ਮਜਾਤ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਮਜਾਤ, ਖਰੜ- ਬਡਾਲਾ ਸੜਕ ‘ਤੇ ਸਥਿਤ ਹੈ ਅਤੇ ਸਰਹੰਦ ਰੇਲਵੇ ਸਟੇਸ਼ਨ ਤੋਂ 9 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇੱਕ ਪੁਰਾਤਨ ਥੇਹ ‘ਤੇ ਵੱਸਿਆ ਹੋਇਆ ਹੈ। ਤਕਰੀਬਨ ਬਾਰਾਂ ਤੇਰੁ ਸੌ ਸਾਲ ਪਹਿਲਾਂ ਲੱਖੂ ਨਾਂ ਦੇ ਇੱਕ ਰਾਜਪੂਤ ਸਰਦਾਰ ਨੇ ਕੌਣੀ ਜਾਸਲਾਂ ਦੇ ਸਥਾਨ ਤੋਂ ਆ ਕੇ ਇਸ ਬੇਅਬਾਦ ਜੰਗਲ ਜਿਹੀ ਥਾਂ ‘ਤੇ ਕਬਜ਼ਾ ਕਰ ਲਿਆ । ਚੌਧਰੀ ਲੱਖੂ ਦੀ ਮੌਤ ਤੋਂ ਬਾਅਦ ਉਸਦੇ ਚਾਰ ਪੁੱਤਰਾਂ ਦੁਨੀ ਚੰਦ, ਭਾਗ ਚੰਦ, ਜੈ ਗੋਪਾਲ ਤੇ ਨਾਨਕ ਨੇ ਇਹ ਰਕਬਾ ਆਪਸ ਵਿੱਚ ਵੰਡ ਲਿਆ। ਦੁਨੀ ਚੰਦ ਦੀ ਪੱਤੀ ਦਾ ਪਹਿਲਾ ਨਾਂ ਮਜਲੀਆ ਸੀ ਜਿਸ ਦੇ ਨਾਂ ‘ਤੇ ਪਿੰਡ ਦਾ ਨਾਂ ‘ਮਜਾਤ’ ਪੈ ਗਿਆ। ਬਾਹਰੋਂ ਆਏ ਹਮਲਾਵਰਾਂ ਦੀ ਮਾਰਧਾੜ ਦੇ ਅਸਰ ਹੇਠਾਂ ਇਹ ਸਮੁੱਚਾ ਪਿੰਡ ਹੀ ਮੁਸਲਮਾਨ ਬਣ ਗਿਆ। 1947 ਦੀ ਵੰਡ ਵੇਲੇ ਲਗਭਗ ਸਾਰੀ ਵਸੋਂ ਪਾਕਿਸਤਾਨ ਚਲੀ ਗਈ। ਬਾਅਦ ਵਿੱਚ ਪਾਕਿਸਤਾਨ ਤੋਂ ਆ ਕੇ ਲੋਕ ਵੱਸ ਗਏ। ਕੁਝ ਲੋਕ ਚੰਡੀਗੜ੍ਹ ਵੱਸਣ ਨਾਲ ਉਠਾਏ ਕੈਲੜ, ਕਾਜ਼ੀ, ਮਾਜਰਾ ਆਦਿ ਪਿੰਡ ਤੋਂ ਇੱਥੇ ਆ ਕੇ ਵੱਸ ਗਏ।
ਪਿੰਡ ਵਿੱਚ ਮੁੱਖ ਵਸੋਂ ਹਰੀਜਨਾਂ ਦੀ ਹੈ ਅਤੇ ਤੀਜਾ ਹਿੱਸਾ ਜੱਟਾਂ ਤੇ ਹੋਰ ਜਾਤਾਂ ਦੀ ਹੈ। ਪਿੰਡ ਦੇ ਪੱਛਮ ਵੱਲ ਫਕੀਰ ਬਾਬਾ ਹੀਰਾ ਸ਼ਾਹ ਦੀ ਸਮਾਧ ਹੈ ਵੰਡ ਤੋਂ ਪਹਿਲਾਂ ਇੱਥੇ ਮੇਲਾ ਵੀ ਲੱਗਦਾ ਸੀ। ਹੁਣ ਵੀ ਪਿੰਡ ਵਾਸੀ ਇਸ ਸਮਾਧ ਦੀ ਮਾਨਤਾ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ