ਬੰਬੀਹਾ ਭਾਈ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਬੰਬੀਹਾ ਭਾਈ, ਬਾਘਾ ਪੁਰਾਣਾ – ਮਾੜੀ ਮੁਸਤਫਾ ਸੜਕ ‘ਤੇ ਸਥਿਤ ਹੈ ਅਤੇ ਕੋਟ ਕਪੂਰਾ ਰੇਲਵੇ ਸਟੇਸ਼ਨ ਤੋਂ 25 ਕਿਲੋਮੀਟਰ ਦੂਰ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
‘ਬੰਬੀਹਾ ਭਾਈ’ ਪਿੰਡ ਭੂਤਾਂ ਵਾਲੇ ਭਾਈ ਭਗਤੇ ਦੀ ਪੰਜਵੀਂ ਪੀੜ੍ਹੀ ਦੀ ਨੂੰਹ ਮਾਈ ਉਮਰਾਈ ਨੇ ਵਸਾਇਆ ਸੀ। ਇਹ ਭਾਈ ਬਹਿਲੋ ਦੀ ਔਲਾਦ ਦੇ ਵਸਾਏ ਗਿਆਰਾਂ ਪਿੰਡਾਂ ਵਿਚੋਂ ਇੱਕ ਹੈ। ‘ਮਾਈ ਉਮਰਾਈ’ ਜਵਾਨ ਉਮਰ ਵਿੱਚ ਵਿਧਵਾ ਹੋ ਗਈ ਸੀ ਅਤੇ ਉਸ ਦੇ ਦੋ ਪੁੱਤਰ ਭਾਈ ਟੇਕ ਚੰਦ ਤੇ ਭਾਈ ਕੇਸਰ ਸਿੰਘ ਸਨ । ਮਾਈ ਦੇ ਆਪਣੇ ਮਤਰਏ ਪੁੱਤਰਾਂ ਨਾਲ ਸੰਬੰਧ ਸੁਖਾਵੇਂ ਨਾ ਰਹਿਣ ਕਾਰਨ, ਉਸ ਨੇ ਭਗਤਾ ਛੱਡ ਦਿੱਤਾ ਅਤੇ ਆਪਣੇ ਰਿਸ਼ਤੇਦਾਰਾਂ ਮਹਾਰਾਜਾ ਫਰੀਦਕੋਟ ਪਾਸੋਂ ਬੀਆਬਾਨ ਥਾਂ ਆਪਣੇ ਨਾਂ ਲੁਆ ਲਈ, ਜਿੱਥੇ ਅੱਜ ਇਹ ਪਿੰਡ ਵੱਸਿਆ ਹੋਇਆ ਹੈ। ਬੀਆਬਾਨ ਤੋਂ ਪਿੰਡ ਦਾ ਨਾਂ ਬੰਬੀਹਾ ਪ੍ਰਚਲਿਤ ਹੋ ਗਿਆ ਅਤੇ ਇਸ ਪਰਿਵਾਰ ਨੂੰ ‘ਭਾਈ ਕਿਆਂ’ ਕਿਹਾ ਜਾਂਦਾ ਸੀ ਇਸ ਕਰਕੇ ਇਹ ‘ਬੰਬੀਹਾ ਭਾਈ’ ਪ੍ਰਸਿੱਧ ਹੋ ਗਿਆ।
ਮਾਈ ਉਮਰਾਈ ਨੇ ਆਪਣੇ ਪੁੱਤਰਾਂ ਦੀ ਰਾਖੀ ਲਈ ਆਪਣੇ ਪੇਕੇ ਪਿੰਡ ਅਲੀਸ਼ੇਰ (ਜ਼ਿਲ੍ਹਾ ਸੰਗਰੂਰ) ਤੋਂ ਕਈ ਗੋਤਾਂ ਦੇ ਸੂਰਮੇ ਲਿਆ ਕੇ ਏਥੇ ਵਸਾਏ ਸਨ ਅਤੇ ਆਪਣੀ ਜ਼ਮੀਨ ਦਾ ਅੱਧ ਦੇ ਕੇ ਬਰਾਬਰ ਦੇ ਸਾਂਝੀਦਾਰ ਬਣਾਏ। ਭਾਈ ਕੇ ਸਿੱਧੂਆਂ ਦੇ ਨੌ ਟੱਬਰਾਂ ਸਮੇਤ, ਹੋਰ, ਧਨ ਏ, ਰਾਈ ਅਤੇ ਖਾਲਸੇ ਗੋਤ ਦੇ ਹੋਰ ਕਈ ਘਰ ਇਸ ਦੇ ਵਸਨੀਕ ਹਨ। ਆਸੇ ਪਾਸੇ ਦੇ ਇਲਾਕੇ ਵਿੱਚ ਪਿੰਡ ਵਾਸੀ ‘ਭਾਈਕੇ’ ਕਹਾਉਂਦੇ ਹਨ। ਗੋਂਦਾਰਾ, ਸੇਖਾ, ਸਾਹੋਕੇ ਅਤੇ ਸੇਖਾ ਕਲਾ ਦੇ ਬਜ਼ੁਰਗਾਂ ਨੇ ਸਤਿਕਾਰ ਵਜੋਂ ‘ਭਾਈਆਂ’ ਨੂੰ 60-60 ਕਿੱਲੋ ਜ਼ਮੀਨ ਪੁੰਨ ਕੀਤੀ ਸੀ।
ਪਿੰਡ ਵਿੱਚ ਇੱਕ ਸੁੰਦਰ ਗੁਰਦੁਆਰੇ ਦੇ ਨਾਲ ਮਾਈ ਉਮਰਾਈ ਦੀ ਸੁੰਦਰ ਸਮਾਧ ਬਣੀ ਹੋਈ ਹੈ। ਲੋਕ ਮਾਈ ਉਮਰਾਈ ਦਾ ਬਹੁਤ ਸਤਿਕਾਰ ਕਰਦੇ ਹਨ। ਮਾਈ ਤੇ ਭਾਈ ਬਹਿਲੋ ਦੀ ਯਾਦ ਵਿੱਚ ਇੱਕ ਯਾਦਗਾਰੀ ਕਮੇਟੀ ਬਣੀ ਹੋਈ ਹੈ, ਜੋ ਹਰ ਸਾਲ ਇਹਨਾਂ ਦੀ ਯਾਦ ਵਿੱਚ ਇੱਕ ਮੇਲੇ ਦਾ ਪ੍ਰਬੰਧ ਕਰਦੀ ਹੈ। ਇਸ ਪਿੰਡ ਵਿੱਚ 1884 ਵਿੱਚ ਸਕੂਲ ਬਣ ਗਿਆ ਸੀ ਤੇ ਆਸੇ ਪਾਸੇ ਦੇ ਪਿੰਡਾਂ ਦੇ ਬੱਚੇ ਇਸੇ ਸਕੂਲ ਵਿਚੋਂ ਪੜ੍ਹੇ ਹਨ। ਸਾਹੋਕੇ ਦੇ ਮਸ਼ਹੂਰ ਕਵੀ ਬਾਬੂ ਰਜਬ ਅਲੀ ਨੇ ਲਿਖਿਆ ਹੈ, ‘ਸੋਹਣੀਏ ਸਾਹੋ ਪਿੰਡ ਦੀਏ, ਵੀਹੇ, ਬਚਪਨ ਦੇ ਵਿੱਚ ਪੜ੍ਹੇ ਬੰਬੀਹੇ’ ਜੈਤੋਂ ਦੇ ਮੋਰਚੇ ਦੇ ਦੂਜੇ ਜਥੇ ਦੀ ਇਸ ਪਿੰਡ ਵਿੱਚ ਬਹੁਤ ਸੇਵਾ ਕੀਤੀ ਗਈ। ਨਾਭਾ ਦੇ ਪ੍ਰਬੰਧਕ ਮਿ. ਵਿਲਸਨ ਦੇ ਕਹਿਣ ਤੇ ਅੰਗਰੇਜ਼ੀ ਸਰਕਾਰ ਨੇ ਪੰਡਤ ਮਦਨ ਮੋਹਨ ਮਾਲਵੀਆ ਨਾਲ ਮੋਰਚਾ ਟਾਲਣ ਲਈ ਇਸੇ ਪਿੰਡ ਗੱਲਬਾਤ ਕੀਤੀ ਸੀ ਜੋ ਸਿਰੇ ਨਾਂ ਚੜੀ। ਪਹਿਲੇ ਜਥੇ ਤੇ ਗੋਲੀ ਚਲ ਚੁੱਕੀ ਸੀ। ਅਕਾਲੀ ਮੋਰਚਿਆਂ, ਖੁਸ਼ ਹੈਸੀਅਤੀ ਟੈਕਸ ਅੰਦੋਲਨ ਅਤੇ ਅਤੇ ਅਮਨ ਮਾਰਚ ਵਿੱਚ ਇਸ ਪਿੰਡ ਦੇ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਜਿਸ ਕਰਕੇ ਬਾਬਾ ਰੂੜ ਸਿੰਘ ਨੇ ਪਿੰਡ ਨੂੰ ਲਾਲ ਬੰਬੀਹਾ ਕਹਿ ਕੇ ਸਤਿਕਾਰਿਆ।
ਅਗਾਂਹਵਧੂ ਅਤੇ ਚੇਤਨ ਸੋਚ ਕਰਕੇ ਇਸ ਪਿੰਡ ਵਿੱਚ 1947 ਵਿੱਚ ਕੋਈ ਖੂਨ ਖਰਾਬਾ ਨਹੀਂ ਹੋਇਆ ਅਤੇ ਲੋਕਾਂ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ ਸਾਂਭ ਕੇ ਰਖਿਆ ਜੋ ਅੱਜ ਵੀ ਪਿੰਡ ਵਿੱਚ ਘੁੱਗ ਵੱਸ ਰਹੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ