ਰਾਏਪੁਰ ਬਲੀਮ ਬੁਰਜ ਰਾਏ ਕੇ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਰਾਏਪੁਰ ਬਲੀਮ, ਪੱਟੀ-ਸਰਹਾਲੀ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 5 ਕਿਲੋਮੀਟਰ ਦੂਰ ਹੈ। ¸
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੌਣੇ ਤਿੰਨ ਸੌ ਸਾਲ ਪਹਿਲਾਂ ਰਾਏ ਅਤੇ ਨੱਥੂ ਦੋ ਮੁਸਲਮਾਨ ਭਰਾ ਇੱਥੇ ਆਏ, ਰਾਏ ਨੇ ਇਸ ਪਿੰਡ ਦੀ ਮੋੜ੍ਹੀ ਗੱਡੀ ਅਤੇ ਨੱਥੂ ਨੇ ਇੱਕ ਕਿਲੋਮੀਟਰ ਪਰੇ ਪਿੰਡ ਨੱਥੂ ਬੁਰਜ ਵਸਾਇਆ। ਇਸ ਪਿੰਡ ਨੂੰ ਬੁਰਜ ਰਾਏ ਕੇ ਵੀ ਕਿਹਾ ਜਾਂਦਾ ਹੈ।
ਪਿੰਡ ਦੇ ਬਾਹਰ ਬਾਬਾ ਕਾਹਨ ਸਿੰਘ ਅਤੇ ਇੰਦਰ ਦਾਸ ਦੀ ਯਾਦ ਵਿੱਚ ਸਾਂਝਾ ਗੁਰਦੁਆਰਾ ਬਣਾਇਆ ਹੋਇਆ ਹੈ ਜਿਹਨਾਂ ਦੀ ਯਾਦ ਵਿੱਚ ਹਰ ਸਾਲ ‘ਪੋਹ ਦੇ ਮਹੀਨੇ’ ਮੇਲਾ ਲੱਗਦਾ ਹੈ । ਗੁਰਦੁਆਰੇ ਦੇ ਨਜ਼ਦੀਕ ਇੱਕ ਸਰੋਵਰ ਹੈ ਜਿਸ ਵਿੱਚ ਇਸ਼ਨਾਨ ਕਰਨ ਨਾਲ ਕਈ ਰੋਗ ਦੂਰ ਹੁੰਦੇ ਹਨ। ਪਿੰਡ ਵਿੱਚ ਇੱਕ ਬਾਬਾ ਫਲਾਹੀ ਵਾਲੇ ਸੁੰਦਾਰ ਸ਼ਾਹ ਦੀ ਯਾਦਗਾਰ ਹੈ ਜਿੱਥੇ ਹਰ ਵੀਰਵਾਰ ਪਿੰਡ ਦੇ ਲੋਕ ਚਰਾਗ ਬਾਲਦੇ ਹਨ। ਬਾਬਾ ਕਛਾੜ ਦਾਸ ਦੀ ਜਗ੍ਹਾ ਤੇ ਐਤਵਾਰ ਇੱਕਠ ਹੁੰਦਾ ਹੈ।
ਇਹ ਪਿੰਡ ਤੇਜਾ ਸਿੰਘ ਸਮੁੰਦਰੀ ਦਾ ਜੱਦੀ ਪਿੰਡ ਹੈ। ਇਸ ਪਿੰਡ ਦੇ ਸ਼ਹੀਦ ਮੇਜਰ ਕੰਵਲਜੀਤ ਸਿੰਘ ਸੰਧੂ ਹੋਏ ਹਨ ਜਿਹਨਾਂ 1971 ਦੀ ਜੰਗ ਵਿੱਚ ਫਿਰੋਜ਼ਪੁਰ ਸੈਕਟਰ ਤੇ ਹੁਸੈਨੀਵਾਲਾ ਪੁਲ ਨੂੰ ਬੰਬ ਨਾਲ ਉਡਾ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਅਤੇ ਦੁਸ਼ਮਣ ਦੀ ਫੌਜ ਨੂੰ ਆਪਣੇ ਦੇਸ਼ ਅੰਦਰ ਦਾਖਲ ਨਾ ਹੋਣ ਦਿੱਤਾ। ਇਸ ਪਿੰਡ ਦੇ ਕਈ ਵਿਅਕਤੀਆਂ ਨੇ ਆਜ਼ਾਦ ਹਿੰਦ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।