ਧੌਲਾ
ਸਥਿਤੀ :
ਤਹਿਸੀਲ ਤਪਾ ਦਾ ਪਿੰਡ ਧੌਲਾ, ਬਰਨਾਲਾ – ਮਾਨਸਾ ਸੜਕ ਤੇ ਸਥਿਤ ਤਪੇ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਸਾਢੇ ਨੌ ਸੌ ਸਾਲ ਜਾਂ ਇਸ ਤੋਂ ਵੀ ਵੱਧ ਸਮਾਂ ਪੁਰਾਣਾ ਹੈ। ਇਸ ਇਲਾਕੇ ਵਿੱਚ ਸਭ ਤੋਂ ਪੁਰਾਣਾ ਸੁਨਾਮ ਹੈ ਜਿਸਨੂੰ ਰਿਗਵੇਦ ਦੇ ਸਮੇਂ ਨਾਲ ਸੰਬੰਧਿਤ ਕਿਹਾ। ਜਾਂਦਾ ਹੈ। ਦੂਜਾ ਕਾਂਗੜ ਤੇ ਧੌਲਾ ਨੂੰ ਤੀਸਰਾ ਜਾਂ ਚੌਥਾ ਸਥਾਨ ਦਿੱਤਾ ਜਾ ਸਕਦਾ ਹੈ।
ਇਸ ਪਿੰਡ ਨਾਲ ਸੰਬੰਧਿਤ ਇੱਕ ਦੰਦ ਕਥਾ ਹੈ ਕਿ ਮੁਗਲ ਰਾਜ ਸਮੇਂ ਕਾਂਗੜ ਪਿੰਡ ਵਿੱਚ ਹੋਏ ਕਿਸੇ ਝਗੜੇ ਦੇ ਫਲਸਰੂਪ ਪਿੰਡ ਤੋਂ ਕਾਫੀ ਬਜ਼ੁਰਗ ਤੇ ਇੱਕ ਨੌਜਵਾਨ ਨੂੰ ਫੜ ਕੇ ਦਿੱਲੀ ਲਿਜਾ ਰਹੇ ਸਨ, ਰਸਤੇ ਵਿੱਚ ਇੱਕ ਸੰਤ ਦੀ ਕੁਟੀਆ ਸੀ, ਉਸਨੇ ਉਹ ਕਾਫਲਾ ਵੇਖਿਆ ਤੇ ਉਹਨਾਂ ਦੇ ਲਿਜਾਣ ਦਾ ਕਾਰਨ ਪੁੱਛਿਆ। ਉਹ ਸੰਤ, ਨੌਜਵਾਨ, ਜਿਸਦਾ ਨਾਂ ਫੇਰੂ ਧਾਰੀਵਾਲ ਸੀ, ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਉਸਨੂੰ ਵਾਪਸ ਆ ਕੇ ਮਿਲਣ ਲਈ ਕਿਹਾ। ਦਿੱਲੀ ਵਿੱਚ ਪਹੁੰਚ ਕੇ ਉਹਨਾਂ ਵੇਖਿਆ ਕਿ ਇੱਕ ਸੁਅੰਬਰ ਹੋ ਰਿਹਾ ਸੀ। ਤੇ ਮਿੱਥ ਕੇ ਆਏ ਹੋਏ ਕਿਸੇ ਦਾ ਵੀ ਤੀਰ ਨਿਸ਼ਾਨੇ ਤੇ ਨਾਂ ਲੱਗਾ। ਇਸ ਫੇਰੂ ਨੇ ਮੱਛੀ ਦੀ ਅੱਖ ਵਿੱਚ ਦੋ ਤੀਰ ਮਾਰੇ ਤੇ ਦੋ ਮੰਗਾਂ ਪੂਰੀਆਂ ਕਰਵਾਈਆਂ। ਇੱਕ ਆਪਣੇ ਸਾਥੀਆਂ ਨੂੰ ਰਿਹਾ ਕਰਵਾ ਲਿਆ ਤੇ ਦੂਸਰਾ ਵਿਆਹ ਕਰਵਾ ਲਿਆ। ਹੁਣ ਇਹ ਨੌਜਵਾਨ ਵਾਪਸੀ ਤੇ ਉਸ ਸੰਤ ਕੋਲ ਆਇਆ। ਸੰਤ ਨੇ ਉਸਨੂੰ ਉੱਥੇ ਪਿੰਡ ਵਸਾਉਣ ਲਈ ਕਿਹਾ। ਉਸ ਥਾਂ ਨੂੰ ਉਸਦੇ ਗੋਤ ਧਾਲੀਵਾਲ ਤੋਂ ਹੁਣ ‘ਧੌਲਾ ਟਿੱਬਾ’ ਕਿਹਾ ਜਾਂਦਾ ਹੈ। ‘ਧੌਲਾ ਟਿੱਬਾ’ ਤੋਂ ਹੁਣ ਘੁੱਗ ਵਸਦਾ ਪਿੰਡ ਹੈ।
ਇੱਥੇ ਇੱਕ ਕਿਲ੍ਹਾ ਹੁੰਦਾ ਸੀ ਜੋ ਪਹਿਲੇ ਭੱਟੀਆਂ ਦਾ ਸੀ ਤੇ ਪਿੱਛੋਂ ਰੰਗੜਾਂ ਨੇ ਕਬਜ਼ਾ ਕਰ ਲਿਆ ਸੀ। ਇਸਦਾ ਪਹਿਲਾ ਨਾਂ ‘ਗੜ੍ਹੀ’ ਸੀ। ਇਸ ਨਾਲ ਅਸਤਬਲ ਤੇ ਮੋਦੀਖਾਨਾ ਸੀ ਜਿਸ ਵਿੱਚ ਕਾਲ ਸਮੇਂ ਵਰਤਣ ਲਈ ਹਜ਼ਾਰਾਂ ਮਣ ਅਨਾਜ ਜਮ੍ਹਾਂ ਕਰਕੇ ਰੱਖਿਆ ਜਾਂਦਾ ਸੀ। ਕਿਲ੍ਹੇ ਦਾ ਇੱਕ ਬੁਰਜ ਫਿਰ ਤੋਂ ਰਿਆਸਤ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਨੇ ਬਣਵਾਇਆ ਸੀ ਜੋ ਹੁਣ ਵੀ ਕਾਇਮ ਹੈ, ਬਾਕੀ ਕਿਲ੍ਹਾ ਡਿੱਗ ਚੁੱਕਾ ਹੈ।
ਪਿੰਡ ਤੋਂ ਥੋੜ੍ਹੀ ਦੂਰ ਇਤਿਹਾਸਕ ਗੁਰਦੁਆਰੇ ਹਨ, ਅੜੀਸਰ ਤੇ ਸੋਹੀਆਣਾ। ਸੋਹੀਆਣਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਥੇ ਆਉਣ ਦੀ ਯਾਦ ਵਿੱਚ ਹੈ। ਇਸ ਦਾ ਪ੍ਰਬੰਧ ਰਵਿਦਾਸ ਸਿੱਖਾਂ ਦੇ ਹੱਥ ਹੈ। ਇੱਥੋਂ ਦੇ ਵਸਨੀਕ ਹੋਰ ਧਾਲੀਵਾਲ ਪਿੰਡਾਂ ਦੀ ਤਰ੍ਹਾਂ ਬਾਬਾ ਸਿੱਧ ਭੱਟੀ ਨੂੰ ਮੰਨਦੇ ਹਨ। ਇੱਥੋਂ ਦੇ ਜੰਮਪਲ ਸੁਰਜੀਤ ਸਿੰਘ ਬਰਨਾਲਾ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ