ਆਲਮਗੜ੍ਹ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਆਲਮਗੜ੍ਹ, ਅਬੋਹਰ-ਗੰਗਾਨਗਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅਬੋਹਰ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਆਲਮਗੜ੍ਹ ਦੀ ਮੋੜ੍ਹੀ ਗੱਡਣ ਵਾਲਾ ਆਲਮ ਖਾਂ ਇੱਕ ਮੁਸਲਮਾਨ ਗਊ ਪਾਲਕ ਸੀ ਜਿਸ ਨੇ ਲੱਗਭਗ ਪੌਣੇ ਦੋ ਸੌ ਸਾਲ ਪਹਿਲਾਂ ਇਹ ਪਿੰਡ ਵਸਾਇਆ ਅਤੇ ਇਸਦਾ ਨਾਂ ਆਪਣੇ ਨਾਂ ‘ਤੇ ‘ਆਲਮਗੜ੍ਹ’ ਰੱਖਿਆ। 1841 ਈ. ਵਿੱਚ ਪਿੰਡ ਸੋਢਵਾਲੀ (ਰਾਜਸਥਾਨ) ਦੇ ਵਸਨੀਕ ਬਖਤਾ ਰਾਮ ਨੇ ਉਸ ਇਲਾਕੇ ਦੇ ਠਾਕਰ ਦੀ ਮੌਤ ‘ਤੇ ਭਦਨ ਕਰਾਉਣਾ (ਅਫਸੋਸ ਵਜੋਂ ਸਰੀਰ ਦੇ ਸਾਰੇ ਰੋਮ ਕਟਾਉਣਾ) ਨਾ ਮੰਨਿਆ ਤੇ ਪਿੰਡ ਛੱਡ ਕੇ ਇਸ ਇਲਾਕੇ ਵਿੱਚ ਪੁੱਜਾ। 1852 ਈ. ਵਿੱਚ ਉਸ ਨੇ ਆਲਮਗੜ੍ਹ ਵਿਖੇ ਪਿੰਡ ਦੀ ਚੌਥਾ ਹਿੱਸਾ ਜ਼ਮੀਨ ਖਰੀਦ ਲਈ ਤੇ ਇੱਥੇ ਵੱਸ ਗਿਆ। ਦੇਸ਼ ਦੀ ਵੰਡ ਸਮੇਂ ਪਿੰਡ ਗੁਰੂ ਮਾਂਗਟ (ਲਾਹੌਰ) ਤੋਂ ਜੱਟ ਸਿੱਖ ਤੇ 86 ਚੱਕ ਜਾਨੀਵਾਲਾ (ਲਾਇਲਪੁਰ) ਤੋਂ ਕੰਬੋਜ ਸਿੱਖ ਇੱਥੇ ਆ ਕੇ ਵੱਸੇ। ਪਿੰਡ ਵਿੱਚ ਬਹੁਤੀ ਆਬਾਦੀ ਮੋਖਵਾਲ, ਸਘੋਲਾਂ, ਜਟਵਾਲ ਤੇ ਟਾਂਕ ਗੋਤ ਦੇ ਘੁਮਿਆਰਾਂ ਦੀ ਹੈ। ਜੰਮੂ ਤੇ ਚੰਦੀ ਗੋਤ ਦੇ ਕੰਬੋਜ, ਔਲਖ ਤੇ ਸੰਧੂ ਜੱਟ ਸਿੱਖ ਵੀ ਇੱਥੇ ਵੱਸਦੇ ਹਨ। ਪਿੰਡ ਦਾ ਚੌਥਾ ਹਿੱਸਾ ਆਬਾਦੀ ਹਰੀਜਨਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ