ਨਰੜੂ
ਸਥਿਤੀ :
ਤਹਿਸੀਲ ਰਾਜਪੁਰਾ ਦਾ ਪਿੰਡ ਨਰੜੂ ਪਟਿਆਲਾ ਤੋਂ ਲਗਭਗ 18-20 ਕਿਲੋਮੀਟਰ ਦੂਰ ਪਟਿਆਲਾ – ਹਰਪਾਲਪੁਰ ਸੜਕ ਤੋਂ 4 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪੁਰਾਣੇ ਸਮੇਂ ਵਿੱਚ ਰਾਜਾ ਨਲ ਦੀ ਰਾਜਧਾਨੀ ਸੀ ਤੇ ਇਸ ਦੇ ਨਾਲ ਹੀ ਉਸ ਸਮੇਂ ਇਸ ਇਲਾਕੇ ਵਿੱਚ ਸਰਸਵਤੀ ਦੇ ਨਾਂ ਨਾਲ ਜਾਣੀ ਜਾਂਦੀ ਨਦੀ ਵਗਦੀ ਸੀ। ਰਾਜੇ ਨਲ ਦੇ ਸਮੇਂ ਇਹ ਇੱਕ ਵੱਡਾ ਨਗਰ ਸੀ। ਕਿਹਾ ਜਾਂਦਾ ਹੈ ਕਿ ਇੱਕ ਵਾਰ ਨਟੀਆਂ (ਨੱਚਣ ਵਾਲੀਆਂ) ਰਾਜੇ ਦੇ ਦਰਬਾਰ ਵਿੱਚ ਆਈਆਂ, ਰਾਜੇ ਨੇ ਪੁੱਛਿਆ ਕਿ ਉਹ ਕੀ ਕਰਤੱਬ ਦਿਖਾ ਸਕਦੀਆਂ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਵਗਦੀ ਨਦੀ ਉੱਪਰ ਕੱਚਾ ਧਾਗਾ (ਨਰੜ) ਬੰਨ੍ਹਕੇ ਨਚਦੀ ਹੋਈ ਨਦੀ ਪਾਰ ਕਰ ਸਕਦੀ ਹੈ। ਰਾਜਾ ਨੇ ਇਸਨੂੰ ਸੱਚ ਨਾ ਮੰਨ ਕੇ ਸ਼ਰਤ ਰੱਖੀ ਕਿ ਜੇ ਉਹ ਕਰਤੱਬ ਵਿੱਚ ਪੂਰੀ ਉੱਤਰੀ ਤਾਂ ਅੱਧਾ ਰਾਜ ਦੇਵੇਗਾ ਨਹੀਂ ਤਾਂ ਜਾਨ ਦਾ ਖਾਤਮਾ ਹੋਵੇਗਾ। ਤਮਾਸ਼ਾ ਸ਼ੁਰੂ ਹੋਇਆ ਰਾਜੇ ਨਲ ਨੇ ਨਦੀ ਦੇ ਕਿਨਾਰੇ ਕੁਰਸੀ ਲਗਵਾਈ ਤੇ ਕੱਚੇ ਧਾਗੇ ਦਾ ਇੱਕ ਕਿਨਾਰਾ ਕੁਰਸੀ ਨਾਲ ਬੰਨ੍ਹ ਦਿੱਤਾ ਗਿਆ। ਤਬਲੇ ਦੀ ਥਾਪ ਤੇ ਨੱਟੀ ਦਾ ਨਾਚ ਸ਼ੁਰੂ ਹੋਇਆ। ਨੱਟੀ ਨੇ ਅੱਧ ਤੋਂ ਵੱਧ ਨਦੀ ਨੱਚਦਿਆਂ ਪਾਰ ਕਰ ਲਈ ਤੇ ਥੋੜ੍ਹਾ ਜਿਹਾ ਹਿੱਸਾ ਰਹਿ ਗਿਆ ਤਾਂ ਰਾਜਾ ਨਲ ਉਸਦੀ ਸਫਲਤਾ ਨੂੰ ਵੇਖ ਕੇ ਘਬਰਾ ਗਿਆ ਤੇ ਉਸਦਾ ਦਿਲ ਬੇਇਮਾਨ ਹੋ ਗਿਆ। ਉਸਨੇ ਧਾਗਾ ਖਿੱਚ ਦਿੱਤਾ। ਧਾਗਾ ਟੁੱਟ ਗਿਆ, ਨੱਟੀ ਨਦੀ ਵਿੱਚ ਡਿੱਗ ਪਈ ਜਿਸਨੂੰ ਕੁੱਝ ਲੋਕਾਂ ਨੇ ਛਾਲ ਮਾਰ ਕੇ ਬਚਾ ਲਿਆ। ਨੱਟੀ ਨੇ ਰਾਜਾ ਨਲ ਨੂੰ ਸਰਾਪ ਦਿੱਤਾ ਕਿ ਉਸਦਾ ਰਾਜ ਗਰਕ ਹੋ ਜਾਵੇਗਾ ਤੇ ਨਦੀ ਸੁੱਕ ਜਾਵੇਗੀ। ਕਿਹਾ ਜਾਂਦਾ ਹੈ ਕਿ ਇਵੇਂ ਹੀ ਹੋਇਆ। ਨਦੀ ਸੁੱਕ ਗਈ ਤੇ ਨਗਰ ਦਾ ਨਾਂ ਨਿਸ਼ਾਨ ਖਤਮ ਹੋ ਗਿਆ। ਰਾਜਾ ਨਲ ਕਿਸੇ ਤਰ੍ਹਾਂ ਬੱਚ ਗਿਆ ਤੇ ਉਸਨੇ ਪੁਰਾਣੇ ਥੇਹ ਤੇ ਨਵਾਂ ਪਿੰਡ ਵਸਾਇਆ ਜਿਸਦਾ ਨਾਂ ‘ਨਰੜੂ’ ਰੱਖਿਆ। ਪਰ ਰਾਜੇ ਦੀ ਛੇਤੀ ਹੀ ਮੌਤ ਹੋ ਗਈ ਤੇ ਪਿੰਡ ਵਿਕਸਿਤ ਨਾ ਹੋ ਸਕਿਆ। ਇਸ ਪਿੰਡ ਦੇ ਥੇਹ ਵਿੱਚ ਇੱਕ ਵਾਰੀ ਸੋਨੇ, ਚਾਂਦੀ ਦੇ ਗਹਿਣੇ ਵੀ ਮਿਲੇ ਸਨ ਜਿਸ ਨਾਲ ਪਿੰਡ ਵਿੱਚ ਖੂਹ ਤੇ ਖੁਰਲੀਆਂ ਬਣਵਾ ਦਿੱਤੀਆਂ ਗਈਆਂ।
ਇਸ ਪਿੰਡ ਦੇ ਇਤਿਹਾਸ ਨੇ ਦੂਜਾ ਮੋੜ ਲਿਆ। ਮਹਾਰਾਜਾ ਭੁਪਿੰਦਰ ਸਿੰਘ ਇਸ ਇਲਾਕੇ ਦੀ ਕੌਲੀ ਬੀੜ ਵਿੱਚ ਸ਼ਿਕਾਰ ਖੇਡਣ ਜਾਂਦਾ ਸੀ। ਇੱਕ ਦਿਨ ਸ਼ਿਕਾਰ ਤੋਂ ਬਾਅਦ ਇਸ ਪਿੰਡ ਵਿੱਚ ਆ ਗਿਆ। ਪਿੰਡ ਦੇ ਇੱਕ ਗਰੀਬ ਆਦਮੀ ਜਵਾਲਾ ਸਿੰਘ ਦੀ ਜਵਾਨ ਕੁੜੀ ਨੂੰ ਟਿੱਬੇ ਤੇ ਗੋਹਾ ਪੱਥਦੇ ਦੇਖਕੇ ਉਸਨੇ ਆਪਣੇ ਅੰਗ ਰੱਖਿਅਕਾਂ ਨੂੰ ਕੁੜੀ ਚੁੱਕ ਕੇ ਲਿਆਉਣ ਲਈ ਕਿਹਾ। ਲੜਕੀ ਨੇ ਰਾਜੇ ਨੂੰ ਜਵਾਬ ਦਿੱਤਾ ਕਿ ਉਹ ਰਾਜੇ ਦੇ ਮਹਿਲ ਵਿੱਚ ਤਦ ਹੀ ਜਾਵੇਗੀ ਜੇ ਰਾਜਾ ਉਸ ਦੇ ਪਿੰਡ ਬਰਾਤ ਲੈ ਕੇ ਆਵੇਗਾ । ਮਹਾਰਾਜਾ ਭੁਪਿੰਦਰ ਸਿੰਘ ਬਰਾਤ ਲੈ ਕੇ ਨਰੜੂ ਪੁੱਜਿਆ ਤੇ ਲੜਕੀ ਨੂੰ ਰਾਣੀ ਬਣਾ ਕੇ ਲੈ ਆਇਆ। ਨਾਲ ਹੀ ਉਸ ਦੇ ਸੱਤ ਅੱਠ ਸਾਲ ਦੇ ਪਾਲੀ (ਡੰਗਰ ਚਾਰਨ ਵਾਲੇ) ਭਰਾ ਨੂੰ ਲੈ ਆਇਆ ਤੇ ਉਸਨੂੰ ਪੜ੍ਹਨ ਪਾ ਦਿੱਤਾ। ਰਾਜੇ ਨੇ ਲੜਕੀ ਦੇ ਪਿਤਾ ਨੂੰ ਭਾਰੀ ਧਨ ਮਾਲ ਦਿੱਤਾ ਤੇ ਪਿੰਡ ਵਿੱਚ ਬਹੁਤ ਵੱਡੀ ਹਵੇਲੀ ਬਣਾ ਦਿੱਤੀ ਜੋ ਅੱਜ ਵੀ ਜਵਾਲਾ ਸਿੰਘ-ਠਾਕਰ ਸਿੰਘ ਦੀ ਹਵੇਲੀ ਦੇ ਨਾਂ ਨਾਲ ਮਸ਼ਹੂਰ ਹੈ। ਰਾਜਾ ਭੁਪਿੰਦਰ ਸਿੰਘ ਨੇ ਆਪਣੀ ਇਸੇ ਰਾਣੀ ਦੇ ਨਾਂ ਪਟਿਆਲੇ ਵਿੱਚ ਮੌਜੂਦ ਨਰੜੂ ਹਾਊਸ ਬਣਵਾਇਆ ਤੇ ਗਿਆਨ ਸਿੰਘ ਰਾੜੇਵਾਲੇ ਤੇ ਠਾਕੁਰ ਸਿੰਘ (ਰਾਣੀ ਦੇ ਭਰਾ) ਨੂੰ ਇੱਕੋ ਦਿਨ ਆਪਣੀ ਰਿਆਸਤ ਵਿੱਚ ਡਿਪਟੀ ਕੁਲੈਕਟਰ ਬਣਾਇਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌ