ਸ਼ੇਰੋ
ਸਥਿਤੀ :
ਤਹਿਸੀਲ ਸੁਨਾਮ ਦਾ ਪਿੰਡ ਸ਼ੇਰੋਂ, ਸੁਨਾਮ- ਬਠਿੰਡਾ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਸੁਨਾਮ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ :
ਇਹ ਪਿੰਡ ਸ਼ੇਰੇ ਰੰਗੜ ਦਾ ਪਿੰਡ ਸੀ ਜਿਸ ਨੂੰ ਚਾਉ ਪਿੰਡ ਦੇ ਮਾਨ ਸਿੰਘ ਨੇ ਹਮਲਾ ਕਰਕੇ ਉਜਾੜਿਆ ਤੇ ਰੰਗੜਾਂ ਨੂੰ ਭਜਾ ਦਿੱਤਾ। ਸ਼ੇਰੇ ਰੰਗੜ ਦੇ ਨਾਮ ਤੋਂ ਹੀ ਪਿੰਡ ਦਾ ਨਾਮ ਸ਼ੇਰੋਂ ਪੈ ਗਿਆ। 1726 ਈ. ਦੇ ਲਗਭਗ ਬਾਬਾ ਮਾਨ ਸਿੰਘ ਆਪਣੇ ਪੰਜ ਪੁੱਤਰਾਂ ਸਮੇਤ ਇੱਥੇ ਰਹਿਣ ਲੱਗਾ। ਇਹਨਾਂ ਦੇ ਨਾਂ ਤੇ ਹੀ ਪੰਜ ਪੱਤੀਆਂ, ਜੱਸ, ਸਜਾਦਾ, ਅਮਰਾ, ਵਿਘਾ ਅਤੇ ਬੀਰਾ ਹਨ। ਸ਼ੇਰੇ ਰੰਗੜ ਨੇ ਆਪਣੀ ਪਤਨੀ ਤਾਬੋ ਲਈ ਦੋਵੇਂ ਪਾਸੇ ਪੱਕੀਆਂ ਕੰਧਾਂ। ਕੱਢ ਕੇ ਇੱਕ ਖਾਸ ਗਲੀ ਬਣਾਈ ਸੀ ਜਿਸ ਦਾ ਨਾਂ ਅੱਜ ਕੱਲ੍ਹ ਤਾਬੋ ਮੋਰੀ ਹੈ। ਇਸ ਗਲੀ ਦੇ ਸਾਹਮਣੇ ਸ਼ੇਰੇ ਦਾ ਕਿਲ੍ਹਾ ਸੀ ਜਿਸਨੂੰ ਮਾਨ ਸਿੰਘ ਨੇ ਢਹਿ ਢੇਰੀ ਕਰ ਦਿੱਤਾ ਸੀ। ਇਸ ਕਿਲ੍ਹੇ ਵਾਲੀ ਥਾਂ ‘ਤੇ ਸੰਨ 1916 ਈ. ਵਿੱਚ ਸੰਤ ਬਾਬਾ ਅਤਰ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਗੁਰਦੁਆਰੇ ਦੀ ਨੀਂਹ ਰੱਖੀ ਜਿੱਥੇ ਇੱਕ ਆਲੀਸ਼ਾਨ ਗੁਰਦੁਆਰਾ ਸੁਸ਼ੋਭਿਤ ਹੈ।
ਕਿਹਾ ਜਾਂਦਾ ਹੈ ਕਿ ਮੌਕੇ ਤੋਂ ਸੱਤ ਪੀਰ ਸੁਨਾਮ ਵੱਲ ਚੱਲੇ ਸਨ ਪਰ ਉਹ ਸਾਰੇ ਸੁਨਾਮ ਦੇ ਬਾਹਰਵਾਰ ਕਿਸੇ ਨਾ ਕਿਸੇ ਤਰ੍ਹਾਂ ਮਾਰੇ ਗਏ। ਉਹਨਾਂ ਵਿੱਚੋਂ ਇੱਕ ਦੀ ਕਬਰ ਸ਼ੇਰੋਂ ਦੇ ਨਜ਼ਦੀਕ ਮਿਰਜ਼ਾਪੁਰ ਥੇਹ ਉੱਪਰ ਬਣੀ ਹੋਈ ਹੈ ਜਿਸਦੀ ਪਿੰਡ ਵਿੱਚ ਕਾਫੀ ਮਾਨਤਾ ਹੈ। ਇੱਥੇ ਕੁੱਲ ਮਿਲਾ ਕੇ ਸੱਤ ਥੇਹ ਹਨ ਜਿਨ੍ਹਾਂ ਵਿੱਚੋਂ ਇੱਕ ਦਾ ਸੰਬੰਧ ਰਾਜੇ ਹੋਡੀ ਨਾਲ ਜੋੜਿਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ