ਕੰਧੋਲਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਕੰਧੋਲਾ, ਰੂਪ ਨਗਰ – ਸਮਰਾਲਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਬਾਨੀ ‘ਕੰਧੋਲਾ’ ਗੋਤ ਦੇ ਜੱਟ ਦੋ ਸੱਕੇ ਭਰਾ ਸਨ ਜਿਹੜੇ ਅੱਜ ਤੋਂ ਲਗਭਗ ਪੌਣੇ ਤਿੰਨ ਸੌ ਸਾਲ ਪਹਿਲਾਂ ‘ਮਾਹਲਪੁਰ’ ਦੇ ਕੋਲ ‘ਜਗਤੇਵਾਲ’ ਤੋਂ ਇੱਥੇ ਆਏ। ਜਗਤੇਵਾਲ ਵਿੱਚ ਇਹਨਾਂ ਦੇ ਵਡੇਰੇ ਆਦਮਪੁਰ ਕੋਲੋਂ ਪਿੰਡ ਕੰਧੋਲਾ ਤੋਂ ਆ ਕੇ ਵਸੇ ਸਨ। 1880 ਦੇ ਨੇੜੇ ਨਹਿਰ ਸਰਹੰਦ ਦੀ ਪੁਟਾਈ ਸਮੇਂ ਇਸ ਪਿੰਡ ਦੇ ਵਾਸੀਆਂ ਦਾ ਅੰਗਰੇਜ਼ਾਂ ਨਾਲ ਝਗੜਾ ਹੋ ਗਿਆ ਕਿਉਂਕਿ ਲੋਕ ਇਹ ਚਾਹੁੰਦੇ ਸਨ ਕਿ ਨਹਿਰ ਮਾੜੀ ਜ਼ਮੀਨ ਵਾਲੇ ਪਾਸੇ ਦੀ ਪੁੱਟੀ ਜਾਵੇ। ਝਗੜੇ ਕਾਰਨ ਫੌਜ ਦੀ ਸਹਾਇਤਾ ਨਾਲ ਪਿੰਡ ਨੂੰ ਥੇਹ ਬਣਾ ਦਿੱਤਾ ਗਿਆ ਤੇ ਲੋਕਾਂ ਨੇ ਨਹਿਰ ਵਾਲੀ ਥਾਂ ਤੋਂ ਉੱਠ ਕੇ ਨਾਲ ਹੀ ਨਵਾਂ ਪਿੰਡ ਵਸਾ ਲਿਆ। ਅਜੋਕੇ ਪਿੰਡ ਦੀ ਮੋੜ੍ਹੀ 1910 ਵਿੱਚ ਸ. ਮਹਿਤਾਬ ਸਿੰਘ ਨੇ ਗੱਡੀ। ਜਗਤੇਵਾਲ ਤੋਂ ਆਏ ਦੋਹਾਂ ਭਰਾਵਾਂ ਵਿਚੋਂ ਇੱਕ ਦੀ ਔਲਾਦ ਇਸ ਪਿੰਡ ਵਿੱਚ ਵੱਸ ਗਈ। ਅਤੇ ਦੂਸਰੇ ਦੀ ਨਾਲ ਹੀ ਪਿੰਡ ‘ਟਪਰੀਆਂ’ ਵਿਚ।
ਬਹਿਲੋਲ ਲੋਧੀ ਨੇ ਇੱਥੋਂ 5 ਮੀਲ ਦੂਰ ਪੱਛਮ ਵੱਲ ਬਹਿਲੋਲਪੁਰ, ਇੱਕ ਬਹੁਤ ਵੱਡਾ ਤਜਾਰਤੀ ਕੇਂਦਰ ਬਣਾਇਆ। ਉਸਨੇ ਕੁਝ ਕਿਲ੍ਹੇ ਸਤਲੁਜ ਦੇ ਦੱਖਣ ਵੱਲ ਰੱਖਿਆ ਪ੍ਰਬੰਧ ਕਰਕੇ ਬਣਵਾਏ। ਜਿਨ੍ਹਾਂ ਵਿਚੋਂ ਇੱਕ ਕਿਲ੍ਹਾ ਇਸ ਪਿੰਡ ਦੀ ਧਰਤੀ ਉੱਤੇ ਵੀ ਬਣਿਆ। ਉਸ ਸਮੇਂ ਇੱਥੇ ਕੋਈ ਪਿੰਡ ਨਹੀਂ ਸੀ ਵਸਦੇ ਅਤੇ ਸਾਰੀ ਧਰਤੀ ਘੋੜਿਆਂ ਦੀ ਚਰਾਗਾਹ ਸੀ। ਕਿਲ੍ਹੇ ਵਿੱਚ ਅਹਿਲਕਾਰਾਂ ਦੀ ਰਿਹਾਇਸ਼ ਸੀ। ਜਦੋਂ ਸਿੱਖ ਸਰਦਾਰਾਂ ਦਾ ਰਾਜ ਆਇਆ ਤਾਂ ਇਸ ਕਿਲ੍ਹੇ ਉੱਤੇ ‘ਵਿਰਕ’ ਜੱਟਾਂ ਨੇ ਕਬਜ਼ਾ ਕਰ ਲਿਆ। ਉਹਨਾਂ ਦਾ ਸਰਦਾਰ ਸ. ਖੁਸ਼ਹਾਲ ਸਿੰਘ, ਨਵਾਬ ਕਪੂਰ ਸਿੰਘ ਦਾ ਭਤੀਜਾ ਸੀ। ਇਸ ਇਲਾਕੇ ਵਿੱਚ ਸਿੰਘਪੁਰੀਆ ਮਿਸਲ ਦੀ ਸਰਦਾਰੀ ਸਥਾਪਤ ਹੋ ਗਈ। ਸ. ਖੁਸ਼ਹਾਲ ਸਿੰਘ ਦੇ ਸੱਤਾਂ ਪੋਤਰਿਆਂ ਵਿਚੋਂ ਇੱਕ ਦੀ ਜਗੀਰ ਇਹ ਕਿਲ੍ਹਾ ਬਣ ਗਿਆ।
ਪਿੰਡ ਵਿੱਚ ਕੰਧੋਲਾ ਗੋਤ ਦੇ ਜੱਟਾਂ ਤੋਂ ਬਿਨਾਂ ਬੈਂਸ, ਢੀਂਡਸੇ, ਢਿੱਲੋਂ ਤੇ ਬੰਦਬਾਨਾਂ ਦੇ ਘਰ ਹਨ। ਜੱਟਾਂ ਤੋਂ ਇਲਾਵਾ ਪਿੰਡ ਵਿੱਚ ਮਜ਼੍ਹਬੀ, ਬਾਲਮੀਕ, ਤਰਖਾਣ, ਝਿਊਰ, ਹਰੀਜਨ, ਘੁਮਾਰ, ਛੀਂਬੇ ਅਤੇ ਮੁਸਲਮਾਨ ਹਨ। ਪਿੰਡ ਦੀ ਕਾਫੀ ਜ਼ਮੀਨ ਸਰਹੰਦ ਨਹਿਰ ਦੇ ਦੂਸਰੇ ਪਾਸੇ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ