ਪੱਤੋ ਹੀਰਾ ਸਿੰਘ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਪੱਤੋ ਹੀਰਾ ਸਿੰਘ, ਮੋਗਾ – ਬਠਿੰਡਾ ਸੜਕ ਤੇ ਸਥਿਤ, ਮੋਗਾ ਰੇਲਵੇ ਸਟੇਸ਼ਨ ਤੋਂ 35 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਹ ਪਿੰਡ ਕੋਈ 800 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਕਿਸੇ ਵੇਲੇ ਇਸ ਨੂੰ ‘ਪੱਤੋਂ ਸ਼ਕੀਨਾਂ ਦੀ’ ਕਿਹਾ ਜਾਂਦਾ ਸੀ। ਜੈਸਲਮੇਰ ਤੋਂ ਬਾਬਾ ਬੀਕਾ ਜੀ ਨੇ ਪਿੰਡ ਦਾ ਮੁੱਢ ਬੰਨਿਆ। ਪਰ ਪਿੰਡ ਦੀ ਉੱਨਤੀ ਵਿੱਚ ਸ. ਹੀਰਾ ਸਿੰਘ ਦਾ ਬਹੁਤ ਯੋਗਦਾਨ ਹੈ ਜਿਨ੍ਹਾਂ ਦੇ ਨਾਂ ਤੇ ਪਿੰਡ ਦਾ ਨਾਂ ਮਸ਼ਹੂਰ ਹੋ ਗਿਆ।
ਕਿਹਾ ਜਾਂਦਾ ਹੈ ਕਿ ਇਸ ਪਿੰਡ ਵਿੱਚ ਚਾਰ ਗੁਰੂ ਸਾਹਿਬਾਨ ਨੇ ਚਰਨ ਪਾਏ। ਇੱਥੇ ਚਾਰ ਬੁੰਗਿਆਂ ਤੇ ਸਰੋਵਰ ਵਾਲਾ ਗੁਰਦੁਆਰਾ ‘ਗੁਰੂਸਰ ਪੱਤੋ’ ਪਿੰਡ ਦੇ ਪੂਰਬ ਵੱਲ ਹੈ। ਸੰਨ 1919-20 ਈ. ਨੂੰ ਜਦੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਤਾਂ ਨੀਹਾਂ ਦੀ ਖੁਦਾਈ ਵੇਲੇ ਇੱਕ ਘੜੇ ਵਿਚੋਂ ਇੱਕ ਹੱਥ ਲਿਖਤ ਪੱਤਰ ਮਿਲਿਆ ਜਿਸ ਵਿੱਚ ਚਾਰ ਗੁਰੂ ਸਾਹਿਬਾਨ ਦੇ ਆਉਣ ਬਾਰੇ ਵਰਨਣ ਸੀ। ਗੁਰੂ ਗੋਬਿੰਦ ਸਿੰਘ ਜੀ ਇੱਥੇ ਤਿੰਨ ਵਾਰੀ ਆਏ। ਗੁਰੂ ਜੀ ਪੱਤੋ ਪਿੰਡ ਪੁੱਜੇ ਤਾਂ ਸੂਚਨਾ ਆਈ ਕਿ ਸਰਹੰਦ ਦਾ ਸੂਬਾ ਵਜੀਦ ਖਾਂ ਫੌਜ ਲੈ ਕੇ ਲੜਾਈ ਕਰਨ ਲਈ ਆਉਣ ਵਾਲਾ ਹੈ ਤਾਂ ਗੁਰੂ ਜੀ ਨੇ ਇੱਥੇ 50 ਸਿੰਘ ਭਰਤੀ ਕਰਕੇ ਮੁਕਤਸਰ ਦੀ ਲੜਾਈ ਦੀ ਪਹਿਲੀ ਤਿਆਰੀ ਇੱਥੋਂ ਸ਼ੁਰੂ ਕੀਤੀ।
ਜੈਤੋ ਦੇ ਮੋਰਚੇ ਵਿੱਚ ਸ਼ਹੀਦ ਹੋਣ ਵਾਲੇ ਸ. ਪੂਰਨ ਸਿੰਘ ਇਸ ਪਿੰਡ ਦੇ ਜੰਮਪਲ ਸਨ। ਇਸ ਪਿੰਡ ਵਿੱਚ ਬਰਾੜ ਗੋਤ ਦੇ ਲੋਕ ਜ਼ਿਆਦਾ ਹਨ। ਇੱਥੇ 8 ਗੁਰਦੁਆਰੇ, ਦੋ ਮੰਦਰ, ਇੱਕ ਦਰਗਾਹ ਅਤੇ ਸੰਤ ਬਾਬਾ ਮੁਨਸ਼ੀ ਨਾਥ ਦਾ ਟਿੱਲਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ