੇ ਹੀ ਕੁਝ ਹੱਦ ਤਕ ਪੜ੍ਹਾਈ ਕਰ ਸਕੇ।
ਬਾਬਾ ਚੜ੍ਹਤ ਸਿੰਘ ਚਾਨਾ ਦੇ ਲੜਕੇ ਵਧਾਵਾ ਸਿੰਘ ਚਾਨਾ ਦਾ ਪਰਿਵਾਰ ਪਿੰਡ ਦੇ ਤਰਖਾਣ ਭਾਈਚਾਰੇ ਵਿਚ ਸਭ ਤੋਂ ਵੱਡਾ ਹੈ। ਵਧਾਵਾ ਸਿੰਘ ਚਾਨਾ ਦੇ ਸੱਤ ਪੁੱਤਰ ਮੰਗਲ ਸਿੰਘ, ਹਰਨਾਮ ਸਿੰਘ, ਸ਼ਾਮ ਸਿੰਘ, ਜਵਾਲਾ ਸਿੰਘ, ਅਰਜਨ ਸਿੰਘ, ਮਾਘੀ ਸਿੰਘ ਅਤੇ ਭਾਨ ਸਿੰਘ ਸਨ । ਮੰਗਲ ਸਿੰਘ ਰਾਜਗਿਰੀ ਅਤੇ ਲੱਕੜ ਦੋਹਾਂ ਕਿਸਮਾਂ ਦਾ ਮਿਸਤਰੀ ਸੀ। ਉਸ ਦੇ ਤਿੰਨ ਪੁੱਤਰ ਬਚਨ ਸਿੰਘ, ਰਤਨ ਸਿੰਘ ਅਤੇ ਅਮਰ ਸਿੰਘ ਹੋਏ। ਬਚਨ ਸਿੰਘ ਆਪਣੇ ਸਮੇਂ ਦਾ ਪ੍ਰਸਿੱਧ ਰਾਜ ਮਿਸਤਰੀ ਸੀ। ਇਸ ਤੋਂ ਬਿਨਾਂ ਪਹਿਲਾਂ ਇਸ ਪਰਿਵਾਰ ਦੇ ਪਿਤਾ ਪੁਰਖੀ ਖਰਾਸ ਸਨ ਅਤੇ ਬਾਅਦ ਵਿਚ ਆਟਾ ਚੱਕੀ ਦਾ ਕੰਮ ਵੀ ਕੀਤਾ। ਬਚਨ ਸਿੰਘ ਦੇ ਲੜਕਿਆਂ ਵਿਚੋਂ ਵੱਡੇ ਜਗਦੇਵ ਸਿੰਘ ਦੀ ਕੋਟ ਈਸੇ ਖਾਂ ਵਿਖੇ ਬਿਜਲੀ ਦੀਆਂ ਮੋਟਰਾਂ ਦੀ ਵਰਕਸ਼ਾਪ ਹੈ। ਛੋਟੇ ਦੋਵੇਂ ਹਰਨੇਕ ਸਿੰਘ ਅਤੇ ਦਰਸ਼ਨ ਸਿੰਘ ਕੰਬਾਇਨਾਂ ਦੀ ਮੁਰੰਮਤ ਦਾ ਕੰਮ ਕਰਦੇ ਹਨ। ਰਤਨ ਸਿੰਘ ਵੀ ਰਾਜਗਿਰੀ ਦਾ ਕੰਮ ਕਰਦਾ ਸੀ। ਉਸ ਦੇ ਦੋਵੇਂ ਲੜਕੇ ਪੰਜਾਬ ਤੋਂ ਬਾਹਰ ਕਿਸੇ ਸ਼ਹਿਰ ਵਿਚ ਵਰਕਸ਼ਾਪਾਂ ਦਾ ਕੰਮ ਕਰਦੇ ਹਨ। ਅਮਰ ਸਿੰਘ ਨੇ ਆਟਾ ਚੱਕੀ, ਰੂਪੇਂਜਾ ਅਤੇ ਇਸ ਦੇ ਨਾਲ ਵੈਲਡਿੰਗ ਦੀ ਵਰਕਸ਼ਾਪ ਦਾ ਕੰਮ ਕੀਤਾ। ਉਹ ਵਧੀਆ ਆਖੰਡ ਪਾਠੀ ਸੀ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਹਰ ਰੋਜ਼ ਤੜਕੇ ਪਾਠ ਕਰਨ ਜਾਂਦਾ ਹੋਣ ਕਰਕੇ ‘ਨਿਤਨੇਮੀ’ ਵਜੋਂ ਜਾਣਿਆ ਜਾਂਦਾ ਸੀ। ਅਮਰ ਸਿੰਘ ਦਾ ਵੱਡਾ ਲੜਕਾ ਅਵਤਾਰ ਸਿੰਘ ਮਕਾਨ ਉਸਾਰੀ ਦੀ ਠੇਕੇਦਾਰੀ ਦਾ ਕੰਮ ਕਰਦਾ ਹੈ। ਕਾਮਯਾਬ ਠੇਕੇਦਾਰ ਹੈ। ਛੋਟੇ ਦੋਵੇਂ ਜਗਤਾਰ ਸਿੰਘ ਅਤੇ ਜਗਜੀਤ ਸਿੰਘ ਆਟਾ ਚੱਕੀਆਂ ਦਾ ਕੰਮ ਕਰਦੇ ਹਨ।
ਹਰਨਾਮ ਸਿੰਘ ਚਾਨਾ ਦੇ ਲੜਕੇ ਗੁਰਦਿਆਲ ਸਿੰਘ ਨੇ ਕਈ ਕੰਮ ਕੀਤੇ। ਉਸ ਦੇ ਤਿੰਨ ਲੜਕੇ ਦਰਸ਼ਨ ਸਿੰਘ, ਨਛੱਤਰ ਸਿੰਘ ਅਤੇ ਨਿੱਕੂ ਸਿੰਘ ਮੋਗਾ ਸ਼ਹਿਰ ਵਿਚ ਵਰਕਸ਼ਾਪਾਂ ਵਿਚ ਮਕੈਨਿਕ ਹਨ ਅਤੇ ਚੰਦ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਸ਼ਾਮ ਸਿੰਘ ਚਾਨਾ ਦੇ ਪਰਿਵਾਰ ਨਾਲ ਉਸ ਦਾ ਛੋਟਾ ਭਰਾ ਅਰਜਨ ਸਿੰਘ ਵੀ ਰਹਿੰਦਾ। ਸੀ ਜਿਸ ਦੇ ਕੋਈ ਔਲਾਦ ਨਹੀਂ ਸੀ। ਸ਼ਾਮ ਸਿੰਘ ਚਾਨਾ ਦੇ ਵੱਡੇ ਦੋ ਲੜਕੇ ਲਾਭ ਸਿੰਘ ਅਤੇ ਸਾਧੂ ਸਿੰਘ ਰਾਜ ਮਿਸਤਰੀ ਦਾ ਕੰਮ ਕਰਦੇ ਹਨ। ਅੱਗੇ ਉਨ੍ਹਾਂ ਦੇ ਲੜਕੇ ਵੱਖ- ਵੱਖ ਟਰੇਡਾਂ ਨਾਲ ਸਬੰਧਤ ਵਰਕਸ਼ਾਪਾਂ ਵਿਚ ਕੰਮ ਕਰਦੇ ਹਨ। ਸ਼ਾਮ ਸਿੰਘ ਦੇ ਛੋਟੇ ਚਾਰ ਲੜਕਿਆਂ ਸੇਵਕ ਸਿੰਘ, ਬਲਦੇਵ ਸਿੰਘ, ਹਰਚੰਦ ਸਿੰਘ ਅਤੇ ਭਜਨ ਸਿੰਘ ਨੇ ਪਿਤਾ ਪੁਰਖੀ ਰਾਜਗਿਰੀ ਦਾ ਧੰਦਾ ਨਾ ਅਪਣਾਇਆ ਸਗੋਂ ਵੱਖ-ਵੱਖ ਮਕੈਨੀਕਲ ਲਾਈਨਾਂ ਵਿਚ ਹਨ।
ਜਵਾਲਾ ਸਿੰਘ ਚਾਨਾ ਦਾ ਕਾਫੀ ਵੱਡਾ ਪਰਿਵਾਰ ਸਿੱਧੂ ਪੱਤੀ ਦੇ ਘਰਾਂ ਵਿਚ ਵਸਦਾ ਹੈ। ਉਸ ਦਾ ਵੱਡਾ ਲੜਕਾ ਦਲੀਪ ਸਿੰਘ ਤਾਂ ਬਹੁਤ ਸਮਾਂ ਪਹਿਲਾਂ ਫ਼ਰੀਦਕੋਟ ਵਾਸੀ ਬਣ ਗਿਆ, ਜਿਥੇ ਉਹ ਮਕਾਨ ਉਸਾਰੀ ਦਾ ਠੇਕੇਦਾਰ ਹੈ। ਕਰਤਾਰ ਸਿੰਘ ਅਤੇ ਪਿਆਰਾ ਸਿੰਘ ਦੋਹਾਂ ਨੇ ਹੀ ਰਾਜਗਿਰੀ ਦਾ ਕੰਮ ਕੀਤਾ। ਕਰਤਾਰ ਸਿੰਘ ਦੇ ਤਿੰਨ ਲੜਕੇ ਰੇਸ਼ਮ ਸਿੰਘ, ਕੁਲਜੀਤ ਸਿੰਘ ਅਤੇ ਦੇਵ ਸਿੰਘ ਹਨ। ਇਨ੍ਹਾਂ ਵਿਚੋਂ ਕੋਈ ਵੀ ਰਾਜ ਮਿਸਤਰੀ ਨਾ ਬਣਿਆ ਸਗੋਂ ਲੱਕੜ ਮਿਸਤਰੀ ਅਤੇ ਵਰਕਸ਼ਾਪਾਂ ਵਿਚ ਮਕੈਨਿਕਾਂ ਵਜੋਂ ਕੰਮ ਕਰਦੇ ਹਨ। ਪਿਆਰਾ ਸਿੰਘ ਦੇ ਤਿੰਨ ਲੜਕੇ ਹਨ, ਜਗਜੀਤ ਸਿੰਘ ਟਰੈਕਟਰ ਮਕੈਨਿਕ ਦਾ ਕੰਮ ਅਤੇ ਅਮਰਜੀਤ ਸਿੰਘ ਵਰਕਸ਼ਾਪ ਵਿਚ ਮਕੈਨਿਕ ਹੈ। ਸਭ ਤੋਂ ਛੋਟੇ ਰਾਜੂ ਨੇ ਵਧੀਆ ਇਲੈਕਟ੍ਰੀਸ਼ਨ ਵਜੋਂ ਆਪਣਾ ਕਾਰੋਬਾਰ ਚਲਾਇਆ ਹੋਇਆ ਹੈ।
ਮਾਘੀ ਸਿੰਘ ਚਾਨਾ ਬਹੁਤ ਹੀ ਤੇਜ਼ ਤੈਰਾਕ, ਜ਼ੋਰਾਵਰ ਅਤੇ ਹਿੰਮਤੀ ਇਨਸਾਨ ਸੀ। ਕੱਚੀਆਂ ਇੱਟਾਂ ਜਾਂ ਗੁੰਮਿਆਂ ਨਾਲ ਮਕਾਨ ਉਸਾਰੀ ਵਿਚ ਉਸ ਬਾਰੇ ਪਿੰਡ ਵਿਚ ਕਈ ਗੱਲਾਂ ਪ੍ਰਚਲਤ ਹਨ। ਕਹਿੰਦੇ ਹਨ ਕਿ ਉਹ ਇਕੱਲਾ ਹੀ ਸ਼ਾਮ ਤਕ ਇਕ ਕੋਠਾ ਛੱਤ ਦਿੰਦਾ ਪਰੰਤੂ ਉਸ ਲਈ ਦਸ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਸੀ। ਉਸ ਦਾ ਵੱਡਾ ਲੜਕਾ ਮੁਹਿੰਦਰ ਸਿੰਘ ਮੋਗਾ ਸ਼ਹਿਰ ਵਿਚ ਮਕੈਨਿਕ ਹੈ। ਛੋਟੇ ਚਰਨ ਸਿੰਘ ਨੇ ਪਿਤਾ ਪੁਰਖੀ ਰਾਜਗਿਰੀ ਵਾਲਾ ਕੰਮ ਕੀਤਾ ਅਤੇ ਆਪਣੇ ਪਿਤਾ ਵਾਂਗ ਤੇਜ਼ ਤਰਾਰ ਰਾਜ ਮਿਸਤਰੀ ਵਜੋਂ ਮਸ਼ਹੂਰ ਹੋਇਆ। ਅੱਜਕਲ੍ਹ ਰਾਜਗਿਰੀ ਦੇ ਕੰਮ ਦਾ ਠੇਕੇਦਾਰ ਹੈ। ਸਹਾਇਕ ਧੰਦੇ ਵਜੋਂ ਘਰ ਵਿਚ ਛੋਟੀ ਜਿਹੀ ਆਟਾ ਚੱਕੀ ਵੀ ਚਲਾਉਂਦਾ ਹੈ। ਮਾਘੀ ਸਿੰਘ ਤੋਂ ਛੋਟਾ ਇਸ ਦਾ ਇਕ ਹੋਰ ਭਰਾ ਭਾਨ ਸਿੰਘ ਵੀ ਸੀ। ਉਸ ਨੇ ਵਿਆਹ ਨਹੀਂ ਕਰਵਾਇਆ ਸਗੋਂ ਜ਼ਿੰਦਗੀ ਭਰ ਆਪਣੇ ਖਾਣ ਪੀਣ ਵਿਚ ਹੀ ਮਸਤ ਰਿਹਾ। ਪਹਿਲਾਂ ਨੇੜਲੇ ਪਿੰਡ ਲੰਢੇਕੇ
ਮਿਸਤਰੀ ਦਸੌਂਧਾ ਸਿੰਘ ਚਾਨਾ ਦਾ ਪਰਿਵਾਰ ਵਿਚ ਵਸਦਾ ਸੀ ਅਤੇ ਬਾਅਦ ਵਿਚ ਜਨੇਰ ਆ ਕੇ ਵਸ ਗਿਆ। ਦਸੌਂਧਾ ਸਿੰਘ ਆਪਣੇ ਸਮਿਆਂ ਵਿਚ ਨਵੇਂ ਗੱਡੇ ਬਣਾਉਣ ਅਤੇ ਪੁਰਾਣਿਆਂ ਨੂੰ ਮੁਰੰਮਤ ਕਰਨ ਵਾਲਾ ਆਹਲਾ ਮਿਸਤਰੀ ਸੀ। ਉਸ ਦੇ ਲੜਕੇ ਪੂਰਨ ਸਿੰਘ ਨੇ ਪਿੰਡ ਵਾਸੀਆਂ ਦੇ ਖੇਤੀ ਸੰਦਾਂ ਅਤੇ ਘਰੇਲੂ ਸਮਾਨ ਦੀ ਛੋਟੀ-ਮੋਮੀ ਮੁਰੰਮਤ ਦੇ ਕੰਮ ਕਰਨ ਲਈ ਸੇਪੀ ਦਾ ਕੰਮ ਕਰ ਲਿਆ (ਸੇਪੀ ਤੋਂ ਭਾਵ ਹੈ, ਸਾਰਾ ਸਾਲ ਮੁਫ਼ਤ ਕੰਮ ਕਰਨਾ, ਛੇ ਮਹੀਨੇ ਬਾਅਦ ਹਾੜ੍ਹੀ ਅਤੇ ਸੌਣੀ ਦੀ ਫ਼ਸਲ ਸਮੇਂ ਅਨਾਜ ਦੇ ਰੂਪ ਵਿਚ ਮਜ਼ਦੂਰੀ ਲੈ ਲੈਣੀ) ਪੂਰਨ ਸਿਘ ਵਧੀਆ ਅਖੰਡ ਪਾਠੀ ਵੀ ਸੀ ਪਰੰਤੂ ਉਹ ਮਜ਼ਾਕ ਨਾਲ ਵਿਅੰਗ ਕਸ ਕੇ ਆਪ ਖ਼ੁਸ਼ ਰਹਿਣ ਅਤੇ ਦੂਜੇ ਨੂੰ ਖ਼ੁਸ਼ ਰੱਖਣ ਵਜੋਂ ਜ਼ਿਆਦਾ ਜਾਣਿਆ ਜਾਂਦਾ ਸੀ। ਅੱਗੇ ਉਸ ਦੇ ਦੋਹਾਂ ਲੜਕਿਆਂ ਨੇ ਸੇਪੀ ਦਾ ਕੰਮ ਨਹੀਂ ਕੀਤਾ ਸਗੋਂ ਦੋਵੇਂ ਮਕੈਨਿਕ ਹਨ ਅਤੇ ਰਾਜ ਮਿਸਤਰੀ ਦਾ ਕੰਮ ਵੀ ਕਰ ਲੈਂਦੇ ਹਨ।
ਅਰਜਨ ਸਿੰਘ ਚਾਨਾ ਅਤੇ ਪ੍ਰੇਮ ਸਿੰਘ ਚਾਨਾ ਦੇ ਸਕੇ ਭਰਾ ਸਨ। ਉਨ੍ਹਾਂ ਵਿਚੋਂ ਪ੍ਰੇਮ ਸਿੰਘ ਵਿਆਹਿਆ ਨਹੀਂ ਸੀ। ਅਰਜਨ ਸਿੰਘ ਚਾਨਾ ਉੱਚਾ ਲੰਮਾ, ਸਾਫ਼ ਸੁਥਰਾ ਅਤੇ ਚਿੱਟਾ ਦਾੜ੍ਹਾ ਪ੍ਰਕਾਸ਼ ਕਰਕੇ ਰੱਖਣ ਵਾਲਾ ਰੋਹਬਦਾਰ ਵਿਅਕਤੀਤਵ ਵਾਲਾ ਇਨਸਾਨ ਸੀ। ਉਸ ਦੇ ਦੋ ਲੜਕੇ ਸੁਰਜੀਤ ਸਿੰਘ ਅਤੇ ਸੇਵਕ ਸਿੰਘ ਹਨ। ਸੁਰਜੀਤ ਸਿੰਘ ਚਾਨਾ ਬੱਸਾਂ, ਕਾਰਾਂ, ਜੀਪਾਂ ਅਤੇ ਟਰੈਕਟਰਾਂ ਦੇ ਹੈਡ ਗਰਾਈਂਡ ਕਰਨ ਵਾਲਾ ਮਾਹਿਰ ਮਿਸਤਰੀ ਸੀ। ਮੋਗਾ ਸ਼ਹਿਰ ਵਿਚ ਉਸ ਦੀ ਆਪਣੀ ਆਧੁਨਿਕ ਟੂਲਾਂ ਨਾਲ ਲੈਸ ਵਰਕਸ਼ਾਪ ਸੀ ਪਰੰਤੂ ਦਾਣਾ ਪਾਣੀ ਉਸ ਨੂੰ ਆਪਣੇ ਵੱਡੇ ਲੜਕੇ ਪਾਸ ਅਮਰੀਕਾ ਖਿੱਚ ਕੇ ਲੈ ਗਿਆ। ਉਥੇ ਵੀ ਉਹ ਦੋਵੇਂ ਪਿਉ ਪੁੱਤਰ ਕੈਲੇਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਵਿਚ ਫਾਰਮ ਮਸ਼ੀਨਰੀ ਦੇ ਵਧੀਆ ਮਕੈਨਿਕ ਹਨ। ਛੋਟਾ ਲੜਕਾ ਚੰਨਾ ਮੋਗਾ ਨਿਵਾਸੀ ਬਣ ਗਿਆ। ਸੁਰਜੀਤ ਸਿੰਘ ਚਾਨਾ ਦੇ ਛੋਟੇ ਭਰਾ ਸੇਵਕ ਸਿੰਘ ਨੇ ਉਤਰ ਪ੍ਰਦੇਸ਼ ਵਿਚ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।
ਮਿਸਤਰੀ ਈਸ਼ਰ ਸਿੰਘ ਚਾਨਾ ਦਾ ਕੋਈ ਭਰਾ ਨਹੀਂ ਸੀ। ਅੱਗੋਂ ਉਸ ਦਾ ਲੜਕਾ ਮਾਧਾ ਸਿੰਘ ਚਾਨਾ ਵੀ ਇਕਲੌਤਾ ਪੁੱਤਰ ਸੀ। ਮਾਧਾ ਸਿੰਘ ਚਾਨਾ ਨੇ ਜ਼ਿੰਦਗੀ ਭਰ ਰਾਜ ਮਿਸਤਰੀ ਦਾ ਕੰਮ ਕੀਤਾ ਅਤੇ ਉਹ ਆਪਣੇ ਕੰਮ ਦੇ ਸਚਿਆਰੇ ਮਿਸਤਰੀ ਵਜੋਂ ਜਾਣਿਆ ਜਾਂਦਾ ਸੀ। ਉਸ ਦੇ ਹੱਥਾਂ ਦੀ ਕੀਤੀ ਹੋਈ ਛੱਤਾਂ ਦੀ ਟੀਪ ਅੱਜ ਤਕ ਪਿੰਡ ਵਿਚ ਕਿਸੇ ਦੇ ਘਰੇ ਮੀਂਹਾਂ ਸਮੇਂ ਲੀਕ ਨਹੀਂ ਹੋਈ ਅਤੇ ਸ਼ਾਇਦ ਹੋਵੇ ਵੀ ਨਾ। ਮਾਧਾ ਸਿੰਘ ਕਈ ਵਾਰ ਮਜ਼ਾਕ ਵਿਚ ਵੱਡੀ ਗੱਲ ਕਰ ਜਾਂਦਾ। ਜੇਕਰ ਉਸ ਨੂੰ ਕੋਈ ਮੈਂਬਰ ਪੰਚਾਇਤ ਬਣਨ ਲਈ ਆਖਦਾ ਤਾਂ ਉਸ ਦਾ ਜੁਆਬ ਹੁੰਦਾ, “ਦਿਹਾੜੀ ਮੇਰੀ ਟੁੱਟਦੀ ਨਹੀਂ, ਦੂਜੇ ਮਿਸਤਰੀਆਂ ਨਾਲੋਂ ਜ਼ਮੀਨ ਦੇ ਸਿਆੜ ਵੀ ਜ਼ਿਆਦਾ ਹਨ, ਭਾਈ ਮੈਂ ਤਾਂ ਆਪਣੇ ਘਰੇ ਹੀ ਸਰਪੰਚ ਹਾਂ।” ਉਸ ਦੇ ਲੜਕੇ ਜਸਵੰਤ ਸਿੰਘ ਨੇ ਵੀ ਪਿਤਾ ਪੁਰਖੀ ਰਾਜ ਮਿਸਤਰੀ ਵਾਲਾ ਕੰਮ ਕੀਤਾ ਪਰੰਤੂ ਉਸ ਦੇ ਦੋ ਲੜਕਿਆਂ ਰਾਜ ਅਤੇ ਸੋਨੀ ਨੇ ਖੇਤੀਬਾੜੀ ਦੇ ਕੰਮ ਨੂੰ ਹੀ ਤਰਜੀਹ ਦਿੱਤੀ। ਪ੍ਰਸਿੱਧ ਕੀਰਤਨੀਆ ਨਰਾਇਣ ਸਿੰਘ ਚਾਨਾ ਵੀ ਕਿਸੇ ਸਮੇਂ ਮਾਧਾ ਸਿੰਘ ਦੀ ਪੁਰਾਣੀ ਰਹਾਇਸ਼ ਨੇੜੇ ਵਸਦਾ ਸੀ। ਉਸ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਕੀਰਤਨ ਵਿਦਿਆ ਹਾਸਲ ਕੀਤੀ ਅਤੇ ਬਾਅਦ ਵਿਚ ਮੋਗਾ ਦੇ ਬਾਬਾ ਮੱਲ ਸਿੰਘ ਜੀ ਵਾਲੇ ਗੁਰਦੁਆਰੇ ਦਾ ਹਜ਼ੂਰੀ ਰਾਗੀ ਬਣਨ ਸਮੇਂ ਪਰਿਵਾਰ ਸਹਿਤ ਮੋਗਾ ਸ਼ਹਿਰ ਵਿਚ ਜਾ ਵਸਿਆ।
ਮਹਿੰਗਾ ਸਿੰਘ ਚਾਨਾ ਆਪਣੇ ਸਮੇਂ ਦਾ ਬਹੁਪੱਖੀ ਕਾਰੀਗਰ ਹੋਇਆ ਹੈ। ਇਸ ਕਰਕੇ ਉਹ ਪਿੰਡ ਵਿਚ ਮਹਿੰਗਾ ਸਿੰਘ ਜੁਗਤੀ ਅਤੇ ਕਈ ਹੋਰ ਨਾਵਾਂ ਨਾਲ ਮਸ਼ਹੂਰ ਸੀ। ਕੰਮ ਲੁਹਾਰਾ ਹੋਵੇ ਜਾਂ ਤਰਖਾਣਾ, ਮਕਾਨ ਉਸਾਰੀ ਦਾ ਜਾਂ ਹਲਟਾਂ ਦੀ ਮੁਰੰਮਤ ਦਾ ਇਹ ਸਾਰੇ ਕੰਮ ਉਹ ਆਪ ਹੀ ਕਰ ਲੈਂਦਾ ਸੀ। ਉਸ ਦੇ ਤਿੰਨ ਲੜਕਿਆਂ ਵਿਚੋਂ ਵੱਡਾ ਬਲਵੀਰ ਸਿੰਘ ਵਿਆਹਿਆ ਨਹੀਂ ਸੀ ਅਤੇ ਖੇਤੀ ਨਾਲ ਸਬੰਧਤ ਲੁਹਾਰੇ ਤਰਖਾਣੇ ਕੰਮ ਦੀ ਸੇਪੀ ਕਰਦਾ ਸੀ। ਉਸ ਤੋਂ ਛੋਟੇ ਜੰਗੀਰ ਸਿੰਘ ਨੇ ਮਕਾਨ ਉਸਾਰੀ ਦਾ ਕੰਮ ਕੀਤਾ ਅਤੇ ਬਹੁਤ ਤੇਜ਼ ਤਰਾਕ ਰਾਜ ਮਿਸਤਰੀ ਸੀ। ਉਸ ਦੇ ਦੋਵੇਂ ਲੜਕਿਆਂ ਛਿੰਦਰ ਸਿੰਘ ਅਤੇ ਪਰਮਜੀਤ ਸਿੰਘ ਨੇ ਵੀ ਰਾਜਗਿਰੀ ਦਾ ਕੰਮ ਕੀਤਾ। ਮਹਿੰਗਾ ਸਿੰਘ ਚਾਨਾ ਸਭ ਤੋਂ ਛੋਟਾ ਲੜਕਾ ਵਿਆਹਿਆ ਨਹੀਂ ਪਰੰਤੂ ਗੁਰੂ ਘਰ ਦਾ ਪੱਕਾ ਸੇਵਕ ਅਤੇ ਮਸਤ ਲੋਕ ਹੈ। ਇਸੇ ਕਰਕੇ ਸਾਰੇ ਉਸ ਨੂੰ ‘ਮਸਤ’ ਨਾਮ ਨਾਲ ਹੀ ਬੁਲਾਉਂਦੇ ਹਨ। ਇਨ੍ਹਾਂ ਦੀ ਰਹਾਇਸ਼ ਹਾਲੀਂ ਵੀ ਆਪਣੇ ਜੱਦੀ ਘਰ ਜਿਥੇ ਕਿਸੇ ਸਮੇਂ ਮਿਸਤਰੀਆ ਦੀ ਖੂਹੀ ਹੁੰਦੀ। ਸੀ, ਦੇ ਨੇੜੇ ਹੈ। ਇਨ੍ਹਾਂ ਦੇ ਘਰ ਸਾਹਮਣੇ ਚਰਨ ਸਿੰਘ ਮਿਸਤਰੀ ਦਾ ਘਰ ਸੀ ਜਿਹੜਾ ਕਿ ਅੱਖਾਂ ਤੋਂ ਮੁਨਾਖਾ ਸੀ। ਕਾਫੀ ਸਮਾਂ ਪਹਿਲਾਂ ਉਹ ਰੱਬ ਨੂੰ ਪਿਆਰਾ ਹੋ ਗਿਆ।
ਬਿੱਕਰ ਸਿੰਘ ਚਾਨਾ ਅਤੇ ਗੁਰਾ ਸਿੰਘ ਚਾਨਾ ਦੋ ਭਰਾਵਾਂ ਦੀ ਰਹਾਇਸ਼ ਵੀ ਮਹਿੰਗਾ ਸਿੰਘ ਚਾਨਾ ਦੇ ਨੇੜੇ ਹੀ ਹੈ। ਬਿੱਕਰ ਸਿੰਘ ਨੇ ਵੀ ਰਾਜਗਿਰੀ ਦਾ ਕੰਮ ਨਹੀਂ ਕੀਤਾ ਅਤੇ ਅੱਗੇ ਉਸ ਦੇ ਚਾਰ ਲੜਕੇ ਸੁਖਦੇਵ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ ਅਤੇ ਰਘਬੀਰ ਸਿੰਘ ਵੀ ਮਕੈਨੀਕਲ ਲਾਈਨਾਂ ਵਿਚ ਹੀ ਹਨ। ਗੁਰਾ ਸਿੰਘ ਦੇ ਲੜਕੇ ਸਨੀ ਸਿੰਘ ਅਤੇ ਫਿਲੂ ਵੀ ਟੈਕਨੀਕਲ ਕੰਮ ਕਰਦੇ ਹਨ। ਇਨ੍ਹਾਂ ਦੇ ਘਰ ਨੇੜੇ ਹੀ ਲੱਕੜੀ ਵਾਲੇ ਮਿਸਤਰੀ ਜੰਗੀਰ ਸਿੰਘ ਦਾ ਮਕਾਨ ਹੈ। ਉਹ ਲੱਕੜੀ ਦਾ ਵਧੀਆ ਮਿਸਤਰੀ ਸੀ ਪਰੰਤੂ ਉਸ ਦੇ ਕੋਈ ਔਲਾਦ ਨਾ ਹੋਈ। ਅੱਜਕਲ੍ਹ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੇ ਉਸ ਦਾ ਘਰ-ਬਾਰ ਸਾਂਭਿਆ ਹੋਇਆ ਹੈ।
ਚਾਨਾ ਗੋਤ ਨਾਲ ਸਬੰਧਤ ਦੋ ਭਰਾ ਨਾਜਰ ਸਿੰਘ ਅਤੇ ਪਾਖਰ ਸਿੰਘ ਆਪਣੇ ਸਮੇਂ ਦੇ ਵਧੀਆ ਰਾਜ ਮਿਸਤਰੀ ਸਨ ਅਤੇ ਦੋਹਾਂ ਨੇ ਜ਼ਿਆਦਾਤਰ ਮੋਗਾ ਸ਼ਹਿਰ ਵਿਚ ਹੀ ਕੰਮ ਕੀਤਾ। ਸ਼ਾਇਦ ਇਸ ਕਰਕੇ ਮੂੰਹ-ਜ਼ੁਬਾਨੀ ਤੁਕਾਂ ਜੋੜਨ ਵਾਲਾ ਮੰਦਰ ਸਿੰਘ ਸਿੱਧੂ ਆਖਦਾ ਹੈ, “ਨਾਜਰ ਪਾਖਰ ਕਾ, ਜਿਹੜਾ ਮੋਗੇ ਹੀ ਕੋਠੀਆਂ ਪਾਵੇ।” ਨਾਜਰ ਸਿੰਘ ਚਾਨਾ ਦੇ ਵੱਡੇ ਲੜਕੇ ਰੇਸ਼ਮ ਸਿੰਘ ਨੇ ਪਿਤਾ ਪੁਰਖੀ ਰਾਜਗਿਰੀ ਦਾ ਕੰਮ ਜਾਰੀ ਰੱਖਿਆ ਅਤੇ ਕੋਠੀਆਂ ਬਣਾਉਣ ਦਾ ਠੇਕੇਦਾਰ ਹੈ। ਦੂਜੇ ਦੋਹਾਂ ਦਰਸ਼ਨ ਸਿੰਘ ਅਤੇ ਮੇਜਰ ਸਿੰਘ ਨੇ ਵਰਕਸ਼ਾਪਾਂ ਦੇ ਮਿਸਤਰੀ ਬਣ ਕੇ ਆਪਣੇ ਕਾਰੋਬਾਰ ਚਲਾ ਲਏ। ਪਾਖਰ ਸਿੰਘ ਚਾਨਾ ਦਾ ਇਕ ਲੜਕਾ ਛਿੰਦਰ ਸਿੰਘ ਕੋਠੀਆਂ ਬਣਾਉਣ ਦਾ ਠੇਕੇਦਾਰ ਹੈ ਅਤੇ ਸੁਖਦੇਵ ਸਿੰਘ ਅਤੇ ਉਸ ਤੋਂ ਛੋਟਾ ਮਕੈਨੀਕਲ ਲਾਈਨ ਵਿਚ ਵਧੀਆ ਮਕੈਨਿਕ ਹਨ।
ਇਨ੍ਹਾਂ ਦੇ ਗੁਆਂਢ ਵਿਚ ਹੀ ਜੀਤਾ ਸਿੰਘ ਚਾਨਾ ਅਤੇ ਪਾਲ ਸਿੰਘ ਚਾਨਾ ਦੋ ਭਰਾਵਾਂ ਦੀ ਰਹਾਇਸ਼ ਹੈ। ਪਾਲ ਸਿੰਘ ਚਾਨਾ ਤਾਂ ਵਿਆਹਿਆ ਨਹੀਂ ਸੀ, ਕਿਸੇ ਸਮੇਂ ਉਹ ਗੱਡਿਆਂ ਦੀਆਂ ਜੋੜੀਆਂ (ਪਹੀਏ) ਬਣਾਉਣ ਲਈ ਨੇੜੇ-ਤੇੜੇ ਦੇ ਪਿੰਡਾਂ ਵਿਚ ਮਸ਼ਹੂਰ ਸੀ। ਜੀਤਾ ਸਿੰਘ ਚਾਨਾ ਨੇ ਰਾਜ ਮਿਸਤਰੀ ਦਾ ਕੰਮ ਕੀਤਾ। ਉਹ ਬਹੁਤ ਹੀ ਹੱਸਮੁਖ ਸੁਭਾ ਅਤੇ ਦਰਦ ਦੁਖ ਨੂੰ ਖਿੜੇ ਮੱਥੇ ਸਵੀਕਾਰ ਕਰਨ ਵਾਲਾ ਇਨਸਾਨ ਸੀ। ਉਸ ਦਾ ਸਭ ਤੋਂ ਵੱਡਾ ਲੜਕਾ ਗੁਰਬਖਸ਼ ਸਿੰਘ ਤਾਂ ਲੰਮਾ ਸਮਾਂ ਪਹਿਲਾਂ ਕਿਸੇ ਸ਼ਹਿਰ ਵਿਚ ਜਾ ਵਸਿਆ। ਨਛੱਤਰ ਸਿੰਘ ਦਾਣੇ ਕੱਢਣ ਦੀਆਂ ਮਸ਼ੀਨਾਂ ਅਤੇ ਹੋਰ ਇੰਜਨੀਅਰਿੰਗ ਦਾ ਸਮਾਨ ਬਣਾਉਣ ਦਾ ਠੇਕੇਦਾਰ ਹੈ ਅਤੇ ਉਸ ਨੇ ਆਪਣੀ ਵਸੋਂ ਵੀ ਮੋਗਾ ਸ਼ਹਿਰ ਵਿਚ ਕਰ ਲਈ। ਜੁਗਿੰਦਰ ਸਿੰਘ ਦੀ ਨਕੋਦਰ ਵਿਚ ਬਹੁਤ ਵੱਡੀ ਵਰਕਸ਼ਾਪ ਸੀ ਪਰੰਤੂ ਕੁਝ ਸਮਾਂ ਪਹਿਲਾਂ ਉਹ ਸਾਰਾ ਕਾਰੋਬਾਰ ਵੇਚ ਵੱਟ ਕੇ ਆਪਣੇ ਲੜਕੇ ਪਾਸ ਕੈਨੇਡਾ ਦੇ ਸਰੀ ਸ਼ਹਿਰ ਵਿਚ ਜਾ ਵਸਿਆ। ਸਭ ਤੋਂ ਛੋਟੇ ਦਰਸ਼ਨ ਸਿੰਘ ਦੀ ਟਰੈਕਟਰ ਅਤੇ ਕੰਬਾਈਨਾਂ ਮੁਰੰਮਤ ਦੀ ਵੱਡੀ ਵਰਕਸ਼ਾਪ ਹੈ। ਉਹ ਪਿੰਡ ਦੇ ਪੰਚਾਇਤੀ ਕੰਮ ਵਿਚ ਕਾਫੀ ਦਿਲਚਸਪੀ ਲੈਂਦਾ ਹੈ ਅਤੇ ਪੰਚਾਇਤ ਮੈਂਬਰ ਵੀ ਹੈ।
ਮਿਸਤਰੀ ਜੀਤਾ ਸਿੰਘ ਚਾਨਾ ਹੋਰਾਂ ਦੇ ਖ਼ਾਨਦਾਨ ਵਿਚੋਂ ਹੀ ਦੋ ਸਕੇ ਭਰਾ ਬਿਸ਼ਨ ਸਿੰਘ ਚਾਨਾ ਅਤੇ ਬਚਨ ਸਿੰਘ ਚਾਨਾ ਸਨ । ਉਚੇ ਲੰਮੇ ਹੋਣ ਕਾਰਨ ਉਨ੍ਹਾਂ ਨੂੰ ਪਿੰਡ ਵਿਚ ‘ਲੰਮੇ’ ਨਾਮ ਨਾਲ ਬੁਲਾਇਆ ਜਾਂਦਾ ਸੀ। ਉਨ੍ਹਾਂ ਦਾ ਕਾਫੀ ਵੱਡਾ ਪਰਿਵਾਰ ਹੈ। ਸਭ ਤੋਂ ਵੱਡੇ ਦਰਸ਼ਨ ਸਿੰਘ ਦੀ ਮੋਗਾ ਸ਼ਹਿਰ ਵਿਚ ਟਰੱਕਾਂ ਨੂੰ ਬਾਡੀਆਂ ਲਾਉਣ ਵਾਲੀ ਵਰਕਸ਼ਾਪ ਹੈ ਅਤੇ ਰਹਾਇਸ਼ ਵੀ ਮੋਗਾ ਸ਼ਹਿਰ ਵਿਚ ਹੀ ਰੱਖੀ ਹੋਈ ਹੈ। ਉਸ ਤੋਂ ਛੋਟਾ ਬਲਵਿੰਦਰ ਸਿੰਘ ਉਚ ਕੋਟੀ ਦਾ ਰਾਜ ਮਿਸਤਰੀ ਸੀ। ਕੋਠੀਆਂ ਅਤੇ ਗੁਰੂ ਘਰਾਂ ਦੀ ਉਸਾਰੀ ਵਿਚ ਉਸ ਨੇ ਕਾਫੀ ਨਾਮਣਾ ਖੱਟਿਆ। ਹਰੀ ਸਿੰਘ ਜਿਹੜਾ ਕਿ ਬਲਵਿੰਦਰ ਤੋਂ ਛੋਟਾ ਹੈ, ਉਸ ਦੀ ਵੀ ਮੋਗਾ ਸ਼ਹਿਰ ਵਿਚ ਟਰੱਕਾਂ ਦੀਆਂ ਬਾਡੀਆਂ ਦੀ ਮੁਰੰਮਤ ਅਤੇ ਨਵੀਆਂ ਬਣਾਉਣ ਦੀ ਵਰਕਸ਼ਾਪ ਹੈ। ਇਸ ਕਾਰੋਬਾਰ ਵਿਚ ਉਸ ਨੇ ਆਪਣੇ ਛੋਟੇ ਭਰਾ ਨੂੰ ਵੀ ਨਾਲ ਰਲਾ ਲਿਆ। ਸਾਰੇ ਮੋਗੇ ਸ਼ਹਿਰ ਵਿਚ ਹੀ ਰਹਿੰਦੇ ਹਨ। ਇਨ੍ਹਾਂ ਦੇ ਗੁਆਂਢ ਵਿਚ ਹੀ ਕਿਸੇ ਸਮੇਂ ਤੋਤਾ ਸਿੰਘ ਚਾਨਾ ਦੀ ਰਹਾਇਸ਼ ਸੀ। ਉਸ ਦੇ ਲੜਕੇ ਅੰਗਰੇਜ਼ ਸਿੰਘ, ਹਰਨੇਕ ਸਿੰਘ ਅਤੇ ਹਰਦੇਵ ਸਿੰਘ ਪਲਾਈ ਦਾ ਕੰਮ ਕਰਦੇ ਹਨ। ਇਨ੍ਹਾਂ ਘਰਾਂ ਵਿਚ ਮਿਸਤਰੀ ਬੱਗਾ ਸਿੰਘ ਦਾ ਘਰ ਸੀ। ਉਸ ਦਾ ਲੜਕਾ ਸਰਦਾਰਾ ਸਿੰਘ ਆਪਣੇ ਭਰਾਵਾਂ ਨਾਲ ਕਾਫੀ ਵਰ੍ਹੇ ਪਹਿਲਾਂ ਕਿਸੇ ਹੋਰ ਸ਼ਹਿਰ ਵਿਚ ਜਾ ਵਸਿਆ।
ਭਜਨ ਸਿੰਘ ਚਾਨਾ ਦੇ ਚਾਰ ਲੜਕੇ ਹਰਨਾਮ ਸਿੰਘ, ਭਾਗ ਸਿੰਘ, ਆਤਮਾ ਸਿੰਘ ਅਤੇ ਕੇਹਰ ਦਾਸ ਸਨ। ਇਨ੍ਹਾਂ ਵਿਚੋਂ ਸਿਰਫ਼ ਹਰਨਾਮ ਸਿੰਘ ਚਾਨਾ ਨੇ ਹੀ ਗ੍ਰਹਿਸਥੀ ਜੀਵਨ ਅਪਣਾਇਆ। ਤਾਰਾ ਸਿੰਘ ਸਾਧੂ ਬਣ ਕੇ ਬਿੰਦਰਾਵਨ ਚਲਾ ਗਿਆ। ਆਤਮਾ ਸਿੰਘ ਨੇ ਬਰਖਤ ਸਾਧੂ ਰੂਪ ਧਾਰਨ ਕਰ ਲਿਆ। ਸਭ ਤੋਂ ਛੋਟਾ ਕੋਹਰ ਦਾਸ ਇਕ ਪਹੁੰਚੇ ਹੋਏ ਸਾਧੂ ਸੰਤ, ਬਾਬਾ ਦਾਸ ਦਾ ਚੇਲਾ ਬਣ ਗਿਆ ਅਤੇ ਘਰ ਬਾਰ ਤਿਆਗ ਦਿੱਤਾ। ਹਰਨਾਮ ਸਿੰਘ ਦੇ ਦੋ ਲੜਕੇ ਬਾਬੂ ਸਿੰਘ ਅਤੇ ਬਲਵੀਰ ਸਿੰਘ ਹਨ। ਪਿੰਡ ਵਿਚ ਇਸ ਪਰਿਵਾਰ ਨੂੰ ‘ਕੂਕੇ’ ਆਖਦੇ ਹਨ। ਪਰੰਤੂ ਇਹ ਕੂਕਾ ਸੰਪਰਦਾ ਨਾਲ ਸਬੰਧਤ ਨਹੀਂ ਹਨ। ਬਾਬੂ ਸਿੰਘ ਅਨੁਸਾਰ ਉਨ੍ਹਾਂ ਦੇ ਪਿਤਾ ਦੇ ਨਾਨਕਾ ਪਰਿਵਾਰ ਕੂਕਾ ਸੰਪਰਦਾ ਨਾਲ ਸਬੰਧਤ ਹੋਣ ਕਰਕੇ ਇਨ੍ਹਾਂ ਦੇ ਨਾਮ ਨਾਲ ‘ਕੂਕੇ’ ਸ਼ਬਦ ਜੁੜ ਗਿਆ। ਬਾਬੂ ਸਿੰਘ ਦੇ ਕੋਈ ਔਲਾਦ ਨਹੀਂ। ਬਲਵੀਰ ਸਿੰਘ ਦੇ ਲੜਕੇ, ਜੱਗੀ ਸਿੰਘ, ਸੁਖਮੰਦਰ ਸਿੰਘ, ਹਰਮੰਦਰ ਸਿੰਘ, ਮਨਜੀਤ ਸਿੰਘ, ਜਗਤਾਰ ਸਿੰਘ ਅਤੇ ਦਰਸ਼ਨ ਸਿੰਘ ਹਨ। ਬਲਵੀਰ ਸਿੰਘ ਤੇ ਬਾਬੂ ਸਿੰਘ ਨੇ ਪਿੰਡ ਵਿਚ ਸਭ ਤੋਂ ਪਹਿਲਾਂ ਆਟਾ ਚੱਕੀ ਲਗਾਈ। ਮਿਸਤਰੀ ਸੁੱਚਾ ਸਿੰਘ ਦਾ ਪਿੰਡ ਵਿਚ ਵੱਡਾ ਪਰਿਵਾਰ ਵਸਦਾ ਹੈ। ਉਸ ਦੇ ਤਿੰਨ ਲੜਕੇ ਗੁਰਦੇਵ ਸਿੰਘ, ਹਰਦੇਵ ਸਿੰਘ ਅਤੇ ਅਮਰ ਸਿੰਘ ਹੋਏ। ਅਮਰ ਸਿੰਘ ਆਪਣਾ ਰਾਜਗਿਰੀ ਦਾ ਕੰਮ ਕਰਦਾ ਰਿਹਾ ਪਰੰਤੂ ਉਸ ਦੇ ਦੋਵੇਂ ਲੜਕੇ ਮਕੈਨਿਕ ਹਨ ਅਤੇ ਰਹਾਇਸ਼ ਵੀ ਮੋਗਾ ਸ਼ਹਿਰ ਵਿਚ ਕਰ ਲਈ। ਹਰਦੇਵ ਸਿੰਘ ਵੈਲਡਿੰਗ ਅਤੇ ਹੋਰ ਮਕੈਨੀਕਲ ਕੰਮਾਂ ਦਾ ਠੇਕੇਦਾਰ ਹੈ ਅਤੇ ਪੰਜਾਬ ਤੋਂ ਬਾਹਰ ਕਿਸੇ ਸ਼ਹਿਰ ਵਿਚ ਜਾ ਵਸਿਆ। ਗੁਰਦੇਵ ਸਿੰਘ ਪਹਿਲਾਂ ਕਾਫੀ ਸਮਾਂ ਨਜ਼ਦੀਕੀ ਪਿੰਡ ਗਗੜੇ ਵਿਖੇ ਵਸਦਾ ਸੀ ਅਤੇ ਸੇਪੀ ਦਾ ਕੰਮ ਕਰਦਾ ਸੀ, ਬਾਅਦ ਵਿਚ ਉਹ ਜਨੇਰ ਆ ਕੇ ਵਸ ਗਿਆ ਅਤੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਲਿਆ। ਉਸ ਦੇ ਪੰਜ ਲੜਕੇ ਮਲਕੀਤ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਪਾਲੀ ਸਿੰਘ ਅਤੇ ਠਾਣਾ ਸਿੰਘ ਹਨ। ਇਨ੍ਹਾਂ ਵਿਚੋਂ ਕਿਸੇ ਨੇ ਵੀ ਰਾਜਗਿਰੀ ਦਾ ਕੰਮ ਨਹੀਂ ਕੀਤਾ। ਸਾਰੇ ਵਰਕਸ਼ਾਪਾਂ ਵਿਚ ਟੈਕਨੀਕਲ ਕੰਮਾਂ ਅਤੇ ਲੱਕੜੀ ਦੇ ਕੰਮਾਂ ਦੇ ਮਾਹਿਰ ਹਨ। ਲੱਕੜੀ ਦੀ ਆਪਣੀ ਵਰਕਸ਼ਾਪ ਦੇ ਮਾਲਕ ਵੀ ਹਨ। ਸਮਾਂ ਕੱਢ ਕੇ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ। ਮਿਸਤਰੀ ਸੁੱਚਾ ਸਿੰਘ ਦਾ ਇਕ ਭਰਾ ਗੁਲਜ਼ਾਰਾ ਸਿੰਘ ਵੀ ਸੀ, ਵਿਆਹਿਆ ਨਹੀਂ ਸੀ, ਮਸਤ ਤਬੀਅਤ ਦਾ ਮਾਲਕ ਹੋਣ ਕਰਕੇ ਕਾਫੀ ਸਮਾਂ ਉਹ ਸ਼ਹਿਰ ਵਿਚ ਰਿਕਸ਼ਾ ਵੀ ਚਲਾਉਂਦਾ ਰਿਹਾ।
ਮਿਸਤਰੀ ਬਿਸ਼ਨ ਸਿੰਘ ਅਤੇ ਉਸ ਦਾ ਭਰਾ ਕਾਫੀ ਸਮਾਂ ਟਾਂਗਾ-ਘੋੜੇ ਦਾ ਕੰਮ ਕਰਦੇ ਰਹੇ। ਉਨ੍ਹਾਂ ਦੇ ਦੋ ਲੜਕੇ ਗੁਰਨਾਮ ਸਿੰਘ ਅਤੇ ਅਮਰਜੀਤ ਸਿੰਘ ਹੋਏ। ਗੁਰਨਾਮ ਸਿੰਘ ਨੇ ਪਹਿਲਾਂ ਫ਼ੌਜ ਵਿਚ ਨੌਕਰੀ ਕੀਤੀ, ਬਾਅਦ ਵਿਚ ਰਾਜ ਮਿਸਤਰੀ ਬਣ ਗਿਆ ਪਰੰਤੂ ਉਸ ਦੇ ਲੜਕਿਆਂ ਨੇ ਰਾਜ ਮਿਸਤਰੀ ਦਾ ਧੰਦਾ ਨਾ ਅਪਣਾਇਆ ਸਗੋਂ ਵਰਕਸ਼ਾਪਾਂ ਵਿਚ ਟੈਕਨੀਕਲ ਕੰਮ ਸਿਖ ਕੇ ਵਧੀਆ ਮਕੈਨਿਕ ਬਣ ਗਏ। ਅਮਰਜੀਤ ਸਿੰਘ ਵੀ ਆਪ ਤਾਂ ਰਾਜ ਮਿਸਤਰੀ ਦਾ ਕੰਮ ਹੀ ਕਰਦਾ ਰਿਹਾ ਪਰੰਤੂ ਉਸ ਦੇ ਲੜਕੇ ਵਰਕਸ਼ਾਪਾਂ ਵਿਚ ਮਾਹਿਰ ਮਕੈਨਿਕ ਹਨ।
ਗੈਦੂ ਪਰਿਵਾਰ
ਚੀਮਾ ਪੱਤੀ ਵਿਚ ਕੁਝ ਗੈਦੁ ਗੋਤ ਨਾਲ ਸਬੰਧਤ ਮਿਸਤਰੀ ਵਸਦੇ ਹਨ, ਅਸਲ ਵਿਚ ਇਨ੍ਹਾਂ ਪਰਿਵਾਰਾਂ ਦਾ ਪਿਛੋਕੜ ਲੁਹਾਰ ਉਪ ਜਾਤੀ ਨਾਲ ਜਾ ਜੁੜਦਾ ਹੈ। ਇਨ੍ਹਾਂ ਵਿਚ ਚਤਰ ਸਿੰਘ ਗੈਦੁ ਦਾ ਵੱਡਾ ਪਰਿਵਾਰ ਹੈ ਜਦੋਂ ਕਿ ਉਸ ਦੇ ਦੋ ਹੋਰ ਭਰਾ ਇੰਦਰ ਸਿੰਘ ਅਤੇ ਭਾਗ ਸਿੰਘ ਬੇਔਲਾਦੇ ਹੀ ਸਨ। ਇਹ ਸਾਰਾ ਪਰਿਵਾਰ ਚਤਰ ਸਿੰਘ ਗੈਦੂ ਦੇ ਦੋ ਲੜਕਿਆਂ ਸੰਪੂਰਨ ਸਿੰਘ ਗੈਦੂ ਅਤੇ ਬੰਤ ਸਿੰਘ ਗੈਦੂ ਦੀ ਔਲਾਦ ਹੈ। ਸੰਪੂਰਨ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਸ ਦੇ ਲੜਕੇ ਰਣਜੀਤ ਸਿੰਘ ਨੇ ਪਿੰਡ ਦੇ ਸਕੂਲ ਵਿਚੋਂ ਦਸਵੀ ਜਮਾਤ ਪਾਸ ਕਰਨ ਉਪਰੰਤ ਇਕ ਵੱਡੀ ਵਰਕਸ਼ਾਪ ਵਿਚੋਂ ਡੀਜ਼ਲ ਇੰਜਨ, ਕਾਰਾਂ ਅਤੇ ਜੀਪਾਂ ਦਾ ਕੰਮ ਸਿਖ ਕੇ ਪਹਿਲਾਂ ਮੋਗੇ ਅਤੇ ਬਾਅਦ ਵਿਚ ਮੱਧ ਪ੍ਰਦੇਸ਼ ਦੇ ਸ਼ਹਿਰ ਦੱਤੀਗਰਾ ਵਿਚ ਆਪਣੀ ਵਰਕਸ਼ਾਪ ਖੋਲ੍ਹ ਦਿੱਤੀ। ਪਿਤਾ ਦੇ ਕਦਮਾਂ ‘ਤੇ ਚਲਦਿਆਂ ਉਸ ਦੇ ਲੜਕਿਆਂ ਨੇ ਵੀ ਦਸ ਜਮਾਤਾਂ ਪਾਸ ਕਰਨ ਉਪਰੰਤ ਕੋਟ ਈਸੇ ਖਾਂ ਵਿਖੇ ਕਾਰਾਂ, ਜੀਪਾਂ ਦੀ ਮੁਰੰਮਤ ਦਾ ਕਾਰੋਬਾਰ ਕਰ ਲਿਆ। ਛੋਟਾ ਸ਼ਿਵਪਾਲ ਸਿੰਘ ਤਾਂ ਜੌਬਨ ਰੁੱਤੇ ਹੀ ਚੜ੍ਹਾਈ ਕਰ ਗਿਆ ਪਰੰਤੂ ਸੁਖਦੇਵ ਸਿੰਘ ਦੀ ਵਰਕਸ਼ਾਪ ਅੱਛੀ ਚੱਲ ਰਹੀ ਹੈ।
ਬੰਤ ਸਿੰਘ ਗੈਦੂ ਦੇ ਪੰਜ ਲੜਕੇ ਦਲ ਸਿੰਘ, ਰਣ ਸਿੰਘ, ਚੜ੍ਹਤ ਸਿੰਘ, ਜਗਤ ਸਿੰਘ ਅਤੇ ਗੁਰਸੇਵਕ ਸਿੰਘ ਹਨ। ਬੰਤ ਸਿੰਘ ਆਪ ਤਾਂ ਰਾਜ ਮਿਸਤਰੀ ਦਾ ਕੰਮ ਕਰਦਾ ਰਿਹਾ ਪਰੰਤੂ ਉਸ ਦੇ ਲੜਕਿਆਂ ਨੇ ਇਹ ਜੱਦੀ ਪੁਸ਼ਤੀ ਕੰਮ ਨਾ ਕੀਤਾ। ਚੜ੍ਹਤ ਸਿੰਘ ਨੇ ਪਿੰਡ ਵਿਚ ਹੀ ਜੀ.ਟੀ. ਰੋਡ ਉਪਰ ਬਿਜਲੀ ਦੀਆਂ ਮੋਟਰਾਂ ਅਤੇ ਬਿਜਲੀ ਦੇ ਹੋਰ ਉਪਕਰਨਾਂ ਦੀ ਮੁਰੰਮਤ ਆਦਿ ਕਰਨ ਦੀ ਵਰਕਸ਼ਾਪ ਖੋਲ੍ਹ ਲਈ। ਬਿਜਲੀ ਦੇ ਵੱਡੇ-ਛੋਟੇ ਜਨਰੇਟਰਾਂ ਦੀ ਮੁਰੰਮਤ ਅਤੇ ਨਵੇਂ ਜਨਰੇਟਰ ਤਿਆਰ ਕਰਨ ਵਿਚ ਵੀ ਉਹ ਮੁਹਾਰਤ ਰਖਦਾ ਹੈ। ਸਭ ਤੋਂ ਛੋਟਾ ਗੁਰਸੇਵਕ ਸਿੰਘ ਗੁਰੂ ਘਰ ਦਾ ‘ਸੇਵਕ’ ਹੈ। ਦਲ ਸਿੰਘ, ਰਣ ਸਿੰਘ ਅਤੇ ਜਗਤ ਸਿੰਘ ਵੱਖ-ਵੱਖ ਟਰੇਡਾਂ ਦੇ ਮਕੈਨਿਕ ਹਨ ਅਤੇ ਮੋਗਾ ਸ਼ਹਿਰ ਵਿਚ ਕੰਮ ਕਰਦੇ ਹਨ।
ਲੁਹਾਰ ਨੱਥਾ ਸਿੰਘ ਦਾ ਵੱਡਾ ਪਰਿਵਾਰ ਵੀ ਕਿਸੇ ਸਮੇਂ ਚੀਮਾ ਪੱਤੀ ਵਿਚ ਵਸਦਾ ਸੀ ਪਰੰਤੂ ਬਾਅਦ ਵਿਚ ਉਸ ਦਾ ਪਰਿਵਾਰ ਕਾਰੋਬਾਰ ਦੇ ਚੱਕਰਾਂ ਵਿਚ ਰਾਜਸਥਾਨ ਸਮੇਤ ਦੇਸ਼ ਦੇ ਹੋਰ ਵੱਖ-ਵੱਖ ਸ਼ਹਿਰਾਂ ਵਿਚ ਜਾ ਵਸਿਆ। ਕਰਤਾਰ ਸਿੰਘ ਆਪਣੇ ਲੜਕੇ ਅਜੀਤ ਸਿੰਘ ਨਾਲ ਕੋਟ ਈਸੇ ਖਾਂ ਦਾ ਵਾਸੀ ਬਣ ਗਿਆ। ਸਰਦਾਰਾ ਸਿੰਘ ਦੇ ਲੜਕੇ ਗੁਰਦੇਵ ਸਿੰਘ ਨੇ ਜੈਪੁਰ ਵਿਖੇ ਆਪਣਾ ਕਾਰੋਬਾਰ ਕਰ ਲਿਆ। ਚੰਨਣ ਸਿੰਘ ਦੇ ਤਿੰਨ ਲੜਕਿਆਂ ਭਜਨ ਸਿੰਘ, ਰਤਨ ਸਿੰਘ ਅਤੇ ਮੁਖਤਿਆਰ ਸਿੰਘ ਨੇ ਵੀ ਜੈਪੁਰ ਵਿਚ ਆਪਣੇ ਕਾਰੋਬਾਰ ਸਥਾਪਤ ਕਰ ਲਏ। ਸਭ ਤੋਂ ਛੋਟੇ ਬਾਗ ਸਿੰਘ ਦਾ ਲੜਕਾ ਹਰਨੇਕ ਸਿੰਘ ਵੀ ਜਨੇਰ ਵਾਸੀ ਨਾ ਰਿਹਾ। ਇਸੇ ਪਰਿਵਾਰ ਨਾਲ ਸਬੰਧਤ ਰੋਡਾ ਸਿੰਘ ਦਾ ਲੜਕਾ ਚੂਹੜ ਸਿੰਘ ਨੇੜਲੇ ਪਿੰਡ ਰਜੀਵਾਲ ਵਿਚ ਜਾ ਵਸਿਆ।
ਮਿਸਤਰੀ ਜੀਤਾ ਸਿੰਘ ਚਾਨਾ
ਪਿੰਡ ਦੀ ਪੀਰ ਖਾਂ ਪੱਤੀ ਦਾ ਵਾਸੀ ਅਤੇ ਮਿਸਤਰੀਆਂ ਦੇ ਚਾਨਾ ਗੋਤ ਨਾਲ ਸਬੰਧਤ ਜੀਤਾ ਸਿੰਘ ਬਹੁਤ ਹੀ ਜ਼ਿੰਦਾਦਿਲ, ਹਸਮੁਖ, ਖਿੜੇ ਮੱਥੇ ਮਿਲਣ ਵਾਲਾ ਅਤੇ ਬੇਪ੍ਰਵਾਹ ਤਬੀਅਤ ਦਾ ਮਾਲਕ ਸੀ। ਜ਼ਿੰਦਗੀ ਭਰ ਉਸ ਨੇ ਜ਼ਿਆਦਾਤਰ ਪਿੰਡ ਵਿਚ ਹੀ ਰਾਜ ਮਿਸਤਰੀ ਦਾ ਕੰਮ ਕੀਤਾ ਪਰੰਤੂ ਕਦੀ ਵੀ ਕਿਸੇ ਪਿੰਡ ਵਾਸੀ ਨਾਲ ਉਸ ਦਾ ਮੇਹਨਤਾਨੇ ਵਜੋਂ ਕੋਈ ਤਕਰਾਰ ਨਾ ਹੋਇਆ। ਕਿਸੇ ਦਾ ਮਕਾਨ ਬਣ ਰਿਹਾ ਹੋਵੇ ਜਾਂ ਕੁਝ ਸਮੇਂ ਪਹਿਲਾਂ ਤਕ ਕਿਸੇ ਦਾ ਖੂਹ ਉਸ ਰਿਹਾ ਹੋਵੇ, ਜੇਕਰ ਮਿਸਤਰੀ ਜੀਤਾ ਸਿੰਘ ਉਥੇ ਮੌਜੂਦ ਹੁੰਦਾ ਤਾਂ ਆਪਣੀ ਖ਼ੁਸ਼ ਤਬੀਅਤ ਨਾਲ ਰੌਣਕਾਂ ਲਗਾ ਛੱਡਦਾ। ਉਸ ਦੀ ਮੌਜੂਦਗੀ ਵਿਚ ਕੋਈ ਕਾਮਾ ਅੱਕਦਾ-ਥੱਕਦਾ ਨਹੀਂ ਸੀ। ਆਪੇ ਘੜੇ ਮੁਹਾਵਰੇ ਅਤੇ ਅਖਾਣਾਂ ਦੀ ਵਰਤੋਂ ਕਰਦਾ ਆਖਦਾ, “ਫਲਾਂ ਤਾਂ ਬਈ ਐਵੇਂ ਲੋਟੇ ਵਿਚ ਫੂਕਾਂ ਮਾਰੀ ਜਾਂਦਾ ਹੈ”, ਇੱਟਾਂ ਸੀਮਿੰਟ ਦੀ ਨਾ ਲੋੜ ਹੋਣ ‘ਤੇ ਆਖਦਾ, “ਲੈ ਜਾ ਖਾਲੀ ਗੱਡੀ ਮੋੜ ਕੇ” ਵਧੀਆ ਕਪੜੇ ਪਾ ਕੇ ਕੋਈ ਉਸ ਪਾਸੋਂ ਲੰਘਦਾ ਤਾਂ ਕਹਿਣੋਂ ਨਾ ਸੰਗਦਾ “ਵੇਖਾਂ ਨਿਖਰਿਆ ਫਿਰਦਾ ਹੈ ਅੱਜ ਚਮਕਦਾ ਐ ਔਤਰਿਆਂ ਦੀ ਮਟੀ ਵਾਂਗ।” ਜ਼ਿੰਦਗੀ ਦੀਆਂ ਔਕੜਾਂ ਮੁਸ਼ਕਲਾਂ ਅਤੇ ਦੁਖ ਤਕਲੀਫ਼ਾਂ ਨੂੰ ਖਿੜੇ ਮੱਥੇ ਕਬੂਲਣਾ ਉਸ ਦੀ ਸ਼ਖ਼ਸੀਅਤ ਦੀ ਖਾਸੀਅਤ ਸੀ।
ਆਪਣੀ ਉਮਰ ਦੇ ਪਹਿਲੇ ਪਹਿਰੇ ਉਸ ਨੂੰ ਮਾੜੀ ਮਾਲੀ ਹਾਲਤ ਅਤੇ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਸ ਨੇ ਕਦੀ ਵੀ ਕੋਈ ਢਿੱਲੀ ਮੱਠੀ ਜਾਂ ਜ਼ਿੰਦਗੀ ਦੇ ਨਾ-ਪੱਖੀ ਰਵੱਈਏ ਦੀ ਕਿਸੇ ਪਾਸ ਗੱਲ ਨਹੀਂ ਕੀਤੀ। ਕਹਿੰਦੇ ਹਨ, “ਅੱਛੀ ਨੀਯਤ ਨੂੰ ਮੁਰਾਦਾਂ ਮਿਲਦੀਆਂ ਹਨ” ਜੀਤਾ ਸਿੰਘ ਦੀ ਜ਼ਿੰਦਾਦਿਲੀ, ਸਾਫ਼ ਨੀਯਤ ਅਤੇ ਸਖ਼ਤ ਮਿਹਨਤ ਰੰਗ ਲੈ ਆਈ। ਉਸ ਦੇ ਚਾਰੇ ਲੜਕੇ ਬਹੁਤ ਹੀ ਨੇਕ ਅਤੇ ਮਿਹਨਤੀ ਨਿਕਲੇ। ਵੱਡੀਆਂ ਵਰਕਸ਼ਾਪਾਂ ਦੇ ਮਾਲਕ ਬਣੇ ਪਰੰਤੂ ਜੀਤਾ ਸਿੰਘ ਨੇ ਆਖ਼ਰੀ ਸੁਆਸਾਂ ਤਕ ਆਪਣੀ ਜੀਵਨ ਸ਼ੈਲੀ ਨਾ ਬਦਲੀ। ਪਿੰਡ ਵਾਸੀਆਂ ਨੂੰ ਹਾਸੇ ਅਤੇ ਖ਼ੁਸ਼ੀਆਂ ਵੰਡਦਾ ਹੋਇਆ ਆਪਣਾ ਸੰਸਾਰਕ ਸਫ਼ਰ ਪੂਰਾ ਕਰ ਗਿਆ।
ਨਿਤਨੇਮੀ ਅਮਰ ਸਿੰਘ ਚਾਨਾ
ਸਿੱਖ ਧਰਮ, ਸਿੱਖ ਵਿਰਸੇ ਅਤੇ ਸਿੱਖ ਰਹਿਤ ਮਰਿਆਦਾ ਵਿਚ ‘ਨਿਤਨੇਮੀ’ ਇਨਸਾਨ ਨੂੰ ਬਹੁਤ ਹੀ ਗੌਰਵਮਈ ਅਤੇ ਸਤਿਕਾਰਯੋਗ ਰੁਤਬੇ ਨਾਲ ਨਿਵਾਜਿਆ। ਗਿਆ ਹੈ। ਨਿਤਨੇਮੀ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਬਹੁਤ ਅਨੁਸ਼ਾਸਨੀ ਢੰਗ ਨਾਲ ਜਿਉਣੀ ਪੈਂਦੀ ਹੈ। ਸ਼ਾਇਦ ਇਸ ਕਰਕੇ ਹੀ ਸਿੱਖ ਧਰਮ ਦੇ ਬੁੱਧੀਜੀਵੀਆਂ, ਵਿਚਾਰਵਾਨਾਂ ਅਤੇ ਸਿੱਖ ਰਹਿਤ ਮਰਿਆਦਾ ਦਾ ਵਿਸ਼ਲੇਸ਼ਨ ਕਰਨ ਵਾਲਿਆਂ ਨੇ ਨਿਤਨੇਮੀ ਨੂੰ ਉੱਚਾ ਸਥਾਨ ਪ੍ਰਦਾਨ ਕੀਤਾ।
ਮਿਸਤਰੀ ਅਮਰ ਸਿੰਘ ਚਾਨਾ ਪੂਰਨ ਨਿਤਨੇਮੀ ਸੀ। ਆਪਣੀ ਆਟੇ ਦੀ ਚੱਕੀ, ਰੂੰ-ਪੇਂਜੇ ਅਤੇ ਛੋਟੀ ਜਿਹੀ ਵਰਕਸ਼ਾਪ ਵਿਚ ਹੱਡ-ਭੰਨਵੀਂ ਮਿਹਨਤ ਕਰਨ ਤੋਂ ਬਾਅਦ ਰਾਤ ਨੂੰ ਉਹ ਜਲਦੀ ਹੀ ਸੌਂ ਜਾਂਦਾ। ਮੀਂਹ ਹੋਵੇ ਜਾਂ ਹਨ੍ਹੇਰੀ, ਗਰਮੀ ਹੋਵੇ ਜਾਂ ਸਰਦੀ ਉਹ ਵੱਡੇ ਤੜਕੇ ਜਾਗਦਾ, ਦਾਤਣ ਕੁਰਲਾ ਅਤੇ ਇਸ਼ਨਾਨ ਕਰਕੇ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਸੁਖਮਨੀ ਸਾਹਿਬ ਦਾ ਪਾਠ ਬਿਨਾਂ ਨਾਗਾ ਪਾਏ ਕਰਦਾ। ਜਿਸ ਸਮੇਂ ਪਿੰਡ ਦੇ ਆਮ ਲੋਕ ਸਰਦੀਆਂ ਵਿਚ ਰਜਾਈ ਦੀ ਬੁੱਕਲ ਦਾ ਨਿੱਘ ਮਾਣ ਰਹੇ ਹੁੰਦੇ, ਗਰਮੀਆਂ ਵਿਚ ਵੱਡੇ ਤੜਕੇ ਦੀ ਨੀਂਦ ਦਾ ਹੁਲਾਰਾ ਲੈ ਰਹੇ ਹੁੰਦੇ ਜਾਂ ਫੇਰ ਮੀਂਹ ਕਣੀ ਕਾਰਨ ਘਰ ਤੋਂ ਬਾਹਰ ਨਿਕਲਣ ਦਾ ਹੌਸਲਾ ਨਾ ਕਰਦੇ ਉਸ ਸਮੇਂ ਜਾਂ ਤਾਂ ਅਮਰ ਸਿੰਘ ਗੁਰਦੁਆਰਾ ਸਾਹਿਬ ਪਹੁੰਚਿਆ ਹੁੰਦਾ ਜਾਂ ਫੇਰ ਆਪਣੀ ਨਿਤਨੇਮੀ ਮੰਜ਼ਲ ਵਲ ਵਧ ਰਿਹਾ ਹੁੰਦਾ।
ਉਸ ਦੇ ਕੁਝ ਵਿਰੋਧੀ ਇਹ ਇਲਜ਼ਾਮ ਲਗਾਉਂਦੇ ਸਨ ਕਿ ਰਾਤ ਨੂੰ ਉਹ ਸ਼ਰਾਬ ਦੀ ਵਰਤੋਂ ਕਰਦਾ ਹੈ ਅਤੇ ਤੜਕੇ ਗੁਰਦੁਆਰਾ ਸਾਹਿਬ ਜਾਂਦਾ ਹੈ। ਆਪਣੇ ਪੱਖ ਵਿਚ ਅਮਰ ਸਿੰਘ ਦਾ ਕਹਿਣਾ ਸੀ ਕਿ ਪੇਂਜੇ ਦੀ ਰੂੰ ਦਾ ਕੰਮ ਕਰਦੇ ਹੋਂਦ ਕਰਕੇ ਸ਼ਾਮ ਨੂੰ ਉਸ ਦਾ ਸਾਹ ਘੁੱਟਣ ਲਗਦਾ ਹੈ, ਦਵਾਈ ਵਜੋਂ ਥੋੜ੍ਹੀ ਪੀ ਲਵਾਂ ਤਾਂ ਠੀਕ ਰਹਿੰਦਾ ਹਾਂ। ਉਸ ਦਾ ਇਹ ਵੀ ਕਹਿਣਾ ਸੀ ਕਿ ਸਵੇਰੇ ਮੈਂ ਦਾਤਣ ਕਰਕੇ ਇਸ਼ਨਾਨ ਕਰਦਾਹਾਂ ਫੇਰ ਹੀ ਗੁਰਦੁਆਰੇ ਜਾਂਦਾ ਹਾਂ, ਇਸ ਬਾਰੇ ਮੈਂ ਵੱਡੇ ਬਾਬਾ ਜੀ ਨੂੰ ਵੀ ਦੱਸ ਦਿੱਤਾ ਸੀ। ਸ਼ਰਾਬ ਨੂੰ ਦਵਾਈ ਦੇ ਤੌਰ ‘ਤੇ ਵਰਤਣ ਜਾਂ ਨਾ ਵਰਤਣ ਦੇ ਵਿਵਾਦ ਨੂੰ ਇਕ ਪਾਸੇ ਰੱਖ ਕੇ ਜੇਕਰ ਅਮਰ ਸਿੰਘ ਚਾਨਾ ਨੂੰ ਨਿਤਨੇਮੀ ਵਾਲੇ ਦੂਜੇ ਗੁਣਾਂ ਵਾਲੀ ਤੱਕੜੀ ਨਾਲ ਤੋਲੀਏ ਤਾਂ ਲਗਪਗ ਸਾਰੇ ਸਹਿਮਤ ਹੋਣਗੇ ਕਿ ਉਹ ਵਾਕਿਆ ਹੀ ‘ਨਿਤਨੇਮੀ’ ਸੀ।
ਠੇਕੇਦਾਰ ਬਲਵਿੰਦਰ ਸਿੰਘ ਚਾਨਾ
ਬਲਵਿੰਦਰ ਸਿੰਘ ਚਾਨਾ ਨੇ ਪਹਿਲਾਂ ਸਕੂਲੀ ਵਿਦਿਆ ਹਾਸਲ ਕੀਤੀ, ਬਾਅਦ ਵਿਚ ਉਸ ਦਾ ਝੁਕਾਅ ਧਾਰਮਿਕ ਵਿਦਿਆ ਵਲ ਹੋ ਗਿਆ। ਪਿੰਡ ਦੇ ਗੁਰਦਵਾਰਾ ਸਾਹਿਬ ਵਿਚ ਪੜ੍ਹਾਈ ਕਰਕੇ ਉਹ ਵਧੀਆ ਆਖੰਡ ਪਾਠੀ ਬਣ ਗਿਆ ਪਰੰਤੂ ਉਸ ਦੇ ਅੰਦਰ ਤਾਂ ਰਾਜਗਿਰੀ ਦਾ ਇਕ ਵਧੀਆ ਮਿਸਤਰੀ ਛੁਪਿਆ ਬੈਠਾ ਸੀ ਜਿਹੜਾ ਕਿ ਕੁਝ ਸਮਾਂ ਰਾਜਗਿਰੀ ਦਾ ਕੰਮ ਕਰਨ ਬਾਅਦ ਬਹੁਤ ਜੋਸ਼ੋ ਖਰੋਸ਼ ਨਾਲ ਬਾਹਰ ਆ ਗਿਆ। ਇਲਾਕੇ ਦੇ ਸਿਰਕੱਢ ਮਿਸਤਰੀਆਂ ਅਤੇ ਠੇਕੇਦਾਰਾਂ ਨਾਲ ਕੰਮ ਕਰ ਕੇ ਉਸ ਦੇ ਕੰਮ ਵਿਚ ਐਨਾ ਨਿਖਾਰ ਆ ਗਿਆ ਕਿ ਉਸ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਗੁਰਦਵਾਰਿਆਂ ‘ਤੇ ਟੁਕੜੀਆਂ ਲਗਾਉਣ ਦਾ ਕੰਮ ਹੋਵੇ ਜਾਂ ਮਾਰਬਲ ਦਾ ਉਸ ਦੇ ਕੀਤੇ ਕੰਮ ਦੀ ਵੱਖਰੀ ਹੀ ਪਛਾਣ ਸੀ। ਜਲਦੀ ਹੀ ਉਹ ਕੋਠੀਆਂ ਬਣਾਉਣ ਦੇ ਠੇਕੇ ਲੈਣ ਲੱਗ ਪਿਆ। ਉਸ ਦੇ ਕੀਤੇ ਕੰਮ ਨੂੰ ਅੱਜ ਤਕ ਕਿਸੇ ਨੇ ਨਿੰਦਿਆ ਨਹੀਂ। ਆਮ ਕੋਠੀਆਂ ਦੇ ਤਾਂ ਉਹ ਨਕਸ਼ੇ ਵੀ ਆਪ ਹੀ ਤਿਆਰ ਕਰ ਲੈਂਦਾ।
ਸੰਤ ਬਾਬਾ ਕੇਹਰ ਸਿੰਘ ਜੀ ਦੀ ਉਚੇ ਸੁੱਚੇ ਕਿਰਦਾਰ ਵਾਲੀ ਸ਼ਖ਼ਸੀਅਤ ਦਾ ਬਲਵਿੰਦਰ ਸਿੰਘ ਦੀ ਨਿੱਜੀ ਜ਼ਿੰਦਗੀ ‘ਤੇ ਕਾਫੀ ਪ੍ਰਭਾਵ ਸੀ। ਸ਼ਾਇਦ ਇਹ ਹੀ ਕਾਰਨ ਸੀ ਕਿ ਉਹ ਗੁਰੂ ਘਰਾਂ ਦੇ ਕੰਮ ਨੂੰ ਹਮੇਸ਼ਾ ਤਰਜੀਹ ਦਿੰਦਾ ਅਤੇ ਮਿਹਨਤਾਨਾ ਲੈਣ ਸਮੇਂ ਵੀ ਰੱਜੀ ਨੀਯਤ ਦਾ ਸਬੂਤ ਦਿੰਦਾ। ਜਨੇਰ ਅਤੇ ਨੇੜਲੇ ਪਿੰਡਾਂ ਦੇ ਗੁਰੂ ਘਰਾਂ ਵਿਚ ਉਸ ਨੇ ਪਹਿਲ ਦੇ ਆਧਾਰ ‘ਤੇ ਕੰਮ ਕੀਤਾ।
ਬਲਵਿੰਦਰ ਸਿੰਘ ਚਾਨਾ ਬਹੁਤ ਦੂਰ-ਅੰਦੇਸ਼ੀ ਵੀ ਸੀ। ਪਿੰਡ ਵਾਸੀਆਂ ਨੂੰ ਉਸ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਸ ਨੇ ਪਿੰਡ ਦੀ ਪੰਜਵੀਂ ਪੱਤੀ ਦੇ ਦਿਹਾੜੀਦਾਰ ਕਾਮਿਆਂ ਨੂੰ ਰਾਜਗਿਰੀ ਦਾ ਕੰਮ ਸਿਖਾ ਕੇ ਰਾਜ ਮਿਸਤਰੀਆਂ ਦੀ ਇਕ ਵੱਡੀ ਫ਼ੌਜ ਤਿਆਰ ਕਰ ਦਿੱਤੀ ਜਿਨ੍ਹਾਂ ਵਿਚੋਂ ਅੱਜ ਕਈ ਨਾਮਵਰ ਠੇਕੇਦਾਰ ਵੀ ਬਣ ਗਏ ਹਨ। ਉਸ ਦੇ ਚਾਚੇ ਜੀਤਾ ਸਿੰਘ ਚਾਨਾ ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਬਲਵਿੰਦਰ ਸਿੰਘ ਨੈ ਕਿਹਾ, “ਚਾਚਾ, ਆਪਣੇ ਮਿਸਤਰੀਆਂ ਦੇ ਮੁੰਡੇ ਤਾਂ ਹੁਣ ਵਰਕਸ਼ਾਪਾਂ ਅਤੇ ਹੋਰ ਮਸ਼ੀਨਰੀਆਂ ਦਾ ਕੰਮ ਕਰਕੇ ਹੀ ਖ਼ੁਸ਼ ਹਨ, ਇਨ੍ਹਾਂ ਨੇ ਤੇਸੀ ਕਰੰਡੀ ਨਹੀਂ ਚੁੱਕਣੀ, ਜਦੋਂ ਆਪਾਂ ਚੜਾਈ ਕਰ ਗਏ ਤਾਂ ਪਿੰਡ ਵਿਚ ਮਕਾਨ ਕੌਣ ਬਣਾਊ।” ਬਲਵਿੰਦਰ ਸਿੰਘ ਚਾਨਾ ਰਾਜਗਿਰੀ ਦੇ ਖੇਤਰ ਵਿਚ ਆਪਣੀ ਅਮਿੱਟ ਛਾਪ ਛੱਡ ਗਿਆ ਹੈ। ਸ਼ਾਇਦ ਉਪਰੋਕਤ ਕਾਰਨਾਂ ਕਰਕੇ ਹੀ ਪਿੰਡ ਦਾ ਸ਼ਾਇਰ ਪੀਰ ਕਾਦਰੀ ਸੱਦਾ ਸ਼ਾਇਰਾਨਾ ਅੰਦਾਜ਼ ਵਿਚ ਉਸ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ:-
“ਬਿੰਦਰ ਮਿਸਤਰੀ ਦੇ ਚੇਲੇ ਬਹੁਤ ਸ਼ੋਲ੍ਹੇ, ਕਈ ਮਿਸਤਰੀ ਅਤੇ ਠੇਕੇਦਾਰ ਹੋਏ।”
ਬਾਬਾ ਗੁਰਸੇਵਕ ਸਿੰਘ
ਗੁਰਸੇਵਕ ਸਿੰਘ ਦਾ ਜਨਮ 1976 ਈਸਵੀ ਵਿਚ ਲੁਹਾਰ ਜਾਤੀ ਦੇ ਗੈਦੂ ਗੋਤ ਨਾਲ ਸਬੰਧਤ ਬੰਤ ਸਿੰਘ ਗੈਦੂ ਦੇ ਘਰ ਹੋਇਆ। ਇਹ ਪਰਿਵਾਰ ਗੁਰੂ ਘਰ ਦੇ ਸ਼ਰਧਾਲੂ ਪਰਿਵਾਰਾਂ ਵਿਚ ਗਿਣਿਆ ਜਾਂਦਾ ਹੈ ਅਤੇ ਅੱਜ ਵੀ ਇਸ ਪਰਿਵਾਰ ਦੇ ਮੈਂਬਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਿਸੇ ਨਾ ਕਿਸੇ ਰੂਪ ਵਿਚ ਸੇਵਾ ਕਰਦੇ ਨਜ਼ਰ ਆਉਂਦੇ ਹਨ। ਗੁਰਸੇਵਕ ਸਿੰਘ ਨੂੰ ਗੁਰਸਿੱਖੀ ਵਾਲੀ ਜੀਵਨ ਸੈਲੀ ਛੋਟੀ ਉਮਰੇ ਪਰਿਵਾਰ ਵਿਚੋਂ ਹੀ ਪ੍ਰਾਪਤ ਹੋਈ। ‘ਬਾਬਾ’ ਸ਼ਬਦ ਉਸ ਦੇ ਨਾਮ ਨਾਲ ਸਕੂਲ ਵਿਚ ਦਾਖ਼ਲ ਹੋਣ ਸਮੇਂ ਹੀ ਜੁੜ ਗਿਆ ਸੀ, ਸ਼ਾਇਦ ਇਸੇ ਕਰਕੇ 1982 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਜਮਾਤ ਪਾਸ ਕਰਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਉਸ ਨੇ ਧਾਰਮਿਕ ਵਿਦਿਆ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਲਗਪਗ ਛੇ ਸਾਲ ਧਾਰਮਿਕ ਵਿਦਿਆ ਹਾਸਲ ਕਰਕੇ ਉਹ ਆਖੰਡ ਪਾਠੀ ਅਤੇ ਵਧੀਆ ਕੀਰਤਨੀਆ ਬਣ ਗਿਆ।
1988 ਵਿਚ ਉਹ ਜਨੇਰ ਦੇ ਮੋਗਾ ਸ਼ਹਿਰ ਵਾਲੇ ਗੁਰਦੁਆਰੇ ਵਿਚ ਸੇਵਾਦਾਰ ਵਜੋਂ ਚਲਾ ਗਿਆ। ਕੁਝ ਸਮੇਂ ਬਾਅਦ ਮੋਗਾ ਦੇ ਜਵਾਹਰ ਨਗਰ ਵਾਲਾ ਗੁਰੂ ਘਰ ਹੋਂਦ ਵਿਚ ਆਉਣ ਉਪਰੰਤ ਗੁਰਸੇਵਕ ਸਿੰਘ ਨੇ ਉਸ ਗੁਰਦੁਆਰੇ ਦੀ ਸੇਵਾ ਸੰਭਾਲ ਲਈ। 1905 ਈਸਵੀ ਵਿਚ ਉਸ ਨੇ ਵਿਆਹ ਕਰਵਾ ਕੇ ਗ੍ਰਹਿਸਥੀ ਜੀਵਨ ਧਾਰਾ ਸ਼ੁਰੂ ਕਰ ਲਈ। 2006 ਈਸਵੀ ਵਿਚ ਉਹ ਕੀਰਤਨੀ ਜਥੇ ਨਾਲ ਸਿੰਗਾਪੁਰ ਅਤੇ ਹਾਂਗਕਾਂਗ ਸ਼ਹਿਰਾਂ ਵਿਚ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਕੇ ਆਇਆ। ਕੁਝ ਸਮਾਂ ਬਾਅਦ ਉਹ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੀਆਂ ਸੰਗਤਾਂ ਨੂੰ ਵੀ ਇਕ ਹੋਰ ਕੀਰਤਨ ਜਥੇ ਨਾਲ ਕਈ ਹਫ਼ਤੇ ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਦੇ ਕੀਰਤਨ ਪਰਵਾਹ ਨਾਲ ਜੋੜਦਾ ਰਿਹਾ। ਅੱਜ ਕਲ੍ਹ ਬਾਬਾ ਗੁਰਸੇਵਕ ਸਿੰਘ, ਮੋਗਾ ਦੇ ਜਵਾਹਰ ਨਗਰ ਵਾਲੇ ਗੁਰਦੁਆਰਾ ਸਾਹਿਬ ਵਿਚ ਗੁਰੂ ਘਰ ਦੇ ਸੇਵਕ ਵਜੋਂ ਵਿਚਰ ਰਿਹਾ ਹੈ। ਉਸ ਦੀ ਪਰਿਵਾਰਕ ਰਹਾਇਸ਼ ਵੀ ਗੁਰੂ ਘਰ ਵਿਚ ਹੀ ਹੈ।
ਛੀਂਬਾ ਭਾਈਚਾਰਾ
ਛੀਂਬਾ ਭਾਈਚਾਰੇ ਦੇ ਲੋਕ ਪ੍ਰਾਚੀਨ ਸਮੇਂ ਦੇ ਕਸ਼ਤਰੀ ਹਨ, ਇਸੇ ਕਰਕੇ ਇਨ੍ਹਾਂ ਨੂੰ ‘ਟਾਂਕ ਕਸ਼ਤਰੀ’ ਦੇ ਨਾਮ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਸੰਸਕ੍ਰਿਤ ਦੇ ‘ਸ਼ਿਲਿਪਨ’ ਸ਼ਬਦ ਦਾ ਵਿਗਿੜਿਆ ਰੂਪ ਹੀ ਬਦਲ ਕੇ ਪੰਜਾਬੀ ਵਿਚ ‘ਛੀਂਬਾ’ ਬਣ ਗਿਆ, ਜਿਸ ਦਾ ਅਰਥ ਹੈ ‘ਕਪੜੇ ਉਪਰ ਵੇਲ ਬੂਟੀਆਂ ਪਾਉਣ ਵਾਲਾ ਕਾਰੀਗਰ’ ਜਾਂ ‘ਕਪੜੇ ਉਪਰ ਵੇਲ ਬੂਟੀਆਂ ਛਾਪਣ ਵਾਲਾ ਕਾਰੀਗਰ’। ਪੁਰਾਤਨ ਇਤਿਹਾਸਕ ਪੁਸਤਕਾਂ ਵਿਚ ਇਨ੍ਹਾਂ ਦਾ ਨਾਮ ਟਾਂਕ ਕਸ਼ਤਰੀ ਹੀ ਪੜ੍ਹਨ ਨੂੰ ਮਿਲਦਾ ਹੈ ਪਰੰਤੂ ਬਾਅਦ ਦੇ ਇਤਿਹਾਸਕਾਰ ਇਸ ਜਾਤੀ ਨੂੰ ਛੀਂਬਾ ਲਿਖਦੇ ਹਨ। ਅਜੋਕੇ ਸਮੇਂ ਵਿਚ ਕਪੜਾ ਲੀੜਾ ਸਿਉਣ ਦਾ ਕੰਮ ਛੀਂਬਾ ਬਰਾਦਰੀ ਵਾਲੇ ਹੀ ਆਮ ਤੌਰ ‘ਤੇ ਕਰਦੇ ਹਨ। ਇਸ ਕਰਕੇ ਹੁਣ ਇਨ੍ਹਾਂ ਨੂੰ ਆਮ ਵਿਅਕਤੀ ‘ਦਰਜੀ’ ਨਾਮ ਨਾਲ ਹੀ ਸੰਬੋਧਨ ਕਰਦਾ ਹੈ। ਅਸਲ ਵਿਚ ਇਹ ਇਕ ਕਿੱਤਾਮੁਖੀ ਉਪ-ਜਾਤੀ ਹੈ ਜਿਹੜੇ ਕਪੜੇ ਸਿਉਣ, ਰੰਗਣ, ਛਪਾਈ ਅਤੇ ਡਰਾਈ ਕਲੀਨਿੰਗ ਦਾ ਕੰਮ ਕਰਦੇ ਹਨ। ਅੱਜਕਲ੍ਹ ਦੇ ਸਮਿਆਂ ਵਿਚ ਤਾਂ ਉਪਰੋਕਤ ਕੰਮ ਹੋਰ ਜਾਤੀਆਂ ਅਤੇ ਉਪ-ਜਾਤੀਆਂ ਵਾਲਿਆਂ ਨੇ ਵੀ ਅਪਣਾ ਲਏ ਹਨ। ਪਰੰਤੂ ਫੇਰ ਵੀ ਇਨ੍ਹਾਂ ਨੂੰ ਵਧੇਰੇ ਮੁਹਾਰਤ ਹਾਸਲ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਇਸ ਉਪ-ਜਾਤੀ ਦੇ ਲੋਕ ਖੇਤੀਬਾੜੀ ਵੀ ਕਰਦੇ ਹਨ।
ਇਸ ਉਪ-ਜਾਤੀ ਵਿਚ ਸਮੇਂ-ਸਮੇਂ ਵੱਡੇ ਬ੍ਰਹਮ ਗਿਆਨੀ, ਸੰਤ ਮਹਾਤਮਾ ਅਤੇ ਸੂਰਬੀਰ ਯੋਧੇ ਪੈਦਾ ਹੋਏ। ਮਹਾਂਰਾਸ਼ਟਰ ਸਟੇਟ ਦੇ ਸਤਾਰਾ ਜ਼ਿਲ੍ਹੇ ਵਿਚ ਪੈਦਾ ਹੋ ਕੇ ਮਾਨਵ ਜਾਤੀ ਨੂੰ ਸੱਚਾ ਅਤੇ ਸੁੱਚਾ ਮਾਰਗ ਦਿਖਾਉਣ ਵਾਲੇ ਭਗਤ ਨਾਮ ਦੇਵ ਜੀ ਤੇਰ੍ਹਵੀਂ ਸਦੀ ਦੇ ਮਹਾਨ ਸੰਤ ਹੋਏ ਹਨ। ਪੰਜਾਬ ਪਹੁੰਚ ਕੇ ਵੀ ਉਨ੍ਹਾਂ ਨੇ ਪੰਜਾਬੀਆਂ ਨੂੰ ਸੱਚੀ, ਸੁੱਚੀ ਜੀਵਨ ਜਾਚ ਦਾ ਰਸਤਾ ਦਿਖਾਇਆ। ਸ਼ਾਇਦ ਇਸੇ ਕਰਕੇ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਸੰਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੇ ਸਾਜੋ ਹੋਏ ਪੰਜ ਪਿਆਰਿਆਂ ਵਿਚੋਂ ਭਾਈ ਮੋਹਕਮ ਸਿੰਘ ਜੀ ਟਾਂਕ ਕਸ਼ਤਰੀ ਭਾਈਚਾਰੇ ਨਾਲ ਸਬੰਧਤ ਸਨ। ਉਤਰ ਪ੍ਰਦੇਸ਼ ਦੇ ਦਵਾਰਕਾ ਇਲਾਕੇ ਦੇ ਪਿਛੋਕੜ ਵਾਲੇ ਭਾਈ ਮੋਹਕਮ ਸਿੰਘ ਜੀ ਮਹਾਨ ਗੁਰੂ ਸਿੱਖ ਤੋਂ ਬਿਨਾਂ ਸੂਰਬੀਰ ਯੋਧੇ ਵੀ ਸਨ। ਗੁਰੂ ਕੇ ਬਾਗ਼ ਦੇ ਅਕਾਲੀ ਮੋਰਚੇ ਵਿਚ ਸ਼ਹੀਦੀ ਪਾਉਣ ਵਾਲੇ ਸ਼ਹੀਦ ਕਰਮ ਸਿੰਘ ਵੀ ਟਾਂਕ ਕਸ਼ਤਰੀ ਸਨ। ਇਸ ਭਾਈਚਾਰੇ ਨੇ ਅਜੋਕੇ ਸਮਿਆਂ। ਵਿਚ ਵੀ ਬਹੁਤ ਵਿਦਵਾਨ, ਇੰਜਨੀਅਰ, ਡਾਕਟਰ, ਲੇਖਕ, ਬੁੱਧੀਜੀਵੀ, ਇੰਡਸਟ੍ਰੀਲਿਸਟ, ਫ਼ੌਜੀ ਅਫ਼ਸਰ, ਕਾਨੂੰਨਦਾਨ ਅਤੇ ਰਾਜਨੀਤਕ ਨੇਤਾ ਪੈਦਾ ਕੀਤੇ ਹਨ।
ਜਨੇਰ ਦਾ ਛੀਂਬਾ ਭਾਈਚਾਰਾ
ਮਾਲ ਮਹਿਕਮੇ ਦੇ ਰਿਕਾਰਡ ਅਤੇ ਆਬਾਦੀ ਪੱਖੋਂ ਜਨੇਰ ਦੇ ਛੀਂਬਾ ਭਾਈਚਾਰੇ ਦੀ ਗਿਣਤੀ ਪਿੰਡ ਦੀ ਪੀਰ ਖਾਂ ਪੱਤੀ ਵਿਚ ਕੀਤੀ ਜਾਂਦੀ ਹੈ। ਇਸ ਭਾਈਚਾਰੇ ਨਾਲ ਸਬੰਧਤ ਲਗਪਗ ਸਾਰੇ ਪਰਿਵਾਰ ਜੱਸਲ ਗੋਤ ਨਾਲ ਸਬੰਧਤ ਹਨ। ਇਨ੍ਹਾਂ ਦੇ ਵਡੇਰੇ ਸਿੱਧੂ ਪੱਤੀ ਦੇ ਧੂਲੀ ਵਾਲੇ ਖੇਤਾਂ ਵਿਚ ਵਸਣ ਸਮੇਂ ਤੋਂ ਹੀ ਪਿੰਡ ਵਿਚ ਵਸਦੇ ਸਨ। ਪਿੰਡ ਦੇ ਮੁਢਲੇ ਵਸਨੀਕਾਂ ਵਿਚ ਹੋਣ ਕਾਰਨ ਹੀ ਸ਼ਾਇਦ ਸਾਰੇ ਜੱਸਲਾਂ ਪਾਸ ਜ਼ਮੀਨਾਂ ਵੀ ਹਨ।
ਤੁੱਲਾ ਸਿੰਘ ਜੱਸਲ ਦੇ ਦੋ ਲੜਕੇ ਇੰਦਰ ਸਿੰਘ ਅਤੇ ਹਜ਼ੂਰਾ ਸਿੰਘ ਸਨ। ਇੰਦਰ ਸਿੰਘ ਜੱਸਲ ਦਾ ਇਕੋ ਇਕ ਲੜਕਾ ਮੁਖਤਿਆਰ ਸਿੰਘ ਸੀ ਜਿਹੜਾ ਕਿ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੋਣ ਕਰਕੇ ਸਾਰਾ ਇਲਾਕਾ ਹੀ ਉਸ ਨੂੰ ਜਾਣਦਾ ਸੀ। ਉਹ ਇਕ ਵਧੀਆ ਆਖਡੰ ਪਾਠੀ, ਕਵੀਸ਼ਰ, ਕਵੀ, ਪੋਸਟ ਮਾਸਟਰ ਅਤੇ ਦਰਜੀ ਹੋਣ ਤੋਂ ਬਿਨਾਂ ਥੋੜ੍ਹਾ ਬਹੁਤਾ ਲਿਖਦਾ ਵੀ ਸੀ। ਉਸ ਦੇ ਤਿੰਨ ਲੜਕੇ ਜਸਵੰਤ ਸਿੰਘ, ਗੁਰਮੀਤ ਸਿੰਘ ਅਤੇ ਜਸਵੀਰ ਸਿੰਘ ਹੋਏ। ਜਸਵੰਤ ਸਿੰਘ ਪਾਠੀ ਹੈ ਪਰੰਤੂ ਲੋੜ ਪੈਣ ‘ਤੇ ਪਿਤਾ ਪੁਰਖੀ ਦਰਜੀਪੁਣੇ ਦੇ ਕੰਮ ਤੋਂ ਬਿਨਾਂ ਹੋਰ ਕਈ ਕਿਸਮ ਦੇ ਕੰਮ ਧੰਦੇ ਵੀ ਕਰ ਲੈਂਦਾ ਹੈ। ਉਸ ਦਾ ਇਕ ਲੜਕਾ ਦਰਜੀ ਦਾ ਕੰਮ ਕਰਦਾ ਹੈ ਅਤੇ ਦੂਜਾ ਪਿੰਡ ਦੀ ਕੋਆਪ੍ਰੇਟਿਵ ਸੁਸਾਇਟੀ ਦਾ ਮੁਲਾਜ਼ਮ ਹੈ। ਕੁਲਦੀਪ ਸਿੰਘ ਪਿੰਡ ਵਿਚ ਹੀ ਕਪੜੇ ਸਿਉਣ ਦਾ ਕੰਮ ਕਰਦਾ ਹੈ, ਉਸ ਦੇ ਬੱਚੇ ਹਾਲੀਂ ਪੜ੍ਹਾਈ ਕਰ ਰਹੇ ਹਨ। ਸਭ ਤੋਂ ਛੋਟਾ ਗੁਰਮੀਤ ਸਿੰਘ ਆਪਣੇ ਪਿਤਾ ਮੁਖਤਿਆਰ ਸਿੰਘ ਦੇ ਚੜ੍ਹਾਈ ਕਰ ਜਾਣ ਬਾਅਦ ਪੋਸਟ ਮਾਸਟਰ ਬਣਿਆ ਪਰੰਤੂ ਕੁਝ ਸਮਾਂ ਪਹਿਲਾਂ ਉਹ ਰੱਬ ਨੂੰ ਪਿਆਰਾ ਹੋ ਗਿਆ। ਅੱਜਕਲ੍ਹ ਉਸ ਦੇ ਲੜਕੇ ਨੇ ਇਹ ਕੰਮ ਸੰਭਾਲਿਆ ਹੋਇਆ ਹੈ।
ਹਜ਼ੂਰਾ ਸਿੰਘ ਜੱਸਲ ਬਹੁਤ ਹੀ ਮਿਹਨਤੀ ਅਤੇ ਗੁਰਸਿੱਖ ਇਨਸਾਨ ਸੀ। ਕਿਸੇ ਸਮੇਂ ਉਹ ਤੁਰ ਫਿਰ ਕੇ ਪੈਦਲ ਹੀ ਕਪੜਾ ਵੇਚਿਆ ਕਰਦਾ ਸੀ, ਬਾਅਦ ਵਿਚ ਉਸ ਨੇ ਸਾਈਕਲ ‘ਤੇ ਲੰਮਾ ਸਮਾਂ ਕਪੜਾ ਵੇਚਿਆ। ਉਸ ਦਾ ਵੱਡਾ ਲੜਕਾ ਪ੍ਰੀਤਮ ਸਿੰਘ ਫ਼ੌਜ ਦੀ ਮਿਲਟਰੀ ਇੰਜਨੀਅਰਿੰਗ ਸਰਵਿਸ ਵਿਚ ਡਰਾਫਟਸ ਦਾ ਡਿਪਲੋਮਾ ਪਾਸ ਕਰਕੇ ਸਿੱਧਾ ਹਵਾਲਦਾਰ ਭਰਤੀ ਹੋਇਆ ਸੀ ਅਤੇ ਆਨਰੇਰੀ ਕੈਪਟਨ ਦੇ ਅਹੁਦੇ ਤੋਂ ਰਿਟਾਇਰ ਹੋਇਆ। ਪਿਤਾ ਦੇ ਕਦਮਾਂ ‘ਤੇ ਚਲਦਿਆਂ ਉਸ ਦੇ ਲੜਕੇ ਅਵਤਾਰ ਸਿੰਘ ਨੇ ਵੀ ਐਗਰੀਕਚਰ ਦੀ ਏ.ਐਸ.ਸੀ. ਪਾਸ ਕਰ ਲਈ ਅਤੇ ਅੱਜਕਲ੍ਹ ਸਰਕਾਰੀ ਬੈਂਕ ਵਿਚ ਐਗਰੀਕਲਚਰ ਲੋਨ ਅਫ਼ਸਰ ਹੈ। ਹਜ਼ੂਰਾ ਸਿੰਘ ਜੱਸਲ ਦਾ ਛੋਟਾ ਲੜਕਾ ਭਾਰਤੀ ਹਵਾਈ ਫ਼ੌਜ ਦਾ ਸਾਬਕਾ ਏਅਰਮੈਨ ਹੈ, ਬਾਅਦ ਵਿਚ ਉਸ ਨੇ ਵਕਾਲਤ ਪਾਸ ਕਰ ਲਈ। ਪਹਿਲਾਂ ਐਫ਼ .ਸੀਆਈ. ਵਿਚ ਨੌਕਰੀ ਕੀਤੀ ਅਤੇ ਅੱਜਕਲ੍ਹ ਪਰਿਵਾਰ ਸਮੇਤ ਚੰਡੀਗੜ੍ਹ ਵਿਚ ਰਹਿੰਦਾ ਹੈ, ਜਿਥੇ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਉਸ ਦੇ ਦੋ ਲੜਕੇ ਹਨ। ਵੱਡਾ ਪ੍ਰਾਈਵੇਟ ਵਕੀਲ ਅਤੇ ਛੋਟਾ ਚੰਡੀਗੜ੍ਹ ਵਿਚ ਹੀ ਹਾਕੀ ਦੇ ਕੋਚ ਵਜੋਂ ਸਪੋਰਟਸ ਅਫ਼ਸਰ ਲੱਗਾ ਹੋਇਆ ਹੈ।
ਜੱਸਲ ਖ਼ਾਨਦਾਨ ਨਾਲ ਸਬੰਧਤ ਦੋ ਸਕੇ ਭਰਾਵਾਂ ਮੋਹਨ ਸਿੰਘ ਅਤੇ ਸੋਹਣ ਸਿੰਘ ਦਾ ਪਰਿਵਾਰ ਵੀ ਪੀਰ ਖਾਂ ਪੱਤੀ ਵਿਚ ਵਸਦਾ ਹੈ। ਮੋਹਨ ਸਿੰਘ ਜੱਸਲ ਧਾਰਮਿਕ ਵਿਚਾਰਾਂ ਵਾਲਾ ਹੋਣ ਕਰਕੇ ਪਿੰਡ ਵਿਚ ਸਾਰੇ ਉਸ ਨੂੰ ‘ਨਹਿੰਗ ਸਿੰਘ’ ਆਖਦੇ ਸਨ। ਫੱਕਰ ਸੁਭਾ ਅਤੇ ਥੋੜ੍ਹੀ ਬਹੁਤ ਹਿਕਮਤ ਜਾਣਦਾ ਹੋਣ ਕਰਕੇ ਕਈ ਉਸ ਨੂੰ ‘ਵੈਦ ਜੀ’ ਵੀ ਆਖਦੇ ਸਨ। ਉਸ ਦੇ ਕੋਈ ਔਲਾਦ ਨਹੀਂ ਸੀ, ਇਸ ਕਰਕੇ ਉਸ ਨੂੰ ਆਪਣਾ ਭਤੀਜਾ ਗੋਦ ਲੈਣਾ ਪਿਆ। ਸੋਹਣ ਸਿੰਘ ਨੇ ਸਾਰੀ ਉਮਰ ਪਿੰਡ ਵਿਚ ਹੀ ਦਰਜੀ ਦਾ ਕੰਮ ਕੀਤਾ। ਉਸ ਦੇ ਲੜਕਿਆਂ ਨੇ ਪਿਤਾ ਪੁਰਖੀ ਦਰਜੀ ਦਾ ਕਿੱਤਾ ਨਾ ਅਪਣਾਇਆ ਸਗੋਂ ਇੰਜੀਨੀਅਰਿੰਗ ਲਾਈਨ ਦੇ ਕੰਮ ਨੂੰ ਪਹਿਲ ਦਿੱਤੀ। ਸਭ ਤੋਂ ਵੱਡਾ ਮੋਗਾ ਨਿਵਾਸੀ ਬਣ ਗਿਆ ਜਿਥੇ ਉਸ ਨੇ ਨੈਸਲੇ ਇੰਡੀਆ ਕੰਪਨੀ ਵਿਚ ਕਾਫੀ ਸਮਾਂ ਕੰਮ ਕੀਤਾ। ਉਸ ਤੋਂ ਛੋਟਾ ਕੁਲਦੀਪ ਵੀ ਮੋਗਾ ਸ਼ਹਿਰ ਵਿਚ ਟੈਕਨੀਕਲ ਕੰਮ ਕਰਦਾ ਹੈ।
ਛੀਂਬਾ ਭਾਈਚਾਰੇ ਨਾਲ ਸਬੰਧਤ ਹਰਨਾਮ ਸਿੰਘ ਦਾ ਪਰਿਵਾਰ, ਜਨੇਰ ਵਾਸੀ ਹਜ਼ੂਰਾ ਸਿੰਘ ਜੱਸਲ ਦੀ ਹੱਲਾਸ਼ੇਰੀ ਕਾਰਨ ਪਿੰਡ ਧਰਮ ਸਿੰਘ ਵਾਲਾ ਤੋਂ 1956 ਈਸਵੀ ਸਮੇਂ ਜਨੇਰ ਆ ਕੇ ਪੀਰ ਖਾਂ ਪੱਤੀ ਵਿਚ ਵਸ ਗਿਆ । ਤੰਗੀ ਤੁਰਸ਼ੀ ਦੀ ਹਾਲਤ ਵਿਚ ਗੁਜ਼ਰ ਰਹੇ ਇਸ ਪਰਿਵਾਰ ਨੇ ਬਹੁਤ ਮਿਹਨਤ ਕੀਤੀ। ਹਰਨਾਮ ਸਿੰਘ ਨੇ ਪਿੰਡ ਦੀ ਚੌਕੀਦਾਰੀ ਦਾ ਕੰਮ ਸਾਂਭ ਲਿਆ। ਉਸ ਦੇ ਵੱਡੇ ਲੜਕੇ ਜੰਗੀਰ ਸਿੰਘ ਨੂੰ ਮੋਗਾ ਡੇਅਰੀ (ਹੁਣ ਨੈਸਲੇ ਇੰਡੀਆ) ਵਿਚ ਪੱਕੀ ਨੌਕਰੀ ਮਿਲ ਜਾਣ ਕਾਰਨ ਪਰਿਵਾਰ ਦੀ ਗ੍ਰਹਿਸਤ ਰੂਪੀ ਗੱਡੀ ਲੀਹ ‘ਤੇ ਆ ਗਈ। ਉਹ ਪਰਿਵਾਰ ਸਹਿਤ ਮੋਗਾ ਵਾਸੀ ਬਣ ਗਿਆ। ਉਸ ਤੋਂ ਛੋਟੇ ਪੂਰਨ ਸਿੰਘ ਨੂੰ ਵੀ ਸ਼ਹਿਰ ਵਿਚ ਨੌਕਰੀ ਮਿਲ ਗਈ। ਸਭ ਤੋਂ ਛੋਟੇ ਸੁਖਦੇਵ ਸਿੰਘ ਨੇ ਪਿੰਡ ਦੇ ਹਾਈ ਸਕੂਲ ਵਿਚੋਂ ਦਸਵੀਂ ਪਾਸ ਕਰਕੇ ਨੈਸਲੇ ਇੰਡੀਆ ਵਿਚ ਹੀ ਪੱਕੀ ਨੌਕਰੀ ਮਿਲ ਗਈ ਅਤੇ ਉਥੋਂ ਹੀ ਕੁਝ ਸਮਾਂ ਪਹਿਲਾਂ ਉਹ ਰਿਟਾਇਰ ਹੋਇਆ ਪਰੰਤੂ ਉਸ ਤੋਂ ਪਹਿਲਾਂ ਉਸ ਦਾ ਛੋਟਾ ਲੜਕਾ ਵੀ ਨੈਸਲੇ ਇੰਡੀਆ ਵਿਚ ਪੱਕਾ ਮੁਲਾਜ਼ਮ ਬਣ ਗਿਆ। ਉਸ ਦਾ ਵੱਡਾ ਲੜਕਾ ਸਿਹਤ ਪੱਖੋਂ ਠੀਕ ਨਾ ਹੁੰਦਿਆਂ ਵੀ ਪੜ੍ਹ ਲਿਖ ਕੇ ਹਾਈ ਸਕੂਲ ਵਿਚ ਮਾਸਟਰ ਲੱਗ ਗਿਆ ਪਰੰਤੂ ਇਹ ਸਾਰਾ ਪਰਿਵਾਰ ਮੋਗਾ ਨਿਵਾਸੀ ਹੀ ਬਣ ਗਏ ਹਨ।
ਮੁਖਤਿਆਰ ਸਿੰਘ ਜੱਸਲ
ਬਹੁ-ਪੱਖੀ ਸ਼ਖ਼ਸੀਅਤ ਮੁਖਤਿਆਰ ਸਿੰਘ ਜੱਸਲ ਦੀ ਪਿੰਡ ਵਾਸੀਆਂ ਨੂੰ ਕਾਫੀ ਦੇਣ ਹੈ। ਪਿੰਡ ਦੇ ਡਾਕਖ਼ਾਨੇ ਨੂੰ ਪੱਕਾ ਕਰਵਾਉਣ ਵਾਸਤੇ ਉਸ ਨੇ ਨਿੱਜੀ ਤੌਰ ‘ਤੇ ਵੱਡਾ ਯੋਗਦਾਨ ਪਾਇਆ। ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਪੰਜਾਬੀ ਅਤੇ ਸਕੂਲ ਵਿਚੋਂ ਥੋੜ੍ਹਾ ਬਹੁਤ ਉਰਦੂ ਹੀ ਪੜ੍ਹਿਆ ਹੋਇਆ ਹੈ। ਪਿੰਡ ਦੇ ਡਾਕਖ਼ਾਨੇ ਨੂੰ ਚਲਾਉਣ ਲਈ ਉਸ ਨੇ ਵੱਡੀ ਉਮਰ ਵਿਚ ਅੰਗਰੇਜ਼ੀ, ਪੜ੍ਹਨੀ, ਲਿਖਣੀ ਸਿੱਖੀ।
ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ੁਧ ਉਚਾਰਨ ਵਾਲਾ ਉਚ ਕੋਟੀ ਦਾ ਪਾਠੀ ਸੀ। ਜਦੋਂ ਉਹ ਰਾਗ ਅਤੇ ਸੁਰ ਵਿਚ ਭਗਤ ਕਬੀਰ ਜੀ ਅਤੇ ਫ਼ਰੀਦ ਜੀ ਦੇ ਸ਼ਲੋਕ ਉਚਾਰਨ ਕਰਦਾ ਤਾਂ ਲੋਕ ਬਾਣੀ ਨਾਲ ਜੁੜ ਕੇ ਝੂੰਮਣ ਲੱਗ ਜਾਂਦੇ। ਉਸ ਨੂੰ ਕਵਿਤਾ ਪੜ੍ਹਨ ਅਤੇ ਲਿਖਣ ਦਾ ਸ਼ੌਕ ਸੀ। ਥੋੜ੍ਹਾ ਸਮਾਂ ਉਹ ਇਕ ਕਵਿਸ਼ਰੀ ਜੱਥੇ ਨਾਲ ਵੀ ਰਿਹਾ। ਥੋੜ੍ਹੀ ਬਹੁਤ ਹਿਕਮਤ ਦੀ ਜਾਣਕਾਰੀ ਰਖਦਾ ਹੋਣ ਕਰਕੇ ਗ਼ਰੀਬ ਗੁਰਬੇ ਨੂੰ ਦਵਾਈ ਵੀ ਦੇ ਛੱਡਦਾ। ਮੁਖਤਿਆਰ ਸਿੰਘ ਜੱਸਲ ਜਿਸ ਨੇ ਆਪਣਾ ਸਾਹਿਤਕ ਨਾਮ ਮੁਖਤਿਆਰ ਸਿੰਘ ਸੇਵਕ ਰਖਿਆ ਹੋਇਆ ਸੀ, ਪਿੰਡ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਇਕ ਛੋਟੀ ਜਿਹੀ ‘ਸੰਤਾਂ ਦੀ ਮਹਿਮਾ’ ਨਾਮ ਦੀ ਪੁਸਤਕ ਵੀ ਲਿਖੀ। ਇਸ ਪੁਸਤਕ ਵਿਚ ਉਸ ਨੇ ਡੇਰਾ ਬਾਬਾ ਹਮੀਰ ਸਿੰਘ ਜੀ ਦੇ ਡੇਰੇ ਵਾਲੇ ਪਾਠੀਆਂ, ਰਾਗੀਆਂ ਅਤੇ ਢਾਡੀਆਂ ਬਾਰੇ ਕਾਫੀ ਕੁਝ ਲਿਖਿਆ। ਸਿੱਖ ਇਤਿਹਾਸ ਬਾਰੇ ਉਸ ਨੂੰ ਡੂੰਘੀ ਜਾਣਕਾਰੀ ਸੀ । ਹਰ ਸਮੇਂ ਕੁਝ ਸਿੱਖਣ ਦੀ ਲਾਲਸਾ ਹਮੇਸ਼ਾ ਉਸ ਦੇ ਮਨ ਵਿਚ ਰਹਿੰਦੀ, ਜਦੋਂ ਵੀ ਕੋਈ ਲੇਖਕ, ਸਾਹਿਤਕਾਰ, ਬੁੱਧੀਜੀਵੀ ਜਾਂ ਕਥਾਵਾਚਕ ਉਸ ਨੂੰ ਮਿਲਦਾ ਤਾਂ ਉਹ ਆਨੇ- ਬਹਾਨੇ ਇਤਿਹਾਸ ਦੀਆਂ ਗੱਲਾਂ ਛੇੜਦਾ ਤਾਂ ਕਿ ਸਬੰਧਤ ਵਿਅਕਤੀ ਪਾਸੋਂ ਉਹ ਕੁਝ ਨਾ ਕੁਝ ਹਾਸਲ ਕਰਕੇ ਆਪਣੇ ਗਿਆਨ ਵਿਚ ਵਾਧਾ ਕਰ ਸਕੇ। ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਬਹੁਤਾ ਪੜ੍ਹਨ ਲਿਖਣ ਦੇ ਗਿਆਨ ਦੇ ਨਾ ਹੋਣ ਦਾ ਤੌਖਲਾ ਹਮੇਸ਼ਾ ਉਸ ਨੂੰ ਮਹਿਸੂਸ ਹੁੰਦਾ ਅਤੇ ਆਮ ਹੀ ਆਖਿਆ ਕਰਦਾ “ਕਾਸ਼ ਮੈਂ ਅੰਗਰੇਜ਼ੀ ਅਤੇ ਹਿੰਦੀ ਪੜ੍ਹਿਆ ਹੁੰਦਾ।”
ਡਾਕਖ਼ਾਨੇ ਦਾ ਕੰਮ ਕਰਨ ਤੋਂ ਬਿਨਾਂ ਪਿੰਡ ਵਿਚ ਡਾਕ ਵੰਡਣ ਦਾ ਕੰਮ ਵੀ ਉਹ ਖ਼ੁਦ ਹੀ ਕਰਦਾ ਸੀ। ਕਿਸੇ ਪਿੰਡ ਵਾਸੀ ਨੇ ਚਿੱਠੀ ਪੜ੍ਹਾਉਣੀ ਹੋਵੇ, ਲਿਖਵਾਉਣੀ ਹੋਵੇ, ਉਹ ਇਹ ਕੰਮ ਖਿੜੇ ਮੱਥੇ ਕਰਦਾ। ਉਸ ਪਾਸ ਮਾਨਤਾ ਪ੍ਰਾਪਤ ਪ੍ਰੋਨੋਟ ਲਿਖਣ ਦਾ ਲਾਈਸੈਂਸ ਵੀ ਸੀ। ਲੋੜ ਪੈਣ ‘ਤੇ ਉਹ ਕਚੈਹਰੀ ਵਿਚ ਬਿਨਾਂ ਕਿਸੇ ਭੇਦ-ਭਾਵ ਦੇ ਅਗਵਾਹੀ ਦੇਣ ਤੋਂ ਵੀ ਝਿਜਕਦਾ ਨਹੀਂ ਸੀ। ਕੱਚੀ ਵਸੀਅਤ ਲਿਖਣ ਦੀ ਉਸ ਨੂੰ ਮੁਹਾਰਤ ਹਾਸਲ ਸੀ। ਆਪਣੇ ਦਰਜੀ ਦੇ ਕੰਮ ਵਿਚ ਖ਼ਾਸ ਕਰਕੇ ਸਾਧੂ ਸੰਤਾਂ ਦੇ ਕਛੋਹਰੇ, ਚੋਲੇ ਅਤੇ ਜੈਕਟਾਂ ਆਦਿ ਦੀ ਸਲਾਈ ਦਾ ਉਹ ਮਾਸਟਰ ਟੇਲਰ ਸੀ। ਵੱਖ- ਵੱਖ ਖੇਤਰਾਂ ਵਿਚ ਮੁਹਾਰਤ ਰੱਖਣ ਵਾਲੇ ਮੁਖਤਿਆਰ ਸਿੰਘ ਜੱਸਲ ਨੂੰ ਚਲਦੀ-ਫਿਰਦੀ ਸੰਸਥਾ ਆਖ ਦੇਣਾ ਸ਼ਾਇਦ ਠੀਕ ਹੀ ਹੋਵੇਗਾ।
ਕੈਪਟਨ ਪ੍ਰੀਤਮ ਸਿੰਘ ਜੱਸਲ
ਸਾਦੀ ਜੀਵਨ ਸ਼ੈਲੀ ਦੀ ਈਮਾਨਦਾਰੀ, ਸਹਿਨਸ਼ੀਲਤਾ, ਦਇਆ ਭਾਵਨਾ ਅਤੇ ਕਿਸੇ ਦਾ ਦਿਲ ਨਾ ਦੁਖਾਉਣ ਜਿਹੇ ਉਚ ਗੁਣਾਂ ਦੇ ਧਾਰਨੀ, ਸੰਸਾਰ ਵਿਚ ਕੁਝ ਅਜਿਹੇ ਇਨਸਾਨ ਵੀ ਪੈਦਾ ਹੁੰਦੇ ਹਨ ਜਿਹੜੇ ਆਪਣੇ ਸੰਸਾਰੀ ਜੀਵਨ ਪੰਧ ਦੀਆਂ ਅਮਿੱਟ ਪੈੜਾਂ ਛੱਡਦੇ ਹੋਏ ਹਮੇਸ਼ਾ ਲਈ ‘ਅਮਰ’ ਹੋ ਜਾਂਦੇ ਹਨ। ਉਪਰੋਕਤ ਮਹਾਨ ਗੁਣਾਂ ਦੇ ਧਾਰਨੀ ਕੈਪਟਨ ਪ੍ਰੀਤਮ ਸਿੰਘ ਨੂੰ ਵੀ ‘ਅਮਰ’ ਕਹਿਣ ਵਿਚ ਕਿਸੇ ਨੂੰ ਕੋਈ ਝਿਜਕ ਮਹਿਸੂਸ ਨਹੀਂ ਹੋਣੀ ਚਾਹੀਦੀ। ਇਹ ਉਸ ਪ੍ਰਤੀ ਕੋਈ ਸ਼ਰਧਾਂਜਲੀ ਨਹੀਂ ਸਗੋਂ ਇਕ ਸਮਾਜਿਕ ਅਤੇ ਸਭਿਆਚਾਰਕ ਸੱਚਾਈ ਹੈ। ਜਿਹੜੀ ਉਸ ਨੇ ਜਿਉਂਦੇ ਜੀ ਨਿਭਾਈ। ਭਾਰਤੀ ਫ਼ੌਜ ਦੀ ਐਮ.ਈ.ਐਸ. (ਮਿਲਟਰੀ ਇੰਜਨੀਅਰਿੰਗ ਸਰਵਿਸ) ਜਿਸ ਪਾਸ ਕਰੋੜਾਂ ਦਾ ਸਰਕਾਰੀ ਬਜਟ ਹੁੰਦਾ ਹੈ, ਵਿਚ ਇਮਾਨਦਾਰੀ ਨਾਲ ਨੌਕਰੀ ਕਰਨੀ ਕੋਈ ਛੋਟੀ-ਮੋਟੀ ਗੱਲ ਨਹੀਂ। ਪ੍ਰੀਤਮ ਸਿੰਘ ਨੇ ਹਮੇਸ਼ਾ ਆਪਣੀ ਤਨਖ਼ਾਹ ਨਾਲ ਹੀ ਸਬਰ ਕੀਤਾ। ਬੇਸ਼ਕ ਉਹ ਦਸ ਸਾਲ ਦੀ ਨੌਕਰੀ ਵਿਚ ਹੀ ਸੂਬੇਦਾਰ ਬਣ ਗਿਆ ਸੀ। ਅਤੇ ਤੇਤੀ ਸਾਲ ਬੇਦਾਗ ਨੌਕਰੀ ਕਰਕੇ ਅਨਰੇਰੀ ਕੈਪਟਨ ਦੇ ਅਹੁਦੇ ਤੋਂ ਰਿਟਾਇਰ ਹੋਇਆ ਫੇਰ ਵੀ ਪਿੰਡ ਵਾਸੀ ਉਸ ਨੂੰ ਸੂਬੇਦਾਰ ਆਖ ਕੇ ਬੁਲਾਉਂਦੇ ਸਨ। ਛੋਟੇ ਰੈਂਕ ਨਾਲ ਸੰਬੋਧਨ ਹੋਣ ਕਰਕੇ ਉਸ ਨੇ ਕਦੀ ਕਿਸੇ ਨੂੰ ਕੁਛ ਨਹੀਂ ਕਿਹਾ ਅਤੇ ਹੱਸ ਕੇ ਅੱਗੋਂ ਬੋਲਣਾ ਉਸ ਦੇ ਆਚਰਨ ਦਾ ਵੱਡਪਨ ਸੀ।
ਫ਼ੌਜ ਦੀ ਪੈਨਸ਼ਨ ਲੈਣ ਤੋਂ ਬਾਅਦ ਹੀ ਉਹ ਜ਼ਿਆਦਾਤਰ ਪਿੰਡ ਵਾਸੀਆਂ ਦੇ ਸੰਪਰਕ ਵਿਚ ਆਇਆ। ਉਸ ਦੀ ਇਮਾਨਦਾਰੀ ਅਤੇ ਦਇਆਵਾਨ ਹੋਣ ਦੀਆਂ ਕਹਾਣੀਆਂ ਪਿੰਡ ਵਾਸੀਆਂ ਵਿਚ ਅੱਜ ਵੀ ਪ੍ਰਚਲਤ ਹਨ। ਖੇਤੀ ਦਾ ਕੰਮ ਕਰਨ ਵਾਲੇ ਦਿਹਾੜੀਆਂ ਨੂੰ ਅੱਛਾ ਖਾਣ ਪੀਣ ਨੂੰ ਦੇਣਾ, ਮਜ਼ਦੂਰੀ ਦੇ ਪੈਸੇ ਖੇਤ ਵਿਚ ਹੀ ਦੇ ਦੇਣੇ, ਦਿਹਾੜੀਆਂ ਨੂੰ ਦੁਪਹਿਰ ਵੇਲੇ ਕੁਝ ਸਮਾਂ ਅਰਾਮ ਕਰਨ ਦੇਣਾ ਅਤੇ ਆਪਣੇ ਸੀਰੀ ਨੂੰ ਪੰਜਾਬੀ ਪੜ੍ਹਨਯੋਗ ਬਣਾਉਣਾ ਵਰਗੇ ਉਚ ਕੋਟੀ ਦੇ ਗੁਣ ਆਮ ਆਦਮੀ ਵਿਚ ਨਹੀਂ ਮਿਲਦੇ। ਇਸ ਤੋਂ ਬਿਨਾਂ ਕੋਈ ਮਸ਼ੀਨਰੀ ਖ਼ਰੀਦਣ ਜਾਂ ਵੇਚਣ ਵੇਲੇ ਦੂਜੀ ਪਾਰਟੀ ਨੂੰ ਨਫ਼ੇ ਵਿਚ ਰੱਖਣਾ, ਗ਼ਰੀਬ ਗੁਰਬੇ ਨੂੰ ਕੰਟੀਨ ਵਿਚੋਂ ਮੁਫ਼ਤ ਬਰਾਂਡੀ ਲਿਆ ਦੇਣੀ ਜਾਂ ਫੇਰ ਪੀਣ ਦੇ ਸ਼ੌਕੀਨਾਂ ਨੂੰ ਰੰਮ ਕੰਟੀਨ ਰੇਟ ‘ਤੇ ਹੀ ਲਿਆ ਦੇਣੀ ਜਿਹੇ ਖੁਲ੍ਹਦਿਲੀ ਵਾਲੇ ਕੰਮ ਸਿਰਫ਼ ਪ੍ਰੀਤਮ ਸਿੰਘ ਜਿਹਾ ਇਨਸਾਨ ਹੀ ਕਰ ਸਕਦਾ ਹੈ।
ਸ਼ਾਇਦ ਉਪਰੋਕਤ ਮਹਾਨ ਗੁਣਾਂ ਦਾ ਧਾਰਨੀ ਹੋਣ ਕਰਕੇ ਹੀ ਕੈਪਟਨ ਪ੍ਰੀਤਮ ਸਿੰਘ ਜੱਸਲ ਦੀ ਜ਼ਿੰਦਗੀ ਦਾ ਅੰਤ ਹੋਣ ਸਮੇਂ ਪੰਜ ਮਿੰਟਾਂ ਦਾ ਸਮਾਂ ਵੀ ਨਾ ਲੱਗਿਆ।
ਮਹਿਰਾ ਭਾਈਚਾਰਾ
ਮਨੂ ਸਮ੍ਰਿਤੀ ਵਿਚ ਕਿੱਤਾ ਮੁਖੀ ਜਾਤ-ਪਾਤ ਦੀ ਵੰਡ ਸਮੇਂ ਮਹਿਰਾ ਉਪ ਜਾਤੀ ਨੂੰ ਸ਼ੂਦਰ ਜਾਤੀ ਨਾਲੋਂ ਉਪਰ ਰਖਿਆ ਗਿਆ। ਇਸ ਨੂੰ ਅਧਾਰ ਬਣਾ ਕੇ ਹੀ ਆਜ਼ਾਦ ਭਾਰਤ ਦਾ ਸੰਵਿਧਾਨ ਬਣਾਉਂਦੇ ਸਮੇਂ ਡਾਕਟਰ ਅੰਬੇਦਕਰ ਸਾਹਿਬ ਦੀ ਵਿਧਾਨ ਘਾੜਿਆਂ ਦੀ ਟੀਮ ਨੇ ਮਹਿਰਾ ਜਾਤੀ ਨੂੰ ਅਨੁਸੂਚਿਤ ਜਾਤੀਆਂ ਦੀ ਬਜਾਏ ਪੱਛੜੇ ਵਰਗ ਦੀਆਂ ਜਾਤੀਆਂ ਅਤੇ ਉਪ-ਜਾਤੀਆਂ ਦੀ ਸੂਚੀ ਵਿਚ ਰੱਖਿਆ। ਘਟ ਗਿਣਤੀ ਵਾਲੀ ਜਾਤੀ ਹੋਣ ਕਰਕੇ ਇਤਿਹਾਸਕਾਰਾਂ ਨੇ ਮਹਿਰਾ ਜਾਤੀ ਬਾਰੇ ਘਟ ਹੀ ਲਿਖਿਆ ਹੈ। 1881 ਦੀ ਮਰਦਮਸ਼ੁਮਾਰੀ ਵਿਚ ਜ਼ਰੂਰ ਇਨ੍ਹਾਂ ਦੀ ਕੁਲ ਗਿਣਤੀ ਦਾ ਇਲਾਕਾ ਪੱਧਰ ‘ਤੇ ਵਰਨਣ ਕੀਤਾ ਗਿਆ ਹੈ। ਇਸ ਜਨ-ਗਣਨਾ ਦਾ ਮੁਖੀ ਸਰ ਐਬਿਟਸਨ ਡੈਨੀਜ਼ਲ ਮਹਿਰਾ ਜਾਤੀ ਨੂੰ ਰਾਜਪੂਤ ਪਿਛੋਕੜ ਨਾਲ ਜੋੜਦਾ ਹੈ। ਲਗਪਗ ਸਾਰੇ ਇਤਿਹਾਸਕਾਰ ਵੀ ਇਨ੍ਹਾਂ ਨੂੰ ਕਿੱਤਾ-ਮੁਖੀ ਜਾਤੀ ਵਜੋਂ ਹੀ ਲਿਖਦੇ ਹਨ।
ਪੁਰਾਤਨ ਸਮੇਂ ਤੋਂ ਹੀ ਉੱਚੀ ਜਾਤੀ ਵਾਲੇ ਬ੍ਰਾਹਮਣ, ਬਾਣੀਏ ਅਤੇ ਜੱਟ ਆਦਿ ਮਹਿਰਾ ਜਾਤੀ ਦੇ ਲੋਕਾਂ ਨਾਲ ਖਾ ਪੀ ਲੈਂਦੇ ਸਨ। ਉਹ ਉਨ੍ਹਾਂ ਦੇ ਰਹਾਇਸ਼ੀ ਕਮਰਿਆਂ, ਰਸੋਈਆਂ ਅਤੇ ਧਾਰਮਿਕ ਅਸਥਾਨਾਂ ‘ਤੇ ਬਿਨਾਂ ਕਿਸੇ ਰੋਕ ਟੋਕ ਦੇ ਜਾ ਸਕਦੇ ਸਨ। ਇਹ ਰਵਾਇਤ ਅੱਜ ਵੀ ਪ੍ਰਚਲਤ ਹੈ। ਕੁਝ ਸਮਾਂ ਪਹਿਲਾਂ ਤਕ ਵਿਆਹ ਸ਼ਾਦੀਆਂ ਅਤੇ ਆਮ ਹਾਲਤਾਂ ਵਿਚ ਇਹ ਉੱਚੀ ਜਾਤ ਵਾਲਿਆਂ ਲਈ ਪੀਣ ਅਤੇ ਨਿੱਤ ਦੀਆਂ ਲੋੜਾਂ ਲਈ ਪਾਣੀ ਭਰਨ ਦਾ ਕੰਮ ਕਰਦੇ ਸਨ ਅਤੇ ਨਾਈ (ਰਾਜਿਆਂ) ਨਾਲ ਮਿਲ ਕੇ ਰਸੋਈ ਦਾ ਕੰਮ ਵੀ ਕਰ ਲੈਂਦੇ ਸਨ। ਸਮੇਂ ਦੇ ਬਦਲਾਵ ਨਾਲ ਇਨ੍ਹਾਂ ਦੀ ਕਾਰਜ ਸ਼ੈਲੀ ਵੀ ਬਦਲਦੀ ਰਹੀ। ਮਸ਼ੀਨੀਕਰਨ ਦੇ ਪਸਾਰੇ ਤੋਂ ਪਹਿਲਾਂ ਇਹ ਘਰਾਂ ਵਿਚ ਨਲਕੇ, ਖੂਹਾਂ ਵਿਚ ਬੂਜਲੀਆਂ ਦੇ ਬੋਰ ਅਤੇ ਟਿਊਬਵੈੱਲਾਂ ਦੇ ਬੋਰ ਕਰਨ ਵਿਚ ਇਨ੍ਹਾਂ ਨੂੰ ਮੁਹਾਰਤ ਹਾਸਲ ਸੀ। ਪੰਜਾਬ ਦੇ ਕਈ ਇਲਾਕਿਆਂ ਵਿਚ ਇਨ੍ਹਾਂ ਪਾਸ ਕਾਫੀ ਜ਼ਮੀਨਾਂ ਹਨ ਅਤੇ ਖੇਤੀਬਾੜੀ ਵੀ ਕਰਦੇ ਹਨ।
ਪਿੰਡ ਦੇ ਬਜ਼ੁਰਗਾਂ ਅਤੇ ਮਹਿਰਾ ਪਰਿਵਾਰ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ 1947 ਵਿਚ ਦੇਸ਼ ਦੀ ਵੰਡ ਸਮੇਂ ਜਨੇਰ ਵਿਚ ਕੋਈ ਮਹਿਰਾ ਪਰਿਵਾਰ ਨਹੀਂ ਸੀ ਵਸਦਾ। ਪਿੰਡ ਦੇ ਕੁਝ ਮੋਹਤਬਰ ਇਕੱਠੇ ਹੋ ਕੇ ਰੁਲੀਆ ਸਿੰਘ ਬੈਂਗਵਾਲ ਦੇ ਲੜਕੇ ਮਾਧੋ ਸਿੰਘ ਬੈਂਗਵਾਲ ਦੇ ਪਰਿਵਾਰ ਨੂੰ ਜਨੇਰ ਲੈ ਆਏ। ਬੈਂਗਵਾਲ ਗੋਤ ਦਾ ਪਿਛੋਕੜ ਪਿੱਛੇ ਰਾਜਪੂਤਾਂ ਨਾਲ ਜਾ ਮਿਲਦਾ ਹੈ। ਪਿੰਡ ਦੇ ਚਰਨ ਸਿੰਘ ਬੈਂਗਵਾਲ ਅਨੁਸਾਰ ਉਨ੍ਹਾਂ ਦਾ ਪੁਰਖਾ ਬਾਬਾ ਮੋਤੀ ਲਾਲ ਬੈਂਗਵਾਲ ਮਹਿਰਾ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਸਮੇਂ ਉਨ੍ਹਾਂ ਦੀ ਦੁੱਧ ਨਾਲ ਸੇਵਾ ਕਰਦਾ ਸੀ।
ਜਨੇਰ ਦੇ ਮਹਿਰਾ ਪਰਿਵਾਰਾਂ ਵਿਚੋਂ ਮਾਧੋ ਸਿੰਘ ਬੈਂਗਵਾਲ ਦਾ ਪਰਿਵਾਰ ਜਨੇਰ ਦਾ ਸਭ ਤੋਂ ਪੁਰਾਣਾ ਵਸਨੀਕ ਹੈ। ਮਾਧੋ ਸਿੰਘ ਬਾਰੇ ਇਹ ਗੱਲ ਵੀ ਮਸ਼ਹੂਰ ਸੀ ਕਿ ਉਹ ‘ਕਾਲਾ ਇਲਮ’ ਪੜ੍ਹਿਆ ਹੋਇਆ ਹੈ। ਆਵਾਜਾਈ ਦੇ ਮੁਸ਼ਕਲ ਸਮਿਆਂ ਵਿਚ ਉਸ ਦੇ ਪਰਿਵਾਰ ਦੇ ਦੋ ਟਾਂਗੇ ਆਵਾਜਾਈ ਦੇ ਮੁਖ ਸਾਧਨਾਂ ਵਿਚੋਂ ਸਨ। ਮਾਧੋ ਸਿੰਘ ਬੈਂਗਵਾਲ ਦੇ ਤਿੰਨ ਪੁੱਤਰ ਹਨ। ਸਭ ਤੋਂ ਵੱਡਾ ਚਰਨ ਸਿੰਘ ਹੈ ਪਰਿਵਾਰ ਵਿਚ ਵੱਡਾ ਹੋਣ ਦੇ ਹੈਸੀਅਤ ਵਿਚ ਉਸ ਨੇ ਕਈ ਕੰਮ ਕੀਤੇ, ਟਾਂਗਾ ਘੋੜਾ ਵਾਹਿਆ, ਚਾਹ ਦੀ ਦੁਕਾਨ ਚਲਾਈ, ਬੋਰਾਂ ਦਾ ਕੰਮ ਕੀਤਾ ਅਤੇ ਹੁਣ ਬੁਢਾਪੇ ਵਿਚ ਵੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾ ਰਿਹਾ ਹੈ। ਚਰਨ ਸਿੰਘ ਦਾ ਵੱਡਾ ਲੜਕਾ ਮੇਜਰ ਸਿੰਘ ਵੀ ਕਰਿਆਨੇ ਦੀ ਦੁਕਾਨਦਾਰੀ ਕਰਦਾ ਹੈ। ਛੋਟਾ ਦਰਸ਼ਨ ਸਿੰਘ ਪੇਸ਼ੇ ਵਜੋਂ ਹਲਵਾਈ ਹੈ ਅਤੇ ਮਠਿਆਈਆਂ ਦੀ ਦੁਕਾਨ ਵੀ ਚਲਾਉਂਦਾ ਹੈ। ਮਾਧੋ ਸਿੰਘ ਦਾ ਵਿਚਕਾਰਲਾ ਲੜਕਾ ਬੋਰਾਂ ਦਾ ਕੰਮ ਕਰਦਾ ਸੀ ਪਰੰਤੂ ਬਾਅਦ ਵਿਚ ਉਹ ਮਾਤਾ ਦਾ ਭਗਤ ਬਣ ਗਿਆ ਅਤੇ ਧਰਮ ਪ੍ਰਚਾਰ ਦੇ ਕੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਲੱਗ ਪਿਆ। ਉਸ ਦਾ ਲੜਕਾ ਪੇਂਟਰ ਦਾ ਕੰਮ ਕਰਦਾ ਹੈ। ਸਭ ਤੋਂ ਛੋਟਾ ਜੁਗਿੰਦਰ ਸਿੰਘ ਪਹਿਲਾਂ ਨਲਕਿਆਂ ਦੇ ਬੇਰਾਂ ਦਾ ਕੰਮ ਕਰਦਾ ਸੀ, ਅੱਜਕਲ੍ਹ ਉਹ ਰੋਟੀ-ਰੋਜ਼ੀ ਕਮਾਉਣ ਲਈ ਛੋਟੇ-ਮੋਟੇ ਕਈ ਕਿਸਮਾਂ ਦੇ ਕੰਮ ਕਰਦਾ ਹੈ। ਕਿਸੇ ਸਮੇਂ ਸੇਖੋਂ-ਚੀਮਾ ਪੱਤੀ ਦੀ ਧਰਮਸ਼ਾਲਾ ਸਾਹਮਣੇ ਕਰਮ ਸਿੰਘ ਅਤੇ ਤੇਜੂ ਸਿੰਘ ਦਾ ਪਰਿਵਾਰ ਵਸਦਾ ਸੀ ਉਨ੍ਹਾਂ ਦਾ ਇਕ ਲੜਕਾ ਗੰਗਾ ਬਿਸ਼ਨ ਵੀ ਸੀ ਪਰੰਤੂ ਲੰਮਾ ਸਮਾਂ ਪਹਿਲਾਂ ਉਹ ਪਰਿਵਾਰ ਕਿਤੇ ਹੋਰ ਥਾਂ ਪਲਾਇਨ ਕਰ ਗਿਆ। 1960 ਈਸਵੀ ਸਮੇਂ ਪਖੀਰੀਆ ਸਿੰਘ ਦਾ ਇਕ ਹੋਰ ਮਹਿਰਾ ਪਰਿਵਾਰ ਵੀ ਪੀਰ ਖਾਂ ਪੱਤੀ ਵਿਚ ਆ ਕੇ ਵਸ ਗਿਆ। ਕਾਫੀ ਸਮਾਂ ਪਖੀਰੀਆ ਸਿੰਘ ਪਿੰਡ ਵਾਸੀਆਂ ਦਾ ਪੀਣ ਵਾਲਾ ਪਾਣੀ ਭਰਨ ਅਤੇ ਭੱਠੀ ‘ਤੇ ਦਾਣੇ ਭੁੰਨਣ ਦਾ ਕੰਮ ਕਰਦਾ ਰਿਹਾ। ਉਸ ਦੇ ਚਾਰ ਲੜਕੇ ਚਰਨ ਸਿੰਘ, ਸਾਧੂ ਸਿੰਘ, ਬਾਬੂ ਸਿੰਘ ਅਤੇ ਕਿਰਪਾਲ ਸਿੰਘ ਹਨ। ਇਨ੍ਹਾਂ ਸਾਰਿਆਂ ਨੇ ਮਹਿਰਾ ਬਰਾਦਰੀ ਵਾਲੇ ਕੰਮ ਕਰਨ ਨਾਲੋਂ ਹੋਰ ਕੰਮ ਨੂੰ ਤਰਜੀਹ ਦਿੱਤੀ। ਚਰਨ ਸਿੰਘ ਅਤੇ ਉਸ ਦੇ ਲੜਕੇ ਵਰਕਸ਼ਾਪਾਂ ਵਿਚ ਕੰਮ ਕਰਦੇ ਹਨ। ਸਾਧੂ ਸਿੰਘ ਆਪ ਤਾਂ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਪਰੰਤੂ ਉਸ ਦਾ ਲੜਕਾ ਮਕੈਨਿਕ ਬਣ ਗਿਆ। ਬਾਬੂ ਸਿੰਘ ਵੈਲਡਰ ਦਾ ਕੰਮ ਕਰਦਾ ਹੈ ਅਤੇ ਉਸ ਦੇ ਲੜਕੇ ਮਕੈਨਿਕ ਹਨ। ਸਭ ਤੋਂ ਛੋਟਾ ਕਿਰਪਾਲ ਸਿੰਘ ਵੀ ਮਕੈਨਿਕ ਹੈ। ਪੀਰ ਖਾਂ ਪੱਤੀ ਵਿਚ ਹੀ ਦਾਰਾ ਸਿੰਘ ਦਾ ਪਰਿਵਾਰ ਆ ਕੇ ਵਸ ਗਿਆ। ਕੁਝ ਸਮਾਂ ਤਾਂ ਉਹ ਭੱਠੀ ‘ਤੇ ਦਾਣੇ ਆਦਿ ਭੁੰਨਣ ਦਾ ਕੰਮ ਕਰਦੇ ਰਹੇ ਪਰੰਤੂ ਬਾਅਦ ਵਿਚ ਦਾਰਾ ਸਿੰਘ ਖੇਤੀਬਾੜੀ ਦਾ ਕੰਮ ਕਰਨ ਲੱਗ ਪਿਆ। ਉਸ ਦਾ ਲੜਕਾ ਪੇਸ਼ੇ ਵਜੋਂ ਡਰਾਈਵਰ ਹੈ ਪਰੰਤੂ ਸ਼ਰਾਬ ਦੇ ਠੇਕੇ ‘ਤੇ ਕਰਿੰਦੇ ਵਜੋਂ ਵੀ ਕੰਮ ਕਰਦਾ ਹੈ।
ਸੁਨਿਆਰੇ
ਮਹਾਨ ਕੋਸ਼ ਅਨੁਸਾਰ ਸੁਨਿਆਰਾ ਜਾਤੀ ਦੇ ਲੋਕ ਆਪਣੇ ਆਪ ਨੂੰ ਦ੍ਰਿਜ ਜਾਤੀਆਂ ਨਾਲ ਜੋੜਦੇ ਹਨ, ਜਿਸ ਤੋਂ ਭਾਵ ਹੈ ਧਾਰਮਿਕ ਸੰਸਕਾਰਾਂ ਨਾਲ ਜਨਮ ਲੈਣ ਵਾਲੀਆਂ ਜਾਤੀਆਂ। ਬੇਸ਼ਕ ਸੋਨੇ ਦਾ ਕੰਮ ਕਰਨ ਵਾਲੇ ਹੋਣ ਕਰਕੇ ਇਨ੍ਹਾਂ ਨੂੰ ਸੁਨਾਰ, ਸਵਰਨਕਾਰ ਅਤੇ ਸੁਨਿਆਰੇ ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਪਰੰਤੂ ਇਹ ਚਾਂਦੀ, ਹੀਰੇ, ਨਗਾਂ, ਰਤਨਾਂ ਅਤੇ ਕੀਮਤੀ ਪੱਥਰਾਂ ਦਾ ਕੰਮ ਵੀ ਸਦੀਆਂ ਤੋਂ ਕਰਦੇ ਆ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ।
ਭਾਰਤੀ ਪੰਜਾਬ ਵਿਚ ਸੁਨਿਆਰਾ ਜਾਤੀ ਦੇ ਲੋਕ ਹਿੰਦੂ ਅਤੇ ਸਿੱਖ ਦੋਹਾਂ ਧਰਮਾਂ ਨੂੰ ਮੰਨਣ ਵਾਲੇ ਹਨ ਪਰੰਤੂ ਪਾਕਿਸਤਾਨੀ ਪੰਜਾਬੀ ਵਿਚ ਸੁਨਿਆਰੇ ਮੁਸਲਮਾਨ ਧਰਮ ਦੇ ਪੈਰੋਕਾਰ ਹਨ। ਇਤਿਹਾਸ ਦੇ ਪਿਛੋਕੜ ਵਲ ਨਜ਼ਰ ਮਾਰੀਏ ਤਾਂ ਇਨ੍ਹਾਂ ਦੀਆਂ ਬੰਸਾਵਲੀਆਂ ਰਾਜਪੂਤਾਂ ਨਾਲ ਜਾ ਜੁੜਦੀਆਂ ਹਨ। ਬਾਅਦ ਦੇ ਸਮਿਆਂ ਨੂੰ ਘੋਖਿਆ। ਜਾਵੇ ਤਾਂ ਇਨ੍ਹਾਂ ਦੇ ਗੋਤ ਅਤੇ ਉਪ-ਗੋਤਾਂ ਰੰਧਾਵਾ, ਨਿਜਰ, ਸਰਾਂ, ਛੀਨਾ ਅਤੇ ਜੌੜਾ ਆਦਿ ਦਾ ਜੱਟਾਂ ਵਿਚ ਵੀ ਰਲੇਵਾਂ ਦੇਖਣ ਨੂੰ ਲਭਦਾ ਹੈ। ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਸੁਨਿਆਰੇ ਆਪਣੀਆਂ ਧਾਰਮਿਕ ਅਤੇ ਸਮਾਜਿਕ ਰਹੁ-ਰੀਤਾਂ ਸਿੱਖ ਧਰਮ ਅਨੁਸਾਰ ਕਰਦੇ ਹਨ ਅਤੇ ਹਿੰਦੂ ਧਰਮ ਦੇ ਉਪਾਸ਼ਕ ਹਿੰਦੂ ਧਰਮ ਅਨੁਸਾਰ। ਕੁਝ ਇਲਾਕਿਆਂ ਵਿਚ ਇਹ ਭੈਰੋਂ ਅਤੇ ਦੇਵੀ ਦੋਹਾਂ ਦੀ ਪੂਜਾ ਕਰਦੇ ਹਨ। ਸੁਨਿਆਰਾ ਜਾਤੀ ਦੇ ਕੁਝ ਗੋਤ ਖੱਤਰੀਆਂ ਨਾਲ ਵੀ ਮਿਲਦੇ ਹਨ ਜਿਵੇਂ ਮ੍ਰਿਤੂ, ਧੀਰ ਅਤੇ ਵੈਦ ਆਦਿ। ਇਬਦਿ ਅਨੁਸਾਰ ਇਨ੍ਹਾਂ ਦੇ ਵੱਡੇ ਪੰਜੀ ਗੋਤ ਵਾਲੇ ਰਾਜਪੂਤ ਪਿਛੋਕੜ ਵਾਲੇ ਸਨ, ਬਾਅਦ ਵਿਚ ਉਹ ਮੁਸਲਮਾਨਾਂ ਦੇ ਚੀਮੇਂ ਅਤੇ ਚੱਠੇ ਗੋਤਾਂ ਵਿਚ ਚਲੇ ਗਏ। ਟਾਂਕ, ਬੱਬਰ, ਸ਼ੀਂਹ, ਵੀਰ, ਨਾਗੀ ਅਤੇ ਮਾਹਿਰ ਸੁਨਿਆਰਾ ਜਾਤੀ ਦੇ ਉਪ-ਗੋਤ ਹਨ। ਮੋਗਾ ਇਲਾਕੇ ਵਿਚ ਧੁੰਨਾ ਗੋਤ ਵੀ ਹੈ।
ਅਜੋਕੇ ਸਮੇਂ ਵਿਚ ਇਸ ਸਵਰਨ ਜਾਤੀ ਦੇ ਲਗਪਗ ਹਰ ਇਕ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਵੱਡੀਆਂ ਫ਼ੈਕਟਰੀਆਂ, ਸੰਨ੍ਹਅਤਾਂ ਅਤੇ ਕਾਰਖਾਨਿਆਂ ਦੇ ਮਾਲਕ ਹਨ। ਰਾਜਨੀਤੀ ਅਤੇ ਸਾਹਿਤ ਦੇ ਖੇਤਰ ਵਿਚ ਇਨ੍ਹਾਂ ਦੀ ਵੱਡੀ ਦੇਣ ਹੈ। ਹਰਨਾਮ ਦਾਸ ਸਹਿਰਾਈ, ਅਵਤਾਰ ਸਿੰਘ ਜੌੜਾ ਅਤੇ ਬਲਦੇਵ ਸਿੰਘ ਸੜਕਨਾਮਾ ਜਿਹੜੇ ਸਾਹਿਤ ਅਕਾਡਮੀ ਐਵਾਰਡ ਵਿਜੇਤਾ ਹਨ, ਦੀ ਪੰਜਾਬੀ ਸਾਹਿਤ ਨੂੰ ਵੱਡਮੁਲੀ ਦੇਣ ਹੈ।
ਰਾਮ ਦਿੱਤਾ ਅਤੇ ਗੋਹਲੂ ਰਾਮ ਦੇ ਵਡੇਰੇ ਜਨੇਰ ਦੇ ਪੁਨਰਵਾਸ ਸਮੇਂ ਤੋਂ ਹੀ ਪੀਰ ਖਾਂ ਪੱਤੀ ਵਿਚ ਵਸਦੇ ਸਨ। ਉਨ੍ਹਾਂ ਦੋਹਾਂ ਦੇ ਕੋਈ ਔਲਾਦ ਨਹੀਂ ਸੀ। ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਮਿੱਤਰਾਂ ਨੇ 1967 ਈਸਵੀ ਵਿਚ ਉਨ੍ਹਾਂ ਦੇ ਦੋਹਤਰੇ ਜੁਗਲ ਕਿਸ਼ੋਰ ਨੂੰ ਘਰ-ਬਾਰ ਦਾ ਮਾਲਕ ਬਣਾ ਦਿੱਤਾ। ਜੁਗਲ ਕਿਸ਼ੋਰ ਨੇ ਪਿੰਡ ਦੇ ਬੱਸ ਸਟੈਂਡ ‘ਤੇ ਸਾਈਕਲ ਮੁਰੰਮਤ ਦੀ ਵਰਕਸ਼ਾਪ ਬਣਾ ਲਈ ਅਤੇ ਜਲਦੀ ਹੀ ਉਹ ਪਿੰਡ ਵਾਸੀਆਂ ਵਿਚ ਇੰਝ ਘੁਲ- ਮਿਲ ਗਿਆ ਜਿਸ ਤਰ੍ਹਾਂ ਜਨੇਰ ਦਾ ਹੀ ਜੰਮਪਲ ਹੋਵੇ। ਉਸ ਦੇ ਦੋਹਾਂ ਲੜਕਿਆਂ ਨੇ ਸਵਰਨਕਾਰ ਦਾ ਕੰਮ ਸਿੱਖ ਕੇ ਆਪਣਾ ਕਾਰੋਬਾਰ ਚਲਾ ਲਿਆ।
ਪੰਜਵੀਂ ਪੱਤੀ
ਆਬਾਦੀ ਪੱਖੋਂ ਜਨੇਰ ਦੀ ਪੰਜਵੀਂ ਪੱਤੀ ਦੂਜੀਆਂ ਚਾਰ ਪੱਤੀਆਂ ਨਾਲੋਂ ਕਾਫੀ ਵੱਡੀ ਹੈ। ਇਸ ਵਿਚ ਜ਼ਿਆਦਾਤਰ ਦਲਿਤ ਭਾਈਚਾਰੇ ਦੇ ਲੋਕ ਵਸਦੇ ਹਨ। ਧਰਮ ਅਤੇ ਨਸਲ ਦੇ ਆਧਾਰ ‘ਤੇ ਵੰਡ ਕਰੀਏ ਤਾਂ ਇਨ੍ਹਾਂ ਵਿਚ ਕਿਸੇ ਨਾ ਕਿਸੇ ਢੰਗ ਨਾਲ ਰਾਜਪੂਤਾਂ ਅਤੇ ਜੱਟਾਂ ਵਿਚੋਂ ਨਿਕਲੇ ਹਾਂਸ, ਸਿੱਧੂ, ਭੱਟੀ, ਕਲਿਆਣੇ, ਗਿੱਲ ਅਤੇ ਧਾਲੀਵਾਲ ਗੋਤਾਂ ਨਾਲ ਸਬੰਧਤ ਪਰਿਵਾਰਾਂ ਦੀ ਗਿਣਤੀ ਵੱਧ ਹੈ। ਮੁਸਲਮਾਨ ਧਰਮ ਨੂੰ ਮੰਨਣ ਵਾਲੇ ਝਾਣੇ (ਮੁਹਾਣੇ) ਪਰਿਵਾਰ ਵੀ ਇਥੇ ਵਸਦੇ ਹਨ। ਕੁਝ ਕੁ ਪਰਿਵਾਰ ਮਸੀਹ ਭਾਈਚਾਰੇ ਨਾਲ ਵੀ ਸਬੰਧਤ ਹਨ। ਅੱਧੀ ਕੁ ਸਦੀ ਪਹਿਲਾਂ ਤਕ ਪੰਜਵੀਂ ਪੱਤੀ ਵਾਸੀਆਂ ਨੂੰ ਉਚ ਜਾਤੀ ਵਾਲੇ ਲੋਕ ‘ਚੂਹੜਿਆਂ ਦੇ ਵਿਹੜੇ ਵਾਲੇ’ ਜਾਂ ‘ਵਿਹੜੇ ਵਾਲੇ’ ਅਪਮਾਣਿਤ ਸ਼ਬਦਾਂ ਨਾਲ ਪੁਕਾਰਿਆ ਕਰਦੇ ਸਨ। ਜਿਸ ਦਾ ਮੁਖ ਕਾਰਨ ਇਹ ਸੀ ਕਿ ਨਾ ਤਾਂ ਪੰਜਵੀਂ ਪੱਤੀ ਦੇ ਵਾਸੀਆਂ ਨੂੰ ਸਰਕਾਰ ਵਲੋਂ ਸੰਵਿਧਾਨ ਵਿਚੋਂ ਮਿਲੇ ਆਪਣੇ ਮੌਲਿਕ ਅਧਿਕਾਰਾਂ ਦੀ ਕੋਈ ਜਾਣਕਾਰੀ ਸੀ ਅਤੇ ਨਾ ਹੀ ਅਨਪੜ੍ਹਤਾ ਅਤੇ ਰੂੜ੍ਹੀਵਾਦੀ ਵਿਚਾਰਾਂ ਵਾਲੀ ਵਿਚਾਰਧਾਰਾ ਰੱਖਣ ਵਾਲੇ ਉਚ ਜਾਤੀ ਵਾਲਿਆਂ ਨੂੰ ਨੀਵੀਂ ਜਾਤ ਵਾਲਿਆਂ ਨੂੰ ਬਣਦਾ ਸਤਿਕਾਰ ਦੇਣ ਬਾਰੇ ਕੋਈ ਜਾਣਕਾਰੀ ਸੀ। ਊਚ-ਨੀਚ ਅਤੇ ਜਾਤ- ਪਾਤ ਦੇ ਅਸਰ ਹੇਠ ਦਰੜਿਆ ਹੋਇਆ ਦਲਿਤ ਵਰਗ, ਦੋਹਾਂ ਦਾ ਹੀ ਆਪਸੀ ਵਾਰਤਾਲਾਪ ਸਲਾਹੁਣਯੋਗ ਨਹੀਂ ਸੀ ਜਦੋਂ ਕਿ ਦੋਹਾਂ ਦੀਆਂ ਭਾਈਚਾਰਕ ਸਾਂਝਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਸਨ। ਇਸ ਅਸਭਿਅਕ ਬੋਲਚਾਲ ਦਾ ਸ਼ਿਕਾਰ ਵੀ ਦੋਵੇਂ ਧਿਰਾਂ ਹੀ ਸਨ।
ਵਿਦਿਆ ਦੇ ਚਾਨਣ, ਸਮੇਂ ਦੀ ਲੋੜ, ਆਪਸੀ ਸੂਝ-ਬੂਝ ਵਿਚ ਵਾਧੇ ਅਤੇ ਨਵੀਂ ਪੀੜ੍ਹੀ ਦੀ ਆਧੁਨਿਕ ਵਿਚਾਰਧਾਰਾ ਦੇ ਮੱਦੇਨਜ਼ਰ ਦੋਹਾਂ ਧਿਰਾਂ ਵਿਚ ਭਾਈਚਾਰਕ ਸਾਂਝਾਂ ਦੇ ਖੇਤਰ ਵਿਚ ਹੋਰ ਵੀ ਵਾਧਾ ਹੋਇਆ। ਇਕ ਦੂਜੇ ਦੀ ਪ੍ਰਭੂਸਤਾ ਅਤੇ ਭਾਵਨਾਵਾਂ ਦੀ ਕਦਰ ਹੋਣ ਲੱਗੀ ਜਿਸ ਦੇ ਫ਼ਲਸਰੂਪ ਜਾਤ-ਪਾਤ ਅਤੇ ਊਚ-ਨੀਚ ਦੇ ਆਪਸੀ ਵਖਰੇਵਿਆਂ ਦੀਆਂ ਜੰਜ਼ੀਰਾਂ ਢਿੱਲੀਆਂ ਪੈਣ ਲੱਗੀਆਂ ਅਤੇ ‘ਪੰਜਵੀਂ ਪੱਤੀ ਦੇ ਰੂਪ ਵਿਚ ਇਕ ਹੋਰ ਪੱਤੀ ਦਾ ਨਾਮ ਪਿੰਡ ਦੇ ਮਾਣਮੱਤੇ ਇਤਿਹਾਸ ਵਿਚ ਸ਼ਾਮਿਲ ਹੋ ਗਿਆ। ਸੁਣਨ ਵਿਚ ਆਉਂਦਾ ਹੈ ਕਿ ‘ਪੰਜਵੀਂ ਪੱਤੀ’ ਦੇ ਹੋਂਦ ਵਿਚ ਆਉਣ ਬਾਰੇ ਜਦੋਂ ਸੰਤ ਬਾਬਾ ਕੇਹਰ ਸਿੰਘ ਜੀ ਪਾਸੋਂ ਪੁੱਛਿਆ ਗਿਆ ਤਾਂ ਉਨ੍ਹਾਂ ਆਪਣੀ ਸਿਧਰ ਪੱਧਰੀ, ਸੰਤ ਰੂਪੀ ਬੋਲੀ ਵਿਚ ਕਿਹਾ, “ਭਗਤੋ ਪੰਜਾਂ ਵਿਚ ਹੀ ਪ੍ਰਮੇਸ਼ਰ ਹੁੰਦਾ ਹੈ, ਸਾਡਾ ਨਗਰ ਭਾਗਾਂ ਵਾਲਾ ਹੈ, ਪਹਿਲਾਂ ਤਾਂ ਇਸ ਵਿਚ ਚਾਰ ਪੱਤੀਆਂ ਅਤੇ ਇਕ ਵਿਹੜਾ ਸੀ ਹੁਣ ਉਪਰ ਵਾਲੇ ਦੀ ਦਇਆ ਨਾਲ ਪੰਜ ਪੱਤੀਆਂ ਹੋ ਗਈਆਂ, ਸਮਝੋ ਪ੍ਰਮੇਸ਼ਰ ਖ਼ੁਦ ਹਾਜ਼ਰ ਨਾਜ਼ਰ ਹੈ, ਵਾਹਿਗੁਰੂ ਬੋਲੋ।”
ਦਲਿਤ ਵਰਗ ਦਾ ਹੋਂਦ ਵਿਚ ਆਉਣਾ
ਦਲਿਤ ਵਰਗਾਂ ਦੇ ਹੋਂਦ ਵਿਚ ਆਉਣ ਬਾਰੇ ਜਾਣਕਾਰੀ ਬਹੁਤ ਹੀ ਗੁੰਝਲਦਾਰ, ਪੇਚੀਦਾ, ਵਿਚਾਰਨਯੋਗ, ਵਿਵਾਦਗ੍ਰਸਤ ਅਤੇ ਖੋਜੀ ਡੂੰਘਾਈ ਵਾਲਾ ਮਸਲਾ ਹੈ। ਵੱਖ-ਵੱਖ ਲੇਖਕਾਂ, ਇਤਿਹਾਸਕਾਰਾਂ, ਬੁੱਧੀਜੀਵੀਆਂ, ਵਿਚਾਰਵਾਨਾਂ ਅਤੇ ਆਲੋਚਕਾਂ ਨੇ ਅਲੱਗ- ਅਲੱਗ ਪਹਿਲੂਆਂ ਤੋਂ ਆਪਣੇ ਦ੍ਰਿਸ਼ਟੀਕੋਣ ਪੇਸ਼ ਕੀਤੇ ਹਨ। ਇਸ ਪੁਸਤਕ ਲਿਖਣ ਤੋਂ ਪਹਿਲਾਂ ਗੋਤਾਂ, ਜਾਤਾਂ, ਨਸਲਾਂ, ਕਬੀਲਿਆਂ ਅਤੇ ਕੁਝ ਕੁਨਬਿਆਂ ਸਬੰਧੀ ਭਰਪੂਰ ਜਾਣਕਾਰੀ ਰੱਖਣ ਵਾਲੀਆਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੀਆਂ ਸੰਸਾਰ ਪ੍ਰਸਿੱਧ ਪੁਸਤਕਾਂ ਜਿਨ੍ਹਾਂ ਦੀ ਲਿਸਟ ਇਸ ਪੁਸਤਕ ਵਿਚ ਸ਼ਾਮਿਲ ਹੈ, ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਲਿਤ ਵਰਗ ਦੇ ਹੋਂਦ ਵਿਚ ਆਉਣ ਦੇ ਕੁਝ ਕਾਰਨ ਵਰਨਣਯੋਗ ਹਨ:
1. ਕਿਸੇ ਉਚ ਜਾਤੀ ਵਾਲੇ ਦੇ ਕਿਸੇ ਦਲਿਤ ਜਾਤੀ ਦੀ ਲੜਕੀ ਨਾਲ ਵਿਆਹ ਰਚਾ ਲੈਣ ਉਪਰੰਤ ਉਸ ਨੂੰ ਸਬੰਧਤ ਭਾਈਚਾਰੇ ਵਿਚੋਂ ਛੇਕ ਦਿੱਤਾ ਗਿਆ ਅਤੇ ਉਸ ਨੂੰ ਦਲਿਤਾਂ ਵਿਚ ਸ਼ਾਮਿਲ ਹੋਣਾ ਪਿਆ। ਅੱਗੇ ਉਸ ਦੇ ਔਲਾਦ ਹੋ ਜਾਣ ਨਾਲ ਦਲਿਤ ਭਾਚੀਚਾਰੇ ਵਿਚ ਹੋਰ ਵੀ ਵਾਧਾ ਹੋ ਗਿਆ। ਇਹ ਸਿਲਸਿਲਾ ਰਾਜਪੂਤ ਅਤੇ ਜੱਟਾਂ ਵਿਚ ਵੀ ਸੀ। ਰਾਜਪੂਤ ਆਪਣੇ ਆਪ ਨੂੰ ਜੱਟਾਂ ਨਾਲੋਂ ਉਚ ਵਰਗ ਦੀ ਜਾਤੀ ਵਾਲੇ ਸਮਝਦੇ ਸਨ, ਜਦੋਂ ਕੋਈ ਰਾਜਪੂਤ ਕਿਸੇ ਜੱਟ ਜਾਤੀ ਵਾਲੀ ਲੜਕੀ ਨਾਲ ਸ਼ਾਦੀ ਕਰਵਾ ਲੈਂਦਾ ਤਾਂ ਰਾਜਪੂਤ ਉਸ ਦਾ ਬੁਰਾ ਮਨਾਉਂਦੇ ਸਨ। ਜੱਟਾਂ ਦੇ ਸਭ ਤੋਂ ਵੱਡੇ ਗੋਤ ਸਿੱਧੂ-ਬਰਾੜਾਂ ਦੇ ਪੁਰਖੇ ਖੀਵਾ ਰਾਉ ਦੀ ਉਦਾਹਰਣ ਸਭ ਦੇ ਸਾਹਮਣੇ ਹੈ। ਸਰਾਂ ਜੱਟਾਂ ਦੀ ਲੜਕੀ ਨਾਲ ਵਿਆਹ ਕਰਵਾ ਕੇ ਉਸ ਨੂੰ ‘ਖੀਵਾ ਰਾਉ ਰਾਜਪੂਤ’ ਤੋਂ ‘ਖੀਵਾ ਖੋਟਾ’ ਬਣਨਾ ਪਿਆ।
2. ਮੁਗਲਾਂ, ਪਠਾਨਾਂ, ਮੁਸਲਮਾਨਾਂ ਅਤੇ ਹੋਰ ਧਾੜਵੀਆਂ ਹੱਥੋਂ ਲੜਾਈ ਵਿਚ ਹਾਰ ਜਾਣ ਕਾਰਨ ਕੁਝ ਕਬੀਲਿਆਂ ਨੇ ਜਾਂ ਤਾਂ ਮੁਸਲਮਾਨ ਧਰਮ ਗ੍ਰਹਿਣ ਕਰ ਲਿਆ। ਜਾਂ ਫੇਰ ਉਨ੍ਹਾਂ ਨੂੰ ਮਜਬੂਰੀ ਵਸ ਦਲਿਤ ਭਾਈਚਾਰੇ ਵਿਚ ਸ਼ਾਮਿਲ ਹੋਣਾ ਪਿਆ। ਪਰੰਤੂ ਉਨ੍ਹਾਂ ਨੇ ਆਪਣੇ ਗੋਤ ਦਾ ਨਾਮ ਪਹਿਲਾਂ ਵਾਲਾ ਹੀ ਰੱਖਿਆ। ਜਨੇਰ ਵਿਚ ਸਿੱਧੂ ਅਤੇ ਧਾਲੀਵਾਲ ਪੰਜਵੀਂ ਪੱਤੀ ਵਿਚ ਵੀ ਵਸਦੇ ਹਨ ਅਤੇ ਸਿੱਧੂ ਪੱਤੀ ਵਿਚ ਵੀ ਪਰੰਤੂ ਦੋਹਾਂ ਪੱਤੀਆਂ ਵਿਚ ਇਕ ਗੋਤ ਹੋਣ ਦੇ ਬਾਵਜੂਦ ਵੀ ਜਾਤ ਵੱਖਰੀ ਹੈ।
3. ‘ਮੰਨੂ ਸਮ੍ਰਿਤੀ’ ਵਾਲੀ ਕੰਮ ਦੇ ਆਧਾਰ ‘ਤੇ ਜਾਤ-ਪਾਤ ਦੀ ਵੰਡ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੇ ਭਾਰਤ ਵਰਸ਼ ਵਿਚ ਪ੍ਰਚਲਤ ਰਹੀ ਹੈ ਅਤੇ ਅੱਜ ਵੀ ਹੈ। ਬਹੁਤ ਲੋਕ ਅਜਿਹੇ ਹਨ ਜਿਹੜੇ ਆਪਣੀਆਂ ਉਚ ਜਾਤੀਆਂ ਨੂੰ ਤਿਆਗ ਕੇ ‘ਕਿੱਤਾ ਮੁਖੀ’ ਪਛੜੀਆਂ ਅਤੇ ਦਲਿਤ ਵਰਗ ਦੀਆਂ ਜਾਤੀਆਂ ਵਿਚ ਸ਼ਾਮਿਲ ਹੋ ਗਏ।
4. ਅੰਤਰਜਾਤੀ ਵਿਆਹ ਦੀ ਔਲਾਦ ਦੇ ਦਲਿਤ ਬਣਨ ਦੀ ਵੱਡੀ ਉਦਾਹਰਣ ਅਨੁਸਾਰ ਮੁਸਲਮਾਨ ਜਗਤ ਨੇ ਤਾਂ ਰਾਜਪੂਤ ਮਾਵਾਂ ਅਤੇ ਮੁਸਲਮਾਨ ਪਿਉਆਂ ਦੀ ਸੰਤਾਨ ਨੂੰ ਆਪਣੇ ਵਿਚ ਸਮਾਅ ਲਿਆ ਪਰੰਤੂ ਪੁਰਾਤਨ ਹਿੰਦੂ ਜਗਤ ਨੇ ਰਾਜਪੂਤ ਪਿਉਆਂ ਅਤੇ ਮੁਸਲਮਾਨ ਮਾਵਾਂ ਦੀ ਔਲਾਦ ਨੂੰ ਰਾਜਪੂਤ ਨਾ ਪ੍ਰਵਾਨਿਆ। ਇਸ ਕਰਕੇ ਉਹ ਔਲਾਦ ਬਾਲਮੀਕ ਅਤੇ ਹੋਰ ਦਲਿਤ ਵਰਗਾਂ ਵਿਚ ਸ਼ਾਮਿਲ ਹੋ ਗਈ।
5. ਇਤਿਹਾਸਕਾਰਾਂ ਅਨੁਸਾਰ ਕਈ ਵਾਰ ਕੁਝ ਪਰਿਵਾਰ ਚਾਹੇ ਉਹ ਕਿਸੇ ਵੀ ਜਾਤੀ, ਗੋਤ ਜਾਂ ਧਰਮ ਨਾਲ ਸਬੰਧਤ ਹੋਣ ਉਨ੍ਹਾਂ ਦੇ ਕਬੀਲੇ ਵਾਲਿਆਂ ਦੇ ਮੋਹਰੀਆਂ ਨੇ ਆਪਣੇ ਨਾਮ ਪਿੱਛੇ ਉਚ ਰੁਤਬੇ ਵਾਲੇ ਉਸ ਚੌਧਰੀ ਵਗੈਰਾ ਦਾ ਨਾਮ ਜੋੜ ਲਿਆ। ਜਿਸ ਪਾਸ ਉਹ ਨੌਕਰੀ ਕਰਦੇ ਸਨ। ਪੁਰਾਤਨ ਇਤਿਹਾਸ ਵਿਚ ‘ਗੱਖੜ’ ਅਤੇ ‘ਖੋਖਰ’ ਗੋਤ ਦੇ ਰੂਪ ਵਿਚ ਇਸ ਤਰ੍ਹਾਂ ਦੀਆਂ ਜਾਤੀ, ਗੋਤ ਤਬਦੀਲੀ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ। ਇਹ ਪ੍ਰਥਾ ਦਲਿਤ ਅਤੇ ਉਚ ਜਾਤੀ ਦੋਹਾਂ ਵਿਚ ਪ੍ਰਚਲਤ ਸੀ।
6. ਕੁਝ ਕਲਾਕਾਰਾਂ, ਲੇਖਕਾਂ, ਖਿਡਾਰੀਆਂ ਅਤੇ ਬੁੱਧੀਜੀਵੀਆਂ ਨੇ ਆਪਣੇ ਨਾਮ ਦੇ ਪਿੱਛੇ ਆਪਣਾ ‘ਤਖ਼ੱਲਸ’ ਜੋੜ ਲਿਆ। ਸਮਾਂ ਪਾ ਕੇ ਉਨ੍ਹਾਂ ਦਾ ਤਖ਼ੱਲਸ, ਦੀਵਾਨਾ, ਪਰਵਾਨਾ ਜਾਂ ਮਸਤਾਨਾ ਹੀ ਉਨ੍ਹਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵਿਚ ਉਨ੍ਹਾਂ ਦੀ ਉਪਜਾਤੀ ਜਾਂ ਗੋਤ ਬਣ ਜਾਵੇਗਾ, ਦਲਿਤ, ਪਛੜੀ ਜਾਂ ਉਚ ਜਾਤੀ ਨਹੀਂ।
7. ਅਜੋਕੇ ਸਮੇਂ ਵਿਚ ਜਾਤਾਂ, ਗੋਤਾਂ ਦੇ ਮੁਆਮਲੇ ਵਿਚ ਇਕ ਹੋਰ ਰੁਝਾਨ ਸਾਹਮਣੇ ਆਇਆ ਹੈ। ਉਚ ਜਾਤੀ ਜਾਂ ਦਲਿਤ ਵਰਗ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੇ ਲੋਕ ਆਪਣੇ ਨਾਮ ਦੇ ਪਿੱਛੇ ਜਾਤ ਜਾਂ ਗੋਤ ਦੀ ਬਜਾਏ ਪਿੰਡ ਦਾ ਨਾਮ ਲਿਖਦੇ ਹਨ। ਆਪਣੇ ਨਾਮ ਪਿੱਛੇ ਬਾਦਲ, ਕੈਰੋਂ, ਉਮਰਾਨੰਗਲ ਜਾਂ ਖੋਸਾ ਆਦਿ ਲਿਖਣ ਵਾਲਿਆਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਦੀ ਮੁੱਢਲੀ ਜਾਤ ਜਾਂ ਗੋਤ ਨਾ ਰਹਿ ਕੇ ਪਿੰਡ ਦਾ ਨਾਮ ਹੀ ਉਪਜਾਤੀ ਜਾਂ ਗੋਤ ਬਣ ਜਾਵੇਗਾ।
ਮਜ਼੍ਹਬੀ ਸਿੱਖ
ਧਾਰਮਿਕ ਅਤੇ ਸਮਾਜਿਕ ਨਜ਼ਰੀਏ ਤੋਂ ਵਿਚਾਰਿਆ ਜਾਵੇ ਤਾਂ ‘ਮਜ਼੍ਹਬੀ ਸਿੱਖ’ ਨਾਮ ਹੀ ਵਿਵਾਦਗ੍ਰਸਤ ਹੈ। ਇਸ ਦਾ ਸ਼ਬਦੀ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਧਰਮ ਜਾਂ ਮਜ਼੍ਹਬ ਧਾਰਨ ਕਰਨ ਵਾਲੇ ਨੂੰ ਹੀ ‘ਮਜ੍ਹਬੀ ਸਿੱਖ’ ਅਖਵਾਉਣ ਦਾ ਹੱਕ ਹੋਣਾ ਚਾਹੀਦਾ ਸੀ ਜਿਸ ਅਨੁਸਾਰ ਸਾਰਾ ਸਿੱਖ ਪੰਥ ਹੀ ਆਪਣੇ ਆਪ ਨੂੰ ਮਜ਼੍ਹਬੀ ਸਿੱਖ ਅਖਵਾਉਂਦਾ ਪਰੰਤੂ ਇਸ ਤਰ੍ਹਾਂ ਨਹੀਂ ਹੋਇਆ। ਇਸ ਤੱਥ ਦੇ ਸਮਰੱਥਕ ਬੁੱਧੀਜੀਵੀ ਅਤੇ ਧਰਮ ਪ੍ਰਚਾਰਕ ਆਪਣੇ ਵਿਚਾਰਾਂ ਦੀ ਪੁਸ਼ਟੀ ਵਿਚ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਥਾਪਨਾ ਸਮੇਂ ਵੱਖ-ਵੱਖ ਧਰਮਾਂ ਅਤੇ ਜਾਤਾਂ ਨਾਲ ਸਬੰਧਤ ਪੰਜ ਪਿਆਰਿਆਂ ਦੀ ਉਦਾਹਰਦ ਦਿੰਦੇ ਹਨ। ਸਤਿਕਾਰਤ ਸਿੱਖ ਸਾਹਿਤਕਾਰ ਅਤੇ ਇਤਿਹਾਸਕਾਰ ਕਾਹਨ ਸਿੰਘ ਨਾਭਾ ਅਨੁਸਾਰ “ਜਾਤਿ ਅਭਿਮਾਨੀ ਸਿੱਖਾਂ ਨੇ ਭੰਗੀਆਂ। ਵਿਚੋਂ, ਖ਼ਾਲਸਾ ਧਾਰਨ ਕਰਨ ਵਾਲਿਆਂ ਦੀ ਖ਼ਾਸ ਸੰਗਿਆ ਥਾਪ ਲਈ ਹੈ।” ਆਪਣੇ ਕਥਨ ਵਿਚ ਸਿੰਘ ਸਾਹਿਬ ਦਾ ਸਿੱਧਾ ਇਸ਼ਾਰਾ ਮਜ੍ਹਬੀ ਸਿੱਖਾਂ ਵੱਲ ਜਾਂਦਾ ਹੈ।
ਪੰਜਵੀਂ ਪੱਤੀ ਵਿਚ ਝਾਣੇ (ਮੁਹਾਣੇ), ਮਸੀਹ ਅਤੇ ਕੁਝ ਹੱਦ ਤਕ ਪਾਕਿਸਤਾਨ ਬਣਨ ਤੋਂ ਪਹਿਲਾਂ ਮੁਸਲਮਾਨ ਦਲਿਤਾਂ ਮੁਸਲੀਆਂ ਆਦਿ ਤੋਂ ਬਿਨਾਂ ਬਹੁਤੀ ਵਸੋਂ ਮਜ਼੍ਹਬੀ ਸਿੱਖਾਂ ਦੀ ਹੀ ਰਹੀ ਹੈ। ਅੱਜ ਵੀ ਇਥੇ ਮਜ਼੍ਹਬੀ ਸਿੱਖ ਬਹੁ-ਗਿਣਤੀ ਵਿਚ ਵਸਦੇ ਹਨ। ਇਤਿਹਾਸਕ ਪਿਛੋਕੜ ਅਨੁਸਾਰ ਇਨ੍ਹਾਂ ਦਲਿਤ ਜਾਤੀਆਂ ਵਿਚੋਂ ਮਜ਼੍ਹਬੀ ਸਿੱਖ ਹੀ ਪਹਿਲਾਂ ਜਨੇਰ ਦੇ ਵਸਨੀਕ ਬਣੇ, ਬਾਕੀ ਉਪ ਜਾਤੀਆਂ ਬਾਅਦ ਵਿਚ ਆ ਕੇ ਵਸੀਆਂ।
ਮਜ਼੍ਹਬੀ ਸਿੱਖਾਂ ਦਾ ਪਿਛੋਕੜ
ਵੱਖ-ਵੱਖ ਉਚ ਜਾਤੀਆਂ ਵਿਚੋਂ ਦਲਿਤ ਵਰਗ ਵਿਚ ਮਜ਼੍ਹਬੀ ਸਿੱਖਾਂ ਅਤੇ ਹੋਰ ਜਾਤੀਆਂ, ਉਪਜਾਤੀਆਂ ਦੇ ਕਾਰਨ ਬੇਸ਼ਕ ਪਿਛੇ ਲਿਖ ਚੁੱਕੇ ਹਾਂ ਪਰੰਤੂ ਕੁਝ ਇਤਿਹਾਸਕਾਰ ਜਿਨ੍ਹਾਂ ਵਿਚ ਸ਼ਮਸ਼ੇਰ ਸਿੰਘ ਅਸ਼ੋਕ, ਕਰਮ ਸਿੰਘ ਹਿਸਟੋਰੀਅਨ ਅਤੇ ਅੰਗਰੇਜ਼ ਲੇਖਕ ਸਰ ਡੈਨਜਿਲ ਐਬਟਸਨ ਸ਼ਾਮਿਲ ਹਨ, ਆਪਣੀਆਂ ਦਲੀਲਾਂ ਨਾਲ ਦਲਿਤ ਵਰਗ ਦਾ ਆਰੀਆ ਲੋਕਾਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਇਥੇ ਮੌਜੂਦਗੀ ਦੀ ਪੁਸ਼ਟੀ ਕਰਦੇ ਹਨ ਪਰੰਤੂ ਆਪਣੀਆਂ ਲਿਖਤਾਂ ਵਿਚ ਉਹ ਉਚ ਜਾਤੀਆਂ ਤੋਂ ਕੁਝ ਕਾਰਨਾਂ ਕਰਕੇ ਦਲਿਤ ਜਾਤੀਆਂ ਵਿਚ ਜਾਣ ਦੀ ਪ੍ਰਕਿਰਿਆ ਨਾਲ ਵੀ ਸਹਿਮਤੀ ਪ੍ਰਗਟਾਉਂਦੇ ਹਨ। ਉਪਰੋਕਤ ਇਤਿਹਾਸਕਾਰਾਂ ਅਨੁਸਾਰ ਆਰੀਆ ਲੋਕਾਂ ਦੇ ਮੱਧ ਏਸ਼ੀਆ ਵਿਚੋਂ ਹਿਜ਼ਰਤ ਕਰਨ ਸਮੇਂ (ਵੱਖ-ਵੱਖ ਇਤਿਹਾਸਕਾਰ ਆਰੀਆ ਲੋਕਾਂ ਦਾ ਭਰਤ ਵਿਚ ਆਉਣ ਦਾ ਸਮਾਂ ਚਾਰ ਤੋਂ ਛੇ ਹਜ਼ਾਰ ਸਾਲ ਪਹਿਲਾਂ ਦਾ ਲਿਖਦੇ ਹਨ) ਮਹਿੰਜੋਦਾਰੋ, ਹੜੱਪਾ ਅਤੇ ਟੈਕਸਲਾ ਦੀਆਂ ਉਚ ਪੱਧਰ ਦੀਆਂ ਸਭਿਆਤਾਵਾਂ ਸਮੇਂ ਇਥੇ ਦ੍ਰਾਵਿੜ ਲੋਕ ਵਸਦੇ ਸਨ। ਦ੍ਰਾਵਿੜ ਲੋਕ ਹਰ ਕਿਸਮ ਦੇ ਇਲਮੀ ਹੁਨਰਾਂ ਅਰਥ ਸ਼ਾਸਤਰ ਅਤੇ ਸ਼ਾਸਤਰੀ ਵਿਦਿਆ ਵਿਚ ਨਿਪੁੰਨ ਹੋਣ ਕਰਕੇ, ਬਹੁਤ ਹੀ ਉਚ ਪੱਧਰ ਦਾ ਜੀਵਨ ਬਤੀਤ ਕਰ ਰਹੇ ਸਨ। ਇਨ੍ਹਾਂ ਨਾਲ ‘ਚੂੜਿਮਣ’ ਨਾਮੀ ਇਕ ਸੈਨਿਕ ਜਾਤੀ ਵੀ ਵਸਦੀ ਸੀ। ਇਹ ਜਾਤੀ ਸ਼ਾਸਤਰਧਾਰੀ ਹੋਣ ਕਰਕੇ ‘ਧਾਣਕ ਜਾਤੀ’ ਦੇ ਨਾਮ ਨਾਲ ਜਾਣੀ ਜਾਂਦੀ ਸੀ। ਇਨ੍ਹਾਂ ਦਾ ਮੁਖ ਹਥਿਆਰ ਤੀਰ ਕਮਾਨ ਹੋਣ ਕਰਕੇ ਇਸ ਦਾ ਨਾਮ
ਧਨੁਖਧਾਰੀ (ਧਾਣਕ) ਪੈ ਗਿਆ। ਇਸ ਜਾਤੀ ਦੇ ਫ਼ੌਜੀ ਸਰਦਾਰ ਚੂੜਮਣਿ (ਜਿਸ ਦਾ ਅਜੋਕਾ ਅਰਥ ਹੈ ਸਿਪਾਹਸਲਾਰ) ਦੇ ਨਾਮ ਨਾਲ ਪ੍ਰਸਿੱਧ ਹੋਏ।
ਆਰੀਆ ਲੋਕ ਜਿਨ੍ਹਾਂ ਦਾ ਪਿਛੋਕੜ ਬਹੁਤਾ ਸਭਿਅਕ ਨਾ ਹੋਣ ਬਾਰੇ ਦੁਨੀਆਂ ਦੇ ਲਗਪਗ ਸਾਰੇ ਇਤਿਹਾਸਕਾਰ ਆਪਣੀ ਸਹਿਮਤੀ ਪ੍ਰਗਟਾਉਂਦੇ ਹਨ। ਉਹ ਭੇਡ, ਬੱਕਰੀਆਂ ਅਤੇ ਮੱਝਾਂ ਦੇ ਚਰਵਾਹਿਆਂ ਦੇ ਰੂਪ ਵਿਚ ਧਾੜਵੀ ਬਣ ਕੇ ਭਾਰਤ ਵਿਚ ਆਏ। ਘਟ ਗਿਣਤੀ ਵਾਲੇ ਸਭਿਅਕ ਅਤੇ ਪੂੰਜੀਪਤੀ ਦ੍ਰਾਵਿੜ ਲੋਕ ਜਿਹੜੇ ਇਧਰ ਮਹਿੰਜੋਦਾਰੋ, ਹੜੱਪਾ ਅਤੇ ਟੈਕਸਲਾ ਵਰਗੀਆਂ ਮਹਾਨ ਸਭਿਆਤਾਵਾਂ ਵਿਚ ਆਲੀਸ਼ਾਨ ਜੀਵਨ ਬਿਤਾ ਰਹੇ ਸਨ, ਇਨ੍ਹਾਂ ਵੱਧ ਗਿਣਤੀ ਵਾਲੇ ਧਾੜਵੀਆਂ ਦਾ ਮੁਕਾਬਲਾ ਨਾ ਕਰ ਸਕੇ। ਜ਼ੋਰਾਵਰ ਆਰੀਅਨ ਧਾੜਵੀਆਂ ਨੇ ਦ੍ਰਾਵਿੜਾਂ ਨੂੰ ਦੱਖਣੀ ਭਾਰਤ ਦੇ ਕਰਨਾਟਕਾ, ਤਾਮਿਲਨਾਡੂ, ਕੇਰਲਾ ਅਤੇ ਆਂਧਰਾ ਪ੍ਰਦੇਸ਼ ਦੇ ਸੂਬਿਆਂ ਵੱਲ ਧੱਕ ਦਿੱਤਾ। ਇਨ੍ਹਾਂ ਸ਼ਕਤੀ ਪੱਖੋਂ ਕਮਜ਼ੋਰ ਪਰੰਤੂ ਸਭਿਅਤਾ ਪੱਖੋਂ ਅਮੀਰ ਦ੍ਰਾਵਿੜਾਂ ਨੇ ਦੱਖਣੀ ਭਾਰਤ ਵਿਚ ਪਹੁੰਚ ਕੇ ਦੁਬਾਰਾ ਆਪਦੀ ਸਭਿਅਤਾ ਨੂੰ ਪ੍ਰਫੁਲਤ ਹੀ ਨਹੀਂ ਕੀਤਾ ਸਗੋਂ ਸਮਾਂ ਪਾ ਕੇ ਦੱਖਣੀ ਭਾਰਤ ਦੀਆਂ ਤੇਲਗੂ, ਤਾਮਿਲ, ਕੱਨੜ ਅਤੇ ਮਲਿਆਲਮ ਭਾਸ਼ਾਵਾਂ ਵਿਚ ਉਚ ਕੋਟੀ ਦੀ ਸਾਹਿਤ ਰਚਨਾ ਕਰਕੇ ਆਪਣੀਆਂ ਬੋਲੀਆਂ ਨੂੰ ਅਮੀਰ ਬਣਾਇਆ। ਹਿੰਦੂ ਬਹੁ-ਗਿਣਤੀ ਵਾਲੇ ਦੱਖਣ ਭਾਰਤੀ ਇਲਾਕਿਆਂ ਵਿਚ ਤਾਂ ਇਕ ਛੋਟੇ ਜਿਹੇ ਪਿੰਡ ਵਿਚ ਵੀ ਮੰਦਰਾਂ ਅਤੇ ਹੋਰ ਜਨਤਕ ਥਾਵਾਂ ‘ਤੇ ਭਵਨ ਨਿਰਮਾਣ ਕਰਨ, ਮੂਰਤੀ ਕਲਾ ਅਤੇ ਹੋਰ ਕਲਾ ਕਿਰਤਾਂ ਨੂੰ ਸਮਝਣ ਲਈ ਕਈ-ਕਈ ਘੰਟੇ ਦਾ ਸਮਾਂ ਲਗ ਜਾਂਦਾ ਹੈ। ਕੀ ਧਾਣਿਕ ਜਾਂ ਚੂੜਮਣਿ ਜਾਤੀ ਦੇ ਲੋਕਾਂ ਨੇ ਦ੍ਰਾਵਿੜਾਂ ਨਾਲ ਦੱਖਣੀ ਭਾਰਤ ਵੱਲ ਪਲਾਇਨ ਨਹੀਂ ਕੀਤਾ? ਇਤਿਹਾਸਕਾਰਾਂ ਵਿਚਕਾਰ ਇਹ ਵੀ ਇਕ ਵਿਵਾਦਗ੍ਗਤ ਮਸਲਾ ਬਣਿਆ ਹੋਇਆ ਹੈ। ਇਸ ਪੁਸਤਕ ਦੇ ਲੇਖਕ ਨੂੰ ਦੱਖਣੀ ਭਾਰਤ ਦੇ ਤਾਮਿਲਨਾਡੂ ਅਤੇ ਕੇਰਲਾ ਪ੍ਰਾਤਾਂ ਦੇ ਦੂਰ-ਦੁਰਾਡੇ ਪਿੰਡਾਂ ਤਕ ਜਾਣ ਦਾ ਮੌਕਾ ਮਿਲਿਆ। ਆਬਾਦੀ ਪੱਖੋਂ ਭਾਰਤ ਦੇ ਛੇਵੇਂ ਵੱਡੇ ਸ਼ਹਿਰ ਕੋਇੰਬਤੂਰ ਜਿਹੜਾ ਕਿ ਤਾਮਿਲਨਾਡੂ ਵਿਚ ਕੇਰਲਾ ਸਟੇਟ ਦੇ ਬਾਰਡਰ ਨੇੜੇ ਵਸਿਆ ਹੋਇਆ ਹੈ, ਅਤੇ ਜਿਸ ਦਾ ਨਾਮ ਕੋਇੰਬਤੂਰ ਵੀ ਮਲਿਆਲਮ ਅਤੇ ਤਾਮਿਲ ਭਾਸ਼ਾ ਦੇ ਸ਼ਬਦਾਂ ਨੂੰ ਜੋੜ ਕੇ ਬਣਾਇਆ ਗਿਆ ਹੈ, ਦੇ ਨੇੜੇ-ਨੇੜੇ ਕਈ ਦਲਿਤਾਂ ਦੀਆਂ ਬਸਤੀਆਂ ਹਨ। ਜਿਨ੍ਹਾਂ ਨੂੰ ਤਾਮਿਲ ਭਾਸ਼ਾ ਵਿਚ ‘ਸਕਰੀਵੀੜ’ (ਦਲਿਤਾਂ ਦੇ ਘਰ) ਆਖਦੇ ਹਨ। ਉਨ੍ਹਾਂ ਦੇ ਤਾਮਿਲ ਭਾਸ਼ਾਈ ਨਾਮ ਵੀ ਕਰੂਪਸਵਾਮੀ (ਭੈੜੀ ਸ਼ਕਲ ਦਾ ਮਾਲਕ), ਦੁਰੇਸਵਾਮੀ (ਭਰਿਸ਼ਟਿਆ) ਆਦਿ ਹਨ। ਇਸ ਦੇ ਉਲਟ ਉਚ ਜਾਤੀਆਂ ਵਾਲਿਆਂ ਦੇ ਨਾਮ ਵੈਂਗਟਾਰਮਨ (ਦੇਵਤਾ ਵਿੰਗਟੇਸ਼ ਦੇ ਨਾਮ ‘ਤੇ), ਸੁਬਰਾਮਨੀਅਮ ਸਵਾਮੀ (ਦੇਵਤੇ ਸੁਬਰਾਮਨੀਅਮ ਦੇ ਨਾਮ ‘ਤੇ) ਅਤੇ ਪ੍ਰਭਾਕਰਨ (ਉਚ ਬੁਧੀ ਵਾਲਾ) ਹਨ। ਦ੍ਰਾਵਿੜਾਂ ਨੇ ਆਪਣਾ ਪੁਰਾਤਨ ਕਲਚਰ ਸਾਂਭ ਕੇ ਰੱਖਿਆ ਹੋਇਆ ਹੋਣ ਕਰਕੇ ਪੜ੍ਹੇ ਲਿਖੇ ਤਾਮਿਲੀਅਨ ਅਤੇ ਮਲਿਆਲੀ ਦੋਸਤਾਂ ਪਾਸੋਂ ਇਹੋ ਜਾਣਕਾਰੀ ਮਿਲੀ ਕਿ ਹੋ ਸਕਦਾ ਹੈ ਦਾਵਿੜਾਂ ਦੇ ਹਿਜ਼ਰਤ ਕਰਨ ਸਮੇਂ ਉਨ੍ਹਾਂ ਨਾਲ ਕੁਝ ਧਾਣਿਕ ਜਾਂ ਚੂੜਮਣਿ ਜ਼ਰੂਰ ਨਾਲ ਆਏ ਹੋਣ।
ਦ੍ਰਾਵਿੜਾਂ ਦੇ ਦੱਖਣੀ ਭਾਰਤ ਵਲ ਪਲਾਇਨ ਕਰ ਜਾਣ ਬਾਅਦ ਪਿੱਛੇ ਰਹਿ ਗਏ ਧਾਣਿਕ ਜਾਂ ਚੂੜਮਣਿ ਵੀ ਘਟ ਗਿਣਤੀ ਵਿਚ ਹੋਣ ਕਰਕੇ ਬਹੁ-ਗਿਣਤੀ ਆਰੀਆ ਲੋਕਾਂ ਦਾ ਕਿਸੇ ਵੀ ਖੇਤਰ ਵਿਚ ਮੁਕਾਬਲਾ ਕਰਨ ਵਿਚ ਅਸਮਰਥ ਰਹੇ। ਆਰੀਆ ਲੋਕਾਂ ਨੇ ਘਟ ਗਿਣਤੀ ਦ੍ਰਾਵਿੜਾਂ ਉਪਰ ਹੋਈ ਆਪਣੀ ਜਿੱਤ ਦੇ ਗੁਮਾਨ ਵਿਚ ਆਪਣੇ ਆਪ ਨੂੰ ਬਹਾਦਰ ਦੇਵਤੇ ਅਖਵਾਉਣਾ ਸ਼ੁਰੂ ਕਰ ਦਿੱਤਾ। ਇਹ ਲੋਕ ਅਗਨੀ, ਇੰਦਰ, ਵਰੁਣ (ਪਾਣੀ) ਅਤੇ ਹਵਾ ਆਦਿ ਕੁਦਰਤ ਦੇ ਕ੍ਰਿਸ਼ਮਿਆਂ ਨੂੰ ਦੇਵਤਾ ਰੂਪ ਵਿਚ ਹਵਨ ਕੁੰਡ ਬਣਾ ਕੇ ਖੁਲ੍ਹੀਆਂ ਥਾਵਾਂ ਵਿਚ ਹੀ ਯੱਗ ਕਰਨ ਲੱਗ ਪਏ। ਇਥੇ ਹੀ ਬਸ ਨਹੀਂ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ‘ਅਹੂਤੀਆਂ’ ਦੀ ਸ਼ੁਰੂਆਤ ਵੀ ਹੋਣ ਲੱਗ ਪਈ। ਆਰੀਆ ਲੋਕਾਂ ਦੀ ਐਨੀ ਚੜ੍ਹ ਮਚ ਗਈ ਕਿ ਉਨ੍ਹਾਂ ਨੇ ਚੂੜਮਣਿ ਸੈਨਿਕਾਂ ਅਥਵਾ ਧਾਣਿਕਾਂ ਨੂੰ ਦੈਂਤ ਜਾਂ ਦਲਿਤ ਕਰਾਰ ਦੇ ਦਿੱਤਾ। ਹੌਲ਼ੀ-ਹੌਲ਼ੀ ਇਹ ਲੋਕ ਪੂਰਨ ਤੌਰ ‘ਤੇ ਆਰੀਆ ਲੋਕਾਂ ਦੇ ਅਧੀਨ ਆ ਗਏ। ਸਮੇਂ ਦੀਆਂ ਸਾਰੀਆਂ ਗਤੀਵਿਧੀਆਂ ਤੇ ਆਰੀਆ ਲੋਕਾਂ ਦਾ ਦਬਦਬਾ ਬਣ ਜਾਣ ਉਪਰੰਤ ‘ਵੈਦਿਕ ਕਾਲ’ ਤੋਂ ਬਾਅਦ ਪੁਰਾਣਿਕ ਕਾਲ ਵਿਚ ਇਨ੍ਹਾਂ ਨੇ ‘ਵਰਨ ਅਵਸਥਾ’ ਕਾਇਮ ਕਰ ਲਈ ਅਤੇ ਚੂੜਮਣਿ ਜਾਤੀ ਨੂੰ ਸਭ ਤੋਂ ਨੀਵੇਂ ਵਰਣ ਵਿਚ ਸ਼ੂਦਰ ਕਰਾਰ ਦੇ ਦਿੱਤਾ।
ਪ੍ਰਸਿੱਧ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਸਮੇਤ ਕੁਝ ਇਤਿਹਾਸਕਾਰ ਮਜ਼੍ਹਬੀ ਜਾਤੀ (ਧਾਣਿਕ ਜਾਤੀ) ਬਾਰੇ ਇਕ ਵੱਖਰੀ ਵਿਚਾਰਧਾਰਾ ਪੇਸ਼ ਕਰਦੇ ਹਨ। ਉਨ੍ਹਾਂ ਅਨੁਸਾਰ ਆਰੀਆ ਲੋਕਾਂ ਦੇ ਸਪਤ ਸਿੰਧੂ (ਮੌਜੂਦਾ ਪੂਰਬੀ ਅਤੇ ਪੱਛਮੀ ਪੰਜਾਬ ਅਤੇ ਨਾਲ ਲਗਦੇ ਇਲਾਕੇ) ਵਿਚ ਪਹੁੰਚਣ ਤੋਂ ਪਹਿਲਾਂ ਇਧਰ ਹੋਣ ਦੀ ਗੱਲ ਕਰਦੇ ਹਨ ਜਿਸ ਨਾਲ ਬਹੁਤੇ ਇਤਿਹਾਸਕਾਰ ਸਹਿਮਤੀ ਨਹੀਂ ਪ੍ਰਗਟਾਉਂਦੇ। ਇਤਿਹਾਸਕਾਰਾਂ ਦਾ ਇਕ ਵਰਗ ਮਜ਼੍ਹਬੀ (ਧਾਣਿਕ) ਲੋਕਾਂ ਦੇ ਜੱਟਾਂ ਨਾਲ ਸਬੰਧਤ ਕੁਝ ਗੋਤਾਂ ਵਾਲਿਆਂ ਨਾਲ ਆਉਣ ਦੀ ਦਲੀਲ ਪੇਸ਼ ਕਰਦਾ ਹੈ। ਆਪਣੇ ਪੱਖ ਦੀ ਪੁਸ਼ਟੀ ਵਿਚ ਉਹ ਜੱਟ ਅਤੇ ਮਜ਼੍ਹਬੀ (ਧਾਣਿਕ) ਦੋਹਾਂ ਨੂੰ ਹੀ ਮਿਹਨਤੀ, ਲੜਾਕੂ ਸੁਭਾਅ, ਕੱਦ-ਕਾਠ, ਨੈਣ-ਨਕਸ਼ ਅਤੇ ਕੰਮ-ਕਾਜਾਂ ਦੇ ਸੁਮੇਲ ਵਜੋਂ ਆਪਣੀ ਦਲੀਲ ਦਾ ਸਪਸ਼ਟੀਕਰਨ ਦਿੰਦੇ ਹਨ।
ਅੰਗਰੇਜ਼ ਇਤਿਹਾਸਕਾਰ ਸਰ ਡੈਨਜ਼ਿਲ ਐਬਟਸਨ ਆਪਣੀ ਪੁਸਤਕ ਵਿਚ ‘ਖੋਖਰਾਂ’ ਦਾ ਵਰਨਣ ਕਰਦੇ ਸਮੇਂ ‘ਖੋਖਰ ਧਾਣਿਕਾਂ’ ਵੱਲ ਵੀ ਇਸ਼ਾਰਾ ਕਰਦਾ ਹੈ। ‘ਰਾਜਾ’ ਵਲੀ’ ਅਤੇ ‘ਰਾਜਰੰਗਿਣੀ’ ਦੇ ਹਵਾਲੇ ਨਾਲ ਐਬਟਸਨ ਲਿਖਦਾ ਹੈ ਕਿ ਮਹਾਂਭਾਰਤ ਦੀ ਜੰਗ ਵੇਲੇ ਕਸ਼ਮੀਰ ਦਾ ਰਾਜਾ ਨਬਾਲਗ ਹੋਣ ਕਰਕੇ ਯੁੱਧ ਵਿਚ ਹਿੱਸਾ ਨਹੀਂ ਲੈ ਸਕਿਆ ਪਰੰਤੂ ਥੋੜ੍ਹੇ ਸਮੇਂ ਬਾਅਦ ਹੀ ਖੋਖਰਾਂ ਅਤੇ ਗਾਖੜਾਂ ਨੇ ਧਾਣਿਕ ਜਾਤੀ ਦੀ ਮਦਦ ਨਾਲ ਪੰਜਾਬ ਦੇ ਵੱਡੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਧਾਣਿਕ ਵੀ ਆਪਣੇ ਆਪ ਵਿਚ ਇਕ ਮਹਾਂਸ਼ਕਤੀ ਵਜੋਂ ਉਭਰ ਰਹੇ ਸਨ। ਭਾਰਤ ਦਾ ਮਹਾਂਕਵੀ ਚਾਂਦ ਬਰਦਾਈ ਵੀ ਆਪਣੇ ‘ਮਹਾਂ-ਕਾਵਿ’ ਵਿਚ ਇਸ ਦਾ ਵਰਨਣ ਕਰਦਾ ਹੈ।
ਪਾਣਿਕ ਜਾਤੀ ਦੇ ਲੋਕਾਂ ਦੀ ਜ਼ਿਆਦਾ ਵਸੋਂ ਪੂਰਬੀ ਅਤੇ ਪੱਛਮੀ ਪੰਜਾਬ ਦੇ ਇਲਾਕਿਆਂ ਵਿਚ ਹੀ ਜ਼ਿਆਦਾ ਰਹੀ ਹੈ। ਰਾਜਸਥਾਨ ਅਤੇ ਬਿਹਾਰ ਦੇ ਇਲਾਕੇ ਵਿਚ ਵੀ ਧਾਣਿਕਾਂ ਦੇ ਵਸਣ ਦਾ ਵਰਨਣ ਮਿਲਦਾ ਹੈ ਪਰੰਤੂ ਇਸ ਨੂੰ ਅਸੀਂ ਨਾ- ਮਾਤਰ ਹੀ ਆਖ ਸਕਦੇ ਹਾਂ। ਇਥੇ ਇਹ ਵੀ ਵਰਨਣਯੋਗ ਹੈ ਕਿ ਧਾਣਿਕਾਂ ਅਤੇ ਚਮਿਆਰ ਜਾਤੀ ਦੇ ਲੋਕਾਂ ਵਿਚ ਬਹੁਤ ਅੰਤਰ ਹੈ। ਇਕ ਪੁਰਾਣੀ ਰਵਾਇਤ ਅਨੁਸਾਰ “ਬਾਨੇ ਕੇ ਬਾਣੀਏ ਅਤੇ ਚਾਨੋ ਕੇ ਚਮਿਆਰ” ਨੂੰ ਅਧਾਰ ਮੰਨ ਕੇ ਬਾਣੀਏ ਅਤੇ ਚਮਿਆਰਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਜਿਸ ਤਰ੍ਹਾਂ ਅਜੋਕੇ ਸਮੇਂ ਦੇ ਧਾਣਿਕਾਂ ਦੀ ਔਲਾਦ ਮਜ਼੍ਹਬੀ ਸਿੱਖਾਂ ਜਾਂ ਰੰਘਰੇਟੇ ਸਿੱਖਾਂ ਦਾ ਪੰਜਾਬ ਦੇ ਜੱਟ ਸਿੱਖਾਂ ਨਾਲ। ਰੰਘਰੇਟੇ ਸਿੱਖ ਚਮਿਆਰਾਂ ਨਾਲ ਰਿਸ਼ਤੇ ਦੀ ਸਾਂਝ ਵੀ ਨਹੀਂ ਪਾਉਂਦੇ।
‘ਚੂੜਮਣਿ’ ਤੋਂ ‘ਰੰਘਰੇਟੇ ਸਿੱਖ’ ਤਕ ਦਾ ਸਫ਼ਰ
ਚੂੜਮਣਿ ਤੋਂ ਧਾਣਿਕ ਅਤੇ ਅੱਗੇ ਮਜ਼੍ਹਬੀ ਸਿੱਖਾਂ ਤੋਂ ਰੰਘਰੇਟੇ ਸਿੱਖ ਬਣਨ ਦਾ ਸਫ਼ਰ ਬਹੁਤ ਲੰਮਾ ਅਤੇ ਜੋਖੋਂ ਭਰਿਆ ਸੀ। ਇਸ ਦਾ ਵਿਸਥਾਰ ਪੂਰਵਕ ਵਰਨਣ ਕਰੀਏ ਤਾਂ ਬਹੁਤ ਲੰਮਾ ਹੋ ਜਾਵੇਗਾ। ਸਮਾਜ ਦੀ ਲਿਤਾੜੀ ਪਰੰਤੂ ਬਹਾਦਰੀ ਦਾ ਜਜ਼ਬਾ ਰੱਖਣ ਵਾਲੀ ਇਸ ਜਾਤੀ ਨੇ ਦ੍ਰਾਵਿੜਾਂ ਦੇ ਸੈਨਿਕ ਬਣਨ ਤੋਂ ਬਾਅਦ ਗਾਖੜਾਂ ਅਤੇ ਖੋਖਰਾਂ ਦੀ ਮਦਦ ਸਮੇਂ ਵੀ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਹੋਰ ਤਾਂ ਹੋਰ 1305 ਈਸਵੀ ਵਿਚ ਇਨ੍ਹਾਂ ਨੇ ਧਾਕੜ ਧਾੜਵੀ ਮੁਹੰਮਦ ਗੋਰੀ ਦੀ ਹਕੂਮਤ ਵਿਰੁੱਧ ਵੀ ਆਪਣਾ ਝੰਡਾ ਬੁਲੰਦ ਕੀਤਾ।
ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਦਿੱਲੀ ਵਿਚ ਸ਼ਹੀਦੀ ਸਮੇਂ ਭਾਈ ਜੈਤੇ ਦੀ ਬਹਾਦਰੀ ਅਤੇ ਸ਼ਰਧਾ-ਭਾਵ ਬਾਅਦ ਉਸ ਦਾ ਭਾਈ ਜੈਤੇ ਤੋਂ ਜੀਵਨ ਸਿੰਘ ਬਣਨਾ ਅਤੇ ਅਦੁੱਤੀ ਬਹਾਦਰੀ ਦੀ ਮਿਸਾਲ ਪੇਸ਼ ਕਰਦੇ ਹੋਏ, ਸਿੱਖ ਕੌਮ ਲਈ ਚਮਕੌਰ ਦੀ ਗੜ੍ਹੀ ਵਿਚ ਸ਼ਹੀਦੀ ਪਾਉਣ ਸਮੇਂ, ਸਮਾਜ ਵਿਚ ਲਿਤਾੜਿਆ ਹੋਇਆ। ਇਹ ਵਰਗ ‘ਰੰਗਰੇਟੇ ਗੁਰੂ ਕੇ ਬੇਟੇ’ ਦੇ ਗੌਰਵਮਈ ਰੂਪ ਵਿਚ ਸਾਹਮਣੇ ਆਇਆ। ਇਸ ਤੋਂ ਬਾਅਦ ਤਾਂ ਇਨ੍ਹਾਂ ਰੰਗਰੇਟੇ ਗੁਰੂ ਕੇ ਬੇਟਿਆਂ ਨੇ ਸਿੱਖੀ ਜਜ਼ਬੇ ਵਿਚ ਕੁਰਬਾਨੀਆਂ ਦੀ ਸਮਝੋ ਝੜੀ ਹੀ ਲਗਾ ਦਿੱਤੀ। ਬੰਦਾ ਸਿੰਘ ਬਹਾਦਰ ਦੇ ਧਰਮ ਯੁੱਧ ਵਿਚ ਇਨ੍ਹਾਂ ਦੇ ਪਾਏ ਵੱਡਮੁਲੇ ਯੋਗਦਾਨ ਨੂੰ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਭਾਈ ਬੋਤਾ ਸਿੰਘ ਅਤੇ ਗਰਜਾ ਸਿੰਘ ਦੀ ਲਸਾਨੀ ਸ਼ਹੀਦੀ ਅਤੇ ਭਾਈ ਨਿਬਾਹੂ ਸਿੰਘ ਵਲੋਂ ਸਿੱਖਾਂ ਦੇ ਕਾਤਲ ਜਸਪਤ ਰਾਏ ਦੇ ਜਾਨ ਜੋਖੋਂ ਵਿਚ ਪੈ ਕੇ ਕੀਤੇ ਕਤਲ ਨੂੰ ਕੌਣ ਭੁੱਲ ਸਕਦਾ ਹੈ? ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦੀ ਸੰਘੇੜਿਆਂ ਦੇ ਯੁੱਧ ਵਿਚ ਭਾਈ ਵੀਰ ਸਿੰਘ ਰੰਘਰੇਟੇ ਵਲੋਂ ਪਾਏ ਯੋਗਦਾਨ ਨਾਲ ਇਸ ਘਮਸਾਨੀ ਲੜਾਈ ਦਾ ਪਾਸਾ ਹੀ ਪਲਟ ਗਿਆ ਸੀ ਅਤੇ ਫੂਲਕਿਆਂ ਦੀ ਫਤਿਹ ਦੇ ਨਗਾਰੇ ਵੱਜਣ ਬਾਅਦ ਰੰਘਰੇਟੇ ਅਤੇ ਮਜ਼੍ਹਬੀ ਸਿੱਖਾਂ ਦਾ ਮਾਣ ਸਮਾਜ ਵਿਚ ਹੋਰ ਵੀ ਵਧ ਗਿਆ ਸੀ। ਪੰਜਾਬ ਦੀਆਂ ਪ੍ਰਸਿੱਧ ਧਾਰਮਿਕ ਅਤੇ ਸਮਾਜਿਕ ਲਹਿਰਾਂ ਜਿਵੇਂ ਨਿਰੰਕਾਰੀ ਲਹਿਰ (ਅਜੋਕੇ ਨਿਰੰਕਾਰੀ ਨਹੀਂ, ਪੁਰਾਤਨ ਨਿਰੰਕਾਰੀ ਲਹਿਰੀ), ਨਾਮਧਾਰੀ ਲਹਿਰ, ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰਾਂ ਵਿਚ ਰੰਘਰੇਟੇ ਸਿੱਖਾਂ ਨੇ ਵਧ ਚੜ੍ਹ ਕੇ ਯੋਗਦਾਨ ਪਾਇਆ। ਮੌਜੂਦਾ ਸਮੇਂ ਦੇ ਸਾਰੇ ਹੀ ਅਕਾਲੀ ਦਲਾਂ ਵਿਚ ਰੰਘਰੇਟੇ ਸਿੱਖ ਉਚ ਅਹੁਦਿਆਂ ‘ਤੇ ਬਿਰਾਜਮਾਨ ਹਨ। ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਵਿਚ ਵੀ ਇਨ੍ਹਾਂ ਨੇ ਵੱਡੀਆਂ ਪੋਜੀਸ਼ਨਾਂ ਹਾਸਲ ਕਰ ਲਈਆਂ ਹਨ। ਰਾਜਨੀਤਕ ਪੱਖੋਂ ਜਨੇਰ ਦੀ ਗੱਲ ਕਰੀਏ ਤਾਂ ਅੱਜ ਤਕ ਧਰਮਕੋਟ ਵਿਧਾਨ ਸਭਾ ਹਲਕੇ ਵਿਚ ਰੰਘਰੇਟੇ ਸਿੱਖਾਂ ਦੀ ਹੀ ਚੜ੍ਹਾਈ ਰਹੀ ਹੈ। ਅਕਾਲੀ ਦਲ ਦੇ ਮੁਖਤਿਆਰ ਸਿੰਘ, ਕੁਲਤਾਰ ਸਿੰਘ ਅਤੇ ਸੀਤਲ ਸਿੰਘ, ਕਾਂਗਰਸ ਦੇ ਗੁਰਦੇਵ ਸਿੰਘ ਅਤੇ ਕਮਿਊਨਿਸਟ ਪਾਰਟੀ ਦੇ ਸਰਬਣ ਸਿੰਘ ਹੀ ਜ਼ਿਆਦਾ ਸਮਾਂ ਇਸ ਇਲਾਕੇ ਦੇ ਵਿਧਾਨ ਸਭਾ ਮੈਂਬਰ ਰਹੇ ਹਨ ਅਤੇ ਸਾਰੇ ਰੰਘਰੇਟੇ ਸਿੱਖ ਹਨ। ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ, ਅਰਧ ਸੈਨਿਕ ਬਲਾਂ, ਪੁਲਿਸ ਸਿਵਲ ਪ੍ਰਸ਼ਾਸਨ, ਵਿਦਿਅਕ ਢਾਂਚੇ ਅਤੇ ਰਾਜਨੀਤੀ ਵਿਚ ਸਟੇਟ ਅਤੇ ਦੇਸ਼ ਪੱਧਰ ‘ਤੇ ਇਨ੍ਹਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।
ਪੰਜਵੀਂ ਪੱਤੀ ਦੇ ਧਾਲੀਵਾਲ
ਰਾਜਸਥਾਨ ਦੇ ਧੌਲਪੁਰ ਖੇਤਰ ਤੋਂ 1000 ਤੋਂ 1200 ਈਸਵੀ ਸਮੇਂ ਧਾਲੀਵਾਲਾਂ ਦਾ ਉੱਤਰੀ ਭਾਰਤ ਦੇ ਵਰਤਮਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਪਾਕਿਸਤਾਨੀ ਪੰਜਾਬ ਵਿਚ ਪਹੁੰਚਣ ਦਾ ਵਿਸਥਾਰ ਸਹਿਤ ਵਰਨਣ ਜੱਟ ਧਾਲੀਵਾਲਾਂ ਦੇ ਕਾਂਡ ਵਿਚ ਕਰ ਚੁੱਕੇ ਹਾਂ। ਇਥੇ ਇਹ ਵੀ ਵਰਨਣਯੋਗ ਹੈ ਕਿ ਜੱਟ ਸਿੱਖ, ਜਾਟ ਹਿੰਦੂ ਮੁਸਲਮਾਨ ਅਤੇ ਮਜ਼੍ਹਬੀ ਸਿੱਖ ਧਾਲੀਵਾਲ ਸਾਰੇ ਹੀ ਭੱਟੀ ਰਾਜਪੂਤਾਂ ਦੀ ਸੰਤਾਨ ਹਨ। ਅੰਗਰੇਜ਼ ਇਤਿਹਾਸਕਾਰ ਬਰਾਡਹੈਥ ਸਾਰੇ ਧਾਲੀਵਾਲਾਂ ਨੂੰ ਇਕੋ ਮਣਕੇ ਵਿਚ ਪਰੋਂਦਿਆਂ, ਇਨ੍ਹਾਂ ਨੂੰ ‘ਪ੍ਰਭਾਵਸ਼ਾਲੀ ਅਤੇ ਸ਼ਾਂਤ ਪ੍ਰੇਮੀ’ ਰੁਤਬੇ ਨਾਲ ਸਤਿਕਾਰਦਾ ਹੈ। ਪ੍ਰਸਿੱਧ ਅਕਾਲੀ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ, ਜਿਹੜਾ ਕਿ ਧਾਲੀਵਾਲ ਮਜ਼੍ਹਬੀ ਸਿੱਖ ਸੀ, ਦੀ ਸਖ਼ਸ਼ੀਅਤ ਬਰਾਡਹੈਥ ਦੇ ਕਥਨ ਦੀ ਪੁਸ਼ਟੀ ਕਰਦੀ ਹੈ।
ਪੰਜਵੀਂ ਪੱਤੀ ਵਾਲੇ ਧਾਲੀਵਾਲ ਜਿਹੜੇ ਕਿ ਜਨੇਰ ਵਿਚ 1947 ਤੋਂ ਬਾਅਦ ਆ ਕੇ ਵਸੇ ਆਪਣਾ ਪਿਛੋਕੜ ਦਰਿਆ ਸਤਲੁਜ ਦੇ ਕਿਨਾਰੇ ਵਸੇ ਪਿੰਡ ਬੁਰਜ ਗੁਲਾਮ ਹੁਸੈਨ ਵਾਲਾ ਨਾਲ ਜੋੜਦੇ ਹਨ। ਇਕ ਹੋਰ ਅੰਗਰੇਜ਼ ਇਤਿਹਾਸਕਾਰ ਐਚ.ਰੋਜ਼ ਧਾਲੀਵਾਲ ਕਬੀਲੇ ਦੇ ਸਤਲੁਜ ਨੇੜੇ ਵਸਣ ਦੀ ਗੱਲ ਤਾਂ ਕਰਦਾ ਹੈ ਪਰੰਤੂ ਉਨ੍ਹਾਂ ਦੇ ਧਰਮ ਅਤੇ ਜਾਤ ਬਾਰੇ ਕੋਈ ਵੇਰਵਾ ਪੇਸ਼ ਨਹੀਂ ਕਰਦਾ। ਕੁਝ ਵੀ ਹੋਵੇ ਸਾਰੀਆਂ ਪ੍ਰਸਥਿਤੀਆਂ ਨੂੰ ਗਹੁ ਨਾਲ ਵਿਚਾਰਦਿਆਂ ਪੰਜਵੀਂ ਪੱਤੀ ਦੇ ਧਾਲੀਵਾਲਾਂ ਦਾ ਪਿਛੋਕੜ ਸਤਲੁਜ ਦੇ ਇਲਾਕੇ ਨਾਲ ਜੋੜਨਾ ਹੀ ਵਧੇਰੇ ਢੁਕਵਾਂ ਜਾਪਦਾ ਹੈ।
ਪਿੰਡ ਦੀ ਪੰਜਵੀਂ ਪੱਤੀ ਵਿਚ ਡੋਗਰ ਦਾਸ ਧਾਲੀਵਾਲ ਦੇ ਲੜਕਿਆਂ ਨੱਥਾ ਸਿੰਘ ਧਾਲੀਵਾਲ ਅਤੇ ਕਿਸ਼ਨ ਸਿੰਘ ਧਾਲੀਵਾਲ ਦਾ ਪਰਿਵਾਰ ਸਭ ਤੋਂ ਵੱਡਾ ਹੈ। ਨੱਥਾ ਸਿੰਘ ਬਹੁਤ ਹੀ ਹਲਕੀ ਡੀਲ ਡੌਲ ਵਾਲਾ, ਮਿਹਨਤੀ ਅਤੇ ਹੁਨਰੀ ਇਨਸਾਨ ਸੀ। ਪੰਜਾਬੀਆਂ ਵਿਚ ਇਕ ਆਮ ਧਾਰਨਾ ਬਣੀ ਹੋਈ ਹੈ ਕਿ ਜੇਕਰ ਕੋਈ ਉਦਮੀ ਆਦਮੀ ਨਵਾਂ ਕੰਮ ਕਰ ਦੇਵੇ ਤਾਂ ਅਸੀਂ ਉਸ ਦਾ ਨਾਮ ਹੀ ਕੰਮ-ਅਧਾਰਤ ਰੱਖ ਦਿੰਦੇ ਹਾਂ। ਉਨ੍ਹੀਂ ਸੋ ਪੰਜਾਹਵਿਆਂ ਦੇ ਸ਼ੁਰੂ ਵਿਚ ਹੜ੍ਹਾਂ ਦੀ ਮਾਰ ਸਮੇਂ ਜਦੋਂ ਨੱਥਾ ਸਿੰਘ ਦਾ ਮਕਾਨ ਢਹਿ- ਢੇਰੀ ਹੋ ਗਿਆ ਤਾਂ ਉਸ ਨੇ ਆਪਣਾ ਹੌਸਲਾ ਨਾ ਢਹਿ-ਢੇਰੀ ਹੋਣ ਦਿੱਤਾ ਸਗੋਂ ਹਿੰਮਤ ਕਰਕੇ ਪਰਿਵਾਰ ਦੇ ਸਿਰ ਢੱਕਣ ਲਈ ਦੋ ਛੰਨਾਂ ਦਾ ਜੁਗਾੜ ਬਣਾ ਲਿਆ। ਪਿੰਡ ਵਾਸੀਆਂ ਨੇ ਉਸ ਦਾ ਨਾਮ ਹੀ ਬਦਲ ਕੇ ਨੱਥਾ ਸਿੰਘ ਧਾਲੀਵਾਲ ਤੋਂ ਨੱਥੂ ‘ਛੰਨਾਂ ਵਾਲਾ’ ਰੱਖ ਦਿੱਤਾ। ਸਮੇਂ ਦੇ ਬਦਲਣ ਨਾਲ ‘ਛੰਨਾ ਵਾਲਾ’ ਤਖ਼ਲਸ ਹੀ ਖ਼ਤਮ ਹੋ ਗਿਆ ਕਿਉਂਕਿ ਨਵੀਂ ਪੀੜ੍ਹੀ ਵਾਲਿਆਂ ਨੂੰ ਨਾ ਤਾਂ ਕਿਧਰੇ ਕੋਈ ਛੰਨ ਨਜ਼ਰ ਆਉਂਦੀ ਹੈ ਅਤੇ
ਨਾ ਹੀ ਨੱਥਾ ਸਿੰਘ। ਨੱਥਾ ਸਿੰਘ ਧਾਲੀਵਾਲ ਦੇ ਤਿੰਨ ਲੜਕੇ ਮੁਖਤਿਆਰ ਸਿੰਘ, ਮੋਠਾ ਸਿੰਘ ਅਤੇ ਜੋਰਾ ਸਿੰਘ ਹੋਏ। ਮੁਖਤਿਆਰ ਸਿੰਘ ਖੇਤ ਮਜ਼ਦੂਰ ਦਾ ਕੰਮ ਕਰਦਾ ਰਿਹਾ ਅੱਗੋਂ ਉਸ ਦਾ ਲੜਕਾ ਹੰਸਾ ਸਿੰਘ ਵੀ ਮਜ਼ਦੂਰੀ ਹੀ ਕਰਦਾ ਹੈ। ਮੋਠਾ ਸਿੰਘ ਖੇਤ ਮਜ਼ਦੂਰ ਦਾ ਕੰਮ ਕਰਦਾ ਰਿਹਾ ਪਰੰਤੂ ਖਾਣ ਪੀਣ ਦੇ ਮੁਆਮਲੇ ਵਿਚ ਉਹ ਕਾਫੀ ਚਰਚਿਤ ਰਿਹਾ ਹੈ। ਕਹਿੰਦੇ ਹਨ ਇਕੋ ਸਮੇਂ ਵੱਧ ਰੋਟੀਆਂ ਖਾਣ ਦੀ ਗੁਰਜ ਉਸ ਪਾਸ ਸੀ। ਇਹ ਵੀ ਸੁਣਨ ਵਿਚ ਆਇਆ ਹੈ ਕਿ ਇਕ ਵਾਰ ਜਿੱਦ ਵਿਚ ਆ ਕੇ ਉਹ ਜਲੇਬੀਆਂ ਦੀ ਭਰੀ ਹੋਈ ਪ੍ਰਾਤ ਇਕੱਲਾ ਹੀ ਛੱਕ ਗਿਆ ਸੀ। ਉਸਦੇ ਹਾਜ਼ਮੇ ਦੀ ਦਾਦ ਦੇਣੀ ਬਣਦੀ ਹੈ। ਉਸ ਦੇ ਦੋ ਲੜਕੇ ਜਸਵੀਰ ਸਿੰਘ ਅਤੇ ਮੰਗਲ ਸਿੰਘ ਹਨ। ਜੋਗੀ ਸਿੰਘ ਨੇ ਭੱਠਾ ਮਜ਼ਦੂਰੀ ਸਮੇਤ ਜ਼ਿੰਦਗੀ ਵਿਚ ਕਈ ਪਾਪੜ ਵੇਲੇ ਪਰੰਤੂ ਬਾਅਦ ਵਿਚ ਉਸ ਨੇ ਘੋੜੇ-ਰੇੜੇ ਦਾ ਕੰਮ ਬਹੁਤ ਹੀ ਕਾਮਯਾਬੀ ਨਾਲ ਕੀਤਾ। ਉਸ ਦਾ ਇਕ ਲੜਕਾ ਹਰਬੰਸ ਸਿੰਘ ਹੈ ਪਰੰਤੂ ਉਸ ਦਾ ਦੂਜਾ ਲੜਕਾ ਚਰਨ ਸਿੰਘ ਜਿਹੜਾ ਕਿ ਪੜ੍ਹਿਆ-ਲਿਖਿਆ ਹੋਣ ਕਰਕੇ ਪਿੰਡ ਦਾ ਕਾਮਯਾਬ ਸਰਪੰਚ ਹੋ ਨਿਬੜਿਆ। ਅੱਜ ਵੀ ਕਈ ਛੋਟੇ-ਛੋਟੇ ਵਪਾਰਕ ਧੰਦੇ ਉਹ ਬਹੁਤ ਕਾਮਯਾਬੀ ਨਾਲ ਕਰ ਰਿਹਾ ਹੈ।
ਕਿਸ਼ਨ ਸਿੰਘ ਧਾਲੀਵਾਲ ਬੇਸ਼ਕ ਦਿਹਾੜੀ ਦੱਪੇ ਦਾ ਕੰਮ ਕਰਦਾ ਰਿਹਾ ਪਰੰਤੂ ਕੰਮ ਕਰਦੇ ਸਮੇਂ ਉਹ ਗੱਲਾਂ ਦੀ ਰੌਣਕ ਲਗਾ ਛੱਡਦਾ। ਉਸ ਦੇ ਦੋਵੇਂ ਲੜਕੇ ਲਛਮਣ ਸਿੰਘ ਅਤੇ ਦਲੀਪ ਸਿੰਘ ਜਵਾਨੀ ਸਮੇਂ ਤਾਂ ਖੇਤ ਮਜ਼ਦੂਰ ਹੀ ਸਨ ਪਰੰਤੂ ਸਮੇਂ ਦੇ ਬਦਲ ਨਾਲ ਉਨ੍ਹਾਂ ਆਪਣੇ ਉਪਜੀਵਕਾ ਸਾਧਨ ਵੀ ਬਦਲ ਲਏ। ਲਛਮਣ ਸਿੰਘ ਦੇ ਦੋ ਲੜਕੇ ਨਛੱਤਰ ਸਿੰਘ ਅਤੇ ਅਜੈਬ ਸਿੰਘ ਹਨ। ਨਛੱਤਰ ਸਿੰਘ ਨੇ ਪਲੰਬਰ ਦਾ ਕੰਮ ਸਿੱਖ ਕੇ ਆਪਣੀ ਕੰਪਨੀ ਬਣਾਈ ਹੋਈ ਹੈ। ਅਰਬ ਦੇਸ਼ ਵਿਚ ਵੀ ਕੰਮ ਕਰ ਲੈਂਦਾ ਹੈ। ਦਲੀਪ ਸਿੰਘ ਦੇ ਦੋ ਲੜਕੇ ਬਿੱਕਰ ਸਿੰਘ ਅਤੇ ਮੁਹਿੰਦਰ ਸਿੰਘ ਹਨ। ਮਜ਼ਦੂਰੀ ਦੇ ਨਾਲ ਇਹ ਪਰਿਵਾਰ ਬੱਕਰੀਆਂ ਵੀ ਪਾਲਦਾ ਹੈ।
ਚੰਨਣ ਸਿੰਘ ਧਾਲੀਵਾਲ ਦਾ ਪਰਿਵਾਰ ਕੀ ਕਾਫੀ ਵੱਡਾ ਹੈ ਕਿਸੇ ਸਮੇਂ ਉਹ ਪਿੰਡ ਦਾ ਵੱਗ ਚਾਰਦਾ ਹੁੰਦਾ ਸੀ ਅਤੇ ‘ਚੰਨਣ ਵਾਗੀ’ ਵਜੋਂ ਜਾਣਿਆ ਜਾਂਦਾ ਸੀ । ਉਸ ਦੇ ਤਿੰਨ ਲੜਕੇ ਅਜੈਬ ਸਿੰਘ, ਬਿੱਕਰ ਸਿੰਘ ਅਤੇ ਭਜਨ ਸਿੰਘ ਸਨ। ਅਜੈਬ ਸਿੰਘ ਦੇ ਤਿੰਨ ਪੁੱਤਰ ਸੋਨੂੰ ਸਿੰਘ, ਕਾਲਾ ਸਿੰਘ ਅਤੇ ਲੱਖਾ ਸਿੰਘ ਹਨ। ਬਿੱਕਰ ਸਿੰਘ ਦੇ ਵੀ ਤਿੰਨ ਲੜਕੇ ਪ੍ਰਿਥੀ ਸਿੰਘ, ਸੇਖਾ ਸਿੰਘ ਅਤੇ ਪ੍ਰਤਾਪ ਸਿੰਘ ਹਨ ਜਦੋਂ ਕਿ ਭਜਨ ਸਿੰਘ ਦੇ ਲੜਕਿਆਂ ਦੇ ਨਾਮ ਭੋਲਾ ਸਿੰਘ, ਨਛੱਤਰ ਸਿੰਘ ਅਤੇ ਮੁਹਿੰਦਰ ਸਿੰਘ ਹਨ। ਚੰਨਣ ਸਿੰਘ ਧਾਲੀਵਾਲ ਦੇ ਪੋਤਰੇ ਵੱਖਰੇ-ਵੱਖਰੇ ਕੰਮ-ਕਾਜ ਕਰਦੇ ਹਨ।
ਭੱਟੀ ਭਾਈਚਾਰਾ
ਪੁਰਾਤਨ ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਜੇਕਰ ਵਰਤਮਾਨ ਸਮੇਂ ਤਕ ਪਹੁੰਚੀਏ ਤਾਂ ਨਿਰਸੰਦੇਹ ਭੱਟੀ ਗੋਤ ਅਤੇ ਇਸ ਵਿਚੋਂ ਅੱਗੇ ਨਿਕਲੇ ਗੋਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਭੱਟੀ ਗੋਤ ਜੱਟ ਸਿੱਖਾਂ, ਮੁਸਲਮਾਨ ਜੱਟਾਂ, ਹਿੰਦੂ ਜੱਟਾਂ ਅਤੇ ਦਲਿਤ ਜੱਟਾਂ ਵਿਚ ਆਮ ਹੀ ਦੇਖਣ ਨੂੰ ਮਿਲਦਾ ਹੈ। ਚੰਦਰ ਬੰਸੀ ਭੱਟੀ ਗੋਤ ਦਾ ਬਾਨੀ ਰਾਜਾ ਸਲਵਾਨ ਦਾ ਪੋਤਰਾ ਰਾਜਾ ਭੱਟੀ 622 ਈਸਵੀ ਦੇ ਨੇੜੇ ਹੋਇਆ। ਇਸ ਨੇ ਆਪਣੇ ਨਾਮ ‘ਤੇ ‘ਭੱਟੀਕ ਸੰਮਤ’ ਚਲਾਇਆ ਅਤੇ ਭਟਨੇਰ, ਭਟਿੰਡਾ (ਬਠਿੰਡਾ) ਵਰਗੇ ਸ਼ਹਿਰ ਵੀ ਵਸਾਏ। ਕਿਸੇ ਸਮੇਂ ਭੱਟੀਆਂ ਨੇ ਸਤਲੁਜ ਦਰਿਆ ਦੇ ਦੱਖਣ ਵੱਲ ਵੀ ਵਧਣਾ ਚਾਹਿਆ ਪਰੰਤੂ ਲੰਗਾਹ ਅਤੇ ਜੋਹੀਆ ਕਬੀਲਿਆਂ ਨੇ ਇਨ੍ਹਾਂ ਦਾ ਪੈਰ ਨਾ ਲੱਗਣ ਦਿੱਤੇ। ਅਖ਼ੀਰ ਇਨ੍ਹਾਂ ਨੇ ਰਾਜਪੂਤਾਨੇ ਦੇ ਮਾਰੂਥਲ ਵਿਚ ਜੈਸਲਮੇਰ ਸ਼ਹਿਰ ਦੀ ਨੀਂਹ ਰੱਖੀ ਜਿਸ ਨੇ ਬਾਅਦ ਵਿਚ ਰਿਆਸਤ ਦਾ ਰੂਪ ਧਾਰਨ ਕਰ ਲਿਆ। ਅੱਜ ਵੀ ਜੈਸਲਮੇਰ ਵਿਚ ਭੱਟੀਆਂ ਦੀ ਕਿਸੇ ਨਾ ਕਿਸੇ ਧਰਮ ਵਿਚ ਹੋਂਦ ਮਿਲਦੀ ਹੈ। ਇਥੇ ਇਹ ਵੀ ਸਲਾਹੁਣਯੋਗ ਹੈ ਕਿ ਜੈਸਲਮੇਰ ਨੂੰ ਵਸਾਉਣ ਵਾਲੇ ਭੱਟੀ ਦਾ ਨਾਮ ਜੈਸਲ ਸੀ ਜਿਸ ਤੋਂ ਅੱਗੇ ਜੱਟਾਂ ਦਾ ਸਭ ਤੋਂ ਵੱਡਾ ਗੋਤ ਸਿੱਧੂ ਬਰਾੜ ਚੱਲਿਆ। ਪੰਜਾਬ ਦੇ ਹੋਰ ਕਈ ਗੋਤ ਰੰਧਾਵਾ, ਵੜੈਚ, ਮਾਂਗਟ, ਛੀਨੇ, ਧਾਲੀਵਾਲ, ਸਾਰਸ, ਹਾਂਸ ਅਤੇ ਸਹਿੰਸਰਾ ਵੀ ਇਨ੍ਹਾਂ ਭੱਟੀਆਂ ਵਿਚੋਂ ਹੀ ਨਿਕਲੇ ਹਨ।
ਪਾਕਿਸਤਾਨੀ ਪੰਜਾਬ ਵਿਚ ਵੀ ਮੁਸਲਮਾਨ ਭੱਟੀਆਂ ਦੀ ਕਾਫੀ ਵਸੋਂ ਹੈ। ਮਿੰਟਗੁਮਰੀ ਅਤੇ ਸਿਆਲਕੋਟ ਦੇ ਮੁਸਲਮਾਨ ਭੱਟੀ ਆਪਣਾ ਸਬੰਧ ਰਾਜਾ ਰਸਾਲੂ ਨਾਲ ਜੋੜਦੇ ਹਨ। ਜਿਸ ਤਰ੍ਹਾਂ ਪੰਜਾਬ ਵਿਚ ਥਾਂ-ਥਾਂ ਫਿਰਨ ਵਾਲੇ ਭੱਟੀਆਂ ਨੂੰ ‘ਗੱਡੀਆਂ ਵਾਲੇ’ ਕਿਹਾ ਜਾਂਦਾ ਹੈ, ਇਸ ਤਰ੍ਹਾਂ ਹੀ ਪਾਕਿਸਤਾਨੀ ਪੰਜਾਬ ਵਿਚ ਵੀ ਥਾਂ-ਥਾਂ ਫਿਰਨ ਵਾਲੇ ਭੱਟੀ ਹਨ ਉਨ੍ਹਾਂ ਨੂੰ ‘ਮੁਲਤਾਨੀ ਭੱਟੀ’ ਆਖਦੇ ਹਨ ਜਿਹੜੇ ਆਪਣਾ ਪਿਛੋਕੜ ਦਿੱਲੀ ਦੇ ਇਲਾਕੇ ਨਾਲ ਜੋੜਦੇ ਹਨ। ਗੁਜਰਾਂਵਾਲਾ, ਸਿਆਲਕੋਟ, ਜੇਹਲਮ ਅਤੇ ਸਾਂਦਲ ਬਾਰ ਦਾ ਇਲਾਕਾ ਮੁਸਲਮਾਨ ਭੱਟੀਆਂ ਦੀ ਸੰਘਣੀ ਵਸੋਂ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਸਿਆਲਕੋਟ ਦੇ ਭੱਟੀ ਤਾਂ ਦਾਅਵੇ ਨਾਲ ਆਪਣੇ ਆਪ ਨੂੰ ਭੱਟੀ ਰਾਜਪੂਤ ਭੋਨੀ ਨਾਲ ਜੋੜਦੇ ਹਨ। ਅੰਗਰੇਜ਼ ਇਤਿਹਾਸਕਾਰ ਵਿਲਸਨ ਆਪਣੀ ਖੋਜ ਵਿਚ ਸਾਰੇ ਭੱਟੀਆਂ ਨੂੰ ਇਕੋ ਹੀ ਸਮਝਦਾ ਹੈ।
ਭਾਰਤੀ ਪੰਜਾਬ ਵਿਚ ਭੱਟੀ ਲਗਪਗ ਸਾਰੇ ਇਲਾਕਿਆਂ ਵਿਚ ਹੀ ਵਸੇ ਹੋਏ ਹਨ, ਚਾਹੇ ਉਹ ਜਾਤ ਵਜੋਂ ਸਿੱਖ, ਹਿੰਦੂ ਜਾਂ ਦਲਿਤ ਵਰਗ ਨਾਲ ਸਬੰਧਤ ਹੋਣ। ਇਤਿਹਾਸਕਾਰਾਂ ਅਨੁਸਾਰ ‘ਲੱਖੀ ਭੱਟੀ’ ਦੀ ਔਲਾਦ ਮੁਸਲਮਾਨ ਬਣ ਕੇ ਜੈਸਲਮੇਰ ਤੋਂ ਪੰਜਾਬ ਦੇ ਕੁਝ ਹਿੱਸਿਆਂ ਵਿਚ ਆ ਕੇ ਵਸੀ। ਇਸ ਸਮੇਂ ਕੁਝ ਹਿੰਦੂ ਅਤੇ ਦਲਿਤ ਭੱਟੀ (ਜਿਹੜੇ ਕਿਸੇ ਕਾਰਨ ਉਚੀ ਜਾਤੀ ਤੋਂ ਨੀਵੀਂ ਜਾਤੀ ਵਿਚ ਚਲੇ ਗਏ) ਵੀ ਪੰਜਾਬ ਦੇ ਕਈ ਇਲਾਕਿਆਂ ਵਿਚ ਆ ਕੇ ਵਸੇ। ਮੰਝ ਰਾਜਪੂਤ ਮੁਸਲਮਾਨਾਂ ਦੇ ਪ੍ਰਸਿੱਧ ਸ਼ਹਿਰ ਜਗਰਾਉਂ ਨੇੜੇ ਅਠੂਰ ਵਸਣ ਸਮੇਂ ਵੀ ਕੁਝ ਭੱਟੀਆਂ ਨੇ ਉਨ੍ਹਾਂ ਨਾਲ ਹਿਜ਼ਰਤ ਕੀਤੀ।
ਜਨੇਰ ਵਿਚ ਭੱਟੀਆਂ ਦਾ ਆਗਮਨ
ਅਕਬਰ ਬਾਦਸ਼ਾਹ ਦੇ ਸਮੇਂ ਮੁਸਲਮਾਨ ਭੱਟੀਆਂ ਦੇ ਅਠੂਰ ‘ਤੇ ਕਬਜ਼ਾ ਕਰਨ ਸਮੇਂ ਉਨ੍ਹਾਂ ਨਾਲ ਆਏ ਦਲਿਤ ਭੱਟੀਆਂ ਦਾ ਜ਼ਿਕਰ ਪਹਿਲਾਂ ਵੀ ਹੋ ਚੁੱਕਾ ਹੈ। ਇਤਿਹਾਸ ਦੀ ਕਿਸੇ ਪੁਸਤਕ ਵਿਚੋਂ ਤਾਂ ਇਸ ਦੀ ਕੋਈ ਪੁਸ਼ਟੀ ਨਹੀਂ ਹੁੰਦੀ ਪਰੰਤੂ ਇਤਿਹਾਸਕਾਰ ਵੀ ਤਾਂ ਅਕਸਰ ਇਨਸਾਨ ਹੀ ਹੁੰਦੇ ਹਨ, ਘਟ ਗਿਣਤੀ ਵਾਲੀਆਂ ਜਾਤਾਂ ਅਤੇ ਗੋਤਾਂ ਨੂੰ ਇਨ੍ਹਾਂ ਵਲੋਂ ਅਣਗੌਲਿਆ ਕਰ ਜਾਣਾ ਆਮ ਜਿਹੀ ਗੱਲ ਹੈ। ਉਧਰ ਪੰਜਵੀਂ ਪੱਤੀ ਵਾਲੇ ਭੱਟੀ ਆਪਣਾ ਪਿਛੋਕੜ ਜਗਰਾਉਂ ਨੇੜਲੇ ਪਿੰਡ ਦੇਹੜਕੇ ਨਾਲ ਜੋੜਦੇ ਹਨ। ਸਬੂਤ ਵਜੋਂ ਭੱਟੀਆਂ ਦੇ ਬਜ਼ੁਰਗ ਮੁਰੱਬੇਬੰਦੀ ਸਮੇਂ ਪਿੰਡ ਦੇਹੜਕੇ ਵਿਚ ਭੱਟੀ ਭਾਈਚਾਰੇ ਦੇ ਜਨੇਰ ਵਾਸੀਆਂ ਦੇ ਨਾਮ ਬੋਲਦੀ ਕੁਝ ਜ਼ਮੀਨ ਦਾ ਹਵਾਲਾ ਦਿੰਦੇ ਹਨ। ਭੂਗੋਲਿਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਅਠੂਰ ਅਤੇ ਦੇਹੜਕੇ ਪਿੰਡਾਂ ਦਾ ਫ਼ਾਸਲਾ ਕੋਈ ਬਹੁਤਾ ਨਹੀਂ ਹੈ। ਉਪਰੋਕਤ ਭੂਗੋਲਿਕ, ਇਤਿਹਾਸਕ ਅਤੇ ਧਾਰਮਿਕ ਪੱਖਾਂ ਦੇ ਮੱਦੇਨਜ਼ਰ ਪੰਜਵੀਂ ਪੱਤੀ ਦੇ ਭੱਟੀ ਜੈਸਲਮੇਰ ਤੋਂ ਲੈ ਕੇ ਜਨੇਰ ਤਕ ਇਕੋ ਵੰਸ਼ ਹੀ ਹਨ।
ਜਨੇਰ ਦੀ ਪੰਜਵੀਂ ਪੱਤੀ ਦੇ ਭੱਟੀ ਜ਼ਿਆਦਾਤਰ ਨੱਥਾ ਸਿੰਘ ਭੱਟੀ ਦੀ ਔਲਾਦ ਹਨ। ਉਸ ਦੇ ਤਿੰਨ ਪੁੱਤਰਾਂ ਪਾਲਾ ਸਿੰਘ, ਗੁਲੂ ਸਿੰਘ ਅਤੇ ਤੇਜੂ ਸਿੰਘ ਦਾ ਪਰਿਵਾਰ ਇਥੇ ਵਸਦਾ ਹੈ। ਪਾਲਾ ਸਿੰਘ ਭੱਟੀ ਬਹੁਤ ਹੀ ਮਜ਼ਾਹੀਆ ਸੁਭਾਅ ਦਾ ਮਾਲਕ ਸੀ। ਕਬੀਲਦਾਰੀ ਦੀਆਂ ਤੰਦਾਂ ਵਿਚ ਉਲਝੇ ਹੁੰਦਿਆਂ ਵੀ ਉਹ ਹਰ ਇਕ ਮੁਸ਼ਕਲ ਨੂੰ ਹਲਕੇ ਵਿਚ ਹੀ ਲੈਂਦਾ। ਹਾਸੇ-ਹਾਸੇ ਵਿਚ ਕਦੀ-ਕਦੀ ਉਹ ਕੋਈ ਵਿਅੰਗ ਵੀ ਕਸ ਜਾਂਦਾ। ਉਸ ਦੇ ਤਿੰਨ ਪੁੱਤਰਾਂ ਸਾਈਂ ਸਿੰਘ, ਗੁਰਦੇਵ ਸਿੰਘ ਅਤੇ ਸੀਤਾ ਸਿੰਘ ਨੇ ਜ਼ਿੰਦਗੀ ਦੀ ਉਪਜੀਵਕਾ ਲਈ ਕਈ ਕੰਮ ਕੀਤੇ। ਸਾਈਂ ਸਿੰਘ ਪਹਿਲਾਂ ਮਜ਼ਦੂਰੀ ਕਰਦਾ ਰਿਹਾ ਬਾਅਦ ਵਿਚ ਢਲਦੀ ਉਮਰੇ ਉਸ ਬੱਕਰੀਆਂ ਪਾਲੀਆਂ। ਗੁਰਦੇਵ ਸਿੰਘ ਅਤੇ ਸੀਤਾ ਸਿੰਘ ਨੇ ਵੀ ਮੁਖ ਤੌਰ ‘ਤੇ ਮਜ਼ਦੂਰੀ ਹੀ ਕੀਤੀ ਪਰੰਤੂ ਇਨ੍ਹਾਂ ਸਾਰਿਆਂ ਦੀ ਔਲਾਦ ਅੱਗੇ. ਖੇਤ ਮਜ਼ਦੂਰ ਬਣਨ ਦੀ ਥਾਂ ਨਵੀਨੀਕਰਨ ਦੀ ਮਜ਼ਦੂਰੀ ਕਰਦੀ ਹੈ।
ਗੁਲੂ ਸਿੰਘ ਭੱਟੀ ਜਵਾਨੀ ਸਮੇਂ ਨੌਕਰੀ ਕਰਦਾ ਰਿਹਾ, ਬਾਅਦ ਵਿਚ ਉਹ ਲੰਮਾ ਸਮਾਂ ਪਿੰਡ ਦਾ ਚੌਕੀਦਾਰ ਰਿਹਾ। ਸ਼ਾਇਦ ਇਸੇ ਕਰਕੇ ਹੀ ਉਹ ਆਪਣੀ ਦਾਹੜੀ ਬਣਾ ਸੁਆਰ ਕੇ ਬੰਨ੍ਹ ਕੇ ਰੱਖਦਾ ਸੀ ਅਤੇ ਸਲੀਕੇ ਨਾਲ ਕਪੜੇ ਵਗੈਰਾ ਪਹਿਨਦਾ ਸੀ। ਇਸ ਦੇ ਚਾਰ ਪੁੱਤਰਾਂ ਹੰਸਾ ਸਿੰਘ, ਛੋਟਾ ਸਿੰਘ, ਮੰਗਲ ਸਿੰਘ ਅਤੇ ਗਾਸ਼ੀ ਸਿੰਘ ਵੱਖ- ਵੱਖ ਰੂਪਾਂ ਵਿਚ ਮਜ਼ਦੂਰੀ ਹੀ ਕਰਦੇ ਆ ਰਹੇ ਹਨ। ਇਨ੍ਹਾਂ ਦਾ ਵੱਡਾ ਪਰਿਵਾਰ ਪੰਜਵੀਂ ਪੱਤੀ ਵਿਚ ਹੀ ਵਸਦਾ ਹੈ ਪਰੰਤੂ ਸਮੇਂ ਦੀ ਚਾਲ ਨਾਲ ਇਨ੍ਹਾਂ ਨੇ ਮਜ਼ਦੂਰੀ ਵਗੈਰਾ ਕਰਨ ਦਾ ਢੰਗ ਤਰੀਕਾ ਬਦਲ ਲਿਆ ਹੈ। ਤੇਜੂ ਸਿੰਘ ਭੱਟੀ ਬੇਸ਼ਕ ਮਜ਼ਦੂਰੀ ਕਰਕੇ ਜਾਂ ਮੱਝਾਂ ਵਗੈਰਾ ਸਾਂਭ ਕੇ ਆਪਣਾ ਜੀਵਨ ਨਿਰਬਾਹ ਕਰਦਾ ਰਿਹਾ ਪਰੰਤੂ ਉਸ ਦੀ ਜੀਵਨ ਸ਼ੈਲੀ ਵਿਚੋਂ ਭੱਟੀਆਂ ਦੇ ਪੁਰਾਣੇ ਠਾਠ ਬਾਠ ਦੀ ਝਲਕ ਮਾਰਦੀ ਸੀ, ਖ਼ਾਸ ਕਰਕੇ ਜਦੋਂ ਉਹ ਪਹਿਨ ਪਚਰ ਕੇ ਹੁੱਕੇ ਦੇ ਕਸ਼ ਲੈ ਰਿਹਾ ਹੁੰਦਾ। ਉਸ ਦੇ ਤਿੰਨ ਲੜਕਿਆਂ ਵੀਰ ਸਿੰਘ, ਗਹਿਰਾ ਸਿੰਘ ਅਤੇ ਬਲਵੀਰ ਸਿੰਘ ਵਿਚੋਂ ਵੀਰ ਸਿੰਘ ਨੇ ਕੁਆੜੀਏ ਦਾ ਕੰਮ ਕੀਤਾ। ਗਹਿਰਾ ਸਿੰਘ ਪਹਿਲਾਂ ਤਾਂ ਮਜ਼ਦੂਰੀ ਕਰਦਾ ਰਿਹਾ ਪਰੰਤੂ ਢਲਦੀ ਉਮਰੇ ਸਾਧਗਿਰੀ ਦਾ ਵੇਸ ਧਾਰ ਕੇ ਬਾਬਾ ਬਣ ਗਿਆ। ਸਭ ਤੋਂ ਛੋਟੇ ਬਲਵੀਰ ਸਿੰਘ ਦੀ ਠੁਕ ਨਵਾਬੀ ਭੱਟੀਆਂ ਵਰਗੀ ਹੈ। ਨਿਖਰ ਕੇ ਰਹਿਣਾ ਅਤੇ ਲੋੜ ਮੁਤਾਬਕ ਹੀ ਕੰਮ ਕਰਨ ਦਾ ਆਦੀ ਹੋਣ ਕਰਕੇ ਉਸ ਦੀ ਗਿਣਤੀ ਪਿੰਡ ਦੇ ਸ਼ੌਕੀਨ ਪੁੱਤਰਾਂ ਵਿਚ ਹੁੰਦੀ ਹੈ। ਸਾਰੇ ਲਾਡ ਨਾਲ ਉਸ ਨੂੰ ਛੋਟੇ ਨਾਮ ‘ਟੀਰੀ’ ਨਾਲ ਬੁਲਾਉਂਦੇ ਹਨ।
ਈਸ਼ਰ ਸਿੰਘ ਭੱਟੀ ਦਾ ਇਕ ਹੋਰ ਪਰਿਵਾਰ ਵੀ ਪੰਜਵੀਂ ਪੱਤੀ ਵਿਚ ਵਸਦਾ ਹੈ। ਉਸ ਦੇ ਤਿੰਨ ਪੁੱਤਰ ਅਰਜਨ ਸਿੰਘ, ਉਜਾਗਰ ਸਿੰਘ ਅਤੇ ਸਰਬਣ ਸਿੰਘ ਹੋਏ। ਅਰਜਨ ਸਿੰਘ ਦੇ ਚਾਰ ਪੁੱਤਰ ਜੈਲਾ ਸਿੰਘ, ਮੱਸਾ ਸਿੰਘ, ਜੀਤ ਸਿੰਘ ਅਤੇ ਲੱਡੂ ਸਿੰਘ, ਸਾਰੇ ਮਜ਼ਦੂਰੀ ਕਰਦੇ ਹਨ। ਉਜਾਗਰ ਸਿੰਘ ਭੱਟੀ ਦੇ ਲੜਕੇ ਗੁਰਦੀਪ ਸਿੰਘ, ਆਤਮਾ ਸਿੰਘ, ਸੇਵਕ ਸਿੰਘ ਅਤੇ ਹਰਦੇਵ ਸਿੰਘ ਖੇਤ ਮਜ਼ਦੂਰ, ਭੱਠਾ ਮਜ਼ਦੂਰ ਅਤੇ ਕਈ ਹੋਰ ਕਿਸਮ ਦੇ ਮਜ਼ਦੂਰੀ ਨਾਲ ਸਬੰਧਤ ਕੰਮ-ਕਾਜ ਕਰਦੇ ਹਨ। ਸੇਵਕ ਸਿੰਘ ਖੇਤੀਬਾੜੀ ਦੇ ਕੰਮਾਂ ਦਾ ਮਾਹਿਰ ਜਾਣਿਆ ਜਾਂਦਾ ਹੈ। ਸਰਬਣ ਸਿੰਘ ਦਾ ਲੜਕਾ ਬਿੱਕਰ ਸਿੰਘ ਵੀ ਜ਼ਿਆਦਾ ਸਮਾਂ ਮਜ਼ਦੂਰੀ ਹੀ ਕਰਦਾ ਰਿਹਾ।
ਮਾਣ-ਮੱਤੇ ਕਲਿਆਣੇ
ਜਨੇਰ ਦੀ ਪੰਜਵੀਂ ਪੱਤੀ ਵਿਚ ਬੇਸ਼ਕ ਕਲਿਆਣੇ ਗੋਤ ਵਾਲਿਆਂ ਦੀ ਬਹੁਤੀ ਆਬਾਦੀ ਨਹੀਂ ਪਰੰਤੂ ਇਨ੍ਹਾਂ ਦਾ ਇਤਿਹਾਸਕ ਪਿਛੋਕੜ ਬਹੁਤ ਹੀ ਗੌਰਵਮਈ ਹੈ ਜਿਸ ਦਾ ਮੁਖ ਕਾਰਨ ਇਨ੍ਹਾਂ ਦੇ ਪੁਰਖਿਆਂ ਦਾ ‘ਖੋਖਰ ਜਾਤ’ ਵਿਚ ਹੋਣ ਸਮੇਂ ਰਾਜਪੂਤਾਂ ਨਾਲ ਮਿਲ ਕੇ ਲਾਹੌਰ ਉਪਰ ਕਬਜ਼ਾ ਕਰਨਾ ਅਤੇ ਬਾਅਦ ਵਿਚ ਕਲਿਆਣਾ ਗੋਤ ਨਾਲ ਸਬੰਧਤ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਜੀਵਨ ਸਿੰਘ ਰੰਗਰੇਟੇ ਦੇ ਇਕ ਅੰਮ੍ਰਿਤਧਾਰੀ ਸਿੱਖ ਵਜੋਂ ਨਾਇਕ ਦੇ ਰੂਪ ਵਿਚ ਉਭਰਨਾ ਹੈ। ਅੱਜ ਵੀ ਕਲਿਆਣੇ ਬਾਬਾ ਜੀ ਦੇ ਜੀਵਨ ਦੀਆਂ ਪ੍ਰਾਪਤੀਆਂ ਬਾਰੇ ਆਪਣੀ ਨਵੀਂ ਪੀੜ੍ਹੀ ਨੂੰ ਜਾਣਕਾਰੀ ਮੁਹਈਆ ਕਰਵਾਉਂਦੇ ਸਮੇਂ ਮਾਣ ਮਹਿਸੂਸ ਕਰਦੇ ਹਨ।
ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਆਪਣੀ ਜਗਤ ਪ੍ਰਸਿੱਧ ਪੁਸਤਕ ‘ਮਜ਼੍ਹਬੀ ਸਿੱਖਾਂ ਦਾ ਇਤਿਹਾਸ’ ਵਿਚ ਕਲਿਆਣਾ ਗੋਤ ਬਾਰੇ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਨਾਲ ਇਨ੍ਹਾਂ ਨੂੰ ‘ਮਾਣ-ਮੱਤੇ ਕਲਿਆਣੇ’ ਦਾ ਰੁਤਬਾ ਦਿੰਦੇ ਹਨ। ਕਲਿਆਣਾ ਮਜ਼੍ਹਬੀ ਸਿੱਖਾਂ ਦੇ ਪੁਰਖੇ ਵੈਦਿਕ ਕਾਲ ਤੋਂ ਬਾਅਦ ‘ਪ੍ਰਾਣਿਕ ਕਾਲ’ ਤਕ ਦਾ ਪੈਂਡਾ ਤਹਿ ਕਰਦੇ ਹੋਏ ਪੰਜਾਬ ਵਿਚ ਰਾਜਪੂਤ ਕਾਲ ਦੇ ਸ਼ਾਹੀ ਖੋਖਰਾਂ ਨਾਲ ਜਾ ਮਿਲਦੇ ਹਨ। ਖੋਖਰਾਂ ਨੇ ਰਾਜਪੂਤਾਂ ਨਾਲ ਮਿਲ ਕੇ ਪਹਿਲਾਂ ਲਾਹੌਰ ਅਤੇ ਬਾਅਦ ਵਿਚ ਦਿੱਲੀ ਤਖ਼ਤ ‘ਤੇ ਸੱਯਦ ਖ਼ਾਨ ਦੇ ਰਾਜ ਸਮੇਂ, ਮੁਗ਼ਲ ਰਾਜ ਤੋਂ ਪਹਿਲਾਂ ਸਰਹਿੰਦ ਆਦਿ ਦਾ ਇਲਾਕਾ ਵੀ ਫਤਿਹ ਕਰ ਲਿਆ ਸੀ। ਪਰੰਤੂ ਜ਼ੋਰਾਵਰ ਮੁਗ਼ਲਾਂ ਦੇ ਆਉਣ ‘ਤੇ ਖੋਖਰ ਰਾਜ ਦਾ ਪਤਨ ਸ਼ੁਰੂ ਹੋ ਗਿਆ।
ਖੋਖਰਾਂ ਵਿਚ ਰਾਇ ਕਲਿਆਣਾ ਨਾਮ ਦਾ ਇਕ ਯੋਧਾ ਸੀ ਜਿਸ ਨੇ ਬਟਾਲਾ ‘ਤੇ ਕਬਜ਼ਾ ਕਰਕੇ ਰਾਇ ਨੰਗਰ ਦਾ ਇਕ ਕਸਬਾ ਵਸਾਇਆ ਜਿਹੜਾ ਦਿੱਲੀ ਵਿਚ ਲੋਧੀ ਬੰਸ ਦੇ ਰਾਜ ਸਮੇਂ ਰੰਧਾਵਿਆਂ ਦੇ ਕਬਜ਼ੇ ਵਿਚ ਆ ਗਿਆ ਅਤੇ ਇਸ ਦਾ ਨਾਮ ਕੱਥੂਨੰਗਲ ਪੈ ਗਿਆ ਜਿਹੜਾ ਨਾਮ ਅੱਜ ਵੀ ਪ੍ਰਚਲਤ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਰਾਇ ਕਲਿਆਣਾ ਨਾਮ ਦੇ ਇਸ ਯੋਧੇ ਦੇ ਨਾਮ ‘ਤੇ ਹੀ ਕਲਿਆਣਾ ਗੋਤ ਸ਼ੁਰੂ ਹੋਇਆ। ਰਾਇ ਕਲਿਆਣਾ ਦੇ ਪੋਤਰੇ ਦਾ ਨਾਮ ਜਾਗ ਜਾਂ ਜੈਤਾ ਸੀ ਜਿਸ ਦਾ ਪਾਲਣ-ਪੋਸ਼ਣ ਪਰਿਵਾਰ ਦੀ ਰਿਹਾਇਸ਼ ਬਦਲਣ ਤੋਂ ਬਾਅਦ ਗਗੂ ਮਹਿਲ ਵਿਖੇ ਹੋਇਆ। ਵੱਡਾ ਹੋ ਕੇ ਉਹ ਭਾਈ ਜੈਤਾ ਦੇ ਨਾਮ ਨਾਲ ਮਸ਼ਹੂਰ ਹੋਇਆ। ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸਮੇਂ ਜਦੋਂ ਭਾਈ ਜੈਤਾ ਅਦੁੱਤੀ ਬਹਾਦਰੀ ਦਾ ਸਬੂਤ ਪੇਸ਼ ਕਰਦੇ ਹੋਏ ਗੁਰੂ ਜੀ ਦਾ ਸੀਸ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਸ ਲੈ ਕੇ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਭਾਈ ਜੈਤੇ ਨੂੰ ਜੱਫ਼ੀ ਵਿਚ ਲੈ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਹੀ ਨਹੀਂ ਬਖ਼ਸ਼ਿਆ ਸਗੋਂ ਅੰਮ੍ਰਿਤਪਾਨ ਕਰਵਾ ਕੇ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਰੰਘਰੇਟਾ ਬਣਾ ਦਿੱਤਾ।
ਅੰਗਰੇਜ਼ ਇਤਿਹਾਸਕਾਰ ਸਰ ਡੈਨੀਅਲ ਐਬਟਸਨ ਖੋਖਰਾਂ ਨਾਲ ਸਬੰਧਤ 16 ਗੋਤਾਂ ਦੇ ਵੇਰਵੇ ਦਿੰਦੇ ਹਨ। ਉਸ ਅਨੁਸਾਰ ਸਹੋਤਾ, ਗਿੱਲ, ਭੱਟੀ, ਖੋਖਰ, ਪੱਟੂ, ਖਾਰੂ, ਲੱਧੜ, ਸਿੱਧੂ, ਛਪਰ ਬੰਧ, ਊਟਵਾਲ, ਕੰਦਾਬੜੀ, ਹਾਂਸੀ, ਖੋਸਰ, ਬੋਰਤ, ਧਾਰੀਵਾਲ ਅਤੇ ਕਲਿਆਣੇ ਗੋਤਾਂ ਦਾ ਪਿਛੋਕੜ ਇਕੋ ਹੀ ਹੈ। ਇਨ੍ਹਾਂ ਵਿਚ ਕਿਸੇ ਸਮੇਂ ਕਲਿਆਣਾ ਗੋਤ ਦੀ ਜ਼ਿਆਦਾ ਵਸੋਂ ਮਾਝੇ ਅਤੇ ਦੁਆਬੇ ਵਿਚ ਜ਼ਿਆਦਾ ਸੀ। ਪਰੰਤੂ ਹੁਣ ਇਹ ਲਗਪਗ ਸਾਰੇ ਪੰਜਾਬ ਵਿਚ ਹੀ ਵਸਦੇ ਹਨ।
ਪੰਜਵੀਂ ਪੱਤੀ ਦੇ ਕਲਿਆਣਾ ਗੋਤ ਵਾਲਿਆਂ ਦਾ ਜਨੇਰ ਵਿਚ ਆ ਕੇ ਵਸਣ ਦਾ ਸਮਾਂ ਕੁਝ ਵਿਵਾਦਗ੍ਰਸਤ ਹੈ। ਇਨ੍ਹਾਂ ਦੇ ਬਜ਼ੁਰਗ ਆਪਣੇ ਆਪ ਨੂੰ ਸਿੱਧੂ ਪੱਤੀ ਵਾਲਿਆਂ ਤੋਂ ਪਹਿਲਾਂ ਦੇ ਜਨੇਰ ਵਾਸੀ ਵਜੋਂ ਪੇਸ਼ ਕਰਦੇ ਹਨ ਪਰੰਤੂ ਇਤਿਹਾਸਕ ਪੱਖ ਇਸ ਨਾਲ ਸਹਿਮਤ ਨਹੀਂ ਜਾਪਦੇ। ਕਿਸੇ ਵੀ ਇਤਿਹਾਸਕ ਪੁਸਤਕ ਜਾਂ ਸਰਕਾਰੀ ਗਜ਼ਟੀਅਰਾਂ ਵਿਚ ਇਨ੍ਹਾਂ ਦੇ ਜਨੇਰ ਵਿਚ ਸਿੱਧੂ ਪੱਤੀ ਵਾਲਿਆਂ ਤੋਂ ਪਹਿਲਾਂ ਆ ਕੇ ਵਸਣ ਦਾ ਜ਼ਿਕਰ ਨਹੀਂ ਮਿਲਦਾ। ਇਹ ਤਾਂ ਹੋ ਸਕਦਾ ਹੈ ਕਿ ਸਿੱਧੂ ਪੱਤੀ ਵਾਲੇ ਜਿਨ੍ਹਾਂ ਵਿਚ ਜੱਟ ਸਿੱਧੂ, ਮਜ਼੍ਹਬੀ ਸਿੱਧੂ, ਛੀਂਬੇ, ਪੰਡਤ ਅਤੇ ਮਿਸਤਰੀ ਆਦਿ ਸ਼ਾਮਿਲ ਸਨ, ਉਨ੍ਹਾਂ ਦੇ ਖਾਲੀ ਪਏ ਥੇਹ ਉਪਰ (ਜਿੱਥੇ ਸਿਰਫ਼ ਆਹਲੂਵਾਲੀਆ ਮਿਸਲ ਦੀ ਫ਼ੌਜ ਅਤੇ ਪੁਲਿਸ ਦਾ ਕੈਂਪ ਹੀ ਸੀ) ਵਾਸਾ ਕਰਨ ਤੋਂ ਕੁਝ ਦਿਨ ਪਹਿਲਾਂ ਇਨ੍ਹਾਂ ਇਥੇ ਵਾਸ ਕਰ ਲਿਆ ਹੋਵੇ ਪਰੰਤੂ ਮਹੀਨਿਆਂ ਅਤੇ ਸਾਲਾਂ ਵਾਲੀ ਗੱਲ ਨਾ ਤਾਂ ਇਤਿਹਾਸਕ ਪੱਖੋਂ ਠੀਕ ਜਾਪਦੀ ਹੈ ਅਤੇ ਨਾ ਕੋਈ ਸਰਕਾਰੀ ਜਾਂ ਗ਼ੈਰ-ਸਰਕਾਰੀ ਰੀਕਾਰਡ ਇਸ ਦੀ ਪੁਸ਼ਟੀ ਕਰਦਾ ਹੈ।
ਬਾਬਾ ਕਾਲੂ ਸਿੰਘ ਕਲਿਆਣੇ ਦੇ ਲੜਕੇ ਫਕੀਰੀਆ ਸਿੰਘ ਕਲਿਆਣੇ ਦਾ ਪਰਿਵਾਰ ਪੰਜਵੀਂ ਪੱਤੀ ਦੇ ਕਲਿਆਣਾ ਭਾਈਚਾਰੇ ਵਿਚ ਸਭ ਤੋਂ ਵੱਡਾ ਹੈ। ਉਸ ਦੇ ਚਾਰ ਲੜਕੇ ਉਜਾਗਰ ਸਿੰਘ, ਨਾਜਰ ਸਿੰਘ, ਬਹਾਦਰ ਸਿੰਘ ਅਤੇ ਤੋਤਾ ਸਿੰਘ ਹੋਏ। ਉਜਾਗਰ ਸਿੰਘ ਕਲਿਆਣੇ ਦੀ ਹੱਟੀ ਕਿਸੇ ਸਮੇਂ ਸਾਰੇ ਪਿੰਡ ਵਿਚ ਮਸ਼ਹੂਰ ਸੀ। ਉਹ ਦਾਹੜੀ ਬੰਨ੍ਹ ਕੇ ਸਿੱਖੀ ਸਰੂਪ ਵਿਚ ਵਿਚਰਦਾ ਸੀ, ਸ਼ਾਇਦ ਉਸ ਉਪਰ ਉਨ੍ਹਾਂ ਦੇ ਪੁਰਖੇ ਬਾਬਾ ਜੀਵਨ ਸਿੰਘ ਰੰਗਰੇਟੇ ਦੀ ਸ਼ਖ਼ਸੀਅਤ ਦਾ ਪ੍ਰਭਾਵ ਹੋਵੇ। ਉਸ ਦਾ ਲੜਕਾ ਪਿਆਰਾ ਸਿੰਘ ਪਿੰਡ ਦਾ ਪਹਿਲਾ ਪਟਵਾਰੀ ਬਣਨ ਵਾਲਾ ਸਖ਼ਸ਼ ਬਣਿਆ। ਉਸ ਦੇ ਦੋ ਹੋਰ ਲੜਕੇ ਨਿੱਕਾ ਸਿੰਘ ਅਤੇ ਗਾਹੀਆ ਸਿੰਘ ਵੀ ਹਨ। ਨਾਜਰ ਸਿੰਘ ਖੇਤ ਮਜ਼ਦੂਰ ਦਾ ਕੰਮ ਹੀ ਕਰਦਾ ਰਿਹਾ, ਕਾਫੀ ਮਿਹਨਤੀ ਹੋਣ ਕਰਕੇ ਜੱਟਾਂ ਨਾਲ ਸੀਰ ਵੀ ਲੈਂਦਾ ਰਿਹਾ। ਉਸ ਦੇ ਦੋਵੇਂ ਲੜਕੇ ਜੋਗਾ ਸਿੰਘ ਅਤੇ ਅਮਰਜੀਤ ਸਿੰਘ ਵੀ ਮਜ਼ਦੂਰੀ ਕਰਦੇ ਹਨ। ਬਹਾਦਰ ਸਿੰਘ ਬਹੁਤ ਹੀ ਹਾਸੇ ਮਜ਼ਾਕੇ ਕਰਨ ਵਾਲਾ ਇਨਸਾਨ ਸੀ। ਮਜ਼ਦੂਰੀ ਕਰਦੇ ਸਮੇਂ ਵੀ ਹੱਸਦਾ ਰਹਿੰਦਾ। ਉਸ ਦੇ ਦੋ ਲੜਕੇ ਹਨ, ਗੁਰਜੰਟ ਸਿੰਘ ਮਜ਼ਦੂਰੀ ਕਰਦਾ ਹੈ ਪਰੰਤੂ ਤਰਸੇਮ ਸਿੰਘ ਇਕ ਐਕਸੀਡੈਂਟ ਵਿਚ ਹੱਥ ਗੁਆਉਣ ਤੋਂ ਬਾਅਦ ਸਾਧੂ ਵੇਸ ਵਿਚ ਚਲਿਆ ਗਿਆ ਅਤੇ ‘ਬਿਗਰੀ ਬਾਬਾ’ ਵਜੋਂ ਜਾਣਿਆ ਜਾਂਦਾ ਹੈ। ਇਹ ਭਗਤ ਲੋਕ ਪਿੰਡ ਵਿਚ ਨੌਂ ਗਜੀਏ ਬਾਬਾ ਦਾ ਸੇਵਾਦਾਰ ਹੈ। ਤੋਤਾ ਸਿੰਘ ਚੜ੍ਹਦੀ ਜਵਾਨੀ ਵਿਚ ਚਾਹੇ ਬੱਕਰੀਆਂ ਦਾ ਛੇੜੂ ਹੀ ਰਿਹਾ ਪਰੰਤੂ ਬਾਅਦ ਵਿਚ ਉਹ ਇਕ ਜ਼ੋਰਾਵਰ ਅਤੇ ਮਾਹਿਰ ਖੇਤ ਮਜ਼ਦੂਰ ਬਣਿਆ। ਵਾਢੀ ਵੱਢਣ, ਗੋਡੀ ਕਰਨ ਜਾਂ ਖੇਤੀ ਨਾਲ ਸਬੰਧਤ ਹੋਰ ਕੰਮਾਂ ਵਿਚ ਉਸ ਦੀ ਵੱਖਰੀ ਪਛਾਣ ਬਣੀ। ਉਸ ਦਾ ਲੜਕਾ ਜਗਸੀਰ ਸਿੰਘ ਪਰਿਵਾਰ ਸਹਿਤ ਨਜ਼ਦੀਕੀ ਪਿੰਡ ਧੱਲੇਕੇ ਵਿਖੇ ਜਾ ਵਸਿਆ।
ਦੁਆਬੇ ਦੇ ਇਲਾਕੇ ਵਿਚੋਂ ਆ ਕੇ ਵਸਿਆ ਇਕ ਹੋਰ ਪਰਿਵਾਰ ਵੀ ਕਲਿਆਣੇ ਗੋਤ ਨਾਲ ਸਬੰਧਤ ਹੈ। ਨਾਜਰ ਸਿੰਘ ਕਲਿਆਣੇ ਦਾ ਪਰਿਵਾਰ ਕਾਫੀ ਸਮਾਂ ਪਹਿਲਾਂ ਪੰਜਵੀਂ ਪੱਤੀ ਵਿਚ ਆ ਕੇ ਵਸਿਆ। ਉਸ ਦਾ ਵੱਡਾ ਲੜਕਾ ਚਰਨਾ ਸਿੰਘ ਸੀ, ਜਿਸ ਨੇ ਜਵਾਨੀ ਸਮੇਂ ਕਿਸਾਨੀ ਦੇ ਮਾਹਿਰ ਮਜ਼ਦੂਰ ਵਜੋਂ ਕਾਫੀ ਨਾਮਣਾ ਖੱਟਿਆ। ਪਿੰਡ ਦੇ ਵਧੀਆ ਸਾਂਝੀਆਂ, ਸੀਰੀਆਂ ਅਤੇ ਕੰਮ ਦੇ ਕਰਿੰਦਿਆਂ ਵਿਚ ਉਸ ਦੀ ਗਿਣਤੀ ਸੀ। ਢਲਦੀ ਉਮਰੇ ਉਸ ਨੂੰ ਪਿੰਡ ਦੀ ਚੌਕੀਦਾਰੀ ਮਿਲ ਗਈ। ਚਰਨ ਸਿੰਘ ਦਾ ਵੱਡਾ ਲੜਕਾ ਖੇਤ ਮਜ਼ਦੂਰ ਹੈ ਅਤੇ ਵਿਚਕਾਰਲਾ ਗੁਰਮੇਲ ਸਿੰਘ ਭੱਠਾ ਮਜ਼ਦੂਰ ਹੈ ਅਤੇ ਮਾਤਾ ਦਾ ਅਨੰਨ ਭਗਤ ਹੈ। ਨਾਜਰ ਸਿੰਘ ਕਲਿਆਣੇ ਦਾ ਛੋਟਾ ਲੜਕਾ ਸਵਰਨ ਸਿੰਘ ਖੇਤ ਮਜ਼ਦੂਰ ਸੀ। ਇਸ ਦੇ ਲੜਕੇ ਵਸਣ ਸਿੰਘ ਅਤੇ ਰੰਗੀ ਸਿੰਘ ਭੱਠਾ ਮਜ਼ਦੂਰ ਹਨ।
ਪੰਜਵੀਂ ਪੱਤੀ ਦੇ ਸਿੱਧੂ
ਪੰਜਵੀਂ ਪੱਤੀ ਦੇ ਸਿੱਧੂ ਗੋਤ ਨਾਲ ਸੰਬੰਧਿਤ ਪਰਿਵਾਰ ਇਸ ਪੱਤੀ ਦੇ ਸਭ ਤੋਂ ਪੁਰਾਣੇ ਵਸਨੀਕ ਹਨ। ਇਨ੍ਹਾਂ ਦੇ ਬਜ਼ੁਰਗ ਬੰਤਾ ਸਿੰਘ ਸਿੱਧੂ ਅਨੁਸਾਰ ਪੰਜਵੀਂ ਪੱਤੀ ਦੇ ਸਿੱਧੂ ਪਰਿਵਾਰ ਵੀ ਪਿੰਡ ਦੇ ਸਿੱਧੂ ਪਰਿਵਾਰਾਂ ਦੇ ਨਾਲ ਧੂਲੀ ਵਾਲੇ ਖੇਤਾਂ ਵਿਚ ਇਕੱਠੇ ਹੀ ਵਸਦੇ ਸਨ ਅਤੇ ਉਨ੍ਹਾਂ ਦੇ ਪੁਰਖਿਆਂ ਨਾਲ ਹੀ ਜਨੇਰ ਦੇ ਥੇਹ ਉਪਰ ਆ ਕੇ ਵਸੇ।
ਵਰਿਆਮ ਸਿੰਘ ਸਿੱਧੂ ਦੇ ਦੋ ਪੁੱਤਰ ਗੁਲਾ ਸਿੰਘ ਅਤੇ ਅਮਰ ਸਿੰਘ ਹੋਏ। ਗੁਲਾ ਸਿੰਘ ਆਪ ਤਾਂ ਮਜ਼ਦੂਰੀ ਹੀ ਕਰਦਾ ਰਿਹਾ ਪਰੰਤੂ ਉਸ ਨੇ ਆਪਣੇ ਤਿੰਨਾਂ ਲੜਕਿਆਂ ਗੁਰਬਖ਼ਸ਼ ਸਿੰਘ, ਚਮਕੌਰ ਸਿੰਘ ਅਤੇ ਬਲੌਰ ਸਿੰਘ ਨੂੰ ਆਪਣੀ ਪਹੁੰਚ ਅਨੁਸਾਰ ਪੜ੍ਹਾਇਆ ਲਿਖਾਇਆ। ਕਿਸੇ ਸਮੇਂ ਇਹ ਪਰਿਵਾਰ ਪੰਜਵੀਂ ਪੱਤੀ ਦੇ ਪੜ੍ਹੇ ਲਿਖੇ ਪਰਿਵਾਰ ਵਜੋਂ ਜਾਣਿਆ ਜਾਂਦਾ ਸੀ। ਪੇਸ਼ੇ ਵਜੋਂ ਇਹ ਤਿੰਨੇ ਭਰਾ ਹੀ ਆਰ.ਐਮ.ਪੀ. ਡਾਕਟਰ ਹਨ ਅਤੇ ਇਸ ਸਬੰਧ ਵਿਚ ਹੀ ਹੋਰ ਜਗ੍ਹਾ ਜਾ ਕੇ ਵਸ ਗਏ। ਅਮਰ ਸਿੰਘ ਸਿੱਧੂ ਬਹੁਤ ਹੀ ਮਿਹਨਤੀ ਅਤੇ ਉਦਮੀ ਇਨਸਾਨ ਵਜੋਂ ਮਸ਼ਹੂਰ ਹੋਇਆ। ਇਸ ਦੇ ਤਿੰਨ ਲੜਕੇ ਸੁਖਦੇਵ ਸਿੰਘ, ਮੋਹਰ ਸਿੰਘ ਅਤੇ ਮੁਹਿੰਦਰ ਸਿੰਘ ਵੀ ਪਿਤਾ ਵਾਂਗ ਮਿਹਨਤੀ ਨਿਕਲੇ। ਇਹ ਸਾਰੇ ਭੱਠਾ ਮਜ਼ਦੂਰ ਅਤੇ ਭੱਠਾ ਮਜ਼ਦੂਰਾਂ ਦੇ ਠੇਕੇਦਾਰ ਹਨ। ਥੋੜ੍ਹੀ ਬਹੁਤੀ ਖੇਤੀ ਵੀ ਕਰ ਲੈਂਦੇ ਹਨ। ਕੇਹਰਾ ਸਿੰਘ ਸਿੱਧੂ ਦੇ ਦੋ ਪੁੱਤਰ ਜਰਨੈਲ ਸਿੰਘ ਅਤੇ ਗੁਰਦੇਵ ਸਿੰਘ ਹੋਏ। ਦੋਵੇਂ ਖੇਤ ਮਜ਼ਦੂਰੀ ਕਰਦੇ ਰਹੇ ਹਨ। ਗੁਰਦੇਵ ਸਿੰਘ ਦੀ ਵਾਢੀ ਵੱਢਣ ਵਿਚ ਝੰਡੀ ਰਹੀ ਹੈ। ਇਸ ਦੇ ਦੋ ਲੜਕਿਆਂ ਸੀਰਾ ਸਿੰਘ ਅਤੇ ਬਲਵੀਰ ਸਿੰਘ ਦੇ ਪਰਿਵਾਰ ਅਤੇ ਜਰਨੈਲ ਸਿੰਘ ਦੇ ਲੜਕੇ ਜਗਤਾਰ ਸਿੰਘ ਦਾ ਪਰਿਵਾਰ ਵੀ ਪੰਜਵੀਂ ਪੱਤੀ ਵਿਚ ਵਸਦਾ ਹੈ।
ਰੱਖਾ ਸਿੰਘ ਸਿੱਧੂ ਦੇ ਚਾਰ ਪੁੱਤਰਾਂ ਕਰਤਾਰਾ ਸਿੰਘ, ਸਰਦਾਰਾ ਸਿੰਘ, ਦਲਬਾਰਾ ਸਿੰਘ ਅਤੇ ਪਿਆਰਾ ਸਿੰਘ ਦਾ ਪਰਿਵਾਰ ਕਾਫੀ ਵੱਡਾ ਹੈ। ਕਰਤਾਰਾ ਸਿੰਘ ਦੇ ਚਾਰ ਲੜਕੇ ਮੇਜਰ ਸਿੰਘ, ਹਾਕਮ ਸਿੰਘ, ਚਰਨ ਸਿੰਘ ਅਤੇ ਦਰਸ਼ਨ ਸਿੰਘ ਹਨ। ਸਰਦਾਰਾ ਸਿੰਘ ਵੀ ਕਰਤਾਰ ਸਿੰਘ ਨਾਲ ਖੇਤ ਮਜ਼ਦੂਰੀ ਦਾ ਕੰਮ ਹੀ ਕਰਦਾ ਰਿਹਾ ਪਰੰਤੂ ਬਹੁਤ ਗਰਮ ਸੁਭਾਅ ਵਾਲਾ ਸੀ। ਉਸ ਦਾ ਇਕੋ ਇਕ ਲੜਕਾ ਰੇਸ਼ਮ ਸਿੰਘ ਹੈ। ਦਲਬਾਰਾ ਸਿੰਘ ਨੇ ਪਹਿਲਾਂ ਭਾਰਤੀ ਫ਼ੌਜ ਵਿਚ ਨੌਕਰੀ ਕੀਤੀ, ਬਾਅਦ ਵਿਚ ਰੇਹੜੇ-ਘੋੜੇ ਦਾ ਕੰਮ ਕਰਦਾ ਰਿਹਾ। ਉਸ ਦਾ ਲੜਕਾ ਸਬਜ਼ੀ ਦੀ ਦੁਕਾਨਦਾਰੀ ਕਰਦਾ ਹੈ। ਸਭ ਤੋਂ ਛੋਟਾ ਪਿਆਰਾ ਸਿੰਘ ਖੇਤ ਮਜ਼ਦੂਰ ਹੀ ਰਿਹਾ, ਅੱਗੇ ਉਸ ਦੇ ਦੋ ਲੜਕੇ ਹਨ। ਚਾਖਰ ਸਿੰਘ ਸਿੱਧੂ ਆਪਣੇ ਸਮੇਂ ਦਾ ਬਹੁਤ ਹੀ ਦਿਲਚਸਪ ਇਨਸਾਨ ਹੋਇਆ। ਨੱਚਣਾ ਗਾਉਣਾ ਉਸ ਦਾ ਮਨਭਾਉਂਦਾ ਸ਼ੌਕ ਸੀ। ਇਸ ਦਾ ਇਕੋ ਪੁੱਤਰ ਪੁੰਨੂੰ ਸਿੰਘ ਦਿਹਾੜੀ ਦੱਪੇ ਦਾ ਕੰਮ ਕਰਦਾ ਰਿਹਾ। ਉਸ ਦੇ ਤਿੰਨ ਲੜਕੇ ਬੂਟਾ ਸਿੰਘ, ਚਰਨ ਸਿੰਘ ਅਤੇ ਸਵਰਨ ਸਿੰਘ ਹਨ।
ਮੇਵਾ ਸਿੰਘ ਸਿੱਧੂ ਦੇ ਦੋ ਪੁੱਤਰ ਜੋਰਾ ਸਿੰਘ ਅਤੇ ਤਾਰੂ ਸਿੰਘ ਹਨ। ਮੇਵਾ ਸਿੰਘ ਸਿੱਧੂ ਬਹੁਤ ਹੀ ਧਾਰਮਿਕ ਵਿਚਾਰਾਂ ਵਾਲਾ ਸੀ । ਜਨੇਰ ਸਕੂਲ ਦੀ ਇਮਾਰਤ ਦੀ ਉਸਾਰੀ ਸਮੇਂ ਉਹ ਅਤੇ ਸ਼ੇਰ ਸਿੰਘ ਸਿੱਧੂ ਲੰਮਾ ਸਮਾਂ ਸੰਤ ਵਿਸਾਖਾ ਸਿੰਘ ਜੀ ਹੋਰਾਂ ਨਾਲ ਧਾਰਮਿਕ ਵਿਚਾਰਾਂ ਕਰਿਆ ਕਰਦੇ ਸਨ। ਜੋਰਾ ਸਿੰਘ ਸਿੱਧੂ ਬਹੁਤ ਮਿਹਨਤੀ ਅਤੇ ਦੂਰ ਅੰਦੇਸ਼ੀ ਇਨਸਾਨ ਹੈ, ਉਸ ਨੇ ਕਾਫੀ ਤਰੱਕੀ ਕੀਤੀ। ਪਿੰਡ ਵਿਚ ਉਸ ਦੀ ਕਰਿਆਨੇ ਦੀ ਦੁਕਾਨ, ਆਟਾ ਚੱਕੀ ਅਤੇ ਹੋਰ ਛੋਟੇ-ਮੋਟੇ ਕਾਰੋਬਾਰ ਹਨ। ਪਿਤਾ ਦੇ ਨਕਸ਼ਿਆਂ ‘ਤੇ ਚਲਦਿਆਂ ਉਸ ਦੇ ਪੁੱਤਰ ਮੁਹਿੰਦਰ ਸਿੰਘ ਨੇ ਕਾਰੋਬਾਰ ਨੂੰ ਹੋਰ ਵੀ ਵਧਾਇਆ। ਤਾਰੂ ਸਿੰਘ ਖੇਤ ਮਜ਼ਦੂਰ ਦਾ ਕੰਮ ਹੀ ਕਰਦਾ ਰਿਹਾ। ਉਸ ਦੇ ਦੋ ਲੜਕੇ ਰਾਜ ਸਿੰਘ ਅਤੇ ਛਿੰਦਰ ਸਿੰਘ ਹਨ। ਹਜ਼ੂਰਾ ਸਿੰਘ ਸਿੱਧੂ ਦਾ ਇਕਲੌਤਾ ਲੜਕਾ ਬਿੱਕਰ ਸਿੰਘ ਹੈ, ਉਹ ਆਪ ਤਾਂ ਮਜ਼ਦੂਰੀ ਹੀ ਕਰਦਾ ਰਿਹਾ ਪਰੰਤੂ ਬਿੱਕਰ ਸਿੰਘ ਨੇ ਕਈ ਕੰਮ ਕੀਤੇ। ਲਾਊਡ ਸਪੀਕਰ ਦਾ ਧੰਦਾ ਵੀ ਕੀਤਾ। ਉਸ ਦੇ ਤਿੰਨ ਪੁੱਤਰ ਚਰਨ ਸਿੰਘ, ਜਸਵੰਤ ਸਿੰਘ ਅਤੇ ਸੇਬੂ ਸਿੰਘ ਹਨ। ਅਰਜਨ ਸਿੰਘ ਸਿੱਧੂ ਦੇ ਪੁੱਤਰ ਭਾਗ ਸਿੰਘ ਅਤੇ ਮੇਜਰ ਸਿੰਘ ਸਨ। ਭਾਗ ਸਿੰਘ ਦੇ ਤਿੰਨ ਪੁੱਤਰ ਬਿੰਦਰ ਸਿੰਘ, ਸਤਾ ਸਿੰਘ ਅਤੇ ਛਿੰਦਰ ਸਿੰਘ ਹਨ। ਮੇਜਰ ਸਿੰਘ ਦੇ ਵੀ ਤਿੰਨ ਲੜਕੇ ਨਿਰਮਲ ਸਿੰਘ, ਰਾਮ ਪਾਲ ਸਿੰਘ ਅਤੇ ਧਰਮਵੀਰ ਸਿੰਘ ਹਨ। ਨਾਜਰ ਸਿੰਘ ਸਿੱਧੂ ਬਹੁਤ ਦੁਬਲਾ ਪਤਲਾ, ਮਧਰੇ ਜਿਹੇ ਕੱਦ ਵਾਲਾ ਪਰੰਤੂ ਦਲੇਰ ਪੁਰਸ਼ ਸੀ। ਉਹ ਜ਼ਹਿਰੀਲਾ ਸੱਪ ਵੀ ਫੜ ਲੈਂਦਾ ਸੀ। ਹੋਰ ਤਾਂ ਹੋਰ ਉਸ ਨੇ ਕਈ ਵਿਆਹ ਵੀ ਕਰਵਾਏ। ਉਸ ਦੇ ਆਖ਼ਰੀ ਵਿਆਹ ਦਾ ਲੜਕਾ ਰਾਮ ਰਤਨ ਸਿੰਘ ਹੈ।
ਡੋਗਰ ਸਿੰਘ ਸਿੱਧੂ ਦੇ ਪੁੱਤਰ ਸਾਧੂ ਸਿੰਘ ਦਾ ਵੱਡਾ ਪਰਿਵਾਰ ਪੰਜਵੀਂ ਪੱਤੀ ਵਿਚ ਵਸਦਾ ਹੈ। ਸਾਧੂ ਸਿੰਘ ਸਿੱਧੂ ਆਪਣੇ ਸਮੇਂ ਦਾ ਬਹੁਤ ਹੀ ਅਣਥਕ, ਮਿਹਨਤੀ, ਇਮਾਨਦਾਰ ਅਤੇ ਖੇਤੀ ਦੇ ਕੰਮ ਦਾ ਮਾਹਿਰ ਖੇਤ ਮਜ਼ਦੂਰ ਸੀ। ਵੱਡੀ ਉਮਰ ਤਕ ਉਹ ਮਿਹਨਤ ਕਰਦਾ ਰਿਹਾ। ਉਸ ਦੇ ਤਿੰਨ ਪੁੱਤਰ ਬੰਤਾ ਸਿੰਘ, ਤੇਲੂ ਸਿੰਘ ਅਤੇ ਗੁਰਮੇਲ ਸਿੰਘ (ਮਦਨ) ਹੋਏ। ਬੰਤਾ ਸਿੰਘ ਸਿੱਧੂ ਵੀ ਆਪਣੇ ਪਿਤਾ ਵਾਂਗ ਜਵਾਨੀ ਸਮੇਂ ਬਹੁਤ ਜ਼ੋਰਾਵਰ ਕਾਮਾ ਸੀ। ਅੱਜਕਲ੍ਹ ਉਹ ਅੰਮ੍ਰਿਤਧਾਰੀ ਹੈ ਅਤੇ ਸਾਰੇ ਪਿੰਡ ਵਾਸੀ ਉਸ ਦਾ ਸਤਿਕਾਰ ਕਰਦੇ ਹਨ। ਉਸ ਦੇ ਪੰਜ ਲੜਕੇ ਨਿਰਮਲ ਸਿੰਘ, ਰੂਪ ਸਿੰਘ, ਬੱਗਾ ਸਿੰਘ, ਜਗਰਾਜ ਸਿੰਘ ਅਤੇ ਮਗਣੀ ਸਿੰਘ ਹਨ। ਸਾਰੇ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਕਾਰੋਬਾਰ ਕਰਦੇ ਹਨ। ਤੇਲੂ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਰਿਹਾ। ਉਸ ਦਾ ਲੜਕਾ ਜੱਗੀ ਸਿੰਘ ਹੈ। ਗੁਰਮੇਲ ਸਿੰਘ ਸਿੱਧੂ ਬਾਰਡਰ ਸਕਿਊਰਟੀ ਫੋਰਸ ਵਿਚੋਂ ਹਵਾਲਦਾਰ ਦੇ ਅਹੁਦੇ ਤੋਂ ਰਿਟਾਇਰ ਹੋਣ ਬਾਅਦ ਸਾਧਗਿਰੀ ਦੇ ਵੇਸ ਵਿਚ ਚਲਿਆ ਗਿਆ। ਜ਼ਿੰਦਗੀ ਦੇ ਆਖ਼ਰੀ ਸਮਿਆਂ ਤਕ ਉਹ ਪਿੰਡ ਦੇ ਨੌ ਗਜੀਏ ਬਾਬੇ ਦੇ ਡੇਰੇ ਵਿਚ ਮੁਖ ਸੇਵਦਾਰ ਵਜੋਂ ਸੇਵਾ ਨਿਭਾਉਂਦਾ ਰਿਹਾ। ਉਸ ਦੇ ਸਰੀਰ ਛੱਡ ਜਾਣ ਬਾਅਦ ਉਥੇ ਉਸ ਦੀ ਸਮਾਧ ਵੀ ਸਥਾਪਤ ਕੀਤੀ ਗਈ ਹੈ। ਉਸ ਦਾ ਲੜਕਾ ਸੁਖਦੀਪ ਸਿੰਘ ਹੈ।
‘ਸ਼ੇਰੂ ਅਕਾਲੀ’ ਦੇ ਨਾਮ ਨਾਲ ਮਸ਼ਹੂਰ ਹੋਇਆ ਸ਼ੇਰ ਸਿੰਘ ਸਿੱਧੂ ਆਪਣੇ ਸਮੇਂ ਵਿਚ ਪੰਜਵੀਂ ਪੱਤੀ ਅਤੇ ਜਨੇਰ ਦੇ ਨਾਇਕ ਵਜੋਂ ਉਭਰਿਆ। ਉਸ ਨੇ ਸਿੱਖ ਸੰਘਰਸ਼ਾਂ ਸਮੇਂ ਜੈਤੋ ਦੇ ਮੋਰਚੇ ਵਿਚ ਹਿੱਸਾ ਲਿਆ ਅਤੇ ਜ਼ਖ਼ਮੀ ਹਾਲਤ ਵਿਚ ਪਿੰਡ ਪਹੁੰਚ ਕੇ ਇਲਾਜ ਕਰਵਾਇਆ। ਉਸ ਦੇ ਲੜਕੇ ਦਾ ਨਾਮ ਰੁਲਦੂ ਸਿੰਘ ਸੀ ਅਤੇ ਉਸ ਦਾ ਪੋਤਰਾ ਦੁਰਗਾ ਸਿੰਘ ਅੱਜਕਲ੍ਹ ਮੈਂਬਰ ਪੰਚਾਇਤ ਹੈ। ਭਾਨਾ ਸਿੰਘ ਸਿੱਧੂ ਦੇ ਤਿੰਨ ਪੁੱਤਰ ਮੁਨਸ਼ੀ ਸਿੰਘ, ਮੰਗਲ ਸਿੰਘ ਅਤੇ ਜੀਤ ਸਿੰਘ ਇਹ ਤਿੰਨੇ ਮਜ਼ਦੂਰੀ ਦਾ ਕੰਮ ਕਰਦੇ ਰਹੇ ਪਰੰਤੂ ਮੰਗਲ ਸਿੰਘ ਸਿੱਧੂ ਅੱਜਕਲ੍ਹ ਭੱਠਾ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਹੈ ਅਤੇ ਮਜ਼ਦੂਰਾਂ ਦੇ ਹਿੱਤਾਂ ਲਈ ਸੰਘਰਸ਼ਸ਼ੀਲ ਹੈ। ਉਸ ਦੇ ਲੜਕੇ ਲੱਖਾ ਸਿੰਘ, ਚੈਨਾ ਸਿੰਘ ਅਤੇ ਮਨਦੀਪ ਸਿੰਘ ਹਨ। ਮੁਨਸ਼ੀ ਸਿੰਘ ਦੇ ਤਿੰਨ ਪੁੱਤਰ ਵੀਰ ਸਿੰਘ, ਪਿਆਰਾ ਸਿੰਘ ਅਤੇ ਰਾਜੂ ਸਿੰਘ ਹਨ। ਸਭ ਤੋਂ ਛੋਟੇ ਜੀਤ ਸਿੰਘ ਦੇ ਚਾਰ ਲੜਕੇ ਹਨ। ਇਨ੍ਹਾਂ ਘਰਾਂ ਦੇ ਨਜ਼ਦੀਕ ਹੀ ਦੋ ਭਰਾਵਾਂ ਧਾਲਾ ਸਿੰਘ ਅਤੇ ਮਲੰਗ ਸਿੰਘ ਦੇ ਪਰਿਵਾਰ ਵਸਦੇ ਸਨ । ਦੋਵੇਂ ਮਸਤ ਮਲੰਗ ਜ਼ਿੰਦਗੀ ਗੁਜ਼ਾਰਨ ਵਿਚ ਵਿਸ਼ਵਾਸ ਰਖਦੇ ਸਨ, ਸ਼ਾਇਦ ਇਸੇ ਕਰਕੇ ਵੱਡੇ ਦਾ ਨਾਮ ਮਲੰਗ ਸਿੰਘ ਪੈ ਗਿਆ ਹੋਵੇ। ਉਸ ਦਾ ਇਕੋ ਲੜਕਾ ਬੂਟਾਂ ਸਿੰਘ ਸੀ ਜਿਹੜਾ ਸਰੀਰਕ ਪੱਖੋਂ ਬਹੁਤ ਜਰਵਾਣਾ ਸੀ ਅਤੇ ਜਵਾਣੀ ਸਮੇਂ ਉਸ ਦੀ ਗਿਣਤੀ ਪਿੰਡ ਦੇ ਜ਼ੋਰਾਵਰ ਗਭਰੂਆਂ ਵਿਚ ਸੀ। ਆਖ਼ਰੀ ਜ਼ਿੰਦਗੀ ਸਮੇਂ ਉਹ ਸਕੂਲ ਵਿਚ ਚੌਕੀਦਾਰ ਲੱਗ ਗਿਆ। ਉਸ ਦਾ ਇਕੋ ਇਕ ਲੜਕਾ ਜਮਾਂਦਰੂ ਬੀਮਾਰ ਸੀ ਅਤੇ ਜਵਾਨੀ ਵਿਚ ਹੀ ਰੱਬ ਨੂੰ ਪਿਆਰਾ ਹੋ ਗਿਆ। ਧਾਲਾ ਸਿੰਘ ਦਾ ਲੜਕਾ ਦੀਪਾ ਸਿੰਘ ਵੀ ਸਿੱਧ ਪਧਰਾ ਸੀ ਅਤੇ ਜੀ.ਟੀ. ਰੋਡ ‘ਤੇ ਇਕ ਐਕਸੀਡੈਂਟ ਦੀ ਲਪੇਟ ਵਿਚ ਆ ਕੇ ਮਾਰਿਆ ਗਿਆ।
ਪੰਜਵੀਂ ਪੱਤੀ ਦਾ ਲੰਬਰਦਾਰ ਤਾਰਾ ਸਿੰਘ ਸਿੱਧੂ ਸੀ। ਉਹ ਬਹੁਤ ਹੀ ਨਾਪਤੋਲ ਕੇ ਬੋਲਣ ਵਾਲਾ ਅਤੇ ਠਰੰਮੇ ਨਾਲ ਗੱਲਬਾਤ ਕਰਨ ਵਾਲਾ ਹੋਣ ਕਰਕੇ ਸਾਰੇ ਉਸ ਦੀ ਗੱਲ ਮੰਨ ਲੈਂਦੇ ਸਨ। ਉਸ ਦੇ ਵੱਡੇ ਦੋਵੇਂ ਲੜਕੇ ਬਚਿੱਤਰ ਸਿੰਘ ਅਤੇ ਨਛੱਤਰ ਸਿੰਘ ਮਜ਼ਦੂਰੀ ਹੀ ਕਰਦੇ ਰਹੇ। ਬਚਿੱਤਰ ਸਿੰਘ ਦੇ ਪੰਜ ਲੜਕੇ ਹਨ ਅਤੇ ਨਛੱਤਰ ਸਿੰਘ ਦੇ ਤਿੰਨ। ਸਾਰੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਕੇ ਵਧੀਆ ਜੀਵਨ ਨਿਰਬਾਹ ਕਰ ਰਹੇ ਹਨ। ਸਭ ਤੋਂ ਛੋਟਾ ਛਿੰਦਰ ਸਿੰਘ ਪੜ੍ਹਿਆ ਲਿਖਿਆ ਹੋਣ ਕਰਕੇ ਸੀ.ਆਰ.ਪੀ.ਐਫ਼. ਵਿਚ ਸਿਪਾਹੀ ਭਰਤੀ ਹੋ ਗਿਆ ਅਤੇ ਅੱਜਕਲ੍ਹ ਇੰਸਪੈਕਟਰ ਦੇ ਅਹੁਦੇ ‘ਤੇ ਤੈਨਾਤ ਹੈ। ਜੀ.ਟੀ. ਰੋਡ ‘ਤੇ ਵਧੀਆ ਮਕਾਨ ਬਣਾ ਕੇ ਰਹਿ ਰਿਹਾ ਹੈ। ਉਸ ਦੇ ਬੱਚੇ ਹਾਲੀਂ ਪੜ੍ਹਾਈ ਕਰ ਰਹੇ ਹਨ।
ਮਸੀਹ ਪਰਿਵਾਰ
ਪੰਜਵੀਂ ਪੱਤੀ ਵਿਚ ਈਸਾਈ ਧਰਮ ਦੇ ਬਾਨੀ ਯਸੂ ਮਸੀਹ ਦੇ ਪੈਰੋਕਾਰਾਂ ਦੀ ਔਲਾਦ ਦਾ ਇਕ ਛੋਟਾ ਜਿਹਾ ਭਾਈਚਾਰਾ ਵਸਦਾ ਹੈ। ਘੋਨਾ ਮਸੀਹ ਦਾ ਪਰਿਵਾਰ ਕਿਸੇ ਸਮੇਂ ਕਾਸ਼ੀ ਚੱਕ ਬੁਰਾ ਮੰਡੀ ਦਾ ਵਸਨੀਕ ਸੀ ਪਰੰਤੂ 1947 ਵਿਚ ਇਸ ਪਰਿਵਾਰ ਨੂੰ ਵੀ ਹਿੰਦੂਆਂ ਅਤੇ ਸਿੱਖਾਂ ਵਾਂਗ ਪਾਕਿਸਤਾਨ ਛੱਡ ਕੇ ਭਾਰਤੀ ਪੰਜਾਬ ਵਿਚ ਆਉਣਾ ਪਿਆ। ਘੋਨਾ ਮਸੀਹ ਅਤੇ ਉਸ ਦਾ ਲੜਕਾ ਭਾਗ ਮਸੀਹ ਜਨੇਰ ਪਿੰਡ ਦੀ ਪੰਜਵੀਂ ਪੱਤੀ ਵਿਚ ਆ ਕੇ ਵਸ ਗਏ। ਭਾਗ ਮਸੀਹ ਨੂੰ ਆਪਣੇ ਪੁੱਤਰ ਫ਼ਜ਼ਲ ਮਸੀਹ ਅਤੇ ਪਰਿਵਾਰ ਨੂੰ ਪਾਲਣ ਲਈ ਮਿਹਨਤ ਮਜ਼ਦੂਰੀ ਕਰਨੀ ਪਈ। ਅੱਜਕਲ੍ਹ ਫ਼ਜ਼ਲ ਮਸੀਹ ਵੀ ਆਪਣੇ ਪੁੱਤਰਾਂ ਸੇਮਾ ਮਸੀਹ ਅਤੇ ਬੂਟਾ ਮਸੀਹ ਨਾਲ ਮਜ਼ਦੂਰੀ ਹੀ ਕਰਦਾ ਹੈ।
ਪੰਜਵੀਂ ਪੱਤੀ ਦੇ ਗਿੱਲ ਪਰਿਵਾਰ
ਗਿੱਲ ਗੋਤ ਦੇ ਕੁਲ ਪਰਿਵਾਰ ਵੀ ਪੰਜਵੀਂ ਪੱਤੀ ਵਿਚ ਵਸਦੇ ਹਨ। ਆਮ ਕਿੱਤਾ ਮੁਖੀ ਜਾਤੀਆਂ, ਉਪ-ਜਾਤੀਆਂ, ਗੋਤਾਂ ਅਤੇ ਉਪ-ਗੋਤਾਂ ਵਾਂਗ ਇਨ੍ਹਾਂ ਵਿਚੋਂ ਵੀ ਕੁਝ ਗਿੱਲ ਸਿੱਧੇ ਹੀ ਰਾਜਪੂਤਾਂ ਤੋਂ ਦਲਿਤ ਗਿੱਲ ਅਤੇ ਕੁਝ ਜੱਟਾਂ ਵਿਚੋਂ ਦਲਿਤ ਗਿੱਲ ਬਣੇ। ਸਰਦਾਰਾ ਸਿੰਘ, ਮੁਨਸ਼ੀ ਸਿੰਘ ਅਤੇ ਖੁਸ਼ੀਆ ਸਿੰਘ ਤਿੰਨ ਗਿੱਲ ਭਰਾਵਾਂ ਦਾ ਵੱਡਾ ਪਰਿਵਾਰ ਕਿਸੇ ਸਮੇਂ ਪਿੰਡ ਦੇ ਪੁਰਾਣੇ ਕੋ-ਆਪ੍ਰੇਟਿਵ ਸਟੋਰ ਨੇੜੇ ਵਸਦਾ ਸੀ, ਜਿਨ੍ਹਾਂ ਵਿਚੋਂ ਕੁਝ ਪਰਿਵਾਰ ਕਿਸੇ ਹੋਰ ਥਾਂ ਜਾ ਵਸੇ ਅਤੇ ਕੁਝ ਹਾਲੀਂ ਵੀ ਪੰਜਵੀਂ ਪੱਤੀ ਵਿਚ ਵਸਦੇ ਹਨ। ਮੁਨਸ਼ੀ ਸਿੰਘ ਦੇ ਤਿੰਨ ਲੜਕਿਆਂ ਜਿੰਦਰ ਸਿੰਘ, ਦੇਵਾ ਸਿੰਘ ਅਤੇ ਲੋਟਾ ਸਿੰਘ ਦਾ ਪਰਿਵਾਰ ਹਾਲੀਂ ਵੀ ਪਿੰਡ ਦੇ ਵਾਸੀ ਹਨ। ਸਰਦਾਰਾ ਸਿੰਘ ਦੇ ਲੜਕਿਆਂ ਅਜੈਬ ਸਿੰਘ, ਨੈਬ ਸਿੰਘ ਅਤੇ ਸੁਰਜਨ ਸਿੰਘ ਦੇ ਕੁਝ ਪਰਿਵਾਰਕ ਮੈਂਬਰ ਕਿਸੇ ਹੋਰ ਥਾਂ ਜਾ ਕੇ ਵਸ ਗਏ। ਖੁਸ਼ੀਆ ਸਿੰਘ ਦੇ ਦੋਹਾਂ ਲੜਕਿਆਂ ਜੀਤ ਸਿੰਘ ਅਤੇ ਉਸ ਤੋਂ ਛੋਟੇ ਦਾ ਪਰਿਵਾਰ ਹਾਲੀਂ ਵੀ ਪੰਜਵੀਂ ਪੱਤੀ ਵਿਚ ਵਸਦਾ ਹੈ।
ਝਾਣਾ ਜਾਂ ਮੁਹਾਣਾ ਭਾਈਚਾਰਾ
ਧਾਰਮਿਕ ਅਤੇ ਸਮਾਜਿਕ ਪੱਖੋਂ ਜਨੇਰ ਨਿਵਾਸੀ ਝਾਣਾ ਭਾਈਚਾਰਾ ਮੁੱਢ ਕਦੀਮ ਤੋਂ ਹੀ ਚਰਚਾ ਦਾ ਵਿਸ਼ਾ ਰਿਹਾ, ਕੋਈ ਇਨ੍ਹਾਂ ਨੂੰ ਮੁਸਲਮਾਨ, ਕੋਈ ਹਿੰਦੂ ਅਤੇ ਕੋਈ ਸਿੱਖ ਧਰਮ ਨਾਲ ਜੋੜ ਦਿੰਦਾ। ਇਥੇ ਹੀ ਬਸ ਨਹੀਂ ਕੁਝ ਇਤਿਹਾਸਕ ਅਤੇ ਧਾਰਮਿਕ ਗਿਆਨ ਤੋਂ ਕੋਰੇ ਲੋਕ ਤਾਂ ਇਨ੍ਹਾਂ ਨੂੰ ਮੁਸਲਮਾਨਾਂ ਦੀ ‘ਮੁਸਲੀ’ ਉਪ ਜਾਤੀ ਨਾਲ ਜੋੜ ਦਿੰਦੇ ਜਿਹੜੇ ਮੁਸਲਮਾਨੀ ਸ਼ਰੀਅਤ ਅਨੁਸਾਰ ਉਨ੍ਹਾਂ ਨੂੰ ਸਪੁਰਦੇ ਖਾਕ ਕਰਨ ਤੋਂ ਪਹਿਲਾਂ ਕਬਰਾਂ ਪੁੱਟਣ ਦਾ ਕੰਮ ਕਰਦੇ ਸਨ ਅਤੇ ਇਸ ਕੰਮ ਨੂੰ ਪਵਿੱਤਰ ਦਰਜਾ ਦੇ ਕੇ ‘ਸ਼ਾਹੀ ਖੋਲ’ ਦਾ ਰੁਤਬਾ ਪ੍ਰਦਾਨ ਕਰ ਦਿੰਦੇ। ਸੰਖੇਪ ਵਿਚ ਵਰਨਣ ਕਰੀਏ ਤਾਂ ਉਨ੍ਹਾਂ ਤੁੱਛ ਬੁੱਧੀ ਵਾਲੇ ਲੋਕਾਂ ਦਾ ਭਾਵ ਇਨ੍ਹਾਂ ਨੂੰ ‘ਮੁਸਲਮਾਨਾਂ ਦੇ ਮਰਾਸੀਆਂ’ ਵਜੋਂ ਪੇਸ਼ ਕਰਨਾ ਸੀ।
ਪੰਜਵੀਂ ਪੱਤੀ ਦੇ ਝਾਣਾ ਭਾਈਚਾਰੇ ਨਾਲ ਸਬੰਧਤ ਕੁਝ ਬਜ਼ੁਰਗਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜਦੋਂ ਇਸ ਬਾਰੇ ਇਤਿਹਾਸਕ ਪੁਸਤਕਾਂ ਨਾਲ ਤੁਲਨਾ ਕੀਤੀ ਤਾਂ ਕਈ ਨਵੇਂ ਤੱਤ ਉਭਰ ਕੇ ਸਾਹਮਣੇ ਆਏ। ਇਨ੍ਹਾਂ ਦੇ ਬਜ਼ੁਰਗ ਮਹਿੰਦੀ ਸ਼ਾਹ ਨੇ ਕਿਹਾ ਸੀ, “ਪਤਾ ਨਹੀਂ ਲੋਕ ਸਾਨੂੰ ‘ਝਾਣੇ’ ਕਿਉਂ ਆਖਦੇ ਹਨ, ਜਦੋਂ ਕਿ ਅਸੀਂ ਤਾਂ ‘ਮੁਹਾਣੇ’ ਹਾਂ?” ਵੱਖ-ਵੱਖ ਗੋਤਾਂ ‘ਤੇ ਅਧਾਰਤ ਲਿਖੀ ਗਈ ਸਰ ਐਚ.ਏ. ਰੋਜ਼ ਦੀ ਪ੍ਰਸਿੱਧ ਇਤਿਹਾਸਕ ਪੁਸਤਕ “ਏ ਗਲੌਸਰੀ ਔਫ਼ ਟਰਾਈਬਜ਼” ਵਿਚ ਕਿਤੇ ਵੀ ‘ਝਾਣਾ’ ਜਾਤੀ, ਉਪ-ਜਾਤੀ, ਗੋਤ ਜਾਂ ਉਪ-ਗੋਤ ਦਾ ਵਰਨਣ ਨਹੀਂ ਮਿਲਦਾ। ਉਧਰ ਪ੍ਰਸਿੱਧ ਇਤਿਹਾਸਕਾਰ ਸਰ ਡੈਨੀਜਿਲ ਐਬਸਟਿਨ ਦੀ ਪੁਸਤਕ ‘ਪੰਜਾਬ ਟ੍ਰਾਈਬਜ਼ ਐਂਡ ਕਾਸਟਸ’ ਵਿਚ ਝਾਣਾ ਗੋਤ ਦਾ ਜ਼ਿਕਰ ਨਹੀਂ ਮਿਲਦਾ ਪਰੰਤੂ ‘ਮੁਹਾਣਾ’ ਗੋਤ ਅਤੇ ਜਾਤੀ ਬਾਰੇ ਲਿਖਿਆ ਜ਼ਰੂਰ ਮਿਲਦਾ ਹੈ।
ਜਨੇਰ ਦੀ ਪੰਜਵੀਂ ਪੱਤੀ ਦੇ ਇਸ ਮਹੱਤਵਪੂਰਨ ਭਾਈਚਾਰੇ ਬਾਰੇ ਪਿੰਡ ਵਿਚ ਪੀੜ੍ਹੀ ਦਰ ਪੀੜ੍ਹੀ ਇਕ ਹੋਰ ਵਿਵਾਦਗ੍ਰਸਤ ਚੁੰਝ ਚਰਚਾ ਵੀ ਰਹੀ ਹੈ ਕਿ ਜੇਕਰ ਇਸ ਕਬੀਲੇ ਦੇ ਲੋਕ ਮੁਸਲਮਾਨ ਹਨ ਤਾਂ ਫੇਰ ਇਹ ਮੁਸਲਮਾਨ ਧਰਮ ਦੇ ਦੋ ਵੱਡੇ ਫਿਰਕਿਆਂ ‘ਸੁੰਨੀ’ ਅਤੇ ‘ਸ਼ੀਆ’ ਕਿਸ ਨਾਲ ਸਬੰਧਤ ਹਨ। ਇਨ੍ਹਾਂ ਦੇ ਰਹਿਣ-ਸਹਿਣ, ਧਾਰਮਿਕ ਰਹੁ-ਰੀਤਾਂ, ਖਾਣ-ਪੀਣ, ਪਹਿਰਾਵੇ ਅਤੇ ਨਿੱਤ ਪ੍ਰਤੀ ਜੀਵਨ ਸ਼ੈਲੀ ਤੋਂ ਇਕ ਆਮ ਆਦਮੀ ਵੀ ਸਹਿਜੇ ਹੀ ਇਸ ਨਤੀਜੇ ‘ਤੇ ਪਹੁੰਚ ਸਕਦਾ ਹੈ ਕਿ ‘ਧਾਰਮਿਕ ਕੱਟੜਵਾਦ’ ਤੋਂ ਕੋਹਾਂ ਦੂਰ ਇਹ ਭਾਈਚਾਰਾ ‘ਸੁੰਨੀ ਮੁਸਲਮਾਨ’ ਤਾਂ ਹੋ ਹੀ ਨਹੀਂ ਸਕਦਾ ਸਗੋਂ ਵਧੇਰੇ ਅਮਨਪਸੰਦ ‘ਸ਼ੀਆ ਮੁਸਲਮਾਨ’ ਹੀ ਹੋ ਸਕਦੇ ਹਨ। ਇਨ੍ਹਾਂ ਨਾਲ ਸੰਪਰਕ ਪੈਦਾ ਕਰਨ ਤੋਂ ਬਾਅਦ ਇਕ ਹੋਰ ਧਾਰਮਿਕ ਤੱਥ ਵੀ ਉਘੜ ਕੇ ਸਾਹਮਣੇ ਆਇਆ ਕਿ ਸ਼ੀਆ ਮੁਸਲਮਾਨਾਂ ਵਿਚੋਂ ਵੀ ਅੱਗੇ ਇਹ ਮਾਨ-ਮੱਤੇ ਇਤਿਹਾਸ ਵਾਲੀ ‘ਸੂਫ਼ੀ ਸੰਪਰਦਾ’ ਨਾਲ ਜੁੜਦੇ ਹਨ। ਜਿਥੋਂ ਤਕ ਇਨ੍ਹਾਂ ਦੇ ਗੋਤ ਦਾ ਸਬੰਧ ਹੈ ਸੂਫ਼ੀ ਸੰਪਰਦਾ ਵਿਚ ਇਨ੍ਹਾਂ ਨੂੰ ‘ਛਪਰੀ ਬੰਨ’ ਉਪ-ਗੋਤ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਦੇ ਵਡੇਰਿਆਂ ਅਨੁਸਾਰ ‘ਸ਼ਾਹ’ ਸ਼ਬਦ ਇਨ੍ਹਾਂ ਦੇ ਨਾਮ ਨਾਲ ਅਕਬਰ ਬਾਦਸ਼ਾਹ ਸਮੇਂ ਜੁੜਿਆ।
ਇਸ ਉਪ-ਜਾਤੀ ਦੇ ਨਾਮ ਨਾਲ ਮੁਹਾਣਾ ਦੀ ਥਾਂ ‘ਝਾਣਾ’ ਸ਼ਬਦ ਜੁੜ ਜਾਣ ਬਾਰੇ ਇਨ੍ਹਾਂ ਦੇ ਬਜ਼ੁਰਗਾਂ ਪਾਸੋਂ ਇਕ ਹੋਰ ਦਿਲਚਸਪ ਘਟਨਾ ਸੁਣਨ ਨੂੰ ਮਿਲੀ। ਜਿਸ ਅਨੁਸਾਰ 1947 ਵਿਚ ਦੇਸ਼ ਦੀ ਵੰਡ ਸਮੇਂ ਗੜਬੜੀ, ਲੁੱਟਾਂ-ਖੋਹਾਂ ਅਤੇ ਮਾਰਧਾੜ ਦੇ ਮਾਹੌਲ ਵਿਚ ਇਨ੍ਹਾਂ ਦਾ ਇਕ ਪੁਰਖਾ ਨਵਾਬ ਸ਼ਾਹ ਉਰਫ਼ ਨਬੋ ਵੀ ਹੋਰ ਜਾਤੀਆਂ ਵਾਲੇ ਆਪਣੇ ਦੋਸਤਾਂ ਨਾਲ ਲੁੱਟਮਾਰ ਕਰਨ ਚਲਾ ਗਿਆ, ਪਰੰਤੂ ਸਾਰੇ ਫੜੇ ਗਏ। ਜਦੋਂ ਠਾਣੇ ਦੇ ਮੁਨਸ਼ੀ ਨੇ ਸਾਰਿਆਂ ਦੇ ਨਾਮ ਅਤੇ ਜਾਤ-ਗੋਤ ਲਿਖਣੇ ਸ਼ੁਰੂ ਕੀਤੇ ਤਾਂ ਨਵਾਬ ਇਹ ਜਿਸ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਠਾਣੇ ਦਾ ਦਰਵਾਜ਼ਾ ਦੇਖਿਆ ਸੀ, ਕੰਬਦੀ ਆਵਾਜ਼ ਵਿਚ ਆਪਣਾ ਗੋਤ ਮੁਹਾਣਾ ਆਖ ਦਿੱਤਾ ਪਰੰਤੂ ਮੁਨਸ਼ੀ ਦੀ ਸਮਝ ਵਿਚ ਸ਼ਾਇਦ ਝਾਣਾ ਆਇਆ ਅਤੇ ਉਸ ਨੇ ਝਾਣਾ ਲਿਖ ਦਿੱਤਾ । ਬਾਅਦ ਵਿਚ ਆਏ ਦਿਨ ਤਪਤੀ ਵਿਚ ਝਾਣਾ ਗੋਤ ਹੀ ਪੱਕ ਗਿਆ ਅਤੇ ਪਿੰਡ ਵਾਸੀ ਵੀ ਪਾਕਿਸਤਾਨ ਤੋਂ ਨਵੇਂ-ਨਵੇਂ ਆਇਆਂ ਨੂੰ ਝਾਣੇ ਹੀ ਆਖਣ ਲੱਗ ਪਏ। ਵਿਚਾਰੇ ਸ਼ਰੀਫ਼ ਨਵਾਬ ਸ਼ਾਹ ਨਾਲ ‘ਪਹਿਲੀ ਚੋਰੀ ਅਤੇ ਪਹਿਲਾ ਹੀ ਫਾਹਾ’ ਵਾਲੀ ਗੱਲ ਬਣ ਗਈ। ਸਮੇਂ ਦੇ ਬਦਲਾਵ ਨਾਲ ਇਸ ਭਾਈਚਾਰੇ ਦੇ ਕੁਝ ਪੜ੍ਹੇ ਲਿਖੇ ਨੌਜਵਾਨਾਂ ਦਾ ਝੁਕਾਅ ਸਿੱਖ ਧਰਮ ਵੱਲ ਹੋ ਗਿਆ ਅਤੇ ਉਨ੍ਹਾਂ ਆਪਣੇ ਨਾਮ ਨਾਲ ‘ਸ਼ਾਹ’ ਦੀ ਜਗ੍ਹਾ ‘ਸਿੰਘ’ ਜੋੜ ਲਿਆ। ਜਿਵੇਂ ਤਾਬੇ ਸ਼ਾਹ ਦੇ ਦੋ ਲੜਕਿਆਂ ਹੈਡਮੁਨਸ਼ੀ ਨਾਹਰ ਸਿੰਘ ਅਤੇ ਹਵਾਲਦਾਰ ਬਲਕਾਰ ਸਿੰਘ ਨੇ ਕੀਤਾ।
ਝਾਣੇ ਜਾਂ ਮੁਹਾਣੇ ਪੁਰਾਣੇ ਜਨੇਰ ਵਾਸੀ ਹਨ। ਵੱਧ ਖੱਟਣ ਕਮਾਉਣ ਦੀ ਲਾਲਸਾ ਵਸ ਇਨ੍ਹਾਂ ਦੇ ਪੁਰਖੇ ਵੀ ਜੱਟਾਂ ਵਾਂਗ ਪਾਕਿਸਤਾਨ ਵਿਚ ਚਲੇ ਗਏ ਅਤੇ ਲਾਇਲਪੁਰ ਜਿਸ ਦਾ ਨਵਾਂ ਨਾਮ ਹੁਣ ਫ਼ੈਸਲਾਬਾਦ ਹੈ ਦੇ ਚੱਕ ਨੰਬਰ 121 ਐਲ ਵਿਚ ਵਸ ਗਏ। ਪਾਕਿਸਤਾਨ ਬਣਨ ਸਮੇਂ 1947 ਈਸਵੀ ਵਿਚ ਇਹ ਸਾਰੇ ਭਾਰਤੀ ਪੰਜਾਬ ਵਿਚ ਵਾਪਸ ਆ ਗਏ ਅਤੇ ਸ਼ਹਿਰ ਵਿਚ ਆਰਜ਼ੀ ਤੌਰ ‘ਤੇ ਰਹਿਣ ਲੱਗ ਪਏ। ਇਨ੍ਹਾਂ ਵਿਚੋਂ ਕੁਝ ਪਰਿਵਾਰ ਤਾਂ ਆਪਣੇ ਪੁਰਾਦੇ ਪਿੰਡ ਜਨੇਰ ਵਾਪਸ ਆ ਕੇ ਰਹਿਣ ਲੱਗ ਪਏ ਅਤੇ ਦੂਜੇ ਪੱਕੇ ਤੌਰ ‘ਤੇ ਜ਼ੀਰਾ ਵਿਚ ਹੀ ਵਸ ਗਏ। ਜਨੇਰ ਵਿਚ ਵਸਣ ਵਾਲੇ ਇਸ ਕਬੀਲੇ ਦੇ ਪਰਿਵਾਰ ਫ਼ਜ਼ਲ ਸ਼ਾਹ ਅਤੇ ਉਸ ਦੇ ਦੋ ਚਚੇਰੇ ਭਰਾਵਾਂ ਬਦਰਦੀਨ ਸ਼ਾਹ ਅਤੇ ਅਦਲਦੀਨ ਸ਼ਾਹ ਨਾਲ ਸਬੰਧਤ ਹਨ।
ਫ਼ਜ਼ਲ ਸ਼ਾਹ ਦੇ ਲੜਕੇ ਤੁਲੇ ਸ਼ਾਹ ਦੇ ਚਾਰ ਪੁੱਤਰ ਮਹਿੰਦੀ ਸ਼ਾਹ, ਗਾਬੇ ਸ਼ਾਹ, ਤਾਬੇ ਸ਼ਾਹ ਅਤੇ ਕਾਲੇ ਸ਼ਾਹ ਹੋਏ। ਮਹਿੰਦੀ ਸ਼ਾਹ ਨੇ ਉਪਜੀਵਕਾ ਲਈ ਕਈ ਕੰਮ ਕੀਤੇ, ਸੀਰੀ ਰਲਿਆ, ਦਿਹਾੜੀ ਦੱਪਾ ਵੀ ਕੀਤਾ ਅਤੇ ਕੁਝ ਸਮਾਂ ਪਿੰਡ ਦਾ ਵੱਗ ਵੀ ਚਾਰਿਆ ਪਰੰਤੂ ਜਦੋਂ ਉਸ ਦੇ ਪੁੱਤਰ ਜਵਾਨ ਹੋ ਗਏ ਤਾਂ ਉਹ ਸੂਫ਼ੀਆਨਾ ਰੰਗ ਵਿਚ ਰੰਗਿਆ ਗਿਆ, ਸਾਧਗਿਰੀ ਦੀ ਜੀਵਨ ਸ਼ੈਲੀ ਧਾਰਨ ਕਰਕੇ ਕਬੀਲੇ ਦੇ ਮੋਹਰੀ ਦਾ ਰੋਲ ਅਦਾ ਕਰਨ ਸਮੇਂ ਸੂਫ਼ੀਆਨਾ ਵੇਸ ਵਿਚ ਕਬੀਲੇ ਦੀ ਖ਼ਾਨਦਾਨੀ ‘ਤਸਵੀ’ ਵੀ ਪਹਿਨ ਲਈ ਜਿਹੜੀ ਉਸ ਦੇ ਫ਼ੌਤ ਹੋਣ ਦੇ ਸਮੇਂ ਤਕ ਉਸ ਦੇ ਗਲੇ ਦਾ ਸ਼ਿੰਗਾਰ ਬਣੀ ਰਹੀ। ਇਸ ‘ਖ਼ਾਨਦਾਨੀ ਤਸਵੀ’ ਦੀ ਫ਼ੋਟੋ ਇਸ ਕਿਤਾਬ ਵਿਚ ਥੇਹ ਵਿਚੋਂ ਲੱਭੀਆਂ ਦੁਰਲਭ ਵਸਤਾਂ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਕੀਤੀ ਗਈ ਹੈ। ਮਹਿੰਦੀ ਸ਼ਾਹ ਦੇ ਚਾਰ ਪੁੱਤਰ ਰਾਜ ਸ਼ਾਹ, ਗੁਸਤਾਖ਼ ਸ਼ਾਹ, ਹੰਸਾ ਸ਼ਾਹ ਅਤੇ ਸਿਕੰਦਰ ਸ਼ਾਹ ਹਨ, ਸਾਰੇ ਕਾਫੀ ਮਿਹਨਤੀ ਹਨ ਅਤੇ ਅੱਛੀ ਜ਼ਿੰਦਗੀ ਬਸਰ ਕਰ ਰਹੇ ਹਨ। ਗਾਬੇ ਸ਼ਾਹ ਨੇ ਪਹਿਲਾਂ ਮਜ਼ਦੂਰੀ ਅਤੇ ਬਾਅਦ ਵਿਚ ਕਬਾੜੀਏ ਦਾ ਕੰਮ ਕੀਤਾ। ਉਸ ਦੇ ਤਿੰਨ ਲੜਕੇ ਜੱਗੇ ਸ਼ਾਹ, ਲੱਖੀ ਸ਼ਾਹ ਅਤੇ ਬੀਤੇ ਸ਼ਾਹ ਵੱਖ-ਵੱਖ ਵਸੀਲਿਆਂ ਰਾਹੀਂ ਅੱਛੀ ਦਰ ਗੁਜ਼ਰ ਕਰ ਰਹੇ ਹਨ। ਤਾਬੇ ਸ਼ਾਹ ਜਵਾਨੀ ਸਮੇਂ ਪਿੰਡ ਦੇ ਸਿਰਕੱਢ ਕਾਮਿਆਂ ਅਤੇ ਜ਼ੋਰਾਵਰਾਂ ਵਿਚ ਗਿਣਿਆ ਜਾਂਦਾ ਸੀ । ਤਾਬੇ ਸ਼ਾਹ ਦੇ ਛੇ ਲੜਕੇ ਇਨ੍ਹਾਂ ਦੇ ਸਾਰੇ ਭਾਈਚਾਰੇ ਵਿਚੋਂ ਪੜ੍ਹੇ ਲਿਖਿਆਂ ਵਜੋਂ ਜਾਣੇ ਜਾਂਦੇ ਹਨ। ਬਲਕਾਰ ਸਿੰਘ ਪੰਜਾਬ ਪੁਲਿਸ ਵਿਚ ਹਵਾਲਦਾਰ, ਨਾਹਰ ਸਿੰਘ ਹੈਡ ਮੁਨਸ਼ੀ ਅਤੇ ਜਸਪਾਲ ਸਿੰਘ ਭਾਰਤੀ ਫ਼ੌਜ ਵਿਚ ਹਵਾਲਦਾਰ ਹੈ। ਅਸ਼ੋਕ ਅਤੇ ਜਗਤਾਰ ਸਿੰਘ ਵੀ ਵਧੀਆ ਕੰਮਕਾਜ ਕਰਦੇ ਹਨ। ਸੱਜਣ ਸ਼ਾਹ ਟੇਲਰ ਮਾਸਟਰ ਵੀ ਹੈ ਅਤੇ ਸਾਹਿਤਕਾਰੀ ਦੇ ਖੇਤਰ ਵਿਚ ਵੀ ਕਾਫੀ ਸਰਗਰਮ ਹੈ। ਕਾਲੇ ਸ਼ਾਹ ਦੇ ਦੋ ਲੜਕੇ ਗੋਲੇ ਸ਼ਾਹ ਅਤੇ ਨੀਲੇ ਸ਼ਾਹ ਹਨ।
ਬਦਰਦੀਨ ਸ਼ਾਹ ਦਾ ਇਕੋ ਇਕ ਪੁੱਤਰ ਖੁਸ਼ੀਆ ਸ਼ਾਹ ਹੋਇਆ। ਅੱਗੇ ਉਸ ਦੇ ਘਰ ਵੀ ਇਕਲੌਤਾ ਲੜਕਾ ਸਲਾਮਤ ਸ਼ਾਹ ਪੈਦਾ ਹੋਇਆ। ਉਹ ਬਹੁਤ ਉੱਚਾ ਲੰਮਾ ਅਤੇ ਦਰਸ਼ਨੀ ਜਵਾਨ ਸੀ। ਜਵਾਨੀ ਵਿਚ ਕੱਬਡੀ ਵੀ ਖੇਡਿਆ। ਇਕ ਮਿਹਨਤੀ ਕਾਮੇ ਵਜੋਂ ਉਸ ਨੇ ਆਪਣੀ ਵਿਸ਼ੇਸ਼ ਥਾਂ ਬਣਾਈ। ਉਸ ਦੇ ਤਿੰਨ ਪੁੱਤਰ ਮੇਲੇ ਸ਼ਾਹ, ਸਿਕੰਦਰ ਸ਼ਾਹ ਅਤੇ ਰਾਜ ਸ਼ਾਹ ਵੀ ਆਪਣੇ ਪਿਤਾ ਵਾਂਗ ਮਿਹਨਤੀ ਅਤੇ ਈਮਾਨਦਾਰ ਹਨ। ਅਦਲਦੀਨ ਸ਼ਾਹ ਦੇ ਸੱਤ ਪੁੱਤਰਾਂ ਦਾ ਪਰਿਵਾਰ ਜਨੇਰ ਅਤੇ ਕਈ ਹੋਰ ਥਾਵਾਂ ‘ਤੇ ਵਸਦਾ ਹੈ। ਉਸ ਦੇ ਸੱਤ ਪੁੱਤਰ ਜਲਾਲ ਸ਼ਾਹ, ਲਾਲ ਸ਼ਾਹ, ਨਵਾਬ ਸ਼ਾਹ, ਮਾਹੀ ਸ਼ਾਹ, ਗੱਗੀ ਸ਼ਾਹ, ਕਾਕੇ ਸ਼ਾਹ ਅਤੇ ਫ਼ਕੀਰ ਸ਼ਾਹ ਹੋਏ। ਜਲਾਲ ਸ਼ਾਹ ਦਾ ਇਕਲੌਤਾ ਪੁੱਤਰ ਮੰਗੇ ਸ਼ਾਹ ਪੇਸ਼ੇ ਵਜੋਂ ਟਰੈਕਟਰ ਡਰਾਈਵਰ ਹੈ, ਉਸ ਦੇ ਚਾਰ ਲੜਕੇ ਹਨ। ਲਾਲ ਸ਼ਾਹ ਦੇ ਕੋਈ ਪੁੱਤਰ ਨਹੀਂ ਸੀ। ਨਵਾਬ ਸ਼ਾਹ ਦੇ ਪੰਜ ਪੁਤਰਾਂ ਵਿਚੋਂ ਸਿਰਫ਼ ਰੇੜੇ ਘੋੜੇ ਦਾ ਕੰਮ ਕਰਨ ਵਾਲਾ ਵਜ਼ੀਰ ਸ਼ਾਹ ਹੀ ਜਨੇਰ ਵਸਦਾ ਹੈ। ਮਹਿੰਦੀ ਸ਼ਾਹ ਦੇ ਫੌਤ ਹੋਣ ਬਾਅਦ ਉਹ ਕਬੀਲੇ ਦਾ ਮੁਖੀਆ ਬਣਿਆ। ਧਾਰਮਿਕ ਮੁਖੀ ਹੋਣ ਦੀ ਹੈਸੀਅਤ ਵਿਚ ਇਸ ਕਬੀਲੇ ਦੀ ‘ਖ਼ਾਨਦਾਨੀ ਤਬਵੀ’ ਵੀ ਉਸ ਪਾਸ ਹੀ ਹੈ। ਮਾਹੀ ਸ਼ਾਹ ਦੇ ਦੋ ਲੜਕੀਆਂ ਹੀ ਸਨ। ਗੱਗੀ ਸ਼ਾਹ ਦੇ ਤਿੰਨ ਪੁੱਤਰ ਰਾਜੂ ਸ਼ਾਹ, ਮਲੂਕੇ ਸ਼ਾਹ ਅਤੇ ਬਾਰੇ ਸ਼ਾਹ ਹਨ। ਕਾਕੇ ਸ਼ਾਹ ਅਤੇ ਫ਼ਕੀਰ ਸ਼ਾਹ ਕਿਤੇ ਹੋਰ ਥਾਂ ਜਾ ਕੇ ਵਸ ਗਏ।
ਇਸ ਘਰਾਣੇ ਨਾਲ ਸਬੰਧਤ ਗਰੀਬੂ ਸ਼ਾਹ ਵੀ ਨਾਨਕੇ ਪਿੰਡ ਜਨੇਰ ਵਿਚ ਆ ਕੇ ਵਸ ਗਿਆ। ਉਸ ਦੇ ਤਿੰਨ ਪੁੱਤਰ ਵਲੈਤੀ ਸ਼ਾਹ, ਜਸਪਾਲ ਸ਼ਾਹ ਅਤੇ ਰਾਜੂ ਸ਼ਾਹ ਵੀ ਪੱਕੇ ਜਨੇਰ ਵਾਸੀ ਬਣ ਗਏ। ਗਰੀਬੂ ਸ਼ਾਹ ਦਾ ਸਰਬੰਧੀ (ਸਾਲਾ) ਕੰਗਣ ਸ਼ਾਹ ਅਤੇ ਉਸ ਦਾ ਵੱਡਾ ਭਰਾ ਸਾਧੂ ਰੂਪ ਵਾਲਾ ਬਾਬਾ ਮੁਨੀ ਨਾਥ ਵੀ ਜਨੇਰ ਆ ਕੇ ਵਸ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਮੁਨੀ ਨਾਥ ਨੇ ਇਥੇ ਆ ਕੇ ਬਹੁਤ ਤਪੱਸਿਆ ਕੀਤੀ ਅਤੇ ਉਸ ਦੀ ਯਾਦ ਵਿਚ ਹਰ ਸਾਲ 25 ਭਾਦੋਂ ਨੂੰ ਧਾਰਮਿਕ ਮੇਲਾ ਵੀ ਲਗਦਾ ਹੈ। ਕੰਗਣ ਸ਼ਾਹ ਪਹਿਲਾਂ ਮੇਹਨਤ ਮਜ਼ਦੂਰੀ ਕਰਦਾ ਰਿਹਾ ਪਰੰਤੂ ਬਾਅਦ ਵਿਚ ਉਹ ਜਟਾਂਧਾਰੀ ਸਾਧੂ ਜੀਵਨ ਸ਼ੈਲੀ ਵਿਚ ਚਲਾ ਗਿਆ। ਉਸ ਦੇ ਪੰਜ ਪੁੱਤਰ ਬੂਟਾ ਸਿੰਘ, ਵੀਰਪਾਲ ਸਿੰਘ, ਇਕਬਾਲ ਸਿੰਘ, ਰਣਧੀਰ ਸਿੰਘ ਅਤੇ ਜੋਗਾ ਸਿੰਘ ਹਨ। ਇਨ੍ਹਾਂ ਵਿਚੋਂ ਇਕਬਾਲ ਸਿੰਘ ਬੀ.ਏ., ਡੀ.ਪੀ.ਐਡ ਕਰਕੇ ਡੀ.ਪੀ.ਈ. ਲੱਗ ਗਿਆ। ਜੋਗਾ ਸਿੰਘ ਭਾਰਤੀ ਫ਼ੌਜ ਵਿਚ ਡਰਿਲ ਇੰਸਟਰਕਟਰ ਹੈ। ਬੂਟਾ ਸਿੰਘ ਅਤੇ ਵੀਰਪਾਲ ਸਿੰਘ ਹਾਈਵੇ ਟਰੱਕ ਡਰਾਈਵਰ ਹਨ। ਰਣਧੀਰ ਸਿੰਘ ਨੌਕਰੀ ਵੀ ਕਰਦਾ ਹੈ ਅਤੇ ਪ੍ਰਾਈਵੇਟ ਤੌਰ ‘ਤੇ ਪੜ੍ਹਾਈ ਵੀ ਕਰ ਰਿਹਾ ਹੈ।
ਕੰਗਣ ਸ਼ਾਹ ਦੇ ਪਰਿਵਾਰ ਬਾਰੇ ਜਦੋਂ ਉਸ ਦੇ ਲੜਕੇ ਮਾਸਟਰ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਕੰਗਣ ਸ਼ਾਹ ਦਾ ਅਸਲੀ ਨਾਮ ਦਰਸ਼ਨ ਸਿੰਘ ਹੈ ਅਤੇ ਸਿੱਧੂ ਗੋਤ ਵਿਚੋਂ ਨਿਕਲੇ ਗੋਤ ‘ਬਾਵਾ ਸਿੱਧੂ’ ਨਾਲ ਸਬੰਧਤ ਸੀ। ਉਸ ਨੇ ਪਰਿਵਾਰ ਦਾ ਪਿਛੋਕੜ ਕੋਟਕਪੂਰੇ ਨਾਲ ਜੋੜਦਿਆਂ ਕਿਹਾ ਕਿ ਬਾਵਾ ਸਿੱਧੂ ਗੋਤ ਵਾਲੇ ਵੱਡੀ ਗਿਣਤੀ ਵਿਚ ਕੋਟਕਪੂਰਾ ਅਤੇ ਇਸ ਦੇ ਨੇੜਲੇ ਇਲਾਕੇ ਵਿਚ ਵਸਦੇ ਹਨ। ਉਸ ਨੇ ਆਪਣੇ ਪਿਤਾ ਦੀਆਂ ਜਮਾਂਦਰੂ ਬਾਵਿਆਂ ਵਾਲੀਆਂ ਜਟਾਂ ਅਤੇ ਹੋਰ ਸਪਸ਼ਟੀਕਰਨ ਦਿੰਦਿਆਂ ਇਹ ਵੀ ਦੱਸਿਆ ਕਿ ਅਸੀਂ ਸਾਰੇ ਭਰਾਵਾਂ ਨੇ ਸਰਕਾਰੀ ਰੀਕਾਰਡਾਂ ਵਿਚ ਵੀ ਆਪਣੇ ਨਾਵਾਂ ਪਿਛੇ ‘ਸ਼ਾਹ’ ਸ਼ਬਦ ਦੀ ਥਾਂ ‘ਸਿੰਘ’ ਸ਼ਬਦ ਜੋੜ ਲਿਆ ਹੈ ਕਿਉਂਕਿ ਅਸੀਂ ਸਾਰੇ ‘ਬਾਵਾ ਸਿੱਧੂ’ ਉਪ-ਗੋਤ ਦੇ ਖ਼ਾਨਦਾਨ ਨਾਲ ਸਬੰਧਤ ਹਾਂ।
ਹਾਂਸ ਪਰਿਵਾਰ
ਜੱਟਾਂ, ਜਾਟਾਂ, ਹਿੰਦੂਆਂ ਅਤੇ ਦਲਿਤ ਜਾਤੀਆਂ ਦੀ ਸਮੂਹਕ ਵਸੋਂ ਵਿਚੋਂ ਵੀ ਜੇਕਰ ਹਾਂਸ ਗੋਤ ਵਾਲਿਆਂ ਦੀ ਕੁਲ ਅਬਾਦੀ ਦਾ ਜੋੜ ਕਰ ਲਈਏ ਤਾਂ ਵੀ ਇਹ ਪੰਜਾਬ ਅਤੇ ਉੱਤਰੀ ਭਾਰਤ ਦੇ ਘਟ ਗਿਣਤੀ ਵਾਲੇ ਆਬਾਦੀ ਦੇ ਗੋਤਾਂ ਵਿਚ ਹੀ ਗਿਣੇ ਜਾਂਦੇ ਹਨ। ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਸਰ ਡੈਜ਼ੀਨਲ ਐਬਟਸਨ ਅਨੁਸਾਰ ਹਾਂਸ ਗੋਤ ਵਾਲਿਆਂ ਦਾ ਪਿਛੋਕੜ ਮੁਸਲਮਾਨਾਂ ਦੀ ਕੁਰੈਸ਼ੀ ਉਪ-ਜਾਤੀ ਨਾਲ ਸਬੰਧਤ ਹੈ ਜਿਸ ਨੂੰ ਹਾਂਸਾਂ ਦੇ ਵਡੇਰਿਆਂ ਨੇ 1881 ਦੀ ਸਰਕਾਰੀ ਜਨ-ਗਣਨਾ ਵਿਚ ਵੀ ਸਵੀਕਾਰਿਆ।
ਇਤਿਹਾਸਕ ਵਸੀਲਿਆਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਹਾਂਸ ਭਾਈਚਾਰੇ ਦੇ ਲੋਕ ਅਰਬੀਆ ਦੇਸ਼ਾਂ ਤੋਂ ਪਹਿਲਾਂ ਅਫ਼ਗਾਨਿਸਤਾਨ ਅਤੇ ਬਾਅਦ ਵਿਚ ਪੰਜਾਬ ਪਹੁੰਚੇ, ਜਿੱਥੇ ਉਹ ਮਿੰਟਗੁਮਰੀ ਜ਼ਿਲ੍ਹੇ ਦੇ ਪੱਕੇ ਵਸਨੀਕ ਬਣ ਗਏ। ਹਾਂਸਾਂ ਦੇ ਵਡੇਰੇ ਅਤੇ ਕਬੀਲੇ ਦੇ ਮੁਖੀ ਸ਼ੇਖ ਕੁਤਬ ਨੇ ਸਾਰੇ ਭਾਈਚਾਰੇ ਨੂੰ ਲਾਮਬੰਦ ਕਰਕੇ ਆਪਣਾ ਸੁਤੰਤਰ ਰਾਜਭਾਗ ਸਥਾਪਤ ਕਰ ਲਿਆ। ਹਾਂਸਾਂ ਦੇ ਸੁਤੰਤਰ ਰਾਜ ਭਾਗ ਹੋਣ ਦੇ ਸਬੂਤ ਸਿੱਖ ਰਾਜ ਦੇ ਕਾਇਮ ਹੋਣ ਤਕ ਮਿਲਦੇ ਹਨ। ਇਤਿਹਾਸਕਾਰਾਂ ਅਨੁਸਾਰ ਅਠਾਰਵੀਂ ਸਦੀ ਵਿਚ ਜਦੋਂ ਹਾਂਸਾਂ ਦੇ ਇਲਾਕੇ ਵਿਚ ਕਾਲ ਪੈ ਗਿਆ ਤਾਂ ਉਹ ਮਿੰਟਗੁਮਰੀ ਦੇ ਇਲਾਕੇ ਨੂੰ ਛੱਡ ਕੇ ਰੋਟੀ ਰੋਜ਼ੀ ਦੀ ਤਲਾਸ਼ ਵਿਚ ਪੰਜਾਬ ਅਤੇ ਉਤਰੀ ਭਾਰਤ ਦੇ ਹੋਰਨਾਂ ਇਲਾਕਿਆਂ ਵਿਚ ਜਾ ਵਸੇ। ਇਥੇ ਇਹ ਵੀ ਵਰਨਣਯੋਗ ਹੈ ਕਿ ਹਾਂਸਾਂ ਦੇ ਜੱਦੀ ਇਲਾਕੇ ਮਿੰਟਗੁਮਰੀ ਜਾਂ ਇਸ ਦੇ ਆਸ-ਪਾਸ ਇਨ੍ਹਾਂ ਦੇ ਸੁਤੰਤਰ ਰਾਜ ਭਾਗ ਹੋਣ ਦੀ ਕੋਈ ਪ੍ਰਾਚੀਨ ਪ੍ਰਭਾਵਸ਼ਾਲੀ ਨਿਸ਼ਾਨੀ ਨਹੀਂ ਮਿਲਦੀ।
ਮੌਜੂਦਾ ਸਮੇਂ ਵਿਚ ਹਾਂਸ ਗੋਤ ਵਾਲੇ ਲਗਪਗ ਸਾਰੇ ਭਾਈਚਾਰਿਆਂ ਜਿਵੇਂ ਜੱਟ, ਜਾਟ, ਹਿੰਦੂ, ਦਲਿਤ ਅਤੇ ਮੁਸਲਮਾਨਾਂ ਵਿਚ ਮਿਲਦੇ ਹਨ। ਜੱਟ ਗੋਤ ਵਾਲੇ ਹਾਂਸਾਂ ਦੀ ਗਿਣਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਜ਼ਿਆਦਾ ਹੈ। ਦੂਜੀਆਂ ਜਾਤੀਆਂ ਵਿਚ ਹਾਂਸਾਂ ਦੀ ਸੰਘਣੀ ਵਸੋਂ ਵਾਲਾ ਕੋਈ ਖਾਸ ਇਲਾਕਾ ਨਹੀਂ ਹੈ।
ਜਨੇਰ ਦੀ ਪੰਜਵੀਂ ਪੱਤੀ ਵਿਚ ਹਾਂਸ ਗੋਤ ਵਾਲਿਆਂ ਦੀ ਅਬਾਦੀ ਸਭ ਤੋਂ ਵੱਧ ਹੈ। ਪੰਜਵੀਂ ਪੱਤੀ ਦੀ ਕੋਈ ਵੀ ਦਿਸ਼ਾ ਜੀ.ਟੀ. ਰੋਡ ਹੋਵੇ ਜਾਂ ਜਨੇਰ ਖੋਸਾ ਸੜਕ, ਜਨੇਰ ਧੱਲੇਕੇ ਸੜਕ ਜਾਂ ਪਿੰਡ ਦੀ ਫਿਰਨੀ, ਹਾਂਸ ਗੋਤ ਨਾਲ ਸਬੰਧਤ ਕੋਈ ਨਾ ਕੋਈ ਪਰਿਵਾਰ ਵਸਦਾ ਜ਼ਰੂਰ ਨਜ਼ਰ ਆਵੇਗਾ। ਅਬਾਦੀ ਜ਼ਿਆਦਾ ਹੋਣ ਕਾਰਨ ਹਾਂਸ ਗੋਤ ਵੱਖ-ਵੱਖ ਮਹਿਕਮਿਆ ਵਿਚ ਮੁਲਾਜ਼ਮ ਅਤੇ ਹਰ ਇਕ ਖੇਤਰ ਵਿਚ ਮਜ਼ਦੂਰ ਵੀ ਨਜ਼ਰ ਆਉਣਗੇ। ਹੋਰ ਤਾਂ ਹੋਰ ਵੋਟਾਂ ਦੇ ਇਸ ਯੁਗ ਵਿਚ ਪਿੰਡ ਦੀ ਸਰਪੰਚੀ ਵੀ ਹਾਂਸ ਭਾਈਚਾਰੇ ਪਾਸ ਹੀ ਹੈ। ਜਗੀਰਾ ਸਿੰਘ ਹਾਂਸ ਦੀ ਪਤਨੀ ਸਰਜੀਤ ਕੌਰ ਦਲਿਤ ਵਰਗ ਦੀਆਂ ਔਰਤਾਂ ਲਈ ਰੀਜ਼ਰਵ ਸੀਟ ‘ਤੇ ਬਤੌਰ ਪਿੰਡ ਦੀ ਸਰਪੰਚ ਤੈਨਾਤ ਹੈ।
ਆਸਾ ਸਿੰਘ ਹਾਂਸ ਅਤੇ ਲਹਾਸਾ ਸਿੰਘ ਹਾਂਸ ਦੋ ਭਰਾਵਾਂ ਦਾ ਵੱਡਾ ਪਰਿਵਾਰ ਪਿੰਡ ਦੀ ਪੰਜਵੀਂ ਪੱਤੀ ਵਿਚ ਵਸਦਾ ਹੈ। ਆਸਾ ਸਿੰਘ ਹਾਂਸ ਦੇ ਛੇ ਪੁੱਤਰ ਇੰਦਰ ਸਿੰਘ, ਮੁਹਿੰਦਰ ਸਿੰਘ, ਕਾਕਾ ਸਿੰਘ, ਭਾਗ ਸਿੰਘ, ਜਗੀਰ ਸਿੰਘ ਅਤੇ ਗੁਰਦੇਵ ਸਿੰਘ ਹੋਏ। ਸਭ ਤੋਂ ਵੱਡਾ ਇੰਦਰ ਸਿੰਘ ਫ਼ੌਜੀ ਭਾਰਤੀ ਸੈਨਾ ਵਿਚੋਂ ਲੰਮਾ ਸਮਾਂ ਪਹਿਲਾਂ ਹਵਾਲਦਾਰ ਰੈਂਕ ਤੋਂ ਰਿਟਾਇਰ ਹੋ ਕੇ ਆਇਆ ਸੀ। ਉਹ ਬਹੁਤ ਹੀ ਨਰਮ ਸੁਭਾ ਅਤੇ ਦੂਰ ਅੰਦੇਸ਼ੀ ਹੋਣ ਕਾਰਨ ਪਿੰਡ ਦੇ ਬੁੱਧੀਜੀਵੀਆਂ ਵਿਚ ਗਿਣਿਆ ਜਾਂਦਾ ਸੀ। ਚਾਲੀ ਕੁ ਵਰ੍ਹੇ ਪਹਿਲਾਂ ਉਸ ਨੇ ਪਿੰਡ ਦੀ ਸਰਪੰਚੀ ਵਾਸਤੇ ਚੋਣ ਵੀ ਲੜੀ ਪਰੰਤੂ ਸਫ਼ਲਤਾ ਨਾ ਮਿਲੀ। ਇੰਦਰ ਸਿੰਘ ਦਾ ਲੜਕਾ ਛਿੰਦਰ ਸਿੰਘ ਵੀ ਪੰਚਾਇਤ ਮੈਂਬਰ ਰਹਿ ਚੁੱਕਾ ਹੈ, ਉਸ ਦੇ ਤਿੰਨ ਲੜਕੇ ਹਨ। ਮੁਹਿੰਦਰ ਸਿੰਘ ਨੇ ਵੀ ਫ਼ੌਜ ਦੀ ਨੌਕਰੀ ਕੀਤੀ ਜਿਥੇ ਉਹ ਲੰਮੀ ਛਾਲ ਦਾ ਕਮਾਂਡ ਚੈਂਪੀਅਨ ਵੀ ਰਿਹਾ ਪਰੰਤੂ ਹਵਾਲਦਾਰ ਰੈਂਕ ਤੋਂ ਅੱਗੇ ਨਾ ਵਧ ਸਕਿਆ ਅਤੇ ਪੈਨਸ਼ਨ ਲੈ ਲਈ। ਉਸ ਨੇ ਵਿਆਹ ਨਹੀਂ ਕਰਵਾਇਆ। ਕਾਕਾ ਸਿੰਘ ਹਾਂਸ ਨੇ ਵੀ ਕੁਝ ਸਮਾਂ ਫ਼ੌਜ ਦੀ ਨੌਕਰੀ ਕੀਤੀ ਅਤੇ ਬਾਅਦ ਵਿਚ ਮਜ਼ਦੂਰੀ ਕਰਦਾ ਰਿਹਾ। ਉਸ ਦੇ ਦੋ ਲੜਕੇ ਮੰਗਾ ਸਿੰਘ ਅਤੇ ਲੱਖਾ ਸਿੰਘ ਹਨ। ਭਾਗ ਸਿੰਘ ਵੀ ਖੇਤ ਮਜ਼ਦੂਰ ਹੀ ਰਿਹਾ। ਉਸ ਦੇ ਦੋ ਲੜਕਿਆਂ ਤਰਸੇਮ ਸਿੰਘ ਅਤੇ ਕਾਲਾ ਸਿੰਘ ਦਾ ਪਰਿਵਾਰ ਪੰਜਵੀਂ ਪੱਤੀ ਵਿਚ ਵਸਦਾ ਹੈ। ਜਗੀਰਾ ਸਿੰਘ ਬਹੁਤਾ ਸਮਾਂ ਟਰੈਕਟਰ ਡਰਾਈਵਰ ਦੀ ਨੌਕਰੀ ਕਰਦਾ ਰਿਹਾ, ਉਸ ਦੀ ਪਤਨੀ ਸਰਜੀਤ ਕੌਰ ਮੌਜੂਦਾ ਸਮੇਂ ਪਿੰਡ ਦੀ ਸਰਪੰਚ ਹੈ। ਉਸ ਦੇ ਚਾਰ ਲੜਕੇ ਹਰਬੰਸ ਸਿੰਘ, ਗੁਰਮੇਲ ਸਿੰਘ, ਕੇਵਲ ਸਿੰਘ ਅਤੇ ਚੰਨੀ ਸਿੰਘ ਹਨ। ਗੁਰਦੇਵ ਸਿੰਘ ਵੀ ਸ਼ੁਰੂ ਤੋਂ ਹੀ ਟਰੈਕਟਰ ਡਰਾਈਵਰ ਹੈ। ਉਸ ਦੇ ਦੋ ਲੜਕੇ ਬਿਲੂ ਸਿੰਘ ਅਤੇ ਨਿੱਕਾ ਸਿੰਘ ਹਨ।
ਲਹਾਸਾ ਸਿੰਘ ਹਾਂਸ ਦੇ ਚਾਰ ਲੜਕੇ ਬਚਨ ਸਿੰਘ, ਰਤਨ ਸਿੰਘ, ਪਿਆਰਾ ਸਿੰਘ ਅਤੇ ਸਰਦਾਰਾ ਸਿੰਘ ਸਨ। ਬਚਨ ਸਿੰਘ ਹਾਂਸ ਦੀ ਗਿਣਤੀ ਖੇਤੀ ਨਾਲ ਸਬੰਧਤ ਕੰਮ ਦੇ ਮਾਹਿਰਾਂ ਵਿਚ ਕੀਤੀ ਜਾਂਦੀ ਹੈ। ਕਾਫੀ ਸਮਾਂ ਉਹ ਪਿੰਡ ਦੀ ਪੰਚਾਇਤ ਦਾ ਮੈਂਬਰ ਵੀ ਰਿਹਾ, ਅੱਜ ਵੀ ਭਾਈਚਾਰਕ ਇਕੱਠਾਂ ਵਿਚ ਉਸ ਦੀ ਰਾਇ ਲਈ ਜਾਂਦੀ ਹੈ। ਉਸ ਦੇ ਚਾਰ ਲੜਕੇ ਅਮਰਜੀਤ ਸਿੰਘ, ਹਾਕਮ ਸਿੰਘ, ਸੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਨ। ਅਮਰਜੀਤ ਸਿੰਘ ਨੇ ਪਿੰਡ ਦੀ ਸਰਪੰਚੀ ਦੀ ਚੋਣ ਵੀ ਲੜੀ ਪਰੰਤੂ ਕਾਂਟੇ ਦੀ ਟੱਕਰ ਵਿਚ ਕਾਮਯਾਬੀ ਨਾ ਹਾਸਲ ਹੋਈ। ਰਤਨ ਸਿੰਘ ਹਾਂਸ ਨੇ ਲੰਮਾ ਸਮਾਂ ਫ਼ੌਜ ਦੀ ਨੌਕਰੀ ਕੀਤੀ, ਪਹਿਲਾਂ ਆਰਮੀ ਵਿਚ ਅਤੇ ਬਾਅਦ ਵਿਚ ਡੀਫੈਂਸ ਸਕਿਊਰਟੀ ਕੋਰ ਵਿਚ ਇਸ ਕਰਕੇ ਮੋਟੀ ਪੈਨਸ਼ਨ ਦਾ ਆਨੰਦ ਮਾਣ ਰਿਹਾ ਹੈ। ਉਸ ਦੇ ਲੜਕੇ ਜਸਪਾਲ ਸਿੰਘ ਅਤੇ ਪੱਪੂ ਸਿੰਘ ਅਰਬ ਦੇਸ਼ਾਂ ਵਿਚ ਕੰਮ ਕਰਦੇ ਹਨ। ਪਿਆਰਾ ਸਿੰਘ ਹਾਂਸ ਨੇ ਪਹਿਲਾਂ ਖੇਤ ਮਜ਼ਦੂਰ ਅਤੇ ਬਾਅਦ ਵਿਚ ਕਬਾੜ ਦਾ ਧੰਦਾ ਕੀਤਾ। ਉਸ ਦੇ ਦੋ ਲੜਕੇ ਜਗਸੀਰ ਸਿੰਘ ਅਤੇ ਕਸ਼ਮੀਰ ਸਿੰਘ ਹਨ। ਸਰਦਾਰਾ ਸਿੰਘ ਪਹਿਲਾਂ ਖੇਤ ਮਜ਼ਦੂਰ ਦਾ ਕੰਮ ਹੀ ਕਰਦਾ ਰਿਹਾ ਬਾਅਦ ਵਿਚ ਭੱਠਾ ਮਜ਼ਦੂਰ ਦਾ। ਉਸ ਦਾ ਲੜਕਾ ਭੋਲਾ ਸਿੰਘ ਵੀ ਭੱਠਾ ਮਜ਼ਦੂਰ ਦਾ ਕੰਮ ਕਰਦਾ ਹੈ।
ਦੁੱਲਾ ਸਿੰਘ ਹਾਂਸ ਆਪਣੇ ਸਮੇਂ ਦਾ ਉਚਾ-ਲੰਮਾ, ਨਸ਼ਿਆਂ ਤੋਂ ਰਹਿਤ ਅਤੇ ਕੰਮ ਦਾ ਸਚਿਆਰਾ ਖੇਤ ਮਜ਼ਦੂਰ ਸੀ। ਉਸ ਦੇ ਦੋ ਲੜਕੇ ਤਰਸੇਮ ਸਿੰਘ ਅਤੇ ਪ੍ਰੇਮ ਸਿੰਘ ਵੀ ਪਿਤਾ ਵਾਂਗ ਮਿਹਨਤੀ ਸਨ ਅਤੇ ਛੋਟੇ ਵਪਾਰਕ ਧੰਦੇ ਕਰਦੇ ਹਨ। ਤਰਸੇਮ ਸਿੰਘ ਦੇ ਦੋ ਅਤੇ ਪ੍ਰੇਮ ਸਿੰਘ ਦੇ ਚਾਰ ਲੜਕੇ ਹਨ। ਗੁਲਜ਼ਾਰਾ ਸਿੰਘ ਹਾਂਸ ਦੇ ਦੋ ਪੁੱਤਰ ਲਾਲ ਸਿੰਘ ਅਤੇ ਨਾਹਰ ਸਿੰਘ ਹਨ। ਦੋਵੇਂ ਭਰਾ ਉਮਰ ਭਰ ਮਜ਼ਦੂਰੀ ਹੀ ਕਰਦੇ ਰਹੇ ਹਨ। ਲਾਲ ਸਿੰਘ ਦਾ ਪੁੱਤਰ ਬਲਕਾਰ ਸਿੰਘ (ਬਾਲੀ) ਅਤੇ ਨਾਹਰ ਸਿੰਘ ਦੇ ਦੋ ਪੁੱਤਰ ਗੁਰਮੀਤ ਸਿੰਘ ਅਤੇ ਪੱਪਾ ਸਿੰਘ ਹਨ। ਕਰਤਾਰ ਸਿੰਘ ਹਾਂਸ ਦੇ ਤਿੰਨ ਪੁੱਤਰ ਦਲੀਪ ਸਿੰਘ, ਕਾਲਾ ਸਿੰਘ ਅਤੇ ਦਰਸ਼ਨ ਸਿੰਘ ਹੋਏ। ਇਹ ਸਾਰੇ ਅੱਛੇ ਮਿਹਨਤੀ ਖੇਤ ਮਜ਼ਦੂਰ ਰਹੇ ਹਨ। ਦਲੀਪ ਸਿੰਘ ਦੇ ਦੋ ਲੜਕੇ ਬਿੰਦਰ ਸਿੰਘ ਅਤੇ ਪਾਸ਼ਾ ਸਿੰਘ ਹਨ। ਕਾਲਾ ਸਿੰਘ ਦੇ ਲੜਕਿਆਂ ਦੇ ਨਾਮ ਗੁਰਮੇਲ ਸਿੰਘ ਅਤੇ ਹਰਬੰਸ ਸਿੰਘ ਹਨ। ਸਭ ਤੋਂ ਛੋਟੇ ਦਰਸ਼ਨ ਸਿੰਘ ਦੇ ਵੀ ਦੋ ਲੜਕੇ ਜੁਗਿੰਦਰ ਸਿੰਘ ਅਤੇ ਜੰਟਾ ਸਿੰਘ ਹਨ। ਕਾਕੂ ਸਿੰਘ ਅਤੇ ਬੱਗਾ ਸਿੰਘ ਵੀ ਇਸੇ ਪਰਿਵਾਰ ਨਾਲ ਸਬੰਧਤ ਹਨ।
ਬਾਬਾ ਵਸਾਵਾ ਸਿੰਘ ਹਾਂਸ ਦੇ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਰਿਵਾਰ ਦਾ ਸਬੰਧ ਜਲੰਧਰ ਜ਼ਿਲ੍ਹੇ ਦੇ ਪਿੰਡ ਸਾਂਦੇ ਨਾਲ ਹੈ। ਉਸ ਦੇ ਚਾਰ ਪੁੱਤਰ ਬਿਸ਼ਨਾ ਸਿੰਘ, ਚੂਹੜ ਸਿੰਘ, ਦਿੱਤੂ ਸਿੰਘ ਅਤੇ ਹਜ਼ਾਰਾ ਸਿੰਘ ਸਨ। ਹਜ਼ਾਰਾ ਸਿੰਘ ਹਾਂਸ ਦੇ ਪੰਜ ਪੁੱਤਰਾਂ ਗਰੀਬੂ ਸਿੰਘ, ਦੀਪਾ ਸਿੰਘ, ਗੁਰਦਿਆਲ ਸਿੰਘ, ਨੌਹਰੀ ਸਿੰਘ ਅਤੇ ਕਸ਼ੌਰੀ ਸਿੰਘ ਦਾ ਵੱਡਾ ਪਰਿਵਾਰ ਪੰਜਵੀਂ ਪੱਤੀ ਵਿਚ ਵਸਦਾ ਹੈ। ਇਸ ਪਰਿਵਾਰ ਨੇ ਜ਼ਿੰਦਗੀ ਦੇ ਹਰ ਇਕ ਪਹਿਲੂ ਵਿਚ ਆਮ ਲੋਕਾਂ ਨਾਲੋਂ ਵੱਧ ਤਰੱਕੀ ਕੀਤੀ, ਜਿਸ ਦਾ ਮੁਖ ਕਾਰਨ ਤਰੱਕੀ ਦੀ ਮੁਢਲੀ ਜ਼ਰੂਰਤ ਪੜ੍ਹਾਈ ਲਿਖਾਈ ਵੱਲ ਧਿਆਨ ਦੇਣਾ ਸੀ। ਗਰੀਬੂ ਸਿੰਘ ਹਾਂਸ ਆਪਣੇ ਨਾਮ ਵਾਂਗ ਨਰਮ ਸੁਭਾਅ ਦਾ ਮਾਲਕ ਸੀ। ਉਸ ਦੇ ਪੰਜ ਲੜਕੇ ਨੇਕ ਸਿੰਘ, ਵਸਾਖੀ ਸਿੰਘ, ਟਹਿਲ ਸਿੰਘ, ਮੰਦਰ ਸਿੰਘ ਅਤੇ ਕਾਲਾ ਸਿੰਘ ਹਨ। ਨੇਕ ਸਿੰਘ ਨੇ ਨਹਿਰ ਮਹਿਕਮੇ ਵਿਚ ਬੇਲਦਾਰ ਦੀ ਨੌਕਰੀ ਕੀਤੀ ਅਤੇ ਸਰਕਾਰੀ ਪੈਨਸ਼ਨ ਦਾ ਹੱਕਦਾਰ ਬਣਿਆ। ਉਹ ਸਾਹਿਤਕ ਰੁਚੀਆਂ ਵੀ ਰੱਖਦਾ ਹੈ, ਉਸ ਦਾ ਇਕਲੌਤਾ ਲੜਕਾ ਜਸਵੀਰ ਸਿੰਘ ਹੈ। ਵਸਾਖੀ ਸਿੰਘ ਵੀ ਬੇਲਦਾਰ ਰੀਟਾਇਰ ਹੋਇਆ। ਉਸ ਦੇ ਦੇ ਲੜਕੇ ਛਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਹਨ। ਟਹਿਲ ਸਿੰਘ ਪੰਜਵੀਂ ਪੱਤੀ ਵਿਚੋਂ ਪਹਿਲਾ ਰਾਜ ਮਿਸਤਰੀ ਬਣਿਆ। ਉਸ ਦੇ ਤਿੰਨ ਲੜਕੇ ਸੁਖਜੀਵ ਸਿੰਘ, ਗੁਰਪ੍ਰੀਤ ਸਿੰਘ ਅਤੇ ਰਾਮੂ ਸਿੰਘ ਹਨ। ਮੰਦਰ ਸਿੰਘ ਦੇ ਦੋ ਪੁੱਤਰ ਮਾਘੀ ਸਿੰਘ ਅਤੇ ਅਮਨਪ੍ਰੀਤ ਸਿੰਘ ਹਨ। ਸਭ ਤੋਂ ਛੋਟੇ ਕਾਲਾ ਸਿੰਘ ਦੇ ਵੀ ਦੋ ਲੜਕੇ ਅਜੇ ਸਿੰਘ ਅਤੇ ਸੰਦੀਪ ਸਿੰਘ ਹਨ।
ਦੀਪਾ ਸਿੰਘ ਹਾਂਸ ਬਹੁਤ ਹੀ ਮਿਹਨਤੀ ਪਰੰਤੂ ਮੂਡੀ ਕਿਸਮ ਦਾ ਇਨਸਾਨ ਸੀ। ਜ਼ਿੰਦਗੀ ਵਿਚ ਉਸ ਨੇ ਬਹੁਤ ਕੰਮ ਕੀਤੇ। ਸਿਗਰਟ ਪੀਣ ਦਾ ਬਹੁਤ ਸ਼ੌਕੀਨ ਸੀ। ਸਿਗਰਟ ਦਾ ਕਸ਼ ਮਾਰ ਕੇ ਉਹ ਵਾਢੀ ਵੀ ਬਹੁਤ ਤੇਜ਼ੀ ਨਾਲ ਕਰਦਾ ਸੀ। ਉਸ ਦੇ ਚਾਰ ਪੁੱਤਰਾਂ ਧਰਮਾ ਸਿੰਘ, ਧੰਨਾ ਸਿੰਘ, ਚੰਦ ਸਿੰਘ ਅਤੇ ਮੁਕੰਦ ਸਿੰਘ ਦਾ ਵੱਡਾ ਪਰਿਵਾਰ ਹੈ। ਧਰਮ ਸਿੰਘ ਨੇ ਕੁਝ ਸਮਾਂ ਬਾਰਡਰ ਸਕਿਉਰਟੀ ਫੋਰਸ ਵਿਚ ਨੌਕਰੀ ਕੀਤੀ, ਬਾਅਦ ਵਿਚ ਕਬਾੜ ਦਾ ਕੰਮ ਕਰਦਾ ਰਿਹਾ। ਉਸ ਦਾ ਲੜਕਾ ਨਿੱਕਾ ਸਿੰਘ ਹੈ। ਧੰਨਾ ਸਿੰਘ ਕਾਮਰੇਡ ਵਿਚਾਰਧਾਰਾ ਦਾ ਪੈਰੋਕਾਰ ਹੈ। ਕਬਾੜੀਏ ਦਾ ਕੰਮ ਕਰਦੇ ਸਮੇਂ ਵੀ ਹਰ ਵਕਤ ਕਾਮਰੇਡੀ ਗੱਲਾਂ ਕਰਨ ਦਾ ਆਦੀ ਹੈ। ਉਸ ਦਾ ਲੜਕਾ ਇੰਦਰਜੀਤ ਸਿੰਘ ਹੈ। ਚੰਦ ਸਿੰਘ ਗਾਵਾਂ ਮੱਝਾਂ ਦੀ ਦਲਾਲੀ ਦਾ ਮਾਹਿਰ ਹੈ ਅਤੇ ਵਪਾਰੀ ਵੀ। ਉਸ ਦੇ ਦੋ ਲੜਕੇ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਹਨ। ਸਭ ਤੋਂ ਛੋਟਾ ਮੁਕੰਦ ਸਿੰਘ ਪੇਸ਼ੇ ਵਜੋਂ ਟਰੈਕਟਰ ਡਰਾਈਵਰ ਹੋਣ ਕਰਕੇ ਟਰੈਕਟਰ ਦੇ ਭਾੜੇ ਦਾ ਕੰਮ ਕਰਦਾ ਹੈ। ਉਸ ਦੇ ਤਿੰਨ ਲੜਕੇ ਹਨ।
ਪਸ਼ੂ ਪਾਲਣ ਦਾ ਸ਼ੌਕੀ ਗੁਰਦਿਆਲ ਸਿੰਘ ਹਾਂਸ ਵਡੇਰੀ ਉਮਰ ਤਕ ਪਸ਼ੂਆਂ ਦੀ ਸਾਂਭ ਸੰਭਾਈ ਅਤੇ ਚਰਾਈ ਦਾ ਕੰਮ ਕਰਦਾ ਰਿਹਾ। ਉਸ ਦੇ ਪੰਜ ਲੜਕੇ ਮੱਖਣ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਰੂਪ ਸਿੰਘ ਅਤੇ ਮਾੜਾ ਸਿੰਘ ਹਨ। ਮੱਖਣ ਸਿੰਘ ਨੇ ਦਰਜਾ ਚਾਰ ਦੀ ਸਰਕਾਰੀ ਨੌਕਰੀ ਕੀਤੀ। ਉਸ ਦਾ ਲੜਕਾ ਚਮਕੌਰ ਸਿੰਘ ਪੰਜਾਬ ਰਾਜ ਬਿਜਲੀ ਬੋਰਡ ਦਾ ਮੁਲਾਜ਼ਮ ਹੈ, ਦੂਜਾ ਸੇਵਕ ਸਿੰਘ ਆਰ.ਐਮ.ਪੀ. ਡਾਕਟਰ ਹੈ। ਗੁਰਮੇਲ ਸਿੰਘ ਦੇ ਦੋ ਲੜਕੇ ਮੰਗਾ ਸਿੰਘ ਅਤੇ ਜਸਵੀਰ ਸਿੰਘ (ਜੱਸਾ) ਹਨ। ਸੁਰਜੀਤ ਸਿੰਘ ਨੂੰ ਪੰਜਵੀਂ ਪੱਤੀ ਦੇ ਪਹਿਲੇ ਪੋਸਟ ਗਰੈਜੂਏਟ ਬਣਨ ਦਾ ਮਾਣ ਪ੍ਰਾਪਤ ਹੋਇਆ। ਐਮ.ਏ., ਬੀ.ਐਡ ਪਾਸ ਕਰਕੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਲੈਕਚਰਾਰ ਹੈ। ਉਸ ਦੇ ਬੱਚੇ ਹਾਲੀਂ ਪੜ੍ਹਾਈ ਕਰ ਰਹੇ ਹਨ। ਰੂਪ ਸਿੰਘ ਕਬਾੜ ਦਾ ਧੰਦਾ ਕਰਦਾ ਹੈ, ਸਭ ਤੋਂ ਛੋਟਾ ਮਾੜਾ ਸਿੰਘ ਵੀ ਛੋਟਾ ਵਪਾਰੀ ਹੈ।
ਨੌਹਰੀ ਸਿੰਘ ਹਾਂਸ ਨੂੰ ਸਾਰਾ ਇਲਾਕਾ ‘ਸਪੀਕਰ ਵਾਲਾ ਨੌਹਰੀ ਸਿੰਘ’ ਵਜੋਂ ਜਾਣਦਾ ਹੈ। ਉਸ ਨੇ ਪੰਜਾਹ ਸਾਲ ਤੋਂ ਵੀ ਵਧ ਸਮਾਂ ਸਪੀਕਰ ਵਾਲਾ ਛੋਟਾ ਜਿਹਾ ਧੰਦਾ ਬਹੁਤ ਕਾਮਯਾਬੀ ਨਾਲ ਕੀਤਾ। ਉਸ ਦੇ ਦੋ ਲੜਕਿਆਂ ਸਰਾਧੂ ਸਿੰਘ ਅਤੇ ਹਰਦੇਵ ਸਿੰਘ (ਦੇਬੀ) ਦਾ ਵੱਡਾ ਪਰਿਵਾਰ ਹੈ। ਕਸ਼ੋਰੀ ਲਾਲ ਹਾਂਸ ਆਪ ਤਾਂ ਮਜ਼ਦੂਰੀ ਹੀ ਕਰਦਾ ਰਿਹਾ ਪਰੰਤੂ ਉਸ ਦੇ ਤਿੰਨ ਲੜਕੇ ਬਲਵੰਤ ਸਿੰਘ, ਜਸਵੰਤ ਸਿੰਘ ਅਤੇ ਗੁਰਤੇਜ ਸਿੰਘ ਛੋਟੇ-ਛੋਟੇ ਵਪਾਰਕ ਧੰਦੇ ਕਰਦੇ ਹਨ।
ਹਾਂਸ ਪਰਿਵਾਰ ਵਿਚੋਂ ਹੀ ਦੋ ਭਰਾ ਰਤਨ ਸਿੰਘ ਅਤੇ ਬਚਨ ਸਿੰਘ ਹੋਏ। ਇਹ ਦੋਵੇਂ ਗੁਰੂ ਘਰ ਦੇ ਬਹੁਤ ਸ਼ਰਧਾਲੂ ਰਹੇ। ਰਤਨ ਸਿੰਘ ਤਾਂ ਲੰਮਾ ਸਮਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਮਜ਼ਦੂਰੀ ਕਰਦੇ ਸਮੇਂ ‘ਨਾਲੇ ਪੁੰਨ, ਨਾਲੇ ਫਲੀਆਂ’ ਦੇ ਅਖਾਣ ਵਾਂਗ ਗੁਰੂ ਘਰ ਨਾਲ ਜੁੜਿਆ ਰਿਹਾ। ਉਸ ਦੇ ਚਾਰ ਲੜਕੇ ਜੀਤ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ ਅਤੇ ਹਰਕੀਰਤ ਸਿੰਘ ਹਨ। ਜੀਤ ਸਿੰਘ ਨੇ ਫ਼ੌਜ ਦੀ ਨੌਕਰੀ ਕੀਤੀ ਅਤੇ ਪੈਨਸ਼ਨਰ ਦਾ ਹੱਕਦਾਰ ਬਣਿਆ। ਉਸ ਦੇ ਤਿੰਨ ਲੜਕੇ ਹਨ। ਮੇਜਰ ਸਿੰਘ ਅਤੇ ਬਲਵੀਰ ਸਿੰਘ ਦੋਹਾਂ ਦੇ ਇਕ-ਇਕ ਲੜਕਾ ਹੈ। ਹਰਕੀਰਤ ਸਿੰਘ ਦੇ ਤਿੰਨ ਪੁੱਤਰ ਹਨ। ਬਚਨ ਸਿੰਘ ਹਾਂਸ ਵਾਂਗ ਮਲਕੀਤ ਸਿੰਘ ਹਾਂਸ ਵੀ ਗੁਰੂ ਘਰ ਵਿਚ ਅਥਾਹ ਵਿਸ਼ਵਾਸ ਰਖਦਾ ਹੈ। ਛੋਟੀ ਉਮਰ ਵਿਚ ਹੀ ਉਹ ਪੇਸ਼ਾਵਰ ਡਰਾਈਵਰ ਬਣ ਗਿਆ ਸੀ ਅਤੇ ਹੁਣ ਤਕ ਡਰਾਈਵਰੀ ਦਾ ਕਿੱਤਾ ਹੀ ਕਰਦਾ ਰਿਹਾ। ਉਸ ਦਾ ਲੜਕਾ ਨਿਰਮਲ ਸਿੰਘ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਹੈ, ਗੁਜਿੰਦਰ ਸਿੰਘ (ਗਾਜੀ) ਪਸ਼ੂ ਭਲਾਈ ਮਹਿਕਮੇ ਵਿਚ ਨੌਕਰੀ ਕਰਦਾ ਹੈ ਅਤੇ ਪਸ਼ੂਆਂ ਦੀ ਦੇਖਭਾਲ ਦਾ ਮਾਹਿਰ ਹੈ। ਸਭ ਤੋਂ ਛੋਟਾ ਬਾਰਡਰ ਸਕਿਉਰਟੀ ਫੋਰਸ ਵਿਚ ਨੌਕਰੀ ਕਰਦਾ ਹੈ।
ਮੁਨਸ਼ੀ ਸਿੰਘ ਹਾਂਸ ਛੋਟੀ ਜਿਹੀ ਡੀਲ ਡੌਲ ਪਰੰਤੂ ਸਲੀਕੇ ਨਾਲ ਪਹਿਨ ਪਚਰ ਕੇ ਰਹਿਣ ਵਾਲਾ ਇਨਸਾਨ ਸੀ। ਲੰਮਾ ਸਮਾਂ ਉਹ ਬਿਨਾਂ ਚੋਣ ਲੜਿਆਂ ਪੰਚਾਇਤ ਮੈਂਬਰ ਰਿਹਾ। ਉਸ ਦੇ ਦੋ ਲੜਕੇ ਬਲਵਿੰਦਰ ਸਿੰਘ (ਬਿੰਦੂ) ਅਤੇ ਬਸੰਤ ਸਿੰਘ ਹਨ। ਬਲਵਿੰਦਰ ਸਿੰਘ ਹਾਂਸ ਨੇ ਆਪਣੀ ਸਮਰੱਥਾ ਅਨੁਸਾਰ ਆਪਣੇ ਚੌਹਾਂ ਲੜਕਿਆਂ ਨੂੰ ਪੜ੍ਹਾਇਆ, ਜਿਹੜਾ ਉਸ ਦੀ ਪਰਿਵਾਰਕ ਕਾਮਯਾਬੀ ਦਾ ਰਾਜ਼ ਹੋ ਨਿਬੜਿਆ। ਵੱਡਾ ਲੜਕਾ ਅੰਗਰੇਜ਼ ਸਿੰਘ ਸੁਲਝਿਆ ਹੋਇਆ ਸਮੇਂ ਦਾ ਹਾਣੀ ਰਾਜ ਮਿਸਤਰੀ ਹੈ ਅਤੇ ਅੱਜਕਲ੍ਹ ਛੋਟੀਆਂ-ਵੱਡੀਆਂ ਹਰ ਕਿਸਮ ਦੀਆਂ ਕੋਠੀਆਂ ਬਣਾਉਣ ਦਾ ਕਾਮਯਾਬ ਠੇਕੇਦਾਰ ਹੈ। ਉਸ ਤੋਂ ਛੋਟਾ ਗੁਰਬਚਨ ਸਿੰਘ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਹੈ। ਤੀਜੇ ਨੰਬਰ ਵਾਲਾ ਪੇਸ਼ਾਵਰ ਪੇਂਟਰ ਹੋਣ ਕਰਕੇ ਸੁਖਦੇਵ ਸਿੰਘ ਵਜੋਂ ਨਹੀਂ ‘ਸੁੱਖਾ ਪੇਂਟਰ’ ਦੇ ਤੌਰ ‘ਤੇ ਵਧ ਜਾਣਿਆ ਜਾਂਦਾ ਹੈ। ਮਾਤਾ ਦੀਆਂ ਭੇਟਾਂ ਵੀ ਲਿਖਦਾ ਹੈ। ਸਭ ਤੋਂ ਛੋਟਾ ਗੁਰਪ੍ਰੀਤ ਸਿੰਘ ਵੀ ਰਾਜ ਮਿਸਤਰੀ ਬਣ ਗਿਆ । ਬਸੰਤ ਸਿੰਘ ਹਾਂਸ ਦੇ ਦੋਵੇਂ ਪੁੱਤਰ ਮੰਗਾ ਸਿੰਘ ਅਤੇ ਸੰਦੀਪ ਸਿੰਘ ਵੀ ਬਹੁਤ ਮਿਹਨਤੀ ਹਨ।
ਸ਼ੇਰਾ ਸਿੰਘ ਹਾਂਸ ਜਿਸ ਨੇ ਕੁਝ ਸਮਾਂ ਪਿੰਡ ਦਾ ਵੱਗ ਵੀ ਚਾਰਿਆ ‘ਸ਼ੇਰੂ ਵਾਗੀ’ ਵਜੋਂ ਕਿਸੇ ਸਮੇਂ ਹਰ ਇਕ ਪਿੰਡ ਵਾਸੀ ਦਾ ਮਨਪਸੰਦੀ ਇਨਸਾਨ ਸੀ। ਉਸ ਦੇ ਤਿੰਨ ਪੁੱਤਰ ਖਰੈਤੀ ਸਿੰਘ, ਜੰਗਾ ਸਿੰਘ ਅਤੇ ਕੁੰਦਨ ਸਿੰਘ (ਕੁੰਦੂ) ਹੋਏ। ਖਰੈਤੀ ਸਿੰਘ ਨੇ ਜਵਾਨੀ ਸਮੇਂ ਟਰੈਕਟਰ ਡਰਾਈਵਰੀ ਕੀਤੀ ਪਰੰਤੂ ਬਾਅਦ ਵਿਚ ਪਿੰਡ ਦੇ ਬਸ ਸਟੈਂਡ ‘ਤੇ ਚਾਹ ਦੀ ਦੁਕਾਨ ਚਲਾਈ। ਜੰਗਾ ਸਿੰਘ ਅਤੇ ਕੁੰਦਨ ਸਿੰਘ ਵੀ ਪੇਸ਼ਾਵਰ ਡਰਾਈਵਰ ਹਨ। ਇਨ੍ਹਾਂ ਤਿੰਨਾਂ ਭਰਾਵਾਂ ਦੇ ਦੋ-ਦੋ ਲੜਕੇ ਹਨ। ਕਿਸ਼ਨ ਸਿੰਘ ਹਾਂਸ ਦੇ ਚਾਰ ਲੜਕੇ ਸਰਬਣ ਸਿੰਘ, ਜੀਤ ਸਿੰਘ, ਦਲੀਪ ਸਿੰਘ ਅਤੇ ਮੁਖਤਿਆਰ ਸਿੰਘ ਹੋਏ। ਕਿਸ਼ਨ ਸਿੰਘ ਤਾਂ ਮਜ਼ਦੂਰੀ ਕਰਦਾ ਰਿਹਾ ਪਰੰਤੂ ਉਸ ਦੇ ਦੋਵੇਂ ਲੜਕੇ ਸਰਬਣ ਸਿੰਘ ਅਤੇ ਜੀਤ ਸਿੰਘ ਸੰਗੀਤ ਕਲਾ ਪ੍ਰੇਮੀ ਸਨ। ਉਹ ਬਹੁਤ ਹੀ ਸੋਹਣਾ ਨੱਚਦੇ ਗਾਉਂਦੇ ਸਨ ਪਰੰਤੂ ਸਮਾਜਿਕ ਬੰਧਨਾਂ ਦੇ ਰਾਹ ਵਿਚ ਰੋੜਾ ਬਣਨ ਕਾਰਨ ਉਹ ਅੱਗੇ ਨਾ ਵਧ ਸਕੇ। ਇਨ੍ਹਾਂ ਦੋਹਾਂ ਦੇ ਲੜਕਿਆਂ ਨੇ ਵੀ ਸੰਗੀਤ ਦਾ ਰਸਤਾ ਨਾ ਫੜਿਆ। ਸਰਬਣ ਸਿੰਘ ਦੇ ਲੜਕੇ ਸੱਤਾ ਸਿੰਘ ਅਤੇ ਜੱਸਾ ਸਿੰਘ ਅਤੇ ਜੀਤ ਸਿੰਘ ਦੇ ਸੀਰਾ ਸਿੰਘ ਅਤੇ ਸੋਨੂੰ ਸਿੰਘ ਹੋਰ ਧੰਦਿਆਂ ਵਿਚ ਵੜ ਗਏ। ਦਲੀਪ ਸਿੰਘ ਨੇ ਫ਼ੌਜ ਦੀ ਨੌਕਰੀ ਕੀਤੀ। ਇਸ ਦੇ ਤਿੰਨ ਲੜਕੇ ਚਰਨ ਸਿੰਘ, ਸਵਰਨ ਸਿੰਘ ਅਤੇ ਲਛਮਣ ਸਿੰਘ ਹਨ। ਸਭ ਤੋਂ ਛੋਟੇ ਮੁਖਤਿਆਰ ਸਿੰਘ ਨੇ ਕਬਾੜੀਏ ਦਾ ਕੰਮ ਕੀਤਾ। ਉਸ ਦਾ ਲੜਕਾ ਗੋਪੀ ਸਿੰਘ ਹੈ। ਕੇਹਰ ਸਿੰਘ ਹਾਂਸ ਦੇ ਤਿੰਨ ਲੜਕੇ ਜਰਨੈਲ ਸਿੰਘ, ਮੁੱਖਾ ਸਿੰਘ ਅਤੇ ਦੇਬਾ ਸਿੰਘ ਹੋਏ। ਜਰਨੈਲ ਸਿੰਘ ਦੇ ਘਰ ਇਕ ਅਤੇ ਦੂਜੇ ਦੋਹਾਂ ਦੇ ਦੋ-ਦੋ ਪੁੱਤਰ ਹਨ। ਬਿਸ਼ਨ ਸਿੰਘ ਦੇ ਇਕ ਪੁੱਤਰ ਅਤੇ ਸਾਧੂ ਸਿੰਘ ਦੇ ਦੋ ਪੁੱਤਰ ਸੰਤਾ ਸਿੰਘ ਅਤੇ ਸਤਪਾਲ ਸਿੰਘ ਹਨ।
ਪਿੰਡ ਲੋਪੋ ਤੋਂ ਲਾਲ ਸਿੰਘ ਆਪਣੇ ਤਿੰਨ ਲੜਕਿਆਂ ਕਾਲਾ ਸਿੰਘ, ਗੰਡਾ ਸਿੰਘ ਅਤੇ ਬੇਅੰਤ ਸਿੰਘ ਨਾਲ ਪੰਜਵੀਂ ਪੱਤੀ ਵਿਚ ਆ ਕੇ ਵਸਿਆ। ਗੰਡਾ ਸਿੰਘ ਮਕਾਨ ਉਸਾਰੀ ਦੇ ਕੰਮ ਦਾ ਕਾਮਯਾਬ ਠੇਕੇਦਾਰ ਹੋਣ ਦੇ ਨਾਲ ਇਕ ਵਧੀਆ ਰਾਜ ਮਿਸਤਰੀ ਵਜੋਂ ਵੀ ਆਪਣੀ ਪਛਾਣ ਬਣਾ ਚੁੱਕਾ ਹੈ। ਪਿੰਡ ਚਕਰ ਤੋਂ ਬਾਬਾ ਬਾਲਮੀਕ ਜੀ ਦੇ ਮੰਦਰ ਦਾ ਪੁਜਾਰੀ ਵੀ ਪੱਕਾ ਹੀ ਇਥੇ ਵਸ ਗਿਆ। ਬਾਬਾ ਮੌਜਦੀਨ ਦੀ ਜਗ੍ਹਾ ਦਾ ਸੇਵਾਦਾਰ ਅਨੈਤ ਸ਼ਾਹ ਵੀ ਪੱਕਾ ਜਨੇਰ ਵਾਸੀ ਬਣ ਗਿਆ। ਪਿੰਡ ਮਲਕੇ ਤੋਂ ਮੇਜਰ ਸਿੰਘ ਆਪਣੇ ਸਹੁਰੇ ਪਿੰਡ ਜਨੇਰ ਆਣ ਵਸਿਆ। ਮਾਤਾ ਚਿੰਤਪੁਰਨੀ ਦੇ ਜਨੇਰ ਸਥਿਤ ਮੰਦਰ ਦੀ ਮੁਖ ਸੇਵਾਦਾਰ ਕਸ਼ਮੀਰ ਕੌਰ ਪਰਿਵਾਰ ਸਹਿਤ ਜਨੇਰ ਆ ਕੇ ਵਸ ਗਈ। ਦਰਸ਼ਨ ਸਿੰਘ ਫ਼ੌਜੀ ਆਪਣੇ ਚਾਰ ਲੜਕਿਆਂ ਦੇ ਵੱਡੇ ਪਰਿਵਾਰ ਸਹਿਤ ਪੰਜਵੀਂ ਪੌਤੀ ਦਾ ਵਸਨੀਕ ਬਣ ਗਿਆ। ਗੁਲਾ ਸਿੰਘ ਦਾ ਪਰਿਵਾਰ ਲੰਮਾ ਸਮਾਂ ਪਹਿਲਾਂ ਪਿੰਡ ਮਲਕੇ ਤੋਂ ਆ ਕੇ ਪਿੰਡ ਦੀ ਪੰਜਵੀਂ ਪੱਤੀ ਦਾ ਵਸਨੀਕ ਬਣਿਆ। ਉਸ ਦੇ ਲੜਕੇ ਕਾਕਾ ਸਿੰਘ ਅਤੇ ਟੋਨੀ ਸਿੰਘ ਹਨ। ਕਾਕਾ ਸਿੰਘ ਦੇ ਕੋਈ ਔਲਾਦ ਨਹੀਂ ਹੈ ਪਰੰਤੂ ਟੋਨੀ ਸਿੰਘ ਦੇ ਦੋ ਲੜਕੇ ਹਨ। ਪਿੰਡ ਰੋਡੇ ਤੋਂ ਆ ਕੇ ਬਿੰਦਰ ਸਿੰਘ ਪੰਜਵੀਂ ਪੱਤੀ ਵਿਚ ਵਸ ਗਿਆ। ਸਰਕਾਰੀ ਹਾਈ ਸਕੂਲ ਦਾ ਸੇਵਾਦਾਰ ਚਰਨ ਸਿੰਘ ਪਿੰਡ ਚੰਦ ਨਵਾਂ ਤੋਂ ਆ ਕੇ ਜਨੇਰ ਦਾ ਵਾਸੀ ਬਣ ਗਿਆ। ਕਸ਼ਮੀਰ ਸਿੰਘ ਅਤੇ ਨਾਹਰ ਸਿੰਘ ਫ਼ੌਜੀ ਦੇ ਪਰਿਵਾਰ ਨੇੜਲੇ ਪਿੰਡ ਲੁਹਾਰਾ ਤੋਂ ਜਨੇਰ ਵਾਸੀ ਬਣੇ। ਪਿੰਡ ਮੀਨੀਆ ਤੋਂ ਦਰਸ਼ਨ ਸਿੰਘ ਆਪਣੇ ਤਿੰਨ ਪੁੱਤਰਾਂ ਨਾਲ ਪੰਜਵੀਂ ਪੱਤੀ ਦਾ ਵਾਸੀ ਬਣਿਆ। ਲੱਖੀ ਰਾਮ ਕਾਫੀ ਸਮਾਂ ਪਹਿਲਾਂ ਆਪਣੇ ਲੜਕਿਆਂ ਅਮਨਜੋਤ ਅਤੇ ਰਮਨਜੋਤ ਨਾਲ ਜਨੇਰ ਆਣ ਕੇ ਵਸ ਗਿਆ। ਫ਼ਰੀਦਕੋਟ ਤੋਂ ਬਲਵੀਰ ਸਿੰਘ, ਰਾਜਸਥਾਨ ਤੋਂ ਸੰਤੁ ਸਿੰਘ, ਘੁਮਿਆਰ ਜਾਤੀ ਦੇ ਰਾਜੂ ਅਤੇ ਛਿੰਦੀ ਥੋੜ੍ਹਾ ਸਮਾਂ ਪਹਿਲਾਂ ਪਿੰਡ ਵਿਚ ਆ ਕੇ ਵਸੇ। ਨਿਰਦੋਸ਼ ਕੁਮਾਰ ਪੇਂਟਰ ਆਪਣੇ ਲੜਕੇ ਸੰਜੇ ਸਮੇਤ ਅਤੇ ਧਰਮਕੋਟ ਤੋਂ ਅਰਜਨ ਸਿੰਘ ਡਰਾਈਵਰ ਵੀ ਪੱਕੇ ਜਨੇਰ ਵਾਸੀ ਬਣ ਗਏ।
ਪੰਜਵੀਂ ਪੱਤੀ ਦੇ ਕੁਝ ਚਰਚਿਤ ਸੱਜਣ
ਭਾਰਤੀ ਸਮਾਜ ਵਿਚ ਮਾੜੀ ਕਾਰਗੁਜ਼ਾਰੀ ਅਤੇ ਇਖਲਾਕੋਂ ਗਿਰੇ ਹੋਏ ਕਿਰਦਾਰ ਦੇ ਬਲਬੂਤੇ ਚਰਚਾ ਵਿਚ ਰਹਿਣ ਨਾਲੋਂ ਸਲਾਹੁਣਯੋਗ ਪ੍ਰਾਪਤੀਆਂ ਕਰਕੇ ਚਰਚਾ ਵਿਚ ਰਹਿਣ ਵਾਲਿਆਂ ਨੂੰ ਹਮੇਸ਼ਾ ਹੀ ਬਣਦਾ ਮਾਣ ਸਤਿਕਾਰ ਮਿਲਿਆ ਅਤੇ ਮਿਲ ਵੀ ਰਿਹਾ ਹੈ। ਇਹ ਪ੍ਰਾਪਤੀਆਂ ਦੇਸ਼, ਕੌਮ, ਸਮਾਜ, ਭਾਈਚਾਰੇ, ਕਬੀਲੇ ਜਾਂ ਆਪਣੇ ਪਰਿਵਾਰ ਲਈ ਚਾਹੇ ਕਿਸੇ ਵੀ ਰੂਪ ਵਿਚ ਕਿਉਂ ਨਾ ਹੋਣ ਇਨ੍ਹਾਂ ਨੂੰ ਭਾਈਚਾਰੇ ਨੇ ਸਿਰਮੱਥੇ ਕਬੂਲਿਆ ਅਤੇ ਸਲਾਹਿਆ। ਇਸ ਦੇ ਬਾਵਜੂਦ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੇ ਜ਼ਿੰਦਗੀ ਭਰ ਕਿਸੇ ਵਲੋਂ ਪਾਏ ਗਏ ਵੱਡੇ ਯੋਗਦਾਨ ਤੋਂ ਵੱਡੇ ਯੋਗਦਾਨ ਨੂੰ ਵੀ ਨਹੀਂ ਸਲਾਹਿਆ। ਅਸਲ ਵਿਚ ਇਹ ਉਹ ਘਟ ਗਿਣਤੀ ਵਾਲੇ ਲੋਕ ਹੁੰਦੇ ਹਨ ਜਿਨ੍ਹਾਂ ਨੇ ਆਪ ਕਿਸੇ ਵੀ ਖੇਤਰ ਵਿਚ ਕੋਈ ਸਲਾਹੁਣਯੋਗ ਪ੍ਰਾਪਤੀ ਨਹੀਂ ਕੀਤੀ ਹੁੰਦੀ।
ਪਿੰਡ ਦੀਆਂ ਦੂਜੀਆਂ ਚਾਰ ਪੱਤੀਆਂ ਵਾਂਗ ਪੰਜਵੀਂ ਪੱਤੀ ਵਿਚ ਵੀ ਆਪਣੀ ਜ਼ਿੰਦਗੀ ਦੇ ਦੁਨਿਆਵੀ ਸਫ਼ਰ ਵਿਚ ਸਮੇਂ-ਸਮੇਂ ਕੁਝ ਅਜਿਹੀਆਂ ਸਖ਼ਸ਼ੀਅਤਾਂ ਹੋ ਗੁਜ਼ਰੀਆਂ ਜਿਨ੍ਹਾਂ ਦੀ ਕਾਰਗੁਜ਼ਾਰੀ ਨੇ ਭਾਈਚਾਰੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਕੀਤਾ। ਬੇਸ਼ਕ ਹਰ ਇਕ ਲੇਖਕ, ਸਾਹਿਤਕਾਰ, ਵਿਚਾਰਵਾਨ, ਇਤਿਹਾਸਕਾਰ ਅਤੇ ਵਿਦਵਾਨ ਦਾ ਕਾਰਗੁਜ਼ਾਰੀਆਂ ਅਤੇ ਪ੍ਰਾਪਤੀਆਂ ਦੇ ਵਰਗੀਕਰਨ ਦੇ ਮਾਪ-ਦੰਡ ਦਾ ਪੈਮਾਨਾ ਵੱਖਰਾ-ਵੱਖਰਾ ਹੁੰਦਾ ਹੈ, ਫੇਰ ਵੀ ‘ਆਮ ਸਮਾਜਿਕ ਰਾਏ’ ਵਾਲਾ ਪੈਮਾਨਾ ਅਜੋਕੇ ਸਮੇਂ ਦੀ ਬਹੁ-ਗਿਣਤੀ ਰਾਜ ਪ੍ਰਣਾਲੀ ਵਿਚ ਵਧੇਰੇ ਪ੍ਰਮਾਣਿਤ ਸਮਝਿਆ ਜਾਂਦਾ ਹੈ।
ਅਣਗੌਲਿਆ ਦੇਸ਼-ਭਗਤ ਸ਼ੇਰ ਸਿੰਘ ਸਿੱਧੂ
ਭੁੱਲੇ, ਵਿਸਰੇ ਅਤੇ ਅਣਗੌਲੇ ਦੇਸ਼ ਪਗਤਾਂ ਦੀਆਂ ਕੁਰਬਾਨੀਆਂ ਦੀ ਲੰਮੀ ਦਾਸਤਾਨ ਨਾਲ ਸੰਸਾਰ ਦਾ ਇਤਿਹਾਸ ਭਰਿਆ ਪਿਆ ਹੈ। ਪਿੰਡ ਜਨੇਰ ਵਿਚ ਵੀ ਪੰਜਵੀਂ ਪੱਤੀ ਵਾਲੇ ਸ਼ੇਰ ਸਿੰਘ ਸਿੱਧੂ ਜਿਸ ਨੂੰ ਪਿੰਡ ਵਾਲੇ ‘ਸ਼ੇਰੂ ਅਕਾਲੀ’ ਆਖਦੇ ਸਨ, ਦੇ ਰੂਪ ਵਿਚ ਜੈਤੋ ਦੇ ਸ਼ਹੀਦੀ ਮੋਰਚੇ ਦਾ ਇਕ ਭੁੱਲਿਆ ਵਿਸਰਿਆ ਨਾਇਕ (Unsung Hero) ਹੋਇਆ ਸੀ। ਹਮੇਸ਼ਾ ਸਿੱਖੀ ਸਰੂਪ ਅਤੇ ਚੜ੍ਹਦੀ ਕਲਾ ਵਿਚ ਵਿਚਰਨ ਵਾਲੇ ਇਸ ਅਣਗੌਲੇ ਦੇਸ਼ ਭਗਤ ਬਾਰੇ ਜਦੋਂ ਖੋਜ ਕੀਤੀ ਗਈ ਤਾਂ ਇਸ ਦੀ ਦੇਸ਼ ਭਗਤੀ ਦੇ ਜਜ਼ਬੇ ਬਾਰੇ ਕਈ ਫਕਰ ਅਤੇ ਮਾਨ ਮਹਿਸੂਸ ਕਰਨ ਵਾਲੇ ਤੱਥ ਸਾਹਮਣੇ ਆਏ। ਉਸ ਦੇ ਸਕੇ ਸਬੰਧੀਆਂ ਅਤੇ ਪਰਿਵਾਰਕ ਮੈਂਬਰਾਂ ਪਾਸੋਂ ਉਸ ਦੇ ਦੇਸ਼ ਭਗਤ ਹੋਣ ਬਾਰੇ ਸੁਣੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਸਿਰਫ਼ ਸਿੱਖ ਸੰਘਰਸ਼ਾਂ ਸਮੇਂ ਉਸ ਵਲੋਂ ਜੈਤੋ ਦੇ ਸ਼ਹੀਦੀ ਮੋਰਚੇ ਵਿਚ ਪਾਇਆ ਯੋਗਦਾਨ ਹੀ ਸ਼ੇਰ ਸਿੰਘ ਸਿੱਧੂ ਨੂੰ ਕੁਰਬਾਨੀ ਵਾਲੇ ਦੇਸ਼ ਭਗਤਾਂ ਦੀਆਂ ਸਫ਼ਾਂ ਵਿਚ ਖੜ੍ਹਾ ਕਰ ਦਿੰਦਾ ਹੈ।
ਸਿੱਖ ਸੰਘਰਸ਼ ਸਮੇਂ ਦੇ ਇਤਿਹਾਸਕ ਹਵਾਲਿਆਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ੇਰ ਸਿੰਘ ਸਿੱਧੂ ਨੇ ਜੈਤੋ ਮੋਰਚੇ ਦੇ ਛੇਵੇਂ ਜੱਥੇ ਵਿਚ ਕੁਰਬਾਨੀ ਲਈ ਸ਼ਿਰਕਤ ਕੀਤੀ। ਇਸ ਜਥੇ ਦੀ ਅਗਵਾਈ ਸੰਤ ਪ੍ਰੇਮ ਸਿੰਘ ਜੀ ਕੋਕਰੀ ਵਾਲੇ ਅਤੇ ਜਥੇਦਾਰ (ਸੰਤ) ਇੰਦਰ ਸਿੰਘ ਜੀ ਖੋਸਾ ਕੋਟਲਾ ਵਾਲੇ ਕਰ ਰਹੇ ਸਨ। ਇਸ ਜਥੇ ਵਿਚ ਗੁਆਂਢੀ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ ਭਾਈ ਜਵਾਲਾ ਸਿੰਘ ਅਤੇ ਭਾਈ ਬਿਸ਼ਨ ਸਿੰਘ ਵੀ ਸ਼ਾਮਿਲ ਸਨ। ਇਹ ਸ਼ਹੀਦੀ ਜੱਥਾ 9 ਮਈ 1924 ਨੂੰ ਸ੍ਰੀ ਅੰਮ੍ਰਿਤਸਰ ਪਹੁੰਚਿਆ ਅਤੇ 10 ਮਈ 1924 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵਲੋਂ ਅਰਦਾਸ ਕਰਕੇ ਜੱਥੇ ਨੂੰ ਜੈਤੋ ਵੱਲ ਰਵਾਨਾ ਕੀਤਾ ਗਿਆ। ਅੱਜ ਕਲ੍ਹ ਜੈਤੋ ਦੇ ਗੁਰਦੁਆਰਾ ਸਾਹਿਬ ਦਾ ਨਾਮ ਸ਼ਹੀਦਾਂ ਦੀ ਯਾਦ ਵਿਚ ‘ਗੰਗਸਰ ਸਾਹਿਬ’ ਰੱਖਿਆ ਜਾ ਚੁੱਕਾ ਹੈ। ਇਥੇ ਵਰਨਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਸ਼ਹੀਦੀ ਜਥੇ ਦੀ ‘ਚੜ੍ਹਦੀ ਕਲਾ’ ਵਾਸਤੇ ਕੀਤੀ ਗਈ ਅਰਦਾਸ ਵਿਚ ਪੰਜ ਪਿਆਰਿਆਂ ਵਿਚ ਸੰਤ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਵਾਲੇ, ਬਾਬਾ ਨਿਰੰਜਨ ਸਿੰਘ ਜੀ ਸਿਧਵਾਂ ਅਤੇ ਬਾਬਾ ਵਿਸਾਖਾ ਸਿੰਘ ਜੀ ਮਹੇਸਰੀ ਵਾਲੇ ਸ਼ਾਮਿਲ ਸਨ।
19 ਜੂਨ 1924 ਨੂੰ ਇਹ ਛੇਵਾਂ ਸ਼ਹੀਦੀ ਜੱਥਾ ਜੈਤੋ ਪਹੁੰਚਿਆ। ਅੰਗਰੇਜ਼ੀ ਸਰਕਾਰ ਦੀ ਫ਼ੌਜ ਅਤੇ ਪੁਲਿਸ ਨੇ ਇਸ ਜਥੇ ਦਾ ਸਵਾਗਤ ਭਾਰੀ ਲਾਠੀਚਾਰਜ ਅਤੇ ਗੋਲੀਆਂ ਦੀ ਬੌਸ਼ਾਰ ਨਾਲ ਕੀਤਾ, ਜਿਸ ਵਿਚ ਸੱਤ ਸਿੰਘਾਂ ਨੇ ਸ਼ਹੀਦੀ ਪਾਈ ਅਤੇ ਦੂਜੇ ਲਗਪਗ ਸਾਰੇ ਹੀ ਫੱਟੜ ਸਨ, ਉਨ੍ਹਾਂ ਵਿਚੋਂ ਬਹੁਤੇ ਤਾਂ ਗ੍ਰਿਫ਼ਤਾਰ ਕਰ ਲਏ ਗਏ ਜਿਹੜੇ ਬਚ ਗਏ, ਜਥੇਦਾਰਾਂ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਪੁਲਿਸ ਅਤੇ ਫ਼ੌਜ ਨੂੰ ਚਕਮਾ ਦੇ ਕੇ ਨੱਠ ਜਾਣ ਲਈ ਕਿਹਾ ਗਿਆ ਤਾਂ ਕਿ ਉਹ ਤੰਦਰੁਸਤ ਹੋ ਕੇ ਆਉਣ ਵਾਲੇ ਹੋਰ ਸ਼ਹੀਦੀ ਜਥਿਆਂ ਵਿਚ ਹਿੱਸਾ ਲੈ ਸਕਣ। ਫੱਟੜ ਹੋਣ ਵਾਲਿਆਂ ਵਿਚ ਸ਼ੇਰ ਸਿੰਘ ਸਿੱਧੂ ਵੀ ਸ਼ਾਮਿਲ ਸੀ।
ਪਿੰਡ ਦੇ ਬਜ਼ੁਰਗਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ‘ਬੇਰੂ ਅਕਾਲੀ’ ਪਿੰਡ ਪਹੁੰਚਿਆ ਤਾਂ ਉਸ ਦੇ ਸਿਰ, ਬਾਹਾਂ ਅਤੇ ਲੱਤਾਂ ਉਪਰ ਕਾਫੀ ਜ਼ਖ਼ਮ ਸਨ ਅਤੇ ਲੰਮਾ ਸਮਾਂ ਉਹ ਕੋਈ ਕੰਮ ਕਰਨ ਤੋਂ ਵੀ ਅਸਮਰਥ ਰਿਹਾ। ਜੈਤੋ ਦੇ ਮੋਰਚੇ ਦਾ ਅਸਰ ਪੂਰੇ ਭਾਰਤ ਵਰਸ਼ ਵਿਚ ਦੇਸ਼ ਵਿਆਪੀ ਹੋ ਜਾਣ ਕਾਰਨ ਅੰਗਰੇਜ਼ੀ ਸਰਕਾਰ ਨੂੰ ਸਿੱਖਾਂ ਦੀਆਂ ਮੰਗਾਂ ਅੱਗੇ ਝੁਕਣਾ ਪਿਆ। ਮੋਰਚਾ ਤਾਂ ਖ਼ਤਮ ਹੋ ਗਿਆ ਪਰੰਤੂ ਸ਼ੇਰ ਸਿੰਘ ਸਿੱਧੂ ਦੇ ਜ਼ਖ਼ਮ ਉਸ ਦੇ ਆਖ਼ਰੀ ਸਵਾਸਾਂ ਤਕ ਦਰਦ ਕਰਦੇ ਰਹੇ। ਜਨੇਰ ਸਕੂਲ ਦੀ ਇਮਾਰਤ ਦੀ ਉਸਾਰੀ ਸਮੇਂ ਸੱਠ ਸਾਲ ਤੋਂ ਵਧ ਉਮਰ ਵਾਲੇ ਪਿੰਡ ਵਾਸੀ ਅਕਸਰ ਹੀ ਉਸ ਨੂੰ ਸੰਤ ਵਿਸਾਖਾ ਸਿੰਘ ਜੀ ਹੋਰਾਂ ਨਾਲ ਜੈਤੋ ਦੇ ਮੋਰਚੇ ਦੀਆਂ ਯਾਦਾਂ ਤਾਜ਼ਾ ਕਰਦੇ ਸੁਣਿਆ ਕਰਦੇ ਸਨ।
ਹੱਟੀ ਵਾਲਾ ਉਜਾਗਰ ਸਿੰਘ ਕਲਿਆਣਾ
ਸਮੇਂ ਦੀ ਤਬਦੀਲੀ ਅਨੁਸਾਰ ਲੋਕਾਂ ਦੀ ਨਿਤ ਪ੍ਰਤੀ ਜ਼ਿੰਦਗੀ ਲਈ ਲੋੜੀਂਦੇ ਸਾਜੋ ਸਮਾਨ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਪੂਰਤੀ ਦੇ ਮੱਦੇਨਜ਼ਰ ਬੇਸ਼ਕ ਅਜੋਕੇ ਸਮੇਂ ਵਿਚ ਪਿੰਡ ਵਿਚ ਕਈ ਹੱਟੀਆਂ ਵੀ ਦੁਕਾਨਾਂ ਦਾ ਰੂਪ ਧਾਰਨ ਕਰ ਗਈਆਂ ਹਨ। ਪਰੰਤੂ ਪਾਕਿਸਤਾਨ ਬਣਨ ਤੋਂ ਕੁਝ ਵਰ੍ਹੇ ਪਹਿਲਾਂ ਅਤੇ ਬਾਅਦ ਦੇ ਸਮੇਂ ਵਿਚ ਪੰਜਵੀਂ ਪੱਤੀ ਵਾਲੇ ਉਜਾਗਰ ਸਿੰਘ ਕਲਿਆਣੇ ਦੀ ਹੱਟੀ ਦਾ ਆਪਣਾ ਹੀ ਸਥਾਨ ਸੀ।
ਉਜਾਗਰ ਸਿੰਘ ਦੀ ਹੱਟੀ ਇਸ ਕਰਕੇ ਮਸ਼ਹੂਰ ਨਹੀਂ ਸੀ ਕਿ ਉਹ ਕਿਸੇ ਖੁਲ੍ਹੇ ਡੁਲ੍ਹੇ ਥਾਂ ‘ਤੇ ਸਥਿਤ ਸੀ ਜਾਂ ਉਸ ਵਿਚ ਅਜੋਕੀਆਂ ਦੁਕਾਨਾਂ ਵਾਂਗ ਕਾਫੀ ਸ਼ੈਲਫ ਬਣੇ ਹੋਏ ਸਨ ਜਾਂ ਵੱਡਾ ਕਾਊਂਟਰ ਸੀ। ਉਸ ਦੀ ਹੱਟੀ ਇਸ ਕਰਕੇ ਮਸ਼ਹੂਰ ਸੀ ਕਿ ਉਥੋਂ ਰੋਜ਼ਾਨਾ ਜ਼ਿੰਦਗੀ ਦੀਆਂ ਲੋੜੀਂਦੀਆਂ ਵਸਤਾਂ ਗੁੜ, ਚਾਹ, ਸਾਬਣ, ਦਾਲਾਂ ਅਤੇ ਘਿਉ ਆਦਿ ਤੋਂ ਬਿਨਾਂ ਮਨਿਆਰੀ ਦਾ ਛੋਟਾ-ਮੋਟਾ ਸਮਾਨ ਵੀ ਮਿਲ ਜਾਂਦਾ ਸੀ। ਖ਼ਾਸ ਕਰਕੇ ਕੁੜੀਆਂ-ਚਿੜੀਆਂ ਦੇ ਕਢ-ਕਢਾਈ ਦਾ ਸਮਾਨ ਜਿਵੇਂ ਸੂਈਆਂ, ਧਾਗੇ, ਕਰੋਸ਼ੀਏ, ਉਨ ਅਤੇ ਬਟਨ ਆਦਿ ਮਿਲ ਜਾਂਦੇ ਅਤੇ ਉਨ੍ਹਾਂ ਨੂੰ ਸ਼ਹਿਰ ਨਾ ਜਾਣਾ ਪੈਂਦਾ। ਸਕੂਲ ਜਾਣ ਵਾਲੇ ਬੱਚਿਆਂ ਲਈ ਉਹ ਕਾਪੀਆਂ, ਪੈਨਸਲਾਂ, ਸਿਆਹੀ, ਪਿੰਨ, ਨਿਬਾਂ ਅਤੇ ਹੋਰ ਛੋਟਾ-ਮੋਟਾ ਸਮਾਨ ਉਚੇਚੇ ਤੌਰ ‘ਤੇ ਹੱਟੀ ਵਿਚ ਰਖਦਾ। ਉਸ ਨੂੰ ਥੋੜ੍ਹਾ ਬਹੁਤ ਦਵਾ-ਦਾਰੂ ਦਾ ਵੀ ਗਿਆਨ ਸੀ। ਪੇਟ ਦਰਦ, ਸਿਰ ਦਰਦ, ਮਾਮੂਲੀ ਬੁਖਾਰ ਜਾਂ ਛੋਟੇ- ਮੋਟੇ ਜ਼ਖ਼ਮਾਂ ਦੀ ਦਵਾਈ ਵੀ ਉਹ ਦੇ ਦਿੰਦਾ। ਉਨ੍ਹਾਂ ਦਿਨਾਂ ਵਿਚ ਗਰਮੀਆਂ ਰੁੱਤੇ ਅੱਖਾਂ ਦੁਖਣੀਆਂ ਆਮ ਜਿਹਾ ਰੋਗ ਸੀ। ਪਿੰਡ ਦੀਆਂ ਔਰਤਾਂ ਆਮ ਹੀ ਬੱਚਿਆਂ ਨੂੰ ਅੱਖਾਂ ਦੁਖਣ ਸਮੇਂ ਆਖਦੀਆਂ, “ਜਾਹ ਜਾ ਕੇ, ਜਾਗਰ ਸਿਉਂ ਤੋਂ ਦਵਾਈ ਪੁਆ ਲੈ, ਠੀਕ ਹੋਜੇਂਗਾ।” ਉਹ ਹਰੇ ਜਾਂ ਲਾਲ ਰੰਗ ਦੀ ਦਵਾਈ ਅੱਖਾਂ ਵਿਚ ਪਾ ਦਿੰਦਾ ਅਤੇ ਕੋਈ ਪੈਸਾ। ਵੀ ਨਾ ਲੈਂਦਾ। ਜਾਂ ਤਾਂ ਉਸ ਸਮੇਂ ਦੀਆਂ ਦਵਾਈਆਂ ਵਿਚ ਮਿਲਾਵਟ ਨਹੀਂ ਸੀ ਜਾਂ ਫੇਰ ਅੱਖ ਦੀਆਂ ਬਿਮਾਰੀਆਂ ਦੇ ਕੀਟਾਣੂ ਸ਼ਕਤੀਸ਼ਾਲੀ ਨਹੀਂ ਸਨ, ਦੋ ਚਾਰ ਵਾਰ ਦਵਾਈ ਪਾਉਣ ਨਾਲ ਹੀ ਅੱਖਾਂ ਠੀਕ ਹੋ ਜਾਇਆ ਕਰਦੀਆਂ ਸਨ।
ਕਲਿਆਣਾ ਗੋਤ ਨਾਲ ਸਬੰਧਤ ਭਾਈ ਜੈਤਾ ਤੋਂ ਜੀਵਨ ਸਿੰਘ ਰੰਗਰੇਟਾ ਬਣੇ ਗੌਰਵਮਈ ਇਤਿਹਾਸ ਵਾਲੇ ਖ਼ਾਨਦਾਨ ਨਾਲ ਸਬੰਧਤ ਉਜਾਗਰ ਸਿੰਘ ਕਲਿਆਣਾ ਦੀ ਰਹਿਣੀ-ਬਹਿਣੀ ਅਤੇ ਬੋਲ-ਚਾਲ ਗੁਰਸਿੱਖਾਂ ਵਾਲਾ ਸੀ । ਸ਼ਾਂਤ ਸੁਭਾ ਦਾ ਹੋਣ ਕਰਕੇ ਉਜਾਗਰ ਸਿੰਘ ਘਟ ਵਧ ਹੀ ਕਿਸੇ ਨਾਲ ਉਚਾ ਬੋਲਦਾ ਜਾਂ ਲੜਦਾ-ਝਗੜਦਾ ਨਜ਼ਰ ਆਉਂਦਾ। ਉਸ ਦੇ ਪੂਰਾ ਹੋ ਜਾਣ ਨਾਲ ਉਸ ਦੀ ਰੌਣਕ ਵਾਲੀ ਹੱਟੀ ਵੀ ‘ਪੂਰੀ’ ਗਈ।
ਸਪੀਕਰ ਵਾਲਾ ਨੌਹਰੀ ਸਿੰਘ ਹਾਂਸ
ਕਈ ਇਨਸਾਨ ਆਪਣੇ ਰੁਜ਼ਗਾਰੀ ਧੰਦੇ ਰਾਹੀਂ ਇਤਿਹਾਸ ਅਤੇ ਸਮਾਜ ਵਿਚ ਅਜਿਹੀਆਂ ਅਮਿੱਟ ਪੈੜਾਂ ਛੱਡ ਜਾਂਦੇ ਹਨ ਜਿਨ੍ਹਾਂ ਕਰਕੇ ਰੋਟੀ ਰੋਜ਼ੀ ਦਾ ਵਸੀਲਾ ਉਨ੍ਹਾਂ ਦੇ ਨਾਮ ਨਾਲ ਪੱਕਾ ਹੀ ਜੁੜ ਜਾਂਦਾ ਹੈ। ਲਾਊਡ ਸਪੀਕਰ ਵਜਾਅ ਕੇ ਪਿੰਡ ਵਾਸੀਆਂ ਦਾ ਮਨੋਰੰਜਨ ਕਰਨ ਵਾਲੇ ਛੋਟੇ ਜਿਹੇ ਕਾਰੋਬਾਰ ਰਾਹੀਂ ਪਰਿਵਾਰ ਪਾਲਣ ਵਾਲੇ ਹਾਸਾਂ ਦੇ ਨੌਹਰੀ ਸਿੰਘ ਨੇ 50 ਸਾਲ ਤੋਂ ਵੀ ਵੱਧ ਸਮਾਂ ਇਹ ਧੰਦਾ ਬਾਖ਼ੂਬੀ ਨਾਲ ਕੀਤਾ। ਉਸ ਦੇ ਸਪੀਕਰ ਵਾਲਾ ਨੌਹਰੀ ਸਿੰਘ ਬਣਨ ਤੋਂ ਪਹਿਲਾਂ ਪਿੰਡ ਦੇ ਲੋਕ ਖ਼ੁਸ਼ੀ ਦੇ ਸਮੇਂ ਮੋਗਾ। ਸ਼ਹਿਰ ਤੋਂ ਹਰਨਾਮ ਸਿੰਘ ਜਾਂ ਗੋਕਲ ਸਿੰਘ ਦਾ ਲਾਊਡ ਸਪੀਕਰ ਲਿਆ ਕੇ ਆਪਣਾ ਮਨੋਰੰਜਨ ਕਰਦੇ ਸਨ। ਪਿੰਡ ਵਾਸੀਆਂ ਦੀ ਮਨੋਰੰਜਨ ਵਾਲੀ ਸਟੇਜ ਉਪਰ ਛਾ ਜਾਣ ਬਾਅਦ ਕੁਝ ਹੋਰ ਨੌਜੁਆਨਾਂ ਨੇ ਵੀ ਇਹ ਕਾਰੋਬਾਰ ਆਰੰਭਿਆ ਪਰੰਤੂ ਕੋਈ ਨੌਹਰੀ ਸਿੰਘ ਨਾ ਬਣ ਸਕਿਆ।
ਇਸ ਛੋਟੇ ਜਿਹੇ ਕਮਾਈ ਦੇ ਸਾਧਨ ਦੀ ਕਾਮਯਾਬੀ ਦਾ ਰਾਜ਼ ਉਸ ਦਾ ਮਿੱਠਬੋਲੜਾ ਸੁਭਾ ਅਤੇ ਸਹਿਨਸ਼ੀਲਤਾ ਸੀ। ਨੌਹਰੀ ਸਿੰਘ ਸਮੇਂ ਅਤੇ ਸਥਿਤੀ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ। ਖ਼ੁਸ਼ੀ ਦੇ ਸਮੇਂ ਜੇਕਰ ਕੋਈ ਨੌਜੁਆਨ ਜਾਂ ਉਧੇੜ ਉਮਰ ਵਾਲਾ ਪੀਲੇ ਜਿਹੇ ਮੂਡ ਵਿਚ ਹੋ ਕੇ ਕਿਸੇ ਖਾਸ ਗੀਤ ਦੀ ਫ਼ਰਮਾਇਸ਼ ਕਰਦਾ ਅਤੇ ਧੌਂਸ ਵੀ ਦਿੰਦਾ ਤਾਂ ਉਸ ਦਾ ਘੜਿਆ ਘੜਾਇਆ ਜਵਾਬ ਇਹ ਹੀ ਹੁੰਦਾ, “ਬਸ ਛੋਟੇ ਭਾਈ ਹੁਣੇ ਲਗਾ ਦਿੰਦੇ ਹਾਂ” ਜਾਂ ਫੇਰ “ਚਾਚਾ ਫ਼ਿਕਰ ਨਾ ਕਰ ਅਗਲਾ ਤਵਾ ਤੇਰੀ ਫਰਮਾਇਸ਼ ਦਾ ਹੀ ਲਾਵਾਂਗੇ।” ਪਿੰਡ ਦੀਆਂ ਔਰਤਾਂ ਅਤੇ ਵਿਆਹ ਵਿਚ ਆਈਆਂ ਮੇਲਣਾਂ ਦੀਆਂ ਜੇਬਾਂ ਵਿਚੋਂ ਪੈਸੇ ਕਢਵਾਉਣ ਦੀ ਉਸ ਨੂੰ ਜਾਂਚ ਸੀ। ਹਲੀਮੀ ਉਸ ਦਾ ਵੱਡਾ ਹਥਿਆਰ ਸੀ, ਖ਼ੁਸ਼ੀ ਮੌਕੇ ਉਹ ਕਿਸੇ ਪੀਤੀ ਖਾਧੀ ਵਾਲੇ ਨਾਲ ਉਲਝਣ ਦੀ ਬਜਾਏ ਪਾਸਾ ਵੱਟ ਜਾਂਦਾ। ਜੇਕਰ ਕੋਈ ਇਸ ਬਾਰੇ ਪੁੱਛਦਾ ਤਾਂ ਉਹ ਆਖਦਾ, “ਆਪਾਂ ਕੀ ਲੈਣਾ ਹੈ, ਹੋਰ ਦਸਾਂ ਮਿੰਟਾਂ ਤਕ ਇਸ ਨੇ ਕਿਸੇ ਹੋਰ ਨਾਲ ਪੰਗਾ ਲੈ ਹੀ ਲੈਣਾ ਹੈ, ਰੌਲਾ ਰੱਪਾ ਪੈ ਗਿਆ ਤਾਂ ਘਰ ਵਾਲਿਆਂ ਨੇ ਸਪੀਕਰ ਬੰਦ ਕਰਵਾ ਦੇਣਾ ਤੇ ਆਪਾਂ ਜਾ ਕੇ ਆਰਾਮ ਨਾਲ ਸਵਾਂਗੇ।” ਨੌਹਰੀ ਸਿੰਘ ਧਾਰਮਿਕ ਵੀ ਸੀ। ਪਿੰਡ ਵਿਚ ਕਿਸੇ ਪਰਿਵਾਰ ਦੇ ਘਰ ਆਖੇਡ ਪਾਠ ਪ੍ਰਕਾਸ਼ ਹੁੰਦਾ, ਸਹਿਜ ਪਾਠ, ਲੜਕੀ ਦੇ ਆਨੰਦ ਕਾਰਜ ਦੀਆਂ ਰਸਮਾਂ ਜਾਂ ਕਿਸੇ ਬਜ਼ੁਰਗ ਦੀ ਅੰਤਿਮ ਅਰਦਾਸ ਉਹ ਨਹਾ ਧੋ ਕੇ ਸਫੈਦ ਕੱਪੜੇ ਪਹਿਨ ਅਤੇ ਸਫੇਦ ਪਗੜੀ ਬੰਨ੍ਹ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠਾ ਨਜ਼ਰ ਆਉਂਦਾ। ਉਹ ਪਿੰਡ ਦੇ ਬਜ਼ੁਰਗਾਂ ਵਿਚ ਵੀ ਹਰਮਨ ਪਿਆਰਾ ਸੀ, ਜਦੋਂ ਕਿਸੇ ਪਰਿਵਾਰ ਵਿਚ ਕਿਸੇ ਧਾਰਮਿਕ ਸਮਾਗਮ ਦੇ ਸਬੰਧ ਵਿਚ ਰਾਇ ਮਸ਼ਵਰਾ ਹੁੰਦਾ ਤਾਂ ਦੂਰ ਬੈਠਾ ਬਜ਼ੁਰਗ ਆਖਦਾ, “ਓ ਬਈ ਸਪੀਕਰ ਵਾਸਤੇ ਨੌਹਰੀ ਨੂੰ ਆਖ ਦਿਉ, ਸਿਆਣਾ ਬੰਦਾ ਐ, ਐਵੇਂ ਨਾ ਸ਼ਹਿਰੋਂ ਕਿਸੇ ਮੰਡੀਰ ਨੂੰ ਸੱਦ ਲਿਉ, ਉਨ੍ਹਾਂ ਦਾ ਤਾਂ ਇਕ ਹੱਥ ਸਿਰ ‘ਤੇ ਰੱਖੀ ਰੁਮਾਲੜੀ ਜਿਹੀ ਨੂੰ ਹੀ ਰਹਿੰਦਾ ਐ।” ਸਮੇਂ ਦੀ ਤਬਦੀਲੀ ਨਾਲ ਬੇਸ਼ਕ ਡੀ.ਜੇ., ਸਭਿਆਚਾਰਕ ਗਰੁਪ ਅਤੇ ਮਨੋਰੰਜਨ ਦੇ ਕਈ ਹੋਰ ਨਵੀਨਤਮ ਸਾਧਨ ਵੀ ਹੋਂਦ ਵਿਚ ਆਏ ਪਰੰਤੂ ਨੌਹਰੀ ਸਿੰਘ ਹਾਂਸ ਦੇ ਸਪੀਕਰ ਦੀ ਮੰਗ ਪਹਿਲਾਂ ਵਾਂਗ ਹੀ ਉਸ ਜ਼ਿੰਦਗੀ ਦੇ ਆਖ਼ਰੀ ਸਮੇਂ 2010 ਈਸਵੀ ਤਕ ਰਹੀ।
ਮਹਿੰਦੀ ਸ਼ਾਹ ਝਾਣਾ ਜਾਂ ਮੁਹਾਣਾ
ਫ਼ਜ਼ਲ ਸ਼ਾਹ ਦੇ ਸਭ ਤੋਂ ਵੱਡੇ ਪੋਤਰੇ ਅਤੇ ਰਹਿਮਤ ਉਲ ਤੁਲੇ ਸ਼ਾਹ ਦੇ ਸਭ ਤੋਂ ਵੱਡੇ ਪੁੱਤਰ ਮਹਿੰਦੀ ਸ਼ਾਹ ਦੀ ਜ਼ਿੰਦਗੀ ਨੂੰ ਅਸੀਂ ਦੋ ਹਿੱਸਿਆਂ ਵਿਚ ਵੰਡ ਸਕਦੇ ਹਾਂ। ਜ਼ਿੰਦਗੀ ਦਾ ਪਹਿਲਾ ਪੱਖ ਉਹ ਹੈ ਜਦੋਂ ਪਾਕਿਸਤਾਨ ਤੋਂ ਉਜੜ ਕੇ ਆਉਣ ਬਾਅਦ ਪਰਿਵਾਰ ਦੀ ਰੋਟੀ ਰੋਜ਼ੀ ਕਮਾਉਣ ਲਈ ਉਸ ਨੂੰ ਛੋਟੀ ਉਮਰ ਵਿਚ ਹੀ ਮਿਹਨਤ ਮੁਸ਼ਕਤ ਵਾਲੇ ਕੰਮ ਜਿਵੇਂ ਜੱਟਾਂ ਨਾਲ ਸੀਰ ਲੈਣ ਅਤੇ ਦਿਹਾੜੀ ਦੱਪਾ ਕਰਨਾ ਪਿਆ। ਉਸ ਦੀ ਜ਼ਿੰਦਗੀ ਦਾ ਦੂਜਾ ਪੱਖ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਸ ਨੂੰ ਪਰਿਵਾਰਕ ਵਿਰਸੇ ਵਿਚੋਂ ਮਿਲੀ ਸੂਫ਼ੀਆਨਾ ਜੀਵਨ ਉਸ ’ਤੇ ਭਾਰੂ ਹੋ ਗਈ ਅਤੇ ਉਸ ਨੇ ਸਾਧਗਿਰੀ ਜੀਵਨ ਸ਼ੈਲੀ ਅਪਣਾ ਲਈ।
ਛੋਟੇ ਜਿਹੇ ਕੱਦ ਕਾਠ ਵਾਲਾ ਮਹਿੰਦੀ ਸ਼ਾਹ ਆਪਣੇ ਸਮੇਂ ਦਾ ਪ੍ਰਸਿੱਧ ਕਿਸਾਨ ਮਜ਼ਦੂਰ ਹੋਇਆ ਹੈ। ਹਲ ਵਾਹੁਣ ਸਮੇਂ ਬੇਸ਼ਕ ਵੱਡੀ ਡੀਲ ਡੌਲ ਅਤੇ ਬਲਦਾਂ ਪਿੱਛੇ ਦਿਖਾਈ ਨਹੀਂ ਸੀ ਦਿੰਦਾ ਪਰੰਤੂ ਮਜ਼ਾਲ ਹੈ ਕਿ ਵਹਾਈ, ਬਿਜਾਈ ਸਮੇਂ ਕੋਈ ਸਿਆੜ ਵਿੰਗਾ ਟੇਡਾ ਜਾਂ ਉਚਾ ਨੀਚਾ ਹੋ ਜਾਵੇ । ਬਲਦਾਂ ਨੂੰ ਕੁੱਟਣ ਮਾਰਨ ਦੀ ਬਜਾਏ ਪਿਆਰ ਨਾਲ ਹੋਕਰੇ ਮਾਰ ਕੇ ਉਨ੍ਹਾਂ ਨੂੰ ਲੋੜੀਂਦੀ ਚਾਲ ਲਈ ਚੇਤਨ ਕਰ ਦੇਣਾ ਉਸਦੇ ਪੇਸ਼ਾਵਰ ਹਾਲੀ ਹੋਣ ਦਾ ਸਬੂਤ ਸੀ। ਗੱਡੇ ਉਪਰ ਕਣਕ, ਛੋਲੇ ਅਤੇ ਹੋਰ ਫ਼ਸਲਾਂ ਦੇ ਲਾਂਗੇ ਦੀ ਲਦਾਈ ਦਾ ਤਾਂ ਉਹ ਮਾਹਿਰ ਸੀ। ਹਲ ਨਾਲ ਫਸਲ ਦੀ ਬਿਜਾਈ ਕਰਨ ਸਮੇਂ ਉਸ ਨੂੰ ਸਿਰਫ਼ ਇਕ ਵਾਰ ਬੀਜ ਤੋਲ ਕੇ ਦੇਣ ਦੀ ਜ਼ਰੂਰਤ ਸੀ ਮਜ਼ਾਲ ਹੈ ਕਿ ਵਧ ਘਟ ਬੀਜ ਪੈ ਜਾਵੇ। ਕੰਮ ਕਰਦੇ ਸਮੇਂ ਥਕੇਵਾਂ ਤਾਂ ਉਸਦੇ ਨੇੜੇ ਹੀ ਨਹੀਂ ਸੀ ਜਾਂਦਾ ਸ਼ਾਇਦ ਇਸੇ ਕਰਕੇ ਉਸ ਬਾਰੇ ਸਾਰੇ ਆਖਿਆ ਕਰਦੇ ਸਨ, “ਇਹ ਛੋਟਾ ਜਿਹਾ ਬੰਦਾ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਹੈ ਥਕਦਾ ਹੀ ਨਹੀਂ।”
ਮਹਿੰਦੀ ਸ਼ਾਹ ਦੀ ਜ਼ਿੰਦਗੀ ਦਾ ਦੂਜਾ ਪੱਖ ਉਸ ਦੀ ਸੂਫ਼ੀਆਨਾ ਜ਼ਿੰਦਗੀ ਦਾ ਤੌਰ ਤਰੀਕਾ ਹੈ। ਉਸ ਦੇ ਭਰਾਵਾਂ ਦੇ ਵਿਆਹੇ ਜਾਣ ਅਤੇ ਲੜਕਿਆਂ ਦੇ ਜਵਾਨ ਹੁੰਦਿਆਂ ਹੀ ਉਸ ਨੇ ਸੂਫ਼ੀ ਵਿਚਾਰਧਾਰਾ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਜਿਸ ਦਾ ਉਸ ਦੇ ਦਿਲ ਦਿਮਾਗ਼ ਉਪਰ ਡੂੰਘਾ ਅਸਰ ਹੋਇਆ। ਉਸ ਨੇ ਸੂਫ਼ੀਆਨਾ ਰੰਗ ਵਾਲਾ ਹਰਾ ਚੋਲਾ ਪਹਿਨ ਕੇ ਝਾਣੇ ਜਾਂ ਮੁਹਾਣੇ ਖ਼ਾਨਦਾਨ ਵਾਲੀ ਖ਼ਾਨਦਾਨੀ ਤਸਵੀ ਗਲੇ ਵਿਚ ਪਾ ਲਈ ਅਤੇ ਇਲਾਕੇ ਦੇ ਪਿੰਡਾਂ ਵਿਚ ‘ਸੂਫ਼ੀਆਨਾ ਫੇਰੀ’ ਪਾਉਣੀ ਸ਼ੁਰੂ ਕਰ ਦਿੱਤੀ। ਉਹ ਅੱਜ ਕਲ੍ਹ ਦੇ ਮੰਗਤਿਆਂ ਵਾਂਗ ਲਾਲਚੀ ਨਹੀਂ ਸੀ ਅਤੇ ਨਾ ਹੀ ਉਹ ਕਿਸੇ ‘ਖ਼ਾਸ ਦਾਨ’ ਦੀ ਮੰਗ ਕਰਦਾ ਸਗੋਂ ਤੁਰਦਾ-ਫਿਰਦਾ, ਗੱਲਾਂ ਕਰਦਾ ਅਤੇ ਲੋਕਾਂ ਵਿਚ ਵਿਚਰਦਾ ਹੋਇਆ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਰਜੋਈਆਂ ਕਰਦਾ। ਅਚਾਨਕ ਇਕ ਦਿਨ ਮਾਮੂਲੀ ਜਿਹੀ ਬਿਮਾਰੀ ਨਾਲ ਹੀ ਉਹ ਖ਼ੁਦਾ ਦੀਆਂ ਗੱਲਾਂ ਕਰਦਾ ਖ਼ੁਦ ਹੀ ਖ਼ੁਦਾ ਪਾਸ ਪਹੁੰਚ ਗਿਆ। ਉਸ ਦੇ ਗਲੇ ਦੀ ਖ਼ਾਨਦਾਨੀ ਤਸਵੀ ਦੀ ਫ਼ੋਟੋ ਅਤੇ ਤਸਵੀ ਦੇ ਮਣਕਿਆਂ ਬਾਰੇ ਜਾਣਕਾਰੀ ਇਸ ਪੁਸਤਕ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਕੀਤੀ ਗਈ ਹੈ।
ਮਾਹਿਰ ਖੇਤ ਮਜ਼ਦੂਰ ਸੇਵਕ ਸਿੰਘ ਭੱਟੀ
‘ਉਤਮ ਖੇਤੀ, ਮਧਮ ਵਪਾਰ ਅਤੇ ਨਖਿੱਧ ਚਾਕਰੀ’ ਦੇ ਕਥਨ ਅਨੁਸਾਰ ਜਿਸ ਤਰ੍ਹਾਂ ਸਮੇਂ ਗੁਰੂਆਂ ਪੀਰਾਂ ਨੇ ਖੇਤੀ ਦੇ ਧੰਦੇ ਨੂੰ ਵਪਾਰ ਅਤੇ ਨੌਕਰੀ ਪੇਸ਼ੇ ਤੋਂ ਉਪਰ ਦਾ ਧੰਦਾ ਹੋਣ ਦਾ ਮਾਣ ਬਖ਼ਸ਼ਿਆ ਹੈ ਇਸੇ ਤਰ੍ਹਾਂ ਖੇਤੀ ਦੇ ਕੰਮ ਨਾਲ ਸਬੰਧਤ ਖੇਤ ਮਜ਼ਦੂਰ ਨੂੰ ਵੀ ਜੁਗਾਂ ਜੁਗਾਂਤਰਾਂ ਤੋਂ ਹੀ ਸਾਡੇ ਖੇਤੀ ਪ੍ਰਧਾਨ ਦੇਸ਼ ਵਿਚ ਉੱਚਾ ਦਰਜਾ ਮਿਲਦਾ ਰਿਹਾ ਹੈ। ਕਿਸੇ ਸਮੇਂ ਖੇਤ ਮਜ਼ਦੂਰ ਦੇ ਕੰਮਾਂ ਵਿਚ ਵੀ ਕਾਫੀ ਤਬਦੀਲੀਆਂ ਆਈਆਂ। ਖੇਤੀਬਾੜੀ ਨਾਲ ਸਬੰਧਤ ਜਿਥੇ ਆਧੁਨਿਕ ਸੰਦਾਂ ਵਿਚ ਵਾਧਾ ਹੋਇਆ ਉਥੇ ਖਾਦ, ਕੀੜੇਮਾਰ ਦਵਾਈਆਂ, ਨਦੀਨ ਨਾਸ਼ਕ ਦਵਾਈਆਂ ਅਤੇ ਫ਼ਸਲਾਂ ਦਾ ਝਾੜ ਵਧਾਉਣ ਵਾਲੇ ਟੌਨਿਕਾਂ ਦੀ ਵਰਤੋਂ ਵਿਚ ਵੀ ਬੇਤਿਹਾਸ਼ਾ ਵਾਧਾ ਹੋਇਆ। ਇਨ੍ਹਾਂ ਰਸਾਇਣ ਪਦਾਰਥਾਂ ਦੀ ਵਰਤੋਂ ਕਾਰਨ ਖੇਤ ਮਜ਼ਦੂਰ ਦਾ ਕੰਮ ਹੋਰ ਵੀ ਜੋਖੋਂ ਭਰਿਆ ਅਤੇ ਸੁਚਾਰੂ ਢੰਗ ਨਾਲ ਕਰਨ ਵਾਲਾ ਹੋ ਗਿਆ। ਨਵੀਂ ਪੀੜ੍ਹੀ ਦੇ ਨੌਜੁਆਨ ਤਾਂ ਉਂਝ ਹੀ ਖੇਤ ਮਜ਼ਦੂਰ ਦੇ ਕੰਮ ਤੋਂ ਕੰਨੀ ਕਤਰਾਉਣ ਲੱਗ ਪਏ। ਆਖ਼ਰ ਢਲਦੀ ਉਮਰ ਦੇ ਖੇਤ ਮਜ਼ਦੂਰਾਂ ਨੂੰ ਹੀ ਇਹ ਜੋਖ਼ਮ ਉਠਾਉਣਾ ਪਿਆ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਪਿੰਡ ਵਿਚ ਕੁਝ ਪਰਵਾਸੀ ਮਜ਼ਦੂਰਾਂ ਸਮੇਤ ਪੰਜਵੀਂ ਪੱਤੀ ਦੇ ਕਈ ਖੇਤ ਮਜ਼ਦੂਰ ਖੇਤੀ ਦੇ ਨਵੀਨੀਕਰਨ ਦੀ ਮਜ਼ਦੂਰੀ ਦਾ ਸਲਾਹੁਣਯੋਗ ਕੰਮ ਕਰ ਰਹੇ ਹਨ, ਪਰੰਤੂ ਨਿਰਸੰਦੇਹ ਸੇਵਕ ਸਿੰਘ ਭੱਟੀ ਪਿੰਡ ਵਿਚ ਅਜੋਕੇ ਸਮੇਂ ਦਾ ਮਾਹਿਰ ਖੇਤ ਮਜ਼ਦੂਰ ਵਜੋਂ ਜਾਣਿਆ ਜਾਂਦਾ ਹੈ। ਖੇਤਾਂ ਵਿਚ ਖਾਦ ਖਿਲਾਰਨ ਦਾ ਕੰਮ ਹੋਵੇ ਜਾਂ ਕਿਸੇ ਕਿਸਮ ਦੀ ਸਪਰੇਅ ਕਰਨ ਦਾ, ਬਿਜਾਈ ਸਮੇਂ ਬੀਜ ਦੀ ਸੁਧਾਈ ਦਾ, ਕੰਬਾਈਨ ਦੀ ਕਟਾਈ ਸਮੇਂ ਰਸਤੇ ਆਦਿ ਬਣਾਉਣ ਦਾ, ਮਜ਼ਾਲ ਹੈ ਇਸ ਤਜਰਬੇਕਾਰ ਮਜ਼ਦੂਰ ਪਾਸੋਂ ਕੋਈ ਗ਼ਲਤੀ ਹੋ ਜਾਵੇ। ਸੇਵਕ ਸਿੰਘ ਉਂਝ ਵੀ ਠੰਡੇ ਅਤੇ ਸਾਊ ਸੁਭਾ ਦਾ ਮਾਲਿਕ ਹੈ। ਕੰਮ ਲਈ ਜਲਦੀ ਆਉਣਾ ਪਵੇ ਜਾਂ ਫੇਰ ਕੰਮ ਕਰਦਿਆਂ ਹਨ੍ਹੇਰਾ ਹੋ ਜਾਵੇ ਉਹ ਇਨ੍ਹਾਂ ਗੱਲਾਂ ਦੀ ਪਰਵਾਹ ਨਹੀਂ। ਕਰਦਾ। ਪਿੰਡ ਦੇ ਹਰ ਇਕ ਕਿਸਾਨ ਦੀ ਹਮੇਸ਼ਾ ਇਹ ਚਾਹਣਾ ਹੁੰਦੀ ਹੈ ਕਿ ਸੇਵਕ ਸਿੰਘ ਭੱਟੀ ਮੇਰੇ ਖੇਤ ਵਿਚ ਕੰਮ ਕਰੇ।
ਪੰਜਵੀਂ ਪੱਤੀ ਦਾ ਪਹਿਲਾ ਸਰਪੰਚ ਚਰਨ ਸਿੰਘ ਧਾਲੀਵਾਲ
ਡੋਗਰ ਦਾਸ ਧਾਲੀਵਾਲ ਦੀ ਅੰਸ਼ ਵਿਚੋਂ ਜੋਗੀ ਸਿੰਘ ਧਾਲੀਵਾਲ ਦੇ ਲੜਕੇ ਚਰਨ ਸਿੰਘ ਨੂੰ ਪੰਜਵੀਂ ਪੱਤੀ ਵਿਚੋਂ ਪਿੰਡ ਦਾ ਪਹਿਲਾ ਸਰਪੰਚ ਬਣਨ ਦਾ ਮਾਣ ਪ੍ਰਾਪਤ ਹੋਇਆ। 2003 ਈਸਵੀ ਦੀਆਂ ਪੰਚਾਇਤ ਦੀਆਂ ਚੋਣਾਂ ਸਮੇਂ ਪਿੰਡ ਦੀ ਸਰਪੰਚੀ ਦੀ ਸੀਟ ਦਲਿਤ ਭਾਈਚਾਰੇ ਵਾਸਤੇ ਰਾਖਵੀਂ ਹੋ ਗਈ। ਚੋਣਾਂ ਦੇ ਫਸਵੇਂ ਮੁਕਾਬਲੇ ਵਿਚ ਚਰਨ ਸਿੰਘ ਧਾਲੀਵਾਲ ਨੇ ਬਚਨ ਸਿੰਘ ਹਾਂਸ ਦੇ ਲੜਕੇ ਅਮਰਜੀਤ ਸਿੰਘ ਹਾਂਸ ਨੂੰ ਸਿੱਧੇ ਮੁਕਾਬਲੇ ਵਿਚ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸਰਪੰਚੀ ਦਾ ਚਾਰਜ ਉਸ ਨੇ ਸਿੱਧੂ ਪੱਤੀ ਵਾਲੇ ਮੁਕੰਦ ਸਿੰਘ ਸਿੱਧੂ ਪਾਸੋਂ ਲਿਆ।
ਚਰਨ ਸਿੰਘ ਧਾਲੀਵਾਲ ਦੇ ਸਰਪੰਚੀ ਕਾਰਜ ਕਾਲ, 2003 ਤੋਂ 2008 ਈਸਵੀ ਸਮੇਂ ਪਿੰਡ ਵਿਚ ਕਾਫੀ ਵਿਕਾਸਕਾਰੀ ਕੰਮ ਹੋਏ। ਜਿਨ੍ਹਾਂ ਵਿਚ ਜਨੇਰ-ਧਲੇਕੇ ਪੱਕੀ ਸੜਕ, ਲੁਹਾਰੇ ਵਾਲੇ ਸੂਏ ਉਪਰ ਪੱਕਾ ਪੁਲ, ਪੰਜਵੀਂ ਪੱਤੀ ਦੇ ਸ਼ਮਸਾਨਘਾਟ ਅਤੇ ਧਰਮਸ਼ਾਲਾ ਵਿਚ ਸੁਧਾਰਕ ਕੰਮ ਅਤੇ ਪੀਣ ਵਾਲੇ ਪਾਣੀ ਲਈ ਲਗਵਾਈਆਂ ਮੋਟਰਾਂ ਆਦਿ ਸ਼ਾਮਿਲ ਹਨ। ਉਪਰੋਕਤ ਵਿਕਾਸ ਕੰਮਾਂ ਵਿਚ ਬੇਸ਼ਕ ਪਰਵਾਸੀ ਭਾਰਤੀਆਂ ਅਤੇ ਹੋਰ ਪਿੰਡ ਵਾਸੀਆਂ ਦਾ ਵੀ ਵੱਡਾ ਯੋਗਦਾਨ ਰਿਹਾ ਪਰੰਤੂ ਵਿਕਾਸ ਕਾਰਜਾਂ ਦੀ ਪੂਰਤੀ ਲਈ ਚਰਨ ਸਿੰਘ ਧਾਲੀਵਾਲ ਦੀ ਨੱਠ-ਭੱਜ ਅਤੇ ਰਾਹਨੁਮਾਈ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਿਨਾਂ ਵਿਚ ਹੀ ਭਾਰਤ ਸਰਕਾਰ ਨੇ ਦੁਨੀਆਂ ਦੀ ਸਿਹਤ ਭਲਾਈ ਸੰਸਥਾ ਵਰਲਡ ਹੈਲਥ ਔਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਪਿੰਡ ਵਿਚ ਪੀਣ ਦੇ ਪਾਣੀ ਲਈ 1300 ਫੁੱਟ ਡੂੰਘਾ ਬੋਰ ਕਰਕੇ ਪਿੰਡ ਵਾਸੀਆਂ ਨੂੰ ਸ਼ੁਧ ਪਾਣੀ ਮੁਹਈਆ ਕਰਵਾਇਆ। ਪੰਜਾਬੀ ਦੀ ਪ੍ਰਸਿੱਧ ਕਹਾਵਤ ‘ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ’ ਵਾਂਗ ਇਸ ਦਾ ਸਿਹਰਾ ਵੀ ਪਿੰਡ ਦੇ ਸਰਪੰਚ ਵਜੋਂ ਚਰਨ ਸਿੰਘ ਧਾਲੀਵਾਲ ਦੇ ਸਿਰ ਹੀ ਬੱਝਾ।
ਸਕੂਲੀ ਵਿਦਿਆ ਅਤੇ ਰੇਹੜੇ-ਘੋੜੇ ਦਾ ਕੰਮ ਕਰਦੇ ਸਮੇਂ ਚਰਨ ਸਿੰਘ ਧਾਲੀਵਾਲ ਦਾ ਵੱਧ ਤੋਂ ਵੱਧ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਉਸ ਦੇ ਗੱਲਬਾਤ ਕਰਨ ਦੇ ਸਲੀਕੇ ਵਿਚ ਕਾਫੀ ਨਿਖਾਰ ਆਇਆ। ਸੁਚੱਜੇ ਢੰਗ ਨਾਲ ਗੱਲਬਾਤ ਕਰਨਾ ਹੀ ਉਸ ਦੇ ਸਰਪੰਚੀ ਕਾਲ ਸਮੇਂ ਕਾਮਯਾਬੀ ਦਾ ਮੁਖ ਕਾਰਨ ਬਣਿਆ। ਸਰਪੰਚੀ ਕਰਨ ਤੋਂ ਬਾਅਦ ਵੀ ਚਰਨ ਸਿੰਘ ਧਾਲੀਵਾਲ ਨੇ ਸਰਕਾਰੇ-ਦਰਬਾਰੇ ਬਣਾਈ ਹੋਈ ਆਪਣੀ ਵਾਕਫ਼ੀ ਦਾ ਭਰਪੂਰ ਫ਼ਾਇਦਾ ਉਠਾਇਆ। ਉਸ ਨੇ ਮਿੱਟੀ ਦੇ ਤੇਲ ਦਾ ਡਿਪੂ ਅਤੇ ਸਰਕਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਮਕਾਨ ਉਸਾਰੀ ਲਈ ਵਰਤੀ ਜਾਂਦੀ ਰੇਤਾ ਆਦਿ ਦੇ ਛੋਟੇ-ਮੋਟੇ ਕਾਰੋਬਾਰ ਬਹੁਤ ਹੀ ਸੁਚੱਜੇ ਢੰਗ ਨਾਲ ਸਥਾਪਤ ਕਰ ਲਏ।
ਭੱਠਾ ਮਜ਼ਦੂਰ ਲੀਡਰ ਮੰਗਲ ਸਿੰਘ ਸਿੱਧੂ
ਮਜ਼ਦੂਰਾਂ ਦੀ ਲੁੱਟ-ਘਸੁੱਟ ਉਨ੍ਹਾਂ ਨਾਲ ਕਈ ਪੱਖਾਂ ਵਾਲੇ ਵਿਤਕਰੇ ਦਾ ਇਤਿਹਾਸ ਸ਼ਾਇਦ ਪਿੰਡ ਜਨੇਰ ਦੇ ਇਤਿਹਾਸ ਤੋਂ ਵੀ ਪੁਰਾਣਾ ਹੋਵੇ ਜਿਹੜਾ ਕਿ ਅੱਜ ਇੱਕੀਵੀਂ ਸਦੀ ਦੇ ਲੋਕਤੰਤਰੀ ਢਾਂਚੇ ਵਿਚ ਵੀ ਜਾਰੀ ਹੈ। ਪਰੰਤੂ ਫੇਰ ਵੀ ਵਿਦਿਆ ਦੇ ਪਸਾਰ ਅਤੇ ਸੰਵਿਧਾਨ ਵਿਚ ਮਿਲੇ ਮੌਲਿਕ ਅਧਿਕਾਰਾਂ ਬਾਰੇ ਸੁਚੇਤ ਅਜੋਕੇ ਸਮੇਂ ਦਾ ਮਜ਼ਦੂਰ ਕਾਫੀ ਜਾਗਰੂਕ ਹੋ ਚੁੱਕਾ ਹੈ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੰਗਠਨਾਂ ਦੀਆਂ ਸਰਗਰਮੀਆਂ ਅਧੀਨ ਲਾਮਬੰਦ ਹੋ ਕੇ ਆਪਣੀ ਆਵਾਜ਼ ਉਠਾਉਂਦਾ ਰਹਿੰਦਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਬੇਦਾਗ਼ ਆਗੂ ਕਾਮਰੇਡ ਸਰਬਣ ਸਿੰਘ ਦੇ ਪਿੰਡ ਜਨੇਰ ਨਾਲ ਸਬੰਧਤ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਕਾਫੀ ਸਮਾਂ ਵਧਾਇਕ ਰਹਿਣ ਨਾਲ ਕਮਿਊਨਿਸਟ ਵਿਚਾਰਧਾਰਾ ਨਾਲ ਸਬੰਧਤ ਪਿੰਡ ਪੱਧਰ ਦੇ ਲੀਡਰ ਨੇਕ ਸਿੰਘ ਹਾਂਸ, ਧੰਨਾ ਸਿੰਘ ਹਾਂਸ ਅਤੇ ਮੰਗਲ ਸਿੰਘ ਸਿੱਧੂ ਹੋਂਦ ਵਿਚ ਆਏ।
ਪਿੰਡ ਦੀ ਪੰਜਵੀਂ ਪੱਤੀ ਵਿਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਵਿਚ ਵਸੋਂ ਹੋਣ ਕਰਕੇ ਬਹੁਗਿਣਤੀ ਭਾਈਚਾਰਾ ਮਜ਼ਦੂਰੀ ਕਰਕੇ ਹੀ ਆਪਣੀਆਂ ਪਰਿਵਾਰਕ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਖੇਤੀ ਦੇ ਮਸ਼ੀਨੀਕਰਨ ਅਤੇ ਆਧੁਨਿਕੀਕਰਨ ਹੋਣ ਕਾਰਨ ਖੇਤ ਮਜ਼ਦੂਰਾਂ ਦੀ ਜ਼ਰੂਰਤ ਤਾਂ ਸਿਰਫ਼ ਹਾੜੀ ਸੌਣੀ ਦੀ ਫ਼ਸਲ ਦੀ ਸੰਭਾਈ ਤਕ ਹੀ ਸੀਮਿਤ ਰਹਿ ਗਈ। ਪੜ੍ਹਿਆ ਲਿਖਿਆ ਮਜ਼ਦੂਰ ਤਾਂ ਸ਼ਹਿਰਾਂ ਵਿਚ ਛੋਟੀਆਂ-ਮੋਟੀਆਂ ਨੌਕਰੀਆਂ ਨਾਲ ਆਪਣਾ ਜੀਵਨ ਨਿਰਬਾਹ ਕਰਨ ਲੱਗ ਪਿਆ ਪਰੰਤੂ ਅਨਪੜ੍ਹ ਮਜ਼ਦੂਰ ਲਈ ਰੋਟੀ-ਰੋਜ਼ੀ ਕਮਾਉਣ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਇਲਾਕੇ ਵਿਚ ਇੱਟਾ ਵਾਲੇ ਭੱਠਿਆਂ ਦੀ ਮੌਜੂਦਗੀ ਕਾਰਨ ਬਹੁਤ ਸਾਰੇ ਬੇਰੁਜ਼ਗਾਰ ਮਜ਼ਦੂਰ ਭੱਠਾ ਮਜ਼ਦੂਰ ਬਣ ਗਏ। ਪੰਜਵੀਂ ਪੱਤੀ ਦੇ ਦਲਿਤ ਵਰਗਾਂ ਲਈ ਇਹ ਇਕ ਨਵਾਂ ਮਜ਼ਦੂਰੀ ਰੁਝਾਨ ਸੀ ਕਿਉਂਕਿ ਪਿੰਡ ਦੇ ਜੱਟ ਭਾਈਚਾਰੇ ਨਾਲ ਤਾਂ ਇਨ੍ਹਾਂ ਦਾ ਮਜ਼ਦੂਰ-ਮਾਲਕ ਦਾ ਘਟ ਪਰੰਤੂ ਭਾਈਚਾਰਕ ਸਾਂਝ ਵਾਲਾ ਨਹੁੰ ਮਾਸ ਦਾ ਰਿਸ਼ਤਾ ਜ਼ਿਆਦਾ ਸੀ। ਭੱਠਾ ਮਾਲਕ ਉਨ੍ਹਾਂ ਨੂੰ ਆਪਣੇ ਨਹੀਂ ਸਗੋਂ ਬਿਗਾਨੇ ਜਾਪਦੇ ਸਨ।
ਇਨ੍ਹਾਂ ਪ੍ਰਸਥਿਤੀਆਂ ਵਿਚ ਪੰਜਵੀਂ ਪੱਤੀ ਵਾਲੇ ਭਾਨ ਸਿੰਘ ਸਿੱਧੂ ਦਾ ਲੜਕਾ ਮੰਗਲ ਸਿੰਘ ਸਿੱਧੂ ਭੱਠਾ ਮਜ਼ਦੂਰਾਂ ਦੇ ਹੱਕਾਂ ਦੀ ਰਾਹਨੁਮਾਈ ਕਰਨ ਲਈ ਮੈਦਾਨ ਵਿਚ ਨਿਤਰਿਆ। ਉਸ ਨੇ ਕੁਝ ਹੋਰ ਕਾਮਰੇਡ ਵਿਚਾਰਧਾਰਾ ਰੱਖਣ ਵਾਲੀਆਂ ਮਜ਼ਦੂਰ ਜਥੇਬੰਦੀਆਂ ਅਤੇ ਮਜ਼ਦੂਰ ਸੰਸਥਾਵਾਂ ਦੇ ਸਹਿਯੋਗ ਨਾਲ ਭੱਠਾ ਮਜ਼ਦੂਰ ਯੂਨੀਅਨ ਬਣਾਈ। ਭੱਠਾ ਮਜ਼ਦੂਰਾਂ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਭੱਠਾ ਮਜ਼ਦੂਰ ਯੂਨੀਅਨ ਸ਼ਲਾਘਾਯੋਗ ਕੰਮ ਕਰ ਰਹੀ ਹੈ ਪਰੰਤੂ ਮਜ਼ਦੂਰ ਲੀਡਰ ਬਣਨਾ ਇਕ ਚੁਣੌਤੀ ਭਰਿਆ ਕਾਰਜ ਹੁੰਦਾ ਹੈ। ਮੰਗਲ ਸਿੰਘ ਸਿੱਧੂ ਅਤੇ ਉਸ ਦੀ ਟੀਮ ਕਿੰਨੀ ਕੁ ਕਾਮਯਾਬੀ ਹਾਸਲ ਕਰੇਗੀ ਇਸ ਬਾਰੇ ਕੁਝ ਕਹਿਣਾ ਤਾਂ ਸਮੇਂ ਤੋਂ ਪਹਿਲਾਂ ਦੀ ਗੱਲ ਹੈ।
ਸਫ਼ਲ ਪਰਿਵਾਰਕ ਪ੍ਰਬੰਧਕ ਬਲਵਿੰਦਰ ਸਿੰਘ ਹਾਂਸ (ਬਿਦ)
ਲੰਮਾ ਸਮਾਂ ਪਿੰਡ ਦੀ ਪੰਚਾਇਤ ਦਾ ਮੈਂਬਰ ਰਹਿ ਚੁੱਕੇ ਮੁਨਸ਼ੀ ਸਿੰਘ ਹਾਂਸ ਦਾ ਵੱਡਾ ਲੜਕਾ ਬਲਵਿੰਦਰ ਸਿੰਘ ਹਾਂਸ ਜਿਸ ਨੂੰ ਪਿੰਡ ਵਾਸੀ ਉਸ ਦੇ ਛੋਟੇ ਨਾਮ ‘ਬਿੰਦੂ’ ਨਾਲ ਬੁਲਾਉਂਦੇ ਹਨ, ਦੀ ਗਿਣਤੀ ਪੰਜਵੀਂ ਪੱਤੀ ਦੇ ਕੁਸ਼ਲ ਪਰਿਵਾਰਕ ਪ੍ਰਬੰਧਕਾਂ ਵਿਚ ਕੀਤੀ ਜਾਂਦੀ ਹੈ। ਉਸ ਦੀ ਯੋਗ ਰਾਹਨੁਮਾਈ ਵਿਚ ਉਸ ਦੇ ਪਰਿਵਾਰ ਨੇ ਤਰੱਕੀ ਦੀਆਂ ਮੇਜ਼ਿਲਾਂ ਨੂੰ ਛੂਹਿਆ।
ਮੁਨਸ਼ੀ ਸਿੰਘ ਦੇ ਪੰਚਾਇਤ ਮੈਂਬਰੀ ਸਮੇਂ ਦੇ ਤਜਰਬੇ ਦਾ ਲਾਭ ਸਿੱਧਾ ਹੀ ਬਲਵਿੰਦਰ ਸਿੰਘ ਨੂੰ ਹੋਇਆ, ਜਿਸ ਦੇ ਮੱਦੇਨਜ਼ਰ ਉਸ ਨੂੰ ਪਹਿਨ ਪਚਰਣ, ਵਿਚਰਨ ਅਤੇ ਗੱਲਬਾਤ ਦਾ ਸਲੀਕਾ ਬਚਪਨ ਸਮੇਂ ਘਰ ਵਿਚੋਂ ਹੀ ਨਸੀਬ ਹੋ ਗਿਆ। ਬਲਵਿੰਦਰ ਸਿੰਘ ਦੂਰ ਅੰਦੇਸ਼ੀ ਵੀ ਹੈ, ਉਸ ਨੇ ਹਰ ਸਮੇਂ ਚੜ੍ਹਦੇ ਸੂਰਜ ਨੂੰ ਸਲਾਮ ਕੀਤੀ। ਕਿਸੇ ਸਮੇਂ ਉਹ ਸਰਪੰਚ ਦਰਸ਼ਨ ਸਿੰਘ ਸਿੱਧੂ ਦੇ ਬਹੁਤ ਹੀ ਨਜ਼ਦੀਕੀਆਂ ਵਿਚੋਂ ਸੀ। ਬਾਅਦ ਵਿਚ ਉਸਨੇ ਸਰਪੰਚ ਮੱਘਰ ਸਿੰਘ ਸਿੱਧੂ ਅਤੇ ਸਰਪੰਚ ਮੁਕੰਦ ਸਿੰਘ ਸਿੱਧੂ ਨਾਲ ਨੇੜਲੇ ਸਬੰਧ ਕਾਇਮ ਕਰ ਲਏ। ਚਰਨ ਸਿੰਘ ਧਾਲੀਵਾਲ ਦੇ ਸਰਪੰਚੀ ਕਾਲ ਸਮੇਂ ਉਸ ਨਾਲ ਨੇੜਤਾ ਕਰਕੇ ਬਲਵਿੰਦਰ ਸਿੰਘ ਨੇ ਚਾਰ ਸਰਪੰਚਾਂ ਦੇ ਅੱਛੇ ਗੁਣ ਅਖ਼ਤਿਆਰ ਕਰ ਲਏ ਅਤੇ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਛੱਡਿਆ। ਜਿਹੜੀ ਉਸ ਲਈ ਇਕ ਵੱਡੀ ਪ੍ਰਾਪਤੀ ਸਿੱਧ ਹੋਈ।
ਇਕ ਸਫ਼ਲ ਪਰਿਵਾਰਕ ਪ੍ਰਬੰਧਕ ਵਜੋਂ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਆਪਣੇ ਬੱਚਿਆਂ ਨੂੰ ਪੜਾਉਣਾ ਸੀ । ਅਨਪੜ੍ਹ ਹੁੰਦਿਆਂ ਵੀ ਪਿੰਡ ਦੇ ਹਾਈ ਸਕੂਲ ਦਾ ਭਰਪੂਰ ਫ਼ਾਇਦਾ ਉਠਾਇਆ ਅਤੇ ਆਪਣੇ ਚਾਰਾਂ ਲੜਕਿਆਂ ਨੂੰ ਆਪਣੀ ਸਮਰੱਥਾ ਅਨੁਸਾਰ ਵਿਦਿਆ ਦਾ ਅਮੁਲ ਖ਼ਜ਼ਾਨਾ ਉਨ੍ਹਾਂ ਦੀ ਜੇਬ ਵਿਚ ਪਾਇਆ। ਉਸ ਦੇ ਚਾਰੇ ਲੜਕੇ ਅੰਗਰੇਜ਼ ਸਿੰਘ, ਗੁਰਬਚਨ ਸਿੰਘ, ਸੁੱਖਾ ਸਿੰਘ ਅਤੇ ਗੁਰਪ੍ਰੀਤ ਸਿੰਘ ਬੇਸ਼ਕ ਵੱਖ- ਵੱਖ ਖੇਤਰਾਂ ਵਿਚ ਕੰਮ ਕਰਦੇ ਹਨ ਪਰੰਤੂ ਉਨ੍ਹਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਇਕੋ ਧਾਗੇ ਵਿਚ ਪਰੋ ਕੇ ਰਖਣਾ ਸਿਰਫ਼ ਬਲਵਿੰਦਰ ਸਿੰਘ ਵਰਗਾ ਕੁਸ਼ਲ ਪਰਿਵਾਰਕ ਪ੍ਰਬੰਧਕ ਹੀ ਕਰ ਸਕਦਾ ਹੈ। ਇਕ ਪੁਰਾਣੀ ਕਹਾਵਤ ਹੈ ਕਿ ਛੋਟੇ ਮੋਟੇ ਲੜਾਈ ਝਗੜੇ ਅਤੇ ਗੁੱਸੇ ਗੁਸੈਲੇ ਤਾਂ ਹਰ ਇਕ ਪਰਿਵਾਰ ਵਿਚ ਹੁੰਦੇ ਰਹਿੰਦੇ ਹਨ ਪਰੰਤੂ ਜਿਹੜਾ ਪਰਿਵਾਰ ਮੁਖੀ ਇਸ ਨੂੰ ਘਰ ਦੀ ਚਾਰਦੀਵਾਰੀ ਤਕ ਸੀਮਿਤ ਰਖ ਗਿਆ ਉਹ ਕਾਮਯਾਬ ਜਿਸ ਦੇ ਵਸੋਂ ਬਾਹਰ ਹੋ ਕੇ ਗੱਲ ਘਰੋਂ ਬਾਹਰ ਚਲੀ ਗਈ ਉਹ ਫੇਲ੍ਹ। ਅੱਜ ਦੀ ਘੜੀ ਤਾਂ ਬਲਵਿੰਦਰ ਸਿੰਘ ਹਾਂਸ ਇਕ ਸਫ਼ਲ ਪਰਿਵਾਰਕ ਪ੍ਰਬੰਧਕ ਹੈ, ਕੱਲ੍ਹ ਕਿਸੇ ਨੇ ਦੇਖਿਆ ਨਹੀਂ।
ਤਸਵੀਰਾਂ
Credit – ਨਛੱਤਰ ਸਿੰਘ ਬਰਾੜ