ਬੋਹਣ
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਬੋਹਣ, ਹੁਸ਼ਿਆਰਪੁਰ – ਗੜ੍ਹਸ਼ੰਕਰ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾਂ ਨਾਂ ਬਸੀ ਤੇ ਫੇਰ ਮਾਜੂ ਮਾਜਰਾ ਵੀ ਸੀ। ਇਹ ਪਿੰਡ ਓਜਲਾ ਜੱਟਾਂ ਦਾ ਵਸਾਇਆ ਚੋਅ ਦੇ ਕਿਨਾਰੇ ਵੱਸੇ ਹੋਏ ਪਿੰਡਾਂ ਵਿਚੋਂ ਇੱਕ ਹੈ।
ਦੱਸਿਆ ਜਾਂਦਾ ਹੈ ਕਿ ਬੋਹਣ ਇੱਕ ਦੇਓ ਦਾ ਨਾਂ ਸੀ ਉਹ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਤੰਗ ਕਰਦਾ ਸੀ। ਲੋਕ ਉਸਦੀ ਪੂਜਾ ਕਰਦੇ ਸਨ ਤੇ ਉਸਦੀ ਮਿੰਨਤ ਤਰਲੇ ਕਰਕੇ ਉਹ ਇਸ ਸ਼ਰਤ ‘ਤੇ ਗਿਆ ਕਿ ਉਸਦੇ ਨਾਂ ‘ਤੇ ਪਿੰਡ ਦਾ ਨਾਂ ਰੱਖਿਆ ਜਾਵੇ। ਇੱਥੇ ਪਹਿਲੇ ਪਠਾਨ ਦਾ ਕਬਜ਼ਾ ਸੀ, ਪਿੰਡ ਦੇ ਪੂਰਬ ਵੱਲ ਇੱਕ ਮਸੀਤ ਹੈ। ਸਿੱਖ ਰਾਜ ਸਮੇਂ ਨਿਸ਼ਾਨਵਾਲੀਆ ਮਿਸਲ ਦੇ ਸਰਦਾਰ ਕਰਮ ਸਿੰਘ ਤੇ ਜੀਵਨ ਸਿੰਘ ਨੇ ਪਠਾਨਾਂ ਨੂੰ ਕੱਢ ਕੇ ਪਿੰਡ ਤੇ ਕਬਜ਼ਾ ਕਰ ਲਿਆ ਅਤੇ ਪਠਾਨ ਹੈਦਰਾਬਾਦ ਰਿਆਸਤ ਵਿੱਚ ਚਲੇ ਗਏ ਜਿੱਥੇ ਉਹਨਾਂ ਸਿਕੰਦਰਾਬਾਦ ਕੋਲ ਬੋਹਣ ਨਾਂ ਦਾ ਪਿੰਡ ਵਸਾਇਆ। ਪਿੰਡ ਦੇ ਪੱਛਮ ਵੱਲ ਬਹੁਤ ਪੁਰਾਣਾ ਕਿਲ੍ਹਾ ਹੈ। ਬੀਰੋਵਾਲ ਦੀ ਸੰਧੀ ਅਨੁਸਾਰ ਜਦੋਂ ਅੰਗਰੇਜ਼ਾਂ ਨੇ 1845 ਵਿੱਚ ਦੁਆਬੇ ‘ਤੇ ਕਬਜ਼ਾ ਕੀਤਾ ਤਾਂ ਇਹ ਕਿਲ੍ਹਾ ਸ. ਗੁਲਾਬ ਸਿੰਘ ਪਾਸ ਸੀ।
ਇਹ ਪਿੰਡ ਬਾਬਾ ਫਰੀਦ ਜੀ ਦੀ ਦਰਗਾਹ ਕਰਕੇ ਬਹੁਤ ਪ੍ਰਸਿੱਧ ਹੈ ਜਿੱਥੇ ਹਰ ਵੀਰਵਾਰ ਮੇਲਾ ਲੱਗਦਾ ਹੈ। ਪ੍ਰਚਲਤ ਰਵਾਇਤ ਅਨੁਸਾਰ, ਬਾਬਾ ਫਰੀਦ ਜੀ ਨੇ ਇੱਥੇ ਘੋਰ ਤਪੱਸਿਆ ਕੀਤੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ