ਸ਼ਾਹਪੁਰ
ਸਥਿਤੀ :
ਤਹਿਸੀਲ ਧਾਰ ਕਲਾਂ ਦਾ ਪਿੰਡ ਸ਼ਾਹਪੁਰ ਕੰਡੀ, ਸ਼ਾਹਪੁਰ ਕੰਡੀ-ਥੀਨ ਡੈਮ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਮਾਧੋਪੁਰ ਤੋਂ 10 ਕਿਲੋਮੀਟਰ ਦੂਰ ਅਤੇ ਪਠਾਨਕੋਟ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇੱਕ ਪੁਰਾਤਨ ਨਗਰ ਸੀ ਜੋ ਮਹਾਂਭਾਰਤ ਦੇ ਸਮੇਂ ਦਾ ਕਿਹਾ ਜਾਂਦਾ ਹੈ। ਇਸ ਦਾ ਪਹਿਲਾਂ ਨਾਂ ਸ਼ਰਧਾਪੁਰ ਸੀ। ਮੁਗਲ ਬਾਦਸ਼ਾਹ ਸ਼ਾਹਜਹਾਨ (1627-1658 ਈ.) ਇੱਕ ਵਾਰੀ ਇਸ ਪਿੰਡ ਵਿੱਚ ਆਇਆ ਅਤੇ ਉਸਨੂੰ ਖੁਸ਼ ਕਰਨ ਲਈ ਇਸ ਪਿੰਡ ਦਾ ਨਾਂ ਉਸਦੇ ਨਾ ਤੇ ਸ਼ਾਹਪੁਰ ਰੱਖ ਦਿੱਤਾ ਗਿਆ। ਮੁਗਲਾਂ ਦੇ ਰਾਜ ਸਮੇਂ ਪਿੰਡ ਦੇ ਨੇੜਿਓਂ ਇੱਕ ਨਾਲਾ ਪੁਟਿਆ ਗਿਆ ਸੀ ਜੋ ਲਾਹੌਰ ਦੇ ਸ਼ਾਲੀਮਾਰ ਬਾਗ ਨੂੰ ਪਾਣੀ ਦੇਂਦਾ ਸੀ।
ਇਸ ਪਿੰਡ ਵਿੱਚ ਇੱਕ ਪੁਰਾਣਾ ਕਿਲ੍ਹਾ ਮੌਜੂਦ ਹੈ ਜੋ ਇੱਕ ਰਾਜਪੂਤ ਰਾਜੇ ਜਸਪਾਲ ਸਿੰਘ ਪਠਾਨੀਏ ਨੇ ਬਣਵਾਇਆ ਸੀ। ਉਸਨੇ ਇਸ ਪਿੰਡ ਨੂੰ ਆਪਣੀ ਰਿਆਸਤ ਦੀ ਰਾਜਧਾਨੀ ਬਣਾਇਆ ਸੀ ਤਾਂ ਜੋ ਕਾਂਗੜਾ ਅਤੇ ਨੂਰਪੁਰ ਦੇ ਹਿੱਸਿਆਂ ਦੀ ਦੇਖ ਰੇਖ ਹੋ ਸਕੇ। ਰਾਮ ਸਿੰਘ ਪਠਾਨੀਆਂ ਜਿਸ ਨੇ ਅੰਗਰੇਜ਼ਾਂ ਵਿਰੁਧ ਬਗਾਵਤ ਕੀਤੀ ਸੀ, ਇਸ ਪਿੰਡ ਵਿਚੋਂ 1848. ਈ. ਵਿੱਚ ਪਕੜਿਆ ਗਿਆ ਸੀ। ਇਸ ਪਿੰਡ ਤੋਂ 8. ਕਿਲੋਮੀਟਰ ਉਪਰ ਰਾਵੀ ਦੇ ਕੰਢੇ ਤੇ ਮੁਕੇਸ਼ਵਰ ਮੰਦਰ ਹਨ ਜੋ ਪੱਥਰਾਂ ਦੇ ਬਣੇ ਹੋਏ ਹਨ, ਕਿਹਾ ਜਾਂਦਾ ਹੈ ਇਹ ਪਾਂਡਵਾਂ ਦੇ ਸਮੇਂ ਦੇ ਹਨ। ਇੱਥੇ ਅਰਜਨ ਤੇ ਦਰੋਪਦੀ ਆਏ ਅਤੇ ਇੱਕ ਜਗ੍ਹਾ ਨੂੰ ‘ਅਰਜਨ ਦੇ ਚੁਲ੍ਹੇ’ ਕਰਕੇ ਜਾਣਿਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ