ਕਾਈ ਨੌਰ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਕਾਈ ਨੌਰ, ਰੂਪ ਨਗਰ – ਮੌਰਿੰਡਾ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 4 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਵੱਸਣ ਦੇ ਸਮੇਂ ਦੀ ਜਾਣਕਾਰੀ ਪ੍ਰਾਪਤ ਨਹੀਂ ਹੈ ਪਰ ਦੱਸਿਆ ਜਾਂਦਾ ਹੈ। ਕਿ ਇਸ ਪਿੰਡ ਦੀ ਨੀਂਹ ‘ਕਾਈ ਗੋਤ’ ਦੇ ਇੱਕ ਬ੍ਰਾਹਮਣ ਨੇ ਰੱਖੀ ਸੀ, ਇਸ ਕਰਕੇ ਇਸ ਦਾ ਨਾਂ ‘ਕਾਈ ਨੌਰ’ ਪੈ ਗਿਆ। ਪਿੰਡ ਦੇ ਮੁਢ ਬਾਰੇ ਇੱਕ ਹੋਰ ਗੱਲ ਪ੍ਰਚਲਿਤ ਹੈ ਕਿ ਦੋ ਮੁਸਲਮਾਨ ਭਰਾ ਰਸੂਲ ਤੇ ਕਾਈ ਸਨ। ਜਦੋਂ ਉਹਨਾਂ ਨੇ ਜ਼ਮੀਨ ਦੀਆਂ ਵੰਡੀਆਂ ਪਾਈਆਂ ਤਾਂ ਰਸੂਲ ਦੇ ਨਾਂ ‘ਤੇ ਰਸੂਲਪੁਰ ਅਤੇ ਕਾਈ ਦੇ ਨਾਂ ‘ਤੇ ਕਾਈਨੌਰ ਪਿੰਡ ਵੱਸਿਆ। ਇਸ ਪਿੰਡ ਵਿੱਚ ਕਈ ਜਾਤਾਂ ਦੇ ਲੋਕ ਰਹਿੰਦੇ ਹਨ। ਜ਼ਿਆਦਾਤਰ ਅਬਾਦੀ ਹਰੀਜਨਾਂ ਦੀ ਹੈ।
ਪਿੰਡ ਵਿੱਚ ਇੱਕ ਪੁਰਾਣਾ ਮੰਦਰ ਹੈ ਤੇ ਚਾਰ ਗੁਰਦੁਆਰੇ ਹਨ। ਇੱਕ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਜੰਡੀਸਰ ਦੇ ਨਾਂ ਨਾਲ ਮਸ਼ਹੂਰ ਹੈ। ਕੁਝ ਸਿੰਘ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ, ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਹੈ। ਹਰ ਮਹੀਨੇ ਦੀ ਦਸਵੀਂ ਨੂੰ ਇੱਥੇ ਮੇਲਾ ਲੱਗਦਾ ਹੈ। ਆਲੇ ਦੁਆਲੇ ਦੇ ਪਿੰਡਾਂ ਵਿੱਚ ਇਸ ਗੁਰਦੁਆਰੇ ਦੀ ਬੜੀ ਮਾਨਤਾ ਹੈ। ਇਸ ਪਿੰਡ ਦੇ ਨੌ ਸਿਪਾਹੀ ਅਜ਼ਾਦ ਹਿੰਦ ਫੌਜ ਵਿੱਚ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ