ਕੋਟ ਬਾਦਲ ਖਾਨ
ਸਥਿਤੀ :
ਤਹਿਸੀਲ ਫਿਲੌਰ ਦਾ ਪਿੰਡ ਕੋਟ ਬਾਦਲਖਾਨ ਨੂਰ ਮਹਿਲ-ਰਾਜੋਵਾਲ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨੂਰ ਮਹਿਲ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਪਿੰਡ ਕੋਟ ਬਾਦਲ ਖਾਨ ਦੀ ਜ਼ਮੀਨ 1517 ਈਸਵੀ ਵਿੱਚ ਬਾਦਸ਼ਾਹ ਜਹਾਂਗੀਰ ਨੇ ਨੂਰ ਮਹਿਲ ਦੇ ਰਸਤਿਉਂ ਗੁਜ਼ਰਦਿਆਂ ਆਪਣੇ ਇੱਕ ਫੌਜੀ ਜਰਨੈਲ ਸਰਦਾਰ ਬਹਾਦਰ ਬਾਦਲ ਖਾਂ ਨੂੰ ਦਿੱਤੀ ਸੀ ਜਿਸ ਉੱਤੇ ਉਸ ਦੇ ਨਾਂ ਤੇ ਪਿੰਡ ਆਬਾਦ ਹੋ ਗਿਆ। ਇਹ ਪਿੰਡ ਪੁਰਾਣੀ ਇਤਿਹਾਸਕ ਸੜਕ ਜੋ ਫਲੌਰ, ਨੂਰ ਮਹਿਲ, ਨਕੋਦਰ ਸੁਲਤਾਨਪੁਰ ਲੋਧੀ ਤੇ ਫੇਰ ਖੋਮਕਰਣ ਜਾਂਦੀ ਹੈ ਤੇ ਵਸਿਆ ਹੋਇਆ ਹੈ। ਬਾਦਸ਼ਾਹ ਜਹਾਂਗੀਰ ਦੇ ਫੌਜੀ ਜਰਨੈਲ ਸਰਦਾਰ ਬਹਾਦਰ ਬਾਦਲ ਖਾਨ ਤੇ ਫਤਿਹ ਖਾਨਦੀ ਜਗੀਰ ਵਜੋਂ ਇਹ ਇਲਾਕਾ ਕਦੀ ਜੰਗੀ ਮਸ਼ਕਾਂ ਲਈ ਵੀ ਵਰਤਿਆ ਜਾਂਦਾ ਰਿਹਾ ਹੈ। ਫਤਿਹ ਖਾਨ ਦੇ ਨਾ ਤੇ ਵੱਸਿਆ ਇੱਕ ਕਿਲੋਮੀਟਰ ਦੀ ਵਿੱਥ ‘ਤੇ ਪਿੰਡ ਫਤਿਹਪੁਰ ਘੁੱਗ ਵੱਸਦਾ ਪਿੰਡ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੋਹਾਂ ਪਿੰਡਾਂ ਦੇ ਆਲੇ-ਦੁਆਲੇ ਇੱਕ ਡੂੰਗੀ ਖਾਈ ਪੁੱਟੀ ਹੋਈ ਸੀ ਅਤੇ ਉਸ ਵਿੱਚ 12 ਮਹੀਨੇ ਪਾਣੀ ਭਰਿਆ ਰਹਿੰਦਾ ਸੀ। ਬਾਦਸ਼ਾਹ ਜਹਾਂਗੀਰ ਆਪ ਕਈ ਵਾਰ ਇਨ੍ਹਾਂ ਕਿਲ੍ਹਿਆਂ ਵਿੱਚ ਠਹਿਰਦਾ ਸੀ ਜੋ ਪਿੰਡ ਫਤਿਹਪੁਰ ਵਿੱਚ ਬਣੇ ਹੋਏ ਹਨ।
ਪਿੰਡ ਦੇ ਅੰਦਰ ਬਾਹਰ ਮੁਸਲਮਾਨੀ ਇਮਾਰਤਾਂ ਦੇ ਵੱਡੇ-ਵੱਡੇ ਖੰਡਰ ਵੇਖੇ ਜਾ ਸਕਦੇ ਹਨ। ਪਿੰਡ ਦੇ ਅੰਦਰ ਪੁਰਾਤਨ ਢੰਗ ਦੀਆਂ ਖੂਹੀਆਂ ਅਜੇ ਵੀ ਮੌਜੂਦ ਹਨ। ਇਹ ਪਿੰਡ ਮੁਸਲਮਾਨਾਂ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਵਪਾਰਕ ਕੇਂਦਰ ਰਿਹਾ ਹੈ। ਕਿਸੇ ਵੇਲੇ ਪੰਜਾਬ ਦੀ ਪ੍ਰਸਿੱਧ ਤੰਬਾਕੂ ਮੰਡੀ ਇੱਥੇ ਹੁੰਦੀ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ