ਬਾਲਿਆਂ ਵਾਲੀ
ਸਥਿਤੀ :
ਤਹਿਸੀਲ ਰਾਮਪੁਰਾ ਫੂਲ ਦਾ ਇਹ ਪਿੰਡ ਬਾਲਿਆਂ ਵਾਲੀ ਰਾਮਪੁਰਾ ਫੂਲ ਸੜਕ ਤੋਂ 6 ਕਿਲੋਮੀਟਰ ਤੇ ਲਹਿਰਾ ਮੁਹੱਬਤ ਤੋਂ 5 ਕਿਲੋਮੀਟਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਰਿਆਸਤ ਜੀਂਦ ਦਾ ਇੱਕ ਮਸ਼ਹੂਰ ਪਿੰਡ ਸੀ। ਇਸ ਦਾ ਇਤਿਹਾਸ ਕੋਈ 280 ਸਾਲ ਪੁਰਾਣਾ ਹੈ। ਪਿੰਡ ਦੇ ਕੁੱਝ ਬਜ਼ੁਰਗਾਂ ਦਾ ਵਿਚਾਰ ਹੈ ਕਿ ਇਸ ਪਿੰਡ ਨੂੰ ਬਠਿੰਡਾ ਜ਼ਿਲ੍ਹੇ ਦੇ ਹੀ ਇੱਕ ਪਿੰਡ ਬੁੱਲ੍ਹੇ ਦੇ ਮਾਨ ਗੋਤ ਦੇ ਲੋਕਾਂ ਨੇ ਵਸਾਇਆ। ਪਿੰਡ ਵਿੱਚ ਇੱਕ ਕਿਲ੍ਹਾ ਹੈ। ਕਿਲ੍ਹੇ ਨਾਲ ਹੀ ਪਿੰਡ ਦਾ ਬਹੁਤਾ ਪਿਛੋਕੜ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜੀਂਦ ਰਿਆਸਤ ਦਾ ਮੋਢੀ ਰਾਜਾ ਗਜਪੱਤ ਸਿੰਘ ਪਹਿਲਾਂ ਪਹਿਲ ਫੂਲ ਤੋਂ ਇੱਥੇ ਇੱਕ ਧਾੜਵੀਂ ਦੇ ਰੂਪ ਵਿੱਚ ਆਇਆ ਸੀ ਤੇ ਉਸ ਨੇ ਇਹ ਕਿਲ੍ਹਾ ਉਸਾਰਿਆ। ਪਹਿਲਾਂ ਇਸ ਦੇ ਆਲੇ-ਦੁਆਲੇ ਲੋਕ ਛੋਟੀਆਂ-ਛੋਟੀਆਂ ਬਸਤੀਆਂ ਵਿੱਚ ਰਹਿੰਦੇ ਸਨ। ਕਿਲ੍ਹਾ ਬਨਣ ਨਾਲ ਲੁੱਟ-ਖੋਹ ਤੋਂ ਸੁਰੱਖਿਆ ਮਹਿਸੂਸ ਕਰਦੇ ਲੋਕ ਹੌਲੀ-ਹੌਲੀ ਇਸ ਦੇ ਆਲੇ-ਦੁਆਲੇ ਆ ਕੇ ਵੱਸਣ ਲੱਗ ਪਏ। ਇਸ ਥਾਂ ਨੂੰ ‘ਵਸਦਿਆਂ ਵਾਲੀ’ ਤੋਂ ‘ਬਾਲਿਆਂ ਵਾਲੀ’ ਕਹਿਣ ਲੱਗ ਪਏ। ਪਿੰਡ ਦੇ ਨਾਂ ਬਾਰੇ ਇੱਕ ਹੋਰ ਗੱਲ ਪ੍ਰਚਲਤ ਹੈ ਕਿ ਕੋਈ ਸੌ ਸਾਲ ਪਹਿਲਾਂ ਇੱਥੇ ਕਿਸੇ ਰਾਜਾ ਬੱਲ ਨੇ ਬੈਠ ਕੇ ਤਪੱਸਿਆ ਕੀਤੀ ਸੀ। ਜਿਸ ਛੱਪੜੀ ਨੇੜੇ ਉਹ ਬੈਠਾ ਸੀ ਉਸਨੂੰ ਬਲਵਾਲੀ ਕਿਹਾ ਜਾਣ ਕਰਕੇ ਪਿੰਡ ਦਾ ਨਾਂ ਬਾਲਿਆਂ ਵਾਲੀ ‘ ਪੈ ਗਿਆ।
ਇੱਥੋਂ ਹੀ ਜੀਂਦ ਰਿਆਸਤ ਦਾ ਮੁੱਢ ਬੱਝਾ ਅਤੇ ਇੱਥੋਂ ਹੀ ਰਾਜਾ ਗਜਪੱਤ ਸਿੰਘ ਜੀਂਦ ਦਾ ਰਾਜਾ ਬਣਿਆ। ਬਾਲਿਆਂ ਵਾਲੀ ਇਸ ਰਿਆਸਤ ਦਾ ਪਰਗਣਾ ਹੁੰਦਾ ਸੀ ਜਿਸ ਅਧੀਨ 14 ਪਿੰਡ ਹੁੰਦੇ ਸਨ। ਪਿੰਡ ਦੇ ਚਾਰੇ ਦਿਸ਼ਾਵਾਂ ਤੇ ਚਾਰ ਦਰਵਾਜ਼ੇ ਸਨ ਅਤੇ ਇਹ 20 ਫੁੱਟ ਉੱਚੀ ਤੇ 6 ਫੁੱਟ ਚੌੜੀ ਪੱਕੀ ਦੀਵਾਰ ਨਾਲ ਘਿਰਿਆ ਹੋਇਆ ਸੀ । ਇਹ ਜੀਂਦ ਰਿਆਸਤ ਦੀ ਹੱਦ ਸੀ। ਇਸ ਦੇ ਦੋ ਪਾਸੇ ਪਟਿਆਲੇ ਤੇ ਨਾਭੇ ਦੀ ਹੱਦ ਤੇ ਤੀਸਰੇ ਪਾਸੇ ਅੰਗਰੇਜ਼ੀ ਰਾਜ ਦੀ ਹੱਦ ਲਗਦੀ ਸੀ।
ਇੱਥੇ ਬਾਬਾ ਗੁਦੜ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਹੈ ਜਿਹੜੇ ਕਿ ਪਿੰਡ ਬਾਗੜੀਆਂ ਵਾਲੇ ਭਾਈਕੇ ਸਰਦਾਰਾਂ ਦੇ ਵੱਡੇ-ਵਡੇਰੇ ਸਨ। ਇਸ ਥਾਂ ‘ਤੇ 1896-97 ਤੱਕ ਹਮੇਸ਼ਾਂ ਲੰਗਰ ਚਲਦਾ ਰਹਿੰਦਾ ਸੀ। ਜੀਂਦ ਰਿਆਸਤ ਦੇ ਧਰਮ ਖਾਤੇ ਵਿੱਚੋਂ ਗ੍ਰੰਥੀ ਨੂੰ ਤਨਖਾਹ ਦਿੱਤੀ ਜਾਂਦੀ ਸੀ ਤੇ ਹੁਣ ਵੀ ਗ੍ਰੰਥੀ ਦੀ ਤਨਖਾਹ ਸਰਕਾਰੀ ਹੈ। ਇੱਥੇ ਇੱਕ ਦੁਰਗਾ ਦੇਵੀ ਦਾ ਮੰਦਰ ਹੈ। ਹਿੰਦੂਆਂ ਦੀ ਅਬਾਦੀ ਇਸ ਪਿੰਡ ਵਿੱਚ ਜ਼ਿਆਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ