ਕੱਲਰ ਖੇੜਾ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਕੱਲਰ ਖੇੜਾ ਅਬੋਹਰ – ਗੰਗਾ ਨਗਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬਕਾਇਣਵਾਲਾ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਅੱਜ ਤੋਂ ਲੱਗਭਗ ਪੌਣੇ ਦੋ ਸੌ ਸਾਲ ਪਹਿਲਾਂ ਘੁਮਿਆਰ ਜਾਤੀ ਦੇ ਮੰਗਲ ਰਾਮ ਨੇ ਵਸਾਇਆ। ਮੰਗਲ ਰਾਮ ਨੇ ਉਸ ਸਮੇਂ ਦੇ ਅੰਗਰੇਜ਼ ਅਫ਼ਸਰ ਅਲਵਰ ਸਾਹਿਬ ਨੂੰ ਫਾਜ਼ਿਲਕਾ ਵਿਖੇ ਪੰਜ ਪੈਸੇ ਦੀ ਸਰਕਾਰੀ ਟਿਕਟ ਲਾ ਕੇ ਪਿੰਡ ਬੰਨ੍ਹਣ ਲਈ ਅਰਜ਼ੀ ਦਿੱਤੀ ਜੋ ਮਨਜ਼ੂਰ ਹੋ ਗਈ। ਉਸ ਨੇ ਇੱਥੇ ਆਬਾਦੀ ਵਾਸਤੇ ਛੱਪੜ ਪੁਟਵਾਇਆ ਤੇ ਪਿੰਡ ਦਾ ਨਾਂ ‘ਰਾਮ ਸਬਾ’ ਰੱਖ ਲਿਆ। ਆਬਾਦੀ ਦੇ ਚਾਰ ਚੁਫੇਰੇ ਰੱਕੜ ਧਰਤੀ, ਜਿਸ ਨੂੰ ਲੋਕੀਂ ਕਲੱਰ ਕਹਿੰਦੇ ਸਨ, ਹੋਣ ਕਰਕੇ ਇਸ ਪਿੰਡ ਨੂੰ ਲੋਕ ‘ਕੱਲਰ ਵਾਲਾ’ ਕਹਿਣ ਲੱਗ ਪਏ ਅਤੇ 1852 – 53 ਦੇ ਮਹਿਕਮਾ ਮਾਲ ਬੰਦੋਬਸਤ ਸਮੇਂ ਇਸ ਪਿੰਡ ਦਾ ਨਾਂ ‘ਕਲੱਰ ਖੇੜਾ’ ਦਰਜ਼ ਕੀਤਾ ਗਿਆ।
ਅੱਜ ਤੋਂ ਤਕਰੀਬਨ ਸਵਾ ਸੌ ਸਾਲ ਪਹਿਲਾਂ ਔਲਖ ਗੋਤ ਦੇ ਜੱਟ ਸਿੱਖ ਹੀਰਾ ਸਿੰਘ ਤੇ ਬੀਰ ਸਿੰਘ ਪਿੰਡ ਦਾਨੇ ਵਾਲਾ ਤੋਂ ਇੱਥੇ ਆਏ ਤੇ ਜ਼ਮੀਨ ਖਰੀਦ ਕੇ ਵੱਸ ਗਏ। ਇਸ ਤਰ੍ਹਾਂ ਇਹ ਹਿੰਦੂ ਸਿੱਖਾਂ ਦਾ ਸਾਂਝਾ ਪਿੰਡ ਬਣ ਗਿਆ। ਪਿੰਡ ਵਿੱਚ ਹਿੰਦੂ ਘੁਮਿਆਰ, ਜੱਟ ਸਿੱਖ, ਬ੍ਰਾਹਮਣ, ਮੇਘਵਾਲ, ਨਾਇਕ ਅਤੇ ਹਰੀਜਨ ਜਾਤੀਆਂ ਦੇ ਲੋਕ ਵੱਸਦੇ ਹਨ।
ਪਿੰਡ ਵਿੱਚ 65 ਫੁੱਟ ਉੱਚਾ ਕ੍ਰਿਸ਼ਨ ਜੀ ਦਾ ਮੰਦਰ, ਰਾਮ ਚੰਦਰ ਮੰਦਰ, ਗੁੱਗਾ ਮਾੜੀ ਤੇ ਰਾਮਦੇਵ ਮੰਦਰ ਚਾਰ ਧਾਰਮਿਕ ਅਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ