ਹਰਪਾਲਪੁਰ
ਸਥਿਤੀ :
ਪਿੰਡ ਹਰਪਾਲਪੁਰ ਪਟਿਆਲਾ ਹਰਪਾਲਪੁਰ ਸੜਕ ਤੇ ਰਾਜਪੁਰਾ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜ਼ਿਲ੍ਹਾ ਪਟਿਆਲਾ ਦਾ ਪਿੰਡ ਹਰਪਾਲਪੁਰ ਕੋਈ 325 ਸਾਲ ਪੁਰਾਣਾ ਤੇ ਇਤਿਹਾਸਕ ਪਿੰਡ ਹੈ। ਇਸ ਪਿੰਡ ਦਾ ਨਾਂ ‘ਹਰਪਾਲਪੁਰ’ ਇਸ ਪਿੰਡ ਨੂੰ ਅਬਾਦ ਕਰਨ ਵਾਲੇ ਬਜ਼ੁਰਗ ਬਾਬਾ ਹਰਪਾਲ ਦੇ ਨਾਂ ਤੇ ਪਿਆ।
ਮੁਗਲ ਬਾਦਸ਼ਾਹ ਔਰੰਗਜੇਬ ਦੇ ਰਾਜ ਵਿੱਚ ਬਾਬਾ ਹਰਪਾਲ ਤੇ ਉਸਦਾ ਭਰਾ ਔਰੰਗਜੇਬ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਣਕਵਾਲ ਤੋਂ ਆਪਣਾ ਸਮਾਨ ਗੱਡਿਆ ‘ਚ ਲੱਦ ਦੇ ਯਮਨਾ ਨਦੀ ਵੱਲ ਤੁਰ ਪਏ। ਬਾਬਾ ਹਰਪਾਲ ਨੇ ਇੱਥੇ ਗੱਡਾ ਰੋਕ ਲਿਆ ਤੇ ਹਰਪਾਲਪੁਰ ਪਿੰਡ ਵਸਾਇਆ। ਇਸ ਪਿੰਡ ਵਿੱਚੋਂ ਹੋਰ ਨੇੜੇ ਦੇ ਪੰਜ ਪਿੰਡ ਵੱਸੇ ਹਨ। ਪਿੰਡ ਦੇ ਸਾਰੇ ਕਿਸਾਨ ਭੰਗੂ ਗੋਤ ਦੇ ਹਨ।
ਪਿੰਡ ਦੇ ਪੱਛਮ ਵੱਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ‘ਚ ਇੱਕ ਇਤਿਹਾਸਕ ਗੁਰਦੁਆਰਾ ‘ਮੰਜੀ ਸਾਹਿਬ’ ਹੈ। ਇਸ ਗੁਰਦੁਆਰੇ ਦੀ ਇਮਾਰਤ ਕੋਈ 70 ਸਾਲ ਪਹਿਲੇ ਹੀ ਬਣੀ ਇੱਥੇ ਇੱਕ ਬਰੌਟੇ ਦਾ ਦਰਖਤ ਹੀ ਸੀ ਜਿਸ ਹੇਠਾਂ ਗੁਰੂ ਜੀ ਬੈਠੇ ਸਨ। ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਰਾਜ ਸਮੇਂ ਬਿਕਰਮੀ 1990 ਵਿੱਚ ਸੰਤ ਸੁੰਦਰ ਸਿੰਘ ਨੇ ਇਹ ਬਰੌਟਾ ਪੁਟਵਾ ਕੇ ਗੁਰਦੁਆਰਾ ਬਣਾਉਣਾ ਸ਼ੁਰੂ ਕੀਤਾ ਤਾਂ ਮਹਾਰਾਜਾ ਦੇ ਹੁਕਮ ਤੇ ਇਸ ਗੁਰਦੁਆਰੇ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਅਤੇ ਸੰਤ ਸੁੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ, ਜਿੱਥੇ ਉਨ੍ਹਾਂ ਨੂੰ 20 ਦਿਨ ਰੱਖਿਆ ਗਿਆ। ਇੱਕ ਰਾਤ ਮਹਾਰਾਜਾ ਭੁਪਿੰਦਰ ਸਿੰਘ ਨੂੰ ਸੁਪਨੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਜ਼ਰ ਆਏ। ਮਹਾਰਾਜਾ ਨੇ ਸੰਤ ਸੁੰਦਰ ਸਿੰਘ ਨੂੰ ਅਗਲੇ ਦਿਨ ਰਿਹਾ ਕਰ ਦਿੱਤਾ ਤੇ ਆਪ ਆਪਣੇ ਮਜ਼ਦੂਰ ਭੇਜ ਕੇ 2000 ਰੁਪਏ ਦੇ ਕੇ ਗੁਰਦੁਆਰੇ ਦੀ ਇਮਾਰਤ ਤਿਆਰ ਕਰਵਾਈ। 1992 ਬਿਕਰਮੀ ਵਿੱਚ ਸੰਤ ਸੁੰਦਰ ਸਿੰਘ ਜੀ ਸੁਰਗਵਾਸ ਹੋ ਗਏ ਉਹਨਾਂ ਤੋਂ ਪਿੱਛੋਂ ਇਸ ਪਿੰਡ ਦੇ ਰਹਿਣ ਵਾਲੇ ਸੰਤ ਗੁਰਬਖ਼ਸ਼ ਸਿੰਘ ਨੇ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲਿਆ ਹੁਣ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ