ਦੌਧਰ
ਸਥਿਤੀ :
ਮੋਗਾ, ਲੁਧਿਆਣਾ ਜ਼ਿਲਿਆਂ ਦੀ ਸੀਮਾ ਤੇ ਸਥਿਤ ਜਗਰਾਉਂ ਤੋਂ 9 ਕਿਲੋਮੀਟਰ ਦੂਰ ਪਿੰਡ ਦੌਧਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਸ ਪਿੰਡ ਦਾ ਮੁੱਢ ਇੱਕ ਰਾਜਪੂਤ ‘ਦਾਊਦ’ ਨੇ ਬੰਨਿਆ ਸੀ, ਜਿਨ੍ਹਾਂ ਦੀ ਨਿਸ਼ਾਨੀ ਪਿੰਡ ਦੇ ਵਿਚਕਾਰ ਅਜੇ ਵੀ ਇੱਕ ਸੁੱਕੇ ਦਰਖਤ ਦੇ ਰੂਪ ਵਿੱਚ ਪਈ ਹੈ ਜਿਸਨੂੰ ਪਿੰਡ ਦੇ ਲੋਕ ਨਮਸਕਾਰ ਕਰਦੇ ਹਨ। ‘ਦਾਊਦਰ’ ਤੋਂ ਪਿੰਡ ਦਾ ਨਾਂ ‘ਦੌਧਰ’ ਪੈ ਗਿਆ।
ਇਹ ਪਿੰਡ ਇੱਥੋਂ ਦੇ ਇੱਕ ਡੇਰੇ, ਜਿਸ ਨੂੰ ਮਾਲਵੇ ਦਾ ਸੰਗੀਤ ਵਿਸ਼ਵ ਵਿਦਿਆਲਾ ਕਿਹਾ ਜਾਂਦਾ ਹੈ, ਕਰਕੇ ਮਸ਼ਹੂਰ ਹੈ। ਇਸ ਸੰਗੀਤ ਵਿਦਿਆਲੇ ਵਿੱਚ ਪਰਉਪਕਾਰੀ, ਤਿਆਗੀ, ਸੰਤ ਬਾਬਾ ਮੰਗਲ ਸਿੰਘ ਇੱਕ ਉੱਚ ਸ਼ਕਸ਼ੀਅਤ ਦੇ ਮਾਲਕ ਸਨ ਜਿਹਨਾਂ ਨੂੰ ਤੰਤੀ ਸਾਜਾਂ ਸਰੰਦਾ ਅਤੇ ਤਾਊਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਨ ਦੀ ਦਾਤ ਪ੍ਰਾਪਤ ਸੀ। ਇੱਥੇ ਨਿਰਆਸਰੇ, ਨੇਹੀਣਾਂ ਨੂੰ ਡੇਰੇ ਵਿੱਚ ਲਿਆ ਕੇ ਕੀਰਤਨ ਸਿਖਾਇਆ ਜਾਂਦਾ ਹੈ। ਇਸ ਅਸਥਾਨ ਤੇ 1921 ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ। ਹਰ ਸਾਲ ਸੰਤ ਬਾਬਾ ਮੰਗਲ ਸਿੰਘ ਦੀ ਯਾਦ ਵਿੱਚ ਵਿਸ਼ੇਸ਼ ਜੋੜ ਮੇਲਾ 14 ਸਾਉਣ ਨੂੰ ਲੱਗਦਾ ਹੈ।
ਸੁਤੰਤਰਤਾ ਸੰਗਰਾਮੀ ਬਾਬਾ ਗੇਂਦਾ ਸਿੰਘ ਦਾ ਜਨਮ ਵੀ ਇਸੇ ਪਿੰਡ ਵਿੱਚ 1888 ਵਿੱਚ ਹੋਇਆ, ਉਹਨਾਂ ਨੇ ਅਜ਼ਾਦੀ ਦੀ ਲਹਿਰ ਸਮੇਂ ਜ਼ੇਲ੍ਹਾਂ ਕੱਟੀਆਂ ਤੇ ਕਈ ਤਸੀਹੇ ਝੱਲੇ। ਇਸ ਪਿੰਡ ਵਿੱਚ ਬਹੁਤੀ ਆਬਾਦੀ ਸਿੱਧੂ ਗੋਤ ਦੇ ਜ਼ਿਮੀਂਦਾਰਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ