ਕਲੇਰਾਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਕਲੇਰਾਂ, ਬੰਗਾ-ਫਗਵਾੜਾ ਸੜਕ ਤੇ ਸਥਿਤ, ਮਲੂਪੋਤਾ ਤੋਂ 4 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਵਸਣ ਦੇ ਸਮੇਂ ਦਾ ਕਿਸੇ ਨੂੰ ਕੋਈ ਅੰਦਾਜਾ ਨਹੀਂ ਹੈ ਪਰ ਪਿੰਡ ਦੇ ਬੀਸਲਿਆਂ ਵਾਲੇ ਵਸੀਮੇ ਤੇ ਇੱਕ ਥੇਹ ਹੈ ਜਿਸ ਨੂੰ ਮਾਫੀ ਅਲ੍ਹੜਵਾਲ ਕਿਹਾ ਜਾਂਦਾ ਹੈ। ਦਸਿਆ ਜਾਂਦਾ ਹੈ ਕਿ ਇੱਥੇ ਕਲੇਰ ਗੋਤ ਦੇ ਲੋਕ ਵਸਦੇ ਸਨ । ਉਹਨਾਂ ਸਮਿਆਂ ਵਿੱਚ ਚਾਰ ਚੁਫੇਰੇ ਜੰਗਲ ਸੀ ਅਤੇ ਜੰਗਲੀ ਜਾਨਵਰ ਰਾਤ ਬਰਾਤੇ ਬੱਚਿਆਂ ਨੂੰ ਖਾ ਜਾਂਦੇ ਸਨ। ਇਸ ਤੋਂ ਡਰੇ ਹੋਏ ਕਲੇਰ ਗੋਤ ਦੇ ਲੋਕਾਂ ਨੇ ਇੱਥੋਂ ਉਠ ਕੇ ਪਿੰਡ ਨੂਰਪੁਰ (ਨੇੜੇ ਜਗਤਪੁਰ) ਅਤੇ ਕੁਝ ਨੇ ਜਗਰਾਵਾਂ ਕੋਲ ‘ਕਲੇਰ’ ਨਾਂ ਦੇ ਪਿੰਡ ਵਸਾਏ। ਇਸ ਪਿੰਡ ਦਾ ਨਾਂ ਵੀ ‘ਕਲੇਰਾਂ” ਇਸ ਦੇ ਵੱਸਣ ਵਾਲਿਆਂ ਤੇ ਪਿਆ, ਮਾਝੇ ਦੇ ਘਮੌਰ ਪਿੰਡ ਤੋਂ ਖਾਨੂੰ ਬਿੰਦਰਾ, ਲੱਧਾ ਸਾਧੜਾ, ਸੱਬਾ ਢਿੱਲੋਂ ਤੇ ਨੱਥੂ ਢੰਡਵਾੜ੍ਹ ਨਾਂ ਦੇ ਚਾਰ ਬੰਦੇ ਆਏ ਅਤੇ ਉਹਨਾਂ ਨੇ ਹੁਣ ਵਾਲੀ ਜਗ੍ਹਾ ਕਲੇਰ ਪਿੰਡ ਵਸਾਇਆ ਅਤੇ ਪਿੰਡ ਦਾ ਰਕਬਾ ਚਾਰ ਹਿੱਸਿਆਂ ਵਿੱਚ ਵੰਡਿਆ। ਕੁਝ ਸਮੇਂ ਬਾਅਦ ਸਾਧੜਿਆਂ ਨੂੰ ਕੱਢ ਦਿੱਤਾ ਗਿਆ ਤੇ ਉਹਨਾਂ ਨੇ ਬਲਾਚੋਰ ਕੋਲ ‘ਸਾਧੜੇ ਪਿੰਡ ਵਸਾਇਆ। ਕੁਝ ਦੇਰ ਬਾਅਦ ਫੇਰ ਉਹਨਾਂ ਨੂੰ ਵਾਪਸ ਮਲਕੀਅਤ ਦੇ ਦਿੱਤੀ। ਢੰਡਵਾੜਾਂ ਨੇ ਬੀਕਾ ਤੋਂ ਬੰਦੇ ਲਿਆ ਕੇ ਢੰਡਵਾੜ ਬਣਾਏ ਜੋ ‘ਪੰਜਵੇਂ” ਕਹਾਉਂਦੇ ਹਨ। ਢਿੱਲਵਾਂ ਤੋਂ ਢਿੱਲੋਂ ਲਿਆਂਦੇ ਜਿਹਨਾਂ ਨੂੰ ‘ਨਵੇਂ’ ਕਿਹਾ ਜਾਂਦਾ ਹੈ।
ਸਿੱਖਾਂ ਦੇ ਸਮੇਂ ਗੇਜਾ ਸਿੰਘ ਖਤਰੀ ਪਿੰਡ ਦਾ ਜਾਗਰੀਦਾਰ ਹੁੰਦਾ ਸੀ ਤੇ ਅੱਧੀ ਫਸਲ ਲੈਂਦਾ ਸੀ। ਸਿੱਖਾਂ ਤੋਂ ਪਹਿਲਾਂ ਇਹ ਪਿੰਡ ਰਾਜਪੂਤਾਂ ਦਾ ਗੜ੍ਹ ਸੀ। ਲੋਕਾਂ ਦੇ ਕਹਿਣ ਮੁਤਾਬਕ ਪ੍ਰਿਥੀ ਸਿੰਘ ਰਾਠੌਰ (ਅਕਬਰ ਬਾਦਸ਼ਾਹ ਦਾ ਜਰਨੈਲ) ਅਤੇ ਉਸ ਦੀ ਪਤਨੀ ਰਾਣੀ ਕਿਰਨਮਈ ਇੱਥੇ ਰਹਿੰਦੇ ਸਨ। ਪਰ ਸਿੰਘਾਂ ਨੇ ਉਹਨਾਂ ਵਾਲੀ ਅਟਾਰੀ ਨੂੰ ਆਪਣੇ ਕਬਜ਼ੇ ਵਿੱਚ ਕਰ ਕੇ ਉੱਥੇ ਹੀ ਕਿਲ੍ਹੇ ਦੀ ਸਥਾਪਨਾ ਕਰ ਦਿੱਤੀ ਜਿਸ ਦੇ ਖੰਡਰ ਅੱਜ ਵੀ ਮੌਜੂਦ ਹਨ। ਮਿਸਲ ਸਰਦਾਰ ਧਰਮ ਸਿੰਘ ਇੱਥੇ ਹੀ ਰਹਿੰਦਾ ਸੀ ਜਿਸ ਦਾ ਤਬੇਲਾ ਥਾਣਾ ਬੰਗਾ ਦੀ ਇਮਾਰਤ ਵਿੱਚ ਹੁੰਦਾ ਸੀ ਜਿੱਥੇ ਅਜੇ ਵੀ 24 ਘੰਟੇ ਚਰਾਗ ਜਲਦਾ ਰਹਿੰਦਾ ਹੈ। ਅਤੇ ਇੱਥੋਂ ਦੇ ਚੁਬਾਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਮੌਜੂਦ ਹੈ।
ਪਿੰਡ ਵਿੱਚ ਬਾਵਾ ਆਸਾ ਦਾ ਘੁੰਮਣਾ ਵਾਲਿਆਂ ਦਾ ਡੇਰਾ ਵੀ ਹੈ ਜਿਸ ਨੂੰ ਥਾਣਾ ਡੇਰਾ ਕਿਹਾ ਜਾਂਦਾ ਹੈ ਜਿਹਨਾਂ ਦਾ ਚੇਲਾ ਬਾਅਦ ਵਿੱਚ ਕਲੇਰਾਂ ਦਾ ਹੀ ਬਾਵਾ ਫੱਤਾ ਬਣਿਆ। ਗੁੱਗਾ ਮਾੜੀ ਦੀ ਵੀ ਮਾਨਤਾ ਕੀਤੀ ਜਾਂਦੀ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਹੈ ਜਿੱਥੇ ਗੁਰਪੁਰਬ ਮੰਨਾਏ ਜਾਂਦੇ ਹਨ। ਹਰੀਜਨ ਧਰਮਸਾਲਾ ਹੈ ਜਿੱਥੇ ਹਰ ਸਾਲ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ । ਪਿੰਡ ਦਾ ਫੁੰਮਣ ਸਿੰਘ ‘ਅਜੀਤ’ ਬੱਬਰ ਲਹਿਰ ਦਾ ਸਰਗਰਮ ਕਾਰਕੁਨ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ