ਇਹ ਮਹਾਂਭਾਰਤ ਦੇ ਸਮੇਂ ਤੋਂ ਹੀ ਪੰਜਾਬ ਵਿੱਚ ਵਸੇ ਪੁਰਾਣੇ ਜੱਟ ਕਬੀਲਿਆਂ ਵਿੱਚੋਂ ਹਨ। ਇੱਬਟਸਨ ਅਟਵਾਲ ਜੱਟਾਂ ਨੂੰ ਸੂਰਜਬੰਸ ਵਿੱਚੋਂ ਮੰਨਦਾ ਹੈ। ਇਸ ਗੋਤ ਦਾ ਮੋਢੀ ਮਹਾਰਾਜ ਸੀ। ਇਹ ਉੱਠਾਂ ਦਾ ਵਪਾਰ ਕਰਦੇ ਸਨ। ਇਸ ਕਾਰਨ ਇਨ੍ਹਾਂ ਨੂੰ ਪਹਿਲਾਂ ਉਂਠ ਵਾਲਾ ਕਿਹਾ ਜਾਂਦਾ ਸੀ। ਫਿਰ ਅੱਟਵਾਲ ਨਾਮ ਪਰਚਲਤ ਹੋ ਗਿਆ। ਇਹ ਬਹੁਤੇ ਅੰਬਾਲਾ, ਲੁਧਿਆਣਾ, ਜਲੰਧਰ ਤੇ ਪਟਿਆਲਾ ਆਦਿਖੇਤਰਾਂ ਵਿੱਚ ਵਸਦੇ ਸਨ। ਕੁਝ ਪੱਛਮੀ ਪੰਜਾਬ ਵੱਲ ਸਿਆਲਕੋਟ, ਮੁਲਤਾਨ, ਝੰਗ, ਮਿੰਟਗੁਮਰੀ, ਮੁਜਫਰਗੜ ਤੇ ਬਹਾਵਲਪੁਰ ਆਦਿ ਖੇਤਰਾਂ ਵਿੱਚ ਚਲੇ ਗਏ ਸਨ।
ਪੱਛਮੀ ਪੰਜਾਬ ਵਿੱਚ ਜਾਕੇ ਬਹੁਤੇ ਅੱਟਵਾਲ ਜੱਟ ਮੁਸਲਮਾਨ ਬਣ ਗਏ ਸਨ। ਮਾਝੇ ਦੇ ਅੰਮਿਤਸਰ ਤੇ ਗੁਰਦਾਸਪੁਰ ਖੇਤਰ ਵਿੱਚ ਵੀ ਅੱਟਵਾਲ ਕਾਫੀ ਗਿਣਤੀ ਵਿੱਚ ਵਸਦੇ ਹਨ।
ਐਚ. ਏ. ਰੋਜ਼ ਅੱਟਵਾਲਾਂ ਨੂੰ ਪੰਵਾਰ ਬੰਸੀ ਮੰਨਦਾ ਹੈ ਅਤੇ ਇਨ੍ਹਾਂ ਨੂੰ ਮੁਲਤਾਨ ਵਲੋਂ ਪੂਰਬੀ ਪੰਜਾਬ ਵਿੱਚ ਆਏ ਮੰਨਦਾ ਹੈ । ਸਾਰੇ ਇਤਿਹਾਸਕਾਰ ਇਸ ਗੱਲ ਤੇ ਜ਼ਰੂਰ ਸਹਿਮਤ ਹਨ ਕਿ ਅੱਟਵਾਲ ਸ਼ੁਰੂ ਵਿੱਚ ਉੱਠਾਂ ਨੂੰ ਜ਼ਰੂਰ ਰੱਖਦੇ ਹੁੰਦੇ ਸਨ।
ਅੱਟਵਾਲ ਦਲਿਤ ਜਾਤੀਆਂ ਵਿੱਚ ਵੀ ਹਨ। ਜਿਹੜੇ ਜੱਟ ਕਿਸੇ ਦਲਿਤ ਜਾਤੀ ਦੀ ਇਸਤਰੀ ਨਾਲ ਵਿਆਹ ਕਰ ਲੈਂਦੇ ਸਨ, ਉਹ ਉਸੇ ਦਲਿਤ ਜਾਤੀ ਵਿੱਚ ਰਲ ਮਿਲ ਜਾਂਦੇ ਸਨ। ਉਸ ਦੀ ਜਾਤੀ ਤਾਂ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ। ਪੰਜਾਬ ਵਿੱਚ ਅੱਟਵਾਲ ਜੱਟ ਵੀ ਹਨ ਅਤੇ ਮਜ਼ਬੀ ਸਿੱਖ ਵੀ ਹਨ। ਸਾਰੇ ਹੀ ਸਿੱਖ ਧਰਮ ਨੂੰ ਮੰਨਦੇ ਹਨ।
1881 ਈਸਵੀ ਦੀ ਜੰਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਅੱਟਵਾਲਾਂ ਦੀ गिटडी 23405 ਸੀ ।
ਜੱਟਾਂ, ਖੱਤਰੀਆਂ, ਰਾਜਪੂਤਾਂ ਤੇ ਦਲਿਤਾਂ ਦਾ ਪਿਛੋਕੜ ਸਾਂਝਾ ਹੈ। ਇਹ ਬਹੁਤੇ ਮੱਧ ਏਸ਼ੀਆ ਤੋਂ ਵੱਖ-ਵੱਖ ਸਮੇਂ ਭਾਰਤ ਵਿੱਚ ਆਏ ਹੋਏ ਆਰੀਆ ਕਬੀਲਿਆਂ ਦੀ ਬੰਸ ਹੀ ਹਨ। ਪੰਜਾਬ ਦੇ ਆਦਿ ਵਾਸੀ ਆਰੀਆਂ ਤੋਂ ਹਾਰਕੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਚਲੇ ਗਏ ਸਨ । ਪੰਜਾਬ ਵਿੱਚ ਆਦਿ ਵਾਸੀ ਕਬੀਲੇ ਬਹੁਤ ਹੀ ਘੱਟ ਹਨ। ਅੱਟਵਾਲ ਜੱਟਾਂ ਤੇ ਦਲਿਤਾਂ ਦਾ ਬਹੁਤ ਹੀ ਪ੍ਰਸਿੱਧ ਤੇ ਪ੍ਰਾਚੀਨ ਗੋਤ ਹੈ। ਇਨ੍ਹਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਬਹੁਤ ਉੱਨਤੀ ਕੀਤੀ ਹੈ। ਇਹ ਜੱਗਤ ਪ੍ਰਸਿੱਧ ਭਾਈਚਾਰਾ ਹੈ। ਇਹ ਮਿਹਨਤੀ ਤੇ ਸੰਜਮੀ ਹਨ।