ਈਸਾਪੁਰ
ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਈਸਾਪੁਰ, ਅਜਨਾਲਾ- ਚੌਗਾਵਾਂ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਪਿਛੋਕੜ ਬਾਰੇ ਪ੍ਰਚਲਤ ਧਾਰਨਾ ਅਨੁਸਾਰ ਮੁਗਲ ਬਾਦਸ਼ਾਹ ਅਕਬਰ ਦੇ ਦਰਬਾਰ ਦੇ ਇੱਕ ਪਠਾਣ ਦੇ ਦੋ ਲੜਕੇ ਈਸਾ ਖਾਂ ਤੇ ਉਮਰ ਖਾਂ ਸਨ। ਈਸੇ ਖਾਂ ਨੇ ਲਾਹੌਰ ਤੋਂ ਪਰਤਦੇ ਹੋਏ ਪਿੰਡ ਦੀ ਜ਼ਰਖੇਜ਼ ਜ਼ਮੀਨ ਵੇਖ ਕੇ ਇੱਥੇ ਵਸੀ ਰਾਈ ਗੋਤ ਦੀ ਬਸਤੀ ਤੇ ਕਬਜ਼ਾ ਕਰ ਲਿਆ ਤੇ ਇਸ ਬਸਤੀ ਦਾ ਨਾਂ ਈਸੇ ਖਾਂ ਰੱਖ ਦਿੱਤਾ। ਉਹਨਾਂ ਸਮਿਆਂ ਵਿੱਚ ਪਾਕਿਸਤਾਨ ਦੇ ਜਿਲ੍ਹਾਂ ਸ਼ੇਖੂਪੁਰ ਦੇ ਪਿੰਡ ਕੜਿਆਲ ਦੇ ਵਿਰਕ ਤੇ ਰੰਧਾਵਾ ਗੋਤ ਦੇ ਜੱਟ ਜੋ ਮੱਝਾਂ ਪਾਲਦੇ ਸਨ, ਸ਼ੇਖੂਪੁਰਾ ਵਿੱਚ ਪਾਣੀ ਸੁਕੱਣ ਕਰਕੇ ਦੋ ਮਹੀਨੇ ਆਪਣੀਆਂ ਮੱਝਾਂ ਲੈ ਕੇ ਕਾਹਨੂੰਵਾਨ ਦੇ ਛੰਬ ਨੇੜੇ ਡੇਰੇ ਲੱਗਾ ਲੈਂਦੇ ਸਨ। ਇੱਕ ਵਾਰੀ ਉਹਨਾਂ ਨੇ ਈਸੇ ਖਾਂ ਦੇ ਨੇੜਿਓਂ ਲੰਗਦਿਆਂ ਉਪਜਾਊ ਧਰਤੀ ਵੇਖਕੇ ਪਿੰਡ ਦੇ ਨੇੜੇ ਹੀ ਡੇਰਾ ਲਾ ਲਿਆ। ਪਠਾਣ ਈਸੇ ਖਾਂ ਨੇ ਉਹਨਾਂ ਨੂੰ ਵਸਣ ਲਈ ਕਈ ਸ਼ਰਤਾਂ ਲਗਾਈਆਂ ਜਿਵੇਂ ਕਿ ਮਾਲ ਡੰਗਰ ਦਾ ਸਾਰਾ ਗੋਹਾ ਉਹਨਾਂ ਦਾ ਹੋਵੇਗਾ, ਫਸਲਾਂ ਵਿਚੋਂ ਸਾਰਾ ਪੱਤਾ ਲੈਣ ਦਾ ਅਧਿਕਾਰ ਉਹਨਾਂ ਨੂੰ ਹੋਵੇਗਾ, ਲੜਕੇ ਦੇ ਵਿਆਹ ਸਮੇਂ ਇੱਕ ਬਕਰਾ ਅਤੇ ਲੜਕੀ ਦੇ ਵਿਆਹ ਸਮੇਂ ਇੱਕ ਬਕਰੀ ਦਿੱਤੀ ਜਾਇਆ ਕਰੇਗੀ। ਇਹ ਸਾਰੀਆਂ ਸ਼ਰਤਾਂ ਵਿਰਕਾਂ ਦੇ ਵਡੇਰਿਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਥੋੜੀ ਦੇਰ ਬਾਅਦ ਚਾਰ ਫੌਜੀ ਜੁਆਨਾ ਦੀ ਸਹਾਇਤਾ ਨਾਲ ਵਿਰਕਾਂ ਤੇ ਰੰਧਾਵਿਆ ਨੇ ਈਸੇ ਖਾਂ ਤੋਂ ਪਿੰਡ ਖੋਹ ਲਿਆ ਅਤੇ ਉਹ ਬੇੜੀ ਦੂਰ ਪਿੰਡ ਜਸਤਰਵਾਲ ਨਜ਼ਦੀਕ ਵੱਸ ਗਿਆ। ਇਸ ਪਿੰਡ ਵਿੱਚ ਵਿਰਕ, ਰੰਧਾਵੇ ਤੇ ਪੰਨੂ ਵੀ ਰਾਈ ਮੁਸਲਮਾਨਾਂ ਨਾਲ ਵੱਸਣ ਲੱਗ ਪਏ। ਈਸੇ ਖਾਂ ਤੋਂ ਬਦਲ ਕੇ ਇਸ ਪਿੰਡ ਦਾ ਨਾਂ ਈਸਾਪੁਰ ਪੈ ਗਿਆ।
ਇਸ ਪਿੰਡ ਦਾ ਰਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਕੁਮੇਦਾਨ ਬਣਿਆ ਜਿਸ ਨੂੰ ਮਹਾਰਾਜਾ ਨੇ ਖੁਸ਼ ਹੋ ਕੇ ਪਾਕਿਸਤਾਨ ਦੇ ਪਿੰਡ ਬੋਲੇ ਬਾਜਵਾ ਵਿੱਚ ਜਾਗੀਰ ਦਿੱਤੀ। ਇਸ ਪਿੰਡ ਦੇ ਨੌਜਵਾਨ ਭਗਤ ਸਿੰਘ ਨੇ ਬਰਤਾਨਵੀ ਰਾਜ ਸਮੇਂ ਕਾਬਲ ਵਿੱਚ 12 ਸਾਲ ਜੇਲ੍ਹ ਕੱਟੀ ਜਦ ਕਿ ਮੇਜਰ ਬਲਜੀਤ ਸਿੰਘ ਨੇ 17 ਮਈ 1965 ਵਿੱਚ ਪਾਕਿਸਤਾਨ ਨਾਲ ਜੰਗ ਸਮੇ ਕਾਰਗਿਲ ਦੀ ਚੌਕੀ ਜਿੱਤ ਕੇ ਸ਼ਹੀਦੀ ਪਾਈ ਤੇ ਉਸ ਨੂੰ ਹੀਰੋ ਆਫ਼ ਕਾਰਗਿਲ ਦਾ ਖਿਤਾਬ ਦਿੱਤਾ ਗਿਆ।
ਪਿੰਡ ਵਿੱਚ ਸੰਤ ਕਰਤਾਰ ਸਿੰਘ ਜੀ ਤੇ ਸੰਤ ਬਾਬਾ ਵਧਾਵਾ ਸਿੰਘ ਜੀ ਦਾ ਗੁਰਦੁਆਰਾ ਹੈ ਜਿੱਥੇ 18 ਜੁਲਾਈ ਨੂੰ ਭਾਰੀ ਮੇਲਾ ਲਗਦਾ ਹੈ। ਇਸ ਗੁਰਦੁਆਰੇ ਤੋਂ ਹੀ ਨਿਰਮਲ ਸੰਸਕ੍ਰਿਤ ਵਿਦਿਆਲਿਆ ਕਾਸ਼ੀ ਨੂੰ ਹਾੜੀ ਤੇ ਸਾਉਣੀ ਦੀ ਫਸਲ ਵਿਚੋਂ 20-20 ਬੋਰੀਆਂ ਕਣਕ ਤੇ ਚਾਵਲ ਭੇਜੇ ਜਾਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ