ਸਮਰਪਿਤ
ਦੋਗਲੇ ਸਮਾਜ ਦੇ ਪਿੰਜਰੇ ਅੰਦਰ ਖੰਭ ਜਖ਼ਮੀ ਕਰਵਾ ਰਹੀਆਂ ਕਾਸ਼ਨੀ ਵਰਗੀਆਂ ਕੁੜੀਆਂ ਦੇ ਨਾਂ…ਅਪਸਰਾ ਇੱਕ ਔਰਤ ਦੀ ਕਹਾਣੀ ਨਹੀਂ ਹੈ। ਇਸ ਨੂੰ ਪੜ੍ਹਦਿਆਂ ਉਹ ਅਣਗਿਣਤ ਔਰਤਾਂ ਮੇਰੇ ਖਿਆਲਾਂ ਚ ਘੁੰਮ ਗਈਆਂ ਜੋ ਆਪਣੀ ਜ਼ਿੰਦਗੀ ਬਿਲਕੁਲ ਕਿਸੇ ਨਰਕ ਵਾਂਗ ਭੋਗਦੀਆਂ ਹਨ। ਕਿਸੇ ਵੀ ਇੱਕ ਸੰਵੇਦਨਸ਼ੀਲ ਮਨੁੱਖ ਦਾ ਮੂਰਖਾਂ ਅਤੇ ਜ਼ਾਹਿਲ ਲੋਕਾਂ ਵਿੱਚ ਰਹਿਣਾ ਆਪਣੇ ਆਪ ਵਿੱਚ ਇੱਕ ਸਜ਼ਾ ਹੁੰਦਾ ਹੈ। ਬਹੁਤ ਔਰਤਾਂ ਹਾਲੇ ਵੀ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀ ਨਾ ਖ਼ਤਮ ਹੋਣ ਵਾਲੀ ਤਕਲੀਫ਼ ਵਿੱਚ ਹਨ। ਜਿਸ ਲਈ ਉਹ ਆਪ ਜ਼ਿੰਮੇਵਾਰ ਨਹੀਂ ਹਨ। ਮੈਨੂੰ ਫੇਰ ਮਹਿਸੂਸ ਹੋਇਆ ਕਿ ਜੇ ਆਦਮੀ ਹੋਣਾ ਇੱਕ ਸੰਘਰਸ਼ ਹੈ ਤਾਂ ਔਰਤ ਹੋਣਾ ਇੱਕ ਤਕਲੀਫ਼ ਹੈ। ਭਾਵੇਂ ਬਹੁਤੇ ਵਾਰ ਇਹ ਨਹੀਂ ਹੁੰਦਾ ਪਰ ਫੇਰ ਵੀ ਕਾਫੀ ਔਰਤਾਂ ਨਾਲ ਇਹੀ ਹੁੰਦਾ ਹੈ।ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਹਾਨੂੰ ਲਿਖਣਾ ਆਉਂਦਾ ਹੈ ਅਤੇ ਤੁਸੀਂ ਬਹੁਤ ਸਟੀਕ ਤਰੀਕੇ ਨਾਲ ਔਰਤਾਂ ਦੁਆਰਾ ਭੋਗੀ ਜਾਂਦੀ ਤਕਲੀਫ ਨੂੰ ਇੰਨ ਬਿੰਨ ਕਾਗਜ਼ ਤੇ ਉਤਾਰਿਆ ਹੈ।-
ਪਿਆਰ ਨਾਲ ਸੂਹੇ ਅੱਖਰ
ਪੂਰਨਮਾਸ਼ੀ ਦੀ ਇੱਕ ਰਾਤ, ਅੰਬਰ ਨੂੰ ਤਾਰਿਆਂ ਨਾਲ ਖਚਾ ਖਚ ਭਰਿਆ ਦੇਖ ਮੈਂ ਖਿੜ ਉੱਠੀ। ਕੱਲਾ ਕੱਲਾ ਤਾਰਾ ਮੇਰੀਆਂ ਅੱਖਾਂ ਚ ਉੱਤਰ ਰਿਹਾ ਸੀ ਤੇ ਉਸੇ ਰਸਤੇ ਮੈਂ ਅੰਬਰ ਤੀਕ ਪਹੁੰਚਣ ਲੱਗੀ। ਇਹ ਤਾਰੇ ਮੈਨੂੰ ਇਰਦ-ਗਿਰਦ ਘੁੰਮਦੇ ਜਾਪੇ ਜਿਵੇਂ ਆ ਕੇ ਮੇਰੀ ਚੁੰਨੀ ਤੇ ਟਿੱਕ ਗਏ ਹੋਣ, ਸਾਰੇ ਦੇ ਸਾਰੇ। ਹਵਾ ਮੇਰੇ ਚਾਂਮਲੇ ਕੇਸਾਂ ਨਾਲ ਖੇਡਣ ਲੱਗੀ, ਕੇਸ ਵਾਰ ਵਾਰ ਮੇਰੀਆਂ ਅੱਖਾਂ ਅੱਗੇ ਇੰਝ ਆ ਰਹੇ ਸਨ ਜਿਵੇਂ ਚੰਨ ਅੱਗੇ ਬੱਦਲ ਦੀਆਂ ਘਟਾਵਾਂ ਆਉਂਦੀਆਂ ਹੋਣ।ਕੱਲਿਆਂ ਕੋਠੇ ‘ਤੇ ਬੈਠਣਾ ਮੈਨੂੰ ਬੜਾ ਵਧੀਆ ਲੱਗਦਾ ਸੀ। ਛੱਤ ’ਤੇ ਪਿਆ ਟੁੱਟਿਆ ਮੰਜਾ ਮੈਨੂੰ ਮਖ਼ਮਲੀ ਪਲੰਘ ਨਾਲੋਂ ਵੱਧ ਕੇ ਲੱਗਦਾ, ਮੰਜੇ ਦਾ ਇੱਕ ਪਾਵਾ ਟੁੱਟਿਆ ਸੀ, ਪਰ ਮੈਂ ਇੱਟਾਂ ਰੱਖ ਕੇ ਆਰਜੀ ਪਾਵਾ ਬਣਾ ਲਿਆ ਸੀ। ਇੱਥੇ ਬੈਠ ਕੇ ਮੈਂ ਸਾਰਿਆਂ ਦਾ ਸਾਂਝਾ ਆਕਾਸ਼ ਤੱਕਦੀ ਰਹਿੰਦੀ। ਧਰਤੀ ‘ਤੇ ਤਾਂ ਸਾਰਿਆਂ ਨੇ ਆਪਣੀਆਂ-ਆਪਣੀਆਂ ਮੇਰਾਂ ਕਰ ਰੱਖੀਆਂ ਨੇ, ਆਕਾਸ਼ ਹੀ ਬਚਿਆ ਏ ਜਿੱਥੇ ਕਿਸੇ ਦਾ ਹੱਕ ਨਹੀਂ ਹੈ।ਅਕਸਰ ਮੈਂ ਰੋਟੀ ਖਾ ਕੇ ਛੱਤ ‘ਤੇ ਆ ਜਾਂਦੀ। ਕਿੰਨਾ ਸਮਾਂ ਬੈਠ ਕੇ ਮੈਂ ਚੰਨ ਨੂੰ ਤੱਕਦੀ ਰਹਿੰਦੀ । ਹਵਾ ਦੀ ਸਰਸਰਾਹਟ ਮੈਨੂੰ ਚੰਗੀ ਲੱਗਦੀ । ਇਹ ਹਵਾ ਵੀ ਤਾਂ ਮੇਰੀ ਸਹੇਲੀ ਬਣ ਗਈ ਸੀ ਜਿਸ ਨਾਲ ਸਮਾਂ ਬਿਤਾਉਣਾ ਮੈਨੂੰ ਚੰਗਾ ਲੱਗਦਾ। ਇਹ ਆਕਾਸ਼ ਮੈਨੂੰ ਘਰ ਦੀ ਛੱਤ ਵਰਗਾ ਲੱਗਦਾ ਤੇ ਇਹ ਤਾਰੇ ਮੈਨੂੰ ਘਰ ਦੇ ਜੀਅ ਲੱਗਦੇ ਜਿੰਨਾ ਦੀ ਬੁੱਕਲ ‘ਚ ਆਕੇ ਮੈਨੂੰ ਚੰਗਾ ਲੱਗਦਾ।ਇਹ ਸਾਰੀਆਂ ਚੀਜ਼ਾਂ ਮੈਨੂੰ ਮੇਰੇ ਵਾਂਗ ਸ਼ਾਂਤ ਲੱਗਦੀਆਂ, ਨਾ ਮੈਂ ਬਹੁਤਾ ਬੋਲਦੀ, ਨਾ ਇਹ ਚੰਨ ਤਾਰੇ ਬੋਲਦੇ। ਓਨਾਂ ਸਮਾਂ ਮੈਂ ਛੱਤ ‘ਤੇ ਬੈਠੀ ਰਹਿੰਦੀ ਜਿੰਨਾ ਸਮਾਂ ਮੈਨੂੰ ਨੀਂਦ ਨਾ ਆਉਣ ਲੱਗਦੀ ਜਾਂ ਮਾਂ ਝਿੜਕਾਂ ਨਾ ਦੇਣ ਲੱਗ ਜਾਂਦੀ।ਮਾਂ ਦੀ ਗਰਜਵੀਂ, ਗੁੱਸੇ ਭਰੀ ਆਵਾਜ਼ ਸੁਣ ਕੇ ਮੈਂ ਕਾਹਲੀ-ਕਾਹਲੀ ਆਪਣੇ ਕਮਰੇ ‘ਚ ਚਲੀ ਜਾਂਦੀ। ਮਾਂ ਕਿੰਨਾ ਸਮਾਂ ਮੈਨੂੰ ਗਾਲਾਂ ਕੱਢਦੀ ਰਹਿੰਦੀ, ਕਈ ਵਾਰ ਤਾਂ ਗੁੱਸੇ ਵਿੱਚ ਹੁੰਦੀ ਤਾਂ ਮੈਨੂੰ ਕੁੱਟ ਕੇ ਲਿਆਉਂਦੀ, ਮੈਂ ਫਿਰ ਵੀ ਕੋਠੇ ਤੇ ਜਾਣੋ ਨਾ ਹੱਟਦੀ ਪਤਾ ਨਹੀਂ ਇਹਨਾਂ ਚੀਜ਼ਾਂ ਨਾਲ ਮੇਰਾ ਕੀ ਮੋਹ ਪੈ ਗਿਆ ਸੀ।”ਇਹ ਸਲੇਟ ਤੇਰੇ ਲਈ ਨਹੀ.. ਬਿੱਟੂ ਲਈ ਹੈ।” ਮੇਰੇ ਹੱਥ ‘ਚੋਂ ਸਲੇਟ ਫੜ੍ਹ ਕੇ ਮਾਂ ਨੇ ਬਿੱਟੂ ਨੂੰ ਫੜਾ ਦਿੱਤੀ । ਹਮੇਸ਼ਾਂ ਦੀ ਤਰ੍ਹਾਂ ਬਿੱਟੂ ਅੰਗੂਠਾ ਦਿਖਾਉਂਦਾ ਦੌੜ ਗਿਆ।ਖੈਰ ਇਹ ਕਿਹੜਾ ਪਹਿਲੀ ਵਾਰ ਹੋਇਆ ਸੀ। ਮਾਂ ਹਮੇਸ਼ਾ ਏਦਾਂ ਹੀ ਕਰਦੀ। ਮਾਂ ਦੀਆਂ ਰੁੱਖੀਆਂ ਗੱਲਾਂ ਮੇਰਾ ਕਾਲਜਾ ਵਿੰਨ੍ਹ ਕੇ ਰੱਖ ਦਿੰਦੀਆਂ। ਇਹ ਚੀਸ ਜਿਸਮਾਨੀ ਚੀਸ ਨਾਲੋਂ ਕਿਤੇ ਜ਼ਿਆਦਾ ਦਰਦ ਪਹੁੰਚਾਉਂਦੀ ਪਰ ਉਸ ਸਮੇਂ ਸਿਰਫ਼ ਰੋਣਾ ਆਉਂਦਾ ਸੀ ਹੋਰ ਡੱਕਾ ਵੀ ਸਮਝ ਨਹੀਂ ਸੀ।ਮੈਂ ਰੋਣ ਹਾਕੀ ਹੋ ਕੇ ਆਪਣੇ ਕਮਰੇ ‘ਚ ਆ ਗਈ ਸਿਰਹਾਣੇ ਦੇ ਗਲ ਲੱਗ ਮੈਂ ਬਹੁਤ ਰੋਈ, ਰੋ-ਰੋ ਕੇ ਮੈਂ ਸਿਰਹਾਣੇ ਦਾ ਇੱਕ ਪਾਸਾ ਗਿੱਲਾ ਕਰਤਾ ਸੀ।ਮਾਂ ਨੇ ਕਦੇ ਮੈਨੂੰ ਆਪਣੀ ਧੀ ਨਾ ਸਮਝਿਆ। ਮਾਂ ਹਮੇਸ਼ਾ ਮੇਰੇ ‘ਤੇ ਗੁੱਸਾ ਕਰਦੀ, ਮੈਨੂੰ ਤਾਂ ਦੇਖਕੇ ਹੀ ਓਹ ਹਰਖ ਜਾਂਦੀ। ਮਾਂ ਦੀਆਂ ਵੱਡੀਆਂ-ਵੱਡੀਆਂ ਅੱਖਾਂ ਜਿਵੇਂ ਅੱਗ ਦੇ ਅੰਗਿਆਰ ਹੋਣ, ਲਾਲ ਸੁਰਖ਼ ਸ਼ਾਇਦ ਕੋਈ ਪਿਛਲੇ ਜਨਮ ਦਾ ਵੈਰ ਹੋਵੇ…। ਪਿਛਲਾ ਜਨਮ .. ? ਕਾਫ਼ੀ ਏ।ਜੇ ਹਰ ਜਨਮ ਏਦਾਂ ਦੇ ਇਨਸਾਨ ਹੁੰਦੇ ਨੇ, ਤਾਂ ਆਹੀ ਜਨਮ ਮਾਂ ਮੈਨੂੰ ਕੁੱਟਦੀ ਮਾਰਦੀ। ਮੈਂ ਸਾਰੀਆਂ ਗੱਲਾਂ ਪਾਪਾ ਨੂੰ ਦੱਸ ਦਿੰਦੀ ਸੀ। ਮੇਰੀਆਂ ਗੱਲਾਂ ਪਾਪਾ ਸੁਣ ਜ਼ਰੂਰ ਲੈਂਦੇ ਸੀ ਪਰ ਮਾਂ ਨੂੰ ਕਦੇ ਕੁਝ ਨਾ ਕਹਿੰਦੇ।“ਪਾਪਾ ਮਾਂ ਮੈਨੂੰ ਬਹੁਤ ਕੁੱਟਦੀ ਆ ਮੈਨੂੰ ਰੋਟੀ ਵੀ ਨੀ ਬਣਾ ਕੇ ਦਿੰਦੀ।” ਪਾਪਾ ਕੋਲ ਮੈਂ ਅਕਸਰ ਤਰਲੇ ਪਾਉਂਦੀ ਰਹਿੰਦੀ, ਪਰ ਪਾਪਾ ਨੇ ਮਾਂ ਨੂੰ ਕਦੇ ਕੁੱਝ ਨਾ ਕਿਹਾ ਸਗੋਂ ਗੱਲਾਂ ਨਾਲ ਸਾਰ ਦਿੰਦੇ। “ਕੋਈ ਨਾ ਜੱਸੋ ਪੁੱਤ ਮੈਂ ਕਰਦਾਂ ਤੇਰੀ ਮਾਂ ਨਾਲ ਗੱਲ ਆਪਾਂ ਦਿੰਨੇ ਆ ਪਤਾ ਓਹਨੂੰ।” ਅਸਲ ਗੱਲ ਤਾਂ ਏਹ ਸੀ ਮੇਰਾ ਬਾਪ ਵੀ ਮੇਰੀ ਮਾਂ ਤੋਂ ਡਰਦਾ ਸੀ, ਮਾਂ ਸਾਹਮਣੇ ਤਾਂ ਓਹਦੀ ਆਵਾਜ਼ ਵੀ ਨਾ ਨਿਕਲਦੀ। ਪਾਪਾ ਬੈਂਕ ਵਿਚ ਕੈਸ਼ੀਅਰ ਸਨ ਡਿਊਟੀ ਤੋਂ ਆਕੇ ਓਹ ਕਿੰਨਾ ਸਮਾਂ ਮੇਰੇ ਨਾਲ ਖੇਡਦੇ ਰਹਿੰਦੇ । ਮਾਂ ਜਿੰਨੀ ਨਫ਼ਰਤ ਕਰਦੀ ਪਾਪਾ ਓਨਾ ਪਿਆਰ ਕਰਦੇ। ਮਾਂ ਦੀ ਨਫ਼ਰਤ ਮੇਰੇ ਅਨਭੋਲ ਮਨ ਦੀਆਂ ਜਿਹੜੀਆਂ ਟਾਹਣੀਆਂ ਪੁੱਟਦੀ ਪਾਪਾ ਦੇ ਪਿਆਰ ਨਾਲ ਓਨੀਆਂ ਹੀ ਨਵੀਆਂ ਕਰੂਲਾਂ ਫੁੱਟ ਆਉਂਦੀਆਂ, ਪਾਪਾ ਦੀਆਂ ਗੱਲਾ ਸੁਣ ਮੈਂ ਅਸਮਾਨ ‘ਚ ਉਡਣ ਲੱਗਦੀ ਤੇ ਚੰਨ ਤਾਰਿਆਂ ਨੂੰ ਦੱਸਦੀ ਕੇ ਮੇਰੇ ਪਾਪਾ ਵਰਗਾ ਕੋਈ ਨਹੀ ਏ। ਇੱਕ ਧੀ ਨੂੰ ਹੋਰ ਕੀ ਚਾਹੀਦਾ ਏ, ਬਸ ਇਹੀ ਕੇ ਓਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕੋਈ ਸੁਣੇ ਤੇ ਹੁੰਗਾਰਾ ਭਰੇ, ਓਹਦਾ ਵੀਰਾ ਓਹਦੇ ਨਾਲ ਖੇਡੇ, ਬੇਸ਼ੱਕ ਖੇਡਦਾ ਖੇਡਦਾ ਲੜ ਪਵੇ। ਮੈਂ ਬਿੱਟੂ ਨੂੰ ਬਹੁਤ ਪਿਆਰ ਕਰਦੀ ਸੀ । ਪਾਪਾ ਮੇਰੇ ਲਈ ਕੁਝ ਵੀ ਲੈ ਕੇ ਆਉਂਦੇ ਮੈਂ ਬਿੱਟੂ ਨੂੰ ਦੇ ਦਿੰਦੀ, ਮੈਨੂੰ ਖੁਸ਼ੀ ਹੁੰਦੀ ਜਦੋ ਬਿੱਟੂ ਮੇਰੀਆਂ ਚੀਜ਼ਾਂ ਨਾਲ ਖੇਡਦਾ ਪਰ ਜਦੋ ਮਾਂ ਮੇਰੇ ਤੋਂ ਜ਼ਬਰਦਸਤੀ ਕੁਝ ਖੋਹ ਕੇ ਬਿੱਟੂ ਨੂੰ ਦਿੰਦੇ, ਫਿਰ ਮੈਨੂੰ ਬਹੁਤ ਬੁਰਾ ਲੱਗਦਾ। ਮਾਂ ਵੱਲੋ ਬੋਲਿਆ ‘ਨਾਮੁਰਾਦ’ ਲਫਜ ਮੈਨੂੰ ਧੁਰ ਅੰਦਰੋਂ ਤੋੜ ਕੇ ਰੱਖ ਦਿੰਦਾ । ਸਹੁੰ ਰੱਬ ਦੀ ਇਹ ਲਫਜ ਮੈਨੂੰ ਬਿਨਾਂ ਆਰੀ ਤੋਂ ਦੋਫ਼ਾੜ ਕਰ ਦਿੰਦਾ ਸੀ। ਮੇਰੀ ਮਾਂ ਦਰਮਿਆਨੇ ਕੱਦ ਦੀ ਪਤਲੇ ਸਰੀਰ ਦੀ ਜਨਾਨੀ ਸੀ। ਮਾਂ ਦੇ ਚੇਹਰੇ ਤੋਂ ਹਮੇਸ਼ਾ ਈ ਏਦਾਂ ਲੱਗਦਾ ਰਹਿੰਦਾ ਕੇ ਓਹ ਗੁੱਸੇ ਵਿਚ ਏ, ਗੁੱਸੇ ਨਾਲ ਓਹਦਾ ਚਿਹਰਾ ਲਾਲ ਹੋਇਆ ਰਹਿਦਾ । ਮਾਂ ਪਾਪਾ ਤੋਂ ਲਗਭਗ ਚਾਰ ਪੰਜ ਸਾਲ ਛੋਟੀ ਸੀ। ਮਾਂ ਮੈਟ੍ਰਿਕ ਪਾਸ ਸੀ ਅੰਗ੍ਰੇਜੀ ਪੰਜਾਬੀ ਸਾਰਾ ਕੁਝ ਪੜ੍ਹ ਲੈਂਦੀ, ਪਾਪਾ ਬੀ. ਏ ਪਾਸ ਸੀ ਪਰ ਮੇਰੀ ਮੈਟ੍ਰਿਕ ਪਾਸ ਮਾਂ ਅੱਗੇ ਪਾਪਾ ਦੀ ਇੱਕ ਨਾ ਚੱਲਦੀ, ਆਂਢ-ਗੁਆਂਢ ਦੀਆਂ ਜਨਾਨੀਆਂ ਨਾਲ ਮਾਂ ਦੀ ਘੱਟ ਈ ਬਣਦੀ ਸੀ। ਮਾਂ ਸਾਰਾ ਦਿਨ ਘਰ ਦੇ ਕੰਮਾਂ ‘ਚ ਉਲਝੀ ਰਹਿੰਦੀ ਸੀ । ਫਾਲਤੂ ਕਿਸੇ ਨਾਲ ਗੱਲ ਨਾ ਕਰਦੀ, ਆਂਢਣਾਂ-ਗੁਆਂਢਣਾ ਘਰ ਆਉਣ ਤੋਂ ਗੁਰੇਜ ਕਰਦੀਆਂ। ਮਾਵਾਂ ਨੂੰ ਚਾਅ ਹੁੰਦਾ ਆਪਣੇ ਲਾਡਲੇ ਲਾਡਲੀਆਂ ਨੂੰ ਨਹਾ ਧਵਾ ਕੇ ਸਕੂਲ ਭੇਜਣ ਦਾ ਪਰ ਮੇਰੀ ਮਾਂ ਨੂੰ ਕੋਈ ਚਾਅ ਨਹੀਂ ਸੀ । ਸਾਡੇ ਕਿਸੇ ਨੇ ਕੀ ਕਾਲਾ ਟਿੱਕਾ ਲਾਉਣਾ ਅਸੀਂ ਤਾਂ ਹੁੰਦੀਆਂ ਈ ਕਲੰਕ ਹਾਂ। ਸਾਨੂੰ ਤਾਂ ਜਨਮ ਦੇਣ ਵਾਲੀ ਮਾਂ ਹੀ ਜਨਮ ਦੇ ਕੇ ਮੂੰਹ ਪਾਸੇ ਕਰਕੇ ਰੋਣ ਲੱਗ ਜਾਂਦੀ ਏ ਬਾਕੀ ਸਾਰਾ ਲਾਣਾ ਰੋਣ ਹਾਕਾ ਮੂੰਹ ਕਰਕੇ ਫਿਰਦਾ ਰਹਿੰਦੈ। ਬਾਪ ਵੀ ਮੱਥੇ ਤਿਉੜੀਆਂ ਪਾ ਕੇ ਸਾਡਾ ਸੁਆਗਤ ਕਰਦਾ। ਕਰਮਜੀਤ ਆਂਟੀ ਇਹ ਕਹਿ ਲੋ ਮੇਰੀ ਅਸਲੀ ਮਾਂ, ਬੇਸ਼ੱਕ ਘਰ ਦਾ ਕੰਮ ਕਰਨ ਆਉਂਦੀ ਪਰ ਜਿੰਨਾ ਸਮਾਂ ਰਹੀ ਮੇਰੀ ਮਾਂ ਬਣ ਕੇ ਰਹੀ। ਮਸਾਂ ਪੈਂਤੀ ਸਾਲਾਂ ਦੀ ਸੀ। ਕਪਾਹ ਦੀ ਸ਼ਟੀ ਵਰਗਾ ਪਤਲਾ ਸਰੀਰ, ਕੱਚ ਦੀਆਂ ਗੋਲੀਆਂ ਵਾਂਗ ਚਮਕਦੀਆਂ ਅੱਖਾਂ, ਘੁੱਗੀ ਆਵਾਜ਼ ਬੋਲਦੀ ਤਾਂ ਏਦਾਂ ਲਗਦਾ ਜਿਵੇਂ ਆਵਾਜ਼ ਕਿਸੇ ਡੂੰਘੇ ਕਮਰੇ ‘ਚੋਂ ਆਉਂਦੀ ਹੋਵੇ । ਪਾਣੀ ਵਰਗਾ ਸ਼ਾਂਤ ਸ਼ੁਭਾ ਤੇ ਪਾਣੀ ਦੀਆਂ ਛੱਲਾਂ ਵਾਂਗ ਛਲਕਦੀਆਂ, ਹਾਉਂਕੇ ਭਰੀਆਂ ਗੱਲਾਂ ਹਮੇਸ਼ਾ ਮੇਰੇ ਨਾਲ ਕਰਦੀ ਰਹਿੰਦੀ। ਜਵਾਨੀ ‘ਚ ਘਰਵਾਲਾ ਮੁੱਕ ਗਿਆ, ਬੇਹਿਸਾਬੀ ਸ਼ਰਾਬ ਪੀਣ ਕਰਕੇ ਲੀਵਰ ਦੀ ਬਿਮਾਰੀ ਨੇ ਜਾਨ ਲੈ ਲਈ। ਲੋਕਾਂ ਦੇ ਘਰਾਂ ‘ਚ ਕੰਮ ਕਾਰ ਕਰਕੇ ਆਪਣੇ ਜਵਾਕ ਪਾਲਦੀ । ਦੋ ਜਵਾਕ, ਮੁੰਡਾ ਤੇ ਕੁੜੀ ਕਦੇ ਕਦਾਈਂ ਮੇਰੇ ਘਰ ਆ ਜਾਂਦੇ ਸੀ। ਘਰ ਵਾਲੇ ਦੇ ਮਰਨ ਤੋਂ ਬਾਅਦ ਕਰਮਜੀਤ ਆਂਟੀ ਦੀ ਜ਼ਿੰਦਗੀ ਬੇਰੰਗ ਹੋ ਗਈ। ਵਿਧਵਾ ਦੀ ਜ਼ਿੰਦਗੀ ਬੇਰੰਗ ਨਹੀਂ ਤਾਂ ਹੋਰ ਕੀ ਹੁੰਦੀ ਆ, ਨਾ ਹੀ ਆਪਣੀ ਮਰਜ਼ੀ ਦਾ ਪਹਿਨ ਸਕਦੀ ਆ, ਨਾ ਹੀ ਆਪਣੀ ਮਰਜ਼ੀ ਨਾਲ ਬੇਖੌਫ਼ ਹੱਸ ਸਕਦੀ ਆ। ਜ਼ਮਾਨਾ ਹੱਸਣ ‘ਤੇ ਵੀ ਪਾਬੰਦੀ ਲਾ ਦਿੰਦਾ ਅਗਰ ਭੁੱਲ ਕੇ ਵੀ ਇਹ ਹੱਸਣ ਦੀ ਗਲਤੀ ਕਰ ਦੇਵੇ ਤਾਂ ਜ਼ਮਾਨੇ ਦੇ ਤਾਹਨੇ ਮਿਹਣਿਆਂ ਦਾ ਸ਼ਿਕਾਰ ਹੋਣਾ ਪੈਂਦਾ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ “ਕੋਈ ਚੜ੍ਹੀ ਲੱਥੀ ਦੀ ਨੀ ਖਸਮ ਸਿਰ ‘ਤੇ ਹੈਨੀ ਖੁੱਲ੍ਹ ਮਿਲ ਗਈ।” ਮਰਦ ਬਿਨਾ ਔਰਤ ਦਾ ਕੋਈ ਵਜੂਦ ਨੀ ਸਮਝਿਆ ਜਾਂਦਾ ਔਰਤ ਤਾਂ ਜਾਣੋ ਪੈਦਾ ਈ ਮਰਦ ਲਈ ਹੋਈ ਹੈ। ਮਰਦ ਬਿਨਾ ਓਹਦੀ ਜ਼ਿੰਦਗੀ ਬੇਰੰਗ ਸਮਝੀ ਜਾਂਦੀ ਆ ਇਸੇ ਕਰਕੇ ਕਈ ਇਲਾਕਿਆਂ ‘ਚ ਵਿਧਵਾ ਔਰਤ ਨੂੰ ਚਿੱਟੇ ਕੱਪੜੇ ਪਾਉਣ ਦੀ ਹਦਾਇਤ ਹੁੰਦੀ ਹੈ ਪਰ ਇਸਦੇ ਉਲਟ ਮਰਦ ਕੁਝ ਵੀ ਕਰ ਸਕਦੇ ਨੇ ਓਹਨਾਂ ਨੂੰ ਕੋਈ ਹਦਾਇਤ ਨੀ, ਹਦਾਇਤ ਦੇਵੇ ਵੀ ਕੌਣ ਸਾਡੇ ਸਮਾਜ ਦਾ ਪ੍ਰਧਾਨ ਈ ਮਰਦ ਆ। ਮਰਦ ਤਾਕਤਵਰ ਏ, ਤਾਕਤਵਰ ਲੋਕਾਂ ਦਾ ਦੁਨੀਆਂ ਪਾਣੀ ਭਰਦੀ ਹੈ। “ਮਰਦ ਤੇ ਘੋੜਾ ਕਦੇ ਬੁੜੇ ਨੀ ਹੁੰਦੇ ਇਹੀ ਕਹਾਵਤ ਹੈ ਨਾ”. ਔਰਤ ਵਿਚਾਰੀ ਸਾਰੀ ਉਮਰ ਆਪਣੇ ਪਰਿਵਾਰ ਦਾ ਫ਼ਿਕਰ ਕਰ-ਕਰ ਬੁਢਾਪੇ ਤੋਂ ਪਹਿਲਾਂ ਹੀ ਬੁੜ੍ਹੀ ਹੋ ਜਾਂਦੀ ਏ, ਫ਼ਿਕਰਾਂ ਚ ਕੁਮਲਾ ਜਾਂਦੀ ਏ, ਤੁਹਾਨੂੰ ਪਤਾ ਕੁਮਲਾਏ ਫੁੱਲ ਕਿਸੇ ਨੂੰ ਕਿੱਥੇ ਪਸੰਦ ਆਉਂਦੇ ਨੇ। ਵਿਧਵਾ ਔਰਤ ਭਾਵੇਂ ਸਾਰੀ ਉਮਰ ਆਪਣਾ ਚਰਿੱਤਰ ਸੁੱਚਾ ਰੱਖ ਕੇ ਆਪਣੇ ਜਵਾਕ ਪਾਲੇ ਪਰ ਜ਼ਮਾਨੇ ਦੀਆਂ ਨਜ਼ਰਾਂ ‘ਚ ਓਹਨੂੰ ਜੂਠੀ ਰੋਟੀ ਹੀ ਸਮਝਿਆ ਜਾਂਦਾ ਹੈ, ਮਰਦ ਚਾਹੇ ਜਿਨਾ ਮਰਜ਼ੀ ਕਮੀਨਾ ਕਿਉਂ ਨਾ ਹੋਵੇ ਪਰ ਔਰਤ ਨੂੰ ਸੈਕਿੰਡ ਹੈਂਡ ਚੀਜ਼ ਹੀ ਸਮਝਦਾ । ਉਹ ਹਮੇਸ਼ਾ ਹੀ ਗਲਤ ਹੁੰਦੀ ਏ । ਉਹਨੂੰ ਹਰ ਗਲੀ, ਮੁਹੱਲੇ ਹਵਸ਼ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ, ਇਹੀ ਤਰਾਸਦੀ ਕਰਮਜੀਤ ਦੀ ਸੀ। ਕਰਮਜੀਤ ਆਂਟੀ ਹੀ ਮੈਨੂੰ ਸਕੂਲ ਲਈ ਤਿਆਰ ਕਰਦੀ, ਲਾਡ ਪਿਆਰ ਨਾਲ ਮੈਨੂੰ ਨਹਾਉਂਦੀ, ਮੇਰੀਆਂ ਮੀਡੀਆਂ ਕਰਦੀ ਤੇ ਮੈਨੂੰ ਸਕੂਲ ਛੱਡ ਕੇ ਆਉਂਦੀ । ਸਕੂਲ ‘ਚੋਂ ਲੈ ਕੇ ਆਉਣ ਦੀ ਜ਼ਿੰਮੇਵਾਰੀ ਵੀ ਆਂਟੀ ਦੀ ਹੀ ਹੁੰਦੀ। ਗਰਮੀ ਦੇ ਦਿਨਾਂ ‘ਚ ਆਂਟੀ ਦੇ ਪਿੰਡੇ ਚੋਂ ਚਿਉਂਦਾ ਮੁੜ੍ਹਕਾ ਦੇਖ ਮੈਂ ਮਹਿਸੂਸ ਕਰਦੀ ਕੇ ਇਹ ਸਭ ਕੋਈ ਪੈਸਿਆਂ ਲਈ ਤਾਂ ਨਹੀਂ ਕਰ ਸਕਦਾ, ਆਪਣੇ ਜਵਾਕਾਂ ਵਾਂਗ ਮੈਨੂੰ ਪਿਆਰ ਕਰਦੀ । ਕਦੀਂ ਕਦਾਈਂ ਮੈਂ ਆਂਟੀ ਨੂੰ ਸਵਾਲ ਕਰਦੀ ਕੇ ਆਂਟੀ ਮੇਰੀ ਮਾਂ ਮੈਨੂੰ ਏਨਾ ਕਿਉਂ ਕੁੱਟਦੀ ਏ, ਉਹ ਮੈਨੂੰ ਪਿਆਰ ਕਿਉਂ ਨਹੀਂ ਕਰਦੀ ? ਉਸ ਦਾ ਇੱਕੋ ਜਵਾਬ ਹੁੰਦਾ “ਮੈਂ ਤਾਂ ਕਰਦੀਂ ਆਂ ਨਾ, ਤੂੰ ਫ਼ਿਕਰ ਨਾ ਕਰਿਆ ਕਰ ਜੱਸੋ।” ਏਨਾ ਕਹਿੰਦੀ ਉਹ ਮੈਨੂੰ ਆਪਣੀ ਛਾਤੀ ਨਾਲ ਲਾ ਲੈਂਦੀ ਤੇ ਉਸਦਾ ਤੇਜ਼ ਧੜਕਦਾ ਦਿਲ ਮੈਂ ਆਪਣੇ ਸੀਨੇ ਵਿੱਚ ਮਹਿਸੂਸ ਕਰਦੀ। ਕਰਮੀ ਤੇ ਮੈਂ ਸਕੂਲੋਂ ਇਕੱਠੀਆਂ ਆਉਂਦੀਆਂ। ਕਰਮੀ ਮੇਰੇ ਚਾਚੇ ਦੀ ਕੁੜੀ ਸੀ, ਮੇਰੇ ਘਰ ਦੇ ਐਨ ਸਾਹਮਣੇ ਕਰਮੀ ਦਾ ਘਰ ਸੀ। ਮੇਰੇ ਬਚਪਨ ਦੀ ਦੋਸਤ ਇਹ ਕਹਿ ਲੋ ਮੇਰੀ ਜਾਨ ਵਸਦੀ ਸੀ ਕਰਮੀ ‘ਚ, ਸਕੂਲ ‘ਚ ਵੀ ਸਾਰਾ ਸਮਾਂ ਮੈਂ ਕਰਮੀ ਨਾਲ ਰਹਿੰਦੀ ਘਰ ਆਕੇ ਵੀ ਜਿੰਨਾ ਸਮਾਂ ਹੋ ਸਕਦਾ ਮਾਂ ਤੋਂ ਅੱਖ ਬਚਾ ਕੇ ਕਰਮੀ ਘਰ ਚਲ ਜਾਂਦੀ। ਕਰਮੀ ਗੋਲ-ਮਟੋਲ, ਲੰਬੀਆਂ ਗੁੱਤਾਂ ਵਾਲੀ, ਰੰਗ ਦੀ ਸਾਂਵਲੀ ਪਰ ਨੈਣ ਨਕਸ਼ ਦੀ ਬਹੁਤ ਸੋਹਣੀ ਸੀ। ਸਕੂਲ ਵਿੱਚ ਮੇਰਾ ਦਿਲ ਲੱਗ ਜਾਂਦਾ ਘਰ ਆਉਣ ਨੂੰ ਦਿਲ ਨਾ ਕਰਦਾ, ਜਿਵੇਂ-ਜਿਵੇਂ ਘਰ ਨੇੜੇ ਆਉਂਦਾ ਮੇਰੀ ਧੜਕਣ ਤੇਜ ਹੋ ਜਾਂਦੀ, ਘਰ ਤੋਂ ਮੈਨੂੰ ਡਰ ਲੱਗਦਾ । ਮੈਂ ਫਿਰ ਉਸ ਹਨੇਰੀ ਦੁਨੀਆਂ ਵਿੱਚ ਦਾਖਲ ਹੋ ਜਾਂਦੀ ਜਿੱਥੇ ਹਰ ਪਲ ਮੈਨੂੰ ਕਿਸੇ ਨਾ ਕਿਸੇ ਦਾ ਖੌਫ਼ ਆਉਂਦਾ । ਮੇਰਾ ਘਰ ਪੁਰਾਣਾ ਸੀ, ਮੇਰਾ ਕਾਹਦਾ ! ਕੁੜੀਆਂ ਦੇ ਕਾਹਦੇ ਘਰ ਹੁੰਦੇ ਨੇ । ਅਸੀਂ ਤਾਂ ਪੇਕਿਆਂ ਘਰ ਵੀ ਪਰਾਈਆਂ ਸਮਝੀਆਂ ਜਾਂਦੀਆਂ ਤੇ ਸਹੁਰੇ ਘਰ ਵੀ। ਮਾਪੇ ਕੁੜੀਆਂ ਨੂੰ ਇਹੀ ਸੁਣਾਉਂਦੇ ਨੇ, ਜੋ ਕਰਨਾ ਆਪਣੇ ਸਹੁਰੇ ਘਰ ਜਾ ਕੇ ਕਰੀਂ, ਸਹੁਰੇ ਘਰਾਂ ‘ਚ ਕਿਹੜਾ ਸਾਨੂੰ ਖੰਡ ਪੈਂਦੀ ਆ ਗਾਲਾਂ ਦੁੱਪੜ ਹੀ ਉੱਥੇ ਮਿਲਦੇ ਆ, ਜਿੰਨਾ ਚਿਰ ਸੱਸ ਮੰਜੇ ‘ਚ ਨੀ ਬੈਠ ਜਾਂਦੀ ਨੂੰਹ ਨੂੰ ਟਿੰਡੀ ਦੇ ਬੀਅ ‘ਤੇ ਟੰਗ ਕੇ ਰੱਖਦੀ ਏ। ਘਰਾਂ ਤੇ ਸਾਡੀ ਕਾਹਦੀ ਮੇਰ, ਕਿਹੜਾ ਹੱਕ, ਸਾਡਾ ਤਾਂ ਵਿਆਹ ਤੋਂ ਬਾਅਦ ਨਾਮ ਵੀ ਬਦਲ ਦਿੱਤਾ ਜਾਂਦਾ, ਹੈ ਨਾ ਹੈਰਾਨੀ ਵਾਲੀ ਗੱਲ, ਇਸੇ ਕਰਕੇ ਕਹਿੰਦੀ ਆਂ ਮੇਰਾ ਕਾਹਦਾ ਘਰ, ਘਰ ਤਾਂ ਮਰਦਾਂ ਦੇ ਹੁੰਦੇ ਨੇ। ਇਹ ਘਰ ਮੇਰੇ ਦਾਦੇ ਸ. ਸੁਜਾਨ ਸਿੰਘ ਜੱਸੋਵਾਲ ਨੇ ਬਣਾਇਆ ਸੀ। ਪਿੰਡ ਦੇ ਸਾਰੇ ਉਹਨਾਂ ਨੂੰ ਜੱਸੋਵਾਲ ਸਾਹਬ ਕਹਿ ਕੇ ਬੁਲਾਉਂਦੇ ਸੀ। ਮੇਰੇ ਵਿਆਹ ਤੋਂ ਬਾਅਦ ਬੇਸ਼ੱਕ ਪਾਪਾ ਨੇ ਢਾਹ ਕੇ ਕੋਠੀ ਉਸਾਰ ਲਈ ਹੈ ਪਰ ਮੇਰੇ ਕੁਆਰੀ ਹੁੰਦੀ ਤੱਕ ਇਹੀ ਘਰ ਰਿਹਾ। ਦਾਦੀ ਦੱਸਦੀ ਹੁੰਦੀ ਸੀ ਕੇ ਮੇਰਾ ਨੈਣ ਨਕਸ਼ ਮੇਰੇ ਦਾਦਾ ਜੀ ਨਾਲ ਮਿਲਦਾ ਏ ਇਸੇ ਕਰਕੇ ਦਾਦੀ ਨੇ ਮੇਰਾ ਨਾਮ ਦਾਦਾ ਜੀ ਦੇ ਜੱਸੋਵਾਲ ਨਾਮ ਤੋਂ ‘ਜੱਸੋ’ ਰੱਖਤਾ। ਦਾਦੀ ਦਾਦਾ ਦਾ ਆਪਸੀ ਬਹੁਤ ਪਿਆਰ ਸੀ। ਮੇਰੇ ਦਾਦੇ ਨੇ ਸਾਰੀ ਉਮਰ ਖੇਤੀ ਕੀਤੀ। ਆਪਣੇ ਘਰ ਚੰਗਾ ਸਰਦਾ ਬਰਦਾ, ਪਿੰਡ ਦਾ ਮੋਹਤਵਾਰ ਬੰਦਾ ਸੀ। ਪਿੰਡ ‘ਚ ਕੋਈ ਰੌਲਾ ਹੁੰਦਾ ਦਾਦਾ ਜੀ ਪਿੰਡ ‘ਚ ਈ ਨਿਪਟਾ ਦਿੰਦੇ ਕਿਸੇ ਨੂੰ ਕੋਟ ਕਚਹਿਰੀ ਨਾ ਜਾਣ ਦਿੰਦੇ। ਵੈਸੇ ਵੀ ਪਹਿਲਾਂ ਵਾਲੇ ਸਿਆਣੇ ਬੰਦੇ ਕਿਸੇ ਦਾ ਸੁਆਰ ਕੇ ਰਾਜੀ ਸੀ। ਅੱਜਕਲ੍ਹ ਤਾਂ ਕੋਈ ਆਪਣੇ ਸਕੇ ਭਾਈ ਨੂੰ ਨੀ ਜਰਦਾ, ਬੇਗਾਨਿਆਂ ਨੂੰ ਜਰਨਾ ਤਾਂ ਦੂਰ ਦੀਆਂ ਗੱਲਾਂ ਹਨ। ਦਾਦਾ ਜੀ ਮੇਰੇ ਜਨਮ ਤੋਂ ਪਹਿਲਾਂ ਈ ਸੁਰਗਵਾਸ ਹੋ ਗਏ ਸੀ। ਦਾਦਾ ਜੀ ਦੀ ਮੌਤ ਤੋਂ ਬਾਅਦ ਪਾਪਾ ਤੇ ਚਾਚਾ ਜੀ ਅਲੱਗ-ਅਲੱਗ ਹੋ ਗਏ। ਚਾਚੇ ਦੇ ਹਿੱਸੇ ਸਾਹਮਣੇ ਵਾਲਾ ਪਲਾਟ ਆਇਆ ਪਾਪਾ ਨੇ ਪੁਰਾਣਾ ਮਕਾਨ ਰੱਖ ਲਿਆ ਤੇ ਢਾਹ ਕੇ ਨਵੀਂ ਕੋਠੀ ਪਾ ਲਈ। ਮੇਰੀ ਦਾਦੀ ਚਾਚੇ ਨਾਲ ਰਹਿਣ ਲੱਗ ਗਈ, ਚਾਚਾ ਨੇਕ ਬੰਦਾ ਸੀ ਦਾਦੀ ਦਾ ਖਿਆਲ ਰੱਖਦਾ, ਚਾਚੇ ਨੇ ਦਾਦੀ ਦੀ ਬਹੁਤ ਸੇਵਾ ਕੀਤੀ, ਦਾਦੀ ਜਿੰਨਾਂ ਚਿਰ ਜਿਉਂਦੀ ਰਹੀ ਚਾਚੇ ਨਾਲ ਈ ਰਹੀ। ਦਾਦੀ ਹਾਣ ਦੀਆਂ ਬਜ਼ੁਰਗ ਔਰਤਾਂ ਦੱਸਦੀਆਂ ਹੁੰਦੀਆਂ ਸੀ ਕਿ ਤੇਰੀ ਦਾਦੀ ਜਵਾਨੀ ਪਹਿਰੇ ਬੜੀ ਸੋਹਣੀ ਸੀ । ਕਪਾਹ ਦੇ ਬੂਟੇ ਵਰਗੀ ਲੰਬੀ-ਲੰਬੀ, ਪਤਲੀ ਮੁਟਿਆਰ ਸੀ। ਦਾਦਾ ਜੀ ਦੇ ਹੁੰਦੇ ਘਰ ਅੰਦਰ ਖੁਸ਼ੀਆਂ-ਖੇੜੇ ਸਨ ਪਰ ਹੁਣ ਤਾਂ ਏਦਾਂ ਲੱਗਦਾ ਸੀ ਜਿਵੇਂ ਸਭ ਕੁਝ ਪੁਰਾਣੇ ਘਰ ਵਾਂਗ ਢਹਿ-ਢੇਰੀ ਹੋ ਗਿਆ ਹੋਵੇ। ਹੁਣ ਤਾਂ ਲੋਹੇ ਦੀਆਂ ਚੁਗਾਠਾਂ ਵਾਂਗ ਸਭ ਦੇ ਮੂੰਹ ਆਕੜੇ ਹੁੰਦੇ ਨੇ ਕਿਤੇ ਕੋਈ ਰੌਣਕ ਨੀ ਹੈਗੀ । ਮਾਪਿਆਂ ਨੂੰ ਕੁੜੀਆਂ ਦਾ ਭਵਿੱਖ ਜਨਮ ਤੋਂ ਹੀ ਤਹਿ ਹੁੰਦਾ, ਥੋੜ੍ਹਾ ਬਹੁਤ ਪੜ੍ਹਾਉਣਾ, ਜੇ ਕੋਈ ਕੁੜੀ ਜ਼ਿਆਦਾ ਪੜ੍ਹਨ ਦੀ ਇੱਛਾ ਜ਼ਾਹਿਰ ਕਰੇ ਉਸਨੂੰ ਉਹੀ ਸਦੀਆਂ ਪੁਰਾਣੇ ਘਿਸੇ ਪਿਟੇ ਬਚਨ ਸੁਣਨ ਨੂੰ ਮਿਲਦੇ ਨੇ “ ਤੂੰ ਪੜ੍ਹਕੇ ਕੀ ਕਰਨਾ, ਕਰਨਾ ਤਾਂ ਚੁੱਲਾ ਚੌਂਕਾ ਈ ਆ” ਕੁੜੀਆਂ ਨੂੰ ਤਾਂ ਬੱਸ ਅੱਖਰਾਂ ਦੀ ਸੂੰਹ ਹੋਵੇ।” ਇਹ ਲਫ਼ਜ਼ ਸੁਣ ਕੇ ਹਰ ਕੁੜੀ ਦੇ ਕੰਨ ਪੱਕੇਪਏ ਨੇ ਹਨ । ਅਠਾਰਵੇਂ ਉਨ੍ਹੀਵੇਂ ‘ਚ ਵਿਆਹ ਦੀ ਤਿਆਰੀ ਹੋ ਜਾਂਦੀ ਆ, ਜੇ ਕਿਤੇ ਕੁੜੀ ਤੋਂ ਅੱਲੜ ਉਮਰੇ ਕੋਈ ਗਲਤੀ ਹੋ ਜਾਵੇ ਫਿਰ ਪਹਿਲਾਂ ਵੀ ਫਾਹਾ ਵੱਢ ਦਿੱਤਾ ਜਾਂਦਾ। ਮਾਪਿਆਂ ਦੀ ਇੱਜ਼ਤ ਕੁੜੀਆਂ ‘ਤੇ ਟਿਕੀ ਹੁੰਦੀ ਆ, ਕੁੜੀਆਂ ਸਿਰ ਤੋਂ ਚੁੰਨੀ ਕੀ ਲਾਹ ਦੇਣ ਸਾਰਿਆਂ ਦੇ ਭਾਅ ਦੀ ਬਣ ਜਾਂਦੀ ਆ, ਇਸ ਦੇ ਉਲਟ ਮੁੰਡੇ ਕੁਝ ਵੀ ਕਰਨ ਕੋਈ ਫ਼ਰਕ ਨੀ ਪੈਂਦਾ। ਸਟੇਜਾਂ ‘ਤੇ ਸਾਡੀ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਆਪਣੀਆਂ ਕੁੜੀਆਂ ਨੂੰ ਘਰੋਂ ਬਾਹਰ ਨੀ ਨਿਕਲਣ ਦਿੰਦੇ, ਰਤਾ ਜਿੰਨਾ ਵੀ ਸਾਡੇ ‘ਤੇ ਵਿਸ਼ਵਾਸ਼ ਨੀ ਕਰਦੇ ਅਸੀਂ ਵੀ ਖੁੱਲ੍ਹੇ ਅਸਮਾਨ ‘ਚ ਆਪਣੀਆਂ ਸੱਧਰਾਂ ਨਾਲ ਉਡਾਰੀ ਲਗਾਉਣੀ ਚਾਹੁੰਦੀਆਂ ਹਾਂ, ਫਿਰ ਦੇਖਿਓ ਸਾਡੀ ਉਡਾਨ ਪਰ ਅਫ਼ਸੋਸ ਅਸੀਂ ਆਪਣੀ ਮਰਜ਼ੀ ਦਾ ਕੋਈ ਕੰਮ ਦੀ ਇੱਛਾ ਜ਼ਾਹਿਰ ਕਰੀਏ ਤਾਂ ਸਾਰਾ ਟੱਬਰ ਲਾਲ-ਲਾਲ ਅੱਖਾਂ ਕੱਢ ਕੇ ਸਾਡੇ ਸਾਰੇ ਸੁਪਨੇ ਚੂਰ-ਚੂਰ ਦਿੰਦਾ। ਇਹ ਤਾਂ ਇੱਕ ਕੁਦਰਤ ਆ ਜਿਹੜੀ ਸਾਡੇ ਨਾਲ ਵਿਤਕਰਾ ਨੀ ਕਰਦੀ ਬਾਕੀ ਤਾਂ ਸਭ ਸਾਨੂੰ ਸੂਈ ਕੁੱਤੀ ਵਾਂਗੂੰ ਦੇਖਦੇ ਆ।ਮੇਰਾ ਜਨਮ ਜੁੜਵਾ ਹੋਇਆ ਸੀ ਯਾਨੀ ਮੇਰੇ ਨਾਲ ਮੇਰੇ ਭਾਈ ਦਾ ਜਨਮ ਹੋਇਆ ਸੀ। ਮੇਰੇ ਨਾਲ ਜੰਮੇ ਭਾਈ ਦੀ ਮੌਤ ਮੌਕੇ ਤੇ ਹੋ ਗਈ, ਤੇ ਮੈਂ ਬਚ ਗਈ ਮਾੜੇ ਦਿਨ ਦੇਖਣ ਨੂੰ, ਮੇਰੀ ਮਾਂ ਨੇ ਮੈਨੂੰ ਦੋਸ਼ੀ ਬਣਾ ਦਿੱਤਾ ਕੇ ਮੇਰੇ ਕਰਕੇ ਮੇਰੀ ਮਾਂ ਦਾ ਮੁੰਡਾ ਮਰ ਗਿਆ। ਮੇਰੇ ਤੋਂ ਅਭਾਗਣ ਕੌਣ ਹੋਊ ਜਿਹਨੂੰ ਗੁੜਤੀ ‘ਚ ਨਫ਼ਰਤ ਮਿਲੀ ਹੋਵੇ । ਮੇਰੀ ਮਾਂ ਹਮੇਸ਼ਾ ਇਹੀ ਕਹਿੰਦੀ ਰਹੀ ਕਿ ਮੈਂ ਉਹਦੇ ਪੁੱਤ ਨੂੰ ਖਾ ਗਈ । ਮੇਰਾ ਭਾਈ ਤਾਂ ਮਰ ਗਿਆ ਪਰ ਮੈਨੂੰ ਜਿੱਲਤ ਭਰੀ ਜ਼ਿੰਦਗੀ ‘ਚ ਧਕੇਲ ਗਿਆ। ਚੰਗਾ ਹੁੰਦਾ ਮੈ ਮਰ ਜਾਂਦੀ, ਉਂਝ ਵੀ ਤਾਂ ਹਰ ਰੋਜ਼ ਮਰ ਰਹੀ ਸੀ । ਮੇਰੀ ਮਾਂ ਨੂੰ ਮੇਰੇ ਜਿੰਦਾ ਹੋਣ ਦੀ ਖੁਸ਼ੀ ਭੋਰਾ ਵੀ ਨਹੀਂ ਸੀ। ਮੈਂ ਭਲਾ ਕੌਣ ਹੁੰਦੀ ਆਂ ਕਿਸੇ ਨੂੰ ਮਾਰਨ ਵਾਲੀ, ਮੈਂ ਤਾਂ ਆਪ ਸਾਰੀ ਉਮਰ ਸੰਤਾਪ ਹੰਢਾਇਆ। ਮਾਂ ਦੀਆਂ ਨਫ਼ਰਤ ਭਰੀਆਂ, ਸੂਲਾਂ ਵਰਗੀਆਂ ਗੱਲਾਂ ਸੁਣ ਕੇ ਮੇਰਾ ਪੋਟਾ-ਪੋਟਾ ਜ਼ਖ਼ਮੀ ਹੋ ਜਾਂਦਾ।“ਤੁੰ ਖਾ ਗਈ ਮੇਰੇ ਪੁੱਤ ਨੂੰ, ਕਿੱਥੇ ਜੰਮ ਪਈ ਚੁੜੇਲ ਮੇਰੇ ਘਰ… ਮੂੰਹ ਦੇਖੋ ਕਿਵੇਂ ਲਾਲ ਹੋਇਆ, ਜਿਵੇਂ ਹੁਣੇ ਮੇਰੇ ਪੁੱਤ ਨੂੰ ਖਾ ਕੇ ਹਟੀ ਹੋਵੇ “. ਮੈਨੂੰ ਵੀ ਲੱਗਦਾ ਜਿਵੇਂ ਮੈਂ ਗੁਨਾਹਗਾਰ ਹੋਵਾਂ, ਮੈਂ ਭੱਜ ਕੇ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖਦੀ ਕਿਤੇ ਸੱਚੀ ਲਾਲ ਤਾਂ ਨੀ ਹੋ ਗਿਆ। ਮਾਂ ਮੈਨੂੰ ਹੌਲੀ ਹੌਲੀ ਮਾਰਨ ਨਾਲੋਂ ਤਾਂ ਚੰਗਾ ਸੀ ਇੱਕ ਵਾਰੀ ‘ਚ ਮਾਰ ਸੁੱਟਦੀ। ਕੀ ਫ਼ਰਕ ਪੈਂਦਾ ਸੀ ਆਖਿਰ ਤਾਂ ਮਰਨਾ ਹੀ ਸੀ।ਮਾਂ ਬਿੱਟੂ ਨੂੰ ਬਹੁਤ ਪਿਆਰ ਕਰਦੀ । ਮੇਰੀ ਤੇ ਬਿੱਟੂ ਦੀ ਜਮ੍ਹਾਂ ਵੀ ਨਾ ਬਣਦੀ ਓਹ ਛੋਟੀ-ਛੋਟੀ ਗੱਲ ਤੇ ਮੈਨੂੰ ਮਾਰਦਾ ਰਹਿੰਦਾ ਬੇਸ਼ੱਕ ਬਿੱਟੂ ਮੇਰੇ ਨਾਲੋਂ ਛੋਟਾ ਸੀ ਪਰ ਮੁੰਡਿਆਂ ਨੂੰ ਹੱਕ ਹੁੰਦਾ ਆਪਣੇ ਤੋਂ ਵੱਡੀਆਂ ਭੈਣਾਂ ਨੂੰ ਉਹ ਕੁੱਟ-ਮਾਰ ਸਕਦੇ ਹਨ। ਮੁੰਡਿਆਂ ਨੂੰ ਚੰਗੇ ਬੁਰੇ ਦੀ ਸਮਝ ਜ਼ਿਆਦਾ ਹੁੰਦੀ ਏ ਕੁੜੀਆਂ ਨਾਲੋਂ, ਕੁੜੀਆਂ ਦੀ ਮੱਤ ਤਾਂ ਗਿੱਚੀ ਪਿੱਛੇ ਹੁੰਦੀ ਆ, ਸਾਨੂੰ ਕੀ ਪਤਾ ਚੰਗੇ ਮਾੜੇ ਦਾ।ਮੈਂ ਖੁਸ਼ ਹੋਣ ਦੇ ਨਿੱਕੇ-ਨਿੱਕੇ ਮੌਕੇ ਲੱਭਦੀ। ਸਕੂਲ ਦਾ ਕੰਮ ਕਰਨ ਵੇਲੇ ਮੈਂ ਰੇਡੀਓ ਚਲਾ ਲੈਂਦੀ। ਇਹ ਰੇਡੀਓ ਪਾਪਾ ਦਾ ਸੀ, ਉਹ ਅਕਸਰ ਬੈਂਕ ਤੋਂ ਆਕੇ ਸੁਣਦੇ ਹੁੰਦੇ ਸੀ । ਪਾਪਾ ਉਹਨਾਂ ਨੂੰ ਚਿੱਠੀਆਂ ਵੀ ਪਾਉਂਦੇ, ਜਦੋ ਰੇਡਿਓ ਵਾਲੀ ਕੁੜੀ ਪਾਪਾ ਦੀ ਚਿੱਠੀ ਪੜ੍ਹਦੀ ਤਾਂ ਪਾਪਾ ਬਹੁਤ ਖੁਸ਼ ਹੁੰਦੇ ਤੇ ਸਾਰਿਆਂ ਨੂੰ ਦੱਸਦੇ ਇਹ ਚਿੱਠੀ ਮੈਂ ਭੇਜੀ ਹੈ। ਰੇਡੀਓ ਦੀ ਮੈਨੂੰ ਵੀ ਆਦਤ ਪੈ ਗਈ ਸੀ, ਰੇਡੀਓ ‘ਤੇ ਚਲਦੇ ਪੁਰਾਣੇ ਗਾਣੇ ਮੇਰੇ ਮੂੰਹ ਜਵਾਨੀ ਯਾਦ ਹੋ ਗਏ ਸੀ । ਮੇਰਾ ਵੀ ਦਿਲ ਕਰਦਾ ਮੈਂ ਰੇਡੀਓ ਵਾਲਿਆਂ ਨੂੰ ਚਿੱਠੀ ਪਾਵਾਂ ਤੇ ਆਪਣੇ ਦਿਲ ਦਾ ਹਾਲ ਸੁਣਾਵਾਂ ਪਰ ਇਹ ਸਭ ਕਿਸ ਤਰ੍ਹਾਂ ਹੁੰਦਾ ਮੈਨੂੰ ਨਹੀਂ ਸੀ ਪਤਾ।ਕਰਮੀ ਦਾ ਮੇਰੀ ਜ਼ਿੰਦਗੀ ਵਿੱਚ ਅਹਿਮ ਰੋਲ ਸੀ । ਸਕੂਲ ‘ਚ ਵੀ ਮੈਂ ਸਾਰਾ ਦਿਨ ਕਰਮੀ ਨਾਲ ਰਹਿੰਦੀ ਘਰ ਆਕੇ ਵੀ ਜਦੋਂ ਸਮਾਂ ਲੱਗਦਾ ਮੈਂ ਮਾਂ ਤੋਂ ਅੱਖ ਬਚਾ ਕੇ, ਕਰਮੀ ਕੋਲ ਚਲੀ ਜਾਂਦੀ । ਮੇਰਾ ਚਾਚਾ ਯਾਨੀ ਕਰਮੀ ਦੇ ਪਾਪਾ ਖੇਤੀ ਕਰਦੇ ਸੀ। ਚਾਚੇ ਦਾ ਕੋਈ ਮੇਰੇ ਘਰ ਨਾ ਆਉਂਦਾ ਕਿਉਂਕਿ ਮਾਂ ਕਿਸੇ ਨਾਲ ਨਾ ਵਰਤਦੀ, ਮਾਂ ਨੂੰ ਕੋਈ ਵੀ ਚੰਗਾ ਨਾਂ ਲੱਗਦਾ, ਜਦੋਂ ਕੋਈ ਘਰ ਆਉਂਦਾ ਤਾਂ ਮਾਂ ਮੱਥੇ ਵੱਟ ਪਾ ਲੈਂਦੀ।ਕਰਮੀ ਪੜ੍ਹ ਕੇ ਸਰਕਾਰੀ ਟੀਚਰ ਬਣ ਗਈ, ਸੁਣਿਆ ਕਰਮੀ ਦਾ ਵਿਆਹ ਹੋ ਗਿਆ ਮੁੰਡਾ ਵੀ ਸਰਕਾਰੀ ਮਾਸਟਰ ਆ, ਦੋ ਬੇਟੇ ਵੀ ਹੋ ਗਏ। ਕਰਮੀ ਨਾਲ ਮੇਰਾ ਬਸ ਇੱਕੋ ਰੋਸਾ ਏ, ਕਦੇ ਵੀ ਚੰਦਰੀ ਨੇ ਮੇਰਾ ਹਾਲ ਜਾਨਣ ਦੀ ਕੋਸ਼ਿਸ਼ ਨਾ ਕੀਤੀ । ਮੈਨੂੰ ਉਹਦਾ ਕਦੇ ਵੀ ਕੋਈ ਸੁਨੇਹਾ ਨਾ ਆਇਆ। ਮੈਂ ਕਿੰਨਾ ਕਰਦੀ ਸੀ ਕਮਲੀ ਦਾ, ਪਰ ਆਪ ਉਹਨੇ ਮੈਨੂੰ ਰਾਤ ਦੇ ਸੁਪਨੇ ਵਾਂਗ ਵਿਸਾਰਤਾ।ਜਦੋਂ ਕੋਈ ਮੋਹ ਭਿੱਜੇ ਲਫ਼ਜਾਂ ਨਾਲ ਹਮਦਰਦੀ ਜਤਾਉਂਦਾ ਤਾਂ ਦਿਲ ਨੂੰ ਬਹੁਤ ਸਕੂਨ ਮਿਲਦਾ, ਇੰਝ ਲੱਗਦਾ ਜਿਵੇਂ ਰੇਗਿਸਤਾਨ ਵਿੱਚ ਕਿਸੇ ਪਿਆਸੇ ਨੂੰ ਕਿਸੇ ਨੇ ਠੰਡਾ ਪਾਣੀ ਪੁੱਛ ਲਿਆ ਹੋਵੇ।ਜ਼ਿੰਦਗੀ ਦੇ ਦੁੱਖ ਆਪਣੇ ਪਿੰਡੇ ਤੇ ਜਰਨੇ ਪੈਂਦੇ ਨੇ ਕਿਸੇ ਦੀ ਹਮਦਰਦੀ ਬਸ ਏਨਾ ਕੰਮ ਕਰਦੀ ਆ ਜਿਵੇਂ ਕੋਈ ਪੈਰ ‘ਚ ਵੱਜਿਆ ਕੰਡਾ ਕੱਢ ਦੇਵੇ ਪਰ ਓਹਦੀ ਪੀੜ ਤਾਂ ਆਪ ਨੂੰ ਹੀ ਸਹਿਣੀ ਪੈਂਦੀ ਆ। ਪੀੜ ਸਿੱਧੀ ਕਲੇਜੇ ਵੱਜਦੀ ਆ ਤੇ ਇੱਕ ਵਾਰ ਤਾਂ ਹੱਥ ਪੈਰ ਸੁੰਨ ਹੋ ਜਾਂਦੇ ਨੇ।ਕਰਮੀ, ਪਾਪਾ ਤੇ ਦਾਦੀ ਦੇ ਪਿਆਰ ਨਾਲ, ਮੈਂ ਜਿਹੜੀ ਆਸਾਂ ਦੀ ਕੰਧ ਉਸਾਰਦੀ, ਮਾਂ ਦੀ ਨਫ਼ਰਤ ਉਹਨੂੰ ਇੱਕ ਪਲ ਵਿੱਚ ਢਾਹ ਕੇ ਰੋੜਾ-ਰੋੜਾ ਕਰ ਦਿੰਦੀ। ਦੋ ਪਲ ਦੀ ਖੁਸ਼ੀ ਉਮਰਾਂ ਵੱਡਾ ਦੁੱਖ।ਮੈਂ ਰਾਤ ਨੂੰ ਇਕੱਲੀ ਸਾਉਣ ਤੋਂ ਡਰਦੀ, ਮੈਨੂੰ ਡਰਾਵਣੇ ਸੁਫ਼ਨੇ ਆਉਂਦੇ ਤੇ ਮੇਰੀ ਅੱਖ ਖੁੱਲ੍ਹ ਜਾਂਦੀ । ਮੈਂ ਉੱਠ ਕੇ ਪਾਪਾ ਨਾਲ ਪੈ ਜਾਂਦੀ, ਕਈ ਵਾਰ ਤਾਂ ਡਰਾਵਣੇ ਸੁਫ਼ਨਿਆਂ ਕਰਕੇ ਮੇਰੀਆਂ ਚੀਖਾਂ ਨਿਕਲ ਜਾਂਦੀਆਂ। ਇਸ ਗੱਲ ਕਰਕੇ ਮੇਰੇ ਕਾਫ਼ੀ ਵਾਰ ਮਾਂ ਤੋਂ ਗਾਲਾਂ ਪਈਆਂ। ਮੈਂ ਰੋਂਦੀ ਕੁਰਲਾਉਂਦੀ ਸੋਚਦੀ, ਤੂੰਹੀ ਤਾਂ ਹੈ ਜੋ ਮੈਨੂੰ ਚੈਨ ਨਾਲ ਜੀਣ ਨੀ ਦਿੰਦੀ, ਨਾ ਸੁਫ਼ਨਿਆਂ ਵਿੱਚ ਨਾ ਹਕੀਕਤ ਵਿੱਚ।ਮੇਰਾ ਸੁਭਾਅ ਏਨਾ ਡਰਪੋਕ ਹੋ ਗਿਆ ਸੀ ਕੇ ਮੈਂ ਖਿੜਕੀ ਦੇ ਖੜਾਕ ਤੋਂ ਵੀ ਡਰ ਜਾਂਦੀ। ਚਾਰੇ ਪਾਸਿਆਂ ਤੋਂ ਆਪਣਾ ਕੰਬਲ ਦੱਬ ਲੈਂਦੀ, ਮੈਨੂੰ ਏਦਾਂ ਲੱਗਦਾ ਜਿਵੇਂ ਮੇਰੇ ਸਿਰਹਾਣੇ ਕੋਈ ਸਾਇਆ ਖੜਾ ਹੋਵੇ, ਜੇ ਮੈਂ ਕੰਬਲ ਲਾਹਿਆ ਤਾਂ ਮੈਨੂੰ ਖਾ ਜਾਵੇਗਾ।ਅਫ਼ਸੋਸ ਮੈਨੂੰ ਕਦੇ ਕਿਸੇ ਭੂਤ-ਪ੍ਰੇਤ ਨੇ ਕੁਝ ਨਾ ਕਿਹਾ, ਵਧੀਆ ਹੁੰਦਾ ਕੋਈ ਭੂਤ, ਪ੍ਰੇਤ ਮੈਨੂੰ ਖਾ ਜਾਂਦਾ, ਜੱਬ ਮੁੱਕਦਾ ਸਾਰਾ। ਜੀਹਦੇ ਵੈਰੀ ਆਪਣੇ ਬਣ ਜਾਣ ਉਹਨੂੰ ਭੂਤ, ਪ੍ਰੇਤਾਂ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਭੂਤ-ਪ੍ਰੇਤ ਇਹਨਾ ਨਾਲੋਂ ਬੁਰੇ ਨਹੀਂ ਹੁੰਦੇ।ਅਸਲੀ ਭੂਤ ਤਾਂ ਮੈਨੂੰ ਮੇਰੀ ਮਾਂ ਲੱਗਦੀ ਜੀਹਦੇ ਤੋਂ ਮੈਨੂੰ ਦਿਨੇ ਵੀ ਡਰ ਲੱਗਦਾ। ਉਹਦੇ ਸਾਹਮਣੇ ਤਾਂ ਮੇਰੀ ਧੜਕਨ ਰੁੱਕ ਜਾਂਦੀ, ਇੰਜ ਲੱਗਦਾ ਜਿਵੇਂ ਬਿੰਦ ਝੱਟ ’ਚ ਮੇਰਾ ਸਾਹ ਰੁਕ ਜਾਵੇਗਾ।ਮੈਂ ਮਾਂ ਦੇ ਪਿਆਰ ਤੋਂ ਵਾਂਝੀ, ਮਾਂ ਦੇ ਪਿਆਰ ਨੂੰ ਤਰਸਦੀ ਰਹਿੰਦੀ। ਮੇਰਾ ਦਿਲ ਕਰਦਾ ਮਾਂ ਮੈਨੂੰ ਪਿਆਰ ਕਰੇ, ਮੇਰੇ ਨਾਲ ਗੱਲਾਂ ਕਰੇ, ਮੈਨੂੰ ਘੁੱਟ ਕੇ ਸੀਨੇ ਨਾਲ ਲਾ ਲਵੇ ਮੇਰੇ ਅੰਦਰ ਮੱਚਦੀ ਅੱਗ ਨੂੰ ਆਪਣੀ ਮਮਤਾ ਨਾਲ ਬੁਝਾ ਦੇਵੇ । ਪਰ ਮੇਰਾ ਅਭਾਗ ਸੀ, ਮੈਂ ਮਾਂ ਦਾ ਪਿਆਰ ਨਾ ਪਾ ਸਕੀ।ਮੈਂ ਜਾਗਦੀਆਂ ਅੱਖਾਂ ਨਾਲ ਖੁਸ਼ੀਆਂ ਦੇ ਖੁਆਬ ਦੇਖਦੀ। ਸਦੀਆਂ ਤੋਂ ਪਏ ਸੋਕੇ ਲਈ ਪਿਆਰ ਦੀਆਂ ਦੋ ਕਣੀਆਂ ਦੀ ਉਮੀਦ ਕਰਦੀ। ਮੈਂ ਦਰਵਾਜ਼ੇ ਦੇ ਉਸ ਪਾਰ ਜਾਣ ਦੇ ਖਿਆਲ ਬੁਣਦੀ, ਜਿੱਥੇ ਬੇਧੜਕ ਹਾਸਾ ਹੋਵੇ, ਜਿੱਥੇ ਹਵਾ ਵਾਂਗ ਲਹਿਰਾਉਂਦੇ ਚਾਅ ਹੋਣ ਤੇ ਮੇਰੇ ਵੇਲਾਂ ਵਾਂਗ ਵਧੇ ਕੇਸ ਬੇਖੌਫ ਹੋ ਕੇ ਅਸਮਾਨ ‘ਚ ਉਡਾਰੀਆਂ ਲਾਉਣ। ਹਰ ਕਿਸੇ ਦੇ ਚਿਹਰੇ ਤੇ ਸੱਚੀ ਮੁਸਕਰਾਹਟ ਹੋਵੇ, ਹਰ ਪਾਸੇ ਚਹਿਕ ਮਹਿਕ ਤੇ ਬਸ ਪਿਆਰ ਹੀ ਪਿਆਰ ਹੋਵੇ। ਇਹ ਦਰਵਾਜਾ ਕਿਵੇਂ ਖੁੱਲੇਗਾ ਕੁਝ ਪਤਾ ਨਹੀ ਸੀ, ਕੌਣ ਖੋਲੇਗਾ ? ਮੈਂ ਅਨਜਾਣ ਸੀ ਇਸ ਰਾਜ ਤੋਂ। ਮੈਂ ਝੱਲੀ ਇੱਕ ਉਮੀਦ ਲਾਈ ਬੈਠੀ ਸੀ ਓਸ ਪਾਰ ਜਾਣ ਦੀ ਤੇ ਉੱਥੋਂ ਦੀ ਤਲਿਸਮੀ ਦੁਨੀਆਂ ‘ਚ ਸ਼ਰੀਕ ਹੋਣ ਦੀ।ਘਰ ਦੀ ਚਾਰਦੀਵਾਰੀ ਤੋਂ ਨਿਜਾਤ ਪਾਉਣ ਲਈ ਮੈਂ ਪਾਪਾ ਨੂੰ ਨਾਨਕੇ ਜਾਣ ਲਈ ਮਨਾ ਲੈਂਦੀ। ਮੇਰੇ ਨਾਨਕੇ ਲੁਧਿਆਣਾ ਸ਼ਹਿਰ ‘ਚ ਸੀ। ਮਾਮਾ ਗੁਰਤੇਜ ਕੱਪੜੇ ਦਾ ਕੰਮ ਕਰਦਾ ਤੇ ਸ਼ਹਿਰ ‘ਚ ਮਾਮੇ ਦੀ ਵੱਡੀ ਦੁਕਾਨ ਸੀ। ਮਾਮਾ ਲਾਲਚੀ ਕਿਸਮ ਦਾ ਬੰਦਾ ਸੀ, ਹਰ ਮੌਕੇ ਪੈਸਾ ਪੈਸਾ ਕਰਦਾ ਰਹਿੰਦਾ। ਮਾਮੇ ਦਾ ਕੰਮ ਚੰਗਾ ਚਲਦਾ ਪੈਸੇ ਪੱਖੋਂ ਸਾਡੇ ਨਾਲੋਂ ਵਾਧੂ ਸੀ।ਮਾਮਾ ਮਾਂ ਨਾਲੋਂ ਕੁਝ ਸਾਲ ਵੱਡਾ ਸੀ। ਮੇਰੇ ਨਾਨਾ, ਨਾਨੀ ਦੀ ਮੇਰੇ ਜਨਮ ਤੋਂ ਕਾਫ਼ੀ ਸਮਾਂ ਪਹਿਲਾਂ ਇੱਕ ਕਾਰ ਐਕਸੀਡੈਂਟ ‘ਚ ਇੱਕਠਿਆਂ ਦੀ ਮੌਤ ਹੋ ਗਈ ਸੀ। ਮਾਮਾ ਗੁਰਤੇਜ ਤੇ ਮੇਰੀ ਮਾਂ ਤੇਜ ਕੌਰ, ਦੋ ਹੀ ਭੈਣ ਭਾਈ ਸਨ। ਮੇਰੀ ਮਾਂ ਨਾਮ ਤੋਂ ਵੀ ਤੇ ਉਂਝ ਵੀ ਤੇਜ਼, ਸਰੀਰ ਦੀ ਫੁਰਤੀਲੀ, ਬੋਲਾਂ ਚ ਤੇਜ ਤਰਾਰ ਕਿਸੇ ਨੂੰ ਇੱਕ ਨਾ ਗਿਣਨ ਦਿੰਦੀ।ਨਾਨਕੇ ਘਰ ਮੇਰਾ ਦਿਲ ਲੱਗ ਜਾਂਦਾ, ਮੇਰਾ ਦਿਲ ਕਰਦਾ ਮੈਂ ਏਥੋਂ ਜਾਵਾਂ ਹੀ ਨਾ, ਇਥੇ ਹੀ ਰਹਾਂ। ਮਾਮੇ ਦੇ ਦੋ ਬੇਟੇ ਸਨ। ਵੱਡਾ ਵੀਰਾ ਗੁਰਦੀਪ ਤੇ ਛੋਟਾ ਜਗਦੀਪ । ਦੋਨੋ ਮੇਰਾ ਬਹੁਤ ਕਰਦੇ ਤੇ ਮਾਮੀ ਦਾ ਸੁਭਾਅ ਵੀ ਚੰਗਾ ਸੀ। ਮੈਂ ਸੋਚਦੀ ਰੱਬਾ ਮੈਨੂੰ ਇਸੇ ਘਰ ਜਨਮ ਕਿਉਂ ਨਾ ਦਿੱਤਾ। ਪਰ ਮੇਰੇ ਸੋਚਣ ਨਾਲ ਕੀ ਹੁੰਦਾ, ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ।ਨਾਨਕੇ ਘਰ ਮੈਂ ਸਿਰਫ਼ ਇੱਕ ਦਿਨ ਹੀ ਰਹਿ ਪਾਉਂਦੀ ਕਿਉਂਕਿ ਇਸਤੋਂ ਜ਼ਿਆਦਾ ਮਾਂ ਇਜ਼ਾਜਤ ਨਾ ਦਿੰਦੀ।ਅੱਧ ਤੋਂ ਜ਼ਿਆਦਾ ਦੁੱਖ ਮੇਰੀ ਝੋਲੀ ਮਾਮੇ ਨੇ ਪਾਏ। ਮਾਮੇ ਘਰ ਮੇਰੀ ਖੁਸ਼ੀ ਓਦਾਂ ਸੀ ਜਿਵੇਂ ਸ਼ਿਕਾਰ ਸ਼ਿਕਾਰੀ ਦੇ ਜਾਲ ‘ਚ ਫਸਣ ਤੋਂ ਪਹਿਲਾਂ ਸ਼ਿਕਾਰੀ ਵੱਲੋਂ ਸੁੱਟੇ ਦਾਣੇ ਦੇਖ ਕੇ ਖੁਸ਼ ਹੁੰਦਾ।ਸਾਰਿਆਂ ਨੇ ਮਿਲ ਕੇ ਮੇਰੀ ਜ਼ਿੰਦਗੀ ਦੇ ਰਾਹ ‘ਚ ਅਜਿਹੇ ਕੰਡੇ ਸੁੱਟੇ ਜੀਹਨੂੰ ਚੁੱਗਦੇ ਚੁੱਗਦੇ ਮੇਰੀ ਅੱਧੀ ਜ਼ਿੰਦਗੀ ਜ਼ਖ਼ਮੀ ਹੁੰਦਿਆਂ ਲੰਘ ਗਈ। ਜਿਸ ਵੀ ਇਨਸਾਨ ਤੋਂ ਪਿਆਰ ਦੇ ਬੋਲਾਂ ਦੀ ਉਮੀਦ ਕੀਤੀ ਓਸੇ ਕੋਲੋਂ ਹੀ ਮੂੰਹ ਦੀ ਖਾਣੀ ਪਈ । ਸਾਰਿਆਂ ਨੇ ਮਿਲ ਕੇ ਐਸੇ ਜ਼ਖ਼ਮ ਦਿੱਤੇ ਜੋ ਕਿਸੇ ਵੈਦ, ਹਕੀਮ ਦੀ ਮੱਲਮ ਨਾਲ ਠੀਕ ਨਾ ਹੋਏ। ਮੇਰੀ ਜ਼ਿੰਦਗੀ ਦੇ ਰਸਤੇ ਤੱਪਦੇ ਰੇਤ ‘ਤੇ ਕੰਡਿਆਂ ਤੋਂ ਸਿਵਾਏ ਕੁਝ ਨਹੀਂ ਸੀ ਤੇ ਮੈਂ ਨੰਗੇ ਪੈਰੀ ਇਹਨਾਂ ‘ਤੇ ਚਲਦੀ ਜਾ ਰਹੀ ਸੀ।ਦਿਨ-ਬ-ਦਿਨ ਮੈਂ ਆਪਣੇ ਬਚਪਨ ਦੇ ਦਿਨਾਂ ਵਿਚੋਂ ਨਿੱਕਲਦੀ ਜਾ ਰਹੀ ਸਾਂ। ਉਮਰ ਆਹੀ ਤੇਰਾਂ ਕ ਸਾਲ ਦੇ ਨੇੜੇ ਸੀ। ਕਹਿੰਦੇ ਮਾੜੇ ਹਾਲਾਤ ਬੰਦੇ ਨੂੰ ਉਮਰ ਨਾਲੋਂ ਜ਼ਿਆਦਾ ਸਿਆਣਾ ਬਣਾ ਦਿੰਦੇ ਹਨ ਤੇ ਮੈਂ ਆਪਣੀ ਉਮਰ ਨਾਲੋਂ ਜ਼ਿਆਦਾ ਉਮਰ ਦੀ ਲੱਗਦੀ। ਮੈਂ ਆਪਣੇ ਆਪ ਨੂੰ ਜਵਾਨੀ ਦੀ ਦਹਿਲੀਜ਼ ਤੇ ਖੜੀ ਮਹਿਸੂਸ ਕਰਦੀ । ਮੇਰੇ ਅੰਗਾਂ ਵਿਚੋਂ ਜਵਾਨੀ ਦੀ ਮਹਿਕ ਆਉਣ ਲੱਗੀ ਤੇ ਹੱਡਾਂ, ਪੈਰਾਂ ਦੀ ਖੁੱਲ੍ਹੀ ਹੋਣ ਕਰਕੇ ਮੈਂ ਜਵਾਨ ਲੱਗਦੀ।ਘਰ ਦਾ ਮਾਹੌਲ ਮਾੜਾ ਹੋਣ ਕਰਕੇ ਹਰ ਸਮੇਂ ਤਣਾਅ ਰਹਿੰਦਾ ਸੀ। ਮਾਂ ਤੇ ਪਾਪਾ ਵਿਚਕਾਰ ਦੂਜੇ ਤੀਜੇ ਦਿਨ ਲੜਾਈ ਰਹਿੰਦੀ ਸੀ । ਲੜਾਈ ਕਿਉਂ ਹੁੰਦੀ ਸੀ, ਉਸ ਸਮੇਂ ਪਤਾ ਨਹੀਂ ਸੀ ਪਰ ਅੱਜ ਸਭ ਕੁਝ ਸ਼ੀਸ਼ੇ ਵਾਂਗ ਸਾਫ਼ ਹੈ।ਇੱਕ ਦਿਨ ਸਵੇਰ ਦੀ ਗੱਲ ਏ, ਆਂਟੀ ਘਰ ਨਾ ਆਈ, ਆਂਟੀ ਹਰ ਰੋਜ਼ ਸਵੇਰੇ ਘਰ ਦਾ ਕੰਮ ਕਰਨ ਆਉਂਦੀ ਪਰ ਅੱਜ ਆਂਟੀ ਆਈ ਨਾ । ਮੈਨੂੰ ਆਂਟੀ ਦੀ ਫ਼ਿਕਰ ਹੋਈ ਕਿਤੇ ਓਹ ਬੀਮਾਰ ਨਾ ਹੋ ਗਈ ਹੋਵੇ, ਮੈਂ ਪਾਪਾ ਤੋਂ ਆਂਟੀ ਦੇ ਨਾ ਆਉਣ ਦਾ ਕਾਰਨ ਪੁੱਛਿਆ। “ਪਾਪਾ ਆਂਟੀ ਕਿਉਂ ਨਹੀਂ ਆਈ?” ਪੁੱਛਿਆ। “ਉਹ ਹੁਣ ਨੀ ਆਇਆ ਕਰਦੀ” ਪਾਪਾ ਨੇ ਕਿਹਾ। “ਕਿਉਂ… ਆਂਟੀ ਕਿਉਂ ਨੀ ਆਇਆ ਕਰਦੀ ” ਮੈਂ ਹੈਰਾਨ ਹੋ ਕੇ “ਤੇਰੀ ਮਾਂ ਨੇ ਉਹਨੂੰ ਘਰ ਆਉਣ ਤੋਂ ਮਨ੍ਹਾਂ ਕਰਤਾ।” “ਪਰ ਕਿਉਂ ਪਾਪਾ ?” “ਦਿਮਾਗ ਨਾ ਖਾ ਮੈਂ ਤਿਆਰ ਹੋਣਾ ਜਾ ਤੂੰ ਵੀ ਤਿਆਰ ਹੋਜਾ ਸਕੂਲ ਜਾਣਾ।”. ਪਾਪਾ ਨੇ ਗੁੱਸੇ ਨਾਲ ਕਿਹਾ, ਪਾਪਾ ਮੈਨੂੰ ਖਿਝੇ ਖਿਝੇ ਜੇ ਲੱਗੇ ।ਕਿੰਨੇ ਸਵਾਲ ਮੇਰੇ ਮਨ ‘ਚ ਪਨਪ ਰਹੇ ਸੀ। ਖਾਸ ਤਾਂ ਇਹੀ ਸੀ ਕੇ ਆਂਟੀ ਨੂੰ ਮਾਂ ਨੇ ਮਨ੍ਹਾਂ ਕਿਉਂ ਕੀਤਾ ? ਏਦਾਂ ਦੀ ਆਂਟੀ ਨੇ ਕੀ ਗਲਤੀ ਕਰਤੀ ? ਆਂਟੀ ਬਿਨ੍ਹਾਂ ਘਰ ਖਾਲੀ ਖਾਲੀ ਲੱਗਿਆ । ਬਚਪਨ ਤੋਂ ਲੈ ਕੇ ਹੁਣ ਤੱਕ ਆਂਟੀ ਨੇ ਮੈਨੂੰ ਆਪਣੀਆਂ ਧੀਆਂ ਵਾਂਗ ਪਾਲਿਆ। ਮੈਨੂੰ ਵੀ ਉਹ ਆਪਣੀ ਮਾਂ ਤੋਂ ਵੱਧ ਕੇ ਲੱਗਦੀ।ਆਂਟੀ ਬਿਨ੍ਹਾਂ ਮੇਰਾ ਦਿਲ ਨਾ ਲੱਗਦਾ, ਮੈਂ ਆਪਣੇ ਕਮਰੇ ‘ਚ ਵੜ ਕੇ ਰੋਂਦੀ ਰਹਿੰਦੀ। ਮਾਂ ਮੇਰੇ ਤੋਂ ਹਰ ਇੱਕ ਖੁਸ਼ੀ ਖੋਹ ਰਹੀ ਸੀ। ਪਾਪਾ ਨਾਲ ਵੀ ਹੁਣ ਤਾਂ ਹਰ ਰੋਜ਼ ਝਗੜਾ ਹੁੰਦਾ, ਪਾਪਾ ਚੁੱਪ ਚਾਪ ਰਹਿੰਦੇ ਤੇ ਆਪਣੇ ਕੰਮ ‘ਤੇ ਚਲੇ ਜਾਂਦੇ ।ਮੇਰੀ ਤੇ ਪਾਪਾ ਦੀ ਹਾਲਤ ਉਹਨਾਂ ਦੋ ਬਲਦਾਂ ਵਰਗੀ ਸੀ ਜੀਹਦਾ ਮਾਲਕ ਬਹੁਤ ਨਿਰਦਈ ਸੀ । ਸਾਨੂੰ ਇੱਕਠਿਆਂ ਜੋੜ ਕੇ ਸਾਡੇ ਡੰਡੇ ਮਾਰਦਾ ਤੇ ਅਸੀਂ ਬਿਨਾਂ ਕੁਝ ਖਾਧੇ ਪੀਤੇ ਜੇਠ ਹਾੜ ਦੀਆਂ ਧੁੱਪਾਂ ਵਿੱਚ ਖੇਤਾਂ ਦੀ ਹਿੱਕ ਪਾੜਦੇ ।ਮੇਰੀ ਹਾਲਤ ਇੱਥੋਂ ਤੱਕ ਬਦਤਰ ਸੀ ਕਿ ਮੈਂ ਕਿਸੇ ਚੀਜ਼ ਦੇ ਡਿੱਗਣ ਦੇ ਖੜਾਕ ਤੋਂ ਵੀ ਡਰ ਜਾਂਦੀ। ਮੈਂ ਆਪਣਾ ਕੱਲਾ-ਕੱਲਾ ਸਾਹ ਵੀ ਗਿਣ ਕੇ ਲੈਂਦੀ। ਮਾਂ ਕੋਲੋਂ ਡਰ ਡਰ ਕੇ ਦਿਨ ਕੱਢਦੀ। ਮੇਰੀ ਛੋਟੀ ਜਿਹੀ ਗਲਤੀ ਤੇ ਮਾਂ ਨੂੰ ਮੌਕਾ ਮਿਲ ਜਾਂਦਾ ਮੈਨੂੰ ਜਾਨਵਰਾਂ ਵਾਂਗੂੰ ਮਾਰਨ ਦਾ। ਮੇਰੇ ਸੱਜੇ ਹੱਥ ਦੀ ਉਂਗਲ ਅਜੇ ਵੀ ਸਿੱਧੀ ਨੀ ਹੁੰਦੀ। ਮਾਂ ਨੇ ਡੰਡਾ ਮਾਰਿਆ ਸੀ ਤੇ ਉਂਗਲ ਦੀ ਹੱਡੀ ਟੁੱਟ ਗਈ ਸੀ। ਗਲਤੀ ਸਿਰਫ਼ ਇੰਨੀ ਸੀ ਕੇ ਮੈਂ ਕਰਮੀ ਦੇ ਘਰ ਖੇਡ ਰਹੀ ਸਾਂ ਮਾਂ ਨੂੰ ਇਹ ਬਿਲਕੁਲ ਵੀ ਚੰਗਾ ਨੀ ਲੱਗਦਾ ਸੀ। ਮੇਰਾ ਬਚਪਨ ਇਸੇ ਕੁੱਟ-ਮਾਰ ਥੱਲੇ ਦੱਬਿਆ ਗਿਆ। ਮੈਂ ਆਪਣੀ ਮਰਜ਼ੀ ਦਾ ਕੁਝ ਵੀ ਨਾ ਕਰ ਸਕੀ। ਮੇਰੇ ‘ਚ ਐਨੀ ਹਿੰਮਤ ਵੀ ਨਹੀਂ ਸੀ ਕਿ ਮੈਂ ਕਿਸੇ ਅੱਗੇ ਦੋ ਬੋਲ ਵੀ ਕੱਢ ਸਕਾਂ।ਅਸਲ ਸੱਚ ਜਿਹੜਾ ਤੁਹਾਡੇ ਸਾਹਮ੍ਹਣੇ ਰੱਖਣ ਜਾ ਰਹੀ ਹਾਂ। ਮੇਰਾ ਯਕੀਨ ਏ ਬਹੁਤ ਕੁੜੀਆਂ ਨਾਲ ਵਾਪਰਿਆ ਹੋਵੇਗਾ, ਪਰ ਹੋ ਸਕਦਾ ਉਨ੍ਹਾਂ ਨੂੰ ਕਹਿਣ ਦਾ ਮੌਕਾ ਨਾ ਮਿਲਿਆ ਹੋਵੇ ਜਾਂ ਉਹ ਕਹਿਣ ਤੋਂ ਡਰ ਗਈਆਂ ਹੋਣ। ਕਿਤਾਬ ਦੇ ਪੰਨਿਆਂ ਵਾਂਗ ਮੈਂ ਸਭ ਕੁਝ ਪਲਟ ਕੇ ਰੱਖ ਦੇਵਾਂਗੀ ਬਿਨਾ ਕਿਸੇ ਪਰਦੇ ਤੋਂ।ਅੱਜ ਲਿਖਣ ਲੱਗਿਆਂ ਵੀ ਮੇਰੀ ਧੜਕਨ ਤੇਜ਼ ਹੋ ਰਹੀ ਏ ਜਿਵੇਂ ਉਸ ਰਾਤ ਹੋਈ ਸੀ, ਮੇਰੇ ਨਰਮ ਤੇ ਕੱਚੇ ਗੋਸਤ ਤੇ ਚੱਲ ਰਹੀ ਆਰੀ ਦੀ ਤਪਸ਼ ਨਾਲ ਲਹੂ ਦੀ ਆ ਰਹੀ ਗੰਧ ਪੂਰੀ ਕਾਇਨਾਤ ‘ਚੋਂ ਹੁੰਦੀ ਹੋਈ ਦੇਵ ਲੋਕ ਪਹੁੰਚ ਗਈ ਪਰ ਅਫ਼ਸੋਸ ਕੋਈ ਦੇਵੀ ਦੇਵਤਾ ਮੇਰੀ ਮਦਦ ਲਈ ਨਾ ਬਹੁੜਿਆ। ਮੈਂ ਸੁਣਿਆਂ ਜਦੋਂ ਭਰੀ ਸਭਾ ਵਿੱਚ ਦ੍ਰੋਪਤੀ ਦੇ ਕੱਪੜੇ ਉਤਾਰੇ ਜਾ ਰਹੇ ਸੀ ਤਾਂ ਕ੍ਰਿਸ਼ਨ ਭਗਵਾਨ ਖੁਦ ਪ੍ਰਗਟ ਹੋਏ ਤੇ ਦ੍ਰੋਪਤੀ ਦੀ ਲਾਜ ਰੱਖੀ। ਮੇਰੀ ਵਾਰੀ ਕੋਈ ਭਗਵਾਨ ਨਾ ਬਹੁੜਿਆ, ਆਪ ਨਾ ਆਉਂਦਾ ਆਪਣੇ ਕਿਸੇ ਫਰਿਸ਼ਤੇ ਨੂੰ ਹੀ ਭੇਜ ਦਿੰਦਾ ਮੈਨੂੰ ਵੀ ਤੇਰੀ ਹੋਣੀ ਦਾ ਅਹਿਸਾਸ ਹੋ ਜਾਂਦਾ।ਬਹੁਤੀਆਂ ਕੁੜੀਆਂ ਇਹਨਾਂ ਹਾਦਸਿਆਂ ਨੂੰ ਆਪਣੇ ਅੰਦਰ ਕੈਦ ਕਰਕੇ ਰੱਖ ਲੈਂਦੀਆਂ ਹਨ। ਮੈਂ ਸਭ ਕੁਝ ਬਿਆਨ ਕਰ ਰਹੀ ਹਾਂ ਮੈਨੂੰ ਉਮੀਦ ਹੈ ਤੁਸੀਂ ਮੇਰੇ ਦਰਦ ‘ਚ ਸ਼ਰੀਕ ਹੋਵੋਗੇ, ਤੇ ਉਹਨਾਂ ਲੱਖਾਂ ਕੁੜੀਆਂ ਲਈ ਦੁਆ ਕਰੋਗੇ ਜੋ ਨਰਕ ਦੀ ਜ਼ਿੰਦਗੀ ਜੀਅ ਰਹੀਆਂ ਹਨ।ਇੱਕ ਰਾਤ ਦੀ ਗੱਲ ਏ ਮੈਂ ਗੂੜ੍ਹੀ ਨੀਂਦ ਸੋ ਰਹੀ ਸੀ। ਮੈਂ ਮਹਿਸੂਸ ਕੀਤਾ ਕੋਈ ਚੀਜ਼ ਮੇਰੀ ਛਾਤੀ ਤੇ ਤੁਰ ਰਹੀ ਏ। ਮੈਂ ਇੱਕਦਮ ਨੀਂਦ ‘ਚੋਂ ਉੱਠੀ, ਮੇਰੀ ਕਮੀਜ਼ ਮੇਰੇ ਪਿੰਡੇ ਤੇ ਨਹੀਂ ਸੀ, ਕਿਸੇ ਦਾ ਹੱਥ ਮੇਰੀਆਂ ਛਾਤੀਆਂ ਮਸਲ ਰਿਹਾ ਸੀ, ਮੈਂ ਡਰ ਦੀ ਮਾਰੀ ਇੱਕਦਮ ਬੈਠੀ ਹੋ ਗਈ… ਇਹ ਹੱਥ ਮੇਰੇ ਹਰਾਮੀ ਬਾਪ ਦਾ ਸੀ । ਮੇਰੇ ਹਰਾਮੀ ਬਾਪ ਨੂੰ ਇਹ ਹਰਕਤ ਕਰਦਿਆਂ ਇੱਕ ਪਲ ਵੀ ਚੇਤਾ ਨਾ ਆਇਆ ਕਿ ਮੈਂ ਉਹਦੀ ਧੀ ਹਾਂ। ਮੇਰੇ ਬਾਪ ਨੇ ਆਪਣੀ ਕਮੀਜ਼ ਵੀ ਉਤਾਰ ਰੱਖੀ ਸੀ, ਉਹਨੇ ਕੱਲਾ ਪਜਾਮਾ ਪਾਇਆ ਹੋਇਆ ਸੀ। ਉਹਦੇ ਵਿੱਚੋਂ ਸ਼ਰਾਬ ਦੀ ਬੋ ਆ ਰਹੀ ਸੀ। ਪਹਿਲਾਂ ਕਦੀ ਵੀ ਇਹ ਬੋ ਮੈਨੂੰ ਭੈੜੀ ਨਾ ਲੱਗੀ। ਮੈਂ ਡਰਦੀ-ਡਰਦੀ ਨੇ ਆਪਣੀ ਕਮੀਜ਼ ਪਾਈ। ਮੈਂ ਸਭ ਕੁਝ ਸਮਝ ਰਹੀ ਸੀ ਮੇਰਾ ਬਾਪ ਮੇਰੇ ਨਾਲ ਕੀ ਕਰ ਰਿਹਾ ਸੀ। ਪਾਪਾ ਨਾਟਕ ਕਰ ਰਹੇ ਸੀ ਕੇ ਉਹ ਨੀਂਦ ‘ਚ ਹਨ।ਬਸ ਆਹੀ ਹੋਣਾ ਬਾਕੀ ਸੀ ਮੇਰੇ ਨਾਲ ਮੇਰੀ ਵੀ ਕੀ ਜ਼ਿੰਦਗੀ ਏ …ਕਿੱਦਾਂ ਦੇ ਲੇਖ ਲਿਖੇ ਨੇ ਮੇਰੇ ਸ਼ਰਮ ਨਾ ਆਈ, ਉਹਨੂੰ ਮੇਰੇ ਏਦਾਂ ਦੇ ਲੇਖ ਲਿਖਣ ਲੱਗਿਆਂ। ਮੈਂ ਸਾਰੀ ਰਾਤ ਰੋ-ਰੋ ਕੇ ਰੱਬ ਨੂੰ ਲਾਹਨਤਾਂ ਪਾਉਂਦੀ ਰਹੀ। ਮੈਂ ਕੀ ਮਾੜਾ ਕੀਤਾ ਸੀ ਕਿਸੇ ਦਾ? ਮੇਰਾ ਕਿਉਂ ਵੈਰੀ ਬਣਿਆ ? ਮੇਰੇ ਲਈ ਤਾਂ ਰੱਬ ਹੈ ਈ ਨਹੀਂ ਸੀ। ਅਗਰ ਹੁੰਦਾ ਤਾਂ ਆਪਣੀ ਬੱਚੀ ਨਾਲ ਆਹ ਜ਼ੁਲਮ ਨਾ ਹੋਣ ਦਿੰਦਾ ਇਹ ਤਾਂ ਕਹਿਰ ਸੀ…ਮੇਰੇ ਨਾਲੋਂ ਅਭਾਗਣ ਕੌਣ ਹੋ ਸਕਦੀ ਏ, ਜੀਹਦਾ ਬਾਪ ਈ ਖਸਮ ਬਣਨ ਨੂੰ ਫਿਰਦਾ ਹੋਵੇ। ਆਪਣੇ ਅੰਦਰ ਲੱਗੀ ਕਾਮ ਦੀ ਅੱਗ ਨੂੰ ਮੇਰੇ ਕੱਚੇ ਲਹੂ ਨਾਲ ਬੁਝਾਉਣੀ ਚਾਹੁੰਦਾ ਸੀ।ਬਾਪ ਆਪਣੀ ਧੀ ਨੂੰ ਓਪਰੀਆਂ ਨਜ਼ਰਾਂ ਤੋਂ ਬਚਾ ਕੇ ਰੱਖਦਾ ਪਰ ਮੇਰੇ ਤੇ ਮੇਰਾ ਬਾਪ ਈ ਓਪਰੀ ਨਿਗ੍ਹਾ ਰੱਖੀ ਬੈਠਾ ਸੀ। ਇਹ ਤਾਂ ਹੱਦ ਹੋ ਗਈ…ਮੈਂ ਤਾਂ ਕਦੀ ਨੀ ਸੁਣਿਆਂ ਸੀ ਕਿ ਇੱਕ ਬਾਪ ਆਪਣੀ ਬੇਟੀ ਦੀ ਇੱਜ਼ਤ ਨੂੰ ਆਪਣੇ ਪੈਰਾਂ ਵਿੱਚ ਰੋਲਦਾ ਹੋਵੇ ।ਮੇਰੇ ਦਿਮਾਗ ‘ਚ ਇੱਕ ਗੱਲ ਵਾਰ ਵਾਰ ਆ ਰਹੀ ਸੀ, ਕੀ ਪਤਾ ਇਹ ਹਰ ਰੋਜ਼ ਹੁੰਦਾ ਹੋਵੇ ਕਿਉਂਕਿ ਸੌਂਦੀ ਤਾਂ ਮੈਂ ਪਾਪਾ ਨਾਲ ਹੀ ਸੀ..ਕੀ ਪਤਾਏਸ ਕਮੀਨੇ ਦਾ ਹਰ ਰੋਜ਼ ਮੇਰੇ ਨਾਲ।ਕਹਿੰਦੇ ਕੁੜੀਆਂ ਤਾਂ ਸੁੱਤੀਆਂ ਪਈਆਂ ਵਧਦੀਆਂ ਹਨ ਪਰ ਮੇਰਾ ਵਧਣ ਦਾ ਕਾਰਨ ਬੜਾ ਜਿੱਲਤ ਭਰਿਆ ਸੀ।ਮਾਂ ਦੀ ਨਫ਼ਰਤ ਪਿਓ ਦੀਆਂ ਜਲੀਲ ਹਰਕਤਾਂ ਅੱਗੇ ਫਿੱਕੀ ਪੈ ਗਈ ਸੀ। ਮੈਂ ਤਾਂ ਮਾਂ ਦੀ ਨਫ਼ਰਤ ਨੂੰ ਪਹਾੜ ਬਣਾਇਆ ਹੋਇਆ ਸੀ ਪਰ ਅਸਲੀ ਪਹਾੜ ਨਾਲ ਤਾਂ ਹੁਣ ਵਾਹ ਪਿਆ ਸੀ।ਮੈਂ ਸੋਚਿਆ ਇਹ ਗੱਲ ਕਿਸੇ ਨੂੰ ਦੱਸਾਂ ਪਰ ਦੱਸਦੀ ਕੀਹਦੇ ਕੋਲ, ਮੇਰੀ ਤਾਂ ਕੋਈ ਸੁਣਨ ਵਾਲਾ ਵੀ ਨਹੀਂ ਸੀ। ਆਖ਼ਿਰ ਇਸ ਗੱਲ ਨੂੰ ਮੈਂ ਆਪਣੇ ਅੰਦਰ ਈ ਦਫ਼ਨ ਕਰ ਲਿਆ। ਅਗਰ ਇਸ ਗੱਲ ਦਾ ਮਾਂ ਨੂੰ ਪਤਾ ਲੱਗ ਜਾਂਦਾ ਤਾਂ ਉਹਨੇ ਬਹੁਤ ਡਰਾਮਾ ਕਰਨਾ ਸੀ, ਮੈਨੂੰ ਕੁੱਟਣਾ ਵੀ ਬਹੁਤ ਸੀ। ਡਰ ਦੀ ਮਾਰੀ ਨੇ, ਮੈਂ ਕਿਸੇ ਕੋਲ ਇਸ ਗੱਲ ਦੀ ਭਾਫ਼ ਨਾ ਕੱਢੀ।ਮੇਰੀ ਚੁੱਪ ਕਰਕੇ ਮੇਰੇ ਬਾਪ ਦਾ ਹੌਂਸਲਾ ਹੋਰ ਵੱਧਦਾ ਗਿਆ, ਉਹਨੂੰ ਜਦੋਂ ਵੀ ਮੌਕਾ ਮਿਲਦਾ ਮੇਰੇ ਨਾਲ ਅਜੀਬ-ਅਜੀਬ ਹਰਕਤਾਂ ਕਰਦਾ। ਕਦੇ ਮੇਰੀਆਂ ਛਾਤੀਆਂ ਨੂੰ ਹੱਥ ਲਾਉਂਦਾ ਕਦੇ ਮੈਨੂੰ ਜ਼ਬਰਦਸਤੀ ਚੁੰਮਦਾ। ਮੈਂ ਰੋਣ ਲੱਗ ਜਾਂਦੀ ਫਿਰ ਮੈਨੂੰ ਛੱਡ ਦਿੰਦਾ। ਮੇਰੇ ਬਾਪ ਦਾ ਹੱਥ ਖੁੱਲ੍ਹ ਚੁੱਕਿਆ ਸੀ ਉਹਨੂੰ ਪਤਾ ਸੀ ਮੈਂ ਕਿਸੇ ਕੋਲ ਗੱਲ ਨੀ ਕਰਦੀ। ਮੈਂ ਕਿਸ ਨਾਲ ਗੱਲ ਕਰਦੀ ਮੇਰੀ ਕੋਈ ਸੁਣਨ ਵਾਲਾ ਈ ਨਹੀਂ ਸੀ।ਮੈਨੂੰ ਹੁਣ ਤੱਕ ਇਹੀ ਲੱਗਦਾ ਰਿਹਾ ਕੇ ਮੇਰੇ ਪਾਪਾ ਮੈਨੂੰ ਪਿਆਰ ਕਰਦੇ ਨੇ ਪਰ ਇਹ ਤਾਂ ਪਿਆਰ ਦਾ ਕੋਈ ਹੋਰ ਈ ਰੂਪ ਸੀ । ਮੈਨੂੰ ਹਰ ਸਮੇਂ ਉਹਦੀਆਂ ਅੱਖਾਂ ‘ਚ ਕਾਮ ਨਜ਼ਰ ਆਉਂਦਾ, ਉਹਦੀ ਕਮੀਨੇਪਨ ਵਾਲੀ ਹਾਸੀ ਤੋਂ ਮੈਨੂੰ ਨਫ਼ਰਤ ਜਿਹੀ ਹੋ ਗਈ ਸੀ। ਮੈਨੂੰ ਇੰਝ ਲੱਗਦਾ ਇਹ ਦੈਂਤ ਮੈਨੂੰ ਕਿਸੇ ਦਿਨ ਖਾ ਜਾਵੇਗਾ।ਜਿੰਨਾ ਹੋ ਸਕਦਾ ਮੈਂ ਪਾਪਾ ਤੋਂ ਬਚ ਕੇ ਰਹਿੰਦੀ। ਘਰ ਜਦੋਂ ਕੋਈ ਨਾ ਹੁੰਦਾ ਮੈਂ ਚਾਚੇ ਘਰ ਚਲੀ ਜਾਂਦੀ ਜਦੋਂ ਮਾਂ ਘਰ ਹੁੰਦੀ ਮੈਂ ਉਦੋਂ ਹੀ ਆਉਂਦੀ। ਮਾਂ ਹੁਣ ਵੀ ਪਹਿਲਾਂ ਵਾਂਗ ਈ ਨਫ਼ਰਤ ਕਰਦੀ ਸੀ ਪਰ ਮੈਨੂੰ ਹੁਣ ਉਹਦੇ ਤੋਂ ਡਰ ਨਾ ਲੱਗਦਾ । ਮਾਂ ਦਾ ਮੈਨੂੰ ਆਸਰਾ ਹੋਣ ਲੱਗ ਗਿਆ। ਅਜੀਬ ਜ਼ਿੰਦਗੀ ਏ ਕਦੇ ਕਿਸੇ ਤੋਂ ਬਚੋ ਕਦੇ ਕਿਸੇ ਤੋਂ, ਕਿਉਂ ਨੀ ਅਸੀਂ ਆਜ਼ਾਦੀ ਨਾਲ ਰਹਿ ਸਕਦੀਆਂ।ਮੈਨੂੰ ਆਪਣੇ ਅੰਦਰ ਸਿਵਾਏ ਹਨ੍ਹੇਰੇ ਤੋਂ ਕੁਝ ਨਾ ਦਿੱਸਦਾ। ਉਸ ਹਨ੍ਹੇਰੇ ਵਿੱਚ ‘ਕੱਲੀ ਮੈਂ ਤੇ ਮੇਰੇ ਦੁੱਖ। ਆਪਣੇ ਦੁੱਖਾਂ ਤਕਲੀਫ਼ਾਂ ਨੂੰ ਨਾਪਦੀ ਤੇ ਦੇਖਦੀ ਕਿਹੜਾ ਇੱਕ ਦੂਜੇ ਨਾਲੋਂ ਵੱਡਾ ਏ। ਪਾਪਾ ਦੀਆਂ ਹਰਕਤਾਂ ਮੈਨੂੰ ਜ਼ਿਆਦਾ ਦੁੱਖ ਦਿੰਦੀਆਂ।ਕਦੇ ਕਦੇ ਮੇਰੇ ਅੰਦਰਲੇ ਹਨੇਰੇ ਵਿੱਚ ਕੋਈ ਆਸਾਂ, ਉਮੀਦਾਂ ਵਾਲਾ ਦੀਪ ਜੱਗਦਾ ਮੇਰਾ ਬਾਪ, ਮਾਂ ਤੇ ਭਰਾ ਉਹਨੂੰ ਫੂਕਾਂ ਮਾਰਕੇ ਬੁਝਾ ਦਿੰਦੇ। ਮੈਂ ਟੁੱਟ ਜਾਂਦੀ ਤੇ ਸਮਝਦੀ ਕਿ ਮੈਂ ਇਹਨਾਂ ਦੁੱਖਾਂ ਦੀ ਹੀ ਕੁੜੀ ਹਾਂ, ਏਸੇ ਕਰਕੇ ਤਾਂ ਇਹਨਾਂ ਨਾਲੋਂ ਮੇਰਾ ਖਹਿੜਾ ਨੀ ਛੁੱਟਦਾ। ਖੁਸ਼ੀ, ਚਾਅ ਕਿੰਨੇ ਸੋਹਣੇ ਸ਼ਬਦ ਨੇ ਪਰ ਮੈਨੂੰ ਹੁਣ ਇਹ ਓਪਰੇ ਜੇ ਲੱਗਦੇ ਨੇ, ਮੈਨੂੰ ਲੱਗਦਾ ਮੇਰਾ ਇਹਨਾਂ ਨਾਲ ਰਿਸ਼ਤਾ ਟੁੱਟ ਚੁੱਕਿਆ ਹੈ ਸ਼ਾਇਦ ਇਹ ਸਭ ਚੀਜ਼ਾਂ ਮੇਰੇ ਲਈ ਨਹੀਂ ਬਣੀਆਂ। ਮੇਰੀ ਦੋਸਤੀ ਤਾਂ ਹੰਝੂਆਂ, ਹਉਂਕਿਆਂ ਨਾਲ ਹੈ, ਤੇ ਅੱਠੇ ਪਹਿਰ ਇਹੀ ਮੇਰੇ ਸੰਗੀ ਹਨ।ਕਰਮਜੀਤ ਆਂਟੀ ਨੂੰ ਮਾਂ ਨੇ ਪਾਪਾ ਦੀਆਂ ਕਰਤੂਤਾਂ ਕਰਕੇ ਘਰੋਂ ਕੱਢਿਆ। ਆਂਟੀ ਦੇ ਘਰ ਵਾਲਾ ਸ਼ਰਾਬ ਦਾ ਆਦੀ ਸੀ। ਘਰ ਦੀ ਸਰਾਬ ਕੱਢਦਾ ਤੇ ਤੱਤੀ ਤੱਤੀ ਪੀ ਜਾਂਦਾ। ਜ਼ਿਆਦਾ ਸਰਾਬ ਪੀਣ ਕਰਕੇ ਓਹਦੇ ਲੀਵਰ ਵਿੱਚ ਨੁਕਸ ਪੈ ਗਿਆ ਜਿਸ ਕਾਰਨ ਉਹਦੀ ਮੌਤ ਹੋ ਗਈ। ਮੌਤ ਹੋਣ ਤੋਂ ਪਹਿਲਾਂ ਉਹਦਾ ਇਲਾਜ ਕਾਫ਼ੀ ਸਮਾਂ ਚਲਦਾ ਰਿਹਾ। ਆਂਟੀ ਲੋਕਾਂ ਦੇ ਘਰਾਂ ‘ਚ ਕੰਮ ਕਰਕੇ ਜਿਹੜੇ ਪੈਸੇ ਕਮਾਉਂਦੀ ਉਹਦੇ ਨਾਲ ਉਹਦੇ ਘਰ ਦਾ ਖਰਚਾ ਮਸਾਂ ਚਲਦਾ । ਦਵਾਈਆਂ ਦਾ ਖਰਚਾ ਚਲਾਉਣਾ ਉਹਦੇ ਵੱਸ ‘ਚ ਨਹੀਂ ਸੀ। ਆਂਟੀ ਦੀ ਹਾਲਤ ਬਹੁਤ ਮਾੜੀ ਸੀ । ਪਾਪਾ ਨੂੰ ਇਸ ਗੱਲ ਦੀ ਭਿਣਕ ਪਈ ਉਹਨੇ ਆਪਣੀ ਚਾਲ ਚੱਲੀ। ਪਾਪਾ ਕਰਮਜੀਤ ਆਂਟੀ ਦੇ ਦੁੱਖ-ਸੁੱਖ ਸੁਣਦਾ ਤੇ ਉਹਦੇ ਨਾਲ ਝੂਠੀ ਹਮਦਰਦੀ ਕਰਦਾ। ਕਰਮਜੀਤ ਨੂੰ ਏਦਾਂ ਲੱਗਣ ਲੱਗ ਗਿਆ ਕੇ ਉਹਦੇ ਤੋਂ ਬਿਨਾਂ ਓਹਦਾ ਕੋਈ ਹੈ ਈ ਨਹੀਂ, ਜੋ ਉਸਦਾ ਭਲਾ ਸੋਚਦਾ ਹੋਵੇ।ਪਾਪਾ ਕਰਮਜੀਤ ਨੂੰ ਅਡਵਾਂਸ ਪੈਸੇ ਦੇਣ ਲੱਗ ਗਿਆ।ਕਰਮਜੀਤ ਵਿਚਾਰੀ ਨੂੰ ਇਹ ਸੀ ਕੰਮ ਕਰਕੇ ਉਧਾਰੇ ਲਏ ਪੈਸੇ ਵਾਪਿਸ ਕਰ ਦੇਵਾਂਗੀ। ਮੇਰੇ ਪਾਪਾ ਦੇ ਰਹਿਮੋ-ਕਰਮ ਕਰਮਜੀਤ ਤੇ ਵੱਧਦੇ ਗਏ। ਕਰਮਜੀਤ ਨੂੰ ਪਾਪਾ ਨੇ ਆਪਣੇ ਜਾਲ ਵਿੱਚ ਫਸਾ ਲਿਆ। ਤਕਰੀਬਨ ਛੇਕੁ ਮਹੀਨੇ ਟੱਪੇ ਕਰਮਜੀਤ ਦੇ ਘਰਵਾਲੇ ਦੀ ਮੌਤ ਹੋ ਗਈ । ਪਾਪਾ ਨੂੰ ਮੌਕਾ ਮਿਲ ਗਿਆ ਉਹਨੇ ਕਰਮਜੀਤ ਤੋਂ ਪਾਪਾ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।ਇਹ ਸਭ ਕੁਝ ਮਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਰਿਹਾ ਸੀ। ਕਰਮਜੀਤ ਵੀ ਜਾਣਦੀ ਸੀ ਅਗਰ ਇਹ ਗੱਲ ਮਾਂ ਤੱਕ ਪਹੁੰਚ ਗਈ ਤਾਂ ਬਹੁਤ ਵੱਡਾ ਤਮਾਸ਼ਾ ਹੋਵੇਗਾ। ਕਰਮਜੀਤ ਮਾਂ ਦੇ ਸੁਭਾਅ ਤੋਂ ਭਲੀਭਾਂਤ ਜਾਣੂ ਸੀ। ਕਰਮਜੀਤ ਕੋਲ ਪੈਸੇ ਵਾਪਿਸ ਕਰਨ ਦਾ ਕੋਈ ਸਾਧਨ ਨਹੀਂ ਸੀ।ਮਾਂ ਜਦੋਂ ਵੀ ਘਰ ਨਾ ਹੁੰਦੀ ਪਾਪਾ ਕਰਮਜੀਤ ਨਾਲ ਮੂੰਹ ਕਾਲਾ ਕਰਦਾ। ਮਜ਼ਬੂਰੀ ਵੱਸ ਪਈ ਕਰਮਜੀਤ, ਪਾਪਾ ਦੀ ਕਾਮ ਵਾਸ਼ਨਾ ਦੀ ਸ਼ਿਕਾਰ ਹੁੰਦੀ।ਗਰੀਬੀ ਇਨਸਾਨ ਨੂੰ ਸਭ ਕੁਝ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ। ਘਰ ਦਾ ਸਮਾਨ ਕੀ ਜਿਸਮ ਵੇਚਣ ਤੱਕ ਦੀ ਨੌਬਤ ਆ ਜਾਂਦੀ ਹੈ। ਕੁਝ ਨਿੱਡਰ ਲੋਕ ਸਮਝਦਾਰੀ ਤੇ ਹਿੰਮਤ ਨਾਲ ਮਾੜੇ ਹਾਲਾਤਾਂ ਦਾ ਸਾਹਮਣਾ ਕਰਦੇ ਨੇ, ਪਰ ਕੁਝ ਕਮਜ਼ੋਰ ਇਨਸਾਨ ਮਾੜੇ ਹਾਲਾਤਾਂ ਅੱਗੇ ਗੋਡੇ ਟੇਕ ਕੇ, ਹਾਲਾਤਾਂ ਨਾਲ ਸਮਝੌਤਾ ਕਰ ਲੈਂਦੇ ਨੇ । ਸੋਚਦੇ ਨੇ ਅਗਰ ਕਿਸਮਤ ‘ਚ ਏਦਾਂ ਲਿਖਿਆ ਤਾਂ ਏਦਾਂ ਸਹੀ। ਹਾਲਾਤ ਬੰਦੇ ਤੋਂ ਕੀ-ਕੀ ਨੀ ਕਰਾਉਂਦੇ। ਅਸੀ ਬਹੁਤ ਕੰਮ ਆਪਣੀ ਮਰਜ਼ੀ ਦੇ ਖਿਲਾਫ਼ ਕਰਦੇ ਹਾਂ, ਨਾ ਚਾਹੁੰਦੇ ਹੋਏ ਵੀ। ਸਾਡੀ ਮਰਜ਼ੀ ਤੋਂ ਬਿਨਾਂ ਕੋਈ ਇਨਸਾਨ ਸਾਡੀ ਮਜ਼ਬੂਰੀ ਦਾ ਫਾਇਦਾ ਉਠਾ ਰਿਹਾ ਹੁੰਦਾ ਤੇ ਉਲਟਾ ਅਸੀਂ ਉਹਦੀ ਹਾਂ ‘ਚ ਹਾਂ ਮਿਲਾਉਂਦੇ ਹਾਂ।ਹੌਲੀ ਹੌਲੀ ਕਰਮਜੀਤ ਤੇ ਪਾਪਾ ਦੇ ਸੰਬੰਧਾਂ ਦਾ ਪਤਾ ਮਾਂ ਨੂੰ ਲੱਗ ਗਿਆ। ਇਸੇ ਕਰਕੇ ਮਾਂ ਨੇ ਕਰਮਜੀਤ ਨੂੰ ਘਰੋਂ ਕੱਢ ਦਿੱਤਾ ਸੀ। ਇਸੇ ਗੱਲ ਕਰਕੇ ਮਾਂ ਪਾਪਾ ਨਾਲ ਕਲੇਸ਼ ਕਰਦੀ ਸੀ । ਉਸ ਸਮੇਂ ਕੁਝ ਸਮਝ ਨੀ ਆਉਂਦਾ ਸੀ ਪਰ ਅੱਜ ਪਤਾ ਲੱਗਿਆ ਪਾਪਾ ਦੀਆਂ ਕਰਤੂਤਾਂ ਕਰਕੇ ਮਾਂ ਦੁਖੀ ਸੀ।ਚੋਰੀ ਦੇ ਪੁੱਤ ਗੱਭਰੂ ਨੀ ਹੁੰਦੇ, ਇਸ਼ਕ ਮੁਸ਼ਕ ਛੁਪਾਇਆਂ ਨੀ ਛੁਪਦੇ,ਪਾਪਾ ਦੇ ਸਾਰੇ ਭੇਤ ਖੁੱਲ੍ਹ ਗਏ। ਪਾਪਾ ਮਾਂ ਦੇ ਸਾਹਮਣੇ ਅੱਖ ਚੁੱਕ ਕੇ ਵੀ ਨਾ ਦੇਖਦਾ। ਦੇਖਦਾ ਵੀ ਕਿਵੇਂ ਕਰਦਾ ਤਾਂ ਕਰਤੂਤਾਂ ਸੀ ਹੋਰ ਕੇਹੜਾ ਪਿੰਡ ਦੀ ਸਰਪੰਚੀ ਕਰਦਾ ਸੀ।ਜੀਹਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ,ਉਹ ਕਾਹਨੂੰ ਜਾਂਦੀ ਆ । ਇਹੀ ਹਾਲ ਮੇਰੇ ਬਾਪ ਦਾ ਸੀ, ਬਾਪ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਆ। ਏਹੋ ਜਿਹੇ ਹੁੰਦੇ ਨੇ ਬਾਪ ਥੁੱਕਦੀ ਆ ਮੈਂ ਏਹੋ ਜੇ ਰਿਸ਼ਤਿਆਂ ਤੇ ।ਮੇਰੀ ਚੁੱਪ ਨੂੰ ਦੇਖਕੇ ਮੇਰੇ ਬਾਪ ਦਾ ਠਰਕਪੁਣਾ ਅਮਰ ਵੇਲ ਵਾਂਗੂੰ ਵੱਧਦਾ ਗਿਆ। ਮੈਂ ਦਿਨੋ ਦਿਨ ਮੁਟਿਆਰ ਹੁੰਦੀ ਗਈ। ਦਿਲ ‘ਚ ਦੱਬੇ ਚਾਅ, ਸਿਰ ‘ਤੇ ਦੁੱਖਾਂ ਦੀ ਪੰਡ ਲਈ ਮੈਂ ਜਵਾਨੀ ਦੇ ਉੱਚੇ ਮੰਦਿਰ ਦੀਆਂ ਪੋੜੀਆਂ ਚੜ੍ਹ ਰਹੀ ਸੀ। ਪੈਰਾਂ ਵਿੱਚ ਛਾਲੇ, ਦਿਲ ‘ਚ ਮਰ ਚੁੱਕੀਆਂ ਲੱਖਾਂ ਉਮੀਦਾਂ ਤੇ ਘਿਸੇ ਪਿਟੇ ਅਰਮਾਨ।ਡਿੱਗਦੀ ਢਹਿੰਦੀ ਆਪਣਾ ਪੈਂਡਾ ਤਹਿ ਕਰ ਰਹੀ ਸਾਂ। ਦਿਨ ਲੰਘਦੇ ਗਏ ਮਾਂ ਦੀ ਨਫ਼ਰਤ ਤੇ ਪਾਪਾ ਦੀਆਂ ਘਿਨੌਣੀਆਂ ਹਰਕਤਾਂ ਵੱਧਦੀਆਂ ਗਈਆ। ਹਾਣ ਦੀਆਂ ਕੁੜੀਆਂ ‘ਚੋਂ ਮੈਂ ਰਕਾਨ ਸੀ, ਭਰ ਜੁਆਨ, ਲੰਬੇ ਕਾਲੇ ਕੇਸ ਬੈਠਦੀ ਤਾਂ ਮੇਰੇ ਕੇਸ ਧਰਤੀ ਤੇ ਨਾਗ ਵਾਂਗੂੰ ਗੁੰਝਲੀ ਮਾਰ ਕੇ ਬੈਠ ਜਾਂਦੇ।ਹਾਣ ਦੇ ਮੁੰਡੇ ਮੈਨੂੰ ਇਸ਼ਕੀਆਂ ਨਜ਼ਰਾਂ ਨਾਲ ਦੇਖਦੇ। ਰੱਬ ਨੇ ਰੱਜ ਕੇ ਹੁਸਨ ਦਿੱਤਾ, ਪਰ ਕਿਸਮਤ ਵਾਰੀ ਨੰਗਪੁਣਾ ਦਿਖਾ ਦਿੱਤਾ। ਮੈਂ ਤਾਂ ਮਹਿਜ ਇੱਕ ਲਾਸ਼ ਬਣ ਕੇ ਜੀਅ ਰਹੀ ਸਾਂ। ਦੇਖਣ ਵਾਲੇ ਨੂੰ ਮੇਰੀਆਂ ਅੱਖਾਂ ਜਾਦੂ ਕਰਦੀਆਂ, ਪਰ ਮੈਨੂੰ ਹੀ ਪਤਾ ਸੀ ਇਹ ਕਿੰਝ ਸਾਰੀ ਸਾਰੀ ਰਾਤ ਹੰਝੂ ਵਹਾਉਂਦੀਆਂ ਨੇ।ਕੰਡਿਆਂ ਨਾਲ ਖਹਿੰਦੀ, ਅੱਗਾਂ ਵਿੱਚ ਝੁਲਸਦੀ ਹੋਈ ਮੈਂ ਸਤਾਰਾਂ ਵਰ੍ਹਿਆਂ ਤੱਕ ਪਹੁੰਚੀ। ਮੈਂ ਕਿਸੇ ਨਾਲ ਬਹੁਤੀ ਗੱਲ ਨਾ ਕਰਦੀ। ਕੋਈ ਕੁਝ ਵੀ ਕਹਿੰਦਾ, ਵਿਰੋਧੀ ਜਵਾਬ ਦੇਣ ਦੀ ਮੇਰੀ ਹਿੰਮਤ ਨਾ ਪੈਂਦੀ।ਕਰਮੀ ਆਪਣੇ ਨਾਨਕੇ ਪੜ੍ਹਨ ਲੱਗ ਗਈ ਤੇ ਮੈਂ ਬਾਰ੍ਹਵੀਂ ਉਸੇ ਪਿੰਡ ਆਲੇ ਸਕੂਲ ‘ਚੋਂ ਹੀ ਕੀਤੀ। ਮੇਰੀ ਕਲਾਸ ਦੀ ਇੰਚਾਰਜ ਪਰਮਿੰਦਰ ਕੌਰ ਢਿੱਲੋਂ ਬੜੀ ਨੇਕ ਦਿਲ ਟੀਚਰ ਸੀ। ਮੈਡਮ ਮੇਰੇ ਨਾਲ ਨਰਮੀ ਨਾਲ ਪੇਸ਼ਆਉਂਦੀ। ਮੇਰੇ ਨਾਲ ਹਮਦਰਦੀ ਕਰਦੀ ਤੇ ਮੇਰੀ ਹਾਲਤ ਸਮਝਦੀ ਸੀ। ਦੁਖੀ ਇਨਸਾਨ, ਦੁਖੀ ਬੰਦੇ ਦੀ ਨਬਜ਼ ਫੜ੍ਹ ਹੀ ਲੈਂਦਾ।ਗੁਜ਼ਰਦੇ ਦਿਨਾਂ ਨਾਲ ਮੇਰੇ ਅੰਦਰ ਇੱਕ ਨਵਾਂ ਨਕੋਰ ਖਿਆਲ ਪਨਪਣ ਲੱਗਾ। ਇਹ ਖਿਆਲ ਇਸ ਤੋਂ ਸੋਲਾਂ ਸਾਲ ਪਹਿਲਾਂ ਕਦੀ ਨਾ ਆਇਆ। ਮੇਰੇ ਦਿਲ ਦੇ ਬਨੇਰੇ ‘ਤੇ ਕਾਂ ਬਣ ਬੈਠਾ ਮੇਰੇ ਵੱਲ ਸੈਨਤਾਂ ਮਾਰਦਾ ਰਹਿੰਦਾ। ਇਸ ਖਿਆਲ ਨੇ ਦੱਸਿਆ ਕੇ ਜੱਸੋ ਤੇਰੇ ਦੁੱਖ ਸਦਾ ਲਈ ਨਹੀਂ ਹਨ। ਇਹਨਾਂ ਦੀ ਵਾਟ ਤਾਂ ਸਿਰਫ਼ ਤੇਰੇ ਪੇਕੇ ਘਰ ਤੱਕ ਹੀ ਹੈ । ਜਦੋਂ ਤੂੰ ਵਿਆਹੀ ਗਈ ਇਹ ਸਭ ਕਲੇਸ਼ ਮੁੱਕ ਜਾਣਗੇ।ਮੈਂ ਸੋਚਦੀ ਮੇਰੇ ਲਈ ਕੋਈ ਰਾਜਕੁਮਾਰ ਆਊ । ਮੈਨੂੰ ਇਸ ਨਰਕ ‘ਚੋਂ ਕੱਢਣ ਵਾਲਾ ਮੇਰੇ ਲਈ ਰਾਜਕੁਮਾਰ ਤੋਂ ਘੱਟ ਨੀ ਹੋਣਾ। ਮੈਂ ਵਿਆਹ ਦੇ ਸੁਫ਼ਨੇ ਦੇਖਣ ਲੱਗੀ। ਮੇਰਾ ਹਮਸਫਰ ਮੇਰੇ ਲੰਬੇ ਵਾਲਾਂ ਦੀ ਤਾਰੀਫ਼ ਕਰੂ, ਮੇਰੇ ਕੇਸਾਂ ‘ਚ ਹੱਥ ਫੇਰਦਾ ਹੋਇਆ ਮੇਰੀ ਖੂਬਸੂਰਤੀ ਦੇ ਸੋਹਿਲੇ ਗਾਊ।ਇਹ ਨਵੇਂ ਜੰਮ ਰਹੇ ਖੁਆਬ, ਚੋਰੀ-ਚੋਰੀ ਪੈਦਾ ਹੋ ਰਹੀ ਚਾਹਤ, ਇਹ ਮਾਖਿਓਂ ਮਿੱਠੇ ਖਿਆਲ, ਮੇਰਾ ਰੋਮ-ਰੋਮ ਮਹਿਕਾ ਜਾਂਦੇ । ਮੈਂ ਮਹਿਸੂਸ ਕਰਦੀ ਮੇਰੇ ‘ਚੋਂ ਇੱਤਰ ਫਲੇਲਾਂ ਦੀ ਖੁਸ਼ਬੂ ਆ ਰਹੀ ਹੈ। ਮੈਨੂੰ ਆਪਣੇ ਆਪ ਨਾਲ ਪਿਆਰ ਜਿਹਾ ਹੋਣ ਲੱਗ ਜਾਂਦਾ। ਸ਼ਾਇਦ ਇਹ ਸੱਜਰੇ ਸੱਜਰੇ ਖਿਆਲ ਪਰਲੇ ਪਾਰੋਂ ਆਉਂਦੇ ਹੋਣ, ਜਿੱਥੇ ਜਾਣ ਦੀ ਖੁਆਇਸ਼ ਮੇਰੀ ਬਾਲੜ ਵਰੇਸੇ ਡੈਂ ਮੀ।ਇਹਨਾ ਖਿਆਲਾਂ ਤੋਂ ਛੁੱਟ ਮੇਰੇ ਸਾਹਮਣੇ ਮੇਰੀ ਅਸਲ ਜ਼ਿੰਦਗੀ ਖੜੀ ਦਿਖਾਈ ਦਿੰਦੀ, ਫਿਰ ਉਹੀ ਡਰਾਉਣੀ ਜ਼ਿੰਦਗੀ ਜੀਹਨੇ ਕਦੇ ਸੁੱਖ ਦਾ ਸਾਹ ਨਾ ਲੈਣ ਦਿੱਤਾ।ਐਤਵਾਰ ਦਾ ਦਿਨ। ਮਾਂ ਤੇ ਪਾਪਾ ਸਵੇਰ ਦੇ ਨਾਨਕੇ ਗਏ ਸੀ। ਘਰ ਵਿੱਚ ਮੈਂ ਤੇ ਬਿੱਟੂ ਹੀ ਸਾਂ। ਮੈਂ ਸੋਚਿਆ ਕੇਸੀ ਨਹਾ ਲਵਾਂ ਉਂਝ ਵੀ ਕੇਸੀ ਨਹਾਉਣ ਲਈ ਐਤਵਾਰ ਦਾ ਦਿਨ ਹੀ ਮਿੱਥਿਆ ਹੁੰਦਾ।ਮੈਂ ਨਹਾਉਣ ਲਈ ਕੀਤੇ ਗਰਮ ਪਾਣੀ ਦੀ ਬਾਲਟੀ ਭਰਕੇ ਗੁਸਲਖਾਨੇ ਵਿੱਚ ਰੱਖ ਦਿੱਤੀ ਤੇ ਆਪਣੇ ਕੱਪੜੇ ਚੁੱਕ ਮੈਂ ਗੁਸਲਖਾਨੇ ਵਿੱਚ ਚਲੀ ਗਈ। ਅੰਦਰ ਵੜਨ ਸਾਰ ਮੈਂ ਕੁੰਡੀ ਲਾ ਲਈ। ਇੱਕ-ਇੱਕ ਕਰਕੇ ਮੈਂ ਸਾਰੇ ਕੱਪੜੇ ਉਤਾਰੇ, ਪਾਣੀ ਦਾ ਜੱਗ ਭਰ ਸਿਰ ਚ ਪਾਉਣਾ ਸ਼ੁਰੂ ਕੀਤਾ, ਪਾਣੀ ਕੇਸਾਂ ਨੂੰ ਗਿੱਲਾ ਕਰਦਾ ਪਿੰਡੇਂ ਨੂੰ ਛੂੰਹਦਾ ਹੋਇਆ ਨਾਲੀ ‘ਚ ਜਾ ਰਿਹਾ ਸੀ।ਅਚਾਨਕ ਦਰਵਾਜ਼ੇ ਨੂੰ ਕਿਸੇ ਨੇ ਜ਼ੋਰ ਦੀ ਧੱਕਾ ਮਾਰਿਆ। ਪੁਰਾਣਾ ਦਰਵਾਜ਼ਾ ਹੋਣ ਕਰਕੇ ਕੁੰਡੀ ਟੁੱਟ ਗਈ ਤੇ ਦਰਵਾਜ਼ਾ ਖੁੱਲ੍ਹ ਗਿਆ। ਮੈਂ ਉੱਚੀ ਆਵਾਜ਼ ਵਿੱਚ ਚੀਖੀ ਤੇ ਆਪਣੇ ਦੋਵੇਂ ਹੱਥਾਂ ਨਾਲ ਆਪਣੀਆਂ ਛਾਤੀਆਂ ਨੂੰ ਵਾੜ ਕਰ ਲਈ, ਮੇਰੇ ਸਾਹਮਣੇ ਬਿੱਟੂ ਖੜ੍ਹਾ ਸੀ।ਬਿਨਾਂ ਸਮਾਂ ਬਰਬਾਦ ਕੀਤਿਆਂ ਉਹ ਮੇਰੇ ਤੇ ਹਲਕੇ ਕੁੱਤੇ ਵਾਂਗ ਟੁੱਟ ਪਿਆ। ਮੈਂ ਉੱਚੀ-ਉੱਚੀ ਆਵਾਜ਼ ਵਿੱਚ ਅਸਮਾਨ ਦੀ ਹਿੱਕ ਪਾੜਨ ਲੱਗੀ। ਬਿੱਟੂ ਡਰਕੇ ਭੱਜ ਗਿਆ।ਮੈਂ ਗੁਸਲਖਾਨੇ ਦੇ ਇੱਕ ਕੋਨੇ ਵਿੱਚ ਬੈਠੀ ਰੋਂਦੀ ਰਹੀ। ਇਸ ਵਾਰ ਵੀ ਮੇਰੇ ਲਈ ਕੋਈ ਨਾ ਬਹੁੜਿਆ। ਸਾਰੇ ਦੇਵਤੇ, ਫਰਿਸ਼ਤਿਆਂ ਨੂੰ ਮੇਰਾ ਘਰ ਦੂਰ ਹੋ ਗਿਆ। ਬਿੱਟੂ ਨੇ ਜਾਨਵਰਾਂ ਵਾਂਗ ਮੇਰੀ ਛਾਤੀ ਅਤੇ ਕਮਰ ਤੇ ਨਹੁੰਦਰਾਂ ਮਾਰੀਆਂ, ਜਿਸਮਾਨੀ ਪੀੜ ਦੀ ਗੱਲ ਨੀ ਕਰ ਰਹੀ, ਇਹਨਾਂ ਨਹੁੰਦਰਾਂ ਨੇ ਮੈਨੂੰ ਅੰਦਰੋਂ ਨੋਚ ਕੇ ਰੱਖ ਦਿੱਤਾ।ਮੈਂ ਅਭਾਗਣ ਸਾਂ, ਨਹੀਂ ਤਾਂ ਏਦਾਂ ਕਿਸੇ ਕੁੜੀ ਨਾਲ ਨੀਂ ਹੁੰਦਾ ਹੋਣਾ । ਮੈਂ ਹਰ ਸਾਲ ਬਿੱਟੂ ਦੇ ਰੱਖੜੀ ਬੰਨਦੀ ਰਹੀ। ਭਾਰਤ ਵਿੱਚ ਰਿਵਾਜ ਹੈ ਕਿ ਭੈਣ ਭਾਈ ਦੇ ਰੱਖੜੀ ਬੰਨਦੀ ਹੈ ਤੇ ਭਾਈ ਸਾਰੀ ਉਮਰ ਭੈਣ ਦੀ ਰਾਖੀ ਕਰਦਾ ਪਰ ਮੈਨੂੰ ਤਾਂ ਭਾਈ ਤੋਂ ਹੀ ਖ਼ਤਰਾ, ਫਿਰ ਮੇਰੀ ਰੱਖਿਆ ਕੀਹਨੇ ਕਰਨੀ ।ਪਹਿਲਾਂ ਪਿਓ ਨੇ ਨੋਚ-ਨੋਚ ਖਾ ਲਈ ਹੁਣ ਓਹਦੇ ਰਸਤੇ ‘ਤੇ ਮਗਰੋਂ ਮਗਰ ਉਹਦਾ ਹੋਣਹਾਰ ਪੁੱਤ ਚੱਲ ਪਿਆ। ਇਸ ਗੱਲ ਦਾ ਜ਼ਿਕਰ ਵੀ ਮੈਂ ਕਿਸੇ ਕੋਲ ਨਾ ਕੀਤਾ, ਕਰਦੀ ਵੀ ਕੀ.. ? ਤੇ ਦੱਸਦੀ ਵੀ ਕੀ. ?ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੋ ਰਿਹਾ ਸੀ, ਜਿਵੇਂ ਮੈਨੂੰ ਕੋਈ ਕਹਿ ਰਿਹਾ ਹੋਵੇ, ਤੈਨੂੰ ਇਹ ਤਕਲੀਫਾਂ ਝੱਲਣੀਆਂ ਹੀ ਪੈਣੀਆਂ, ਬਿਨਾਂ ਸਿਕਾਇਤ ਕੀਤਿਆਂ। ਮੈਂ ਝੱਲ ਵੀ ਰਹੀ ਸੀ। ਸ਼ਿਕਾਇਤ ਰੱਬ ਨਾਲ ਸੀ, ਰੱਬਾ ਸਾਰੇ ਦੇ ਸਾਰੇ ਜ਼ਖ਼ਮ ਮੈਨੂੰ ਹੀ ਦੇਣੇ ਸੀ ਇੱਕ ਅੱਧਾ ਤਾਂ ਹਮਦਰਦ ਭੇਜਦਾ ਜਿਹੜਾ ਮੇਰੇ ਰਿਸਦੇ ਜ਼ਖ਼ਮਾਂ ’ਤੇ ਮੱਲਮ ਲਾਉਂਦਾ। ਕੋਈ ਏਨਾ ਕਹਿਣ ਵਾਲਾ ਹੀ ਹੁੰਦਾ “ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਆਂ।”ਅਫ਼ਸੋਸ ਕਿਸੇ ਨੇ ਪਿਆਰ ਦੇ ਦੋ ਬੋਲ ਨਾ ਬੋਲੇ ਪਰ ਬੋਲਦਾ ਵੀ ਕੌਣ ਮੈਂ ਤਾਂ ਕਿਸੇ ਨੂੰ ਕੁਝ ਦੱਸਿਆ ਹੀ ਨਹੀਂ, ਅਗਰ ਬੋਲਣ ਦੀ ਹਿੰਮਤ ਜਤਾਈ ਹੁੰਦੀ ਤਾਂ ਹੋ ਸਕਦਾ ਮੇਰੇ ਹੱਕ ‘ਚ ਕੋਈ ਖੜ੍ਹਦਾ। ਬਚਪਨ ਤੋਂ ਲੈ ਕੇ ਹੁਣ ਤੱਕ ਸਾਹ ਘੁੱਟ-ਘੁੱਟ ਕੇ ਜਿਉਂਦੀ ਆਈ । ਬੋਲਣ ਦੀ ਤਾਕਤ ਕਦੇ ਮੇਰੇ ਵਿੱਚ ਆਈ ਹੀ ਨਹੀਂ, ਆਉਂਦੀ ਕਿਸ ਤਰਾਂ ਇਹ ਵੀ ਨਹੀਂ ਪਤਾ? ਜਿਹੜੀ ਕੁੜੀ ਉੱਚੀ ਆਵਾਜ਼ ਵਿੱਚ ਗੱਲ ਕਰਨ ਤੋਂ ਡਰਦੀ ਹੋਵੇ ਉਹਨੇ ਕੀ ਸੁਆਹ ਬਗਾਵਤ ਕਰਨੀ ਏ । ਹਾਲਾਤਾਂ ਨੇ ਮੈਨੂੰ ਕਮਜ਼ੋਰ ਤੇ ਡਰਪੋਕ ਬਣਾ ਦਿੱਤਾ।ਬਿੱਟੂ ਕਈ ਦਿਨ ਮੇਰੇ ਸਾਹਮਣੇ ਨਾ ਆਇਆ, ਉਸ ਰਾਤ ਵੀ ਓਹ ਦੇਰੀ ਨਾਲ ਘਰ ਆਇਆ ਓਦੋਂ ਤੱਕ ਮੈਂ ਆਪਣੇ ਕਮਰੇ ‘ਚ ਚਲੀ ਗਈ ਸੀ। ਸਾਰੀ ਰਾਤ ਮੈਂ ਪਾਸੇ ਮਾਰਦੀ ਰਹੀ ਪਰ ਨੀਂਦ ਨਾ ਆਈ। ਨੀਂਦ ਨੇ ਕਿੱਥੇ ਆਉਣਾ ਸੀ, ਨੈਣਾਂ ਵਿੱਚੋਂ ਤਾਂ ਹੰਝੂ ਵਹਿ ਰਹੇ ਸੀ। ਮੇਰੇ ਕਮਰੇ ਵਿੱਚ ਇੱਕ ਬੈੱਡ ਸੀ, ਦਰਵਾਜ਼ਾ ਖੁੱਲ੍ਹਦੇ ਸਾਰ ਮੇਰਾ ਬੈੱਡ ਤੇ ਨਾਲ ਇੱਕ ਛੋਟਾ ਜਿਹਾ ਟੇਬਲ ਪਿਆ ਹੁੰਦਾ, ਟੇਬਲ ਤੇ ਮੇਰੀਆਂ ਕਿਤਾਬਾਂ ਤੇ ਬੈਗ ਪਿਆ ਹੁੰਦਾ। ਟੇਬਲ ਵਾਲੇ ਪਾਸੇ ਕੰਧ ‘ਚ ਇੱਕ ਅਲਮਾਰੀ ਬਣੀ ਹੋਈ ਸੀ ਜੀਹਦੇ ਵਿੱਚ ਕੁਝ ਕੁ ਕਿਤਾਬਾਂ ਤੇ ਇੱਕ ਮੇਰੀ ਨਿੱਜੀ ਡਾਇਰੀ ਪਈ ਹੁੰਦੀ। ਹਰ ਰੋਜ਼ ਮੈਂ ਆਪਣੇ ਨਾਲ ਬੀਤ ਰਹੀਆਂ ਗੱਲਾਂ ਡਾਇਰੀ ਵਿੱਚ ਲਿਖਦੀ। ਅੱਜ ਮੇਰਾ ਲਿਖਣ ਦਾ ਬਿਲਕੁਲ ਵੀ ਮਨ ਨਹੀਂ ਸੀ । ਡਾਇਰੀ ਮੇਰੇ ਵੱਲ ਹਮਦਰਦੀ ਭਰੀਆਂ ਨਜ਼ਰਾਂ ਨਾਲ ਤੱਕਦੀ ਰਹੀ ਪਰ ਮੈਂ ਪਾਸਾ ਕਰ ਲਿਆ।ਟਾਇਮ ਪੀਸ ਦੀ ਸੂਈ ਨੇ ਗਿਆਰਾਂ ਵਜਾਏ, ਅੱਖਾਂ ‘ਚੋਂ ਹੰਝੂ ਸੁੱਕ ਗਏ ਤੇ ਮੇਰਾ ਅੰਗ ਅੰਗ ਟੁੱਟ ਰਿਹਾ ਸੀ । ਮੈਂ ਅਜੀਬ ਜਿਹੀ ਬੇਚੈਨੀ ਮਹਿਸੂਸ ਕਰ ਰਹੀ ਸੀ। ਮੈਨੂੰ ਜ਼ੋਰ ਦੀ ਭੁੱਖ ਲੱਗੀ ਕਿਉਂਕਿ ਸ਼ਾਮੀ ਮੈਂ ਗੁੱਸੇ ‘ਚ ਆਕੇ ਰੋਟੀ ਨਾ ਖਾਧੀ । ਭੁੱਖ ਮੈਨੂੰ ਤੰਗ ਕਰਨ ਲੱਗੀ। ਬੈੱਡ ਕੋਲ ਨੀਚੇ ਰੱਖੇ ਪਾਣੀ ਦੇ ਜੱਗ ਨੂੰ ਟੇਢਾ ਕਰਕੇ, ਮੈਂ ਗਲਾਸ ਭਰਿਆ ਤੇ ਡੱਕ-ਡੱਕ ਕਰਕੇ ਪੀ ਗਈ। ਭੁੱਖ ਨੂੰ ਕੰਟਰੋਲ ਕਰਨ ਦੀ ਇਹ ਮੇਰੀ ਨਾਕਾਮ ਕੋਸ਼ਿਸ਼ ਸੀ। ਭੁੱਖ ਨਾਲ ਅੰਦਰ ਲੱਗੀ ਅੱਗ ਨੂੰ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕੁਝ ਕੁ ਮਿੰਟ ਹੀ ਕੰਮ ਕਰ ਸਕੀ।ਵਾਰ ਵਾਰ ਹੰਝੂ ਪੂੰਝਣ ਕਰਕੇ ਮੈਂ ਆਪਣਾ ਚਿਹਰਾ ਛਿੱਲ ਲਿਆ ਸੀ ਬਿੱਟੂ ਦੀ ਹਰਕਤ ਨੇ ਮੈਨੂੰ ਡੱਕੇ ਵਾਂਗ ਤੋੜ ਕੇ ਰੱਖਤਾ । ਮੈਂ ਇਕੱਲੀ ਮਹਿਸੂਸ ਕਰਨ ਲੱਗੀ, ਮੈਂ ਚਾਹੁੰਦੀ ਕੋਈ ਮੇਰਾ ਦਰਦੀ ਹੋਵੇ, ਜੋ ਮੇਰਾ ਦਰਦ ਵੰਡਾ ਸਕੇ । ਜੀਹਦੇ ਗਲ ਲੱਗ ਮੈਂ ਆਪਣੀ ਭੜਾਸ ਕੱਢ ਸਕਾਂ । ਮੇਰਾ ਹਮਦਰਦ ਮੈਨੂੰ ਗਲ ਨਾਲ ਲਾਵੇ ਤੇ ਮੇਰੇ ਸਦੀਆਂ ਦੇ ਜ਼ਖ਼ਮ ਮਿਟ ਜਾਣ, ਮੇਰੇ ਕਾਲਜੇ ਮੱਚ ਰਹੀ ਅੱਗ ਪਲਾਂ ‘ਚ ਠਰ ਜਾਵੇ।ਇਹ ਮੇਰੀ ਖਿਆਲੀ ਦੁਨੀਆਂ ਸੀ ਜਿਸਦਾ ਜਨਮ ਹਾਲੇ ਨਵਾਂ ਨਵਾਂ ਹੋਇਆ ਸੀ, ਮੇਰੇ ਖਿਆਲਾਂ ਦਾ ਰਾਜਕੁਮਾਰ ਮੇਰਾ ਘਰਵਾਲਾ ਹੋਊ। ਮੇਰੇ ਮਨ ਅੰਦਰ ਵਿਆਹ ਦਾ ਫੁਰਨਾ ਫੁਰਨ ਲੱਗਿਆ। ਉਮਰ ਨਿਆਣੀ ਪਰ ਫ਼ਿਕਰ ਵੱਡੇ। ਆਪਣੇ ਰਾਜਕੁਮਾਰ ਵਾਰੇ ਸੋਚਦੀ ਸੋਚਦੀ ਪਤਾ ਨਹੀਂ ਮੈਂ ਕਦੋਂ ਸੌਂ ਗਈ।ਸਵੇਰੇ ਉੱਠਣ ਸਾਰ ਮੈਂ ਮੂੰਹ ਧੋਤਾ, ਸ਼ੀਸ਼ੇ ਵਿੱਚ ਦੇਖਿਆ ਮੇਰੀਆਂ ਅੱਖਾਂ ਸੁੱਜੀਆਂ ਪਈਆਂ ਸੀ। ਮੈਂ ਸਾਰੇ ਘਰ ‘ਚ ਦੇਖਿਆ ਪਰ ਮੈਨੂੰ ਬਿੱਟੂ ਕਿਤੇ ਨਾ ਦਿਸਿਆ। ਮੈਨੂੰ ਬਿੱਟੂ ਦੀ ਫ਼ਿਕਰ ਹੋਣ ਲੱਗੀ, ਪਤਾ ਨੀ ਉਹ ਕਿੱਥੇ ਗਿਆ ਹੋਊ। ਐਵੇਂ ਕੋਈ ਉਲਟਾ ਸਿੱਧਾ ਕੰਮ ਨਾ ਕਰ ਲਵੇ। ਪਰ ਬਿੱਟੂ ਰਾਤੀ ਲੇਟ ਘਰ ਆਇਆ ਤੇ ਸਵੇਰੇ ਜਲਦੀ ਘਰੋਂ ਚਲਾ ਗਿਆ।ਮੈਂ ਸਵੇਰ ਦੀ ਚਾਹ ਬਣਾਈ ਤੇ ਸਾਰਿਆਂ ਲਈ ਨਾਸ਼ਤਾ ਤਿਆਰ ਕੀਤਾ। ਮੈਂ ਨਾਸ਼ਤਾ ਕੀਤਾ ਤੇ ਤਿਆਰ ਹੋ ਕੇ ਸਕੂਲ ਚਲੀ ਗਈ। ਮੇਰੇ ਤੇ ਬਿੱਟੂ ਵਿੱਚ ਕੀ ਹੋਇਆ ਮੈਂ ਕਿਸੇ ਨੂੰ ਕੁਝ ਨਾ ਦੱਸਿਆ। ਦੁਪਿਹਰ ਦਾ ਖਾਣਾ ਮੈਂ ਨਾਲ ਲੈ ਕੇ ਜਾਂਦੀ ਤੇ ਸਕੂਲੋਂ ਸਿੱਧਾ ਘਰ ਆਉਂਦੀ।ਸਕੂਲੋਂ ਆਉਂਦੀ ਤਾਂ ਰਸਤੇ ਵਿੱਚ ਮੁੰਡੇ ਤੰਗ ਕਰਦੇ। ਮੋੜਾਂ ‘ਤੇ ਜਾਂ ਗਲੀਆਂ ‘ਚ ਅਵਾਰਾ ਘੁੰਮਦੇ ਮੁੰਡੇ ਆਪਣੀ ਮਰਜ਼ੀ ਨਾਲ ਆਉਂਦੀਆਂ ਜਾਂਦੀਆਂ ਕੁੜੀਆਂ ਦੇ ਨਾਮ ਰੱਖ ਲੈਂਦੇ ਹਨ, ਜਿਵੇਂ ਕਿਸੇ ਨੂੰ ਪਟੋਲਾ, ਚੀਜ਼ੀ, ਪੁਰਜਾ, ਮਾਲ ਤੇ ਹੋਰ ਪਤਾ ਨੀ ਕੀ-ਕੀ, ਤੇ ਕੋਈ ਅੱਖਾਂ ਨਾਲ ਛਾਤੀਆਂ ਦਾ ਨਾਪ ਮਿਣਦਾ। ਹਰ ਮੁੰਡੇ ਦੇ ਭੈਣ ਹੁੰਦੀ ਏ ਪਰ ਓਹਨੂੰ ਰਤਾ ਵੀ ਸ਼ਰਮ ਨੀ ਆਉਂਦੀ ਦੂਸਰੀਆਂ ਕੁੜੀਆਂ ਨੂੰ ਏਦਾਂ ਜਲੀਲ ਕਰਦਿਆਂ। ਮੋੜਾਂ, ਚੌਕਾਂ ‘ਚ ਢਾਣੀਆਂ ਬਣਾ ਕੇ ਖੜਦੇ ਨੇ, ਕੱਲੀ ਕੈਰੀ ਕੁੜੀ ਨੂੰ ਕੋਲ ਦੀ ਲੰਘਣਾ ਈ ਮੁਸ਼ਕਿਲ ਹੋ ਜਾਂਦਾ ਪਰ ਇਹਨਾਂ ਨੂੰ ਭੋਰਾ ਸ਼ਰਮ ਨੀ ਆਉਂਦੀ। ਇਹ ਇਸ਼ਕ ਦੀ ਗਲ ਕਰਦੇ ਨੇ, ਸੱਚੇ ਪਿਆਰ ਦੀ ਗੱਲ ਕਰਦੇ ਨੇ ਪਰ ਇਹਨਾਂ ਲਈ ਕੁੜੀਆਂ ਦੇ ਪਿੱਛੇ ਗੇੜੇ ਮਾਰਨਾ, ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਗਲਤ ਟਿੱਪਣੀਆਂ ਕਰਕੇ ਜਲੀਲ ਕਰਨਾ ਤੇ ਬੱਸ ਅੱਡੇ ‘ਤੇ ਬੈਠੀਆਂ ਕੁੜੀਆਂ ਦੀਆਂ ਝੋਲੀਆਂ ਚ ਨੰਬਰ ਸੁੱਟ ਦੇਣੇ, ਇਹੀ ਸੱਚਾ ਪਿਆਰ ਪੇ…? ਅਗਰ ਕੋਈ ਕੁੜੀ ਆਪਣੇ ਬਚਾਅ ਲਈ ਕੁਝ ਬੋਲੇ ਤਾਂ ਉਹਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਧਮਕੀਆਂ ਨਾਲ ਗੱਲ ਨਾ ਬਣੇ ਤਾਂ ਤੇਜ਼ਾਬ ਸੁੱਟ ਦਿੱਤਾ ਜਾਂਦਾ। ਪਹਿਲੀ ਗੱਲ ਤਾਂ ਕੁੜੀਆਂ ਨੂੰ ਬਹੁਤਾ ਪੜ੍ਹਨ ਦੀ ਇਜ਼ਾਜਤ ਨੀ ਮਿਲਦੀ ਅਗਰ ਜ਼ੋਰ ਪਾਕੇ ਆਪਣੀ ਮਰਜ਼ੀ ਨਾਲ ਕੋਈ ਕੁੜੀ ਪੜ੍ਹਦੀ ਵੀ ਹੈ ਤਾਂ ਉਹਨਾਂ ਵਿਚਾਰੀਆਂ ਨੂੰ ਆਹ ਸ਼ਲਾਰੂ ਜੇ ਮੁੰਡੇ ਨੀ ਪੜ੍ਹਨ ਦਿੰਦੇ।ਇਸ਼ਕ ਦੀ ਗਲ ਏ ਤਾਂ.. ਇਸ਼ਕ ਦਾ ਤਾਂ ਮਤਲਬ ਹੀ ਪਾਉਣਾ ਏ… ਇਸ਼ਕ ਦੇ ਤਾਂ ਨਾਮ ਵਿੱਚ ਈ ਸੱਚਾਈ ਹੈ ਪਰ ਅੱਜਕਲ ਸਭ ਕੁਝ ਉਲਟ ਹੋ ਰਿਹਾ ਹੈ। ਅਸੀਂ ਗੁਮਰਾਹ ਹੋ ਰਹੇ ਹਾਂ, ਪਿਆਰ ਦੀ ਆੜ ਵਿੱਚ ਲੱਖਾਂ ਕੁੜੀਆਂ ਗੁਮਰਾਹ ਹੋ ਰਹੀਆਂ ਹਨ। ਗੁੰਮਰਾਹ ਕੋਈ ਵੀ ਹੋ ਸਕਦਾ, ਮੈਂ ਵੀ ਹੋਈ, ਅਗਰ ਤੁਹਾਡੇ ਹਮਦਰਦ ਦੇ ਮਨ ਵਿੱਚ ਖੋਟ ਹੋਵੇ ਤਾਂ ਤੁਸੀਂ ਮੁਸ਼ਕਿਲ ਵਿੱਚ ਪੈ ਸਕਦੇ ਹੋ, ਬਰਬਾਦ ਹੋ ਸਕਦੇ ਹੋ।ਮਾਂ ਦਾ ਰੁਖ ਪਹਿਲਾਂ ਨਾਲੋਂ ਥੋੜਾ ਬਦਲਿਆ, ਮੇਰਾ ਬਾਪ ਮੇਰੇ ਤੋਂ ਦੂਰ ਰਹਿੰਦਾ ਹੁਣ ਮੈਂ ਜਵਾਨ ਸੀ ਸ਼ਾਇਦ ਮੇਰੇ ਤੋਂ ਡਰਦਾ ਹੋਵੇ। ਮੈਂ ਵੀ ਬੋਚ-ਬਚਾ ਕੇ ਰਹਿੰਦੀ। ਦੋ ਤਿੰਨ ਰੱਖੜੀਆਂ ਟੱਪ ਗਈਆਂ ਪਰ ਮੈਂ ਬਿੱਟੂ ਦੇ ਰੱਖੜੀ ਨਾ ਬੰਨੀ। ਇਹ ਗੱਲ ਨਹੀਂ ਸੀ ਕਿ ਮੇਰਾ ਬਾਪ ਤੇ ਬਿੱਟੂ ਸੁਧਰ ਗਏ ਸੀ, ਬਸ ਉਹਨਾਂ ਨੂੰ ਮੌਕਾ ਨੀਂ ਮਿਲਦਾ ਸੀ।“ਵਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ”ਮੈਂ ਬਾਰ੍ਹਵੀਂ ਕਲਾਸ ‘ਚੋਂ ਪਹਿਲੇ ਦਰਜੇ ‘ਤੇ ਪਾਸ ਹੋਈ । ਮੇਰੀ ਇੰਚਾਰਜ ਨੇ ਮੈਨੂੰ ਅੱਗੇ ਬੀ.ਏ ਕਰਨ ਲਈ ਪ੍ਰੇਰਿਆ। ਮੇਰੀ ਵੀ ਇੱਛਾ ਹੋਈ ਕਾਲਜ ਪੜ੍ਹਨ ਦੀ, ਖੁੱਲ੍ਹੇ ਮਾਹੌਲ ‘ਚ ਜਾਣ ਦੀ। ਮੇਰੀ ਮਨੋਂ ਚਾਹਤ ਸੀ ਕੇ ਮੈਂ ਪੜ੍ਹ ਕੇ ਕੋਈ ਅਫ਼ਸਰ ਬਣਾ ਤੇ ਕੁੜੀਆਂ ‘ਤੇ ਹੋ ਰਹੇ ਜੁਲਮ ਦਾ ਖਾਤਮਾ ਕਰਾਂ। ਬੀ. ਏ ਦੀ ਪੜ੍ਹਾਈ ਲਈ ਮੈਨੂੰ ਸ਼ਹਿਰ ਪੜ੍ਹਨ ਲੱਗਣਾ ਪੈਣਾ ਸੀ। ਮੈਂ ਸੋਚਿਆ ਕਿਉਂ ਨਾ ਅਗਲੀ ਪੜ੍ਹਾਈ ਨਾਨਕੇ ਘਰ ਰਹਿ ਕੇ ਕਰਾਂ, ਉਂਝ ਵੀ ਮੇਰਾ ਇੱਥੇ ਰਹਿਣ ਨੂੰ ਭੋਰਾ ਵੀ ਦਿਲ ਨੀ ਕਰਦਾ ਸੀ।ਮੈਂ ਮਾਮਾ ਜੀ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ, ਓਹ ਮੈਨੂੰ ਆਕੇ ਲੈ ਗਏ । ਕਾਲਜ ਮਾਮੇ ਦੇ ਘਰ ਤੋਂ ਮਸਾਂ ਦੋ ਕੁ ਕਿਲੋਮੀਟਰ ਦੀ ਦੂਰੀ ‘ਤੇ ਸੀ। ਮੈਂ ਰੱਬ ਦਾ ਸ਼ੁਕਰ ਕੀਤਾ, ਮੈਂ ਨਰਕ ਚੋਂ ਨਿਕਲ ਆਈ।ਮਾਂ ਜਦੋਂ ਬੱਸ ਅੱਡੇ ਤੱਕ ਮੇਰੇ ਨਾਲ ਆਈ ਤਾਂ ਮੈਂ ਉਹ ਦੇਖਿਆ ਜੋ ਇਸ ਤੋਂ ਪਹਿਲਾਂ ਕਦੀ ਨਾ ਦੇਖਿਆ। ਜਦੋਂ ਮੈਂ ਬੱਸ ਚੜੀ ਤਾਂ ਮੈਂ ਦੇਖਿਆ ਮਾਂ ਰੋ ਰਹੀ ਸੀ…ਮੈਂ ਹੈਰਾਨ ਸੀ…ਲੱਕੜ ਵਰਗੀ ਸਖ਼ਤ ਔਰਤ ਅੱਜ ਕਿਵੇਂ ਮੋਮ ਵਾਂਗ ਪਿਘਲ ਗਈ । ਸ਼ਾਇਦ ਓਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ। ਅਕਸਰ ਇਦਾਂ ਹੀ ਹੁੰਦਾ ਕਿਸੇ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਸਾਨੂੰ ਓਹਦੀ ਲੋੜ ਮਹਿਸੂਸ ਹੁੰਦੀ ਏ। ਨਫ਼ਰਤ ਦਾ ਮਹਿਲ ਅੱਜ ਢਹਿ-ਢੇਰੀ ਹੋ ਗਿਆ।ਮਾਮੀ ਤੇ ਦੋ ਬੇਟਿਆਂ ਸਮੇਤ ਮਾਮਾ ਲੁਧਿਆਣੇ ਸ਼ਹਿਰ ਵਿੱਚ ਹੀ ਰਹਿੰਦਾ ਸੀ। ਮਾਮਾ ਪਹਿਲਾਂ ਵਾਲਾ ਓਹੀ ਕੱਪੜੇ ਦਾ ਕੰਮ ਕਰਦਾ, ਕੰਮ ਠੀਕ ਸੀ ਪਰ ਪਹਿਲਾਂ ਵਾਲੀ ਗੱਲ ਨਹੀਂ ਸੀ। ਵੱਡਾ ਮੁੰਡਾ ਗੁਰਦੀਪ ਬੀ. ਟੈਕ ਕਰਨ ਤੋਂ ਬਾਅਦ ਦੁਕਾਨ ‘ਤੇ ਹੀ ਕੰਮ ਕਰਨ ਲੱਗ ਗਿਆ ਸੀ, ਨੌਕਰੀ ਕੋਈ ਮਿਲੀ ਨਹੀਂ। ਮਾਮੇ ਦਾ ਛੋਟੇ ਬੇਟੇ ਯਾਨੀ ਜਗਦੀਪ ਨੂੰ ਬਾਹਰਲੇ ਮੁਲਕ ਜਾਣ ਦਾ ਵਾਲਾ ਨਸ਼ਾ ਸੀ। ਹੋਰ ਕਿਸੇ ਕੰਮ ‘ਚ ਓਹ ਰੁਚੀ ਨਾ ਰੱਖਦਾ। ਮਾਮੀ ਜ਼ਿਆਦਾ ਨਾ ਬੋਲਦੀ ਬਸ ਆਪਣੇ ਕੰਮ ‘ਚ ਰੁੱਝੀ ਰਹਿੰਦੀ।ਮੇਰੀ ਹਾਲਤ ਓਸ ਪੰਛੀ ਨਾਲ ਦੀ ਸੀ ਜਿਹੜਾ ਕਈ ਸਾਲਾਂ ਬਾਅਦ ਪਿੰਜਰੇ ‘ਚੋਂ ਆਜ਼ਾਦ ਹੋਇਆ ਹੋਵੇ, ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਮਾਰ ਰਿਹਾ ਹੋਵੇ, ਆਪਣੇ ਪੰਖਾਂ ਨੂੰ ਖਿਲਾਰ ਰਿਹਾ ਹੋਵੇ ਤੇ ਦੇਖ ਰਿਹਾ ਹੋਵੇ ਕਿਤੇ ਉੱਡਣਾ ਤਾਂ ਨੀ ਭੁੱਲ ਗਏ….ਨਹੀਂ ਉਡਾਨ ਤਾਂ ਮੇਰੀ ਸੋਚ ਵਿੱਚ ਹੈ।ਮੈਂ ਕਾਲਜ ਜਾਣਾ ਸ਼ੁਰੂ ਕੀਤਾ, ਬੇਸ਼ੱਕ ਮੈਂ ਖੁਸ਼ ਸੀ ਪਰ ਮੇਰੇ ਬੁੱਲਾਂ ‘ਤੇ ਉਹੀ ਚੁੱਪ ਖਾਮੋਸ਼ੀ ਰਹੀ। ਕਲਾਸ ਵਿੱਚ ਮੈਂ ਕਿਸੇ ਨਾਲ ਗੱਲ ਨਾ ਕਰਦੀ। ਚਾਰ ਲੈਕਚਰ ਲੱਗਣ ਤੋਂ ਬਾਅਦ ਬ੍ਰੇਕ ਮੌਕੇ ਮੈਂ ਬਾਹਰ ਆਕੇ ਲਾਅਨ ‘ਚ ਲੱਗੀਆਂ ਕੁਰਸੀਆਂ ‘ਤੇ ਬੈਠ ਗਈ।ਚਾਰੇ ਪਾਸੇ ਚਹਿਲ ਪਹਿਲ, ਫੁੱਲਾਂ ਨਾਲ ਲੱਦੇ ਭਾਂਤ-ਭਾਂਤ ਦੇ ਬੂਟੇ, ਆਉਂਦੇ ਜਾਂਦੇ ਨਵੇਂ ਨਕੋਰ ਚਿਹਰੇ ਮੇਰੇ ਵੱਲ ਤੱਕਦੇ ।“ਕੀ ਗੱਲ ਕੱਲੀ ਬੈਠੀ ਏ ਭੈਣੇ, ਕੀ ਨਾਮ ਏ ਤੇਰਾ ? ” ਪਿੱਛਿਓਂ ਕਿਸੇ ਕੁੜੀ ਦੀ ਆਵਾਜ ਆਈ… ਇਹ ਕੁੜੀ ਮੇਰੀ ਕਲਾਸ ਦੀ ਹੀ ਸੀ।“ਜੱਸੋ ਜੱਸੋ ਕੌਰ ਮੇਰਾ ਨਾਂ” ਚੁੱਪੀ ਤੋੜਦਿਆਂ ਮੈਂ ਆਪਣਾ ਨਾਮ ਦੱਸਿਆ।“ਕਿਹੜਾ ਪਿੰਡ ਆ ਤੇਰਾ ? ਏਥੋਂ ਦੀ ਤਾਂ ਲੱਗਦੀ ਨੀ।” “ਮੈਂ ਬਠਿੰਡੇ ਤੋਂ ਆਂ।”ਮਾਹੀ ਲੁਧਿਆਣੇ ਦੇ ਨਾਲਦੇ ਪਿੰਡ ਤੋਂ ਸੀ, ਪਹਿਲੇ ਦਿਨ ਹੀ ਅਸੀਂ ਸਹੇਲੀਆਂ ਬਣ ਗਈਆਂ। ਕਾਲਜ ਵਿੱਚ ਮੇਰਾ ਦਿਲ ਫੜਿਆ ਨਾ ਰਹਿੰਦਾ, ਹਾਣ ਦੀਆਂ ਮੁਟਿਆਰਾਂ ਤੇ ਗੱਭਰੂਆਂ ਵਿੱਚ ਕੀਹਦਾ ਨੀ ਦਿਲ ਲੱਗਦਾ। ਮੈਂ ਕਾਲਜ ਜਾਂਦੀ ਤੇ ਕਾਲਜ ਤੋਂ ਘਰ ਹੋਰ ਕੋਈ ਕੰਮ ਨਹੀਂ ਸੀ। ਮਾਮਾ ਮਾਮੀ ਦਾ ਸੁਭਾਅ ਚੰਗਾ ਸੀ, ਵੀਰੇ ਵਰਗੇ ਆਪਣੇ ਕੰਮ ‘ਚ ਮਸਤ ਰਹਿੰਦੇ । ਮੇਰੇ ਦਿਨ ਚੰਗੇ ਲੰਘ ਰਹੇ ਸੀਮੈਂ ਤੇ ਮਾਹੀ ਕਾਲਜ ਵਿੱਚ ਇਕੱਠੀਆਂ ਰਹਿੰਦੀਆਂ । ਮਾਹੀ ਦਾ ਅਸਲੀ ਨਾਮ ਮਨਪ੍ਰੀਤ ਕੌਰ ਸੀ । ਸਾਰੇ ਉਸਨੂੰ ਮਾਹੀ ਹੀ ਕਹਿੰਦੇ । ਮਾਹੀ ਮਧਰੇ ਕੱਦ ਦੀ, ਲੰਬੀ ਗੁੱਤ, ਨਰਮੇ ਦੇ ਫੁੱਟ ਵਰਗੀ ਗੋਰੀ ਚਿੱਟੀ, ਅੱਖਾਂ ਕਮਾਲ ਦੀਆਂ, ਜਿਸ ਲਈ ਸ਼ਬਦ ਘੱਟ ਪੈ ਸਕਦੇ ਹਨ। ਜਿਹਦੇ ਵੱਲ ਤੱਕਦੀ ਉਹ ਮਾਹੀ ਦਾ ਹੋ ਜਾਂਦਾ। ਮਾਹੀ ਅੱਖਾਂ ‘ਚ ਕਦੇ ਵੀ ਸੂਰਮਾਂ ਨਾ ਪਾਉਂਦੀ ਪਰ ਅੱਖਾਂ ਇੱਦਾ ਲੱਗਦੀਆਂ ਜਿਵੇਂ ਸੁਰਮੇ ਨਾਲ ਡੱਕੀਆਂ ਹੋਣ। ਮਾਹੀ ਹਰੇਕ ਮੁੰਡੇ ਨਾਲ ਹੱਸ-ਹੱਸ ਗੱਲਾਂ ਕਰਦੀ ਮਜ਼ਾਲ ਸੀ ਕੋਈ ਮਾੜਾ ਬੋਲ ਜਾਵੇ। ਮਾਹੀ ਨੂੰ ਬੋਲਣ ਦੀ ਜੁਰਤ ਹੈਨੀ ਸੀ ਕਿਸੇ ‘ਚ। ਇਕ ਵਾਰ ਦੀ ਗੱਲ ਐ ਅਸੀਂ ਕਾਲਜ ਤੋਂ ਬਾਹਰ ਨਿਕਲੀਆਂ ਬਜ਼ਾਰ ਵੱਲ ਜਾਂ ਰਹੀਆਂ ਸਾਂ, ਰਸਤੇ ’ਚ ਬਦਕਿਸਮਤੀ ਨਾਲ ਕਿਸੇ ਮੁੰਡੇ ਨੇ ਮਾਹੀ ਨੂੰ ਛੇੜਿਆ। ਮਾਹੀ ਮੁੰਡੇ ’ਤੇ ਇੱਦਾ ਵਰਸੀ ਜਿਵੇਂ ਗਰੀਬ ਦੇ ਕੋਠੇ ‘ਤੇ ਮੀਂਹ ਲੂਰੀਆਂ ਲੈ ਲੈ ਵਰ੍ਹਦਾ ਹੁੰਦਾ। ਬੇਖੌਫ਼ ਬੋਲ, ਨਿਡਰ ਜ਼ਜਬਾ। ਮੈਂ ਸੋਚਦੀ ਇਹ ਹਿੰਮਤ ਕਦੇ ਮੇਰੇ ਵਿਚ ਕਿਉਂ ਨਾ ਆਈ। ਮਾਹੀ ਨਾਲ ਰਹਿਣ ਦਾ ਇਕ ਫ਼ਾਇਦਾ ਇਹ ਵੀ ਸੀ ਮੈਨੂੰ ਕੋਈ ਪਰੇਸ਼ਾਨ ਨਾ ਕਰਦਾ। ਮਾਹੀ ਕਮਾਲ ਸੀ, ਜਿੰਨ੍ਹੀ ਜ਼ਿਆਦਾ ਸੋਹਣੀ ਉਨ੍ਹੀ ਜ਼ਿਆਦਾ ਨਿਡਰ।ਬੀ.ਏ. ਦੇ ਪਹਿਲੇ ਸਾਲ ਮੈਂ ਪਿੰਡ ਨਾ ਗਈ। ਮਾਂ ਇਕ ਵਾਰ ਮੈਂਨੂੰ ਮਿਲਣ ਆਈ ਸਾਹਮਣੇ ਬਹਿ ਕੇ ਕਹਿਣ ਲੱਗੀ।“ਕਿਵੇਂ ਆ ਤੂੰ ? ਪਿੰਡ ਨੀ ਆਉਣਾ ?” “ਮੈਂ ਠੀਕ ਆ, ਪਿੰਡ ਹਾਲੇ ਨੀ ਆਉਣਾ।”ਮੇਰਾ ਸਪੱਸ਼ਟ ਜੁਆਬ ਸੁਣ ਕੇ ਮਾਂ ਸਮਝ ਗਈ ਸੀ। ਇਸ ਦੌਰਾਨ ਮੇਰਾ ਬਾਪ ਮੈਨੂੰ ਮਿਲਣ ਆਇਆ। ਮੈਨੂੰ ਪਿੰਡ ਜਾਣ ਬਾਰੇ ਕਹਿਣ ਲੱਗਾ ਤਾਂ ਮੈਂ ਸਾਫ਼ ਮਨ੍ਹਾਂ ਕਰ ਦਿੱਤਾ। ਮੇਰਾ ਜੁਆਬ ਸੀ ਮੈਂ ਬੀ.ਏ. ਕਰਕੇ ਹੀ ਆਵਾਂਗੀ। ਪਿੰਡ ਜਾਣ ਨੂੰ ਮੇਰਾ ਦਿਲ ਨਹੀਂ ਕਰਦਾ ਸੀ । ਮੇਰਾ ਕੀ ਰੱਖਿਆ ਸੀ ਪਿੰਡ ਜੋ ਮੈਂ ਜਾਵਾਂ।ਬੀ.ਏ. ਦਾ ਪਹਿਲਾ ਸਾਲ ਹਵਾ ਦੇ ਬੁੱਲੇ ਵਾਂਗ ਜੁਲਫਾਂ ਨਾਲ ਖਹਿੰਦਾ ਹੋਇਆ ਲੰਘ ਗਿਆ। ਨਤੀਜਾ ਆਇਆ ਮੈਂ ਤੇ ਮਾਹੀ ਚੰਗੇ ਨੰਬਰਾਂ ਨਾਲ ਪਾਸ ਹੋਈਆਂ। ਮਾਮਾ ਮਾਮੀ ਨਤੀਜਾ ਸੁਣ ਖ਼ੁਸ਼ ਹੋਏ। ਮਾਮਾ ਮੇਰੇ ਨਾਲ ਪਿੰਡ ਜਾਣ ਬਾਰੇ ਸਲਾਹ ਕਰ ਰਿਹਾ ਸੀ। ਪਿੰਡੋਂ ਸੁਨੇਹਾ ਆਇਆ। ਮੇਰੀ ਦਾਦੀ ਗੁਜ਼ਰ ਗਈ। ਮੈਨੂੰ ਸੁਣ ਕੇ ਬਹੁਤ ਦੁੱਖ ਹੋਇਆ। ਆਪਣੇ ‘ਤੇ ਗੁੱਸਾ ਵੀ ਆਇਆ, ਜਿਊਂਦੀ ਨੂੰ ਕਿਉਂ ਨਾ ਮਿਲ ਆਈ।ਮੈਂ, ਮਾਮਾ ਤੇ ਮਾਮੀ ਪਿੰਡ ਦਾਦੀ ਦੇ ਸੰਸਕਾਰ ‘ਤੇ ਗਏ। ਲੱਗਭਗ ਇਕ ਸਾਲ ਬਾਅਦ ਮੈਂ ਪਿੰਡ ਦੀ ਜੂਹੇ ਪੈਰ ਧਰਿਆ। ਬਚਪਨ ਦੀਆਂ ਸਾਰੀਆਂ ਯਾਦਾਂ ਤਾਜ਼ਾ ਹੋ ਕੇ ਅੱਖਾਂ ਮੂਹਰੇ ਆਉਣ ਲੱਗੀਆਂ। ਮਾਂ ਦੀ ਨਫ਼ਰਤ, ਪਿਉ ਤੇ ਭਾਈ ਦੀ ਕਮੀਨਗੀ ਅੱਖਾਂ ਮੂਹਰੇ ਬੇਸ਼ਰਮ ਹੋ ਕੇ ਨੰਗੀ ਨੱਚਣ ਲੱਗੀ।ਚਾਚੇ ਘਰ ਪਹੁੰਚਣ ਤੇ ਦੇਖਿਆ ਰਿਸ਼ਤੇਦਾਰਾਂ ਤੇ ਪਿੰਡ ਦੇ ਬੰਦੇ ਬੁੜੀਆਂ ਦਾ ਇਕੱਠ ਸੀ। ਮੰਜੇ ਦੇ ਪਾਵਿਆਂ ਹੇਠਾਂ ਪਾਣੀ ਦੀਆਂ ਭਰੀਆਂ ਬਾਟੀਆਂ ਰੱਖੀਆਂ ਸੀ । ਦਾਦੀ ਤਾਂ ਰਾਤ ਦੀ ਗੁਜ਼ਰ ਗਈ ਸੀ। ਇਸੇ ਕਰਕੇ ਕੀੜੇ, ਕੀੜੀਆਂ ਉਪਰ ਮੰਜੇ ਤੇ ਚੜਨ ਤੋਂ ਪਾਣੀ ਦੀਆਂ ਬਾਟੀਆਂ ਰੱਖੀਆਂ मी।ਦਾਦੀ ਦਾ ਮੂੰਹ ਦੇਖ ਮੇਰੀਆਂ ਧਾਹਾਂ ਨਿੱਕਲ ਗਈਆਂ। ਪਹਿਲੀ ਵਾਰ ਮੈਂ ਕਿਸੇ ਮਰੇ ਇਨਸਾਨ ਨੂੰ ਦੇਖ ਰਹੀ ਸੀ ਉਹ ਵੀ ਆਪਣੀ ਦਾਦੀ ਨੂੰ । ਕਾਸ਼ ਮੈਂ ਪਹਿਲਾਂ ਆ ਜਾਂਦੀ ਦਾਦੀ ਨਾਲ ਕੁਝ ਗੱਲਾਂ ਕਰ ਪਾਉਂਦੀ।ਮੈਂ ਸੰਸਕਾਰ ਤੋਂ ਬਾਅਦ ਮਾਂ ਨਾਲ ਆਪਣੇ ਘਰ ਗਈ। ਉਹੀ ਘਰ ਸੀ ਜਿੱਥੇ ਮੇਰਾ ਬਚਪਨ ਹਾਉਂਕਿਆ ਵਿਚ ਲਿੱਬੜਿਆ ਰਿਹਾ। ਹਾਸਿਆਂ ’ਚ ਮੈਂ ਕਦੇ ਭਿੱਜੀ ਹੀ ਨਾ ਜਾਂ ਇਹ ਕਹਿ ਲੋ ਹਾਸਿਆਂ ਦੀ ਮੇਰੇ ‘ਤੇ ਕਿਸੇ ਨੇ ਬਾਰਿਸ਼ ਹੀ ਨਾ ਕੀਤੀ।ਮੈਂ ਆਪਣੇ ਕਮਰੇ ਵਿਚ ਗਈ। ਮੇਰੀ ਰੂਹ ਵਾਂਗ ਇਹ ਵੀ ਵੀਰਾਨ ਪਿਆ ਸੀ। ਅਲਮਾਰੀ ਵਿਚ ਪਾਟਿਆ ਜਿਹਾ ਅਣਖੀ ਦਾ ‘ਕੱਖਾਂ ਕਾਨਿਆਂ ਦਾ ਪੁਲ’ ਨਾਵਲ ਪਿਆ ਮੇਰਾ ਸਵਾਗਤ ਕਰਨ ਲੱਗਾ। ਗੁੱਸਾ ਵੀ ਜ਼ਾਹਿਰ ਕਰਨ ਲੱਗਾ, ਮੈਂ ਉਹਨੂੰ ਕੱਲੇ ਨੂੰ ਜੋ ਛੱਡ ਆਈ ਸੀ। ਮੈਂ ਨਾਵਲ ਚੁੱਕ ਲਿਆ, ਹੋਰ ਵੀ ਕਿਤਾਬਾਂ ਸੀ ਮੈਂ ਸਾਰੀਆਂ ਇਕ ਲਿਫ਼ਾਫੇ ਵਿਚ ਪਾ ਲਈਆਂ।ਬੀ.ਏ. ਦਾ ਦੂਸਰਾ ਸਾਲ ਸ਼ੂਰੂ ਹੋਇਆ। ਮੈਂ ਤੇ ਮਾਹੀ ਖ਼ੂਬ ਮਸਤੀ ਕਰਦੀਆਂ । ਸਾਰੇ ਲੈਕਚਰ ਲਾਉਂਦੀਆਂ। ਜਦੋਂ ਵਿਹਲੀਆਂ ਹੁੰਦੀਆਂ, ਕੰਟੀਨ ‘ਤੇ ਜਾ ਕੇ ਚਾਹ ਦੀਆਂ ਚੁਸਕੀਆਂ ਭਰਦੀਆਂ।ਕਾਲਜ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਕੋਈ ਮੁੰਡਾ ਮਾਹੀ ਦਾ ਪਿੱਛਾ ਕਰਦਾ ਸੀ। ਨਾਮ ਸੀ ਮਨਿੰਦਰ । ਮਾਹੀ ਸਾਹਮਣੇ ਬੋਲਣ ਦੀ ਉਹਦੀ ਹਿੰਮਤ ਨਾ ਪੈਂਦੀ ਪਰ ਆਪਣੇ ਨਾਲ ਦੇ ਗਰੁੱਪ ਦੀਆਂ ਸਾਰੀਆਂ ਕੁੜੀਆਂ ਨੂੰ ਉਹ ਮਾਹੀ ਵਾਰੇ ਦੱਸਦਾ ਰਹਿੰਦਾ। ਅਕਸਰ ਕੁੜੀਆਂ ਹਾਸੇ ਮਖੌਲ ‘ਚ ਮਾਹੀ ਕੋਲ ਮਨਿੰਦਰ ਦੀਆਂ ਗੱਲਾਂ ਕਰਦੀਆਂ, ਹਾਸੇ ਹਾਸੇ ਵਿੱਚ ਕਹਿ ਵੀ ਦਿੰਦੀਆਂ ਕਿ ਤੈਨੂੰ ਪਿਆਰ ਕਰਦਾ ‘ਮਨਿੰਦਰ’। ਮਾਹੀ ਹੱਸ ਕੇ ਕੁੜੀਆਂ ਦੀ ਗੱਲ ਟਾਲ ਦਿੰਦੀ ਆਖਦੀ ‘ਮਾਹੀ ਇਹਨਾਂ ਚੱਕਰਾਂ ਤੋਂ ਕੋਹਾਂ ਦੂਰ ਏ।’ਮਨਿੰਦਰ ਸਾਨੂੰ ਮਿਲਦਾ ਹੀ ਰਹਿੰਦਾ ਕਿਉਂਕਿ ਅਸੀ ਇੱਕੋ ਕਲਾਸ ਵਿੱਚ ਤਾਂ ਪੜਦੇ ਸੀ। ਪਤਲੇ ਸਰੀਰ ਦਾ ਸਾਂਵਲਾ ਜਿਹਾ ਮੁੰਡਾ ਸੀ ਮਨਿੰਦਰ। ਨੈਣ-ਨਕਸ਼ਾਂ ਦਾ ਸੋਹਣਾ। ਮਨਿੰਦਰ ਨੂੰ ਸਾਰੇ ਕਾਲਜ ਦੀਆਂ ਕੁੜੀਆਂ ਪਸੰਦ ਕਰਦੀਆਂ ਸਨ। ਇਸਦਾ ਕਾਰਨ ਇਹ ਸੀ ਕਿ ਮਨਿੰਦਰ ਬਹੁਤ ਸੋਹਣਾ ਗਾਉਂਦਾ ਤੇ ਲਿਖਦਾ ਸੀ। ਕਲਾਸ ਵਿਚ ਟੀਚਰ ਗਾਉਣ ਲਈ ਆਖਦੇ ਤਾਂ ਦਿਲ ਕਰਦਾ ਮਨਿੰਦਰ ਨੂੰ ਸੁਣੀ ਜਾਈਏ। ਇੰਨ੍ਹੀ ਸੁਰੀਲੀ ਆਵਾਜ਼ ਦਿਲਾਂ ਵਿਚ ਖਿੱਚ ਪਾਉਂਦੀ। ਸਾਰੀਆਂ ਕੁੜੀਆਂ ਮਨਿੰਦਰ ਦੇ ਆਲੇ-ਦੁਆਲੇ ਝੁਰਮਟ ਮਾਰੀ ਰੱਖਦੀਆਂ।ਮਾਹੀ ਮਨਿੰਦਰ ਦੀ ਕਲਾ ਨੂੰ ਪਸੰਦ ਕਰਦੀ ਪਰ ਜਿਸ ਨਜ਼ਰਾਂ ਨਾਲ ਮਨਿੰਦਰ ਦੇਖਦਾ ਸੀ ਉਹਨਾਂ ਨਜ਼ਰਾਂ ਨਾਲ ਮਾਹੀ ਨੇ ਕਦੇ ਨਾ ਦੇਖਿਆ। ਮਾਹੀ ਤੇ ਮਨਿੰਦਰ ਦੀ ਨੇੜਤਾ ਦੋਸਤੀ ਵਿਚ ਬਦਲ ਗਈ । ਮਨਿੰਦਰ ਦਾ ਹੌਂਸਲਾ ਵੱਧਦਾ ਗਿਆ। ਉਹ ਘਰੋਂ ਚਿੱਠੀ ਲਿਖ ਕੇ ਲਿਆਉਂਦਾ ਤੇ ਮਾਹੀ ਨੂੰ ਇਜ਼ਹਾਰ ਕਰਦਾ। ਮਾਹੀ ਚਿੱਠੀਆਂ ਪੜਦੀ ਤੇ ਮੈਨੂੰ ਵੀ ਪੜਾਉਂਦੀ । ਮਾਹੀ ਮਨਿੰਦਰ ਦੀਆਂ ਗੱਲਾਂ ਨੂੰ ਮਜ਼ਾਕ ਵਿਚ ਲੈਂਦੀ । ਮਨਿੰਦਰ ਨੂੰ ਮਾਹੀ ਟਿਚਰਾਂ ਕਰਦੀ ਤੇ ਆਖਦੀ ‘ਸ਼ਿਵ ਕੁਮਾਰ ਜੀ ਕਿਤਾਬ ਛਪਵਾ ਲਉ ਸ਼ਾਇਰੀ ਚੰਗੀ ਕਰਦੇ ਓ, ਮੇਰੇ ਪਿੱਛੇ ਸਮਾਂ ਬਰਬਾਦ ਨਾ ਕਰ ਵਧੀਆ ਰਹੇਗਾ।’ਮਨਿੰਦਰ ਕਮਾਲ ਦਾ ਲਿਖਦਾ ਸੀ। ਉਹਦੀ ਚਿੱਠੀ ਪੜਕੇ ਲੱਗਦਾ ਉਹ ਕਿਸੇ ਹੋਰ ਦੁਨੀਆਂ ਤੋਂ ਆਇਆ ਹੁੰਦਾ। ਉਹਦੀ ਸ਼ੈਲੀ ਕਮਾਲ ਦੀ ਹੁੰਦੀ। ਮਾਹੀ ਤੇ ਆਪਣੀ ਮੁਹੱਬਤ ਨੂੰ ਇੰਝ ਬਿਆਨ ਕਰਦਾ ਜਿਵੇਂ ਕੋਈ ਫ਼ਕੀਰ ਰੱਬ ਨੂੰ ਪਾਉਣ ਦੀਆਂ ਗੱਲਾਂ ਕਰਦਾ ਹੋਵੇ। ਜਿਵੇਂ ਮਾਹੀ ਉਸ ਲਈ ਰੱਬ ਤੋ ਘੱਟ ਨਹੀਂ ਸੀ ਤੇ ਇਹ ਚਿੱਠੀ ਉਹਦੀ ਇਬਾਦਤ ਸੀ।ਦਿਨ-ਬ-ਦਿਨ ਮਾਹੀ ਮਨਿੰਦਰ ਦੇ ਕਰੀਬ ਹੁੰਦੀ ਗਈ। ਮੇਰੇ ਨਾਲੋਂ ਜ਼ਿਆਦਾ ਸਮਾਂ ਉਹ ਮਨਿੰਦਰ ਨਾਲ ਰਹਿੰਦੀ। ਮਨਿੰਦਰ ਦੀਆਂ ਗੱਲਾਂ ‘ਤੇ ਇਹ ਖਿੜ-ਖਿੜ ਹੱਸਦੀ। ਜਿਸ ਦਿਨ ਮਨਿੰਦਰ ਕਾਲਜ ਨਾ ਆਉਂਦਾਮਾਹੀ ਕਿਧਰੇ ਗੁਆਚੀ ਰਹਿੰਦੀ, ਬਿਲਕੁਲ ਚੁੱਪ-ਚਾਪ । ਮਨਿੰਦਰ ਮਾਹੀ ਨੂੰ ਖੁਸ਼ ਰੱਖਦਾ। ਮਾਹੀ ਨੂੰ ਮਨਿੰਦਰ ਦੀ ਆਦਤ ਪੈ ਚੁੱਕੀ ਸੀ।ਮਨਿੰਦਰ ਮਾਹੀ ਲਈ ਸ਼ਾਇਰੀ ਲਿਖਦਾ ਤੇ ਮਾਹੀ ਸੁਣਦੀ ਰਹਿੰਦੀ। ਮਾਹੀ ਮਨਿੰਦਰ ਦੇ ਪਿਆਰ ਵਿਚ ਅੜ੍ਹਕ ਕੇ ਡਿੱਗ ਪਈ । ਇਹਨੂੰ ਅੜਕ ਕੇ ਡਿੱਗਣਾ ਹੀ ਤਾਂ ਕਹਿੰਦੇ ਨੇ ਬੰਦਾ ਚੰਗਾਂ ਭਲਾ ਆਪਣੀ ਜ਼ਿੰਦਗੀ ਦੀ ਚਾਲ ਚੱਲ ਰਿਹਾ ਹੁੰਦਾ ਅੱਗੋਂ ਕੋਈ ਪਿਆਰ ਦਾ ਵਪਾਰੀ ਟੱਕਰ ਜਾਂਦਾ ਫਿਰ ਐਸੀ ਠੋਕਰ ਵੱਜਦੀ ਹੈ ਬੰਦਾ ਸਾਰੀ ਉਮਰ ਕਾਲਜਾ ਫੜ ਕੇ ਬੈਠਾ ਰਹਿੰਦਾ।ਸਾਰਿਆ ਨਾਲ ਇੱਦਾਂ ਹੀ ਤਾਂ ਹੁੰਦਾ ਚਾਵੀਂ-ਚਾਵੀਂ ਅੱਖਾਂ ਚਾਰ ਕਰਲੋ ਟੁੱਟਣ ਤੇ ਰੋ-ਰੋ ਬੁਰਾ ਹਾਲ ਕਰਲੋ।ਮੈਂ ਸਮਝ ਗਈ ਸੀ ਮਾਹੀ ਤੇ ਮਨਿੰਦਰ ਇਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਹਨ। ਪਿਆਰ ਤੋਂ ਦੂਰ ਭੱਜਣ ਵਾਲੀ, ਮੁੰਡਿਆ ਨੂੰ ਉਂਗਲਾਂ ‘ਤੇ ਨਚਾਉਣ ਵਾਲੀ ਹੁਣ ਆਪ ਕਿਸੇ ਦੇ ਇਸ਼ਾਰਿਆ ਤੇ ਨੱਚਣ ਲੱਗੀ। ਮਨਿੰਦਰ ਤੋਂ ਦੋ ਪਲ ਦੀ ਦੂਰੀ ਨਾ ਸਹਾਰਦੀ। ਮਾਹੀ ਜ਼ਿਆਦਾ ਸਮਾਂ ਮਨਿੰਦਰ ਨਾਲ ਰਹਿੰਦੀ । ਮੈਂ ਮਾਹੀ ਨੂੰ ਸ਼ੀਸ਼ਾ ਦਿਖਾਇਆ ਪਰ ਮੌਕੇ ਤੇ ਅਕਲ ਕਿਸੇ ਨੂੰ ਨੀਂ ਆਉਦੀ। ਮੈਂ ਜ਼ਿਆਦਾ ਇੰਟਰਫੇਅਰ ਕਰਨਾ ਚੰਗਾਂ ਨਾ ਸਮਝਿਆ। ਮੈਨੂੰ ਤਾਂ ਇਕੱਲਿਆ ਰਹਿਣਾ ਆਉਂਦਾ ਸੀ ਬਿਨ੍ਹਾਂ ਦੁਖੀ ਹੋਇਆ। ਕਈ ਇਨਸਾਨ ਕੀ ਕਰਦੇ ਨੇ ਇਕੱਲੇਪਣ ਵਿਚ ਗ਼ਲਤ ਰਿਸ਼ਤਿਆ ਨੂੰ ਤਰਜੀਹ ਦਿੰਦੇ ਨੇ ਤੇ ਅਕਸਰ ਦੁੱਖ ਭੋਗਦੇ ਨੇ।ਸਮਾਂ ਸਭ ਤੋਂ ਬਲਵਾਨ ਏ, ਜਦੋਂ ਸਾਨੂੰ ਕਿਸੇ ਚੀਜ਼ ਦੀ ਸਮਝ ਨਾ ਆਵੇ ਤਾਂ ਸਭ ਕੁਝ ਸਮੇਂ ਤੇ ਛੱਡ ਦਿਉ ਅਤੇ ਆਪਣਾ ਕਰਮ ਕਰਦੇ ਰਹੋ, ਸਮਾਂ ਤਹਾਨੂੰ ਹੱਲ ਲੱਭ ਕੇ ਦੇ ਦਵੇਗਾ।ਸਾਰੇ ਕਾਲਜ ਵਿਚ ਇੱਦਾ ਦਾ ਕੋਈ ਮੁੰਡਾ ਨਹੀਂ ਸੀ ਜੋ ਮੇਰੇ ਦਿਲ ਦੇ ਕਰੀਬ ਆਇਆ ਹੋਵੇ। ਪਰਪੋਜ਼ ਕਾਫ਼ੀ ਮੁੰਡਿਆ ਦੇ ਆਏ। ਜਿਸਮ ਨੂੰ ਛੂਹਣ ਵਾਲੇ ਬਹੁਤ ਟੱਕਰੇ ਪਰ ਦਿਲ ਨੂੰ ਛੂਹਣ ਵਾਲਾ ਕੋਈ ਨਾ ਟੱਕਰਿਆ।ਮੇਰਾ ਰਾਜ ਕੁਮਾਰ ਤਾਂ ਇਕੋ-ਇਕ ਬਣ ਸਕਦਾ ਸੀ ਜਿਹਦਾ ਸੁਫ਼ਨਾ ਮੈਂ ਸੱਜਰੀ ਜਵਾਨੀ ਵਿਚ ਦੇਖਿਆ ਸੀ। ਉਸੇ ਨਾਲ ਮੇਰੀਆਂ ਲਾਵਾਂ ਪੜੀਆਂ ਜਾਣਗੀਆਂ। ਇਹ ਤਾਂ ਸਭ ਤਨ ਦੇ ਵਪਾਰੀ ਨੇ, ਬੇੜੀ ‘ਚ ਵੱਟੇ ਸੁੱਟ ਕੇ ਡੋਬਣ ਵਾਲੇ । ਉਹੀ ਮੇਰੇ ਦਿਲ ਦੀਆਂ ਜਾਣ ਸਕਦਾ, ਉਹੀ ਮੈਨੂੰ ਤਪਦੀ ਨੂੰ ਠਾਰ ਸਕਦਾ। ਉਹੀ ਮੇਰੇ ਖੁਆਬਾਂ ਨੂੰ ਹਕੀਕਤ ਵਿਚ ਬਦਲ ਸਕਦਾ, ਉਹੀ ਮੇਰੀ ਭਟਕਣ, ਮੇਰੇ ਦੁੱਖ ਕਲੇਸ਼ ਮੁਕਾ ਸਕਦਾ।ਮੇਰੇ ਸੁਫ਼ਨਿਆ ਵਿਚ ਸਿਰਫ਼ ਤੇ ਸਿਰਫ਼ ਉਹੀ ਰਹਿੰਦਾ। ਚੀਂ ਚੀਂ ਕਰਦੀਆਂ ਚਿੜੀਆਂ ਮੈਨੂੰ ਚੰਗੀਆਂ ਲੱਗਦੀਆਂ, ਮੈਨੂੰ ਲੱਗਦਾ ਇਹ ਮੈਨੂੰ ਚਿੜਾ ਰਹੀਆ ਹੋਣ ਤੇ ਮੈਂ ਸ਼ਰਮਾ ਜਾਂਦੀ।ਗੁਲਾਬ ਦੇ ਫੁੱਲ ਮੇਰੇ ਚਿਹਰੇ ਦੀ ਲਾਲੀ ਦੇਖ ਕੇ ਈਰਖਾ ਕਰਦੇ। ਇਹ ਛੋਟੀਆਂ-ਛੋਟੀਆਂ ਗੱਲਾਂ ਮੈਨੂੰ ਖੁਸ਼ੀ ਦਿੰਦੀਆਂ, ਮੈਂ ਆਪਣੇ ਆਪ ਵਿਚ ਮੁਸਕਰਾਉਂਦੀ ਤੇ ਮੇਰੀ ਮੁਸਕਰਾਹਟ ਦੀ ਸੁਗੰਧ ਆਲੇ-ਦੁਆਲੇ ਫੈਲ ਜਾਂਦੀ ਤੇ ਚਾਰ ਚੁਫੇਰਾ ਮਹਿਕ ਉੱਠਦਾ।ਕੋਈ ਚੀਜ਼ ਸਥਾਈ ਨਹੀਂ ਹੁੰਦੀ । ਜਨਮ ਹੋਇਆ ਤਾਂ ਮੌਤ ਵੀ ਹੋਊ। ਹੱਸਦੇ ਹਾਂ ਤਾਂ ਰੋਣਾ ਵੀ ਪੈਣਾ, ਖੁਸ਼ੀ ਹੈ ਤਾਂ ਗਮੀ ਵੀ ਹੋਊ, ਖਿੜਿਆ ਹੈ ਤਾਂ ਮੁਰਝਾ ਵੀ ਜਾਣਾ, ਪਹਿਲੀ ਨਸ਼ੀਲੀ ਮੁਲਾਕਾਤ ਹੋਈ ਤਾਂ ਗਮਾਂ ਭਰੀ ਆਖਰੀ ਮੁਲਾਕਾਤ ਵੀ ਹੋਵੇਗੀ। ਕੋਈ ਪਿਆਰ ਕਰਦਾ ਤਾਂ ਹੋ ਸਕਦਾ ਕੱਲ ਨੂੰ ਬੁਰੀ ਤਰ੍ਹਾਂ ਨਫ਼ਰਤ ਵੀ ਕਰੇ।ਇਹ ਸਭ ਸਾਡੇ ਕਰਮਾਂ ‘ਤੇ ਨਿਰਭਰ ਕਰਦਾ। ਸਾਡੇ ਨਾਲ ਬੀਤਦੀਆਂ, ਕਰਮਾਂ ਦਾ ਅਸਰ ਏ ਭਾਵੇਂ ਸਾਡੇ ਹੋਣ ਜਾਂ ਕਿਸੇ ਹੋਰ ਦੇ ਹੋਣ। ਮਾਹੀ ਦਾ ਪਿਆਰ ਵੀ ਸਥਾਈ ਨਾ ਰਿਹਾ, ਸਿਰਫ਼ ਛੇ ਮਹੀਨੇ ਹੀ ਟਿਕ ਸਕਿਆ।ਮਾਹੀ ਮਨਿੰਦਰ ਦੇ ਗੀਤਾਂ ਤੋਂ ਅੱਕਣ ਲੱਗ ਪਈ। ਮਨਿੰਦਰ ਦੀ ਸ਼ਾਇਰੀ ਵਿੱਚ ਉਹਨੂੰ ਰਸ ਆਉਣੋਂ ਹੱਟ ਗਿਆ। ਮਨਿੰਦਰ ਦੇ ਖਿਆਲਾਂ ਵਿਚ ਜਗ੍ਹਾਂ ਕਿਸੇ ਹੋਰ ਕੁੜੀ ਨੇ ਲੈ ਲਈ। ਮਾਹੀ ਨੂੰ ਛੱਡ ਕੇ ਮਨਿੰਦਰ ਬੀ.ਏ. ਦੇ ਪਹਿਲੇ ਸਾਲ ਦੀ ਰਾਣੀ ਦੀਆਂ ਜੁਲਫਾਂ ਤੇ ਲੱਟੂ ਹੋ ਗਿਆ । ਭੌਰ ਦਾ ਕੰਮ ਤਾਂ ਇਹੀ ਹੁੰਦਾ ਇਕ ਫੁੱਲ ਤੋਂ ਉੱਡ ਕੇ ਦੂਸਰੇ ਤੇ ਬੈਠ ਜਾਣਾ । ਹਰ ਕੋਈ ਇਹੀ ਕਰ ਰਿਹਾ ਕਿਹੜਾ ਕੋਈ ਨਵੀਂ ਗੱਲ ਸੀ “ਤੂੰ ਨਹੀਂ ਤਾਂ ਕੋਈ ਹੋਰ ਸਹੀ, ਹੋਰ ਨਹੀਂ ਤਾਂ ਕੋਈ ਹੋਰ ਸਹੀ ਆਹ ਹਾਲ ਹੈ ਅੱਜ ਦੇ ਪਿਆਰ ਦਾ।ਮਾਹੀ ਨੇ ਆਪਣਾ ਤੇ ਮਨਿੰਦਰ ਦਾ ਸਾਰੇ ਕਾਲਜ ਵਿਚ ਜਲੂਸ ਕੱਡਿਆ। ਸਾਰੇ ਕਾਲਜ ਤੋਂ ਥੂਹ-ਥੂਹ ਕਰਵਾਈ, ਆਪਣੀ ਤੇ ਮਨਿੰਦਰ ਦੀ। ਸਾਰਾ ਦਿਨ ਮੂੰਹ ਲਟਕਾਈ ਕੰਟੀਨ ‘ਤੇ ਬੈਠੀ ਰਹਿੰਦੀ। ਕਲਾਸ ਵਿਚ ਵੀ ਮਾਹੀ ਦਾ ਮੂੰਹ ਉਤਰਿਆ ਰਹਿੰਦਾ, ਪੜਾਈ ‘ਚੋਂ ਧਿਆਨ ਹੱਟ ਗਿਆ। ਚਿਹਰੇ ਦੀ ਰੌਣਕ ਖੰਭ ਲਾ ਕੇ ਉੱਡ ਗਈ। ਕਿੰਨੇ ਵਾਰ ਝੱਲਿਆ ਵਾਂਗੂੰ ਮੇਰੇ ਕੋਲ ਰੋਈ।ਮੈਂ ਮਨਿੰਦਰ ਨੂੰ ਮੁੜ ਕਦੇ ਮਾਹੀ ਨਾਲ ਨਾ ਦੇਖਿਆ। ਮਨਿੰਦਰ ਦੀ ਮਹਿਫ਼ਲ ਵਿਚਲੇ ਦਰਸ਼ਕ ਹੁਣ ਬੀ.ਏ. ਦੇ ਪਹਿਲੇ ਸਾਲ ਦੀਆਂ ਕੁੜੀਆਂ ਹੁੰਦੀਆਂ। ਮਨਿੰਦਰ ਨਵੀਆਂ ਕੁੜੀਆਂ ਦੇ ਸਾਹਾਂ ਦਾ ਨਿੱਘ ਮਾਣ ਰਿਹਾ ਹੁੰਦਾ । ਮਨਿੰਦਰ ਦੀ ਸ਼ਾਇਰੀ ਵਿਚ ਨਾਮ ਹੁਣ ਰਾਣੀ ਦਾ ਆਉਂਦਾ । ਮਾਹੀ ਤਾਂ ਕਦੋਂ ਦੀ ਨਿਕਲ ਚੁੱਕੀ ਸੀ ਮਨਿੰਦਰ ਦੀ ਸ਼ਾਇਰੀ ਤੇ ਦਿਲ ‘ਚੋਂ।ਮਨਿੰਦਰ ਹੁਣ ਮਾਹੀ ਨੂੰ ਦੇਖਦਾ ਵੀ ਨਾ ਰਾਹਾਂ ਵਿਚ ਖੜਨਾ ਤਾਂ ਦੂਰ ਦੀ ਗੱਲ ਏ । ਉਹੀ ਮਾਹੀ ਸੀ ਜਿਹੜੀ ਹਸੀਨ ਵਾਦੀਆਂ, ਵਹਿੰਦੇ ਪਾਣੀਆਂ ਤੇ ਕੋਇਲ ਦੇ ਬੋਲਾਂ ਵਰਗੀ ਲੱਗਦੀ ਸੀ। ਅਕਸਰ ਹੀ ਇੱਦਾ ਹੁੰਦਾ, ਮੰਜ਼ਿਲ ਨੂੰ ਪਾਉਣ ਤੋਂ ਪਹਿਲਾਂ ਦੀ ਚਾਹਤ ਸਿਖ਼ਰ ‘ਤੇ ਹੁੰਦੀ ਏ, ਮੰਜ਼ਿਲ ਮਿਲ ਜਾਣ ਤੇ ਸਾਰੀ ਮਹੁੱਬਤ ਮਿੱਟੀ ਵਿਚ ਮਿਲ ਜਾਂਦੀ ਏ । ਰੱਬ ਵਾਂਗ ਪੁਜੀ ਜਾਂਦੀ ਮੰਜ਼ਿਲ ਅਸੀ ਪੈਰਾਂ ਵਿਚ ਰੋਲ ਦਿੰਦੇ ਹਾਂ। ਇਹੀ ਕੁਝ ਪਿਆਰ ਵਿਚ ਹੋ ਰਿਹਾ, ਇਕ ਤੋਂ ਮਨ ਭਰ ਜਾਵੇ ਤਾਂ ਦੂਸਰੇ ਵੱਲ ਹੋ ਜਾਵੋ, ਫਿਰ ਤੀਸਰੇ ਵੱਲ।ਇਸ ਜਿਸਮੀ ਚੱਕਰ ਵਿਚ ਅਸੀ ਆਪਣਾ ਅਸਲੀ ਕਰਮ ਭੁੱਲ ਗਏ ਹਾਂ। ਸਾਡੀ ਮੁਹੱਬਤ ਦੀ ਜਗ੍ਹਾ ਹੁਣ ‘ਮਤਲਬ’ ਨੇ ਲੈ ਲਈ। ਸਭ ਕੁਝ ਜਾਣਦੇ ਹੋਏ ਵੀ ਮੁਹੱਬਤ ਵਰਗੀ ਪਾਕ ਚੀਜ਼ ਨਾਲ ਫਰੇਬ ਕਰ ਰਹੇ ਹਾਂ।ਜਿਸਮੀ ਵਪਾਰੀਆਂ ਨਾਲ ਮੇਰਾ ਵਾਹ ਬਹੁਤ ਸਮਾਂ ਪਹਿਲਾਂ ਹੀ ਪੈ ਗਿਆ ਸੀ। ਮੈਨੂੰ ਨਫ਼ਰਤ ਸੀ ਜਿਸਮੀ ਭੌਰਾਂ ਤੋਂ । ਇਹਨਾਂ ਦਾ ਅਸਲੀ ਚਿਹਰਾ ਮੈਂ ਬਚਪਨ ਤੋਂ ਦੇਖਦੀ ਆ ਰਹੀਂ ਹਾਂ। ਲੋਕਾਂ ਸਾਹਮਣੇ ਕਦਰਾਂ-ਕੀਮਤਾਂ, ਕਾਮ ਦੇ ਹਨੇਰੇ ਵਿਚ ਦਰਿੰਦਗੀ, ਮੈਂ ਚੰਗੀ ਤਰ੍ਹਾਂ ਇਹ ਸਭ ਦੇਖਿਆ।ਇਹੀ ਕਾਰਨ ਸੀ ਮੇਰੇ ਕਰੀਬ ਕੋਈ ਭੌਰਾ ਨਾ ਆ ਸਕਿਆ। ਉਂਝ ਬੇਸ਼ੱਕ ਮੈਂ ਖਿੜ-ਖਿੜ ਹੱਸਦੀ, ਕਲਾਸ ਦੇ ਮੁੰਡਿਆ ਨਾਲ ਗੱਲਾਂ ਕਰਦੀ ਪਰ ਕੋਈ ਦਿਲ ਦੇ ਕਰੀਬ ਨਾ ਆ ਸਕਿਆ।ਥੋੜਾ ਸਮਾਂ ਹੱਸਣ ਦਾ ਤੇ ਬਹੁਤਾਂ ਸਮਾਂ ਰੋਣ ਦਾ। ਮੈਂ ਦੁੱਖਾਂ ਨੂੰ ਕਿਸਮਤ ਵਿਚ ਆਪਣੇ ਸੀਨੇ ਤੇ ਲਿਖਾ ਕੇ ਲਿਆਈ ਸੀ, ਇਹ ਥੋੜੇ-ਥੋੜੇ ਸਮੇਂ ਬਾਦ ਦਸਤਕ ਦਿੰਦੇ। ਮੁਸ਼ਕਿਲਾਂ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਪਰ ਕਦੇ ਅਸਲੀਅਤ ਤੋਂ ਨਹੀਂ ਭੱਜੀ। ਸਾਹਮਣਾ ਕੀਤਾ ਜਿੱਦਾਂ ਵੀ ਕੀਤਾ ਡਟ ਕੇ ਨਹੀਂ ਬੇਸ਼ਕ ਚੁੱਪ ਕਰਕੇ ਹੀ ਸਹੀ। ਉਡੀਕ ਰਹੀ ਸੀ ਕਦੋਂ ਮੇਰੇ ਵਿਹੜੇ ਖੁਸ਼ੀਆਂ ਪੈਰ ਪਾਉਣਗੀਆਂ।ਸ਼ਾਮ ਦਾ ਵੇਲਾ ਸੀ, ਮਾਮਾ ਮੇਰੇ ਕਮਰੇ ਵਿਚ ਆਇਆ। “ਕੱਲ ਨੂੰ ਮੇਰੇ ਦੋਸਤ ਦੇ ਬੇਟੇ ਦਾ ਜਨਮਦਿਨ ਐ, ਉਹਦੇ ਘਰ ਪਾਰਟੀ ਰੱਖੀ ਹੋਈ ਏ, ਆਪਾ ਜਾਣਾ ਈ ਕੱਲ ਨੂੰ।”ਮਾਮੇ ਦੀ ਗੱਲ ਸੁਣ ਮੈਂ ਖੁਸ਼ ਹੋ ਗਈ। ਕਿੰਨੇ ਸਮੇਂ ਬਾਅਦ ਕੋਈ ਪਾਰਟੀ ਦੇਖ ਰਹੀ ਸੀ।“ਠੀਕ ਆ” ਮੈਂ ਕਹਿ ਕੇ ਜਾਣ ਦੀ ਹਾਮੀ ਭਰੀ। ਮਾਮਾ ਅਜੇ ਦਰਵਾਜ਼ੇ ਤੋਂ ਬਾਹਰ ਹੀ ਹੋਇਆ ਸੀ, ਥੋੜੇ ਦਿਨ ਪਹਿਲਾਂ ਸਵਾਇਆ ਸੂਟ ਅਲਮਾਰੀ ‘ਚੋ ਕੱਡ ਕੇ ਮੈਂ ਪ੍ਰੈਸ ਕਰਨ ਲੱਗ ਗਈ।ਅਗਲੀ ਸਵੇਰ ਮੈਂ ਸਭ ਤੋਂ ਪਹਿਲਾਂ ਤਿਆਰ ਹੋ ਗਈ। ਨਵਾਂ ਗੁਲਾਬੀ ਰੰਗ ਦਾ ਕਢਾਈ ਵਾਲਾ ਸੂਟ ਤੇ ਨੀਲੇ ਰੰਗ ਦਾ ਦੁਪੱਟਾ । ਸ਼ੀਸ਼ੇ ਮੁਹਰੇ ਖੜ੍ਹ ਕੇ ਦੇਖਿਆ, ਮੇਰਾ ਟੇਢਾ ਚੀਰ ਮੇਰੇ ਹੁਸਨ ਦੀ ਤਾਰੀਫ਼ ਕਰ ਰਿਹਾ ਸੀ। ਮੈਂ, ਮਾਮਾ-ਮਾਮੀ ਤੇ ਵੱਡਾ ਵੀਰਾ ਤਿਆਰ ਹੋ ਗਏ ਪਰ ਗੱਡੀ ਵਾਲਾ ਅਜੇ ਪਹੰਚਿਆ ਨਹੀਂ ਸੀ। ਅਜੇ ਉਡੀਕ ਹੀ ਰਹੇ ਸੀ ਕਿ ਟਾਟਾ ਸੂਮੋ ਗੱਡੀ ਵਾਲੇ ਨੇ ਦਰਵਾਜੇ ‘ਤੇ ਆ ਕੇ ਹਾਰਨ ਮਾਰ ਦਿੱਤਾ। ਮਾਮੇ ਨੂੰ ਪੁੱਛਣ ‘ਤੇ ਪਤਾ ਲੱਗਿਆ ਅਸੀ ਮੋਗੇ ਜਾ ਰਹੇ ਸੀ।ਖੜ-ਖੜ ਕਰਦੀ ਗੱਡੀ ਮੋਗੇ ਪਹੁੰਚ ਗਈ। ਗੱਡੀ ਰੁਕੀ ਮੈਂ ਹੈਰਾਨ ਰਹਿ ਗਈ। ਮੈਂ ਦੇਖਿਆ ਮੇਰੀ ਮਾਂ ਤੇ ਪਾਪਾ ਵੀ ਇਥੇ ਸੀ। ਇਹਨਾਂ ਦਾ ਇਥੇ ਕੀ ਕੰਮ? ਏਥੇ ਤਾਂ ਸਾਡੀ ਕੋਈ ਰਿਸ਼ਤੇਦਾਰੀ ਵੀ ਨਹੀਂ। ਮੇਰੀ ਸਮਝ ਕੁਝ ਨਾ ਪਿਆ, ਇਹ ਹੋ ਕੀ ਰਿਹਾ ਸੀ।ਘਰ ਅੰਦਰ ਦਾਖਲ ਹੋਣ ਤੇ ਪਤਾ ਲੱਗਿਆ, ਜਨਮ ਦਿਨ ਕਿਹੜਾ ਇਥੇ ਤਾਂ ਮੇਰੇ ਰਿਸ਼ਤੇ ਦੀ ਪੱਕ-ਠੱਕ ਕਰਨ ਆਏ ਹਨ। ਮੇਰੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ। ਮੈਂ ਹੈਰਾਨ ਰਹਿ ਗਈ।ਮੁੰਡਾ ਕਨੇਡਾ ਤੋਂ ਆਇਆ, ਉਹ ਮੈਨੂੰ ਦੇਖਣ ਆਏ ਸੀ। ਮੇਰੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਤੇ ਮੈਨੂੰ ਦੱਸਿਆ ਤੱਕ ਨਹੀਂ। ਇਹ ਤਾਂ ਹੱਦ ਹੋ ਗਈ। ਸਾਰੇ ਮੇਰੇ ਤੋਂ ਨਜ਼ਰਾਂ ਚੁਰਾ ਰਹੇ ਸਨ। ਘੱਟੋ-ਘੱਟ ਮੈਨੂੰ ਦੱਸ ਤਾਂ ਦਿੰਦੇ, ਮੇਰੀ ਮਰਜ਼ੀ ਪੁੱਛ ਤਾਂ ਲੈਂਦੇ ਪਰ ਇਹਨਾਂ ਨੇ ਕੋਈ ਜ਼ਰੂਰੀ ਨੀ ਸਮਝਿਆ, ਮੇਰੇ ‘ਤੇ ਕੀ ਬੀਤੂ, ਕੀ ਫ਼ਰਕ ਪੈਂਦਾ ਸੀ।ਮਾਂ ਦਾ ਹੱਥ ਫੜ ਮੈ ਕਿਹਾ, “ਮਾਂ ਇਹ ਕੀ ਹੋ ਰਿਹਾ ?”“ਵਧੀਆ ਪਰਿਵਾਰ ਐ ਜੱਸੋ ਚੁੱਪ ਕਰਕੇ ਬਾਹਰ ਜਾ ਤੇ ਸਾਹਮਣੇ ਸੋਫ਼ੇ ਤੇ ਬੈਠੇ ਤੇਰੇ ਮਾਮਾ ਜੀ ਇੰਤਜ਼ਾਰ ਕਰ ਰਹੇ ਹਨ।” ਮਾਂ ਨੇ ਕਿਹਾ।ਮੈਂ ਚੁੱਪ-ਚਾਪ ਉਤਰਿਆ ਮੂੰਹ ਲੈ ਕੇ ਬਾਹਰ ਆਈ। ਮੁੰਡੇ ਦੇ ਸਾਹਮਣੇ ਵਾਲੇ ਸੋਫ਼ੇ ‘ਤੇ ਇਕ ਨਜ਼ਰ ਸਾਰਿਆਂ ਨੂੰ ਦੇਖ ਕੇ ਫਤਹਿ ਬੁਲਾਈ ਤੇ ਬੈਠ ਗਈ। ਮੈਂ ਮੁੰਡੇ ਵੱਲ ਦੇਖ ਲਿਆ ਸੀ। ਉਧਰੋਂ ਸਿਰਫ਼ ਉਹ ਤਿੰਨ ਜਣੇ ਹੀ ਆਏ ਸਨ। ਇਕ ਮੁੰਡਾ ਤੇ ਉਹਦੇ ਮੰਮੀ ਡੈਡੀ ਦੇਖਣ ‘ਚ ਮੁੰਡਾ ਮੇਰੇ ਨਾਲੋਂ ਕਾਫ਼ੀ ਵੱਡਾ ਲੱਗਿਆ।ਮੈਂ ਕੰਬ ਰਹੀ ਸੀ। ਡਰ ਦੇ ਮਾਰੇ ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਸਾਰੇ ਬਾਹਰ ਵਿਹੜੇ ਵਿਚ ਬੈਠੇ ਸੀ ਮੇਰੇ ਘਰਦੇ ਤੇ ਨਾਨਕੇ ਘਰ ਦੇ ਮੇਰੇ ਵਾਲੇ ਪਾਸੇ ਬੈਠੇ ਸੀ ਬਾਕੀ ਉਹ ਤਿੰਨੋ ਸਾਹਮਣੇ ਵਾਲੇ ਸੋਫ਼ੇ ‘ਤੇ ਬੈਠੇ ਸੀ।“ਇਹ ਐ ਜੀ ਸਾਡੀ ਬੇਟੀ” ਮੇਰੇ ਸਿਰ ਤੇ ਹੱਥ ਫੇਰਦਿਆ ਮਾਮੇ ਨੇ ਬੋਲੀ ਲਾਉਣ ਲਈ ਪਹਿਲਾ ਦਾਅ ਖੇਡਿਆ।“ਕੁੜੀ ਬਹੁਤ ਸੋਹਣੀ ਏ, ਗੁਰਤੇਜ ਸਾਨੂੰ ਪਸੰਦ ਏ, ਕੱਦ-ਕਾਠ ਚੰਗਾ ਏ।” ਮੁੰਡੇ ਦੀ ਮਾਂ ਨੇ ਮੈਨੂੰ ਪਸੰਦ ਕਰਦਿਆ ਕਿਹਾ।“ਹਾਂਅ ਭਾਈ ਕਾਕਾ ਤਹਾਨੂੰ ਕਿਵੇ ਲੱਗੀ ਕੁੜੀ, ਤੁਸੀਂ ਸਾਰੀ ਉਮਰ ਇਕੱਠਿਆਂ ਰਹਿਣਾ, ਦੇਖਲੋ ਹੁਣ।”ਇਸ ਤੋਂ ਪਹਿਲਾਂ ਮੁੰਡਾ ਬੋਲਦਾ ਮੇਰੀ ਮਾਂ ਬੋਲੀ, “ਆਪਾਂ ਇਹਨਾਂ ਨੂੰ ਕੱਲਿਆਂ ਛੱਡ ਦਿੰਦੇ ਆਂ ਆਪਸ ਵਿੱਚ ਗੱਲਬਾਤ ਕਰ ਲੈਣਗੇ।”ਮੈਂ ਉੱਠ ਕੇ ਦੂਸਰੇ ਕਮਰੇ ਵਿਚ ਚਲੀ ਗਈ, ਮੇਰੇ ਮਗਰੀ ਮਾਂ ਵੀ ਆ ਗਈ।“ਮਾਂ ਮੈਂ ਹਾਲੇ ਵਿਆਹ ਨਹੀਂ ਕਰਉਣਾ, ਨਾਲੇ ਮੁੰਡਾ ਕਿੱਡੀ ਵੱਡੀ ਉਮਰ ਦਾ” ਮੈਂ ਮਾਂ ਅੱਗੇ ਤਰਲਾ ਪਾਇਆ।“ਤੈਨੂੰ ਕੀਹਨੇ ਕਹਿਤਾ ਮੁੰਡੇ ਛੋਟੇ ਹੁੰਦੇ ਆ, ਮੁੰਡੇ ਵੱਡੇ ਹੀ ਹੁੰਦੇ ਨੇ ਚੁੱਪ ਕਰਕੇ ਬਾਹਰ ਬੈਠ ਤੇ ਬਕਵਾਸ ਨਾ ਕਰ।” ਮਾਂ ਦੀਆਂ ਗੱਲਾਂ ਵਿਚ ਰੁੱਖਾਪਣ ਆ ਗਿਆ।“ਕੀ ਹੋਇਆ ਕੁੜੀਏ ਉੱਠ ਕੇ ਕਿਉਂ ਆ ਗਈ।” ਮਾਮੇ ਨੇ ਅੰਦਰ ਵੜਦਿਆਂ ਸਾਰ ਡਾਂਗ ਵਰਗਾ ਸਵਾਲ ਕੀਤਾ।ਮਾਂ ਨੇ ਸਾਰੀ ਗੱਲ ਮਾਮੇ ਨੂੰ ਦੱਸੀ।“ਇਹੋ ਜਿਹੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ।” ਮਾਮੇ ਨੇ ਕਿਹਾ।“ਪਰ ਮੈਂ।” ਹਾਲੇ ਬੋਲ ਮੂੰਹੋਂ ਕੱਡਿਆ ਹੀ ਸੀ ਕਿ ਮਾਮੇ ਨੇ ਫਰਮਾਨ ਜਾਰੀ ਕਰਤਾ।ਤੈਨੂੰ ਕੁਝ ਨਹੀਂ ਪਤਾ, ਅਸੀਂ ਜੋ ਕਰ ਰਹੇ ਆ ਤੇਰੇ ਚੰਗੇ ਲਈ ਹੀ ਕਰ ਰਹੇ ਹਾਂ ਚੁੱਪ ਕਰਕੇ ਬਾਹਰ ਆ, ਸਾਡਾ ਜਲੂਸ ਨਾ ਕਢਵਾ।” ਮਾਮੇ ਦਾ ਇਹ ਹੁਕਮ ਸੀ ਜਿਹੜਾ ਮੈਨੂੰ ਮੰਨਣਾ ਪੈਣਾ ਸੀ।ਬੋਲਣ ਨੂੰ ਪਿੱਛੇ ਕੁੱਝ ਬਚਿਆ ਹੀ ਨਹੀਂ ਸੀ। ਮੈਂ ਚੁੱਪ-ਚਾਪ ਬਾਹਰ ਸੋਫ਼ੇ ‘ਤੇ ਆ ਕੇ ਬੈਠ ਗਈ। ਸਾਨੂੰ ਕੱਲਿਆਂ ਛੱਡ ਕੇ ਸਾਰੇ ਬਾਹਰ ਚਲੇ ਗਏ। ਅਸੀਂ ਦੋਵੇਂ ਲਾਬੀ ‘ਚ ਬੈਠੇ ਰਹੇ ।“ਮੇਰੀ ਉਮਰ ਪੈਂਤੀ ਸਾਲ ਐ, ਅਸੀ ਸਾਰਾ ਪਰਿਵਾਰ ਕਨੇਡਾ ਰਹਿੰਦੇ ਹਾਂ । ਬਾਕੀ ਤੁਸੀ ਦੇਖਲੋ।”ਇੰਨਾ ਕਹਿੰਦਿਆ ਮੁੰਡਾ ਮੇਰੀ ਰਾਇ ਜਾਣੇ ਬਗੈਰ ਹੀ ਉੱਠ ਕੇ ਚਲਾ ਗਿਆ। ਮੈਂ ਲਾਚਾਰ ਕੀ ਕਰ ਸਕਦੀ ਸੀ, ਚੁੱਪ-ਚਾਪ ਬੈਠੀ ਰਹੀ। ਸੋਚ- ਸੋਚ ਹੈਰਾਨੀ ਹੋਈ, ਇਹ ਸਭ ਕੀ ਹੋ ਗਿਆ, ਇਕਦਮ ਝੱਖੜ ਆਇਆ ਤੇ ਸਭ ਕੁਝ ਹਿਲਾ ਕੇ ਰੱਖ ਗਿਆ।ਮੇਰੀ ਰਾਇ ਜਾਣੇ ਬਗੈਰ, ਮੇਰਾ ਰਿਸ਼ਤਾ ਪੱਕਾ ਕਰ ਦਿੱਤਾ। ਵੈਸੇ ਇਹ ਕੋਈ ਨਵੀਂ ਗੱਲ ਨਹੀਂ। ਸਦੀਆਂ ਬੀਤ ਗਈਆਂ ਸਾਡੀ ਗੁਲਾਮੀ, ਲੁੱਟ, ਧੱਕਾ ਅੱਜ ਵੀ ਬਰਕਰਾਰ ਹੈ।ਮੈਨੂੰ ਲੱਗਿਆ ਅੱਜ ਫੇਰ ਮੇਰੇ ਨਾਲ ਬਲਾਤਕਾਰ ਹੋਇਆ। ਜ਼ਰੂਰੀ ਨਹੀਂ ਬਲਾਤਕਾਰ ਜਿਸਮੀ ਹੋਵੇ । ਧੱਕਾ ‘ਕੱਲਾ ਜਿਸਮ ਨਾਲ ਹੋਵੇ। ਜ਼ਰੂਰੀ ਨਹੀਂ ਕੱਪੜੇ ਫਾੜ ਕੇ ਇੱਜਤ ਲੁੱਟਣ ਨੂੰ ਹੀ ਬਲਾਤਕਾਰ ਆਖਦੇ ਹਨ। ਕਿਸੇ ਧੀ ਦੀਆਂ ਖੁਸ਼ੀਆਂ ਵਿਰੁੱਧ ਧੱਕਾ ਕਰਨਾ, ਉਹਦੇ ਮੁੱਖ ਤੋਂ ਹਾਸਿਆਂ ਨੂੰ ਖੋਹ ਲੈਣਾ, ਸੱਧਰਾਂ ਦੇ ਕੱਪੜੇ ਪਾੜ ਦੇਣਾ ਵੀ ਬਲਾਤਕਾਰ ਹੁੰਦਾ।ਇਸ ਤੋਂ ਪਹਿਲਾਂ ਵੀ ਕਿੰਨੇ ਬਲਾਤਕਾਰ ਮੇਰੇ ਨਾਲ ਹੋਏ । ਬਚਪਨ ਵਿਚ ਮਾਂ ਬਲਾਤਕਾਰ ਕਰਦੀ ਰਹੀ, ਫਿਰ ਪਾਪਾ ਕਰਦਾ ਰਿਹਾ, ਜਵਾਨੀ ਆਈ ਭਾਈ ਕਰਦਾ ਰਿਹਾ । ਹੁਣ ਮਾਮੇ ਦੀ ਵਾਰੀ ਸੀ। ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨਾਲ ਬਲਾਤਕਾਰ ਹੁੰਦਾ। ਕਿਸੇ ਨੂੰ ਪੜ੍ਹਨ ਨੀ ਦਿੱਤਾ ਜਾਂਦਾ, ਮਰਜ਼ੀ ਨਾਲ ਕਿਤੇ ਆਉਣ-ਜਾਣ ਨਹੀਂ ਦਿੱਤਾ ਜਾਂਦਾ। ਅਸੀ ਮਰਜ਼ੀ ਮੁਤਾਬਿਕ ਕੰਮ ਨਹੀਂ ਕਰ ਸਕਦੀਆਂ । ਜੋ ਸਮਾਜ ਨੇ ਤੈਅ ਕੀਤਾ ਸਿਰਫ਼ ਉਹੀ ਕਰਨਾ ਬਸ । ਇਹ ਬਲਾਤਕਾਰ ਕੋਈ ਨਵੀਂ ਗੱਲ ਨਹੀਂ।ਸਾਰਿਆਂ ਨੂੰ ਰਿਸ਼ਤਾ ਪੱਕਾ ਹੋਣ ਦੀ ਢੇਰ ਸਾਰੀ ਖੁਸ਼ੀ ਹੋਈ। ਮੈਨੂੰ ਢੇਰ ਸਾਰਾ ਦੁੱਖ। ਦੁੱਖ ਹੋਵੇ ਵੀ ਕਿਉਂ ਨਾ ਅਜੇ ਤਾਂ ਮੈਂ ਉੱਡਣਾ ਸਿੱਖਿਆ ਸੀ। ਅਜੇ ਤਾਂ ਮੇਰੇ ਕੱਚੇ-ਕੱਚੇ ਖੰਭ ਆਏ ਸੀ, ਉਹੀ ਇੰਨਾ ਦਰਿੰਦਿਆ ਨੇ ਪੱਟ ਸੁੱਟੇ। ਆਪਣੇ ਸਰੀਰ ‘ਚੋ ਨੁੱਚੜਦਾ ਲਹੂ ਦੇਖ ਕੀਹਨੂੰ ਦੁੱਖ ਨਹੀਂ ਹੁੰਦਾ।ਮਾਮਾ ਵੀ ਵਹਿਸ਼ੀ ਨਿਕਲਿਆ। ਮੇਰੀ ਰਤਾ ਪਰਵਾਹ ਨਾ ਕੀਤੀ।ਬਿਗਾਨੇ ਹੱਥਾਂ ਵਿਚ ਦਿੰਦਿਆ ਮੇਰੀ ਹਾਲਤ ਦਾ ਖਿਆਲ ਵੀ ਨਾ ਆਇਆ।ਕੁੜੀ ਦਾ ਰਿਸ਼ਤਾ ਕਨੇਡਾ ਪੱਕਾ ਹੋ ਗਿਆ। ਸਾਰੇ ਪਾਪੀ ਚਾਅ ‘ਚ ਡੁਬਕੀ ਲਗਾ ਰਹੇ ਸਨ। ਮੇਰੇ ਘਰਦਿਆਂ ਨੇ ਕਨੇਡਾ ਦਾ ਨਾਮ ਸੁਣ ਕੇ ਹੀ ਰਿਸ਼ਤੇ ਲਈ ਹਾਂ ਕਰ ਦਿੱਤੀ। ਇਹ ਵੀ ਨਹੀਂ ਦੇਖਿਆ ਮੁੰਡਾ ਮੇਰੇ ਨਾਲੋਂ ਕਿੰਨਾ ਵੱਡਾ ਹੈ ਪਰ ਕੀ ਫ਼ਰਕ ਪੈਂਦਾ । ਮੈਨੂੰ ਭੇਡ ਬੱਕਰੀ ਸਮਝ ਘਰਦਿਆ ਨੇ ਮੇਰਾ ਸੌਦਾ ਤਹਿ ਕਰ ਦਿੱਤਾ। ਹਰ ਕੁੜੀ ਨਾਲ ਇੱਦਾ ਹੀ ਹੁੰਦਾ। ਸਾਡੀ ਮਰਜ਼ੀ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ।ਇਹ ਮੇਰੇ ਖੁਆਬਾਂ ਦਾ ਰਾਜ ਕੁਮਾਰ ਨਹੀਂ ਹੋ ਸਕਦਾ। ਸਾਰੇ ਖੁਆਬ ਕੱਚ ਦੇ ਬਰਤਨ ਵਾਂਗ ਫ਼ਰਸ਼ ‘ਤੇ ਡਿੱਗ ਕੇ ਚੂਰ-ਚੂਰ ਹੋ ਗਏ।ਰਿਸ਼ਤਾ ਹੋ ਗਿਆ, ਮੇਰੇ ਘਰ ਦੇ ਵਿਆਹ ਸਿਰਫ਼ ਪੰਜ ਦਿਨਾਂ ਵਿਚ ਕਰਨਾ ਵੀ ਮੰਨ ਗਏ। ਇਨ੍ਹਾਂ ਨੂੰ ਕਾਹਲੀ ਪਈ ਸੀ ਮੇਰਾ ਫਾਹਾ ਵੱਢਣ ਦੀ। ਮੇਰੀ ਸੱਸ ਵਿਆਹ ਦੀ ਤਰੀਕ ਵੀ ਨਾਲ ਹੀ ਕੱਢਵਾ ਕੇ ਲਿਆਈ ਸੀ। ਗਿਆਰਾਂ ਜੁਲਾਈ 2002 ਨੂੰ ਮੇਰੇ ਅਨੰਦ-ਕਾਰਜ ਦੀ ਤਾਰੀਕ ਤਹਿ ਹੋ ਗਈ। ਮੇਰੇ ਘਰਦਿਆਂ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਸੀ, ਸਾਰੀਆਂ ਸ਼ਰਤਾਂ ਸਿਰ ਹਿਲਾ-ਹਿਲਾ ਮੰਨ ਲਈਆਂ। ਵਿਆਹ ਵੀ ਮੋਗੇ ਦੇ ਨੇੜੇ-ਤੇੜੇ ਕਿਸੇ ਪੈਲੇਸ ਵਿਚ ਹੋਣਾ ਤਹਿ ਹੋਇਆ।ਪੰਜ ਦਿਨਾਂ ਵਿਚ ਸ਼ਾਇਦ ਹੀ ਕਿਸੇ ਦਾ ਵਿਆਹ ਹੋਇਆ ਹੋਣਾ।ਇਕ ਤੋਂ ਵੱਧ ਇਕ ਦੁੱਖ ਮੇਰੀ ਝੋਲੀ ਪੈਂਦੇ ਗਏ । ਵਿਆਹ ਦੀ ਗੱਲ ਸੁਣ ਕੇ ਤਾਂ ਮੇਰੇ ਸਿਰ ਦੁੱਖਾਂ ਦਾ ਪਹਾੜ ਟੁੱਟ ਗਿਆ। ਪਤਾ ਨਹੀਂ ਕਿਹੜੇ ਜਨਮ, ਮੈਂ ਕੋਈ ਮਾੜੇ ਕਰਮ ਕੀਤੇ ਹੋਣੇ ਤਾਂ ਜੋ ਮੈਨੂੰ ਇਹ ਦਿਨ ਦੇਖਣੇ ਪੈ ਰਹੇ ਹਨ। ਇਹ ਤਾਂ ਕਹਿਰ ਸੀ ਰੱਬ ਦਾ।ਮਾਮੇ ਨੂੰ ਸਭ ਪਤਾ ਸੀ ਮੇਰੇ ਨਾਲ ਅੱਗੇ ਕੀ ਹੋਵੇਗਾ। ਇਹ ਰਿਸ਼ਤਾ ਮਾਮੇ ਦਾ ਦੋਸਤ ਮੰਗਲ ਲੈ ਕੇ ਆਇਆ ਸੀ। ਰਿਸ਼ਤਾ ਇਕ ਸ਼ਰਤ ‘ਤੇ ਤਹਿ ਹੋਇਆ ਸੀ । ਮਾਮੇ ਨੂੰ ਲਾਲਚ ਦਿੱਤਾ ਗਿਆ ਅਗਰ ਤੂੰ ਆਪਣੀ ਭਾਣਜੀ ਦਾ ਰਿਸ਼ਤਾ ਕਰੇਗਾਂ ਤਾਂ ਤੇਰੇ ਇਕ ਬੇਟੇ ਨੂੰ ਕਨੇਡਾ ਭੇਜ ਦੇਵਾਂਗੇ। ਆਪਣੇ ਮੁੰਡੇ ਦਾ ਭਵਿੱਖ ਬਣਾਉਣ ਦੇ ਲਾਲਚ ‘ਚ ਆਕੇ ਮਾਮੇ ਨੇ ਮੇਰਾ ਭਵਿੱਖ ਤਬਾਹ ਕਰ ਦਿੱਤਾ । ਮਾਮੇ ਨੇ ਮੇਰੇ ਬਾਪ ਦੇ ਅੱਖਾਂ ‘ਤੇ ਪੱਟੀ ਬੰਨ ਦਿਤੀ ਤੇ ਆਖਿਆ ਰਿਸ਼ਤਾ ਬਹੁਤ ਵਧੀਆਂ ਪਰਿਵਾਰ ਮੇਰਾ ਜਾਣਕਾਰ ਹੈ। ਇਹ ਮਾਮੇ ਦੀ ਗੱਲ ਕਦੇ ਟਾਲਦੇ ਹੀ ਨਹੀਂ ਸੀ, ਬਾਕੀ ਤਹਾਨੂੰ ਪਤਾ ਉਹਨਾਂ ਨੂੰ ਮੇਰੀ ਕਿੰਨੀ ਕੁ ਪਰਵਾਹ ਸੀ।ਮੇਰੇ ਰਿਸ਼ਤੇ ਦੀ ਖ਼ਬਰ ਸਾਰੀਆਂ ਰਿਸ਼ਤੇਦਾਰੀਆਂ ‘ਚ ਅੱਗ ਵਾਂਗ ਫੈਲ ਗਈ। ਜੱਸੋ ਦਾ ਵਿਆਹ ਬਾਹਰਲੇ ਮੁੰਡੇ ਨਾਲ ਤਹਿ ਹੋ ਗਿਆ। ਕੋਈ ਆਖੇ, “ ਕੁੜੀ ਬਾਹਰ ਰਹਿੰਦੀ ਸੀ ਕੋਈ ਚੜ੍ਹਾ ਤਾ ਹੋਊ ਚੰਨ ਤਾਂਹੀ ਕਾਹਲੀ ਕਰਦੇ ਆ।” ਜਿੰਨੇ ਮੂੰਹ ਉੱਨੀਆਂ ਹੀ ਗੱਲਾਂ ਖੰਭਾਂ ਤੋਂ ਡਾਰਾਂ ਬਣਨ ‘ਚ ਕਿਹੜਾ ਸਮਾਂ ਲੱਗਦਾ । ਮੇਰਾ ਨਾਨਕਾ ਤੇ ਪੇਕਾ ਘਰ ਮੇਰੇ ਵਿਆਹ ਦੀਆਂ ਤਿਆਰੀਆਂ ਵਿਚ ਰੁੱਝ ਗਏ । ਮਾਮਾ ਆਪਣੀ ਚਾਲ ਚਲਦਾ ਰਿਹਾ ਤੇ ਮੇਰੇ ਮਾਂ-ਬਾਪ ਆਪਣਾ ਸਮਾਜਿਕ ਫ਼ਰਜ ਪੂਰਾ ਕਰਦੇ ਰਹੇ।ਮੋਗੇ ਨੇੜੇ ਪੈਲੇਸ ਬੁੱਕ ਕਰਵਾ ਦਿੱਤਾ। ਮੁੰਡੇ ਵਾਲਿਆਂ ਦੀ ਇਹੀ ਸ਼ਰਤ ਸੀ ਕਿ ਵਿਆਹ ਉਹਨਾਂ ਦੇ ਨੇੜੇ ਹੋਣਾ ਚਾਹੀਦਾ ਹੈ।ਹਰਪਾਲ(ਪਾਲ) ਯਾਨੀ ਮੇਰੇ ਹੋਣ ਵਾਲੇ ਘਰਵਾਲੇ ਲਈ ਸੋਨੇ ਦਾ ਕੜਾ, ਗਲ ਵਾਸਤੇ ਸੋਨੇ ਦੀ ਚੈਨ, ਸੱਸ ਲਈ ਕੰਨਾਂ ਵਾਲੇ ਰਿੰਗ, ਸਹੁਰੇ ਲਈ ਸੋਨੇ ਦੀ ਛਾਂਪ ਆਦਿ ਗਹਿਣੇ ਬਣਵਾਏ।ਬੇਸ਼ੱਕ ਇੰਡੀਆ ਵਿਚ ਕੁਝ ਦਿਨ ਹੀ ਰਹਿਣਾ ਸੀ ਪਰ ਮੇਰੇ ਘਰਦਿਆ ਨੇ ਸਾਰਾ ਸਮਾਨ ਦਿੱਤਾ। ਉਹ ਗੱਲ ਵੱਖਰੀ ਹੈ ਕਿ ਸਾਰਾ ਸਮਾਨ ਮੋਗੇ ਹੀ ਰਿਹਾ। ਸਾਰਾ ਸਮਾਨ ਮੇਰੇ ਘਰਦਿਆਂ ਨੇ ਮੁੱਲ ਖਰੀਦਿਆ। ਵਿਆਹ (ਡਰਾਮਾ) ਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ।ਜ਼ਿੰਦਗੀ ਵਿਚ ਇਕ ਸੁਪਨਾ ਦੇਖਿਆ ਸੀ ਉਹ ਵੀ ਕੱਚੇ ਘੜੇ ਵਾਂਗ ਖੁਰ ਗਿਆ। ਵਿਆਹ ਦੀਆਂ ਸਾਰੀਆਂ ਤਿਆਰੀਆਂ ਨਾਨਕੇ ਘਰ ਹੀ ਕੀਤੀਆਂ ਗਈਆਂ। ਜਿਸ ਇਨਸਾਨ ਦੇ ਆਉਣ ਦੀ ਮੈਂ ਕਾਮਨਾ ਕਰਦੀ ਰਹੀ ਉਹ ਸਭ ਖੁਆਬ ਟੁੱਟ ਗਏ। ਦੁੱਖਾਂ ਦੀ ਗੱਡੀ ਰੁਕਣ ਦੀ ਬਜਾਏ ਹੋਰ ਤੇਜ਼ ਹੋ ਗਈ। ਵਿਆਹ ਤੋਂ ਪਹਿਲਾਂ ਜਿੱਦਾਂ ਮਰਜ਼ੀ ਕੱਟ ਲਈ ਅਗਲੀ ਤਾਂ ਸੌਖੀ ਰਹਿੰਦੀ। ਇਹ ਖੁਸ਼ੀ ਵੀ ਮੇਰੇ ਕੋਲੋ ਖੋਹ ਲਈ ਗਈ। ਆਪਣੇ ਤੋਂ ਵੱਡੀ ਉਮਰ ਦੇ ਮਰਦ ਨਾਲ ਵਿਆਹ ਕਰਵਾਉਣਾ ਉਹ ਵੀ ਮਰਜ਼ੀ ਦੇ ਖਿਲਾਫ, ਫਿਰ ਭਲਾ ਕਾਹਦੀ ਖੁਸ਼ੀ। ਮੇਰੇ ਨਾਲ ਤਾਂ ਉਸ ਕੈਦੀ ਵਾਲੀ ਹੋਈ ਜੀਹਨੇ ਆਸ ਤਾਂ ਰਿਹਾਈ ਵਾਲੀ ਰੱਖੀ ਪਰ ਸਜਾ ਉਮਰ ਕੈਦ ਦੀ ਹੋ ਗਈ।ਸਾਰੇ ਆਪਣੇ-ਆਪਣੇ ਕੰਮਾਂ ਵਿੱਚ ਵਿਅਸਤ ਸਨ ਤੇ ਮੈਂ ਆਪਣੇ ਰੋਣੇ ਧੋਣੇ ਵਿੱਚ। ਮਸਾਂ ਇਕ ਰੋਟੀ ਖਾਧੀ। ਰਾਤੀ ਨੌ ਵਜੇ ਦਾ ਸਮਾਂ ਸੀ। ਮੈਂ ਛੱਤ ਤੇ ਚਲੀ ਗਈ ਉੱਪਰ ਪਏ ਡੈਸਕ ਨੂੰ ਸਾਫ਼ ਕਰਕੇ ਬੈਠ ਗਈ। ਕੱਲ ਨੂੰ ਮੇਰੀਆਂ ਲਾਵਾਂ ਪੜੀਆਂ ਜਾਣਗੀਆਂ। ਦਿਨ ਦੀ ਲਾਈ ਹੋਈ ਮਹਿੰਦੀ ਨੇ ਸੁੱਕ ਕੇ ਮੇਰੇ ਹੱਥਾਂ ਤੇ ਬਾਹਵਾਂ ਨੂੰ ਜਕੜ ਲਿਆ। ਜਿਵੇਂ ਕੈਦੀ ਦੀਆਂ ਲੱਤਾਂਨੂੰ ਬੇੜੀਆਂ ਜਕੜਦੀਆਂ, ਇਸੇ ਤਰ੍ਹਾਂ ਮਹਿੰਦੀ ਮੈਨੂੰ ਜਕੜ ਰਹੀ ਸੀ। ਕਿੰਨਾ ਚਾਅ ਹੁੰਦਾ ਕੁੜੀਆਂ ਨੂੰ ਸ਼ਗਨਾਂ ਦੀ ਮਹਿੰਦੀ ਦਾ ਪਰ ਮੇਰੇ ਸਾਰੇ ਚਾਅ ਮਿੱਟੀ ‘ਚ ਦਫ਼ਨ ਹੋ ਗਏ। ਜਿਵੇਂ ਮੁਜ਼ਰਮ ਨੂੰ ਬੇੜੀਆਂ ਲਾਕੇ ਸਜਾ ਸਨਾਉਣ ਲਈ ਭੇਜਿਆ ਜਾਂਦਾ ਉਸੇ ਤਰਾਂ ਮੈਨੂੰ ਮਹਿੰਦੀ ਲਗਾ ਕੇ ਭੇਜਿਆ ਜਾ ਰਿਹਾ ਸੀ। ਮੇਰੀਆਂ ਅੱਖਾਂ ਦੇ ਹੰਝੂ ਹੱਥਾਂ ‘ਤੇ ਲੱਗੀ ਹੋਈ ਮਹਿੰਦੀ ‘ਤੇ ਡਿੱਗਣ ਲੱਗੇ । ਆਪਣੇ ਮੋਢਿਆਂ ਨਾਲ ਅੱਖਾਂ ਪੂੰਝ ਕੇ ਮੈਂ ਅਸਮਾਨ ਵੱਲ ਤੱਕਣ ਲੱਗੀ। ਅੱਜ ਵੀ ਉਹੀ ਅਸਮਾਨ ਸੀ ਜਿਹਨੂੰ ਦੇਖ ਕੇ ਮੈਨੂੰ ਖੁਸ਼ੀ ਮਿਲਦੀ ਹੁੰਦੀ ਤੇ ਮੈਂ ਘੰਟਿਆ ਬੱਧੀ ਅਸਮਾਨ ਵੱਲ ਤੱਕਦੀ ਰਹਿੰਦੀ। ਹਵਾ ਦੀ ਸਰਸਰਾਹਟ ਮੈਨੂੰ ਚੰਗੀ ਲੱਗਦੀ ਪਰ ਅੱਜ ਉਦਾਂ ਦਾ ਕੁਝ ਵੀ ਨਹੀਂ ਸੀ। ਇਹ ਚੰਨ ਤਾਰੇ ਮੈਨੂੰ ਆਪਣੇ ਤੋਂ ਓਪਰੇ ਲੱਗੇ, ਹਵਾ ਦੀ ਸਰਸਰਾਹਟ ਵੀ ਮੈਨੂੰ ਖਿਝਾਉਣ ਲੱਗੀ। ਦਿਲ ਕਰਦਾ ਸੀ ਸਭ ਕੁਝ ਛੱਡਕੇ ਕਿਤੇ ਦੂਰ ਚਲੀ ਜਾਵਾਂ, ਜਾਂ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦੇਵਾਂ ਪਰ ਇੰਨੀ ਹਿੰਮਤ ਮੇਰੇ ਵਿਚ ਨਹੀਂ ਸੀ। ਇੰਨੀ ਹਿੰਮਤ ਹੁੰਦੀ ਤਾਂ ਆਹ ਦਿਨ ਦੇਖਣੇ ਨਾ ਪੈਂਦੇ।ਮੇਰੇ ਵਾਂਗ ਜਿਹੜੀਆਂ ਕੁੜੀਆਂ ਚੁੱਪਚਾਪ ਧੱਕਾ ਸਹਿੰਦੀਆਂ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਏ। ਆਪਣੇ ਹੱਕਾਂ ਲਈ ਲੜਨਾ ਕੋਈ ਮਾੜੀ ਗੱਲ ਨਹੀਂ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ ਹੈ। ਮੈਂ ਤਾਂ ਆਪਣੇ ਹੱਕਾਂ ਦੀ ਕਦੇ ਕੋਈ ਗੱਲ ਹੀ ਨਾ ਕੀਤੀ, ਸਹੀ ਗਲਤ ਤੇ ਕਦੇ ਕੋਈ ਸਵਾਲ ਹੀ ਨਾ ਕੀਤਾ। ਅਗਰ ਕੀਤਾ ਹੁੰਦਾ ਆਹ ਮਾੜੇ ਦਿਨ ਨਾ ਦੇਖਦੀ।ਸਾਰੀ ਰਾਤ ਬੇਚੈਨੀ ਨਾਲ ਕੱਟੀ । ਸਵੇਰੇ ਉੱਠਣ ਸਾਰ ਸਭ ਤੋਂ ਪਹਿਲਾਂ ਕੂਹਣੀਆਂ ਤੱਕ ਲੱਗੀ ਮਹਿੰਦੀ ਉਤਾਰਨੀ ਸ਼ੁਰੂ ਕੀਤੀ। ਅੱਧੀ ਕੁ ਮਹਿੰਦੀ ਤਾਂ ਆਪ ਹੀ ਲਹਿ ਗਈ ਸੀ, ਬਾਕੀ ਬੱਚਦੀ ਮੈਂ ਪਾਣੀ ਨਾਲ ਧੋ ਕੇ ਲਾਹ ਦਿੱਤੀ। ਮਹਿੰਦੀ ਦਾ ਰੰਗ ਬਹੁਤ ਗੂੜ੍ਹਾ ਚੜ੍ਹਿਆ। ਮੈਂ ਮੂੰਹ ਹੱਥ ਧੋਤਾ ਤੇ ਕੁਰਲੀ ਕੀਤੀ।ਸਾਰੇ ਘਰ ਵਿਚ ਚਹਿਲ-ਪਹਿਲ ਹੋਈ ਪਈ ਸੀ। ਸਵੇਰੇ ਪੰਜ ਵਜੇ ਦਾ ਵੇਲਾ ਸੀ। ਹਰ ਕੋਈ ਤਿਆਰ ਹੋਣ ਦੀਆਂ ਕਾਹਲੀਆਂ ਵਿਚ ਸੀ। ਤਿਆਰ ਹੋ ਕੇ ਸਾਰਿਆਂ ਨੇ ਮੋਗੇ ਜਾਣਾ ਸੀ ਇਸ ਲਈ ਇੰਨਾ ਜਲਦੀ ਸਾਰੇ ਤਿਆਰ ਹੋ ਰਹੇ ਸਨ । ਕੁਝ ਕੁ ਕੱਪੜੇ ਹੱਥ ‘ਚ ਫੜੀ ਬਾਥਰੂਮ ਦੇ ਲਾਗੇ ਖੜੇ ਸੀ, ਕੁਝ ਕੁ ਪਾਣੀ ਗਰਮ ਕਰਨ ਲਈ ਚੁੱਲ੍ਹੇ ਵਿਚ ਅੱਗ ਬਾਲ ਰਹੇ ਸੀ। ਬੱਚੇ ਹੱਥਾਂ ਵਿਚ ਲੱਡੂ ਫੜੀ ਚਾਹ ਪੀ ਰਹੇ ਸੀ। ਕੁਝ ਕੁ ਮੇਰੇ ਵਾਂਗ ਹਾਲੇਉੱਠੇ ਸੀ ਤੇ ਕੁਝ ਕੁ ਉੱਠਣ ਦੀ ਤਿਆਰੀ ਕਰਦੇ ਦੇਖੇ।ਮੇਰੀ ਨਹਾਈ-ਧੋਈ ਕਰਾਈ ਗਈ, ਮਲ-ਮਲ ਕੇ ਨੁਹਾਇਆ ਗਿਆ। ਪਾਰਲਰ ਵਾਲੀ ਔਰਤ ਘਰ ਆ ਕੇ ਤਿਆਰ ਕਰ ਗਈ। ਪਹਿਲੀ ਵਾਰ ਮੇਰੇ ਚਿਹਰੇ ਤੇ ਕਰੀਮਾਂ ਦੀ ਪਰਤ ਚਾੜ੍ਹੀ ਗਈ।ਮੇਰੀ ਬਰਬਾਦੀ ਦਾ ਦੂਜਾ ਭਾਗ ਅੱਜ ਸ਼ੁਰੂ ਹੋਇਆ। ਜਿਵੇਂ-ਜਿਵੇਂ ਮੈਨੂੰ ਮੋਗੇ ਲਿਜਾਇਆ ਗਿਆ ਉਵੇ-ਉਵੇਂ ਮੈਂ ਕਿਸੇ ਓਪਰੀ ਦੁਨੀਆ ਵਿਚ ਖੋਈ ਜਾਵਾਂ। ਮੈਨੂੰ ਕੁਝ ਪਤਾ ਹੀ ਨਾ ਲੱਗੇ ਮੈਂ ਕੀ ਕਰ ਰਹੀ ਹਾਂ, ਮੇਰੇ ਨਾਲ ਕੀ ਹੋ ਰਿਹਾ? ਮੈਂ ਬਹੁਤ ਘਬਰਾ ਗਈ ਸਾਂ। ਅੱਜ ਵੀ ਵਿਆਹ ਬਾਰੇ ਯਾਦ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤਾਂ ਧੁੰਦਲਾ-ਧੁੰਦਲਾ ਯਾਦ ਏ ਸਪੱਸ਼ਟ ਕੁੱਝ ਵੀ ਨਹੀਂ। ਮੈਂ ਗੁੰਮਸੁੰਮ ਸਾਂ ਕੀ ਹੋਇਆ ਮੈਨੂੰ ਕੁਝ ਯਾਦ ਨਹੀਂ। ਹਰਪਾਲ ਇਕ ਲਾਸ਼ ਨਾਲ ਲਾਵਾਂ ਲੈ ਰਿਹਾ ਸੀ । ਮੇਰੀ ਰੂਹ ਤਾਂ ਮੋਗੇ ਵੜਨ ਸਾਰ ਕਿਧਰੇ ਉੱਡ ਗਈ ਸੀ। ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀ ਰਹੀ, ਉਹ ਦਿਨ ਅੱਗ ਦੀ ਲਾਟ ਵਾਂਗ ਮੂੰਹ ਝੁਲਸ ਕੇ ਨਿੱਕਲ ਗਿਆ। ਮੇਰੇ ਪੱਲੇ ਛੱਡ ਗਿਆ ਜ਼ਖਮ ਜਿਹੜਾ ਸਾਰੀ ਉਮਰ ਨਹੀਂ ਭਰ ਸਕਿਆ।ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਰਿਵਾਜ ਅਨੁਸਾਰ ਮੈਂ ਮੋਗੇ ਆ ਗਈ। ਹੁਣ ਤਾਂ ਸਹੁਰਾ ਘਰ ਹੀ ਮੇਰਾ ਅਸਲੀ ਘਰ ਸੀ। ਅਸਲ ‘ਚ ਕੁੜੀਆਂ ਦੇ ਕਾਹਦੇ ਘਰ ਹੁੰਦੇ ਨੇ, ਤੇ ਕਿਹੜੀ ਪਹਿਚਾਣ। ਸਾਡੀ ਤਾਂ ਪਹਿਚਾਣ ਵੀ ਪਤੀ ਦੇ ਨਾਲ ਨਾਲ ਹੁੰਦੀ ਏ।ਨਵੇਂ ਘਰ ਵਿਚ ਰਹਿਣਾ, ਯਾਨੀ ਨਵੇਂ ਲੋਕਾਂ ਵਿਚ ਆਪਣੇ-ਆਪ ਨੂੰ ਸਥਾਪਿਤ ਕਰਨਾ ਬਹੁਤ ਮੁਸ਼ਕਿਲ ਕੰਮ ਹੁੰਦਾ ਏ । ਪਹਿਲੀ ਰਾਤ ਮੈਂ ਤੇ ਮਾਮੀ ਇਕੱਠੀਆਂ ਸੁੱਤੀਆਂ। ਮਾਮੀ ਮੇਰੇ ਨਾਲ ਹੀ ਆਈ ਸੀ। ਓਪਰੇ ਘਰ ਕਿੱਥੇ ਨੀਂਦ ਆਉਦੀ ਏ, ਸਿਰ ;ਤੇ ਮਣ ਪੱਕਾ ਬੋਝ ਲੈ ਕੇ ਮੈਂ ਕਿੱਥੇ ਸੌਂ ਸਕਦੀ ਸੀ।ਟਿਕੀ ਰਾਤ ਵਿੱਚ ਭੌਂਕ ਰਹੇ ਕੁੱਤੇ ਮੇਰੇ ਦੁੱਖ ‘ਚ ਸ਼ਰੀਕ ਹੋਏ। ਉੱਪਰ ਨੂੰ ਮੂੰਹ ਕਰਕੇ ਮੇਰੇ ਮਰ ਰਹੇ ਸੁਫ਼ਨਿਆ ਨੂੰ ਸਲਾਮੀ ਦੇ ਰਹੇ ਸੀ। ਮੇਰੇ ਹੱਕ ‘ਚ ਹਾਂ ਦਾ ਨਾਹਰਾ ਮਾਰ ਰਹੇ ਸੀ, ਉੱਚੀ ਉੱਚੀ ਭੌਂਕਣ ਦੀ ਆਵਾਜ਼ ਵਿੱਚ।ਮੇਰਾ ਦਿਲ ਕੀਤਾ ਮੈਂ ਛੱਤ ’ਤੇ ਚਲੀ ਜਾਵਾਂ, ਖੁੱਲ੍ਹੇ ਆਸਮਾਨ ਨੂੰ ਤੱਕ ਸਕਾਂ । ਚਮਕਦੇ ਤਾਰਿਆ ਨੂੰ ਦੇਖ ਸਕਾਂ, ਹਵਾ ਦੀ ਸਰਸਰਾਹਟ ਨੂੰ ਮਹਿਸੂਸ ਕਰ ਸਕਾਂ, ਆਪਣੇ ਕੇਸਾਂ ਨੂੰ ਹਵਾ ਵਿਚ ਖੁੱਲੇ ਲਹਿਰਾਉਂਦੇ ਦੇਖ ਸਕਾਂ ਪਰ ਮੈਂ ਅਜਿਹਾ ਨਹੀਂ ਕਰ ਸਕਦੀ ਸੀ ਕਿਉਂਕਿ ਹਾਲੇ ਪਹਿਲੀ ਰਾਤਤਾਂ ਸੀ। ਕਦੋਂ ਮੇਰੀ ਅੱਖ ਲੱਗੀ ਪਤਾ ਨਹੀਂ।ਤੀਸਰੀ ਰਾਤ ਮੇਰੀ ਸੁਹਾਗ ਰਾਤ ਸੀ। ਤੀਸਰੀ ਏਸ ਕਰਕੇ ਕਿਉਂਕਿ ਦੋ ਦਿਨ ਸਾਰੇ ਰਿਸ਼ਤੇਦਾਰ ਰਹੇ, ਦੋ ਦਿਨਾਂ ਵਿਚ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ । ਦੂਸਰੀ ਰਾਤ ਮੈਂ ਆਪਣੀ ਸੱਸ ਕੋਲ ਮੰਜੀ ਡਾਹ ਕੇ ਸੁੱਤੀ ਸੀ। ਤੀਸਰੀ ਰਾਤ ਯਾਨੀ ਮੇਰੀ ਸੁਹਾਗ ਦੀ ਰਾਤ, ਮੈਂ ਤੇ ਹਰਪਾਲ ।ਕਮਰੇ ਵਿਚ ਸਿਰਫ਼ ਦੋ ਚੀਜ਼ਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਇਕ ਕੂਲਰ ਦੀ ਤੇ ਦੂਜੀ ਪਾਲ ਦੀ। ਪਾਲ ਮੈਨੂੰ ਵਾਰ-ਵਾਰ ਬੁਲਾ ਰਿਹਾ ਸੀ ਪਰ ਮੇਰੀ ਜ਼ੁਬਾਨ ਨੂੰ ਪਤਾ ਨਹੀਂ ਕੀ ਤਾਲਾ ਲੱਗ ਗਿਆ ਸੀ। ਅਜੀਬ ਜਿਹੀ ਘਬਰਾਹਟ, ਤੇਜ਼ ਹੋਈ ਧੜਕਣ, ਸੁੱਕ ਰਿਹਾ ਮੂੰਹ। ਅਜੀਬ ਜਿਹਾ ਡਰ ਪਤਾ ਨਹੀਂ ਕੀ-ਕੀ ਮੇਰੇ ਨਾਲ ਹੋਈ ਜਾਵੇ। ਖੁੱਲ੍ਹੇ-ਡੁੱਲ੍ਹੇ ਕਮਰੇ ਵਿਚ ਮੇਰਾ ਦਮ ਘੱਟ ਰਿਹਾ ਸੀ। ਬੈੱਡਾਂ ਦੇ ਦੂਸਰੇ ਪਾਸੇ ਯਾਨੀ ਮੇਰੇ ਪੈਰਾਂ ਵਾਲੇ ਪਾਸੇ ਬੈਠੇ ਪਾਲ ਨੇ ਖੁੰਘੂਰਾ ਮਾਰਿਆ, ਸ਼ਾਇਦ ਗੱਲ ਤੋਰਨ ਲਈ।”ਜੱਸੋ ਦਿਲ ਲੱਗ ਗਿਆ ?” ਪਾਲ ਨੇ ਗੱਲ ਸ਼ੁਰੂ ਕੀਤੀ।ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕੀ ਬੋਲਾਂ।“ਕੀ ਗੱਲ ਬੋਲਣਾ ਨੀ”। ਪਾਲ ਨੇ ਪਿਆਰ ਨਾਲ ਪੁੱਛਿਆ।ਮੈਂ ਬੈ………“ਕਿਸੇ ਗੱਲੋਂ ਨਾਰਾਜ਼ ਏ।” ਮੇਰਾ ਹੱਥ ਘੁੱਟਦਿਆ ਨੇੜੇ ਹੁੰਦਿਆਂ ਪਾਲ ਨੇ ਆਖਿਆ।ਕਿਹਾ।“ਨਹੀਂ……ਨਹੀਂ….. ਮੈਂ ਤਬਕ ਕੇ ਉੱਠੀ।”“ਅੱਛਾ ਇਹ ਤੇਰੇ ਬੋਲਣ ਦੀ ਸੁੱਚ ਏ।” ਮੇਰੇ ‘ਤੇ ਹਸਦਿਆਂ ਪਾਲ ਨੇ“ਚੰਗਾ ਐਂ ਦੱਸ ਘਰ ਕਿਵੇਂ ਲੱਗਿਆ ।” ਪਾਲੇ ਨੇ ਗੀਝੇ ‘ਚੋਂ ਬਟੂਆ ਬੈਡਾਂ ਦੀ ਢੋਹ ਤੇ ਰੱਖਦਿਆਂ ਆਖਿਆ।“ਬਹੁਤ ਸੋਹਣਾ ਜੀ।” ਮੇਰਾ ਮੂੰਹ ਸੁੱਕੀ ਜਾਵੇ ਪਰ ਪਾਣੀ ਪੀਣ ਦੀ ਹਿੰਮਤ ਨਾ ਪਵੇ ਇਹ ਵੀ ਨਹੀਂ ਪਤਾ ਸੀ ਕਿ ਪਾਣੀ ਕਮਰੇ ਵਿਚ ਹੈ ਵੀ ਕਿ ਨਹੀਂ।ਤਕਰੀਬਨ ਘੰਟੇ ਕੁ ਬਾਅਦ ਮੇਰੀ ਸੰਗ ਥੋੜੀ ਘਟਣੀ ਸ਼ੁਰੂ ਹੋਈ। ਗੱਲਾਂ ਬਾਤਾਂ ਤੋਂ ਹਰਪਾਲ ਮੈਨੂੰ ਚੰਗਾ ਲੱਗਿਆ। ਮੈਂ ਐਮੇ ਗ਼ਲਤ ਸੋਚਦੀ ਰਹੀ ਹਰਪਾਲ ਤਾਂ ਚੰਗਾਂ ਇਨਸਾਨ ਏ। ਕਿੰਨੀਆਂ ਪਿਆਰੀਆਂ-ਪਿਆਰੀਆਂ ਗੱਲਾਂ ਉਸਨੇ ਮੇਰੇ ਨਾਲ ਕੀਤੀਆਂ । ਲਗਪਗ ਸਵੇਰ ਹੋਣ ਤੱਕ ਅਸੀਂ ਇਕ ਦੂਜੇ ਵਾਰੇ ਗੱਲਾਂ ਕਰਦੇ ਰਹੇ। ਮੇਰੀਆਂ ਗੱਲਾਂ ਸੰਗਾਊ ਤੇ ਹਰਪਾਲ ਦੀਆਂਖੁੱਲ੍ਹੀਆਂ ਸਨ । ਅੱਜ ਮੈਨੂੰ ਲੱਗਿਆ ਮੇਰੀਆਂ ਉਮੀਦਾ ਬਚ ਗਈਆਂ ਜਿਹੜੀਆਂ ਮੈਂ ਆਪਣੇ ਘਰ ਵਾਲੇ ਤੋਂ ਲਾਈਆਂ ਸੀ।ਜੱਸੋਂ ਇਕ ਕੁੜੀ ਤੋਂ ਔਰਤ ਬਣ ਗਈ । ਮੇਰਾ ਕੁਆਰਾਪਨ ਵਿਆਹੁਤਾ ਵਿਚ ਬਦਲ ਗਿਆ।ਕੁਝ ਦਿਨ ਵਧੀਆਂ ਲੰਘੇ, ਮਤਲਬ ਪੰਜ-ਸੱਤ ਦਿਨ। ਇਹਨਾਂ ਦਿਨਾਂ ਵਿਚਕਾਰ ਇਕ ਵਾਰ ਮੈਨੂੰ ਮੇਰੇ ਘਰਦੇ ਲੈ ਗਏ, ਮੇਰੀ ਸੱਸ ਦੇ ਕਹਿਣ ਮੁਤਾਬਿਕ ਮੈਨੂੰ ਇਕ ਦਿਨ ਬਾਅਦ ਛੱਡ ਗਏ। ਪਾਲ ਜਿਆਦਾ ਸਮਾਂ ਮੇਰੇ ਕੋਲ ਹੀ ਰਹਿੰਦਾ।ਸੱਸ ਦੀ ਬੋਲਚਾਲ ਵੀ ਠੀਕ ਸੀ। ਸਹੁਰਾ ਘੱਟ ਹੀ ਸਾਹਮਣੇ ਆਉਂਦਾ ਪਤਾ ਨਹੀਂ ਕਿੱਧਰ ਲੁਕਿਆ ਰਹਿੰਦਾ। ਲਗਪਗ ਸਾਰਿਆ ਦਾ ਵਿਵਹਾਰ ਮੇਰੇ ਨਾਲ ਚੰਗਾ ਸੀ ਪਰ ਇਹ ਸਿਰਫ਼ ਇਕ ਹਫ਼ਤਾ ਹੀ ਰਿਹਾ। ਹੌਲੀ-ਹੌਲੀ ਸਾਰਿਆਂ ਨੇ ਰੰਗ ਵਟਾਉਣਾ ਸ਼ੁਰੂ ਕਰ ਦਿੱਤਾ।ਇਕ ਦਿਨ ਸਵੇਰ ਦੀ ਗੱਲ ਐ, ਪਾਲ ਵਾਰ-ਵਾਰ ਕਿਤੇ ਅੰਦਰ ਆ ਜਾਵੇ ਕਿਤੇ ਬਾਹਰ ਚਲਿਆ ਜਾਵੇ, ਬੜੇ ਗੁੱਸੇ ਵਿਚ ਲੱਗਿਆ।ਮੈਂ ਘਬਰਾ ਗਈ ਪਤਾ ਨਹੀਂ ਕੀ ਭਾਣਾ ਵਰਤ ਗਿਆ।“ਜੱਸੋ ਮੇਰੀ ਚੈਨੀ ਕਿੱਥੇ ਐ।”, ਰਾਤੀ ਮੈਂ ਅਲਮਾਰੀ ਵਿਚ ਰੱਖੀ ਸੀ। ਹਰਪਾਲ ਨੇ ਗੁੱਸੇ ਨਾਲ ਅੰਦਰ ਵੜਦਿਆਂ ਕਿਹਾ।“ਮੈਨੂੰ ਨਹੀਂ ਪਤਾ, ਮੈਂ ਅਲਮਾਰੀ ਵਿਚ ਦੇਖ ਲੈਂਦੀ ਹਾਂ।” ਮੈਂ ਹੱਥਲੇ ਤਹਿ ਮਾਰਨ ਵਾਲੇ ਕੱਪੜੇ ਛੱਡ ਕੇ ਅਲਮਾਰੀ ਵਿਚ ਦੇਖਣ ਲੱਗੀ। ਮੈਂ ਅਲਮਾਰੀ ਵਾਰ-ਵਾਰ ਛਾਣ ਮਾਰੀ ਪਰ ਚੈਨੀ ਕਿਤੇ ਨਾ ਮਿਲੀ, ਅਲਮਾਰੀ ਵਿਚਲੇ ਕੱਪੜੇ ਵੀ ਮੈਂ ਬਾਹਰ ਕੱਢ ਸੁੱਟੇ ਪਰ ਚੈਨੀ ਕਿਤੇ ਨਾ ਲੱਭੀ।“ਜ਼ਿਆਦਾ ਚਲਾਕ ਨਾ ਬਣ ਚੁੱਪਚਾਪ ਚੈਨੀ ਫੜਾ ਦੇ, ਤੂੰ ਲਕੋਈ ਐ। ਮੈਂ ਹੈਰਾਨ ਰਹਿ ਗਈ ਮੇਰੀ ਸੱਸ ਸ਼ਰੇਆਮ ਮੇਰੇ ‘ਤੇ ਇਲਜਾਮ ਲਾਉਣ ਲੱਗੀ। ਮੈਂ ਫਿਰ ਇਕ ਵਾਰ ਕਿਹਾ, “ਮੈਨੂੰ ਨਹੀਂ ਪਤਾ”“ਚੈਨੀਆਂ ਤਾਂ ਤੂੰ ਦੋ ਫੜਾਏਗੀ।” ਪਾਲ ਨੇ ਮੇਰੀ ਗੁੱਤ ਨੂੰ ਫੜ ਕੇ ਖਿੱਚਿਆ ਤੇ ਮੇਰਾ ਸਿਰ ਅਲਮਾਰੀ ਵਿਚ ਮਾਰਿਆ।ਮੇਰੀ ਸੱਸ ਬੁੜ-ਬੁੜ ਕਰਦੀ, ਮੈਨੂੰ ਗਾਲ੍ਹਾਂ ਕੱਢਦੀ ਪਾਲ ਨੂੰ ਬਾਂਹ ਫੜ ਕੇ ਬਾਹਰ ਲੈ ਗਈ।ਅਲਮਾਰੀ ਵਿਚ ਮੱਥਾ ਵੱਜਣ ਕਰਕੇ ਸੁੱਜ ਗਿਆ, ਬੈੱਡ ਦੀ ਢੋਹ ਦਾਸਹਾਰਾ ਲੈ ਕੇ ਮੈਂ ਬੈਠ ਗਈ । ਮੈਂ ਹੈਰਾਨ ਰਹਿ ਗਈ ਇਹ ਕਿੱਦਾਂ ਦਾ ਸਲੂਕ ਸੀ, ਇਹ ਹੋ ਕੀ ਗਿਆ, ਮੈਂ ਚੈਨੀ ਕੀ ਕਰਨੀ, ਮੇਰੇ ਘਰਦਿਆ ਨੇ ਤਾਂ ਪਾਲ ਨੂੰ ਪਾਈ ਸੀ । ਇਹ ਭਿਆਨਕ ਰੂਪ ਦੇਖ ਕੇ ਮੈਂ ਦਹਿਲ ਗਈ। ਅਜੇ ਤਾਂ ਸਿਰਫ਼ ਇਕ ਹਫ਼ਤਾ ਹੀ ਹੋਇਆ, ਸਾਰੀ ਉਮਰ ਪਈ ਏ।ਮੈਂ ਦੁਬਿਧਾ ਵਿਚ ਪੈ ਗਈ, ਇਸ ਗੱਲ ਦਾ ਜ਼ਿਕਰ ਕਿਸ ਕੋਲ ਕਰਾਂ, ਮਾਂ ਕੋਲ ਜਾਂ ਪਾਪਾ ਕੋਲ ਜਾਂ ਮਾਮੇ ਕੋਲ, ਮੇਰੇ ਕੋਲ ਕੋਈ ਜ਼ਰੀਆ ਨਹੀਂ ਸੀ। ਜਿਸ ਜ਼ਰੀਏ ਮੈਂ ਆਪਣੀ ਗੱਲ ਘਰਦਿਆਂ ਤੱਕ ਪਹੁੰਚਾ ਸਕਦੀ।ਦੋ ਦਿਨਾਂ ਬਾਅਦ ਪਤਾ ਲੱਗਾ ਕਿ ਚੈਨੀ ਤਾਂ ਕਸ਼ਮੀਰ ਨੇ ਵੇਚ ਦਿੱਤੀ ਤੇ ਨਸ਼ਾ ਕਰ ਗਿਆ। ਕਸ਼ਮੀਰ ਪਾਲ ਦਾ ਭਾਣਜਾ ਆਪਣੇ ਨਾਨਕੇ ਘਰ ਰਹਿੰਦਾ ਸੀ। ਕਸ਼ਮੀਰ ਨਸ਼ੇ ਵਿਚ ਧੁੱਤ ਰਹਿੰਦਾ ਕੋਈ ਕੰਮਕਾਰ ਨਾ ਕਰਦਾ।ਕਸ਼ਮੀਰ ਦੀ ਮਾਂ ਦੀ ਕਾਫੀ ਸਮਾਂ ਪਹਿਲਾਂ ਕੈਸਰ ਨਾਲ ਮੌਤ ਹੋ ਗਈ ਸੀ। ਕਸ਼ਮੀਰ ਆਪਣੇ ਪਿਤਾ ਨਾਲ ਕਨੇਡਾ ਹੀ ਰਹਿੰਦਾ ਤੇ ਹੁਣ ਆਪਣੇ ਮਾਮੇ ਦੇ ਵਿਆਹ ਕਰਕੇ ਇੰਡੀਆ ਇਹਨਾਂ ਦੇ ਨਾਲ ਹੀ ਆਇਆ ਸੀ।ਕਸ਼ਮੀਰ ਨੂੰ ਕਿਸੇ ਨੇ ਕੁਝ ਨਾ ਕਿਹਾ ਦੋ ਚਾਰ ਦਿਨਾਂ ਵਿਚ ਗੱਲ ਰਫ਼ਾ ਦਫ਼ਾ ਹੋ ਗਈ। ਮੈਂ ਸੋਚਿਆ ਹਰਪਾਲ ਮੇਰੇ ਤੋਂ ਮਾਫ਼ੀ ਮੰਗੇਗਾ, ਸ਼ਰਮਿੰਦਾ ਹੋਵੇਗਾ। ਹੁਣ ਤਾਂ ਪਤਾ ਲੱਗ ਗਿਆ ਸੀ ਕਿ ਚੈਨੀ ਕਸ਼ਮੀਰ ਨੇ ਚੁਰਾਈ ਏ ਪਰ ਪਾਲ ਨੇ ਕੋਈ ਗੱਲ ਨਾ ਛੇੜੀ ਜਿਵੇਂ ਮੇਰੇ ਨਾਲ ਹੋਈ ਬਤਮੀਜ਼ੀ ਦਾ ਉਹਨੂੰ ਕੋਈ ਫ਼ਰਕ ਹੀ ਨਾ ਪਿਆ ਹੋਵੇ।’ ਮੈਂ ਚੌਕੰਨੀ ਰਹਿਣ ਲੱਗੀ ਆਪਣਾ ਕੀਮਤੀ ਸਮਾਨ ਸਾਂਭ ਕੇ ਅਲਮਾਰੀ ਵਿਚ ਰੱਖਦੀ। ਲੌਕ ਲਾ ਕੇ ਚਾਬੀ ਆਪਣੇ ਕੋਲ ਰੱਖ ਲੈਂਦੀ। ਇਹਨਾਂ ਦਾ ਕੀ ਪਤਾ ਕੱਲ ਨੂੰ ਕੁਝ ਹੋਰ ਚੁਰਾ ਲੈਣ। ਮੈਂ ਸਮਝ ਗਈ ਦੁੱਖਾਂ ਨੇ ਮੇਰਾ ਖਹਿੜਾ ਨਹੀਂ ਛੱਡਿਆ ਉਲਟਾ ਦੂਸਰਾ ਪੜਾਅ ਸ਼ੁਰੂ ਹੋ ਗਿਆ ਹੈ। ਮੇਰੀਆਂ ਸਾਰੀਆਂ ਖੁਆਇਸ਼ਾਂ ਖ਼ਤਮ ਹੋ ਗਈਆਂ। ਸਾਰੇ ਖੁਆਬ ਮਰ ਮੁੱਕ ਗਏ, ਖੁਆਬਾਂ ‘ਚੋਂ ਨਿਕਲ ਮੈਂ ਹਕੀਕਤ ਵਿਚ ਆ ਗਈ । ਅਸਲੀਅਤ ਦਾ ਸਾਹਮਣਾ ਕਰਨ ਲੱਗੀ।ਕੋਈ ਕੁਝ ਵੀ ਕਹਿੰਦਾ ਮੈਂ ਚੁੱਪ-ਚਾਪ ਸੁਣਦੀ ਰਹਿੰਦੀ ਕਿਸੇ ਅੱਗੇ ਨਾ ਬੋਲਦੀ, ਮੇਰੀ ਸੱਸ ਸਾਰਾ ਦਿਨ ਕਿਚ ਕਿਚ ਕਰਦੀ ਰਹਿੰਦੀ। ਪਾਲ ਨੂੰ ਮੇਰੇ ਖਿਲਾਫ਼ ਭੜਕਾਉਂਦੀ ਰਹਿੰਦੀ, ਮਾਂ ਦੀ ਚੱਕ ‘ਚ ਆਕੇ ਪਾਲ ਮੈਨੂੰ ਮਾਰਨ ਤੀਕਰ ਜਾਂਦਾ।‘ਲਾਈ ਲੱਗ ਨਾ ਹੋਵੇ ਘਰਵਾਲਾ, ਹੋਵੇ ਨਾ ਗੁਆਂਢ ਚੰਦਰਾ।’ ਮੈਂ ਤਾਂ ਸਬਰ ਦੇ ਘੁੱਟ ਪੀ-ਪੀ ਜਾਂਦੀ । ਮੇਰੀ ਏਸੇ ਚੀਜ਼ ਦੀ ਤਾਂ ਬਚਪਨ ਤੋਂ ਪ੍ਰੈਕਟਸਸੀ। ਹੁਣ ਵੀ ਇਹੀ ਹਾਲ ਸੀ। ਇਕ ਵਾਰ ਮਾਂ ਮਿਲਣ ਆਈ ਮੈਂ ਚੈਨੀ ਵਾਲੀ ਗੱਲ ਦੱਸੀ, ਮੈਂ ਹੈਰਾਨ ਮਾਂ ਨੇ ਕੁਝ ਨਾ ਕਿਹਾ, ਸਗੋਂ ਮੈਨੂੰ ਬੋਲਣ ਲੱਗੀ ਕਿ ਤੂੰ ਆਪਣੀਆਂ ਚੀਜ਼ਾ ਦਾ ਧਿਆਨ ਕਿਉਂ ਨਹੀਂ ਰੱਖਦੀ, ਅਸੀਂ ਬਹੁਤ ਮੁਸ਼ਕਿਲ ਨਾਲ ਤੈਨੂੰ ਸਮਾਨ ਦਿੱਤਾ ਤੂੰ ਲੋਕਾਂ ਨੂੰ ਲੁਟਾਈ ਜਾ ਰਹੀ ਏ । ਮਾਂ ਨੂੰ ਮੇਰੀ ਕੋਈ ਪਰਵਾਹ ਨਾ, ਸੋਨੇ ਦੀ ਫ਼ਿਕਰ ਪੈ ਗਈ। ਉਸ ਦਿਨ ਤੋਂ ਬਾਅਦ ਮੇਰੇ ਨਾਲ ਕੀ ਹੋਇਆ ਮੈਂ ਕਿਸੇ ਨੂੰ ਕੁਝ ਨਾ ਦੱਸਦੀ। ਮਾਰਦੇ ਆ ਤਾਂ ਮਾਰਦੇ ਸਹੀ, ਗਾਲਾਂ ਕੱਢਦੇ ਆ ਤਾਂ ਗਾਲਾਂ ਸਹੀ। ਹਾਂ ਜਾਂਦੀ ਹੋਈ ਮਾਂ ਨੇ ਇਕ ਹੋਰ ਗੱਲ ਆਖੀ ਸੀ ਮੈਂ ਉਸਨੂੰ ਪੱਲੇ ਨਾਲ ਬੰਨ੍ਹ ਲਿਆ, ਮਾਂ ਕਹਿੰਦੀ ਤੇਰੇ ਸਹੁਰੇ ਚੰਗੇ ਆ ਜਾਂ ਮਾੜੇ, ਤੈਨੂੰ ਉਮਰ ਤਾਂ ਇਹਨਾਂ ਨਾਲ ਹੀ ਕੱਢਣੀ ਪਵੇਗੀ। ਸਹੁਰਾ ਘਰ ਹੀ ਤੇਰਾ ਅਸਲੀ ਘਰ ਏ, ਹੁਣ ਤਾਂ ਮਰਨ ਤੀਕਰ ਤੇਰਾ ਇਹੀ ਘਰ ਏ, ਅਗਰ ਇਥੋਂ ਬਾਹਰ ਨਿਕਲੇਂਗੀ ਤਾਂ ਬੇਘਰ ਹੋ ਜਾਵੇਂਗੀ। ਆਹ ਗੱਲ ਮੈਂ ਪੱਲੇ ਬੰਨ੍ਹ ਲਈ ਤੇ ਕਿਸੇ ਦਾ ਸਹਾਰਾ ਨਾ ਤੱਕਿਆ।ਤਕਰੀਬਨ ਇਕ ਮਹੀਨਾ ਮੈਂ ਸਹੁਰੇ ਘਰ ਰਹੀ। ਇਕ ਮਹੀਨੇ ਬਾਅਦ ਪਾਲ, ਮੇਰੀ ਸੱਸ ਅਤੇ ਕਸ਼ਮੀਰ ਕਨੇਡਾ ਚਲੇ ਗਏ। ਮੇਰਾ ਸਹੁਰਾ ਭਗਤ ਬੰਦਾ ਸੀ। ਉਹ ਇੱਥੇ ਹੀ ਰਹਿੰਦਾ ਤੇ ਆਪਣੀ ਤਿੰਨ ਕਿੱਲੇ ਪੈਲੀ ਕਰਦਾ। ਮੇਰੀ ਸੱਸ ਵਿਚਾਰੇ ਨੂੰ ਟਿੱਚ ਸਮਝਦੀ। ਪਤੀ-ਪਤਨੀ ਵਾਲਾ ਤਾਂ ਦੋਹਾਂ ’ਚ ਕੋਈ ਰਿਸ਼ਤਾ ਨਹੀਂ ਸੀ।ਏਅਰਪੋਰਟ ਤੇ ਜਦੋਂ ਸਾਰੇ ਜਾ ਰਹੇ ਸੀ ਤਾਂ ਮੇਰੀਆਂ ਅੱਖਾਂ ਛਲਕ ਪਈਆਂ। ਜੋ ਵੀ ਸੀ ਰਹਿਣਾ ਤਾਂ ਮੈਂ ਇਹਨਾਂ ਨਾਲ ਹੀ ਸੀ। ਹੁਣ ਤਾਂ ਇਹੀ ਮੇਰਾ ਪਰਿਵਾਰ ਏ, ਸਭ ਕੁਝ ਇਹੀ ਹਨ। ਅਸੀਂ ਕੁੜੀਆਂ ਸਭ ਕੁਝ ਹੱਸ ਕੇ ਜਰ ਜਾਂਦੀਆਂ ਹਾਂ। ਕੁੜੀਆਂ ਦੀ ਜ਼ਿੰਦਗੀ ਕਿੰਨੀ ਕੁ ਸੁਖਾਲੀ ਏ ਸਾਰੇ ਜਾਣਦੇ ਨੇ । ਕੁੜੀਆਂ ਨੂੰ ਕਿੰਨੇ ਕੁ ਹੱਕ ਮਿਲਦੇ ਨੇ ਇਹ ਵੀ ਸਭ ਭਲੀ ਭਾਂਤੀ ਜਾਣਦੇ ਹਨ। ਕੁੜੀਆਂ ਨੂੰ ਤਾਂ ਵਿਚਾਰੀਆਂ ਨੂੰ ਬਚਪਨ ਤੋਂ ਹੀ ਦਬਾ ਕੇ ਰੱਖਿਆ ਜਾਂਦਾ ਹੈ।ਭਿੱਜੀਆਂ ਅੱਖਾਂ ਨਾਲ ਮੈਂ ਸਹੁਰਾ ਪਰਿਵਾਰ ਨੂੰ ਵਿਦਾ ਕੀਤਾ। ਪਾਲ ਦੇ ਜਾਣ ਤੋਂ ਦੋ ਕੁ ਦਿਨ ਬਾਅਦ ਮੈਂ ਮਾਮੇ ਘਰ ਰਹੀ। ਇਥੇ ਇਕ ਵਾਰ ਮਾਹੀ ਨੂੰ ਮਿਲੀ । ਮਾਹੀ ਨੂੰ ਕੁਝ ਵੀ ਪਤਾ ਨਹੀਂ ਸੀ ਮੇਰੇ ਨਾਲ ਕੀ ਹੋਇਆ। ਮਾਹੀ ਬਹੁਤ ਹੈਰਾਨ ਹੋਈ। ਦੋ ਕੁ ਦਿਨ ਮਾਮੇ ਘਰ ਬੁੜੀ ਮੁਸ਼ਕਿਲ ਨਾਲ ਕੱਟੇ । ਮੇਰਾ ਮਨ ਨਾ ਲੱਗਿਆ ਮੈਂ ਆਪਣੇ ਪਿੰਡ ਆ ਗਈ। ਮਾਮੇ ਅਤੇ ਮੇਰੇ ਘਰ ਦਿਆਂ ਵਿਚ ਬਹੁਤਾ ਫ਼ਰਕ ਨਹੀਂ ਸੀ । ਸਾਰਿਆ ਨੇ ਰਲ ਕੇ ਮੇਰੀਆਂ ਹੱਡੀਆਂ ਨੂੰ ਪਾਰਾ ਦਿੱਤਾ।ਮੇਰੀ ਸੱਸ ਹਰ ਰੋਜ਼ ਮੇਰੇ ਨਾਲ ਫੋਨ ‘ਤੇ ਗੱਲ ਕਰਦੀ। ਪਾਲ ਮੇਰੀ ਪੜਤਾਲ ਕਰਦਾ ਰਹਿੰਦਾ। ਮੈਂ ਘਰ ਆ ਜਾਂ ਬਾਹਰ, ਉਸਨੂੰ ਬਸ ਇਹੀ ਫ਼ਿਕਰ ਰਹਿੰਦੀ। ਵੀਜੇ ਲਈ ਮੇਰੀ ਫਾਇਲ ਲਗਾ ਦਿੱਤੀ ਗਈ। ਪਾਸਪੋਰਟ ਇਕ ਮਹੀਨੇ ਵਿਚ ਬਣਕੇ ਆ ਗਿਆ। ਲਗਭਗ ਇਕ ਸਾਲ ਵਿਚ ਮੇਰਾ ਵੀਜਾ ਲੱਗਣਾ ਸੀ ਹੋ ਸਕਦਾ ਘੱਟ-ਵੱਧ ਵੀ ਹੋ ਜਾਵੇ। ਮੈਂ ਸੋਚਿਆ ਇਕ ਸਾਲ ਵਿਹਲੀ ਕੀ ਕਰਾਂਗੀ, ਆਪਣੀ ਬੀ.ਏ. ਦੀ ਪੜਾਈ ਜਾਰੀ ਕਰ ਲੈਂਦੀ ਹਾਂ । ਪੜਨ ਵਾਰੇ ਮੈਂ ਪਾਲ ਨਾਲ ਗੱਲ ਕੀਤੀ ਮੂੰਹ ‘ਤੇ ਵੱਜੀ ਚਪੇੜ ਵਰਗਾ ਉਹਦਾ ਕਰਾਰਾ ਜਵਾਬ ਸੀ । ਮੈਨੂੰ ਡਰ ਸੀ ਅਗਰ ਘਰ ਵਿਚ ਰਹਾਂਗੀ ਤਾਂ ਬਾਪ ਅਤੇ ਭਾਈ ਤੋਂ ਡਰਦੀ ਡਰਦੀ ਰਹਾਂਗੀ। ਪਰ ਅਜਿਹਾ ਕੁਝ ਨਹੀਂ ਹੋਇਆ, ਮੇਰਾ ਵਿਆਹ ਕੀ ਹੋਇਆ ਇਹ ਸਭ ਸੁਧਰ ਗਏ।ਘਰ ਵਿਚ ਮੈਂ ਚੁੱਪ-ਚਾਪ ਪਈ ਰਹਿੰਦੀ, ਕਿਸੇ ਨਾਲ ਗੱਲ ਨਾ ਕਰਦੀ, ਜਿਹੜੀ ਮਾਂ ਮੈਨੂੰ ਅੰਤਾਂ ਦੀ ਨਫ਼ਰਤ ਕਰਦੀ ਸੀ, ਉਹ ਮੇਰਾ ਧਿਆਨ ਰੱਖਦੀ, ਮੈਂ ਹੈਰਾਨ ਸੀ। ਮੈਂ ਹੈਰਾਨ ਸੀ ਇਹ ਸਭ ਕੀ ਹੋ ਰਿਹਾ। ਮੇਰੇ ਘਰਦਿਆਂ ਨੂੰ ਪਤਾ ਸੀ ਕਿ ਮੈਂ ਵੀ ਇਕ ਸਾਲ ਤੱਕ ਕਨੇਡਾ ਚਲੇ ਜਾਣਾ, ਫਿਰ ਇਹਨਾਂ ‘ ਮਗਰੋਂ ਬਿੱਟੂ ਨੂੰ ਵੀ ਤੋਰਨਾ ਸੀ । ਇਹਨਾਂ ਨੂੰ ਇਹ ਗਲਤਫ਼ਹਿਮੀ ਸੀ ਕਿ ਕਨੇਡਾ ਜਾ ਕੇ ਮੈਂ ਬਿੱਟੂ ਨੂੰ ਵੀ ਕਨੇਡਾ ਬੁਲਾ ਲਵਾਂਗੀ। ਸਾਰਿਆਂ ਦਾ ਰੁੱਖ ਮੇਰੇ ਪ੍ਰਤੀ ਬਦਲ ਗਿਆ ਸੀ । ਪਾਪਾ ਤੇ ਬਿੱਟੂ ਮੇਰੇ ਨਾਲ ਤਮੀਜ਼ ਨਾਲ ਪੇਸ਼ ਆਉਂਦੇ। ਮਾਂ ਮੇਰਾ ਖਿਆਲ ਰੱਖਦੀ।ਮੈਂ ਵਿਆਹ ਤੋਂ ਜਿੰਨਾ ਸਮਾਂ ਇੰਡੀਆ ਰਹੀ ਮੇਰੀ ਸੱਸ ਨੇ ਮੇਰਾ ਜੀਣਾ ਹਰਾਮ ਕਰਤਾ। ਇਕ ਦਿਨ ਮੈਨੂੰ ਕਹਿੰਦੀ ਤੂੰ ਸਿਲਾਈ ਦਾ ਕੰਮ ਸਿੱਖ, ਇੱਥੇ ਤੈਨੂੰ ਕੰਮ ਜਲਦੀ ਮਿਲਜੂ। ਮੈਂ ਪਿੰਡ ‘ਚ ਦਰਜੀਆਂ ਦੀ ਇਕ ਔਰਤ ਕੋਲ ਜਾਣ ਲੱਗੀ। ਹੋਰ ਵੀ ਇਕ ਦੋ ਕੁੜੀਆਂ ਉਥੇ ਕੱਪੜੇ ਸਿੱਖਣ ਆਉਂਦੀਆਂ। ਉਹ ਮੈਨੂੰ ਅਖ਼ਬਾਰ ਤੇ ਕੱਪੜਾ ਕੱਟਣਾ ਸਿਖਾਉਂਦੀ।ਮੈਂ ਕੱਪੜੇ ਸਿਖਣ ਸ਼ਾਮ ਦੇ ਸਮੇਂ ਤਿੰਨ ਤੋਂ ਚਾਰ ਵਜੇ ਇਕ ਘੰਟਾ ਜਾਂਦੀ। ਜਦੋਂ ਤੀਕ ਮੈਂ ਘਰ ਨਾ ਪਹੁੰਚਦੀ ਮੇਰੀ ਸੱਸ ਵਾਰ-ਵਾਰ ਘਰੇ ਫੋਨ ਕਰਦੀ ਰਹਿੰਦੀ। ਕਈ ਵਾਰ ਮੈਂ ਲੇਟ ਹੋ ਜਾਂਦੀ ਤਾਂ ਮੇਰੀ ਸੱਸ ਮੇਰੀ ਮਾਂ ਨੂੰ ਤਪਾ ਮਾਰਦੀ । ਘਰ ਆਉਂਦੀ ਤਾਂ ਮੇਰੀ ਸੱਸ ਅੱਗੇ ਮੈਨੂੰ ਸਫਾਈ ਪੇਸ਼ ਕਰਨੀ ਪੈਂਦੀ । ਪਾਲ ਵੀ ਮੈਨੂੰ ਫੋਨ ਕਰਕੇ ਝਿੜਕਾਂ ਦਿੰਦਾ, ਕਿੰਨਾ ਬੁਰਾ-ਭਲਾ ਬੋਲਦਾ।ਮੈਂ ਖਿਝ ਜਾਂਦੀ, ਅੰਦਰੋਂ-ਅੰਦਰੀ ਸਾਰਿਆਂ ਨੂੰ ਲਾਹਣਤਾਂ ਪਾਉਂਦੀ, ਸਾਰਿਆਂ ਨੇ ਮਿਲਕੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ।ਹਾਲੇ ਦੋ ਕੁ ਮਹੀਨੇ ਲੰਘੇ ਸੀ ਮੇਰੀ ਸੱਸ ਦਾ ਨਵਾਂ ਹੁਕਮ ਆ ਗਿਆ, ਕਹਿੰਦੀ ਤੂੰ ਫਰੈਂਚ ਸਿੱਖ, ਮੈਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਨੀ ਆਉਂਦੀ ਇਹ ਫਰੈਂਚ ਦੀਆਂ ਗੱਲਾਂ ਕਰਨ ਲੱਗੀ ਏ। ਫਰੈਂਚ ਦਾ ਨਾਮ ਸੁਣ ਕੇ ਮੇਰਾ ਸਿਰ ਚਕਰਾਉਣ ਲੱਗਾ। ਮੈਨੂੰ ਪਤਾ ਸੀ ਹੁਕਮ ਹੋਇਆ ਮੰਨਣਾ ਤਾਂ ਹਰ ਹਾਲਤ ਵਿਚ ਪਵੇਗਾ। ਇਕ ਹਫ਼ਤਾ ਰੋਜ਼ਾਨਾ ਮੈਂ ਬਠਿੰਡੇ ਜਾਂਦੀ ਰਹੀ ਪਰ ਮੈਨੂੰ ਕੋਈ ਫਰੈਂਚ ਸਿਖਾਉਣ ਵਾਲਾ ਨਾ ਮਿਲਿਆ। ਅੱਕ ਕੇ ਮੈਂ ਸੱਸ ਨੂੰ ਦੱਸ ਦਿੱਤਾ। ਲੱਖ ਲਾਹਣਤਾਂ ਪਾਉਣ ਤੋਂ ਬਾਅਦ, ਆਖਰ ਉਨੇ ਫਰੈਂਚ ਵਾਲੀ ਜ਼ਿੱਦ ਛੱਡ ਦਿੱਤੀ। ਪਾਲ ਮੈਨੂੰ ਲਾਹਣਤੀ ਪਾਉਂਦਾ, ਆਖਦਾ ਤੂੰ ਨਲਾਇਕ ਏ, ਸਿਰੇ ਦੀ ਡੱਫਰ ਏ। ਜਾਣ ਬੁੱਝ ਕੇ ਫ਼ਰੈਂਚ ਨੀ ਸਿਖਣਾ ਚਾਹੁੰਦੀ।ਪਾਲ ਦੀ ਗੱਲ ‘ਚ ਕੋਈ ਸ਼ੱਕ ਨਹੀਂ ਸੀ ਕਿ ਮੈਂ ਸਿਰੇ ਦੀ ਡੱਫਰ ਸਾਂ। ਕੋਈ ਮੂਰਖ ਬੰਦਾ ਹੀ ਇੰਨਾਂ ਧੱਕਾ ਤੇ ਹੋ ਰਹੀਆਂ ਜਿਆਦਤੀਆਂ ਚੁੱਪ-ਚਾਪ ਸਹਾਰ ਸਕਦਾ ਸੀ। ਮੈਂ ਗੁਲਾਮੀ ਕਰ ਰਹੀ ਸਾਂ।ਮੇਰੇ ਘਰਦੇ ਸਭ ਕੁਝ ਚੁੱਪ-ਚਾਪ ਦੇਖਦੇ ਰਹੇ। ਉਹਨਾਂ ਨੂੰ ਤਾਂ ਇਹ ਵੀ ਅਹਿਸਾਸ ਨਹੀਂ ਸੀ ਕਿ ਉਹਨਾਂ ਦੀ ਗਲਤੀ ਕਿੰਨੀ ਵੱਡੀ ਏ, ਪਰ ਉਹਨਾਂ ਨੂੰ ਤਾਂ ਗਲਤੀ ਦਾ ਅਹਿਸਾਸ ਹੀ ਨਹੀਂ ਸੀ ਛੋਟੀ-ਵੱਡੀ ਤਾਂ ਬਾਅਦ ਦੀ ਗੱਲ ਐ।ਅੱਠ ਮਹੀਨਿਆਂ ਬਾਅਦ ਮੇਰਾ ਕਨੇਡਾ ਦਾ ਵੀਜਾ ਲੱਗ ਗਿਆ।ਇਹਨਾਂ ਅੱਠ ਮਹੀਨਿਆਂ ਬਾਅਦ ਮੈਂ ਸਿਲਾਈ ਦਾ ਕੰਮ ਸਿੱਖ ਗਈ, ਆਪਣੇ ਕੱਪੜੇ ਖੁਦ ਬਣਾ ਲੈਂਦੀ । ਇਕ ਦੋ ਸੂਟ ਮਾਂ ਦੇ ਵੀ ਬਣਾ ਕੇ ਦਿੱਤੇ। ਕਨੇਡਾ ਜਾਣ ਨੂੰ ਮੇਰਾ ਦਿਲ ਨਹੀਂ ਕਰਦਾ ਸੀ ਪਰ ਕੀ ਕਰਾਂ ਮਜਬੂਰੀ ਵੱਸ ਜਾਣਾ ਪੈ ਰਿਹਾ ਸੀ। ਮੇਰੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ। ਮੈਂ ਅੰਦਰੋ-ਅੰਦਰੀ ਡਰ ਰਹੀ ਸੀ ਕਿ ਪੰਜਾਬ ਰਹਿੰਦਿਆਂ ਇਕ ਮਹੀਨੇ ਵਿਚ ਉਹਨਾਂ ਨੇ ਮੇਰਾ ਬੁਰਾ ਹਾਲ ਕਰ ਦਿੱਤਾ ਸੀ ਹੁਣ ਤਾਂ ਸਾਰੀ ਉਮਰ ਉਹਨਾਂ ਨਾਲ ਰਹਿਣਾ ਉਹ ਵੀ ਓਪਰੇ ਦੇਸ, ਜਿੱਥੇ ਮੈਨੂੰ ਕੋਈ ਜਾਣਦਾ ਹੀ ਨਹੀਂ ਹੋਣਾ। ਕਾਸ਼ ਮੈਂ ਕਨੇਡਾ ਨਾ ਜਾਂਦੀ, ਘਰਦਿਆਂ ਨੂੰ ਕਹਿ ਦਿੰਦੀ ਮੈਂ ਨਹੀਂ ਜਾਣਾ। ਚੌਦਾਂ ਸਾਲ ਗੁਲਾਮਾਂ ਵਾਂਗ, ਨੌਕਰਾਂ ਵਾਂਗ ਮਰ-ਮਰ ਕੇ ਨਾ ਜਿਊਂਦੀ। ਕੁੜੀਆਂ ਨੂੰ ਆਪਣੇ ਫੈਸਲੇ ਆਪ ਲੈਣਾ ਸਿਖਾਇਆ ਹੀ ਨਹੀਂ ਜਾਂਦਾ। ਇਸ ਕਰਕੇ ਅਸੀਂ ਚੁੱਪ-ਚਾਪ ਸਭ ਕੁਝ ਸਹਿ ਜਾਂਦੀਆਂ, ਬਿਨ੍ਹਾਂ ਸ਼ਿਕਾਇਤ ਕੀਤਿਆਂ।ਜਿਵੇਂ ਹੀ ਅਨਾਊਂਸ ਹੋਇਆ, ਜਹਾਜ ਕਨੇਡਾ ਲੈਂਡ ਕਰਨ ਵਾਲਾ ਏ। ਮੇਰੀ ਅੱਖ ਖੁੱਲ੍ਹੀ ਚਿਤ ਕਾਹਲਾ ਪਿਆ। ਸਵੇਰ ਦਾ ਸਮਾਂ ਸੀ ਕਨੇਡਾ ਦੀ ਧਰਤੀ ‘ਤੇ ਪਹਿਲਾ ਕਦਮ ਪਾਇਆ ਤਾਂ ਕਾਫੀ ਠੰਡ ਸੀ । ਸੂਰਜ ਦੀਆਂ ਤੇਜ਼ ਕਿਰਨਾਂ ਸਰੀਰ ਨੂੰ ਗਰਮਾਹਟ ਦੇਣ ਲੱਗੀਆਂ। ਹਵਾ ਦਾ ਰੁੱਖ ਠੰਡਾ ਸੀ। ਚਾਰੇ ਪਾਸੇ ਚਹਿਲ-ਪਹਿਲ, ਸਾਫ਼ ਸੁਥਰਾ ਮਾਹੌਲ, ਸੋਹਣੇ-ਸੋਹਣੇ ਧੁੱਪਾਂ ਵਰਗੇ ਚਮਕਦੇ ਲੋਕ।ਪੰਜਾਬੀ ਲੋਕ ਵੀ ਦਿਖਾਈ ਦਿੱਤੇ ਪਰ ਜ਼ਿਆਦਾਤਰ ਅੰਗਰੇਜ਼ ਹੀ ਸਨ। ਇਹ ਟੋਰਾਂਟੋ ਦਾ ਏਅਰਪੋਰਟ ਸੀ। ਦੱਸੇ ਮੁਤਾਬਿਕ ਇਥੋਂ ਮੈਂ ਬਰੈਂਮਪਟਨ ਪਹੁੰਚਣਾ ਸੀ। ਮੈਂ ਟੈਕਸੀ ‘ਤੇ ਬੈਠੀ ਤੇ ਪਹੁੰਚ ਗਈ। ਦੱਸੇ ਪਤੇ ਤੇ ਟੈਕਸੀ ਵਾਲੇ ਮੁੰਡੇ ਨੇ ਮੈਨੂੰ ਛੱਡ ਦਿੱਤਾ।ਘਰ ਦੇ ਬਾਹਰ ਪਾਲ ਮੇਰੀ ਉਡੀਕ ਕਰ ਰਿਹਾ ਸੀ। ਮੈਂ ਬਰੈਂਮਪਟਨ ਪਹੁੰਚਣ ਤੋਂ ਪਹਿਲਾਂ ਹੀ ਪਾਲ ਨੂੰ ਫੋਨ ਕਰਕੇ ਦੱਸ ਦਿੱਤਾ ਸੀ।ਪਾਲ ਮੈਨੂੰ ਗਲੇ ਲੱਗ ਕੇ ਮਿਲਿਆ ਪਰ ਇਕ ਸਾਲ ਜੁਦਾ ਰਹਿਣ ਦੀ ਤੜਫ਼ ਗਲਵੱਕੜੀ ਵਿਚ ਦਿਖਾਈ ਨਾ ਦਿੱਤੀ। ਜਿਵੇਂ ਕਿਸੇ ਅਜਨਬੀ ਨੂੰ ਮਿਲ ਰਹੀ ਹੋਵਾਂ। ਘਰ ਅੰਦਰ ਦਾਖਿਲ ਹੋਈ, ਸੱਸ ਨੂੰ ਪੈਰੀ ਹੱਥ ਲਾ ਕੇ ਗਲੇ ਮਿਲੀ। ਇਕ ਦੋ ਹੋਰ ਜਨਾਨੀਆਂ ਬੈਠੀਆਂ ਸਨ, ਮੈਂ ਉਹਨਾਂ ਦੇ ਵੀ ਪੈਰੀ ਹੱਥ ਲਾਏ। “ਬੁੱਢ ਸੁਹਾਗਣ ਹੋਵੇਂ” ਬਜ਼ੁਰਗ ਔਰਤਾਂ ਨੇ ਅਸੀਸਦਿੱਤੀ । ਕਿੰਨੀ ਸੋਹਣੀ ਨੂੰਹ ਤੇਰੀ ਮਾੜੋ ਨਾਲ ਬੈਠੀ ਜਨਾਨੀ ਨੇ ਮੇਰੀ ਤਾਰੀਫ ਕੀਤੀ। ਮੇਰੀ ਸੱਸ ਜਿਹੋ ਜਾ ਨਾਂ ਉਹੋ ਜੀ ਆਪ । ਇਹ ਜਨਾਨੀਆਂ ਮੇਰੀ ਸੱਸ ਦੀਆਂ ਸਹੇਲੀਆਂ ਸੀ ਆਢ-ਗੁਆਢ ਦੀਆਂ।ਸਾਰਿਆਂ ਦੀ ਗੱਲ ਸੁਣ ਕੇ ਮੇਰੀ ਸੱਸ ਬੜਾ ਖੁਸ਼ ਹੋ ਰਹੀ ਸੀ। ਮੇਰਾ ਸਮਾਨ ਇਕ ਕਮਰੇ ਵਿਚ ਰੱਖਿਆ। ਘਰ ਬੜਾ ਸੋਹਣਾ ਸੀ ਜਿਵੇਂ ਕਿਸੇ ਫਿਲਮੀ ਸਿਤਾਰੇ ਦਾ ਘਰ ਹੋਵੇ । ਮੇਰੇ ਸਹੁਰਿਆਂ ਨੂੰ ਏਥੇ ਆਇਆ ਤਕਰੀਬਨ ਦਸ ਸਾਲ ਹੋ ਗਏ ਸੀ। ਮੇਰੇ ਆਉਣ ਦੀ ਖੁਸ਼ੀ ਵਿਚ ਰਾਤ ਦੀ ਪਾਰਟੀ ਰੱਖੀ ਗਈ । ਪਾਲ ਦੇ ਕਾਫ਼ੀ ਦੋਸਤ ਤੇ ਆਂਢ-ਗੁਆਂਢ ਦੀਆਂ ਜਨਾਨੀਆਂ ਤੇ ਕੁਝ ਇਥੇ ਰਹਿੰਦੇ ਰਿਸ਼ਤੇਦਾਰ ਆਏ।ਘਰ ਦੀ ਸਜਾਵਟ ਗੁਬਾਰਿਆਂ ਨਾਲ, ਲਾਇਟਾਂ ਨਾਲ ਕੀਤੀ ਗਈ। ਮੈਂ ਚੰਗਾ ਮਹਿਸੂਸ ਕੀਤਾ। ਮੈਂ ਸੋਚਿਆ ਬਾਹਰ ਆਉਣ ਨਾਲ ਪੌਣ-ਪਾਣੀ ਨਾਲ ਬੰਦੇ ਦੀ ਸੋਚ ਵੀ ਬਦਲ ਜਾਂਦੀ ਐ। ਇਸ ਕਰਕੇ ਮੇਰਾ ਸਹੁਰਾ ਪਰਿਵਾਰ ਵੀ ਬਦਲਿਆ ਬਦਲਿਆ ਲੱਗਿਆ।ਹੌਲੀ-ਹੌਲੀ ਸਾਰਾ ਮਾਹੌਲ ਪਾਰਟੀ ਵਿਚ ਬਦਲ ਗਿਆ। ਮੇਰੀ ਸੱਸ ਦੀਆਂ ਜਾਣਕਾਰ ਬੁੱਢੀਆਂ ਜਨਾਨੀਆਂ ਨੇ ਮੇਰਾ ਮੱਥਾ ਚੁੰਮਿਆ ਤੇ ਢੇਰ ਸਾਰੀਆਂ ਅਸੀਸਾਂ ਦਿੱਤੀਆਂ। ਪਾਲ ਦੇ ਦੋਸਤ ਮੇਰੇ ਹੁਸਨ ਦੀਆਂ ਤਾਰੀਫਾਂ ਕਰਦੇ, ਸ਼ਰਾਰਤ ਕਰ ਪਾਲ ਨੂੰ ਛੇੜਨ ਲੱਗੇ ।ਸਾਰਿਆਂ ਨੇ ਖਾਣਾ ਖਾਧਾ। ਮੱਧਮ ਜਹੀ ਅਵਾਜ਼ ਵਿਚ ਸੰਗੀਤ ਵੱਜ ਰਿਹਾ ਸੀ। ਮੁੰਡੇ ਕੁੜੀਆਂ ਸ਼ਰਾਬ ਦੇ ਨਸ਼ੇ ਵਿਚ ਝੂਲਣ ਲੱਗੇ । ਮੈਂ ਹੈਰਾਨ ਹੋਈ ਕਿ ਕੁਝ ਜਨਾਨੀਆਂ ਨੇ ਵੀ ਸ਼ਰਾਬ ਪੀ ਰੱਖੀ ਸੀ । ਪਾਲ ਦੇ ਦੋਸਤਾਂ ਨੇ ਮੈਨੂੰ ਨੱਚਣ ਲਈ ਕਿਹਾ, ਮੈਂ ਨਾਂਹ ਨੁੱਕਰ ਕੀਤੀ, ਪਰ ਸਾਰਿਆਂ ਨੇ ਧੱਕੇ ਨਾਲ ਬਾਹਾਂ ਤੋਂ ਫੜ ਖੜੀ ਕਰਲੀ ਤੇ ਨਚਾਉਣ ਲੱਗੇ। ਕਾਫ਼ੀ ਸਮਾਂ ਸਾਰੇ ਨੱਚਦੇ ਰਹੇ। ਹੌਲੀ-ਹੌਲੀ ਮਹਿਫ਼ਲ ਦਾ ਨਸ਼ਾ ਘੱਟਣ ਲੱਗਾ। ਇਕ ਇਕ ਕਰਕੇ ਸਾਰੇ ਜਾਣ ਲੱਗੇ। ਸ਼ੁਕਰ ਹੋਵੇ ਜੇ ਸਾਰੀ ਉਮਰ ਇੱਦਾਂ ਲੰਘੇ।ਸ਼ਾਮ ਦਾ ਵਕਤ ਸੀ ਸਾਰੇ ਬੈਠੈ ਸਨ । ਮੈ, ਪਾਲ, ਕਸ਼ਮੀਰ ਤੇ ਮੇਰੀ ਕਿਹਾ।“ਦੇਖ ਜੱਸੋ ਮੈਂ ਤੈਨੂੰ ਸਾਰਾ ਕੁਝ ਸਮਝਾ ਦੇਵਾਂ।” ਮੇਰੀ ਸੱਸ ਨੇ ਮੈਨੂੰਮੈਂ ਜ਼ਰਾ ਸਹਿਮ ਗਈ।“ਘਰ ਦਾ ਸਾਰਾ ਕੰਮ ਤੂੰ ਕਰਨਾ। ਸਵੇਰੇ ਉੱਠ ਕੇ ਸਾਰਿਆਂ ਦਾ ਬਰੇਕਫਾਸਟ, ਸਾਫ਼ਸਫ਼ਾਈ ਦਾ ਕੰਮ, ਕੱਪੜੇ ਧੋਣ ਦਾ ਸਾਰਾ ਕੰਮ ਵੀ ਤੂੰਕਰਨਾ।” ਮੇਰੀ ਸੱਸ ਨੇ ਇਕੋ ਸਾਹ ਸਾਰੇ ਕੰਮ ਗਿਣਵਾ ਦਿੱਤੇ। ਮੈਂ ਚੁੱਪ ਚਾਪ ਸਿਰ ਹਿਲਾ ਕੇ ਹਾਮੀ ਭਰੀ ਸੀ।“ਮੈਂ ਬਿੰਦੂ ਨੂੰ ਕਹਿ ਦਿੱਤਾ ਉਹ ਤੇਰੇ ਲਈ ਕੰਮ ਲੱਭ ਲਵੇਗਾ। ਇਕ ਵਾਰੀ ਦੱਸ ਰਹੀ ਆੱ, ਦੁਬਾਰਾ-ਦੁਬਾਰਾ ਨੀ ਮੇਰੇ ਕੋਲੋਂ ਸਮਝਾਇਆ ਜਾਣਾ। ਇਹਦੇ ਵਿਚ ਤੇਰਾ ਵੀ ਭਲਾ ਔਰ ਮੇਰਾ ਵੀ।” ਮੇਰੀ ਸੱਸ ਨੇ ਆਪਣਾ ਹੁਕਮ ਸੁਣਾ ਦਿੱਤਾ ਤੇ ਉੱਠ ਕੇ ਚਲੀ ਗਈ। ਮੈਂ ਵੀ ਹਾਂਜੀ ਕਹਿ ਕੇ ਸਭ ਕੁਝ ਕਬੂਲ ਕੀਤਾ।ਹੋਰ ਕਰ ਵੀ ਕੀ ਸਕਦੀ ਸੀ । ਕਬੂਲ ਤਾਂ ਕਰਨਾ ਹੀ ਪੈਣਾ ਸੀ। ਮੈਂ ਸਵੇਰੇ ਪੰਜ ਵਜੇ ਉੱਠਦੀ ਸਾਰਿਆਂ ਲਈ ਬਰੇਕਫਾਸਟ ਤਿਆਰ ਕਰਦੀ, ਸਭ ਦੀਆਂ ਅਲੱਗ-ਅਲੱਗ ਮੰਗਾਂ ਹੁੰਦੀਆਂ । ਮੇਰੀ ਸੱਸ ਦੀ ਆਦਤ ਸੀ, ਮੈਂ ਚਾਹ ਉਹਨੂੰ ਆਖ ਕੇ ਧਰ ਆਉਂਦੀ, ਅਗਰ ਚਾਹ ਠੰਡੀ ਹੋ ਜਾਂਦੀ ਤਾਂ ਉਹ ਮੇਰਾ ਕਸੂਰ ਹੀ ਕੱਢਦੀ। ਮੈਨੂੰ ਗਾਲ੍ਹਾਂ ਦੇਣ ਲੱਗਦੀ। ਦੱਸੋ ਭਲਾ ਇਹਦੇ ਵਿਚ ਮੇਰਾ ਕੀ ਕਸੂਰ। ਸਾਰਿਆਂ ਦਾ ਬਰੇਕਫਾਸਟ ਤਿਆਰ ਕਰਕੇ, ਖਵਾ ਕੇ ਫਿਰ ਆਪ ਕਰਦੀ।ਘਰ ਵਿਚ ਮੇਰੀ ਸਿਰਫ਼ ਇੰਨੀ ਕੁ ਔਕਾਤ ਸੀ। ਮੇਰੀ ਸੱਸ ਜਦੋਂ ਆਵਾਜ਼ ਮਾਰਦੀ, ਮੈਨੂੰ ਬਾਥਰੂਮ ‘ਚੋ ਉਸੇ ਵਕਤ ਬਾਹਰ ਆਉਣਾ ਪੈਂਦਾ ਸੀ, ਮੈਂ ਨਹਾ ਰਹੀ ਹੁੰਦੀ ਜਾਂ ਨਹਾਉਣ ਲੱਗਦੀ।ਮੇਰੀ ਸੱਸ ਮਾੜੋ ਕੌਰ ਸੱਚੀ ਦਿਲ ਦੀ ਮਾੜੀ ਜਨਾਨੀ ਸੀ, ਜਾਣ ਬੁੱਝ ਕੇ ਮੈਨੂੰ ਤੰਗ ਕਰਦੀ । ਡੀਲ ਡੌਲ ਦੀ ਤਕੜੀ, ਉੱਚਾ ਲੰਮਾ ਕੱਦ, ਭਾਰੇ ਸਰੀਰ ਦੀ ਅੱਖਾਂ ‘ਚ ਰੋਹਬ। ਉਹਨੂੰ ਦੇਖ ਕੇ ਹੀ ਮੈਂ ਡਰ ਜਾਂਦੀ।ਇਕ ਵਾਰ ਦੀ ਗੱਲ ਸੁਣਾਵਾਂ, ਮੈਂ ਨਹਾਉਣ ਲਈ ਬਾਥਰੂਮ ਵਿਚ ਵੜੀ। ਮੈ ਅਜੇ ਕੱਪੜੇ ਹੀ ਉਤਾਰੇ ਸਨ, ਮੇਰੀ ਸੱਸ ਨੇ ਆਵਾਜ਼ ਮਾਰੀ, ਮੈਂ ਸੋਚਿਆ ਚਲੋ ਨਹਾ ਲਵਾਂ। ਬਾਹਰ ਆਈ ਤਾਂ ਮੈਨੂੰ ਪਤਾ ਮੇਰੇ ਨਾਲ ਕੀ ਬੀਤੀ।“ਤੂੰ ਵੱਡੀ ਮਾਲਕਣ ਆ ਗਈ ਪਹਿਲਾਂ ਨਹਾਉਣ ਵਾਲੀ, ਤੂੰ ਹੁੰਨੀ ਕੌਣ ਏ ਮੈਨੂੰ ਵੇਟ ਕਰਵਾਉਣ ਵਾਲੀ । ਤੈਨੂੰ ਘਰਦਿਆ ਨੇ ਭੋਰਾ ਅਕਲ ਨੀ ਦਿੱਤੀ, ਕਿੱਥੋਂ ਬੇਅਕਲ ਪੱਲੇ ਪਈ ਆ ਸਾਡੇ। ਨੰਗਾਂ ਨੇ ਜੀਣਾ ਹਰਾਮ ਕਰਤਾ ਸਾਡਾ, ਨਾ ਕੁਝ ਦੇਣ ਨੂੰ ਨਾ ਲੈਣ ਨੂੰ।” ਛੋਟੀ ਜਿਹੀ ਗੱਲ ਤੇ ਇੰਨ੍ਹਾਂ ਡਰਾਮਾ ਮੈਂ ਦੰਗ ਰਹਿ ਗਈ। ਇੰਨੀ ਕੁ ਔਕਾਤ ਸੀ ਮੇਰੀ।ਸ਼ਾਮ ਨੂੰ ਪਾਲ ਆਇਆ ਮੇਰੀ ਸੱਸ ਨੇ ਉਹਦੇ ਕੰਨ ਭਰਤੇ। ਕਿੰਨੀਆਂ ਵਧਾ-ਚੜਾਅ ਕੇ ਗੱਲਾਂ ਆਖੀਆਂ। ਪਾਲ ਨੂੰ ਤਾਂ ਬਹਾਨਾ ਹੀ ਮਿਲਣਾ ਚਾਹੀਦਾ ਸੀ ਬਸ।“ਕੀ ਗੱਲ ਜੱਸੋ, ਮਾਂ ਦਾ ਕਹਿਣਾ ਕਿਉ ਨਹੀਂ ਮੰਨਦੀ।” ਪਾਲ ਨੇ ਮੇਰੇ ਵੱਲ ਵੱਧਦਿਆ ਕਿਹਾ। “ਮੈਂ ਚੁੱਪ ਰਹੀ ਸਮਝ ਹੀ ਨਾ ਆਈ ਕੀ ਆਖਾਂ”“ਕੀ ਗੱਲ ਸੁਣਾਈ ਨੀ ਦਿੰਦਾ।” ਪਾਲ ਗੁੱਸੇ ਨਾਲ ਭੜਕ ਉੱਠਿਆ। ਮੈਂ ਬੋਲਣ ਹੀ ਲੱਗਦੀ ਸੀ, ਮੇਰੀ ਜ਼ੁਬਾਨ ਚੱਲਣ ਤੋਂ ਪਹਿਲਾਂ ਹੀ ਪਾਲ ਦਾ ਹੱਥ ਚੱਲ ਗਿਆ। ਆਹ ਵੱਜਿਆ ਥੱਪੜ ਮੇਰੇ ਮੂੰਹ ‘ਤੇ। ਅਗਰ ਮੈਂ ਸੋਫ਼ੇ ਕੋਲ ਨਾ ਖੜੀ ਹੁੰਦੀ ਤਾਂ ਡਿੱਗ ਪੈਂਦੀ, ਮੇਰਾ ਸੱਜਾ ਹੱਥ ਸੋਫ਼ੇ ਨੂੰ ਪੈ ਗਿਆ, ਡਿੱਗਦੀ-ਡਿੱਗਦੀ ਬਚ ਗਈ। ਅੱਖਾਂ ਮੂਹਰੇ ਹਨੇਰਾ ਆ ਗਿਆ। ਕੰਨ ਟੀਂ-ਟੀਂ ਕਰਨ ਲੱਗ ਗਿਆ। ਪਾਲ ਨੇ ਇੰਨੈ ਜੋਰ ਨਾਲ ਚਪੇੜ ਮਾਰੀ ਕਿ ਤਿੰਨ-ਚਾਰ ਦਿਨ ਮੇਰੀ ਗੱਲ੍ਹ ਤੋਂ ਉਂਗਲਾਂ ਦਾ ਨਿਸ਼ਾਨ ਨੀ ਗਿਆ।ਮੈਂ ਆਪਣੇ ਕਮਰੇ ਵਿਚ ਆਈ ਹੁਬਕੀਆਂ ਲੈ-ਲੈ ਕੇ ਰੋਂਦੀ ਰਹੀ। ਆਪਣੇ ਮਾਪਿਆ ਨੂੰ ਕੋਸਦੀ ਰਹੀ, ਉਹਨਾਂ ਨੂੰ ਗਾਲ੍ਹਾਂ ਕੱਢਦੀ ਰਹੀ ਜਿੰਨ੍ਹਾਂ ਨੇ ਮੈਨੂੰ ਨਰਕ ‘ਚ ਮਰਨ ਲਈ ਸੁੱਟ ਦਿੱਤਾ । ਮੇਰਾ ਇਕ-ਇਕ ਦਿਨ ਕੈਦੀਆਂ ਵਾਂਗ ਲੰਘਦਾ ਘੁੱਟਣ ਮਹਿਸੂਸ ਹੁੰਦੀ।ਮੇਰੇ ਦਿਲ ‘ਚੋਂ ਪਾਲ ਲਈ ਪਿਆਰ ਖੰਭ ਲਾ ਕੇ ਉੱਡ ਗਿਆ। ਔਰਤ ਮਰਦ ਤੋਂ ਰਤਾ ਜਿੰਨ੍ਹੀ ਇੱਜ਼ਤ ਤੇ ਰਤਾ ਜਿੰਨ੍ਹੀ ਮੁਹੱਬਤ ਭਾਲਦੀ ਏ, ਪਰ ਉਹ ਵੀ ਕਿਸੇ ਕਿਸੇ ਨੂੰ ਨਸੀਬ ਹੁੰਦੀ ਏ, ਮੈਨੂੰ ਅਭਾਗਣ ਨੂੰ ਤਾਂ ਨਹੀਂ ਹੋਈ।ਪਾਲ ਮੇਰੇ ਵਿਚ ਭੋਰਾ ਜਿੰਨ੍ਹੀ ਵੀ ਦਿਲਚਸਪੀ ਨਾ ਲੈਂਦਾ। ਪਿਆਰ, ਮੁਹੱਬਤ ਦੀਆਂ ਗੱਲਾਂ ਮੈਨੂੰ ਬਨਾਵਟੀ ਲੱਗਣ ਲੱਗ ਗਈਆਂ। ਇਹ ਤਾਂ ਸਿਰਫ਼ ਕਿਤਾਬਾਂ, ਫਿਲਮਾਂ ਵਿਚ ਹੀ ਰਹਿ ਗਈਆਂ ਸੀ। ਅਸਲ ਜ਼ਿੰਦਗੀ ਵਿਚ ਤਾਂ ਇਹਦਾ ਵਜੂਦ ਖਤਮ ਸੀ। ਮੁਹੱਬਤ ਨੇ ਕਦੇ ਮੇਰੇ ਘਰ ਦਾ ਬੂਹਾ ਨਾ ਖੜਕਾਇਆ। ਮੇਰੇ ਬੂਹੇ ਤਾਂ ਸਿਰਫ਼ ਨਫਰਤ ਹੀ ਖੜੀ ਰਹੀ। ਇਹਦਾ ਵੀ ਸ਼ਾਇਦ ਮੇਰੇ ਬਿਨ੍ਹਾਂ ਕੋਈ ਨਹੀਂ ਸੀ।ਮੇਰੀਆਂ ਮੰਗੀਆਂ ਮੁਰਾਦਾਂ ਦਾ ਮੁੱਲ ਨਾ ਪਿਆ। ਇਹੀ ਸੋਚਦੀ ਰਹੀ ਅੱਜ ਨਹੀਂ ਤਾਂ ਕੋਈ ਗੱਲ ਨਹੀਂ ਸ਼ਾਇਦ ਕੱਲ੍ਹ ਖੁਸ਼ੀਆਂ ਭਰਾ ਦਿਨ ਚੜ੍ਹ। ਇਹ ਦੂਜੇ ਪੜਾਅ ਦੀ ਸ਼ੁਰੂਆਤ ਸੀ।ਪਾਲ ਘਰ ਆ ਕੇ ਜ਼ਿਆਦਾ ਸਮਾਂ ਫੋਨ ‘ਤੇ ਹੀ ਗੱਲਾਂ ਕਰਦਾ ਰਹਿੰਦਾ। ਕਿਸ ਨਾਲ ਕਰਦਾ ਇਹ ਪਤਾ ਨਹੀਂ ਸੀ। ਪਾਲ ਇੰਨੀ ਤੇਜ਼ ਅੰਗਰੇਜ਼ੀ ‘ਚ ਗੱਲਾਂ ਕਰਦਾ, ਜਿਹੜੀਆਂ ਮੇਰੀ ਸਮਝ ਨਾ ਪੈਂਦੀਆਂ। ਪਾਲ ਨੂੰ ਮੇਰੇ ਨਾਲ ਪਿਆਰ ਆਉਂਦਾ ਤਾਂ ਰਾਤ ਦੇ ਹਨੇਰੇ ਵਿਚ ਆਉਂਦਾ, ਜਿਹੜਾ ਰਾਤ ਮੁੱਕਣ ’ਤੇ ਮੁੱਕ ਜਾਂਦਾ। ਸੂਰਜ ਚੜ੍ਹਦਿਆ ਹੀ ਰਾਤ ਵਾਲਾ ਪਾਲ ਕਿੱਧਰੇ ਗੁਆਚ ਜਾਂਦਾ। ਇਹ ਤਾਂ ਕੋਈ ਹੋਰ ਹੀ ਪਾਲ ਹੁੰਦਾ। ਹਰ ਵਕਤ ਚਿਹਰੇ ਤੇ ਗੁੱਸਾ, ਮੇਰੇ ਲਈ ਨਫ਼ਰਤ।ਇਕ ਮਹੀਨੇ ਬਾਅਦ ਪਾਲ ਨੇ ਮੇਰੇ ਲਈ ਕੰਮ ਲੱਭਿਆ। ਇਕ ਰੈਸਟੋਰੈਂਟ ਵਿਚ ਕੰਮ ਮਿਲਿਆ, ਮੇਰੀ ਸ਼ਿਫਟ ਅੱਠ ਤੋਂ ਦੋ ਹੁੰਦੀ। ਪਹਿਲੇ ਦਿਨ ਮੈਂ ਜਲਦੀ-ਜਲਦੀ ਘਰ ਦਾ ਸਾਰਾ ਕੰਮ ਨਿਪਟਾ ਕੇ ਰੈਸਟੋਰੈਂਟ ਪਹੁੰਚੀ। ਰੈਸਟੋਰੈਂਟ ਦਾ ਮਾਲਕ ਗੋਰਾ ਸੀ, ਜਿਹੜਾ ਅੰਗਰੇਜ਼ੀ ਤੋਂ ਬਿਨ੍ਹਾਂ ਹੋਰ ਕੁਝ ਬੋਲਦਾ ਹੀ ਨਹੀਂ ਸੀ। ਮੇਰੇ ਕਰਮ ਜਾਗੇ ਮੁੱਦਤਾਂ ਬਾਅਦ, ਇਕ ਪੰਜਾਬੀ ਕੁੜੀ ਮਿਲੀ । ਇਹ ਪੰਜਾਬਣ ਸੰਗਰੂਰ ਜਿਲ੍ਹੇ ਤੋਂ ਸੀ, ਇਕ ਸਾਲ ਤੋਂ ਇੱਥੇ ਕੰਮ ਕਰਦੀ ਸੀ।ਇੰਦਰ ਪੜਨ ਲਈ ਕਨੇਡਾ ਆਈ, ਗੁਜ਼ਾਰੇ ਲਈ ਇੱਥੇ ਕੰਮ ਕਰਦੀ। ਇੰਦਰ ਸਾਂਵਲੇ ਰੰਗ ਦੀ, ਸੋਹਣੇ ਨੈਣ-ਨਕਸ਼ ਵਾਲੀ ਅੱਲੜ ਮੁਟਿਆਰ ਸੀ। ਇੰਦਰ ਦੀ ਪਿਆਰੀ ਮੁਸਕਾਨ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੀ।ਇੰਦਰ ਨੇ ਮਾਲਕ ਨਾਲ ਮੇਰੀ ਜਾਣ-ਪਛਾਣ ਕਰਵਾਈ । ਮੈਨੂੰ ਇਕ ਘੰਟੇ ਦੇ 6 ਡਾਲਰ ਮਿਲਣੇ ਤਹਿ ਹੋਏ । ਵੈਸੇ ਇਹਨਾਂ ਪੈਸਿਆ ਨਾਲ ਮੇਰਾ ਕੋਈ ਮਤਲਬ ਨਹੀਂ ਸੀ। ਇੰਦਰ ਕਸਟਮਰਾਂ ਤੋਂ ਆਰਡਰ ਲੈਣ ਵਿਚ ਮੇਰੀ ਮਦਦ ਕਰਦੀ ਤੇ ਮੈਂ ਖਾਣਾ ਲਗਾ ਦਿੰਦੀ। ਬਾਹਰ ਆ ਕੇ ਇੱਦਾ ਕੰਮ ਕਰਨ ਵਿਚ ਹਿਚਕਚਾਹਟ ਮਹਿਸੂਸ ਹੁੰਦੀ ਪਰ ਇਹ ਸ਼ੁਰੂਆਤੀ ਦਿਨਾਂ ਵਿਚ ਹੀ ਰਹੀ। ਸਮਾਂ ਬਹੁਤ ਤਾਕਤਵਰ ਏ, ਸਭ ਕੁਝ ਸਿਖਾ ਦਿੰਦਾ ਏ। ਨਵੇਂ ਮੁਲਕ ਅਤੇ ਨਵੇਂ ਲੋਕਾਂ ਵਿਚ ਆਪਣੇ-ਆਪ ਨੂੰ ਢਾਲਦੀ ਗਈ। ਮੈਂ ਅੰਗਰੇਜ਼ੀ ਸਮਝਣ ਲੱਗੀ। ਮੈਂ ਇੰਦਰ ਦਾ ਧੰਨਵਾਦ ਕਰਦੀ ਜਿਸ ਕਰਕੇ ਮੈਂ ਇੱਥੇ ਟਿਕੀ। ਇੰਦਰ ਮੇਰੇ ਹਾਣ ਦੀ ਕੁੜੀ ਸੀ। ਘਰਦਿਆਂ ਨੇ ਇੰਦਰ ਨੂੰ ਪੜ੍ਹਨ ਲਈ ਭੇਜਿਆ ਸੀ। ਥੋੜੇ ਦਿਨਾਂ ਵਿਚ ਹੀ ਇੰਦਰ ਮੇਰੀ ਚੰਗੀ ਦੋਸਤ ਬਣ ਗਈ।ਲੰਚ ਬਰੇਕ ਵੇਲੇ ਅਸੀਂ ਇਕ ਦੂਜੇ-ਨਾਲ ਗੱਲਾਂ ਕਰਦੀਆਂ। ਇੰਦਰ ਵੀ ਬਰੈਮਪਟਨ ਵਿਚ ਕਿਰਾਏ ਦੇ ਕਮਰੇ ਵਿਚ ਦੋ ਹੋਰ ਪੰਜਾਬੀ ਕੁੜੀਆਂ ਨਾਲ ਰਹਿੰਦੀ।“ਇੰਦਰ ਬਾਹਰ ਆਕੇ ਤੂੰ ਖੁਸ਼ ਏ ।” ਖਾਣਾ ਖਾਦਿਆਂ ਇੱਕ ਦਿਨ ਮੈਂ ਇੰਦਰ ਨੂੰ ਪੁੱਛਿਆ।. ਇੱਥੇ ਖੁਸ਼ ਕੌਣ ਰਹਿ ਸਕਦਾ।” ਜਵਾਬ ਦਿੰਦਿਆਂ ਇੰਦਰ ਦੀਆਂ ਅੱਖਾਂ ਭਰ ਆਈਆਂ।“ਤੂੰ ਤਾਂ ਅੜੀਏ ਇੱਥੇ ਪੜਨ ਆਈ ਏ ਫੇਰ ਤੈਨੂੰ ਕੀ ਪ੍ਰੋਬਲਮ ਏ ।”ਮੈਂ ਨਾ ਚਾਹੁੰਦੇ ਹੋਏ ਵੀ ਗੱਲ ਅੱਗੇ ਵਧਾਈ।“ਪੜਨ ਤਾਂ ਆਈ ਆਂ, ਪਰ ਤੂੰ ਨਹੀਂ ਜਾਣਦੀ, ਇੱਥੇ ਕੀ-ਕੀ ਕਰਨਾ ਪੈਂਦਾ ਪੜ੍ਹਨ ਲਈ।“ਕੀ-ਕੀ ਮਤਲਬ।”ਆਹ ਜੇਹੜਾ ਮਾਲਕ ਏ ਮੇਰੇ ਬਾਪ ਦੀ ਉਮਰ ਦਾ ਏ …… ਹਫ਼ਤੇ ਵਿਚ ਉਹਦੀ ਮਰਜ਼ੀ ਮੁਤਾਬਿਕ ਇਕ ਜਾਂ ਦੋ ਵਾਰ ਇਹਦੇ ਨਾਲ ਮੂੰਹ ਕਾਲਾ ਕਰਨਾ ਪੈਂਦਾ।” ਇੰਨਾ ਕਹਿੰਦੀ ਇੰਦਰ ਅੱਖਾਂ ਭਰ ਆਈ। ਮੈਂ ਇੰਦਰ ਦੇ ਮੋਢੇ ‘ਤੇ ਹੱਥ ਰੱਖ ਕੇ ਦਿਲਾਸਾ ਦਿੱਤਾ।“ਸਟੂਡੈਂਟ ਨੂੰ ਇੱਥੇ ਹਫ਼ਤੇ ਵਿਚ ਵੀਹ ਘੰਟੇ ਕੰਮ ਕਰਨਾ ਅਲਾਊਡ ਐ ਇਸ ਤੋਂ ਜ਼ਿਆਦਾ ਘੰਟੇ ਕੰਮ ਕਰਾਂਗੇ ਤਾਂ ਅਸੀ ਪਕੜੇ ਜਾ ਸਕਦੇ ਹਾਂ। ਵੀਹ ਘੰਟਿਆਂ ਦੇ ਕੰਮ ਨਾਲ ਗੁਜ਼ਾਰਾ ਮੁਸ਼ਕਿਲ ਹੁੰਦਾ । ਬੇਸਮੈਂਟ ਦਾ ਖਰਚਾ, ਕੱਪੜਿਆ ਦਾ ਖਰਚਾ ਤੇ ਹੋਰ ਵੀ ਬਥੇਰੇ ਖਰਚੇ ਹੁੰਦੇ ਨੇ । ਜਿਹੜੇ ਪੂਰੇ ਨੀ ਆਉਂਦੇ। ਇਸ ਕਰਕੇ ਮੈਂ ਜ਼ਿਆਦਾ ਘੰਟੇ ਕੰਮ ਕਰਦੀ ਆਂ ਜਿਹੜਾ ਮਾਲਕ ਦੀ ਮਿਹਰਬਾਨੀ ਕਰਕੇ ਹੁੰਦਾ, ਹੁਣ ਮਾਲਕ ਜੋ ਮਰਜ਼ੀ ਕਰੇ, ਪੈਸੇ ਵੀ ਘੱਟ ਦਿੰਦਾ… ਉੱਤੋਂ… ਇਹ ਸਭ।”ਇਹ ਆਮ ਗੱਲ ਐ ਜੱਸੋ, ਇੱਥੇ ਬਹੁਤੀਆਂ ਕੁੜੀਆਂ ਨਾਲ ਇੱਦਾਂ ਹੀ ਹੁੰਦਾ। “ਉੱਚਾ ਚੜ੍ਹ ਕੇ ਦੇਖਿਆ ਘਰ-ਘਰ ਇਹੋ ਅੱਗ।” ਫਰੀਦ ਜੀ ਦਾ ਵਾਕ ਆਪ ਮੁਹਾਰੇ ਮੇਰੇ ਜ਼ਿਹਨ ਵਿਚ ਗੂੰਜਣ ਲੱਗਿਆ।ਇੱਥੇ ਇੰਦਰ ਤੇ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਕੁੜੀਆਂ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਘਰਦਿਆਂ ਨੂੰ ਕੋਈ ਖ਼ਬਰ ਨਹੀਂ ਅਸੀ ਕਿਸ ਹਾਲ ਵਿਚ ਰਹਿ ਰਹੀਆਂ ਹਾਂ। ਅਸੀ ਪੰਜਾਬ ਵਾਲੇ ਆਪਣੀਆਂ ਬੇਟੀਆਂ ਨੂੰ ਬਾਜ਼ਾਰ ਤੱਕ ਇਕੱਲਿਆਂ ਨਹੀਂ ਭੇਜਦੇ ਪਰ ਵਿਦੇਸ਼ ਇਕੱਲਿਆ ਕਿਵੇਂ ਭੇਜ ਦਿੰਦੇ ਹਾਂ। ਇਹ ਸਮਝ ਤੋਂ ਬਾਹਰ ਐ।ਸ਼ਾਇਦ ਅਸੀਂ ਖਹਿੜਾ ਛਡਾਉਣਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਵਿਚ ਰਹਿਕੇ ਪੱਕੀ ਉਮੀਦ ਨਹੀਂ ਲਾਈ ਜਾ ਸਕਦੀ ਕਿ ਮੁੰਡੇ ਕੁੜੀ ਨੂੰ ਨੌਕਰੀ ਮਿਲਜੂ ਜਾ ਨਹੀਂ । ਇਹ ਗੱਲ ਤਾਂ ਪੱਕੀ ਏ, ਵਿਦੇਸ਼ ਜਾ ਕੇ ਕੰਮ ਤਾਂ ਪੱਕਾਂ ਮਿਲਦਾ ਤੇ ਪੈਸੇ ਵੀ ਦੁੱਗਣੇ ਮਿਲਦੇ । ਕੱਲਾ ਪੈਸਾ ਵੀ ਜ਼ਰੂਰੀ ਨਹੀਂ। ਪੈਸਾ ਤੇ ਇੱਜ਼ਤ ਵੀ ਜ਼ਰੂਰੀ ਏ । ਰੱਬ ਖੈਰ ਕਰੇ ਇੰਦਰ ਵਰਗੀਆਂ ਤਮਾਮ ਕੁੜੀਆਂ ਸਹੀ ਸਲਾਮਤ ਰਹਿਣ ਜਿੰਨ੍ਹਾਂ ਨੂੰ ਹਾਲਾਤ ਕੱਠਪੁਤਲੀ ਬਣਾ ਨਚਾ ਰਹੇ ਹਨ।ਇੰਦਰ ਹਾਲਾਤਾਂ ਨਾਲ ਸਮਝੌਤਾ ਕਰ ਚੁੱਕੀ ਸੀ । ਉਹਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਸੀ । ਇੰਦਰ ਦੇ ਘਰਦਿਆਂ ਨੂੰ ਬੜਾ ਮਾਣ ਸੀ, ਮਾਣ ਹੋਵੇ ਵੀ ਕਿਉਂ ਨਾ ਕੁੜੀ ਵਿਦੇਸ਼ ਜਿਉਂ ਪੜ੍ਹਦੀ ਸੀ। ਕੱਲੇ ਘਰ ਵਾਲਿਆਂ ਨੂੰ ਕੀ ਸਾਰੇ ਪਿੰਡ ਨੂੰ ਮਾਣ ਸੀ । ਸਾਰੇ ਦੇਸ਼ ਨੂੰ ਮਾਣ ਏ ਵਿਦੇਸ਼ ਪੜਦੇ ਮੁੰਡੇ ਕੁੜੀਆਂ ਤੇ, ਜਿਹੜੇ ਪੰਜਾਬ ਭਾਰਤ ਦੇ ਜੰਮਪਲ ਹੋ ਕੇ ਵਿਦੇਸ਼ ‘ਤੇ ਵੱਡੇ-ਵੱਡੇ ਅਹੁਦਿਆ ‘ਤੇ ਕਾਬਜ਼ ਹਨ। ਸਾਡਾ ਮੁਲਕ ਮਾਣ ਕਰ ਸਕਦਾ ਪਰ ਆਪਣੇ ਮੁਲਕ ਵਿਚ ਉਹਨਾਂ ਕਾਬਿਲ ਮੁੰਡੇ ਕੁੜੀਆਂ ਦੀ ਕਦਰ ਨਹੀਂ ਪਾ ਸਕਦਾ। ਸਾਡੇ ਰਾਜਨੀਤਿਕ ਮਗਰਮੱਛਾਂ ਨੂੰ ਅਕਲ ਆ ਜਾਵੇ ਤਾਂ ਵਿਦੇਸ਼ਾਂ ਵਿਚ ਰੁਲ ਰਹੇ ਲੱਖਾਂ ਮੁੰਡੇ ਕੁੜੀਆਂ ਨੂੰ ਆਪਣੇ ਦੇਸ਼ ਵਿਚ ਇਜ਼ਤ ਦੀ ਰੋਟੀ ਮਿਲ ਸਕੇ। ਕੱਲ੍ਹੀ ਮੇਰੀ ਤੇ ਇੰਦਰ ਦੀ ਕਹਾਣੀ ਨਹੀਂ ਇੱਥੇ ਹਰ ਉਸ ਇਨਸਾਨ ਦੀ ਕਹਾਣੀ ਏ ਜਿਹੜਾ ਆਪਣੇ ਮੁਲਕ ਨੂੰ ਆਪਣੇ ਪੰਜਾਬ ਨੂੰ ਪਿਆਰ ਕਰਦਾ ਜੀਹਨੂੰ ਏਸ ਸੋਨੇ ਰੰਗੀ ਮਿੱਟੀ ਦਾ ਮੋਹ ਏ । ਅਸੀਂ ਪੈਸਾ ਤਾਂ ਕਮਾ ਰਹੇ ਹਾਂ ਪਰ ਖੁਸ਼ ਨਹੀ ਹਾਂ। ਸਾਡੇ ਕੋਲ ਸਮਾਂ ਹੀ ਨਹੀਂ। ਨਾ ਆਪਣੇ ਲਈ, ਨਾ ਆਪਣੇ ਬੱਚਿਆਂ ਲਈ। ਨਾ ਹੀ ਮਾਂ ਬਾਪ ਲਈ। ਅਸੀਂ ਤਾਂ ਸਿਰਫ ਮਸ਼ੀਨਾਂ ਬਣ ਕੇ ਰਹਿ ਗਏ ਆਂ ਤੇ ਮਸ਼ੀਨਾਂ ਸਿਰਫ਼ ਕੰਮ ਕਰ ਸਕਦੀਆਂ।ਮੈਨੂੰ ਕਨੇਡਾ ਆਈ ਨੂੰ ਤਿੰਨ ਮਹੀਨੇ ਹੋ ਗਏ । ਮੈਂ ਘਰ ਦਾ ਕੰਮ ਕਰਦੀ ਤੇ ਆਪਣੇ ਕੰਮ ਤੇ ਜਾਂਦੀ। ਇਹੀ ਮੇਰਾ ਰੂਟੀਨ ਸੀ । ਕੰਮ ਦੇ ਬਦਲੇ ਜਿਹੜੇ ਡਾਲਰ ਮੈਂ ਕਮਾਉਂਦੀ, ਉਹ ਚੈਕ ਮੈਂ ਆਪਣੀ ਸੱਸ ਦੇ ਹੱਥ ‘ਤੇ ਰੱਖ ਦਿੰਦੀ। ਇਥੇ ਹਰ ਹਫ਼ਤੇ ਕੰਮ ਦੇ ਪੈਸੇ ਮਿਲਦੇ, ਯਾਨੀ ਚੈੱਕ ਮਿਲਦਾ ਸੀ। ਮੇਰਾ ਖਾਤਾ ਪਾਲ ਤੇ ਮੇਰੀ ਸੱਸ ਨਾਲ ਸਾਂਝਾ ਸੀ। ਮੇਰੀ ਕਮਾਈ ਦਾ ਸਾਰਾ ਪੈਸਾ ਇਹ ਆਪ ਹੀ ਵਰਤਦੇ। ਮੈਂ ਕਦੇ ਇੱਕ ਡਾਲਰ ਖਰਚ ਕੇ ਨਹੀਂ ਦੇਖਿਆ।ਅਸੀਂ ਕੁੜੀਆਂ ਬਹੁਤ ਭੋਲੀਆਂ ਹੁੰਦੀਆਂ ਹਾਂ, ਕੋਈ ਸਾਡੇ ਨਾਲ ਕਿੰਨਾ ਵੀ ਮਾੜਾ ਕਰੇ, ਅਸੀਂ ਥੋੜੇ ਸਮੇਂ ਬਾਅਦ ਈ ਮਿੱਟੀ ’ਤੇ ਲਕੀਰ ਵਾਂਗੂੰ ਸਾਫ਼ ਕਰ ਦਿੰਦੀਆਂ ਹਾਂ । ਕਦੇ ਕਦੇ ਮੈਨੂੰ ਮੇਰੇ ਘਰਦਿਆਂ ਦੀ ਬਹੁਤ ਯਾਦ ਆਉਂਦੀ, ਉਨ੍ਹਾਂ ਨੇ ਮੇਰੇ ਨਾਲ ਜੋ ਮਰਜ਼ੀ ਕੀਤਾ ਪਰ ਮੈਂ ਸਭ ਭੁਲਾ ਦਿੱਤਾ ਸੀ । ਮੈਂ ਪਾਲ ਨੂੰ ਘਰੇ ਗੱਲ ਕਰਾਉਣ ਲਈ ਤਰਲਾ ਕਰਦੀ। ਜਿੰਨਾ ਸਮਾਂ ਮੈਂ ਘਰੇ ਗੱਲ ਕਰਦੀ, ਮੇਰੀ ਸੱਸ ਜਾਂ ਪਾਲ ਉਨਾਂ ਸਮਾਂ ਮੇਰੇ ਕੋਲ ਹੀ ਖੜ੍ਹੇ ਰਹਿੰਦੇ। ਉਨ੍ਹਾਂ ਨੂੰ ਇਹ ਸੀ ਮੈਂ ਕੁਝ ਦੱਸ ਨਾ ਦੇਵਾਂ। ਕਦੇ ਕਦੇ ਮੇਰਾ ਦਿਲ ਕਰਦਾ ਕਿ ਮੈਂ ਬਾਹਰੋਂ ਘਰਦਿਆਂ ਨੂੰ ਫੋਨ ਕਰਾਂ ਤੇ ਸਭ ਕੁਝ ਦੱਸ ਦੇਵਾਂ, ਪਰ ਦੂਜੇ ਪਲ ਖਿਆਲ ਆਉਂਦਾ ਕੀ ਫ਼ਰਕ ਪੈਣਾ, ਉਨ੍ਹਾਂ ਨੇ ਮੇਰਾ ਕੀ ਸੰਵਾਰ ਦੇਣਾ। ਮੈਂ ਕਿੱਕਰਾਂ ਦੇ ਫੁੱਲਾਂ ਵਾਂਗ ਰੁਲ ਰਹੀ ਸੀ। ਕਿਸੇ ਨੂੰ ਕੋਈ ਪਰਵਾਹ ਨਹੀਂ ਸੀ।ਸਵੇਰ ਦੇ ਨੌ ਵਜੇ ਐਤਵਾਰ ਦਾ ਦਿਨ ਮੇਰਾ ਚਿੱਤ ਕੱਚਾ ਜਿਹਾ ਹੋਇਆ, ਮੈਂ ਰਸੋਈ ‘ਚੋਂ ਕਾਹਲੀ ਕਾਹਲੀ ਬਾਹਰ ਨਿਕਲੀ, ਬਾਥਰੂਮ ‘ਚ ਗਈ। ਮੈਨੂੰ ਉਲਟੀ ਆਈ। ਉਲਟੀ ਵਿਚ ਅੰਦਰੋਂ ਕੌੜਾ ਪਾਣੀ ਨਿਕਲਿਆ। ਸੁੱਕੇ ਬੱਤ ਵੀ ਆ ਰਹੇ ਸੀ। ਮੈਂ ਸੋਚਿਆ ਰਾਤ ਦਾ ਖਾਧਾ ਖਾਣਾ ਨੀ ਪਚਿਆ ਹੋਣਾ। “ਉਲਟੀ ਕਰਕੇ ਆਈ ਏਂ ।” ਬਾਥਰੂਪ ‘ਚੋਂ ਬਾਹਰ ਆਉਂਦੀ ਨੂੰ ਸੱਸ ਨੇ ਪੁੱਛਿਆ। “ਹਾਂ ਜੀ” ਮੈਂ ਮੂੰਹ ਸਾਫ਼ ਕਰਦੀ ਨੇ ਕਿਹਾ।” “ਹਾਲੇ ਮਹੀਨਾ ਨੀ ਹੋਇਆ ਇਥੇ ਆਈ ਨੂੰ, ਕਾਹਲੀ ਪੈ ਗਈ ਮਾਂ ਬਣਨ ਦੀ।” ਮੈਂ ਕੁਝ ਸਮਝੀ ਨਾ ਮੰਮੀ ਕੀ ਕਹਿ ਗਈ । “ਮੈਂ ਸਮਝੀ ਨੀ ਮੰਮੀ” ਮੈਂ ਹੈਰਾਨੀ ਨਾਲ ਪੁੱਛਿਆ। “ਤੈਨੂੰ ਕਾਹਨੂੰ ਪਤਾ, ਕਾਹਨੂੰ ਸਮਝ ਐ ਤੈਨੂੰ, ਬਹੁਤੀ ਭੋਲੀ ਨਾ ਬਣ, ਚੰਗੀ ਤਰ੍ਹਾਂ ਜਾਣਦੀ ਆਂ ਮੈਂ ਤੈਨੂੰ ਡਰਾਮੇਬਾਜ਼ ਨੂੰ।” ਮੈਂ ਨਜ਼ਰਾਂ ਝੁਕਾਈ ਖੜੀ ਰਹੀ, ਜਿਵੇਂ ਕੋਈ ਗੁਨਾਹ ਕਰ ਬੈਠੀ ਹੋਵਾਂ। ਮੇਰੀ ਸੱਸ ਪਾਲ ਦੇ ਕਮਰੇ ਵਿੱਚ ਗਈ। “ਗੱਲ ਸੁਣ, ਚੰਗੀ ਤਰ੍ਹਾਂ ਮੇਰੀ, ਮੈਨੂੰ ਨੀ ਹਾਲੇ ਪੋਤਾ ਪੂਤਾ ਚਾਹੀਦਾ, ਮੇਰੇ ਤੋਂ ਨੀ ਸਾਂਭੀ ਜਾਣੀ ਇਹ। ਉੱਚੀ ਉੱਚੀ ਆਵਾਜ਼ ਵਿਚ ਮੰਮੀ ਪਾਲ ਨੂੰ ਕਹਿ ਰਹੀ ਸੀ। ਪਾਲ ਨੇ ਕੀ ਕਿਹਾ ਪਤਾ ਨੀ ਚੱਲਿਆ, ਸ਼ਾਇਦ ਹਾਂ ਚ ਹਾਂ ਈ ਮਿਲਾਈ ਹੋਵੇ। ‘ਮੇਰਾ ਗੁਨਾਹ ਸੀ ਕਿ ਮੈਂ ਮਾਂ ਬਣਨ ਵਾਲੀ ਸਾਂ’ ਇਹ ਖ਼ਬਰ ਤਾਂ ਖੁਸ਼ੀ ਦੀ ਏ। ਫਿਰ ਸੱਸ ਨੇ ਕਿਉਂ ਕਲੇਸ਼ ਪਾਇਆ। ਮੇਰੇ ਲਈ ਤਾਂ ਇਹ ਚਾਵਾਂ ਭਰੀ ਖਬਰ ਸੀ। ਪਤਾ ਨਹੀਂ ਸੱਸ ਦੇ ਵਿਹੜੇ ਮਾਤਮ ਕਿਉਂ ਛਾ ਗਿਆ। ਚੈੱਕਅਪ ਕਰਾਉਣ ਤੋਂ ਪਤਾ ਲਗਿਆ ਮੈਂ ਪਰੈਗਨੈਂਟ ਸਾਂ। ਮਾਂ ਬਣਨਾ ਇਕ ਔਰਤ ਲਈ ਚਾਵਾਂ ਭਰਿਆ ਕਰਮ ਹੁੰਦਾ। ਮਿੱਠਾ ਜਿਹਾ ਡਰ ਵੀ ਹੁੰਦਾ ਪਰ ਖੁਸ਼ੀ ਕਿਤੇ ਜ਼ਿਆਦਾ ਹੁੰਦੀ ਏ। ਬੱਚੇ ਨੂੰ ਜਨਮ ਦੇਣਾ, ਆਪਣੀ ਛਾਤੀ ਦਾ ਦੁੱਧ ਚੁੰਘਾਉਣਾ, ਕਾਲਜੇ ਨਾਲ ਲਾ ਕੇ ਰੱਖਣਾ, ਸਾਰਾ ਦਿਨ ਉਹਦੇ ਪਿੱਛੇ-ਪਿੱਛੇ ਫਿਰਦੇ ਰਹਿਣਾ! ਬੜੇ ਅਰਮਾਨ ਔਰਤ ਦੇ ਦਿਲ ਵਿਚ ਉਪਜਦੇ ਹਨ। ਮੈਂ ਵੀ ਬੜਾ ਖੁਸ਼ ਹੋਈ, ਮੈਂ ਮਾਂ ਬਣਾਂਗੀ। ਨੌ ਮਹੀਨਿਆਂ ਬਾਅਦ ਮੇਰੀ ਗੋਦ ਵਿਚ ਮੇਰਾ ਬੱਚਾ ਖੇਡੇਗਾ। ਸਾਰਾ ਦਿਨ ਮੈਂ ਚਾਅ ਚਾਅ ਨਾਲ ਕੱਢਿਆ। ਆਪਣੇ ਆਪ ਵਿਚ ਮਸਤ ਰਹੀ। ਅਜਿਹੀ ਮਸਤੀ ਪਹਿਲਾਂ ਕਦੇਨਾ ਆਈ। ਸਾਰਾ ਕੰਮ ਨਿਪਟਾ ਕੇ ਮੈਂ ਆਪਣੇ ਕਮਰੇ ਵਿਚ ਆਈ। ਅੱਜ ਮੈਂ ਰੋਟੀ ਨਾ ਖਾਧੀ, ਖੁਸ਼ੀ ਦੇ ਮਾਰੇ ਮੇਰੀ ਭੁੱਖ ਈ ਮਰ ਗਈ ਸੀ। ਪਾਲ ਨੇ ਮੈਨੂੰ ਇੱਕ ਗੋਲੀ ਖਾਣ ਨੂੰ ਦਿੱਤੀ ਤੇ ਦੋ ਗੋਲੀਆਂ ਹੋਰ ਫੜਾ ਦਿੱਤੀਆਂ ਅਤੇ ਕਿਹਾ ਇਹ ਸਵੇਰੇ ਖਾਣੀਆਂ, ਤੇ ਮੈਂ ਉਲਟੀ ਦੀ ਗੋਲੀ ਸਮਝ ਕੇ ਖਾ ਗਈ। ਪਾਲ ਪਾਸਾ ਕਰਕੇ ਸੌਂ ਗਿਆ। ਅੱਜ ਮੇਰਾ ਦਿਲ ਕਰ ਰਿਹਾ ਸੀ ਪਾਲ ਨਾਲ ਢੇਰ ਸਾਰੀਆਂ ਗੱਲਾਂ ਕਰਾਂ। ਮੁੰਡਾ ਹੋਵੇ ਜਾਂ ਕੁੜੀ ਮੈਨੂੰ ਕੋਈ ਫ਼ਰਕ ਨਹੀਂ। ਰੱਬ ਦੇ ਜੀਅ ਦਾ ਸੁਆਗਤ ਏ ਜੋ ਮਰਜ਼ੀ ਹੋਵੇ। ਸਵੇਰੇ ਉੱਠ ਕੇ ਮੈਂ ਸਾਰਿਆਂ ਦਾ ਬਰੇਕਫਾਸਟ ਤਿਆਰ ਕੀਤਾ। ਚਾਹ ਨਾਲ ਬਰੈੱਡ ਖਾ ਕੇ ਮੈਂ ਗੋਲੀਆਂ ਲੈ ਲਈਆਂ। ਸਾਰਿਆਂ ਨੂੰ ਬਰੇਕਫਾਸਟ ਕਰਵਾ ਕੇ ਮੈਂ ਕੰਮ ਤੇ ਆ ਗਈ। ਮੈਨੂੰ ਬੜੀ ਕਾਹਲੀ ਸੀ ਮੈਂ ਕਦੋਂ ਖੁਸ਼ਖਬਰੀ ਇੰਦਰ ਨਾਲ ਸਾਂਝੀ ਕਰਾਂ । ਕੰਮ ‘ਤੇ ਆਉਣ ਸਾਰ ਸਾਰੀ ਗੱਲ ਇੰਦਰ ਨੂੰ ਦਸਦਿਆਂ ਜੱਫੀ ਪਾਈ। ਮੈਂ ਖਿੜ ਰਹੀ ਸੀ। ਖੁਸ਼ਖ਼ਬਰੀ ਸੁਣ ਇੰਦਰ ਬਹੁਤ ਖੁਸ਼ ਹੋਈ। ਇੰਦਰ ਹੀ ਤਾਂ ਸੀ ਮੇਰੇ ਦੁੱਖ ਸੁਖ ਦੀ ਸਾਥਣ। ਅਸੀਂ ਢੇਰ ਸਾਰੀਆਂ ਗੱਲਾਂ ਕੀਤੀਆਂ । ਸਾਰਾ ਦਿਨ ਚਾਵਾਂ ਨਾਲ ਲੰਘਿਆ। ਜੌਬ ਤੋਂ ਘਰ ਆ ਕੇ ਮੇਰਾ ਚਿੱਤ ਕਾਹਲਾ ਜਿਹਾ ਪੈਣ ਲੱਗਿਆ। ਮੇਰੇ ਨਾਲ ਅਣਹੋਣੀ ਹੋਈ, ਮੈਨੂੰ ਖੂਨ ਪੈਣ ਲੱਗਿਆ। ਮੈਂ ਹੈਰਾਨ ਹੋਈ। ਇਹ ਕਿਸ ਤਰ੍ਹਾਂ ਹੋ ਗਿਆ। ਸਾਰੀ ਕਹਾਣੀ ਮੇਰੀ ਸਮਝ ਤੋਂ ਬਾਹਰ ਹੋ ਰਹੀ ਸੀ। ਮੈਂ ਆਪਣੇ ਆਪ ਨੂੰ ਸੰਭਾਲਦਿਆਂ ਆਪਣੀ ਸੱਸ ਨੂੰ ਇਸ ਬਾਰੇ ਪੁੱਛਿਆ। ਉਹ ਉਲਟਾ ਮੈਨੂੰ ਲੜਨ ਲੱਗੀ। ਕਹਿੰਦੀ ਤੂੰ ਆਪਣਾ ਧਿਆਨ ਕੰਮ ’ਤੇ ਰੱਖਿਆ ਕਰ, ਉਲਟੀਆਂ ਸਿੱਧੀਆਂ ਨਾ ਸੋਚਿਆ ਕਰ। ਮਹੀਨਾ ਆਉਣ ਨਾਲੋਂ ਵੀ ਜਿਆਦਾ ਖੂਨ ਪੈ ਰਿਹਾ ਸੀ। ਮੈਂ ਘਬਰਾਅ ਗਈ। ਪਾਲ ਜਦੋਂ ਘਰ ਆਇਆ, ਮੈਂ ਆਉਂਦੇ ਨੂੰ ਆਪਣੇ ਬਾਰੇ ਪੁੱਛਣਾ ਸ਼ੁਰੂ ਕੀਤਾ। ਪਾਲ ਨੇ ਮੇਰੇ ਪੱਲੇ ਕੁਝ ਨਾ ਪਾਇਆ। ਮੈਨੂੰ ਟਾਲਦਾ ਰਿਹਾ। ਪਾਲ ਮੇਰੇ ਨਾਲ ਨਜ਼ਰਾਂ ਮਿਲਾਉਣ ਤੋਂ ਟਲ ਰਿਹਾ ਸੀ। ਮਾਂ ਪੁੱਤ ਦੀਆਂ ਹਰਕਤਾਂ ਤੋਂ ਮੈਨੂੰ ਸ਼ੱਕ ਹੋਇਆ, ਜ਼ਰੂਰ ਕੋਈ ਗੜਬੜ ਏ। ਰਾਤ ਭਰ ਮੈਂ ਅਚਵੀ ਕਰਦੀ ਰਹੀ। ਨੀਂਦ ਬਿੰਦ ਵੀ ਨਾ ਆਈ । ਮੂੰਹ ਸੁੱਕ ਰਿਹਾ ਸੀ। ਪੇਟ ਦਰਦ ਵੀ ਕਰਨ ਲੱਗਾ, ਵਾਰ-ਵਾਰ ਪਾਣੀ ਪੀ ਰਹੀ ਸੀ। ਦੇਰ ਰਾਤ ਤਕਲੀਫ਼ ਵਧ ਗਈ। ਖੂਨ ਜ਼ਿਆਦਾ ਪੈਣ ਲੱਗਿਆ। ਮੈਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੀ ਸਾਂ। ਰਾਤ ਦੇ ਤਿੰਨ ਵੱਜ ਗਏ। ਵਾਰ-ਵਾਰ ਖੂਨ ਪੈਣ ਕਰਕੇ ਮੈਂ ਪਰੇਸ਼ਾਨ ਹੋ ਰਹੀ ਸੀ। ਮੇਰਾ ਸਰੀਰਬੇਜ਼ਾਨ ਹੋ ਗਿਆ। ਮੇਰੀ ਇੰਨੀ ਵੀ ਹਿੰਮਤ ਨਾ ਪਈ ਕਿ ਮੈਂ ਪਾਲ ਨੂੰ ਉਠਾ ਲਵਾਂ। ਡਰ ਵੀ ਲਗਦਾ ਸੀ ਪਾਲ ਨੇ ਮੰਮੀ ਨੂੰ ਉਠਾਉਣਾ ਔਰ ਡਰਾਮਾ ਸ਼ੁਰੂ । ਮੈਂ ਘੋਰ ਹਨੇਰੇ ਵਿਚ ਸੀ। ਚਾਹ ਕੇ ਵੀ ਬੋਲ ਨਾ ਸਕੀ। ਮੈਨੂੰ ਕਿਸੇ ਦੀਆਂ ਡਰਾਉਣੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ । ਮੇਰੀ ਅੱਖ ਖੁੱਲ੍ਹੀ ਤਾਂ ਪਤਾ ਲੱਗਿਆ ਮੈਂ ਚੱਕਰ ਖਾ ਕੇ ਡਿੱਗ ਪਈ ਸੀ। ਪਾਲ ਤੇ ਮੇਰੀ ਸੱਸ ਮੈਨੂੰ ਹਲੂਣ ਰਹੇ ਸੀ। “ਹੋਸ਼ ਵਿਚ ਆ ਕੁੜੇ ਕੀ ਹੋਇਆ ਤੈਨੂੰ। ਮੇਰੀ ਸੱਸ ਤੇ ਪਾਲ ਦਾ ਧੁੰਦਲਾ ਜਿਹਾ ਚਿਹਰਾ ਦਿਸਿਆ। ਮੇਰੀ ਸੱਸ ਦੇ ਇਹੀ ਬੋਲ ਮੇਰੀ ਕੰਨੀ ਪਏ, ਮੈਂ ਫਿਰ ਬੇਹੋਸ਼ ਹੋ ਗਈ। ਮੇਰੀ ਅੱਖ ਖੁੱਲ੍ਹੀ, ਮੈਂ ਕਿਸੇ ਉਪਰੀ ਜਗ੍ਹਾ ਸੀ। ਚਿੱਟੀ-ਚਿੱਟੀ ਛੱਤ, ਪੱਖੇ ਦੀ ਆਵਾਜ਼ । ਮੈਂ ਨਜ਼ਰ ਘੁਮਾਈ, ਪਤਾ ਲੱਗਿਆ ਮੈਂ ਹਸਪਤਾਲ ਵਿਚ ਸਾਂ। ਮੇਰੇ ਕੋਲ ਕੋਈ ਨਹੀਂ ਸੀ। ਇਹ ਉਸੇ ਦਿਨ ਜਾਂ ਸ਼ਾਇਦ ਅਗਲੇ ਦਿਨ ਦੇ ਸ਼ਾਮ ਦੇ ਸੱਤ ਵਜੇ ਸੀ । ਮੈਨੂੰ ਕੋਈ ਸੁਰਤ ਨਹੀਂ ਸੀ। ਮੈਂ ਯਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕੁਝ ਵੀ ਯਾਦ ਨਾ ਆਇਆ। ਤਕਰੀਬਨ ਪੰਦਰਾ ਕੁ ਮਿੰਟ ਬਾਅਦ ਪਾਲ ਮੇਰੇ ਕਮਰੇ ਵਿਚ ਆਇਆ “ਪਾਲ ਮੈਨੂੰ ਕੀ ਹੋਇਆ?” ਮੈਂ ਆਉਂਦਿਆਂ ਸਾਰ ਪਾਲ ਨੂੰ ਪੁੱਛਿਆ “ਪਾਲ ਦੱਸੋ ਮੈਨੂੰ ਕੀ ਹੋਇਆ ? ਮੈਂ ਇਥੇ ਕਿਵੇਂ ਆਈ ?” “ਕੁਝ ਨਈ, ਚੱਕਰ ਆ ਗਿਆ ਸੀ” ਪਾਲ ਦੀ ਗੱਲ ਵਿਚ ਭੋਰਾ ਵੀ ਸਚਾਈ ਨਾ ਜਾਪੀ। “ਪਲੀਜ਼ ਪਾਲ, ਸੱਚੋ ਸੱਚ ਦੱਸੋ ਮੈਨੂੰ ਕੀ ਹੋਇਆ ?” ਮੈਂ ਪਾਲ ਦਾ ਹੱਥ ਫੜ੍ਹ ਤਰਲਾ ਪਾਇਆ। “ਜੱਸੋ ਮਾਂ ਦੇ ਕਹਿਣ ਤੇ ਮੈਂ ਤੈਨੂੰ ਗੋਲੀਆਂ ਖਵਾ ਦਿੱਤੀਆਂ” “ਕਾਹਦੀਆਂ ਗੋਲੀਆਂ ?” ਪਾਲ ਦੀ ਗੱਲ ਕੱਟਦਿਆਂ ਮੈਂ ਆਖਿਆ। “ਅਬੌਰਸ਼ਨ ਦੀਆਂ।” “ਹਾਏ ਰੱਬਾ ਕਹਿਰ”। ਪਾਲ ਦੀ ਗੱਲ ਸੁਣਦਿਆਂ ਮੈਂ ‘ਬੋਤਲ ਵਾਲੀ ਸੂਈ, ਆਕਸੀਜਨ ਵਾਲੀ ਨਾਲੀ ਪੁੱਟ ਸੁੱਟੀਆਂ। ਉੱਚੀ ਉੱਚੀ ਰੋਣ ਲੱਗੀ। ਬੈੱਡ ਤੋਂ ਉਠ ਕੇ ਬਾਹਰ ਨੂੰ ਭੱਜਣ ਲੱਗੀ । ਪਾਲ ਨੇ ਮੈਨੂੰ ਰੋਕੀ ਰੱਖਿਆ। ਸਾਰਾ ਹਸਪਤਾਲ ਮੈਂ ਸਿਰ ‘ਤੇ ਚੁੱਕ ਲਿਆ। ਡਾਕਟਰ, ਨਰਸਾਂ ਭੱਜੀਆਂ ਆਈਆਂ। ਮੈਨੂੰ ਫੜ੍ਹ ਕੇ ਲਿਟਾਇਆ। ਇਕ ਨਰਸ ਨੇ ਮੇਰੀ ਬਾਂਹ ‘ਚ ਇੰਜੈਕਸ਼ਨ ਲਾਇਆ। ਮੈਂ ਫਿਰ ਬੁੜ-ਬੁੜ ਕਰਦੀ ਬੇਹੋਸ਼ ਹੋ ਗਈ। ਅਗਲੇ ਦਿਨ ਸਵੇਰੇ ਮੈਨੂੰ ਸੁਰਤ ਆਈ । ਹਸਪਤਾਲ ਵਿਚੋਂ ਛੁੱਟੀਮਿਲ ਗਈ। ਮੇਰਾ ਸਿਰ ਫਟ ਰਿਹਾ ਸੀ। ਮੈਂ ਸਭ ਸਮਝ ਗਈ, ਇਹਨਾਂ ਨੇ ਮੇਰੇ ਨਾਲ ਕੀ ਕੀਤਾ। ਹੁਣ ਮੇਰੇ ਵਿਚ ਬੋਲਣ, ਉੱਚੀ ਚੀਕਣ ਦੀ ਸ਼ਕਤੀ ਨਹੀਂ ਸੀ। ਕੱਲ ਜੋ ਮੈਂ ਕੀਤਾ ਇਸ ਤੋਂ ਪਹਿਲਾਂ ਕਦੇ ਮੈਂ ਇਸ ਤਰ੍ਹਾਂ ਨਾ ਕੀਤਾ। ਮੇਰਾ ਬੱਚਾ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਮੁਕਾਇਆ। ਮਾਂ ਪੁੱਤ ਨੇ ਮਿਲ ਕੇ ਗਰਭਪਾਤ ਦੀਆਂ ਗੋਲੀਆਂ ਖਵਾਈਆਂ। ਰਲ ਮਿਲ ਪਾਪ ਕਮਾਇਆ। ਮੈਂ ਆਪਣੇ ਅਣਜੰਮੇ ਬੱਚੇ ਨੂੰ ਯਾਦ ਕਰ ਰੋ ਪੈਂਦੀ । ਇੱਕ ਦਿਨ ਵਿਚ ਮੈਂ ਲੱਖਾਂ ਸੁਪਨੇ ਦੇਖੇ ਜਿਹੜੇ ਇਹਨਾਂ ਕਤਲ ਕਰ ਦਿੱਤੇ । ਮੈਂ ਤਿੰਨ ਦਿਨ ਆਪਣੇ ਕਮਰੇ ਵਿਚੋਂ ਬਾਹਰ ਨਾ ਨਿਕਲੀ । ਮੇਰੀ ਸੱਸ ਮੇਰੇ ਕੋਲ ਵੀ ਨਾ ਆਈ। ਮੈਂ ਕੁਝ ਨਾ ਖਾਧਾ। ਸਿਹਤ ਕਮਜ਼ੋਰ ਹੋ ਰਹੀ ਸੀ। ਮੇਰਾ ਦਿਲ ਕਰਦਾ ਸੀ ਮੈਂ ਮਰ ਜਾਵਾਂ, ਜੀਅ ਕੇ ਕੀ ਕਰਨਾ। ਇਹੋ ਜਿਹੇ ਦਰਿੰਦੇ ਲੋਕਾਂ ਨਾਲ ਮੈਂ ਸਾਰੀ ਉਮਰ ਨਹੀਂ ਕੱਟ ਸਕਦੀ। ਸ਼ਾਮ ਦਾ ਵੇਲਾ ਸੀ। ਇੰਦਰ ਮੇਰੇ ਘਰ ਆਈ । ਇੰਦਰ ਨੂੰ ਦੇਖ ਮੈਂ ਅੱਖਾਂ ਪੂੰਝੀਆਂ, ਉੱਠ ਕੇ ਬੈਠ ਗਈ। “ਜੱਸੋ ਆਹ ਕੀ ਹਾਲ ਬਣਾਇਆ ?” ਮੇਰੇ ਖਿੱਲਰੇ ਵਾਲ, ਅੰਦਰ ਧਸੀਆਂ ਅੱਖਾਂ ਚੋਂ ਨਿਕਲੇ ਹੰਝੂ ਦੇਖ ਕੇ ਇੰਦਰ ਨੇ ਪੁੱਛਿਆ। ਇੰਦਰ ਦੇ ਗਲ ਲੱਗ ਕੇ ਮੈਂ ਉੱਚੀ ਉੱਚੀ ਰੋਣ ਲੱਗੀ। “ਨਾ ਅੜੀਏ, ਚੁੱਪ ਕਰ, ਝੱਲੀ ਨਾ ਹੋ, ਦੱਸ ਕੀ ਹੋਇਆ ?” “ਇੰਦਰ ਇਹਨਾ ਪਾਪੀਆਂ ਨੇ ਮੇਰੇ ਬੱਚੇ ਨੂੰ ਮਾਰ ਦਿੱਤਾ, ਮੈਨੂੰ ਅਬੌਰਸ਼ਨ ਵਾਲੀਆਂ ਗੋਲੀਆਂ ਖਵਾ ਦਿੱਤੀਆਂ।” ਮੈਂ ਮਸਾਂ ਗੱਲ ਪੂਰੀ “ਚੁੱਪ ਕਰ, ਮੈਨੂੰ ਸਭ ਦੱਸਿਆ ਪਾਲ ਨੇ, ਉਹੀ ਮੈਨੂੰ ਇਥੇ ਲੈ ਕੇ ਆਇਆ”। ਇੰਦਰ ਮੇਰੀਆਂ ਅੱਖਾਂ ਪੂੰਝਦੀ ਮੈਨੂੰ ਚੁੱਪ ਕਰਾ ਰਹੀ ਸੀ। “ਮੈਂ ਇਥੇ ਨਹੀਂ ਰਹਿਣਾ ਇੰਦਰ ਮੈਨੂੰ ਪੰਜਾਬ ਭੇਜ ਦੇ” ਮੈਂ ਇੰਦਰ ਅੱਗੇ ਤਰਲੇ ਪਾਉਂਦੀ ਆਖਣ ਲਗੀ। “ਇਥੇ ਰਹਿਣਾ ਕੌਣ ਚਾਹੁੰਦਾ ਜੱਸੋ, ਸਭ ਮਜ਼ਬੂਰੀਆਂ ਵੱਸ ਫਸੇ ਬੈਠੇ ਹਨ। ਜਿਹੜੇ ਦੁੱਖ ਲੇਖਾਂ ‘ਚ ਲਿਖੇ ਨੇ ਉਹ ਤਾਂ ਝੱਲਣੇ ਪੈਣਗੇ ।” ਇੰਦਰ ਨੇ ਆਪਣੀ ਵੀ ਮਜ਼ਬੂਰੀ ਜ਼ਾਹਿਰ ਕੀਤੀ। “ਤੂੰ ਕੁਝ ਖਾਧਾ ਕਿ ਨਹੀਂ ਜੱਸੋ” “ਮੇਰਾ ਦਿਲ ਨੀ ਕਰਦਾ” ਮੈਂ ਇੰਦਰ ਨੂੰ ਕਿਹਾ। ਮੇਰੇ ਕੋਲ ਪਈ ਟਰੇਅ ਚੋਂ ਇੰਦਰ ਨੇ ਸੇਬ ਚੀਰ ਕੇ ਮੈਨੂੰ ਫੜਾਇਆ ।“ਤੂੰ ਰੁਕ ਤੇਰੀ ਸੱਸ ਨਾਲ ਮੈਂ ਗੱਲ ਕਰਦੀ ਆਂ” ਇੰਦਰ ਗੁੱਸੇ ਵਿਚ ਕਹਿਣ ਲੱਗੀ “ਨਹੀਂ ਨਹੀਂ ਉਹ ਬਹੁਤ ਚੰਦਰੀ ਐ।” ਮੇਰੇ ਰੋਕਦਿਆਂ ਰੋਕਦਿਆਂ ਇੰਦਰ ਮੇਰੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ। ਇੰਦਰ ਨੂੰ ਮੈਂ ਕਾਫ਼ੀ ਦੇਰ ਉਡੀਕਦੀ ਰਹੀ, ਪਰ ਉਹ ਵਾਪਸ ਨਾ ਆਈ। ਪਤਾ ਨਹੀਂ ਮੇਰੀ ਸੱਸ ਨਾਲ ਕੀ ਗੱਲ ਹੋਈ ਹੋਊ। ਕੁਝ ਦਿਨਾਂ ਬਾਅਦ ਮੈਂ ਕੰਮ ਤੇ ਜਾਣਾ ਸ਼ੁਰੂ ਕੀਤਾ। ਹੋਰ ਕਰਦੀ ਵੀ ਕੀ ? ਸੱਸ ਮੈਨੂੰ ਦਿਨ ਰਾਤ ਤਾਹਨੇ ਮਾਰਦੀ ਰਹਿੰਦੀ। ਉਸ ਦਿਨ ਇੰਦਰ ਨੂੰ ਬੇਇੱਜ਼ਤ ਕਰਕੇ ਮੇਰੀ ਸੱਸ ਨੇ ਘਰੋਂ ਕੱਢ ਦਿੱਤਾ ਸੀ। ਕਿਉਂਕਿ ਇੰਦਰ ਨੇ ਮੇਰੇ ਕਰਕੇ ਝਗੜਾ ਕੀਤਾ। ਇਹ ਗੱਲ ਇੰਦਰ ਨੇ ਮੈਨੂੰ ਦੱਸੀ । ਸਮਾਂ ਲੰਘਦਾ ਗਿਆ, ਮੇਰੀ ਸੱਸ ਤੇ ਪਾਲ ਨੇ ਮੈਨੂੰ ਰੱਜ ਕੇ ਪਰੇਸ਼ਾਨ ਕੀਤਾ। ਕਸ਼ਮੀਰ ਤੇ ਉਹਦੇ ਬਾਪ ਦਾ ਮੇਰੀ ਜ਼ਿੰਦਗੀ ਵਿਚ ਕੋਈ ਰੋਲ ਨਹੀਂ ਸੀ। ਕਸ਼ਮੀਰ ਜ਼ਿਆਦਾਤਰ ਬਾਹਰ ਈ ਰਹਿੰਦਾ, ਉਹਦਾ ਬਾਪ ਆਪਣੇ ਕੰਮ ਤੱਕ ਮਤਲਬ ਰੱਖਦਾ। ਪਾਲ ਦਾ ਜਦੋਂ ਜੀਅ ਕਰਦਾ ਆਪਣੀ ਮਾਂ ਮਗਰ ਲੱਗ ਕੇ ਮੈਨੂੰ ਕੁੱਟ ਸੁੱਟਦਾ। ਮੇਰਾ ਪੋਟਾ ਪੋਟਾ ਜ਼ਖਮੀ ਕੀਤਾ ਪਿਆ ਸੀ। ਦਿਨੋਂ ਦਿਨ ਮੈਂ ਸਰੀਰਕ ਤੇ ਮਾਨਸਿਕ ਪੱਖੋਂ ਕਮਜ਼ੋਰ ਹੁੰਦੀ ਗਈ। ਇਹਨਾਂ ਲਈ ਮੈਂ ਕੰਮ ਵਾਲਾ ਬਲਦ ਸੀ। ਭੁੱਖਣ ਭਾਣੇ ਤੁਰੀ ਫਿਰਦੀ। ਰੈਸਟੋਰੈਂਟ ਵਿਚੋਂ ਹਟ ਕੇ ਮੈਂ ਪਲਾਸਟਿਕ ਵਾਲੀ ਫੈਕਟਰੀ ਵਿਚ ਕੰਮ ਕਰਨ ਲੱਗੀ। ਇਹ ਹੁਕਮ ਵੀ ਪਾਲ ਦਾ ਸੀ। ਉਹਨੇ ਈ ਇਥੇ ਕੰਮ ਕਰਨ ਦਾ ਹੁਕਮ ਦਿਤਾ। ਇੰਦਰ ਨਾਲੋਂ ਵੀ ਇਹਨਾਂ ਨੇ ਮੈਨੂੰ ਵੱਖ ਕਰ ਦਿਤਾ। ਘਰ ਤੋਂ ਕੰਮ ਤੇ ਕੰਮ ਤੋਂ ਘਰ, ਇਹੀ ਮੇਰੀ ਰੋਜ਼ਮਰ੍ਹਾ ਦੀ ਜ਼ਿੰਦਗੀ ਸੀ। ਘਰ ਜਾ ਕੇ ਨੌਕਰਾਂ ਵਾਂਗੂੰ ਪਾਲ ਤੇ ਸੱਸ ਦੀ ਸੇਵਾ ਕਰਨੀ ਪੈਂਦੀ। ਪਾਲ ਕੀ ਕੰਮ ਕਰਦਾ ਸੀ, ਇਹਦੇ ਬਾਰੇ ਮੈਨੂੰ ਕੋਈ ਖਬਰ ਨਹੀਂ ਸੀ। ਕਈ ਵਾਰ ਮੈਂ ਪੁੱਛਿਆ ਵੀ, ਉਹਦਾ ਇਕੋ ਜਵਾਬ ਹੁੰਦਾ “ਤੂੰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਅਸਲ ਚ ਪਾਲ ਦੀਆਂ ਨਜ਼ਰਾਂ ਵਿਚ ਮੇਰੀ ਇੰਨੀ ਕੁ ਹੀ ਔਕਾਤ ਸੀ। ਦੁਨੀਆਂ ਕਿੱਥੇ ਵੱਸਦੀ ਏ, ਇਹਨੂੰ ਛੱਡੋ। ਮੈਨੂੰ ਖੁਦਦਾ ਪਤਾ ਨਹੀਂ ਸੀ। ਬਰੈਂਪਟਨ ਸ਼ਹਿਰ ਤੋਂ ਬਿਨਾਂ ਮੈਨੂੰ ਹੋਰ ਕਿਸੇ ਸ਼ਹਿਰ ਜਾਂ ਰਾਜ ਦਾ ਪਤਾ ਨਹੀਂ ਸੀ।ਹੁਣ ਮੈਂ ਬਾਹਰੋਂ, ਘਰੇ ਫੋਨ ਕਰਦੀ, ਘਰਦਿਆਂ ਨੂੰ ਸਾਰਾ ਕੁਝ ਦੱਸਿਆ। ਸਾਰੇ ਆਪਣੀ ਗਲਤੀ ‘ਤੇ ਪਛਤਾ ਰਹੇ ਸਨ। ਘਰਦਿਆਂ ਨਾਲ ਮੇਰੀ ਆਮ ਗੱਲ ਹੁੰਦੀ। ਛੋਟਾ ਭਰਾ ਬਿੱਟੂ ਵਿਆਹਿਆ ਗਿਆ। ਮਾਂ ਨੇ ਮੈਨੂੰ ਵਿਆਹ ’ਤੇ ਆਉਣ ਲਈ ਕਿਹਾ। ਮਾਂ ਨੇ ਪਾਲ ਨੂੰ ਵੀ ਫੋਨ ਕਰਕੇ ਵਿਆਹ ਬਾਰੇ ਦੱਸਿਆ ਤੇ ਆਉਣ ਦਾ ਸੱਦਾ ਦਿੱਤਾ। ਮੈਂ ਪਾਲ ਦੀਆ ਬੜੀਆਂ ਮਿੰਨਤਾ ਕੀਤੀਆਂ ਪਰ ਉਹ ਮੈਨੂੰ ਇੰਡੀਆ ਲੈ ਕੇ ਨਾ ਆਇਆ। ਮਾਂ ਤੇ ਪਾਪਾ ਵਾਰ-ਵਾਰ ਪਾਲ ਨੂੰ ਫੋਨ ਕਰਦੇ, ਪਹਿਲਾਂ ਤਾਂ ਪਾਲ ਲਾਰੇ ਲਾਉਂਦਾ ਰਿਹਾ, ਬਾਅਦ ਵਿਚ ਪਾਲ ਨੇ ਫੋਨ ਚੱਕਣਾ ਈ ਬੰਦ ਕਰਤਾ।ਮੇਰੀ ਸੱਸ ਦਾ ਹੁਕਮ ਸੀ ਕਿ ਇੰਡੀਆ ਨਹੀਂ ਜਾਣਾ, ਫਿਰ ਪਾਲ ਕਿਵੇਂ ਮਾਂ ਦਾ ਹੁਕਮ ਟਾਲ ਸਕਦਾ ਸੀ।ਬੇਸ਼ੱਕ ਮੇਰੇ ਘਰਦਿਆਂ ਨੇ ਮੇਰੇ ਨਾਲ ਜੱਗੋਂ ਤੇਰ੍ਹਵੀਂ ਕੀਤੀ, ਮੇਰੀ ਹੋਣੀ ਪਿੱਛੇ ਉਹਨਾਂ ਦਾ ਹੱਥ ਸੀ, ਪਰ ਮੈਨੂੰ ਫਿਰ ਵੀ ਉਹਨਾਂ ਦਾ ਮੋਹ ਆਉਂਦਾ। ਉਹਨਾਂ ਨਾਲ ਗੱਲ ਕਰਨ ਤੇ ਮਿਲਣ ਨੂੰ ਦਿਲ ਕਰਦਾ।ਬਿੱਟੂ ਬਰਨਾਲੇ ਵਿਆਹਿਆ ਗਿਆ। ਮਾਮੇ ਦੇ ਕਹਿਣ ਤੇ ਬਿੱਟੂ ਨੇ ਕੱਪੜੇ ਦੀ ਦੁਕਾਨ ਖੋਲ੍ਹ ਲਈ। ਮੇਰੀ ਭਰਜਾਈ ਐੱਮ. ਏ ਪਾਸ ਕੁੜੀ ਸੀ। ਰੰਗ ਰੂਪ ਦੀ ਸੋਹਣੀ ਪਰ ਸਿਆਣੀ ਬਾਰੇ ਸਮਾਂ ਪਾ ਕੇ ਪਤਾ ਲੱਗ ਗਿਆ। ‘ਕਿੱਕਰਾਂ ਦੇ ਬੀਜ਼ ਬੀਜ਼ ਕੇ ਕਿਥੋਂ ਭਾਲਦੈ ਪਿਸ਼ੌਰੀ ਦਾਖਾਂ’ਜੈਸੀ ਕਰਨੀ ਤੈਸੀ ਭਰਨੀ । ਮੇਰੇ ਘਰਦਿਆਂ ਨੂੰ ਮੇਰੇ ਨਾਲ ਕੀਤੀਆਂ ਘਿਨੌਣੀਆਂ ਹਰਕਤਾਂ ਦਾ ਮੁੱਲ ਦੇਣਾ ਪਿਆ। ਬਿੱਟੂ ਦੀ ਵਹੁਟੀ ਯਾਨੀ ਵੀਰਪਾਲ ਨੇ ਸਾਰਿਆਂ ਨੂੰ ਆਉਣ ਸਾਰ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਬਿੱਟੂ ਦੀ ਵਹੁਟੀ ਯਾਨੀ ਵੀਰਪਾਲ ਕਿਸੇ ਕੰਮ ਨੂੰ ਹੱਥ ਨਾ ਲਾਉਂਦੀ। ਘਰ ਦਾ ਸਾਰਾ ਕੰਮ ਮੇਰੀ ਮਾਂ ਕਰਦੀ। ਪਹਿਲਾਂ ਪਹਿਲ ਤਾਂ ਨਵੀਂ ਵਹੁਟੀ ਦਾ ਚਾਅ ਜਿਹਾ ਰਿਹਾ, ਇੱਕ ਮਹੀਨਾ ਮਾਂ ਨੇ ਵੀਰਪਾਲ ਦਾ ਚੂੜਾ ਨਾ ਵਧਾਇਆ, ਨਾ ਹੀ ਉਹਨੂੰ ਕੋਈ ਕੰਮ ਕਰਨ ਦਿੱਤਾ । ਦੂਸਰੇ ਮਹੀਨੇ ਮਾਂ ਭਾਲੇ ਮਿੱਠੀਆਂ ਰੋਟੀਆਂ, ਉਹ ਮਿੱਸੀਆਂ ਵੀ ਨਾ ਲਾਹਵੇ । ਘਰ ਚ ਕੰਮ ਨੂੰ ਲੈ ਕੇ ਕਲੇਸ਼ ਰਹਿਣ ਲੱਗਾ। ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਿਆਪਾ ਪਿਆ ਰਹਿੰਦਾ।ਵੀਰਪਾਲ ਗੁੱਸੇ ਹੋ ਕੇ ਪੇਕੀਂ ਚਲੀ ਗਈ । ਇੱਕ ਦੋ ਦਿਨ ਬੀਤੇ, ਬਿੱਟੂ ਵੀਰਪਾਲ ਬਿਨਾਂ ਬੜਾ ਪਰੇਸ਼ਾਨ ਹੋਇਆ। ਬਿੱਟੂ ਦੇ ਸਹੁਰਿਆਂ ਨੇ ਆਪਣੀ ਕੁੜੀ ਤੋਰਨ ਬਦਲੇ ਅੱਡ ਹੋਣ ਦੀ ਸ਼ਰਤ ਰੱਖੀ। ਬਿੱਟੂ ਮਾਂ-ਬਾਪ ਤੋਂ ਅਲੱਗ ਹੋ ਗਿਆ। ਘਰ ਵਿਚਾਲੇ ਕੰਧ ਕੱਢ ਲਈ। ਅੱਧਾ ਅੱਧਾ ਵੰਡ ਲਿਆ।ਮਾਂ ਤੇ ਬਾਪ ਨੂੰ ਔਲਾਦ ਦੇ ਵਿਆਹ ਦਾ ਬਹੁਤ ਚਾਅ ਹੁੰਦਾ, ਜਦੋਂ ਮੁੰਡਾ ਅੱਡ ਹੋ ਜਾਵੇ ਤਾਂ ਮਾਪਿਆਂ ਦਾ ਲੱਕ ਟੁੱਟ ਜਾਂਦਾ। ਤਕੜੇ ਸਰੀਰਾਂ ਦੇ ਦਿਸਣ ਵਾਲੇ ਵੀ ਸੰਸਾ ਕਰਕੇ ਮੰਜੇ ਤੇ ਪੈ ਜਾਂਦੇ ਨੇ । ਮਾਂ ਬਿਮਾਰ ਰਹਿਣ ਲੱਗ ਪਈ।ਸ਼ਾਇਦ ਇਹ ਉਹਨਾਂ ਦੀ ਕਰਨੀ ਦਾ ਫ਼ਲ ਸੀ । ਜੇਹਾ ਬੀਜੋਗੇ ਤੇਹਾ ਵੱਢੋਗੇ। ਜਦੋਂ ਕਦੇ ਗੱਲ ਹੁੰਦੀ ਮਾਂ ਕਹਿੰਦੀ “ਪੁੱਤ ਅਸੀਂ ਜਿੰਨਾ ਤੇਰੇ ਨਾਲ ਕੀਤਾ ਰੱਬ ਨੇ ਦੁੱਗਣਾ ਕਰਕੇ ਮੋੜਿਆ । ਅਸੀਂ ਤੇਰੇ ਦੋਸ਼ੀ ਹਾਂ ਤਾਂ ਹੀ ਸਾਨੂੰ ਆਹ ਦਿਨ ਦੇਖਣੇ ਪੈ ਰਹੇ ਹਨ”।ਮੈਨੂੰ ਘਰਦਿਆਂ ਦੀ ਹਾਲਤ ‘ਤੇ ਬਹੁਤ ਤਰਸ ਆਉਂਦਾ। ਮੈਂ ਕਦੇ ਵੀ ਨਹੀਂ ਚਾਹਿਆ ਕੇ ਮੇਰੇ ਘਰਦੇ ਦੁਖੀ ਹੋਣ। ਸਗੋਂ ਮੈਂ ਤਾਂ ਰੱਬ ਅੱਗੇ ਘਰਦਿਆਂ ਦੀ ਭਲਾਈ ਲਈ ਦਿਨ ਰਾਤ ਅਰਦਾਸਾਂ ਕਰਦੀ।ਇਹੀ ਕਰਮਾਂ ਦਾ ਫਲ ਏ । ਜੇਹੇ ਕਰਮ ਅਸੀਂ ਕਰਾਂਗੇ ਤੇਹੇ ਫਲ ਅਸੀਂ ਪਾਵਾਂਗੇ। ਇਹ ਸਭ ਕੁਦਰਤ ਦੇ ਨਿਯਮ ਨੇ। ਸਾਰੀ ਸ੍ਰਿਸ਼ਟੀ ਕੁਦਰਤ ਦੇ ਨਿਯਮਾਂ ਅਨੁਸਾਰ ਚੱਲਦੀ ਏ। ਜਦੋਂ ਅਸੀਂ ਇਹਨਾਂ ਨਿਯਮਾਂ ਨਾਲ ਛੇੜ ਛਾੜ ਕਰਦੇ ਹਾਂ ਤਾਂ ਸਾਨੂੰ ਇਸ ਦਾ ਹਰਜਾਨਾ ਜ਼ਰੂਰ ਭੁਗਤਣਾ ਪੈਂਦਾ। ਅਸੀਂ ਧੜਾ ਧੜ ਜੰਗਲਾਂ ਨੂੰ ਕੱਟ ਰਹੇ ਹਾਂ, ਨਵੇਂ ਰੁੱਖ ਲਗਾ ਨੀ ਰਹੇ। ਧਰਤੀ ਦਾ ਤਾਪਮਾਨ ਵਧਦਾ ਜਾ ਰਿਹਾ। ਪ੍ਰਦੂਸ਼ਣ ਵਧਦਾ ਜਾ ਰਿਹਾ। ਆਕਸੀਜਨ ਦੀ ਦਿਨੋ ਦਿਨ ਕਮੀ ਹੁੰਦੀ ਜਾ ਰਹੀ ਏ। ਇਹ ਸਭ ਹਰਜਾਨੇ ਹੀ ਤਾਂ ਹਨ। ਜਿਹੜੇ ਅਸੀਂ ਭੁਗਤ ਰਹੇ ਹਾਂ। ਇਸ ਤੋਂ ਚੰਗਾ ਅਸੀਂ ਇਹਨਾ ਨਿਯਮਾਂ ਨਾਲ ਛੇੜਛਾੜ ਨਾ ਕਰੀਏ।ਇਨਸਾਨ ਦੀ ਮੂਰਖ਼ਤਾਈ ਇਹੋ ਹੈ ਕਿ ਇਹਨੂੰ ਅਕਲ ਬਹੁਤ ਦੇਰੀ ਨਾਲ ਆਉਂਦੀ ਏ! ਉਸ ਵਕਤ ਅਕਲ ਆਉਂਦੀ ਏ ਜਿਸ ਵਕਤ ਮੌਕਾ ਹੱਥ ਚੋਂ ਮੱਛੀ ਵਾਂਗੂੰ ਫਿਸਲ ਜਾਂਦਾ। ਫਿਰ ਅਸੀਂ ਮੱਥੇ ‘ਤੇ ਹੱਥ ਮਾਰ ਮਾਰ ਕੇ ਰੋਣ ਲਗਦੇ ਹਾਂ । ਰੱਬ ਨੂੰ ਕੋਸਦੇ ਹਾਂ। ਅਨੇਕਾਂ ਵਹਿਮਾਂ ਭਰਮਾ ‘ਚ ਪੈਂਦੇ ਹਾਂ । ਇਸ ਦੇ ਨਾਲੋਂ ਚੰਗਾ ਅਸੀਂ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪਣੇ ਜੀਵਨ ਵਿਚ ਉਹਨਾਂ ਨਿਯਮਾਂ ਨੂੰ ਵਰਤੀਏ।ਦੋ ਸਾਲਾਂ ਬਾਅਦ ਮੈਂ ਫਿਰ ਗਰਭਵਤੀ ਹੋਈ, ਅਣਗਿਣਤ ਮਹੀਨਾ ਲੱਗਣ ਕਾਰਨ ਮੈਂ ਘਰ ਆਰਾਮ ਕਰਦੀ। ਮੇਰੀ ਸੱਸ ਨੂੰ ਸਿਰਫ਼ ਮੁੰਡਾ ਚਾਹੀਦਾ ਸੀ। ਕੁੜੀ ਦਾ ਉਹ ਨਾਮ ਸੁਣਨ ਨੂੰ ਵੀ ਤਿਆਰ ਨਹੀਂ ਸੀ। ਮੈਂ ਹੌਲੀ ਹੌਲੀ ਘਰ ਦਾ ਸਾਰਾ ਕੰਮ ਕਰਦੀ। ਖਾਣ-ਪੀਣ ਦਾ ਮੈਂ ਪੂਰਾ ਧਿਆਨ ਰੱਖਦੀ। ਮੈਂ ਕੋਈ ਵੀ ਗਲਤੀ ਨੀ ਕਰਨਾ ਚਾਹੁੰਦੀ ਸੀ।ਸੱਸ ਦਾ ਰੁਖ ਦੇਖ ਕੇ ਮੈਂ ਡਰ ਜਾਂਦੀ। ਅਗਰ ਕੁੜੀ ਪੈਦਾ ਹੋਈ ਤਾਂ ਮੇਰੀ ਸੱਸ ਨੇ ਸਾਨੂੰ ਦੋਹਾਂ ਨੂੰ ਸੂਲੀ ਉੱਤੇ ਟੰਗ ਦੇਣਾ। ਮੈਂ ਨਹੀਂ ਚਾਹੁੰਦੀ ਸੀ ਜੋ ਮੇਰੇ ਨਾਲ ਹੋਇਆ ਉਹ ਮੇਰੀ ਧੀ ਨਾਲ ਵੀ ਹੋਵੇ। ਉਹਨੂੰ ਵੀ ਨਫ਼ਰਤ ਦਾ ਸਾਹਮਣਾ ਕਰਨਾ ਪਵੇ ਜੋ ਮੈਂ ਕੀਤਾ। ਅਗਰ ਕੁੜੀ ਨੇ ਜਨਮ ਲਿਆ ਤਾਂ ਮੇਰੇ ਤੋਂ ਪਾਪ ਹੋ ਜਾਵੇਗਾ।ਜ਼ਰੂਰੀ ਨਹੀਂ ਕਿ ਬਾਹਰਲੇ ਮੁਲਕਾਂ ‘ਚ ਰਹਿ ਕੇ ਸਾਡੀ ਸੋਚ ਅਗਾਂਹ ਵਧੂ ਹੋਵੇ। ਖਿਆਲ ਤਾਂ ਸਾਡੇ ਉਹ ਘਿਸੇ ਪਿਟੇ ਨੇ। ਕੁੜੀਆਂ ਮੁੰਡਿਆਂ ਵਿਚ ਫ਼ਰਕ ਕਰਨਾ, ਅੰਧ ਵਿਸ਼ਵਾਸ ਕਰਨਾ, ਮੇਰੀ ਸੱਸ ਨੇ ਮੁੰਡਾ ਹੋਣ ਲਈ ਤਵੀਤ ਲਿਆ ਕੇ ਮੇਰੇ ਗਲ ਪਾ ਦਿੱਤਾ। ਬੱਚੇ ਨੂੰ ਲੈ ਕੇ ਮੈਂ ਚਿੰਤਤ ਸੀ। ਪਰ ਮੇਰੀ ਚਿੰਤਾ ਨਾਲ ਕੁਝ ਵੀ ਬਦਲਣ ਵਾਲਾ ਨਹੀਂ ਸੀ। ਜੋ ਹੋਣਾ ਸੀ ਸੋ ਹੋਇਆ।ਮੇਰੇ ਦਰਦ ਸ਼ੁਰੂ ਹੋਇਆ, ਮੈਨੂੰ ਹਸਪਤਾਲ ਲਿਜਾਇਆ ਗਿਆ। ਟੈਸਟ ਕਰਾਉਣ ‘ਤੇ ਪਤਾ ਲੱਗਿਆ ਕਿ ਮੇਰੇ ਵਿਚ ਸਿਰਫ਼ ਸੱਤ ਗਰਾਮ ਖੂਨ ਹੈ ਤੇ ਮੇਰੀ ਸਿਹਤ ਕਾਫ਼ੀ ਕਮਜ਼ੋਰ ਸੀ। ਡਾਕਟਰ ਨੇ ਦੱਸਿਆ ਕਿ ਰਿਸਕ ਹੋ ਸਕਦਾ ਹੈ। ਅਗਰ ਡਲਿਵਰੀ ਸਮੇਂ ਖ਼ੂਨ ਜਿਆਦਾ ਪਿਆ ਤਾਂ ਮੌਤ ਵੀ ਹੋ ਸਕਦੀ ਏ। ਮੈਨੂੰ ਖੂਨ ਦੀਆਂ ਬੋਤਲਾਂ ਚੜ੍ਹਾਈਆਂ ਗਈਆਂ। ਡਾਕਟਰ ਅਨੁਸਾਰ ਡਲਿਵਰੀ ਕੱਲ੍ਹ ਸ਼ਾਮ ਤੱਕ ਹੋਣੀ ਸੀ। ਮੇਰੀ ਸੱਸ ਤੇ ਪਾਲ ਦੀਆਂ ਭਾਜੜਾਂ ਪੈ ਗਈਆ। ਅਗਰ ਇਹਨੂੰ ਕੁਝ ਹੋ ਗਿਆ ਖਾਹ ਮਖਾਹ ਪਰੇਸ਼ਾਨੀ ਹੋ ਜਾਵੇਗੀ। ਮੈਂ ਵੀ ਘਬਰਾ ਗਈ। ਮੈਨੂੰ ਹੋਣ ਵਾਲੇ ਬੱਚੇ ਦਾ ਫ਼ਿਕਰ ਪਿਆ।ਪਾਲ ਮੇਰੇ ਕੋਲ ਬੈਠਾ ਰਿਹਾ ਤੇ ਸੱਸ ਬਾਹਰ ਬੇਚੈਨੀ ਨਾਲ ਗੇੜੇ ਕੱਢਦੀ ਰਹੀ। ਸ਼ਾਮ ਦਾ ਵੇਲਾ ਸੀ ਖੂਨ ਦੀ ਇਕ ਬੋਤਲ ਲੱਗ ਗਈ । ਦਰਦ ਕਾਰਨ ਬੈੱਡ ‘ਤੇ ਪੈਣਾ ਔਖਾ ਸੀ, ਮੈਂ ਰੂਮ ਤੋਂ ਬਾਹਰ ਚੱਕਰ ਕੱਢ ਰਹੀ ਸੀ। ਸਵੇਰ ਹੁੰਦਿਆਂ ਖ਼ੂਨ ਦੀ ਇਕ ਹੋਰ ਬੋਤਲ ਲਗਾਈ। ਸਵੇਰ ਦੇ ਰਾਊਂਡ ‘ਤੇ ਆਈ ਡਾਕਟਰ ਨੇ ਦੱਸਿਆ ਕਿ ਦੁਪਹਿਰ ਤੋਂ ਬਾਅਦ ਡਲਿਵਰੀ ਹੋ ਜਾਵੇਗੀ।ਜਿਵੇਂ ਜਿਵੇਂ ਸੂਰਜ ਉੱਚਾ ਹੁੰਦਾ ਗਿਆ ਮੇਰੇ ਦਰਦ ਵਧਣਾ ਸ਼ੁਰੂ ਹੋ ਗਿਆ। ਮੈਨੂੰ ਲੇਵਰ ਰੂਮ ਵਿਚ ਲਿਜਾਇਆ ਗਿਆ। ਦਰਦ ਮੇਰੀ ਜਾਨ ਕੱਢਣ ਲੱਗਾ। ਦਰਦ ਮਾਰੇ ਅੱਖਾਂ ‘ਚੋਂ ਹੰਝੂ ਵਹਿਣ ਲੱਗੇ। ਮਾਂ ਬਣਨ ਦਾ ਦਰਦ ਕੀ ਹੁੰਦਾ ਮੈਨੂੰ ਅੱਜ ਪਤਾ ਲੱਗਿਆ। ਇਕ ਦਮ ਮੇਰਾ ਦਰਦ ਚੱਲਦੀ ਗੱਡੀ ਵਾਂਗ ਬਰੇਕਾਂ ਮਾਰ ਰੁਕਿਆ।ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ । ਮੇਰਾ ਸਾਹ ਰੁਕ ਗਿਆ ਸੀ ਜਿਸ ਕਰਕੇ ਵੈਂਟੀਲੇਟਰ ਲਾਇਆ ਗਿਆ। ਸ਼ਾਮੀ ਮੇਰੀ ਅੱਖ ਖੁੱਲ੍ਹੀ । ਸਾਹਮਣੇ ਦੀਵਾਰ ਦੀ ਘੜੀ ‘ਤੇ ਛੇ ਦਾ ਸਮਾਂ ਸੀ। ਮੈਂ ਆਸ ਪਾਸ ਦੇਖਿਆ ਕੋਈ ਨਹੀਂ ਦਿਸਿਆ, ਮੈਨੂੰ ਮੇਰੇ ਬੱਚੇ ਦੀ ਫ਼ਿਕਰ ਪਈ। “ਮੇਰਾ ਬੇਬੀ” ਮੈਂ ਜ਼ੋਰ ਦੀ ਚੀਖੀ।ਪਾਲ ਕਾਹਲੀ ਨਾਲ ਅੰਦਰ ਆਇਆ। ਬੇਰੌਣਕਾ ਚਿਹਰਾ, ਢਹਿੰਦੀ ਕਲਾ ਲੈ ਕੇ ਪਾਲ ਮੇਰੇ ਸਾਹਮਣੇ ਖੜਾ ਹੋ ਗਿਆ।“ਮੇਰਾ ਬੇਬੀ ਕਿੱਥੇ ਐ” ਮੈਂ ਪਾਲ ਨੂੰ ਪੁੱਛਿਆ।“ਬੇਬੀ ਇੱਥੇ ਹੀ ਹੈ, ਪਰ ਇਹ ਨੀ ਪੁੱਛੇਂਗੀ ਕੀ ਹੋਇਆ” ਪਾਲ ਨੇ ਗੁੱਸੇ ਨਾਲ ਪੁੱਛਿਆ“ਕੀ ਹੋਇਆ” ਮੈਂ ਵੀ ਸਹਿਮ ਗਈ।“ਕੁੜੀ ਹੋਈ ਐ, ਕਮਜ਼ੋਰ ਜ਼ਿਆਦਾ ਹੋਣ ਕਰਕੇ ਮਸ਼ੀਨ ‘ਚ ਰੱਖੀ ਐ।” ਪਾਲ ਭਰੇ ਮਨ ਨਾਲ ਕਹਿ ਰਿਹਾ ਸੀ, ਚਿਹਰੇ ਤੇ ਖੁਸ਼ੀ ਦੀ ਇਕ ਵੀ ਚਿਣਗ ਨਹੀਂ ਸੀ।“ਰੱਬ ਦੀ ਦਿੱਤੀ ਸੌਗਾਤ ਏ, ਮੁੰਡਾ ਜਾਂ ਕੁੜੀ ਮੈਨੂੰ ਕੋਈ ਫਰਕ ਨਈ” ਮੈ ਕਿਹਾ।ਮਾਂ ਬਹੁਤ ਪਰੇਸ਼ਾਨ ਏ, ਬਹੁਤ ਈ ਪਰੇਸ਼ਾਨ”, ਪਾਲ ਨੇ ਦੂਸਰੇ ਪਾਸੇ ਮੂੰਹ ਕਰਕੇ ਕਿਹਾ।ਪਾਲ ਦੀ ਗੱਲ ਸੁਣ ਕੇ ਮੇਰਾ ਡਰ ਵਧ ਗਿਆ। ਮੇਰੀ ਬੱਚੀ ਨਾਲ ਅਜਿਹਾ ਕੁਝ ਨਾ ਹੋਵੇ ਜੋ ਮੇਰੇ ਨਾਲ ਹੋਇਆ। ਮੁੰਡਾ ਹੁੰਦਾ ਤਾਂ ਵਿਚੇ ਪਲ ਜਾਂਦਾ, ਬਹੁਤੀ ਫ਼ਿਕਰ ਨਾ ਹੁੰਦੀ।ਮੇਰੀ ਧੀ ਜੈਸਮੀਨ, ਮੇਰੇ ਵਰਗੇ ਨੈਣ ਨਕਸ਼, ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕਰਦੀ, ਬੜੀ ਪਿਆਰੀ ਲੱਗਦੀ। ਸੱਸ ਨੇ ਤਾਹਨੇ ਮਿਹਣੇ ਦੇ ਦੇ ਕੇ ਮੈਨੂੰ ਜੀਣ ਜੋਗੀ ਨਾ ਛੱਡਿਆ। ਮੈਨੂੰ ਤਾਂ ਕਲਮੂੰਹੀ ਹੀ ਦੱਸਦੀ, ਕਲਮੂੰਹੀ ਨੇ ਪੱਥਰ ਜੰਮ ਕੇ ਰੱਖਤਾ, ਕੁੜੀ ਮੱਥੇ ਮਾਰੀ ਸਾਡੇ । ਜੈਸਮੀਨ ਨੂੰ ਦੇਖ ਨਾ ਜਰਦੀ। ਪਾਲ ਜੈਸਮੀਨ ਨੂੰ ਨਫ਼ਰਤ ਨਾਲ ਦੇਖਦਾ ਹੈ। ਪਹਿਲਾਂ ਨਾਲੋਂ ਸਭ ਕੁਝ ਵਿਗੜਿਆ ਈ ਸੀ। ਸੱਸ ਦਾ ਕਲੇਸ਼ ਦਿਨੋਂ ਦਿਨ ਵਧਦਾ ਗਿਆ।ਮੇਰਾ ਕੰਮ ਵੀ ਵਧ ਗਿਆ, ਬਾਕੀ ਕੰਮ ਕਰਨ ਦੇ ਨਾਲ ਮੈਨੂੰ ਸਮਾਂ ਕੱਢ ਕੇ ਜੈਸਮੀਨ ਦਾ ਧਿਆਨ ਵੀ ਰੱਖਣਾ ਪੈਂਦਾ।ਜੈਸਮੀਨ ਦੀ ਮੁਸਕਰਾਹਟ ਦਾ ਜਾਦੂ ਆਪਣੀ ਦਾਦੀ ਤੇ ਨਾ ਚੱਲ ਸਕਿਆ। ਸੱਸ ਦੀ ਨਫ਼ਰਤ ਬਰਕਰਾਰ ਰਹੀ। ਕੰਮ ‘ਤੇ ਜਾ ਕੇ ਮੇਰੀ ਸੁਰਤ ਜੈਸਮੀਨ ‘ਚ ਪਈ ਰਹਿੰਦੀ। ਮੇਰੀ ਸੱਸ ਜੈਸਮੀਨ ਦਾ ਕੋਈ ਧਿਆਨ ਨਾ ਰੱਖਦੀ, ਸਮੇਂ ਸਿਰ ਉਹਨੂੰ ਦੁੱਧ ਨਾ ਪਿਲਾਉਂਦੀ, ਦੁੱਧ ਦੀ ਬੋਤਲ ਭਰ ਕੇ ਮੈਂ ਸੱਸ ਨੂੰ ਫੜਾ ਜਾਂਦੀ। ਜਦੋਂ ਮੈਂ ਘਰ ਪਰਤਦੀ ਜੈਸਮੀਨ ਰੋ ਰੋ ਕੇ ਬੁਰਾ ਹਾਲ ਕਰ ਲੈਂਦੀ। ਜੈਸਮੀਨ ਦਾ ਸੁਭਾਅ ਬਹੁਤ ਚਿੜਚਿੜਾ ਹੋ ਗਿਆ ਸੀ। ਇਕ ਤਾਂ ਵਿਚਾਰੀ ਪਹਿਲਾਂ ਹੀ ਕਮਜ਼ੋਰ ਸੀ, ਉਤੋਂ ਉਹਦਾ ਕੋਈ ਧਿਆਨ ਨੀ ਰੱਖਦਾ ਸੀ। ਮੈਂ ਵੀ ਆਪਣੇ ਕੰਮਾਂ ‘ਚ ਉਲਝੀ ਰਹਿੰਦੀ।ਮੇਰਾ ਡਰ ਸਹੀ ਸੀ। ਇਤਿਹਾਸ ਫਿਰ ਦੁਹਰਾ ਰਿਹਾ ਸੀ, ਜੋ ਕੁਝ ਮੇਰੇ ਨਾਲ ਬਚਪਨ ਵਿਚ ਹੋਇਆ, ਉਹੀ ਜੈਸਮੀਨ ਨਾਲ ਹੋ ਰਿਹਾ ਸੀ। ਇਹ ਸਭ ਕੁਝ ਜੋ ਹੋ ਰਿਹਾ ਸੀ ਮੇਰੀ ਸਮਝ ਤੋਂ ਬਾਹਰ ਸੀ। ਮੇਰਾ ਦਿਲ ਕਰਦਾ ਮੈਂ ਪੰਜਾਬ ਚਲੀ ਜਾਵਾਂ, ਇਹ ਸਾਰੇ ਕਲੇਸ਼ ਤੋਂ ਖਹਿੜਾ ਛਡਾ ਕੇ। ਇਥੇ ਮੇਰਾ ਸਾਹ ਘੁੱਟਣ ਲੱਗ ਗਿਆ, ਪੰਜਾਬ ਦੀ ਖੁੱਲ੍ਹੀ ਡੁੱਲ੍ਹੀ ਹਵਾ ਮਾਣਨ ਨੂੰ ਜੀਅ ਕਰਦਾ।ਰੂਹ ਭਟਕਦੀ ਰਹਿੰਦੀ ਉਹਨਾਂ ਘੁੱਗੀਆਂ, ਗਟਾਰਾਂ ਤੇ ਚਿੜੀਆਂ ਵਿਚ ਜਿਹਨਾਂ ਦੀ ਚੀਂ ਚੀਂ, ਗੁਟਰ ਗੂੰ ਪ੍ਰਭਾਤ ਵੇਲੇ ਸੁਣਨ ਨੂੰ ਮਿਲਦੀ ਸੀ। ਬੇਸ਼ੱਕ ਉਥੇ ਵੀ ਮੇਰੇ ਨਾਲ ਘੱਟ ਨਾ ਹੋਈਆਂ। ਘੱਟੋ-ਘੱਟ ਮੇਰੀ ਲਾਸ਼ ਨੂੰ ਮਿੱਟੀ ਤਾਂ ਮੁਲਕ ਦੀ ਨਸੀਬ ਹੋਊ। ਪੰਜਾਬ ਤੋਂ ਆਇਆਂ ਮੈਨੂੰ ਚਾਰ ਸਾਲ ਹੋ ਗਏ ਪਰ ਇੰਜ ਲੱਗਦਾ ਜਿਵੇਂ ਚਾਰ ਜੁੱਗ ਬੀਤ ਗਏ ਹੋਣ। ਪਿੰਡ ਗਈ ਤਾਂ ਮਰਨ ਤੋਂ ਬਾਅਦ ਕੁਝ ਸਾਲ ਤਾਂ ਲੋਕ ਯਾਦ ਕਰਨਗੇ ਹੀ, ਪਰ ਇਥੇ ਬੇਗਾਨੇ ਮੁਲਕ ‘ਚ ਕੀਹਨੇ ਪੁੱਛਣਾ।ਜਦੋਂ ਕਦੀ ਮੇਰੇ ਮਾਂ ਬਾਪ ਮੈਨੂੰ ਝਿੜਕਦੇ, ਮੈਂ ਆਪਣੇ ਕਮਰੇ ਵਿਚ ਬਹਿ ਰੋਕ ਲੱਗਦੀ, ਘੰਟੇ ਦੋ ਘੰਟਿਆਂ ‘ਚ ਮੈਂ ਚੁੱਪ ਹੋ ਜਾਂਦੀ। ਮੇਰੇ ਹੰਝੂ ਵਹਿਣੋ ਰੁਕ ਜਾਂਦੇ । ਹੁਭਕੀਆਂ, ਡੋਸੇ ਵੀ ਬੰਦ ਹੋ ਜਾਂਦੇ । ਫਿਰ ਲੱਗਦਾ ਕਾਹਦੇ ਲਈ ਰੋਣਾ। ਰੋ ਰੋ ਕੇ ਮੈਂ ਹਲਕੀ ਹੋ ਜਾਂਦੀ। ਕੁਝ ਸਮੇਂ ਬਾਅਦ ਲੱਗਦਾ ਕੋਈ ਦੁੱਖ ਨਹੀਂ। ਕਨੇਡਾ ਵਿਚ ਮੈਂ ਆਪਣੇ ਕਮਰੇ ਨੂੰ ਯਾਦ ਕਰਦੀ, ਸ਼ਾਇਦ ਉਹ ਕਮਰਾ ਹੁੰਦਾ ਜਿੱਥੇ ਬੈਠ ਰੋ ਕੇ ਮੈਂ ਆਪਣੇ ਹੰਝੂਆਂ ਰਾਹੀਂ ਸਾਰੇ ਦੁੱਖ ਆਪਣੀ ਚੁੰਨੀ ਨਾਲ ਪੂੰਝ ਸੁੱਟਦੀ ਸੀ।ਮਾਮੇ ਨੇ ਜਿਹੜੇ ਮਕਸਦ ਨਾਲ ਮੇਰਾ ਰਿਸ਼ਤਾ ਕੀਤਾ ਸੀ, ਉਹ ਮਕਸਦ ਮਾਮੇ ਦਾ ਪੂਰਾ ਨਾ ਹੋ ਸਕਿਆ। ਛੋਟੇ ਮੁੰਡੇ ਨੂੰ ਕਨੇਡਾ ਬੁਲਾਉਣਦੀ ਅਰਜ਼ੀ ਮਾਮੇ ਨੇ ਮੇਰੀ ਕਚਿਹਰੀ ਰੱਖੀ ਤੇ ਕਿਹਾ ਕਿ ਥੋੜਾ ਬਹੁਤ ਖਰਚਾ ਮੈਂ ਕਰਦੂੰ ਬਾਕੀ ਤੂੰ ਕਰ ਲਈ । ਬਾਅਦ ਵਿਚ ਪੈਸੇ ਤੈਨੂੰ ਮੋੜ ਦਊਂ । ਮਾਮੇ ਨੂੰ ਮੈਂ ਸਾਫ਼ ਸ਼ਬਦਾਂ ਵਿਚ ਆਪਣੀ ਬੇਬੱਸੀ ਜ਼ਾਹਰ ਕਰਤੀ। ਮੈਂ ਦੱਸਤਾ ਮੇਰੇ ਹੱਥ ਵੱਸ ਕੁਝ ਨਹੀਂ। ਤੁਸੀਂ ਇਹ ਗੱਲ ਪਾਲ ਨਾਲ ਕਰ ਲਓ, ਅਗਰ ਉਹਨੇ ਚਾਹਿਆ ਤਾਂ ਠੀਕ ਏ । ਮਾਮਾ ਪਾਲ ਨੂੰ ਫੋਨ ਕਰਦਾ ਰਿਹਾ, ਪਾਲ ਮਾਮੇ ਨੂੰ ਟਾਲਦਾ ਰਿਹਾ। ਕਈ ਮਹੀਨੇ ਲੰਘ ਗਏ, ਮਾਮੇ ਨੇ ਪਾਲ ਦਾ ਖਹਿੜਾ ਨਾ ਛੱਡਿਆ। ਪਾਲ ਵੀ ਲਾਰੇ ਲਾਉਂਦਾ ਰਿਹਾ। ਇਕ ਦਿਨ ਪਾਲ ਨੇ ਸਾਰੀ ਗੱਲ ਮਾਂ ਕੋਲ ਕੀਤੀ, ਉਹ ਕਿਹੜਾ ਭਲੀਮਾਣਸ ਸੀ, ਭੂਸਰੀ ਮੱਝ ਵਾਂਗੂੰ ਉਹ ਚਾਰੇ ਚੁੱਕ ਕੇ ਪੈ ਗਈ, ਤੂੰ ਫਾਲਤੂ ਦੇ ਕੰਮ ਕਰਦਾਂ, ਤੈਨੂੰ ਕੀ ਲੋੜ ਪਈ ਏ ਇਹਨਾਂ ਨੰਗਾਂ ਦੀਆਂ ਵਗਾਰਾਂ ਪੁਗਾਉਣ ਦੀ।ਪਾਲ ਦੇ ਲਾਰਿਆਂ ਤੋਂ ਮਾਮੇ ਨੂੰ ਅੰਦਾਜਾ ਹੋ ਗਿਆ ਕਿ ਮੇਰਾ ਕੰਮ ਨਹੀਂ ਹੋਣਾ। ਮਾਮਾ ਨਿਰਾਸ਼ ਹੋ ਕੇ ਪਾਲ ਨੂੰ ਤੇ ਮੈਨੂੰ ਫੋਨ ਕਰਨੋ ਹਟ ਗਿਆ।ਮਾਮੇ ਨੇ ਛੋਟੇ ਜਿਹੇ ਲਾਲਚ ਪਿੱਛੇ ਮੇਰੀ ਜ਼ਿੰਦਗੀ ਕੱਖੋਂ ਹੌਲੀ ਕਰ ਦਿੱਤੀ। ਮਾਮੇ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਆਪਣਾ ਲਾਲਚ ਵੱਸ ਕੰਮ ਵੀ ਨਾ ਕਰ ਸਕਿਆ। ਮੈਂ ਮਾਮੇ ਨੂੰ ਸਾਫ਼ ਸ਼ਬਦਾਂ ਵਿਚ ਦੱਸ ਦਿਤਾ ਕਿ ਇਹਨਾਂ ਨੇ ਤੇਰੇ ਬੇਟੇ ਨੂੰ ਬਾਹਰ ਨਹੀਂ ਕੱਢਣਾ । ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ। ਮਾਮਾ ਆਪਣੀ ਗਲਤੀ ‘ਤੇ ਬਹੁਤ ਸ਼ਰਮਿੰਦਾ ਹੋਇਆ। ਮੈਂ ਮਾਮੇ ਨੂੰ ਉਸ ਕਰਤੂਤ ਬਾਰੇ ਬੋਲ ਕੇ ਕੁਝ ਨਾ ਦੱਸਿਆ ਪਰ ਉਹ ਸਮਝ ਵੀ ਸਭ ਕੁਝ ਗਿਆ।ਮਾਮਾ ਕਿੰਨੇ ਵਾਰ ਮਾਂ ਕੋਲ ਆਪਣੀ ਗਲਤੀ ਨੂੰ ਯਾਦ ਕਰਦਿਆਂ ਰੋਇਆ। ਮੱਥੇ ‘ਤੇ ਹੱਥ ਮਾਰ ਕੇ ਆਖਦਾ ਰਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਮੈਂ ਇੰਨੀ ਵੱਡੀ ਗਲਤੀ ਕਰ ਰਿਹਾਂ। ਮੈਂ ਜਾਣੇ ਅਣਜਾਣੇ ਵਿਚ ਆਪਣੀ ਧੀ ਵਰਗੀ ਭਾਣਜੀ ਨੂੰ ਖੂਹ ਵਿਚ ਧੱਕਾ ਦੇ ਦਿੱਤਾ, ਜਿੱਥੇ ਉਹ ਸਹਿਕਦੀ ਸਹਿਕਦੀ ਮਰ ਰਹੀ ਏ।ਸੱਪ ਦੇ ਲੰਘ ਜਾਣ ਮਗਰੋਂ ਲੀਹ ਕੁੱਟਣ ਦਾ ਕੀ ਫਾਇਦਾ । ਹੁਣ ਕਿੰਨਾ ਵੀ ਰੋਈ ਪਛਤਾਈ ਜਾਣ ਮੇਰੀ ਜ਼ਿੰਦਗੀ ਤਾਂ ਸੁਧਾਰ ਨਹੀਂ ਸਕਦੇ। ਮੇਰੇ ਵਿਹੜੇ ਵਿਚ ਖਿਲਰੇ ਕੱਚ ਨੇ ਮੇਰੇ ਪੈਰ ਜ਼ਖ਼ਮੀ ਕਰ ਦਿੱਤੇ। ਜ਼ਖ਼ਮੀ ਮੇਰਾ ਸਰੀਰ ਹੋਇਆ, ਦਰਦ ਮੇਰੀ ਰੂਹ ਭੋਗ ਰਹੀ ਸੀ। ਸਰੀਰਿਕ ਦੁੱਖਾਂ ਨਾਲੋਂ ਵੱਡਾ ਦੁੱਖ ਮਾਨਸਿਕ ਦੁੱਖ ਹੁੰਦਾ ਹੈ। ਸਰੀਰਿਕ ਰੋਗ ਦਵਾਈਆਂ ਬੂਟੀਆਂ ਨਾਲ ਠੀਕ ਹੋ ਜਾਂਦੇ ਹਨ ਪਰ ਮਾਨਸਿਕ ਰੋਗ ਤਾਂ ਅੰਦਰ ਘਰ ਕਰ ਜਾਂਦੇ ਹਨ।ਮੇਰੇ ਘਰਦਿਆਂ ਨੂੰ ਛੱਡ ਕੇ ਪਿੰਡ ਜਾਂ ਰਿਸ਼ਤੇਦਾਰਾਂ ਨੂੰ ਮੇਰੀ ਹਾਲਤ ਦਾ ਕੋਈ ਖਾਸ ਅੰਦਾਜ਼ਾ ਨਹੀਂ ਸੀ । ਸਾਰਿਆਂ ਲਈ ਇਕੋ ਧਾਰਨਾ ਸੀ, ਕੁੜੀ ਬਾਹਰਲੇ ਮੁਲਕ ਏ। ਚੰਗਾ ਪੈਸਾ। ਮੇਰੀ ਹਾਲਤ ਪਿੰਜਰੇ ਵਿਚਲੀਆਂ ਚਿੜੀਆਂ ਵਰਗੀ ਸੀ। ਚਿੜੀਆਂ ਦੀ ਚੀਂ ਚੀਂ ਸੁਹੱਪਣ ਸਾਰਿਆਂ ਦਾ ਦਿਲ ਟੁੰਬਦਾ, ਪਰ ਅਸਲੀ ਰੋਗ ਕੋਣ ਪਛਾਣੇ । ਮੇਰੀ ਗੁਲਾਮੀ ਕਿਸੇ ਨੂੰ ਨਾ ਦਿਸਦੀ। ਮੇਰੀ ਖੁਸ਼ੀ, ਚਾਅ ਤੇ ਆਜ਼ਾਦੀ ਸਭ ਗਿਰਵੀ ਰੱਖੇ ਸੀ।ਜੈਸਮੀਨ ਨੂੰ ਜਨਮ ਦੇਣ ਤੋਂ ਬਾਅਦ ਮੇਰੀ ਸੱਸ ਦੀਆਂ ਨਜ਼ਰਾਂ ‘ਚ ਮੈਂ ਹੋਰ ਮਾੜੀ ਹੋ ਗਈ। ਮੇਰੀ ਕੁੱਖੋਂ ਮੁੰਡਾ ਜਨਮ ਲੈਂਦਾ ਤਾਂ ਸ਼ਾਇਦ ਮੇਰੀ ਸੱਸ ਦਾ ਰੁੱਖ ਨਰਮ ਹੁੰਦਾ।ਕੁੜੀਆਂ ਦੀ ਜ਼ਿੰਦਗੀ ਸੱਚੀਂ ਤਰਸਯੋਗ ਹੁੰਦੀ ਐ। ਅਸੀਂ ਵਿਚਾਰੀਆਂ ਹੁੰਦੀਆਂ ਈ ਕਰਮਾਂ ਮਾਰੀਆਂ। ਬਚਪਨ ਤੋਂ ਈ ਚੁੱਪ ਰਹਿਣਾ ਸਿੱਖਦੀਆਂ, ਮਾਰ ਖਾਣੀ ਸਿੱਖਦੀਆਂ।ਚਲੋ ਆਓ ਤੁਹਾਨੂੰ ਮੇਰੇ ਵਿਹੜੇ ਆਈ ਖੁਸ਼ੀ ‘ਚ ਸ਼ਰੀਕ ਕਰਾਂ। ਦੋ ਸਾਲ ਬਾਅਦ ਰੱਬ ਨੇ ਫਿਰ ਸੁਣੀ। ਸੁੱਖਾਂ ਸੁੱਖਦਿਆਂ ਭਾਗਾਂ ਵਾਲਾ ਦਿਨ ਆਇਆ।ਰਾਤ ਨੇ ਲਈ ਕਾਲੀ ਕੰਬਲੀ ਉਤਾਰੀ ਤੇ ਦਿਨ ਨੇ ਚਿੱਟੀ ਪੁਸ਼ਾਕ ਪਾਈ, ਪੰਛੀਆਂ ਨੇ ਗੌਣਾ ਸ਼ੁਰੂ ਕੀਤਾ। ਚੜ੍ਹਦੇ ਸੂਰਜ ਦੇ ਨਾਲ ਮੇਰੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ। ਆਸਾਂ ਭਰੀ ਪਹਿਲੀ ਕਿਲਕਾਰੀ ਨਾਲ ਚਾਰ ਚੁਫ਼ੇਰੇ ਨੂੰ ਜਗਾ ਦਿੱਤਾ । ਮੁੱਦਤਾਂ ਬਾਅਦ ਰੱਬ ਨੇ ਮੇਰੀ ਸੁਣੀ। ਪਹਿਲੀ ਵਾਰ ਸਾਰਿਆਂ ਨੇ ਅਸੀਸਾਂ ਨਾਲ ਮੇਰੀ ਝੋਲੀ ਭਰੀ । ਪਾਲ ਤੇ ਮੇਰੀ ਸੱਸ ਬਹੁਤ ਖੁਸ਼ ਸਨ। ਮੇਰੇ ਪੁੱਤਰ ਦਾ ਨਾਮ ਰਵੀ ਰੱਖਿਆ। ਰਵੀ ਮਤਲਬ ‘ਸੂਰਜ’ ਕਿਉਂਕਿ ਇਹ ਚੜ੍ਹਦੇ ਸੂਰਜ ਨਾਲ ਪੈਦਾ ਹੋਇਆ । ਇਹ ਨਾਂ ਪਾਲ ਦੋ ਕਵੀ ਦੋਸਤ ਅਜਮੇਰ ਨੇ ਰੱਖਿਆ ਸੀ। ਰਵੀ ਬਹੁਤ ਸੋਹਣਾ ਤੇ ਸੂਰਜ ਵਾਂਗ ਚਮਕ ਰਿਹਾ ਸੀ।ਜਦੋਂ ਜੈਸਮੀਨ ਜੰਮੀ ਤਾਂ ਮੈਨੂੰ ਸਾਰਿਆਂ ਨੇ ਕਲਮੂੰਹੀ ਅਭਾਗਣ ਦੱਸਿਆ। ਸਾਰਿਆਂ ਦਾ ਮੂੰਹ ਲਟਕਿਆ ਰਿਹਾ। ਮੈਨੂੰ ਕੋਸਦੇ ਰਹੇ ਪਰ ਹੁਣ ਰਵੀ ਨੇ ਜਨਮ ਲਿਆ ਤਾਂ ਸਾਰੇ ਮੈਨੂੰ ਅਸੀਸਾਂ ਦੇ ਰਹੇ ਸੀ। ਮੈਨੂੰ ਭਾਗਾਂ ਵਾਲੀ ਕਹਿ ਰਹੇ ਸੀ ਕਿਉਂਕਿ ਮੈਂ ਇਕ ਸੁੰਦਰ ਪੁੱਤਰ ਨੂੰ ਜਨਮ ਦਿਤਾ। ਅਸੀਂ ਜਿੰਨੀਆਂ ਮਰਜ਼ੀ ਬਣਾਵਟੀ ਗੱਲਾਂ ਕਰ ਲਈਏ। ਕੁੜੀ ਮੁੰਡੇ ‘ਚਫ਼ਰਕ ਅਸੀਂ ਅੱਜ ਵੀ ਕਰਦੇ ਹਾਂ।ਮੁੰਡਾ ਹੋਣ ਦੀ ਖਬਰ ਉੱਡਦੀ ਉਡਾਉਂਦੀ ਮੇਰੇ ਪੇਕਿਆਂ ਦੇ ਰਾਹ ਵੀ ਪੈ ਗਈ। ਮਾਂ ਨੇ ਪੀਰਾਂ ਫ਼ਕੀਰਾਂ ਦਾ ਰੱਜ ਕੇ ਧੰਨਵਾਦ ਕੀਤਾ ਜਿਨ੍ਹਾਂ ਦੇ ਡੇਰਿਆਂ ਸਮਾਧਾਂ ‘ਤੇ ਜਾ ਉਹ ਸੁੱਖਾਂ ਸੁੱਖਦੀ ਰਹੀ। ਮੇਰਾ ਪਰਿਵਾਰ ਖੁਸ਼ੀਆਂ ਨਾਲ ਭਰ ਗਿਆ। ਮਾਂ ਘਰ ਦੇ ਮਾਹੌਲ ਕਰਕੇ ਦੁਖੀ ਸੀ ਪਰ ਰਵੀ ਹੋਣ ਕਰਕੇ ਹੁਣ ਉਹ ਜਿਉਂਦਿਆਂ ਚ ਹੋ ਗਈ। ਫੋਨ ‘ਤੇ ਗੱਲ ਕਰਦੀ ਤਾਂ ਬਸ ਰਵੀ ਰਵੀ ਕਰਦੀ ਰਹਿੰਦੀ। ਰਵੀ ਕੀ ਕਰਦਾ, ਦੁੱਧ ਚੁੰਘਾਇਆ ਕਿ ਨਹੀਂ, ਰਵੀ ਕਿਹੋ ਜਿਹਾ ਏ। ਰਵੀ ਬਾਰੇ ਗੱਲਾਂ ਕਰਦੀ ਤੇ ਆਪਣਾ ਮਨ ਹਲਕਾ ਕਰਦੀ। ਮੇਰੀ ਸੱਸ ਦਾ ਵੀ ਬਹੁਤ ਧਿਆਨ ਰੱਖਦੀ ਬੇਸ਼ੱਕ ਉਹ ਚੰਗੀ ਭਲੀ ਸੀ । ਉਹਨੂੰ ਕੋਈ ਕੰਮ ਨਾ ਕਰਨ ਦਿੰਦੀ। ਉਹਦੀਆਂ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖਦੀ। ਤਨੋ ਮਨੋ ਉਸਦੀ ਸੇਵਾ ਕਰਦੀ, ਮੈਂ ਉਹਦੇ ਲਈ ਇੱਕ ਨੌਕਰਾਣੀ ਸੀ ਪਰ ਮੈਂ ਜਿੰਨਾ ਹੋ ਸਕਦਾ ਉਨਾਂ ਕਰਦੀ। ਅਫਸੋਸ ਇਸ ਸੇਵਾ ਦਾ ਮੈਨੂੰ ਮੇਵਾ ਨੀ ਮਿਲਿਆ। ਸੱਸ ਦੇ ਦਿਲ ‘ਚ ਪਿਆਰ ਜਗਾਉਣ ‘ਚ ਮੈਂ ਅਸਮਰੱਥ ਰਹੀ।ਮੇਰੀ ਚਿੰਤਾ ਇਸ ਵਾਰ ਮੁੱਕ ਗਈ। ਅਗਰ ਇਸ ਵਾਰ ਵੀ ਕੁੜੀ ਜਨਮ ਲੈਂਦੀ ਤਾਂ ਉਸ ਦੀ ਵੀ ਜ਼ਿੰਦਗੀ ਬਰਬਾਦ ਹੁੰਦੀ। ਮੈਂ ਨਹੀਂ ਚਾਹੁੰਦੀ ਸੀ ਮੇਰੇ ਬੱਚੇ ਰੁਲਣ। ਜੈਸਮੀਨ ਨੂੰ ਮੈਂ ਇਕ ਨਿਧੜਕ ਕੁੜੀ ਬਣਾਉਣਾ ਚਾਹੁੰਦੀ ਸਾਂ, ਜਿਹੜੀ ਇੰਨੀ ਸਮਝਦਾਰ ਹੋਵੇ ਕਿ ਆਪਣੇ ਚੰਗੇ ਬੁਰੇ ਦੀ ਪਰਖ ਕਰ ਸਕਦੀ ਹੋਵੇ। ਆਪਣੇ ਨਾਲ ਹੋ ਰਹੇ ਅਨਿਆਂ ਵਿਰੁੱਧ ਆਵਾਜ਼ ਉਠਾ ਸਕੇ। ਐਨੀ ਤਾਕਤਵਰ ਹੋਵੇ ਕਿ ਸਮਾਜ ਵਿਚ ਚੱਲ ਰਹੀਆਂ ਧੀਆਂ ਵਿਰੋਧੀ ਨੀਤੀਆਂ ਦਾ ਚੂਲਾ ਉਖਾੜ ਸਕੇ ।ਜੈਸਮੀਨ ਤਿੰਨ ਸਾਲ ਦੀ ਹੋ ਗਈ, ਸਕੂਲੇ ਦਾਖਲਾ ਕਰਵਾ ਦਿੱਤਾ। ਬੜਾ ਪਿਆਰਾ ਬੋਲਦੀ। ਮੇਰੇ ਬੱਚੇ ਆਪ ਮੁਹਾਰੇ ਈ ਪਲ ਰਹੇ ਸਨ, ਪੰਜਾਬ ਵਿਚ ਮਾਵਾਂ ਕੋਲ ਕਿੰਨਾ ਸਮਾਂ ਹੁੰਦਾ ਆਪਣੇ ਬੱਚਿਆਂ ਨੂੰ ਪਾਲਣ ਦਾ, ਮਾਵਾਂ ਆਪਣੀ ਹਿੱਕ ਨਾਲ ਲਾਈ ਰੱਖਦੀਆਂ ਪਰ ਇੱਥੇ ਸਮਾਂ ਹੈ ਈ ਨਹੀਂ। ਇਨਸਾਨ ਇਨਸਾਨ ਨਹੀਂ ਰਹਿੰਦਾ, ਮਸ਼ੀਨ ਬਣ ਜਾਂਦਾ। ਕਈ ਵਾਰ ਘਰ ਵਾਲੇ ਦੀਆਂ ਰਾਤ ਦੀਆਂ ਸ਼ਿਫਟਾਂ ਹੁੰਦੀਆਂ ਤੇ ਘਰ ਵਾਲੀ ਦੀਆਂ ਦਿਨ ਦੀਆਂ। ਇਕ ਇਕ ਹਫ਼ਤਾ ਮਿਲਣ ਦਾ ਵੀ ਸਮਾਂ ਨਹੀਂ, ਛੁੱਟੀ ਵਾਲੇ ਦਿਨ ਹੀ ਇੱਕ ਦੂਜੇ ਨੂੰ ਮਿਲਦੇ ਹਨ।ਖਾਣ ਪੀਣ ਦਾ ਕੋਈ ਸਮਾਂ ਨਹੀਂ। ਭੱਜ ਨੱਸ ‘ਚ ਜਾਂ ਕੰਮਾਂ ਤੇ ਜਾ ਕੇ ਖਾਣਾ ਪੈਂਦਾ। ਪੰਜਾਬ ਵਾਲੇ ਸਾਰੇ ਖਾਣੇ ਮਿਲ ਜਾਂਦੇ ਹਨ ਪਰ ਪੰਜਾਬ ਵਾਲਾ ਸਵਾਦ ਨਹੀਂ ਮਿਲਦਾ। ਜ਼ਿਆਦਾਤਰ ਸਬਜ਼ੀਆਂ ਕੈਲੀਫੋਰਨੀਆਂ ਤੋਂ ਮਿਲਦੀਆਂ, ਉਹ ਵੀ ਸਟੋਰ ਕੀਤੀਆਂ। ਕੁਝ ਦਿਨ ਤਾਂ ਸਬਜ਼ੀਆਂ ਕੈਲੋਫੋਰਨੀਆਂ ਪਈਆਂ ਰਹਿੰਦੀਆਂ, ਫਿਰ ਟਰੱਕਾਂ ‘ਚ ਲੋਡ ਹੋ ਕੇ ਇੱਕ ਹਫਤੇ ਵਿਚ ਟਰੌਂਟੋ ਪਹੁੰਚਦੀਆਂ। ਸਬਜ਼ੀਆਂ ਨੂੰ ਜਿੰਨਾਂ ਵੀ ਸਟੋਰ ਕਰ ਲੈਣ, ਤਾਜ਼ੀਆਂ ਸਬਜ਼ੀਆਂ ਵਰਗਾ ਸਵਾਦ ਨਹੀਂ ਆ ਸਕਦਾ। ਅਸੀਂ ਤਾਂ ਬੇਹੀਆਂ ਸਬਜ਼ੀਆਂ ਹੀ ਖਾਂਦੇ ਹਾਂ। ਪੰਜਾਬ ਵਿਚ ਬੰਦਾ ਦਸ ਦਿਨ ਗਾਜਰਾਂ ਦੀ ਸਬਜੀ ਖਾ ਲਵੇ, ਬੰਦੇ ਦਾ ਰੰਗ ਦਸ ਦਿੰਦਾ। ਪੰਜਾਬ ਵਿਚ ਸਿਆਲੋਂ ਸਾਲ ਸਰ੍ਹੋਂ ਦਾ ਸਾਗ ਖਾਦਾ ਜਾਂਦਾ। ਕਿੰਨਾ ਸੁਆਦ ਤੇ ਪੋਸ਼ਟਿਕ ਹੁੰਦਾ। ਇੱਥੇ ਸਾਰਾ ਸਾਲ ਖਾਈ ਜਾਈਏ, ਕੋਈ ਸਵਾਦ ਨੀ, ਕੋਈ ਤਾਕਤ ਨੀ। ਇੱਥੇ ਜ਼ਿੰਦਗੀ ਬੜੀ ਰਫ਼ਤਾਰ ਨਾਲ ਗੁਜ਼ਰਦੀ ਹੈ ਇੱਥੇ । ਵਿਹਲ ਤਾਂ ਕਿਸੇ ਕੋਲ ਹੈ ਈ ਨਹੀਂ, ਸਭ ਆਪਣੀ ਆਪਣੀ ਦੌੜ ਵਿਚ ਭੱਜ ਰਹੇ ਨੇ। ਜੋ ਇਥੇ ਦੇ ਜੰਮਪਲ ਨੇ ਉਹ ਆਪਣੀ ਜ਼ਿੰਦਗੀ ਐਸ਼ ਅਰਾਮ ਨਾਲ ਜਿਉਂਦੇ ਹਨ। ਉਨ੍ਹਾਂ ਨੂੰ ਕੋਈ ਫ਼ਿਕਰ ਫਾਕਾ ਨਹੀਂ, ਸਾਡੇ ਨਾਲੋਂ ਸਿਹਤ ਤੇ ਦਿਮਾਗ ਪੱਖੋਂ ਬੜੇ ਤਾਕਤਵਰ ਹਨ। ਸਾਡੇ ਲੋਕਾਂ ਨੂੰ ਹੋੜ ਲੱਗੀ ਹੈ ਪੈਸਾ ਕਮਾਉਣ ਦੀ। ਇਸ ਲਈ ਅਸੀਂ ਸਿਹਤ ਅਤੇ ਰਿਸ਼ਤਿਆਂ ਵੱਲ ਧਿਆਨ ਨਹੀਂ ਦਿੰਦੇ । ਇਹ ਗੱਲ ਕਈਆਂ ਦੇ ਹਜ਼ਮ ਨਹੀਂ ਆਉਂਦੀ ਪਰ ਕਈਆਂ ਦੀ ਇਹ ਅਸਲੀਅਤ ਹੈ। ਕਈ ਆਪਣੇ ਮਾਪਿਆਂ ਨੂੰ ਪੰਜਾਬ ਤੋਂ ਸਿਰਫ਼ ਇਸ ਕਰਕੇ ਬੁਲਾਉਂਦੇ ਹਨ, ਇਕ ਤਾਂ ਉਹ ਉਹਨਾਂ ਦੇ ਬੱਚੇ ਸਾਂਭ ਲੈਣਗੇ ਦੂਜਾ ਉਹਨਾਂ ਨੂੰ ਬੁਢਾਪਾ ਪੈਨਸ਼ਨ ਮਿਲਿਆ ਕਰੇਗੀ। ਰਿਸ਼ਤਿਆਂ ਦਾ ਮੋਹ ਖਤਮ ਹੋ ਚੁੱਕਿਆ । ਕੁਝ ਕੁ ਇਨਸਾਨਾਂ ਨੂੰ ਛੱਡ ਕਿ ਇਨਸਾਨੀਅਤ ਮਰ ਚੁਕੀ ਐ।ਇਥੋਂ ਦੇ ਜੰਮਪਲ ਸਾਡੇ ਬੱਚੇ ਵੱਡੇ ਹੋ ਕਿ ਆਪਣੇ ਦਾਦਾ ਦਾਦੀ ਨੂੰ ਪਹਿਚਾਣਦੇ ਵੀ ਨਹੀਂ। ਉਹਨਾਂ ਦਾ ਆਪਸ ਵਿਚ ਕੁਝ ਨਹੀਂ ਮਿਲਦਾ ਨਾ ਬੋਲੀ ਨਾ ਹਾਵ-ਭਾਵ ਸਭ ਕੁਝ ਵੱਖਰਾ-ਵੱਖਰਾ। ਬਜੁਰਗ ਵਿਚਾਰੇ ਕੱਲ੍ਹੇ ਪਾਰਕਾਂ ‘ਚ ਬੈਠੇ ਸੋਚਦੇ ਨੇ ਇਥੋਂ ਨਾਲੋਂ ਪੰਜਾਬ ਚੰਗੇ ਸੀ। ਆਪਣੇ ਹਾਣੀਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸੀ। ਇੱਥੇ ਉਹ ਕਰਨੋ ਵੀ ਗਏ।ਪਾਲ ‘ਤੇ ਤਾਂ ਮੈਨੂੰ ਪਹਿਲਾਂ ਈ ਸ਼ੱਕ ਸੀ, ਪਰ ਸਮੇਂ ਦੇ ਨਾਲ ਨਾਲ ਮੈਨੂੰ ਯਕੀਨ ਹੋ ਗਿਆ ਪਾਲ ਹੋਰਾਂ ਜਨਾਨੀਆਂ ਨਾਲ ਨਜਾਇਜ਼ ਸੰਬੰਧ ਰੱਖਦਾ ਸੀ। ਮੈਂ ਸਿਰਫ਼ ਇਕ ਕੰਮ ਕਰਨ ਵਾਲੀ ਸੀ ਪਤਨੀਆਂ ਵਾਲਾ ਮੇਰੇ ਨਾਲ ਕੁੱਝ ਵੀ ਨਹੀਂ ਸੀ। ਮੇਰੀ ਐਨੀ ਹਿੰਮਤ ਵੀ ਨਾ ਪੈਂਦੀ ਕਿ ਮੈਂ ਪਾਲ ਨੂੰ ਪੁੱਛ ਸਕਾਂ ਕਿ ਤੁਸੀਂ ਕੀਹਦੇ ਨਾਲ ਗੱਲਾਂ ਕਰਦੇ ਓ ? ਇਕ ਵਾਰ ਇਹ ਮੂਰਖ਼ਤਾ ਮੈਂ ਕਰ ਲਈ । ਡਰਦੀ ਡਰਦੀ ਨੇ ਮੈਂ ਪਾਲ ਨੂੰ ਕਿਹਾ “ਇਨਾ ਚਿਰ ਤੁਸੀ ਕੀਹਦੇ ਨਾਲ ਗੱਲਾਂ ਕਰਦੇ ਓ ? ਮੈਂ ਕਹਿ ਤਾਂ ਬੈਠੀ ਪਰ ਬਾਅਦ ‘ਚ ਪਛਤਾਈ ਬਹੁਤ । ਮੈਨੂੰ ਇਹ ਮੂਰਖਤਾ ਨਹੀਂ ਕਰਨੀ ਚਾਹੀਦੀ ਸੀ। ਪਾਲ ਨੇ ਇਸ ਛੋਟੀ ਜੇਹੀ ਗੱਲ ਦਾ ਤਮਾਸ਼ਾ ਬਣਾ ਦਿੱਤਾ। “ਤੂੰ ਹੁੰਨੀ ਕੌਣ ਏਂ ਮੇਰੇ ਤੋਂ ਪੁੱਛਣ ਵਾਲੀ ਤੂੰ ਹੁਣ ਇੰਨਕੁਆਰੀਆਂ ਕਰੇਗੀ” ਗੱਲ ਵਧਦੀ ਵਧਦੀ ਮੇਰੀ ਸੱਸ ਦੇ ਦਰਬਾਰ ‘ਚ ਪਹੁੰਚ ਗਈ ਜੀਹਦਾ ਮੈਨੂੰ ਡਰ ਸੀ ਡੂਮਣੇ ਨੂੰ ਛੇੜਿਆ ਮੱਖੀਆਂ ਤਾਂ ਲੜਨਗੀਆਂ ਹੀ।ਕੱਲ੍ਹ ਨੂੰ ਤੂੰ ਸਾਡੇ ਸਿਰ ‘ਤੇ ਨੱਚੇਗੀ ਜ਼ਿਆਦਾ ਜੁਬਾਨ ਲੱਗ ਗਈ ਲੱਗਦਾ। ਤੈਨੂੰ ਸੂਤ ਕਰਨਾ ਪੈਣਾ। ਮੇਰੀ ਸੱਸ ਨੇ ਹਾਲੇ ਇਸ਼ਾਰਾ ਈ ਕੀਤਾ ਸੀ ਇੰਨੀ ਗੱਲ ਸੁਣਦੇ ਹੀ ਪਾਲ ਨੇ ਕੋਈ ਭਾਰੀ ਚੀਜ਼ ਮੇਰੇ ਸਿਰ ‘ਚ ਮਾਰੀ। ਮੈਂ ਬੇਹੋਸ਼ ਹੋ ਗਈ।ਮੇਰੇ ਸਿਰ ‘ਚ ਸੱਤ ਟਾਂਕੇ ਲੱਗੇ ਜਿਨ੍ਹਾਂ ਦਾ ਨਿਸ਼ਾਨ ਅੱਜ ਵੀ ਏ। ਕਿਥੋਂ ਲਵਾਏ ਪਤਾ ਨਹੀਂ। ਜਦੋਂ ਮੈਨੂੰ ਹੋਸ਼ ਆਇਆ ਮੈਂ ਘਰ ਵਿਚ ਈ ਸੀ। ਕੁਝ ਦਿਨਾਂ ਬਾਅਦ ਸਫ਼ਾਈ ਕਰਦਿਆਂ ਪਤਾ ਲੱਗਿਆ ਮੇਰੇ ਸਿਰ ‘ਚ ਚੀਨੀ ਦਾ ਗਮਲਾ ਮਾਰਿਆ ਸੀ। ਜੀਹਦੇ ਕੰਕਰ ਮੈਂ ਆਪ ਡਸਟਬਿਨ ਵਿਚ ਸੁੱਟੇ। ਸਿਰ ਦੀ ਸੱਟ ਨੇ ਮੈਨੂੰ ਕਾਫੀ ਨੁਕਸਾਨ ਪਹੁੰਚਾਇਆ। ਮੇਰੇ ਸਿਰ ਵਿੱਚ ਦਰਦ ਰਹਿਣ ਲੱਗਿਆ ਮੇਰੀ ਯਾਦਾਸ਼ਤ ਪਹਿਲਾਂ ਨਾਲੋਂ ਕਮਜ਼ੋਰ ਹੋ ਗਈ। ਥੋੜੇ ਸਮੇਂ ਬਾਅਦ ਮੈਂ ਗੱਲ ਭੁੱਲ ਜਾਂਦੀ। ਕੰਮ ਕਰਦੀਆਂ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਜਾਂਦਾ ਮੈਂ ਝੱਟ ਉਸੇ ਜਗ੍ਹਾ ਬੈਠ ਜਾਂਦੀ।ਮੇਰੀ ਸ਼ਿਫਟ ਸ਼ਾਮ ਤੋਂ ਲੈ ਕਿ ਅੱਧੀ ਰਾਤ ਤੱਕ ਹੁੰਦੀ ਘਰੇ ਸਾਰਾਕੰਮ ਕਰਦੀ। ਸਿਹਤ ਦਿਨੋਂ ਦਿਨ ਮਾੜੀ ਹੋ ਰਹੀ ਸੀ ਗੋਰਾ ਰੰਗ ਕਾਲਾ ਪੈ ਰਿਹਾ ਸੀ। ਮੈਂ ਆਪਣੀ ਉਮਰ ਨਾਲੋਂ ਜ਼ਿਆਦਾ ਵੱਡੀ ਲੱਗਦੀ। ਹੁਣ ਮੇਰੀ ਜੌਬ ਇਕ ਸਿਟੀ ‘ਚ ਸਕਿਉਰਟੀ ਦੀ ਸੀ। ਮੇਰਾ ਕੈਬਿਨ ਬਣਿਆ। ਆਉਂਦੇ ਜਾਂਦੇ ਤੇ ਮੈਂ ਨਜ਼ਰ ਰੱਖਦੀ। ਕਿਸੇ ਅਜਨਬੀ ਨੂੰ ਪੁੱਛ ਪੜਤਾਲ, ਐਂਟਰੀ ਪਾ ਕੇ ਅੰਦਰ ਜਾਣ ਦੀ ਆਗਿਆ ਦਿੰਦੀ। ਕਿਸੇ ਫਲੈਟ ਵਾਲੇ ਨੂੰ ਕੋਈ ਪ੍ਰੋਬਲਮ ਹੁੰਦੀ ਤਾਂ ਮੈਂ ਉਹਨਾਂ ਦੇ ਕੰਮ ਆਉਂਦੀ ਬੇਸ਼ੱਕ ਉਹਨਾਂ ਲਈ ਇਲੈਕਟ੍ਰੀਸ਼ਨ ਨੂੰ ਬੁਲਾਉਣਾ ਹੁੰਦਾ ਜਾਂ ਪਲੰਬਰ ਨੂੰ ਇਹ ਮੇਰੇ ਕੰਮ ਸਨ । ਇਹ ਸਾਰੇ ਇੱਥੋਂ ਰਹਿਣ ਵਾਲੇ ਸਨ ਜੋ ਸਿਰਫ਼ ਅੰਗਰੇਜ਼ੀ ਬੋਲਦੇ ਸਨ। ਸਾਰਾ ਦਿਨ ਅੰਗਰੇਜ਼ੀ ਬੋਲ-ਬੋਲ ਮੂੰਹ ਵਿੰਗਾ ਹੋ ਜਾਂਦਾ। ਅੰਗਰੇਜ਼ੀ ਬੋਲਣਾ ਮੈਂ ਸਿੱਖ ਗਈ, ਫਰਾਟੇਦਾਰ ਅੰਗਰੇਜ਼ੀ।ਜ਼ੌਬ ‘ਤੇ ਆਉਣ ਤੋਂ ਪਹਿਲਾਂ ਮੈਂ ਥੋੜਾ ਬਹੁਤ ਬਰੈਡ ਬਗੈਰਾ ਖਾ ਆਉਂਦੀ, ਇੱਥੋਂ ਲਈ ਨਾਲ ਫਰੂਟ ਬਗੈਰਾ ਲੈ ਆਉਂਦੀ ਰਾਤ ਨੂੰ ਭੁੱਖ ਲਗਦੀ ਤਾਂ ਖਾ ਲੈਂਦੀ। ਰਾਤ ਨੂੰ ਘਰ ਜਾਂਦੀ ਖਾਣ ਨੂੰ ਦਿਲ ਨਾ ਕਰਦਾ। ਓਵੇਂ ਹੀ ਜਾ ਕੇ ਸੌ ਜਾਂਦੀ ਪਾਲ ਤੇ ਬੱਚੇ ਸੁੱਤੇ ਪਏ ਹੁੰਦੇ।ਬੱਚੇ ਸਵੇਰੇ ਆਪ ਨਹਾ ਲੈਂਦੇ ਤੇ ਮੈਨੂੰ ਨਾਸ਼ਤਾ ਤਿਆਰ ਕਰਨ ਲਈ ਉਠਾਉਂਦੇ ਮੇਰੇ ਉੱਠਣ ਤੋਂ ਪਹਿਲਾਂ ਪਾਲ ਕੰਮ ‘ਤੇ ਚਲਾ ਜਾਂਦਾ। ਜੈਸਮੀਨ ਲਗਭਗ ਨੌ ਸਾਲ ਦੀ ਤੇ ਰਵੀ ਸਵਾ ਛੇ ਸਾਲ ਦਾ ਹੋ ਗਿਆ ਸੀ। ਜੈਸਮੀਨ ਆਪਣੇ ਆਪ ਨੂੰ ਸੰਭਾਲਣ ਵਾਲੀ ਹੋ ਗਈ । ਜੈਸਮੀਨ ਬਹੁਤ ਸਿਆਣੀ ਏ।ਧੀਆਂ ਤਾਂ ਹੁੰਦੀਆਂ ਈ ਸਿਆਣੀਆਂ ਅਗਰ ਕੋਈ ਸਮਝੇ ਤਾਂ। ਜੈਸਮੀਨ ਮੇਰਾ ਦਰਦ ਸਮਝਦੀ ਉਹਨੂੰ ਮੇਰੀ ਬੇਬਸੀ ਦਾ ਅਹਿਸਾਸ ਸੀ। ਜਦੋਂ ਕਦੇ ਮੇਰੀ ਸੱਸ ਲੜਾਈ ਕਰਦੀ ਜਾਂ ਪਾਲ ਕੁੱਟਦਾ ਤਾਂ ਜੈਸਮੀਨ ਝੱਟ ਮੈਨੂੰ ਚੰਬੜ ਜਾਂਦੀ ਕਿੰਨੇ ਵਾਰ ਵਿਚਾਰੀ ਨੇ ਮੇਰੇ ਪਿੱਛੇ ਕੁੱਟ ਖਾਧੀ। ਮੈਂ ਤਾਂ ਦੁੱਖੀ ਸੀ, ਮੇਰੇ ਕਰਕੇ ਇਹ ਵਿਚਾਰੀਆਂ ਜਿੰਦਾ ਵੀ ਦੁਖੀ ਹੁੰਦੀਆਂ। ਮੈਂ ਡੂੰਘੀਆਂ ਸੋਚਾਂ ‘ਚ ਡੁੱਬੀ ਰਹਿਣ ਲੱਗੀ। ਡਾਕਟਰ ਨੇ ਬੀਪੀ ਦੀ ਗੋਲੀ ਪਰਮਾਨੈਂਟ ਲਗਾਈ ਸੀ। ਇਕ ਤਾਕਤ ਦਾ ਕੈਪਸੂਲ ਮੈਨੂੰ ਰੋਜ਼ਾਨਾ ਲੈਣਾ ਪੈਂਦਾ ਸੀ। ਕਈ ਵਾਰੀ ਅੱਕ ਕੇ ਦਵਾਈਆਂ ਛੱਡ ਦਿੰਦੀ, ਮੈਨੂੰ ਚੱਕਰ ਆਉਣ ਲੱਗ ਜਾਂਦੇ। ਇਹ ਦਵਾਈਆਂ ਮੈਨੂੰ ਪਾਲ ਲਿਆ ਕੇ ਦਿੰਦਾ। ਇਹ ਹਮਦਰਦੀ ਉਹੋ ਜਿਹੀ ਸੀ ਜਿੱਦਾਂ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਜਾਲ ‘ਚ ਫਸਾਉਣ ਲਈ ਚੋਗਾ ਸੁੱਟਦਾ। ਫ਼ਰਕ ਬਸ ਇੰਨਾ ਸੀ ਮੈਂ ਜਾਲ ‘ਚ ਫਸ ਚੁੱਕੀ ਸੀ। ਮੈਂ ਚਾਹੁੰਦੀ ਸਾਂ ਜੈਸਮੀਨ ਮੇਰੇ ਵਰਗੀ ਨਾ ਬਣੇ, ਉਹ ਤੇਜ਼ ਤਰਾਰ ਤਲਵਾਰ ਦੀ ਧਾਰ ਵਰਗੀ ਬਣੇ ਪਰ ਜੈਸਮੀਨ ਮੇਰੇ ਵਰਗੀ ਸੀ ਚੁੱਪ ਕੀਤੀ। ਸੋਚਾਂ ‘ਚ ਡੁੱਬੀ ਰਹਿਣ ਵਾਲੀ।ਲੰਬੇ ਸਮੇਂ ਤੋਂ ਬਣਾ ਕੇ ਰੱਖਿਆ ਸਬਰ, ਹੁਣ ਤਰੇੜਾ ਖਾ ਗਿਆ। ਦਿਲ ਕੀਤਾ ਮੈਂ ਦੁਨੀਆਂ ਨੂੰ ਅਲਵਿਦਾ ਆਖ ਦੇਵਾਂ। ਮੈਂ ਅੱਕ ਗਈ ਰੋਜ਼ ਰੋਜ਼ ਦੇ ਕੁੱਤੇ ਕਲੇਸ਼ ਤੋਂ। ਹੁਣ ਸਮਾਂ ਸੀ ਕਰੋ ਜਾ ਮਰੋ ਦਾ।ਮਰ ਜਾਵਾਂ ? ਪਰ ਕਿਵੇਂ ? ਬੱਚਿਆਂ ਨੂੰ ਛੱਡ ਕੇ ਕਿਵੇਂ ਮਰ ਸਕਦੀ ਆਂ….. ਮੈਂ ? ਜੈਸਮੀਨ ਤੇ ਰਵੀ ਦਾ ਕੀ ਬਣੂ…… ਮੇਰੇ ਬਾਅਦ ? ਜੇ ਮਰਨਾ ਨਹੀਂ ਫਿਰ ਇਸ ਕਲੇਸ਼ ‘ਚ ਕਿਵੇਂ ਖਹਿੜਾ ਛੁੱਟੂ ? ਮਰੋ ਵਾਲਾ ਰਾਹ ਮੈਂ ਅਪਣਾ ਨਹੀਂ ਸਕਦੀ।ਬਾਕੀ ਬਚਿਆ ਕਰੋ ਵਾਲਾ ਕੀ ਕਰ ਸਕਦੀ ਹਾਂ ਮੈਂ….. ਜਿਸ ਨਾਲ ਇਹ ਸਾਰੇ ਕਲੇਸ਼ ਤੋਂ ਮੁਕਤੀ ਮਿਲ ਸਕੇ। ਮੈਂ ਤਲਾਕ ਲੈ ਲਵਾਂ। ਮੈਂ ਪਾਲ ਤੋਂ ਤਲਾਕ ਲੈ ਲਵਾਂ।ਹੈਂਅ… ਜੱਸੋ ਕੀ ਕਹਿ ਰਹੀ ਏ….ਹੋਸ਼ ਵਿਚ ਤਾਂ ਹੈ ….. ਮੈਂ ਆਪਣੇ ਆਪ ਨਾਲ ਸਵਾਲ ਜਵਾਬ ਕਰ ਰਹੀ ਸੀ । ਅੱਜ ਪਹਿਲੀ ਵਾਰ ਮੇਰੇ ਵਿੱਚ ਹਿੰਮਤ ਆਈ, ਪਰ ਇਹ ਖਿਆਲੀ ਹਿੰਮਤ ਸੀ। ਮੈਂ ਫੈਸਲਾ ਕੀਤਾ ਪਾਲ ਤੋਂ ਤਲਾਕ ਲਵਾਂਗੀ ਬੱਚਿਆਂ ਨੂੰ ਨਾਲ ਲੈ ਕੇ ਅਲੱਗ ਰਹਿਣ ਲੱਗ ਜਾਵਾਂਗੀ। ਕਈ ਦਿਨ ਇਸ ਖਿਆਲ ਨੇ ਮੇਰੇ ਅੰਦਰ ਖਲਬਲੀ ਮਚਾਈ। ਮਾਂ ਨਾਲ ਤਲਾਕ ਵਾਲੀ ਗੱਲ ਸਾਂਝੀ ਕੀਤੀ। ਮਾਂ ਭੜਕ ਉਠੀ ।“ਦਿਮਾਗ ਤੋਂ ਕੰਮ ਲੈ ਕੁੜੀਏ…. ਝੱਲੀ ਹੋ ਗਈ ਏ।” “ਕੱਲੀ ਕਿਸ ਤਰ੍ਹਾਂ ਰਹੇਗੀ ਤੂੰ, ਕੁੜੀਆਂ ਇੱਕ ਵਾਰੀ ਵਿਆਹੀਆਂ ਜਾਣ ਫਿਰ ਤਾਂ ਸਹੁਰੇ ਘਰੋਂ ਲਾਸ਼ ਹੀ ਬਾਹਰ ਆਉਂਦੀ ਏ।”ਤਲਾਕ ਦਾ ਨਾਮ ਸੁਣ ਮੇਰੀ ਮਾਂ ਬੌਖਲਾ ਗਈ। ਜਿੰਨਾ ਨੂੰ ਮੇਰੀ ਕਦੇ ਪਰਵਾਹ ਨਹੀਂ ਉਹਨਾਂ ਨੂੰ ਮੇਰੀ ਪਰਵਾਹ ਹੋਈ।ਹੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੀ, ਆਪਣੇ ਮਰੇ ਬਿਨਾਂ ਸਵਰਗ ਨੀ ਦੇਖਿਆ ਜਾਂਦਾ। ਮੈਂ ਆਪਣਾ ਰਾਹਾ ਖੁਦ ਬਣਾਵਾਂਗੀ। ਬਹੁਤ ਸਮਾਂ ਦੂਸਰਿਆਂ ਦੇ ਇਸ਼ਾਰਿਆਂ ਤੇ ਨੱਚ ਲਈ ਹੁਣ ਸਮਾਂ ਆ ਗਿਆ ਆਪਣੇ ਬਣਾਏ ਰਾਹਾਂ ‘ਤੇ ਮਾਣ ਨਾਲ ਤੁਰਨ ਦਾ। ਮੇਰਾ ਫੈਸਲਾ ਅਟੱਲ ਸੀ, ਮੇਰਾ ਮਨ ਪੱਕਾ ਸੀ। ਅੱਧੀ ਉਮਰ ਬੀਤ ਗਈ, ਜ਼ਿੰਦਗੀ ਨੇ ਦਿੱਤੇ ਜ਼ਖ਼ਮ ਆਪਣੇਪਿੰਡੇ ਹੰਢਾਏ ਕੋਈ ਮੱਲਮ ਲਾਉਣ ਲਈ ਵੀ ਨਾ ਬਹੁੜਿਆ। ਮੇਰੀਆਂ ਡੁੱਲਦੀਆਂ ਅੱਖਾਂ ਦੇ ਹੰਝੂ ਪੂੰਝਣ ਕੋਈ ਨਾ ਆਇਆ। ਫਿਰ ਮੈਂ ਕਿਸੇ ਦੀ ਸਲਾਹ ਕਿਉਂ ਲਵਾਂ…ਅਲੱਗ ਰਹਿਣ ਵਾਰੇ ਮੈਂ ਜੈਸਮੀਨ ਨੂੰ ਦੱਸਿਆ। ਪਤਾ ਨਹੀਂ ਉਹਦੇ ਕੁਝ ਸਮਝ ਪਿਆ ਜਾਂ ਨਹੀਂ ਉਹਨੇ ਸਿਰਫ਼ ਦੋ ਗੱਲਾਂ ਕਹੀਆਂ “ਆਈ ਲਵ ਯੂ ਮੌਮ…. ਐਮ ਆਲਵੇਜ਼ ਵਿਦ ਯੂ।” ਇੰਨਾ ਕਹਿੰਦਿਆਂ ਮੈਨੂੰ ਜੱਫ਼ੀ ਪਾ ਲਈ। ਰਵੀ ਅਜੇ ਛੋਟਾ ਸੀ। ਉਹ ਆਪਣੀ ਮਸਤੀ ‘ਚ ਭੱਜਿਆ ਫਿਰਦਾ ਰਹਿੰਦਾ।ਤਪਦੀ ਦੁਪਹਿਰ ਵਿਚ ਜਿਵੇਂ ਕੋਈ ਪਿਆਸਾ ਪਾਣੀ ਦੀ ਭਾਲ ਕਰਦਾ ਮੈਂ ਆਪਣੀ ਜ਼ਿੰਦਗੀ ਵਿਚ ਖੁਸ਼ੀਆਂ ਦੀ ਭਾਲ ਕਰ ਰਹੀ ਸੀ। ਮੇਰੇ ਲਾਲ ਗੁਲਾਬੀ ਰੰਗ ‘ਤੇ ਬੱਦਲਾਂ ਵਰਗੀਆਂ ਸਿਆਈਆਂ ਪੈ ਗਈਆਂ। ਦੇਹ ਚੋਂ ਫੁੱਲਾਂ ਵਰਗੀ ਮਹਿਕ ਗਾਇਬ ਹੋ ਗਈ ਜਿਹੜੀ ਕਦੇ ਵਾਪਿਸ ਨਾ ਆਈ। ਢਲਦੀ ਸ਼ਾਮ ਦੇ ਵਾਂਗੂੰ ਚਾਰੇ ਪਾਸੇ ਹਨੇਰਾ ਹੋ ਗਿਆ ਮੁੜ ਕੇ ਪ੍ਰਕਾਸ਼ ਨਾ ਹੋਇਆ।ਕਿਸੇ ‘ਤੇ ਯਕੀਨ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਲੱਗਦਾ ਹੈ। ਯਕੀਨ ਕਾਹਦਾ ਤੇ ਕਿੰਨੀ ਕੁ ਵਾਰ ਕਰਦੀ ? ਹਰ ਵਾਰ ਮੇਰਾ ਯਕੀਨ ਨ੍ਹੇਰੀ ਵਿੱਚ ਕਿੱਕਰ ਦੇ ਡਾਹਣੇ ਵਾਂਗ ਮੜਾਕਾ ਖਾ ਗਿਆ। ਮੈਂ ਚਾਹੁੰਦੀ ਇੰਦਰ ਵਰਗੀ ਦੋਸਤ ਮੁੜ ਮੇਰੀ ਜ਼ਿੰਦਗੀ ਵਿਚ ਆਵੇ । ਇੰਦਰ ਤਾਂ ਕੀ, ਇੰਦਰ ਦਾ ਮੁੜ ਪਰਛਾਵਾਂ ਵੀ ਕੋਲ ਨਾ ਆਇਆ। ਪਤਾ ਨਹੀਂ ਕਿੱਥੇ ਵੱਸਦੀ ਹੋਵੇਗੀ ਮੇਰੇ ਵਰਗੀ ਅਭਾਗਣ।ਬਰੈਮਪਟਨ ਦਾ ਮੌਸਮ ਬਹੁਤ ਸੋਹਣਾ ਰਹਿੰਦਾ। ਚਾਰੇ ਪਾਸੇ ਸਾਫ਼ ਸੁਥਰੀ ਜਗਾ, ਸੋਹਣੇ ਸੋਹਣੇ ਚਿਹਰੇ, ਹਰਿਆਲੀ, ਠੰਡਾ-ਠੰਡਾ ਮੌਸਮ ਪਰ ਮੈਂ ਦੁਖੀ ਆਤਮਾ ਮੈਂ ਹੀ ਕਿਉਂ ਇੰਡੀਆ ਤੋਂ ਆਈ ਮੇਰੇ ਵਰਗੀ ਹਰ ਕੁੜੀ ਜਿੰਨਾ ਦੀ ਜ਼ਿੰਦਗੀ ਇਥੋਂ ਦੇ ਸਵਰਗ ਨੇ ਨਰਕ ਬਣਾ ਦਿੱਤੀ। ਇਹ ਮਾਹੌਲ ਸਾਨੂੰ ਚੰਗਾ ਤਾਂ ਹੀ ਲੱਗਦਾ ਅਗਰ ਸਾਡੀ ਆਤਮਾ ਖੁਸ਼ ਹੁੰਦੀ।ਮੇਰੀ ਹਾਲਤ ਤਾਂ ਪਿੰਜਰੇ ‘ਚ ਬੰਦ ਪੰਛੀ ਵਰਗੀ ਸੀ ਜਿਸਦੀ ਆਜ਼ਾਦੀ ਮਾਲਕਾਂ ਨੇ ਖੋਹ ਲਈ ਤੇ ਬਸ ਪਿੰਜਰੇ ਦਾ ਸ਼ਿੰਗਾਰ ਬਣਕੇ ਰਹਿ ਗਿਆ। ਮੈਂਤਾਂ ਰੋਟੀ ਦੀ ਮੁਥਾਜ਼ ਸੀ । ਜੋ ਮੈਨੂੰ ਬੋਲਣ ਲਈ ਕਿਹਾ ਜਾਂਦਾ, ਆਪਣੀ ਟੁੱਟੀ ਭੱਜੀ ਆਵਾਜ਼ ਵਿਚ ਉਹੀਂ ਮੈਂ ਆਖਦੀ। ਮੇਰੇ ਗਲ ਵਿਚ ਗੁਲਾਮੀ ਦਾ ਪੱਟਾ ਸਦੀਆਂ ਤੋਂ ਪਾਇਆ ਸੀ ਪਤਾ ਨਹੀਂ ਹਾਲੇ ਕਿੰਨੀਆਂ ਸਦੀਆਂ ਰਹਿਣਾ।ਪੀਰਾਂ ਫਕੀਰਾਂ ਨੇ ਆਪਣੀ ਸਾਰੀ ਉਮਰ, ਸਾਨੂੰ ਉਚਾ ਚੁੱਕਣ ਵਿਚ ਲਗਾ ਦਿੱਤੀ ਪਰ ਸਾਡੀ ਗੁਲਾਮੀ ਬਰਕਰਾਰ ਏ ਅਸੀਂ ਭੁੱਲ ਗਏ ਆਂ ਉਹਨਾਂ ਉਪਦੇਸ਼ਾ ਨੂੰ ਜੋ ਸਾਨੂੰ ਗੁਰੂਆਂ ਨੇ ਦਿੱਤੇ । “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।” ਗੁਰੂ ਨਾਨਕ ਦੇਵ ਜੀ ਦੇ ਇਹਨਾਂ ਵਾਕਾਂ ਨੂੰ ਵੀ ਅਸੀਂ ਟਿੱਚ ਕਰਕੇ ਜਾਣਿਆ । ਸਾਡਾ ਸਮਾਜ ਔਰਤ ਨੂੰ ਆਜ਼ਾਦ ਹੋਣ ਦੀ ਮਨਜ਼ੂਰੀ ਨਹੀਂ ਦੇ ਸਕਦਾ ਕਿਉਂਕਿ ਇਸ ਵਿਚ ਮਰਦ ਦੀ ਹੇਠੀ ਹੁੰਦੀ ਹੈ, ਉਹਨਾਂ ਦੀ ਇੱਜ਼ਤ ਦਾ ਸਵਾਲ ਐ।ਅਗਰ ਔਰਤਾਂ ਖੁਲ੍ਹੇਆਮ ਘੁੰਮਣ ਲੱਗੀਆਂ ਤਾਂ ਫਿਰ ਇੱਜ਼ਤ ਆਬਰੂ ਦਾ ਕੀ ਬਣੁਗਾ, ਸਾਡੀ ਪੱਗ ਦਾ ਸੁਆਲ ਐ, ਸਾਡੀ ਚੌਧਰ ਦਾ ਸੁਆਲ ਏ ।ਔਰਤ ਕਿੰਨਾ ਵੀ ਪੜ੍ਹ ਲਿਖ ਜਾਵੇ, ਮੰਨਣੀ ਉਹਨੂੰ ਅਨਪੜ੍ਹ ਪਤੀ ਦੀ ਪੈਂਦੀ ਏ। ਮੰਨੇ ਵੀ ਕਿਉਂ ਨਾ ਔਰਤ ਦੀ ਤਾਂ ਮੱਤ ਈ ਗਿੱਚੀ ਪਿੱਛੇ ਹੁੰਦੀ ਏ। ਗਿੱਟਿਆਂ ਤੋਂ ਉਪਰ ਉਹਦੀ ਸੋਚ ਕਦੇ ਉਠ ਨਹੀਂ ਸਕਦੀ। ਪਤਾ ਨਹੀਂ ਕੀ ਕੀ ਅਖੌਤੀ ਧਾਰਨਾਵਾਂ ਬਣਾ ਰੱਖੀਆ । ਇਹ ਪਾੜਾ ਕਦੋਂ ਮੁਕਣਾ ਪਤਾ ਨਹੀ।ਔਰਤ ਕੀ ਮੰਗਦੀ ਏ….. ਰਤਾ ਜਿੰਨੀ ਮੁਹੱਬਤ, ਰਤਾ ਜਿੰਨੀ ਹਮਦਰਦੀ ਰਤਾ ਜਿੰਨਾ ਸਾਥ, ਰਤਾ ਜਿੰਨੀ ਆਜ਼ਾਦੀ, ਪਰ ਅਫ਼ਸੋਸ ਇਹ ਵੀ ਨਹੀਂ ਮਿਲਦੀ। ਸਦੀਆਂ ਤੋਂ ਸਾਡੇ ਖੁਆਬ ਅਧੂਰੇ ਰਹਿੰਦੇ ਆ ਰਹੇ ਹਨ। ਬੰਜਰ ਜਮੀਨ ‘ਤੇ ਕਦੇ ਪਾਣੀ ਦੀ ਇਕ ਬੂੰਦ ਨਾ ਪਈ ਸਾਰੀ ਉਮਰ ਦੁੱਖਾਂ ਦੀ ਤਪਸ਼ ਪੱਲੇ ਪਈ ਨਾ ਕੋਈ ਰੁੱਖ ਨਾ ਕੋਈ ਹਰਿਆਵਲ।ਮੇਰੇ ਅੰਦਰ ਵਿਚਾਰਾਂ ਦੀ ਬਗਾਵਤ ਸ਼ੁਰੂ ਹੋਈ। ਵਿਰੋਧ ਦਾ ਲਾਵਾ ਅੰਦਰੇ ਅੰਦਰੀ ਫੁੱਟ ਰਿਹਾ ਸੀ। ਬਸ ਦੇਰ ਸੀ ਬਾਹਰ ਆ ਫਟਣ ਦੀ। ਨਿੱਕਿਆਂ ਹੁੰਦਿਆਂ ਝੱਲਦੀ ਆ ਰਹੀ ਗੁਲਾਮੀ ਤੋਂ ਮੈਂ ਤੰਗ ਆ ਗਈ। ਤਾਂਘ ਉੱਠੀ ਅਸਮਾਨੀ ਉਡਾਰੀਆਂ ਲਾਉਣ ਦੀ। ਮੈਂ ਰਵੀ ਤੇ ਜੈਸਮੀਨ ਰਲ ਮਿਲ ਕਿ ਜ਼ਿੰਦਗੀ ਕੱਟ ਲਵਾਂਗੇ ਬੇਸ਼ੱਕ ਚੰਗੀ ਹੋਵੇ ਜਾਂ ਮਾੜੀ ਪਰ ਰਹਾਂਗੇ ਤਾਂਆਜਾਦੀ ਨਾਲ। ਬਸ ਹੁਣ ਹੋਰ ਨਹੀਂ।ਤਲਾਕ ਦੀ ਗੱਲ ਮੈਂ ਪਾਲ ਨੂੰ ਕਿਸ ਤਰ੍ਹਾਂ ਕਹਾਂ ? ਇਹ ਸਵਾਲ ਮੈਨੂੰ ਪਰੇਸ਼ਾਨ ਕਰਨ ਲੱਗਾ। ਕਿਸਦੀ ਸਲਾਹ ਲਵਾਂ ਮੇਰਾ ਤਾਂ ਕੋਈ ਜਾਣਕਾਰ ਵੀ ਨਹੀਂ ਸੀ । ਜਾਣਕਾਰ ਤਾਂ, ਤਾਂ ਹੀ ਹੋਵੇਗਾ ਜੇ ਮੈਂ ਕਿਸੇ ਨੂੰ ਆਪਣੇ ਨਜ਼ਦੀਕ ਆਉਣ ਦਿੱਤਾ ਹੋਵੇ। ਮੈਂ ਡਰਦੀ ਕਿਸੇ ਨਾਲ ਗੱਲ ਵੀ ਨਹੀਂ ਕਰਦੀ। ਪਾਲ ਦੇ ਡਰ ਤੋਂ ਮੈਂ ਕਿਸੇ ਨਾਲ ਜਾਣ ਪਹਿਚਾਣ ਵੀ ਨਾ ਕਰਦੀ ਅਗਰ ਪਤਾ ਲੱਗਿਆ ਤਾਂ ਮੈਨੂੰ ਬੇਰਹਿਮੀਆਂ ਵਾਂਗ ਕੁੱਟੇਗਾ।ਇੱਕ ਵਾਰ ਮੇਰੇ ਨਾਲ ਮੁੰਡਾ ਕੰਮ ਕਰਦਾ ਸੀ। ਫਿਰੋਜ਼ ਪਾਕਿਸਤਾਨ ਤੋਂ ਸੀ। ਹਰ ਰੋਜ਼ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਡਰਦੀ ਹੂੰ-ਹਾਂ ਕਰਦੀ ਪਾਸਾ ਵੱਟ ਜਾਂਦੀ, ਫਿਰੋਜ਼ ਲਾਹੌਰ ਦੇ ਨਾਮ ਵਰਗਾ ਸੋਹਣਾ ਸੀ। ਮੈਨੂੰ ਬਿਨਾ ਜਾਣੇ-ਪਹਿਚਾਣੇ ਮੇਰੀ ਪਰਵਾਹ ਕਰਦਾ। ਬਾਕੀ ਨਾਲ ਕੰਮ ਕਰਨ ਵਾਲਿਆਂ ਤੋਂ ਮੇਰੇ ਵਾਰੇ ਪੁੱਛਦਾ ਰਹਿੰਦਾ। ਮੈਨੂੰ ਫਿਰੋਜ਼ ਚੰਗਾ ਲੱਗਦਾ, ਲੱਗੇ ਵੀ ਕਿਉਂ ਨਾ ਹਰ ਕੋਈ ਤਾਂ ਚਾਹੁੰਦਾ ਏ ਕੋਈ ਸਾਡੀ ਫ਼ਿਕਰ ਕਰੇ ।ਮੈਂ ਡਰਦੀ ਨੇ ਕਦੇ ਵੀ ਉਹਦੀ ਕਿਸੇ ਗੱਲ ‘ਤੇ ਗੌਰ ਨਾ ਕੀਤੀ। ਕਦੇ ਉਹਦੇ ਨਾਲ ਅੱਖ ਨਾ ਮਿਲਾਈ। ਉਹਦੇ ਦਿਲ ‘ਚ ਕੀ ਚੱਲਦਾ ਕਦੇ ਜਾਨਣ ਦੀ ਕੋਸ਼ਿਸ਼ ਨਾ ਕੀਤੀ। ਮੈਂ ਇਹੀ ਸਮਝਦੀ ਰਹੀ ਕਿ ਮੈਨੂੰ ਕੀ ਲੋੜ ਹੈ ਕਿਸੇ ਨੂੰ ਸਮਝਣ ਦੀ। ਮੇਰੇ ਕੋਲ ਆਪਣੇ ਆਪ ਨੂੰ ਸਮਝਣ ਦੀ ਵਿਹਲ ਨਹੀਂ ਫਿਰ ਮੈਂ ਕਿਸੇ ਹੋਰ ਨੂੰ ਕੀ ਸਮਝਣਾ ਸੀ।ਮੇਰੀ ਜ਼ਿੰਦਗੀ ਵਿਚ ਨਵਾਂ ਮੋੜ ਆਇਆ। ਪੰਛੀ ਪਿੰਜਰੇ ‘ਚੋਂ ਆਜ਼ਾਦ ਹੋ ਗਿਆ। ਯਾਨੀ ਮੈਂ ਪਾਲ ਤੋਂ ਅਲੱਗ ਹੋ ਗਈ। ਇਹ ਆਸਾਨ ਨਹੀਂ ਸੀ ਪਰ ਮੈਂ ਆਪਣੇ ਫੈਸਲੇ ‘ਤੇ ਅੜੀ ਰਹੀ। ਪਾਲ, ਮੇਰੀ ਸੱਸ ਤੇ ਮੰਮੀ ਡੈਡੀ ਸਭ ਮੇਰੇ ਫੈਸਲੇ ਖਿਲਾਫ਼ ਸਨ। ਇਕਦਮ ਸਾਰਿਆਂ ਨੂੰ ਫ਼ਿਕਰ ਪੈ ਗਈ ਮੈਂ ਕਿੱਥੇ ਰਹਿਣਾ, ਕਿਸ ਨਾਲ ਰਹਿਣਾ, ਤਰ੍ਹਾਂ-ਤਰ੍ਹਾਂ ਦੀਆਂ ਫ਼ਿਕਰਾਂ ਮੇਰੇ ਸਹੁਰਾ ਪ੍ਰੀਵਾਰ ਨੂੰ ਹੋਈਆਂ। ਅੱਜ ਅਚਾਨਕ ਕੌੜੇ ਬੇਰ ਮਿੱਠੇ ਕਿਸ ਤਰ੍ਹਾਂ ਹੋ ਗਏ। ਖੌਰੇ ਕਿਹੜੀ ਵਾਅ ਵਗਣ ਲੱਗੀ । ਡੰਗ ਚਲਾਉਣ ਵਾਲਾ ਬਿੱਛੂ ਹਮਦਰਦੀ ਕਰ ਰਿਹਾ ਸੀ। ਕਿਸੇ ਵੀ ਇਨਸਾਨ ਨੂੰ ਸਮਝਣਾ ਬਹੁਤ ਮੁਸ਼ਕਿਲ ਏ ਸਾਰੀ ਜ਼ਿੰਦਗੀ ਵੀ ਸਮਝਣ ਲਈ ਘੱਟ ਪੈ ਜਾਂਦੀ ਏ। ਬੰਦਾ ਗਿਰਗਟ ਵਾਂਗੂੰ ਰੰਗ ਬਦਲਦਾ ਸ਼ਾਇਦ ਇਸ ਤੋਂ ਵੀ ਤੇਜ਼ੀ ਨਾਲ ਬਦਲਦਾ।ਮੈਂ ਪੁਲਿਸ ਦੀ ਸਹਾਇਤਾ ਨਾਲ ਕਾਨੂੰਨ ਮੁਤਾਬਿਕ ਅਲੱਗ ਰਹਿਣ ਵਿਚ ਸਫ਼ਲ ਹੋਈ। ਇਹ ਮੇਰੀ ਜ਼ਿੰਦਗੀ ਦੀ ਪਹਿਲੀ ਜਿੱਤ ਸੀ। ਮੈਂਕਿੰਨਾ ਖ਼ੁਸ਼ ਸੀ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕੋਗੇ। ਅੱਜ ਪੰਛੀ ਪਿੰਜਰੇ ਚੋਂ ਬਾਹਰ ਖੁੱਲੇ ਅਸਮਾਨ ‘ਚ ਉਡਾਰੀਆਂ ਲਗਾ ਰਿਹਾ ਸੀ।ਮੈਂ ਬੇਸਮੈਂਟ ਕਿਰਾਏ ਤੇ ਲੈ ਲਈ, ਇਹ ਪੰਜਾਬੀ ਪ੍ਰੀਵਾਰ ਸੀ।ਲੰਬੇ ਸਮੇਂ ਬਾਅਦ ਮੈਂ ਸੁੱਖ ਦਾ ਸਾਹ ਲਿਆ। ਮੈਂ ਜੈਸਮੀਨ ਤੇ ਰਵੀ ਠੀਕ ਸਾਂ। ਟੋਰਾਟੋਂ ਦੀ ਹਵਾ ਸਾਨੂੰ ਰਾਸ ਆਈ। ਆਉਂਦੀ ਵੀ ਕਿਉਂ ਨਾ ਇੱਥੇ ਕਿਹੜਾ ਕੋਈ ਕਲੇਸ਼ ਕਰਨ ਵਾਲਾ ਸੀ। ਨਾ ਕਿਸੇ ਦੀਆ ਗਾਲ੍ਹਾ ਸੁਣਨੀਆਂ ਪੈਂਦੀਆਂ ਸੀ ਨਾ ਹੀ ਕਿਸੇ ਦੀ ਕੁੱਟ ਮਾਰ ਦਾ ਡਰ। ਮੈਨੂੰ ਬਹੁਤ ਸਮਾਂ ਪਹਿਲਾਂ ਮੈਨੂੰ ਇਹ ਫੈਸਲਾ ਲੈ ਲੈਣਾ ਚਾਹੀਦਾ ਸੀ।ਮੈਂ ਇੱਕ ਸਟੋਰ ‘ਚ ਕੰਮ ਕਰਨ ਲੱਗ ਗਈ। ਜੈਸਮੀਨ ਤੇ ਰਵੀ ਦਾ ਇੱਥੇ ਸਕੂਲ ‘ਚ ਦਾਖਲਾ ਕਰਵਾ ਦਿੱਤਾ। ਪਿਛਲੇ ਸਕੂਲ ਚੋਂ ਨਾਮ ਕਟਵਾਇਆ ਕਾਫ਼ੀ ਭੱਜ-ਨੱਠ ਦਾ ਕੰਮ ਸੀ। ਸਾਰੀ ਜ਼ਿੰਮੇਵਾਰੀ ਹੁਣ ਮੇਰੀ ਕੱਲੀ ਦੇ ਮੋਢਿਆਂ ‘ਤੇ ਆ ਗਈ ਸੀ ਪਰ ਮੈਂ ਬਹੁਤ ਖ਼ੁਸ਼ ਸੀ। ਜਿੰਨਾ ਪੈਸਾ ਕਮਾ ਰਹੀ ਸੀ ਸਾਰਾ ਆਪਣੇ ਕੋਲ ਸੀ। ਆਪਣੀ ਮਰਜ਼ੀ ਨਾਲ ਖਰਚਾ ਕਰਦੀ ਕੁਝ ਪੈਸੇ ਬੱਚਿਆਂ ਲਈ ਜੋੜ ਕੇ ਰੱਖਦੀ।ਮਾਂ-ਪਿਓ ਮੇਰੇ ਫੈਸਲੇ ‘ਤੇ ਰੱਜ ਕੇ ਨਾਰਾਜ਼ ਹੋਏ, ਮੈਨੂੰ ਕੋਈ ਪਰਵਾਹ ਨਹੀਂ ਹੋਈ ਜਾਣਦੋ। ਮੈਂ ਪਾਲ ਤੋਂ ਪੱਕੇ ਤੌਰ ਤੇ ਅਲੱਗ ਰਹਿਣ ਦਾ ਫੈਸਲਾ ਕਰ ਲਿਆ ਸੀ। ਮੈਂ ਕੋਰਟ ਵਿੱਚ ਤਲਾਕ ਦੀ ਅਰਜ਼ੀ ਦੇ ਦਿੱਤੀ ਸੀ। ਆਜ਼ਾਦੀ ਨਾਲ ਆਪਣੇ ਆਉਣ ਨਾਲ ਕੱਲ ਦੇ ਸੁਪਨੇ ਲੈਣ ਲੱਗੀ। ਜੈਸਮੀਨ ਤੇ ਰਵੀ ਹੁਣ ਮੇਰੀ ਜ਼ਿੰਦਗੀ ਸਨ। ਅਸੀਂ ਇੱਕ ਦੂਜੇ ਦਾ ਸਹਾਰਾ ਸੀ। ਜ਼ਿੰਦਗੀ ਬਿਨਾਂ ਕਿਸੀ ਰੁਕਾਵਟ ਦੇ ਚੱਲ ਰਹੀ ਸੀ।ਮੈਂ ਫੇਸਬੁੱਕ ਤੇ ਅਕਾਊਂਟ ਬਣਾ ਲਿਆ, ਪੁਰਾਣੇ ਦੋਸਤ ਯਾਨੀ ਪੰਜਾਬ ਵਾਲਿਆਂ ਨੂੰ ਲੱਭ ਲਿਆ । ਫੇਸਬੁੱਕ ਤੇ ਮੇਰੀ ਮੁਲਾਕਾਤ ਇੱਕ ਮੀਤ ਨਾਮ ਦੇ ਮੁੰਡੇ ਨਾਲ ਹੋਈ। ਥੋੜ੍ਹੇ ਸਮੇਂ ਵਿਚ ਅਸੀਂ ਚੰਗੇ ਦੋਸਤ ਬਣ ਗਏ।ਮੀਤ ਸਤਾਈ ਕੁ ਸਾਲਾਂ ਦਾ ਮੱਧਰੇ ਕੱਦ ਦਾ, ਸਾਂਵਲੇ ਰੰਗ ਦਾ ਜਵਾਨ ਸੀ। ਵਿਹਲੇ ਸਮੇਂ ਮੈਂ ਮੀਤ ਨਾਲ ਗੱਲ ਕਰਦੀ ਰਹਿੰਦੀ। ਮੀਤ ਦੀਆ ਗੱਲਾਂ ਸੁਣ-ਸੁਣ ਮੈਂ ਹੱਸਦੀ ਰਹਿੰਦੀ। ਬੜੀਆਂ ਪਿਆਰੀਆਂ ਗੱਲਾਂ ਕਰਦਾ । ਮੀਤ ਨੂੰ ਮੈਂ ਆਪਣੇ ਸਹੁਰਿਆਂ ਦੀ ਸਾਰੀ ਕਹਾਣੀ ਦੱਸ ਦਿੱਤੀ। ਮੀਤ ਮੇਰੇ ਨਾਲ ਹਮਦਰਦੀ ਕਰਦਾ। ਮੇਰਾ ਖਿਆਲ ਰੱਖਦਾ, ਕਦੇ ਮੈਂ ਦੁਖੀ ਹੁੰਦੀ ਤਾਂ ਮੀਤ ਇੱਧਰ-ਉੱਧਰ ਦੀਆਂ ਗੱਲਾਂ ਕਰ ਸਭ ਕੁਝ ਭੁਲਾ ਦਿੰਦਾ।ਮੈਂ ਮੀਤ ਤੇ ਭਰੋਸਾ ਕਰਨ ਲੱਗੀ । ਫੇਸਬੁੱਕ ਤੋਂ ਹਟ ਅਸੀਂ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਨ ਲੱਗ ਗਏ। ਡਿਊਟੀ ਮੌਕੇ ਵੀ ਮੈਂ ਮੀਤ ਨਾਲ ਗੱਲਾਂ ਕਰਦੀ ਰਹਿੰਦੀ।ਮੀਤ ਮਾਰੂਤੀ ਕਾਰ ਏਜੰਸੀ ਵਿੱਚ ਕੰਮ ਕਰਦਾ ਸੀ। ਗਾਹਕ ਨੂੰ ਨਵੇਂ ਮਾਡਲਾਂ ਬਾਰੇ ਦੱਸਣਾ ਤੇ ਗੱਡੀਆਂ ਵੇਚਣੀਆਂ, ਇਹ ਕੰਮ ਸੀ ਮੀਤ ਦਾ। ਕਦੇ ਕਦਾਈਂ ਮੀਤ ਆਪਣੇ ਕੰਮ ‘ਚ ਬਿਜੀ ਹੁੰਦਾ। ਮੈਨੂੰ ਦਿਨ ਕੱਢਣਾ ਔਖਾ ਹੋ ਜਾਂਦਾ। ਮੈਂ ਰਾਤ ਭਰ ਉਹਦੀ ਉਡੀਕ ਕਰਦੀ। ਮੀਤ ਦੀ ਮੈਨੂੰ ਬੁਰੀ ਤਰ੍ਹਾਂ ਆਦਤ ਪੈ ਗਈ ਸੀ। ਇੱਕ ਦਿਨ ਗੱਲ ਨਾ ਹੁੰਦੀ, ਏਦਾ ਲਗਦਾ ਕਈ ਦਿਨ ਹੋ ਗਏ। ਮੀਤ ਦੀਆਂ ਹਮਦਰਦੀ ਭਰੀਆਂ ਗੱਲਾਂ ਨੇ ਮੇਰਾ ਦਿਲ ਜਿੱਤ ਲਿਆ। ਅੱਜ ਤੱਕ ਇੰਨਾ ਧਿਆਨ ਮੇਰਾ ਕਿਸੇ ਨੇ ਨਹੀਂ ਰੱਖਿਆ ਸੀ। ਪਲ-ਪਲ ਤੋਂ ਮੇਰੀ ਖ਼ਬਰ ਲੈਣੀ, ਮੈਨੂੰ ਪੁੱਛਣਾ, ਤੂੰ ਰੋਟੀ ਖਾ ਲਈ ਕਿ ਨਾ ਅੱਜ ਤੱਕ ਇੱਦਾਂ ਕਦੇ ਨਾ ਹੋਇਆ । ਮੇਰੀ ਪਰਵਾਹ ਤਾਂ ਮੇਰੇ ਮਾਂ ਬਾਪ ਨੇ ਨਾ ਕੀਤੀ।“ਹੈਲੋ ਮੀਤ।” ਮੈਂ ਕੰਨ ‘ਚ ਹੈਡ ਫੌਨ ਲਗਾਉਂਦਿਆ ਕਿਹਾ।“ਹਾਏ ਜੱਸ।” ਮੀਤ ਪਿਆਰ ਨਾਲ ਮੈਨੂੰ ਜਸ ਆਖਦਾ। ਮੀਤ ਦੇ ਮੂੰਹੋਂ ਜੱਸ ਸੁਣ ਕੇ ਮੈਨੂੰ ਨਸ਼ਾ ਜਿਹਾ ਚੜ੍ਹ ਜਾਂਦਾ।“ਕਿਵੇਂ ਓ ?” ਮੈਂ ਪੁੱਛਿਆ।“ਮੈਂ ਠੀਕ ਆ।”“ਓਕੇ, ਕੀ ਕਰ ਰਹੇ ਓ।” ਮੈਂ ਪੁੱਛਿਆ।“ਕੁਝ ਸੋਚ ਰਿਹਾ ਸੀ ‘ਜਸ’।” ਮੀਤ ਨੇ ਲੰਬਾ ਸਾਹ ਲੈਦਿਆਂ ਕਿਹਾ।“ਕੀ ਸੋਚ ਰਹੇ ਸੀ ਮੀਤ।” ਮੈਂ ਪੁੱਛਿਆ।“ਕਈ ਦਿਨਾਂ ਤੋਂ ਸੋਚ ਰਿਹਾ ਸੀ, ਪਤਾ ਨਹੀਂ ਜਸ ਤੁਹਾਨੂੰ ਪਸੰਦ ਵੀ ਆਊ ਕੇ ਨਾ।” ਮੀਤ ਗੱਲ ਗੋਲ ਮੋਲ ਕਰਦਿਆਂ ਬੋਲਿਆ ।“ਮੀਤ, ਜੋ ਗੱਲ ਦਿਲ ਵਿਚ ਹੈਗੀ ਆ ਬੋਲੋ, ਮੈਨੂੰ ਤੁਹਾਡੀ ਹਰ ਗੱਲ ਪਸੰਦ ਏ। ਮੇਰੀ ਗੱਲ ਸੁਣ ਮੀਤ ਦਾ ਹੌਸਲਾ ਵਧ ਗਿਆ।“ਜਸ ਮੇਰੀ ਸਹੁੰ ਖਾਓ ਤੁਸੀਂ ਗੁੱਸਾ ਨਹੀਂ ਕਰੋਗੇ”“ਨਹੀਂ ਕਰਦੀ ਜੀ ਹੁਣ ਦੱਸੋ ਵੀ ?” ਮੇਰੀ ਉਤਸੁਕਤਾ ਵਧਣ ਲੱਗੀ।”ਜਸ ਮੈਂ ਕਈ ਦਿਨਾਂ ਤੋਂ ਤੁਹਾਡੇ ਵਾਰੇ ਸੋਚ ਰਿਹਾ, ਤੁਸੀਂ ਕਿੰਨੀ ਤਕਲੀਫ਼ ਵਿੱਚੋਂ ਗਜ਼ਰੇ ਓ, ਮੈਨੂੰ ਤੁਹਾਡੀ ਬਹੁਤ ਫ਼ਿਕਰ ਰਹਿੰਦੀ ਏ, ਮੈਂ ਚਾਹੁੰਨਾ…. ।” ਮੀਤ ਗੱਲ ਕਰਦਾ ਕਰਦਾ ਰੁਕ ਗਿਆ।“ਹਾਂ ਹਾਂ ਦੱਸੋ, ਕੀ ਚਾਹੁੰਦੇ ਓ ? ਜੋ ਗੱਲ ਐ ਸਾਫ਼-ਸਾਫ਼ ਦੱਸੋ” ਮੈਂ ਕਿਹਾ।“ਮੇਰੇ ਤੋਂ ਤੇਰੀਆਂ ਤਕਲੀਫ਼ਾਂ ਨਹੀਂ ਸੁਣੀਆਂ ਜਾਂਦੀਆਂ, ਮੈਂ ਚਾਹੁੰਨਾਂ ਆਪਾਂ ਇੱਕ ਹੋ ਜਾਈਏ, ਆਪਾਂ ਵਿਆਹ ਕਰਵਾ ਲਈਏ ‘ਜਸ’।” ਮੀਤਦੀ ਗੱਲ ਸੁਣ ਮੇਰੀ ਧੜਕਣ ਤੇਜ਼ ਹੋ ਗਈ। ਜੋ ਮੈਂ ਚਾਹੁੰਦੀ ਸੀ ਉਹ ਮੀਤ ਨੇ ਕਹਿ ਦਿੱਤਾ।“ਮੀਤ ਮੈਂ ਵੀ ਤੈਨੂੰ ਬਹੁਤ ਪਸੰਦ ਕਰਦੀ ਹਾਂ ਪਰ ਆਪਾਂ ਇੱਕ ਨਹੀਂ ਹੋ ਸਕਦੇ।” ਮੈਂ ਦੋ ਬੱਚਿਆਂ ਦੀ ਮਾਂ, ਤੂੰ ਅਜੇ ਕੁਆਰਾ ਏ। ਤੂੰ ਆਪਣੇ ਲਈ ਕੋਈ ਕੁਆਰੀ ਕੁੜੀ ਲੱਭ, ਮੈਂ ਤੇਰੀ ਜ਼ਿੰਦਗੀ ਬਰਬਾਦ ਨੀ ਕਰਨਾ ਚਾਹੁੰਦੀ।”ਮੈਂ ਮੀਤ ਨੂੰ ਪਿਆਰ ਕਰਨ ਲੱਗ ਗਈ ਸਾਂ ਪਰ ਵਿਆਹ ਕਰਵਾ ਕੇ ਉਹਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ।”ਨਹੀਂ ‘ਜਸ’ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੇਰੀ ਫ਼ਿਕਰ ਏ, ਮੈਂ ਤੈਨੂੰ ਵੀ ਪਿਆਰ ਵੀ ਕਰਦਾ, ਤੇਰੇ ਬੱਚਿਆਂ ਨੂੰ ਮੈਂ ਪਿਆਰ ਕਰਾਂਗਾ।” ਮੀਤ ਖਹਿੜੇ ਪਿਆ।“ਪਰ ਤੇਰਾ ਪਰਿਵਾਰ ਕੀ ਆਖੂ, ਉਹ ਰਾਜ਼ੀ ਹੋਣਗੇ ਆਪਣੇ ਰਿਸ਼ਤੇ ਲਈ ?” ਮੈਂ ਕਿਹਾ।“ਜਸ ਉਹਨਾਂ ਦੀ ਫ਼ਿਕਰ ਨਾ ਕਰੋ ਉਹਨਾਂ ਨੂੰ ਮੈਂ ਮਨਾ ਲਵਾਂਗਾ।” ਮੀਤ ਨੇ ਤਸੱਲੀ ਦਿੱਤੀ।ਮੀਤ ਪਿੱਛੇ ਮੈਂ ਪਹਿਲਾਂ ਹੀ ਪਾਗਲ ਸੀ, ਹੁਣ ਮੇਰਾ ਪਾਗਲਪਨ ਸਿਖ਼ਰ ‘ਤੇ ਸੀ। ਮੀਤ ਦੇ ਘਰਦੇ ਮੰਨ ਗਏ, ਮੀਤ ਦੀ ਮਾਂ ਮੇਰੇ ਨਾਲ ਗੱਲਾਂ ਕਰਦੀ ਤੇ ਆਖਦੀ ਛੇਤੀ ਤੋਂ ਛੇਤੀ ਪੰਜਾਬ ਆਜਾ ਤੇ ਮੀਤ ਨਾਲ ਵਿਆਹ ਕਰਵਾ ਲੈ।ਤਕਰੀਬਨ ਛੇ ਮਹੀਨੇ ਗੁਜ਼ਰ ਗਏ। ਮੈਂ ਮੀਤ ਤੋਂ ਸਿਵਾਏ ਕਿਸੇ ’ਤੇ ਭਰੋਸਾ ਨਾ ਕਰਦੀ, ਨਾ ਹੀ ਕਿਸੇ ਨਾਲ ਗੱਲ ਕਰਦੀ, ਘਰਦਿਆਂ ਨਾਲ ਵੀ ਮੈਂ ਘੱਟ ਵੱਧ ਈ ਗੱਲ ਕਰਦੀ । ਮੀਤ ਸਿਵਾਏ ਮੈਨੂੰ ਕੁਝ ਵੀ ਯਾਦ ਨਹੀਂ ਰਿਹਾ। ਮੀਤ ਨੂੰ ਕਨੇਡਾ ਬੁਲਾਉਣ ਲਈ ਮੈਂ ਪੈਸੇ ਜੋੜਨ ਲੱਗੀ। ਮੀਤ ਕਨੇਡਾ ਆਉਣ ਦੀ ਕਾਹਲੀ ਕਰਦਾ ਤੇ ਕਹਿੰਦਾ ਆਪਾਂ ਜਲਦੀ ਵਿਆਹ ਕਰਵਾ ਲਈਏ। ਸਭ ਕੁਝ ਵਧੀਆ ਚੱਲ ਰਿਹਾ ਸੀ।ਇੱਕ ਦਿਨ ਮੀਤ ਦੇ ਫੋਨ ਤੋਂ ਕਾਲ ਆਈ । ਮੀਤ ਦਾ ਦੋਸਤ ਬੋਲ ਰਿਹਾ ਸੀ। ਕਹਿਣ ਲੱਗਾ ਮੀਤ ਦਾ ਐਕਸੀਡੈਂਟ ਹੋ ਗਿਆ, ਕਾਫ਼ੀ ਸੱਟਾਂ ਲੱਗੀਆਂ ਹਸਪਤਾਲ ਦਾਖਲ ਕਰਵਾਇਆ। ਇਸੇ ਸਮੇਂ ਤੀਹ ਹਜ਼ਾਰ ਰੁਪੈ ਦੀ ਲੋੜ ਐ ਡਾਕਟਰ ਨੇ ਜਮਾਂ ਕਰਵਾਉਣ ਲਈ ਕਿਹਾ।ਮੀਤ ਦੇ ਐਕਸੀਡੈਂਟ ਦੀ ਖ਼ਬਰ ਸੁਣ ਮੈਂ ਦਹਿਲ ਗਈ। ਆਪਣੇ ਬੱਚਿਆਂ ਲਈ ਜਮ੍ਹਾਂ ਕੀਤੇ ਪੈਸਿਆਂ ‘ਚੋਂ ਤੀਹ ਹਜ਼ਾਰ ਕੱਢਵਾ ਮੀਤ ਦੇ ਖਾਤੇ ਜਮਾਂ ਕਰਵਾ ਦਿੱਤਾ। ਮੈਨੂੰ ਮੀਤ ਦੀ ਬਹੁਤ ਫ਼ਿਕਰ ਹੋ ਰਹੀ ਸੀ। ਰੱਬ ਨੇਸਾਲਾਂ ਬਾਅਦ ਖੁਸ਼ੀ ਦਿੱਤੀ ਸੀ । ਉਹਨੂੰ ਵੀ ਕੋਈ ਖੋਹਦਾ ਨਜ਼ਰ ਆਇਆ। ਪੈਸਿਆਂ ਦੀ ਨਹੀਂ ਮੀਤ ਦੀ ਪਰਵਾਹ ਜ਼ਿਆਦਾ ਸੀ।ਦੂਸਰੇ ਦਿਨ ਮੀਤ ਨਾਲ ਮੇਰੀ ਗੱਲ ਹੋਈ, ਮੀਤ ਬਿਲਕੁਲ ਠੀਕ ਸੀ। ਮੀਤ ਨੇ ਦੱਸਿਆ ਉਹ ਮੋਟਰ ਸਾਈਕਲ ‘ਤੇ ਜਾ ਰਿਹਾ ਸੀ, ਕਾਰ ਵਾਲੇ ਨੇ ਟੱਕਰ ਮਾਰੀ। ਮੋਟਰ ਸਾਈਕਲ ਬੇਕਾਬੂ ਹੋ ਕੇ ਡਿੱਗ ਗਿਆ ਕਾਫੀ ਸੱਟਾਂ ਲੱਗੀਆਂ ਪਰ ਰੱਬ ਦੀ ਮਿਹਰ ਨਾਲ ਉਹ ਬਚ ਗਿਆ।ਮੈਂ ਰੱਬ ਦਾ ਸ਼ੁਕਰਾਨਾ ਕੀਤਾ, ਮੀਤ ਬਿਲਕੁਲ ਠੀਕ ਸੀ। ਪਤਝੜ ਪਿੱਛੋਂ ਫਿਰ ਮੇਰੇ ਦਾਮਨ ‘ਚ ਬਾਹਰ ਦਾ ਮੌਸਮ ਆਇਆ, ਚਿੜੀਆਂ ਨੇ ਫਿਰ ਚਹਿਕਣਾ ਸ਼ੁਰੂ ਕੀਤਾ, ਹਵਾਵਾਂ ਨੇ ਸੁਰੀਲੀਆਂ ਧੁਨਾਂ ਵਜਾਉਣੀਆਂ ਸ਼ੁਰੂ ਕੀਤੀਆਂ। ਮੈਂ ਤੇ ਮੀਤ ਹੋਰ ਵੀ ਨੇੜੇ ਆ ਗਏ । ਇੱਕ ਦੂਸਰੇ ਦੀ ਜਿੰਦ ਜਾਨ ।ਹਾਲੇ ਪੰਦਰਾਂ ਕੁ ਦਿਨ ਗੁਜਰੇ ਸੀ, ਮੀਤ ਨੇ ਕਿਹਾ ਐਕਸੀਡੈਂਟ ਵਿੱਚ ਉਹਦਾ ਮੋਟਰ ਸਾਈਕਲ ਭੰਨਿਆ ਗਿਆ। ਮੈਂ ਚਾਹੁੰਨਾ ਇਹਨੂੰ ਵੇਚ ਕੇ ਨਵਾਂ ਲੈ ਲਈਏ। ਇਹ ਚੱਲਦਾ ਤਾਂ ਹੈ ਪਰ ਮੈਨੂੰ ਵਹਿਮ ਜਿਹਾ ਹੋ ਗਿਆ ਘਰ ਦੇ ਵੀ ਚਲਾਉਣ ਤੋਂ ਮਨ੍ਹਾ ਕਰਦੇ ਹਨ, ਕਹਿੰਦੇ ਇਹਨੂੰ ਵੇਚਦੇ। ਜਸ ਮੈਨੂੰ ਵੀਹ ਹਜ਼ਾਰ ਦੇ ਦੋ, ਮੈਂ ਅਗਲੇ ਮਹੀਨੇ ਵਾਪਸ ਕਰਦੂੰ। ਬੱਚਿਆਂ ਦੇ ਖਾਤੇ ਬਚਿਆ ਅਠਾਰਾਂ ਹਜ਼ਾਰ ਵੀ ਮੈਂ ਕਢਾ ਲਿਆ। ਦੋ ਹਜ਼ਾਰ ਰੁਪਏ ਹੋਰ ਪਾ ਕੇ ਮੈਂ ਵੀਹ ਹਜ਼ਾਰ ਰੁਪਏ ਭੇਜ ਦਿੱਤੇ। ਮੀਤ ਨਾਲ ਮੇਰਾ ਵਿਆਹ ਹੋਣ ਦੇ ਬਾਅਦ ਰਲ-ਮਿਲ ਬੱਚਿਆਂ ਲਈ ਪੈਸੇ ਜਮ੍ਹਾ ਕਰ ਲਵਾਂਗਾ ਨਾਲੇ ਫਿਰ ਤਾਂ ਲੋੜ ਹੀ ਨਹੀਂ ਰਹਿਣੀ। ਮੈਂ ਮੀਤ ਨਾਲ, ਇੱਟ ਵਰਗੇ ਪੱਕੇ ਖਿਆਲ ਬੁਣੀ ਬੈਠੀ ਸੀ।ਦਿਨ ਰਾਤ ਇੱਕ ਕਰਕੇ ਜੋੜੇ ਪੈਸੇ ਮੈਂ ਮੀਤ ਨੂੰ ਭੇਜ ਦਿੱਤੇ । ਫਿਰ ਮੀਤ ਕਿਹੜਾ ਮੇਰੇ ਤੋਂ ਅਲੱਗ ਸੀ। ਮੀਤ ਮੇਰੇ ਨਾਲ ਵਿਆਹ ਕਰਵਾ ਲਵੇਗਾ। ਮੇਰੇ ਮਨ ‘ਚ ਭੋਰਾ ਵੀ ਸ਼ੰਕਾ ਨਹੀਂ ਸੀ। ਪੈਸਿਆਂ ਦਾ ਕੀ ਐ ਹੋਰ ਕਮਾ ਲਵਾਂਗੀ। ਮੀਤ ਨੂੰ ਕੋਈ ਤਕਲੀਫ਼ ਨੀ ਹੋਣੀ ਚਾਹੀਦੀ। ਮੀਤ ਮੇਰੇ ਲਈ ਰੱਬ ਸਮਾਨ ਸੀ। ਮੀਤ ਮੇਰਾ ਖਿਆਲ ਵੀ ਤਾਂ ਬੱਚਿਆਂ ਵਾਂਗ ਰੱਖਦਾ ਸੀ।ਸੁੱਖਾਂ ਦੇ ਠੰਡੇ ਬੁੱਲੇ ਇੱਕ ਵਾਰ ਫਿਰ ਚੁੱਪ ਹੋ ਗਏ। ਗਰਮ ਹਵਾਵਾਂ ਨੇ ਜ਼ੋਰ ਫੜ ਲਿਆ। ਰੁੱਖੇ ਚੇਹਰੇ ਤੋਂ ਰੌਣਕ, ਨ੍ਹੇਰੀ ‘ਚ ਲਿਫ਼ਾਫ਼ੇ ਵਾਂਗ ਉੱਡ ਗਈ। ਮੀਤ ਦਗੇਵਾਜ ਨਿਕਲਿਆ । ਫਰੇਬੀ ਮੇਰੇ ਨਾਲ ਧੋਖਾ ਕਰਦਾ ਰਿਹਾ, ਧੋਖੇਬਾਜ਼। ਇੱਕ ਵਾਰ ਫਿਰ ਮੇਰੀ ਪਿੱਠ ‘ਤੇ ਖੰਜ਼ਰ ਖੋਭਿਆ ਗਿਆ। ਪਹਿਲਾਂਵਾਲੇ ਜ਼ਖ਼ਮ ਅੱਲ੍ਹੇ ਸੀ, ਤਾਜ਼ਾ ਜ਼ਖ਼ਮ ਇੱਕ ਹੋਰ ਮਿਲ ਗਿਆ।ਮੇਰੇ ਪਿਆਰ ਦਾ ਸਰੂਰ ਓਦੋਂ ਟੁੱਟਿਆ। ਜਦੋਂ ਮੀਤ ਦੇ ਕਿਸੇ ਦੋਸਤ ਵਲੋਂ ਮੀਤ ਦੀ ਫੇਸਬੁੱਕ ਪੋਸਟ ਤੇ ਆਈਫੌਨ ਦੀਆਂ ਵਧਾਈਆਂ ਪੜ੍ਹੀਆਂ।ਮੈਂ ਹੈਰਾਨ ਇੱਕ ਪਾਸੇ ਇਹ ਲਾਚਾਰ ਜਿਹਾ ਬਣ ਕੇ ਮੇਰੇ ਤੋਂ ਪੈਸੇ ਮੰਗਦਾ, ਕਦੇ ਆਪਣੇ ਇਲਾਜ ਲਈ ਕਦੇ ਮੋਟਰ ਸਾਈਕਲ ਲਈ। ਮੈਂ ਆਪਣੇ ਬੱਚਿਆਂ ਦੇ ਮੂੰਹੋਂ ਬੁਰਕੀ ਕੱਢ ਕੇ ਕੁਝ ਪੈਸੇ ਜੋੜੇ, ਉਹ ਵੀ ਇਹਨੂੰ ਭੇਜ ਦਿੱਤੇ ਪਰ ਇਹ ਆਈਫੌਨ ਲੈਂਦਾ ਫਿਰਦਾ। ਮੈਂ ਆਪਣੇ ਆਪ ਨੂੰ ਕੋਸਣ ਲੱਗੀ, ਆਪਣੀ ਨਾ ਸਮਝੀ ਲਈ ਲਾਹਨਤਾਂ ਪਾਉਣ ਲੱਗੀ। ਦਿਨ ਰਾਤ ਇੱਕ ਕਰਕੇ ਆਪਣੇ ਜਵਾਕਾਂ ਲਈ ਪੈਸੇ ਜੋੜੇ। ਹਰਾਮਖੋਰ ਮੀਤ ਦੀਆਂ ਗੱਲਾਂ ‘ਚ ਆ ਕੇ ਇੱਕ-ਇੱਕ ਡਾਲਰ ਬਰਬਾਦ ਕਰ ਬੈਠੀ। ਮੇਰੇ ਤੋਂ ਡੱਫਰ ਔਰਤ ਹੋਰ ਕੌਣ ਹੋਵੇਗੀ, ਜਿਹੜੀ ਦੋ ਮੋਹ ਭਿੱਜੇ ਲਫ਼ਜਾਂ ਵੱਟੇ ਬਰਬਾਦ ਹੁੰਦੀ ਫਿਰਦੀ ਐ।ਮੈਂ ਸੋਚਿਆ ਮੀਤ ਤੋਂ ਸਾਰੀ ਗੱਲ ਪੁੱਛਾਂ, ਪਰ ਖਿਆਲ ਆਇਆ ਕੋਈ ਫਾਇਦਾ ਨਹੀਂ ਹੋਵੇਗਾ। ਮੀਤ ਤੋਂ ਖਹਿੜਾ ਛੁਡਵਾਉਣ ਵਿਚ ਮੈਂ ਆਪਣੀ ਭਲਾਈ ਸਮਝੀ। ਮੈਂ ਮੀਤ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ, ਵੈਸੇ ਇਹ ਬਹੁਤ ਮੁਸ਼ਕਿਲ ਸੀ। ਮੀਤ ਬਿਨਾਂ ਰਹਿਣ ਦੀ ਆਦਤ ਹਾਲੇ ਮੈਨੂੰ ਨਹੀਂ ਸੀ। ਇੱਕ ਗੱਲ ਦੇਖੋ ਸਭ ਕੁਝ ਪਤਾ ਹੁੰਦਿਆਂ ਵੀ ਮੈਂ ਮੀਤ ਨਾਲ ਗੱਲਾਂ ਕਰਦੀ।ਪਿਆਰ, ਮੁਹੱਬਤ, ਮੋਹ ਤੇ ਹਮਦਰਦੀ ਇਹਨਾਂ ਲਫ਼ਜਾਂ ਤੋਂ ਮੇਰੀ ਜ਼ਿੰਦ ਹਮੇਸ਼ਾ ਸੱਖਣੀ ਰਹੀ। ਮੋਹ ਭਿੱਜੇ ਦੋ ਬੋਲ ਵੀ ਕਿਸੇ ਦੇ ਮੂੰਹੋਂ ਮੇਰੇ ਲਈ ਨਾ ਨਿਕਲੇ ਅਗਰ ਨਿਕਲੇ ਤਾਂ ਝੂਠੇ ਨਿਕਲੇ। ਮੈਂ ਵੀ ਕਿਸੇ ਦੇ ਦਿਲ ‘ਚ ਸਮਾ ਜਾਣਾ ਚਾਹੁੰਦੀ ਸਾਂ । ਮੇਰਾ ਵੀ ਦਿਲ ਕਰਦਾ ਸੀ ਕਿਸੇ ਦੇ ਸੁਪਨਿਆਂ ‘ਚ ਆਉਣ ਨੂੰ । ਪਰ ਅਫ਼ਸੋਸ ਕਦੇ ਕਿਸੇ ਨੇ ਬੁਲਾਇਆ ਹੀ ਨਹੀਂ, ਕਿਸੇ ਨੇ ਖੁਆਬਾਂ ‘ਚ ਯਾਦ ਹੀ ਨਾ ਕੀਤਾ। ਅੰਬਰ ਦੇ ਤਾਰਿਆਂ ‘ਚ ਮੈਂ ਵੀ ਤਾਰਾ ਬਣ ਜਾਵਾਂਗੀ। ਜਿਊਂਦੇ ਹੋਇਆ ਕਿਸੇ ਲਈ ਖੁਸ਼ੀ ਨਾ ਬਣ ਸਕੀ, ਸ਼ਾਇਦ ਟੁੱਟ ਕੇ ਕਿਸੇ ਦੀ ਖਵਾਇਸ਼ ਪੁਰੀ ਕਰ ਸਕਾਂ।ਮੀਤ ਦੇ ਇਰਾਦੇ ਮੈਂ ਸਮਝ ਗਈ ਸੀ, ਮੀਤ ਆਨੇ ਬਹਾਨੇ ਲਗਾ ਕੇ ਮੇਰੇ ਤੋਂ ਪੈਸੇ ਮੰਗਦਾ ਪਰ ਮੈਂ ਟਾਲ ਮਟੋਲ ਕਰ ਦਿੰਦੀ, ਹਕੀਕਤ ਇਹ ਵੀ ਸੀ ਕਿ ਮੇਰੇ ਕੋਲ ਦੇਣ ਲਈ ਇੱਕ ਕੌਡੀ ਵੀ ਨਹੀਂ ਸੀ, ਮੇਰਾ ਆਪਣਾ ਗੁਜ਼ਾਰੇ ਬੜਾ ਮੁਸ਼ਕਿਲ ਨਾਲ ਹੋ ਰਿਹਾ ਸੀ। ਪੰਜਾਹ ਹਜ਼ਾਰ ਤੋਂ ਇਲਾਵਾ ਇੱਕ ਰੁਪਈਆ ਵੀ ਮੀਤ ਨੂੰ ਨਾ ਦਿੱਤਾ। ਜਿੰਨਾ ਹੁੰਦਾ ਮੈਂ ਮੀਤ ਨੂੰ ਅਣਗੋਲਿਆ ਕਰਦੀ। ਮੀਤ ਦਸ ਵਾਰੀ ਫੋਨ ਕਰਦਾ ਫਿਰ ਕਿਤੇ ਮੈਂ ਇੱਕਵਾਰੀ ਗੱਲ ਕਰਦੀ। ਮੀਤ ਅੰਦਾਜਾ ਲਗਾ ਗਿਆ। ਮੀਤ ਨੂੰ ਪਤਾ ਲੱਗ ਗਿਆ ਕਿ ਬਾਜੀ ਪਲਟਣ ਵਾਲੀ ਏ, ਮੀਤ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ । ਮੀਤ ਮੈਨੂੰ ਬਲੈਕਮੇਲ ਕਰਨ ਲੱਗਾ। ਅਗਰ ਮੈਂ ਉਹਦੀਆਂ ਗੱਲਾਂ ਨਹੀਂ ਮੰਨਦੀ ਤਾਂ ਉਹ ਮੇਰੀ ਚੈਟ ਤੇ ਫੋਨ ਤੇ ਕੀਤੀਆਂ ਗੱਲਾਂ ਦੀ ਰਿਕਾਰਡਿੰਗ ਫੇਸਬੁੱਕ ਤੇ ਪਾ ਦੇਵੇਗਾ। ਮੈਂ ਡਰ ਗਈ। ਮੀਤ ਦੀ ਇੱਕੋ ਮੰਗ ਸੀ ਕਿ ਉਹਨੂੰ ਮੈਂ ਕੈਨੇਡਾ ਬੁਲਾ ਲਵਾਂ । ਮੈਂ ਬਹੁਤ ਘਬਰਾ ਗਈ ਅਗਰ ਮੀਤ ਏਦਾਂ ਕਰਦਾ ਤਾਂ ਮੈਂ ਜੀਣ ਦੇ ਲਾਇਕ ਨਹੀਂ ਰਹਾਂਗੀ। ਮੈਂ ਮੀਤ ਦੇ ਜਾਲ ਵਿੱਚ ਬੁਰੀ ਤਰ੍ਹਾ ਫਸ ਗਈ। ਮੈਂ ਕੀ ਕਰਾਂ, ਕੀ ਨਾ ਕਰਾਂ ਸਮਝ ਤੋਂ ਪਰ੍ਹੇ ਸੀ। ਮੀਤ ਦੀ ਹਰਕਤ ਮੈਨੂੰ ਮਰਨ ਲਈ ਮਜ਼ਬੂਰ ਕਰ ਸਕਦੀ ਸੀ। ਜਦੋਂ ਅਸੀਂ ਕਿਸੇ ਨੂੰ ਅਸਮਾਨ ਜਿਨਾਂ ਚਾਹੁਣ ਲੱਗ ਜਾਂਦੇ ਹਾਂ ਤਾਂ ਅਸੀਂ ਸਭ ਕੁਝ ਭੁਲਾ ਆਪਣੇ ਆਪ ਨੂੰ ਉਹਦੀਆਂ ਬਾਹਵਾਂ ਅੱਗੇ ਸਮਰਪਿਤ ਕਰ ਦਿੰਦੇ ਹਾਂ, ਰਿਕਾਰਡਿੰਗ ਵਿੱਚ ਬਹੁਤੀਆ ਗੱਲਾਂ ਇੱਦਾਂ ਦੀਆਂ ਸਨ ਜਿਹੜੀਆਂ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਅਗਰ ਉਹ ਗੱਲਾਂ ਜੱਗ ਜਾਹਰ ਹੋ ਜਾਂਦੀਆਂ ਤਾਂ ਮੈਂ ਲੋਕਾਂ ਦੇ ਮਜਾਕ ਦਾ ਪਾਤਰ ਬਣ ਜਾਂਦੀ।ਅਸੀਂ ਰੋਜ਼ ਦੇਖਦੇ ਆਂ ਅਗਰ ਮਜ਼ਬੂਰੀ ਵੱਸ ਮੇਰੇ ਵਰਗੀ ਅਭਾਗਣ ਕੋਈ ਗਲਤੀ ਕਰ ਬੈਠੇ ਤਾਂ ਅਸੀਂ ਓਸ ਗੱਲ ਤੇ ਮਿੱਟੀ ਪਾਉਣ ਦੀ ਵਜਾਏ ਅੱਗੇ ਦੀ ਅੱਗੇ ਸ਼ੇਅਰ ਕਰਦੇ ਆਂ । ਸੁਆਦ ਲੈਂਦੇ ਆਂ ਪਰ ਇਹ ਨਹੀਂ ਸੋਚਦੇ ਅਗਰ ਇਹ ਗਲਤੀ ਤੁਹਾਡੀ ਭੈਣ ਨੇ ਕੀਤੀ ਹੁੰਦੀ ਕੀ ਤੁਸੀਂ ਉਹਦੀ ਇੱਜ਼ਤ ਇੱਦਾਂ ਹਵਾ ਵਿਚ ਉਛਾਲਦੇ ਤਾਂ ਜੋ ਉਹਦੇ ਤੇ ਹਰ ਕੋਈ ਹੱਸ ਸਕੇ । ਪਤਾ ਨਹੀਂ ਅਸੀਂ ਕੀ ਸੋਚਦੇ ਆਂ, ਮੈਨੂੰ ਲੱਗਦਾ ਸੋਚਦੇ ਹੀ ਨਹੀਂ।ਪਾਲ ਨਾਲ ਅਜੇ ਮੇਰਾ ਤਲਾਕ ਦਾ ਕੇਸ ਚੱਲ ਰਿਹਾ ਸੀ। ਹੁਣ ਤੱਕ ਮੈਂ ਪਾਲ ਨੂੰ ਦੋਸ਼ੀ ਮੰਨਦੀ ਰਹੀ ਪਰ ਅੱਜ ਮੈਂ ਖ਼ੁਦ ਦੋਸ਼ੀ ਬਣ ਗਈ ਮੈਂ ਆਪਣੀਆਂ ਨਜ਼ਰਾਂ ਵਿਚ ਡਿੱਗ ਗਈ। ਅਗਰ ਮੀਤ ਬਚਪਨਾ ਕਰ ਗਿਆ ਤਾਂ ਸਾਰਾ ਕੁਝ ਪਾਲ ਕੋਲ ਚਲਾ ਜਾਵੇਗਾ ਕਿਉਂਕਿ ਪਾਲ ਮੀਤ ਨਾਲ ਐਡ ਸੀ।ਹੁੰਦੀ ਰਹਿੰਦੀ ਸੀ। ਪਤਾ ਨਹੀਂ ਸੰਦੀਪ ਦੇ ਮਨ ‘ਚ ਕੀ ਆਇਆ, ਉਹਨੇ ਮੇਰੇ ਤੋਂ ਮੀਤ ਬਾਰੇ ਪੁੱਛਣਾ ਸ਼ੁਰੂ ਕੀਤਾ। ਮੈਂ ਦੱਸਿਆ ਮੀਤ ਮੇਰਾ ਦੋਸਤ ਸੀ ਹੁਣ ਨਹੀਂ । ਪਰ ਥੋੜਾ ਝੂਠ ਬੋਲਣ ਤੋਂ ਬਾਅਦ ਮੈਨੂ ਲੱਗਿਆ ਸੰਦੀਪ ਕੋਲ ਮੈਨੂੰ ਝੂਠ ਨਹੀਂ ਬੋਲਣਾ ਚਾਹੀਦਾ। ਮੈਂ ਸਾਰਾ ਕੁਝ ਸੱਚ ਦੱਸ ਦਿੱਤਾ। ਸੰਦੀਪ ਨੂੰ ਸ਼ੱਕ ਸੀ ਕਿ ਮੈਂ ਮੀਤ ਦੇ ਜਾਲ ਵਿਚ ਫਸੀ ਹੋਈ ਹਾਂ। ਸੰਦੀਪ ਮੀਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਸੰਦੀਪ ਮੀਤ ਦਾ ਫੇਸਬੁੱਕ ਦੋਸਤ ਸੀ। ਇੱਕ ਦੂਜੇ ਨਾਲ ਦੋ-ਤਿੰਨ ਸਾਲਾਂ ਤੋਂ ਜੁੜੇ ਸੀ। ਸੰਦੀਪ ਨੇ ਦੱਸਿਆ ਮੀਤ ਇੱਕ ਨੰਬਰ ਦਾ ਫਰੇਬੀ ਇਨਸਾਨ ਏ, ਆਖਦਾ ਹੁੰਦਾ ਸੀ ਵਿਆਹ ਫੌਰਨ ਦੀ ਕੁੜੀ ਨਾਲ ਕਰਾਊਂਗਾ। ਸੰਦੀਪ ਬਹੁਤ ਲਾਹਨਤਾਂ ਪਾਉਂਦਾ ਸੀ ਮੀਤ ਨੂੰ । ਉਹਦੀਆਂ ਨਜਰਾਂ ‘ਚ ਉਹ ਇੱਕ ਘਟੀਆ ਇਨਸਾਨ ਸੀ।ਮੀਤ ਜਦੋਂ ਸੰਦੀਪ ਨਾਲ ਗੱਲ ਕਰਦਾ ਸੀ ਤਾਂ ਆਖਿਆ ਕਰਦਾ ਮੇਰਾ ਟਾਰਗੇਟ ਆ ਤਿੰਨ ਸੌ ਤੇਤੀ ਕੁੜੀਆਂ ਮੇਰੀਆਂ ਮਸ਼ੂਕਾਂ ਹੋਣਗੀਆਂ।” ਏਸੇ ਗੱਲ ਦੀ ਖਿਝ ’ਤੇ ਸੰਦੀਪ ਮੀਤ ਨਾਲ ਗੱਲ ਕਰਨੀ ਛੱਡ ਗਿਆ ਸੀ। ਸੰਦੀਪ ਨੇ ਮੈਨੂੰ ਕਿਹਾ ਤੂੰ ਮੀਤ ਨੂੰ ਫੇਸਬੁੱਕ ਵਟਸਐਪ ਤੋਂ ਬਲੌਕ ਕਰਦੇ ਤੇ ਕਾਲ ਬਲੈਕ ਲਿਸਟ ‘ਚ ਪਾਏ, ਪਰ ਮੈਂ ਮੀਤ ਤੋਂ ਡਰਦੀ ਸੀ ਕਿ ਉਹਨੂੰ ਪਤਾ ਲੱਗ ਗਿਆ ਤਾਂ ਉਹ ਗੁੱਸੇ ਹੋਵੇਗਾ ਤੇ ਬਦਲਾ ਲਵੇਗਾ। ਸੰਦੀਪ ਨੇ ਭਰੋਸਾ ਦਿੱਤਾ ਕਿ ਮੇਰੇ ‘ਤੇ ਯਕੀਨ ਕਰ ਕੁਝ ਨਹੀਂ ਹੋਵੇਗਾ। ਮੈਂ ਸੰਦੀਪ ’ਤੇ ਯਕੀਨ ਕੀਤਾ, ਗੱਲ ਮੰਨ ਲਈ।ਮੇਰੇ ਸਿਰ ਤੋਂ ਬੋਝ ਲਹਿ ਗਿਆ । ਸੰਦੀਪ ਨੇ ਮੇਰੀ ਵੱਡੀ ਮੁਸ਼ਕਿਲ ਦਾ ਹੱਲ ਕਰ ਦਿੱਤਾ। ਗਣਿਤ ਦੇ ਔਖੇ ਫਾਰਮੂਲੇ ਨੂੰ ਸੰਦੀਪ ਨੇ ਜੋੜ ਘਟਾ ਵਾਂਗ ਆਸਾਨੀ ਨਾਲ ਹੱਲ ਕਰ ਦਿੱਤਾ। ਸੰਦੀਪ ਨੇ ਦੱਸਿਆ ਕਿ ਮੀਤ ’ਕੱਲਾ ਕਾਗਜ਼ੀ ਸ਼ੇਰ ਏ । ਗੱਲਾਂ ਨਾਲ ਬੰਦਾ ਮਾਰਨ ਵਾਲਾ। ਕਰਨ ਕਰਾਉਣ ਨੂੰ ਉਹਦੇ ਪੱਲੇ ਕੱਖ ਵੀ ਨਹੀਂ ਸੀ।ਸੰਦੀਪ ਅੱਜ ਦੀ ਘੜੀ ਮੇਰੇ ਲਈ ਬਾਹਰਲੇ ਡੇਰੇ ਦੇ ਸਾਧ ਵਰਗਾ ਸੀ ਜੀਹਦੇ ਦਿੱਤੇ ਤਵੀਤ ਨਾਲ ਘਰ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਂਦੀਆਂ ਸੀ। ਇੱਥੋਂ ਤੀਕ ਕੇ ਲੋਕਾਂ ਦੀਆਂ ਮੱਝਾਂ ਦੁੱਧ ਵੱਧ ਦੇਣ ਲੱਗ ਜਾਂਦੀਆਂ। ਪਤਾ ਨਹੀਂ ਬਾਬਾ ਤਵੀਤ ਤੇ ਕੀ ਲਿਖ ਕੇ ਦਿੰਦਾ ਸੀ। ਇੱਦਾਂ ਹੀ ਅੱਜ ਦੀ ਘੜੀ ਸੰਦੀਪ ਮੇਰੇ ਲਈ ਰੱਬ ਸੀ। ਸੰਦੀਪ ਕਰਕੇ ਮੇਰੇ ਸਿਰੋਂ ਇੱਕ ਵੱਡਾ ਸੰਕਟ ਹਵਾ ਚੱਲੀ ਤੋਂ ਬੱਦਲ ਵਾਂਗੂੰ ਟਲ ਗਿਆ। ਉਮਰ ਵਿੱਚ ਮੇਰੇ ਨਾਲੋਂ ਛੋਟਾ ਸੀ ਪਰ ਗੱਲਾਂ ਇਉਂ ਕਰਦਾ ਜਿਵੇਂ ਮੇਰਾ ਪਿਓ ਹੋਵੇ। ਹਮੇਸ਼ਾ ਮੈਨੂੰ ਸਮਝਾਉਂਦਾ ਰਹਿੰਦਾ।ਮੀਤ ਵਾਲੇ ਮਾਮਲੇ ਵਿੱਚ ਵੀ ਮੇਰੇ ਭਿਓਂ-ਭਿਓਂ ਜੁੱਤੀਆਂ ਸਿਰ ‘ਚ ਮਾਰਦਾ ਤੇ ਅੱਗਿਓ ਸੁਚੇਤ ਰਹਿਣ ਦੀ ਸਲਾਹ ਦਿੰਦਾ । ਸੰਦੀਪ ਮੈਨੂੰ ਬਹੁਤ ਨੇਕ ਦਿਲ ਲੱਗਦਾ। ਆਮ ਤੌਰ ‘ਤੇ ਮੁੰਡੇ ਬਾਹਰਲੀਆਂ ਕੁੜੀਆਂ ‘ਚ ਫਸਾਉਣ ਤੇ ਬਾਅਦ ਵਿਚ ਪੈਸੇ ਹੜੱਪਣ ਦੇ ਚੱਕਰਾਂ ‘ਚ ਰਹਿੰਦੇ ਹਨ। ਚੰਗੇ ਕੰਮਾਂ ਦੀ ਆੜ ਵਿਚ ਬਾਹਰਲੇ ਮੁਲਕਾਂ ‘ਚ ਬੈਠੇ ਪੰਜਾਬੀਆਂ ਤੋਂ ਕਈ ਠੱਗ ਲੋਕ ਵਿਦੇਸ਼ਾਂ ਵਿਚ ਦਿਨ ਰਾਤ ਇੱਕ ਕਰਕੇ ਕਮਾਏ ਡਾਲਰ ਠੱਗਦੇ ਰਹਿੰਦੇ ਹਨ। ਕਾਫ਼ੀ ਗੱਲਾਂ ਵਾਰੇ ਸੰਦੀਪ ਨੇ ਮੈਨੂੰ ਦੱਸਿਆ।ਮੈਨੂੰ ਅਹਿਸਾਸ ਹੋਇਆ ਕਿ ਜਦੋ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ ਤਾਂ ਉਸ ਸਮੇਂ ਅਗਰ ਸਾਨੂੰ ਸਹੀ ਇਨਸਾਨ ਦੀ ਸੰਗਤ ਮਿਲ ਜਾਵੇ ਤਾਂ ਅਸੀਂ ਉਸ ਮੁਸੀਬਤ ਵਿਚੋਂ ਨਿਕਲ ਸਕਦੇ ਹਾਂ। ਇਸ ਦੇ ਉਲਟ, ਅਗਰ ਉਸ ਸਮੇਂ ਅਸੀਂ ਕਿਸੇ ਮਤਲਬ ਪ੍ਰਸਤ, ਠੱਗ ਇਨਸਾਨ ਦੀ ਸੰਗਤ ਵਿੱਚ ਆ ਜਾਈਏ ਤਾਂ ਉਹ ਆਪਣੇ ਸੁਆਰਥ ਲਈ ਸਾਡੀ ਜ਼ਿੰਦਗੀ ਕੌਡੀਆਂ ਭਾਅ ਵੇਚ ਕੇ ਸਾਨੂੰ ਬਰਬਾਦ ਕਰ ਦੇਵੇਗਾ। ਇਸ ਲਈ ਜ਼ਿੰਦਗੀ ਵਿੱਚ ਸੱਚੇ ਦੋਸਤਾਂ ਦੀ ਪਰਖ ਬਹੁਤ ਜ਼ਰੂਰੀ ਹੈ । ਅਗਰ ਕੋਈ ਸੱਚਾ ਦੋਸਤ ਨਹੀਂ ਤਾਂ ਖਾਸਕਰ ਸਾਨੂੰ ਕੁੜੀਆਂ ਨੂੰ ਇੰਨਾ ਕੁ ਮਜ਼ਬੂਤ ਤੇ ਸਮਝਦਾਰ ਹੋਣਾ ਪਵੇਗਾ ਕਿ ਅਸੀਂ ਮਾੜੇ ਸਮੇਂ ਵਿਚ ਵੀ ਸਹੀ ਫੈਸਲਾ ਲੈਣ ਦੇ ਯੋਗ ਹੋ ਸਕੀਏ।ਫੇਸਬੁੱਕ ਤੇ ਅਸੀਂ ਰੋਜ਼ ਜ਼ਿੰਦਗੀਆਂ ਬਰਬਾਦ ਹੁੰਦੀਆਂ ਦੇਖਦੇ ਹਾਂ। ਇੱਕ ਹਫ਼ਤਾ ਫੇਸਬੁੱਕ ਤੇ ਮੁੰਡਾ ਕੁੜੀ ਦੀ ਗੱਲ ਹੋਈ। ਅਗਲੇ ਹਫ਼ਤੇ ਉਹੀ ਮੁੰਡਾ ਕੁੜੀ ਕਿਸੇ ਸੁੰਨਸਾਨ, ਹੋਟਲ ਜਾਂ ਕਿਸੇ ਪ੍ਰਾਈਵੇਟ ਜਗ੍ਹਾ ਤੇ ਇੱਕ ਦੂਜੇ ਨੂੰ ਮਿਲਦੇ ਹਨ। ਕੁੜੀ ਨੇ ਕੁਝ ਨਹੀਂ ਦੇਖਿਆ, ਕੁਝ ਨਹੀਂ ਸੋਚਿਆ ਕਿ ਮੁੰਡੇ ਦਾ ਸੁਭਾਅ ਕਿਵੇਂ ਦਾ ਹੋਊ ਤੇ ਸੋਚ ਕਿਵੇਂ ਦੀ ਹੋਊਂ। ਕੋਈ ਲੋੜ ਹੀ ਨਹੀਂ ਸਮਝੀ ਜਾਂਦੀ। ਜਿਸਮੀ ਖੇਡਾਂ ਰਹਿ ਗਈਆਂ। ਸਭ ਕੁਝ ਜਾਣਦੇ ਹੋਏ ਵੀ ਅਸੀਂ ਅੱਖਾਂ ਮੀਚ ਘੇਸਲ ਵੱਟ ਰਹੇ ਹਾਂ, ਅਸਲੀਅਤ ਜਾਣਦੇ ਹੋਏ ਵੀ ਅੱਗ ਦੀ ਖੇਡ, ਖੇਡ ਰਹੇ ਹਾਂ । ਨਾਲੇ ਪਤਾ ਇਹ ਰਾਖ ਤੋਂ ਬਗੈਰ ਕੁਝ ਵੀ ਪੱਲੇ ਨੀ ਛੱਡਦੀ।ਬਹੁਤੀਆਂ ਕੁੜੀਆਂ ਫੇਸਬੁੱਕ ‘ਤੇ ਬਿਨਾਂ ਜਾਣੇ-ਪਛਾਣੇ, ਇਸ਼ਕ ਕਰ ਬੈਠਦੀਆਂ। ਇਸ਼ਕ ਕਹਿਣਾ ਸਹੀ ਨਹੀਂ ਹੋਵੇਗਾ। ਇਹ ਕਹਿ ਲੋ ਝੂਠਾ ਪਿਆਰ ਕਰ ਬੈਠਦੀਆਂ, ਝੂਠ ਦੀਆਂ ਨੀਹਾਂ ਤੇ ਉਸਾਰਿਆ ਮਹਿਲ ਝੂਠਾ ਹੀ ਅਖਵਾ ਸਕਦਾ। ਝੂਠ ਭਾਵੇਂ ਮੁੰਡੇ ਵਲੋਂ ਹੋਵੇ, ਚਾਹੇ ਕੁੜੀ ਵਲੋਂ। ਮੁਲਾਕਾਤ ਸਮੇਂ ਇੱਕ ਦੂਜੇ ਦੀਆਂ ਫੋਟੋਆਂ, ਖਿੱਚ ਜਾਂ ਵੀਡੀਓ ਬਣਾ ਲੈਂਦੇ ਹਨ। ਅਗਰ ਕੁੜੀ ਮੁੰਡੇ ਨਾਲ ਕੁਝ ਸਮੇਂ ਬਾਅਦ ਅਲੱਗ ਵੀ ਹੋਣਾ ਚਾਹੇ ਤਾਂ ਫੋਟੋਆਂ ਜਾਂਵੀਡੀਓ ਰਾਹੀਂ ਬਲੈਕਮੇਲ ਕਰਕੇ ਸ਼ੋਸ਼ਣ ਕੀਤਾ ਜਾਂਦਾ। ਫਿਰ ਅਸੀਂ ਸਮਾਜ ਨੂੰ ਦੋਸ਼ੀ ਮੰਨਦੇ ਹਾਂ। ਡੂਮਣੇ ਦੇ ਛੱਤੇ ‘ਚ ਹੱਥ ਪਾ ਕੇ ਕਾਹਦੀ ਖੈਰ ! ਤਿਆਰ ਰਹੋ ਬਸ ਮੂੰਹ ਸਿਰ ਸਜਾਉਣ ਤੇ ਮੱਖੀਆਂ ਦੇ ਡੰਗ ਸਹਿਣ ਲਈ।ਸ਼ੋਸ਼ਲ ਮੀਡੀਆ ਨੂੰ ਸਾਰਥਿਕ ਕੰਮਾਂ ਦੀ ਵਜਾਏ, ਪੁੱਠੇ ਕੰਮਾਂ ਲਈ ਜ਼ਿਆਦਾ ਵਰਤਿਆ ਜਾਂਦਾ। ਬਾਰਾਂ ਤੇਰਾ ਸਾਲਾਂ ਦੇ ਮੁੰਡੇ ਕੁੜੀਆਂ ਫੇਸਬੁੱਕ ਵਟਸਐੱਪ ‘ਤੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ, ਜੋ ਕਿ ਬਹੁਤ ਖਤਰਨਾਕ ਹੈ, ਇਹ ਸਮਾਂ ਉਹਨਾਂ ਲਈ ਪੜ੍ਹਾਈ ਕਰਨ ਦਾ ਹੈ। ਆਪਣੇ ਵਿਚਲੇ ਹੁਨਰ ਨੂੰ ਪਹਿਚਾਨਣ ਦਾ ਹੈ ਪਰ ਅਫਸੋਸ ਸੋਨੇ ਤੋਂ ਮਹਿੰਗਾ ਵਕਤ ਅਸੀਂ ਕੋਡੀਆਂ ਨਾਲੋਂ ਸਸਤਾ ਕਰ ਛੱਡਿਆ।ਸੰਦੀਪ ਬੇਸ਼ੱਕ ਉਮਰ ਵਿਚ ਮੇਰੇ ਨਾਲੋਂ ਦਸ-ਬਾਰਾਂ ਸਾਲ ਛੋਟਾ ਸੀ ਪਰ ਮੈਨੂੰ ਸਿਖਾ ਕਾਫ਼ੀ ਕੁਝ ਗਿਆ। ਉਹ ਅਕਸਰ ਇੱਕ ਗੱਲ ਆਖਦਾ ਜੋ ਸਾਡੇ ਲਈ ਸਭ ਤੋਂ ਜ਼ਰੂਰੀ ਕਦਮ ਹੈ ਸਾਨੂੰ ਉਹ ਪੁੱਟਣਾ ਚਾਹੀਦਾ, ਮੰਨ ਲਓ ਅਸੀਂ ਕਰਜਾਈ ਆਂ, ਸਾਡਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਕਿ ਅਸੀਂ ਮਿਹਨਤ ਕਰੀਏ । ਆਪਣੇ ਖਰਚੇ ਘਟਾਈਏ ਤੇ ਕਰਜ਼ ਤੋਂ ਮੁਕਤ ਹੋਈਏ। ਇਹ ਨਹੀਂ ਕਿ ਕਰਜਾਈ ਹੁੰਦਿਆਂ ਅਸੀਂ ਹੋਰ ਖੂਹ ਪੁੱਟੀ ਜਾਈਏ, ਕਦੇ ਨਾ ਕਦੇ ਅਸੀਂ ਹੀ ਉਹਨਾਂ ਖੂਹਾਂ ‘ਚ ਡਿੱਗ ਜਾਵਾਂਗੇ ।” ਉਹਦੇ ਕਹਿਣ ਮੁਤਾਬਿਕ ਮੈਨੂੰ ਪਹਿਲਾਂ ਆਪਣਾ ਤਲਾਕ ਕੇਸ ਦੇ ਫੈਸਲੇ ਨੂੰ ਉਡੀਕਣਾ ਚਾਹੀਦਾ ਫਿਰ ਉਸ ਤੋਂ ਅਗਲਾ ਕਦਮ ਪੁੱਟਣਾ ਚਾਹੀਦਾ, ਉਹ ਇੱਕ ਹੋਰ ਗੱਲ ‘ਤੇ ਜ਼ੋਰ ਦਿੰਦਾ ਕਿ ਅਗਰ ਮੈਂ ਇੱਕਲੀ ਸਾਰੀ ਉਮਰ ਲੰਘਾ ਸਕਦੀ ਹਾਂ ਤਾਂ ਜ਼ਿਆਦਾ ਬਿਹਤਰ ਹੈ।ਸੰਦੀਪ ਦੀਆਂ ਗੱਲਾਂ ਕੁਝ ਸਮੇਂ ਲਈ ਮੈਨੂੰ ਤਣਾਅ ਮੁਕਤ ਕਰ ਦਿੰਦੀਆਂ ਪਰ ਇਕੱਲਤਾ ਦਾ ਅਹਿਸਾਸ ਮੇਰੀਆਂ ਜੜ੍ਹਾ ਹਿਲਾ ਦਿੰਦਾ। ਮੈਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਮਹਿਸੂਸ ਹੁੰਦੀ । ਅੱਧੀ ਉਮਰ ਕੰਡਿਆ ਦੀ ਸੇਜ ਤੇ ਲੰਘੀ ਬਾਕੀ ਬਚਦੀ ਬੇਫ਼ਿਕਰ ਕਿਸੇ ਦੇ ਪਿਆਰ ‘ਚ ਲੰਘਾਉਣੀ ਚਾਹੁੰਦੀ ਸੀ । ਸੰਦੀਪ ਕੋਲ ਆਪਣਾ ਹਰ ਮਾੜਾ ਚੰਗਾ ਭੇਦ ਖੋਲ੍ਹ ਦਿੱਤਾ। ਇਸ ਤੋਂ ਪਹਿਲਾਂ ਕਦੀ ਕਿਸੇ ਨਾਲ ਇਹ ਭੇਦ ਨਾ ਫਰੋਲੇ ।ਜ਼ਿੰਦਗੀ ਦੀ ਆਖਰੀ ਗਲਤੀ, ਤੁਹਾਡੇ ਨਾਲ ਸਾਂਝੀ ਕਰਦੀ ਆਂ। ਗਲਤੀ ਕਹਿ ਲਵੋ ਜਾਂ ਹਾਲਾਤਾਂ ਦੀ ਮਾਰ ਕਹਿ ਲਵੋ, ਜਿਵੇਂ ਤੁਹਾਨੂੰ ਚੰਗਾ ਲੱਗੇ ।ਸੰਦੀਪ ਨੂੰ ਮੈਂ ਜਦੋਂ ਵੀ ਕਾਲ ਕਰਦੀ, ਉਹ ਸਾਰੇ ਕੰਮ ਛੱਡ ਮੇਰੇ ਨਾਲ ਗੱਲ ਕਰਦਾ। ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਇਕੱਲਾਪਨ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਅਗਰ ਉਹ ਸਮਾਂ ਨਾ ਦਿੰਦਾ ਹੋ ਸਕਦਾ ਇਹ ਗਲਤੀ ਮੈਂ ਇੱਕ ਸਾਲ ਪਹਿਲਾਂ ਕਰ ਬੈਠਦੀ । ਉਹ ਮੇਰੀਆਂ ਗੱਲਾਂ ਸੁਣਦਾ ਤੇ ਮੈਨੂੰ ਸਮਝਾਉਂਦਾ, ਓਹਦਾ ਇੱਕੋ ਮਕਸਦ ਸੀ ਕਿ ਮੈਂ ਗਲਤ ਰਸਤੇ ਨਾ ਪਵਾਂ।ਸੰਦੀਪ ਦੋ ਮਹੀਨੇ ਆਪਣੇ ਨਵੇਂ ਸ਼ੁਰੂ ਕੀਤੇ ਕੰਮ ਵਿਚ ਵਿਅਸਤ ਰਿਹਾ। ਕੁਝ ਕੁ ਦਿਨ ਮੈਂ ਚੈਨ ਨਾਲ ਕੱਢੇ ਪਰ ਥੋੜੇ ਦਿਨਾਂ ‘ਚ ਮੈਂ ਬੇਚੈਨ ਰਹਿਣ ਲੱਗ ਗਈ। ਇਧਰ ਉਧਰ ਧਿਆਨ ਭਟਕਦਾ। ਮੈਂ ਸੋਚਿਆ ਕਿੰਨਾ ਕੁ ਚਿਰ ਲੋਕਾਂ ਨਾਲ ਟਾਈਮ ਪਾਸ ਕਰਦੀ ਰਹਾਂਗੀ। ਕਿਉਂ ਨਾ ਵਿਆਹ ਲਈ ਮੁੰਡਾ ਲੱਭਿਆ ਜਾਵੇ। ਕੋਰਟ ਮੈਰਜ ਕਰਵਾ ਲਵਾਂਗੀ ਪਰ੍ਹੇ ਜੱਭ ਮੁੱਕੂ ਸਾਰਾ। ਮੈਂ ਸ਼ਾਦੀ ਡਾਟ ਕੌਮ ਤੇ ਆਪਣਾ ਅਕਾਊਂਟ ਬਣਾ ਲਿਆ। ਇੱਥੇ ਮੇਰੀ ਮੁਲਾਕਾਤ ਹੋਈ ਹਰੀਸ਼ ਨਾਲ, ਹਰੀਸ਼ ਮੇਰੇ ਗੁਆਂਢ ਵਿਚ ਟੋਰਾਟੋਂ ਈ ਰਹਿੰਦਾ ਸੀ । ਮੇਰੇ ਘਰ ਤੋਂ ਸਿਰਫ਼ ਦਸ ਮਿੰਟ ਦੀ ਦੂਰੀ ਤੇ। ਇਤਫ਼ਾਕ ਨਾਲ ਹਰੀਸ਼ ਦੇ ਦੋ ਬੱਚੇ ਸੀ। ਦੋਨੋਂ ਮੁੰਡੇ ਤੇ ਤਲਾਕ ਦਾ ਕੇਸ ਚੱਲ ਰਿਹਾ ਸੀ। ਬਿਲਕੁਲ ਮੇਰੇ ਵਾਲੀ ਹਾਲਤ। ਹਰੀਸ਼ ਮੋਗੇ ਤੋਂ ਸੀ ਪਿਛਲੇ ਚਾਰ ਸਾਲਾਂ ਤੋਂ ਕਨੇਡਾ ਰਹਿ ਰਿਹਾ ਸੀ। ਹਰੀਸ਼ ਇੱਕ ਹੋਟਲ ‘ਚ ਕੰਮ ਕਰਦਾ ਸੀ। ਫੋਟੋਆਂ ਤੋਂ ਮੈਨੂੰ ਮੇਰਾ ਹਾਣੀ ਲੱਗਿਆ।ਹਰੀਸ਼ ਨਾਲ ਮੈਂ ਸਿੱਧੀ ਮੈਰਿਜ ਦੀ ਗੱਲ ਕੀਤੀ। ਮੈਂ ਸਾਰੀ ਕਹਾਣੀ ਦੱਸੀ। ਮੈਂ ਤੇ ਹਰੀਸ਼ ਮਿਲੇ। ਹਰੀਸ਼ ਮੇਰੇ ਬੱਚਿਆਂ ਨੂੰ ਅਪਨਾਉਣ ਲਈ ਤਿਆਰ ਹੋ ਗਿਆ। ਅਸੀਂ ਇੱਕ ਦੂਜੇ ਨੂੰ ਪਸੰਦ ਆਏ। ਇਹ ਸਾਰਾ ਕੁਝ ਮੈਂ ਸੰਦੀਪ ਤੋਂ ਚੋਰੀ-ਚੋਰੀ ਕਰ ਰਹੀ ਸੀ। ਅਗਰ ਸੰਦੀਪ ਨੂੰ ਹਰੀਸ਼ ਬਾਰੇ ਦੱਸਦੀ ਓਹਨੇ ਕਦੇ ਵੀ ਸਹਿਮਤੀ ਨੀ ਦੇਣੀ ਸੀ। ਇਸ ਕਰਕੇ ਮੈਂ ਨਾ ਦੱਸਣਾ ਹੀ ਚੰਗਾ ਸਮਝਿਆ। ਸੰਦੀਪ ਨੇ ਇੱਕ-ਦੋ ਵਾਰ ਮੈਨੂੰ ਕਾਲ ਕੀਤੀ ਵਟਸਐਪ ਤੇ ਮੈਸਜ ਵੀ ਕੀਤੇ ਪਰ ਮੈਂ ਕੋਈ ਜਵਾਬ ਨਾ ਦਿੱਤਾ।ਮੈਨੂੰ ਲੱਗਿਆਂ ਮੇਰੀ ਭਟਕਣਾ ਖ਼ਤਮ ਹੋ ਗਈ, ਜੋ ਰੱਬ ਤੋਂ ਮੰਗ ਰਹੀ ਸੀ, ਉਹ ਮਿਲ ਗਿਆ। ਮੈਨੂੰ ਸਹਾਰਾ ਮਿਲ ਜਾਵੇਗਾ ਤੇ ਮੇਰੇ ਬੱਚਿਆਂ ਨੂੰ ਬਾਪ ਦਾ ਪਿਆਰ। ਅਸੀਂ ਰਲ-ਮਿਲ ਕੇ ਬੱਚਿਆਂ ਨੂੰ ਪਿਆਰ ਕਰਾਂਗੇ।ਹਰੀਸ਼ ਵਾਰੇ ਮੈਂ ਪੁੱਛ-ਪੜਤਾਲ ਕੀਤੀ ਓਹਦੇ ਵਲੋਂ ਦਿੱਤੀ ਜਾਣਕਾਰੀ ਸਹੀ ਸੀ। ਹਰੀਸ਼ ਕਿਰਾਏ ਦੇ ਘਰ ‘ਚ ਰਹਿੰਦਾ ਸੀ। ਘਰ ਵਾਲੀ ਨਾਲ ਅਣਬਣ ਹੋਣ ਕਾਰਨ ਲੜਾਈ ਝਗੜਾ ਰਹਿੰਦਾ ਤੇ ਆਖਿਰ ਗੱਲ ਤਲਾਕ ਤਕ ਪਹੁੰਚ ਗਈ। ਸਾਰਾ ਕੁਝ ਜਾਣ ਮੈਂ ਸੰਤੁਸ਼ਟ ਸੀ। ਮੈਂ ਜੈਸਮੀਨਨੂੰ ਦੱਸ ਦਿੱਤਾ ਤੇ ਹਰੀਸ਼ ਨਾਲ ਮੈਰਿਜ ਕਰਾਉਣ ਦਾ ਫੈਸਲਾ ਕੀਤਾ। ਮੈਂ ਹਰੀਸ਼ ਨੂੰ ਹਫ਼ਤੇ ਵਿਚ ਦੋ ਵਾਰ ਮਿਲਦੀ। ਹਰੀਸ਼ ਨੂੰ ਮਿਲਣਾ ਮੈਨੂੰ ਚੰਗਾ ਲੱਗਦਾ । ਪਤਝੜ ਬਾਅਦ ਬਹਾਰ ਨੇ ਫਿਰ ਫੇਰਾ ਪਾਇਆ । ਫਿਰ ਤੋਂ ਆਸਾਂ ਦੀਆਂ ਕਰੂੰਬਲਾਂ ਫੁੱਟਣੀਆਂ ਸ਼ੁਰੂ ਹੋ ਗਈਆਂ। ਨਹੁੰ ਮਾਰ ਕੇ ਦੇਖਿਆ ਤਣਾ ਫਿਰ ਤੋਂ ਹਰਾ ਹੋ ਗਿਆ। ਮੇਰਾ ਤਨ-ਮਨ ਇਸ ਗੱਲ ਦੀ ਹਾਮੀ ਭਰਨ ਲੱਗਾ ਕਿ ਹਰੀਸ਼ ਤੇਰਾ ਹੋ ਗਿਆ ਤੇ ਤੂੰ ਹਰੀਸ਼ ਦੀ। ਮੇਰੀ ਜ਼ੁਬਾਨ ਹਰੀਸ਼ ਦੀਆਂ ਸਿਫ਼ਤਾਂ ਕਰਦੀ, ਮੇਰਾ ਰੋਮ-ਰੋਮ ਮੁਸਕੁਰਾ ਉੱਠਦਾ, ਇੱਕ-ਇੱਕ ਸਾਹ ਏਸ ਗੱਲ ਦੀ ਜਮਾਨਤ ਦਿੰਦਾ ਕਿ ਬਸ ਇਹੀ ਆ ਜਿੱਥੇ ਤੇਰੀ ਤਲਾਸ਼ ਖਤਮ ਹੋ ਗਈ । ਇਹਨੂੰ ਅਪਣਾ ਲੈ।ਇਸ ਵਾਰ ਕਾਫੀ ਸੋਚ ਸਮਝ ਕੇ ਫੈਸਲਾ ਲਿਆ। ਡਰ ਇਹੀ ਸੀ ਕਿ ਮੀਤ ਵਰਗੇ ਠੱਗ ਦੇ ਦਵਾਰਾ ਧੱਕੇ ਨਾ ਚੜ੍ਹ ਜਾਵਾਂ ਪਰ ਕਿਸੇ ਚੀਜ਼ ਦੇ ਅੰਤ ਦਾ ਅੰਦਾਜ਼ਾ ਪਹਿਲੀਆਂ ‘ਚ ਲਗਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਮੇਰੇ ਵਰਗੀ ਮੂਰਖ ਜਜ਼ਬਾਤੀ ਲਈ ਤਾਂ ਹੋਰ ਵੀ ਔਖਾ ਕੰਮ ਏ ਮੈਂ ਸਮਝ ਤੋਂ ਕੰਮ ਲੈ ਰਹੀ ਸੀ ਪਰ ਪਿਆਰ ‘ਚ ਕਾਹਦੀਆਂ ਸਮਝਾਂ । ਇਹ ਤਾਂ ਸਭ ਕੁਝ ਲੁਟਾ ਦੇਣ ਦਾ ਨਾਮ ਏ । ਇਹ ਤਾਂ ਬਿਨਾਂ ਪਰਖ ਕੀਤਿਆਂ ਕੱਚਿਆਂ ਤੇ ਤਰ ਜਾਣ ਦਾ ਨਾਮ ਏ, ਨਫ਼ਾ ਨੁਕਸਾਨ ਦੇਖਿਆ ਬਿਨਾਂ ਸਭ ਕੁਝ ਲੁਟਾ ਦੇਣ ਦਾ ਨਾਮ ਏ ‘ਇਸ਼ਕ’। ਇਹ ਤਾਂ ਤਖ਼ਤ ਹਜਾਰਾ ਛੱਡ, ਹੀਰ ਪਿੱਛੇ ਬਾਰਾਂ ਸਾਲ ਫਿਰਦੇ ਰਹਿਣਾ ਏ । ਇਸ਼ਕ ਤਾਂ ਮੰਗਦਾ ਈ ਕੁਰਬਾਨੀ ਏ, ਪਰ ਦੇਖਿਆ ਜਾਵੇ ਤਾਂ ਇਹ ਸਭ ਦੀ ਕੀ ਲੋੜ ਐ ਆਪਣੀ ਜ਼ਿੰਦਗੀ ਬਰਬਾਦ ਕਰਕੇ ਕਿਸੇ ਪਿੱਛੇ ਪਾਗਲ ਬਣਿਆ ਰਹਿਣਾ। ਇਹ ਬੇਤੁਕੀਆ ਗੱਲਾਂ ਨੇ ਜੋ ਹਜ਼ਾਰਾਂ ਸਾਲਾਂ ਤੋਂ ਮੁੰਡੇ ਕੁੜੀਆਂ ਦਾ ਦਿਮਾਗ ਖਰਾਬ ਕਰਦੀਆਂ ਆ ਰਹੀਆਂ ਤੇ ਰੀਸੋ ਰੀਸ ਹੀਰ ਰਾਂਝੇ ਬਨਣ ਦੇ ਚੱਕਰ ਵਿਚ ਆਪਣੀ ਤੇ ਪਰਿਵਾਰ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਹਨ। ਅਗਰ ਇਹਨਾਂ ਖਿਆਲੀ ਚੀਜ਼ਾਂ ਤੋਂ ਧਿਆਨ ਹਟਾ ਕੇ, ਅਸਲੀਅਤ ਵਿਚ ਲਾਇਆ ਜਾਵੇ ਤਾਂ ਬਿਨਾ ਭਟਕੇ ਅਸੀਂ ਕੁਝ ਹਾਸਿਲ ਕਰ ਸਕਦੇ ਹਾਂ। ਪਿਆਰ ਦੇ ਅਰਥ ਨੂੰ ਸਮਝਣ ਦੀ ਲੋੜ ਹੈ। ਪਿਆਰ ਵਿਸ਼ਵਾਸ ਦਾ ਨਾਮ ਐ, ਜੋ ਸਾਨੂੰ ਖ਼ੁਦ ’ਤੇ ਵੀ ਨਹੀਂ।ਇੱਕ ਛੋਟੀ ਜਿਹੀ ਕਹਾਣੀ ਸਣਾਉਂਦੀ ਹਾਂ। ਮੁੰਡਾ ਤੇ ਕੁੜੀ ਆਪਸ ਵਿੱਚ ਪਿਆਰ ਕਰਦੇ ਸੀ, ਵਿਆਹ ਨਹੀਂ ਹੋ ਸਕਿਆ। ਕਾਲਜ ਦੇ ਦਿਨਾਂ ਤੋਂ ਬਾਅਦ ਅਲੱਗ-ਅਲੱਗ ਹੋ ਗਏ। ਮੁੰਡੇ ਦਾ ਵਿਆਹ ਕਿਤੇ ਹੋਰ ਹੋ ਗਿਆ। ਅੱਜ ਤਕਰੀਬਨ ਪੰਦਰਾਂ ਸਾਲ ਪੂਰੇ ਹੋ ਗਏ ਵਿਆਹ ਨੂੰ, ਹੁਣ ਕਿਤੇ ਵੀ ਜਦੋਂ ਉਹ ਸ਼ਰਾਬ ਪੀਂਦਾ, ਪੀ ਕੇ ਓਸ ਕੁੜੀ ਨੂੰ ਯਾਦ ਕਰਦਾ ਤੇ ਘਰਵਾਲੀ ਨਾਲ ਕਲੇਸ਼ ਕਰਦਾ। ਹੈ ਨਾ ਕਿੱਡੀ ਫਜੂਲ ਵਾਲੀ ਗੱਲ। ਸੋਚਿਆਜਾਵੇ ਤਾਂ ਇਸ ਕਲੇਸ਼ ਦਾ ਕਾਰਨ ਸਾਡੀ ਸੋਚ ਐ, ਜੋ ਘਟੀਆ ਖਿਆਲ ਸੋਚਦੀ ਏ, ਅਸਲੀ ਜ਼ਿੰਦਗੀ ਨੂੰ ਛੱਡ ਕੇ। ਅਗਰ ਇਹ ਸੋਚ, ਖਿਆਲ ਸਾਡੇ ਘਰ ਵੱਲ ਹੋਣ, ਪ੍ਰੀਵਾਰ ਦੀ ਸਾਂਭ ਸੰਭਾਲ ਵੱਲ ਹੋਣ ਤਾਂ ਮਤਲਬ ਈ ਨੀ ਅਸੀਂ ਘਟੀਆ ਗੱਲਾਂ ਤੋਂ ਪ੍ਰੇਸ਼ਾਨ ਹੋ ਜਾਈਏ।ਖੈਰ ਗੱਲ ਸ਼ੁਰੂ ਕਰਦੀ ਆਂ..ਹਫ਼ਤੇ ਦਾ ਅਖੀਰਲਾ ਦਿਨ, ਸਰਦੀਆਂ ਦੀ ਰੁੱਤ। ਮੈਂ ਹਰੀਸ਼ ਦੇ ਘਰ ਗਈ, ਸਵੇਰ ਦਾ ਸਮਾਂ ਸੀ, ਹਰੀਸ਼ ਸੁੱਤਾ ਪਿਆ। ਹਰੀਸ਼ ਦੇ ਘਰ ਆਉਣਾ ਜਾਣਾ ਮੇਰਾ ਆਮ ਹੋ ਗਿਆ ਸੀ। ਮੈਂ ਹਰੀਸ਼ ਨੂੰ ਉਠਾਇਆ ਤੇ ਚਾਹ ਬਨਾਉਣ ਲੱਗੀ।ਪਤਾ ਨਹੀਂ ਹਰੀਸ਼ ਨੂੰ ਕੀ ਹੋਇਆ, ਮੇਰੇ ਨਜ਼ਦੀਕ ਆਇਆ। ਮੈਂ ਸਭ ਕੁਝ ਜਾਣਦੀ ਹੋਈ ਨੇ ਵੀ ਹਰੀਸ਼ ਨੂੰ ਰੋਕਿਆ ਨਾ। ਆਖਿਰ ਕਿਉਂ ਨਾ ਰੋਕਿਆ ?.. ਪਤਾ ਨਹੀਂ।ਸ਼ਾਇਦ ਇਹ ਵਿਸ਼ਵਾਸ ਸੀ ਕਿ ਅਤੇ ਮੇਰੀ ਸਹਿਮਤੀ ਵੀ। ਪਾਲ ਤੋਂ ਬਾਅਦ ਹਰੀਸ਼ ਮੇਰੇ ਨਜ਼ਦੀਕ ਆਇਆ। ਹਰੀਸ਼ ਨੇ ਵਾਅਦਾ ਕੀਤਾ ਕਿ ਪੰਜ ਮਹੀਨਿਆਂ ਬਾਅਦ ਓਹਦੇ ਮੰਮੀ ਡੈਡੀ ਕਨੇਡਾ ਆ ਜਾਣਗੇ ਤੇ ਤੈਨੂੰ ਉਹਨਾਂ ਨਾਲ ਮਿਲਾਵਾਂਗਾ ਤੇ ਵਿਆਹ ਦੀ ਗੱਲ ਕਰਾਂਗਾ।ਜੈਸਮੀਨ ਤੇ ਰਵੀ ਨੂੰ ਹਰੀਸ਼ ਬਾਰੇ ਦੱਸ ਚੁੱਕੀ ਸੀ, ਦੋਨੇ ਬੱਚੇ ਕਈ ਵਾਰ ਹਰੀਸ਼ ਨੂੰ ਮਿਲ ਵੀ ਚੁੱਕੇ ਸੀ। ਕਈ ਵਾਰ ਮੈਂ ਉਹਨਾਂ ਨੂੰ ਲੈ ਕੇ ਹਰੀਸ਼ ਘਰ ਚਲੀ ਜਾਂਦੀ। ਹਰੀਸ਼ ਬੱਚਿਆਂ ਨਾਲ ਹੱਸਦਾ, ਖੇਡਦਾ। ਬੱਚਿਆਂ ਨੂੰ ਆਪਣਾ ਹੋਣ ਵਾਲਾ ਸਟੈਪ ਫਾਦਰ ਪਸੰਦ ਸੀ । ਬੱਚੇ ਅਕਸਰ ਹਰੀਸ਼ ਦੇ ਬੱਚਿਆਂ ਨੂੰ ਮਿਲਣ ਲਈ ਕਹਿੰਦੇ ਪਰ ਹਰੀਸ਼ ਮਿੱਠਾ ਜਾ ਬਹਾਨਾ ਬਣਾ ਦਿੰਦਾ।ਜਦੋਂ ਸਾਡੀ ਸਮਝ ਕੱਖੋਂ ਹੌਲੀ ਹੋ ਜਾਂਦੀ ਏ ਤਾਂ ਅਸੀਂ ਵੱਡੇ-ਵੱਡੇ ਫੈਸਲੇ ਅੱਖ ਦੇ ਝਪਕਣ ਵਾਂਗ ਲੈਂਦੇ ਆਂ। ਬਿਨਾਂ ਸੋਚੇ ਸਮਝੇ ਫੈਸਲੇ ਸਾਨੂੰ ਸਾਰੀ ਉਮਰ ਸੜ੍ਹਨ ਲਈ ਮਜਬੂਰ ਕਰ ਦਿੰਦੇ ਹਨ। ਮੈਂ ਹਰੀਸ਼ ਦੀ ਗੱਲ ਮੰਮੀ ਡੈਡੀ ਨੂੰ ਦੱਸ ਦਿੱਤੀ। ਮਾਂ ਨੇ ਕਿਹਾ ਮੈਂ ਹਰੀਸ਼ ਤੋਂ ਦੂਰ ਰਹਾਂ। ਪਰ ਮੈਨੂੰ ਘਰਦਿਆਂ ਦੀ ਰਤਾ ਪਰਵਾਹ ਨਹੀਂ ਸੀ ਨਾ ਹੀ ਉਹਨਾਂ ਦੀਆਂ ਨਸੀਹਤਾਂ ਦੀ। ਇੱਕ ਵਾਰ ਜਿਸ ਇਨਸਾਨ ’ਤੋਂ ਯਕੀਨ ਉਠ ਜਾਵੇ ਮੁੜ ਕੇ ਕਰਨਾ ਬਹੁਤ ਔਖਾ ਹੋ ਜਾਂਦਾ। ਘਰਦਿਆਂ ’ਤੇ ਮੈਨੂੰ ਰੁਪਏ ਜਿੰਨਾ ਵੀਯਕੀਨ ਨਹੀਂ ਸੀ। ਵੈਸੇ ਵੀ ਪੇਕੇ ਤੇ ਸਹੁਰੇ ਪਰੀਵਾਰ ਨਾਲੋਂ ਮੈਂ ਟੁੱਟ ਚੁੱਕੀ ਸੀ।ਮੇਰੀ ਜ਼ਿੰਦਗੀ ਜੈਸਮੀਨ ਤੇ ਰਵੀ ਸੀ, ਤੀਸਰਾ ਸ਼ਖ਼ਸ ਹਰੀਸ਼, ਜਿਹੜਾ ਮੇਰੇ ਦਿਲ ‘ਚ ਖਾਸ ਜਗਾ ਬਣਾ ਗਿਆ ਸੀ। ਆਪਣੇ ਘਰ ਦਾ ਸਾਰਾ ਕੰਮ ਕਰਕੇ ਮੈਂ ਹਰੀਸ਼ ਦੇ ਘਰ ਚਲੀ ਜਾਂਦੀ ਉਹਦਾ ਵੀ ਸਾਰਾ ਕੰਮ ਕਰ ਆਉਂਦੀ। ਹਰੀਸ਼ ਲਈ ਖਾਣਾ ਬਣਾ ਕੇ ਮੈਨੂੰ ਬੜਾ ਸਕੂਨ ਮਿਲਦਾ। ਇਹ ਘਰ ਵੀ ਮੈਨੂੰ ਆਪਣਾ ਈ ਜਾਪਦਾ।‘ਜਦੋਂ ਅੱਖੀਆਂ ਮਿਲ ਗਈਆਂਫਿਰ ਕੀ ਤੇਰਾ ਕੀ ਮੇਰਾ’ਹਰੀਸ਼ ਦੇ ਘਰ ਦਾ ਰਸਤਾ ਦਸ ਕੁ ਮਿੰਟਾਂ ਦਾ ਸੀ, ਮੈਂ ਤੁਰ ਕੇ ਪਹੁੰਚ ਜਾਂਦੀ। ਮੈਂ ਆਪਣੇ ਆਪ ਨੁੰ ਦੁਆਰਾ ਜੁਆਨ ਮਹਿਸੂਸ ਕਰਨ ਲੱਗ ਗਈ।’ਜਦੋਂ ਦਾ ਤੈਨੂੰ ਤੱਕਿਆ ਵੇਮੈਂ ਮੁੜ ਤੋਂ ਕੁਆਰੀ ਹੋ ਗਈ ਆਂ।’ਹਰੀਸ਼ ਦੇ ਮਿਲਣ ਤੋਂ ਬਾਅਦ ਮਹਿਸੂਸ ਹੋਇਆ, ਪਿਆਰ ਕਿਸ ਸ਼ੈਅ ਦਾ ਨਾਮ ਐ। ਅੱਛਾ ਇਹਨੂੰ ਕਹਿੰਦੇ ਆ ਪਿਆਰ। ਇਹ ਤਾਂ ਦੁਨੀਆਂ ਦੀ ਸਭ ਤੋਂ ਅਮੀਰ ਸ਼ੈਅ ਆ। ਜਿਸ ਇਨਸਾਨ ਨੂੰ ਪਿਆਰ ਮਿਲ ਗਿਆ ਸਮਝੋ ਸਭ ਕੁਝ ਝੋਲੀ ਪੈ ਗਿਆ। ਅਨੰਤ ਖੁਸ਼ੀ ਐ ਪਿਆਰ ’ਚ, ਸਭ ਭੁੱਖਾਂ ਨੂੰ ਸ਼ਾਂਤ ਕਰਨ ਦੀ ਤਾਕਤ ਐ ਪਿਆਰ ਵਿੱਚ। ਰੁੱਖੇ ਚਿਹਰੇ ਤੇ ਚਮਕ, ਪਿਆਰ ਤੋਂ ਬਿਨਾਂ ਨੀ ਆ ਸਕਦੀ। ਪਿਆਰ ਵਿੱਚ ਬੰਦਾ ਝੂਮਣ ਲੱਗਦਾ। ਅੰਬਰ ‘ਤੇ ਉਡਾਰੀਆਂ ਫਿਰ ਬਿਨਾਂ ਪਰਾਂ ਤੋਂ ਲੱਗਦੀਆਂ ਨੇ। ਇਹ ਨੱਚਣਾ ਗਾਉਣਾ, ਉਡਾਰੀਆਂ ਮੈਂ ਮਹਿਸੂਸ ਕੀਤੀਆਂ।ਦਿਲ ਨੂੰ ਬੇਚੈਨੀ ਜਿਹੀ ਲੱਗੀ, ਸਾਰੀ ਉਮਰ ਖਾਕ ਛਾਣਦੀ ਰਹੀ ਪਿਛਲੀਆਂ ਗੱਲਾਂ ਚੇਤੇ ਕਰਨ ਲੱਗੀ । ਸੰਦੀਪ ਸੰਦੀਪ ਦਾ ਨਾਮ ਆਇਆ, ਕੀ ਰਿਸ਼ਤਾ ਮੇਰਾ ਸੰਦੀਪ ਨਾਲ ? ਉਹ ਮੇਰਾ ਏਨਾ ਕਰਦਾ ਤੇ ਮੈਂ ਕੀ ਕੀਤਾ ? ਸਾਰੀ ਉਮਰ ਵਿੱਚ ਕਿਸੇ ਨੇ ਮੇਰਾ ਇੰਨਾ ਨੀ ਸੋਚਿਆ ਜਿੰਨਾ ਸੰਦੀਪ ਨੇ ਸੋਚਿਆ। ਮੈਂ ਫਿਰ ਵੀ ਉਹਨੂੰ ਧੋਖੇ ਵਿੱਚ ਰੱਖ ਰਹੀ ਆਂ। ਮੈਂ ਉਹਦਾ ਫੋਨ ਵੀ ਨਹੀਂ ਚੁੱਕਿਆ। ਕਿੰਨੀ ਮਤਲਬੀ ਹੋ ਗਈ ਆਂ ਮੈਂ।ਮੈਂ ਸੰਦੀਪ ਨੂੰ ਫੋਨ ਕੀਤਾ, ਸੰਦੀਪ ਨੇ ਫੋਨ ਨੀ ਚੁੱਕਿਆ। ਮੈਂ ਸੋਚਿਆ ਸੰਦੀਪ ਮੇਰੇ ਨਾਲ ਨਰਾਜ਼ ਹੋ ਗਿਆ। ਮੈਂ ਦੂਸਰੀ ਵਾਰ ਲਗਾਇਆ, ਸੰਦੀਪ ਨੇ ਚੁੱਕ ਲਿਆ।“ਹੈਲੋ !” ਸੰਦੀਪ ਦੀ ਆਵਾਜ਼ ਆਈ“ਹਾਏ ਸੰਦੀਪ ਕਿਵੇਂ ਓ।” ਮੈਂ ਝਿਜਕਦੀ ਨੇ ਕਿਹਾ।“ਮੈਂ ਠੀਕ ਆਂ ਤੁਸੀਂ ਦੱਸੋ ?”“ਮੈਂ ਵੀ ਠੀਕ ਆ, ਕੀ ਕਰਦਾ ਸੀ ?” ਮੈਂ ਕਿਹਾ।“ਮੈਂ ਰੋਟੀ ਖਾਈ ਜਾਂਦਾ ਸੀ ਤਾਂ ਕਰਕੇ ਫੋਨ ਨੀ ਚੁੱਕਿਆ ਗਿਆ।” ਸੰਦੀਪ ਨੇ ਕਿਹਾ।“ਮੈਂ ਤਾਂ ਸੋਚਿਆ ਕਿਤੇ ਮੇਰੇ ਨਾਲ ਗੁੱਸੇ ਨਾ ਹੋ ਗਿਆ ਹੋਵੇਂ।” ਮੈਂ ਆਪਣੀ ਗਲਤੀ ਮਹਿਸੂਸ ਕਰਦਿਆਂ ਕਿਹਾ।“ਨਾ-ਨਾ ਜੱਸੋ ਮੈਂ ਗੁੱਸੇ ਕਿਉਂ ਹੋਣਾ।” ਸੰਦੀਪ ਓਸੇ ਠਰੰਮੇ ਨਾਲ ਬੋਲ ਰਿਹਾ ਸੀ।”ਸੰਦੀਪ ਇੱਕ ਜ਼ਰੂਰੀ ਗੱਲ ਕਰਨੀ ਆ ਤੇਰੇ ਨਾਲ।”“ਹਾਂ ਹਾਂ ਕਰੋ, ਕੀ ਗੱਲ ਕਰਨੀ ਆ ?”“ਯਾਰ ਤੂੰ ਡਾਟੇਂਗਾ ਪਰ ਮੈਂ ਹੋਰ ਓਹਲਾ ਨੀ ਰੱਖ ਸਕਦੀ ਤੇਰੇ ਤੋਂ।” ਮੈਂ ਡਰਦੀ ਡਰਦੀ ਨੇ ਕਿਹਾ।“ਗੱਲ ਤਾਂ ਦੱਸ ਕੀ ਹੋਇਆ।”ਮੇਰੀ ਤੇ ਹਰੀਸ਼ ਦੀ ਸਾਰੀ ਕਹਾਣੀ ਮੈਂ ਸੰਦੀਪ ਨੂੰ ਸੁਣਾ ਦਿੱਤੀ। ਸੰਦੀਪ ਇੱਕ ਮਿੰਟ ਲਈ ਚੁੱਪ ਰਿਹਾ ਫਿਰ ਬੋਲਿਆ।“ਜੱਸੋ ਅਗਰ ਤੈਨੂੰ ਠੀਕ ਲੱਗਿਆ ਚਲੋ ਕੋਈ ਗੱਲ ਨੀ, ਹੁਣ ਗੱਲ ਇੱਥੋਂ ਤੱਕ ਵਧ ਹੀ ਗਈ ਤਾਂ ਕੀ ਕਰ ਸਕਦੇ ਆਂ…. ਕਮ ਸੇ ਕਮ ਇੱਕ ਵਾਰ ਪੁੱਛ ਦੱਸ ਤਾਂ ਲੈਂਦੀ। ਮੈਂ ਕੀ ਕਹਿਣਾ ਸੀ ਤੈਨੂੰ । ਮੈਨੂੰ ਤਾਂ ਏਸੇ ਗੱਲ ਦਾ ਡਰ ਏ, ਕਿਤੇ ਐਮੇ ਫਿਰ ਨਾ ਕਿਸੇ ਠੱਗ ਦੇ ਚੱਕਰਾਂ ‘ਚ ਫਸ ਜਾਂਈ।” ਸੰਦੀਪ ਦੀ ਆਵਾਜ਼ ਵਿਚ ਥੋੜਾ ਰੋਸਾ ਸੀ।“ਨਹੀਂ ਨਹੀਂ ਸੰਦੀਪ ਹਰੀਸ਼ ਓਦਾਂ ਦਾ ਨਹੀਂ ਆ।” ਮੈਂ ਕਿਹਾ।“ਰੱਬ ਕਰਕੇ ਹੋਵੇ ਵੀ ਨਾ। ਮੈਨੂੰ ਤਾਂ ਖੁਸ਼ੀ ਆ ਤੇਰਾ ਘਰ ਵੱਸ ਰਿਹਾ।” ਸੰਦੀਪ ਦੀ ਆਵਾਜ਼ ਵਿਚ ਦੁਆਵਾਂ ਸੀ।ਸੰਦੀਪ ਕਾਫੀ ਸਮਾਂ ਗੱਲ ਕਰਦਾ ਰਿਹਾ। ਓਹਨੇ ਫਿਰ ਓਸੇ ਗੱਲ ’ਤੇ ਜ਼ੋਰ ਦਿੱਤਾ ਕਿ ਤੂੰ ਆਪਣੇ ਤਲਾਕ ਵਾਲਾ ਕੇਸ ਕਲੀਅਰ ਕਰ ਫਿਰ ਅੱਗੇ ਸੋਚਣਾ ਔਰ ਦੂਸਰੀ ਗੱਲ ਮੈਂ ਹਰੀਸ਼ ਨਾਲ ਜ਼ਿਆਦਾ ਗੱਲ ਨਾ ਕਰਾਂ ਤੇ ਮਿਲਾ ਵੀ ਨਾ। ਇਹ ਨਾ ਹੋਵੇ ਕਿ ਤੁਹਾਡਾ ਪਿਆਰ ਜਿਸਮਾਨੀ ਬਣ ਕੇ ਰਹਿ ਜਾਵੇ। ਜਿਸਮਾਨੀ ਪਿਆਰ ਕਾਹਦਾ ਪਿਆਰ ਹੁੰਦਾ ਅੱਜ ਹੋਰ ਨਾਲ ਕੱਲ ਹੋਰ ਨਾਲ। ਬਸ ਦੂਸਰਾ ਮਿਲਣ ਦੀ ਦੇਰ ਆ।ਮੈਂ ਕੋਸ਼ਿਸ਼ ਕਰਦੀ ਸੰਦੀਪ ਦੀਆਂ ਗੱਲਾਂ ‘ਤੇ ਅਮਲ ਕਰਨ ਦੀ ਪਰ ਕਰ ਨਾ ਪਾਉਂਦੀ। ਹਰੀਸ਼ ਇੱਕ ਆਵਾਜ਼ ਮਾਰਦਾ ਮੈਂ ਭੱਜੀ ਜਾਂਦੀ।ਉਠਦਿਆਂ, ਬਹਿੰਦਿਆਂ, ਖਾਂਦਿਆਂ, ਪੀਂਦਿਆਂ ਮੈਂ ਹਰੀਸ਼ ਨੂੰ ਚੇਤੇ ਕਰਦੀ ਤੇ ਮਹਿਸੂਸ ਕਰਦੀ ਉਹ ਮੇਰੇ ਨਾਲ ਏ । ਹਰੀਸ਼ ਦੇ ਨਾਮ ਦਾ ਬੁਖਾਰ ਮੈਨੂੰ ਚੜ੍ਹ ਚੁੱਕਿਆ ਸੀ ਜੀਹਦਾ ਇਲਾਜ ਸਿਰਫ਼ ਹਰੀਸ਼ ਕੋਲ ਸੀ। ਸਮਾਂ ਗੁਜ਼ਰਦਾ ਗਿਆ ਹਰੀਸ਼ ਦੇ ਪਿਆਰ ‘ਚ ਮੈਂ ਡੂੰਘੀ ਉਤਰਦੀ ਜਾ ਰਹੀ ਸੀ। ਮੇਰਾ ਆਪਣਾ ਆਪ ਮਿਟਦਾ ਗਿਆ ਤੇ ਹਰੀਸ਼ ਦਾ ਵਾਸ ਹੁੰਦਾ ਗਿਆ। ਉਹਦੀਆਂ ਗੱਲਾਂ ਮੇਰੇ ‘ਤੇ ਤਲਿਸਮੀ ਜਾਦੂ ਕਰਦੀਆਂ, ਹਰੀਸ਼ ਦੀ ਮੁਸਕਰਾਹਟ ਦੇਖ ਮੈਂ ਮਧਹੋਸ਼ ਹੋ ਜਾਂਦੀ। ਇੰਝ ਜਾਪਦਾ ਜਿੱਦਾਂ ਮੈਂ ਕਿਸੇ ਹੋਰ ਦੁਨੀਆਂ ਵਿੱਚ ਹੋਵਾਂ, ਮਿੱਠੀਆਂ-ਮਿੱਠੀਆਂ ਧੁਨਾਂ ਮੈਨੂੰ ਸੁਣਾਈ ਦਿੰਦੀਆਂ।ਇਹ ਅਜੀਬ ਦੁਨੀਆਂ ਸੀ ਸ਼ਾਇਦ ਦਰਵਾਜ਼ੇ ਦੇ ਓਸ ਪਾਰ ਦੀ ਦੁਨੀਆਂ ਸੀ ਜਿਸਦੀ ਕਲਪਨਾ ਮੈਂ ਨਿੱਕੀ ਹੁੰਦੀ ਕਰਦੀ ਸੀ। ਇਹੀ ਸੀ ਉਹ ਤਲਿਸਮੀ ਦੁਨੀਆਂ, ਇੱਥੇ ਸਭ ਕੁਝ ਪਿਆਰ ਨਾਲ ਸ਼ੁਰੂ ਹੁੰਦਾ ਹੈ ਤੇ ਪਿਆਰ ਨਾਲ ਖਤਮ। ਇਸ ਦੁਨੀਆ ਵਿਚੋਂ ਮੈਂ ਨਿਕਲਣਾ ਨਹੀਂ ਚਾਹੁੰਦੀ, ਅਗਰ ਇਹ ਸੁਫ਼ਨਾ ਹੈ ਤਾਂ ਸੁਫ਼ਨਾ ਹੀ ਰਹੇ, ਰਾਤ ਕਦੇ ਮੁੱਕੇ ਹੀ ਨਾ, ਦਿਨ ਚੜੂ ਤਾਂ ਸੁਫਨਾ ਟੁੱਟ ਜਾਊ। ਖੈਰ ਹੋਵੇ ਮੇਰੀ ਚੰਦਰੀ ਅੱਖ ਕਦੇ ਖੁੱਲ੍ਹੇ ਹੀ ਨਾ।ਮੈਂ ਆਪਣਾ ਆਪ ਹਰੀਸ਼ ਨੂੰ ਲੁਟਾ ਚੁੱਕੀ ਸੀ, ਹਰੀਸ਼ ਤੋਂ ਕਦੇ ਕੁਝ ਨਾ ਮੰਗਿਆ। ਹਰੀਸ਼ ਲਈ ਕੁਝ ਨਾ ਕੁਝ ਖਰੀਦਦੀ ਰਹਿੰਦੀ। ਔਰਤ ਆਪਣੇ ਪਤੀ ‘ਤੇ ਸਭ ਕੁਝ ਵਾਰਨਾ ਚਾਹੁੰਦੀ ਏ, ਇੱਥੋਂ ਤੱਕ ਕੇ ਅਸੀਂ ਤਾਂ ਸਤੀ ਹੋਣ ਤੋਂ ਵੀ ਨਹੀਂ ਡਰੀਆਂ ਕਦੇ । ਹਰੀਸ਼ ਤੋਂ ਪਰ੍ਹੇ ਮੈਨੂੰ ਦੁਨੀਆਂ ਨਾ ਦਿਸਦੀ, ਦਿਨੋ ਦਿਨ ਮੇਰਾ ਪਿਆਰ ਅਮਰ ਵੇਲ ਵਾਂਗ ਵੱਧਦਾ ਜਾ ਰਿਹਾ ਸੀ।ਹਰੀਸ਼ ਦੇ ਮੰਮੀ ਡੈਡੀ ਆਇਆ ਨੂੰ ਤਕਰੀਬਨ ਵੀਹ ਦਿਨ ਹੋ ਗਏ ਪਰ ਮੈਨੂੰ ਨਾ ਮਿਲਾਇਆ । ਹਰੀਸ਼ ਨੇ ਮੈਨੂੰ ਘਰ ਆਉਣ ਤੋਂ ਮਨ੍ਹਾਂ ਕੀਤਾ ਸੀ। ਹਰੀਸ਼ ਨੇ ਕਿਹਾ ਮੈਂ ਮੰਮੀ ਡੈਡੀ ਨਾਲ ਗੱਲ ਕਰ ਲਵਾਂ ਫਿਰ ਤੈਨੂੰ ਮਿਲਾਵਾਂਗਾ ਓਨਾ ਚਿਰ ਤੂੰ ਘਰ ਨਾ ਆਈ।ਦਿਨ ਲੰਘਦੇ ਗਏ ਮੈਂ ਕਈ ਵਾਰ ਕਿਹਾ, ਮੰਮੀ ਡੈਡੀ ਨਾਲ ਮਿਲਾਓ, ਹਰੀਸ਼ ਹਰ ਵਾਰ ਇੱਕੋ ਗੱਲ ਆਖਦਾ। “ਅੱਜ ਕਰੂੰਗਾ ਗੱਲ।” ਹਰੀਸ਼ ਦੀਆਂ ਗੱਲਾਂ ਮੈਨੂੰ ਲਾਰੇ ਜਾਪਣ ਲੱਗੀਆਂ। ਮੇਰਾ ਮੱਥਾ ਠਣਕਣ ਲੱਗਾ । ਇਹ ਸਭ ਕੀ ਹੋ ਰਿਹਾ ? ਲੰਘਦੇ ਦਿਨਾਂ ਨਾਲ ਮੇਰੀ ਚਿੰਤਾ ਵੱਧਣ ਲੱਗੀ । ਮੈਨੂੰ ਹਰੀਸ਼ ‘ਤੇ ਸ਼ੱਕ ਹੋਣ ਲੱਗਾ। ਜਦੋਂ ਅਸੀਂ ਕਿਸੇ ਨੂੰ ਪਿਆਰਕਰਦੇ ਆ ਤਾਂ ਉਹਦੀਆਂ ਸੱਭੇ ਗਲਤੀਆਂ, ਕਮੀਆਂ ਮੁਆਫ਼ ਕਰ ਦਿੰਦੇ ਆਂ, ਧਿਆਨ ਈ ਨੀ ਦਿੰਦੇ । ਪਰ ਜਦੋਂ ਬੁੱਧੀ ਤੋਂ ਕੰਮ ਲੈਣ ਲੱਗਦੇ ਆਂ ਤਾਂ ਫਿਰ ਨਿੱਕੀਆਂ ਨਿੱਕੀਆਂ ਗਲਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਨੂੰ ਜੋੜ ਕੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਵੀ ਇਸੇ ਤਰ੍ਹਾਂ ਕੀਤਾ।ਹਰੀਸ਼ ਨੇ ਮੈਨੂੰ ਘਰ ਆਉਣ ਤੋਂ ਮਨ੍ਹਾਂ ਕੀਤਾ ਸੀ, ਮੈਂ ਗਈ ਵੀ ਨਹੀਂ। ਮੈਂ ਮਿਲਣ ਲਈ ਆਖਦੀ ਹਰੀਸ਼ ਹਫ਼ਤੇ ਵਿੱਚ ਇਕ ਵਾਰ ਮਿਲਦਾ ਬਾਹਰ ਕਿਸੇ ਹੋਟਲ ਵਿੱਚ। ਹਰੀਸ਼ ਮੇਰਾ ਫੋਨ ਨਾ ਚੁੱਕਦਾ ਜਾਂ ਅੱਗਿਓ ਕੱਟਦਾ ਰਹਿੰਦਾ। ਮੈਂ ਬਹੁਤ ਪਰੇਸ਼ਾਨ ਹੋਈ ਮੈਨੂੰ ਡਰ ਲੱਗਣ ਲੱਗਾ, ਮੈਨੂੰ ਲੱਗਿਆ ਮੈਂ ਫਿਰ ਧੋਖਾ ਖਾ ਗਈ।ਮੈਂ ਹਰੀਸ਼ ਦੇ ਘਰ ਗਈ, ਜਾ ਕੇ ਜੋ ਦੇਖਿਆ ਬਹੁਤ ਦੁਖਦਾਈ ਸੀ। ਧਰਤੀ ਫਟ ਗਈ ਤੇ ਮੈਂ ਵਿੱਚ ਧਸ ਗਈ। ਹਰੀਸ਼ ਦੇ ਮੰਮੀ ਡੈਡੀ ਜਦੋਂ ਦੇ ਕਨੇਡਾ ਆਏ, ਹਰੀਸ਼ ਹੋਰ ਜਗ੍ਹਾ ਰਹਿਣ ਲੱਗਾ । ਹਰੀਸ਼ ਦੇ ਪੁਰਾਣੇ ਘਰ ਕੋਈ ਹੋਰ ਕਿਰਾਏਦਾਰ ਰਹਿ ਰਹੇ ਸੀ। ਹਰੀਸ਼ ਨੂੰ ਪਤਾ ਸੀ ਮੈਂ ਘਰ ਆਵਾਂਗੀ। ਹਰੀਸ਼ ਨੇ ਮੈਨੂੰ ਧੋਖੇ ਵਿਚ ਰੱਖਿਆ।ਆਪਣੀ ਤਕਦੀਰ ਤੇ ਆਪਣੇ ਆਪ ਤੋਂ ਮੈਨੂੰ ਘਿਣ ਆਉਣ ਲੱਗੀ । ਮੇਰਾ ਵੀ ਕੀ ਜਿਊਣਾ ਸੀ । ਕੁੱਤਿਆਂ ਨਾਲੋਂ ਬੇਕਾਰ ਜ਼ਿੰਦਗੀ ਸੀ ਮੇਰੀ।ਘਰ ਆ ਕੇ ਮੈਂ ਹਰੀਸ਼ ਨੂੰ ਫੋਨ ਕੀਤਾ ਤੇ ਘਰ ਵਾਰੇ ਪੁੱਛਿਆ। ਹਰੀਸ਼ ਉਲਟਾ ਮੈਨੂੰ ਗਾਲਾਂ ਕੱਢਣ ਲੱਗਾ, ਕਹਿਣ ਲੱਗਾ ਮੈਨੂੰ ਪਤਾ ਸੀ ਤੂੰ ਘਰ ਆਵੇਂਗੀ। ਏਸੇ ਕਰਕੇ ਮੈਂ ਘਰ ਬਦਲ ਲਿਆ। ਕਿੰਨੀਆਂ ਗੱਲਾਂ ਹਰੀਸ਼ ਮੈਨੂੰ ਬੋਲਦਾ ਰਿਹਾ। ਦੱਸੋ ਹਾਲੇ ਵੀ ਮੈਂ ਗਲਤ ਆਂ ? ਇਹ ਐ ਔਰਤ ਦੀ ਤਰਾਸਦੀ। ਲੁੱਟਾ ਕੇ ਵੀ ਸਭ ਕੁਝ ਸੁਣਨਾ ਪੈਂਦਾ।ਮੇਰਾ ਕੀ ਕਸੂਰ ਸੀ ? ਮੈਂ ਤਾਂ ਬੇਪੱਤ ਹੋ ਕੇ ਵੀ ਅੱਜ ਸੱਖਣੀ ਖੜ੍ਹੀ ਹਾਂ । ਫਿਰ ਵੀ ਕਸੂਰਵਾਰ ਬਣ ਗਈ ਅਗਰ ਹੁਣ ਵੀ ਨਾ ਸਮਝੀ ਤਾਂ ਫਿਰ ਮੱਤ ਗਿੱਚੀ ਪਿੱਛੇ ਨੀ ਗਿੱਟਿਆਂ ‘ਚ ਹੋਊ। ਮੈਂ ਸਭ ਕੁਝ ਸਮਝ ਗਈ ਹਰੀਸ਼ ਲਈ ਮੈਂ ਟਾਈਮ ਪਾਸ ਸੀ । ਹਰੀਸ਼ ਨੂੰ ਸਿਰਫ ਜਿਸਮੀ ਭੁੱਖ ਸੀ ਜਿਸਦੀ ਪੂਰਤੀ ਮੇਰੇ ਤੋਂ ਫਰੀ ’ਚ ਹੋ ਜਾਂਦੀ ਸੀ। ਮੈਨੂੰ ਅਕਲੋਂ ਅੰਨੀ ਨੂੰ ਇੱਕ ਵਾਰੀ ਵੀ ਨਾ ਦਿਸਿਆ ਕਿ ਹਰੀਸ਼ ਫਸਲੀ ਬਟੇਰਾ ਏ। ਮੈਂ ਬਰਬਾਦ ਹੋ ਗਈ, ਮੈਂ ਟੁੱਟ ਗਈ ਹਰੀਸ਼ ਨੇ ਮੇਰੇ ਨਾਲ ਚੰਗੀ ਨੀ ਕੀਤੀ। ਮੇਰੀ ਜ਼ਿੰਦਗੀ ਨੂੰ ਰੰਗੀਨ ਕਰਨ ਦੇ ਸੁਪਨੇ ਦਿਖਾ ਕੇ ਬਾਕੀ ਬਚਦੇ ਰੰਗ ਵੀ ਕੱਢ ਕੇ ਲੈ ਗਿਆ ਤੇ ਜ਼ਿੰਦਗੀ ਬੇਰੰਗ ਕਰ ਗਿਆ।ਬਚਪਨ, ਮਾਂ ਪਿਓ ਤੇ ਭਾਈ ਨੇ ਰੋਲ ਦਿੱਤਾ, ਜਵਾਨੀ ਸਹੁਰਿਆਂ ਨੇ ਖਾ ਲਈ ਤੇ ਹੁਣ ਹਰੀਸ਼। ਸਭ ਦੇ ਸਭ ਹਰਾਮੀ ਮੇਰੇ ਹਿੱਸੇ ਹੀ ਕਿਉਂ ਆਏ। ਮੈਂ ਵਾਰ ਵਾਰ ਫੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹ ਬੇਰਹਿਮੀ ਨਾਲ ਛਾਂਗਦੇ ਰਹੇ।ਮੈਂ ਸਾਰੀ ਉਮਰ ਚੁੱਪ ਰਹੀ ਲੋਕਾਂ ਨੂੰ ਆਪਣੇ ਨਾਲ ਖੇਡਣ ਦਿੱਤਾ। ਆਪਣੇ ਚੰਗੇ ਮਾੜੇ ਦੀ ਪਰਖ ਨੀ ਕੀਤੀ। ਸਾਰੀ ਉਮਰ ਨਾਦਾਨਪੁਣਾ ਕਰਦੀ ਰਹੀ। ਘਰਦਿਆਂ ਖਿਲਾਫ਼ ਕਦੇ ਨਾ ਬੋਲੀ, ਜੋ ਜਿੱਦਾਂ ਕਰਦਾ ਰਿਹਾ ਚੁੱਪ ਚਾਪ ਸਹਿੰਦੀ ਰਹੀ। ਬਾਪ ਦੀਆਂ ਹਰਕਤਾਂ ‘ਤੇ ਵੀ ਨਾ ਬੋਲੀ ਮੇਰਾ ਮੂਕ ਰਹਿਣਾ ਈ, ਬਾਪ ਨੂੰ ਸਹਿ ਦਿੰਦਾ ਰਿਹਾ। ਬਾਪ ਜਦੋਂ ਮਾੜੀਆਂ ਹਰਕਤਾਂ ਕਰਦਾ ਸੀ ਓਸ ਵਕਤ ਵੱਟ ਕੇ ਚਪੇੜ ਮਾਰੀ ਹੁੰਦੀ ਦੁਆਰਾ ਕੋਲ ਆਉਣ ਦੀ ਉਹਦੀ ਹਿੰਮਤ ਨਾ ਪੈਂਦੀ। ਪਰ ਮੈਂ ਤਾਂ ਚੁੱਪ ਚਾਪ ਰਹੀ। ਏਦਾਂ ਤਾਂ ਕੋਈ ਵੀ ਫਾਇਦਾ ਉਠਾ ਲਵੇਗਾ। ਇੰਨੀ ਹਿੰਮਤ ਮੇਰੇ ਵਿਚ ਕਦੀ ਨਾ ਆਈ। ਕਾਸ਼ ਮੈਂ ਇੱਦਾਂ ਕੀਤਾ ਹੁੰਦਾ।ਮਾਮੇ ਨੇ ਧੱਕੇ ਨਾਲ ਵਿਆਹ ਕਰਤਾ। ਬਿਨਾ ਬਹੁਤੀ ਚੂੰ-ਚਾਂ ਕੀਤਿਆਂ ਮੈਂ ਵਿਆਹ ਕਰਵਾ ਲਿਆ। ਇਹੀ ਸੋਚਦੀ ਰਹੀ ਜੋ ਕਿਸਮਤ ਨੂੰ ਮਨਜ਼ੂਰ ਪਰ ਮੈਂ ਗਲਤ ਰਹੀ ਕਿਸਮਤ ਕੀ ਏ? ਕਿਸਮਤ ਮੌਕਿਆਂ ਦਾ ਨਾਮ ਏ । ਜੋ ਇਨਸਾਨ ਛੋਟੇ ਤੋਂ ਛੋਟੇ ਮੌਕੇ ਨੂੰ ਅਜਾਂਈ ਜਾਣ ਦਿੰਦਾ। ਉਹ ਬਾਅਦ ਵਿਚ ਪਛਤਾਉਂਦਾ, ਫਿਰ ਕੱਲੀ ਕਾਸ਼ ਪੱਲੇ ਰਹਿ ਜਾਂਦੀ ਏ। ਕਾਸ਼ ਮੈਂ ਇਹ ਸਭ ਕੀਤਾ ਹੁੰਦਾ। ਮੈਂ ਵਿਆਹ ਕਰਵਾਉਣ ਲਈ ਨਾਂਹ ਕਰਦੀ ਤਾਂ ਮਾਮੇ ਦੀ ਕੀ ਮਜਾਲ ਸੀ ਮੈਨੂੰ ਧੱਕੇ ਨਾਲ ਭੇਡਾਂ ਬੱਕਰੀਆਂ ਵਾਂਗ ਕਿਸੇ ਨਾਲ ਤੋਰ ਦਿੰਦਾ।ਬਾਕੀ ਰਹਿੰਦੀ ਕਸਰ ਸਹੁਰਿਆਂ ਨੇ ਕੱਢ ਦਿੱਤੀ। ਚੌਦਾਂ ਸਾਲ ਕੁੱਟ ਖਾਂਦੀ ਰਹੀ। ਕੀ ਗੱਲ ਕੁੱਟ ਖਾਣ ਦਾ ਮੇਰਾ ਕੋਈ ਸੌਦਾ ਹੋਇਆ ਸੀ ? ਇਹੀ ਡਰ ਸੀ ਅਗਰ ਅੱਗੇ ਬੋਲੀ ਪਤਾ ਨੀ ਕੀ ਕਰ ਦੇਣਗੇ। ਕਿਤੇ ਮੈਨੂੰ ਛੱਡ ਨਾ ਦੇਣ। ਅਗਰ ਛੱਡ ਦਿੱਤਾ ਤਾਂ ਕੀ ਕਰਾਂਗੀ ਮੈਂ ਕਿੱਥੇ ਜਾਵਾਂਗੀ। ਆਪਣੀ ਇੱਜਤ ਲੁਟਾ ਕੇ ਮਾਪਿਆਂ ਦੀ ਇੱਜਤ ਬਚਾਉਂਦੀ ਰਹੀ।“ਮੇਰੇ ਬਿਨਾਂ ਤੈਨੂੰ ਕੁੱਤਿਆਂ ਨੇ ਨੀ ਪੁੱਛਣਾ” ਪਾਲ ਦੇ ਬੋਲੇ ਇਹ ਸ਼ਬਦ ਮੈਨੂੰ ਪਰੇਸ਼ਾਨ ਕਰਨ ਲੱਗੇ। ਜਦੋਂ ਮੈਂ ਪਾਲ ਨਾਲੋਂ ਅਲੱਗ ਹੋਈ ਤਾਂ ਆਉਂਦੀ ਨੂੰ ਮੈਨੂੰ ਆਖੇ ਕਿ ਤੈਨੂੰ ਕੁੱਤਿਆਂਨੇ ਵੀ ਨਹੀਂ ਪੁੱਛਣਾ। ਕੀ ਮੇਰੀ ਦਸ਼ਾ ਇੰਨੀ ਮਾੜੀ ਏ। ਠਗੇ.. ਇਹ ਨਹੀਂ ਹੋ ਸਕਦਾ । ਬਹੁਤ ਸਹਿ ਲਿਆ ਹੁਣ ਹੋਰ ਨਹੀਂ। ਸੰਦੀਪ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ ਤੇਰੇ ਕੋਲ ਦੋ ਰਸਤੇ ਨੇ ਇੱਕ ਤਾਂ ਰੋ ਪਿੱਟ ਕੇ ਦੁੱਖਾਂ ਤਕਲੀਫ਼ਾਂ ਵਿੱਚ ਬਾਕੀ ਬੱਚਦੀ ਕੱਟ ਲੈ ਜਾਂ ਆਪਣੇ ਆਪ ਨੂੰ ਇੰਨੀ ਤਾਕਤਵਰ ਬਣਾ ਲੈ ਕਿ ਹੱਸ ਕੇ ਸਮਝਦਾਰੀ ਨਾਲ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਤੇ ਬਾਕੀ ਬਚਦੀ ਬੱਚਿਆਂ ਨਾਲ ਹੱਸ ਖੇਡ ਕੇ ਕੱਟ ਲੈ। ਆਪਣੇ ਆਪ ਵਿੱਚ ਇੰਨੀ ਤਾਕਤਵਰ ਬਣਾ ਕੇ ਸਮਾਜ ਦੀਆਂ ਕੁਰੀਤੀਆਂ ਦੇ ਭਾਰ ਹੇਠ ਦੱਬੀਆਂ ਲਾਚਾਰ ਕੁੜੀਆਂ ਦੀ ਆਵਾਜ਼ ਬਣਾਂ।ਪਾਲ ਨਾਲੋਂ ਮੇਰਾ ਤਲਾਕ ਹੋ ਗਿਆ। ਦੋਨੋਂ ਬੱਚੇ ਮੇਰੇ ਕੋਲ ਰਹੇ। ਮੇਰੇ ਨਾਲ ਕੀ ਹੋਇਆ, ਮੈਂ ਸਭ ਭੁਲਾਉਣਾ ਸ਼ੁਰੂ ਕਰਤਾ। ਅੱਖਾਂ ਦੇ ਹੰਝੂਆਂ ਨੇ ਟਪਕਣਾ ਬੰਦ ਕਰਤਾ। ਖਿਆਲਾਂ ‘ਚੋਂ ਨਿਕਲ ਮੈਂ ਹਕੀਕਤ ਵਿੱਚ ਰਹਿਣ ਲੱਗੀ। ਮੈਂ ਇੱਕ ਗੱਲ ਸਮਝ ਗਈ ਅਗਰ ਮੈਨੂੰ ਕੋਈ ਖੁਸ਼ ਰੱਖ ਸਕਦਾ ਸੀ ਤਾਂ ਉਹ ਸ਼ਖ਼ਸ ਸਿਰਫ਼ ਮੈਂ ਆਪ ਸੀ । ਦੂਸਰਿਆਂ ਦੇ ਸਹਾਰੇ ਦੀ ਉਮੀਦ ਮੈਂ ਦਿਲੋਂ ਕੱਢ ਦਿੱਤੀ।ਮੇਰਾ ਗੁਜ਼ਾਰਾ ਕਾਫ਼ੀ ਮੁਸ਼ਕਿਲ ਨਾਲ ਹੋ ਰਿਹਾ ਸੀ। ਆਪਣੇ ਮੂੰਹੋਂ ਬੁਰਕੀਆਂ ਕੱਢ ਮੈਂ ਮੀਤ ਨੂੰ ਖਵਾ ਦਿੱਤੀਆਂ। ਮੈਂ ਜਿਹੜਾ ਪੈਸਾ ਕਮਾਉਂਦੀ ਓਹਦੇ ਨਾਲ ਘਰ ਦਾ ਕਿਰਾਇਆ, ਬੱਚਿਆਂ ਦੀਆਂ ਫੀਸਾਂ, ਖਾਣ ਪੀਣ ਦਾ ਖਰਚਾ ਤੇ ਹੋਰ ਖਰਚੇ ਬੜੀ ਮੁਸ਼ਕਿਲ ਨਾਲ ਨਿਕਲਦੇ। ਕਈ ਵਾਰ ਘਰ ਦਾ ਕਿਰਾਇਆ ਲੇਟ ਕਰਦੀ ਤਾਂ ਮਕਾਨ ਮਾਲਿਕ ਬਹੁਤ ਬੋਲਦਾ। ਸਮਾਨ ਬਾਹਰ ਸੁੱਟਣ ਦੀਆਂ ਧਮਕੀਆਂ ਦਿੰਦਾ।ਆਪਣੀ ਹਾਲਤ ਵਾਰੇ ਮੈਂ ਸੰਦੀਪ ਨਾਲ ਗੱਲ ਕੀਤੀ। ਸੰਦੀਪ ਨੇ ਧਰਵਾਸ ਦਿਵਾਇਆ ਕਿ ਉਹ ਕੁਝ ਕਰੇਗਾ। ਸੰਦੀਪ ਦਾ ਇੱਕ ਦੋਸਤ ਦਵਿੰਦਰ ਸਿੰਘ ਮਾਨ ਟੋਰਾਟੋਂ ਵਿੱਚ ਰਹਿੰਦਾ ਸੀ। ਰੱਬ ਵੀ ਇਨਸਾਨਾਂ ਵਿੱਚ ਵੱਸਦਾ। ਦਵਿੰਦਰ ਨੇ ਮੈਨੂੰ ਰਹਿਣ ਲਈ ਬੇਸਮੈਂਟ ਦਿੱਤੀ ਤੇ ਕਿਹਾ ਜਿੰਨਾ ਸਮਾਂ ਰਹਿਣਾ ਰਹੋ, ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ। ਇੱਕ ਗੱਲ ਹੋਰ ਕਮਾਲ ਦੀ ਆਖੀ ਅਗਰ ਕਦੇ ਪੈਸਿਆਂ ਦੀ ਜ਼ਰੂਰਤ ਵੀ ਹੋਵੇ ਤਾਂ ਬੇਝਿਜਕ ਦੱਸ ਦਿਓ। ਇਹ ਮਿਹਰਬਾਨੀ ਕੱਲੀ ਮੇਰੇ ਨਾਲ ਈ ਨਹੀਂ ਸੀ ਦਵਿੰਦਰ ਦੇ ਘਰ ਜਿੰਨੀਆਂ ਵੀ ਕੁੜੀਆਂ ਰਹਿੰਦੀਆਂ ਬਾਈ ਨੇ ਕਦੇ ਕਿਸੇ ਤੋਂ ਇੱਕ ਡਾਲਰ ਨਹੀਂ ਲਿਆ। ਮਤਲਬੀ ਦੁਨੀਆਂ ਵਿੱਚ ਜਿੱਥੇ ਹੱਥ-ਹੱਥ ਨੂੰ ਖਾਂਦਾ। ਉਥੇ ਇਹੋ ਜਿਹੇ ਇਨਸਾਨ ਵੀ ਹਨ ਜਿਹੜੇ ਲੋਕਾਂ ਦੀ ਭਲਾਈ ਲਈ ਸੋਚਦੇ ਹਨ।ਦੀਪੀ ਤਾਂ ਛੁਈਮੁਈ ਦਾ ਬੂਟਾ ਸੀ ਜੀਹਨੂੰ ਓਪਰੇ ਸਪਰਸ਼ ਤੋਂ ਬਚਾ ਕੇ ਰੱਖਣਾ ਪੈਂਦਾ ਪਰ ਮੈਂ ਚਾਹੁੰਦੀ ਸੀ ਮੇਰੇ ਸਮੇਤ ਸਾਰੀਆਂ ਕੁੜੀਆਂ ਆਪਣੇ ਆਪ ਵਿੱਚ ਮਾਤਾ ਭਾਗ ਕੌਰ ਬਣਨ ਜੋ ਲੋੜ ਪੈਣ ਤੇ ਤਲਵਾਰ ਦੀ ਧਾਰ ਬਣ ਸਕਣ। ਇੱਕ ਅਜਿਹੀ ਸ਼ਕਤੀ ਆਪਣੇ ਅੰਦਰ ਪੈਦਾ ਕਰਨ ਦੀ ਲੋੜ ਐ ਜੋ ਸਾਨੂੰ ਡੋਲਣ ਨਾ ਦੇਵੇ।ਦੀਪੀ ਸਾਡੇ ਨਾਲੋਂ ਅਲੱਗ ਰਹਿਣ ਲੱਗੀ। ਦੀਪੀ ਕੈਲਗਰੀ ਚਲੀ ਗਈ। ਤਕਰੀਬਨ ਇੱਕ ਸਾਲ ਬੀਤ ਗਿਆ ਸੀ। ਜੈਸਮੀਨ ਤੇ ਰਵੀ ਦੀਪੀ ਨੂੰ ਬਹੁਤ ਯਾਦ ਕਰਦੇ । ਨਾ ਕਦੇ ਮੈਂ ਬੱਚਿਆਂ ਨੂੰ ਕੈਲਗਿਰੀ ਦੀਪੀ ਨਾਲ ਮਿਲਾ ਲਿਆਉਂਦੀ। ਦੀਪੀ ਵੀ ਇੱਕ ਦੋ ਵਾਰ ਟਰਾਂਟੋ ਸਾਨੂੰ ਮਿਲਣ ਆਈ। ਬੱਚਿਆਂ ਦਾ ਦੀਪੀ ਬਿਨਾਂ ਦਿਲ ਨਾ ਲੱਗਦਾ, ਇਸ ਕਰਕੇ ਕਈ ਵਾਰ ਮਿਲਣ ਦੀ ਜਿੱਦ ਕਰਦੇ ।ਕੈਲਗਰੀ ‘ਚ ਰਹਿੰਦੇ ਪੰਜਾਬੀ ਮੁੰਡੇ ਜੈਲੀ ਨਾਲ ਦੀਪੀ ਦਾ ਅਫੇਅਰ ਚੱਲ ਰਿਹਾ ਸੀ। ਉਸਦੇ ਕਹਿਣ ਤੇ ਦੀਪੀ ਟਰਾਂਟੋ ਤੋਂ ਕੈਲਗਰੀ ਚਲੀ ਗਈ ਉਥੇ ਕੰਮ ਕਰਨ ਲੱਗੀ ਤੇ ਜੈਲੀ ਨਾਲ ਹੀ ਰਹਿੰਦੀ। ਮੈਂ ਦੀਪੀ ਨੂੰ ਰੋਕਿਆ, ਸਮਝਾਇਆ ਬਹੁਤ ਪਰ ਦੀਪੀ ਦੀ ਅਕਲ ਤੋਂ ਪਰਦਾ ਨਾ ਹਟਿਆ। ਜੈਲੀ ਦੇ ਪਿਆਰ ‘ਚ ਪੂਰੀ ਤਰ੍ਹਾ ਭਿੱਜ ਚੁੱਕੀ ਸੀ। ਦੀਪੀ ਉਸ ਮੋੜ ਤੇ ਖੜੀ ਸੀ ਜਿਥੋਂ ਪਿੱਛੇ ਮੁੜਨਾ ਮੌਤ ਨੂੰ ਗਲ ਲਾਉਣ ਦੇ ਬਰਾਬਰ ਹੁੰਦਾ। ਅੱਗੇ ਖੂਹ ਤੇ ਪਿੱਛੇ ਖਾਈ ਵਾਲਾ ਹਾਲ ਹੁੰਦਾ।ਮੈਂ ਜਦੋਂ ਵੀ ਦੀਪੀ ਨੂੰ ਮਿਲਦੀ ਜਾਂ ਗੱਲ ਕਰਦੀ ਉਹਨੂੰ ਸਮਝਾਉਂਦੀ ਤੇ ਕਦੇ ਕਿਸੇ ਹੈਲਪ ਦੀ ਜ਼ਰੂਰਤ ਹੋਵੇ ਮੈਨੂੰ ਯਾਦ ਕਰਨ ਨੂੰ ਆਖਦੀ। ਮੈਂ ਆਪਣੇ ਨਾਲੋਂ ਜ਼ਿਆਦਾ ਹੋਰਾਂ ਕੁੜੀਆਂ ਦੀ ਫਿਕਰ ਕਰਦੀ ਜਿਹੜੀਆਂ ਇੱਥੇ ਆ ਕੇ ਆਪਣੇ ਰਾਹ ਤੋਂ ਭਟਕ ਜਾਂਦੀਆਂ ਸਨ। ਇਹਨਾਂ ਵਿੱਚੋਂ ਦੀਪੀ ਮੇਰੇ ਸਭ ਤੋਂ ਨਜ਼ਦੀਕ ਸੀ। ਮੈਂ ਆਪਣੇ ਆਪ ਵਿੱਚ ਖੁਸ਼ ਰਹਿੰਦੀ ਤੇ ਦੂਸਰੀਆਂ ਕੁੜੀਆਂ ਵਾਰੇ ਚਿੰਤਤ। ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਾ ਪੈਂਦੀ। ਮੈਂ ਆਪਣੇ ਪਰਿਵਾਰ ਵਿੱਚ ਖੁਸ਼ ਸੀ। ਬੱਚਿਆਂ ਨਾਲ ਹੱਸਦੀ ਖੇਡਦੀ। ਮੈਂ ਜਿੰਨਾ ਕਮਾਉਂਦੀ ਘਰੇ ਖਰਚ ਕਰਦੀ ਬਾਕੀ ਕੁਝ ਪੈਸੇ ਬਚਾ ਕੇ ਜਮਾਂ ਕਰਦੀ। ਮੰਮੀ ਡੈਡੀ ਨਾਲ ਕਦੀ ਕਦਾਈ ਗੱਲ ਕਰਦੀ। ਸੋਚਦੀ ਇੱਕ ਵਾਰੀ ਪੰਜਾਬ ਜਾ ਆਵਾਂ । ਸਾਰਿਆਂ ਨੂੰ ਮਿਲਾ । ਮੈਂ ਸਾਰਿਆਂ ਨੂੰ ਮੁਆਫ਼ ਕਰ ਦਿੱਤਾ ਸੀ, ਕਿਸੇ ਨਾਲ ਕੋਈ ਗਿਲ੍ਹਾ ਨਹੀਂ ਸੀ।ਅੱਜ ਕਹਿਰ ਦਾ ਦਿਨ ਚੜਿਆ। ਮੈਂ ਫੇਸਬੁੱਕ ‘ਤੇ ਕਿਸੇ ਕੁੜੀ ਦੀ ਸੈਕਸ ਵੀਡਿਓ ਵਾਈਰਲ ਹੋਈ ਦੇਖੀ । ਇਹ ਵੀਡਿਓ ਕਿਸੇ ਹੋਰ ਦੀ ਨਹੀਂ ਦੀਪੀ ਦੀ ਸੀ। ਵੀਡਿਓ ਦੇਖ ਕੇ ਮੈਂ ਸੁੰਨ ਹੋ ਗਈ। ਇਹ ਕੀ ਹੋ ਗਿਆ ਮੇਰੀ ਬੱਚੀ ਨਾਲ। ਵੀਡਿਓ ਵਿੱਚ ਦੀਪੀ ਦੇ ਨਾਲ ਇੱਕ ਵਾਰ ਜੈਲੀ ਨੇ ਵੀ ਆਪਣਾ ਚਿਹਰਾ ਦਿਖਾਇਆ ਪਰ ਪਤਾ ਨਹੀਂ ਇਹ ਵੀਡਿਓ ਫੇਸਬੁੱਕ ’ਤੇ ਕਿਵੇਂ ਵਾਈਰਲ ਹੋ ਗਈ। ਮੈਨੂੰ ਦੀਪੀ ਦੀ ਚਿੰਤਾ ਹੋਈ । ਇਹ ਵੀਡਿਓ ਦੋ ਦਿਨ ਪਹਿਲਾਂ ਦੀ ਸੀ । ਮੈਂ ਦੀਪੀ ਨੂੰ ਕਾਲ ਕੀਤੀ। ਦੀਪੀ ਦਾ ਨੰਬਰ ਬੰਦ ਆ ਰਿਹਾ ਸੀ। ਮੈਂ ਜੈਲੀ ਦਾ ਨੰਬਰ ਲਾਉਣ ਦੀ ਕੋਸ਼ਿਸ਼ ਕੀਤੀ ਜੈਲੀ ਦਾ ਨੰਬਰ ਵੀ ਬੰਦ ਆ ਰਿਹਾ ਸੀ। ਮੇਰੀ ਜਾਨ ਮੁੱਠੀ ਵਿਚ ਆ ਗਈ ਪਤਾ ਨਹੀਂ ਵਿਚਾਰੀ ਕਿਸ ਹਾਲ ਵਿੱਚ ਹੋਵੇਗੀ। ਮੈਂ ਕੈਲਗਿਰੀ ਚਲੀ ਗਈ, ਮੈਂ ਸਿੱਧਾ ਜੈਲੀ ਦੇ ਘਰ ਗਈ ਜਿੱਥੇ ਦੀਪੀ ਰਹਿੰਦੀ ਸੀ।ਮੈਂ ਜੋ ਦੇਖਿਆ ਉਹ ਝੰਜੋੜ ਦੇਣ ਵਾਲਾ ਸੀ, ਦੀਪੀ ਨੇ ਮੇਰੇ ਪਹੁੰਚਣ ਤੋਂ ਸਹੀ ਦੋ ਘੰਟੇ ਪਹਿਲਾਂ ਆਤਮ-ਹੱਤਿਆ ਕਰ ਲਈ। ਦੀਪੀ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਲਿਆ। ਜੈਲੀ ਘਰੋਂ ਫਰਾਰ ਸੀ। ਇਹ ਸਾਰੀ ਕਰਤੂਤ ਜੈਲੀ ਦੀ ਸੀ। ਦੀਪੀ ਤੇ ਜੈਲੀ ਦਾ ਆਪਸੀ ਝਗੜਾ ਹੋ ਗਿਆ। ਜੈਲੀ ਨੇ ਗੁੱਸੇ ਵਿੱਚ ਆ ਕੇ ਵੀਡਿਓ ਸ਼ੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ । ਦੀਪੀ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਘਬਰਾਅ ਗਈ। ਮੌਤ ਤੋਂ ਇਲਾਵਾ ਇਹ ਬਦਨਾਮੀ ਤੋਂ ਬਚਣ ਲਈ ਉਸ ਨੂੰ ਕੋਈ ਰਾਹ ਨਾ ਲੱਭਿਆ, ਦੀਪੀ ਨੇ ਫਾਹਾ ਲੈ ਲਿਆ।ਦੀਪੀ ਨੂੰ ਇਹ ਸੀ ਜੈਲੀ ਓਹਦੇ ਨਾਲ ਵਿਆਹ ਕਰਵਾਏਗਾ। ਦੀਪੀ ਜੈਲੀ ਨੂੰ ਵਿਆਹ ਬਾਰੇ ਕਹਿੰਦੀ ਪਰ ਜੈਲੀ ਪਾਸਾ ਵੱਟਦਾ ਰਿਹਾ। ਦੀਪੀ ਨੂੰ ਸਮਝ ਲੱਗ ਗਈ ਕਿ ਜੈਲੀ ਸਿਰਫ਼ ਟਾਈਮ ਪਾਸ ਕਰਦਾ। ਦੀਪੀ ਨੇ ਜੈਲੀ ਤੋਂ ਅਲੱਗ ਰਹਿਣ ਵਾਰੇ ਸੋਚਿਆ। ਜੈਲੀ ਨੇ ਬਲੈਕਮੇਲ ਕਰਨਾ ਸ਼ੁਰੂ ਕੀਤਾ ਕਿ ਅਗਰ ਓਹਨੇ ਇੱਦਾਂ ਕੀਤਾ ਤਾਂ ਉਹ ਉਹਦੀ ਵੀਡਿਓ ਸ਼ੋਸ਼ਲ ਮੀਡੀਆ ‘ਤੇ ਪਾ ਦੇਵੇਗਾ। ਦੀਪੀ ਨੇ ਜੈਲੀ ਦੀ ਗੱਲ ‘ਤੇ ਯਕੀਨ ਨਾ ਕੀਤਾ ਕਿਉਂਕਿ ਉਸ ਵੀਡਿਓ ਵਿੱਚ ਜੈਲੀ ਖੁਦ ਵੀ ਸੀ। ਦੀਪੀ ਨੇ ਸੋਚਿਆ ਇਹਨੂੰ ਵੀ ਤਾਂ ਆਪਣੀ ਇੱਜ਼ਤ ਪਿਆਰੀ ਏ । ਮਾਸ ਦੇ ਲੋਥੜੇ ਖਾਣ ਵਾਲਿਆਂ ਨੂੰ ਦਰਦਾਂ ਦੀ ਕਿੱਥੇ ਸਾਰ।ਸੋਨੇ ਵਰਗੀ, ਮੇਰੀ ਬੱਚੀ ਡੇਲਿਆਂ ਦੇ ਭਾਅ ਚਲੀ ਗਈ। ਇਸੇ ਗੱਲ ਦਾ ਮੈਨੂੰ ਡਰ ਸੀ, ਇਹ ਤਾਂ ਕਹਿਰ ਹੋ ਗਿਆ।ਕਿੱਥੇ ਆਂ ਰੱਬਾ ਤੂੰ… ਬਹੁੜ ਕਦੇ ਲਾਚਾਰੀਆਂ ਦੇ ਘਰੇ। ਤੇਰਾ ਇੱਧਰ ਮੂੰਹ ਕਿਉਂ ਨੀ ਹੁੰਦਾ। ਇਹ ਸਭ ਦੇਖ ਤੇਰੀ ਹੋਂਦ ‘ਤੇ ਸ਼ੱਕ ਹੁੰਦਾ ਹੈ ….. ਤੂੰ ਹੈ ਈ ਨੀ…… ਖੌਰੇ ਕਿਹੜੇ ਕਿਸਮਤ ਵਾਲਿਆਂ ਦੀ ਬੁੱਕਲ ‘ਚ ਲੁਕਿਆ ਬੈਠਾ ਕਿਤੇ ਸਾਨੂੰ ਸਿਰਜ ਕੇ ਭੁੱਲ ਤਾਂ ਨੀ ਗਿਆ। ਅਗਰ ਤੂੰ ਹੈ ਤਾਂ ਆ ਬਹੁੜ।ਪੁਲਿਸ ਨੇ ਜੈਲੀ ਦੀ ਭਾਲ ਸ਼ੁਰੂ ਕਰ ਦਿੱਤੀ, ਦੀਪੀ ਦੇ ਘਰਦਿਆਂ ਨੂੰ ਦੱਸ ਦਿੱਤਾ ਗਿਆ। ਘਰਦਿਆਂ ’ਤੇ ਕੀ ਬੀਤੀ ਹੋਊਗੀ…. ਕਹਿਰ ਢਹਿ ਗਿਆ ਹੋਣਾ ਬਿਜਲੀ ਡਿੱਗ ਗਈ ਹੋਣੀ ਏ, ਸਭ ਕੁਝ ਤਬਾਹ ਹੋ ਗਿਆ ਹੋਣਾ।ਦੀਪੀ ਦੀ ਮੌਤ ਨੇ ਮੇਰੇ ਤੇ ਡੂੰਘਾ ਅਸਰ ਕੀਤਾ। ਕੀ ਇਹ ਇਸ ਤਰ੍ਹਾਂ ਈ ਚੱਲਦਾ ਰਹੇਗਾ ? ਅਗਰ ਹਾਂ ਤਾਂ ਇਹਦਾ ਮਤਲਬ ਲੱਖਾਂ ਦੀਪੀਆਂ ਮਰ ਜਾਣਗੀਆਂ, ਪਤਾ ਨਹੀਂ ਕਿੰਨੀਆਂ ਹੋਰ ਮਾਸੂਮ ਜਿੰਦੜੀਆਂ ਦੀਆਂ ਬਲੀਆਂ ਦਿੱਤੀਆਂ ਜਾਣੀਆਂ ਹਜੇ। ਇਹ ਰੁਕਣਾ ਚਾਹੀਦਾ । ਇਸ ਘਟਨਾ ਨੇ ਕਈ ਦਿਨ ਮੈਨੂੰ ਪਰੇਸ਼ਾਨ ਕੀਤਾ। ਬੱਚੇ ਦੀਪੀ ਨੂੰ ਯਾਦ ਕਰਦੇ।ਮੇਰਾ ਧਿਆਨ ਫਰਸ਼ ਤੇ ਲਾਸ਼ ਬਣੀ ਦੀਪੀ ਤੇ ਆ ਕੇ ਟਿਕ ਜਾਂਦਾ। ਦੀਪੀ ਦੀ ਮੌਤ ਮੇਰੇ ਅੰਦਰ ਘਰ ਕਰ ਗਈ। ਕਿਸੇ ਵੀ ਕੰਮ ‘ਚ ਮੇਰਾ ਧਿਆਨ ਨਾ ਲੱਗਦਾ। ਤਵੇ ‘ਤੇ ਪਈ ਰੋਟੀ ਸੜ ਜਾਂਦੀ, ਬਾਥਰੂਮ ‘ਚ ਕਿੰਨਾ ਕਿੰਨਾ ਚਿਰ ਪਾਣੀ ਛੱਡ ਕੇ ਬੈਠੀ ਰਹਿੰਦੀ। ਜ਼ਿਆਦਾ ਸਮਾਂ ਹੁੰਦਾ ਤਾਂ ਬਾਹਰੋਂ ਜੈਸਮੀਨ ਆਵਾਜ਼ ਮਾਰਦੀ। ਕੰਮ ’ਤੇ ਵੀ ਮੇਰਾ ਧਿਆਨ ਦੀਪੀ ਵੱਲ ਈ ਰਹਿੰਦਾ। ਦੀਪੀ ਦਾ ਮਰਨਾ ਬਹੁਤ ਦੁਖਦਾਈ ਕਾਂਡ ਸੀ। ਕਾਸ਼ ਦੀਪੀ ਨੂੰ ਮੈਂ ਬਚਾ ਸਕਦੀ।ਇਹੋ ਜਿਹੀ ਕਿਹੜੀ ਗੱਲ ਹੈ ਜਿਸ ਕਰਕੇ ਕੁੜੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ। ਹਾਲਾਤਾਂ ਅੱਗੋਂ ਸਾਨੂੰ ਹੀ ਕਿਉਂ ਝੁਕਣਾ ਪੈਂਦਾ। ਅਸੀਂ ਕਿਉਂ ਹਰ ਮਾਰ ਦੀ ਮਾਰ ‘ਚ ਆ ਜਾਂਦੀਆਂ ਹਾਂ ? ਮੈਂ ਇਸ ਗੱਲ ਦਾ ਡੂੰਘਾ ਚਿੰਤਨ ਕਰਨਾ ਸ਼ੁਰੂ ਕੀਤਾ।ਜੈਲੀ ਨੇ ਜਾਨ ਲੈ ਲਈ ਦੀਪੀ ਦੀ। ਜੈਲੀ ਕਿਵੇਂ ਬਚ ਸਕਦਾ। ਜੈਲੀ ਨਹੀਂ ਬਚ ਸਕਦਾ । ਜੈਲੀ ਨੂੰ ਸਜ਼ਾ ਮਿਲੇਗੀ ਜ਼ਰੂਰ ਮਿਲੇਗੀ । ਕਨੇਡਾ ਵਿੱਚ ਦੀਪੀ ਦਾ ਮੇਰੇ ਸਿਵਾਏ ਕੋਈ ਨਹੀਂ। ਮੈਂ ਦੀਪੀ ਨੂੰ ਇਨਸਾਫ਼ ਦਿਵਾਵਾਂਗੀ। ਜੈਲੀ ਨੂੰ ਸਜ਼ਾ ਮੈਂ ਦਿਵਾਵਾਂਗੀ।ਮੈਂ ਸਾਰੀ ਗੱਲ ਦਵਿੰਦਰ ਬਾਈ ਨਾਲ ਕੀਤੀ। ਜਿੰਨੀਆਂ ਵੀ ਕੁੜੀਆਂ ਘਰ ਰਹਿਣ ਆਉਂਦੀਆ ਬਾਈ ਦਵਿੰਦਰ ਸਾਰੀਆਂ ਨੂੰ ਧੀਆਂ ਵਾਂਗ ਸਮਝਦਾ। ਦੀਪੀ ਦੀ ਮੌਤ ਦੀ ਭਿਣਕ ਦਵਿੰਦਰ ਨੂੰ ਲੱਗ ਗਈ ਸੀ। ਕੰਮ ‘ਚ ਬਿਜ਼ੀ ਹੋਣ ਕਰਕੇ ਜਿਆਦਾ ਗੱਲ ਨਾ ਹੋਈ । ਦਵਿੰਦਰ ਦੀਆਂ ਅੱਖਾਂ ਭਰ ਆਈਆਂ। ਇਉਂ ਲੱਗ ਰਿਹਾ ਸੀ ਜਿੱਦਾਂ ਦੀਪੀ ਉਹਦੀ ਧੀ ਹੋਵੇ।ਮੈਂ ਤੇ ਦਵਿੰਦਰ ਨੇ ਜੈਲੀ ਨੂੰ ਸਜ਼ਾ ਦਿਵਾਉਣ ਦਾ ਪ੍ਰਣ ਕੀਤਾ। ਆਖਰ ਕਦੋਂ ਤੀਕ ਕੋਮਲ ਫੁੱਲ ਮਿੱਧੇ ਜਾਣਗੇ। ਹੁਣ ਤਾਂ ਹੱਦ ਹੋ ਗਈ ਅਸੀਂ ਆਪਣੀ ਪੂਰੀ ਵਾਹ ਲਗਾ ਕੇ ਜੈਲੀ ਦੀ ਭਾਲ ਕਰਨ ਵਿੱਚ ਜੁਟ ਗਏ । ਦਵਿੰਦਰ ਟਰੱਕ ਡਰਾਈਵਰ ਸੀ। ਦਵਿੰਦਰ ਦੀ ਕਨੇਡਾ ਵਿਚ ਕਾਫੀ ਜਾਣ ਪਹਿਚਾਣ ਸੀ। ਦਵਿੰਦਰ ਨੇ ਆਪਣੇ ਸਾਰੇ ਦੋਸਤਾਂ ਨੂੰ ਘਟਨਾ ਤੋਂ ਜਾਣੂ ਕਰਵਾਇਆ ਤੇ ਇਸ ਕੇਸ ਵਿਚ ਮਦਦ ਮੰਗੀ।ਚਾਲੀ ਦਿਨਾਂ ਬਾਅਦ ਜੈਲੀ ਵੈਨਕੂਵਰ ਤੋਂ ਫੜਿਆ ਗਿਆ। ਦਵਿੰਦਰ ਦੇ ਕਿਸੇ ਦੋਸਤ ਨੇ ਜੈਲੀ ਨੂੰ ਦੇਖਿਆ ਤੇ ਪੁਲਿਸ ਨੂੰ ਫੜਾ ਦਿੱਤਾ। ਦੀਪੀ ਦੇ ਕੇਸ ਦੀ ਪੈਰਵਾਈ ਅਸੀਂ ਕਰ ਰਹੇ ਸੀ । ਜੈਲੀ ਨੂੰ ਜੇਲ੍ਹ ਪਹੁੰਚਾਉਣਾ ਈ ਸਾਡਾ ਮਕਸਦ ਸੀ। ਦੋ ਮਹੀਨੇ ਕੇਸ ਚੱਲਿਆ। ਜੈਲੀ ਨੂੰ ਸਜ਼ਾ ਹੋ ਗਈ।ਜੈਲੀ ਨੂੰ ਸਜਾ ਮਿਲਣ ਨਾਲ ਦੀਪੀ ਵਾਪਿਸ ਤਾਂ ਨਹੀਂ ਆ ਸਕਦੀ ਪਰ ਦੀਪੀ ਦੀ ਆਤਮਾ ਨੂੰ ਸ਼ਾਤੀ ਜ਼ਰੂਰ ਮਿਲ ਜਾਵੇਗੀ। ਸਾਡਾ ਮਕਸਦ ਪੂਰਾ ਹੋ ਗਿਆ। ਸਾਰੇ ਦੋਸਤਾਂ ਦੇ ਸਹਿਯੋਗ ਨਾਲ ਇਹ ਮੇਰੀ ਪਹਿਲੀ ਜਿੱਤ ਸੀ। ਸਾਰੀ ਉਮਰ ਆਪਣੇ ਲਈ ਹਾਰਦੀ ਰਹੀ ਅੱਜ ਪਹਿਲੀ ਵਾਰ ਕਿਸੇ ਲਈ ਜਿੱਤੀ। ਇਹ ਦੀਪੀ ਦੀ ਜਿੱਤ ਸੀ। ਉਹਨਾਂ ਸਾਰੀਆਂ ਕੁੜੀਆਂ ਦੀ ਜਿੱਤ ਸੀ ਜਿਹੜੀਆਂ ਹਾਲਾਤਾਂ ਨੇ ਝੁਕਾਅ ਰੱਖੀਆਂ ਹਨ।ਸਾਰੀ ਉਮਰ ਖਾਕ ਛਾਣਦੀ ਰਹੀ, ਰੋਂਦੀ ਰਹੀ, ਕੋਸਦੀ ਰਹੀ, ਲੋਕਾਂ ਤੇ ਨਿਰਭਰ ਰਹੀ। ਅੱਜ ਪਹਿਲੀ ਵਾਰ ਪਾਣੀ ਦੇ ਵਹਾਅ ਦੇ ਉਲਟ ਤੈਰਨ ਦੀ ਸਫਲ ਕੋਸ਼ਿਸ਼ ਨੇ ਮੈਨੂੰ ਸਕੂਨ ਦਿੱਤਾ।ਸੰਦੀਪ ਵੀ ਸਾਡੀ ਜਿੱਤ ਵਿਚ ਸ਼ਾਮਿਲ ਸੀ। ਸੰਦੀਪ ਦੇ ਹੌਂਸਲੇ ਤੋਂ ਬਿਨਾਂ ਇਹ ਜਿੱਤ ਸੰਭਵ ਨਹੀਂ ਸੀ। ਸੰਦੀਪ ਦੀਆ ਗੱਲਾਂ ਹੁਣ ਮੈਨੂੰ ਸਮਝ ਵੀ ਆਉਂਦੀਆਂ ਤੇ ਮੈਂ ਅਮਲ ਵੀ ਕਰਦੀ। ਇਹ ਅਜੀਬ ਅਹਿਸਾਸ ਸੀ ਜਿਹੜਾ ਸੰਦੀਪ ਦੀਆਂ ਗੱਲਾਂ ਤੋਂ ਮਿਲਦਾ । ਹਰ ਪਲ ਆਪਣੇ ਆਪ ਨੂੰ ਜਿੱਤਣਾ, ਹਰ ਪਲ ਖੁਸ਼ ਰਹਿਣਾ, ਕਿਸੇ ਵੀ ਹਾਲਤ ‘ਚ ਡੋਲਣਾ ਨਹੀਂ।ਸੰਦੀਪ ਨੇ ਪੰਜਾਬ ਤੋਂ ਮੈਨੂੰ ਕੁਝ ਕਾਫ਼ੀ ਕਿਤਾਬਾਂ ਭੇਜੀਆਂ ਤੇ ਕਿਹਾ ਇਹਨਾਂ ਨੂੰ ਪੜ੍ਹ ਤੇ ਅਮਲ ਕਰ। ਇਹਨਾਂ ਕਿਤਾਬਾਂ ਵਿੱਚੋਂ ਦੋ ਕਿਤਾਬਾਂ ਦਾ ਮੇਰੇ ਤੇ ਬਹੁਤ ਪ੍ਰਭਾਵ ਪਿਆ। ਇੱਕ ਸੀ ਅਜੀਤ ਕੌਰ ਦੀ ਜੀਵਨੀ ‘ਕੂੜਾ ਕਬਾੜਾ’ ਤੇ ਦੂਸਰੀ ਮਿੰਟੂ ਗੁਰੂਸਰੀਆ ਦੀ ਲਿਖੀ ‘ਡਾਕੂਆਂ ਦਾ ਮੁੰਡਾ’। ਅਜੀਤ ਕੌਰ ਵੀ ਮੇਰੇ ਵਾਂਗ ਅੱਧੀ ਉਮਰ ਦੁੱਖਾਂ-ਕਲੇਸ਼ਾਂ ਵਿੱਚ ਰਹੀ, ਕੱਖੋਂ ਹੌਲੀ ਜ਼ਿੰਦਗੀ। ਮੇਰੀ ਵੀ ਤਾਂ ਇਹੀ ਸੀ। ‘ਡਾਕੂਆਂ ਦਾ ਮੁੰਡਾ’ ਨਸ਼ਿਆਂ ਦੀ ਵਲਗਣ ਵਿੱਚੋਂ ਨਿਕਲ ਕੇ ਨੌਜੁਆਨਾਂ ਲਈ ਪ੍ਰੇਰਨਾ ਬਣਿਆ ਕਿਤਾਬਾਂ ਨਾਲ ਮੇਰਾ ਪਿਆਰ ਪੈ ਗਿਆ। ਮੈਂ ਕਿਤਾਬਾਂ ਮੰਗਵਾਉਂਦੀ ਤੇ ਪੜ੍ਹਦੀ।ਇੱਕ ਦਿਨ ਖਿਆਲ ਆਇਆ, ਬਰਸੋਂ ਪੁਰਾਣਾ ਖਿਆਲ ਬੁਣਿਆ ਜਾਵੇ। ਕੁਝ ਲਿਖਿਆ ਜਾਵੇ। ਬਚਪਨ ਵਿਚ ਰੇਡੀਓ ਵਾਲਿਆਂ ਨੂੰ ਚਿੱਠੀ ਪਾਉਣ ਦੀ ਤਾਂਘ ਰਹਿੰਦੀ ਸੀ। ਇੱਕ ਆਰਟੀਕਲ ਲਿਖਿਆ ਤੇ ਫੇਸਬੁੱਕ ਤੇ ਪੋਸਟ ਪਾਈ। ਮੇਰੀ ਇਹ ਚਿੱਠੀ, ਆਰਟੀਕਲ ਉਹਨਾਂ ਸਾਰੇ ਜੈਲੀਆਂ ਦੇ ਨਾਮ ਸੀ ਜੋ ਦੀਪੀ ਵਰਗੀਆਂ ਕੁੜੀਆਂ ਦੀ ਤਬਾਹ ਕੀਤੀ ਜ਼ਿਦੰਗੀ ਦੇ ਜਿੰਮੇਵਾਰ ਹਨ। ਮੇਰਾ ਆਰਟੀਕਲ ਲੋਕਾਂ ਨੇ ਬਹੁਤ ਪਸੰਦ ਕੀਤਾ, ਮੇਰਾ ਆਰਟੀਕਲ ਕਾਫੀ ਲੋਕਾਂ ਨੇ ਸ਼ੇਅਰ ਕੀਤਾ। ਕਨੇਡਾ, ਪੰਜਾਬ ਤੇ ਹੋਰ ਦੇਸ਼ਾਂ ਵਿੱਚ ਰਹਿੰਦਿਆਂ ਭਾਰਤੀ ਮੂਲ ਦੀਆਂ ਕਾਫੀ ਕੁੜੀਆਂ ਦੇ ਮੈਨੂੰ ਫੋਨ ਆਏ। ਮੈਂ ਹੈਰਾਨ ਹੋਈ ਇੱਦਾਂ ਤਾਂ ਬਹੁਤ ਕੁੜੀਆਂ ਨਾਲ ਤੇ ਹੋ ਰਿਹਾ। ਇਸ ਦੌਰਾਨ ਕਈ ਪੱਤਰਕਾਰਾਂ ਦੇ ਫੋਨ ਆਏ ਤੇ ਆਰਟੀਕਲ ਛਾਪਣ ਦੀ ਆਗਿਆ ਮੰਗੀ। ਮੈਂ ਹੋਰ ਕੀ ਭਾਲਦੀ ਸੀ। ਮੇਰਾ ਸੁਨੇਹਾ ਲੋਕਾਂ ਤੱਕ ਪਹੁੰਚ ਰਿਹਾ ਸੀ।ਪੰਜਾਬ ਤੇ ਕਨੇਡਾ ਦੇ ਪੰਜਾਬੀ ਅਖਬਾਰਾਂ ਵਿੱਚ ਮੇਰਾ ਪਹਿਲਾ ਆਰਟੀਕਲ ਛਪਿਆ। ਆਰਟੀਕਲ ਛਪਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਮੈਂ ਵੀ ਅਜੀਤ ਕੌਰ ਵਾਂਗ ਕੁਝ ਕਰ ਸਕਦੀ ਹਾਂ। ਕਈਆਂ ਨੇ ਅਲੋਚਨਾ ਕੀਤੀ ਪਰ ਬਹੁਤਿਆਂ ਨੇ ਵਾਹ-ਵਾਹ ਕੀਤੀ। ਦੋਨਾਂ ਚੀਜ਼ਾਂ ਨੇ ਮੇਰਾ ਹੌਸਲਾ ਵਧਾਇਆ।ਪਹਿਲੇ ਆਰਟੀਕਲ ਤੋਂ ਬਾਅਦ ਜਿਹੜੀਆਂ ਕੁੜੀਆਂ ਮੈਨੂੰ ਫੋਨ ਕਰਕੇ ਆਪਣੀ ਕਹਾਣੀ ਦੱਸਦੀ ਤੇ ਆਪਣੇ ਵਾਰੇ ਲਿਖਣ ਨੂੰ ਕਹਿੰਦੀਆਂ। ਮੈਂ ਉਹਦੇ ਹਾਲਾਤਾਂ ’ਤੇ ਆਰਟੀਕਲ ਲਿਖਦੀ ਤੇ ਅਖਬਾਰਾਂ ਨੂੰ ਭੇਜਦੀ। ਅਖਬਾਰਾਂ ਵਿੱਚ ਮੇਰੇ ਲੇਖ ਆਮ ਛਪਣ ਲੱਗੇ। ਇਹ ਅਹਿਸਾਸ, ਖਿਆਲ ਕਮਾਲ ਦੇ ਸਨ। ਪਤਝੜਾਂ ਦੇ ਛਾਂਗੇ ਰੁੱਖਾਂ ਤੇ ਬਹਾਰਾਂ ਨੇ ਮੁੜ ਪੱਤਿਆਂ ਦੀ ਵਰਖਾ ਕੀਤੀ। ਮੁੜ ਹਰਿਆਵਲ ਪਰਤ ਆਈ। ਪੰਛੀਆਂ ਦੀਆਂ ਮਜਲਿਸਾਂ ਮੁੜ ਲੱਗਣ ਲੱਗੀਆਂ। ਇਹ ਸਭ ਕਮਾਲ. ਕਮਾਲ ਕਮਾਲ ਸੀ।ਮੈਨੂੰ ਇੰਨਾ ਪਿਆਰ ਜ਼ਿੰਦਗੀ ‘ਚ ਕਦੇ ਨਾ ਮਿਲਿਆ। ਹਜ਼ਾਰਾਂ ਉਹ ਲੋਕ ਸਨ ਜਿੰਨਾਂ ਨੂੰ ਮੈਂ ਕਦੇ ਮਿਲੀ ਹੀ ਨਾ ਪਰ ਜਦੋਂ ਉਹਨਾਂ ਦਾ ਫੋਨ ਜਾਂ ਈਮੇਲ ਆਉਂਦਾ ਮੈਨੂੰ ਬਹੁਤ ਚੰਗਾ ਲੱਗਦਾ। ਕਦੇ ਕਦਾਈਂ ਕੋਈ ਮਿਲ ਕੇ ਜਾਂਦਾ । ਇੰਨਾ ਪਿਆਰ ਜਿਸ ਨੇ ਮੈਨੂੰ ਮੇਰਾ ਅਤੀਤ ਭੁਲਾ ਦਿੱਤਾ। ਮੈਂ ਜ਼ਿੰਦਗੀ ‘ਚ ਕਦੇ ਦੁਖੀ ਸੀ ਉਹਨਾਂ ਪਲਾਂ ਨੂੰ ਮੈਂ ਭੁੱਲ ਈ ਗਈ, ਦਿਮਾਗ ਦੀਆਂ ਪਰਤਾਂ ‘ਚੋਂ ਕਿਧਰੇ ਉਹ ਮਿਟ ਗਏ । ਸਭ ਕੁਝ ਚੰਗਾ ਚੰਗਾ ਹੋ ਰਿਹਾ ਸੀ। ਹਰ ਕੋਈ ਖਿੜੇ ਮੱਥੇ ਮਿਲਦਾ। ਹਜ਼ਾਰਾਂ ਅਜਿਹੇ ਲੋਕ ਸਨ ਜੋ ਮੇਰੇ ਨਾਲ ਸਨ ਜੋ ਕਹਿੰਦੇ ਤੁਸੀਂ ਕੋਈ ਭਲਾਈ ਦਾ ਕੰਮ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਹਾਂ। ਦਵਿੰਦਰ ਤੇ ਸੰਦੀਪ ਪਹਿਲਾਂ ਤੋਂ ਹੀ ਅਜਿਹੀਆਂ ਸੰਸਥਾਵਾਂ ਨਾਲ ਜੁੜ ਕੇ ਕੰਮ ਕਰ ਰਹੇ ਸਨ ਜੋ ਲੋਕ ਭਲਾਈ ਦੇ ਕਾਰਜ ਕਰਦੀਆਂ। ਜਿਵੇਂ ਲੋੜਵੰਦ ਗਰੀਬ ਕੁੜੀਆਂ ਦੀਆਂ ਸਕੂਲੀ ਫੀਸਾਂ ਭਰਨੀਆਂ, ਬੱਚਿਆਂ ਨੂੰ ਮੁਫ਼ਤ ਕਾਪੀਆਂ ਕਿਤਾਬਾਂ ਦੇਣੀਆਂ। ਗਰੀਬ ਲੋਕਾ ਦਾ ਮੁਫ਼ਤ ਇਲਾਜ ਕਰਵਾਉਣਾ ਤੇ ਹੋਰ ਬਹੁਤ ਸਾਰੇ ਕੰਮ।ਕਨੇਡਾ ਵਿੱਚ ਰਹਿੰਦੀਆਂ ਕਈ ਕੁੜੀਆਂ ਮੇਰੇ ਕੋਲ ਮੱਦਦ ਲਈ ਆਈਆਂ। ਕਈ ਕੁੜੀਆਂ ਨੂੰ ਰਹਿਣ ਲਈ ਜਗ੍ਹਾ ਨਹੀਂ ਸੀ ਮਿਲ ਰਹੀ, ਕਿਰਾਏ ਜੋਗੇ ਉਹਨਾਂ ਕੋਲ ਪੈਸੇ ਹੈ ਨਹੀ ਸਨ। ਅਸੀਂ ਉਹਨਾਂ ਨੂੰ ਰਹਿਣ ਲਈ ਜਗ੍ਹਾ ਵੀ ਦਿੱਤੀ ਤੇ ਹਰ ਸੰਭਵ ਮਦਦ ਵੀ ਕੀਤੀ। ਮੇਰੇ ਵਲੋਂ ਸ਼ੁਰੂ ਕੀਤੇ ਕੰਮਾਂ ‘ਚ ਕਾਫੀ ਵਿਅਕਤੀਆਂ ਦਾ ਸਹਿਯੋਗ ਸੀ। ਜੋ ਹਰ ਸਮੇਂ ਮੇਰੇ ਨਾਲ ਖੜ੍ਹੇ।ਪੰਜਾਬ ਤੋਂ ਆ ਕੇ ਮਿਹਨਤਾਂ ਕਰਕੇ ਇੱਥੇ ਸੈਟਲ ਪੰਜਾਬੀ ਮੁੰਡਿਆਂ ਨੇ ਲੋੜਵੰਦ ਇੱਕ ਇੱਕ ਕੁੜੀ ਨੂੰ ਪੜ੍ਹਾਉਣ ਦਾ ਜਿੰਮਾ ਚੁੱਕਿਆ। ਸੋਚੋ ਅਗਰ ਹਰ ਇਨਸਾਨ ਇੱਦਾ ਸੋਚਣ ਲੱਗ ਜਾਵੇ ਤਾਂ ਇਹ ਜ਼ਿੰਦਗੀ ਕਿੰਨੀ ਆਸਾਨ ਤੇ ਸੁਖਮਈ ਬਣ ਜਾਵੇਗੀ।ਮੈਨੂੰ ਯਾਦ ਐ ਸੰਦੀਪ ਨੇ ਇੱਕ ਵਾਰੀ ਮਾਸਟਰ ਜਸਪਾਲ ਸਿੰਘ ਗਿੱਲ ਦੇ ਕੰਮਾਂ ਦਾ ਜ਼ਿਕਰ ਕੀਤਾ ਸੀ। ਇਹ ਸਾਰੇ ਕੰਮ ਜੋ ਅਸੀਂ ਕਰ ਰਹੇ ਹਾਂ ਇਹ ਜਸਪਾਲ ਸਿੰਘ ਗਿੱਲ ਤੇ ਦਵਿੰਦਰ ਸਿੰਘ ਮਾਨ ਵਰਗੀਆਂ ਮਹਾਨ ਸ਼ਖ਼ਸੀਅਤਾਂ ਤੋਂ ਪ੍ਰਭਾਵਿਤ ਹੋ ਕੇ ਕਰ ਰਹੇ ਹਾਂ । ਸਾਡੇ ਸਮਾਜ ਨੂੰ ਬਹੁਤ ਲੋੜ ਐ ਇਹੋ ਜਿਹੇ ਸਮਾਜ ਸੁਧਾਰਕਾਂ ਦੀ ਜੋ ਦਿਲੋ ਫ਼ਿਕਰ ਕਰਦੇ ਆ ਸਮਾਜ ਦਾ।ਮੈਂ ਸੋਚ ਰਹੀ ਸੀ ਮੇਰੇ ਕਦਮ ਜਿੱਥੇ ਵੀ ਪਏ ਉਥੇ ਫੁੱਲਾਂ ਲੱਧੇ ਬੂਟੇ ਉੱਗੇ ਜੀਹਨੂੰ ਦੇਖ ਹਾਲਾਤਾਂ ਨੇ ਮੂਕ ਬਣਾਏ ਲੋਕ, ਚਾਭੜਾਂ ਮਾਰਨ ਲੱਗੇ। ਇਹ ਓਸ ਦਰਵਾਜ਼ੇ ਤੋਂ ਪਾਰ ਦੀ ਦੁਨੀਆ ਸੀ। ਮੈਂ ਬਚਪਨ ਵਿੱਚ ਜਿਹੜੇਖੁਆਬ ਸਜਾਉਂਦੀ ਸੀ। ਅੱਜ ਮੈਂ ਇਸ ਦੁਨੀਆਂ ਦੀ ਵਸਨੀਕ ਸਾਂ। ਆਨੰਦ ਹੀ ਆਨੰਦ । ਲੱਖ ਮਣ ਖੁਸ਼ੀਆਂ ਹਰ ਇੱਕ ਦੇ ਚਿਹਰੇ ‘ਤੇ। ਅਗਿਆਨਤਾ ਤੇ ਮੂਰਖਤਾ ਦਾ ਐਸਾ ਪਰਦਾ ਹਟਿਆ ਕਿ ਸੂਰਜ ਨੇ ਨੇੜੇ ਹੋ ਕੇ ਸਵੇਰਾ ਕੀਤਾ। ਐਸਾ ਪ੍ਰਕਾਸ਼ ਹੋਇਆ ਕਿ ਕੁਲਾਂ ਤੱਕ ਰੁਸ਼ਨਾਂ ਗਈਆਂ। ਕਿੱਕਰ ਦੇ ਪੱਤਰਾਂ ਜਿਹੀ ਹਲਕੀ ਚੀਜ਼ ਅੱਜ ਸੋਨੇ ਭਾਅ ਵਿਕਣ ਲੱਗੀ। ਮਿੱਟੀ ‘ਚੋਂ ਐਸੇ ਖਜ਼ਾਨੇ ਲੱਭੇ ਜਿਸ ਨੂੰ ਪਾ ਕੇ ਮੇਰੀ ਸਮਝ ਅਮੀਰ ਹੋ ਗਈ। ਮੈਂ ਜਾਣ ਗਈ ਉਹ ਗੁੱਝੇ ਭੇਦ ਜੋ ਮੈਨੂੰ ਹਨੇਰੀ ਗੁਫ਼ਾ ‘ਚੋਂ ਬਾਹਰ ਕੱਢ ਲਿਆਏ। ਸਫ਼ੈਦਿਆਂ ਜਿੱਡੇ ਹੌਸਲੇ, ਪਾਣੀ ਵਰਗੀ ਨਿਮਰਤਾ, ਅੱਗ ਵਰਗੀ ਤਪਸ਼, ਕੁੰਭ ਦੇ ਮੇਲੇ ਜਿੰਨਾ ਸਬਰ।ਮੇਰਾ ਆਪਣਾ ਦਰਦ ਤਾਂ ਹਵਾ ‘ਚ ਫੰਬਿਆ ਵਾਂਗ ਉੱਡ ਗਿਆ। ਆਪਣੇ ਆਪ ਨਾਲ ਸੋਲਵੇਂ ਸਾਲ ਜਿਹਾ ਇਸ਼ਕ ਹੋਇਆ। ਬਹਾਰਾਂ ਮੁੜ ਆਈਆਂ। ਸ਼ੀਤ ਹਵਾਵਾਂ ਵਗਣ ਲੱਗੀਆਂ। ਕਿਤੇ ਦੂਰ ਤੋਂ ਨਵੇਂ ਜਨਮ ਦੀਆਂ ਵਧਾਈਆਂ ਆਉਣ ਲੱਗੀਆਂ। ਮੇਰੇ ਅੰਗ ਮੁੜ ਤੋਂ ਸੁਰਜੀਤ ਹੋਣ ਲੱਗੇ, ਸ਼ੈਤਾਨਾਂ ਦੇ ਝੂਠੇ ਸਪਰਸ਼ (ਦਾਗ) ਮਿਟ ਗਏ । ਹਰ ਆਉਂਦਾ ਜਾਦਾ ਹਵਾ ਦਾ ਬੁੱਲ੍ਹਾ ਮੇਰੇ ਕੰਨਾਂ ਕੋਲ ਆ ਕੇ ਇੱਕੋ ਗੱਲ ਕਹਿੰਦਾ ‘ਤੂੰ ਆਜ਼ਾਦ ਏਂ, ਤੂੰ ਮਹਾਨ ਏ’। ਔਰਤ ਦੀ ਮਹਾਨਤਾ ਤੋਂ ਉਪਰ ਕੁਝ ਵੀ ਨਹੀਂ। ਅਸਮਾਨ ਜਿੱਡਾ ਜੇਰਾ, ਰੱਬ ਵਰਗਾ ਰੂਪ। ਜੀਹਦੇ ‘ਤੇ ਦਿਲ ਆ ਜੇ ਸਭ ਕੁਝ ਨਿਸ਼ਾਵਰ ਸਮਝੋ।ਹਰ ਇਨਸਾਨ ਨੂੰ ਇੱਕ ਅਜਿਹੇ ਮੋੜ ਦੀ ਜ਼ਰੂਰਤ ਏ ਜਿਹੜਾ ਓਹਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੰਦਾ। ਨਵਾਂ ਜਨਮ ਮਿਲਦਾ, ਖਿਆਲ, ਅਹਿਸਾਸ ਸਭ ਨਵੇਂ ਨਵੇਂ ਘਿਸੇ ਪਿਟੇ ਰਵਾਇਤੀ ਖਿਆਲ ਕਿਧਰੇ ਗੁੰਮ ਹੋ ਜਾਂਦੇ ਹਨ। ਪੀਂਘ ਝੂਟਦੀ ਮੁਟਿਆਰ ਜਦੋਂ ਪਿੱਪਲ ਦੇ ਪੱਤਿਆਂ ਨੂੰ ਹੱਥ ਲਾਉਂਦੀ ਏ, ਅਸਮਾਨ ਨੂੰ ਛੂਹਣ ਵਰਗਾ ਆਨੰਦ ਪ੍ਰਾਪਤ ਹੁੰਦਾ। ਇਹੀ ਉਡਾਰੀਆਂ ਜਦੋਂ ਅਸਲ ਜ਼ਿੰਦਗੀ ‘ਚ ਲੱਗਦੀਆਂ, ਬੰਦੇ ਦੀ ਸੋਚ ਅਸਮਾਨ ਘੁੰਮਣ ਜਾਂਦੀ ਏ, ਅਸਮਾਨੋ ਇੱਕ ਅਜਿਹੇ ਰਹੱਸਮਈ ਸੱਚ ਨੂੰ ਨਾਲ ਲੈ ਕੇ ਪਰਤਦੀ ਏ, ਜੋ ਥੱਕੇ ਹਾਰਿਆਂ ਦੀ ਜ਼ਿੰਦਗੀ ਬਦਲ ਦਿੰਦਾ । ਬੇਆਸਰਿਆਂ ਦੀ ਜ਼ਿੰਦਗੀ ਵਿਚ ਆਸ ਭਰਦਾ। ਅੰਨ੍ਹੇ ਸੁਜਾਖਿਆਂ ਤੋਂ ਜ਼ਿਆਦਾ ਦੇਖਣ ਲੱਗਦੇ ਨੇ, ਲੰਗੜੇ ਭਾਜੀਆਂ ਨਾਲੋਂ ਤੇਜ ਭੱਜਣ ਲੱਗ ਜਾਂਦੇ ਨੇ । ਗੂੰਗੇ ਬੋਲਣ ਲੱਗਦੇ ਨੇ, ਬਸ ਲੋੜ ਏ ਓਸ ਰਹੱਸਮਈ ਸੱਚ ਦੀ। ਇਸ ਸੱਚ ਦਾ ਸਾਹਮਣਾ ਅਗਰ ਦੁਨੀਆਂ ‘ਤੇ ਰਹਿੰਦੀ ਹਰ ਸ਼ੈਅ ਕਰ ਲਵੇ ਤਾਂ ਦੁਨੀਆਂ ਸਵਰਗ ਤੋਂ ਉਪਰ ਦੀ ਕੋਈ ਚੀਜ਼ ਬਣੇਗੀ। ਸਵਰਗ ‘ਚ ਤਾਂ ਦੇਵਤੇ ਰਹਿੰਦੇ ਨੇ ਪਰ ਸਾਡਾ ਮੰਨਣਾ ਇਨਸਾਨ ਓਸ ਸ਼ੈਅ ਦਾ ਨਾਮ ਏ ਜਿਸ ਤੋਂ ਉਪਰ ਕੋਈ ਵੀ ਨਹੀਂ। ਇਹ ਸੱਚ ਸਾਡੇ ਵਿਚਕਾਰ ਵੀ ਲੁਕਿਆ, ਬਸਖੋਜਣ ਦੀ ਲੋੜ ਏ, ਸਮਝਣ ਦੀ ਲੋੜ ਏ, ਲੱਖਾਂ ਮੌਕੇ ਸਾਡੇ ਆਸ-ਪਾਸ ਘੁੰਮਦੇ ਨੇ ਪਰ ਅਸੀਂ ਉਹਨਾਂ ਨੂੰ ਪਛਾਣਦੇ ਹੀ ਨਹੀਂ । ਹਰ ਛੋਟੇ ਤੋਂ ਛੋਟਾ ਮੌਕਾ ਸਾਡੀ ਕਿਸਮਤ ਬਦਲਣ ਦੇ ਸਮਰੱਥ ਏ। ਪਰ ਅਸੀਂ ਅਣਗੌਲਿਆ ਕਰ ਦਿੰਦੇ ਹਾਂ। ਜਿਸ ਦਿਨ ਹਰ ਮੌਕਾ ਸਾਡੇ ਦਿਲ ਦੇ ਬਨੇਰੇ ‘ਤੇ ਬੈਠਣ ਲੱਗ ਗਿਆ ਸਮਝੋ ਕਿਸਮਤ ਤੁਹਾਡੀ ਪ੍ਰਕਰਮਾ ਕਰੇਗੀ। ਤੁਹਾਡਾ ਹਰ ਭਾਗ ਸ਼ੁਭ ਹੋਣ ਲੱਗੇਗਾ। ਕੁੰਡਲੀਆਂ ਦੇਖਣ ਦੀ ਲੋੜ ਨਹੀਂ ਪੈਣੀ, ਕਿਸੇ ਪੰਡਤ ਨੂੰ ਹੱਥ ਦੀਆਂ ਲਕੀਰਾਂ ਦਿਖਾਉਣ ਦੀ ਲੋੜ ਨਹੀਂ। ਕਿਸੇ ਬਾਬੇ ਕੋਲੋਂ ਭਵਿੱਖ ਸੁਨਣ ਦੀ ਲੋੜ ਨਹੀਂ ਪੈਣੀ, ਤੁਸੀਂ ਖ਼ੁਦ ਆਪਣੀ ਹੋਣੀ ਦੇ ਰਚੇਤਾ ਬਣੋਗੇ।ਇੱਕ ਗੱਲ ਹੋਰ ਤੁਹਾਡੇ ਨਾਲ ਜੋ ਵੀ ਹੋਊ ਤੁਸੀਂ ਓਹਦੇ ਲਈ ਤਿਆਰ ਹੋਵੋਗੇ। ਅੱਕੋਗੇ ਨਹੀਂ ਥੱਕੋਗੇ ਨਹੀਂ ਤੇ ਟੁੱਟੋਗੇ ਨਹੀਂ। ਹਰ ਦਿਨ ਨਵਾਂ ਸਬਕ ਸਿੱਖੋਗੇ। ਹਰ ਦਿਨ ਦਾ ਸੁਆਗਤ ਖਿੜੇ ਮੱਥੇ ਕਰੋਗੇ। ਦੁਖਾਂ ਤਕਲੀਫਾਂ ਵਿੱਚ ਹੌਸਲਾ ਚਟਾਨ ਵਾਂਗੂੰ ਖੜ੍ਹਾ ਰਹੇਗਾ। ਵਹਿੰਦੇ ਪਾਣੀ ਵਿੱਚ ਖੜ ਕੇ ਵੀ ਪੈਰ ਨਹੀਂ ਥਿੜਕਣਗੇ। ਮਜਬੂਤ ਬਣੋਗੇ, ਤੂਫਾਨ ਵੀ ਤੁਹਾਡੇ ਹੌਸਲੇ ਦੇ ਚਿਰਾਗ ਨੂੰ ਬੁਝਾ ਨਹੀਂ ਪਾਉਣਗੇ। ਵੱਡੀ ਤੋਂ ਵੱਡੀ ਤਕਲੀਫ਼ ਵੀ ਤੁਹਾਡੇ ਤੋਂ ਪਾਸਾ ਕਰਕੇ ਲੰਘੇਗੀ ਔਰ ਤੁਸੀਂ ਮੁਸਕਰਾ ਰਹੇ ਹੋਵੇਗਾ। ਕਦੀ ਵੀ ਆਪਣੇ ਆਪ ਨੂੰ ਛੋਟਾ ਨਾ ਸਮਝੋ ਫੁੱਲ ਬੂਟੀ ਦਾ ਕੀ ਆਕਾਰ ਏ ਪਰ ਜਦੋਂ ਉਹਦੇ ਚਿੱਟੇ ਤੇ ਲਾਲ ਫੁੱਲ ਖਿੜਦੇ ਨੇ ਤਾਂ ਦੇਖਣ ਵਾਲੇ ਦਾ ਮਨ ਗਦ ਗਦ ਹੋ ਜਾਂਦਾ। ਮਹਾਨਤਾ ਆਕਾਰ ‘ਚ ਨਹੀਂ ਤੁਹਾਡੇ ਗੁਣਾਂ ‘ਚ ਏ । ਅਗਰ ਮੱਕੜੀ ਵਾਲਾ ਹੁਨਰ ਤੇ ਕੀੜੇ ਵਾਲੀ ਲਗਨ ਆ ਜਾਵੇ ਤਾਂ ਕਿਆ ਬਾਤ ਏ। ਇੱਥੇ ਖਿੜੇ ਫੁੱਲਾਂ ਨੂੰ ਲੋਕੀ ਚੁੰਮਦੇ ਨੇ ਤੇ ਮੁਰਝਾਇਆ ਨੂੰ ਪੈਰਾਂ ਥੱਲੇ ਮਧੋਲ ਦਿੰਦੇ ਨੇ। ਜਿਊਂਦੇ ਜੀਅ ਚੜ੍ਹਦੀਕਲਾ ਨਾਲ ਖਿੜਨਾ ਸਿੱਖੋ, ਮਰੋ ਵੀ ਤਾਂ ਲੋਕਾਂ ਦੀ ਜੁਬਾਨ ਉਤੇ ਤੁਹਾਡਾ ਨਾਮ ਜਿਊਂਦਾ ਰਹੇ।ਇਸ ਤੋਂ ਪਹਿਲਾਂ ਮੈਂ ਸੋਚਾਂ ਦੀ ਡੂੰਘਾਈ ‘ਚ ਉੱਤਰਦੀ ਜੈਸਮੀਨ ਛੱਤ ‘ਤੇ ਆਈ, ਮੇਰੇ ਵੱਲ ਮੁਸਕਰਾਈ ਮੇਰੈ ਮੂੰਹੋਂ ਬਸ ਏਨਾ ਨਿੱਕਲਿਆ “ਆ ਮੇਰੀ ਅਪਸਰਾ, ਆ ਗਲੇ ਲੱਗ।
ਪ੍ਰੀਤ ਕੈਂਥ