ਸਾਹਦੜਾ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਸਾਹਦੜਾ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 15 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲੁੱਦੜ ਤੇ ਗਦੌੜ ਨਾਂ ਦੇ ਦੋ ਭਰਾਵਾਂ ਨੇ ਵਸਾਇਆ। ਪਿੰਡ ਦਾ ਨਾਂ ਸਾਹਦੜਾ ਇਸ ਕਰਕੇ ਪਿਆ ਕਿਉਂਕਿ ਇੱਥੋਂ ਦੇ ਬਜ਼ੁਰਗਾਂ ਦਾ ਸਾਧਾਂ ਨਾਲ ਬਹੁਤ ਪਿਆਓ ਹੁੰਦਾ ਸੀ। ਪਿੰਡ ਵਿੱਚ ਬੜੀਵਾਲਾ ਅਤੇ ਛਡੂਆਣਾ ਦੇ ਧਾਰਮਿਕ ਸਥਾਨ ਹਨ ਜਿਹਨਾਂ ਦੀ ਮਾਨਤਾ ਕੀਤੀ ਜਾਂਦੀ ਹੈ। ਪਿੰਡ ਦੇ ਲੋਕ ਰਲਕੇ ਇਹਨਾਂ ਥਾਵਾਂ ‘ਤੇ ਅਖੰਡ ਪਾਠ ਕਰਵਾਉਂਦੇ ਹਨ। ਉਟਾਲ ਗੋਤ ਦੇ ਜੱਟ ਬਾਬਾ ਗੁਰਦਿੱਤਾ (ਕੀਰਤਪੁਰ ਸਾਹਿਬ) ਅਤੇ ਦਿਆਲ ਥਾਂਦੀ ਸੁਲਤਾਨੀਏ, ਚਸ਼ਮਾਂ (ਚਨਕੋਆ) ਨੂੰ ਮੰਨਦੇ ਹਨ। ਬਹੁਤੇ ਲੋਕ ਜੋਹੜ ਜੀ ਵਾਲੇ ਦੇ ਸਿੱਖ ਹਨ।
ਇੱਥੋਂ ਦੇ ਦੋ ਬਜ਼ੁਰਗ ਬਾਬਾ ਦਿਆਲਾ ਅਤੇ ਬਾਬਾ ਕਸਾਲਾ ਮਹਾਰਾਜਾ ਰਣਜੀਤ ਸਿੰਘ ਤੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੀ ਫੌਜ ਵਿੱਚ ਭਰਤੀ ਸਨ। ਇਸ ਪਿੰਡ ਦਾ ਬੱਬਰ ਅਕਾਲੀ ਦਲੀਪ ਸਿੰਘ, ਕਰਤਾਰ ਸਿੰਘ ਸਰਾਭਾ ਦਾ ਸਾਥੀ ਰਿਹਾ ਸੀ। ਪਿੰਡ ਵਿੱਚ ਇੱਕ ਸਤੀ ਦੀ ਜਗ੍ਹਾ ਹੈ ਜਿੱਥੇ ਇੱਕ ਕੁੜੀ ਆਪਣੇ ਮੰਗੇਤਰ ਦੀ ਮੌਤ ਤੇ ਜ਼ਬਰਦਸਤੀ ਸਤੀ ਹੋ ਗਈ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ