ਬਿਰਧਨੋ
ਸਥਿਤੀ :
ਤਹਿਸੀਲ ਨਾਭਾ ਦਾ ਪਿੰਡ ਬਿਰਧਨੋ ਨਾਭਾ-ਬਿਰਧਨੋ ਸੜਕ ਤੋਂ 2 ਕਿਲੋ ਮੀਟਰ ਤੇ ਰੇਲਵੇ ਸਟੇਸ਼ਨ ਨਾਭਾ ਤੋਂ 13 ਕਿਲੋ ਮੀਟਰ ਤੇ ਸਥਿਤ ਹੈ। ਇਹ ਪਿੰਡਾ ਜ਼ਿਲ੍ਹਾ ਪਟਿਆਲਾ, ਸੰਗਰੂਰ ਤੇ ਲੁਧਿਆਣਾ ਦੀ ਸੀਮਾ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਇਤਿਹਾਸ ਕੋਈ 500 ਸਾਲ ਪੁਰਾਣਾ ਹੈ। ਇਸ ਪਿੰਡ ਨੂੰ ਰਾਜਸਥਾਨ ਦੀ ਬੀਕਾਨੇਰ ਰਿਆਸਤ ਦੇ ਰਾਜਕੁਮਾਰ ਬਿਰਧਨੰਦ ਨੇ ਵਸਾਇਆ ਸੀ ਤੇ ਉਸ ਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ‘ਬਿਰਧਨੇਂ’ ਪਿਆ। ਸੰਨ 1720 ਵਿੱਚ ਇਸ ਪਿੰਡ ‘ਤੇ ਸਰਹੰਦ ਸੂਬੇ ਦਾ ਕਬਜ਼ਾ ਹੋ ਗਿਆ, ਤੇ ਇਹ ਗਵਰਨਰ ਸਰਹੰਦ ਦੀ ਮਿਸਲ ਬਣ ਗਿਆ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਲੜਾਈ ਸਮੇਂ ਵੀ ਇਸ ਪਿੰਡ ਵਿੱਚ ਸਿੰਘਾਂ ਦੀਆਂ ਭਾਰੀ ਸ਼ਹੀਦੀਆਂ ਹੋਈਆਂ ਜਿਨ੍ਹਾਂ ਵਿੱਚੋਂ ਭਾਈ ਮਾਈ ਸਾਹਿਬ ਦੀ ਸਮਾਧ ਅੱਜ ਵੀ ਪਿੰਡ ਵਿੱਚ ਲੋਕਾਂ ਦੀ ਸ਼ਰਧਾ ਦਾ ਸਥਾਨ ਹੈ ਜਿੱਥੇ ਹਰ ਸਾਲ ਭਾਦੋਂ ਦੀ ਮੱਸਿਆ ਨੂੰ ਮੇਲਾ ਲੱਗਦਾ ਹੈ। ਭਾਈ ਮਾਈ ਸਾਹਿਬ ਗੁਰੂ ਸਾਹਿਬ ਦੀਆਂ ਫੌਜਾਂ ਦੇ ਜਰਨੈਲ ਸਨ।
ਇਸ ਪਿੰਡ ਦੇ ਦੋ ਦਰਵਾਜ਼ੇ ‘ਹੱਦ ਵਾਲਾ’ ਤੇ ‘ਦਲਹਾੜੀ ਵਾਲਾ ਮਸ਼ਹੂਰ ਹਨ। 1820 ਵਿੱਚ ਇਸ ਪਿੰਡ ਵਿੱਚ ਅੰਮ੍ਰਿਤਸਰ ਦੇ ਰੋੜਾ ਪੰਸਾ ਪਿੰਡ ਤੋਂ ਆ ਕੇ ਸਰਦਾਰ ਕੌਰ ਸਿੰਘ ਨੇ ਡੇਰਾ ਲਾਇਆ ਜਿਨ੍ਹਾਂ ਨਾਲ ਪਿੰਡ ਵਿੱਚ ਸਿੱਖਾ ਪੱਤੀ ਬਣੀ।
ਪੁਰਾਣੇ ਇਤਿਹਾਸ ਮੁਤਾਬਕ ਨਾਭਾ ਦੇ ਰਾਜਾ ਜਸਵੰਤ ਸਿੰਘ ਨੇ ਆਪਣੀ ਇੱਕੋ ਇੱਕ ਲੜਕੀ ਇਸ ਪਿੰਡ ਵਿੱਚ ਵਿਆਹੀ ਸੀ ਤੇ ਆਪ ਹੀਰਾ ਸਿੰਘ ਨੂੰ ਗੋਦ ਲਿਆ ਜੋ ਬਾਅਦ ਵਿੱਚ ਰਾਜਾ ਬਣਿਆ। ਲੜਕੀ ਨੇ ਵਿਆਹ ਸਮੇਂ ਮੰਗ ਕੀਤੀ ਕਿ ਉਸਨੂੰ ਨਾਭੇ ਦੇ ਨੇੜੇ ਵਿਆਹਿਆ ਜਾਵੇ ਜਿੱਥੋਂ ਚੜ੍ਹ ਕੇ ਉਹ ਨਾਭਾ ਵੇਖ ਸਕੇ। ਇਸ ਤੇ ਰਾਜਾ ਜਸਵੰਤ ਸਿੰਘ ਨੇ ਇਸ ਪਿੰਡ ਵਿੱਚ ਇੱਕ ਵੱਡਾ ਕਿਲ੍ਹਾ ਬਣਵਾਇਆ ਜਿੱਥੋਂ ਚੜ੍ਹ ਕੇ ਉਹ ਨਾਭਾ ਵੇਖ ਸਕਦੀ ਸੀ। ਉਸ ਮਹਿਲ ਅਤੇ ਕਿਲ੍ਹੇ ਦੇ ਖੰਡਰ ਹੁਣ ਵੀ ਪਿੰਡ ਵਿੱਚ ਮੌਜੂਦ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ