ਮਾਛੀ ਕੇ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਮਾਛੀਕੇ, ਮੋਗਾ – ਬਰਨਾਲਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 37 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ ਅਤੇ ਇਸਨੂੰ ਮਾਛੀ ਨਾਮੀ ਝਿਊਰ ਨੂੰ ਵਸਾਇਆ ਸੀ। ਪਿੰਡ ਦੀ ਕਹਾਣੀ ਇਸ ਤਰ੍ਹਾਂ ਦੱਸੀ ਜਾਂਦੀ ਹੈ ਕਿ ਮਾਛੀ ਨਾਂ ਦਾ ਤਿਊਰ ਇੱਥੇ ਆਉਂਦੇ ਜਾਂਦੇ ਰਾਹੀਆਂ ਨੂੰ ਮਛਕ ਰਾਹੀਂ ਪਾਣੀ ਪਿਆਇਆ ਕਰਦਾ ਸੀ। ਉਸ ਸਮੇਂ ਪਿੰਡ ਦੇ ਆਲੇ ਦੁਆਲੇ ਰੇਤ ਦੇ ਟਿੱਬੇ ਸਨ ਅਤੇ ਭਦੌੜ ਦੇ ਸਰਦਾਰ ਬਾਈ ਕੋਹ ਤੱਕ ਕੋਈ ਪਿੰਡ ਨਹੀਂ ਬੱਝਣ ਦੇਂਦੇ ਸਨ ਅਤੇ ਆਪਣੇ ਕਟਕ (ਲੁਟੇਰਿਆਂ) ਦੁਆਰਾ ਲੁੱਟ ਲਾਰ ਕਰਦੇ ਸਨ। ਮਾਛੀ ਨਾਮੀ ਝਿਊਰ ਨੇ ਲੁਟੇਰਿਆਂ ਤੋਂ ਦੁੱਖੀ ਹੋ ਕੇ ਪਿੰਡ ਪਤੋ ਹੀਰਾ ਸਿੰਘ ਵਿੱਚ ਸਾਧੂ ਬਾਬਾ ਅਮਰਦਾਸ ਅਤੇ ਬਾਬਾ ਜਿਉਣ ਦਾਸ ਨੂੰ ਸਾਰੀ ਗੱਲ ਦੱਸੀ ਅਤੇ ਉਹ ਮਦਦ ਲਈ ਨਾਲ ਆ ਗਏ। ਜਦੋਂ ਲੁਟੇਰੇ ਆ ਰਹੇ ਸਨ ਤਾਂ ਬਾਬਾ ਅਮਰ ਦਾਸ ਨੇ ਅੱਖਾਂ ਬੰਦ ਕਰਕੇ ਪਾਠ ਕੀਤਾ ਅਤੇ ਲੁਟੇਰਿਆਂ ਤੇ ਮੀਂਹ ਝੱਖੜ ਅਤੇ ਗੜੇ ਪੈਣ ਲੱਗੇ। ਇਸ ਤੇ ਲੁਟੇਰੇ ਭੱਜ ਗਏ। ਲੋਕਾਂ ਨੂੰ ਇਹਨਾਂ ਸਾਧੂਆਂ ਤੇ ਵਿਸ਼ਵਾਸ਼ ਤੇ ਸ਼ਰਧਾ ਹੋ ਗਈ। ਬਾਬਾ ਅਮਰਦਾਸ ਤੇ ਬਾਬਾ ਜਿਉਣ ਦਾਸ ਨੇ ਮਾਛੀ ਨਾਮੀ ਸੇਵਾਦਾਰ ਦੇ ਨਾਂ ‘ਤੇ ਪਿੰਡ ਦਾ ਨਾਂ ਮਾਛੀ ਕੇ ਰੱਖ ਦਿੱਤਾ। ਪਿੰਡ ਵਿੱਚ ਬਾਬਾ ਅਮਰ ਦਾਸ ਤੇ ਬਾਬਾ ਜਿਊਣ ਦਾਸ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ ਅਤੇ ਸਾਉਣ ਵਿੱਚ ਮੇਲਾ ਲੱਗਦਾ ਹੈ। ਲੋਕੀ ਹਾੜੀ-ਸਾਉਣੀ ਦੀ ਫਸਲ ਵਿਚੋਂ ਸਮਾਧਾਂ ‘ਤੇ ਸ਼ਰਧਾ ਮੁਤਾਬਿਕ ਦਾਣੇ ਆਦਿ ਚੜ੍ਹਾਉਂਦੇ ਹਨ।
ਪਿੰਡ ਤੋਂ 2 ਕਿਲੋਮੀਟਰ ਦੂਰ ਜਗਰਾਉਂ ਵਾਲੀ ਸੜਕ ਤੇ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ ਹੈ। ਇੱਥੇ ਛੇਵੇਂ ਪਾਤਸ਼ਾਹ ਲੰਮੇ ਜੱਟਪੁਰੇ ਤੋਂ ਇਧਰ ਆ ਰਹੇ ਸਨ ਤਾਂ ਉਹਨਾਂ ਨੂੰ ਬਹੁਤ ਪਿਆਸ ਲੱਗੀ। ਇੱਥੇ ਆਦੂ ਨਾਂ ਦਾ ਇੱਕ ਸਾਧੂ ਧੂਣੀਆਂ ਤਪਾ ਰਿਹਾ ਸੀ । ਗੁਰੂ ਜੀ ਨੇ ਉਸਦੇ ਇੱਕ ਸੇਵਕ ਕੋਲੋਂ ਪਾਣੀ ਮੰਗਿਆ। ਸੇਵਕ ਨੇ ਦੱਸਿਆ ਕਿ ਇੱਥੇ ਨੇੜੇ ਤੇੜੇ ਪਾਣੀ ਨਹੀਂ ਹੈ। ਗੁਰੂ ਸਾਹਿਬ ਦੇ ਘੋੜੇ ਨੇ ਧਰਤੀ ‘ਤੇ ਪੌੜ ਮਾਰਿਆ ਤੇ ਧਰਤੀ ‘ਚੋਂ ਪਾਣੀ ਨਿਕਲਣ ਲੱਗ ਪਿਆ । ਪਾਣੀ ਪੀ ਕੇ ਗੁਰੂ ਜੀ ਨੇ ਕੁਝ ਸਮਾਂ ਆਰਾਮ ਕੀਤਾ ਅਤੇ ਅੱਗੇ ਚਲੇ ਗਏ। ਇਸ ਜਗ੍ਹਾ ‘ਤੇ ‘ਗੁਰਦੁਆਰਾ ਆਦੂ ਪੌੜ’ ਦੇ ਨਾਂ ਨਾਲ ਪ੍ਰਸਿੱਧ ਹੈ।
ਪਿੰਡ ਵਿੱਚ ਬੋਰੀਏ ਸਿੱਖਾਂ ਦੀ ਬਸਤੀ ਹੈ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ