ਭੀਖੀ
ਸਥਿਤੀ :
ਜ਼ਿਲ੍ਹਾ ਮਾਨਸਾ ਦੀ ਸਬ-ਤਹਿਸੀਲ ਭੀਖੀ, ਸਟੇਟ ਹਾਈਵੇ 12 ਤੇ ਸਥਿਤ ਹੈ ਤੇ ਮਾਨਸਾ ਤੋਂ 10 ਕਿਲੋਮੀਟਰ ਅਤੇ ਸੁਨਾਮ ਤੋਂ 17 ਕਿਲੋਮੀਟਰ ਦੀ ਦੂਰੀ ‘ਤੇ ਹੈ। ਸਟੇਟ ਹਾਈਵੇ 13 ਭੀਖੀ ਨੂੰ ਬਰਨਾਲਾ ਨਾਲ ਜੋੜਦਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਕਸਬੇ ਨੂੰ ਮੁੱਢ ਵਿੱਚ ਧਾਰਾ ਨਗਰੀ ਵੀ ਕਿਹਾ ਜਾਂਦਾ ਸੀ ਕਿਉਂਕਿ ਸਰਹੰਦ (ਚੋਅ) ਇਸ ਦੇ ਨੇੜੇ ਦੀ ਲੰਘਦੀ ਸੀ। ਤਕਰੀਬਨ ਨੌ ਸੌ ਸਾਲ ਪਹਿਲਾਂ ਇਸ ਨੂੰ ਭਿੱਖੀ ਨਾਮੀ ਪੰਡਿਤ ਨੇ ਵਸਾਇਆ ਸੀ ਜੋ ਹੌਲੀ-ਹੌਲੀ ਭੀਖੀ ਬਣ ਗਿਆ। ਬਾਅਦ ਵਿੱਚ ਚਹਿਲਾਂ ਦੇ ਧਾੜਵੀ ਲੀਡਰ ਦੇਸੂ ਨੇ ਖਿਆਲੇ ਤੋਂ ਆ ਕੇ ਇਸ ਥਾਂ ਤੇ ਕਬਜ਼ਾ ਕਰ ਲਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਮਾਲਵੇ ਦੇ ਦੌਰੇ ਸਮੇਂ 1566 ਈਸਵੀ ਵਿੱਚ ਇੱਥੇ ਪੁੱਜੇ ਤਾਂ ਉਸ ਸਮੇਂ ਦੇਸੂ ਦਾ ਲੜਕਾ ਮੈਂਡਾ ਰਾਜ ਕਰਦਾ ਸੀ। ਗੁਰੂ ਸਾਹਿਬ ਨੂੰ ਉਸਦੇ ਸਖੀ ਸਰਵਰ ਦੇ ਉਪਾਸ਼ਕ ਹੋਣ ਦੀ ਗੱਲ ਚੰਗੀ ਨਾ ਲੱਗੀ ਤੇ ਉਹਨਾਂ ਨੇ ਉਸ ਨੂੰ ਪੰਜ ਤੀਰ ਬਖ਼ਸ਼ ਕੇ ਆਪਣਾ ਸਿੱਖ ਬਣਾਇਆ। ਬਾਅਦ ਵਿੱਚ ਉਸਦੀ ਘਰਵਾਲੀ ਨੇ ਇਹ ਤੀਰ ਅੱਗ ਵਿੱਚ ਪਾ ਕੇ ਫੂਕ ਦਿੱਤੇ ਤੇ ਫੇਰ ਸਖੀ ਸਰਵਰ ਦਾ ਖੂੰਡਾ ਫੜਾ ਦਿੱਤਾ । ਸ਼ਾਇਦ ਗੁਰੂ ਜੀ ਦੀ ਅਵਗਿਆ ਸਦਕਾ ਦੱਸਦੇ ਹਨ ਕਿ ਚਹਿਲਾਂ ਦਾ ਰਾਜ ਨਸ਼ਟ ਹੋ ਗਿਆ।
ਇੱਥੋਂ ਦੇ ਮੁੱਖ ਵਸਨੀਕ ਬ੍ਰਾਹਮਣ ਹਨ ਜੋ ਜਿਮੀਂਦਾਰ ਹਨ, ਇੱਥੇ ਢਹਿਆਂ ਦੀ ਵੱਖਰੀ ਬਸਤੀ ਹੈ ਤੇ ਉਹ ਇਸ ਇਲਾਕੇ ਦੇ ਢਹਿਆਂ ਦੀ ਰਾਜਧਾਨੀ ਸਮਝੀ ਜਾਂਦੀ ਹੈ। ਇਹ ਮੁਰਦਾਰ ਪਸ਼ੂਆਂ ਦਾ ਠੇਕਾ ਲੈਂਦੇ ਹਨ। ਸਹਿੰਸੀਆਂ ਦੀ ਇੱਥੇ “ਸਾਬਕਾ ਕਰਿਮਨਲ ਟਰਾਈਬਜ਼ ਕਾਲੋਨੀ” ਬਣੀ ਹੋਈ ਹੈ ਜਿਨ੍ਹਾਂ ਦਾ ਆਪਣਾ ਪੰਚਾਇਤ ਮੈਂਬਰ ਹੈ।
ਇੱਥੇ ਬਹੁਤ ਪੁਰਾਣਾ ਸਾਈਂ ਗੁਦੜਸ਼ਾਹ ਦਾ ਡੇਰਾ ਹੈ, ਇਹ ਮੁਸਲਮਾਨ ਫ਼ਕੀਰ ਸਨ। ਜਿਨ੍ਹਾਂ ਨੇ ਲੋਕ ਲਭਾਈ ਦੇ ਬਹੁਤ ਕੰਮ ਕੀਤੇ ਅਤੇ ਬਹੁਤ ਦਰਖ਼ਤ ਲਗਵਾਏ। ਉਨ੍ਹਾਂ ਕੋਲ ਇੱਕ ਵਧੀਆ ਘੋੜਾ ਸੀ ਜਿਸ ਨੂੰ ਉਨ੍ਹਾਂ ਰਾਜੇ ਨੂੰ ਦੇ ਕੇ ਉਸਦੇ ਬਦਲੇ ਪਿੰਡ ਵਿੱਚ ਵੱਡਾ ਸੱਤ ਵਿੱਡਾ ਖੂਹ ਲਗਵਾਇਆ। ਇਸ ਸਾਈਂ ਤੋਂ ਅੱਗੇ ਜ਼ਬਰਸ਼ਾਹ, ਬਾਰੇਸ਼ਾਹ ਅਤੇ ਪ੍ਰੇਮਸ਼ਾਹ ਹੋਏ ਪਰ 1947 ਤੋਂ ਬਾਅਦ ਡੇਰੇ ਦਾ ਵਾਰਸ ਪੋਖਰਦਾਸ ਬਣਿਆ। ਸਾਈਂ ਗੁਦੜਸ਼ਾਹ ਦੀ ਯਾਦ ਵਿੱਚ ਹਰ ਸਾਲ ਮਾਘ ਦੀ ਛੱਠ ਨੂੰ ਭਾਰੀ ਮੇਲਾ ਲਗਦਾ ਹੈ।
ਪਿੰਡ ਵਿੱਚ ਇੱਕ ਨਾਥਾਂ ਦਾ ਡੇਰਾ ਹੈ ਜਿਸ ਪਾਸ 22 ਏਕੜ ਜ਼ਮੀਨ ਹੈ। ਇੱਕ ਠਾਕਰਦੁਆਰਾ, ਸ਼ਿਵ ਮੰਦਰ, ਹਨੂੰਮਾਨ ਮੰਦਰ ਅਤੇ ਬੈਰਾਗੀਆਂ ਦੇ ਦੋ ਡੇਰੇ ਹਨ ਜਿਨ੍ਹਾਂ ਪਾਸ 140 ਏਕੜ ਜ਼ਮੀਨ ਹੈ। ਇੱਕ ਮਸਜਿਦ ਵੀ ਹੈ ਜਿਸ ਵਿੱਚ ਵਕਫ ਬੋਰਡ ਦਾ ਰੱਖਿਆ ਮੌਲਵੀ ਹੈ। ਪਿੰਡ ਵਿੱਚ ਹੋਰ ਧਰਮਸਾਲਾਂ ਵੀ ਹਨ ਪਰ ਸਭ ਤੋਂ ਵਧੇਰੇ ਮਸ਼ਹੂਰ ਭਾਈ ਜਸਵੰਤ ਸਿੰਘ ਦੀ ਧਰਮਸ਼ਾਲਾ ਹੈ।
ਇੱਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਹੈ ਜਿਸ ਪਾਸ 105 ਏਕੜ ਜ਼ਮੀਨ ਹੈ। ਇੱਥੋਂ ਦੇ ਹਿੰਦੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਕਰਕੇ ਉਨ੍ਹਾ ਦੇ ਸ਼ਿਸ਼ ਬਣ ਗਏ ਸਨ ਤੇ ਫੇਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣਕੇ ਦਾੜ੍ਹੀ ਕੇਸਾਂ ਵਾਲੇ ਹੋ ਗਏ। ਇਨ੍ਹਾਂ ਵਿੱਚੋਂ ਹੀ ਕੁੱਝ ਨਾਮਧਾਰੀ ਹੋ ਗਏ, ਇੱਕ ਨਰੈਣ ਸਿੰਘ ਕੂਕਾ 15 ਜਨਵਰੀ 1871 ਨੂੰ ਮਲੇਰਕੋਟਲੇ ਵਿੱਚ ਸ਼ਹੀਦ ਹੋ ਗਿਆ।
ਦੇਸ਼ ਦੀ ਅਜ਼ਾਦੀ ਦੀ ਲਹਿਰ ਸਮੇਂ ਇਹ ਕਸਬਾ ਅਕਾਲੀਆਂ ਤੇ ਪ੍ਰਜਾ ਮੰਡਲੀਆਂ ਦਾ ਗੜ੍ਹ ਰਿਹਾ ਹੈ। 1914 ਵਿੱਚ ਬਾਬਾ ਸੁੰਦਰ ਸਿੰਘ ਜੋ ਕੈਨੇਡਾ ਗਿਆ ਸੀ ਕਾਮਾਗਾਟਾ ਲਹਿਰ ਵਿੱਚ ਸ਼ਾਮਲ ਹੋ ਗਿਆ। ਇਸ ਪਿੰਡ ਨੂੰ ਪਟਵਾਰੀਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ, ਇੱਥੇ 60 ਤੋਂ ਜ਼ਿਆਦਾ ਪਟਵਾਰੀ ਹੋ ਚੁੱਕੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ