ਮਲੋ ਮਜਾਰਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮਲੋ ਮਜਾਰਾ, ਨਵਾਂ ਸ਼ਹਿਰ-ਫਿਲੌਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਲੋ ਮਜਾਰਾ ਦੇ ਪੂਰਬ ਵੱਲ ਸ਼ੇਖੂਪੁਰ ਅਤੇ ਪੱਛਮ ਵੱਲ ਬਖਲੌਰ ਪਿੰਡ ਦੀ ਜ਼ਮੀਨ ਸੀ। ਇਹਨਾਂ ਦੋਹਾਂ ਪਿੰਡਾਂ ਨੇ ਹਸਨਪੁਰ, ਜੱਸੋਵਾਲ ਅਤੇ ਬਡਾਲੇ ਤੋਂ ਕੁਝ ਟੱਬਰ ਲਿਆ ਕੇ ਇੱਥੇ ਮੌਰੂਸੀ ਬਿਠਾ ਲਏ। ਹੌਲੀ ਹੌਲੀ ਇੱਥੇ ਆਬਾਦੀ ਵਿੱਚ ਵਾਧਾ ਹੋ ਗਿਆ ਅਤੇ ਛੋਟਾ ਜਿਹਾ ਪਿੰਡ ਵੱਸ ਗਿਆ। ਕਿਉਂਕਿ ਇਹ ਸਾਰੇ ਮਜ਼ਾਰੇ ਸਨ ਇਸ ਲਈ-ਪਿੰਡ ਦਾ ਨਾਂ ਮਜਾਰਾ ਪੈ ਗਿਆ। ਸਿੱਖ ਰਾਜ ਵੇਲੇ ਮੁਰੱਬੇਬੰਦੀ ਹੋਈ ਅਤੇ ਮੌਰੂਸੀਆਂ ਟੁੱਟ ਗਈਆ। ਜੋ ਲੋਕ ਜ਼ਮੀਨ ਵਾਹੁੰਦੇ ਸਨ, ਉਹਨਾਂ ਜ਼ਮੀਨਾਂ ਮੱਲ ਲਈਆ ਅਤੇ ਉਹਨਾਂ ਦੇ ਪੱਕੇ ਕਬਜ਼ੇ ਹੋ ਗਏ। ਇਸ ਮੁੱਲ ਤੋਂ ਪਿੰਡ ਦਾ ਨਾ ‘ਮਲੋ ਮਜਾਰਾ’ ਪੈ ਗਿਆ।
ਪਿੰਡ ਵਿੱਚ ਇੱਕ ਝਿੜੀ ਹੈ ਜਿਸ ਨੂੰ ਬਾਬੇ ਸਲਵਾਣੇ ਦੀ ਜਗ੍ਹਾ ਕਹਿੰਦੇ ਹਨ। ਇਸ ਜਗ੍ਹਾ ਤੇ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਇਹ ਸਲਵਾਣਾ ਸਾਹਿਬ ਗੁਰਦੁਆਰਾ ਨਹਿਰ ਦੇ ਕੰਢੇ ਤੇ ਸਥਿਤ ਹੈ। ਕਹਿੰਦੇ ਹਨ ਕਿ ਨਹਿਰ ਕੱਢਣ ਵਾਲਾ ਓਵਰਸੀਅਰ ਇਸ ਜਗ੍ਹਾ ਵਿਚੋਂ ਦੀ ਸਿੱਧੀ ਨਹਿਰ ਕੱਢ ਰਿਹਾ ਸੀ ਅਤੇ ਉਹ ਅੰਨਾ ਹੋ ਗਿਆ। ਉਸ ਨੇ ਇਸ ਜਗ੍ਹਾ ਤੇ ਅਰਦਾਸ ਕੀਤੀ ਅਤੇ ਨਹਿਰ ਨੂੰ ਟੇਡਾ ਕਰਕੇ ਕੱਢਿਆ ਤਾਂ ਉਹ ਠੀਕ ਹੋ ਗਿਆ। ਇੱਥੇ ਹਰ ਸਾਲ ਮੇਲਾ ਲਗਦਾ ਹੈ ਪਿੰਡ ਵਿੱਚ ਇੱਕ ਪੰਜ ਪੀਰ ਨਾਮੀ ਜਗ੍ਹਾ ਹੈ ਜਿਸਦੀ ਕਿਰਪਾ ਕਰਕੇ ਪਿੰਡ ਵਿੱਚ ਕਦੀ ਗੜੇ ਮਾਰ ਨਹੀਂ ਹੁੰਦੀ। ਇੱਕ ਸ਼ਹੀਦਾਂ ਦੀ ਜਗ੍ਹਾ ਹੈ ਜਿਸ ਨੂੰ ਗੁਨੂੰ ਦਾ ਮੱਟ ਕਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ