ਭਲਾਣ
ਸਥਿਤੀ :
ਤਹਿਸੀਲ ਨੰਗਲ ਦਾ ਪਿੰਡ ਭਲਾਣ, ਨੰਗਲ – ਭਲਾਣ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨੰਗਲ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸੰਨ 1500 ਈ. ਦੇ ਕਰੀਬ ਵੱਸਿਆ ਦੱਸਿਆ ਜਾਂਦਾ ਹੈ ਅਤੇ ਇਸ ਨੂੰ ਭਬੋਰ ਦੇ ਰਾਜੇ ਸੁਸ਼ਰਮਾ ਦੇ ਖਾਨਦਾਨ ਵਿਚੋਂ ਕਿਸੇ ਨੇ ਵਸਾਇਆ। ਰਾਜਾ ਸੁਸ਼ਰਮਾ ਮਹਾਂਭਾਰਤ ਦੀ ਲੜਾਈ ਵਿੱਚ ਪਾਂਡਵਾਂ ਦੇ ਵਿਰੁੱਧ ਅਤੇ ਕੌਰਵਾਂ ਦੇ ਹੱਕ ਵਿੱਚ ਲੜਿਆ ਸੀ। ਇਸ ਖਾਨਦਾਨ ਦੇ ਇੱਕ ਰਾਜੇ ਦੀ ਰਾਣੀ ਦੇ ਸੱਤ ਪੁੱਤਰ ਸਨ ਤੇ ਉਹ ਅੰਨੀ ਸੀ ਤੇ ਬਹੁਤ ਸਮਝਦਾਰ ਸੀ, ਰਾਜੇ ਨੇ ਉਸਦੇ ਸੱਤਾਂ ਪੁੱਤਰਾਂ ਨੂੰ ਰਾਜ ਦੇ ਵੱਖ ਵੱਖ ਇਲਾਕਿਆਂ ਵਿੱਚ ਰਾਏ ਸਾਹਿਬ ਦਾ ਖਿਤਾਬ ਦੇ ਕੇ ਜਗੀਰਾਂ ਦਾ ਮਾਲਕ ਬਣਾ ਦਿੱਤਾ। ਰਾਏ ਸਾਹਿਬ ਭਲਾਣ, ਰਾਏ ਸਾਹਿਬ ਬਨਗੜ੍ਹ ਅਤੇ ਰਾਏ ਸਾਹਿਬ ਲਾਲਪੁਰ । ਇਹ ਪਿੰਡ ਭਲਾਣ ਦੀ ਜਾਗੀਰ ਸੀ।
ਇਸ ਪਿੰਡ ਵਿੱਚ ਮੁਗਲਾਂ ਦੇ ਸਮੇਂ ਦਾ ਕਿਲ੍ਹਾ ਸੀ ਜੋ ਉਹਨਾਂ ਨੇ ਨਵੇਂ ਬਣੇ ਮੁਸਲਮਾਨਾਂ ਦੀ ਰਾਖੀ ਲਈ ਬਣਵਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਹਮਲਾ ਕਰਕੇ ਇਹ ਕਿਲ੍ਹਾ ਸਰ ਕਰ ਲਿਆ ਸੀ ਹੁਣ ਇਸ ਵਿੱਚ ਹਾਈ ਸਕੂਲ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ‘ਸ੍ਰੀ ਦਸ਼ਮੇਸ਼ ਗੜ੍ਹ’ ਹੈ। ਇੱਥੋਂ ਦੇ ਟਿੱਕਾ ਪਰਿਵਾਰ ਨੇ ਬਾਈਧਾਰ ਦੇ ਰਾਜਿਆਂ ਨਾਲ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਦਿੱਤਾ ਸੀ। ਇਸ ਪਰਿਵਾਰ ਕੋਲ ਗੁਰੂ ਜੀ ਦੀ ਇੱਕ ਤਲਵਾਰ ਹਾਲੇ ਵੀ ਸੁਰੱਖਿਅਤ ਹੈ ਜੋ ਬੜੀ ਸ਼ਰਧਾ ਨਾਲ ਸੰਭਾਲ ਕੇ ਰੱਖੀ ਗਈ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ