ਕਾਹਮਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਕਾਹਮਾ, ਬੰਗਾ-ਨਵਾਂ ਸ਼ਹਿਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਖਟਕੜ ਕਲਾਂ ਤੋਂ 1 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ਕਾਹਮਾ ਨਾਂ ਦੇ ਵਿਅਕਤੀ ਨੇ ਵਸਾਇਆ। ਇਸ ਨੂੰ ਲੋਕ ‘ਰਾਜਾ ਕਾਮਾ’ ਕਰਕੇ ਯਾਦ ਕਰਦੇ ਹਨ। ਇਸੇ ਪਿੰਡ ਦੇ ਲੋਕਾਂ ਨੇ ਬਾਅਦ ਵਿੱਚ ਮੰਗੂਵਾਲ, ਭੂਤਾਂ ਅਤੇ ਬੈਂਸਾਂ ਪਿੰਡ ਵਸਾਏ। ਸਿੱਖਾਂ ਦੇ ਰਾਜ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਰੋਪੜ ਸੰਧੀ ਲਈ ਰੋਪੜ ਜਾ ਰਿਹਾ ਸੀ ਤਾਂ ਰਣਜੀਤ ਸਿੰਘ ਨੇ ਇਹ ਪਿੰਡ ਉਸ ਸਮੇਂ ਮੁਸਲਮਾਨ ਨਜ਼ਾਮੇਂ ਤੋਂ ਖੋਹ ਕੇ ਬਾਬਾ ਚੈਨ ਸਿੰਘ ਨੂੰ ਸੌਂਪ ਦਿੱਤਾ। ਬਾਬਾ ਚੈਨ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਨ। ਚੈਨ ਸਿੰਘ ਬਾਅਦ ਵਿੱਚ ਪਿੰਡ ਦਾ ਜਾਗੀਰਦਾਰ ਕਰਕੇ ਜਾਣਿਆ ਜਾਣ ਲੱਗਾ ਜਿਸਦੀ ਸਮਾਧ ਪਿੰਡ ਵਿੱਚ ਮੌਜੂਦ ਹੈ। ਉਸ ਸਮੇਂ ਦੀ ਇੱਕ ਕਹਾਵਤ ਪ੍ਰਸਿੱਧ ਹੈ: ਕਾਹਮਾ ਗਿਆ ਨਜ਼ਾਮੇ ਨਾਲ ।
ਬਬਰ ਅਕਾਲੀ ਲਹਿਰ ਵੇਲੇ ਬਬਰ ਹਜੂਰਾ ਸਿੰਘ ਹੰਸਰ ਇਸੇ ਪਿੰਡ ਦੀ ਢਾਬ ‘ਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ। ਅਜ਼ਾਦੀ ਦੇ ਹਰ ਸੰਘਰਸ਼ ਵਿੱਚ ਇਸ ਪਿੰਡ ਨੇ ਆਪਣਾ ਯੋਗਦਾਨ ਪਾਇਆ। ਨਾ ਮਿਲਵਰਤਣ ਲਹਿਰ ਵਿੱਚ ਵਿਦੇਸ਼ੀ ਕਪੜਿਆ ਦੇ ਢੇਰ ਪਿੰਡ ਦੇ ਚੌਂਕ ਵਿੱਚ ਸਾੜੇ ਗਏ। ਸੰਨ ‘47 ਦੇ ਦੰਗਿਆ ਵੇਲੇ ਇਸ ਪਿੰਡ ਵਿੱਚ ਕੋਈ ਦੰਗਾ ਫਸਾਦ ਨਹੀਂ ਹੋਇਆ ਸਗੋਂ ਮੁਸਲਮਾਨਾਂ ਨੂੰ ਫੌਜ ਦੀ ਹਿਫਾਜ਼ਤ ਵਿੱਚ ਆਦਰ ਸਤਿਕਾਰ ਨਾਲ ਵਿਦਾ ਕੀਤਾ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ