ਕੁਲਰੀਆਂ ਪਿੰਡ ਦਾ ਇਤਿਹਾਸ | Kulrian Village History

ਕੁਲਰੀਆਂ

ਕੁਲਰੀਆਂ ਪਿੰਡ ਦਾ ਇਤਿਹਾਸ | Kulrian Village History

ਸਥਿਤੀ :

ਬੁੱਢਲਾਡਾ ਤਹਿਸੀਲ ਦਾ ਪਿੰਡ ਕੁਲਰੀਆਂ, ਬੁੱਢਲਾਡਾ – ਜਾਖਲ ਸੜਕ ਤੋਂ 6 ਕਿਲੋਮੀਟਰ ਦੂਰ ਤੇ ਬਰੇਟਾ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਤਕਰੀਬਨ 650 ਸਾਲ ਪੁਰਾਣਾ ਹੈ। ਜਿਸ ਜਗ੍ਹਾਂ ਤੇ ਹੁਣ ਪਿੰਡ ਹੈ ਉਸ ਥਾਂ ਤੋਂ ਇੱਕ ਮੀਲ ਦੂਰ ਇੱਕ ਪਿੰਡ ਸੇਹਵਾਂ ਸੀ ਜੋ ਅੱਜ ਕੱਲ੍ਹ ਇੱਕ ਥੇਹ ਬਣਿਆ ਹੋਇਆ ਹੈ। ਸਿਰਫ ਇੱਕ ਖੂਹ ਹੀ ਉੱਥੇ ਮਿਲਦਾ ਹੈ। ਦੋ ਭਰਾ ਕੁੱਲਰ ਤੇ ਗੁੱਜਰ ਇਸ ਖੂਹ ਕੋਲ ‘ ਆਏ ਤੇ ਇੱਕ ਭੇਡ ਨੂੰ ਆਪਣੇ ਬੱਚੇ ਨਾਲ ਵੇਖਿਆ। ਇੱਕ ਬਘਿਆੜ ਭੇਡ ਪਾਸੋਂ ਬੱਚਾ ਲੈਣ ਦੀ ਤਾਕ ਵਿੱਚ ਸੀ ਪਰ ਅਸਫਲ ਰਿਹਾ। ਇਹ ਵੇਖ ਕੇ ਦੋਹਾਂ ਭਰਾਵਾਂ ਨੇ ਸੋਚਿਆ ਕਿ ਜ਼ਰੂਰ ਇਹ ਜਗ੍ਹਾ ਖਾਸ ਹੈ। ਕੁਲਰ ਨੇ ਪਿੰਡ ਦੀ ਮੋੜ੍ਹੀ ਉੱਥੇ ਗੱਡ ਦਿੱਤੀ। ਗੁਜਰ ਨੇ ਵੀ ਕਿਹਾ ਕਿ ਮੈਂ ਵੀ ਨੇੜੇ ਆਪਣੀ ਮੋੜ੍ਹੀ ਗੱਡ ਲਵਾਂਗਾ। ਗੁਜਰ ਦਿਲ ਦਾ ਸੱਚਾ ਸੀ ਤੇ ਕੁਲਰ ਈਰਖਾਲੂ ਸੀ। ਕੁਲਰ ਨੇ ਕਿਹਾ ਥੋੜ੍ਹੀ ਹੋਰ ਦੂਰ ਚਲ ਕੇ ਮੋੜ੍ਹੀ ਗੱਡ-ਤੇ ਦੂਰ ਜਾਂਦਾ, ਉਹ ਉਸ ਇਲਾਕੇ ਵਿੱਚ ਆ ਗਿਆ ਜੋ ਹੁਣ ਲੁਧਿਆਣਾ ਹੈ । ਉਸਨੇ ਉੱਥੇ ਗੁਜਰਵਾਲ ਨਾਂ ਦਾ ਪਿੰਡ ਵਸਾਇਆ ਤੇ ਉਸ ਪਿੰਡ ਤੋਂ ਅੱਗੇ 22 ਪਿੰਡ ਉਸਦੇ ਖਾਨਦਾਨ ਦੇ ਵੱਸ ਗਏ। ਕੁਲਰ ਦੇ ਵਸਾਏ ਪਿੰਡ ਦਾ ਨਾਂ ‘ਕੁਲਰੀਆ’ ਪਿਆ। ਇਸ ਤੋਂ 4 ਹੋਰ ਪਿੰਡ ਧਨਪੁਰ, ਚਾਦਪੁਰਾ, ਮੁੰਧਲੀਆ, ਨਮਾਂ ਸ਼ਾਮ (ਗੋਰਖਪੁਰ) ਵੱਸੇ। ਇਨ੍ਹਾਂ ਸਾਰਿਆਂ ਪਿੰਡਾਂ ਦੇ ਲੋਕਾਂ ਦਾ ਗੋਤ ਗਰੇਵਾਲ ਹੈ। ਕਿਹਾ ਜਾਂਦਾ ਹੈ ਕਿ ਗਰੇਵਾਲਾਂ ਦਾ ਪੈਦਾਇਸ਼ੀ ਪਿੰਡ ਕੁਲਰੀਆਂ है।

ਇਸ ਪਿੰਡ ਦੇ ਬਹਾਦਰ ਗਰੇਵਾਲ ਭਰਾ ਕਿਰਪਾ ਸਿੰਘ ਤੇ ਦੇਸਾ ਸਿੰਘ ਹੋਏ ਹਨ ਜਿਨ੍ਹਾਂ ਨੇ 12 ਪਿੰਡਾਂ ਦੀ ਵਗਾਰ ਖਤਮ ਕਰਾਈ। ਮੁਸਲਮਾਨ ਪਠਾਨ ਸਭ ਘਰਾਂ ਤੋਂ ਪੰਜ-ਪੰਜ ਸੇਰ ਆਟਾ ਹਰ ਹਫਤੇ ਪਿਸਵਾਉਂਦਾ ਸੀ ਜਿਸ ਤੋਂ ਸਭ ਤੰਗ ਸਨ। ਇਨ੍ਹਾਂ ਦੋਵਾਂ ਭਰਾਵਾਂ ਨੇ ਵਗਾਰ ਖਤਮ ਕਰਨ ਦਾ ਪ੍ਰਣ ਲਿਆ। ਤਿੰਨ ਹਫਤੇ ਟਾਲ-ਮਟੋਲ ਕਰਕੇ ਪਠਾਣ ਨੂੰ ਸਾਫ ਕਹਿ ਦਿੱਤਾ ਕਿ ਪਿੰਡ ਵਾਲੇ ਵਗਾਰ ਨਹੀਂ ਦੇਣਗੇ । ਇਸ ਤੇ ਮੁਸਲਮਾਨ ਪਠਾਨ ਪਿੰਡ ਵਿੱਚ ਤੰਬੂ ਲਾ ਲਏ। ਅਣਖੀਲੇ ਭਰਾਵਾਂ ਨੇ ਜਨਾਨਾ ਭੇਸ ਕਰਕੇ ਰਾਤੀ ਜਾ ਕੇ ਪਠਾਨ ਨੂੰ ਮਾਰ ਦਿੱਤਾ ਜਿਸ ਤੇ ਮੁਸਲਮਾਨ ਪੂਰੀ ਫੌਜ ਲੈ ਕੇ ਆ ਗਏ ਤੇ ਦੋਵਾਂ ਭਰਾਵਾਂ ਨੂੰ ਪਿੱਠਾਂ ਨਾਲ ਜੋੜ ਕੇ ਤੋਪ ਨਾਲ ਉਡਾ ਦਿੱਤਾ। ਇਨ੍ਹਾਂ ਨੂੰ ਅੱਜ ਵੀ ਪਿੰਡ ਵਾਲੇ ਪੂਜਦੇ ਹਨ। ਬੱਸ ਅੱਡੇ ਤੇ ਇੱਕ ਬੁੱਤ ਲਗਾਇਆ ਹੈ ਜਿਸ ਤੇ ਇਨ੍ਹਾਂ ਦੀ ਯਾਦ ਬਾਰੇ ਲਿਖਿਆ ਹੈ ।

ਇੱਥੇ ਇੱਕ ਡੰਡਿਆਂ ਵਾਲਾ ਪੀਰ ਦੀ ਸਮਾਧ ਹੈ। ਇਸ ਦੀ ਲੋਕਾਂ ਵਿੱਚ ਬਹੁਤ ਮਾਨਤਾ ਹੈ। ਇੱਕ ਸ਼ਿਵ ਮੰਦਿਰ 300 ਸਾਲ ਪੁਰਾਣਾ ਹੈ। ਇੱਕ ਦੇਵੀ ਦਾ ਮੰਦਰ 200 ਸਾਲ ਪੁਰਾਣਾ ਹੈ। ਮੰਦਰਾਂ ਤੇ ਡੇਰਿਆਂ ਦੀ ਗਿਣਤੀ 11 ਹੈ। ਦੋ ਗੁਰਦੁਆਰੇ ਹਨ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!