ਮਾਨ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਮਾਨ, ਡੱਬਵਾਲੀ – ਬਾਦਲ – ਗਿੱਦੜਬਾਹਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਸਵਾ ਦੋ ਸੌ ਸਾਲ ਪਹਿਲਾਂ ਬੱਝਾ । ਬਾਬਾ ਨੌਧ ਸਿੰਘ ਰਾਏ-ਕੇ-ਕਲਾਂ ਦਾ ਵਾਸੀ ਸੀ, ਉਸਦੀ ਦਾਨ ਸਿੰਘ (ਦਾਨਾ ਰਾਇਕਾ) ਨਾਲ ਅਣਬਣ ਹੋ ਗਈ। ਉਸਨੇ ਪਿੰਡ ਛੱਡਣਾ ਹੀ ਬਿਹਤਰ ਸਮਝਿਆ। ਉਸਨੇ ਆਪਣੇ ਨਾਲ ਬਾਬਾ ਅਨੋਖੇ ਨੂੰ ਰਾਇ ਕਿਆਂ ਤੋਂ, ਧਰਮ ਸਿੰਘ ਨੂੰ ਪਿੰਡ ਪਿਉਰੀ ਤੋਂ ਅਤੇ ਬਾਬਾ ਵੀਰੇ ਨੂੰ ਜਲਾਲਆਣਾ (ਜ਼ਿਲ੍ਹਾ ਸਰਸਾ) ਤੋਂ ਨਾਲ ਰਲਾਇਆ ਅਤੇ ਮਾਨ ਗੋਤ ਵਾਲਿਆਂ ਦੇ ਨਾਮ ਦੇ ਚੱਕ ਉੱਪਰ ਕਬਜ਼ਾ ਕਰ ਲਿਆ । ਮਾਨਾਂ ਨੂੰ ਉਥੋਂ ਭੱਜਣਾ ਪਿਆ ਪਰ ਪਿੰਡ ਦਾ ਨਾਂ ਮਾਨਾ ਹੀ ਰਹਿ ਗਿਆ। ਇਹਨਾਂ ਚਾਰਾਂ ਬਾਬਿਆਂ ਦੇ ਨਾਂ ਤੇ ਪਿੰਡ ਦੀਆਂ ਚਾਰ ਪੱਤੀਆਂ ਹਨ।
ਸਾਰਾ ਪਿੰਡ ਸਿੱਧੂ ਬਰਾੜਾਂ ਦਾ ਹੈ। ਪਿੰਡ ਵਿੱਚ ਜੱਟਾਂ ਤੋਂ ਬਿਨਾਂ ਬ੍ਰਾਹਮਣ, ਬਾਣੀਏ, ਤਰਖਾਣ, ਨਾਈ, ਘੁਮਿਆਰ ਅਤੇ ਮਰਾਸੀ ਵੀ ਹਨ।
ਪਿੰਡ ਵਿੱਚ ਇੱਕ ਗੁਰਦੁਆਰਾ ਹੈ ਜਿੱਥੇ ਜੈਤੋਂ ਦੇ ਮੋਰਚੇ ਵਾਲੇ ਜੱਥੇ ਨੂੰ ਲੰਗਰ ਛਕਾਇਆ ਗਿਆ ਸੀ ਅਤੇ ਉਸਦੇ ਬਦਲੇ ਪਿੰਡ ਵਾਲਿਆਂ ਨੂੰ ਸਰਕਾਰੀ ਜ਼ਬਰ ਸਹਿਣਾ ਪਿਆ ਸੀ। ਇੱਕ ਉਦਾਸੀ ਸੰਤਾਂ ਦਾ ਡੇਰਾ ਹੈ। ਇੱਕ ਸਮਾਧ ਬਾਬਾ ਮਨੀ ਰਾਮ ਦੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਾਲ ਝਗਣੀ (ਬਠਿੰਡਾ) ਠਹਿਰੇ ਤਾਂ ਉਹ ਸ਼ਿਕਾਰ ਖੇਡਦੇ ਇੱਥੇ ਆਏ। ਇਹ ਇਲਾਕਾ ਰੇਤਲਾ ਟਿੱਬਿਆਂ ਦਾ ਸੀ। ਇਸ ਸਮਾਧ ਵਾਲੇ ਥਾਂ ਤੇ ਝਿੱੜੀ ਤੇ ਢਾਬ ਸੀ ਜਿੱਥੇ ਸੰਤ ਮਨੀ ਰਾਮ ਰਹਿੰਦਾ ਸੀ। ਗੁਰੂ ਜੀ ਨੂੰ ਪਿਆਸ ਲੱਗੀ ਤਾਂ ਇੱਥੇ ਪਾਣੀ ਪੀਣ ਆਏ। ਬਾਬਾ ਮਨੀ ਰਾਮ ਨੇ ਗੁਰੂ ਜੀ ਨੂੰ ਦੁੱਧ ਪੇਸ਼ ਕੀਤਾ। ਅੱਜ ਵੀ ਜਿਸ ਘਰ ਨਵਾਂ ਲਵੇਰਾ ਹੁੰਦਾ ਹੈ ਉਹ ਪਹਿਲਾਂ ਸਮਾਧ ਉੱਤੇ ਦੁੱਧ ਚੜ੍ਹਾ ਕੇ ਹੀ ਦੁੱਧ ਦੀ ਵਰਤੋਂ ਕਰਦਾ ਹੈ। ਇੱਥੇ ਹਰ ਮਾਘੀ ਨੂੰ ਵੱਡਾ ਮੇਲਾ ਲੱਗਦਾ ਹੈ। ਲੋਕੀ ਦੂਰੋਂ ਦੂਰੋਂ ਆ ਕੇ ਮਿੱਟੀ ਕੱਢਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ