ਲੋਦੀਪੁਰ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਲੋਦੀਪੁਰ, ਰੂਪ ਨਗਰ – ਨੰਗਲ ਸੜਕ ਤੋਂ 1 ਕਿਲੋਮੀਟਰ ਅਤੇ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਨੀਂਹ ਅਫਗਾਨ ਲੋਧੀ ਵੰਸ਼ ਦੇ ਕਿਸੇ ਵਿਅਕਤੀ ਨੇ ਰੱਖੀ ਸੀ ਜਿਸ ਕਰਕੇ ਪਿੰਡ ਦਾ ਨਾਂ ‘ਲੋਦੀਪੁਰ’ ਪਿਆ। ਪਹਿਲੇ ਇੱਥੇ ਸਤਲੁਜ ਦਰਿਆ ਵੱਗਦਾ ਸੀ। ਲੋਕਾਂ ਨੇ ਅਨੰਦਪੁਰ ਸਾਹਿਬ ਦੇ ਸੋਢੀਆਂ ਕੋਲੋਂ ਜ਼ਮੀਨ ਖਰੀਦ ਕੇ ਵੱਖ ਵੱਖ ਥਾਂ ‘ਤੇ ਰਹਿਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਇਸ ਪਿੰਡ ਦੀ ਜ਼ਮੀਨ ਖਿੰਡਰੀ ਹੋਈ ਹੈ।
ਪਿੰਡ ਦੇ ਚੜ੍ਹਦੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਕ ਕਿਲ੍ਹਾ ਲੋਹਗੜ੍ਹ ਇੱਕ ਗੁਰਦੁਆਰੇ ਦੇ ਰੂਪ ਵਿੱਚ ਮੌਜੂਦ ਹੈ। ਇਹ ਲੋਹਗੜ੍ਹ ਉਹ ਕਿਲ੍ਹਾ ਹੈ ਜਿੱਥੇ ਪਹਾੜੀ ਰਾਜਿਆਂ ਨੇ ਹਾਥੀ ਦੇ ਸਿਰ ‘ਤੇ ਲੋਹੇ ਦੀਆਂ ਸੱਤ ਤਵੀਆਂ ਬੰਨ੍ਹ ਕੇ ਸ਼ਰਾਬੀ ਹਾਲਤ ਵਿੱਚ ਕਿਲ੍ਹੇ ਦਾ ਗੇਟ ਤੋੜਨ ਲਈ ਭੇਜਿਆ ਸੀ ਪਰ ਗੁਰੂ ਜੀ ਦੇ ਇੱਕ ਸਿੱਖ ਭਾਈ ਬਚਿੱਤਰ ਸਿੰਘ ਨੇ ਨਾਗਨੀ ਬਰਛੇ ਨਾਲ ਹਾਥੀ ‘ਤੇ ਵਾਰ ਕਰਕੇ ਤਵੀਆਂ ਵਿਚੋਂ ਲੰਘਾ ਕੇ ਬਰਛਾ ਉਸ ਦੇ ਮੱਥੇ ਵਿੱਚ ਮਾਰਿਆ ਸੀ ਜਿਸ ਤੇ ਹਾਥੀ ਆਪਣੀਆਂ ਹੀ ਫੌਜਾਂ ਲਿਤਾੜਦਾ ਹੋਇਆ। ਵਾਪਸ ਭੱਜ ਗਿਆ ਸੀ।
ਪਿੰਡ ਵਿੱਚ ਇੱਕ ਥੜ੍ਹਾ ਸਾਹਿਬ ਗੁਰਦੁਆਰਾ ਹੈ। ਕਿਲ੍ਹੇ ਨੂੰ ਤੋੜਨ ਆਈ ਸ਼ਰਾਬੀ ਹਾਥੀ ਵਾਲੀ ਫੌਜ ਦਾ ਜਰਨੈਲ ਕੇਸਰੀ ਚੰਦ ਜੋ ਰਾਜੇ ਭੀਮ ਚੰਦ ਦਾ ਸਾਲਾ ਸੀ ਨੂੰ ਇਸ ਥਾਂ ਮਾਰਿਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ